ਜਲੰਧਰ : ਮੰਗਲਵਾਰ 26 ਫੱਗਣ ਸੰਮਤ 552
ਵਿਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। -ਨੀਤੀ ਵਚਨ

ਤਾਜ਼ਾ ਖ਼ਬਰਾਂ

ਨਵੀਂ ਦਿੱਲੀ/ਚੰਡੀਗੜ੍ਹ, 22 ਜਨਵਰੀ- ਗਣਤੰਤਰ ਦਿਵਸ ਮੌਕੇ ਇਸ ਵਾਰ ਪੰਜਾਬ ਦੀ ਝਾਕੀ, ਸਦੀਵੀ ਮਾਨਵੀ ਕਦਰਾਂ-ਕੀਮਤਾਂ, ਧਾਰਮਿਕ ਸਹਿ - ਹੋਂਦ ਅਤੇ ਧਰਮ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਦੀ ਖ਼ਾਤਰ ਆਪਣਾ ਮਹਾਨ ਜੀਵਨ ਕੁਰਬਾਨ ਕਰਨ ਵਾਲੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਦ੍ਰਿਸ਼ਮਾਨ ਕਰੇਗੀ। ਫੁੱਲ ਡਰੈੱਸ ਰਿਹਰਸਲ ਤੋਂ ਪਹਿਲਾਂ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਅੰਮ੍ਰਿਤਸਰ ਵਿਖੇ 1 ਅਪ੍ਰੈਲ, 1621 ਨੂੰ ਪ੍ਰਕਾਸ਼ ਧਾਰਿਆ। ਮੁਗ਼ਲਾਂ ਵਿਰੁੱਧ ਲੜਾਈ ਦੌਰਾਨ ਬਹਾਦਰੀ ਦਿਖਾਉਣ ਕਰਕੇ ਨੌਵੇਂ ਪਾਤਸ਼ਾਹ ਨੂੰ ਉਨ੍ਹਾਂ ਦੇ ਪਿਤਾ ਅਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਤੇਗ਼ ਬਹਾਦਰ (ਤਲਵਾਰ ਦੇ ਧਨੀ) ਦਾ ਨਾਮ ਦਿੱਤਾ। 'ਹਿੰਦ ਦੀ ਚਾਦਰ' ਵਜੋਂ ਜਾਣੇ ਜਾਂਦੇ ਮਹਾਨ ਦਾਰਸ਼ਨਿਕ, ਅਧਿਆਤਮਕ ਰਹਿਨੁਮਾ ਅਤੇ ਕਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 57 ਸਲੋਕਾਂ ਸਮੇਤ 15 ਰਾਗਾਂ 'ਚ ਗੁਰਬਾਣੀ ਰਚੀ, ਜਿਸ ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਸ਼ਾਮਿਲ ਕੀਤਾ । ਨੌਵੇਂ ਪਾਤਸ਼ਾਹ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨੁੱਖਤਾ ਪ੍ਰਤੀ ਪ੍ਰੇਮ-ਪਿਆਰ, ਅਮਨ, ਬਰਾਬਰੀ ਅਤੇ ਭਾਈਚਾਰਕ ਸਾਂਝ ਦੇ ਸਦੀਵੀ ਸੰਦੇਸ਼ ਦਾ ਪ੍ਰਚਾਰ ਕਰਨ ਹਿੱਤ ਦੂਰ-ਦੁਰਾਡੇ ਤੱਕ ਯਾਤਰਾਵਾਂ ਕੀਤੀਆਂ ।ਔਰੰਗਜ਼ੇਬ ਦੀ ਕੱਟੜ ਧਾਰਮਿਕ ਨੀਤੀ ਅਤੇ ਜ਼ੁਲਮ ਦਾ ਸਾਹਮਣਾ ਕਰ ਰਹੇ ਕਸ਼ਮੀਰੀ ਪੰਡਤਾਂ ਦੀ ਗਾਥਾ ਸੁਣ ਕੇ ਗੁਰੂ ਸਾਹਿਬ ਨੇ ਮੁਗ਼ਲ ਬਾਦਸ਼ਾਹ ਨੂੰ ਵੰਗਾਰਿਆ। ਇਸਲਾਮ ਕਬੂਲਣ ਤੋਂ ਇਨਕਾਰ ਕਰਨ 'ਤੇ ਮੁਗ਼ਲ ਬਾਦਸ਼ਾਹ ਦੇ ਹੁਕਮ 'ਤੇ ਨੌਵੇਂ ਪਾਤਸ਼ਾਹ ਨੂੰ 11 ਨਵੰਬਰ , 1675 ਨੂੰ ਚਾਂਦਨੀ ਚੌਕ, ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਗਿਆ। ਬੁਲਾਰੇ ਨੇ ਦੱਸਿਆ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਵੇਂ ਪ੍ਰਕਾਸ਼ ਪੁਰਬ ਨੂੰ ਦਰਸਾਉਂਦੀ ਸਮੁੱਚੀ ਝਾਕੀ ਚਾਰ-ਚੁਫੇਰੇ ਰੂਹਾਨੀਅਤ ਦਾ ਪਾਸਾਰ ਕਰੇਗੀ । ਟਰੈਕਟਰ ਵਾਲੇ ਅਗਲੇ ਹਿੱਸੇ 'ਤੇ ਪਾਵਨ ਪਾਲਕੀ ਸਾਹਿਬ ਸੁਸ਼ੋਭਿਤ ਹੋਵੇਗੀ । ਟਰੇਲਰ ਵਾਲੇ ਹਿੱਸੇ ਦੇ ਸ਼ੁਰੂ 'ਚ 'ਪ੍ਰਭਾਤ ਫੇਰੀ' ਦਰਸਾਈ ਜਾਵੇਗੀ ਅਤੇ ਸੰਗਤ ਕੀਰਤਨ ਕਰਦੀ ਵਿਖਾਈ ਦੇਵੇਗੀ । ਟਰੇਲਰ ਦੇ ਆਖ਼ਰੀ ਹਿੱਸੇ 'ਚ ਗੁਰਦੁਆਰਾ ਸੀ ਰਕਾਬ ਗੰਜ ਸਾਹਿਬ ਨੂੰ ਦਰਸਾਇਆ ਗਿਆ ਹੈ, ਜੋ ਉਸ ਥਾਂ ਉਸਾਰਿਆ ਗਿਆ ਹੈ, ਜਿੱਥੇ ਭਾਈ ਲੱਖੀ ਸ਼ਾਹ ਵਣਜਾਰਾ ਜੀ ਅਤੇ ਉਨ੍ਹਾਂ ਦੇ ਪੁੱਤਰ ਭਾਈ ਨਗਾਹੀਆ ਜੀ ਨੇ ਗੁਰੂ ਸਾਹਿਬ ਦੇ ਬਿਨਾਂ ਸੀਸ ਦੇ ਧੜ ਦਾ ਸਸਕਾਰ ਕਰਨ ਲਈ ਆਪਣਾ ਘਰ ਸਾੜ ਦਿੱਤਾ ਸੀ। ਇੱਥੇ ਇਹ ਦੱਸਣਾ ਯੋਗ ਹੋਵੇਗਾ ਕਿ ਪੰਜਾਬ ਦੀ ਝਾਕੀ ਨੂੰ ਲਗਾਤਾਰ ਪੰਜਵੇਂ ਸਾਲ ਗਣਤੰਤਰ ਦਿਵਸ ਪਰੇਡ ਲਈ ਚੁਣਿਆ ਗਿਆ ਹੈ । ਸਾਲ 2019 'ਚ ਪੰਜਾਬ ਦੀ ਝਾਕੀ ਨੇ ਸ਼ਾਨਦਾਰ ਪ੍ਰਾਪਤੀ ਦਰਜ ਕਰਦਿਆਂ ਤੀਜਾ ਸਥਾਨ ਜਿੱਤਿਆ ਸੀ।

 

ਖ਼ਬਰ ਸ਼ੇਅਰ ਕਰੋ

 

2021-01-22 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377