ਜਲੰਧਰ : ਸੋਮਵਾਰ 20 ਹਾੜ ਸੰਮਤ 554
ਵਿਚਾਰ ਪ੍ਰਵਾਹ: ਫ਼ਿਰਕੂਪੁਣੇ ਦਾ ਲੰਮੇ ਸਮੇਂ ਤੱਕ ਕਾਇਮ ਰਹਿਣਾ ਮੌਤ ਦੇ ਘੇਰੇ ਵਿਚ ਰਹਿਣ ਦੇ ਸਮਾਨ ਹੈ। ਫਰਾਂਸਿਸੋ ਚੇਫਰ

ਤਾਜ਼ਾ ਖ਼ਬਰਾਂ

ਚੰਡੀਗੜ੍ਹ, 18 ਮਈ(ਵਿਕਰਮਜੀਤ ਸਿੰਘ ਮਾਨ ) - ਪੰਜਾਬ ਕਾਂਗਰਸ ਦੇ ਵਫ਼ਦ ਨੇ ਅੱਜ ਡੀਜੀਪੀ ਨੂੰ ਮਿਲ ਕੇ ਸੂਬੇ ਚ ਵਿਗੜ ਰਹੀ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਤੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਖ਼ਿਲਾਫ਼ ਸਿਆਸੀ ਦੁਸ਼ਮਣੀ ਕੱਢਣ ਲਈ ਪੁਲੀਸ ਦੀ ਦੁਰਵਰਤੋਂ ਕਰਦਿਆਂ ਝੂਠੇ ਕੇਸ ਦਰਜ ਕਰਨ ਤੇ ਗੰਭੀਰ ਚਿੰਤਾ ਪ੍ਰਗਟਾਈ ਹੈ।
ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਇਕ ਵਫ਼ਦ, ਜਿਸ ਚ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ, ਪ੍ਰਦੇਸ਼ ਕਾਂਗਰਸ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ, ਮੀਤ ਪ੍ਰਧਾਨ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਡਿਪਟੀ ਲੀਡਰ ਡਾ ਰਾਜ ਕੁਮਾਰ ਚੱਬੇਵਾਲ ਮੌਜੂਦ ਸਨ, ਨੇ ਪੰਜਾਬ ਦੇ ਡੀਜੀਪੀ ਵੀਕੇ ਭੰਵਰਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸੂਬੇ ਚ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਤੋਂ ਜਾਣੂ ਕਰਵਾਇਆ।
ਵਫ਼ਦ ਨੇ ਕਿਹਾ ਕਿ ਬੀਤੇ ਦੋ ਮਹੀਨਿਆਂ ਚ ਪੰਜਾਬ ਅੰਦਰ ਕਾਨੂੰਨ ਤੇ ਵਿਵਸਥਾ ਦੀ ਹਾਲਤ ਚਿੰਤਾਜਨਕ ਸਥਿਤੀ ਚ ਪਹੁੰਚ ਚੁੱਕੀ ਹੈ। ਹੱਤਿਆ ਤੇ ਲੁੱਟਖੋਹ ਦੀਆਂ ਵਾਰਦਾਤਾਂ ਰੋਜਾਨਾ ਦੀਆਂ ਗੱਲਾਂ ਬਣ ਚੁੱਕੀਆਂ ਹਨ। ਇਸ ਤੋਂ ਇਲਾਵਾ, ਹਾਲ ਹੀ ਚ ਇੰਟੈਲੀਜੈਂਸ ਦੇ ਮੁੱਖ ਦਫਤਰ ਤੇ ਹੋਏ ਰਾਕੇਟ ਹਮਲੇ ਨੇ ਲੋਕਾਂ ਅੰਦਰ ਅਸੁਰੱਖਿਆ ਤੇ ਡਰ ਦੀ ਭਾਵਨਾ ਨੂੰ ਹੋਰ ਵਧਾ ਦਿੱਤਾ ਹੈ।
ਵਫ਼ਦ ਨੇ ਡੀਜੀਪੀ ਨੂੰ ਕਿਹਾ ਕਿ ਲੋਕਾਂ ਚ ਇਹ ਆਮ ਰਾਏ ਬਣ ਚੁੱਕੀ ਹੈ ਕਿ ਪੰਜਾਬ ਸਰਕਾਰ ਤੇ ਖਾਸ ਕਰਕੇ ਪੁਲੀਸ ਨੇ ਆਪਣੀਆਂ ਪ੍ਰਾਥਮਿਕਤਾਵਾਂ ਨੂੰ ਸਹੀ ਨਹੀਂ ਪਛਾਣਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਸ ਦੀ ਵਰਤੋਂ ਕਾਨੂੰਨ ਅਤੇ ਵਿਵਸਥਾ ਨੂੰ ਕਾਇਮ ਰੱਖਣ ਦੀ ਬਜਾਏ ਸਿਆਸੀ ਵਿਰੋਧੀਆਂ ਖ਼ਿਲਾਫ਼ ਦੁਸ਼ਮਣੀ ਕੱਢਣ ਲਈ ਕੀਤੀ ਜਾ ਰਹੀ ਹੈ।
ਸੂਬਾ ਕਾਂਗਰਸ ਆਗੂਆਂ ਨੇ ਕਿਹਾ ਕਿ ਕਈ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੂੰ ਸਿਰਫ ਇਸ ਲਈ ਝੂਠੇ ਆਧਾਰ ਤੇ ਨਾਮਜ਼ਦ ਕੀਤਾ ਗਿਆ ਹੈ, ਕਿਉਂਕਿ ਉਨ੍ਹਾਂ ਨੇ ਇਨ੍ਹਾਂ ਦੇ ਗਲਤ ਕੰਮਾਂ ਦਾ ਖੁਲਾਸਾ ਕਰਨ ਦੀ ਕੋਸ਼ਿਸ਼ ਕੀਤੀ ਸੀ।
ਉਨ੍ਹਾਂ ਨੇ ਪੰਜਾਬ ਪੁਲੀਸ ਤੇ ਪੂਰਾ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਪੰਜਾਬ ਪੁਲਸ ਦੀ ਕਾਬਲੀਅਤ ਤੇ ਪੂਰਾ ਭਰੋਸਾ ਹੈ। ਪੰਜਾਬ ਪੁਲੀਸ ਦਾ ਮਹਾਨ ਅਤੇ ਬਹਾਦਰੀ ਭਰਿਆ ਰਿਕਾਰਡ ਤੇ ਬਲੀਦਾਨ ਦਾ ਇਤਿਹਾਸ ਹੈ। ਪੰਜਾਬ ਤੋਂ ਅਤਿਵਾਦ ਦਾ ਖ਼ਾਤਮਾ ਕਰਨ ਦੀ ਇਸਦੀ ਪ੍ਰਾਪਤੀ ਦਾ ਕੋਈ ਮੁਕਾਬਲਾ ਨਹੀਂ ਹੈ। ਸਾਡਾ ਮੰਨਣਾ ਹੈ ਕਿ ਜੇਕਰ ਪੁਲੀਸ ਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਨ ਦਿੱਤਾ ਜਾਵੇ, ਤਾਂ ਪੰਜਾਬ ਚ ਪੂਰੀ ਤਰ੍ਹਾਂ ਸ਼ਾਂਤੀ ਹੋਵੇਗੀ।
ਆਗੂਆਂ ਨੇ ਡੀਜੀਪੀ ਨੂੰ ਵਿਅਕਤੀਗਤ ਤੌਰ ਤੇ ਅਪੀਲ ਕਰਦਿਆਂ ਕਿਹਾ ਕਿ ਦੇਸ਼ ਦੀ ਸਭ ਤੋਂ ਪ੍ਰੋਫੈਸ਼ਨਲ ਅਤੇ ਕਾਬਿਲ ਫੋਰਸ ਦਾ ਮੁਖੀ ਹੋਣ ਦੇ ਚਲਦਿਆਂ, ਤੁਹਾਨੂੰ ਆਪਣੀ ਫੋਰਸ ਦੀ ਦੁਰਵਰਤੋਂ ਤੇ ਸੋਸ਼ਣ ਨਹੀਂ ਹੋਣ ਦੇਣਾ ਚਾਹੀਦਾ ਹੈ। ਜਦੋਂ ਸਾਰੀਆਂ ਚੀਜ਼ਾਂ ਸਹੀ ਤਰੀਕੇ ਨਾਲ ਕੰਮ ਕਰਨਗੀਆਂ ਤਾਂ ਇਸ ਚ ਕੋਈ ਸ਼ੱਕ ਨਹੀਂ ਹੈ ਕਿ ਸੂਬੇ ਅੰਦਰ ਸ਼ਾਂਤੀ ਹੋਵੇਗੀ।
ਹਾਲਾਤਾਂ ਦੇ ਠੀਕ ਨਾ ਹੋਣ ਦਾ ਜ਼ਿਕਰ ਕਰਦਿਆਂ, ਪਾਰਟੀ ਨੇ ਕਿਹਾ ਕਿ ਅਸਲੀਅਤ ਤਾਂ ਇਹ ਹੈ ਕਿ ਪੰਜਾਬ ਸਰਕਾਰ ਨੇ ਕੇਂਦਰ ਨੂੰ 10 ਵਾਧੂ ਕੰਪਨੀਆਂ ਨਿਯੁਕਤ ਕਰਨ ਨੂੰ ਕਿਹਾ ਹੈ, ਜੋ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਸੂਬੇ ਅੰਦਰ ਕਾਨੂੰਨ ਤੇ ਵਿਵਸਥਾ ਦੀ ਕੀ ਸਥਿਤੀ ਹੈ।
ਇਸ ਦੌਰਾਨ ਕਾਂਗਰਸੀ ਆਗੂਆਂ ਨੇ ਡੀਜੀਪੀ ਨੂੰ ਭਰੋਸਾ ਦਿੱਤਾ ਕਿ ਕਿ ਸੂਬੇ ਦੇ ਹਿੱਤਾਂ ਦੀ ਰਾਖੀ ਲਈ ਕਾਂਗਰਸ ਪਾਰਟੀ ਹਮੇਸ਼ਾ ਅੱਗੇ ਰਹੇਗੀ।
ਵਫ਼ਦ ਵੱਲੋਂ ਡੀਜੀਪੀ ਦੇ ਧਿਆਨ ਚ ਸੂਬਾ ਕਾਂਗਰਸ ਦੇ ਆਗੂਆਂ ਟੀਨਾ ਚੌਧਰੀ, ਸਕੱਤਰ ਪੀਸੀਸੀ ਅਤੇ ਗੁਲਸ਼ਨ ਕੁਮਾਰ, ਜ਼ਿਲ੍ਹਾ ਪ੍ਰਧਾਨ ਸੇਵਾਦਲ ਪਠਾਨਕੋਟ ਦੇ ਖ਼ਿਲਾਫ਼ ਝੂਠੇ ਕੇਸ ਦਰਜ ਕੀਤੇ ਜਾਣ ਦਾ ਜ਼ਿਕਰ ਵੀ ਕੀਤਾ।
ਵਫ਼ਦ ਨੇ ਡੀਜੀਪੀ ਨੇ ਦੱਸਿਆ ਕਿ ਇਹ ਕੇਸ ਪੂਰੀ ਤਰ੍ਹਾਂ ਨਾਲ ਸਿਆਸਤ ਤੋਂ ਪ੍ਰੇਰਿਤ ਹੋ ਕੇ ਦਰਜ ਕੀਤੇ ਗਏ ਹਨ,
ਡੀਜੀਪੀ ਨੂੰ ਝੂਠੇ ਕੇਸ ਦਰਜ ਕਰਨ ਖ਼ਿਲਾਫ਼ ਐਸਐਚਓਜ ਨੂੰ ਸਖ਼ਤ ਨਿਰਦੇਸ਼ ਦੇਣ ਦੀ ਅਪੀਲ ਵੀ ਕੀਤੀ ਗਈ।
ਵਫ਼ਦ ਵਿਚ ਹੋਰਨਾਂ ਤੋਂ ਇਲਾਵਾ, ਦਰਸ਼ਨ ਸਿੰਘ ਬਰਾੜ, ਹਰਮਿੰਦਰ ਸਿੰਘ ਗਿੱਲ, ਕਾਕਾ ਲੋਹਗੜ੍ਹ, ਦਵਿੰਦਰ ਘੁਬਾਇਆ ਅਤੇ ਕੁਲਬੀਰ ਸਿੰਘ ਜ਼ੀਰਾ ਵੀ ਮੌਜੂਦ ਰਹੇ।

 

ਖ਼ਬਰ ਸ਼ੇਅਰ ਕਰੋ

 

2022-05-18 ਦੀਆਂ ਹੋਰ ਖਬਰਾਂ

 
 

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX