ਤਿੱਬੜ : ਖੇਤਾਂ 'ਚ ਕੰਬਾਈਨ ਲੰਘਾਉਣ 'ਤੇ ਝਗੜੇ ਦੌਰਾਨ ਮਾਲਕ ਦੀ ਮੌਤ
ਤਿੱਬੜ, 25 ਅਪ੍ਰੈਲ (ਭੁਪਿੰਦਰ ਸਿੰਘ ਬੋਪਾਰਾਏ)-ਬੀਤੀ ਸ਼ਾਮ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤਿੱਬੜ ਵਿਖੇ ਕਣਕ ਦੀ ਫ਼ਸਲ ਵੱਢਣ ਲਈ ਕੰਬਾਈਨ ਨੂੰ ਰਸਤਾ ਨਾ ਦੇਣ ’ਤੇ ਹੋਏ ਝਗੜੇ ਦੌਰਾਨ ਕੰਬਾਈਨ ਮਾਲਕ ਦੀ ਮੌਤ ਹੋ ਗਈ। ਪ੍ਰਾਪਤ ਵੇਰਵਿਆਂ ਅਨੁਸਾਰ ਤਿੱਬੜ ਨਿਵਾਸੀ 45 ਸਾਲਾ ਕੁਲਦੀਪ ਸਿੰਘ ਉਰਫ਼ ਕੀਪਾ ਪੁੱਤਰ ਜਗੀਰ ਸਿੰਘ ਆਪਣੀ ਕੰਬਾਈਨ ਦੇ ਡਰਾਈਵਰ ਨਾਲ ਜੰਮੂ ਕਟੜਾ ਹਾਈਵੇ ਵਾਲੀ ਜ਼ਮੀਨ ਨੇੜੇ ਕਣਕ ਵੱਢਣ ਲਈ ਜਾ ਰਿਹਾ ਸੀ ਤਾਂ ਤਿੱਬੜ ਦੇ ਹੀ ਨਿਵਾਸੀ ਲਖਵਿੰਦਰ ਸਿੰਘ, ਦਵਿੰਦਰ ਸਿੰਘ ਪੁੱਤਰਾਨ ਸਾਧੂ ਸਿੰਘ ਨਾਲ ਰਸਤਾ ਰੋਕਣ ਕਰਕੇ ਤਕਰਾਰ ਹੋ ਗਿਆ, ਜਿਸ ਦੌਰਾਨ ਕੁਲਦੀਪ ਸਿੰਘ ਦੇ ਕੋਈ ਗੁੱਝੀ ਸੱਟ ਲੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਹਸਪਤਾਲ ਲਿਜਾਉਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣਾ ਤਿੱਬੜ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।