JALANDHAR WEATHER

ਸੁਨਾਮ : ਪਤਨੀ ਨੇ ਹੀ ਆਸ਼ਿਕ ਨਾਲ ਮਿਲ ਕੇ ਪਤੀ ਦਾ ਕਰਵਾਇਆ ਕਤਲ, ਦੋਵੇਂ ਦੋਸ਼ੀ ਗ੍ਰਿਫਤਾਰ

ਸੁਨਾਮ, ਊਧਮ ਸਿੰਘ ਵਾਲਾ, 23 ਅਪ੍ਰੈਲ (ਸਰਬਜੀਤ ਸਿੰਘ ਧਾਲੀਵਾਲ)-ਬੀਤੇ ਦਿਨ ਸੁਨਾਮ 'ਚ ਹੋਏ ਇਕ ਟਰੱਕ ਡਰਾਈਵਰ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਸੁਨਾਮ ਪੁਲਿਸ ਵਲੋਂ ਇਸ ਮਾਮਲੇ ਵਿਚ ਮ੍ਰਿਤਕ ਦੀ ਪਤਨੀ ਅਤੇ ਉਸਦੇ ਆਸ਼ਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ. ਐਸ. ਪੀ. ਸੁਨਾਮ ਮਨਦੀਪ ਸਿੰਘ ਨੇ ਦੱਸਿਆ ਕਿ 20 ਅਪ੍ਰੈਲ ਦੀ ਰਾਤ ਨੂੰ ਡਰਾਈਵਰ ਜਸਵੀਰ ਸਿੰਘ ਜੱਸਾ ਵਾਸੀ ਕੱਚਾ ਪਹਾ ਸੁਨਾਮ ਦਾ ਅਣਪਛਾਤੇ ਵਿਅਕਤੀਆਂ ਵਲੋਂ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਸੰਬੰਧੀ ਮ੍ਰਿਤਕ ਦੀ ਪਤਨੀ ਚਰਨਜੀਤ ਕੌਰ ਦੇ ਬਿਆਨਾਂ ਦੇ ਆਧਾਰ ਉਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਮਾਮਲਾ ਸ਼ੱਕੀ ਲੱਗਣ ਉਤੇ ਇੰਸਪੈਕਟਰ ਸੁਖਦੀਪ ਸਿੰਘ ਐਸ.ਐਸ.ਓ. ਸ਼ਹਿਰੀ ਸੁਨਾਮ ਅਤੇ ਸੀ. ਆਈ. ਏ. ਸਟਾਫ ਲੱਡਾ ਕੋਠੀ ਦੀ ਟੀਮ ਅਤੇ ਟੈਕਨੀਕਲ ਸਟਾਫ ਵਲੋਂ ਡੂੰਘਾਈ ਨਾਲ ਕੀਤੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਚਰਨਜੀਤ ਕੌਰ ਦੇ ਸੁਨਾਮ ਦੇ ਹੀ ਰਹਿਣ ਵਾਲੇ ਨਿਰਮਲ ਸਿੰਘ ਨਾਂਅ ਦੇ ਵਿਅਕਤੀ ਨਾਲ ਨਾਜਾਇਜ਼ ਸੰਬੰਧ ਸਨ ਜੋ ਕਿ ਮ੍ਰਿਤਕ ਜਸਵੀਰ ਸਿੰਘ ਦੇ ਘਰ ਦੁੱਧ ਪਾਉਣ ਆਉਂਦਾ ਸੀ। ਇਨ੍ਹਾਂ ਦੋਵਾਂ ਨੇ ਜਸਵੀਰ ਸਿੰਘ ਦਾ ਕਤਲ ਕਰ ਦਿੱਤਾ। ਚਰਨਜੀਤ ਕੌਰ ਨੇ ਆਪਣੇ ਆਸ਼ਿਕ ਨੂੰ ਬਚਾਉਣ ਲਈ ਪੁਲਿਸ ਕੋਲ ਝੂਠੀ ਇਤਲਾਹ ਦੇ ਕੇ ਅੰਨ੍ਹੇ ਕਤਲ ਦਾ ਮੁਕੱਦਮਾ ਦਰਜ ਕਰਵਾਇਆ। ਉਨ੍ਹਾਂ ਕਿਹਾ ਕਿ ਪੁਲਿਸ ਨੇ ਕਤਲ ਵਿਚ ਵਰਤਿਆ ਹਥਿਆਰ ਅਤੇ ਸਾਈਕਲ ਬਰਾਮਦ ਕਰ ਲਿਆ ਹੈ। ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲੈ ਲਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ