ਹਰ ਸੰਭਵ ਸਹਾਇਤਾ ਦਾ ਦਿੱਤਾ ਭਰੋਸਾ
ਜਗਤਾਰ ਸਿੰਘ
ਨਵੀਂ ਦਿੱਲੀ, 8 ਜੂਨ -ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਦੀ ਅਗਵਾਈ 'ਚ ਵਫ਼ਦ ਵਲੋਂ 1984 ਕਤਲੇਆਮ ਦੇ ਪੀੜਤਾਂ ਤੇ ਅਫ਼ਗਾਨੀ ਸਿੱਖਾਂ ਨਾਲ ਮੁਲਾਕਾਤ ਕੀਤੀ | ਵਫ਼ਦ ਵਿਚ ਸੰਸਦ ਮੈਂਬਰ ਪਰਵੇਸ਼ ਵਰਮਾ, ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਤੇ ਦਿੱਲੀ ਪ੍ਰਦੇਸ਼ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਵੀ ਸ਼ਾਮਿਲ ਸਨ | ਵਿਦੇਸ਼ ਮੰਤਰੀ ਜੈਸ਼ੰਕਰ ਨੇ ਤਿਲਕ ਵਿਹਾਰ ਵਿਖੇ 1984 ਕਤਲੇਆਮ ਦੇ ਪੀੜਤਾਂ ਤੇ ਵਿਧਵਾਵਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ | ਤਿਲਕ ਵਿਹਾਰ ਵਿਖੇ ਬੀਬੀ ਗੰਗਾ ਕੌਰ ਦੇ ਘਰ ਹੋਈ ਇਸ ਮੁਲਾਕਾਤ ਦੌਰਾਨ ਪੀੜਤਾਂ ਵਲੋਂ ਫਲੈਟਾਂ ਦਾ ਮਾਲਕਾਨਾ ਹੱਕ, ਨੌਕਰੀਆਂ ਅਤੇ ਮੁਆਵਜ਼ਾ ਸੰਬੰਧੀ ਮੰਗਾਂ ਤੋਂ ਜੈਸ਼ੰਕਰ ਨੂੰ ਜਾਣੂ ਕਰਵਾਇਆ | ਇਸ ਮੌਕੇ ਵਿਦੇਸ਼ ਮੰਤਰੀ ਜੈਸ਼ੰਕਰ ਨੇ 1984 ਦੇ ਪੀੜਤਾਂ ਦੀਆਂ ਮੰਗਾਂ ਪ੍ਰਤੀ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ | ਉਨ੍ਹਾਂ ਨੇ ਪ੍ਰਧਾਨ ਮੰਤਰੀ ਵਲੋਂ ਪਿਛਲੇ 9 ਸਾਲਾਂ ਦੌਰਾਨ '84 ਦੇ ਸਿੱਖ ਕਤਲੇਆਮ ਕੇਸਾਂ ਵਿਚ ਇਨਸਾਫ ਦਿਵਾਉਣ ਲਈ ਕੀਤੇ ਯਤਨਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ | ਜੈਸ਼ੰਕਰ ਤੇ ਵਫ਼ਦ 'ਚ ਸ਼ਾਮਿਲ ਹੋਰ ਆਗੂ ਮਹਾਂਵੀਰ ਨਗਰ ਵਿਖੇ ਸਥਿਤ 'ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ' ਵਿਖੇ ਨਤਮਸਤਕ ਹੋਏ ਅਤੇ ਇਸ ਦੌਰਾਨ ਉਨ੍ਹਾਂ ਅਫ਼ਗਾਨਿਸਤਾਨ ਤੋਂ ਭਾਰਤ ਆਏ ਸਿੱਖ ਸ਼ਰਨਾਰਥੀਆਂ ਨਾਲ ਮੁਲਾਕਾਤ ਕਰਕੇੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ | ਜੈਸ਼ੰਕਰ ਨੇ ਸਿੱਖ ਸ਼ਰਨਾਰਥੀਆਂ ਦੇ ਮੁੱਦੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਤੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਸੀ.ਏ.ਏ. ਨਾ ਹੁੰਦਾ ਤਾਂ ਇਨ੍ਹਾਂ ਲੋਕਾਂ ਦਾ ਕੀ ਹਾਲ ਹੋਣਾ ਸੀ | ਜੈਸ਼ਕੰਰ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਬਹੁ ਪ੍ਰਵੇਸ਼ ਵੀਜ਼ਾ ਪ੍ਰਦਾਨ ਕਰਨ ਦਾ ਇਕ ਚੰਗਾ ਮਾਮਲਾ ਹੈ ਜੋ ਆਪਣੀਆਂ ਜਾਇਦਾਦਾਂ ਅਤੇ ਗੁਰਦੁਆਰਿਆਂ ਦੀ ਦੇਖਭਾਲ ਲਈ ਵਾਪਸ ਅਫ਼ਗਾਨਿਸਤਾਨ ਜਾਣਾ ਚਾਹੁੰਦੇ ਹਨ | ਸਾਬਕਾ ਨੌਕਰਸ਼ਾਹ ਨੇ ਸਿੱਖ ਸ਼ਰਨਾਰਥੀਆਂ ਦੀ ਨਾਗਰਿਕਤਾ ਦੀ ਸਥਿਤੀ, ਪਾਸਪੋਰਟ ਅਤੇ ਉਨ੍ਹਾਂ ਦੇ ਬੱਚਿਆਂ ਦੀ ਸਕੂਲੀ ਸਿੱਖਿਆ ਦੇ ਸੰਬੰਧ 'ਚ ਚਿੰਤਾਵਾਂ 'ਤੇ ਗੌਰ ਕਰਨ ਦਾ ਵੀ ਵਾਅਦਾ ਕੀਤਾ | ਇਸ ਮੌਕੇ ਅਫ਼ਗਾਨੀ ਸਿੱਖਾਂ ਵਲੋਂ ਜੈਸ਼ੰਕਰ, ਮਨਜਿੰਦਰ ਸਿੰਘ ਸਿਰਸਾ ਤੇ ਹੋਰਨਾਂ ਦਾ ਸਨਮਾਨ ਵੀ ਕੀਤਾ ਗਿਆ | ਅਫਗਾਨੀ ਸਿੱਖਾਂ ਨੇ ਅਫ਼ਗਾਨਿਸਤਾਨੀ ਸਿੱਖਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੁਰੱਖਿਅਤ ਅਫ਼ਗਾਨਿਸਤਾਨ 'ਚੋਂ ਸੁਰੱਖਿਅਤ ਲਿਆਉਣ ਲਈ ਡਾ. ਜੈਸ਼ੰਕਰ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਸਾਰੀ-ਸਾਰੀ ਰਾਤ ਜਾਗ ਕੇ ਅਫ਼ਗਾਨਿਸਤਾਨ 'ਚੋਂ ਸਿੱਖਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਭਾਰਤ ਸੁਰੱਖਿਅਤ ਲਿਆਉਣਾ ਯਕੀਨੀ ਬਣਾਇਆ |
ਨਵੀਂ ਦਿੱਲੀ, 8 ਜੂਨ (ਉਪਮਾ ਡਾਗਾ ਪਾਰਥ)-ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕੈਨੇਡਾ ਤੋਂ ਦੇਸ਼ ਨਿਕਾਲੇ ਭਾਵ 'ਡਿਪੋਰਟੇਸ਼ਨ' ਦਾ ਖੌਫ ਝੱਲ ਰਹੇ ਤਕਰੀਬਨ 700 ਭਾਰਤੀ ਵਿਦਿਆਰਥੀਆਂ ਜਿਨ੍ਹਾਂ 'ਚੋਂ ਜ਼ਿਆਦਾਤਰ ਪੰਜਾਬ ਤੋਂ ਹਨ, ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਵਿਦੇਸ਼ ਮੰਤਰਾਲਾ ਅਤੇ ਹਾਈ ਕਮਿਸ਼ਨ ਇਸ ਮਸਲੇ ਨੂੰ ਸੁਲਝਾਉਣ ਲਈ ਰਲ ਕੇ ਕੰਮ ਕਰ ਰਹੇ ਹਨ | ਵਿਦੇਸ਼ ਮੰਤਰੀ ਨੇ ਇਨ੍ਹਾਂ ਵਿਦਿਆਰਥੀਆਂ ਦੇ ਹੱਕ 'ਚ ਆਉਂਦਿਆਂ ਕਿਹਾ ਕਿ ਨੇਕ ਨੀਅਤ ਨਾਲ ਕੰਮ ਕਰਨ ਵਾਲੇ ਵਿਦਿਆਰਥੀਆਂ ਨੂੰ ਸਜ਼ਾ ਦੇਣਾ ਗ਼ਲਤ ਹੈ | ਉਨ੍ਹਾਂ ਕਿਹਾ ਕਿ ਇਸ ਮਸਲੇ 'ਚ ਉਨ੍ਹਾਂ ਨੂੰ ਹੀ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ ਜੋ ਅਸਲ ਦੋਸ਼ੀ ਹਨ | ਜੈਸ਼ੰਕਰ ਨੇ ਕਿਹਾ ਕਿ ਕੈਨੇਡੀਅਨ ਵੀ ਇਹ ਸਵੀਕਾਰ ਕਰਦੇ ਹਨ ਕਿ ਜੇਕਰ ਕਿਸੇ ਵਿਦਿਆਰਥੀ ਨੇ ਕੋਈ ਗਲਤੀ ਨਹੀਂ ਕੀਤੀ ਤਾਂ ਇਹ ਕਦਮ (ਉਨ੍ਹਾਂ ਨੂੰ ਦੇਸ਼ ਕੈਨੇਡਾ ਤੋਂ ਕੱਢਣਾ) ਗਲਤ ਹੈ | ਵਿਦੇਸ਼ ਮੰਤਰੀ ਨੇ ਕਿਹਾ ਕਿ ਜੇਕਰ ਕਿਸੇ ਵਿਦਿਆਰਥੀ ਨੇ ਕੋਈ ਗਲਤੀ ਕੀਤੀ ਹੀ ਨਹੀਂ ਤਾਂ ਇਸ ਦਾ ਹੱਲ ਲੱਭਣਾ ਹੋਏਗਾ | ਉਨ੍ਹਾਂ ਆਸ ਪ੍ਰਗਟਾਉਂਦਿਆਂ ਕਿਹਾ ਕਿ ਉਮੀਦ ਹੈ ਕਿ ਇਸ ਸੰਬੰਧ 'ਚ ਕੈਨੇਡਾ ਦੀ ਪ੍ਰਣਾਲੀ ਨਿਰਪੱਖ ਹੋਏਗੀ | ਜ਼ਿਕਰਯੋਗ ਹੈ ਕਿ ਇਹ ਮਾਮਲਾ ਮਾਰਚ 'ਚ ਉਸ ਵੇਲੇ ਸੁਰਖੀਆਂ 'ਚ ਆਇਆ ਜਦੋਂ ਇਨ੍ਹਾਂ ਵਿਦਿਆਰਥੀਆਂ ਨੇ ਕੈਨੇਡਾ 'ਚ ਪੀ.ਆਰ. ਲਈ ਦਰਖ਼ਾਸਤ ਦਿੱਤੀ | ਜਿਸ ਤੋਂ ਬਾਅਦ ਪਤਾ ਲੱਗਾ ਕਿ 2018-19 'ਚ ਏਜੰਟਾਂ ਰਾਹੀਂ ਪਹੁੰਚੇ ਵਿਦਿਆਰਥੀਆਂ ਨੂੰ ਏਜੰਟਾਂ ਨੇ ਦਾਖਲੇ ਦੀਆਂ ਫਰਜ਼ੀ ਚਿੱਠੀਆਂ ਦਿੱਤੀਆਂ ਸਨ, ਜਿਸ ਦੇ ਆਧਾਰ 'ਤੇ ਇਨ੍ਹਾਂ ਵਿਦਿਆਰਥੀਆਂ ਨੇ ਵੀਜ਼ਾ ਅਪਲਾਈ ਕੀਤਾ ਸੀ | ਕੈਨੇਡਾ ਪਹੁੰਚਣ 'ਤੇ ਇਨ੍ਹਾਂ ਨੂੰ ਉਨ੍ਹਾਂ ਕਾਲਜਾਂ 'ਚ ਦਾਖ਼ਲਾ ਨਹੀਂ ਮਿਲਿਆ ਜੋ ਵੀਜ਼ਾ 'ਤੇ ਸੀ ਪਰ ਇਨ੍ਹਾਂ ਸਾਰਿਆਂ ਨੇ ਵੱਖ-ਵੱਖ ਕਾਲਜਾਂ ਤੋਂ ਪੜ੍ਹਾਈ ਕੀਤੀ ਅਤੇ ਬਾਅਦ 'ਚ ਪੜ੍ਹਾਈ ਦੇ ਆਧਾਰ 'ਤੇ ਵਰਕ ਪਰਮਿਟ ਹਾਸਲ ਕਰਦੇ ਉਥੇ ਹੀ ਕੰਮ ਕਰਨ ਲੱਗੇ | ਪਰ ਜਦੋਂ ਇਨ੍ਹਾਂ ਸਥਾਈ ਨਿਵਾਸ ਭਾਵ ਪੀ.ਆਰ. ਲਈ ਦਰਖ਼ਾਸਤ ਦਿੱਤੀ ਤਾਂ ਇਹ ਫਰਜ਼ੀਵਾੜਾ ਸਾਹਮਣੇ ਆਇਆ | ਸੰਬੰਧਿਤ ਵਿਦਿਆਰਥੀ ਅਜੇ ਵੀ ਕੈਨੇਡਾ 'ਚ ਰੋਹ ਪ੍ਰਦਰਸ਼ਨ ਕਰ ਰਹੇ ਹਨ |
ਇੰਦਰਾ ਗਾਂਧੀ ਦੀ ਝਾਕੀ 'ਤੇ ਪ੍ਰਗਟਾਇਆ ਇਤਰਾਜ਼
ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕੈਨੇਡਾ 'ਚ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ 'ਤੇ ਖ਼ਾਲਿਸਤਾਨੀਆਂ ਦੀ ਝਾਕੀ 'ਤੇ ਵੀ ਇਤਰਾਜ਼ ਪ੍ਰਗਟਾਇਆ | ਵਿਦੇਸ਼ ਮੰਤਰੀ ਨੇ ਕਿਹਾ ਕਿ ਇਹ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਲਈ ਸਹੀ ਨਹੀਂ ਹੈ | ਜੈਸ਼ੰਕਰ ਨੇ ਇਸ 'ਤੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਵੋਟ ਬੈਂਕ ਦੀ ਸਿਆਸਤ ਤੋਂ ਇਲਾਵਾ ਇਸਦੇ ਪਿੱਛੇ ਕੋਈ ਦੂਜਾ ਕਾਰਨ ਨਹੀਂ ਨਜ਼ਰ ਆ ਰਿਹਾ |
ਅਨੁਮਾਨਤ ਵਿੱਤੀ ਸਾਧਨਾਂ 'ਚ 27 ਹਜ਼ਾਰ ਕਰੋੜ ਦੀ ਕਮੀ ਦੀ ਕਿਵੇਂ ਭਰਪਾਈ ਕਰੇਗੀ ਸੂਬਾ ਸਰਕਾਰ
ਹਰਕਵਲਜੀਤ ਸਿੰਘ
ਚੰਡੀਗੜ੍ਹ, 8 ਜੂਨ-ਪੰਜਾਬ ਵਿਚਲੀ ਮੌਜੂਦਾ ਭਗਵੰਤ ਮਾਨ ਸਰਕਾਰ ਸੱਤਾ ਵਿਚ ਆਉਣ ਤੋਂ ਬਾਅਦ ਕੇਂਦਰ ਨਾਲ ਜਿਵੇਂ ਲਗਾਤਾਰ ਟਕਰਾਅ ਦੀ ਨੀਤੀ 'ਤੇ ਚੱਲ ਰਹੀ ਹੈ, ਉਸ ਦਾ ਵੱਡਾ ਅਸਰ ਹੁਣ ਸੂਬੇ ਦੀ ਵਿੱਤੀ ਸਥਿਤੀ 'ਤੇ ਪੈਂਦਾ ਨਜ਼ਰ ਆ ਰਿਹਾ ਹੈ, ਜੋ ਪਹਿਲਾਂ ਹੀ ਤਰਸਯੋਗ ਹਾਲਤ ਵਿਚ ਸੀ | ਕੇਂਦਰ ਵਲੋਂ ਵਿੱਤੀ ਪ੍ਰਬੰਧਨ ਵਿਚ ਅਨੁਸਾਸ਼ਨ ਦੇ ਨਾਂਅ 'ਤੇ ਜੋ ਕਟੌਤੀਆਂ ਕੀਤੀਆਂ ਗਈਆਂ ਹਨ, ਉਸ ਕਾਰਨ ਰਾਜ ਆਮਦਨ ਵਿਚ ਕੋਈ 27 ਹਜ਼ਾਰ ਕਰੋੜ ਦੀ ਕਮੀ ਆਵੇਗੀ, ਜਿਸ ਦੀ ਭਰਪਾਈ ਕਿਵੇਂ ਤੇ ਕਿੱਥੋਂ ਹੋਵੇਗੀ, ਉਸ ਦਾ ਸਰਕਾਰੀ ਪੱਧਰ 'ਤੇ ਕਿਸੇ ਕੋਲ ਵੀ ਜਵਾਬ ਨਹੀਂ ਹੈ | ਕੇਂਦਰ ਵਲੋਂ 3-4 ਗੈਰ-ਭਾਜਪਾ ਸਰਕਾਰਾਂ ਵਾਲੇ ਰਾਜਾਂ ਦੀ ਕਰਜ਼ਾ ਲਿਮਟ 'ਤੇ ਕਟੌਤੀ ਲਗਾਈ ਗਈ ਹੈ, ਉਹ ਸੂਬੇ ਲਈ ਇਕ ਵੱਡੀ ਸੱਟ ਸਮਝੀ ਜਾ ਸਕਦੀ ਹੈ | ਸੂਬੇ ਦੀ ਕਰਜ਼ਾ ਲਿਮਟ ਜੋ ਪਹਿਲਾਂ 39 ਹਜ਼ਾਰ ਕਰੋੜ ਪੂਰੇ ਸਾਲ ਲਈ ਸੀ, ਨੂੰ ਘਟਾ ਕੇ 21 ਹਜ਼ਾਰ ਕਰੋੜ ਰੁਪਏ ਕਰ ਦਿੱਤਾ ਗਿਆ ਹੈ, ਜਦੋਂਕਿ ਕੇਂਦਰ ਪੰਜਾਬ ਦਾ 4000 ਕਰੋੜ ਰੁਪਏ ਦਾ ਦਿਹਾਤੀ ਫੰਡ ਪਹਿਲਾਂ ਹੀ ਰੋਕ ਕੇ ਬੈਠਾ ਹੋਇਆ ਹੈ | ਇਸੇ ਤਰ੍ਹਾਂ ਪੂੰਜੀ ਵਿਕਾਸ ਲਈ ਵਿਸ਼ੇਸ਼ ਗਰਾਂਟ ਦੀ ਠੀਕ ਵਰਤੋਂ ਨਾ ਹੋਣ ਕਾਰਨ 2800 ਕਰੋੜ ਅਤੇ ਕੌਮੀ ਸਿਹਤ ਮਿਸ਼ਨ ਦੀ ਗਰਾਂਟ ਆਮ ਆਦਮੀ ਕਲੀਨਿਕਾਂ ਲਈ ਵਰਤਣ ਅਤੇ ਮੁੱਖ ਮੰਤਰੀ ਦੀ ਤਸਵੀਰ ਲਗਾਉਣ ਕਾਰਨ 800 ਕਰੋੜ ਦੀ ਸਾਲਾਨਾ ਗਰਾਂਟ ਵੀ ਕੇਂਦਰ ਵਲੋਂ ਰੋਕ ਲਈ ਗਈ ਹੈ | ਕੇਂਦਰ ਵਲੋਂ ਪੰਜਾਬ ਵਿਚੋਂ ਫ਼ਸਲਾਂ ਦੀ ਖ਼ਰੀਦ ਸੰਬੰਧੀ ਦਿਹਾਤੀ ਵਿਕਾਸ ਫੰਡ 'ਤੇ ਆੜ੍ਹਤ ਵਿਚ ਵੀ ਆਪਣੇ ਤੌਰ 'ਤੇ ਕਮੀ ਕਰ ਦਿੱਤੀ ਗਈ ਹੈ, ਜਿਸ ਕਾਰਨ ਸਾਲਾਨਾ 1000 ਕਰੋੜ ਤੋਂ ਵੱਧ ਦਾ ਨੁਕਸਾਨ ਹੋਵੇਗਾ | ਪੰਜਾਬ ਵਿਚੋਂ ਜੀ.ਐਸ.ਟੀ. ਦੀ ਅਪ੍ਰੈਲ 2023 ਦੌਰਾਨ ਅਪ੍ਰੈਲ 2022 ਨਾਲੋਂ ਵਧਣ ਦਾ ਸਰਕਾਰ ਵਲੋਂ ਬੜੇ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਗਿਆ ਸੀ ਪਰ ਜੀ.ਐਸ.ਟੀ. ਤੋਂ ਪ੍ਰਾਪਤੀ ਅਗਲੇ ਮਹੀਨੇ ਮਈ ਵਿਚ ਹੀ ਦੁਬਾਰਾ ਘੱਟ ਗਈ ਹੈ ਅਤੇ ਪੰਜਾਬ ਦੇਸ਼ ਦਾ ਇਕੱਲਾ ਸੂਬਾ ਹੈ, ਜਿਥੇ ਮਈ 2023 ਵਿਚ ਜੀ.ਐਸ.ਟੀ. ਪ੍ਰਾਪਤੀ ਮਗਰਲੇ ਸਾਲ ਨਾਲੋਂ 5 ਫ਼ੀਸਦੀ ਘਟੀ ਹੈ, ਜਦੋਂਕਿ ਗੁਆਂਢੀ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ 'ਚ 55 ਫ਼ੀਸਦੀ, ਦਿੱਲੀ 'ਚ 25 ਫ਼ੀਸਦੀ, ਹਰਿਆਣਾ 'ਚ 9 ਫ਼ੀਸਦੀ ਤੇ ਹਿਮਾਚਲ 'ਚ 12 ਫ਼ੀਸਦੀ ਅਤੇ ਜੰਮੂ ਕਸ਼ਮੀਰ 'ਚ 14 ਫ਼ੀਸਦੀ ਦਾ ਵਾਧਾ ਸਾਹਮਣੇ ਆਇਆ ਹੈ | ਦੇਸ਼ ਦਾ ਦੂਜਾ ਰਾਜ ਮਨੀਪੁਰ ਹੈ, ਜਿਥੇ ਭਾਰੀ ਹਿੰਸਾ ਕਾਰਨ ਕਾਰੋਬਾਰ ਬੰਦ ਹੋਣ ਕਾਰਨ ਜੀ.ਐਸ.ਟੀ. 'ਚ ਕਮੀ ਆਈ ਹੈ | ਪਰੰਤੂ, ਪੰਜਾਬ ਦੇ ਵਿੱਤ ਮੰਤਰੀ ਨੇ ਮਈ 2023 ਦੇ ਨਤੀਜਿਆਂ ਸੰਬੰਧੀ ਬਿਲਕੁਲ ਚੁੱਪੀ ਧਾਰੀ ਹੋਈ ਹੈ, ਪਰੰਤੂ ਇਸ ਦਾ ਕਾਰਨ ਕੀ ਹੈ ਉਹ ਤਾਂ ਘੋਖਿਆ ਜਾਣਾ ਜ਼ਰੂਰੀ ਹੈ | ਦਿਲਚਸਪ ਗੱਲ ਇਹ ਹੈ ਕਿ ਗੁਆਂਢੀ ਰਾਜ ਹਰਿਆਣਾ ਨੂੰ ਮਈ 2023 ਵਿਚ ਜੀ.ਐਸ.ਟੀ. ਤੋਂ 7250 ਕਰੋੜ ਦੀ ਪ੍ਰਾਪਤੀ ਹੋਈ, ਜਦੋਂਕਿ ਪੰਜਾਬ ਨੂੰ ਇਸੇ ਸਮੇਂ ਦੌਰਾਨ ਜੀ.ਐਸ.ਟੀ. ਤੋਂ 1744 ਕਰੋੜ ਦੀ ਪ੍ਰਾਪਤੀ ਹੋਈ, ਜਿਸ ਤੋਂ ਸਪਸ਼ਟ ਹੈ ਕਿ ਸਾਡਾ ਛੋਟਾ ਗੁਆਂਢੀ ਰਾਜ ਵੀ ਜੀ.ਐਸ.ਟੀ. ਦੀ ਉਗਰਾਹੀ ਵਿਚ ਸਾਡੇ ਤੋਂ ਕਿੰਨਾ ਅੱਗੇ ਹੈ | ਵਿੱਤੀ ਘਾਟੇ ਸੰਬੰਧੀ ਕੌਮੀ ਔਸਤ ਕੁੱਲ ਘਰੇਲੂ ਉਤਪਾਦ ਦਾ 3.6 ਫ਼ੀਸਦੀ ਹੈ ਪਰ ਪੰਜਾਬ ਦੀ ਵਿੱਤੀ ਘਾਟਾ ਦਰ 5.6 ਫ਼ੀਸਦੀ ਹੈ ਅਤੇ ਦੇਸ਼ ਵਿਚ ਕੇਵਲ ਬਿਹਾਰ ਹੀ ਅਜਿਹਾ ਰਾਜ ਹੈ, ਜਿਸ ਦੀ ਵਿੱਤੀ ਘਾਟੇ ਦੀ ਦਰ ਪੰਜਾਬ ਨਾਲੋਂ ਵੱਧ ਹੈ | ਕੇਂਦਰੀ ਵਿੱਤ ਵਿਭਾਗ ਵਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ਦਾ ਕੁੱਲ ਘਰੇਲੂ ਉਤਪਾਦ ਜੋ ਸਾਲ 2023-24 ਦੌਰਾਨ 6,98,635 ਕਰੋੜ ਦਾ ਹੋਵੇਗਾ, ਵਿਚ ਸਨਅਤੀ ਖੇਤਰ ਦਾ ਹਿੱਸਾ 25.15 ਫ਼ੀਸਦੀ ਰਹਿ ਗਿਆ ਹੈ, ਜਦੋਂਕਿ ਸਰਵਿਸ ਸੈਕਟਰ ਦਾ ਹਿੱਸਾ 45.91 ਫ਼ੀਸਦੀ ਅਤੇ ਖੇਤੀ ਤੇ ਸਹਾਇਕ ਧੰਦਿਆਂ ਦਾ ਹਿੱਸਾ 28.94 ਫ਼ੀਸਦੀ ਹੈ | ਸਨਅਤੀ ਉਤਪਾਦਨ ਦਾ ਹਿੱਸਾ ਸੂਬੇ ਵਿਚ ਲਗਾਤਾਰ ਘਟਣਾ ਚਿੰਤਾ ਦਾ ਵਿਸ਼ਾ ਵੀ ਹੈ, ਜਿਸ ਦਾ ਰਾਜ ਦੀ ਆਮਦਨ 'ਤੇ ਸਿੱਧਾ ਅਸਰ ਪੈਂਦਾ ਹੈ | ਵਿੱਤ ਵਿਭਾਗ ਦੇ ਸੂਤਰਾਂ ਦਾ ਮੰਨਣਾ ਹੈ ਕਿ ਪੈਦਾ ਹੋਈ ਮੌਜੂਦਾ ਸਥਿਤੀ ਕਾਰਨ ਉਨ੍ਹਾਂ ਲਈ ਮੁੱਖ ਤਰਜੀਹ ਹੁਣ ਤਨਖ਼ਾਹਾਂ ਤੇ ਵਚਨਬੱਧ ਖ਼ਰਚਿਆਂ ਦੀ ਅਦਾਇਗੀ ਹੋਵੇਗੀ, ਜਿਸ ਵਿਚ ਕਰਜ਼ਿਆਂ ਦੀ ਅਦਾਇਗੀ, ਬਿਜਲੀ ਸਬਸਿਡੀ, ਸਰਕਾਰ ਦੇ ਬਿਜਲੀ, ਪੈਟਰੋਲ ਦੇ ਖ਼ਰਚੇ ਸ਼ਾਮਿਲ ਹਨ, ਜਦੋਂਕਿ ਵਿਕਾਸ ਕਾਰਜਾਂ ਲਈ ਵਿੱਤੀ ਸਾਧਨ ਜੁਟਾਉਣੇ ਇਕ ਵੱਡੀ ਚੁਣੌਤੀ ਹੋਵੇਗੀ ਅਤੇ ਇਸ ਸੰਕਟ ਦਾ ਸਿੱਧਾ ਅਸਰ ਵਿਕਾਸ ਕਾਰਜਾਂ ਨੂੰ ਤਾਂ ਵੱਡੀ ਹੱਦ ਤੱਕ ਪ੍ਰਭਾਵਿਤ ਕਰੇਗਾ ਹੀ |
• ਕਿਹਾ, ਸਕੂਲ ਪੱਧਰ ਤੱਕ ਪੁੱਜ ਗਿਆ ਨਸ਼ਾ • 'ਡਰੋਨ ਐਮਰਜੈਂਸੀ ਰਿਸਪਾਂਸ ਸਿਸਟਮ' ਨੂੰ ਸਰਹੱਦੀ ਪਿੰਡ 'ਚ ਲਾਗੂ ਕਰਨ ਦੀ ਹਿਦਾਇਤ
ਰੇਸ਼ਮ ਸਿੰਘ
ਅੰਮਿ੍ਤਸਰ, 8 ਜੂਨ-ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਜਿਥੇ ਰਾਜ 'ਚ ਨਸ਼ਿਆਂ ਦੇ ਪਸਾਰ ਲਈ ਸਿੱਧੇ ਤੌਰ 'ਤੇ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ, ਉਥੇ ਸੂਬੇ 'ਚ ਵੀ ਨਸ਼ਿਆਂ ਦੇ ਪਸਾਰ 'ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਨਸ਼ਿਆਂ ਦਾ ਚਲਣ ਸਕੂਲਾਂ ਤੱਕ ਜਾ ਪੱੁਜਾ ਹੈ ਅਤੇ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀ ਵੀ ਨਸ਼ਿਆਂ 'ਚ ਗਸ੍ਰਤ ਹੋ ਰਹੇ ਹਨ, ਜਿਸ ਤੋਂ ਬੱਚਿਆਂ ਦੇ ਮਾਪੇ ਤੇ ਸਕੂਲਾਂ ਦੇ ਮੁਖੀ ਵੀ ਚਿੰਤਤ ਹਨ | ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਕਿਹਾ ਕਿ ਗੁਆਂਢੀ ਮੁਲਕ ਸਿੱਧੇ ਤੌਰ 'ਤੇ ਸਾਡੇ ਨਾਲ ਯੁੱਧ ਤਾਂ ਨਹੀਂ ਕਰ ਸਕਦਾ ਪਰ ਉਹ ਸਾਡੇ ਨੌਜਵਾਨਾਂ ਨੂੰ ਹਥਿਆਰ ਤੇ ਨਸ਼ਾ ਦੇ ਕੇ ਵਰਗਲਾ ਰਿਹਾ ਹੈ ਅਤੇ ਅਸਿੱਧੇ ਢੰਗ ਨਾਲ ਯੁੱਧ ਲੜਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨੂੰ ਠੱਲ੍ਹ ਪਾਉਣ ਲਈ ਸਾਨੂੰ ਇਕਜੱੁਟ ਹੋ ਕੇ ਹੰਭਲਾ ਮਾਰਨਾ ਪੈਣਾ ਹੈ | ਉਨ੍ਹਾਂ ਇਸ ਮੌਕੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ 6 ਸਰਹੱਦੀ ਜ਼ਿਲਿ੍ਹਆਂ ਵਿਚ ਭਾਰਤ-ਪਾਕਿ ਸਰਹੱਦ ਦੇ 10 ਕਿਲੋਮੀਟਰ ਘੇਰੇ ਵਿਚ ਪੈਂਦੇ ਪਿੰਡਾਂ ਵਿਚ 'ਪਿੰਡ ਸੁਰੱਖਿਆ ਕਮੇਟੀਆਂ' ਬਣਾਉਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਉਕਤ ਕਮੇਟੀਆਂ ਵਿਚੋਂ ਜਿਹੜੀ ਕਮੇਟੀ ਆਪਣੇ ਪਿੰਡ ਜਾਂ ਇਲਾਕੇ ਵਿਚੋਂ ਨਸ਼ੇ ਨੂੰ ਖਤਮ ਕਰਨ ਲਈ ਸਭ ਤੋਂ ਵੱਧ ਸਰਗਰਮੀ ਨਾਲ ਕੰਮ ਕਰੇਗੀ, ਨੂੰ ਆ ਰਹੀ 26 ਜਨਵਰੀ ਦੇ ਰਾਜ ਪੱਧਰੀ ਸਮਾਗਮ ਵਿਚ ਵਿਸ਼ੇਸ਼ ਤੌਰ ਉ'ਤੇ ਸਨਮਾਨਿਤ ਕੀਤਾ ਜਾਵੇਗਾ | ਇਸੇ ਤਰ੍ਹਾਂ ਹਰੇਕ ਜ਼ਿਲ੍ਹੇ ਵਿਚੋਂ ਪਹਿਲੇ ਨੰਬਰ 'ਤੇ ਆਉਣ ਵਾਲੇ ਨੂੰ ਤਿੰਨ ਲੱਖ, ਦੂਜੇ ਨੰਬਰ 'ਤੇ 2 ਲੱਖ ਅਤੇ ਤੀਜੇ ਨੰਬਰ 'ਤੇ ਆਉਣ ਵਾਲੇ 1 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ | ਇਸ ਦੌਰਾਨ ਉਨ੍ਹਾਂ ਨੇ ਡੀ. ਆਈ. ਜੀ. ਬਾਰਡਰ ਰੇਂਜ ਨਰਿੰਦਰ ਭਾਰਗਵ ਵਲੋਂ ਬੀਤੇ ਦਿਨ ਪਠਾਨਕੋਟ ਦੀ ਸਰਹੱਦੀ ਪੱਟੀ ਵਿਚ ਡਰੋਨ ਰਾਹੀਂ ਹੁੰਦੀ ਤਸਕਰੀ ਰੋਕਣ ਲਈ ਸ਼ੁਰੂ ਕੀਤੇ ਗਏ 'ਡਰੋਨ ਐਮਰਜੈਂਸੀ ਰਿਸਪਾਂਸ ਸਿਸਟਮ' ਦੀ ਸ਼ਲਾਘਾ ਕਰਦਿਆਂ ਇਸ ਸਿਸਟਮ ਨੂੰ ਸਮੁੱਚੀ ਸਰਹੱਦੀ ਪੱਟੀ ਵਿਚ ਲਾਗੂ ਕਰਨ ਦੀ ਹਦਾਇਤ ਕੀਤੀ | ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਵਿਚ ਸੀ. ਸੀ. ਟੀ. ਵੀ. ਕੈਮਰੇ ਵੀ ਲਗਾਏ ਜਾਣਗੇ |
'ਆਪ' ਦੇ ਮੰਤਰੀਆਂ ਤੇ ਵਿਧਾਇਕਾਂ ਦੀ ਬਿਆਨਬਾਜ਼ੀ ਸਿਆਸਤ ਤੋਂ ਪ੍ਰੇਰਿਤ
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ 'ਆਪ' ਦੇ ਵਿਧਾਇਕਾਂ ਤੇ ਮੰਤਰੀਆਂ ਵਲੋਂ ਰਾਜਪਾਲ ਨੂੰ ਸਵਾਲਾਂ ਦੇ ਕਟਿਹਰੇ 'ਚ ਲੈਣ ਸੰਬੰਧੀ ਪੱੁਛੇ ਜਾਣ 'ਤੇ ਉਨ੍ਹਾਂ ਦੋ ਲਫਜ਼ਾਂ 'ਚ ਜਵਾਬ ਦਿੱਤਾ ਕਿ ਉਨ੍ਹਾਂ ਦੇ ਸਿਆਸੀ ਮਕਸਦ ਹੋ ਸਕਦੇ ਹਨ, ਜਦੋਂਕਿ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਕੀ ਬੋਲਦਾ ਹੈ | ਉਨ੍ਹਾਂ ਕਿਹਾ ਕਿ ਉਹ ਆਪਣਾ ਕੰਮ ਕਰ ਰਹੇ ਹਨ ਅਤੇ ਜੇਕਰ ਸਰਕਾਰ ਚੰਗਾ ਕਰੇਗੀ ਤਾਂ ਉਹ ਤਾਰੀਫ ਕਰਨਗੇ ਪਰ ਜੇਕਰ ਕੋਈ ਕਮੀਂ ਦਿਖੀ ਤਾਂ ਉਹ ਬੋਲਣਗੇ ਵੀ ਭਾਵੇਂ ਕਿਸੇ ਨੂੰ ਬੁਰਾ ਲਗੇ ਜਾਂ ਚੰਗਾ | ਦੱਸਣਯੋਗ ਹੈ ਕਿ ਸਰਹੱਦੀ ਇਲਾਕਿਆਂ 'ਚ ਰਾਜਪਾਲ ਦੇ ਦੌਰੇ ਬਾਰੇ 'ਆਪ' ਦੇ ਮੰਤਰੀਆਂ ਨੇ ਇਹ ਕਹਿ ਕੇ ਸਵਾਲ ਖੜੇ੍ਹ ਕੀਤੇ ਸਨ ਕਿ ਉਹ ਪਹਿਲਾਂ ਕੇਂਦਰ ਕੋਲੋਂ ਰਾਜ ਦੇ ਵਿਕਾਸ ਲਈ ਫੰਡ ਤਾਂ ਲੈ ਕੇ ਦੇਣ |
ਨਸ਼ਿਆਂ ਲਈ ਅੰਮਿ੍ਤਸਰ ਤੇ ਤਰਨ ਤਾਰਨ ਦੀ ਸਥਿਤੀ ਚਿੰਤਾਜਨਕ
ਰਾਜ 'ਚ ਨਸ਼ਿਆਂ ਦੇ ਚਲਣ ਸੰਬੰਧੀ ਪੱੁਛੇ ਜਾਣ 'ਤੇ ਰਾਜਪਾਲ ਨੇ ਕਿਹਾ ਕਿ ਸਭ ਤੋਂ ਵਧੇਰੇ ਚਿੰਤਾਜਨਕ ਸਥਿਤੀ ਅੰਮਿ੍ਤਸਰ ਤੇ ਤਰਨ ਤਾਰਨ ਦੀ ਹੈ, ਜਿਥੇ ਸਭ ਤੋਂ ਵਧੇਰੇ ਨੌਜਵਾਨ ਨਸ਼ਿਆਂ 'ਚ ਗਸ੍ਰਤ ਹੋ ਰਹੇ ਹਨ | ਉਨ੍ਹਾਂ ਮੌਕੇ 'ਤੇ ਹੀ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੂੰ ਅੰਮਿ੍ਤਸਰ ਸ਼ਹਿਰ 'ਚੋਂ ਨਸ਼ਿਆਂ ਦੀ ਰੋਕਥਾਮ ਲਈ ਆਦੇਸ਼ ਦਿੱਤੇ | ਇਸ ਮੌਕੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆਂ, ਡੀ. ਜੀ. ਪੀ. ਗੌਰਵ ਯਾਦਵ, ਪ੍ਰਭਾਰੀ ਸਕੱਤਰ ਰਮੇਸ਼ ਕੁਮਾਰ ਗੈਂਟਾ, ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ, ਡੀ. ਆਈ. ਜੀ. ਬਾਰਡਰ ਰੇਂਜ ਨਰਿੰਦਰ ਭਾਰਗਵ, ਡਿਪਟੀ ਕਮਿਸ਼ਨਰ ਅਮਿਤ ਤਲਵਾੜ, ਡਿਪਟੀ ਕਮਿਸ਼ਨਰ ਤਰਨ ਤਾਰਨ ਸੰਦੀਪ ਰਿਸ਼ੀ, ਉਪ ਕੁਲਪਤੀ ਜਸਪਾਲ ਸਿੰਘ ਸੰਧੂ, ਐਸ. ਐਸ. ਪੀ. ਦਿਹਾਤੀ ਸਤਿੰਦਰ ਸਿੰਘ ਆਦਿ ਹਾਜ਼ਰ ਸਨ |
• ਹੁਣ ਹਿਮਾਚਲ ਨੂੰ ਪਾਣੀ ਵਰਤਣ ਲਈ ਨਹੀਂ ਲੈਣੀ ਪਵੇਗੀ ਐਨ.ਓ.ਸੀ. • ਕੇਂਦਰ ਸਰਕਾਰ ਵਲੋਂ ਪੱਤਰ ਜਾਰੀ
ਮਨਜੋਤ ਸਿੰਘ ਜੋਤ
ਚੰਡੀਗੜ੍ਹ, 8 ਜੂਨ-ਪੰਜਾਬ ਦਾ ਦਰਿਆਈ ਪਾਣੀਆਂ 'ਚੋਂ ਹਿੱਸਾ ਘਟਣ ਦੀ ਸੰਭਾਵਨਾ ਬਣ ਗਈ ਹੈ | ਕੇਂਦਰ ਸਰਕਾਰ ਵਲੋਂ ਜਾਰੀ ਪੱਤਰ ਅਨੁਸਾਰ ਹੁਣ ਹਿਮਾਚਲ ਪ੍ਰਦੇਸ਼ ਨੂੰ ਪਾਣੀ ਲਈ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ.ਬੀ.ਐਮ.ਬੀ) ਤੋਂ ਐਨ.ਓ.ਸੀ. ਲੈਣ ਦੀ ਲੋੜ ਨਹੀਂ ਹੋਵੇਗੀ | ਡਿਪਟੀ ਡਾਇਰੈਕਟਰ ਮਨਿਸਟਰੀ ਆਫ਼ ਪਾਵਰ ਭਾਰਤ ਸਰਕਾਰ ਵਲੋਂ ਚੇਅਰਮੈਨ, ਭਾਖੜਾ ਬਿਆਸ ਪ੍ਰਬੰਧਨ ਬੋਰਡ ਨੂੰ 15 ਮਈ 2023 ਨੂੰ ਇਕ ਪੱਤਰ ਲਿਖਿਆ ਗਿਆ ਹੈ, ਜਿਸ ਅਨੁਸਾਰ ਭਾਰਤ ਸਰਕਾਰ ਵਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਹਿਮਾਚਲ ਪ੍ਰਦੇਸ਼ ਵਲੋਂ ਸਮੇਂ-ਸਮੇਂ 'ਤੇ ਪਾਣੀ ਦੀ ਲੋੜ ਲਈ ਬੀ.ਬੀ.ਐਮ.ਬੀ ਪਾਸੋਂ ਮੰਗੀ ਜਾਂਦੀ ਐਨ.ਓ.ਸੀ. ਇਤਰਾਜ਼ਹੀਣਤਾ ਸਰਟੀਫਿਕੇਟ ਦੀ ਲੋੜ ਨੂੰ ਖ਼ਤਮ ਕਰ ਦਿੱਤਾ ਹੈ, ਬਸ਼ਰਤੇ ਕਿ ਹਿਮਾਚਲ ਪ੍ਰਦੇਸ਼ ਵਲੋਂ ਬੀ.ਬੀ.ਐਮ.ਬੀ ਪ੍ਰਾਜੈਕਟਾਂ ਤੋਂ ਚੁੱਕਿਆ ਜਾ ਰਿਹਾ ਪਾਣੀ ਕੁੱਲ ਪਾਣੀ ਦੇ 7.19 ਫ਼ੀਸਦੀ ਤੋਂ ਘੱਟ ਹੋਵੇ | ਬੀ.ਬੀ.ਐਮ.ਬੀ ਵਲੋਂ ਕੇਵਲ ਤਕਨੀਕੀ ਪੱਖ ਤੋਂ ਹੀ ਆਪਣੀ ਲੋੜ/ਟਿੱਪਣੀ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਦਿੱਤੀ ਜਾਣੀ ਹੈ, ਉਹ ਵੀ 60 ਦਿਨਾਂ ਦੇ ਅੰਦਰ-ਅੰਦਰ | ਇਹ ਪੱਤਰ ਬਿਜਲੀ ਅਤੇ ਨਵਿਆਉਣਯੋਗ ਊਰਜਾ ਮੰਤਰੀ ਦੀ ਮਨਜ਼ੂਰੀ ਉਪਰੰਤ ਜਾਰੀ ਕੀਤਾ ਗਿਆ ਹੈ | ਹਿਮਾਚਲ ਪ੍ਰਦੇਸ਼ ਪਹਿਲਾਂ ਹੀ ਭਾਖੜਾ-ਨੰਗਲ ਅਤੇ ਬਿਆਸ ਪ੍ਰਾਜੈਕਟਾਂ ਤੋਂ ਪੈਦਾ ਹੋ ਰਹੀ ਬਿਜਲੀ ਦਾ 7.19 ਫ਼ੀਸਦੀ ਹਿੱਸਾ ਸਰਵਉੱਚ ਅਦਾਲਤ ਰਾਹੀਂ ਲੈ ਚੁੱਕਾ ਹੈ ਕਿਉਂਕਿ ਹੁਣ ਤੱਕ ਪਾਣੀਆਂ ਸੰਬੰਧੀ ਹੋਏ ਕਿਸੇ ਵੀ ਸਮਝੌਤੇ ਆਦਿ ਵਿਚ ਹਿਮਾਚਲ ਪ੍ਰਦੇਸ਼ ਨੂੰ ਬਿਜਲੀ ਅਤੇ ਪਾਣੀ ਦਾ ਕੋਈ ਹਿੱਸਾ ਨਹੀਂ ਸੀ ਦਿੱਤਾ ਗਿਆ ਅਤੇ ਜਦੋਂ ਵੀ ਹਿਮਾਚਲ ਪ੍ਰਦੇਸ਼ ਨੂੰ ਲੋੜ ਪੈਂਦੀ ਸੀ ਉਹ ਬੀ.ਬੀ.ਐਮ.ਬੀ ਬੋਰਡ ਦੀ ਮੀਟਿੰਗ ਵਿਚ ਆਪਣਾ ਏਜੰਡਾ ਪੇਸ਼ ਕਰਵਾ ਕੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਮੈਂਬਰਾਂ ਦੀ ਸਹਿਮਤੀ ਨਾਲ ਐਨ. ਓ. ਸੀ. ਪ੍ਰਾਪਤ ਕਰ ਲੈਂਦਾ ਸੀ | ਇੱਥੇ ਇਹ ਵੀ ਦੱਸਣਯੋਗ ਹੈ ਕਿ ਪਾਣੀ ਵਿਚਲਾ 7.19 ਫ਼ੀਸਦੀ ਹਿੱਸਾ ਵੀ ਬਿਜਲੀ ਦੀ ਤਰ੍ਹਾਂ ਕੇਵਲ ਪੰਜਾਬ ਅਤੇ ਹਰਿਆਣਾ ਦੇ ਹਿੱਸੇ ਵਿਚੋਂ ਹੀ ਕੱਟਣ ਦੀ ਸੰਭਾਵਨਾ ਹੈ ਕਿਉਂਕਿ ਸਰਬਉੱਚ ਅਦਾਲਤ ਵਲੋਂ ਆਪਣੇ 27/9/11 ਦੇ ਫ਼ੈਸਲੇ ਵਿਚ ਇਸ ਦਾ ਆਧਾਰ ਪੰਜਾਬ ਪੁਨਰਗਠਨ ਐਕਟ 1966 ਅਨੁਸਾਰ ਸੰਯੁਕਤ ਪੰਜਾਬ ਦੀ 7.19 ਫ਼ੀਸਦੀ ਆਬਾਦੀ/ਇਲਾਕਾ ਹਿਮਾਚਲ ਪ੍ਰਦੇਸ ਨੂੰ ਮਿਲਣਾ ਮੰਨਿਆ ਗਿਆ ਹੈ | ਸੂਤਰਾਂ ਅਨੁਸਾਰ ਹੁਣ ਤੱਕ ਬੀ.ਬੀ.ਐਮ.ਬੀ ਵਲੋਂ ਕੁੱਲ 16 ਵਾਰ ਹਿਮਾਚਲ ਪ੍ਰਦੇਸ਼ ਨੂੰ ਕੁੱਲ 358 ਕਿਊਸਿਕ ਪਾਣੀ ਦੀ ਐਨ.ਓ.ਸੀ ਦਿੱਤੀ ਜਾ ਚੁੱਕੀ ਹੈ ਅਤੇ ਮੌਜੂਦਾ ਸਮੇਂ ਲਗਪਗ 500 ਕਿਊਸਿਕ ਪਾਣੀ ਹੋਰ ਲੈਣ ਲਈ ਕੇਸ ਮੁੜ ਬੀ.ਬੀ.ਐਮ.ਬੀ ਨੂੰ ਭੇਜਿਆ ਗਿਆ ਹੈ | ਇਸ ਤੋਂ ਇਲਾਵਾ ਪੰਜਾਬ ਵਲੋਂ ਸ਼ਾਹ ਨਹਿਰ ਹੈੱਡਵਰਕਸ ਰਾਹੀਂ ਵੀ ਹਿਮਾਚਲ ਪ੍ਰਦੇਸ਼ ਨੂੰ ਪਾਣੀ ਲੈਫ਼ਟ ਬੈਂਕ ਕਨਾਲ ਅਤੇ ਰਾਈਟ ਬੈਂਕ ਕਨਾਲ ਰਾਹੀਂ ਦਿੱਤਾ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਪੰਜਾਬ ਸਮੇਤ ਬਾਕੀ ਸੂਬਿਆਂ ਵਲੋਂ ਹਿਮਾਚਲ ਪ੍ਰਦੇਸ਼ ਦੇ ਇਨ੍ਹਾਂ ਏਜੰਡਿਆਂ ਰਾਹੀਂ ਵਾਰ-ਵਾਰ ਐਨ.ਓ. ਸੀ ਮੰਗਣ ਦਾ ਵਿਰੋਧ ਕੀਤਾ ਜਾਣ ਲੱਗਾ ਪਰ ਹਿਮਾਚਲ ਪ੍ਰਦੇਸ਼ ਵਿਚ ਵੀ ਨਵੀਂ ਕਾਂਗਰਸ ਸਰਕਾਰ ਆਉਣ ਮਗਰੋਂ ਪਾਣੀਆਂ ਅਤੇ ਹੋਰ ਅੰਤਰਰਾਜੀ ਮਾਮਲਿਆਂ ਸੰਬੰਧੀ ਆਪਣੀ ਪੁਜ਼ੀਸ਼ਨ ਸਖ਼ਤ ਕਰ ਲਈ ਗਈ ਹੈ | ਇਸ ਪੁਜ਼ੀਸ਼ਨ ਤਹਿਤ ਹੀ ਹਿਮਾਚਲ ਪ੍ਰਦੇਸ਼ ਵਲੋਂ ਵਾਟਰ ਸੈੱਸ ਸੰਬੰਧੀ ਐਕਟ ਪਾਸ ਕੀਤਾ ਗਿਆ ਹੈ | ਦੱਸਣਯੋਗ ਹੈ ਕਿ ਬੀ.ਬੀ.ਐਮ.ਬੀ ਦੇ ਮੌਜੂਦਾ ਚੇਅਰਮੈਨ ਦਾ ਕਾਰਜਕਾਲ 30 ਜੂਨ 2023 ਨੂੰ ਸਮਾਪਤ ਹੋਣ ਜਾ ਰਿਹਾ ਹੈ, ਇਸ ਕਰਕੇ ਬੀ.ਬੀ.ਐਮ.ਬੀ. ਵਲੋਂ ਕੋਈ ਵੀ ਸਪੱਸ਼ਟ ਸਟੈਂਡ ਲੈਣ ਦੀ ਸੰਭਾਵਨਾ ਘੱਟ ਹੈ | ਰਾਜਸਥਾਨ ਨੂੰ ਇਸ ਫ਼ੈਸਲੇ ਨਾਲ ਕੋਈ ਖ਼ਾਸ ਫ਼ਰਕ ਪੈਣ ਦੀ ਸੰਭਾਵਨਾ ਨਹੀਂ ਹੈ | ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਲੋਂ ਅੰਦਰਖ਼ਾਤੇ ਸਤਲੁਜ ਦਾ ਪਾਣੀ ਪੰਜਾਬ ਨੂੰ ਬਾਈਪਾਸ ਕਰ ਕੇ ਹਰਿਆਣਾ ਨੂੰ ਦੇਣ ਦੀਆਂ ਖ਼ਬਰਾਂ ਵਿਚ ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਵਿਚ ਆਈਆਂ ਸਨ | ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਜੋਗਿੰਦਰ ਨਗਰ ਵਿਖੇ ਸਥਿਤ ਪੀ.ਐਸ.ਪੀ.ਸੀ.ਐਲ ਦੇ ਸ਼ਾਨਨ ਪਾਵਰ ਪ੍ਰਾਜੈਕਟ ਨੂੰ ਵੀ 99ਵੇਂ ਸਾਲ ਲੀਜ਼ ਵਿਚ ਮੁੱਕਣ ਮਗਰੋਂ ਹਿਮਾਚਲ ਪ੍ਰਦੇਸ਼ ਨੂੰ ਤਬਦੀਲ ਕਰਨ ਸੰਬੰਧੀ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ | ਇਸ ਤੋਂ ਪਹਿਲਾ ਜਨਵਰੀ 2023 ਵਿਚ ਹਿਮਾਚਲ ਪ੍ਰਦੇਸ਼ ਦੇ ਡਿਪਟੀ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਚੰਡੀਗੜ੍ਹ 'ਤੇ ਵੀ ਆਪਣਾ 7.19 ਫ਼ੀਸਦੀ ਹਿੱਸਾ ਹੋਣ ਦਾ ਦਾਅਵਾ ਕਰ ਚੁੱਕੇ ਹਨ | ਹੁਣ ਦੇਖਣਾ ਇਹ ਹੋਵੇਗਾ ਕਿ ਦਰਿਆਈ ਪਾਣੀਆਂ ਦੇ ਮਾਮਲੇ 'ਤੇ ਪੰਜਾਬ ਸਰਕਾਰ ਕੀ ਰਾਹ ਅਖ਼ਤਿਆਰ ਕਰਦੀ ਹੈ ਕਿਉਂਕਿ ਉਕਤ ਪੱਤਰ ਦੀ ਕਾਪੀ ਭਾਰਤ ਸਰਕਾਰ ਵਲੋਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਮੁੱਖ ਮੰਤਰੀਆਂ ਨੂੰ ਵੀ ਜਾਰੀ ਕਰ ਦਿੱਤੀ ਗਈ ਹੈ |
ਲਾਸ਼ ਦੇ ਟੁਕੜੇ ਕਰ ਕੇ ਕੁੱਕਰ 'ਚ ਉਬਾਲੇ ਤੇ ਫਿਰ ਕੁੱਤਿਆਂ ਨੂੰ ਖਵਾਏ
ਮੁੰਬਈ, 8 ਜੂਨ (ਏਜੰਸੀ)-ਮੁੰਬਈ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ | ਇਥੋਂ ਦੇ ਮੀਰਾ ਰੋਡ ਇਲਾਕੇ 'ਚ 56 ਸਾਲ ਦੇ ਮੁਲਜ਼ਮ ਨੇ ਆਪਣੀ 32 ਸਾਲਾ ਲਿਵ-ਇਨ ਪਾਰਟਨਰ ਦੀ ਹੱਤਿਆ ਕਰਕੇ ਕਟਰ ਨਾਲ ਉਸ ਦੀ ਲਾਸ਼ ਦੇ ਟੁਕੜੇ ਕਰ ਦਿੱਤੇ ਅਤੇ ਇਸ ਤੋਂ ਬਾਅਦ ਹਤਿਆਰੇ ਨੇ ਲਾਸ਼ ਦੇ ਟੁਕੜਿਆਂ ਨੂੰ ਕੂਕਰ 'ਚ ਉਬਾਲਿਆ | ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਉਸ ਨੇ ਉਬਲੇ ਹੋਏ ਲਾਸ਼ ਦੇ ਟੁਕੜਿਆਂ ਨੂੰ ਕੁੱਤਿਆਂ ਨੂੰ ਵੀ ਖਵਾਇਆ | ਮੁਲਜ਼ਮ ਦੀ ਪਛਾਣ ਮਨੋਜ ਸਾਨੇ ਵਜੋਂ ਹੋਈ ਹੈ | ਉਹ ਪਿਛਲੇ 3 ਸਾਲਾਂ ਤੋਂ ਸਰਸਵਤੀ ਵੈਧ ਨਾਂਅ ਦੀ ਔਰਤ ਨਾਲ ਮੀਰਾ ਰੋਡ ਇਲਾਕੇ 'ਚ ਸਥਿਤ ਅਕਾਸ਼ਗੰਗਾ ਇਮਾਰਤ ਦੀ 7ਵੀਂ ਮੰਜ਼ਿਲ 'ਤੇ ਕਿਰਾਏ ਦੇ ਫਲੈਟ 'ਚ ਰਹਿੰਦਾ ਸੀ | ਫਲੈਟ 'ਚੋਂ ਬਦਬੂ ਆਉਣ 'ਤੇ ਇਮਾਰਤ ਦੇ ਲੋਕਾਂ ਨੇ ਬੁੱਧਵਾਰ ਨੂੰ ਪੁਲਿਸ ਨੂੰ ਸੂਚਨਾ ਦਿੱਤੀ ਸੀ | ਮੁੰਬਈ ਪੁਲਿਸ ਦੇ ਡੀ.ਸੀ.ਪੀ. ਜਯੰਤ ਬਜਬਾਲੇ ਨੇ ਦੱਸਿਆ ਕਿ ਸਾਨੂੰ ਫਲੈਟ 'ਚ ਇਕ ਔਰਤ ਦੀ ਲਾਸ਼ ਦੇ ਟੁਕੜੇ ਮਿਲੇ | ਇਹ ਟੁਕੜੇ ਸੜ ਚੁੱਕੇ ਸਨ, ਜਿਸ ਨੂੰ ਵੇਖ ਕੇ ਇਹ ਅਨੁਮਾਨ ਹੈ ਕਿ ਹੱਤਿਆ ਤਿੰਨ-ਚਾਰ ਦਿਨ ਪਹਿਲਾਂ ਕੀਤੀ ਗਈ ਸੀ | ਅਸੀਂ ਮੁਲਜ਼ਮ ਨੂੰ ਹਿਰਾਸਤ 'ਚ ਲੈ ਲਿਆ ਹੈ | ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਮਨੋਜ ਅਤੇ ਸਰਸਵਤੀ ਵਿਚਕਾਰ ਝਗੜਾ ਹੋਇਆ ਸੀ | ਇਸ ਦੇ ਬਾਅਦ ਮਨੋਜ ਨੇ ਸਰਸਵਤੀ ਦੀ ਹੱਤਿਆ ਕਰਕੇ ਉਸ ਦੇ ਸਰੀਰ ਨੂੰ ਕਟਰ ਨਾਲ ਵੱਢ ਦਿੱਤਾ | ਇਲਾਕੇ 'ਚ ਰਹਿਣ ਵਾਲੇ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮ ਨੂੰ ਪਿਛਲੇ ਦੋ-ਤਿੰਨ ਦਿਨਾਂ 'ਚ ਕੁੱਤਿਆਂ ਨੂੰ ਕੁਝ ਖਵਾਉਂਦੇ ਵੇਖਿਆ ਗਿਆ | ਲੋਕਾਂ ਨੇ ਦੱਸਿਆ ਕਿ ਮੁਲਜ਼ਮ ਨੂੰ ਪਹਿਲਾਂ ਅਜਿਹਾ ਕਰਦੇ ਕਦੇ ਨਹੀਂ ਵੇਖਿਆ ਗਿਆ ਸੀ |
ਨਵੀਂ ਦਿੱਲੀ, 8 ਜੂਨ (ਉਪਮਾ ਡਾਗਾ ਪਾਰਥ)-ਸਰਕਾਰ ਵਲੋਂ 2000 ਰੁਪਏ ਦੇ ਨੋਟਾਂ ਦੀ ਵਾਪਸੀ ਦੇ ਐਲਾਨ ਤੋਂ 3 ਹਫ਼ਤਿਆਂ ਬਾਅਦ ਹੀ ਹੁਣ ਤੱਕ 50 ਫ਼ੀਸਦੀ ਨੋਟ ਬੈਂਕਾਂ 'ਚ ਵਾਪਸ ਆ ਗਏ ਹਨ | ਅੰਕੜਿਆਂ ਮੁਤਾਬਿਕ ਹੁਣ ਤੱਕ 1.80 ਲੱਖ ਕਰੋੜ ਰੁਪਏ ਵਾਪਸ ਆਏ ਹਨ, ਜਿਨ੍ਹਾਂ 'ਚੋਂ 85 ਫ਼ੀਸਦੀ 2000 ਦੇ ਨੋਟ ਜਮ੍ਹਾਂ ਕਰਵਾਉਣ ਵਜੋਂ ਬੈਂਕ ਖਾਤਿਆਂ 'ਚ ਆ ਰਹੇ ਹਨ | ਉਕਤ ਜਾਣਕਾਰੀ ਆਰ.ਬੀ.ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀਰਵਾਰ ਨੂੰ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਤੀ | ਦਾਸ ਨੇ ਕਿਹਾ ਕਿ 31 ਮਾਰਚ, 2023 ਤੱਕ ਦੇ ਅੰਕੜਿਆਂ ਮੁਤਾਬਿਕ ਕੁੱਲ 3.62 ਲੱਖ ਕਰੋੜ ਰੁਪਏ ਦੇ ਮੁੱਲ ਦੇ 2000 ਰੁਪਏ ਦਾ ਨੋਟ ਚਲਨ 'ਚ ਸੀ | ਗਵਰਨਰ ਨੇ ਇਹ ਵੀ ਕਿਹਾ ਕਿ ਨੋਟ ਜਮ੍ਹਾਂ ਕਰਵਾਉਣ ਲਈ ਕਾਹਲੀ ਕਰਨ ਦੀ ਲੋੜ ਨਹੀਂ ਹੈ | ਆਰ.ਬੀ.ਆਈ. ਕੋਲ ਕਰੰਸੀ ਦੀ ਲੋੜੀਂਦੀ ਮਾਤਰਾ ਹੈ ਪਰ ਨਾਲ ਹੀ ਇਹ ਵੀ ਕਿਹਾ ਕਿ ਸਾਡੀ ਆਦਤ ਹਰ ਚੀਜ਼ ਆਖ਼ਰੀ ਸਮੇਂ 'ਤੇ ਕਰਨ ਦੀ ਹੁੰਦੀ ਹੈ | ਅਜਿਹਾ ਨਾ ਹੋਵੇ ਕਿ ਸਤੰਬਰ ਦੇ ਆਖ਼ਰੀ 10-15 ਦਿਨਾਂ 'ਚ ਜਦੋਂ 2000 ਰੁਪਏ ਦੇ ਨੋਟ ਜਮ੍ਹਾਂ ਕਰਵਾਉਣ ਦੀ ਸਮਾਂ ਹੱਦ ਖ਼ਤਮ ਹੋ ਰਹੀ ਹੋਵੇ, ਬੈਂਕਾਂ 'ਚ ਨੋਟ ਜਮ੍ਹਾਂ ਕਰਵਾਉਣ ਦੀਆਂ ਕਤਾਰਾਂ ਲੱਗ ਜਾਣ | ਜ਼ਿਕਰਯੋਗ ਹੈ ਕਿ 19 ਮਈ, 2023 ਨੂੰ ਆਰ.ਬੀ.ਆਈ. ਨੇ 2000 ਰੁਪਏ ਦੇ ਕਰੰਸੀ ਨੋਟ ਵਾਪਸ ਲੈਣ ਦਾ ਐਲਾਨ ਕੀਤਾ ਸੀ | ਨੋਟ ਬੈਂਕਾਂ ਨੂੰ ਵਾਪਸ ਕਰਨ ਦੀ ਆਖ਼ਰੀ ਤਰੀਕ 30 ਸਤੰਬਰ ਹੈ |
ਨਹੀਂ ਵਧਾਈ ਰੈਪੋ ਦਰ, ਨਹੀਂ ਵਧੇਗੀ ਈ.ਐੱਮ.ਆਈ.
ਭਾਰਤੀ ਰਿਜ਼ਰਵ ਬੈਂਕ ਨੇ ਰੈਪੋ ਦਰ 6.50 ਫ਼ੀਸਦੀ ਬਰਕਰਾਰ ਰੱਖਣ ਦਾ ਫ਼ੈਸਲਾ ਕੀਤਾ ਹੈ | ਇਹ ਲਗਾਤਾਰ ਦੂਜੀ ਵਾਰ ਹੈ ਕਿ ਆਰ.ਬੀ.ਆਈ. ਨੇ ਦਰਾਂ 'ਚ ਬਦਲਾਅ ਨਹੀਂ ਕੀਤਾ | ਇਹ ਐਲਾਨ ਬੈਂਕ ਦੀ ਮੋਨੀਟਰਿੰਗ ਪਾਲਸੀ ਕਮੇਟੀ ਦੀ ਬੈਠਕ ਤੋਂ ਬਾਅਦ ਕੀਤੀ ਪ੍ਰੈੱਸ ਕਾਨਫ਼ਰੰਸ 'ਚ ਗਵਰਨਰ ਸ਼ਕਤੀਕਾਂਤ ਦਾਸ ਨੇ ਕੀਤਾ | ਦਸਦੇ ਚਲੀਏ ਕਿ ਰੈਪੋ ਦਰ ਦੇ ਵਧਣ ਨਾਲ ਬੈਂਕਾਂ ਲਈ ਕਰਜ਼ਾ ਲੈਣਾ ਮਹਿੰਗਾ ਹੋ ਜਾਂਦਾ ਹੈ, ਜਿਸ ਦਾ ਅਸਰ ਆਮ ਆਦਮੀ 'ਤੇ ਪੈਂਦਾ ਹੈ ਅਤੇ ਉਸ ਨੂੰ ਮਹਿੰਗੀ ਵਿਆਜ ਦਰ 'ਤੇ ਕਰਜ਼ਾ ਲੈਣਾ ਪੈਂਦਾ ਹੈ | ਆਰ.ਬੀ.ਆਈ. ਦੇ ਅਨੁਮਾਨ ਮੁਤਾਬਿਕ ਵਿੱਤੀ ਸਾਲ 2023-24 'ਚ ਮਹਿੰਗਾਈ ਦਰ 4 ਫ਼ੀਸਦੀ ਤੋਂ ਉੱਪਰ ਰਹਿਣ ਦੀ ਸੰਭਾਵਨਾ ਹੈ | ਭਾਰਤੀ ਰਿਜ਼ਰਵ ਬੈਂਕ ਨੇ ਰੁਪੇ ਪ੍ਰੀਪੇਡ ਫੋਰੈਕਸ ਕਾਰਡ ਨੂੰ ਲੈ ਕੇ ਵੀ ਵੱਡਾ ਐਲਾਨ ਕਰਦਿਆਂ ਕਿਹਾ ਕਿ ਬੈਂਕਾਂ ਨੂੰ ਰੁਪੇ ਪ੍ਰੀਪੇਡ ਕਾਰਡ ਜਾਰੀ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ |
ਬਾਲਾਸੋਰ, 8 ਜੂਨ (ਏਜੰਸੀ)-ਭਾਰਤ ਨੇ ਨਵੀਂ-ਪੀੜ੍ਹੀ ਦੀ ਬੈਲਿਸਟਿਕ ਮਿਜ਼ਾਈਲ 'ਅਗਨੀ ਪ੍ਰਾਈਮ' ਦਾ ਵੀਰਵਾਰ ਨੂੰ ਓਡੀਸ਼ਾ ਤੱਟ ਦੇ ਨੇੜੇ ਇਕ ਟਾਪੂ ਤੋਂ ਸਫਲ ਪ੍ਰੀਖਣ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਡਾ: ਏ.ਪੀ.ਜੇ. ਅਬਦੁਲ ਕਲਾਮ ਟਾਪੂ ਤੋਂ ਕੀਤੇ ਗਏ ਇਸ ਪ੍ਰੀਖਣ ਨੇ ...
ਨਵੀਂ ਦਿੱਲੀ, 8 ਜੂਨ (ਏਜੰਸੀ)-ਭਾਰਤ ਦੇ ਮੌਸਮ ਵਿਭਾਗ ਨੇ ਐਲਾਨ ਕੀਤਾ ਹੈ ਕਿ ਦੱਖਣ-ਪੱਛਮੀ ਮੌਨਸੂਨ ਵੀਰਵਾਰ ਨੂੰ ਆਮ ਨਾਲੋਂ ਇਕ ਹਫ਼ਤੇ ਦੀ ਦੇਰੀ ਨਾਲ ਕੇਰਲ 'ਚ ਪਹੁੰਚ ਗਿਆ ਹੈ | ਇਸ ਤੋਂ ਪਹਿਲਾਂ ਮੌਸਮ ਵਿਗਿਆਨੀਆਂ ਨੇ ਕਿਹਾ ਸੀ ਕਿ ਚੱਕਰਵਾਤ 'ਬਿਪਰਜੋਏ' ਮੌਨਸੂਨ ਦੀ ...
ਅੰਮਿ੍ਤਸਰ, 8 ਜੂਨ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਦੇ ਬਦਖਸ਼ਾਨ ਸੂਬੇ ਦੀ ਰਾਜਧਾਨੀ ਫ਼ੈਜ਼ਾਬਾਦ 'ਚ ਅੱਜ ਦੁਪਹਿਰ ਤਕਰੀਬਨ 3 ਵਜੇ ਹੋਏ ਆਤਮਘਾਤੀ ਹਮਲੇ 'ਚ ਤਾਲਿਬਾਨ ਕਮਾਂਡਰ ਮੁੱਲਾ ਸੈਫੁੱਲਾ ਸ਼ਮੀਮ ਸਮੇਤ ਕਰੀਬ 16 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 50 ਦੇ ਜ਼ਖ਼ਮੀ ...
ਚੋਣਾਂ 'ਚ ਆਈ. ਪੀ. ਪੀ. ਦੇਵੇਗੀ ਪੀ. ਟੀ. ਆਈ. ਨੂੰ ਟੱਕਰ
ਅੰਮਿ੍ਤਸਰ, 8 ਜੂਨ (ਸੁਰਿੰਦਰ ਕੋਛੜ)-ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਪਾਰਟੀ ਨੂੰ ਅਲਵਿਦਾ ਕਹਿ ਚੱੁਕੇ ਉਨ੍ਹਾਂ ਦੇ ਕਰੀਬੀ ਪਾਰਟੀ ਆਗੂਆਂ ਵਲੋਂ ਨਵੀਂ ...
ਨਵੀਂ ਦਿੱਲੀ, 8 ਜੂਨ (ਪੀ. ਟੀ. ਆਈ.)-ਨਾਬਾਲਗ ਪਹਿਲਵਾਨ ਦੇ ਪਿਤਾ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਜਾਣਬੁੱਝ ਕੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂ. ਐਫ. ਆਈ.) ਦੇ ਪ੍ਰਧਾਨ ਬਿ੍ਜਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਜਿਨਸੀ ਸ਼ੋਸ਼ਣ ਦੀ ਝੂਠੀ ਪੁਲਿਸ ਸ਼ਿਕਾਇਤ ਦਰਜ ...
ਫਿਰੋਜ਼ਪੁਰ, 8 ਜੂਨ (ਤਪਿੰਦਰ ਸਿੰਘ)-ਕੌਮਾਂਤਰੀ ਸਰਹੱਦ 'ਤੇ ਵਸੇ ਲੋਕ ਸਿਰੜੀ ਤੇ ਮਿਹਨਤੀ ਹਨ ਅਤੇ ਦੇਸ਼ ਦੀ ਸੁਰੱਖਿਆ ਨੂੰ ਕਾਇਮ ਰੱਖਣ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਹੈ | ਇਹ ਵਿਚਾਰ ਕੌਮਾਂਤਰੀ ਸਰਹੱਦ 'ਤੇ ਸਥਿਤ ਪਿੰਡ ਗੱਟੀ ਰਾਜੋ ਕੇ ਵਿਖੇ ਸਰਹੱਦੀ ਖੇਤਰ ਦੇ ...
ਸਿਹੋਰ, 8 ਜੂਨ (ਪੀ. ਟੀ. ਆਈ.)-ਮੱਧ ਪ੍ਰਦੇਸ਼ ਦੇ ਸਿਹੋਰ 'ਚ 300 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ ਢਾਈ ਸਾਲ ਦੀ ਬੱਚੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਫ਼ੌਜ, ਐਨ.ਡੀ.ਆਰ.ਐਫ., ਐਸ.ਡੀ.ਆਰ.ਐਫ. ਤੇ ਰੋਬੋਟਿਕ ਟੀਮ ਵਲੋਂ ਚਲਾਈ ਸਾਂਝੀ ਮੁਹਿੰਮ ਦੌਰਾਨ ਬੱਚੀ ਨੂੰ ਕਰੀਬ 50 ਘੰਟਿਆਂ ...
ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਦੁਨੀਆ 'ਚ ਅਤੇ ਖ਼ਾਸ ਤੌਰ 'ਤੇ ਆਲਮੀ ਦੱਖਣ ਖਿੱਤੇ ਦੇ ਦੇਸ਼ ਭਾਰਤ ਨੂੰ ਇਕ ਵਿਕਾਸ ਦੇ ਭਾਈਵਾਲ ਵਜੋਂ ਵੇਖਦੇ ਹਨ | ਉਨ੍ਹਾਂ ਵੀਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਸਰਕਾਰ ਦੇ 9 ਸਾਲ ਦੀ ਵਿਦੇਸ਼ ਨੀਤੀ ਨੂੰ ਲੈ ਕੇ ਜਾਣਕਾਰੀ ...
ਨਵੀਂ ਦਿੱਲੀ, 8 ਜੂਨ (ਪੀ. ਟੀ. ਆਈ.)-ਕੌਮੀ ਜਾਂਚ ਏਜੰਸੀ (ਐਨ. ਆਈ. ਏ.) ਨੇ ਪਾਬੰਦੀਸ਼ੁਦਾ ਖ਼ਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐਫ.) ਦੇ ਵਿਦੇਸ਼ ਆਧਾਰਿਤ ਦੋ ਕਾਰਕੁਨਾਂ ਕੈਨੇਡਾ ਰਹਿੰਦੇ ਅਰਸ਼ਦੀਪ ਸਿੰਘ ਉਰਫ਼ ਅਰਸ਼ ਡਾਲਾ ਤੇ ਫਿਲੀਪੀਨਜ਼ ਰਹਿੰਦੇ ਮਨਪ੍ਰੀਤ ਸਿੰਘ ਉਰਫ਼ ...
ਨਵੀਂ ਦਿੱਲੀ, 8 ਜੂਨ (ਜਗਤਾਰ ਸਿੰਘ)-1984 ਸਿੱਖ ਨਸਲਕੁਸ਼ੀ ਨਾਲ ਸੰਬੰਧਿਤ ਮਾਮਲੇ 'ਚ ਰਾਊਜ਼ ਐਵੀਨਿਊ ਅਦਾਲਤ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਖ਼ਿਲਾਫ਼ ਸੁਣਵਾਈ ਨੂੰ ਟਾਲ ਦਿੱਤਾ ਹੈ | ਸੀ.ਬੀ.ਆਈ. ਵਲੋਂ ਜਗਦੀਸ਼ ਟਾਈਟਲਰ ਦੇ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX