• ਵਿਧਾਨ ਪ੍ਰੀਸ਼ਦ ਦੀ ਮੈਂਬਰੀ ਵੀ ਛੱਡੀ • ਸੁਪਰੀਮ ਕੋਰਟ ਵਲੋਂ ਫਲੋਰ ਟੈਸਟ 'ਤੇ ਰੋਕ ਨਾ ਲਗਾਏ ਜਾਣ ਤੋਂ ਬਾਅਦ ਕੀਤਾ ਐਲਾਨ
ਮੁੰਬਈ, 29 ਜੂਨ (ਏਜੰਸੀ)-ਸੁਪਰੀਮ ਕੋਰਟ ਵਲੋਂ ਮਹਾਰਾਸ਼ਟਰ ਦੇ ਰਾਜਪਾਲ ਦੇ ਮਹਾ ਵਿਕਾਸ ਅਘਾੜੀ ਸਰਕਾਰ ਨੂੰ ਵੀਰਵਾਰ ਨੂੰ ਵਿਧਾਨ ਸਭਾ 'ਚ ਬਹੁਮਤ ਸਾਬਤ ਕਰਨ (ਫਲੋਰ ਟੈਸਟ) ਦੇ ਨਿਰਦੇਸ਼ 'ਤੇ ਰੋਕ ਲਗਾਉਣ ਤੋਂ ਇਨਕਾਰ ਕਰਨ ਦੇ ਤੁਰੰਤ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ | ਊਧਵ ਠਾਕਰੇ ਨੇ ਫੇਸਬੁੱਕ 'ਤੇ ਜਨਤਾ ਨੂੰ ਸੰਬੋਧਨ ਕਰਦਿਆਂ ਆਪਣਾ ਫ਼ੈਸਲਾ ਸੁਣਾਇਆ | ਇਸ ਤੋਂ ਇਲਾਵਾ ਠਾਕਰੇ ਨੇ ਵਿਧਾਨ ਪ੍ਰੀਸ਼ਦ ਦੇ ਮੈਂਬਰ ਵਜੋਂ ਵੀ ਅਸਤੀਫ਼ਾ ਦੇ ਦਿੱਤਾ | ਠਾਕਰੇ ਨੇ ਕਿਹਾ ਕਿ ਮੈਂ ਨੰਬਰਾਂ ਦੀ ਖੇਡ ਖੇਡਣ 'ਚ ਦਿਲਚਸਪੀ ਨਹੀਂ ਰੱਖਦਾ | ਇਹ ਵੇਖਣਾ ਮੇਰੇ ਲਈ ਸ਼ਰਮਨਾਕ ਹੋਵੇਗਾ ਕਿ ਮੇਰੀ ਆਪਣੀ ਪਾਰਟੀ ਦਾ ਕੋਈ ਸਾਥੀ ਮੇਰੇ ਖ਼ਿਲਾਫ਼ ਖੜ੍ਹਾ ਹੁੰਦਾ ਹੈ | ਆਪਣੀ ਹੀ ਪਾਰਟੀ ਦੇ ਆਗੂਆਂ ਦੀ ਬਗ਼ਾਵਤ ਦਾ ਸਾਹਮਣਾ ਕਰਨ ਵਾਲੇ ਠਾਕਰੇ ਨੇ ਕਿਹਾ ਕਿ ਮੈਨੂੰ ਆਪਣਾ ਅਹੁਦਾ ਛੱਡਣਾ ਦਾ ਕੋਈ ਪਛਤਾਵਾ ਨਹੀਂ ਹੈ | ਉਨ੍ਹਾਂ ਸ਼ਿਵ ਸੈਨਾ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਬਾਗ਼ੀ ਵਿਧਾਇਕਾਂ ਨੂੰ ਵਾਪਸ ਆਉਣ ਦੀ ਇਜਾਜ਼ਤ ਦੇਣ ਅਤੇ ਰੋਸ ਵਜੋਂ ਸੜਕਾਂ 'ਤੇ ਨਾ ਉਤਰਨ | ਊਧਵ ਨੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਸ਼ਿਵ ਸੈਨਾ ਤੇ ਬਾਲਾਸਾਹਿਬ ਠਾਕਰੇ ਕਾਰਨ ਸਿਆਸੀ ਤੌਰ 'ਤੇ ਵੱਡੇ ਹੋਏ ਬਾਗ਼ੀਆਂ ਨੂੰ ਆਪਣੇ ਪੁੱਤਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਖੁਸ਼ੀ ਤੇ ਸੰਤੁਸ਼ਟੀ ਲੈਣ ਦਿਓ | ਉਨ੍ਹਾਂ ਗੱਠਜੋੜ ਸਰਕਾਰ ਚਲਾਉਣ ਲਈ ਦਿੱਤੇ ਸਮਰਥਨ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਐਨ.ਸੀ.ਪੀ. ਪ੍ਰਧਾਨ ਸ਼ਰਦ ਪਵਾਰ ਦਾ ਧੰਨਵਾਦ ਵੀ ਕੀਤਾ | ਉਨ੍ਹਾਂ ਦੱਸਿਆ ਕਿ ਕਾਂਗਰਸੀ ਆਗੂ ਅਸ਼ੋਕ ਚਵਾਨ ਨੇ ਮੈਨੂੰ ਕਿਹਾ ਕਿ ਜੇਕਰ ਬਾਗ਼ੀ ਚਾਹੁੰਦੇ ਹਨ ਤਾਂ ਕਾਂਗਰਸ ਸਰਕਾਰ ਤੋਂ ਬਾਹਰ ਹੋ ਜਾਵੇਗੀ ਅਤੇ ਬਾਹਰੋਂ ਸਮਰਥਨ ਦੇਵੇਗੀ |
ਮੇਰੇ ਆਪਣੇ ਹੀ ਮੈਨੂੰ ਛੱਡ ਗਏ-ਠਾਕਰੇ
ਠਾਕਰੇ ਨੇ ਕਿਹਾ ਕਿ ਜਿਨ੍ਹਾਂ ਤੋਂ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਮੈਨੂੰ ਛੱਡ ਦੇਣਗੇ ਉਹ ਮੇਰੇ ਨਾਲ ਖੜ੍ਹੇ ਹਨ ਜਦੋਂ ਕਿ ਮੇਰੇ ਆਪਣੇ ਮੈਨੂੰ ਛੱਡ ਗਏ ਹਨ | ਉਨ੍ਹਾਂ ਬਾਗ਼ੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਤੁਹਾਡੀਆਂ ਸਮੱਸਿਆਵਾਂ ਕੀ ਸਨ? ਸੂਰਤ ਤੇ ਗੁਹਾਟੀ ਜਾਣ ਦੀ ਬਜਾਏ ਤੁਸੀਂ ਸਿੱਧੇ ਮੇਰੇ ਕੋਲ ਆ ਕੇ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਸੀ | ਸ਼ਿਵ ਸੈਨਾ ਆਮ ਆਦਮੀ ਦੀ ਪਾਰਟੀ ਹੈ ਅਤੇ ਇਸ ਨੇ ਕਈ ਚੁਣੌਤੀਆਂ ਦਾ ਸਫ਼ਲਤਾਪੂਰਵਕ ਸਾਹਮਣਾ ਕੀਤਾ ਹੈ | ਠਾਕਰੇ ਨੇ ਕਿਹਾ ਕਿ ਉਹ ਪਾਰਟੀ ਦਾ ਪੁਨਰ ਨਿਰਮਾਣ ਕਰਨਗੇ |
ਸੁਪਰੀਮ ਕੋਰਟ ਵਲੋਂ ਫਲੋਰ ਟੈਸਟ 'ਤੇ ਰੋਕ ਲਗਾਉਣ ਤੋਂ ਇਨਕਾਰ
ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਜਸਟਿਸ ਸੂਰਿਆ ਕਾਂਤ ਤੇ ਜੇ.ਬੀ. ਪਾਰਦੀਵਾਲਾ ਦੇ ਛੁੱਟੀਆਂ ਵਾਲੇ ਬੈਂਚ ਨੇ ਕਿਹਾ ਕਿ ਅਸੀਂ ਰਾਜਪਾਲ ਵਲੋਂ ਬੁਲਾਏ ਗਏ ਫਲੋਰ ਟੈਸਟ 'ਤੇ ਰੋਕ ਨਹੀਂ ਲਗਾ ਰਹੇ | ਵੀਰਵਾਰ ਨੂੰ ਵਿਧਾਨ ਸਭਾ ਦੀ ਕਾਰਵਾਈ ਰਾਜਪਾਲ ਦੇ ਫ਼ੈਸਲੇ ਖ਼ਿਲਾਫ਼ ਸ਼ਿਵ ਸੈਨਾ ਦੀ ਪਟੀਸ਼ਨ ਦੇ ਅੰਤਿਮ ਨਤੀਜੇ ਅਧੀਨ ਹੋਵੇਗੀ | ਅਸੀਂ ਰਿਟ ਪਟੀਸ਼ਨ 'ਚ ਨੋਟਿਸ ਜਾਰੀ ਕਰ ਰਹੇ ਹਾਂ | ਤੁਸੀਂ ਪੰਜ ਦਿਨਾਂ 'ਚ ਜਵਾਬ ਦਾਇਰ ਕਰ ਸਕਦੇ ਹੋ | ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਵਿਧਾਨ ਸਭਾ ਦੇ ਸਕੱਤਰ ਤੇ ਹੋਰਨਾਂ ਨੂੰ ਨੋਟਿਸ ਵੀ ਜਾਰੀ ਕੀਤਾ | ਅਸੀਂ ਇਸ ਸੰਬੰਧੀ ਮਾਮਲਿਆਂ ਦੀ ਅਗਲੀ ਸੁਣਵਾਈ 11 ਜੁਲਾਈ ਨੂੰ ਕਰਾਂਗੇ |
ਬਾਗ਼ੀ ਵਿਧਾਇਕ ਗੋਆ ਪੁੱਜੇ
ਪਣਜੀ, (ਪੀ.ਟੀ.ਆਈ.)-ਏਕਨਾਥ ਸ਼ਿੰਦੇ ਦੀ ਅਗਵਾਈ 'ਚ ਸ਼ਿਵ ਸੈਨਾ ਦੇ ਬਾਗ਼ੀ ਵਿਧਾਇਕ ਗੁਹਾਟੀ ਤੋਂ ਦੇਰ ਰਾਤ ਗੋਆ ਵਿਖੇ ਪੁੱਜ ਗਏ | ਜਿਥੋਂ ਉਹ ਮੁੰਬਈ ਜਾਣਗੇ ਅਤੇ ਉਨ੍ਹਾਂ ਦਾ ਵੀਰਵਾਰ ਸਵੇਰੇ 9.30 ਵਜੇ ਤੱਕ ਮੁੰਬਈ ਪੁੱਜਣ ਦਾ ਪ੍ਰੋਗਰਾਮ ਹੈ | ਉਹ ਇਕ ਚਾਰਟਰਡ ਉਡਾਣ ਰਾਹੀਂ ਗੋਆ ਪੁੱਜੇ, ਜਿਥੋਂ ਉਹ ਇਕ ਪੰਜ ਤਾਰਾ ਹੋਟਲ 'ਚ ਚਲੇ ਗਏ | ਹੋਟਲ ਦੁਆਲੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਉਥੇ ਦਾਖਲ ਹੋਣ ਵਾਲੇ ਵਾਹਨਾਂ ਤੇ ਲੋਕਾਂ ਦੀ ਐਂਟਰੀ ਗੇਟ 'ਤੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ | ਇਸ ਤੋਂ ਪਹਿਲਾਂ ਗੁਹਾਟੀ ਛੱਡਣ ਤੋਂ ਪਹਿਲਾਂ ਬਾਗ਼ੀ ਵਿਧਾਇਕਾਂ ਨੇ ਇਥੋਂ ਦੇ ਕਾਮਾਖਿਆ ਦੇਵੀ ਮੰਦਰ ਦੇ ਦਰਸ਼ਨ ਕੀਤੇ |
ਭਾਜਪਾ ਦਾ ਤਨਜ਼
ਊਧਵ ਠਾਕਰੇ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਭਾਜਪਾ ਦੇ ਜਨਰਲ ਸਕੱਤਰ ਅਤੇ ਸੂਬੇ ਦੇ ਪਾਰਟੀ ਮਾਮਲਿਆਂ ਦੇ ਇੰਚਾਰਜ ਸੀ.ਟੀ. ਰਵੀ ਨੇ ਤਨਜ਼ ਕਰਦਿਆਂ ਕਿਹਾ ਕਿ 'ਕਰਮ ਕਿਸੇ ਨੂੰ ਨਹੀਂ ਬਖਸ਼ਦੇ' | ਇਸ ਤੋਂ ਇਲਾਵਾ ਭਾਜਪਾ ਦੇ ਆਈ.ਟੀ. ਵਿਭਾਗ ਦੇ ਇੰਚਾਰਜ ਅਮਿਤ ਮਾਲਵੀਆ ਨੇ ਟਵੀਟ ਕਰਦਿਆਂ ਕਿਹਾ ਕਿ ਬਾਲਾ ਸਾਹੇਬ ਠਾਕਰੇ ਇਕ ਅਜਿਹੇ ਵਿਅਕਤੀ ਸਨ ਜੋ ਸੱਤਾ 'ਚ ਨਾ ਹੋਣ ਦੇ ਬਾਵਜੂਦ ਸਰਕਾਰਾਂ ਨੂੰ ਕੰਟਰੋਲ ਕਰ ਸਕਦੇ ਸਨ, ਦੂਜੇ ਪਾਸੇ ਉਨ੍ਹਾਂ ਦਾ ਬੇਟਾ ਸੱਤਾ 'ਚ ਹੋਣ ਦੇ ਬਾਵਜੂਦ ਆਪਣੀ ਪਾਰਟੀ ਨੂੰ ਕਾਬੂ ਨਹੀਂ ਕਰ ਸਕਿਆ |
ਭਾਜਪਾ ਖੇਮੇ 'ਚ ਜਸ਼ਨ
ਮੁੰਬਈ, (ਪੀ.ਟੀ.ਆਈ.)-ਊਧਵ ਠਾਕਰੇ ਦੇ ਅਸਤੀਫ਼ੇ ਤੋਂ ਬਾਅਦ ਭਾਜਪਾ ਦੇ ਕਈ ਵਿਧਾਇਕ ਤੇ ਸੀਨੀਅਰ ਆਗੂ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਰਿਹਾਇਸ਼ 'ਤੇ ਇਕੱਠੇ ਹੋਏ | ਭਾਜਪਾ ਦੇ ਸੂਬਾ ਪ੍ਰਧਾਨ ਚੰਦਰਕਾਂਤ ਪਾਟਿਲ ਸਮੇਤ ਪਾਰਟੀ ਦੇ ਕਈ ਆਗੂਆਂ ਨੇ ਇਕ ਦੂਸਰੇ ਨੂੰ ਮੁਬਾਰਕਬਾਦ ਦਿੱਤੀ | ਉਨ੍ਹਾਂ 'ਚ ਕਈਆਂ ਨੇ ਕਿਹਾ ਕਿ ਫੜਨਵੀਸ ਜਲਦ ਹੀ ਸੂਬੇ ਦੀ ਵਾਗਡੋਰ ਸੰਭਾਲਣਗੇ | ਸਾਬਕਾ ਮੰਤਰੀ ਤੇ ਭਾਜਪਾ ਆਗੂ ਚੰਦਰਸ਼ੇਖਰ ਬਾਵਨਕੁਲੇ ਨੇ ਕਿਹਾ ਕਿ ਆਖ਼ਰਕਾਰ ਸੱਚ ਦੀ ਜਿੱਤ ਹੋਈ |
ਮੁੰਬਈ, (ਪੀ. ਟੀ. ਆਈ.)-ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਦੇਰ ਰਾਤ ਰਾਜ ਭਵਨ ਵਿਖੇ ਜਾ ਕੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ | ਰਾਜ ਭਵਨ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜਪਾਲ ਨੇ ਊਧਵ ਠਾਕਰੇ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਬਦਲਵੇਂ ਪ੍ਰਬੰਧ ਕੀਤੇ ਜਾਣ ਤੱਕ ਮੁੱਖ ਮੰਤਰੀ ਵਜੋਂ ਕੰਮ ਕਰਨ ਲਈ ਕਿਹਾ ਹੈ | ਦੱਸਣਯੋਗ ਹੈ ਕਿ ਊਧਵ ਠਾਕਰੇ ਰਾਤ 11:44 ਵਜੇ ਰਾਜ ਭਵਨ ਪੁੱਜੇ ਅਤੇ ਰਾਜਪਾਲ ਕੋਸ਼ਿਆਰੀ ਨਾਲ ਮੁਲਾਕਾਤ ਕੀਤੀ | ਉਨ੍ਹਾਂ ਨਾਲ ਆਏ ਸ਼ਿਵ ਸੈਨਾ ਵਰਕਰਾਂ ਨੇ ਰਾਜ ਭਵਨ ਪਹੁੰਚ ਕੇ ਗੇਟ ਅੱਗੇ ਨਾਅਰੇਬਾਜ਼ੀ ਕੀਤੀ |
ਚੰਡੀਗੜ੍ਹ, 29 ਜੂਨ (ਪੀ. ਟੀ.ਆਈ., ਮਨਜੋਤ ਸਿੰਘ ਜੋਤ)-ਜੀ. ਐਸ. ਟੀ. ਕੌਂਸਲ ਦੀ 47ਵੀਂ ਮੀਟਿੰਗ ਦੌਰਾਨ ਸੂਬਿਆਂ ਲਈ ਜੀ. ਐਸ. ਟੀ. ਮੁਆਵਜ਼ਾ ਪ੍ਰਣਾਲੀ ਨੂੰ ਅੱਗੇ ਜਾਰੀ ਰੱਖਣ ਸੰਬੰਧੀ ਕੋਈ ਫ਼ੈਸਲਾ ਨਹੀਂ ਹੋਇਆ | ਕੌਂਸਲ ਦੀ ਅਗਸਤ 'ਚ ਹੋਣ ਵਾਲੀ ਅਗਲੀ ਮੀਟਿੰਗ ਦੌਰਾਨ ਇਸ ਮੁੱਦੇ 'ਤੇ ਅੰਤਿਮ ਫ਼ੈਸਲਾ ਕੀਤਾ ਜਾ ਸਕਦਾ ਹੈ | ਮੀਟਿੰਗ ਦੇ ਦੂਸਰੇ ਦਿਨ ਅੱਜ ਪਾਰਟੀ ਪੱਧਰ ਤੋਂ ਉੱਪਰ ਉੱਠਦੇ ਹੋਏ ਕਰੀਬ ਇਕ ਦਰਜਨ ਸੂਬਿਆਂ ਨੇ ਜੀ. ਐਸ. ਟੀ. ਲਾਗੂ ਹੋਣ 'ਤੇ ਮਾਲੀਏ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਸੂਬਿਆਂ ਨੂੰ ਮੁਆਵਜ਼ਾ ਦੇਣ ਦੀ ਵਿਵਸਥਾ ਨੂੰ 30 ਜੂਨ ਤੋਂ ਬਾਅਦ ਵੀ ਜਾਰੀ ਰੱਖਣ ਦੀ ਮੰਗ ਕੀਤੀ ਪਰ ਮੀਟਿੰਗ ਦੌਰਾਨ ਇਸ ਸੰਬੰਧੀ ਕੋਈ ਫ਼ੈਸਲਾ ਨਹੀਂ ਕੀਤਾ ਗਿਆ | ਜੀ. ਐਸ. ਟੀ. ਲਾਗੂ ਹੋਣ ਨਾਲ ਸੂਬਿਆਂ ਨੂੰ ਮਾਲੀਏ ਦੇ ਹੋਣ ਵਾਲੇ ਨੁਕਸਾਨ ਦੀ ਭਰਪਾਈ ਲਈ ਪੰਜ ਸਾਲ ਲਈ ਲਾਗੂ ਕੀਤੀ ਵਿਵਸਥਾ 30 ਜੂਨ ਨੂੰ ਖ਼ਤਮ ਹੋ ਰਹੀ ਹੈ | ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੀਟਿੰਗ ਦੇ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ 16 ਸੂਬਿਆਂ ਦੇ ਪ੍ਰਤੀਨਿਧਾਂ ਨੇ ਮਾਲੀਏ ਦੇ ਨੁਕਸਾਨ ਦੀ ਪੂਰਤੀ ਦਾ ਮੁੱਦਾ ਉਠਾਇਆ | ਇਨ੍ਹਾਂ 'ਚੋਂ ਤਿੰਨ-ਚਾਰ ਸੂਬਿਆਂ ਨੇ ਮਾਲੀਏ ਦੇ ਨੁਕਸਾਨ ਦੀ ਪੂਰਤੀ ਵਿਵਸਥਾ 'ਚੋਂ ਬਾਹਰ ਨਿਕਲਣ ਲਈ ਆਪਣੇ ਆਮਦਨ ਸਰੋਤ ਵਿਕਸਿਤ ਕਰਨ ਦੀ ਗੱਲ ਕਹੀ ਅਤੇ ਉਨ੍ਹਾਂ ਕਿਹਾ ਕਿ ਉਹ ਮੁਆਵਜ਼ੇ 'ਤੇ ਨਿਰਭਰ ਨਹੀਂ ਹਨ |
ਨਿੱਤ ਵਰਤੋਂ ਦੀਆਂ ਕਈ ਚੀਜ਼ਾਂ ਹੋਣਗੀਆਂ ਮਹਿੰਗੀਆਂ
ਚੰਡੀਗੜ੍ਹ, 29 ਜੂਨ (ਮਨਜੋਤ ਸਿੰਘ ਜੋਤ)-ਜੀ.ਐਸ.ਟੀ. ਦੇ ਘੇਰੇ 'ਚ ਆਉਣ ਵਾਲੀਆਂ ਨਿੱਤ ਵਰਤੋਂ ਦੀਆਂ ਕਈ ਚੀਜ਼ਾਂ ਮਹਿੰਗੀਆਂ ਹੋਣਗੀਆਂ | ਪਹਿਲਾਂ ਤੋਂ ਪੈਕ ਕੀਤੇ ਅਤੇ ਲੇਬਲ ਕੀਤੇ ਕਣਕ ਦੇ ਆਟੇ, ਪੈਕ ਕੀਤੇ ਮੀਟ (ਫਰੋਜ਼ਨ ਨੂੰ ਛੱਡ ਕੇ), ਮੱਛੀ, ਸ਼ਹਿਦ, ਸੁੱਕੀਆਂ ਫਲੀਦਾਰ ਸਬਜ਼ੀਆਂ, ਸੁੱਕਾ ਮਖਾਨਾ, ਕਣਕ ਅਤੇ ਹੋਰ ਅਨਾਜ, ਪਾਪੜ, ਪਨੀਰ, ਦਹੀਂ, ਲੱਸੀ ਅਤੇ ਮੱਖਣ 'ਤੇ ਹੁਣ 5 ਫ਼ੀਸਦੀ ਟੈਕਸ ਲੱਗੇਗਾ ਕਿਉਂਕਿ ਜੀ.ਐਸ.ਟੀ ਕੌਂਸਲ ਨੇ ਕਈ ਹੋਰ ਚੀਜ਼ਾਂ 'ਤੇ ਟੈਕਸ ਦੀਆਂ ਦਰਾਂ ਵਧਾਉਣ ਦੌਰਾਨ ਉਕਤ ਵਸਤੂਆਂ 'ਤੇ ਛੋਟਾਂ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ | ਇਸ ਤੋਂ ਇਲਾਵਾ 1000 ਰੁਪਏ ਪ੍ਰਤੀ ਦਿਨ ਤੋਂ ਘੱਟ ਕੀਮਤ ਵਾਲੇ ਹੋਟਲ ਦੇ ਕਮਰਿਆਂ 'ਤੇ 12 ਫ਼ੀਸਦੀ ਟੈਕਸ ਲਗਾਇਆ ਜਾਵੇਗਾ | ਟੈਕਸ ਦਰਾਂ 'ਚ ਬਦਲਾਅ 18 ਜੁਲਾਈ ਤੋਂ ਲਾਗੂ ਹੋਵੇਗਾ | ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਵਿਚ ਚੰਡੀਗੜ੍ਹ ਵਿਖੇ ਹੋਈ ਜੀ.ਐਸ.ਟੀ. ਕੌਂਸਲ ਦੀ ਬੈਠਕ ਵਿਚ ਕੀਤੀ ਸਿਫ਼ਾਰਸ਼ ਵਿਚ ਪਿੰ੍ਰਟਿੰਗ ਅਤੇ ਡਰਾਇੰਗ ਦੀ ਸਿਆਹੀ 'ਤੇ ਜੀ.ਐਸ.ਟੀ. ਨੂੰ 12 ਫ਼ੀਸਦੀ ਤੋਂ ਵਧਾ ਦੇ 18 ਫ਼ੀਸਦੀ ਕਰ ਦਿੱਤਾ ਗਿਆ ਹੈ | ਇਸ ਦੇ ਨਾਲ ਹੀ ਚਾਕੂ ਅਤੇ ਕਟਿੰਗ ਬਲੇਡ, ਪੇਪਰ ਕੱਟਣ ਵਾਲੇ ਚਾਕੂ, ਪੈਨਸਿਲ, ਸ਼ਾਰਪਨਰ, ਚਮਚੇ, ਫੋਕਸ, ਸਕੀਮਰ, ਕੇਕ ਸਰਵਿਸ ਨੂੰ 12 ਫ਼ੀਸਦੀ ਤੋਂ ਵਧਾ ਕੇ 18 ਫ਼ੀਸਦੀ, ਬਿਜਲੀ ਨਾਲ ਚੱਲਣ ਵਾਲੇ ਪੰਪ ਜਿਨ੍ਹਾਂ ਵਿਚ ਖੂਹਾਂ ਵਿਚ ਡੰੁਘਾਈ ਵਿਚ ਲੱਗਣ ਵਾਲੇ ਪੰਪ, ਸਬਮਰਸੀਬਲ ਪੰਪ, ਬਾਈਸਾਈਕਲ ਪੰਪ ਆਦਿ 'ਤੇ ਜੀ.ਐਸ.ਟੀ. 12 ਤੋਂ 18 ਫ਼ੀਸਦੀ ਵਧਾ ਦਿੱਤਾ ਗਿਆ ਹੈ | ਇਸ ਦੇ ਨਾਲ ਹੀ ਸਫ਼ਾਈ ਵਾਲੀਆਂ ਮਸ਼ੀਨਾਂ ਅਤੇ ਬੀਜ ਤੇ ਦਾਲਾਂ ਪੀਸਣ ਲਈ ਮੀਿਲੰਗ ਇੰਡਸਟਰੀ, ਪੌਣ ਚੱਕੀ ਆਦਿ 'ਤੇ ਵੀ ਜੀ.ਐਸ.ਟੀ. ਪੰਜ ਫ਼ੀਸਦੀ ਤੋਂ ਵਧਾ ਦੇ 18 ਫ਼ੀਸਦੀ ਤੱਕ ਕਰ ਦਿੱਤੀ ਗਈ ਹੈ | ਇਸ ਤੋਂ ਇਲਾਵਾ ਐਲ.ਈ.ਡੀ. ਲੈਂਪ, ਲਾਈਟਸ ਐਂਡ ਫਿਕਸਰ ਅਤੇ ਇਨ੍ਹਾਂ ਦੇ ਮੈਟਲ ਪਿ੍ੰਟਿਡ ਸਰਕਟ ਬੋਰਡ 'ਤੇ ਵੀ ਜੀ.ਐਸ.ਟੀ. 12 ਤੋਂ ਵਧਾ ਕੇ 18 ਫ਼ੀਸਦੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ | ਸੋਲਰ ਵਾਟਰ ਹੀਟਰ 'ਤੇ ਵੀ ਜੀ.ਐਸ.ਟੀ. 5 ਫ਼ੀਸਦੀ ਤੋਂ ਵਧਾ ਕੇ 12 ਫ਼ੀਸਦੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ |
ਚੰਡੀਗੜ੍ਹ, 29 ਜੂਨ (ਵਿਕਰਮਜੀਤ ਸਿੰਘ ਮਾਨ)-ਪੰਜਾਬ ਵਿਧਾਨ ਸਭਾ ਵਿਚ ਪੇਸ਼ ਕੀਤੀ ਗਈ 'ਕੈਗ' ਦੀ ਰਿਪੋਰਟ ਵਿਚ ਸਮਾਜਿਕ ਸੁਰੱਖਿਆ ਯੋਜਨਾ ਤਹਿਤ ਦਿੱਤੀ ਜਾ ਰਹੀ ਬੁਢਾਪਾ ਪੈਨਸ਼ਨ 'ਚ ਵੱਡਾ ਫਰਜ਼ੀਵਾੜਾ ਉਜਾਗਰ ਹੋਇਆ ਹੈ | ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਇਸ ਸਕੀਮ ਤਹਿਤ ਅਜਿਹੇ ਵਿਅਕਤੀਆਂ ਨੂੰ ਵੀ ਬੁਢਾਪਾ ਪੈਨਸ਼ਨ ਦਿੱਤੀ ਜਾਂਦੀ ਰਹੀ, ਜਿਨ੍ਹਾਂ ਦੀ ਮੌਤ ਤਿੰਨ ਸਾਲ ਪਹਿਲਾਂ ਹੋ ਚੁੱਕੀ ਸੀ | ਕੈਗ ਨੇ ਆਪਣੀ ਲੰਘੇ ਸਾਲ ਦੀ ਰਿਪੋਰਟ 'ਚ ਖ਼ੁਲਾਸਾ ਕੀਤਾ ਹੈ ਕਿ ਇਕ ਲੱਖ ਤੋਂ ਜ਼ਿਆਦਾ ਅਜਿਹੇ ਲਾਭ ਪਾਤਰੀਆਂ ਦਾ ਪਤਾ ਲੱਗਾ ਹੈ, ਜੋ ਬੁਢਾਪਾ ਪੈਨਸ਼ਨ ਲਈ ਨਿਰਧਾਰਿਤ ਕੀਤੀ ਉਮਰ ਤੋਂ ਵੀ ਘੱਟ ਸਾਲਾਂ ਦੇ ਸਨ | ਇਸ ਧਾਂਦਲੀ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਪਟਿਆਲਾ ਜ਼ਿਲ੍ਹੇ ਤੋਂ ਸਾਹਮਣੇ ਆਏ ਹਨ | 50053 ਪੁਰਸ਼ ਅਤੇ 59151 ਔਰਤਾਂ ਜੋ ਕਿ ਨਿਰਧਾਰਿਤ ਉਮਰ ਦੀ ਸ਼ਰਤ ਪੂਰੀ ਨਹੀਂ ਕਰਦੇ ਸਨ, ਨੂੰ ਵੀ ਪੈਨਸ਼ਨ ਦਿੱਤੀ ਜਾਂਦੀ ਰਹੀ ਹੈ | ਰਿਪੋਰਟ ਅਨੁਸਾਰ 8286 ਜਾਅਲੀ ਲਾਭਪਾਤਰੀਆਂ ਨੂੰ ਲਾਭ ਦਿੰਦੇ ਹੋਏ ਅਪ੍ਰੈਲ 2017 ਤੋਂ ਜੁਲਾਈ 2020 ਤਕ 9.89 ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ ਗਿਆ | ਦੂਜੇ ਪਾਸੇ ਰਾਜ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਕ ਅਰਜ਼ੀਕਰਤਾ ਸਿਰਫ਼ ਇਕ ਹੀ ਤਰ੍ਹਾਂ ਦੀ ਸਮਾਜਿਕ ਸੁਰੱਖਿਆ ਪੈਨਸ਼ਨ ਲੈ ਸਕਦਾ ਹੈ ਪਰ ਇਨ੍ਹਾਂ ਨਿਯਮਾਂ ਦੇ ਉਲਟ 2226 ਔਰਤਾਂ ਜਿਨ੍ਹਾਂ ਦੇ ਪਿਤਾ ਦਾ ਨਾਂਅ, ਆਧਾਰ ਨੰਬਰ ਜਾਂ ਖਾਤਾ ਨੰਬਰ ਇਕ ਸੀ, ਨੂੰ ਓ.ਏ.ਪੀ. ਅਤੇ ਐਫ.ਏ.ਡਬਲਿਊ.ਡੀ. ਦੋਵਾਂ ਸਕੀਮਾਂ ਦੇ ਤਹਿਤ ਵਿੱਤੀ ਮਦਦ ਦਿੱਤੀ ਜਾਂਦੀ ਰਹੀ ਹੈ | ਇਹ ਵੀ ਖ਼ੁਲਾਸਾ ਹੋਇਆ ਹੈ ਕਿ 76848 ਲੋਕਾਂ ਦੇ ਨਾਂਅ ਦੇ ਨਾਲ ਜਨਮ ਤਰੀਕ ਹੀ ਦਰਜ ਨਹੀਂ ਕੀਤੀ ਗਈ ਸੀ, ਜਦਕਿ ਐਫ.ਏ.ਡਬਲਿਊ.ਡੀ. ਸਕੀਮ ਜੋ ਕੇਵਲ ਔਰਤਾਂ ਲਈ ਹੈ, ਵਿਚ 12047 ਲਾਭ ਪਾਤਰੀ ਪੁਰਸ਼ ਦੱਸੇ ਗਏ ਹਨ |
ਜਲਾਲਾਬਾਦ/ਗੁਰੂਹਰਸਹਾਏ, 29 ਜੂਨ (ਕਰਨ ਚੁਚਰਾ, ਜਤਿੰਦਰਪਾਲ ਸਿੰਘ, ਹਰਚਰਨ ਸਿੰਘ ਸੰਧੂ)-ਜਲਾਲਾਬਾਦ ਨੇੜਲੇ ਪਿੰਡ ਸ਼ੇਰ ਮੁਹੰਮਦ ਦੇ ਗੁਰਦੁਆਰਾ ਨਾਨਕਸਰ ਸਾਹਿਬ ਦੇ ਸਰੋਵਰ 'ਚ ਤਿੰਨ ਮਾਸੂਮ ਬੱਚਿਆਂ ਦੇ ਡੁੱਬਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ | ਮਿ੍ਤਕ ਬੱਚਿਆਂ 'ਚ 2 ਲੜਕੀਆਂ ਅਤੇ 1 ਲੜਕਾ ਸ਼ਾਮਿਲ ਹੈ | ਮਿ੍ਤਕਾਂ ਦੀ ਪਹਿਚਾਣ ਹਰਪ੍ਰੀਤ ਸਿੰਘ (9) ਪੁੱਤਰ ਜਸਵੀਰ ਸਿੰਘ ਵਾਸੀ ਦਰੋਗਾ, ਪਿ੍ਯਾ (11) ਪੁੱਤਰੀ ਜਸਵਿੰਦਰ ਸਿੰਘ ਵਾਸੀ ਸੁਖੇਰਾ ਬੋਦਲਾ, ਸੀਰਤ (10) ਪੁੱਤਰੀ ਪੂਰਨ ਸਿੰਘ ਵਾਸੀ ਛੋਟੇ ਜੰਡ ਵਾਲੇ ਝੁੱਗੇ ਗੁਰੂਹਰਸਹਾਏ ਵਜੋਂ ਹੋਈ ਹੈ | ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਡੀ.ਐੱਸ.ਪੀ. ਜਲਾਲਾਬਾਦ ਸੁਬੇਗ ਸਿੰਘ, ਤਹਿਸੀਲਦਾਰ ਜਲਾਲਾਬਾਦ, ਥਾਣਾ ਅਮੀਰ ਖ਼ਾਸ ਦੀ ਪੁਲਿਸ ਮੌਕੇ 'ਤੇ ਪਹੁੰਚੀ | ਜਾਣਕਾਰੀ ਅਨੁਸਾਰ ਜਸਵੀਰ ਸਿੰਘ ਵਾਸੀ ਦਰੋਗਾ, ਜਿਸ ਦੀਆਂ ਭੈਣਾਂ ਜੋ ਕਿ ਸੁਖੇਰਾ ਬੋਦਲਾ ਅਤੇ ਛੋਟੇ ਜੰਡ ਵਾਲਾ 'ਚ ਵਿਆਹੀਆਂ ਹੋਈਆਂ ਹਨ, ਆਪਣੇ ਪਿੰਡ ਦਰੋਗਾ ਆਈਆਂ ਹੋਈਆਂ ਸਨ | ਅੱਜ ਸਵੇਰ ਸਮੇਂ ਸਾਰਾ ਪਰਿਵਾਰ ਸ਼ੇਰ ਮੁਹੰਮਦ ਨਜ਼ਦੀਕ ਝੋਨਾ ਲਗਾ ਰਿਹਾ ਸੀ ਤਾਂ ਉਨ੍ਹਾਂ ਦੇ ਬੱਚੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਚਲੇ ਗਏ, ਜਿਸ ਦੌਰਾਨ ਬੱਚੇ ਨਹਾਉਣ ਲਈ ਸਰੋਵਰ ਵੱਲ ਚਲੇ ਗਏ ਅਤੇ ਸਰੋਵਰ 'ਚ ਦਾਖ਼ਲ ਹੁੰਦਿਆਂ ਹੀ ਉਨ੍ਹਾਂ ਦਾ ਪੈਰ ਤਿਲਕ ਗਿਆ ਤੇ ਉਹ ਡੂੰਘੇ ਪਾਣੀ 'ਚ ਡੁੱਬ ਗਏ, ਜਿਨ੍ਹਾਂ ਨੂੰ ਕੁਝ ਸਮੇਂ ਬਾਅਦ ਬਾਹਰ ਕੱਢਿਆ ਗਿਆ ਅਤੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਵਲੋਂ ਉਨ੍ਹਾਂ ਨੂੰ ਮਿ੍ਤਕ ਐਲਾਨ ਦਿੱਤਾ ਗਿਆ | ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ |
ਮਾਨਸਾ, 29 ਜੂਨ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)-ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ 'ਚ ਪੰਜਾਬ ਪੁਲਿਸ ਨੰੂ ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਟਰਾਂਜ਼ਿਟ ਰਿਮਾਂਡ ਮਿਲ ਗਿਆ ਹੈ | ਸੂਤਰਾਂ ਅਨੁਸਾਰ ਪੁਲਿਸ ਨੂੰ ਤੱਥ ਮਿਲੇ ਹਨ ਕਿ ਭਗਵਾਨਪੁਰੀਆ ਨੇ ਮੂਸੇਵਾਲਾ
ਹੱਤਿਆ ਮਾਮਲੇ 'ਚ ਲਾਰੈਂਸ ਬਿਸ਼ਨੋਈ ਗਰੁੱਪ ਨੂੰ 2 ਸ਼ਾਰਪ ਸ਼ੂਟਰ ਮੁਹੱਈਆ ਕਰਵਾਏ ਸਨ | ਪੰਜਾਬ ਪੁਲਿਸ ਨੇ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ ਲੈ ਕੇ ਭਗਵਾਨਪੁਰੀਆ ਨੂੰ ਜੇਲ੍ਹ 'ਚੋਂ ਹਿਰਾਸਤ 'ਚ ਲਿਆ ਅਤੇ ਫਿਰ ਮਾਣਯੋਗ ਅਦਾਲਤ ਤੋਂ ਟਰਾਂਜ਼ਿਟ ਰਿਮਾਂਡ ਹਾਸਲ ਕਰਕੇ ਉਸ ਨੂੰ ਸਖ਼ਤ ਪ੍ਰਬੰਧਾਂ ਹੇਠ ਮਾਨਸਾ ਲਿਆਂਦਾ ਜਾ ਰਿਹਾ ਹੈ | ਦੱਸਣਾ ਬਣਦਾ ਹੈ ਕਿ ਬਟਾਲਾ (ਗੁਰਦਾਸਪੁਰ) ਨੇੜਲੇ ਪਿੰਡ ਭਗਵਾਨਪੁਰ ਨਾਲ ਸੰਬੰਧਿਤ ਜਸਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ ਦੇਸ਼ ਦੇ ਖ਼ਤਰਨਾਕ ਅਪਰਾਧੀਆਂ 'ਚ ਗਿਣਿਆ ਜਾਂਦਾ ਹੈ ਅਤੇ ਉਸ ਦਾ ਨੈੱਟਵਰਕ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਹਿਮਾਚਲ ਪ੍ਰਦੇਸ਼, ਜੰਮੂ ਆਦਿ ਰਾਜਾਂ ਤੱਕ ਫੈਲਿਆ ਹੋਇਆ ਹੈ | ਜਾਣਕਾਰੀ ਅਨੁਸਾਰ ਉਸ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਮਾਨਸਾ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ |
• 2014 'ਚ ਕਰਾਚੀ ਵੀ ਗਿਆ ਸੀ-ਡੀ.ਜੀ.ਪੀ. • ਤਿੰਨ ਹੋਰ ਹਿਰਾਸਤ 'ਚ
ਜੈਪੁਰ, 29 ਜੂਨ (ਪੀ.ਟੀ.ਆਈ.)-ਰਾਜਸਥਾਨ ਪੁਲਿਸ ਦੇ ਮੁਖੀ ਨੇ ਦੱਸਿਆ ਕਿ ਉਦੈਪੁਰ 'ਚ ਦਰਜੀ ਦੇ ਕਤਲ ਮਾਮਲੇ ਦੀ ਸ਼ੁਰੂਆਤੀ ਜਾਂਚ ਤੋਂ ਇਹ ਪਤਾ ਲੱਗਾ ਹੈ ਕਿ ਦੋਵਾਂ ਮੁੱਖ ਮੁਲਜ਼ਮਾਂ 'ਚੋਂ ਇਕ ਮੁਲਜ਼ਮ ਗੌਂਸ ...
• ਕਿਸੇ ਵੀ ਪਾਰਟੀ 'ਚ ਸ਼ਾਮਿਲ ਹੋਣ ਵਾਲੇ ਭਿ੍ਸ਼ਟਾਚਾਰੀ ਬਖ਼ਸ਼ੇ ਨਹੀਂ ਜਾਣਗੇ • ਸਾਲਾਨਾ ਬਜਟ ਨੂੰ ਪ੍ਰਵਾਨਗੀ
ਹਰਕਵਲਜੀਤ ਸਿੰਘ
ਚੰਡੀਗੜ੍ਹ, 29 ਜੂਨ-ਪੰਜਾਬ ਵਿਧਾਨ ਸਭਾ ਵਲੋਂ ਸਾਲ 2022-23 ਲਈ ਰਾਜ ਦੇ 1,55,860 ਕਰੋੜ ਦੇ ਬਜਟ ਸੰਬੰਧੀ ਖ਼ਜ਼ਾਨਾ ਬਿੱਲ ਨੂੰ ਪਾਸ ਕਰ ...
ਸੰਯੁਕਤ ਰਾਸ਼ਟਰ, 29 ਜੂਨ (ਏਜੰਸੀ)-ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਰੇਸ ਦੇ ਬੁਲਾਰੇ ਨੇ ਭਾਰਤ ਵਿਚ ਆਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਦੀ ਗਿ੍ਫ਼ਤਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਪੱਤਰਕਾਰਾਂ ਜੋ ਵੀ ਕੁਝ ਲਿਖਦੇ ਹਨ, ਟਵੀਟ ...
ਨਵੀਂ ਦਿੱਲੀ, 29 ਜੂਨ (ਏਜੰਸੀ)-ਦੇਸ਼ 'ਚ ਖੇਤੀਬਾੜੀ ਅਤੇ ਪੇਂਡੂ ਖੇਤਰ ਦੇ ਵਿਕਾਸ ਅਤੇ ਸਹਿਕਾਰਤਾ ਖੇਤਰ 'ਚ ਪਾਰਦਰਸ਼ਤਾ ਲਿਆਉਣ ਲਈ 63 ਹਜ਼ਾਰ ਪ੍ਰਾਇਮਰੀ ਖੇਤੀਬਾੜੀ ਕਰਜ਼ਾ ਸੁਸਾਇਟੀਆਂ (ਪੈਕਸ) ਦਾ ਕੰਪਿਊਟਰੀਕਰਨ ਕੀਤਾ ਜਾਵੇਗਾ ਅਤੇ ਇਸ ਲਈ ਹਰ ਸੁਸਾਇਟੀ 'ਤੇ ਕਰੀਬ 4 ...
ਸ੍ਰੀਨਗਰ, 29 ਜੂਨ (ਮਨਜੀਤ ਸਿੰਘ)-ਦੋ ਸਾਲ ਬਾਅਦ ਦੱਖਣੀ ਕਸ਼ਮੀਰ ਦੇ ਪਹਿਲਗਾਮ ਸਥਿਤ ਹਿਮਾਲਿਆ ਪਹਾੜਾਂ 'ਚ 43 ਦਿਨ ਤੱਕ ਜਾਰੀ ਰਹਿਣ ਵਾਲੀ ਪਵਿੱਤਰ ਅਮਰਨਾਥ ਗੁਫਾ ਦੀ ਸਾਲਾਨਾ ਯਾਤਰਾ ਜੰਮੂ ਤੋਂ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਸ਼ੁਰੂ ਹੋਈ | ਜੰਮੂ-ਕਸ਼ਮੀਰ ਦੇ ਉਪ ...
ਮੈਡਿ੍ਡ, 29 ਜੂਨ (ਏ. ਪੀ.)-ਨਾਟੋ ਨੇ ਰੂਸ ਨੂੰ ਆਪਣੇ ਮੈਂਬਰ ਦੇਸ਼ਾਂ ਦੀ ਸ਼ਾਂਤੀ ਤੇ ਸੁਰੱਖਿਆ ਲਈ 'ਸਭ ਤੋਂ ਮਹੱਤਵਪੂਰਨ ਤੇ ਸਿੱਧਾ ਖ਼ਤਰਾ' ਕਰਾਰ ਦਿੱਤਾ ਹੈ | 30 ਦੇਸ਼ਾਂ ਦੇ ਸੈਨਿਕ ਗਠਜੋੜ ਨਾਟੋ ਦੇ ਬੁਲਾਰੇ ਨੇ ਮੈਡਿ੍ਡ 'ਚ ਇਕ ਸੰਮੇਲਨ ਦੌਰਾਨ ਉਕਤ ਗੱਲ ਕਹੀ | ਇਹ ਬਿਆਨ ...
ਬਾਲਾਸੋਰ (ਓਡੀਸ਼ਾ), 29 ਜੂਨ (ਏਜੰਸੀ)-ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਓਡੀਸ਼ਾ 'ਚ ਚਾਂਦੀਪੁਰ ਸੰਗਠਿਤ ਪ੍ਰੀਖਣ ਰੇਂਜ ਤੋਂ 'ਅਭਿਆਸ' ਹਾਈ ਸਪੀਡ ਐਕਸਪੈਂਡੇਬਲ ਏਰੀਅਲ ਟਾਰਗੇਟ (ਐਚ.ਈ.ਏ.ਟੀ) ਦਾ ਸਫ਼ਲ ਪ੍ਰੀਖਣ ਕੀਤਾ | ਇਸ ਲੜਾਕੂ ਡਰੋਨ ਦੇ ਸਫ਼ਲ ਪ੍ਰੀਖਣ ...
ਨਵੀਂ ਦਿੱਲੀ, 29 ਜੂਨ (ਪੀ. ਟੀ. ਆਈ.)-ਦੇਸ਼ 'ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ 10,000 ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲੇ ਰਿਪੋਰਟ ਹੋਣ ਤੋਂ ਬਾਅਦ ਕੇਂਦਰ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵਿਦੇਸ਼ ਤੋਂ ਆਉਣ ਵਾਲੀ ਹਰ ਉਡਾਣ ਦੇ 2 ਫ਼ੀਸਦੀ ਯਾਤਰੀਆਂ ਦੇ ...
ਸ੍ਰੀਨਗਰ, 29 ਜੂਨ (ਮਨਜੀਤ ਸਿੰਘ)-ਸੁਰੱਖਿਆ ਬਲਾਂ ਨੇ ਜ਼ਿਲ੍ਹਾ ਬਾਂਦੀਪੋਰਾ ਵਿਖੇ ਲਸ਼ਕਰ ਦੇ ਹਾਈਬਿ੍ਡ ਅੱਤਵਾਦੀ ਨੂੰ ਭਾਰੀ ਅਸਲ੍ਹੇ ਸਮੇਤ ਗਿ੍ਫ਼ਤਾਰ ਕੀਤਾ ਹੈ | ਪੁਲਿਸ ਮੁਤਾਬਿਕ ਬਾਂਦੀਪੋਰਾ ਦੇ ਪਪਛਨ ਖੇਤਰ 'ਚ ਫ਼ੌਜ ਅਤੇ ਪੁਲਿਸ ਨੇ ਸੂਚਨਾ ਦੇ ਆਧਾਰ 'ਤੇ ...
ਸ੍ਰੀਨਗਰ, 29 ਜੂਨ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਕੁਲਗਾਮ ਵਿਖੇ ਅਮਰਨਾਥ ਯਾਤਰਾ ਦੇ ਮਾਰਗ ਦੇ ਨੇੜੇ ਹੋਏ ਮੁਕਾਬਲੇ 'ਚ ਲਸ਼ਕਰ (ਐਲ.ਈ.ਟੀ.) ਦੇ 2 ਅੱਤਵਾਦੀ ਮਾਰੇ ਗਏ | ਪੁਲਿਸ ਬੁਲਾਰੇ ਨੇ ਜਾਣਕਾਰੀ ਦਿੰਦੇ ਟਵੀਟ ਕੀਤਾ ਕਿ ਬੁੱਧਵਾਰ ਦੁਪਹਿਰ ਫ਼ੌਜ, ...
ਜੀ. ਐਸ. ਟੀ ਕੌਂਸਲ ਨੇ ਕੈਸੀਨੋ, ਘੋੜਿਆਂ ਦੀਆਂ ਦੌੜਾਂ, ਆਨਲਾਈਨ ਗੇਮਾਂ ਅਤੇ ਲਾਟਰੀ 'ਤੇ 28 ਫ਼ੀਸਦੀ ਟੈਕਸ ਲਗਾਉਣ ਦੇ ਫ਼ੈਸਲੇ ਨੂੰ ਟਾਲ ਦਿੱਤਾ ਹੈ | ਕੌਂਸਲ ਦਾ ਕਹਿਣਾ ਹੈ ਕਿ ਇਸ ਸੰਬੰਧੀ ਅਜੇ ਹਿੱਤਧਾਰਕਾਂ ਨਾਲ ਹੋਰ ਵਿਚਾਰ ਚਰਚਾ ਕਰਨ ਦੀ ਜ਼ਰੂਰਤ ਹੈ | ਵਿੱਤ ਮੰਤਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX