ਤਾਜਾ ਖ਼ਬਰਾਂ


ਦਿੱਲੀ ਵਿਚ ਪਿਛਲੇ 24 ਘੰਟਿਆਂ ਵਿਚ 300 ਨਵੇਂ ਕੋਵਿਡ ਦੇ ਸਕਾਰਾਤਮਕ ਮਾਮਲੇ, 163 ਰਿਕਵਰੀ ਅਤੇ 2 ਦੀ ਮੌਤ
. . .  1 day ago
ਅਤੀਕ ਅਹਿਮਦ ਨੂੰ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ ਵਾਪਸ ਲਿਆਂਦਾ ਗਿਆ
. . .  1 day ago
ਅਹਿਮਦਾਬਾਦ, 29 ਮਾਰਚ - ਮਾਫੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਨੂੰ ਗੁਜਰਾਤ ਦੇ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ 'ਚ ਵਾਪਸ ਲਿਆਂਦਾ ਗਿਆ । ਉਮੇਸ਼ ਪਾਲ ਅਗਵਾ ਮਾਮਲੇ 'ਚ ਅਤੀਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ...
ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦੇ ਭਰਾ ਦੀ ਸੜਕ ਹਾਦਸੇ ’ਚ ਮੌਤ
. . .  1 day ago
ਭਵਾਨੀਗੜ੍ਹ, 29 ਮਾਰਚ (ਰਣਧੀਰ ਸਿੰਘ ਫੱਗੂਵਾਲਾ)- ਸਥਾਨਕ ਅਨਾਜ ਮੰਡੀ ਵਿਖੇ ਇਕ ਮੋਟਰਸਾਈਕਲ ਬੇਕਾਬੂ ਹੋ ਕੇ ਖੰਭੇ ਵਿਚ ਲੱਗਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ....
ਕਪੂਰਥਲਾ: ਪੁਲਿਸ ਨੇ ਬਰਾਮਦ ਕੀਤੀ ਲਾਵਾਰਿਸ ਕਾਰ
. . .  1 day ago
ਕਪੂਰਥਲਾ, 29 ਮਾਰਚ- ਪੰਜਾਬ ਪੁਲਿਸ ਵਲੋਂ ਭਗੌੜੇ ਖ਼ਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਅੱਜ ਇਥੋਂ ਦੇ ਇਕ ਗੁਰਦੁਆਰੇ ਨੇੜਿਓਂ ਇਕ ਲਾਵਾਰਿਸ ਕਾਰ ਬਰਾਮਦ ਕੀਤੀ ਹੈ। ਪੁਲਿਸ ਵਲੋਂ....
ਗਿ੍ਫ਼ਤਾਰੀ ਵਾਹਿਗੁਰੂ ਦੇ ਹੱਥ ਵਿਚ- ਅੰਮ੍ਰਿਤਪਾਲ
. . .  1 day ago
ਜਲੰਧਰ, 29 ਮਾਰਚ- 18 ਮਾਰਚ ਤੋਂ ਬਾਅਦ ਅੱਜ ਅੰਮ੍ਰਿਤਪਾਲ ਸਿੰਘ ਦੀ ਪਹਿਲੀ ਵੀਡੀਓ ਸਾਹਮਣੇ ਆਈ ਹੈ। ਇਸ ਵਿਚ ਉਸ ਵਲੋਂ ਜਥੇਦਾਰ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਵਿਸਾਖੀ ’ਤੇ ਸਰਬਤ ਖ਼ਾਲਸਾ....
ਕਾਂਗੜਾ ਦੀ ਚਾਹ ਨੂੰ ਮਿਲਿਆ ਜੀ.ਆਈ. ਟੈਗ
. . .  1 day ago
ਨਵੀਂ ਦਿੱਲੀ, 29 ਮਾਰਚ- ਭਾਰਤ ਦੀ ਕਾਂਗੜਾ ਚਾਹ ਨੂੰ ਯੂਰਪੀਅਨ ਕਮਿਸ਼ਨ ਦਾ ਜੀ.ਆਈ. ਟੈਗ ਮਿਲਿਆ...
ਮੱਧ ਪ੍ਰਦੇਸ਼: ਨਾਮੀਬੀਆ ਤੋਂ ਆਈ ਮਾਦਾ ਚੀਤਾ ਨੇ ਦਿੱਤਾ 4 ਸ਼ਾਵਕਾਂ ਨੂੰ ਜਨਮ
. . .  1 day ago
ਭੋਪਾਲ, 29 ਮਾਰਚ- ਸ਼ਿਓਪੁਰ ਦੇ ਕੁਨੋ ਨੈਸ਼ਨਲ ਪਾਰਕ ਵਿਚ ਨਾਮੀਬੀਆਈ ਤੋਂ ਆਈ ਮਾਦਾ ਚੀਤਾ ਨੇ 4 ਸ਼ਾਵਕਾਂ ਨੂੰ ਜਨਮ ਦਿੱਤਾ ਹੈ। ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਬਾਰੇ ਕੇਂਦਰੀ ਕੈਬਨਿਟ ਮੰਤਰੀ ਭੂਪੇਂਦਰ ਯਾਦਵ ਨੇ 17 ਸਤੰਬਰ 2022 ਨੂੰ ਭਾਰਤ ਵਿਚ ਲਿਆਂਦੇ ਚੀਤਿਆਂ...
ਅੰਮ੍ਰਿਤਪਾਲ ਖ਼ਿਲਾਫ਼ ਪੁਲਿਸ ਨੇ ਜਾਰੀ ਕੀਤਾ ‘ਹਿਊ ਐਂਡ ਕ੍ਰਾਈ’ ਨੋਟਿਸ
. . .  1 day ago
ਅੰਮ੍ਰਿਤਸਰ, 29 ਮਾਰਚ- ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੱਜ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ‘ਹਿਊ ਐਂਡ ਕ੍ਰਾਈ’ ਨੋਟਿਸ ਜਾਰੀ ਕੀਤਾ ਕਿਉਂਕਿ ਖੁਫ਼ੀਆ ਸੂਚਨਾਵਾਂ ਦੇ ਸੁਝਾਅ ਤੋਂ ਬਾਅਦ ਅੰਮ੍ਰਿਤਸਰ, ਤਲਵੰਡੀ ਸਾਬੋ ਬਠਿੰਡਾ ਅਤੇ ਆਨੰਦਪੁਰ ਸਾਹਿਬ ਵਿਚ ਹਾਈ ਅਲਰਟ ਜਾਰੀ ਕੀਤਾ....
ਮੁੱਖ ਮੰਤਰੀ ਗਿਆਨੀ ਹਰਪ੍ਰੀਤ ਸਿੰਘ ਸੰਬੰਧੀ ਕੀਤੀ ਟਵੀਟ ਲਈ ਤੁਰੰਤ ਮਾਫ਼ੀ ਮੰਗਣ- ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 29 ਮਾਰਚ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੀਆਂ ਟਵਿੱਟਰ ਪੋਸਟਾਂ ਨੂੰ ਭਾਰਤ ਅੰਦਰ ਬੈਨ ਕਰਨ ਦੀ ਕਰੜੀ ਨਿਖੇਧੀ ਕਰਦਿਆਂ ਸਰਕਾਰਾਂ ਨੂੰ ਜ਼ਾਬਤੇ ਅੰਦਰ ਰਹਿਣ.....
ਭਾਰਤ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਪ੍ਰਮੁੱਖ ਅਰਥਵਿਵਸਥਾ- ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 29 ਮਾਰਚ- ਅੱਜ ਇੱਥੇ ਹੋਏ ਲੋਕਤੰਤਰ ਲਈ ਸੰਮੇਲਨ ਵਿਚ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲੋਕਤੰਤਰ ਸਿਰਫ਼ ਇਕ ਢਾਂਚਾ ਨਹੀਂ ਹੈ। ਇਹ ਆਤਮਾ ਵੀ ਹੈ। ਇਹ ਇਸ ਵਿਸ਼ਵਾਸ ’ਤੇ ਅਧਾਰਤ ਹੈ ਕਿ ਹਰੇਕ ਮਨੁੱਖ ਦੀਆਂ ਲੋੜਾਂ ਅਤੇ ਇੱਛਾਵਾਂ ਬਰਾਬਰ ਮਹੱਤਵਪੂਰਨ ਹਨ। ਇਸ ਲਈ ਭਾਰਤ ਵਿਚ ਸਾਡਾ....
ਹਿਰਾਸਤ ਵਿਚ ਲਏ ਜ਼ਿਆਦਾਤਰ ਨੌਜਵਾਨ ਹੋਏ ਰਿਹਾਅ- ਪੰਜਾਬ ਸਰਕਾਰ
. . .  1 day ago
ਅੰਮ੍ਰਿਤਸਰ, 29 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਪੰਜਾਬ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਨੇ 360 ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਸੀ, ਜਿੰਨ੍ਹਾ ਵਿਚੋਂ ਸਰਕਾਰ ਨੇ 348 ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਰਹਿੰਦੇ 12 ਨੂੰ ਜਲਦ ਰਿਹਾਅ ਕਰ ਦਿੱਤਾ ਜਾਵੇਗਾ। ਸ੍ਰੀ ਅਕਾਲ....
ਅੰਮ੍ਰਿਤਪਾਲ ਸਿੰਘ ਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚਣ ਦੀਆਂ ਕਨਸੋਆਂ ’ਤੇ ਪੁਲਿਸ ਹੋਈ ਅਲਰਟ
. . .  1 day ago
ਸ੍ਰੀ ਅਨੰਦਪੁਰ ਸਾਹਿਬ, 29 ਮਾਰਚ (ਜੇ.ਐਸ.ਨਿੱਕੂਵਾਲ/ਕਰਨੈਲ ਸਿੰਘ)- ਵਾਰਿਸ ਪੰਜਾਬ ਦੇ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਦੀਆਂ ਕਨਸੌਆਂ ਤੋਂ ਬਾਅਦ ਜ਼ਿਲ੍ਹਾ ਪੁਲਿਸ ਰੂਪਨਗਰ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਖ਼ਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਹਨ। ਪੁਲਿਸ.....
ਬੀ. ਐਸ. ਐਫ਼. ਨੇ ਬਰਾਮਦ ਕੀਤੀ ਦੋ ਪੈਕਟ ਹੈਰੋਇਨ
. . .  1 day ago
ਅਟਾਰੀ, 29 ਮਾਰਚ (ਗੁਰਦੀਪ ਸਿੰਘ ਅਟਾਰੀ)- ਕੌਮਾਂਤਰੀ ਅਟਾਰੀ ਸਰਹੱਦ ’ਤੇ ਤਾਇਨਾਤ ਬੀ.ਐਸ.ਐਫ਼. ਦੀ 144 ਬਟਾਲੀਅਨ ਨੇ ਭਾਰਤ ਪਾਕਿਸਤਾਨ ਸਰਹੱਦ ’ਤੇ ਸਥਿਤ ਬੀ.ਓ.ਪੀ. ਭਰੋਭਾਲ ਦੇ ਇਲਾਕੇ ਵਿਚੋ ਦੋ ਕੰਟੇਨਰ ਬਰਾਮਦ ਕੀਤੇ। ਕੰਟੇਨਰਾਂ ਨੂੰ ਖੋਲ੍ਹਣ ’ਤੇ ਉਨ੍ਹਾਂ ਵਿਚੋਂ ਦੋ ਪੈਕਟ ਹੈਰੋਇਨ ਦੇ ਬਰਾਮਦ ਹੋਏ, ਜਿਨ੍ਹਾਂ....
ਅੰਮ੍ਰਿਤਪਾਲ ਦੇ ਤਿੰਨ ਸਾਥੀਆਂ ਨੂੰ ਭੇਜਿਆ ਗਿਆ ਨਿਆਂਇਕ ਹਿਰਾਸਤ ’ਚ
. . .  1 day ago
ਅਜਨਾਲਾ, 29 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਪਾਲ ਸਿੰਘ ਦੇ ਤਿੰਨ ਸਾਥੀਆਂ ਈਸ਼ਵਰ ਸਿੰਘ, ਸੁਖਪ੍ਰੀਤ ਸਿੰਘ ਅਤੇ ਕੁਲਵੰਤ ਸਿੰਘ ਨੂੰ ਅੱਜ ਇੱਥੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਤਿੰਨਾਂ ਨੂੰ ਨਿਆਂਇਕ ਹਿਰਾਸਤ ਲਈ ਜੇਲ੍ਹ....
ਨਹੀਂ ਬੈਨ ਹੋਇਆ ਗਿਆਨੀ ਹਰਪ੍ਰੀਤ ਸਿੰਘ ਦਾ ਟਵਿਟਰ ਅਕਾਊਂਟ
. . .  1 day ago
ਅੰਮ੍ਰਿਤਸਰ, 29 ਮਾਰਚ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਬੀਤੇ ਦਿਨੀਂ 27 ਮਾਰਚ ਨੂੰ ਸਿੱਖ ਜਥੇਬੰਦੀਆਂ ਦੀ ਬੁਲਾਈ ਗਈ ਵਿਸ਼ੇਸ਼ ਇਕੱਤਰਤਾ ਕਰਨ ਸੰਬੰਧੀ ਟਵਿੱਟਰ ਖ਼ਾਤੇ ’ਤੇ ਅਪਲੋਡ ਕੀਤਾ ਗਿਆ ਪੋਸਟਰ ਭਾਰਤ ਵਿਚ ਹੁਣ ਟਵਿੱਟਰ ’ਤੇ ਦਿਖਾਈ ਨਹੀਂ ਦੇਵੇਗਾ। ਪ੍ਰਾਪਤ ਜਾਣਕਾਰੀ....
ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ 3 ਅਪ੍ਰੈਲ ਸਵੇਰੇ 11 ਵਜੇ ਤੱਕ ਲਈ ਮੁਲਤਵੀ
. . .  1 day ago
ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ 3 ਅਪ੍ਰੈਲ ਸਵੇਰੇ 11 ਵਜੇ ਤੱਕ ਲਈ ਮੁਲਤਵੀ
ਅੰਮ੍ਰਿਤਪਾਲ ਸਿੰਘ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਉਣ ਦੀ ਚਰਚਾ ਦੇ ਚਲਦਿਆਂ ਪੁਲਿਸ ਵਲੋਂ ਸ੍ਰੀ ਦਰਬਾਰ ਸਹਿਬ ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ
. . .  1 day ago
ਅੰਮ੍ਰਿਤਸਰ, 29 ਮਾਰਚ (ਜਸਵੰਤ ਸਿੰਘ ਜੱਸ)- ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ, ਜਿਸ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੁਲਿਸ ਕਈ ਦਿਨਾਂ ਤੋਂ ਉਸ ਦੀ ਭਾਲ ਕਰ ਰਹੀ ਹੈ, ਦੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆ ਕੇ ਆਤਮ ਸਮਰਪਣ ਕਰਨ ਦੀ ਚੱਲ ਰਹੀ ਚਰਚਾ ਦੌਰਾਨ ਪੁਲਿਸ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਆਲੇ....
ਅੰਮ੍ਰਿਤਪਾਲ ਸਿੰਘ ਦੇ ਦਮਦਮਾ ਸਾਹਿਬ ਪੁੱਜਣ ਦੀਆਂ ਅਫ਼ਵਾਹਾਂ ਦੌਰਾਨ ਵੱਡੀ ਗਿਣਤੀ ਪੁੱਜੀ ਫ਼ੋਰਸ
. . .  1 day ago
ਤਲਵੰਡੀ ਸਾਬੋ, 29 ਮਾਰਚ (ਰਣਜੀਤ ਸਿੰਘ ਰਾਜੂ)- ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਹੁਣ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜਣ ਦੀ ਅਫ਼ਵਾਹ ਉਪਰੰਤ ਅਚਾਨਕ ਤਲਵੰਡੀ ਸਾਬੋ ’ਚ ਵੱਡੀ ਗਿਣਤੀ ’ਚ ਪੁਲਿਸ ਫ਼ੋਰਸ ਨਜ਼ਰ ਆਉਣ ਲੱਗ ਗਈ ਹੈ। ਨਗਰ ਦੇ ਨਿਸ਼ਾਨ-ਏ-ਖ਼ਾਲਸਾ ਚੌਂਕ ਤੋਂ ਲੈ....
ਲੁਧਿਆਣਾ ਵਿਚ ਹਾਈ ਅਲਰਟ
. . .  1 day ago
ਲੁਧਿਆਣਾ, 30 ਮਾਰਚ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਵਲੋਂ ਅੱਜ ਬਾਅਦ ਦੁਪਹਿਰ ਅਚਾਨਕ ਸ਼ਹਿਰ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸ਼ਹਿਰ ਵਿਚ ਪੁਲਿਸ ਵਲੋਂ ਸਖ਼ਤ ਨਾਕੇਬੰਦੀ ਕੀਤੀ ਗਈ ਹੈ ਅਤੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਸ਼ਹਿਰ ਵਿਚ ਆਉਣ ਵਾਲੇ....
ਰਾਹੁਲ ਗਾਂਧੀ ਮੀਟਿੰਗ ਲਈ ਪਹੁੰਚੇ ਸੀ.ਪੀ.ਪੀ. ਦਫ਼ਤਰ
. . .  1 day ago
ਨਵੀਂ ਦਿੱਲੀ, 29 ਮਾਰਚ- ਕਾਂਗਰਸ ਨੇਤਾ ਰਾਹੁਲ ਗਾਂਧੀ ਸੀ.ਪੀ.ਪੀ. ਦਫ਼ਤਰ ਵਿਚ ਲੋਕ ਸਭਾ ਅਤੇ ਰਾਜ ਸਭਾ ਦੇ ਕਾਂਗਰਸੀ ਸੰਸਦ ਮੈਂਬਰਾਂ ਦੀ ਮੀਟਿੰਗ ਵਿਚ.....
ਡੀ.ਐਸ.ਪੀ. ਪੱਧਰ ਦੇ 24 ਅਧਿਕਾਰੀਆਂ ਦੇ ਹੋਏ ਤਬਾਦਲੇ
. . .  1 day ago
ਚੰਡੀਗੜ੍ਹ, 29 ਮਾਰਚ- ਪੰਜਾਬ ਪੁਲਿਸ ਦੇ ਡੀ.ਜੀ.ਪੀ. ਵਲੋਂ ਪੱਤਰ ਜਾਰੀ ਕਰਕੇ ਡੀ.ਐਸ. ਪੀ. ਪੱਧਰ ਦੇ 24 ਅਧਿਕਾਰੀਆਂ.....
ਸਾਬਕਾ ਵਿਧਾਇਕ ਵੈਦ ਮੁੜ ਵਿਜੀਲੈਂਸ ਦਫ਼ਤਰ ਪੁੱਜੇ
. . .  1 day ago
ਲੁਧਿਆਣਾ, 29 ਮਾਰਚ (ਪਰਮਿੰਦਰ ਸਿੰਘ ਆਹੂਜਾ)- ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਵਿਜੀਲੈਂਸ ਬਿਊਰੋ ਵਲੋਂ ਸ਼ੁਰੂ ਕੀਤੀ ਗਈ ਜਾਂਚ ਵਿਚ ਸ਼ਾਮਿਲ ਹੋਣ ਲਈ ਅੱਜ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਵਿਜੀਲੈਂਸ ਦਫ਼ਤਰ ਪੁੱਜੇ ਹਨ, ਇਹ ਉਨ੍ਹਾਂ ਦੀ ਦੂਜੀ ਪੇਸ਼ੀ ਹੈ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਵੀ...
ਰਾਮਨੌਵੀਂ ਦੀ ਛੁੱਟੀ ਦੌਰਾਨ ਵੀ ਹੋਵੇਗਾ ਰਜਿਸਟਰੀਆਂ ਦਾ ਕੰਮ
. . .  1 day ago
ਚੰਡੀਗੜ੍ਹ, 29 ਮਾਰਚ- ਪੰਜਾਬ ਸਰਕਾਰ ਵਲੋਂ ਅੱਜ ਇਕ ਹੁਕਮ ਜਾਰੀ ਕਰਕੇ ਰਾਮਨੌਵੀਂ ਦੀ ਛੁੱਟੀ ਦੌਰਾਨ ਵੀ ਸੂਬੇ ਭਰ ਵਿਚ ਜਾਇਦਾਦ ਦੀਆਂ ਰਜਿਸਟਰੀਆਂ ਦਾ ਕੰਮਕਾਜ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਹਨ। ਇਸ ਸੰਬੰਧੀ ਸਮੂਹ ਸਬ ਰਜਿਸਟਰਾਰਾਂ ਨੂੰ ਇਨ੍ਹਾਂ ਹੁਕਮਾਂ....
ਪੰਜਾਬ ਪੁਲਿਸ ਵਿਚ ਆਈ.ਪੀ.ਐਸ. ਅਤੇ ਪੀ.ਪੀ.ਐਸ.ਅਧਿਕਾਰੀਆਂ ਦੇ ਹੋਏ ਤਬਾਦਲੇ
. . .  1 day ago
ਚੰਡੀਗੜ੍ਹ, 29 ਮਾਰਚ- ਪੰਜਾਬ ਸਰਕਾਰ ਵਲੋਂ 1 ਆਈ.ਪੀ. ਐਸ. ਅਤੇ 8 ਪੀ.ਪੀ.ਐਸ.ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਸਰਕਾਰ ਵਲੋਂ ਇਸ ਸੰਬੰਧੀ ਪੱਤਰ ਕਰ...
ਜਲੰਧਰ ਵਿਚ 10 ਮਈ ਨੂੰ ਹੋਣਗੀਆਂ ਉਪ- ਚੋਣਾਂ- ਭਾਰਤੀ ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 29 ਮਾਰਚ- ਮੁੱਖ ਚੋਣ ਅਧਿਕਾਰੀ ਰਾਜੀਵ ਕੁਮਾਰ ਵਲੋਂ ਪ੍ਰੈਸ ਕਾਨਫ਼ਰੰਸ ਦੌਰਾਨ ਜਲੰਧਰ ਵਿਚ ਹੋਣ ਵਾਲੀ ਜ਼ਿਮਨੀ ਚੋਣ ਦੀ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਜ ਲੰਧਰ ਵਿਚ 10 ਮਈ ਨੂੰ ਵੋਟਾਂ ਪਾਈਆਂ ਜਾਣਗੀਆਂ ਅਤੇ ਇਨ੍ਹਾਂ ਦੀ ਗਿਣਤੀ 13 ਮਈ ਨੂੰ ਕੀਤੀ ਜਾਵੇਗੀ। ਦੱਸ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 16 ਚੇਤ ਸੰਮਤ 555
ਵਿਚਾਰ ਪ੍ਰਵਾਹ: ਨਿਆਂ ਮਿਲਣ ਵਿਚ ਦੇਰੀ ਹੋਣਾ ਵੀ ਇਕ ਵੱਡਾ ਅਨਿਆਂ ਹੈ। -ਲੈਂਡਰ

ਪਹਿਲਾ ਸਫ਼ਾ

ਸ਼੍ਰੋਮਣੀ ਕਮੇਟੀ ਦਾ 11 ਅਰਬ 38 ਕਰੋੜ ਰੁਪਏ ਦਾ ਬਜਟ ਜੈਕਾਰਿਆਂ ਦੀ ਗੂੰਜ 'ਚ ਪਾਸ

* ਗੁਰਮਤਿ ਪ੍ਰਚਾਰ, ਸਿੱਖਾਂ ਨੂੰ ਪ੍ਰਸ਼ਾਸਕੀ ਸੇਵਾਵਾਂ ਲਈ ਤਿਆਰ ਕਰਨਾ ਤੇ ਵਿਦੇਸ਼ਾਂ 'ਚ ਕੇਂਦਰ ਖੋਲ੍ਹਣੇ ਭਵਿੱਖੀ ਏਜੰਡਾ-ਧਾਮੀ
* ਪਹਿਲੀ ਵਾਰ ਹਰਿਆਣਾ ਦੇ ਗੁਰਦੁਆਰਿਆਂ ਲਈ ਰੱਖਿਆ ਗਿਆ 57 ਕਰੋੜ 11 ਲੱਖ ਰੁਪਏ ਦਾ ਵੱਖਰਾ ਬਜਟ
* ਸ੍ਰੀ ਹਰਿਮੰਦਰ ਸਾਹਿਬ ਲਈ ਰੱਖੇ 3.70 ਅਰਬ ਰੁਪਏ
* ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਲਈ ਰੱਖੇ 70 ਕਰੋੜ
* ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਲਈ ਰੱਖੇ 47.60 ਕਰੋੜ
* * ਬਜਟ 'ਚ ਬੀਤੇ ਵਰ੍ਹੇ ਨਾਲੋਂ 17 ਫ਼ੀਸਦੀ ਵਾਧਾ ਦਰਜ ਕੀਤਾ ਗਿਆ-ਧਾਮੀ * ਧਰਮ ਪ੍ਰਚਾਰ ਕਮੇਟੀ ਲਈ ਰੱਖੇ 90 ਕਰੋੜ
* ਸ. ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਜਨਮ ਸ਼ਤਾਬਦੀ ਅਤੇ ਗੁਰਦੁਆਰਾ ਸ੍ਰੀ ਗੰਗਸਰ ਜੈਤੋ ਮੋਰਚੇ ਦੇ ਸ਼ਹੀਦਾਂ ਦੀ ਪਹਿਲੀ ਸ਼ਤਾਬਦੀ ਮਨਾਉਣ ਲਈ ਬਜਟ 'ਚ ਰੱਖੇ 2 ਕਰੋੜ</h4>
ਜਸਵੰਤ ਸਿੰਘ ਜੱਸ ਹਰਮਿੰਦਰ ਸਿੰਘ
ਅੰਮ੍ਰਿਤਸਰ, 28 ਮਾਰਚ-ਸਿੱਖ ਪੰਥ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਥੇ ਹੋਏ ਸਾਲਾਨਾ ਬਜਟ ਇਜਲਾਸ ਦੌਰਾਨ ਸ਼੍ਰੋਮਣੀ ਕਮੇਟੀ ਅਤੇ ਇਸ ਨਾਲ ਸੰਬੰਧਿਤ ਸਮੂਹ ਗੁਰਦੁਆਰਾ ਸਾਹਿਬਾਨ ਤੇ ਹੋਰਨਾਂ ਅਦਾਰਿਆਂ ਦਾ ਵਿੱਤੀ ਸਾਲ 2023-24 ਲਈ 11 ਅਰਬ, 38 ਕਰੋੜ, 14 ਲੱਖ 54 ਹਜ਼ਾਰ ਰੁਪਏ ਦਾ ਅਨੁਮਾਨਿਤ ਬਜਟ ਸਰਬਸੰਮਤੀ ਨਾਲ ਮੈਂਬਰਾਂ ਵਲੋਂ ਹੱਥ ਖੜ੍ਹੇ ਕਰ ਕੇ ਅਤੇ ਜੈਕਾਰਿਆਂ ਦੀ ਗੁੂੰਜ ਵਿਚ ਪਾਸ ਕੀਤਾ ਗਿਆ। ਇਸ ਮੌਕੇ ਪੰਥ ਅਤੇ ਪੰਜਾਬ ਦੀ ਆਵਾਜ਼ ਅਦਾਰਾ 'ਅਜੀਤ' ਨਾਲ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਵਿਤਕਰੇ ਅਤੇ ਸ਼ਹੀਦਾਂ ਦੀ ਯਾਦ ਵਿਚ ਸਥਾਪਿਤ ਜੰਗ-ਏ-ਆਜ਼ਾਦੀ ਯਾਦਗਾਰ ਖ਼ਿਲਾਫ਼ ਬਦਲਾਲਊ ਭਾਵਨਾ ਤਹਿਤ ਪੰਜਾਬ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੂੰ ਤੁਰੰਤ ਰੋਕਣ ਦੀ ਮੰਗ ਕਰਦੇ ਮਤੇ ਸਮੇਤ ਕੁੱਲ 13 ਵੱਖ-ਵੱਖ ਅਹਿਮ ਮਤੇ ਵੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਪੇਸ਼ ਕੀਤੇ ਗਏ, ਜਿਨ੍ਹਾਂ ਨੂੰ ਸਮੂਹ ਮੈਂਬਰਾਂ ਵਲੋਂ ਹੱਥ ਖੜ੍ਹੇ ਕਰ ਕੇ ਪ੍ਰਵਾਨਗੀ ਦਿੱਤੀ ਗਈ। ਇਤਿਹਾਸਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਹੋਏ ਬਜਟ ਇਜਲਾਸ ਦੌਰਾਨ ਬਜਟ ਭਾਸ਼ਨ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਵਲੋਂ ਪੜ੍ਹਿਆ ਗਿਆ, ਜਿਸ ਨੂੰ ਹਾਜ਼ਰ ਮੈਂਬਰਾਂ ਵਲੋਂ ਜੈਕਾਰੇ ਬੁਲਾ ਕੇ ਤੇ ਹੱਥ ਖੜ੍ਹੇ ਕਰ ਕੇ ਪ੍ਰਵਾਨਗੀ ਦਿੱਤੀ ਗਈ। ਪਿਛਲੇ ਵਰ੍ਹੇ ਇਸ ਸਿੱਖ ਸੰਸਥਾ ਦਾ ਬਜਟ ਕਰੀਬ 988 ਕਰੋੜ ਰੁਪਏ ਸੀ। ਇਸ ਵਾਰ ਬਜਟ ਦੀ ਇਹ ਵੀ ਵਿਸ਼ੇਸ਼ਤਾ ਸੀ ਕਿ ਪਿਛਲੇ ਦਿਨੀਂ ਹਰਿਆਣਾ ਦੀ ਵੱਖਰੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਹੋਂਦ ਵਿਚ ਆਉਣ 'ਤੇ ਉਸ ਵਲੋਂ ਸੂਬੇ ਵਿਚਲੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਖੁਦ ਸੰਭਾਲ ਲਏ ਜਾਣ ਬਾਅਦ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਵਲੋਂ ਹਰਿਆਣਾ ਦੇ ਗੁਰਦੁਆਰਾ ਸਾਹਿਬਾਨ ਤੇ ਅਦਾਰਿਆਂ ਲਈ 57 ਕਰੋੜ 11 ਲੱਖ ਦਾ ਵੱਖਰਾ ਬਜਟ ਰੱਖਿਆ ਗਿਆ ਹੈ।
ਬਜਟ ਇਜਲਾਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਕਾਰਜਕਾਰੀ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੀ ਸ਼ਾਮਿਲ ਹੋਏ। ਜਨਰਲ ਸਕੱਤਰ ਭਾਈ ਗਰੇਵਾਲ ਨੇ ਪਹਿਲੀ ਵਾਰ ਇਜਲਾਸ ਦੌਰਾਨ ਡਿਜੀਟਲ ਤਕਨੀਕ ਦੀ ਵਰਤੋਂ ਕਰਦਿਆਂ ਵੱਡ ਆਕਾਰੀ ਸਕਰੀਨ ਦੁਆਰਾ ਆਪਣੇ ਬਜਟ ਭਾਸ਼ਣ ਵਿਚ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਵਿਭਾਗਾਂ ਅਤੇ ਅਦਾਰਿਆਂ ਲਈ ਹੋਣ ਵਾਲੀ ਆਮਦਨ ਦੇ ਵੇਰਵੇ ਸਾਂਝੇ ਕਰਦਿਆਂ ਭਵਿੱਖੀ ਕਾਰਜਾਂ ਲਈ ਰੱਖੀ ਗਈ ਰਾਸ਼ੀ ਦਾ ਖੁਲਾਸਾ ਕੀਤਾ। ਉਨ੍ਹਾਂ ਸ਼੍ਰੋਮਣੀ ਕਮੇਟੀ ਵਲੋਂ ਬੀਤੇ ਅਰਸੇ ਵਿਚ ਕੀਤੇ ਗਏ ਪੰਥਕ ਅਤੇ ਲੋਕ ਭਲਾਈ ਕਾਰਜਾਂ ਦਾ ਵੀ ਵੇਰਵਾ ਸਾਂਝਾ ਕੀਤਾ। ਇਜਲਾਸ ਦੌਰਾਨ ਬਜਟ ਨੂੰ ਸਰਬਸੰਮਤੀ ਨਾਲ ਮੈਂਬਰਾਂ ਵਲੋਂ ਪ੍ਰਵਾਨਗੀ ਦਿੱਤੀ ਗਈ, ਇਸ ਇਜਲਾਸ ਦੌਰਾਨ ਵਿਰੋਧੀ ਧਿਰ ਨੇ ਵੀ ਸਾਰਥਿਕ ਭੂਮਿਕਾ ਨਿਭਾਈ।
ਬਜਟ 'ਚ ਇਸ ਵਾਰ ਬੀਤੇ ਵਰ੍ਹੇ ਨਾਲੋਂ 17 ਫ਼ੀਸਦੀ ਵਾਧਾ ਦਰਜ ਕੀਤਾ ਗਿਆ-ਧਾਮੀ
ਇਜਲਾਸ ਉਪਰੰਤ ਪੱਤਰਕਾਰਾਂ ਦੇ ਰੂ-ਬਰੂ ਹੁੰਿਦਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਬਜਟ ਵਿਚ ਇਸ ਵਾਰ ਬੀਤੇ ਵਰ੍ਹੇ ਨਾਲੋਂ 17 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਵਿੱਤੀ ਵਰ੍ਹੇ ਦਾ ਬਜਟ 9 ਅਰਬ, 88 ਕਰੋੜ ਰੁਪਏ ਦੇ ਲਗਪਗ ਸੀ, ਜਦਕਿ ਇਸ ਵਾਰ 11 ਅਰਬ, 38 ਕਰੋੜ ਰੁਪਏ ਦਾ ਬਜਟ ਅਨੁਮਾਨ ਹੈ। ਐਡਵੋਕੇਟ ਧਾਮੀ ਨੇ ਦੱਸਿਆ ਕਿ ਪਾਸ ਕੀਤੇ ਗਏ ਬਜਟ ਵਿਚ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ, ਸੈਕਸ਼ਨ 85 ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ, ਵਿੱਦਿਅਕ ਅਦਾਰੇ, ਪ੍ਰਿੰਟਿੰਗ ਪ੍ਰੈੱਸਾਂ ਆਦਿ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਕੁਲ ਬਜਟ ਵਿਚੋਂ ਗੁਰਦੁਆਰਾ ਸਾਹਿਬਾਨ ਦਾ ਬਜਟ 8 ਅਰਬ 55 ਕਰੋੜ ਰੁਪਏ ਹੈ।
ਪ੍ਰਧਾਨ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਬਜਟ ਦਾ ਆਧਾਰ ਸੰਗਤਾਂ ਵਲੋਂ ਗੁਰੂ ਘਰਾਂ ਵਿਚ ਚੜਾਈ ਜਾਂਦੀ ਭੇਟਾ ਹੈ, ਜਿਸ ਅਨੁਸਾਰ ਹੀ ਸਾਲਾਨਾ ਖਰਚੇ ਨਿਰਧਾਰਿਤ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਬਜਟ ਵਿਚ ਭਵਿੱਖੀ ਯੋਜਨਾਵਾਂ ਤਹਿਤ ਨਿਸ਼ਚੈ ਪ੍ਰਸ਼ਾਸਕੀ ਸੇਵਾਵਾਂ ਸਿਖਲਾਈ ਕੇਂਦਰ ਲਈ 1 ਕਰੋੜ, ਵਿਦੇਸ਼ਾਂ ਵਿਚ ਸਿੱਖੀ ਪ੍ਰਚਾਰ ਕੇਂਦਰ ਸਥਾਪਤ ਕਰਨ ਲਈ 7 ਕਰੋੜ 9 ਲੱਖ, ਵਾਤਾਵਰਣ ਦੀ ਸ਼ੁੱਧਤਾ ਦੇ ਮੱਦੇਨਜ਼ਰ ਗੁਰਦੁਆਰਾ ਸਾਹਿਬਾਨ ਵਿਖੇ ਸੋਲਰ ਪਲਾਂਟ ਲਗਾਉਣ ਲਈ 4 ਕਰੋੜ 72 ਲੱਖ, ਸ੍ਰੀ ਹਰਿਮੰਦਰ ਸਾਹਿਬ ਵਿਖੇ ਨਵੀਆਂ ਸਰਾਵਾਂ ਲਈ 24 ਕਰੋੜ ਰੁਪਏ, ਭਾਈਚਾਰਕ ਭਲਾਈ ਲੈਬ ਅਤੇ ਦਵਾਖਾਨੇ ਲਈ 60 ਲੱਖ ਰੁਪਏ, ਪੰਥਕ ਮਾਮਲਿਆਂ ਅਤੇ ਮੁਕੱਦਮਿਆਂ ਲਈ 1 ਕਰੋੜ 80 ਲੱਖ ਰੁਪਏ, ਧਰਮ ਅਰਥ ਫੰਡ ਅਤੇ ਪੰਥਕ ਭਲਾਈ ਫੰਡ ਵਾਸਤੇ 3 ਕਰੋੜ 69 ਲੱਖ ਰੁਪਏ, ਕੁਦਰਤੀ ਆਫ਼ਤਾਂ ਲਈ 1 ਕਰੋੜ 11 ਲੱਖ ਰੁਪਏ, ਗੁਰਸਿੱਖ ਵਿਦਿਆਰਥੀਆਂ ਦੀ ਵਿਦਿਆ ਲਈ 1 ਕਰੋੜ 70 ਲੱਖ ਰੱਖੇ ਗਏ ਹਨ। ਇਸੇ ਤਰ੍ਹਾਂ ਪੰਜਾਬ ਤੋਂ ਬਾਹਰਲੇ ਰਾਜਾਂ ਵਿਚ ਸਿੱਖੀ ਪ੍ਰਚਾਰ ਵਾਸਤੇ 3 ਕਰੋੜ 70 ਲੱਖ, ਆਉਣ ਵਾਲੀਆਂ ਸ਼ਤਾਬਦੀਆਂ ਲਈ 2 ਕਰੋੜ ਰੁਪਏ, ਗੁਰਮਤਿ ਸਮਾਗਮਾਂ ਲਈ 2 ਕਰੋੜ 50 ਲੱਖ ਰੁਪਏ, ਖੇਡ ਅਕੈਡਮੀਆਂ ਲਈ 3 ਕਰੋੜ 5 ਲੱਖ ਰੁਪਏ ਖਰਚ ਕੀਤੇ ਜਾਣਗੇ। ਐਡਵੋਕੇਟ ਧਾਮੀ ਨੇ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਅਤੇ ਕੇਸਾਂ ਦੀ ਪੈਰਵਾਈ ਲਈ ਦੇ ਨਾਲ-ਨਾਲ ਨਜ਼ਰਬੰਦ ਸਿੰਘਾਂ ਦੇ ਪਰਿਵਾਰਾਂ ਨੂੰ ਸਹਾਇਤਾ ਲਈ ਵੀ ਵਿਸ਼ੇਸ਼ ਰਾਸ਼ੀ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਗਰੀਬ ਵਿਦਿਆਰਥੀਆਂ, ਅੰਮ੍ਰਿਤਧਾਰੀ ਬੱਚਿਆਂ ਨੂੰ ਵਜੀਫੇ, ਸਿਕਲੀਗਰ ਤੇ ਵਣਜਾਰੇ ਸਿੱਖਾਂ ਲਈ ਵੀ ਰਾਖਵਾਂ ਬਜਟ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀਆਂ ਭਵਿੱਖੀ ਯੋਜਨਾਵਾਂ ਵਿਚ ਸਿੱਖ ਮਸਲਿਆਂ ਦੀ ਪੈਰਵਾਈ, ਧਰਮ ਪ੍ਰਚਾਰ, ਲੋਕ ਭਲਾਈ ਕਾਰਜ, ਸਿਹਤ ਸਹੂਲਤਾਂ ਅਤੇ ਵਿੱਦਿਆ ਦੇ ਪ੍ਰਚਾਰ ਪ੍ਰਸਾਰ ਦੀਆਂ ਤਰਜੀਹਾਂ ਸ਼ਾਮਿਲ ਹਨ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਸਿੱਖ ਨੌਜਵਾਨਾਂ ਨੂੰ ਪ੍ਰਸ਼ਾਸਕੀ ਸੇਵਾਵਾਂ ਵਿਚ ਲਿਆਉਣ ਲਈ ਖੋਲ੍ਹੀ ਗਈ ਅਕੈਡਮੀ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਅਕੈਡਮੀ ਵਿਚ ਹਰ ਸਾਲ 25 ਬੱਚਿਆਂ ਨੂੰ ਮੁਫ਼ਤ ਕੋਚਿੰਗ ਦਿੱਤੀ ਜਾਇਆ ਕਰੇਗੀ। ਉਨ੍ਹਾਂ ਜ਼ਿਕਰ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਨੂੰ ਪੈਰਾਂ ਸਿਰ ਕਰਨ ਲਈ ਵੀ ਵਿਸ਼ੇਸ਼ ਤਵੱਜੋਂ ਦਿੱਤੀ ਗਈ ਹੈ ਅਤੇ ਜਲਦ ਹੀ ਇਨ੍ਹਾਂ ਨੂੰ ਸਵੈ-ਨਿਰਭਰ ਦੀ ਸਥਿਤੀ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਵਿੱਦਿਅਕ ਅਦਾਰਿਆਂ ਲਈ ਸਰਕਾਰ ਵਲੋਂ ਐਸ. ਸੀ. ਸਕਾਲਰਸ਼ਿਪ ਰੋਕਣ ਅਤੇ ਏਡਿਡ ਪੋਸਟਾਂ ਪੁਰ ਨਾ ਕਰਨ ਦੀ ਕਰੜੀ ਆਲੋਚਨਾ ਵੀ ਕੀਤੀ। ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰਿਆਂ ਦੇ ਸਵੈ-ਨਿਰਭਰ ਨਾ ਹੋਣ ਦਾ ਇਕ ਵੱਡਾ ਕਾਰਨ ਸਰਕਾਰ ਵਲੋਂ ਬਣਦੇ ਫੰਡ ਨਾ ਜਾਰੀ ਕਰਨਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ, ਸਿੱਖੀ ਪ੍ਰਚਾਰ ਅਤੇ ਸਿੱਖ ਮਸਲਿਆਂ ਦੀ ਪੈਰਵਾਈ ਦੇ ਮਾਮਲੇ ਵਿਚ ਨਿਰੰਤਰ ਆਪਣੀ ਜ਼ਿੰਮੇਵਾਰੀ ਨਿਭਾਅ ਰਹੀ ਹੈ ਅਤੇ ਭਵਿੱਖ ਵਿਚ ਵੀ ਵਚਨਬੱਧ ਹੈ।
ਹਰਿਆਣਾ ਦੇ ਗੁਰਦੁਆਰਾ ਸਾਹਿਬਾਨ ਦੇ ਬਜਟ ਸੰਬੰਧੀ ਗੱਲ ਕਰਦਿਆਂ ਐਡਵੋਕੇਟ ਧਾਮੀ ਨੇ ਦੱਸਿਆ ਕਿ ਇਸ ਵਾਰ ਹਰਿਆਣਾ ਵਿਚਲੇ ਗੁਰ-ਅਸਥਾਨਾਂ ਲਈ ਵੱਖਰੇ ਤੌਰ 'ਤੇ 57 ਕਰੋੜ 11 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰਾਂ ਦੀ ਮਾੜੀ ਮਨਸ਼ਾ ਕਰਕੇ ਇਨ੍ਹਾਂ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਪਾਸੋਂ ਜਬਰੀ ਹਥਿਆ ਲਿਆ ਗਿਆ ਹੈ ਪਰ ਇਹ ਗੁਰਦੁਆਰਾ ਸਾਹਿਬਾਨ ਸਿੱਖ ਗੁਰਦੁਆਰਾ ਐਕਟ 1925 ਦੀ ਭਾਵਨਾ ਦੇ ਅੰਤਰਗਤ ਅੱਜ ਵੀ ਨੋਟੀਫਾਈ ਹਨ, ਇਸ ਲਈ ਸ਼੍ਰੋਮਣੀ ਕਮੇਟੀ ਨੇ ਇਸ ਲਈ ਵੀ ਵੱਖਰਾ ਬਜਟ ਰੱਖਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਗੁਰਧਾਮਾਂ ਦਾ ਪ੍ਰਬੰਧ ਨੁਮਾਇੰਦਾ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਵਾਪਸ ਦੇ ਦੇਣਾ ਚਾਹੀਦਾ ਹੈ।
ਇਜਲਾਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕੀਤਾ ਸੰਬੋਧਨ
ਬਜਟ ਇਜਲਾਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਪੰਥਕ ਮਾਮਲਿਆਂ 'ਤੇ ਸੰਬੋਧਨ ਕਰਦਿਆਂ ਆਪਣੇ ਸੁਝਾਅ ਪੇਸ਼ ਕੀਤੇ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਵਲੋਂ ਇਜਲਾਸ ਦੀ ਅਰੰਭਤਾ ਕਰਨ ਮਗਰੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਿਛੜ ਚੁੱਕੀਆਂ ਚਾਰ ਪੰਥਕ ਸ਼ਖ਼ਸੀਅਤਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਮੂਲਮੰਤਰ ਦਾ ਜਾਪ ਕੀਤਾ। ਭਾਈ ਗੁਰਚਰਨ ਸਿੰਘ ਗਰੇਵਾਲ ਵਲੋਂ ਬਜਟ ਭਾਸ਼ਣ ਦੇਣ ਉਪਰੰਤ ਐਡਵੋਕੇਟ ਧਾਮੀ ਵਲੋਂ ਵੱਖ-ਵੱਖ ਪੰਥਕ ਮਸਲਿਆਂ ਸੰਬੰਧੀ 13 ਅਹਿਮ ਮਤੇ ਪੜ੍ਹੇ ਗਏ।
ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਨੇ ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਦੌਰਾਨ ਪੜ੍ਹੇ ਗਏ ਸਾਰੇ ਮੱਤਿਆਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਬੀਤੇ ਦਿਨ ਸੱਦੀ ਇਕੱਤਰਤਾ ਦੌਰਾਨ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਗਿਆ ਸੀ ਪਰ ਚੰਗਾ ਇਹ ਹੁੰਦਾ ਜੇਕਰ ਜਥੇਦਾਰ ਅੱਜ ਦੇ ਇਜਲਾਸ ਵਿਚ ਸ਼ਾਮਿਲ ਹੋ ਕੇ 24 ਘੰਟੇ ਦੇ ਬਾਅਦ ਵਾਲੇ ਅਗਲੇ ਪ੍ਰੋਗਰਾਮ ਦਾ ਕੋਈ ਐਲਾਨ ਕਰਦੇ। ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਦਾ ਸੁਝਾਅ ਹੈ ਕਿ ਹਰਿਆਣਾ ਲਈ ਕੰਡੀਸ਼ਨਰ ਬਜਟ ਪਾਸ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹਰਿਆਣਾ ਕਮੇਟੀ ਨੂੰ ਸਾਡੇ ਸ਼ਰੀਕ ਵਜੋਂ ਖੜ੍ਹਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਜਟ ਵਿਚ ਹਰਿਆਣਾ ਦੇ ਗੁਰਧਾਮਾਂ ਦਾ ਹਿੱਸਾ ਨਾ ਰੱਖਿਆ ਗਿਆ ਤਾਂ ਇਹ ਸਿੱਧ ਹੋਵੇਗਾ ਕਿ ਅਸੀਂ 50 ਫ਼ੀਸਦੀ ਲੜਾਈ ਛੱਡ ਗਏ ਹਾਂ। ਬੀਬੀ ਗੁਰਪ੍ਰੀਤ ਕੌਰ ਰੂਹੀ ਨੇ ਬੀਬੀਆਂ ਲਈ ਮਿਸ਼ਨਰੀ ਕਾਲਜ ਬਣਾਉਣ ਅਤੇ ਬੀਬੀਆਂ ਦੀ ਮੁਸ਼ਕਿਲਾਂ ਦੇ ਹੱਲ ਲਈ ਇਕ ਵਿਸ਼ੇਸ਼ ਧਾਰਮਿਕ ਕਮੇਟੀ ਬਣਾਉਣ ਦੀ ਮੰਗ ਕੀਤੀ। ਜਥੇ: ਅਮਰੀਕ ਸਿੰਘ ਸ਼ਾਹਪੁਰ ਵਲੋਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬਦਲਣ ਸੰਬੰਧੀ ਕੋਈ ਮਤਾ ਪੇਸ਼ ਕਰਨ ਦੀ ਕੋਸ਼ਿਸ਼ ਦੌਰਾਨ ਜਦੋਂ ਉਨ੍ਹਾਂ ਨੂੰ ਭਾਈ ਅਮਰਜੀਤ ਸਿੰਘ ਚਾਵਲਾ ਤੇ ਹੋਰਨਾਂ ਵਲੋਂ ਅਜਿਹਾ ਕਰਨੋਂ ਮਨਾ ਕੀਤਾ ਗਿਆ ਤਾਂ ਦੋਵਾਂ ਧਿਰਾਂ ਦੌਰਾਨ ਮਹੌਲ ਕੁੱਝ ਸਮੇਂ ਲਈ ਤਣਾਅ ਵਾਲਾ ਹੋ ਗਿਆ। ਭਾਈ ਚਾਵਲਾ ਨੇ ਇਸ ਦਾ ਕਰੜਾ ਵਿਰੋਧ ਕਰਦਿਆਂ ਕਿਹਾ ਕਿ ਇਹ ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ ਹੈ, ਜਿਸ ਵਿਚ ਕੇਵਲ ਬਜਟ ਨਾਲ ਸੰਬੰਧਿਤ ਗੱਲ ਹੀ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਸਿਆਸੀ। ਇਸ ਦੌਰਾਨ ਐਡਵੋਕੇਟ ਧਾਮੀ ਵਲੋਂ ਸਿੱਖ ਮਸਲਿਆਂ ਅਤੇ ਅਦਾਰਾ 'ਅਜੀਤ' ਅਤੇ ਜੰਗ-ਏ-ਆਜ਼ਾਦੀ ਯਾਦਗਾਰ ਨਾਲ ਵਿਤਕਰੇ ਸੰਬੰਧੀ ਲਿਆਂਦੇ ਗਏ ਮਤਿਆਂ ਦੀ ਵੱਖ-ਵੱਖ ਬੁਲਾਰਿਆਂ ਨੇ ਪ੍ਰੋੜਤਾ ਕੀਤੀ ਅਤੇ ਇਨ੍ਹਾਂ ਨੂੰ ਲਾਗੂ ਕਰਨ ਪ੍ਰਤੀ ਹਰ ਪੱਧਰ 'ਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਜਥੇਦਾਰ ਅਤੇ ਦੋ ਸਾਬਕਾ ਪ੍ਰਧਾਨ ਨਹੀਂ ਹੋਏ ਸ਼ਾਮਿਲ
ਇਜਲਾਸ ਵਿਚ ਕੁੱਝ ਕਾਰਨਾਂ ਕਰਕੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਦੋ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਤੇ ਪ੍ਰੋ: ਕਿਰਪਾਲ ਸਿੰਘ ਬਡੂੁੰਗਰ ਸ਼ਾਮਿਲ ਨਹੀਂ ਹੋਏ।
ਹਾਜ਼ਰ ਰਹੇ ਸ਼੍ਰੋਮਣੀ ਕਮੇਟੀ ਮੈਂਬਰ
ਬਜਟ ਇਜਲਾਸ ਦੌਰਾਨ ਸਿੰਘ ਸਾਹਿਬਾਨ, ਐਡਵੋਕੇਟ ਧਾਮੀ ਤੇ ਭਾਈ ਗਰੇਵਾਲ ਤੋਂ ਇਲਾਵਾ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਂਵਾਲ, ਅਲਵਿੰਦਰਪਾਲ ਸਿੰਘ ਪੱਖੋਕੇ, ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਾਇਮਪੁਰ, ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆ, ਭਾਈ ਅਮਰਜੀਤ ਸਿੰਘ ਚਾਵਲਾ, ਪਰਮਜੀਤ ਸਿੰਘ ਖ਼ਾਲਸਾ, ਜਰਨੈਲ ਸਿੰਘ ਕਰਤਾਰਪੁਰ, ਗੁਰਨਾਮ ਸਿੰਘ ਜੱਸਲ, ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਬੀਬੀ ਕਿਰਨਜੋਤ ਕੌਰ, ਬਾਬਾ ਗੁਰਪ੍ਰੀਤ ਸਿੰਘ ਰੰਧਾਵਾ, ਮਲਕੀਤ ਸਿੰਘ ਚੰਗਾਲ, ਭੁਪਿੰਦਰ ਸਿੰਘ ਅਸੰਧ, ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਮਨਜੀਤ ਸਿੰਘ ਭੂਰਾਕੋਹਨਾ, ਭਾਈ ਰਾਮ ਸਿੰਘ, ਸੁਰਜੀਤ ਸਿੰਘ ਭਿੱਟੇਵੱਡ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੰਗਵਿੰਦਰ ਸਿੰਘ ਖਾਪੜਖੇੜੀ, ਜਗਸੀਰ ਸਿੰਘ ਮਾਂਗੇਆਣਾ, ਬੀਬੀ ਕਿਰਨਵੀਰ ਕੌਰ, ਨਵਤੇਜ ਸਿੰਘ ਕਾਉਣੀ, ਕੌਰ ਸਿੰਘ ਬਹਾਵਵਾਲਾ, ਬੀਬੀ ਪਰਮਿੰਦਰ ਕੌਰ, ਦਰਸ਼ਨ ਸਿੰਘ ਬਰਾੜ, ਪ੍ਰੀਤਮ ਸਿੰਘ ਮਲਸੀਹਾਂ, ਦਰਸ਼ਨ ਸਿੰਘ ਸ਼ੇਰਖਾਂ, ਬਲਵਿੰਦਰ ਸਿੰਘ ਭੰਮਾਂ ਲੰਡਾ, ਸਤਪਾਲ ਸਿੰਘ ਤਲਵੰਡੀ ਭਾਈ, ਸੁਖਹਰਪ੍ਰੀਤ ਸਿੰਘ ਰੋਡੇ, ਬੀਬੀ ਜੋਗਿੰਦਰ ਕੌਰ ਰਠੌਰ, ਸੁਰਜੀਤ ਸਿੰਘ ਰਾਏਪੁਰ, ਮਿੱਠੂ ਸਿੰਘ ਕਾਹਨੇਕੇ, ਬੀਬੀ ਪਰਮਜੀਤ ਕੌਰ, ਬੀਬੀ ਜਸਪਾਲ ਕੌਰ, ਬਲਦੇਵ ਸਿੰਘ ਚੂੰਗਾ, ਬੀਬੀ ਸ਼ਰਨਜੀਤ ਕੌਰ, ਭੁਪਿੰਦਰ ਸਿੰਘ ਭਲਵਾਨ, ਹਰਦੇਵ ਸਿੰਘ ਰੋਂਗਲਾ, ਬੀਬੀ ਮਲਕੀਤ ਕੌਰ ਕਮਾਲਪੁਰ, ਕੁਲਦੀਪ ਸਿੰਘ ਨੱਸੂਪੁਰ, ਸਤਵਿੰਦਰ ਸਿੰਘ ਟੌਹੜਾ, ਜਸਮੇਲ ਸਿੰਘ ਲਾਛੜੂ, ਨਿਰਮੈਲ ਸਿੰਘ ਜੌਲਾਂ, ਰਵਿੰਦਰ ਸਿੰਘ ਖਾਲਸਾ, ਰਘਬੀਰ ਸਿੰਘ ਸਹਾਰਨਮਾਜਰਾ, ਜਗਜੀਤ ਸਿੰਘ ਤਲਵੰਡੀ, ਜਸਵੰਤ ਸਿੰਘ ਪੁੜੈਣ, ਬਲਵਿੰਦਰ ਸਿੰਘ ਬੈਂਸ, ਸਰਬੰਸ ਸਿੰਘ ਮਾਣਕੀ, ਗੁਰਬਖ਼ਸ਼ ਸਿੰਘ ਖਾਲਸਾ, ਬਲਦੇਵ ਸਿੰਘ ਕਲਿਆਣ, ਕੁਲਵੰਤ ਸਿੰਘ ਮੰਨਣ, ਰਣਜੀਤ ਸਿੰਘ ਕਾਹਲੋਂ, ਸਰਵਣ ਸਿੰਘ ਕੁਲਾਰ, ਬੀਬੀ ਗੁਰਪ੍ਰੀਤ ਕੌਰ, ਜਰਨੈਲ ਸਿੰਘ ਡੋਗਰਾਂਵਾਲਾ, ਬਲਜੀਤ ਸਿੰਘ ਜਲਾਲਉਸਮਾ, ਅਮਰਜੀਤ ਸਿੰਘ ਭਲਾਈਪੁਰ, ਬਲਵਿੰਦਰ ਸਿੰਘ ਵੇਈਂਪੂਈਂ, ਗੁਰਬਚਨ ਸਿੰਘ ਕਰਮੂੰਵਾਲਾ, ਖੁਸ਼ਵਿੰਦਰ ਸਿੰਘ ਭਾਟੀਆ, ਬੀਬੀ ਹਰਜਿੰਦਰ ਕੌਰ, ਬਲਵਿੰਦਰ ਕੌਰ ਲੋਪੋਕੇ, ਅਮਰੀਕ ਸਿੰਘ ਵਿਛੋਆ, ਬੀਬੀ ਸਰਵਨ ਕੌਰ ਤੇੜਾ, ਅਮਰਜੀਤ ਸਿੰਘ ਬੰਡਾਲਾ, ਸੁਰਜੀਤ ਸਿੰਘ ਤੁਗਲਵਾਲ, ਗੁਰਿੰਦਰਪਾਲ ਸਿੰਘ ਗੋਰਾ, ਅਮਰੀਕ ਸਿੰਘ ਸ਼ਾਹਪੁਰ, ਬੀਬੀ ਜੋਗਿੰਦਰ ਕੌਰ, ਬੀਬੀ ਜਸਵੀਰ ਕੌਰ ਜ਼ੱਫਰਵਾਲ, ਅਜਮੇਰ ਸਿੰਘ ਖੇੜਾ, ਜਗਤਾਰ ਸਿੰਘ ਰੋਡੇ, ਬਾਬਾ ਚਰਨਜੀਤ ਸਿੰਘ ਜੱਸੋਵਾਲ, ਬੀਬੀ ਸੁਖਵਿੰਦਰ ਕੌਰ, ਸਕੱਤਰ ਪ੍ਰਤਾਪ ਸਿੰਘ, ਓ.ਐਸ.ਡੀ. ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਸੁਖਮਿੰਦਰ ਸਿੰਘ, ਕੁਲਵਿੰਦਰ ਸਿੰਘ ਰਮਦਾਸ, ਬਲਵਿੰਦਰ ਸਿੰਘ ਕਾਹਲਵਾਂ, ਬਿਜੈ ਸਿੰਘ, ਗੁਰਿੰਦਰ ਸਿੰਘ ਮਥਰੇਵਾਲ, ਹਰਜੀਤ ਸਿੰਘ ਲਾਲੂਘੁੰਮਣ ਤੇ ਬੁਲਾਰੇ ਹਰਭਜਨ ਸਿੰਘ ਵਕਤਾ ਆਦਿ ਮੌਜੂਦ ਸਨ।
ਵਿਰੋਧੀ ਧਿਰ ਦੇ ਮੈਂਬਰਾਂ ਨੂੰ ਵੀ ਮਿਲਿਆ ਬੋਲਣ ਦਾ ਖੁੱਲ੍ਹਾ ਮੌਕਾ
ਬਜਟ ਇਜਲਾਸ ਦੌਰਾਨ ਪ੍ਰਧਾਨ ਐਡਵੋਕੇਟ ਧਾਮੀ ਵਲੋਂ ਵਿਰੋਧੀ ਧਿਰ ਨਾਲ ਸੰਬੰਧਿਤ ਮੈਂਬਰਾਂ ਨੂੰ ਵੀ ਆਪਣੇ ਵਿਚਾਰ ਰੱਖਣ ਲਈ ਪੂਰਾ ਮੌਕਾ ਦਿੱਤਾ ਗਿਆ। ਇਸ ਦੌਰਾਨ ਹਰਿਆਣਾ ਤੋਂ ਮੈਂਬਰ ਭੁਪਿੰਦਰ ਸਿੰਘ ਅਸੰਧ ਨੇ ਸ੍ਰੀ ਹਰਿਮੰਦਰ ਸਾਹਿਬ ਨੇੜੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਰਾਂ ਦੇ ਇਕ ਸੇਵਾਦਾਰ 'ਤੇ ਕਥਿਤ ਤੌਰ 'ਤੇ ਪੈਸੇ ਲੈ ਕੇ ਕਮਰੇ ਜਾਰੀ ਕਰਨ ਦਾ ਦੋਸ਼ ਲਗਾਉਂਦੇ ਹੋਏ ਉਸ ਨੂੰ ਬਦਲਣ ਦੀ ਮੰਗ ਕੀਤੀ। ਵਿਰੋਧੀ ਧਿਰ ਦੇ ਮੈਂਬਰ ਜਸਵੰਤ ਸਿੰਘ ਪੁੜੈਣ ਨੇ ਸ਼੍ਰੋਮਣੀ ਕਮੇਟੀ ਦੀ ਆਮਦਨ ਵਧਾਉਣ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸ਼੍ਰੋਮਣੀ ਕਮੇਟੀ ਨੂੰ ਆਪਣਾ ਚੈਨਲ ਸ਼ੁਰੂ ਕਰਨ ਲਈ ਕਿਹਾ ਗਿਆ ਸੀ ਪਰ ਉਸ 'ਤੇ ਅਮਲ ਨਹੀਂ ਕੀਤਾ ਗਿਆ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਹਰ ਸਾਲ ਸੇਵਾ ਮੁਕਤ ਹੋਣ ਵਾਲੇ ਮੁਲਾਜ਼ਮਾਂ ਅਤੇ ਨਵੇਂ ਭਰਤੀ ਕੀਤੇ ਜਾਣ ਵਾਲੇ ਮੁਲਾਜ਼ਮਾਂ ਦਾ ਵੇਰਵਾ ਜਨਤਕ ਕਰਨ ਦੀ ਵੀ ਮੰਗ ਕੀਤੀ। ਮਾਸਟਰ ਮਿੱਠੂ ਸਿੰਘ ਕਾਹਨਕੇ ਨੇ ਬਜਟ ਇਜਲਾਸ ਦੋ ਦਿਨ ਦਾ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਪਿਛਲੇ ਦੋ ਬਜਟ ਬੈਠਕਾਂ ਸੰਬੰਧੀ ਲਿਖਤ ਰੂਪ ਕੁਝ ਸੁਝਾਅ ਅਤੇ ਇਤਰਾਜ਼ ਦਿੱਤੇ ਸਨ ਪਰ ਉਨ੍ਹਾਂ ਦਾ ਅਜੇ ਤੱਕ ਜਵਾਬ ਨਹੀਂ ਮਿਲਿਆ।

'ਆਪ' ਸਰਕਾਰ ਤੋਂ ਪੰਜਾਬ ਦੇ ਲੋਕਾਂ ਦਾ ਭਰੋਸਾ ਉੱਠਿਆ-ਵਿਜੇ ਰੁਪਾਨੀ

ਕਿਹਾ-ਸੂਬੇ 'ਚ ਅਮਨ ਕਾਨੂੰਨ ਵਿਵਸਥਾ ਦਾ ਬੁਰਾ ਹਾਲ-ਭ੍ਰਿਸ਼ਟਾਚਾਰ ਤੇ ਨਸ਼ਾ ਤਸਕਰੀ ਵੀ ਵਧੀ

ਵਿਕਾਸ ਸਚਦੇਵਾ
ਜਸਪਾਲ ਸਿੰਘ
ਜਲੰਧਰ, 28 ਮਾਰਚ-ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੁਪਾਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬੇ ਦੀ 'ਆਪ' ਸਰਕਾਰ ਹਰ ਮੁਹਾਜ਼ 'ਤੇ ਨਾਕਾਮ ਸਾਬਤ ਹੋਈ ਹੈ। ਪੰਜਾਬ 'ਚ ਇਸ ਸਮੇਂ ਕਾਨੂੰਨ ਵਿਵਸਥਾ ਦੀ ਸਥਿਤੀ ਬਦ ਤੋਂ ਵੀ ਬਦਤਰ ਹੋ ਚੁੱਕੀ ਹੈ ਤੇ ਲੋਕਾਂ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਹੈ। ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਦਾਅਵਾ ਕਰਨ ਵਾਲੀ 'ਆਪ' ਸਰਕਾਰ 'ਚ ਭ੍ਰਿਸ਼ਟਾਚਾਰ ਸਾਰੀਆਂ ਹੱਦਾਂ ਬੰਨ੍ਹੇ ਟੱਪ ਚੁੱਕਾ ਹੈ ਤੇ ਨਸ਼ਾ ਤਸਕਰੀ ਵੀ ਪਹਿਲਾਂ ਨਾਲੋਂ ਕਿਤੇ ਵਧ ਗਈ ਹੈ ਤੇ ਪੰਜਾਬ ਦੀ ਜਵਾਨੀ ਇਨ੍ਹਾਂ ਨਸ਼ਿਆਂ ਦੀ ਭੇਟ ਚੜ੍ਹ ਰਹੀ ਹੈ। ਆਮ ਆਦਮੀ ਪਾਰਟੀ ਵਲੋਂ ਰਾਜ ਦੇ ਲੋਕਾਂ ਨਾਲ ਕੀਤੇ ਵਾਅਦੇ ਵੀ ਪੂਰੇ ਨਹੀਂ ਕੀਤੇ ਜਾ ਰਹੇ ਤੇ ਰਾਜ ਦੇ ਲੋਕਾਂ ਅੰਦਰ ਪੰਜਾਬ ਸਰਕਾਰ ਖ਼ਿਲਾਫ਼ ਭਾਰੀ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਨ੍ਹਾਂ ਅੱਜ ਇਥੇ 'ਅਜੀਤ' ਭਵਨ ਵਿਖੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਕਰਦਿਆਂ ਸ੍ਰੀ ਰੁਪਾਨੀ ਨੇ ਕਿਹਾ ਕਿ ਮਹਿਜ਼ ਇਕ ਸਾਲ 'ਚ ਹੀ ਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਭਰੋਸਾ ਪੂਰੀ ਤਰ੍ਹਾਂ ਉੱਠ ਚੁੱਕਾ ਹੈ ਤੇ ਰਾਜ ਦੇ ਲੋਕ ਇਕ ਤਰ੍ਹਾਂ ਨਾਲ ਆਪਣੇ-ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਸਾਹਮਣੇ ਭ੍ਰਿਸ਼ਟਾਚਾਰ, ਨਸ਼ੇ ਅਤੇ ਅਮਨ ਕਾਨੂੰਨ ਵਿਵਸਥਾ ਦਾ ਵੱਡਾ ਮੁੱਦਾ ਹੈ ਪਰ ਸਰਕਾਰ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਬਿਲਕੁੱਲ ਵੀ ਗੰਭੀਰ ਨਹੀਂ ਤੇ ਸਰਕਾਰ ਵਲੋਂ ਰਾਜ ਦੇ ਲੋਕਾਂ ਨੂੰ ਉਨ੍ਹਾਂ ਦੇ ਹਾਲ 'ਤੇ ਛੱਡ ਦਿੱਤਾ ਗਿਆ ਹੈ, ਜਦਕਿ ਕੇਂਦਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਹਰ ਮੁੱਦੇ 'ਤੇ ਪੰਜਾਬ ਸਰਕਾਰ ਨਾਲ ਸਹਿਯੋਗ ਕਰਨ ਲਈ ਤਿਆਰ ਹੈ। ਹਾਲ ਹੀ 'ਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਕੀਤੀ ਗਈ ਪੁਲਿਸ ਕਾਰਵਾਈ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਪੰਜਾਬ ਸਰਕਾਰ ਨੂੰ ਸੂਬੇ 'ਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬੇਕਸੂਰ ਨੌਜਵਾਨਾਂ ਖ਼ਿਲਾਫ਼ ਕਾਰਵਾਈ ਤੋਂ ਬਚਣਾ ਚਾਹੀਦਾ ਹੈ ਤੇ ਕੇਵਲ ਦੋਸ਼ੀਆਂ ਵਿਰੁੱਧ ਹੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਕਾਰਵਾਈ ਨਾਲ ਦੇਸ਼-ਵਿਦੇਸ਼ ਦੇ ਸਿੱਖ ਭਾਈਚਾਰੇ ਵਲੋਂ ਕੀਤੇ ਜਾ ਰਹੇ ਵਿਰੋਧ ਬਾਰੇ ਉਨ੍ਹਾਂ ਕਿਹਾ ਕਿ ਪੰਜਾਬੀ ਕਦੇ ਵੀ ਦੇਸ਼ ਵਿਰੋਧੀ ਤਾਕਤਾਂ ਦਾ ਸਾਥ ਨਹੀਂ ਦੇਣਗੇ ਤੇ ਅੱਜ ਵੀ ਵੱਡੀ ਗਿਣਤੀ ਲੋਕ ਭਾਈਚਾਰਕ ਸਾਂਝ ਦੇ ਮੁੱਦਈ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਜਿਥੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀਆਂ ਕੀਤੀਆਂ, ਉਥੇ ਦੇਸ਼ ਦੀ ਆਜ਼ਾਦੀ 'ਚ ਵੀ ਪੰਜਾਬੀਆਂ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਪ੍ਰਤੀ ਲਗਾਅ ਦਾ ਖ਼ਾਸ ਤੌਰ 'ਤੇ ਜ਼ਿਕਰ ਕਰਦੇ ਹੋਏ ਕਿਹਾ ਕਿ ਗੁਰਦੁਆਰਾ ਕਰਤਾਰਪੁਰ (ਪਾਕਿਸਤਾਨ) ਕੋਰੀਡੋਰ ਖੋਲ੍ਹਣ, ਲੰਗਰ 'ਤੇ ਜੀ.ਐਸ.ਟੀ. ਖਤਮ ਕਰਨ ਅਤੇ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਸਮੇਤ ਹੋਰਨਾਂ ਸਿੱਖ ਮਸਲਿਆਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਤਿਹਾਸਿਕ ਫ਼ੈਸਲੇ ਲਏ ਗਏ ਹਨ, ਜਿਨ੍ਹਾਂ ਨੂੰ ਦੇਸ਼-ਵਿਦੇਸ਼ ਦੇ ਸਿੱਖਾਂ ਵਲੋਂ ਕਾਫੀ ਸਰਾਹਿਆ ਗਿਆ ਹੈ। ਉਨ੍ਹਾਂ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਸੂਬੇ ਦੀ 'ਆਪ' ਸਰਕਾਰ ਜਿਥੇ ਲੋਕਾਂ ਦਾ ਵਿਸ਼ਵਾਸ ਪੂਰੀ ਤਰ੍ਹਾਂ ਨਾਲ ਗੁਆ ਚੁੱਕੀ ਹੈ, ਉਥੇ ਰਾਜ ਦੇ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਨੂੰ ਵੀ ਚੰਗੀ ਤਰ੍ਹਾਂ ਪਰਖ ਚੁੱਕੇ ਹਨ ਤੇ ਅਜਿਹੇ 'ਚ ਹੁਣ ਰਾਜ ਦੇ ਲੋਕ ਉਮੀਦ ਭਰੀਆਂ ਨਜ਼ਰਾਂ ਨਾਲ ਕੇਵਲ ਤੇ ਕੇਵਲ ਭਾਜਪਾ ਵੱਲ ਹੀ ਦੇਖ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜਲਦ ਹੀ ਸੂਬੇ ਅੰਦਰ ਭਾਜਪਾ ਇਕ ਮਜ਼ਬੂਤ ਸਿਆਸੀ ਧਿਰ ਬਣ ਕੇ ਹੀ ਨਹੀਂ ਉੱਭਰੇਗੀ ਸਗੋਂ ਰਾਜ ਦੇ ਲੋਕਾਂ ਲਈ ਇਕ ਸਿਆਸੀ ਬਦਲ ਵੀ ਬਣੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੁਨੀਆ ਭਰ 'ਚ ਦੇਸ਼ ਦੇ ਮਾਣ ਸਨਮਾਨ 'ਚ ਵਾਧਾ ਹੋਇਆ ਹੈ ਤੇ ਜਲਦ ਹੀ ਦੇਸ਼ ਦੁਨੀਆ ਦੀ ਮਹਾਂਸ਼ਕਤੀ ਬਣ ਕੇ ਉੱਭਰੇਗਾ। ਇਸ ਮੌਕੇ ਉਨ੍ਹਾਂ ਗੁਜਰਾਤ ਦੇ ਵਿਕਾਸ ਮਾਡਲ ਬਾਰੇ ਗੱਲ ਕਰਦਿਆਂ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਨਰਿੰਦਰ ਮੋਦੀ ਵਲੋਂ ਸਿਹਤ, ਸਿੱਖਿਆ ਤੇ ਖੇਤੀਬਾੜੀ ਸਮੇਤ ਹਰ ਖੇਤਰ 'ਚ ਲਾਮਿਸਾਲ ਕੰਮ ਕੀਤੇ ਗਏ, ਜਿਨ੍ਹਾਂ ਤੋਂ ਸੇਧ ਲੈ ਕੇ ਅੱਜ ਦੇਸ਼ ਦੇ ਹੋਰ ਪ੍ਰਦੇਸ਼ ਵੀ ਅੱਗੇ ਵਧ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਨੂੰ ਪੰਜਾਬ 'ਚ ਭਾਰੀ ਜਨ ਸਮਰਥਨ ਮਿਲ ਰਿਹਾ ਹੈ ਤੇ 2024 ਦੀਆਂ ਲੋਕ ਸਭਾ ਚੋਣਾਂ ਤੇ ਜਲਦ ਹੋਣ ਜਾ ਰਹੀ ਜਲੰਧਰ ਹਲਕੇ ਦੀ ਲੋਕ ਸਭਾ ਜ਼ਿਮਨੀ ਚੋਣ 'ਚ ਭਾਜਪਾ ਸ਼ਾਨਦਾਰ ਪ੍ਰਦਰਸ਼ਨ ਕਰੇਗੀ।

ਅੰਮ੍ਰਿਤਪਾਲ ਨੂੰ ਕਾਬੂ ਕਰਨ ਦੇ ਨਜ਼ਦੀਕ ਪੁਲਿਸ-ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ

ਚੰਡੀਗੜ੍ਹ, 28 ਮਾਰਚ (ਤਰੁਣ ਭਜਨੀ)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਗੈਰ-ਕਾਨੂੰਨੀ ਹਿਰਾਸਤ ਵਿਚ ਰੱਖਣ ਦੇ ਦੋਸ਼ ਲਗਾਉਣ ਵਾਲੀ ਹੈਬੀਅਸ ਕਾਰਪਸ ਪਟੀਸ਼ਨ 'ਤੇ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਸੁਣਵਾਈ ਹੋਈ। ਇਸ ਦੌਰਾਨ ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਘਈ ਨੇ ਅਦਾਲਤ ਨੂੰ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਪੁਲਿਸ ਹਿਰਾਸਤ 'ਚ ਨਹੀਂ ਹੈ ਪਰ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਦੇ ਨੇੜੇ ਹੈ ਅਤੇ ਉਸ ਨੂੰ ਕਾਬੂ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਕਾਨੂੰਨੀ ਸਲਾਹਕਾਰ ਈਮਾਨ ਸਿੰਘ ਖਾਰਾ ਨੇ ਪਟੀਸ਼ਨ ਵਿਚ ਦੱਸਿਆ ਕਿ ਅੰਮ੍ਰਿਤਪਾਲ ਜਲੰਧਰ ਦੇ ਸ਼ਾਹਕੋਟ ਪੁਲਿਸ ਥਾਣੇ ਵਿਚ 'ਗੈਰ-ਕਾਨੂੰਨੀ' ਹਿਰਾਸਤ ਵਿਚ ਹੈ। ਆਪਣੀ ਦਲੀਲ ਨੂੰ ਮਜ਼ਬੂਤ ਕਰਨ ਲਈ ਵਕੀਲ ਨੇ ਕਿਹਾ ਕਿ ਉਨ੍ਹਾਂ ਕੋਲ 18 ਮਾਰਚ ਦੀ ਸੀ.ਸੀ.ਟੀ.ਵੀ. ਫੁਟੇਜ ਹੈ। ਦੋਵਾਂ ਧਿਰਾਂ ਦੀ ਦਲੀਲਾਂ ਸੁਣਨ ਤੋਂ ਬਾਅਦ ਜਸਟਿਸ ਐਨ.ਐਸ. ਸ਼ੇਖਾਵਤ ਦੇ ਬੈਂਚ ਨੇ ਪੰਜਾਬ ਸਰਕਾਰ ਨੂੰ ਇਸ ਸੰਬੰਧੀ ਹਲਫ਼ਨਾਮਾ ਦਾਇਰ ਕਰਨ ਅਤੇ ਪਟੀਸ਼ਨਰ ਦੇ ਵਕੀਲ ਨੂੰ ਅੰਮ੍ਰਿਤਪਾਲ ਸਿੰਘ ਦੇ ਪੰਜਾਬ ਪੁਲਿਸ ਦੀ ਗੈਰ-ਕਾਨੂੰਨੀ ਹਿਰਾਸਤ ਵਿਚ ਹੋਣ ਸੰਬੰਧੀ ਸਬੂਤ ਪੇਸ਼ ਕਰਨ ਲਈ ਕਿਹਾ ਹੈ। ਹਾਈਕੋਰਟ ਨੇ ਕਿਹਾ ਕਿ ਇਸ ਮੁੱਦੇ 'ਤੇ ਸਰਕਾਰ ਦਾ ਸਪੱਸ਼ਟ ਸਟੈਂਡ ਹੈ ਕਿ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਅਦਾਲਤ ਨੇ ਕਿਹਾ ਕਿ ਜੇਕਰ ਅੰਮ੍ਰਿਤਪਾਲ ਨੂੰ ਗੈਰ-ਕਾਨੂੰਨੀ ਹਿਰਾਸਤ ਵਿਚ ਰੱਖਣ ਲਈ ਬੈਂਚ ਦੇ ਸਾਹਮਣੇ ਤੱਥ ਅਤੇ ਸਮੱਗਰੀ ਰੱਖੀ ਜਾਂਦੀ ਹੈ ਤਾਂ ਅਦਾਲਤ ਇਕ ਵਾਰੰਟ ਅਫ਼ਸਰ ਨਿਯੁਕਤ ਕਰੇਗੀ। ਇਥੇ ਤੱਕ ਕਿ ਸੰਬੰਧਿਤ ਸੀ.ਜੀ.ਐਮ. ਨੂੰ ਤੁਰੰਤ ਛਾਪਾ ਮਾਰਨ ਲਈ ਕਹੇਗੀ। ਕੇਸ ਦੀ ਅਗਲੀ ਸੁਣਵਾਈ ਬੁੱਧਵਾਰ ਨੂੰ ਹੋਵੇਗੀ।

ਹੁਣ ਦਿੱਲੀ 'ਚ ਨਜ਼ਰ ਆਇਆ ਅੰਮ੍ਰਿਤਪਾਲ

ਚੰਡੀਗੜ੍ਹ, 28 ਮਾਰਚ (ਪੀ. ਟੀ. ਆਈ.)-ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਹਿਯੋਗੀ ਪਪਲਪ੍ਰੀਤ ਸਿੰਘ ਦੀ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਨਵੀਂ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਖ਼ਾਲਿਸਤਾਨ ਪੱਖੀ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਨੂੰ ਬਿਨਾ ਪੱਗ ਦੇ ਦੇਖਿਆ ਜਾ ਸਕਦਾ ਹੈ। ਅਣਪਛਾਤੇ ਸੀ.ਸੀ.ਟੀ.ਵੀ. ਦੀ ਫੁਟੇਜ, ਜੋ ਕਿ ਦਿੱਲੀ ਦੇ ਇਕ ਬਾਜ਼ਾਰ ਦੀ ਦੱਸੀ ਜਾਂਦੀ ਹੈ, ਵਿਚ ਅੰਮ੍ਰਿਤਪਾਲ ਨੂੰ ਕਾਲੇ ਚਸ਼ਮੇ ਪਹਿਨੇ ਅਤੇ ਮਾਸਕ ਲਗਾਈ ਇਕ ਬਾਜ਼ਾਰ ਵਿਚੋਂ ਲੰਘਦਾ ਦਿਖਾਈ ਦਿੰਦਾ ਹੈ, ਜਦੋਂਕਿ ਉਸ ਦੇ ਪਿੱਛੇ ਪਪਲਪ੍ਰੀਤ ਸਿੰਘ ਵੀ ਬੈਗ ਲੈ ਕੇ ਜਾਂਦਾ ਦੇਖਿਆ ਜਾ ਸਕਦਾ ਸੀ। ਤਾਜ਼ਾ ਫੁਟੇਜ 'ਤੇ ਪੰਜਾਬ ਪੁਲਿਸ ਦਾ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਪਪਲਪ੍ਰੀਤ ਸਿੰਘ ਨੂੰ ਅੰਮ੍ਰਿਤਪਾਲ ਸਿੰਘ ਦਾ ਮਾਰਗਦਰਸ਼ਕ ਦੱਸਿਆ ਜਾ ਰਿਹਾ ਹੈ। ਉਹ ਕਥਿਤ ਤੌਰ 'ਤੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਦੇ ਸੰਪਰਕ ਵਿਚ ਸੀ। ਪੁਲਿਸ ਨੇ ਦੱਸਿਆ ਕਿ 18 ਮਾਰਚ ਤੋਂ 'ਵਾਰਿਸ ਪੰਜਾਬ ਦੇ' ਜਥੇਬੰਦੀ ਖ਼ਿਲਾਫ਼ ਕਾਰਵਾਈ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।

'ਅਜੀਤ' ਨਾਲ ਕੀਤੇ ਜਾ ਰਹੇ ਵਿਤਕਰੇ ਅਤੇ ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਬਦਲਾਲਊ ਭਾਵਨਾ ਤਹਿਤ ਕੀਤੀ ਜਾ ਰਹੀ ਕਾਰਵਾਈ ਦੀ ਸਖ਼ਤ ਨਿੰਦਾ ਦੇ ਮਤੇ ਪਾਸ

ਅੰਮ੍ਰਿਤਸਰ, 28 ਮਾਰਚ (ਜਸਵੰਤ ਸਿੰਘ ਜੱਸ, ਹਰਮਿੰਦਰ ਸਿੰਘ)-ਬਜਟ ਇਜਲਾਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਵਲੋਂ 'ਅਜੀਤ' ਅਖ਼ਬਾਰ ਨਾਲ ਕੀਤੇ ਜਾਣ ਵਾਲੇ ਵਿਤਕਰੇ ਅਤੇ ਜੰਗ-ਏ-ਆਜ਼ਾਦੀ ਯਾਦਗਾਰ 'ਤੇ ਸਰਕਾਰੀ ਸ਼ਹਿ 'ਤੇ ਵਿਜੀਲੈਂਸ ਵਿਭਾਗ ਵਲੋਂ ਵਾਰ-ਵਾਰ ਪ੍ਰਬੰਧਕਾਂ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ ਦੀ ਨਿਖੇਧੀ ਕਰਨ ਤੋਂ ਇਲਾਵਾ ਸਿੱਖ ਮਾਮਲਿਆਂ ਨਾਲ ਸੰਬੰਧਿਤ ਅਹਿਮ ਮਤੇ ਪੇਸ਼ ਕੀਤੇ ਗਏ ਹਨ, ਜਿਨ੍ਹਾਂ ਨੂੰ ਹਾਜ਼ਰ ਮੈਂਬਰਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ।

ਸਿੱਖ ਨੌਜਵਾਨਾਂ ਦੀ ਫੜੋ-ਫੜੀ ਦੇ ਮੁੱਦੇ 'ਤੇ ਟਕਰਾਅ ਵਧਣ ਦੀ ਸੰਭਾਵਨਾ

ਜਥੇਦਾਰ ਅਕਾਲ ਤਖ਼ਤ ਦਾ ਅਲਟੀਮੇਟਮ ਮੁੱਖ ਮੰਤਰੀ ਵਲੋਂ ਰੱਦ

ਹਰਕਵਲਜੀਤ ਸਿੰਘ
ਚੰਡੀਗੜ੍ਹ, 28 ਮਾਰਚ-ਪੰਜਾਬ ਸਰਕਾਰ ਵਲੋਂ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਮਰਥਕਾਂ ਵਿਰੁੱਧ ਸ਼ੁਰੂ ਕੀਤੀ ਗਈ ਕਾਰਵਾਈ ਅਤੇ ਸੂਬੇ ਭਰ ਵਿਚ ਹੋ ਰਹੀ ਸਿੱਖ ਨੌਜਵਾਨਾਂ ਦੀ ਵੱਡੇ ਪੱਤਰ 'ਤੇ ਫੜੋ-ਫੜੀ 'ਤੇ ਵਿਚਾਰ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਿੱਖ ਸੰਸਥਾਵਾਂ ਦੀ ਸੱਦੀ ਮੀਟਿੰਗ ਤੋਂ ਬਾਅਦ ਸਰਕਾਰ ਨੂੰੂ ਗ੍ਰਿਫ਼ਤਾਰ ਨੌਜਵਾਨਾਂ ਨੂੰ 24 ਘੰਟੇ ਵਿਚ ਰਿਹਾਅ ਕਰਨ ਦਾ ਜੋ ਅਲਟੀਮੇਟਮ ਦਿੱਤਾ ਗਿਆ ਸੀ, ਉਸ ਨੂੰ ਸਰਕਾਰ ਵਲੋਂ ਰੱਦ ਕਰ ਦਿੱਤੇ ਜਾਣ ਨਾਲ ਸੂਬੇ ਵਿਚ ਟਕਰਾਅ ਵਾਲੀ ਸਥਿਤੀ ਪੈਦਾ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਲਟੀਮੇਟਮ ਦੇ 24 ਘੰਟੇ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਅੱਜ ਸ਼ਾਮ ਇਕ ਟਵੀਟ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਿਹਾ ਕਿ ਸਭ ਨੂੰ ਪਤਾ ਹੈ ਕਿ ਤੁਸੀਂ ਤੇ ਸ਼੍ਰੋਮਣੀ ਕਮੇਟੀ ਬਾਦਲਾਂ ਦਾ ਪੱਖ ਪੂਰਦੇ ਰਹੇ ਹੋ। ਇਤਿਹਾਸ ਦੇਖੋ ਕਈ ਜਥੇਦਾਰਾਂ ਨੂੰ ਬਾਦਲਾਂ ਨੇ ਆਪਣੇ ਸੁਆਰਥ ਲਈ ਵਰਤਿਆ। ਚੰਗਾ ਹੁੰਦਾ ਜੇ ਤੁਸੀਂ ਅਲਟੀਮੇਟਮ ਬੇਅਦਬੀ ਅਤੇ ਗ਼ਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਲਈ ਜਾਰੀ ਕਰਦੇ ਨਾ ਕਿ ਹੱਸਦੇ-ਵੱਸਦੇ ਪੰਜਾਬ ਨੂੰ ਭੜਕਾਉਣ ਲਈ ਪਰ ਮੁੱਖ ਮੰਤਰੀ ਵਲੋਂ ਆਪਣੇ ਟਵੀਟ ਦੌਰਾਨ ਸਿੱਖ ਨੌਜਵਾਨਾਂ ਦੀ ਵੱਡੇ ਪੱਧਰ 'ਤੇ ਫੜੋ-ਫੜੀ ਅਤੇ ਕੁਝ ਨੂੰ ਕੌਮੀ ਸੁਰੱਖਿਆ ਐਕਟ (ਐਨ.ਐਸ.ਏ.) ਅਧੀਨ ਆਸਾਮ ਦੀਆਂ ਜੇਲ੍ਹਾਂ ਵਿਚ ਬੰਦ ਕਰਨ ਦੇ ਮੁੱਦੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਗਈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦਾ ਇਹ ਟਵੀਟ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਰਾਇ ਤੋਂ ਬਾਅਦ ਜਾਰੀ ਕੀਤਾ ਗਿਆ। ਕੇਜਰੀਵਾਲ ਵਲੋਂ ਬੀਤੇ ਦਿਨ ਜਲੰਧਰ ਫੇਰੀ ਦੌਰਾਨ ਵੀ ਪੰਜਾਬ ਵਿਚ ਚੱਲ ਰਹੀ ਪੁਲਿਸ ਕਾਰਵਾਈ ਦਾ ਸਮਰਥਨ ਕਰਦਿਆਂ ਸਖ਼ਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਵੀ ਮੁੱਖ ਮੰਤਰੀ ਦੇ ਟਵੀਟ ਤੋਂ ਬਾਅਦ ਕੀਤੇ ਟਵੀਟ ਵਿਚ ਸਪੱਸ਼ਟ ਕੀਤਾ ਕਿ ਭਗਵੰਤ ਮਾਨ ਜੀ ਜਿਵੇਂ ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰਦੇ ਹੋ, ਉਸੇ ਤਰ੍ਹਾਂ ਮੈਂ ਵੀ ਆਪਣੀ ਕੌਮ ਦਾ ਨਿਮਾਣਾ ਜਿਹਾ ਨੁਮਾਇੰਦਾ ਹਾਂ। ਮੈਨੂੰ ਆਪਣੀ ਕੌਮ ਦੇ ਨਿਰਦੋਸ਼ ਨੌਜਵਾਨਾਂ ਦੇ ਹੱਕਾਂ ਦੀ ਗੱਲ ਕਰਨ ਦਾ ਅਧਿਕਾਰ ਹੈ ਅਤੇ ਮੇਰਾ ਫ਼ਰਜ਼ ਵੀ ਹੈ। ਤੁਸੀਂ ਠੀਕ ਕਿਹਾ ਅਕਸਰ ਹੀ ਭੋਲੇ-ਭਾਲੇ ਧਾਰਮਿਕ ਲੋਕਾਂ ਨੂੰ ਰਾਜਨੀਤਕ ਲੋਕ ਵਰਤ ਜਾਂਦੇ ਹਨ ਪਰ ਮੈਂ ਇਸ ਪੱਖੋਂ ਪੂਰਾ ਸੁਚੇਤ ਹਾਂ ਪਰ ਤੁਸੀਂ ਧਿਆਨ ਰੱਖੋ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਪੰਜਾਬ ਨੂੰ ਤੰਦੂਰ ਵਾਂਗ ਮਘਦਾ ਰੱਖਣ ਲਈ ਤੁਹਾਡੇ ਵਰਗੇ ਰਾਜਨੀਤਕਾਂ ਨੂੰ ਰਾਜਨੀਤਕ ਲੋਕ ਨਾ ਵਰਤ ਜਾਣ। ਰਾਜਨੀਤੀ ਲਈ ਸੰਵਾਦ ਬਾਅਦ ਵਿਚ ਕਰਾਂਗੇ। ਪਹਿਲਾਂ ਆਓ ਰਲ ਕੇ ਪੰਜਾਬ ਬਚਾਈਏ ਅਤੇ ਘਰ ਉਡੀਕ ਰਹੀਆਂ ਮਾਵਾਂ ਨੂੰ ਉਨ੍ਹਾਂ ਦੇ ਜੇਲ੍ਹੀਂ ਡੱਕੇ ਨਿਰਦੋਸ਼ ਪੁੱਤਰਾਂ ਨਾਲ ਮਿਲਾਈਏ ਅਤੇ ਅਸੀਸ ਲਈਏ। ਵਾਹਿਗੁਰੂ ਭਲੀ ਕਰੇ। ਵਰਨਣਯੋਗ ਹੈ ਕਿ ਮੁੱਖ ਮੰਤਰੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਸੰਬੰਧੀ ਦੂਸ਼ਣਬਾਜ਼ੀ ਕੀਤੀ ਗਈ ਹੈ, ਉਸ ਦਾ ਜਥੇਦਾਰ ਸ੍ਰੀ ਅਕਾਲ ਤਖ਼ਤ ਵਲੋਂ ਕੋਈ ਨੋਟਿਸ ਨਹੀਂ ਲਿਆ ਗਿਆ ਅਤੇ ਨਾ ਹੀ ਅਜੇ ਸੂਬੇ ਦੇ ਲੋਕਾਂ ਨੂੰ ਜਾਗਰੂਕ ਕਰਨ ਸੰਬੰਧੀ ਲੋਕ ਲਹਿਰ ਦਾ ਕੋਈ ਪ੍ਰੋਗਰਾਮ ਜਾਰੀ ਕੀਤਾ ਹੈ। ਸੂਤਰਾਂ ਅਨੁਸਾਰ ਸਰਕਾਰ ਵਲੋਂ ਸੰਵਾਦ ਦੀ ਥਾਂ ਟਕਰਾਅ ਦਾ ਰਸਤਾ ਚੁਣ ਲੈਣ ਕਾਰਨ ਹੁਣ ਸਿੰਘ ਸਾਹਿਬ ਵਲੋਂ ਛੇਤੀ ਹੀ ਸਰਕਾਰ ਦੀ ਦਮਨਕਾਰੀ ਨੀਤੀ ਵਿਰੁੱਧ ਲੋਕ ਲਹਿਰ ਖੜ੍ਹੀ ਕਰਨ ਦੇ ਪ੍ਰੋਗਰਾਮ ਦਾ ਐਲਾਨ ਵੀ ਛੇਤੀ ਹੀ ਕਰ ਦਿੱਤਾ ਜਾਵੇਗਾ।

'84 ਸਿੱਖ ਕਤਲੇਆਮ ਦੇ ਕਾਲੇ ਅਧਿਆਏ ਨੂੰ ਦੇਸ਼ ਭੁੱਲ ਨਹੀਂ ਸਕੇਗਾ-ਮੋਦੀ

ਨਵੀਂ ਦਿੱਲੀ, 28 ਮਾਰਚ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਭਾਜਪਾ ਹੈੱਡਕੁਆਰਟਰ ਦੇ ਵਿਸਥਾਰ (ਐਕਸਟੈਂਸ਼ਨ) ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ ਕਿ ਆਜ਼ਾਦ ਭਾਰਤ ਦੇ ਇਤਿਹਾਸ ਵਿਚ ਪਹਿਲਾਂ ਕਦੇ ਵੀ ਭ੍ਰਿਸ਼ਟਾਚਾਰ ਵਿਰੁੱਧ ਇੰਨੀ ਵੱਡੀ ਮੁਹਿੰਮ ਨਹੀਂ ਚੱਲੀ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ 'ਚ ਸ਼ਾਮਿਲ ਸਾਰੇ ਲੋਕ ਇਕ ਮੰਚ 'ਤੇ ਆ ਗਏ ਹਨ। ਪ੍ਰਧਾਨ ਮੰਤਰੀ ਨੇ 1984 ਵਿਚ ਭਾਜਪਾ ਦੀਆਂ ਦੋ ਲੋਕ ਸਭਾ ਸੀਟਾਂ ਤੋਂ 2019 ਵਿਚ 303 ਤੱਕ ਦੇ ਸਫ਼ਰ 'ਤੇ ਵੀ ਚਰਚਾ ਕੀਤੀ। ਉਨ੍ਹਾਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਏ ਸਿੱਖ ਕਤਲੇਆਮ ਦੇ ਸਪਸ਼ਟ ਸੰਦਰਭ 'ਚ ਕਿਹਾ ਕਿ ਇਹ ਇਕ ਕਾਲਾ ਅਧਿਆਏ ਸੀ, ਜਿਸ ਨੂੰ ਦੇਸ਼ ਭੁੱਲ ਨਹੀਂ ਸਕੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਭਾਵਨਾਤਮਕਤਾ ਕਾਰਨ ਉਸ ਸਮੇਂ ਦੀਆਂ ਚੋਣਾਂ ਵਿਚ ਇਤਿਹਾਸਕ ਫਤਵਾ ਹਾਸਲ ਕੀਤਾ ਸੀ, ਜਦੋਂਕਿ ਭਾਜਪਾ ਕਿਧਰੇ ਨਜ਼ਰ ਨਹੀਂ ਆ ਰਹੀ ਸੀ ਪਰ ਇਸ ਨੇ ਉਮੀਦ ਨਹੀਂ ਛੱਡੀ ਅਤੇ ਦੂਜਿਆਂ 'ਤੇ ਦੋਸ਼ ਨਹੀਂ ਲਗਾਏ। 2002 ਦੇ ਗੁਜਰਾਤ ਦੰਗਿਆਂ ਦੀ ਜਾਂਚ ਦੇ ਸੰਦਰਭ ਵਿਚ ਜਦੋਂ ਉਹ ਸੂਬੇ ਦੇ ਮੁੱਖ ਮੰਤਰੀ ਸਨ, ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਜੇਲ੍ਹ ਭੇਜਣ ਲਈ ਬਹੁਤ ਸਾਰੀਆਂ ਸਾਜਿਸ਼ਾਂ ਰਚੀਆਂ ਗਈਆਂ ਸਨ। ਉਨ੍ਹਾਂ ਭਾਜਪਾ ਦੇ ਖ਼ਿਲਾਫ਼ ਇਕੱਠੀਆਂ ਹੋ ਰਹੀਆਂ ਵਿਰੋਧੀ ਪਾਰਟੀਆਂ ਨੂੰ ਭ੍ਰਿਸ਼ਟਾਚਾਰ ਖ਼ਿਲਾਫ਼ ਆਪਣੀ ਸਰਕਾਰ ਦੀ ਮੁਹਿੰਮ ਨਾਲ ਜੋੜਦਿਆਂ ਕਿਹਾ ਕਿ ਭ੍ਰਿਸ਼ਟਾਚਾਰ 'ਤੇ ਨਕੇਲ ਕੱਸਣ ਦਾ ਕੰਮ ਜਾਰੀ ਰਹੇਗਾ।

ਇਨੋਵਾ ਛੱਡ ਕੇ ਭੱਜੇ ਦੋ ਨੌਜਵਾਨਾਂ ਦੀ ਭਾਲ ਲਈ ਪੁਲਿਸ ਨੇ ਹੁਸ਼ਿਆਰਪੁਰ ਨੇੜਲੇ ਪਿੰਡ 'ਚ ਚਲਾਈ ਤਲਾਸ਼ੀ ਮੁਹਿੰਮ

ਹੁਸ਼ਿਆਰਪੁਰ, 28 ਮਾਰਚ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਦੇ ਪਿੰਡ ਮਰਨਾਈਆਂ 'ਚ ਕਥਿਤ ਤੌਰ 'ਤੇ ਕੁਝ ਅਣਪਛਾਤੇ ਲੋਕਾਂ ਦਾ ਪਿੱਛਾ ਕਰ ਰਹੀ ਪੁਲਿਸ ਨੂੰ ਵੇਖ ਕੇ ਗੱਡੀ ਛੱਡ ਕੇ ਭੱਜੇ ਸ਼ੱਕੀਆਂ ਦਾ ਪਤਾ ਲਗਾਉਣ ਲਈ ਪੁਲਿਸ ਨੇ ਸਾਰੇ ਪਿੰਡ ਦੇ ਆਸ-ਪਾਸ ਦੇ ਇਲਾਕੇ ਨੂੰ ਪੂਰੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX