ਅਦਾਲਤ ਨੇ ਆਤਮ-ਸਮਰਪਣ ਕਰਨ ਲਈ ਕਿਹਾ
ਨਵੀਂ ਦਿੱਲੀ, 19 ਮਈ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਵੱਡਾ ਝਟਕਾ ਦਿੰਦਿਆਂ 34 ਸਾਲ ਪੁਰਾਣੇ ਸੜਕ 'ਤੇ ਲੜਾਈ (ਰੋਡ ਰੇਜ) ਦੇ ਮਾਮਲੇ 'ਚ ਇਕ ਸਾਲ ਕੈਦ ਦੀ ਸਖ਼ਤ ਸਜ਼ਾ ਸੁਣਾਈ ਹੈ | ਸੁਪਰੀਮ ਕੋਰਟ ਨੇ ਇਸ ਆਦੇਸ਼ ਨਾਲ ਆਪਣੇ ਹੀ 4 ਸਾਲ ਪੁਰਾਣੇ ਫ਼ੈਸਲੇ ਨੂੰ ਬਦਲ ਦਿੱਤਾ ਹੈ, ਜਿਸ 'ਚ ਅਦਾਲਤ ਨੇ ਸਿੱਧੂ ਨੂੰ ਇਕ ਹਜ਼ਾਰ ਰੁਪਏ ਜੁਰਮਾਨੇ 'ਤੇ ਛੱਡ ਦਿੱਤਾ ਸੀ | ਜਸਟਿਸ ਏ. ਐਸ. ਖਾਨਵਿਲਕਰ ਅਤੇ ਜਸਟਿਸ ਸੰਜੈ ਕ੍ਰਿਸ਼ਨ ਕੌਲ ਦੇ ਬੈਂਚ ਨੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਸਾਨੂੰ ਲਗਦਾ ਹੈ ਕਿ ਰਿਕਾਰਡ 'ਚ ਇਕ ਗ਼ਲਤੀ ਸਪੱਸ਼ਟ ਹੈ | ਇਸ ਲਈ ਅਸੀਂ ਸਜ਼ਾ ਦੇ ਮੁੱਦੇ 'ਤੇ ਮੁੜ ਵਿਚਾਰ ਦੀ ਪਟੀਸ਼ਨ ਸਵੀਕਾਰ ਕੀਤੀ ਹੈ | ਇਸ ਤੋਂ ਪਹਿਲਾਂ ਲਗਾਏ ਜੁਰਮਾਨੇ ਤੋਂ ਇਲਾਵਾ ਇਕ ਸਾਲ ਦੀ ਸਜ਼ਾ ਦੇਣਾ ਸਹੀ ਸਮਝਦੇ ਹਾਂ | ਸੁਪਰੀਮ ਕੋਰਟ ਵਲੋਂ ਸੁਣਾਏ ਫ਼ੈਸਲੇ 'ਚ ਕਾਂਗਰਸੀ ਆਗੂ ਨੂੰ ਆਤਮ-ਸਮਰਪਣ ਕਰਨ ਨੂੰ ਕਿਹਾ ਹੈ, ਜਿਸ 'ਤੇ ਪ੍ਰਤੀਕਰਮ ਕਰਦਿਆਂ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਕਾਨੂੰਨ ਦਾ ਫ਼ੈਸਲਾ ਸਵੀਕਾਰ ਹੈ |
ਹਾਲੇ ਵੀ ਹਨ ਕਾਨੂੰਨੀ ਬਦਲ
ਸੁਪਰੀਮ ਕੋਰਟ ਨੇ ਸਿੱਧੂ ਨੂੰ ਆਤਮ-ਸਮਰਪਣ ਜਾਂ ਗਿ੍ਫ਼ਤਾਰੀ ਤੋਂ ਰੋਕ ਲਈ ਕੋਈ ਰਾਹਤ ਨਹੀਂ ਦਿੱਤੀ, ਜਿਸ ਆਧਾਰ 'ਤੇ ਸਿੱਧੂ ਨੂੰ ਜੇਲ੍ਹ ਜਾਣਾ ਪਵੇਗਾ | ਹਾਲਾਂਕਿ ਸਿੱਧੂ ਕੋਲ ਹਾਲੇ ਵੀ ਕਈ ਕਾਨੂੰਨੀ ਬਦਲ ਮੌਜੂਦ ਹਨ |
ਕਾਨੂੰਨੀ ਮਾਹਰਾਂ ਮੁਤਾਬਿਕ ਸਿੱਧੂ ਸੁਪਰੀਮ ਕੋਰਟ ਦੇ ਇਸ ਆਦੇਸ਼ ਨੂੰ ਅਦਾਲਤ 'ਚ ਚੁਣੌਤੀ ਦੇ ਨਾਲ-ਨਾਲ ਜ਼ਮਾਨਤ ਲਈ ਵੀ ਅਰਜ਼ੀ ਦਾਖ਼ਲ ਕਰ ਸਕਦੇ ਹਨ | ਇਹ ਅਪੀਲ ਖ਼ਾਰਜ ਹੋਣ ਤੋਂ ਬਾਅਦ ਸਿੱਧੂ ਕੋਲ ਰਵੀਜ਼ਨ ਪਟੀਸ਼ਨ ਭਾਵ ਜਾਇਜ਼ਾ ਪਟੀਸ਼ਨ ਦਾ ਦੂਜਾ ਬਦਲ ਵੀ ਮੌਜੂਦ ਹੈ | ਜਾਇਜ਼ਾ ਪਟੀਸ਼ਨ 'ਚ ਆਦੇਸ਼ ਦੇਣ ਵਾਲੇ ਬੈਂਚ ਦੇ ਜੱਜ ਚੈਂਬਰ 'ਚ ਹੀ ਆਪਣੇ ਦਿੱਤੇ ਆਦੇਸ਼ ਦੀ ਮੁੜ ਘੋਖ ਕਰਦੇ ਹਨ | ਇਹ ਘੋਖ ਉਨ੍ਹਾਂ ਤੱਤਾਂ 'ਤੇ ਹੀ ਆਧਾਰਿਤ ਹੈ, ਜਿਸ ਆਧਾਰ 'ਤੇ ਅਦਾਲਤ ਨੇ ਪਹਿਲਾਂ ਫ਼ੈਸਲਾ ਦਿੱਤਾ ਹੁੰਦਾ ਹੈ | ਜਾਇਜ਼ਾ ਪਟੀਸ਼ਨ ਦੇ ਖ਼ਾਰਜ ਹੋਣ ਤੋਂ ਬਾਅਦ ਤੀਜਾ ਬਦਲ ਕਿਊਰੇਟਿਵ ਪਟੀਸ਼ਨ ਦਾਖ਼ਲ ਕਰਨ ਦਾ ਹੁੰਦਾ ਹੈ | ਇਹ ਪਟੀਸ਼ਨ ਅਦਾਲਤ ਨੂੰ ਆਪਣੇ ਦਿੱਤੇ ਆਦੇਸ਼ 'ਚ ਸੋਧ ਕਰਨ ਲਈ ਦਾਖ਼ਲ ਕੀਤੀ ਜਾਂਦੀ ਹੈ |
ਸਿੱਧੂ ਵਲੋਂ ਪੇਸ਼ ਹੋਏ ਵਕੀਲ ਪੀ. ਚਿਦੰਬਰਮ ਨੇ ਪਟੀਸ਼ਨਕਰਤਾ ਦੀਆਂ ਦਲੀਲਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਮਾਮਲਾ ਧਾਰਾ 323 ਦੇ ਤਹਿਤ ਆਉਂਦਾ ਹੈ ਅਤੇ ਪਟੀਸ਼ਨਕਰਤਾ ਨੇ ਮਾਮਲੇ ਨੂੰ ਨਵੀਂ ਦਿਸ਼ਾ ਦੇ ਦਿੱਤੀ ਹੈ | ਜਸਟਿਸ ਸੰਜੈ ਕ੍ਰਿਸ਼ਨ ਕੌਲ ਨੇ ਜਿਸ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਪਿਛਲੇ ਜੋ ਫ਼ੈਸਲੇ ਸਨ ਉਨ੍ਹਾਂ ਮੁਤਾਬਿਕ ਵੀ ਇਹ ਸਿਰਫ਼ ਮਾਮੂਲੀ ਸੱਟ ਦਾ ਮਾਮਲਾ ਨਹੀਂ, ਸਗੋਂ ਇਕ ਖ਼ਾਸ ਵਰਗ 'ਚ ਆਉਂਦਾ ਹੈ | ਉਨ੍ਹਾਂ ਸਿੱਧੂ ਨੂੰ ਪੂਰੇ ਫ਼ੈਸਲੇ ਦੀ ਥਾਂ 'ਤੇ ਸਜ਼ਾ ਦੀਆਂ ਦਲੀਲਾਂ ਨੂੰ ਧਿਆਨ ਦੇਣ ਨੂੰ ਕਿਹਾ |
ਜੇਲ੍ਹ ਦੀ ਸਜ਼ਾ ਦੇ ਬਾਵਜੂਦ ਚੋਣਾਂ ਲੜ ਸਕਦੇ ਹਨ ਸਿੱਧੂ- ਕਾਨੂੰਨੀ ਮਾਹਰ
ਨਵੀਂ ਦਿੱਲੀ, (ਪੀ. ਟੀ. ਆਈ.)-ਇੱਕ ਕਾਨੂੰਨੀ ਮਾਹਿਰ ਨੇ ਚੋਣ ਕਾਨੂੰਨ ਦੇ ਉਪਬੰਧਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਸੁਪਰੀਮ ਕੋਰਟ ਵਲੋਂ 1988 ਦੇ ਰੋਡ ਰੇਜ ਮਾਮਲੇ 'ਚ ਇੱਕ ਸਾਲ ਕੈਦ ਦੀ ਸਜ਼ਾ ਦੇ ਬਾਵਜੂਦ ਭਵਿੱਖ ਦੀਆਂ ਚੋਣਾਂ ਲੜ ਸਕਦੇ ਹਨ | ਕਾਨੂੰਨੀ ਮਾਹਿਰ ਅਤੇ ਲੋਕ ਸਭਾ ਦੇ ਸਾਬਕਾ ਸਕੱਤਰ ਜਨਰਲ ਪੀ. ਡੀ. ਟੀ. ਆਚਾਰੀ ਨੇ ਪੀਪਲਜ਼ ਐਕਟ-1951 ਦੀ ਧਾਰਾ 8 ਦਾ ਹਵਾਲਾ ਦਿੰਦੇ ਹੋਏ ਪੀ.ਟੀ.ਆਈ. ਨੂੰ ਦੱਸਿਆ ਕਿ ਜੇਕਰ ਸਜ਼ਾ ਦੋ ਸਾਲ ਜਾਂ ਇਸ ਤੋਂ ਵੱਧ ਹੁੰਦੀ ਤਾਂ ਉਸ ਨੂੰ ਛੇ ਸਾਲ ਲਈ ਚੋਣ ਲੜਨ ਤੋਂ ਅਯੋਗ ਕਰਾਰ ਦਿੱਤਾ ਜਾਣਾ ਸੀ |
ਪਟਿਆਲਾ/ਚੰਡੀਗੜ੍ਹ, 19 ਮਈ (ਪੀ.ਟੀ.ਆਈ.)-ਨਵਜੋਤ ਸਿੰਘ ਸਿੱਧੂ ਪਟਿਆਲਾ ਦੀ ਇਕ ਸਥਾਨਕ ਅਦਾਲਤ ਸਾਹਮਣੇ ਅੱਜ ਆਤਮ ਸਮਰਪਣ ਕਰਨਗੇ | ਪਟਿਆਲਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਰਿੰਦਰ ਪਾਲ ਲਾਲੀ ਨੇ ਪਾਰਟੀ ਸਮਰਥਕਾਂ ਨੂੰ ਦਿੱਤੇ ਇਕ ਸੁਨੇਹੇ 'ਚ ਕਿਹਾ ਕਿ ਸਿੱਧੂ ਸਵੇਰੇ 10 ਵਜੇ ਅਦਾਲਤ ਪਹੁੰਚਣਗੇ | ਉਨ੍ਹਾਂ ਪਾਰਟੀ ਕਾਰਕੁਨਾਂ ਨੂੰ 9.30 ਵਜੇ ਸਵੇਰੇ ਅਦਾਲਤ ਦੇ ਕੰਪਲੈਂਕਸ 'ਚ ਪਹੁੰਚਣ ਦੀ ਅਪੀਲ ਵੀ ਕੀਤੀ | ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਵੀ ਵੀਰਵਾਰ ਰਾਤ 9.45 ਵਜੇ ਅੰਮਿ੍ਤਸਰ ਤੋਂ ਪਟਿਆਲਾ ਪਹੁੰਚ ਗਏ ਹਨ | ਸਜ਼ਾ ਸੁਣਾਏ ਜਾਣ ਤੋਂ ਬਾਅਦ ਸਿੱਧੂ ਦੇਰ ਰਾਤ ਤੱਕ ਆਪਣੀ ਪਟਿਆਲਾ ਸਥਿਤ ਰਿਹਾਇਸ਼ 'ਚ ਮੌਜੂਦ ਸੀ |
1988 'ਚ ਗੁਰਨਾਮ ਸਿੰਘ ਨਾਲ ਹੋਇਆ ਸੀ ਝਗੜਾ
ਪਟਿਆਲਾ (ਮਨਦੀਪ ਸਿੰਘ ਖਰੌੜ)-ਦੱਸਣਯੋਗ ਹੈ ਕਿ 27 ਦਸੰਬਰ, 1988 ਵਾਲੇ ਦਿਨ ਪਟਿਆਲਾ ਦੇ ਸ਼ੇਰਾਂ ਵਾਲੇ ਗੇਟ ਨੇੜੇ ਜਿਪਸੀ 'ਚ ਜਾ ਰਹੇ ਨਵਜੋਤ ਸਿੰਘ ਸਿੱਧੂ ਅਤੇ ਉਸ ਦੇ ਸਾਥੀ ਰੁਪਿੰਦਰ ਸਿੰਘ ਸੰਧੂ ਦੀ ਰਸਤਾ ਦੇਣ ਨੂੰ ਲੈ ਕੇ ਗੁਰਨਾਮ ਸਿੰਘ ਨਾਲ ਤਕਰਾਰ ਹੋ ਗਈ ਸੀ, ਇਸ ਦੌਰਾਨ ਤੈਸ਼ 'ਚ ਆਏ ਸਿੱਧੂ ਗੁਰਨਾਮ ਸਿੰਘ ਦੀ ਕੁੱਟਮਾਰ ਕਰਨ ਮਗਰੋਂ ਉਹ ਉਥੋਂ ਫ਼ਰਾਰ ਹੋ ਗਏ ਸੀ | ਇਸ ਝਗੜੇ 'ਚ ਗੰਭੀਰ ਜ਼ਖ਼ਮੀ ਹੋਏ ਗੁਰਨਾਮ ਸਿੰਘ ਨੂੰ ਉਸ ਦੇ ਸਾਥੀਆਂ ਵਲੋਂ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਐਲਾਨ ਦਿੱਤਾ ਸੀ | ਇਸ ਮਾਮਲੇ ਸੰਬੰਧੀ ਪਟਿਆਲਾ ਦੇ ਥਾਣਾ ਕੋਤਵਾਲੀ ਦੀ ਪੁਲਿਸ ਨੇ ਨਵਜੋਤ ਸਿੰਘ ਸਿੱਧੂ ਤੇ ਰੁਪਿੰਦਰ ਸਿੰਘ ਸੰਧੂ ਦੇ ਖ਼ਿਲਾਫ਼ ਧਾਰਾ 304, 34 ਤਹਿਤ ਕੇਸ ਦਰਜ ਕੀਤਾ ਸੀ | ਇਸ ਮਾਮਲੇ 'ਚ ਸਤੰਬਰ 1999 ਨੂੰ ਪਟਿਆਲਾ ਦੀ ਸੈਸ਼ਨ ਅਦਾਲਤ ਨੇ ਸਿੱਧੂ ਤੇ ਸੰਧੂ ਨੂੰ ਬਰੀ ਕਰ ਦਿੱਤਾ ਸੀ | ਪਰ ਗੁਰਨਾਮ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਹਾਈਕੋਰਟ 'ਚ ਦੁਬਾਰਾ ਅਪੀਲ ਕੀਤੀ ਸੀ | 6 ਦਸੰਬਰ, 2006 ਨੂੰ ਹਾਈਕੋਰਟ ਨੇ ਇਸ ਮਾਮਲੇ 'ਚ ਸਿੱਧੂ ਤੇ ਸੰਧੂ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ ਤੇ ਇਕ ਲੱਖ ਰੁਪਏ ਜੁਰਮਾਨਾ ਕੀਤਾ ਸੀ | 23 ਜਨਵਰੀ, 2007 ਨੂੰ ਸੁਪਰੀਮ ਕੋਰਟ ਨੇ ਸਿੱਧੂ ਦੀ ਸਜ਼ਾ 'ਤੇ ਰੋਕ ਲਗਾ ਦਿੱਤੀ ਸੀ | 15 ਮਈ, 2018 ਨੂੰ ਸੁਪਰੀਮ ਕੋਰਟ ਨੇ ਰੁਪਿੰਦਰ ਸਿੰਘ ਸੰਧੂ ਤੇ ਨਵਜੋਤ ਸਿੰਘ ਸਿੱਧੂ ਨੂੰ ਹੇਠਲੀ ਅਦਾਲਤ ਵਲੋਂ ਸੁਣਾਈ ਸਜ਼ਾ ਤੋਂ ਬਰੀ ਕਰ ਦਿੱਤਾ ਸੀ ਅਤੇ ਸਿੱਧੂ ਨੂੰ ਧਾਰਾ 323 ਤਹਿਤ ਦੋਸ਼ੀ ਕਰਾਰ ਦਿੰਦਿਆਂ ਬਿਨਾਂ ਜੇਲ੍ਹ ਜਾਏ 1 ਹਜ਼ਾਰ ਰੁਪਏ ਜੁਰਮਾਨਾ ਕੀਤਾ ਸੀ | ਇਸ ਮਾਮਲੇ ਸੰਬੰਧੀ ਗੁਰਨਾਮ ਸਿੰਘ ਦੇ ਪਰਿਵਾਰ ਵਲੋਂ ਉਕਤ ਫ਼ੈਸਲੇ ਨੂੰ ਮੁੜ ਵਿਚਾਰਨ ਲਈ ਦਾਇਰ ਕੀਤੀ ਅਰਜ਼ੀ (ਰੀਵਿਊ ਪਟੀਸ਼ਨ 13 ਸਤੰਬਰ, 2018) ਨੂੰ ਸੁਪਰੀਮ ਕੋਰਟ ਨੇ ਸਵੀਕਾਰ ਕਰ ਲਿਆ ਸੀ | ਇਸ ਪਟੀਸ਼ਨ 'ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਅੱਜ ਨਵਜੋਤ ਸਿੰਘ ਸਿੱਧੂ ਨੂੰ 34 ਸਾਲ ਪੁਰਾਣੇ ਕੇਸ 'ਚ ਇਕ ਸਾਲ ਦੀ ਸਜ਼ਾ ਸੁਣਾਈ ਹੈ |
ਗੁਰਨਾਮ ਸਿੰਘ ਦੇ ਪਰਿਵਾਰ ਵਲੋਂ ਫ਼ੈਸਲੇ ਦਾ ਸਵਾਗਤ
ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਗੁਰਨਾਮ ਸਿੰਘ ਦੇ ਪੋਤਰੇ ਅਮਨਪ੍ਰੀਤ ਸਿੰਘ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ 34 ਸਾਲਾਂ ਤੋਂ ਇਨਸਾਫ਼ ਦੀ ਲੜਾਈ ਲੜਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਨਿਆਂ ਦੇਣ 'ਤੇ ਉਹ ਮਾਣਯੋਗ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਨ ਦੇ ਨਾਲ ਉਹ ਪਰਮਾਤਮਾ ਦਾ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਦੇ ਦਾਦਾ ਜੀ ਗੁਰਨਾਮ ਸਿੰਘ ਦੀ ਮੌਤ ਦੇ ਮਾਮਲੇ 'ਚ ਉਨ੍ਹਾਂ ਦੇ ਪਰਿਵਾਰ ਨੂੰ ਅੱਜ ਇਨਸਾਫ਼ ਮਿਲਿਆ ਹੈ |
ਮੁੱਖ ਮੰਤਰੀ ਵਲੋਂ ਅਮਿਤ ਸ਼ਾਹ ਨਾਲ ਮੁਲਾਕਾਤ
ਨਵੀਂ ਦਿੱਲੀ, 19 ਮਈ (ਉਪਮਾ ਡਾਗਾ ਪਾਰਥ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ | ਮੁੱਖ ਮੰਤਰੀ ਦੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਉਸ ਸਮੇਂ ਹੋ ਰਹੀ ਹੈ, ਜਦੋਂ ਪੰਜਾਬ 'ਚ ਨਵੀਂ ਬਣੀ 'ਆਪ' ਸਰਕਾਰ ਕਾਨੂੰਨ ਵਿਵਸਥਾ, ਕਿਸਾਨੀ ਸਮੇਤ ਕਈ ਮੁਢਲੀਆਂ ਦਿੱਕਤਾਂ ਨਾਲ ਦੋ-ਚਾਰ ਹੋ ਰਹੀ ਹੈ | ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਨਾਲ ਆਪਣੀ ਪਲੇਠੀ ਮੁਲਾਕਾਤ 'ਚ ਪੰਜਾਬ ਨੂੰ ਨੀਮ ਫੌਜੀ ਦਲਾਂ ਦੀਆਂ 10 ਵਾਧੂ ਟੀਮਾਂ ਮੁਹੱਈਆ ਕਰਵਾਉਣ, ਕਣਕ ਦਾ ਝਾੜ ਘਟਣ ਕਾਰਨ ਮੁਆਵਜ਼ਾ ਵਧਾਉਣ ਅਤੇ ਭਾਖੜਾ-ਬਿਆਸ ਪ੍ਰਬੰਧਕ ਬੋਰਡ 'ਚੋਂ ਪੰਜਾਬ ਦੀ ਨੁਮਾਇੰਦਗੀ ਮੁੜ ਬਹਾਲ ਕਰਨ ਜਿਹੇ ਅਹਿਮ ਮੁੱਦੇ ਵਿਚਾਰੇ | ਭਗਵੰਤ ਮਾਨ ਨੇ ਗ੍ਰਹਿ ਮੰਤਰੀ ਨੂੰ ਸੂੂਬੇ 'ਚ ਅਮਨ ਭੰਗ ਕਰਨ ਦੀਆਂ ਕੋਸ਼ਿਸ਼ਾਂ ਤੋਂ ਜਾਣੂ ਕਰਵਾਉਂਦਿਆਂ ਅਤੇ ਇਸ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪੰਜਾਬ 'ਚ ਨੀਮ ਫੌਜੀ ਬਲਾਂ ਦੀਆਂ 10 ਵਾਧੂ ਟੁਕੜੀਆਂ ਦੀ ਮੰਗ ਕੀਤੀ | ਗ੍ਰਹਿ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਗ੍ਰਹਿ ਮੰਤਰੀ ਨੇ ਸੂਬੇ 'ਚ ਨੀਮ ਫੌਜੀ ਬਲਾਂ ਦੀਆਂ 10 ਹੋਰ ਕੰਪਨੀਆਂ ਤੁਰੰਤ ਅਲਾਟ ਕਰ ਦਿੱਤੀਆਂ ਹਨ | ਭਗਵੰਤ ਮਾਨ ਨੇ ਡਰੋਨ ਰਾਹੀਂ ਸਰਹੱਦ ਪਾਰੋਂ ਵਧ ਰਹੀ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ 'ਤੇ ਵੀ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਸੂਬੇ ਲਈ 'ਐਂਟੀ ਡਰੋਨ' ਤਕਨੀਕ ਮੁਹੱਈਆ ਕਰਨ ਦੀ ਅਪੀਲ ਕੀਤੀ | ਉਨ੍ਹਾਂ ਨੇ ਅਮਿਤ ਸ਼ਾਹ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਪੰਜਾਬ ਫਿਰਕੂ ਸਦਭਾਵਨਾ, ਅਮਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀਆਂ ਕਦਰਾਂ-ਕੀਮਤਾਂ ਨੂੰ ਹਰ ਹੀਲੇ ਬਰਕਰਾਰ ਰੱਖੇਗਾ | ਜ਼ਿਕਰਯੋਗ ਹੈ ਕਿ ਸੱਤਾ ਸੰਭਾਲਣ ਤੋਂ ਬਾਅਦ ਤੋਂ ਹੀ ਪੰਜਾਬ 'ਚ ਕਾਨੂੰਨ ਵਿਵਸਥਾ ਵੱੱਡਾ ਮੁੱਦਾ ਬਣ ਗਈ ਹੈ | ਪੰਜਾਬ 'ਚ 'ਆਪ' ਸਰਕਾਰ ਬਣਨ ਤੋਂ ਬਾਅਦ ਪਹਿਲੇ 3 ਹਫ਼ਤਿਆਂ 'ਚ ਹੀ ਸੂਬੇ 'ਚ 19 ਕਤਲ ਹੋਏ ਹਨ | ਕਈ ਘਟਨਾਵਾਂ 'ਚ ਖ਼ਾਲਿਸਤਾਨੀ ਝੰਡੇ ਵੀ ਲਹਿਰਾਏ ਗਏ ਹਨ | ਰਾਜ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਵਿਰੋਧੀ ਧਿਰਾਂ ਵੀ ਸੂਬਾ ਸਰਕਾਰ 'ਤੇ ਹਮਲਾਵਰ ਹੋਈਆਂ ਹਨ | ਕਾਨੂੰਨ ਵਿਵਸਥਾ ਦੀ ਇਸ ਸਥਿਤੀ ਦੇ ਚਲਦਿਆਂ ਦੋ ਦਿਨ ਪਹਿਲਾਂ ਹੀ ਸੂਬੇ ਦੇ ਡੀ. ਜੀ. ਪੀ. ਵੀ. ਕੇ. ਭਾਵਰਾ ਨੇ ਵੀ ਕੇਂਦਰ ਤੋਂ ਸਹਿਯੋਗ ਮੰਗਦਿਆਂ ਨੀਮ ਫੌਜੀ ਬਲਾਂ ਦੀ 10 ਹੋਰ ਕੰਪਨੀਆਂ ਦੀ ਮੰਗ ਕਰਦਿਆਂ ਗ੍ਰਹਿ ਮੰਤਰੀ ਨੂੰ ਚਿੱਠੀ ਵੀ ਲਿਖੀ ਸੀ | ਮੁੱਖ ਮੰਤਰੀ ਭਗਵੰਤ ਮਾਨ ਨੇ ਭਾਖੜਾ-ਬਿਆਸ ਪ੍ਰਬੰਧਕੀ ਬੋਰਡ ਦਾ ਮੁੱਦਾ ਉਠਾਉਂਦਿਆਂ ਇਸ ਨੂੰ ਪੱਖਪਾਤੀ ਕਦਮ ਕਰਾਰ ਦਿੱਤਾ | ਮੁੱਖ ਮੰਤਰੀ ਨੇ ਅਮਿਤ ਸ਼ਾਹ ਨੂੰ ਬੋਰਡ 'ਚੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨ ਨਾਲ ਸੰਬੰਧਿਤ ਹੁਕਮ ਰੱਦ ਕਰਨ ਦੀ ਅਪੀਲ ਕੀਤੀ | ਇਸ ਤੋਂ ਇਲਾਵਾ ਉਨ੍ਹਾਂ ਇਸ ਵਾਰ ਕਣਕ ਦਾ ਝਾੜ ਘੱਟ ਹੋਣ ਦਾ ਹਵਾਲਾ ਦਿੰਦਿਆਂ ਕਿਸਾਨਾਂ ਨੂੰ ਪ੍ਰਤੀ ਕੁਇੰਟਲ 500 ਰੁਪਏ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ | ਮਾਨ ਨੇ ਘੱਟੋ-ਘੱਟ ਸਮਰਥਨ ਮੁੱਲ 'ਤੇ ਬਾਸਮਤੀ ਦੀ ਖ਼ਰੀਦ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਨ 'ਤੇ ਵੀ ਜ਼ੋਰ ਦਿੱਤਾ |
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 19 ਮਈ-ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਕਾਂਗਰਸ ਨਾਲੋਂ ਆਪਣਾ 5 ਦਹਾਕਿਆਂ ਅਤੇ 3 ਪੀੜ੍ਹੀਆਂ ਦਾ ਨਾਤਾ ਤੋੜਦਿਆਂ ਵੀਰਵਾਰ ਨੂੰ ਭਾਜਪਾ 'ਚ ਸ਼ਾਮਿਲ ਹੋ ਗਏ | ਪਿਛਲੇ ਕਾਫ਼ੀ ਸਾਲਾਂ ਤੋਂ ਕਾਂਗਰਸ ਨਾਲ ਦੱਬੇ-ਘੁੱੱਟੇ ਕਾਂਗਰਸੀ ਆਗੂ ਨੇ, ਪਾਰਟੀ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖ਼ਿਲਾਫ਼ ਬਿਆਨਬਾਜ਼ੀ ਕਰਨ 'ਤੇ ਦਿੱਤੇ ਕਾਰਨ ਦੱਸੋ ਨੋਟਿਸ ਤੋਂ ਕੁਝ ਹਫ਼ਤਿਆਂ ਬਾਅਦ ਹੀ ਭਾਜਪਾ 'ਚ ਸ਼ਾਮਿਲ ਹੋਣ ਦਾ ਫ਼ੈਸਲਾ ਲਿਆ | ਸੁਨੀਲ ਜਾਖੜ ਨੇ ਭਾਜਪਾ ਦੇ ਹੈੱਡਕੁਆਰਟਰ 'ਚ ਪਾਰਟੀ ਪ੍ਰਧਾਨ ਜੇ. ਪੀ. ਨੱਢਾ ਦੀ ਮੌਜੂਦਗੀ 'ਚ ਭਾਜਪਾ ਦਾ ਲੜ ਫੜਿਆ | ਸੁਨੀਲ ਜਾਖੜ ਨੇ ਪਾਰਟੀ 'ਚ ਸ਼ਾਮਿਲ ਹੋਣ ਤੋਂ ਬਾਅਦ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੋਹਲੇ ਗਾਉਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਚੁੱਕੇ ਪੰਜਾਬ ਪੱਖੀ ਕੰਮਾਂ ਨੇ ਪੰਜਾਬ 'ਚ ਗੁਰੂਆਂ-ਪੀਰਾਂ ਵਲੋਂ ਦਿੱਤੇ ਸਿਧਾਂਤ 'ਮਾਨਸ ਕੀ ਜਾਤ ਸਬੇ ਏਕੇ ਪਹਿਚਾਨਬੋ' ਨੂੰ ਸਹੀ ਢੰਗ 'ਚ ਲਾਗੂ ਕੀਤਾ ਹੈ | ਸੁਨੀਲ ਜਾਖੜ ਨੇ ਵਿਸ਼ੇਸ਼ ਤੌਰ 'ਤੇ ਹਾਲ 'ਚ ਭਾਰਤ ਸਰਕਾਰ ਵਲੋਂ ਕਰਵਾਏ ਗਏ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਮਾਗਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ (ਮੋਦੀ ਨੇ) ਰਾਸ਼ਟਰੀ ਪੱਧਰ 'ਤੇ ਪੰਜਾਬ ਦਾ ਸਨਮਾਨ ਕੀਤਾ |
ਭੇਜੇ ਜਾ ਸਕਦੇ ਹਨ ਰਾਜ ਸਭਾ
ਸੁਨੀਲ ਜਾਖੜ ਨੂੰ ਭਾਜਪਾ 'ਚ ਮਿਲਣ ਵਾਲੀ ਭੂਮਿਕਾ ਨੂੰ ਲੈ ਕੇ ਪਾਰਟੀ ਆਗੂਆਂ ਵਲੋਂ ਕੋਈ ਖ਼ਾਸ ਖੁਲਾਸਾ ਨਹੀਂ ਕੀਤਾ ਗਿਆ ਹੈ, ਪਰ ਹਲਕਿਆਂ ਮੁਤਾਬਿਕ ਭਾਜਪਾ ਸੁਨੀਲ ਜਾਖੜ ਨੂੰ ਰਾਜ ਸਭਾ ਭੇਜ ਸਕਦੀ ਹੈ | ਇਸ ਤੋਂ ਇਲਾਵਾ ਸੁਨੀਲ ਜਾਖੜ ਨੂੰ ਪੰਜਾਬ ਲਈ ਵੀ ਕੁਝ ਅਹਿਮ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ |
ਜਾਖੜ ਨੇ ਭਾਜਪਾ 'ਚ ਸ਼ਾਮਿਲ ਹੋਣ ਸਮੇਂ ਮੀਡੀਆ ਨਾਲ ਕੀਤੀ ਗੱਲਬਾਤ 'ਚ ਪੰਜਾਬ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਦਾ ਵਾਰ-ਵਾਰ ਜ਼ਿਕਰ ਕੀਤਾ | ਜਿਸ ਰਾਹੀਂ ਉਨ੍ਹਾਂ ਪੰਜਾਬ ਨਾਲ ਜੁੜੇ ਰਹਿਣ ਦੀ ਮਨਸ਼ਾ ਤਕਰੀਬਨ ਸਪੱਸ਼ਟ ਕਰ ਦਿੱਤੀ | ਹਲਕਿਆਂ ਮੁਤਾਬਿਕ ਪੰਜਾਬ 'ਚ ਆਪਣੀਆਂ ਜੜ੍ਹਾਂ ਮਜ਼ਬੂਤ ਕਰਨ ਦੀ ਕਵਾਇਦ 'ਚ ਲੱਗੀ ਭਾਜਪਾ ਨੂੰ ਜਾਖੜ ਦੇ ਰੂਪ 'ਚ ਸੂਬੇ ਵਿਚ ਸਥਾਪਿਤ ਹਿੰਦੂ ਚਿਹਰਾ ਮਿਲ ਗਿਆ ਹੈ | ਕਿਆਸਾਂ ਮੁਤਾਬਿਕ ਜਾਖੜ ਆਪਣੇ ਨਾਲ ਹੋਰ ਵੀ 'ਨਾਰਾਜ਼' ਕਾਂਗਰਸੀਆਂ ਨੂੰ ਭਾਜਪਾ 'ਚ ਸ਼ਾਮਿਲ ਕਰਨ 'ਚ ਕਾਫ਼ੀ ਮਦਦ ਕਰ ਸਕਦੇ ਹਨ |
ਵਾਰ-ਵਾਰ ਛਲਕਿਆ ਜਾਖੜ ਦਾ ਦਰਦ
ਜਾਖੜ ਨੇ ਕਾਂਗਰਸ ਨਾਲ ਤੋੜ ਵਿਛੋੜੇ ਦਾ ਐਲਾਨ ਕਰਦਿਆਂ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਪਾਰਟੀ ਨਾਲ ਆਪਣੇ ਰਿਸ਼ਤੇ ਅਸੂਲਾਂ ਵਾਂਗ ਨਿਭਾਏ, ਪਰ ਜਦੋਂ ਗੱਲ ਪੰਜਾਬ ਦੀ ਭਾਈਚਾਰਕ ਸਾਂਝ ਦੀ ਆਉਂਦੀ ਹੈ ਤਾਂ ਉਹ ਆਪਣੀ ਆਵਾਜ਼ ਦਬਾ ਨਹੀਂ ਸਕਦੇ | ਉਨ੍ਹਾਂ ਕਾਂਗਰਸ 'ਤੇ ਦੋਸ਼ ਲਗਾਇਆ ਕਿ ਉਹ ਪੰਜਾਬ ਨੂੰ ਜਾਤ ਅਤੇ ਧਰਮ ਦੇ ਆਧਾਰ 'ਤੇ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ | ਜ਼ਿਕਰਯੋਗ ਹੈ ਕਿ ਕਾਂਗਰਸ ਵਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਤੋਂ ਬਾਅਦ ਨਵੇਂ ਮੁੱਖ ਮੰਤਰੀ ਦੀ ਚੋਣ ਕਰਨ ਸਮੇਂ ਹੋਈ ਮੀਟਿੰਗ 'ਚ ਸਭ ਤੋਂ ਵਧ ਵਿਧਾਇਕਾਂ (42) ਨੇ ਸੁਨੀਲ ਜਾਖੜ ਦੇ ਹੱਕ 'ਚ ਵੋਟ ਪਾਈ ਸੀ, ਪਰ ਅੰਬਿਕਾ ਸੋਨੀ ਨੇ ਜਾਖੜ ਦੇ ਹਿੰਦੂ ਹੋਣ ਦਾ ਹਵਾਲਾ ਦਿੰਦਿਆਂ ੰਪੰਜਾਬ ਲਈ ਸਿੱਖ ਚਿਹਰਾ ਤਲਾਸ਼ਣ ਲਈ ਕਿਹਾ, ਜਿਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ | ਜਾਖੜ ਨੇ ਅੰਬਿਕਾ ਸੋਨੀ ਦੀ ਸਿਫ਼ਾਰਸ਼ 'ਤੇ ਹਾਈਕਮਾਨ ਵਲੋਂ ਨਵੇਂ ਫ਼ੈਸਲੇ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਇਹ ਹਿੰਦੂ ਭਾਈਚਾਰੇ ਦਾ ਨਹੀਂ ਸਗੋਂ ਸਿੱਖ ਭਾਈਚਾਰੇ ਦਾ ਵੀ ਅਪਮਾਨ ਹੈ | ਉਨ੍ਹਾਂ ਕਿਹਾ ਕਿ ਜੋ ਕੰਮ ਏ. ਕੇ.-47 ਦੀਆਂ ਗੋਲੀਆਂ ਨਾ ਕਰ ਸਕੀਆਂ, ਉਹ ਇਕ ਜੁਬਾਨ ਨੇ ਕਰ ਦਿੱਤਾ | ਜਾਖੜ ਨੇ ਬਿਨਾਂ ਨਾਂਅ ਲਏ ਅੰਬਿਕਾ ਸੋਨੀ ਨੂੰ ਨਿਸ਼ਾਨਾ ਬਣਾਉਂਦੇ ਕਿਹਾ ਕਿ 30 ਸਾਲਾਂ ਤੋਂ ਦਿੱਲੀ ਦੀਆਂ ਹਵਾਵਾਂ 'ਚ ਬੈਠ ਕੇ ਕਈ ਲੋਕਾਂ 'ਚ ਜੇਕਰ ਪੰਜਾਬੀਅਤ ਕਿਤੇ ਭੋਰਾ ਭਰ ਵੀ ਰਹਿ ਗਈ ਸੀ, ਤਾਂ ਉਹ ਵੀ ਨਿਕਲ ਗਈ ਕਿਉਂਕਿ ਪੰਜਾਬ ਨਾਲ ਜੁੜਿਆ ਕੋਈ ਵੀ ਵਿਅਕਤੀ ਅਜਿਹੀ ਹੋਸ਼ੀ ਗੱਲ ਨਹੀਂ ਕਰ ਸਕਦਾ |
ਚੁਣੌਤੀਆਂ ਹੋਣਗੀਆਂ
ਪੁਰਾਣੀ ਪਾਰਟੀ ਤੋਂ ਬਿਲਕੁਲ ਵੱਖ ਵਿਚਾਰਧਾਰਾ ਦੀ ਪਾਰਟੀ 'ਚ ਸ਼ਾਮਿਲ ਹੋਣ 'ਤੇ ਪੁੱਛੇ ਸਵਾਲਾਂ ਦੇ ਜਵਾਬ 'ਚ ਜਾਖੜ ਨੇ ਪ੍ਰਵਾਨ ਕੀਤਾ ਕਿ ਚੁਣੌਤੀਆਂ ਹੋਣਗੀਆਂ, ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਪਿਛੋਕੜ ਕਿਸੇ ਤੋਂ ਲੁਕਿਆ ਨਹੀਂ ਹੈ ਅਤੇ ਉਨ੍ਹਾਂ ਨੇ ਭਾਜਪਾ 'ਚ ਸ਼ਾਮਿਲ ਹੋਣ ਦਾ ਫ਼ੈਸਲਾ ਸੋਚ ਸਮਝ ਕੇ ਲਿਆ ਹੈ | ਜਾਖੜ ਨੇ ਸ਼ਾਇਰਾਨਾ ਅੰਦਾਜ਼ 'ਚ ਗੱਲ ਕਰਦਿਆਂ ਕਿਹਾ:
ਡਰੇ ਤੋਂ ਵੋਹ, ਜਿਸਕੇ ਗੁਨਾਹ ਪਰਦੇ ਮੇਂ ਹੋ,
ਮੇਰੇ ਤੋਂ ਸਾਰੇ ਐਬ ਜਗ ਜ਼ਾਹਰ ਹੈਂ |
ਸਰਗਰਮ ਸਿਆਸਤ ਅਤੇ ਚੁਣਾਵੀ ਸਿਆਸਤ ਨੂੰ ਅਲਵਿਦਾ ਕਹਿ ਚੁੱਕੇ ਸੁਨੀਲ ਜਾਖੜ ਨੇ ਭਵਿੱਖ 'ਚ ਮਿਲਣ ਵਾਲੀਆਂ ਜ਼ਿੰਮੇਵਾਰੀਆਂ ਦਾ ਸੰਕੇਤ ਦਿੰਦਿਆਂ ਕਿਹਾ ਕਿ ਦੇਸ਼ 'ਚ ਪੰਜਾਬ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਉਹ ਮੂੰਹ ਨਹੀਂ ਮੋੜ ਸਕਦੇ | ਸਟੇਜ 'ਤੇ ਮੌਜੂਦ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਨੇ ਜਾਖੜ ਨੂੰ ਦਿੱਤੀਆਂ ਜਾਣ ਵਾਲੀਆਂ ਜ਼ਿੰਮੇਵਾਰੀਆਂ ਦੇ ਸਪੱਸ਼ਟ ਸੰਕੇਤ ਦਿੰਦਿਆਂ ਕਿਹਾ ਕਿ ਉਹ ਪੰਜਾਬ 'ਚ ਭਾਜਪਾ ਲਈ ਅਹਿਮ ਭੂਮਿਕਾ ਅਦਾ ਕਰਨਗੇ | ਜ਼ਿਕਰਯੋਗ ਹੈ ਕਿ ਜਾਖੜ ਪੰਜਾਬ 'ਚ ਪ੍ਰਮੁੱਖ ਹਿੰਦੂ ਚਿਹਰਾ ਹਨ | ਜਿਨ੍ਹਾਂ ਦੇ ਪਿਤਾ ਬਲਰਾਮ ਜਾਖੜ, ਜੋ ਕਿ ਇੰਦਰਾ ਗਾਂਧੀ ਦੇੇ ਕਾਫ਼ੀ ਨਜ਼ਦੀਕ ਸਨ | ਕੇਂਦਰੀ ਪੱਧਰ 'ਤੇ ਅਹਿਮ ਅਹੁਦਿਆਂ 'ਤੇ ਉਹ ਰਹਿ ਚੁੱਕੇ ਹਨ | ਜਾਖੜ ਦਾ ਭਤੀਜਾ ਵੀ ਪੰਜਾਬ ਕਾਂਗਰਸ ਦਾ ਮੌਜੂਦਾ ਵਿਧਾਇਕ ਹੈ | ਕਿਆਸ ਲਾਏ ਜਾ ਰਹੇ ਹਨ ਕਿ ਜਾਖੜ ਨੂੰ ਆਉਣ ਵਾਲੀਆਂ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਵੱਡੀ ਭੂਮਿਕਾ ਦਿੱਤੀ ਜਾ ਸਕਦੀ ਹੈ |
16 ਉੱਤਰੀ ਰਾਜਾਂ 'ਚੋਂ 11 ਦੇ ਥਰਮਲ ਪਲਾਂਟਾਂ 'ਚ ਕੋਲੇ ਦੀ ਭਾਰੀ ਘਾਟ
ਸ਼ਿਵ ਸ਼ਰਮਾ
ਜਲੰਧਰ, 19 ਮਈ-ਪਾਵਰਕਾਮ ਵਲੋਂ ਝੋਨੇ ਦੀ ਬਿਜਾਈ ਲਈ ਥਰਮਲ ਪਲਾਂਟ ਲਈ ਖ਼ਰੀਦੇ ਜਾਣ ਵਾਲੇ ਮਹਿੰਗੇ ਵਿਦੇਸ਼ੀ ਕੋਲੇ ਦੀ ਖ਼ਰੀਦ ਨਾਲ ਪਹਿਲੀ ਜੁਲਾਈ ਤੋਂ ਸ਼ੁਰੂ ਹੋਣ ਵਾਲੀ 300 ਯੂਨਿਟ ਮੁਫ਼ਤ ਬਿਜਲੀ ਯੋਜਨਾ ਲਟਕਣ ਦੀ ਸ਼ੰਕਾ ਹੈ, ਕਿਉਂਕਿ ਪਾਵਰਕਾਮ ਵਲੋਂ ਇਸ ਵੇਲੇ ਸਭ ਤੋਂ ਮਹਿੰਗਾ ਵਿਦੇਸ਼ੀ ਕੋਲਾ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਨਾਲ ਪਾਵਰਕਾਮ ਨੂੰ ਇਸ ਸਾਲ 1500 ਕਰੋੜ ਰੁਪਏ ਵਾਧੂ ਰਕਮ ਦੀ ਅਦਾਇਗੀ ਕਰਨੀ ਪਵੇਗੀ | ਪਾਵਰਕਾਮ ਨੇ ਵਿਦੇਸ਼ੀ ਕੋਲੇ ਦੀ ਖ਼ਰੀਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਵਾ ਕੇ ਆਪਣੇ ਆਪ ਨੂੰ ਕੇਂਦਰ ਵਲੋਂ ਲਗਾਏ ਜਾਣ ਵਾਲੇ ਜੁਰਮਾਨੇ ਤੋਂ ਬਚਾ ਲਿਆ ਹੈ ਕਿਉਂਕਿ ਕੇਂਦਰ ਦੇ ਬਿਜਲੀ ਮੰਤਰਾਲੇ ਦੀ ਤਾਜ਼ਾ ਹਦਾਇਤ ਮੁਤਾਬਿਕ ਜਿਨ੍ਹਾਂ ਰਾਜਾਂ ਨੇ 10 ਫ਼ੀਸਦੀ ਵਿਦੇਸ਼ੀ ਕੋਲੇ ਨੂੰ ਥਰਮਲ ਪਲਾਂਟ 'ਚ ਨਾ ਵਰਤਿਆ ਤਾਂ ਉਸ ਨੂੰ 15 ਫ਼ੀਸਦੀ ਵਿਦੇਸ਼ੀ ਕੋਲੇ ਦੀ ਖ਼ਰੀਦ ਕਰਨੀ ਪਏਗੀ | ਚੇਤੇ ਰਹੇ ਕਿ ਕੇਂਦਰੀ ਬਿਜਲੀ ਮੰਤਰਾਲੇ ਨੇ ਹਰਿਆਣਾ, ਉੱਤਰ ਪ੍ਰਦੇਸ਼, ਕਰਨਾਟਕ ਅਤੇ ਪੱਛਮੀ ਬੰਗਾਲ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਮੌਨਸੂਨ ਤੋਂ ਪਹਿਲਾਂ ਥਰਮਲ ਪਲਾਂਟਾਂ ਕੋਲ ਆਪਣੀ ਸਮਰੱਥਾ ਮੁਤਾਬਿਕ ਵਿਦੇਸ਼ੀ ਕੋਲੇ ਦਾ ਭੰਡਾਰ ਹੋਣਾ ਚਾਹੀਦਾ ਹੈ | ਇਕ ਤਾਂ ਪਾਵਰਕਾਮ 'ਤੇ ਵਿਦੇਸ਼ੀ ਕੋਲੇ ਦੀ ਖ਼ਰੀਦ ਦਾ ਵਾਧੂ ਭਾਰ ਪੈਣ ਵਾਲਾ ਹੈ, ਦੂਜਾ ਪਹਿਲੀ ਜੁਲਾਈ ਨੂੰ ਸਾਰਿਆਂ ਲਈ 300 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਯੋਜਨਾ ਨੂੰ ਲਾਗੂ ਕਰਨ ਦੇ ਮਾਮਲੇ ਵਿਚ ਵੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ | ਜੁਲਾਈ ਮਹੀਨੇ 'ਚ ਜਦੋਂ ਲੋਕਾਂ ਨੂੰ ਮੁਫ਼ਤ ਬਿਜਲੀ ਦੇਣੀ ਹੈ ਤਾਂ ਉਸ ਵੇਲੇ ਝੋਨੇ ਦੀ ਲਵਾਈ ਲਈ ਬਿਜਲੀ ਦੀ ਮੰਗ ਸਿਖ਼ਰਾਂ 'ਤੇ ਹੋਵੇਗੀ ਤਾਂ ਇਸ ਤਰ੍ਹਾਂ ਨਾਲ ਇਹ ਮੰਗ ਤਾਂ 16000 ਮੈਗਾਵਾਟ ਤੋਂ ਵੀ ਉੱਪਰ ਚਲੀ ਜਾਵੇਗੀ, ਜਦਕਿ ਪਾਵਰਕਾਮ ਦੇ ਸੂਤਰਾਂ ਦਾ ਕਹਿਣਾ ਹੈ ਕਿ ਉਹ 16000 ਮੈਗਾਵਾਟ ਤੋਂ ਜ਼ਿਆਦਾ ਬਿਜਲੀ ਉਪਲਬਧ ਨਹੀਂ ਕਰਵਾ ਸਕਣਗੇ | ਪੰਜਾਬ ਸਰਕਾਰ ਨੇ ਵੀ ਆਪਣਾ ਕੰਮ ਚਲਾਉਣ ਲਈ ਕਰਜ਼ਾ ਲਿਆ ਹੈ ਤਾਂ ਉਹ ਮੁਫ਼ਤ ਯੋਜਨਾ ਲਾਗੂ ਕਰਨ ਲਈ ਪਾਵਰਕਾਮ ਨੂੰ ਕਿਸ ਤਰ੍ਹਾਂ ਨਾਲ 7000 ਕਰੋੜ ਦੀ ਸਬਸਿਡੀ ਦੀ ਹੋਰ ਰਕਮ ਉਪਲਬਧ ਕਰਵਾ ਸਕੇਗੀ | ਪਹਿਲਾਂ ਹੀ ਸਰਕਾਰ ਨੇ ਪਾਵਰਕਾਮ ਦੀ 8500 ਕਰੋੜ ਦੀ ਸਬਸਿਡੀ ਦੀ ਰਕਮ ਦੀ ਅਦਾਇਗੀ ਕਰਨੀ ਹੈ | ਦੂਜੇ ਪਾਸੇ ਕੇਂਦਰੀ ਬਿਜਲੀ ਅਥਾਰਿਟੀ 173 ਥਰਮਲ ਪਲਾਂਟਾਂ ਦੀ ਨਿਗਰਾਨੀ ਕਰਦੀ ਹੈ ਤੇ ਉਸ ਮੁਤਾਬਿਕ ਮੰਗਲਵਾਰ ਨੂੰ ਦੇਸ਼ ਭਰ 'ਚ 90 ਥਰਮਲ ਪਲਾਂਟਾਂ 'ਚ ਕੋਲੇ ਦਾ ਸਟਾਕ ਘੱਟ ਸੀ | 8 ਨਿੱਜੀ ਥਰਮਲ ਪਲਾਂਟ ਕੰਮ ਨਹੀਂ ਕਰ ਰਹੇ ਹਨ | ਘਰੇਲੂ ਕੋਲੇ ਦੀ ਵਰਤੋਂ ਕਰਨ ਵਾਲੇ 150 ਥਰਮਲ ਪਲਾਂਟਾਂ ਦੇ ਮਾਮਲੇ 'ਚ 80 ਥਰਮਲ ਪਲਾਂਟਾਂ ਕੋਲ ਕੋਲੇ ਦੀ ਕਮੀ ਹੈ | ਵਿਦੇਸ਼ੀ ਕੋਲੇ ਦੀ ਵਰਤੋਂ ਕਰਨ ਵਾਲੇ 15 ਥਰਮਲ ਪਲਾਂਟਾਂ 'ਚੋਂ 10 ਘੱਟ ਕੋਲੇ ਦੇ ਸਟਾਕ ਦੇ ਵਰਗ ਵਿਚ ਸ਼ਾਮਿਲ ਹਨ | 16 ਉੱਤਰੀ ਰਾਜਾਂ ਵਿਚ 11 ਰਾਜਾਂ ਦੇ ਥਰਮਲ ਪਲਾਂਟਾਂ ਵਿਚ ਕੋਲੇ ਦਾ ਸਟਾਕ ਕਾਫ਼ੀ ਘੱਟ ਹੈ | ਦੂਜੇ ਪਾਸੇ ਆਲ ਇੰਡੀਆ ਪਾਵਰ ਇੰਜੀਨੀਅਰ ਫੈਡਰੇਸ਼ਨ ਦੇ ਬੁਲਾਰੇ ਇੰਜੀ. ਵੀ. ਕੇ. ਗੁਪਤਾ ਦਾ ਕਹਿਣਾ ਸੀ ਕਿ ਰਾਜਾਂ ਕੋਲ ਕੋਲੇ ਦੀ ਕਮੀ ਇਕ ਦਮ ਘੱਟ ਨਹੀਂ ਹੋਈ ਹੈ ਸਗੋਂ ਇਸ ਲਈ ਪਹਿਲਾਂ ਕੋਈ ਵਿਉਂਤਬੰਦੀ ਨਹੀਂ ਕੀਤੀ ਗਈ ਹੈ | ਹੁਣ ਰਾਜਾਂ ਦੇ ਉੱਪਰ ਮਹਿੰਗੇ ਕੋਲੇ ਦੀ ਖ਼ਰੀਦ ਕਰਨ ਦੀ ਸ਼ਰਤ ਲਗਾਉਣ ਨਾਲ ਤਾਂ ਬਿਜਲੀ ਮਹਿੰਗੀ ਹੋ ਜਾਵੇਗੀ ਤਾਂ ਇਸ ਲਈ ਸਾਰਾ ਭਾਰ ਖਪਤਕਾਰਾਂ 'ਤੇ ਹੀ ਪਏਗਾ |
ਮੁੱਖ ਮੰਤਰੀ ਤੇ ਰਾਜਪਾਲ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਕਰਵਾਈ ਰਵਾਨਗੀ
ਰਿਸ਼ੀਕੇਸ਼ ਤੋਂਸੁਰਿੰਦਰਪਾਲ ਸਿੰਘ ਵਰਪਾਲ
ਰਿਸ਼ੀਕੇਸ਼, 19 ਮਈ-ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਜਨਮ ਦੇ ਤਪ ਅਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਪਹਿਲਾ ਜਥਾ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਰਿਸ਼ੀਕੇਸ਼ ਤੋਂ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦੇ ਜੈਕਾਰਿਆਂ ਦੀ ਗੂੰਜ 'ਚ ਅਗਲੇ ਪੜਾਅ ਲਈ ਰਵਾਨਾ ਹੋਇਆ, ਜਿਸ ਦੇ ਰਵਾਨਗੀ ਸਮਾਗਮ 'ਚ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਮੁੱਖ ਮੰਤਰੀ ਉੱਤਰਾਖੰਡ ਪੁਸ਼ਕਰ ਸਿੰਘ ਧਾਮੀ ਅਤੇ ਰਾਜਪਾਲ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਗੁਰਮੀਤ ਸਿੰਘ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਰਵਾਨਾ ਕੀਤਾ | ਇਸ ਮੌਕੇ ਕੈਬਨਿਟ ਮੰਤਰੀ ਪ੍ਰੇਮ ਚੰਦ ਅਗਰਵਾਲ, ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਜਨਕ ਸਿੰਘ, ਟਰੱਸਟ ਦੇ ਉਪ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ, ਮੇਅਰ ਅਨੀਤਾ ਮੰਮਗਈ ਤੋਂ ਇਲਾਵਾ ਵੱਖ-ਵੱਖ ਸੰਪਰਦਾਵਾਂ ਦੇ ਮੁਖੀ ਤੇ ਸੰਗਤ ਹਾਜ਼ਰ ਸੀ | ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਹਜ਼ੂਰੀ ਰਾਗੀ ਭਾਈ ਓਮਕਾਰ ਸਿੰਘ ਤੇ ਵਿਦਿਆਲੇ ਦੇ ਵਿਦਿਆਰੀਆਂ ਵਲੋਂ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ, ਉਪਰੰਤ ਮੁੱਖ ਗ੍ਰੰਥੀ ਭਾਈ ਲਾਹੌਰ ਸਿੰਘ ਵਲੋਂ ਰਵਾਨਗੀ ਦੀ ਅਰਦਾਸ ਕੀਤੀ ਗਈ | ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸੰਗਤ ਨੂੰ ਮੁਬਾਰਕਬਾਦ ਦਿੰਦੇ ਹੋਏ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਰੂਟ 'ਤੇ 15 ਕਿਲੋਮੀਟਰ ਲੰਬਾ ਰੋਪਵੇਅ ਬਣਾਇਆ ਜਾ ਰਿਹਾ ਹੈ, ਜਿਸ ਲਈ 750 ਕਰੋੜ ਰੁਪਏ ਦੀ ਵਿੱਤੀ ਮਨਜ਼ੂਰੀ ਵੀ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਰੋਪਵੇਅ ਬਣਨ ਨਾਲ ਪੈਦਲ ਯਾਤਰਾ ਕਰਨ ਤੋਂ ਅਸਮਰੱਥ ਸ਼ਰਧਾਲੂ ਤੇ ਖਾਸ ਕਰਕੇ ਬਜ਼ੁਰਗ ਵੀ ਇਕ ਦਿਨ ਵਿਚ ਹੀ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਸਕਣਗੇ | ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਟੀਚਾ ਚਾਰਧਾਮ ਤੇ ਸ੍ਰੀ ਹੇਮਕੁੰਟ ਸਾਹਿਬ ਤੋਂ ਇਲਾਵਾ ਹੋਰਨਾਂ ਧਾਰਮਿਕ ਅਸਥਾਨਾਂ ਦੇ ਸਰਕਟਾਂ ਦਾ ਵਿਕਾਸ ਕਰਨਾ ਹੈ | ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕਰਕੇ ਸਮਾਜ ਨੂੰ ਇਕ ਵੱਡੀ ਦੇਣ ਦਿੱਤੀ ਹੈ, ਜਿਸ ਨੇ ਆਪਣੀ ਸੇਵਾ ਭਾਵਨਾ ਨਾਲ ਸਮੁੱਚੀ ਦੁਨੀਆ 'ਚ ਇਕ ਵੱਖਰੀ ਪਹਿਚਾਣ ਸਥਾਪਿਤ ਕੀਤੀ ਹੈ | ਉਨ੍ਹਾਂ ਕਿਹਾ ਕਿ ਵਿਸ਼ਵ ਵਿਚ ਜਦੋਂ ਕਿਤੇ ਵੀ ਕੋਈ ਸੰਕਟ ਆਉਂਦਾ ਹੈ ਤਾਂ ਸਿੱਖ ਭਾਈਚਾਰਾ ਸਹਾਇਤਾ ਲਈ ਸਭ ਤੋਂ ਪਹਿਲਾ ਹਾਜ਼ਰ ਹੁੰਦਾ ਹੈ | ਉਨ੍ਹਾਂ ਕਿਹਾ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਸੁਖਦ ਤੇ ਅਨੰਦਮਈ ਬਣਾਉਣ ਲਈ ਸਰਕਾਰ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖ ਸਮਾਜ ਨਾਲ ਬੇਹੱਦ ਪਿਆਰ ਰੱਖਦੇ ਹਨ ਤੇ ਅਜਿਹੇ ਵਿਚ ਉਨ੍ਹਾਂ ਨੇ ਗੁਰੂ ਸਾਹਿਬਾਨ ਦੇ ਮਾਰਗ 'ਤੇ ਚਲਦਿਆਂ ਦੁਨੀਆ ਭਰ 'ਚ ਦੇਸ਼ ਦੀ ਵੱਖਰੀ ਪਛਾਣ ਸਥਾਪਤ ਕੀਤੀ ਹੈ | ਇਸ ਦੌਰਾਨ ਰਾਜਪਾਲ ਗੁਰਮੀਤ ਸਿੰਘ ਨੇ ਸ਼ਰਧਾਲੂਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਜਨਮ ਦੇ ਤਪ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਵਿਖੇ ਹਿਮਾਲਿਆ ਦੀਆਂ ਸੱਤ ਖੂਬਸੂਰਤ ਬਰਫ਼ੀਲੀ ਪਹਾੜੀਆਂ ਦਰਮਿਆਨ ਝੂਲਦੇ ਨਿਸ਼ਾਨ ਸਾਹਿਬ ਅਤੇ ਚਾਂਦੀ ਦੀ ਚਮਕ ਬਿਖੇਰਨ ਵਾਲੇ ਪਵਿੱਤਰ ਸਰੋਵਰ ਦੀਆ ਤਰੰਗਾਂ 'ਚੋਂ ਅਧਿਆਤਮਿਕ ਸ਼ਕਤੀ ਦਾ ਅਹਿਸਾਸ ਹੁੰਦਾ ਹੈ, ਜਿਥੇ ਆਤਮਾ ਅਤੇ ਪਰਮਾਤਮਾ ਦਾ ਮੇਲ ਹੁੰਦਾ ਹੈ | ਉਨ੍ਹਾਂ ਕਿਹਾ ਕਿ ਇਸ ਅਲੌਕਿਕ ਅਨੰਦ ਦੀ ਪ੍ਰਾਪਤੀ ਲਈ ਸੰਗਤ ਹਰ ਸਾਲ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਆਉਂਦੀ ਹੈ ਅਤੇ ਇਹ ਸੰਗਤ ਲਈ ਆਸਥਾ ਦਾ ਪ੍ਰਤੀਕ ਹੈ | ਸਮਾਗਮ 'ਚ ਹਾਜ਼ਰ ਕੈਬਨਿਟ ਮੰਤਰੀ ਪ੍ਰੇਮ ਚੰਦ ਅਗਰਵਾਲ ਨੇ ਕਿਹਾ ਕਿ ਸ੍ਰੀ ਹੇਮਕੁੰਟ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਤਪ ਅਸਥਾਨ ਹੈ, ਜਿਥੇ ਸ਼ਰਧਾਲੂ ਆਪਣੀ ਸ਼ਰਧਾ ਨਾਲ ਨਤਮਸਤਕ ਹੁੰਦੇ ਹਨ, ਜੋ ਕਿ ਉੱਤਰਾਖੰਡ ਲਈ ਬਹੁਤ ਮਾਣ ਵਾਲੀ ਗੱਲ ਹੈ | ਨਰਿੰਦਰਜੀਤ ਸਿੰਘ ਬਿੰਦਰਾ ਨੇ ਆਈਆਂ ਹੋਈਆਂ ਸ਼ਖਸੀਅਤਾਂ ਨੂੰ ਜੀ ਆਇਆਂ ਕਹਿੰਦੇ ਹੋਏ ਮੁੱਖ ਮੰਤਰੀ ਨੂੰ ਅਪੀਲ ਕਰਦਿਆਂ ਮੰਗ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਧਰਤੀ ਗੁਰਦੁਆਰਾ ਗਿਆਨ ਗੋਦੜੀ ਦਾ ਮਾਮਲਾ ਪੂਰਨ ਸੰਜੀਦਗੀ ਨਾਲ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ, ਕਿਉਂਕਿ ਇਹ ਮੁੱਦਾ ਸਿੱਖ ਸੰਗਤ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ | ਇਸ ਦੌਰਾਨ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵਲੋਂ ਆਈਆ ਹੋਈਆਂ ਸ਼ਖਸੀਅਤਾਂ ਨੂੰ ਸਨਮਾਨ ਚਿੰਨ੍ਹ ਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਰਾਜਪਾਲ ਗੁਰਮੀਤ ਸਿੰਘ ਸਮੇਤ ਹੋਰਨਾਂ ਨੇ ਪੰਗਤ 'ਚ ਬੈਠ ਕੇ ਲੰਗਰ ਵੀ ਛਕਿਆ | ਸਮਾਗਮ ਦੌਰਾਨ ਨਿਰਮਲ ਆਸ਼ਰਮ ਦੇ ਪ੍ਰਧਾਨ ਜੋਧ ਸਿੰਘ, ਬ੍ਰਹਮ ਸਿੰਘ ਬ੍ਰਹਮਚਾਰੀ, ਵਤਸਲ ਸ਼ਰਮਾ, ਹਰਬੰਸ ਸਿੰਘ ਚੁੱਘ ਆਦਿ ਹਾਜ਼ਰ ਸਨ |
ਸ੍ਰੀਨਗਰ, 19 ਮਈ (ਮਨਜੀਤ ਸਿੰਘ)-ਦਿੱਲੀ ਦੀ ਵਿਸ਼ੇਸ਼ ਐਨ.ਆਈ.ਏ. ਅਦਾਲਤ ਵਲੋਂ ਕਸ਼ਮੀਰ ਦੇ ਵੱਖਵਾਦੀ ਨੇਤਾ ਅਤੇ ਜੇ. ਕੇ. ਐਲ. ਐਫ. ਦੇ ਚੇਅਰਮੈਨ ਮਹੁੰਮਦ ਯਾਸੀਨ ਮਲਿਕ ਨੂੰ ਅੱਤਵਾਦੀਆਂ ਨੂੰ ਵਿੱਤੀ ਸਹਾਇਤਾ ਪਹੁੰਚਾਉਣ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਗਿਆ ਹੈ, ਜਿਸ ਵਲੋਂ ਪਹਿਲਾਂ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ (ਯੂ.ਏ.ਪੀ.ਏ.) ਦੇ ਤਹਿਤ ਲੱਗੇ ਦੋਸ਼ਾਂ ਨੂੰ ਸਵਿਕਾਰ ਕਰ ਲਿਆ ਗਿਆ ਸੀ | ਵਿਸ਼ੇਸ਼ ਜੱਜ ਪ੍ਰਵੀਨ ਸਿੰਘ ਨੇ ਐਨ.ਆਈ.ਏ. ਅਧਿਕਾਰੀਆਂ ਨੂੰ ਜੁਰਮਾਨਾ ਲਗਾਉਣ ਲਈ ਮਲਿਕ ਦੀ ਵਿੱਤੀ ਸਥਿਤੀ ਦਾ ਮੁਲਾਂਕਣ ਕਰਨ ਦੇ ਨਿਰਦੇਸ਼ ਦਿੰਦਿਆਂ ਬਹਿਸ ਤੇ ਸਜ਼ਾ ਲਈ ਸੁਣਵਾਈ ਦਾ ਦਿਨ 25 ਮਈ ਤੈਅ ਕੀਤਾ ਹੈ | ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ (ਜੇ.ਕੇ.ਐਲ.ਐਫ.) 'ਤੇ ਕੇਂਦਰ ਨੇ 2019 'ਚ ਪਾਬੰਦੀ ਲਗਾ ਦਿੱਤੀ ਸੀ | ਐਨ.ਆਈ.ਏ. ਵਲੋਂ ਦਾਖਲ ਕੀਤੇ ਗਏ ਦੋਸ਼ ਪੱਤਰ 'ਚ ਲਸ਼ਕਰ-ਏ-ਤਾਇਬਾ (ਐਲ.ਈ.ਟੀ.) ਦੇ ਮੁਖੀ ਹਾਫਿਜ਼ ਸਈਦ, ਹਿਜ਼ਬੁਲ
ਮੁਜਾਹਦੀਨ ਦੇ ਮੁਖੀ ਸਈਦ ਸਲਾਊਦੀਨ ਤੋਂ ਇਲਾਵਾ ਯਾਸੀਨ ਮਲਿਕ, ਸ਼ਬੀਰ ਅਹਿਮਦ ਸ਼ਾਹ, ਅਲਤਾਫ ਸ਼ਾਹ, ਨਈਮ ਅਹਿਮਦ ਖ਼ਾਨ, ਜ਼ਹੂਰ ਅਹਿਮਦ ਵਟਾਲੀ, ਬਸ਼ੀਰ ਅਹਿਮਦ ਭੱਟ, ਇੰਜੀ: ਰਸ਼ੀਦ, ਫਾਰੂਕ ਅਹਿਮਦ ਡਾਰ, ਮਸਰਤ ਆਲਮ, ਨਵਲ ਕਿਸ਼ੋਰ ਕਪੂਰ, ਮੁਹੰਮਦ ਅਕਬਰ ਖਾਂਡੇ ਆਦਿ ਦੇ ਨਾਂਅ ਸ਼ਾਮਿਲ ਹਨ |
ਪਾਕਿ ਵਲੋਂ ਭਾਰਤੀ ਦੂਤਘਰ ਦਾ ਅਧਿਕਾਰੀ ਤਲਬ
ਅੰਮਿ੍ਤਸਰ, (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਕਸ਼ਮੀਰੀ ਵੱਖਵਾਦੀ ਨੇਤਾ ਯਾਸੀਨ ਮਲਿਕ ਵਿਰੁੱਧ ਭਾਰਤ ਵਲੋਂ ਲਗਾਏ ਦੋਸ਼ਾਂ ਨੂੰ ਮਨਘੜਤ ਦੱਸਦਿਆਂ ਇਸ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਹੈ | ਇਸਲਾਮਾਬਾਦ ਸਥਿਤ ਪਾਕਿ ਵਿਦੇਸ਼ ਮੰਤਰਾਲੇ ਦੇ ਭਾਰਤੀ ਦੂਤਘਰ ਦੇ ਅਧਿਕਾਰੀ ਨੂੰ ਤਲਬ ਕਰਕੇ ਉਕਤ ਮਾਮਲੇ ਬਾਰੇ ਦਸਤਾਵੇਜ਼ ਸੌਂਪੇ | ਪਾਕਿ ਵਿਦੇਸ਼ ਮੰਤਰਾਲੇ ਨੇ ਦਿੱਲੀ ਦੀ ਤਿਹਾੜ ਜੇਲ੍ਹ 'ਚ ਕੈਦ ਯਾਸੀਨ ਮਲਿਕ ਦੀ ਵਕਾਲਤ ਕਰਦਿਆਂ ਭਾਰਤੀ ਦੂਤਘਰ ਨੂੰ ਪਾਕਿ ਦੀ ਕਸ਼ਮੀਰੀ ਹੁਰੀਅਤ ਆਗੂ ਮਲਿਕ ਬਾਰੇ ਗੰਭੀਰ ਚਿੰਤਾ ਤੋਂ ਜਾਣੂੰ ਕਰਵਾਉਂਦਿਆਂ ਕਿਹਾ ਕਿ ਭਾਰਤ ਸਰਕਾਰ ਨੇ ਕਸ਼ਮੀਰੀ ਲੀਡਰਸ਼ਿਪ ਦੀ ਆਵਾਜ਼ ਨੂੰ ਦਬਾਉਣ ਲਈ ਮਲਿਕ ਨੂੰ ਝੂਠੇ ਕੇਸਾਂ 'ਚ ਫਸਾਇਆ ਹੈ |
ਅੰਮਿ੍ਤਸਰ, 19 ਮਈ (ਰੇਸ਼ਮ ਸਿੰਘ)-ਸੜਕ 'ਤੇ ਲੜਾਈ (ਰੋਡ ਰੇਜ) ਮਾਮਲੇ 'ਚ ਨਵਜੋਤ ਸਿੰਘ ਸਿੱਧੂ ਨੂੰ ਇਕ ਸਾਲ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਅੰਮਿ੍ਤਸਰ ਸਥਿਤ ਉਨ੍ਹਾਂ ਦੇੇ ਘਰ 'ਚ ਸੁੰਨ ਪਸਰੀ ਹੋਈ ਹੈ ਅਤੇ ਸਿੱਧੂ ਜਾਂ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਘਰ 'ਚ ...
ਮûਰਾ, 19 ਮਈ (ਏਜੰਸੀ)-ਹਿੰਦੂ ਪੱਖ ਦੇ ਵਕੀਲ ਨੇ ਦੱਸਿਆ ਕਿ ਇਥੋਂ ਦੀ ਇਕ ਸਥਾਨਕ ਅਦਾਲਤ ਨੇ ਵੀਰਵਾਰ ਨੂੰ ਸ਼ਾਹੀ ਈਦਗਾਹ ਮਸਜਿਦ ਨੂੰ ਹਟਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਸੁਣਵਾਈ ਲਈ ਸਵੀਕਾਰ ਕਰ ਲਿਆ ਹੈ, ਪਟੀਸ਼ਨ 'ਚ ਦਾਅਵਾ ਕੀਤਾ ਗਿਆ ਹੈ ਕਿ ਮਸਜਿਦ ਦੀ ਉਸਾਰੀ ...
ਸ੍ਰੀਨਗਰ, 19 ਮਈ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਪੁਲਿਸ ਨੇ ਬਾਰਾਮੂਲਾ 'ਚ ਸ਼ਰਾਬ ਦੀ ਦੁਕਾਨ 'ਤੇ ਗ੍ਰਨੇਡ ਹਮਲੇ ਦੇ ਮਾਮਲੇ ਨੂੰ ਹੱਲ ਕਰਦਿਆਂ ਲਸ਼ਕਰ ਦੇ 4 ਅੱਤਵਾਦੀਆਂ ਤੇ ਮਦਦਗਾਰ ਨੂੰ ਭਾਰੀ ਅਸਲ੍ਹੇ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਕਸ਼ਮੀਰ ਰੇਂਜ ਦੇ ...
ਅੰਮਿ੍ਤਸਰ, 19 ਮਈ (ਜਸਵੰਤ ਸਿੰਘ ਜੱਸ)-ਸੁਨੀਲ ਜਾਖੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਸੁਖਬੀਰ ਸਿੰਘ ਬਾਦਲ ਨੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਜੋ ਜਾਖੜ ਪਹਿਲਾਂ ਕਈ ਸਾਲਾਂ ਤੋਂ ਭਾਜਪਾ ਖ਼ਿਲਾਫ਼ ਬਿਆਨਬਾਜ਼ੀ ਕਰਦੇ ਸਨ, ਉਹ ਹੁਣ ਭਾਜਪਾ 'ਚ ਸ਼ਾਮਿਲ ਹੋ ਗਏ ਹਨ, ਜਿਸ ਤੋਂ ...
ਚੰਡੀਗੜ੍ਹ, (ਅ.ਬ)-ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੁਨੀਲ ਜਾਖੜ ਦਾ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਹੋਣ 'ਤੇ ਸਵਾਗਤ ਕਰਦਿਆਂ ਕਿਹਾ ਕਿ ਸੁਨੀਲ ਜਾਖੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਭਲਾਈ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ 'ਚ ...
ਚੰਡੀਗੜ੍ਹ, 19 ਮਈ (ਵਿਕਰਮਜੀਤ ਸਿੰਘ ਮਾਨ)-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਨੀਲ ਜਾਖੜ ਨੂੰ ਭਾਜਪਾ 'ਚ ਸ਼ਾਮਿਲ ਹੋਣ 'ਤੇ ਵਧਾਈ ਦਿੰਦਿਆਂ ਕਿਹਾ ਕਿ ਸਹੀ ਪਾਰਟੀ ਵਿਚ ਸਹੀ ਆਦਮੀ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਵੀ ਹੋਰ ਨੇਤਾਵਾਂ ਦੇ ...
ਨਵੀਂ ਦਿੱਲੀ, 19 ਮਈ (ਪੀ. ਟੀ. ਆਈ.)-1988 ਦੇ ਰੋਡ ਰੇਜ ਮਾਮਲੇ 'ਚ ਫ਼ੈਸਲਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਹੱਥ ਆਪਣੇ ਆਪ 'ਚ ਇਕ ਹਥਿਆਰ ਹੋ ਸਕਦਾ ਹੈ, ਜਿੱਥੇ ਕੋਈ ਮੁੱਕੇਬਾਜ਼, ਪਹਿਲਵਾਨ, ਕ੍ਰਿਕਟਰ ਜਾਂ ਸਰੀਰਕ ਤੌਰ 'ਤੇ ਬੇਹੱਦ ਫਿਟ ਵਿਅਕਤੀ ਕਿਸੇ ਦੂਸਰੇ ...
ਵਾਰਾਨਸੀ (ਯੂ.ਪੀ.), 19 ਮਈ (ਏਜੰਸੀਆਂ)-ਗਿਆਨਵਾਪੀ ਮਸਜਿਦ 'ਚ ਹੋਏ ਸਰਵੇਖਣ ਦੀ ਪਹਿਲੀ ਰਿਪੋਰਟ ਬੁੱਧਵਾਰ ਨੂੰ ਤਤਕਾਲੀ ਅਦਾਲਤ ਕਮਿਸ਼ਨਰ ਅਜੇ ਕੁਮਾਰ ਮਿਸ਼ਰਾ ਨੂੰ ਸੌਂਪ ਦਿੱਤੀ | ਦੇਰ ਸ਼ਾਮ ਸੌਂਪੀ ਗਈ ਰਿਪੋਰਟ 2 ਸਫਿਆਂ ਦੀ ਹੈ | ਉੱਧਰ ਅੱਜ ਵਿਸ਼ੇਸ਼ ਅਦਾਲਤੀ ...
ਨਵੀਂ ਦਿੱਲੀ, 19 ਮਈ (ਜਗਤਾਰ ਸਿੰਘ)-ਉੱਤਰ ਪ੍ਰਦੇਸ਼ ਦੇ ਵਾਰਾਨਸੀ ਸਥਿਤ ਗਿਆਨਵਾਪੀ ਮਸਜਿਦ 'ਤੇ ਜਾਰੀ ਵਿਵਾਦ ਦੇ ਮਾਮਲੇ 'ਚ ਹੋਣ ਵਾਲੀ ਸੁਣਵਾਈ ਸੁਪਰੀਮ ਕੋਰਟ ਨੇ ਟਾਲ ਦਿੱਤੀ ਹੈ | ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਵਾਰਾਨਸੀ ਕੋਰਟ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX