• ਮੇਜਰ ਗੰਭੀਰ • 4 ਘੰਟੇ ਚੱਲੇ ਮੁਕਾਬਲੇ 'ਚ 2 ਹਮਲਾਵਰ ਹਲਾਕ
ਮਨਜੀਤ ਸਿੰਘ
ਸ੍ਰੀਨਗਰ, (ਰਾਜੌਰੀ) 11 ਅਗਸਤ-ਆਜ਼ਾਦੀ ਦਿਵਸ ਤੋਂ 4 ਦਿਨ ਪਹਿਲਾਂ ਸੰਭਾਵਿਤਾ ਜੈਸ਼ ਏ ਮੁਹੰਮਦ ਦੇ ਫਿਦਾਇਨ ਅੱਤਵਾਦੀਆਂ ਵਲੋਂ ਰਾਜੌਰੀ ਵਿਖੇ ਫੌਜ ਦੇ ਇਕ ਕੈਂਪ 'ਤੇ ਉੜੀ ਫਿਦਾਇਨ ਹਮਲੇ ਵਰਗੀ ਸਾਜਿਸ਼ ਦੁਹਰਾਉਣ ਦੀ ਕੋਸ਼ਿਸ਼ ਦੌਰਾਨ 2 ਫਿਦਾਇਨ ਹਮਲਾਵਰ ਮਾਰੇ ਗਏ, ਜਦਕਿ 1 ਜੇ.ਸੀ.ਓ. ਸਮੇਤ 4 ਜਵਾਨ ਸ਼ਹੀਦ ਅਤੇ ਮੇਜਰ ਗੰਭੀਰ ਜ਼ਖਮੀ ਹੋ ਗਿਆ | ਜੰਮੂ ਰੇਂਜ ਦੇ ਏ.ਡੀ.ਜੀ.ਪੀ. ਮੁਕੇਸ਼ ਸਿੰਘ ਨੇ ਇਸ ਸੰਬੰਧ 'ਚ ਦੱਸਿਆ ਕਿ ਵੀਰਵਾਰ ਤੜਕੇ 2 ਵਜੇ ਰਾਜੌਰੀ ਤੋਂ 25 ਕਿਲੋਮੀਟਰ ਦੀ ਦੂਰੀ 'ਤੇ ਕੰਟਰੋਲ ਰੇਖਾ ਨੇੜੇ ਦਰਹਾਲ ਥਾਣੇ ਤੋਂ 6 ਕਿਲੋਮੀਟਰ 'ਤੇ ਸਥਿਤ ਪਾਰਗਲ ਨੇੜੇ ਕੰਨਾਡੀ ਪਿੰਡ ਵਿਖੇ 11 ਆਰ.ਆਰ. ਦੇ ਕੈਂਪ 'ਚ ਭਾਰੀ ਅਤੇ ਆਧੁਨਿਕ ਅਸਲੇ ਨਾਲ ਲੈਸ 2 ਫਿਦਾਇਨ ਹਮਲਾਵਰਾਂ ਨੇ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਉਥੇ ਤਾਇਨਾਤ ਜਵਾਨਾਂ 'ਤੇ ਗੋਲੀਬਾਰੀ ਕਰ ਦਿੱਤੀ ਜਿਸ 'ਚ ਫੌਜ ਦੇ ਜੇ.ਸੀ.ਓ. ਸਮੇਤ 6 ਜਵਾਨ ਜ਼ਖਮੀ ਹੋ ਗਏ | ਡਿਊਟੀ 'ਤੇ ਤਾਇਨਾਤ ਚੌਕਸ ਸੰਤਰੀਆਂ ਨੇ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਸਵੇਰ ਹੋਣ ਤੱਕ ਲਗਭਗ 4 ਘੰਟੇ ਚੱਲੀ ਦੋਪਾਸੜ ਭਾਰੀ ਗੋਲੀਬਾਰੀ 'ਚ ਦੋਵੇਂ ਫਿਦਾਇਨ ਅੱਤਵਾਦੀ ਮਾਰੇ ਗਏ | ਅਫਰਾਤਫਰੀ ਦੇ ਚਲਦੇ ਬਾਕੀ ਜਵਾਨਾਂ ਨੇ ਜ਼ਖਮੀ ਸਾਥੀਆਂ ਨੂੰ ਤੁਰੰਤ ਮੁਕਾਬਲੇ ਵਾਲੇ ਥਾਂ ਤੋਂ ਨੇੜੇ ਦੇ ਹਸਪਤਾਲ ਪਹੁੰਚਾ ਦਿੱਤਾ, ਜਿਥੇ ਡਾਕਟਰਾਂ ਨੇ ਜੇ.ਸੀ.ਓ. ਰਾਜਿੰਦਰ ਪ੍ਰਸਾਦ (ਰਾਜਸਥਾਨ ਦੇ ਝੁਨਝੁਨੂ ਜ਼ਿਲ੍ਹੇ 'ਚ ਮਾਲੀਗਾਓਾ ਪਿੰਡ ਨਾਲ ਸੰਬੰਧਿਤ), ਰਾਈਫਲ ਮੈਨ ਮਨੋਜ ਕੁਮਾਰ (ਹਰਿਆਣਾ ਦੇ ਫਰੀਦਾਬਾਦ 'ਚ ਸ਼ਾਹਜਹਾਂਪੁਰ ਪਿੰਡ ਨਾਲ ਸੰਬੰਧਿਤ) ਅਤੇ ਰਾਈਫਲ ਮੈਨ ਲਕਸ਼ਮਣਨ ਡੀ (ਤਾਮਿਲਨਾਡੂ ਦੇ ਮਦੁਰਾਈ ਜ਼ਿਲ੍ਹੇ ਪੁੜੁਪੱਤੀ ਪਿੰਡ ਨਾਲ ਸੰਬੰਧਿਤ) ਨੂੰ ਮਿ੍ਤਕ ਐਲਾਨ ਦਿੱਤਾ, ਜਦਕਿ ਮੇਜਰ ਦਾ ਇਲਾਜ ਜਾਰੀ ਹੈ | ਇਲਾਜ ਦੌਰਾਨ ਜ਼ਖ਼ਮੀ ਰਾਈਫਲ ਮੈਨ ਨਿਸ਼ਾਂਤ ਮਲਿਕ ਨੇ ਵੀ ਦਮ ਤੋੜ ਦਿੱਤਾ ਹੈ | ਹਮਲੇ ਦੇ ਬਾਅਦ ਰਾਜੌਰੀ ਅਤੇ ਪੁਣਛ ਦੇ ਸਰਹੱਦੀ ਖੇਤਰ 'ਚ ਸੁਰੱਖਿਆ ਏਜੰਸੀ ਵਲੋਂ ਅਜਿਹੇ ਹੋਰ ਅੱਤਵਾਦੀ ਹਮਲੇ ਦੀ ਸੰਭਾਵਨਾ ਦੇ ਚਲਦੇ ਅਲਰਟ ਜਾਰੀ ਕਰ ਦਿੱਤਾ ਗਿਆ | ਡੀ.ਜੀ.ਪੀ. ਦਿਲਬਾਗ ਸਿੰਘ ਅਨੁਸਾਰ ਇਹ ਸੰਭਾਵਿਤਾ ਜੈਸ਼ ਏ ਮੁਹੰਮਦ ਦੇ ਫਿਦਾਇਨ ਸਨ | ਪੁਲਿਸ ਅਤੇ ਸੁਰੱਖਿਆ ਬਲਾਂ ਨੇ ਹੋਰ ਦਸਤੇ ਖੇਤਰ 'ਚ ਭੇਜ ਦਿੱਤੇ ਹਨ, ਬਾਕੀ ਬਚੇ ਅੱਤਵਾਦੀਆਂ ਦੀ ਭਾਲ ਲਈ ਤਲਾਸ਼ੀ ਆਪ੍ਰੇਸ਼ਨ ਤੇਜ਼ੀ ਨਾਲ ਜਾਰੀ ਹੈ | ਮਾਰੇ ਗਏ ਅੱਤਵਾਦੀ ਵਿਦੇਸ਼ੀ ਹਨ ਜਾਂ ਸਥਾਨਕ ਇਸ ਬਾਰੇ ਪੁਲਿਸ ਅੱਤਵਾਦੀਆਂ ਅਤੇ ਇਨ੍ਹਾਂ ਦੇ ਸੰਗਠਨ ਬਾਰੇ ਬਰਾਮਦ ਦਸਤਾਵੇਜ਼ਾਂ, ਅਸਲੇ ਅਤੇ ਹੋਰ ਸਮੱਗਰੀ ਤੋ ਪਤਾ ਚਲਾਉਣ 'ਚ ਲੱਗੀ ਹੈ | ਜੈਸ਼ ਏ ਮੁਹੰਮਦ ਦੇ ਅੱਤਵਾਦੀਆਂ ਨੂੰ ਚਲਦੇ ਸਾਲ ਦੇ 22 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੇ ਪਹਿਲੇ ਜੰਮੂ ਸਥਿਤ ਸੁਜਵਾਨ ਦੇ ਫੌਜੀ ਕੈਂਪ 'ਤੇ ਫਿਦਾਇਨ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ 'ਚ 2 ਫਿਦਾਇਨ ਅੱਤਵਾਦੀ ਸੀ.ਆਈ.ਐਸ.ਐਫ. ਦੇ ਜਵਾਨਾਂ ਨਾਲ ਹੋਏ ਅਚਾਨਕ ਟਾਕਰੇ 'ਚ ਮਾਰੇ ਗਏ ਸਨ | ਇਸ 'ਚ ਇਕ ਅਧਿਕਾਰੀ ਮਾਰਿਆ ਗਿਆ ਸੀ | 8 ਮਈ ਨੂੰ ਰਾਜੌਰੀ ਦੇ ਲਾਮ ਸੈਕਟਰ 'ਚ ਘੁਸਪੈਠ ਦੌਰਾਨ ਇਕ ਵਿਦੇਸ਼ੀ ਅੱਤਵਾਦੀ ਮਾਰਿਆ ਗਿਆ ਸੀ | ਦੱਸਣਯੋਗ ਹੈ ਕਿ ਜੈਸ਼ ਏ ਮੁਹੰਮਦ ਨੇ 14 ਫਰਵਰੀ 2019 ਨੂੰ ਪੁਲਵਾਮਾ ਦੇ ਲਿਤਪੋਰਾ ਵਿਖੇ ਸ੍ਰੀਨਗਰ -ਜੰਮੂ ਹਾਈਵੇਅ 'ਤੇ ਸੀ.ਆਰ.ਪੀ.ਐਫ. ਦੇ ਕਾਫਲੇ 'ਤੇ ਫਿਦਾਇਨ ਹਮਲਾਵਾਰ ਨੇ ਧਮਾਕਾਖੇਜ਼ ਸਮੱਗਰੀ ਨਾਲ ਭਰੀ ਕਾਰ ਕਾਫਲੇ 'ਚ ਵਾੜ ਕੇ ਧਮਾਕਾ ਕਰ ਦਿੱਤਾ ਸੀ, ਜਿਸ 'ਚ ਬਲ ਦੇ 40 ਜਵਾਨ ਸ਼ਹੀਦ ਹੋ ਗਏ ਸਨ | 16 ਮਾਰਚ 2016 ਨੂੰ ਉਤਰੀ ਕਸ਼ਮੀਰ ਦੇ ਉੜੀ ਖੇਤਰ 'ਚ ਫੌਜ ਦੇ ਇਕ ਕੈਂਪ 'ਤੇ ਫਿਦਾਇਨ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ, ਜਿਸ 'ਚ 19 ਜਵਾਨ ਸ਼ਹੀਦ ਅਤੇ 30 ਜਵਾਨ ਜ਼ਖਮੀ ਹੋ ਗਏ ਸਨ | ਜਵਾਬੀ ਕਾਰਵਾਈ 'ਚ ਜੈਸ਼ ਦੇ 4 ਫਿਦਾਇਨ ਅੱਤਵਾਦੀ ਵੀ ਮਾਰੇ ਗਏ ਸਨ |
ਉਪ ਰਾਜਪਾਲ ਅਤੇ ਉਮਰ ਅਬਦੁਲਾ ਵਲੋਂ ਅੱਤਵਾਦੀ ਹਮਲੇ ਦੀ ਨਿਖੇਧੀ
ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਰਾਜੌਰੀ ਵਿਖੇ ਹੋਏ ਫਿਦਾਇਨ ਹਮਲੇ ਦੀ ਨਿਖੇਧੀ ਕਰਦੇ ਹੋਏ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ | ਉਨ੍ਹਾਂ ਟਵੀਟ ਕੀਤਾ ਕਿ ਅੱਤਵਾਦੀਆਂ ਅਤੇ ਉਨ੍ਹਾਂ ਨੇ ਆਕਾਵਾਂ ਨਾਲ ਸਹੀ ਢੰਗ ਅਤੇ ਸਖਤੀ ਨਾਲ ਨਜਿੱਠਿਆ ਜਾਵੇਗਾ | ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਅਤੇ ਸਾਬਕਾ ਮੁਖ ਮੰਤਰੀ ਉਮਰ ਅਬਦੁਲਾ ਨੇ ਇਸ ਅੱਤਵਾਦੀ ਹਮਲੇ ਦੀ ਨਿਖੇਧੀ ਕਰਦਿਆਂ ਟਵੀਟ ਕੀਤਾ ਕਿ ਸ਼ਹੀਦ ਹੋਏ ਜਵਾਨਾਂ ਬਾਰੇ ਜਾਣ ਕੇ ਬੜਾ ਦੁੱਖ ਹੋਇਆ ਹੈ |
ਰੁਜ਼ਗਾਰ ਪ੍ਰਾਪਤੀ ਵੱਲ ਸੇਧਿਤ ਹੋਵੇਗੀ ਰਾਜ ਦੀ ਉਚੇਰੀ ਸਿੱਖਿਆ ਨੀਤੀ
ਜਸਪਾਲ ਸਿੰਘ
ਜਲੰਧਰ, 11 ਅਗਸਤ-ਖੇਡਾਂ, ਯੁਵਕ ਸੇਵਾਵਾਂ ਤੇ ਉਚੇਰੀ ਸਿੱਖਿਆ ਬਾਰੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਖੇਡਾਂ ਦੇ ਖੇਤਰ 'ਚ ਕਦੇ ਪੰਜਾਬ ਦੇ ਖਿਡਾਰੀਆਂ ਦੀ ਤੂਤੀ ਬੋਲਿਆ ਕਰਦੀ ਸੀ ਤੇ ਪੰਜਾਬ ਦੇਸ਼ ਦਾ ਮੋਹਰੀ ਸੂਬਾ ਰਿਹਾ, ਪਰ ਪਿਛਲੀਆਂ ਸਰਕਾਰਾਂ ਦੀਆਂ ਕੁੱਝ ਗਲਤ ਨੀਤੀਆਂ ਕਾਰਨ ਅੱਜ ਪੰਜਾਬ ਖੇਡਾਂ ਦੇ ਖੇਤਰ 'ਚ ਕਾਫੀ ਪੱਛੜ ਗਿਆ ਹੈ ਤੇ ਪੰਜਾਬ ਦੇ ਖੁੱਸੇ ਹੋਏ ਇਸ ਵੱਕਾਰ ਨੂੰ ਬਹਾਲ ਕਰਨ ਅਤੇ ਰਾਜ ਅੰਦਰ ਖੇਡ ਸੱਭਿਆਚਾਰ ਵਿਕਸਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਜਲਦ ਨਵੀਂ ਖੇਡ ਨੀਤੀ ਲਿਆਂਦੀ ਜਾ ਰਹੀ ਹੈ | ਇਹ ਖੁਲਾਸਾ ਉਨ੍ਹਾਂ ਅੱਜ ਇੱਥੇ 'ਅਜੀਤ' ਭਵਨ ਵਿਖੇ ਵਿਸ਼ੇਸ ਮੁਲਾਕਾਤ ਦੌਰਾਨ ਕਰਦਿਆਂ ਕਿਹਾ ਕਿ ਬਿਨਾਂ ਸ਼ੱਕ ਹਾਲ ਹੀ 'ਚ ਖਤਮ ਹੋਈਆਂ ਰਾਸ਼ਟਰ ਮੰਡਲ ਖੇਡਾਂ 'ਚ ਪੰਜਾਬ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਪਰ ਅਜੇ ਵੀ ਇਸ ਖੇਤਰ 'ਚ ਬਹੁਤ ਕੁੱਝ ਕੀਤਾ ਜਾਣਾ ਬਾਕੀ ਹੈ | ਉਨ੍ਹਾਂ ਕਿਹਾ ਕਿ ਨਵੀਂ ਨੀਤੀ 'ਚ ਖਿਡਾਰੀਆਂ ਨੂੰ ਛੋਟੀ ਉਮਰ ਤੋਂ ਹੀ ਵਿਸ਼ੇਸ਼ ਸਿਖਲਾਈ ਦੇਣ ਦਾ ਪ੍ਰਬੰਧ ਕੀਤੇ ਜਾਵੇਗਾ ਤੇ ਉਨ੍ਹਾਂ ਨੂੰ ਭਵਿੱਖ ਸੰਬੰਧੀ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਰਹੇਗੀ | ਮੀਤ ਹੇਅਰ ਨੇ ਕਿਹਾ ਕਿ ਸੂਬੇ ਅੰਦਰ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਤੇ ਇਹ ਪਹਿਲੀ ਵਾਰ ਹੋਇਆ ਹੈ ਕਿ ਰਾਸ਼ਟਰ ਮੰਡਲ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਕਦ ਰਾਸ਼ੀ ਇਨਾਮਾਂ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ, ਜਦਕਿ ਇਸ ਤੋਂ ਪਹਿਲਾਂ ਚੋਣ ਵਰ੍ਹੇ 'ਚ ਹੀ ਸਰਕਾਰਾਂ ਨੂੰ ਖਿਡਾਰੀਆਂ ਦੀ ਯਾਦ ਆਉਂਦੀ ਸੀ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵਲੋਂ 29 ਅਗਸਤ ਤੋਂ ਕਰਵਾਏ ਜਾ ਰਹੇ ਖੇਡ ਮੇਲੇ 'ਚ 28 ਤਰ੍ਹਾਂ ਦੀਆਂ ਖੇਡਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਤੇ ਇਨ੍ਹਾਂ ਮੁਕਾਬਲਿਆਂ 'ਚ 14 ਸਾਲ ਤੋਂ ਲੈ ਕੇ 50 ਸਾਲ ਤੋਂ ਉੱਪਰ ਤੱਕ ਖਿਡਾਰੀ ਹਿੱਸਾ ਲੈ ਸਕਣਗੇ | ਖੇਡ ਮੇਲੇ 'ਤੇ 30 ਕਰੋੜ ਰੁਪਏ ਖਰਚੇ ਜਾ ਰਹੇ ਹਨ ਤੇ 6 ਕਰੋੜ ਰੁਪਏ ਦੀ ਰਾਸ਼ੀ ਇਕੱਲੀ ਨਕਦ ਇਨਾਮਾਂ ਲਈ ਰੱਖੀ ਗਈ ਹੈ | ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਸਰਕਾਰ ਪਿੰਡਾਂ ਦੇ ਖੇਡ ਮੈਦਾਨਾਂ ਦੀ ਹਾਲਤ ਸੁਧਾਰਨ ਲਈ ਵੀ ਯਤਨਸ਼ੀਲ ਹੈ ਤੇ ਜਲਦ ਹੀ ਖੇਡ ਮੈਦਾਨਾਂ ਦੀ ਬਦਲੀ ਹੋਈ ਤਸਵੀਰ ਨਜ਼ਰ ਆਵੇਗੀ | ਉਚੇਰੀ ਸਿੱਖਿਆ 'ਚ ਸੁਧਾਰ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਸਰਕਾਰ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ ਤੇ ਸਰਕਾਰ ਦੀ ਨੀਤੀ ਰੁਜ਼ਗਾਰ ਪ੍ਰਾਪਤੀ ਵੱਲ ਸੇਧਿਤ ਹੋਵੇਗੀ | ਉਨ੍ਹਾਂ ਦੀ ਸੋਚ ਹੈ ਕਿ ਪੜ੍ਹਾਈ ਪੂਰੀ ਕਰਕੇ ਨੌਜਵਾਨ ਕੇਵਲ ਸਰਕਾਰੀ ਨੌਕਰੀਆਂ ਦੀ ਭਾਲ 'ਚ ਹੀ ਨਾ ਤੁਰੇ ਫਿਰਨ, ਸਗੋਂ ਉਹ ਅਜਿਹੀ ਸਿਖਲਾਈ ਲੈ ਕੇ ਆਪਣੇ ਪੈਰਾਂ 'ਤੇ ਹੀ ਖੜ੍ਹੇ ਨਾ ਹੋਣ, ਸਗੋਂ ਹੋਰਨਾਂ ਲਈ ਵੀ ਰੁਜ਼ਗਾਰ ਦਾ ਸਾਧਨ ਪੈਦਾ ਕਰਨ ਦੇ ਸਮਰੱਥ ਬਣਨ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਤੇ ਕਾਲਜਾਂ 'ਚ ਵਿਦਿਆਰਥੀਆਂ ਨੂੰ ਕਿੱਤਾਮੁਖੀ ਸਿਖਲਾਈ ਦੇਣ ਲਈ ਵਿਸ਼ੇਸ਼ ਕੋਰਸ ਸ਼ੁਰੂ ਕੀਤੇ ਜਾਣਗੇ ਤੇ ਇਸ ਸਬੰਧੀ ਜਲਦ ਹੀ ਰਾਜ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ 'ਚ ਖਾਲੀ ਪਈਆਂ ਪ੍ਰੋਫੈਸਰਾਂ ਅਤੇ ਲੈਕਚਰਾਰਾਂ ਦੀਆਂ ਆਸਾਮੀਆਂ ਭਰੀਆਂ ਜਾਣਗੀਆਂ | ਮਾਂ-ਬੋਲੀ ਪੰਜਾਬੀ ਦੀ ਬਿਹਤਰੀ ਲਈ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਉਨ੍ਹਾਂ ਕਿਹਾ ਕਿ ਰਾਜ ਦੇ ਸਰਕਾਰੀ ਤੇ ਗੈਰ ਸਰਕਾਰੀ ਬੋਰਡਾਂ 'ਤੇ ਪੰਜਾਬੀ ਨੂੰ ਪ੍ਰਮੁੱਖਤਾ ਦੇਣ ਸੰਬੰਧੀ ਬਾਕਾਇਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ ਤੇ ਇਸ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਲਦ ਹੀ ਰਾਜ ਭਰ ਅੰਦਰ ਵਿਸ਼ੇਸ਼ ਮੁਹਿੰਮ ਆਰੰਭੀ ਜਾਵੇਗੀ | ਇਕ ਵਾਰ ਵਰਤੀ ਜਾਣ ਵਾਲੇ ਪਲਾਸਟਿਕ ਦੇ ਮਾਮਲੇ 'ਚ ਵੀ ਸਰਕਾਰ ਦੇ ਸਖਤ ਰੁਖ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਕੇਵਲ ਛੋਟੇ ਦੁਕਾਨਦਾਰਾਂ ਖਿਲਾਫ ਹੀ ਕਾਰਵਾਈ ਨਹੀਂ ਕੀਤੀ ਜਾ ਰਹੀ ਬਲਕਿ ਵੱਡੀਆਂ-ਵੱਡੀਆਂ ਕੰਪਨੀਆਂ ਖਿਲਾਫ ਵੀ ਸਖਤ ਰੁਖ ਅਪਣਾਇਆ ਜਾ ਰਿਹਾ ਹੈ ਅਤੇ ਕਿਸੇ ਨੂੰ ਵੀ ਰਿਆਇਤ ਨਹੀਂ ਦਿੱਤੀ ਜਾਵੇਗੀ | ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਨੂੰ ਸੰਤੁਸ਼ਟੀਜਨਕ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਆਰਥਿਕ ਸੰਕਟ ਦੇ ਬਾਵਜੂਦ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ ਤੇ ਰਹਿੰਦੀਆਂ ਗਾਰੰਟੀਆਂ ਨੂੰ ਵੀ ਜਲਦ ਪੂਰਾ ਕੀਤਾ ਜਾਵੇਗਾ |
ਪੰਜਾਬ ਕੈਬਨਿਟ ਵਲੋਂ ਮਾਈਨਿੰਗ ਨੀਤੀ 'ਚ ਸੋਧ ਮਨਜ਼ੂਰ
ਹਰਕਵਲਜੀਤ ਸਿੰਘ
ਚੰਡੀਗੜ੍ਹ, 11 ਅਗਸਤ- ਪੰਜਾਬ ਮੰਤਰੀ ਮੰਡਲ ਦੀ ਅੱਜ ਇਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਨੇ ਮਾਈਨਿੰਗ 'ਚ ਸੋਧਾਂ, ਨਵੀਂ ਕਰੈਸ਼ਰ ਨੀਤੀ, ਗੈੱਸਟ ਲੈਕਚਰਾਰਾਂ ਲਈ ਛੁੱਟੀਆਂ ਦੀ ਸਹੂਲਤ ਵਧਾਉਣ, ਨਰਮਾ ਮਜ਼ਦੂਰਾਂ ਨੂੰ ਰਾਹਤ ਦੇਣ ਅਤੇ ਕੈਦੀਆਂ ਦੀ ਰਿਹਾਈ ਲਈ ਸਿਫ਼ਾਰਸ਼ਾਂ ਸਮੇਤ ਕਈ ਅਹਿਮ ਫ਼ੈਸਲਿਆਂ ਨੂੰ ਪ੍ਰਵਾਨਗੀਆਂ ਦਿੱਤੀਆਂ | ਬੈਠਕ ਤੋਂ ਬਾਅਦ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਹੁਣ ਸੋਧੀ ਮਾਈਨਿੰਗ ਨੀਤੀ ਅਧੀਨ ਰੇਤ 9 ਰੁਪਏ ਤੇ ਬਜਰੀ 20 ਰੁਪਏ ਪ੍ਰਤੀ ਕਿਊਬਿਕ ਫੁੱਟ ਮਿਲੇਗੀ | ਉਨ੍ਹਾਂ ਕਿਹਾ ਕਿ ਮਗਰਲੀ ਸਰਕਾਰ ਵਲੋਂ ਰੇਤ ਦਾ ਭਾਅ 5:50 ਰੁਪਏ ਕਰਨ ਦਾ ਜੋ ਐਲਾਨ ਕੀਤਾ ਸੀ, ਉਸ ਭਾਅ 'ਤੇ ਰੇਤ ਤਾਂ ਕਿਸੇ ਨੂੰ ੂ ਕਦੀ ਮਿਲੀ ਨਹੀਂ, ਪਰ ਸਰਕਾਰ ਨੂੰ ਮਿਲਦੀ ਰਾਇਲਟੀ ਜ਼ਰੂਰ ਖ਼ਤਮ ਹੋ ਗਈ ਸੀ | ਉਨ੍ਹਾਂ ਕਿਹਾ ਕਿ ਸਰਕਾਰ ਹੁਣ ਯਕੀਨੀ ਬਣਾਏਗੀ ਕਿ ਰੇਤ 9 ਰੁਪਏ ਵਿਚ ਹੀ ਮਿਲੇ, ਜਦੋਂ ਕਿ ਢੁਆਈ ਦਾ ਭਾੜਾ ਇਸ ਤੋਂ ਇਲਾਵਾ ਹੋਵੇਗਾ | ਸਰਕਾਰ ਭਾੜਿਆਂ ਨੂੰ ਨਿਯਮਤ ਰੱਖਣ ਲਈ ਵੀ ਕਦਮ ਚੁੱਕੇਗੀ | ਬੈਂਸ ਨੇ ਕਿਹਾ ਕਿ ਪਹਿਲੀ ਵਾਰ ਜ਼ਿਲ੍ਹਾ ਪੱਧਰ 'ਤੇ ਮੌਨਸੂਨ ਤੋਂ ਪਹਿਲਾਂ ਤੇ ਬਾਅਦ 'ਚ ਇਕ ਗੈਰ ਸਰਕਾਰੀ ਏਜੰਸੀ ਤੋਂ ਰੇਤ ਦੀ ਉਪਲਬਧਤਾ ਸੰਬੰਧੀ ਸਰਵੇ ਕਰਵਾਇਆ ਜਾਏਗਾ ਅਤੇ ਉਸ ਅਨੁਸਾਰ ਖਣਨ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸਰਕਾਰ ਦੀ ਰਾਇਲਟੀ 2 ਰੁਪਏ 40 ਪੈਸੇ ਹੋਵੇਗੀ | ਪਹਿਲੀ ਵਾਰ ਹੁਣ ਠੇਕੇਦਾਰਾਂ ਦੇ ਬੰਦਿਆਂ ਦੀ ਥਾਂ ਸਰਕਾਰ ਵਲੋਂ ਆਪਣੇ ਬੰਦੇ ਨਾਕਿਆਂ 'ਤੇ ਬਿਠਾਏ ਜਾਣਗੇ ਅਤੇ ਗੈਰ ਕਾਨੂੰਨੀ ਮਾਈਨਿੰਗ ਨੂੰ ਪੂਰੀ ਤਰ੍ਹਾਂ ਨੱਥ ਪਾਈ ਜਾਵੇਗੀ | ਹਰਜੋਤ ਬੈਂਸ ਨੇ ਕਿਹਾ ਕਿ 70 ਪ੍ਰਤੀਸ਼ਤ ਲੋਕ ਰੇਤ ਤੇ ਬਜਰੀ ਕਰੈਸ਼ਰਾਂ ਰਾਹੀਂ ਪ੍ਰਾਪਤ ਕਰਦੇ ਹਨ, ਪਰ ਇਨ੍ਹਾਂ ਲਈ ਅਜੇ ਤੱਕ ਕੋਈ ਨੀਤੀ ਹੀ ਨਹੀਂ ਸੀ | ਅੱਜ ਮੰਤਰੀ ਮੰਡਲ ਵਲੋਂ ਪ੍ਰਵਾਨ ਕੀਤੀ ਨਵੀਂ ਨੀਤੀ ਅਨੁਸਾਰ ਕਰੈਸ਼ਰ ਦੀ ਰਜਿਸਟੇ੍ਰਸ਼ਨ 10 ਹਜ਼ਾਰ ਤੋਂ ਵਧਾ ਕੇ ਇਕ ਲੱਖ ਰੁਪਏ ਕਰ ਦਿੱਤੀ ਗਈ ਹੈ ਅਤੇ ਸਕਿਉਰਿਟੀ ਦੀ ਰਾਸ਼ੀ ਵੀ 3 ਲੱਖ ਤੋਂ ਵਧਾ ਕੇ 5 ਲੱਖ ਰੁਪਏ ਹੋ ਗਈ ਹੈ | ਕਰੈਸ਼ਰ ਹੁਣ 5 ਹੈਕਟੇਅਰ ਤੱਕ ਜ਼ਮੀਨ ਮਾਲ ਕੱਢਣ ਲਈ ਲੀਜ਼ 'ਤੇ ਲੈ ਸਕਣਗੇ | ਕਰੈਸ਼ਰ ਨੂੰ ਮਹੀਨੇਵਾਰ ਰਿਟਰਨ ਭਰਨੀ ਪਵੇਗੀ ਅਤੇ ਪ੍ਰਾਪਤ ਸਰੋਤਾਂ ਪ੍ਰਤੀ ਵਧੇਰੇ ਸਮੱਗਰੀ 'ਤੇ ਜੁਰਮਾਨਾ ਦੇਣਾ ਪਵੇਗਾ | ਕਰੈਸ਼ਰ ਲਈ ਸੀ.ਸੀ.ਟੀ.ਵੀ. ਕੈਮਰੇ ਤੋਂ ਇਲਾਵਾ ਭਾਰ ਤੋਲਣ ਵਾਲਾ ਕੰਡਾ ਲਗਾਉਣਾ ਵੀ ਜ਼ਰੂਰੀ ਹੋਵੇਗਾ | ਹਰਜੋਤ ਬੈਂਸ ਨੇ ਦੱਸਿਆ ਕਿ ਨਵੇਂ ਫ਼ੈਸਲਿਆਂ ਅਨੁਸਾਰ ਘਰੇਲੂ ਵਰਤੋਂ ਲਈ ਖ਼ੁਦ ਤਿੰਨ ਫੁੱਟ ਤੱਕ ਮਿੱਟੀ ਸਹੂਲਤ ਨੂੰ ਆਸਾਨ ਬਣਾਉਣ ਲਈ ਇਸ ਮਿੱਟੀ ਦੀ ਪੁਟਾਈ ਮਸ਼ੀਨਾਂ ਨਾਲ ਕਰਨ ਦੀ ਸਹੂਲਤ ਦੇਣ ਦਾ ਫ਼ੈਸਲਾ ਲਿਆ ਹੈ ਪਰ ਇਸ ਲਈ ਸਰਕਾਰ ਤੋਂ ਪਹਿਲਾਂ ਇਜਾਜ਼ਤ ਪ੍ਰਾਪਤ ਕਰਨੀ ਹੋਵੇਗੀ | ਉਨ੍ਹਾਂ ਦਾਅਵਾ ਕੀਤਾ ਕਿ ਹੁਣ ਲੋਕਾਂ ਨੂੰ ਰੇਤ ਬਜਰੀ ਸਸਤੀ ਮਿਲਣ ਨਾਲ ਮਾਲੀਆ ਵੀ ਵੱਧ ਮਿਲ ਸਕੇਗਾ |
ਕੈਦੀਆਂ ਨੂੰ ਛੋਟ
ਮੰਤਰੀ ਮੰਡਲ ਵਲੋਂ ਵਿਧਾਨ ਦੀ ਧਾਰਾ 63 ਅਧੀਨ ਜੇਲ੍ਹਾਂ ਵਿਚ ਬੰਦ 23 ਕੈਦੀਆਂ ਨੂੰ ਛੋਟਾਂ ਦੇ ਕੇ ਉਨ੍ਹਾਂ ਦੀ ਰਿਹਾਈ ਲਈ ਸਿਫ਼ਾਰਸ਼ਾਂ ਰਾਜਪਾਲ ਨੂੰ ਭੇਜਣ ਦਾ ਫ਼ੈਸਲਾ ਵੀ ਲਿਆ |
ਨਰਮਾ ਮਜ਼ਦੂਰਾਂ ਨੂੰ ਰਾਹਤ ਲਈ ਤਰਮੀਮ
ਨਰਮੇ ਦੀ ਫ਼ਸਲ ਦੇ ਗੁਲਾਬੀ ਸੁੰਡੀ ਕਾਰਨ ਹੋਏ ਨੁਕਸਾਨ ਸੰਬੰਧੀ ਰਾਹਤ ਨੀਤੀ ਵਿਚ ਤਰਮੀਮ ਕਰਨ ਦਾ ਵੀ ਫ਼ੈਸਲਾ ਲਿਆ ਗਿਆ ਤਾਂ ਜੋ ਨਰਮਾ ਮਜ਼ਦੂਰਾਂ ਨੂੰ ਵੀ ਰਾਹਤ ਮਿਲ ਸਕੇ | ਇਸ ਮੰਤਵ ਲਈ ਪਟਵਾਰੀ ਤਸਦੀਕ ਕਰਨਗੇ ਕਿ ਲਾਭਪਾਤਰੀ ਕੋਲ ਖੇਤੀਯੋਗ ਜ਼ਮੀਨ ਨਹੀਂ ਅਤੇ ਖੇਤੀ ਐਕਸਟੈਨਸ਼ਨ ਅਧਿਕਾਰੀ ਸੂਚੀਆਂ ਬਣਾਉਣਗੇ ਅਤੇ ਇਹ ਨੀਤੀ ਖ਼ਰੀਫ਼ 2021 ਤੋਂ ਬਾਅਦ ਲਾਗੂ ਸਮਝੀ ਜਾਵੇਗੀ |
ਸਿੱਖਿਆ ਤੇ ਸਿਹਤ ਫ਼ੰਡ
ਮੰਤਰੀ ਮੰਡਲ ਨੇ ਗੈਰ ਸਰਕਾਰੀ ਤੇ ਵਲੰਟਰੀ ਸੰਸਥਾਵਾਂ ਤੋਂ ਸਿੱਖਿਆ ਤੇ ਸਿਹਤ ਖੇਤਰ ਲਈ ਫ਼ੰਡ ਪ੍ਰਾਪਤ ਕਰਨ ਹਿੱਤ ਇਕ ਫ਼ੰਡ ਕਾਇਮ ਕਰਨ ਲਈ ਵੀ ਹਰੀ ਝੰਡੀ ਦੇ ਦਿੱਤੀ, ਜਿਸ ਦੇ ਚੇਅਰਮੈਨ ਮੁੱਖ ਮੰਤਰੀ ਤੇ ਮੈਂਬਰ ਸਕੱਤਰ ਰਾਜ ਦੇ ਮੁੱਖ ਸਕੱਤਰ ਹੋਣਗੇ | ਰਾਜ ਦੇ ਸਿਹਤ ਮੰਤਰੀ, ਮੈਡੀਕਲ ਸਿੱਖਿਆ ਮੰਤਰੀ, ਸਕੂਲ ਤੇ ਉੱਚੇਰੀ ਸਿੱਖਿਆ ਮੰਤਰੀ ਅਤੇ ਤਕਨੀਕੀ ਸਿੱਖਿਆ ਮੰਤਰੀ ਫੰਡ ਦੇ ਟਰੱਸਟੀ ਹੋਣਗੇ |
ਗੈੱਸਟ ਫੈਕਲਟੀ ਲੈਕਚਰਾਰਾਂ ਨੂੰ ਛੁੱਟੀ ਦੀ ਸਹੂਲਤ
ਮੰਤਰੀ ਮੰਡਲ ਵਲੋਂ ਗੈੱਸਟ ਫੈਕਲਟੀ ਪਾਰਟਟਾਈਮ ਲੈਕਚਰਾਰਾਂ ਦੀਆਂ ਛੁੱਟੀਆਂ ਮੌਜੂਦਾ ਸਹੂਲਤਾਂ ਤੋਂ ਇਲਾਵਾ ਕਮਾਈ ਛੁੱਟੀ, ਅੱਧੀ ਤਨਖ਼ਾਹ ਵਾਲੀ ਛੁੱਟੀ ਅਤੇ ਅਸਾਧਾਰਨ ਛੁੱਟੀ ਦੀ ਸਹੂਲਤ ਦੇਣ ਦਾ ਵੀ ਫ਼ੈਸਲਾ ਲਿਆ ਹੈ |
ਅੰਮਿ੍ਤਸਰ-ਕਲਕੱਤਾ ਕਾਰੀਡੋਰ ਅਧੀਨ ਸਮਝੌਤਾ ਪ੍ਰਵਾਨ
ਮੰਤਰੀ ਮੰਡਲ ਵਲੋਂ ਅੱਜ ਅੰਮਿ੍ਤਸਰ-ਕਲਕੱਤਾ ਸਨਅਤੀ ਕਾਰੀਡੋਰ ਅਧੀਨ ਕਲਸਟਰ ਮੈਨੂਫੈਕਚਰਿੰਗ ਲਈ ਸਮਝੌਤਿਆਂ ਨੂੰ ਪ੍ਰਵਾਨਗੀ ਦੇ ਦਿੱਤੀ, ਜਿਸ ਅਧੀਨ 32,724 ਨਵੇਂ ਸਨਅਤੀ ਤੇ 14,880 ਗੈਰ ਸਨਅਤੀ ਰੁਜ਼ਗਾਰ ਪੈਦਾ ਹੋਣਗੇ |
ਨਵੀਂ ਦਿੱਲੀ, 11 ਅਗਸਤ (ਉਪਮਾ ਡਾਗਾ ਪਾਰਥ)-ਨਵੇਂ ਚੁਣੇ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਵੀਰਵਾਰ ਨੂੰ ਭਾਰਤ ਦੇ 14ਵੇਂ ਉਪ-ਰਾਸ਼ਟਰਪਤੀ ਵਜੋਂ ਸਹੁੰ ਚੁੱਕੀ | ਰਾਸ਼ਟਰਪਤੀ ਭਵਨ 'ਚ ਹੋਏ ਇਕ ਪ੍ਰੋਗਰਾਮ 'ਚ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਉਨ੍ਹਾਂ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ | ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਨੇਤਾ ਮੌਜੂਦ ਸਨ | ਜਗਦੀਪ ਧਨਖੜ ਦੇਸ਼ ਦੇ ਨਵੇਂ ਉਪ-ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਵਜੋਂ ਐਮ. ਵੈਂਕਈਆ ਨਾਇਡੂ ਦੀ ਥਾਂ ਲੈਣਗੇ | ਨਾਇਡੂ ਦਾ ਕਾਰਜਕਾਲ 10 ਅਗਸਤ ਨੂੰ ਪੂਰਾ ਹੋ ਗਿਆ ਸੀ | ਧਨਖੜ ਦੇ ਰਾਜ ਸਭਾ ਦੇ ਚੇਅਰਮੈਨ, ਜੋ ਭੂਮਿਕਾ ਉਪ-ਰਾਸ਼ਟਰਪਤੀ ਹੀ ਨਿਭਾਉਂਦਾ ਹੈ, ਬਣਨ ਤੋਂ ਬਾਅਦ ਸੰਸਦ ਦੇ ਦੋਵਾਂ ਸਦਨਾਂ 'ਚ ਅਗਵਾਈ ਹੁਣ ਰਾਜਸਥਾਨ ਨਾਲ ਤਾਲੁਕ ਰੱਖਣ ਵਾਲੇ ਆਗੂ ਹੀ ਕਰਨਗੇ | ਜਿਥੇ ਧਨਖੜ ਰਾਜਸਥਾਨ ਦੇ ਝੁਨਝਨੂ ਤੋਂ ਹਨ, ਉਥੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਵੀ ਰਾਜਸਥਾਨ ਦੇ ਕੋਟਾ ਤੋਂ ਹਨ | ਸਹੁੰ ਚੁੱਕ ਸਮਾਗਮ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਸਾਬਕਾ ਉਪ-ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਤੇ ਐਮ. ਹਾਮਿਦ ਅੰਸਾਰੀ ਅਤੇ ਕੇਂਦਰੀ ਮੰਤਰੀ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਰਮਲਾ ਸੀਤਾਰਮਨ, ਨਿਤਿਨ ਗਡਕਰੀ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ | ਸਵੇਰ ਸਮੇਂ ਧਨਖੜ ਮਹਾਤਮਾ ਗਾਂਧੀ ਦੀ ਯਾਦਗਾਰ ਰਾਜਘਾਟ ਗਏ ਤੇ ਸ਼ਰਧਾਂਜਲੀ ਭੇਟ ਕੀਤੀ | ਉਨ੍ਹਾਂ ਉਦੋਂ ਟਵੀਟ ਕੀਤਾ ਕਿ ਭਾਰਤ ਦੀ ਸੇਵਾ 'ਚ ਰਹਿਣ ਲਈ ਅਸ਼ੀਰਵਾਦ ਪ੍ਰਾਪਤ ਕੀਤਾ | ਜ਼ਿਕਰਯੋਗ ਹੈ ਕਿ 6 ਅਗਸਤ ਨੂੰ ਹੋਈਆਂ ਉਪ-ਰਾਸ਼ਟਰਪਤੀ ਦੀਆਂ ਚੋਣਾਂ 'ਚ ਧਨਖੜ ਨੇ ਵਿਰੋਧੀ ਧਿਰ ਦੀ ਉਮੀਦਵਾਰ ਮਾਰਗਰੇਟ ਅਲਵਾ ਨੂੰ ਹਰਾਇਆ ਸੀ | ਧਨਖੜ ਨੂੰ 528 ਜਦਕਿ ਅਲਵਾ ਨੂੰ 182 ਵੋਟ ਮਿਲੇ ਸਨ |
ਚੰਡੀਗੜ੍ਹ, 11 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)- ਪੰਜਾਬ ਸਰਕਾਰ ਵਲੋਂ ਆਖ਼ਰਕਾਰ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਰਾਜ ਬਹਾਦਰ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਹੈ | ਸੂਤਰਾਂ ਅਨੁਸਾਰ ਮੁੱਖ ਮੰਤਰੀ ਦਫ਼ਤਰ ਵਲੋਂ ਅਸਤੀਫ਼ਾ ਮਨਜ਼ੂਰ ਕਰਕੇ ਫਾਈਲ ਨੂੰ ਅਗਲੀ ਕਾਰਵਾਈ ਲਈ ਪੰਜਾਬ ਦੇ ਰਾਜਪਾਲ ਨੂੰ ਭੇਜ ਦਿੱਤਾ ਹੈ | ਪਿਛਲੇ ਦਿਨੀਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਦੌਰੇ ਸਮੇਂ ਮਰੀਜ਼ਾਂ ਲਈ ਰੱਖੇ ਬੈੱਡ 'ਤੇ ਗੰਦਾ ਗੱਦਾ ਦੇਖ ਕੇ ਭੜਕ ਉਠੇ ਸਨ ਤੇ ਡਾ. ਰਾਜ ਬਹਾਦਰ ਨੂੰ ਗੰਦੇ ਗੱਦੇ 'ਤੇ ਲੇਟਣ ਲਈ ਕਿਹਾ ਸੀ, ਜਿਸ ਦੀ ਵੀਡੀਓ ਵਾਇਰਲ ਹੋ ਗਈ | ਇਸ ਤੋਂ ਬਾਅਦ ਡਾ. ਰਾਜ ਬਹਾਦਰ ਨੇ ਅਗਲੇ ਦਿਨ ਹੀ ਆਪਣਾ ਅਸਤੀਫ਼ਾ ਸਰਕਾਰ ਨੂੰ ਭੇਜ ਦਿੱਤਾ | ਇਸ ਘਟਨਾ ਨੂੰ ਲੈ ਕੇ ਕਾਫ਼ੀ ਵਿਵਾਦ ਵੀ ਹੋਇਆ ਅਤੇ ਵਿਰੋਧੀ ਪਾਰਟੀਆਂ ਵਲੋਂ ਸਰਕਾਰ ਦੇ ਕੰਮ ਕਰਨ ਦੇ ਤਰੀਕੇ 'ਤੇ ਸਵਾਲ ਚੁੱਕੇ ਗਏ | ਕਈ ਮੈਡੀਕਲ ਐਸੋਸੀਏਸ਼ਨਾਂ ਨੇ ਸਿਹਤ ਮੰਤਰੀ ਦੇ ਅਜਿਹੇ ਵਿਵਹਾਰ ਦੀ ਨਿੰਦਾ ਵੀ ਕੀਤੀ | ਡਾ. ਰਾਜ ਬਹਾਦਰ ਦੇਸ਼ ਦੇ ਮੰਨੇ ਹੋਏ ਸਰਜਨ ਹਨ | ਸਰਕਾਰ ਵਲੋਂ ਡਾ. ਰਾਜ ਬਹਾਦਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਉਨ੍ਹਾਂ ਨੇ ਆਪਣਾ ਅਸਤੀਫ਼ਾ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ | ਇਸ ਸੰਬੰੰਧੀ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਡਾ. ਰਾਜ ਬਹਾਦਰ ਦਾ ਅਸਤੀਫ਼ਾ ਸਰਕਾਰ ਵਲੋਂ ਮਨਜ਼ੂਰ ਕਰ ਲਿਆ ਗਿਆ ਹੈ ਤੇ ਇਸ ਅਸਤੀਫ਼ੇ ਨੂੰ ਸਿਹਤ ਮੰਤਰੀ ਵਾਲੀ ਘਟਨਾ ਨਾਲ ਜੋੜ ਕੇ ਨਾ ਦੇਖਿਆ ਜਾਵੇ ਕਿਉਂਕਿ ਡਾ. ਰਾਜ ਬਹਾਦਰ ਇਨ੍ਹਾਂ ਸੇਵਾਵਾਂ ਨੂੰ ਅੱਗੇ ਜਾਰੀ ਨਹੀਂ ਰੱਖਣਾ ਚਾਹੁੰਦੇ | ਉਨ੍ਹਾਂ ਕਿਹਾ ਕਿ ਜਲਦ ਨਵੇਂ ਉਪ ਕੁਲਪਤੀ ਦੀ ਨਿਯੁਕਤੀ ਕਰ ਦਿੱਤੀ ਜਾਵੇਗੀ |
ਅਕਾਲੀ ਦਲ ਦੇ ਪ੍ਰਧਾਨ ਦਾ ਅਸਤੀਫ਼ਾ ਲੈਣ ਦੀ ਝੂੰਦਾਂ ਕਮੇਟੀ 'ਚ ਕੋਈ ਸਿਫ਼ਾਰਸ਼ ਨਹੀਂ-ਵਲਟੋਹਾ
ਪਾਰਟੀ ਪਲੇਟਫ਼ਾਰਮ ਤੋਂ ਬਾਹਰ ਗੱਲ ਕਰਨ ਵਾਲੇ ਆਗੂਆਂ 'ਤੇ ਹੋਵੇਗੀ ਜ਼ਾਬਤਾ ਕਾਰਵਾਈ
ਪ੍ਰੋ: ਅਵਤਾਰ ਸਿੰਘ
ਚੰਡੀਗੜ੍ਹ, 11 ਅਗਸਤ- ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਭੰਗ ਕੀਤੇ ਜਥੇਬੰਦਕ ਢਾਂਚੇ ਤੋਂ ਬਾਅਦ ਵੀ ਅੱਜ ਪੁਰਾਣੇ ਜ਼ਿਲ੍ਹਾ ਪ੍ਰਧਾਨਾਂ ਦੀ ਇਕ ਮੀਟਿੰਗ ਖ਼ੁਦ ਲਈ ਗਈ | ਸਪਸ਼ੱਟ ਇਹ ਨਹੀਂ ਹੋ ਰਿਹਾ ਸੀ ਕਿ ਜੋ ਜ਼ਿਲ੍ਹਾ ਪ੍ਰਧਾਨ ਪਹਿਲਾਂ ਭੰਗ ਕਰ ਦਿੱਤੇ ਗਏ ਸਨ, ਉਨ੍ਹਾਂ ਦੀ ਮੀਟਿੰਗ ਕੀ ਦੁਬਾਰਾ ਬੁਲਾਈ ਜਾ ਸਕਦੀ ਹੈ? ਪਰ ਕੁਝ ਪਾਰਟੀ ਆਗੂਆਂ ਦਾ ਕਹਿਣਾ ਸੀ ਕਿ ਨਵਾਂ ਢਾਂਚਾ ਬਣਨ ਤੱਕ ਇਹ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਹਨ | ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਰਸਾ ਸਿੰਘ ਵਲਟੋਹਾ ਨੇ ਦਾਅਵਾ ਕੀਤਾ ਕਿ ਝੂੰਦਾਂ ਕਮੇਟੀ ਦੀ ਰਿਪੋਰਟ ਵਿਚ ਕਿਤੇ ਵੀ ਪ੍ਰਧਾਨ ਦੇ ਅਸਤੀਫ਼ਾ ਦੀ ਗੱਲ ਨਹੀਂ ਕਹੀ ਗਈ | ਹਾਲਾਂਕਿ ਪਾਰਟੀ ਦੇ ਕਈ ਸੀਨੀਅਰ ਨੇਤਾ ਜਨਤਕ ਤੌਰ 'ਤੇ ਇਹ ਕਹਿ ਚੁੱਕੇ ਹਨ ਕਿ ਝੂੰਦਾਂ ਕਮੇਟੀ ਵਲੋਂ ਪਾਰਟੀ 'ਚ ਉੱਪਰ ਤੋਂ ਲੈ ਕੇ ਥੱਲ੍ਹੇ ਤੱਕ ਤਬਦੀਲੀਆਂ ਲਈ ਕਿਹਾ ਗਿਆ ਹੈ, ਜਿਸ 'ਚ ਪ੍ਰਧਾਨ ਵੀ ਸ਼ਾਮਿਲ ਹਨ | ਮੀਟਿੰਗ ਉਪਰੰਤ ਸ. ਵਲਟੋਹਾ ਜੋ ਅਕਾਲੀ ਦਲ ਪ੍ਰਧਾਨ ਦੇ ਵਿਸ਼ਵਾਸਪਾਤਰ ਮੰਨੇ ਜਾਂਦੇ ਹਨ, ਨੇ ਇਹ ਵੀ ਕਿਹਾ ਕਿ ਪਾਰਟੀ ਪਲੇਟਫ਼ਾਰਮ ਤੋਂ ਬਾਹਰ ਜੋ ਵੀ ਆਗੂ ਪਾਰਟੀ ਮੁੱਦਿਆਂ 'ਤੇ ਗੱਲ ਕਰੇਗਾ, ਉਸ ਵਿਰੁੱਧ ਸਖ਼ਤ ਅਨਸ਼ਾਸਨੀ ਕਾਰਵਾਈ ਕੀਤੀ ਜਾਵੇਗੀ | ਪਰ ਸਪੱਸ਼ਟ ਇਹ ਨਹੀਂ ਹੈ ਕਿ ਪਾਰਟੀ ਢਾਂਚਾ ਭੰਗ ਹੋਣ ਤੋਂ ਬਾਅਦ ਪਾਰਟੀ ਦਾ ਕਿਹੜਾ ਪਲੇਟਫ਼ਾਰਮ ਬਾਕੀ ਰਹਿ ਗਿਆ ਹੈ, ਜਿੱਥੇ ਪਾਰਟੀ ਨਾਲ ਸੰਬਿੰਧਤ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਹੋ ਸਕਦਾ ਹੈ | ਸ. ਵਲਟੋਹਾ ਨੇ ਮਨਪ੍ਰੀਤ ਸਿੰਘ ਇਯਾਲੀ ਦਾ ਨਾਂਅ ਲਏ ਬਿਨਾਂ ਕਿਹਾ ਕਿ ਰਾਸ਼ਟਰਪਤੀ ਦੀ ਚੋਣ ਲਈ ਸਾਡੇ ਇਕ ਸੱਜਣ ਨੇ ਬਾਈਕਾਟ ਕੀਤਾ ਸੀ, ਜੋ ਹੁਣ ਦਿੱਲੀ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਕੋਲ ਪਿਛਲੇ ਦੋ ਦਿਨ ਤੋਂ ਬੈਠੇ ਹੋਏ ਹਨ | ਜਦੋਂ ਕਿ ਪਤਾ ਲੱਗਾ ਹੈ ਕਿ ਸ. ਇਯਾਲੀ ਆਪਣੀ ਪਤਨੀ ਨੂੰ ਦਿੱਲੀ ਏਅਰਪੋਰਟ ਤੋਂ ਲੈਣ ਗਏ ਹੋਏ ਸਨ, ਜੋ ਵਿਦੇਸ਼ ਤੋਂ ਪਰਤੇ ਹਨ | ਇਸ ਮੌਕੇ 'ਤੇ ਸ.ਵਲਟੋਹਾ ਨੇ ਕਿਹਾ ਕਿ ਅੱਜ ਦੀ ਮੀਟਿੰਗ 'ਚ ਸਿਰਫ਼ ਤਿੰਨ ਜ਼ਿਲ੍ਹਾ ਪ੍ਰਧਾਨ ਵਿਦੇਸ਼ ਗਏ ਹੋਣ ਕਰਕੇ ਹਾਜ਼ਰ ਨਹੀਂ ਹੋ ਸਕੇ, ਬਾਕੀ ਸਾਰੇ ਇਹ ਜੋ ਪੱਤਰਕਾਰ ਸੰਮੇਲਨ ਦੌਰਾਨ ਹਾਜ਼ਰ ਹਨ, ਇਨ੍ਹਾਂ ਸਾਰਿਆਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਪੂਰਨ ਭਰੋਸਾ ਪ੍ਰਗਟਾਇਆ ਹੈ | ਨਾਲ ਹੀ ਵਲਟੋਹਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੀ ਤੇ ਹੁਣ ਹਨ ਤੇ ਅੱਗੇ ਤੋਂ ਵੀ ਇਹੋ ਹੀ ਰਹਿਣਗੇ | ਸਿਮਰਨਜੀਤ ਸਿੰਘ ਮਾਨ ਬਾਰੇ ਸ. ਵਲਟੋਹਾ ਨੇ ਕਿਹਾ ਗੱਲ ਬੰਦੀ ਸਿੰਘਾਂ ਦੀ ਕਰਦੇ ਹਨ ਪ੍ਰੰਤੂ ਰਾਸ਼ਟਰਪਤੀ ਦੀ ਚੋਣ ਲਈ ਵੋਟ ਕਾਂਗਰਸ ਦੇ ਉਮੀਦਵਾਰ ਨੂੰ ਪਾ ਕੇ ਆਏ ਹਨ | ਇਸ ਮੌਕੇ ਸਮੀਖਿਆ ਕਮੇਟੀ ਦੇ ਕਨਵੀਨਰ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਕੇਂਦਰ ਸਰਕਾਰ ਸ਼ੋ੍ਰਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ | ਦਿੱਲੀ 'ਚ ਸ਼ੋ੍ਰਮਣੀ ਅਕਾਲੀ ਦਲ ਦਾ ਇਕ ਵੱਖਰਾ ਵਿੰਗ ਬਣ ਗਿਆ, ਜੋ ਭਾਜਪਾ ਦੀ ਛਤਰ ਛਾਇਆ ਹੇਠ ਚੱਲ ਰਿਹਾ ਹੈ ਤੇ ਇਸੇ ਤਰ੍ਹਾਂ ਪੰਜਾਬ 'ਚ ਭਾਜਪਾ ਦੇ ਮਨਸੂਬੇ ਸਫ਼ਲ ਨਹੀਂ ਹੋਣ ਦਿੱਤੇ ਜਾਣਗੇ | ਉਨ੍ਹਾਂ ਕਿਹਾ ਅਸੀਂ ਮੰਨਦੇ ਹਾਂ ਕਿ ਬੀਤੇ ਸਮੇਂ 'ਚ ਸ਼ੋ੍ਰਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਲੋਂ ਗ਼ਲਤੀਆਂ ਹੋਈਆਂ ਹਨ | ਇਨ੍ਹਾਂ ਨੂੰ ਠੀਕ ਕੀਤਾ ਜਾਵੇਗਾ ਤੇ ਆਉਂਦੇ ਦਿਨਾਂ 'ਚ ਅਕਾਲੀ ਦਲ 'ਚ ਵੱਡੀਆਂ ਤਬਦੀਲੀਆਂ ਹੋਣਗੀਆਂ | ਇਹ ਵੀ ਪਤਾ ਲੱਗਾ ਹੈ ਕਿ ਮੀਟਿੰਗ 'ਚ ਕੁਝ ਮੈਂਬਰਾਂ ਵਲੋਂ ਜਗਮੀਤ ਸਿੰਘ ਬਰਾੜ ਦੀ ਵੀ ਪਾਰਟੀ ਵਿਰੋਧੀ ਬਿਆਨਬਾਜ਼ੀ ਕਰਨ ਲਈ ਆਲੋਚਨਾ ਕੀਤੀ ਗਈ ਤੇ ਕਿਹਾ ਕਿ ਇਨ੍ਹਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਨਾ ਹੀ ਗ਼ਲਤ ਫ਼ੈਸਲਾ ਸੀ, ਜਿਸ 'ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਨ੍ਹਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਨ ਲਈ ਮੈਂ ਮੁਆਫ਼ੀ ਮੰਗਦਾ ਹਾਂ | ਮੀਟਿੰਗ 'ਚ ਬੀਬੀ ਜਗੀਰ ਕੌਰ, ਬਲਵਿੰਦਰ ਸਿੰਘ ਭੂੰਦੜ, ਸਿਕੰਦਰ ਸਿੰਘ ਮਲੂਕਾ, ਡਾ. ਦਲਜੀਤ ਸਿੰਘ ਚੀਮਾ, ਚਰਨਜੀਤ ਸਿੰਘ ਬਰਾੜ ਆਦਿ ਸੀਨੀਅਰ ਨੇਤਾਵਾਂ ਤੋਂ ਇਲਾਵਾ ਵੀਰ ਸਿੰਘ ਲੋਪੋਕੇ, ਗੁਰਬਚਨ ਸਿੰਘ ਬੱਬੇਹਾਲੀ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਤੀਰਥ ਸਿੰਘ ਮਾਹਲਾ, ਬਾਬਾ ਟੇਕ ਸਿੰਘ ਧਨੌਲਾ, ਗੁਰਚਰਨ ਸਿੰਘ ਗਰੇਵਾਲ, ਜਗਦੀਪ ਸਿੰਘ ਚੀਮਾ, ਗੁਰਿੰਦਰ ਸਿੰਘ ਗੋਗੀ, ਗੁਰਪ੍ਰਤਾਪ ਸਿੰਘ ਟਿੱਕਾ ਆਦਿ ਵੱਖ-ਵੱਖ ਜ਼ਿਲ੍ਹਾ ਪ੍ਰਧਾਨ ਹਾਜ਼ਰ ਸਨ |
ਕਿਹਾ, ਸਰਕਾਰੀ ਖਜ਼ਾਨੇ 'ਤੇ ਆਰਥਿਕ ਦਬਾਅ ਤੇ ਭਲਾਈ ਸਕੀਮਾਂ ਦਰਮਿਆਨ ਸੰਤੁਲਨ ਬਣਾਉਣਾ ਜ਼ਰੂਰੀ
ਨਵੀਂ ਦਿੱਲੀ, 11 ਅਗਸਤ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਸਿਆਸੀ ਪਾਰਟੀਆਂ ਵਲੋਂ ਚੋਣਾਂ 'ਚ ਮੁਫ਼ਤ ਸੁਵਿਧਾਵਾਂ ਦਾ ਵਾਅਵਾ ਕਰਨ ਨੂੰ 'ਗੰਭੀਰ ਮੁੱਦਾ' ਕਰਾਰ ਦਿੰਦਿਆਂ ਕਿਹਾ ਕਿ ਮੁਫ਼ਤ 'ਚ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਅਤੇ ਸਮਾਜ 'ਚ ਚਲਾਈਆਂ ਜਾਣ ਵਾਲੀਆਂ ਭਲਾਈ ਸਕੀਮਾਂ ਦੋ ਵੱਖ-ਵੱਖ ਚੀਜ਼ਾਂ ਹਨ ਅਤੇ ਸਰਕਾਰੀ ਖਜ਼ਾਨੇ 'ਤੇ ਆਰਥਿਕ ਦਬਾਅ ਅਤੇ ਭਲਾਈ ਸਕੀਮਾਂ ਦਰਮਿਆਨ ਸੰਤੁਲਨ ਬਣਾਇਆ ਜਾਣਾ ਜ਼ਰੂਰੀ ਹੈ | ਅਦਾਲਤ ਨੇ ਕਿਹਾ ਕਿ ਜਨਤਾ ਦਾ ਪੈਸਾ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਖ਼ਰਚ ਹੋਣਾ ਚਾਹੀਦਾ ਹੈ | ਸੁਪਰੀਮ ਕੋਰਟ ਨੇ ਚੋਣਾਂ 'ਚ ਮੁਫ਼ਤ ਯੋਜਨਾਵਾਂ ਦਾ ਐਲਾਨ ਕਰਨ ਵਾਲੀਆਂ ਸਿਆਸੀ ਪਾਰਟੀਆਂ ਦੀ ਮਾਨਤਾ ਰੱਦ ਕਰਨ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਜਿਹਾ ਕਰਨਾ ਅਲੋਕਤੰਤਰਿਕ ਹੋਵੇਗਾ | ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਅਦਾਲਤ ਇਸ ਮਾਮਲੇ 'ਚ ਕਿਸ ਹੱਦ ਤੱਕ ਦਖ਼ਲਅੰਦਾਜ਼ੀ ਕਰ ਸਕਦੀ ਹੈ | ਇਸ ਮਾਮਲੇ 'ਚ ਅਗਲੀ ਸੁਣਵਾਈ 17 ਅਗਸਤ ਨੂੰ ਹੋਵੇਗੀ | ਚੀਫ਼ ਜਸਟਿਸ ਐਨ. ਵੀ. ਰਮੰਨਾ ਅਤੇ ਜਸਟਿਸ ਕ੍ਰਿਸ਼ਨ ਮੁਰਾਰੀ ਦੇ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਟੈਕਸ ਭਰਨ ਵਾਲਿਆਂ ਦੇ ਪੈਸੇ ਨੂੰ ਖ਼ਰਚ ਕਰਨ ਤੋਂ ਪਹਿਲਾਂ ਡੂੰਘੀ ਵਿਚਾਰ ਚਰਚਾ ਕੀਤੀ ਜਾਣੀ ਚਾਹੀਦੀ ਹੈ | ਚੋਣ ਕਮਿਸ਼ਨ ਨੇ ਮੁਫ਼ਤ ਯੋਜਨਾਵਾਂ ਦੇ ਵਿਆਪਕ ਰੂਪ 'ਤੇ ਚਰਚਾ ਕਰਦਿਆਂ ਕਿਹਾ ਕਿ ਮੁਫ਼ਤ ਯੋਜਨਾਵਾਂ ਨੂੰ ਲੈ ਕੇ ਕੋਈ ਸਪੱਸ਼ਟ ਪਰਿਭਾਸ਼ਾ ਨਹੀਂ ਹੈ | ਕਮਿਸ਼ਨ ਨੇ ਇਸ ਸੰਬੰਧ 'ਚ ਇਕ ਕਮੇਟੀ ਬਣਾਉਣ ਦੀ ਸਲਾਹ ਦਿੱਤੀ | ਨਾਲ ਹੀ ਕਿਹਾ ਕਿ ਕਮਿਸ਼ਨ ਨੂੰ ਉਸ ਕਮੇਟੀ ਤੋਂ ਦੂਰ ਰੱਖਿਆ ਜਾਵੇ, ਕਿਉਂਕਿ ਉਹ ਇਕ ਸੰਵਿਧਾਨਿਕ ਸੰਸਥਾ ਹੈ |
ਚੋਣ ਕਮਿਸ਼ਨ ਨੂੰ ਝਾੜ
ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਵਲੋਂ ਹਲਫ਼ਨਾਮਾ ਦਾਖ਼ਲ ਕਰਨ 'ਚ ਹੋਈ ਦੇਰੀ 'ਤੇ ਝਾੜ ਪਾਉਂਦਿਆਂ ਕਿਹਾ ਕਿ ਕਮਿਸ਼ਨ ਦਾ ਹਲਫ਼ਨਾਮਾ ਅਦਾਲਤ ਨੂੰ ਨਹੀਂ ਮਿਲਦਾ, ਪਰ ਅਖ਼ਬਾਰ ਾਂ 'ਚ ਪਹੁੰਚ ਜਾਂਦਾ ਹੈ | ਚੀਫ਼ ਜਸਟਿਸ ਰਮੰਨਾ ਨੇ ਕਿਹਾ ਕਿ ਅਦਾਲਤ ਨੇ ਕਮਿਸ਼ਨ ਦਾ ਹਲਫ਼ਨਾਮਾ ਅਖ਼ਬਾਰ 'ਚ ਪੜ੍ਹ ਲਿਆ ਹੈ | ਅਦਾਲਤ ਨੇ ਸਵਾਲੀਆ ਅੰਦਾਜ਼ 'ਚ ਪੁੱਛਿਆ ਕਿ ਅਦਾਲਤ ਤੋਂ ਪਹਿਲਾਂ ਹਲਫ਼ਨਾਮਾ ਮੀਡੀਆ ਨੂੰ ਕਿਵੇਂ ਮਿਲ ਸਕਦਾ ਹੈ? ਓਧਰ ਆਮ ਆਦਮੀ ਪਾਰਟੀ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਕਮੇਟੀ ਦੇ ਗਠਨ ਦੇ ਵਿਚਾਰ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਇਹ ਪ੍ਰਬੰਧ ਕਿਤੇ ਵੀ ਨਹੀਂ ਲੈ ਜਾਵੇਗਾ |
ਭਾਰੀ ਮੀਂਹ ਕਾਰਨ ਦੁਕਾਨਾਂ ਤੇ ਵਾਹਨ ਰੁੜੇ੍ਹ, ਕੌਮੀ ਰਾਜਮਾਰਗ ਬੰਦ
ਸ਼ਿਮਲਾ/ਜੰਮੂ, 11 ਅਗਸਤ (ਏਜੰਸੀ)-ਭਾਰੀ ਮੀਂਹ ਦੇ ਕਹਿਰ 'ਚ ਘਿਰੇ ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ 'ਚ ਵੀਰਵਾਰ ਨੂੰ ਬੱਦਲ ਫਟਣ ਕਾਰਨ ਦੋਵਾਂ ਥਾਵਾਂ 'ਤੇ 2-2 ਲੋਕਾਂ ਦੀ ਮੌਤ ਹੋ ਗਈ | ਜੰਮੂ ...
ਸ੍ਰੀਨਗਰ, 11 ਅਗਸਤ (ਮਨਜੀਤ ਸਿੰਘ)-ਸਾਲਾਨਾ ਅਮਰਨਾਥ ਯਾਤਰਾ ਛੜੀ ਮੁਬਾਰਕ ਦੇ ਸ਼ਰਵਨ-ਪੂਰਨਮਾ ਮੌਕੇ ਪਵਿੱਤਰ ਗੁਫਾ 'ਚ ਪਹੁੰਚਣ 'ਤੇ ਪੂਜਾ ਹੋਣ ਬਾਅਦ ਸਮਾਪਤ ਹੋ ਗਈ ਹੈ | ਅਮਰਨਾਥ ਯਾਤਰਾ ਦੇ ਆਖਰੀ ਦਿਨ ਪੰਚਤਰਨੀ ਤੋਂ ਮਹੰਤ ਦਪਿੰਦਰ ਗਿਰੀ ਦੀ ਅਗਵਾਈ 'ਚ ਵੱਡੀ ਗਿਣਤੀ ...
ਕੋਲਕਾਤਾ, 11 ਅਗਸਤ (ਰਣਜੀਤ ਸਿੰਘ ਲੁਧਿਆਣਵੀ)- ਪੱਛਮੀ ਬੰਗਾਲ 'ਚ ਪਸ਼ੂ ਤਸ਼ਕਰੀ ਮਾਮਲੇ ਦੀ ਜਾਂਚ ਦੌਰਾਨ ਸਹਿਯੋਗ ਨਾ ਕਰਨ ਦੇ ਦੋਸ਼ 'ਚ ਵੀਰਵਾਰ ਨੂੰ ਸੀ.ਬੀ.ਆਈ. ਨੇ ਕੇਂਦਰੀ ਸੁਰੱਖਿਆ ਬਲ ਦੀ ਮਦਦ ਨਾਲ ਬੀਰਭੂਮ ਜ਼ਿਲ੍ਹੇ ਦੇ ਬੋਲਪੁਰ ਤੋਂ ਤਿ੍ਣਮੂਲ ਕਾਂਗਰਸ ਦੇ ...
ਸੰਯੁਕਤ ਰਾਸ਼ਟਰ, 11 ਅਗਸਤ (ਏਜੰਸੀ)- ਚੀਨ ਨੇ ਸੰਯੁਕਤ ਰਾਸ਼ਟਰ 'ਚ ਜੈਸ਼-ਏ-ਮੁਹੰਮਦ ਦੇ ਸਰਗਨੇ ਮਸੂਦ ਅਜ਼ਹਰ ਦੇ ਭਰਾ ਤੇ ਪਾਕਿਸਤਾਨ ਆਧਾਰਿਤ ਇਸ ਅੱਤਵਾਦੀ ਸੰਗਠਨ ਦੇ ਦੂਜੇ ਨੰਬਰ ਦੇ ਅਹੁਦੇਦਾਰ ਅਬਦੁੱਲ ਰਾਊਫ ਅਜ਼ਹਰ ਨੂੰ ਵਿਸ਼ਵ-ਵਿਆਪੀ ਅੱਤਵਾਦੀ ਐਲਾਨਣ ...
• ਕਿਹਾ, ਕੋਈ ਸਾਬਤ ਕਰ ਦੇਵੇ ਤਾਂ ਸਿਆਸਤ ਛੱਡ ਦੇਵਾਂਗਾ
• ਪਤਨੀ ਨੂੰ ਦਿੱਲੀ ਏਅਰਪੋਰਟ ਤੋਂ ਲੈ ਕੇ ਆਇਆ ਹਾਂ
ਚੰਡੀਗੜ੍ਹ, 11 ਅਗਸਤ (ਪ੍ਰੋ. ਅਵਤਾਰ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਵਿਧਾਨ ਸਭਾ 'ਚ ਵਿਧਾਨਕਾਰ ਪਾਰਟੀ ਦੇ ਨੇਤਾ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ...
ਚੰਡੀਗੜ੍ਹ, 11 ਅਗਸਤ (ਅਜੀਤ ਬਿਊਰੋ)- ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵਲੋਂ ਕੀਤੇ ਦੁਰਵਿਵਹਾਰ ਤੋਂ ਨਾਰਾਜ਼ ਉਪ ਕੁਲਪਤੀ ਡਾ: ਰਾਜ ਬਹਾਦਰ ਵਲੋਂ ਦਿੱਤੇ ਅਸਤੀਫ਼ੇ ਨੂੰ ਮੁੱਖ ਮੰਤਰੀ ਵਲੋਂ ਪ੍ਰਵਾਨ ਕਰ ਲੈਣ ਦੀ ਕਾਰਵਾਈ 'ਤੇ ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX