ਤਾਜਾ ਖ਼ਬਰਾਂ


ਟੈਲੀਕਾਮ ਟਾਵਰ ਦੇ ਵਿਰੋਧ 'ਚ ਪਿੰਡ ਵਾਸੀਆਂ ਵਲੋਂ ਰਾਜ ਮਾਰਗ ਕੀਤਾ ਗਿਆ ਬੰਦ
. . .  15 minutes ago
ਬਰਨਾਲਾ /ਹੰਡਿਆਇਆ, 9 ਅਗਸਤ (ਗੁਰਜੀਤ ਸਿੰਘ ਖੁੱਡੀ)- ਟੈਲੀਕਾਮ ਟਾਵਰ ਦੇ ਵਿਰੋਧ 'ਚ ਪਿੰਡ ਵਾਸੀਆਂ ਵਲੋਂ ਰਾਜ ਮਾਰਗ ਬੰਦ ਕੀਤਾ ਗਿਆ। ਜਾਣਕਾਰੀ ਮੁਤਾਬਿਕ ਬਰਨਾਲਾ-ਮਾਨਸਾ ਰਾਜ ਮਾਰਗ ਪਿੰਡ ਧਨੌਲਾ ਖ਼ੁਰਦ ਦੇ ਵਾਸੀਆਂ ਵਲੋਂ...
ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
. . .  14 minutes ago
ਪਟਨਾ, 9 ਅਗਸਤ-ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
ਰਾਜਭਵਨ ਪਹੁੰਚੇ ਨਿਤਿਸ਼ ਕੁਮਾਰ
. . .  21 minutes ago
ਪਟਨਾ, 9 ਅਗਸਤ-ਰਾਜਭਵਨ ਪਹੁੰਚੇ ਨਿਤਿਸ਼ ਕੁਮਾਰ
ਲੁਧਿਆਣਾ 'ਚ ਪੁਲਿਸ ਨੇ ਕੱਢਿਆ ਫਲੈਗ ਮਾਰਚ
. . .  36 minutes ago
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਫਲੈਗ ਮਾਰਚ ਕੱਢਿਆ ਗਿਆ। ਇਸ ਫਲੈਗ ਮਾਰਚ ਦੌਰਾਨ ਪੁਲਿਸ ਨੇ ਕੁਝ ਸ਼ੱਕੀ ਵਿਅਕਤੀਆਂ ਨੂੰ ਵੀ ਹਿਰਾਸਤ 'ਚ ਲਿਆ ਹੈ।
ਕਪੂਰਥਲਾ ਤੋਂ ਵੱਡੀ ਖ਼ਬਰ: ਡੇਢ ਸਾਲ ਦਾ ਬੱਚਾ ਨਾਲੇ 'ਚ ਡਿੱਗਿਆ, ਨਗਰ ਨਿਗਮ ਦੀ ਟੀਮ ਵਲੋਂ ਬੱਚੇ ਦੀ ਭਾਲ ਜਾਰੀ
. . .  36 minutes ago
ਕਪੂਰਥਲਾ, 9 ਅਗਸਤ (ਅਮਰਜੀਤ ਕੋਮਲ)- ਸਥਾਨਕ ਸ਼ਾਲੀਮਾਰ ਬਾਗ ਨੇੜੇ ਦੁਪਹਿਰ ਬਾਅਦ ਇਕ ਡੇਢ ਸਾਲ ਦਾ ਬੱਚਾ ਨਾਲੇ ਵਿਚ ਡਿੱਗ ਗਿਆ, ਜਿਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਬੱਚਾ ਡਿੱਗਣ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪੁੱਜੇ...
ਆਮ ਆਦਮੀ ਪਾਰਟੀ ਦੇ ਵਿਧਾਇਕ ਗੋਗੀ ਨੂੰ ਗੈਂਗਸਟਰਾਂ ਨੇ ਦਿੱਤੀ ਧਮਕੀ
. . .  40 minutes ago
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਦੇ ਹਲਕਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਗੈਂਗਸਟਰਾਂ ਵਲੋਂ 25 ਲੱਖ ਦੀ ਰੰਗਦਾਰੀ ਮੰਗੀ ਗਈ ਹੈ ਅਤੇ ਪੈਸੇ ਨਾ ਦੇਣ ਦੀ ਸੂਰਤ 'ਚ ਗੋਗੀ ਨੂੰ ਜਾਨੋਂ...
ਰਾਸ਼ਟਰਮੰਡਲ ਖ਼ੇਡਾਂ: ਤਗਮਾ ਜੇਤੂ ਹਰਜਿੰਦਰ ਕੌਰ ਦਾ ਸਕੂਲ 'ਚ ਸਨਮਾਨ
. . .  about 1 hour ago
ਨਾਭਾ, 9 ਅਗਸਤ(ਕਰਮਜੀਤ ਸਿੰਘ)- ਰਾਸ਼ਟਰਮੰਡਲ ਖ਼ੇਡਾਂ 'ਚ ਆਪਣੀ ਮਿਹਨਤ ਸਦਕਾ ਮੱਲ੍ਹਾਂ ਮਾਰਨ ਵਾਲੀ ਨਾਭਾ ਦੀ ਵਸਨੀਕ ਹਰਜਿੰਦਰ ਕੌਰ ਦੇ ਪਿੰਡ ਮਹਿਸ ਪਹੁੰਚਣ 'ਤੇ ਗੌਰਮਿੰਟ ਹਾਈ ਸਕੂਲ ਵਿਖੇ ਸਕੂਲ ਇੰਚਾਰਜ ਹਰਮਿੰਦਰ ਜੀਤ ਕੌਰ ਦੀ ਅਗਵਾਈ 'ਚ ਆਯੋਜਿਤ...
ਖੇਮਕਰਨ ਹਲਕੇ ਤੋਂ ਰਾਜਾ ਵੜਿੰਗ ਨੇ ਸ਼ੁਰੂ ਕੀਤੀ ਪੰਜਾਬ ਕਾਂਗਰਸ ਵਲੋਂ ਤਿਰੰਗਾ ਯਾਤਰਾ
. . .  about 1 hour ago
ਭਿੱਖੀਵਿੰਡ/ਖੇਮਕਰਨ, 9ਅਗਸਤ (ਬੋਬੀ, ਭੱਟੀ, ਬਿੱਲਾ)-ਪੰਜਾਬ ਕਾਂਗਰਸ ਵਲੋਂ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸੰਬੰਧ 'ਚ ਪੰਜਾਬ ਅੰਦਰ ਕੱਢੀ ਜਾ ਰਹੀ ਤਿਰੰਗਾ ਪੈਦਲ ਯਾਤਰਾ ਦੀ ਸ਼ੁਰੂਆਤ ਅੱਜ ਖੇਮਕਰਨ ਹਲਕੇ 'ਚ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ...
ਹੱਕ ਪ੍ਰਾਪਤੀ ਲਈ ਕਿਸਾਨ ਇਕ ਹੋਰ ਮੋਰਚਾ ਲਾਉਣ ਲਈ ਤਿਆਰ ਰਹਿਣ: ਹਰਿੰਦਰ ਸਿੰਘ ਲੱਖੋਵਾਲ
. . .  about 2 hours ago
ਬਲਾਚੌਰ/ਮਜਾਰੀ ਸਾਹਿਬਾ, 9 ਅਗਸਤ (ਦੀਦਾਰ ਸਿੰਘ ਬਲਾਚੌਰੀਆ/ਨਿਰਮਲਜੀਤ ਸਿੰਘ ਚਾਹਲ)-ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਸਾਫ਼ ਤੇ ਸਪੱਸ਼ਟ ਸ਼ਬਦਾਂ 'ਚ ਕਿਸਾਨਾਂ ਨੂੰ ਅਪੀਲ ਕੀਤੀ ਕਿ...
ਬਿਜਲੀ ਬਿੱਲ 2020 ਨਾਲ ਕਿਸਾਨਾਂ ਜਾਂ ਕਿਸੇ ਵੀ ਬਿਜਲੀ ਲਾਭਪਾਤਰੀ ਨੂੰ ਕੋਈ ਫ਼ਰਕ ਨਹੀ ਪਵੇਗਾ-ਤਰੁਣ ਚੁੱਘ
. . .  about 2 hours ago
ਮਜੀਠਾ, 9 ਅਗਸਤ (ਜਗਤਾਰ ਸਿੰਘ ਸਹਿਮੀ)- ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਅੱਜ ਉਹ ਦਿਹਾੜਾ ਹੈ ਜਦੋਂ 9 ਅਗਸਤ 1942 ਨੂੰ ਦੇਸ਼ ਦੇ ਸਾਰੇ ਸੁਤੰਤਰਤਾ ਸੈਨਾਨੀਆਂ ਨੇ 'ਅੰਗਰੇਜ਼ੋ ਭਾਰਤ ਛੱਡੋ' ਦੀ ਆਵਾਜ਼ ਚੁੱਕੀ ਸੀ, ਜਿਸ ਦੀ ਅੱਜ...
ਬਿਹਾਰ 'ਚ ਬੀ.ਜੇ.ਪੀ. ਨੂੰ ਵੱਡਾ ਝਟਕਾ! ਨਿਤਿਸ਼ ਕੁਮਾਰ ਨੇ ਤੋੜਿਆ ਗਠਜੋੜ
. . .  about 1 hour ago
ਨਵੀਂ ਦਿੱਲੀ, 9 ਅਗਸਤ-ਬਿਹਾਰ 'ਚ ਪੰਜ ਸਾਲ ਬਾਅਦ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਪਾਰਟੀ ਜੇ.ਡੀ.ਯੂ. ਤੇ ਭਾਜਪਾ ਵਿਚਾਲੇ ਗਠਜੋੜ ਫ਼ਿਰ ਟੁੱਟ ਗਿਆ ਹੈ। ਮੁੱਖ ਮੰਤਰੀ ਨਿਵਾਸ 'ਤੇ ਜੇ.ਡੀ.ਯੂ. ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀ ਬੈਠਕ 'ਚ ਇਹ ਐਲਾਨ ਕੀਤਾ ਗਿਆ...
'ਪੰਜਾਬ ਖੇਡ ਮੇਲਾ' 29 ਅਗਸਤ ਨੂੰ ਕਰਵਾਇਆ ਜਾਵੇਗਾ-ਮੀਤ ਹੇਅਰ
. . .  about 2 hours ago
ਚੰਡੀਗੜ੍ਹ, 9 ਅਗਸਤ-ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਵਲੋਂ 'ਪੰਜਾਬ ਖੇਡ ਮੇਲਾ' 29 ਅਗਸਤ ਨੂੰ ਕਰਵਾਇਆ ਜਾਵੇਗਾ। ਪਹਿਲੀ ਵਾਰ ਆਨਲਾਈਨ ਰਜਿਸਟਰੇਸ਼ਨ 11 ਅਗਸਤ ਤੋਂ ਸ਼ੁਰੂ ਹੋਵੇਗੀ...
ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) ਦੇ ਨੇਤਾ ਨਿਤੀਸ਼ ਕੁਮਾਰ ਅੱਜ ਸ਼ਾਮ 4 ਵਜੇ ਰਾਜ ਭਵਨ 'ਚ ਰਾਜਪਾਲ ਫੱਗੂ ਚੌਹਾਨ ਨਾਲ ਕਰਨਗੇ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 9 ਅਗਸਤ-ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) ਦੇ ਨੇਤਾ ਨਿਤੀਸ਼ ਕੁਮਾਰ ਅੱਜ ਸ਼ਾਮ 4 ਵਜੇ ਰਾਜ ਭਵਨ 'ਚ ਰਾਜਪਾਲ ਫੱਗੂ ਚੌਹਾਨ ਨਾਲ ਮੁਲਾਕਾਤ ਕਰਨਗੇ।
ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਦਾ ਵੱਡਾ ਐਕਸ਼ਨ, ਕਾਰਜਕਾਰੀ ਇੰਜੀਨੀਅਰ ਪੁਨੀਤ ਸ਼ਰਮਾ ਨੂੰ ਕੀਤਾ ਮੁਅੱਤਲ
. . .  about 2 hours ago
ਚੰਡੀਗੜ੍ਹ, 9 ਅਗਸਤ-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਗ਼ੈਰ-ਕਾਨੂੰਨੀ ਮਾਈਨਿੰਗ ਸੰਬੰਧੀ ਅਖ਼ਤਿਆਰ ਕੀਤੀ ਗਈ ਜ਼ੀਰੋ ਟੋਲਰੈਂਸ ਨੀਤੀ ਤਹਿਤ ਅੱਜ ਇਕ ਹੋਰ ਵੱਡੀ ਕਾਰਵਾਈ ਕਰਦਿਆਂ ਕਾਰਜਕਾਰੀ ਇੰਜੀਨੀਅਰ ਖਣਨ ਰੂਪਨਗਰ ਪੁਨੀਤ ਸ਼ਰਮਾ ਨੂੰ ਡਿਊਟੀ ਦੌਰਾਨ ਅਣਗਹਿਲੀ...
ਹਲਕਾ ਅਮਲੋਹ 'ਚ 'ਲੰਪੀ ਧਫ਼ੜੀ ਰੋਗ' ਬਿਮਾਰੀ ਦਾ ਕਹਿਰ, ਰਾਜੂ ਖੰਨਾ ਨੇ ਕੀਤਾ ਪਿੰਡਾਂ ਦਾ ਦੌਰਾ
. . .  about 3 hours ago
ਅਮਲੋਹ, 9 ਅਗਸਤ (ਕੇਵਲ ਸਿੰਘ)-'ਲੰਪੀ ਧਫ਼ੜੀ ਰੋਗ' ਬਿਮਾਰੀ ਦਾ ਹਲਕਾ ਅਮਲੋਹ ਦੇ ਪਸ਼ੂਆਂ 'ਚ ਕਾਫੀ ਪ੍ਰਭਾਵ ਦੇਖਣ ਨੂੰ ਮਿਲਿਆ ਜਿਸ ਦਾ ਪਤਾ ਲੱਗਦਿਆਂ ਹੀ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ...
ਵਿਧਵਾ ਔਰਤ ਦੇ 22 ਸਾਲਾ ਨੌਜਵਾਨ ਪੁੱਤਰ ਦੀ ਨਸ਼ੇ ਨੇ ਲਈ ਜਾਨ
. . .  about 3 hours ago
ਚੋਗਾਵਾਂ, 9 ਅਗਸਤ (ਗੁਰਬਿੰਦਰ ਸਿੰਘ ਬਾਗੀ)- ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਚੋਗਾਵਾਂ ਹਾਲ ਵਾਸੀ ਪਿੰਡ ਕੋਹਾਲਾ ਦੇ ਇਕ ਵਿਧਵਾ ਔਰਤ ਬਲਵਿੰਦਰ ਕੌਰ ਜਿਸਦੇ ਪਤੀ ਸੁਰਜੀਤ ਸਿੰਘ ਦੀ 15 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਨੌਜਵਾਨ ਪੁੱਤਰ ਰਵੀ ਸਿੰਘ ਉਮਰ...
ਸੂਏ 'ਚ ਤੈਰਦੀ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  about 4 hours ago
ਲੋਪੋਕੇ, 9 ਅਗਸਤ (ਗੁਰਵਿੰਦਰ ਸਿੰਘ ਕਲਸੀ) - ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਮਾਨਾਂਵਾਲਾ ਸੂਏ ਵਿਚੋ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦੀ ਖ਼ਬਰ ਹੈ। ਇਸ ਸੰਬੰਧੀ ਥਾਣਾ ਲੋਪੋਕੇ ਦੇ ਐੱਸ.ਐੱਚ.ਓ. ਮਨਤੇਜ ਸਿੰਘ...
ਮਹਾਰਾਸ਼ਟਰ ਮੰਤਰੀ ਮੰਡਲ ਦਾ ਵਿਸਥਾਰ
. . .  about 4 hours ago
ਮੁੰਬਈ, 8 ਅਗਸਤ - ਮਹਾਰਾਸ਼ਟਰ ਮੰਤਰੀ ਮੰਡਲ ਦਾ ਵਿਸਥਾਰ ਹੋਇਆ ਹੈ। ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ 18 ਵਿਧਾਇਕਾਂ ਮੰਤਰੀ ਵਜੋਂ ਸਹੁੰ ਚੁਕਾਈ...
ਜੇ.ਡੀ.ਯੂ. ਨੇ ਰਾਜਪਾਲ ਤੋਂ ਮੰਗਿਆ ਸਮਾਂ - ਸੂਤਰ
. . .  about 4 hours ago
ਪਟਨਾ, 9 ਅਗਸਤ - ਸੂਤਰਾਂ ਅਨੁਸਾਰ ਬਿਹਾਰ 'ਚ ਸੱਤਾਧਾਰੀ ਗੱਠਜੋੜ ਦੇ ਭਾਈਵਾਲਾਂ ਵਿਚ ਵਧਦੇ ਟਕਰਾਅ ਦੌਰਾਨ ਜਨਤਾ ਦਲ (ਯੂ) ਨੇ ਬਿਹਾਰ ਦੇ ਰਾਜਪਾਲ ਤੋਂ ਮਿਲਣ ਦਾ ਸਮਾਂ ਮੰਗਿਆ...
ਨਿੱਜੀ ਬੱਸਾਂ ਦੀ ਹੜਤਾਲ ਹੋਣ ਕਾਰਨ ਸਵਾਰੀਆਂ ਹੋ ਰਹੀਆਂ ਖੱਜਲ ਖੁਆਰ
. . .  about 4 hours ago
ਅਜਨਾਲਾ, 9 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਆਪਣੀਆਂ ਮੰਗਾਂ ਨੂੰ ਲੈ ਕੇ ਨਿੱਜੀ ਬੱਸ ਮਾਲਕਾਂ ਵੱਲੋਂ ਅੱਜ ਕੀਤੀ ਸੂਬਾ ਪੱਧਰੀ ਹੜਤਾਲ ਕਾਰਨ ਆਪਣੀ ਮੰਜ਼ਿਲ 'ਤੇ ਪਹੁੰਚਣ ਵਾਲੀਆਂ ਸਵਾਰੀਆਂ ਨੂੰ ਭਾਰੀ ਮੁਸ਼ਕਲਾਂ...
ਦੇਸ਼ ਦੀ ਵੰਡ ਸਮੇਂ ਹੋਈ ਹਿੰਸਾ ਦੌਰਾਨ ਜਾਨਾਂ ਗੁਆਉਣ ਵਾਲੇ ਪੰਜਾਬੀਆਂ ਦੀ ਯਾਦ ਨੂੰ ਸਮਰਪਿਤ ਸਮੂਹਿਕ ਅਰਦਾਸ ਸਮਾਗਮ 16 ਅਗਸਤ ਨੂੰ
. . .  about 4 hours ago
ਅੰਮ੍ਰਿਤਸਰ, 9 ਅਗਸਤ (ਜਸਵੰਤ ਸਿੰਘ ਜੱਸ)- 75 ਸਾਲ ਪਹਿਲਾਂ ਹਿੰਦੁਸਤਾਨ ਦੀ ਵੰਡ ਵੇਲੇ ਸੰਨ 1947 ਵਿਚ ਸਰਹੱਦ ਦੇ ਦੋਵੇਂ ਪਾਸੇ ਮਾਰੇ ਗਏ 10 ਲੱਖ ਬੇਦੋਸ਼ੇ ਪੰਜਾਬੀਆਂ ਦੀ ਯਾਦ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮੂਹਿਕ ਅਰਦਾਸ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ...
ਦੋਆਬਾ ਕਿਸਾਨ ਕਮੇਟੀ ਵਲੋਂ ਬਿਜਲੀ ਸੋਧ ਬਿੱਲ 2022 ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ
. . .  about 4 hours ago
ਟਾਂਡਾ ਉੜਮੁੜ, 9 ਅਗਸਤ (ਭਗਵਾਨ ਸਿੰਘ ਸੈਣੀ) - ਬਿਜਲੀ ਘਰ ਚੌਕ ਟਾਂਡਾ ਵਿਖੇ ਦੋਆਬਾ ਕਿਸਾਨ ਕਮੇਟੀ (ਪੰਜਾਬ) ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੀ ਅਗਵਾਈ 'ਚ ਕਿਸਾਨਾਂ ਨੇ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿੱਲ 2022 ਸੰਸਦ 'ਚ ਪੇਸ਼ ਕਰਨ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ। ਵੱਡੀ ਗਿਣਤੀ 'ਚ ਇਕੱਤਰ...
ਮੌਸਮ ਵਿਭਾਗ ਵਲੋਂ ਮਹਾਰਾਸ਼ਟਰ ਦੇ ਜ਼ਿਲ੍ਹਿਆਂ 'ਚ ਬਰਸਾਤ ਦਾ ਰੈੱਡ ਅਲਰਟ
. . .  about 4 hours ago
ਮੁੰਬਈ, 9 ਅਗਸਤ - ਮੌਸਮ ਵਿਭਾਗ ਨੇ ਮਹਾਰਾਸ਼ਟਰ ਦੇ ਜ਼ਿਲ੍ਹਿਆਂ 'ਚ ਬਰਸਾਤ ਦਾ ਰੈੱਡ ਅਲਰਟ ਜਾਰੀ ਕੀਤਾ...
ਨਿੱਜੀ ਬੱਸਾਂ ਵਾਲਿਆਂ ਨੇ ਬਠਿੰਡਾ- ਚੰਡੀਗੜ ਮੁੱਖ ਸੜਕ ਕੀਤੀ ਬੰਦ
. . .  about 5 hours ago
ਭਵਾਨੀਗੜ੍ਹ, 9 ਅਗਸਤ (ਰਣਧੀਰ ਸਿੰਘ ਫੱਗੂਵਾਲਾ) - ਨਿੱਜੀ ਬੱਸਾਂ ਵਾਲਿਆਂ ਨੇ ਆਪਣੀਆਂ ਮੰਗਾਂ ਦੇ ਸੰਬੰਧ ਵਿਚ ਬਠਿੰਡਾ-ਚੰਡੀਗੜ ਮੁੱਖ ਸੜਕ ਨੂੰ ਬੱਸਾਂ ਲਗਾ ਕੇ ਪੂਰਨ ਤੌਰ 'ਤੇ ਬੰਦ ਕਰ ਦਿੱਤਾ...
ਚਾਂਦੀ ਦਾ ਤਗਮਾ ਜੇਤੂ ਰਗਬੀ ਖਿਡਾਰਣ ਦਾ ਅੰਮਿ੍ਤਸਰ ਹਵਾਈ ਅੱਡੇ 'ਤੇ ਭਰਵਾਂ ਸਵਾਗਤ
. . .  about 5 hours ago
ਚਾਂਦੀ ਦੇ ਤਗਮੇ 'ਤੇ ਕਬਜਾ ਕੀਤਾ ਹੈ।ਇਸ ਭਾਰਤੀ ਰਗਬੀ ਟੀਮ ਵਿਚ ਪੰਜਾਬ ਦੀ ਇਕੋ ਇਕ ਖਿਡਾਰਣ ਰਮਣੀਕ ਕੌਰ ਵੀ ਸ਼ਾਮਿਲ ਹੈ।ਚਾਂਦੀ ਦਾ ਤਗਮਾ ਜਿੱਤਣ ਵਾਲੀ ਰਮਣੀਕ ਕੌਰ ਦਾ ਅੱਜ ਭਾਰਤ ਵਾਪਸੀ ਮੌਕੇ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 25 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਮੈਂ ਕੰਮਾਂ ਨਾਲ ਹੀ ਆਪਣੇ-ਆਪ ਨੂੰ ਬਹੁਗਿਣਤੀ ਵਾਲਾ ਕੀਤਾ ਹੈ। -ਨੈਪੋਲੀਅਨ ਬੋਨਾਪਾਰਟ

ਪਹਿਲਾ ਸਫ਼ਾ

ਬਿਜਲੀ ਸੋਧ ਬਿੱਲ ਲੋਕ ਸਭਾ 'ਚ ਪੇਸ਼ ਭਾਰੀ ਵਿਰੋਧ ਤੋਂ ਬਾਅਦ ਸੰਸਦੀ ਕਮੇਟੀ ਕੋਲ ਭੇਜਿਆ

* ਬਿੱਲ ਨੂੰ ਲੈ ਕੇ ਜ਼ੋਰਦਾਰ ਹੰਗਾਮਾ* ਚਰਚਾ 'ਚ ਆਈ ਕਿਸਾਨਾਂ ਨੂੰ 9 ਮਹੀਨੇ ਪਹਿਲਾਂ ਲਿਖੀ ਚਿੱਠੀ

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 8 ਅਗਸਤ-ਵਿਵਾਦਾਂ 'ਚ ਘਿਰੇ ਬਿਜਲੀ ਸੋਧ ਬਿੱਲ 2022 ਨੂੰ ਕੇਂਦਰ ਸਰਕਾਰ ਵਲੋਂ ਸਟੈਂਡਿੰਗ ਕਮੇਟੀ ਕੋਲ ਭੇਜ ਦਿੱਤਾ ਗਿਆ ਹੈ, ਹਾਲਾਂਕਿ ਇਸ ਕਦਮ ਤੋਂ ਬਾਅਦ ਵਿਰੋਧੀ ਧਿਰਾਂ ਵਲੋਂ ਬਿੱਲ ਵਾਪਸੀ ਦਾ ਸਿਹਰਾ ਲੈਣ ਲਈ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ, ਉੱਥੇ ਕੇਂਦਰ ਨੇ ਬਿੱਲ ਦੇ ਵਿਰੋਧ ਨੂੰ ਬੇਬੁਨਿਆਦ ਠਹਿਰਾਉਂਦਿਆਂ ਕਿਹਾ ਕਿ ਜੋ ਲੋਕ ਬਿੱਲ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਨੇ ਬਿੱਲ ਚੰਗੀ ਤਰ੍ਹਾਂ ਪੜ੍ਹਿਆ ਹੀ ਨਹੀਂ ਹੈ, ਜਦਕਿ ਕਿਸਾਨ ਆਗੂਆਂ ਦਾ ਮੰਨਣਾ ਹੈ ਕਿ ਇਹ ਦੇਸ਼ ਦੇ ਗ਼ਰੀਬ ਕਿਸਾਨਾਂ 'ਤੇ ਲੱਗਾ ਬਿਜਲੀ ਦਾ ਝਟਕਾ ਹੈ। ਬਿੱਲ ਪੇਸ਼ ਕਰਨ ਤੋਂ ਲੈ ਕੇ ਹੰਗਾਮਿਆਂ ਤੱਕ ਅਤੇ ਬਿੱਲ ਨੂੰ ਮੁੜ ਸਟੈਂਡਿੰਗ ਕਮੇਟੀ ਕੋਲ ਭੇਜਣ ਦੀ ਇਸ ਪੂਰੀ ਕਵਾਇਦ ਦੌਰਾਨ ਕੇਂਦਰ ਸਰਕਾਰ ਵਲੋਂ ਸੰਯੁਕਤ ਕਿਸਾਨ ਮੋਰਚੇ ਨੂੰ 9 ਦਸੰਬਰ, 2021 ਨੂੰ ਲਿਖੀ ਚਿੱਠੀ ਤਕਰੀਬਨ ਸਾਰੀਆਂ ਸੰਬੰਧਿਤ ਧਿਰਾਂ ਦੇ ਬਿਆਨਾਂ 'ਚ ਸ਼ਾਮਿਲ ਰਹੀ, ਜਿਸ 'ਚ ਬਿੰਦੂ ਨੰਬਰ 4 'ਤੇ ਕੇਂਦਰ ਵਲੋਂ ਸਪੱਸ਼ਟ ਤੌਰ 'ਤੇ ਇਹ ਲਿਖਿਆ ਗਿਆ ਸੀ ਕਿ ਜਦੋਂ ਤੱਕ ਬਿੱਲ ਨੂੰ ਲੈ ਕੇ ਕਿਸਾਨਾਂ ਨਾਲ ਚਰਚਾ ਨਹੀਂ ਕੀਤੀ ਜਾਂਦੀ, ਉਦੋਂ ਤੱਕ ਬਿੱਲ ਪੇਸ਼ ਨਹੀਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕੇਂਦਰ ਵਲੋਂ ਲਿਆਂਦੇ ਵਿਵਾਦਿਤ ਤਿੰਨ ਖੇਤੀ ਕਾਨੂੰਨਾਂ ਦੇ ਸਮੇਂ ਵੀ ਬਿਜਲੀ ਸੋਧ ਬਿੱਲ ਪੇਸ਼ ਕਰਨ ਦਾ ਖਦਸ਼ਾ ਪ੍ਰਗਟਾਇਆ ਗਿਆ ਸੀ, ਜਿਸ ਨੂੰ ਕਿਸਾਨਾਂ ਦੀ ਮੁਖਾਲਫ਼ਤ ਕਾਰਨ ਸਰਕਾਰ ਨੂੰ ਕਿਸਾਨਾਂ ਨੂੰ ਲਿਖਤੀ ਤੌਰ 'ਤੇ ਇਹ ਭਰੋਸਾ ਦੇਣਾ ਪਿਆ ਸੀ ਕਿ ਬਿੱਲ ਪੇਸ਼ ਕਰਨ ਤੋਂ ਪਹਿਲਾਂ ਸੰਬੰਧਿਤ ਧਿਰਾਂ ਨਾਲ ਚਰਚਾ ਕੀਤੀ ਜਾਵੇਗੀ। ਬਿਜਲੀ ਮੰਤਰੀ ਆਰ. ਕੇ. ਸਿੰਘ ਵਲੋਂ ਸੋਮਵਾਰ ਨੂੰ ਬਿਜਲੀ ਸੋਧ ਬਿੱਲ 'ਤੇ ਬਹਿਸ ਲਈ ਬਿੱਲ ਸੰਸਦ 'ਚ ਪੇਸ਼ ਕੀਤਾ। ਸਿੰਘ ਵਲੋਂ ਬਿੱਲ ਪੇਸ਼ ਕੀਤੇ ਜਾਣ 'ਤੇ ਹੀ ਵਿਰੋਧੀ ਧਿਰਾਂ ਨੇ ਤਿੱਖਾ ਪ੍ਰਤੀਕਰਮ ਕਰਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸਰਕਾਰ ਨੂੰ ਕਿਸਾਨ ਵਿਰੋਧੀ ਕਹਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਪੰਜਾਬ ਦੇ ਕਾਂਗਰਸ ਸੰਸਦ ਮੈਂਬਰਾਂ ਸਮੇਤ ਸਾਰੇ ਕਾਂਗਰਸੀ ਅਤੇ ਡੀ. ਐਮ. ਕੇ (ਖੱਬੇ) ਪੱਖੀ ਪਾਰਟੀਆਂ ਦੇ ਆਗੂ ਸਭਾ ਦੇ ਵਿਚਕਾਰ ਆ ਗਏ। ਵਿਰੋਧ ਤਿੱਖਾ ਹੋਣ ਤੋਂ ਬਾਅਦ ਸਪੀਕਰ ਓਮ ਬਿਰਲਾ ਨੂੰ ਦਖਲਅੰਦਾਜ਼ੀ ਕਰਨੀ ਪਈ, ਜਿਸ ਤੋਂ ਕੁਝ ਦੇਰ ਬਾਅਦ ਹੀ ਮੰਤਰੀ ਵਲੋਂ ਬਿੱਲ ਸਟੈਂਡਿੰਗ ਕਮੇਟੀ ਕੋਲ ਭੇਜਣ ਦਾ ਐਲਾਨ ਕੀਤਾ ਗਿਆ। ਇਸ ਤੋਂ ਪਹਿਲਾਂ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਤਿੱਖੇ ਲਫ਼ਜ਼ਾਂ 'ਚ ਕਿਹਾ ਕਿ ਰਾਜ ਸਰਕਾਰਾਂ ਅਤੇ ਕਿਸਾਨ ਜਥੇਬੰਦੀਆਂ ਨਾਲ ਹੋਈ ਮੀਟਿੰਗ ਦੇ ਵੇਰਵੇ ਸੰਸਦ ਵਿਚ ਰੱਖੇ ਜਾਣ। ਹਰਸਿਮਰਤ ਨੇ ਸਰਕਾਰ ਵਲੋਂ ਬਿੱਲ ਪੇਸ਼ ਕੀਤੇ ਜਾਣ ਦੀ ਹੀ ਨਿਖੇਧੀ ਕਰਦਿਆਂ ਕਿਹਾ ਕਿ ਬਿੱਲ ਨਾਲ ਜਿਨ੍ਹਾਂ ਦੇ ਹਿਤ ਜੁੜੇ ਹਨ, ਉਨ੍ਹਾਂ ਨਾਲ ਕੋਈ ਵਿਚਾਰ-ਵਟਾਂਦਰਾ ਨਹੀਂ ਕੀਤਾ ਗਿਆ। ਉਨ੍ਹਾਂ ਬਿਜਲੀ ਮੰਤਰੀ 'ਤੇ ਸੰਸਦ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ 9 ਦਸੰਬਰ, 2021 ਨੂੰ ਸਰਕਾਰ ਨੇ ਹੀ ਚਿੱਠੀ ਲਿਖ ਕੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਸੀ ਅਤੇ ਹੁਣ ਸਰਕਾਰ ਆਪਣੇ ਹੀ ਕਹੇ ਵਾਅਦੇ ਤੋਂ ਇੰਝ ਹੀ ਮੁਕਰ ਰਹੀ ਹੈ ਜਿਵੇਂ ਐਮ. ਐਸ. ਪੀ. ਬਾਰੇ ਗਾਰੰਟੀ ਸੰਬੰਧੀ ਕਾਨੂੰਨ ਨੂੰ ਲੈ ਕੇ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਇਸ ਸੰਬੰਧ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਚਿੱਠੀ ਲਿਖ ਕੇ ਬਿੱਲ ਤੇ ਸੂਬਿਆਂ, ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨਾਲ ਚਰਚਾ ਕਰਨ ਦੀ ਅਪੀਲ ਕਰਦਿਆਂ ਬਿੱਲ ਨੂੰ ਸਾਂਝੀ ਸੰਸਦੀ ਕਮੇਟੀ (ਜੇ. ਪੀ. ਸੀ.) ਨੂੰ ਭੇਜਣ ਨੂੰ ਕਿਹਾ। ਕਾਂਗਰਸ ਨੇ ਵੀ ਬਿੱਲ 'ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਇਕ ਸਾਲ ਤੱਕ ਚੱਲੇ ਕਿਸਾਨ ਅੰਦੋਲਨ 'ਚ ਇਸ ਬਿੱਲ ਨੂੰ ਵਾਪਸ ਲੈਣਾ ਇਕ ਮੁੱਖ ਮੰਗ ਸੀ। ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਸਰਕਾਰ ਸੰਯੁਕਤ ਕਿਸਾਨ ਮੋਰਚਾ ਨੂੰ ਲਿਖਤੀ ਤੌਰ 'ਤੇ ਇਹ ਭਰੋਸਾ ਦੇ ਚੁੱਕੀ ਹੈ ਕਿ ਬਿਨਾਂ ਚਰਚਾ ਦੇ ਬਿੱਲ ਨਹੀਂ ਲਿਆਂਦਾ ਜਾਵੇਗਾ। ਫ਼ਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕਿਹਾ ਕਿ ਸਰਕਾਰ ਕਾਰਪੋਰੇਟਰਾਂ ਦੇ ਮੁਨਾਫੇ ਲਈ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ। ਉਨ੍ਹਾਂ ਬਿਜਲੀ ਸੋਧ ਬਿੱਲ ਨੂੰ ਰਾਜਾਂ ਦੀਆਂ ਤਾਕਤਾਂ ਘੱਟ ਕਰਨ ਦੀ ਦਿਸ਼ਾ 'ਚ ਚੁੱਕਿਆ ਕਦਮ ਕਰਾਰ ਦਿੱਤਾ। ਲੋਕ ਸਭਾ 'ਚ ਆਪ ਦੀ ਨੁਮਾਇੰਦਗੀ ਨਾ ਹੋਣ ਕਾਰਨ ਪਾਰਟੀ ਵਲੋਂ ਜ਼ਾਹਰ ਤੌਰ 'ਤੇ ਹੇਠਲੇ ਸਦਨ 'ਚ ਵਿਰੋਧ ਨਹੀਂ ਕੀਤਾ ਗਿਆ ਪਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ 'ਚ ਬਿੱਲ 'ਤੇ ਬਹਿਸ ਕਰਨ ਵਾਲੇ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਇਸ ਦੀ ਤਿੱਖੀ ਨਿਖੇਧੀ ਕੀਤੀ। ਬਿਜਲੀ ਸੋਧ ਬਿੱਲ 2022 ਨੂੰ ਰਾਜਾਂ ਦੇ ਅਧਿਕਾਰਾਂ 'ਤੇ ਇਕ ਹੋਰ ਹਮਲਾ ਦੱਸਿਆ।
ਸਿਆਸੀ ਭਾਸ਼ਨ ਦੀ ਥਾਂ ਰਾਹ ਤਲਾਸ਼ਣ ਪਾਰਟੀਆਂ-ਸਪੀਕਰ
ਲੋਕ ਸਭਾ 'ਚ ਬਿੱਲ ਨੂੰ ਲੈ ਕੇ ਉੱਠੇ ਹੰਗਾਮੇ ਤੋਂ ਬਾਅਦ ਸਪੀਕਰ ਓਮ ਬਿਰਲਾ ਨੇ ਦਖ਼ਲਅੰਦਾਜ਼ੀ ਕਰਦਿਆਂ ਕਿਹਾ ਕਿ ਸਿਆਸੀ ਭਾਸ਼ਨ ਦੇਣ ਦੀ ਥਾਂ 'ਤੇ ਪਾਰਟੀਆਂ ਇਸ 'ਤੇ ਬਹਿਸ ਕਰਨ ਕਿ ਸਰਕਾਰ ਨੂੰ ਕਾਨੂੰਨ ਲਿਆਉਣ ਦਾ ਅਧਿਕਾਰ ਹੈ ਜਾਂ ਨਹੀਂ।
ਸਰਕਾਰ ਦੇ ਕਹੇ, ਬੋਲੇ, ਲਿਖੇ ਦਾ ਕੋਈ ਮੁੱਲ ਨਹੀਂ-ਯੋਗੇਂਦਰ ਯਾਦਵ
ਕਿਸਾਨ ਆਗੂ ਅਤੇ ਸਵਰਾਜ ਇੰਡੀਆ ਦੇ ਮੁਖੀ ਯੋਗੇਂਦਰ ਯਾਦਵ ਨੇ ਬਿੱਲ ਪੇਸ਼ ਕਰਨ ਨੂੰ ਕਿਸਾਨਾਂ ਨਾਲ ਕੀਤਾ ਧੋਖਾ ਕਰਾਰ ਦਿੰਦਿਆਂ ਕਿਹਾ ਕਿ ਇਹ ਦਰਸਾਉਂਦਾ ਹੈ ਸਰਕਾਰ ਦੇ ਕਹੇ, ਬੋਲੇ ਅਤੇ ਲਿਖੇ ਦਾ ਕੋਈ ਮੁੱਲ ਨਹੀਂ। ਯਾਦਵ ਨੇ ਬਿਜਲੀ ਸੋਧ ਬਿੱਲ ਨੂੰ ਕਿਸਾਨਾਂ ਨਾਲ ਕੀਤਾ ਘਾਣ ਕਰਾਰ ਦਿੰਦਿਆਂ ਕਿਹਾ ਕਿ ਇਹ ਬਿੱਲ ਬਿਜਲੀ ਦੇ ਸਪਲਾਈ ਦੀਆਂ ਦੋ ਵੱਖ-ਵੱਖ ਧਿਰਾਂ ਤਿਆਰ ਕਰੇਗਾ। ਨਿੱਜੀ ਕੰਪਨੀਆਂ ਸਿਰਫ ਮਲਾਈਦਾਰ ਭਾਵ ਸ਼ਹਿਰੀ, ਵਪਾਰਕ ਆਦਿ ਮੁਨਾਫੇ ਵਾਲੇ ਇਲਾਕਿਆਂ 'ਚ ਹੀ ਬਿਜਲੀ ਸਪਲਾਈ ਕਰਨਗੀਆਂ। ਜਦਕਿ ਪਹਿਲਾਂ ਤੋਂ ਹੀ ਮਾੜੇ ਵਿੱਤੀ ਹਾਲ 'ਚੋਂ ਲੰਘੇ ਰਹੇ ਬਿਜਲੀ ਬੋਰਡ ਦੀ ਹਾਲਤ ਹੋਰ ਵੀ ਪਤਲੀ ਹੋ ਜਾਵੇਗੀ। ਫਿਰ ਕਿਸਾਨਾਂ ਦੀ ਸਾਰ ਕੌਣ ਲਏਗਾ। ਯੋਗੇਂਦਰ ਯਾਦਵ ਨੇ ਬਿੱਲ ਨੂੰ ਸਟੈਂਡਿੰਗ ਕਮੇਟੀ ਕੋਲ ਭੇਜੇ ਜਾਣ ਦਾ ਸਵਾਗਤ ਕਰਦਿਆਂ ਕਿਹਾ ਕਿ ਹਾਲਾਂਕਿ ਸਰਕਾਰ ਨੇ ਹੋਰਨਾਂ ਬਿੱਲਾਂ ਵਾਂਗ ਧੱਕੇ ਨਾਲ ਇਕ ਘੰਟੇ 'ਚ ਇਸ ਨੂੰ ਪਾਸ ਨਹੀਂ ਕਰਵਾਇਆ, ਪਰ ਪ੍ਰਤੀਤ ਹੁੰਦਾ ਹੈ ਕਿ ਸਰਕਾਰ ਨੇ ਮਨ ਬਣਾ ਲਿਆ ਹੈ।
ਰਾਜ ਸਰਕਾਰਾਂ ਤੇ ਕਿਸਾਨ ਜਥੇਬੰਦੀਆਂ ਨਾਲ ਹੋਈ ਮੀਟਿੰਗ ਦੇ ਵੇਰਵੇ ਸੰਸਦ 'ਚ ਰੱਖਣ-ਹਰਸਿਮਰਤ

ਦਿੱਲੀ, 8 ਅਗਸਤ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਬਿਜਲੀ ਮੰਤਰੀ ਆਰ. ਕੇ. ਸਿੰਘ ਨੂੰ ਆਖਿਆ ਕਿ ਉਹ ਬਿਜਲੀ ਸੋਧ ਬਿੱਲ ਬਾਰੇ ਰਾਜ ਸਰਕਾਰਾਂ ਤੇ ਕਿਸਾਨ ਜਥੇਬੰਦੀਆਂ ਨਾਲ ਹੋਈ ਮੀਟਿੰਗ ਦੇ ਵੇਰਵੇ ਸੰਸਦ ਵਿਚ ਰੱਖਣ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਖੇਤੀਬਾੜੀ ਮੰਤਰਾਲੇ ਨੇ ਕਿਸਾਨ ਜਥੇਬੰਦੀਆਂ ਨੂੰ ਲਿਖਤੀ ਭਰੋਸਾ ਦਿੱਤਾ ਸੀ ਕਿ ਇਸ ਬਿੱਲ ਨਾਲ ਜਿਨ੍ਹਾਂ ਦੇ ਹਿੱਤ ਜੁੜੇ ਹਨ, ਉਨ੍ਹਾਂ ਸਭ ਨਾਲ ਮਸ਼ਵਰਾ ਹੋਣ ਤੋਂ ਬਾਅਦ ਸੰਸਦ 'ਚ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਐਨ.ਡੀ.ਏ ਸਰਕਾਰ ਬਿਜਲੀ ਸੋਧ ਬਿੱਲ ਬਾਰੇ ਵੀ ਦਿਵਾਏ ਲਿਖਤੀ ਭਰੋਸੇ ਤੋਂ ਉਸੇ ਤਰੀਕੇ ਭੱਜ ਰਹੀ ਹੈ ਜਿਵੇਂ ਇਹ ਦੇਸ਼ ਦੇ ਕਿਸਾਨਾਂ ਲਈ ਐਮ.ਐਸ.ਪੀ ਗਾਰੰਟੀ ਲਈ ਕਮੇਟੀ ਬਣਾਉਣ ਦੇ ਵਾਅਦੇ ਤੋਂ ਭੱਜੀ ਹੈ। ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਤਰੀਕੇ ਤਿੰਨ ਖੇਤੀ ਆਰਡੀਨੈਂਸਾਂ ਬਾਰੇ ਬਿੱਲ ਧੱਕੇ ਨਾਲ ਸੰਸਦ 'ਚ ਪਾਸ ਕਰਵਾਏ ਗਏ ਸਨ, ਉਸੇ ਤਰੀਕੇ ਬਿਜਲੀ ਸੋਧ ਬਿੱਲ ਵੀ ਪਾਸ ਕਰਵਾ ਕੇ ਬਿਜਲੀ ਖੇਤਰ ਕਾਰਪੋਰੇਟ ਘਰਾਣਿਆਂ ਹਵਾਲੇ ਕਰ ਦਿੱਤਾ ਜਾਵੇਗਾ। ਜਿਸ ਨਾਲ ਕਿਸਾਨਾਂ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦਾ ਨੁਕਸਾਨ ਹੋਵੇਗਾ।
ਕਿਸਾਨਾਂ ਨੂੰ ਮਿਲਦੀ ਰਹੇਗੀ ਮੁਫ਼ਤ ਬਿਜਲੀ-ਆਰ. ਕੇ. ਸਿੰਘ
ਬਿਜਲੀ ਮੰਤਰੀ ਆਰ. ਕੇ. ਸਿੰਘ ਨੇ ਵਿਰੋਧੀ ਧਿਰਾਂ ਦੇ ਖ਼ਦਸ਼ਿਆਂ ਨੂੰ ਮੁੱਢ ਤੋਂ ਖ਼ਾਰਜ ਕਰਦਿਆਂ ਕਿਹਾ ਕਿ ਕਿਸਾਨਾਂ ਨਾਲ ਸੰਬੰਧਿਤ ਕੋਈ ਵੀ ਧਾਰਾ ਬਿੱਲ 'ਚ ਨਹੀਂ ਹੈ। ਉਨ੍ਹਾਂ ਮੁੜ ਦੁਹਰਾਉਂਦਿਆਂ ਕਿਹਾ ਕਿ ਕਿਸਾਨਾਂ ਨੂੰ ਜਿਸ ਤਰ੍ਹਾਂ ਸਬਸਿਡੀ ਮਿਲ ਰਹੀ ਹੈ ਉਂਝ ਹੀ ਮਿਲਦੀ ਰਹੇਗੀ। ਬਿੱਲ 'ਚ ਸਬਸਿਡੀ ਘਟਾਉਣ ਦੀ ਕੋਈ ਵਿਵਸਥਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੁਫ਼ਤ ਬਿਜਲੀ ਮਿਲਦੀ ਰਹੇਗੀ। ਆਰ. ਕੇ. ਸਿੰਘ ਨੇ ਬਿੱਲ ਸਟੈਂਡਿੰਗ ਕਮੇਟੀ ਵੱਲ ਭੇਜਣ ਦਾ ਐਲਾਨ ਕਰਦਿਆਂ ਕਿਹਾ ਕਿ ਬਿੱਲ 'ਤੇ ਸੰਸਦੀ ਕਮੇਟੀ 'ਚ ਬਹਿਸ ਕੀਤੀ ਜਾ ਸਕਦੀ ਹੈ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਿਰੋਧੀ ਪਾਰਟੀਆਂ ਜਿਸ 'ਚ ਆਮ ਆਦਮੀ ਪਾਰਟੀ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸ਼ਾਮਿਲ ਹਨ ਨੇ ਇਸ 'ਤੇ ਸੰਤੋਖ ਪ੍ਰਗਟਾਇਆ ਮੁੱਖ ਮੰਤਰੀ ਮਾਨ ਨੇ ਕਮੇਟੀ ਕੋਲ ਭੇਜਣ ਦੇ ਫ਼ੈਸਲੇ ਨੂੰ ਚਾਰੇ ਪਾਸਿਓਂ ਕੀਤੇ ਜਾ ਰਹੇ ਵਿਰੋਧ ਕਾਰਨ ਚੁੱਕਿਆ ਕਦਮ ਕਰਾਰ ਦਿੱਤਾ। ਕਾਂਗਰਸ ਨੇ ਆਸ ਪ੍ਰਗਟਾਉਂਦਿਆਂ ਕਿਹਾ ਕਿ ਸਰਕਾਰ ਸਲਾਹ-ਮਸ਼ਵਰੇ ਨਾਲ ਅੱਗੇ ਵਧੇਗੀ।
ਮੌਨਸੂਨ ਇਜਲਾਸ ਤੈਅ ਸਮੇਂ ਤੋਂ 4 ਦਿਨ ਪਹਿਲਾਂ ਖ਼ਤਮ

ਹੰਗਾਮਾਖੇਜ਼ ਰਿਹਾ ਸੰਸਦ 'ਚ ਮੌਨਸੂਨ ਇਜਲਾਸ ਸੋਮਵਾਰ ਨੂੰ ਤੈਅ ਸਮੇਂ ਤੋਂ 4 ਦਿਨ ਪਹਿਲਾਂ ਹੀ ਖ਼ਤਮ ਕਰ ਦਿੱਤਾ ਗਿਆ। 18 ਜੁਲਾਈ ਤੋਂ ਸ਼ੁਰੂ ਹੋਏ ਸੰਸਦ ਦੇ ਮੌਨਸੂਨ ਇਜਲਾਸ ਦੇ ਪਹਿਲੇ ਦੋ ਹਫ਼ਤੇ ਹੰਗਾਮਿਆਂ ਦੀ ਭੇਟ ਚੜ੍ਹ ਗਏ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਤੱਕ ਉਠਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਇਜਲਾਸ 'ਚ ਕੁੱਲ 16 ਬੈਠਕਾਂ ਹੋਈਆਂ। 4 ਘੰਟੇ 29 ਮਿੰਟ ਚੱਲੀ ਸਭਾ ਦੀ ਕਾਰਵਾਈ 'ਚ ਸਰਕਾਰ ਵਲੋਂ 7 ਬਿੱਲ ਪਾਸ ਕੀਤੇ ਗਏ। ਪਾਸ ਕੀਤੇ 7 ਬਿੱਲਾਂ 'ਚੋਂ 2 ਬਿੱਲ ਊਰਜਾ ਸੰਭਾਲ (ਸੋਧ) ਬਿੱਲ 2022 ਅਤੇ ਨਵੀਂ ਦਿੱਲੀ ਇੰਟਰਨੈਸ਼ਨਲ ਸਾਲਸੀ ਕੇਂਦਰ (ਸੋਧ) ਬਿੱਲ 2022 ਸੋਮਵਾਰ ਨੂੰ ਹੀ ਪਾਸ ਕੀਤੇ ਗਏ। ਸੰਸਦ ਦਾ ਮੌਨਸੂਨ ਇਜਲਾਸ ਖ਼ਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੀਕਰ ਓਮ ਬਿਰਲਾ ਦੇ ਦਫ਼ਤਰ 'ਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨਾਲ ਬੈਠਕ ਵੀ ਕੀਤੀ।
ਬਿਜਲੀ ਸੋਧ ਬਿੱਲ ਰਾਜਾਂ ਦੇ ਅਧਿਕਾਰਾਂ 'ਤੇ ਇਕ ਹੋਰ ਹਮਲਾ-ਮੁੱਖ ਮੰਤਰੀ

ਚੰਡੀਗੜ੍ਹ, 8 ਅਗਸਤ (ਅਜੀਤ ਬਿਊਰੋ)-ਕੇਂਦਰ ਸਰਕਾਰ ਵਲੋਂ ਸੂਬਿਆਂ ਨਾਲ ਸਲਾਹ ਕੀਤੇ ਬਿਨਾਂ ਬਿਜਲੀ ਸੋਧ ਬਿੱਲ-2022 ਲੋਕ ਸਭਾ 'ਚ ਪੇਸ਼ ਕਰਨ ਦੀ ਜ਼ੋਰਦਾਰ ਮੁਖਾਲਫ਼ਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਕਦਮ ਨਾਲ ਕੇਂਦਰ ਨੇ ਸੂਬਿਆਂ ਦੇ ਹੱਕਾਂ 'ਤੇ ਇਕ ਹੋਰ ਡਾਕਾ ਮਾਰਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸਲ 'ਚ ਕੇਂਦਰ ਅਜਿਹੀਆਂ ਚਾਲਾਂ ਨਾਲ ਸੰਘੀ ਢਾਂਚੇ ਦੀਆਂ ਨੀਂਹਾਂ ਨੂੰ ਖੋਖਲਾ ਕਰਨਾ ਚਾਹੁੰਦਾ ਹੈ ਅਤੇ ਆਏ ਦਿਨ ਸੂਬਿਆਂ ਦੇ ਅਧਿਕਾਰਾਂ 'ਤੇ ਛਾਪਾ ਮਾਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸੂਬਿਆਂ ਨੂੰ ਕਠਪੁਤਲੀ ਨਾ ਸਮਝੇ। ਇਨ੍ਹਾਂ ਵਧੀਕੀਆਂ ਦੇ ਖ਼ਿਲਾਫ਼ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ। ਆਪਣੇ ਅਧਿਕਾਰਾਂ ਦੀ ਰਾਖੀ ਲਈ ਸੜਕ ਤੋਂ ਲੈ ਕੇ ਸੰਸਦ ਤੱਕ ਲੜਾਈ ਲੜਾਂਗੇ। ਭਗਵੰਤ ਮਾਨ ਨੇ ਕਿਹਾ ਕਿ ਬਿਜਲੀ ਸੈਕਟਰ ਨਾਲ ਸੰਬੰਧਿਤ ਕੋਈ ਵੀ ਬਿੱਲ ਪੇਸ਼ ਕਰਨ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਸੂਬਿਆਂ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ ਪਰ ਉਸ ਨੇ ਇਸ ਗੱਲ ਦੀ ਰਤਾ ਪ੍ਰਵਾਹ ਨਹੀਂ ਕੀਤੀ, ਜੋ ਸਿੱਧੇ ਤੌਰ 'ਤੇ ਸੰਘੀ ਢਾਂਚੇ 'ਤੇ ਹਮਲਾ ਹੈ। ਮੁੱਖ ਮੰਤਰੀ ਨੇ ਸਵਾਲ ਕਰਦਿਆਂ ਕਿਹਾ ਕਿ ਜਦੋਂ ਸੂਬੇ ਆਪਣੇ ਨਾਗਰਿਕਾਂ ਲਈ ਬਿਜਲੀ ਦੀ ਵਿਵਸਥਾ ਆਪਣੇ ਪੱਧਰ 'ਤੇ ਕਰਦੇ ਹਨ ਤਾਂ ਫੇਰ ਉਨ੍ਹਾਂ ਦਾ ਪੱਖ ਕਿਉਂ ਨਹੀਂ ਸੁਣਿਆ ਜਾ ਰਿਹਾ। ਪੰਜਾਬ ਦੀ ਮਿਸਾਲ ਦਿੰਦੇ ਹੋਏ ਮੁੱਖ ਮੰਤਰੀ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਸੂਬੇ 'ਚ ਕਿਸਾਨਾਂ ਨੂੰ ਖੇਤੀ ਟਿਊਬਵੈਲਾਂ ਲਈ ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ ਅਤੇ ਇਸੇ ਤਰ੍ਹਾਂ ਘਰੇਲੂ ਖ਼ਪਤਕਾਰਾਂ ਨੂੰ ਵੀ ਮੁਫ਼ਤ ਬਿਜਲੀ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਜੇਕਰ ਕੇਂਦਰ ਸਰਕਾਰ ਆਪਣੀ ਮਨਮਰਜ਼ੀ ਦਾ ਬਿੱਲ ਮੁਲਕ 'ਚ ਲਾਗੂ ਕਰ ਦਿੰਦੀ ਹੈ ਤਾਂ ਕਿਸਾਨਾਂ ਦੇ ਨਾਲ-ਨਾਲ ਹੋਰ ਵਰਗਾਂ ਨੂੰ ਬਹੁਤ ਵੱਡਾ ਨੁਕਸਾਨ ਸਹਿਣਾ ਪੈ ਸਕਦਾ ਹੈ। ਮੁੱਖ ਮੰਤਰੀ ਨੇ ਸੁਚੇਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ ਪੇਸ਼ ਕਰਕੇ ਇਕ ਵਾਰ ਫਿਰ ਖੇਤੀ ਕਾਨੂੰਨਾਂ ਵਾਲੀ ਗਲਤੀ ਦੁਹਰਾਉਣ ਜਾ ਰਹੀ ਹੈ ਅਤੇ ਲੋਕ ਅਜਿਹੀ ਇਕਪਾਸੜ ਕਾਰਵਾਈ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕੇਂਦਰ ਸਰਕਾਰ ਪਾਸੋਂ ਬਿਜਲੀ ਸੈਕਟਰ 'ਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਲਿਆਉਣ ਲਈ ਕਾਨੂੰਨ ਬਣਾਉਣ ਤੋਂ ਪਹਿਲਾਂ ਸਾਰੇ ਸੂਬਿਆਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦੇਣ ਦੀ ਮੰਗ ਕੀਤੀ।

ਭਾਰਤੀ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਬਰਮਿੰਘਮ ਖੇਡਾਂ ਸਮਾਪਤ

* 2026 'ਚ ਵਿਕਟੋਰੀਆ 'ਚ ਹੋਣਗੀਆਂ ਰਾਸ਼ਟਰਮੰਡਲ ਖੇਡਾਂ * ਆਖਰੀ ਦਿਨ ਭਾਰਤ ਨੇ ਜਿੱਤੇ 4 ਸੋਨ ਤਗਮੇ

ਬਰਮਿੰਘਮ, 8 ਅਗਸਤ (ਏਜੰਸੀ)-ਬਰਮਿੰਘਮ 'ਚ ਹੋਈਆਂ ਰਾਸ਼ਟਰਮੰਡਲ ਖੇਡਾਂ-2022, ਵਿਕਟੋਰੀਆ 'ਚ 2026 ਮਿਲਣ ਦਾ ਵਾਅਦਾ ਕਰਕੇ ਰੰਗਾ-ਰੰਗ ਪ੍ਰੋਗਰਾਮ ਨਾਲ ਸਮਾਪਤ ਹੋ ਗਈਆਂ। ਰਾਸ਼ਟਰਮੰਡਲ ਖੇਡਾਂ ਦਾ ਆਖਰੀ ਦਿਨ ਵੀ ਭਾਰਤ ਲਈ ਸੁਨਹਿਰੀ ਰਿਹਾ ਅਤੇ ਭਾਰਤੀ ਖਿਡਾਰੀਆਂ ਨੇ ਆਖਰੀ ਦਿਨ 4 ਸੋਨ ਤਗਮੇ ਭਾਰਤ ਦੀ ਝੋਲੀ ਪਾਏ। ਦੇਸ਼ ਲਈ ਖੇਡਾਂ ਦੇ ਆਖਰੀ ਦਿਨ ਦਾ ਪਹਿਲਾ ਸੋਨ ਤਗਮਾ ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਨੇ ਜਿੱਤਿਆ। ਉਸ ਨੇ ਫਾਈਨਲ ਵਿਚ ਕੈਨੇਡਾ ਦੀ ਮਿਸ਼ੇਲ ਲੀ ਨੂੰ ਹਰਾਇਆ। ਦੂਸਰਾ ਸੋਨ ਤਗਮਾ ਪੁਰਸ਼ਾਂ ਦੇ ਬੈਡਮਿੰਟਨ ਦੇ ਫਾਈਨਲ ਵਿਚ ਲਕਸ਼ੈ ਸੇਨ ਨੇ ਮਲੇਸ਼ੀਆ ਦੇ ਖਿਡਾਰੀ ਨੂੰ ਹਰਾ ਕੇ ਜਿੱਤਿਆ। ਦੇਸ਼ ਲਈ ਤੀਸਰਾ ਸੋਨ ਤਗਮਾ ਦਿੱਗਜ਼ ਟੇਬਲ ਟੈਨਿਸ ਖਿਡਾਰੀ ਸ਼ਰਥ ਕਮਲ (40) ਨੇ ਫਾਈਨਲ ਵਿਚ ਇੰਗਲੈਂਡ ਖਿਡਾਰੀ ਨੂੰ ਹਰਾ ਕੇ ਆਪਣੇ ਨਾਂਅ ਕੀਤਾ। ਜਦੋਂ ਕਿ ਬੈਡਮਿੰਟਨ ਵਿਚ ਹੀ ਪੁਰਸ਼ਾਂ ਦੇ ਡਬਲਜ਼ ਵਿਚ ਭਾਰਤ ਦੇ ਚਿਰਾਗ ਸ਼ੈਟੀ ਅਤੇ ਸਤਵਿਕਸਿਰਾਜ ਰੰਕੀਰੈਡੀ ਨੇ ਦੇਸ਼ ਲਈ ਚੌਥਾ ਸੋਨ ਤਗਮਾ ਜਿੱਤਿਆ। ਉਨ੍ਹਾਂ ਨੇ ਫਾਈਨਲ ਵਿਚ ਇੰਗਲੈਂਡ ਦੇ ਖਿਡਾਰੀਆਂ ਨੂੰ ਮਾਤ ਦਿੱਤੀ। ਇਸ ਤੋਂ ਇਲਾਵਾ ਮੁੱਕੇਬਾਜ਼ੀ ਵਿਚ 92 ਕਿਲੋ ਭਾਰ ਵਰਗ ਵਿਚ ਸਾਗਰ ਅਹਲਾਵਤ ਨੇ ਚਾਂਦੀ ਦਾ ਤਗਮਾ ਆਪਣੇ ਨਾਂਅ ਕੀਤਾ। ਆਪਣਾ ਪਹਿਲਾ ਅੰਤਰਰਾਸ਼ਟਰੀ ਟੂਰਨਾਮੈਂਟ ਖੇਡ ਰਹੇ ਸਾਗਰ ਨੂੰ ਫਾਈਨਲ ਵਿਚ ਇੰਗਲੈਂਡ ਦੇ ਮੁੱਕੇਬਾਜ਼ ਕੋਲੋਂ 5-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਸਾਗਰ ਵਲੋਂ ਇਨ੍ਹਾਂ ਖੇਡਾਂ ਵਿਚ ਕੀਤੇ ਬਿਹਤਰੀਨ ਪ੍ਰਦਰਸ਼ਨ ਨੇ ਸਾਰਿਆਂ ਨੂੰ ਕਾਫੀ ਪ੍ਰਭਾਵਿਤ ਕੀਤਾ। ਉੱਧਰ ਟੇਬਲ ਟੈਨਿਸ ਵਿਚ ਭਾਰਤ ਦੇ ਜੀ. ਸਾਥੀਆਨ ਨੇ ਆਪਣੀਆਂ ਪਹਿਲੀਆਂ ਰਾਸ਼ਟਰਮੰਡਲ ਖੇਡਾਂ ਵਿਚ ਕਾਂਸੀ ਦਾ ਤਗਮਾ ਜਿੱਤਿਆ।

'ਮੋਰਚਾ ਗੁਰੂ ਕਾ ਬਾਗ਼' ਦੀ ਸ਼ਤਾਬਦੀ ਦੇ ਮੁੱਖ ਸਮਾਗਮ ਮੌਕੇ ਪੰਥ ਵਿਰੋਧੀ ਸ਼ਕਤੀਆਂ ਖ਼ਿਲਾਫ਼ ਲਾਮਬੰਦ ਹੋਣ ਦਾ ਸੱਦਾ

ਗੁਰੂ ਕਾ ਬਾਗ, ਘੁੱਕੇਵਾਲੀ (ਅੰਮ੍ਰਿਤਸਰ), 8 ਅਗਸਤ (ਜਸਵੰਤ ਸਿੰੰਘ ਜੱਸ, ਸ਼ਰਨਜੀਤ ਸਿੰਘ ਗਿੱਲ)-ਇਕ ਸਦੀ ਪਹਿਲਾਂ ਪੰਜਵੀਂ ਤੇ ਨੌਵੀਂ ਪਾਤਸ਼ਾਹੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਗੁਰੂ ਕਾ ਬਾਗ਼ ਘੁੱਕੇਵਾਲੀ ਨੂੰ ਮਹੰਤ ਤੋਂ ਆਜ਼ਾਦ ਕਰਵਾਉਣ ਲਈ ਲਗਾਏ ਮੋਰਚੇ ਦੌਰਾਨ ਪੁਲਿਸ ਦਾ ਅੰਨ੍ਹਾ ਤਸ਼ੱਦਦ ਸਹਿੰਦਿਆਂ ਸ਼ਹੀਦੀਆਂ ਪਾਉਣ ਅਤੇ ਗ੍ਰਿਫ਼ਤਾਰੀਆਂ ਦੇਣ ਉਪਰੰਤ ਮੋਰਚਾ ਫ਼ਤਹਿ ਕਰਨ ਵਾਲੇ ਸਿੰਘਾਂ ਦੀ ਯਾਦ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵਲੋਂ ਇਥੇ ਮਨਾਈ 'ਮੋਰਚਾ ਗੁਰੂ ਕਾ ਬਾਗ਼' ਸ਼ਤਾਬਦੀ ਸੰਬੰਧੀ ਤਿੰਨ ਦਿਨਾ ਸਮਾਗਮ ਅੱਜ ਸਮਾਪਤ ਹੋ ਗਏ। ਆਖਰੀ ਦਿਨ ਦੇ ਮੁੱਖ ਸਮਾਗਮ ਵਿਚ ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਦੇ ਮੌਜੂਦਾ ਤੇ ਸਾਬਕਾ ਪ੍ਰਧਾਨ ਤੇ ਮੈਂਬਰ ਸਾਹਿਬਾਨ, ਪੰਥ ਦੀਆਂ ਧਾਰਮਿਕ ਸ਼ਖ਼ਸੀਅਤਾਂ ਤੇ ਵੱਡੀ ਗਿਣਤੀ ਵਿਚ ਸੰਗਤ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਇਸ ਮੌਕੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਬਚਾਉਣੀ ਹੈ ਤਾਂ ਆਪਣਾ ਧਿਆਨ ਸਿੱਖੀ ਦੇ ਪ੍ਰਚਾਰ-ਪ੍ਰਸਾਰ ਵੱਲ ਕੇਂਦਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਰਕਾਰ ਬਣਾਉਣਾ ਮਕਸਦ ਤਿਆਗ ਕੇ ਅਕਾਲੀ ਪਿੰਡ-ਪਿੰਡ ਜਾ ਕੇ ਸਿੱਖੀ ਦਾ ਪ੍ਰਚਾਰ ਕਰਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਮਕਸਦ ਗੁਰਧਾਮਾਂ ਦੀ ਸੇਵਾ ਤੇ ਸਿੱਖੀ ਦਾ ਪ੍ਰਚਾਰ ਹੋਣਾ ਚਾਹੀਦਾ ਹੈ ਕਿਉਂਕਿ ਜੇ ਸਿੱਖੀ ਹੀ ਨਾ ਰਹੀ ਤਾਂ ਸਰਕਾਰ ਬਣਾ ਕੇ ਕੀ ਕਰਾਂਗੇ। ਉਨ੍ਹਾਂ ਕਿਹਾ ਕਿ ਪੰਥ ਨੂੰ ਦਰਪੇਸ਼ ਚੁਣੌਤੀਆਂ ਦੇ ਟਾਕਰੇ ਲਈ ਸਿੱਖ ਇਤਿਹਾਸ ਤੋਂ ਸੇਧ ਲੈਣ ਦੀ ਲੋੜ ਹੈ। ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਕੌਮ ਦੀ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਕੌਮ ਦੀ ਤਾਕਤ ਤੇ ਫ਼ੌਜ ਹੈ। ਉਨ੍ਹਾਂ ਕਿਹਾ ਕਿ ਅੱਜ ਇਸ ਗੱਲ ਨੂੰ ਪਛਾਣਨ ਦੀ ਲੋੜ ਹੈ ਕਿ ਕਿਹੜੀਆਂ ਪੰਥ ਵਿਰੋਧੀ ਤਾਕਤਾਂ ਸਾਡੀਆਂ ਦੋਵਾਂ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਦਿੱਲੀ ਗੁ: ਕਮੇਟੀ ਦੇ ਆਗੁੂਆਂ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਏਜੰਸੀਆਂ ਦੇ ਇਸ਼ਾਰੇ 'ਤੇ ਚੱਲਣ ਵਾਲੀਆਂ ਤਾਕਤਾਂ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਜਾਂ ਕਿਸੇ ਹੋਰ ਦੀ ਨਹੀਂ ਬਲਕਿ ਕੌਮ ਦੀ ਜਾਇਦਾਦ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਹੋਰ ਸਾਰੇ ਕਾਰਜ ਛੱਡ ਕੇ ਸ਼੍ਰੋਮਣੀ ਕਮੇਟੀ ਵਲੋਂ ਹਰ ਹਲਕੇ ਵਿਚ ਅੰਮ੍ਰਿਤ ਸੰਚਾਰ, ਕੀਰਤਨ ਦਰਬਾਰ ਤੇ ਧਰਮ ਪ੍ਰਚਾਰ ਲਹਿਰ ਚਲਾਈ ਜਾ ਰਹੀ ਹੈ। ਉੁਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਸ: ਹਰਮੀਤ ਸਿੰਘ ਕਾਲਕਾ ਗਲਤ ਪ੍ਰਚਾਰ ਕਰ ਰਹੇ ਹਨ ਕਿ ਪੰਜਾਬ ਵਿਚ ਈਸਾਈਅਤ ਫ਼ੈਲ ਰਹੀ ਹੈ। ਉਨ੍ਹਾਂ ਕਿਹਾ ਕਿ ਆਰ. ਐਸ. ਐਸ. ਪੰਜਾਬ 'ਚ ਧਰਮ ਪ੍ਰਚਾਰ ਦੇ ਨਾਂਅ 'ਤੇ ਆਉਂਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਲੈ ਕੇ ਅਸਿੱਧੇ ਤੌਰ 'ਤੇ ਆਪਣਾ ਪਲੇਟਫਾਰਮ ਤਿਆਰ ਕਰਨ ਤੇ ਕੌਮ ਦੀ ਪ੍ਰਤੀਨਿਧ ਜਥੇਬੰਦੀ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਜ਼ਾਵਾਂ ਪੂਰੀਆਂ ਹੋਣ ਦੇ ਬਾਜਵੂਦ ਲੰਬੇ ਅਰਸੇ ਤੋਂ ਜੇਲ੍ਹਾਂ 'ਚ ਬੰਦ ਸਿੰਘਾਂ ਦੀ ਰਿਹਾਈ ਲਈ ਲੋਕਤੰਤਰੀ ਢੰਗ ਨਾਲ ਜ਼ੋਰਦਾਰ ਸੰਘਰਸ਼ ਵਿੱਢਿਆ ਜਾਵੇਗਾ। ਦਮਦਮੀ ਟਕਸਾਲ ਮਹਿਤਾ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਅੱਜ ਹਕੂਮਤਾਂ ਵਲੋਂ ਸ਼੍ਰੋਮਣੀ ਕਮੇਟੀ ਨੂੰ ਖਤਮ ਕਰਨ ਅਤੇ ਤਖ਼ਤ ਸਾਹਿਬਾਨ ਦੀ ਸਰਬਉੱਚਤਾ ਨੂੰ ਢਾਹ ਲਾਉਣ ਲਈ ਹਥਕੰਡੇ ਅਪਣਾਏ ਜਾ ਰਹੇ ਹਨ, ਜਿਸ ਲਈ ਮਿਲ ਕੇ ਉਪਰਾਲੇ ਕਰਨ ਦੀ ਲੋੜ ਹੈ। ਸੁਖਬੀਰ ਸਿੰਘ ਬਾਦਲ ਦਾ ਨਾਂਅ ਲਏ ਬਿਨਾਂ ਉਨ੍ਹਾਂ ਕਿਹਾ ਕਿ ਪੰਥਕ ਆਗੂਓ ਤੁਸੀਂ ਪੰਥਕ ਪ੍ਰੰਪਰਾਵਾਂ ਤੋਂ ਪਿੱਛੇ ਹਟੇ ਤਾਂ ਹੀ ਕੌਮ ਨੇ ਤੁਹਾਨੂੰੂ ਸ਼ੀਸ਼ਾ ਦਿਖਾਇਆ ਤੇ ਜੇਕਰ ਤੁਸੀਂ ਬਚਣਾ ਹੈ ਤਾਂ ਪੰਥਕ ਪਰੰਪਰਾਵਾਂ ਦਾ ਲੜ ਫੜ ਲਓ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ, ਦਲ ਬਾਬਾ ਬਿਧੀ ਚੰਦ ਸੰਪਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰ ਸਿੰਘ, ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਨੇ ਵਿਚਾਰ ਰੱਖੇ। ਸਿੰਘ ਸਾਹਿਬਾਨ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਗੁਰਦੁਆਰਾ ਸੁਧਾਰ ਲਹਿਰ ਸੰਬੰਧੀ ਸਿੱਖ ਇਤਿਹਾਸ ਰਿਸਰਚ ਬੋਰਡ ਦੇ ਮੈਂਬਰ ਤੇ ਸਿੱਖ ਇਤਿਹਾਸਕਾਰ ਹਰਵਿੰਦਰ ਸਿੰਘ ਖ਼ਾਲਸਾ ਵਲੋਂ ਤਿਆਰ ਕੀਤੀ ਤੇ ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਿਤ ਗੁਰਦੁਆਰਾ ਸੁਧਾਰ ਲਹਿਰ ਸੰਬੰਧੀ ਸਚਿੱਤਰ ਪੁਸਤਕ ਵੀ ਲੋਕ ਅਰਪਿਤ ਕੀਤੀ ਗਈ। ਸ਼ਤਾਬਦੀ ਸਮਾਗਮ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਮੁੱੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ, ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸੀਨੀਅਰ ਅਕਾਲੀ ਆਗੂ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾ: ਦਲਜੀਤ ਸਿੰਘ ਚੀਮਾ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਹਰਜਾਪ ਸਿੰਘ ਸੁਲਤਾਨਵਿੰਡ, ਜੋਧ ਸਿੰਘ ਸਮਰਾ, ਸੁਰਜੀਤ ਸਿੰਘ ਭਿੱਟੇਵੱਡ, ਭਗਵੰਤ ਸਿੰਘ ਸਿਆਲਕਾ, ਭਾਈ ਮਨਜੀਤ ਸਿੰਘ ਭੂਰਾ ਕੋਹਨਾ, ਭਾਈ ਅਮਰਜੀਤ ਸਿੰਘ ਚਾਵਲਾ, ਗੁਰਚਰਨ ਸਿੰਘ ਗਰੇਵਾਲ, ਜਥੇ: ਕਰਨੈਲ ਸਿੰਘ ਪੰਜੋਲੀ, ਜਥੇ: ਵੀਰ ਸਿੰਘ ਲੋਪੋਕੇ, ਤਲਬੀਰ ਸਿੰਘ ਗਿੱਲ, ਰਵਿੰਦਰ ਸਿੰਘ ਬ੍ਰਹਮਪੁਰਾ, ਬੋਨੀ ਅਮਰਪਾਲ ਸਿੰਘ ਅਜਨਾਲਾ, ਬੀਬੀ ਸਵਰਨ ਕੌਰ ਤੇੜਾ, ਬਾਬਾ ਟੇਕ ਸਿੰਘ, ਸਤਵਿੰਦਰ ਸਿੰਘ ਟੌਹੜਾ, ਅਜਾਇਬ ਸਿੰਘ ਅਭਿਆਸੀ, ਸੁਖਵਰਸ਼ ਸਿੰਘ ਪੰਨੂੰ, ਸੁਰਜੀਤ ਸਿੰਘ ਤੁਗਲਵਾਲ, ਗੁਰਨਾਮ ਸਿੰਘ ਜੱਸਲ, ਗੁਰਬਚਨ ਸਿੰਘ ਕਰਮੂਵਾਲਾ, ਅਮਰਜੀਤ ਸਿੰਘ ਭਲਾਈਪੁਰ, ਹਰਪਾਲ ਸਿੰਘ ਜੱਲ੍ਹਾ, ਕੁਲਵੰਤ ਸਿੰਘ ਮੰਨਣ, ਬੀਬੀ ਜਸਵੀਰ ਕੌਰ, ਬੀਬੀ ਬਲਵਿੰਦਰ ਕੌਰ ਲੋਪੋਕੇ, ਖੁਸ਼ਵਿੰਦਰ ਸਿੰਘ ਭਾਟੀਆ, ਇਤਿਹਾਸਕਾਰ ਹਰਵਿੰਦਰ ਸਿੰਘ ਖ਼ਾਲਸਾ, ਬੀਬੀ ਜੋਗਿੰਦਰ ਕੌਰ, ਗੁਰਿੰਦਰ ਸਿੰਘ ਸ਼ਾਮਪੁਰਾ, ਕੁਲਦੀਪ ਸਿੰਘ ਤੇੜਾ, ਬਾਬਾ ਗੱਜਣ ਸਿੰਘ ਤਰਨਾ ਦਲ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਬਾਬਾ ਮੌਜ ਦਾਸ ਮਾੜੀ ਕੰਬੋਕੇ, ਬਾਬਾ ਗੁਰਦੇਵ ਸਿੰਘ ਕੁੱਲੀ ਵਾਲੇ, ਬਾਬਾ ਸੁਖਵਿੰਦਰ ਸਿੰਘ ਮਲਕਪੁਰ, ਬਾਬਾ ਸੁਬੇਗ ਸਿੰਘ ਗੋਇੰਦਵਾਲ, ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲੇ, ਬਾਬਾ ਨੌਰੰਗ ਸਿੰਘ, ਬਾਬਾ ਸੁੱਚਾ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਸਵਰਨ ਸਿੰਘ ਮਲਕਪੁਰ, ਬਾਬਾ ਸੁੱਖਾ ਸਿੰਘ ਖਿਆਲਾ, ਭਾਈ ਸੁਖਵਿੰਦਰ ਸਿੰਘ ਅਗਵਾਨ, ਬਾਬਾ ਧਰਮਜੀਤ ਸਿੰਘ, ਬਾਬਾ ਸੁਰਜੀਤ ਸਿੰਘ, ਬਾਬਾ ਪ੍ਰਤਾਪ ਸਿੰਘ, ਬਾਬਾ ਰਾਮ ਸਿੰਘ, ਬਾਬਾ ਸ਼ਮਸ਼ੇਰ ਸਿੰਘ, ਬਾਬਾ ਗੁਰਪ੍ਰੀਤ ਸਿੰਘ ਖਡੂਰ ਸਾਹਿਬ, ਬਾਬਾ ਅਵਤਾਰ ਸਿੰਘ, ਮਾਤਾ ਸਰਬਜੀਤ ਕੌਰ, ਬਾਬਾ ਮੇਜਰ ਸਿੰਘ, ਬਾਬਾ ਅਜਾਇਬ ਸਿੰਘ, ਭਾਈ ਸੁਰਿੰਦਰ ਸਿੰਘ ਮਿੱਠੇ ਟਿਵਾਣਾ ਵਾਲੇ, ਬਾਬਾ ਅਜੀਤ ਸਿੰਘ ਨਿਰਮਲ ਕੁਟੀਆ, ਬਾਬਾ ਸਤਨਾਮ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ, ਪ੍ਰਿੰਸੀਪਲ ਸਵਰਨ ਸਿੰਘ, ਡਾ. ਪਰਮਜੀਤ ਸਿੰਘ ਸਰੋਆ, ਪ੍ਰਤਾਪ ਸਿੰਘ, ਬਿਜੈ ਸਿੰਘ, ਸਤਬੀਰ ਸਿੰਘ ਧਾਮੀ, ਸਰਬਜੀਤ ਸਿੰਘ ਸੋਹਲ, ਮੈਨੇਜਰ ਜਗਜੀਤ ਸਿੰਘ ਵਰਨਾਲੀ, ਗਿਆਨੀ ਜਗਦੇਵ ਸਿੰਘ ਹੈੱਡ ਪ੍ਰਚਾਰਕ ਤੇ ਗੁਰਸ਼ਰਨ ਸਿੰਘ ਛੀਨਾ ਸਮੇਤ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ, ਹੋਰ ਪ੍ਰਮੁੱਖ ਧਾਰਮਿਕ ਸ਼ਖ਼ਸੀਅਤਾਂ ਤੇ ਸੰਗਤ ਹਾਜ਼ਰ ਸੀ।

ਅਕਾਲੀ ਦਲ ਵਲੋਂ ਮਲੂਕਾ ਦੀ ਅਗਵਾਈ 'ਚ ਪੰਜ ਮੈਂਬਰੀ ਅਨੁਸ਼ਾਸਨੀ ਕਮੇਟੀ ਗਠਿਤ

ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਸੁਖਬੀਰ

ਚੰਡੀਗੜ੍ਹ, 8 ਅਗਸਤ (ਪ੍ਰੋ. ਅਵਤਾਰ ਸਿੰਘ)-ਅਕਾਲੀ ਦਲ ਵਲੋਂ ਵਿਧਾਨ ਸਭਾ ਚੋਣਾਂ 'ਚ ਹੋਈ ਨਮੋਸ਼ੀਜਨਕ ਹਾਰ ਦੀ ਸਮੀਖਿਆ ਕਰਨ ਲਈ ਸ. ਇਕਬਾਲ ਸਿੰਘ ਝੂੰਦਾਂ ਵਾਲੀ ਅਗਵਾਈ 'ਚ ਬਣਾਈ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਲਈ ਪਾਰਟੀ 'ਚੋਂ ਉਠ ਰਹੀ ਮੰਗ, ਜਿਸ 'ਚ ਪਾਰਟੀ ਪ੍ਰਧਾਨ ਤੋਂ ਵੀ ਅਸਤੀਫ਼ਾ ਲਏ ਜਾਣ ਦੀ ਗੱਲ ਕਹੀ ਜਾ ਰਹੀ ਹੈ, ਤੋਂ ਪ੍ਰੇਸ਼ਾਨ ਅਕਾਲੀ ਦਲ ਲੀਡਰਸ਼ਿਪ ਵਲੋਂ ਝੂੰਦਾਂ ਕਮੇਟੀ ਰਿਪੋਰਟ ਨੂੰ ਲਾਗੂ ਕਰਨ ਲਈ ਅੱਗੇ ਵਧਣ ਦੀ ਥਾਂ ਪਾਰਟੀ 'ਚ ਜ਼ਾਬਤਾ ਕਮੇਟੀ ਬਣਾਉਣ ਦਾ ਐਲਾਨ ਕਰਦਿਆਂ ਚਿਤਾਵਨੀ ਦਿੱਤੀ ਗਈ ਹੈ ਕਿ ਪਾਰਟੀ ਪਲੇਟਫਾਰਮ ਤੋਂ ਬਾਅਦ ਪਾਰਟੀ ਦੇ ਅੰਦਰੂਨੀ ਮਸਲਿਆਂ ਨਾਲ ਸੰਬੰਧਿਤ ਕੋਈ ਵਿਚਾਰ ਪ੍ਰਗਟ ਕਰਨ ਅਤੇ ਸਰਗਰਮੀਆਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਵਰਨਣਯੋਗ ਹੈ ਕਿ ਅੱਜ ਅੰਮ੍ਰਿਤਸਰ ਵਿਖੇ ਪਾਰਟੀ ਦੇ ਕਈ ਸੀਨੀਅਰ ਆਗੂਆਂ ਵਲੋਂ ਇਕ ਮੀਟਿੰਗ ਕਰਕੇ ਝੂੰਦਾਂ ਕਮੇਟੀ ਦੀਆਂ ਭਾਵਨਾਵਾਂ ਅਨੁਸਾਰ ਏਜੰਡਾ ਲਾਗੂ ਕਰਵਾਉਣ ਦਾ ਜੋ ਅਹਿਦ ਲਿਆ ਗਿਆ, ਉਸ ਤੋਂ ਬਾਅਦ ਪਾਰਟੀ ਵਲੋਂ ਅਨੁਸ਼ਾਸਨੀ ਕਮੇਟੀ ਦਾ ਕਾਹਲੀ 'ਚ ਫ਼ੈਸਲਾ ਲਿਆ ਗਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੀ ਪੰਜ ਮੈਂਬਰੀ ਅਨੁਸ਼ਾਸਨੀ ਕਮੇਟੀ ਗਠਿਤ ਕਰ ਦਿੱਤੀ। ਕਮੇਟੀ ਦੀ ਅਗਵਾਈ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਕਰਨਗੇ। ਕਮੇਟੀ ਦੇ ਹੋਰ ਮੈਂਬਰਾਂ 'ਚ ਸ. ਸ਼ਰਨਜੀਤ ਸਿੰਘ ਢਿੱਲੋਂ, ਸ. ਵਿਰਸਾ ਸਿੰਘ ਵਲਟੋਹਾ, ਸ. ਮਨਤਾਰ ਸਿੰਘ ਬਰਾੜ ਤੇ ਡਾ. ਸੁਖਵਿੰਦਰ ਸੁੱਖੀ ਨੂੰ ਸ਼ਾਮਿਲ ਕੀਤਾ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਸਾਰੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਰਟੀ ਦੀਆਂ ਰਵਾਇਤਾਂ ਮੁਤਾਬਕ ਪਾਰਟੀ ਪਲੇਟਫਾਰਮ 'ਤੇ ਹੀ ਖੁੱਲ੍ਹਦਿਲੀ ਨਾਲ ਲੋਕਤੰਤਰੀ ਤਰੀਕੇ ਅਨੁਸਾਰ ਵਿਚਾਰ ਰੱਖਣ ਅਤੇ ਪਾਰਟੀ, ਪੰਥ ਤੇ ਪੰਜਾਬ ਦੇ ਦੁਸ਼ਮਣਾਂ ਨੂੰ ਪਾਰਟੀ ਦੀ ਜਥੇਬੰਦਕ ਏਕਤਾ ਤੇ ਮਜ਼ਬੂਤੀ ਬਾਰੇ ਗੈਰ-ਲੋੜੀਂਦੇ ਭੁਲੇਖੇ ਫੈਲਾਉਣ ਦੀ ਆਗਿਆ ਨਾ ਦੇਣ। ਬਿਆਨ ਵਿਚ ਕਿਹਾ ਗਿਆ ਕਿ ਪਾਰਟੀ ਦੀ ਮਜ਼ਬੂਤੀ ਲਈ ਹਰ ਵਿਚਾਰ ਦਾ ਸਵਾਗਤ ਹੈ ਪਰ ਸਿਰਫ਼ ਪਾਰਟੀ ਪਲੇਟਫਾਰਮ 'ਤੇ ਵਿਚਾਰ ਰੱਖੇ ਜਾਣ। ਪਾਰਟੀ ਪਲੇਟਫਾਰਮ ਤੋਂ ਬਾਹਰ ਅਜਿਹੇ ਵਿਚਾਰਾਂ ਦੇ ਪ੍ਰਗਟਾਵੇ ਦੀ ਅਨੁਸ਼ਾਸਨਹੀਣਤਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਬਿਆਨ 'ਚ ਕਿਹਾ ਗਿਆ ਕਿ ਪਾਰਟੀ ਵਿਚ ਅਨੁਸ਼ਾਸਨਹੀਣਤਾ ਦੀ ਕੋਈ ਥਾਂ ਨਹੀਂ ਹੈ ਤੇ ਪਾਰਟੀ ਦੇ ਅੰਦਰੂਨੀ ਮਾਮਲਿਆਂ 'ਤੇ ਹੋਰ ਕਿਤੇ ਵਿਚਾਰ ਪ੍ਰਗਟ ਕਰਨਾ ਜਾਂ ਕੋਈ ਸਰਗਰਮੀ ਕਰਨਾ ਪਾਰਟੀ, ਪੰਥ ਤੇ ਪੰਜਾਬ ਦੇ ਦੁਸ਼ਮਣਾਂ ਨੂੰ ਅਫਵਾਹਾਂ, ਕੂੜ ਪ੍ਰਚਾਰ ਤੇ ਗਲਤ ਸੂਚਨਾਵਾਂ ਦੇਣ ਦਾ ਮੌਕਾ ਪ੍ਰਦਾਨ ਕਰਦਾ ਹੈ ਤਾਂ ਜੋ ਸੰਗਠਨ ਨੂੰ ਕਮਜ਼ੋਰ ਕੀਤਾ ਜਾ ਸਕੇ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਅਨੁਸ਼ਾਸਨੀ ਕਮੇਟੀ ਅੱਗੋਂ ਕੀ ਕਾਰਵਾਈ ਕਰਦੀ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

ਜੇ.ਈ.ਈ-ਮੇਨ 2 ਦਾ ਨਤੀਜਾ

ਬਠਿੰਡਾ ਦਾ ਮ੍ਰਿਨਾਲ ਗਰਗ ਪੰਜਾਬ 'ਚੋਂ ਅੱਵਲ, ਦੇਸ਼ 'ਚੋਂ 5ਵਾਂ ਰੈਂਕ

ਬਠਿੰਡਾ, 8 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਜੇ.ਈ.ਈ. ਮੇਨ ਸੈਸ਼ਨ-2 ਦੇ ਐਲਾਨੇ ਨਤੀਜੇ ਵਿਚ ਬਠਿੰਡਾ ਦੇ ਮ੍ਰਿਨਾਲ ਗਰਗ ਨੇ ਇਕ ਵਾਰ ਫਿਰ ਪੰਜਾਬ 'ਚੋਂ ਟਾਪ ਕੀਤਾ ਹੈ। ਇਹੀ ਨਹੀਂ ਮ੍ਰਿਨਾਲ ਨੇ ਰਿਜਨਲ ਟਾਪਰ ਦੇ ਰੂਪ ਵਿਚ ਉੱਭਰਦੇ ਹੋਏ ਦੇਸ਼ ਭਰ 'ਚੋਂ 5ਵਾਂ ਰੈਂਕ ਹਾਸਲ ਕੀਤਾ ਹੈ। ਪਿਛਲੇ ਮਹੀਨੇ ਆਏ ਜੇ.ਈ.ਈ.ਮੇਨ ਸੈਸ਼ਨ-1 ਦੀ ਪ੍ਰੀਖਿਆ ਵਿਚ ਮ੍ਰਿਨਾਲ ਗਰਗ ਨੇ 300 'ਚੋਂ 300 ਅੰਕ ਪ੍ਰਾਪਤ ਕਰ ਦੇਸ਼ ਭਰ ਦੇ ਹੋਰਨਾਂ 13 ਟਾਪਰਾਂ ਦੀ ਸੂਚੀ ਵਿਚ ਜਗ੍ਹਾ ਬਣਾਈ ਸੀ। ਮ੍ਰਿਨਾਲ ਐਨ.ਟੀ.ਐਸ.ਈ., ਕੇ.ਵੀ.ਪੀ.ਵਾਈ ਦਾ ਸਕਾਲਰ ਹੋਣ ਦੇ ਨਾਲ-ਨਾਲ ਆਈ. ਓ. ਕਿਯੂ. ਸੀ. ਅਤੇ ਆਈ. ਐਨ. ਐਮ. ਓ. ਦੇ ਕੁਆਲੀਫ਼ਾਇਰ ਵੀ ਹੈ। ਦਿਨ ਵਿਚ ਲਗਭਗ 14 ਘੰਟੇ ਆਪਣੀ ਪੜ੍ਹਾਈ ਨੂੰ ਦੇਣ ਵਾਲਾ ਮ੍ਰਿਨਾਲ ਆਪਣੀ ਪ੍ਰਾਪਤੀ ਦਾ ਸਿਹਰਾ ਆਪਣੇ ਮਾਪਿਆਂ ਦੇ ਨਾਲ-ਨਾਲ ਸ੍ਰੀ ਚੈਤਨਿਆ ਅਕੈਡਮੀ ਦੇ ਅਧਿਆਪਕਾਂ ਦੇ ਸਿਰ ਬੰਨ੍ਹਦਾ ਹੈ। ਮ੍ਰਿਨਾਲ ਦੇ ਪਿਤਾ ਚਰਨਜੀਤ ਗਰਗ ਅਤੇ ਮਾਤਾ ਰੀਨੂੰ ਬਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਬੇਟੇ ਦੀ ਪ੍ਰਾਪਤੀ 'ਤੇ ਮਾਣ ਹੈ। ਕੋਚਿੰਗ ਸੈਂਟਰ ਦੇ ਡਾਇਰੈਕਟਰ ਮਿਰਨਾਲ ਸਿੰਘ ਨੇ ਮ੍ਰਿਨਾਲ ਗਰਗ ਦੀ ਇਸ ਪ੍ਰਾਪਤੀ 'ਤੇ ਉਸ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਉਸ ਦਾ ਨਤੀਜਾ ਹੋਰਨਾਂ ਵਿਦਿਆਰਥੀਆਂ ਲਈ ਪ੍ਰੇਰਨਾ ਸ੍ਰੋਤ ਬਣੇਗਾ। ਇੰਜੀਨੀਅਰਿੰਗ ਕਾਲਜਾਂ 'ਚ ਦਾਖ਼ਲੇ ਲਈ ਹੋਈ ਜੇ.ਈ.ਈ-ਮੇਨ 2 ਪ੍ਰੀਖਿਆ 'ਚ ਪੰਜਾਬ ਦੇ ਇਕ ਵਿਦਿਆਰਥੀ ਸਮੇਤ ਘੱਟੋ-ਘੱਟ 24 ਵਿਦਿਆਰਥੀਆਂ ਨੇ ਪੂਰੇ 100 ਅੰਕ ਪ੍ਰਾਪਤ ਕੀਤੇ ਹਨ, ਜਦੋਂਕਿ ਨਾਵਾਜਬ ਤਰੀਕਿਆਂ ਦੀ ਵਰਤੋਂ ਕਰਨ ਦੇ ਕਾਰਨ 5 ਵਿਦਿਆਰਥੀਆਂ ਦੇ ਨਤੀਜੇ ਰੋਕ ਦਿੱਤੇ ਗਏ ਹਨ। ਰਾਸ਼ਟਰੀ ਪ੍ਰੀਖਿਆ ਏਜੰਸੀ (ਐਨ.ਟੀ.ਏ.) ਨੇ ਦੱਸਿਆ ਕਿ ਪ੍ਰੀਖਿਆ 'ਚ 100 ਅੰਕ ਪ੍ਰਾਪਤ ਕਰਨ ਵਾਲਿਆਂ 'ਚ ਸਭ ਤੋਂ ਵੱਧ ਵਿਦਿਆਰਥੀ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ 5-5, ਰਾਜਸਥਾਨ ਦੇ 4, ਉੱਤਰ ਪ੍ਰਦੇਸ਼ ਦੇ 2, ਹਰਿਆਣਾ, ਮਹਾਰਾਸ਼ਟਰ, ਆਸਾਮ, ਬਿਹਾਰ, ਪੰਜਾਬ, ਕੇਰਲ, ਕਰਨਾਟਕ ਅਤੇ ਝਾਰਖੰਡ ਦਾ 1-1 ਵਿਦਿਆਰਥੀ ਸ਼ਾਮਿਲ ਹੈ।

ਕੇਂਦਰ ਪੰਜਾਬ ਦੇ ਪੇਂਡੂ ਵਿਕਾਸ ਫੰਡ ਦੇ 1760 ਕਰੋੜ ਦੇ ਬਕਾਏ ਕਰੇਗਾ ਜਾਰੀ

ਮੁੱਖ ਮੰਤਰੀ ਵਲੋਂ ਕੇਂਦਰੀ ਖੁਰਾਕ ਮੰਤਰੀ ਨਾਲ ਮੁਲਾਕਾਤ

ਨਵੀਂ ਦਿੱਲੀ, 8 ਅਗਸਤ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਚੁੱਕੇ ਮਸਲੇ 'ਤੇ ਹਾਂ ਪੱਖੀ ਹੁੰਗਾਰਾ ਭਰਦਿਆਂ ਕੇਂਦਰੀ ਖ਼ੁਰਾਕ ਅਤੇ ਜਨਤਕ ਵੰਡ ਮੰਤਰੀ ਪਿਊਸ਼ ਗੋਇਲ ਨੇ ਪੇਂਡੂ ਵਿਕਾਸ ਫ਼ੰਡ ਦਾ 1760 ਕਰੋੜ ਰੁਪਏ ਜਾਰੀ ਕਰਨ ਦੀ ਵੱਡੀ ਮੰਗ ਮੰਨ ਲਈ ਹੈ। ਕੇਂਦਰੀ ਮੰਤਰੀ ਨੂੰ ਰਾਜ ਸਭਾ ਸਕੱਤਰੇਤ ਵਿਖੇ ਮਿਲਣ ਉਪਰੰਤ ਵੇਰਵੇ ਸਾਂਝੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਮੰਤਰੀ ਵਲੋਂ ਪਿਛਲੇ ਸਾਉਣੀ ਅਤੇ ਹਾੜ੍ਹੀ ਦੇ ਖ਼ਰੀਦ ਸੀਜ਼ਨ ਲਈ ਬਕਾਇਆ ਪੇਂਡੂ ਵਿਕਾਸ ਫ਼ੰਡ ਦੇ ਭੁਗਤਾਨਾਂ ਨੂੰ ਜਾਰੀ ਕਰਨ ਸੰਬੰਧੀ ਇਕ ਵੱਡੀ ਮੰਗ ਨੂੰ ਪ੍ਰਵਾਨ ਕਰ ਲਿਆ ਗਿਆ ਅਤੇ ਹਾਜ਼ਰ ਅਧਿਕਾਰੀਆਂ ਨੂੰ ਇਸ 'ਤੇ ਤੇਜ਼ੀ ਨਾਲ ਕਾਰਵਾਈ ਕਰਨ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਰਾਜ ਨੂੰ 1700 ਕਰੋੜ ਰੁਪਏ ਤੋਂ ਵੱਧ ਦਾ ਵਿੱਤੀ ਲਾਭ ਹੋਵੇਗਾ। ਇਸ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਅਹਿਮ ਫ਼ੌਰੀ ਮਹੱਤਵ ਵਾਲੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ। ਵਿਚਾਰ-ਵਟਾਂਦਰੇ ਦੌਰਾਨ ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਨੂੰ ਸੂਬਾ ਸਰਕਾਰ ਵਲੋਂ ਉਠਾਈਆਂ ਮੰਗਾਂ 'ਤੇ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ, ਜਿਸ ਨਾਲ ਪੰਜਾਬ ਸਰਕਾਰ ਨੂੰ ਸਾਲਾਨਾ 2800 ਕਰੋੜ ਰੁਪਏ ਤੋਂ ਵੱਧ ਦਾ ਵਿੱਤੀ ਲਾਭ ਹੋਵੇਗਾ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕੇਂਦਰੀ ਮੰਤਰੀ ਨੇ ਐਫ.ਸੀ.ਆਈ. ਨੂੰ ਉਪਲਬਧ ਵਿਆਜ ਦਰਾਂ 'ਤੇ ਪੰਜਾਬ ਨੂੰ ਵਿਆਜ ਅਦਾਇਗੀਆਂ ਦੀ ਅਦਾਇਗੀ ਕਰਨ ਦੇ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਦੀ ਉਨ੍ਹਾਂ ਦੀ ਬੇਨਤੀ ਨੂੰ ਵੀ ਪ੍ਰਵਾਨ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਨੇ ਰਾਜ ਸਰਕਾਰ ਦੇ ਇਸ ਸਟੈਂਡ ਨਾਲ ਸਹਿਮਤੀ ਜਤਾਈ ਕਿ ਉਹ ਐਫ.ਸੀ.ਆਈ, ਜਿਸ ਨੂੰ ਯੂਨੀਅਨ ਦੀ ਪ੍ਰਭੂਸੱਤਾ ਗਾਰੰਟੀ ਦਾ ਸਮਰਥਨ ਹੈ, ਨੂੰ ਉਪਲਬਧ ਵਿਆਜ ਦਰਾਂ 'ਤੇ ਕਰਜ਼ਾ ਕਦੇ ਵੀ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੇਗੀ, ਨਤੀਜੇ ਵਜੋਂ ਮੰਤਰੀ ਨੇ ਆਪਣੇ ਅਧਿਕਾਰੀਆਂ ਨੂੰ ਅਨਾਜ ਦੀ ਸਾਲਾਨਾ ਖ਼ਰੀਦ ਲਈ ਸਸਤੀ ਕੈਸ਼ ਕਰੈਡਿਟ ਲਿਮਟਾਂ ਪ੍ਰਾਪਤ ਕਰਨ ਲਈ ਪੰਜਾਬ ਰਾਜ ਦੀ ਪੂਰੀ ਮਦਦ ਕਰਨ ਲਈ ਕਿਹਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਪੰਜਾਬ ਸਰਕਾਰ 'ਤੇ 1000 ਕਰੋੜ ਸਾਲਾਨਾ ਦੇ ਬੇਲੋੜੇ ਵਿੱਤੀ ਬੋਝ ਤੋਂ ਬਚਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਨੇ ਪੰਜਾਬ ਸਰਕਾਰ ਵਲੋਂ ਦੋ ਮਹੀਨੇ ਪਹਿਲਾਂ ਕਣਕ ਦੀ ਖ਼ਰੀਦ ਲਈ ਕੀਤੇ ਖ਼ਰਚੇ ਦੀ ਨਾਕਾਫ਼ੀ ਭਰਪਾਈ ਦਾ ਮਾਮਲਾ ਵੀ ਉਠਾਇਆ। ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਵਲੋਂ ਲੇਬਰ ਅਤੇ ਬਾਰਦਾਨੇ/ਪੀਪੀ ਬੈਗਾਂ ਲਈ ਮਨਜ਼ੂਰਸ਼ੁਦਾ ਦਰਾਂ 'ਤੇ ਮੁੜ ਵਿਚਾਰ ਕਰਨ ਦੀ ਬੇਨਤੀ 'ਤੇ ਹਾਂ-ਪੱਖੀ ਹੁੰਗਾਰਾ ਭਰਿਆ ਅਤੇ ਕੇਂਦਰੀ ਖ਼ੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਨ੍ਹਾਂ ਅੰਕੜਿਆਂ ਦਾ ਰਾਜ ਸਰਕਾਰ ਦੇ ਅਧਿਕਾਰੀਆਂ ਨਾਲ ਮਿਲਾਨ ਕਰਨ। ਇਸ ਫ਼ੈਸਲੇ ਦੇ ਲਾਗੂ ਹੋਣ ਨਾਲ ਰਾਜ ਨੂੰ 100 ਕਰੋੜ ਤੋਂ ਵੱਧ ਦਾ ਲਾਭ ਹੋਵੇਗਾ। ਵੱਖ-ਵੱਖ ਮੁੱਦਿਆਂ 'ਤੇ ਕੇਂਦਰੀ ਮੰਤਰੀ ਦੇ ਹਾਂ-ਪੱਖੀ ਹੁੰਗਾਰੇ ਲਈ ਧੰਨਵਾਦ ਕਰਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਕਣਕ-ਝੋਨੇ ਦੇ ਚੱਕਰ ਨੂੰ ਤੋੜਨ ਲਈ, ਜਿਸ ਨੇ ਪੰਜਾਬ ਵਿਚ ਪਾਣੀ ਦੇ ਪੱਧਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਫ਼ਸਲਾਂ ਦੀ ਵਿਭਿੰਨਤਾ ਦੇ ਸਾਕਾਰਾਤਮਿਕ ਨਤੀਜਿਆਂ ਦਾ ਭਰੋਸਾ ਦਿੱਤਾ।

ਬਿਹਾਰ 'ਚ ਜੇ.ਡੀ. (ਯੂ) ਵਲੋਂ ਐਨ.ਡੀ.ਏ. ਨਾਲੋਂ ਗੱਠਜੋੜ ਤੋੜਨ ਦੀਆਂ ਅਟਕਲਾਂ

ਨਿਤਿਸ਼ ਕੁਮਾਰ ਵਲੋਂ ਸੋਨੀਆ ਗਾਂਧੀ ਨਾਲ ਗੱਲਬਾਤ

ਪਟਨਾ, 8 ਅਗਸਤ (ਯੂ.ਐਨ.ਆਈ.)-ਬਿਹਾਰ 'ਚ ਸੱਤਾਧਾਰੀ ਗੱਠਜੋੜ ਦੇ ਭਾਈਵਾਲਾਂ ਵਿਚਕਾਰ ਵਧਦੇ ਟਕਰਾਅ ਦਰਮਿਆਨ ਜੇ.ਡੀ. (ਯੂ.) ਵਲੋਂ ਐਨ.ਡੀ.ਏ. ਨਾਲੋਂ ਗੱਠਜੋੜ ਤੋੜਨ ਅਤੇ ਰਾਸ਼ਟਰੀ ਜਨਤਾ ਦਲ ਦੀ ਅਗਵਾਈ ਵਾਲੇ ਮਹਾਂਗੱਠਜੋੜ ਨਾਲ ਇਕ ਬਦਲਵੀਂ ਸਰਕਾਰ ਬਣਾਉਣ ਦੀਆਂ ਅਟਕਲਾਂ ...

ਪੂਰੀ ਖ਼ਬਰ »

ਨਾਇਡੂ ਨੇ ਮਾਤ ਭਾਸ਼ਾਵਾਂ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ-ਮੋਦੀ

ਰਾਜ ਸਭਾ 'ਚ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੂੰ ਦਿੱਤੀ ਵਿਦਾਈ

ਨਵੀਂ ਦਿੱਲੀ, 8 ਅਗਸਤ (ਉਪਮਾ ਡਾਗਾ ਪਾਰਥ)-'ਐਮ. ਵੈਂਕਈਆ ਨਾਇਡੂ ਦੇਸ਼ ਦੇ ਅਜਿਹੇ ਉਪ ਰਾਸ਼ਟਰਪਤੀ ਹਨ, ਜਿਨ੍ਹਾਂ ਨੇ ਆਪਣੀਆਂ ਸਾਰੀਆਂ ਭੂਮਿਕਾਵਾਂ 'ਚ ਹਮੇਸ਼ਾ ਨੌਜਵਾਨਾਂ ਲਈ ਕੰਮ ਕੀਤਾ ਹੈ ਅਤੇ ਨੌਜਵਾਨ ਸਮਾਜ, ਦੇਸ਼ ਅਤੇ ਲੋਕੰਤਤਰ ਦੇ ਬਾਰੇ ਉਨ੍ਹਾਂ (ਨਾਇਡੂ) ਤੋਂ ਬਹੁਤ ...

ਪੂਰੀ ਖ਼ਬਰ »

ਵੰਡ ਸਮੇਂ ਵਿਛੜਿਆ 92 ਸਾਲਾ ਪੰਜਾਬੀ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਭਤੀਜੇ ਨੂੰ ਮਿਲਿਆ

ਲਾਹੌਰ, 8 ਅਗਸਤ (ਏਜੰਸੀ)-ਭਾਰਤ-ਪਾਕਿ ਵੰਡ ਸਮੇਂ ਦੇ ਵਿਛੜੇ ਇਕ 92 ਸਾਲਾ ਭਾਰਤੀ ਪੰਜਾਬੀ ਦੀ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ 75 ਸਾਲ ਬਾਅਦ ਆਪਣੇ ਭਤੀਜੇ ਨਾਲ ਮੁਲਾਕਾਤ ਹੋਈ, ਉਨ੍ਹਾਂ ਦਾ ਬਾਕੀ ਪਰਿਵਾਰ ਉਸ ਸਮੇਂ ਫਿਰਕੂ ਹਿੰਸਾ 'ਚ ਮਾਰਿਆ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX