ਕਿਹਾ, ਅਕਾਲੀਆਂ-ਕਾਂਗਰਸੀਆਂ ਦੀਆਂ ਗ਼ਲਤ ਨੀਤੀਆਂ ਕਾਰਨ ਹੀ ਲੋਕਾਂ ਨੇ ਸਾਥ ਛੱਡਿਆ
ਬਾਬਾ ਬਕਾਲਾ ਸਾਹਿਬ, 12 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਦੇ ਪਾਵਨ ਦਿਹਾੜੇ 'ਤੇ ਸੂਬੇ ਦੀਆਂ ਲੜਕੀਆਂ ਲਈ ਰੱਖੜੀ ਦੇ ਤੋਹਫ਼ੇ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਂਗਨਵਾੜੀ ਵਰਕਰਾਂ ਦੀਆਂ ਛੇ ਹਜ਼ਾਰ ਆਸਾਮੀਆਂ ਭਰਨ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ 'ਤੇ ਪਾਰਦਰਸ਼ੀ ਢੰਗ ਨਾਲ ਭਰੀਆਂ ਜਾਣਗੀਆਂ | ਅੱਜ ਇੱਥੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸ: ਦਲਬੀਰ ਸਿੰਘ ਟੌਂਗ ਦੀ ਅਗਵਾਈ ਹੇਠ ਕਰਵਾਈ ਗਈ ਵਿਸ਼ਾਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਭਰਤੀ ਪ੍ਰਕਿਰਿਆ ਨੂੰ 45 ਦਿਨਾਂ 'ਚ ਮੁਕੰਮਲ ਕਰਨ ਦੀ ਤਿਆਰੀ ਕੀਤੀ ਗਈ ਹੈ | ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਤੋਂ ਇਲਾਵਾ ਪੰਜਾਬ ਪੁਲਿਸ ਵਿਚ ਹਾਲ ਹੀ ਵਿਚ 4300 ਆਸਾਮੀਆਂ ਭਰੀਆਂ ਗਈਆਂ ਹਨ ਤੇ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਅਗਲੇ ਦਿਨਾਂ 'ਚ ਦਿੱਤੇ ਜਾਣਗੇ | ਸ: ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦਾ ਇਹ ਨਿਸ਼ਾਨਾ ਹੈ ਕਿ ਸੂਬੇ ਦੇ ਪੜ੍ਹੇ-ਲਿਖੇ ਨੌਜਵਾਨ ਵਿਦੇਸ਼ਾਂ ਨੂੰ ਨਾ ਭੱਜਣ, ਸਗੋਂ ਸੂਬੇ 'ਚ ਰਹਿ ਕੇ ਰੋਜ਼ਗਾਰ ਕਰਨ | ਮੁੱਖ ਮੰਤਰੀ ਨੇ ਆਪਣੇ ਵਿਅੰਗਮਈ ਲਹਿਜੇ 'ਚ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੇ ਪੰਜਾਬ ਵਿਰੋਧੀ ਸਟੈਂਡ ਕਾਰਨ ਹੀ ਸੂਬੇ ਦੇ ਲੋਕਾਂ ਨੇ ਇਨ੍ਹਾਂ ਪਾਰਟੀਆਂ ਤੋਂ ਮੂੰਹ ਮੋੜਿਆ ਹੈ | ਲੋਕਾਂ ਵਲੋਂ ਰੱਦ ਕੀਤੇ ਇਨ੍ਹਾਂ ਪਾਰਟੀਆਂ ਦੇ ਆਗੂਆਂ ਦੀ ਹੁਣ ਲੋਕਾਂ ਵਿਚ ਜਾਣ ਦੀ ਹਿੰਮਤ ਨਹੀਂ ਹੈ, ਇਸੇ ਕਾਰਨ ਅੱਜ ਹੁਣ ਇੱਥੇ ਕਾਨਫਰੰਸਾਂ ਵੀ ਨਹੀਂ ਕਰਨ ਆਏ | ਉਨ੍ਹਾਂ ਖ਼ਾਸ ਤੌਰ 'ਤੇ ਕਿਹਾ ਕਿ ਲੋਕਾਂ ਨੇ ਸਾਡੇ 'ਤੇ ਵੱਡਾ ਵਿਸ਼ਵਾਸ ਕੀਤਾ ਹੈ, ਜਿਸ ਨੂੰ ਉਹ ਕਦੇ ਵੀ ਟੁੱਟਣ ਨਹੀਂ ਦੇਣਗੇ | ਉਨ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਇਹ ਆਗੂ ਹਮੇਸ਼ਾ ਆਪਣੇ ਮਹਿਲਾਂ ਦੀਆਂ ਉੱਚੀਆਂ ਕੰਧਾਂ ਅੰਦਰ ਰਹੇ ਤੇ ਆਮ ਆਦਮੀ ਨੂੰ ਪੁੱਛਿਆ ਤੱਕ ਨਹੀਂ | ਸੂਬਾ ਸਰਕਾਰ ਅਜਿਹੇ ਗੁਨਾਹਾਂ ਲਈ ਦੋਸ਼ੀ ਆਗੂਆਂ ਵਿਰੁੱਧ ਸ਼ਿਕੰਜਾ ਕੱਸਣ ਲਈ ਬਾਰੀਕੀ ਨਾਲ ਘੋਖ ਕਰ ਰਹੀ ਹੈ | ਆਪਣੇ ਵਿਅੰਗਮਈ ਅੰਦਾਜ਼ 'ਚ ਭਗਵੰਤ ਮਾਨ ਨੇ ਕਿਹਾ ਕਿ ਉਕਤ ਆਗੂ ਹੁਣ ਜੇਲ੍ਹਾਂ ਦੀ ਹਾਲਤ ਸੁਧਾਰਨ ਵੱਲ ਧਿਆਨ ਦੀ ਮੰਗ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਹੁਣ ਸਾਨੂੰ ਜੇਲ੍ਹਾਂ 'ਚ ਜਾਣਾ ਪੈਣਾ ਹੈ | ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਆਪਣੀ ਐਸ਼ਪ੍ਰਸਤੀ ਲਈ ਕੇਂਦਰ ਤੋਂ ਮਿਲੇ ਫੰਡਾਂ ਦੀ ਦੁਰਵਰਤੋਂ ਕੀਤੀ ਜਿਸ ਕਾਰਨ ਕੇਂਦਰ ਸਰਕਾਰ ਸੂਬੇ ਦੇ ਬਣਦੇ ਹੱਕਾਂ ਲਈ ਵੀ ਫੰਡ ਜਾਰੀ ਨਹੀਂ ਕਰ ਰਹੀ | ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਨਾਲ ਇਸ ਮੁੱਦੇ ਨੂੰ ਵਿਚਾਰਿਆ ਜਿਸ ਤੋਂ ਬਾਅਦ ਸੂਬੇ ਲਈ 1760 ਕਰੋੜ ਰੁਪਏ ਜਾਰੀ ਕੀਤੇ ਗਏ, ਜੋ ਸਿਰਫ਼ ਲੋਕਾਂ ਦੀ ਭਲਾਈ 'ਤੇ ਖ਼ਰਚ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਕਾਂਗਰਸੀ ਅਤੇ ਅਕਾਲੀ ਆਗੂ ਆਪਣੀ ਆਲ੍ਹਾ ਕਮਾਨ ਜਾਂ ਕਾਰੋਬਾਰੀ ਮਿੱਤਰ ਜੁੰਡਲੀ ਨੂੰ ਮਿਲਣ ਲਈ ਕੌਮੀ ਰਾਜਧਾਨੀ ਵਿਚ ਜਾਂਦੇ ਸਨ, ਜਦਕਿ ਅਸੀਂ ਉੱਥੇ ਸੂਬੇ ਦੇ ਹਿੱਤਾਂ ਦੀ ਰਾਖੀ ਲਈ ਜਾਂਦੇ ਹਾਂ | ਸੂਬੇ ਦੇ ਬਹੁਮੁੱਲੇ ਪਾਣੀ ਅਤੇ ਵਾਤਾਵਰਨ ਨੂੰ ਬਚਾਉਣ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਫਸਲੀ ਵਿਭਿੰਨਤਾ ਨੂੰ ਅਪਨਾਉਣਾ ਸਮੇਂ ਦੀ ਮੁੱਖ ਲੋੜ ਹੈ | ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਸਾਰਿਆਂ ਨੂੰ ਇਸ ਲਈ ਇਕਜੁੱਟ ਹੋ ਕੇ ਅੱਗੇ ਵਧਣਾ ਚਾਹੀਦਾ ਹੈ | ਭਗਵੰਤ ਮਾਨ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨ ਦੀ ਵੀ ਅਪੀਲ ਕੀਤੀ | ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਪੰਜ ਸਾਲਾਂ ਵਿਚ 16 ਨਵੇਂ ਮੈਡੀਕਲ ਕਾਲਜ ਬਣਾਏ ਜਾਣਗੇ ਜਿਸ ਨਾਲ ਮੈਡੀਕਲ ਕਾਲਜਾਂ ਦੀ ਕੁੱਲ ਗਿਣਤੀ 25 ਹੋ ਜਾਵੇਗੀ | ਮੈਡੀਕਲ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਹੁਣ ਯੂਕਰੇਨ ਵਰਗੇ ਦੇਸ਼ਾਂ 'ਚ ਨਹੀਂ ਜਾਣਾ ਪਵੇਗਾ | ਭਗਵੰਤ ਮਾਨ ਨੇ ਕਿਹਾ ਕਿ ਸਥਾਨਕ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਤੇ ਆਈ.ਟੀ.ਆਈ. ਬਾਬਾ ਬਕਾਲਾ ਦਾ ਪੱਧਰ ਵੀ ਉੱਚਾ ਚੁੱਕਿਆ ਜਾਵੇਗਾ ਤੇ ਹਲਕੇ ਦੀਆਂ ਸੜਕਾਂ ਵੀ ਵਧੀਆ ਬਣਾਈਆਂ ਜਾਣਗੀਆਂ | ਇਸ ਤੋਂ ਪਹਿਲਾਂ ਹਲਕਾ ਬਾਬਾ ਬਕਾਲਾ ਸਾਹਿਬ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਮੁੱਖ ਮੰਤਰੀ ਤੇ ਹੋਰ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ | ਮੰਚ ਸੰਚਾਲਨ ਸ਼ੇਰ ਜੰਗ ਸਿੰਘ ਹੁੰਦਲ ਡੀ.ਪੀ.ਆਰ.ਓ. ਤੇ ਆਪ ਦੇ ਯੂਥ ਜੁਆਇੰਟ ਸਕੱਤਰ ਸੁਰਜੀਤ ਸਿੰਘ ਕੰਗ ਨੇ ਕੀਤਾ | ਕਾਨਫਰੰਸ ਵਿਚ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ, ਕੁਲਦੀਪ ਸਿੰਘ ਧਾਲੀਵਾਲ, ਲਾਲ ਚੰਦ ਕਟਾਰੂਚੱਕ ਅਤੇ ਹਰਭਜਨ ਸਿੰਘ ਈ.ਟੀ.ਓ. (ਸਾਰੇ ਕੈਬਨਿਟ ਮੰਤਰੀ) ਤੋਂ ਇਲਾਵਾ ਵਿਧਾਇਕ ਸਰਵਨ ਸਿੰਘ ਧੁੰਨ, ਸ਼ੈਰੀ ਕਲਸੀ, ਡਾ. ਅਜੈ ਗੁਪਤਾ, ਜਸਬੀਰ ਸਿੰਘ ਸੰਧੂ, ਜਸਵਿੰਦਰ ਸਿੰਘ ਰਾਮਦਾਸ, ਅਮਰਪਾਲ ਸਿੰਘ, ਡਾ. ਕਸ਼ਮੀਰ ਸਿੰਘ ਸੋਹਲ, ਸੁਰਜੀਤ ਸਿੰਘ ਕੰਗ, ਜਥੇਦਾਰ ਬਲਦੇਵ ਸਿੰਘ ਬੋਦੇਵਾਲ, ਬਲਾਕ ਪ੍ਰਧਾਨ ਸੁਖਦੇਵ ਸਿੰਘ ਪੱਡਾ, ਬਲਾਕ ਪ੍ਰਧਾਨ ਸਰਵਣ ਸਿੰਘ ਸਰਾਏ, ਰਾਜਕਿਰਨ ਸਿੰਘ ਤਿੱਮੋਵਾਲ, ਮੰਗਲ ਸਿੰਘ ਫਾਜਲਪੁਰ (ਚਾਰੋਂ ਬਲਾਕ ਪ੍ਰਧਾਨ), ਤੇਜਿੰਦਰ ਸਿੰਘ ਬੁਤਾਲਾ ਸਰਕਲ ਪ੍ਰਧਾਨ, ਨਰਿੰਦਰ ਸਿੰਘ ਜੇ.ਈ., ਜੋਧਾ ਸਿੰਘ ਛਾਪਿਆਂਵਾਲੀ, ਹੀਰਾ ਸਿੰਘ ਛਾਪਿਆਂਵਾਲੀ, ਗੌਤਮ ਛੀਨਾ, ਪ੍ਰਧਾਨ ਅਮਰੀਕ ਸਿੰਘ ਠੱਠੀਆਂ, ਪਿ੍ਤਪਾਲ ਸਿੰਘ ਪੱਡਾ, ਸਰਵਰਿੰਦਰ ਸਿੰਘ ਪੀ.ਏ., ਵਿਸ਼ਾਲਦੀਪ ਸਿੰਘ ਬਲਸਰਾਏ, ਕਰਨੈਲ ਸਿੰਘ ਰੰਧਾਵਾ, ਸੁਖਦੇਵ ਸਿੰਘ ਔਜਲਾ ਪ੍ਰਧਾਨ, ਜੈਮਲ ਸਿੰਘ ਭੁੱਲਰ ਭਾਗੇਵਾਲ, ਜਗਪ੍ਰੀਤ ਸਿੰਘ, ਗੁਰਪਾਲ ਸਿੰਘ, ਰਕੇਸ਼ ਪੰਡਿਤ, ਸਤੀਸ਼ ਭੰਡਾਰੀ, ਸੰਜੀਵ ਕੁਮਾਰ, ਲੱਖਾ ਸਿੰਘ ਮੈਂਬਰ, ਨਿਰਮਲ ਸਿੰਘ ਡਿਪਟੀ, ਰਣਜੀਤ ਸਿੰਘ, ਪਰਮਜੀਤ ਸਿੰਘ, ਮਨਜਿੰਦਰ ਸਿੰਘ ਸੋਨੀ, ਸੁਖਵਿੰਦਰ ਸਿੰਘ ਸੰਨੀ (ਸਾਰੇ ਬਾਬਾ ਬਕਾਲਾ) ਅਜਮੇਰ ਸਿੰਘ ਬੱਲ, ਲਖਵਿੰਦਰ ਸਿੰਘ ਠੱਠੀਆਂ, ਗੁਰਵਿੰਦਰ ਸਿੰਘ ਸਾਬੀ, ਡਾਲ਼ ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ |
ਚੰਡੀਗੜ੍ਹ, 12 ਅਗਸਤ (ਅਜੀਤ ਬਿਊਰੋ)-ਕਿਸਾਨਾਂ ਨਾਲ ਕੀਤੇ ਇਕ ਹੋਰ ਵਾਅਦੇ ਨੂੰ ਪੂਰਾ ਕਰਦਿਆਂ ਪੰਜਾਬ ਸਰਕਾਰ ਨੇ 11 ਅਗਸਤ ਨੂੰ ਗੰਨਾ ਕਾਸ਼ਤਕਾਰਾਂ ਦੀ 100 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਾਰੀ ਕਰ ਦਿੱਤੀ ਜੋ ਕਿਸਾਨਾਂ ਦੇ ਖਾਤਿਆਂ 'ਚ ਜਮ੍ਹਾਂ ਹੋ ਚੁੱਕੀ ਹੈ | ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਭਰ ਦੀਆਂ ਸਰਕਾਰੀ/ਸਹਿਕਾਰੀ ਖੰਡ ਮਿੱਲਾਂ ਵੱਲ ਕੁੱਲ 295.60 ਕਰੋੜ ਰੁਪਏ ਦਾ ਬਕਾਇਆ ਖੜ੍ਹਾ ਸੀ ਜਿਸ ਵਿਚੋਂ 100 ਕਰੋੜ ਰੁਪਏ ਸਰਕਾਰ ਵਲੋਂ ਲੰਘੀ 29 ਜੁਲਾਈ ਨੂੰ ਅਦਾ ਕੀਤੇ ਗਏ ਸਨ | ਹੁਣ ਸ਼ੂਗਰਫੈੱਡ ਵੱਲ 195.60 ਕਰੋੜ ਰੁਪਏ ਦਾ ਬਕਾਇਆ ਹੈ ਅਤੇ ਉਨ੍ਹਾਂ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ 100 ਕਰੋੜ ਰੁਪਏ 15 ਅਗਸਤ ਤੱਕ ਜਾਰੀ ਕਰ ਦਿੱਤੇ ਜਾਣਗੇ ਜਦਕਿ ਬਾਕੀ 95.60 ਕਰੋੜ ਰੁਪਏ ਦਾ ਬਕਾਇਆ 7 ਸਤੰਬਰ ਤੱਕ ਨਿਪਟਾ ਦਿੱਤਾ ਜਾਵੇਗਾ | ਭਗਵੰਤ ਮਾਨ ਨੇ ਦੱਸਿਆ ਕਿ ਫਗਵਾੜਾ ਖੰਡ ਮਿੱਲ ਨੂੰ ਛੱਡ ਕੇ ਬਾਕੀ ਪ੍ਰਾਈਵੇਟ ਖੰਡ ਮਿੱਲਾਂ ਨੇ ਵੀ ਭਰੋਸਾ ਦਿੱਤਾ ਹੈ ਕਿ ਉਹ 7 ਸਤੰਬਰ ਤੱਕ ਕਿਸਾਨਾਂ ਦੇ ਖੰਡ ਮਿੱਲਾਂ ਵੱਲ ਬਕਾਏ ਅਦਾ ਕਰ ਦੇਣਗੀਆਂ | ਮੁੱਖ ਮੰਤਰੀ ਨੇ ਦੱਸਿਆ ਕਿ 100 ਕਰੋੜ ਰੁਪਏ ਦੀ ਅਦਾਇਗੀ ਕਰਨ ਨਾਲ ਸੂਬੇ 'ਚ ਸਹਿਕਾਰੀ ਖੰਡ ਮਿੱਲਾਂ ਹੁਣ ਤੱਕ ਗੰਨੇ ਦੇ 619.62 ਕਰੋੜ ਰੁਪਏ ਦੇ ਕੁੱਲ ਬਕਾਏ 'ਚੋਂ 526.27 ਕਰੋੜ ਰੁਪਏ ਦੀ ਅਦਾਇਗੀ ਕਰ ਚੁੱਕੀਆਂ ਹਨ | ਇਹ ਅਦਾਇਗੀ ਸਾਲ 2021-22 ਦੇ ਸੀਜ਼ਨ ਦੀ ਹੈ |
ਸ੍ਰੀਨਗਰ, 12 ਅਗਸਤ (ਮਨਜੀਤ ਸਿੰਘ)-ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਵਲੋਂ ਪ੍ਰਵਾਸੀ ਮਜ਼ਦੂਰਾਂ ਦੀ 'ਟਾਰਗਿਟ ਕਿਲਿੰਗ' ਦਾ ਸਿਲਸਿਲਾ ਜਾਰੀ ਹੈ | ਉੱਤਰੀ ਕਸ਼ਮੀਰ ਬਾਂਦੀਪੋਰਾ ਜ਼ਿਲ੍ਹੇ ਦੇ ਸੁੰਬਲ ਸੋਨਾਵਾਰੀ ਦੇ ਸੇਦਨਾਰੀ ਖੇਤਰ 'ਚ ਸ਼ੱਕੀ ਅੱਤਵਾਦੀ ਪ੍ਰਵਾਸੀ ਮਜ਼ਦੂਰ ਮਹੁੰਮਦ ਅਮਰੋਜ਼ (19) ਵਾਸੀ ਮਾਧੇਪੁਰਾ ਬਿਹਾਰ ਨੂੰ ਨੇੜਿਉਂ ਗੋਲੀਆਂ ਮਾਰ ਕੇ ਫਰਾਰ ਹੋ ਗਏ | ਉਸ ਨੂੰ ਜ਼ਖਮੀ ਹਾਲਤ 'ਚ ਨੇੜੇ ਦੇ ਸੁੰਬਲ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਸ੍ਰੀਨਗਰ ਰੈਫਰ ਕੀਤਾ ਗਿਆ ਸੀ ਪਰ ਉਹ ਰਸਤੇ 'ਚ ਹੀ ਦਮ ਤੋੜ ਗਿਆ | ਪੁਲਿਸ ਤੇ ਸੁਰੱਖਿਆ ਬਲਾਂ ਨੇ ਅਤਵਾਦੀਆਂ ਦੀ ਭਾਲ ਲਈ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਛੇੜ ਦਿੱਤੀ ਹੈ |
ਨਿਊਯਾਰਕ, 12 ਅਗਸਤ (ਏਜੰਸੀ)-ਭਾਰਤੀ ਮੂਲ ਦੇ ਬਰਤਾਨਵੀ-ਅਮਰੀਕੀ ਲੇਖਕ ਸਲਮਾਨ ਰਸ਼ਦੀ 'ਤੇ ਪੱਛਮੀ ਨਿਊਯਾਰਕ 'ਚ ਇਕ ਸਮਾਗਮ ਦੌਰਾਨ ਉਸ ਵੇਲੇ ਜਾਨਲੇਵਾ ਹਮਲਾ ਹੋਇਆ, ਜਦੋਂ ਉਹ ਮੰਚ 'ਤੇ ਸੰਬੋਧਨ ਕਰਨ ਜਾ ਰਹੇ ਸਨ | ਜਾਣਕਾਰੀ ਅਨੁਸਾਰ ਚੌਟੋਕਵਾ ਇੰਸਟੀਚਿਊਟ 'ਚ ਸਮਾਗਮ ਦੌਰਾਨ ਇਕ ਵਿਅਕਤੀ ਮੰਚ 'ਤੇ ਚੜ੍ਹ ਕੇ ਤੇਜ਼ੀ ਨਾਲ ਸਲਮਾਨ ਰਸ਼ਦੀ ਵੱਲ ਵਧਿਆ ਅਤੇ ਚਾਕੂ ਨਾਲ ਹਮਲਾ ਕਰ ਦਿੱਤਾ | ਉਸ ਨੇ ਰਸ਼ਦੀ ਨੂੰ ਹੇਠਾਂ ਸੁੱਟ ਲਿਆ ਅਤੇ ਮੁੱਕੇ ਵੀ ਮਾਰੇ | ਹਮਲੇ 'ਚ ਜ਼ਖ਼ਮੀ ਹੋਏ ਰਸ਼ਦੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਹਮਲਾਵਰ ਨੂੰ ਹਿਰਾਸਤ ਲੈ ਲਿਆ ਗਿਆ ਹੈ | ਜ਼ਿਕਰਯੋਗ ਹੈ ਕਿ ਪ੍ਰਸਿੱਧ ਅੰਗਰੇਜ਼ੀ ਲੇਖਕ ਸਲਮਾਨ ਰਸ਼ਦੀ 1980 ਦੇ ਦਹਾਕੇ ਦੌਰਾਨ ਆਪਣੀ ਇਕ ਪੁਸਤਕ ਨੂੰ ਲੈ ਕੇ ਵਿਵਾਦਾਂ 'ਚ ਆ ਗਏ ਸਨ | 'ਸੈਟਨਿਕ ਵਰਸੇਸ' ਪੁਸਤਕ ਨੂੰ ਲੈ ਕੇ ਮੁਸਲਿਮ ਭਾਈਚਾਰਾ ਕਾਫ਼ੀ ਨਾਰਾਜ਼ ਸੀ ਅਤੇ ਈਰਾਨ ਦੇ ਧਾਰਮਿਕ ਨੇਤਾ ਨੇ ਰਸ਼ਦੀ ਦੀ ਮੌਤ ਦਾ ਫ਼ਤਵਾ ਵੀ ਜਾਰੀ ਕਰ ਦਿੱਤਾ ਸੀ | ਇਸ ਪੁਸਤਕ 'ਤੇ 1988 ਤੋਂ ਈਰਾਨ 'ਚ ਪਾਬੰਦੀ ਹੈ, ਕਿਉਂਕਿ ਮੁਸਲਮਾਨ ਇਸ ਨੂੰ ਕੁਫ਼ਰ ਮੰਨਦੇ ਹਨ | ਰਸ਼ਦੀ ਪਿਛਲੇ 20 ਸਾਲਾਂ ਤੋਂ ਅਮਰੀਕਾ 'ਚ ਰਹਿ ਰਹੇ ਹਨ | 'ਦਿ ਮਿਡ ਨਾਈਟ ਚਿਲਡਰਨ' ਪੁਸਤਕ ਲਈ ਰਸ਼ਦੀ ਨੂੰ ਬੁੱਕਰ ਪੁਰਸਕਾਰ ਵੀ ਮਿਲ ਚੁੱਕਾ ਹੈ |
ਨਵੀਂ ਦਿੱਲੀ, 12 ਅਗਸਤ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਈ. ਵੀ. ਐਮ. ਦੀ ਥਾਂ 'ਤੇ ਬੈਲੇਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ | ਸੁਪਰੀਮ ਕੋਰਟ ਨੇ ਪਟੀਸ਼ਨ 'ਚ ਕੋਈ ਮੈਰਿਟ ਨਾ ਮਿਲਣ ਕਾਰਨ ਇਸ ਨੂੰ ਖ਼ਾਰਜ ਕਰ ਦਿੱਤਾ | ਜਸਟਿਸ ਐਸ. ਕੇ. ਕੌਲ ਅਤੇ ਐਮ. ਐਮ. ਸੁੰਦਰੇਸ਼ ਦੇ ਬੈਂਚ ਨੇ ਲੋਕਾਂ ਦੀ ਨੁਮਾਇੰਦਗੀ ਬਾਰੇ ਕਾਨੂੰਨ 1951 ਦੀ ਧਾਰਾ 61 ਏ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਵਿਚਾਰ ਕਰਨ ਤੋਂ ਵੀ ਇਨਕਾਰ ਕਰ ਦਿੱਤਾ, ਜੋ ਕਿ ਚੋਣਾਂ 'ਚ ਈ. ਵੀ. ਐਮ. ਦੀ ਵਰਤੋਂ ਨਾਲ ਸੰਬੰਧਿਤ ਹੈ | ਪਟੀਸ਼ਨਕਰਤਾ ਐਮ. ਐਲ. ਸ਼ਰਮਾ ਨੇ ਆਪਣੀ ਪਟੀਸ਼ਨ 'ਚ ਕਿਹਾ ਸੀ ਕਿ ਈ. ਵੀ. ਐਮ. ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਵਾਲੇ ਸੰਬੰਧਿਤ ਕਾਨੂੰਨ ਦੀ ਧਾਰਾ 61 ਏ ਨੂੰ ਸੰਸਦ ਵਲੋਂ ਪਾਸ ਨਹੀਂ ਕਰਵਾਇਆ ਗਿਆ, ਇਸ ਲਈ ਈ. ਵੀ. ਐਮ. ਰਾਹੀਂ ਕਰਵਾਈਆਂ ਗਈਆਂ ਹੁਣ ਤੱਕ ਦੀਆਂ ਸਾਰੀਆਂ ਚੋਣਾਂ ਗ਼ੈਰ-ਕਾਨੂੰਨੀ ਹਨ | ਉਨ੍ਹਾਂ ਅਦਾਲਤ ਨੂੰ ਕਿਹਾ ਕਿ ਸਭ ਥਾਵਾਂ 'ਤੇ ਬੈਲੇਟ ਰਾਹੀਂ ਫਿਰ ਤੋਂ ਚੋਣਾਂ ਕਰਵਾਈਆਂ ਜਾਣ |
ਨਵੀਂ ਦਿੱਲੀ, 12 ਅਗਸਤ (ਜਗਤਾਰ ਸਿੰਘ)-ਅੱਜ 151 ਪੁਲਿਸ ਮੁਲਾਜ਼ਮਾਂ ਨੂੰ ਅਪਰਾਧਿਕ ਮਾਮਲਿਆਂ ਦੀ ਸ਼ਾਨਦਾਰ, ਨਿਰਪੱਖ ਅਤੇ ਤੇਜ਼ੀ ਨਾਲ ਜਾਂਚ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ | ਇਨ੍ਹਾਂ ਮੈਡਲ ਜੇਤੂਆਂ ਵਿਚ ਵੱਖ-ਵੱਖ ਰਾਜਾਂ ਦੀਆਂ ਪੁਲਿਸ ਯੂਨਿਟਾਂ ਦੇ ਨਾਲ-ਨਾਲ ਕੇਂਦਰੀ ਜਾਂਚ ਏਜੰਸੀਆਂ ਜਿਵੇਂ ਕਿ ਸੀ.ਬੀ.ਆਈ, ਐਨ.ਆਈ.ਏ ਅਤੇ ਐਨ.ਸੀ.ਬੀ ਸ਼ਾਮਿਲ ਹਨ | ਇਸ ਵਾਰ ਕੇਂਦਰੀ ਜਾਂਚ ਏਜੰਸੀ 'ਸੀ.ਬੀ.ਆਈ' ਨੂੰ ਸਭ ਤੋਂ ਵੱਧ 15 ਮੈਡਲ ਮਿਲੇ ਹਨ | ਮੈਡਲ ਪ੍ਰਾਪਤ ਕਰਨ ਵਾਲਿਆਂ ਵਿਚ ਸੀ.ਬੀ.ਆਈ ਦੇ 15 ਅਧਿਕਾਰੀ, ਮਹਾਰਾਸ਼ਟਰ ਪੁਲਿਸ ਦੇ 11, ਮੱਧ ਪ੍ਰਦੇਸ਼ ਪੁਲਿਸ ਅਤੇ ਉੱਤਰ ਪ੍ਰਦੇਸ਼ ਪੁਲਿਸ ਦੇ 10-10, ਕੇਰਲ ਪੁਲਿਸ, ਰਾਜਸਥਾਨ ਪੁਲਿਸ ਅਤੇ ਪੱਛਮੀ ਬੰਗਾਲ ਪੁਲਿਸ ਦੇ 8-8 ਅਤੇ ਬਾਕੀ ਹੋਰ ਰਾਜਾਂ ਅਤੇ ਕੇਂਦਰ ਪ੍ਰਦੇਸ਼ਾਂ ਦੇ ਮੁਲਾਜ਼ਮ ਹਨ | ਦੱਸਣਯੋਗ ਹੈ ਕਿ ਹਰਿਆਣਾ ਪੁਲਿਸ ਦੇ 4 ਅਤੇ ਹਿਮਾਚਲ ਤੇ ਪੰਜਾਬ ਪੁਲਿਸ ਦੇ 1-1 ਮੁਲਾਜ਼ਮ ਸਮੇਤ ਇਨ੍ਹਾਂ ਜੇਤੂਆਂ 'ਚ 28 ਮਹਿਲਾ ਪੁਲਿਸ ਮੁਲਾਜ਼ਮ ਵੀ ਸ਼ਾਮਿਲ ਹਨ | ਪਿਛਲੇ ਸਾਲ 152 ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ ਸੀ | ਦੱਸਣਯੋਗ ਹੈ ਕਿ ਇਹ ਐਵਾਰਡ ਅਪਰਾਧਿਕ ਕੇਸ ਦੀ ਜਾਂਚ ਦੇ ਉੱਚ ਪੇਸ਼ੇਵਰ ਮਿਆਰ ਨੂੰ ਉਤਸ਼ਾਹਿਤ ਕਰਨ ਅਤੇ ਵਧੀਆ ਜਾਂਚ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ 2018 ਤੋਂ ਸ਼ੁਰੂ ਕੀਤੇ ਗਏ ਸਨ | ਇਹ ਮੈਡਲ ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਕਿਸੇ ਕੇਸ ਦੀ ਜਾਂਚ ਦੌਰਾਨ ਬੇਮਿਸਾਲ ਸਾਹਸ, ਇਮਾਨਦਾਰੀ, ਡਿਊਟੀ ਪ੍ਰਤੀ ਲਗਨ ਅਤੇ ਕੰਮ ਦਾ ਵਧੀਆ ਪ੍ਰਦਰਸ਼ਨ ਕੀਤਾ ਹੈ | ਇਸ ਸਨਮਾਨ ਦਾ ਐਲਾਨ ਹਰ ਸਾਲ 12 ਅਗਸਤ ਨੂੰ ਕੀਤਾ ਜਾਂਦਾ ਹੈ |
ਕਿਹਾ, ਵਿਰੋਧੀ ਏਕਤਾ ਨੂੰ ਮਜ਼ਬੂਤ ਕਰਨ ਲਈ ਭੂਮਿਕਾ ਨਿਭਾਉਣ ਲਈ ਤਿਆਰ ਹਾਂ
ਪਟਨਾ, 12 ਅਗਸਤ (ਏਜੰਸੀ)-ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਧਾਨ ਮੰਤਰੀ ਬਣਨ ਦੀ ਕੋਈ ਇੱਛਾ ਨਹੀਂ ਹੈ, ਪਰ ਉਨ੍ਹਾਂ ਕਿਹਾ ਕਿ ਉਹ ਕੇਂਦਰ 'ਚ ਸੱਤਾਧਾਰੀ ਐਨ.ਡੀ.ਏ. ਦੇ ਖ਼ਿਲਾਫ਼ ਵਿਰੋਧੀ ਏਕਤਾ ਸਥਾਪਿਤ ਕਰਨ 'ਚ ਸਕਾਰਾਤਮਕ ਭੂਮਿਕਾ ਨਿਭਾਉਣ ਦੀ ਉਮੀਦ ਕਰ ਰਹੇ ਹਨ | ਨਿਤਿਸ਼ ਕੁਮਾਰ ਨੇ ਬਿਹਾਰ 'ਚ ਨਵੀਂ ਸਰਕਾਰ ਦੇ ਖ਼ਿਲਾਫ਼ ਕੇਂਦਰੀ ਜਾਂਚ ਬਿਊਰੋ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ 'ਦੁਰਵਰਤੋਂ' ਦੇ ਖ਼ਦਸ਼ਿਆਂ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਜਨਤਕ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ | ਪੱਤਰਕਾਰਾਂ ਵਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਇੱਛਾ ਸੰਬੰਧੀ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਰਪਾ ਕਰਕੇ ਮੈਨੂੰ ਅਜਿਹੇ ਸਵਾਲ ਨਾ ਪੁੱਛੋ | ਉਨ੍ਹਾਂ ਕਿਹਾ ਕਿ ਮੈਂ ਕਈ ਵਾਰ ਕਿਹਾ ਹੈ ਕਿ ਮੇਰੀ ਅਜਿਹੀ ਕੋਈ ਇੱਛਾ ਨਹੀਂ ਹੈ | ਮੈਂ ਆਪਣੇ ਸੂਬੇ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹਾਂ | ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ 'ਚ ਏਕਤਾ ਬਣਾਉਣ ਸੰਬੰਧੀ ਉਨ੍ਹਾਂ ਦੀ ਭੂਮਿਕਾ ਸਕਾਰਾਤਮਕ ਹੋਵੇਗੀ | ਉਨ੍ਹਾਂ ਨੂੰ ਕਈ ਟੈਲੀਫ਼ੋਨ ਆ ਰਹੇ ਹਨ ਅਤੇ ਉਨ੍ਹਾਂ ਦੀ ਇੱਛਾ ਹੈ ਕਿ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਖ਼ਿਲਾਫ਼ ਸਾਰੇ ਇਕੱਠੇ ਹੋਣ |
ਅੰਮਿ੍ਤਸਰ, 12 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨੀ ਜਲ ਸੈਨਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਅਰਬ ਸਾਗਰ 'ਚ ਇਕ ਭਾਰਤੀ ਜਹਾਜ਼ ਦੇ ਡੁੱਬਣ 'ਤੇ ਉਸ ਦੇ ਚਾਲਕ ਦਲ ਦੇ 9 ਮੈਂਬਰਾਂ ਨੂੰ ਡੁੱਬਣ ਤੋਂ ਬਚਾਇਆ ਹੈ | ਪਾਕਿਸਤਾਨੀ ਜਲ ਸੈਨਾ ਦੇ ਲੋਕ ਸੰਪਰਕ ਡਾਇਰੈਕਟਰ ਜਨਰਲ ਨੇ ...
ਨਵੀਂ ਦਿੱਲੀ, 12 ਅਗਸਤ (ਅਜੀਤ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰੇਰਨਾ ਤੇ ਮਾਰਗਦਰਸ਼ਨ 'ਚ ਭਾਰਤ ਦੀ ਆਜ਼ਾਦੀ ਦੇ ਗੌਰਵਸ਼ਾਲੀ ਇਤਿਹਾਸਕ 75ਵੀਂ ਵਰ੍ਹੇਗੰਢ ਨੂੰ ਆਜ਼ਾਦੀ ਦਾ ਅਮਿ੍ਤ ਮਹੋਤਸਵ ਵਜੋਂ ਮਨਾਇਆ ਜਾ ਰਿਹਾ ਹੈ | ਇਸ ਦੇ ਮੱਦੇਨਜ਼ਰ ਦਿੱਲੀ 'ਚ ...
ਨਵੀਂ ਦਿੱਲੀ, 12 ਅਗਸਤ (ਬਲਵਿੰਦਰ ਸਿੰਘ ਸੋਢੀ)-ਆਜ਼ਾਦੀ ਦਿਹਾੜੇ ਪ੍ਰਤੀ ਦਿੱਲੀ ਦੇ ਲਾਲ ਕਿਲੇ੍ਹ, ਹਵਾਈ ਅੱਡੇ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਹੋਰ ਖ਼ਾਸ ਥਾਵਾਂ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ ਅਤੇ ਨਾਲ ਹੀ ਚੌਕਸੀ ਵੀ ਤੇਜ਼ ਕਰ ਦਿੱਤੀ ਗਈ ਹੈ | ...
ਸਹਾਰਨਪੁਰ, 12 ਅਗਸਤ (ਏਜੰਸੀ)-ਉੱਤਰ ਪ੍ਰਦੇਸ਼ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐਸ.) ਨੇ ਸ਼ੁੱਕਰਵਾਰ ਨੂੰ ਸਹਾਰਨਪੁਰ ਤੋਂ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਮੁਹੰਮਦ ਨਦੀਮ ਨੂੰ ਗਿ੍ਫ਼ਤਾਰ ਕੀਤਾ ਹੈ, ਜੋ ਭਾਜਪਾ ਦੀ ਮੁਅੱਤਲ ਬੁਲਾਰਨ ਨੂਪਰ ਸ਼ਰਮਾ ...
ਅੰਮਿ੍ਤਸਰ, 12 ਅਗਸਤ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਜ਼ਿਲ੍ਹਾ ਮੁਲਤਾਨ ਦੀ ਨਿਸ਼ਤਰ ਮੈਡੀਕਲ ਯੂਨੀਵਰਸਿਟੀ 'ਚ ਅੱਜ ਭਾਰਤੀ ਕੌਮੀ ਝੰਡਾ ਲਹਿਰਾਇਆ ਗਿਆ | ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਵੰਦੇ ਮਾਤਰਮ ਗੀਤ ਵੀ ਪੇਸ਼ ਕੀਤਾ ਗਿਆ | ਜਾਣਕਾਰੀ ...
ਨਵੀਂ ਦਿੱਲੀ, 12 ਅਗਸਤ (ਉਪਮਾ ਡਾਗਾ ਪਾਰਥ)-ਦੇਸ਼ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਕੇਂਦਰ ਸਰਕਾਰ ਨੇ ਰਾਜਾਂ ਨੂੰ ਆਜ਼ਾਦੀ ਦਿਵਸ ਮੌਕੇ ਇਹਤਿਆਤ ਵਰਤਣ ਦੀ ਸਲਾਹ ਦਿੱਤੀ ਹੈ | ਕੇਂਦਰ ਵਲੋਂ ਇਹ ਸਲਾਹ ਰੋਜ਼ਾਨਾ ਕੋਰੋਨਾ ਦੇ ਔਸਤਨ 15 ਹਜ਼ਾਰ ਤੋਂ ਵੱਧ ਮਾਮਲੇ ...
ਬਾਬਾ ਬਕਾਲਾ ਸਾਹਿਬ, 12 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇਥੇ ਸਾਲਾਨਾ ਜੋੜ ਮੇਲਾ ਰੱਖੜ ਪੁੰਨਿਆਂ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਇਤਿਹਾਸਕ ਗੁ: ਨੌਵੀਂ ਪਾਤਸ਼ਾਹੀ ਵਿਖੇ ਨਤਮਸਤਕ ਹੋਏ | ਉਨ੍ਹਾਂ ਕੜਾਹ ਪ੍ਰਸ਼ਾਦਿ ਦੀ ਦੇਗ ਕਰਾਈ ਅਤੇ ਇਤਿਹਾਸਕ ਗੁ: ਨੌਵੀਂ ...
ਸ੍ਰੀਨਗਰ, 12 ਅਗਸਤ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਰਾਜੌਰੀ 'ਚ ਬੀਤੇ ਦਿਨ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਇਕ ਜੇ.ਓ.ਸੀ. ਸਮੇਤ 4 ਜਵਾਨਾਂ ਨੂੰ ਫ਼ੌਜ ਵਲੋਂ ਸ਼ੁਕਰਵਾਰ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਹਨ | ਇਸ ਮੌਕੇ ਉੱਤਰੀ ਕਮਾਂਡ ਦੇ ਮੁਖੀ ਲੈਫ: ਜਨਰਲ ...
ਨਵੀਂ ਦਿੱਲੀ, 12 ਅਗਸਤ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਨੋਇਡਾ ਸਥਿਤ ਸੁਪਰਟੈੱਕ ਟਵਿਨ ਟਾਵਰ ਨੂੰ 21 ਅਗਸਤ ਦੀ ਥਾਂ 'ਤੇ 28 ਅਗਸਤ ਨੂੰ ਢਾਹੁਣ ਦੇ ਆਦੇਸ਼ ਦਿੱਤੇ ਹਨ | ਜਾਣਕਾਰੀ ਮੁਤਾਬਿਕ ਪ੍ਰਸ਼ਾਸਨ ਨੇ ਟਵਿਨ ਟਾਵਰ ਢਾਹੁਣ ਦੀ ਪੂਰੀ ਤਿਆਰੀ ਕਰ ਲਈ ਹੈ | ਇਹ ਟਾਵਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX