ਨਵੀਂ ਦਿੱਲੀ, 29 ਮਈ (ਉਪਮਾ ਡਾਗਾ ਪਾਰਥ)-ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇ ਸਾਰੀਆਂ ਲੋਕਤੰਤਰਿਕ ਅਤੇ ਖੁੱਲ੍ਹੇ ਵਿਚਾਰਾਂ ਵਾਲੀਆਂ ਪਾਰਟੀਆਂ ਨੂੰ ਇਕਜੁੱਟ ਹੋ ਕੇ 1 ਜੂਨ ਨੂੰ 'ਅਜੀਤ' ਦੇ ਜਲੰਧਰ ਸਥਿਤ ਮੁੱਖ ਦਫ਼ਤਰ 'ਚ ਇਕੱਠੇ ਹੋ ਕੇ ਡਾ. ਬਰਜਿੰਦਰ ਸਿੰਘ ਹਮਦਰਦ ਦੀ ਹਮਾਇਤ 'ਚ ਆਉਣ ਦਾ ਸੱਦਾ ਦਿੱਤਾ, ਤਾਂ ਜੋ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਪ੍ਰੈੱਸ ਦੀ ਆਜ਼ਾਦੀ ਦੇ ਘਾਣ ਖ਼ਿਲਾਫ਼ ਜ਼ੋਰਦਾਰ ਆਵਾਜ਼ ਉਠਾਈ ਜਾ ਸਕੇ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰ ਕਈ ਸੀਨੀਅਰ ਨੇਤਾਵਾਂ ਨੇ ਸੋਮਵਾਰ ਨੂੰ ਦਿੱਲੀ ਵਿਖੇ ਕਾਂਗਰਸ ਦੇ ਹੈੱਡਕੁਆਰਟਰ 'ਚ ਹੋਈ ਮੀਟਿੰਗ 'ਚ ਇਕ ਮਤਾ ਪਾਸ ਕਰਦਿਆਂ ਪੰਜਾਬ ਸਰਕਾਰ ਦੀ ਤਿੱਖੇ ਲਫ਼ਜ਼ਾਂ 'ਚ ਨਿਖੇਧੀ ਕੀਤੀ ਅਤੇ ਕਿਹਾ ਕਿ 'ਆਪ' ਸਰਕਾਰ ਸੁਤੰਤਰ ਮੀਡੀਆ ਸੰਸਥਾਵਾਂ ਨੂੰ ਚੁੱਪ ਕਰਵਾਉਣ ਦੀਆਂ ਧੱਕੇਸ਼ਾਹੀ ਦੀਆਂ ਕੋਸ਼ਿਸ਼ਾਂ ਨਾਲ ਰਚਨਾਤਮਿਕ ਆਲੋਚਨਾ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਮਤੇ 'ਚ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਜਿਸ 'ਚ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ, ਫ਼ਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ, ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ. ਸੋਨੀ, ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਭਾਰਤ ਭੂਸ਼ਣ ਆਸ਼ੂ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ, ਟੀ. ਆਰ. ਐੱਸ. ਬਾਜਵਾ, ਗੁਰਕੀਰਤ ਸਿੰਘ ਅਤੇ ਰਾਣਾ ਕੇ. ਪੀ. ਸਿੰਘ ਸ਼ਾਮਿਲ ਸਨ, ਨੇ ਸਿਆਸੀ ਪਾਰਟੀਆਂ ਤੋਂ ਇਲਾਵਾ ਸਮਾਜਿਕ, ਸੱਭਿਆਚਾਰਕ ਅਤੇ ਧਾਰਮਿਕ ਪਾਰਟੀਆਂ ਨੂੰ ਵੀ 1 ਜੂਨ ਨੂੰ ਦੁਪਹਿਰ ਨੂੰ 1 ਵਜੇ ਜਲੰਧਰ ਦੇ ਨਹਿਰੂ ਗਾਰਡਨ ਰੋਡ 'ਤੇ ਸਥਿਤ 'ਅਜੀਤ' ਦੇ ਮੁੱਖ ਦਫ਼ਤਰ 'ਚ ਇਕੱਠੇ ਹੋ ਕੇ ਡਾ. ਬਰਜਿੰਦਰ ਸਿੰਘ ਹਮਦਰਦ ਦੇ ਸਮਰਥਨ 'ਚ ਆਉਣ ਦੀ ਅਪੀਲ ਕੀਤੀ, ਤਾਂ ਜੋ ਪੰਜਾਬ 'ਚ ਲੋਕਤੰਤਰਿਕ ਕਦਰਾਂ ਨੂੰ ਬਚਾਇਆ ਜਾ ਸਕੇ। ਸ. ਬਾਜਵਾ ਨੇ ਆਪਣੇ ਤੌਰ 'ਤੇ 'ਆਪ' ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬੀਆਂ ਨੇ ਤਾਂ ਕਦੇ ਮੁਗਲਾਂ ਅਤੇ ਅੰਗਰੇਜ਼ਾਂ ਦੀ ਤਾਨਾਸ਼ਾਹੀ ਅੱਗੇ ਸਿਰ ਨਹੀਂ ਝੁਕਾਇਆ ਤਾਂ ਮਾਨ ਸਰਕਾਰ ਕੀ ਚੀਜ਼ ਹੈ। ਉਨ੍ਹਾਂ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਡਾ. ਹਮਦਰਦ ਜਿਹੇ ਨਾਮਚੀਨ ਅਤੇ ਉੱਘੀ ਸ਼ਖ਼ਸੀਅਤ ਨੂੰ ਸੰਮਨ ਭੇਜਣਾ ਇਹ ਦਰਸਾਉਂਦਾ ਹੈ ਕਿ ਪੰਜਾਬ ਸਰਕਾਰ ਮੁਕਤ ਅਤੇ ਨਿਰਪੱਖ ਪੱਤਰਕਾਰਤਾ ਨੂੰ ਖ਼ਤਮ ਕਰਨਾ ਚਾਹੁੰਦੀ ਹੈ।
ਨਵੀਂ ਦਿੱਲੀ, 29 ਮਈ (ਉਪਮਾ ਡਾਗਾ ਪਾਰਥ)-ਵਿਰੋਧੀ ਇਕਜੁੱਟਤਾ ਦਾ ਹੋਕਾ ਦਿੰਦਿਆਂ ਕੇਂਦਰ ਸਰਕਾਰ ਵਲੋਂ ਦਿੱਲੀ ਸਰਕਾਰ ਖ਼ਿਲਾਫ਼ ਲਿਆਂਦੇ ਆਰਡੀਨੈਂਸ 'ਤੇ ਵਿਰੋਧੀ ਧਿਰਾਂ ਨੂੰ ਇਕੱਠੇ ਲਿਆਉਣ ਦੀਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਕੋਸ਼ਿਸ਼ਾਂ ਨੂੰ ਸੋਮਵਾਰ ਨੂੰ ਉਸ ਵੇਲੇ ਤਕੜਾ ਝਟਕਾ ਲੱਗਾ ਜਦੋਂ ਪੰਜਾਬ ਅਤੇ ਦਿੱਲੀ ਦੇ ਕਾਂਗਰਸੀ ਆਗੂਆਂ ਨੇ ਕੇਜਰੀਵਾਲ ਨਾਲ ਕਿਸੇ ਵੀ ਤਰ੍ਹਾਂ ਦੇ ਸਮਰਥਨ ਜਾਂ ਗੱਠਜੋੜ ਦੀ ਸੰਭਾਵਨਾ ਨੂੰ ਮੁੱਢ ਤੋਂ ਹੀ ਨਕਾਰ ਦਿੱਤਾ। ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਾਂਗਰਸ ਦੇ ਮੁੱਖ ਦਫ਼ਤਰ ਵਿਖੇ ਬੈਠਕ ਕੀਤੀ, ਜਿਸ 'ਚ ਚਰਚਾ ਦਾ ਮੁੱਖ ਕੇਂਦਰ ਸੀ ਕਿ ਕਾਂਗਰਸ ਨੂੰ ਕੇਂਦਰ ਦੇ ਆਰਡੀਨੈਂਸ ਖ਼ਿਲਾਫ਼ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਜਾਣਾ ਚਾਹੀਦਾ ਹੈ ਜਾਂ ਨਹੀਂ। ਦਿੱਲੀ ਪਹੁੰਚੀ ਪੰਜਾਬ ਲੀਡਰਸ਼ਿਪ, ਜਿਸ 'ਚ ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਮਨੀਸ਼ ਤਿਵਾੜੀ, ਡਾ. ਅਮਰ ਸਿੰਘ, ਸੁਖਜਿੰਦਰ ਸਿੰਘ ਰੰਧਾਵਾ, ਓ.ਪੀ. ਸੋਨੀ ਤੇ ਹਰੀਸ਼ ਚੌਧਰੀ ਵੀ ਆਦਿ ਸ਼ਾਮਿਲ ਸਨ, ਨੇ 'ਆਪ' ਦੀ ਹਮਾਇਤ ਕਰਨ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਪੰਜਾਬ ਤੋਂ ਇਲਾਵਾ ਦਿੱਲੀ ਦੇ ਨੇਤਾਵਾਂ, ਜਿਨ੍ਹਾਂ 'ਚ ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਨਿਲ ਚੌਧਰੀ ਸ਼ਾਮਿਲ ਸਨ, ਨੇ ਵੀ ਦਿੱਲੀ ਦੇ ਅਧਿਕਾਰੀਆਂ ਦੇ ਤਬਾਦਲੇ ਅਤੇ ਪੋਸਟਿੰਗ ਨੂੰ ਲੈ ਕੇ ਕੇਂਦਰ ਦੇ ਆਰਡੀਨੈਂਸ ਖ਼ਿਲਾਫ਼ 'ਆਪ' ਦਾ ਸਾਥ ਦੇਣ ਤੋਂ ਮਨ੍ਹਾਂ ਕਰ ਦਿੱਤਾ। ਹਾਲਾਂਕਿ ਇਸ ਸੰਬੰਧ 'ਚ ਆਖਰੀ ਫ਼ੈਸਲਾ ਹਾਈਕਮਾਨ 'ਤੇ ਛੱਡ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੇਜਰੀਵਾਲ ਕੇਂਦਰ ਦੇ ਆਰਡੀਨੈਂਸ ਖ਼ਿਲਾਫ਼ ਵਿਰੋਧੀ ਧਿਰਾਂ ਨੂੰ ਇਕੱਠਾ ਕਰਨ ਦੀ ਕਵਾਇਦ ਹੇਠ ਵੱਖ-ਵੱਖ ਨੇਤਾਵਾਂ ਨੂੰ ਮਿਲ ਰਹੇ ਹਨ, ਜਿਸ ਤਹਿਤ ਉਨ੍ਹਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਸਮਰਥਨ ਮੰਗਿਆ। ਜਦਕਿ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਖੁਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਊਧਵ ਠਾਕਰੇ ਅਤੇ ਸ਼ਰਦ ਪਵਾਰ ਨੂੰ ਵੀ ਸੰਸਦ 'ਚ ਆਰਡੀਨੈਂਸ ਖ਼ਿਲਾਫ਼ ਸਹਿਯੋਗ ਕਰਨ ਨੂੰ ਕਿਹਾ। ਕੇਜਰੀਵਾਲ ਨੇ ਕਿਹਾ ਕਿ ਕੇਂਦਰ ਦੇ ਇਸ ਆਰਡੀਨੈਂਸ ਦਾ ਸੰਸਦ 'ਚੋਂ ਪਾਸ ਨਾ ਹੋਣਾ ਹੀ ਲੋਕ ਸਭਾ ਚੋਣਾਂ 2024 'ਚ ਭਾਜਪਾ ਦੀ ਹਾਰ ਦੀ ਸ਼ੁਰੂਆਤ ਹੋਵੇਗੀ। ਕੇਜਰੀਵਾਲ ਰਾਹੁਲ ਗਾਂਧੀ ਨੂੰ ਮਿਲਣ ਦੀ ਇੱਛਾ ਪ੍ਰਗਟਾਅ ਚੁੱਕੇ ਹਨ ਹਾਲਾਂਕਿ ਅਜੇ ਤੱਕ ਮੁਲਾਕਾਤ ਦਾ ਸਮਾਂ ਨਿਸਚਿਤ ਨਹੀਂ ਹੋਇਆ ਹੈ। ਪੰਜਾਬ ਅਤੇ ਦਿੱਲੀ ਦੇ ਆਗੂਆਂ ਤੋਂ ਵੱਖ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਅਤੇ ਪਾਰਟੀ ਮਹਾਂਸਕੱਤਰ ਕੇ.ਸੀ. ਵੇਣੂਗੋਪਾਲ ਪਹਿਲਾਂ ਹੀ ਇਸ ਆਰਡੀਨੈਂਸ ਦਾ ਵਿਰੋਧ ਕਰਦਿਆਂ ਕੇਜਰੀਵਾਲ ਦਾ ਸਮਰਥਨ ਦੇਣ ਦੀ ਗੱਲ ਕਹਿ ਚੁੱਕੇ ਹਨ, ਪਰ ਦਿੱਲੀ ਅਤੇ ਪੰਜਾਬ ਦੇ ਆਗੂਆਂ ਦਾ ਵਿਰੋਧ ਵੇਖਦਿਆਂ ਖੜਗੇ ਨੇ ਕਿਹਾ ਕਿ ਉਹ ਦਿੱਲੀ ਅਤੇ ਪੰਜਾਬ ਦੇ ਨੇਤਾਵਾਂ ਨਾਲ ਗੱਲਬਾਤ ਕਰਕੇ ਹੀ ਇਸ 'ਤੇ ਅੰਤਿਮ ਫ਼ੈਸਲਾ ਲੈਣਗੇ।
ਸ੍ਰੀਹਰੀਕੋਟਾ, 29 ਮਈ (ਏਜੰਸੀ)-ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਜੀ.ਐਸ.ਐਲ.ਵੀ. ਰਾਕੇਟ ਦੀ ਮਦਦ ਨਾਲ ਦੂਸਰੀ ਪੀੜ੍ਹੀ ਦੇ ਨੈਵੀਗੇਸ਼ਨ ਉਪਗ੍ਰਹਿ ਐਨ. ਵੀ. ਐਸ.-01 ਨੂੰ ਲਾਂਚ ਕੀਤਾ ਹੈ। ਇਸ ਨੂੰ ਸਫ਼ਲਤਾਪੂਰਵਕ ਇਸ ਦੇ ਨਿਰਧਾਰਤ ਪੰਧ 'ਤੇ ਸਥਾਪਤ ਕਰ ਦਿੱਤਾ ਹੈ। ਐਨ.ਵੀ.ਐਸ-01 ਦੇਸ਼ ਦੀ ਖੇਤਰੀ ਨੈਵੀਗੇਸ਼ਨ ਪ੍ਰਣਾਲੀ ਨੂੰ ਵਧਾਏਗਾ ਤੇ ਸਹੀ ਅਤੇ ਰੀਅਲ-ਟਾਈਮ ਨੈਵੀਗੇਸ਼ਨ ਪ੍ਰਦਾਨ ਕਰੇਗਾ। ਐਨ. ਐਸ.ਵੀ.-01 ਨੇ 27.5 ਘੰਟੇ ਦੇ ਕਾਊਂਟਡਾਊਨ ਦੇ ਅੰਤ 'ਚ 41.7 ਮੀਟਰ ਉੱਚੇ ਤੇ 3-ਪੜਾਅ ਵਾਲੇ ਜੀ.ਐਸ.ਐਲ.ਵੀ. ਰਾਹੀਂ ਚੇਨਈ ਤੋਂ ਲਗਭਗ 130 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਇਸ ਸਟੇਸ਼ਨ ਦੇ ਦੂਜੇ ਲਾਂਚ ਪੈਡ ਤੋਂ ਸਵੇਰੇ 10.42 ਵਜੇ ਰਵਾਨਾ ਹੋਇਆ। ਇਹ ਜੀ.ਐਸ.ਐਲ.ਵੀ. ਦੀ 15ਵੀਂ ਉਡਾਣ ਸੀ। ਇਸਰੋ ਦੇ ਚੇਅਰਮੈਨ ਐਸ. ਸੋਮਨਾਥ ਨੇ ਮਿਸ਼ਨ ਦੇ ਸ਼ਾਨਦਾਰ ਪ੍ਰੀਖਣ ਲਈ ਪੂਰੀ ਟੀਮ ਨੂੰ ਵਧਾਈ ਦਿੱਤੀ। ਇਸ ਉਪਗ੍ਰਹਿ ਦੇ ਲਾਂਚ ਹੋਣ ਨਾਲ ਭਾਰਤ ਨੂੰ ਮਜ਼ਬੂਤ ਉਪਗ੍ਰਹਿ ਪ੍ਰਣਾਲੀ ਮਿਲ ਗਈ ਹੈ। ਸੋਮਨਾਥ ਨੇ ਅੱਗੇ ਕਿਹਾ ਕਿ ਐਨ.ਵੀ.ਐਸ.-01 ਵਾਧੂ ਸਮਰੱਥਾ ਵਾਲਾ ਦੂਜੀ ਪੀੜ੍ਹੀ ਦਾ ਉਪਗ੍ਰਹਿ ਹੈ। ਇਸ ਨਾਲ ਸਿਗਨਲ ਵਧੇਰੇ ਸੁਰੱਖਿਅਤ ਹੋਣਗੇ। ਇਸ ਨਾਲ ਨਾਗਰਿਕ ਫ੍ਰੀਕੁਐਂਸੀ ਬੈਂਡ ਪੇਸ਼ ਕੀਤਾ ਗਿਆ ਹੈ। ਇਹ ਅਜਿਹੇ ਪੰਜ ਉਪਗ੍ਰਹਿਆਂ 'ਚੋਂ ਪਹਿਲਾ ਹੈ। ਇਸ ਪ੍ਰਣਾਲੀ ਦੀ ਮਦਦ ਨਾਲ ਭਾਰਤ ਦੇ ਗੁਆਂਢੀ ਮੁਲਕਾਂ ਨੂੰ ਜੀ.ਪੀ.ਐਸ. ਦਾ ਲਾਭ ਮਿਲੇਗਾ। ਇਸ ਦੇ ਨਾਲ ਹੀ ਇਹ ਲੋਕੇਸ਼ਨ ਆਧਾਰਿਤ ਸੇਵਾ ਭਾਰਤ 'ਚ ਅੱਤਵਾਦ ਪ੍ਰਭਾਵਿਤ ਖੇਤਰਾਂ ਦੇ ਸਰਵੇਖਣ ਤੇ ਨਿਗਰਾਨੀ ਲਈ ਦੇਸ਼ ਦੇ ਸੈਨਿਕ ਬਲਾਂ ਨੂੰ ਮਜ਼ਬੂਤ ਕਰਨ ਦਾ ਕੰਮ ਕਰੇਗੀ। ਇਸ ਸੇਵਾ ਦੀ ਵਰਤੋਂ ਵਿਗਿਆਨਕ ਖੋਜ ਲਈ ਮਦਦਗਾਰ ਹੋਵੇਗੀ।
ਚੰਡੀਗੜ੍ਹ, 29 ਮਈ (ਪ੍ਰੋ. ਅਵਤਾਰ ਸਿੰਘ)-'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਿਰੁੱਧ ਭਗਵੰਤ ਮਾਨ ਸਰਕਾਰ ਦੀ ਬਦਲਾਖੋਰੀ ਵਾਲੀ ਨੀਤੀ ਤੇ ਪ੍ਰੈੱਸ ਦੀ ਆਜ਼ਾਦੀ ਨੂੰ ਦਬਾਉਣ ਲਈ ਸੌੜੀ ਰਾਜਨੀਤੀ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਆਪਣੀ ਸੀਨੀਅਰ ਲੀਡਰਸ਼ਿਪ ਸਮੇਤ ਇਕ ਜੂਨ ਨੂੰ ਜਲੰਧਰ ਵਿਖੇ ਹੋ ਰਹੀ ਮੀਟਿੰਗ ਵਿਚ ਸ਼ਾਮਿਲ ਹੋਣਗੇ। ਇਹ ਗੱਲ ਅੱਜ ਸ. ਸੁਖਬੀਰ ਸਿੰਘ ਬਾਦਲ ਨੇ ਇਕ ਟਵੀਟ ਰਾਹੀਂ ਕਹੀ। ਸ: ਸੁਖਬੀਰ ਨੇ ਕਿਹਾ ਕਿ 'ਅਜੀਤ' ਪੰਜਾਬ ਅਤੇ ਪੰਜਾਬੀਅਤ ਦੀ ਆਵਾਜ਼ ਹੈ ਇਸ ਨੂੰ ਸਰਕਾਰ ਦਬਾਅ ਨਹੀਂ ਸਕਦੀ। ਉਨ੍ਹਾਂ ਨੇ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਇਸ ਮੀਟਿੰਗ 'ਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਪਹਿਲਾਂ ਹੀ ਇਕ ਜੂਨ ਨੂੰ ਜਲੰਧਰ ਵਿਚ ਮੀਟਿੰਗ ਲਈ ਐਲਾਨ ਕਰਦਿਆਂ ਸਾਰੀਆਂ ਪਾਰਟੀਆਂ ਨੂੰ ਧਰਮ, ਸੱਭਿਆਚਾਰ ਅਤੇ ਸਿਆਸੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਲੋਕਤੰਤਰ ਦੇ ਚੌਥੇ ਥੰਮ੍ਹ ਦੀ ਆਜ਼ਾਦੀ ਦੀ ਰਾਖੀ ਕਰਨ ਲਈ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ।
ਅੰਮ੍ਰਿਤਸਰ, 29 ਮਈ (ਹਰਮਿੰਦਰ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਦੇ ਇਸ਼ਾਰੇ 'ਤੇ ਕਰਤਾਰਪੁਰ ਵਿਖੇ ਉਸਾਰੀ ਗਈ ਜੰਗ-ਏ-ਆਜ਼ਾਦੀ ਯਾਦਗਾਰ ਦੇ ਮਾਮਲੇ 'ਚ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਬਿਊਰੋ ਵਲੋਂ ਜਾਂਚ ਲਈ ਤਲਬ ਕੀਤੇ ਜਾਣ ਨੂੰ ਲੈ ਕੇ ਉਨ੍ਹਾਂ ਦੇ ਆਪਣੇ ਵਿਧਾਇਕ ਅਤੇ ਮੰਤਰੀ ਵੀ ਨਾਖ਼ੁਸ਼ ਅਤੇ ਅਸੰਤੁਸ਼ਟ ਹਨ। ਅੱਜ ਅੰਮ੍ਰਿਤਸਰ ਵਿਖੇ ਇਕ ਸ਼ਹੀਦੀ ਸਮਾਰਕ ਦੇ ਉਦਘਾਟਨ ਸਮਾਗਮ 'ਚ ਪਹੁੰਚੇ ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਜੰਗ-ਏ-ਆਜ਼ਾਦੀ ਯਾਦਗਾਰ ਦੀ ਕਰਾਈ ਜਾ ਰਹੀ ਵਿਜੀਲੈਂਸ ਜਾਂਚ ਨਾਲ ਡਾ. ਹਮਦਰਦ ਦਾ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਜੇਕਰ ਇਸ ਦੀ ਉਸਾਰੀ 'ਚ ਕੋਈ ਭ੍ਰਿਸ਼ਟਾਚਾਰ ਹੋਇਆ ਵੀ ਹੈ ਤਾਂ ਇਹ ਜਾਂਚ ਸਿਰਫ਼ ਹੇਠਲੇ ਪੱਧਰ 'ਤੇ ਕੰਮ ਕਰਨ ਵਾਲੇ ਠੇਕੇਦਾਰਾਂ ਜਾਂ ਹੋਰ ਹੇਠਲੇ ਅਮਲੇ ਦੀ ਹੋਣੀ ਚਾਹੀਦੀ ਸੀ। ਡਾ. ਨਿੱਜਰ ਨੇ ਇਹ ਜ਼ੋਰ ਦੇ ਕੇ ਆਖਿਆ ਕਿ ਉਹ ਨਿੱਜੀ ਤੌਰ 'ਤੇ ਡਾ. ਬਰਜਿੰਦਰ ਸਿੰਘ ਹਮਦਰਦ ਅਤੇ ਅਦਾਰਾ 'ਅਜੀਤ' ਦਾ ਬੇਹੱਦ ਸਤਿਕਾਰ ਕਰਦੇ ਹਨ। ਇੱਥੇ ਇਹ ਜ਼ਿਕਰਯੋਗ ਹੈ ਕਿ ਡਾ. ਨਿੱਜਰ ਤੋਂ ਪਹਿਲਾਂ ਵੀ ਸੂਬਾਈ ਸਰਕਾਰ ਦੇ ਕਈ ਮੰਤਰੀ ਅਤੇ ਵਿਧਾਇਕ ਮੁੱਖ ਮੰਤਰੀ ਵਲੋਂ ਜੰਗ-ਏ-ਆਜ਼ਾਦੀ ਯਾਦਗਾਰ ਨੂੰ ਲੈ ਕੇ ਦੱਬਵੀਂ ਆਵਾਜ਼ ਵਿਚ ਮੁੱਖ ਮੰਤਰੀ ਵਲੋਂ ਕੀਤੀ ਜਾ ਰਹੀ ਸਿਆਸਤ ਅਤੇ ਅਦਾਰਾ 'ਅਜੀਤ' ਪ੍ਰਤੀ ਕੱਢੀ ਜਾ ਰਹੀ ਖੁੰਦਕ ਦੀ ਨਿੰਦਾ ਕਰ ਚੁੱਕੇ ਹਨ।
ਅਹਿਮਦਾਬਾਦ, 29 ਮਈ (ਏਜੰਸੀ)- ਇੱਥੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐਲ. ਦੇ ਫਾਈਨਲ 'ਚ ਚੇਨਈ ਸੁਪਰ ਕਿੰਗਜ਼ ਗੁਜਰਾਤ ਨੂੰ 5 ਵਿਕਟਾਂ ਨਾਲ ਹਰਾ ਕੇ 5ਵੀਂ ਵਾਰ ਆਈ.ਪੀ.ਐਲ. ਦਾ ਚੈਂਪੀਅਨ ਬਣ ਗਿਆ | ਗੁਜਰਾਤ ਨੇ ਪਹਿਲਾਂ ਖੇਡਦਿਆਂ 20 ਓਵਰਾਂ 'ਚ 4 ਵਿਕਟਾਂ 'ਤੇ 214 ਦੌੜਾਂ ਬਣਾਈਆਂ ਸਨ, ਪਰ ਮੀਂਹ ਕਾਰਨ ਡੀ.ਐਲ.ਐਸ. ਵਿਧੀ ਰਾਹੀਂ ਇਹ ਅੰਕੜਾ 171 (15 ਓਵਰ) ਦੌੜਾਂ ਦਾ ਕਰ ਦਿੱਤਾ ਗਿਆ | ਇਸ ਟੀਚੇ ਦਾ ਪਿੱਛਾ ਕਰਦਿਆਂ ਚੇਨਈ ਨੇ ਨਿਰਧਾਰਿਤ ਕੀਤੇ 15 ਓਵਰਾਂ 'ਚ 5 ਵਿਕਟਾਂ 'ਤੇ 171 ਦੌੜਾਂ ਬਣਾ ਕੇ ਮੈਚ ਜਿੱਤ ਲਿਆ | ਚੇਨਈ ਨੂੰ ਆਖਰੀ ਦੋ ਗੇਂਦਾਂ 'ਚ 10 ਦੌੜਾਂ ਦੀ ਲੋੜ ਸੀ | ਰਵਿੰਦਰ ਜਡੇਜਾ ਨੇ ਪਹਿਲੀ ਗੇਂਦ 'ਤੇ ਛੱਕਾ ਤੇ ਦੂਸਰੀ ਗੇਂਦ 'ਤੇ ਜੇਤੂ ਚੌਕਾ ਲਗਾ ਕੇ ਚੇਨਈ ਨੂੰ ਚੈਂਪੀਅਨ ਬਣਾ ਦਿੱਤਾ | ਪਹਿਲਾਂ ਖੇਡਦਿਆਂ ਗੁਜਰਾਤ ਟਾਇਟਨਜ਼ ਦੀ ਸ਼ੁਰੂਆਤ ਸ਼ਾਨਦਾਰ ਰਹੀ | ਓਪਨਰ ਰਿਧੀਮਨ ਸਾਹਾ ਨੇ 39 ਗੇਂਦਾਂ 'ਚ 54 ਦੌੜਾਂ ਦੀ ਪਾਰੀ ਖੇਡੀ, ਜਿਸ 'ਚ 5 ਚੌਕੇ ਤੇ ਇਕ ਛੱਕਾ ਸ਼ਾਮਿਲ ਰਿਹਾ | ਇਸ 'ਚ ਉਨ੍ਹਾਂ ਦਾ ਸਾਥ ਗੁਜਰਾਤ ਦੇ ਤੂਫਾਨੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਦਿੱਤਾ, ਜਿਹੜੇ ਬੇਸ਼ਕ ਅੱਜ ਵੱਡੀ ਪਾਰੀ ਖੇਡਣ ਤੋਂ ਖੁੰਝ ਗਏ, ਪਰ ਫਿਰ ਵੀ ਉਨ੍ਹਾਂ ਮਾਤਰ 20 ਗੇਂਦਾਂ 'ਚ 39 ਦੌੜਾਂ ਦਾ ਯੋਗਦਾਨ ਪਾਉਂਦਿਆਂ 7 ਚੌਕੇ ਵੀ ਲਗਾਏ | ਇਸ ਦੇ ਬਾਅਦ ਸਾਈ ਸੁਦਰਸ਼ਨ ਨੇ ਗੁਜਰਾਤ ਟੀਮ ਦੀਆਂ ਉਮੀਦਾਂ 'ਤੇ ਖਰੇ ਉਤਰਦਿਆਂ 47 ਗੇਂਦਾਂ 'ਚ 96 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਪਰ ਸੈਂਕੜੇ ਤੋਂ ਖੁੰਝ ਗਏ | ਆਪਣੀ ਪਾਰੀ 'ਚ ਉਨ੍ਹਾਂ 8 ਚੌਕੇ ਤੇ 6 ਚੱਕੇ ਵੀ ਲਗਾਏ | ਇਸ ਦੇ ਬਾਅਦ ਕਪਤਾਨ ਹਾਰਦਿਕ ਪਾਂਡਿਆ ਨੇ ਅਜੇਤੂ 21 ਦੌੜਾਂ ਦੀ ਪਾਰੀ ਖੇਡਦਿਆਂ 2 ਛੱਕੇ ਵੀ ਲਗਾਏ | ਗੁਜਰਾਤ ਟੀਮ ਨੇ ਨਿਰਧਾਰਿਤ 20 ਓਵਰਾਂ 'ਚ ਕੇਵਲ 4 ਵਿਕਟਾਂ ਗਵਾ ਕੇ 214 ਦੌੜਾਂ ਬਣਾਈਆਂ | ਚੇਨਈ ਵਲੋਂ ਮਥੀਸ਼ਾ ਪਥਿਰਾਨਾ ਨੇ 2 ਵਿਕਟਾਂ, ਰਵਿੰਦਰ ਜਡੇਜਾ ਤੇ ਦੀਪਕ ਚਾਹਰ ਨੇ ਇਕ-ਇਕ ਵਿਕਟ ਲਈ | ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉੱਤਰੀ ਚੇਨਈ ਵਲੋਂ ਓਪਨਰ ਰਿਤੂਰਾਜ ਗਾਇਕਵਾੜ (16 ਗੇਂਦਾਂ 'ਚ 26 ਦੌੜਾਂ, 3 ਚੌਕੇ, 1 ਛੱਕਾ) ਅਤੇ ਡੋਵੇਨ ਕੋਨਵੇ (25 ਗੇਂਦਾਂ 'ਚ 47 ਦੌੜਾਂ, 4 ਚੌਕੇ, 2 ਛੱਕੇ) ਦੀ ਜੋੜੀ ਨੇ ਚੇਨਈ ਨੂੰ ਦਮਦਾਰ ਸ਼ੁਰੂਆਤ ਦਿੱਤੀ | ਇਹ ਦੋਵੇਂ ਬੱਲੇਬਾਜ਼ ਨੂਰ ਅਹਿਮਦ ਹੱਥੋਂ ਆਊਟ ਹੋਏ | ਸ਼ਿਵਮ ਦੂਬੇ ਨੇ ਨਾਬਾਦ 32 ਦੌੜਾਂ ਦੀ ਪਾਰੀ ਖੇਡੀ, ਜਿਸ 'ਚ ਉਨ੍ਹਾਂ ਦਾ ਸਾਥ ਅਜਿੰਕਿਆ ਰਹਾਣੇ (13 ਗੇਂਦਾਂ 'ਚ 27 ਦੌੜਾਂ) ਨੇ ਦਿੱਤਾ | ਚੇਨਈ ਦੀ ਟੀਮ ਪਛੜ ਰਹੀ ਸੀ ਕਿ ਅੰਬਾਤੀ ਰਾਇਡੂ ਨੇ ਕੇਵਲ 8 ਗੇਂਦਾਂ 'ਚ 19 ਦੌੜਾਂ ਬਣਾ ਕੇ ਟੀਮ ਗੇਂਦਾਂ ਤੇ ਸਕੋਰਾਂ ਦਾ ਫਰਕ ਬਹੁਤ ਘੱਟ ਕਰ ਦਿੱਤਾ | ਇਸ ਦੇ ਬਾਅਦ ਆਏ ਕਪਤਾਨ ਧੋਨੀ ਬਿਨਾ ਖਾਤਾ ਖੋਲਿ੍ਹਆਂ ਆਊਟ ਹੋ ਗਏ | ਉਪਰੰਤ ਰਵਿੰਦਰ ਜਡੇਜਾ (6 ਗੇਂਦਾਂ 'ਚ 15 ਦੌੜਾਂ, 1 ਚੌਕੇ, 1 ਛੱਕਾ) ਨੇ ਟੀਮ ਜਿੱਤ ਦਿਵਾਈ | ਮੀਂਹ ਨੇ ਅੱਜ ਫਿਰ ਰਿਜ਼ਰਵ ਦਿਨ ਦੇ ਫਾਈਨਲ ਦਾ ਮਜ਼ਾ ਕਿਰਕਿਰਾ ਕਰ ਦਿੱਤਾ ਸੀ | ਜਿਸ ਦੇ ਚਲਦਿਆਂ ਮੈਚ 12.10 ਵਜੇ ਸ਼ੁਰੂ ਹੋਇਆ ਅਤੇ ਇਸ ਨੂੰ ਡੀ.ਐਲ.ਐਸ. ਵਿਧੀ ਤਹਿਤ ਛੋਟਾ ਕਰ ਦਿੱਤਾ ਗਿਆ |
3 ਸੈਂਕੜੇ, 4 ਅਰਧ ਸੈਂਕੜੇ, 33 ਛੱਕੇ, ਫਿਰ ਵੀ ਕੋਹਲੀ ਦੀ ਬਰਾਬਰੀ ਨਾ ਕਰ ਪਾਏ ਸ਼ੁਭਮਨ
ਆਈ.ਪੀ.ਐਲ. 2023 ਦੇ ਖਿਤਾਬੀ ਮੁਕਾਬਲੇ 'ਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਗੁਜਰਾਤ ਟਾਇਟਨਜ਼ ਨੂੰ ਸ਼ੁਭਮਨ ਗਿੱਲ ਨੇ ਇਕ ਵਾਰ ਫਿਰ ਦਮਦਾਰ ਸ਼ੁਰੂਆਤ ਦਿੱਤੀ | ਚੇਨਈ ਦੇ ਸਟਾਰ ਗੇਂਦਬਾਜ਼ ਚੌਥੇ ਓਵਰ 'ਚ ਤੁਸ਼ਾਰ ਦੇਸ਼ਪਾਂਡੇ ਨੂੰ ਹੈਟਿ੍ਕ ਚੌਕੇ ਜੜਦੇ ਹੋਏ ਤੂਫਾਨੀ ਆਗਾਜ਼ ਕੀਤਾ ਤਾਂ ਇਸ ਦੇ ਬਾਅਦ ਦੀਪਕ ਚਾਹਰ ਅਤੇ ਤੀਰਸ਼ਣਾ ਨੂੰ ਵੀ ਨਿਸ਼ਾਨਾ ਬਣਾਇਆ | ਟੂਰਨਾਮੈਂਟ 'ਚ ਸਭ ਤੋਂ ਤੇਜ਼ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਗਿੱਲ ਨੂੰ ਰੋਕਣਾ ਮੁਸ਼ਕਿਲ ਲੱਗ ਰਿਹਾ ਸੀ ਕਿ ਧੋਨੀ ਨੇ ਕ੍ਰਿਸ਼ਮਈ ਦਿਮਾਗ ਚਲਾਇਆ ਤੇ ਪਲਕ ਝਪਕਦਿਆਂ ਹੀ ਗਿੱਲੀਆਂ ਖਿਲਾਰ ਦਿੱਤੀਆਂ | ਸ਼ੁਭਮਨ ਗਿੱਲ 7ਵੇਂ ਓਵਰ 'ਚ ਰਵਿੰਦਰ ਜਡੇਜਾ ਦਾ ਸ਼ਿਕਾਰ ਬਣੇ | ਗਿੱਲ ਇਸ ਮੈਚ 'ਚ 39 ਦੌੜਾਂ ਬਣਾ ਪਾਏ | ਇਸ ਦੇ ਨਾਲ ਹੀ ਉਹ ਟੂਰਨਾਮੈਂਟ 'ਚ 900 ਦੌੜਾਂ ਬਣਾਉਣ ਵਾਲੇ ਦੂਸਰੇ ਬੱਲੇਬਾਜ਼ ਬਣਨ ਤੋਂ ਖੁੰਝ ਗਏ | ਗਿੱਲ ਨੇ ਇਸ ਆਈ.ਪੀ.ਐਲ. ਸੀਜ਼ਨ 'ਚ 17 ਮੈਚਾਂ 'ਚ 890 ਦੌੜਾਂ ਬਣਾਈਆਂ | 59.33 ਦੀ ਕ੍ਰਿਸ਼ਮਈ ਔਸਤ ਅਤੇ 157.80 ਦੇ ਸਟ੍ਰਾਈਕ ਰੇਟ ਨਾਲ ਉਨ੍ਹਾਂ ਬਾਕਮਾਲ ਬੱਲੇਬਾਜ਼ੀ ਕੀਤੀ, ਪਰ 10 ਦੌੜਾਂ ਨਾਲ 900 ਦੌੜਾਂ ਤੋਂ ਖੁੰਝ ਗਏ | ਜੇਕਰ ਉਹ ਇਹ ਅੰਕੜਾ ਬਣਾ ਲੈਂਦੇ ਤਾਂ ਉਹ ਵਿਰਾਟ ਕੋਹਲੀ ਦੇ ਬਾਅਦ ਅਜਿਹਾ ਕਰਨ ਵਾਲੇ ਇਕ ਆਈ.ਪੀ.ਐਲ. ਸੀਜ਼ਨ 'ਚ ਦੂਸਰੇ ਬੱਲੇਬਾਜ਼ ਹੁੰਦੇ | ਹਾਲਾਂਕਿ ਉਹ ਇਸ ਸੀਜ਼ਨ 'ਚ ਸਭ ਤੋਂ ਜਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਵਿਰਾਟ (973 ਦੌੜਾਂ, 2016 'ਚ) ਦੇ ਬਾਅਦ ਦੂਸਰੇ ਸਥਾਨ 'ਤੇ ਹਨ |
ਚੰਡੀਗੜ੍ਹ, 29 ਮਈ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਜਾਰੀ ਇਕ ਹੁਕਮ ਮੁਤਾਬਿਕ ਰਾਜ ਦੇ ਸਮੂਹ ਸਰਕਾਰੀ, ਪ੍ਰਾਈਵੇਟ, ਏਡਿਡ ਤੇ ਮਾਨਤਾ ਪ੍ਰਾਪਤ ਸਕੂਲ 1 ਜੂਨ 2023 ਤੋਂ 2 ਜੁਲਾਈ ਤੱਕ ਗਰਮੀਆਂ ਦੀਆਂ ਛੁੱਟੀਆਂ ਕਾਰਨ ਬੰਦ ਰਹਿਣਗੇ।
ਭਿੰਡ/ਨਵੀਂ ਦਿੱਲੀ, 29 ਮਈ (ਏਜੰਸੀ)-ਭਾਰਤੀ ਹਵਾਈ ਸੈਨਾ (ਆਈ.ਏ.ਐਫ.) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਵਾਈ ਸੈਨਾ ਦੇ ਅਪਾਚੇ ਅਟੈਕ ਹੈਲੀਕਾਪਟਰ ਨੂੰ ਮੱਧ ਪ੍ਰਦੇਸ਼ ਦੇ ਭਿੰਡ ਨੇੜੇ ਹੰਗਾਮੀ ਹਾਲਤ 'ਚ 'ਸਾਵਧਾਨੀਪੂਰਵਕ ਲੈਂਡਿੰਗ' ਕਰਵਾਉਣੀ ਪਈ ਹੈ ਅਤੇ ਇਸ ਦੌਰਾਨ ਕੋਈ ...
ਸ੍ਰੀਨਗਰ, 29 ਮਈ (ਏਜੰਸੀ)-ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਸੋਮਵਾਰ ਨੂੰ ਅੱਤਵਾਦੀਆਂ ਨੇ ਊਧਮਪੁਰ ਨਿਵਾਸੀ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਕਸ਼ਮੀਰ ਜ਼ੋਨ ਦੀ ਪੁਲਿਸ ਨੇ ਟਵੀਟ ਕਰਦਿਆਂ ਦੱਸਿਆ ਕਿ ਅੱਤਵਾਦੀਆਂ ਨੇ ਜੰਗਲਾਤ ਮੰਡੀ ਨੇੜੇ ...
ਨਵੀਂ ਦਿੱਲੀ, 29 ਮਈ (ਪੀ.ਟੀ.ਆਈ.)-ਰਾਜਸਥਾਨ ਦੀ ਸਿਆਸਤ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਵਿਚਕਾਰ ਸੁਲ੍ਹਾ ਹੋ ਗਈ ਹੈ। ਪਾਰਟੀ ਹਾਈਕਮਾਂਨ ਨਾਲ ਲਗਪਗ 4 ਘੰਟੇ ਚੱਲੀ ਲੰਬੀ ...
ਜਲੰਧਰ, 29 ਮਈ (ਅਜੀਤ ਬਿਊਰੋ)-ਸਾਬਕਾ ਕੇੇਂਦਰੀ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਨੇ ਕਿਹਾ ਹੈ ਕਿ ਆਜ਼ਾਦੀ ਦੇ ਸੰਘਰਸ਼ 'ਚ ਯੋਗਦਾਨ ਪਾਉਣ ਵਾਲਿਆਂ ਨੂੰ ਸਮਰਪਿਤ ਬਣਾਈ ਗਈ ਜੰਗ-ਏ-ਆਜ਼ਾਦੀ ਯਾਦਗਾਰ ਦੇ ਸੰਬੰਧ 'ਚ ਪੰਜਾਬ ਵਿਜੀਲੈਂਸ ਵਲੋਂ ਪੰਜਾਬ ਦੇ ਸਭ ਤੋਂ ਹਰਮਨ ਪਿਆਰੇ ...
ਹਰਕਵਲਜੀਤ ਸਿੰਘ
ਚੰਡੀਗੜ੍ਹ, 29 ਮਈ-ਕੇਂਦਰ ਵਿਚਲੀ ਮੋਦੀ ਸਰਕਾਰ ਵਲੋਂ ਦਿੱਲੀ ਰਾਜ ਵਿਚ ਕੇਜਰੀਵਾਲ ਸਰਕਾਰ ਦੀਆਂ ਤਾਕਤਾਂ 'ਤੇ ਅੰਕੁਸ਼ ਲਗਾਉਣ ਲਈ ਜਾਰੀ ਕੀਤੇ ਗਏ ਆਰਡੀਨੈਂਸ ਨੂੰ ਸੰਸਦ ਦੀ ਪ੍ਰਵਾਨਗੀ ਰੁਕਵਾਉਣ ਲਈ ਅਰਵਿੰਦ ਕੇਜਰੀਵਾਲ ਵਲੋਂ ਕੌਮੀ ਪੱਧਰ 'ਤੇ ਗੈਰ ...
ਨਵੀਂ ਦਿੱਲੀ, 29 ਮਈ (ਏਜੰਸੀ)- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਉਸ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ, ਜਿਸ 'ਚ ਭਾਰਤੀ ਇੰਸਟੀਚਿਊਟ ਆਫ ਟੈਕਨਾਲੋਜੀ (ਆਈ.ਆਈ.ਟੀ) 'ਚ ਦਾਖਲੇ ਲਈ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ 'ਚੋਂ 75 ਫ਼ੀਸਦੀ ਅੰਕਾਂ ਦੀ ਯੋਗਤਾ ਦੇ ਮਾਪਦੰਡ ਨੂੰ ਚੁਣੌਤੀ ...
ਨਵੀਂ ਦਿੱਲੀ, 29 ਮਈ (ਜਗਤਾਰ ਸਿੰਘ)-ਉੱਤਰ ਪੱਛਮੀ ਦਿੱਲੀ ਦੇ ਸ਼ਾਹਬਾਦ ਡੇਅਰੀ ਖੇਤਰ 'ਚ ਵੱਡੀ ਗਿਣਤੀ 'ਚ ਲੋਕਾਂ ਦੀ ਮੌਜੂਦਗੀ 'ਚ ਇਕ 16 ਸਾਲਾ ਲੜਕੀ ਸਾਕਸ਼ੀ 'ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕਰਨ ਤੋਂ ਬਾਅਦ ਉਸ ਨੂੰ ਪੱਥਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਘਟਨਾ ...
ਨਵੀਂ ਦਿੱਲੀ, 29 ਮਈ (ਜਗਤਾਰ ਸਿੰਘ)-ਬੀਤੇ ਕੱਲ੍ਹ ਜੰਤਰ-ਮੰਤਰ ਵਿਖੇ ਪਹਿਲਵਾਨਾਂ ਤੇ ਪੁਲਿਸ ਵਿਚਕਾਰ ਧੱਕਾ-ਮੁੱਕੀ ਤੇ ਤਕਰਾਰਬਾਜ਼ੀ ਤੋਂ ਬਾਅਦ ਦਿੱਲੀ ਪੁਲਿਸ ਵਲੋਂ ਉਨ੍ਹਾਂ ਨੂੰ ਹਿਰਾਸਤ 'ਚ ਲੈ ਕੇ ਐਫ.ਆਈ.ਆਰ. ਦਰਜ ਕੀਤੀ ਗਈ ਤੇ ਨਾਲ ਹੀ ਧਰਨਾ ਵੀ ਖ਼ਤਮ ਕਰਾ ਦਿੱਤਾ ...
ਨਵੀਂ ਦਿੱਲੀ, 29 ਮਈ (ਏਜੰਸੀ)-ਫ਼ੌਜ ਨੇ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕਾਂ ਦੇ ਅੰਤਰਰਾਸ਼ਟਰੀ ਦਿਵਸ ਦੀ 75ਵੀਂ ਵਰ੍ਹੇਗੰਢ ਮੌਕੇ ਰਾਸ਼ਟਰੀ ਜੰਗੀ ਯਾਦਗਾਰ 'ਤੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਫ਼ੌਜ ਦੇ ਮੁਖੀ ...
ਇੰਫ਼ਾਲ, 29 ਮਈ (ਪੀ.ਟੀ.ਆਈ.)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਦੁਪਹਿਰ ਤੋਂ ਬਾਅਦ ਮਨੀਪੁਰ ਪਹੁੰਚ ਗਏ। ਉਨ੍ਹਾਂ ਦੇ ਮਨੀਪੁਰ ਪਹੁੰਚਣ 'ਤੇ ਥਾਂ-ਥਾਂ ਸਵਾਗਤ ਦੇ ਬੈਨਰ ਲੱਗੇ ਹੋਏ ਸਨ। ਦੋਵੇਂ ਹੀ ਭਾਈਚਾਰਿਆਂ ਵਲੋਂ ਬੈਨਰ ਲਗਾ ਕੇ ਕੇਂਦਰੀ ਗ੍ਰਹਿ ਮੰਤਰੀ ਦਾ ...
ਨਵੀਂ ਦਿੱਲੀ, 29 ਮਈ (ਜਗਤਾਰ ਸਿੰਘ)-ਦਿੱਲੀ ਹਾਈ ਕੋਰਟ ਨੇ ਭਾਰਤੀ ਰਿਜ਼ਰਵ ਬੈਂਕ ਤੇ ਭਾਰਤੀ ਸਟੇਟ ਬੈਂਕ ਦੇ ਅਜਿਹੇ ਨੋਟੀਫਿਕੇਸ਼ਨਾਂ ਨੂੰ ਚੁਣੌਤੀ ਦੇਣ ਵਾਲੀ ਇਕ ਜਨਹਿਤ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ, ਜਿਸ 'ਚ ਕਿਸੇ ਆਈ.ਡੀ. ਪਰੂਫ ਦੇ ਬਗੈਰ 2000 ਰੁਪਏ ਦੇ ਨੋਟਾਂ ਨੂੰ ...
ਗੁਹਾਟੀ, 29 ਮਈ (ਏਜੰਸੀ)-ਗੁਹਾਟੀ 'ਚ ਸੋਮਵਾਰ ਸਵੇਰੇ ਵਾਪਰੇ ਇਕ ਸੜਕ ਹਾਦਸੇ 'ਚ ਆਸਾਮ ਇੰਜੀਨੀਅਰਿੰਗ ਕਾਲਜ ਦੇ 7 ਵਿਦਿਆਰਥੀਆਂ ਦੀ ਮੌਤ ਹੋ ਗਈ ਤੇ 6 ਹੋਰ ਜ਼ਖ਼ਮੀ ਹੋ ਗਏ ਹਨ। ਪੁਲਿਸ ਨੇ ਦੱਸਿਆ ਕਿ ਅੱਜ ਤੜਕੇ ਇੰਜੀਨੀਅਰਿੰਗ ਦੇ ਤੀਜੇ ਸਾਲ ਦੇ 10 ਵਿਦਿਆਰਥੀ ਕਾਲਜ ਤੋਂ ਕਾਰ ...
ਸ਼ਿਮਲਾ, 29 ਮਈ (ਏਜੰਸੀ)-ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕੇਂਦਰੀ ਬਿਜਲੀ ਮੰਤਰੀ ਆਰ.ਕੇ. ਸਿੰਘ ਨਾਲ ਦਿੱਲੀ 'ਚ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਸ਼ਾਨਨ ਹਾਈਡਲ ਪ੍ਰਾਜੈਕਟ ਹਿਮਾਚਲ ਪ੍ਰਦੇਸ਼ ਸੌਂਪਣ ਲਈ ਪੰਜਾਬ ਸਰਕਾਰ ਨੂੰ ਲੋੜੀਂਦੇ ...
ਮੈਸੂਰ, 29 ਮਈ (ਏਜੰਸੀ)- ਮੈਸੂਰ ਨੇੜੇ ਟੀ. ਨਰਸੀਪੁਰਾ ਸੜਕ 'ਤੇ ਸੋਮਵਾਰ ਨੂੰ ਇਕ ਇਨੋਵਾ ਕਾਰ ਤੇ ਨਿੱਜੀ ਬੱਸ ਵਿਚਾਲੇ ਸਿੱਧੀ ਟੱਕਰ ਹੋਣ ਨਾਲ 2 ਬੱਚਿਆਂ ਸਮੇਤ 10 ਲੋਕ ਮਾਰੇ ਗਏ ਤੇ 3 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਤਿਰੂਮਕੁਡਲੂ-ਟੀ. ਨਰਸੀਪੁਰਾ ਸੜਕ 'ਤੇ ਇਨੋਵਾ ...
ਨਵੀਂ ਦਿੱਲੀ, 29 ਮਈ (ਏਜੰਸੀ)- ਸੀ.ਬੀ.ਆਈ. ਨੇ ਭਾਰਤੀ ਹਵਾਈ ਫੌਜ ਤੇ ਜਲ ਸੈਨਾ 'ਚ ਹਾਕ 115 ਅੱਡਵਾਂਸਡ ਜੈੱਟ ਟਰੇਨਰ ਹਵਾਈ ਜਹਾਜ਼ਾਂ ਦੀ ਖਰੀਦ 'ਚ ਰਿਸ਼ਵਤਖੋਰੀ ਦੇ ਦੋਸ਼ਾਂ ਤਹਿਤ ਬ੍ਰਿਟਿਸ਼ ਏਅਰੋਸਪੇਸ ਤੇ ਰੱਖਿਆ ਕੰਪਨੀ ਰੋਲਸ ਰਾਇਸ ਪੀ.ਐਲ.ਸੀ., ਇਸ ਦੇ ਉੱਚ ਅਧਿਕਾਰੀਆਂ ਤੇ ...
ਨਵੀਂ ਦਿੱਲੀ, 29 ਮਈ (ਏਜੰਸੀ)- ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੋਮਵਾਰ ਨੂੰ ਭਾਰਤ ਦੌਰੇ 'ਤੇ ਆਏ ਬ੍ਰਿਟਿਸ਼ ਮੰਤਰੀ ਲਾਰਡ ਤਾਰਿਕ ਅਹਿਮਦ ਨੂੰ ਬ੍ਰਿਟੇਨ ਸਥਿਤ ਭਾਰਤੀ ਰਾਜਦੂਤਕ ਮਿਸ਼ਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਜਮਹੂਰੀ ਆਜ਼ਾਦੀ ਦੀ ਦੁਰਵਰਤੋਂ ਨੂੰ ਰੋਕਣ ...
ਧੰਨਬਾਦ (ਝਾਰਖੰਡ), 29 ਮਈ (ਪੀ. ਟੀ. ਆਈ.)-ਸਥਾਨਕ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਝਾਰਖੰਡ ਦੇ ਧੰਨਬਾਦ ਜ਼ਿਲ੍ਹੇ 'ਚ ਅੱਜ ਬਿਜਲੀ ਦਾ ਖੰਭਾ ਲਗਾਉਣ ਦੌਰਾਨ ਇਹ ਖੰਭਾ ਇਕ ਹਾਈ ਵੋਲਟੇਜ਼ ਤਾਰ 'ਤੇ ਡਿੱਗ ਗਿਆ, ਜਿਸ ਕਾਰਨ ਇਸ ਦੀ ਲਪੇਟ 'ਚ ਆਉਣ ਨਾਲ 6 ਮਜ਼ਦੂਰਾਂ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX