ਤਾਜਾ ਖ਼ਬਰਾਂ


ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ
. . .  3 minutes ago
ਅੰਮ੍ਰਿਤਸਰ, 26 ਅਪ੍ਰੈਲ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਤੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਹਲਕੇ ਤੋਂ ਚੋਣ ਲੜ ਰਹੀ ਉਨ੍ਹਾਂ ਦੀ ਧਰਮ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਅੱਜ...
ਭਗਵੰਤ ਮਾਨ ਅੱਜ ਦਾਖਲ ਕਰਨਗੇ ਨਾਮਜ਼ਦਗੀ ਕਾਗ਼ਜ਼
. . .  52 minutes ago
ਸੰਗਰੂਰ, 26 ਅਪ੍ਰੈਲ (ਧੀਰਜ ਪਸ਼ੋਰੀਆ) - ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਅੱਜ ਸੰਗਰੂਰ ਲੋਕ ਸਭਾ ਹਲਕੇ ਦੀ ਚੋਣ ਲਈ ਆਪਣਾ ਨਾਮਜ਼ਦਗੀ ਕਾਗ਼ਜ਼ ਦਾਖਲ ਕਰਨਗੇ। ਭਗਵੰਤ ਮਾਨ ਨੇ 2014 ਲੋਕ ਸਭਾ ਚੋਣਾਂ ਵਿਚ ਇਸ ਸੀਟ ਤੋਂ 5,33,237 ਵੋਟਾਂ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ...
ਚੋਣਾਂ 'ਚ ਵਰਤਣ ਲਈ ਲਿਆਂਦੀ ਸ਼ਰਾਬ ਪੁਲਿਸ ਵੱਲੋਂ ਬਰਾਮਦ
. . .  about 1 hour ago
ਅਟਾਰੀ 26 ਅਪ੍ਰੈਲ (ਰੁਪਿੰਦਰਜੀਤ ਸਿੰਘ ਭਕਨਾ) - ਪੁਲਿਸ ਥਾਣਾ ਘਰਿੰਡਾ ਵੱਲੋਂ ਮੁੱਖ ਅਫ਼ਸਰ ਪ੍ਰਭਜੀਤ ਸਿੰਘ ਗਿੱਲ ਦੀ ਅਗਵਾਈ ਵਿਚ ਕਾਰਵਾਈ ਕਰਦਿਆਂ ਪਿੰਡ ਕਾਉਂਕੇ ਤੋਂ ਚੋਣਾਂ ਵਿਚ ਵਰਤਣ ਲਈ ਲਿਆਂਦੀ ਨਾਜਾਇਜ਼ 546 ਬੋਤਲਾਂ ਸ਼ਰਾਬ ਸਣੇ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ...
ਗਿਰੀਰਾਜ ਸਿੰਘ ਖਿਲਾਫ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ
. . .  about 1 hour ago
ਬੇਗੁਸਰਾਏ, 26 ਅਪ੍ਰੈਲ - ਬਿਹਾਰ ਦੇ ਬੇਗੁਸਰਾਏ ਤੋਂ ਭਾਜਪਾ ਦੇ ਉਮੀਦਵਾਰ ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਵੱਲੋਂ ਦਿੱਤੇ ਗਏ ਇਕ ਬਿਆਨ ਨੂੰ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਵਾਲਾ ਦੱਸਦੇ ਹੋਏ ਉਨ੍ਹਾਂ ਖਿਲਾਫ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਚੋਣ ਰੈਲੀ...
ਮੋਦੀ ਦੇ ਵਾਰਾਨਸੀ 'ਚ ਪੁਲਵਾਮਾ, ਉੜੀ ਹਮਲੇ 'ਤੇ ਸਟ੍ਰਾਈਕ ਦੇ ਜ਼ਿਕਰ ਨਾਲ ਗਰਮਾਇਆ ਮਾਹੌਲ, ਅੱਜ ਭਰਨਗੇ ਪਰਚਾ
. . .  about 2 hours ago
ਨਵੀਂ ਦਿੱਲੀ, 26 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਕੱਲ੍ਹ ਵੀਰਵਾਰ ਨੂੰ ਆਪਣੇ ਸੰਸਦੀ ਖੇਤਰ ਵਾਰਾਨਸੀ 'ਚ ਰੋਡ ਸ਼ੋਅ ਦੌਰਾਨ ਪੁਲਵਾਮਾ, ਉੜੀ ਹਮਲੇ ਤੇ ਏਅਰ ਸਟ੍ਰਾਈਕ ਦਾ ਜ਼ਿਕਰ ਕੀਤਾ, ਜਿਸ ਤੋਂ ਬਾਅਦ ਹਮਲਾਵਰ ਹੋਏ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਜਦੋਂ ਭਾਜਪਾ ਦੇ ਚੋਟੀ ਦੇ ਨੇਤਾ ਚੋਣ ਜ਼ਾਬਤੇ...
ਅੱਜ ਦਾ ਵਿਚਾਰ
. . .  about 2 hours ago
ਆਈ.ਪੀ.ਐੱਲ 2019 : ਰਾਜਸਥਾਨ ਨੇ ਕੋਲਕਾਤਾ ਨੂੰ 3 ਵਿਕਟਾਂ ਨਾਲ ਹਰਾਇਆ
. . .  1 day ago
ਆਈ.ਪੀ.ਐੱਲ 2019 : ਕੋਲਕਾਤਾ ਨੇ ਰਾਜਸਥਾਨ ਨੂੰ 176 ਦੌੜਾਂ ਦਾ ਦਿੱਤਾ ਟੀਚਾ
. . .  1 day ago
ਟਰੱਕ ਡਰਾਈਵਰ ਵੱਲੋਂ ਖ਼ੁਦਕੁਸ਼ੀ
. . .  1 day ago
ਅਜੀਤਵਾਲ, 25 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲ਼ਿਬ) - ਮੋਗਾ ਬਲਾਕ ਦੇ ਪਿੰਡ ਮਟਵਾਣੀ ਵਿਖੇ ਇੱਕ ਟਰੱਕ ਡਰਾਈਵਰ ਨੇ ਸੜਕ 'ਤੇ ਪੈਂਦੇ ਰਜਵਾਹੇ 'ਤੇ ਦਰਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ...
ਆਈ.ਪੀ.ਐੱਲ 2019 : ਟਾਸ ਜਿੱਤ ਕੇ ਰਾਜਸਥਾਨ ਵੱਲੋਂ ਕੋਲਕਾਤਾ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 26 ਹਾੜ ਨਾਨਕਸ਼ਾਹੀ ਸੰਮਤ 545
ਵਿਚਾਰ ਪ੍ਰਵਾਹ: ਧਰਮ ਦੇ ਨਾਂਅ \'ਤੇ ਵਿਵਾਦ ਨਾ ਕਰੋ। -ਸਵਾਮੀ ਵਿਵੇਕਾਨੰਦ

ਕਿਤਾਬਾਂ

7-7-2013

 ਡਾਕਟਰ ਦੀ ਨਿੱਜੀ ਡਾਇਰੀ
ਲੇਖਿਕਾ : ਡਾ: ਹਰਸ਼ਿੰਦਰ ਕੌਰ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 140 ਰੁਪਏ, ਸਫ਼ੇ : 264.

ਹਰਸ਼ਿੰਦਰ ਕੌਰ ਦਾ ਜੀਵਨ-ਅਨੁਭਵ ਬੜਾ ਵਿਸ਼ਾਲ ਅਤੇ ਵੰਨ-ਸੁਵੰਨਾ ਹੈ। ਸੰਜੋਗਵੱਸ ਉਸ ਦਾ ਪਤੀ ਡਾ: ਗੁਰਪਾਲ ਸਿੰਘ ਉਸ ਦੀ ਹਰ ਰਚਨਾਤਮਕ ਲੋੜ ਦਾ ਪੂਰਾ-ਪੂਰਾ ਧਿਆਨ ਰੱਖਦਾ ਹੈ ਅਤੇ 'ਏਕ ਜੋਤਿ ਦੁਇ ਮੂਰਤੀ' ਵਾਲਾ ਗੁਰਵਾਕ ਇਸ ਜੋੜੀ ਉਪਰ ਪੂਰੀ ਤਰ੍ਹਾਂ ਨਾਲ ਢੁਕਦਾ ਹੈ।
ਉਸ ਨੇ ਆਪਣਾ ਰਚਨਾਤਮਕ ਜੀਵਨ ਇਕ ਖੋਜੀ ਡਾਕਟਰ ਦੇ ਰੂਪ ਵਿਚ ਸ਼ੁਰੂ ਕੀਤਾ ਸੀ ਅਤੇ ਉਸ ਦੀਆਂ ਮੁਢਲੀਆਂ ਪੁਸਤਕਾਂ ਡਾਕਟਰੀ ਗਿਆਨ ਨਾਲ ਭਰਪੂਰ ਸਨ, ਜਿਵੇਂ : ਦਿਲ ਦੇ ਰੋਗ, ਖੁਰਾਕ ਬਾਰੇ ਜਾਣਕਾਰੀ, ਸੰਤੁਲਿਤ ਆਹਾਰ, ਬੱਚਿਆਂ ਦੀਆਂ ਮਨੋਵਿਗਿਆਨਕ ਸਮੱਸਿਆਵਾਂ ਇਤਿਆਦਿ। ਪ੍ਰੰਤੂ ਪਿਛਲੇ ਕੁਝ ਵਰ੍ਹਿਆਂ ਤੋਂ ਇਹ ਪੰਜਾਬ ਦੀਆਂ ਸੱਭਿਆਚਾਰਕ ਸਮੱਸਿਆਵਾਂ ਬਾਰੇ ਵੀ ਬੜੇ ਅਧਿਕਾਰ ਨਾਲ ਲਿਖ ਰਹੀ ਹੈ। 'ਭਰੂਣ ਹੱਤਿਆ : ਇਕ ਸੰਤਾਪ' (2008) ਇਸ ਪ੍ਰਸੰਗ ਵਿਚ ਉਸ ਦੀ ਇਕ ਉਲੇਖਯੋਗ ਰਚਨਾ ਹੈ ਅਤੇ ਇਸ ਪੁਸਤਕ ਉੱਪਰ ਆਧਾਰਿਤ ਸਕ੍ਰਿਪਟ ਸਾਹਿਤ ਰਚਿਆ ਹੈ। 'ਡਾਕਟਰ ਮਾਸੀ' ਦੇ ਰੂਪ ਵਿਚ ਉਹ ਬੱਚਿਆਂ ਨਾਲ ਬਹੁਤ ਅਰਥਪੂਰਨ ਸੰਵਾਦ ਰਚਾਉਂਦੀ ਆ ਰਹੀ ਹੈ। ਹਥਲੀ ਪੁਸਤਕ ਵਿਚ ਉਸ ਨੇ ਭਾਰਤੀ ਸੱਭਿਆਚਾਰ ਦੇ ਬਹੁਤ ਸਾਰੇ ਦੁਖਦੇ ਅੰਗਾਂ ਉਤੇ ਮਲ੍ਹਮ ਲਗਾਈ ਹੈ। ਉਹ ਬੱਚਿਆਂ, ਇਸਤਰੀਆਂ, ਗਰੀਬਾਂ, ਦੁਖਿਆਰਿਆਂ ਆਦਿਕ ਹਾਸ਼ੀਆਕ੍ਰਿਤ ਵਰਗਾਂ ਪ੍ਰਤੀ ਆਪਣੀ ਸੰਵੇਦਨਾ ਅਤੇ ਸਹਾਨੁਭੂਤੀ ਦਾ ਇਜ਼ਹਾਰ ਕਰਕੇ ਵਾਸਤਵ ਵਿਚ 'ਪੰਜਾਬ ਦੀ ਧੀ' ਸਿੱਧ ਹੋਈ ਹੈ। ਲਿਖਣ ਸਮੇਂ ਜਦੋਂ ਵੀ ਕੋਈ ਲੇਖਕੀ-ਪ੍ਰਸੰਗ ਹੱਥ ਆਉਂਦਾ ਹੈ ਤਾਂ ਉਹ ਆਪਣੇ ਪਿਤਾ ਪ੍ਰੋ: ਪ੍ਰੀਤਮ ਸਿੰਘ ਦੀਆਂ ਯਾਦਾਂ ਸਾਂਝੀਆਂ ਕਰਨ ਤੋਂ ਨਹੀਂ ਖੁੰਝਦੀ। ਪ੍ਰੋ: ਸਾਹਿਬ ਇਕ ਮਹਾਨ ਲੇਖਕ ਹੋਣ ਦੇ ਨਾਲ-ਨਾਲ ਇਕ ਬੇਨਜ਼ੀਰ ਮਨੁੱਖ ਵੀ ਸਨ। ਆਪਣੇ ਜਨਮ-ਦਿਨ ਦੇ ਮੌਕੇ ਉਹ ਆਪਣੀਆਂ ਚਾਰ ਬੇਟੀਆਂ ਦੇ ਨਾਲ-ਨਾਲ ਕੁਝ ਹੋਰ ਮੂੰਹ ਬੋਲੀਆਂ ਬੇਟੀਆਂ (ਦਲੀਪ ਕੌਰ ਟਿਵਾਣਾ, ਪ੍ਰਿਤਪਾਲ ਕੌਰ, ਪ੍ਰੀਤਮ ਕੌਰ, ਹਰਭਜਨ ਕੌਰ ਆਦਿ) ਨੂੰ ਉਪਹਾਰ ਵਜੋਂ ਸੂਟ ਦਿਆ ਕਰਦੇ ਸਨ। ਉਂਜ ਵੀ ਉਨ੍ਹਾਂ ਨੇ ਆਪਣੀ ਸਾਰੀ ਪੂੰਜੀ (ਸਾਹਿਤਕ/ਪਦਾਰਥਕ) ਸਭ ਲਈ ਸਾਂਝੀ ਰੱਖੀ ਹੋਈ ਸੀ। ਉਨ੍ਹਾਂ ਦੇ ਵਿਛੜਨ ਨਾਲ ਪੰਜਾਬੀ ਅਦਬ ਦਾ ਇਕ ਸੂਰਜ ਅਸਤ ਹੋ ਗਿਆ ਹੈ ਪਰ ਸਾਡੇ ਲਈ ਸੰਤੋਖ ਦੀ ਇਹ ਗੱਲ ਜ਼ਰੂਰ ਹੈ ਕਿ ਜਾਣ ਤੋਂ ਪਹਿਲਾਂ ਉਹ ਆਪਣੀ ਰੌਸ਼ਨੀ ਕਿੰਨੇ ਸਾਰੇ ਚੰਦਰਮਾਵਾਂ ਨੂੰ ਦਾਨ ਕਰ ਗਏ ਸਨ। ਬੀਬਾ ਹਰਸ਼ਿੰਦਰ ਇਨ੍ਹਾਂ ਵਿਚੋਂ ਇਕ ਖੂਬਸੂਰਤ ਅਤੇ ਅਤਿ ਰੌਸ਼ਨ ਚੰਦਰਮਾ ਹੈ। ਪਰਮਾਤਮਾ ਉਸ ਨੂੰ ਪ੍ਰਸੰਨ ਲੰਮੀ ਉਮਰ ਪ੍ਰਦਾਨ ਕਰੇ!

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ : 98760-52136

ਵਾਹਗੇ ਪਾਰ ਦੇ ਪੰਜਾਬੀ ਕਵੀ
ਸੰਪਾ: ਡਾ: ਹਰਪ੍ਰੀਤ ਸਿੰਘ ਹੁੰਦਲ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 240 ਰੁਪਏ, ਸਫ਼ੇ : 208.

ਵਾਹਗੇ ਪਾਰ ਵੀ ਪੰਜਾਬ ਹੈ। ਉਧਰ ਵੀ ਪੰਜਾਬ ਹੈ। ਪਾਰ ਦੇ ਪੰਜਾਬ ਦੀ ਪੰਜਾਬੀ ਕਵਿਤਾ ਅਤੇ ਕਵੀਆਂ ਨਾਲ ਮੁਹੱਬਤੀ ਪਛਾਣ ਕਰਵਾਉਂਦੀ ਹੋਈ ਉਨ੍ਹਾਂ ਦਾ ਤਕਨੀਕੀ ਜਾਇਜ਼ਾ ਲੈਂਦੀ ਹੈ ਇਹ ਕਿਤਾਬ। ਸੰਪਾਦਕ ਡਾ: ਹਰਪ੍ਰੀਤ ਸਿੰਘ ਚਿਰਾਗ ਦੇ ਸੰਪਾਦਕ ਅਤੇ ਬਹੁਪੱਖੀ ਲੇਖਕ ਹਰਭਜਨ ਸਿੰਘ ਹੁੰਦਲ ਦਾ ਬੇਟਾ ਹੈ। ਪੁਸਤਕ ਦੇ ਸਾਰੇ ਨਿਬੰਧ ਹਰਭਜਨ ਸਿੰਘ ਹੁੰਦਲ ਨੇ ਲਿਖੇ ਹਨ। ਇਨ੍ਹਾਂ ਨੂੰ ਸ਼ਾਇਦ ਵੱਖ-ਵੱਖ ਸ੍ਰੋਤਾਂ ਤੋਂ ਲੱਭ ਕੇ ਸੰਕਲਿਤ ਕਰਨ ਦਾ ਉੱਦਮ ਡਾ: ਹਰਪ੍ਰੀਤ ਸਿੰਘ ਹੁੰਦਲ ਨੇ ਕੀਤਾ ਹੈ। ...ਖੈਰ ਹਰਭਜਨ ਸਿੰਘ ਹੁੰਦਲ ਦੀ ਸਰਲਤਾ, ਰਵਾਨੀ, ਪ੍ਰਤੀਬਧਤਾ, ਦਿਆਨਤਦਾਰੀ ਅਤੇ ਨਿੱਜੀ ਛੋਹਾਂ ਦਾ ਰੰਗ ਇਸ ਪੁਸਤਕ ਵਿਚ ਆਦਿ ਤੋਂ ਅੰਤ ਤੱਕ ਦਿਸਦਾ ਹੈ।
ਹਰਭਜਨ ਹੁੰਦਲ ਲੋਕਾਂ ਦਾ ਕਵੀ ਵੀ ਹੈ। ਸੰਘਰਸ਼ਸ਼ੀਲ ਲੇਖਕ ਅਤੇ ਬੁੱਧੀਜੀਵੀ ਵੀ। ਮੂੰਹ ਫੱਟ। ਲੰਬਾ ਅਨੁਭਵ। ਖਰੀ ਗੱਲ ਕਹਿਣੋਂ ਡਰਦਾ ਉਕਦਾ ਨਹੀਂ। ਪਿਆਰ ਨਾਲ ਲਬਰੇਜ਼। ਮੁਹੱਬਤੀ ਬੰਦਾ। ਵਾਹਗੇ ਪਾਰ ਦੇ ਪੰਜਾਬੀ ਕਵੀਆਂ ਨੂੰ ਉਹ ਮੋਹ ਨਾਲ ਮਿਲਿਆ ਹੈ। ਉਨ੍ਹਾਂ ਨਾਲ ਨਿੱਜੀ ਮੁਲਾਕਾਤਾਂ ਦੇ ਕਿੱਸੇ ਵੀ ਹਨ ਇਸ ਕਿਤਾਬ ਵਿਚ। ਕਵਿਤਾ/ਗ਼ਜ਼ਲ/ਨਜ਼ਮ ਦੀ ਪਰਖ ਬਾਰੇ ਸਿਧਾਂਤਕ ਸੂਤਰ ਵੀ ਹਨ। ਉਸ ਪਾਰ ਦੀ ਵਧੀਆ ਸ਼ਾਇਰੀ ਦੇ ਨਮੂਨੇ ਤੇ ਸਾਂਭਣਯੋਗ ਸ਼ਿਅਰ/ਟੂਕਾਂ ਵੀ। ਇਸ ਸਾਰੇ ਕੁਝ ਦੇ ਨਾਲ-ਨਾਲ ਇਸ ਕਾਵਿ ਦੀ ਨਿਰਪੱਖ ਆਲੋਚਨਾ ਵੀ। ਸਾਰਾ ਕੁਝ ਸੰਤੁਲਿਤ, ਸੰਖੇਪ ਅਤੇ ਮੁਲਵਾਨ। ਕਿਉਂ ਲੱਗਾ ਇੰਜ ਮੈਨੂੰ ਇਹ ਸਾਰਾ ਕੁਝ। ਹੋ ਸਕਦਾ ਹੈ ਇਸ ਪਿੱਛੇ ਮੇਰੀ ਵਾਹਗੇ ਪਾਰ ਨਾਲ ਭਾਵੁਕ ਸਾਂਝ ਵੀ ਹੋਵੇ। ਮੇਰਾ ਜਨਮ ਉਧਰ ਦਾ ਹੈ। ਪਰ ਨਹੀਂ ਫੈਜ਼, ਅਫ਼ਜ਼ਲ ਅਹਿਸਨ ਰੰਧਾਵਾੁੰਦਾ ਮਨ, ਨਜ਼ਮੀ, ਅਖ਼ਤਰ ਲਾਹੌਰੀ, ਹਬੀਬ ਜਾਲਿਬ, ਤਨਵੀਰ ਬੁਖਾਰੀ ਦੀ ਸ਼ਾਇਰੀ ਦੀ ਸਾਦਗੀ ਤੇ ਵਖਰਾ ਰੰਗ ਰੂਪ ਚੇਤਿਆਂ ਵਿਚ ਉਤਰਨ ਵਾਲਾ ਹੈ। ਵਾਹਗੇ ਪਾਰ ਦੀ ਪੰਜਾਬੀ ਕਵਿਤਾ ਲੋਕ ਰੰਗ ਵਾਲੀ, ਲੋਭਾਂ ਨਾਲ ਜੁੜੀ ਹੋਈ ਹੈ। ਨਾਬਰੀ, ਵਿਅੰਗ, ਬੇਬਾਕੀ, ਨਜ਼ਾਕਤ, ਨਖਰਾ, ਉਰਦੂ ਦਾ ਪ੍ਰਭਾਵ ਇਸ ਦੀਆਂ ਵਧੀਆ ਕਵਿਤਾ ਦਾ ਸਰਮਾਇਆ ਹਨ। ਇਸ ਸਾਰੇ ਕੁਝ ਉਤੇ ਖੂਬਸੂਰਤ ਝਾਤ ਪੁਆਉਂਦੀ ਹੈ ਇਹ ਕਿਤਾਬ।

-ਡਾ: ਕੁਲਦੀਪ ਸਿੰਘ ਧੀਰ
ਮੋ : 98722-60550

ਸੂਰਜ ਦੀ ਦਸਤਕ
ਵਾਰਤਕਕਾਰ : ਡਾ: ਗੁਰਬਖਸ਼ ਸਿੰਘ ਭੰਡਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 144.

ਡਾ: ਗੁਰਬਖਸ਼ ਸਿੰਘ ਭੰਡਾਲ ਦੀ ਨਵੀਂ ਪੁਸਤਕ 'ਸੂਰਜ ਦੀ ਦਸਤਕ' ਵੀ ਤੇਤੀ ਲੇਖਾਂ ਦਾ ਸੰਗ੍ਰਹਿ ਹੈ। ਭੰਡਾਲ ਦੇ ਇਹ ਲੇਖ ਆਪਣੇ-ਆਪ ਵਿਚ ਅਜਿਹੀ ਟੁੰਬ ਸਮਾਈ ਬੈਠੇ ਹਨ ਕਿ ਪਾਠਕ ਇਨ੍ਹਾਂ ਨੂੰ ਇਕੋ ਬੈਠਕ ਵਿਚ ਹੀ ਪੜ੍ਹਨਾ ਲੋਚਦਾ ਹੈ। ਇਹ ਲੇਖਕ ਪਾਠਕ ਨੂੰ ਆਤਮਿਕ ਸਕੂਨ ਬਖਸ਼ ਕੇ ਜਿਥੇ ਆਲੇ-ਦੁਆਲੇ ਵਿਚ ਵਾਪਰਦੀਆਂ ਘਟਨਾਵਾਂ ਦੀ ਸੋਝੀ ਕਰਵਾਉਂਦੇ ਹਨ, ਉਥੇ ਕਿਸੇ ਅਨੂਠੇ ਅਤੇ ਅਗੰਮੀ ਵਾਤਾਵਰਨ ਦੀ ਸੈਰ ਵੀ ਕਰਵਾਉਂਦੇ ਹਨ। ਭੰਡਾਲ ਆਪਣੇ ਵਿਚਾਰਾਂ ਦੀ ਲੜੀ ਨੂੰ ਇਸ ਤਰ੍ਹਾਂ ਪਰੋਂਦਾ ਹੈ ਕਿ ਪਾਠਕ ਇਸੇ ਵਹਿਣ ਵਿਚ ਹੀ ਵਹਿ ਜਾਂਦਾ ਹੈ, ਵਿਸ਼ੇਸ਼ ਕਰਕੇ ਸ਼ਬਦਾਂ ਵਿਚਲੀ ਅਨੁਪ੍ਰਾਸਕਤਾ ਪਾਠਕ ਦੀ ਰੌਚਕਤਾ ਵਿਚ ਵਾਧਾ ਕਰਦੀ ਹੈ। ਇਨ੍ਹਾਂ ਲੇਖਾਂ ਨੂੰ ਪੜ੍ਹਦਿਆਂ ਪਾਠਕ ਆਪਣੇ ਅੰਦਰ ਅਗੰਮੀ ਖੇੜੇ ਨੂੰ ਮਹਿਸੂਸ ਕਰਦਾ ਹੈ। ਇਹ ਲੇਖ ਪਾਠਕ ਦੇ ਧੁਰ ਅੰਦਰ ਇਕ ਵਿਸ਼ਵਾਸ ਜਗਾਉਣ ਦੀ ਸਮਰੱਥਾ ਰੱਖਦੇ ਹਨ। ਮਜ਼ਾਰ 'ਤੇ ਜਗਦਾ ਚਿਰਾਗ, ਮਾਣ ਮਿੱਤਰਾਂ ਦਾ, ਬੁਝੇ ਮਸਤਕੀਂ-ਜੋਤ ਜਗਾਓ, ਜੱਗ ਜੰਕਸ਼ਨ ਜੀਵਨ ਦਾ, ਜਦ ਫੁੱਲ ਖਿੜਦਾ ਹੈ, 'ਖੈਰ ਮੰਗੀਏ ਰਾਹ-ਰਾਹੀਆਂ ਦੀ', ਮਨ ਦੀਆਂ ਅਸੀਮ ਪਰਤਾਂ, ਆਓ ਭਾਲੀਏ ਚਾਨਣ ਦੀ ਕਾਤਰ, ਸੋਚ-ਫੁਲਕਾਰੀ ਦੇ ਸੁੱਚੇ ਧਾਗੇ, ਅਜਿਹੇ ਲੇਖ ਹਨ ਜੋ ਇਸ ਪੁਸਤਕ ਦੇ ਸਿਰਲੇਖ 'ਸੂਰਜ ਦੀ ਦਸਤਕ' ਦੀ ਹੂ-ਬਹੂ ਤਰਜਮਾਨੀ ਕਰਦੇ ਹਨ। ਭੰਡਾਲ ਦੀ ਦਿਲਖਿੱਚਵੀਂ ਸ਼ੈਲੀ ਵਿਚ ਲਿਖੀ ਇਸ ਵਾਰਤਕ ਵਿਚ ਜਿਥੇ ਵਿਸ਼ਿਆਂ ਦੀ ਵੰਨ-ਸੁਵੰਨਤਾ ਹੈ, ਉਥੇ ਸਹਿਜ ਸੁਭਾਅ ਵਰਤੀਂਦੀ ਭਾਸ਼ਾ ਦੇ ਪ੍ਰਯੋਗ ਨਾਲ ਇਸ ਦੇ ਸੁਹਜਾਤਮਕ ਘੇਰੇ ਵਿਚ ਹੋਰ ਵੀ ਵਾਧਾ ਹੋਇਆ ਹੈ।

-ਸਰਦੂਲ ਸਿੰਘ ਔਜਲਾ
ਮੋ: 98141-68611.

30-6-13

 ਮੋਰਾਂ ਸਰਕਾਰ
ਲੇਖਕ : ਹਰਨਾਮ ਦਾਸ ਸਹਿਰਾਈ
ਪ੍ਰਕਾਸ਼ਕ : ਆਰਸੀ ਪ੍ਰਕਾਸ਼ਨ, ਦਿੱਲੀ
ਮੁੱਲ : 175 ਰੁਪਏ, ਸਫ਼ੇ : 128.

'ਮੋਰਾਂ ਸਰਕਾਰ' ਨਾਵਲ ਦੋ ਨਾਵਲਿਟਾਂ ਦਾ ਸੰਗ੍ਰਹਿ ਹੈ-ਮੋਰਾਂ ਸਰਕਾਰ ਤੇ ਬਾਬਾ ਸਾਹਿਬ ਸਿੰਘ ਬੇਦੀ। ਮੋਰਾਂ ਸਰਕਾਰ ਨਾਵਲ ਦੀ ਉਸਾਰੀ 'ਆਰਸੀ ਵਾਲਾ ਸਿੱਕਾ' ਦੇ ਆਧਾਰ 'ਤੇ ਕੀਤੀ ਗਈ ਹੈ। ਪਿਛਲੇ ਦਿਨੀਂ ਇਕ ਨਾਵਲ 'ਪੁਲ ਕੰਜਰੀ' ਮੇਰੀਆਂ ਨਜ਼ਰਾਂ 'ਚੋਂ ਲੰਘਿਆ, ਉਹ ਵੀ ਮੋਰਾਂ ਦੇ ਜੀਵਨ ਨਾਲ ਸਬੰਧਤ ਸੀ। ਮੋਰਾਂ ਜੋ ਇਕ ਕੰਜਰੀ ਸੀ ਪਰ ਮਹਾਰਾਜਾ ਰਣਜੀਤ ਸਿੰਘ ਦੀ ਨਜ਼ਰੇ-ਇਨਾਇਤ ਸਦਕਾ ਉਸ ਨੂੰ ਮਹਾਰਾਣੀ ਦਾ ਦਰਜਾ ਹਾਸਲ ਹੋਇਆ ਅਤੇ ਉਸ ਦੇ ਨਾਂਅ ਦਾ ਸਿੱਕਾ ਜਾਰੀ ਕੀਤਾ ਗਿਆ, ਜਿਸ ਨੂੰ ਆਰਸੀ ਵਾਲਾ ਸਿੱਕਾ ਕਿਹਾ ਜਾਂਦਾ ਹੈ। ਸਹਿਰਾਈ ਸਾਹਿਬ ਨੇ ਇਸ ਨਾਵਲ ਦੀ ਉਸਾਰੀ ਕਰਦਿਆਂ ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਤੇ ਖਾਮੀਆਂ ਦੋਵਾਂ ਨੂੰ ਪੇਸ਼ ਕੀਤਾ ਹੈ। ਇਕ ਮਹਾਰਾਜ ਜੇ ਗ਼ਲਤੀ ਕਰਦਾ ਹੈ ਤਾਂ ਉਸ ਨੂੰ ਵੀ ਪੰਥ ਵੱਲੋਂ ਮਿਲੀ ਸਜ਼ਾ ਭੁਗਤਣੀ ਪੈਂਦੀ ਹੈ। ਵਿਰੋਧ ਕੀਤਾ ਅਕਾਲੀ ਫੂਲਾ ਸਿੰਘ ਨੇ ਕਿ ਮਹਾਰਾਜਾ ਸ੍ਰੀ ਹਰਿਮੰਦਰ ਸਾਹਿਬ ਵਿਚ ਮੋਰਾਂ ਨੂੰ ਲੈ ਕੇ ਦਾਖਲ ਨਹੀਂ ਹੋ ਸਕਦੇ, ਅਰਦਾਸ ਕਬੂਲ ਨਹੀਂ ਹੋਵੇਗੀ ਅਤੇ ਪੰਥ ਵੱਲੋਂ ਹੀ ਮੁਆਫ਼ੀ ਮਿਲੇਗੀ। ਕੋਰੜੇ ਖਾਧੇ ਮਹਾਰਾਜਾ ਰਣਜੀਤ ਸਿੰਘ ਨੇ, ਸਜ਼ਾ ਭੁਗਤੀ ਤੇ ਭੁੱਲ ਬਖਸ਼ਾਈ ਸੰਗਤ ਕੋਲੋਂ। ਅੰਤ ਅਰਦਾਸ ਖੁੱਲ੍ਹ ਗਈ ਆਰਸੀ ਵਾਲੇ ਸਿੱਕੇ ਦੀ। ਦੂਸਰਾ ਨਾਵਲਿਟ ਪੰਜਾਬ ਵਿਚ ਲੁੱਟਮਾਰ ਤੇ ਬੁਰਛਾਗਰਦੀ ਨਾਲ ਸਬੰਧਤ ਹੈ। ਬਾਬਾ ਸਾਹਿਬ ਸਿੰਘ ਬੇਦੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਪਿਤਾ ਦੇ ਮਰਨੇ ਦੀ ਪੱਗ ਬੰਨ੍ਹ ਕੇ ਬਾਰਾਂ ਮਿਸਲਾਂ ਦੀ ਸਰਦਾਰੀ ਬਖਸ਼ੀ ਤੇ ਅਸੀਸ ਦਿੱਤੀ ਜਿਥੇ ਜੀਅ ਕਰੇ ਜਾਹ, ਫਤਹਿ ਪੈਰ ਚੁੰਮੇਗੀ ਤੇ ਕੋਈ ਉਸ ਵੱਲ ਵੇਖਣ ਦਾ ਹੌਸਲਾ ਵੀ ਨਹੀਂ ਕਰੇਗਾ। ਇਸੇ ਵਰਦਾਨ ਸਦਕਾ ਮਹਾਰਾਜਾ ਰਣਜੀਤ ਸਿੰਘ ਨੇ ਕਬਜ਼ਾ ਕਰ ਲਿਆ ਸਾਰੇ ਪੰਜਾਬ ਉਤੇ, ਖੁਸ਼ਹਾਲੀ ਪਸਰ ਗਈ ਰਾਜ ਵਿਚ, ਰਾਜ ਦੀ ਨੀਂਹ ਬਰਾਬਰੀ ਉਤੇ ਉਸਾਰੀ ਗਈ, ਬਾਬਾ ਜੀ ਦੇ ਨਾਂਅ ਅੰਤਾਂ ਦੀਆਂ ਜਗੀਰਾਂ ਲਾ ਦਿੱਤੀਆਂ ਪਰ ਉਹ ਗੁਰੂ ਦਾ ਪਿਆਰਾ ਨੇਕੀ ਤੇ ਮਹਾਨਤਾ ਦੇ ਰਾਹ 'ਤੇ ਚਲਦਾ ਹੋਇਆ ਗੁਰੂ ਚਰਨਾਂ ਵਿਚ ਜਾ ਬਿਰਾਜਿਆ। ਦੋਵਾਂ ਨਾਵਲਿਟਾਂ ਦੀਆਂ ਕਹਾਣੀਆਂ ਇਕ-ਇਕ ਘਟਨਾ ਨੂੰ ਲੈ ਕੇ ਉਸਾਰੀਆਂ ਗਈਆਂ ਹਨ ਤੇ ਕਹਾਣੀ ਰਸ-ਭਰਪੂਰ ਹਨ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

ਪਾਕਿਸਤਾਨੀ ਪੰਜਾਬੀ ਨਾਵਲ
ਲੇਖਿਕਾ : ਡਾ: ਹੰਸਪ੍ਰੀਤ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 87.

ਸਿਲੇਬਸ ਦਾ ਹਿੱਸਾ ਬਣਨ ਕਰਕੇ ਪਾਕਿਸਤਾਨੀ ਅਤੇ ਪ੍ਰਵਾਸੀ ਪੰਜਾਬੀ ਸਾਹਿਤ ਉਪਰ ਨਿੱਤ ਦਿਨ ਨਵਾਂ ਕੰਮ ਹੁੰਦਾ ਰਹਿੰਦਾ ਹੈ। ਹੱਥਲੀ ਪੁਸਤਕ ਡਾ: ਹੰਸਪ੍ਰੀਤ ਕੌਰ ਦੀ ਇਸੇ ਪ੍ਰਸੰਗ ਵਿਚ ਕੀਤੇ ਕਾਰਜ ਦਾ ਹਿੱਸਾ ਹੈ, ਬੜੀ ਸੰਖੇਪ ਜਿਹੀ ਜਾਣਕਾਰੀ ਦਿੰਦੀ ਇਹ ਪੁਸਤਕ 'ਪਾਕਿਸਤਾਨੀ ਪੰਜਾਬੀ ਨਾਵਲ' ਬਾਰੇ ਸੰਵਾਦ ਛੇੜਦੀ ਹੈ। ਚਾਰ ਅਧਿਆਇ ਵਿਚ ਵੰਡੀ ਇਹ ਪੁਸਤਕ ਪੰਜਾਬੀ ਨਾਵਲ ਦੀ ਪ੍ਰੰਪਰਾ, ਪਾਕਿਸਤਾਨੀ ਪੰਜਾਬੀ ਨਾਵਲ ਦੀ ਪਛਾਣ, ਪਾਕਿਸਤਾਨੀ ਪੰਜਾਬੀ ਨਾਵਲ ਵਿਚ ਪੰਜਾਬੀਅਤ ਅਤੇ ਪਾਕਿਸਤਾਨੀ ਪੰਜਾਬੀ ਨਾਵਲ ਵਿਚ ਨਾਇਕ/ਨਾਇਕਾ ਦੇ ਸੰਕਲਪ ਬਾਰੇ ਲੇਖ ਹਨ। ਲੇਖਿਕਾ ਨੇ ਹਰ ਲੇਖ ਵਿਚ ਭਾਰਤੀ ਪੰਜਾਬੀ ਨਾਵਲ ਬਾਰੇ ਵਧੇਰੇ ਜਾਣਕਾਰੀ ਦਿੱਤੀ, ਪਾਕਿਸਤਾਨੀ ਨਾਵਲ ਬਾਰੇ ਉਸ ਕੋਲ ਜਾਣਕਾਰੀ ਦੀ ਘਾਟ ਰੜਕਦੀ ਹੈ, ਜੋ ਵਾਕਫ਼ੀਅਤ ਉਹ ਦਿੰਦੀ, ਜਾਪਦਾ ਹੈ ਉਸ ਨੇ ਇਧਰੋਂ-ਉਧਰੋਂ ਇਕੱਠੀ ਕਰਕੇ ਡੰਗ ਸਾਰ ਲਿਆ ਹੈ। ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨੀ ਪੰਜਾਬੀ ਸਾਹਿਤ ਵਿਚ ਕਾਫੀ ਜ਼ਿਕਰਯੋਗ ਵਾਧਾ ਹੋਇਆ ਹੈ, ਜੋ ਇਧਰ ਪ੍ਰਾਪਤ ਹੁੰਦਾ ਹੈ, ਗੱਲ ਜ਼ਰਾ ਮਿਹਨਤ ਕਰਕੇ ਲੱਭਣ ਦੀ ਹੈ। ਡਿਗਰੀ ਲੈਣ ਲਈ ਬਹੁਤਾ ਇਹੋ ਜਿਹਾ ਹੀ ਕਾਰਜ ਹੋ ਰਿਹਾ ਹੈ, ਜਿਹੜਾ ਪੁਸਤਕ ਰੂਪ ਵਿਚ ਛਪਣਯੋਗ ਨਹੀਂ ਹੁੰਦਾ। ਸਿਫ਼ਤ ਭਰਪੂਰ ਭੂਮਿਕਾ ਦਾ ਪ੍ਰਬੰਧ ਹੋ ਜਾਂਦਾ ਹੈ। ਅਜਿਹੀ ਵੱਡੀ ਗਿਣਤੀ ਵਿਚ ਛਪੀਆਂ ਰਚਨਾਵਾਂ ਸਾਹਿਤ ਦਾ ਕੁਝ ਨਹੀਂ ਸੰਵਾਰਦੀਆਂ। ਗਿਣਤੀ ਦੇ ਕੁਝ ਨਾਵਲ ਹੀ ਹਰ ਕਾਂਡ ਵਿਚ ਵਿਚਾਰੇ ਗਏ ਹੋਣ ਕਰਕੇ ਇਹ ਪੁਸਤਕ ਆਪਣਾ ਬਹੁਤਾ ਪ੍ਰਭਾਵ ਪਾਉਣ ਤੋਂ ਵਾਂਝੀ ਰਹਿ ਜਾਂਦੀ ਹੈ। ਸੁੰਦਰ ਦਿੱਖ ਵਿਚ ਛਪੀ ਇਹ ਪੁਸਤਕ ਪਾਠਕ ਦਾ ਧਿਆਨ ਖਿੱਚਦੀ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511

 

ਰਸਤਾ ਮੁੱਕਦਾ ਨਹੀਂ
ਸ਼ਾਇਰਾ : ਮੀਨੂ ਸੁਖਮਨ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 104.

ਇਸ ਸੰਗ੍ਰਹਿ ਵਿਚ ਲੇਖਕਾ ਦੀਆਂ ਕਵਿਤਾਵਾਂ, ਗੀਤ ਨਿੱਕੇ-ਨਿੱਕੇ ਵਲਵਲਿਆਂ ਤੇ ਮਾਨਵੀ ਭਾਵਾਂ ਨੂੰ ਆਪਣੇ ਵਸਤੂ ਰਾਹੀਂ ਪੇਸ਼ ਕਰਦੇ ਹਨ। ਲੇਖਕਾ ਜੀਵਨ ਦੇ ਹਰ ਕੌੜੇ ਮਿੱਠੇ ਤਜਰਬੇ ਨੂੰ ਆਪਣੀ ਕਵਿਤਾ ਰਾਹੀਂ ਪੇਸ਼ ਕਰਨ ਵਿਚ ਯਕੀਨ ਕਰਦੀ ਹੈ। ਇਸ ਸੰਗ੍ਰਹਿ ਦੀ ਪਹਿਲੀ ਕਵਿਤਾ ਪ੍ਰਮਾਤਮਾ ਦੀ ਉਸਤਿਤ ਨਾਲ ਓਤ ਪ੍ਰੋਤ ਹੈ ਤੇ ਉਸ ਤੋਂ ਬਾਅਦ ਬੇਵਫ਼ਾਈ, ਦਿਲ ਦਾ ਦਰਦ, ਹੰਝੂ, ਪੱਥਰ ਦਿਲ ਆਦਿ ਕਵਿਤਾਵਾਂ ਪਿਆਰ ਦੇ ਨਿੱਕੇ-ਨਿੱਕੇ ਅਹਿਸਾਸਾਂ ਨੂੰ ਪੇਸ਼ ਕਰਦੀਆਂ ਹਨ। ਅਨੇਕ ਕਵਿਤਾਵਾਂ ਵਿਚ ਦੋਸਤਾਂ ਦੀ ਦੋਸਤੀ ਤੇ ਗਿਲਾ ਕੀਤਾ ਗਿਆ ਮਹਿਸੂਸ ਹੁੰਦਾ ਹੈ ਤੇ ਕਿਤੇ ਕਵੀ ਮਨ ਕਿਸਮਤ ਨੂੰ ਦੋਸ਼ੀ ਠਹਿਰਾਉਂਦਾ ਹੈ। ਕਿਤੇ-ਕਿਤੇ ਉਦਾਸ ਦਿਲ ਵਿਚ ਫ਼ਿਕਰ ਦੀ ਕੋਈ ਆਸ ਦੀ ਕਿਰਨ ਜਾਗਦੀ ਹੈ ਤੇ ਕਵਿਤਰੀ ਅਗਲੇ ਪਲ ਦੀ ਉਡੀਕ ਵਿਚ ਜਿਊਣ ਲਗਦੀ ਹੈ। ਇਸ ਦੇ ਨਾਲ-ਨਾਲ ਮੀਨੂ ਸੁਖਮਨ ਸਾਡੇ ਸਮਾਜ ਵਿਚ ਫੈਲੀਆਂ ਵਿਸੰਗਤੀਆਂ ਜਿਵੇਂ ਭਰੂਣ ਹੱਤਿਆ, ਔਰਤ ਦੀ ਦੁਰਦਸ਼ਾ, ਵਾਤਾਵਰਨ ਜਿਹੇ ਵਸਤੂ ਵਰਤਾਰਿਆਂ ਨੂੰ ਵੀ ਆਪਣੀ ਕਵਿਤਾ ਵਿਚ ਸਿਰਜ ਕੇ ਇਕ ਕਾਵਿ ਸੰਦੇਸ਼ ਦਿੰਦੀ ਪ੍ਰਤੀਤ ਹੁੰਦੀ ਹੈ। ਮੀਨੂ ਸੁਖਮਨ ਦੀ ਸ਼ਾਇਰੀ ਵਿਚ ਸ਼ਬਦਾਂ ਦਾ ਬੇਰੋਕ ਵਗਦਾ ਦਰਿਆ ਹੈ ਜਿਹੜਾ ਪਾਠਕ ਨੂੰ ਆਪਣੇ ਨਾਲ ਵਹਾ ਕੇ ਲੈ ਜਾਂਦਾ ਹੈ। ਭਾਵੇਂ ਕਿਤੇ-ਕਿਤੇ ਮਹਿਸੂਸ ਹੁੰਦਾ ਹੈ ਕਿ ਕੁਝ ਕਵਿਤਾਵਾਂ ਥੋੜ੍ਹੀ ਜਿਹੀ ਮਿਹਨਤ ਨਾਲ ਹੋਰ ਵਧੇਰੇ ਨਿਖਰ ਕੇ ਸਾਹਮਣੇ ਆ ਸਕਦੀਆਂ ਸਨ। ਪਰ ਫਿਰ ਵੀ ਪੰਜਾਬੀ ਭਾਸ਼ਾ ਵਿਚ ਲੇਖਿਕਾ ਦਾ ਇਹ ਪਲੇਠਾ ਯਤਨ ਸ਼ਲਾਘਾਯੋਗ ਹੈ ਜਿਸ ਲਈ ਲੇਖਿਕਾ ਮੁਬਾਰਕ ਦੀ ਹੱਕਦਾਰ ਹੈ।

-ਡਾ: ਅਮਰਜੀਤ ਕੌਂਕੇ
ਮੋ: 98142-31698.

ਪਰਤਾਂ ਵਿਚ ਜਿਊਂਦੇ ਮਨੁੱਖ
ਲੇਖਕ : ਹਰਬੰਸ ਸਿੰਘ ਅਖਾੜਾ
ਪ੍ਰਕਾਸ਼ਕ : ਐਸਥੈਟਿਕਸ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 128.

ਇਸ ਕਹਾਣੀ-ਸੰਗ੍ਰਹਿ ਵਿਚਲੀਆਂ ਤੇਰਾਂ ਕਹਾਣੀਆਂ ਜੀਵਨ ਦੇ ਵੱਖੋ-ਵੱਖਰੇ ਰੰਗਾਂ ਨੂੰ ਪੇਸ਼ ਕਰਦੀਆਂ ਹਨ। ਇਨ੍ਹਾਂ ਵਿਚ ਪੰਜਾਬੀ ਸੱਭਿਆਚਾਰ, ਸਮਾਜਿਕ ਸਮੱਸਿਆਵਾਂ, ਮਾਨਸਕ ਉਲਝਣਾਂ, ਆਰਥਿਕ ਪ੍ਰੇਸ਼ਾਨੀਆਂ, ਪਰਿਵਾਰਕ ਕਲੇਸ਼ਾਂ ਆਦਿ ਦਾ ਯਥਾਰਥਕ ਵਰਨਣ ਕੀਤਾ ਗਿਆ ਹੈ। ਧਰਤੀ ਦਾ ਹਰ ਮਨੁੱਖ ਆਪਣੇ-ਆਪ ਵਿਚ ਇਕ ਕਹਾਣੀ ਹੈ। ਕਈ ਵਾਰ ਦੁੱਖਾਂ ਦਰਦਾਂ, ਲੋੜਾਂ ਥੁੜ੍ਹਾਂ, ਰੀਝਾਂ ਤੇ ਚਾਵਾਂ ਦੇ ਮੁਹਾਂਦਰੇ ਆਪਸ ਵਿਚ ਮਿਲ ਜਾਂਦੇ ਹਨ। ਇਨ੍ਹਾਂ ਕਹਾਣੀਆਂ ਵਿਚਲੇ ਪਾਤਰ ਸਾਡੀ ਆਪਣੀ ਹੀ ਬਾਤ ਪਾਉਂਦੇ ਜਾਪਦੇ ਹਨ। ਹਰ ਮੋੜ, ਹਰ ਗਲੀ, ਹਰ ਪਿੰਡ ਕਸਬੇ ਚਿ ਵਿਚਰਦੇ ਆਮ ਲੋਕ ਹੀ ਇਨ੍ਹਾਂ ਕਹਾਣੀਆਂ ਦੇ ਪਾਤਰ ਹਨ, ਜੋ ਸਾਨੂੰ ਬਿਲਕੁਲ ਵੀ ਓਪਰੇ ਨਹੀਂ ਜਾਪਦੇ।
ਪਦਾਰਥਕ ਦੌੜ, ਨਸ਼ਿਆਂ, ਵਿਸ਼ਿਆਂ ਅਤੇ ਅਤ੍ਰਿਪਤੀਆਂ ਨਾਲ ਘਿਰਿਆ ਅੱਜ ਦਾ ਮਨੁੱਖ ਬਹੁਤ ਹੀ ਡਾਵਾਂਡੋਲ ਅਤੇ ਗ਼ੈਰ-ਕੁਦਰਤੀ ਜੀਵਨ ਜਿਉਂ ਰਿਹਾ ਹੈ। ਅਜੋਕੇ ਸਮਾਜ ਦਾ ਹਰ ਅੰਗ ਪੀੜਤ ਹੈ। ਬਚਪਨ, ਜਵਾਨੀ ਅਤੇ ਬੁਢਾਪਾ ਤਿੰਨੇ ਹੀ ਉਦਾਸ ਹਨ। ਅਸਫ਼ਲ ਵਿਆਹ, ਘਰੇਲੂ ਹਿੰਸਾ, ਜੀਵਨ ਸਾਥੀ ਦੀ ਜਜ਼ਬਾਤੀ ਅਤੇ ਗ਼ਲਤ ਚੋਣ ਅਤੇ ਹਉਮੈ ਦੀ ਪ੍ਰਵਿਰਤੀ ਕਾਰਨ ਪਰਿਵਾਰ ਖੇਰੂੰ-ਖੇਰੂੰ ਹੋ ਰਹੇ ਹਨ। ਅਣਸੁਖਾਵੇਂ ਮਾਹੌਲ ਵਿਚ ਜੰਮੇ ਪਲੇ ਬੱਚੇ ਸਾਵੇਂ ਸੰਤੁਲਿਤ ਜੀਵਨ ਤੋਂ ਵਾਂਝੇ ਰਹਿ ਜਾਂਦੇ ਹਨ। ਬਜ਼ੁਰਗਾਂ ਦੀ ਬੇਹੁਰਮਤੀ ਵਧਦੀ ਜਾ ਰਹੀ ਹੈ। ਫੋਕੀ ਸ਼ਾਨ ਅਤੇ ਲੋਕ ਦਿਖਾਵੇ ਲਈ ਵਿਆਹਾਂ ਸ਼ਾਦੀਆਂ ਤੇ ਵਿੱਤੋਂ ਵੱਧ ਖਰਚ ਕੀਤਾ ਜਾਂਦਾ ਹੈ ਅਤੇ ਫਿਰ ਕਰਜ਼ਾ ਇਕ ਬੋਝ ਬਣ ਜਾਂਦਾ ਹੈ। ਸਾਡੇ ਪੁਰਾਣੇ ਸੱਭਿਆਚਾਰ ਵਿਚ ਧਾਰਮਿਕ ਅਤੇ ਸਦਾਚਾਰਕ ਕਦਰਾਂ-ਕੀਮਤਾਂ ਸਨ, ਬਜ਼ੁਰਗਾਂ ਦੀ ਰਾਇ ਦਾ ਸਤਿਕਾਰ ਹੁੰਦਾ ਸੀ ਅਤੇ ਸਾਂਝੇ ਟੱਬਰਾਂ ਵਿਚ ਪਲਣ ਵਾਲੇ ਬੱਚੇ ਸੰਸਕਾਰੀ ਹੁੰਦੇ ਸਨ। ਹੁਣ ਇਕੱਲੇ ਰਹਿਣ ਕਾਰਨ ਬੱਚਿਆਂ ਵਿਚ ਸੁਰੱਖਿਆ ਦੀ ਭਾਵਨਾ ਘਟਦੀ ਜਾ ਰਹੀ ਹੈ ਅਤੇ ਉਹ ਉਲਾਰ ਹੋ ਕੇ ਆਪਣਾ ਜੀਵਨ ਗ਼ਲਤ ਪਾਸੇ ਲਾ ਬੈਠਦੇ ਹਨ। ਨਵੀਂ ਅਤੇ ਪੁਰਾਣੀ ਪੀੜ੍ਹੀ ਦੀ ਵਿੱਥ ਵਧਦੀ ਜਾ ਰਹੀ ਹੈ। ਅੱਜ ਸੁਖਾਂ-ਸਹੂਲਤਾਂ ਦੇ ਸਾਜ਼ੋ-ਸਾਮਾਨ ਹੁੰਦਿਆਂ ਸੁੰਦਿਆਂ ਵੀ ਮਨੁੱਖ ਅੰਦਰੋਂ ਖਾਲੀ, ਖੋਖਲਾ ਅਤੇ ਬਿਮਾਰ ਹੁੰਦਾ ਜਾ ਰਿਹਾ ਹੈ। ਬੁਢਾਪਾ ਰੁਲ ਰਿਹਾ ਹੈ, ਜਵਾਨੀ ਅਜੀਬੋ-ਗਰੀਬ ਰੋਗਾਂ ਦਾ ਸ਼ਿਕਾਰ ਹੋ ਰਹੀ ਹੈ, ਬਚਪਨ ਵਲੂੰਦਰਿਆ ਜਾ ਰਿਹਾ ਹੈ।
ਕਹਾਣੀਕਾਰ ਨੇ ਸਾਡੇ ਨਿੱਤ ਦੇ ਵਰਤਾਰਿਆਂ ਵਿਚੋਂ ਬਿਰਤਾਂਤ ਲੈ ਕੇ ਸਾਨੂੰ ਆਪਣੇ ਦੁਖਾਂਤ ਪ੍ਰਤੀ ਚੇਤੰਨ ਅਤੇ ਜਾਗਰੂਕ ਕਰਨ ਦੀ ਸਫਲ ਕੋਸ਼ਿਸ਼ ਕੀਤੀ ਹੈ। ਲੋੜ ਹੈ ਕਿ ਅਸੀਂ ਆਪਣੇ ਮਖੌਟਿਆਂ ਤੋਂ ਪਰ੍ਹੇ ਆਪਣੇ ਅੰਦਰਲੇ ਸੱਚ, ਸੁੱਚ, ਸੁਹਜ ਅਤੇ ਪ੍ਰਕਾਸ਼ ਨਾਲ ਜੁੜੀਏ, ਇਸ ਅਨਮੋਲ ਜੀਵਨ ਦੀ ਕਦਰ ਕਰਦੇ ਹੋਏ ਇਸ ਨੂੰ ਘੁੱਟ-ਘੁੱਟ ਕਰਕੇ ਮਾਣੀਏ, ਹੋਰਾਂ ਨੂੰ ਵੀ ਸੁੱਖ ਦੇਈਏ ਅਤੇ ਆਪ ਵੀ ਸੁਖੀ ਰਹੀਏ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ : 98147-16367.

23-6-2013

 ਦੁਸ਼ਵਾਰੀਆਂ
ਗ਼ਜ਼ਲਕਾਰ : ਸੁਲਤਾਨ ਭਾਰਤੀ
ਪ੍ਰਕਾਸ਼ਕ : ਨਵੀਨ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 100 ਰੁਪਏ, ਸਫ਼ੇ : 96.

ਸੁਲਤਾਨ ਭਾਰਤੀ ਪੰਜਾਬੀ ਗ਼ਜ਼ਲ ਦੇ ਆਕਾਸ਼ ਵਿਚ ਉੱਜਵਲ ਹੋਇਆ ਇਕ ਨਵਾਂ ਸਿਤਾਰਾ ਹੈ। ਬੇਸ਼ੱਕ ਅਜੇ ਤੱਕ ਉਹ ਬਹੁਤੇ ਲੋਕਾਂ ਦੀ ਨਜ਼ਰ ਨਹੀਂ ਚੜ੍ਹਿਆ ਪਰ ਉਸ ਦੀ ਝਲਕ ਨਿਰਾਲੀ ਹੈ। ਗ਼ਜ਼ਲ ਨੂੰ ਪਿਆਰ ਕਰਨ ਵਾਲੇ ਸੁਹਿਰਦ ਲੋਕ ਉਸ ਦੇ ਕਲਾਮ ਦੀ ਜਾਦੂਗਰੀ ਦਾ ਸਿੱਕਾ ਮੰਨਦੇ ਹਨ। ਉਸ ਨੂੰ ਆਪਣੇ ਜੀਵਨ ਵਿਚ ਬਹੁਤ ਸਾਰੀਆਂ ਵਿਸੰਗਤੀਆਂ ਅਤੇ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਹੈ, ਜਿਨ੍ਹਾਂ ਦੇ ਜ਼ਖਮਾਂ ਦੇ ਨਿਸ਼ਾਨ ਉਸ ਦੀਆਂ ਗ਼ਜ਼ਲਾਂ ਵਿਚ ਦੇਖੇ ਅਤੇ ਮਹਿਸੂਸ ਕੀਤੇ ਜਾ ਸਕਦੇ ਹਨ। ਪਰ ਇਕ ਆਤਮ-ਵਿਸ਼ਵਾਸ ਵਾਲੇ ਕਵੀ ਵਾਂਗ ਉਹ ਇਨ੍ਹਾਂ ਜ਼ਖਮਾਂ ਨੂੰ ਦਿਖਾ ਕੇ ਸਹਾਨੁਭੂਤੀ ਜਾਂ ਦਇਆ ਦੀ ਯਾਚਨਾ ਨਹੀਂ ਕਰਦਾ ਬਲਕਿ ਆਪਣੇ ਵਰਗੇ ਹੋਰ ਪ੍ਰਗਤੀਸ਼ੀਲ ਲੇਖਕਾਂ ਨਾਲ ਮਿਲ ਕੇ ਮਾਨਵਤਾ ਦੇ ਕਲਿਆਣ ਲਈ ਸੰਘਰਸ਼ ਵਿਚ ਜੁਟਿਆ ਹੋਇਆ ਹੈ। ਇਸ ਪ੍ਰਸੰਗ ਵਿਚ ਉਸ ਦੇ ਕੁਝ ਅਸ਼ਆਰ ਦੇਖੋ :
ਨਾ ਮੇਰੀ ਨਾ ਤੇਰੀ ਥਾਂ ਹੈ
ਇਹ ਧਰਤੀਤਾਂ ਸਭ ਦੀ ਮਾਂ ਹੈ
ਇਸ ਜੀਵਨ ਤੇ ਮਾਣ ਹੈ ਕਾਹਦਾ
ਜੀਵਨ ਤਾਂ ਬਸ ਢਲਦੀ ਛਾਂ ਹੈ
ਉਸ ਨੇ ਫੇਰ ਸਿਆਸਤ ਖੇਡੀ
ਸਾਡੀ ਦੁਰਗੱਤ ਹੋਈ ਤਾਂ ਹੈ।
ਸੁਲਤਾਨ ਭਾਰਤੀ ਆਪਣੇ ਸਮਕਾਲੀ ਸੱਭਿਆਚਾਰ ਵਿਚ ਆਏ ਉਲਾਰਾਂ ਅਤੇ ਵਿਗਾੜਾਂ ਦਾ ਇਕ ਸਜੱਗ ਦਰਸ਼ਕ ਹੈ। ਉਸ ਨੂੰ ਇਸ ਗੱਲ ਦਾ ਮਲਾਲ ਹੈ ਕਿ ਅਜੋਕੇ ਸੱਭਿਆਚਾਰ ਵਿਚ ਬਹੁਤੇ ਲੋਕਾਂ ਦੀਆਂ ਜ਼ਮੀਰਾਂ ਭ੍ਰਿਸ਼ਟ ਹੋ ਗਈਆਂ ਹਨ। ਇਨ੍ਹਾਂ ਉੱਪਰ ਪਰਦਾ ਪਾਉਣ ਲਈ ਲੋਕ ਖੂਬ ਸਜ-ਧੱਜ ਕੇ ਰਹਿੰਦੇ ਹਨ : ਰੌਸ਼ਨ ਨਹੀਂ ਜ਼ਮੀਰ ਜਿਨ੍ਹਾਂ ਦੀ ਦੀਵੇ ਬਾਲਣ ਸੋਚਾਂ ਦੇ, ਆਪਣੇ ਕਾਲੇ ਕੰਮਾਂ ਉਤੇ ਪਾਉਂਦੇ ਰਹਿੰਦੇ ਪਰਦੇ ਲੋਕ/ਮੰਜ਼ਿਲ ਦਾ ਕੋਈ ਥਹੁ ਪਤਾ ਨਹੀਂ ਐਵੇਂ ਦੌੜੀ ਜਾਂਦੇ ਨੇ, ਰੂਹ ਆਪਣੀ ਤੇ ਤਨ ਦਾ ਐਵੇਂ ਬੋਝ ਉਠਾਈ ਫਿਰਦੇ ਲੋਕ। (ਪੰਨਾ 40) ਉਸ ਦੀਆਂ ਗ਼ਜ਼ਲਾਂ ਦਾ ਹਾਸਲ ਪ੍ਰੇਮ ਅਨੁਭਵ ਦੀ ਪੇਸ਼ਕਾਰੀ ਨਾਲ ਜੁੜਿਆ ਹੋਇਆ ਹੈ। ਉਸ ਨੇ ਇਸ ਅਨੁਭੂਤੀ ਨੂੰ ਸੰਜੋਗ, ਵਿਜੋਗ, ਆਸ਼ਾ, ਨਿਰਾਸ਼ਾ, ਇੰਤਜ਼ਾਰ ਅਤੇ ਮਾਯੂਸੀ ਆਦਿਕ ਅਨੇਕ ਰੰਗਾਂ-ਰੂਪਾਂ ਵਿਚ ਰੱਖ ਕੇ ਵੇਖਿਆ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਲੂਣਾ ਪਿੰਡਾ
ਗ਼ਜ਼ਲਗੋ : ਸੈਂਭੀ ਹਰਭਜਨ ਸਿੰਘ 'ਰਤਨ'
ਪ੍ਰਕਾਸ਼ਕ : ਹਰਭਜਨ ਸਿੰਘ ਫੁੱਲ, ਮਾਨਸਰੋਵਰ ਗਾਰਡਨ, ਨਵੀਂ ਦਿੱਲੀ
ਮੁੱਲ : 200 ਰੁਪਏ, ਸਫ਼ੇ : 112.

ਗ਼ਜ਼ਲ ਇਕ ਪਿਆਰੀ ਅਤੇ ਨਾਜ਼ਕ ਜਿਹੀ ਸਿਨਫ਼ ਹੈ, ਜਿਸ ਵਿਚ ਕੋਮਲ ਭਾਵਾਂ ਅਤੇ ਦਿਲੀ ਜਜ਼ਬਾਤਾਂ ਨੂੰ ਸੂਖਮ ਸੁਹਜਮਈ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ। ਭਾਵੇਂ ਗ਼ਜ਼ਲ ਦੇ ਤਕਾਜ਼ੇ ਅਤੇ ਅਸੂਲ ਨਿਭਾਉਣੇ ਕੁਝ ਔਖੇ ਹਨ ਪਰ ਜੇ ਗ਼ਜ਼ਲਗੋ ਕੋਲ ਰਹਿਣ ਲਈ ਕੁਝ ਉੱਤਮ ਅਤੇ ਅਰਥ-ਭਰਪੂਰ ਹੋਵੇ ਤਾਂ ਇਸ ਵਿਚ ਰਵਾਨੀ ਆਪ ਮੁਹਾਰੇ ਹੀ ਆ ਜਾਂਦੀ ਹੈ। ਇਸ ਗ਼ਜ਼ਲ ਸੰਗ੍ਰਹਿ ਵਿਚ ਸਾਦਗੀ, ਸਪੱਸ਼ਟਤਾ, ਦਲੇਰੀ, ਸ਼ਿੱਦਤ, ਸਿਆਣਪ, ਸੂਝ ਅਤੇ ਸੰਵੇਦਨਾ ਦੇ ਦਰਸ਼ਨ ਹੁੰਦੇ ਹਨ। ਸ਼ਾਇਰ ਇਮਾਨਦਾਰੀ ਨਾਲ ਮੰਨਦਾ ਹੈ ਕਿ ਉਹ ਅਰੂਜ਼ ਜਾਂ ਪਿੰਗਲ ਤੋਂ ਕੋਰਾ ਹੈ। ਸਚਾਈ ਅਤੇ ਨਿਰਮਾਣਤਾ ਦੀ ਆਪਣੀ ਹੀ ਖੂਬਸੂਰਤੀ ਹੁੰਦੀ ਹੈ। ਅੱਜ ਦੇ ਨਿਰਾਸ਼ੇ ਅਤੇ ਸੰਤਾਪੇ ਸਮੇਂ ਵਿਚ ਲੋੜ ਹੈ ਕਿ ਸ਼ਾਇਰੀ ਰੌਸ਼ਨੀ, ਖੂਬਸੂਰਤੀ, ਸੇਧ ਅਤੇ ਮਹਿਕ ਖਿਲਾਰੇ। ਕਵੀ ਦੀ ਮਾਨਵਵਾਦੀ ਚੇਤਨਾ ਅਤੇ ਦਾਨਿਸ਼ਮੰਦੀ ਬਹੁਤ ਸਾਰੇ ਸ਼ੇਅਰਾਂ ਵਿਚ ਝਲਕਦੀ ਹੈ ਜਿਵੇਂ :
-ਕੂਲੇ ਰੇਸ਼ਮ ਵਾਂਗੂ ਪਿੰਡਾ ਤੇਰਾ ਏ
ਲੂਣੇ ਪਿੰਡੇ ਪਰ ਜ਼ਖ਼ਮਾਂ ਦਾ ਡੇਰਾ ਏ
ਸ਼ੀਸ਼ੇ ਦਾ ਘਰ ਤੇ ਪੱਥਰ ਦੀਆਂ ਕੰਧਾਂ ਨੇ
ਤਿੜਕੇ ਨਾ ਕਿਧਰੇ ਇਹ ਰੈਣ ਬਸੇਰਾ ਏ।
-ਨਾ ਕਰੋ ਗੱਲ ਨ੍ਹੇਰਿਆਂ ਦੀ, ਦੀਵੇ ਗਿਆਨ ਦੇ ਬਾਲੋ
ਹਿਰਦੇ ਦੇ ਸੁੱਚੇ ਚਾਨਣ 'ਚੋਂ, ਰਾਹ ਮਾਨਵਤਾ ਦਾ ਭਾਲੋ।
-ਟੁਰ ਗਏ ਆਏ ਜੋ ਤੂਫ਼ਾਨ ਦੀ ਤਰਾਂ
ਪੂਜਦੇ ਰਹੇ ਅਸੀਂ ਭਗਵਾਨ ਦੀ ਤਰ੍ਹਾਂ।
-ਪਾਂਧੀ ਸੱਚ ਦੇ ਨੂੰ, ਮੁੱਲ ਤਾਰਨਾ ਪੈਂਦਾ
ਸਭ ਕੁਝ ਜਿੱਤ ਕੇ ਵੀ ਹਾਰਨਾ ਪੈਂਦਾ।
ਇਸ ਸੰਗ੍ਰਹਿ ਦੀਆਂ ਗ਼ਜ਼ਲਾਂ ਚਾਰ ਭਾਗਾਂ ਵਿਚ ਵੰਡੀਆਂ ਹੋਈਆਂ ਹਨ, ਜਿਨ੍ਹਾਂ ਵਿਚ ਅੱਠ-ਅੱਠ, ਸੱਤ-ਸੱਤ, ਛੇ-ਛੇ ਅਤੇ ਪੰਜ-ਪੰਜ ਸ਼ਿਅਰ ਹਨ। ਇਹ ਨਿੱਜ ਤੋਂ ਪਰ ਤੱਕ ਦਾ ਸਫ਼ਰ ਹੈ। ਇਨ੍ਹਾਂ ਦਾ ਵਿਸ਼ਾ-ਵਸਤੂ ਕੇਵਲ ਪਿਆਰ ਮੁਹੱਬਤ ਤੱਕ ਸੀਮਤ ਨਹੀਂ, ਸਗੋਂ ਸਮਾਜਿਕ ਸਰੋਕਾਰਾਂ ਨੂੰ ਵੀ ਉਭਾਰਦਾ ਹੈ। ਵਫ਼ਾ, ਮਜਬੂਰੀ, ਅਣਖ, ਭ੍ਰਿਸ਼ਟਾਚਾਰ, ਵਲਵਲੇ, ਸੱਧਰਾਂ, ਸਬਰ ਅਤੇ ਇਲਾਹੀ ਰੰਗ ਵੀ ਗ਼ਜ਼ਲਾਂ ਵਿਚ ਵਿਦਮਾਨ ਹੈ। ਇਨ੍ਹਾਂ ਵਿਚ ਰਸਿਕਤਾ, ਮਾਰਮਿਕਤਾ, ਭਾਵੁਕਤਾ ਅਤੇ ਬੌਧਿਕਤਾ ਦੇ ਰੰਗ ਹਨ। ਲੇਖਕ ਦੇ ਪਲੇਠੇ ਗ਼ਜ਼ਲ ਸੰਗ੍ਰਹਿ ਦਾ ਸਵਾਗਤ ਕਰਦਿਆਂ ਭਵਿੱਖ ਵਿਚ ਉਸ ਤੋਂ ਉਜਲੇ ਰੌਸ਼ਨ ਬੋਲਾਂ ਦੀ ਉਡੀਕ ਰਹੇਗੀ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367

ਸੰਸਾਰੀਕਰਨ ਅਤੇ ਅਸੀਂ
ਲੇਖਕ : ਓ. ਪੀ. ਵਰਮਾ
ਪ੍ਰਕਾਸ਼ਕ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 132.

ਕਿਰਤ ਮਨੁੱਖ ਦੇ ਵਿਅਕਤੀਗਤ ਤੇ ਸਮਾਜਿਕ ਜੀਵਨ ਦਾ ਆਧਾਰ ਹੈ। ਜੰਗਲਾਂ, ਗੁਫ਼ਾਵਾਂ ਵਿਚ ਰਹਿੰਦੇ ਆਦਿਮ ਮਨੁੱਖ ਤੋਂ ਹੁਣ ਤੱਕ ਦੀ ਸਾਰੀ ਪ੍ਰਾਪਤੀ ਕਿਰਤ ਨੇ ਕੀਤੀ ਹੈ। ਸਮਾਜਿਕ, ਆਰਥਿਕ ਰਿਸ਼ਤਿਆਂ ਵਿਚ ਬੱਝੇ ਮਨੁੱਖ ਨੂੰ ਹੌਲੀ-ਹੌਲੀ ਜ਼ਮੀਨ, ਮਸ਼ੀਨ, ਪੂੰਜੀ, ਕਿਰਤ ਦੇ ਸੰਜੋਗ ਨਾਲ ਉਤਪਾਦਨ, ਖਰੀਦ/ਵੇਚ, ਵਪਾਰ/ਮੰਡੀ ਦੀ ਸੋਝੀ ਹੋਈ। ਕਿਰਤੀ ਵੱਲੋਂ ਕਿਰਤ ਸ਼ਕਤੀ ਵੇਚ ਕੇ ਉਸ ਨਾਲੋਂ ਵਧੇਰੇ ਮੁੱਲ ਦਾ ਉਤਪਾਦਨ ਆਪਣੇ ਖਰੀਦਦਾਰਾਂ ਲਈ ਕੀਤਾ ਜਾਣ ਲੱਗਾ। ਪੂੰਜੀ ਦਾ ਸੰਚਕ ਤੇ ਦੁਰਉਪਯੋਗ ਕਰਕੇ ਕਿਰਤੀ ਦੇ ਸ਼ੋਸ਼ਣ ਦੀ ਕਹਾਣੀ ਇਥੋਂ ਹੀ ਤੁਰੀ। ਪੈਦਾ ਮਾਲ ਲਈ ਖੁੱਲ੍ਹੀਆਂ ਨਵੀਆਂ ਮੰਡੀਆਂ। ਪੂੰਜੀ/ਆਰਥਿਕ ਸਾਧਨਾਂ/ਵਸਤਾਂ ਦਾ ਬੇਰੋਕ ਪ੍ਰਵਾਹ ਮੁਨਾਫ਼ਾ ਕਮਾਉਣ ਲਈ ਜ਼ਰੂਰੀ ਹੋਇਆ ਤਾਂ ਸੰਸਾਰੀਕਰਨ ਸਾਹਮਣੇ ਆਇਆ। ਓ. ਪੀ. ਵਰਮਾ ਨੇ ਇਕ ਸੂਝਵਾਨ ਅਰਥ-ਸ਼ਾਸਤਰੀ ਅਤੇ ਕਿਰਤੀ ਸ਼੍ਰੇਣੀ ਦੇ ਹਮਦਰਦ ਦੇ ਦ੍ਰਿਸ਼ਟੀਕੋਣ ਤੋਂ ਸੰਸਾਰੀਕਰਨ ਦੀ ਇਸ ਪ੍ਰਕਿਰਿਆ ਨੂੰ ਭਾਰਤੀ ਪ੍ਰਸੰਗ ਵਿਚ ਵਿਸ਼ਲੇਸ਼ਿਤ ਕੀਤਾ ਹੈ।
ਪ੍ਰੋ. ਵਰਮਾ ਟਰੇਡ ਯੂਨੀਅਨਿਸਟ ਹੋਣ ਦੀ ਦਸ ਇਸ ਪੁਸਤਕ ਦੇ ਮੁੱਖ ਬੰਧ ਵਿਚ ਪਾਉਂਦਾ ਹੈ। ਸਿਧਾਂਤ/ਵਿਹਾਰ, ਕਲਮ/ਕਰਮ ਪੱਖੋਂ ਉਸ ਵਿਚ ਕੋਈ ਦੁਬਿਧਾ ਨਹੀਂ। ਆਮ ਆਦਮੀ ਦੀ ਜ਼ਬਾਨ ਵਿਚ ਉਹ ਆਰਥਿਕਤਾ ਦੇ ਇਕ ਮਹੱਤਵਪੂਰਨ ਵਿਸ਼ੇ ਦੇ ਵੱਖ-ਵੱਖ ਪਹਿਲੂਆਂ ਦੀ ਚਰਚਾ ਕਰਦਾ ਹੈ। ਵਿਸ਼ਵ ਤੇ ਵਿਸ਼ਵੀਕਰਨ ਦੀ ਥਾਂ ਸੰਸਾਰ/ਸੰਸਾਰੀਕਰਨ ਸ਼ਬਦ ਵਰਤਨ ਤੋਂ ਹੀ ਉਸ ਦੀ ਪਹੁੰਚ ਵਿਧੀ ਸਾਫ਼ ਹੋ ਜਾਂਦੀ ਹੈ।
ਵਿਕਸਿਤ ਦੇਸ਼ਾਂ ਵੱਲੋਂ ਘੱਟ ਵਿਕਸਿਤ ਦੇਸ਼ਾਂ ਵਿਚ ਆਪਣਾ ਮਾਲ ਵੇਚਣ ਨਾਲ ਮੰਡੀ ਬਣੇ ਦੇਸ਼ਾਂ ਦੀ ਆਰਥਿਕਤਾ, ਉਤਪਾਦਨ, ਰੁਜ਼ਗਾਰ, ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ। ਗਰੀਬ ਤੇ ਕਮਜ਼ੋਰ ਵਰਗ ਨੂੰ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਦਾ ਸ਼ੋਸ਼ਣ ਵਧਦਾ ਹੈ। ਵੱਡੀਆਂ ਕੰਪਨੀਆਂ ਨਾਲ ਨਿੱਕੇ ਧੰਦੇ/ਬੰਦੇ ਮਾਰ ਖਾਂਦੇ ਹਨ। ਮਲਟੀਨੈਸ਼ਨਲ ਕੰਪਨੀਆਂ ਦੀ ਲੁੱਟ, ਪੂੰਜੀਵਾਦ ਦਾ ਸੰਕਟ ਤੇ ਭਾਰਤ ਵਰਗੇ ਦੇਸ਼ਾਂ ਲਈ ਪ੍ਰਾਪਤ ਵਿਕਲਪ ਤੇ ਮਜਬੂਰੀਆਂ ਦੀ ਗੱਲ ਪ੍ਰੋ: ਵਰਮਾ ਨੇ ਇਮਾਨਦਾਰੀ ਨਾਲ ਕੀਤੀ ਹੈ।

ਆਧੁਨਿਕ ਕਾਲ ਵਿਚ ਗੁਰਬਾਣੀ ਵਿਆਖਿਆ
ਲੇਖਕ : ਡਾ: ਰਵਿੰਦਰ ਸਿੰਘ ਸੰਧੂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 325 ਰੁਪਏ, ਸਫ਼ੇ : 232.

ਗੁਰਬਾਣੀ ਪੰਜਾਬੀ ਸਾਹਿਤ ਦੀ ਮੁੱਲਵਾਨ ਨਿਧੀ ਹੀ ਨਹੀਂ, ਅਜੋਕੇ ਵਿਸ਼ਵ ਵਿਚ ਵਿਆਪਤ ਅਨਿਨ ਭਾਂਤਾਂ ਦੇ ਸੰਕਟਾਂ ਦੇ ਨਿਵਾਰਨ ਵਾਸਤੇ ਮੁੱਲਵਾਨ ਅੰਤਰ-ਦ੍ਰਿਸ਼ਟੀਆਂ ਨਾਲ ਭਰਪੂਰ ਅਜਿਹੀ ਵਸਤ ਹੈ ਜੋ ਪਦਾਰਥ ਤੇ ਪਰਮਾਰਥ, ਲੋਕ ਤੇ ਪਰਲੋਕ ਦੋਵਾਂ ਨਾਲ ਸਬੰਧਤ ਹੈ। ਇਸ ਲਈ ਇਸ ਨੇ ਆਸਤਕ-ਨਾਸਤਕ, ਸਿੱਖਾਂ-ਗ਼ੈਰ ਸਿੱਖਾਂ, ਮਾਰਕਸਵਾਦੀਆਂ-ਗ਼ੈਰ-ਮਾਰਕਸਵਾਦੀਆਂ, ਭਾਰਤੀਆਂ-ਵਿਦੇਸ਼ੀਆਂ-ਹਰ ਪ੍ਰਕਾਰ ਦੇ ਚਿੰਤਕਾਂ ਨੂੰ ਆਕਰਸ਼ਿਤ ਕੀਤਾ ਹੈ। ਹਰ ਇਕ ਨੇ 'ਆਪ ਆਪਣੀ ਬੁਧ ਹੈ ਜੇਤੀ' ਅਨੁਸਾਰ ਗੁਰਬਾਣੀ ਨੂੰ ਸਮਝਣ-ਸਮਝਾਉਣ ਤੇ ਵਿਆਖਿਆਣ ਦਾ ਉਪਰਾਲਾ ਕੀਤਾ ਹੈ। ਰਵਿੰਦਰ ਸਿੰਘ ਨੇ ਆਧੁਨਿਕ ਕਾਲ ਵਿਚ ਗੁਰਬਾਣੀ ਦੇ ਪ੍ਰਮੁੱਖ ਵਿਆਖਿਆਕਾਰਾਂ ਦੀ ਪਹੁੰਚ ਵਿਧੀ ਨੂੰ ਵਿਸ਼ਲੇਸ਼ਿਤ ਕਰਨ ਦਾ ਉਦਮ ਇਸ ਪੁਸਤਕ ਵਿਚ ਕੀਤਾ ਹੈ।
ਰਵਿੰਦਰ ਸਿੰਘ ਦਾ ਇਹ ਕਾਰਜ ਡਿਗਰੀ ਸਾਪੇਖ ਪ੍ਰਾਜੈਕਟ ਪ੍ਰਤੀਤ ਹੁੰਦਾ ਹੈ। ਇਸ ਦੀ ਖੋਜ ਵਿਧੀ, ਹਵਾਲੇ, ਪੇਸ਼ਕਾਰੀ ਦੀ ਰੂਪ ਰੇਖਾ ਇਸੇ ਪਾਸੇ ਸੰਕੇਤ ਕਰਦੇ ਹਨ। ਹਾਂ, ਅੰਤ ਵਿਚ ਖੋਜ ਦੇ ਨਿਸ਼ਕਰਸ਼ ਅਤੇ ਸਹਾਇਕ ਪੁਸਤਕਾਂ ਦੀ ਸੂਚੀ ਨਹੀਂ ਜਾਂ ਫਿਰ ਆਰੰਭ ਵਿਚ ਇਸ ਖੇਤਰ ਵਿਚ ਪਹਿਲਾਂ ਹੋਏ ਖੋਜ ਕਾਰਜਾਂ ਦਾ ਸਰਵੇਖਣ-ਵਿਸ਼ਲੇਸ਼ਣ ਨਹੀਂ। ...ਖੈਰ, ਲੇਖਕ ਦਾ ਇਹ ਯਤਨ ਉਸ ਦੀ ਉਮਰ ਦੇ ਹਿਸਾਬ ਨਾਲ ਪ੍ਰਭਾਵਸ਼ਾਲੀ ਹੈ।
ਲੇਖਕ ਨੇ ਗੁਰਬਾਣੀ ਦੇ ਜਿਹੜੇ ਵਿਆਖਿਆਕਾਰਾਂ ਦੇ ਕਾਰਜ ਦਾ ਅਧਿਐਨ-ਵਿਸ਼ਲੇਸ਼ਣ ਕੀਤਾ ਹੈ, ਉਹ ਹਨ : ਭਾਈ ਕਾਨ੍ਹ ਸਿੰਘ, ਭਾਈ ਜੋਧ ਸਿੰਘ, ਭਾਈ ਵੀਰ ਸਿੰਘ, ਪ੍ਰੋ: ਸਾਹਿਬ ਸਿੰਘ, ਪ੍ਰੋ: ਪੂਰਨ ਸਿੰਘ, ਪ੍ਰਿੰ: ਤੇਜਾ ਸਿੰਘ, ਸੰਤ ਸਿੰਘ ਸੇਖੋਂ, ਪ੍ਰੋ: ਕ੍ਰਿਸ਼ਨ ਸਿੰਘ, ਡਾ: ਹਰਿਭਜਨ ਸਿੰਘ, ਡਾ: ਜਗਬੀਰ ਸਿੰਘ, ਡਾ: ਰਤਨ ਸਿੰਘ ਜੱਗੀ, ਡਾ: ਜੋਧ ਸਿੰਘ, ਮੈਕਾਲਿਫ਼, ਵਿਨੋਬਾ ਭਾਵੇ ਤੇ ਅਚਾਰੀਆ ਰਜਨੀਸ਼।
ਰਵਿੰਦਰ ਸਿੰਘ ਨੇ ਹਰ ਚਿੰਤਨ ਦੇ ਜਨਮ, ਸੰਖੇਪ ਜੀਵਨ, ਗੁਰਬਾਣੀ ਬਾਰੇ ਕਾਰਜ, ਉਸ ਪਿੱਛੇ ਕਾਰਜਸ਼ੀਲ ਸਿਧਾਂਤਕ, ਸਾਹਿਤਕ, ਦਾਰਸ਼ਨਿਕ, ਵਿਚਾਰਧਾਰਾਈ ਦ੍ਰਿਸ਼ਟੀ/ਪਹੁੰਚ/ਆਧਾਰ ਨੂੰ ਸਪੱਸ਼ਟ ਕਰਨ ਦਾ ਯਤਨ ਕੀਤਾ ਹੈ। ਭਾਈ ਜੋਧ ਸਿੰਘ ਦਾ ਆਧਾਰ ਤਾਰਕਿਕ ਤੇ ਵਿਗਿਆਨਕ ਹੈ, ਸਾਹਿਬ ਸਿੰਘ ਦੀ ਪਹੁੰਚ ਵਿਆਕਰਨਿਕ ਹੈ, ਹਰਿਭਜਨ ਸਿੰਘ ਦੀ ਪਾਠ ਦੀ ਰੂਪਵਾਦੀ ਸੰਰਚਨਾਵਾਦੀ ਵਿਆਖਿਆ, ਜੋਧ ਸਿੰਘ ਦੀ ਵੇਦਾਂਤਕ। ਇਸ ਕਿਸਮ ਦੇ ਨਿਖੇੜੇ ਲੇਖਕ ਦੀ ਗੰਭੀਰ ਸਾਹਿਤ ਯੋਗਤਾ ਦੇ ਪ੍ਰਮਾਣ ਹਨ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਚਿੜੀਆਂ ਦੀ ਡਾਰ
ਲੇਖਿਕਾ : ਸੁਰਿੰਦਰ ਕੌਰ ਬਿੰਨਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 140 ਰੁਪਏ, ਸਫ਼ੇ : 96.

ਪੁਸਤਕ 'ਚਿੜੀਆਂ ਦੀ ਡਾਰ' ਸੁਰਿੰਦਰ ਕੌਰ ਬਿੰਨਰ ਦਾ ਲਗਾਤਾਰ ਛੇਵਾਂ ਕਾਵਿ ਸੰਗ੍ਰਹਿ ਹੈ। ਕਮਾਲ ਦੀ ਗੱਲ ਹੈ ਕਿ ਉਸ ਦੀਆਂ ਇਹ ਛੇ ਪੁਸਤਕਾਂ ਕੇਵਲ 2 ਸਾਲ ਦੇ ਸਮੇਂ ਦੌਰਾਨ ਹੀ ਛਪੀਆਂ ਹਨ। ਸੁਰਿੰਦਰ ਕੌਰ ਬਿੰਨਰ ਕਵਿਤਾ ਦੀ ਰਫ਼ਤਾਰ ਅਤੇ ਮਿਕਦਾਰ ਵਿਚ ਹੀ ਨਹੀਂ ਸਗੋਂ ਗੁਣਵੱਤਾ ਅਤੇ ਭਾਵਬੋਧ ਦੇ ਪੱਖ ਤੋਂ ਵੀ ਕੁਝ ਨਵੇਂ ਆਯਾਮ ਸਥਾਪਤ ਕਰਦੀ ਪ੍ਰਤੀਤ ਹੁੰਦੀ ਹੈ। ਸੁਰਿੰਦਰ ਕੌਰ ਬਿੰਨਰ ਨੇ ਖ਼ੁਦ ਮੰਨਿਆ ਹੈ ਕਿ ਕਵਿਤਾ ਨੇ ਉਸ ਨੂੰ ਜੀਣ ਦੇ ਕੁਝ ਸਬੱਬ ਦਿੱਤੇ ਹਨ।
ਕਵਿਤਾ ਚਿੜੀਆਂ ਦੀ ਡਾਰ ਵਿਚ ਉਹ ਵੱਖ-ਵੱਖ ਵਿਸ਼ਿਆਂ ਨੂੰ ਆਪਣੀ ਕਲਮ ਦੀ ਪਕੜ ਵਿਚ ਲੈਂਦੀ ਪ੍ਰਤੀਤ ਹੁੰਦੀ ਹੈ। ਜਿਥੇ ਪਿਆਰ ਅਤੇ ਨਿੱਜੀ ਰਿਸ਼ਤਿਆਂ ਦੇ ਗੰਧਲੇਪਨ ਦਾ ਜ਼ਿਕਰ ਹੈ, ਉਥੇ ਬੁਢਾਪੇ ਵਿਚ ਔਲਾਦ ਹੱਥੋਂ ਜ਼ਲਾਲਤ ਸਹਾਰ ਰਹੇ ਮਾਪਿਆਂ ਦਾ ਵੀ ਉਸ ਨੂੰ ਫ਼ਿਕਰ ਹੈ।
ਪੁੱਤਰ ਨੇ ਤੋਰ ਦਿੱਤਾ
ਬੁੱਢੇ ਮਾਪਿਆਂ ਨੂੰ
ਬਿਰਧ ਆਸ਼ਰਮ ਦੇ ਰਾਹ
ਹਰ ਕਵਿਤਾ ਵਿਚ ਆਪਣੀ ਰਵਾਨੀ ਹੈ। ਉਦਹਾਰਨ ਵਜੋਂ ਕਵਿਤਾ 'ਬਹੁੜੀ ਵੇ ਤਬੀਬਾ', 'ਮਨ ਦੀ ਹੂਕ', 'ਮਾਹੀਏ ਦਾ ਚਾਅ' ਆਦਿ ਦੀ ਗੱਲ ਕੀਤੀ ਜਾ ਸਕਦੀ ਹੈ। ਆਪਣੇ ਪਤੀ (ਮਰਹੂਮ) ਨੂੰ ਸਮਰਪਿਤ ਕਵਿਤਾ ਬੇਹੱਦ ਭਾਵੁਕ ਸੁਰ ਵਾਲੀ ਹੈ। ਸੁਰਿੰਦਰ ਕੌਰ ਬਿੰਨਰ ਨੂੰ ਰਚਨਸ਼ੀਲਤਾ ਅਤੇ ਉਤਸ਼ਾਹ ਲਈ ਮੁਬਾਰਕਬਾਦ ਦੇਣੀ ਬਣਦੀ ਹੈ।

-ਜਤਿੰਦਰ ਸਿੰਘ ਔਲਖ
ਮੋ: 98155-34653.

ਕੁਰਆਨ ਮਜ਼ੀਦ
ਅਨੁਵਾਦ : ਬੰਤਾ ਸਿੰਘ ਘੁਡਾਣੀ
ਪ੍ਰਕਾਸ਼ਕ : ਨਵਦੀਪ ਸਿੰਘ ਬੋਪਾਰਾਏ ਉਰਫ਼ ਮੇਹਰ ਅਲੀ ਕੈਨੇਡਾ
ਮੁੱਲ : 50 ਰੁਪਏ, ਸਫ਼ੇ : 64

ਹਥਲੀ ਪੁਸਤਕ, ਪ੍ਰਸਿੱਧ ਧਾਰਮਿਕ ਗ੍ਰੰਥ ਕੁਰਆਨ ਮਜ਼ੀਦ ਦੇ ਆਖਰੀ ਪਾਰੇ (ਟੁਕੜੇ) ਦਾ ਪੰਜਾਬੀ ਅਨੁਵਾਦ ਹੈ। ਇਹ ਪੰਜਾਬੀ ਅਨੁਵਾਦ ਸ਼ੇਅਰਾਂ ਦੀ ਸ਼ਕਲ ਵਿਚ ਬਜ਼ੁਰਗ ਹਸਤੀ ਬੰਤਾ ਸਿੰਘ ਘੁਡਾਣੀ ਵੱਲੋਂ ਕੀਤਾ ਗਿਆ ਹੈ। ਇਸ ਪੁਸਤਕ ਦੀ ਭੂਮਿਕਾ ਵਿਚ ਬੰਤਾ ਸਿੰਘ ਘੁਡਾਣੀ ਵੱਲੋਂ ਇਸ ਪੁਸਤਕ ਦੇ ਅਨੁਵਾਦ ਦੇ ਪਿਛੋਕੜ ਦੀਆਂ ਘਟਨਾਵਾਂ ਦਾ ਵੇਰਵਾ ਦਿੱਤਾ ਗਿਆ ਹੈ। ਉਸ ਤੋਂ ਬਾਅਦ ਉਨ੍ਹਾਂ ਕੁਰਾਨ ਮਜ਼ੀਦ ਦੇ ਆਖਰੀ ਪਾਰੇ ਦਾ ਅਨੁਵਾਦ ਸ਼ਾਇਰੀ ਦੇ ਰੂਪ ਵਿਚ ਕੀਤਾ ਹੈ। ਇਹ ਅਨੁਵਾਦ ਪੜ੍ਹਦਿਆਂ ਜਿਥੇ ਕੁਰਆਨ ਮਜ਼ੀਦ ਦੀ ਵਿਚਾਰਧਾਰਾ ਬਾਰੇ ਪਾਠਕ ਜਾਣੂ ਹੁੰਦਾ ਹੈ ਉਥੇ ਇਸ ਦਾ ਅਨੁਵਾਦ ਮਨੁੱਖੀ ਮਨਾਂ ਵਿਚ ਪ੍ਰੇਮ ਤੇ ਭਾਈਚਾਰੇ ਦਾ ਸੰਦੇਸ਼ ਸਿਰਜਦਾ ਪ੍ਰਤੀਤ ਹੁੰਦਾ ਹੈ। ਅਨੁਵਾਦ ਪੜ੍ਹਦਿਆਂ ਅਨੁਵਾਦਕ ਦੀ ਇਸਲਾਮ ਪ੍ਰਤੀ ਸ਼ਰਧਾ ਇਸ ਪੁਸਤਕ ਵਿਚੋਂ ਮਹਿਸੂਸ ਕੀਤੀ ਜਾ ਸਕਦੀ ਹੈ। ਬਹੁਤ ਹੀ ਸਰਲ ਸਾਧਾਰਣ ਭਾਸ਼ਾ ਵਿਚ ਇਸ ਦਾ ਅਨੁਵਾਦ ਆਮ ਪਾਠਕਾਂ ਤੱਕ ਪਵਿੱਤਰ ਕੁਰਾਨ ਦਾ ਸੰਦੇਸ਼ ਸੰਚਾਰ ਕਰਨ ਦੇ ਸਮਰੱਥ ਹੈ। ਹੋਰ ਧਾਰਮਿਕ ਗ੍ਰੰਥਾਂ ਵਾਂਗ ਪਵਿੱਤਰ ਕੁਰਾਨ ਵਿਚ ਵੀ ਪ੍ਰਮਾਤਮਾ ਉਸਤਿਤ, ਮਾਨਵੀ ਪ੍ਰੇਮ, ਭਾਈਚਾਰੇ ਤੇ ਮੁਹੱਬਤ ਦਾ ਸੰਦੇਸ਼ ਪ੍ਰਮੁੱਖ ਰੂਪ ਵਿਚ ਦ੍ਰਿਸ਼ਟੀਗੋਚਰ ਹੁੰਦਾ ਹੈ। ਇਹ ਪੁਸਤਕ ਪੰਜਾਬੀ ਪਾਠਕਾਂ ਦੇ ਗਿਆਨ ਵਿਚ ਵਾਧਾ ਕਰੇਗੀ ਅਜਿਹਾ ਮੈਨੂੰ ਯਕੀਨ ਹੈ।

-ਡਾ: ਅਮਰਜੀਤ ਕੌਂਕੇ
ਮੋ: 98142-31698

ਆਧੁਨਿਕ ਪੰਜਾਬੀ ਕਾਵਿ
(ਸੰਦਰਭਗਤ ਅਧਿਐਨ)
ਲੇਖਕ : ਡਾ: ਬਲਦੇਵ ਸਿੰਘ ਧਾਲੀਵਾਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 375 ਰੁਪਏ, ਸਫ਼ੇ : 288.

ਡਾ: ਬਲਦੇਵ ਸਿੰਘ ਧਾਲੀਵਾਲ ਬਹੁ-ਪੱਖੀ ਸ਼ਖ਼ਸੀਅਤ ਦਾ ਮਾਲਕ ਵਿਦਵਾਨ ਲੇਖਕ ਹੈ। ਕਵਿਤਾ, ਕਹਾਣੀ, ਸਫ਼ਰਨਾਮਾ ਅਤੇ ਆਲੋਚਨਾ ਦੇ ਖੇਤਰ ਵਿਚ ਵਿਲੱਖਣ ਪਛਾਣ ਬਣਾਈ ਹੈ। ਹਥਲੀ ਪੁਸਤਕ ਪੰਜਾਬੀ ਕਵਿਤਾ ਦੇ ਅਧਿਐਨ ਨੂੰ ਪੇਸ਼ ਕਰਦੀ ਹੈ। ਕਾਫੀ ਵੱਡੀ ਗਿਣਤੀ ਵਿਚ ਸ਼ਾਮਿਲ ਇਹ ਲੇਖ ਉਸ ਦੀ ਕਵਿਤਾ ਪ੍ਰਤੀ ਸਮਝ ਤੇ ਸੂਝ ਨੂੰ ਪੇਸ਼ ਕਰਦੇ ਹਨ।
ਪੁਸਤਕ ਦਾ ਪਹਿਲਾ ਤੇ ਵੱਡ-ਆਕਾਰੀ ਲੇਖ 'ਕਾਵਿ ਸ਼ੈਲੀ ਅਤੇ ਸ਼ੈਲੀ ਵਿਗਿਆਨ' ਸ਼ੈਲੀ ਬਾਰੇ ਬੜੇ ਵਿਸਥਾਰ ਵਿਚ ਵਾਕਫ਼ੀਅਤ ਦਿੰਦਾ ਹੈ। ਸ਼ੈਲੀ ਵਿਗਿਆਨ ਨੇ ਸਾਹਿਤ ਸ਼ਾਸਤਰ ਦੇ ਇਤਿਹਾਸ ਵਿਚ ਬਹੁਤ ਸਾਰੇ ਨਵੇਂ ਪਰਿਵਰਤਨ ਲਿਆਂਦੇ ਹਨ। ਲੇਖਕ ਅਨੁਸਾਰ, ਸ਼ੈਲੀ ਵਿਗਿਆਨ ਇਕ ਅਜਿਹੀ ਅੰਤਰ-ਅਨੁਸ਼ਾਸਨੀ ਪਹੁੰਚ-ਵਿਧੀ ਵਜੋਂ ਉੱਭਰ ਰਹੀ ਸਮੀਖਿਆ-ਪ੍ਰਣਾਲੀ ਹੈ, ਜਿਸ ਵਿਚ ਬਹੁਤ ਸਾਰੀਆਂ ਸਮੀਖਿਆ-ਵਿਧੀਆਂ ਤੇ ਚਿੰਤਨ-ਪ੍ਰਣਾਲੀਆਂ ਤੋਂ ਸਮੀਖਿਆ ਰੰਗ ਪ੍ਰਾਪਤ ਕਰਕੇ ਆਪਣੇ ਵਿਚ ਸਮੋਣ ਦਾ ਯਤਨ ਕੀਤਾ ਹੈ। ਦੂਜਾ ਲੇਖ 'ਪੰਜਾਬੀ ਕਵਿਤਾ ਵਿਚ ਆਧੁਨਿਕਤਾ ਦਾ ਪਰਿਵੇਸ਼' ਆਧੁਨਿਕਤਾ ਬਾਰੇ ਸੰਖੇਪ ਜਿਹੀ ਚਰਚਾ ਕਰਦਾ ਹੈ, ਜਿਨ੍ਹਾਂ ਵਿਚੋਂ ਮਹੱਤਵਪੂਰਨ-ਭਾਈ ਵੀਰ ਸਿੰਘ, ਦੀਵਾਨ ਸਿੰਘ ਕਾਲੇ ਪਾਣੀ, ਬਾਵਾ ਬਲਵੰਤ, ਅੰਮ੍ਰਿਤਾ ਪ੍ਰੀਤਮ, ਬਖਤਾਵਰ ਸਿੰਘ ਦਿਓਲ, ਰਵਿੰਦਰ ਰਵੀ, ਐਸ. ਤਰਸੇਮ, ਸੁਰਜੀਤ ਪਾਤਰ ਅਤੇ ਸਵਰਨਜੀਤ ਸਵੀ ਹੋਰਾਂ ਦੀ ਕਵਿਤਾ ਦਾ ਮੁਲਾਂਕਣ ਕਰਦੇ ਹਨ।
ਇਨ੍ਹਾਂ ਤੋਂ ਇਲਾਵਾ ਕੁਝ ਖਾਸ ਕਾਵਿ ਸੰਗ੍ਰਹਿ ਹਨ, ਜਿਨ੍ਹਾਂ ਬਾਰੇ ਡਾ: ਧਾਲੀਵਾਲ ਨੇ ਅਧਿਐਨ ਕੀਤਾ ਹੈ-ਖੁੱਲ੍ਹੇ ਮੈਦਾਨ, ਛੇ ਰੁੱਤਾਂ, ਕੱਚ ਦੇ ਵਸਤਰ, ਬਾਹਰੋਂ ਸਰਾਪੇ ਅੰਦਰੋਂ ਗੁਆਚੇ, ਸ਼ੀਸ਼ੇ ਤੇ ਦਸਤਕ, ਬਿਰਖ ਅਰਜ਼ ਕਰੇ, ਸਮੁੰਦਰ ਮੰਥਨ ਤੋਂ ਪਹਿਲਾਂ, ਰੋਹ ਵਿਦਰੋਹ, ਜਾਪਾਨੀ ਹਾਇਕੂ ਸ਼ਾਇਰੀ, ਇਕ ਚਿੜੀ ਤੇ ਮਹਾਂਨਗਰ ਅਤੇ ਖੜਾਵਾਂ।
ਇਸ ਪੁਸਤਕ ਦਾ ਅਧਿਐਨ ਕਰਨ ਤੋਂ ਬਾਅਦ ਇਕ ਗੱਲ ਸਪੱਸ਼ਟ ਹੁੰਦੀ ਹੈ ਕਿ ਇਹ ਸਾਰੇ ਲੇਖ ਕਾਫੀ ਸਾਲ ਪਹਿਲਾਂ ਲਿਖੇ ਗਏ ਹਨ। ਬਹੁਗਿਣਤੀ ਲੇਖ ਪੰਜਾਬ ਸੰਕਟ ਦੀ ਸ਼ਾਇਰੀ ਨਾਲ ਸਬੰਧਤ ਹਨ। ਪਤਾ ਨਹੀਂ ਕਿਸ ਖਾਸ ਮਜਬੂਰੀ ਕਾਰਨ ਡਾ: ਧਾਲੀਵਾਲ ਨੇ ਇਨ੍ਹਾਂ ਲੇਖਾਂ ਨੂੰ ਪੁਸਤਕ ਰੂਪ ਵਿਚ ਪਹਿਲਾਂ ਛਪਵਾਉਣ ਦੀ ਲੋੜ ਕਿਉਂ ਨਹੀਂ ਸਮਝੀ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਗੁਰਦਿਆਲ ਸਿੰਘ ਦੀ ਕਹਾਣੀ-ਸੰਵੇਦਨਾ
ਲੇਖਕਾ : ਕਮਲਪ੍ਰੀਤ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 260 ਰੁਪਏ, ਸਫ਼ੇ : 168.

ਪੰਜਾਬੀ ਗਲਪ ਦੇ ਖੋਜ ਖੇਤਰ ਦਾ ਇਹ ਪ੍ਰਵਾਨਿਤ ਸੱਚ ਹੈ ਕਿ ਸਾਡੇ ਮਹਾਨ ਗਲਪਕਾਰ ਗੁਰਦਿਆਲ ਸਿੰਘ ਦੇ ਨਾਵਲਾਂ 'ਤੇ ਵੱਧ ਕੰਮ ਹੋਇਆ ਹੈ ਜਦੋਂ ਕਿ ਉਸ ਦੀਆਂ ਕਹਾਣੀਆਂ ਦਾ ਖੇਤਰ ਅਣਗੌਲਿਆ ਹੀ ਰਿਹਾ। ਇਹ ਸ਼ਾਇਦ ਪਹਿਲੀ ਵਾਰ ਹੈ ਕਿ ਡਾ: ਕਮਲਪ੍ਰੀਤ ਕੌਰ ਨੇ ਉਸ ਦੀਆਂ ਕਹਾਣੀਆਂ ਦਾ ਮਨੋਵਿਗਿਆਨਕ, ਸਮਾਜ-ਸ਼ਾਸਤਰੀ ਅਤੇ ਬ੍ਰਿਤਾਂਤਕ ਦ੍ਰਿਸ਼ਟੀ ਤੋਂ ਨਿੱਠ ਕੇ ਅਧਿਐਨ ਕੀਤਾ ਹੈ। ਇਸ ਅਧਿਐਨ ਦੀ ਪੂਰਵ-ਤਿਆਰੀ ਵਜੋਂ ਖੋਜਕਰਤਾ ਨੇ ਸੰਸਾਰ ਪ੍ਰਸਿੱਧ ਮਨੋਵਿਗਿਆਨੀਆਂ ਫਰਾਇਡ, ਜੁੰਗ, ਐਲਡਰ ਆਦਿ ਦਾ ਵਿਸ਼ੇਸ਼ ਅਧਿਐਨ ਕੀਤਾ। ਇੰਜ ਉਸ ਨੂੰ ਇਦ, ਈਗੋ ਅਤੇ ਸੁਪਰਈਗੋ ਦੀ ਡੂੰਘੀ ਸਮਝ ਪ੍ਰਾਪਤ ਹੋਈ।
ਇਨ੍ਹਾਂ ਤਿੰਨਾਂ ਮਾਨਸਿਕ ਹਾਲਤਾਂ ਦਾ ਉਸ ਨੇ ਪਾਤਰਾਂ ਦੇ ਅੰਤਰੀਵ ਦਾ ਅਧਿਐਨ ਕਰਨ ਲਈ ਵਾਰ-ਵਾਰ ਪ੍ਰਯੋਗ ਕੀਤਾ ਹੈ। ਉਸ ਨੇ ਉਟੋ ਰੈਂਕ, ਕਰੇਨ ਹਾਰਨੀ, ਏਰਿਕ ਫਰੋਮ, ਸੁਲੀਵਾਨ, ਯਕ ਲਾਕਾਂ ਆਦਿ ਸੰਸਾਰ ਪ੍ਰਸਿੱਧ ਵਿਦਵਾਨਾਂ ਦੇ ਵਿਚਾਰਾਂ ਦਾ ਵੀ ਲਾਭ ਉਠਾਇਆ ਹੈ। ਪਾਤਰਾਂ ਦੇ ਅਸਤਿਤਵ ਦਾ ਅਧਿਐਨ ਕਰਨ ਲਈ ਵੀ ਉਸ ਨੂੰ ਜਾਂ ਪਾਲ ਸਾਰਤਰ ਅਤੇ ਨੀਤਸੇ ਤੋਂ ਬਿਨਾਂ ਮਾਰਟਿਨ ਹਾਈਡਿਗਰ ਦੇ ਵਿਸ਼ੇਸ਼ ਸੰਕਲਪਾਂ ਦੀ ਵੀ ਸੋਝੀ ਹੈ। ਬਿਰਤਾਂਤ-ਸ਼ਾਸਤਰੀ ਜੁਗਤਾਂ ਦੀ ਸਮਝ ਲਈ ਉਸ ਨੂੰ ਮੀਕ ਬਲ, ਕਲਾਦ ਲੈਵੀ ਸਤਰਾਸ ਅਤੇ ਤੋਦੋਰੋਵ ਦੀਆਂ ਕਿਰਤਾਂ ਤੋਂ ਮੁਢਲੀ ਵਾਕਫੀ ਹਾਸਲ ਹੈ। ਆਪਣੇ ਇਸ ਸਾਰੇ ਅਧਿਐਨ ਨੂੰ ਖੋਜਕਰਤਾ ਨੇ ਗੁਰਦਿਆਲ ਸਿੰਘ ਦੀ ਕਹਾਣੀ ਸੰਵੇਦਨਾ ਨੂੰ ਸਮਝਣ ਲਈ ਵਰਤੋਂ ਵਿਚ ਲਿਆਂਦਾ ਹੈ। ਇਸ ਵਡੇਰੇ ਕਾਰਜ ਨੂੰ ਤਿੰਨ ਕਾਂਡਾਂ ਵਿਚ ਸਮੇਟਿਆ ਗਿਆ ਹੈ।
ਡਾ: ਕਮਲਪ੍ਰੀਤ ਅਨੁਸਾਰ ਗੁਰਦਿਆਲ ਸਿੰਘ ਦੀਆਂ ਕਹਾਣੀਆਂ ਦਾ ਮੁੱਖ ਪੈਟਰਨ ਤਨਾਓ-ਸਿਰਜਨ ਹੈ। ਉਸ ਦੀਆਂ ਕਹਾਣੀਆਂ ਦਾ ਕੇਂਦਰ ਸਾਧਾਰਨ, ਅਣਗੌਲਿਆ, ਅਣਹੋਇਆ ਮਨੁੱਖ ਹੈ, ਜੋ ਬਦਲਦੀਆਂ ਪੂੰਜੀਵਾਦੀ ਪ੍ਰਸਥਿਤੀਆਂ ਕਾਰਨ ਮਨੋ-ਸੰਕਟ ਵਿਚ ਹੈ ਅਤੇ ਜੀਵਨ-ਕੀਮਤਾਂ ਵਿਚ ਪਰਿਵਰਤਨ ਕਾਰਨ ਉਹ ਅਲਗਾਵ, ਬੇਗਾਨਗੀ, ਹੀਣਤਾ, ਕੁੰਠਾ, ਊਣੇਪਣ, ਬੌਣੇਪਣ, ਅਤ੍ਰਿਪਤੀ, ਉਦਾਸੀ, ਨਿਰਾਸ਼ਾ ਅਤੇ ਬੇਵਸੀ ਦਾ ਜੀਵਨ ਜੀ ਰਿਹਾ ਹੈ। ਜੀ ਵੀ ਨਹੀਂ ਰਿਹਾ ਬਲਕਿ ਕੇਵਲ ਦਿਨ-ਕਟੀ ਹੀ ਕਰ ਰਿਹਾ ਹੈ। ਮਲਵਈ ਲੋਕ-ਜੀਵਨ ਦੀ ਮਾਨਸਿਕਤਾ ਪ੍ਰਤੀਬਿੰਬਤ ਕਰਨਾ ਗੁਰਦਿਆਲ ਸਿੰਘ ਦਾ ਹਾਸਲ ਹੈ। ਗੁਰਦਿਆਲ ਸਿੰਘ ਦੀਆਂ ਕਹਾਣੀਆਂ ਦਾ ਬਹੁਤਾ ਲੋਕਪ੍ਰਿਯ ਨਾ ਹੋਣ ਪਿੱਛੇ, ਖੋਜ ਕਰਤਾ ਦਾ ਮੱਤ ਹੈ ਕਿ ਉਹ ਇਸ ਲੋਕ ਸਮੂਹ ਦਾ ਚਿਤੇਰਾ ਹੈ ਜੋ ਵਿੱਦਿਆ ਤੋਂ ਕੋਰਾ ਹੈ ਤੇ ਪੜ੍ਹੇ ਲਿਖਿਆਂ ਬਾਰੇ ਉਹ ਲਿਖ ਹੀ ਨਹੀਂ ਰਿਹਾ।
ਡਾ: ਕਮਲਪ੍ਰੀਤ ਕੌਰ ਦੀ ਵਿਸ਼ਲੇਸ਼ਣ ਜੁਗਤ ਇਹ ਹੈ ਕਿ ਉਹ ਪਹਿਲਾਂ ਕਿਸੇ ਕਹਾਣੀ ਦੇ ਵਿਸ਼ੇ-ਵਸਤੂ ਬਾਰੇ ਆਪਣੀ ਰਾਏ ਦੇ ਜਾਂਦੀ ਹੈ ਜਾਂ ਕਿਸੇ ਮਾਨਸਿਕ ਜਾਂ ਸਮਾਜਿਕ ਸਮੱਸਿਆ ਦਾ ਜ਼ਿਕਰ ਕਰ ਜਾਂਦੀ ਹੈ ਅਤੇ ਬਾਅਦ ਵਿਚ ਖੋਜਕਾਰਜ ਦੀ ਲੋੜ-ਪੂਰਤੀ ਜਾਂ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਕਿਸੇ ਨਾ ਕਿਸੇ ਵਿਦਵਾਨ ਦੀ ਟੂਕ ਉਦ੍ਰਿਤ ਕਰ ਜਾਂਦੀ ਹੈ। ਕੁੱਲ ਮਿਲਾ ਕੇ ਉਸ ਦਾ ਖੋਜ ਕਾਰਜ ਸਫ਼ਲ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007


ਉਮਰ ਤਮਾਮ
ਲੇਖਕ : ਦਿਓਲ (ਬਖਤਾਵਰ ਸਿੰਘ ਦਿਓਲ)
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਚਾਂਦਨੀ ਚੌਕ ਦਿੱਲੀ
ਮੁੱਲ : 350 ਰੁਪਏ, ਸਫ਼ੇ : 254

ਮਨੁੱਖੀ ਜੀਵਨ ਵਿਚ ਵਾਪਰਦੀਆਂ ਹੋਣੀਆਂ ਦੀ ਲੀਲਾ ਹੀ ਨਿਰਾਲੀ ਹੈ। ਕਿਤੇ ਮਨੁੱਖ ਹੋਣੀਆਂ ਦਾ ਸਿਰਜਕ ਹੁੰਦਾ ਹੈ, ਕਿਤੇ ਖੁਦ ਹੀ ਇਨ੍ਹਾਂ ਦੀ ਕਠਪੁਤਲੀ ਬਣ ਕੇ ਵਿਚਰਨ ਲਈ ਮਜਬੂਰ ਹੈ। ਅਜਿਹੀ ਸਥਿਤੀ ਦੁੱਖ-ਸੁਖ ਦੀ ਅਨੁਵਭਤਾ ਨੂੰ ਜਨਮ ਦਿੰਦੀ ਹੈ। ਇਸ ਦਰਭਾਗ-ਸੁਭਾਗ ਦੇ ਯਥਾਰਥਵਾਦ ਨੂੰ ਕੇਂਦਰ ਬਿੰਦੂ ਬਣਾ ਕੇ ਪ੍ਰੋਢ ਲੇਖਕ ਦਿਓਲ ਨੇ 'ਉਮਰ ਤਮਾਮ' ਨਾਵਲ ਦੀ ਰਚਨਾ ਕੀਤੀ ਸੀ ਜਿਸ ਨੂੰ ਕਿਤਾਬੀ ਰੂਪ ਲੇਖਕ ਦੇ ਸਪੁੱਤਰ ਸ: ਮਨਧੀਰ ਸਿੰਘ ਦਿਓਲ ਨੇ ਦੇ ਕੇ ਪੰਜਾਬੀ ਸਹਿਤ ਦੀ ਝੋਲੀ ਵਿਚ ਪਾ ਕੇ ਸੁਲੱਗ ਔਲਾਦ/ਪੁੱਤਰ ਦਾ ਸਬੂਤ ਦਿੱਤਾ ਹੈ।
ਔਗੁਣ ਦਾ ਇਕ ਕੁਹਜ ਵੀ ਗੁਣਾਂ ਦੀ ਚਾਦਰ ਨੂੰ ਮੈਲੀ ਕਰਨ ਲਈ ਕਾਫੀ ਹੁੰਦਾ ਹੈ। ਇਸ ਰੰਗਲੀ ਦੁਨੀਆ ਵਿਚ ਪਤੀ/ਪੁੱਤਰ ਘਾਤ ਕਰਨ ਵਾਲੀ ਵਿਰਲੀ ਵਾਂਝੀ ਕੁਲਖਣੀ ਦੀ ਜਗ-ਜਨਨੀ ਸਤਿਕਾਰਤ ਔਰਤ ਨੂੰ ਦਾਗੋ-ਦਾਗ਼ ਕਰ ਦੇਣ ਦੀ ਬਿਰਤੀ, ਉਤਸ਼ਾਹ ਨਾਲ ਸਿੱਖੇ ਜਾਂ ਕੀਤੇ ਕੰਮਾਂ ਦੇ ਸਾਕਾਰਾਤਮਿਕ ਨਤੀਜੇ, ਸੱਚੇ ਇਸ਼ਕੇ ਦਾ ਹੁਲਾਰਾ, ਅਸਫਲ ਇਸ਼ਕੇ ਦੀ ਵੇਦਨਾ, ਮਿਲਾਪ ਲਈ ਬਿਰਹੜੇ/ਕੀਰਨੇ, ਕਿਸੇ ਦੇ ਘਰ ਲੱਗੀ ਅੱਗ ਨੂੰ ਬਸੰਤਰ ਸਮਝ ਕੇ ਰਾਜਨੀਤੀ ਦੀ ਰੋਟੀ ਸੇਕਣੀ, ਅਰਥ ਵਿਵਸਥਾ ਦਾ ਵਿਗਾੜੀ ਪ੍ਰਬੰਧ, ਲੜਾਈਆਂ-ਭਿੜਾਈਆਂ ਦਾ ਮੁੱਢ ਕਾਣੀ ਵੰਡ, ਅੰਧਵਿਸ਼ਵਾਸੀ ਆਸਥਾ ਅਧੀਨ ਅਖੌਤੀ ਧਾਰਮਿਕ ਡੇਰਿਆਂ ਦੀ ਸਥਾਪਨਾ, ਇਸ ਵਿਚ ਲਹੂ-ਪਾਣੀ ਦੀ ਕਮਾਈ ਨੂੰ ਅਜਾਂਈ ਹੀ ਝੋਕੀ ਜਾਣਾ, ਬੇਥਵੇ ਚੜ੍ਹਾਵੇ 'ਤੇ ਕਬਜ਼ੇ ਲਈ ਲੂੰਬੜਚਾਲਾਂ/ਸਿਆਸੀ ਝੇਰੇ ਉਤਪੰਨ ਹੋਣਾ, ਨਿਰਕੁੰਸ਼ ਸੇਵਾ ਦਾ ਸਕੂਨ ਆਦਿ ਵਿਸ਼ੇ ਪਾਠਕ ਨੂੰ ਵਾਰੋ-ਵਾਰੀ ਆਪਣੀ ਉਂਗਲ ਫੜਾਈ ਰੱਖਦੇ ਹਨ।
ਰੌਚਿਕ ਤੇ ਗਿਆਨ ਭਰਪੂਰ ਵਾਰਤਾਲਾਪ ਦੇ ਇਸ ਚਸ਼ਮੇ ਵਿਚ ਚੁੱਭੀ ਲਾਉਣ ਵਾਲੇ ਪਾਠਕ ਵਿਚ ਏਨੀ ਉਤਸੁਕਤਾ ਭਰ ਦਿੰਦਾ ਹੈ ਕਿ ਉਹ ਵਿਚਾਰਾਂ ਦੇ ਵਗਦੇ ਪ੍ਰਵਾਹ ਨੂੰ ਇਕੇ ਡੀਕੇ ਪੀਣ ਲਈ ਉੇਤਾਵਲਾ ਹੋ ਜਾਂਦਾ ਹੈ। ਰੌਚਿਕ ਪਰ ਗਿਆਨਵਰਧਕ ਕੁਝ-ਕੁ ਵਿਚਾਰ ਨਮੂਨੇ ਵਜੋਂ ਪੇਸ਼ ਹਨ :
'ਦੁਨੀਆ ਵਿਚ ਕਿੰਨੇ ਥੋੜ੍ਹੇ ਹਨ----ਜਿਨ੍ਹਾਂ ਦਾ ਹਰ ਕਦਮ, ਹਰ ਅਮਲ, ਹਰ ਖਿਆਲ ਕਿਸੇ ਦੂਜੇ ਨੂੰ ਸੁੱਖ ਦੇਵੇ।'
'ਨੀਤੀਵਾਨ ਕੀ ਹੈ? ਵੇਲੇ-ਕੁਵੇਲੇ ਆਪਣੇ ਇਮਾਨ ਨੂੰ ਛੱਡ ਦੇਣ ਦੇਣ ਵਾਲਾ ਇਕ ਬੇਹੁਨਰ ਮਨੁੱਖ।'
'....ਏਹ ਪਾਰਟੀਆਂ ਖਈ ਰੋਗ ਦੇ ਬਿਮਾਰ ਸਮਾਜ ਦੇ ਮੂੰਹ ਵਿਚ ਭਰ ਆਇਆ ਥੁੱਕ ਹੈ।'
'ਭੁੱਖ, ਨਿਰਾ ਅੰਂਨ ਹੀ ਨਹੀਂ ਖਾਂਦੀ, ਮਨੁੱਖਾਂ ਨੂੰ ਵੀ ਖਾ ਜਾਂਦੀ ਹੈ।'
ਅਜਿਹੇ ਹੋਰ ਵਿਚਾਰਾਂ ਨਾਲ ਲੋਟ-ਪੋਟ ਇਹ ਨਾਵਲ ਸਮਾਜ ਨੂੰ ਇਕ ਸੁਚਾਰੂ ਸੇਧ ਦੇਣ ਦੀ ਕਾਬਿਲੇਯੋਗ ਪੁਸਤਕ ਹੈ।

ਮੰਟੋ ਦੀਆਂ ਸ੍ਰੇਸ਼ਟ ਕਹਾਣੀਆਂ
ਸੰਪਾਦਕ : ਡਾ: ਐਸ. ਤਰਸੇਮ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 216

ਸੁਆਦਤ ਹਸਨ ਮੰਟੋ ਕਹਾਣੀ ਲੇਖਨ/ਅਫਸਾਨਾ ਨਵੀਸੀ ਵਿਚ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਮੰਟੋ ਨੂੰ ਕਰੀਬ 43 ਸਾਲ ਦਾ ਜੀਵਨ ਹੀ ਇਸ ਰੰਗਲੀ ਦੁਨੀਆ ਵਿਚ ਗੁਜ਼ਾਰਨ ਦਾ ਸਮਾਂ ਮਿਲਿਆ। ਦੁਨੀਆ ਵਿਚਰਦਿਆਂ ਉਸ ਨੂੰ ਜੋ ਵੀ ਅਨੁਭਵ ਹੋਇਆ, ਉਸ ਨੇ ਇਕ ਵਿਲੱਖਣ ਨਜ਼ਰੀਏ ਨਾਲ ਆਪਣੀ ਕਲਮ ਉਠਾਈ ਤੇ ਬਗੈਰ ਕਿਸੇ ਡਰ-ਭਉ ਤੋਂ ਬੇਬਾਕੀ ਨਾਲ ਸਮਾਜਿਕ, ਰਾਜਨੀਤਕ, ਧਾਰਮਿਕ ਫੁਕਰੇਪਨ ਦੇ ਕੁਹਜ ਦੀ ਹਕੀਕਤ ਨੂੰ ਕਰੀਬ 220 ਕਹਾਣੀਆਂ/ ਅਫਸਾਨਿਆਂ ਰਾਹੀਂ ਦੁਨੀਆ ਦੇ ਸਾਹਮਣੇ ਰੱਖਿਆ। ਡਾ: ਐਸ. ਤਰਸੇਮ ਨੇ ਇਨ੍ਹਾਂ ਕਹਾਣੀਆਂ ਵਿਚੋਂ ਕੁਝ ਕਹਾਣੀਆਂ ਨੂੰ ਪਾਠਕਾਂ ਦੇ ਸਨਮੁੱਖ ਕਰਨ ਲਈ 'ਮੰਟੋ ਦੀਆਂ ਸ੍ਰੇਸ਼ਟ ਕਹਾਣੀਆਂ' ਦੇ ਸਿਰਲੇਖ ਹੇਠ ਸੰਪਾਦਤ ਕਰਕੇ ਇਹ ਪੁਸਤਕ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਈ ਹੈ।
ਡਾ: ਐਸ. ਤਰਸੇਮ ਨੇ ਇਸ ਪੁਸਤਕ ਵਿਚ 'ਮੈਂ ਮੰਟੋ ਬੋਲਦਾ ਹਾਂ' ਰਾਹੀਂ ਮੰਟੋ ਦੇ ਜੀਵਨ ਦੇ ਸਭ ਖੱਟੇ-ਮਿੱਠੇ ਜੀਵਨ ਉੱਤੇ ਪੰਛੀ-ਝਾਤ ਵੀ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਨਾਲ ਹੀ ਮੰਟੋ ਦੀਆਂ ਕਹਾਣੀਆਂ ਨੂੰ ਇਸ ਤਰਤੀਬ ਨਾਲ ਸੰਪਾਦਿਤ ਕੀਤਾ ਹੈ ਕਿ ਇਹ ਕਹਾਣੀਆਂ ਇਕ ਨਾਵਲ ਦੀਆਂ ਲੜੀਵਾਰ ਘਟਨਾਵਾਂ ਹੀ ਪ੍ਰਤੀਤ ਹੋਣ ਲੱਗਦੀਆਂ ਹਨ।
ਜਿਸਮ-ਫਰੋਸੀ ਇਕ ਮਜਬੂਰੀ, ਮਰਦਾਂ ਚੋਂ ਕਿਸੇ ਫਰਿਸ਼ਤੇ ਵੱਲੋਂ ਇਸ ਦਲਦਲ ਵਿਚ ਕੁੱਦਣਾ ਤੇ ਇਸ ਧੰਦੇ ਵੱਲ ਧੱਕਣ ਵਾਲੇ ਵਿਰੁੱਧ ਸਫਲ ਉਕਸਾਹਟ ਪੈਦਾ ਕਰਨਾ, ਨਰਕ ਭੋਗ ਰਹੀ ਵੇਸਵਾਗਮਨੀ ਦੇ ਸੁਧਾਰ ਲਈ 'ਪਵਿੱਤਰ ਪਾਪੀ' ਵਜੋਂ ਯਤਨ ਕਰਨੇ, ਔਰਤਾਂ ਦੇ ਇਕ ਵਰਗ ਵੱਲੋਂ ਆਜ਼ਾਦੀ ਦੇ ਨਾਂਅ ਉਤੇ ਮਰਦ ਸਮਾਜ ਦੀਆਂ ਉਣਤਾਈਆਂ ਅਪਣਾਉਣ ਦੀ ਤਰਾਸਦੀ, ਆਪਣੀ ਹੱਕੀ ਸੇਜ ਮਾਨਣ ਦੀ ਥਾਂ ਬਗਾਨੀ ਤੌੜੀ ਵਿਚ ਮੂੰਹ ਮਾਰਨਾ ਪਰ ਉਸ ਤੌੜੀ ਵਿਚੋਂ 'ਠੰਢਾ ਗੋਸ਼ਤ' ਮੂੰਹ ਨਾਲ ਲੱਗਣ ਨਾਲ ਆਪ ਹੀ 'ਠੰਢਾ ਗੋਸ਼ਤ' ਬਣ ਜਾਣਾ, ਕਾਮ-ਚੇਸ਼ਟਾ ਵਿਚ ਸੰਤੁਸ਼ਟੀ ਨਾ ਮਿਲਣ 'ਤੇ ਸ਼ਰਮ-ਸੰਗ ਦੀ ਮੂਰਤ ਨੇ ਸ਼ੀਹਣੀ ਦਾ ਰੂਪ ਧਾਰਨ ਕਰ ਜਾਣਾ, ਬੇ-ਔਲਾਦੀ ਔਰਤ ਵੱਲੋਂ ਮਾਂ ਬਣਨ ਦੀ ਕੁਰਲਾਹਟ, ਸਿਆਣੇ-ਬਿਆਣੇ ਨੇਤਾਵਾਂ ਦੀ ਬੇਕੂਫੀ ਦਾ ਨਤੀਜਾ, ਆਜ਼ਾਦੀ ਬਨਾਮ ਬਰਬਾਦੀ, ਦੇਸ਼ ਦੀ ਵੰਡ ਸਮੇਂ ਹੈਵਾਨੀਅਤ ਦਾ ਨੰਗਾ ਨਾਚ, ਨਹੁੰ-ਮਾਸ ਦੇ ਰਿਸ਼ਤਿਆਂ ਦਾ ਚਕਨਚੂਰ ਹੋਣਾ ਅਤੇ ਪ੍ਰਾਹੁਣਚਾਰੀ ਵਲੋਂ ਮੇਜ਼ਬਾਨੀ ਦੇ ਅਟੁੱਟ ਸ਼ਰਧਾ ਨਾਲ ਵਿਸ਼ਵਾਸਘਾਤ ਕਰ ਜਾਣਾ ਆਦਿ ਭਾਵ-ਪੂਰਤ ਅਣਛੋਹੇ ਵਿਸ਼ਿਆਂ ਉਤੇ ਬੜੀ ਬਰੀਕੀ ਨਾਲ ਧਰੀ ਗਈ ਉਂਗਲ ਪਾਠਕ ਨੂੰ ਮੰਟੋ ਦੀਆਂ ਇਨ੍ਹਾਂ ਕਹਾਣੀਆਂ ਵਿਚ ਪ੍ਰਤੱਖ ਦਿਖਾਈ ਦਿੰਦੀ ਹੈ। ਡਾ: ਐਸ. ਤਰਸੇਮ ਵਲੋਂ ਕੀਤਾ ਗਿਆ ਇਹ ਸਾਰਥਿਕ ਯਤਨ( ਮੰਟੋ ਦੀਆਂ ਪ੍ਰਮੱਖ ਕਹਾਣੀਆਂ ਨੂੰ ਸੰਪਾਦਿਤ ਕਰਨਾ) ਕਾਫੀ ਸ਼ਲਾਘਾਯੋਗ ਹੈ। ਆਸ ਹੈ ਕਿ ਸੰਪਾਦਕ ਡਾ: ਐਸ. ਤਰਸੇਮ ਛੇਤੀ ਹੀ ਮੰਟੋ ਦੀਆਂ ਹੋਰ ਕਹਾਣੀਆਂ ਦੀ ਸੰਪਾਦਨਾ ਕਰਕੇ ਪੰਜਾਬੀ ਪਾਠਕਾਂ ਦੇ ਸਨਮੁੱਖ ਕਰਨ ਦਾ ਯਤਨ ਕਰਨਗੇ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858


 

23-6-2013

 ਸਤਨਾਜਾ
ਲੇਖਕ : ਸ਼ਰਨਜੀਤ ਬੈਂਸ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ/ਲੁਧਿਆਣਾ
ਮੁੱਲ : 135 ਰੁਪਏ, ਸਫ਼ੇ : 95

ਸ਼ਰਨਜੀਤ ਬੈਂਸ ਸੁਲਝਿਆ ਹੋਇਆ ਅਨੁਭਵੀ ਪੱਤਰਕਾਰ/ਗੱਦਕਾਰ ਹੈ ਜੋ ਆਪਣੀਆਂ ਲਿਖਤਾਂ ਰਾਹੀਂ ਦੇਸ਼-ਵਿਦੇਸ਼ ਦੀਆਂ ਸਮੱਸਿਆਵਾਂ ਤੇ ਗਤੀਵਿਧੀਆਂ ਨੂੰ ਆਪਣੀ ਕਲਮ ਰਾਹੀਂ ਚਿਤਰਣ ਦੇ ਯਤਨ ਵਿਚ ਹੈ। ਉਹ ਅੰਤਰਰਾਸ਼ਟਰੀ, ਰਾਸ਼ਟਰੀ ਤੇ ਪ੍ਰਾਂਤਿਕ ਵਿਹਾਰਾਂ ਤੇ ਵਿਚਾਰਾਂ ਨੂੰ ਪੇਸ਼ ਕਰਨ ਦੇ ਆਹਰ 'ਚ ਰਹਿੰਦਾ ਹੈ। ਇਹੋ ਜਿਹੇ ਮਿਲੇ-ਜੁਲੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਉਸ ਨੇ 'ਸਤਨਾਜਾ' ਨਾਂਅ ਦੀ ਨਵੀਂ ਪੁਸਤਕ ਪੇਸ਼ ਕੀਤੀ ਹੈ।
ਉਸ ਦੇ ਲੇਖਾਂ ਵਿਚ ਗ਼ਜ਼ਬ ਦੀ ਵੰਨ-ਸੁਵੰਨਤਾ ਹੈ। ਉਹ ਕਿਸੇ ਵੀ ਵਿਸ਼ੇ 'ਤੇ ਲਿਖਦਾ ਹੋਇਆ ਆਪਣੀ ਗੱਲ ਸਰਲ, ਸਪੱਸ਼ਟ ਤੇ ਨਿਰਵਿਵਾਦ ਢੰਗ ਨਾਲ ਵਿਉਂਤਦਾ ਹੈ। ਉਹ ਆਪਣੀ ਰਾਇ ਨਿਡਰਤਾ ਨਾਲ ਜ਼ਾਹਿਰ ਕਰਦਾ ਹੈ। ਉਸ ਦੇ ਵਿਹਾਰ ਤੇ ਵਿਚਾਰਾਂ ਵਿਚ ਖੁੱਲ੍ਹਾ ਡੁੱਲ੍ਹਾਪਨ ਝਲਕਦਾ ਹੈ। ਗੱਲ ਭਾਰਤ-ਚੀਨ ਦੀ ਹੋਵੇ, ਭਾਵੇਂ ਭਾਰਤ-ਪਾਕਿ ਰਿਸ਼ਤਿਆਂ ਦੀ, ਸਮਲਿੰਗੀ ਵਰਤਾਰਿਆਂ ਦੀ ਹੋਵੇ, ਪੰਜਾਬੀ ਭਾਸ਼ਾ ਦੀ ਮੰਦੀ ਸਥਿਤੀ ਦੀ ਹੋਵੇ, ਉਹ ਆਪਣੀ ਰਾਇ ਬੇਲਿਹਾਜ਼ ਹੋ ਕੇ ਦਿੰਦਾ ਹੈ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੰਦਾ ਹੈ। ਡੇਰਿਆਂ ਦਾ ਆਪਹੁਦਰਾਪਨ ਤੇ ਲੁੱਟ-ਖਸੁੱਟ ਵੀ ਬੈਂਸ ਦੀ ਕਲਮ ਤੋਂ ਬਚ ਨਹੀਂ ਸਕੇ। ਆਮ ਸਮੱਸਿਆਵਾਂ ਪੇਸ਼ ਕਰਦਿਆਂ ਬੈਂਸ ਬਹੁਤ ਸਰਲ ਤੇ ਸਪਾਟਬਿਆਨੀ ਤੋਂ ਕੰਮ ਲੈਂਦਾ ਹੈ। ਪਰ ਜਦ ਉਹ ਹਿਰਦੇ ਨਾਲ ਜੁੜੇ ਸਵਾਲਾਂ ਦੇ ਰੂਬਰੂ ਹੁੰਦਾ ਹੈ ਤਾਂ ਝੱਟ ਹੀ ਕਾਵਿਕ ਤੇ ਦਰਸ਼ਨਵਾਦੀ ਹੋ ਜਾਂਦਾ ਹੈ। ਉਦੋਂ ਉਸ ਦੇ ਵਾਕ, ਫਿਕਰੇ ਟੂਕਾਂ ਤੇ ਸਿਆਣੀਆਂ ਟੂਕਾਂ ਦਾ ਰੂਪ ਧਾਰਨ ਲੱਗਦੇ ਹਨ। 'ਕਿਸੇ ਦਰਦ 'ਚੋਂ ਨਿਕਲੀ ਆਵਾਜ਼ ਹੈ ਹੰਝੂ', 'ਦੁੱਖਾਂ-ਸੁਖਾਂ ਦਾ ਚਲਦਾ ਪ੍ਰਵਾਹ ਹੈ ਜੀਵਨ', 'ਫੈਸਲਾ', 'ਇਸ਼ਕ ਦਾ ਰੁਤਬਾ ਪਿਆਰ ਕਰਨ ਵਾਲੇ ਹੀ ਜਾਣਦੇ ਹਨ', 'ਕਿੱਕਰਾਂ ਦੇ ਫੁੱਲਾਂ ਦੀ ਅੜਿਆ ਕੌਣ ਕਰੇਂਦਾ ਰਾਖੀ ਵੇ', 'ਸਰਹੱਦਾਂ ਅੰਦਰ ਕੈਦ ਮਨੁੱਖਤਾ', ਆਦਿ ਲੇਖਾਂ ਵਿਚ ਉਹ ਦਿਮਾਗ਼ ਨਾਲੋਂ ਦਿਲ ਦੇ ਨੇੜੇ ਰਹਿੰਦਾ ਪ੍ਰਤੀਤ ਹੁੰਦਾ ਹੈ। ਇਨ੍ਹਾਂ ਲੇਖਾਂ ਵਿਚੋਂ ਨਿਕਲੇ ਵਾਕ ਟੂਕਾਂ ਬਣਦੇ ਦੇਖਣੇ ਚਾਹੀਦੇ ਹਨ :
1. ਭੁੱਖ ਨਾਲ ਵਿਲਕਦੇ ਪੇਟ ਨੂੰ ਰੋਟੀ ਦੀ ਸਹੀ ਪਰਿਭਾਸ਼ਾ ਪਤਾ ਹੁੰਦੀ ਹੈ।
2. ਔੜ ਮਾਰੀ ਧਰਤੀ ਨੂੰ ਹੀ ਮੀਂਹ ਦੀ ਪਹਿਲੀ ਬੂੰਦ ਦੀ ਕੀਮਤ ਪਤਾ ਹੁੰਦੀ ਹੈ।
3. ਸਾਡੀ ਹਰ ਨਿਰਾਸ਼ਤਾ ਅਤੀਤ ਨਾਲ ਜੁੜੀ ਹੁੰਦੀ ਹੈ ਅਤੇ ਸਾਡੀ ਹਰ ਆਸ ਭਵਿੱਖ ਨਾਲ ਬੱਝੀ ਹੁੰਦੀ ਹੈ।
ਇਹੋ ਜਿਹੀਆਂ ਗੁੱਝੀਆਂ ਤੇ ਦਾਰਸ਼ਨਿਕ ਟੂਕਾਂ ਬੈਂਸ ਦੀ ਵਿਦਵਤਾ ਦੀ ਜ਼ਾਹਿਰ ਕਰਦੀਆਂ ਹਨ। ਬੈਂਸ ਸਮੱਸਿਆ ਵੱਲ ਸੰਕੇਤ ਤਾਂ ਕਰਦੀ ਹੀ ਹੈ, ਨਾਲ ਦੀ ਨਾਲ ਉਸ ਦਾ ਹੱਲ ਵੀ ਦੱਸਦਾ ਹੈ। ਇਨ੍ਹਾਂ ਲੇਖਾਂ ਨੂੰ ਪੜ੍ਹਨਾ ਅਕਲਵਾਨ ਹੋਣ ਵੱਲ ਰੁਚਿਤ ਕਰਦਾ ਹੈ।

ਰੁੱਖ ਰਬਾਬ
ਲੇਖਿਕਾ : ਅਨੂ ਬਾਲਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 71

'ਕਿਰਨਾਂ ਦਾ ਝੁਰਮਟ' ਤੋਂ ਬਾਅਦ 'ਰੁੱਖ ਰਬਾਬ' ਅਨੂ ਬਾਲਾ ਦਾ ਨਵਾਂ ਗ਼ਜ਼ਲ-ਸੰਗ੍ਰਹਿ ਹੈ। ਅਨੂ ਬਾਲਾ ਪਰਪੱਕ ਤੇ ਸੂਖ਼ਮ ਅਹਿਸਾਸਾਂ ਵਾਲੀ ਕਵਿੱਤਰੀ ਹੈ। ਉਸ ਦੇ ਸ਼ਿਅਰਾਂ ਦੀ ਨਾਇਕਾ ਪ੍ਰੇਮ ਰੱਤੀ ਤੇ ਪ੍ਰੇਮ ਮੱਤੀ ਹੈ ਜਿਸ ਕੋਲ ਆਪਣੇ ਪ੍ਰੇਮ ਪ੍ਰਤੀ ਸਮਰਪਿਤ ਭਾਵ ਹੈ। ਉਹ ਆਪਣੇ ਦਰਦ ਤੇ ਪੀਣ ਨੂੰ ਵੀ ਸ਼ਾਨਮੱਤੇ ਢੰਗ ਨਾਲ ਪੇਸ਼ ਕਰਨ ਦੇ ਆਹਰ 'ਚ ਰਹਿੰਦੀ ਹੈ। ਉਸ ਕੋਲ ਆਪਣੇ ਨਾਇਕ ਲਈ ਪ੍ਰੇਮ ਰਸ ਤੋਂ ਸਿਵਾਇ ਹੋਰ ਕੁਝ ਨਹੀਂ। ਉਹ ਭਾਵ-ਵਿਹੋਰ ਹੁੰਦੀ ਹੋਈ ਆਪਣੇ ਪ੍ਰੇਮੀ ਨੂੰ ਆਵਾਹਨ ਕਰਦੀ ਹੈ ਕਿ ਉਹ ਉਸ ਦੇ ਹੱਥਾਂ 'ਤੇ ਕਿਰਨਾਂ ਦੀ ਮਹਿੰਦੀ ਲਗਾ ਕੇ ਮੱਥੇ 'ਤੇ ਸੂਰਜ ਦੀ ਬਿੰਦੀ ਸਜਾਵੇ। ਉਹ ਵਿਦਰੋਹੀ ਸੁਰ ਅਪਣਾਉਣ ਦੀ ਥਾਂ ਮੁਹੱਬਤੀ ਸੁਰ ਅਖ਼ਤਿਆਰ ਕਰਦੀ ਹੈ। ਉਹ ਪ੍ਰੇਮੀ ਦੇ ਪਾਣੀ ਦੀ ਖ਼ਾਤਿਰ ਮੀਨ ਭਾਵ ਮੱਛਲੀ ਬਣਨ ਲਈ ਵੀ ਤੱਤਪਰ ਹੈ। ਉਸ ਨੂੰ ਤਾਂ ਆਪਣਾ ਦਰਦ ਦੱਸਣ ਦੀ ਅਦਾ ਹੀ ਨਹੀਂ ਆਈ। ਉਸ ਦੇ ਲਫ਼ਜ਼ ਉਸ ਦੇ ਰਿਸਦੇ ਜ਼ਖ਼ਮਾਂ 'ਚ ਪੂਰੇ ਉਤਰਦੇ ਦਿਖਾਈ ਨਹੀਂ ਪੈਂਦੇ। ਉਸ ਦੀਆਂ ਯਾਦਾਂ ਵਿਚ ਪ੍ਰੇਮੀ ਦੇ ਨਕਸ਼ ਝਲਕਦੇ ਦਿਸਦੇ ਨੇ, ਉਹ ਚੰਦ ਵਿਚ ਚਾਨਣ ਦੀ ਭਾਲ ਭਲਾ ਕਿਵੇਂ ਕਰੇ? ਅਨੂ ਬਾਲਾ ਦੀ ਪ੍ਰੇਮਿਕਾ ਨੂੰ ਆਪਣੇ ਸਿਦਕ ਤੇ ਮੂੰਹ ਜ਼ੋਰ ਮੁਹੱਬਤ 'ਤੇ ਪੂਰਾ-ਪੂਰਾ ਭਰੋਸਾ ਹੈ। ਉਸ ਦੇ ਮਜ਼੍ਹਬ ਉਹ ਭਾਵੇਂ ਗ਼ਮਾਂ ਵਿਚ ਸਨ ਦੀ ਰ੍ਹੇ ਪਰ ਉਫ਼ ਨਹੀਂ ਕਰੇਗੀ ਤੇ ਆਪਣੀ ਸ਼ਹਾਦਤ ਦਾ ਲੋਹਾ ਮਨਾ ਕੇ ਰਹੇਗੀ। ਇਸ ਤਰ੍ਹਾਂ ਅਨੂ ਬਾਲਾ ਦੇ ਸ਼ਿਅਰਾਂ 'ਚ ਔਰਤ-ਮਰਦ ਦੀ ਮਹੁੱਬਤ ਦੇ ਕਿੰਨੇ ਹੀ ਰੂਪ ਝਲਕਦੇ ਦਿਖਾਈ ਦਿੰਦੇ ਹਨ। ਕਈ ਤਰ੍ਹਾਂ ਦੀਆਂ ਡਾਈਮੈਨਸ਼ਨਜ਼ ਉਪਲਬਧ ਹੁੰਦੀਆਂ ਹਨ। ਪਰ ਇਹ ਵੀ ਨਹੀਂ ਕਿ ਉਹ ਸਾਰੀ ਦੀ ਸਾਰੀ ਨਿੱਜ ਨਾਲ ਹੀ ਗੱਲਾਂ ਕਰੀ ਜਾਂਦੀ ਹੋਵੇ। ਕਵਿਤਾ ਦੀ ਸ਼ਿੱਦਤ ਬਾਰੇ ਵੀ ਉਹ ਕਈ ਤਰ੍ਹਾਂ ਦੇ ਪ੍ਰਸ਼ਨ ਉਠਾਉਂਦੀ ਹੈ। ਸਮਾਜਿਕ ਸਰੋਕਾਰਾਂ ਪ੍ਰਤੀ ਵੀ ਉਹ ਬੇਹੱਦ ਸੰਵੇਦਨਸ਼ੀਲ ਹੈ, ਚੇਤਨ ਹੈ। ਸ਼ਹੀਦਾਂ ਪ੍ਰਤੀ ਸਾਡੀ ਊਣੀ ਸੋਚ ਨੂੰ ਵੰਗਾਰਦੀ ਹੋਈ ਉਹ ਆਖਦੀ ਹੈ :
ਵਿਚਾਰਾਂ ਤੋਂ ਤੁਰੇ ਉਲਟੇ, ਉਨ੍ਹਾਂ ਦੀ ਸੋਚ ਤੋਂ ਬਾਗ਼ੀ,
ਖਰਾ ਮੁੱਲ ਤਾਰਿਆ ਆਪਾਂ ਸ਼ਹੀਦਾਂ ਦੀ ਸ਼ਹਾਦਤ ਦਾ।
ਸੂਖ਼ਮ ਭਾਵਾਂ ਵਾਲੀ ਇਸ ਕਵਿੱਤਰੀ ਦੀਆਂ ਗ਼ਜ਼ਲਾਂ ਨੂੰ ਜੀ ਆਇਆਂ।

-ਕੇ. ਐਲ. ਗਰਗ
ਮੋ: 94635-37050

ਗੀਤਾਂ ਦੀ ਗੁਲਜ਼ਾਰ
ਲੇਖਕ : ਜੀ. ਐਸ. ਗਿੱਲ ਰਣਸ਼ੀਂਹਕੇ
ਪ੍ਰਕਾਸ਼ਕ : ਮਿੱਤਰ ਮੰਡਲ ਪ੍ਰਕਾਸ਼ਨ, ਬਰਨਾਲਾ
ਮੁੱਲ : 125 ਰੁਪਏ, ਸਫ਼ੇ : 127.

'ਗੀਤਾਂ ਦੀ ਗੁਲਜ਼ਾਰ' ਜੀ. ਐਸ. ਗਿੱਲ ਦੀ ਪ੍ਰਥਮ ਪੁਸਤਕ ਹੈ ਜਿਹੜੀ ਉਸ ਨੇ ਆਪਣੇ ਉਸਤਾਦ ਤੂੰਬੀ ਦੇ ਬਾਦਸ਼ਾਹ ਲਾਲ ਚੰਦ ਯਮਲਾ ਜੱਟ ਦੇ ਅਸ਼ੀਰਵਾਦ ਨਾਲ ਲਿਖੀ ਜਿਹੜੀ ਉਹਦੇ ਨਾਲ ਵਾਪਰੇ ਜ਼ਿੰਦਗੀ ਦੇ ਕੌੜੇ-ਕੁਸੈਲੇ ਅਨੁਭਵਾਂ ਵਿਚੋਂ ਉਤਪੰਨ ਹੋਈ। ਉਹਦੀਆਂ ਲਿਖਤਾਂ ਦੇ ਰੰਗ ਉਹਦੇ ਉਮਰ ਦੇ ਤਜਰਬਿਆਂ ਨਾਲ ਨਿਖਰਦੇ ਗਏ। ਜ਼ਿੰਦਗੀ ਦੀਆਂ ਤੰਗੀਆਂ-ਤੁਰਸ਼ੀਆਂ ਵਿਚੋਂ ਫੁਰਸਤ ਦੇ ਪਲਾਂ ਵਿਚ ਜਦੋਂ ਵੀ ਉਹਨੇ ਕਲਮ ਫੜੀ, ਉਹ 'ਗੀਤਾਂ ਦੀ ਗੁਲਜ਼ਾਰ' ਬਣੀ, ਜਿਸ ਵਿਚ ਕੁੱਲ 111 ਗੀਤ ਸ਼ਾਮਿਲ ਹਨ। ਸਾਰੇ ਗੀਤ ਬਿਰਹੋਂ ਦੀ ਪੁਕਾਰ ਤੇ ਵੇਦਨਾ ਹਨ। 'ਕੀ ਹਾਲ ਲਿਖਾਂ ਦੱਸ ਤੈਨੂੰ ਨੀ, ਸੂਲੀ 'ਤੇ ਟੰਗ ਗਈ ਮੈਨੂੰ ਨੀ, ਤੇਰਾ ਪਿਆਰ ਭੁਲਾਇਆ ਨਹੀਂ ਭੁੱਲਦਾ, ਇਹਨੂੰ ਬੜਾ ਭੁਲਾਈ ਦਾ, ਮਾਰ ਦੇਊਗਾ ਗ਼ਮ ਮੈਨੂੰ ਨੱਢੀਏ ਤੇਰੀ ਜੁਦਾਈ ਦਾ।' ਇਸ ਕਿਤਾਬ ਵਿਚਲੀ ਹਰ ਰਚਨਾ ਪੜ੍ਹ ਕੇ ਸਾਧਾਰਨ ਤੋਂ ਸਾਧਾਰਨ ਪਾਠਕ ਨੂੰ ਸਕੂਨ ਮਿਲਦਾ ਹੈ। ਉਹਦੇ ਕੋਲ ਸ਼ਬਦਾਂ ਦਾ ਭੰਡਾਰ ਹੈ, ਜਿਨ੍ਹਾਂ ਨੂੰ ਉਹ ਆਪਣੇ ਗੀਤਾਂ ਵਿਚ ਵਰਤ ਕੇ ਉਹ ਦਿਲ ਨੂੰ ਟੁੰਬਣ ਵਾਲਾ ਦਰਦ ਭਰ ਦਿੰਦਾ ਹੈ। ਜਦੋਂ ਇਨ੍ਹਾਂ ਗੀਤਾਂ ਨੂੰ ਉਹ ਆਪਣੀ ਸੁਰੀਲੀ ਆਵਾਜ਼ ਵਿਚ ਗਾਉਂਦਾ ਹੈ ਤਾਂ ਪਾਠਕਾਂ ਤੇ ਸਰੋਤਿਆਂ ਦੇ ਦਿਲਾਂ ਦੇ ਅੰਦਰ ਚਲਦੀਆਂ ਕਾਵਿ ਤਰੰਗਾਂ ਉਹਦੀਆਂ ਲਿਖਤਾਂ ਨਾਲ ਜੁੜ ਉਹਦੀ ਸ਼ਾਇਰੀ ਨੂੰ ਵਿਲੱਖਣ ਰੂਪ ਦਿੰਦੀਆਂ ਹਨ। ਉਹਦੇ ਇਸ ਕਿਤਾਬ ਵਿਚਲੇ ਸਾਰੇ ਗੀਤਾਂ ਵਿਚ ਇਕ ਵਿਲੱਖਣ ਖਿੱਚ ਹੈ, ਜਿਹੜੀ ਪਾਠਕ ਨੂੰ ਧੁਰ ਅੰਦਰੋਂ ਇਸ ਕਿਤਾਬ ਨਾਲ ਜੋੜਦੀ ਹੈ। 'ਮੇਰੇ ਗੀਤ ਕਹਾਣੀ ਦਰਦਾਂ ਦੀ ਦੱਸ ਕੀਹਨੂੰ ਖੋਲ੍ਹ ਸੁਣਾਵਾਂ ਮੈਂ-ਮੇਰੇ ਆਪਣੇ ਬੇਗਾਨੇ ਬਣ ਗਏ ਨੇ, ਮੈਨੂੰ ਜਾਲ ਦੁੱਖਾਂ ਦੇ ਤਣ ਗਏ ਨੇ, ਸਧਰਾਂ ਦੇ ਸੁੱਕਦੇ ਬੂਟੇ ਨੂੰ ਹੰਝੂਆਂ ਦਾ ਪਾਣੀ ਪਾਵਾਂ ਮੈਂ ਬੇਸ਼ੱਕ ਇਸ ਕਿਤਾਬ ਵਿਚਲੇ ਗੀਤਾਂ ਦਾ ਮੇਨ ਧੁਰਾ ਪਿਆਰ ਮੁਹੱਬਤ ਹੈ ਪਰ ਇਹ ਇਕ ਅਟੱਲ ਸਚਾਈ ਹੈ ਕਿ ਮੁਹੱਬਤ ਵਿਚੋਂ ਹੀ ਕਈ ਵਾਰੀ ਭਗਤੀ ਦਾ ਮਾਰਗ ਦਿਸਦਾ ਹੈ।

-ਬੀਬਾ ਕੁਲਵੰਤ
ਮੋ: 98761-23151

ਪੈੜ ਚਾਲ
ਕਵੀ : ਕਮਰਜੀਤ ਸੇਖੋਂ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 123.

ਹਥਲੀ ਪੁਸਤਕ ਕਰਮਜੀਤ ਸੇਖੋਂ ਦਾ ਪਹਿਲਾ ਪਲੇਠਾ ਕਾਵਿ ਸੰਗ੍ਰਹਿ ਹੈ। ਇਸ ਕਾਵਿ ਸੰਗ੍ਰਹਿ ਵਿਚ ਕੁੱਲ 68 ਕਵਿਤਾਵਾਂ ਹਨ ਜੋ ਕਿ ਛੰਦ ਮੁਕਤ ਹਨ। ਭਾਵੇਂ ਕਰਮਜੀਤ ਦੀ ਇਹ ਪਹਿਲੀ ਹੀ ਪੁਸਤਕ ਹੈ ਪਰ ਉਸ ਕੋਲ ਜੀਵਨ ਦਾ ਅਨੁਭਵ ਹੈ, ਜਿਸ ਨੂੰ ਉਸ ਨੇ ਸਹਿਜ ਨਾਲ ਕਾਵਿ ਬਿਰਤਾਤਾਂ ਰਾਹੀਂ ਸੰਚਾਰਤ ਕੀਤਾ ਹੈ। ਉਹ ਇਕ ਚਿੱਤਰਕਾਰ ਵੀ ਹੈ, ਜਿਸ ਕਰਕੇ ਜੀਵਨ ਦੀਆਂ ਕਈ ਪਰਤਾਂ ਤੋਂ ਬਾਖੂਬੀ ਜਾਣੂ ਹੈ। ਇਨ੍ਹਾਂ ਖੁੱਲ੍ਹੀਆਂ ਕਵਿਤਾਵਾਂ ਵਿਚ ਉਹ ਜ਼ਿਆਦਾਤਰ ਖ਼ੁਦ ਨੂੰ ਸੰਬੋਧਤ ਹੋ ਕੇ ਖ਼ੁਦ ਹੀ ਪ੍ਰਸ਼ਨ ਉਪਜਾਉਂਦਾ ਅਤੇ ਫਿਰ ਉਨ੍ਹਾਂ ਦਾ ਉੱਤਰ ਢੂੰਡਦਾ ਹੈ। ...ਉਹ ਕੌਣ ਹੈ?/ਜਿਸ ਨੂੰ ਮੈਂ ਵੇਖ ਨਹੀਂ ਸਕਦਾ?/ਉਹ ਕੌਣ ਹੈ/ਜਿਸ ਨੂੰ ਮੈਂ ਛੂਹ ਨਹੀਂ ਸਕਦਾ/...ਸ਼ਾਇਦ ਇਹ ਉਹ ਨਹੀਂ ਹੈ/ਕਿਉਂਕਿ/ਕਲਪਨਾ ਕੇਵਲ ਕਲਪਨਾ ਹੈ/ਵਾਸਤਵਿਕਤਾ ਨਹੀਂ...।
ਇਕ ਹੋਰ ਕਵਿਤਾ ਦੀਆਂ ਕੁਝ ਸਤਰਾਂ ਵੇਖੋ : ਮੈਂ ਕੌਣ ਹਾਂ/ਅਕਸਰ ਪੁੱਛਦਾ ਹਾਂ/ਸਵਾਲ/ਮੈਂ ਆਪਣੇ ਆਪ ਤੋਂ/ਮੈਂ ਕੀ ਹਾਂ?/ਹਵਾ?/ਜਾਂ ਹਾਂ ਕੋਈ ਖਿਆਲ?/ਜਾਂ ਕੋਈ/ਵਸਤੂ?/...।
ਕਰਮਜੀਤ ਸੇਖੋਂ ਨੂੰ ਕਵਿਤਾ ਦੇ ਖੇਤਰ ਵਿਚ ਪ੍ਰਪੱਕ ਹਸਤਾਖਰ ਹੋਣ ਲਈ ਅਜੇ ਮਿਹਨਤ ਦੀ ਲੋੜ ਹੈ। ਕਵਿਤਾਵਾਂ ਵਿਚ ਲੈਅ ਦਾ ਦਖ਼ਲ ਬਿਲਕੁਲ ਨਹੀਂ ਹੈ। ਵਾਰਤਕ ਨੂੰ ਤੋੜ ਕੇ ਛੋਟੀਆਂ-ਛੋਟੀਆਂ ਸਤਰਾਂ ਵਿਚ ਲਿਖਣ ਨਾਲ ਹੀ ਕੋਈ ਕਵਿਤਾ ਨਹੀਂ ਬਣਦੀ। ਪਰ ਫਿਰ ਵੀ ਆਸ ਬੱਝਦੀ ਹੈ ਕਿ ਉਹ ਆਉਂਦੇ ਸਮੇਂ ਵਿਚ ਕਵਿਤਾ ਦੇ ਮਹਾਨ ਕਾਰਜ ਨੂੰ ਹੋਰ ਵੀ ਸੰਜੀਦਗੀ ਨਾਲ ਲਵੇਗਾ। ਹੇਠਾਂ ਉਸ ਦੀ ਕਵਿਤਾ 'ਅਰਮਾਨਾਂ ਦੀ ਕਬਰ' ਨੂੰ ਵਾਰਤਕ ਵਿਚ ਲਿਖੀਏ ਤਾਂ ਇਹ ਕਵਿਤਾ ਨਹੀਂ ਰਹਿ ਜਾਂਦੀ, 'ਉਹ ਆਪਣੇ ਅਰਮਾਨਾਂ ਦੀ ਕਬਰ 'ਤੇ ਹਰ ਰੋਜ਼ ਇਕ ਬੁੱਕ ਮਿੱਟੀ ਪਾਉਂਦਾ, ਉਹ ਆਪਣੇ ਅਰਮਾਨਾਂ ਦੀ ਕਬਰ 'ਤੇ ਹਰ ਰੋਜ਼ ਜਾਂਦਾ ਅਤੇ ਇਕਰਾਰ ਕਰਦਾ ਕਿ ਇਸ ਵਾਰ ਮੈਂ ਤੈਨੂੰ ਪੱਕਾ ਕਰਵਾ ਦਿਆਂਗਾ। ਗੁਜ਼ਰ ਗਏ ਕਈ ਸਾਲ। ਫਿਰ ਇਕ ਦਿਨ ਉਹ ਆਪਣੇ ਅਰਮਾਨਾਂ ਦੀ ਕਬਰ 'ਤੇ ਗਿਆ। ਕਬਰ ਉਤੋਂ ਮਿੱਟੀ ਉੱਡ ਚੁੱਕੀ ਸੀ। ਇਸੇ ਹੀ ਤਰਜ਼ ਦੀਆਂ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਹਨ। ਅਮਰਜੀਤ ਕੌਂਕੇ ਨੇ ਇਸ ਦੇ ਬੈਕ ਟਾਈਟਲ ਉਤੇ ਰਾਹਦਾਰੀ ਲਿਖੀ ਹੈ। ...ਮੈਨੂੰ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਇਹ ਕਾਵਿ ਪੁਸਤਕ ਅਜੋਕੀ ਪੰਜਾਬੀ ਕਾਵਿਕਾਰੀ ਵਿਚ ਕਿਸੇ ਤਰ੍ਹਾਂ ਦਾ ਵਾਧਾ ਕਰਨ ਦੇ ਯੋਗ ਨਹੀਂ। ਹਾਂ ਪੁਸਤਕ ਦੀ ਜਿਲਦ ਪੱਕੀ ਅਤੇ ਛਪਾਈ ਸੋਹਣੀ ਹੈ।

-ਸੁਲੱਖਣ ਸਰਹੱਦੀ
ਮੋ: 94174-84337.

16-6-2013

 ਸਿੱਖ ਸਰੋਕਾਰ
ਲੇਖਕ : ਰੂਪ ਸਿੰਘ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ 200 ਰੁਪਏ, ਸਫ਼ੇ : 208

ਸ: ਰੂਪ ਸਿੰਘ ਧਰਮ, ਦਰਸ਼ਨ ਅਤੇ ਨੈਤਿਕਤਾ ਬਾਰੇ ਨਿਯਮਿਤ ਤੌਰ 'ਤੇ ਲਿਖਣ ਵਾਲਾ ਇਕ ਸਮਰਪਿਤ ਵਿਦਵਾਨ ਹੈ। ਉਹ 'ਰੋਜ਼ਾਨਾ ਅਜੀਤ' ਅਤੇ ਕੁਝ ਹੋਰ ਪਰਚਿਆਂ ਵਿਚ ਸਮਕਾਲੀ ਸਿੱਖ ਸਰੋਕਾਰਾਂ ਬਾਰੇ ਆਪਣੇ ਵਿਚਾਰ ਲਗਾਤਾਰ ਪੇਸ਼ ਕਰਦਾ ਰਹਿੰਦਾ ਹੈ। ਉਸ ਦੀ ਲੇਖਣੀ ਵਿਚ ਸਾਹਿਤ ਅਤੇ ਧਰਮ ਦਾ ਸੁਮੇਲ ਹੈ ਅਤੇ ਇਹੋ ਜਿਹਾ ਸੁਮੇਲ ਅੱਜਕਲ੍ਹ ਦੇ ਨੌਜਵਾਨ ਲੇਖਕਾਂ ਵਿਚ ਬਹੁਤ ਘੱਟ ਨਜ਼ਰ ਆਉਂਦਾ ਹੈ। 'ਸਿੱਖ ਸਰੋਕਾਰ' ਪੁਸਤਕ ਵਿਚ ਉਸ ਦੇ ਕੁਲ 25 ਲੇਖ ਸੰਗ੍ਰਹਿਤ ਹਨ, ਜਿਨ੍ਹਾਂ ਵਿਚ ਉਸ ਨੇ ਗੁਰਮਤਿ ਦੇ ਕੇਂਦਰੀ ਸੰਕਲਪਾਂ ਦੀ ਵਿਆਖਿਆ ਕੀਤੀ ਹੈ। ਇਨ੍ਹਾਂ ਸੰਕਲਪਾਂ ਨੂੰ ਤਿੰਨ ਸ਼੍ਰੇਣੀਆਂ ਵਿਚ ਵਿਭਾਜਿਤ ਕੀਤਾ ਜਾ ਸਕਦਾ ਹੈ : ਦਰਸ਼ਨ, ਇਤਿਹਾਸ ਅਤੇ ਪੁਰਬ। ਲੇਖਕ ਨੇ ਇਨ੍ਹਾਂ ਤਿੰਨੇ ਵਿਸ਼ਿਆਂ ਬਾਰੇ ਪੂਰਨ ਅਧਿਕਾਰ ਨਾਲ ਲਿਖਿਆ ਹੈ। ਪੁਸਤਕ ਦਾ ਆਰੰਭ 'ਪ੍ਰੇਮ' ਨਾਲ ਹੁੰਦਾ ਹੈ। ਗੁਰਬਾਣੀ ਵਿਚ ਪ੍ਰਭੂ ਅਤੇ ਸਤਿਗੁਰੂ ਨਾਲ ਸੱਚੀ ਪ੍ਰੀਤ ਜੋੜਨ ਦਾ ਆਦੇਸ਼ ਹੋਇਆ ਹੈ। ਰੂਪ ਸਿੰਘ ਸਪੱਸ਼ਟ ਕਰ ਦਿੰਦਾ ਹੈ ਕਿ ਜਿਹੜਾ ਵਿਅਕਤੀ ਪ੍ਰੇਮ ਨਾਲ ਪ੍ਰਮਾਤਮਾ ਨੂੰ ਸਿਮਰਦਾ ਹੈ। ਉਹ ਮਿਲਾਪ ਦਾ ਸੁਖ ਪ੍ਰਾਪਤ ਕਰ ਲੈਂਦਾ ਹੈ। (ਪੰਨਾ 15) ਉਸ ਅਨੁਸਾਰ ਇਹ ਪ੍ਰੇਮ ਦੀ ਹੀ ਸ਼ਕਤੀ ਸੀ ਕਿ ਇਕੋ ਘਰ ਵਿਚ ਦੋ-ਦੋ ਚੁੱਲ੍ਹੇ ਬਾਲਣ ਵਾਲੇ, ਸੰਗਤੀ ਰੂਪ ਵਿਚ ਇਕ ਹੀ ਸਮੇਂ ਇਕ ਹੀ ਥਾਂ ਬੈਠ ਕੇ ਪ੍ਰਸ਼ਾਦਾ ਛਕਣ ਲੱਗੇ ਤੇ ਗੁਰੂ-ਕ੍ਰਿਪਾ ਦੇ ਪਾਤਰ ਬਣੇ। 'ਜਿਤੁ ਬੋਲੀਐ' ਵਿਚ ਚੰਗਾ/ਮਿੱਠਾ ਬੋਲਣ ਦੀ ਵਡਿਆਈ ਨੂੰ ਬਿਆਨ ਕੀਤਾ ਗਿਆ ਹੈ : ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣ॥ ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ॥ (ਮਹਲਾ ਪਹਿਲਾ, ਅੰਗ 15), ਗੁਰੂ ਨਾਨਕ ਦੇਵ ਜੀ ਨੇ 'ਬਾਬਰਵਾਣੀ' ਵਾਲੇ ਸ਼ਬਦਾਂ ਵਿਚ ਸੱਚ ਬੋਲਣ ਦਾ ਸੰਦੇਸ਼ ਦਿੱਤਾ ਸੀ, ਰੂਪ ਸਿੰਘ ਨੇ ਆਪਣੇ ਇਕ ਲੇਖ ਵਿਚ ਇਸ ਸੰਦੇਸ਼ ਦੀ ਵੀ ਭਰਪੂਰ ਵਿਆਖਿਆ ਕੀਤੀ ਹੈ। ਇਸੇ ਪ੍ਰਕਾਰ ਉਸ ਨੇ ਮੌਤ, ਕੇਸ ਤੇ ਸਿੱਖੀ, ਸੇਵਾ, ਗੁਰਸਿੱਖੀ ਅਤੇ ਸਿੱਖ ਰਹਿਤ ਮਰਯਾਦਾ ਆਦਿ ਸਰੋਕਾਰਾਂ ਬਾਰੇ ਵੀ ਬੜੀ ਸੁਚੱਜੀ ਜਾਣਕਾਰੀ ਪ੍ਰਦਾਨ ਕੀਤੀ ਹੈ। ਉਸ ਦੁਆਰਾ ਲਿਖੇ ਇਤਿਹਾਸਕ ਲੇਖਾਂ ਵਿਚੋਂ ਪ੍ਰਮੁੱਖ ਲੇਖ ਹਨ : ਦਰਸ਼ਨੀ ਡਿਉਢੀ ਦੇ ਦਰਵਾਜ਼ਿਆਂ ਦੀ ਦਾਸਤਾਨ, ਸਾਕਾ ਨਨਕਾਣਾ ਸਾਹਿਬ, ਰਿਸਦੇ ਜ਼ਖ਼ਮ ਜੂਨ 84 ਦੇ, ਸੁਨਾਮੀ ਦਾ ਕਹਿਰ ਅਤੇ ਸਿੱਖ ਲੇਹ ਵਿਚ ਵਾਪਰਿਆ ਦੁਖਾਂਤ ਅਤੇ ਸਿੱਖ ਆਦਿਕ।
ਅੰਤਿਮ ਸ਼੍ਰੇਣੀ ਦੇ ਲੇਖਾਂ ਵਿਚ ਉਸ ਨੇ ਸਿੱਖ ਪੁਰਬਾਂ ਦੇ ਇਤਿਹਾਸਕ ਅਤੇ ਸੱਭਿਆਚਾਰਕ ਗੌਰਵ ਦੀ ਨਿਸ਼ਾਨਦੇਹੀ ਕੀਤੀ ਹੈ। 'ਸ਼ਹੀਦੀ ਸਪਤਾਹ ਦੀ ਦਾਸਤਾਨ', 'ਹੋਲਾ ਮਹੱਲਾ', 'ਸ੍ਰੀ ਅੰਮ੍ਰਿਤਸਰ ਦੀ ਦੀਵਾਲੀ' ਇਸ ਵੰਨਗੀ ਦੇ ਕੁਝ ਪ੍ਰਤੀਨਿਧ ਲੇਖ ਹਨ। ਲੇਖਕ ਅਨੁਸਾਰ ਗੁਰਸਿੱਖ ਦੀ ਪਹਿਚਾਣ ਉਸ ਦੀ ਚੜ੍ਹਦੀ ਕਲਾ ਨਾਲ ਜੁੜੀ ਹੋਈ ਹੈ। ਪਰਮਾਤਮਾ ਦੀ ਰਜ਼ਾ ਵਿਚ ਰਾਜ਼ੀ ਰਹਿਣ ਲਈ ਵਚਨਬੱਧ ਹੋਣ ਦੇ ਕਾਰਨ ਇਕ ਗੁਰਸਿੱਖ ਹਰ ਸਥਿਤੀ ਦੌਰਾਨ ਚੜ੍ਹਦੀ ਕਲਾ ਵਿਚ ਰਹਿੰਦਾ ਹੈ, ਕਦੇ ਵੀ ਨਿਮੋਝੂਣਾ ਜਾਂ ਮਾਯੂਸ ਨਹੀਂ ਹੁੰਦਾ। ਉਸ ਦਾ ਵਿਚਾਰ ਕਿ ਜਿਨ੍ਹਾਂ ਸਿੱਖਾਂ ਨੇ ਆਪਣੇ ਅਮੀਰ ਸਿੱਖੀ ਵਿਰਸੇ ਤੇ ਸਰੂਪ ਨੂੰ ਤਿਲਾਂਜਲੀ ਦੇ ਕੇ ਉੱਚ-ਅਹੁਦੇ ਪ੍ਰਾਪਤ ਕਰ ਲਏ ਹਨ, ਸਾਨੂੰ ਉਨ੍ਹਾਂ ਨੂੰ ਚੜ੍ਹਦੀ ਕਲਾ ਦੇ ਸਿੱਖੀ ਮਾਰਗ ਤੋਂ ਦੂਰ ਹੋਣ ਦੀ ਗ਼ਲਤੀ ਦਾ ਅਹਿਸਾਸ ਕਰਾਉਣਾ ਚਾਹੀਦਾ ਹੈ। ਇਹ ਸਾਡਾ ਪ੍ਰਮੁੱਖ ਸਰੋਕਾਰ ਬਣਨਾ ਚਾਹੀਦਾ ਹੈ। ਸਾਡਾ ਨਿਸ਼ਾਨਾ ਇਕੋ ਹੋਣਾ ਚਾਹੀਦਾ ਹੈ ਕਿ ਸਿੱਖੀ ਸੁਰਤਿ ਬਲਵਾਨ ਹੋਵੇ ਤੇ ਸਿੱਖ ਜਿਥੇ ਵੀ ਹੋਣ, ਚੜ੍ਹਦੀ ਕਲਾ ਵਿਚ ਵਿਚਰਣ ਅਤੇ ਵਸਣ। (ਪੰਨਾ 91) ਮੈਂ ਆਸ਼ਾ ਕਰਦਾ ਹਾਂ ਕਿ ਉਹ ਨਿਰੰਤਰ ਗੁਰਮਤਿ ਸਿਧਾਂਤਾਂ ਉੱਪਰ ਪੂਰਨ ਮੁਸਤੈਦੀ ਨਾਲ ਪਹਿਰਾ ਦਿੰਦਾ ਰਹੇਗਾ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

-0-
ਕਾਨਿਆਂ ਦੀ ਕੁੱਲੀ
ਕਵੀ : ਦਰਸ਼ਨ ਤਿਉਣਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ 150 ਰੁਪਏ, ਸਫ਼ੇ : 96

ਕਾਨਿਆਂ ਦੀ ਕੁੱਲੀ, ਦਰਸ਼ਨ ਤਿਉਣਾ ਦੀ ਪਲੇਠੀ ਕਾਵਿ-ਪੁਸਤਕ ਹੈ ਜਿਸ ਵਿਚ ਪ੍ਰਮੁੱਖ ਰੂਪ ਵਿਚ ਉਸ ਦੇ ਗੀਤ ਸ਼ਾਮਿਲ ਹਨ। ਇਨ੍ਹਾਂ ਗੀਤਾਂ ਵਿਚ ਦਰਸ਼ਨ ਤਿਉਣਾ ਨੇ ਜੀਵਨ ਦੇ ਦੁਖਾਂ ਸੁਖਾਂ ਨੂੰ ਆਪਣੇ ਕਾਵਿ-ਮੰਤਵ ਵਜੋਂ ਪ੍ਰਸਤੁਤ ਕੀਤਾ ਹੈ।
ਇਸ ਸੰਗ੍ਰਹਿ ਵਿਚਲੇ ਗੀਤਾਂ ਦਾ ਮੂਲ ਥੀਮ ਪਿਆਰ ਹੈ। ਪਿਆਰ 'ਚੋਂ ਉਪਜੇ ਸੰਯੋਗ ਵਿਯੋਗ ਦੀ ਦਸ਼ਾ ਦਾ ਵਰਣਨ ਇਨ੍ਹਾਂ ਗੀਤਾਂ ਵਿਚ ਭਲੀ-ਭਾਂਤ ਕੀਤਾ ਮਿਲਦਾ ਹੈ। ਪਿਆਰ ਦੇ ਇਸ ਅਹਿਸਾਸ ਦਾ ਵਰਨਣ ਕਰਦਿਆਂ ਲੇਖਕ ਨੇ ਪੰਜਾਬੀ ਸੱਭਿਆਚਾਰਕ ਚਿਨ੍ਹਾਂ ਦੀ ਵਰਤੋਂ ਬਹੁਤ ਹੀ ਖ਼ੂਬਸੂਰਤੀ ਨਾਲ ਕੀਤੀ ਹੈ। ਕੁਝ ਗੀਤਾਂ ਵਿਚ ਪਿਆਰ ਦੇ ਆਨੰਦ ਤੇ ਕੁਝ ਵਿਚ ਪਿਆਰ ਦੀ ਉਦਾਸੀ ਨੂੰ ਉਜਾਗਰ ਕੀਤਾ ਗਿਆ ਹੈ। ਸਮਕਾਲੀ ਜੀਵਨ ਦੀਆਂ ਸਮੱਸਿਆਵਾਂ ਵਿਸ਼ੇਸ਼ ਤੌਰ 'ਤੇ ਮੰਦੀ ਕਿਰਸਾਨੀ ਦੀ ਦਸ਼ਾ ਨੂੰ ਵੀ ਲੇਖਕ ਨੇ 'ਮੈਂ ਕਾਂਗਿਆਰੀ' ਜਿਹੇ ਗੀਤਾਂ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੇਸ਼ ਭਗਤੀ ਤੇ ਇਤਿਹਾਸਕ ਤੱਥਾਂ ਦੀ ਪੇਸ਼ਕਾਰੀ ਵੀ ਕਈ ਗੀਤਾਂ ਵਿਚ ਹੋਈ ਮਿਲਦੀ ਹੈ। ਗੀਤਾਂ ਤੋਂ ਇਲਾਵਾ ਇਸ ਪੁਸਤਕ ਵਿਚ ਲੇਖਕ ਦੇ ਕੁਝ ਸ਼ੇਅਰ ਵੀ ਸ਼ਾਮਿਲ ਹਨ। ਇਹ ਸ਼ੇਅਰ ਸਟੇਜੀ ਲੋੜਾਂ ਨੂੰ ਮੁੱਖ ਰੱਖ ਕੇ ਲਿਖੇ ਪ੍ਰਤੀਤ ਹੁੰਦੇ ਹਨ। ਇਨ੍ਹਾਂ ਵਿਚ ਵਿਅੰਗ ਦੀ ਭਾਵਨਾ ਪ੍ਰਬਲ ਹੈ।

-ਡਾ: ਅਮਰਜੀਤ ਕੌਂਕੇ
ਮੋ: 98142-31698

-0-
ਚਿੱਤ ਚੇਤਾ
ਲੇਖਿਕਾ : ਕਾਨਾ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 400 ਰੁਪਏ, ਸਫ਼ੇ : 312.

ਸੂਝਵਾਨ, ਸੰਵੇਦਨਸ਼ੀਲ, ਪ੍ਰਤਿਭਾਵਾਨ ਲੋਕਾਂ ਕੋਲ ਉਹ ਹੁਨਰ ਹੁੰਦਾ ਹੈ ਜੋ ਆਮ ਜਿਹੀਆਂ ਘਟਨਾਵਾਂ ਨੂੰ ਖਾਸ ਅਤੇ ਚੇਤਿਆਂ ਵਿਚ ਸਾਂਭਣਯੋਗ ਬਣਾ ਦਿੰਦਾ ਹੈ। ਆਪਣੀ ਜ਼ਿੰਦਗੀ ਦੇ ਸਫ਼ਰ ਦੌਰਾਨ ਲੇਖਿਕਾ ਨੇ ਜੋ ਵੇਖਿਆ, ਸੁਣਿਆ, ਸਮਝਿਆ, ਹੰਢਾਇਆ, ਪਰਖਿਆ ਅਤੇ ਅਨੁਭਵ ਕੀਤਾ, ਉਸ ਨੂੰ ਸੱਚੋ-ਸੱਚ ਕਾਗਜ਼ਾਂ ਦੀ ਹਿੱਕ 'ਤੇ ਉਤਾਰ ਦਿੱਤਾ। ਭਾਵੇਂ ਉਸ ਦਾ ਜੀਵਨ ਉਹੋ ਜਿਹਾ ਹੀ ਹੈ, ਜਿਹੋ ਜਿਹਾ ਸਾਡੇ ਸਾਰਿਆਂ ਦਾ ਹੁੰਦਾ ਹੈ-ਬਚਪਨ ਦੀ ਮਾਸੂਮੀਅਤ, ਅੱਲ੍ਹੜ ਉਮਰ ਦੀਆਂ ਬੇਹੁਦਰੀਆਂ, ਪ੍ਰੌਢ ਉਮਰ ਦੀ ਦਾਨਾਈ ਅਤੇ ਢਲਦੀ ਹੋਈ ਸ਼ਾਮ ਦੀ ਖੂਬਸੂਰਤੀ ਅਤੇ ਖੂਬਸੂਰਤੀ ਪਰ ਉਸ ਦਾ ਅੰਦਾਜ਼ਿ-ਬਿਆਂ ਏਨਾ ਦਿਲਕਸ਼ ਅਤੇ ਪਿਆਰਾ ਹੈ ਕਿ ਪਾਠਕ ਇਸ ਦਾ ਅੱਖਰ-ਅੱਖਰ ਪੜ੍ਹੇ ਅਤੇ ਮਾਣੇ ਬਿਨਾਂ ਨਹੀਂ ਰਹਿ ਸਕਦਾ। ਲੇਖਿਕਾ ਦੇ ਬਿਰਤਾਂਤ ਵਿਚ ਕਹਾਣੀ ਵਰਗਾ ਰਸ ਹੈ, ਕਵਿਤਾ ਵਰਗਾ ਵੇਗ ਹੈ, ਨਾਵਲ ਵਰਗੀ ਰੌਚਿਕਤਾ ਹੈ ਅਤੇ ਫੁੱਲਾਂ ਵਰਗੀ ਤਾਜ਼ਗੀ ਹੈ। ਇਹ ਪੁਸਤਕ ਕੇਵਲ ਲੇਖਿਕਾ ਦੀ ਜੀਵਨੀ ਹੀ ਨਹੀਂ ਸਗੋਂ ਵੰਡ ਤੋਂ ਪਹਿਲਾਂ ਤੇ ਪਿੱਛੋਂ ਦਾ ਇਤਿਹਾਸ, ਸੱਭਿਆਚਾਰ, ਭਾਸ਼ਾ ਅਤੇ ਪੰਜਾਬੀਅਤ ਦੀ ਮਹਿਕ ਸਮੋਈ ਬੈਠੀ ਹੈ। ਬਹੁਤ ਹੀ ਇਮਾਨਦਾਰੀ, ਬੇਬਾਕੀ, ਭਾਵਨਾ, ਸੰਵੇਦਨਾ ਅਤੇ ਯਥਾਰਥ ਵਿਚ ਭਿੱਜ ਕੇ ਲਿਖੀ ਹੋਈ ਇਹ ਪੁਸਤਕ ਦਿਲ ਤੇ ਦਿਮਾਗੀ ਦੋਵਾਂ ਨੂੰ ਟੁੰਬਦੀ ਹੈ। ਉਸ ਦੀ ਕਾਵਿਮਈ, ਚੁਸਤ, ਸਰੋਦੀ, ਨਿਵੇਕਲੀ ਸ਼ੈਲੀ ਬੇਮਿਸਾਲ ਹੈ। ਉਸ ਕੋਲ ਵਿਸ਼ਾਲ ਅਨੁਭਵ ਹੈ, ਕਲਾ ਅਤੇ ਭਾਸ਼ਾ ਪ੍ਰਤੀ ਮੋਹ ਹੈ, ਸਮਕਾਲੀ ਲੇਖਕਾਂ ਨਾਲ ਵਰਤਣ ਦੀ ਜਾਂਚ ਹੈ, ਕਾਦਰ ਅਤੇ ਕੁਦਰਤ ਪ੍ਰਤੀ ਅਥਾਹ ਪ੍ਰੇਮ ਹੈ ਅਤੇ ਪੁਰਅਸਰ ਬਾਤ ਪਾਉਣ ਦੀ ਸਮਰੱਥਾ ਹੈ।
ਨਿੱਕੇ-ਨਿੱਕੇ ਚੁਸਤ ਫਿਕਰੇ ਅੱਖਾਂ ਅੱਗੇ ਦ੍ਰਿਸ਼ ਸਾਕਾਰ ਕਰ ਦਿੰਦੇ ਹਨ। ਉਹ ਵੇਲਾਂ, ਬੂਟਿਆਂ, ਜੀਵਾਂ-ਜੰਤੂਆਂ, ਕੀਟ ਪਤੰਗਿਆਂ ਅਤੇ ਪੌਣ ਪਾਣੀਆਂ ਨਾਲ ਵੀ ਸਬੰਧ ਸਥਾਪਤ ਕਰ ਲੈਂਦੀ ਹੈ। ਉਸ ਕੋਲ ਮਾਨਵਵਾਦੀ ਸੋਚ, ਮਮਤਾਮਈ ਨਜ਼ਰ, ਦੂਜਿਆਂ ਦੀਆਂ ਪ੍ਰਾਪਤੀਆਂ ਨੂੰ ਸਲਾਹੁਣ ਅਤੇ ਸਵੈ-ਪੜਚੋਲ ਦੇ ਗੁਣ ਹਨ। ਉਸ ਦੀ ਝੋਲੀ ਜਜ਼ਬਿਆਂ, ਵਲਵਲਿਆਂ, ਖਿਆਲਾਂ ਅਤੇ ਅਨੁਭਵਾਂ ਨਾਲ ਲਬਰੇਜ਼ ਹੈ। ਇਹ ਦੌਲਤਾਂ ਉਹ ਖੁੱਲ੍ਹੇ ਦਿਲ ਨਾਲ ਲੁਟਾ ਰਹੀ ਹੈ। ਉਸ ਕੋਲ ਪਾਰਖੂ ਅੱਖ ਹੈ, ਜਾਦੂਮਈ ਕਲਮ ਹੈ ਅਤੇ ਕਈ ਭਾਸ਼ਾਵਾਂ ਦਾ ਗਿਆਨ ਹੈ। ਇਸ ਲਈ ਉਸ ਦੀ ਲੇਖਣੀ ਪੁਰਜ਼ੋਰ ਅਤੇ ਅਰਥ ਭਰਪੂਰ ਹੈ। ਇਸ ਪੁਸਤਕ ਵਿਚੋਂ ਸਾਨੂੰ ਆਪਣੇ ਜਗਮਗਾਉਂਦੇ ਵਿਰਸੇ, ਕਦਰਾਂ-ਕੀਮਤਾਂ, ਪੁਰਾਤਨ ਪੰਜਾਬ ਦੇ ਰਸਮੋ-ਰਿਵਾਜਾਂ, ਮਹਾਂਨਗਰੀਆਂ ਦੀ ਚਕਾਚੌਂਧ, ਔਰਤ ਦੀ ਤ੍ਰਾਸਦੀ, ਜੱਦੋ-ਜਹਿਦ ਅਤੇ ਅੰਤ ਵਿਚ ਧੁਰ ਅੰਦਰ ਦੇ ਵਿਸਮਾਦ, ਸੁੰਨ ਸਮਾਧ ਅਤੇ ਟਿਕਾਊ ਦੇ ਦਰਸ਼ਨ ਹੁੰਦੇ ਹਨ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367

9-6-2013

 ਸਜਦਾ
ਲੇਖਿਕਾ : ਕਰਾਂਤੀ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 144

ਅੱਜ ਤੋਂ ਕਈ ਵਰ੍ਹੇ ਪਹਿਲਾਂ ਕਰਾਂਤੀ ਸਿੰਘ ਨੇ ਪੰਜਾਬੀ ਸਾਹਿਤ, ਗਾਇਕੀ, ਪੱਤਰਕਾਰੀ ਅਤੇ ਸੱਭਿਆਚਾਰ ਨਾਲ ਜੁੜੀਆਂ ਅਤਿ ਵਿਸ਼ਿਸ਼ਟ ਸ਼ਖ਼ਸੀਅਤਾਂ ਦੇ ਮਨ ਅੰਦਰ ਝਾਤ ਪਾਉਣ ਲਈ ਉਨ੍ਹਾਂ ਨਾਲ ਸਾਖਿਆਤਕਾਰ ਕੀਤੇ ਸਨ, ਇਹ ਸਾਖਿਆਤਕਾਰ 'ਸਜਦਾ' ਦੇ ਰੂਪ ਵਿਚ ਪ੍ਰਕਾਸ਼ਿਤ ਕਰਕੇ ਉਸ ਨੇ ਇਕ ਮੁੱਲਵਾਨ ਕਾਰਜ ਨੂੰ ਸਰੰਜਮ ਦਿੱਤਾ ਹੈ। 'ਸਜਦਾ' ਵਿਚ ਜਸਵੰਤ ਸਿੰਘ ਕੰਵਲ, ਕਰਤਾਰ ਸਿੰਘ ਦੁੱਗਲ, ਦਲੀਪ ਕੌਰ ਟਿਵਾਣਾ ਅਤੇ ਸੁਰਜੀਤ ਪਾਤਰ ਵਰਗੇ ਸ਼੍ਰੋਮਣੀ ਪੰਜਾਬੀ ਲੇਖਕ, ਉਸਤਾਦ ਲਾਲ ਚੰਦ ਯਮਲਾ ਜੱਟ, ਬਰਕਤ ਸਿੱਧੂ, ਕੁਲਦੀਪ ਮਾਣਕ, ਹੰਸ ਰਾਜ ਹੰਸ ਅਤੇ ਗੁਰਦਾਸ ਮਾਨ ਵਰਗੇ ਮੁਮਤਾਜ਼ ਪੰਜਾਬੀ ਗਾਇਕ, ਕੁਲਦੀਪ ਨਈਅਰ ਅਤੇ ਬਰਜਿੰਦਰ ਸਿੰਘ ਹਮਦਰਦ ਵਰਗੇ ਸੰਵੇਦਨਸ਼ੀਲ ਪੱਤਰਕਾਰ ਅਤੇ ਖ਼ਿਆਮ, ਨਵਜੋਤ ਸਿੱਧੂ, ਜਸਪਾਲ ਭੱਟੀ, ਅਰੁਣਾ ਸ਼ਿਵ ਬਟਾਲਵੀ, ਸਤੀਸ਼ ਬੱਬਰ, ਸ਼ਾਲਿਨੀ ਛਾਬੜਾ ਤੇ ਡੌਲੀ ਮਿਨਹਾਸ ਵਰਗੀਆਂ ਕੁਝ ਹੋਰ ਵਿਸ਼ਿਸ਼ਟ ਸ਼ਖ਼ਸੀਅਤਾਂ ਦੇ ਇੰਟਰਵਿਊਜ਼ ਸ਼ਾਮਿਲ ਕੀਤੇ ਗਏ ਹਨ। ਕਰਾਂਤੀ ਸਿੰਘ ਦੀਆਂ ਇਨ੍ਹਾਂ ਇੰਟਰਵਿਊਜ਼ ਦੀ ਵਿਧੀ ਕਾਫੀ ਰੌਚਕ ਹੈ। ਆਰੰਭ ਵਿਚ ਉਹ ਕਿਸੇ ਸ਼ਖ਼ਸੀਅਤ-ਵਿਸ਼ੇਸ਼ ਦੇ ਕਾਰਜ ਖੇਤਰ ਦਾ ਸੰਖੇਪ ਪਰਿਚੈ ਕਰਵਾਉਂਦੀ ਹੈ ਅਤੇ ਬਾਅਦ ਵਿਚ ਉਸ ਪਾਸੋਂ ਬੜੇ ਕੁਰੇਦਵੇਂ-ਡੂੰਘੇ ਸਵਾਲ ਪੁੱਛਦੀ ਹੈ। ਉਸ ਦੁਆਰਾ ਪੁੱਛੇ ਗਏ ਸਵਾਲ ਰਸਮੀ ਜਾਂ ਸਤਹੀ ਪ੍ਰਕਾਰ ਦੇ ਨਹੀਂ ਹੁੰਦੇ ਬਲਕਿ ਉਹ ਬੜੇ ਵਿਸ਼ੇਸ਼ ਅਤੇ ਵੱਖਰੀ ਕਿਸਮ ਦੇ ਸਵਾਲ ਪੁੱਛਦੀ ਹੈ, ਜਿਸ ਤੋਂ ਪਤਾ ਚਲਦਾ ਹੈ ਕਿ ਹਰ ਵਿਅਕਤੀ ਨਾਲ ਇੰਟਰਵਿਊ ਕਰਨ ਤੋਂ ਪਹਿਲਾਂ ਉਹ ਉਸ ਦੀ ਸ਼ਖ਼ਸੀਅਤ ਅਤੇ ਕਾਰਜ-ਖੇਤਰ ਦਾ ਡੂੰਘਾ ਅਧਿਐਨ ਕਰ ਲੈਂਦੀ ਹੈ। ਉਦਾਹਰਨ ਲਈ ਕਰਤਾਰ ਸਿੰਘ ਦੁੱਗਲ ਤੋਂ ਪੁੱਛਦੀ ਹੈ ਕਿ ਉਹ ਕਵਿਤਾ ਤੋਂ ਬੇਮੁਖ ਕਿਉਂ ਹੋ ਗਿਆ? ਕੁਲਦੀਪ ਨਈਅਰ ਤੋਂ ਪੁੱਛਦੀ ਹੈ ਕਿ ਤੁਸੀਂ ਅਜੋਕੇ ਲੀਡਰਾਂ ਨੂੰ ਕੀ ਸਲਾਹ ਦੇਣਾ ਚਾਹੋਗੇ? ਜਸਵੰਤ ਸਿੰਘ ਕੰਵਲ ਨੂੰ ਪੁੱਛਦੀ ਹੈ ਕਿ ਇਨਸਾਨੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ? ਇਹੋ ਜਿਹੇ ਕਠਿਨ ਸਵਾਲ ਉਹ ਆਪਣੇ ਹਰ ਇੰਟਰਵਿਊ ਵਿਚ ਪੁੱਛਦੀ ਹੈ, ਇਨ੍ਹਾਂ ਦੇ ਜਵਾਬ ਦੇਣੇ ਕੋਈ ਸੌਖੇ ਨਹੀਂ ਹੁੰਦੇ। ਹਰ ਉੱਤਰਕਰਤਾ ਨੂੰ ਆਪਣੇ ਜ਼ਿਹਨ ਉੱਪਰ ਪੂਰਾ ਜ਼ੋਰ ਪਾ ਕੇ ਅਜਿਹੇ ਪ੍ਰਸ਼ਨਾਂ ਦੇ ਉੱਤਰ ਢੂੰਡਣੇ ਪੈਂਦੇ ਹਨ ਕਿਉਂਕਿ ਅਜਿਹੇ ਪ੍ਰਸ਼ਨਾਂ ਦੇ ਉੱਤਰ ਉਨ੍ਹਾਂ ਨੇ ਪਹਿਲਾਂ ਕਿਧਰੇ ਨਹੀਂ ਦਿੱਤੇ ਹੁੰਦੇ। ਕਰਾਂਤੀ ਸਿੰਘ ਵਿਗਿਆਨ ਦੀ ਵਿਦਿਆਰਥੀ ਰਹੀ ਹੈ। ਇਸ ਕਾਰਨ ਉਹ ਹਰ ਵਿਸ਼ੇ ਬਾਰੇ ਬੜੇ ਸਟੀਕ ਢੰਗ ਨਾਲ ਸੋਚਦੀ ਅਤੇ ਇਸ ਨੂੰ ਤਰਤੀਬ ਦਿੰਦੀ ਹੈ। ਜਿੰਨੀ ਉਹ ਆਪ ਸੁੰਦਰ ਅਤੇ ਸਵਸਥ ਹੈ, ਉਤਨੀ ਹੀ ਸੁੰਦਰ ਅਤੇ ਸਵਸਥ ਉਸ ਦੀ ਲੇਖਣੀ ਹੈ। ਪੰਜਾਬੀ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਨੂੰ ਕਰਾਂਤੀ ਸਿੰਘ ਵਰਗੀਆਂ ਪ੍ਰਤਿਭਾਸ਼ੀਲ ਸ਼ਖ਼ਸੀਅਤਾਂ ਦੀ ਜ਼ਰੂਰਤ ਹੈ। ਮੈਂ ਉਸ ਦੇ ਉੱਜਲ ਭਵਿੱਖ ਦੀ ਕਾਮਨਾ ਕਰਦਾ ਹਾਂ। ਉਸ ਦੀਆਂ ਇਹ ਇੰਟਰਵਿਊਜ਼ ਪੰਜਾਬੀ ਪਾਠਕਾਂ ਲਈ ਬੇਹੱਦ ਰੌਚਕ ਸਿੱਧ ਹੋਣਗੀਆਂ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136


ਲੇਖਕ : ਸ਼ੇਰ ਸਿੰਘ ਕੰਵਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 139

'ਕਿੱਸਾ ਪ੍ਰਦੇਸੀ ਰਾਂਝਣ' ਪ੍ਰਵਾਸੀ ਸ਼ਾਇਰ ਸ਼ੇਰ ਸਿੰਘ ਕੰਵਲ ਦੁਆਰਾ ਲਿਖਿਆ ਕਿੱਸਾ ਹੈ ਜਿਸ ਵਿਚ ਉਸ ਲਹਿੰਬਰ ਨਾਂਅ ਦੇ ਪ੍ਰਵਾਸੀ ਪੰਜਾਬੀ ਦੀ ਦੁੱਖ-ਕਥਾ ਕਾਵਿਕ ਅੰਦਾਜ਼ ਵਿਚ ਪੇਸ਼ ਕੀਤੀ ਹੈ। ਸ਼ੇਰ ਸਿਘ ਕੰਵਲ, ਗ਼ਜ਼ਲ ਰਵਾਇਤ ਤੇ ਆਧੁਨਿਕ ਕਵਿਤਾ ਵਿਚ ਜਾਣਿਆ ਪਛਾਣਿਆ ਨਾਂਅ ਹੈ ਜਿਸ ਦੇ ਦਿਲ ਵਿਚ ਪੰਜਾਬੀ ਸੱਭਿਆਚਾਰ ਦਾ ਦਰਦ ਕੁੱਟ ਕੁੱਟ ਕੇ ਭਰਿਆ ਹੋਇਆ ਹੈ।
ਇਸ ਕਿੱਸੇ ਨੂੰ ਲਿਖਣ ਦਾ ਮੰਤਵ ਦੱਸਦਿਆਂ ਉਹ ਆਖਦਾ ਹੈ ਕਿ ਉਹ ਪੰਜਾਬ ਛੱਡ ਕੇ ਪ੍ਰਵਾਸ ਕਰ ਗਏ ਪੰਜਾਬੀਆਂ ਦਾ ਦੁੱਖ ਦਰਦ ਇਸ ਕਿੱਸੇ ਰਾਹੀਂ ਬਿਆਨ ਕਰਨਾ ਚਾਹੁੰਦਾ ਸੀ। ਜੋ ਉਧਰ ਦੇ ਬਣ ਨਾ ਰਹਿ ਸਕੇ ਤੇ ਇਧਰ ਦੇ ਰਹੇ ਨਾ। 'ਘਰ ਦੇ ਨਾ ਘਾਟ ਦੇ' ਵਾਲੀ ਅਖਾਣ ਇਨ੍ਹਾਂ ਪੰਜਾਬੀਆਂ 'ਤੇ ਪੂਰੀ ਤਰ੍ਹਾਂ ਢੁੱਕਦੀ ਹੈ। ਉਸ ਦਾ ਦੂਸਰਾ ਮੰਤਵ ਸੀ ਮਰ ਰਹੀ ਜਾਂ ਮਰ ਗਈ ਕਿੱਸਾ ਪਰੰਪਰਾ ਨੂੰ ਜਿਊਂਦਿਆਂ ਕਰਨ ਦਾ। ਬੈਂਤ ਛੰਦ ਰਾਹੀਂ ਉਸਾਰੀ ਇਹ ਰਚਨਾ, ਲਹਿੰਬਰ ਸਿੰਘ ਨੂੰ ਪ੍ਰਤੀਨਿਧ ਪਾਤਰ ਬਣਾ ਕੇ, ਸਮੂਹ ਪ੍ਰਵਾਸੀ ਪੰਜਾਬੀਆਂ ਦੀ ਪੀੜ ਜੱਗ ਜ਼ਾਹਿਰ ਕਰਦੀ ਪ੍ਰਤੀਤ ਹੁੰਦੀ ਹੈ। ਲਹਿੰਬਰ ਕਿਵੇਂ ਖੇਤੀਬਾੜੀ ਤੋਂ ਵਿਮੁਖ ਹੋ ਕੇ ਬਾਹਰ ਜਾਣ ਲਈ ਲੁਛਦਾ ਹੈ। ਟੱਬਰ ਦੀ ਜੁਦਾਈ ਦੀ ਪੀੜ ਸਹਿੰਦਾ ਹੋਇਆ, ਕਮਾਈ ਕਰਨ ਦੇ ਲਾਲਚ ਵਿਚ ਰਾਤਾਂ ਜਾਗਦਾ ਹੈ। ਪੈਸਾ ਆਉਣ 'ਤੇ ਔਲਾਦ ਉਸ ਦੇ ਨਾਲ ਨਹੀਂ ਰਹਿੰਦੀ। ਪੱਛਮੀ ਰੰਗਤ ਵਿਚ ਰੰਗ ਕੇ ਉਹ ਪੰਜਾਬੀ ਸੱਭਿਆਚਾਰ ਦੀਆਂ ਰਹੁ-ਰੀਤਾਂ ਤਿਆਗ ਦਿੰਦੇ ਹਨ। ਲਹਿੰਬਰ ਨਾ ਪੰਜਾਬੀ ਰਿਹਾ ਤੇ ਨਾ ਹੀ ਵਲੈਤੀਆ ਬਣ ਸਕਿਆ। ਆਖ਼ਰ ਇਕੱਲਤਾ ਦੀ ਪੀੜ ਤੇ ਦਰਦ ਹੀ ਉਸ ਦੇ ਪੱਲੇ ਰਹਿ ਗਏ। 'ਕਿੱਸਾ ਪ੍ਰਦੇਸੀ ਰਾਂਝਣ' ਸਮੂਹ ਪੰਜਾਬੀਆਂ ਦੇ ਦਰਦ ਤੇ ਪੀਣ ਦੀ ਦਾਸਤਾਨ ਪੇਸ਼ ਕਰਨ ਵਾਲੀ ਰਚਨਾ ਹੈ। ਇਹ ਰਚਨਾ ਪ੍ਰਵਾਸ ਦੀ ਦੌੜ 'ਚ ਧੜਾਧੜ ਸ਼ਾਮਿਲ ਹੋ ਰਹੇ ਪੰਜਾਬੀਆਂ ਲਈ ਇਕ ਸੁਨੇਹਾ ਵੀ ਦਿੰਦੀ ਹੈ। ਆਪਣੇ ਸੱਭਿਆਚਾਰ ਨਾਲੋਂ ਟੁੱਟੇ ਬੰਦੇ ਨੂੰ ਕਿਤੇ ਢੋਈ ਨਹੀਂ ਮਿਲਦੀ ਹੁੰਦੀ।

-ਕੇ. ਐਲ. ਗਰਗ
ਮੋ: 94635-37050

ਪਾਬਲੋ ਨੇਰੂਦਾ : ਵਾਰਤਕ ਲਿਖਤਾਂ
ਅਨੁਵਾਦਕ : ਹਰਭਜਨ ਸਿੰਘ ਹੁੰਦਲ
ਪ੍ਰਕਾਸ਼ਕ : ਐਚ. ਕੇ. ਪ੍ਰਕਾਸ਼ਨ, ਦਿੱਲੀ
ਮੁੱਲ : 375 ਰੁਪਏ, ਸਫ਼ੇ : 182.

ਹਰਭਜਨ ਸਿੰਘ ਹੁੰਦਲ ਪ੍ਰਤੀਬੱਧ ਸ਼ਬਦ ਦੇ ਪੂਰੇ ਅਰਥਾਂ ਵਿਚ ਹੀ ਪ੍ਰਤੀਬੱਧ ਲੇਖਕ ਹੈ। ਸਿਧਾਂਤਕ, ਵਿਹਾਰਕ ਤੇ ਲੇਖਕ ਹਰ ਪੱਖ ਤੋਂ। ਸੰਘਰਸ਼, ਸਿਰੜ, ਅਧਿਐਨ, ਲੇਖਣ ਹਰ ਪੱਖੋਂ ਸਰਗਰਮ। ਉਹ ਦੁਨੀਆ ਭਰ ਦਾ ਵਧੀਆ ਤੇ ਵਿਸ਼ੇਸ਼ਕਰ ਕ੍ਰਾਂਤੀਕਾਰੀ ਸਾਹਿਤ ਪੜ੍ਹਦਾ ਹੈ। ਉਸ ਦਾ ਅਨੁਵਾਦ ਪੰਜਾਬੀ ਪਾਠਕਾਂ ਨਾਲ ਸਾਂਝਾ ਕਰਦਾ ਰਹਿੰਦਾ ਹੈ। ਉਂਜ ਉਸ ਦੇ ਅਨੁਵਾਦ ਅਚੇਤ ਹੀ ਉਸ ਦੀਆਂ ਆਪਣੀਆਂ ਲਿਖਤਾਂ ਨੂੰ ਵਿਸ਼ੇ ਤੇ ਕਲਾ ਜੁਗਤਾਂ ਪੱਖੋਂ ਨਿਰੰਤਰ ਅਮੀਰ ਕਰਦੇ ਰਹੇ ਹਨ। ਉਸ ਦੀ ਸਾਹਿਤ ਯੋਗਤਾ ਨੂੰ ਵਸਾਂਦੇ ਰਹੇ ਹਨ ਅਤੇ ਉਸ ਦੀ ਸਾਹਿਤਕ ਫ਼ਕੀਰੀ/ਦਰਵੇਸ਼ੀ ਨੂੰ ਵੀ। ਪਾਬਲੋ ਨੇਰੂਦਾ ਨੂੰ ਪੰਜਾਬੀ ਵਿਚ ਹੁੰਦਲ ਨੇ ਹੀ ਦਿਲਚਸਪੀ ਦਾ ਬਿੰਦੂ ਬਣਾਇਆ। 1966 ਤੇ 2006 ਵਿਚ ਉਸ ਨੇ ਨੇਰੂਦਾ ਦੀਆਂ ਕਵਿਤਾਵਾਂ ਦੇ ਦੋ ਅਨੁਵਾਦਿਤ ਸੰਗ੍ਰਹਿ ਪ੍ਰਕਾਸ਼ਿਤ ਕੀਤੇ। ਇਸ ਦੌਰਾਨ ਨੇਰੂਦਾ ਦੀ ਜੀਵਨੀ ਦਾ ਅਨੁਵਾਦ ਵੀ ਕੀਤਾ ਜੋ 2001 ਵਿਚ ਛਪਿਆ। ਹੁਣ ਉਸ ਨੇ ਨੇਰੂਦਾ ਦੀ ਵਾਰਤਕ ਦੀਆਂ ਕੁਝ ਚੋਣਵੀਆਂ ਲਿਖਤਾਂ ਸਾਡੇ ਸਾਹਮਣੇ ਰੱਖੀਆਂ ਹਨ। ਸਪੇਨੀ ਤੇ ਅੰਗਰੇਜ਼ੀ ਵਿਚ ਅਨੁਵਾਦਿਤ ਲਿਖਤਾਂ ਦਾ ਉਸ ਨੇ ਪੰਜਾਬੀ ਅਨੁਵਾਦ ਕੀਤਾ ਹੈ। ਹੁੰਦਲ ਕਵੀ ਹੋਣ ਕਰਕੇ ਤਾਂ ਭਾਵੁਕ ਹੈ ਹੀ, ਨੇਰੂਦਾ ਨਾਲ ਉਸ ਦੀ ਵਿਚਾਰਧਾਰਕ ਮੁਹੱਬਤ ਤੇ ਅਕੀਦਤ ਵੀ ਉਸ ਦੇ ਅਨੁਵਾਦਾਂ ਵਿਚੋਂ ਡੁੱਲ੍ਹ-ਡੁੱਲ੍ਹ ਪੈਂਦੀ ਹੈ। ਨੇਰੂਦਾ ਨੂੰ ਆਪਣੇ ਲੋਕਾਂ ਨਾਲ ਪਿਆਰ ਹੈ। ਸੰਘਰਸ਼ ਕਰ ਰਹੇ ਲੋਕਾਂ ਨਾਲ ਪਿਆਰ ਹੈ। ਕਵਿਤਾ ਨਾਲ ਪਿਆਰ ਹੈ। ਪਰ ਕਵਿਤਾ ਤੇ ਲੋਕਾਂ ਵਿਚੋਂ ਪੁਰਸਕਾਰ/ ਮਾਣ/ਸਨਮਾਨ ਜਾਂ ਲੋਕਾਂ ਵਿਚ ਚੋਣ ਦੀ ਗੱਲ ਹੋਵੇ ਤਾਂ ਉਹ ਲੋਕਾਂ ਨਾਲ ਖਲੋਂਦਾ ਹੈ। ਵਾਰਤਕ ਨੇਰੂਦਾ ਲਈ ਕਾਵਿ ਤੋਂ ਦੁਜੈਲੇ ਥਾਂ ਹੈ। ਕਵਿਤਾ ਨੂੰ ਉਹ ਸਦਾ ਜੀਣ ਵਾਲੀ ਮੰਨਦਾ ਹੈ। ਮਾਇਕੋਵਸਕੀ ਤੇ ਨਾਰਮਨ ਮਲੇਰ ਵਰਗੇ ਲੇਖਕ ਉਸ ਨੂੰ ਪਸੰਦ ਹਨ। ਇਸ ਅਨੁਵਾਦ ਤੋਂ ਕਵੀ/ਸਾਹਿਤਕਾਰ ਕਈ ਕੁਝ ਸਿੱਖ ਸਕਣਗੇ।

-ਕੁਲਦੀਪ ਸਿੰਘ ਧੀਰ
ਮੋ: 98722-60550

ਸਵਾਮੀ ਵਿਵੇਕਾਨੰਦ ਦੇ ਚਾਰ ਯੋਗ
ਅਨੁਵਾਦਕ : ਧਰਮ ਸਿੰਘ ਗੁਲ੍ਹਾਟੀ, ਜਸਪ੍ਰੀਤ ਸਿੰਘ ਜਗਰਾਓਂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 325 ਰੁਪਏ, ਸਫ਼ੇ : 318.

ਬਹੁ-ਪੱਖੀ ਸ਼ਖ਼ਸੀਅਤ ਦੇ ਮਾਲਕ ਸਵਾਮੀ ਵਿਵੇਕਾਨੰਦ ਦੇ ਵਿਸ਼ੇਸ਼ ਭਾਸ਼ਣ/ਪ੍ਰਵਚਨ ਜੋ ਉਨ੍ਹਾਂ 1894 ਤੋਂ 1897 ਈ: ਤੱਕ ਆਪਣੀ 'ਪੱਛਮ ਯਾਤਰਾ' ਦੌਰਾਨ ਦਿੱਤੇ, ਇਸ ਪੁਸਤਕ ਵਿਚ ਅਨੁਵਾਦ ਕਰਕੇ ਪੰਜਾਬੀ ਪਾਠਕਾਂ ਤੱਕ ਪਹੁੰਚਾਉਣ ਦਾ ਉੱਦਮ ਇਨ੍ਹਾਂ ਦੋਵਾਂ ਸੰਪਾਦਕਾਂ ਨੇ ਕੀਤਾ ਹੈ। ਸਵਾਮੀ ਵਿਵੇਕਾਨੰਦ ਦੀ ਚਾਰ-ਮਾਰਗੀ ਯੋਗ-ਸਾਧਨਾ ਨਾਲ ਭਰਪੂਰ ਇਹ ਪੁਸਤਕ ਜੀਵਨ-ਅਨੁਭਵ ਅਤੇ ਅਧਿਆਤਮਕ ਚਿੰਤਨ ਉੱਪਰ ਪੜਚੋਲ ਕਰਦੀ ਹੈ। ਉਹ ਚਾਰ ਮਾਰਗਾਂ-ਕਰਮਯੋਗ, ਰਾਜਯੋਗ, ਭਗਤੀ ਯੋਗ ਅਤੇ ਗਿਆਨ ਯੋਗ ਰਾਹੀਂ ਨੌਜਵਾਨਾਂ ਅੰਦਰ ਆਪਣੀਆਂ ਰਵਾਇਤੀ ਕਦਰਾਂ-ਕੀਮਤਾਂ ਉੱਪਰ ਨਿਰੰਤਰ ਪਹਿਰਾ ਦੇਣ ਲਈ ਉਤਸ਼ਾਹਿਤ ਕਰਦੇ ਰਹੇ ਹਨ। 'ਕਰਮਯੋਗ' ਮਾਰਗ ਵਿਚ ਉਹ ਕੰਮ (ਕਰਮ) ਨੂੰ ਹੀ ਮੁਕਤੀ ਦਾ ਸਾਧਨ ਮੰਨਦੇ ਹੋਏ ਮਨੁੱਖ ਨੂੰ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਕਰਦੇ ਹਨ। 'ਰਾਜਯੋਗ' ਮਾਰਗ ਜੋ ਸਾਧਨਾ ਦਾ ਮੂਲ ਧੁਰਾ ਹੈ, ਪ੍ਰਤੀ ਸੰਜਮ, ਧਿਆਨ ਤੇ ਸਮਾਧੀ ਰਾਹੀਂ ਅਧਿਆਤਮਕ ਮੁਕਤੀ ਦਾ ਆਧਾਰ ਬਣਦਾ ਹੈ। 'ਭਗਤੀ ਯੋਗ' ਵਿਚ ਸਵਾਮੀ ਜੀ ਨੇ ਭਗਤੀ ਤੇ ਪ੍ਰੇਮ ਸਾਧਨਾ ਬਾਰੇ ਅਨੁਭਵ ਦੀ ਗੱਲ ਕੀਤੀ ਅਤੇ ਚੌਥੇ ਮਾਰਗ 'ਗਿਆਨ ਯੋਗ' ਵਿਚ ਮਨੁੱਖ ਦੇ ਵੱਖ-ਵੱਖ ਖੇਤਰਾਂ ਵਿਚਲੇ ਗਿਆਨ ਨੂੰ ਪੇਸ਼ ਕੀਤਾ ਹੈ। ਇਨ੍ਹਾਂ ਵਿਸ਼ੇਸ਼ ਪ੍ਰਵਚਨਾਂ ਰਾਹੀਂ ਸਵਾਮੀ ਵਿਵੇਕਨੰਦ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਲਈ ਕਈ ਵਿਧੀਆਂ ਦੀ ਵਰਤੋਂ ਕਰਦਾ ਹੈ। ਭਾਸ਼ਣ ਨੂੰ ਦਿਲਚਸਪ ਬਣਾਉਣ ਲਈ ਕਥਾ-ਰਸ (ਕਹਾਣੀ) ਅਤੇ ਟੋਟਕੇ ਸੁਣਾ ਕੇ ਸਰੋਤਿਆਂ ਨੂੰ ਆਪਣੀ ਗੱਲ ਨਾਲ ਜੋੜਿਆ ਗਿਆ ਹੈ। ਅੰਗਰੇਜ਼ੀ ਵਿਚ ਕੀਤੇ ਇਹ ਪ੍ਰਵਚਨ ਪੰਜਾਬੀ ਵਿਚ ਅਨੁਵਾਦ ਕਰਨੇ ਮਿਹਨਤ ਭਰਪੂਰ ਕੰਮ ਹੈ ਜੋ ਸੰਪਾਦਕਾਂ ਨੇ ਇਕ ਚੁਣੌਤੀ ਸਮਝ ਕੇ ਕੀਤਾ ਹੈ।ਹਾਸ਼ਮ ਦੇ ਕਿੱਸੇ
ਲੇਖਕ : ਡਾ: ਦਿਲਬਾਰਾ ਸਿੰਘ ਬਾਜਵਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 196.

ਕਿੱਸਾ ਕਾਵਿ ਪ੍ਰੰਪਰਾ ਉਪਰ ਪਿਛਲੇ ਕੁਝ ਸਾਲਾਂ ਤੋਂ ਬਹੁਤ ਵਿਚਾਰ-ਚਰਚਾ ਹੋਈ ਹੈ। ਕਈ ਨਵੀਆਂ ਅਰਥ-ਭਰਪੂਰ ਗੱਲਾਂ ਪ੍ਰਾਪਤ ਹੁੰਦੀਆਂ ਹਨ। ਪੰਜਾਬੀ ਦੇ ਪ੍ਰਾਪਤ ਹਰ ਕਿੱਸੇ ਉਪਰ ਵਿਦਵਾਨਾਂ ਵੱਲੋਂ ਖੋਜ ਭਰਪੂਰ ਲੰਮੀਆਂ ਭੂਮਿਕਾਵਾਂ ਲਿਖੀਆਂ ਗਈਆਂ ਹਨ। ਪਾਠਕ ਅੱਜ ਵੀ ਸੰਤ ਸਿੰਘ ਸੇਖੋਂ ਦੁਆਰਾ ਸੰਪਾਦਤ ਕੀਤੀ 'ਵਾਰਿਸ ਸ਼ਾਹ ਦੀ ਹੀਰ' ਪੁਸਤਕ ਨੂੰ ਪਹਿਲ ਦਿੰਦੇ ਹਨ। ਇਹੋ ਸਥਿਤੀ ਦੂਜੇ ਕਿੱਸਿਆਂ ਦੀ ਹੈ। ਚਰਚਾ ਅਧੀਨ ਪੁਸਤਕ ਡਾ: ਦਿਲਬਾਰਾ ਸਿੰਘ ਬਾਜਵਾ ਦੁਆਰਾ ਲਿਖੀ ਗਈ ਹੈ। ਇਸ ਪੁਸਤਕ ਨੂੰ ਚਾਰ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲਾ ਭਾਗ ਹਾਸ਼ਮ ਦੇ ਜੀਵਨ ਨਾਲ ਸਬੰਧਤ ਹੈ। ਇਸ ਵਿਚ ਸੰਖੇਪ ਜਿਹੀ ਜਾਣਕਾਰੀ ਦਿੱਤੀ ਗਈ ਹੈ। ਦੂਸਰੇ ਭਾਗ ਵਿਚ ਹਾਸ਼ਮ ਦੇ ਸਾਰੇ ਕਿੱਸਿਆਂ ਦੇ ਸਾਰ ਦਿੱਤੇ ਗਏ, ਕੀ ਇਹ ਦੇਣੇ ਜ਼ਰੂਰੀ ਸਨ? ਤੀਸਰੇ ਭਾਗ ਵਿਚ ਹਾਸ਼ਮ ਦੀ ਕਾਵਿ ਕਲਾ ਤੇ ਉਸ ਦੇ ਰੂਪਕ ਪੱਖ ਬਾਰੇ ਚਰਚਾ ਕੀਤੀ ਗਈ ਹੈ। ਚੌਥੇ ਭਾਗ ਵਿਚ ਹਾਸ਼ਮ ਦੇ ਕਿੱਸਿਆਂ ਦਾ ਮੂਲ ਪਾਠ ਦਿੱਤਾ ਗਿਆ ਹੈ। ਇਹ ਸਾਰੀ ਸਮੱਗਰੀ ਤਾਂ ਸਾਨੂੰ ਪਹਿਲਾਂ ਵੀ ਪ੍ਰਾਪਤ ਹੁੰਦੀ ਹੈ, ਲੇਖਕ ਨੇ ਨਵਾਂ ਕੀ ਕੀਤਾ ਹੈ? ਸਵਾਲ ਇਹ ਪੈਦਾ ਹੁੰਦਾ ਹੈ। ਪ੍ਰੋ: ਪਿਆਰਾ ਸਿੰਘ ਪਦਮ ਤੇ ਡਾ: ਹਰਨਾਮ ਸਿੰਘ ਸ਼ਾਨ ਦੇ ਬੜੇ ਸਾਲ ਪਹਿਲਾਂ ਕੀਤੇ ਇਸ ਕਾਰਜ ਤੋਂ ਲੇਖਕ ਅੱਗੇ ਨਹੀਂ ਜਾਂਦਾ।
ਪੰਜਾਬੀ ਵਿਚ ਬੜੀ ਇਸ ਤਰ੍ਹਾਂ ਦੀ ਆਲੋਚਨਾ ਧੜਾ-ਧੜ ਹੋ ਰਹੀ ਹੈ। ਅਜਿਹੀ ਆਲੋਚਨਾ ਸਾਹਿਤ ਦਾ ਕੁਝ ਨਹੀਂ ਸੰਵਾਰਦੀ, ਸਗੋਂ ਗੰਧਲਾਪਨ ਪੈਦਾ ਕਰਦੀ ਹੈ, ਸਾਨੂੰ ਇਸ ਤੋਂ ਸੁਚੇਤ ਰਹਿਣ ਦੀ ਲੋੜ ਹੈ। ਪਿਛਲੇ ਕੁਝ ਸਾਲਾਂ ਤੋਂ ਅਕਾਦਮਿਕ ਪੱਧਰ 'ਤੇ ਬਣੀਆਂ ਕੁਝ ਜ਼ਰੂਰਤਾਂ ਕਾਰਨ ਆਲੋਚਨਾ ਦੇ ਖੇਤਰ ਵਿਚ ਨਵੇਂ ਉੱਠਦੇ 'ਵਿਦਵਾਨਾਂ' ਦਾ ਬਹੁਤ ਵਾਧਾ ਹੋ ਰਿਹਾ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511

ਕਿੱਥੇ ਕਿੱਥੇ ਪੀੜ ਅਜੇ
ਗ਼ਜ਼ਲਗੋਅ : ਗੁਰਦਿਆਲ ਦਲਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 102.

ਗੁਰਦਿਆਲ ਦਲਾਲ ਪੰਜਾਬੀ ਕਹਾਣੀ ਦੀ ਮਾਅਰਫ਼ਤ ਗ਼ਜ਼ਲ ਵੱਲ ਆਇਆ ਹੈ ਅਤੇ ਉਹ ਸੰਧੂ ਗ਼ਜ਼ਲ ਸਕੂਲ ਨਾਲ ਸਬੰਧਤ ਗ਼ਜ਼ਲਗੋਅ ਹੈ। ਪੰਜਾਬੀ ਕਹਾਣੀ ਦੀ ਪ੍ਰਗਤੀਵਾਦੀ ਪਰੰਪਰਾ ਨਾਲ ਜੁੜੇ ਰਹਿਣ ਕਾਰਨ ਉਹ ਗ਼ਜ਼ਲ ਵੀ ਪ੍ਰਗਤੀਵਾਦੀ ਰੰਗ ਦੀ ਕਹਿੰਦਾ ਹੈ। 'ਕਿੱਥੇ ਕਿੱਥੇ ਪੀੜ ਅਜੇ' ਉਸ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਹੈ ਪਰ ਇਸ ਸੰਗ੍ਰਹਿ ਦੀਆਂ ਗ਼ਜ਼ਲਾਂ ਦੇ ਪਾਠ ਸਮੇਂ ਕਦੇ ਵੀ ਉਂਜ ਨਹੀਂ ਪ੍ਰਤੀਤ ਹੁੰਦਾ ਕਿ ਇਹ ਕਿਸੇ ਨਵੇਂ ਗ਼ਜ਼ਲਗੋਅ ਦਾ ਕਲਾਮ ਹੈ। ਬਲਕਿ ਉਸ ਦਾ ਹਰ ਸ਼ਿਅਰ ਫ਼ਨੀ ਖੂਬੀਆਂ ਨਾਲ ਮਾਲਾਮਾਲ ਨਜ਼ਰ ਆਉਂਦਾ ਹੈ। ਉਸ ਦੀ ਛੋਟੇ ਬਹਿਰ ਦੀ ਇਕ ਗ਼ਜ਼ਲ ਦੇ ਚੰਦ ਅਸ਼ਆਰ ਦੇਖੋ :
ਐਵੇਂ ਨਾ ਬਣਵਾਸ ਦਿਆ ਕਰ
ਦਿਲ ਦੇ ਵਿਚ ਨਿਵਾਸ ਦਿਆ ਕਰ
ਪਰਕਰਮਾ ਜੋ ਤੇਰੀ ਕਰਦੈ
ਰਹਿਮਤ ਉਸ ਨੂੰ ਖ਼ਾਸ ਦਿਆ ਕਰ
ਤੇਰੇ ਦਿਲ ਵਿਚ ਥਾਂ ਹੈ ਸਾਡੀ
ਐਸਾ ਇਕ ਅਹਿਸਾਸ ਦਿਆ ਕਰ।
ਗੁਰਦਿਆਲ ਦਲਾਲ ਦੇ ਗ਼ਜ਼ਲ-ਸੰਸਾਰ ਦੀ ਪ੍ਰਮੁੱਖ ਪਛਾਣ ਇਹ ਹੈ ਕਿ ਇਹ ਬਹੁਤ ਵੰਨ-ਸੁਵੰਨਾ ਹੈ। ਉਹ ਜ਼ਿੰਦਗੀ ਦੇ ਹਰ ਰਸ, ਰੰਗ ਨੂੰ ਮਾਣਨ ਵਾਲਾ ਇਕ ਆਸ਼ਾਵਾਦੀ ਮਨੁੱਖ ਹੈ। ਉਹ ਪੰਜਾਬ ਦੇ ਸਰਬ-ਸਾਂਝੇ ਵਿਰਸੇ ਨੂੰ ਮੁਹੱਬਤ ਕਰਦਾ ਹੈ। ਉਹ ਜਾਣਦਾ ਹੈ ਕਿ ਦੂਜਿਆਂ ਦੀ ਰੀਸ ਕਰਨ ਨਾਲ ਕੋਈ ਮਨੁੱਖ ਵੱਡਾ ਨਹੀਂ ਹੋ ਜਾਂਦਾ। ਉਹ ਮਾਵਾਂ ਦੇ ਵਿਸ਼ਾਲ ਹਿਰਦਿਆਂ ਦੇ ਸਦਕੇ ਜਾਂਦਾ ਹੈ। ਉਹ ਬੁਢਾਪੇ ਨੂੰ ਵੀ ਰੱਬ ਦੀ ਦਾਤ ਸਮਝ ਕੇ ਰੱਜ-ਰੱਜ ਮਾਣਨ ਵਾਲਾ ਇਕ ਸ਼ੁਕਰਗੁਜ਼ਾਰ ਇਨਸਾਨ ਹੈ। ਦੇਖੋ : ਪੋਤਾ-ਪੋਤੀ, ਦੋਹਤਾ-ਦੋਹਤੀ, ਕਰਨ ਦੋਸਤੀ ਨਿੱਘ ਭਰੀ, ਪਿਛਲੀ ਉਮਰੇ ਇਸ ਜਗ ਅੰਦਰ ਕਿੰਨੇ ਸੁਹਣੇ ਸਾਲ ਮਿਲੇ/ਕੋਈ ਸਵੇਰੇ, ਕੋਈ ਦੁਪਹਿਰੇ, ਕੋਈ ਜਾਵੇ ਦਿਵਸ ਢਲੇ, ਖੁਸ਼ਕਿਸਮਤ ਉਹ ਬੰਦਾ ਜਿਸ ਨੂੰ ਜੀਵਨ ਦੀ ਤਰਕਾਲ ਮਿਲੇ। (ਪੰਨਾ 22)
ਉਹ ਜੀਵਨ ਦੇ ਸਤਹੀ ਯਥਾਰਥ ਦੀ ਤਹਿ ਵਿਚ ਟੁੱਭੀ ਲਾ ਕੇ ਬਹੁਮੁੱਲੇ ਮਾਣਕ ਮੋਤੀ ਲੱਭ ਕੇ ਆਪਣੇ ਸ਼ੁੱਭਚਿੰਤਕ ਪਾਠਕਾਂ ਦੀ ਨਜ਼ਰ ਕਰਦਾ ਹੈ। ਉਹ ਆਪਣੇ ਕਾਵਿ-ਕਥਨਾਂ ਨੂੰ ਛੋਟੀਆਂ-ਛੋਟੀਆਂ ਟੁਕੜੀਆਂ ਵਿਚ ਕਰੀਨੇ ਨਾਲ ਸਜਾ ਕੇ ਪ੍ਰਸਤੁਤ ਕਰਨ ਦੀ ਕਲਾ ਤੋਂ ਵਾਕਿਫ਼ ਹੈ।


ਸਿਧਾਂਤਕਾਰੀ ਅਤੇ ਪੰਜਾਬੀ ਸਿਧਾਂਤਕਾਰ
ਲੇਖਕ : ਦੇਵਿੰਦਰ ਸੈਫ਼ੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 325 ਰੁਪਏ, ਸਫ਼ੇ : 200.

1950 ਈ: ਤੋਂ ਬਾਅਦ ਵਿਕਸਿਤ ਹੋਈਆਂ ਆਲੋਚਨਾਤਮਕ ਪ੍ਰਣਾਲੀਆਂ ਨੂੰ ਪੱਛਮ ਵਿਚ 'ਥਿਉਰੀ' ਦੇ ਹਵਾਲੇ ਨਾਲ ਯਾਦ ਕੀਤਾ ਜਾਂਦਾ ਹੈ। ਥਿਉਰੀ ਨਾਲ ਸਬੰਧਤ ਆਲੋਚਨਾ ਪ੍ਰਣਾਲੀਆਂ ਵਿਚ ਸੰਰਚਨਾਵਾਦ, ਉੱਤਰ-ਸੰਰਚਨਾਵਾਦ, ਉਤਰਾਧੁਨਿਕਤਾਵਾਦ, ਮਨੋਵਿਗਿਆਨ, ਨਾਰੀਵਾਦ, ਗੇਅ ਆਲੋਚਨਾ, ਮਾਰਕਸਵਾਦ, ਨਵ-ਇਤਿਹਾਸਵਾਦ/ ਸੱਭਿਆਚਾਰਕ ਪਦਾਰਥਵਾਦ, ਬ੍ਰਿਤਾਂਤ ਸ਼ਾਸਤਰ, ਉਤਰ-ਬਸਤੀਵਾਦ ਅਤੇ ਸ਼ੈਲੀ ਵਿਗਿਆਨ ਆਦਿ ਸਿਧਾਂਤ ਆ ਜਾਂਦੇ ਹਨ। 1958 ਈ: ਵਿਚ ਇੰਡੀਅਨਾ ਯੂਨੀਵਰਸਿਟੀ ਵਿਖੇ ਆਯੋਜਿਤ ਕੀਤੀ ਗਈ 'ਕਾਨਫ਼ਰੰਸ ਆਨ ਸਟਾਈਲ' ਤੋਂ ਥਿਉਰੀ ਨਾਲ ਸਬੰਧਤ ਆਲੋਚਨਾਤਮਕ ਵਿਧੀਆਂ ਦੀ ਪ੍ਰਤਿਸ਼ਟਾ ਦਾ ਮੁੱਢ ਬੱਝਾ। ਇਸ ਕਾਨਫ਼ਰੰਸ ਦਾ ਕਨਵੀਨਰ ਇਕ ਹੰਗੇਰੀਅਨ ਸਕਾਲਰ ਥਾਮਸ ਸੀਬੋਕ ਸੀ, ਜੋ ਰੋਮਨ ਜੈਕੋਬਸਨ ਦਾ ਵਿਦਿਆਰਥੀ ਸੀ। ਇਸ ਕਾਨਫ਼ਰੰਸ ਵਿਚ ਭਾਸ਼ਾ ਵਿਗਿਆਨਕ, ਸਾਹਿਤ-ਸ਼ਾਸਤਰੀ ਅਤੇ ਮਨੋਵਿਗਿਆਨਕ ਅਨੁਸ਼ਾਸਨਾਂ ਦੀ ਭੂਮਿਕਾ ਬਾਰੇ ਗੰਭੀਰ ਸੰਵਾਦ ਛੇੜਿਆ ਗਿਆ ਸੀ। 1966 ਈ: ਵਿਚ ਜਾਨਜ਼ ਹਾਪਕਿਨਜ਼ ਯੂਨੀਵਰਸਿਟੀ ਵਿਚ ਇਕ ਅੰਤਰਰਾਸ਼ਟਰੀ ਸਿੰਪੋਜ਼ੀਅਮ ਆਯੋਜਿਤ ਕੀਤਾ ਗਿਆ, ਜਿਸ ਵਿਚ ਲੂਸ਼ੀਏਂ ਗੋਲਡਮਾਨ, ਤੋਦੋਰੋਵ, ਰੋਲਾਂ ਬਾਰਤ ਅਤੇ ਰੇਨੇ ਜਿੱਰਾਰ ਵਰਗੇ ਚਿੰਤਕਾਂ ਨੇ ਸ਼ਿਰਕਤ ਕੀਤੀ। 1979 ਵਿਚ 'ਡੀਕਨਸਟਰਕਸ਼ਨ ਐਂਡ ਕ੍ਰਿਟਿਸਿਜ਼ਮ' ਪ੍ਰਕਾਸ਼ਿਤ ਹੋਈ। ਇਸ ਵਿਚ ਹੈਰਾਲਡ ਬਲੂਮ, ਪਾਲ ਡੀ. ਮੈਨ, ਹਾਰਟਮੈਨ, ਦੈੱਰਿਦਾ, ਹਿੱਲਿਸ ਮਿਲਰ (ਯੇਲ ਮਾਫ਼ੀਆ) ਦੇ ਲੇਖ ਪ੍ਰਕਾਸ਼ਿਤ ਕੀਤੇ ਗਏ ਸਨ। 1983 ਵਿਚ ਟੈਰੀ ਈਗਲਟਨ ਦੀ 'ਲਿਟਰੇਰੀ ਥਿਉਰੀ' ਪ੍ਰਕਾਸ਼ਿਤ ਹੋਈ। 1991 ਈ: ਵਿਚ ਜੀਨ ਬੋਦਰਿੱਲਾ ਦੀ ਪੁਸਤਕ 'ਦ ਗਲਫ਼ ਵਾਰ ਨੈਵਰ ਹੈੱਪਨਡ' ਪ੍ਰਕਾਸ਼ਿਤ ਹੋਈ। ਇਹ ਸਾਰੀਆਂ ਘਟਨਾਵਾਂ ਥਿਉਰੀ ਦੇ ਵਿਕਾਸ ਨਾਲ ਸਬੰਧਤ ਮੀਲ ਪੱਥਰ ਸਿੱਧ ਹੋਈਆਂ। 2003 ਈ: ਵਿਚ 'ਲਾਈਫ਼ ਆਫਟਰ ਥਿਉਰੀ' ਦੇ ਪ੍ਰਕਾਸ਼ਿਤ ਹੋਣ ਨਾਲ ਥਿਉਰੀ ਨਾਲ ਸਬੰਧਤ ਉਤੇਜਨਾ ਅਤੇ ਹੋ-ਹੱਲੇ ਦਾ ਭੋਗ ਪੈ ਗਿਆ ਹੈ ਅਤੇ ਹੁਣ ਇਕ ਵਾਰ ਫਿਰ ਆਲੋਚਨਾ, ਥਿਉਰੀ ਨਾ ਰਹਿ ਕੇ ਸਾਹਿਤ-ਆਲੋਚਨਾ ਹੀ ਬਣ ਗਈ ਹੈ।
ਪੰਜਾਬੀ ਦੀ ਉਚੇਰੀ ਪੜ੍ਹਾਈ ਨਾਲ ਸਬੰਧਤ ਯੂਨੀਵਰਸਿਟੀਆਂ ਦੇ ਵਿਭਾਗ ਅਤੇ ਕਾਲਜ ਪੱਛਮ ਵਿਚ ਵਿਕਸਿਤ ਹੋਈ ਥਿਉਰੀ ਦੇ ਗੰਭੀਰ ਪਾਠਕ ਰਹੇ ਹਨ। ਸਤਿੰਦਰ ਸਿੰਘ ਨੂਰ, ਹਰਿਭਜਨ ਸਿੰਘ ਭਾਟੀਆ, ਗੁਰਬਚਨ, ਜਗਬੀਰ ਸਿੰਘ, ਗੁਰਪਾਲ ਸਿੰਘ ਸੰਧੂ ਆਦਿ ਵਿਦਵਾਨ ਪੰਜਾਬੀ ਸਾਹਿਤ ਦੇ ਵਿਦਿਆਰਥੀਆਂ ਨੂੰ ਥਿਉਰੀ ਨਾਲ ਸਬੰਧਤ ਵਿਭਿੰਨ ਸਕੂਲਾਂ ਬਾਰੇ ਭਰਪੂਰ ਜਾਣਕਾਰੀ ਦਿੰਦੇ ਰਹੇ ਹਨ। ਦੇਵਿੰਦਰ ਸੈਫ਼ੀ ਨੇ ਆਪਣੀ ਇਸ ਪੁਸਤਕ ਵਿਚ ਸੰਤ ਸਿੰਘ ਸੇਖੋਂ, ਕਿਸ਼ਨ ਸਿੰਘ, ਅਤਰ ਸਿੰਘ, ਹਰਿਭਜਨ ਸਿੰਘ, ਤਰਲੋਕ ਸਿੰਘ ਕੰਵਰ, ਨਜਮ ਹੁਸੈਨ ਸਯਦ, ਰਵਿੰਦਰ ਰਵੀ ਅਤੇ ਸਤਿੰਦਰ ਸਿੰਘ ਨੂਰ ਦੀਆਂ ਆਲੋਚਨਾਤਮਕ ਸਥਾਪਨਾਵਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ। ਪੰਜਾਬੀ ਆਲੋਚਨਾ ਦੇ ਖੇਤਰ ਵਿਚ ਅਜੇ ਤੱਕ ਕਿਸੇ 'ਸਿਧਾਂਤਕਾਰ' ਕਿਸਮ ਦੇ ਪ੍ਰਾਣੀ ਦਾ ਜਨਮ ਨਹੀਂ ਹੋਇਆ। ਹਾਂ, ਇਨ੍ਹਾਂ ਨੇ ਪੱਛਮ ਵਿਚ ਪ੍ਰਚਲਿਤ ਆਲੋਚਨਾਤਮਕ ਪ੍ਰਣਾਲੀਆਂ ਦਾ ਸੁਚੱਜਾ ਪ੍ਰਯੋਗ ਜ਼ਰੂਰ ਕੀਤਾ ਹੈ। ਪੰਜਾਬੀ ਦੇ ਉਕਤ ਆਲੋਚਕ 'ਥਿਉਰੀ' ਦੇ ਵਰਗੀਕਰਨ ਵਿਚ ਬੰਨ੍ਹਣੇ ਕਠਿਨ ਹਨ ਕਿਉਂਕਿ ਸਾਡੇ ਬਹੁਤੇ ਆਲੋਚਕ ਇਕੋ ਸਮੇਂ ਕਈ-ਕਈ ਅੰਤਰ-ਦ੍ਰਿਸ਼ਟੀਆਂ ਅਥਵਾ ਅਨੁਸ਼ਾਸਨਾਂ ਨਾਲ ਜੁੜੇ ਰਹੇ ਹਨ। ਇਹ ਤੱਥ ਪੰਜਾਬੀ ਆਲੋਚਨਾ ਦੇ ਸੁਤੰਤਰ ਵਿਕਾਸ ਲਈ ਕਾਫੀ ਉਪਯੋਗੀ ਸਿੱਧ ਹੋਇਆ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਕੁਝ ਦਹਾਕਿਆਂ ਵਿਚ ਪੰਜਾਬੀ ਆਲੋਚਨਾ ਆਪਣਾ ਸੁਤੰਤਰ ਮੂੰਹ-ਮੱਥਾ ਬਣਾ ਲਵੇਗੀ। ਦੇਵਿੰਦਰ ਸੈਫ਼ੀ ਦੀ ਇਹ ਪੁਸਤਕ ਪੰਜਾਬੀ ਆਲੋਚਨਾ ਦੀ ਇਤਿਹਾਸਕਾਰੀ ਦੇ ਪ੍ਰਸੰਗ ਵਿਚ ਕੀਤਾ ਗਿਆ ਇਕ ਸ਼ਲਾਘਾਯੋਗ ਉਪਰਾਲਾ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136


ਉਲਟੀ ਗੰਗਾ ਵਹਿ ਤੁਰੀ
ਲੇਖਕ : ਗਿੱਲ ਮੋਰਾਂਵਾਲੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 96

ਗਿੱਲ ਮੋਰਾਂਵਾਲੀ ਦਾ ਪੂਰਾ ਨਾਂਅ ਮਹਿੰਦਰ ਸਿੰਘ ਗਿੱਲ ਹੈ। ਉਹ 1970 ਤੋਂ ਕੈਨੇਡਾ ਦਾ ਵਸਨੀਕ ਹੈ। ਦੋ ਦਰਜਨ ਤੋਂ ਵੱਧ ਕਾਵਿ-ਪੁਸਤਕਾਂ ਦਾ ਸਿਰਜਕ ਹੈ। ਅਨੁਵਾਦ, ਸੰਪਾਦਨ ਅਤੇ ਲਿਪੀਅੰਤਰ ਕਰਨ ਵਿਚ ਵੀ ਆਪਣਾ ਯੋਗਦਾਨ ਪਾਉਂਦਾ ਰਹਿੰਦਾ ਹੈ। ਵਿਚਾਰਾਧੀਨ ਪੁਸਤਕ 'ਦੋਹਾ-ਕਾਵਿ' ਹੈ। ਇਸ ਸੰਗ੍ਰਹਿ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ 84 ਦੋਹੇ ਇਕੋ ਸਮੇਂ ਪੰਜਾਬੀ, ਉਰਦੂ ਅਤੇ ਹਿੰਦੀ ਵਿਚ ਪ੍ਰਸਤੁਤ ਕੀਤੇ ਗਏ ਹਨ। ਇੰਜ ਇਹ ਤ੍ਰੈ-ਭਾਸ਼ੀ ਦੋਹੇ ਹਨ। ਇਹ ਸਾਰੇ ਦੇ ਸਾਰੇ ਦੋਹੇ ਉਪਦੇਸ਼ਾਤਮਕ ਹਨ। ਇਨ੍ਹਾਂ ਦੇ ਵਿਸ਼ੇ ਸੰਸਾਰਿਕ ਨਾਸ਼ਮਾਨਤਾ, ਪਰ-ਉਪਕਾਰ ਦਾ ਮਹੱਤਵ ਪੈਸੇ ਦੇ ਬੋਲਬਾਲਾ, ਨਸ਼ੇ, ਹੱਕ ਬਨਾਮ ਫਰਜ਼, ਸਾਂਝ ਦਾ ਮਹੱਤਵ, ਪੈਸਾ ਬਨਾਮ ਨੌਕਰੀ, ਹਾਕਮ ਬਨਾਮ ਲੁੱਟ, ਪ੍ਰਕਿਰਤੀ ਨਾਲ ਪਿਆਰ ਆਦਿ ਤੋਂ ਬਿਨਾਂ ਸੂਖਮ ਵਿਸ਼ੇ ਜਿਵੇਂ ਸੱਚ-ਝੂਠ, ਲਾਲਚ, ਚੁਗਲੀ, ਨਫ਼ਰਤ, ਪਿਆਰ, ਗੱਪਾਂ ਆਦਿ ਨੂੰ ਮਨੁੱਖੀ ਜੀਵਨ ਦੇ ਅੰਗ ਵਜੋਂ ਪ੍ਰਗਟਾਇਆ ਗਿਆ ਹੈ। ਗਿੱਲ ਦੇ ਦੋਹਿਆਂ ਵਿਚੋਂ ਅਟੱਲ ਸਚਾਈਆਂ ਵੀ ਪ੍ਰਗਟ ਹੁੰਦੀਆਂ ਹਨ ਜਿਵੇਂ :
ਧਰਮੀ ਹੈ ਤਾਂ ਧਰਮ ਹੈ
ਕਰਮੀ ਹੈ ਤਾਂ ਕਰਮ।
ਧਰਮ ਬਿਨ ਨਾ ਕਰਮ ਹੈ
ਕਰਮ ਬਿਨ ਨਾ ਧਰਮ।
ਰੰਗ ਜਵਾਨੀ ਚੌਧਰਾਂ, ਦਾਰੂ ਦੀ ਬਰਸਾਤ.
ਏਹੀ ਅੱਜ ਦੀ ਮੰਗ ਹੈ, ਏਹੀ ਅੱਜ ਦੀ ਬਾਤ।
ਬੰਦਾ ਔਰਤ ਬਣ ਰਿਹਾ, ਬਦਲੇ ਜਾਣ ਸਰੀਰ।
ਉਲਟੀ ਗੰਗਾ ਵਹਿ ਤੁਰੀ, ਪੱਥਰ ਪਰਬਤ ਚੀਰ।

-ਡਾ: ਧਰਮਚੰਦ ਵਾਤਿਸ਼
ਮੋ: 98144-46007


ਸੂਲ-ਸੁਰਾਹੀ ਕਾਵਿ-ਸੁਨੇਹੇ
ਸੰਪਾਦਕ : ਪਰਸ ਰਾਮ ਸਿੰਘ ਬੱਧਣ
ਪ੍ਰਕਾਸ਼ਕ : ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 119.

ਪੰਜਾਬੀ ਦੀ ਸਾਹਿਤਕ ਪੱਤਰਕਾਰੀ ਵਿਸ਼ੇਸ਼ ਤੌਰ 'ਤੇ ਪੰਜਾਬੀ ਗ਼ਜ਼ਲ ਦੀ ਪ੍ਰਫੁਲਤਾ ਲਈ ਤ੍ਰੈਮਾਸਿਕ 'ਸੂਲ ਸੁਰਾਹੀ' ਦਾ ਯੋਗਦਾਨ ਸਰਾਹਨਾਯੋਗ ਰਿਹਾ ਹੈ। ਇਸ ਅਦਾਰੇ ਵੱਲੋਂ ਵੱਡੇ-ਵੱਡੇ ਗ਼ਜ਼ਲ ਦਰਬਾਰ ਕਰਵਾਏ ਗਏ ਤੇ ਵੱਡੇ ਗ਼ਜ਼ਲਗੋਆਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਰਿਹਾ ਹੈ। ਇਸ ਦੇ ਕਰਤਾ-ਧਰਤਾ ਡਾ: ਗੁਰਚਰਨ ਸਿੰਘ ਸਾਕੀ ਸਨ ਤੇ ਦਹਾਕਿਆਂ ਤੱਕ ਇਸ ਦੀ ਪ੍ਰਕਾਸ਼ਨਾ ਹੁੰਦੀ ਰਹੀ ਹੈ। ਹੁਣ ਇਸ ਦੀ ਵਾਗਡੋਰ ਉੱਘੇ ਸ਼ਾਇਰ ਬਲਬੀਰ ਸੈਣੀ ਕੋਲ ਹੈ। 'ਸੂਲ ਸੁਰਾਹੀ ਕਾਵਿ-ਸੁਨੇਹੇ' ਪੁਸਤਕ ਡਾ: ਸਾਕੀ ਨੂੰ ਸ਼ਰਧਾਂਜਲੀ ਵਜੋਂ ਛਾਪੀ ਗਈ ਹੈ ਜਿਸ ਦੀ ਤਾਰੀਫ਼ ਕੀਤੀ ਜਾਣੀ ਚਾਹੀਦੀ ਹੈ। ਇਸ ਵਿਚ ਡਾ: ਸਾਕੀ, ਪਰਸ ਰਾਮ ਸਿੰਘ ਬੱਧਣ, ਬਾਬੂ ਸਿੰਘ ਚੌਹਾਨ, ਹਰਚੰਦ ਆਜ਼ਾਦ, ਰਤਨ ਖੇੜੀ, ਆਰ. ਕੇ. ਭਗਤ, ਸੁਰਜੀਤ ਜੀਤ, ਕ੍ਰਿਸ਼ਨ ਪ੍ਰਵੇਜ਼, ਗੁਰਿੰਦਰ ਕਲਸੀ, ਦਰਸ਼ਨ ਬਨੂੜ, ਪਵਨ ਮੁੰਤਜ਼ਿਰ, ਅਮਰਜੀਤ ਪਟਿਆਲਵੀ, ਥੰਮਣ ਸਿੰਘ ਸੈਣੀ, ਭੁਪਿੰਦਰ ਬੇਕਸ, ਲਾਲ ਮਿਸਤਰੀ, ਗੁਰਨਾਮ ਬਿਜਲੀ, ਅਜਮੇਰ ਸਾਗਰ, ਅਜੀਤ ਸਿੰਘ ਢੰਗਰਾਲੀ, ਹਰਨਾਮ ਡੱਲਾ, ਭਗਤ ਸਿੰਘ ਰੰਗਾਰਾ, ਕਰਨੈਲ ਮਾਂਗਟ, ਸੁਦਾਗਰ ਪਾਲ, ਹਿੱਤ ਅਭਿਲਾਸ਼ੀ, ਜਸਵੰਤ ਭੌਰ, ਜੀ. ਐਸ. ਸਿੰਧਰਾ, ਚਰਨ ਖ਼ੈਰਪੁਰੀ, ਨਛੱਤਰ ਜਨਾਗਲ, ਜਗਦੀਪ ਲਾਡੀ, ਚਰਨਜੀਤ ਕਤਰਾ, ਆਰ. ਐਸ. ਫ਼ਰਾਜ਼, ਸਰਬਜੀਤ ਸਾਗਰ, ਸੁਰਿੰਦਰ ਕੌਰ ਭੋਗਲ, ਸੁਦਰਸ਼ਨ ਵਾਲੀਆ, ਪ੍ਰੀਤੀ ਸਾਂਗਰ, ਕਮਲਜੀਤ ਕੌਰ, ਹਰਦੀਪ ਲੌਂਗੀਆ, ਜੀਤ ਸਿੰਘ ਬਰਾੜ ਤੇ ਹਰਿੰਦਰ ਧਾਲੀਵਾਲ ਦੀਆਂ ਰਚਨਾਵਾਂ ਸ਼ਾਮਿਲ ਹਨ। 'ਸੂਲ ਸੁਰਾਹੀ' ਦੇ ਸੰਪਾਦਕ ਬਲਬੀਰ ਸੈਣੀ ਦਾ ਇਕ ਭਾਵਪੂਰਤ ਲੇਖ ਵੀ ਇਸ ਵਿਚ ਦਰਜ ਹੈ। ਇਹ ਵੀ ਕਾਬਿਲੇ-ਤਾਰੀਫ਼ ਹੈ ਕਿ 'ਸੂਲ ਸੁਰਾਹੀ ਕਾਵਿ-ਸੁਨੇਹੇ' ਕਿਤਾਬ ਵਿਚ ਪੰਜ ਸ਼ਾਇਰਾਂ ਨੂੰ ਸਵਰਗ ਸਿਧਾਰਨ ਉਪਰੰਤ ਯਾਦ ਕੀਤਾ ਗਿਆ ਹੈ। ਇਨ੍ਹਾਂ ਰਚਨਾਵਾਂ ਵਿਚ ਸ਼ਾਇਰੀ ਦੀ ਹਰ ਵਿਧਾ ਪੜ੍ਹਨ ਨੂੰ ਮਿਲਦੀ ਹੈ। ਕੁਝ ਕੁ ਸ਼ਾਇਰ ਨਾਮਵਰ ਹਨ ਜਿਨ੍ਹਾਂ ਨੂੰ ਪਾਠਕ ਭਲੀਭਾਂਤ ਜਾਣਦੇ ਹਨ ਤੇ ਕੁਝ ਕੁ ਨੂੰ ਇਸ ਪੁਸਤਕ ਵਿਚ ਛਪਣ ਨਾਲ ਪਹਿਚਾਣ ਜ਼ਰੂਰ ਮਿਲੇਗੀ। ਅਜਿਹੀਆਂ ਪੁਸਤਕਾਂ ਦੇ ਛਾਪਣ ਵੇਲੇ ਪੁਸਤਕ ਦਾ ਮਿਆਰ ਤੈਅ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਪਰ 'ਸੂਲ ਸੁਰਾਹੀ ਕਾਵਿ-ਸੁਨੇਹੇ' ਦੀ ਸੰਪਾਦਨਾ ਵੇਲੇ ਰਚਨਾਵਾਂ ਦੀ ਪੱਧਰ ਦਾ ਕਾਫ਼ੀ ਖ਼ਿਆਲ ਰੱਖਿਆ ਗਿਆ ਹੈ।

-ਗੁਰਦਿਆਲ ਰੌਸ਼ਨ
ਮੋ: 9988444002

ਸਤਿ ਸ੍ਰੀ ਅਕਾਲ
ਕਹਾਣੀਕਾਰ : ਸੁਰਿੰਦਰ ਸਿੰਘ ਰਾਏ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 135 ਰੁਪਏ, ਸਫ਼ੇ : 96.

'ਸਤਿ ਸ੍ਰੀ ਅਕਾਲ' ਸੁਰਿੰਦਰ ਸਿੰਘ ਰਾਏ ਦਾ ਛੇਵਾਂ ਕਹਾਣੀ-ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚ ਦਸ ਕਹਾਣੀਆਂ ਅੰਕਿਤ ਹਨ। ਇਹ ਸਾਰੀਆਂ ਕਹਾਣੀਆਂ ਅਜੋਕੇ ਸਮੇਂ ਦੇ ਮਨੁੱਖ ਦੇ ਵਿਭਿੰਨ ਸਰੋਕਾਰਾਂ ਨਾਲ ਸਬੰਧਿਤ ਹਨ। ਇਨ੍ਹਾਂ ਦੇ ਸਮੁੱਚੇ ਅਤੇ ਦੀਰਘ ਅਧਿਐਨ ਤੋਂ ਪਾਠਕ ਇਹ ਗੱਲ ਭਲੀਭਾਂਤ ਜਾਨਣ ਦੇ ਸਮਰੱਥ ਹੋ ਜਾਂਦਾ ਹੈ ਕਿ ਅਜੋਕੇ ਦੌਰ ਵਿਚ ਮਾਨਵੀ ਰਿਸ਼ਤੇ ਖੁਰ ਰਹੇ ਹਨ, ਸਮਾਜਿਕ ਕਦਰ-ਪ੍ਰਣਾਲੀ ਨੂੰ ਠੇਸ ਵੱਜ ਰਹੀ ਹੈ ਅਤੇ ਇਸ ਵਿਚ ਉਸ ਕਿਸਮ ਦੇ ਬਦਲਾਅ ਆ ਰਹੇ ਹਨ, ਜੋ ਮਨੁੱਖੀ-ਸਾਂਝ ਪਿਆਰ ਅਤੇ ਅਪਣਤ ਨੂੰ ਖੇਰੂੰ-ਖੇਰੂੰ ਕਰਨ ਵੱਲ ਰੁਚਿਤ ਹਨ। ਕਹਾਣੀਕਾਰ ਨੇ ਪੁਸਤਕ ਦੇ ਸਿਰਲੇਖ ਵਾਲੀ ਕਹਾਣੀ 'ਸਤਿ ਸ੍ਰੀ ਅਕਾਲ' ਵਿਚ ਉਸ ਬਜ਼ੁਰਗ ਮਾਂ ਦੀ ਮਾਨਸਿਕਤਾ ਅਤੇ ਪ੍ਰਤੱਖ ਵਿਹਾਰ ਦਾ ਜ਼ਿਕਰ ਵਾਸਤਵਿਕ ਰੂਪ 'ਚ ਕੀਤਾ ਹੈ, ਜੋ ਇੰਡੀਆ/ਪੰਜਾਬ ਤੋਂ ਕੈਨੇਡਾ ਵਸਦੇ ਆਪਣੇ ਪੁੱਤਰ ਪਾਸ ਚਲੀ ਤਾਂ ਜਾਂਦੀ ਹੈ ਪਰ ਉਥੇ ਉਸ ਨੂੰ ਪਿਛਲਾ ਪਿਆਰ, ਨੇਂਹ, ਤੇਹ, ਸਤਿਕਾਰ ਅਤੇ ਮਨੋਰੰਜਨ ਦਾ ਤੌਰ-ਤਰੀਕਾ ਉਪਲੱਬਧ ਨਹੀਂ ਹੁੰਦਾ। ਉਸ ਨੂੰ ਉਦਾਸੀ ਹੇਰਵਾ ਮਨੋ-ਮਨ ਤੜਪਾਉਂਦਾ ਹੈ। ਪੁੱਤਰ ਨਾਲ ਵਾਪਸੀ ਹੋ ਜਾਣ ਤੇ ਜਦੋਂ ਉਸ ਮਾਂ ਦਾ ਭਤੀਜਾ ਦਿੱਲੀ ਏਅਰਪੋਰਟ ਤੋਂ ਸਤਿ ਸ੍ਰੀ ਅਕਾਲ ਬੁਲਾਉਂਦਾ ਹੈ ਤਾਂ ਉਸ ਨੂੰ ਕੈਨੇਡਾ 'ਚ ਵਾਪਰਦੇ ਸਾਰੇ ਦੁੱਖ-ਦਰਦ ਭੁੱਲ ਜਾਂਦੇ ਹਨ ਤੇ ਉਹ ਨੌਂ-ਬਰ-ਨੌਂ ਹੋ ਜਾਂਦੀ ਹੈ। ਇਸ ਤਰ੍ਹਾਂ ਕਹਾਣੀ ਟੈਲੀਫੋਨ, ਉਨ੍ਹਾਂ ਦਫ਼ਤਰੀ ਸਾਥੀਆਂ ਦੇ ਅੰਤਹਕਰਨ ਦੀ ਤਕਤੀਹ ਕਰਦੀ ਹੈ, ਜੋ ਇਕ ਸਾਥੀ ਦੇ ਘਰ 'ਚ ਟੈਲੀਫੋਨ ਲੱਗ ਜਾਣ 'ਤੇ ਤਾਂ ਉਤਲੇ ਮਨੋ ਖੁਸ਼ੀਆਂ ਪ੍ਰਗਟਾਉਂਦੇ ਹਨ ਅਤੇ ਪਾਰਟੀਆਂ ਮੰਗਦੇ ਤੇ ਖਾਂਦੇ ਹਨ ਪ੍ਰੰਤੂ ਆਪਣੇ ਆਂਤਰਿਕ ਈਰਖਾਲੂ ਸੁਭਾਅ ਸਦਕਾ, ਜਦੋਂ ਉਸੇ ਦੀ ਤਰੱਕੀ ਹੋ ਜਾਂਦੀ ਹੈ ਤਾਂ ਉਸ ਨੂੰ ਵਧਾਈ ਤੱਕ ਨਹੀਂ ਦੇ ਸਕਦੇ। ਕਹਾਣੀ 'ਕਬੀਲਦਾਰੀ' ਘਰ-ਪਰਿਵਾਰ ਦੀਆਂ ਤੰਦਾਂ ਨੂੰ ਸਹਿਜ ਰੱਖਣ ਖਾਤਰ ਮਾਸੀ ਦਾ ਪਾਤਰ ਇਸ ਤਰੀਕੇ ਨਾਲ ਉਘਾੜਿਆ ਗਿਆ ਹੈ ਕਿ ਉਹ ਬਹੁਤ ਸਾਰੇ ਦੁੱਖ-ਕਲੇਸ਼ ਜਾਂ ਪਰਿਵਾਰਕ ਵਖਰੇਵੇਂ ਜਾਂ ਤ੍ਰੇੜਾਂ ਨੂੰ ਆਪਣੇ ਅੰਦਰੋ-ਅੰਦਰ ਜ਼ਬਤ ਕਰਕੇ ਸਹਿਣ ਕਰ ਜਾਣ ਦੀ ਪ੍ਰੇਰਕ ਬਣ ਜਾਂਦੀ ਹੈ। ਬਿਗਾਨਿਆਂ ਦੇ ਅੱਗੇ ਚੁਗਲੀ ਨਿੰਦਿਆ ਦੀ ਥਾਵੇਂ ਘਰ 'ਚ ਪੁੱਤ-ਨੂੰਹ ਵੱਲੋਂ ਹੋ ਰਹੇ ਵਿਵਹਾਰ ਦੀ ਸਿਫ਼ਤ ਹੀ ਕਰਦੀ ਹੈ। ਕਹਾਣੀਕਾਰ ਨੇ ਆਪਣੀ ਮਾਨਵੀ-ਦ੍ਰਿਸ਼ਟੀ ਨੂੰ ਇਥੇ ਆਲੋਚਨਾਤਮਿਕ ਯਥਾਰਥ ਜ਼ਰੀਏ ਪੇਸ਼ ਕੀਤਾ ਹੈ। ਇਸੇ ਤਰ੍ਹਾਂ 'ਖ਼ਬਰਾਂ ਦਾ ਭੁਸ' ਕਹਾਣੀ ਨਵੇਂ ਉਸਾਰੂ ਮਾਨਵੀ ਦ੍ਰਿਸ਼ਟੀਕੋਣ ਦਾ ਦਰਪਣ ਹੈ। ਜਿਸ ਵਿਚ ਇਕ ਬਾਪ ਦਾ ਜ਼ਿਕਰ ਹੈ, ਜੋ ਅਖ਼ਬਾਰਾਂ ਪੜ੍ਹਨ ਦੇ ਭੁਸ ਸਦਕਾ, ਆਪਣਾ ਸੁਨਿਆਰੇ ਵਾਲਾ ਕਾਰੋਬਾਰ ਭਾਵੇਂ ਉੱਚ ਪੱਧਰ 'ਤੇ ਨਹੀਂ ਲਿਜਾਅ ਸਕਿਆ ਪਰ ਉਸ ਦਾ ਪੁੱਤਰ, ਪਿਓ ਵਾਲੇ ਭੁਸ ਕਿ ਅਖ਼ਬਾਰਾਂ ਜਾਂ ਕਿਤਾਬਾਂ ਹਰ ਰੋਜ਼ ਪੜ੍ਹਨੀਆਂ ਹੀ ਪੜ੍ਹਨੀਆਂ ਹਨ, ਦਾ ਆਦੀ ਹੈ ਕਿ ਅੱਠਵੀਂ ਤੱਕ ਨਾਲਾਇਕ ਹੁੰਦਾ ਹੋਇਆ ਵੀ ਦਸਵੀਂ ਵਿਚੋਂ ਜ਼ਿਲ੍ਹਾ ਭਰ 'ਚੋਂ ਫਸਟ ਆ ਜਾਂਦਾ ਹੈ। ਇਹ ਪ੍ਰਾਪਤੀ ਪੜ੍ਹਨ ਦੀ ਰੁਚੀ ਸਦਕਾ ਸੰਭਵ ਹੋਈ ਦਰਸਾਈ ਗਈ ਹੈ।
ਇਸੇ ਤਰ੍ਹਾਂ 'ਨਗਦਾਂ ਦੀ ਹੱਟੀ, ਖਾਕੀ ਵਰਦੀ, ਚੋਗਾ ਅਤੇ ਕੁਰਬਾਨੀ ਕਹਾਣੀਆਂ ਸਮਕਾਲੀਨ ਯਥਾਰਥ ਦੀ ਹੂ-ਬਹੂ ਤਸਵੀਰ ਪੇਸ਼ ਕਰਦੀਆਂ ਹਨ। ਇਨ੍ਹਾਂ ਕਹਾਣੀਆਂ ਦੇ ਪਾਤਰ ਜਿਊਂਦੇ-ਜਾਗਦੇ ਪ੍ਰਤੀਤ ਹੁੰਦੇ ਹਨ ਅਤੇ ਇਨ੍ਹਾਂ ਦੇ ਵਿਚਾਰ ਅਤੇ ਪਾਤਰ-ਚਿਤਰਣ ਸ਼ੈਲੀ ਵੀ ਸਰਲ ਸਾਦੀ ਭਾਸ਼ਾ 'ਚ ਪ੍ਰਗਟ ਹੋਈ ਹੈ। 'ਹਾਸੇ ਤੇ ਹਾਸਾ' ਤੇ 'ਚੋਗਾ' ਕਹਾਣੀਆਂ 'ਚ ਵਿਅੰਗ ਜ਼ਰੀਏ ਭਾਵ ਪੂਰਤ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ। ਨਿਰਸੰਦੇਹ ਸਾਰੀਆਂ ਦੀਆਂ ਸਾਰੀਆਂ ਕਹਾਣੀਆਂ ਵਰਤਮਾਨ ਸਮੇਂ 'ਚ ਰਚੀ ਜਾ ਰਹੀ ਪੰਜਾਬੀ ਕਹਾਣੀ 'ਚ ਵਿਲੱਖਣ ਸਥਾਨ ਦੀਆਂ ਧਾਰਨੀ ਹਨ।

-ਡਾ: ਜਗੀਰ ਸਿੰਘ ਨੂਰ
ਮੋ: 98142-09732.

 

ਤਿੜਕ
ਲੇਖਕ : ਰਘਬੀਰ ਸਿੰਘ ਮਹਿਮੀ
ਪ੍ਰਕਾਸ਼ਕ : ਪ੍ਰੇਰਣਾ ਪ੍ਰਕਾਸ਼ਨ ਅੰਮ੍ਰਿਤਸਰ
ਮੁੱਲ : 120 ਰੁਪਏ, ਸਫੇ : 143

ਰਘਬੀਰ ਸਿੰਘ ਮਹਿਮੀ ਅੱਖ ਦੇ ਫੇਰ ਨਾਲ ਮਿੰਨੀ ਕਹਾਣੀ ਲਿਖ ਮਾਰਦਾ ਹੈ। ਉਸ ਦੀਆਂ ਕਹਾਣੀਆ ਵਿਚ ਰਸ ਹੈ ਅਤੇ ਪਾਠਕ ਕਹਾਣੀਆਂ ਦੇ ਨਾਲ-ਨਾਲ ਅੱਗੇ ਤੁਰਦੇ ਰਹਿੰਦੇ ਹਨ। ਹਥਲੀ ਪੁਸਤਕ ਤਿੜਕ ਵਿਚ ਮਹਿਮੀ ਨੇ 130 ਮਿੰਨੀ ਕਹਾਣੀਆਂ ਦਰਜ ਕੀਤੀਆ ਹਨ। ਉਹ ਪੱਕੇ ਤੌਰ 'ਤੇ ਮਿੰਨੀ ਕਹਾਣੀ ਦੀ ਵਿਧਾ ਨਾਲ ਜੁੜਿਆ ਹੋਇਆ ਹੈ। ਜਿਸ ਕਰਕੇ ਉਸ ਨੇ ਤੀਜਾ ਮਿੰਨੀ ਕਹਾਣੀ ਸੰਗ੍ਰਹਿ ਤਿੜਕ ਪਾਠਕਾਂ ਦੀ ਝੋਲੀ ਪਾਇਆ ਹੈ। ਮਹਿਮੀ ਨੇ ਆਪਣੀਆਂ ਕਹਾਣੀਆਂ ਵਿਚ ਸਮਾਜ ਦੇ ਹਰ ਮਨੁੱਖ ਦੀਆਂ ਭਾਵਨਾਵਾਂ ਅਤੇ ਮਨੁੱਖ ਦੇ ਸਮਾਜ ਵਿਚ ਵਿਚਰਨ ਦੇ ਪੱਖਾਂ ਨੂੰ ਬਹੁਤ ਸੂਖਮਤਾ ਨਾਲ ਪ੍ਰਗਟਾਇਆ ਹੈ ਉਹ ਯਥਾਰਥ ਦੀ ਉਂਗਲ ਪਕੜ ਕੇ ਸੰਵੇਦਨਾ ਨਾਲ ਤੁਰਦਾ ਹੈ ਮਿੰਨੀ ਕਹਾਣੀ ਦੀ ਇਕ ਵਿਧਾ ਵਿਅੰਗ ਤੋਂ ਵਗੈਰ ਵੀ ਉਸ ਨੇ ਕਹਾਣੀਆਂ ਲਿਖੀਆਂ ਹਨ ਅਤੇ ਜੇਕਰ ਵਿਅੰਗ ਚਿਤਰਿਆ ਵੀ ਹੈ ਤਾਂ ਬਹੁਤ ਹੀ ਸਫਲਤਾ ਨਾਲ। ਮਹਿਮੀ ਨੇ ਆਪਣੀ ਇਸ ਪੁਸਤਕ ਵਿਚ ਸਮਾਜਿਕ ਤੇ ਪਰਿਵਾਰਿਕ ਰਿਸ਼ਤਿਆਂ ਨੂੰ ਬਹੁਤ ਹੀ ਨੇੜਿਉਂ ਪਰਖਿਆ ਹੈ। ਖਾਸ ਕਰਕੇ ਉਹ ਪੁੱਤਾਂ-ਧੀਆਂ, ਮਾਤਾ-ਪਿਤਾ, ਜੀਜਾ-ਸਾਲੀ, ਨਿੱਜ ਪ੍ਰਸਤੀ ਤਾਈ-ਤਾਇਆ, ਸਾਲਾ-ਭਣੋਈਆ, ਬੱਚੇ-ਨੋਜਵਾਨ, ਦੋਸਤਾਂ-ਮਿੱਤਰਾਂ, ਵਿਦਰੋਹ, ਬਦਲੇ ਦੀ ਭਾਵਨਾ, ਸਮੇਤ ਰਿਸ਼ਤਿਆਂ ਦੀ ਟੁੱਟ-ਭੱਜ ਅਤੇ ਇਸ ਵਿਚ ਆ ਰਹੀ ਗਿਰਾਵਟ ਨੂ ਬਾਖੂਬੀ ਪੇਸ਼ ਕੀਤਾ ਹੈ। ਬਜ਼ੁਰਗ ਮਾਂ-ਬਾਪ ਤੇ ਉਨ੍ਹਾਂ ਦੇ ਪੁੱਤ-ਧੀਆਂ ਵੱਲੋਂ ਉਨ੍ਹਾਂ ਦੀ ਸੇਵਾ ਨਾ ਕਰਨ ਬਾਰੇ ਉਸ ਨੇ ਠੋਕਵੇਂ ਵਿਅੰਗ ਕੱਸੇ ਹਨ। ਇਸੇ ਤਰ੍ਹਾਂ ਸਮਾਜਿਕ ਕੁਰੀਤੀਆਂ ਦਾਜ ਦਹੇਜ, ਵਹਿਮ-ਭਰਮ, ਰਾਜਨੀਤੀ ਅਤੇ ਸਮਾਜ ਵਿਚ ਵਧ ਰਹੇ ਮਨੁੱਖੀ ਤਣਾਅ ਖੁਦਕਸ਼ੀ ਪੀਲੀ ਪੱਤਰਕਾਰੀ, ਖਾੜਕੂਵਾਦ, ਜਾਤਪਾਤ, ਮਮਤਾ, ਪੱਛਮੀ ਸੱਭਿਅਤਾ, ਮਤਰੇਆਂ ਪੁੱਤਰ-ਬੇਟੀ, ਮੌਕਾਪ੍ਰਸਤ ਰਾਜਨੀਤੀ, ਆਦਿ ਮਨੁੱਖੀ ਮਨ ਦੀਆਂ ਸੂਖਮ ਭਾਵਨਾਵਾਂ ਨੂੰ ਸਿਰਜਿਆ ਹੈ। ਆਸ ਦੀ ਮੌਤ ਕਹਾਣੀ 'ਚ ਦੋ ਪੁੱਤਰਾਂ ਦੇ ਮੇਜਰ ਪਿਤਾ ਦੀ ਪਤਨੀ ਦੇ ਦਿਹਾਂਤ 'ਤੇ ਜਦੋਂ ਉਹ ਅਮਰੀਕਾ ਤੇ ਕੈਨੇਡਾ ਵਸਦੇ ਆਪਣੇ ਪੁੱਤਰਾਂ ਨੂੰ ਫੋਨ ਕਰਦਾ ਹੈ ਤਾਂ ਜਵਾਬ 'ਡੈਡ ਮਦਰ ਇਜ ਡੈੱਡ, ਐਂਡ ਯੂ ਆਰ ਅਲਿਸੋ ਨੀਅਰ ਟੂ:ਸ਼ਸ਼ਸ਼..' ਫਿਰ ਕਿਉਂ ਨਾ ਇਕ ਵਾਰੀ ਇੰਡੀਆ ਆਉਣ ਤੇ ਸਾਰੇ ਸੰਸਕਾਰ ਕੰਪਲੀਟ ਕਰ ਲਈਏ, ਥੋਨੂੰ ਪਤਾ ਖਰਚ ਕਿੰਨਾ ਆਉਂਦਾ। ਮਹਿਮੀ ਮਨੁੱਖੀ ਦਰਦ, ਪੀੜਾ ਅਤੇ ਅਜੋਕੇ ਜਾਗੀਰੂ ਪ੍ਰਬੰਧ ਨੂੰ ਜਾਣਦਾ ਹੈ ਉਸ ਨੇ ਆਪਣੀ ਇਸ ਪੁਸਤਕ ਵਿਚ ਮੱਧ ਵਰਗੀ ਸ਼੍ਰੈਣੀ ਦੀ ਤਿੜਕ ਰਹੀ ਸੋਚ ਨੂੰ ਸਫਲਤਾ ਨਾਲ ਚਿਤਰਿਆ ਹੈ। ਉਸ ਦੀਆਂ ਮਿੰਂਨੀ ਕਹਾਣੀਆਂ ਆਸ਼ਾਵਾਦੀ ਦੇ ਨਾਲ-ਨਾਲ ਨਿਰਾਸ਼ਾਵਾਦੀ ਅੰਤ ਦਾ ਸੰਕੇਤ ਹੀ ਦਿੰਦੀਆਂ ਹਨ।

-ਰਮੇਸ਼ ਤਾਂਗੜੀ
ਮੋ:-94630-79655

ਦੁਖੜੇ ਮਾਂ ਬੋਲੀ ਦੇ ਵੰਡੀਏ
ਸ਼ਾਇਰ : ਮਾਸਟਰ ਗੁਰਚਰਨ ਸਿੰਘ ਖਾਲਸਾ
ਪ੍ਰਕਾਸ਼ਕ : ਗੁਰੂਸਰ ਬੁੱਕ ਡਿਪੂ ਪਬਲੀਕੇਸ਼ਨ, ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 109.

ਮਾਂ-ਬੋਲੀ ਉਹ ਬੋਲੀ ਹੁੰਦੀ ਹੈ, ਜੋ ਬੱਚੇ ਨੂੰ ਗੁੜਤੀ ਦੇ ਸਮੇਂ ਮਿਲਣੀ ਸ਼ੁਰੂ ਹੋ ਜਾਂਦੀ ਹੈ, ਜਿਸ ਨੇ ਸਹਿਜੇ-ਸਹਿਜੇ ਹੱਡੀਂ ਮਾਸ ਵਿਚ ਰਚ ਕੇ ਜ਼ਬਾਨ ਦਾ ਸ਼ਿੰਗਾਰ-ਰਸ ਬਣਨਾ ਹੁੰਦਾ ਹੈ। ਕਿਸੇ ਵੀ ਬਾਹਰੀ ਬੋਲੀ ਦੀ ਬੇਲੋੜੀ ਤੇ ਉਹ ਵੀ ਹੱਦੋਂ ਵੱਧ ਦਖ਼ਲ-ਅੰਦਾਜ਼ੀ ਮਾਂ-ਬੋਲੀ ਦਾ ਸਭ ਤੋਂ ਵੱਡਾ ਇਕ ਦੁਖਾਂਤ ਬਣ ਜਾਂਦਾ ਹੈ। ਇਸ ਗੰਭੀਰ ਮੁੱਦੇ ਨੂੰ ਲੈ ਕੇ ਉਮਰ ਦੀ ਪੌਣੀ ਸਦੀ ਹੰਢਾ ਚੁੱਕੇ ਮਾਸਟਰ ਗੁਰਚਰਨ ਸਿੰਘ ਖਾਲਸਾ ਨੇ ਮਾਂ ਬੋਲੀ ਪ੍ਰਤੀ ਆਪਣੀ ਆਸਥਾ ਪ੍ਰਗਟ ਕਰਨ ਲਈ 'ਦੁਖੜੇ ਮਾਂ-ਬੋਲੀ ਦੇ ਵੰਡੀਏ' ਦੇ ਸਿਰਲੇਖ ਹੇਠ ਕਾਵਿ-ਪੁਸਤਕ ਪਾਠਕਾਂ ਦੇ ਸਨਮੁੱਖ ਕੀਤੀ ਹੈ।
ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਮਾਂ-ਬੋਲੀ ਤੋਂ ਇਲਾਵਾ ਵੀ ਹੋਰ ਭਾਸ਼ਾਵਾਂ ਸਿੱਖਣ ਦੀ ਲੋੜ ਹੁੰਦੀ ਹੈ ਪਰ ਮਾਂ-ਬੋਲੀ ਨੂੰ ਸਿਧੜਾਂ ਦੀ ਬੋਲੀ ਆਖ ਕੇ ਮਤਰੇਈ ਬੋਲੀ 'ਤੇ ਕੰਧੇਰੀ ਚੜ ਜਾਣਾ ਕੋਈ ਸਿਆਣਪ ਭਰੀ ਗੱਲ ਨਹੀਂ ਹੁੰਦੀ। ਆਪਣੀ ਮਾਂ-ਬੋਲੀ ਵਿਚ ਜੋ ਬੋਲਣ-ਸੁਣਨ, ਪੜ੍ਹਨ-ਲਿਖਣ ਤੇ ਸਮਝਣ ਵਿਚ ਆਜ਼ਾਦੀ ਮਿਲਦੀ ਹੈ ਸ਼ਾਇਦ ਕਿਸੇ ਹੋਰ ਬੇਗਾਨੀ ਭਾਸ਼ਾ ਦੇ ਬਦੋ-ਬਦੀ ਕੁੱਛੜ ਚੜਿਆਂ ਮਿਲੇ। ਸੌ ਕੁ ਕਵਿਤਾਵਾਂ ਸਮੇਟੀ ਬੈਠਾ 'ਦੁਖੜੇ ਮਾਂ-ਬੋਲੀ ਦੇ ਵੰਡੀਏ' ਕਾਵਿ-ਸੰਗੱਿਹ ਵਿਚ ਸ਼ਾਇਰ ਆਪਣੀ ਮਾਂ-ਬੋਲੀ ਦੇ ਖੰਭਾਂ ਉਤੇ ਆਜ਼ਾਦਾਨਾ ਤੇ ਵਿਸ਼ਾਲ ਸ਼ਬਦੀ ਉਡਾਰੀ ਦਾ ਝਲਕਾਰਾ ਪੈਂਦਾ ਹੈ। ਪੂਰੀ ਖੁੱਲ੍ਹ-ਡੁੱਲ੍ਹ ਨਾਲ ਸ਼ਾਇਰ ਆਪਣੇ ਮਨ ਦੀ ਵੇਦਨਾ ਦੀ ਪਟਾਰੀ ਪਾਠਕਾਂ ਦੀ ਬੇਬਕੀ (ਬੁੱਧੀ) ਦੇ ਸਨਮੁੱਖ ਖੋਲ੍ਹਣ ਵਿਚ ਕਾਫੀ ਹੱਦ ਤੱਕ ਸਫਲ ਹੈ। ਇਸ ਸ਼ਬਦੀ ਪਟਾਰੀ ਵਿਚੋਂ ਕੁਝ ਲਾਈਨਾਂ ਆਤਮਸਾਤ ਕਰ ਕੇ ਸ਼ਾਰਸ਼ਾਰ ਹੋਈਏ:-
'ਪਿਆਰੀ ਮਾਂ ਦੀਆਂ ਲੋਰੀਆਂ ਤੇ ਬਾਪੂ ਦੇ ਦਲਾਸੇ,
ਵੱਡੇ ਵੀਰ, ਭੈਣਾਂ, ਸਹੇਲੀਆਂ ਤੇ ਗੁਆਢਣਾਂ ਦੇ ਹਾਸੇ।
ਕੋਈ ਫਿਕਰਾਂ ਦੇ ਵਿਚੋਂ ਕੱਢ ਕੇ ਵਿਖਾਇਓ,
ਨੀਂ ਮੈਂ ਲੱਭਣੀ ਜੁਆਨੀ, ਕੋਈ ਦਸ ਪਾਇਓ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858

ਰੰਗ ਬਦਲਦਾ ਸਮਾਂ
ਕਵੀ : ਜਤਿੰਦਰ ਸਿੰਘ ਬੀਬੀਪੁਰ, ਦਵਿੰਦਰ ਕੌਰ ਬੀਬੀਪੁਰ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 135 ਰੁਪਏ, ਸਫ਼ੇ : 70

'ਰੰਗ ਬਦਲਦਾ ਸਮਾਂ' ਜਤਿੰਦਰ ਸਿੰਘ ਬੀਬੀਪੁਰ ਅਤੇ ਦਵਿੰਦਰ ਕੌਰ ਬੀਬੀਪੁਰ ਦੁਆਰਾ ਸਾਂਝੇ ਰੂਪ ਵਿਚ ਲਿਖਿਆ ਕਾਵਿ-ਸੰਗ੍ਰਹਿ ਹੈ ਜਿਸ ਵਿਚ ਉਨ੍ਹਾਂ ਦੁਆਰਾ ਗੀਤਾਤਮਕ ਸ਼ੈਲੀ ਵਿਚ ਲਿਖੀਆਂ ਰਚਨਾਵਾਂ ਵੀ ਸ਼ਾਮਿਲ ਹਨ, ਕਵਿਤਾਵਾਂ ਵੀ ਹਨ ਅਤੇ ਛੋਟੀਆਂ-ਛੋਟੀਆਂ ਪਰ ਭਾਵਪੂਰਤ ਰਚਨਾਵਾਂ ਵੀ ਸ਼ਾਮਿਲ ਹਨ।
ਇਸ ਪੁਸਤਕ ਵਿਚ ਜ਼ਿਆਦਾਤਰ ਰਚਨਾਵਾਂ ਅਜੋਕੀ ਜ਼ਿੰਦਗੀ ਨੂੰ ਦਰਪੇਸ਼ ਮਸਲਿਆਂ ਬਾਰੇ ਹੀ ਸ਼ਾਮਿਲ ਕੀਤੀਆਂ ਗਈਆਂ ਹਨ। ਮਿਸਾਲ ਵਜੋਂ ਵਿਰਸੇ ਨੂੰ ਭੁੱਲਦੇ ਜਾ ਰਹੇ ਪੰਜਾਬੀ ਲੋਕ, ਪਾਣੀ ਦੀ ਦੁਰਵਰਤੋਂ ਨੂੰ ਰੋਕਣਾ, ਨੌਜਵਾਨੀ ਦਾ ਕੰਮ-ਸੱਭਿਆਚਾਰ ਤੋਂ ਮੂੰਹ ਮੋੜਨਾ, ਰੁੱਖਾਂ ਦੀ ਅਹਿਮੀਅਤ, ਕਿਸਾਨੀ ਦੀ ਮਾੜੀ ਹਾਲਤ ਆਦਿ ਨੂੰ ਕਵੀਆਂ ਨੇ ਆਪਣੀ ਰਚਨਾ ਪ੍ਰਕਿਰਿਆ ਦਾ ਆਧਾਰ ਬਣਾਇਆ ਹੈ। ਅਜੋਕੀ ਭੱਜਦੌੜ ਵਾਲੀ ਦਿਖਾਵਾਨੁਮਾ ਜ਼ਿੰਦਗੀ ਵਿਚ ਮਚੀ ਉੱਥਲ-ਪੁਥਲ ਇਨ੍ਹਾਂ ਰਚਨਾਵਾਂ ਦੀ ਆਧਾਰ ਸਮੱਗਰੀ ਬਣਦੀ ਹੈ। ਕੁਝ ਇਕ ਕਵਿਤਾਵਾਂ ਹਲਕੀਆਂ ਫੁਲਕੀਆਂ ਅਤੇ ਰੁਮਾਂਟਿਕ ਕਿਸਮ ਦੀਆਂ ਵੀ ਹਨ ਪਰ ਸਾਰੀਆਂ ਹੀ ਕਵਿਤਾਵਾਂ ਵਿਚ ਕਵਿਤਾ ਵਾਲੀ ਰਵਾਨਗੀ ਪੂਰੀ ਤਰ੍ਹਾਂ ਕਾਇਮ ਹੈ। ਕਵੀ ਆਪਣਾ 'ਕਵਿਤਾ' ਸਿਰਲੇਖ ਹੇਠ ਲਿਖੀ ਕਵਿਤਾ ਵਿਚ ਆਪਣਾ ਕਾਵਿ-ਸਿਧਾਂਤ ਪੇਸ਼ ਕਰਦਾ ਲਿਖਦਾ ਹੈ :
ਕਵਿਤਾ ਹੋਵੇ ਪਾਰਸ ਦੀ ਛੋਹ ਵਰਗੀ
ਲੋਹੇ ਦੀ ਡਲੀ ਸੋਨੇ ਦੀ ਤਾਰ ਹੋ ਜਾਏ
ਜੇ ਕੋਈ ਗਾਇਕ ਪੜ੍ਹੇ ਕਵਿਤਾ
ਉਹਨੂੰ ਵਿਰਸੇ ਨਾਲ ਪਿਆਰ ਹੋ ਜਾਏ।
ਜੇ ਕੋਈ ਨੇਤਾ ਪੜ੍ਹੇ ਕਵਿਤਾ
ਸਮਾਜ ਸੇਵਾ ਨੂੰ ਉਹ ਤਿਆਰ ਹੋ ਜਾਵੇ।
ਇਨ੍ਹਾਂ ਰਚਨਾਵਾਂ ਵਿਚ ਵਿਸ਼ੇਸ਼ ਗੱਲ ਇਹ ਹੈ ਕਿ ਇਹ ਸਾਦਗੀ ਭਰਪੂਰ ਅਤੇ ਸ਼ਬਦਜਾਲ ਤੋਂ ਮੁਕਤ ਹਨ ਅਤੇ ਇਕ ਸਧਾਰਨ ਪਾਠਕ ਦੇ ਦਿਲ ਵਿਚ ਵੀ ਸਹਿਜ ਰੂਪ ਵਿਚ ਹੀ ਉਤਰਨ ਦੇ ਸਮਰਥ ਹਨ। ਦਵਿੰਦਰ ਕੌਰ ਬੀਬੀਪੁਰ ਦੁਆਰਾ ਲਿਖੀਆਂ ਸੱਤ ਕਵਿਤਾਵਾਂ ਵਿਸ਼ੇਸ਼ ਰੂਪ ਵਿਚ ਔਰਤ ਦੀ ਦਸ਼ਾ ਨੂੰ ਹੀ ਪੇਸ਼ ਕਰਦੀਆਂ ਹਨ। ਇਨ੍ਹਾਂ ਰਚਨਾਵਾਂ ਵਿਚ ਸਮਾਜ ਵਿਚ ਫੈਲੀਆਂ ਕੁਰੀਤੀਆਂ ਪ੍ਰਤੀ ਸੁਚੇਤ ਹੋਣ ਦਾ ਸੁਨੇਹਾ ਦਿੱਤਾ ਗਿਆ ਹੈ ਕਿ ਕਿਵੇਂ ਇਹ ਸਾਡੇ ਸਮਾਜ ਦੀਆਂ ਜੜਾਂ ਨੂੰ ਖੋਖਲੀਆਂ ਕਰ ਰਹੀਆਂ ਹਨ। ਕਵੀਆਂ ਦੁਆਰਾ ਆਪਣੇ ਵਿਰਸੇ ਪ੍ਰਤੀ ਮੋਹ ਅਤੇ ਜਜ਼ਬਾ ਪੈਦਾ ਕਰਨ ਹਿੱਤ ਕੁਝ ਵਿਸ਼ੇਸ਼ ਕਵਿਤਾਵਾਂ ਵਿਰਸੇ ਨਾਲ ਸੰਬੰਧਤ ਹੀ ਸ਼ਾਮਿਲ ਕੀਤੀਆਂ ਹਨ ਜਿਵੇਂ 'ਵਿਰਸਾ', 'ਚਰਖਾ', 'ਮੇਰਾ ਪਿੰਡ', 'ਹੀਰ ਬਣ ਕੇ', 'ਗੁੜ ਤੱਤਾ ਤੱਤਾ', 'ਕਬੱਡੀ' ਆਦਿ। ਪਰ ਪੰਜਾਬ ਵਿਚ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਪ੍ਰਤੀ ਵੀ ਕਵੀ ਸੁਚੇਤ ਹੈ ਅਤੇ ਇਸ ਬਾਰੇ ਜ਼ਿਕਰ ਵੀ ਕਰਦਾ ਹੈ। ਸਮਾਜਕ ਨਾ ਬਰਾਬਰੀ, ਪੈਸੇ ਦੀ ਬਹੁਤਾਤ ਤੇ ਤਿੜਕਦੇ ਮਨੁੱਖੀ ਰਿਸ਼ਤੇ ਵੀ ਇਨ੍ਹਾਂ ਰਚਨਾਵਾਂ ਦੇ ਵਿਸ਼ੇ ਬਣਦੇ ਹਨ। ਪੁਸਤਕ ਵਿਚ ਸਰੋਦੀਪਣ ਇਸ ਦੀ ਖ਼ੂਬਸੂਰਤੀ ਵਿਚ ਹੋਰ ਵੀ ਵਾਧਾ ਕਰਦਾ ਹੈ, ਪਰ ਕਿਤੇ ਪਰੂਫ਼ ਰੀਡਿੰਗ ਦੀ ਘਾਟ ਜ਼ਰੂਰ ਰੜਕਦੀ ਹੈ। ਜਤਿੰਦਰ ਸਿੰਘ ਬੀਬੀਪੁਰ ਅਤੇ ਦਵਿੰਦਰ ਕੌਰ ਬੀਬੀਪੁਰ ਇਸ ਪੁਸਤਕ ਲਈ ਵਧਾਈ ਦੇ ਪਾਤਰ ਹਨ।

-ਸਰਦੂਲ ਸਿੰਘ ਔਜਲਾ
ਮੋ: 98141-68611

 

ਕੰਡਿਆਲੇ ਰਾਹਾਂ ਦਾ ਸਫ਼ਰ
ਲੇਖਕ : ਗਿਆਨੀ ਜੀਤ ਸਿੰਘ ਕੋਟਦੁੱਨਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 70 ਰੁਪਏ, ਸਫ਼ੇ : 104

ਜੀਵਨ ਤਜਰਬਿਆਂ ਦਾ ਨਿਚੋੜ ਪੇਸ਼ ਕਰਦੀਆਂ ਸਵੈ ਜੀਵਨੀਆਂ ਪੜ੍ਹ-ਪੜ੍ਹ ਪਾਠਕ ਬੜਾ ਕੁਝ ਸਿੱਖਦੇ ਨੇ। ਬਸ਼ਰਤੇ ਲਿਖਣ ਵਾਲੀ ਸ਼ਖ਼ਸੀਅਤ ਆਪਣੇ ਖੇਤਰ 'ਚ ਕਿਸੇ ਮੁਕਾਮ 'ਤੇ ਪੁੱਜੀ ਹੋਵੇ। ਉਸ ਹਸਤੀ ਦੇ ਸੰਘਰਸ਼, ਪ੍ਰਾਪਤੀਆਂ, ਜ਼ਿੰਦਗੀ ਦੇ ਉਤਾਰ-ਚੜ੍ਹਾਅ ਬਾਰੇ ਜਾਨਣਾ ਸਭ ਨੂੰ ਚੰਗਾ ਲੱਗਦਾ ਹੈ। ਪਰ ਪਿਛਲੇ ਕੁਝ ਸਮੇਂ ਤੋਂ ਇਹ ਮਿੱਥ ਟੁੱਟਣ ਲੱਗੀ ਹੈ ਕਿ ਸਵੈਜੀਵਨੀ ਲਿਖਣ ਵਾਲੀ ਸ਼ਖ਼ਸੀਅਤ ਉੱਚੇ ਰੁਤਬੇ ਵਾਲੀ ਹੀ ਹੋਵੇ। ਹੁਣ ਸਧਾਰਨ ਲੋਕ ਵੀ ਆਪਣੇ ਜੀਵਨ ਤਜਰਬੇ ਲਿਖਦੇ ਨੇ ਤੇ ਜ਼ਿੰਦਗੀ ਦੇ ਚੰਗੇ-ਮੰਦੇ ਤਜਰਬੇ ਸਭ ਨਾਲ ਸਾਂਝੇ ਕਰਦੇ ਨੇ। ਗਿਆਨੀ ਜੀਤ ਸਿੰਘ ਕੋਟਦੁੱਨਾ ਉਹ ਬੰਦਾ ਹੈ, ਜਿਸ ਨੇ ਜਵਾਨੀ ਤੋਂ ਹੀ ਲਿਖਣਾ ਸ਼ੁਰੂ ਕਰ ਦਿੱਤਾ, ਪਰ ਛਪਵਾਉਣ ਵੱਲ ਬਹੁਤਾ ਧਿਆਨ ਨਾ ਦਿੱਤਾ। ਉਸ ਦਾ ਬਚਪਨ ਗ਼ਰੀਬੀ 'ਚ ਬੀਤਿਆ, ਖੂਬ ਸੰਘਰਸ਼ ਕੀਤਾ, ਰੁਜ਼ਗਾਰ ਪ੍ਰਾਪਤੀ ਲਈ ਸੌ ਪਾਪੜ ਵੇਲੇ, ਫੇਰ ਸਰਕਾਰੀ ਨੌਕਰੀ ਮਿਲ ਗਈ, ਨੌਕਰੀ ਕਰਦਿਆਂ ਲੋਕ ਹੱਕਾਂ ਲਈ ਕਈ ਜਥੇਬੰਦੀਆਂ ਨਾਲ ਮਿਲ ਕੇ ਸੰਘਰਸ਼ ਜਾਰੀ ਰੱਖਿਆ ਤੇ ਹੁਣ ਉਨ੍ਹਾਂ ਸਾਰੇ ਤਜਰਬਿਆਂ ਨੂੰ ਉਸ ਨੇ ਆਪਣੀ ਸਵੈ ਜੀਵਨੀ 'ਕੰਡਿਆਲੇ ਰਾਹਾਂ ਦਾ ਸਫ਼ਰ' ਵਿੱਚ ਦਰਜ ਕੀਤਾ ਹੈ।
ਪੁਸਤਕ ਦਾ ਮੁੱਖ ਬੰਦ ਲਿਖਦਿਆਂ ਡਾ: ਗੁਰਮੀਤ ਕੱਲਰ ਮਾਜਰੀ ਨੇ ਲਿਖਿਆ ਹੈ, 'ਜੀਤ ਸਿੰਘ ਦੀ ਜੀਵਨੀ ਨੂੰ ਮੁੱਖ ਰੂਪ ਵਿਚ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲੇ ਭਾਗ ਵਿੱਚ ਉਸ ਦੇ ਸਮਾਜਿਕ ਪਿਛੋਕੜ ਨਾਲ ਸਬੰਧਤ ਜਾਣਕਾਰੀ ਦਿੱਤੀ ਹੈ। ਮੇਰੇ ਪਿੰਡ ਦਾ ਪਿਛੋਕੜ, ਪਰਵਾਰਕ ਵਿਰਸਾ, ਬਚਪਨ ਦੀਆਂ ਯਾਦਾਂ, ਮਾਲਵਾ ਖੇਤਰ ਦੀ ਸੱਭਿਆਚਾਰਕ ਸਥਿਤੀ, ਜਾਤੀ ਤ੍ਰਿਸਕਾਰ ਨਾਲ ਸਬੰਧਤ ਗੱਲਾਂ ਨੂੰ ਸ਼ਾਮਲ ਕੀਤਾ ਹੈ। ਦੂਜੇ ਭਾਗ ਵਿੱਚ ਲੇਖਕ ਨੇ ਮੈਟ੍ਰਿਕ ਪਾਸ ਕਰਨ ਮਗਰੋਂ ਜੇ.ਬੀ.ਟੀ ਕੋਰਸ ਕਰਨ ਉਪਰੰਤ ਕੁਝ ਸਮਾਂ ਬੇਰੁਜ਼ਗਾਰ ਰਹਿਣ, ਪ੍ਰਾਈਵੇਟ ਸਕੂਲ 'ਚ ਨੌਕਰੀ ਕਰਨ, 1970 ਵਿੱਚ ਸਰਕਾਰੀ ਨੌਕਰੀ ਮਿਲਣ ਤੇ ਨਾਲ-ਨਾਲ ਆਪਣੇ ਸ਼ੌਕ ਪੁਗਾਉਣ ਦਾ ਜ਼ਿਕਰ ਕੀਤਾ ਹੈ। ਤੀਜੇ ਭਾਗ ਵਿੱਚ ਲੇਖਕ ਜਨਤਕ ਜਥੇਬੰਦੀਆਂ 'ਚ ਕੰਮ ਕਰਨ ਦਾ ਜ਼ਿਕਰ ਕਰਦਾ ਹੈ।' ਬੇਸ਼ੱਕ ਗਿਆਨੀ ਜੀਤ ਸਿੰਘ ਕੋਟਦੁੱਨਾ ਦੀ ਸਾਹਿਤ ਖੇਤਰ ਵਿਚ ਗੂੜ੍ਹੀ ਪਛਾ

9-6-2013

 ਕੰਡਿਆਲੇ ਰਾਹਾਂ ਦਾ ਸਫ਼ਰ
ਲੇਖਕ : ਗਿਆਨੀ ਜੀਤ ਸਿੰਘ ਕੋਟਦੁੱਨਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 70 ਰੁਪਏ, ਸਫ਼ੇ : 104

ਜੀਵਨ ਤਜਰਬਿਆਂ ਦਾ ਨਿਚੋੜ ਪੇਸ਼ ਕਰਦੀਆਂ ਸਵੈ ਜੀਵਨੀਆਂ ਪੜ੍ਹ-ਪੜ੍ਹ ਪਾਠਕ ਬੜਾ ਕੁਝ ਸਿੱਖਦੇ ਨੇ। ਬਸ਼ਰਤੇ ਲਿਖਣ ਵਾਲੀ ਸ਼ਖ਼ਸੀਅਤ ਆਪਣੇ ਖੇਤਰ 'ਚ ਕਿਸੇ ਮੁਕਾਮ 'ਤੇ ਪੁੱਜੀ ਹੋਵੇ। ਉਸ ਹਸਤੀ ਦੇ ਸੰਘਰਸ਼, ਪ੍ਰਾਪਤੀਆਂ, ਜ਼ਿੰਦਗੀ ਦੇ ਉਤਾਰ-ਚੜ੍ਹਾਅ ਬਾਰੇ ਜਾਨਣਾ ਸਭ ਨੂੰ ਚੰਗਾ ਲੱਗਦਾ ਹੈ। ਪਰ ਪਿਛਲੇ ਕੁਝ ਸਮੇਂ ਤੋਂ ਇਹ ਮਿੱਥ ਟੁੱਟਣ ਲੱਗੀ ਹੈ ਕਿ ਸਵੈਜੀਵਨੀ ਲਿਖਣ ਵਾਲੀ ਸ਼ਖ਼ਸੀਅਤ ਉੱਚੇ ਰੁਤਬੇ ਵਾਲੀ ਹੀ ਹੋਵੇ। ਹੁਣ ਸਧਾਰਨ ਲੋਕ ਵੀ ਆਪਣੇ ਜੀਵਨ ਤਜਰਬੇ ਲਿਖਦੇ ਨੇ ਤੇ ਜ਼ਿੰਦਗੀ ਦੇ ਚੰਗੇ-ਮੰਦੇ ਤਜਰਬੇ ਸਭ ਨਾਲ ਸਾਂਝੇ ਕਰਦੇ ਨੇ। ਗਿਆਨੀ ਜੀਤ ਸਿੰਘ ਕੋਟਦੁੱਨਾ ਉਹ ਬੰਦਾ ਹੈ, ਜਿਸ ਨੇ ਜਵਾਨੀ ਤੋਂ ਹੀ ਲਿਖਣਾ ਸ਼ੁਰੂ ਕਰ ਦਿੱਤਾ, ਪਰ ਛਪਵਾਉਣ ਵੱਲ ਬਹੁਤਾ ਧਿਆਨ ਨਾ ਦਿੱਤਾ। ਉਸ ਦਾ ਬਚਪਨ ਗ਼ਰੀਬੀ 'ਚ ਬੀਤਿਆ, ਖੂਬ ਸੰਘਰਸ਼ ਕੀਤਾ, ਰੁਜ਼ਗਾਰ ਪ੍ਰਾਪਤੀ ਲਈ ਸੌ ਪਾਪੜ ਵੇਲੇ, ਫੇਰ ਸਰਕਾਰੀ ਨੌਕਰੀ ਮਿਲ ਗਈ, ਨੌਕਰੀ ਕਰਦਿਆਂ ਲੋਕ ਹੱਕਾਂ ਲਈ ਕਈ ਜਥੇਬੰਦੀਆਂ ਨਾਲ ਮਿਲ ਕੇ ਸੰਘਰਸ਼ ਜਾਰੀ ਰੱਖਿਆ ਤੇ ਹੁਣ ਉਨ੍ਹਾਂ ਸਾਰੇ ਤਜਰਬਿਆਂ ਨੂੰ ਉਸ ਨੇ ਆਪਣੀ ਸਵੈ ਜੀਵਨੀ 'ਕੰਡਿਆਲੇ ਰਾਹਾਂ ਦਾ ਸਫ਼ਰ' ਵਿੱਚ ਦਰਜ ਕੀਤਾ ਹੈ।
ਪੁਸਤਕ ਦਾ ਮੁੱਖ ਬੰਦ ਲਿਖਦਿਆਂ ਡਾ: ਗੁਰਮੀਤ ਕੱਲਰ ਮਾਜਰੀ ਨੇ ਲਿਖਿਆ ਹੈ, 'ਜੀਤ ਸਿੰਘ ਦੀ ਜੀਵਨੀ ਨੂੰ ਮੁੱਖ ਰੂਪ ਵਿਚ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲੇ ਭਾਗ ਵਿੱਚ ਉਸ ਦੇ ਸਮਾਜਿਕ ਪਿਛੋਕੜ ਨਾਲ ਸਬੰਧਤ ਜਾਣਕਾਰੀ ਦਿੱਤੀ ਹੈ। ਮੇਰੇ ਪਿੰਡ ਦਾ ਪਿਛੋਕੜ, ਪਰਵਾਰਕ ਵਿਰਸਾ, ਬਚਪਨ ਦੀਆਂ ਯਾਦਾਂ, ਮਾਲਵਾ ਖੇਤਰ ਦੀ ਸੱਭਿਆਚਾਰਕ ਸਥਿਤੀ, ਜਾਤੀ ਤ੍ਰਿਸਕਾਰ ਨਾਲ ਸਬੰਧਤ ਗੱਲਾਂ ਨੂੰ ਸ਼ਾਮਲ ਕੀਤਾ ਹੈ। ਦੂਜੇ ਭਾਗ ਵਿੱਚ ਲੇਖਕ ਨੇ ਮੈਟ੍ਰਿਕ ਪਾਸ ਕਰਨ ਮਗਰੋਂ ਜੇ.ਬੀ.ਟੀ ਕੋਰਸ ਕਰਨ ਉਪਰੰਤ ਕੁਝ ਸਮਾਂ ਬੇਰੁਜ਼ਗਾਰ ਰਹਿਣ, ਪ੍ਰਾਈਵੇਟ ਸਕੂਲ 'ਚ ਨੌਕਰੀ ਕਰਨ, 1970 ਵਿੱਚ ਸਰਕਾਰੀ ਨੌਕਰੀ ਮਿਲਣ ਤੇ ਨਾਲ-ਨਾਲ ਆਪਣੇ ਸ਼ੌਕ ਪੁਗਾਉਣ ਦਾ ਜ਼ਿਕਰ ਕੀਤਾ ਹੈ। ਤੀਜੇ ਭਾਗ ਵਿੱਚ ਲੇਖਕ ਜਨਤਕ ਜਥੇਬੰਦੀਆਂ 'ਚ ਕੰਮ ਕਰਨ ਦਾ ਜ਼ਿਕਰ ਕਰਦਾ ਹੈ।' ਬੇਸ਼ੱਕ ਗਿਆਨੀ ਜੀਤ ਸਿੰਘ ਕੋਟਦੁੱਨਾ ਦੀ ਸਾਹਿਤ ਖੇਤਰ ਵਿਚ ਗੂੜ੍ਹੀ ਪਛਾਣ ਨਹੀਂ, ਪਰ ਉਸ ਦੀ ਸਵੈਜੀਵਨੀ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ। ਹਰ ਇਨਸਾਨ ਦਾ ਜੀਵਨ ਤਜਰਬਾ ਆਪਣੇ ਆਪ ਵਿੱਚ ਅਹਿਮੀਅਤ ਰੱਖਦਾ ਹੈ ਤੇ ਜੇ ਉਸ ਨੂੰ ਗਿਆਨੀ ਜੀਤ ਸਿੰਘ ਵਾਂਗ ਸਹੀ ਤਰੀਕੇ ਨਾਲ ਬਿਆਨ ਕੀਤਾ ਜਾਵੇ ਤਾਂ ਉਸ ਨੂੰ ਚਾਅ ਨਾਲ ਪੜ੍ਹਿਆ ਜਾ ਸਕਦਾ ਹੈ।

-ਸਵਰਨ ਸਿੰਘ ਟਹਿਣਾ
ਮੋ: 9814178883

ਪਿਤਾਮਾ ਦੀ ਮੌਤ
ਲੇਖਕ : ਡਾ: ਅਮਰਜੀਤ ਸਿੰਘ
ਪ੍ਰਕਾਸ਼ਕ : ਸਤਵੰਤ ਬੁੱਕ ਏਜੰਸੀ ਦਿੱਲੀ
ਮੁੱਲ : 175 ਰੁਪਏ, ਸਫ਼ੇ : 128

'ਪਿਤਾਮਾ ਦੀ ਮੌਤ' ਪੂਰੀ ਤਰ੍ਹਾਂ ਨਾਲ ਪਰਿਵਾਰਕ ਨਾਵਲ ਹੈ। ਨਾਵਲ ਦੇ ਚਾਰ ਕਾਂਡਾਂ ਨੂੰ ਉਪ-ਕਾਂਡ ਬਣਾ ਕੇ ਪਲਾਟ, ਵਿਸ਼ੇ ਤੇ ਸਮੁੱਚੀ ਕਹਾਣੀ ਨੂੰ ਛੋਟੇ-ਛੋਟੇ ਕਾਂਡਾਂ ਵਿਚ ਸਮੇਟਿਆ ਹੈ। ਪਹਿਲੇ 12 ਉਪਕਾਂਡਾਂ ਵਿਚ ਬਜ਼ੁਰਗ ਪਾਤਰ ਪ੍ਰੇਮ ਸਿੰਘ ਹਸਪਤਾਲ ਵਿਚ ਕੈਂਸਰ ਪੀੜਤ ਮਰੀਜ਼ ਹੈ। ਇਲਾਜ ਚੱਲ ਰਿਹਾ ਹੈ। ਉਸ ਦੇ ਤਿੰਨ ਪੁੱਤਰਾਂ ਵਿਚੋਂ ਇਕ ਇੰਗਲੈਂਡ ਗਿਆ ਹੈ। ਦੂਸਰਾ ਵੱਡਾ ਹੈ ਪ੍ਰੀਤਮ ਤੇ ਤੀਜਾ ਪੁੱਤਰ ਛੋਟਾ ਹੈ। ਪ੍ਰੀਤਮ ਪ੍ਰੋਫੈਸਰ ਹੈ, ਕਮਿਊਨਿਸਟ ਵਿਚਾਰਾਂ ਵਾਲਾ ਹੈ। ਉਸ ਦੀ ਪਤਨੀ ਮਨਦੀਪ ਵੀ ਨੌਕਰੀ ਕਰਦੀ ਹੈ। ਕੈਂਸਰ ਬਾਰੇ ਪ੍ਰੇਮ ਸਿੰਘ ਨੂੰ ਨਹੀਂ ਦੱਸਿਆ ਜਾਂਦਾ। ਪਤਨੀ ਰਾਜ ਕੌਰ ਤੇ ਛੋਟਾ ਮੁੰਡਾ ਵਕੀਲ ਨਾਲ ਗੰਢ-ਤਰੁੱਪ ਕਰਕੇ ਪ੍ਰੇਮ ਸਿੰਘ ਤੋਂ ਵਸੀਅਤ ਬਣਾ ਲੈਂਦੇ ਹਨ। ਇਸ ਦਾ ਪ੍ਰੀਤਮ ਨੂੰ ਪਤਾ ਨਹੀਂ ਲਗਦਾ। ਨਾ ਹੀ ਪ੍ਰੇਮ ਸਿੰਘ ਇਸ ਬਾਰੇ ਦੱਸਦਾ ਹੈ। ਪ੍ਰੇਮ ਸਿੰਘ ਦੀ ਮੌਤ ਹੋ ਜਾਂਦੀ ਹੈ। ਨਾਵਲ ਦਾ ਸਾਰਾ ਤਾਣਾ-ਪੇਟਾ ਜਾਇਦਾਦ ਲਈ ਝਗੜੇ ਦਾ ਹੈ। ਅਖੀਰ ਛੋਟਾ ਭਰਾ ਕਿਸ਼ਤਾਂ ਵਿਚ ਪੈਸੇ ਦੇਣੇ ਮੰਨ ਜਾਂਦਾ ਹੈ। ਇਸ ਨਾਵਲ ਵਿਚ ਨਾਰੀ ਦੇ ਵੱਖ-ਵੱਖ ਰੂਪ ਹਨ। ਮਾਂ ਰਾਜ ਕੌਰ, ਨੂੰਹ ਮਨਦੀਪ (ਵੱਡੀ), ਛੋਟੀ ਨੂੰਹ ਸ਼ਿਤੀ। ਨਾਵਲ ਦੀ ਬੋਲੀ ਬੜੀ ਸਾਦਮੁਰਾਦੀ ਹੈ। ਰਿਸ਼ਤਿਆਂ ਦੀ ਟੁੱਟ-ਭੱਜ ਨੂੰ ਰੂਪਮਾਨ ਕਰਦਾ ਵਧੀਆ ਨਾਵਲ ਹੈ। ਗੱਲ ਵਧਦੀ-ਵਧਦੀ ਬੱਚਿਆਂ ਤੱਕ ਵੀ ਚਲੀ ਜਾਂਦੀ ਹੈ। ਦਾਦੀ ਰਾਜ ਕੌਰ ਪੋਤਿਆਂ ਵਿਚ ਵੀ ਫ਼ਰਕ ਪਾਉਂਦੀ ਹੈ। ਦਰਾਣੀ-ਜਠਾਣੀ, ਜਾਇਦਾਦ ਪਿੱਛੇ ਇਕ-ਦੂਜੀ ਨੂੰ ਅੱਖਾਂ ਕੱਢਦੀਆਂ ਹਨ। ਪ੍ਰੇਮ ਸਿੰਘ ਦਾ ਬਾਪ ਵਾਲਾ ਰੂਪ ਬੱਚਿਆਂ ਨੂੰ ਵੱਖ-ਵੱਖ ਨਜ਼ਰ ਨਾਲ ਵੇਖਦਾ ਹੈ। ਨਾਵਲ ਪੜ੍ਹਨ ਵਾਲਾ ਹੈ। ਵਰਤਮਾਨ ਸਮੇਂ ਵਿਚ ਤਿੜਕਦੇ ਰਿਸ਼ਤੇ, ਖ਼ਤਮ ਹੋ ਰਹੀਆਂ ਮੋਹ-ਮੁਹੱਬਤਾਂ, ਜਾਇਦਾਦ ਦਾ ਕਾਰਨ ਭਰਾਵਾਂ-ਭੈਣਾਂ ਵਿਚਲੀ ਤਿੜਕਣ, ਪਦਾਰਥਕ ਮੋਹ ਪਿਉ-ਪੁੱਤਰ, ਮਾਂ-ਪੁੱਤਰ, ਦਾਦੀ-ਪੋਤਰੇ, ਦਰਾਣੀ-ਜਠਾਣੀ, ਭੈਣ-ਭਰਾ, ਭੂਆ-ਭਤੀਜੇ ਆਦਿ ਦੇ ਸੰਬੰਧਾਂ ਦਾ ਸੰਸਾਰ ਸਿਰਜਦਾ ਇਹ ਨਾਵਲ ਬਹੁਮੁੱਲੀ ਸੁਗਾਤ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160

ਪਰਦਿਆਂ ਦੀ ਓਟ
ਸ਼ਾਇਰ : ਰਾਮ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 95.

'ਪਰਦਿਆਂ ਦੀ ਓਟ' ਰਾਮ ਸਿੰਘ ਰਚਿਤ ਦੂਜਾ ਕਾਵਿ-ਸੰਗ੍ਰਹਿ ਹੈ ਜਿਸ ਵਿਚ ਉਸ ਨੇ ਗ਼ਜ਼ਲਾਂ, ਕਵਿਤਾਵਾਂ ਅਤੇ ਗੀਤਾਂ ਦੇ ਰੂਪਾਕਾਰ ਨੂੰ ਆਪਣੀ ਕਾਵਿ ਸਿਰਜਨਾ ਦਾ ਆਧਾਰ ਬਣਾਇਆ ਹੈ। ਉਸ ਦੀਆਂ ਰਚਨਾਵਾਂ ਪੜ੍ਹਦਿਆਂ ਸਹਿਜੇ ਹੀ ਦ੍ਰਿਸ਼ਟੀਗੋਚਰ ਹੁੰਦਾ ਹੈ ਕਿ ਉਸ ਦੀ ਸੂਖਮ ਦ੍ਰਿਸ਼ਟੀ ਅਜੋਕੇ ਮਨੁੱਖੀ ਜੀਵਨ ਦੇ ਖੋਖਲੇ ਸਰੂਪ ਦੀ ਅਸਲੀਅਤ ਨੂੰ ਸਮਝਣ, ਪਰਖਣ ਅਤੇ ਵਿਸ਼ਲੇਸ਼ਣ ਕਰਨ ਦੀ ਮੁਹਾਰਤ ਰੱਖਦੀ ਹੈ। ਉਸ ਦੀਆਂ ਰਚਨਾਵਾਂ ਪਾਠਕ ਨੂੰ ਆਲੇ-ਦੁਆਲੇ ਵਾਪਰਦੀਆਂ ਘਟਨਾਵਾਂ ਦੀ ਯਾਦ ਕਰਾਉਂਦੀਆਂ ਹਨ ਇਹੀ ਉਸ ਦੇ ਕਾਵਿ ਦੇ ਕਲਾ ਕੌਸ਼ਲਤਾ ਦੀ ਪ੍ਰਾਪਤੀ ਹੈ। ਉਹ ਲਿਖਦਾ ਹੈ :
-ਕਰਦਾ ਹੈ ਯਾਰ ਕੌਣ ਜੋ ਗੱਲਾਂ ਨੇ ਵਿਹਲੀਆਂ
ਮਤਲਬ ਦੇ ਯਾਰ ਲੋਕ ਨੇ ਮਤਲਬ ਦੀ ਕਹਿਣ ਦੇ
-ਆ ਕੇ ਤੱਕ ਤਾਂ ਸਹੀ ਧੰਦੇ ਕਰਦੇ ਨੇ ਕੀ
ਬੰਦੇ ਕਹਿੰਦੇ ਨੇ ਕੀ ਬੰਦੇ ਕਰਦੇ ਨੇ ਕੀ
-ਉੱਠ ਗਈ ਸਭਾ ਹਜ਼ੂਰ ਦੀ ਮਸਲੇ ਵਿਚਾਰ ਕੇ
ਤੁਰ ਗਏ ਘਰਾਂ ਨੂੰ ਆਜੜੀ ਬੰਦਿਆਂ ਨੂੰ ਚਾਰ ਕੇ ਅਜੋਕਾ ਮਨੁੱਖ ਭਾਂਜਵਾਦੀ ਰੂਚੀਆਂ ਦਾ ਧਾਰਨੀ ਹੋਣ ਕਰਕੇ ਹੋਂਦ ਵਿਹੂਣੀ ਜ਼ਿੰਦਗੀ ਜਿਊਂ ਰਿਹਾ ਹੈ, ਵਸਤਾਂ ਦੇ ਆਕਰਸ਼ਣ ਨੇ ਉਸ ਦੀ ਹੈਸੀਅਤ ਉਪਭੋਗਤਾ ਤੀਕ ਸੀਮਤ ਕਰ ਦਿੱਤੀ ਹੈ। ਪਖੰਡ ਅਤੇ ਮੁਖੌਟਾਧਾਰੀ ਬਿਰਤੀ ਉਸ ਦੀ ਜ਼ਿੰਦਗੀ ਦਾ ਖਾਸਾ ਬਣ ਕੇ ਰਹਿ ਗਈ ਹੈ। ਰਾਮ ਸਿੰਘ ਇਸ ਸਥਿਤੀ ਨੂੰ ਕਾਵਿ-ਰੂਪਾਂਤਰਿਤ ਕਰਦਾ ਹੋਇਆ ਲਿਖਦਾ ਹੈ :
ਜ਼ਿੰਦਗੀ ਦਾ ਕਿਵੇਂ ਐ
ਖਲੋਤੀ ਹੋਈ ਏ
ਅੰਦਰੋਂ ਧੁਆਂਖੀ
ਬਾਹਰੋਂ ਪੋਚੀ ਹੋਈ ਏ
ਅੱਜ ਜਦੋਂ ਵਿਭਿੰਨ ਮਨੋਰਥਾਂ ਹਿਤ ਕੱਚੀ ਪਿੱਲੀ ਸ਼ਾਇਰੀ ਦੀ ਚੂਹੇ ਦੌੜ ਲੱਗੀ ਹੋਈ ਹੈ। ਰਾਮ ਸਿੰਘ ਦੀ ਸ਼ਾਇਰੀ ਉਸ ਨਿਰਾਸ਼ਾ ਨੂੰ ਤੋੜਦੀ ਹੈ। ਇਹ ਕਾਵਿ-ਸੰਗ੍ਰਹਿ ਨਿਸ਼ਚੇ ਹੀ ਪੰਜਾਬੀ ਕਾਵਿ-ਜਗਤ ਵਿਚ ਇਕ ਮੁੱਲਵਾਨ ਵਾਧਾ ਹੈ।

-ਡਾ: ਜਸਵੀਰ ਸਿੰਘ
ਮੋਬਾ: 94170-12430

ਨੀਲਇੰਦਰ
ਕਵੀ : ਵਰਿੰਦਰ ਫਰਹਾਦ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ 135 ਰੁਪਏ, ਸਫ਼ੇ : 87.

ਨੀਲਇੰਦਰ, ਨੌਜਵਾਨ ਕਵੀ ਵਰਿੰਦਰ ਫਰਹਾਦ ਦਾ ਪਲੇਠਾ ਕਾਵਿ ਸੰਗ੍ਰਹਿ ਹੈ ਜਿਸ ਵਿਚ ਲੇਖਕ ਨੇ ਆਪਣੇ ਜੀਵਨ ਦੀਆਂ ਖ਼ੁਸ਼ੀਆਂ ਗਮੀਆਂ, ਦੁੱਖਾਂ-ਸੁੱਖਾਂ, ਵਲਵਲਿਆਂ ਨੂੰ ਸਹਿਜ ਸਾਧਾਰਣ ਭਾਸ਼ਾ ਰਾਹੀਂ ਰੂਪਮਾਨ ਕੀਤਾ ਹੈ।
ਵਰਿੰਦਰ ਫਰਹਾਦ ਦੇ ਇਸ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਜੀਵਨੀਪਰਕ ਵਸਤੂ ਵੇਰਵਰਿਆਂ ਨਾਲ ਸਬੰਧਿਤ ਹੈ। ਲੇਖਕ ਆਪਣੀਆਂ ਕਵਿਤਾਵਾਂ ਵਿਚ, ਆਪਣੇ ਜੀਵਨ ਦੇ ਦੁੱਖਾਂ-ਸੁਖਾਂ ਦਾ ਸਹਿਜ ਵਰਨਣ ਕਰਦਾ ਹੈ। 'ਟੁੱਟਿਆ ਸ਼ੀਸ਼ਾ' ਕਵਿਤਾ ਵਿਚ ਲੇਖਕ ਆਪਣੇ ਜੀਵਨ ਸੰਘਰਸ਼ ਨੂੰ ਕਾਵਿਕ ਸ਼ਬਦਾਂ ਵਿਚ ਪੇਸ਼ ਕਰਦਾ ਹੈ। ਇਸੇ ਤਰ੍ਹਾਂ ਦੇਖਣ ਦੀ ਲਾਲਸਾ, ਕਵਿਤਾ ਵਿਚ ਕਵੀ ਮਹਿਬੂਬ ਦੇ ਦੀਦਾਰ ਲਈ ਉਸ ਦੇ ਪਿੰਡ ਵੱਲ ਜਾਂਦੇ ਰਾਹ ਦਾ ਸਫ਼ਰ ਬਿਆਨ ਕਰਦਾ ਹੈ। ਲੇਖਕ ਸ਼ਿਵ ਕੁਮਾਰ ਬਟਾਲਵੀ ਤੋਂ ਬੇਹੱਦ ਪ੍ਰਭਾਵਿਤ ਜਾਪਦਾ ਹੈ-ਇਸ ਦਾ ਪਤਾ ਉਸ ਦੀਆਂ ਕਵਿਤਾਵਾਂ 'ਸ਼ਿਵ' ਅਤੇ 'ਦੱਸੋ ਮੈਂ ਕਿਉਂ ਸ਼ਿਵ ਬਣਾਂ' ਤੋਂ ਲੱਗਦਾ ਹੈ ਪਰ ਦੁਬਿਧਾ ਇਹ ਹੈ ਕਿ ਕਵੀ ਸ਼ਿਵ ਬਣਨਾ ਤਾਂ ਚਾਹੁੰਦਾ ਹੈ ਪਰ ਉਸ ਵਾਂਗ ਨਿੱਕੀ ਉਮਰੇ ਮਰਨ 'ਤੇ ਸਵਾਲ ਖੜ੍ਹਾ ਕਰਦਾ ਹੈ। ਹੋਰ ਕਵਿਤਾਵਾਂ ਵਿਚ ਵੀ ਲੇਖਕ ਉਪ ਭਾਵੁਕ ਕਿਸਮ ਦੀ ਭਾਸ਼ਾ ਰਾਹੀਂ ਜਿਹੜੀ ਕਾਵਿ ਸਿਰਜਣਾ ਕਰਦਾ ਹੈ ਉਸ ਨੂੰ ਪ੍ਰੌੜ੍ਹ ਸ਼ਾਇਰੀ ਵਿਚ ਬਦਲਣ ਲਈ ਲੇਖਕ ਨੂੰ ਕਾਫ਼ੀ ਮਿਹਨਤ ਦੀ ਲੋੜ ਹੈ।

ਆਪਣਾ ਹੀ ਰੂਪ
ਕਵੀ : ਮਨਰੀਤ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ 150 ਰੁਪਏ, ਸਫ਼ੇ : 104.

ਕਹਾਣੀ-ਸੰਗ੍ਰਹਿ 'ਜ਼ਿੰਮੇਵਾਰ ਕੌਣ' ਤੋਂ ਬਾਅਦ ਸ਼ਾਇਰਾ ਮਨਰੀਤ ਕੌਰ ਆਪਣਾ ਕਾਵਿ-ਸੰਗ੍ਰਹਿ 'ਆਪਣਾ ਹੀ ਰੂਪ ਲੈ ਕੇ ਪਾਠਕਾਂ ਦੀ ਕਚਹਿਰੀ ਵਿਚ ਹਾਜ਼ਿਰ ਹੋਈ ਹੈ। ਇਸ ਸੰਗ੍ਰਹਿ ਵਿਚ ਲੇਖਿਕਾ ਦੇ ਕੁਝ ਗੀਤ ਤੇ ਕੁਝ ਕਵਿਤਾਵਾਂ ਸ਼ਾਮਿਲ ਹਨ। ਇਸ ਸੰਗ੍ਰਹਿ ਵਿਚ ਮਨਰੀਤ ਦੀਆਂ ਕਵਿਤਾਵਾਂ ਤੇ ਗੀਤ ਉਸ ਦੇ ਮਨ ਦੇ ਸੰਵੇਦਨਸ਼ੀਲ ਭਾਵਾਂ ਦੀ ਪੇਸ਼ਕਾਰੀ ਕਰਦੇ ਹਨ। ਉਹ ਇਨ੍ਹਾਂ ਕਵਿਤਾਵਾਂ ਵਿਚ ਆਧੁਨਿਕ ਜੀਵਨ ਜਿਊਂ ਰਹੇ ਸਾਧਾਰਨ ਮਨੁੱਖ ਦੇ ਵਲਵਲਿਆਂ, ਇਛਾਵਾਂ ਤੇ ਉਦਾਸੀਆਂ ਨੂੰ ਪੇਸ਼ ਕਰਦੀ ਹੈ। ਬਹੁਤ ਸਾਰੇ ਗੀਤਾਂ ਵਿਚ ਪਿਆਰ ਦੇ ਭਾਵਾਂ ਦੀ ਪੇਸ਼ਕਾਰੀ ਵੀ ਹੋਈ ਮਿਲਦੀ ਹੈ। ਮਨਰੀਤ ਦੀਆਂ ਇਹ ਕਵਿਤਾਵਾਂ/ਗੀਤ ਬਿਲਕੁਲ ਆਮ ਸਾਧਾਰਣ ਭਾਸ਼ਾ ਵਿਚ ਸਿਰਜੇ ਗਏ ਹਨ। ਕਵਿਤਰੀ ਨੇ ਨਿਰਉਚੇਚ ਆਮ ਸਾਧਾਰਣ ਭਾਸ਼ਾ ਵਿਚ ਹੀ ਆਪਣੇ ਮਨ ਦੇ ਵਲਵਲਿਆਂ ਨੂੰ ਪ੍ਰਗਟਾਉਣ ਦੀ ਕੋਸ਼ਿਸ਼ ਕੀਤੀ ਹੈ। ਪਿਆਰ ਦੇ ਭਾਵ ਤੋਂ ਬਿਨਾਂ ਇਨ੍ਹਾਂ ਕਵਿਤਾਵਾਂ ਵਿਚ ਦੇਸ਼ ਭਗਤੀ, ਦੋਸਤੀ, ਰਿਸ਼ਤੇ, ਦੁਨੀਆ, ਕਲਮ, ਰੱਬ ਜਿਹੇ ਵਿਸ਼ਿਆਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਾਵੇਂ ਮਨਰੀਤ ਨੇ ਇਸ ਸੰਗ੍ਰਹਿ ਵਿਚ ਆਪਣੇ ਭਾਵਾਂ ਨੂੰ ਪੂਰੀ ਸੁਹਿਰਦਤਾ ਨਾਲ ਪ੍ਰਸਤੁਤ ਕੀਤਾ ਹੈ ਪਰ ਉਸ ਦੀਆਂ ਅਗਲੇਰੀਆਂ ਲਿਖਤਾਂ ਵਿਚੋਂ ਉਸ ਤੋਂ ਹੋਰ ਵੀ ਵਧੇਰੇ ਸ਼ਕਤੀਵਰ ਰਚਨਾਵਾਂ ਦੀ ਉਡੀਕ ਕੀਤੀ ਜਾ ਸਕਦੀ ਹੈ।

-ਡਾ: ਅਮਰਜੀਤ ਕੌਂਕੇ
ਮੋਬਾ: 98142-31698.
 

2-6-2013

 ਪੀਵਤ ਰਾਮਰਸ ਲਗੀ ਖ਼ੁਮਾਰੀ
ਸੰਦੇਸ਼ਕਾਰ : ਸ੍ਰੀ ਰਜਨੀਸ਼ ਓਸ਼ੋ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 180 ਰੁਪਏ, ਸਫ਼ੇ : 240.

'ਓਸ਼ੋ ਟਾਈਮਜ਼ ਇੰਟਰਨੈਸ਼ਨਲ' ਦੇ ਸੰਪਾਦਕ ਸੁਆਮੀ ਚੈਤੰਨਯ ਕੀਰਤੀ ਦੀ ਪ੍ਰੇਰਨਾ ਨਾਲ ਸੁਆਮੀ ਜੀਵਨ ਰਸਵੰਤ ਨੇ ਸ੍ਰੀ ਰਜਨੀਸ਼ ਦੇ ਹਿੰਦੀ ਪ੍ਰਵਚਨਾਂ 'ਸਾਂਚ, ਸਾਂਚ ਸੋ ਸਾਂਚ' ਦਾ ਪੰਜਾਬੀ ਰੂਪ ਓਸ਼ੋ ਸ਼ਰਧਾਲੂਆਂ ਦੀ ਨਜ਼ਰ ਕੀਤਾ ਹੈ। ਇਸ ਪੁਸਤਕ ਵਿਚ ਸ੍ਰੀ ਰਜਨੀਸ਼ ਨੇ ਮੱਧਕਾਲ ਦੇ ਇਨਕਲਾਬੀ ਭਗਤ ਸ੍ਰੀ ਕਬੀਰ ਦਾ ਆਪਣੇ ਅਨੂਠੇ ਢੰਗ ਨਾਲ ਨਿਟਕ ਪਾਠ ਪ੍ਰਸਤੁਤ ਕੀਤਾ ਹੈ। ਓਸ਼ੋ (ਰਜਨੀਸ਼) ਦਾ ਇਹ ਬੜਾ ਸਤਿ ਕਥਨ ਸੀ ਕਿ ਬੁੱਧ, ਮਹਾਂਵੀਰ ਅਤੇ ਕਬੀਰ ਜੀ ਵਰਗੇ ਮਹਾਂਪੁਰਖਾਂ ਦੀ ਪ੍ਰਕਿਰਤੀ ਇਕ ਦੀਪਕ ਵਾਂਗ ਸੀ। ਜਿੰਨੀ ਦੇਰ ਤੱਕ ਉਹ ਜੀਵਤ ਰਹੇ, ਉਨ੍ਹਾਂ ਦੇ ਇਰਦ-ਗਿਰਦ ਦੀਪਕ ਦਾ ਪ੍ਰਕਾਸ਼ ਫੈਲਿਆ ਰਿਹਾ। (ਪੰਨਾ 46) ਵੀਹਵੀਂ ਸਦੀ ਦੇ ਦੂਜੇ ਅੱਧ ਵਿਚ ਓਸ਼ੋ ਦੇ ਰੂਪ ਵਿਚ ਵੀ ਇਕ ਦੀਪਕ ਪ੍ਰਜਵਲਿਤ ਹੋਇਆ। ਹਥਲੀ ਪੁਸਤਕ ਉਸੇ ਦੀਪਕ ਦੀ ਰੌਸ਼ਨੀ ਦੀਆਂ ਕੁਝ ਕਿਰਨਾਂ ਹਨ, ਜਿਨ੍ਹਾਂ ਪਾਸੋਂ ਕੁਝ ਅਗਨੀ ਲੈ ਕੇ ਅਸੀਂ ਆਪਣੇ ਅੰਦਰਲੇ ਦੀਪਕ ਨੂੰ ਵੀ ਜਲਾ ਸਕਦੇ ਹਾਂ। ਅੱਜ ਤੋਂ ਪੰਜਾਹ-ਸੌ ਵਰ੍ਹੇ ਪਹਿਲਾਂ ਘਰਾਂ ਦੀਆਂ ਸੁਆਣੀਆਂ ਪਾਸ ਮਾਚਿਸ ਨਹੀਂ ਸੀ ਹੁੰਦੀ। ਉਹ ਇਕ ਭਖ਼ਦੇ ਗੋਹੇ ਨੂੰ ਸੁਆਹ ਨਾਲ ਦਬਾ ਦਿੰਦੀਆਂ ਸਨ ਅਤੇ ਸਵੇਰੇ ਉੱਠ ਕੇ ਉਸੇ ਧੁਖ਼ਦੇ ਗੋਹੇ ਨੂੰ ਜ਼ੋਰ-ਜ਼ੋਰ ਦੀ ਫੂਕਾਂ ਮਾਰ ਕੇ ਅਗਨੀ ਬਾਲ ਲਿਆ ਕਰਦੀਆਂ ਸਨ। ਓਸ਼ੋ-ਪ੍ਰਵਚਨ ਵੀ ਉਸੇ ਧੁਖ਼ਦੇ ਗੋਹੇ ਵਾਂਗ ਆਪਣੇ ਅੰਦਰ ਅਗਨੀ ਅਤੇ ਪ੍ਰਕਾਸ਼ ਨੂੰ ਸਾਂਭੀ ਬੈਠੇ ਹਨ ਪਰ ਇਨ੍ਹਾਂ ਨੂੰ ਦੇਖਣ ਮਾਤਰ ਨਾਲ ਕੁਝ ਨਹੀਂ ਹੋਵੇਗਾ। ਆਪਣੇ ਫੇਫੜਿਆਂ ਵਿਚ ਪੂਰੀ ਊਰਜਾ ਭਰ ਕੇ ਜ਼ੋਰ-ਜ਼ੋਰ ਦੀ ਫੂਕਣ ਨਾਲ ਹੀ ਸਾਡੇ ਅੰਦਰ ਪਏ ਸੁੱਕੇ ਈਂਧਨ ਨੂੰ ਪ੍ਰਜਵਲਿਤ ਕੀਤਾ ਜਾ ਸਕਦਾ ਹੈ। ਪਰ ਅੱਜ ਸ਼ਾਇਦ ਨਾ ਕਿਸੇ ਵਿਚ ਓਨੀ ਊਰਜਾ ਹੈ ਅਤੇ ਨਾ ਹੀ ਉਮੰਗ! ਫਿਰ ਪ੍ਰਕਾਸ਼ ਕਿਵੇਂ ਹੋਏ? ਓਸ਼ੋ-ਪ੍ਰਵਚਨ ਨਾਲ ਸਬੰਧਤ ਕੁਝ ਹੋਰ ਪੁਸਤਕਾਂ ਵਾਂਗ ਇਹ ਪੁਸਤਕ ਵੀ ਓਸ਼ੋ ਦੇ ਕੁਝ ਅਮੁੱਲ ਬਚਨਾਂ ਦਾ ਭੰਡਾਰ ਹੈ।
ਓਸ਼ੋ ਰਚਿਤ ਇਸ ਪੁਸਤਕ ਨੂੰ ਵੀ ਉਨ੍ਹਾਂ ਦੀਆਂ ਹੋਰ ਪੁਸਤਕਾਂ ਵਾਂਗ ਗਿਆਨ-ਪ੍ਰਾਪਤੀ ਦੀ ਆਕਾਂਖਿਆ ਲਈ ਨਹੀਂ, ਧਿਆਨ-ਪ੍ਰਾਪਤੀ ਦੀ ਆਕਾਂਖਿਆ ਲਈ ਪੜ੍ਹਨਾ ਪਵੇਗਾ। ਇਸ ਪੁਸਤਕ ਦੇ ਪਿਛਲੇ ਸਰਵਰਕ ਉੱਪਰ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਓਸ਼ੋ ਨੂੰ ਪੜ੍ਹਨ ਲਈ ਕੀਤੀ ਗਈ ਸਿਫ਼ਾਰਸ਼ ਬੜੀ ਅਟਪਟੀ ਪ੍ਰਤੀਤ ਹੁੰਦੀ ਹੈ ਪ੍ਰੰਤੂ ਵਾਸਤਵਿਕ ਗਿਆਨ ਸ਼ਾਇਦ ਅਟਪਟਾ ਹੀ ਹੁੰਦਾ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਜਾਰਜ ਵਾਸ਼ਿੰਗਟਨ
ਲੇਖਕ : ਤ੍ਰਿਪਤ ਭੱਟੀ
ਪ੍ਰਕਾਸ਼ਕ : ਮੁਲਤਾਨੀ ਐਂਟਰਟੇਨਰਜ਼, ਬਹਾਦਰਗੜ੍ਹ (ਪਟਿਆਲਾ)
ਮੁੱਲ : 60 ਰੁਪਏ, ਸਫ਼ੇ : 47

ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਦੀ ਜੀਵਨੀ ਲਿਖ ਕੇ ਜੀਵਨੀਕਾਰ ਤ੍ਰਿਪਟ ਭੱਟੀ ਨੇ ਪੰਜਾਬੀ ਦੇ ਜੀਵਨੀ-ਸਾਹਿਤ ਵਿਚ ਨਿੱਗਰ ਵਾਧਾ ਕੀਤਾ ਹੈ। ਉਹ ਵੀ ਅਮਰੀਕਾ ਦੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਪ੍ਰਾਪਤ ਉਸ ਮਨੁੱਖ ਬਾਰੇ ਜਿਸ ਦਾ ਸਾਰਾ ਜੀਵਨ ਯਾਤਨਾਵਾਂ, ਘਾਲਣਾਵਾਂ ਅਤੇ ਸੰਘਰਸ਼ ਨਾਲ ਓਤ-ਪੋਤ ਸੀ। ਲੇਖਕ ਜਾਰਜ ਵਾਸ਼ਿੰਗਟਨ ਦੇ ਬਚਪਨ ਤੋਂ ਲੈ ਕੇ, ਉਸ ਦੀ ਜਵਾਨੀ, ਅਮਰੀਕਾ ਦੀ ਆਜ਼ਾਦੀ ਲਈ ਉਸ ਵੱਲੋਂ ਕੀਤੇ ਕਰੜੇ ਸੰਘਰਸ਼ ਬਾਰੇ ਅਤੇ ਉਸ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੱਕ ਦੀ ਕਹਾਣੀ ਨੂੰ ਸਰਲ ਅਤੇ ਸੌਖੀ ਭਾਸ਼ਾ 'ਚ ਬਿਆਨ ਕਰਨ ਵਿਚ ਬੇਹੱਦ ਕਾਮਯਾਬ ਰਿਹਾ ਹੈ। ਉਸ ਨੇ ਜਾਰਜ ਦੇ ਸਿਰੜੀ, ਸਿਦਕੀ ਅਤੇ ਗੰਭੀਰ ਸੁਭਾਅ ਨੂੰ ਜਿਥੇ ਬਿਆਨ ਕੀਤਾ ਹੈ, ਉਥੇ ਉਸ ਦੀ ਉਦਾਰਤਾ, ਦੂਰ-ਅੰਦੇਸ਼ੀ, ਫੌਜੀ ਚਤੁਰਤਾ, ਉਸ ਦੀ ਅਦਭੁਤ ਅਕਲ ਅਤੇ ਰਾਜਨੀਤਕ ਸੂਝ ਨੂੰ ਵੀ ਬਾਖੂਬੀ ਦਰਸਾਇਆ ਹੈ। ਲੇਖਕ ਨੇ ਬਿਆਨ ਕੀਤਾ ਹੈ ਕਿ ਕਿਵੇਂ ਜਾਰਜ ਨੇ ਨਿਰਸਵਾਰਥ ਹੋ ਕੇ ਦੇਸ਼ ਦੀ ਸੇਵਾ ਕਰਦਿਆਂ ਲੋਕਾਂ ਵਿਚ ਹਰਮਨਪਿਆਰਤਾ ਹਾਸਲ ਕੀਤੀ। ਇਸੇ ਦਾ ਸਿੱਟਾ ਸੀ ਕਿ ਹੁਣ ਤੱਕ ਜਾਰਜ ਵਾਸ਼ਿੰਗਟਨ ਅਮਰੀਕਾ ਦਾ ਇਕੋ ਇਕ ਰਾਸ਼ਟਰਪਤੀ ਹੈ ਜੋ ਦੂਜੀ ਵਾਰ ਦੇਸ਼ ਦਾ ਸਰਵਸੰਮਤੀ ਨਾਲ ਰਾਸ਼ਟਰਪਤੀ ਚੁਣਿਆ ਗਿਆ ਸੀ। ਇਸ ਵਿਚ ਭਲੀ-ਭਾਂਤ ਅੰਕਿਤ ਕੀਤਾ ਗਿਆ ਹੈ ਕਿ ਕਿਵੇਂ ਸਾਫ਼ ਦਿਲ ਰਹਿ ਕੇ, ਆਜ਼ਾਦੀ ਦੇ ਸੱਚੇ-ਸੁੱਚੇ ਜਜ਼ਬੇ ਲਈ ਸਮੁੰਦਰੀ, ਬਰਫ਼ੀਲੇ ਅਤੇ ਤੂਫ਼ਾਨਾਂ ਨਾਲ ਭਰੇ ਰਸਤਿਆਂ ਦੀਆਂ ਲੰਬੀਆਂ ਵਾਟਾਂ ਤੈਅ ਕੀਤੀਆਂ ਜਾਂਦੀਆਂ ਹਨ।

-ਸੁਰਿੰਦਰ ਸਿੰਘ 'ਕਰਮ'
ਮੋ: 98146-81444.

ਔਰਤ ਦਾ ਹਮਦਰਦ
ਗਿੱਲ ਮੋਰਾਂਵਾਲੀ
ਲੇਖਿਕਾ : ਡਾ: ਗੁਰਪ੍ਰੀਤ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 96,

ਡਾ: ਗੁਰਪ੍ਰੀਤ ਕੌਰ ਨੇ ਗਿੱਲ ਮੋਰਾਂਵਾਲੀ ਬਾਰੇ ਹਥਲੀ ਪੁਸਤਕ ਲਿਖ ਕੇ ਉਸ ਦੀ ਸ਼ਖ਼ਸੀਅਤ ਤੇ ਰਚਨਾ ਦੇ ਕਈ ਪਹਿਲੂਆਂ ਨੂੰ ਉਭਾਰ ਕੇ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ। ਵਿਸ਼ੇਸ਼ ਤੌਰ 'ਤੇ ਮਰਦ ਹੱਥੋਂ ਔਰਤ ਉੱਤੇ ਹੁੰਦੇ ਜ਼ੁਲਮ, ਬੇਇਨਸਾਫ਼ੀ ਤੇ ਵੇਦਨਾ ਨੂੰ। ਗਿੱਲ ਨੇ ਔਰਤ ਦੀ ਤ੍ਰਾਸਦੀ ਨੂੰ ਕਾਵਿਕ ਰੂਪ ਵਿਚ ਪੇਸ਼ ਕੀਤਾ ਹੈ ਤੇ ਹੱਥਲੀ ਪੁਸਤਕ ਔਰਤ ਦੀਆਂ ਪਰਿਸਥਿਤੀਆਂ ਨੂੰ ਹਰ ਪਹਿਲੂ ਤੋਂ ਸਮਝਣ ਵਿਚ ਸਹਾਈ ਸਾਬਤ ਹੋਵੇਗੀ। ਆਰੰਭ ਵਿਚ ਲੇਖਿਕਾ ਨੇ ਗਿੱਲ ਦੇ ਨਿੱਜੀ ਜੀਵਨ ਵਿਚ ਹੋਈਆਂ ਵਧੀਕੀਆਂ, ਪਰਿਵਾਰਕ ਪਿਛੋਕੜ ਤੇ ਪਰਵਾਸ ਨੂੰ ਉਲੀਕਿਆ ਹੈ ਤੇ ਦੱਸਿਆ ਹੈ ਕਿ ਉਹ ਕਿਉਂ ਪੱਕਾ ਕੈਨੇਡਾ ਵਾਸੀ ਬਣ ਗਿਆ। ਇਸ ਤੋਂ ਬਾਅਦ ਵਿਦੇਸ਼ਾਂ ਵਿਚ ਕੀਤਾ ਗਿਆ ਸੰਘਰਸ਼, ਸਾਹਿਤਕ ਸਿਰਜਣਾ ਤੇ ਮਾਨ ਸਨਮਾਨਾਂ ਦਾ ਵੇਰਵਾ ਵਿਸਥਾਰ ਨਾਲ ਦਿੱਤਾ ਹੈ ਜਿਨ੍ਹਾਂ ਸਦਕਾ ਅੱਜ ਉਸ ਦਾ ਸਾਹਿਤਕ ਖੇਤਰ ਵਿਚ ਵਿਲੱਖਣ ਸਥਾਨ ਹੈ ਤੇ ਉਸ ਦੀਆਂ ਰਚਨਾਵਾਂ ਸਦਕਾ ਉਹ ਸਮਾਜਕ, ਆਰਥਿਕ ਤੇ ਸੱਭਿਆਚਾਰਕ ਤਬਦੀਲੀਆਂ ਦੇ ਸੰਦਰਭ ਵਿਚ ਸਮਾਜਕ ਬੁਰਾਈਆਂ ਨੂੰ ਦੂਰ ਕਰਨ ਲਈ ਯਤਨਸ਼ੀਲ ਹੈ। ਗਿੱਲ ਕਵਿਤਾ, ਗ਼ਜ਼ਲ, ਗੀਤ, ਰੁਬਾਈਆਂ ਤੇ ਦੋਹੇ ਬਹੁਤ ਖ਼ੂਬਸੂਰਤੀ ਨਾਲ ਪੇਸ਼ ਕਰਦਾ ਹੈ, ਉਹ ਇਕ ਕਵੀ ਹੈ, ਗ਼ਜ਼ਲਗੋ ਹੈ ਤੇ ਗੀਤਕਾਰ ਵੀ।
ਅਗਲੇ ਕਾਂਡ ਵਿਚ 'ਮਰਦ ਪ੍ਰਧਾਨ ਸਮਾਜ ਵਿਚ ਔਰਤ ਦੀ ਦਸ਼ਾ' ਦਾ ਵਿਸਥਾਰ ਨਾਲ ਚਿਤਰਨ ਕੀਤਾ ਹੈ। ਔਰਤ ਦੀ ਮੁਢ ਤੋਂ ਹੁਣ ਤੱਕ ਦੀ ਸਥਿਤੀ ਬਾਰੇ ਲੇਖਿਕਾ ਪੂਰੀ ਤਰ੍ਹਾਂ ਚੇਤੰਨ ਹੈ। ਮਰਦ ਪ੍ਰਧਾਨ ਸਮਾਜ ਵਿਚ ਔਰਤ ਹਮੇਸ਼ਾ ਹੀ ਦੱਬੀ ਕੁਚਲੀ ਤੇ ਗ਼ੁਲਾਮ ਰਹੀ ਹੈ। ਬਚਪਨ ਵਿਚ ਪਿਤਾ ਦੇ ਅਧੀਨ, ਜਾਪਾਨੀ ਵਿਚ ਪਤੀ ਤੇ ਬੁਢਾਪੇ ਵਿਚ ਪੁੱਤਰ ਦੀ ਅਧੀਨਗੀ ਦਾ ਸ਼ਿਕਾਰ ਰਹੀ। ਮੁੱਢ ਵਿਚ ਮਾਤਰੀ ਪ੍ਰਧਾਨ ਸਮਾਜ ਸੀ ਪਰ ਹੌਲੀ-ਹੌਲੀ ਔਰਤ ਦੀ ਖਰੀਦੋ-ਫਰੋਖ਼ਤ ਤੇ ਆਰਥਿਕਤਾ ਨੇ ਉਸ ਨੂੰ ਗ਼ੁਲਾਮ ਬਣਾ ਕੇ ਰੱਖ ਦਿੱਤਾ। ਉਸ ਨੂੰ ਉਤਪਾਦਨ ਖੇਤਰ ਤੋਂ ਬਾਹਰ ਰੱਖਿਆ ਗਿਆ, ਲੜਕੀ ਨੂੰ ਮਾਂ ਬਾਪ ਦੀ ਇੱਜ਼ਤ ਨੂੰ ਖ਼ਤਰਾ ਸਮਝਿਆ ਜਾਣ ਲੱਗਾ ਜਿਥੋਂ ਬਾਲ ਵਿਆਹ ਤੇ ਭਰੂਣ ਹੱਤਿਆ ਦਾ ਆਰੰਭ ਹੋਇਆ। ਲੇਖਿਕਾ ਨੇ ਸਿੱਧ ਕੀਤਾ ਹੈ ਕਿ ਔਰਤ ਮਰਦ ਦੇ ਹਿੱਤ ਸਾਂਝੇ ਹਨ ਤਾਂ ਕਿ ਇਕ ਦੂਜੇ ਦੇ ਖਿਲਾਫ਼। ਗਿੱਲ ਨੇ ਵੀ ਔਰਤ 'ਤੇ ਹੋ ਰਹੇ ਸਰੀਰਕ ਤੇ ਮਾਨਸਿਕ ਸ਼ੋਸ਼ਣ ਬਾਰੇ ਆਵਾਜ਼ ਬੁਲੰਦ ਕੀਤੀ ਹੈ ਤੇ ਲੇਖਿਕਾ ਨੇ 'ਮੌਸਮ ਦਾ ਸੰਤਾਪ' ਪੁਸਤਕ ਨੂੰ ਆਧਾਰ ਬਣਾ ਕੇ ਔਰਤ ਦੀ ਮਨੋਦਸ਼ਾ ਨੂੰ ਬਿਆਨ ਕੀਤਾ ਹੈ ਕਿ ਜਿਥੇ ਉਹ ਪਹਿਲਾਂ ਹਨੇਰਿਆਂ ਵਿਚ ਭਟਕਦੀ ਸੀ, ਹੁਣ ਉਸ ਦੇ ਅੰਦਰ ਬਾਹਰ ਚਾਨਣ ਦੀ ਵੀ ਗੱਲ ਕੀਤੀ ਹੈ। ਅੰਤ ਵਿਚ 'ਮੌਸਮ ਦਾ ਸੰਤਾਪ' ਪਾਠ ਤੇ ਪ੍ਰਸੰਗ ਹੈ, ਜਿਸ ਵਿਚ ਹਰ ਦੋਹੇ ਨੂੰ ਵਿਸਥਾਰ ਨਾਲ ਅਰਥ ਦਿੱਤੇ ਹਨ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

25-5-2013

 ਪੀੜਾਂ ਦੀ ਪਰਿਕਰਮਾ
ਕਵੀ : ਹਰਮਿੰਦਰ ਸਿੰਘ ਕੋਹਾਰਵਾਲਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 160 ਰੁਪਏ, ਸਫ਼ੇ : 112.

'ਪੀੜਾਂ ਦੀ ਪਰਿਕਰਮਾ' ਕੋਹਾਰਵਾਲਾ ਦਾ ਤੀਜਾ ਕਾਵਿ ਸੰਗ੍ਰਹਿ ਹੈ ਅਤੇ ਇਸ ਵਿਚ ਉਸ ਦੀਆਂ 90 ਤੋਂ ਵੱਧ ਗ਼ਜ਼ਲਾਂ ਸੰਗ੍ਰਹਿਤ ਹਨ। ਉਹ ਇਕ ਪ੍ਰਗਤੀਵਾਦੀ ਸ਼ਾਇਰ ਹੈ ਅਤੇ ਆਪਣੇ ਆਲੇ-ਦੁਆਲੇ ਦੇ ਸਮਾਜਿਕ, ਰਾਜਨੀਤਕ ਪ੍ਰਬੰਧ ਨੂੰ ਉਹ ਪ੍ਰਗਤੀਵਾਦੀ ਦ੍ਰਿਸ਼ਟੀਕੋਣ ਨਾਲ ਦੇਖਦਾ ਹੈ। ਉਸ ਨੂੰ ਇਹ ਅਨੁਭਵ ਕਰਕੇ ਬੜੀ ਤੀਖਣ ਪੀੜਾ ਹੁੰਦੀ ਹੈ ਕਿ ਪੂੰਜੀਵਾਦ ਨੇ ਸਾਡੀਆਂ ਸਾਰੀਆਂ ਸੱਭਿਆਚਾਰਕ ਸੰਸਥਾਵਾਂ, ਪਵਿੱਤਰ ਰਿਸ਼ਤਿਆਂ ਅਤੇ ਸਵਸਥ ਕਦਰਾਂ-ਕੀਮਤਾਂ ਦਾ ਘਾਣ ਕਰ ਦਿੱਤਾ ਹੈ। ਇਸ ਸੂਰਤ ਵਿਚ ਉਹ ਪੂੰਜੀਵਾਦੀ ਵਿਵਸਥਾ ਦੇ ਮਾਨਵਦੋਖੀ ਚਰਿੱਤਰ ਨੂੰ ਬੇਨਕਾਬ ਕਰਨ ਤੋਂ ਨਹੀਂ ਰਹਿ ਸਕਦਾ। ਇਥੋਂ ਤੱਕ ਕਿ ਉਹ ਅਜੋਕੇ ਦੌਰ ਵਿਚ ਸੱਤਾ ਦੇ ਸਿਖਰ ਤੱਕ ਪਹੁੰਚ ਚੁੱਕੇ ਡੇਰਾਵਾਦ ਅਤੇ ਪਾਖੰਡੀ ਬਾਬਿਆਂ ਨੂੰ ਵੰਗਾਰਨ ਤੋਂ ਸੰਕੋਚ ਨਹੀਂ ਕਰਦਾ। ਦੇਖੋ :
ਤੁਰ ਪਈ ਜਦ ਨਾਲ ਸਾਡੇ ਬੁਜ਼ਦਿਲੀ
ਤਦ ਕਿਨਾਰਾ ਕਰ ਗਈ ਇਹ ਜ਼ਿੰਦਗੀ
ਖ਼ੁਦ ਬਿਠਾ ਕੇ ਡੇਰਿਆਂ ਵਿਚ ਕਲਯੁਗੀ
ਭਾਲਦਾ ਹੈਂ ਹੁਣ ਖ਼ੁਦਾ ਨੂੰ ਬੰਦਗੀ?
ਰਹਿਬਰਾਂ ਦੇ ਇਹ ਸਿਆਸੀ ਚੋਚਲੇ
ਵਸਤਰਾਂ 'ਚੋਂ ਝਲਕਦੀ ਜੋ ਸਾਦਗੀ।
ਹਰਮਿੰਦਰ ਸਿੰਘ ਕੋਹਾਰਵਾਲਾ ਨੇ ਪੰਜਾਬੀ ਗ਼ਜ਼ਲ ਨੂੰ ਇਕ ਨਵੀਂ ਸ਼ਨਾਖ਼ਤ ਪ੍ਰਦਾਨ ਕੀਤੀ ਹੈ। ਪ੍ਰਗਤੀਵਾਦੀ ਲਹਿਜੇ ਦੀ, ਵਿਅੰਗਾਤਮਕ ਅਤੇ ਖਰੀਆਂ-ਖਰੀਆਂ ਕਹਿਣ ਵਾਲੀ ਗ਼ਜ਼ਲ ਦਾ ਪਹਿਲਾਂ ਪੰਜਾਬੀ ਕਾਵਿ ਵਿਚ ਅਭਾਵ ਹੀ ਸੀ। ਬਹੁਤੇ ਲੋਕ ਅਜੇ ਵੀ ਗ਼ਜ਼ਲ ਨੂੰ ਔਰਤਾਂ ਨਾਲ ਗੱਲਾਂ ਕਰਨ ਦੇ ਪਰੰਪਰਾਈ ਅਰਥਾਂ ਵਿਚ ਹੀ ਲੈਂਦੇ ਹਨ ਪਰ ਹਰਮਿੰਦਰ ਸਿੰਘ ਗ਼ਜ਼ਲ ਦੇ ਮਾਧਿਅਮ ਦੁਆਰਾ ਆਹਤ ਮਾਨਵਤਾ ਨਾਲ ਸੰਵਾਦ ਰਚਾਉਂਦਾ ਹੈ। ਮੈਂ ਉਸ ਦੇ ਅਜਿਹੇ ਅੰਦਾਜ਼ ਦਾ ਆਸ਼ਕ ਹਾਂ ਅਤੇ ਚਾਹੁੰਦਾ ਹਾਂ ਕਿ ਉਹ ਪੂਰੀ ਸ਼ਿੱਦਤ ਨਾਲ ਪੰਜਾਬੀ ਵਿਚ ਸਵਸਥ ਪ੍ਰਕਾਰ ਦੀ ਸ਼ਿਅਰੋ-ਸ਼ਾਇਰੀ ਕਰਦਾ ਰਹੇ!

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136


ਗ਼ਜ਼ਲ ਮਹਿਫ਼ਲ
ਗ਼ਜ਼ਲਗੋ : ਅਜੀਤ ਸਿੰਘ ਸੰਧੂ
ਪ੍ਰਕਾਸ਼ਕ : ਤ੍ਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।
ਮੁੱਲ : 150 ਰੁਪਏ, ਸਫ਼ੇ : 103.

ਪੰਜਾਬੀ ਗ਼ਜ਼ਲ ਦਾ ਪੰਜਾਬੀ ਕਾਵਿ-ਖ਼ੇਤਰ ਵਿਚ ਇਸ ਵਕਤ ਮਹੱਤਵਪੂਰਨ ਸਥਾਨ ਹੈ ਤੇ ਤਕਰੀਬਨ ਹਰ ਪੰਜਾਬੀ ਸ਼ਾਇਰ ਗ਼ਜ਼ਲ ਲਿਖਦਾ ਹੈ ਜਾਂ ਗ਼ਜ਼ਲ ਲਿਖਣ ਲਈ ਤਾਂਘਦਾ ਹੈ। ਇਸੇ ਕਾਰਨ ਹਰ ਸਾਲ ਵੱਡੀ ਗਿਣਤੀ ਵਿਚ ਲਗਾਤਾਰ ਪੰਜਾਬੀ ਗ਼ਜ਼ਲ ਸੰਗ੍ਰਹਿ ਛਪ ਰਹੇ ਹਨ। ਅਜੀਤ ਸਿੰਘ ਸੰਧੂ ਦਾ ਤਾਜ਼ਾ ਛਪਿਆ ਗ਼ਜ਼ਲ ਸੰਗ੍ਰਹਿ 'ਗ਼ਜ਼ਲ ਮਹਿਫ਼ਲ' ਵੀ ਇਨ੍ਹਾਂ 'ਚੋਂ ਇਕ ਹੈ। ਸ਼ਾਇਰ ਦੀ ਕਲਮ ਦਾ ਸਫ਼ਰ ਕਾਫ਼ੀ ਲੰਬਾ ਹੈ ਪਰ ਪੁਸਤਕ ਪ੍ਰਕਾਸ਼ਨਾ ਵਲ ਉਸ ਨੇ ਪਿਛਲੇ ਪੰਜ ਚਾਰ ਸਾਲਾਂ ਤੋਂ ਹੀ ਧਿਆਨ ਦਿੱਤਾ ਹੈ। ਇਹ ਪੁਸਤਕ ਅਜੀਤ ਸਿੰਘ ਸੰਧੂ ਦੀ ਤੇਰ੍ਹਵੀਂ ਪ੍ਰਕਾਸ਼ਨਾ ਹੈ। ਸੰਧੂ ਅਧਿਆਪਨ ਨਾਲ ਜੁੜਿਆ ਹੋਣ ਕਰਕੇ ਜ਼ਿੰਦਗੀ ਦੀਆਂ ਗੁੰਝਲਾਂ ਨੂੰ ਵਧੇਰੇ ਜਾਣਦਾ ਹੈ। ਉਹ ਆਪਣੇ ਕਿੱਤੇ ਦੀ ਖ਼ਾਸੀਅਤ ਕਾਰਨ ਕਿਤੇ-ਕਿਤੇ ਉਪਦੇਸ਼ਕ ਹੋ ਜਾਂਦਾ ਹੈ ਤੇ ਕਿਤੇ-ਕਿਤੇ ਉਹ ਕੁਦਰਤ ਦੀਆਂ ਵਿਸ਼ਾਲ ਕਲਾ-ਕਿਰਤੀਆਂ 'ਚੋਂ ਆਪਣੇ ਜਵਾਬ ਲੱਭਦਾ ਹੈ। ਸੰਧੂ ਆਪਣੇ ਪਿਆਰੇ ਦੇ ਨੈਣਾਂ ਵਿਚ ਝਾਤੀ ਵੀ ਮਾਰਦਾ ਹੈ ਪਰ ਖ਼ੁਆਰੀ ਤੋਂ ਬਿਨਾਂ ਉਸ ਨੂੰ ਉਥੇ ਕੁਝ ਨਹੀਂ ਮਿਲਦਾ। ਸਰਹੱਦਾਂ ਦੀਆਂ ਲਕੀਰਾਂ ਉਸ ਲਈ ਬੇ ਮਾਅਨੀ ਹਨ ਤੇ ਉਹ ਸਮੁੱਚੀ ਦੁਨੀਆ ਨੂੰ ਪਿਆਰ ਪਰੁੱਚੀ ਦੇਖਣ ਦਾ ਚਾਹਵਾਨ ਹੈ। ਪਿਆਰ ਸੰਧੂ ਦੀ ਸ਼ਾਇਰੀ ਦਾ ਧੁਰਾ ਹੈ ਤੇ ਉਸ ਦੇ ਸ਼ਿਅਰ ਕਿਸੇ ਨਾ ਕਿਸੇ ਰੂਪ ਵਿਚ ਮੋਹ ਪਿਆਰ ਦੇ ਪ੍ਰਚਾਰਕ ਹਨ। ਉਹ ਪੰਜਾਬ ਦੀਆਂ ਮੌਜੂਦਾ ਪ੍ਰਸਥਿਤੀਆਂ ਬਾਰੇ ਫ਼ਿਕਰਮੰਦ ਹੈ ਤੇ ਉਸ ਨੂੰ ਇਸ ਪੰਜਾਬ 'ਚੋਂ ਪਹਿਲਾਂ ਵਾਲਾ ਪੰਜਾਬ ਕਿਤੇ ਨਹੀਂ ਲੱਭਦਾ। ਉਸ ਨੂੰ ਦਗ਼ਾਬਾਜ਼ ਮਿੱਤਰਾਂ 'ਤੇ ਰੰਜ ਹੈ ਤੇ ਇਹ ਰੰਜ ਸ਼ਾਇਰ ਦੇ ਸ਼ਿਅਰਾਂ ਦਾ ਹਿੱਸਾ ਬਣਦਾ ਹੈ। ਕੁੱਲ ਮਿਲਾ ਕੇ ਇਹ ਪੁਸਤਕ ਸਾਵੀਂ ਜ਼ਿੰਦਗੀ ਜਿਊਣ ਦਾ ਸੁਨੇਹਾ ਦਿੰਦੀ ਹੈ। ਗ਼ਜ਼ਲ ਬੜੀ ਸੰਵੇਦਨਸ਼ੀਲ ਤੇ ਨਾਜ਼ਕ ਵਿਧਾ ਹੈ ਤੇ ਇਸ ਬਾਰੇ ਕੋਈ ਗ਼ਜ਼ਲਕਾਰ ਕਦੀ ਸੰਪੂਰਨ ਨਹੀਂ ਹੋ ਸਕਦਾ। ਸੰਧੂ ਦੀਆਂ ਗ਼ਜ਼ਲਾਂ ਵਿਚ ਵੀ ਆਰੂਜ਼ੀ ਪੱਖ ਤੋਂ ਕੁਤਾਹੀਆਂ ਹੋਈਆਂ ਹਨ ਤੇ ਅਗਲੇਰੇ ਸਫ਼ਰ ਲਈ ਇਨ੍ਹਾਂ ਨੂੰ ਸੁਧਾਰਿਆ ਜਾਣਾ ਚਾਹੀਦਾ ਹੈ। ਪੰਜਾਬੀ ਗ਼ਜ਼ਲ ਕਿਤੇ ਦੀ ਕਿਤੇ ਪਹੁੰਚ ਗਈ ਹੈ ਤੇ ਇਸ ਦੇ ਕਦਮਾਂ ਨਾਲ ਕਦਮ ਮਿਲਾ ਕੇ ਹੀ ਕੁਝ ਪ੍ਰਾਪਤੀ ਹੋ ਸਕਦੀ ਹੈ। ਪੁਸਤਕ ਵਿਚ ਅਜੀਤ ਸਿੰਘ ਸੰਧੂ ਦੀ ਸ਼ਾਇਰੀ ਦਾ ਲੇਖਾ-ਜੋਖਾ ਕਰਦਾ ਸੁਲੱਖਣ ਸਰਹੱਦੀ ਦਾ ਲੇਖ ਖ਼ੂਬਸੂਰਤ ਹੈ।

-ਗੁਰਦਿਆਲ ਰੌਸ਼ਨ
ਮੋ: 9988444002

ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਨਾਨਕਾ ਪਿੰਡ ਮੋਰਾਂਵਾਲੀ ਦਾ ਗੌਰਵਮਈ ਇਤਿਹਾਸ
ਲੇਖਕ : ਗਿਆਨੀ ਜਗਤਾਰ ਸਿੰਘ ਰਾਏ 'ਮੋਰਾਂਵਾਲੀ'
ਪ੍ਰਕਾਸ਼ਕ : ਆਜ਼ਾਦ ਬੁੱਕ ਡਿੱਪੂ, ਹਾਲ ਬਾਜ਼ਾਰ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 112.

'ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਨਾਨਕਾ ਪਿੰਡ ਮੋਰਾਂਵਾਲੀ ਦਾ ਗੌਰਵਮਈ ਇਤਿਹਾਸ' ਗਿਆਨੀ ਜਗਤਾਰ ਸਿੰਘ ਰਾਏ 'ਮੋਰਾਂਵਾਲੀ' ਦੀ ਵਾਰਤਕ ਰਚਨਾ ਹੈ। ਇਹ ਪੁਸਤਕ ਪਹਿਲੀ ਵਾਰ 2001 ਵਿਚ ਛਪੀ ਸੀ। ਇਸ ਦਾ ਸਜਰਾ ਸੰਸਕ੍ਰਣ 2012 ਵਿਚ ਪ੍ਰਕਾਸ਼ਿਤ ਹੋਇਆ ਹੈ।
ਮੋਰਾਂਵਾਲੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਨਾਨਕਾ ਪਿੰਡ ਹੈ। ਉਸ ਦੀ ਮਾਤਾ ਵਿਦਿਆਵਤੀ ਦਾ ਜਨਮ ਇਸੇ ਪਿੰਡ ਵਿਖੇ ਸ: ਵਰਿਆਮ ਸਿੰਘ ਦੇ ਘਰ ਹੋਇਆ ਸੀ। ਪੁਸਤਕ ਦੇ ਅਧਿਐਨ ਤੋਂ ਪਤਾ ਲਗਦਾ ਹੈ ਕਿ ਉਪਰੋਕਤ ਤੱਥ ਤੋਂ ਬਿਨਾਂ ਭਗਤ ਸਿੰਘ ਦੀ ਇਸ ਪਿੰਡ ਨਾਲ ਕੋਈ ਸਾਂਝ ਨਹੀਂ। ਉਂਝ ਉਸ ਦਾ ਬੁੱਤ ਇਸ ਪਿੰਡ ਵਿਚ ਜ਼ਰੂਰ ਲੱਗਿਆ ਹੋਇਆ ਹੈ। ਇਤਿਹਾਸਕ ਦ੍ਰਿਸ਼ਟੀ ਤੋਂ ਵਾਚਿਆਂ ਇਹ ਪੁਸਤਕ ਇਕ ਸ਼ਰਧਾਵਾਨ ਸਿੱਖ ਵੱਲੋਂ ਲਿਖੀ ਗਈ ਪੁਸਤਕ ਹੈ। ਪੁਸਤਕ ਦੇ ਪਹਿਲੇ ਭਾਗ ਵਿਚ 'ਸਮੁੱਚੇ ਸਿੱਖ ਇਤਿਹਾਸ ਵੱਲ ਸੰਖੇਪ ਨਜ਼ਰ' ਪਾਈ ਗਈ ਹੈ। ਸਿੱਖ ਇਤਿਹਾਸ ਦੇ ਸੰਖੇਪ ਪਿਛੋਕੜ ਬਾਰੇ ਦੱਸਦਿਆਂ ਲੇਖਕ ਨੇ ਪੰਜਾਬ ਵਿਚ ਅੰਗਰੇਜ਼ਾਂ ਦੀ ਆਮਦ, ਨਾਮਧਾਰੀ ਲਹਿਰ, ਗ਼ਦਰ ਪਾਰਟੀ, ਜਲ੍ਹਿਆਂ ਵਾਲਾ ਬਾਗ਼, ਨਨਕਾਣਾ ਸਾਹਿਬ ਦਾ ਸਾਕਾ, ਗੁਰੂ ਕਾ ਬਾਗ਼ ਮੋਰਚਾ, ਜੈਤੋ ਦਾ ਮੋਰਚਾ, ਭਾਈ ਫੇਰੂ ਕਾ ਮੋਰਚਾ, ਬੱਬਰ ਅਕਾਲੀ ਲਹਿਰ ਅਤੇ ਆਜ਼ਾਦ ਹਿੰਦ ਫੌਜ ਦੇ ਇਤਿਹਾਸ ਬਾਰੇ ਪੰਛੀ ਝਾਤ ਪਾਉਣ ਦਾ ਉਪਰਾਲਾ ਕੀਤਾ ਹੈ। ਇਸੇ ਭਾਗ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਸੰਖੇਪ ਜੀਵਨ ਵੀ ਅੰਕਿਤ ਕੀਤਾ ਗਿਆ ਹੈ। ਪੁਸਤਕ ਦੇ ਦੂਜੇ ਭਾਗ ਵਿਚ ਲੇਖਕ ਨੇ ਪਿੰਡ ਮੋਰਾਂਵਲੀ ਦੇ ਉਨ੍ਹਾਂ ਬਜ਼ੁਰਗਾਂ ਦੇ ਨਾਂਅ ਦਰਜ ਕੀਤੇ ਹਨ, ਜਿਨ੍ਹਾਂ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਯੋਗਦਾਨ ਪਾਇਆ ਹੈ। ਪਿੰਡ ਵਸਾਉਣ ਦੇ ਇਤਿਹਾਸ ਤੋਂ ਇਲਾਵਾ ਲੇਖਕ ਨੇ ਪਿੰਡ ਵਿਚ ਵਸੇ 'ਰਾਏ ਗੋਤ' ਅਤੇ 'ਹੇਅਰ ਗੋਤ' ਦੇ ਪਿਛੋਕੜ ਬਾਰੇ ਚਰਚਾ ਕੀਤੀ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਸਮੇਂ ਜਨਮੇ ਇਸੇ ਪਿੰਡ ਦੇ ਬਾਬਾ ਭਗਤੂ ਜੀ ਦੇ ਜੀਵਨ ਵੇਰਵਿਆਂ ਨੂੰ ਵੀ ਉਜਾਗਰ ਕੀਤਾ ਹੈ। ਪੁਸਤਕ ਦੇ ਤੀਜੇ ਭਾਗ ਵਿਚ ਮੋਰਾਂਵਾਲੀ ਦੇ ਪ੍ਰਦੇਸੀ ਸਿੱਖਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਪੁਸਤਕ ਦਾ ਚੌਥਾ ਭਾਗ ਪਿੰਡ ਮੋਰਾਂਵਲੀ ਦੇ ਆਸ-ਪਾਸ ਦੇ ਨਾਮਵਰ ਮਹਾਂਪੁਰਸ਼ਾਂ ਦੇ ਗੁਰਦੁਆਰਿਆਂ ਬਾਰੇ ਚਾਨਣਾ ਪਾਉਂਦਾ ਹੈ। ਲੇਖਕ ਵੱਲੋਂ ਵਿਅਕਤੀਗਤ ਪੱਧਰ 'ਤੇ ਆਪਣੇ ਪਿੰਡ ਦੇ ਇਤਿਹਾਸ ਨੂੰ ਉਜਾਗਰ ਕਰਨ ਦਾ ਇਹ ਇਕ ਚੰਗੇਰਾ ਉਪਰਾਲਾ ਹੈ।

-ਸੁਖਦੇਵ ਮਾਦਪੁਰੀ
ਮੋ: 94630-34472.


ਵਾਪਸੀ
ਲੇਖਕ : ਨਿਰਮਲ ਜੌੜਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 99.

ਨਿਰਮਲ ਜੌੜਾ ਪੰਜਾਬੀ ਮੀਡੀਆ, ਕਵਿਤਾ ਤੇ ਨਾਟਕ ਨਾਲ ਜੁੜਿਆ ਨਾਂਅ ਹੈ। ਥੋੜ੍ਹੇ ਜਿਹੇ ਸਮੇਂ ਵਿਚ ਹੀ ਉਸ ਨੇ ਨਾਟਕ ਖੇਤਰ ਵਿਚ ਜ਼ਿਕਰਯੋਗ ਥਾਂ ਬਣਾ ਲਈ ਹੈ। ਉਸ ਦੇ ਲਿਖੇ ਨਾਟਕ ਦੇਸ਼-ਵਿਦੇਸ਼ ਵਿਚ ਬੜੇ ਉਮਾਹ ਨਾਲ ਮੰਚਨ ਕੀਤੇ ਗਏ ਹਨ। 'ਵਾਪਸੀ' ਉਸ ਦਾ ਹਾਲ ਹੀ ਵਿਚ ਲਿਖਿਆ ਨਵਾਂ ਨਾਟਕ ਹੈ। ਇਸ ਨਾਟਕ ਰਾਹੀਂ ਉਹ ਇਕ ਪੜ੍ਹੇ-ਲਿਖੇ ਪੇਂਡੂ ਮੁੰਡੇ 'ਦਰਸ਼ਨ' ਦਾ ਦੁਖਾਂਤ ਪੇਸ਼ ਕਰਦਾ ਹੈ ਜੋ ਪਿਤਾਪੁਰਖੀ ਧੰਦੇ ਖੇਤੀਬਾੜੀ ਤੋਂ ਵਿਮੁੱਖ ਹੋ ਕੇ ਬਾਹਰਲੇ ਮੁਲਕ ਜਾਣ ਦੀ ਹੋੜ 'ਚ ਸ਼ਾਮਿਲ ਹੋ ਜਾਂਦਾ ਹੈ। ਚੰਗੀ ਭਲੀ ਖੇਤੀ ਨੂੰ ਲੱਤ ਮਾਰ ਕੇ ਉੱਡਦੀਆਂ ਦੇ ਮਗਰ ਨੱਸਣ ਲੱਗਦਾ ਹੈ। ਸ਼ਰਮੀਲੇ ਤੇ ਕੋਹਲੀ ਜਿਹੇ ਧੋਖੇਬਾਜ਼ਾਂ ਦੇ ਚੁੰਗਲ ਵਿਚ ਫਸ ਕੇ ਖੱਜਲ-ਖੁਆਰ ਹੋ ਕੇ ਘਰ ਪਰਤਦਾ ਹੈ। ਧੋਖੇਬਾਜ਼ੀ ਕਾਰਨ ਹੋਈ ਖੁਆਰੀ ਤੋਂ ਸਬਕ ਲੈ ਕੇ ਉਹ ਆਪਣੇ ਪੈਤਰਿਕ ਧੰਦੇ ਖੇਤੀਬਾੜੀ ਵੱਲ ਮੁੜਨ ਦਾ ਫੈਸਲਾ ਲੈਂਦਾ ਹੈ।
ਨਿਰਮਲ ਜੌੜਾ ਨੇ ਇਸ ਨਾਟਕ ਰਾਹੀਂ ਸਮੂਹ ਪੰਜਾਬੀਆਂ ਦੀ ਪੀੜ, ਦਰਦ ਤੇ ਮੁਸੀਬਤ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ। 'ਦਰਸ਼ਨ' ਦੇ ਪ੍ਰਤੀਨਿਧ ਪਾਤਰ ਰਾਹੀਂ ਉਹ ਸਮੂਹ ਪੰਜਾਬੀ ਨੌਜਵਾਨੀ ਦੀ ਲਾਲਸਾ ਪੇਸ਼ ਕਰਨ ਦੇ ਆਹਰ 'ਚ ਹੈ। ਹੁਣ ਇਹ ਪੰਜਾਬ ਦੇ ਪਿੰਡਾਂ ਦੀ ਘਰ-ਘਰ ਦੀ ਕਹਾਣੀ ਹੈ। ਉਹ ਇਸ ਨਾਟਕ ਰਾਹੀਂ ਮੁੱਖ ਸਮੱਸਿਆ ਵੱਲ ਤਾਂ ਧਿਆਨ ਦੁਆਉਂਦਾ ਹੀ ਹੈ, ਉਸ ਦਾ ਹੱਲ ਵੀ ਦੱਸਣ ਦਾ ਯਤਨ ਕਰਦਾ ਹੈ। ਨਾਟਕ ਬਚਨ ਸਿੰਘ ਕਿਰਸਾਨ ਦੇ ਘਰ ਹੀ ਖੇਡਿਆ ਗਿਆ ਤੇ ਬਾਕੀ ਕਹਾਣੀ ਨਾਟਕੀ ਜੁਗਤਾਂ ਰਾਹੀਂ ਪੇਸ਼ ਕਰ ਦਿੱਤੀ ਗਈ ਹੈ। ਇਸ ਨਾਟਕ ਦੇ ਮੰਚਨ ਲਈ ਲੰਬੀਆਂ-ਚੌੜੀਆਂ ਸਟੇਜਾਂ ਤੇ ਪਰਦਿਆਂ ਵੀ ਲੋੜ ਨਹੀਂ। ਬਹੁਤ ਚੁਸਤ ਵਾਰਤਾਲਾਪਾਂ ਰਾਹੀਂ ਕਹਾਣੀ ਅੱਗੇ ਵਧਦੀ ਹੋਈ ਆਪਣੇ ਸਿਖ਼ਰ 'ਤੇ ਪੁੱਜਦੀ ਹੈ। ਪੰਜਾਬੀ ਅਖਾਣਾਂ, ਮੁਹਾਵਰਿਆਂ ਤੇ ਕਾਵਿਕ ਟੂਕਾਂ ਦੀ ਢੁੱਕਵੀਂ ਵਰਤੋਂ ਹੋਈ ਹੈ। ਸਾਰੇ ਪਾਤਰ ਆਪਣੇ ਹੰਝੂਆਂ ਰਾਹੀਂ ਮੁਸਕਰਾਉਂਦੇ ਪ੍ਰਤੀਤ ਹੁੰਦੇ ਹਨ। ਪੰਜਾਬੀ ਨੌਜਵਾਨਾਂ ਨੂੰ ਇਸ ਨਾਟਕ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਆਪਣੀ ਮਾਂ-ਮਿੱਟੀ ਨਾਲ ਜੁੜ ਕੇ ਵੀ ਤਰੱਕੀ ਕੀਤੀ ਜਾ ਸਕਦੀ ਹੈ। ਠੱਗ ਏਜੰਟਾਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਨਾਟਕ ਰੋਚਕ ਹੈ, ਪੜ੍ਹਨ ਤੇ ਮੰਚਨ ਦੋਵਾਂ ਵਿਚ ਆਕਰਸ਼ਕ ਹੈ।

-ਕੇ. ਐਲ. ਗਰਗ
ਮੋ: 94635-37050

18-5-2013

 ਉਲਕਾਪਾਤ
ਗ਼ਜ਼ਲਗ਼ੋ : ਗੁਰਚਰਨ ਸਿੰਘ 'ਤਖ਼ਤਰ'
ਪ੍ਰਕਾਸ਼ਕ : ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 190 ਰੁਪਏ, ਸਫ਼ੇ : 128

ਗੁਰਚਰਨ ਸਿੰਘ 'ਤਖ਼ਤਰ' ਪੰਜਾਬੀ ਗ਼ਜ਼ਲ ਸਾਹਿਤ ਵਿਚ ਜਾਣਿਆ-ਪਹਿਚਾਣਿਆ ਨਾਂਅ ਹੈ, ਜਿਸ ਨੂੰ ਗ਼ਜ਼ਲ ਲੇਖਣ ਦੀ ਕਾਫ਼ੀ ਸੋਝੀ ਹੈ। ਉਸ ਦਾ ਹਥਲਾ ਗ਼ਜ਼ਲ ਸੰਗ੍ਰਹਿ 'ਉਲਕਾਪਾਤ' ਮੇਰੇ ਕਥਨ ਦੀ ਗਵਾਹੀ ਦਿੰਦਾ ਹੈ ਜਿਸ ਵਿਚ ਉਸ ਦੀਆਂ ਖ਼ੂਬਸੂਰਤ ਉਣਾਹਠ ਗ਼ਜ਼ਲਾਂ ਸ਼ਾਮਿਲ ਹਨ। ਸ਼ਾਇਰ ਪਰਪੱਕ ਗ਼ਜ਼ਲਗੋਆਂ ਦੀ ਸੰਗਤ ਵਿਚ ਰਿਹਾ ਹੈ ਜਿਸ ਕਾਰਨ ਉਸ ਦੀਆਂ ਗ਼ਜ਼ਲਾਂ ਵਿਚ ਆਰੂਜ਼ ਦੀਆਂ ਬਹੁਤ ਘੱਟ ਉਕਾਈਆਂ ਹਨ। ਤਮਾਮ ਗ਼ਜ਼ਲਾਂ ਵਿਚ ਤਖ਼ਤਰ ਦੇ ਜ਼ਿੰਦਗੀ ਸਬੰਧੀ ਵੱਖ-ਵੱਖ ਰੰਗ ਉੱਭਰਦੇ ਹਨ। ਉਸ ਲਈ ਜ਼ਿੰਦਗੀ ਦਾ ਅਰਥ ਨਿਰੋਲ ਮਨੁੱਖੀ ਹੋਂਦ ਨਹੀਂ ਹੈ ਬਲਕਿ ਉਹ ਜ਼ਿੰਦਗੀ ਦੇ ਕਾਫ਼ਿਲੇ ਵਿਚ ਸਮੂਹ ਜਾਨਦਾਰ ਨਸਲਾਂ ਨੂੰ ਵੀ ਸ਼ਾਮਿਲ ਕਰਦਾ ਹੈ। ਉਸ ਨੂੰ ਇਹ ਜ਼ਿੰਦਗੀ ਸੌਗਾਤ ਮਹਿਸੂਸ ਹੁੰਦੀ ਹੈ ਬੇਸ਼ੱਕ ਇਸ ਨੂੰ ਕਿੰਨੀਆਂ ਵੀ ਦੁਸ਼ਵਾਰੀਆਂ ਦਰਪੇਸ਼ ਹੋਣ। ਤਖ਼ਤਰ ਦੀਆਂ ਗ਼ਜ਼ਲਾਂ ਦਾ ਕੇਂਦਰੀ ਬਿੰਦੂ ਪਿਆਰ ਹੈ ਤੇ ਉਹ ਹਰ ਪਾਸੇ ਮੁਹੱਬਤ ਦੀ ਕੋਸੀ ਕੋਸੀ ਧੁੱਪ ਦਾ ਚਾਹਵਾਨ ਹੈ। ਉਹ ਆਪਣੇ ਪਿਆਰੇ ਦੇ ਦੂਰ ਜਾਣ 'ਤੇ ਅਫ਼ਸੋਸ ਤਾਂ ਪ੍ਰਗਟ ਕਰਦਾ ਹੈ ਪਰ ਉਸ ਦੀ ਮਜਬੂਰੀ ਨੂੰ ਵੀ ਮਹਿਸੂਸ ਕਰਦਾ ਹੈ। ਉਹ ਗ਼ਮਗੀਨ ਤਾਂ ਹੈ ਨਾਲ ਹੀ ਆਪਣੇ ਪਿਆਰੇ ਦੇ ਨਾ ਬੁਲਾਉਣ ਦਾ ਉਸ ਨੂੰ ਅਫ਼ਸੋਸ ਹੈ। ਉਹ ਯਾਦਾਂ ਨੂੰ ਸੀਨੇ ਵਿਚ ਦਫ਼ਨਾ ਕੇ ਮੁਸਕਰਾਉਣ ਵਿਚ ਯਕੀਨ ਰੱਖਦਾ ਹੈ ਤੇ ਇੰਝ ਉਹ ਆਸ਼ਾਵਾਦੀ ਹੋ ਕੇ ਤਨਹਾਈ ਨੂੰ ਵੀ ਮਾਣਦਾ ਹੈ। ਉਹ ਕਿਸੇ ਦੀ ਅਧੂਰੀ ਮੁਹੱਬਤ ਨੂੰ ਨਿੰਦਣ ਦੀ ਥਾਂ ਆਪਣੇ-ਆਪ ਨੂੰ ਹੀ ਇਸ ਕਾਬਿਲ ਨਹੀਂ ਸਮਝਦਾ। ਅਜਿਹਾ ਕੁਝ ਮਹਿਸੂਸ ਕਰਨਾ ਮੁਹੱਬਤ ਦੀ ਸਿਖਰ ਹੁੰਦੀ ਹੈ। ਆਪਣੇ ਸ਼ਿਅਰਾਂ ਵਿਚ ਸ਼ਾਇਰ ਬੀਤੇ ਜ਼ਮਾਨੇ ਨੂੰ ਯਾਦ ਕਰਦਾ ਹੈ ਤੇ ਉਸ ਦੀ ਯਾਦ ਦੀਆਂ ਕਲਮਾਂ ਆਪਣੇ ਸ਼ਿਅਰਾਂ ਦੇ ਬਗ਼ੀਚੇ ਵਿਚ ਲਾਈ ਜਾਂਦਾ ਹੈ ਜਿਨ੍ਹਾਂ 'ਤੇ ਤਗ਼ਜ਼ਲ ਨਾਲ ਓਤ ਪੋਤ ਖ਼ੂਬਸੂਰਤ ਫੁੱਲ ਖਿੜਦੇ ਹਨ। ਭਾਵੇਂ ਉਹ ਕਿਤੇ ਕਿਤੇ ਮਾਯੂਸ ਵੀ ਹੋ ਜਾਂਦਾ ਹੈ ਪਰ ਭਾਵੁਕਤਾ ਵਸ ਵਹਿੰਦਾ ਨਹੀਂ ਹੈ। ਇਹ ਚੰਗੀ ਪੁਸਤਕ ਪੰਜਾਬੀ ਗ਼ਜ਼ਲ ਸਾਹਿਤ ਵਿਚ ਚਿਰਾਂ ਪਿੱਛੋਂ ਨਜ਼ਰੀਂ ਪਈ ਹੈ ਜਿਸ ਲਈ ਸ਼ਾਇਰ ਵਧਾਈ ਦਾ ਹੱਕਦਾਰ ਹੈ।

-ਗੁਰਦਿਆਲ ਰੌਸ਼ਨ
ਮੋ: 9988444002

ਕਿਤਾਬ ਬੋਲ ਪਈ
ਲੇਖਕ : ਜਸਮੀਤ ਸਿੰਘ ਬਹਿਣੀਵਾਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 108

'ਕਿਤਾਬ ਬੋਲ ਪਈ' ਜਸਮੀਤ ਸਿੰਘ ਬਹਿਣੀਵਾਲ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਪੁਸਤਕ ਚੰਨ, ਤਾਰਿਆਂ ਅਤੇ ਫੁੱਲਾਂ ਨੂੰ ਸਮਰਪਿਤ ਹੈ ਜਿਸ ਤੋਂ ਕਵੀ ਦੇ ਪ੍ਰਕਿਰਤੀ ਨਾਲ ਪਿਆਰ ਦਾ ਆਭਾਸ ਹੁੰਦਾ ਹੈ। ਕਿਤਾਬ ਦੀ ਡਿਓਢੀ 'ਤੇ ਹੀ ਸ਼ਮਸ਼ੇਰ ਸੰਧੂ ਅਤੇ ਬਚਨ ਬੇਦਿਲ ਨੇ ਨਵੇਂ ਕਵੀ ਨੂੰ 'ਜੀ ਆਇਆਂ' ਕਹਿੰਦਿਆਂ ਸ਼ਗਨਾਂ ਵਰਗਾ ਤੇਲ ਚੋਇਆ ਹੈ। ਪਿਛਲੇ ਸਮੇਂ ਵਿਚ ਇਹ ਨੌਜਵਾਨ ਲੰਬੀਆਂ ਦੌੜਾਂ ਵਿਚ ਰਾਸ਼ਟਰੀ ਪੱਧਰ 'ਤੇ ਤਮਗੇ ਹਾਸਲ ਕਰ ਚੁੱਕਾ ਹੈ ਅਤੇ ਹੁਣ ਸਾਹਿਤਕ ਖੇਤਰ ਦੀ ਦੌੜ ਆਰੰਭ ਕੀਤੀ ਹੈ। 'ਕੁਝ ਮੇਰੇ ਵੱਲੋਂ ਵੀ' ਵਿਚ ਉਹ ਰੱਬ ਨੂੰ ਸਰਵੋਤਮ ਮੰਨਦਾ ਹੈ। ਇਸ ਸੰਗ੍ਰਹਿ ਦੀ ਪਹਿਲੀ ਕਵਿਤਾ 'ਧੰਨ ਗੁਰੂ ਨਾਨਕ' ਇਸ ਪੁਸਤਕ ਦੇ ਮੰਗਲਾਚਰਨ ਵਰਗੀ ਹੈ। ਆਪਣੀ ਹਰ ਕਵਿਤਾ ਦੇ ਅੰਤ 'ਤੇ ਉਹ ਕਿੱਸਾ ਕਵੀਆਂ ਵਾਂਗ ਆਪਣਾ ਨਾਂਅ ਜਸਮੀਤ ਜ਼ਰੂਰ ਵਰਤਦਾ ਹੈ। ਉਹ ਆਪਣੇ ਦੁਆਲੇ ਦੀਆਂ ਘਟਨਾਵਾਂ ਨੂੰ ਨੀਝ ਨਾਲ ਵਾਚਣ ਉਪਰੰਤ ਲਿਖਦਾ ਹੈ। ਉਸ ਨੇ ਕਿਸੇ ਪਾਸੋਂ ਲਿਖਣਾ ਨਹੀਂ ਸਿੱਖਿਆ। ਉਹ ਆਪਣੀ ਸਿਰਜਨ ਪ੍ਰਕਿਰਿਆ ਬਾਰੇ ਲਿਖਦਾ ਹੈ, 'ਕਿਤੇ ਕੋਈ ਨਕਲਚੀ ਨਾ ਕਹਿ ਦੇਵੇ/ਤਾਂ ਹੀ ਲਿਖਦਾ ਨਹੀਂ ਮੈਂ ਕਿਸੇ ਨੂੰ ਪੜ੍ਹ ਕੇ/ਕਈ ਵਾਰ ਮੈਂ ਲਿਖਦਾ ਹਾਂ ਰਾਤਾਂ ਨੂੰ/ਤੋਕੜ ਮੱਝ ਦੇ ਸੰਘਣੇ ਦੁੱਧ ਵਾਂਗੂੰ ਕੜ੍ਹਕੇ। (ਪੰਨਾ 71)
ਉੱਭਰਦੇ ਕਵੀਆਂ ਵਾਂਗ ਉਸ ਦਾ ਮੁੱਖ ਵਿਸ਼ਾ ਪਿਆਰ ਹੈ। ਉਸ ਦਾ ਕਾਵਿ-ਨਾਇਕ ਪਿਆਰ ਦੀ ਯਾਦ ਵਿਚ ਤੜਫਦਾ ਹੈ, ਉਸ ਦੀ ਹਰ ਵਸਤੂ ਨਾਲ ਉਸ ਨੂੰ ਮੋਹ ਹੈ, ਪਿਆਰੇ ਅੱਗੇ ਹਾਰ ਨੂੰ ਵੀ ਜਿੱਤ ਮਹਿਸੂਸਦਾ ਹੈ, ਅਕਲ ਨੂੰ ਇਸ਼ਕ ਦੇ ਰਾਹ ਦਾ ਰੋੜਾ ਮੰਨਦਾ ਹੈ, ਪਿਆਰ ਵਿਚ ਵੱਜੀ ਠੋਕਰ ਦੀ ਉਸ ਨੂੰ ਪੀੜ ਹੈ, ਉਸ ਲਈ ਜਾਗੇ ਪਿਆਰ ਨੂੰ ਥਾਪੜ ਕੇ ਸੁਲਾਉਣਾ ਆਸਾਨ ਨਹੀਂ, ਕਿਧਰੇ ਕਿਧਰੇ ਪਿਆਰ 'ਚੋਂ ਮਿਲੀ ਨਿਰਾਸ਼ਾ ਵੀ ਰੂਪਮਾਨ ਹੈ ਜਿਸ ਦੇ ਫਲਸਰੂਪ ਰੋਣ-ਧੋਣ ਪੱਲੇ ਪੈਂਦਾ ਹੈ, ਬ੍ਰਿਹਾ ਦੇ ਆਨੰਦ ਨੂੰ ਆਪਣੀ ਕਿਸਮ ਦਾ ਆਨੰਦ ਕਹਿੰਦਾ ਹੈ। ਕਾਵਿ-ਨਾਇਕ ਦਾ ਇਸ਼ਕ-ਹਕੀਕੀ ਹੈ ਜਦੋਂ ਕਿ ਉਸ ਦੇ ਪਿਆਰੇ ਦਾ ਇਸ਼ਕ ਮਜ਼ਾਜੀ ਹੈ। ਇਉਂ ਕਵੀ ਪਿਆਰ ਦੀਆਂ ਕਵਿਤਾਵਾਂ ਵਿਚ ਆਪਣੇ ਕਾਵਿ-ਨਾਇਕ ਨੂੰ 'ਸਵੈ' ਤੱਕ ਸੀਮਤ ਕਰਦਾ ਹੈ। ਕੁਝ ਕਵਿਤਾਵਾਂ ਵਿਚ 'ਪਰ' ਵੱਲ ਦੀ ਯਾਤਰਾ ਦੇ ਸੰਕੇਤ ਹਨ ਜਿਵੇਂ-ਧੀਆਂ, ਬੇਜ਼ਮੀਨਾ ਜੱਟ, ਪੰਜਾਬ, ਪੰਡ, ਕੋਸ਼ਿਸ਼, ਕਿਸਾਨ, ਅਸੂਲ, ਸਕੂਲ ਆਦਿ। ਇਸ ਸੰਗ੍ਰਹਿ ਦੇ ਆਧਾਰ 'ਤੇ ਕਵੀ ਰੁਮਾਂਸਵਾਦੀ ਹੋ ਨਿਬੜਦਾ ਹੈ। ਉਸ ਦੀ ਕਾਵਿ-ਕਲਾ ਆਪਣੇ ਵਰਗੀ ਆਪ ਹੈ ਕਿਉਂਕਿ ਨਾ ਤਾਂ ਉਹ ਨਕਲਚੀ ਹੈ, ਨਾ ਹੀ ਉਸ ਦੀ ਪੜ੍ਹਨ ਵਿਚ ਬਹੁਤੀ ਰੁਚੀ ਹੈ, ਨਾ ਉਸ ਦਾ ਕੋਈ ਕਾਵਿ-ਗੁਰੂ ਹੈ। ਉਹ ਪਾਠਕਾਂ ਪਾਸੋਂ ਪ੍ਰਵਾਨਗੀ ਦੀ ਇੱਛਾ ਰੱਖਦਾ ਹੈ। ਹਥਲੇ ਪਲੇਠੇ ਕਾਵਿ-ਸੰਗ੍ਰਹਿ ਦਾ ਸੁਆਗਤ ਹੈ।

-ਡਾ: ਧਰਮਚੰਦ ਵਾਤਿਸ਼
ਮੋ: 98144-46007

ਮੇਰੇ ਦੁੱਖਾਂ ਦੀ ਕਹਾਣੀ
ਲੇਖਿਕਾ : ਬਲਵੀਰ ਕੌਰ ਢਿੱਲੋਂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 128

'ਮੇਰੇ ਦੁੱਖਾਂ ਦੀ ਕਹਾਣੀ' ਪੁਸਤਕ ਬਲਵੀਰ ਕੌਰ ਢਿੱਲੋਂ ਦੀ ਅਜਿਹੀ ਪੁਸਤਕ ਹੈ ਜਿਸ ਵਿਚ ਲੇਖਿਕਾ ਨੇ ਕਿੱਤਾਪ੍ਰਤੀ ਆਪਣੇ ਆਲੇ-ਦੁਆਲੇ ਵਿਚ ਵਾਪਰਦੀਆਂ ਘਟਨਾਵਾਂ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਕੇ ਗਾਲਪਨਿਕ ਰੰਗਣ ਦਿੰਦਿਆਂ ਹੋਇਆਂ ਲਿਖਤੀ ਰੂਪ ਦਿੱਤਾ ਹੈ। ਜੇਕਰ ਇਸ ਪੁਸਤਕ ਨੂੰ ਵਿਧਾ ਦੀ ਦ੍ਰਿਸ਼ਟੀ ਤੋਂ ਦੇਖਿਆ ਜਾਵੇ ਤਾਂ ਇਸ ਨੂੰ ਕਿਸੇ ਇਕ ਵਿਸ਼ੇਸ਼ ਵਿਧਾ ਨਾਲ ਨਿਸ਼ਚਿਤ ਕਰਕੇ ਨਹੀਂ ਦੇਖਿਆ ਜਾ ਸਕਦਾ ਹੈ ਸਗੋਂ ਇਹ ਪੁਸਤਕ ਸਵੈ-ਜੀਵਨੀ ਮੂਲਕ ਕਹਾਣੀਆਂ ਦਾ ਸੰਗ੍ਰਹਿ ਹੈ ਜੋ ਲੇਖਿਕਾ ਨੇ ਹੰਢੇ-ਹੰਢਾਏ ਅਨੁਭਵ ਹਨ ਪਰ ਇਨ੍ਹਾਂ ਅਨੁਭਵਾਂ ਨੂੰ ਸਿਰਫ਼ ਤੇ ਸਿਰਫ਼ ਲਿਖਿਆ ਹੀ ਨਹੀਂ ਸਗੋਂ ਇਨ੍ਹਾਂ ਵਿਚ ਕਹਾਣੀ ਰਸ ਭਰ ਕੇ ਪਾਠਕਾਂ ਦੇ ਸੁਹਜ-ਸੁਆਦ ਦਾ ਹਾਣੀ ਬਣਾਉਣ ਦਾ ਯਤਨ ਕੀਤਾ ਹੈ। ਇਸ ਲਈ ਲੇਖਿਕਾ ਨੇ ਇਨ੍ਹਾਂ ਘਟਨਾਵਾਂ ਨੂੰ ਲੋਕ ਧਰਾਵੀ ਛੋਹਾਂ ਵੀ ਦਿੱਤੀਆਂ ਹਨ। ਮਿਸਾਲ ਵਜੋਂ ਬਹੁਤ ਸਾਰੀਆਂ ਘਟਨਾਵਾਂ ਦੇ ਵੇਰਵੇ ਦੇਣ ਤੋਂ ਪਹਿਲਾਂ ਲੇਖਿਕਾ 'ਇਕ ਵਾਰ ਦੀ ਗੱਲ ਹੈ' ਵਾਲੀ ਲੋਕ ਰੂੜ੍ਹੀ ਦਾ ਇਸਤੇਮਾਲ ਬਹੁਤ ਜ਼ਿਆਦਾ ਕਰਦੀ ਹੈ। ਇਸ ਦੇ ਨਾਲ ਹੀ ਕਈ ਵਾਰੀ ਕੋਈ ਜਾਣਕਾਰੀ ਦਿੰਦੀ ਦਿੰਦੀ ਲੇਖਿਕਾ ਵਿਚੋਂ ਕਿਸੇ ਨਾ ਕਿਸੇ ਕਹਾਣੀ ਨੂੰ ਦ੍ਰਿਸ਼ਟਾਂਤ ਵਜੋਂ ਵੀ ਪੇਸ਼ ਕਰ ਜਾਂਦੀ ਹੈ ਜਿਸ ਨਾਲ ਪਾਠਕ ਦੀ ਰੌਚਕਤਾ ਵਧ ਜਾਂਦੀ ਹੈ। ਲੇਖਿਕਾ ਕਿਉਂਕਿ ਪਰਵਾਸੀ ਜ਼ਿੰਦਗੀ ਨੂੰ ਭੋਗ ਰਹੀ ਹੈ ਇਸ ਕਰਕੇ ਉਸ ਦੀ ਇਸ ਲਿਖਤ ਵਿਚ ਪਰਵਾਸੀ ਵੇਰਵੇ ਵੀ ਸਹਿਜ ਸੁਭਾ ਪਰਵੇਸ਼ ਕਰ ਚੁੱਕੇ ਹਨ। ਪਰਵਾਸ ਦੀ ਮਸ਼ੀਨੀ ਜ਼ਿੰਦਗੀ ਵਿਚ ਟੁੱਟਦੇ ਮਨੁੱਖੀ ਰਿਸ਼ਤਿਆਂ ਬਾਰੇ ਵੀ ਲੇਖਿਕਾ ਨੇ ਆਪਣੇ ਅਨੁਭਵ ਪੇਸ਼ ਕੀਤੇ ਹਨ।
ਲੇਖਿਕਾ ਦੇ ਅਨੁਭਵ ਇਸ ਪੁਸਤਕ ਵਿਚ ਜ਼ਿਆਦਾਤਰ ਨਿੱਜੀ ਹਨ ਅਤੇ ਉਹ ਆਪਣੇ ਪਰਿਵਾਰ ਪ੍ਰਤੀ ਬੜੀ ਭਾਵੁਕ ਨਜ਼ਰ ਆਉਂਦੀ ਹੈ ਜੋ ਉਸ ਦੇ ਮਸ਼ੀਨੀ ਯੁੱਗ ਵਿਚ ਵਿਚਰਦਿਆਂ ਵੀ ਸੰਵੇਦਨਸ਼ੀਲ ਹੋਣ ਦੀ ਨਿਸ਼ਾਨੀ ਹੈ। ਲੇਖਿਕਾ ਨੇ ਔਰਤ ਦੀ ਅਸੁਰੱਖਿਅਤਾ ਉਸ ਦਾ ਸਮਾਜ ਵਿਚ ਕੀਤਾ ਜਾ ਰਿਹਾ ਸ਼ੋਸ਼ਣ, ਸਰਬਪੱਖੀ ਸਮਾਜਕ ਭ੍ਰਿਸ਼ਟਾਚਾਰ ਨੂੰ ਵੀ ਆਪਣੀ ਸਿਰਜਣਾਤਮਕਤਾ ਦਾ ਆਧਾਰ ਬਣਾਇਆ ਹੈ।

-ਸਰਦੂਲ ਸਿੰਘ ਔਜਲਾ
ਮੋ: 98141-68611

12-5-2013

 ਪਿੰਡ ਦੀ ਸੱਥ 'ਚੋਂ
ਲੇਖਕ : ਪ੍ਰਿੰਸੀਪਲ ਸਰਵਣ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 136

ਤਬਦੀਲੀ ਕੁਦਰਤ ਦਾ ਅਟੱਲ ਨਿਯਮ ਹੈ ਪਰ ਅਖੌਤੀ ਨਵੀਨੀਕਰਨ (ਫੇਕ ਮਾਡਰਨਾਈਜੇਸ਼ਨ) ਅਧੀਨ ਆਪਣੇ ਪਿਛੋਕੜ/ਮੂਲ ਨਾਲੋਂ ਟੁੱਟ ਜਾਣਾ ਇਕ ਵੱਡੀ ਮਨੁੱਖੀ ਤਰਾਸਦੀ ਹੈ। ਸਾਡਾ ਮਾਣ-ਮੱਤਾ ਵਿਰਸਾ ਮੁੱਠੀ ਵਿਚਲੀ ਰੇਤਾ ਵਾਂਗ ਕਿਰਦਾ ਜਾ ਰਿਹਾ ਹੈ। 'ਮੈਨੂੰ ਨਵਾਂ ਸਵੇਰਾ ਕੀ ਜਾਣੇ?' ਅਨੁਸਾਰ ਵਿਰਸੇ ਤੋਂ ਅਣਜਾਣ/ਦੂਰ ਹੁੰਦੇ ਜਾ ਰਹੇ ਨਵੇਂ ਸਵੇਰੇ (ਨਵੀਂ ਪੀੜੀ/ਨਵੇਂ ਪੌਸ਼) ਦੀ ਵਿਰਸੇ ਨਾਲ ਸਾਂਝ ਤੰਦ ਜੋੜਨ ਲਈ ਉੱਘੇ ਤੇ ਪ੍ਰੌਢ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਨੇ 'ਮੇਰੇ ਪਿੰਡ ਦੀ ਸੱਥ 'ਚੋਂ' ਨਾਂਅ ਦੀ ਪੁਸਤਕ ਰਾਹੀਂ ਇਕ ਸਾਰਥਿਕ ਯਤਨ ਕੀਤਾ ਹੈ। ਕਰੀਬ ਢਾਈ ਕੁ ਦਰਜਨ ਲੇਖਾਂ ਵਿਚ ਪੇਂਡੂ ਯਥਾਰਥਵਾਦ ਨੂੰ ਪੇਸ਼ ਕੀਤਾ ਗਿਆ ਹੈ। ਇਸ ਯਥਾਰਥਵਾਦ ਦਾ ਮੁੱਖ ਵਕਤਾ ਜਾਗਰ ਅਮਲੀ ਹੈ। ਅਮਲੀ ਦੀਆਂ ਕਹੀਆਂ ਹਕੀਕੀ ਗੱਲਾਂ ਕਈ ਬੁਰਾਈਆਂ ਦਾ ਪਾਜ਼ ਵੀ ਖੋਲ੍ਹਦੀਆਂ ਮਹਿਸੂਸ ਹੁੰਦੀਆਂ ਹਨ। ਅਮਲੀ ਦੀਆਂ ਕਹੀਆਂ ਗੱਲਾਂ ਦਾ ਆਮ ਲੋਕਾਂ ਗੁੱਸਾ ਵੀ ਘੱਟ ਹੀ ਕਰਿਆ ਕਰਦੇ ਹਨ। ਕਿਉਂਕਿ ਅਮਲੀਆਂ ਦੇ ਮਜ਼ਾਕੀਆ ਕਟਾਸ਼ 'ਨਿੰਮ ਨੂੰ ਪਤਾਸੇ ਲੱਗਣ' ਦੇ ਤੁੱਲ ਹੋ ਨਿਬੜਦੇ ਹਨ। ਬੇਸ਼ੱਕ ਹਰ ਵਿਰਸੇ ਵਿਚ ਮੋਤੀ (ਚੰਗਾ ਪੱਖ) ਵੀ ਹੁੰਦੇ ਤੇ ਕੌਡੀਆਂ(ਮਾੜਾ ਪੱਖ) ਵੀ ਹੁੰਦੀਆਂ ਨੇ।
ਆਮ ਬੰਬਾਰੀ ਤਬਾਹੀ ਹੀ ਹੁੰਦੀ ਹੈ ਪਰ ਮੇਰੇ ਪਿੰਡ ਦੀ ਸੱਥ 'ਚੋਂ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਵੱਲੋਂ ਕੀਤੀ ਗਈ ਸ਼ਬਾਦਵਲੀ ਦੀ ਬੰਬਾਰੀ ਕੁਝ ਨਵਾਂ ਉਸਾਰਦੀ/ਸਿਰਜਦੀ ਪ੍ਰਤੀਤ ਹੁੰਦੀ ਹੈ। ਨਸ਼ਿਆਂ ਦੇ ਹੜ੍ਹ ਨੂੰ ਠੱਲਣਾ, ਖੇਡ ਜਾਂ ਹੋਰ ਕਲਾਵਾਂ ਵਿਚੋਂ ਦੀ ਸਿਰਫ ਨੰਗੇਜ਼ ਨੂੰ ਝਾਕਣ ਦੀ ਥਾਂ ਖੇਡ/ਕਲਾ ਦੀ ਪ੍ਰਤਿਭਾ ਨੂੰ ਮਾਨਣਾ, ਵਹਿਮਾਂ-ਭਰਮਾਂ ਤੋਂ ਬਚਣਾ, ਸ਼ੈਤਾਨ ਦੇ ਪਾਣੀ/ਪਾਗਲ ਵਾਟਰ (ਸ਼ਰਾਬ ਜਾਂ ਹੋਰ ਨਸ਼ਿਆਂ) ਨੂੰ ਪ੍ਰਸ਼ਾਦ ਵਜੋਂ ਪੇਸ਼ ਕਰਕੇ ਗੁਰੂ, ਪੀਰਾਂ-ਫ਼ਕੀਰਾਂ ਦੀ ਨਿਰਾਦਰੀ/ਹੱਤਕ ਕਰਨ ਤੋਂ ਵਰਜਣਾ,ਧਾਰਮਿਕ- ਸਮਾਜਿਕ/ਰਾਜਨੀਤਕ ਕਿਰਿਆਵਾਂ ਲਈ ਲਾਊਡ ਸਪੀਕਰਾਂ ਦੇ ਰੌਲੇ-ਗੌਲੇ ਦੇ ਘਾਤਕ ਸਿੱਟੇ ਦਰਸਾਉਣੇ, ਕਿਰਤ ਦੀ ਬਰਕਤ, ਕਿਸਾਨ-ਵਰਗ ਦੀ ਤਰਾਸਦੀ ਨੂੰ ਉਭਾਰ ਕੇ ਜਾਗ੍ਰਿਤੀ ਲਈ ਹੋਕਾ ਦੇਣਾ, ਵਿਦੇਸ਼ੀ ਵੱਸਣ ਦੇ ਫਾਇਦੇ-ਨੁਕਸਾਨਾਂ ਨੂੰ ਵਿਚਾਰ ਕੇ ਆਪਣੇ ਵਸੇਬੇ ਦਾ ਰਾਹ ਚੁਣਨਾ ਆਦਿ ਵਿਸ਼ੇ 'ਮੇਰੇ ਪਿੰਡ ਦੀ ਸੱਥ 'ਚੋਂ' ਪਾਠਕ ਨੂੰ ਸਹਿਜ-ਸੁਭਾਅ ਹੀ ਲੱਭ ਜਾਂਦੇ ਹਨ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858


ਜਨਰਲ ਨਾਲੇਜ
ਸੰਗ੍ਰਹਿ ਕਰਤਾ : ਜਸਪ੍ਰੀਤ ਸਿੰਘ ਜਗਰਾਉਂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 60 ਰੁਪਏ, ਸਫ਼ੇ : 128.

ਦੇਸ਼-ਦੁਨੀਆ ਦੀ ਜਾਣਕਾਰੀ ਹਾਸਲ ਕਰਨੀ ਸਭ ਨੂੰ ਚੰਗੀ ਲੱਗਦੀ ਹੈ, ਪਰ ਭੁਲੱਕੜ ਮਾਨਸਿਕਤਾ ਕਈ ਵਾਰ ਹਾਸਲ ਕੀਤੀ ਜਾਣਕਾਰੀ ਨੂੰ ਵਿਸਾਰ ਛੱਡਦੀ ਏ। ਅਖ਼ਬਾਰਾਂ, ਰਸਾਲੇ, ਕਿਤਾਬਾਂ, ਟੀ.ਵੀ. ਚੈਨਲ ਸਾਨੂੰ ਕਿੰਨਾ ਕੁਝ ਸਿਖਾਉਂਦੇ ਨੇ, ਕਿੰਨੀਆਂ ਕੰਮ ਦੀਆਂ ਗੱਲਾਂ ਦੱਸਦੇ ਨੇ, ਪਰ ਕੁਝ ਸਮੇਂ ਬਾਅਦ ਗਿਆਨ ਦੀਆਂ ਉਹ ਗੱਲਾਂ ਸਾਡੀ ਯਾਦ ਸ਼ਕਤੀ ਵਿਚੋਂ ਕਿਰ ਜਾਂਦੀਆਂ ਨੇ। ਕਿੰਨਾ ਚੰਗਾ ਹੋਵੇ, ਜੇ ਗਿਆਨ ਦੀਆਂ ਉਨ੍ਹਾਂ ਗੱਲਾਂ ਨੂੰ ਇਕ ਕਿਤਾਬ ਵਿੱਚ ਬੰਦ ਕੀਤਾ ਜਾਵੇ। ਇਹ ਉੱਦਮ ਕੀਤਾ ਹੈ ਜਸਪ੍ਰੀਤ ਸਿੰਘ ਜਗਰਾਓਂ ਨੇ, ਜਿਸ ਨੇ ਆਪਣੀ ਪੁਸਤਕ 'ਜਨਰਲ ਨਾਲੇਜ' ਵਿੱਚ ਇਤਿਹਾਸ, ਮਿਥਿਹਾਸ, ਖੇਡਾਂ, ਰਾਜਨੀਤੀ, ਅਰਥ ਸ਼ਾਸ਼ਤਰ, ਚਲੰਤ ਮਾਮਲਿਆਂ ਤੇ ਹੋਰ ਵਿਸ਼ਿਆਂ ਬਾਰੇ ਵਡਮੁੱਲਾ ਗਿਆਨ ਦਰਜ ਕੀਤਾ ਹੈ। ਹੁਣ ਤੱਕ ਭਾਰਤ ਦੇ ਕਿਹੜੇ-ਕਿਹੜੇ ਰਾਸ਼ਟਰਪਤੀ ਹੋਏ ਨੇ ਤੇ ਉਹ ਕਦੋਂ ਤੋਂ ਕਦੋਂ ਤੱਕ ਰਾਸ਼ਟਰਪਤੀ ਰਹੇ। ਭਾਰਤ ਦੇ ਉਪ ਰਾਸ਼ਟਰੀ, ਪ੍ਰਧਾਨ ਮੰਤਰੀ, ਪੰਜਾਬ ਦੇ ਗਵਰਨਰ, ਪੰਜਾਬ ਦੇ ਮੁੱਖ ਮੰਤਰੀਆਂ ਸਮੇਤ ਸਿਆਸਤ ਨਾਲ ਸਬੰਧਤ ਵਡਮੁੱਲੀ ਜਾਣਕਾਰੀ ਸੰਖੇਪ ਸ਼ਬਦਾਂ ਵਿੱਚ ਦਿੱਤੀ ਹੈ। ਕਿਹੜੀ ਚੀਜ਼ ਦੀ ਖੋਜ ਕਦੋਂ ਹੋਈ ਤੇ ਕੀਹਨੇ ਕੀਤੀ, ਕਿਸ ਵਿਗਿਆਨੀ ਦਾ ਜਨਮ ਕਦੋਂ ਹੋਇਆ, ਕਦੋਂ ਮੌਤ ਹੋਈ, ਸਿੱਖ ਧਰਮ ਨਾਲ ਸਬੰਧਤ ਗੁਰੂ ਸਾਹਿਬਾਨਾਂ ਦੇ ਜਨਮ ਤੇ ਸ਼ਹੀਦੀ ਦਿਹਾੜਿਆਂ ਦਾ ਵੇਰਵਾ ਜਸਪ੍ਰੀਤ ਵੱਲੋਂ ਸੋਹਣੇ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਹੋ ਜਹੀਆਂ ਕਿਤਾਬਾਂ ਦੀ ਉਂਜ ਤਾਂ ਹਰ ਉਮਰ ਦੇ ਲੋਕਾਂ ਨੂੰ ਬਹੁਤ ਲੋੜ ਹੈ, ਪਰ ਬੱਚਿਆਂ ਲਈ ਇਹ ਗਿਆਨ ਵਰਧਕ ਪੁਸਤਕਾਂ ਬਹੁਤ ਜ਼ਰੂਰੀ ਨੇ, ਕਿਉਂਕਿ ਉਨ੍ਹਾਂ ਨੂੰ ਜ਼ਿੰਦਗੀ ਦੇ ਹਰ ਮੋੜ 'ਤੇ ਇਹੋ ਜਿਹੇ ਗਿਆਨ ਦੀ ਜ਼ਰੂਰਤ ਪੈਂਦੀ ਹੈ।

-ਸਵਰਨ ਸਿੰਘ ਟਹਿਣਾ
ਮੋ: 98141-78883

 

ਅਜੋਕੀ ਔਰਤ ਦੀ ਦਸ਼ਾ ਤੇ ਦਿਸ਼ਾ
ਸੰਪਾਦਕ : ਦਵਿੰਦਰ ਪ੍ਰੀਤ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 180 ਰੁਪਏ, ਸਫ਼ੇ : 120.

'ਅਜੋਕੀ ਔਰਤ ਦੀ ਦਸ਼ਾ ਤੇ ਦਿਸ਼ਾ' ਅਜੋਕੇ ਸਮਾਜ ਦਾ ਇਕ ਭਖਦਾ ਮਸਲਾ ਹੈ। ਮੁੱਢ ਵਿਚ ਡਾ: ਕੁਲਵੰਤ ਕੌਰ ਨੇ 'ਰਚਨਾ ਅਤੇ ਰਚੇਤੀ ਦਾ ਤੁਆਰਫ਼' ਬਹੁਤ ਹੀ ਵਿਸਥਾਰ ਨਾਲ ਤੇ ਗਿਆਨ ਵਰਧਕ ਢੰਗ ਨਾਲ ਕਰਵਾਉਂਦੇ ਹੋਏ ਔਰਤ ਦੀ ਹਰ ਸਮਾਜ ਵਿਚਲੀ ਸਥਿਤੀ ਨੂੰ ਸਪਸ਼ਟ ਕੀਤਾ ਹੈ ਤੇ ਇਸ ਦੇ ਕਾਰਨਾਂ ਅਨਪੜ੍ਹਤਾ ਤੇ ਅਗਿਆਨਤਾ ਨੂੰ ਉਲੀਕਿਆ ਹੈ ਅਤੇ ਸਮਾਜ ਨੂੰ ਚਿਤਾਵਨੀ ਦਿੱਤੀ ਹੈ ਕਿ ਧੀਆਂ ਨੂੰ ਬਣਦਾ ਸਥਾਨ ਤੇ ਸਤਿਕਾਰ ਦੇਈਏ। ਔਰਤ-ਸਨਮਾਨ-ਸਤਿਕਾਰ (ਇੰਦਰਜੀਤ ਕੌਰ ਘੁੰਮਣ) 'ਔਰਤ ਦਸ਼ਾ ਤੇ ਦਿਸ਼ਾ-ਸਵੈ-ਅਨੁਭਵ' (ਦਪਿੰਦਰ ਪ੍ਰੀਤ) ਵਿਚ ਔਰਤ ਨਾਲ ਸਬੰਧਤ ਬਹੁਤ ਸਾਰੀਆਂ ਪਰਤਾਂ ਨੂੰ ਉਘਾੜਿਆ ਹੈ।
ਕੁੜੀਆਂ ਖੰਡ ਦੀਆਂ ਪੁੜੀਆਂ, ਸਮੇਂ ਮਿਰਚਾਂ ਤੋਂ ਕੌੜੇ
ਯੁਗਾਂ ਯੁਗਾਂ ਤੋਂ ਭੁਰੀਆਂ, ਚੁੱਕ ਦੁੱਖਾਂ ਦੇ ਤੌੜੇ।
ਇਨ੍ਹਾਂ ਤੁਕਾਂ ਰਾਹੀਂ ਡਾ: ਗੁਰਮਿੰਦਰ ਸਿੱਧੂ ਨੇ ਔਰਤ ਦੀ ਦਸ਼ਾ ਨੂੰ ਰੂਪਮਾਨ ਕੀਤਾ ਹੈ। ਉਸ ਨੇ ਅਗਾਂਹਵਧੂ ਔਰਤਾਂ ਦਾ ਹਵਾਲਾ ਦੇ ਕੇ ਔਰਤ ਦੀ ਆਜ਼ਾਦੀ ਦਾ ਝੰਡਾ ਬੁਲੰਦ ਕੀਤਾ ਹੈ, ਜੋ ਸਮਾਜ ਦੇ ਹਰ ਖੇਤਰ ਵਿਚ ਵਿਚਰ ਰਹੀ ਹੈ। ਪਰ ਹਨ ਇਹ ਘਾਟੇ ਵਿਚ ਲੂਣ ਦੇ ਬਰਾਬਰ। ਬਾਕੀ ਔਰਤਾਂ ਦੀ ਸਥਿਤੀ ਸਰਵੇਖਣ ਅਨੁਸਾਰ ਅੰਕੜਿਆਂ ਸਮੇਤ ਪੇਸ਼ ਕੀਤੀ ਹੈ। ਮਲਕੀਅਤ ਬਸਰਾ ਨੇ 'ਔਰਤ ਦੀ ਕਹਾਣੀ' ਵਿਚ 'ਨਵੀਂ ਬੋਤਲ ਤੇ ਸ਼ਰਾਬ ਪੁਰਾਣੀ' ਵਾਲੀ ਸਥਿਤੀ ਦਰਸਾਈ ਹੈ। ਜੇ ਇਕ ਰੂਪਕ ਦਿਓਲ ਹੌਸਲਾ ਕਰ ਸਕਦੀ ਹੈ ਪਰ ਸਾਰੀਆਂ ਔਰਤਾਂ ਨਹੀਂ। ਅੱਜ ਵੀ ਕਤਲ ਹੋ ਰਹੇ ਹਨ, ਤੰਦੂਰ ਕਾਂਡ ਵਾਪਰ ਰਹੇ ਹਨ, ਔਰਤ ਦੀ ਥਾਂ ਨਾ ਪੇਕੇ ਘਰ ਹੈ ਤੇ ਨਾ ਹੀ ਸਹੁਰੇ। ਪਰਮਜੀਤ ਕੌਰ ਸਰਹਿੰਦ ਤੇ ਡਾ: ਕੁਲਬੀਰ ਕੌਰ (ਨਾਰੀਤਵ ਇਕ ਸ਼ਾਨ( ਗੁਰਬਚਨ ਕੌਰ ਕੋਚਰ (ਔਰਤ ਦੀਆਂ ਸਮੱਸਿਆਵਾਂ), ਪ੍ਰਿੰ: ਸਤਿੰਦਰ ਕੌਰ ਮਾਹਲ, ਸੁਰਿੰਦਰਜੀਤ ਕੌਰ (ਔਰਤ ਔਰਤ ਦੀ ਦੁਸ਼ਮਣ ਕਿੱਥੋਂ ਤੱਕ ਸੱਚ) ਦਲਜੀਤ ਕੌਰ ਦਾਊਂ (ਔਰਤ ਦਾ ਅਜੋਕਾ ਪ੍ਰਸੰਗ) ਲੇਖ ਔਰਤ ਦੇ ਹਰ ਵਰਗ ਨੂੰ ਉਲੀਕਦੇ ਤੇ ਉਨ੍ਹਾਂ ਦੀਆਂ ਅੱਡ-ਅੱਡ ਸਮੱਸਿਆਵਾਂ ਨੂੰ ਪੇਸ਼ ਕਰਦੇ ਹਨ। ਦੇਵਿੰਦਰ ਦੀਦਾਰ ਨੇ (ਸੁਨਹਿਰੀ ਮੇਖਾਂ ਜੜੀ ਜੁੱਤੀ) ਜਗੀਰ ਸਿੰਘ ਪ੍ਰੀਤ (ਅੱਧੀ ਆਬਾਦੀ ਬਨਾਮ ਔਰਤ) ਤੇ ਸ਼ਿੰਗਾਰਾ ਸਿੰਘ ਭੁੱਲਰ ਨੇ ਭਾਰਤੀ ਨਾਰੀ ਦੇ ਹੱਕਾਂ ਪ੍ਰਤੀ ਆਵਾਜ਼ ਬੁਲੰਦ ਕੀਤੀ ਹੈ। ਨਾਟਕਾਂ ਵਿਚ ਨਾਰੀ ਦੀ ਬਦਲਦੀ ਸਥਿਤੀ (ਪ੍ਰੋ: ਸਵਰਾਜ ਸੰਧੂ, ਗੁਰਿੰਦਰ ਕਲਸੀ) ਤੇ ਸਮੱਸਿਆਵਾਂ ਨੂੰ ਵਿਸਥਾਰ ਨਾਲ ਬਖੂਬੀ ਉਲੀਕਿਆ ਹੈ। ਬਚੀ-ਖੁਚੀ ਮਿੱਟੀ ਦਾ ਬੁੱਤ-ਔਰਤ (ਜੋਗਿੰਦਰ ਸਿੰਘ ਸਿਵੀਆ) ਨੇ ਔਰਤ ਦੀ ਹੋਂਦ ਨੂੰ ਦਰਸਾਉਣ ਦਾ ਯਤਨ ਕੀਤਾ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.


ਸੁਪਨੇ ਜੇਕਰ ਬੀਜਣੇ
ਲੇਖਕ : ਗੁਰਚਰਨ ਨੂਰਪੁਰ
ਪ੍ਰਕਾਸ਼ਨ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 112

ਗੁਰਚਰਨ ਨੂਰਪੁਰ ਬਹੁਤ ਵਿਦਵਾਨ ਲੇਖਕ ਹੈ ਜਿਸ ਨੂੰ ਅਸੀਂ ਲੇਖਾਂ ਰਾਹੀਂ ਅਖਬਾਰਾਂ-ਰਸਾਲਿਆਂ ਰਾਹੀਂ ਅਕਸਰ ਮਿਲਦੇ ਰਹਿੰਦੇ ਹਾਂ। 'ਸੁਪਨੇ ਜੇਕਰ ਬੀਜਣੇ' ਕਵਿਤਾਵਾਂ ਦੀ ਕਿਤਾਬ ਤੋਂ ਪਹਿਲਾਂ ਹੀ ਲੇਖਾਂ, ਕਹਾਣੀਆਂ, ਕਵਿਤਾ ਤੇ ਬਾਲ ਕਹਾਣੀਆਂ ਦੀਆਂ ਸੱਤ ਪੁਸਤਕਾਂ ਉਹਦੀ ਕਲਮ ਤੋਂ ਪੜ੍ਹ ਚੁੱਕੇ ਹਾਂ। ਉਹ ਆਪਣੀ ਹਰ ਕਵਿਤਾ ਵਿਚ ਮਨੁੱਖਤਾ ਵੱਲੋਂ ਚਲ ਰਹੇ ਉਸ ਕਾਫਲੇ ਦੀ ਗੱਲ ਕਰਦਾ ਜਿਹੜਾ ਕਾਫਲਾ ਆਪਣੀ ਮੰਜ਼ਲ ਵੱਲ ਦਿਨੋ-ਦਿਨ ਵਧ ਰਿਹਾ ਹੈ। 'ਤੁਰਨ ਲੱਗਾ ਹਾਂ ਮੈਂ ਆਪਣਾ ਫਰਜ਼ ਨਿਭਾਉਣ ਲਈ, ਮੈਨੂੰ ਜਾਣ ਦੇਹ ਸੱਜਣਾ। ਮੈਂ ਚਾਨਣ ਲੈ ਕੇ ਮੁੜਾਂਗਾ ਕਾਲਖਾਂ ਧੋਣ ਲਈ।' ਉਹਨੇ ਆਪਣੀਆਂ ਕਵਿਤਾਵਾਂ ਵਿਚ ਕਈ ਅਣਗੌਲੇ ਵਿਸ਼ੇ ਵੀ ਛੋਹੇ ਹਨ। ਉਹਦੀ ਇਸ ਕਿਤਾਬ ਵਿਚਲੀ ਹਰ ਰਚਨਾ ਇਕ ਚੁਣੌਤੀ ਹੈ ਇਸ ਸਮਾਜ ਦੇ ਨਾਂਅ। 'ਇਨ੍ਹਾਂ ਸੜਕਾਂ 'ਤੇ ਤੁਰਦਿਆਂ ਜ਼ਿੰਦਗੀ ਵੀ ਬਣ ਗਈ ਹੈ ਸੜਕ ਜਹੀ'। ਉਹਦੀ ਹਰ ਰਚਨਾ ਬਿਨਾਂ ਸਿਰ-ਪੈਰ ਤੋਂ ਨਹੀਂ ਤੁਰਦੀ, ਉਹ ਹਮੇਸ਼ਾ ਪਰਪੱਕਤਾ ਦੀ ਭਾਲ ਵਿਚ ਰਹਿੰਦਾ ਹੈ ਤੇ ਠੋਸ ਸਚਾਈਆਂ ਦੀ ਪੈਰਵਾਈ ਕਰਦਾ ਹੈ।' ਮੈਂ ਉਨ੍ਹਾਂ ਪਾਣੀਆਂ 'ਚ ਨਹੀਂ ਜੋ ਵਹਿ ਗਏ ਦਰਿਆਵਾਂ ਦੇ ਪਾਣੀਆਂ ਨਾਲ ਚੁੱਪ-ਚਾਪ ਤੇ ਗੁਆਚ ਗਈ ਸਮੁੰਦਰ ਦੀਆਂ ਲਹਿਰਾਂ ਵਿਚ, ਉਨ੍ਹਾਂ ਦੀ ਹੋਂਦ। ਮੈਂ ਤਾਂ ਚਸ਼ਮਾ ਹਾਂ-ਮੈਂ ਫੁੱਟਦਾ ਰਹਾਂਗਾ-ਮੈਂ ਵਹਿੰਦਾ ਰਹਾਂਗਾ। ਗੁਰਚਰਨ ਦੀ ਇਸ ਕਿਤਾਬ ਵਿਚਲੀ ਹਰ ਰਚਨਾ ਦਾ ਨਿਵੇਕਲਾ ਰੰਗ ਹੈ ਤੇ ਵਿਸ਼ੇ ਵੀ ਰੋਜ਼ਾਨਾ ਦੀ ਜ਼ਿੰਦਗੀ ਦੇ ਸਫ਼ਰ ਵਿਚੋਂ ਨਿਕਲੇ ਹੋਏ 'ਚਾਵਾਂ ਸੱਧਰਾਂ ਦੀ ਅਰਥੀ ਉਠਾ ਲਵਾਂਗੇ, ਅਸੀਂ ਟਿੱਬਿਆਂ ਦੀ ਜੂਨ ਹੰਢਾਅ ਲਵਾਂਗੇ।' ਉਹਦੀ ਕਵਿਤਾ ਵਿਚ ਸਮੁੰਦਰ ਡੀਕ ਲੈਣ ਦੀ ਪਿਆਰ ਵੀ ਹੈ ਤੇ ਮਾਰੂਥਲਾਂ ਵਿਚ ਸੜਦੇ ਕਦਮਾਂ ਦੀ ਚੀਸ ਵੀ।

-ਬੀਬਾ ਕੁਲਵੰਤ
ਮੋ: 98761-23151

5-05-2013

 ਤੀਸਰਾ ਨੇਤਰ
ਸੰਪਾਦਕ : ਸਵਰਨਜੀਤ ਕੌਰ ਉੱਭਾ, ਪਰਮਿੰਦਰ ਕੌਰ ਕਰਾਂਤੀ
ਪ੍ਰਕਾਸ਼ਕ : ਜ਼ੋਹਰਾ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 122.

'ਤੀਸਰਾ ਨੇਤਰ' ਪੰਜਾਬ ਸਕੂਲ ਸਿੱਖਿਆ ਵਿਭਾਗ ਨਾਲ ਸਬੰਧਤ ਦੋ ਕਰਮਸ਼ੀਲ ਅਧਿਆਪਕਾਵਾਂ ਸ੍ਰੀਮਤੀ ਸਵਰਨਜੀਤ ਕੌਰ ਉੱਭਾ ਅਤੇ ਸ੍ਰੀਮਤੀ ਪਰਮਿੰਦਰ ਕੌਰ ਕਰਾਂਤੀ ਦੁਆਰਾ ਸੰਪਾਦਿਤ 20 (11 ਪੰਜਾਬੀ ਅਤੇ 9 ਅੰਗਰੇਜ਼ੀ) ਲੇਖਾਂ ਦਾ ਸੰਗ੍ਰਹਿ ਹੈ। ਇਨ੍ਹਾਂ ਲੇਖਾਂ ਵਿਚ ਪੰਜਾਬ ਦੀ ਮੌਜੂਦਾ ਸਿੱਖਿਆ ਪ੍ਰਣਾਲੀ ਨਾਲ ਸਬੰਧਤ ਸਰੋਕਾਰਾਂ ਬਾਰੇ ਵਿਚਾਰ-ਚਰਚਾ ਕੀਤੀ ਗਈ ਹੈ। ਪੂੰਜੀਵਾਦੀ ਯੁੱਗ ਦੇ ਦਬਾਵਾਂ ਅਧੀਨ ਸਾਡੀ ਸਿੱਖਿਆ ਪ੍ਰਣਾਲੀ ਬੁਰੀ ਤਰ੍ਹਾਂ ਨਾਲ ਟੁੱਟ-ਭੱਜ ਗਈ ਹੈ। ਸਮਾਜ ਦੇ ਹੋਰ ਵਰਗਾਂ ਵਾਂਗ ਸਾਡੇ ਅਧਿਆਪਕ ਵੀ ਵਿਅਕਤੀਵਾਦੀ/ਆਤਮ-ਕੇਂਦਰਿਤ ਹੋ ਗਏ ਹਨ। ਉਹ ਪੜ੍ਹਨ-ਪੜ੍ਹਾਉਣ ਨੂੰ ਸਮਾਜਿਕ ਸੇਵਾ ਜਾਂ ਕੋਈ ਪਵਿੱਤਰ ਕੰਮ ਨਹੀਂ ਮੰਨਦੇ ਬਲਕਿ ਉਨ੍ਹਾਂ ਦੇ ਨਜ਼ਦੀਕ ਅਧਿਆਪਨ-ਕਾਰਜ ਵੀ ਇਕ ਤਰ੍ਹਾਂ ਦਾ 'ਪੇਸ਼ਾ' ਹੈ। 1980 ਈ: ਤੋਂ ਬਾਅਦ ਪੰਜਾਬ ਵਿਚ ਧੜਾਧੜ ਕਥਿਤ ਪਬਲਿਕ ਜਾਂ ਮਾਡਲ ਸਕੂਲ ਖੁੱਲ੍ਹਦੇ ਗਏ ਹਨ, ਜਿਸ ਦੇ ਸਿੱਟੇ ਵਜੋਂ ਸਰਕਾਰੀ ਸਕੂਲਾਂ ਦੀ ਭੂਮਿਕਾ ਹਾਸ਼ੀਏ ਉੱਪਰ ਆ ਗਈ ਹੈ। ਵਿਦਵਾਨ ਸੰਪਾਦਕਾਵਾਂ ਨੇ ਪੰਜਾਬੀ ਭਾਗ ਵਿਚ ਬਹੁਤ ਸਾਰੇ ਪ੍ਰੋਫੈਸ਼ਨਲ ਕਿਸਮ ਦੇ ਲੇਖਕਾਂ ਨੂੰ ਵੀ ਸ਼ਾਮਿਲ ਕਰ ਲਿਆ ਹੈ, ਇਸ ਨਾਲ ਪੁਸਤਕ ਦੀ ਸ਼ੋਭਾ ਕਾਫੀ ਵਧ ਗਈ ਹੈ। ਡਾ: ਧਰਮਿੰਦਰ ਸਿੰਘ ਉੱਭਾ ਦਾ ਲੇਖ ਸਮਕਾਲੀ ਸਰੋਕਾਰਾਂ ਨੂੰ ਮੁਖ਼ਾਤਿਬ ਹੈ। ਉਸ ਅਨੁਸਾਰ ਸਰਕਾਰੀ ਕਾਲਜ ਕਾਫੀ ਸਮੇਂ ਤੋਂ ਅਣਗੌਲੇ ਹੀ ਚੱਲ ਰਹੇ ਹਨ, ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੀ ਸਥਿਤੀ ਵੀ ਇਸ ਸਮੇਂ ਬਹੁਤੀ ਵਧੀਆ ਨਹੀਂ ਹੈ। ਪੇਸ਼ਾਵਰ ਕਿਸਮ ਦੀ ਸਿੱਖਿਆ ਦੇਣ ਵਾਲੇ ਅਦਾਰੇ ਮੁਨਾਫ਼ਾ ਕਮਾਉਣ ਵਾਲੀਆਂ ਦੁਕਾਨਾਂ ਹਨ। (ਪੰਨੇ 43-44) ਪ੍ਰਿੰਸੀਪਲ ਅਜੀਤ ਸਿੰਘ ਭੁੱਟੀ ਅਨੁਸਾਰ ਕਿੱਤਾਮੁਖੀ ਵਿਦਿਅਕ ਪ੍ਰਣਾਲੀ ਸਮੇਂ ਦੀ ਲੋੜ ਹੈ। ਵਿਦਿਆਰਥੀਆਂ ਨੂੰ ਸ਼ੁਰੂ ਤੋਂ ਹੀ ਕਿੱਤਾਮੁਖੀ ਕੋਰਸ ਕਰਵਾਏ ਜਾਣੇ ਚਾਹੀਦੇ ਹਨ। (ਪੰਨਾ 55) ਡਾ: ਚਰਨਜੀਤ ਕੌਰ ਸਿੱਖਿਆ ਨੂੰ ਔਰਤ ਦੀ ਮੁਕਤੀ ਦਾ ਅਧਿਕਾਰ ਮੰਨਦੀ ਹੈ ਕਿਉਂਕਿ ਇਹ ਔਰਤ ਨੂੰ ਸਵੈ-ਸੰਪੂਰਨਤਾ ਬਖ਼ਸ਼ਦੀ ਹੈ। (ਪੰਨਾ 64) ਪ੍ਰੋ: ਅਛਰੂ ਸਿੰਘ ਨੇ ਅੰਗਰੇਜ਼ੀ ਭਾਗ ਵਿਚ ਆਪਣੇ ਅਧਿਆਪਕ ਡਾ: ਦਰਸ਼ਨ ਸਿੰਘ ਮੈਨੀ ਪ੍ਰਤੀ ਆਪਣਾ ਆਭਾਰ ਪ੍ਰਗਟ ਕੀਤਾ ਹੈ। ਡਾ: ਸਵਰਾਜ ਪਾਲ ਸਿੰਘ ਨੇ ਐਲਵਿਨ ਟੌਫਲਰ (ਦ ਥਰਡ ਵੇਵ, 1990) ਦੇ ਹਵਾਲੇ ਨਾਲ ਉੱਤਰ-ਉਦਯੋਗਮਈ ਸਮਾਜ ਵਿਚ ਸਿੱਖਿਆ-ਪ੍ਰਣਾਲੀਆਂ ਦੀਆਂ ਬਦਲਦੀਆਂ ਜ਼ਰੂਰਤਾਂ ਵੱਲ ਧਿਆਨ ਦਿਵਾਇਆ ਹੈ। (ਪੰਨੇ 83-89) ਪ੍ਰੋ: ਜਸਪ੍ਰੀਤ ਕੌਰ, ਵੰਦਨਾ ਅਗਰਵਾਲ, ਡਾ: ਕਸ਼ਮੀਰ ਸਿੰਘ, ਤਰਵਿੰਦਰਜੀਤ ਕੌਰ, ਗਗਨਦੀਪ ਕੌਰ ਅਤੇ ਪੀ. ਕੇ. ਅਰੋੜਾ, ਅੰਗਰੇਜ਼ੀ ਭਾਗ ਦੇ ਕੁਝ ਹੋਰ ਮਹੱਤਵਪੂਰਨ ਲੇਖਕ ਹਨ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਗਿੱਲ ਮੋਰਾਂਵਾਲੀ ਦੀ ਸ਼ਾਇਰੀ
ਲੇਖਕ : ਡਾ: ਭੁਪਿੰਦਰ ਕੌਰ
ਪ੍ਰਕਾਸ਼ਕ : ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 176

ਮਹਿੰਦਰ ਸਿੰਘ ਗਿੱਲ (ਜਨਮ 1937) 1970 ਤੋਂ ਲੈ ਕੇ ਹੁਣ ਤੱਕ ਨਿਰੰਤਰ ਕੈਨੇਡਾ ਵਿਚ ਹੀ ਪਰਵਾਸੀ ਪੰਜਾਬੀ ਵਜੋਂ ਗੁਜ਼ਰ ਬਸਰ ਕਰ ਰਿਹਾ ਹੈ। ਪੰਜਾਬ ਤੋਂ ਦੂਰ ਰਹਿ ਕੇ ਉਸ ਨੂੰ ਪੰਜਾਬ ਚੇਤੇ ਆਉਂਦਾ ਹੈ। ਆਪਣੇ ਪੰਜਾਬ ਦੀ ਜ਼ੁਬਾਨ ਤੇ ਪੰਜਾਬ ਦੀਆਂ ਸਵੱਛ ਕਦਰਾਂ ਕੀਮਤਾਂ ਦਾ ਹੇਰਵਾ ਹੁੰਦਾ ਹੈ। ਆਪਣੇ ਇਸ ਹੇਰਵੇ ਨੂੰ ਉਹ ਵਾਰ-ਵਾਰ ਸਾਹਿਤ ਕਿਰਤਾਂ ਵਿਚ ਰੂਪਾਂਤਰਿਤ ਕਰਦਾ ਹੈ। ਆਪਣੇ ਹੀ ਲੋਕਾਂ ਦੇ ਦਿੱਤੇ ਦਰਦ ਅਤੇ ਫਿਰ ਨਿਕਟੀ ਰਿਸ਼ਤੇਦਾਰਾਂ ਦੇ ਸਦੀਵੀ ਵਿਛੋੜੇ ਨੇ ਉਸ ਦੀ ਉਦਾਸੀ ਨੂੰ ਚਿੰਤਨ ਵਲ ਤੋਰਿਆ ਹੈ। ਉਹ ਆਪਣਿਆਂ, ਪਰਾਇਆਂ ਵਿਚ ਆਪਣੀ ਪਛਾਣ ਬਣਾਉਣ ਲਈ ਸਿਰੜ ਨਾਲ ਕਲਮ ਚਲਾ ਰਿਹਾ ਹੈ। ਬਹੁਤਾ ਤੇ ਨਿਰੰਤਰ ਲਿਖ ਰਿਹਾ ਹੈ। ਨਿਰੰਤਰ ਛਪ ਵੀ ਰਿਹਾ ਹੈ। ਇਕ ਕਾਹਲ ਜੇਹੀ ਹੈ ਉਸ ਵਿਚ ਜਿਵੇਂ ਇਸ ਕਾਹਲ ਕਾਰਨ ਕਿਤੇ ਕਿਤੇ ਉਸ ਵਿਚ ਕਲਾਤਮਕ ਕਚਿਆਈ ਵੀ ਹੈ, ਪਰ ਕੁੱਲ ਮਿਲਾ ਕੇ ਉਸ ਦੀ ਪ੍ਰਾਪਤੀ ਔਸਤਨ ਪਰਵਾਸੀ ਕਵੀਆਂ ਦੇ ਮੁਕਾਬਲੇ ਪ੍ਰਸੰਸਾਯੋਗ ਹੈ। ਉਸ ਨੂੰ ਪੰਜਾਬੀ ਦੇ ਅਕਾਦਮਿਕ ਹਲਕੇ, ਸੰਪਾਦਕ, ਅਧਿਆਪਕ ਤੇ ਆਲੋਚਕ ਸ਼ੁਰੂ ਤੋਂ ਗੌਲਦੇ ਰਹੇ ਹਨ। ਸ਼ਿਵ, ਮੀਸ਼ਾ, ਅਟਾਰੀ, ਜਗਤਾਰ ਜਿਹੇ ਸਾਹਿਤਕਾਰਾਂ ਨੇ ਸ਼ੁਰੂ ਵਿਚ ਹੀ ਉਸ ਦੀ ਹੌਸਲਾ ਅਫ਼ਜਾਈ ਕੀਤੀ. ਸਮੇਂ ਦੇ ਬੀਤਣ ਨਾਲ ਸਮਕਾਲੀ ਆਲੋਚਕਾਂ ਦੇ ਵੱਡੇ ਨਾਂਅ ਵੀ ਉਸ ਦੇ ਪ੍ਰਸੰਸਕ ਬਣੇ ਹਨ। ਕਰਨਜੀਤ, ਨੂਰ, ਭੁੱਲਰ, ਬ੍ਰਹਮ ਜਗਦੀਸ਼ ਜਿਹੇ ਨਾਂਅ ਇਨ੍ਹਾਂ ਵਿਚ ਸ਼ਾਮਿਲ ਹਨ। ਉਸ ਦੀਆਂ ਸਾਹਿਤਕ ਰਚਨਾਵਾਂ ਬਾਰੇ ਸੰਪਾਦਿਤ ਪੁਸਤਕਾਂ ਵੀ ਕਈ ਛਪੀਆਂ ਹਨ। ਭੁਪਿੰਦਰ ਕੌਰ ਦੀ ਪੁਸਤਕ ਇਸੇ ਲੜੀ ਵਿਚ ਨਵਾਂ ਉੱਦਮ ਹੈ। ਇਹ ਗਿੱਲ ਮੋਰਾਂਵਾਲੀ ਦੇ ਸਾਹਿਤਕ ਨਾਂਅ ਨਾਲ ਚਰਚਿਤ ਮਹਿੰਦਰ ਸਿੰਘ ਗਿੱਲ ਦੀਆਂ ਪੰਜ ਸੌ ਦੇ ਕਰੀਬ ਕਾਵਿ ਟੁਕੜੀਆਂ ਦਾ ਵਿਸ਼ੇ ਤੇ ਰੂਪ ਪੱਖੋਂ ਵਿਸ਼ਲੇਸ਼ਣ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ : 98722-60550

28-04-2013

 ਆਪਣੇ ਆਪਣੇ ਘਾਟ
ਕਹਾਣੀਕਾਰ : ਦਵਿੰਦਰ ਮੰਡ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼, ਜਲੰਧਰ
ਮੁੱਲ : 150 ਰੁਪਏ, ਸਫ਼ੇ : 88.

ਦਵਿੰਦਰ ਮੰਡ ਪੰਜਾਬੀ ਕਹਾਣੀ ਦੇ ਖੇਤਰ ਵਿਚ ਇਕ ਵਿਸ਼ਿਸ਼ਟ ਹਸਤਾਖਰ ਹੈ। ਇਸ ਸੰਗ੍ਰਹਿ ਵਿਚ ਉਸ ਦੀਆਂ 10 ਕਹਾਣੀਆਂ ਸੰਗ੍ਰਹਿਤ ਹਨ। ਉਸ ਦੀਆਂ ਕਹਾਣੀਆਂ ਵਿਚ ਵੇਰਵਿਆਂ ਦੀ ਬਜਾਇ ਵਿਸ਼ਲੇਸ਼ਣ ਉੱਪਰ ਬਲ ਦਿੱਤਾ ਜਾਂਦਾ ਹੈ। ਉਸ ਦੀਆਂ ਕਹਾਣੀਆਂ ਦੇ ਵਿਸ਼ੈ ਕਾਫੀ ਵੰਨ-ਸੁਵੰਨੇ ਹੁੰਦੇ ਹਨ। ਉਹ ਪਾਤਰ-ਪ੍ਰਧਾਨ ਕਹਾਣੀਆਂ ਲਿਖਣ ਵਿਚ ਦਿਲਚਸਪੀ ਰੱਖਦਾ ਹੈ। ਉਸ ਦੀਆਂ ਕਹਾਣੀਆਂ ਦੇ ਮੁੱਖ ਪਾਤਰ ਜੀਵਨ ਦੀਆਂ ਸਵਸਥ ਕਦਰਾਂ-ਕੀਮਤਾਂ ਦੀ ਵਕਾਲਤ ਕਰਨ ਵਾਲੇ ਅਜਿਹੇ ਭਲੇ ਲੋਕ ਹੁੰਦੇ ਹਨ, ਜੋ ਪੂੰਜੀਵਾਦ ਅਤੇ ਅਵਸਰਵਾਦ ਦੇ ਤੇਜ਼ ਝੱਖੜ ਵਿਚ ਜ਼ਮਾਨੇ ਨਾਲ ਕਦਮ ਮਿਲਾ ਕੇ ਚੱਲਣੋਂ ਇਨਕਾਰੀ ਹਨ। ਉਹ ਟੁੱਟ ਤਾਂ ਜਾਂਦੇ ਹਨ ਪਰ ਲਿਫ਼ਦੇ ਨਹੀਂ ਹਨ। 'ਤਿੰਨ ਟਿਕਟਾਂ ਲਾਹੌਰ' ਦਾ ਮੁੱਖ ਪਾਤਰ ਸੱਗੂ ਸਿੰਘ ਤੂਫ਼ਾਨੀ ਵੀ ਇਕ ਇਹੋ ਜਿਹਾ ਕਿਰਦਾਰ ਹੈ, ਜਿਸ ਦੀ ਪਤਨੀ ਨੂੰ ਅਮਰੂ ਨਾਂਅ ਦਾ ਇਕ ਬਦਮਾਸ਼ ਜ਼ਬਰਦਸਤੀ ਖੋਹ ਕੇ ਲੈ ਗਿਆ ਸੀ ਅਤੇ ਇਕ ਮੁਸਲਿਮ ਔਰਤ ਹੋਣ ਦੇ ਕਾਰਨ ਬਾਅਦ ਵਿਚ ਉਸ ਨੂੰ ਪਾਕਿਸਤਾਨ ਰਵਾਨਾ ਕਰ ਦਿੱਤਾ ਗਿਆ ਸੀ। ਤੂਫ਼ਾਨੀ ਸਾਰੀ ਉਮਰ ਆਪਣੀ ਪਤਨੀ ਦੀ ਯਾਦ ਵਿਚ ਤੜਪਦਾ-ਵਿਲਕਦਾ ਰਿਹਾ ਅਤੇ ਅੰਤ ਵਿਚ ਲਾਹੌਰ ਨੂੰ ਜਾਣ ਵਾਲੀ ਸਰਹੱਦ-ਬੱਸ ਵਿਚ ਟੱਕਰ ਮਾਰ ਕੇ ਮਰ ਗਿਆ। ਅਜਿਹੇ ਸੰਵੇਦਨਸ਼ੀਲ ਵਿਸ਼ੈ ਨੂੰ ਦਵਿੰਦਰ ਮੰਡ ਨੇ ਬਹੁਤ ਚੰਗੀ ਤਰ੍ਹਾਂ ਨਾਲ ਨਿਭਾਇਆ ਹੈ।
ਪ੍ਰੋ: ਮੰਡ ਇਕ ਜਾਗਰੂਕ ਅਤੇ ਪ੍ਰਗਤੀਸ਼ੀਲ ਲੇਖਕ ਹੈ। ਇਸ ਕਾਰਨ ਉਹ ਵਹਿਮਾਂ-ਭਰਮਾਂ ਅਤੇ ਅੰਧ-ਵਿਸ਼ਵਾਸਾਂ ਉਪਰ ਕਠੋਰ ਵਿਅੰਗ ਵੀ ਕਰਦਾ ਹੈ। ਉਹ ਦਲਿਤ ਚੇਤਨਾ ਨਾਲ ਸਬੰਧਤ ਸਰੋਕਾਰਾਂ ਨੂੰ ਵੀ ਆਪਣੀਆਂ ਕਈ ਕਹਾਣੀਆਂ ਦੀ ਵਸਤੂ-ਸਮੱਗਰੀ ਬਣਾਉਂਦਾ ਹੈ। 'ਸੱਪ' ਅਤੇ 'ਆਪਣੇ ਆਪਣੇ ਘਾਟ' ਵਿਚ ਉਹ ਦਲਿਤ ਸਮਾਜ ਦੀਆਂ ਔਕੜਾਂ ਅਤੇ ਜਟਿਲਤਾਵਾਂ ਨੂੰ ਅਗਰਭੂਮੀ ਵਿਚ ਲਿਆਉਂਦਾ ਹੈ। 'ਜੁਗਨੂੰ ਤੇ ਵੱਡਾ ਕਾਮਰੇਡ' ਵਿਚ ਲੇਖਕ ਦਰਸਾਉਂਦਾ ਹੈ ਕਿ ਅਜੋਕੇ ਪੂੰਜੀਵਾਦੀ-ਪ੍ਰਬੰਧ ਅਤੇ ਭ੍ਰਿਸ਼ਟ ਵਿਵਸਥਾ ਵਿਚ ਸੱਚੇ-ਸੁੱਚੇ ਕਾਮਰੇਡ ਵਰਕਰਾਂ ਨੂੰ ਕੋਈ ਨਹੀਂ ਪੁੱਛਦਾ। 'ਸਿੰਮਲ ਦਾ ਰੁੱਖ', ਲੇਖਕ ਨਾਲ ਸਬੰਧਤ ਕੋਈ ਸਤਿ-ਕਥਾ ਪ੍ਰਤੀਤ ਹੁੰਦੀ ਹੈ, ਕਿਉਂਕਿ ਸੱਚ ਹੀ ਸਭ ਤੋਂ ਵੱਧ ਹੈਰਾਨੀਜਨਕ ਹੁੰਦਾ ਹੈ : ਟਰੁੱਥ ਇਜ਼ ਸਟਰੇਂਜਰ ਦੈਨ ਫਿਕਸ਼ਨ। 'ਚੜ੍ਹਾਵਾ' ਇਕ ਵਿਅੰਗ-ਕਥਾ ਤਾਂ ਹੈ ਹੀ; ਲੇਖਕ ਨੇ ਇਸ ਵਿਚ ਸੱਭਿਆਚਾਰਕ ਕਦਰਾਂ-ਕਮਤਾਂ ਦੇ ਰੂਪਾਂਤਰਣ ਦੀ ਵੀ ਬੜੀ ਵਿਸ਼ਵਾਸਯੋਗ ਝਾਕੀ ਪੇਸ਼ ਕੀਤੀ ਹੈ। ਦਵਿੰਦਰ ਮੰਡ ਨੂੰ ਕਹਾਣੀ ਸੁਣਾਉਣ ਦੀ ਜਾਚ ਹੈ; ਉਹ ਕਹਾਣੀ ਦੀ ਸੰਪੂਰਨ ਵਸਤੂ-ਸਾਮਗਰੀ ਨੂੰ ਛੋਟੇ-ਛੋਟੇ ਭਾਗਾਂ ਵਿਚ ਵਿਭਾਜਿਤ ਕਰਕੇ ਅਤੇ ਵੇਰਵਿਆਂ ਦੀ ਕਾਲਕ੍ਰਮਿਕ ਤਰਤੀਬ ਨੂੰ ਅੱਗੇ-ਪਿੱਛੇ ਕਰਕੇ ਬੜੇ ਸਹਿਜ ਭਾਵ ਨਾਲ ਆਪਣੀਆਂ ਕਹਾਣੀਆਂ ਨੂੰ ਨੈਰੇਟ ਕਰਦਾ ਹੈ। ਉਹ ਇਕ ਬਹੁਤ ਸੁਚੱਜਾ ਅਤੇ ਸੁਲਝਿਆ ਹੋਇਆ ਕਥਾਵਾਚਕ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਨੇਤਾ ਜੀ ਸੁਭਾਸ਼ ਚੰਦਰ ਬੋਸ
ਲੇਖਕ : ਸਿਸਿਰ ਕੁਮਾਰ ਬੋਸ
ਪ੍ਰਕਾਸ਼ਕ : ਨੈਸ਼ਨਲ ਬੁਕ ਟਰੱਸਟ, ਇੰਡੀਆ, ਨਵੀਂ ਦਿੱਲੀ
ਮੁੱਲ : 75 ਰੁਪਏ, ਸਫ਼ੇ : 136.

ਹੱਥਲੀ ਪੁਸਤਕ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜੀਵਨੀ ਹੈ, ਜਿਸ ਨੂੰ ਉਨ੍ਹਾਂ ਦੇ ਭਤੀਜੇ ਸਿਸਿਰ ਕੁਮਾਰ ਬੋਸ ਨੇ ਕਲਮਬੱਧ ਕੀਤਾ ਹੈ। ਇਸ ਦਾ ਪੰਜਾਬੀ ਅਨੁਵਾਦ ਪੰਜਾਬੀ ਹਿੰਦੀ ਦੇ ਵਿਦਵਾਨ ਸ਼ਾਇਰ ਡਾ: ਨਰੇਸ਼ ਵੱਲੋਂ ਕੀਤਾ ਗਿਆ ਹੈ। ਨੇਤਾ ਜੀ ਦੀ ਜੀਵਨ ਤੇ ਮੌਤ ਬਾਰੇ ਬਹੁਤ ਸਾਰੀਆਂ ਕ੍ਰਾਂਤੀਆਂ ਪਾਈਆਂ ਜਾਂਦੀਆਂ ਹਨ, ਜਿਨ੍ਹਾਂ ਦਾ ਹੱਲ ਅੱਜ ਤੱਕ ਵੀ ਪ੍ਰਾਪਤ ਨਹੀਂ ਹੋ ਸਕਿਆ। ਹਰੇਕ ਜੀਵਨੀਕਾਰ ਨੇ ਆਪਣੇ-ਆਪਣੇ ਢੰਗ ਨਾਲ ਉਨ੍ਹਾਂ ਦੀ ਜ਼ਿੰਦਗੀ ਦੇ ਵੇਰਵੇ ਪੇਸ਼ ਕਰਨ ਦਾ ਯਤਨ ਕੀਤਾ ਹੈ। ਸਿਸਿਰ ਕੁਮਾਰ ਬੋਸ ਚੂੰਕਿ ਨੇਤਾ ਜੀ ਦੇ ਪਰਿਵਾਰਕ ਮੈਂਬਰਾਂ 'ਚੋਂ ਇਕ ਹੈ, ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਦੇ ਵੇਰਵੇ ਤੇ ਘਟਨਾਵਾਂ ਅੱਖੀਂ ਦੇਖੀਆਂ ਹਨ, ਇਸ ਲਈ ਇਸ ਜੀਵਨੀ ਨੂੰ ਬਹੁਤ ਹੀ ਤਰਕਸੰਗਤ ਮੰਨਿਆ ਜਾ ਸਕਦਾ ਹੈ। ਵਿਦਿਆਰਥੀ ਜੀਵਨ ਤੋਂ ਹੀ ਨੇਤਾ ਜੀ ਕੁਝ ਵੱਖਰੇ ਰੰਗ-ਢੰਗ ਦੇ ਵਿਅਕਤੀ ਸੀ, ਜਿਨ੍ਹਾਂ ਨੇ ਛੋਟੀ ਉਮਰ 'ਚ ਹੀ ਵਿਵੇਕਾਨੰਦ, ਸਵਾਮੀ ਰਾਮ ਕ੍ਰਿਸ਼ਨ ਪਰਮਹੰਸ, ਅਰਵਿੰਦੋ ਘੋਸ ਤੇ ਦੇਸ਼ ਬੰਧੂ ਚਿਤਰੰਜਨ ਦਾਸ ਦਾ ਅਸਰ ਕਬੂਲਦਿਆਂ ਜ਼ਿੰਦਗੀ ਚਲਾਉਣ ਦੇ ਅਤਿਅੰਤ ਨਵੇਂ ਪ੍ਰਯੋਗ ਕੀਤੇ। ਯੋਗ ਤੇ ਦਰਸ਼ਨ ਸ਼ਾਸਤਰ ਦੀ ਸਿੱਖਿਆ ਰਾਹੀਂ ਜੀਵਨ ਨੂੰ ਤਾਰਕਿਕ ਬਣਾਉਣ ਦਾ ਯਤਨ ਕੀਤਾ। ਗਾਂਧੀ ਜੀ ਨਾਲ ਭਾਵੇਂ ਉਨ੍ਹਾਂ ਦੀ ਵਿਚਾਰਧਾਰਕ ਵਿੱਥ ਬਣੀ ਸੀ ਪਰ ਉਹ ਉਨ੍ਹਾਂ ਦਾ ਸਨਮਾਨ ਵੀ ਕਰਦੇ ਸਨ। ਉਨ੍ਹਾਂ ਦਾ ਖਿਆਲ ਸੀ ਕਿ ਅੰਗਰੇਜ਼ਾਂ ਤੋਂ ਆਜ਼ਾਦੀ ਲੜਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਤਾਂ ਆਜ਼ਾਦ ਹਿੰਦ ਫ਼ੌਜ ਦਾ ਨਿਰਮਾਣ ਕਰਕੇ ਭਾਰਤ ਦੀ ਪੂਰਨ ਸੁਤੰਤਰਤਾ ਦਾ ਐਲਾਨ ਦੋ-ਤਿੰਨ ਵਰ੍ਹੇ ਪਹਿਲੋਂ ਹੀ ਕਰ ਦਿੱਤਾ ਸੀ। ਆਜ਼ਾਦੀ ਦੇ ਨੇੜੇ ਪਹੁੰਚਦਿਆਂ ਹੀ, ਜਾਪਾਨ ਦੀ ਹਾਰ ਹੋ ਜਾਣ ਕਾਰਨ, ਉਨ੍ਹਾਂ ਦੀਆਂ ਯੋਜਨਾਵਾਂ ਢਹਿ-ਢੇਰੀ ਹੋ ਗਈਆਂ। ਉਨ੍ਹਾਂ ਦਾ ਆਪਣਾ ਜਹਾਜ਼ ਵੀ ਹਾਦਸਾਗ੍ਰਸਤ ਹੋ ਗਿਆ, ਜਿਸ ਨਾਲ ਉਨ੍ਹਾਂ ਦੀ ਮ੍ਰਿਤੂ ਹੋ ਗਈ। ਨੇਤਾ ਜੀ ਜਿਹੇ ਨਿਡਰ ਇਮਾਨਦਾਰ ਦੇਸ਼ ਭਗਤਾਂ ਦੀ ਅੱਜ ਵੀ ਓਨੀ ਹੀ ਲੋੜ ਹੈ, ਜਿੰਨੀ ਆਜ਼ਾਦੀ ਤੋਂ ਪਹਿਲਾਂ ਸੀ। ਇਸ ਜੀਵਨੀ 'ਚ ਇਤਿਹਾਸਕ ਤੱਥਾਂ ਦੀ ਇਮਾਨਦਾਰੀ ਨਾਲ ਵਰਤੋਂ ਕੀਤੀ ਗਈ ਹੈ ਤੇ ਨੇਤਾ ਜੀ ਦੇ ਜੀਵਨ ਬਾਰੇ ਪਏ ਭਰਮ-ਭੁਲੇਖਿਆਂ ਤੋਂ ਪਰਦਾ ਚੁੱਕਿਆ ਗਿਆ ਹੈ। ਸਾਡੇ ਨੌਜਵਾਨਾਂ ਨੂੰ ਅਜਿਹੀਆਂ ਪੁਸਤਕਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ।

-ਕੇ. ਐਲ. ਗਰਗ
ਮੋ: 94635-37050

ਚਿੰਤਨ ਦੀ ਕੁੱਖ
ਕਵੀ : ਅਮਰਜੀਤ ਕੌਰ ਹਿਰਦੇ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 120 ਰੁਪਏ, ਸਫ਼ੇ : 112.

'ਚਿੰਤਨ ਦੀ ਕੁੱਖ', ਅਮਰਜੀਤ ਕੌਰ ਹਿਰਦੇ ਦਾ ਪਲੇਠਾ ਕਾਵਿ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚ ਹਿਰਦੇ ਦੀਆਂ ਕਵਿਤਾਵਾਂ ਗ਼ਜ਼ਲਾਂ ਤੇ ਗੀਤ ਸ਼ਾਮਿਲ ਹਨ। ਅਮਰਜੀਤ ਕੌਰ ਹਿਰਦੇ ਦੀ ਇਸ ਪੁਸਤਕ ਵਿਚਲੀਆਂ ਕਵਿਤਾਵਾਂ ਦੇ ਵਿਸ਼ੇ ਜਾਤ ਤੋਂ ਕਾਇਨਾਤ ਤੱਕ ਦਾ ਸਫ਼ਰ ਤੈਅ ਕਰਦੇ ਹਨ। ਆਮ ਜੀਵਨ ਵਿਚ ਮਿਲੇ ਦੁੱਖ-ਸੁੱਖ, ਤਲਖ ਤੁਰਸ਼ ਤਜਰਬੇ, ਰੱਬੀ ਉਸਤਿਤ, ਨਾਰੀ ਵੇਦਨਾ ਦਾ ਪ੍ਰਗਟਾਅ ਇਨ੍ਹਾਂ ਕਵਿਤਾਵਾਂ ਵਿਚ ਥਾਂ-ਥਾਂ 'ਤੇ ਹੋਇਆ ਪ੍ਰਤੀ ਹੁੰਦਾ ਹੈ। ਪਰ ਸਭ ਤੋਂ ਵੱਧ ਇਸ ਪੁਸਤਕ ਵਿਚ ਜਿਹੜਾ ਅਹਿਸਾਸ ਪ੍ਰਬਲ ਰੂਪ ਵਿਚ ਪੇਸ਼ ਹੋਇਆ ਹੈ, ਉਹ ਹੈ ਇਸ ਸਮਾਜ ਵਿਚ ਔਰਤ ਦੀ ਦਸ਼ਾ ਦਾ ਅਹਿਸਾਸ। ਇਨ੍ਹਾਂ ਸਾਰੀਆਂ ਕਵਿਤਾਵਾਂ ਦੀ ਧੁਰ ਸਤਹਿ 'ਤੇ ਇਹ ਅਹਿਸਾਸ ਤੈਰਦਾ ਦਿਖਾਈ ਦਿੰਦਾ ਹੈ। ਸਾਂਝਾ ਦੁਖੜਾ, ਜੁਗਨੂੰ ਤੇ ਮੈਂ, ਚਿੰਤਨ ਦੀ ਕੁੱਖ, ਮੈਂ ਤੇ ਗੁਲਾਬ, ਸੁਲਗਦੀ ਖਾਮੋਸ਼ੀ, ਆਦਿ ਕਵਿਤਾਵਾਂ ਵਿਚ ਨਾਰੀ ਵੇਦਨਾ ਦੇ ਵਿਭਿੰਨ ਅਹਿਸਾਸਾਂ ਦੀ ਪੇਸ਼ਕਾਰੀ ਹੁੰਦੀ ਵੇਖੀ ਜਾ ਸਕਦੀ ਹੈ। ਇਸ ਤੋਂ ਬਿਨਾਂ ਕੱਚ ਦੀਆਂ ਦੀਵਾਰਾਂ, ਅਬੁੱਝ ਪਹੇਲੀ, ਸੁਪਨ ਸੰਸਾਰ ਵਿਚ ਉਹ ਜੀਵਨ ਦੀਆਂ ਜਟਿਲ ਸਮੱਸਿਆਵਾਂ ਵੱਲ ਵੀ ਸੰਕੇਤ ਕਰਦੀ ਪ੍ਰਤੀਤ ਹੁੰਦੀ ਹੈ। ਅਮਰਜੀਤ ਕੌਰ ਹਿਰਦੇ ਕੋਲ ਆਪਣੇ ਕਾਵਿ ਵਸਤੂ ਦੀ ਚੋਣ ਲਈ ਦ੍ਰਿਸ਼ਟੀ ਹੈ ਤੇ ਉਸ ਦੇ ਪ੍ਰਗਟਾਅ ਲਈ ਢੁਕਵੇਂ ਸ਼ਬਦ।

-ਡਾ: ਅਮਰਜੀਤ ਕੌਂਕੇ
ਮੋ: 98142-31698.

ਤਮੰਨਾ
ਲੇਖਿਕਾ : ਜਸਪ੍ਰੀਤ ਸਿੱਧੂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 112

'ਤਮੰਨਾ' ਜਸਪ੍ਰੀਤ ਸਿੱਧੂ ਰਚਿਤ ਦੂਸਰਾ ਕਾਵਿ-ਸੰਗ੍ਰਹਿ ਹੈ, ਇਸ ਤੋਂ ਪਹਿਲਾਂ ਉਹ 'ਸ਼ਬਦਾਂ ਦੀ ਦਹਿਲੀਜ਼' ਕਾਵਿ-ਪੁਸਤਕ ਦੀ ਰਚਨਾ ਕਰ ਚੁੱਕੀ ਹੈ। ਉਸ ਦੀਆਂ ਰਚਨਾਵਾਂ ਦੇ ਵਿਸ਼ੇ ਜੀਵਨ ਦੇ ਹਰ ਖੇਤਰ ਦੀ ਕਾਵਿ-ਅਭਿਵਿਅਕਤੀ ਹੀ ਨਹੀਂ ਕਰਦੇ ਸਗੋਂ ਤੱਥਾਂ ਪਿੱਛੇ ਲੁਕੇ ਜੀਵਨ-ਯਥਾਰਥ ਨੂੰ ਵੀ ਕਾਵਿ ਰੂਪਾਂਤਰਿਤ ਕਰਦੇ ਹਨ। ਅਜੋਕਾ ਮਨੁੱਖ ਵਿਚਾਰਧਾਰਾ ਵਿਹੂਣਾ ਹੋਣ ਕਾਰਨ ਦਿਸ਼ਾ ਹੀਣ ਹੁੰਦਾ ਜਾ ਰਿਹਾ ਹੈ। ਇਸ ਦਾ ਇਕ ਮਾਰੂ ਪ੍ਰਭਾਵ ਮਾਤ ਭਾਸ਼ਾ ਪ੍ਰਤੀ ਨਜ਼ਰੀਏ ਉੱਪਰ ਵੀ ਪਿਆ ਹੈ। ਅਜੋਕਾ ਮਨੁੱਖ ਇਸ ਭ੍ਰਾਂਤੀ ਦਾ ਸ਼ਿਕਾਰ ਹੋ ਰਿਹਾ ਹੈ ਕਿ ਅੰਗਰੇਜ਼ੀ ਭਾਸ਼ਾ ਹੀ ਉਸ ਦੇ ਕਲਿਆਣ ਦਾ ਇਕੋ ਇਕ ਸਾਧਨ ਹੈ। ਮਾਤ-ਭਾਸ਼ਾ ਤੋਂ ਟੁੱਟਣ ਕਾਰਨ ਪਰਸਪਰ ਰਿਸ਼ਤਿਆਂ ਦੀ ਤਿੜਕਣ ਮਨੁੱਖ ਦੀ ਹੋਣੀ ਬਣ ਰਹੀ ਹੈ। ਉਪਰੋਕਤ ਕਾਵਿ ਅਭਿਵਿਅਕਤੀ ਜਸਪ੍ਰੀਤ ਦੀਆਂ ਰਚਨਾਵਾਂ ਵਿਚ ਸਪੱਸ਼ਟ ਵੇਖੀ ਜਾ ਸਕਦੀ ਹੈ। ਮਾਤ-ਭਾਸ਼ਾ ਦਾ ਸਤਿਕਾਰ ਕਰਨ ਦੀ ਸੇਧ ਦਿੰਦੀ ਉਸ ਦੀ ਰਚਨਾ 'ਮਾਂ-ਬੋਲੀ ਦੀ ਮਮਤਾ' ਵਰਨਣਯੋਗ ਹੈ :
ਮਾਂ ਨੂੰ ਭੁੱਲ ਕੇ ਕਿਹੜੀ
ਦੱਸ ਤੂੰ ਪਹਿਚਾਣ ਬਣਾਵੇਂਗਾ
ਦਿਲ ਦਾ ਹਾਲ ਕਿਵੇਂ ਤੇ ਕਿਹੜੀ
ਵਿਚ ਜ਼ੁਬਾਨ ਸੁਣਾਵੇਂਗਾ?
ਉਸ ਦੀ ਕਵਿਤਾ ਹਰ ਪ੍ਰਕਾਰ ਦੀ ਕਾਣੀ-ਵੰਡ, ਸ਼ੋਸ਼ਣ ਅਤੇ ਨਾ ਬਰਾਬਰੀ ਤੋਂ ਇਲਾਵਾ ਮਨੁੱਖੀ ਕਿਰਦਾਰ ਵਿਚ ਆਈ ਗਿਰਾਵਟ ਅਤੇ ਮਨੁੱਖੀ ਮੁਖੌਟਾਧਾਰੀ ਬਿਰਤੀ ਉੱਪਰ ਵਿਅੰਗ ਕਰਦੀ ਹੈ। ਸਮਕਾਲੀ ਪੰਜਾਬੀ ਕਵਿਤਾ ਵਿਚ ਨਾਰੀ ਸਸ਼ਕਤੀਕਰਨ ਸਬੰਧੀ ਬਹੁਤ ਸਾਰੀ ਕਵਿਤਾ ਰਚੀ ਜਾ ਰਹੀ ਹੈ। ਜਸਪ੍ਰੀਤ ਦੀ ਕਵਿਤਾ ਵਿਚ ਇਹ ਸਰੂਪ 'ਮੈਂ ਤੇਰਾ ਪਿਓ ਹਾਂ' ਕਵਿਤਾ ਵਿਚ ਭਲੀ ਭਾਂਤ ਵੇਖਿਆ ਜਾ ਸਕਦਾ ਹੈ :
ਜ਼ਿੰਦਗੀ
ਹੁਣ ਬਦਲ ਗਈ ਏ
ਜ਼ਿੰਦਗੀ
ਗਊਆਂ ਬਣ ਕੇ ਨਹੀਂ ਮਿਲਣੀ
ਜ਼ਿੰਦਗੀ ਤਾਂ
ਸ਼ੇਰਨੀਆਂ ਬਣ ਕੇ ਮਿਲੇਗੀ।
ਜਸਪ੍ਰੀਤ ਦੀਆਂ ਰਚਨਾਵਾਂ ਜਿਥੇ ਵਿਸ਼ੇਗਤ ਵਿਲੱਖਣਤਾ ਦੀਆਂ ਧਾਰਨੀ ਹਨ, ਉਥੇ ਭਾਸ਼ਾ ਦੀ ਸਫ਼ਲਤਾ ਅਤੇ ਸਪੱਸ਼ਟਤਾ ਉਸ ਦੀਆਂ ਰਚਨਾਵਾਂ ਦੇ ਪ੍ਰਭਾਵ ਨੂੰ ਵਧਾਉਂਦੀ ਹੈ।

-ਡਾ: ਜਸਵੀਰ ਸਿੰਘ
ਮੋ: 94170-12430

21-4-2013

 ਪੱਥਰ ਤੋਂ ਰੰਗ ਤੱਕ
ਲੇਖਕ : ਹਰਪਾਲ ਸਿੰਘ ਪੰਨੂੰ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 216.

ਵਿਦਵਾਨ ਪ੍ਰੋ: ਹਰਪਾਲ ਸਿੰਘ ਪੰਨੂੰ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਹਥਲੀ ਪੁਸਤਕ ਉਸ ਵੱਲੋਂ ਸਿਰਜਤ ਵਡੇਰਿਆਂ ਦੀਆਂ ਸਾਖੀਆਂ ਦੀ ਲੜੀ ਦੀ ਇਹ ਤੀਜੀ ਪੁਸਤਕ ਹੈ। ਇਸ ਪੁਸਤਕ ਵਿਚ ਲੇਖਕ ਨੇ ਪੰਜ ਸੰਸਾਰ ਪ੍ਰਸਿੱਧ ਸ਼ਖ਼ਸੀਅਤਾਂ ਨਾਲ ਪੰਜਾਬੀ ਪਾਠਕਾਂ ਦਾ ਤੁਅੱਰਫ਼ ਕਰਵਾਇਆ ਹੈ। ਇਨ੍ਹਾਂ ਸ਼ਖ਼ਸੀਅਤਾਂ ਦੇ ਚਿਤ੍ਰਨ ਲਈ ਲੇਖਕ ਨੇ ਭਰੋਸੇਯੋਗ ਪੁਸਤਕਾਂ ਦੀ ਚੋਣ ਕਰਕੇ ਡੂੰਘਾ ਅਧਿਐਨ ਕੀਤਾ ਹੈ।
ਇਸ ਪੁਸਤਕ ਦੇ ਅਧਿਐਨ ਨਾਲ ਪਾਠਕਾਂ ਦੀ ਜਾਣਕਾਰੀ ਦਾ ਦਿਸ-ਹੱਦਾ ਵਿਸਤ੍ਰਤ ਹੁੰਦਾ ਹੈ। ਇਨ੍ਹਾਂ ਪੰਜਾਂ ਸ਼ਖ਼ਸੀਅਤਾਂ ਦੇ ਅਧਿਐਨ ਉਪਰੰਤ ਪਤਾ ਚਲਦਾ ਹੈ ਕਿ ਸਬੰਧਤ ਵਿਅਕਤੀਤਵ ਆਪਣੇ ਆਰਟ ਦੇ ਨਾਲ-ਨਾਲ ਵੱਖਰਾ ਇਸ਼ਕ ਵੀ ਪਾਲਦਾ ਆਇਆ ਹੈ। ਮਾਈਕਲ ਏਂਜਲੋ ਦਾ ਕੰਟੈਸਿਨਾ ਅਤੇ ਵਿਟੋਰੀਆ ਨਾਲ, ਵਾਨ ਗਾਗ ਦਾ ਉਰਸਲ, ਕੇ, ਮਾਰਗੋ ਬੈਂਜਾਮਿਨ, ਸਟੀਨ, ਰਛੇਲ ਆਦਿ ਨਾਲ, ਕਾਫਕਾ ਦਾ ਐਮੀ, ਟਾਈਲ, ਦੋਰਾ ਨਾਲ, ਕਾਫਕਾ ਦੀ ਮੌਤ ਉਪਰੰਤ ਦੋਰਾ ਦਾ ਲੁਜ਼ ਨਾਲ ਅਤੇ ਆਪਣੀ ਬੋਲੀ ਯਿੱਦਿਸ਼ ਨਾਲ, ਈਦੀ ਦਾ ਬਿਲਕੀਸ ਤੋਂ ਬਿਨਾਂ ਮਨੁੱਖਤਾ ਦੇ ਦਰਦ ਵੰਡਾਉਣ ਨਾਲ, ਅੰਮ੍ਰਿਤਾ ਸ਼ੇਰਗਿੱਲ ਦਾ ਵਿਕਟਰ ਨਾਲ ਆਦਿ। ਸ਼ਖ਼ਸੀਅਤਾਂ ਦੇ ਗੁਣਾਂ ਨੂੰ ਉਜਾਗਰ ਕਰਦਿਆਂ ਲੇਖਕ ਨੇ ਆਪਣੇ ਨਿਬੰਧਾਂ ਦੀ ਜੀਵੰਤਤਾ ਨੂੰ ਕਾਇਮ ਰੱਖਦੇ ਹੋਏ ਰੌਚਿਕਤਾ ਪੈਦਾ ਕਰਨ ਦਾ ਯਤਨ ਕੀਤਾ ਹੈ। ਹਵਾਲਿਆਂ ਦੇ ਪ੍ਰਯੋਗ ਨਾਲ ਇਨ੍ਹਾਂ ਸ਼ਖ਼ਸੀਅਤਾਂ ਸਬੰਧੀ ਹੋਰ ਵਧੇਰੇ ਗਿਆਨ ਪ੍ਰਾਪਤ ਕਰਨ ਲਈ ਪੰਜਾਬੀ ਵਿਦਵਾਨਾਂ ਦਾ ਰਾਹ ਮੋਕਲਾ ਹੋਇਆ ਹੈ। ਲੇਖਕ ਨੇ ਹਰ ਸ਼ਖ਼ਸੀਅਤ ਦਾ ਖਾਨਦਾਨੀ ਪਿਛੋਕੜ, ਵਾਤਾਵਰਨ ਜਿਸ ਵਿਚ ਉਸ ਦਾ ਪਾਲਣ-ਪੋਸ਼ਣ ਹੋਇਆ, ਉਸ ਦੇ ਜੀਵਨ ਵਿਚ ਆਈਆਂ ਔਕੜਾਂ, ਮਾਹੌਲ ਨਾਲ ਸਖ਼ਤ ਟੱਕਰ, ਵੱਖ-ਵੱਖ ਬੰਦਿਆਂ ਪਾਸੋਂ ਮਿਲਿਆ ਸਹਿਯੋਗ, ਹੋਈਆਂ ਵਧੀਕੀਆਂ, ਮਿਲੀ ਪ੍ਰਸੰਸਾ ਅਤੇ ਨਿੰਦਾ, ਵਿਚਾਰਾਂ ਵਿਚ ਟਾਕਰਾ, ਉਦੇਸ਼ ਵੱਲ ਵਧਣਾ ਅਤੇ ਪ੍ਰਾਪਤੀ, ਸਮੇਂ ਦੀ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਅਵਸਥਾ ਆਦਿ ਨੁਕਤਿਆਂ ਨੂੰ ਉਜਾਗਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਪੁਸਤਕ ਦੀਆਂ ਤਿੰਨ ਸ਼ਖ਼ਸੀਅਤਾਂ (ਮਾਈਕਲ ਏਂਜਲੋ, ਵਾਨ ਗਾਗ, ਅੰਮ੍ਰਿਤਾ ਸ਼ੇਰਗਿੱਲ) ਬੁੱਤਤ੍ਰਾਸ਼ੀ/ਚਿੱਤਰਕਲਾ ਨਾਲ ਸਬੰਧਤ ਹਨ। ਦੋਰਾ ਦਾ ਮੰਚਨ ਕਾਰਜ ਅਤੇ ਉਸ ਦੇ ਮਾਧਿਅਮ ਰਾਹੀਂ ਕਾਫਕਾ ਸਾਹਿਤ ਨਾਲ ਜਾਣਕਾਰੀ ਅਤੇ ਕਾਫਕਾ ਦੇ ਜੀਵਨੀ ਅੰਸ਼ ਪੇਸ਼ ਹੋਏ ਹਨ। ਈਦੀ ਦੀ ਪਰਮਉਤਕ੍ਰਿਸ਼ਟ ਇਨਸਾਨੀਅਤ ਪਾਠਕ ਨੂੰ ਉਸ ਦੀ ਸ਼ਖ਼ਸੀਅਤ ਅੱਗੇ ਨਤਮਸਤਕ ਹੋਣ ਲਈ ਬੇਵੱਸ ਕਰ ਦਿੰਦੀ ਹੈ। ਸਮੁੱਚੇ ਤੌਰ 'ਤੇ ਇਹ ਪੁਸਤਕ ਬੁੱਤਤ੍ਰਾਸੀ ਅਤੇ ਪੇਂਟਿੰਗ/ਚਿੱਤਰਕਾਰੀ ਦੀ ਪ੍ਰਸਤੁਤੀ ਕਰਦੀ ਹੋਈ ਸਾਧਾਰਨਤਾ ਵਿਚੋਂ ਅਸਾਧਾਰਨਤਾ ਪੈਦਾ ਕਰਦੀ ਜਾਂਦੀ ਹੈ। ਮਾਨਵਤਾ ਨੂੰ ਇਹ ਸੰਦੇਸ਼ ਪ੍ਰਾਪਤ ਹੁੰਦਾ ਹੈ ਕਿ ਕਿਸੇ ਵੀ ਖੇਤਰ ਵਿਚ ਅਣਥੱਕ ਮਿਹਨਤ ਨਾਲ ਸਫ਼ਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਪ੍ਰੋ: ਪੰਨੂੰ ਨੇ ਢੇਰ ਸਾਰਾ ਸਾਹਿਤ ਰਿੜਕ ਕੇ ਪੰਜਾਬੀ ਪਾਠਕ ਅੱਗੇ ਮੱਖਣ ਦਾ ਭਰਿਆ ਛੰਨਾ ਪਰੋਸ ਦਿੱਤਾ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007

ਵਿਦਰੋਹੀ ਕਾਵਿ
(ਪਾਸ਼, ਉਦਾਸੀ, ਮੁਕਤੀਬੋਧ ਅਤੇ ਨੇਰੂਦਾ ਦੇ ਸੰਦਰਭ 'ਚ)
ਸੋਧਕਰਤਾ : ਪਰਮਜੀਤ ਸਿੰਘ ਕੱਟੂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 225 ਰੁਪਏ, ਸਫ਼ੇ : 176.

ਪਰਮਜੀਤ ਸਿੰਘ ਕੱਟੂ ਨੇ 'ਪਾਸ਼ ਕਾਵਿ ਅਤੇ ਮੁਕਤੀਬੋਧ ਕਾਵਿ ਦਾ ਤੁਲਨਾਤਮਕ ਅਧਿਐਨ' ਵਿਸ਼ੇ ਉੱਪਰ ਸ਼ੋਧ-ਪ੍ਰਬੰਧ ਲਿਖ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 2010 ਈ: ਵਿਚ ਪੀ.ਐਚ.ਡੀ. ਦੀ ਡਿਗਰੀ ਹਾਸਲ ਕੀਤੀ ਸੀ। ਹੁਣ ਉਸ ਨੇ ਆਪਣੇ ਪੁਰਾਣੇ ਸ਼ੋਧ-ਕਾਰਜ ਨੂੰ ਸੋਧ-ਨਿਖਾਰ ਕੇ ਸੰਤ ਰਾਮ ਉਦਾਸੀ ਅਤੇ ਪਾਬਲੋ ਨੇਰੂਦਾ ਦੇ ਕਲਾਮ ਨੂੰ ਵੀ ਆਪਣੇ ਤੁਲਨਾਤਮਕ ਅਧਿਐਨ ਵਿਚ ਸ਼ਾਮਿਲ ਕਰ ਲਿਆ ਹੈ।
ਪੰਜਾਬ ਦੀਆਂ ਵਿਭਿੰਨ ਯੂਨੀਵਰਸਿਟੀਆਂ ਆਪਣੇ-ਆਪਣੇ ਖੋਜਾਰਥੀਆਂ ਪਾਸੋਂ ਬਿਲਕੁਲ ਨਵੇਂ ਅਤੇ ਅਣਛੋਹੇ ਵਿਸ਼ਿਆਂ ਉੱਪਰ ਸ਼ੋਧ-ਕਾਰਜ ਕਰਵਾ ਰਹੀਆਂ ਹਨ। ਇਸ ਅਧਿਐਨ ਵਿਚ ਪਰਮਜੀਤ ਕੱਟੂ ਨੇ ਸਭ ਤੋਂ ਪਹਿਲਾਂ ਤੁਲਨਾਤਮਕ ਸਾਹਿਤ ਦੀ ਥਿਊਰੀ ਨੂੰ ਨਿਰਧਾਰਿਤ ਕੀਤਾ ਹੈ ਅਤੇ ਇਸ ਤੋਂ ਬਾਅਦ ਵੱਖ-ਵੱਖ ਚੈਪਟਰਾਂ ਵਿਚ ਪਾਸ਼ ਕਾਵਿ ਦਾ ਉਦਾਸੀ-ਕਾਵਿ, ਮੁਕਤੀਬੋਧ-ਕਾਵਿ ਅਤੇ ਨੇਰੂਦਾ-ਕਾਵਿ ਨਾਲ ਤੁਲਨਾਤਮਕ ਅਧਿਐਨ ਕਰ ਵਿਖਾਇਆ ਹੈ। ਲੇਖਕ ਦਾ ਵਿਚਾਰ ਹੈ ਕਿ ਜਦੋਂ ਮਨੁੱਖ ਵਿਦਰੋਹ ਕਰਦਾ ਹੈ ਤਾਂ ਇਸ ਦਾ ਮੁੱਲ ਤਾਰਨਾ ਪੈਂਦਾ ਹੈ (ਪੰਨਾ 168) ਅਤੇ ਸ਼ਾਇਰ ਇਸੇ ਡਰੋਂ ਬਹੁਤੇ ਲੋਕ ਵਿਦਰੋਹ ਦੇ ਰਸਤੇ ਉੱਪਰ ਨਹੀਂ ਤੁਰਦੇ, ਉਹ ਯਥਾਸਥਿਤੀਵਾਦੀ ਬਣ ਜਾਂਦੇ ਹਨ। ਬਹਾਦਰੀ ਦਾ ਵਿਪਰੀਤਾਮਕ ਸ਼ਬਦ ਕਾਇਰਤਾ ਨਹੀਂ ਹੁੰਦਾ, ਯਥਾਸਥਿਤੀਵਾਦ ਹੁੰਦਾ ਹੈ। ਪੰਜਾਬੀ ਦੇ ਬਹੁਤੇ ਵਿਦਵਾਨ ਤੁਲਨਾਤਮਕ ਸਾਹਿਤ ਅਧਿਐਨ ਵਿਚ ਵਿਸ਼ੇਸ਼ ਰੁਚੀ ਲੈਂਦੇ ਰਹੇ ਹਨ। ਸਾਡੇ ਇਧਰ ਵਾਰਿਸ ਸ਼ਾਹ ਦੀ ਸ਼ੈਕਸਪੀਅਰ ਨਾਲ, ਭਾਈ ਵੀਰ ਸਿੰਘ ਦੀ ਵਿਲੀਅਮ ਵਰਡਜ਼ਵਰਥ ਨਾਲ, ਪ੍ਰੋ: ਪੂਰਨ ਸਿੰਘ ਦੀ ਵਾਲਟ ਵਿਟ੍ਹਮੈਨ ਨਾਲ ਅਤੇ ਸ਼ਿਵ ਕੁਮਾਰ ਦੀ ਜਾਨ ਕੀਟਸ ਨਾਲ ਤੁਲਨਾ ਕੀਤੀ ਜਾਂਦੀ ਰਹੀ ਹੈ। ਪਿੱਛੇ ਜਿਹੇ ਸਾਡੇ ਇਕ ਮਾਰਕਸਵਾਦੀ ਵਿਦਵਾਨ ਨੇ ਪਾਸ਼ ਅਤੇ ਨੇਰੂਦਾ ਦੇ ਦਰਮਿਆਨ ਵੀ ਬਹੁਤ ਸਾਰੇ ਸਾਂਝੇ ਵਿਚਾਰਧਾਰਕ ਆਧਾਰ ਲੱਭ ਕੇ ਅਚੰਭਿਤ ਕਰ ਦਿੱਤਾ ਸੀ। ਮੈਨੂੰ ਖੁਸ਼ੀ ਹੈ ਕਿ ਪਰਮਜੀਤ ਸਿੰਘ ਕੱਟੂ ਨੇ ਤੁਲਨਾਤਮਕ ਸਾਹਿਤ ਅਧਿਐਨ ਬਾਰੇ ਆਪਣਾ ਖੋਜ ਕਾਰਜ ਸੰਪੂਰਨ ਕਰਕੇ ਨਵੇਂ ਖੋਜਾਰਥੀਆਂ ਲਈ ਨਵੀਆਂ ਦਿਸ਼ਾਵਾਂ ਸਿਰਜ ਦਿੱਤੀਆਂ ਹਨ। ਹੁਣ ਅਸੀਂ ਆਪਣੇ-ਆਪਣੇ ਪ੍ਰਤਿਭਾਸ਼ੀਲ ਲੇਖਕਾਂ ਦੇ ਸਾਹਿਤ-ਕਾਰਜ ਨੂੰ ਟੀ. ਐਸ. ਏਲੀਅਟ, ਸੈਮੁਅਲ ਬੈਕੇਟ, ਯੂਜੀਨ ਇਆਨੈਸਕੋ ਅਤੇ ਹਰਮਨ ਹੈੱਸ ਆਦਿ ਵਿਸ਼ਵ ਪ੍ਰਸਿੱਧ ਲੇਖਕਾਂ ਦੀਆਂ ਰਚਨਾਵਾਂ ਦੀ ਰੌਸ਼ਨੀ ਵਿਚ ਵੀ ਪੜ੍ਹ ਸਕਾਂਗੇ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਠੰਢੇ ਬੁਰਜ ਦੀ ਆਵਾਜ਼
ਕਵੀ : ਕਰਮ ਸਿੰਘ ਜ਼ਖਮੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 160.

ਹਥਲੇ ਕਾਵਿ-ਸੰਗ੍ਰਹਿ ਵਿਚ ਵੀ ਸਾਡੇ ਮਹਾਨ ਇਤਿਹਾਸਕ ਪ੍ਰਸੰਗਾਂ ਨੂੰ ਗੀਤਾਂ, ਨਜ਼ਮਾਂ ਅਤੇ ਕਵੀਸ਼ਰੀਆਂ ਰਾਹੀਂ ਬਹੁਤ ਹੀ ਸੁਚਾਰੂ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਕਈ ਪ੍ਰਸੰਗ ਢਾਡੀਆਂ ਦੀ ਆਵਾਜ਼ ਵਿਚ ਰਿਕਾਰਡ ਹੋ ਚੁੱਕੇ ਹਨ। ਇਸ ਲਈ ਇਨ੍ਹਾਂ ਵਿਚ ਕਵਿਤਾ ਦੇ ਨਾਲ-ਨਾਲ ਬਿਰਤਾਂਤ ਵੀ ਲਿਖੇ ਗਏ ਹਨ। ਨਾਨਕੀ ਦਾ ਵੀਰ, ਮੰਝ ਦੀ ਸਿੱਖੀ, ਬੁੱਧੂ ਦਾ ਆਵਾ, ਬੰਦੀ ਛੋੜ, ਹਿੰਦ ਦੀ ਚਾਦਰ, ਖਾਲਸਾ ਸਾਜਣਾ, ਭਾਈ ਬਚਿੱਤਰ ਸਿੰਘ, ਸਰਹੰਦ ਦੀ ਦੀਵਾਰ, ਗੁਰੂ ਖਾਲਸਾ ਹੋਇਆ ਨਾਮੀ ਬਿਰਤਾਂਤਕ ਪ੍ਰਸੰਗ ਸਿੱਖ ਇਤਿਹਾਸ ਨਾਲ ਸਬੰਧਤ ਹਨ ਜਦ ਕਿ 'ਬੱਚੇ ਦੀ ਬਲੀ' ਨਾਮਕ ਪ੍ਰਸੰਗ ਅਖੌਤੀ ਪਖੰਡੀ ਸਾਧਾਂ ਅਤੇ ਅੰਧਵਿਸ਼ਵਾਸਾਂ ਪ੍ਰਤੀ ਜਾਗਰੂਕ ਕਰਦਾ ਹੈ।
ਪੁਸਤਕ ਵਿਚਲੇ 55 ਗੀਤ ਇਤਿਹਾਸਕ, ਧਾਰਮਿਕ, ਸਮਾਜਕਿ ਅਤੇ ਰਾਜਨੀਤਕ ਮੁੱਦਿਆਂ ਨੂੰ ਉਘਾੜਦੇ ਹਨ। ਇਨ੍ਹਾਂ ਵਿਚ ਭਗਤਾਂ, ਸੂਰਮਿਆਂ, ਸ਼ਹੀਦਾਂ, ਆਜ਼ਾਦੀ ਘੁਲਾਟੀਆਂ, ਸਿੱਖ ਨਾਰੀ ਸ਼ਖ਼ਸੀਅਤਾਂ, ਸਿੱਖਾਂ, ਸੇਵਕਾਂ ਅਤੇ ਇਤਿਹਾਸਕ ਨਗਰੀਆਂ ਦੀ ਗਾਥਾ ਪੇਸ਼ ਕੀਤੀ ਗਈ ਹੈ। ਆਓ, ਕੁਝ ਝਲਕਾਂ ਮਾਣੀਏ-
-ਇਸ ਦੀ ਹੋਰ ਮਿਸਾਲ ਨਹੀਂ ਹੈ, ਦੁਨੀਆ ਸਿਜਦੇ ਕਰਦੀ
ਸਿੱਖ ਪੰਥ ਦੇ ਦਿਲ ਦੀ ਧੜਕਣ, ਧਰਤੀ ਅੰਮ੍ਰਿਤਸਰ ਦੀ।
-ਜੱਗ ਤੇ ਮਿਸਾਲ ਨਹੀਂ ਇਹਦੀ ਦਿੱਖ ਦੀ
ਵੱਖਰੀ ਹੀ ਸ਼ਾਨ ਹੈ ਗੁਰੂ ਦੇ ਸਿੱਖ ਦੀ।
-ਦੇਖ ਕੌਮ ਦੀ ਹਾਲਤ ਆ ਕੇ, ਪਾ ਵਤਨਾਂ ਨੂੰ ਫੇਰਾ
ਝੂਠੇ ਗੁਰੂਆਂ ਨੇ ਬਾਬਾ ਜੀ, ਪੰਥ ਘੇਰਿਆ ਤੇਰਾ।
-ਸਿੱਖ ਕਦੇ ਵੀ ਸਿਦਕ ਤੋਂ ਹੁੰਦੇ ਨਾ ਊਣੇ
ਅੱਜ ਵੀ ਠੰਢੇ ਬੁਰਜ ਦੀ ਆਵਾਜ਼ ਹਲੂਣੇ।
ਸਦਾਚਾਰਕ ਪੱਖ ਤੋਂ ਨਿਵਾਣ ਵੱਲ ਜਾ ਰਹੇ ਸਮਾਜ ਨੂੰ ਅੱਜ ਹਲੂਣਾ ਦੇ ਕੇ ਜਗਾਉਣ ਵਾਲੇ ਆਪਣੇ ਸ਼ਾਨਦਾਰ ਵਿਰਸੇ ਪ੍ਰਤੀ ਸੁਚੇਤ ਕਰਨ ਵਾਲੇ ਉਸਾਰੂ ਸਾਹਿਤ ਦੀ ਅਤਿਅੰਤ ਲੋੜ ਹੈ। ਲੇਖਕ ਦਾ ਸ਼ੁੱਭ ਪਾਸੇ ਚੁੱਕਿਆ ਇਹ ਕਦਮ ਮੁਬਾਰਕ ਸਫਲ ਉਪਰਾਲਾ ਹੈ। ਇਸ ਪੁਸਤਕ ਦਾ ਭਰਪੂਰ ਸਵਾਗਤ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ : 98147-16367

ਮੇਰਾ ਕ੍ਰਾਂਤੀਕਾਰੀ ਜੀਵਨ
(ਸ਼ਚਿੰਦਰ ਨਾਥ ਬਖਸ਼ੀ)
ਅਨੁਵਾਦ : ਤਾਰਾ ਸ਼ਰਮਾ
ਸੰਪਾਦਕ : ਮਲਵਿੰਦਰ ਜੀਤ ਸਿੰਘ ਵੜੈਚ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 128.

ਸ਼ਚਿੰਦਰ ਨਾਥ ਪ੍ਰਸਿੱਧ ਕਰਾਂਤੀਕਾਰੀ ਤੇ ਆਜ਼ਾਦੀ ਸੰਗਰਾਮੀਆ ਹੈ। ਮਲਵਿੰਦਰ ਸਿੰਘ ਵੜੈਚ ਆਜ਼ਾਦੀ ਸੰਗਰਾਮੀਆਂ ਬਾਰੇ ਖੋਜ ਅਧਿਐਨ ਤੇ ਲੇਖਣ ਦਾ ਪ੍ਰਸਿੱਧ ਨਾਂਅ। ਵੜੈਚ ਸ਼ਚਿੰਦਰ ਨਾਥ ਦੀ ਜੀਵਨੀ ਦੇ ਤਾਰਾ ਸ਼ਰਮਾ ਦੁਆਰਾ ਕੀਤੇ ਅਨੁਵਾਦ ਨੂੰ ਸੰਪਾਦਿਤ ਕਰਕੇ ਪੰਜਾਬੀ ਪਾਠਕਾਂ ਦੇ ਰੂਬਰੂ ਕੀਤਾ ਹੈ। 1900 ਤੋਂ 1984 ਤੱਕ ਦਾ ਜੀਵਨ ਕਾਲ ਰਿਹਾ ਹੈ ਸ਼ਚਿੰਦਰ ਨਾਥ ਬਖਸ਼ੀ ਦਾ। ਕਾਕੋਰੀ ਕੇਸ ਵਿਚ ਉਸ ਦਾ ਵਿਸ਼ੇਸ਼ ਰੋਲ ਸੀ। ਅੰਡਰ-ਗਰਾਊਂਡ ਰਿਹਾ। ਕਈ ਮੁਕੱਦਮੇ, ਕਈ ਜੇਲ੍ਹਾਂ ਵੇਖੀਆਂ। ਆਜ਼ਾਦੀ ਉਪਰੰਤ ਕੁਝ ਸਮੇਂ ਲਈ ਚੋਣ ਜਿੱਤ ਕੇ ਐਮ. ਐਲ. ਏ. ਵੀ ਬਣਿਆ ਬਨਾਰਸ ਤੋਂ। ਪਿਛਲੇਰੀ ਉਮਰ ਉਸ ਨੇ ਲਖਨਊ ਵਿਚ ਗੁਜ਼ਾਰੀ ਆਪਣੇ ਪੁੱਤਰ ਕੋਲ।
ਉੱਤਮ ਪੁਰਖ ਵਿਚ ਲਿਖੀ ਹੋਣ ਕਾਰਨ ਇਸ ਪੁਸਤਕ ਦਾ ਬਿਰਤਾਂਤ ਇਸ ਨੂੰ ਇਕ ਕ੍ਰਾਂਤੀਕਾਰੀ ਦੀ ਆਪਣੀ ਲਿਖਤ ਵਜੋਂ ਦਸਤਾਵੇਜ਼ੀ ਮਹੱਤਵ ਪ੍ਰਦਾਨ ਕਰਦਾ ਹੈ। ਇਹ ਸਵੈ-ਜੀਵਨੀ ਨਹੀਂ, ਕੁਝ ਯਾਦਾਂ ਹਨ। ਵਿਸ਼ੇਸ਼ ਰੂਪ ਵਿਚ ਇਸ ਕ੍ਰਾਂਤੀਕਾਰੀ ਦੇ ਭਰਾਰੀ ਤੇ ਐਕਸ਼ਨ ਦੇ ਸਰਗਰਮ ਦਿਨਾਂ ਦੀਆਂ ਉਨ੍ਹਾਂ ਦਿਨਾਂ ਦੀਆਂ ਜਦੋਂ ਉਹ ਸਿਰ ਤਲੀ 'ਤੇ ਧਰ ਕੇ ਅੰਗਰੇਜ਼ਾਂ ਵਿਰੁੱਧ ਸਰਗਰਮ ਸੀ। ਦੇਸ਼ ਭਗਤੀ, ਬਗਾਵਤ, ਦਲੇਰੀ ਇਨ੍ਹਾਂ ਵਿਚੋਂ ਝਲਕਦੀ ਹੈ। ਜਵਾਨੀ ਦਾ ਜੋਸ਼ ਤੇ ਰੁਮਾਂਸ ਹੈ। ਲਿਖਤ ਵਿਚ ਰਵਾਨੀ ਤੇ ਰੌਚਿਕਤਾ ਇਸ ਨੂੰ ਵਧੀਆ ਸਾਹਿਤਕ ਕਿਰਤ ਬਣਾਉਂਦੀ ਹੈ। ਪੁਸਤਕ ਦੇ ਕੁਲ ਚਾਰ ਅਧਿਆਇ ਹਨ। ਮੇਰਾ ਫਰਾਰੀ ਦਾ ਜੀਵਨ, ਜਦੋਂ ਸਰਕਾਰੀ ਗਵਾਹ ਨੇ ਮੈਨੂੰ ਪਛਾਣਿਆ, ਗੁਪਤਚਰ ਦਾ ਬੇਟਾ ਅਤੇ ਮੇਰਾ ਕ੍ਰਾਂਤੀਕਾਰੀ ਜੀਵਨ। ਪਾਠਕ ਇਨ੍ਹਾਂ ਨੂੰ ਦਿਲਚਸਪ ਕਹਾਣੀਆਂ ਵਾਂਗ ਪੜ ਮਾਣ ਸਕਦਾ ਹੈ। ਇਸ ਦੇ ਬਾਵਜੂਦ 1900 ਤੋਂ 1947 ਤੱਕ ਦੇ ਭਾਰਤ ਵਿਚ ਦੇਸ਼ ਲਈ ਮਰ ਮਿਟਣ ਵਾਲੇ ਨੌਜਵਾਨਾਂ, ਮੁਟਿਆਰਾਂ ਬਾਰੇ ਵੀ ਬਹੁਤ ਕੁਝ ਜਾਣ ਸਕਦਾ ਹੈ ਅਤੇ ਅੰਗਰੇਜ਼ਾਂ ਤੇ ਉਨ੍ਹਾਂ ਦੇ ਪਿੱਠੂਆਂ ਬਾਰੇ ਵੀ। ਲਕਸ਼ਮੀ, ਜਗਨਨਾਥ, ਰਾਏ ਬਹਾਦਰ ਮੁਖਰਜੀ ਵਰਗੇ ਪਾਤਰ ਭੁਲਾਇਆਂ ਵੀ ਨਾ ਭੁੱਲਣ ਵਾਲੇ ਹਨ।

-ਡਾ: ਕੁਲਦੀਪ ਸਿੰਘ ਧੀਰ
ਮੋ : 98722-60550

ਕਿਣਕੇ
ਲੇਖਿਕਾ : ਪ੍ਰਭਜੋਤ ਕੌਰ
ਪ੍ਰਕਾਸ਼ਕ : ਆਰਸੀ ਪ੍ਰਕਾਸ਼ਨ, ਦਿੱਲੀ
ਮੁੱਲ : 175 ਰੁਪਏ, ਸਫ਼ੇ : 103.

ਪ੍ਰਭਜੋਤ ਕੌਰ ਦੀਆਂ ਲਗਭਗ ਸਾਰੀਆਂ ਕਹਾਣੀਆਂ ਵਿਚੋਂ ਔਰਤ ਮਰਦ ਦੇ ਸਬੰਧ, ਪਿਆਰ ਖਿੱਚ ਤੇ ਮਾਨਸਿਕਤਾ ਉੱਭਰ ਕੇ ਸਾਹਮਣੇ ਆਉਂਦੇ ਹਨ। 'ਕਿਣਕੇ' ਕਹਾਣੀ ਦਾ ਮਕਸਦ ਜੋ ਉਭਾਰ ਕੇ ਪੇਸ਼ ਕੀਤਾ ਗਿਆ ਹੈ, ਉਹ ਹੈ : 'ਜੀਵਨ ਦੀ ਧੜਕਣ ਹੀ ਸਦੀਵੀ ਵਿਛੋੜਾ ਹੈ ਤੇ ਮਿਲਾਣ ਦੀ ਆਸ ਸਦੀਵੀ ਲੋਅ'। ਦੋ ਪ੍ਰੇਮੀਆਂ ਦੀ ਆਪਸੀ ਖਿੱਚ ਤੇ ਮਾਨਸਿਕਤਾ ਨੂੰ ਬਖੂਬੀ ਪੇਸ਼ ਕੀਤਾ ਹੈ। 'ਧੁੰਦਲੇ ਖਿਆਲ' ਵਿਚ ਜੋ ਵਿਸ਼ਾ ਉਲੀਕਿਆ ਹੈ, ਉਹ ਵੀ ਮਰਦ ਔਰਤ ਦਾ ਪ੍ਰਸੰਗ ਹੀ ਹੈ ਅਰਥਾਤ
ਪਿਆਰ... ਪ੍ਰੇਮੀ... ਪ੍ਰੀਤਮ
ਮਿਲਾਪ.... ਵਿਛੋੜਾ....ਦਰਦ, ਦੁਖਾਂਤਕ।
ਇਹੀ ਹੈ ਜੀਵਨ ਚੱਕਰ। ਦੀਵੇ ਜਗਾਉਣੇ, ਲਕਸ਼ਮੀ ਦੀ ਆਮਦ ਦੀ ਉਡੀਕ ਬਚਪਨ ਦੀਆਂ ਗੱਲਾਂ ਹਨ ਜੁਆਨੀ ਵਿਚ ਇਨ੍ਹਾਂ ਦੇ ਅਰਥ ਸਪਸ਼ਟ ਹੋ ਜਾਂਦੇ ਹਨ ਦੀਪ ਜਗਾਉਣੇ ਜੀਵਨ ਵਿਚ ਪ੍ਰਕਾਸ਼ ਕਰਨ ਦਾ ਪ੍ਰਤੀਕ ਹੈ। ਲਕਸ਼ਮੀ ਦੀਵਿਆਂ ਦੀ ਲੋਅ ਵਿਚ ਰਾਹ ਨਹੀਂ ਭੁੱਲਦੀ ਤੇ ਫਿਰ ਮਨੁੱਖ ਨੈਣਾਂ ਦੀ ਲੋਅ ਵਿਚ ਰਾਹ ਕਿਵੇਂ ਨਹੀਂ ਲੱਭ ਸਕੇਗਾ (ਜਿਥੇ ਬਚਪਨ ਜੁਆਨੀ ਮਿਲਦੇ ਹਨ) 'ਅੱਜ ਦਾ ਵਸੋ ਬਦਲੋ' ਜੀਵਨ ਵਿਚ ਆਈ ਪਿਆਰ ਕਿਰਨ ਤੇ ਫਿਰ ਵਿਛੋੜੇ ਨਾਲ ਸਬੰਧਤ ਹੈ। ਸਾਥੀ ਮਿਲਦੇ ਹਨ ਵਿਛੜ ਜਾਂਦੇ ਹਨ, ਫਿਰ ਕਦੇ ਨਾ ਮਿਲਣ ਲਈ ਤੇ ਅਜਿਹੇ ਸਮੇਂ ਬਰਸਾਤ ਦੇ ਬੱਦਲਾਂ ਦੇ ਕੋਈ ਅਰਥ ਨਹੀਂ ਰਹਿ ਜਾਂਦੇ। 'ਯਾਦਾਂ ਦਾ ਦੀਵਾ ਬਲੇ' ਵੀ ਪ੍ਰੇਮੀ ਪ੍ਰੇਮਿਕਾ ਦੀ ਪਿਆਰ ਮਿਲਣੀ ਨਾਲ ਜੁੜੀਆਂ ਯਾਦਾਂ ਦੀ ਗਾਥਾ ਹੈ, ਜਿਸ ਦਾ ਅੰਤ ਵਿਛੋੜੇ ਵਿਚ ਹੁੰਦਾ ਹੈ। ਸ਼ਮਾ ਤੇ ਪਰਵਨੇ ਦੇ ਰਿਸ਼ਤੇ ਦੀ ਕਹਾਣੀ ਹੈ 'ਜੇ ਉਹ ਜਾਣਦੀ ਹੁੰਦੀ', ਬਿਰਹਾ ਹੀ ਬਿਰਹਾ ਹੈ ਸਿਤਾਰ ਰੋ ਰਹੀ ਹੈ, ਉਂਗਲਾਂ ਰੋ ਰਹੀਆਂ ਹਨ, ਦਿਲ ਰੋ ਰਿਹਾ ਹੈ ਤੇ ਮਨੁੱਖ ਦੇ ਅੰਦਰ ਦਾ ਤੂਫ਼ਾਨ ਅਥਾਹ ਹੈ। ਜ਼ਿੰਦਗੀ ਹੈ ਹੀ ਮਿਲਣਾ ਤੇ ਵਿਛੜ ਜਾਣਾ। 'ਤਰਿਸ਼ਨਾ', 'ਕਵਿਤਾ ਜਾਰੀ ਹੈ', 'ਸੁਹਾਗਨ ਤੇ ਨਾਰੀ' ਕਹਾਣੀਆਂ ਵਿਚ ਉਕਤ ਵਿਸ਼ਿਆਂ ਦੇ ਧਾਰਨੀ ਹਨ-ਮਿਲਣਾ ਵਿਛੜਨਾ, ਔਰਤ ਦੀ ਦਸ਼ਾ, ਭਾਵੁਕਤਾ ਤੇ ਵੇਸਵਾ ਦਾ ਸਿਕਿਆਂ ਬਦਲੇ ਵਿਕਣਾ ਜਦੋਂ ਕਿ ਸੁਹਾਗਣ ਨਿਤ ਵਿਕਦੀ ਹੈ ਘਰਾਣੇ ਦੀ ਲਾਜ ਬਦਲੇ ਆਦਿ। ਬਾਕੀ ਦੀਆਂ ਕਹਾਣੀਆਂ ਵਿਚੋਂ ਵੀ ਜਬਰੀ ਵਿਆਹ, ਪਿਆਰ, ਲਾਲਸਾ, ਤਾਂਘ, ਬੇਬਸੀ ਤੇ ਅਸ਼ਾਂਤੀ ਜਿਹੇ ਵਿਸ਼ੇ ਉੱਘੜ ਕੇ ਸਾਹਮਣੇ ਆਉਂਦੇ ਹਨ।

ਅਣ-ਉੱਠੇ ਕਦਮਾਂ ਦੀ ਪੈੜ
ਲੇਖਕ : ਨੱਕਾਸ਼ ਚਿੱਤੇਵਾਣੀ
ਪ੍ਰਕਾਸ਼ਕ : ਜ਼ੀਨਤ ਪਬਲੀਕੇਸ਼ਨ, ਜਲੰਧਰ
ਮੁੱਲ : 120 ਰੁਪਏ, ਸਫ਼ੇ : 92.

ਕਿੱਤੇ ਵਜੋਂ ਇਕ ਫੋਟੋਗ੍ਰਾਫਰ ਨੱਕਾਸ਼ ਚਿੱਤੇਵਾਣੀ ਨੇ ਆਪਣੇ ਕਦਮ ਕਾਵਿ ਖੇਤਰ ਵਿਚ ਆਣ ਧਰੇ ਹਨ ਆਪਣੀ ਦੂਸਰੀ ਪੁਸਤਕ 'ਅਣ-ਉੱਠੇ ਕਦਮਾਂ ਦੀ ਪੈੜ' ਨਾਲ। ਬਚਪਨ ਤੋਂ ਸੂਖ਼ਮ ਰੁਚੀਆਂ ਦਾ ਮਾਲਕ ਤੇ ਕੋਮਲ ਕਲਾਵਾਂ, ਰੰਗਾਂ ਤੇ ਬੁਰਸ਼ਾਂ ਨੂੰ ਉਂਗਲੀਆਂ ਰਾਹੀਂ ਚਿੱਤਰ ਰੂਪਾਂ ਵਿਚ ਉਲੀਕਣ ਵਾਲੇ ਇਸ ਨੌਜਵਾਨ ਦੇ ਅੰਦਰ ਜੀਵਨ ਦਾ ਸੰਘਰਸ਼, ਆਲੇ-ਦੁਆਲੇ ਦੀ ਪੀੜ, ਨਿੱਜ ਤੋਂ ਉੱਠ ਕੇ ਪਰ ਤੱਕ ਦੀ ਗੱਲ ਕਰਨ ਦਾ ਹੀਆ ਵੀ ਹੈ, ਜੋ ਕਵਿਤਾ ਵਿਚੋਂ ਝਲਕਦਾ ਹੈ। ਉਸ ਨੇ ਜਿਥੇ ਪਿਆਰ ਬਾਰੇ ਲਿਖਿਆ ਹੈ, ਉਥੇ ਲੋਕਾਈ ਬਾਰੇ, ਚਲੰਤ ਮਸਲਿਆਂ ਬਾਰੇ, ਸਮਾਜਿਕ ਨਿਘਾਰ ਬਾਰੇ ਵੀ ਵਿਚਾਰ ਪੇਸ਼ ਕੀਤੇ ਹਨ। ਪਿਆਰ ਵਿਚ ਅਸਫ਼ਲਤਾ ਬਾਰੇ ਜਦੋਂ ਉਹ ਲਿਖਦਾ ਹੈ :
ਕੋਈ ਮੇਰੇ ਨੈਣਾਂ 'ਚੋਂ ਪੜ੍ਹ ਹੀ ਨਾ ਸਕਿਆ
ਮੇਰੇ ਬਲਦੇ ਚਾਅ ਤੇ ਮੇਰੀ ਬੇਕਰਾਰੀ।
ਮੈਂ ਕਿਥੇ ਉਦਾਸੀ ਦੀ ਲੋਅ ਸਾਂਭਾ ਦੱਸੋ,
ਨਵੇਂ ਦਿਲ ਦੀ ਕਿੱਦਾਂ ਕਰਾਂ ਮੈਂ ਉਸਾਰੀ।
ਕਵੀ ਆਪਣੀ ਮਾਂ-ਬੋਲੀ ਪ੍ਰਤੀ ਵੀ ਫ਼ਿਕਰਮੰਦ ਹੈ। ਸਮਾਜ ਵਿਚ ਵਧ ਰਹੀ ਲੱਚਰਤਾ ਕਾਰਨ ਵਿਰਸੇ ਤੋਂ ਕੁੱਦਦੇ ਲੋਕਾਂ ਪ੍ਰਤੀ ਚਿੰਤਤ ਹੈ, ਨਸ਼ਿਆਂ ਦੇ ਛੇਵੇਂ ਦਰਿਆ ਵਿਚ ਗਰਕ ਹੁੰਦੀ ਜਾਂਦੀ ਜਵਾਨੀ ਨੂੰ ਸੰਭਾਲਣ ਲਈ ਹੋਕਾ ਦਿੰਦਾ ਹੋਇਆ ਸਮਾਜ ਨੂੰ ਸਤਰਕ ਕਰਦਾ ਹੈ, ਸੇਧ ਦੇਣ ਦੀ ਕੋਸ਼ਿਸ਼ ਕਰਦਾ ਹੈ। ਉਸ ਦੀ ਨਜ਼ਮ 'ਬਲਾਤਕਾਰ' ਸਮਾਜ ਲਈ ਇਕ ਚਿਤਾਵਨੀ ਹੈ ਤੇ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਪ੍ਰੇਰਦੀ ਹੈ:
ਰੱਬ ਨਾ ਕਰੇ ਮੇਰੀ ਸੋਚ ਵਿਚ
ਮੇਰੇ ਜ਼ਹਿਨ ਵਿਚ
ਪਹਿਰ ਰਾਤ ਮੇਰੀ ਭੈਣ ਦਾ ਖਿਆਲ ਆ ਜਾਵੇ...
ਉਹ ਆਸ਼ਾਵਾਦੀ ਨਜ਼ਰੀਆ ਰਖਦਾ ਹੋਇਆ ਕਵੀ ਹੈ ਜੋ ਪਹੁ-ਫੁਟਾਲੇ ਤੱਕ ਜ਼ਿੰਦਗੀ ਦਾ ਗੀਤ ਗਾਉਣ ਦਾ ਚਾਹਵਾਨ ਹੈ, ਕਿਉਂਕਿ ਜ਼ਿੰਦਗੀ ਦੀਆਂ ਤਲਖ਼ੀਆਂ ਵਿਚੋਂ ਜੋ ਲੰਘਦਾ ਹੈ, ਉਹੀ ਜ਼ਿੰਦਗੀ ਨੂੰ ਨਵੇਂ ਦਿਸਹਦਿਆਂ ਤੋਂ ਪਾਰ ਲਿਆ ਜਾ ਸਕਦਾ ਹੈ। ਕਵੀ ਦੀ ਸ਼ਬਦਾਵਲੀ, ਬਿੰਬ ਤੇ ਪ੍ਰਗਟਾ ਢੰਗ ਕਮਾਲ ਦਾ ਹੈ। ਗ਼ਜ਼ਲਾਂ/ਗੀਤਾਂ ਦਾ ਇਹ ਸੰਗ੍ਰਹਿ ਸਮਾਜ ਲਈ ਸੇਧ ਪ੍ਰਦਾਨ ਕਰਦਾ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

(ਮੁਕਤੀ ਅਤੇ ਸ਼ਕਤੀਕਰਨ)
ਲੇਖਕ : ਰੌਣਕੀ ਰਾਮ
ਪ੍ਰਕਾਸ਼ਕ : ਪੰਜਾਬੀ ਯੂਨੀਵਰਸਿਟੀ ਪਟਿਆਲਾ
ਮੁੱਲ : 300 ਰੁਪਏ, ਸਫ਼ੇ : 372.

ਡਾ: ਰੌਣਕੀ ਰਾਮ ਦੀ ਬੌਧਿਕ ਸਮਰੱਥਾ ਦੇ ਕਾਰਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਨੇ ਇਹ ਪੁਸਤਕ ਉਸ ਤੋਂ ਵਿਸ਼ੇਸ਼ ਰੂਪ ਵਿਚ ਲਿਖਵਾਈ ਹੈ। ਪਿਛਲੇ 8-10 ਵਰ੍ਹਿਆਂ ਤੋਂ ਪੰਜਾਬੀ ਦੇ ਬੌਧਿਕ ਹਲਕਿਆਂ ਵਿਚ ਦਲਿਤ ਵਰਗ ਬਾਰੇ ਸੰਵਾਦ ਸ਼ੁਰੂ ਹੈ। ਇਸ ਤੋਂ ਪਹਿਲਾਂ ਡਾ: ਮਹੀਪ ਸਿੰਘ ਨੇ ਮਰਾਠੀ ਸਾਹਿਤ ਵਿਚ ਦਲਿਤ ਅੰਦੋਲਨ ਬਾਰੇ ਲਿਖੇ ਗਏ ਵਿਚਾਰ-ਉਤੇਜਕ ਲੇਖਾਂ ਦਾ ਇਕ ਸੰਕਲਨ ਹਿੰਦੀ ਵਿਚ ਪ੍ਰਕਾਸ਼ਿਤ ਕਰਵਾਇਆ ਸੀ।
ਡਾ: ਰੌਣਕੀ ਰਾਮ ਦੀ ਇਸ ਪੁਸਤਕ ਵਿਚ ਦਲਿਤ ਚਿੰਤਨ ਨਾਲ ਸਬੰਧਤ ਹੇਠ ਲਿਖਤ ਸਰੋਕਾਰ ਉਠਾਏ ਗਏ ਹਨ : 1. ਦਲਿਤ ਪਛਾਣ : ਸਿਧਾਂਤਕ ਪਰਿਪੇਖ, 2. ਪੰਜਾਬੀ ਦਲਿਤ ਪਛਾਣ : ਇਤਿਹਾਸਕ ਪਰਿਪੇਖ, 3. ਪੰਜਾਬੀ ਕੌਮ : ਦਲਿਤ ਮੁਕਤੀ ਅਤੇ ਸ਼ਕਤੀਕਰਨ, 4. ਪੰਜਾਬ ਦੇ ਜਾਤੀ ਤੇ ਜਮਾਤੀ ਮਸਲੇ, 5. ਗੁਰੂ ਰਵਿਦਾਸ, ਆਦਿ ਧਰਮ ਅਤੇ ਦਲਿਤ ਮੁਕਤੀ, 6. ਡਾ: ਅੰਬੇਡਕਰ ਅਤੇ ਦਲਿਤ ਮੁਕਤੀ ਅੰਦੋਲਨ, 7. ਸ਼ਹੀਦੇ-ਆਜ਼ਮ ਭਗਤ ਸਿੰਘ ਅਤੇ ਅਛੂਤ ਦਾ ਸਵਾਲ, 8. ਪੰਜਾਬੀ ਦਲਿਤ ਕਵਿਤਾ ਵਿਚ ਦਲਿਤ ਮੁਕਤੀ ਦਾ ਸਵਾਲ। ਡਾ: ਰੌਣਕੀ ਰਾਮ ਨੇ ਆਪਣੇ ਇਸ ਮਹਾਂ-ਪ੍ਰਸਤਾਵ ਨੂੰ ਲਿਖਣ ਵਾਸਤੇ ਅੰਗਰੇਜ਼ੀ ਅਤੇ ਪੰਜਾਬੀ ਦੀਆਂ ਲਗਭਗ ਇਕ ਹਜ਼ਾਰ ਪੁਸਤਕਾਂ ਦਾ ਅਧਿਐਨ ਕੀਤਾ ਹੈ। ਉਸ ਦੁਆਰਾ ਵਰਤੀ ਗਈ ਸੰਦਰਭ ਗ੍ਰੰਥਾਵਲੀ 50 ਪੰਨਿਆਂ ਵਿਚ ਫੈਲੀ ਹੋਈ ਹੈ। ਪੰਜਾਬੀ ਸੋਧ-ਪਰੰਪਰਾ ਵਿਚ ਇਸ ਵੰਨਗੀ ਦਾ ਪ੍ਰਮਾਣਿਕ ਕਾਰਜ ਘੱਟੋ-ਘੱਟ ਮੇਰੀ ਨਜ਼ਰ ਵਿਚ ਤਾਂ ਨਹੀਂ ਆਇਆ। ਪੰਜਾਬੀ ਦੇ ਬਹੁਤੇ ਵਿਦਵਾਨ (ਸੰਤ ਸਿੰਘ ਸੇਖੋਂ, ਕਿਸ਼ਨ ਸਿੰਘ ਅਤੇ ਅਤਰ ਸਿੰਘ ਇਤਿਆਦਿ) ਆਪਣੀਆਂ ਆਲੋਚਨਾਤਮਕ ਪੁਸਤਕਾਂ ਇਉਂ ਲਿਖਦੇ ਰਹੇ ਹਨ, ਜਿਵੇਂ ਉਨ੍ਹਾਂ ਨੂੰ ਆਕਾਸ਼ਵਾਣੀ ਹੁੰਦੀ ਰਹੀ ਹੋਵੇ। ਇਸ ਪ੍ਰਸੰਗ ਵਿਚ ਡਾ: ਰੌਣਕੀ ਰਾਮ ਜੀ ਦੀ ਹੋਰ ਵੀ ਪ੍ਰਸੰਸਾ ਕਰਨੀ ਪੈਂਦੀ ਹੈ।
ਡਾ: ਰੌਣਕੀ ਰਾਮ ਨੇ ਤਾਂ ਇਹ ਵਡਾਕਾਰੀ ਗ੍ਰੰਥ ਰਚ ਦਿੱਤਾ ਪਰ ਯੂਨੀਵਰਸਿਟੀ ਵਾਲਿਆਂ ਨੇ ਇਸ ਦੀ ਠੀਕ ਤਰ੍ਹਾਂ ਐਡੀਟਿੰਗ ਨਹੀਂ ਕੀਤੀ। ਇਸ ਪੁਸਤਕ ਵਿਚ ਵੱਧ ਤੋਂ ਵੱਧ ਜਾਣਕਾਰੀ ਪ੍ਰਦਾਨ ਕਰਨ ਦੇ ਅਤਿ ਉਤਸ਼ਾਹ ਵਿਚ ਲੇਖਕ ਨੇ ਕਾਫੀ ਵਾਧੂ ਸਮੱਗਰੀ ਵੀ ਭਰ ਦਿੱਤੀ ਹੈ, ਜੋ ਕਿਸੇ ਹੋਰ ਪੁਸਤਕ ਵਿਚ ਦਿੱਤੀ ਜਾਣੀ ਚਾਹੀਦੀ ਸੀ। ਜਿਵੇਂ ਬਲਵਿੰਦਰ ਸਿੰਘ ਜੀ ਵੱਲੋਂ ਵਿਦਵਾਨ ਲੇਖਕ ਨਾਲ ਕੀਤਾ ਸਾਖਿਆਤਕਾਰ ਅਤੇ ਪੰਜਾਬੀ ਦਲਿਤ ਕਵਿਤਾ ਦਾ ਵਿਸ਼ਲੇਸ਼ਣਾਤਮਕ ਅਧਿਐਨ ਆਦਿਕ। ਪਰ ਇਸ ਦੇ ਬਾਵਜੂਦ ਪੁਸਤਕ ਵਿਚਲੀ ਵਿਚਾਰਧਾਰਕ ਧਾਰ ਕਿਧਰੇ ਵੀ ਖੁੰਢੀ ਨਹੀਂ ਪੈਂਦੀ। ਮੈਂ ਇਸ ਪੁਸਤਕ ਦਾ ਭਰਪੂਰ ਸਵਾਗਤ ਕਰਦਾ ਹਾਂ।

ਪਰਵਾਸੀ ਪੰਜਾਬੀ ਮੀਡੀਆ-99
ਲੇਖਕ : ਪ੍ਰੋ: ਕੁਲਬੀਰ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 216.

ਪ੍ਰੋ: ਕੁਲਬੀਰ ਸਿੰਘ ਰੋਜ਼ਾਨਾ ਪੰਜਾਬੀ ਅਖ਼ਬਾਰਾਂ 'ਅਜੀਤ' ਅਤੇ 'ਪੰਜਾਬੀ ਟ੍ਰਿਬਿਊਨ' ਆਦਿ ਲਈ ਨਿਯਮਿਤ ਤੌਰ 'ਤੇ ਮੀਡੀਆ ਬਾਰੇ ਲਿਖਣ ਵਾਲਾ ਇਕ ਉਤਸ਼ਾਹੀ ਅਤੇ ਵਚਨਬੱਧ ਕਾਲਮਨਵੀਸ ਹੈ। ਉਹ ਮੀਡੀਆ ਦੀਆਂ ਸਰਗਰਮੀਆਂ ਬਾਰੇ ਕੇਵਲ ਵਸਤੂਮੁਖ ਵੇਰਵੇ ਦੇਣ ਤੱਕ ਹੀ ਸੀਮਤ ਨਹੀਂ ਰਹਿੰਦਾ ਬਲਕਿ ਇਨ੍ਹਾਂ ਦੀਆਂ ਸਮਾਜਿਕ-ਸੱਭਿਆਚਾਰਕ ਭੂਮਿਕਾਵਾਂ ਬਾਰੇ ਵੀ ਤਿੱਖੀਆਂ ਅਤੇ ਬੇਲਾਗ਼ ਟਿੱਪਣੀਆਂ ਕਰਨ ਤੋਂ ਵੀ ਸੰਕੋਚ ਨਹੀਂ ਕਰਦਾ। ਇਸ ਪ੍ਰਕਾਰ ਉਸ ਦੇ ਕਾਲਮ ਪੰਜਾਬੀ ਸੱਭਿਆਚਾਰ ਦੇ ਸਾਕਾਰਾਤਮਕ ਵਿਕਾਸ ਵਿਚ ਭਰਪੂਰ ਯੋਗਦਾਨ ਪਾ ਰਹੇ ਹਨ। ਪਰਵਾਸੀ ਪੰਜਾਬੀ ਮੀਡੀਆ ਦੀ ਕਾਰਗੁਜ਼ਾਰੀ ਬਾਰੇ ਉਸ ਦੀ ਪਹਿਲੀ ਪੁਸਤਕ 2010 ਵਿਚ ਪ੍ਰਕਾਸ਼ਿਤ ਹੋਈ ਸੀ। ਦੂਸਰੀ ਪੁਸਤਕ ਵਿਚ ਉਸ ਨੇ ਪਰਵਾਸੀ ਮੀਡੀਆ ਦੀ ਭੂਮਿਕਾ ਬਾਰੇ ਗਹਿਰ-ਗੰਭੀਰ ਟਿੱਪਣੀਆਂ ਕਰਨ ਦੇ ਨਾਲ-ਨਾਲ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ, ਜਰਮਨੀ, ਇਟਲੀ, ਸਵਿਟਜ਼ਰਲੈਂਡ, ਹਾਂਗਕਾਂਗ ਅਤੇ ਪਾਕਿਸਤਾਨ ਵਿਚ ਕਾਰਜਸ਼ੀਲ ਮੀਡੀਆ ਦੀਆਂ ਸਰਗਰਮੀਆਂ ਬਾਰੇ ਬੜੇ ਵਿਸਤਾਰ ਅਤੇ ਅਧਿਕਾਰ ਨਾਲ ਲਿਖਿਆ ਹੈ।
ਇਸ ਮੋਨੋਗ੍ਰਾਫ਼ ਦੇ ਪਹਿਲੇ ਲੇਖ 'ਪਰਵਾਸੀ ਪੰਜਾਬੀ ਮੀਡੀਆ : ਦਸ਼ਾ ਤੇ ਦਿਸ਼ਾ' ਵਿਚ ਪ੍ਰੋ: ਕੁਲਬੀਰ ਸਿੰਘ ਨੇ ਪੰਜਾਬੀ ਸਮਾਜ ਅਤੇ ਰਾਜਨੀਤਕ ਸੰਦਰਭਵਾਂ ਬਾਰੇ ਬੜੀਆਂ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਹਨ। ਉਹ ਲਿਖਦਾ ਹੈ ਕਿ ਪਰਵਾਸੀ ਪੰਜਾਬੀ ਮੀਡੀਆ ਅੱਜ ਇਸ ਸਥਿਤੀ ਵਿਚ ਹੈ ਕਿ ਉਹ ਪੰਜਾਬ ਲਈ ਬਹੁਤ ਕੁਝ ਕਰ ਸਕਦਾ ਹੈ ਪਰ ਸਰਕਾਰਾਂ ਸਹਿਯੋਗ ਲੈਣ ਲਈ ਤਿਆਰ ਨਹੀਂ ਹਨ। ਕੋਈ ਯੋਜਨਾਬੰਦੀ ਨਹੀਂ, ਕੋਈ ਸਿਸਟਮ ਨਹੀਂ। ਗੁਜਰਾਤ ਅਤੇ ਹਰਿਆਣੇ ਦੇ ਸਿਆਸੀ ਲੋਕ ਵਿਦੇਸ਼ ਜਾਂਦੇ ਹਨ ਤਾਂ ਆਪਣੇ ਪਰਵਾਸੀ ਭਰਾਵਾਂ ਤੋਂ ਕੋਈ ਪ੍ਰਾਜੈਕਟ ਲੈ ਆਉਂਦੇ ਹਨ-ਲੋਕਾਂ ਅਤੇ ਸਟੇਟ ਦੀ ਭਲਾਈ ਲਈ। ਪਰ ਸਾਡੇ ਅਫਸਰ/ਸਿਆਸੀ ਲੋਕ ਵਿਦੇਸ਼ ਜਾਂਦੇ ਹਨ ਤਾਂ ਸਨਮਾਨ (ਜਾਂ ਫੰਡ ਆਦਿ) ਲੈ ਕੇ ਵਾਪਸ ਆ ਜਾਂਦੇ ਹਨ। ਇਹ ਰੁਝਾਨ ਬਦਲਣ ਦੀ ਲੋੜ ਹੈ। (ਪੰਨਾ 25)
ਪਰਵਾਸੀ ਮੀਡੀਆ ਦੀ ਪ੍ਰਗਤੀਸ਼ੀਲਤਾ ਬਾਰੇ ਜਾਣਕਾਰੀ ਦਿੰਦਾ ਹੋਇਆ ਉਹ ਲਿਖਦਾ ਹੈ ਕਿ ਪੰਜਾਬ ਵਿਚ ਵੱਖ-ਵੱਖ ਪਾਰਟੀਆਂ ਵੱਲੋਂ ਸਿਆਸੀ ਲਾਭ ਮਿਲਣ ਵਾਲੇ ਮੁੱਦੇ ਹੀ ਉਭਾਰੇ ਜਾ ਰਹੇ ਹਨ, ਬੇਸ਼ੱਕ ਅਜਿਹੇ ਮੁੱਦਿਆਂ ਦੇ ਕਾਰਨ ਸਮਾਜ ਅਤੇ ਲੋਕਾਂ ਦਾ ਨੁਕਸਾਨ ਹੀ ਹੋਵੇ। ਸਾਡੇ ਨੇਤਾਵਾਂ ਦਾ ਇਕੋ-ਇਕ ਨਿਸ਼ਾਨ ਸੱਤਾ ਉਪਰ ਕਾਬਜ਼ ਹੋਣਾ ਤੇ ਰਹਿਣਾ ਹੈ। ਉਨ੍ਹਾਂ ਨੇ ਸਿਧਾਂਤਾਂ ਨੂੰ ਛਿੱਕੇ ਟੰਗ ਦਿੱਤਾ ਹੈ। ਭਾਰਤ ਵਿਚ ਚੱਲ ਰਹੇ ਇਸ ਰੁਝਾਨ ਨੂੰ ਪਰਵਾਸੀ ਮੀਡੀਆ ਨੇ ਰੱਦ ਕਰ ਦਿੱਤਾ ਹੈ। (ਪੰਨਾ 27) ਪਰਵਾਸੀ ਮੀਡੀਆ, ਲੋਕਾਂ ਨੂੰ ਅਪੀਲ ਕਰ ਰਿਹਾ ਹੈ ਕਿ ਉਸੇ ਪਾਰਟੀ ਅਤੇ ਉਮੀਦਵਾਰ ਦੀ ਮਦਦ ਕਰਨੀ ਚਾਹੀਦੀ ਹੈ ਜੋ ਦੇਸ਼ ਦੀ ਤਰੱਕੀ, ਏਕਤਾ ਅਤੇ ਅਖੰਡਤਾ ਪ੍ਰਤੀ ਵਚਨਬੱਧ ਹੋਵੇ। ਪ੍ਰੋ: ਕੁਲਬੀਰ ਸਿੰਘ ਦੀ ਇਹ ਪੁਸਤਕ ਪੰਜਾਬ ਵਿਚ ਕੰਮ ਕਰ ਰਹੇ ਮੀਡੀਆ ਨੂੰ ਅੰਤਰ-ਝਾਤ ਮਾਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਸਾਡੇ ਇਧਰ ਛੋਟੀਆਂ-ਛੋਟੀਆਂ ਮੰਡੀਆਂ ਅਤੇ ਕਸਬਿਆਂ ਵਿਚ ਕੰਮ ਕਰਨ ਵਾਲੇ ਮੀਡੀਆ ਕਰਮੀ ਸਮਝੌਤਾਵਾਦੀ ਬਣਦੇ ਜਾ ਰਹੇ ਹਨ। ਉਹ ਸੱਤਾ ਤੋਂ ਛੋਟੇ-ਛੋਟੇ ਸੁੱਖ-ਸੁਵਿਧਾਵਾਂ ਪ੍ਰਾਪਤ ਕਰਨ ਲਈ ਆਪਣੇ ਪਵਿੱਤਰ ਕਿੱਤੇ ਦੀ ਗਰਿਮਾ ਤੋਂ ਅੱਖਾ ਫੇਰ ਲੈਂਦੇ ਹਨ। ਮੈਂ, ਪ੍ਰੋ: ਕੁਲਬੀਰ ਸਿੰਘ ਦੇ ਉੱਦਮ ਦੀ ਹਾਰਦਿਕ ਪ੍ਰਸੰਸਾ ਕਰਦਾ ਹਾਂ। ਉਸ ਨੇ ਵਚਨਬੱਧ ਹੋ ਕੇ ਮੀਡੀਆ ਕਾਰਜ ਕਰਨ ਦੀ ਪ੍ਰੇਰਨਾ ਦਿੱਤੀ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਪੰਜਾਬੀ ਲੋਕ
ਲੇਖਕ : ਗੁਰਦਿਆਲ ਸਿੰਘ ਕੋਟਭਾਈ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 124.

ਪੁਸਤਕ 'ਪੰਜਾਬੀ ਲੋਕ' ਆਦਿ ਕਾਲ ਤੋਂ ਲੈ ਕੇ ਆਧੁਨਿਕ ਸਮੇਂ ਤੱਕ ਦੇ ਪੰਜਾਬ ਦੇ ਸੱਭਿਆਚਾਰਕ ਇਤਿਹਾਸ ਦਾ ਦਰਪਣ ਹੈ। ਪੁਸਤਕ ਵਿਚ 23 ਨਿਬੰਧ, ਜੋ ਰੂਪਾਕਾਰ ਪੱਖੋਂ ਲਘੂ ਨਿਬੰਧ ਵੀ ਆਖੇ ਜਾ ਸਕਦੇ ਹਨ ਅਤੇ ਸੰਪੂਰਨ ਨਿਬੰਧ ਵੀ, ਇਨ੍ਹਾਂ ਸਭਨਾਂ ਨਿਬੰਧਾਂ ਨੂੰ ਇਤਿਹਾਸਕ ਕਾਲਕ੍ਰਮ ਅਨੁਸਾਰ ਤਰਤੀਬ ਦੇ ਕੇ, ਦਸਤਾਵੇਜ਼ੀ ਸਰੋਤਾਂ ਅਤੇ ਮੌਲਿਕ ਗਿਆਨ-ਬੋਧ ਸ਼ਕਤੀ ਦੇ ਬਲਬੂਤੇ ਭਾਵਪੂਰਤ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਸਭ ਤੋਂ ਪਹਿਲਾਂ ਪੰਜਾਬੀ ਦੀ ਭੂਗੋਲਿਕ ਹੱਦਬੰਦੀ ਦੀ ਰੂਪਰੇਖਾ ਦੇ ਕੇ, ਸਮੇਂ-ਸਮੇਂ ਇਸ 'ਚ ਆਈਆਂ ਰਾਜਨੀਤਕ, ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਤਬਦੀਲੀਆਂ ਦਾ ਉਲੇਖ ਕੀਤਾ ਗਿਆ ਹੈ। ਹੜੱਪਾ-ਮਹਿੰਜੋਦਾਰੋ ਦੀ ਸੱਭਿਅਤਾ ਦੇ ਚੜ੍ਹਾਅ ਅਤੇ ਗਿਰਾਵਟ ਵਾਲੇ ਸਰੋਕਾਰਾਂ ਬਾਬਤ ਬਾਰੀਕੀ ਨਾਲ ਵਿਚਾਰ ਪ੍ਰਗਟਾਏ ਗਏ ਹਨ। ਆਰੀਆ ਜਾਤੀਆਂ ਦਾ ਪਿਛੋਕੜ, ਵਸੇਬਾ, ਕਿਰਦਾਰ ਤੇ ਇਨ੍ਹਾਂ ਦੁਆਰਾ ਸਥਾਪਤ ਸੱਭਿਅਤਾ ਦੀ ਜਾਣਕਾਰੀ ਬਹੁਤ ਹੀ ਪੁਖਤਾ ਅੰਦਾਜ਼ 'ਚ ਵਿਅਕਤ ਹੋਈ ਵੇਖੀ ਜਾ ਸਕਦੀ ਹੈ। ਰਿਗਵੇਦ ਵਿਚੋਂ ਛੇ ਸ਼ਬਦ (ਭਜਨ) ਵੀ ਵਿਅਕਤ ਕੀਤੇ ਗਏ ਹਨ। ਮਹਾਭਾਰਤ ਦੀ ਤਾਰੀਖੀ ਮਹੱਤਤਾ ਤੇ ਇਸ ਦੇ ਮਹੱਤਵਪੂਰਨ ਪਾਤਰਾਂ ਦਾ ਉਲੇਖ ਸ਼ਲਾਘਾਯੋਗ ਹੈ।
ਸਮੇਂ-ਸਮੇਂ ਪੰਜਾਬ 'ਚ ਹਮਲਾਵਰਾਂ ਦਾ ਆਉਣਾ, ਪੰਜਾਬ ਨੂੰ ਲੁੱਟਣਾ, ਪੰਜਾਬੀ ਰਹਿਤਲ 'ਚ ਨਵੀਨ ਰੰਗ ਭਰਨਾ ਆਦਿ ਬਾਬਤ ਜਾਣਕਾਰੀ ਦੇਣ ਤੋਂ ਇਲਾਵਾ ਇਸਲਾਮੀ ਲੋਕਾਂ ਦੇ ਹਵਾਲਿਆਂ ਨਾਲ ਵੀ ਖੂਬ ਠੋਸ ਜਾਣਕਾਰੀ ਦੇਣ ਦਾ ਸਫ਼ਲ ਉਪਰਾਲਾ ਕੀਤਾ ਗਿਆ ਹੈ। ਪੰਜਾਬੀ ਖਾਲਸਾ ਰਾਜ, ਸਿੱਖ ਰਾਜ ਦੀ ਉਸਾਰੀ, ਅੰਗਰੇਜ਼ੀ ਰਾਜ ਦੀ ਸਥਾਪਤੀ, ਪੰਜਾਬ ਦੀ ਵੰਡ ਅਤੇ ਇਸ ਦਾ ਲੋਕ-ਜੀਵਨ 'ਤੇ ਪ੍ਰਭਾਵ, ਪੰਜਾਬ ਦੀ ਫ਼ਿਰਕੂ ਸਿਆਸਤ, ਇੰਦਰਾ ਗਾਂਧੀ ਦੀ ਸਿਆਸਤ ਆਦਿ ਬਾਬਤ ਜਾਣਕਾਰੀ ਦੇਣ ਸਮੇਂ ਲੇਖਕ ਕਾਫੀ ਨਵੇਂ ਤੱਥਾਂ ਅਤੇ ਸਚਾਈਆਂ ਨੂੰ ਪਾਠਕਾਂ ਦੇ ਸਾਹਮਣੇ ਦਲੀਲਾਂ ਸਹਿਤ ਲੈ ਕੇ ਪੇਸ਼ ਹੁੰਦਾ ਹੈ। ਪੰਜਾਬੀ ਸੱਭਿਆਚਾਰ, 'ਪੰਜਾਬੀ ਸਪਿਰਟ ਤੇ ਪੰਜਾਬੀ ਕਰੈਕਟਰ' ਬਾਬਤ ਦਿੱਤੀ ਜਾਣਕਾਰੀ ਪੁਸਤਕ ਦੀ ਸ਼ੋਭਾ 'ਚ ਗੁਣਾਤਮਿਕ ਵਾਧਾ ਕਰਦੀ ਪ੍ਰਤੀਤ ਹੁੰਦੀ ਹੈ। ਇਥੇ ਹੀ ਬੱਸ ਨਹੀਂ, ਹੱਥਲੀ ਪੁਸਤਕ ਪੱਛਮੀ ਨਸਲਵਾਦ ਤੇ ਪੰਜਾਬੀ ਅਵਾਸੀਆਂ ਬਾਬਤ ਵੀ ਭਰਪੂਰ ਜਾਣਕਾਰੀ ਦਿੰਦੀ ਹੈ ਅਤੇ ਅੱਜ ਤੇ ਆਉਣ ਵਾਲੇ ਕੱਲ੍ਹ ਦੇ ਪੰਜਾਬੀਆਂ ਬਾਰੇ ਵੀ ਠੋਸ ਗਿਆਨ ਬੋਧ ਦਾ ਸੋਮਾ ਪ੍ਰਗਟ ਕਰਦੀ ਹੈ। ਇਹ ਪੁਸਤਕ ਹਰ ਵਰਗ ਦੇ ਪਾਠਕ ਲਈ ਉਪਯੋਗੀ ਹੈ।

ਨੀਲੇ ਤਾਰਿਆਂ ਦੀ ਮੌਤ
ਲੇਖਕ : ਡਾ: ਜੋਗਿੰਦਰ ਸਿੰਘ ਕੈਰੋਂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 288.

'ਨੀਲੇ ਤਾਰਿਆਂ ਦੀ ਮੌਤ' ਪੰਜਾਬ ਵਿਚ 20ਵੀਂ ਸਦੀ ਦੇ ਆਖਰੀ ਦਹਾਕਿਆਂ ਵਿਚ ਵਾਪਰੇ ਦੁਖਾਂਤ ਅਤੇ ਉਸ ਦੇ ਪ੍ਰਭਾਵੀ ਸਿੱਟਿਆਂ ਦੇ ਬਿਰਤਾਂਤ ਨੂੰ ਯਥਾਰਥਕ ਦ੍ਰਿਸ਼ਟੀ ਤੋਂ ਪੇਸ਼ ਕਰਨ ਵਾਲਾ ਨਾਵਲ ਹੈ। ਡਾ: ਕੈਰੋਂ ਇਕੋ ਸਮੇਂ ਲੋਕਧਾਰਾਈ ਖੇਤਰ ਨਾਲ ਜੁੜਿਆ ਹੋਇਆ ਵਿਦਵਾਨ ਵੀ ਹੈ ਅਤੇ ਚੰਗਾ ਗਲਪਕਾਰ ਵੀ ਹੈ। ਇਸ ਵੱਡੇ ਕੈਨਵਸ ਵਾਲੇ ਨਾਵਲ 'ਚ ਬਿਆਨੀਆਂ, ਵਿਸ਼ਲੇਸ਼ਣਾਤਮਕ ਅਤੇ ਆਹਮੋ-ਸਾਹਮਣੀ ਵਾਰਤਾਲਾਪੀ ਸ਼ੈਲੀ ਰਾਹੀਂ ਲੇਖਕ ਨੇ ਉਸ ਸੱਚ ਨੂੰ ਪਕੜਨ ਦਾ ਉਪਰਾਲਾ ਕੀਤਾ ਹੈ, ਜਿਸ ਨੇ ਲਗਭਗ 20 ਵਰ੍ਹੇ ਪੰਜਾਬ, ਪੰਜਾਬੀਅਤ ਅਤੇ ਇਥੋਂ ਦੇ ਉਪਜੀਵਕਾਂ ਦੇ ਸਾਧਨਾਂ ਨੂੰ ਤਰਸਯੋਗ ਅਤੇ ਹੇਠਲੀ ਪੱਧਰ 'ਤੇ ਲਿਆ ਮਾਰਿਆ ਸੀ। ਬਹੁਤ ਸਾਰੇ ਪ੍ਰਸ਼ਨ ਉਭਾਰਦਾ ਇਹ ਨਾਵਲ ਕਈ ਚਿੰਤਕਾਂ ਨੂੰ ਨਵੀਂ ਦਿਸ਼ਾ ਤੋਂ ਸੋਚਣ ਲਈ ਵੀ ਪ੍ਰੇਰਕ ਬਿੰਦੂ ਬਣਦਾ ਹੈ। ਹਿੰਦੂ-ਸਿੱਖ ਦੀ ਆਪਸੀ ਸਾਂਝ ਵਿਚ ਕਿਸ ਸ਼ਕਤੀ ਨੇ ਅਤੇ ਕਿਉਂ ਪਾੜਾ ਪਾਉਣ ਦਾ ਯਤਨ ਕੀਤਾ? ਇਤਿਆਦਿ ਪ੍ਰਸ਼ਨ ਅਤੇ ਇਨ੍ਹਾਂ ਦੇ ਉੱਤਰ ਸੁਚੱਜੀ ਸ਼ੈਲੀ 'ਚ ਇਸ ਨਾਵਲ 'ਚ ਅੰਕਿਤ ਹਨ। ਬਹੁਤ ਸਾਰੇ ਘਰਾਂ ਦੇ ਘਰ, ਜਾਇਦਾਦਾਂ, ਰਿਸ਼ਤੇ-ਨਾਤੇ, ਜਵਾਨੀਆਂ ਆਦਿ ਇਸ ਦਹਿਸ਼ਤ ਦੀ ਭੇਟ ਚੜ੍ਹ ਗਈਆਂ। ਕਈ ਪਿੰਡਾਂ ਦੇ ਪਿੰਡ, ਪੁੱਤਰਾਂ ਵਿਹੂਣੇ ਹੋ ਗਏ, ਧੀ-ਭੈਣਾਂ ਵਿਧਵਾ ਹੋ ਗਈਆਂ। ਇਹ ਸਭ ਕੁਝ ਬੁਰੇ ਲੋਕਾਂ ਦੇ ਬੁਰੀ ਸੋਚ ਵਿਚੋਂ ਪਨਪਿਆ, ਵਾਪਰਿਆ ਅਤੇ ਸਮੂਹ ਪੰਜਾਬੀਆਂ ਨੇ ਹੰਢਾਇਆ। ਇਸ ਲਈ ਸਮੇਂ ਦੀਆਂ ਸਰਕਾਰਾਂ, ਉਨ੍ਹਾਂ ਦੀਆਂ ਚਲੀਆਂ ਚਾਲਾਂ, ਸਿਆਸਤੀ ਲਾਭਾਂ ਆਦਿ ਨੂੰ ਨਾਵਲਕਾਰ ਨੇ ਬਾ-ਖੂਬੀ ਨਿਭਾਉਂਦਿਆਂ ਹੋਇਆਂ ਅੰਤਿਮ ਕਾਂਡਾਂ 'ਚ ਮੁੜ ਹਿੰਦੂ-ਸਿੱਖ ਦੀ ਸਾਂਝੀਵਾਲਤਾ ਦਾ ਪੈਗਾਮ ਦਿੱਤਾ ਹੈ। ਬਚਿੱਤਰ ਸਿੰਘ ਅਤੇ ਰਾਮ ਗੋਪਾਲ ਜਿਹੇ ਪਾਤਰ ਮਹੱਤਵਪੂਰਨ ਪਾਤਰ ਸਾਬਤ ਹੋਏ ਹਨ।

-ਡਾ: ਜਗੀਰ ਸਿੰਘ ਨੂਰ
ਮੋ: 98142-09732.

21-04-2013

 ਰੁਮਕਦੀ ਪੌਣ ਦਾ ਸਫ਼ਰ
ਸ਼ਾਇਰਾ : ਸੁਰਿੰਦਰ ਕੌਰ ਭੋਗਲ 'ਬੇਬੀ'
ਪ੍ਰਕਾਸ਼ਕ-ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 170 ਰੁਪਏ, ਸਫ਼ੇ : 96.

ਪੰਜਾਬੀ ਜ਼ਬਾਨ ਗੀਤ ਰਚਨਾ ਲਈ ਬਹੁਤ ਢੁਕਵੀਂ ਹੈ ਪਰ ਇਸ ਖੇਤਰ ਵਿਚ ਸੰਜੀਦਗੀ ਨਾਲ ਰਚਨਾਤਮਕ ਕਾਰਜ ਨਹੀਂ ਕੀਤਾ ਗਿਆ। ਕੁਝ ਕਵੀਆਂ ਨੂੰ ਛੱਡ ਕੇ ਪੰਜਾਬੀ ਵਿਚ ਗੀਤ ਰਚਨਾ ਵਧੇਰੇ ਕਰਕੇ ਗ਼ੈਰ-ਸੰਜੀਦਾ ਹੱਥਾਂ ਵਿਚ ਰਹੀ ਹੈ ਤੇ ਇਹੀ ਕਾਰਨ ਹੈ ਕਿ ਗੀਤਾਂ ਨੂੰ ਪੰਜਾਬੀ ਸਾਹਿਤ ਦਾ ਅੰਗ ਹੀ ਨਹੀਂ ਸਮਝਿਆ ਗਿਆ। ਸਮੇਂ-ਸਮੇਂ 'ਤੇ ਇੱਕਾ-ਦੁੱਕਾ ਮਿਆਰੀ ਗੀਤ ਸੰਗ੍ਰਹਿਆਂ ਦੀ ਪ੍ਰਕਾਸ਼ਨਾ ਹੁੰਦੀ ਰਹੀ ਹੈ ਤੇ ਬੇਝਿਜਕ ਅਜਿਹੇ ਪ੍ਰਕਾਸ਼ਨ ਪੰਜਾਬੀ ਸਾਹਿਤ ਦਾ ਅਨਮੋਲ ਖ਼ਜ਼ਾਨਾ ਹਨ। ਸੁਰਿੰਦਰ ਕੌਰ ਭੋਗਲ 'ਬੇਬੀ' ਦਾ ਹਥਲਾ ਗੀਤ-ਸੰਗ੍ਰਹਿ ਇਸ ਪਾਸੇ ਵਲ ਨਿੱਗਰ ਕਦਮ ਹੈ ਤੇ ਇਨ੍ਹਾਂ ਗੀਤਾਂ ਨੂੰ ਪੜ੍ਹ ਕੇ ਉਸ ਵੱਲੋਂ ਨਵੀਆਂ ਪੈੜਾਂ ਦੀ ਸੰਭਾਵਨਾ ਬਣਦੀ ਹੈ। 'ਰੁਮਕਦੀ ਪੌਣ ਦਾ ਸਫ਼ਰ' ਪੁਸਤਕ ਦੀ ਬਹੁਤੀ ਗੀਤਕਾਰੀ ਮੁਹੱਬਤ ਦੇ ਰੰਗ ਵਿਚ ਰੰਗੀ ਹੋਈ ਹੈ ਤੇ ਇਨ੍ਹਾਂ 'ਤੇ ਵਿਛੋੜੇ ਦੀ ਪਰਤ ਚੜ੍ਹੀ ਹੋਈ ਹੈ। ਭੋਗਲ ਕੋਲ ਸ਼ਬਦ ਹਨ ਤੇ ਸ਼ਬਦਾਂ ਨੂੰ ਤਰਤੀਬ ਦੇਣ ਦੀ ਸੂਝ ਹੈ ਜੋ ਕਿਸੇ ਵੀ ਰਚਨਾ ਦਾ ਆਧਾਰ ਬਣਦੀ ਹੈ। ਪੁਸਤਕ ਵਿਚ ਸ਼ਾਮਿਲ ਕਈ ਗੀਤ ਸੁਧਾਰਵਾਦੀ ਹਨ ਤੇ ਇਹ ਸਮਾਜਿਕ ਕੁਰੀਤੀਆਂ ਵਿਰੁੱਧ ਪਾਠਕ ਨੂੰ ਸੁਚੇਤ ਕਰਦੇ ਹਨ। ਇਸ ਪੁਸਤਕ ਦੇ ਗੀਤਾਂ ਵਿਚ ਸੁਰਿੰਦਰ ਕੌਰ ਭੋਗਲ ਨੇ ਅਸ਼ਲੀਲਤਾ ਤੋਂ ਦੂਰੀ ਬਣਾਈ ਰੱਖੀ ਹੈ। ਅਸ਼ਲੀਲਤਾ ਵਕਤੀ ਤੌਰ 'ਤੇ ਮੋਟੀ-ਠੁੱਲ੍ਹੀ ਸੁਹਜ ਵਾਲੇ ਲੋਕਾਂ ਵਿਚ ਪ੍ਰਭਾਵ ਛੱਡਦੀ ਹੈ ਪਰ ਇਸ ਦੀ ਉਮਰ ਕਦੀ ਲੰਮੀ ਨਹੀਂ ਹੋ ਸਕਦੀ ਤੇ ਇਹ ਕਦੀ ਵੀ ਸਾਹਿਤ ਦਾ ਭਾਗ ਨਹੀਂ ਬਣ ਸਕਦੀ। ਇਹ ਗੀਤ ਗਾਏ ਜਾਣ ਵਾਲੇ ਹਨ ਤੇ ਇਨ੍ਹਾਂ ਵਿਚਲੇ ਗੀਤਕ ਅੰਸ਼ ਸੰਗੀਤ ਨਾਲ ਮਿਲ ਕੇ ਹੋਰ ਪ੍ਰਭਾਵੀ ਬਣ ਸਕਣ ਦੇ ਯੋਗ ਹਨ। ਭੋਗਲ ਦੀ ਇਸ ਪਹਿਲੀ ਪੁਸਤਕ ਵਿਚ ਗੀਤ ਰਚਨਾ ਲਈ ਕੁਝ ਹੋਰ ਮਹੱਤਵਪੂਰਨ ਵਿਸ਼ੇ ਲਏ ਜਾ ਸਕਦੇ ਸਨ ਪਰ ਭਵਿੱਖ ਵਿਚ ਅਭਿਆਸ ਤੇ ਜ਼ਿੰਦਗੀ ਦੇ ਤਜਰਬੇ ਨਾਲ ਉਹ ਹੋਰ ਉੱਚੀ ਪਰਵਾਜ਼ ਭਰੇਗੀ, ਅਜਿਹੀ ਮੈਨੂੰ ਆਸ ਹੈ। ਆਪਣੀ ਇਸ ਪੁਸਤਕ ਦੇ ਇਨ੍ਹਾਂ ਗੀਤਾਂ ਵਿਚ ਸ਼ਾਇਰਾ ਆਪਣਾ ਪ੍ਰਭਾਵ ਛੱਡਦੀ ਹੈ ਪਰ ਆਪਣੀ ਸਥਾਪਤੀ ਲਈ ਉਸ ਨੇ ਅਜੇ ਅਣਸੁਖਾਵੀਆਂ ਪੌਣਾਂ ਦਾ ਸਫ਼ਰ ਤੈਅ ਕਰਨਾ ਹੈ।

ਚਿੜੀਆਂ ਦਾ ਪਿੰਡ
ਕਵੀ : ਮਲਵਿੰਦਰ
ਪ੍ਰਕਾਸ਼ਕ : ਰੂਪੀ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 60 ਰੁਪਏ, ਸਫ਼ੇ : 88.

ਪੰਜਾਬੀ ਸਾਹਿਤ ਵਿਚ ਖੁੱਲ੍ਹੀ ਕਵਿਤਾ ਵੱਖ-ਵੱਖ ਨਾਵਾਂ ਨਾਲ ਛੰਦਬੱਧ ਕਵਿਤਾ ਦੇ ਸਮਾਨੰਤਰ ਚਲਦੀ ਰਹੀ ਹੈ। ਲੇਖਕਾਂ ਤੇ ਪਾਠਕਾਂ ਦਾ ਇਕ ਵਰਗ ਹਮੇਸ਼ਾ ਇਸ ਦੇ ਨਾਲ ਖਲੋਂਦਾ ਰਿਹਾ ਹੈ ਤੇ ਇਕ ਵਰਗ ਇਸ ਦੇ ਵਿਰੋਧ ਵਿਚ ਰਿਹਾ ਹੈ। ਸਿੱਟੇ ਵਜੋਂ ਖੁੱਲ੍ਹੀ ਕਵਿਤਾ ਪੰਜਾਬੀ ਸਾਹਿਤ ਦਾ ਹਮੇਸ਼ਾ ਹਿੱਸਾ ਬਣੀ ਰਹੀ ਹੈ। ਇਸ ਪੁਸਤਕ ਵਿਚ ਸ਼ਾਮਿਲ ਕਵਿਤਾਵਾਂ ਵੀ ਖੁੱਲ੍ਹੀਆਂ ਹਨ ਪਰ ਇਨ੍ਹਾਂ ਨੂੰ ਸ਼ਾਇਰ ਵੱਲੋਂ ਹਾਇਕੂ ਦਾ ਨਾਂਅ ਦਿੱਤਾ ਗਿਆ ਹੈ। ਹਾਇਕੂ ਜਾਪਾਨ ਵਿਚ ਕਵਿਤਾ ਦਾ ਅਸਲੋਂ ਛੋਟਾ ਰੂਪ ਹੁੰਦਾ ਹੈ ਜਿਸ ਵਿਚ ਮਹਿਜ਼ ਤਿੰਨ ਕੁ ਵਾਕਾਂ ਵਿਚ ਗੱਲ ਮੁਕਾ ਦਿੱਤੀ ਜਾਂਦੀ ਹੈ ਜਿਸ 'ਚੋਂ ਕਈ ਸਵਾਲ ਉੱਠਦੇ ਹਨ। ਇਹ ਕਾਵਿ-ਰੂਪ ਜਾਪਾਨ ਵਿਚ ਰਹਿ ਚੁੱਕੇ ਪੰਜਾਬੀ ਕਵੀਆਂ ਰਾਹੀਂ ਇਧਰ ਆਇਆ ਜੋ ਭਾਵੇਂ ਅਜੇ ਮਕਬੂਲ ਨਹੀਂ ਹੋਇਆ ਪਰ ਇਸ ਦੇ ਵਿਸਥਾਰ ਕਰ ਜਾਣ ਦੀਆਂ ਸੰਭਾਵਨਾਵਾਂ ਬਣ ਸਕਦੀਆਂ ਹਨ। ਇਸ ਪੁਸਤਕ ਦੇ ਮੁੱਖ ਬੰਦ ਵਿਚ ਗੁਰਪ੍ਰੀਤ ਦਾ ਦਾਅਵਾ ਹੈ ਕਿ ਹਾਇਕੂ ਸੰਸਾਰ ਦੀ ਸਭ ਤੋਂ ਛੋਟੀ ਕਵਿਤਾ ਹੈ ਤੇ ਵੱਖ-ਵੱਖ ਭਾਸ਼ਾਵਾਂ ਵਿਚ ਇਹ ਰੂਪ ਕਾਫ਼ੀ ਪ੍ਰਚਲਤ ਹੈ। ਸ਼ਾਇਰ ਮਲਵਿੰਦਰ ਦਾ ਇਹ ਚੌਥਾ ਕਾਵਿ-ਸੰਗ੍ਰਹਿ ਹੈ ਤੇ ਇਸ ਵਿਚ ਹਾਇਕੂ ਸਿਰਲੇਖ ਅਧੀਨ ਛਪੀਆਂ ਤਿੰਨ ਵਾਕਾਂ ਵਾਲੀਆਂ ਕਾਵਿ-ਟੁਕੜੀਆਂ ਦੀ ਜ਼ਰੂਰਤ 'ਤੇ ਚਰਚਾ ਹੋ ਸਕਦੀ ਹੈ। ਉਂਝ ਮਲਵਿੰਦਰ ਦੀਆਂ ਇਨ੍ਹਾਂ ਨਿੱਕੜੀਆਂ ਕਵਿਤਾਵਾਂ ਵਿਚ ਅਜਿਹਾ ਬੜਾ ਕੁਝ ਹੈ ਜੋ ਸਵਾਲ ਬਣ ਕੇ ਖੜ੍ਹਾ ਹੈ ਤੇ ਪਾਠਕ ਨੂੰ ਕੁਝ ਸੋਚਣ ਲਈ ਮਜਬੂਰ ਕਰਦਾ ਹੈ। ਇਹ ਕਵਿਤਾਵਾਂ ਓਪਰੀ ਨਜ਼ਰੇ ਸਧਾਰਨ ਵਾਕ ਹਨ ਪਰ ਇਨ੍ਹਾਂ ਦੇ ਅੰਤ ਵਿਚ ਕੁਝ ਨਾ ਕੁਝ ਅਣਕਿਹਾ ਰਹਿ ਜਾਂਦਾ ਹੈ ਜਿਸ ਨੂੰ ਪਾਠਕ ਖ਼ੁਦ ਮਹਿਸੂਸ ਕਰ ਲੈਂਦਾ ਹੈ। ਇਨ੍ਹਾਂ ਰਚਨਾਵਾਂ ਵਿਚ ਰਾਜਨੀਤੀ ਦੀ ਖੋਟੀ ਨੀਅਤ ਦਾ ਜ਼ਿਕਰ ਹੈ, ਉਦਾਸ ਤੇ ਤਲਖ਼ ਛਿਣਾਂ ਦਾ ਵਰਨਣ ਹੈ, ਨਾਖਾਂ ਦੇ ਚਿੱਟੇ ਫੁੱਲਾਂ ਦਾ ਸਵਾਗਤ ਹੈ ਤੇ ਬੇਘਰੇ ਪਰਵਾਸੀ ਮਜ਼ਦੂਰਾਂ ਦੀ ਤਰਾਸਦੀ ਹੈ। ਮਲਵਿੰਦਰ ਦੀਆਂ ਇਨ੍ਹਾਂ ਲਘੂ ਕਵਿਤਾਵਾਂ ਵਿਚ ਕੁਦਰਤ ਤੇ ਮਨੁੱਖੀ ਜੀਵਨ ਦੇ ਸੱਚ ਦਾ ਕੰਟਰਾਸਟ ਹੈ, ਮੁਸਕਾਨਾਂ ਦੇ ਰੰਗ ਹਨ ਤੇ ਫ਼ਿਕਰਾਂ ਦੀਆਂ ਤਿਉੜੀਆਂ ਹਨ। ਕੁੱਲ ਮਿਲਾ ਕੇ ਇਹ ਲਘੂ ਕਵਿਤਾਵਾਂ ਸ਼ਾਇਰ ਦੀ ਸੂਖ਼ਮ ਦ੍ਰਿਸ਼ਟੀ ਦੀ ਪੈਦਾਇਸ਼ ਹਨ ਤੇ ਵੱਖ-ਵੱਖ ਪਾਠਕਾਂ ਲਈ ਇਨ੍ਹਾਂ ਦੇ ਅਰਥ ਇਕਸਾਰ ਨਹੀਂ ਹੋ ਸਕਦੇ। ਮਲਵਿੰਦਰ ਦੀ ਇਸ ਪੁਸਤਕ 'ਤੇ ਪੰਜਾਬੀ ਸ਼ਾਇਰਾਂ ਤੇ ਸ਼ਾਇਰੀ ਦੇ ਅਲੋਚਕਾਂ ਵੱਲੋਂ ਹੋਰ ਚਰਚਾ ਲੋੜੀਂਦੀ ਹੈ।

ਬਿਰਹਾ ਦੀ ਬਰਸਾਤ
ਸ਼ਾਇਰ : ਕੀਰਤ ਸਿੰਘ ਤਪੀਆ
ਪ੍ਰਕਾਸ਼ਕ : ਏਂਜਲ ਪਬਲੀਕੇਸ਼ਨਜ਼, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ :107.

ਹਥਲੀ ਪੁਸਤਕ ਉਸ ਦੀ ਚੌਥੀ ਪੁਸਤਕ ਹੈ, ਜਿਸ ਨੂੰ ਉਸ ਨੇ ਆਪਣੀ ਸਵਰਗਵਾਸੀ ਪਤਨੀ ਸ੍ਰੀਮਤੀ ਇੰਦਰਜੀਤ ਕੌਰ ਤਪੀਆ ਨੂੰ ਸਮਰਪਿਤ ਕੀਤਾ ਹੈ। ਕਵਿਤਾ ਕੋਰੀ ਕਲਪਨਾ ਨਹੀਂ ਹੁੰਦੀ ਇਸ ਵਿਚ ਸ਼ਾਇਰ ਦਾ ਆਪਣਾ ਬਹੁਤ ਕੁਝ ਹੁੰਦਾ ਹੈ। ਇਸ ਦਾ ਟਾਈਟਲ ਹੀ ਦੱਸਦਾ ਹੈ ਕਿ ਇਹ ਪੁਸਤਕ ਆਪਣੇ ਪਿਆਰੇ ਦੇ ਵਿਛੋੜੇ ਵਿਚ ਬਿਹਬਲ ਹੋ ਕੇ ਤਨਹਾਈ 'ਚੋਂ ਉਪਜੀ ਸ਼ਾਇਰ ਦੀ ਸਾਹਿਤਕ ਫ਼ਸਲ ਹੈ। ਕਿਸੇ ਕਲਮਕਾਰ ਦੇ ਸਾਥੀ ਦਾ ਸਦਾ-ਸਦਾ ਲਈ ਵਿੱਛੜ ਜਾਣਾ ਹੋਰ ਵੀ ਅਸਹਿ ਹੁੰਦਾ ਹੈ ਕਿਉਂਕਿ ਉਹ ਦੂਜਿਆਂ ਨਾਲੋਂ ਵਧੇਰੇ ਸੰਵੇਦਨਸ਼ੀਲ ਹੁੰਦਾ ਹੈ। ਇਸ ਪੁਸਤਕ ਵਿਚ ਇਸੇ ਵਿਸ਼ੇ ਨਾਲ ਸਬੰਧਤ ਕੁਲ 73 ਰਚਨਾਵਾਂ ਸ਼ਾਮਿਲ ਹਨ। ਇਹ ਕਿਸੇ ਖ਼ਾਸ ਸਿਨਫ਼ ਦੁਆਲੇ ਕੇਂਦਰਿਤ ਨਾ ਹੋ ਕੇ ਵੰਨ-ਸੁਵੰਨੀਆਂ ਹਨ। ਸ਼ਾਇਰ ਬਿਨਾਂ ਬੱਦਲ ਤੇ ਘਟਾਵਾਂ ਤੋਂ ਹੋਈ ਇਸ ਬਿਰਹਾ ਦੀ ਬਰਸਾਤ ਕਾਰਨ ਪ੍ਰੇਸ਼ਾਨ ਹੈ ਤੇ ਉਸ ਨੂੰ ਆਪਣੇ ਪਿਆਰੇ ਦੇ ਵਿਛੋੜੇ ਵਿਚ ਪੂਰੇ ਚੰਦਰਮਾ ਵਾਲੀ ਰਾਤ ਵੀ ਮੱਸਿਆ ਦੀ ਰਾਤ ਲਗਦੀ ਹੈ। ਉਸ ਨੂੰ ਆਪਣੀ ਪਤਨੀ ਨੂੰ ਸ਼ਮਸ਼ਾਨ ਵਿਚ ਅਗਨ ਭੇਟ ਕਰਨ ਦਾ ਅਸੀਮ ਦੁੱਖ ਹੈ। ਉਸ ਨੂੰ ਚੰਦ ਨਾਲੋਂ ਚਾਨਣੀ ਵੱਖਰੀ ਹੋਈ ਮਹਿਸੂਸ ਹੁੰਦੀ ਹੈ ਤੇ ਉਹ ਜ਼ਾਰ-ਜ਼ਾਰ ਰੋਂਦਾ ਹੈ ਤੇ ਹਉਕੇ ਭਰਦਾ ਹੈ। ਉਹ ਦੌੜ ਕੇ ਆਪਣੇ ਪਿਆਰੇ ਕੋਲ ਪਹੁੰਚ ਜਾਣਾ ਚਾਹੁੰਦਾ ਹੈ ਪਰ ਉਹ ਦੁਨਿਆਵੀ ਮੋਹ ਦੀ ਕੈਦ ਵਿਚ ਕੁਝ ਕਰ ਨਹੀਂ ਸਕਦਾ। ਕਵੀ ਮਨ ਨੂੰ ਹਮਸਫ਼ਰ ਦੁਆਰਾ ਅੱਧ ਵਿਚਕਾਰ ਛੱਡੇ ਸਾਥ ਦਾ ਗ਼ਮ ਹੈ ਤੇ ਇਹੀ ਗ਼ਮ ਉਸ ਦੀ ਕਲਮ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ। ਉਸ ਨੂੰ ਆਪਣੇ ਚੁਫ਼ੇਰੇ ਇਕ ਨਾ ਸਹਿਣਯੋਗ ਚੁੱਪ ਪੱਸਰੀ ਨਜ਼ਰ ਆਉਂਦੀ ਹੈ ਤੇ ਫਿਰ ਇਹੀ ਚੁੱਪ ਅੱਖਰਾਂ ਦੀ ਆਵਾਜ਼ ਬਣਦੀ ਹੈ। ਤੜਫ਼ਦਾ ਤੇ ਵਿਲਕਦਾ ਹੋਇਆ ਸ਼ਾਇਰ ਆਖ਼ਰ ਇਸ ਹੋਣੀ ਨੂੰ ਕੁਦਰਤ ਦਾ ਭਾਣਾ ਮੰਨ ਕੇ ਆਪਣੇ ਦਿਲ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰਦਾ ਹੈ। ਇਸ ਵਿਚ ਅੰਮ੍ਰਿਤਪਾਲ ਸਿੰਘ ਸ਼ੈਦਾ ਤੇ ਦਲੀਪ ਸਿੰਘ ਵਾਸਨ ਦੇ ਦੋ ਲੇਖ ਵੀ ਹਨ ਜਿਨ੍ਹਾਂ ਰਾਹੀਂ ਤਪੀਆ ਨੂੰ ਕੁਝ ਤਸੱਲੀ ਜ਼ਰੂਰ ਮਿਲੀ ਹੋਵੇਗੀ।

ਗੁਰਦਿਆਲ ਰੌਸ਼ਨ
ਮੋ: 9988444002

ਕਾਇਆ ਕਲਪ
ਲੇਖਕ : ਮੁਨਸ਼ੀ ਪ੍ਰੇਮਚੰਦ
ਅਨੁਵਾਦਕ : ਧਰਮ ਸਿੰਘ ਗੁਲ੍ਹਾਟੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ :350 ਰੁਪਏ, ਸਫ਼ੇ : 392.

ਨਾਮਵਾਰ ਲੇਖਕ ਮੁਨਸ਼ੀ ਪ੍ਰੇਮਚੰਦ ਨੇ ਹਿੰਦੀ ਤੇ ਉਰਦੂ ਸਾਹਿਤ ਵਿਚ ਆਪਣੀਆਂ ਲਿਖਤਾਂ ਰਾਹੀਂ ਇਕ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਨਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਦਾ ਹੋਰ ਬਹੁਤ ਸਾਰੀਆਂ ਦੂਸਰੀਆਂ ਭਾਸ਼ਾਵਾਂ ਵਿਚ ਵੀ ਅਨੁਵਾਦ ਹੋ ਚੁੱਕਾ ਹੈ। 'ਕਾਇਆ ਕਲਪ' ਨਾਵਲ ਦਾ ਪੰਜਾਬੀ ਰੂਪ ਵਿਚ ਧਰਮ ਸਿੰਘ ਗੁਲ੍ਹਾਟੀ ਨੇ ਸਖ਼ਤ ਘਾਲਣਾ ਘਾਲਦਿਆਂ ਪੰਜਾਬੀ ਸਹਿਤ ਦੀ ਝੋਲੀ ਵਿਚ ਪਾਇਆ ਹੈ।
ਦੁਨੀਆ ਖੁਦ ਹੀ ਆਪਣੇ ਆਪ ਵਿਚ ਇਕ ਮੇਲਾ ਹੈ, ਇਕ ਝਮੇਲਾ ਤੇ ਇਕ ਤਮਾਸ਼ਾ ਹੈ। ਪਰ ਫਿਰ ਵੀ ਆਪਣੀ ਆਸਥਾ ਨੂੰ ਪੱਠੇ ਪਾਉਣ ਲਈ ਹੋਰ ਹੋ-ਹੱਲਾ ਮਚਾਊ ਮੇਲੇ ਅਯੋਜਿਨ ਕਰਦੀ ਹੀ ਰਹਿੰਦੀ ਹੈ। ਇਸ ਭੀੜ-ਭੜੱਕੇ ਦੇ ਝਮੇਲਿਆਂ ਵਿਚ ਹੁਦੜੰਗ/ਭਗਦੜ ਮਚਣਾ, ਜਿਊਂਦੇ ਜੀਅ ਵਿਛੜ ਜਾਣਾ, ਜਾਤ-ਪਾਤ, ਫ਼ਿਰਕੂ ਦੰਗਿਆ ਦੇ ਪੁੜ੍ਹਾਂ ਵਿਚ ਬੇਕਸੂਰਾਂ ਦਾ ਪਿਸਣਾ, ਨਹੁੰ ਮਾਸ ਦੇ ਰਿਸ਼ਤਿਆਂ ਦਾ ਤਿੜਕਣਾ, ਸਿਆਸੀ ਫੁਲਕਿਆਂ ਦਾ ਰੜ੍ਹਨਾ, ਰਾਜੇ-ਮਹਾਰਾਜਿਆਂ ਦੇ ਕਿਰਦਾਰ,ਐਸ਼ ਪ੍ਰਸਤੀ, ਬਹੁ-ਪਤਨੀ ਸਮਾਜ ਦਾ ਮੱਕੜ ਜਾਲ, ਮੌਕਾਪ੍ਰਸਤੀ, ਵਫ਼ਾਦਾਰੀ ਚਿਮਚਾਗਰੀ/ਖੁਸ਼ਾਮਦੀ ਦੀ ਭੂਮਿਕਾ, ਗ਼ਲਤ ਫ਼ੈਸਲੇ, ਜਨਤਾ ਦਾ ਵਿਦਰੋਹ, ਅਰਾਜਕਤਾ, ਸੇਵਾ ਭਾਵਨਾ, ਤਿਆਗ, ਮੋਹ-ਮਮਤਾ ਆਦਿ ਦੇ ਰੰਗਾਂ ਵਿਚ ਰੰਗਿਆ ਇਹ ਨਾਵਲ ਪਾਠਕ ਦੇ ਦਿਲ-ਦਿਮਾਗ ਉਤੇ ਕਾਫੀ ਸਕਾਰਾਤਮਕ ਅਸਰ ਛੱਡਣ ਦੇ ਸਮਰੱਥ ਹੈ।
ਕਰੀਬ 400 ਪੰਨੇ ਦੇ ਲੰਮੀ ਗਾਥਾ ਵਾਲੇ ਇਸ ਨਾਵਲ ਦੀ ਸ਼ੈਲੀ ਜਿਥੇ ਰੌਚਿਕ ਹੈ, ਉਥੇ ਗਿਆਨਵਰਧਕ ਵੀ ਹੈ। ਪਾਠਕ ਜਿਉਂ-ਜਿਉਂ ਪੜ੍ਹਦਾ ਜਾਂਦਾ ਹੈ, ਤਿਉਂ-ਤਿਉਂ ਉਸ ਵਿਚ ਪੜ੍ਹਨ ਦੀ ਹੋਰ ਜਗਿਆਸਾ ਵਧਦੀ ਜਾਂਦੀ ਹੈ। ਸੋ ਜਿਥੇ ਸਿਰਮੋਰ ਲੇਖਕ ਮੁਨਸ਼ੀ ਪ੍ਰੇਮਚੰਦ ਦੀ ਵਿਦਵਤਾ, ਸ਼ਬਦੀ ਪਕੜ ਦਾ ਝਲਕਾਰਾ ਰੂਪਮਾਨ ਹੁੰਦਾ ਹੈ। ਉਥੇ ਇਸ ਨਾਵਲ ਦੇ ਅਨੁਵਾਦਕ ਧਰਮ ਸਿੰਘ ਗੁਲ੍ਹਾਟੀ ਦੀ ਅਨੁਵਾਦਕ ਤਕਨੀਕ ਦਾ ਜਾਦੂ ਵੀ ਸਿਰ ਚੜ੍ਹ ਬੋਲਦਾ ਹੈ। ਠੇਠ ਪੰਜਾਬੀ ਸ਼ਬਦਾਵਲੀ ਹੋਣ ਦੇ ਬਾਵਜੂਦ ਵੀ ਨਾਵਲ ਦੇ ਅਸਲੀ ਰੂਪ ਵਿਚ ਕੋਈ ਫ਼ਰਕ ਨਹੀਂ ਪੈਂਦਾ। ਸਗੋਂ ਮੂਲ-ਭਾਸ਼ਾ ਦੇ ਭਾਵਅਰਥ ਤੇ ਕਈ ਸ਼ਬਦ ਪੰਜਾਬੀ ਭਾਸ਼ਾ ਦੇ ਭੰਡਾਰ ਵਾਧਾ ਕਰਨ ਦੇ ਕਾਫੀ ਹੱਦ ਤੱਕ ਯੋਗ ਹਨ। ਇਸ ਸਭ ਕਾਸੇ ਨਾਲ ਮੂਲ ਲੇਖਕ ਮੁਨਸ਼ੀ ਪ੍ਰੇਮਚੰਦ ਦਾ ਸਾਹਿਤਕ ਕੱਦ ਹੋਰ ਵੀ ਵੱਡਾ ਹੁੰਦਾ ਹੈ ਤੇ ਨਾਲ ਹੀ ਪੰਜਾਬੀ ਸਾਹਿਤ ਨੂੰ ਵੀ ਇਕ ਪਾਏਦਾਰ ਸਾਹਿਤਕ 'ਹਾਸਿਲ' ਮਿਲਦਾ ਹੈ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858

ਮਾਵਾਂ ਠੰਢੀਆਂ ਛਾਵਾਂ
ਸੰਪਾਦਕ/ਲੇਖਕ : ਸੁਰਿੰਦਰ ਸਿੰਘ
ਨਿਮਾਣਾ ਅਤੇ ਬਲਵਿੰਦਰ ਸਿੰਘ ਗੰਭੀਰ
ਪ੍ਰਕਾਸ਼ਕ : ਨਵੀਨ ਪ੍ਰਕਾਸ਼ਨ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 256.

'ਮਾਵਾਂ ਠੰਢੀਆਂ ਛਾਵਾਂ' ਦੀ ਪ੍ਰਕਾਸ਼ਨਾ ਅਜੋਕੀਆਂ ਸਮਾਜਿਕ ਪ੍ਰਸਥਿਤੀਆਂ ਦੇ ਸੰਦਰਭ ਵਿਚ ਅਤਿ ਮਹੱਤਵਪੂਰਨ ਸਮਾਜਿਕ ਕਾਰਜ ਹੈ, ਜਿਸ ਨੂੰ ਇਸ ਪੁਸਤਕ ਦੇ ਸੰਪਾਦਕਾਂ ਸ: ਸੁਰਿੰਦਰ ਸਿੰਘ ਨਿਮਾਣਾ ਅਤੇ ਸ: ਬਲਵਿੰਦਰ ਸਿੰਘ ਗੰਭੀਰ ਹੁਰਾਂ ਬੜੀ ਸੁਹਿਰਦਤਾ ਅਤੇ ਮਿਹਨਤ ਨਾਲ ਸਿਰੇ ਚਾੜ੍ਹਿਆ ਹੈ।
ਇਸ ਪੁਸਤਕ ਦਾ ਮੂਲ ਵਿਸ਼ਾ ਮਾਂ ਦਾ ਰਿਣ ਚੁਕਾਉਣ ਅਤੇ ਉਸ ਦੀ ਮਹਾਨਤਾ ਦਰਸਾਉਣ ਦੇ ਨਾਲ-ਨਾਲ ਆਪਣੇ ਬਜ਼ੁਰਗਾਂ ਦਾ ਆਦਰ ਮਾਣ ਕਰਨਾ-ਉਨ੍ਹਾਂ ਨੂੰ ਬਣਦਾ ਸਤਿਕਾਰ ਦੇਣ ਦੀ ਭਾਵਨਾ ਨੂੰ ਪ੍ਰਜਵਲਤ ਕਰਨਾ ਹੈ। ਮਿਹਨਤੀ ਸੰਪਾਦਕਾਂ ਨੇ ਵੱਖ-ਵੱਖ ਲੇਖਕਾਂ ਪਾਸੋਂ ਬੇਨਤੀਆਂ ਰਾਹੀਂ ਇਸ ਪੁਸਤਕ ਲਈ 55 ਲੇਖਾਂ ਦੀ ਚੋਣ ਕਰਕੇ ਅਤਿ ਸ਼ਲਾਘਾਯੋਗ ਕਾਰਜ ਕੀਤਾ ਹੈ। ਸਥਾਪਿਤ ਲੇਖਕਾਂ ਤੋਂ ਇਲਾਵਾ ਨਵੇਂ ਲੇਖਕਾਂ ਦੀਆਂ ਰਚਨਾਵਾਂ ਵੀ ਇਸ ਪੁਸਤਕ ਦਾ ਸ਼ਿੰਗਾਰ ਹਨ ਡਾ: ਦਲੀਪ ਕੌਰ ਟਿਵਾਣਾ, ਸ: ਗੁਰਬਖ਼ਸ਼ ਸਿੰਘ ਪ੍ਰੀਤ ਲੜੀ, ਸ: ਨਾਨਕ ਸਿੰਘ ਨਾਵਲਿਸਟ, ਡਾ: ਕੁਲਵਿੰਰ ਕੌਰ ਮਿਹਨਾਸ, ਡਾ: ਅਨੂਪ ਸਿੰਘ, ਅਸ਼ੋਕ ਸ਼ਰਮਾ, ਸ਼ਿਆਮ ਸੁੰਦਰ ਦੀਪਤੀ, ਪ੍ਰੋ: ਜੁਗਿੰਦਰ ਸਿੰਘ ਕਲਸੀ, ਪ੍ਰਿੰ: ਜਸਵੰਤ ਸਿੰਘ ਗਿੱਲ, ਸੁਰਿੰਦਰ ਸਿੰਘ ਨਿਮਾਣਾ, ਕਮਲਜੀਤ ਕੌਰ ਸੰਧੂ, ਮਨਮੋਹਨ ਕਪੂਰ, ਨਰਿੰਦਰ ਸਿੰਘ ਸੰਘਾ, ਜੋਗਿੰਦਰ ਸਿੰਘ ਜੋਗੀ, ਗੁਰਮੁਖ ਸਿੰਘ ਰਾਹੀ, ਅਮਨਦੀਪ ਸਿੰਘ ਘੁੰਮਣ, ਸਤਿਨਾਮ ਸਿੰਘ ਕੋਮਲ, ਮਹਿਤਾਬ ਸਿੰਘ ਦਿਲਦਾਰ ਆਦਿ ਤੇ ਹੋਰ ਇਕ ਦਰਜਨ ਤੋਂ ਵਧ ਲੇਖਕਾਂ ਦੀਆਂ ਇਸ ਪੁਸਤਕ ਵਿਚ ਸ਼ਾਮਿਲ ਰਚਨਾਵਾਂ ਪਾਠਕਾਂ ਦੇ ਮਨਾਂ ਅੰਦਰ ਆਪਣੀਆਂ ਮਾਵਾਂ ਦੇ ਸਤਿਕਾਰ ਪ੍ਰਤੀ ਅਤੇ ਬਜ਼ੁਰਗ ਮਾਪਿਆਂ ਲਈ ਆਦਰ-ਮਾਣ ਅਤੇ ਉਨ੍ਹਾਂ ਦੀ ਚੰਗੇਰੀ ਸਾਂਭ-ਸੰਭਾਲ ਕਰਨ ਦੀ ਭਾਵਨਾ ਦਾ ਸੰਚਾਰ ਕਰਨ ਵਾਲੀਆਂ ਰਚਨਾਵਾਂ ਹਨ।
ਅਜੋਕੇ ਸਮਾਜਿਕ ਵਰਤਾਰੇ ਵਿਚ ਅੱਜਕਲ੍ਹ ਜਿਹੜੀ ਦੁਰਗਤੀ ਅਤੇ ਅਧੋਗਤੀ ਖਾਂਦੀ-ਪੀਂਦੀ ਨੌਜਵਾਨ ਪੀੜ੍ਹੀ ਵੱਲੋਂ ਆਪਣੇ ਬਜ਼ੁਰਗ ਮਾਪਿਆਂ ਦੀ ਹੋ ਰਹੀ ਹੈ ਉਸ ਨੂੰ ਰੋਕਣ ਦੀ ਭਾਵਨਾ ਪੈਦਾ ਕਰਨ ਅਤੇ ਉਨ੍ਹਾਂ ਵਿਚ ਆਪਣੇ ਮਾਪਿਆਂ ਪ੍ਰਤੀ ਪਾਈ ਜਾਂਦੀ ਨਾਕਾਰਾਤਮਕ ਸੋਚ ਨੂੰ ਬਦਲਣ ਲਈ ਇਹ ਪੁਸਤਕ ਸਾਕਾਰਮਤਕ ਕਾਰਜ ਕਰੇਗੀ। ਇਹ ਇਕ ਪੜ੍ਹਨਯੋਗ ਅਤੇ ਸਾਂਭਣਯੋਗ ਪੁਸਤਕ ਹੈ, ਜਿਸ ਨੂੰ ਵਧ ਤੋਂ ਵਧ ਪਾਠਕਾਂ ਤੱਕ ਪੁੱਜਦਾ ਕਰਨ ਦੀ ਲੋੜ ਹੈ। ਇਸ ਸ਼ੁਭ ਕਾਰਜ ਲਈ ਸੰਪਾਦਕ ਵਧਾਈ ਦੇ ਹੱਕਦਾਰ ਹਨ।

-ਸੁਖਦੇਵ ਮਾਦਪੁਰੀ
ਮੋ: 94630-34472

ਜੋ ਕਹਾਂਗਾ ਸੱਚ ਕਹਾਂਗਾ
ਲੇਖਕ : ਜਰਨੈਲ ਹੁਸ਼ਿਆਰਪੁਰੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 72.

ਜਰਨੈਲ ਹੁਸ਼ਿਆਰਪੁਰੀ ਸ਼ਾਇਰੀ ਕਰਦਾ ਹੈ, ਰੰਗ-ਮੰਚ ਤੇ ਫ਼ਿਲਮਾਂ ਨਾਲ ਜੁੜਿਆ ਹੋਇਆ ਹੈ। ਉੱਦਮੀ ਲੇਖਕ ਹੈ। 'ਜੋ ਕਹਾਂਗਾ ਸੱਚ ਕਹਾਂਗਾ' ਉਸ ਦੀ ਸਵੈ-ਜੀਵਨੀ ਤੇ ਕੌੜੀਆਂ ਮਿੱਠੀਆਂ ਯਾਦਾਂ ਦੇ ਵੇਰਵੇ ਪੇਸ਼ ਕਰਨ ਵਾਲੀ ਪੁਸਤਕ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਨਿਆਣਾ ਤੋਂ ਤੁਰਦਾ ਹੋਇਆ, ਉਹ ਆਪਣੀ ਹਿੰਮਤ ਅਤੇ ਲਿਆਕਤ ਨਾਲ ਚੰਡੀਗੜ੍ਹ ਦੀ ਵੱਡੀ ਸੰਸਥਾ ਸਿਵਲ ਸਕੱਤਰੇਤ ਤੱਕ ਅੱਪੜਿਆ। ਮਿਹਨਤ ਨਾਲ ਪ੍ਰਾਈਵੇਟ ਪੜ੍ਹਾਈ ਕਰਦਿਆਂ ਉੱਚੀਆਂ ਪੁਲਾਂਘਾਂ ਪੁੱਟੀਆਂ। ਸਿਵਲ ਸਕੱਤਰੇਤ ਦੀਆਂ ਸਾਹਿਤ ਸਭਾਵਾਂ ਵਿਚ ਸਕੱਤਰ/ਪ੍ਰਧਾਨ ਦੇ ਅਹੁਦੇ ਬਾਖੂਬੀ ਨਿਭਾਏ ਤੇ ਸਕੱਤਰੇਤ ਵਿਚ ਪੰਜਾਬੀ ਸਾਹਿਤ ਅਤੇ ਰੰਗ-ਮੰਚ ਦੀ ਅਜਿਹੀ ਲਹਿਰ ਚਲਾਈ ਕਿ ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਤੇ ਸੰਸਦੀ ਸਕੱਤਰ ਹਰੀਸ਼ ਰਾਏ ਢਾਂਡਾ ਜਿਹੇ ਸੰਸਦ ਮੈਂਬਰਾਂ ਨੂੰ ਵੀ ਉਸ ਦੇ ਡਰਾਮਿਆਂ ਵਿਚ ਭਾਗ ਲੈਣ ਲਈ ਰੁਚਿਤ ਹੋਣਾ ਪਿਆ।
ਪੁਸਤਕ ਦੇ ਆਰੰਭ ਵਿਚ ਉਹ ਆਪਣੇ ਪਿੰਡ ਦੇ ਭੁਗੋਲ ਅਤੇ ਸੱਭਿਆਚਾਰ ਨੂੰ ਇਸ ਤਰ੍ਹਾਂ ਮੋਹ ਨਾਲ ਪੇਸ਼ ਕਰਦਾ ਹੈ ਕਿ ਪਿੰਡ ਪ੍ਰਤੀ ਉਸ ਦਾ ਪ੍ਰੇਮ ਤੇ ਸ਼ਰਧਾ ਉਸ ਦੇ ਬਿਆਨ 'ਚੋਂ ਪਹਾੜੀ ਚਸ਼ਮੇ ਵਾਂਗ ਫੁੱਟਦੇ ਪ੍ਰਤੀਤ ਹੁੰਦੇ ਹਨ। ਹੁਸ਼ਿਆਰਪੁਰ ਇਲਾਕੇ ਦੇ ਕਈ ਸਜੀਵ ਚਿੱਤਰ ਉਸ ਦੇ ਬਿਆਨਾਂ ਵਿਚ ਮੂਰਤੀਮਾਨ ਹੋਏ ਹਨ।
ਹਰ ਆਦਮੀ ਵਾਂਗ ਉਸ ਨੇ ਵੀ ਆਪਣੀ ਜ਼ਿੰਦਗੀ ਵਿਚ ਪੀ.ਸੀ.ਐਸ. ਬਣਨ ਦਾ ਸੁਪਨਾ ਲਿਆ ਸੀ, ਜੋ ਇਕ ਤਰ੍ਹਾਂ ਨਾਲ ਪੂਰਾ ਵੀ ਹੋ ਗਿਆ ਸੀ। ਪਰ ਉਸ ਦਾ ਇਹ ਸੁਪਨਾ ਆਲੇ-ਦੁਆਲੇ ਫੈਲੇ ਭ੍ਰਿਸ਼ਟਾਚਾਰ ਦੀ ਭੇਟ ਚੜ੍ਹ ਗਿਆ ਤੇ ਉਸ ਨੂੰ ਉਸ ਦੀ ਉਹ ਸਜ਼ਾ ਮਿਲੀ, ਜਿਸ ਵਿਚ ਉਸ ਦਾ ਕਸੂਰ ਕੋਈ ਨਹੀਂ ਸੀ। ਕੇਸ ਹਾਲੇ ਤੱਕ ਵੀ ਕੋਰਟਾਂ ਦੇ ਚੱਕਰਵਿਊ 'ਚ ਤੁਰਿਆ ਫਿਰਦਾ ਹੈ, ਹਾਲਾਂਕਿ ਲੇਖਕ ਕਦੋਂ ਦਾ ਸੇਵਾ-ਮੁਕਤ ਵੀ ਹੋ ਚੁੱਕਿਆ ਹੈ। ਉਸ ਦੇ ਬਿਆਨ ਰਾਹੀਂ ਸਾਡੀਆਂ ਕੋਰਟਾਂ ਦੇ ਕੰਮਕਾਜ 'ਤੇ ਸਹਿਜੇ ਹੀ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ। ਜਰਨੈਲ ਹੁਸ਼ਿਆਰਪੁਰੀ ਸਬਰ ਸੰਤੋਖ ਵਾਲਾ ਲੇਖਕ ਹੈ। ਉਸ ਦੇ ਬਿਆਨ ਵਿਚੋਂ ਵਿਅੰਗ ਉੱਭਰਦਾ ਹੈ।

-ਕੇ. ਐਲ. ਗਰਗ
ਮੋ: 94635-37050.

ਮੇਰੇ ਲਘੂ ਨਾਟਕ-9
ਲੇਖਕ : ਗੁਰਦਾਸ ਸਿੰਘ ਪਾਲਣਾ
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ, ਸਿਰਸਾ
ਮੁੱਲ : 100 ਰੁਪਏ, ਸਫ਼ੇ : 96.

'ਸੱਚੀ ਕਿਰਤ' ਇਕਾਂਗੀ ਸੰਗ੍ਰਹਿ ਤੋਂ ਬਾਅਦ ਗੁਰਦਾਸ ਸਿੰਘ ਪਾਲਣਾ ਦਾ 'ਮੇਰੇ ਲਘੂ ਨਾਟਕ' ਦੂਸਰਾ ਨਾਟਕ ਸੰਗ੍ਰਹਿ ਹੈ। ਉਂਜ ਨਾਵਲ, ਕਹਾਣੀ ਅਤੇ ਲੇਖਾਂ ਦੀਆਂ ਕਿਤਾਬਾਂ ਉਨ੍ਹਾਂ ਦੀਆਂ ਛਪ ਚੁੱਕੀਆਂ ਹਨ। ਇਸ ਪੁਸਤਕ ਵਿਚ ਛੋਟੇ-ਛੋਟੇ (ਲਘੂ) 9 ਨਾਟਕ ਸ਼ਾਮਿਲ ਕੀਤੇ ਗਏ ਹਨ। ਨਾਟਕਾਂ ਦੇ ਵਿਸ਼ੇ ਸਮਾਜਿਕ ਹਨ ਪਰ ਨਾਲ ਦੀ ਨਾਲ ਇਤਿਹਾਸਕ ਵੇਰਵੇ ਦੇਣ ਨਾਲ ਵਿਸ਼ਿਆਂ ਦੀ ਸਾਰਥਿਕਤਾ ਵਧੀ ਹੈ।
ਮੁਗਲ ਰਾਜ ਵੇਲੇ ਦੇ ਸਮਾਜਿਕ ਨਾ ਬਰਾਬਰੀ ਵਾਲੇ ਵਰਤਾਰੇ ਨੂੰ ਨਾਟਕ 'ਚੰਦ ਡਾਕੂ' ਰਾਹੀਂ ਪੇਸ਼ ਕੀਤਾ ਗਿਆ ਹੈ। ਚੰਦ ਡਾਕੂ ਇਸ ਨਾਟਕ ਦਾ ਨਾਇਕ ਹੈ ਜੋ ਲੋਕਾਈ ਦੇ ਹੱਕ ਵਿਚ ਖੜ੍ਹਦਾ ਹੈ। ਔਰਤ ਦੀ ਸਮਾਜ ਵਿਚ ਦਸ਼ਾ ਦੀ ਤਸਵੀਰ 'ਪਤ ਝੜੇ ਪੁਰਾਣੇ' ਨਾਟਕ ਵਿਚੋਂ ਝਲਕਦੀ ਹੈ ਕਿਉਂਕਿ ਇਸ ਨਾਟ ਕਥਾ ਦਾ ਸਮਾਂ ਉਹ ਹੈ ਜਦੋਂ ਔਰਤ ਸੁਹਾਗਣ ਹੋਵੇ ਜਾਂ ਵਿਧਵਾ, ਉਸ ਦਾ ਸਾਰਾ ਦਾਰੋਮਦਾਰ ਸੱਸ ਸਹੁਰੇ ਜਾਂ ਸਹੁਰੇ ਪਰਿਵਾਰ 'ਤੇ ਹੀ ਹੁੰਦਾ ਸੀ। ਆਪਣੇ-ਆਪ ਫ਼ੈਸਲੇ ਲੈਣ ਦਾ ਹੱਕ ਨਹੀਂ ਸੀ। ਪੁਸਤਕ ਦੇ ਤੀਸਰੇ ਨਾਟਕ 'ਦਾਜ' ਰਾਹੀਂ ਦੁਲਹਨ ਹੀ ਦਹੇਜ ਹੈ, ਦਾ ਸੰਕਲਪ ਉਭਾਰਨ ਅਤੇ ਪਸਾਰਨ ਦਾ ਸਫ਼ਲ ਯਤਨ ਕੀਤਾ ਗਿਆ ਹੈ।
ਸਮਾਜਿਕ ਰਿਸ਼ਤਿਆਂ ਵਿਚ ਮਾਂ ਦਾ ਰਿਸ਼ਤਾ ਪਵਿੱਤਰ ਅਤੇ ਵਡਮੁੱਲਾ ਹੈ ਕਿਉਂਕਿ ਮਮਤਾ ਵਿਚ ਪਿਆਰ ਸਤਿਕਾਰ ਅਪਣੱਤ ਲੁਕੀ ਹੈ। ਇਸ ਕਰਕੇ ਨਾਟਕਕਾਰ ਦੇ ਨਾਟਕ 'ਮਾਂ ਦੀ ਮਮਤਾ' ਰਾਹੀਂ ਇਸ ਰਿਸ਼ਤੇ ਦੀ ਸਮਾਜਿਕ ਅਤੇ ਪਰਿਵਾਰਕ ਮਹੱਤਤਾ ਦੇ ਨਾਲ-ਨਾਲ ਮਮਤਾ ਦੀ ਮਹਿਕ ਨੂੰ ਵੀ ਉਜਾਗਰ ਕੀਤਾ ਹੈ। ਸਮਾਜਿਕ ਅਲਾਮਤ ਬਣੀ ਬੇਰੁਜ਼ਗਾਰੀ ਨੂੰ ਨਾਟਕ 'ਬੇਰੁਜ਼ਗਾਰ' ਰਾਹੀਂ ਪਾਠਕਾਂ ਅਤੇ ਦਰਸ਼ਕਾਂ ਸਾਹਮਣੇ ਰੱਖਿਆ ਗਿਆ ਹੈ ਜੋ ਸਰਕਾਰ ਦੇ ਖੋਖਲੇ ਦਾਅਵਿਆਂ ਅਤੇ ਨਿਰਾਰਥਕ ਢਾਂਚੇ ਦਾ ਭਾਂਡਾ ਭੰਨਦਾ ਹੈ। 'ਕਿਸਾਨ ਤੇ ਕਰਜ਼ਾ' ਨਾਟਕ ਰਾਹੀਂ ਖੇਤੀਬਾੜੀ ਦੇ ਕਿੱਤੇ ਵਿਚਲੀ ਮੰਦਹਾਲੀ ਦੇ ਨਾਲ-ਨਾਲ ਕਿਰਤੀ ਦੀ ਸਮਾਜਿਕ ਦਸ਼ਾ ਨੂੰ ਦਰਸਾਉਂਦਾ ਵਰਤਾਰਾ ਪੇਸ਼ ਕੀਤਾ ਗਿਆ ਹੈ। 'ਅੱਧ ਦਾ ਮਾਲਕ' ਜਿਸ ਰਾਹੀਂ ਪੀੜ੍ਹੀ ਦਰ ਪੀੜ੍ਹੀ ਘਟਦੀ ਜਾ ਰਹੀ ਜ਼ਮੀਨ ਦੀ ਕਹਾਣੀ ਹੈ, ਜਿਸ ਕਾਰਨ ਕਈ ਤਰ੍ਹਾਂ ਦੇ ਸਮਾਜਿਕ ਵਰਤਾਰੇ ਵਾਪਰਦੇ ਹਨ।
ਇਸ ਨਾਟਕ ਸੰਗ੍ਰਹਿ ਵਿਚ ਦੋ ਝਲਕੀਆਂ ਪੇਸ਼ ਕੀਤੀਆਂ ਗਈਆਂ ਹਨ 'ਬਸਤਾ' ਅਤੇ 'ੰਮੁੰਦਰੀਆਂ'। 'ਬਸਤਾ' ਜਲਦੀ ਰਿਟਾਇਰ ਪਟਵਾਰੀ ਦੇ ਸੁਭਾਅ ਅਤੇ ਜੀਵਨ ਜਾਂਚ ਸਬੰਧੀ ਹੈ, ਜਦੋਂ ਕਿ 'ਮੁੰਦਰੀਆਂ' ਝਲਕੀ ਸਿਪਾਹੀ ਦੀ ਪਰਿਵਾਰ ਜ਼ਿੰਦਗੀ ਵਿਚੋਂ ਉਸ ਦੇ ਜਨਜੀਵਨ ਦੀ ਝਲਕ ਪੇਸ਼ ਕਰਦੀ ਹੈ।
ਇਹ ਛੋਟੇ ਨਾਟਕ ਅਤੇ ਝਲਕੀਆਂ ਮੰਚਤ ਕਰਨ ਵੇਲੇ ਵੱਡੇ ਸੁਨੇਹੇ ਦੇਣ ਦੇ ਸਮਰੱਥ ਹਨ। ਸਰਲ ਭਾਸ਼ਾ, ਚੁਸਤ ਵਾਰਤਾਲਾਪ ਅਤੇ ਘਟਨਾਕ੍ਰਮ ਨਾਟਕਾਂ ਦੇ ਅਮੀਰੀ ਗੁਣ ਹਨ। ਇਸ ਲਈ ਰੰਗਮੰਚ 'ਤੇ ਆ ਕੇ ਇਹ ਲਘੂ ਨਾਟਕ ਅਤੇ ਝਲਕੀਆਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਨਣ ਦੇ ਸਮਰੱਥ ਹਨ।

-ਡਾ: ਨਿਰਮਲ ਜੌੜਾ
ਮੋ: 98153-14714.

ਬੇਨਾਮ ਸਿਰਨਾਵੇਂ
ਕਵਿੱਤਰੀ : ਤਰਸਪਾਲ ਕੌਰ
ਪ੍ਰਕਾਸ਼ਕ : ਗਰਾਸੀਅਸ ਬੁੱਕਸ, ਪਟਿਆਲਾ
ਮੁੱਲ 120 ਰੁਪਏ, ਸਫ਼ੇ : 96.

'ਬੇਨਾਮ ਸਿਰਨਾਵੇਂ' ਕਾਵਿ ਸੰਗ੍ਰਹਿ ਨਵੀਂ ਕਵਿੱਤਰੀ ਤਰਸਪਾਲ ਕੌਰ ਦੀ ਪ੍ਰਥਮ ਕਾਵਿ-ਪੁਸਤਕ ਹੈ। ਉਂਜ ਉਸ ਨੇ ਕੁਝ ਨਾਟਕਾਂ ਦੀ ਸਿਰਜਣਾ ਕਰਕੇ ਸਟੇਜ ਵੀ ਕੀਤੇ ਹਨ ਅਤੇ ਕੁਝ ਨਾਟਕਾਂ ਦੀ ਨਿਰਦੇਸ਼ਨ ਵੀ ਕੀਤੀ ਹੈ। ਤਰਸਪਾਲ ਕੌਰ ਦਾ ਨਾਂਅ ਕਹਾਣੀਕਾਰਾਂ ਦੇ ਤੌਰ 'ਤੇ ਵੀ ਸੰਚਾਰਤ ਹੋਇਆ ਹੈ। ਐਸੀ ਸਿਰਜਣਹਾਰੀ ਨਦੀ ਨੇ ਪਤਾ ਨਹੀਂ ਸਾਹਿਤ ਦੀ ਕਿਹੜੀ ਵਿਧਾ ਦਾ ਰਸਤਾ ਚੁਣਨਾ ਹੈ। ਹਥਲੀ ਕਾਵਿ-ਪੁਸਤਕ ਵਿਚ 20-22 ਗ਼ਜ਼ਲਾਂ ਅਤੇ 50 ਕੁ ਕਵਿਤਾਵਾਂ ਹਨ। ਇਨ੍ਹਾਂ ਕਵਿਤਾਵਾਂ ਵਿਚ ਸੱਚੇ-ਸੁੱਚੇ ਪ੍ਰੇਮ ਦੀਆਂ ਆਰਜ਼ੂਮੰਦੀਆਂ ਹਨ। ਬਿਰਹਾ ਦੀਆਂ ਕਸਕਾਂ ਅਤੇ ਮਿਲਾਪ ਦੀ ਤਾਂਘ ਵਰਗੇ ਕਾਵਿ-ਸਰੋਕਾਰ ਉਸ ਦੇ ਕਾਵਿ-ਸਫ਼ਿਆਂ ਵਿਚ ਗੂੜ੍ਹੇ ਰੰਗ ਦੇ ਹਨ। ਭਾਵੇਂ ਕਵਿੱਤਰੀ ਦੀ ਆਯੂ ਅਜੇ ਇਸਤਰੀ-ਪੁਰਸ਼ ਦੇ ਰਿਸ਼ਤਿਆਂ ਦੇ ਜੁਗਰਾਫ਼ੀਏ ਵਾਲੀ ਹੈ ਪਰ ਉਸ ਦੀ ਕਵਿਤਾ ਵਿਚ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸੱਭਿਆਚਾਰਕ ਬਿਰਤਾਂਤ ਵੀ ਸਹਿਜ ਨਾਲ ਆਏ ਹਨ। ਉਹ ਜਾਣਦੀ ਹੈ ਕਿ ਪਿਆਰ ਨਾਂਅ ਦੀ ਮਛਲੀ ਵਾਸਤੇ ਘਰ-ਘਾਟ ਦੀ ਝੀਲ ਅਤੇ ਅਮਨ ਚੈਨ ਦਾ ਪਾਣੀ ਜ਼ਰੂਰੀ ਹੈ : 'ਅਮਨ ਹੀ ਮੇਰਾ ਦੇਸ਼ ਹੋਵੇ/ਤੇ ਚੈਨ ਮੇਰਾ ਗਰਾਂ ਵਗੇ ਸਾਂਝ ਦੀ ਹਵਾ ਜਿੱਥੇ/ਹੋਵੇ ਪਿਆਰ ਦੀ ਭਰਮਾਰ ਵੇ/... ਕਦਰ ਹੁੰਦੀ ਜਿੱਥੇ ਸੁੱਚੇ ਪਿਆਰ ਦੀ/ਕਦੇ ਰੀਝ ਜਾਂ ਆਸ ਉਮੰਗ ਦੀ... ਗੂੰਜੇ ਵੰਝਲੀ ਦੀ ਤਾਨ ਜਿੱਥੇ/ਵਾਂਗ ਰਾਧਾ ਮਸਤ ਸੰਸਾਰ ਵੇ...।' ਕਵਿੱਤਰੀ ਮਰਦ ਪਿਆਰ ਦੇ ਵੇਗ ਨੂੰ ਇਕ ਦਰਿਆ ਦੀ ਸੰਗਿਆ ਦਿੰਦੀ ਹੈ, ਜਿਸ ਸਾਹਮਣੇ ਔਰਤ ਮਨ ਦੀਆਂ ਲਹਿਰਾਂ ਦਾ ਆਵੇਸ਼ ਆਪ ਸਮਰਪਿਤ ਦਾ ਹੈ : ਤੂੰ ਜਦ ਵੀ ਮੈਨੂੰ ਪਿਆਰ ਕੀਤਾ/ਅੱਗ ਬਣ ਕੇ ਕੀਤਾ/ਤੇ ਮੈਂ ਹਰ ਵਾਰ ਬਰਫ਼ ਬਣ ਜਾਂਦੀ/ਤੇ ਪੰਘਰ ਕੇ ਹਰ ਵਾਰ/ਫਿਰ ਝੁਲਸ ਜਾਣਾ ਲੋਚਦੀ/ਉਨ੍ਹਾਂ ਪਲਾਂ 'ਚ/ਜਦੋਂ ਤੂੰ ਸਿਰਫ਼ 'ਮੇਰਾ' ਹੁੰਦਾ...'
ਤਰਸਪਾਲ ਦੀਆਂ ਕਵਿਤਾਵਾਂ ਵਿਚਲੀ ਸੰਵੇਦਨਾ ਮਨ ਨੂੰ ਹਲੂਣਦੀ ਹੈ। ਉਹ ਮਰਦ-ਔਰਤ ਰਿਸ਼ਤੇ ਨੂੰ ਕਈ ਕੋਣਾਂ ਤੋਂ ਨਿਹਾਰਦੀ ਤੇ ਫੇਰ ਤੋਂ ਉਸ ਵਿਚ ਨਵੇਂ ਆਯਾਮ ਸਿਰਜਦੀ ਹੈ। ਮਰਦ ਕਿੰਨੀ ਵੇਰ ਔਰਤ ਨੂੰ ਕਹਿੰਦਾ ਹੈ ਕਿ ਤੂੰ ਮੁਰਦਾ ਹੈ ਪਰ ਔਰਤ ਦੀ ਸਮਰਪਦਾ ਇਹ ਹੈ ਕਿ ਉਹ ਵਾਰ-ਵਾਰ ਮਰ ਕੇ ਮਰਦ ਦੀਆਂ ਆਸਾਂ ਉੱਤੇ ਪੂਰੀ ਉਤਰਨਾ ਲੋਚਦੀ ਹੈ। ਤਰਸਪਾਲ ਦੀਆਂ ਗ਼ਜ਼ਲਾਂ ਦੇ ਸ਼ਿਅਰ ਚੰਗੇ ਹਨ ਪਰ ਗ਼ਜ਼ਲ ਵਿਚ ਉਸ ਨੂੰ ਅਜੇ ਹੋਰ ਯੋਗਤਾ ਪੈਦਾ ਕਰਨੀ ਹੈ ਤਾਂ ਕਿ ਨਵੀਂ ਗ਼ਜ਼ਲ ਨਾਲ ਬਰ ਮੇਚਿਆ ਜਾ ਸਕੇ।

ਅਰਸ਼-ਏ-ਬਰੀਂ
ਗ਼ਜ਼ਲਕਾਰ : ਬਲਬੀਰ ਸਿੰਘ ਬੀਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ-ਲੁਧਿਆਣਾ
ਮੁੱਲ : 130 ਰੁਪਏ, ਸਫ਼ੇ : 86.

'ਅਰਸ਼-ਏ-ਬਰੀਂ' ਗ਼ਜ਼ਲ ਸੰਗ੍ਰਹਿ ਬਲਬੀਰ ਸਿੰਘ ਬੀਰ ਦੀ 7ਵੀਂ ਕਾਵਿ ਕਿਰਤ ਹੈ। ਬੀਰ ਹੰਢਿਆ-ਵਰਤਿਆ ਗ਼ਜ਼ਲਕਾਰ ਹੈ। ਇਸ ਲਈ ਉਸ ਦੀਆਂ ਗ਼ਜ਼ਲਾਂ ਵਿਚ ਰਵਾਨੀ, ਡੂੰਘਾਈ, ਸੂਫ਼ੀਇਜ਼ਮ, ਮੁਹੱਬਤ ਦਾ ਮਾਰਫਤੀ ਰੰਗ ਅਤੇ ਤਕਨੀਕ ਦੀ ਪਕਿਆਈ ਹੈ। ਉਸ ਦੇ ਸ਼ਿਅਰਾਂ ਵਿਚ ਭਾਵੇਂ ਸਤਿਅਮ, ਸ਼ਿਵਮ ਅਤੇ ਸੁੰਦਰਮ ਤਿੰਨੇ ਹੀ ਗੁਣ ਹਨ ਪਰ ਸੁੰਦਰਮ ਪੱਖ ਵਿਸ਼ੇਸ਼ ਭਾਅ ਮਾਰਦਾ ਹੈ, ਜਿਸ ਦੀ ਵੱਖਰੀ ਤੇ ਨਿਆਰੀ ਆਭਾ ਹੈ। ਉਸ ਦੀਆਂ ਗ਼ਜ਼ਲਾਂ ਦੀ ਵਡਿਆਈ ਇਸ ਗੱਲੋਂ ਹੋਰ ਵੀ ਮਾਣਮੱਤੀ ਹੈ ਕਿ ਇਨ੍ਹਾਂ ਵਿਚ ਉਚੇਰੀ ਸਚਿਆਈ ਅਤੇ ਗੰਭੀਰਤਾ ਹੈ। ਉਸ ਦੇ ਸ਼ਿਅਰਾਂ ਵਿਚ ਸਦੀਵੀ ਕਦਰਾਂ ਦੀ ਵਡਿਆਈ ਵਧੇਰੇ ਝਲਕਦੀ ਹੈ। ਉਸ ਦਾ ਕਾਵਿ-ਸੱਤ ਵਸਤੂ ਸੱਚ ਤੋਂ ਉੱਪਰ ਹੈ। ਭਾਵੇਂ ਬੀਰ ਦੇ ਸ਼ਿਅਰਾਂ ਵਿਚ ਸਥੂਲਾਂ ਦੀ ਪੇਸ਼ਕਾਰੀ ਹੈ ਪਰ ਵਸਤੂ ਦੇ ਅੰਤ੍ਰੀਵ ਵਿਚ ਪਏ ਅਸੰਭਵ ਅਤੇ ਸੰਭਾਵਤਾ ਨੂੰ ਪ੍ਰਗਟਾਉਂਦਾ ਹੈ। ਹਥਲੀ ਪੁਸਤਕ ਦੀਆਂ ਸਮੁੱਚੀਆਂ ਗ਼ਜ਼ਲਾਂ ਸਮਾਜਿਕ ਨੈਤਿਕਤਾ ਨੂੰ ਬਹਾਲ ਰੱਖ ਕੇ ਉਨ੍ਹਾਂ ਵਿਚ ਬਿਹਤਰ ਸੁਧਾਰਾਂ ਦੀ ਪੇਸ਼ਗੋਈ ਹੈ। ਉਹ ਕਲਾਤਮਕ ਸੁਹਜ ਦੀ ਪ੍ਰਥਾਇ ਸਹਿਜ ਨਾਲ ਗੱਲ ਕਰਦਾ ਹੈ ਜਿਵੇਂ ਕੋਈ ਫੁੱਲ ਚੁੱਪ ਚਾਪ ਖਿੜ ਪੈਂਦਾ ਹੈ ਜਾਂ ਕਲੀ ਚਟਾਖ ਜਾਂਦੀ ਹੈ। ਉਹ ਕੋਈ ਵੀ ਗੱਲ ਕਰੇ ਪਰ ਮੱਧ ਵਿਚ ਮਨੁੱਖ ਅਤੇ ਉਸ ਦੀ ਕਰਤਾਰੀ ਸ਼ਕਤੀ ਨੂੰ ਰੱਖਦਾ ਹੈ। ਉਸ ਦੇ ਸ਼ਿਅਰਾਂ ਦਾ ਵੱਡਾ ਗੁਣ ਤਰਕਸ਼ੀਲਤਾ ਹੈ। ਉਨ੍ਹਾਂ ਵਿਚ ਕੇਵਲ ਰਸਿਕ ਚਮਤਕਾਰ ਨਹੀਂ ਹੁੰਦਾ, ਸਗੋਂ ਯਥਾਰਥ ਦੀ ਪੇਸ਼ਕਾਰੀ ਹੈ :
ਚੁਕ ਚੁਕ ਕੇ ਤੇਰੇ ਨਾਜ਼ ਥੱਕਗੀ ਸਾਰੀ ਕਾਇਨਾਤ
ਤੇਰੀ ਸਾਰੀ ਉਮਰ ਚਾਕਰੀ ਕਰਦਾ ਰਿਹਾ ਇਹ ਭੋਲਾ ਬੰਦਾ।
ਇਹ ਸ਼ਹਿਰੇ-ਸ਼ਿਕਾਗੋ ਜਮੀਂ ਤੇ ਅਰਸ਼ੇ ਬਰੀਂ ਹੈ
ਹਰ ਉੱਚੀ ਇਮਾਰਤ 'ਤੇ ਫਨਕਾਰੀ ਹਸੀਂ ਹੈ
ਦੀਵਾਨ ਦੇ ਆਗੋਸ਼ 'ਚ ਦੇਸੀਆਂ ਦੀ ਬਹਾਰ
ਯੂ. ਐਸ. 'ਚ ਰਹਿੰਦੇ ਵੀ ਅੰਦਾਜ਼ ਲਖਨਵੀ ਹੈ।
ਬੀਰ ਦੀਆਂ ਗ਼ਜ਼ਲਾਂ ਵਿਚ ਫਾਰਸੀ ਦੇ ਸ਼ਬਦਾਂ ਦੀ ਲੋੜ ਤੋਂ ਵਧੇਰੇ ਵਰਤੋਂ ਇਕ ਔਗੁਣ ਵਜੋਂ ਸਥਾਪਿਤ ਹੈ। ਖ਼ੁਦ ਪੁਸਤਕ ਦਾ ਨਾਂਅ ਘੋਰ ਫਾਰਸੀ ਦਾ ਹੈ, ਜਿਸ ਦੇ ਅਰਥ ਜੁਗਾਤ 'ਚੋਂ ਭਾਲਣੇ ਪੈਂਦੇ ਹਨ। ਗ਼ਜ਼ਲਾਂ ਦੇ ਬਹਿਰਾਂ ਪ੍ਰਤੀ ਸ਼ਾਇਰ ਅਵੇਸਲਾ ਹੈ। ਕਾਫੀਏ ਗ਼ਲਤ ਬੰਨ੍ਹਦਾ ਹੈ। ਪੁਸਤਕ ਦੇ ਪਹਿਲੇ ਹਿੱਸੇ ਦੀਆਂ ਗ਼ਜ਼ਲਾਂ (ਸਫ਼ਾ 55 ਤੱਕ) ਬਿਨਾਂ ਸਿਰਲੇਖ ਜਾਂ ਨੰਬਰਾਂ ਦੇ ਹੀ ਹਨ ਜੋ ਗ਼ਲਤ ਹੈ। ਅੱਗੇ ਉਸ ਨੇ ਗ਼ਜ਼ਲਾਂ ਦੇ ਸਿਰਲੇਖ ਲਿਖੇ ਹਨ ਜਿਵੇਂ ਭਗਤ ਸਿੰਘ, ਜ਼ਾਲਿਮ, ਕੁੜੇ ਆਦਿ। ਅਗਲੇ ਸਫ਼ਿਆਂ ਵਿਚ ਫੇਰ ਉਹੀ ਪਹਿਲੇ ਸਫ਼ਿਆਂ ਦੀ ਚਾਲ ਹੈ। ਗ਼ਜ਼ਲਾਂ ਦੀ ਤਕਨੀਕ ਤੋਂ ਬੀਰ ਕਮਜ਼ੋਰ ਅਵਸਥੀ ਹੈ।

-ਸੁਲੱਖਣ ਸਰਹੱਦੀ
ਮੋ: 94174-84337.

14-4-2013

 ਨੀਲਿਆ ਮੋਰਾ ਵੇ!
ਕਵੀ : ਸੁਖਵਿੰਦਰ ਅੰਮ੍ਰਿਤ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 80.

ਪੰਜਾਬੀ ਦੀਆਂ ਕੁਝ ਵਰਿਸ਼ਟ ਕਵਿੱਤਰੀਆਂ ਦੇ ਖਾਮੋਸ਼ ਹੋ ਜਾਣ ਤੋਂ ਬਾਅਦ ਸਾਡੇ ਕਾਵਿ-ਖੇਤਰ ਵਿਚ ਇਕ ਖਲਾਅ ਜਿਹਾ ਪੈਦਾ ਹੋ ਗਿਆ ਸੀ ਪਰ ਸਾਡੀ ਇਹ ਖੁਸ਼ਕਿਸਮਤੀ ਰਹੀ ਕਿ ਮੋਹਤਰਮਾ ਸੁਖਵਿੰਦਰ ਅੰਮ੍ਰਿਤ ਨੇ ਇਕੱਲਿਆਂ ਹੀ ਇਹ ਖਲਾਅ ਪੂਰ ਦਿੱਤਾ ਹੈ। ਨਾਰੀ-ਲੇਖਣ ਤੋਂ ਬਿਨਾਂ ਕਿਸੇ ਵੀ ਭਾਸ਼ਾ ਜਾਂ ਦੇਸ਼ ਦਾ ਸਾਹਿਤ ਮੁਕੰਮਲ ਨਹੀਂ ਹੁੰਦਾ, ਪੁਰਸ਼ ਲੋਕ ਏਕਾਲਾਪ ਦੁਆਰਾ ਆਪਣੀ-ਆਪਣੀ ਮਰਜ਼ੀ ਦਾ ਰਾਗ ਅਲਾਪੀ ਜਾਂਦੇ ਹਨ। ਨਾਰੀਆਂ ਦੇ ਵੱਖ-ਵੱਖ ਸਾਹਿਤ ਰੂਪਾਂ ਵਿਚ ਉਦੈ ਹੋਣ ਨਾਲ ਹੀ ਪੁਰਸ਼ ਅਤੇ ਨਾਰੀ ਦੇ ਦਰਮਿਆਨ ਅਰਥਪੂਰਨ ਵਾਰਤਾਲਾਪ ਪੈਦਾ ਹੁੰਦਾ ਹੈ।
ਚਾਰ-ਪੰਜ ਗ਼ਜ਼ਲ ਸੰਗ੍ਰਹਿਆਂ ਅਤੇ ਦੋ ਕਾਵਿ-ਪੁਸਤਕਾਂ ਤੋਂ ਬਾਅਦ 'ਨੀਲਿਆ ਮੋਰਾ ਵੇ' ਸੁਖਵਿੰਦਰ ਅੰਮ੍ਰਿਤ ਦੀ ਅੱਠਵੀਂ ਕਾਵਿ-ਰਚਨਾ ਹੈ। ਇਸ ਵਿਚ ਉਸ ਨੇ ਸਮੇਂ-ਸਮੇਂ ਲਿਖੇ ਆਪਣੇ 40 ਗੀਤ ਸੰਗ੍ਰਹਿਤ ਕੀਤੇ ਹਨ। ਇਸ ਸੰਗ੍ਰਹਿ ਵਿਚ ਪੰਜਾਬੀ ਗੀਤ-ਕਾਵਿ ਪਰੰਪਰਾ ਦੀਆਂ ਕਈ ਵੰਨਗੀਆਂ ਸ਼ਾਮਿਲ ਹਨ। ਸਾਹਿਤਕ ਵੰਨਗੀ ਦੇ ਗੀਤਾਂ ਤੋਂ ਬਿਨਾਂ ਪੰਜਾਬੀ ਲੋਕ-ਸਾਹਿਤ ਦੇ ਕਈ ਰੂਪ ਬੋਲੀਆਂ, ਟੱਪੇ ਅਤੇ ਇਕ ਤੁਕੀਆ ਬੋਲੀਆਂ ਵੀ ਇਸ ਪੁਸਤਕ ਦਾ ਸ਼ਿੰਗਾਰ ਬਣੀਆਂ ਹਨ। ਦੇਖੋ : ਤੇਰੇ ਫੁੱਲਾਂ ਨੇ ਸ਼ੀਸ਼ੇ ਦਾ ਘਰ ਤੋੜਿਆ, ਮੈਂ ਚੰਗੀ ਭਲੀ ਵਸਦੀ ਸੀ/ਅਸੀਂ ਛੱਡਤੇ ਹਾਰ ਕੇ ਦਾਅਵੇ, ਸਾਡਾ ਨਾ ਕੋਈ ਜ਼ੋਰ ਚੱਲਿਆ/ਪੁੱਠਾ ਗੇੜ ਨਾ ਸਮੇਂ ਨੂੰ ਆਉਂਦਾ, ਆਪਾਂ ਫਿਰ ਕਿਵੇਂ ਮਿਲਦੇ।
'ਨੀਲਿਆ ਮੋਰਾ ਵੇ' ਪੁਸਤਕ ਦੇ ਮੁਢਲੇ ਕੁਝ ਗੀਤ ਮਾਂ-ਬੋਲੀ ਪੰਜਾਬੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਅਤੇ ਗੌਰਵ ਨਾਲ ਸਬੰਧਤ ਹਨ। ਇਨ੍ਹਾਂ ਤੋਂ ਬਾਅਦ ਕਵਿੱਤਰੀ ਨੇ ਮੁਹੱਬਤ ਅਤੇ ਮਾਨਵੀ ਅਸਤਿਤਵ ਨਾਲ ਸਬੰਧਤ ਕੁਝ ਹੋਰ ਮਹੱਤਵਪੂਰਨ ਸਰੋਕਾਰਾਂ ਦਾ ਨਿਰੂਪਣ ਕਰਨ ਵਾਲੇ ਗੀਤ ਸ਼ਾਮਿਲ ਕੀਤੇ ਹਨ। ਬਹੁਤ ਸਾਰੇ ਗੀਤ ਫ਼ਕੀਰਾਂ, ਜੋਗੀਆਂ ਅਤੇ ਹਾਨਣਾਂ ਨੂੰ ਸੰਬੋਧਿਤ ਕਰਕੇ ਲਿਖੇ ਗਏ ਹਨ। ਕੁਝ ਇਕ ਰਵਾਇਤੀ ਵਿਸ਼ੇ ਵੀ ਆਏ ਹਨ, ਜਿਵੇਂ ਜੱਗ ਜਣਨੀ, ਮੇਰਾ ਕਿੱਥੇ ਗਿਆ ਪੰਜਾਬ, ਗਾਥਾ ਮਹਾਰਾਜਾ ਰਣਜੀਤ ਸਿੰਘ ਅਤੇ ਚੌਂਕ ਵਿਚ ਰਾਹੀਆਂ ਨੂੰ। ਪਰ ਅਜਿਹੇ ਰਵਾਇਤੀ ਵਿਸ਼ਿਆਂ ਨੂੰ ਵੀ ਕਵਿੱਤਰੀ ਨੇ ਆਪਣੀ ਅਦਭੁਤ ਸਿਰਜਣਾਤਮਕਤਾ ਨੂੰ ਮਾਧਿਅਮ ਦੁਆਰਾ ਅਤਿਅੰਤ ਮਿਆਰੀ ਬਣਾ ਦਿੱਤਾ ਹੈ। ਭਾਵੇਂ ਇਹ ਗੀਤ ਕਿਸੇ ਨਾਰੀਵਾਦੀ ਲੇਬਲ ਦੇ ਹੇਠ ਨਹੀਂ ਰਚੇ ਗਏ ਪਰ ਫਿਰ ਵੀ ਇਨ੍ਹਾਂ ਵਿਚੋਂ ਨਾਰੀ ਦੀ ਦੁਜੈਲੀ ਸਥਿਤੀ ਨਾਲ ਸਬੰਧਤ ਧੁਨੀਆਂ ਸੁਣੀਆਂ ਜਾ ਸਕਦੀਆਂ ਹਨ। ਪੰਜਾਬ ਦੇ ਪੁਰਸ਼ ਪ੍ਰਧਾਨ ਸਮਾਜ ਅਤੇ ਸੱਭਿਆਚਾਰ ਵਿਚ ਨਾਰੀ ਕਦੇ ਵੀ ਆਪਣੀ ਹੋਂਦ ਅਤੇ ਹੋਣੀ ਬਾਰੇ ਸੁਦ੍ਰਿੜ ਹੋ ਕੇ ਕੁਝ ਨਹੀਂ ਸੋਚ ਸਕਦੀ। ਉਹ ਸਦੈਵ ਇਕ ਤਰਲ ਸਥਿਤੀ ਵਿਚ ਡੋਲਦੀ ਅਤੇ ਕੰਬਦੀ ਰਹਿੰਦੀ ਹੈ। ਦੇਖੋ:
ਤੋਰ ਅੰਬੜੀਏ ਤੋਰ
ਮੈਨੂੰ ਨਾਲ ਸ਼ਗਨ ਦੇ ਤੋਰ
ਭਰ ਨਾ ਹਉਕੇ, ਕੇਰ ਨਾ ਅਥਰੂ
ਨਹੀਂ ਚੱਲਣਾ ਤੇਰਾ ਜ਼ੋਰ
ਮੈਨੂੰ ਨਾਲ ਸ਼ਗਨ ਦੇ ਤੋਰ।
ਸੁਖਵਿੰਦਰ ਅੰਮ੍ਰਿਤ ਦੀਆਂ ਹੋਰ ਕਾਵਿ-ਪੁਸਤਕਾਂ ਵਾਂਗ 'ਨੀਲਿਆ ਮੋਰਾ ਵੇ' ਪੰਜਾਬੀ ਸਾਹਿਤ ਦੀ ਇਕ ਮਹੱਤਵਪੂਰਨ ਅਤੇ ਉਲੇਖਯੋਗ ਉਪਲਬਧੀ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਨਿਰਭਓ ਨਿਰਵੈਰ
ਲੇਖਕ : ਹਰਪਿੰਦਰ ਰਾਣਾ
ਪ੍ਰਕਾਸ਼ਕ : ਪੁਸਤਕ ਸੱਥ ਕੋਟਕਪੂਰਾ
ਮੁੱਲ : 125 ਰੁਪਏ, ਸਫ਼ੇ : 192
.

'ਨਿਰਭਓ ਨਿਰਵੈਰ' ਹਰਪਿੰਦਰ ਰਾਣਾ ਦਾ ਪਲੇਠਾ ਨਾਵਲ ਹੈ। ਇਹ ਇਕ ਬਾਇਓਗਰੈਫ਼ੀਕਲ (ਜੀਵਨੀ ਆਧਾਰਿਤ) ਨਾਵਲ ਹੈ। ਨਾਵਲ ਵਿਚ ਉਪਲਬਧ ਸੰਕੇਤਾਂ ਤੋਂ ਇਹ ਰਚਨਾ ਕਾਮਰੇਡ ਸੁਰਜੀਤ ਗਿੱਲ ਦੇ ਜੀਵਨ ਦੀ ਪੇਸ਼ਕਾਰੀ ਕਰਦੀ ਪ੍ਰਤੀਤ ਹੁੰਦੀ ਹੈ। ਇਸ ਦਾ ਸਮਰਪਣ ਵੀ ਉਸੇ ਨੂੰ ਹੈ ਅਤੇ ਇਸ ਦੇ ਖਰੜੇ ਨੂੰ ਉਸ ਨੇ ਵਾਚਿਆ ਹੋਇਆ ਹੈ। ਅਮਰਦੀਪ ਗਿੱਲ ਦੇ ਸ਼ਬਦ ਵੀ ਕੁਝ ਅਜਿਹਾ ਹੀ ਸੰਕੇਤ ਕਰਦੇ ਹਨ। ਘੋਲੀਆ ਪਿੰਡ ਵੀ ਇਸੇ ਬੰਨੇ ਸੰਕੇਤ ਕਰਦਾ ਜਾਪਦਾ ਹੈ। ਕਿਹਾ ਜਾ ਸਕਦਾ ਹੈ ਕਿ ਨਾਵਲ ਦਾ ਨਾਇਕ ਨਿਰਵੈਰ ਪੰਜਾਬੀ ਜਗਤ ਦਾ ਜਾਣਿਆ-ਪਛਾਣਿਆ ਸਿਰੜੀ ਕਾਮਰੇਡ ਹੈ। ਇਸ ਬਿਰਤਾਂਤ ਦੀ ਗਲਪਨਿਕ ਕਥਾ-ਵਾਚਕਾ/ਸੂਤਰਧਾਰ ਅਤੇ ਨਾਇਕਾ 'ਨੂਰਾਂ' ਦੀ ਸਿਰਜਣਾ ਨਾਵਲਕਾਰਾ ਨੇ ਕਲਾਤਮਕ ਜੁਗਤ ਨਾਲ ਕੀਤੀ ਹੈ। ਨੂਰਾਂ ਆਪਣੇ ਪਤੀ ਨਾਲ ਰੁੱਠ ਕੇ ਦੂਰ-ਦੁਰੇਡੇ ਰਹਿ ਰਹੀ ਹੈ। ਨਾਇਕਾ ਦੀ ਤਨਹਾਈ ਉਸ ਨੂੰ ਇਕ ਗੁਆਂਢੀ ਬਜ਼ੁਰਗ ਨਾਲ ਨੇੜਤਾ ਪੈਦਾ ਕਰਨ ਵਿਚ ਸਹਾਈ ਹੁੰਦੀ ਹੈ। ਨਾਇਕ (ਬਾਪੂ ਨਿਰਵੈਰ) ਦੀ ਮਾਂ ਛੋਟੇ ਹੁੰਦਿਆਂ ਹੀ ਮਰ ਜਾਂਦੀ ਹੈ। ਉਸ ਦਾ ਬਾਪ ਹੋਰ ਸ਼ਾਦੀ ਕਰਵਾ ਲੈਂਦਾ ਹੈ। ਮਤ੍ਰੇਈ ਮਾਂ ਨਾਇਕ ਨਾਲ ਦੁਰਵਿਹਾਰ ਕਰਦੀ ਹੈ। ਫਲਸਰੂਪ, ਉਹ ਘਰੋਂ ਬਾਹਰ ਇਕ ਪ੍ਰਕਾਰ ਦੀ ਬਦਮਾਸ਼ ਟੋਲੀ ਬਣਾ ਲੈਂਦਾ ਹੈ। ਝਗੜੇ ਕਰਕੇ ਪੁਲਿਸ ਤੋਂ ਕੁੱਟ ਖਾਣਾ ਉਸ ਦਾ ਸ਼ੁਗਲ ਬਣ ਜਾਂਦਾ ਹੈ। ਮਾਣ-ਸਨਮਾਨ ਉਸ ਲਈ ਬਰਾਬਰ ਹੋ ਜਾਂਦੇ ਹਨ। ਸੁਭਾਗ-ਵਸ ਉਹ ਪੁਸਤਕਾਂ ਦੇ ਪ੍ਰਭਾਵ ਅਧੀਨ ਆਉਂਦਾ ਹੈ। ਹੁਣ ਉਹ ਕ੍ਰਮਵਾਰ ਲਾਲ ਸਿਤਾਰਾ ਕਮਿਊਨਿਸਟ ਪਾਰਟੀ, ਸੀ.ਪੀ.ਆਈ, ਸੀ.ਪੀ.ਐਮ. ਪਾਰਟੀਆਂ ਵਿਚ ਸ਼ਾਮਿਲ ਹੁੰਦਾ ਹੈ। ਉਸ ਨੂੰ ਨਵਾਂ ਜ਼ਮਾਨਾ ਅਤੇ ਲੋਕ ਲਹਿਰ ਵਿਚ ਕੰਮ ਕਰਨ ਦਾ ਅਵਸਰ ਪ੍ਰਾਪਤ ਹੁੰਦਾ ਹੈ, ਜਿਥੇ ਉਹ ਪੁਸਤਕਾਂ ਦੀ ਸਖ਼ਤ ਆਲੋਚਨਾ ਕਰਦਾ ਰਹਿੰਦਾ ਹੈ। ਅੱਤਵਾਦ ਸਮੇਂ ਪੀੜਤਾਂ ਦੀ ਸਹਾਇਤਾ ਪੂਰੀ ਤਨਦੇਹੀ ਨਾਲ ਕਰਦਾ ਹੈ। ਨਵੇਂ ਬਣੇ ਸਮਾਜਿਕ ਰਿਸ਼ਤਿਆਂ ਨੂੰ ਨਿਭਾਉਣਾ ਜਾਣਦਾ ਹੈ ਪਰ ਪ੍ਰੇਮ ਦੇ ਖੇਤਰ ਵਿਚ ਬਾਜ਼ੀ ਹਾਰ ਜਾਂਦਾ ਹੈ। ਸਾਰੇ ਜੀਵਨ ਵਿਚ ਆਪਣੇ ਪੁੱਤਰ ਕੋਲ ਕੇਵਲ ਪੰਜ ਸਾਲ ਹੀ ਰਹਿੰਦਾ ਹੈ। ਪੁਸਤਕਾਂ ਦਾ ਸਾਰੀ ਆਯੂ ਪਾਠਕ ਰਿਹਾ। ਜੀਵਨ ਦੀਆਂ ਘਟਨਾਵਾਂ ਡਾਇਰੀ ਵਿਚ ਅੰਕਿਤ ਕਰਦਾ ਸੀ। ਆਪਣੇ ਜੀਵਨ ਅਨੁਭਵ ਦੇ ਆਧਾਰ 'ਤੇ ਉਹ ਨਾਵਲ ਦੀ ਨਾਇਕਾ/ਸੂਤਰਧਾਰ ਨੂੰ ਨਸੀਹਤ ਕਰਦਾ ਹੈ ਕਿ ਰਿਸ਼ਤਿਆਂ ਨੂੰ ਵਕਤ ਸਿਰ ਸੰਭਾਲ ਲਈਦਾ ਹੈ। ਇਸੇ ਨਸੀਹਤ ਦੇ ਫਲਸਰੂਪ ਨਾਇਕਾ ਆਪਣੇ ਪਤੀ ਨਾਲ ਟੁੱਟੀ ਗੰਢ ਲੈਂਦੀ ਹੈ। ਸੂਤਰਧਾਰ ਦੀ ਮਨਬਚਨੀ ਘਟਨਾਵਾਂ ਨੂੰ ਗਤੀਸ਼ੀਲ ਕਰਦੀ ਹੈ। ਨਾਵਲ ਸੰਘਰਸ਼ੀ ਮਨੁੱਖ ਦੀ ਗਾਥਾ ਹੈ, ਜੋ ਪ੍ਰੇਰਨਾ ਦੀਆਂ ਅਨੇਕਾਂ ਪਰਤਾਂ ਆਪਣੇ ਵਿਚ ਸਮੋਈ ਬੈਠਾ ਹੈ। ਲੇਖਕਾ ਦਾ ਪਹਿਲਾ ਨਾਵਲ ਹੋਣ ਦੇ ਬਾਵਜੂਦ ਉਹ ਜੀਵਨੀਪਰਕ ਨਾਵਲ ਨਾਲ ਠੀਕ ਨਿਭਾਅ ਕਰ ਸਕਣ ਯੋਗ ਹੋਈ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007

ਰੇਤ ਵਿਚ ਡੁੱਬੀਆਂ ਨਦੀਆਂ
ਲੇਖਕ : ਜਸਬੀਰ ਭੁੱਲਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 155.

ਗਲਪ ਖੇਤਰ ਵਿਚ ਵਿਲੱਖਣ ਸਥਾਨ ਰੱਖਣ ਵਾਲਾ ਸਾਡਾ ਨਾਵਲਕਾਰ ਜਸਬੀਰ ਭੁੱਲਰ ਆਪਣੇ ਨਵੇਂ ਨਾਵਲ 'ਰੇਤ ਵਿਚ ਡੁੱਬੀਆਂ ਨਦੀਆਂ' ਲੈ ਕੇ ਮੁੜ ਹਾਜ਼ਰ ਹੈ। ਜੰਗੀ ਜੀਵਨ ਬਾਰੇ ਅਹਿਮ ਤਜਰਬਾ ਹੋਣ ਕਰਕੇ ਅਨੇਕਾਂ ਰਚਨਾਵਾਂ ਸਾਹਿਤ ਖੇਤਰ ਨੂੰ ਦੇ ਚੁੱਕਾ ਹੈ। ਇਹ ਨਾਵਲ ਕਲਾ ਰੂਪ ਅਤੇ ਪੇਸ਼ਕਾਰੀ ਪੱਖੋਂ ਵਿਲੱਖਣ ਸਾਬਤ ਹੁੰਦਾ ਹੈ। ਨਾਵਲ ਦੀ ਸ਼ੁਰੂਆਤ ਜੰਗ ਦੇ ਮੁਹਾਜ਼ 'ਤੇ ਗਹਿ-ਗੱਚ ਹੋ ਰਹੀ ਲੜਾਈ ਦੀ ਇਕ ਖ਼ਤਰਨਾਕ ਰਾਤ ਤੋਂ ਹੁੰਦੀ ਹੈ। ਉਸ ਲਹੂ ਭਿੱਜੀ ਰਾਤ ਵਿਚ ਹੀ ਨਾਵਲਕਾਰ ਨੇ ਸਾਰੀ ਸਥਿਤੀ ਸਿਰਜੀ ਹੈ। ਛਾਉਣੀ ਵਿਚਲੀ ਭਿਆਨਕ ਰਾਤ, ਡਰੇ ਅਤੇ ਠਰੇ ਹੋਏ ਸੁੰਨਸਾਨ ਖਾਲੀ ਤੇ ਭਰੇ ਹੋਏ ਘਰਾਂ ਵਿਚ ਸੈਨਿਕਾਂ ਦੀਆਂ ਡਰੀਆਂ ਹੋਈਆਂ ਔਰਤਾਂ ਆਦਿ ਦੀ ਤਸਵੀਰ ਪੇਸ਼ ਕਰਨੀ ਭੁੱਲਰ ਦੀ ਕਲਾ ਦਾ ਕਮਾਲ ਹੈ। ਇਹ ਡਰੇ ਹੋਏ ਘਰ-ਪਰਿਵਾਰ ਮੁਹਾਜ਼ ਤੋਂ ਆਉਣ ਵਾਲੀਆਂ ਭਿਆਨਕ ਖ਼ਬਰਾਂ ਤੋਂ ਹੋਰ ਸਹਿਮ ਜਾਂਦੇ ਹਨ। ਇਨ੍ਹਾਂ ਘਰਾਂ ਅੰਦਰ ਵਾਪਰਦੀਆਂ ਘਟਨਾਵਾਂ ਨੂੰ ਇਕ ਕਹਾਣੀ ਵਿਚ ਬੰਨ੍ਹ ਲੈਣਾ ਅਤੇ ਇਕ ਰਾਤ ਵਿਚ ਪਾਠਕਾਂ ਨੂੰ ਕਹਾਣੀ ਦੇ ਅੰਤ ਤੱਕ ਨਾਲ ਲਈ ਆਉਣਾ, ਭੁੱਲਰ ਦੀ ਨਾਵਲੀ ਕਲਾ ਦੀ ਪ੍ਰਾਪਤੀ ਹੈ। ਵਿਲੱਖਣ ਕਥਾ-ਰਸ ਤੇ ਰੌਚਿਕ-ਸ਼ੈਲੀ ਵਿਚ ਰਚੇ ਇਸ ਨਾਵਲ ਵਿਚ ਸੈਨਿਕ ਜੀਵਨ ਦੇ ਵਾਤਾਵਰਨ ਨੂੰ ਬੜੇ ਯਥਾਰਥਕ ਚਿੱਤਰ ਰਾਹੀਂ ਬਿਆਨ ਕੀਤਾ ਹੈ। ਸੈਨਿਕਾਂ ਦੇ ਜੀਵਨ, ਕਾਰਜ ਵਿਧੀ ਅਤੇ ਛਾਉਣੀ ਦੀਆਂ ਔਰਤਾਂ ਦੀ ਤ੍ਰਾਸਦੀ ਅਤੇ ਟੁੱਟਦੇ ਸੁਪਨਿਆਂ ਦੇ ਦੁਖਾਂਤ ਨੂੰ ਨਿਵੇਕਲੇ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ। ਭਾਵੇਂ ਕਿ ਹਰ ਦੂਜੇ ਕਾਂਡ ਵਿਚ ਛਾਉਣੀ ਵਿਚਲੇ ਘਰ ਵਿਚ ਪਏ ਕਾਲੇ ਟਰੰਕਾਂ ਦੀ ਫੋਲਾ-ਫਾਲੀ ਦੇ ਅਨੇਕਾਂ ਵੇਰਵੇ ਵਾਰ-ਵਾਰ ਆਉਂਦੇ ਹਨ ਅਤੇ ਕਥਾ-ਰਸ ਵਿਚ ਫ਼ਿਲਮੀ ਢੰਗ ਸਿਰਜਣ ਦੀ ਕੋਸ਼ਿਸ਼ ਕਰਦੇ ਹਨ।
ਇਸ ਸਭ ਕੁਝ ਦੇ ਬਾਵਜੂਦ ਇਹ ਨਾਵਲ ਨਿਵੇਕਲੇ ਅੰਦਾਜ਼ ਰਾਹੀਂ ਪੇਸ਼ ਹੁੰਦਾ ਹੈ ਅਤੇ ਨਵੀਆਂ ਪੈੜਾਂ ਪਾਉਂਦਾ ਹੈ। ਭੁੱਲਰ ਦੀ ਇਹ ਪ੍ਰਾਪਤੀ ਪੰਜਾਬੀ ਨਾਵਲ ਖੇਤਰ ਵਿਚ ਵਿਸ਼ੇਸ਼ ਜ਼ਿਕਰ ਦਾ ਕੇਂਦਰ ਬਣੇਗੀ। ਨਾਵਲ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਉਤਸੁਕਤਾ ਬਣਾਈ ਰੱਖਣੀ ਲੇਖਕ ਦੀ ਕਲਾ ਦਾ ਕਮਾਲ ਹੈ। ਸੁੰਦਰ ਦਿਸ਼ ਵਿਚ ਛਪੇ ਇਸ ਨਾਵਲ ਦਾ ਸਵਾਗਤ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

7-04-2013

 ਅਣਲਿਖੇ ਵਰਕੇ
ਲੇਖਕ : ਲਖਵਿੰਦਰ ਜੌਹਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 84.

'ਅਣਲਿਖੇ ਵਰਕੇ' ਵਿਚ ਆਧੁਨਿਕ ਪੰਜਾਬੀ ਕਾਵਿ ਦੇ ਪ੍ਰਮੁੱਖ ਹਸਤਾਖਰ ਲਖਵਿੰਦਰ ਜੌਹਲ ਦੇ 29 ਕਾਵਿ-ਨਿਬੰਧ ਸੰਗ੍ਰਹਿਤ ਹਨ। ਜ਼ਿੰਦਗੀ ਦੇ ਲੰਮੇ ਸਫ਼ਰ ਵਿਚ ਹਰ ਮਨੁੱਖ ਨਾਲ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜੋ ਉਸ ਦੇ ਵਿਅਸਤ ਅਥਵਾ ਕਾਰੋਬਾਰੀ ਜੀਵਨ ਦਾ ਅੰਗ ਨਹੀਂ ਬਣ ਸਕਦੀਆਂ। ਕਿਸੇ ਵਿਹਲੇ ਵਕਤ ਉਨ੍ਹਾਂ ਨਾਲ ਨਜਿੱਠਣ ਦਾ ਸੰਕਲਪ ਕਰਕੇ ਮਨੁੱਖ ਉਨ੍ਹਾਂ ਨੂੰ ਲਪੇਟ ਕੇ ਮਨ ਦੇ ਕਿਸੇ ਖੂੰਜੇ ਵਿਚ ਰੱਖ ਦਿੰਦਾ ਹੈ ਅਤੇ ਕੁਝ ਮਹੀਨਿਆਂ ਬਾਅਦ ਭੁਲ-ਭੁਲਾ ਜਾਂਦਾ ਹੈ। ਪਰ ਇਹ ਘਟਨਾਵਾਂ ਉਸ ਦੇ ਜ਼ਿਹਨ ਵਿਚ ਉਂਜੇ-ਦੀਆਂ ਉਂਜ ਪਈਆਂ ਰਹਿੰਦੀਆਂ ਹਨ ਅਤੇ ਉਪਰੋਂ-ਉਪਰੋਂ ਸ਼ਾਂਤ ਜਾਪਦੇ ਮਨ ਵਿਚ ਇਕ ਖਲਬਲ ਜਿਹੀ ਮਚਾਈ ਰੱਖਦੀਆਂ ਹਨ। 'ਅਣਲਿਖੇ ਵਰਕੇ' ਵਿਚ ਇਹੋ ਜਿਹੇ ਪ੍ਰਸੰਗਾਂ ਨੂੰ ਇਕ ਕੋਲਾਜ ਦੇ ਰੂਪ ਵਿਚ ਵੇਖਣ ਦਾ ਯਤਨ ਕੀਤਾ ਗਿਆ ਹੈ। ਕਿਉਂਕਿ ਲੇਖਕ ਨੇ ਇਨ੍ਹਾਂ ਪ੍ਰਸੰਗਾਂ ਨੂੰ ਕਿਸੇ ਬ੍ਰਿਤਾਂਤ ਵਿਚ ਬੰਨ੍ਹ ਕੇ ਵੇਖਣ ਦੀ ਬਜਾਇ ਇਨ੍ਹਾਂ ਦੇ ਸਹਿਜ ਰੂਪ ਵਿਚ ਹੀ ਵੇਖਣ ਦਾ ਪ੍ਰਯਾਸ ਕੀਤਾ ਹੈ, ਇਸ ਕਾਰਨ ਇਹ ਲਿਖੇ ਜਾਣ ਦੇ ਬਾਵਜੂਦ ਵੀ 'ਅਣਲਿਖੇ' ਹੀ ਰਹਿ ਗਏ ਹਨ। ਲਿਖੇ ਜਾਣਾ ਅਤੇ ਅਣਲਿਖੇ ਰਹਿਣਾ ਵਿਚ ਜੋ ਵਿੱਥ ਰਹਿ ਜਾਂਦੀ ਹੈ, ਲੇਖਕ ਨੇ ਇਸ ਵਿੱਥ ਵਿਚੋਂ ਉਪਜੀ ਛਟਪਟਾਹਟ ਅਤੇ ਮਾਯੂਸੀ-ਮਜਬੂਰੀ ਨੂੰ ਆਪਣੀ ਅਭਿਵਿਅਕਤੀ ਦੀ ਵਸਤੂ-ਸਾਮਗਰੀ ਬਣਾਇਆ ਹੈ।
ਮਨੁੱਖੀ ਜੀਵਨ ਵਿਚ ਬਹੁਤ ਸਾਰੇ ਦੌਰ ਆਉਂਦੇ-ਜਾਂਦੇ ਰਹਿੰਦੇ ਹਨ। ਆਪਣੇ ਵਿਵਸਾਇਕ ਅਤੇ ਪਰਿਵਾਰਿਕ ਜੀਵਨ ਵਿਚ ਮਨੁੱਖ ਕਦੇ ਜਿਨ੍ਹਾਂ ਪ੍ਰਾਪਤੀਆਂ ਲਈ ਬਹੁਤ ਤਰਸਦਾ ਹੁੰਦਾ ਸੀ, ਸਮਾਂ ਪੈ ਕੇ ਉਹ ਪ੍ਰਾਪਤੀਆਂ ਆਪਣਾ ਗੌਰਵ ਅਤੇ ਗਰਿਮਾ ਖੋ ਬੈਠਦੀਆਂ ਹਨ। ਪ੍ਰੇਮਿਕਾ, ਨੌਕਰੀ, ਪਤਨੀ, ਪਦ-ਉੱਨਤੀ ਵਰਗੀਆਂ ਪ੍ਰਾਪਤੀਆਂ ਹੌਲੀ-ਹੌਲੀ ਜੀਵਨ ਦਾ ਇਕ ਆਮ ਵਰਤਾਰਾ ਬਣ ਕੇ ਰਹਿ ਜਾਂਦੀਆਂ ਹਨ। ਇਹੀ ਉਹ ਸਮਾਂ ਹੁੰਦਾ ਹੈ ਜਦੋਂ ਕੋਈ ਵਿਅਕਤੀ ਸਵੈ (9) ਤੋਂ ਉੱਪਰ ਉੱਠ ਕੇ ਦਵੈ (+ਵੀਕਗ) ਨੂੰ ਜਾਣਨ-ਸਮਝਣ ਦੀ ਚੇਸ਼ਟਾ ਕਰਦਾ ਹੈ। ਇਹ ਸਮਾਂ ਕਿਸੇ ਵੀ ਵਿਅਕਤੀ ਅੰਦਰਲੀ ਮਸੀਹਾਈ ਦੇ ਜਾਗਣ ਦਾ ਸਮਾਂ ਹੁੰਦਾ ਹੈ। ਇਹੀ ਜਾਗ੍ਰਿਤੀ ਲਖਵਿੰਦਰ ਜੌਹਲ ਦੇ ਇਨ੍ਹਾਂ ਨਿਬੰਧਾਂ ਦੇ ਆਰ-ਪਾਰ ਫੈਲੀ ਹੋਈ ਹੈ। ਉਸ ਦੇ ਅੰਦਰ ਸੁਤਾ ਪਿਆ ਮਸੀਹਾ ਜਾਗ ਪਿਆ ਹੈ। ਹੁਣ ਇਹ ਮਸੀਹਾ ਕੁਝ ਕਰੇ, ਨਾ ਕਰੇ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਵੱਡੀ ਗੱਲ ਇਸ ਮਸੀਹੇ ਦੇ ਜਾਗਣ ਨਾਲ ਹੀ ਸਬੰਧ ਰੱਖਦੀ ਹੈ। ਇਨ੍ਹਾਂ ਨਿਬੰਧਾਂ ਵਿਚ ਲੇਖਕ ਵਿਧੀ ਅਤੇ ਵਿਧਾ ਵਿਚਲੀ ਦੁਫੇੜ ਨੂੰ ਪੂਰਨ ਦਾ ਭਰਸਕ ਪ੍ਰਯਾਸ ਕਰਦਾ ਹੈ। ਇਸ ਪ੍ਰਸੰਗ ਵਿਚ ਉਸ ਦਾ ਇਕ ਕਥਨ ਸੁਣੋ, 'ਕਿਥੋਂ ਲੈ ਆਈਏ ਉਹ ਅੱਖਾਂ, ਜਿਨ੍ਹਾਂ ਥਾਣੀਂ ਆਪਣੀ ਰੂਹ ਦੇ ਦਰਸ਼ਨ ਹੋ ਸਕਣ? ਕਿਥੋਂ ਲੈ ਆਈਏ ਉਹ ਜੁਰਅਤ, ਜਿਹੜੀ ਸਵੈ ਨੂੰ ਦਵੈ ਵਾਂਗ ਵੇਖੇ? ਅਤੇ, ਕਿਥੋਂ ਲੈ ਕੇ ਆਈਏ ਉਹ ਦ੍ਰਿਸ਼ਟੀ ਜਿਹੜੀ ਦਵੈ ਵਿਚੋਂ ਸਵੈ ਨੂੰ ਵੇਖ ਸਕੇ? ਕੀ ਕਦੇ ਅਜਿਹਾ ਹੋ ਸਕੇਗਾ?' (ਪੰਨਾ 83) ਹੋ ਸਕੇਗਾ ਨਹੀਂ, 'ਅਣਲਿਖੇ ਵਰਕੇ' ਦੇ ਕਾਵਿ-ਨਿਬੰਧਾਂ ਵਿਚ ਇਹ ਕ੍ਰਿਸ਼ਮਾ ਸੰਭਵ ਹੋ ਗਿਆ ਹੈ। ਲਖਵਿੰਦਰ ਜੌਹਲ ਨੇ ਆਪਣੇ ਇਹ ਨਿਬੰਧ ਆਪਣੀ ਪੀੜ੍ਹੀ ਦੇ ਸਾਰੇ ਸੰਵੇਦਨਸ਼ੀਲ ਲੋਕਾਂ ਦੀ ਵਿਅਥਾ ਨੂੰ ਮਹਿਸੂਸ ਕਰਕੇ, ਉਨ੍ਹਾਂ ਸਾਰਿਆਂ ਦੀ ਤਰਫ਼ੋਂ ਆਪ ਲਿਖ ਦਿੱਤੇ ਹਨ। ਉਹ ਇਨ੍ਹਾਂ ਲੇਖਾਂ ਦਾ ਮਾਲਕ ਜਾਂ ਸਵਾਮੀ ਨਹੀਂ ਹੈ ਕਿਉਂਕਿ ਇਨ੍ਹਾਂ ਵਿਚਲੀ ਛਟਪਟਾਹਟ ਉਸ ਦੇ ਇਕੱਲਿਆਂ ਦੀ ਨਹੀਂ ਹੈ। ਇਹ ਸਾਡੀ ਸਭ ਦੀ ਸਾਂਝੀ ਹੈ, ਉਸ ਨੇ ਤਾਂ ਕੇਵਲ ਲੇਖਣ-ਕਾਰਜ ਕੀਤਾ ਹੈ। ਇਹੋ ਜਿਹੀ ਸਰਬ-ਸਾਂਝੀ ਕਿਰਤ ਦੀ ਸਿਰਜਣਾ ਕਰਨ ਲਈ ਮੈਂ ਉਸ ਦੀ ਜੁਰਅਤ ਅਤੇ ਫ਼ਨ ਦੀ ਪ੍ਰਸੰਸਾ ਕਰਦਾ ਹਾਂ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਅੰਨ ਸੰਕਟ ਤੇ ਹੋਰ ਇਕਾਂਗੀ
ਲੇਖਕ : ਗੁਰਿੰਦਰ ਸਿੰਘ ਪਾਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 84.

ਇਸ ਪੁਸਤਕ ਦਾ ਪਹਿਲਾ ਸੰਸਕਰਨ 1968 ਵਿਚ ਪ੍ਰਕਾਸ਼ਿਤ ਹੋਇਆ ਅਤੇ ਹੁਣ ਉਸੇ ਰੂਪ ਵਿਚ ਲੋਕ ਗੀਤ ਪ੍ਰਕਾਸ਼ਨ ਵੱਲੋਂ ਇਹ ਇਕਾਂਗੀ ਸੰਗ੍ਰਹਿ ਛਾਪਿਆ ਗਿਆ ਹੈ, ਜਿਸ ਵਿਚ ਕੁੱਲ ਪੰਜ ਇਕਾਂਗੀ ਸ਼ਾਮਿਲ ਕੀਤੇ ਗਏ ਹਨ। ਨਾਟਕਕਾਰ ਗੁਰਿੰਦਰ ਸਿੰਘ ਪਾਲ ਨੇ ਭਿੰਨ-ਭਿੰਨ ਖੇਤਰਾਂ ਵਿਚੋਂ ਲੰਘਦਿਆਂ ਜੀਵਨ ਦੇ ਵੱਖ-ਵੱਖ ਪਹਿਲੂਆਂ ਦੇ ਤਜਰਬਿਆਂ ਦੇ ਅਨੁਭਵਾਂ ਵਿਚੋਂ ਵੱਖ-ਵੱਖ ਵਿਸ਼ੇ ਲੈ ਕੇ ਇਨ੍ਹਾਂ ਨਾਟਕਾਂ ਦੀ ਰਚਨਾ ਕੀਤੀ ਹੈ। ਸੰਗ੍ਰਹਿ ਦਾ ਪਹਿਲਾ ਨਾਟਕ 'ਵੋਟ' ਹੈ, ਜੋ ਸਾਡੇ ਲੋਕਤੰਤਰੀ ਢਾਂਚੇ ਵਿਚ ਵੋਟਿੰਗ ਸਿਸਟਮ 'ਤੇ ਵਿਅੰਗ ਕਰਦਾ ਹੋਇਆ ਇਸ ਅਧਿਕਾਰ ਪ੍ਰਤੀ ਸਮਾਜ ਚੇਤਨਾ ਵੀ ਪੈਦਾ ਕਰਦਾ ਹੈ। ਦੂਸਰਾ ਨਾਟਕ 'ਕਾਨੂੰਨ' ਫ਼ੌਜੀ ਅਫ਼ਸਰ ਪ੍ਰਤਾਪ ਦੇ ਪਰਿਵਾਰ ਦੀ ਕਹਾਣੀ ਹੈ, ਜਿਸ ਵਿਚ ਉਸ ਦੀ ਪਤਨੀ, ਭੈਣ, ਪੁੱਤਰ ਅਤੇ ਸਹਿਕਰਮੀ ਸ਼ਾਮਿਲ ਹਨ। ਸਾਰਾ ਘਟਨਾਕ੍ਰਮ ਪ੍ਰਤਾਪ ਦੇ ਘਰ ਡਰਾਇੰਗ ਰੂਪ ਵਿਚ ਹੀ ਹੁੰਦਾ ਹੈ। ਇਹ ਨਾਟਕ ਸਾਡੇ ਦੇਸ਼ ਦੇ ਕਾਨੂੰਨ ਦੀ ਦੂਹਰੀ ਤਸਵੀਰ ਨੂੰ ਪੇਸ਼ ਕਰਦੇ ਹਨ, ਜਿਨ੍ਹਾਂ ਵਿਚ ਕਈ ਵਾਰ ਕਸੂਰ ਕਰਨ ਵਾਲੇ ਬਚ ਜਾਂਦੇ ਹਨ ਅਤੇ ਬੇਕਸੂਰੇ ਫਸ ਜਾਂਦੇ ਹਨ। 'ਰਾਤ ਅਜੇ ਬਾਕੀ ਹੈ' ਨਾਟਕ ਇਕ ਕਿਸਾਨ ਪਰਿਵਾਰ ਦੇ ਦੁਆਲੇ ਘੁੰਮਦਾ ਹੈ, ਜਿਸ ਦਾ ਮੁੱਖ ਪਾਤਰ 'ਕਰਮਾ' ਖੇਤੀਬਾੜੀ ਨਾਲ ਆਪਣਾ ਪਰਿਵਾਰ ਪਾਲਦਾ ਹੈ। ਕਰਮੇ ਦੇ ਘਰ ਦੇ ਵਿਹੜੇ ਤੋਂ ਸ਼ੁਰੂ ਹੁੰਦਾ ਇਹ ਨਾਟਕ ਉਸ ਦੀ ਗਰੀਬੀ ਅਤੇ ਮਜਬੂਰੀ ਦੀ ਤਸਵੀਰ ਪੇਸ਼ ਕਰਦਾ ਹੈ। ਸਭ ਕੁਝ ਦੇ ਬਾਵਜੂਦ ਵੀ ਕਰਮਾ ਆਪਣੇ ਕਿੱਤੇ ਆਪਣੇ ਕੰਮ ਨੂੰ ਹੀ ਆਪਣਾ ਕਰਮ ਸਮਝਦਾ ਹੈ, ਜਦੋਂ ਭਾਵੁਕ ਹੋ ਕੇ ਆਖਦਾ ਹੈ ਕਿ 'ਕੰਮ ਕਿਰਤ ਸਜ਼ਾ ਨਹੀਂ ਹੁੰਦੀ, ਇਹ ਇਨਸਾਨ ਦੀ ਹਿਯਾਤੀ ਦਾ ਇਨਾਮ ਏ, ਕਿਰਤੀ ਦੀ ਸ਼ੋਭਾ ਏ, ਮਾਨਸ ਦੀ ਸ਼ਕਤੀ ਏ, ਬਲ ਏ ਤੇ ਏਹੋ ਲੋਕਾਈ ਦੀ ਖੁਸ਼ੀ ਏ।' ਪੁਸਤਕ ਦਾ ਚੌਥਾ ਨਾਟਕ 'ਗੁਜ਼ਾਰਾ' ਮੁੱਖ ਪਾਤਰ ਸੇਠ ਲੱਖਪਤ ਰਾਏ ਹੈ, ਜਿਸ ਦੀ ਦੋਸਤੀ ਰਾਜਨੀਤਕ ਅਤੇ ਅਫ਼ਸਰਸ਼ਾਹੀ ਖੇਤਰ ਦੇ ਵੱਡੇ ਲੋਕ ਹਨ। ਸਮਾਜ ਵਿਚ ਚਲਦੀ ਰਿਸ਼ਵਤਖੋਰੀ, ਭਾਈ-ਭਤੀਜਾਵਾਦ ਦਾ ਭਾਂਡਾ ਇਸ ਨਾਟਕ ਵਿਚ ਤੋੜਿਆ ਗਿਆ ਹੈ। ਪੁਸਤਕ ਦੇ ਟਾਈਟਲ ਨਾਂਅ 'ਤੇ ਨਾਟਕ 'ਅੰਨ ਸੰਕਟ' ਇਸ ਇਕਾਂਗੀ ਸੰਗ੍ਰਹਿ ਦਾ ਆਖਰੀ ਨਾਟਕ ਹੈ। ਸਕੂਲ ਅਧਿਆਪਕ ਬਰਕਤ ਰਾਮ ਇਸ ਨਾਟ-ਕਥਾ ਦਾ ਨਾਇਕ ਹੈ। ਬਰਕਤ ਰਾਮ ਦੇ ਸੱਤ ਬੱਚੇ ਹਨ। ਉਨ੍ਹਾਂ ਦੇ ਘਰ ਦੇ ਹਾਲਾਤ ਨੂੰ ਇਸ ਨਾਟਕ ਵਿਚ ਇਸ ਤਰੀਕੇ ਨਾਲ ਦਰਸਾਇਆ ਗਿਆ ਹੈ, ਜੋ ਵਧ ਰਹੀ ਆਬਾਦੀ ਅਤੇ ਪੈਦਾ ਹੋ ਰਹੇ ਅੰਨ ਸੰਕਟ ਦਾ ਸੰਕੇਤ ਦਿੰਦਾ ਹੈ। ਇਸ ਇਕਾਂਗੀ ਸੰਗ੍ਰਹਿ ਵਿਚਲੇ ਪੰਜੇ ਨਾਟਕ ਮੰਚ ਦੀ ਕਸਵਟੀ 'ਤੇ ਪੂਰੇ ਉਤਰਦੇ ਹਨ, ਜਿਨ੍ਹਾਂ ਵਿਚ ਨਾਟਕਕਾਰ ਦੇ ਵਾਰਤਾਲਾਪ ਅਤੇ ਘਟਨਾਕ੍ਰਮ ਨੂੰ ਦਿਲਚਸਪੀ ਨਾਲ ਪ੍ਰਸਤੁਤ ਕੀਤਾ ਗਿਆ ਹੈ।

-ਡਾ: ਨਿਰਮਲ ਜੌੜਾ
ਮੋ: 98153-14714.

ਔਰਤ ਹੋਣ ਦੀ ਸਜ਼ਾ
ਲੇਖਕ : ਅਰਵਿੰਦ ਜੈਨ
ਅਨੁਵਾਦ : ਅਮਰਜੀਤ ਘੁੰਮਣ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਪ੍ਰਾ: ਲਿ: ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 316.

ਇਸ ਪੁਸਤਕ ਵਿਚ ਲਗਭਗ 37 ਲੇਖ ਹਨ ਭਿੰਨ-ਭਿੰਨ ਪੱਖਾਂ ਉਤੇ ਚਾਨਣਾ ਪਾਉਂਦੇ ਹੋਏ, ਕਾਨੂੰਨਾਂ ਦੀ ਵੱਖ-ਵੱਖ ਪਰਿਭਾਸ਼ਾ ਸਥਾਪਿਤ ਕਰਦੇ ਹੋਏ, ਸਮਾਜ ਵਿਚ ਔਰਤ ਦਾ ਵੱਖ-ਵੱਖ ਸਥਾਨ ਨਿਸਚਿਤ ਕਰਦੇ ਹੋਏ, ਗੁਲਾਮੀ ਦਾ ਹਰ ਰੂਪ ਦਰਸਾਉਂਦੇ ਹੋਏ। ਮਿਸਾਲ ਦੇ ਤੌਰ 'ਤੇ ਉਹੀ ਹੋਏਗਾ ਜੋ ਪੁਰਸ਼ ਚਾਹੇਗਾ, ਲਿੰਗ ਜਾਂਚ ਦੀ ਦੋਧਾਰੀ ਤਲਵਾਰ, ਬਾਲ ਵਿਆਹ ਕਾਨੂੰਨ 'ਚ ਛੇਦ, ਕੰਨਿਆਦਾਨ ਜ਼ਰੂਰੀ ਨਹੀਂ, ਕੰਮਕਾਜੀ ਔਰਤਾਂ ਦਾ ਯੌਨ ਸ਼ੋਸ਼ਣ, ਬਦਨਾਮੀ ਦਾ ਡਰ ਅਤੇ ਖਾਮੋਸ਼ੀ ਦੇ ਖ਼ਤਰੇ ਆਦਿ। ਇਹ ਹੀ ਨਹੀਂ, ਇਨ੍ਹਾਂ ਨਾਲ ਜੁੜੀਆਂ ਹਨ ਅਨੇਕਾਂ ਸਮੱਸਿਆਵਾਂ ਜੋ ਪਰਿਵਾਰਾਂ ਨੂੰ ਤੋੜ ਰਹੀਆਂ ਤੇ ਔਰਤ ਨੂੰ ਹੋਰ ਵਧੇਰੇ ਗੁਲਾਮ ਬਣਾ ਰਹੀਆਂ ਹਨ। ਲੇਖਕ ਨੇ ਕੁਝ ਵਿਸ਼ੇ ਅਜਿਹੇ ਵੀ ਉਲੀਕੇ ਹਨ-ਬਣਦੇ ਕਾਨੂੰਨ-ਟੁੱਟਦੇ ਪਰਿਵਾਰ, ਬੱਚੇ ਦਾ ਦਾਅਵਾ, ਬੱਚੇ ਉਤੇ ਮਾਂ ਦਾ ਅਧਿਕਾਰ, ਕੁੱਖ, ਕਾਨੂੰਨ ਅਤੇ ਕਰੂਰਤਾ, ਗੁਜ਼ਾਰਾ ਭੱਤੇ ਦੀ ਸਮੱਸਿਆ, ਦੂਜੀ ਔਰਤ ਹੋਣ ਦੀ ਸਜ਼ਾ, ਮਤਰੇਆ ਹੋਣ ਦਾ ਮਤਲਬ, ਆਤਮ-ਹੱਤਿਆ ਦਾ ਮੌਲਿਕ ਅਧਿਕਾਰ, ਅਸ਼ਲੀਲਤਾ-ਦੇਹ ਦੇ ਚੌਰਾਹੇ, ਦੁਰਾਚਾਰੀ ਕੌਣ, ਬਚਪਨ ਤੋਂ ਬਲਾਤਕਾਰ, ਗਰੀਬੀ ਚਰਿੱਤਰਹੀਣਤਾ ਹੈ, ਗ਼ੈਰ-ਕੁਦਰਤੀ ਯੌਨ ਸ਼ੋਸ਼ਣ, ਯੌਨ ਹਿੰਸਾ ਤੇ ਨਿਆਂ ਦੀ ਭਾਸ਼ਾ ਅਤੇ ਉਤਰਾਧਿਕਾਰ ਜਾਂ ਪੁੱਤਰ ਅਧਿਕਾਰ ਆਦਿ। ਇਨ੍ਹਾਂ ਵਿਸ਼ਿਆਂ ਨੂੰ ਕਾਨੂੰਨ ਦੀਆਂ ਧਾਰਾਵਾਂ ਦੀਆਂ ਉਦਾਹਰਨਾਂ ਦੇ ਕੇ ਉਸ ਸੰਦਰਭ ਵਿਚ ਪੇਸ਼ ਕੀਤਾ ਹੈ। ਕਾਨੂੰਨੀ ਨੁਕਤਿਆਂ ਦੀ ਚੀਰ-ਫਾੜ ਕਰਦੇ ਤੇ ਅਦਾਲਤੀ ਫ਼ੈਸਲਿਆਂ 'ਤੇ ਪ੍ਰਸ਼ਨ-ਚਿੰਨ੍ਹ ਲਾਉਂਦੇ ਇਹ ਲੇਖ ਪ੍ਰਮਾਣਿਕ ਖੋਜੀ ਦਸਤਾਵੇਜ਼ ਹਨ।
ਲੇਖਕ ਨੇ ਇਨ੍ਹਾਂ ਲੇਖਾਂ ਨੂੰ ਪ੍ਰਮਾਣਿਕਤਾ ਸਹਿਤ ਪੇਸ਼ ਕਰਦੇ ਹੋਏ ਕਾਨੂੰਨੀ ਬਾਰੀਕੀਆਂ ਨੂੰ ਸਰਲ, ਸੰਖੇਪ ਤੇ ਸਹਿਜ ਭਾਸ਼ਾ ਵਿਚ ਹੀ ਪੇਸ਼ ਨਹੀਂ ਕੀਤਾ, ਬਲਕਿ ਰੌਚਕਤਾ ਤੇ ਕਹਾਣੀ ਰਸ ਦੀ ਪੁੱਠ ਵੀ ਦਿੱਤੀ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298

ਇਹ ਵੀ ਦਿਨ ਆਉਣੇ ਸੀ
ਲੇਖਕ : ਦਰਸ਼ਨ ਸਿੰਘ ਪ੍ਰੀਤੀਮਾਨ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਕ, ਦਿੱਲੀ-6
ਮੁੱਲ : 175 ਰੁਪਏ, ਸਫ਼ੇ : 118.

ਦਰਸ਼ਨ ਸਿੰਘ ਪ੍ਰੀਤੀਮਾਨ ਮਿਹਨਤੀ, ਇਮਾਨਦਾਰ, ਅਣਥੱਕ ਤੇ ਸਮਾਜ ਸੇਵੀ ਸਾਹਿਤਕਾਰ ਹੈ ਜੋ ਇਕੋ ਵੇਲੇ ਕਵਿਤਾ, ਕਹਾਣੀ, ਮਿੰਨੀ ਕਹਾਣੀ ਤੇ ਨਾਵਲ ਦੀ ਸਿਰਜਣਾ ਵੱਲ ਰੁਚਿਤ ਹੈ।
ਹੱਥਲੀ ਪੁਸਤਕ 'ਇਹ ਵੀ ਦਿਨ ਆਉਣੇ ਸੀ' ਉਸ ਦੀ ਅੰਸ਼ਕ ਸਵੈਜੀਵਨੀ ਤੇ ਉਸ ਦੀਆਂ ਕੌੜੀਆਂ ਮਿੱਠੀਆਂ ਯਾਦਾਂ ਦਾ ਸੰਗ੍ਰਹਿ ਹੈ। ਉਹ ਆਪਣੇ ਔਖੇ ਦਿਨਾਂ ਨੂੰ ਬਗੈਰ ਕਿਸੇ ਲੱਗ-ਲਪੇਟ ਦੇ ਪਾਠਕਾਂ ਨਾਲ ਸਾਂਝੇ ਕਰਦਾ ਹੈ। ਉਸ ਨੇ ਆਪਣੇ ਜੀਵਨ ਵਿਚ ਗੁਰਬਤ ਅਤੇ ਲਾਚਾਰੀ ਦਾ ਸਾਹਮਣਾ ਕੀਤਾ ਜ਼ਰੂਰ ਪਰ ਕਦੀ ਆਪਣੀ ਹਿੰਮਤ ਨਹੀਂ ਹਾਰੀ। ਉਸ ਨੇ ਚੌਕੀਦਾਰੀ ਕੀਤੀ, ਪਿੰਡਾਂ ਵਿਚ ਤੁਰ-ਫਿਰ ਕੇ ਆਚਾਰ ਵੇਚਿਆ, ਆਟਾ-ਚੱਕੀ ਚਲਾਈ ਤੇ ਹੋਰ ਵੀ ਕਈ ਛੋਟੇ-ਮੋਟੇ ਕਿਰਦਾਰ ਨਿਭਾਏ। ਇਨ੍ਹਾਂ ਮਾੜੇ ਦਿਨਾਂ ਦੌਰਾਨ ਉਹ ਪੁਲਿਸ ਦੇ ਭੈੜੇ ਕਿਰਦਾਰ, ਅਫ਼ਸਰਸ਼ਾਹੀ ਦੀ ਹੈਂਕੜ ਆਦਿ 'ਤੇ ਕਈ ਪ੍ਰਸ਼ਨ-ਚਿੰਨ੍ਹ ਲਗਾਉਂਦਾ ਹੈ। ਇਨ੍ਹਾਂ ਔਖਿਆਂ ਵੇਲਿਆਂ ਵਿਚ ਕੁਦਰਤ ਤੇ ਉਸ ਦੇ ਮਿੱਤਰਾਂ ਨੇ ਹਮੇਸ਼ਾ ਉਸ ਦੀ ਬਾਂਹ ਫੜੀ ਤੇ ਵਾਹ ਲੱਗਦਿਆਂ ਉਸ ਦੀ ਪਿੱਠ ਨਹੀਂ ਲੱਗਣ ਦਿੱਤੀ। ਵਿਦੇਸ਼ੀ ਪਾਠਕਾਂ/ਦੋਸਤਾਂ ਵੱਲੋਂ ਵੀ ਉਸ ਦੀ ਭਰਪੂਰ ਸਹਾਇਤਾ ਕੀਤੀ ਗਈ।
ਆਪਣੀ ਆਰਥਿਕ ਕਮਜ਼ੋਰੀ ਦੇ ਬਾਵਜੂਦ ਪ੍ਰੀਤੀਮਾਨ ਸਮਾਜ-ਸੇਵਾ ਦੇ ਕਾਰਜਾਂ ਵਿਚ ਵੀ ਭਰਪੂਰ ਯੋਗਦਾਨ ਪਾਉਂਦਾ ਰਿਹਾ ਹੈ। ਇਸੇ ਕਰਕੇ ਸਰਕਾਰੀ, ਸਾਹਿਤ ਤੇ ਹੋਰ ਸਮਾਜ-ਸੇਵੀ ਸੰਸਥਾਵਾਂ ਵੱਲੋਂ ਉਸ ਦਾ ਬਣਦਾ ਮਾਣ-ਸਨਮਾਨ ਕੀਤਾ ਗਿਆ ਹੈ। ਉਸ ਦੀਆਂ ਹਾਂ-ਪੱਖੀ ਰਚਨਾਵਾਂ ਨੂੰ ਜੀ ਆਇਆਂ ਆਖਿਆ ਗਿਆ ਹੈ। ਮੇਰੀ ਦਰਸ਼ਨ ਸਿੰਘ ਪ੍ਰੀਤੀਮਾਨ ਨੂੰ ਰਾਇ ਹੈ ਕਿ ਉਹ ਨਿੱਠ ਕੇ ਆਪਣੀ ਪੂਰੀ ਸਵੈ-ਜੀਵਨੀ ਲਿਖੇ ਤਾਂ ਕਿ ਪਾਠਕ ਉਸ ਦੀ ਹਿੰਮਤ, ਦਲੇਰੀ ਤੇ ਹੌਸਲੇ ਤੋਂ ਸੇਧ ਲੈ ਸਕਦਾ ਹੈ।

-ਕੇ. ਐਲ. ਗਰਗ
ਮੋ: 94635-37050

ਮੱਧਕਾਲੀ ਤੇ ਆਧੁਨਿਕ ਪੰਜਾਬੀ ਸਾਹਿਤ
ਲੇਖਕ : ਡਾ: ਅਮਰਜੀਤ ਸਿੰਘ
ਪ੍ਰਕਾਸ਼ਕ : ਸਤਵੰਤ ਬੁੱਕ ਏਜੰਸੀ ਦਿੱਲੀ
ਮੁੱਲ : 350 ਰੁਪਏ, ਸਫ਼ੇ: 184.

ਪੁਸਤਕ ਦੇ ਪਹਿਲੇ ਖੰਡ ਵਿਚ 12 ਨਿਬੰਧ ਹਨ, ਜੋ ਮੱਧਕਾਲ ਉਤੇ ਕੇਂਦਰਿਤ ਹਨ। ਉਸ ਦੀ ਆਲੋਚਨਾ ਦਾ ਵਿਸ਼ੇਸ਼ ਸੁਭਾਅ ਹੈ। ਦ੍ਰਿਸ਼ਟੀ ਮਾਰਕਸਵਾਦੀ ਪਰ ਗੁੱਟ ਨਿਰਲੇਪ। ਨਿਖੇੜੇ ਵਿਗਿਆਨਕ। ਗੁਰੂ ਨਾਨਕ ਦੁਆਰਾ ਚਿਤਰੇ ਰਿਸ਼ਤਿਆਂ ਵਿਚ ਤਣਾਅ, ਅਨਿਸਚਿਤਤਾ ਅਤੇ ਬੰਧਨ ਮੁਕਤੀ ਹੈ। ਗੁਰੂ ਨਾਨਕ ਨੂੰ ਮਨੋਰਥ ਦੀ ਸਪੱਸ਼ਟ ਸੂਝ ਹੈ। ਅਨੁਭਵ ਦੀ ਸੁਹਿਰਦਤਾ ਉਨ੍ਹਾਂ ਲਈ ਮਹੱਤਵਪੂਰਨ ਹੈ। ਕਿੱਸਾਕਾਰ ਅਣਵਿਆਹੁਤਾ ਪ੍ਰੀਤ ਨੂੰ ਪ੍ਰਭੂ ਪ੍ਰੇਮ ਦਾ ਬਿੰਬ ਬਣਾਉਂਦੇ ਹਨ। ਗੁਰੂ ਨਾਨਕ ਪ੍ਰਾਪਤ ਰਾਜ ਪ੍ਰਬੰਧ ਨੂੰ ਆਦਰਸ਼ਕ ਰੂਪ ਵਿਚ ਸਥਾਪਤ ਕਰਨਾ ਲੋੜਦੇ ਸਨ। ਅਨਿਆਈ ਹਾਕਮਾਂ ਦੀ ਕਰੜੀ ਆਲੋਚਨਾ ਕਰਦੇ ਸਨ। ਗੁਰੂ ਤੇਗ ਬਹਾਦਰ ਦੀ ਬਾਣੀ ਵਿਚ ਨਾਸ਼ਮਾਨਤਾ ਅਤੇ ਤਿਆਗ ਦਾ ਚਿਤ੍ਰਨ ਸਾਰਥਿਕ ਉਦੇਸ਼ਾਂ ਦੀ ਪੂਰਤੀ ਕਰਦਾ ਹੈ।
ਗੁਰੂ ਤੇਗ ਬਹਾਦਰ 20 ਸਾਲ ਕੇਵਲ ਬਾਬੇ ਬਕਾਲੇ ਨਹੀਂ ਰਹੇ। ਦੂਰ-ਦੂਰ ਜਾ ਕੇ ਸੰਤ ਸਿਪਾਹੀ ਵਾਂਗ ਹਰ ਜ਼ਿੰਮੇਵਾਰੀ ਨਿਭਾਉਂਦੇ ਰਹੇ ਹਨ। ਸਰਕਾਰ ਦੀ ਨਜ਼ਰ ਵਿਚ ਉਹ ਬਾਗੀ ਸਨ। ਕਿੱਸਾ ਸਾਹਿਤ ਅਰਬੀ ਫਾਰਸੀ ਪ੍ਰਭਾਵਾਂ ਦੇ ਬਾਵਜੂਦ, ਭਾਰਤੀ ਪਰੰਪਰਾ ਦੀਆਂ ਕਥਾ ਰੂੜੀਆਂ ਸੰਭਾਲੀ ਬੈਠਾ ਹੈ। ਧਰਮ-ਨਿਰਪੱਖ, ਦ੍ਰਿਸ਼ਟੀ ਤੋਂ ਵਾਰਿਸ ਮੱਧਕਾਲ ਦੇ ਸਰਵੋਤਮ ਸ਼ਾਇਰਾਂ ਵਿਚੋਂ ਇਕ ਹੈ। ਜਾਤਕ ਕਥਾਵਾਂ ਜਨਮ ਸਾਖੀਆਂ ਦਾ ਰੂਬਰੂ ਅਨੁਕਰਣ ਨਹੀਂ ਕਰਦੀਆਂ। ਸਮਾਂ, ਭਾਸ਼ਾ, ਨਾਇਕ, ਲੇਖਕ ਇਨ੍ਹਾਂ ਦੀ ਵਿਭਿੰਨਤਾ ਦੇ ਆਧਾਰ ਹਨ। ਗੁਰੂ ਗੋਬਿੰਦ ਸਿੰਘ ਕੇਵਲ ਧਾਰਮਿਕ ਗੁਰੂ ਨਹੀਂ ਵੱਡੇ ਧਰਮ-ਨਿਰਪੱਖ ਰਾਜਨੀਤਕ ਵੀ ਹਨ। ਮਹਾਰਾਜਾ ਰਣਜੀਤ ਸਿੰਘ ਉਨ੍ਹਾਂ ਦੇ ਹਿਸਾਬ ਨਾਲ ਬਹੁਤ ਛੋਟਾ ਹੈ। ਤੀਖਣ ਉਤੇਜਕ ਸੁਰ, ਉਰਦੂ ਮਿਜ਼ਾਜ਼ ਨਾਲ ਸਾਂਝ ਅਜੀਤ ਕੌਰ ਦੀ ਵਿਸ਼ੇਸ਼ ਪਛਾਣ ਹੈ। ਪ੍ਰੋ: ਪੂਰਨ ਸਿੰਘ ਸ਼ਖ਼ਸੀਅਤ ਪੂਜਾ ਵਾਲੀ ਮਾਨਸਿਕਤਾ ਰੱਖਦਾ ਹੈ। ਭਾਵੁਕਤਾ ਉਸ ਦੀ ਸੀਮਾ ਹੈ। ਉਹ ਵਿਅਕਤੀਵਾਦੀ ਆਦਰਸ਼ਵਾਦੀ ਹੈ। ਨਵੇਂ ਲੇਖਕ ਸਥਾਪਤੀ ਵਿਰੋਧੀ ਸੁਰ ਉਚਾਰਦੇ ਹਨ ਪਰ ਵਿਹਾਰ ਵਿਚ ਇਸ ਤੋਂ ਮੁਕਤ ਨਹੀਂ। ਇਹ ਉਸ ਦੇ ਆਧੁਨਿਕ ਸਾਹਿਤ ਬਾਰੇ ਇਸ ਪੁਸਤਕ ਵਿਚ ਪ੍ਰਾਪਤ ਗਿਣਤੀ ਦੇ ਨਿਬੰਧਾਂ ਵਿਚ ਪ੍ਰਾਪਤ ਟਿੱਪਣੀਆਂ ਹਨ। ਪੁਸਤਕ ਆਧੁਨਿਕ ਨਾਲੋਂ ਵਧੇਰੇ ਮੱਧਕਾਲੀ ਸਾਹਿਤ ਉਤੇ ਕੇਂਦਰਿਤ ਹੈ।

ਦਲਿਤ ਗੁਲਾਮਾਂ ਦਾ 100 ਸਾਲਾਂ ਦਾ ਸੰਤਾਪ ਅਤੇ ਭਾਰਤੀ ਇਨਕਲਾਬ
ਲੇਖਕ : ਐਸ. ਐਲ. ਵਿਰਦੀ
ਪ੍ਰਕਾਸ਼ਕ : ਸਮਤਾ ਸਮਾਜ ਅੰਦੋਲਨ ਪੰਜਾਬ
ਮੁੱਲ : 400 ਰੁਪਏ, ਸਫ਼ੇ : 520.

ਇਹ ਵੱਡ ਆਕਾਰੀ ਪੁਸਤਕ ਦਲਿਤ ਦੇ ਗੁਲਾਮੀ ਭਰੇ ਜੀਵਨ ਦੀਆਂ ਦ੍ਰਵਿਤ ਕਰਨ ਵਾਲੀਆਂ ਝਲਕਾਂ ਵਿਆਪਕ ਪੱਧਰ ਉਤੇ ਪੇਸ਼ ਕਰਦੀ ਹੈ। ਵਿਰਦੀ ਦੀ ਪੁਸਤਕ ਭਾਰਤ ਦੇ ਹਰ ਕੋਨੇ ਦੇ ਦਲਿਤ ਦੀ ਗੱਲ ਕਰਦੀ ਹੈ ਅਤੇ ਹਰ ਯੁੱਗ ਦੀ। ਕੁਦਰਤ, ਯੂ. ਐਨ. ਓ. ਅਤੇ ਭਾਰਤੀ ਸੰਵਿਧਾਨ ਵਿਚ ਅੰਕਿਤ ਮਨੁੱਖੀ ਹੱਕਾਂ ਦੇ ਪਿਛੋਕੜ ਵਿਚ ਭਾਰਤੀ ਦਲਿਤ ਦਾ ਜੀਵਨ ਜਾਨਵਰਾਂ ਤੋਂ ਬਦਤਰ ਰਿਹਾ ਹੈ। ਅਧਿਕਾਰਾਂ ਦੀ ਥਾਂ ਕਰਤਵਾਂ ਉਤੇ ਬਲ, ਛੂਤਛਾਤ, ਜਬਰੀ ਵਗਾਰ, ਧਰਮ ਗ੍ਰੰਥਾਂ, ਧਰਮ ਸਥਾਨਾਂ ਤੱਕ ਪਹੁੰਚ ਤੋਂ ਮਨਾਹੀ, ਗਾਲੀ ਗਲੋਚ, ਤ੍ਰਿਸਕਾਰ, ਨਿਆਂ ਦੇ ਦੋਹਰੇ ਮਾਨਦੰਡ, ਦਲਿਤ ਧੀਆਂ-ਭੈਣਾਂ ਨਾਲ ਬਲਾਤਕਾਰ, ਦਲਿਤਾਂ ਪ੍ਰਤੀ ਖੁੱਲ੍ਹਣ ਖੁੱਲ੍ਹੀ ਹਿੰਸਾ, ਮੈਲਾ/ਕੂੜਾ ਢੋਣ ਦੀ ਮਜਬੂਰੀ, ਜੀਵਨ ਤੇ ਸਮਾਜ ਦੇ ਹਰ ਖੇਤਰ ਵਿਚ ਗ਼ੈਰ-ਮਨੁੱਖੀ ਵਿਹਾਰ। ਇਸ ਸਾਰੇ ਕੁਝ ਦੇ ਇਕ ਨਹੀਂ, ਨਿੱਕੇ-ਨਿੱਕੇ ਅਨੇਕ ਪ੍ਰਸੰਗ ਇਸ ਪੁਸਤਕ ਵਿਚ ਪ੍ਰਾਪਤ ਹਨ। ਪੁਸਤਕ ਦੀ ਭਾਸ਼ਾ ਸਰਲ ਹੈ। ਇਸ ਸਥਿਤੀ ਨੂੰ ਬਦਲਣ ਵਾਲੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਕਦਮਾਂ ਦੀ ਗੱਲ ਵੀ ਲੇਖਕ ਨੇ ਕੀਤੀ ਹੈ। ਉਸ ਨੇ ਵੈਦਿਕ ਕਾਲ ਤੋਂ ਲੈ ਕੇ ਆਜ਼ਾਦੀ ਉਪਰੰਤ ਹੁਣ ਤੱਕ ਦੇ ਸਾਰੇ ਕਾਲ ਖੰਡ ਬਾਰੇ ਚਰਚਾ ਕਰਦੇ ਹੋਏ ਦਲਿਤਾਂ ਨੂੰ ਜਗਾਇਆ ਹੈ। ਆਪਣੀ ਸਥਿਤੀ ਤੋਂ ਚੇਤੰਨ ਹੋ ਕੇ ਸ਼ੋਸ਼ਿਤ ਕਰਨ ਵਾਲਿਆਂ ਦੇ ਨਕਾਬ ਉਤਾਰੇ ਹਨ। ਪੜ੍ਹਿਆਂ ਲਿਖਿਆਂ ਦੇ, ਸਿਆਸੀ ਨੇਤਾਵਾਂ ਦੇ, ਸਰਕਾਰਾਂ ਦੇ, ਬੁੱਧੀਜੀਵੀਆਂ ਦੇ ਅਤੇ ਇਥੋਂ ਤੱਕ ਕਿ ਦਲਿਤ ਆਗੂਆਂ ਦੇ ਵੀ। ਗਿਆਨ ਵਿਚ ਹੀ ਮੁਕਤ, ਸੰਗਠਿਤ ਹੋ ਕੇ, ਸੁਚੇਤ ਹੋ ਕੇ ਹੀ ਦਲਿਤ ਦਾ ਨਿਸਤਾਰਾ ਸੰਭਵ ਹੈ। ਗ਼ੈਰ-ਦਲਿਤ ਭਾਵ ਤਥਾਕਥਿਤ ਉੱਚ ਜਾਤੀ ਲੋਕਾਂ ਨੂੰ ਵੀ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਦਰਦ ਅਵੱਲੜੇ
ਸ਼ਾਇਰ : ਨਰਿੰਦਰ ਸਿੰਘ ਤੇਜਾਂ
ਪ੍ਰਕਾਸ਼ਕ : ਸਪਤਰਿਸ਼ੀ ਪਬਲਿਸ਼ਰਜ਼
(ਸ੍ਰੀ ਮੁਕਤਸਰ ਸਾਹਿਬ)
ਮੁੱਲ : 150 ਰੁਪਏ, ਸਫ਼ੇ : 94

'ਦਰਦ ਅਵੱਲੜੇ' ਨਰਿੰਦਰ ਸਿੰਘ ਤੇਜਾਂ ਰਚਿਤ ਪਲੇਠਾ ਕਾਵਿ-ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਇਸ਼ਕ ਦੀ ਤੜਪ ਕਾਰਨ ਪੈਦਾ ਹੋਈ ਬੇਚੈਨੀ ਅਤੇ ਪਿਆਰੇ ਨਾਲ ਸੰਵਾਦ ਨੂੰ ਪ੍ਰਮੁੱਖਤਾ ਨਾਲ ਆਪਣੀਆਂ ਰਚਨਾਵਾਂ ਦਾ ਵਸਤੂ ਬਣਾਇਆ ਹੈ। ਉਸ ਦੀਆਂ ਕਵਿਤਾਵਾਂ 'ਦਰਦ ਅਵੱਲੜਾ', 'ਜੁਦਾਈ ਦਾ ਗ਼ਮ', 'ਨਖ਼ਰਾ', 'ਵਿਯੋਗ', 'ਬੇਵਫ਼ਾਈ', 'ਇਸ਼ਕ', 'ਯਾਦਾਂ ਦੀ ਚੀਸ', 'ਆਸ਼ਕ ਦੀ ਬਗ਼ਾਵਤ', 'ਇਸ਼ਕ ਦੀ ਮੌਤ', 'ਤੇਰਾ ਤੇ ਮੇਰਾ ਪਿਆਰ', 'ਤੇਰੀ ਯਾਦ', 'ਮੇਰਾ ਇਸ਼ਕ', 'ਇਸ਼ਕ ਦਾ ਨਸ਼ਾ', 'ਪਿਆਰ ਦੀ ਤੜਪ', 'ਤਾਰੀਫ਼ੇ ਹੁਸਨ', 'ਇਕ ਪਿਆਰ' ਅਤੇ 'ਇਕ ਯਾਦ' ਆਦਿ ਸਿਰਲੇਖ, ਰਚਨਾਵਾਂ ਦੇ ਪੈਰਾਡਾਈਸ ਵੱਲ ਭਲੀ ਸੰਕੇਤ ਕਰਦੇ ਹਨ। ਉਸ ਦੀਆਂ ਲਗਭਗ ਸਾਰੀਆਂ ਰਚਨਾਵਾਂ ਰੁਮਾਂਸ ਦੀ ਪੇਸ਼ਕਾਰੀ ਕਰਦੀਆਂ ਹਨ। ਉਹ ਕਈ ਥਾਈਂ ਆਪਣੇ ਪਿਆਰੇ ਨੂੰ ਬੇਵਫ਼ਾ ਕਹਿੰਦਾ ਹੈ ਅਤੇ ਕਈ ਥਾਈਂ ਉਹ ਪਿਆਰੇ ਲਈ ਸਮਾਜਕ ਦਬਾਵਾਂ ਪ੍ਰਤੀ ਵਿਦਰੋਹ ਕਰਦਾ ਪ੍ਰਤੀਤ ਹੁੰਦਾ ਹੈ। ਉਸ ਦੇ ਕਾਵਿ-ਪ੍ਰਵਚਨ ਦੀ ਵਿਸ਼ੇਸ਼ਤਾ ਇਹ ਹੈ ਕਿ ਸਾਰੀਆਂ ਸਥਿਤੀਆਂ ਵਿਚ ਤੜਪ ਦੀ ਸੁਰ ਭਾਰੂ ਹੈ ਉਹ ਲਿਖਦਾ ਹੈ :
ਜ਼ਾਲਮ ਤੇਰੇ ਨਖ਼ਰੇ ਨੇ
ਨਫ਼ਰਤ ਦੀਆਂ ਲਪਟਾਂ ਵਿਚ
ਸਾਰਾ ਕੁਝ ਜਲਾ ਦਿੱਤਾ।
.............................
ਸੱਚੀਂ ਤੇਰੇ ਹੋਵਣ ਦਾ
ਪਾਗਲ ਮੇਰੇ ਹੋਵਣ ਦਾ
ਅਹਿਸਾਸ ਕਰਾ ਦਿੱਤਾ।
ਵਿਸ਼ਵੀਕਰਨ ਤੋਂ ਪ੍ਰਭਾਵਿਤ ਖ਼ਪਤ ਸੱਭਿਆਚਾਰ ਵਿਚ ਮਨੁੱਖ ਦੀ ਹੈਸੀਅਤ ਇਕ ਉਪਭੋਗਤਾ ਤੀਕ ਸੀਮਤ ਹੋ ਕੇ ਰਹਿ ਗਈ ਹੈ। ਇਸ ਉੱਤਰ-ਆਧੁਨਿਕ ਯੁੱਗ ਵਿਚ ਸਭ ਤੋਂ ਵੱਡਾ ਖ਼ਤਰਾ ਮਨੁੱਖੀ ਵਿਚਾਰਧਾਰਾ ਨੂੰ ਲੱਗਾ ਹੈ, ਜਿਸ ਦੇ ਸਿੱਟੇ ਵਜੋਂ ਅਣਹੋਇਆਂ ਦੀ ਜ਼ਿੰਦਗੀ ਜਿਊਣਾ ਅਜੋਕੇ ਮਨੁੱਖ ਦੀ ਹੋਣੀ ਬਣ ਗਿਆ ਹੈ। ਕਵੀ 'ਇਕ ਅਣਖ' ਕਵਿਤਾ ਰਾਹੀਂ ਇਸੇ ਸਥਿਤੀ ਵੱਲ ਸੰਕੇਤ ਕਰਦਾ ਹੋਇਆ ਲਿਖਦਾ ਹੈ :
ਜੋ ਫੜਫੜਾਉਂਦੀ ਐ
ਹੋਂਦ ਦੀ ਬਰਕਰਾਰੀ ਲਈ।
ਜੱਦੋ-ਜਹਿਦ ਕਰ ਰਹੀ ਐ
ਮੰਜ਼ਿਲ 'ਤੇ ਪਹੁੰਚਣ ਲਈ।
ਨਰਿੰਦਰ ਸਿੰਘ ਤੇਜਾਂ ਕਾਵਿ ਦੇ ਅਧਿਐਨ ਤੋਂ ਇਹ ਭਲੀ-ਭਾਂਤ ਦ੍ਰਿਸ਼ਟੀਗੋਚਰ ਹੁੰਦਾ ਹੈ ਕਿ ਉਸ ਵਿਚ ਉੱਤਮ ਕਾਵਿ-ਸਿਰਜਣ ਦੀਆਂ ਸੰਭਾਵਨਾਵਾਂ ਹਨ। ਉਮੀਦ ਹੈ ਕਿ ਉਹ ਭਵਿੱਖ ਵਿਚ ਰੂਪਾਕਾਰਕ ਬਣਤਰ ਪ੍ਰਤੀ ਹੋਰ ਸੁਚੇਤ ਹੋਵੇਗਾ।

-ਡਾ: ਜਸਵੀਰ ਸਿੰਘ
ਮੋ: 94170-12430.

ਪੰਡਿਤ ਕੌਰ ਚੰਦ ਰਾਹੀ
ਕਿੱਸਾ ਹੀਰ ਰਾਂਝਾ
ਪਾਠ ਅਤੇ ਸਮੀਖਿਆ
ਸੰਪਾਦਕ : ਪ੍ਰੋ: ਮਨਦੀਪ ਕੌਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 232.

ਮੱਧ ਕਾਲ ਤੋਂ ਲੈ ਕੇ 20ਵੀਂ ਸਦੀ ਦੇ ਅੰਤ ਤੱਕ ਹੀਰ-ਰਾਂਝੇ ਦੀ ਪ੍ਰੇਮ-ਕਥਾ ਨੂੰ ਕਾਵਿ ਰੂਪ ਦੇ ਮਾਧਿਅਮ ਰਾਹੀਂ ਲਗਭਗ ਡੇਢ ਸੌ ਦੇ ਕਰੀਬ ਕਵੀਆਂ ਨੇ ਆਪੋ-ਆਪਣੇ ਅੰਦਾਜ਼ 'ਚ ਪੇਸ਼ ਕੀਤਾ ਹੈ। ਹਰੇਕ ਕਵੀ ਦਾ ਕਾਵਿ-ਬੋਧ ਭਾਵੇਂ ਅੱਡਰੇ-ਅੱਡਰੇ ਜ਼ਾਵੀਆਂ ਤੋਂ ਪਾਠਕਾਂ ਦੇ ਸਾਹਮਣੇ ਆਇਆ ਪਰ ਬਹੁਤ ਸਾਰੀਆਂ ਇਕਸਾਰ ਭਾਵੀ ਜੁਗਤਾਂ ਅਤੇ ਘਟਨਾਕ੍ਰਮ ਜਾਂ ਪ੍ਰਸਥਿਤੀਆਂ ਸ਼ਾਬਦਿਕ ਜਾਂ ਅਲੰਕਾਰਿਕ ਭੇਦਾਂ ਸਹਿਤ ਪ੍ਰਗਟ ਹੁੰਦੀਆਂ ਰਹੀਆਂ ਹਨ। 20ਵੀਂ ਸਦੀ ਭਾਵੇਂ ਕਿੱਸਾਕਾਰੀ ਦੀ ਸਿਰਮੌਰ ਜਾਂ ਇਸ ਕਾਵਿ-ਰੂਪ ਦੀ ਹੋਂਦ-ਸਥਿਤੀ ਦੀ ਪ੍ਰਤਿਮਾਨਕ ਆਭਾ ਨੂੰ ਪ੍ਰਗਟਾਉਣ ਅਤੇ ਸਥਾਪਿਤ ਕਰਨ ਵਾਲੀ ਸਦੀ ਦੇ ਕਾਲ-ਖੰਡ ਲਈ ਓਨੀ ਢੁਕਵੀਂ ਨਹੀਂ ਰਹੀ ਹੈ, ਜਿੰਨੀ ਢੁਕਵੀਂ 15ਵੀਂ ਤੋਂ 18ਵੀਂ ਸਦੀ ਦਾ ਕਾਲ-ਖੰਡ ਰਿਹਾ ਹੈ, ਪਰ ਫਿਰ ਵੀ ਪੰਡਿਤ ਕੌਰ ਚੰਦ 'ਰਾਹੀ' ਵਰਗੇ ਕਿੱਸਾਕਾਰਾਂ ਨੇ ਸਾਹਿਤਕ ਖੂਬੀਆਂ ਦੇ ਬਲਬੂਤੇ 'ਕਿੱਸਾ ਹੀਰ ਰਾਂਝਾ', 'ਕਿੱਸਾ ਸੋਹਣੀ ਮਹੀਂਵਾਲ', 'ਕਿੱਸਾ ਪੂਰਨ ਭਗਤ' ਲਿਖ ਕੇ ਜੋ ਪੰਜਾਬੀ-ਮਨਾਂ 'ਚ ਕਿੱਸਾ ਮਾਨਣ, ਪੜ੍ਹਨ ਅਤੇ ਸੁਣਨ ਦੀ ਚੇਸ਼ਟਾ ਦੀ ਪੁਨਰ-ਸੁਰਜੀਤੀ ਕੀਤੀ, ਉਸ ਦੀ ਦਾਦ ਦਿੱਤੇ ਬਿਨਾਂ ਨਹੀਂ ਰਿਹਾ ਜਾ ਸਕਦਾ। ਆਧੁਨਿਕ, ਖਾਸ ਕਰ ਸਟੇਜੀ ਕਵਿਤਾ, ਜਿਸ 'ਚ 'ਮੋਤੀਆਂ ਦਾ ਮੀਂਹ', 'ਬਿਰਹਨ' ਅਤੇ 'ਸੁਨੇਹਾ' ਆਦਿ ਕਾਵਿ-ਸੰਗ੍ਰਹਿ ਸ਼ਾਮਿਲ ਹਨ, ਨੇ ਵੀ ਪੰਡਿਤ ਕੌਰ ਚੰਦ 'ਰਾਹੀ' ਦੀ ਕਾਵਿ-ਪ੍ਰਤਿਭਾ ਦੀ ਵਿਲੱਖਣ ਪ੍ਰਤਿਭਾ ਨੂੰ ਉਘਾੜਿਆ ਹੈ। ਪ੍ਰੋ: ਮਨਦੀਪ ਕੌਰ ਨੇ ਆਪਣੀ ਕਿੱਸਾਕਾਰੀ ਖੇਤਰ ਦੀ ਕਾਵਿ-ਅਨੁਭੂਤੀ ਅਤੇ ਆਲੋਚਨਾਤਮਿਕ ਸਮਰਥਾ ਮੂਜਬ ਹਥਲੀ ਪੁਸਤਕ ਵਿਚ ਜਿਥੇ ਕੌਰ ਚੰਦ 'ਰਾਹੀ' ਦੇ ਜੀਵਨ, ਸ਼ਖ਼ਸੀਅਤ ਅਤੇ ਰਚਨਾਵਾਂ ਬਾਬਤ ਸੰਖੇਪ ਜਾਣਕਾਰੀ ਮੁਹੱਈਆ ਕਰਵਾਈ ਹੈ, ਉਥੇ 'ਹੀਰ-ਰਾਂਝਾ : ਕਿੱਸਾ ਕਾਵਿ ਪਰੰਪਰਾ' ਸਿਰਲੇਖ ਦੇ ਅੰਤਰਗਤ ਹੀਰ ਰਾਂਝਾ ਕਿੱਸੇ ਦੇ ਪ੍ਰਸਿੱਧ ਕਵੀਆਂ ਅਤੇ 'ਹੀਰ ਰਾਂਝਾ ਦੀ ਪ੍ਰੇਮ ਗਾਥਾ ਦਾ ਸਮਾਂ' ਆਦਿ ਬਾਬਤ ਵੀ ਉਪਯੋਗੀ ਜਾਣਕਾਰੀ ਦਿੱਤੀ ਹੈ। ਸੰਪਾਦਕ ਸਾਹਿਬ ਦੀ ਕਲਾ-ਕੌਸ਼ਲਤਾ', 'ਪੰਡਿਤ ਕੌਰ ਚੰਦ 'ਰਾਹੀ' ਕਿੱਸਾ : ਹੀਰ ਰਾਂਝਾ ਦਾ ਆਲੋਚਨਾਤਮਿਕ ਅਧਿਐਨ' ਤੋਂ ਪ੍ਰਗਟ ਹੁੰਦੀ ਹੈ, ਜਿਸ ਵਿਚ ਕਿੱਸੇ ਦੀ ਸੰਰਚਨਾ, ਕਿੱਸੇ ਦਾ ਵਸਤੂਗਤ ਅਧਿਐਨ ਕਿੱਸਾਕਾਰੀ, ਲਿਖਣ ਸਮੇਂ ਦਾ ਸੰਕੇਤ, ਛੰਦ-ਵਿਧਾਨ ਅਤੇ ਭਾਸ਼ਾਈ ਜੁਗਤਾਂ, ਭਾਸ਼ਾ ਤੇ ਸ਼ੈਲੀ ਅਤੇ 'ਮੁਹਾਵਰੇ ਤੇ ਲਕੋਕਤੀਆਂ' ਆਦਿ ਸਿਰਲੇਖਾਂ ਤਹਿਤ ਪ੍ਰਗਟਾਏ ਵਿਚਾਰਾਂ ਤੋਂ ਸਹਿਜੇ ਪਰਖੀ ਜਾ ਸਕਦੀ ਹੈ।
'ਕਿੱਸਾ ਹੀਰ ਰਾਂਝਾ ਦਾ ਮੂਲ ਪਾਠ' ਪੁਸਤਕ ਦਾ ਪ੍ਰਮੁੱਖ ਭਾਗ ਹੈ। ਇਸ ਦਾ ਨਿਭਾਅ ਪੰਜਾਬੀਆਂ ਦੇ ਹਰਮਨ-ਪਿਆਰੇ ਛੰਦ 'ਕਬਿੱਤ' ਨੂੰ ਪੁਖ਼ਤਾ ਤਰੀਕੇ ਨਾਲ ਨਿਭਾਅ ਕੇ ਕੀਤਾ ਗਿਆ ਹੈ। ਕਵੀ ਕੌਰ ਚੰਦ ਦੀਆਂ ਬਿਰਤਾਂਤਿਕ ਜੁਗਤਾਂ 'ਹੀਰ ਰਾਂਝੇ' ਦੇ ਪਹਿਲਕਿਆਂ ਕਵੀਆਂ ਤੋਂ ਭਿੰਨ ਵੀ ਹਨ ਅਤੇ ਕਿਤੇ-ਕਿਤੇ ਸਮਰੂਪਤਾ ਦੀਆਂ ਧਾਰਨੀਆਂ ਵੀ ਹਨ। ਕੁਝ ਇਕ ਬਿਰਤਾਂਤ ਸਥਿਤੀਆਂ ਨੂੰ ਨਵੀਨਤਮ ਰੂਪ ਦੇਣ ਦਾ ਸਫਲ ਯਤਨ ਵੀ ਕੀਤਾ ਗਿਆ ਹੈ। ਮੰਗਲਾਚਰਨ, ਵਿਭਿੰਨ ਪਾਤਰਾਂ ਦਾ ਕਿਰਦਾਰ-ਚਿਤਰਣ, ਮੌਕਾ-ਮੇਲ ਸਥਿਤੀਆਂ, ਰਿਸ਼ਤਿਆਂ ਦੀ ਪਾਕੀਜ਼ਗੀ ਅਤੇ ਵਿਸਫੋਟਕ ਸਥਿਤੀ ਪ੍ਰੇਮੀ-ਪ੍ਰੇਮਿਕਾ ਦਾ ਆਪਸੀ ਅਟੁੱਟ ਪਿਆਰ ਸਬੰਧ, ਸਮੁੱਚੇ ਕਿੱਸੇ ਦੀ ਮਹੱਤਤਾ ਦਾ ਮੁੱਲਵਾਨ ਭਾਗ ਆਖੇ ਜਾ ਸਕਦੇ ਹਨ। ਕਵੀ ਕੌਰ ਚੰਦ ਦੀ ਭਾਸ਼ਾ ਨਿਰੋਲ ਪੰਜਾਬੀ ਹੈ, ਜਿਸ 'ਤੇ ਭਾਵੇਂ ਅਰਬੀ, ਫਾਰਸੀ, ਉਰਦੂ ਆਦਿ ਦਾ ਪ੍ਰਭਾਵ ਤਾਂ ਘੱਟ ਹੈ ਪਰ ਮਲਵਈ ਦੀ ਆਭਾ ਜ਼ਰੂਰ ਸੁਭਾਏਮਾਨ ਹੈ। ਸਮੁੱਚੇ ਪੰਜਾਬੀਆਂ ਨੂੰ ਇਹ ਕਿੱਸਾ ਇਕ ਕਿਸਮ ਦਾ ਤੋਹਫ਼ਾ ਹੈ।

-ਡਾ: ਜਗੀਰ ਸਿੰਘ ਨੂਰ
ਮੋ: 98142-09732.

ਕਾਮਤਾਨਾਥ ਦੀਆਂ ਚੋਣਵੀਆਂ ਕਹਾਣੀਆਂ
ਅਨੁਵਾਦਕ : ਪ੍ਰੋ: ਪ੍ਰੀਤਮ ਸਿੰਘ ਰਾਹੀ
ਪ੍ਰਕਾਸ਼ਕ : ਨੈਸ਼ਨਲ ਬੁੱਕ ਟਰੱਸਟ ਇੰਡੀਆ, ਦਿੱਲੀ
ਮੁੱਲ : 95 ਰੁਪਏ, ਸਫ਼ੇ : 225.

ਇਸ ਸੰਗ੍ਰਹਿ ਵਿਚ ਹਿੰਦੀ ਕਹਾਣੀਕਾਰ ਕਾਮਤਾਨਾਥ ਦੀਆਂ 18 ਕਹਾਣੀਆਂ ਸ਼ਾਮਿਲ ਹਨ। ਵਿਸ਼ੇਸ਼ ਦ੍ਰਿਸ਼ਟੀਕੋਣ ਅਧੀਨ ਲਿਖੀਆਂ ਇਹ ਕਹਾਣੀਆਂ ਯਥਾਰਥਕ ਸਥਿਤੀ ਦਾ ਬਿਆਨ ਕਰਦੀਆਂ ਹਨ। ਇਹ ਸਮਾਜਿਕ ਸਰੋਕਾਰ ਦੀਆਂ ਕਹਾਣੀਆਂ ਹਨ। ਸਹਿਜਤਾ ਇਨ੍ਹਾਂ ਕਹਾਣੀਆਂ ਦਾ ਗੁਣ ਹੈ, ਜਿਹੜਾ ਇਨ੍ਹਾਂ ਨੂੰ ਰੌਚਿਕ ਬਣਾਉਂਦਾ ਹੈ। ਮਹੱਤਵਪੂਰਨ ਕਹਾਣੀਆਂ ਵਿਚੋਂ 'ਛੁੱਟੀਆਂ' ਕਹਾਣੀ ਮੱਧਵਰਗੀ ਸਾਂਝੇ ਪਰਿਵਾਰ ਦੀ ਟੁੱਟ-ਭੱਜ ਨੂੰ ਪ੍ਰਗਟ ਕਰਦੀ ਹੈ। ਮਾਂ ਪਰਿਵਾਰ ਦਾ ਇਕ ਅਜਿਹਾ ਕੇਂਦਰ ਹੈ ਜਿਹੜੀ ਇਸ ਨੂੰ ਸੰਭਾਲਦੀ ਹੈ। 'ਸੰਕ੍ਰਮਣ' ਕਹਾਣੀ ਪਿਤਾ ਪੁੱਤਰ ਦੇ ਦਵੰਦ ਨੂੰ ਪੇਸ਼ ਕਰਦੀ ਹੈ। ਇਹ ਪੀੜ੍ਹੀ-ਪਾੜੇ ਨੂੰ ਆਪਣਾ ਵਿਸ਼ਾ ਬਣਾਉਂਦੀ ਹੈ। ਪਰਿਵਾਰਕ ਰਿਸ਼ਤਿਆਂ ਨਾਲ ਸਬੰਧਤ ਕੁਝ ਹੋਰ ਕਹਾਣੀਆਂ ਵੀ ਹਨ ਜੋ ਮਰਦ ਪ੍ਰਧਾਨ ਸਮਾਜ ਵਿਚ ਔਰਤ ਨਾਲ ਹੋ ਰਹੇ ਭੇਦਭਾਵ ਨੂੰ ਆਪਣਾ ਵਿਸ਼ਾ ਬਣਾਉਂਦੀਆਂ ਹਨ-'ਸਾਰੀ ਰਾਤ', 'ਨਰਸਿੰਗ ਹੋਮ', 'ਖਲਨਾਇਕ', 'ਤੀਜਾ ਸਾਹ' ਅਤੇ 'ਪਹਾੜ' ਜ਼ਿਕਰਯੋਗ ਹਨ। ਇਹ ਕਹਾਣੀਆਂ ਇਸਤਰੀ ਵਰਗ ਵਿਰੁੱਧ ਹੋ ਰਹੇ ਵਿਤਕਰੇ ਨੂੰ ਉਜਾਗਰ ਕਰਨ ਵਾਲੀਆਂ ਕਹਾਣੀਆਂ ਹਨ। ਇਨ੍ਹਾਂ ਤੋਂ ਇਲਾਵਾ 'ਹਾਰ', 'ਬੱਚਾ', 'ਡਰ', 'ਕੰਮ ਦਾ ਪਹੀਆ', 'ਜਮ੍ਹਾਂ-ਹਾਸਿਲ' ਅਜਿਹੀਆਂ ਕਹਾਣੀਆਂ ਹਨ ਜੋ ਪਰਿਵਾਰਕ ਸਥਿਤੀ ਨਾਲ ਸਬੰਧਤ ਹੁੰਦੀਆਂ ਹੋਈਆਂ ਸਰਬ-ਸਧਾਰਨਤਾ ਨਾਲ ਜੁੜੀਆਂ ਹੋਈਆਂ ਹਨ। ਕਾਮਤਾਨਾਥ ਦੀਆਂ ਇਹ ਕਹਾਣੀਆਂ ਜੀਵਨ ਵਿਚੋਂ ਲਈਆਂ ਗਈਆਂ ਸਥਿਤੀਆਂ ਨੂੰ ਪੇਸ਼ ਕਰਦੀਆਂ ਹਨ। ਬੜੀ ਸਰਲ ਸ਼ੈਲੀ ਅਤੇ ਕਥਾ-ਰਸ ਰਾਹੀਂ ਇਹ ਕਹਾਣੀਆਂ ਆਪਣਾ ਸਫ਼ਰ ਤੈਅ ਕਰਦੀਆਂ ਹਨ। ਕੁਝ ਕਹਾਣੀਆਂ ਕੇਵਲ ਸੰਵਾਦ ਦੀ ਵਿਧੀ ਰਾਹੀਂ ਰਚੀਆਂ ਗਈਆਂ ਹਨ। ਇਸ ਵਿਧੀ ਦਾ ਕਹਾਣੀਕਾਰ ਨੇ ਸਫ਼ਲ ਪ੍ਰਯੋਗ ਕੀਤਾ ਹੈ। ਪ੍ਰੋ: ਪ੍ਰੀਤਮ ਸਿੰਘ ਰਾਹੀ ਵੱਲੋਂ ਇਨ੍ਹਾਂ ਹਿੰਦੀ ਦੀਆਂ ਕਹਾਣੀਆਂ ਦਾ ਅਨੁਵਾਦ ਕੀਤਾ ਗਿਆ ਹੈ। ਕਹਾਣੀ ਪੜ੍ਹਦਿਆਂ ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਮੂਲ ਭਾਸ਼ਾ ਦੀ ਰਚਨਾ ਪੜ੍ਹੀ ਜਾ ਰਹੀ ਹੈ। ਨੈਸ਼ਨਲ ਬੁੱਕ ਟਰੱਸਟ ਦਾ ਇਹ ਆਦਾਨ-ਪ੍ਰਦਾਨ ਦਾ ਕਾਰਜ ਇਕ ਵਧੀਆ ਉੱਦਮ ਹੈ।

ਗ਼ਜ਼ਲ ਅਤੇ ਪਰਵਾਸੀ ਪੰਜਾਬੀ ਗ਼ਜ਼ਲ
ਲੇਖਕ : ਡਾ: ਦੇਵਿੰਦਰ ਬੀਬੀਪੁਰੀਆ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 195, ਸਫ਼ੇ : 130.

'ਗ਼ਜ਼ਲ ਅਤੇ ਪਰਵਾਸੀ ਪੰਜਾਬੀ ਗ਼ਜ਼ਲ' ਡਾ: ਦੇਵਿੰਦਰ ਦੀ ਅਕਾਦਮਿਕ ਖੇਤਰ ਵਿਚਲੀ ਖੋਜ ਭਰਪੂਰ ਸਮੀਖਿਆ-ਪੁਸਤਕ ਹੈ। ਜੋ ਯੂਨੀਵਰਸਿਟੀ ਪੱਧਰ 'ਤੇ ਹੋ ਰਹੀ ਆਲੋਚਨਾ ਦੇ ਇਕ ਮਾਡਲ ਨੂੰ ਪੇਸ਼ ਕਰਦੀ ਹੈ। ਇਹ ਪੁਸਤਕ ਪਰਵਾਸੀ ਪੰਜਾਬੀ ਗ਼ਜ਼ਲ ਦੇ ਕੀਤੇ ਵਿਕਾਸ ਨੂੰ ਪੇਸ਼ ਕਰਦੀ ਹੈ। ਗ਼ਜ਼ਲ ਦੇ ਇਤਿਹਾਸ ਸਬੰਧੀ ਬੜੀ ਸੰਖੇਪ ਜਿਹੀ ਜਾਣਕਾਰੀ ਦੇ ਕੇ ਪੰਜਾਬੀ ਗ਼ਜ਼ਲ ਦੀ ਗੱਲ ਕੀਤੀ ਹੈ। ਹੁਸਨ ਇਸ਼ਕ ਦੀਆਂ ਗੱਲਾਂ ਤੇ ਮਹਿਬੂਬ ਦੇ ਸ਼ਬਾਬ ਦੀ ਤਰੀਫ਼ ਕਰਦੀ ਹੋਈ ਗ਼ਜ਼ਲ ਵਿਚਾਰ ਪੱਖੋਂ ਅੱਜ ਬੜੇ ਵਿਸ਼ਾਲ ਘੇਰੇ ਵਿਚ ਫੈਲ ਚੁੱਕੀ ਹੈ। ਸਮਕਾਲੀ ਯੁੱਗ ਦਾ ਹਰ ਵਰਤਾਰਾ ਅੱਜ ਗ਼ਜ਼ਲ ਦਾ ਕੇਂਦਰ ਬਿੰਦੂ ਬਣ ਚੁੱਕਾ ਹੈ। ਪਹਿਲੇ ਅਧਿਆਇ ਵਿਚ ਪੰਜਾਬੀ ਗ਼ਜ਼ਲ ਬਾਰੇ ਸੰਖੇਪ ਜਾਣਕਾਰੀ ਹੈ। ਦੂਜਾ ਅਧਿਆਇ ਪਰਵਾਸੀ ਪੰਜਾਬੀ ਗ਼ਜ਼ਲ ਦੇ ਮੂਲ ਥੀਮਕ ਪਾਸਾਰਾਂ ਨੂੰ ਚਰਚਾ ਦਾ ਵਿਸ਼ਾ ਬਣਾਉਂਦਾ ਹੈ। ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਪ੍ਰਗਟਾਉਂਦੀਆਂ ਗ਼ਜ਼ਲਾਂ ਨੂੰ ਥੀਮਕ ਦ੍ਰਿਸ਼ਟੀ ਤੋਂ ਵਿਚਾਰਿਆ ਗਿਆ ਹੈ। ਇਨ੍ਹਾਂ ਸਮੱਸਿਆਵਾਂ ਉੱਪਰ ਪਿਛਲੇ ਕਈ ਦਹਾਕਿਆਂ ਤੋਂ ਚਰਚਾ ਹੋ ਰਹੀ ਹੈ। ਚਾਹੀਦਾ ਸੀ ਕਿ ਅਜੋਕੇ ਸਮੇਂ ਦੀਆਂ ਨਵੀਆਂ ਚੁਣੌਤੀਆਂ ਉੱਪਰ ਵੀ ਚਰਚਾ ਹੁੰਦੀ। ਤੀਸਰੇ ਤੇ ਆਖਰੀ ਅਧਿਆਇ ਵਿਚ ਪਰਵਾਸੀ ਪੰਜਾਬੀ ਗ਼ਜ਼ਲ ਦੇ ਕਲਾਤਮਿਕ ਪੱਖ ਬਾਰੇ ਚਰਚਾ ਹੈ। ਇਹ ਅਧਿਆਇ ਮਿਹਨਤ ਨਾਲ ਲਿਖਿਆ ਗਿਆ ਹੈ। ਗ਼ਜ਼ਲ ਭਾਵੇਂ ਕਿਸੇ ਵੀ ਸਮਾਜ ਜਾਂ ਦੇਸ਼ ਵਿਚ ਲਿਖੀ ਜਾਂਦੀ ਹੋਵੇ, ਉਸ ਦਾ ਵਿਧੀ-ਵਿਧਾਨ ਤੇ ਰੂਪ ਉਹੀ ਰਹਿੰਦਾ ਹੈ। ਡਾ: ਦੇਵਿੰਦਰ ਨੇ ਪਰਵਾਸੀ ਪੰਜਾਬੀ ਗ਼ਜ਼ਲ ਦੇ ਰੂਪ ਗਤ ਅਧਿਐਨ ਵੇਲੇ ਪਰੰਪਰਾਗਤ ਮਾਪਦੰਡਾਂ ਨੂੰ ਆਧਾਰ ਬਣਾ ਕੇ ਇਸ ਗ਼ਜ਼ਲ ਦੀਆਂ ਪ੍ਰਾਪਤੀਆਂ ਤੇ ਸੀਮਾਵਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਹੈ। ਪੁਸਤਕ ਵਿਚ ਡਾ: ਕੰਚਨ ਸਿੰਘ ਦੇ ਕਾਫੀ ਹਵਾਲੇ ਦਿੱਤੇ ਹਨ ਜੋ ਡਾ: ਜਗਤਾਰ ਦੀ ਲੜਕੀ ਹੈ। ਇਸ ਬਾਰੇ ਖੋਜ-ਕਰਤਾ ਨੂੰ ਦਰੁਸਤੀ ਕਰਨ ਦੀ ਜ਼ਰੂਰਤ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਵੱਸਦਾ ਸਮੁੰਦਰਾਂ ਤੋਂ ਪਾਰ ਵੀ ਪੰਜਾਬ
ਲੇਖਕ : ਅਮਨਦੀਪ ਸਿੰਘ ਧਾਲੀਵਾਲ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ 135 ਰੁਪਏ, ਸਫ਼ੇ : 88.

'ਵੱਸਦਾ ਸਮੁੰਦਰਾਂ ਤੋਂ ਪਾਰ ਵੀ ਪੰਜਾਬ' ਅਮਨਦੀਪ ਸਿੰਘ ਧਾਲੀਵਾਲ ਦੀ ਪਲੇਠੀ ਕਾਵਿ ਪੁਸਤਕ ਹੈ, ਜਿਸ ਵਿਚ 56 ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਧਾਲੀਵਾਲ ਨੌਜਵਾਨ ਕਵੀ ਹੈ ਜੋ ਬਰਤਾਨੀਆ ਵਿਚ ਰਹਿ ਰਿਹਾ ਹੈ। ਜਦੋਂ ਕੋਈ ਵੀ ਵਿਅਕਤੀ ਆਪਣੇ ਵਤਨ ਨੂੰ ਛੱਡ ਕੇ ਰੋਜ਼ੀ-ਰੋਟੀ ਲਈ ਦੂਸਰੇ ਦੇਸ਼ ਵਿਚ ਜਾਂਦਾ ਹੈ ਤਾਂ ਉਸ ਅੰਦਰ ਆਪਣੇ ਦੇਸ਼ ਦੀ ਮਿੱਟੀ ਦਾ ਮੋਹ ਜ਼ਰੂਰ ਜਾਗਦਾ ਹੈ ਅਤੇ ਭੌਂ ਹੇਰਵੇ ਕਾਰਨ ਉਸ ਦੀਆਂ ਮਨੋਭਾਵਨਾਵਾਂ ਕਵਿਤਾ ਦਾ ਰੂਪ ਧਾਰ ਕੇ ਉਸ ਦਾ ਮਨ ਹੌਲਾ ਕਰਦੀਆਂ ਹਨ। ਧਾਲੀਵਾਲ ਨੂੰ ਜਿਥੇ ਆਪਣੇ ਦੇਸ਼ ਦੀ ਮਿੱਟੀ 'ਵਾਜ਼ਾਂ ਮਾਰਦੀ ਹੈ ਉਥੇ ਉਸ ਦੇ ਮਨ ਮਸਤਕ ਵਿਚ ਬਚਪਨ ਦੀਆਂ ਯਾਦਾਂ, ਪਿੰਡ ਦੀਆਂ ਗਲੀਆਂ, ਆਪਣਾ ਸੱਭਿਆਚਾਰ, ਮੇਲੇ, ਮਸਾਹਵੇ, ਖੇਡਾਂ, ਪੁਰਾਣੇ ਆੜੀ ਦਾਦੀ-ਮਾਂ ਤੇ ਹੋਰ ਅਨੇਕਾਂ ਬਜ਼ੁਰਗ ਆਦਿ ਆ ਝੁਰਮਟ ਪਾਉਂਦੇ ਹਨ, ਜਿਨ੍ਹਾਂ ਨੂੰ ਉਹ ਕਵਿਤਾ ਰੂਪੀ ਸ਼ਬਦਾਂ ਰਾਹੀਂ ਯਾਦ ਕਰਦਾ ਹੈ। ਉਹ ਪੰਜਾਬ ਦੀਆਂ ਧੀਆਂ ਨੂੰ ਭਰਾਵਾਂ ਦੇ ਬਰਾਬਰ ਦਾ ਹੱਕ ਦੇਣ ਲਈ ਤਤਪਰ ਹੈ। ਪ੍ਰਦੇਸਾਂ ਦੀਆਂ ਦੁਸ਼ਵਾਰੀਆਂ ਨੂੰ ਵੀ ਉਹ ਆਪਣੀ ਕਵਿਤਾ ਦਾ ਵਿਸ਼ਾ ਬਣਾਉਂਦਾ ਹੈ ਅਤੇ ਪੰਜਾਬ ਤੋਂ ਬਾਹਰ ਰੰਗੀਂ ਵਸਦੇ ਪੰਜਾਬ ਦਾ ਜ਼ਿਕਰ ਵੀ ਉਹ ਵਾਰ-ਵਾਰ ਕਰਦਾ ਹੈ। ਧਾਲੀਵਾਲ ਕੋਲ ਜਜ਼ਬਾਤਾਂ ਦੀ ਕੋਈ ਘਾਟ ਨਹੀਂ ਪਰ ਕਾਵਿਕ-ਦ੍ਰਿਸ਼ਟੀ ਤੋਂ ਉਸ ਨੂੰ ਉੱਚ ਕੋਟੀ ਦੀ ਕਵਿਤਾ ਦੀਆਂ ਪੁਸਤਕਾਂ ਦੇ ਅਧਿਐਨ ਕਰਨ ਦੀ ਲੋੜ ਹੈ। ਕਵਿਤਾ ਨਿਰੀ ਤੁਕਬੰਦੀ ਨਹੀਂ ਹੁੰਦੀ। ਕਵਿਤਾ ਵਿਚ ਵਰਤੀ ਬਿੰਬਾਬਲੀ, ਅਲੰਕਾਰ, ਤਸਵੀਰਾਂ ਆਦਿ ਕਵਿਤਾ ਦੇ ਸਾਹਿਤਕ ਪੱਖ ਨੂੰ ਉਘਾੜਦੇ ਹਨ ਤੇ ਸੁਹਜ ਭਰਪੂਰ ਬਣਾਉਂਦੇ ਹਨ। ਨਵੀਂ ਕਲਮ ਦਾ ਸਵਾਗਤ ਹੈ।

-ਸੁਖਦੇਵ ਮਾਦਪੁਰੀ
ਮੋ: 94630-34472.

ਅਹਿਸਾਸ ਆਪਣਾ ਆਪਣਾ
ਸੰਪਾਦਕ : ਹਰਕੋਮਲ ਬਰਿਆਰ, ਹਰਬੰਸ ਸਿੰਘ ਅਖਾੜਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ।
ਮੁੱਲ : 175 ਰੁਪਏ, ਸਫ਼ੇ : 119

'ਅਹਿਸਾਸ ਆਪਣਾ ਆਪਣਾ' ਸਾਹਿਤ ਸਭਾ ਜਗਰਾਓਂ ਦੇ ਸਾਬਕਾ ਤੇ ਮੌਜੂਦਾ ਅਹੁਦੇਦਾਰਾਂ ਤੇ ਮੈਂਬਰਾਂ ਦੀਆਂ ਕਾਵਿ ਰਚਨਾਵਾਂ ਦੀ ਪੁਸਤਕ ਹੈ ਜਿਸ ਵਿਚ ਪੱਚੀ ਸ਼ਾਇਰ ਸ਼ਾਮਿਲ ਹਨ। ਇਹ ਸ਼ਾਇਰ ਹਨ ਪ੍ਰਿੰ. ਤਖ਼ਤ ਸਿੰਘ, ਸ਼ਾਕਿਰ ਪੁਰਸ਼ਾਰਥੀ, ਹਰਭਜਨ ਸਿੰਘ ਤੀਰ, ਕੇਸਰ ਸਿੰਘ ਨੀਰ, ਈਸ਼ਰ ਸਿੰਘ ਮੌਜੀ, ਦਰਸ਼ਨ ਸਿੰਘ ਉਬਰਾਏ, ਹਰਚੰਦ ਸਿੰਘ ਗਿੱਲ, ਪਰਵਾਨਾ ਪੁੜੈਣ, ਬਲਵੰਤ ਮੁਸਾਫ਼ਿਰ, ਹਰਬੰਸ ਅਖਾੜਾ, ਅਵਤਾਰ ਜਗਰਾਓਂ, ਸੁਰਜੀਤ ਕਾਉਂਕੇ, ਹਰਕੋਮਲ ਬਰਿਆਰ, ਗੁਰਦੇਵ ਹੰਸਰਾ, ਰਵਿੰਦਰ ਅਨਾੜੀ, ਗੁਰਚਰਨ ਹੇਅਰ, ਡਾ. ਸੁਖਦੇਵ ਰੂਮੀ, ਪੂਰਨ ਕਾਉਂਕੇ, ਗੁਰਜੀਤ ਸਹੋਤਾ, ਜਗਜੀਤ ਜੀਤ, ਰਾਜਦੀਪ ਤੂਰ, ਪ੍ਰਭਜੋਤ ਸੋਹੀ, ਰਣਜੀਤ ਹਠੂਰ ਤੇ ਪ੍ਰਤਾਪ ਸਿੰਘ। 'ਅਹਿਸਾਸ ਆਪਣਾ ਆਪਣਾ' ਵਿਚ ਪੰਜਾਬੀ ਕਾਵਿ ਦਾ ਹਰ ਰੰਗ ਦੇਖਿਆ ਤੇ ਮਾਣਿਆ ਜਾ ਸਕਦਾ ਹੈ। ਇਸ ਵਿਚ ਗੀਤ ਵੀ ਹਨ, ਗ਼ਜ਼ਲਾਂ ਵੀ ਤੇ ਖੁੱਲ੍ਹੀਆਂ ਕਵਿਤਾਵਾਂ ਵੀ। ਅਜਿਹੀ ਪੁਸਤਕ ਇਸ ਪੱਖੋਂ ਵੀ ਮੁੱਲਵਾਨ ਹੁੰਦੀ ਹੈ ਕਿ ਇਸ ਵਿਚ ਅਜਿਹੇ ਕਲਮਕਾਰਾਂ ਨੂੰ ਵੀ ਛਪਣ ਦਾ ਮੌਕਾ ਮਿਲਦਾ ਹੈ ਜਿਹੜੇ ਆਪਣੀ ਪੁਸਤਕ ਆਪ ਛਪਵਾਉਣ ਦੇ ਸਮਰੱਥ ਨਹੀਂ ਹੁੰਦੇ। ਅਜਿਹੀ ਪੁਸਤਕ ਵਿਚ ਵਧੇਰੇ ਕਰਕੇ ਪ੍ਰਤੀਨਿਧ ਰਚਨਾਵਾਂ ਹੀ ਸ਼ਾਮਿਲ ਕੀਤੀਆਂ ਜਾਂਦੀਆਂ ਹਨ ਇਸ ਲਈ ਪਾਠਕ ਦੀ ਕਾਵਿਕ ਤ੍ਰਿਪਤੀ ਲਈ ਏਦਾਂ ਦੀਆਂ ਪੁਸਤਕਾਂ ਦੀ ਬੜੀ ਮਹੱਤਤਾ ਹੈ। ਪੁਰਾਣੇ ਤੇ ਉਸਤਾਦ ਸ਼ਾਇਰਾਂ ਦੀ ਸ਼ਮੂਲੀਅਤ ਕਾਰਨ ਇਸ ਪੁਸਤਕ ਦੀ ਮਹੱਤਤਾ ਹੋਰ ਵਧ ਗਈ ਹੈ। ਸਾਹਿਤ ਸਭਾ ਜਗਰਾਓਂ ਦਾ ਮਾਣ ਮੱਤਾ ਇਤਹਾਸ ਹੈ ਤੇ ਅੱਧੀ ਸਦੀ ਤੋਂ ਚਲ ਰਹੀ ਇਸ ਸਭਾ ਦੇ ਅਹੁਦੇਦਾਰ ਸਾਹਿਤ ਦੇ ਨਾਮਵਰ ਹਸਤਾਖ਼ਰ ਰਹੇ ਹਨ। ਇਹ ਵੀ ਵਧੀਆ ਗੱਲ ਹੈ ਕਿ 'ਅਹਿਸਾਸ ਆਪਣਾ ਆਪਣਾ' ਪੁਸਤਕ ਵਿਚ ਸਭਾ ਦਾ ਸੰਖੇਪ ਇਤਹਾਸ ਵੀ ਛਾਪਿਆ ਗਿਆ ਹੈ।

ਗ਼ਜ਼ਲ ਦਾ ਅੰਬਰ
ਗ਼ਜ਼ਲਗੋਅ : ਭੁਪਿੰਦਰ ਸਿੰਘ ਬੇਕਸ
ਪ੍ਰਕਾਸ਼ਕ : ਯੁਗਮਾਰਗ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 180 ਰੁਪਏ, ਸਫ਼ੇ : 104.

ਪੰਜਾਬੀ ਸ਼ਾਇਰੀ ਵਿਚ ਇਸ ਵੇਲੇ ਕਵਿਤਾ ਦਾ ਸਭ ਤੋਂ ਵੱਧ ਲੋਕਪ੍ਰਿਆ ਰੂਪ ਗ਼ਜ਼ਲ ਹੈ ਜਿਸ ਬਾਰੇ ਮੁਢਲੇ ਗ਼ਜ਼ਲਗੋਆਂ ਨੇ ਇੱਛਾ ਦੇ ਬਾਵਜੂਦ ਕਦੀ ਕਿਆਸ ਨਹੀਂ ਕੀਤਾ ਹੋਣਾ। ਕਵਿਤਾ ਹੁੰਦੀ ਹੀ ਛੰਦ ਵਿਚ ਹੈ। ਜੇ ਨਹੀਂ ਤਾਂ ਉਹ ਵਾਰਤਕ ਦਾ ਰੂਪ ਹੀ ਹੈ ਤੇ ਇਸ ਨੂੰ ਜੋ ਮਰਜ਼ੀ ਨਾਂਅ ਦਿੱਤਾ ਜਾਵੇ। ਬਹੁਤੇ ਨਵੇਂ ਪੰਜਾਬੀ ਸ਼ਾਇਰ ਅੱਜਕਲ੍ਹ ਆਪਣੀ ਸ਼ਾਇਰੀ ਦਾ ਆਗਾਜ਼ ਗ਼ਜ਼ਲ ਤੋਂ ਕਰਦੇ ਹਨ। ਗ਼ਜ਼ਲ ਦੀ ਪ੍ਰਮਾਣਿਕਤਾ ਦੀ ਇਸ ਤੋਂ ਵੱਡੀ ਹੋਰ ਕੋਈ ਉਦਾਹਰਨ ਨਹੀਂ ਹੋ ਸਕਦੀ। ਇਸ ਕਾਫ਼ਲੇ ਵਿਚ ਭੁਪਿੰਦਰ ਬੇਕਸ ਦਾ ਨਾਂਅ ਵੀ ਹੈ ਜੋ ਕਾਫ਼ੀ ਦੇਰ ਤੋਂ ਗ਼ਜ਼ਲ ਦੀ ਰਚਨਾ ਕਰ ਰਿਹਾ ਹੈ। ਉਸ ਦੀਆਂ ਕਈ ਗ਼ਜ਼ਲਾਂ ਸਾਂਝੇ ਸੰਗ੍ਰਹਿਆਂ ਵਿਚ ਸ਼ਾਮਿਲ ਹੋ ਚੁੱਕੀਆਂ ਹਨ। ਕਈਆਂ ਪਰਚਿਆਂ ਨਾਲ ਸਬੰਧਤ ਹੋਣ ਕਰਕੇ ਉਸ ਨੂੰ ਕਈ ਕਾਬਿਲ ਗ਼ਜ਼ਲਕਾਰਾਂ ਦੀ ਸੰਗਤ ਵੀ ਪ੍ਰਾਪਤ ਹੁੰਦੀ ਰਹੀ ਹੈ। ਬੇਕਸ ਸਧਾਰਨ ਸ਼ਬਦਾਂ ਵਿਚ ਪ੍ਰਭਾਵੀ ਸ਼ਿਅਰ ਸਿਰਜਣ ਵਾਲਾ ਗ਼ਜ਼ਲਕਾਰ ਹੈ। ਉਸ ਦੇ ਸ਼ਿਅਰ ਪਾਠਕ ਨੂੰ ਉਲਝਾਉਣ ਦੀ ਥਾਂ ਨਾਲ ਨਾਲ ਤੋਰਦੇ ਹਨ। ਪਰ ਇਹ ਅੰਦਾਜ਼ ਕਦੀ-ਕਦੀ ਸਤਹੀ ਹੋ ਜਾਂਦਾ ਹੈ। ਭੁਪਿੰਦਰ ਸਿੰਘ ਬੇਕਸ ਨੇ ਆਪਣੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿਚ ਜ਼ਿਆਦਾਤਰ ਰੋਜ਼ਮਰਾ ਦੀ ਮਨੁੱਖੀ ਜ਼ਿੰਦਗੀ ਦੀ ਬੇਵਸੀ ਨਾਲ ਸਬੰਧਤ ਵਿਸ਼ੇ ਲਏ ਹਨ। ਉਸ ਨੇ ਕੁਝ ਗ਼ਜ਼ਲਾਂ ਮਨੁੱਖਤਾ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਵੀ ਕਹੀਆਂ ਹਨ। 'ਗ਼ਜ਼ਲ ਦਾ ਅੰਬਰ' ਦੀਆਂ ਕੁਝ ਗ਼ਜ਼ਲਾਂ ਤੇ ਸ਼ਿਅਰ ਪੁਰਾਣੇ ਤੇ ਨਵੇਂ ਸ਼ਾਇਰਾਂ ਨੂੰ ਸਮਰਪਤ ਹਨ, ਜਿਨ੍ਹਾਂ ਪ੍ਰਤੀ ਉਸ ਦੇ ਦਿਲ ਵਿਚ ਸ਼ਰਧਾ ਹੈ ਤੇ ਦੋਸਤਾਨਾ ਰਾਬਤਾ ਹੈ। ਇਸ ਕਿਤਾਬ ਨੂੰ ਪੜ੍ਹਦਿਆਂ ਇਹ ਧਾਰਨਾ ਬਣਦੀ ਹੈ ਕਿ ਬੇਕਸ ਗ਼ਜ਼ਲ ਦੀਆਂ ਬਾਰੀਕੀਆਂ ਬਾਰੇ ਕਾਫ਼ੀ ਕੁਝ ਜਾਣਦਾ ਤੇ ਸਮਝਦਾ ਹੈ ਪਰ ਅਜੇ ਉਸ ਦਾ ਸਫ਼ਰ ਮੁਕੰਮਲ ਨਹੀਂ ਹੈ। ਬਿਨਾਂ ਸ਼ੱਕ ਗ਼ਜ਼ਲ ਹਰ ਵਿਸ਼ੇ ਨੂੰ ਨਿਭਾਉਣ ਦੇ ਸਮਰੱਥ ਹੈ ਪਰ ਇਸ ਦਾ ਆਪਣਾ ਦਾਇਰਾ ਹੈ ਤੇ ਇਸ ਦੀ ਸ਼ਬਦਾਬਲੀ ਦੀ ਵੀ ਇਕ ਸੀਮਾ ਹੈ। ਬੇਕਸ ਭਾਵੇਂ ਇਸ ਪ੍ਰਤੀ ਸੁਚੇਤ ਹੈ ਪਰ ਹੋਰ ਨਜ਼ਰਸਾਨੀ ਉਸ ਦੀ ਗ਼ਜ਼ਲਕਾਰੀ ਨੂੰ ਹੋਰ ਨਿਖ਼ਾਰ ਸਕਦੀ ਹੈ। ਕਿਤਾਬ ਵਿਚ ਸ਼ਾਇਰ ਸਬੰਧੀ ਕਈ ਨਾਮਵਰ ਕਲਮਕਾਰਾਂ ਦੇ ਵਿਚਾਰ ਵੀ ਛਾਪੇ ਗਏ ਹਨ, ਜਿਨ੍ਹਾਂ ਨੂੰ ਪੜ੍ਹ ਕੇ ਭੁਪਿੰਦਰ ਸਿੰਘ ਬੇਕਸ ਦੀ ਗ਼ਜ਼ਲਕਾਰੀ ਬਾਰੇ ਵਧੇਰੇ ਜਾਣਿਆ ਜਾ ਸਕਦਾ ਹੈ।

-ਗੁਰਦਿਆਲ ਰੌਸ਼ਨ
ਮੋ: 9988444002

ਜੋ ਵੇਖਿਆ ਸੋ ਆਖਿਆ
ਲੇਖਕ : ਗਿਆਨੀ ਸੰਤੋਖ ਸਿੰਘ ਆਸਟਰੇਲੀਆ
ਪ੍ਰਕਾਸ਼ਕ : ਮੁਕਾਮ ਪ੍ਰਕਾਸ਼ਨ (ਅੰਮ੍ਰਿਤਸਰ)
ਮੁੱਲ : 150 ਰੁਪਏ, ਸਫ਼ੇ : 144.

ਚਾਰ ਪੁਸਤਕਾਂ ਦੇ ਲੇਖਕ ਗਿਆਨੀ ਸੰਤੋਖ ਸਿੰਘ (ਆਸਟਰੇਲੀਆ) ਦੀ ਪੰਜਵੀਂ ਪੁਸਤਕ ਦਾ ਇਹ ਦੂਸਰਾ ਐਡੀਸ਼ਨ ਹੈ। ਵਿਚਾਰ-ਚਰਚਾ ਅਧੀਨ ਇਹ ਪੁਸਤਕ, ਪ੍ਰੌੜ੍ਹ ਲੇਖਕ ਗਿਆਨੀ ਸੰਤੋਖ ਸਿੰਘ ਦੇ ਨਿੱਜੀ ਅਨੁਭਵਾਂ, ਵਾਪਰੀਆਂ ਘਟਨਾਵਾਂ, ਬੀਤੇ ਸਮੇਂ ਦੀਆਂ ਨਾਮਵਰ ਸ਼ਖ਼ਸੀਅਤਾਂ ਅਤੇ ਮਾਣਮੱਤੇ ਪੰਜਾਬੀ ਵਿਰਸੇ ਦੀ ਮੂੰਹ ਬੋਲਦੀ ਤਸਵੀਰ ਹੋ ਨਿੱਬੜੀ ਹੈ।
ਇਸ ਪੁਸਤਕ ਵਿਚ ਕੁੱਲ 20 ਬੇਸ਼ਕੀਮਤੀ ਲੇਖ ਦਰਜ ਹਨ। ਪੁਸਤਕ ਦਾ ਆਰੰਭਕ ਲੇਖ ਹੈ 'ਦੋ ਅਕਾਲੀ ਵਿਦਵਾਨਾਂ ਦਾ ਮਿਲਾਪ'। ਇਸ ਵਿਚ ਪੰਥ ਰਤਨ ਮਾਸਟਰ ਤਾਰਾ ਸਿੰਘ ਅਤੇ ਸ: ਅਮਰ ਸਿੰਘ ਅੰਬਾਲਵੀ ਬਾਰੇ ਕੁਝ ਘਟਨਾਵਾਂ ਦਾ ਜ਼ਿਕਰ ਕਰਦਿਆਂ ਪ੍ਰਸਿੱਧ ਪੰਥਕ ਬੁਲਾਰੇ ਗਿਆਨੀ ਕੇਹਰ ਸਿੰਘ ਵੈਰਾਗੀ ਦੀ ਜ਼ਰਾਨਤ (ਅਕਲਮੰਦੀ) ਦਾ ਸੰਖੇਪ ਪਰ ਭਾਵਪੂਰਤ ਚਿਤਰਨ ਵੀ ਕੀਤਾ ਗਿਆ ਹੈ। ਸੰਤ ਫ਼ਤਹਿ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਥੇਦਾਰ ਜੀਵਨ ਸਿੰਘ ਉਮਰਾਨੰਗਲ ਅਤੇ ਯੋਗੀ ਹਰਭਜਨ ਸਿੰਘ ਖਾਲਸਾ ਬਾਰੇ ਲੇਖ ਪੜ੍ਹਦਿਆਂ ਬੀਤੇ ਸਮੇਂ ਦੇ ਤਕਰੀਬਨ ਸਾਰੇ ਪ੍ਰਮੁੱਖ ਆਗੂਆਂ ਜਿਵੇਂ ਜਥੇਦਾਰ ਸੰਤੋਖ ਸਿੰਘ ਦਿੱਲੀ, ਹਰਚਰਨ ਸਿੰਘ, ਹੁਡਿਆਰਾ, ਸੰਤ ਚੰਨਣ ਸਿੰਘ, ਸ: ਕਪੂਰ ਸਿੰਘ, ਸ: ਪ੍ਰਤਾਪ ਸਿੰਘ ਕੈਰੋਂ, ਸ: ਧੰਨਾ ਸਿੰਘ ਗੁਲਸ਼ਨ, ਜਥੇਦਾਰ ਮੋਹਨ ਸਿੰਘ ਤੁੜ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਗਿਆਨੀ ਕਰਤਾਰ ਸਿੰਘ ਸਮੇਤ ਹਰੇਕ ਆਗੂਆਂ ਬਾਰੇ ਰੌਚਕ ਜਾਣਕਾਰੀ ਇਸ ਪੁਸਤਕ ਰਾਹੀਂ ਮਿਲਦੀ ਹੈ। 'ਵੱਡੇ ਬੰਦਿਆਂ ਦੀਆਂ ਵਚਿੱਤਰ ਬਾਤਾਂ', 'ਸਿੱਖ ਆਗੂਆਂ ਦੀਆਂ ਅਸਚਰਜ ਬੇਪ੍ਰਵਾਹੀਆਂ' ਤੇ ਇਉਂ ਹੋਇਆ 'ਸਵਾਗਤ ਮੇਰੀਆਂ ਲਿਖਤਾਂ ਦਾ' ਗਿਆਨੀ ਜੀ ਦੀ ਬੇਬਾਕੀ ਤੇ ਖਰੀਆਂ-ਖਰੀਆਂ ਕਹਿਣ ਦਾ ਪ੍ਰਤੱਖ ਸਬੂਤ ਹਨ। ਉਨ੍ਹਾਂ ਦੀ ਇਸ ਪੁਸਤਕ ਦੇ 'ਅਧਕ ਵਿਚਾਰਾ ਕੀ ਕਰੇ', 'ਜੱਜੇ ਦੇ ਪੈਰ ਵਿਚ ਆ ਅੜੀ ਬੇਲੋੜੀ ਬਿੰਦੀ', 'ਪੰਜਾਬੀ ਜੋੜਾਂ ਦੀ ਸਰਲਤਾ ਤੇ ਸਮਾਨਤਾ' ਅਤੇ 'ਅੱਧੇ ਹਾਹੇ ਦੀ ਅਯੋਗ ਵਰਤੋਂ', ਲੇਖ ਪੰਜਾਬੀ ਅਤੇ ਹੋਰ ਜ਼ਬਾਨਾਂ ਦੀ ਸ਼ੁੱਧ ਲੇਖਣੀ ਅਤੇ ਉਚਾਰਨ ਦੀ ਲੋੜ ਤੇ ਮਹੱਤਤਾ ਨੂੰ ਉਜਾਗਰ ਕਰਦੀ ਹੈ। 'ਘੜਾ ਘੜਵੰਜੀ ਦਾ' ਅਤੇ 'ਛੜਿਆਂ ਦੀ ਫ਼ੌਜ ਲੰਘਣੀ' ਦੋ ਅਜਿਹੇ ਲੇਖ ਹਨ, ਜਿਹੜੇ ਪੰਜਾਬੀ ਸੱਭਿਆਚਾਰਕ, ਰਹਿਤਲ ਬਹਿਤਲ ਤੇ ਵਿਰਸੇ ਨੂੰ ਖੂਬਸੂਰਤ ਅੰਦਾਜ਼ ਵਿਚ ਰੂਪਮਾਨ ਕਰਦੇ ਹਨ। ਪੁਸਤਕ ਦੀ ਧਾਰਮਿਕ ਰੰਗਤ, ਇਸ ਨੂੰ ਹੋਰ ਪੁਖ਼ਤਾ ਬਣਾਉਂਦੀ ਹੈ। ਗਿਆਨੀ ਜੀ ਨੇ ਵਿਸਰ ਰਹੇ 'ਮਧੇਰ' ਵਰਗੇ ਲਫ਼ਜ਼ਾਂ ਦੀ ਵਰਤੋਂ ਕਈ ਲੇਖਾਂ ਵਿਚ ਬਾਖੂਬੀ ਕੀਤੀ ਹੈ। ਵਿਦਵਾਨ ਲੇਖਕ ਨੂੰ ਹਰੇਕ ਸਿਨਫ਼ ਪ੍ਰਤੀ ਮੁਕੰਮਲ ਗਿਆਨ, ਜਾਣਕਾਰੀ ਅਤੇ ਸੋਝੀ ਹੈ। ਕਵਿਤਾ ਬਾਰੇ ਲਿਖਦੇ ਹਨ, 'ਮੇਰੇ ਖਿਆਲ ਵਿਚ ਕਵਿਤਾ ਕੋਈ ਲਿਖੀ ਜਾਣ ਵਾਲੀ ਵਸਤੂ ਨਾ ਹੋ ਕੇ, ਕੋਈ 'ਉਤਰਨ' ਵਾਲੀ ਸ਼ੈ ਜਾਪਦੀ ਹੈ। ਇਸ ਪੁਸਤਕ ਦੇ ਸਾਰੇ ਹੀ ਲੇਖ ਇਕ ਤੋਂ ਇਕ ਵੱਧ ਰੌਚਕ, ਗਿਆਨ-ਭਰਪੂਰ, ਕਟਾਕਸ਼ਮਈ, ਸੱਚ ਦੇ ਨੇੜੇ ਅਤੇ ਸੰਤੁਲਿਤ ਸੋਚ ਦੇ ਧਾਰਨੀ ਹਨ।

-ਤੀਰਥ ਸਿੰਘ ਢਿੱਲੋਂ
ਮੋ: 98154-61710

 

7-4-2013

 ਭਰਮਜਾਲ
ਲੇਖਕ : ਗੋਵਰਧਨ ਗੱਬੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 176.

ਉੱਘੇ ਕਹਾਣੀਕਾਰ ਤੇ ਕਾਲਮ ਨਵੀਸ ਗੋਵਰਧਨ ਗੱਬੀ ਦੀਆਂ ਕਹਾਣੀਆਂ ਦੀ ਇਹ ਦੂਜੀ ਕਿਤਾਬ ਹੈ। ਪਹਿਲੀ ਪੁਸਤਕ ਗੁਰਦੱਖਣਾ ਨਾਲ ਉਸ ਬਾਰੇ ਖੁੱਲ੍ਹ ਕੇ ਚਰਚਾ ਹੋਣ ਲੱਗ ਪਈ ਸੀ ਤੇ ਉਹ ਸਥਾਪਿਤ ਲੇਖਕਾਂ ਦੀ ਕਤਾਰ ਵਿਚ ਗਿਣਿਆ ਜਾਣ ਲੱਗਾ। ਹੱਥਲੀ ਪੁਸਤਕ ਵਿਚ ਲੇਖਕ ਦੀਆਂ ਇਕ ਦਰਜਨ ਕਹਾਣੀਆਂ ਹਨ। ਇਨ੍ਹਾਂ ਵਿਚੋਂ ਸਿਰਲੇਖ ਵਾਲੀ ਕਹਾਣੀ ਭਰਮਜਾਲ 35 ਸਫ਼ਿਆਂ 'ਤੇ ਫੈਲੀ ਲੰਮੀ ਕਹਾਣੀ ਹੈ। ਕਹਾਣੀ ਨਿੱਜੀ ਕੰਪਨੀ ਵਿਚ 'ਕੰਮ ਕਰਦੇ ਜਵਾਨ ਦਿਲਾਂ ਦੀ ਨੇੜਤਾ ਬਾਰੇ ਹੈ। ਵਿਜੇ ਮੁੱਖ ਅਧਿਕਾਰੀ ਹੈ। ਰਾਜਪ੍ਰੀਤ ਨਾਇਕਾ ਹੈ। ਕੁਲਦੀਪ ਉਸ ਦਾ ਪਤੀ ਹੈ। ਵਿਜੇ ਨਾਲ ਰਾਜਪ੍ਰੀਤ ਦੀ ਨੇੜਤਾ ਸਰੀਰਕ ਸਬੰਧਾਂ ਤੱਕ ਚਲੀ ਜਾਂਦੀ ਹੈ। ਸਮੇਂ ਨਾਲ ਵਿਜੇ ਲਕਸ਼ਮੀ ਨਾਂਅ ਦੀ ਧੀ ਦਾ ਜਨਮ ਹੁੰਦਾ ਹੈ। 24 ਸਾਲ ਬਾਅਦ ਵਿਜੇ ਰਾਜਪ੍ਰੀਤ ਦੀ ਧੀ ਦੇ ਵਿਆਹ 'ਤੇ ਆਉਂਦਾ ਹੈ। ਕਹਾਣੀ ਦਾ ਵਧੇਰੇ ਭਾਗ ਇਨ੍ਹਾਂ ਰਿਸ਼ਤਿਆਂ ਦੁਆਲੇ ਘੁੰਮਦਾ ਹੈ, ਜਿਨ੍ਹਾਂ ਨੂੰ ਭਾਰਤੀ ਸਮਾਜ ਪ੍ਰਵਾਨ ਨਹੀਂ ਕਰਦਾ। ਬੇਟੇ ਰੋਂਦੇ ਨਈ...ਅੰਕਲ ਵੀ ਤਾਂ ਤੇਰੇ ਡੈਡੀ ਵਰਗੇ ਨੇ..। ਬੋਲਦੀ ਹੋਈ ਰਾਜਪ੍ਰੀਤ ਦੇ ਗਲੇਡੂ ਭਰ ਆਏ (ਪੰਨਾ 128) ਕਹਾਣੀ ਨਾਵਲੈਟ ਵਰਗੀ ਹੈ। ਪੜ੍ਹੀਆਂ ਕਹਾਣੀ ਵਿਚ ਅੰਧ-ਵਿਸ਼ਵਾਸ ਹੈ। ਲੇਖਕ ਉਸ ਵਿਚੋਂ ਪਾਤਰਾਂ ਨੂੰ ਬਾਹਰ ਨਹੀਂ ਕੱਢਦਾ। ਉਜਾੜ ਦਾ ਮਾਸਟਰ ਸੁੱਖ ਰਾਮ ਆਪਣੀਆਂ ਤਿੰਨ ਧੀਆਂ ਨੂੰ ਨਫ਼ਰਤ ਕਰਦਾ ਹੈ। ਚੌਥੀ ਵਾਰ ਪੁੱਤਰ ਜਨਮ ਲੈਂਦਾ ਹੈ ਪਰ ਉਸ ਦੀ ਪਤਨੀ ਦੀ ਮੌਤ ਹੋ ਜਾਂਦੀ ਹੈ। ਦੁੱਖ ਵਿਚ ਤਿੰਨ ਧੀਆਂ ਤੇ ਦਾਦੀ ਦੀ ਮੌਤ ਵਿਖਾਈ ਹੈ। ਘਰ ਉੱਜੜ ਜਾਂਦਾ ਹੈ। ਕਹਾਣੀ ਦੁਖਾਂਤਕ ਹੈ। ਲਕੀਰਾਂ ਪਿਛਲ ਝਾਤ ਜੁਗਤ ਵਾਲੀ ਮਾਰਮਿਕ ਰਚਨਾ ਹੈ। ਸੰਗ੍ਰਹਿ ਦੀਆਂ ਹੋਰ ਕਹਾਣੀਆਂ ਬਿੰਬ ਪ੍ਰਤੀਬਿੰਬ ਦੇ ਪੰਨਾ 21 'ਤੇ ਪਾਤਰਾਂ ਦੀ ਆਪਸੀ ਗੱਲਬਾਤ ਵਿਚ ਨੰਗੇਜ ਹੈ। 'ਗੁੰਝਲਦਾਰ' ਕਹਾਣੀ ਵਿਚ ਵੀ ਕਾਮ ਵਿਚ ਗੜੁੱਚ ਵਾਰਤਾਲਾਪ ਹੈ। ਕਹਾਣੀ ਅਜਗਰ ਵਿਚ ਲਾਵਾਂ ਫੇਰੇ ਤੋਂ ਬਾਅਦ ਧੀ ਦੇ ਬਾਪ ਨੂੰ ਪਤਾ ਲਗਦਾ ਹੈ ਕਿ ਉਸ ਦਾ ਜਵਾਈ ਗੋਦ ਲਿਆ ਪੁੱਤਰ ਹੈ। ਤੇ ਉਹ ਕਿਸੇ ਨੀਵੀਂ ਜਾਤ ਦਾ ਜਨਮਿਆ ਹੈ। ਇਸ 'ਤੇ ਉਹ ਧੀ ਦੀ ਡੋਲੀ ਨਹੀਂ ਤੋਰਦਾ। ਸੰਗ੍ਰਹਿ ਦੀਆਂ ਵਧੇਰੇ ਰਚਨਾਵਾਂ ਨਾਟਕੀ ਜੁਗਤ, ਵਾਰਤਾਲਾਪੀ, ਬਿਰਤਾਂਤਕ, ਪਿਛਲਝਾਤ, ਵਿਧੀ ਦੀਆਂ ਹਨ। ਪ੍ਰੇਮ ਗੋਰਖੀ ਅਤੇ ਅਮਰਜੀਤ ਕੌਂਕੇ ਨੇ ਕਹਾਣੀਆਂ ਦੇ ਤੱਤਾਂ ਨੂੰ ਹੈਰਾਨੀਜਨਕ ਕਿਹਾ ਹੈ। ਪਿਛਲੀ ਪੀੜ੍ਹੀ ਨਾਲੋਂ ਗੱਬੀ ਦੀਆਂ ਇਹ ਰਚਨਾਵਾਂ ਦੋ ਕਦਮ ਅੱਗੇ ਹਨ। ਪੰਜਾਬੀ ਕਹਾਣੀ ਦੇ ਵਿਕਾਸ ਲਈ ਇਹ ਪੁਸਤਕ ਦੋ ਕਦਮ ਅਗੇਰੇ ਹੈ। ਨਵੇਂ ਯੁੱਗ ਦੀਆਂ ਵਿਵਸਥਾਵਾਂ ਦੀ ਖੁੱਲ੍ਹੀ ਪੇਸ਼ਕਾਰੀ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160

ਪੀੜ ਵਿਛੋੜਾ
ਲੇਖਕ : ਬੰਤਾ ਸਿੰਘ ਘੁਡਾਣੀ
ਪ੍ਰਕਾਸ਼ਕ : ਨਵਪ੍ਰਕਾਸ਼ਨ, ਲੁਧਿਆਣਾ
ਮੁੱਲ : 120 ਰੁਪਏ, ਸਫ਼ੇ : 176.

ਬੰਤਾ ਸਿੰਘ ਘੁਡਾਣੀ ਅਧਿਆਤਮਿਕਵਾਦ ਨਾਲ ਜੁੜਿਆ ਲੇਖਕ ਹੈ। ਪੁਸਤਕ 'ਪੀੜ ਵਿਛੋੜਾ' ਉਸ ਦਾ ਰੂਹਾਨੀਅਤਵਾਦ ਦੇ ਆਦਰਸ਼ਾਂ ਨੂੰ ਪ੍ਰਨਾਇਆ ਹੋਇਆ ਕਾਵਿ-ਸੰਗ੍ਰਹਿ ਹੈ। ਕਾਵਿ-ਸੰਗ੍ਰਹਿ ਵਿਚ ਸ਼ਾਮਿਲ ਕਵਿਤਾਵਾਂ ਤੋਂ ਸਪੱਸ਼ਟ ਹੈ ਕਿ ਬੰਤਾ ਸਿੰਘ ਘੁਡਾਣੀ ਹੁਰਾਂ ਕੋਲ ਅਧਿਆਤਮਿਕਵਾਦ ਦੀ ਤੀਖਣ ਸੂਝ ਮੌਜੂਦ ਹੈ। ਸਭ ਤੋਂ ਪਹਿਲੀ ਕਵਿਤਾ 'ਚ ਪ੍ਰਮਾਤਮਾ ਦੀ ਉਸਤਤਿ ਤੇ ਵੰਦਨਾ ਹੈ। 'ਜਿੰਦ ਮੈਂ ਜੀਵਾਂ ਡਟ ਕੇ, ਮੈਂ ਅਕਾਲ ਕਾਲ ਵਿਚ ਆਇਆ, ਲੜ ਲਹਿਰਾਂ ਦੇ ਲਾਇਆ ਸੱਜਣਾ, ਆਦਿ ਕਵਿਤਾਵਾਂ ਵਿਚ ਜਿਥੇ ਖ਼ੁਦ ਤੋਂ ਅਨੰਤ ਤੱਕ ਦੀ ਤਲਾਸ਼ ਦਾ ਵਰਨਣ ਹੈ, ਉਥੇ ਜੀਵਨ ਵਿਚ ਸੁੱਚੇ-ਆਦਰਸ਼ਾਂ ਦੀ ਮਹਿਮਾਂ ਦਾ ਵਰਨਣ ਵੀ ਮਿਲਦਾ ਹੈ। ਆਦਰਸ਼ਾਂ ਤੋਂ ਬਿਨਾਂ ਬਸ ਜੀਵਨ ਭਟਕਣ ਦੇ ਸਮਾਨ ਹੈ।
ਕੀ ਤੜਫ਼ਣ ਹੈ ਤੇਰੇ ਸੀਨੇ,
ਕਿਉਂ 'ਮੈਂ' ਵਿਚ 'ਤੂੰ' ਪਰੋਈ।
ਸੁੰਨ ਸਮਾਧੀ ਕਿਉਂ ਟੁੱਟੀ,
ਵਾਰ ਵਾਰ ਕਿਉਂ ਹੋਈ।
'ਇਹ ਜੀਵ ਅਨੋਖਾ ਧਰਤੀ ਉੱਤੇ' ਕਵਿਤਾ 'ਚ ਕਵੀ ਨੇ ਦਰਸਾਇਆ ਹੈ ਕਿ ਮਨੁੱਖ ਜਾਤੀ ਕੁਦਰਤ ਦੀ ਉਪਜ ਹੈ। ਪਰ ਅੱਜ ਮਨੁੱਖ ਹੋਰ-ਹੋਰ ਦੁਨਿਆਵੀ ਸੁਆਦਾਂ ਵੱਸ ਆਪਣੇ ਮੂਲ ਨਾਲੋਂ ਟੁੱਟ ਗਿਆ ਹੈ। ਬੰਤਾ ਸਿੰਘ ਘੁਡਾਣੀ ਦੀ ਕਵਿਤਾ ਰਹੱਸ ਉਪਜਾਉਂਦੀ ਵੀ ਹੈ ਤੇ ਰਹੱਸ ਖੋਲ੍ਹਦੀ ਵੀ ਹੈ। ਅਧਿਆਤਮ ਨਾਲ ਜੁੜੇ ਲੋਕਾਂ ਨੂੰ ਇਹ ਕਵਿਤਾ ਜ਼ਰੂਰ ਪੜ੍ਹਨੀ ਚਾਹੀਦੀ ਹੈ।

-ਜਤਿੰਦਰ ਸਿੰਘ ਔਲਖ
ਮੋ: 98155-34653.

ਘੋੜ ਦੌੜ
ਨਾਵਲਕਾਰ : ਰਾਜਿੰਦਰ ਰਾਜ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 225, ਸਫ਼ੇ : 174.

ਰਾਜਿੰਦਰ ਰਾਜ ਬਹੁਪੱਖੀ ਪ੍ਰਤਿਭਾ ਵਾਲਾ ਨਾਵਲਕਾਰ ਹੈ। ਉਹ ਆਪਣਾ ਨਵਾਂ ਨਾਵਲ 'ਘੋੜ ਦੌੜ' ਲੈ ਕੇ ਪਾਠਕਾਂ ਦੇ ਰੂ-ਬਰੂ ਹੋਇਆ ਹੈ। ਇਸ ਨਾਵਲ ਵਿਚ ਰਾਜਿੰਦਰ ਰਾਜ ਨੇ ਵਿਦੇਸ਼ੀ ਧਰਤੀ 'ਤੇ ਵਿਚਰਦਿਆਂ ਉਥੋਂ ਦੀ ਤਰਜ਼ੇ-ਜ਼ਿੰਦਗੀ ਨੂੰ ਪੇਸ਼ ਕਰਦਿਆਂ ਉਥੇ ਵਸੇ ਪੰਜਾਬੀਆਂ ਦੀ ਜ਼ਿੰਦਗੀ ਵਿਚ ਪੈਦਾ ਹੋਈਆਂ ਦੁਸ਼ਵਾਰੀਆਂ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ। ਜੇਕਰ ਗਹੁ ਨਾਲ ਵਾਚਿਆ ਜਾਵੇ ਤਾਂ ਜਿਥੇ ਇਹ ਨਾਵਲ ਕੈਨੇਡਾ ਵਿਚ ਵਿਚਰਦੇ ਪੰਜਾਬੀਆਂ ਦੀ ਹੋਣੀ ਬਿਆਨਦਾ ਹੈ, ਉਥੇ ਇਸ ਨਾਵਲ ਵਿਚ ਇਧਰ ਵਸਦੇ ਪਰਵਾਸੀਆਂ ਦੇ ਰਿਸ਼ਤੇਦਾਰਾਂ ਵੱਲੋਂ ਉਨ੍ਹਾਂ ਦੀ ਜ਼ਮੀਨ-ਜਾਇਦਾਦ ਅਤੇ ਪੂੰਜੀ ਹੜੱਪਣ ਦੀਆਂ ਕੋਝੀਆਂ ਚਾਲਾਂ ਨੂੰ ਵੀ ਨੰਗਿਆਂ ਕਰਨ ਦਾ ਯਤਨ ਕੀਤਾ ਹੈ। ਸੌਦਾਗਰ ਸਿੰਘ ਇਸ ਨਾਵਲ ਵਿਚ ਪੇਸ਼ ਅਜਿਹਾ ਹੀ ਪਾਤਰ ਹੈ, ਜੋ ਗੁਰਚਰਨ ਸਿੰਘ ਜੋ ਕਿ ਕੈਨੇਡਾ ਵਿਚ ਰਹਿ ਰਿਹਾ ਹੈ, ਉਸ ਦੀ ਖਾਨਦਾਨੀ ਕੋਠੀ ਵੇਚ ਦਿੰਦਾ ਹੈ। ਪਰ ਗੁਰਚਰਨ ਸਿੰਘ ਦੇ ਵਿਦੇਸ਼ ਵਿਚੋਂ ਪਰਤ ਕੇ ਆਪਣਾ ਹੱਕ ਮੰਗਣ ਅਤੇ ਜ਼ਿੰਮੇਵਾਰ ਪ੍ਰਸ਼ਾਸਕੀ ਅਧਿਕਾਰੀਆਂ ਵੱਲੋਂ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰੀ ਦੇ ਹੱਕ ਵਿਚ ਭੁਗਤ ਜਾਣ ਨੂੰ ਵੀ ਨਾਵਲਕਾਰ ਨੇ ਬਾਖੂਬੀ ਪੇਸ਼ ਕੀਤਾ ਹੈ। ਇਹ ਪਰਵਾਸੀ ਦੋਹਰੇ ਸੰਤਾਪ ਨੂੰ ਆਪਣੀ ਹੋਣੀ ਸਮਝ ਕੇ ਜ਼ਿੰਦਗੀ ਭੋਗਦੇ ਹਨ। ਇਨ੍ਹਾਂ ਦੀ ਅਗਲੀ ਪੀੜ੍ਹੀ ਇਨ੍ਹਾਂ ਦੇ ਸੱਭਿਆਚਾਰ ਨਾਲੋਂ ਅਤੇ ਪੰਜਾਬੀ ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ ਨੂੰ ਭੁੱਲਦੀ ਹੋਈ ਨਜ਼ਰ ਆਉਂਦੀ ਹੈ। ਇਸ ਮਸ਼ੀਨੀ ਜ਼ਿੰਦਗੀ ਵਿਚ ਲੰਮੀ ਪੈਸੇ ਦੀ ਘੋੜ ਦੌੜ ਅਤੇ ਇਨਸਾਨੀ ਕਦਰਾਂ-ਕੀਮਤਾਂ ਦਾ ਮਿੱਟੀ ਵਿਚ ਰੁਲ ਜਾਣਾ ਵੀ ਇਸ ਨਾਵਲ ਦੀ ਇਕ ਕੜੀ ਵਜੋਂ ਉੱਭਰਦਾ ਹੈ। ਰਾਜਿੰਦਰ ਰਾਜ ਦਾ ਇਹ ਨਾਵਲ 'ਘੋੜ ਦੌੜ' ਇਸ ਪਾਸੇ ਵੀ ਇਸ਼ਾਰਾ ਕਰਦਾ ਹੈ ਕਿ ਕੇਵਲ ਪੰਜਾਬੀ ਹੀ ਕੈਨੇਡਾ ਦੀ ਧਰਤੀ 'ਤੇ ਸ਼ੋਸ਼ਣ ਦਾ ਸ਼ਿਕਾਰ ਨਹੀਂ ਹੋਏ ਅਤੇ ਜਾਅਲੀ ਏਜੰਟਾਂ ਦੇ ਧੱਕੇ ਚੜ੍ਹ ਕੇ ਉਨ੍ਹਾਂ ਹੀ ਕਸ਼ਟ ਨਹੀਂ ਭੋਗਿਆ, ਸਗੋਂ ਹੋਰ ਦੇਸ਼ਾਂ ਤੋਂ ਇਥੇ ਆ ਕੇ ਵਸਣ ਵਾਲੇ ਲੋਕ ਵੀ ਇਸ ਦਾ ਸ਼ਿਕਾਰ ਹੋਏ ਹਨ।
ਇਸ ਨਾਵਲ ਵਿਚ ਨਾਵਲਕਾਰ ਨੇ ਪੰਜਾਬੀ ਭਾਈਚਾਰੇ ਦੁਆਰਾ ਵਿਦੇਸ਼ਾਂ ਵਿਚ ਮਾਰੀਆਂ ਮੱਲਾਂ ਦਾ ਜ਼ਿਕਰ ਵੀ ਕੀਤਾ ਹੈ। ਪੰਜਾਬ ਵਿਚ ਚੱਲੀ ਖਾੜਕੂਵਾਦ ਦੀ ਹਨੇਰੀ ਅਤੇ ਪੰਜਾਬੀਆਂ ਦਾ ਪ੍ਰਦੇਸ਼ਾਂ ਵੱਲ ਪਰਵਾਸ ਵੀ ਇਸ ਨਾਵਲ ਵਿਚ ਵਿਸ਼ੇ ਵਜੋਂ ਪੇਸ਼ ਹੋਇਆ ਹੈ। ਪਾਤਰਾਂ ਦੇ ਮੂੰਹੋਂ ਵਿਸ਼ੇ ਅਨੁਕੂਲ ਭਾਸ਼ਾ ਦਾ ਇਸਤੇਮਾਲ ਵੀ ਨਾਵਲ ਦਾ ਹਾਸਲ ਬਣਦਾ ਹੈ। ਨਾਵਲ ਵਿਚ ਪਰੂਫ ਰੀਡਿੰਗ ਪੱਖੋਂ 'ਵ' ਅਤੇ 'ਬ' ਦੀ ਵਰਤੋਂ ਵਿਚ ਊਣਤਾਈਆਂ ਨਜ਼ਰ ਆਉਂਦੀਆਂ ਹਨ ਜਿਵੇਂ ਬਾਰਡਰ ਨੂੰ ਵਾਡਰ ਜਾਂ ਵਾਰਡਰ, ਬਿਜ਼ੀ ਨੂੰ ਵਿਜ਼ੀ, ਬਿਜ਼ਨਸਮੈਨ ਨੂੰ ਵਿਜ਼ਨੈਸਮੈਨ ਆਦਿ ਸ਼ਬਦਾਂ ਦੁਆਰਾ ਲਿਖਿਆ ਗਿਆ ਹੈ। ਇਹ ਨਾਵਲਕਾਰ ਦੇ ਇਲਾਕਾਈ ਭੇਦ ਦਾ ਕਾਰਨ ਵੀ ਹੋ ਸਕਦਾ ਹੈ। ਇਹ ਨਾਵਲਕਾਰ ਦਾ ਪਰਵਾਸੀਆਂ ਦੀ ਜ਼ਿੰਦਗੀ ਦੇ ਬਹੁਪਰਤੀ ਅਤੇ ਬਹੁਪਾਸਾਰੀ ਸਰੋਕਾਰਾਂ ਨੂੰ ਆਪਣੇ ਕਲੇਵਰ ਵਿਚ ਬੰਨ੍ਹਦਾ ਵਧੀਆ ਨਾਵਲ ਹੈ, ਜੋ ਪਾਠਕਾਂ ਨੂੰ ਪ੍ਰਭਾਵਿਤ ਜ਼ਰੂਰ ਕਰੇਗਾ।

-ਸਰਦੂਲ ਸਿੰਘ ਔਜਲਾ
ਮੋ: 98141-68611.

ਬੁਲਬੁਲਿਆਂ ਦੀ ਕਾਸ਼ਤ
ਲੇਖਕ : ਕੇਸਰਾ ਰਾਮ
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨਜ਼, ਮਾਨਸਾ
ਮੁੱਲ : 130 ਰੁਪਏ, ਸਫ਼ੇ : 120.

ਮਨੁੱਖੀ ਸਮਾਜ ਦਾ ਇਕ ਵੱਡਾ ਹਿਸਾ ਠੋਸ ਉਪਰਾਲਿਆਂ ਦੀ 'ਖੰਡ ਦੇ ਖਿਡਾਉਣਿਆਂ' ਦੀ ਮਿਠਾਸ ਮਗਰ ਦੌੜਿਆ ਫਿਰ ਰਿਹਾ ਹੈ। ਹਵਾ ਵਿਚ ਤਲਵਾਰਾਂ ਮਾਰ ਰਿਹਾ ਹੈ। ਆਪਣਾ ਸਭ ਕੁਝ ਦਾਅ ਉਤੇ ਲਾਉਣ ਤੋਂ ਬਾਅਦ ਵੀ ਉਸ ਦੇ ਹੱਥ-ਪੱਲੇ ਕੁਝ ਨਹੀਂ ਪੈ ਰਿਹਾ। ਇਸ ਸਭ ਕੁਝ ਨੂੰ ਆਧਾਰ ਬਣਾ ਕੇ ਹੀ ਉੱਘੇ ਲੇਖਕ ਕੇਸਰਾ ਰਾਮ ਨੇ 'ਬੁਲਬੁਲਿਆਂ ਦੀ ਕਾਸ਼ਤ' ਕਹਾਣੀ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਇਆ ਹੈ।
ਮਾਦਾ ਭਰੂਣ ਹੱਤਿਆ, ਪ੍ਰੀਤ ਦੇ ਵਣਜਾਰਿਆਂ ਦੀ ਸੁਰੱਖਿਆ ਲਈ ਬਣੇ ਕਾਨੂੰਨ ਦੀਆਂ ਖਾਪ ਪੰਚਾਇਤਾਂ ਵੱਲੋਂ ਉਡਾਈਆਂ ਜਾਂਦੀਆਂ ਧੱਜੀਆਂ, ਅਮੀਰਾਂ ਵੱਲੋਂ ਗਰੀਬਾਂ ਦੀ ਇੱਜ਼ਤ ਨਾਲ ਸਿਰਫ ਸ਼ੁਗਲ ਵਾਸਤੇ ਖੇਡਣ ਦੇ ਵਰਤਾਰੇ, ਐਸ਼ਪ੍ਰਸਤੀ ਇੱਜ਼ਤ-ਆਬਰੂ ਨੂੰ ਰੋਲਣ ਵਾਲੀ ਔਲਾਦ ਦੇ ਬੇਕਸੂਰ ਮਾਪਿਆਂ ਨੂੰ ਬਰਾਦਰੀ ਵੱਲੋਂ ਹੀ ਛੇਕ ਦੇਣ ਦੀ ਤਰਾਸਦੀ, ਜੁਗਨੂੰਆਂ (ਬਾਜ਼ਾਰ ਸ਼ੇਅਰਾਂ) ਦੀ ਫੋਕੀ ਚਕਾਚੌਂਧ ਨੂੰ ਮਾਨਣ ਲਈ ਅਜੋਕੀ ਬਹੁਗਿਣਤੀ ਵੱਲੋਂ ਕੰਮਕਾਰ ਦੀ ਮੁਸ਼ੱਕਤ ਘਾਲ ਨੂੰ ਛੱਡ ਕੇ ਰਾਤੋ-ਰਾਤ ਅਮੀਰ ਹੋਣ ਖਾਤਰ ਹਰ ਚੱਲ-ਅਚੱਲ ਜਾਇਦਾਦ ਦੀ ਬਲੀ ਦੇਣ ਦੇ ਰੁਝਾਨ, ਰੁੱਖਾਂ ਦੀ ਅੰਨ੍ਹੇਵਾਹ ਕਟਾਈ, ਪਾਣੀ ਦੀ ਦੁਰਵਰਤੋਂ ਨਾਲ ਆਉਣ ਵਾਲਾ ਸੰਭਾਵੀ ਸੰਕਟ (ਪਾਣੀ ਦੀ ਬੂੰਦ ਲਈ ਤੜਪ), ਮਸ਼ੀਨ ਬਣੇ ਮਨੁੱਖ ਵੱਲੋਂ ਆਪਣੀ ਮਾਂ (ਧਰਤ) ਨੂੰ ਹਰ ਪੱਖੋਂ ਹੌਲਾ ਕਰਕੇ ਹੋਰਨਾਂ ਗ੍ਰਹਿਆਂ ਤੋਂ ਜੀਵਨ ਸੁੱਖ ਭਾਲਣਾ, ਸਿਰਫ ਕਿਤਾਬੀ ਲਿਖਤਾਂ ਵਿਚ ਹੀ ਇਤਿਹਾਸ ਸੀਮਾਬੱਧ ਕਰ ਲੈਣਾ ਬੁਲਬੁਲਿਆਂ ਦੀ ਕਾਸ਼ਤ ਕਰਨ ਦੇ ਤੁੱਲ ਹੈ ਅਤੇ ਮਨੁੱਖੀ ਜੀਵਨ ਦੀ ਅਤਿਅੰਤ ਲੋੜ 'ਸਿੱਖਿਆ' ਤੋਂ ਵਾਂਝੀਆਂ ਰਹਿ ਚੁੱਕੀਆਂ ਬਾਲੜੀਆਂ ਜਿਨ੍ਹਾਂ ਨੂੰ ਪਰਾਇਆ ਧਨ ਸਮਝ ਕੇ ਮਾਪਿਆਂ ਵੱਲੋਂ ਕੱਚੀ ਉਮਰੇ ਵਿਆਹ ਕਰ ਦੇਣ ਦਾ ਫਾਹਾ ਵੱਢਿਆ ਜਾਂਦਾ ਰਿਹਾ ਸੀ ਜਾਂ ਵੱਢਿਆ ਜਾ ਰਿਹਾ ਹੈ, ਉਨ੍ਹਾਂ ਦੀਆਂ ਰੀਝਾਂ ਦੇ ਬਲਦੇ ਸਿਵਿਆਂ ਦੇ ਸੇਕ ਆਦਿ ਤ੍ਰਾਸਦੀ ਨੂੰ ਬੜੀ ਸ਼ਿੱਦਤ ਨਾਲ ਦਿੱਤੀ ਗਈ ਸ਼ਬਦਾਵਲੀ ਇਸ ਕਹਾਣੀ ਸੰਗ੍ਰਹਿ ਵਿਚ ਪੜ੍ਹਨ ਨੂੰ ਮਿਲਦੀ ਹੈ। ਇਸ ਤਰ੍ਹਾਂ ਲੇਖਕ ਕੇਸਰਾ ਰਾਮ ਨੇ ਇਸ ਕਹਾਣੀ ਸੰਗ੍ਰਹਿ ਦੀ ਹਰੇਕ ਕਹਾਣੀ ਵਿਚ ਕਈ-ਕਈ ਵਿਸ਼ਿਆਂ ਨੂੰ ਸਫਲਤਾ-ਪੂਰਵਕ ਛੂਹ ਕੇ ਕਹਾਣੀ ਪ੍ਰਤੀ ਆਪਣੀ ਮਜ਼ਬੂਤ ਪਕੜ ਦਾ ਲੋਹਾ ਮੰਨਵਾਇਆ ਹੈ ਅਤੇ ਇਸ ਗੱਲ ਦਾ ਹੋਕਾ ਵੀ ਦਿੱਤਾ ਹੈ ਕਿ ਸਮਾਜਿਕ, ਧਾਰਮਿਕ ਤੇ ਰਾਜਨੀਤਕ ਕੁਰੀਤੀਆਂ, ਅੰਧਵਿਸ਼ਵਾਸਾਂ, ਵਹਿਮਾਂ-ਭਰਮਾਂ, ਕਰਮਕਾਂਡਾਂ ਅਤੇ ਤਰਕਹੀਣ/ ਭਰਮਾਊ/ਭੜਕਾਊ ਇਸ਼ਤਿਹਾਰਬਾਜ਼ੀ ਦੇ ਵਿਰੁੱਧ ਜੇਹਾਦ ਛੇੜਨਾ ਹੀ ਮਨੁੱਖਤਾ ਦੀ ਅਸਲ ਸੇਵਾ ਹੋ ਸਕਦੀ ਹੈ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858

ਦੇਵਤਿਆਂ ਵਰਗੇ ਮਨੁੱਖ
ਲੇਖਕ : ਜੰਗੀਰ ਸਿੰਘ ਭੂੰਦੜ
ਪ੍ਰਕਾਸ਼ਕ : ਪੰਜਨਦ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 142.

ਇਹ ਪੁਸਤਕ ਇਕ ਵੱਖਰੀ ਤਰ੍ਹਾਂ ਦੀ ਵਾਰਤਕ ਦਾ ਸੰਗ੍ਰਹਿ ਹੈ। ਪੁਸਤਕ ਦੇ ਲੇਖਕ ਜੰਗੀਰ ਸਿੰਘ ਭੂੰਦੜ ਨੇ ਇਸ ਪੁਸਤਕ ਵਿਚ ਜ਼ਿਲ੍ਹਾ ਬਠਿੰਡਾ ਦੇ ਪ੍ਰਸਿੱਧ ਪਿੰਡ ਭੂੰਦੜ ਕਲਾਂ, ਜਿਥੇ ਦਾ ਲੇਖਕ ਜੰਮਪਲ ਹੈ, ਬਾਰੇ ਅਤੇ ਇਸ ਪਿੰਡ ਦੀਆਂ ਨਾਮੀ-ਗ੍ਰਾਮੀ ਹਸਤੀਆਂ ਬਾਰੇ ਭਾਵਪੂਰਤ ਸ਼ਬਦਾਂ ਵਿਚ ਲਿਖ ਕੇ ਸ਼ਰਧਾ, ਸਤਿਕਾਰ ਅਤੇ ਦਿਲੀ ਪਿਆਰ ਦਾ ਇਜ਼ਹਾਰ ਕੀਤਾ ਹੈ। ਵਿਸ਼ੇਸ਼ ਤੌਰ 'ਤੇ ਪਿੰਡ ਭੂੰਦੜ ਅਤੇ ਜ਼ਿਲ੍ਹਾ ਬਠਿੰਡਾ ਦੀ ਪ੍ਰਸਿੱਧ ਹਸਤੀ ਬਿਹਤਰੀਨ ਇਨਸਾਨ, ਲਿਖਾਰੀ ਅਤੇ ਪਰਉਪਕਾਰੀ ਪ੍ਰੋ: ਕਰਮ ਸਿੰਘ ਨੂੰ ਜਿਥੇ ਲੇਖਕ ਨੇ ਇਹ ਸਮੁੱਚੀ ਪੁਸਤਕ ਸਮਰਪਿਤ ਕੀਤੀ ਹੈ, ਉਥੇ ਉਸ ਨੇ ਪ੍ਰੋ: ਸਾਹਿਬ ਜੀ ਦੀ ਵੱਡ-ਅਕਾਰੀ ਰਚਨਾ 'ਸੋਹਣੀ' ਬਾਰੇ ਭਰਪੂਰ ਚਰਚਾ ਕਰਦਿਆਂ ਪ੍ਰੋ: ਸਾਹਿਬ ਦੀ ਸਾਹਿਤਕਾਰੀ ਨੂੰ ਸੀਸ ਝੁਕਾਇਆ ਹੈ। ਇਸੇ ਤਰ੍ਹਾਂ ਉਸ ਨੇ ਪਿੰਡ ਭੂੰਦੜ ਦੀਆਂ ਸਾਹਿਤ, ਵਿਗਿਆਨ ਅਤੇ ਹੋਰ ਵੱਖ-ਵੱਖ ਖੇਤਰਾਂ ਦੀਆਂ ਸ਼ਖ਼ਸੀਅਤਾ ਦਾ ਵੀ ਇਸ ਪੁਸਤਕ ਵਿਚ ਦਰਜਾ-ਬ-ਦਰਜਾ ਜ਼ਿਕਰ ਕੀਤਾ। ਪ੍ਰੋ: ਗੁਰਬਚਨ ਸਿੰਘ ਨਰੂਆਣਾ ਦੁਆਰਾ ਸੰਪਾਦਿਤ ਅਤੇ ਲੇਖਕ ਲਾਭ ਸਿੰਘ ਸੰਧੂ ਦੀ ਨਿਗਰਾਨੀ ਵਿਚ ਪ੍ਰਕਾਸ਼ਿਤ ਹੋਈ ਇਸ ਪੁਸਤਕ ਵਿਚ ਲੇਖਕ ਦੁਆਰਾ ਲਿਖੇ ਲੇਖ 'ਮਾਪੇ ਬਨਾਮ ਸੰਤਾਨ', 'ਇਕ ਅਦਭੁੱਤ ਰਚਨਾ 'ਸੋਹਣੀ ਕਰਮ ਸਿੰਘ', ਅਸਲੀ ਬੰਦੇ, ਪ੍ਰੋ: ਕਰਮ ਸਿੰਘ ਦਾ ਤਖ਼ਤ ਹਜ਼ਾਰਾ, ਅਫਸਰਾਂ ਦੀਆਂ ਗੱਲਾਂ, ਸ਼ਰਾਫ਼ਤ ਦਾ ਮੁੱਲ ਆਦਿ ਪੜ੍ਹ ਕੇ ਇਹ ਕਹਿਣਾ ਕਠਿਨ ਲਗਦਾ ਹੈ ਕਿ ਲੇਖਕ ਜੰਗੀਰ ਸਿੰਘ ਭੂੰਦੜ ਦੀ ਇਹ ਪਲੇਠੀ ਪੁਸਤਕ ਹੈ। ਇਸ ਪੁਸਤਕ ਵਿਚ ਆਪਣੇ ਪਿੰਡ ਭੂੰਦੜ ਕਲਾਂ ਦੇ ਜੰਮਪਲ ਮਾਲਵੇ ਦੇ ਸ਼੍ਰੋਮਣੀ ਕਵੀਸ਼ਰ ਸੰਤ ਧਿਆਨ ਸਿੰਘ, ਕਵੀਸ਼ਰ ਗੰਗਾ ਸਿੰਘ ਭੂੰਦੜ ਬਾਰੇ ਜਿਥੇ ਲੇਖਕ ਨੇ ਸ਼ਰਧਾ ਵਿਅਕਤ ਕੀਤੀ ਹੈ, ਉਥੇ ਮਹਿਕਮਾ ਜੰਗਲਾਤ ਜਿਸ ਵਿਚ ਲੇਖਕ ਨੂੰ ਪ੍ਰੋ: ਕਰਮ ਸਿੰਘ ਨੇ ਭਰਤੀ ਕਰਾਇਆ ਸੀ ਅਤੇ ਉਸ ਮਹਿਕਮੇ 'ਚੋਂ ਲੇਖਕ ਬਤੌਰ ਫਾਰੈਸਟ ਅਫਸਰ ਸੇਵਾ ਨਵਿਰਤ ਹੋਇਆ, ਬਾਰੇ ਵੀ ਆਪਣਾ ਬਹੁਪੱਖੀ ਤਜਰਬਾ ਸਾਂਝਾ ਕਰਕੇ ਇਸ ਪੁਸਤਕ ਦੀ ਅਮੀਰੀ ਵਿਚ ਵਾਧਾ ਕੀਤਾ ਹੈ। ਇਹ ਕਹਿਣਾ ਅਤਿਕਥਨੀ ਨਹੀਂ ਹੈ ਕਿ ਕਿਸੇ ਪਿੰਡ ਬਾਰੇ ਲਿਖੀ ਗਈ ਅਜਿਹੀ ਪੁਖਤਾ ਰਚਨਾ ਦੂਜਿਆਂ ਲਈ ਵੱਡੀ ਮਿਸਾਲ ਹੈ।

-ਸੁਰਿੰਦਰ ਸਿੰਘ ਕਰਮ
ਮੋ: 98146-81444.

31-3-2013

 ਨਿੱਕੇ ਵੱਡੇ ਮੈਟਰੋ
ਲੇਖਕ : ਬੀ. ਐਸ. ਬੀਰ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 325 ਰੁਪਏ, ਸਫ਼ੇ : 215.

'ਨਿੱਕੇ ਵੱਡੇ ਮੈਟਰੋ' ਬੀ. ਐਸ. ਬੀਰ ਦਾ ਸੱਤਵਾਂ ਕਹਾਣੀ ਸੰਗ੍ਰਹਿ ਹੈ। ਇਸ ਕਹਾਣੀ ਸੰਗ੍ਰਹਿ ਵਿਚ ਉਸ ਦੇ ਵਿਸ਼ੇ ਸਮੁੱਚੇ ਵਿਸ਼ਵ ਨੂੰ ਆਪਣੇ ਕਲਾਵੇ ਵਿਚ ਲੈਂਦੇ ਹਨ। ਉਹ ਮੂਲ-ਮਾਨਵਤਾ ਨੂੰ ਪਕੜਣ ਦੇ ਆਹਰ ਵਿਚ ਰਹਿੰਦਾ ਹੈ। ਇਸੇ ਕਰਕੇ ਉਸ ਦੀ ਵਿਸ਼ਾ ਚੋਣ ਵੰਨ-ਸੁਵੰਨੀ ਹੈ। ਇਸ ਵੰਨ-ਸੁਵੰਨਤਾ ਵਿਚ ਡਾਕਟਰ ਦੀ ਆਪਣੇ ਕਿੱਤੇ ਪ੍ਰਤੀ ਵਚਨਬੱਧਤਾ (ਡਾਕਟਰ ਤੇ ਸਫ਼ਾ), ਭਾਰਤ-ਪਾਕਿ ਦੇ ਲੋਕਾਂ ਦੀ ਆਪਸੀ ਸਾਂਝ (ਪਾਣੀ ਦਾ ਛੰਨਾ), ਬਾਲ-ਮਨੋਵਿਗਿਆਨ ਦੀ ਪੇਸ਼ਕਾਰੀ (ਮਾਂ ਪੁੱਤ, ਇਕ ਮੁਠੀ ਜਾਨ), ਪ੍ਰੇਮਿਕਾ ਦਾ ਪੂਰਵ-ਸ਼ਾਦੀ ਸਤ-ਭੰਗ (ਕੈਂਸਰ), ਸਵਰਾਜ ਪ੍ਰਾਪਤੀ ਬਨਾਮ ਨਿੱਜੀ ਜਜ਼ਬੇ (ਬੁੰਦੇਲਖੰਡ ਦੀ ਮਹਾਰਾਣੀ), ਡਾਲਰ ਲਈ ਦੌੜ ਬਨਾਮ ਮਨੁੱਖੀ ਅਸਤਿਤਵ (ਟਰਾਲਾ ਮਾਸਟਰ, ਜਲਾਵਤਨ), ਮਰਦ ਦਾ ਜਾਨਵਰ ਰੂਪ (ਜਾਨਵਰ, ਕਤਲ), ਮਤ੍ਰੇਈ ਮਾਂ ਦੇ ਕੁੜੀ ਜੰਮਣ ਦੀ ਖੁਸ਼ੀ (ਭੰਗੜੇ ਦਾ ਢੋਲ), ਹਾਣ ਨੂੰ ਹਾਣ ਪਿਆਰਾ (ਜ਼ਮੀਨ 'ਚੋਂ ਉਗਮਦੇ ਮਰਦ), ਬੁਢਾਪੇ ਦੀ ਮਾਨਸਿਕਤਾ (ਤੇਲ ਦੀ ਸ਼ੀਸ਼ੀ), ਮਰਦ-ਔਰਤ ਦੋਵੇਂ ਬੇਵਫ਼ਾ (ਸਟਿੱਪਨੀ), ਸਿਦਕ ਅਤੇ ਮਿਹਨਤ (ਬਰਕਤਾਂ ਦੀ ਰਾਣੀ), ਨਿੱਕੇ-ਮੋਟੇ ਘਰੇਲੂ ਝਗੜਿਆਂ ਨੂੰ ਗੰਭੀਰਤਾ ਨਾਲ ਨਾ ਲੈਣਾ (ਕਿਤਿ ਬਿਧ ਜੀਵੀਏ), ਆਤਮ-ਚਿੰਤਨ ਦਾ ਮਹੱਤਵ (ਪਛਾਣ), ਆਪਣੇ ਖੂਨ ਨਾਲ ਮੋਹ (ਪਾਪਾ ਨੰ: 2), ਅੰਤਰ-ਜਾਤੀ ਵਿਆਹ (ਦੋ ਜੱਟੀਆਂ), ਗੈਂਗ-ਰੇਪ ਵਿਚ ਅਸਫ਼ਲਤਾ (ਵਿਕਾਊ), ਮਰਦ ਦੀਆਂ ਪ੍ਰਾਪਤੀਆਂ ਵਿਚ ਔਰਤ ਦਾ ਹੱਥ (ਤੋਰੇ ਕਾਰਨ) ਅਤੇ (ਕੰਧੀ ਉੱਤੇ ਰੁੱਖੜਾ) ਸੇਵਾ, ਸੰਗਤ-ਪੰਗਤ, ਕਿਰਤ ਦਾ ਸੰਦੇਸ਼ ਆਦਿ ਵਿਸ਼ੇ ਪ੍ਰਮੁੱਖ ਹਨ। ਬੀਰ ਇਕ ਪ੍ਰਬੁੱਧ ਕਥਾਕਾਰ ਹੈ। ਉਸ ਦਾ ਗਲਪਨਿਕ ਵਿਵੇਕ ਅਨੇਕਾਂ ਜੁਗਤਾਂ ਦਾ ਪ੍ਰਯੋਗ ਕਰਦਾ ਹੈ, ਜਿਵੇਂ ਪਿੱਛਲਝਾਤ-ਅਗਲਝਾਤ, ਮਨਬਚਨੀ, ਯਾਦ, ਉੱਤਮ-ਪੁਰਖੀ/ਅਨ੍ਰਯ-ਪੁਰਖੀ ਸ਼ੈਲੀ, ਬਦਲਵਾਂ ਫੋਕਸੀਕਰਨ ਆਦਿ। ਉਹ ਅਨੇਕਾਂ ਵਾਰ ਸਮਾਂ, ਸਥਾਨ ਅਤੇ ਮੌਸਮ ਦੱਸ ਕੇ ਕਥਾ/ਬਿਰਤਾਂਤ ਲਈ ਵਾਤਾਵਰਨ ਦੀ ਉਸਾਰੀ ਕਰ ਲੈਂਦਾ ਹੈ। ਪਾਤਰਾਂ ਦੇ ਨਕਸ਼-ਚਿੱਤਰਣ, ਉਨ੍ਹਾਂ ਦੇ ਅਨੁਕੂਲ ਭਾਸ਼ਾ ਅਤੇ ਉਨ੍ਹਾਂ ਦੇ ਸੰਵਾਦਾਂ ਨਾਲ ਆਪਣੇ ਬਿਰਤਾਂਤ ਵਿਚ ਨਾਟਕੀਅਤ ਦਾ ਅੰਸ਼ ਭਰ ਦਿੰਦਾ ਹੈ। ਇਸੇ ਲਈ ਉਸ ਦੀਆਂ ਕਹਾਣੀਆਂ ਵਿਚ ਜੀਵੰਤਤਾ ਦ੍ਰਿਸ਼ਟੀਗੋਚਰ ਹੁੰਦੀ ਹੈ। ਉਹ ਆਪਣੀਆਂ ਕਹਾਣੀਆਂ ਵਿਚ ਕਥਾ ਪ੍ਰਵਾਹ ਰੋਕੇ, ਮਲਕੜੇ ਜਿਹੇ ਦਾਰਸ਼ਨਿਕ ਟਿੱਪਣੀਆਂ, ਅਟੱਲ-ਸਚਾਈਆਂ ਅਤੇ ਉਪਦੇਸ਼ਾਂ ਦੀ ਮਿਠਾਸ ਭਰ ਜਾਂਦਾ ਹੈ। ਬੇਸ਼ੱਕ, ਬੀਰ ਇਕ ਸਿੱਧ-ਹਸਤ ਕਥਾਕਾਰ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007

ਨਿੰਦਕ
ਸ਼ਾਇਰ : ਬਲਬੀਰ ਸਿੰਘ 'ਬੀਰ'
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ।
ਮੁੱਲ :140 ਰੁਪਏ, ਸਫ਼ੇ : 86

ਬਲਬੀਰ ਸਿੰਘ ਬੀਰ ਲਗਾਤਾਰ ਕਾਵਿ ਸਿਰਜਣਾ ਕਰਨ ਵਾਲਾ ਕਲਮਕਾਰ ਹੈ, ਜਿਸ ਦੀਆਂ 'ਨਿੰਦਕ' ਪੁਸਤਕ ਤੋਂ ਪਹਿਲਾਂ ਸੱਤ ਕਿਤਾਬਾਂ ਛਪ ਚੁੱਕੀਆਂ ਹਨ। ਦਰਅਸਲ ਇਸ ਪੁਸਤਕ ਵਿਚਲਾ ਕਾਵਿ ਇਕ ਲੰਬੀ ਕਵਿਤਾ ਹੈ। ਨਿੰਦਕ ਵਿਸ਼ੇ 'ਤੇ ਛਿਆਸੀ ਸਫ਼ਿਆਂ ਦੀ ਕਿਤਾਬ ਦੀ ਸਿਰਜਣਾ ਸਚਮੁਚ ਕਮਾਲ ਹੈ। ਨਿੰਦਕ ਦੀ ਜ਼ਿੰਦਗੀ ਦਾ ਕੋਈ ਤੈਅ ਨਿਯਮ ਨਹੀਂ ਹੁੰਦਾ ਤੇ ਉਹ ਪਸ਼ੂਆਂ ਨਾਲੋਂ ਵੀ ਭੈੜਾ ਜੀਵਨ ਬਤੀਤ ਕਰਦਾ ਹੈ। ਬੀਰ ਅਨੁਸਾਰ ਨਿੰਦਕ ਸਾਰੇ ਪਾਪੀਆਂ ਦਾ ਸਰਗਨਾ ਹੈ ਤੇ ਸਭ ਨਾਲੋਂ ਵੱਧ ਕਲੰਕੀ ਹੁੰਦਾ ਹੈ। ਨਿੰਦਕ ਲੋਕਾਂ ਨੂੰ ਸਬਜ਼ ਬਾਗ਼ ਦਿਖਾ ਕੇ ਅੰਦਰ ਖ਼ਾਤੇ ਛੁਰੀਆਂ ਫੇਰਦਾ ਹੈ ਤੇ ਆਪਣੇ ਸਵਾਰਥ ਲਈ ਕਿਸੇ ਵੀ ਹੱਦ ਤੱਕ ਨੀਵਾਂ ਜਾ ਸਕਦਾ ਹੈ। ਇਸ ਲੰਬੀ ਕਵਿਤਾ ਵਿਚ ਨਿੰਦਕ ਬਾਰੇ ਬੀਰ ਨੇ ਵੱਖ-ਵੱਖ ਵਿਸਤਰਤ ਦ੍ਰਿਸ਼ਟੀਕੋਨ ਪੇਸ਼ ਕੀਤੇ ਨੇ ਉਸ ਦੇ ਵਿਅਕਤੀਤਵ ਦੀ ਵਿਸਥਾਰ ਨਾਲ ਵਿਆਖਿਆ ਕੀਤੀ ਹੈ। ਬੀਰ ਨੇ ਇਸ ਸੰਗ੍ਰਹਿ ਵਿਚ ਅਰਬੀ ਤੇ ਫ਼ਾਰਸੀ ਸ਼ਬਦਾਂ ਦੀ ਚੋਖੀ ਵਰਤੋਂ ਕੀਤੀ ਹੈ ਤੇ ਪੁਸਤਕ ਵਿਚ ਉਨ੍ਹਾਂ ਦੇ ਅਰਥਾਂ ਨੂੰ ਵੀ ਦੱਸਿਆ ਗਿਆ ਹੈ। ਇਸ ਤਰ੍ਹਾਂ ਇਹ ਪੁਸਤਕ ਕਈ ਸ਼ਬਦਾਂ ਦੇ ਅਰਥ ਸਮਝਾਉਣ ਲਈ ਸਹਾਈ ਹੋ ਸਕਦੀ ਹੈ। ਤਕਨੀਕੀ ਤੌਰ 'ਤੇ ਬੀਰ ਦੀ ਇਸ ਲੰਬੀ ਕਵਿਤਾ ਵਿਚ ਕਾਵਿਕ ਗੁਣਾਂ ਵਲੋਂ ਲਾਪ੍ਰਵਾਹੀ ਵਰਤੀ ਗਈ ਹੈ ਤੇ ਕਈ ਜਗ੍ਹਾ ਕਵਿਤਾ ਲਈ ਜ਼ਰੂਰੀ ਤੱਤਾਂ ਨੂੰ ਅਖੋਂ ਪ੍ਰੋਖੇ ਕੀਤਾ ਗਿਆ ਹੈ। ਕਾਫ਼ੀਏ ਕਵਿਤਾ ਦੀ ਜਿੰਦ ਜਾਨ ਹੁੰਦੇ ਹਨ ਪਰ ਇਨ੍ਹਾਂ ਸਬੰਧੀ ਸੰਜੀਦਗੀ ਨਹੀਂ ਵਰਤੀ ਗਈ ਤੇ ਇੰਝ ਕਰਨ ਨਾਲ ਇਕ ਵਿਸ਼ਾ ਹੁੰਦੇ ਹੋਏ ਵੀ ਬਹੁਤੇ ਸ਼ਿਅਰ ਸੁਤੰਤਰ ਲਗਦੇ ਹਨ।

-ਗੁਰਦਿਆਲ ਰੌਸ਼ਨ
ਮੋ: 99884-44002

ਲਟ ਲਟ ਬਲਦਾ ਸੂਰਜ
ਲੇਖਕ : ਪ੍ਰਿਤਪਾਲ ਗਿੱਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 320 ਰੁਪਏ, ਸਫ਼ੇ :80

'ਲਟ ਲਟ ਬਲਦਾ ਸੂਰਜ' ਪ੍ਰਿਤਪਾਲ ਗਿੱਲ ਦਾ ਖੂਬਸੂਰਤ ਕਵਿਤਾਵਾਂ ਦਾ ਸੰਗ੍ਰਹਿ ਹੈ। ਪੁਸਤਕ ਦੇ ਸ਼ੁਰੂ 'ਚ ਕਾਫੀ ਪੰਨਿਆਂ 'ਤੇ ਪ੍ਰਿਤਪਾਲ ਗਿੱਲ ਹੁਰਾਂ ਦੀਆਂ ਨਾਮਵਰ ਸਾਹਿਤਕ, ਰਾਜਨੀਤਕ ਅਤੇ ਕਲਾ ਦੇ ਖੇਤਰ ਦੀਆਂ ਹਸਤੀਆਂ ਨਾਲ ਤਸਵੀਰਾਂ ਹਨ। ਇਨ੍ਹਾਂ ਤਸਵੀਰਾਂ ਤੋਂ ਪ੍ਰਤੱਖ ਹੈ ਕਿ ਲੇਖਕ ਦਾ ਘੇਰਾ ਸਾਹਿਤ ਅਤੇ ਕਲਾ ਨਾਲ ਜੁੜੇ ਲੋਕਾਂ ਵਾਲਾ ਹੈ। ਭਾਵੇਂ ਪ੍ਰਿਤਪਾਲ ਗਿੱਲ ਸੂਖਮ ਅਹਿਸਾਸਾਂ ਦਾ ਸ਼ਾਇਰ ਹੈ ਪਰ ਫਿਰ ਵੀ ਉਹ ਕਿਤੇ ਵੀ ਕਾਵਿ ਅਹਿਸਾਸਾਂ ਨੂੰ ਬੋਝਲ ਨਹੀਂ ਹੋਣ ਦਿੰਦਾ। ਉਸ ਦੇ ਖਿਆਲ ਉਸ ਦੇ ਸ਼ਬਦਾਂ ਨਾਲ ਅਠਖੇਲੀਆਂ ਕਰਦੇ ਹੋਏ ਲਗਾਤਾਰ ਆਪਣੀ ਲੈਅ ਬਰਕਰਾਰ ਰੱਖਦੇ ਹਨ। 'ਉਮੀਦ', ਨਾਂਅ ਦੀ ਕਵਿਤਾ ਵਿਚ ਕਵੀ ਨੇ ਆਸ਼ਾ ਅਤੇ ਮਨੋਰਥ ਦੀ ਮਨੁੱਖੀ ਜ਼ਿੰਦਗੀ 'ਚ ਮਹੱਤਤਾ ਦਾ ਪ੍ਰਗਟਾਵਾ ਕੀਤਾ ਹੈ। ਉਮੀਦ ਕਵਿਤਾ ਬਹੁਤ ਹੀ ਕਮਾਲ ਦੀ ਕਵਿਤਾ ਹੈ। ਜਨਮ ਦਿਨ ਕਵਿਤਾ 'ਚ ਕਵਿਤਾ ਅਤੇ ਗਿਆਨ ਦੀ ਰੌਸ਼ਨੀ ਪ੍ਰਤੀ ਉਤਸ਼ਾਹ ਵਿਚ ਵਾਧਾ ਕਰਨ ਦਾ ਯਤਨ ਹੈ। ਜੋ ਵਿਗਿਆਨ, ਅਧਿਆਤਮਿਕਤਾ ਤੇ ਹੋਰ ਫਲਸਫਿਆਂ ਦੇ ਆਪਸੀ ਵਿਰੋਧਾਂ ਦੇ ਹਨੇਰੇ 'ਚ ਗੁਆਚ ਰਹੀ ਹੈ।
ਖਾਹਿਸ਼ਾਂ ਦੀ ਚੱਕੀ ਗੁੰਮਦੀ ਜਾਵੇ,
ਲੋਭੀ ਮਨ ਨੂੰ ਚੈਨ ਨਾ ਆਵੇ।
ਪੁਸਤਕ ਦੀਆਂ ਹੋਰ ਕਵਿਤਾਵਾਂ 'ਚ ਮਨੁੱਖੀ ਮਨ ਦੀਆਂ ਕੋਮਲ ਭਾਵਨਾਵਾਂ ਅਤੇ ਆਸ਼ਾਵਾਦ ਸੁਹਣਾ ਸਮਾਜ ਸਿਰਜਣ ਦੀ ਗੱਲ ਬੇਹੱਦ ਸੁੰਦਰ ਢੰਗ ਨਾਲ ਕੀਤੀ ਗਈ ਹੈ।

-ਜਤਿੰਦਰ ਸਿੰਘ ਔਲਖ
ਮੋ: 98155-34653.

24-3-2013

 ਸੁਖਨ ਸੁਗੰਧੀ ਦੀ ਸ਼ਾਮਲਾਟ
(ਪ੍ਰੋ: ਅਨੂਪ ਵਿਰਕ)
ਸੰਪਾਦਕ : ਤਰਨਦੀਪ ਦਿਓਲ
ਪ੍ਰਕਾਸ਼ਕ : ਵਿਸ਼ਵ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 224.

ਮੈਂ ਅਨੂਪ ਵਿਰਕ ਦੀ ਚਮਤਕਾਰੀ ਪ੍ਰਤਿਭਾ ਦਾ ਗਵਾਹ ਹਾਂ। ਇੰਦਰਧਨੁਸ਼ ਦੇ ਰੰਗਾਂ ਵਾਂਗ ਉਸ ਦੀ ਸ਼ਖ਼ਸੀਅਤ ਦੇ ਵੀ ਅਨੇਕ ਰੰਗ ਹਨ। ਹਥਲੀ ਪੁਸਤਕ ਵਿਚ ਉਸ ਦੀ ਇੰਦਰਧਨੁਸ਼ੀ ਸ਼ਖ਼ਸੀਅਤ ਦੇ ਸਾਰੇ ਖੂਬਸੂਰਤ ਰੰਗ ਸੰਗ੍ਰਹਿਤ ਕੀਤੇ ਗਏ ਹਨ।
ਇਸ ਪੁਸਤਕ ਵਿਚ ਸੰਗ੍ਰਹਿਤ ਲੇਖਕਾਂ ਵਿਚ ਸੁਰਜੀਤ ਪਾਤਰ, ਸੁਰਜੀਤ ਮਾਨ, ਤੇਜਵੰਤ ਮਾਨ, ਇਕਬਾਲ ਰਾਮੂਵਾਲੀਆ, ਕੁਲਵੰਤ ਸਿੰਘ ਗਰੇਵਾਲ, ਦਰਸ਼ਨ ਖਟਕੜ, ਹਰਪਾਲ ਸਿੰਘ ਪੰਨੂ, ਅਮਰਜੀਤ ਸਿੰਘ ਪਰਾਗ, ਓਮ ਪ੍ਰਕਾਸ਼ ਗਾਸੋ, ਉਜਾਗਰ ਸਿੰਘ ਕੰਵਲ, ਰਜਨੀਸ਼ ਬਹਾਦਰ ਸਿੰਘ ਅਤੇ ਸਰਦਾਰ ਪੰਛੀ ਵਰਗੇ ਪੰਜਾਬ ਦੇ ਪ੍ਰਸਿੱਧ ਲੇਖਕ ਸ਼ਾਮਿਲ ਹਨ। ਅਵਤਾਰਜੀਤ ਅਨੁਸਾਰ ਅਨੂਪ ਵਿਰਕ ਦੀ ਸ਼ਖ਼ਸੀਅਤ ਇਸ ਪ੍ਰਕਾਰ ਹੈ : ਸ਼ਖ਼ਸੀਅਤ ਵਿਚ ਸੰਵੇਦਨਾ, ਕਾਇਆ ਵਿਚ ਕਵਿਤਾ, ਬੋਲਾਂ ਵਿਚ ਗੀਤ, ਚੁੱਪ ਵਿਚ ਚਿੰਤਨ ਦੀ ਸਿਖਰ। ਜਸਵਿੰਦਰ ਰੋਪੜ ਉਸ ਦਾ ਕਲਮੀ-ਚਿੱਤਰ ਇਸ ਪ੍ਰਕਾਰ ਖਿੱਚਦਾ ਹੈ : ਪਟਿਆਲਾ ਕੇ ਬਿਚ ਮਾ, ਇਕ ਸ਼ਾਇਰ ਵਸੇ ਕਮਾਲ। ਉਹਦੀ ਕਲਮ 'ਚ ਦਰਦ ਪੰਜਾਬ ਦਾ, ਉਹ ਸ਼ਬਦਾਂ ਦੀ ਟਕਸਾਲ। ਬਲਵਿੰਦਰ ਸੰਧੂ (ਵਿਰਕ ਅਨੂਪ ਹੈ) ਅਤੇ ਜੈਨਿੰਦਰ ਚੌਹਾਨ (ਪ੍ਰੋ: ਅਨੂਪ ਵਿਰਕ : ਗੁਰੂ ਦਕਸ਼ਣਾ) ਨੇ ਆਪਣੇ-ਆਪਣੇ ਕਲਮੀ-ਚਿਤਰ ਬੜੀ ਬੇਬਾਕੀ ਨਾਲ ਲਿਖੇ ਹਨ। ਤਰਨਦੀਪ ਦਿਓਲ ਨੇ ਪ੍ਰੋ: ਅਨੂਪ ਵਿਰਕ ਨਾਲ ਇਕ ਬੇਹੱਦ ਪ੍ਰਮਾਣਿਕ ਮੁਲਾਕਾਤ ਰਚਾਉਣ ਦਾ ਪ੍ਰਯਾਸ ਵੀ ਕੀਤਾ ਹੈ ਪਰ ਅਨੂਪ ਵਿਰਕ ਨੇ ਉਸ ਵੱਲੋਂ ਪੁੱਛੇ ਗਏ ਸੰਜੀਦਾ ਸਵਾਲਾਂ ਦੇ ਉੱਤਰ ਕਾਵਿਕ ਅੰਦਾਜ਼ ਨਾਲ ਦਿੱਤੇ ਹਨ। ਜਿਹੜੇ ਆਮ ਪਾਠਕਾਂ ਦੀ ਸੂਝ ਤੋਂ ਉਪਰੋਂ ਦੀ ਲੰਘ ਜਾਣਗੇ। ਆਪਣੀ ਸ਼ਾਇਰੀ ਦੇ ਮਿਜਾਜ਼ ਬਾਰੇ ਅਨੂਪ ਵਿਰਕ ਕਹਿੰਦਾ ਹੈ : 'ਸ਼ਾਇਰੀ ਮੇਰੀ ਇੰਜ ਹੈ, ਜਿਉਂ ਫੱਕਰਾਂ ਦਾ ਟੁੱਕ। ਮਨ ਨੂੰ ਦੇਵੇ ਤਾਜ਼ਗੀ, ਤਨ ਦੀ ਲਹੇ ਨਾ ਭੁੱਖ। ਸ਼ਾਇਰੀ ਮੇਰੀ ਜੰਗਲੀ, ਬੀਆਬਾਨ ਉਜਾੜ। ਫੁੱਲਾਂ ਦੇ ਸੰਗ ਕਰ ਰਿਹਾਂ, ਜਿਉਂ ਕੰਡਿਆਂ ਨੂੰ ਵਾੜ। ਕਵੀ-ਕਵੀਸ਼ਰ ਮੈਂ ਨਹੀਂ, ਨਾ ਸ਼ਾਇਰੀ ਦਾ ਮਾਨ। ਰੁੱਖੀ-ਮਿੱਸੀ ਜੋ ਵੀ, ਇਹ ਕਰਿਉ ਪਰਵਾਨ।' ਮੇਰੀ ਨਜ਼ਰ ਵਿਚ ਅਨੂਪ ਵਿਰਕ ਦਾ ਜੀਵਨ ਬਹੁਤ ਸਾਰੀਆਂ ਚੁਣੌਤੀਆਂ, ਵਿਸੰਗਤੀਆਂ ਅਤੇ ਅੰਤਰਵਿਰੋਧਾਂ ਵਿਚੋਂ ਗੁਜ਼ਰਿਆ ਹੈ, ਜਿਨ੍ਹਾਂ ਦਾ ਉਸ ਨੇ ਕਦੇ ਕਿਸੇ ਨੂੰ ਥਹੁ-ਪਤਾ ਨਹੀਂ ਲੱਗਣ ਦਿੱਤਾ। ਅਨੂਪ ਵਿਰਕ ਜ਼ਿੰਦਾਬਾਦ! ਉਹ ਆਪਣੇ ਧੜ ਉਪਰ ਨਿੱਤ, ਇਕ ਨਵਾਂ ਚਿਹਰਾ ਲਗਾ ਕੇ ਨਿਕਲਦਾ ਹੈ।

ਕਿੱਸਾਕਾਰ ਹਾਸ਼ਮ
(ਰਚਨਾ ਤੇ ਦੁਖਾਂਤ-ਚਿੰਤਨ)
ਖੋਜਕਰਤਾ : ਡਾ: ਮਨਜੀਤ ਕੌਰ ਕਾਲਕਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 180 ਰੁਪਏ, ਸਫ਼ੇ : 112.

ਡਾ: ਮਨਜੀਤ ਕੌਰ ਕਾਲਕਾ ਨੇ 'ਹਾਸ਼ਮ ਦੇ ਕਿੱਸਿਆਂ ਵਿਚ ਦੁਖਾਂਤ ਚੇਤਨਾ' ਵਿਸ਼ੈ ਉਪਰ ਖੋਜ ਕਰਨ ਉਪਰੰਤ ਪੀ.ਐਚ.ਡੀ. ਦੀ ਡਿਗਰੀ ਹਾਸਲ ਕੀਤੀ ਹੈ। ਉਸ ਨੇ ਆਪਣੇ ਖੋਜ-ਕਾਰਜ ਡਾ: ਅਤਰ ਸਿੰਘ ਦੀ ਦੇਖ-ਰੇਖ ਹੇਠ ਸੰਪੰਨ ਕੀਤਾ ਸੀ। ਇਸ ਖੋਜ-ਪੁਸਤਕ ਵਿਚ ਸੰਕਲਿਤ ਸਮੱਗਰੀ ਨੂੰ ਉਸ ਨੇ ਦੋ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਉਸ ਨੇ ਹਾਸ਼ਮ ਦੇ ਜੀਵਨ ਅਤੇ ਕਿੱਸਾ ਸੰਸਾਰ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਦੂਜੇ ਭਾਗ ਵਿਚ ਹਾਸ਼ਮ ਦੇ ਕਿੱਸਿਆਂ ਵਿਚ ਦੁਖਾਂਤ ਦੇ ਸਰੂਪ ਬਾਰੇ ਆਪਣਾ ਮਤ ਵਿਅਕਤ ਕੀਤਾ ਹੈ। ਡਾ: ਮਨਜੀਤ ਕੌਰ ਨੇ ਹਾਸ਼ਮ ਦੇ ਤਿੰਨ ਕਿੱਸਿਆਂ (ਸੱਸੀ ਪੁਨੂੰ, ਸੋਹਣੀ ਮਹੀਂਵਾਲ ਅਤੇ ਸ਼ੀਰੀ ਫਰਹਾਦ ਨੂੰ ਆਧਾਰ ਬਣਾ ਕੇ ਉਸ ਦੀ ਦੁਖਾਂਤ-ਚੇਤਨਾ ਦੇ ਵਿਭਿੰਨ ਪਾਸਾਰਾਂ ਨੂੰ ਛੋਹਿਆ ਹੈ। ਹਾਸ਼ਮ ਦੀ ਦੁਖਾਂਤ-ਚੇਤਨਾ ਨੂੰ ਉਸ ਨੇ ਦਾਰਸ਼ਨਿਕ ਅਤੇ ਰਹੱਸਵਾਦੀ ਸੰਦਰਭ ਵਿਚ ਰੱਖ ਕੇ ਵਿਸ਼ਲੇਸ਼ਿਤ ਕੀਤਾ ਹੈ। ਉਸ ਦੀ ਧਾਰਨਾ ਹੈ ਕਿ ਹਾਸ਼ਮ ਇਸ਼ਕ ਅਤੇ ਦੁੱਖ ਦੇ ਵਰਤਾਰੇ ਦਾ ਮੂਲ ਕਾਰਨ ਕਿਸਮਤ, ਭਾਗ, ਹੋਣੀ ਜਾਂ ਲੇਖਾਂ ਨੂੰ ਮੰਨਦਾ ਹੈ। ਡਾ: ਕਾਲਕਾ ਬਿਕਰਮ ਸਿੰਘ ਘੁੰਮਣ ਦਾ ਹਵਾਲਾ ਦਿੰਦੀ ਹੋਈ ਲਿਖਦੀ ਹੈ ਕਿ ਦੁਖਾਂਤ ਅਸਲ ਵਿਚ ਉਦੋਂ ਹੀ ਪੈਦਾ ਹੁੰਦਾ ਹੈ ਜਦੋਂ ਮਨ ਕੋਈ ਗੱਲ ਕਰਨ ਲਈ ਲੋਚਦਾ ਹੈ ਪਰ ਕਰ ਨਹੀਂ ਸਕਦਾ, ਨਾਇਕ ਦੇ ਮਨ ਦੀ ਕੋਈ ਕਮਜ਼ੋਰੀ ਜਾਂ ਸਮਾਜ ਦੀ ਪ੍ਰਬਲ ਵਿਰੋਧਤਾ ਜਿਸ ਤੋਂ ਪਾਤਰ ਜਾਣੂ ਹੈ, ਦੁਖਾਂਤ ਨਾਇਕ/ਨਾਇਕਾ ਦੇ ਆਦਰਸ਼ ਨੂੰ ਪੁੱਗਣ ਨਹੀਂ ਦਿੰਦੀ। ਨਾਇਕ ਆਪਣੀ ਜ਼ਿਦ ਉਤੇ ਅੜਿਆ ਰਹਿਣ ਕਰਕੇ ਦੁਖਾਂਤ ਦਾ ਭਾਗੀ ਬਣਦਾ ਹੈ। (ਪੰਜਾਬੀ ਕਿੱਸਾ ਕਾਵਿ ਅਤੇ ਦੁਖਾਂਤ ਪਰੰਪਰਾ, ਪੰਨਾ 193)
ਅਰਸਤੂ ਦੇ ਸੰਕਲਪ ਅਨੁਸਾਰ ਕਿਸੇ ਦੁਖਾਂਤ-ਨਾਟਕ ਦੇ ਨਾਇਕ ਦਾ ਵਿਅਕਤੀਤਵ ਬਹੁਤ ਵਿਰਾਟ ਹੁੰਦਾ ਹੈ, ਜੋ ਹੋਣੀ ਜਾਂ ਦੈਵੀ ਸ਼ਕਤੀਆਂ ਦੇ ਬਰਾਬਰ ਤੁਲਦਾ ਹੈ ਪਰ ਉਹ ਆਪਣੇ ਚਰਿਤਰ ਦੀ ਕਿਸੇ ਕਮਜ਼ੋਰੀ ਦੇ ਕਾਰਨ ਦੁਖਾਂਤ ਦੇ ਮੂੰਹ ਵਿਚ ਜਾ ਪੈਂਦਾ ਹੈ। ਇਸ ਦ੍ਰਿਸ਼ਟੀ ਤੋਂ ਦੇਖਿਆਂ ਕਿੱਸਾ ਕਾਵਿ ਦੇ ਨਾਇਕ/ ਨਾਇਕਾਵਾਂ ਸਾਧਾਰਨ ਨਰ-ਨਾਰੀਆਂ ਹੀ ਹੁੰਦੇ ਹਨ, ਉਨ੍ਹਾਂ ਦੀਆਂ ਮੁਸੀਬਤਾਂ ਅਥਵਾ ਮ੍ਰਿਤੂ ਨੂੰ ਦੁਖਾਂਤ ਦਾ ਦਰਜਾ ਦੇਣਾ ਵਾਜਿਬ ਪ੍ਰਤੀਤ ਨਹੀਂ ਹੁੰਦਾ। ਇਹ ਸਾਧਾਰਨ ਲੋਕਾਂ ਦੇ ਦੁਖਾਂਤ (''ਗ਼ਪਕਦਖ ਰ਀ਿ ;ਜਵਵ;ਕ ਠਕਅ) ਤਾਂ ਹੋ ਸਕਦੇ ਹਨ, ਕਲਾਸੀਕਲ ਅਰਥਾਂ ਵਿਚ ਇਨ੍ਹਾਂ ਨੂੰ ਦੁਖਾਂਤ ਦਾ ਦਰਜਾ ਦੇਣਾ ਉਚਿਤ ਨਹੀਂ ਹੋਵੇਗਾ। ਸਾਡੇ ਵਿਦਵਾਨਾਂ ਨੂੰ, ਕਿੱਸਾ ਕਾਵਿ ਨੂੰ ਦੁਖਾਂਤ ਸਿੱਧ ਕਰਨ ਦਾ ਆਗ੍ਰਹਿ ਨਹੀਂ ਕਰਨਾ ਚਾਹੀਦਾ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ : 98760-52136

ਪੰਜਾਬ ਦੀ ਧੀ
ਲੇਖਕ : ਗੁਰਦੇਵ ਸਿੰਘ ਮਠਾੜੂ
ਪ੍ਰਕਾਸ਼ਕ : ਭਾਈ ਮੋਹਕਮ ਸਿੰਘ ਸਪੋਰਟਸ ਟਰੱਸਟ, ਯੂਸਫ਼ਪੁਰ ਦਾਰੇਵਾਲ (ਜਲੰਧਰ)
ਮੁੱਲ : ਦਰਜ ਨਹੀਂ, ਸਫ਼ੇ : 124.

'ਪੰਜਾਬ ਦੀ ਧੀ' ਗੁਰਦੇਵ ਸਿੰਘ ਮਠਾੜੂ ਦੀ ਦਸਵੀਂ ਕਾਵਿ ਪੁਸਤਕ ਹੈ। ਉਸ ਦਾ ਪਹਿਲਾ ਮਹਾਂ-ਕਾਵਿ 'ਨੂਰ ਪ੍ਰਗਟ' ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਹੈ ਤੇ ਉਸ ਦਾ ਦੂਜਾ ਮਹਾਂ-ਕਾਵਿ 'ਪੰਜਵਾਂ ਨਾਨਕ' ਗੁਰੂ ਅਰਜਨ ਦੇਵ ਜੀ ਦੀ ਜੀਵਨ ਗਾਥਾ ਬਿਆਨ ਕਰਨ ਵਾਲੀ ਰਚਨਾ ਹੈ।
ਗੁਰਦੇਵ ਸਿੰਘ ਮਠਾੜੂ ਕਾਫੀ ਲੰਮੇ ਅਰਸੇ ਤੋਂ ਬਰਤਾਨੀਆ ਵਿਚ ਰਹਿ ਰਿਹਾ ਹੈ। ਉਹ ਗੁਰਮਿਤ ਜੀਵਨ ਨੂੰ ਪ੍ਰਣਾਇਆ ਇਕ ਅਜਿਹਾ ਕਵੀ ਹੈ, ਜਿਸ ਨੇ ਸਿੱਖ ਇਤਿਹਾਸ ਤੇ ਗੁਰਮਤਿ ਵਿਚਾਰਧਾਰਾ ਨੂੰ ਆਪਣੀ ਕਾਵਿ-ਰਚਨਾ ਦਾ ਆਧਾਰ ਬਣਾ ਕੇ ਰਚਨਾ ਕੀਤੀ ਹੈ।
'ਪੰਜਾਬ ਦੀ ਧੀ' ਪੁਸਤਕ ਵਿਚ ਮਠਾੜੂ ਦੀਆਂ 41 ਕਵਿਤਾਵਾਂ ਸ਼ਾਮਿਲ ਹਨ। ਇਹ ਲੇਖਕ ਦੀਆਂ ਧਾਰਮਿਕ ਕਵਿਤਾਵਾਂ ਦਾ ਸੰਗ੍ਰਹਿ ਹੈ। ਇਸ ਸੰਗ੍ਰਹਿ ਦੇ ਪਾਠ ਤੋਂ ਇਹ ਗੱਲ ਦ੍ਰਿਸ਼ਟੀਗੋਚਰ ਹੁੰਦੀ ਹੈ ਕਿ ਲੇਖਕ ਇਕ ਸ਼ਰਧਾਵਾਨ ਸਿੱਖ ਹੈ, ਜਿਸ ਦੇ ਰੋਮ-ਰੋਮ ਵਿਚ ਸਿੱਖੀ ਜੀਵਨ ਰਮਿਆ ਹੋਇਆ ਹੈ। ਉਸ ਨੇ ਇਸ ਸੰਗ੍ਰਹਿ ਵਿਚ ਜਿਥੇ ਸਿੱਖ ਇਤਿਹਾਸ ਨਾਲ ਸੰਬੰਧਿਤ ਵਿਅਕਤੀਆਂ ਦੇ ਜੀਵਨ ਚਿੱਤਰ ਪੇਸ਼ ਕੀਤੇ ਹਨ, ਉਥੇ ਉਸ ਨੇ ਗੁਰੂ ਸਾਹਿਬਾਨਾਂ ਦੇ ਜੀਵਨ ਬਾਰੇ ਅਤੇ ਸਿੱਖ ਕੌਮ ਦੀਆਂ ਬਹਾਦਰ ਸਿੰਘਣੀਆਂ ਦੇ ਜੀਵਨ ਨੂੰ ਵੀ ਵਰਣਾਤਮਕ ਸ਼ੈਲੀ ਵਾਲੀਆਂ ਕਵਿਤਾਵਾਂ ਵਿਚ ਪੇਸ਼ ਕੀਤਾ ਹੈ। ਕਵਿਤਾਵਾਂ ਵਿਚ ਵਰਤੀ ਗਈ ਭਾਸ਼ਾ ਅਤਿ ਸਾਦੀ ਅਤੇ ਪ੍ਰਭਾਵਸ਼ਾਲੀ ਹੈ।
ਇਹ ਲੇਖਕ ਵੱਲੋਂ ਆਪਣੀ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਦਾ ਇਕ ਚੰਗੇਰਾ ਯਤਨ ਹੈ।

-ਸੁਖਦੇਵ ਮਾਦਪੁਰੀ
ਮੋ: 94630-34472.

ਤਰਲੋਕ ਮਨਸੂਰ ਦੀਆਂ ਕਹਾਣੀਆਂ
ਸੰਪਾਦਕ : ਡਾ: ਬਲਜੀਤ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 400 ਰੁਪਏ, ਸਫ਼ੇ : 336.

ਮਰਹੂਮ ਕਹਾਣੀਕਾਰ ਤਰਲੋਕ ਮਨਸੂਰ ਨੇ ਬਹੁਤ ਸਾਰੀਆਂ ਕਹਾਣੀਆਂ ਦੀ ਰਚਨਾ ਅਤੇ ਸੰਪਾਦਨਾ ਕੀਤੀ। ਇਹ ਪੁਸਤਕ ਉਸ ਦੀਆਂ ਸਮੁੱਚੀਆਂ ਕਹਾਣੀਆਂ ਦਾ ਸੰਗ੍ਰਹਿ ਹੈ। ਇਸ ਵਿਚ ਲੇਖਕ ਦੇ ਪੰਜ ਕਹਾਣੀ-ਸੰਗ੍ਰਹਿ ਸ਼ਾਮਿਲ ਕੀਤੇ ਗਏ ਹਨ। ਉਸ ਦਾ ਪਹਿਲਾ ਕਹਾਣੀ-ਸੰਗ੍ਰਹਿ 'ਅਧੂਰੀ ਕਹਾਣੀ' ਸੰਨ 1948 ਵਿਚ ਪ੍ਰਕਾਸ਼ਿਤ ਹੋਇਆ। ਫ਼ੌਜੀ ਜੀਵਨ ਨਾਲ ਸਬੰਧਤ ਹੋਣ ਕਰਕੇ ਲੇਖਕ ਨੇ ਇਨ੍ਹਾਂ 14 ਕਹਾਣੀਆਂ ਵਿਚ ਫ਼ੌਜੀ ਜੀਵਨ ਦੇ ਅਨੁਭਵ ਅਤੇ ਭਾਰਤ-ਪਾਕਿ ਵੰਡ ਦੇ ਦੁਖਾਂਤ ਆਦਿ ਨੂੰ ਆਧਾਰ ਬਣਾਇਆ ਹੈ। ਦੂਜਾ ਸੰਗ੍ਰਹਿ 'ਮੌਸਮ ਖਰਾਬ ਹੈ' ਵਿਚ 21 ਕਹਾਣੀਆਂ ਹਨ। ਇਨ੍ਹਾਂ ਵਿਚ ਸਮਾਜਿਕ, ਆਰਥਿਕ ਆਦਿ ਵਿਸ਼ਿਆਂ ਦਾ ਯਥਾਰਥਕ ਚਿਤਰਣ ਕੀਤਾ ਗਿਆ ਹੈ। ਇਨ੍ਹਾਂ ਕਹਾਣੀਆਂ ਵਿਚ ਭਾਵੁਕਤਾ ਨਾਲੋਂ ਬੌਧਿਕਤਾ ਜ਼ਿਆਦਾ ਹੈ। ਤੀਜਾ ਸੰਗ੍ਰਹਿ 'ਈਮਾਨ ਆਪੋ ਆਪਣਾ' ਪਦਾਰਥਕ-ਦੌੜ ਵਿਚ ਗ੍ਰਸਤ ਹੋਏ ਮਨੁੱਖ ਦੀ ਤਰਸਯੋਗ ਹਾਲਤ, ਸਿਆਸਤ ਅਤੇ ਪੂੰਜੀਪਤੀਆਂ ਦੁਆਲੇ ਘੁੰਮਦਾ ਹੈ। ਇਸ ਵਿਚਲੀਆਂ 13 ਕਹਾਣੀਆਂ ਸਮਾਜਿਕ ਜਾਗ੍ਰਿਤੀ ਅਤੇ ਚੇਤਨਾ ਪੈਦਾ ਕਰਦੀਆਂ ਹਨ।
ਚੌਥਾ ਕਹਾਣੀ ਸੰਗ੍ਰਹਿ 'ਕਲਮ ਤੇ ਬੰਦੂਕ' ਲੇਖਕ ਦੇ ਸਾਹਿਤਕ ਅਤੇ ਸੈਨਿਕ ਅਨੁਭਵਾਂ ਦਾ ਚਿਤਰਣ ਹੈ। ਇਸ ਵਿਚ ਸ਼ਾਮਿਲ 22 ਕਹਾਣੀਆਂ ਸਾਡੀ ਸੰਵੇਦਨਾ ਨੂੰ ਜਗਾਉਂਦੀਆਂ ਹਨ। ਇਨ੍ਹਾਂ ਵਿਚ ਔਰਤ ਦੀ ਸਮਾਜਿਕ ਦਸ਼ਾ, ਦਾਜ ਪ੍ਰਥਾ, ਮਰਦ ਦੀ ਵਹਿਸ਼ਤ ਅਤੇ ਮਾਨਸਿਕ ਦਵੰਦ ਨੂੰ ਉਘਾੜਿਆ ਗਿਆ ਹੈ। 'ਊਣਾ ਆਦਮੀ' ਉਸ ਦਾ ਆਖਰੀ ਕਹਾਣੀ-ਸੰਗ੍ਰਹਿ ਹੈ। ਇਸ ਵਿਚਲੀਆਂ 8 ਕਹਾਣੀਆਂ ਅਹਿਸਾਸ ਅਤੇ ਅਨੁਭਵ ਦੀ ਸਿਖ਼ਰ ਹਨ। ਇਨ੍ਹਾਂ ਵਿਚ ਪਿਆਰ ਦੀ ਭੁੱਖ, ਬਿਰਹਾ, ਬੇਵਫ਼ਾਈ, ਨਿਰਾਸ਼ਾ, ਉਡੀਕ ਅਤੇ ਮੌਤ ਨੂੰ ਆਧਾਰ ਬਣਾਇਆ ਗਿਆ ਹੈ। ਜਿਵੇਂ ਫ਼ੌਜੀ ਦੇਸ਼ ਦੀਆਂ ਸਰਹੱਦਾਂ ਦਾ ਰਖਵਾਲਾ ਹੁੰਦਾ ਹੈ, ਉਵੇਂ ਹੀ ਸਾਹਿਤਕ-ਸਮਾਜਿਕ ਹਿੱਤਾਂ ਦੀ ਰਾਖੀ ਕਰਦਾ ਹੈ। ਲੇਖਕ ਵਿਚ ਇਹ ਦੋਵੇਂ ਗੁਣ ਮੌਜੂਦ ਹਨ। ਉਸ ਦੀਆਂ ਕਹਾਣੀਆਂ ਕੇਵਲ ਮਨੋਰੰਜਨ ਨਹੀਂ ਕਰਦੀਆਂ ਸਗੋਂ ਗੰਭੀਰ ਸਮੱਸਿਆਵਾਂ ਵੱਲ ਧਿਆਨ ਦੁਆ ਕੇ ਸਾਡੇ ਮਨਾਂ ਨੂੰ ਹਲੂਣਦੀਆਂ ਹਨ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ : 98147-16367.

17-3-2013

 ਨਵੇਂ ਹਿੰਦੋਸਤਾਨ ਦਾ ਜਨਮ
(ਚੋਣਵੇਂ ਤਕਰੀਰ-ਅੰਸ਼)
ਲੇਖਕ : ਸ੍ਰੀ ਅਰੁਬਿੰਦੋ
ਅਨੁਵਾਦਕ : ਕਰਮਿੰਦਰ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ

ਮੁੱਲ : 200 ਰੁਪਏ, ਸਫ਼ੇ : 224.ਸ੍ਰੀ ਅਰੁਬਿੰਦੋ ਭਾਰਤ ਦੇ ਇਕ ਕ੍ਰਾਂਤੀਕਾਰੀ ਰਿਸ਼ੀ ਸਨ। ਉਨ੍ਹਾਂ ਨੇ ਕੋਲਕਾਤਾ ਵਿਖੇ ਜਨਮ ਲਿਆ, ਹਾਈ ਸਕੂਲ ਅਤੇ ਕਾਲਜ ਦੀ ਪੜ੍ਹਾਈ ਇੰਗਲੈਂਡ ਦੇ ਸੇਂਟ ਪਾਲਜ਼ ਅਤੇ ਕਿੰਗਜ਼ ਕਾਲਜ ਕੈਂਬਰਿਜ ਤੋਂ ਕੀਤੀ। ਵੀਹ ਵਰ੍ਹੇ ਦੀ ਉਮਰ ਵਿਚ ਆਈ. ਸੀ. ਐਸ. ਵੀ ਕਰ ਲਈ ਪਰ ਇਹ ਸਰਵਿਸ ਜਾਇਨ ਨਾ ਕੀਤੀ। ਬੜੌਦਾ ਕਾਲਜ ਵਿਚ ਫਰੈਂਚ ਅਤੇ ਅੰਗਰੇਜ਼ੀ ਭਾਸ਼ਾਵਾਂ ਦਾ ਅਧਿਆਪਨ ਕੀਤਾ ਅਤੇ ਇਸ ਉਪਰੰਤ ਬਿਪਨ ਚੰਦਰ ਪਾਲ ਦੇ ਅੰਗਰੇਜ਼ੀ ਦੈਨਿਕ 'ਵੰਦੇ ਮਾਤਰਮ' ਦੇ ਸੰਪਾਦਕ ਦੀ ਜ਼ਿੰਮੇਵਾਰੀ ਸੰਭਾਲੀ। ਵੀਹਵੀਂ ਸਦੀ ਦੇ ਮੁਢਲੇ ਵਰ੍ਹਿਆਂ ਵਿਚ ਦੇਸ਼ ਦੀ ਆਜ਼ਾਦੀ ਲਈ ਚਲ ਰਹੇ ਅੰਦੋਲਨ ਵਿਚ ਸਕ੍ਰਿਅ ਸ਼ਮੂਲੀਅਤ ਕੀਤੀ ਅਤੇ ਕਈ ਵਾਰ ਗ੍ਰਿਫ਼ਤਾਰ ਵੀ ਹੋਏ। 1914-15 ਈ: ਵਿਚ ਆਪ ਨੇ ਪਾਂਡੀਚਰੀ ਵਿਖੇ ਆਪਣਾ ਆਸ਼ਰਮ ਸਥਾਪਿਤ ਕਰ ਲਿਆ। ਕਾਂਗਰਸ ਲੀਡਰਸ਼ਿਪ ਦੀਆਂ ਨੀਤੀਆਂ ਤੋਂ ਮੋਹ ਭੰਗ ਹੋ ਜਾਣ ਕਾਰਨ ਆਪ ਨੇ 1920 ਈ: ਵਿਚ ਸਿਆਸਤ ਨੂੰ ਅਲਵਿਦਾ ਕਹਿ ਦਿੱਤੀ। ਸਦੀਆਂ ਤੋਂ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਬੱਝੇ ਰਹਿਣ ਕਾਰਨ ਹਿੰਦੋਸਤਾਨ ਦੇ ਲੋਕਾਂ ਦਾ ਮਨੋਬਲ ਅਤੇ ਆਤਮ-ਵਿਸ਼ਵਾਸ ਬੁਰੀ ਤਰ੍ਹਾਂ ਨਾਲ ਟੁੱਟ-ਭੱਜ ਚੁੱਕਾ ਸੀ। ਆਪ ਨੇ ਇਕ ਨਵੇਂ ਹਿੰਦੋਸਤਾਨ ਦੀ ਸਿਰਜਣਾ ਵਾਸਤੇ ਡਟ ਕੇ ਕੰਮ ਕੀਤਾ ਪਰ ਆਜ਼ਾਦੀ ਤੋਂ ਉਪਰੰਤ ਹਿੰਦੋਸਤਾਨ ਦੇ ਬਹੁਤੇ ਲੋਕ ਇਸ ਕਦਰ ਆਤਮ-ਕੇਂਦਰਿਤ ਅਤੇ ਸਵਾਰਥੀ ਹੁੰਦੇ ਚਲੇ ਗਏ ਕਿ ਉਹ ਸ੍ਰੀ ਅਰੁਬਿੰਦੋ ਦੀ ਇਨਕਲਾਬੀ ਵਿਰਾਸਤ ਤੋਂ ਕੋਈ ਲਾਭ ਨਾ ਉਠਾ ਸਕੇ। ਆਪ ਦਾ ਬਹੁਤਾ ਕੰਮ ਅੰਗਰੇਜ਼ੀ ਵਿਚ ਸੀ ਅਤੇ ਮੱਧ ਸ਼੍ਰੇਣੀ ਨਾਲ ਸਬੰਧਤ ਬਹੁਤੇ ਹਿੰਦੋਸਤਾਨੀ ਇਸ ਭਾਸ਼ਾ ਨੂੰ ਪੜ੍ਹਨ-ਸਮਝਣ ਤੋਂ ਅਸਮਰੱਥ ਸਨ, ਇਸ ਕਾਰਨ ਵੀ ਆਪ ਦੇ ਵਿਚਾਰ ਆਮ ਹਿੰਦੋਸਤਾਨੀਆਂ ਤੱਕ ਨਾ ਪਹੁੰਚ ਸਕੇ। ਕਰਮਿੰਦਰ ਸਿੰਘ ਦਾ ਉਨ੍ਹਾਂ ਦੇ ਚੋਣਵੇਂ ਲੇਖ-ਅੰਸ਼ਾਂ ਨੂੰ ਪੰਜਾਬੀ ਵਿਚ ਅਨੁਵਾਦਿਤ ਕਰਨ ਦਾ ਕਾਰਜ ਬਹੁਤ ਸ਼ਲਾਘਾਯੋਗ ਅਤੇ ਮਹੱਤਵਪੂਰਨ ਹੈ। ਸ੍ਰੀ ਅਰੁਬਿੰਦੋ ਨੇ ਆਪਣੀ ਪਤਨੀ ਸ੍ਰੀਮਤੀ ਮ੍ਰਿਣਾਲਿਣੀ ਦੇਵੀ ਨੂੰ ਇਕ ਪੱਤਰ ਵਿਚ ਲਿਖਿਆ ਸੀ ਕਿ ਮੈਂ ਆਪਣੇ ਦੇਸ਼ ਨੂੰ ਇਕ ਮਾਂ ਵਾਂਗ ਪੂਜਦਾ ਹਾਂ। ਮੇਰੇ ਪਾਸ ਇਸ ਦੇਸ਼ ਦੀ ਢਹਿੰਦੀ ਕਲਾ ਵੱਲ ਜਾ ਰਹੀ ਕੌਮ ਨੂੰ ਦੇਣ ਵਾਸਤੇ ਗਿਆਨ ਦੀ ਸ਼ਕਤੀ ਹੈ। ਬੰਕਿਮ ਚੰਦਰ ਚੈਟਰਜੀ ਨੇ ਸਾਨੂੰ ਸਾਡੀ ਮਾਂ ਦੀ ਝਲਕ ਦਿਖਾਈ ਹੈ। ਉਸ ਦੇ ਗੀਤ 'ਵੰਦੇ ਮਾਤਰਮ' ਨੂੰ ਪੜ੍ਹ ਕੇ ਇਕ ਦਿਨ ਵਿਚ ਹੀ ਸਾਰੇ ਲੋਕ ਦੇਸ਼ ਭਗਤੀ ਦੇ ਸੂਤਰ ਵਿਚ ਪਰੋਏ ਗਏ। ਭਾਰਤ ਮਾਂ ਨੇ ਖ਼ੁਦ ਨੂੰ ਉਨ੍ਹਾਂ ਦੇ ਸਾਹਮਣੇ ਪ੍ਰਗਟ ਕਰ ਦਿੱਤਾ ਸੀ। ਸ੍ਰੀ ਅਰੁਬਿੰਦੋ ਕਿਹਾ ਕਰਦੇ ਸਨ ਕਿ ਇਸ ਵਕਤ ਭਾਰਤ ਨੂੰ ਜਿਸ ਚੀਜ਼ ਦੀ ਸਭ ਤੋਂ ਵੱਧ ਲੋੜ ਹੈ, ਉਹ ਹੈ ਹਮਲਾਵਰ ਸਦਾਚਾਰ, ਬੁਲੰਦ ਪਰਵਾਜ਼, ਨਿਰਭੈ ਪ੍ਰਤੀਰੋਧ, ਸਾਹਸੀ ਹਮਲਾ ਅਤੇ ਜੁਰਅਤ। ਯੂਰਪੀ ਸੱਭਿਆਚਾਰ ਅਤੇ ਏਸ਼ੀਆਈ ਸੱਭਿਆਚਾਰ ਵਿਚ ਤੁਲਨਾ ਕਰਦੇ ਹੋਏ ਉਹ ਲਿਖਦੇ ਹਨ ਕਿ ਯੂਰਪ ਸਦੀਆਂ ਵਿਚ ਜਿਊਂਦਾ ਹੈ ਅਤੇ ਏਸ਼ੀਆ ਦਹਿਸਦੀਆਂ ਵਿਚ, ਯੂਰਪ ਕੌਮਾਂ ਵਿਚ ਵੰਡਿਆ ਹੋਇਆ ਹੈ, ਏਸ਼ੀਆ ਸੰਸਕ੍ਰਿਤੀਆਂ ਵਿਚ। ਯੂਰਪ ਵਿਚ ਹਰ ਚੀਜ਼ ਨਿੱਕੀ, ਤੇਜ਼ ਅਤੇ ਅਲਪਜੀਵੀ ਹੈ, ਉਸ ਕੋਲ ਅਟੱਲਤਾ ਦਾ ਗੁਪਤ ਗਿਆਨ ਨਹੀਂ ਹੈ। (ਪੰਨਾ 24) ਜੇ ਭਾਰਤ ਨੇ ਦੁਨੀਆ ਦੀ ਇਕ ਸੁਪਰ-ਸ਼ਕਤੀ ਬਣਨਾ ਹੈ ਤਾਂ ਸ੍ਰੀ ਅਰੁਬਿੰਦੋ ਵਾਲਾ ਵਿਵੇਕ, ਆਤਮ-ਵਿਸ਼ਵਾਸ ਅਤੇ ਵੈਰਾਟ ਦ੍ਰਿਸ਼ਟੀਕੋਣ ਧਾਰਨ ਕਰਨਾ ਹੋਵੇਗਾ। ਆਪ ਨਵੇਂ ਭਾਰਤ ਦੀ ਇਕ ਅਨਮੋਲ ਧਰੋਹਰ ਹਨ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

 

ਗੁਫ਼ਤਗੂ
ਗ਼ਜ਼ਲਕਾਰ : ਗੁਰਨਾਮ ਗਿੱਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 135 ਰੁਪਏ, ਸਫ਼ੇ : 88

ਗੁਰਨਾਮ ਗਿੱਲ ਪੁਰਾਣਾ ਤੇ ਬਹੁਪੱਖੀ ਕਲਮਕਾਰ ਹੈ ਜਿਸ ਨੇ ਗ਼ਜ਼ਲਾਂ ਦੇ ਨਾਲ ਨਾਲ ਕਹਾਣੀਆਂ ਤੇ ਨਾਵਲਾਂ ਦੀ ਰਚਨਾਂ ਵੀ ਕੀਤੀ ਹੈ। ਉਸ ਨੇ ਦੋ ਪੁਸਤਕਾਂ ਨਿਬੰਧ ਦੀਆਂ ਵੀ ਲਿਖੀਆਂ ਹਨ। ਹੁਣ ਤਕ ਉਹ ਬਾਈ ਕਿਤਾਬਾਂ ਰਚ ਚੁੱਕਾ ਹੈ ਤੇ 'ਗੁਫ਼ਤਗੂ' ਉਸ ਦੀ ਤੇਈਵੀਂ ਕਿਤਾਬ ਹੈ। ਗੁਰਨਾਮ ਗਿੱਲ ਦੀ ਵੱਡੀ ਸਿਫ਼ਤ ਇਹ ਹੈ ਕਿ ਉਸ ਨੇ ਵਿਦੇਸ਼ ਵਿਚ ਰਹਿੰਦਿਆਂ ਹੋਇਆਂ ਵੀ ਲਗਾਤਾਰ ਸਾਹਿਤ ਸਿਰਜਣਾ ਕੀਤੀ ਹੈ ਤੇ ਆਪਣੀ ਮਾਂ ਬੋਲੀ ਨੂੰ ਯਾਦ ਹੀ ਨਹੀਂ ਸਗੋਂ ਇਸ ਵਿਚ ਆਪਾ ਗੁੰਨ੍ਹਿਆਂ ਹੈ। 'ਗੁਫ਼ਤਗੂ' ਵਿਚ ਸ਼ਾਇਰ ਦੀਆਂ ਅੱਸੀ ਗ਼ਜ਼ਲਾਂ ਸ਼ਾਮਿਲ ਹਨ। ਮੇਰੀ ਜਾਚੇ ਗਿੱਲ ਦੀ ਵੱਡੀ ਪਹਿਚਾਣ ਉਸ ਦੀ ਗ਼ਜ਼ਲਗੋਈ ਹੈ। ਉਸ ਨੂੰ ਗ਼ਜ਼ਲ ਦੀ ਤਬੀਅਤ ਦਾ ਪੂਰਾ ਗਿਆਨ ਹੈ ਤੇ ਉਸ ਦੀਆਂ ਗ਼ਜ਼ਲਾਂ ਪੜ੍ਹਦਿਆਂ ਰਫ਼ਤਾਰ ਬਣੀ ਰਹਿੰਦੀ ਹੈ ਤੇ ਇਹ ਪਾਠਕ ਲਈ ਬੋਝਲ ਨਹੀਂ ਬਣਦੀਆਂ। ਇਨ੍ਹਾਂ ਗ਼ਜ਼ਲਾਂ ਦੇ ਵਿਸ਼ੇ ਰੰਗ ਬਰੰਗੇ ਹਨ ਜਿਸ ਕਾਰਨ ਇਹ ਪਾਠਕ ਨੂੰ ਅੱਗੇ ਪੜ੍ਹਨ ਲਈ ਉਤੇਜਿਤ ਕਰਦੀਆਂ ਹਨ। ਆਪਣੇ ਸ਼ਿਅਰਾਂ ਰਾਹੀਂ ਗਿੱਲ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬਣਦਾ ਹੈ ਤੇ ਉਹ ਪਰਦੇ ਪਿੱਛੇ ਹੋ ਰਹੀ ਹਰ ਹਿਲਜੁਲ ਦੀ ਜਾਣਕਾਰੀ ਰੱਖਦਾ ਹੈ। ਪੁਸਤਕ ਦੇ ਤਮਾਮ ਸ਼ਿਅਰਾਂ ਵਿਚ ਮਨੁੱਖੀ ਜ਼ਿੰਦਗੀ ਦੀ ਧੜਕਣ ਦੀਆਂ ਵੱਖ ਵੱਖ ਸੁਰਾਂ ਸੁਣੀਆਂ ਜਾ ਸਕਦੀਆਂ ਹਨ। ਸਾਦਗੀ ਤੇ ਬੱਝਵਾਂ ਪ੍ਰਭਾਵ ਇਨ੍ਹਾਂ ਗ਼ਜ਼ਲਾਂ ਦੇ ਸ਼ਿਅਰਾਂ ਦੀ ਵੱਡੀ ਖ਼ੂਬੀ ਹੈ। ਗਿੱਲ ਦੀ ਗ਼ਜ਼ਲਕਾਰੀ 'ਗੁਫ਼ਤਗੂ' ਰਾਹੀਂ ਉਸਤਾਦਾਨਾ ਰੰਗ ਲੈ ਕੇ ਆਈ ਹੈ ਜਿਸ ਨਾਲ ਪੰਜਾਬੀ ਗ਼ਜ਼ਲ ਦਾ ਘੇਰਾ ਹੋਰ ਵਸੀਹ ਹੋਇਆ ਹੈ। ਉਸ ਨੇ ਗ਼ਜ਼ਲ ਦੇ ਮੁੱਢਲੇ ਨਿਯਮਾਂ 'ਤੇ ਪਹਿਰਾ ਦਿੱਤਾ ਹੈ ਤੇ ਉਨ੍ਹਾਂ ਨੂੰ ਬਾਖ਼ੂਬੀ ਨਿਭਾਇਆ ਹੈ। ਪੁਸਤਕ ਦੇ ਟਾਈਟਲ ਦੇ ਪਿੱਛੇ ਪ੍ਰਸਿੱਧ ਗ਼ਜ਼ਲਕਾਰ ਨਦੀਮ ਪਰਮਾਰ ਦੇ ਗਿੱਲ ਬਾਰੇ ਵਿਚਾਰ ਢੁਕਵੇਂ ਹਨ। ਗਿੱਲ ਆਪਣੀ ਇਸ ਪੁਸਤਕ ਦੇ ਨਾਮ ਸਬੰਧੀ ਸਪਸ਼ਟੀਕਰਨ ਦਿੰਦਾ ਹੋਇਆ ਸ਼ੁਰੂਆਤੀ ਪੰਨੇ 'ਤੇ ਲਿਖਦਾ ਹੈ ਕਿ ਇਹ 'ਗੁਫ਼ਤਗੂ' ਕਲਮ ਦੀ ਕਾਗਜ਼ ਨਾਲ ਹੈ। ਇਸ ਤਰ੍ਹਾਂ ਇਸ ਪੁਸਤਕ ਦਾ ਨਾਂਅ ਵਧੇਰੇ ਢੁਕਵਾਂ ਤੇ ਅਰਥ ਭਰਪੂਰ ਬਣ ਜਾਂਦਾ ਹੈ।

-ਗੁਰਦਿਆਲ ਰੌਸ਼ਨ
ਮੋ: 99884-44002

ਮੇਰੇ ਸੰਗਰਾਮੀ ਸਾਥੀ

ਭਗਤ ਸਿੰਘ ਬਿਲਗਾ
ਸੰਪਾਦਕ : ਗੋਪਾਲ ਸਿੰਘ ਬੁੱਟਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 158.

ਬਾਬਾ ਭਗਤ ਸਿੰਘ ਬਿਲਗਾ ਉੱਘੇ ਦੇਸ਼ ਭਗਤ ਅਤੇ ਗੁਲਾਮੀ ਤੇ ਸ਼ੋਸ਼ਣ ਖਿਲਾਫ਼ ਸਾਰੀ ਉਮਰ (1907 ਤੋਂ 2009 ਤੱਕ) ਲੜਨ ਵਾਲੇ ਅਜਿਹੇ ਯੋਧੇ ਸਨ, ਜਿਨ੍ਹਾਂ ਲੰਮੀ ਸਰਗਰਮ ਜ਼ਿੰਦਗੀ ਜੀਵੀ। ਵਿਦਿਆਰਥੀ ਜੀਵਨ ਤੋਂ ਸ਼ੁਰੂ ਕੀਤੇ ਆਜ਼ਾਦੀ ਸੰਗਰਾਮ ਦੇ ਸਫ਼ਰ ਉੱਪਰ ਨਿਰੰਤਰ ਸਾਰੀ ਉਮਰ ਪਹਿਰਾ ਦਿੱਤਾ ਅਤੇ ਅਨੇਕਾਂ ਵਾਰ ਜੇਲ੍ਹ ਯਾਤਰਾ ਤੇ ਤਸ਼ੱਦਦ ਦਾ ਸਾਹਮਣਾ ਕੀਤਾ। ਅਜੋਕੇ ਦੌਰ ਵਿਚ ਅਜਿਹੀਆਂ ਸ਼ਖ਼ਸੀਅਤਾਂ ਸਾਡੇ ਲਈ ਚਾਨਣ ਮੁਨਾਰਾ ਹਨ। ਆਪ ਨੇ ਗ਼ਦਰੀ ਦੇਸ਼ ਭਗਤਾਂ ਦੀ ਯਾਦ ਵਿਚ ਉਸਰੇ 'ਦੇਸ਼ ਭਗਤ ਯਾਦਗਾਰ ਹਾਲ' ਦੀ ਉਸਾਰੀ, ਸਾਂਭ ਸੰਭਾਲ ਤੇ ਇਸ ਦੀਆਂ ਅਮੀਰ ਰਵਾਇਤਾਂ ਨੂੰ ਕਾਇਮ ਰੱਖਦੇ ਹੋਏ ਅਗਾਂਹਵਧੂ ਅਤੇ ਧਰਮ-ਨਿਰਪੱਖ ਲੋਕਾਂ ਨੂੰ ਇਕ ਠੋਸ ਮੰਚ ਪ੍ਰਦਾਨ ਕੀਤਾ। ਹਥਲੀ ਪੁਸਤਕ ਆਪਣੇ ਸੰਗਰਾਮੀ ਸਾਥੀਆਂ ਅਤੇ ਉੱਘੇ ਦੇਸ਼ ਭਗਤਾਂ ਦੀਆਂ ਅਥਾਹ ਕੁਰਬਾਨੀਆਂ ਤੇ ਉਨ੍ਹਾਂ ਨਾਲ ਸਬੰਧਤ ਯਾਦਾਂ ਦੇ ਰੂਪ ਵਿਚ ਹੈ। ਸਮੇਂ-ਸਮੇਂ ਲਿਖੇ ਇਹ ਲੇਖ ਆਜ਼ਾਦੀ ਸੰਗਰਾਮ ਦਾ ਇਕ ਅਹਿਮ ਦਸਤਾਵੇਜ਼ ਹੁੰਦੇ ਹਨ। ਪੁਸਤਕ ਵਿਚਲਾ ਪਹਿਲਾ ਲੇਖ ਆਜ਼ਾਦੀ ਸੰਗਰਾਮ ਦੇ ਪਹਿਲੇ ਯੋਧੇ 'ਭਾਈ ਮਹਾਰਾਜ ਸਿੰਘ' ਨਾਲ ਸਬੰਧਤ ਹੈ, ਜੋ ਪੰਜਾਬ ਉੱਪਰ ਕਾਬਜ਼ ਹੋਏ ਅੰਗਰੇਜ਼ ਸਾਮਰਾਜ ਵਿਰੁੱਧ ਬਗਾਵਤ ਕਰਨ ਦੀ ਪਹਿਲ ਕਰਦਾ ਹੈ। ਇਸ ਤੋਂ ਬਾਅਦ ਰਾਣੀ ਝਾਂਸੀ, ਤਾਂਤੀਆ ਟੋਪੇ, ਮੌਲਾਨਾ ਫ਼ਜ਼ਲ ਹੱਕ ਖੈਰਾਬਾਦੀ, ਬੇਗਮ ਹਜ਼ਰਤ ਮਹੱਲ, ਜਨਰਲ ਬਖ਼ਤ ਖਾਂ, ਨਾਮਧਾਰੀ ਲਹਿਰ ਦੇ ਬਾਨੀ ਸਤਿਗੁਰੂ ਰਾਮ ਸਿੰਘ ਤੇ ਉਨ੍ਹਾਂ ਦੀ ਨਾਮਧਾਰੀ ਲਹਿਰ, ਸਰਦਾਰ ਅਜੀਤ ਸਿੰਘ, ਗ਼ਦਰ ਲਹਿਰ ਤੇ ਲਾਲਾ ਹਰਦਿਆਲ, ਭਾਈ ਸੰਤੋਖ ਸਿੰਘ ਗੰਡੀਵਿੰਡ ਆਦਿ ਸਮੇਤ ਅਨੇਕਾਂ ਦੇਸ਼ ਭਗਤਾਂ ਬਾਰੇ ਲੇਖ ਹਨ, ਜੋ ਬਾਬਾ ਭਗਤ ਸਿੰਘ ਬਿਲਗਾ ਨੇ ਆਪਣੇ ਜੀਵਨ ਅਨੁਭਵ ਤੇ ਯਾਦਾਂ/ਸਾਂਝਾਂ ਦੇ ਆਧਾਰ ਉੱਪਰ ਲਿਖੇ ਹਨ। ਬੜੇ ਸੰਖੇਪ ਅਤੇ ਰੌਚਿਕ ਸ਼ੈਲੀ ਵਿਚ ਲਿਖੇ ਇਹ ਲੇਖ ਚੰਗੀ ਵਾਰਤਕ ਦੀ ਵੰਨਗੀ ਹਨ। ਇਹ ਪੁਸਤਕ ਖੋਜਾਰਥੀਆਂ ਲਈ ਵੀ ਲਾਹੇਵੰਦ ਹੋਵੇਗੀ। ਅੱਜ ਲੋੜ ਹੈ ਕਿ ਦੇਸ਼ ਭਗਤਾਂ ਦੇ ਸੁਪਨਿਆਂ ਤੇ ਉਨ੍ਹਾਂ ਦੀਆਂ ਲਿਖਤਾਂ ਨੂੰ ਸਾਂਭਿਆ ਜਾਵੇ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਕਿਤਾਬਾਂ 03-03-2013

 ਬਿੱਗ ਬੈਂਗ ਤੋਂ ਬਿੱਗ ਕਰੰਚ
(ਬ੍ਰਹਿਮੰਡੀ ਪਾਸਾਰ ਦਾ ਆਦਿ ਅੰਤ)
ਲੇਖਕ : ਡਾ: ਕੁਲਦੀਪ ਸਿੰਘ ਧੀਰ
ਪ੍ਰਕਾਸ਼ਕ : ਐਸ. ਜੀ. ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 170 ਰੁਪਏ, ਸਫ਼ੇ : 136.

ਡਾ: ਕੁਲਦੀਪ ਸਿੰਘ ਧੀਰ ਇਕ ਬਹੁਵਿਧਾਈ, ਅਨੁਭਵੀ ਅਤੇ ਸੁਹਿਰਦ ਲੇਖਕ ਹੈ। ਇਸ ਵਿਗਿਆਨਕ ਜਾਣਕਾਰੀ ਦੇਣ ਵਾਲੀ ਪੁਸਤਕ ਵਿਚ ਕੁਲਦੀਪ ਸਿੰਘ ਧੀਰ ਦੇ 18 ਲੇਖ ਸੰਕਲਿਤ ਹਨ। ਉਸ ਦੀ ਧਾਰਨਾ ਹੈ ਕਿ ਬਿੱਗ ਬੈਂਗ ਨਾਲ ਇਹ ਬ੍ਰਹਿਮੰਡ ਸ਼ੁਰੂ ਹੋਇਆ ਸੀ ਅਤੇ ਬਿੱਗ ਕਰੰਚ ਨਾਲ ਖ਼ਤਮ ਹੋ ਜਾਵੇਗਾ। ਇਸ ਪੁਸਤਕ ਵਿਚੋਂ ਕੁਆਂਟਮ ਫਿਜ਼ਿਕਸ, ਐਂਟੀ ਮੈਟਰ, ਪਲਾਜ਼ਮਾ, ਗਲੈਕਸੀਆਂ, ਬਲੈਕ ਹੋਲਜ਼ ਅਤੇ ਉੜਣ-ਤਸ਼ਤਰੀਆਂ (ਯੂ.ਐਫ.ਓ.) ਆਦਿ ਵਿਸ਼ਿਆਂ ਬਾਰੇ ਬਹੁਮੁੱਲੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਆਪਣੀ ਸਮੱਗਰੀ ਨੂੰ ਸਾਹਿਤਕ ਅਤੇ ਰੌਚਕ ਬਣਾਉਣ ਲਈ ਉਹ ਗੁਰਬਾਣੀ ਅਤੇ ਸ਼ਾਇਰੀ ਵਿਚੋਂ ਕੁਝ ਟੂਕਾਂ ਦਿੰਦਾ ਰਹਿੰਦਾ ਹੈ। ਇਸ ਵਿਧੀ ਨਾਲ ਇਹ ਲੇਖ ਆਮ ਪਾਠਕ ਲਈ ਵੀ ਅਰਥਪੂਰਨ ਅਤੇ ਪ੍ਰਾਸੰਗਿਕ ਬਣ ਜਾਂਦੇ ਹਨ।
ਆਪਣੇ ਸੱਤ ਕੁ ਦਹਾਕਿਆਂ ਦੇ ਜੀਵਨ ਵਿਚ ਕੁਲਦੀਪ ਸਿੰਘ ਧੀਰ ਨੇ ਅਣਥੱਕ ਮਿਹਨਤ ਅਤੇ ਅਖੰਡ ਸਾਧਨਾ ਨਾਲ ਆਪਣੇ-ਆਪ ਲਈ ਇਕ ਵਿਸ਼ੇਸ਼ ਮੁਕਾਮ ਬਣਾ ਲਿਆ ਹੈ। ਇਸ ਦੌਰਾਨ ਉਸ ਨੂੰ ਬਹੁਤ ਸਾਰੀਆਂ ਵਿਪੱਤੀਆਂ ਅਤੇ ਵਿਸੰਗਤੀਆਂ ਵਿਚੋਂ ਵੀ ਗੁਜ਼ਰਨਾ ਪਿਆ ਹੋਵੇਗਾ ਪਰ ਭਵਿੱਖ ਬਾਰੇ ਆਪਣੇ ਅਟੁੱਟ ਵਿਸ਼ਵਾਸ ਨੇ ਉਸ ਨੂੰ ਕਦੇ ਡੋਲਣ ਨਹੀਂ ਦਿੱਤਾ। ਉਹ ਜਾਣਦਾ ਹੈ ਕਿ ਸਾਡੇ ਬ੍ਰਹਿਮੰਡ ਦਾ ਮਾਡਲ ਵਿਕਾਸਵਾਦੀ ਹੈ, ਜਿਸ ਨੂੰ ਗੁਰਬਾਣੀ ਵਿਚ 'ਵਿਗਾਸ' ਦੇ ਸੰਕਲਪ ਨਾਲ ਸਮਝਾਇਆ ਗਿਆ ਹੈ। ਸਾਡੀ ਦੁਨੀਆ ਵਿਚ ਕਿੰਨੇ ਵੀ ਅਨਾਚਾਰੀ ਜਾਂ ਦੁਰਾਚਾਰੀ ਹਾਕਮ ਪੈਦਾ ਹੁੰਦੇ ਰਹਿਣ, ਉਹ ਇਸ ਦਾ ਕੁਝ ਨਹੀਂ ਵਿਗਾੜ ਸਕਦੇ। ਸਾਡੀ ਦੁਨੀਆ ਨੇ ਨਿਰੰਤਰ ਵਿਕਾਸ ਕਰਦੇ ਜਾਣਾ ਹੈ। ਵਿਰੋਧ ਵਿਚੋਂ ਵਿਕਾਸ ਦੀ ਪ੍ਰਕਿਰਿਆ ਹੋਰ ਤੀਬਰ ਹੋ ਕੇ ਸਾਹਮਣੇ ਆਉਂਦੀ ਹੈ। ਮੈਂ ਕੁਲਦੀਪ ਸਿੰਘ ਧੀਰ ਦੇ ਇਸ ਅਟੁੱਟ-ਵਿਸ਼ਵਾਸ ਨਾਲ ਪੂਰਨ ਸਹਿਮਤੀ ਦਰਸਾਉਂਦਾ ਹਾਂ ਅਤੇ ਬਹੁਤ ਸਾਰੇ ਕਠਿਨ ਵਿਸ਼ਿਆਂ ਦਾ ਨਿਰੂਪਣ ਕਰਨ ਵਾਲੀ ਇਸ ਰਚਨਾ ਦੀ ਭਰਪੂਰ ਪ੍ਰਸੰਸਾ ਕਰਦਾ ਹਾਂ। ਕੁਲਦੀਪ ਸਿੰਘ ਧੀਰ ਬਰਟਰੈਂਡ ਰਸੇਲ, ਵ੍ਹਾਈਟਹੈੱਡ ਅਤੇ ਸਟੀਫ਼ਨ ਹਾਕਿੰਗ ਦੀ ਪਰੰਪਰਾ ਦਾ ਪੰਜਾਬੀ ਵਿਸਤਾਰ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਬਕਸੇ ਵਿਚ ਬੰਦ ਮੌਤ
ਕਹਾਣੀਕਾਰਾ : ਹਰਿੰਦਰ ਕੌਰ ਟਿਵਾਣਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 140 ਰੁਪਏ, ਸਫ਼ੇ : 80.

ਦਿਲ ਦਰਿਆ ਵਿਚ ਹਰ ਸਮੇਂ ਖੁਸ਼ੀ-ਗ਼ਮੀ, ਦੁੱਖ-ਸੁੱਖ, ਹਰਖ-ਸੋਗ ਦੀਆਂ ਅਨੇਕਾਂ ਲਹਿਰਾਂ ਉੱਠਦੀਆਂ ਰਹਿੰਦੀਆਂ ਹਨ। ਹਰ ਲਹਿਰ ਹੀ ਇਕ ਕਹਾਣੀ ਹੈ ਪਰ ਜਿਨ੍ਹਾਂ ਨੂੰ ਪ੍ਰਮਾਤਮਾ ਕਲਮ ਦੀ ਦਾਤ ਨਾਲ ਨਿਵਾਜ਼ਦਾ ਹੈ, ਉਨ੍ਹਾਂ ਦੀਆਂ ਦਿਲੀ ਤਰੰਗਾਂ ਨੂੰ ਅੱਖਰਾਂ ਦਾ ਜਾਮਾ ਨਸੀਬ ਹੋ ਜਾਂਦਾ ਹੈ ਅਤੇ ਉਹ ਕੋਈ ਗੀਤ, ਕਵਿਤਾ ਜਾਂ ਕਹਾਣੀ ਬਣ ਕੇ ਸਾਰੇ ਦਿਲਾਂ ਦੀ ਆਵਾਜ਼ ਬਣ ਜਾਂਦੀਆਂ ਹਨ। ਜ਼ਿੰਦਗੀ ਦੀਆਂ ਰਗੜਾਂ, ਤਪਸ਼ਾਂ, ਖੁਸ਼ੀਆਂ, ਰਹਿਮਤਾਂ, ਨਿਆਮਤਾਂ ਤੇ ਬਾਰਸ਼ਾਂ ਟੁੰਬੇ ਹੋਏ ਸੰਵੇਦਨਸ਼ੀਲ, ਹਿਰਦਿਆਂ ਵਿਚ ਅਜਿਹੇ ਵਲਵਲੇ ਪੈਦਾ ਕਰ ਦਿੰਦੀਆਂ ਹਨ ਕਿ ਉਹ ਰਚਨਾਵਾਂ ਦੇ ਰੂਪ ਵਿਚ ਸਰਬ ਸਾਂਝੇ ਤਜਰਬੇ ਹੋ ਨਿਬੜਦੇ ਹਨ। ਇਸ ਸੰਗ੍ਰਹਿ ਵਿਚਲੀਆਂ 17 ਕਹਾਣੀਆਂ ਵੀ ਦਿਲ ਚੀਰਵੇਂ ਜਜ਼ਬਿਆਂ ਦੀ ਬਾਤ ਪਾਉਂਦੀਆਂ ਹਨ। ਇਨ੍ਹਾਂ ਦੇ ਵਿਸ਼ੇ ਜ਼ਿੰਦਗੀ ਦੇ ਕੈਨਵਸ ਵਾਂਗ ਵਿਸ਼ਾਲ ਹਨ। ਕਿਤੇ ਦੇਸ਼ੀ ਅਤੇ ਵਿਦੇਸ਼ੀ ਸੱਭਿਅਤਾ ਦਾ ਅੰਤਰ, ਕਿਤੇ ਜ਼ਹਿਰੀਲੇ ਨਾਗਾਂ ਦੀ ਮਨੁੱਖ ਤੋਂ ਵੱਧ ਮਹਾਨਤਾ, ਕਿਤੇ ਅਲੋਪ ਹੋ ਰਹੇ ਸੱਭਿਆਚਾਰ ਦੀ ਤ੍ਰਾਸਦੀ, ਕਿਤੇ ਆਧੁਨਿਕਤਾ ਦੀ ਚਕਾਚੌਂਧ, ਕਿਤੇ ਪਿਆਰ ਦੀ ਪਰਿਭਾਸ਼ਾ, ਕਿਤੇ ਬਦਲਦੇ ਰਿਸ਼ਤਿਆਂ ਦੀ ਤ੍ਰਾਸਦੀ ਅਤੇ ਗੁੰਮਨਾਮ ਰਿਸ਼ਤਿਆਂ ਦੀ ਬਾਤ ਪਾਈ ਗਈ ਹੈ। ਔਰਤ ਬਾਰੇ ਆਪਣੇ ਵਿਚਾਰ ਲੇਖਿਕਾ ਨੇ ਇਸ ਤਰ੍ਹਾਂ ਪ੍ਰਗਟਾਏ ਹਨ, ਪ੍ਰਮਾਤਮਾ ਨੇ ਮਿਰਗ ਤੋਂ ਮੰਗ ਕੇ ਅੱਖਾਂ, ਪੰਖੜੀਆਂ ਤੋਂ ਬੁੱਲ੍ਹ, ਗੁਲਾਬ ਤੋਂ ਰੰਗ, ਚਿੜੀਆਂ ਤੋਂ ਚਹਿਕ ਅਤੇ ਸੱਪਣੀ ਤੋਂ ਤੋਰ ਲੈ ਕੇ ਇਕ ਬੁੱਤ ਬਣਾਇਆ ਅਤੇ ਮੋਮ ਤੋਂ ਤਰਾਸ਼ ਕੇ ਔਰਤ ਦਾ ਦਿਲ ਬਣਾਇਆ। ਹੁਣ ਜਦ ਵੀ ਪੱਥਰ ਭਾਵ ਆਦਮੀ ਦੇ ਦਿਲ ਵਿਚੋਂ ਚੰਗਿਆੜੇ ਨਿਕਲਦੇ ਹਨ, ਮੋਮ ਦਾ ਦਿਲ ਫੌਰਨ ਪਿਘਲ ਜਾਂਦਾ ਹੈ। ਕਹਾਣੀਆਂ ਦੀ ਸ਼ੈਲੀ ਬਹੁਤ ਪ੍ਰਭਾਵਸ਼ਾਲੀ ਅਤੇ ਰੌਚਕ ਹੈ। ਛੂਈ-ਮੂਈ ਦੇ ਵੇਲ ਨਾਲ ਪੰਜਾਬਣ ਦੀ ਤੁਲਨਾ, ਬੰਜਰ ਧਰਤੀ ਨਾਲ ਬਾਂਝ ਔਰਤ ਦੀ ਉਪਮਾ, ਹੱਡਮਾਸ ਦੇ ਜਿਊਂਦੇ ਪਿਆਰ ਨਾਲੋਂ ਪੱਥਰ ਦਾ ਪ੍ਰੀਤਮ ਚੰਗੇਰਾ, ਸੂਰਜ ਦੀ ਤਪਸ਼ ਨਾਲ ਸੜ ਰਹੀ ਹਿੱਕ, ਸ਼ਮਸ਼ਾਨ ਵਰਗੀਆਂ ਅੱਖਾਂ, ਸੂਰਜ ਦੀਆਂ ਕਿਰਨਾਂ ਦਾ ਧਰਤੀ ਦੇ ਮੱਥੇ ਨੂੰ ਚੁੰਮਣਾ ਆਦਿ ਖੂਬਸੂਰਤ ਰੂਪਕ ਕਹਾਣੀਆਂ ਨੂੰ ਸੁੰਦਰਤਾ ਪ੍ਰਦਾਨ ਕਰਦੇ ਹਨ। ਸਮੁੱਚੇ ਤੌਰ 'ਤੇ ਇਹ ਕਹਾਣੀਆਂ ਸਫਲ ਅਤੇ ਸਾਰਥਕ ਹਨ, ਜੋ ਮਨੁੱਖੀ ਮਨ ਦੀਆਂ ਅਣਗਿਣਤ ਪਰਤਾਂ ਅਤੇ ਤਹਿਆਂ ਤੋਂ ਪਰਦਾ ਚੁੱਕ ਕੇ ਪਾਠਕਾਂ ਦੇ ਰੂਬਰੂ ਕਰਦੀਆਂ ਹਨ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਬਾਝ ਭਰਾਵਾਂ ਸੱਕਿਆਂ 
ਲੇਖਕ : ਬੂਟਾ ਸਿੰਘ ਸ਼ਾਦ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 130 ਰੁਪਏ, ਸਫ਼ੇ : 103

ਬੂਟਾ ਸਿੰਘ ਸ਼ਾਦ ਪੰਜਾਬੀ ਦਾ ਪ੍ਰਮੁੱਖ ਨਾਵਲਕਾਰ ਹੈ। ਉਸ ਨੇ ਦੋ ਦਰਜਨ ਤੋਂ ਵੱਧ ਨਾਵਲ ਅਤੇ ਅੱਧੀ ਦਰਜਨ ਕਹਾਣੀ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ। 'ਬਾਝ ਭਰਾਵਾਂ ਸੱਕਿਆਂ' ਇਹ ਨਾਵਲ ਪਹਿਲੀ ਵਾਰ 1977 ਵਿਚ ਪ੍ਰਕਾਸ਼ਤ ਹੋਇਆ ਸੀ। ਸਾਲ 2012 ਵਿਚ ਇਸ ਨੂੰ ਦੁਬਾਰਾ ਛਾਪਿਆ ਗਿਆ ਹੈ। ਵੀਹ ਕਾਂਡਾਂ ਵਾਲੇ ਇਸ ਨਾਵਲ ਦਾ ਸਬੰਧ ਮਾਲਵੇ ਦੇ ਇਕ ਪਿੰਡ ਨਾਲ ਹੈ ਜਿੱਥੇ ਕਿ ਕਿਸਾਨ ਅਤੇ ਦਲਿਤ ਭਾਈਚਾਰੇ ਦੇ ਲੋਕ ਵਸਦੇ ਹਨ। ਨਾਵਲ ਦੀ ਕਹਾਣੀ ਵਿਚ ਕਾਮੇ ਅਤੇ ਕਿਸਾਨ ਦਾ ਰਿਸ਼ਤਾ ਨਹੁੰ-ਮਾਸ ਵਾਲਾ ਪੇਸ਼ ਹੁੰਦਾ ਹੈ। ਇਕ ਵਾਰ ਪਿੰਡ 'ਚ ਕਾਲ ਪੈ ਜਾਂਦਾ ਹੈ, ਖੇਤੀ ਨਾਂ-ਮਾਤਰ ਹੁੰਦੀ ਹੈ। ਕੰਮ ਨਾ ਮਿਲਣ ਕਾਰਨ ਕਾਮਿਆਂ ਦੀ ਆਰਥਿਕ ਦਸ਼ਾ ਤਰਸਯੋਗ ਹੋ ਜਾਂਦੀ ਹੈ। ਉਨ੍ਹਾਂ ਦੇ ਘਰਾਂ 'ਚ ਕਲੇਸ਼ ਰਹਿਣ ਲੱਗ ਜਾਂਦਾ ਹੈ। ਕਿਸਾਨ-ਕਾਮੇ ਦੀ ਗੂੜ੍ਹੀ ਸਾਂਝ ਕਾਰਨ ਹੀ ਕਾਲ ਸਮੇਂ ਇਕ ਕਿਸਾਨ ਦੇ ਖੇਤ 'ਚ ਪੈਦਾ ਹੋਇਆ ਅਨਾਜ ਪਿੰਡ ਦੇ ਕਾਮਿਆਂ 'ਚ ਵੰਡਿਆ ਜਾਂਦਾ ਰਿਹਾ ਹੈ, ਪਰ ਮੌਜੂਦਾ ਸਮੇਂ 'ਚ ਉਹ ਪਹਿਲੀਆਂ ਸਾਂਝਾਂ ਨਹੀਂ ਰਹੀਆਂ। ਨਾਵਲ 'ਚ ਰਾਤ ਸਮੇਂ ਗੱਡੀਆਂ ਲੁੱਟਣਾ ਨਵਾਂ ਵਿਸ਼ਾ ਪੇਸ਼ ਹੋਇਆ ਹੈ ਜੋ ਕਿ ਇਕ ਕਠਿਨ ਕਾਰਜ ਹੈ। ਫਿਰ ਚੋਰੀ ਦੇ ਮਾਲ ਨੂੰ ਕਿਸੇ ਤਣ-ਪੱਤਣ ਲਾਉਣਾ ਚੋਰੀ ਕਰਨ ਨਾਲੋਂ ਵੀ ਔਖਾ ਹੈ, ਉਹ ਵੀ ਜਦੋਂ ਤੁਹਾਡੇ ਕੋਲ ਆਵਾਜਾਈ ਤੇ ਸੰਚਾਰ ਦੇ ਸਾਧਨ ਨਾ ਹੋਣ। ਨਾਵਲ 'ਚ ਪੁਰਾਤਨ ਪੰਜਾਬ ਦੇ ਦਰਸ਼ਨ ਹੁੰਦੇ ਹਨ, ਜਦ ਖ਼ਾਸ ਕਰਕੇ ਸਾਡੇ ਪਿੰਡਾਂ 'ਚ ਆਵਾਜਾਈ ਦੇ ਸਾਧਨ ਅਤੇ ਪੱਕੀਆਂ ਸੜਕਾਂ ਨਹੀਂ ਹੁੰਦੀਆਂ ਸਨ। ਜਿਸ ਤਰ੍ਹਾਂ ਗੱਡੀਆਂ ਲੁੱਟਣ ਅਤੇ ਐਸ਼-ਪ੍ਰਸਤੀ ਕਰਨ ਵਾਲੇ ਵਿਅਕਤੀ ਪੈਸੇ ਦੀ ਖ਼ਾਤਰ ਸੇਠ ਨੂੰ ਮਾਰ ਕੇ ਖਪਾ ਦਿੰਦੇ ਹਨ, ਅਜਿਹਾ ਹੀ ਰੁਝਾਨ ਅੱਜ ਵੀ ਸਾਡੇ ਸਮਾਜ 'ਚ ਜਿਉਂ ਦਾ ਤਿਉਂ ਹੈ। ਨਾਵਲਕਾਰ ਨੇ ਪੁਲਿਸ ਦੇ ਭ੍ਰਿਸ਼ਟ ਕਿਰਦਾਰ ਨੂੰ ਨੰਗਾ ਕੀਤਾ ਹੈ ਅਤੇ ਨੈਤਿਕ ਗਿਰਾਵਟ ਨੂੰ ਚਿਤਰਿਆ ਹੈ। ਨਾਵਲ ਵਿਚਲੇ ਪਾਤਰਾਂ ਦੀ ਬੋਲੀ ਅਤੇ ਵਾਰਤਾਲਾਪ ਉਨ੍ਹਾਂ ਦੇ ਸੁਭਾਅ ਦੇ ਅਨੁਕੂਲ ਹੈ। ਨਾਵਲ 'ਚ ਰਸ ਅਤੇ ਉਤਸੁਕਤਾ ਕਾਇਮ ਹੈ, ਦ੍ਰਿਸ਼ ਚਿਤਰਣ ਕਮਾਲ ਦਾ ਹੈ। ਨਾਵਲ ਨੂੰ ਪੜ੍ਹਦਿਆਂ ਇਉਂ ਲਗਦਾ ਹੈ ਕਿ ਜਿਵੇਂ ਕਿਸੇ ਫ਼ਿਲਮ ਦਾ ਸੀਨ ਪਰਦੇ 'ਤੇ ਵੇਖ ਰਹੇ ਹੋਈਏ। ਗ਼ਰਨੇ ਕੱਢਣਾ, ਝੁੱਲ, ਪੱਟੀਆਂ ਬੁਣਨਾ, ਰੱਸੇ ਵੱਟਣਾ ਆਦਿ ਕਿਸਾਨੀ ਦੇ ਕੰਮ ਧੰਦੇ ਹੁੰਦੇ ਸਨ, ਜੋ ਹੁਣ ਮਸ਼ੀਨੀਕਰਨ ਕਰਕੇ ਨਹੀਂ ਰਹੇ। ਨਾਵਲ ਦਾ ਸਿਰਲੇਖ ਪੂਰਾ ਢੁਕਵਾਂ ਹੈ। ਸੱਚਮੁੱਚ ਸਕਿਆਂ ਭਰਾਵਾਂ ਬਾਝ ਕੋਈ ਬਾਤ ਨਹੀਂ ਪੁੱਛਦਾ। ਭਰਾ ਮਰ ਜਾਣ ਤਾਂ ਬਾਹਾਂ ਭੱਜ ਜਾਂਦੀਆਂ ਹਨ।

-ਮੋਹਰ ਗਿੱਲ ਸਿਰਸੜੀ
ਮੋ: 98156-59110

ਕਾਲਾ ਚਾਨਣ
ਮੀਰ ਤਨਹਾ ਯੂਸਫ਼ੀ
ਲਿਪੀਅੰਤਰ : ਤਲਵਿੰਦਰ ਸਿੰਘ/
ਪਾਲ ਸਿੰਘ ਵੱਲਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 500 ਰੁਪਏ, ਸਫ਼ੇ : 504.

ਪਾਕਿਸਤਾਨੀ ਪੰਜਾਬੀ ਗਲਪਕਾਰ ਮੀਰ ਤਨਹਾ ਯੂਸਫ਼ੀ ਦਾ ਵੱਡ-ਅਕਾਰੀ ਨਾਵਲ 'ਕਾਲਾ ਚਾਨਣ' ਆਪਣੇ ਬਿਰਤਾਂਤਕ ਪ੍ਰਬੰਧ ਅਤੇ ਵਸਤੂ-ਦ੍ਰਿਸ਼ਟੀ ਪੱਖੋਂ ਅਲੱਗ ਪਛਾਣ ਰੱਖਣ ਵਾਲਾ ਨਾਵਲ ਹੈ। ਨਾਵਲ ਦਾ ਵਿਸ਼ਾ ਅੰਗਰੇਜ਼ੀ ਰਾਜ ਦੌਰਾਨ ਬਾਰਾਂ ਦੀ ਆਬਾਦਕਾਰੀ ਵੇਲੇ ਅਣਵੰਡੇ ਪੰਜਾਬ ਦੀ ਸੱਭਿਆਚਾਰਕ ਬਿਰਤੀ ਦੇ ਦਰਪੇਸ਼ ਸੰਕਟ ਨੂੰ ਪੇਸ਼ ਕਰਨਾ ਹੈ। ਉਨ੍ਹੀਵੀਂ ਤੇ ਵੀਹਵੀਂ ਸਦੀ ਦੇ ਕਾਲਖੰਡ ਵਿਚ ਬਾਰਾਂ ਦੀ ਸਿਰਜਣਾ (ਵਸਾਏ ਜਾਣਾ), ਮਿਹਨਤ ਨਾਲ ਇਸ ਜ਼ਮੀਨ ਨੂੰ ਵਾਹੀਯੋਗ ਬਣਾਏ ਜਾਣਾ, ਪੰਜਾਬੀਆਂ ਦੀ ਖੁੱਲ੍ਹ-ਖੁਲਾਸੀ ਜੀਵਨ ਵਿਧੀ ਨੂੰ ਉਸ ਸਮੇਂ ਦੀ ਸਮਾਜਿਕ, ਆਰਥਿਕ, ਰਾਜਨੀਤਕ ਤਵਾਰੀਖ ਦੇ ਇਤਿਹਾਸਕ ਸੰਦਰਭ ਨੂੰ ਪੇਸ਼ ਕੀਤਾ ਹੈ। ਪੰਜਾਬ ਦੀ ਪਰੰਪਰਕ ਸਥਿਤੀ ਨੂੰ ਸਾਂਭੀ ਬੈਠੀਆਂ ਬਾਰਾਂ ਦੇ ਸੰਘਣੇ ਜੰਗਲਾਂ ਨੂੰ ਗੁਰੀਲਾ ਯੁੱਧ ਲੜਨ ਵਾਲੇ ਪੰਜਾਬੀਆਂ ਦੀ ਆਖਰੀ ਸ਼ਰਨਗਾਹ ਬਣਨ ਤੋਂ ਰੋਕਣ ਲਈ ਪੰਜਾਬੀਆਂ ਹੱਥੋਂ ਹੀ ਬਰਬਾਦ ਕਰਵਾ ਕੇ ਨਵੇਂ ਚੱਕ ਵਸਾਏ ਗਏ। ਨਾਵਲਕਾਰ ਅਨੇਕਾਂ ਇਤਿਹਾਸਕ ਵੇਰਵਿਆਂ ਰਾਹੀਂ ਜਿਹੜੀਆਂ ਧਿਰਾਂ ਨੂੰ ਗਲਪ ਦਾ ਆਧਾਰ ਬਣਾਉਂਦਾ ਹੈ, ਉਨ੍ਹਾਂ ਵਿਚ ਮੁਸਲਮਾਨ, ਸਿੱਖ, ਹਿੰਦੂ ਅਤੇ ਅੰਗਰੇਜ਼ ਹਨ। ਇਨ੍ਹਾਂ ਧਿਰਾਂ ਦੇ ਪਾਤਰ ਬਾਰਾਂ ਦੇ ਸੰਘਣੇ ਜੰਗਲਾਂ ਵਿਚ ਵਿਚਰਦੇ ਕਿਸਾਨੀ ਦੇ ਸਮਕਾਲੀ ਸੰਕਟਾਂ ਨਾਲ ਦੋ-ਚਾਰ ਹੁੰਦੇ ਹਨ। ਉਹ ਹਾਕਮਾਂ ਦੀ ਹਰ ਸਾਜ਼ਿਸ਼ ਦਾ ਸ਼ਿਕਾਰ ਹੁੰਦੇ ਹਨ। ਉਹ ਚੰਗੇ ਮੰਦੇ ਕਾਰਜਾਂ ਵਿਚ ਵਿਚਰਦੇ ਹੋਏ ਚੋਰੀਆਂ, ਡਾਕਿਆਂ, ਕਤਲਾਂ, ਉਧਾਲਿਆਂ ਬਰਾਬਰ ਦੀ ਸ਼ਮੂਲੀਅਤ ਰੱਖਦੇ ਹਨ। ਵੰਡ ਦੀਆਂ ਕਨਸੋਆਂ ਤੇ ਧਾਰਮਿਕ ਗੁੱਟ-ਬੰਦੀਆਂ ਦੀ ਸ਼ੁਰੂਆਤ ਹੁੰਦੀ ਹੈ। ਇਹ ਵੱਡ-ਅਕਾਰੀ ਨਾਵਲ ਅਜਿਹੇ ਅਨੇਕਾਂ ਮਸਲਿਆਂ ਨੂੰ ਆਪਣੇ ਕਲਾਵੇ ਵਿਚ ਲਈ ਰੱਖਦਾ ਹੈ। ਤਲਵਿੰਦਰ ਸਿੰਘ ਅਤੇ ਪਾਲ ਸਿੰਘ ਵੱਲਾ ਦੁਆਰਾ ਲਿਪੀਅੰਤਰ ਕੀਤਾ ਇਹ ਨਾਵਲ ਸ਼ਲਾਘਾਯੋਗ ਕਦਮ ਹੈ। ਗਾਹੇ ਬਗਾਹੇ ਸਾਡੇ ਇਹ ਦੋਵੇਂ ਸਾਹਿਤਕਾਰ ਵਾਹਗੇ ਪਾਰਲੇ ਸਾਹਿਤ ਵਿਚ ਸਾਡੀ ਸਾਂਝ ਪਵਾਉਂਦੇ ਰਹਿੰਦੇ ਹਨ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511

ਸੁਤੰਤਰਤਾ ਅੰਦੋਲਨ ਅਤੇ ਭਾਰਤੀ ਮੁਸਲਮਾਨ
ਮੂਲ ਲੇਖਕ : ਸ਼ਾਂਤੀਮਯ ਰਾਏ
ਅਨੁਵਾਦਕ : ਡਾ: ਨਰੇਸ਼
ਪ੍ਰਕਾਸ਼ਕ : ਨੈਸ਼ਨਲ ਬੁੱਕ ਟਰੱਸਟ ਦਿੱਲੀ
ਮੁੱਲ : 80 ਰੁਪਏ, ਸਫ਼ੇ : 162.

ਅੰਗਰੇਜ਼ਾਂ ਨੇ ਭਾਰਤ ਉਤੇ ਰਾਜ ਕਰਨ ਲਈ ਪਾੜੋ ਤੇ ਰਾਜ ਕਰੋਂ ਦੀ ਨੀਤੀ ਅਧੀਨ ਵੱਖ-ਵੱਖ ਧਰਮਾਂ ਵਿਚ ਵਖਰੇਵੇਂ ਤੇ ਵਿਰੋਧਾਂ ਨੂੰ ਵਧਾਇਆ। ਉਨ੍ਹਾਂ ਦੇ ਇਸ ਉਦੇਸ਼ ਦੀ ਪੂਰਤੀ ਯਦੂ ਨਾਥ ਸਰਕਾਰ ਜਿਹੇ ਸੰਪਰਦਾਇਕ ਸੋਚ ਨਾਲ ਇਤਿਹਾਸ ਲਿਖਣ ਵਾਲੇ ਬੁੱਧੀਜੀਵੀਆਂ ਨੇ ਵੀ ਕੀਤੀ। ਸਿੱਟੇ ਵਜੋਂ ਉਹ ਸਰ ਦੀ ਉਪਾਧੀ ਨਾਲ ਨਿਵਾਜੇ ਗਏ ਅਤੇ ਸਿਰਮੌਰ ਇਤਿਹਾਸਕਾਰ ਵੱਲੋਂ ਉਨ੍ਹਾਂ ਦੀ ਦੇਣ ਦੇ ਸੋਹਲੇ ਗਾਏ ਗਏ। ਸੁਤੰਤਰਤਾ ਉਪਰੰਤ ਕਾਲ ਵਿਚ ਸੰਸਕ੍ਰਿਤਕ ਜਾਂ ਸੱਭਿਆਚਾਰਕ ਰਾਸ਼ਟਰਵਾਦ ਦੇ ਬੁਰਕੇ ਹੇਠ ਸੰਪਰਦਾਇਕ ਸੋਚ ਨੂੰ ਉਤਸ਼ਾਹਿਤ ਕਰਨ ਵਾਲੇ ਆਰ. ਸੀ. ਮਜੂਮਦਾਰ ਜਿਹੇ ਲੋਕ ਵੀ ਅੱਗੇ ਆਏ। ਇਸ ਨਾਲ ਦੇਸ਼ ਦੀ ਹਾਨੀ ਹੋਈ ਹੈ। ਦੇਸ਼ ਦੀ ਤਰੱਕੀ ਲਈ ਧਰਮਾਂ ਵਿਚ ਸਾਂਝ ਤੇ ਸਮੂਹ ਭਾਰਤੀਆਂ ਵਿਚ ਪ੍ਰੇਮ ਅਤੇ ਸਹਿਹੋਂਦ ਦਾ ਮਾਹੌਲ ਪੈਦਾ ਕਰਨਾ ਜ਼ਰੂਰੀ ਹੈ। ਇਸੇ ਉਦੇਸ਼ ਦੀ ਪੂਰਤੀ ਕਰਦੀ ਹੈ ਇਹ ਪੁਸਤਕ। ਇਸ ਵਿਚ 1765 ਵਿਚ ਸ਼ੁਰੂ ਹੋਈ ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਕਰਨ ਵਾਲੇ ਮੁਸਲਮਾਨ ਦੇਸ਼ ਭਗਤਾਂ ਦੀ ਕਹਾਣੀ ਨੂੰ 1947 ਤੱਕ ਪੇਸ਼ ਕੀਤਾ ਗਿਆ ਹੈ। ਸੰਨਿਆਸੀਆਂ ਤੇ ਫ਼ਕੀਰਾਂ ਦਾ ਵਿਦਰੋਹ (1763-1800) ਵਹਾਬੀ ਵਿਦਰੋਹ (1800-1870) ਰਾਸ਼ਟਰਵਾਦ ਦਾ ਉਭਾਰ (1857-1905) ਹਥਿਆਰਬੰਦ ਸੰਘਰਸ਼ (1900-1934) ਰਾਸ਼ਟਰੀ ਜਨ ਸੰਘਰਸ਼ (1934-1947) ਇਸ ਦੇ ਵਿਭਿੰਨ ਪੜਾਅ ਹਨ। ਅੰਤਿਕਾ ਵਿਚ ਦੇਸ਼ ਲਈ ਮਰ ਮਿਟਣ ਵਾਲੇ ਮੁਸਲਮਾਨ ਸੂਰਮਿਆਂ ਦੀ ਸੂਚੀ ਹੈ। ਸਰਕਾਰੀ ਰਿਪੋਰਟਾਂ ਵਿਚ ਦੇਸ਼ ਲਈ ਜਾਨਾਂ ਵਾਰਨ ਵਾਲੇ ਮੁਸਲਮਾਨਾਂ ਬਾਰੇ ਸਰਕਾਰ ਦੀਆਂ ਨਫ਼ਰਤ ਭਰਪੂਰ ਟਿੱਪਣੀਆਂ ਹਨ। ਸਰਕਾਰ ਲਈ ਇਹ ਰਾਜ ਧਰੋਹੀ ਹਨ। ਡਾ: ਨਰੇਸ਼ ਪੰਜਾਬੀ, ਹਿੰਦੀ ਤੇ ਉਰਦੂ ਦਾ ਜਾਣਿਆ-ਪਛਾਣਿਆ ਲੇਖਕ ਹੈ। ਉਸ ਦਾ ਅਨੁਵਾਦ ਪੜ੍ਹਨਯੋਗ ਹੈ। ਨਫ਼ਰਤ ਤੇ ਸੰਪਰਦਾਇਕ ਸੋਚ ਕਾਰਨ ਪਾਕਿਸਤਾਨ ਅੱਜ ਵੀ ਉਥੇ ਹੀ ਖੜ੍ਹਾ ਹੈ, ਜਿਥੇ 1947 ਵਿਚ ਸੀ। ਭਾਰਤ ਉਸ ਤੋਂ ਕਿਤੇ ਵੱਧ ਵਿਕਸਿਤ ਹੈ। ਇਹ ਇਹੋ ਜਿਹੀਆਂ ਪੁਸਤਕਾਂ ਦੀ ਹੀ ਪ੍ਰਾਪਤੀ ਹੈ।

ਭਗਵਤ ਗੀਤਾ : ਸੰਦੇਹ ਪ੍ਰਵਚਨ
ਲੇਖਕ : ਡਾ: ਅਮਰਜੀਤ ਸਿੰਘ
ਪ੍ਰਕਾਸ਼ਕ : ਖ਼ੁਦ ਲੇਖਕ 242-ਸੀ, ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 208.

ਵਿਸ਼ਵ ਪ੍ਰਸਿੱਧ ਧਰਮ ਗ੍ਰੰਥ ਗੀਤਾ ਦੇ ਸੈਂਕੜੇ ਟੀਕੇ ਅਤੇ ਵਿਆਖਿਆਵਾਂ ਸਮੇਂ-ਸਮੇਂ ਵਿਭਿੰਨ ਭਾਸ਼ਾਵਾਂ ਵਿਚ ਹੁੰਦੇ ਰਹੇ ਹਨ। ਨਿਸ਼ਕਾਮ ਕਰਮ, ਅਵਿਨਾਸ਼ੀ ਆਤਮਾ, ਜਨਮ ਮਰਨ ਦਾ ਚੱਕਰ, ਆਤਮਾ ਦਾ ਚੋਲਾ ਬਦਲਣਾ, ਰੌਸ਼ਨ-ਬੁੱਧ ਵਿਅਕਤੀ ਦੇ ਲੱਛਣ, ਕਰਮ ਉਤੇ ਅਧਿਕਾਰ, ਫਲ ਦੀ ਇੱਛਾ ਨਾ ਕਰਨਾ, ਦੁਸ਼ਟਾਂ ਦੇ ਨਾਸ ਅਤੇ ਸੰਤ ਜਨਾਂ ਦੀ ਰੱਖਿਆ ਲਈ ਪ੍ਰਭੂ ਦਾ ਅਵਤਰਨ ਜਿਹੀਆਂ ਗੀਤਾਂ ਦੀਆਂ ਅੰਤਰ-ਦ੍ਰਿਸ਼ਟੀਆਂ ਭਾਰਤ ਹੀ ਨਹੀਂ ਵਿਸ਼ਵ ਭਰ ਦੇ ਆਸਤਿਕ ਸੰਸਾਰ ਨੇ ਮੰਨੀਆਂ, ਸਲਾਹੀਆਂ ਅਤੇ ਸਤਿਕਾਰੀਆਂ ਹਨ। ਅਮਰਜੀਤ ਸਿੰਘ (ਗੋਰਕੀ) ਨੇ ਗੀਤਾ ਦੀ ਆਪਣੀ ਵਿਆਖਿਆ ਵਿਚ ਗੀਤਾ ਨੂੰ ਆਪਣੀ ਤਰਕਸ਼ੀਲ, ਪਦਾਰਥਕ ਸੰਦੇਹਵਾਦੀ ਦ੍ਰਿਸ਼ਟੀ ਨਾਲ ਵੇਖਿਆ/ਵਿਖਾਇਆ ਹੈ। ਮੁੱਖ ਬੰਧ ਹੀ ਨਹੀਂ ਸਮਰਪਣ ਤੋਂ ਲੈ ਕੇ ਅੰਤਿਕਾ ਦੇ ਅੰਤਿਮ ਪੰਨੇ ਤੱਕ ਲੇਖਕ ਦੀ ਸੰਦੇਹ ਤੇ ਤਰਕ ਵਾਲੀ ਦ੍ਰਿਸ਼ਟੀ ਨਿਰੰਤਰ ਕਾਇਮ ਹੈ। ਇਸ ਵਿਚ ਸ਼ੱਕ ਨਹੀਂ ਕਿ ਉਸ ਨੇ ਗੀਤਾ ਦੇ ਕੱਲੇ-ਕੱਲੇ ਅਧਿਆਇ ਦੇ ਇਕ-ਇਕ ਸਲੋਕ ਨੂੰ ਬੜੀ ਬਾਰੀਕੀ ਨਾਲ ਹਿੰਦੀ, ਅੰਗਰੇਜ਼ੀ, ਪੰਜਾਬੀ ਵਿਚ ਪ੍ਰਾਪਤ ਵਿਆਖਿਆਵਾਂ ਦੇ ਆਧਾਰ ਉਤੇ ਸਮਝ ਕੇ ਸ਼ੰਕੇ ਖੜ੍ਹੇ ਕੀਤੇ ਹਨ। ਧਰਮ ਤੇ ਧਰਮ ਗ੍ਰੰਥ ਹੀ ਨਹੀਂ, ਹਰ ਰਚਨਾ ਦਾ ਅਧਿਐਨ ਉਸ ਦੇ ਅੰਦਰਲੇ ਕਾਵਿ-ਸ਼ਾਸਤਰ ਨਾਲ ਹੀ ਕਰਨਾ ਉਚਿਤ ਹੈ। ਗੁਰਬਾਣੀ ਦੇ ਮੁਲਾਂਕਣ ਵਾਲੇ ਇਹੀ ਤੱਥ ਸੰਤ ਸਿੰਘ ਸੇਖੋਂ ਨੇ ਨਜ਼ਰਅੰਦਾਜ਼ ਕੀਤਾ ਸੀ। ਪਦਾਰਥ ਤੇ ਚੇਤਨਾ, ਈਸ਼ਵਰ ਦੀ ਹੋਂਦ/ਨਿਰਹੋਂਦ ਬਾਰੇ ਦੋ ਮਤ ਹਮੇਸ਼ਾ ਰਹੇ ਹਨ। ਇਸ ਲਈ ਵਿਰੋਧੀ ਦ੍ਰਿਸ਼ਟੀ ਤੋਂ ਸੰਦੇਹ ਹੀ ਗੁੰਜਾਇਸ਼ ਹੈ ਪਰ ਗੀਤਾ ਦਾ ਏਨਾ ਬਾਰੀਕ ਅਧਿਐਨ ਅਸ਼ਰਧਕ ਦ੍ਰਿਸ਼ਟੀ ਤੋਂ ਕਰਨ ਪੜ੍ਹਨ ਦਾ ਲੇਖਕ/ਪਾਠਕ ਨੂੰ ਕੀ ਲਾਭ ਹੋਵੇਗਾ। ਕਰਮ ਕਾਂਡ, ਯੱਗ ਆਦਿ ਬਾਰੇ ਕੁਝ ਨੁਕਤਿਆਂ ਉਤੇ ਅੰਤਰ ਵਿਰੋਧ ਜ਼ਰੂਰ ਹਨ। ਇਹ ਵਿਆਸ ਦੀ ਜਾਂ ਕਿਸੇ ਹੋਰ ਦੀ ਦੇਣ ਹੋ ਸਕਦੇ ਹਨ। ਸਮੁੱਚੇ ਰੂਪ ਵਿਚ ਗੀਤਾ ਵਿਚ ਅਜਿਹਾ ਕੁਝ ਨਹੀਂ, ਜਿਸ ਉਤੇ ਮਾਣ ਨਾ ਕੀਤਾ ਜਾ ਸਕੇ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-6055
0

ਦਲਿਤ ਸ਼ਹੀਦਾਂ ਦਾ ਇਤਿਹਾਸ
ਲੇਖਕ : ਐਸ. ਐਲ. ਵਿਰਦੀ
ਪ੍ਰਕਾਸ਼ਕ : ਸਮਤਾ ਸਮਾਜ ਅੰਦੋਲਨ, ਫਗਵਾੜਾ
ਮੁੱਲ : 200 ਰੁਪਏ, ਸਫ਼ੇ : 320.

'ਦਲਿਤ ਸ਼ਹੀਦਾਂ ਦਾ ਇਤਿਹਾਸ' ਵਿਚ ਪਿਛਲੇ ਚਾਰ ਕੁ ਹਜ਼ਾਰ ਵਰ੍ਹਿਆਂ ਵਿਚ ਵਰਣ-ਆਸ਼ਰਮੀ ਅਤੇ ਪ੍ਰਤੀਗਾਮੀ ਸੋਚ ਦੇ ਕਾਰਨ ਸ਼ਹਾਦਤ ਦਾ ਜਾਮ ਪੀ ਚੁੱਕੇ ਦਲਿਤ ਸੂਰਮਿਆਂ ਦੀ ਗੌਰਵ-ਗਾਥਾ ਪੇਸ਼ ਕਰਨ ਵਾਲੀ ਰਚਨਾ ਹੈ। ਇਸ ਰਚਨਾ ਦਾ ਸਮਾਂ ਆਰੀਆ ਲੋਕਾਂ ਦੇ ਆਗਮਨ ਤੋਂ ਲੈ ਕੇ ਸਮਕਾਲ (2010 ਈ:) ਤੱਕ ਫੈਲਿਆ ਹੋਇਆ ਹੈ। ਲੇਖਕ ਦੀ ਧਾਰਨਾ ਹੈ ਕਿ ਆਰੀਆ ਲੋਕਾਂ ਦੇ ਗ੍ਰੰਥਾਂ (ਵੇਦਾਂ, ਉਪਨਿਸ਼ਦਾਂ ਅਤੇ ਪੁਰਾਣ-ਗ੍ਰੰਥਾਂ) ਵਿਚ ਜਿਨ੍ਹਾਂ ਲੋਕਾਂ ਨੂੰ ਦਸਯੂ, ਅਛੂਤ, ਨੀਚ, ਅਸੁਰ ਜਾਂ ਰਾਕਸ਼ ਦਰਸਾ ਕੇ ਖਲਨਾਇਕਾਂ ਵਜੋਂ ਪੇਸ਼ ਕੀਤਾ ਗਿਆ ਹੈ। ਅਸਲ ਵਿਚ ਉਹ ਲੋਕ ਭਾਰਤ ਦੇ ਮੂਲ ਵਾਸੀ ਅਤੇ ਨਾਇਕਾਂ ਦਾ ਰੁਤਬਾ ਰੱਖਣ ਵਾਲੇ ਸਵੈਭਿਮਾਨੀ ਲੋਕ ਸਨ। ਹਰ ਜਾਤੀ ਆਪਣੇ ਹਿਤਾਂ ਨੂੰ ਮੁੱਖ ਰੱਖ ਕੇ ਹੀ ਇਤਿਹਾਸ ਲਿਖਦੀ ਹੈ। ਆਰੀਆ ਲੋਕਾਂ ਨੇ ਵੀ ਆਪਣੇ ਹਿਤਾਂ ਨੂੰ ਮੁੱਖ ਰੱਖ ਕੇ ਇਤਿਹਾਸਕਾਰੀ ਕੀਤੀ। ਹਰ ਦੇਸ਼ ਅਤੇ ਸਮਾਜ ਵਿਚ ਇਸੇ ਪ੍ਰਕਾਰ ਹੁੰਦਾ ਰਿਹਾ ਹੈ, ਇਹ ਕੋਈ ਅਨੁਚਿਤ ਵਰਤਾਰਾ ਨਹੀਂ ਹੈ। ਜੇ ਕੋਈ ਗੱਲ ਸ੍ਰੀ ਵਿਰਦੀ ਅਤੇ ਮੇਰੇ ਵਰਗੇ ਲੋਕਾਂ ਨੂੰ ਚੁੱਭਦੀ ਹੈ ਤਾਂ ਉਹ ਇਹ ਹੈ ਕਿ ਦਲਿਤ ਜਾਤੀ ਨਾਲ ਸਬੰਧਤ ਲੋਕਾਂ ਨੇ ਇਸ ਸਾਜ਼ਿਸ਼ ਨੂੰ ਸਮਝਣ ਵਿਚ ਏਨੀ ਦੇਰ ਕਿਉਂ ਕਰ ਦਿੱਤੀ? ਬਲਕਿ ਬਹੁਤੇ ਦਲਿਤ ਵਿਦਵਾਨਾਂ ਨੂੰ ਤਾਂ ਅਜੇ ਤੱਕ ਆਪਣੇ ਨਾਲ ਹੋ ਰਹੇ ਇਸ ਘਿਨੌਣੇ ਵਤੀਰੇ ਬਾਰੇ ਕੋਈ ਚੇਤਨਾ ਨਹੀਂ ਹੈ। ਸਵਰਣ ਵਰਗ ਨਾਲ ਸਬੰਧਤ ਸ਼ਾਸਕ ਅਤੇ ਉੱਚ-ਪਦਵੀਆਂ ਉਪਰ ਬੈਠੇ ਹੋਰ ਲੋਕ ਬਹੁਤੀ ਵਾਰ ਉਨ੍ਹਾਂ ਦੇ ਮੂੰਹਾਂ ਉਪਰ ਹੀ ਜਾਤੀਸੂਚਕ/ਅਪਮਾਨਜਨਕ ਸ਼ਬਦਾਂ ਦਾ ਪ੍ਰਯੋਗ ਕਰੀ ਜਾਂਦੇ ਹਨ ਅਤੇ ਉਹ ਹੀ-ਹੀ ਕਰਕੇ ਖਸਿਆਨੀ ਅਤੇ ਨਪੁੰਸਕ ਜਿਹੀ ਹਾਸੀ ਹਸਦੇ ਰਹਿੰਦੇ ਹਨ।
ਐਸ. ਐਲ. ਵਿਰਦੀ ਨੇ ਆਪਣੀ ਇਸ ਪੁਸਤਕ ਦੇ ਪੁਢਲੇ ਦੋ ਲੇਖਾਂ ਵਿਚ ਸਪੱਸ਼ਟ ਤੌਰ ਉਤੇ ਇਹ ਦੱਸਿਆ ਹੈ ਕਿ ਭਾਰਤੀ ਇਤਿਹਾਸ ਨੂੰ ਸੋਧ ਕੇ ਲਿਖਣ ਦੀ ਜ਼ਰੂਰਤ ਹੈ। ਨਹੀਂ ਤਾਂ ਮਹਾਰਾਜ ਸੰਭਰ, ਮਹਿਖਾਸੁਰ, ਹਰਣਕਸ਼ਯਪ, ਸਰਵਣ ਕੁਮਾਰ, ਰਾਵਣ, ਮਹਾਰਾਜਾ ਬਾਲੀ, ਸ਼ੰਭੂਕ ਅਤੇ ਸਿੱਖ ਇਤਿਹਾਸ ਦੇ ਅਨੇਕ ਸ਼ਹੀਦਾਂ (ਬਾਬਾ ਜੀਵਨ ਸਿੰਘ, ਬਾਬਾ ਸੰਗਤ ਸਿੰਘ, ਨਿਬਾਹੂ ਸਿੰਘ, ਬੀਰ ਸਿੰਘ, ਧੀਰ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਆਦਿ) ਦੀ ਬਹਾਦਰੀ ਨੂੰ ਅਸੀਂ ਠੀਕ ਪਰਿਪੇਖ ਵਿਚ ਸਮਝਣ ਤੋਂ ਅਸਮਰੱਥ ਹੋ ਜਾਵਾਂਗੇ। ਆਪਣੇ ਇਸ ਖੋਜ-ਕਾਰਜ ਨੂੰ ਮੁਕੰਮਲ ਕਰਨ ਲਈ ਲੇਖਕ ਨੇ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਦੇ ਸੌ ਤੋਂ ਵੀ ਉੱਪਰ ਵਿਦਵਾਨਾਂ ਦੀਆਂ ਸਰੋਤ-ਪੁਸਤਕਾਂ ਦਾ ਅਧਿਐਨ ਕੀਤਾ ਹੈ। ਲੇਖਕ 1976 ਤੋਂ ਇਸ ਫਰੰਟ ਉੱਪਰ ਡਟ ਕੇ ਕੰਮ ਕਰ ਰਿਹਾ ਹੈ। ਉਸ ਦੀਆਂ ਲਗਭਗ 50 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ 8-10 ਅਜੇ ਪ੍ਰਕਾਸ਼ਨਾਰਥ ਹਨ। ਉਸ ਦੀਆਂ ਹੋਰ ਰਚਨਾਵਾਂ ਵਾਂਗ ਮੈਨੂੰ ਉਸ ਦੀ ਇਹ ਪੁਸਤਕ ਵੀ ਕਾਫੀ ਪਸੰਦ ਆਈ ਹੈ ਪਰ ਉਸ ਨੂੰ ਪੁਸਤਕ ਦੀ ਪ੍ਰੋਡਕਸ਼ਨ ਵੱਲ ਹੋਰ ਧਿਆਨ ਦੇਣ ਦੀ ਜ਼ਰੂਰਤ ਹੈ। ਮਾੜੀ ਪ੍ਰੋਡਕਸ਼ਨ ਮਿਆਰੀ ਰਚਨਾਵਾਂ ਨੂੰ ਵੀ ਸਾਧਾਰਨ ਪੱਧਰ ਦੀਆਂ ਰਚਨਾਵਾਂ ਬਣਾ ਧਰਦੀ ਹੈ।

ਜੰਗਨਾਮਾ ਸ਼ਾਹ ਮੁਹੰਮਦ
ਲੇਖਕ : ਦਿਲਬਾਰਾ ਸਿੰਘ ਬਾਜਵਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 170 ਰੁਪਏ, ਸਫ਼ੇ : 136.

'ਜੰਗਨਾਮਾ ਸ਼ਾਹ ਮੁਹੰਮਦ' ਮਧਕਾਲੀਨ ਪੰਜਾਬੀ ਸਾਹਿਤ ਦੀ ਇਕ ਮਾਣਯੋਗ ਰਚਨਾ ਹੈ। ਦਿਲਬਾਰਾ ਸਿੰਘ ਤੋਂ ਪਹਿਲਾਂ ਡਾ: ਰਤਨ ਸਿੰਘ ਜੱਗੀ, ਸੀਤਾ ਰਾਮ ਕੋਹਲੀ ਅਤੇ ਬਲਬੀਰ ਸਿੰਘ ਪੂਨੀ ਆਦਿਕ ਬਹੁਤ ਸਾਰੇ ਵਿਦਵਾਨ ਇਸ ਟੈਕਸਟ ਦਾ ਸੰਪਾਦਨ-ਕਾਰਜ ਕਰ ਚੁੱਕੇ ਹਨ ਪ੍ਰੰਤੂ ਹਰ ਨਵਾਂ ਲੇਖਕ ਆਪਣੇ-ਆਪਣੇ ਦ੍ਰਿਸ਼ਟੀਕੋਣ ਤੋਂ ਇਸ ਦਾ ਸੰਪਾਦਨ ਅਤੇ ਵਿਆਖਿਆ ਕਰਦਾ ਆਇਆ ਹੈ। ਇਹੀ ਕਾਰਨ ਹੈ ਕਿ ਹਰ ਅਧਿਐਨ ਆਪਣੇ-ਆਪ ਵਿਚ ਕਾਫੀ ਸਾਰਥਿਕ ਸਿੱਧ ਹੁੰਦਾ ਰਿਹਾ ਹੈ।
ਦਿਲਬਾਰਾ ਸਿੰਘ ਬਾਜਵਾ ਨੇ ਇਸ ਟੈਕਸਟ ਦਾ ਅਧਿਐਨ ਕਰਨ ਲਈ ਆਪਣੇ ਕਾਰਜ ਨੂੰ ਚਾਰ ਭਾਗਾਂ ਵਿਚ ਵਿਭਾਜਿਤ ਕੀਤਾ ਹੈ : 1. ਜੰਗਨਾਮਾ ਸ਼ਾਹ ਮੁਹੰਮਦ ਤੇ ਇਤਿਹਾਸ, 2. ਜੰਗਨਾਮਾ ਸ਼ਾਹ ਮੁਹੰਮਦ : ਇਕ ਰਾਜਨੀਤਕ ਕਵਿਤਾ, 3. ਸ਼ਾਹ ਮੁਹੰਮਦ : ਇਕ ਦੇਸ਼ਭਗਤ ਕਵੀ, 4. ਜੰਗਨਾਮਾ ਸ਼ਾਹ ਮੁਹੰਮਦ ਦੀ ਕਾਵਿਕ ਮਹੱਤਤਾ। ਇਹ ਖੋਜ-ਕਾਰਜ ਉਸ ਨੇ ਡਾ: ਕੇਸਰ ਸਿੰਘ ਕੇਸਰ ਦੀ ਨਿਗਰਾਨੀ ਅਧੀਨ ਮੁਕੰਮਲ ਕੀਤਾ ਸੀ। ਸਮੇਂ-ਸਮੇਂ ਡਾ: ਦੀਪਕ ਮਨਮੋਹਨ ਸਿੰਘ, ਡਾ: ਮਲਕੀਤ ਸਿੰਘ ਬਾਜਵਾ ਅਤੇ ਪ੍ਰਿੰ: ਰਾਜਿੰਦਰ ਸਿੰਘ ਪਾਵਨ ਵੀ ਉਸ ਦੀ ਰਹਿਨੁਮਾਈ ਕਰਦੇ ਰਹੇ ਹਨ। ਇਸ ਖੋਜ-ਕਾਰਜ ਦਾ ਮੁਲੰਕਣ ਕਰਦਾ ਹੋਇਆ ਡਾ: ਕੇਸਰ ਲਿਖਦਾ ਹੈ ਕਿ ਡਾ: ਬਾਜਵਾ ਨੇ ਸ਼ਾਹ ਮੁਹੰਮਦ ਦੀਆਂ ਇਤਿਹਾਸਕ ਉਕਾਈਆਂ ਦਾ ਨੋਟਿਸ ਤਾਂ ਲਿਆ ਹੈ ਪਰ ਉਹ ਇਨ੍ਹਾਂ ਨੂੰ ਗੰਭੀਰ ਇਤਿਹਾਸਕ ਗ਼ਲਤੀਆਂ ਨਹੀਂ ਸਮਝਦਾ ਕਿਉਂਕਿ ਉਸ ਨੂੰ ਪਤਾ ਹੈ ਕਿ ਇਸ ਰਚਨਾ ਨੂੰ ਨਿਰੋਲ ਇਤਿਹਾਸ ਦੀ ਪੁਸਤਕ ਵਾਂਗ ਪੜ੍ਹਨ ਦੀ ਬਜਾਇ ਕਵਿਤਾ ਦੀ ਕਿਤਾਬ ਵਾਂਗ ਹੀ ਪੜ੍ਹਨਾ ਚਾਹੀਦਾ ਹੈ ਤੇ ਕਵਿਤਾ ਵਿਚ ਗਲਪ ਦਾ ਅੰਸ਼ ਲਾਜ਼ਮੀ ਹੁੰਦਾ ਹੈ। (ਪੰਨਾ 9) ਦਿਲਬਾਰਾ ਸਿੰਘ ਨੇ 'ਜੰਗਨਾਮਾ ਸ਼ਾਹ ਮੁਹੰਮਦ ਤੇ ਇਤਿਹਾਸ' ਸਿਰਲੇਖ ਅਧੀਨ ਇਸ ਰਚਨਾ ਦੇ ਇਤਿਹਾਸਕ ਮਹੱਤਵ ਦੇ ਨਾਲ-ਨਾਲ ਸਾਹਿਤਕ ਪੱਖ ਦਾ ਵੀ ਵਿਸ਼ਲੇਸ਼ਣ ਕਰ ਦਿੱਤਾ ਹੈ। ਇਸ ਸੂਰਤ ਵਿਚ ਜੇ ਉਹ ਆਪਣੇ ਇਸ ਅਧਿਆਇ ਦਾ ਸ਼ੀਰਸ਼ਕ 'ਜੰਗਨਾਮਾ ਸ਼ਾਹ ਮੁਹੰਮਦ : ਇਤਿਹਾਸ ਅਤੇ ਸਾਹਿਤ ਦਾ ਸੁਮੇਲ' ਰੱਖ ਦਿੰਦਾ ਤਾਂ ਵਧੇਰੇ ਠੀਕ ਰਹਿਣਾ ਸੀ। ਦੂਜੇ ਅਧਿਆਇ ਵਿਚ ਉਹ ਇਸ ਜੰਗਨਾਮੇ ਨੂੰ ਇਕ ਰਾਜਨੀਤਕ ਕਵਿਤਾ ਦੇ ਰੂਪ ਵਿਚ ਪੜ੍ਹਦਾ ਹੈ। ਉਸ ਦਾ ਇਹ ਪ੍ਰਯਤਨ ਕਾਫੀ ਮਹੱਤਵਪੂਰਨ ਸਿੱਧ ਹੁੰਦਾ ਹੈ। ਤੀਜੇ ਅਤੇ ਚੌਥੇ ਅਧਿਆਇ ਵਿਚ ਵੀ ਉਸ ਨੇ ਕਾਫੀ ਮੁੱਲਵਾਨ ਸਿੱਟੇ ਕੱਢੇ ਹਨ। ਇੰਜ ਇਹ ਖੋਜ-ਕਾਰਜ ਕਾਫੀ ਮਹੱਤਵਪੂਰਨ ਹੈ। ਲੇਖਕ ਨੇ ਆਪਣੇ ਇਸ ਖੋਜ-ਕਾਰਜ ਨੂੰ ਸੰਪੰਨ ਕਰਨ ਲਈ ਪ੍ਰਾਪਤ ਸਾਮਗਰੀ ਦੀ ਭਰਪੂਰ ਅਤੇ ਸੁਯੋਗ ਵਰਤੋਂ ਕੀਤੀ ਹੈ। ਮੈਂ ਉਸ ਦੇ ਇਸ ਕਾਰਜ ਦੀ ਭਰਪੂਰ ਪ੍ਰਸੰਸਾ ਕਰਦਾ ਹਾਂ ਅਤੇ ਆਸ ਕਰਦਾ ਹਾਂ ਕਿ ਉਹ ਮੱਧਕਾਲੀਨ ਪੰਜਾਬੀ ਸਾਹਿਤ ਦੇ ਵਿਭਿੰਨ ਰੂਪਾਕਾਰਾਂ ਬਾਰੇ ਆਪਣੀ ਜਗਿਆਸਾ ਨੂੰ ਇਸੇ ਤਰ੍ਹਾਂ ਬਰਕਰਾਰ ਰੱਖੇਗਾ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ : 98760-52136

ਗੁਰ ਬਿਨ ਘੋਰ ਅੰਧਾਰ
ਲੇਖਕ : ਫ਼ਿਦਾ ਬਟਾਲਵੀ (ਕੇ. ਸ਼ਰਨਜੀਤ ਸਿੰਘ)
ਪ੍ਰਕਾਸ਼ਕ : ਨਵੀਨ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 120.

ਪੁਸਤਕ 'ਗੁਰ ਬਿਨ ਘੋਰ ਅੰਧਾਰ' ਫ਼ਿਦਾ ਬਟਾਲਵੀ (ਕੇ. ਸ਼ਰਨਜੀਤ ਸਿੰਘ) ਦੁਆਰਾ ਰਚਿਤ ਅਧਿਆਤਮਕ ਕਵਿਤਾਵਾਂ ਦਾ ਸੰਗ੍ਰਹਿ ਹੈ। ਗ਼ਜ਼ਲ, ਗੀਤ, ਕਵਾਲੀਆਂ, ਦੋਹੇ, ਚੁਬਰਗੇ ਆਦਿ ਕਾਵਿ-ਸਿਨਫ਼ਾਂ 'ਤੇ ਇਸ ਦੀ ਪੁਖਤਾ ਪਕੜ ਹਾਸਲ ਹੈ। ਹਥਲੇ ਸੰਗ੍ਰਹਿ ਵਿਚ ਲੇਖਕ ਨੇ ਕਵਾਲੀ, ਦੋਹਾ, ਰੁਬਾਈ ਅਤੇ ਸ਼ਿਅਰ ਕਾਵਿ-ਰੂਪਾਂ ਨੂੰ ਆਪਣੇ ਪ੍ਰਗਟਾਅ ਦਾ ਮਾਧਿਅਮ ਬਣਾਇਆ ਹੈ। ਕਵੀ ਦਾ ਅਧਿਆਤਮਕ ਚਿੰਤਨ ਭਾਵੇਂ ਬਹੁ ਪਾਸਾਰੀ ਹੈ, ਪਰ ਇਸ ਵਿਚੋਂ ਪ੍ਰਮੁੱਖ ਤਿੰਨ ਰੂਪ ਪ੍ਰਗਟ ਹੋਏ ਦਿਸਦੇ ਹਨ। ਪਹਿਲਾ ਰੂਪ, ਗੁਰਮਤਿ ਦੇ ਅਨੁਕੂਲ ਵਿਚਾਰ-ਭੂਮੀ 'ਚੋਂ ਉਪਜੇ ਕਾਵਿ-ਬੋਲ ਹਨ, ਜਿਨ੍ਹਾਂ ਗੁਰੂ ਦੀ ਟੇਕ ਲੈਣੀ, ਗੁਰੂ ਧਾਰਨ ਕਰਨਾ, ਉਸ ਦੀਆਂ ਸਿੱਖਿਆਵਾਂ 'ਤੇ ਚਲਣਾ, ਨਾਮ ਸਿਮਰਨ ਕਰਨਾ, ਕਿਰਤ ਕਰਨੀ, ਲੋਕ-ਭਲਾਈ ਦੇ ਕੰਮ ਕਰਨਾ ਅਤੇ ਸੱਚੇ ਰੱਬ ਦੀ ਤਾਲਾਸ਼ ਲਈ ਇਧਰ-ਉਧਰ ਭਟਕਣ ਦੀ ਥਾਵੇਂ ਆਪਣੇ-ਆਪੇ ਦੀ ਸੋਝੀ ਕਰਨੀ ਆਦਿ ਜਿਹੇ ਵਿਚਾਰਾਂ ਦੀ ਸਥਾਪਤੀ 'ਤੇ ਬਲ ਦਿੱਤਾ ਹੈ। ਦੂਸਰੀ ਮਹੱਤਵਪੂਰਨ ਗੱਲ ਜੋ ਪੁਸਤਕ ਤੋਂ ਪ੍ਰਗਟ ਹੁੰਦੀ ਹੈ, ਉਹ ਨਿਰੋਲ ਸੂਫ਼ੀ-ਸਾਧਨਾ ਦੇ ਰਹੱਸ ਦੀ ਹੈ। ਇਸ ਕਿਸਮ ਦੀਆਂ ਰਚਨਾਵਾਂ ਵਿਚੋਂ ਰੱਬ/ਗੁਰੂ/ਮੁਰਸ਼ਦ ਦੀ ਪ੍ਰਾਪਤੀ ਲਈ ਮਾਨਵ ਨੂੰ ਚੰਗੇ ਚਰਿੱਤਰ, ਨਿਰਛਲ ਸੁਭਾਅ ਅਤੇ ਅੰਦਰੋਂ-ਬਾਹਰੋਂ ਸਮਰਪਣ ਦੇ ਧਾਰਨੀ ਹੋ ਜਾਣ 'ਤੇ ਬਲ ਦਿੱਤਾ ਗਿਆ ਹੈ। ਬਿਲਕੁਲ ਸੂਫ਼ੀਆਂ ਵਾਂਗ ਸ਼ਰੀਅਤ, ਤਰੀਕਤ, ਮਾਰਫ਼ਤ ਅਤੇ ਹਕੀਕਤ ਜਿਹੇ ਚਾਰ ਸਾਧਕ-ਪੜਾਆਵਾਂ ਦਾ ਜ਼ਿਕਰ-ਬਾਖੂਬੀ ਕੀਤਾ ਹੈ। ਤੀਸਰਾ ਉੱਭਰਵਾਂ ਵਿਚਾਰ ਕ੍ਰਿਸ਼ਨ-ਪ੍ਰੇਮ-ਭਗਤੀ ਦੇ ਰੂਪ 'ਚ ਉਦੈਮਾਨ ਹੋਇਆ ਵੇਖਿਆ ਜਾ ਸਕਦਾ ਹੈ। ਇਥੇ ਵੀ ਵੈਰਾਗ, ਵਿਛੋੜੇ, ਮਿਲਣ ਦੀ ਤਾਂਘ ਅਤੇ ਅਭੇਦ ਹੋ ਜਾਣ ਦੀ ਲੋਚਾ ਵੀ ਉਵੇਂ ਪ੍ਰਗਟ ਕੀਤੀ ਹੈ, ਜਿਸ ਤਰ੍ਹਾਂ ਇਕ ਭਗਤ ਦੀ ਗੁਰੂ, ਪੀਰ ਜਾਂ ਇਸ਼ਟ ਦੇ ਰੂਪ ਵਿਚ ਰੰਗੇ ਜਾ ਕੇ ਅਭੇਦ ਹੋ ਜਾਣ ਦੀ ਲੋਚਾ ਹੈ। ਨੈਤਿਕ ਚਰਿੱਤਰ ਦੀ ਉਸਾਰੀ, ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਤੋਂ ਨਿਵਿਰਤੀ ਪਾ ਲੈਣ ਦੀ ਅਭਿਲਾਸ਼ਾ, ਭ੍ਰਿਸ਼ਟ ਸਮਾਜ ਨੂੰ ਬਦਲ ਦੇਣ ਦੀ ਚੇਸ਼ਟਾ, ਇਨ੍ਹਾਂ ਕਵਿਤਾਵਾਂ ਦੀਆਂ ਹੋਰ ਉੱਘੀਆਂ ਵਿਸ਼ੇਸ਼ਤਾਵਾਂ ਹਨ। ਬੜੀ ਸਰਲ, ਸੁਖੈਨ ਭਾਸ਼ਾ 'ਚ ਪੇਸ਼ ਕੀਤੀਆਂ ਗਈਆਂ ਕਵਾਲੀਆਂ, ਰੂਹ ਦੀ ਪੁਕਾਰ ਵਾਲੇ ਦੋਹੇ ਅਤੇ ਗੁਰਮਤਿ ਦੇ ਰੰਗ 'ਚ ਰੰਗੇ ਸ਼ਿਅਰ ਪਾਠਕਾਂ/ਗਾਇਕਾਂ ਆਦਿ ਸਭ ਵਰਗਾਂ ਦੇ ਪਾਠਕਾਂ ਦੇ ਚੇਤਿਆਂ 'ਚ ਸਹਿਜੇ ਹੀ ਉੱਕਰ ਜਾਣ ਦੀ ਸਮਰੱਥਾ ਰੱਖਦੇ ਹਨ।

-ਡਾ: ਜਗੀਰ ਸਿੰਘ ਨੂਰ
ਮੋ: 98142-09732.

ਮੰਜ਼ਿਲ ਹੋਰ ਪਰ੍ਹੇ
ਲੇਖਕ : ਮਹਿੰਦਰ ਪਾਲ ਸਿੰਘ ਧਾਲੀਵਾਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 300.

ਪਿਛਲੇ ਕੁਝ ਸਾਲਾਂ ਤੋਂ ਗਲਪ ਖਾਸ ਕਰਕੇ ਨਾਵਲ ਦੇ ਖੇਤਰ ਵਿਚ ਕਾਫੀ ਨਵੇਂ ਲੇਖਕਾਂ ਵੱਲੋਂ ਪ੍ਰਵੇਸ਼ ਹੋਇਆ ਹੈ। ਕਈ ਜ਼ਿਕਰਯੋਗ ਨਾਵਲ ਲਿਖੇ ਗਏ ਹਨ। ਨਾਵਲ ਨੇ ਜ਼ਿੰਦਗੀ ਦੇ ਮਹਾਂਦ੍ਰਿਸ਼ ਨੂੰ ਆਪਣੇ ਬ੍ਰਿਤਾਂਤ ਵਿਚ ਢਾਲਦਿਆਂ ਉਸ ਸਮਾਜ ਦੀਆਂ ਸਮੱਸਿਆਵਾਂ ਨੂੰ ਪੇਸ਼ ਕਰਨਾ ਹੁੰਦਾ, ਜਿਸ ਵਿਚ ਉਹ ਵਿਚਰ ਰਿਹਾ ਹੁੰਦਾ ਹੈ। ਨਵੇਂ ਨਾਵਲਕਾਰਾਂ ਨੇ ਕਈ ਪਸਾਰਾਂ ਨੂੰ ਖੋਲ੍ਹਿਆ ਹੈ। ਇਨ੍ਹਾਂ ਨਾਵਲਕਾਰਾਂ ਵਿਚੋਂ ਇਕ ਪਰਵਾਸੀ ਨਾਵਲਕਾਰ ਮਹਿੰਦਰ ਪਾਲ ਸਿੰਘ ਧਾਲੀਵਾਲ ਹੈ, ਜਿਸ ਨੇ ਹੁਣ ਤੱਕ ਚਾਰ ਨਾਵਲ ਪਰਵਾਸ ਦੀਆਂ ਸਮੱਸਿਆਵਾਂ ਨਾਲ ਸਬੰਧਤ ਲਿਖੇ ਹਨ। ਇਹ ਨਾਵਲਕਾਰ ਘੱਟ ਚਰਚਿਤ ਹੋਇਆ ਹੈ। ਹੁਣ ਆਪਣੇ ਨਵੇਂ ਨਾਵਲ ਨਾਲ ਫਿਰ ਹਾਜ਼ਰ ਹੋਇਆ ਹੈ। ਇਸ ਨਾਵਲ ਵਿਚ ਪਰਵਾਸੀ ਪੰਜਾਬੀ ਦੀ ਮੂਲਵਾਸ ਤੋਂ ਪਰਵਾਸ ਕਰਨ ਤੋਂ ਬਾਅਦ ਪਰਵਾਸ ਤੋਂ ਮੂਲਵਾਸ ਵੱਲ ਪਰਤਣ ਦੀ ਕਹਾਣੀ ਹੈ। ਇਹ ਵਾਪਸੀ ਦੇਸ਼ ਵਾਪਸ ਪਰਤਣ ਦੀ ਨਹੀਂ, ਸਗੋਂ ਪਰਵਾਸ ਵਿਚ ਵਸਦੇ ਹੋਏ ਮੂਲਵਾਸ ਦੀ ਗੁਰਬਤ ਅਤੇ ਨੁਕਸਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਹੈ। ਵਿਕਸਿਤ ਦੇਸ਼ਾਂ ਵਿਚ ਜਾ ਵਸੇ ਪੰਜਾਬੀ ਲੇਖਕ ਵਿਕਸਿਤ ਪੂੰਜੀਵਾਦੀ ਪ੍ਰਬੰਧ ਦੀਆਂ ਸਭ ਅਲਾਮਤਾਂ ਨਾਲ ਖਹਿ ਕੇ ਵਿਚਰਦਿਆਂ, ਆਪਣੀ ਨੀਝ ਦ੍ਰਿਸ਼ਟੀ ਨਾਲ ਦੇਖਿਆਂ ਗਲਪ ਰੂਪਾਂ ਦੀ ਸਿਰਜਣਾ ਕਰ ਰਹੇ ਹਨ। ਧਾਲੀਵਾਲ ਨੇ ਪਰਵਾਸੀ ਜੀਵਨ ਜੀਅ ਰਹੇ ਮਨੁੱਖ ਦੇ ਆਪਣੀਆਂ ਜੜ੍ਹਾਂ ਨਾਲ ਕਾਇਮ ਹੋਣ ਵਾਲੇ ਰਿਸ਼ਤੇ ਦੀ ਪੇਸ਼ਕਾਰੀ ਕੀਤੀ ਹੈ। 

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਤੜਪ ਦਰ ਤੜਪ
ਲੇਖਕ : ਮਨਜੀਤ ਸਿੰਘ ਬਿਲਾਸਪੁਰ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 78.

'ਤੜਪ ਦਰ ਤੜਪ' ਮਨਜੀਤ ਸਿੰਘ ਬਿਲਾਸਪੁਰ ਦਾ ਪਲੇਠਾ ਕਹਾਣੀ ਸੰਗ੍ਰਹਿ ਹੈ। ਇਸ ਵਿਚ ਕੁੱਲ 13 ਕਹਾਣੀਆਂ ਹਨ। 'ਸਲਮਾ' ਕਹਾਣੀ ਦਾ ਨਾਇਕ ਪਾਕਿਸਤਾਨੀ ਨਾਗਰਿਕ ਹੈ, ਜੋ ਰੇਲ ਗੱਡੀ ਦੇ ਡੱਬੇ ਵਿਚੋਂ ਲੱਭੀ ਲਾਵਾਰਿਸ ਬੱਚੀ ਨੂੰ ਆਪਣੀ ਧੀ ਬਣਾ ਕੇ ਪਾਲਦਾ ਹੈ। ਲੇਖਕ ਇਸ ਨਾਇਕ ਦੀ ਤੁਲਨਾ ਉਨ੍ਹਾਂ ਲੋਕਾਂ ਨਾਲ ਕਰਦਾ ਹੈ ਜੋ ਕੁੱਖ ਵਿਚ ਹੀ ਬੱਚੀਆਂ ਨੂੰ ਕਤਲ ਕਰ ਦਿੰਦੇ ਹਨ। ਇਵੇਂ ਹੀ 'ਕਸੂਰਵਾਰ' ਕਹਾਣੀ ਵਿਚ ਸੰਨ ਸੰਤਾਲੀ ਦਾ ਦੁਖਾਂਤ ਹੈ। 'ਉਡੀਕ' ਕਹਾਣੀ ਵਿਚ ਇਕ ਪਾਕਿਸਤਾਨੀ ਬਜ਼ੁਰਗ ਜ਼ਿਲ੍ਹਾ ਗੁਰਦਾਸਪੁਰ ਦੇ ਆਪਣੇ ਜੱਦੀ ਪਿੰਡ ਦੇ ਕਿਸੇ ਵਿਅਕਤੀ ਨੂੰ ਮਿਲਣ ਲਈ ਤਰਸਦਾ ਹੈ। ਇਸ ਸੰਗ੍ਰਹਿ ਵਿਚ ਕਾਲਜ ਜੀਵਨ ਨੂੰ ਚਿੱਤਰਦੀਆਂ ਕਹਾਣੀਆਂ ਸ਼ਾਮਿਲ ਹਨ। 'ਕਿਰਨ' ਕਹਾਣੀ ਵਿਚ ਕਾਲਜ ਸਮੇਂ ਦੀ ਪ੍ਰੀਤ ਦਾ ਅੰਤ ਦੁਖਾਂਤ ਹੋ ਨਿੱਬੜਦਾ ਹੈ। 'ਵੀਨੂੰ ਹੁਣ ਸਿਆਣੀ ਹੋ ਗਈ' ਕਾਲਜ ਸਮੇਂ ਦੇ ਪਿਆਰ ਦੀ ਉਪਭਾਵਕ ਕਥਾ ਹੈ। 'ਦਰੁਸਤ ਫ਼ੈਸਲਾ' ਵਿਚ ਨਾਇਕਾ ਦਾ ਪ੍ਰੇਮੀ ਮਿਹਨਤ ਕਰਕੇ ਪ੍ਰੋਫੈਸਰ ਦੀ ਪਦਵੀ ਗ੍ਰਹਿਣ ਕਰ ਜਾਂਦਾ ਹੈ। ਜੀਵਨ ਵਿਚ ਲਿਆ ਇਕ ਗ਼ਲਤ ਫ਼ੈਸਲਾ ਕਿਵੇਂ ਘੁੱਗ ਵਸਦੇ ਪਰਿਵਾਰ ਨੂੰ ਤਬਾਹ ਕਰ ਦਿੰਦਾ ਹੈ, ਦੇ ਵਿਸ਼ੇ ਨੂੰ 'ਪਾਪਾ ਤੇਰੇ ਜਾਣ ਪਿੱਛੋਂ' ਵਿਚ ਰੂਪਮਾਨ ਕੀਤਾ ਗਿਆ ਹੈ। 'ਤੜਪ ਦਰ ਤੜਪ' ਵਿਚ ਇਕ ਬੱਚੀ ਦੀ ਮਾਂ ਵੱਲੋਂ ਪਹਿਲੇ ਪਤੀ ਦੀ ਮੌਤ ਉਪਰੰਤ ਦੂਸਰਾ ਵਿਆਹ ਕਰਵਾਉਣ ਤੋਂ ਉਪਜਿਆ ਸੰਕਟ ਪੇਸ਼ ਹੈ। 'ਪਛਤਾਵਾ' ਵਿਚ ਮਾਮੂਲੀ ਜਿਹੀ ਗੱਲ ਤੋੜ-ਵਿਛੋੜੇ ਦਾ ਕਾਰਨ ਬਣ ਜਾਂਦੀ ਹੈ। 'ਰਾਜਨੀਤੀ' ਵਿਚ ਰਾਜਨੀਤੀ ਹੱਥੋਂ ਆਦਰਸ਼ ਨੌਜਵਾਨ ਨੂੰ ਘਰੋਂ ਬੇਘਰ ਕਰਨ ਦੀ ਪੀੜ ਹੈ। 'ਬਿਸ਼ਨੀ' ਕਹਾਣੀ ਜੈਸੀ ਕਰਨੀ ਵੈਸੀ ਭਰਨੀ ਵੱਲ ਸੰਕੇਤ ਕਰਦੀ ਹੈ। 'ਲਾਲਸਾ' ਵਿਚ ਵਿਦੇਸ਼ ਜਾਣ ਦਾ ਲਾਲਚ ਵਸਦੇ ਘਰ ਨੂੰ ਉਜਾੜਦਾ ਹੈ। 'ਕਾਮਯਾਬ' ਨਾਇਕ ਦੀ ਸਫਲਤਾ ਦੇ ਰਹੱਸ ਦੀ ਪੇਸ਼ਕਾਰੀ ਕਰਦੀ ਹੈ। ਲੇਖਕ ਨੇ ਇਨ੍ਹਾਂ ਕਥਾਵਾਂ ਵਿਚ ਪ੍ਰਸਥਿਤੀਆਂ ਦੀ ਤੁਲਨਾਤਮਕ ਵਿਧੀ, ਫ਼ਿਲਮਨੁਮਾ ਕਥਾ ਵਿਧੀ, ਬੰਦ-ਪਾਠ ਜੁਗਤ, ਚੇਤਨਧਾਰਾ ਵਿਧੀ, ਸੰਬੋਧਨੀ ਸ਼ੈਲੀ ਅਤੇ ਉਪਦੇਸ਼ਾਤਮਕ ਅੰਤ ਦਾ ਪ੍ਰਯੋਗ ਕੀਤਾ ਹੈ।
ਬੇਸ਼ੱਕ ਮਨਜੀਤ ਸਿੰਘ ਬਿਲਾਸਪੁਰ ਦਾ ਇਹ ਪਹਿਲਾ ਕਹਾਣੀ ਸੰਗ੍ਰਹਿ ਹੈ, ਫਿਰ ਵੀ ਇਸ ਵਿਚ ਉਸ ਦਾ ਗਾਲਪਨਿਕ ਵਿਵੇਕ ਭਵਿੱਖ ਵਿਚ ਇਕ ਵਧੀਆ ਕਹਾਣੀਕਾਰ ਬਣ ਜਾਣ ਦੀ ਸਾਖੀ ਭਰਦਾ ਹੈ। ਆਮੀਨ!

-ਡਾ: ਧਰਮ ਚੰਦ ਵਾਤਿਸ਼
ਮੋ: 98144-46007

ਦੋਹੇ
ਸ਼ਾਇਰ : ਨਿਰਮਲ ਦੱਤ
ਪ੍ਰਕਾਸ਼ਕ : ਆਬ ਪਬਲੀਕੇਸ਼ਨਜ਼, ਸਮਾਣਾ
ਮੁੱਲ : 100 ਰੁਪਏ, ਸਫ਼ੇ : 72

ਪੰਜਾਬੀ ਕਾਵਿ ਖ਼ੇਤਰ ਵਿਚ ਪਿਛਲੇ ਕੁਝ ਸਾਲਾਂ ਤੋਂ ਦੋਹੇ ਲਿਖਣ ਦਾ ਪ੍ਰਚਲਨ ਵਧਿਆ ਹੈ। ਇਸ ਦੀ ਲੋਕਪ੍ਰੀਅਤਾ ਦਾ ਕਾਰਨ ਸੰਖੇਪਤਾ ਹੈ ਤੇ ਇਸ ਕਾਵਿ ਰੂਪ ਰਾਹੀਂ ਥੋੜ੍ਹੇ ਸ਼ਬਦਾਂ ਵਿਚ ਵੱਡੀ ਗੱਲ ਹੋ ਸਕਦੀ ਹੈ। ਦੋਹੇ ਸਿਰਜਣ ਵੱਲ ਹੋਰਨਾਂ ਦੇ ਨਾਲ ਨਾਲ ਨਿਰਮਲ ਦੱਤ ਨੇ ਵਿਸ਼ੇਸ਼ ਧਿਆਨ ਦਿੱਤਾ ਹੈ। 'ਦੋਹੇ' ਪੁਸਤਕ ਦਾ ਨਾਮ ਹੀ ਦਰਸਾ ਰਿਹਾ ਹੈ ਕਿ ਇਸ ਪੁਸਤਕ ਵਿਚ ਦੋਹੇ ਸ਼ਾਮਿਲ ਹਨ। ਸ਼ਾਇਰ ਆਪਣੀ ਕਾਵਿ ਸੰਵੇਦਨਾ ਰਾਹੀਂ ਮਨੁੱਖੀ ਜ਼ਿੰਦਗੀ ਵਿਚ ਖ਼ੂਬਸੂਰਤ ਰੰਗਾਂ ਦੀ ਤਾਜ਼ਗੀ ਦੇਖਣ ਦਾ ਚਾਹਵਾਨ ਹੈ। ਉਹ ਚੂੜੀਆਂ ਦੀ ਖਣ ਖਣ ਤੇ ਝਾਂਜਰਾਂ ਦੀ ਛਣ ਛਣ 'ਚੋਂ ਸੰਖਾਂ ਦੇ ਬੋਲ ਤਲਾਸ਼ਦਾ ਹੈ। ਸ਼ਾਇਰ ਥਾਂ ਥਾਂ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਂਦਾ ਹੈ ਤੇ ਇਸ ਆਨੰਦ ਨੂੰ ਦਿਲਾਂ ਵਿਚ ਉਤਾਰਨ ਲਈ ਪ੍ਰੇਰਨਾ ਦਿੰਦਾ ਹੈ। ਸ਼ਾਇਰ ਪਿਆਰ ਨੂੰ ਸਭ ਦੁੱਖਾਂ ਦਾ ਦਾਰੂ ਤੇ ਜੀਵਨ ਦਾ ਆਧਾਰ ਮੰਨਦਾ ਹੈ। ਉਸ ਅਨੁਸਾਰ ਦੰਭੀ ਮਨੁੱਖ ਜੀਵਨ ਵਿਚ ਕਦੀ ਵੀ ਚੈਨ ਪ੍ਰਾਪਤ ਨਹੀਂ ਕਰ ਸਕਦਾ ਤੇ ਬਿਨਾਂ ਕੋਸ਼ਿਸ਼ਾਂ ਤੋਂ ਦੁਸ਼ਵਾਰੀਆਂ ਘੱਟ ਨਹੀਂ ਹੋ ਸਕਦੀਆਂ। ਇਹ ਦੋਹੇ ਨਿਰੀ ਤੁਕ ਬੰਦੀ ਜਾਂ ਕਵਿਤਾ ਨਹੀਂ ਹਨ ਬਲਕਿ ਇਨ੍ਹਾਂ ਵਿਚ ਜ਼ਿੰਦਗੀ ਦਾ ਸੱਚ ਕਿਨਾਰਿਆਂ ਤੋਂ ਉੱਛਲ ਉੱਛਲ ਜਾਂਦਾ ਹੈ।
ਦੱਤ ਨਪੇ ਤੁਲੇ ਸ਼ਬਦਾਂ ਵਿਚ ਸਲੀਕੇਦਾਰ ਗੱਲ ਕਰਨ ਦਾ ਮਾਹਿਰ ਹੈ। 'ਦੋਹੇ' ਕਿਤਾਬ ਦੇ ਤਮਾਮ ਦੋਹੇ ਗ਼ਜ਼ਲ ਰੂਪ ਦੇ ਕਾਫ਼ੀ ਨੇੜੇ ਹਨ ਸਿਰਫ਼ ਇਨ੍ਹਾਂ ਵਿਚ ਕਾਫ਼ੀਆ ਦਾ ਅੰਤਰ ਹੈ। ਪੁਸਤਕ ਦੀ ਅਰੰਭਿਕਾ ਵੀ ਦੱਤ ਨੇ ਕਵਿਤਾ ਵਿਚ ਹੀ ਲਿਖੀ ਹੈ ਜਿਸ ਵਿਚ ਉਹ ਸਭ ਨੂੰ ਚਿਰਾਗ਼ ਬਾਲਣ ਦਾ ਹੋਕਾ ਦਿੰਦਾ ਹੈ ਤਾਂ ਕਿ ਧਰਤੀ 'ਤੇ ਹੋਰ ਰੌਸ਼ਨੀ ਹੋ ਸਕੇ। ਇਹ ਪੁਸਤਕ ਪਾਠਕ ਨੂੰ ਜ਼ਿੰਦਗੀ ਪ੍ਰਤੀ ਨਜ਼ਰੀਆ ਬਦਲਣ ਤੇ ਜਿਉਣ ਲਈ ਦਿਸ਼ਾ ਨਿਰਧਾਰਤ ਕਰਨ ਵਿਚ ਸਹਾਈ ਹੋ ਸਕਦੀ ਹੈ। ਮੈਂ ਨਿਰਮਲ ਦੱਤ ਨੂੰ ਆਪਣਾ ਸਫ਼ਰ ਜਾਰੀ ਰੱਖਣ ਲਈ ਕਹਿਣਾ ਚਾਹਾਂਗਾ ਤਾਂ ਕਿ ਪੰਜਾਬੀ ਕਾਵਿ ਸੰਸਾਰ ਵਿਚ ਕੁਝ ਦਿਸ਼ਾ ਮੁਖੀ ਕਾਵਿ ਦੀ ਸਿਰਜਣਾ ਹੁੰਦੀ ਰਹੇ।

ਕਲਮ ਦਾ ਨੇਤਰ
ਸ਼ਾਇਰ : ਪਰਨਦੀਪ ਕੈਂਥ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 94.

'ਕਲਮ ਦਾ ਨੇਤਰ' ਅਸਲੋਂ ਨਵੇਂ ਸ਼ਾਇਰ ਪਰਨਦੀਪ ਕੈਂਥ ਦਾ ਪਲੇਠਾ ਕਾਵਿ ਸੰਗ੍ਰਹਿ ਹੈ ਜਿਸ ਵਿਚ ਉਸ ਦੀਆਂ ਸੱਠ ਰਚਨਾਵਾਂ ਸ਼ਾਮਿਲ ਹਨ। ਬਹੁਤੀਆਂ ਕਵਿਤਾਵਾਂ ਦੇ ਆਕਾਰ ਛੋਟੇ ਹਨ ਪਰ ਇਨ੍ਹਾਂ ਦੇ ਕਈ ਵਿਸ਼ੇ ਅਛੂਤੇ ਹਨ ਤੇ ਇਨ੍ਹਾਂ ਨੂੰ ਪੜ੍ਹ ਕੇ ਪਰਨਦੀਪ ਕੈਂਥ ਦੇ ਕਾਵਿਕ ਭਵਿੱਖ ਨੂੰ ਕਿਆਸਿਆ ਜਾ ਸਕਦਾ ਹੈ। ਸਾਰੀਆਂ ਨਜ਼ਮਾਂ ਆਜ਼ਾਦ ਹਨ ਤੇ ਇਸ ਪੁਸਤਕ ਵਿਚ ਛੰਦ ਬੰਧਤਾ ਤੋਂ ਪ੍ਰਹੇਜ਼ ਕੀਤਾ ਗਿਆ ਹੈ। ਆਪਣੀ ਪਹਿਲੀ ਨਜ਼ਮ ਵਿਚ ਉਹ ਆਪਣੇ ਗੁਰੂਦੇਵ ਨੂੰ ਨਤ ਮਸਤਕ ਹੁੰਦਾ ਹੈ। ਆਪਣੀਆਂ ਅਗਲੀਆਂ ਰਚਨਾਵਾਂ ਵਿਚ ਸੁਪਨਿਆਂ ਦੇ ਮਹਿਲ ਖੜ੍ਹੇ ਕਰਕੇ ਸ਼ਾਇਰ ਕਿਸੇ ਦੀ ਇੰਤਜ਼ਾਰ ਕਰਦਾ ਹੈ। ਕੈਂਥ ਨੂੰ ਲੰਮੀਆਂ ਵਾਟਾਂ ਦਾ ਅਹਿਸਾਸ ਹੈ ਤੇ ਉਹ ਆਪਣੇ ਅਹਿਸਾਸਾਂ ਨੂੰ ਸਲੀਬ 'ਤੇ ਟੰਗੇ ਹੋਏ ਮਹਿਸੂਸ ਕਰਦਾ ਹੈ। ਸ਼ਾਇਰ ਰੂਹਾਂ ਦੇ ਸਪਰਸ਼ ਨੂੰ ਅਸਲੀ ਮੁਹੱਬਤ ਸਮਝਦਾ ਹੈ ਤੇ ਆਦਮੀ ਦਾ ਅਜੋਕਾ ਸਰੂਪ ਉਸ ਨੂੰ ਬੁੱਤ ਪ੍ਰਤੀਤ ਹੁੰਦਾ ਹੈ। ਸ਼ਾਇਰ ਲਈ ਕਿਸੇ ਰੰਗਦਾਰ ਮਹਿਕ ਵਿਹੂਣੀ ਹਸਤੀ ਦਾ ਕੋਈ ਮਹੱਤਵ ਨਹੀਂ ਹੈ ਤੇ ਉਹ ਸਿੱਧ ਪਧਰੀ ਨਿਰਵੈਰ ਮਨੁੱਖੀ ਜ਼ਿੰਦਗੀ ਦੀ ਇੱਛਾ ਰੱਖਦਾ ਹੈ। ਕੈਂਥ ਨੂੰ ਛੰਦ ਬੰਧਤਾ ਵਲ ਵੀ ਧਿਆਨ ਦੇਣਾ ਚਾਹੀਦਾ ਹੈ ਤੇ ਛੰਦ ਯੁਕਤ ਕਵਿਤਾ 'ਤੇ ਪਕੜ ਹੋਣ ਨਾਲ ਖੁੱਲ੍ਹੀ ਕਵਿਤਾ ਵੀ ਲੈਅ ਬਧ ਹੋ ਜਾਂਦੀ ਹੈ। ਪੰਜਾਬੀ ਕਾਵਿ ਖ਼ੇਤਰ ਵਿਚ ਪਹਿਲੀ ਪੁਸਤਕ ਰਾਹੀਂ ਪ੍ਰਵੇਸ਼ ਕਰਨ ਵਾਲੇ ਕੈਂਥ ਨੂੰ ਚਲਦੇ ਰਹਿਣ ਲਈ ਪ੍ਰੇਰਿਆ ਜਾਣਾ ਜ਼ਰੂਰੀ ਹੈ। 'ਕਲਮ ਦਾ ਨੇਤਰ' ਵਿਚ ਲੇਖਕ ਮੋਹਨ ਤਿਆਗੀ ਮੁੱਖ ਬੰਦ ਰਾਹੀਂ ਨੌਜਵਾਨ ਸ਼ਾਇਰ ਪਰਨਦੀਪ ਕੈਂਥ ਦੀ ਚੰਗੀ ਹੌਸਲਾ ਅਫ਼ਜ਼ਾਈ ਕੀਤੀ ਹੈ ਤੇ ਪ੍ਰਬਲ ਸੰਭਾਵਨਾ ਹੈ ਕਿ ਉਹ ਇਸੇ ਉਤਸ਼ਾਹ ਨਾਲ ਤੁਰਿਆ ਰਹੇਗਾ।

-ਗੁਰਦਿਆਲ ਰੌਸ਼ਨ
ਮੋ: 99884-44002

ਇਟਲੀ ਦੇ ਮੁਹਾਣਿਆਂ ਤੇ
ਲੇਖਕ : ਸੰਤੋਖ ਸਿੰਘ ਸੰਘਾ
ਪ੍ਰਕਾਸ਼ਕ : ਪੰਜਾਬੀ ਸੱਥ ਲਾਂਬੜਾ
ਮੁੱਲ : 80 ਰੁਪਏ, ਸਫ਼ੇ : 136.

ਜਿਹਾ ਕਿ ਪੁਸਤਕ ਦੇ ਟਾਈਟਲ ਤੋਂ ਹੀ ਜ਼ਾਹਰ ਹੈ ਕਿ ਇਹ ਪੁਸਤਕ ਸੰਤੋਖ ਸਿੰਘ ਸੰਘਾ ਦਾ ਸਫ਼ਰਨਾਮਾ ਹੈ, ਜਿਸ ਵਿਚ ਉਨ੍ਹਾਂ ਵੱਲੋਂ 2006 ਵਿਚ ਇਟਲੀ ਦੇ ਕੀਤੇ ਭ੍ਰਮਣ ਦਾ ਬਾਸਲੀਕਾ ਵਰਨਣ ਹੈ। ਇਸ ਸਫ਼ਰਨਾਮੇ ਦੇ ਦੋ ਭਾਗ ਹਨ। ਪਹਿਲਾ ਭਾਗ, ਇਟਲੀ ਵਿਚ ਕਦਮ ਧਰਨ ਤੱਕ ਪੇਸ਼ ਆਈਆਂ ਅਨੇਕ ਤਰ੍ਹਾਂ ਦੀਆਂ ਦੁਸ਼ਵਾਰੀਆਂ, ਇਟਲੀ ਪੁੱਜਣ, ਇਟਲੀ ਦੀ ਸੈਰ ਅਤੇ ਵਾਪਸੀ ਦਾ ਬਿਰਤਾਂਤ ਹੈ। ਪੁਸਤਕ ਦਾ ਦੂਜਾ ਭਾਗ, ਇਟਲੀ ਦੀ ਬੇਜੋੜ ਕਲਾਤਮਕ ਵਿਰਾਸਤ ਦੀ ਰੌਚਕ, ਸੁਹਜਾਤਮਕ ਅਤੇ ਮੁਅੱਸਰ ਅੱਕਾਸੀ ਹੈ।
ਵਿਦਵਾਨ ਲੇਖਕ ਨੇ, ਇਟਲੀ ਦੇ ਮੂਲ ਨਿਵਾਸੀਆਂ ਅਤੇ ਉਥੇ ਵਸਦੇ ਪ੍ਰਵਾਸੀ ਪੰਜਾਬੀਆਂ ਦੀ ਜੀਵਨ-ਸ਼ੈਲੀ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਕਲਮਬੰਦ ਕੀਤਾ ਹੈ। ਇਟਲੀ ਦੇ ਪੁਲਿਸ ਪ੍ਰਸ਼ਾਸਨ ਦੀ ਕਾਰਜ-ਸ਼ੈਲੀ ਤੇ ਵਿਹਾਰ ਨੂੰ ਉਨ੍ਹਾਂ ਆਪਣੇ ਦੇਸ਼ ਦੀ ਪੁਲਿਸ ਵਰਗਾ ਦੱਸ ਕੇ, ਹਕੀਕਤ ਬਿਆਨੀ ਕੀਤੀ ਹੈ। ਬਦਇੰਤਜ਼ਾਮੀ ਨੂੰ ਉਜਾਗਰ ਕਰਦਿਆਂ, ਸ੍ਰੀ ਸੰਘਾ ਲਿਖਦੇ ਹਨ, 'ਸਾਡੇ ਵਾਂਗ, ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਕੌਫ਼ੀ ਦੇ ਪੈਸੇ ਖਰਚ ਕੇ ਵਾਸ਼ਰੂਮ ਜਾਣਾ ਪੈਂਦਾ ਹੈ।'
ਸਫ਼ਰਨਾਮੇ ਦਾ ਦੂਜਾ ਭਾਗ, ਬਹੁਤ ਵਡਮੁੱਲੀ ਤੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਦਾ ਹੈ, ਜਿਹੜੇ ਇਟਲੀ ਦੇ ਮਹਾਨ ਕਲਾਤਮਕ ਵਿਰਸੇ ਦੇ ਮਾਨੋ ਪ੍ਰਤੱਖ ਦਰਸ਼ਨ-ਦੀਦਾਰੇ ਹੀ ਹਨ। ਵੀਨਸ ਦੇ ਦ੍ਰਿਸ਼ ਸਾਖਿਆਤ ਰੂਪ ਵਿਚ ਸਾਡੇ ਸਾਹਮਣੇ ਨਮੂਦਾਰ (ਪ੍ਰਗਟ) ਹੋ ਖਲੋਏ ਜਾਪਦੇ ਹਨ। ਵੀਨਸ ਬਾਰੇ ਹਰ ਗੱਲ ਨੂੰ ਬੜੀ ਬਾਰੀਕੀ ਨਾਲ ਬਿਆਨ ਕੀਤਾ ਗਿਆ ਹੈ। ਪੀਸਾ ਸ਼ਹਿਰ ਵਿਚਲੇ 'ਦਾ ਲਰਨਿੰਗ ਟਾਵਰ' ਦਾ ਜ਼ਿਕਰ, ਸ੍ਰੀ ਸੰਘਾ ਦੀ ਕਲਮ ਦੀ ਕਰਾਮਾਤ ਨਾਲ ਪਾਠਕ ਦੇ ਸਾਹਵੇਂ ਸਾਕਾਰ ਰੂਪ ਧਾਰਨ ਕਰ ਗਿਆ ਪ੍ਰਤੀਤ ਹੁੰਦਾ ਹੈ। ਸ੍ਰੀ ਸੰਘਾ ਦੀ ਤਰਜ਼ੇ-ਬਿਆਨੀ, ਇਸ ਸਫ਼ਰਨਾਮੇ ਨੂੰ ਬਾਕੀ ਸਫ਼ਰਨਾਮਿਆਂ ਤੋਂ ਕੁਝ ਵੱਖਰਤਾ 'ਤੇ ਲਿਆ ਖੜ੍ਹਾ ਕਰਦੀ ਹੈ। 'ਇਸਲਾਮੀ ਕਲਾ ਕਿਰਤਾਂ' ਦਾ ਬਿਰਤਾਂਤ, ਬੜੀ ਲਾਹੇਵੰਦੀ ਜਾਣਕਾਰੀ ਮੁਹੱਈਆ ਕਰਦਾ ਹੈ। ਪੀਸਾ ਵਿਚਲੇ ਗਿਰਜਾਘਰਾਂ ਬਾਰੇ, ਹਰੇਕ ਕਿਸਮ ਦੀ ਸੂਖਮ ਜਾਣਕਾਰੀ ਦਿੱਤੀ ਗਈ ਹੈ। ਇਟਲੀ ਨੂੰ ਕਲਾ ਦਾ ਮੁਜੱਸਮਾ ਦੱਸਦਿਆਂ ਸ੍ਰੀ ਸੰਘਾ ਲਿਖਦੇ ਹਨ, 'ਅੱਜ ਵੀ ਪੁਰਾਣੇ ਧਨੰਤਰ ਕਲਾਕਾਰਾਂ ਦੀ ਕਲਾ ਨੂੰ ਨਵੇਂ ਕਲਾਕਾਰਾਂ ਨੇ ਅੱਗੇ ਜਾਰੀ ਰੱਖਿਆ ਹੋਇਆ ਹੈ।' 'ਬਹੁਤ ਸਾਰੇ ਇਟਲੀ ਨਿਵਾਸੀਆਂ ਨੇ ਮੈਨੂੰ ਦੱਸਿਆ ਕਿ ਇਟਲੀ ਵਿਚ ਇਹੋ ਜਿਹੇ ਛੋਟੇ-ਛੋਟੇ ਪਿੰਡ ਮੌਜੂਦ ਹਨ, ਜਿਥੇ ਕੁਝ ਛੋਟੇ ਕਲਾਕਾਰਾਂ ਨੇ ਕਲਾਕਾਰੀ ਦੇ ਬਹੁਤ ਵੱਡੇ ਕਾਰਨਾਮੇ ਕੀਤੇ ਹੋਏ ਹਨ।' 'ਇਹ ਕਲਾ, ਜਿਥੇ ਇਸ ਮੁਲਕ ਦਾ ਅਣਮੁੱਲਾ ਖਜ਼ਾਨਾ ਹੈ, ਉਤੇ ਦੁਧਾਰੂ ਗਊ ਵੀ ਹੈ, ਜੋ ਇਸ ਦੇਸ਼ ਦੀ ਆਰਥਿਕਤਾ ਵਿਚ ਇਕ ਵੱਡਾ ਯੋਗਦਾਨ ਪਾਉਂਦੀ ਹੈ।' ਪੁਸਤਕ ਦੇ ਅੰਤ ਵਿਚ 25 ਖੂਬਸੂਰਤ ਤਸਵੀਰਾਂ ਹਨ, ਜਿਸ ਨਾਲ ਪੁਸਤਕ ਹੋਰ ਪੁਖ਼ਤਾ ਹੋ ਨਿੱਬੜਦੀ ਹੈ।

-ਤੀਰਥ ਸਿੰਘ ਢਿੱਲੋਂ
ਮੋ: 98154-61710

ਕਿਤਾਬਾਂ 03-03-2013

 ਗੁਰੁ ਪਰਤਾਪ ਸਾਧ ਕੀ ਸੰਗਤਿ
ਲੇਖਕ : ਓਸ਼ੋ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 350 ਰੁਪਏ, ਸਫ਼ੇ : 352.

'ਗੁਰੁ ਪਰਤਾਪ ਸਾਧ ਕੀ ਸੰਗਤਿ' ਮੱਧ ਪ੍ਰਦੇਸ਼ ਦੇ ਕੁਚਵਾੜਾ ਪਿੰਡ ਵਿਚ ਜਨਮੇ ਵੀਹਵੀਂ ਸਦੀ ਦੇ ਚਰਚਿਤ ਭਾਰਤੀ ਚਿੰਤਕ, ਵਿਚਾਰਣ ਅਤੇ ਦਾਰਸ਼ਨਿਕ ਰਜਨੀਸ਼ ਓਸ਼ੋ ਦੇ ਪ੍ਰਵਚਨਾਂ ਦੀ ਪੰਜਾਬੀ ਭਾਸ਼ਾ ਵਿਚ ਅਨੁਵਾਦਿਤ ਪੁਸਤਕ ਹੈ। ਓਸ਼ੋ ਨੇ ਆਪਣੇ ਵਿਚਾਰਸ਼ੀਲ ਪ੍ਰਵਚਨਾਂ ਰਾਹੀਂ ਮਨੁੱਖੀ ਜੀਵਨ ਅਤੇ ਚੇਤਨਾ ਦੇ ਹਰ ਪੱਖ ਨੂੰ ਉਜਾਗਰ ਹੀ ਨਹੀਂ ਕੀਤਾ, ਬਲਕਿ ਆਪਣੇ ਸ਼ਰਧਾਲੂਆਂ ਨੂੰ ਆਪਣੇ ਜੀਵਨ ਵਰਤਾਰੇ ਵਿਚ ਜੀਵਨ ਮੁੱਲਾਂ ਨੂੰ ਅਪਣਾਉਣ ਅਤੇ ਧਿਆਨ ਦੀ ਸਾਰਥਕਤਾ ਨੂੰ ਸਦੀਵੀ ਰੂਪ ਦੇਣ ਲਈ ਪ੍ਰੇਰਿਆ ਵੀ ਹੈ।
ਵਿਚਾਰ ਅਧੀਨ ਪੁਸਤਕ ਦੇ 11 ਕਾਂਡ ਹਨ। ਪਹਿਲੇ ਕਾਂਡ ਵਿਚ ਗੁਰੂ ਅਤੇ ਸ਼ਿਸ਼ ਬਾਰੇ ਚਰਚਾ ਕਰਦਿਆਂ ਓਸ਼ੋ ਨੇ ਦੋਵਾਂ ਦੇ ਪਰਸਪਰ ਰਿਸ਼ਤਿਆਂ ਦੀ ਵਿਸਥਾਰ ਪੂਰਵਕ ਵਿਆਖਿਆ ਕਰਕੇ ਕਿਹਾ ਹੈ ਕਿ ਗੁਰੂ ਦਾ ਭਾਵ ਅਰਥ ਹੈ ਹਨੇਰੇ ਨੂੰ ਦੂਰ ਕਰਨ ਵਾਲਾ ਜੋ ਆਪਣੇ ਸ਼ਿਸ਼ਾਂ ਅੰਦਰ ਪਸਰੇ ਹਨੇਰੇ ਨੂੰ ਸੰਗ੍ਰਹਿ ਰੂਪੀ ਅਨੁਭਵ ਦੁਆਰਾ ਦੂਰ ਕਰਦਾ ਹੈ। ਅਗਲੇ ਕਾਂਡ ਵਿਚ ਸ਼ਰਧਾ ਵਿਚ ਸ਼ੰਕਾ ਪੈਦਾ ਹੋਣ ਦੇ ਪ੍ਰਸ਼ਨ ਦਾ ਭਾਵ ਪੂਰਵਕ ਵਿਚਾਰਾਂ ਦੁਆਰਾ ਨਿਤਾਰਾ ਕੀਤਾ ਗਿਆ ਹੈ। ਉਹ ਆਖਦਾ ਹੈ ਕਿ ਸ਼ੰਕਾ ਨੂੰ ਕਦੀ ਵੀ ਦਬਾਉਣਾ ਨਹੀਂ, ਸ਼ੰਕਾ ਤਾਂ ਸ਼ਰਧਾ ਦੀ ਸੇਵਿਕਾ ਹੈ। ਤੀਜੇ ਕਾਂਡ ਰਾਹੀਂ ਮਨੁੱਖ ਨੂੰ ਇਹ ਦਰਸਾਇਆ ਗਿਆ ਹੈ ਕਿ ਮਨੁੱਖ ਮਾਤਰ ਦਾ ਇਥੇ ਕੁਝ ਵੀ ਆਪਣਾ ਨਹੀਂ। ਇਥੇ ਕੋਈ ਵੀ ਚੀਜ਼ ਕਿਸੇ ਦੀ ਨਹੀਂ। ਅਸੀਂ ਉਨ੍ਹਾਂ ਛੋਟੇ ਬੱਚਿਆਂ ਵਰਗੇ ਹਾਂ ਜਿਹੜੇ ਮੇਲਿਆਂ 'ਚ ਗੁਆਚ ਜਾਂਦੇ ਹਨ, ਜਿਨ੍ਹਾਂ ਨੂੰ ਨਾ ਆਪਣੇ ਘਰ ਦਾ ਪਤਾ ਹੈ ਨਾ ਆਪਣੇ ਮਾਂ-ਬਾਪ ਦਾ। ਇਹੀ ਧਰਮ ਸ਼ਾਸਤਰ ਹੈ।
ਚੌਥੇ ਕਾਂਡ ਵਿਚ ਸੱਚ ਨੂੰ ਜਾਣਨ ਲਈ ਵਿਚਾਰ-ਵਿਮਰਸ਼ ਕੀਤਾ ਗਿਆ ਹੈ। ਆਦਮੀ ਜਿਹੋ ਜਿਹਾ ਸੋਚਦਾ ਹੈ, ਉਹੋ ਜਿਹਾ ਹੋ ਜਾਂਦਾ ਹੈ। ਪਰਮਾਤਮਾ ਨੂੰ ਮੰਨਣਾ ਨਹੀਂ ਜਾਨਣਾ ਹੈ ਇਹੀ ਸੱਚ ਹੈ। ਸੰਨਿਆਸ ਬਾਰੇ ਓਸ਼ੋ ਆਖਦਾ ਹੈ ਕਿ ਧਿਆਨ ਹੀ ਅਸਲੀ ਸੰਨਿਆਸ ਹੈ। ਪੰਜਵੇਂ ਕਾਂਡ ਵਿਚ ਉਸ ਨੇ ਮੋਖਸ਼ ਮੁਕਤੀ ਬਾਰੇ ਚਾਨਣਾ ਪਾਇਆ ਹੈ। ਪੁਸਤਕ ਦੇ ਛੇਵੇਂ ਕਾਂਡ ਵਿਚ ਕੀ ਤਕਦੀਰ ਨੂੰ ਮੰਨਣਾ ਹਰ ਹਾਲਤ ਵਿਚ ਬੁਰਾ ਹੈ? ਦੇ ਪ੍ਰਸ਼ਨ ਦਾ ਉੱਤਰ ਦਿੰਦਿਆਂ ਓਸ਼ੋ ਕਹਿੰਦਾ ਹੈ ਕਿ ਤਕਦੀਰ ਦੇ ਮੰਨਣ ਕਾਰਨ ਹੀ ਸਾਡੇ ਦੇਸ਼ ਵਾਸੀਆਂ ਨੇ ਸਦੀਆਂ ਗੁਲਾਮੀ ਭੋਗੀ ਹੈ। ਸਤਵੇਂ ਕਾਂਡ ਵਿਚ ਸੱਚ ਕਿਵੇਂ ਮਿਲਦਾ ਹੈ? ਹੰਕਾਰ ਤੋਂ ਕਿਵੇਂ ਛੁਟਕਾਰਾ ਹੋਵੇਗਾ ਅਤੇ ਪ੍ਰਾਰਥਨਾ ਦਾ ਕੀ ਅਰਥ ਹੈ, ਜਿਹੇ ਪ੍ਰਸ਼ਨਾਂ ਦੇ ਉੱਤਰ ਦਾਰਸ਼ਨਿਕ ਦ੍ਰਿਸ਼ਟੀ ਤੋਂ ਦਿੱਤੇ ਗਏ ਹਨ। ਸੁੱਤੇ ਹੋਏ ਬੰਦੇ ਨੂੰ ਦੂਜਾ ਸੁੱਤਾ ਹੋਇਆ ਬੰਦਾ ਨਹੀਂ ਜਗਾ ਸਕਦਾ। ਸਵੇਰ ਕਦੋਂ ਹੋਵੇਗੀ? ਬਾਰੇ ਪੁਸਤਕ ਦੇ ਅੱਠਵੇਂ ਕਾਂਡ ਵਿਚ ਚਰਚਾ ਕਰਦਿਆਂ ਓਸ਼ੋ ਆਖਦਾ ਹੈ ਕਿ ਜ਼ਿੰਦਗੀ ਦੇ ਦੁੱਖਾਂ ਸੁੱਖਾਂ ਦਾ ਕਾਰਨ ਤੁਸੀਂ ਆਪ ਹੋ। ਇਸੇ ਕਾਂਡ ਵਿਚ ਉਹ ਆਪਣੇ ਦੇਸ਼ ਦੇ ਰਾਜਨੇਤਾਵਾਂ ਬਾਰੇ ਟਿੱਪਣੀ ਕਰਦਿਆਂ ਦੱਸਦਾ ਹੈ ਕਿ ਉਹ ਕਿਵੇਂ ਦੇਸ਼ ਨੂੰ ਨਿਘਾਰ ਵੱਲ ਲਿਜਾ ਰਹੇ ਹਨ। ਨੌਵੇਂ ਕਾਂਡ ਵਿਚ ਉਹ ਮੌਤ ਦੇ ਸੰਕਲਪ ਬਾਰੇ ਜਾਗਰੂਕ ਕਰਦਾ ਹੈ ਕਿ ਮੌਤ ਕੋਲੋਂ ਬਚਣ ਦਾ ਕੋਈ ਉਪਾਅ ਨਹੀਂ। ਪੁਸਤਕ ਦੇ ਅੰਤਲੇ ਭਾਗ ਵਿਚ ਮਨੁੱਖੀ ਮਨ ਵਿਚ ਪਸਰੇ ਦਵੰਦਾਂ ਬਾਰੇ ਚਾਨਣਾ ਪਾਇਆ ਗਿਆ ਹੈ। ਓਸ਼ੋ ਦੀ ਵੱਡੀ ਖੂਬੀ ਇਹ ਹੈ ਕਿ ਉਹ ਆਪਣੇ ਵਿਚਾਰਾਂ ਨੂੰ ਅਤਿ ਸਰਲ ਭਾਸ਼ਾ ਵਿਚ ਸੰਸਾਰ ਭਰ ਦੇ ਦਾਰਸ਼ਨਿਕਾਂ ਦੀਆਂ ਟੂਕਾਂ ਅਤੇ ਕਥਾ ਕਹਾਣੀਆਂ ਨਾਲ ਗਲੇਫ ਕੇ ਦਿਲਚਸਪੀ ਨਾਲ ਪੇਸ਼ ਕਰਦਾ ਹੈ, ਜਿਸ ਦਾ ਪ੍ਰਭਾਵ ਸਰੋਤਿਆਂ ਦੇ ਧੁਰ ਅੰਦਰ ਤੱਕ ਪੈਂਦਾ ਹੈ ਅਤੇ ਉਹ ਉਸ ਦੇ ਪ੍ਰਵਚਨਾਂ ਨਾਲ ਕੀਤੇ ਜਾਂਦੇ ਹਨ। ਇਹ ਪੁਸਤਕ ਪੜ੍ਹਨਯੋਗ ਤੇ ਸਾਂਭਣਯੋਗ ਹੈ।

-ਸੁਖਦੇਵ ਮਾਦਪੁਰੀ
ਮੋ: 94630-34472.

ਕਥਾ ਸਮੁੰਦਰੋਂ ਪਾਰ ਦੀ
ਸੰਪਾਦਕ : ਸੰਤੋਖ ਧਾਲੀਵਾਲ
ਪ੍ਰਕਾਸ਼ਕ : ਪੰਜਾਬੀ ਸੱਥ, ਲਾਂਬੜਾ (ਜਲੰਧਰ)
ਮੁੱਲ : 200 ਰੁਪਏ, ਸਫ਼ੇ : 180

'ਕਥਾ ਸਮੁੰਦਰੋਂ ਪਾਰ ਦੀ' ਕਿਤਾਬ ਵਿਚ ਯੂ . ਕੇ. ਵਸਦੇ ਪੰਜਾਬੀ ਪਿਛੋਕੜ ਬਾਰੇ ਕਹਾਣੀਕਾਰਾਂ ਦੀਆਂ 21 ਕਹਾਣੀਆਂ ਦਰਜ ਹਨ। ਬਹੁਤੀਆਂ ਕਹਾਣੀਆਂ ਦਾ ਕਾਰਜ ਖੇਤਰ ਸੱਤ ਸਮੁੰਦਰੋਂ ਪਾਰ ਦਾ ਹੈ ਪਰ ਪੰਜਾਬ ਨਾਲ ਕਿਸੇ ਨਾ ਕਿਸੇ ਰੂਪ ਵਿਚ ਇਨ੍ਹਾਂ ਦਾ ਸਬੰਧ ਜੁੜਿਆ ਹੈ।
ਸੰਤੋਖ ਧਾਲੀਵਾਲ ਆਪਣੀ ਸਖ਼ਤ ਮਿਹਨਤ ਲਗਨ ਤੇ ਸੂਝ-ਬੂਝ ਨਾਲ ਯੂ. ਕੇ. ਦੇ ਸਥਾਪਤ ਕਹਾਣੀਕਾਰਾਂ ਵਿਚੋਂ ਸਵ: ਰਘਵੀਰ ਢੰਡ 'ਡਰਟੀ ਕਲਰ', ਸਵ: ਤਰਸੇਮ ਨੀਲਗਿਰੀ 'ਦੋ ਕਿਨਾਰੇ', ਡਾ: ਸਵਰਨ ਚੰਦਨ 'ਕੈਂਠਾ', ਦਰਸ਼ਨ ਧੀਰ 'ਆਲ੍ਹਣਾ', ਗੁਰਨਾਮ ਗਿੱਲ 'ਗ਼ਲਤ ਕਿ ਸਹੀ? ', ਬਲਦੇਵ ਸਿੰਘ 'ਮਾਮੂਲੀ ਗੱਲ', ਸ਼ਿਵਚਰਨ ਗਿੱਲ 'ਸੱਚ ਅਤੇ ਸੁਪਨ', ਹਰਬਖ਼ਸ਼ ਮਕਸੂਦਪੁਰੀ 'ਛਟੂਆ', ਸਾਥੀ ਲੁਧਿਆਣਵੀ 'ਪਾਕੀ ਲਵਰ', ਡਾ: ਕਰਨੈਲ 'ਬਾਰ ਬੇਕਿਊ', ਗੁਰਪਾਲ ਸਿੰਘ 'ਸੋਨੇ ਦਾ ਦੰਦ', 'ਵਸੀਅਤ', ਸ਼ਿਵਚਰਨ ਜੱਗੀ ਕੁੱਸਾ 'ਸੂਲੀ ਚੜ੍ਹਿਆ ਚੰਦਰਮਾ', ਦਰਸ਼ਨ ਢਿੱਲੋਂ 'ਘੜੂਕੂ ਨੱਟ', ਮਹਿੰਦਰਪਾਲ ਧਾਲੀਵਾਲ 'ਸਬਰ', ਆਮੀਨ ਮਲਿਕ 'ਪੀਰਾਂ ਦਿੱਤਾ', ਡਾ: ਰਤਨ ਰੀਹਲ 'ਟੁੱਟ ਭੱਜ', ਕੁਲਵਿੰਦਰ ਕਿੰਦਰ 'ਖੁਦਕੁਸ਼ੀ', ਮੋਤਾ ਸਿੰਘ 'ਨੂਰਾਂ', ਸੁਰਜੀਤ ਕਾਲੜਾ 'ਬਾਬਾ', ਸੰਤੋਖ ਧਾਲੀਵਾਲ 'ਸਕਾਰਫ', ਦੀਆਂ ਕਹਾਣੀਆਂ ਵਿਚ ਜਿਥੇ ਲੇਖਕਾਂ ਦਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਲਗਾਅ ਸਪੱਸ਼ਟ ਹੁੰਦਾ ਹੈ ਉਥੇ ਕਹਾਣੀਆਂ ਦੇ ਨਾਂਅ ਤੋਂ ਉਨ੍ਹਾਂ ਦੀ ਤੜਪ ਨਿੱਖਰ ਕੇ ਸਾਹਮਣੇ ਆਉਂਦੀ ਹੈ। ਪੁਸਤਕ ਵਿਚਲੇ ਸਾਰੇ ਲੇਖਕ ਪੁਰਾਣੀ ਤੇ ਨਵੀਂ ਪੀੜ੍ਹੀ ਨਾਲ ਸਬੰਧਤ ਹਨ। ਉਨ੍ਹਾਂ ਨੇ ਆਪਣੀਆਂ ਕਹਾਣੀਆਂ ਨੂੰ ਮੌਜੂਦਾ ਘਸੇ-ਪਿਟੇ ਭ੍ਰਿਸ਼ਟ ਪ੍ਰਬੰਧ ਵਿਚੋਂ ਸੂਖਮਤਾ ਤੇ ਸਰਲਤਾ ਨਾਲ ਅਗਾਂਹਵਧੂ ਦ੍ਰਿਸ਼ਟੀਕੋਣ ਨਾਲ ਪਾਠਕਾਂ ਅੱਗੇ ਪੇਸ਼ ਕੀਤਾ ਹੈ। ਸੱਤ ਸਮੁੰਦਰੋਂ ਪਾਰ ਵਸਦਿਆਂ ਸਾਰੇ ਕਹਾਣੀਕਾਰਾਂ ਨੇ ਪੰਜਾਬੀ ਨੌਜਾਵਨਾਂ ਦੀ ਵਿਦੇਸ਼ ਜਾਣ ਦੀ ਤਾਂਘ ਅਤੇ ਰਾਤੋ-ਰਾਤ ਅਮੀਰ ਬਣਨ ਦੀ ਮਾਨਸਿਕਤਾ ਤੋਂ ਲੈ ਕੇ ਗੋਰਿਆਂ ਨਾਲ ਸਾਂਝ, ਟੁੱਟ-ਭੱਜ, ਰਿਸ਼ਤਿਆਂ ਦੀ ਤਿੜਕਣ, ਕਾਮੁਕ ਸਬੰਧ, ਪਿਆਰ, ਨਫ਼ਰਤ, ਵਹਿਮ-ਭਰਮ, ਘਟੀਆ ਨੈਤਕਿਤਾ, ਧਰਮ-ਕਰਮ ਕਾਂਡ ਅਤੇ ਵਿਦੇਸ਼ ਸੈਟਲ ਹੋਣ ਲਈ ਮਜਬੂਰੀ-ਵੱਸ ਵਿਆਹ ਦੀਆਂ ਘਟਨਾਵਾਂ ਨੂੰ ਸੰਵੇਦਨਸ਼ੀਲ ਢੰਗ ਨਾਲ ਪਾਤਰਾਂ ਦੀ ਤੜਪ ਦਾ ਅੰਗ ਬਣਾਇਆ ਹੈ। ਕਹਾਣੀ ਸੰਗ੍ਰਹਿ ਵਿਚ ਲੋਕਾਈ ਦੇ ਵੱਖੋ-ਵੱਖ ਰੰਗਾਂ ਦੀ ਝਲਕ ਹੈ। ਕਹਾਣੀਆਂ ਕਲਪਨਾ ਤੇ ਯਥਾਰਥ ਦੇ ਟਕਰਾਅ ਨੂੰ ਪੇਸ਼ ਕਰਦੀਆਂ ਹੋਈਆਂ ਵਿਸ਼ਾ ਵਸਤੂ ਤੇ ਰੂਪਕ ਪੱਖ ਤੋਂ ਸਮਾਜੀ ਦ੍ਰਿਸ਼ਟੀਕੋਣ ਨੂੰ ਸੂਖਮਤਾ ਨਾਲ ਪੇਸ਼ ਕਰਦੀਆਂ ਹਨ।

-ਰਮੇਸ਼ ਤਾਂਗੜੀ
ਮੋ: 9463079655

ਕਲਿਯੁਗ ਰਥ ਅਗਨ ਕਾ ਅਤੇ ਅਹੰਮ
ਲੇਖਕ : ਦਲੀਪ ਕੌਰ ਟਿਵਾਣਾ
ਪ੍ਰਕਾਸ਼ਕ : ਲਾਹੌਰ ਬੁਕਸ, ਲੁਧਿਆਣਾ
ਮੁੱਲ : 120 ਰੁਪਏ ਸਫ਼ੇ : 105

ਹਥਲੀ ਪੁਸਤਕ ਪ੍ਰਸਿੱਧ ਲੇਖਿਕਾ ਦਲੀਪ ਕੌਰ ਟਿਵਾਣਾ ਦੀ ਦੋ ਨਾਵਲਿਟਾਂ ਦੀ ਪੁਸਤਕ ਹੈ। ਇਸ ਵਿਚ ਲੇਖਿਕਾ ਦੇ ਦੋ ਨਾਲਵਿਟ 'ਕਲਿਯੁਗ ਰਥ ਅਗਨ ਕਾ' ਅਤੇ 'ਅਹੰਮ' ਸ਼ਾਮਿਲ ਹਨ। ਦੋਵੇਂ ਨਾਵਲਿਟ ਆਧੁਨਿਕਤਾ ਅਤੇ ਇਸ ਦੇ ਪ੍ਰਭਾਵਾਂ ਹੇਠ ਔਰਤ ਮਰਦ ਦੀ ਸੋਚਣੀ ਵਿਚ ਆ ਰਹੇ ਪਰਿਵਰਤਨ ਕਾਰਨ ਉਪਜੇ ਸੰਕਟ ਦੀ ਗੱਲ ਕਰਦੇ ਹਨ। ਮਨੁੱਖੀ ਸੱਭਿਅਤਾ ਸ਼ੁਰੂ ਤੋਂ ਹੀ ਬੁਨਿਆਦੀ ਸਵਾਲਾਂ ਦੇ ਰੂ-ਬਰੂ ਰਹੀ ਹੈ। ਪਹਿਲਾਂ-ਪਹਿਲ ਇਹ ਸੰਕਟ ਆਪਣੀ ਹੋਂਦ ਕਾਇਮ ਰੱਖਣ ਅਤੇ ਉਪਜੀਵਕਾ ਲਈ ਕੀਤੇ ਜਾਂਦੇ ਸੰਘਰਸ਼ ਤੱਕ ਸੀਮਤ ਸੀ। ਪਰ ਅੱਜ ਸਭ ਸੁੱਖ-ਸਹੂਲਤਾਂ ਹਾਸਲ ਹੋਣ ਤੋਂ ਬਾਅਦ ਮਨੁੱਖ ਅਜੀਬ ਕਿਸਮ ਦੇ ਮਾਨਸਿਕ ਸੰਤਾਪ ਭੋਗਦਾ ਹੈ। ਹੁਣ ਦੇ ਮਨੁੱਖ ਦੀਆਂ ਧਾਰਨਾਵਾਂ ਸਦੀਆਂ ਦੇ ਸਮਾਜਿਕ ਵਿਕਾਸ ਦੀਆਂ ਲੋੜਾਂ 'ਚੋਂ ਨਹੀਂ ਨਿਕਲੀਆਂ ਬਲਕਿ ਉਹ ਖ਼ੁਦ ਸਿਰਜੇ ਜੀਵਨ ਮਾਡਲ ਵਿਚ ਧਾਰਨਾਵਾਂ ਬਣਾਉਂਦਾ ਅਤੇ ਚਾਹੁੰਦਾ ਕਿ ਗਹਿਰੇ ਮਾਨਸਿਕ ਸੰਕਟ ਦਾ ਸ਼ਿਕਾਰ ਹੋ ਜਾਂਦਾ ਹੈ। ਇਸੇ ਸੰਕਟ ਦਾ ਸ਼ਿਕਾਰ ਅੱਜ ਸਭ ਤੋਂ ਵੱਧ ਪਰਿਵਾਰ ਵੇਖੇ ਜਾ ਸਕਦੇ ਹਨ। ਪਹਿਲੇ ਨਾਵਲਿਟ 'ਕਲਯੁੱਗ ਰਥ ਅਗਨ ਕਾ' ਦਾ ਇਕ ਵਾਰਤਾਲਾਪ ਵੇਖੋ, ਜੋ ਇਸ ਆਪੂੰ ਸਿਰਜੇ ਸੰਤਾਪ ਦੀ ਗੱਲ ਕਰਦਾ ਹੈ, 'ਤੇਰੇ ਨਾਲ ਬਹਿਸ ਤਾਂ ਭਾਵੇਂ ਕੋਈ ਸੌ ਸਾਲ ਕਰੀ ਜਾਵੇ। ਪਹਿਲੀਆਂ ਔਰਤਾਂ ਹੁੰਦੀਆਂ ਸਨ ਸਾਰਾ ਧਿਆਨ ਆਪਣੇ ਕੰਮਾਂ-ਧੰਦਿਆਂ ਵੱਲ ਰੱਖਦੀਆਂ। ਕਿਸੇ ਕਿਸਮ ਦੀ ਬਹਿਸ ਦਾ ਉਨ੍ਹਾਂ ਲਈ ਮਤਲਬ ਹੀ ਨਹੀਂ ਸੀ ਹੁੰਦਾ।'
ਇਨਸਾਨ ਸੁੱਖ-ਸਹੂਲਤਾਂ ਦੇ ਸਾਧਨ ਹਾਸਲ ਕਰਨ ਲਈ ਲਗਾਤਾਰ ਜੱਦੋ-ਜਹਿਦ ਕਰਦਾ ਹੈ। ਪਰ ਕਠੋਰ ਸੰਘਰਸ਼ ਦੇ ਬਾਅਦ ਜਦੋਂ ਸੁੱਖ-ਸਹੂਲਤਾਂ ਦੇ ਅੰਬਾਰ ਲੱਗ ਜਾਂਦੇ ਹਨ ਤਾਂ ਮਾਨਸਿਕ ਸੰਕਟ ਵਧੇਰੇ ਤੀਬਰ ਰੂਪ 'ਚ ਆਉਂਦਾ ਹੈ। ਦੋਵਾਂ ਨਾਵਲਿਟਾਂ ਵਿਚ ਇਕ ਗੱਲ ਸਮਾਜ ਰੂਪ 'ਚ ਦ੍ਰਿਸ਼ਟੀਗੋਚਰ ਹੁੰਦੀ ਹੈ ਕਿ ਸੰਕਟਗ੍ਰਸਤ ਪਾਤਰ ਜੋ ਮੁੱਖ ਸਮੱਸਿਆ ਨੂੰ ਤੀਬਰਤਾ ਨਾਲ ਸਾਹਮਣੇ ਲੈ ਕੇ ਆਉਂਦੇ ਹਨ, ਉਹ ਸਾਰੇ ਕਾਲੀਨ ਵਰਗ ਨਾਲ ਸਬੰਧਤ ਹਨ। ਜੋ ਜੀਵਨ ਦੀ ਹਰ ਸੁੱਖ-ਸਹੂਲਤ ਖਰੀਦਣ ਦੀ ਸਮਰੱਥਾ ਰੱਖਦੇ ਹਨ। ਪਰ ਸਕੂਨ ਅਤੇ ਸੰਤੁਸ਼ਟੀ ਸ਼ਾਇਦ ਮੁੱਲ ਨਹੀਂ ਮਿਲਦੀ। ਰੋਜ਼ੀ-ਰੋਟੀ ਦੇ ਫ਼ਿਕਰ ਵੱਲੋਂ ਫਾਰਗ ਹੋ ਕੇ ਵੀ ਤਲਾਸ਼ ਮਨ ਨੂੰ ਭਟਕਾਈ ਰੱਖਦੀ ਹੈ। ਅਤੇ ਸਮਾਜ ਵਿਚ ਆਪਣਾ ਸਥਾਨ ਲੱਭਣ ਆਪਣੀ ਹੋਂਦ ਬਣਾਉਣ ਦੀ ਬਜਾਇ ਜਤਾਉਣ ਦੀ ਹੋੜ ਇਸ ਕਦਰ ਵੱਧ ਜਾਂਦੀ ਹੈ ਕਿ ਦੰਪਤੀ ਜੀਵਨ ਟੁੱਟ-ਭੱਜ ਦਾ ਸ਼ਿਕਾਰ ਹੁੰਦਾ ਹੈ। ਉਪਰੋਕਤ ਨਾਵਲਿਟਾਂ ਦੇ ਆਧਾਰ 'ਤੇ ਵੇਖੀਏ ਤਾਂ ਇਹ ਗੱਲ ਪ੍ਰਤੱਖ ਹੁੰਦੀ ਹੈ ਕਿ ਅੱਜ ਮਾਨਵ ਕੋਲ ਹੋਂਦ ਬਣਾਉਣ ਨਹੀਂ ਬਲਕਿ ਹੋਂਦ ਜਤਾਉਣ ਜਾਂ ਅਹਿਸਾਸ ਕਰਾਉਣ ਦਾ ਸਵਾਲ ਹੈ। ਔਰਤਾਂ-ਮਰਦਾਂ ਦੀ ਅਸੰਤੁਲਤ ਸੋਚ ਜਿਥੇ ਤ੍ਰਾਸਦੀ ਦਾ ਕਾਰਨ ਬਣਦੀ ਹੈ। ਉਥੇ ਦੋਵੇਂ ਹੀ ਪੀੜਤ ਵੀ ਹੁੰਦੇ ਹਨ। ਪ੍ਰਤੱਖ ਹੈ ਕਿ ਦਲੀਪ ਕੌਰ ਟਿਵਾਣਾ ਹੁਰਾਂ ਨੇ ਇਨ੍ਹਾਂ ਦੋ ਨਾਵਲਿਟਾਂ ਦੇ ਪ੍ਰਸੰਗ ਵਿਚ ਚੋਖਾ ਵਿਸ਼ਵ ਸਾਹਿਤ ਪੜ੍ਹਿਆ ਹੋਏਗਾ ਅਤੇ ਸਮਾਜ ਨੂੰ ਘੋਖਿਆ ਹੋਵੇਗਾ। ਇਸੇ ਲਈ ਪ੍ਰਤੱਖ ਹੈ ਕਿ ਆਧੁਨਿਕ ਪੰਜਾਬੀ ਗਦ ਵਿਚ 'ਦਲੀਪ ਕੌਰ ਟਿਵਾਣਾ' ਹੋਣਾ ਕੋਈ ਆਮ ਗੱਲ ਨਹੀਂ। ਲੇਖਿਕਾ ਨੂੰ ਮੁਬਾਰਕਾਂ!

-ਜਤਿੰਦਰ ਔਲਖ
ਮੋ: 98155-34653

ਮੇਰਾ ਪਿੰਡ
ਲੇਖਕ : ਕਾਲਾ ਤੂਰ ਤੂੰਗਾ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ ,ਚੰਡੀਗੜ੍ਹ
ਮੁੱਲ : 135 ਰੁਪਏ, ਸਫ਼ੇ : 96.

ਦਿਲ ਦੀ ਹੂਕ, ਮਨ ਦੇ ਵਲਵਲੇ ਜਦ ਕਲਮਬੱਧ ਹੋ ਕੇ ਕਾਗਜ਼ ਉਤੇ ਉਕਰਨ ਨੂੰ ਕਾਹਲੇ ਪੈ ਰਹੇ ਹੋਣ ਮਾਨੋ ਕਲਪਨਾ ਦੀ ਉਡਾਰੀ ਨੂੰ ਪ੍ਰਸੂਤਾ ਪੀੜਾਂ ਸ਼ੁਰੂ ਹੋ ਚੁੱਕੀਆਂ ਹਨ ਤੇ ਕਵਿਤਾ ਦਾ ਜਨਮ ਹੋਣ ਵਾਲਾ ਹੈ। ਚੜ੍ਹਦੀ ਜਵਾਨੀ 'ਚ ਕਾਲਾ ਤੂਰ ਤੂੰਗਾ ਦੀ ਸੋਚ ਉਡਾਰੀ ਦਾ ਵੀ ਅਜਿਹਾ ਹਾਲ ਹੈ ਕਿ ਕੁੱਖ ਨੂੰ ਕਵਿਤਾ ਦਾ ਭਾਗ ਲੱਗ ਰਿਹਾ ਹੈ, ਜਿਸ ਸਦਕਾ ਉਸ ਨੇ ਥੋੜ੍ਹੇ ਸਮੇਂ ਵਿਚ ਹੀ ਦੂਜਾ ਕਾਵਿ ਸੰਗੱਿਹ 'ਮੇਰਾ ਪਿੰਡ' ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਇਆ ਹੈ।
'ਮੇਰਾ ਪਿੰਡ' ਨਾਂਅ ਦੀ ਇਸ ਕਾਵਿ ਕਿਆਰੀ ਨੂੰ ਨੌਜਵਾਨ ਕਵੀ ਨੇ ਕਰੀਬ ਛੇ ਕੁ ਦਰਜਨ ਵੱਖ-ਵੱਖ ਕਾਵਿ ਫੁੱਲਾਂ ਨਾਲ ਸਜਾਉਣ ਦਾ ਯਤਨ ਕੀਤਾ ਹੈ। ਧਰਤੀ ਦੇ ਸਵਰਗ, ਚੰਗੇ ਪਿੰਡ ਦੇ ਚੰਗੇ ਲੱਛਣ, ਭਾਈਚਾਰਾ, ਪ੍ਰੇਮ-ਮੁਹੱਬਤ, ਵਫ਼ਾ-ਬੇਵਫ਼ਾਈ, ਵਿਛੋੜੇ ਦਾ ਦਰਦ, ਮਿਲਾਪ ਦੀ ਤਾਂਘ, ਆਰਥਿਕ ਤੰਗੀਆਂ ਤੁਰਸ਼ੀਆਂ, ਸਮਾਜਿਕ ਕੁਰੀਤੀਆਂ, ਮਾਪਿਆਂ ਵੱਲੋਂ ਔਲਾਦ ਪ੍ਰਤੀ ਜ਼ਿੰਮੇਵਾਰੀਆਂ ਨੂੰ ਹਰ ਹਾਲ ਨੇਪਰੇ ਚਾੜ੍ਹਨਾ, ਔਲਾਦ ਵੱਲੋਂ ਸੁਲੱਗ ਔਲਾਦ ਦਾ ਸਬੂਤ ਦੇਣਾ, ਧੀਆਂ ਦੀ ਕੁੱਖ 'ਚ ਹੋ ਰਹੀ ਹੱਤਿਆ ਦਾ ਸੰਤਾਪ ਅਤੇ ਅੱਲ੍ਹੜਪੁਣੇ ਦੀਆਂ ਬੇਪਰਵਾਹੀਆਂ ਆਦਿ ਵਿਸ਼ਿਆਂ ਦੇ ਮੋਤੀਆਂ ਨੂੰ ਕਵੀ ਕਾਲਾ ਤੂਰ ਤੂੰਗਾ ਨੇ ਵੱਖ-ਵੱਖ ਰਚਨਾਵਾਂ ਵਿਚ ਸ਼ਿੰਗਾਰ ਬਣਾਇਆ ਹੈ।
ਬਗੈਰ ਕਿਸੇ ਵਲ-ਵੜਿੰਗ ਤੋਂ ਬਿਲਕੁਲ ਹੀ ਸਾਦੀ ਕਾਵਿ ਸ਼ੈਲੀ ਵਿਚ ਰੰਗੇ ਇਸ ਕਾਵਿ ਸੰਗ੍ਰਹਿ ਵਿਚਲੀ ਭਾਸ਼ਾ ਆਮ ਪਾਠਕ ਦੇ ਸਮਝ ਆਉਣ ਵਾਲੀ ਹੈ, ਜਿਸ ਦੇ ਕੁਝ ਨਮੂਨੇ ਹੇਠਾਂ ਦਿੱਤੇ ਜਾ ਰਹੇ ਹਨ :
'ਜਿਥੇ ਆਪਸ ਵਿਚ ਪਿਆਰ ਬੜਾ,
ਹੈ ਇਕ-ਦੂਜੇ ਦਾ ਸਤਿਕਾਰ ਬੜਾ,
ਰੱਬ ਦੇ ਨਾਮ ਨਾਲ ਹੁੰਦਾ ਸਵੇਰਾ ਏ,
ਉਹ ਪਿੰਡ ਸੱਜਣਾ ਮੇਰਾ ਏ।'
'ਫੜੇ ਦਾਜ ਲਈ ਜੋ ਪੈਸੇ, ਲੱਗੇ ਢਾਈਆਂ ਦਾ ਵਿਆਜ,
ਕਿਥੋਂ ਮੂਲ ਮੋੜ ਦੇਊ ਅਠਿਆਨੀ ਮੇਰੇ ਬਾਪੂ ਦੀ।'
----0----
'ਸਾਡੇ ਏਸ ਕੱਚੇ ਜਿਹੇ ਘਰ ਦੀ ਢਹਿ ਗਈ ਚਾਰਦੀਵਾਰੀ,
ਦਾਜ ਭੈਣ ਦਾ ਜੋੜ ਨਾ ਹੋਇਆ ਮਾਂ ਫਿਕਰਾਂ ਨੇ ਮਾਰੀ।'
ਪਿਤਾ ਦਾ ਧੀ ਪ੍ਰਤੀ ਮਮਤਾ ਭਰਿਆ ਸਨੇਹ, ਪਿਤਾ ਨੂੰ ਮੌਤ ਰੂਪੀ ਕੋਕੋ ਨੇ ਖੋਹ ਲੈਣਾ, ਧੀ ਵੱਲੋਂ ਲਗਨ ਮਿਹਨਤ ਤੇ ਦ੍ਰਿੜ੍ਹਤਾ ਨਾਲ ਆਪਣੇ ਪਿਤਾ ਦਾ ਸਿਰਜਿਆ ਸੁਪਨਾ ਪੂਰਾ ਕਰਕੇ ਪਿਤਾ ਦੇ ਸਾਕਾਰ ਰੂਪ ਜੀਵਤ ਹੋਣਾ ਮਹਿਸੂਸ ਕਰਵਾਉਣ ਵਾਲੀ ਖੁੱਲ੍ਹੀ ਕਵਿਤਾ 'ਕੋਮਲ' ਇਸ ਕਾਵਿ ਸੰਗ੍ਰਹਿ ਦੀ ਸਿਖਰ ਹੋ ਨਿੱਬੜਦੀ ਹੈ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858

ਕਿਤਾਬਾਂ 23-02-2013

 ਪੰਜਾਬ ਦਾ ਦੁਖਾਂਤ
ਲੇਖਕ : ਖੁਸ਼ਵੰਤ ਸਿੰਘ, ਕੁਲਦੀਪ ਨਈਅਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 168.

ਖੁਸ਼ਵੰਤ ਸਿੰਘ ਅਤੇ ਕੁਲਦੀਪ ਨਈਅਰ ਦਿੱਲੀ ਵਿਚ ਰਹਿਣ ਦੇ ਬਾਵਜੂਦ ਪੰਜਾਬ ਦੇ ਦੁੱਖ-ਦਰਦ ਅਤੇ ਇਸ ਦੀਆਂ ਸਮੱਸਿਆਵਾਂ ਨੂੰ ਪੰਜਾਬ ਵਿਚ ਰਹਿਣ ਵਾਲੇ ਚਿੰਤਕਾਂ ਅਤੇ ਲੇਖਕਾਂ ਨਾਲੋਂ ਵਧੇਰੇ ਚੰਗੀ ਤਰ੍ਹਾਂ ਨਾਲ ਸਮਝਦੇ ਹਨ। ਸ਼ਾਇਦ ਕਿਸੇ ਵੀ ਘਟਨਾ ਜਾਂ ਦੁਰਘਟਨਾ ਨੂੰ ਇਸ ਦੇ ਸਹੀ ਪਰਿਪੇਖ ਵਿਚ ਸਮਝਣ ਲਈ ਇਕ ਵਿੱਥ ਚਾਹੀਦੀ ਹੁੰਦੀ ਹੈ। ਬਹੁਤ ਕਰੀਬ ਤੋਂ ਦੇਖਣ ਨਾਲ ਸਾਰੇ ਵੇਰਵੇ ਇਕ-ਦੂਜੇ ਵਿਚ ਖੁਸ ਕੇ ਸਮੁੱਚੇ ਦ੍ਰਿਸ਼ ਨੂੰ ਧੁੰਦਲਾ ਬਣਾ ਦਿੰਦੇ ਹਨ। 1984 ਈ: ਵਿਚ 'ਸਾਕਾ ਨੀਲਾ ਤਾਰਾ' ਦੀ ਅਹਿਮਕਾਨਾ ਕਾਰਵਾਈ ਦੇ ਕਾਰਨ ਜੋ ਦੁਖਾਂਤ ਵਾਪਰਿਆ ਸੀ, ਸ: ਖੁਸ਼ਵੰਤ ਸਿੰਘ ਅਤੇ ਸ੍ਰੀ ਕੁਲਦੀਪ ਨਈਅਰ ਨੇ ਇਸ ਦੁਖਾਂਤ ਵਿਚੋਂ ਉਪਜਣ ਵਾਲੇ ਸਿੱਟਿਆਂ ਬਾਰੇ ਬੜੀਆਂ ਗੰਭੀਰ ਅਤੇ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਸਨ। ਹੁਣ ਇਸ ਵਰ੍ਹੇ 2012 ਵਿਚ, ਇਸ ਪੁਸਤਕ ਦਾ ਦੂਜਾ ਸੰਸਕਰਣ ਪ੍ਰਕਾਸ਼ਿਤ ਹੋਇਆ ਹੈ। ਇਸ ਪੁਸਤਕ ਦੀ ਪ੍ਰਸੰਗਿਕਤਾ ਦਾ ਉਲੇਖ ਕਰਦਾ ਹੋਇਆ ਕੁਲਦੀਪ ਨਈਅਰ ਲਿਖਦਾ ਹੈ ਕਿ ਬਹੁਤ ਸਾਲਾਂ ਦੇ ਲੰਘਣ ਨਾਲ ਹੁਣ ਮੈਨੂੰ ਪਹਿਲਾਂ ਤੋਂ ਵੱਧ ਯਕੀਨ ਹੋ ਗਿਆ ਹੈ ਕਿ 'ਸਾਕਾ ਨੀਲਾ ਤਾਰਾ' ਇਕ ਵੱਡੀ ਭੁੱਲ ਸੀ। ਦਰਬਾਰ ਸਾਹਿਬ ਵਿਚੋਂ ਬਾਗ਼ੀਆਂ ਨੂੰ ਕੱਢਣ ਲਈ ਸਰਕਾਰ ਨੂੰ ਫ਼ੌਜ ਵਰਤਣ ਦੀ ਥਾਂ ਕੋਈ ਹੋਰ ਤਰੀਕਾ ਲੱਭਣਾ ਚਾਹੀਦਾ ਸੀ। ਇਹ ਠੀਕ ਹੈ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਇਸ ਦੁਖਾਂਤ ਉਤੇ ਅਫ਼ਸੋਸ ਪ੍ਰਗਟ ਕਰ ਚੁੱਕੇ ਹਨ ਪਰ ਫੱਟ ਮਿਲਣ ਨੂੰ ਅਜੇ ਲੰਮਾ ਸਮਾਂ ਲੱਗੇਗਾ। (ਪੰਨਾ 7)
ਸ: ਖੁਸ਼ਵੰਤ ਸਿੰਘ ਅਤੇ ਸ੍ਰੀ ਕੁਲਦੀਪ ਨਈਅਰ ਦੋਵੇਂ ਬੜੇ ਜ਼ਿੰਮੇਵਾਰ ਅਤੇ ਬੁੱਧੀਮਾਨ ਵਿਅਕਤੀ ਹਨ। ਸਾਕਾ ਨੀਲਾ ਤਾਰਾ ਬਾਰੇ ਦੋਵਾਂ ਨੇ ਵੱਖ-ਵੱਖ ਪੁਸਤਕਾਂ ਲਿਖਣ ਦਾ ਮਨ ਬਣਾਇਆ ਸੀ। ਸ: ਖੁਸ਼ਵੰਤ ਸਿੰਘ ਨੇ ਇਤਿਹਾਸਕਾਰੀ ਦੇ ਦ੍ਰਿਸ਼ਟੀਕੋਣ ਤੋਂ ਆਪਣੀ ਪੁਸਤਕ ਲਿਖਣੀ ਸੀ ਅਤੇ ਕੁਲਦੀਪ ਨਈਅਰ ਨੇ ਰਾਜਸੀ ਵਿਸ਼ਲੇਸ਼ਣ ਕਰਨਾ ਸੀ ਪਰ ਸਮੇਂ ਦੀ ਘਾਟ ਹੋਣ ਦੇ ਕਾਰਨ ਦੋਵਾਂ ਲੇਖਕਾਂ ਨੇ ਇਕ ਹੀ ਪੁਸਤਕ ਦੁਆਰਾ ਆਪਣੀਆਂ-ਆਪਣੀਆਂ ਅੰਤਰ-ਦ੍ਰਿਸ਼ਟੀਆਂ ਇਕੱਠੀਆਂ ਕਰਨ ਦਾ ਮਨ ਬਣਾ ਲਿਆ। ਹਾਂ, ਉਨ੍ਹਾਂ ਨੇ ਏਨਾ ਜ਼ਰੂਰ ਕੀਤਾ ਕਿ ਪੁਸਤਕ ਦੇ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਇਕ-ਦੂਜੇ ਦੀ ਸਾਮਗਰੀ ਨੂੰ ਪੜ੍ਹਿਆ ਜਾਂ ਵਾਚਿਆ ਨਾ। ਇਸ ਕਾਰਨ ਦੋਵਾਂ ਦੀਆਂ ਮੌਲਿਕ ਸਥਾਪਨਾਵਾਂ ਇਸ ਪੁਸਤਕ ਵਿਚ ਦੇਖੀਆਂ ਜਾ ਸਕਦੀਆਂ ਹਨ। ਇਸ ਪੁਸਤਕ ਦੇ ਕੁੱਲ ਪੰਜ ਅਧਿਆਇ ਹਨ: 1. ਉਤਪੱਤੀ ਕਾਂਡ, 2. ਤਬਾਹੀ ਦੇ ਰਾਹ ਉਤੇ, 3. ਆਪਰਸ਼ੇਨ ਬਲਯੂ ਸਟਾਰ, 4. ਫੱਟਾਂ ਤੇ ਮਲ੍ਹਮ, 5. ਕੀ ਕੀਤਾ ਜਾ ਸਕਦਾ ਹੈ? ਇਨ੍ਹਾਂ ਵਿਚੋਂ ਪਹਿਲਾ ਅਤੇ ਚੌਥਾ ਅਧਿਆਇ ਖੁਸ਼ਵੰਤ ਸਿੰਘ ਦੀ ਰਚਨਾ ਹਨ ਅਤੇ ਦੂਜਾ, ਤੀਜਾ ਅਤੇ ਪੰਜਵਾਂ ਅਧਿਆਇ ਕੁਲਦੀਪ ਨਈਅਰ ਦੇ ਲਿਖੇ ਹੋਏ ਹਨ। ਸ: ਖੁਸ਼ਵੰਤ ਸਿੰਘ ਸਿੱਖ ਹੋਣ ਦੇ ਨਾਲ-ਨਾਲ ਇਕ ਵਿਵੇਕਸ਼ੀਲ ਵਿਅਕਤੀ ਵੀ ਹੈ। ਉਹ ਪੱਕੇ ਧਾਰਮਿਕ ਵਿਸ਼ਵਾਸਾਂ ਵਾਲਾ ਆਦਮੀ ਕਦੇ ਵੀ ਨਹੀਂ ਰਿਹਾ। ਉਸ ਦਾ ਜਜ਼ਬਾਤੀ ਮੋਹ ਸਿੱਖ ਮਤਿ ਨਾਲੋਂ ਸਿੱਖ ਸਮਾਜ (ਸਮੁਦਾਇ) ਨਾਲ ਵਧੇਰੇ ਹੈ, ਜਿਸ ਨਾਲ ਉਹ ਸੰਜੋਗਵਸ ਆਪਣੇ ਜਨਮ ਦੇ ਕਾਰਨ ਜੁੜਿਆ ਹੋਇਆ ਹੈ। ਉਹ ਆਪਣੇ-ਆਪ ਨੂੰ ਇਕ ਸਿੱਖ ਨਾਲੋਂ ਭਾਰਤੀ ਸਮਝਣ ਵਿਚ ਵਧੇਰੇ ਮਾਨ ਮਹਿਸੂਸ ਕਰਦਾ ਹੈ। ਆਪਣੀ ਇਸੇ ਭਾਵਨਾ ਦੇ ਕਾਰਨ ਉਹ ਸਿੱਖ ਮਤਿ ਨਾਲ ਜੁੜੇ ਕਿਸੇ ਵੀ ਸਾਕੇ ਨੂੰ ਵਸਤੂਮੁਖ ਢੰਗ ਨਾਲ ਅੰਕਿਤ ਕਰ ਸਕਦਾ ਹੈ। 'ਪੰਜਾਬ ਦਾ ਦੁਖਾਂਤ' ਪੰਜਾਬ ਦੇ ਸਮਕਾਲੀ ਇਤਿਹਾਸ ਨੂੰ ਸਮਝਣ ਲਈ ਇਕ ਸ੍ਰੋਤ-ਪੁਸਤਕ ਹੈ ਅਤੇ ਹਰ ਪੰਜਾਬੀ ਦੇ ਘਰ ਇਹ ਪੁਸਤਕ ਜ਼ਰੂਰ ਹੋਣੀ ਚਾਹੀਦੀ ਹੈ।

-ਬ੍ਰਹਮਜਗਦੀਸ਼ ਸਿੰਘ
ਮੋ : 98760-52136

ਸ਼ੌਕ ਦੀ ਮੌਤ
ਲੇਖਕ : ਜਸਮੀਤ ਸਿੰਘ ਬਹਿਣੀਵਾਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ
ਮੁੱਲ : 135 ਰੁਪਏ, ਸਫ਼ੇ : 96.

'ਸ਼ੌਕ ਦੀ ਮੌਤ' ਜਸਮੀਤ ਸਿੰਘ ਬਹਿਣੀਵਾਲ ਦਾ ਪਲੇਠਾ ਕਹਾਣੀ ਸੰਗ੍ਰਹਿ ਹੈ। ਲੇਖਕ ਬਣਨ ਤੋਂ ਪਹਿਲਾਂ ਉਹ ਭਾਰਤ ਦਾ ਪ੍ਰਸਿੱਧ ਅਥਲੀਟ ਰਿਹਾ ਹੈ। ਇਸ ਪੁਸਤਕ ਵਿਚ ਉਸ ਦੀਆਂ 21 ਕਹਾਣੀਆਂ ਸ਼ਾਮਿਲ ਹਨ। ਇਨ੍ਹਾਂ ਸਾਰੀਆਂ ਕਹਾਣੀਆਂ ਦੇ ਵਿਸ਼ੇ ਵੱਖੋ-ਵੱਖਰੇ ਹਨ। ਇਹ ਸਾਰੇ ਹੀ ਵਿਸ਼ੇ ਲੇਖਕ ਨੇ ਆਮ ਜੀਵਨ ਵਿਚੋਂ ਲਏ ਹਨ। ਸਾਰੀਆਂ ਕਹਾਣੀਆਂ ਵਿਸ਼ੇ ਅਤੇ ਤਕਨੀਕ ਪੱਖੋਂ ਮੌਲਿਕ ਹਨ। ਭਾਵ ਇਨ੍ਹਾਂ ਦੀ ਪ੍ਰਸਤੁਤੀ ਕਿਸੇ ਪੂਰਵ-ਵਰਤੀ ਕਹਾਣੀਕਾਰ ਦੀ ਰੀਸ ਨਹੀਂ।
ਲੇਖਕ ਦਾ ਮੰਤਵ ਸਮਾਜ ਵਿਚੋਂ ਬੁਰਾਈਆਂ ਦਾ ਖਾਤਮਾ ਕਰਨਾ ਹੈ। ਪੁਸਤਕ ਦੇ ਵਿਸ਼ਿਆਂ ਵਿਚ-ਪੂਰੀ ਨਿਸ਼ਠਾ ਨਾਲ ਕੰਮ ਕਰ ਰਹੇ ਬੰਦੇ ਉੱਪਰ ਮਿਹਣੇ ਦਾ ਅਸਰ, ਜ਼ਮੀਨ ਵੇਚ ਕੇ ਪਲਾਟ ਖਰੀਦਣ ਦੀ ਰੁਚੀ, ਬਾਲ-ਵਿਆਹ ਦੇ ਮਾੜੇ ਅਸਰ, ਮੋਬਾਈਲ ਦੇ ਹਾਨ-ਲਾਭ, ਦਲ-ਬਦਲੂ ਨੇਤਾ, ਰਿਸ਼ਵਤਖੋਰੀ, ਭਰਾਵਾਂ ਦਾ ਮੋਹ, ਜਨਰਲ ਕੈਟਾਗਰੀ ਬਨਾਮ ਰਾਖਵਾਂਕਰਨ, ਮੰਗਤੇ, ਚੁੱਕ ਦੇਣੀ ਜਾਂ ਉਂਗਲ ਲਾਉਣੀ, ਮਾਪਿਆਂ ਦਾ ਬੱਚਿਆਂ 'ਤੇ ਪ੍ਰਭਾਵ, ਪੰਛੀਆਂ ਨਾਲ ਪਿਆਰ, ਕਿਰਸਾਨੀ ਪਰਿਵਾਰ ਦਾ ਬਜਟ, ਵਿਦੇਸ਼ੀਂ ਗਏ ਪੁੱਤਰ, ਲੋੜਾਂ ਘੱਟ ਕਰਨੀਆਂ, ਬੇਅਦਬ-ਬੇਨਸੀਬ, ਰੁੱਖਾਂ ਦਾ ਮਹੱਤਵ ਆਦਿ।
ਬਹਿਣੀਵਾਲ ਦੀਆਂ ਇਹ ਕਹਾਣੀਆਂ ਕਲਾਤਮਕ ਪੱਖੋਂ ਅਜੋਕੀ ਕਹਾਣੀ ਤੋਂ ਵੱਡੀ ਵਿੱਥ ਸਿਰਜਦੀਆਂ ਹਨ। ਇਨ੍ਹਾਂ ਵਿਚ ਅਜੋਕੀ ਕਹਾਣੀ ਵਾਲੀ 'ਅੱਗੋਂ ਕੀ ਹੋਇਆ' ਵਾਲੀ ਜਿਗਿਆਸਾ ਗ਼ੈਰ-ਹਾਜ਼ਰ ਹੈ। ਇਹ ਤਾਂ ਅਜੋਕੇ ਜੁੱਗ ਦੀਆਂ ਸਾਖੀਆਂ ਹਨ ਜੋ ਉਪਦੇਸ਼ਾਤਮਕ ਦ੍ਰਿਸ਼ਟੀ ਨਾਲ ਲਿਖੀਆਂ ਗਈਆਂ ਹਨ। ਇਹ ਕਿਸੇ ਹੱਦ ਤੱਕ ਸਵੈ-ਜੀਵਨਾਤਮਕ ਗਲਪ ਦੇ ਅੰਤਰਗਤ ਵਿਚਾਰੀਆਂ ਜਾ ਸਕਦੀਆਂ ਹਨ। 'ਕੁਝ ਗੱਲਾਂ' ਕਹਾਣੀ ਤਾਂ ਸਵੈ-ਜੀਵਨਾਤਮਕ ਨਿਬੰਧ ਹੀ ਹੈ। ਉੱਤਮ-ਪੁਰਖੀ ਅਤੇ ਅੱਨਯ-ਪੁਰਖੀ ਦੋਵਾਂ ਸ਼ੈਲੀਆਂ ਦਾ ਪ੍ਰਯੋਗ ਹੈ। ਬਹਿਣੀਵਾਲ ਵਿਚ ਗਾਲਪਨਿਕ ਪ੍ਰਤਿਭਾ ਹੈ। ਪੰਜਾਬੀ ਦੀ ਅਜੋਕੀ ਕਹਾਣੀ ਨਾਲ ਜੁੜ ਕੇ ਗਾਲਪਨਿਕ ਵਿਵੇਕ ਵਿਚ ਹੋਰ ਨਿਖਾਰ ਆ ਸਕਦਾ ਹੈ।

-ਡਾ: ਧਰਮਚੰਦ ਵਾਤਿਸ਼
ਮੋ: 98144-46007


ਪੰਜਾਬੀ ਚਿੱਠੀ ਸਾਹਿਤ
ਇਤਿਹਾਸਕ ਵਿਵੇਚਨ
ਲੇਖਕਾ : ਡਾ: ਹਰਜੀਤ ਕੌਰ ਜਲਾਲਪੁਰਾ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 350 ਰੁਪਏ, ਸਫ਼ੇ : 272.

ਅਜੋਕੇ ਸਮੇਂ ਵਿਚ ਖੋਜ ਦੇ ਨਾਂਅ ਹੇਠ ਬਹੁਤਾ ਪੇਤਲੀ ਕਿਸਮ ਦਾ ਕਾਰਜ ਹੀ ਹੋ ਰਿਹਾ ਹੈ ਪਰ ਕਿਤੇ-ਕਿਤੇ ਬਹੁਤ ਹੀ ਨਿੱਗਰ ਕਿਸਮ ਦਾ ਕਾਰਜ ਵੀ ਦੇਖਣ ਵਿਚ ਮਿਲਦਾ ਹੈ। ਨੌਕਰੀ ਲਈ ਨੰਬਰ ਬਣਾਉਣ ਲਈ ਇਸ ਸਭ ਤਰ੍ਹਾਂ ਦੀ ਖੋਜ ਨੂੰ ਪੁਸਤਕ ਰੂਪ ਵਿਚ ਛਪਵਾਉਣ ਦੀ ਇਕ ਦੌੜ ਜਿਹੀ ਲੱਗੀ ਹੋਈ ਹੈ। ਪ੍ਰਕਾਸ਼ਕ ਮੋਟੀ ਰਕਮ ਲੈ ਕੇ ਕੱਚੀ-ਪਿੱਲੀ ਰਚਨਾ ਸੁੰਦਰ ਤੇ ਵਧੀਆ ਦਿੱਖ ਵਾਲੀ ਪੁਸਤਕ ਵਿਚ ਛਾਪੀ ਜਾ ਰਹੇ ਹਨ! ਕਾਲਜ ਲਾਇਬਰੇਰੀ ਲਈ ਕਿਤਾਬਾਂ ਖਰੀਦਣ ਸਮੇਂ ਚੋਣ ਕਰਨੀ ਮੁਸ਼ਕਿਲ ਹੋ ਜਾਂਦੀ ਹੈ, ਉਹ ਢੇਰਾਂ ਦੇ ਢੇਰ ਤੁਹਾਡੇ ਅੱਗੇ ਲਾ ਦਿੰਦੇ ਹਨ।
ਅਜਿਹੇ ਸਮੇਂ ਹੀ ਮਿਹਨਤੀ ਖੋਜਾਰਥੀ ਦੀ ਪੁਸਤਕ ਨਜ਼ਰੀਂ ਪਵੇ ਤਾਂ ਖੁਸ਼ੀ ਹੁੰਦੀ ਹੈ। ਡਾ: ਹਰਜੀਤ ਕੌਰ ਜਲਾਲਪੁਰਾ ਨੇ ਬੜੀ ਮਿਹਨਤ ਤੇ ਲਗਨ ਨਾਲ ਪਹਿਲੀ ਵਾਰ 'ਪੰਜਾਬੀ ਚਿੱਠੀ ਸਾਹਿਤ' ਉਪਰ ਕੰਮ ਕੀਤਾ ਹੈ। ਪੰਜਾਬੀ ਵਾਰਤਕ ਖੇਤਰ ਵਿਚ 'ਚਿੱਠੀ' ਨੂੰ ਅਜੇ ਤੱਕ ਸਾਹਿਤ (ਵਿਸ਼ਾ) ਵਜੋਂ ਸਵੀਕਾਰ ਨਹੀਂ ਕੀਤਾ ਗਿਆ। ਭਾਵੇਂ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ ਪ੍ਰਕਾਸ਼ਿਤ ਚਿੱਠੀਆਂ ਮਸ਼ਹੂਰ ਹੋਈਆਂ। ਅਜਿਹੀਆਂ ਹੀ ਅਣ-ਛਪੀਆਂ ਚਿੱਠੀਆਂ ਦਾ ਵੱਡਾ ਹਿੱਸਾ ਅਜੇ ਛਪਣ ਵਾਲਾ ਹੈ। ਡਾ: ਧਰਮ ਸਿੰਘ ਦੀ ਯੋਗ ਅਗਵਾਈ ਹੇਠ ਹੋਏ ਇਸ ਖੋਜਕਾਰਜ ਵਿਚ ਬਹੁਤ ਇਤਿਹਾਸਕ ਅਤੇ ਸਾਹਿਤਕ ਚਿੱਠੀਆਂ ਬਾਰੇ ਵੇਰਵੇ ਪ੍ਰਾਪਤ ਹੁੰਦੇ ਹਨ। ਪਹਿਲੇ ਅਧਿਆਇ ਵਿਚ ਚਿੱਠੀ ਬਾਰੇ ਵੱਖ-ਵੱਖ ਪਹਿਲੂਆਂ ਨੂੰ ਵਿਚਾਰਿਆ ਗਿਆ ਤੇ ਚਿੱਠੀ ਦੀ ਪਰਿਭਾਸ਼ਾ ਦਿੱਤੀ ਗਈ। ਦੂਜੇ ਵਿਚ ਚਿੱਠੀ ਦੇ ਵਿਸ਼ੇਸ਼ਗਤ ਅਧਿਐਨ ਰਾਹੀਂ ਧਾਰਮਿਕ, ਰਾਜਨੀਤਕ, ਸਮਾਜਿਕ, ਸੱਭਿਆਚਾਰਕ ਤੇ ਰੁਮਾਂਟਿਕ ਪੱਖਾਂ ਨੂੰ ਘੋਖਿਆ ਗਿਆ ਹੈ। ਤੀਸਰੇ ਅਧਿਆਇ ਵਿਚ ਗੁਰ-ਇਤਿਹਾਸ ਬਾਰੇ ਜਾਣਕਾਰੀ ਹੈ। ਕਈ ਇਤਿਹਾਸਕ ਹੁਕਮਨਾਮਿਆਂ ਸਬੰਧੀ ਵੇਰਵੇ ਹਨ। ਚੌਥੇ ਅਧਿਆਇ ਵਿਚ 20ਵੀਂ ਸਦੀ ਦੇ ਲੇਖਕਾਂ ਦੀਆਂ ਸਾਹਿਤਕ ਗਤੀਵਿਧੀਆਂ ਬਾਰੇ ਜਾਣਕਾਰੀ ਹੈ ਅਤੇ ਆਖਰੀ ਅਧਿਆਇ ਵਿਚ ਚਿੱਠੀ ਸਾਹਿਤ ਦਾ ਭਾਸ਼ਾਈ ਤੇ ਸ਼ੈਲੀਗਤ ਅਧਿਐਨ ਕੀਤਾ ਗਿਆ। ਇਨ੍ਹਾਂ ਚਿੱਠੀਆਂ ਦੀ ਭਾਸ਼ਾ ਸਾਹਿਤਕ ਰੰਗ ਵਾਲੀ ਹੈ। ਹਰਜੀਤ ਕੌਰ ਨੇ ਬੜੀ ਲਗਨ ਨਾਲ ਇਹ ਖੋਜ ਕੀਤੀ ਹੈ। ਆਸ ਹੈ ਕਿ ਇਸ ਵਿਸ਼ੇ ਉੱਪਰ ਅਜੇ ਹੋਰ ਵੀ ਕਾਰਜ ਹੋਵੇਗਾ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਕਿਤਾਬਾਂ 16-02-2013

ਆਧੁਨਿਕ ਪੰਜਾਬੀ ਬਿਰਤਾਂਤ
ਲੇਖਕ : ਸੁਰਿੰਦਰ ਕੁਮਾਰ ਦਵੇਸ਼ਵਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 199.

ਪੰਜਾਬੀ ਗਲਪ ਆਲੋਚਨਾ ਦੇ ਖੇਤਰ ਵਿਚ ਡਾ: ਸੁਰਿੰਦਰ ਕੁਮਾਰ ਦਵੇਸ਼ਵਰ ਪ੍ਰਗਤੀਵਾਦੀ-ਮਾਰਕਸਵਾਦੀ ਸਾਹਿਤ-ਚਿੰਤਨ ਵਿਧੀ ਰਾਹੀਂ ਵਿਕਾਸ ਕਰਦਾ ਹੈ। ਇਸ ਪੁਸਤਕ ਵਿਚ ਗਲਪ ਨਾਲ ਸਬੰਧਤ ਸਿਧਾਂਤਕ ਤੇ ਗਲਪੀ ਪਾਠਾਂ ਨੂੰ ਵਿਚਾਰਧਾਰਾ ਦੀ ਅੰਤਰ ਸਬੰਧਤਾ ਰਾਹੀਂ ਪੇਸ਼ ਕੀਤਾ ਹੈ। ਇਸ ਪੁਸਤਕ ਦੇ ਬਹੁਗਿਣਤੀ ਲੇਖ ਪਹਿਲਾਂ ਵੀ ਛਪ ਚੁੱਕੇ ਹਨ। ਕੁਝ ਨਵੇਂ ਲੇਖ ਇਸ ਪੁਸਤਕ ਵਿਚ ਸ਼ਾਮਿਲ ਕੀਤੇ ਗਏ ਹਨ। ਉਸ ਅਨੁਸਾਰ, 'ਇਹ ਪੁਸਤਕ ਉਸ ਪੁਸਤਕ ਦਾ ਦੁਹਰਾ ਮਾਤਰ ਨਹੀਂ, ਸਗੋਂ ਵਾਧੇ ਦੇ ਰੂਪ ਵਿਚ ਉਸ ਤੋਂ ਦੁੱਗਣੇ ਆਕਾਰ ਦੀ ਵੀ ਹੈ।'
ਪਹਿਲੇ ਲੇਖ ਵਿਚ ਗਲਪ ਦੇ ਇਤਿਹਾਸ ਅਤੇ ਉਸ ਦੇ ਤੱਤਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ। ਦੂਜੇ ਲੇਖਾਂ ਵਿਚ ਨਾਨਕ ਸਿੰਘ, ਗੁਰਦਿਆਲ ਸਿੰਘ, ਸੰਤੋਖ ਸਿੰਘ ਧੀਰ, ਸ: ਸੋਜ਼, ਬਲਦੇਵ ਸਿੰਘ, ਜਸਦੇਵ ਸਿੰਘ ਧਾਲੀਵਾਲ ਤੇ ਕੇ. ਐਲ. ਗਰਗ ਆਦਿ ਨਾਵਲਕਾਰਾਂ ਬਾਰੇ ਗੱਲ ਕੀਤੀ ਹੈ। ਬਾਕੀ ਲੇਖ ਪੰਜਾਬੀ ਕਹਾਣੀ ਦਾ ਲੇਖਾ-ਜੋਖਾ ਕਰਦੇ ਹਨ-ਸੰਤੋਖ ਸਿੰਘ ਧੀਰ, ਦੇਵਿੰਦਰ ਸਤਿਆਰਥੀ, ਜਰਨੈਲ ਪੁਰੀ, ਰਘਬੀਰ ਢੰਡ, ਐਸ. ਤਰਸੇਮ, ਨ੍ਰਿਪਇੰਦਰ ਰਤਨ, ਭੁਪਿੰਦਰ ਸਿੰਘ, ਅਤਰਜੀਤ, ਸੁਰਿੰਦਰ ਰਾਮਪੁਰੀ ਤੇ ਜਿੰਦਰ ਆਦਿ ਕਥਾਕਾਰਾਂ ਬਾਰੇ ਲਿਖਿਆ ਗਿਆ ਹੈ। ਆਖਰੀ ਦੋ ਲੇਖ ਸਵੈਜੀਵਨੀ ਤੇ ਰੇਖਾ ਚਿੱਤਰ ਨਾਲ ਸਬੰਧਤ ਹਨ। ਇਨ੍ਹਾਂ ਵਿਚੋਂ ਕੁਝ ਲੇਖ ਦੋਸਤੀ ਦੇ ਲਿਹਾਜ਼ ਨਾਲ ਲਿਖੇ ਪ੍ਰਤੀਤ ਹੁੰਦੇ ਹਨ। ਡਾ: ਦਵੇਸ਼ਵਰ ਦਾ ਮਤ ਹੈ ਕਿ 'ਜੇ ਅਸੀਂ ਸਾਹਿਤਕ ਸਿਧਾਂਤਕ ਤੇ ਸਾਹਿਤਕ ਕਿਰਤ ਦੇ ਅਧਿਐਨ ਦਾ ਕੋਈ ਸੰਤੁਲਤ ਤੇ ਸੰਪੂਰਨ ਮਾਡਲ ਉਸਾਰਨਾ ਹੈ, ਉਹ ਪਾਠ, ਪਰਿਵੇਸ਼ ਅਤੇ ਵਿਚਾਰਧਾਰਾ ਦੇ ਸੁਮੇਲ ਰਾਹੀਂ ਹੀ ਉਸਾਰਿਆ ਜਾਵੇਗਾ।' ਇਸ ਦ੍ਰਿਸ਼ਟੀ ਤੋਂ ਉਸ ਨੇ ਇਸ ਪੁਸਤਕ ਵਿਚਲੇ ਪਾਠਾਂ ਦਾ ਅਧਿਐਨ ਕਰਕੇ ਇਕ ਨਿੱਗਰ ਆਲੋਚਕ ਵਜੋਂ ਆਪਣਾ ਪ੍ਰਭਾਵ ਸਥਾਪਤ ਕੀਤਾ ਹੈ। ਗਲਪ ਖੇਤਰ ਦੇ ਪਾਠਕਾਂ ਲਈ ਇਹ ਪੁਸਤਕ ਲਾਹੇਵੰਦ ਹੋਵੇਗੀ।

ਗੁਰਮੀਤ ਹਯਾਤਪੁਰੀ ਦੀ ਕਵਿਤਾ : ਸੁਹਜ ਤੇ ਸੰਰਚਨਾ
ਲੇਖਕ : ਡਾ: ਰਾਮ ਮੂਰਤੀ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 120 ਰੁਪਏ, ਸਫ਼ੇ : 96.

ਕਾਫੀ ਸਾਲ ਪਹਿਲਾਂ ਮੈਂ ਪੰਜਾਬ ਸੰਕਟ ਨਾਲ ਸਬੰਧਤ ਕਵਿਤਾ ਉੱਪਰ ਕੰਮ ਕਰ ਰਿਹਾ ਸੀ ਤਾਂ ਮੈਨੂੰ ਇਕ ਨਵੇਂ ਸ਼ਾਇਰ ਦੀ ਕਵਿਤਾ ਪੜ੍ਹਨ ਦਾ ਮੌਕਾ ਮਿਲਿਆ ਸੀ। ਇਹ ਪ੍ਰਤਿਭਾਵਾਨ ਸ਼ਾਇਰ ਗੁਰਮੀਤ ਹਯਾਤਪੁਰੀ ਸੀ। ਫਿਰ ਕਾਫੀ ਚਿਰ ਤੋਂ ਉਹ ਚੁੱਪ ਹੀ ਰਿਹਾ। ਹੁਣ ਡਾ: ਰਾਮ ਮੂਰਤੀ ਦੁਆਰਾ ਉਸ ਦੀ ਕਵਿਤਾ ਦਾ ਕੀਤਾ ਅਧਿਐਨ ਪਾਠਕਾਂ ਨੂੰ ਉਸ ਦੀ ਕਵਿਤਾ ਨਾਲ ਮੁੜ ਜੋੜੇਗਾ। ਗੁਰਮੀਤ ਹਯਾਤਪੁਰੀ ਦੇ ਤਿੰਨ ਕਾਵਿ ਸੰਗ੍ਰਹਿ-'ਮਮੀਰੇ ਦੀ ਗੰਢੀ, ਚਕਲਾ ਤੇ ਚੀਜ਼ ਵਹੁਟੀ ਅਤੇ ਧੁੱਪ ਦਾ ਕੋਟਾ ਤੇ ਕਚਨਾਰ' ਛਪ ਚੁੱਕੇ ਹਨ। ਇਸ ਪੁਸਤਕ ਵਿਚ ਡਾ: ਰਾਮ ਮੂਰਤੀ ਨੇ ਉਸ ਦੀ ਕਵਿਤਾ ਦਾ ਵਿਸ਼ਲੇਸ਼ਣ ਕਰਦਿਆਂ ਵੱਖ-ਵੱਖ ਸਮਾਜਿਕ ਪ੍ਰਸਥਿਤੀਆਂ ਵਿਚ ਵਿਚਰਦੀ ਕਵਿਤਾ ਦੀ ਨਿਸ਼ਾਨਦੇਹੀ ਕੀਤੀ ਹੈ। ਵਿਸ਼ਵੀਕਰਨ ਦੇ ਦੌਰ ਵਿਚ ਉਹ ਇਕ ਚਿੰਤਕ ਕਵੀ ਵਜੋਂ ਸਾਡੇ ਸਾਹਮਣੇ ਆਉਂਦਾ ਹੈ। ਉਸ ਦੀ ਕਵਿਤਾ ਸਮਾਜਿਕ ਸਰੋਕਾਰਾਂ ਪ੍ਰਤੀ ਚੇਤੰਨ ਹੋ ਕੇ ਤੁਰਦੀ ਹੈ। ਉਹ ਪ੍ਰਗਤੀਸ਼ੀਲ ਪਹੁੰਚ ਵਿਧੀ ਨੂੰ ਅਪਣਾ ਕੇ ਨਵੀਂ ਸਥਿਤੀ ਦਾ ਮੁਕਾਬਲਾ ਕਰਦਾ ਹੈ। ਉਹ ਕਿਰਤੀ ਵਰਗ ਦੀ ਹੋਣੀ ਅਤੇ ਅਵਸਥਾ ਦਾ ਪ੍ਰਗਟਾ ਬੜੀ ਸ਼ਿੱਦਤ ਨਾਲ ਕਰਦਾ ਹੈ। ਬਾਕੀ ਲੇਖ ਗੁਰਮੀਤ ਹਯਾਤਪੁਰੀ ਦੀ ਕਵਿਤਾ ਦੀ ਸੁਹਜ-ਦ੍ਰਿਸ਼ਟੀ, ਵਿਧਾ ਪਰਿਪੇਖ ਅਤੇ ਕਵਿਤਾ ਦੀਆਂ ਵਿਰੇਚਣ-ਵਿਧੀਆਂ ਦਾ ਖੁਲਾਸਾ ਕਰਦੇ ਹਨ। ਪੁਸਤਕ ਦੇ ਸਮੁੱਚੇ ਅਧਿਐਨ ਤੋਂ ਇਕ ਗੱਲ ਸਪੱਸ਼ਟ ਹੁੰਦੀ ਹੈ ਕਿ ਇਹ ਲੇਖ ਉਸ ਦੀ ਕਵਿਤਾ ਦਾ ਇਕ ਪਾਸੜ ਚਿੰਤਨ ਪੇਸ਼ ਕਰਦੇ ਹਨ। ਅਜਿਹੀ ਪ੍ਰਸੰਸਾਮਈ ਆਲੋਚਨਾ ਲੇਖਕ ਦਾ ਕੁਝ ਨਹੀਂ ਸੰਵਾਰਦੀ, ਸਗੋਂ ਪਾਠਕਾਂ ਵਿਚ ਸ਼ੰਕੇ ਪੈਦਾ ਕਰਦੀ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਕਿਛੁ ਸੁਣੀਐ ਕਿਛੁ ਕਹੀਐ
ਲੇਖਕ : ਗੁਰਮੁਖ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 100 ਰੁਪਏ, ਸਫ਼ੇ : 136.

ਡਾ: ਦਲੀਪ ਕੌਰ ਟਿਵਾਣਾ, ਜੋ ਪੰਜਾਬੀ ਸਾਹਿਤ ਖੇਤਰ ਵਿਚ ਮੰਨੀ-ਪ੍ਰਮੰਨੀ ਹਸਤੀ ਹੈ, ਨਾਲ ਇਕ ਲੰਮੀ ਮੁਲਾਕਾਤ ਕੀਤੀ ਗੁਰਮੁਖ ਸਿੰਘ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ।
ਲੇਖਕ ਨੇ ਕਈ ਪਹਿਲੂਆਂ ਨੂੰ ਇਸ ਮੁਲਾਕਾਤ ਰਾਹੀਂ ਉਭਾਰਿਆ ਹੈ, ਜਿਵੇਂ ਕਿ ਸਾਹਿਤਕ ਪਹਿਲੂ ਤੋਂ ਰਚਨਾਵਾਂ ਦੇ ਪਿਛੋਕੜ ਵਿਚ ਵਿਚਰਦੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਪਾਠਕ ਨੂੰ ਸਵੈ ਤਲਾਸ਼ ਦੇ ਮਾਰਗ 'ਤੇ ਤੋਰ ਕੇ ਜ਼ਿੰਦਗੀ ਦੇ ਅੰਤਿਮ ਸੱਚ ਦੀ ਪ੍ਰਾਪਤੀ ਦਾ ਰਾਹ ਵਿਖਾਉਂਦੀਆਂ ਹਨ। ਉਸ ਨੇ ਆਪਣੇ ਸਵੈ ਨੂੰ ਨਿਵੇਕਲੇ ਅਰਥ ਦਿੱਤੇ ਹਨ ਅਤੇ ਗੁਰੂ ਸ਼ਿਸ਼ ਪਰੰਪਰਾ ਦੀ ਪੁਨਰ-ਸੁਰਜੀਤੀ ਕੀਤੀ ਹੈ। ਉਹ ਵੀਹਵੀਂ ਸਦੀ ਦੀਆਂ ਪੰਜਾਬਣਾਂ ਦੀ ਰੂਹ ਦੀ ਉਚੇਰੀ ਅਵਸਥਾ ਦਾ ਸਾਖਿਆਤ ਰੂਪ ਹੈ ਅਤੇ ਉਸ ਨੇ ਰਚਨਾਵਾਂ ਵਿਚ ਪੰਜਾਬੀ ਔਰਤ ਦੀ ਖੁੱਦਾਰੀ, ਮੜਕ ਤੇ ਸ਼ਿੱਦਤ ਦੀ ਬਾਤ ਪਾਈ ਹੈ। ਉਹ ਆਪਣੀ ਰਚਨਾ ਰਾਹੀਂ ਸਾਧਾਰਨ ਮਨੁੱਖ ਦੀ ਗੱਲ ਕਰਦੀ ਉਸ ਦੀ ਧੁਰ ਅੰਦਰਲੀ ਉਦਾਸੀ ਨੂੰ ਸ੍ਰਿਸ਼ਟੀ ਦੇ ਵਿਭਿੰਨ ਪਾਸਾਰਾਂ ਨਾਲ ਜੋੜ ਕੇ ਅਨੂਠਾ ਸੁਹਜ ਸਿਰਜਦੀ ਹੈ ਅਤੇ ਉਸ ਦੀਆਂ ਰਚਨਾਵਾਂ ਮੀਲ ਪੱਥਰ ਦਾ ਕੰਮ ਕਰਦੀਆਂ ਹਨ। ਉਸ ਨੇ ਔਰਤ ਦੀ ਹੋਂਦ ਤੇ ਹੋਣੀ ਨੂੰ ਜ਼ਬਾਨ ਦਿੱਤੀ ਹੈ ਅਤੇ ਔਰਤ ਦੀ ਪੀੜ, ਸੰਤਾਪ ਅਤੇ ਤ੍ਰਾਸਦੀ ਨੂੰ ਸਮਾਜਿਕ ਸੰਦਰਭ ਵਿਚ ਰੱਖ ਕੇ ਚਿਤਰਿਆ ਹੈ। ਉਹ ਇਕ ਦਾਰਸ਼ਨਿਕ ਸੂਝ ਵਾਲੀ ਲੇਖਿਕਾ ਹੈ ਜੋ ਸਮਾਜਿਕ ਦਸਤੂਰ ਦੀ ਗੁੰਝਲਦਾਰ ਤੇ ਵਿਖਮ ਹੋਂਦ ਨੂੰ ਨਿਹਾਰਦਿਆਂ ਵੀ ਸਵੈ ਦੇ ਸਵੈ ਨਾਲ, ਸਵੈ ਦੇ ਪਰ ਨਾਲ ਅਤੇ ਸਵੈ ਦੇ ਸ੍ਰਿਸ਼ਟੀ ਨਾਲ ਬਹੁ-ਪਰਤੀ ਰਿਸ਼ਤੇ ਸਹਿਜ ਸੁਭਾਅ ਚਿੱਤਰ ਜਾਂਦੀ ਹੈ।
ਇਹ ਮੁਲਾਕਾਤ ਘਰ ਪਰਿਵਾਰ ਤੋਂ ਸ਼ੁਰੂ ਹੋ ਕੇ ਵਿਦਿਅਕ ਖੇਤਰ, ਵਿਦਿਆਰਥੀਆਂ ਨਾਲ ਸਬੰਧ, ਅਧਿਆਪਕਾਂ ਨਾਲ ਰਿਸ਼ਤਾ, ਸਾਹਿਤਕ ਲੇਖਕਾਂ ਦੇ ਕਬੂਲੇ ਗਏ ਪ੍ਰਭਾਵ, ਸਾਹਿਤਕ ਦੇਣ ਪਿੱਛੇ ਕੰਮ ਕਰਦੇ ਪ੍ਰਭਾਵ ਤੇ ਰਚਨਾਵਾਂ ਦੇ ਪਿਛੋਕੜ, ਗੁਰੂ ਸ਼ਿਸ਼ ਪਰੰਪਰਾ, ਮਿਲੇ ਮਾਣ-ਸਨਮਾਨ, ਭਾਵ ਕੋਈ ਵੀ ਪਹਿਲੂ ਅਛੋਹ ਨਹੀਂ ਰਿਹਾ ਤੇ ਹਰ ਪਹਿਲੂ ਨੂੰ ਵਿਸਤਾਰ ਨਾਲ ਉਲੀਕਿਆ ਹੈ ਕੋਈ ਪੱਖ ਛੁਪਾਇਆ ਨਹੀਂ ਸਗੋਂ ਖੁੱਲ੍ਹੀ ਕਿਤਾਬ ਵਾਂਗ ਹੈ ਡਾ: ਦਲੀਪ ਕੌਰ ਟਿਵਾਣਾ ਦਾ ਜੀਵਨ। ਉਸ ਦੇ ਸਮੁੱਚੇ ਪਹਿਲੂ ਪੰਨੇ 54 ਉਤੇ ਖੁੱਲ੍ਹ ਕੇ ਉਲੀਕੇ ਗਏ ਹਨ। ਡਾ: ਦਲੀਪ ਕੌਰ ਟਿਵਾਣਾ ਔਰਤ ਦੀ ਹਰ ਪੱਖ ਤੋਂ ਵਕਾਲਤ ਵੀ ਕਰਦੀ ਹੈ ਤੇ ਗ਼ਲਤ ਸੋਚ ਸਦਕਾ ਨਿਖੇਧੀ ਵੀ ਕਰਦੀ ਹੈ। ਔਰਤ ਨੂੰ ਮਰਦ ਦੇ ਬਰਾਬਰ ਲਿਆਉਣ ਲਈ ਉਸ ਦਾ ਕਹਿਣਾ ਹੈ-
'ਔਰਤ ਪ੍ਰਤੀ ਦ੍ਰਿਸ਼ਟੀ ਤੇ ਦ੍ਰਿਸ਼ਟੀਕੋਣ ਨੂੰ ਬਦਲਣਾ ਪਵੇਗਾ। ਅਤੇ 'ਮੈਂ ਉਸ ਸੱਚ ਦੀ ਤਲਾਸ਼ ਵੱਲ ਤੁਰੀ ਹਾਂ ਜੋ ਸਮੇਂ ਤੇ ਸਥਾਨ ਦਾ ਬੰਧਨ ਸਵੀਕਾਰ ਨਹੀਂ ਕਰਦਾ।'
ਅੰਤ ਵਿਚ ਉਨ੍ਹਾਂ ਦੀਆਂ ਰਚਨਾਵਾਂ, ਖੋਜ ਕਾਰਜਾਂ ਤੇ ਮਾਣ-ਸਨਮਾਨ ਦਾ ਵੇਰਵਾ ਦਿੱਤਾ ਹੈ। ਇਸ ਛੋਟੀ ਜਿਹੀ ਪੁਸਤਕ ਵਿਚ ਜਿਵੇਂ ਸਾਰੀ ਦੀ ਸਾਰੀ ਦਲੀਪ ਕੌਰ ਟਿਵਾਣਾ ਸਮੋਈ ਹੋਈ ਮਾਰਗ-ਦਰਸ਼ਕ ਕਰ ਰਹੀ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298

ਰੋਹਤਾਂਗ-ਮਾਊਂਟਆਬੂ ਵਾਇਆ ਲਾਹੌਰ
ਲੇਖਕ : ਬਲਦੇਵ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 130, ਸਫ਼ੇ : 103.

ਬਲਦੇਵ ਸਿੰਘ ਬਹੁਪੱਖੀ ਸਾਹਿਤਕ ਪ੍ਰਤਿਭਾ ਦਾ ਮਾਲਕ ਹੈ। ਹਥਲੀ ਪੁਸਤਕ ਉਸ ਦੀਆਂ ਤਿੰਨ ਦਿਸ਼ਾਵੀ ਯਾਤਰਾਵਾਂ ਦਾ ਭਾਵਪੂਰਤ ਉਲੇਖ ਕਰਦੀ ਹੈ। ਇਨ੍ਹਾਂ ਤਿੰਨ ਯਾਤਰਾਵਾਂ ਦਾ ਪਹਿਲਾ ਭਾਗ ਮੋਗਾ ਤੋਂ ਰੋਹਤਾਂਗ ਵਾਇਆ ਜੁਖਾਲਾ, ਦੂਸਰਾ ਭਾਗ ਪਾਕਿਸਤਾਨ ਦੀ ਦੂਜੀ ਫੇਰੀ ਅਤੇ ਤੀਸਰਾ ਭਾਗ ਮੋਗਾ-ਮਾਊਂਟਆਬੂ ਵਾਇਆ ਬਠਿੰਡਾ, ਮੁੱਖ ਸਿਰਲੇਖਾਂ ਦੇ ਅੰਤਰਗਤ ਪਾਠਕਾਂ ਦੇ ਰੂ-ਬਰੂ ਹੋਇਆ ਹੈ।
ਭਾਵੇਂ ਇਸ ਲੇਖਕ ਨੇ ਪਹਿਲੋਂ-ਪਹਿਲੋਂ ਹਿਮਾਚਲ ਪ੍ਰਦੇਸ਼ 'ਚ ਨੌਕਰੀ ਕੀਤੀ ਪਰ ਜਦੋਂ ਫਿਰ ਪਹਾੜਾਂ ਦੀ ਗੋਦ 'ਚ ਜਾਂਦਾ ਹੈ ਤਾਂ ਪਾਠਕਾਂ ਦੀ ਜਾਣਕਾਰੀ ਦੇ ਨਵੇਂ ਦਿਸਹੱਦੇ ਖੋਲ੍ਹ ਦਿੰਦਾ ਹੈ। ਕੈਪਟਨ ਜਗਦੀਸ਼ ਸ਼ਰਮਾ, ਗੁਰਮੇਲ ਸਿੰਘ ਅਤੇ ਗੁਰਵਿੰਦਰ ਮਿੰਟਾ ਦੇ ਸੰਗ ਸਾਥ ਅਨੰਦਪੁਰ, ਕੀਰਤਪੁਰ, ਬਿਲਾਸਪੁਰ, ਜੁਖਾਲਾ, ਮਾਰਕੰਡ, ਗੁਪਾਲਪੁਰ ਹੁੰਦੇ ਹੋਏ, ਜਦੋਂ ਸਤਲੁਜ, ਬਿਆਸ ਤੇ ਪਾਰਵਤੀ ਦੇ ਕੰਢੇ-ਕੰਢੇ ਜਾਂਦੇ ਹੋਏ ਮਨੀਕਰਨ ਤੱਕ ਪਹੁੰਚਣ ਦਾ ਵੇਰਵਾ ਦਿੱਤਾ ਜਾਂਦਾ ਹੈ ਤਾਂ ਨਿਸਚੇ ਪਾਠਕ ਨਾਲ-ਨਾਲ ਤੁਰਿਆ ਜਾਂਦਾ ਮਹਿਸੂਸ ਕਰ ਰਿਹਾ ਹੁੰਦਾ ਹੈ। ਇਸੇ ਤਰ੍ਹਾਂ ਮਨਾਲੀ ਬਾਬਤ ਦੁਰਲੱਭ ਜਾਣਕਾਰੀ, ਲਾਹੌਲਵਾਦੀ ਦੇ ਗੇਟਵੇਅ-ਰੋਹਤਾਂਗ ਦੇ ਰਸਤੇ ਅਤੇ ਸੈਲਾਨੀਆਂ ਦੇ ਕੇਂਦਰ ਹਿਮਾਚਲ ਦੀਆਂ ਪ੍ਰਸ਼ਾਸਨਿਕ ਖੂਬੀਆਂ ਦਾ ਉਲੇਖ ਕਰਨਾ ਕਿਸੇ ਜੱਜ ਦੇ ਨਿਰਣੇ ਤੋਂ ਘੱਟ ਨਹੀਂ ਹੈ। 'ਪਾਕਿਸਤਾਨ ਵੱਲ ਦੂਜੀ ਫੇਰੀ' ਦੇ ਅੰਤਰਗਤ ਖਾਨ ਮੁਹੰਮਦ ਦੇ ਕਾਲੇ ਤਿੱਤਰਾਂ ਬਾਬਤ ਬਿਰਤਾਂਤ ਤਾਂ ਇਕ ਸਫਲ ਕਹਾਣੀ ਹੀ ਜਾਪਣ ਲੱਗਦਾ ਹੈ। ਅਟਾਰੀ ਲਾਹੌਰ ਸਟੇਸ਼ਨ ਦੀ ਫੂਡ ਸਟਰੀਟ ਵੀ ਦਿਲ ਲੁਭਾਉਣੀ ਜਾਪਦੀ ਹੈ, ਪਰ ਖੰਡ ਵਿਚ ਜੋ ਜ਼ਿਕਰ ਪਾਕਿਸਤਾਨੀ ਪੰਜਾਬੀ ਸਾਹਿਤਕਾਰਾਂ ਅਤੇ ਉਥੋਂ ਦੇ ਆਮ ਲੋਕਾਂ ਦੀ ਸਦਭਾਵਨਾ, ਪ੍ਰੇਮ-ਮੋਹ, ਇਲਾਕਾਈ ਹੇਰਵੇ ਦਾ ਬਿਆਨ ਹੈ, ਉਸ ਵਿਚ ਵੀ ਰਮਕਤਾ ਦੀ ਕਿਸੇ ਹੋਰ ਸਫ਼ਰਨਾਮੇ 'ਚ ਮਿਸਾਲ ਮਿਲਣੀ ਅਸੰਭਵ ਹੈ। 'ਕਲਾ ਸੰਗੀਤ ਤੇ ਸਾਹਿਤ' ਇਕਬਾਲ ਕੈਸਰ ਦਾ ਖੋਜਗੜ੍ਹ ਕੇਂਦਰ' ਅਤੇ ਦੁੱਲੇ ਭੱਟੀ ਦੀ ਪਿੰਡੀ ਦੇ ਦਰਸ਼ਨ ਅਤਿ ਦੀ ਪੱਧਰ 'ਤੇ ਪਾਠਕਾਂ ਨੂੰ ਕੀਲਣ ਵਾਲੀ ਰਚਨਾ ਜਾਪਦੇ ਹਨ। ਇਨ੍ਹਾਂ ਵਿਚੋਂ ਸਾਂਝੇ ਪੰਜਾਬ ਦੀ ਸਮੁੱਚੀ ਪੰਜਾਬੀਅਤ ਵਾਲੇ ਸਮੂਹ ਲੱਛਣ ਉਦੈਮਾਨ ਹੁੰਦੇ ਵੇਖੇ ਜਾ ਸਕਦੇ ਹਨ। ਇਸੇ ਪੁਸਤਕ ਦਾ ਮਹੱਤਵਪੂਰਨ ਭਾਗ 'ਮੋਗਾ-ਮਾਊਂਟਆਬੂ ਵਾਇਆ ਬਠਿੰਡਾ' ਹੈ, ਜਿਸ ਵਿਚ ਲੋਕ ਧਰਮ ਦੀ ਵੀ ਗੱਲ ਹੈ ਅਤੇ ਅਰਾਵਲੀ ਪਰਬਤਾਂ 'ਚੋਂ ਲੰਘਣ ਸਮੇਂ ਪੰਜਾਬ ਦੇ ਗੁਆਂਢੀ ਸੂਬਿਆਂ ਦੀ ਸੰਸਕ੍ਰਿਤੀ ਦਾ ਤੁਲਨਾਤਮਿਕ ਅਧਿਐਨ ਵੀ ਪੇਸ਼ ਹੈ। ਕਿਲ੍ਹਾ ਚਿਤੌੜਗੜ੍ਹ, ਉਥੋਂ ਦੇ ਰਾਜਿਆਂ ਬਾਬਤ ਜਾਣਕਾਰੀ, ਇਤਿਹਾਸਕ ਥਾਵਾਂ, ਖੰਡਰਾਂ, ਮੰਦਰਾਂ ਅਤੇ ਲੋਕਾਂ ਬਾਬਤ ਡੂੰਘੀ ਤੇ ਪੁਖਤਾ ਜਾਣਕਾਰੀ, ਲੇਖਕ ਨੇ ਠੋਸ ਆਧਾਰਾਂ ਅਤੇ ਅੰਕੜਿਆਂ 'ਤੇ ਕੇਂਦਰਿਤ ਹੋ ਕੇ ਦਿੱਤੀ ਹੈ। ਸਮੁੱਚੇ ਰੂਪ 'ਚ ਸਾਰੇ ਦਾ ਸਾਰਾ ਸਫ਼ਰਨਾਮਾ ਗਿਆਨਵਰਧਕ ਪਹਿਲੂਆਂ ਦਾ ਸਾਦੀ ਭਾਸ਼ਾ 'ਚ ਇਕ ਦਰਪਣ ਹੈ।

-ਡਾ: ਜਗੀਰ ਸਿੰਘ ਨੂਰ
ਮੋ: 98142-09732
.

ਵਿਸਰ ਰਿਹਾ ਪੰਜਾਬੀ ਵਿਰਸਾ
ਲੇਖਕ : ਸੁਲੱਖਣ ਸਰਹੱਦੀ
ਪ੍ਰਕਾਸ਼ਕ : ਨੈਸ਼ਨਲ ਬੁੱਕ ਟਰੱਸਟ, ਇੰਡੀਆ, ਨਵੀਂ ਦਿੱਲੀ
ਮੁੱਲ : 195 ਰੁਪਏ, ਸਫ਼ੇ : 490.

'ਵਿਸਰ ਰਿਹਾ ਪੰਜਾਬੀ ਵਿਰਸਾ' ਪ੍ਰਸਿੱਧ ਪੰਜਾਬੀ ਗ਼ਜ਼ਲਗੋ ਸੁਲੱਖਣ ਸਰਹੱਦੀ ਦੀ ਪੰਜਾਬੀ ਸੱਭਿਆਚਾਰ ਦੇ ਵਿਸ਼ੇ ਨਾਲ ਸਬੰਧਿਤ ਦੂਜੀ ਵਾਰਤਕ ਰਚਨਾ ਹੈ। ਇਸ ਤੋਂ ਪਹਿਲਾਂ ਉਹ 'ਪਿੰਡਾਂ ਦਾ ਬਦਲ ਰਿਹਾ ਸੱਭਿਆਚਾਰਕ ਮੁਹਾਂਦਰਾ' ਨਾਮੀ ਮੁੱਲਵਾਨ ਪੁਸਤਕ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ, ਜਿਸ ਦਾ ਪੰਜਾਬੀ ਵਿਦਵਾਨਾਂ ਅਤੇ ਪਾਠਕਾਂ ਨੇ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਸੀ ਅਤੇ ਇਸ ਪੁਸਤਕ ਬਾਰੇ ਕਾਫੀ ਚਰਚਾ ਹੋਈ ਸੀ। ਲੇਖਕ ਕਾਫੀ ਲੰਮੇ ਅਰਸੇ ਤੋਂ ਪੰਜਾਬ ਦੇ ਜਨ-ਜੀਵਨ ਨਾਲ ਜੁੜਿਆ ਰਿਹਾ ਹੈ, ਜਿਸ ਸਦਕਾ ਉਸ ਨੇ ਪੰਜਾਬ ਦੇ ਪੇਂਡੂ ਖੇਤਰ ਵਿਚ ਆ ਰਹੇ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਬਦਲਾਵਾਂ ਨੂੰ ਬੜਾ ਨੇੜਿਉਂ ਘੋਖਵੀਂ ਅਤੇ ਸੰਵੇਦਨਸ਼ੀਲ ਅੱਖ ਨਾਲ ਵੇਖਿਆ ਹੀ ਨਹੀਂ ਬਲਕਿ ਜਨ-ਜੀਵਨ ਵਿਚੋਂ ਲੋਪ ਹੋ ਰਹੇ ਵਿਰਾਸਤੀ ਅੰਸ਼ਾਂ ਦੀ ਨਿਸ਼ਾਨਦੇਹੀ ਵੀ ਬਾਰੀਕੀ, ਮਿਹਨਤ ਅਤੇ ਲਗਨ ਨਾਲ ਕੀਤੀ ਹੈ। ਲੇਖਕ ਨੇ ਪੁਸਤਕ ਨੂੰ 22 ਕਾਂਡਾਂ ਵਿਚ ਵੰਡਿਆ ਹੈ ਅਤੇ ਵਿਸਰ ਰਹੇ ਪੰਜਾਬੀ ਵਿਰਸੇ ਦੇ ਹਰ ਪੱਖ ਬਾਰੇ ਇਨ੍ਹਾਂ ਕਾਂਡਾਂ ਰਾਹੀਂ ਵਿਸਥਾਰਪੂਰਵਕ ਅਤੇ ਰੌਚਕ ਜਾਣਕਾਰੀ ਪ੍ਰਦਾਨ ਕੀਤੀ ਹੈ। ਪੁਰਾਣੇ ਪੰਜਾਬ ਦੇ ਸੌ ਸਾਲਾ ਸਮਾਜਿਕ ਤੇ ਸੱਭਿਆਚਾਰਕ ਇਤਿਹਾਸ ਨੂੰ ਇਸ ਮੁੱਲਵਾਨ ਪੁਸਤਕ ਨੇ ਆਪਣੀ ਬੁੱਕਲ ਵਿਚ ਸਾਂਭਿਆ ਹੋਇਆ ਹੈ। ਲੋਕ ਗੀਤਾਂ ਅਤੇ ਅਖਾਣਾਂ ਦੀ ਚਾਸ਼ਨੀ ਨਾਲ ਗਲੇਫੀ, ਕਾਵਿਕ ਸ਼ੈਲੀ ਦੀ ਵਰਤੋਂ ਕਰਕੇ ਵਿਦਵਾਨ ਲੇਖਕ ਨੇ, ਇਸ ਰਚਨਾ ਰਾਹੀਂ, ਪੰਜਾਬੀ ਦੇ ਸੱਭਿਆਚਾਰਕ ਵਿਰਸੇ ਦੀ ਪਛਾਣ ਕਰਵਾਉਣ ਵਾਲਾ ਮਹੱਤਵਪੂਰਨ ਕਾਰਜ ਕੀਤਾ ਹੈ ਅਤੇ ਇਸ ਨੂੰ ਬੜੀ ਸਫਲਤਾ ਨਾਲ ਪਾਠਕਾਂ ਲਈ ਪਰੋਸਿਆ ਹੈ। ਇਸ ਪੁਸਤਕ ਦੇ ਮੁੱਢ ਵਿਚ ਡਾ: ਜਸਵਿੰਦਰ ਸਿੰਘ ਅਤੇ ਡਾ: ਬਲਦੇਵ ਸਿੰਘ 'ਬਦਨ' ਦੇ ਪੰਜਾਬੀ ਸੱਭਿਆਚਾਰ ਅਤੇ ਪੰਜਾਬ ਦੀ ਮੁੱਲਵਾਨ ਵਿਰਾਸਤ ਬਾਰੇ ਵਿਦਵਤਾ ਭਰਪੂਰ ਲੇਖ ਸ਼ਾਮਿਲ ਕੀਤੇ ਗਏ ਹਨ, ਜਿਹੜੇ ਇਸ ਪੁਸਤਕ ਦੀ ਮਹੱਤਤਾ, ਮੁੱਲ ਅਤੇ ਆਭਾ ਨੂੰ ਲਿਸ਼ਕਾਉਂਦੇ ਹਨ। ਇਹ ਪੁਸਤਕ ਜਿਥੇ ਪੰਜਾਬੀ ਸੱਭਿਆਚਾਰ ਦੇ ਖੋਜਾਰਥੀਆਂ ਲਈ ਸਹਾਇਕ ਸਿੱਧ ਹੋਵੇਗੀ, ਉਥੇ ਇਹ ਪੰਜਾਬੀ ਜਨ ਸਾਧਾਰਨ ਨੂੰ ਆਪਣੇ ਵਿਰਸੇ ਤੋਂ ਜਾਣੂ ਹੋਣ ਅਤੇ ਉਸ ਨਾਲ ਜੋੜਨ ਦਾ ਮਹੱਤਵਪੂਰਨ ਰੋਲ ਵੀ ਅਦਾ ਕਰੇਗੀ।

ਤੇਰੇ ਬਾਝੋਂ... ਮਾਂ
ਲੇਖਿਕਾ : ਸ਼ਮਿੰਦਰ ਕੌਰ ਪੱਟੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : ਕੋਈ ਨਹੀਂ, ਸਫ਼ੇ : 64.

'ਤੇਰੇ ਬਾਝੋਂ ਮਾਂ' ਅਨੁਭਵੀ ਬਾਲ ਸਾਹਿਤ ਲੇਖਿਕਾ ਸ਼ਮਿੰਦਰ ਕੌਰ ਪੱਟੀ ਦੀ ਸੱਜਰੀ ਕਾਵਿ ਰਚਨਾ ਹੈ। ਇਹ ਇਕ ਨਿਵੇਕਲੀ ਸੁਰ ਵਾਲੀ ਕਾਵਿ ਪੁਸਤਕ ਹੈ, ਜਿਸ ਵਿਚ ਸੰਵੇਦਨਸ਼ੀਲ ਕਵਿੱਤਰੀ ਨੇ ਮਾਂ-ਧੀ ਦੀ ਮਮਤਾ ਅਤੇ ਮੋਹ ਦੇ ਸੂਖਸ਼ਮ ਭਾਵਾਂ ਨੂੰ ਵੇਦਨਾਤਮਕ ਬੋਲਾਂ ਰਾਹੀਂ, ਸਦੀਵੀ ਵਿਛੋੜਾ ਦੇ ਗਈ, ਆਪਣੀ ਮਾਂ ਦੇ ਵਿਛੋੜੇ ਦੇ ਸਲ ਨੂੰ ਪ੍ਰਗਟਾਉਂਦਿਆਂ ਕਾਵਿ ਸ਼ਰਧਾਂਜਲੀ ਦੇ ਰੂਪ ਵਿਚ ਭੇਟ ਕੀਤਾ ਹੈ।
ਇਸ ਪੁਸਤਕ ਵਿਚ 44 ਕਵਿਤਾਵਾਂ ਸ਼ਾਮਿਲ ਹਨ ਜੋ ਲੇਖਿਕਾ ਦੀ ਵਿਛੜ ਚੁੱਕੀ ਮਾਂ ਨੂੰ ਸੰਬੋਧਿਤ ਹਨ। ਉਸ ਦੀ ਮਾਂ ਇਕ ਕਰਮਯੋਗੀ ਸੀ, ਸੱਚਿਆਰਾ ਤੇ ਸੰਘਰਸ਼ਮਈ ਜੀਵਨ ਜਿਊਣ ਵਾਲੀ, ਜਿਸ ਨੇ ਆਪਣੇ ਪਰਿਵਾਰ ਲਈ ਹੀ ਸੰਘਰਸ਼ ਨਹੀਂ ਸੀ ਕੀਤਾ, ਬਲਕਿ ਇਕ ਅਧਿਆਪਕਾ ਦੇ ਰੂਪ ਵਿਚ ਵਿਦਿਆਰਥੀਆਂ ਨੂੰ ਚੰਗੇਰਾ ਤੇ ਸਾਹਸ-ਭਰਪੂਰ ਜੀਵਨ ਜਿਊਣ ਦੀ ਜਾਚ ਵੀ ਸਿਖਾਈ। ਉਹ ਸਾਰਿਆਂ ਲਈ ਇਕ ਬਲਦਾ ਚਿਰਾਗ ਸੀ, ਜਿਸ ਦੀ ਲੋਅ ਚੁਫੇਰੇ ਚਾਨਣ ਬਖੇਰਦੀ ਸੀ।
ਸਾਡੇ ਸਮਾਜ ਵਿਚ ਧੀ ਅਤੇ ਮਾਂ ਦਾ ਰਿਸ਼ਤਾ ਅਟੁੱਟ ਰਿਸ਼ਤਾ ਹੈ। ਜਦੋਂ ਧੀ ਵਿਆਹੀ ਜਾਂਦੀ ਹੈ ਤਾਂ ਕੇਵਲ ਮਾਂ ਦਾ ਮੋਹ ਹੀ ਇਕ ਅਜਿਹੀ ਕੜੀ ਹੈ, ਜਿਹੜੀ ਉਸ ਨੂੰ ਆਪਣੇ ਪੇਕੇ ਪਰਿਵਾਰ ਨਾਲ ਜੋੜੀ ਰੱਖਦੀ ਹੈ। ਮਾਂ ਦੇ ਤੁਰ ਜਾਣ ਦਾ ਜਿਹੜਾ ਦਰਦ ਵਿਆਹੀ-ਵਰੀ ਧੀ ਹੰਢਾਉਂਦੀ ਹੈ, ਉਸ ਦਰਦ ਦਾ ਇਜ਼ਹਾਰ ਸ਼ਮਿੰਦਰ ਨੇ ਆਪਣੀਆਂ ਕਵਿਤਾਵਾਂ ਰਾਹੀਂ ਬਾਖੂਬੀ ਕੀਤਾ ਹੈ ਅਤੇ ਇਸ ਦੇ ਨਾਲ ਹੀ ਉਸ ਨੇ ਮਾਂ ਦੀ ਮਹਾਨ ਦੇਣ ਨੂੰ ਵੀ ਉਜਾਗਰ ਕੀਤਾ ਹੈ। ਉਸ ਨੇ ਇਨ੍ਹਾਂ ਕਵਿਤਾਵਾਂ ਰਾਹੀਂ ਮਾਂ ਦੀ ਕੀਰਤੀ ਦਾ ਰਿਣ ਚੁਕਾਉਣ ਲਈ ਸ਼ਲਾਘਾਯੋਗ ਕਾਰਜ ਕੀਤਾ ਹੈ, ਜਿਸ ਤੋਂ ਪਾਠਕ ਪ੍ਰੇਰਨਾ ਲੈਣਗੇ।

-ਸੁਖਦੇਵ ਮਾਦਪੁਰੀ
ਮੋ: 94630-34472.

ਯੁਗ ਕਥਾ
ਕਵਿੱਤਰੀ : ਜਸਬੀਰ ਕੇਸਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 135 ਰੁਪਏ, ਸਫ਼ੇ : 100.

ਡਾ: ਜਸਬੀਰ ਕੇਸਰ ਪੰਜਾਬੀ ਸਾਹਿਤ ਦੀ ਇਕ ਪ੍ਰਸਿੱਧ ਆਲੋਚਕ, ਸੁਘੜ ਸੰਪਾਦਕ ਅਤੇ ਨਿਪੁੰਨ ਅਧਿਆਪਕ ਹੋਣ ਦੇ ਨਾਲ-ਨਾਲ ਇਕ ਸੰਵੇਦਨਸ਼ੀਲ ਕਵਿੱਤਰੀ ਵੀ ਹੈ। 'ਕਤਲਗਾਹ ਤੋਂ ਉਰੇ' ਦੇ ਬਾਅਦ 'ਯੁਗ ਕਥਾ' ਉਸ ਦਾ ਦੂਜਾ ਕਾਵਿ ਸੰਗ੍ਰਹਿ ਹੈ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਵਿਚ ਉਹ ਆਸ-ਪਾਸ ਪਸਰੇ ਕਾਲੇ-ਸੰਘਣੇ ਹਨ੍ਹੇਰੇ ਨੂੰ ਕੱਟਣ (ਗੁਜ਼ਾਰਨ/ਚੀਰਨ) ਲਈ ਕੁਝ ਹੱਡਬੀਤੀਆਂ, ਕੁਝ ਜੱਗਬੀਤੀਆਂ ਅਤੇ ਕੁਝ ਜੁਗਬੀਤੀਆਂ ਨੂੰ ਕਾਵਿਬੱਧ ਕਰਦੀ ਹੈ। ਉਹ ਇਸ ਤੱਥ ਨੂੰ ਮੰਨ ਕੇ ਚਲਦੀ ਹੈ ਕਿ ਅਜੋਕਾ ਯੁਗ, ਚੇਤਨਾ (ਗਲੋਬਲ ਚੇਤਨਾ, ਨਾਰੀ ਚੇਤਨਾ, ਦਲਿਤ ਚੇਤਨਾ, ਯੁਗ ਚੇਤਨਾ, ਦੇਹੀ ਚੇਤਨਾ...ਇਤਿਆਦਿ) ਦਾ ਹੈ ਪਰ ਇਸ ਯੁਗ ਦਾ ਇਕ ਵਿਰੋਧਾਭਾਸ ਵੀ ਹੈ ਕਿ ਅਨੇਕਮੁਖੀ ਚੇਤਨਾਵਾਂ ਦੇ ਇਸ ਯੁਗ ਵਿਚ ਆਦਮੀ ਬੇਨਾਮ ਹੋ ਚੁੱਕਾ ਹੈ, ਆਦਮੀ ਦਾ ਆਦਮੀ ਨਾਲ ਰਿਸ਼ਤਾ ਬੇਪਛਾਣ ਹੋ ਗਿਆ ਹੈ। ਇਸ ਸਥਿਤੀ ਵਿਚ ਸਾਡੀ ਦੁਨੀਆ ਬੇਪਛਾਣ ਰਿਸ਼ਤਿਆਂ ਦਾ ਇਕ ਜੰਗਲ ਬਣ ਕੇ ਰਹਿ ਗਈ ਹੈ। ਇਸ ਯੁਗ ਵਿਚ ਮਨੁੱਖੀ ਰਿਸ਼ਤੇ ਗਲੋਬਲ ਤਾਂ ਹੋ ਗਏ ਹਨ ਪਰ ਗਲੋਬਲ ਰਿਸ਼ਤਿਆਂ ਦੇ ਇਸ ਯੁਗ ਵਿਚ ਪੁੱਤਰ ਮਾਵਾਂ ਦੀ ਹੱਤਿਆ ਕਰ ਰਹੇ ਹਨ, ਮਾਵਾਂ ਪੁੱਤਰਾਂ ਪਾਸੋਂ ਆਪਣੇ ਦੁੱਧ ਦੀ ਕੀਮਤ ਮੰਗ ਰਹੀਆਂ ਹਨ।
ਇਸ ਯੁਗ ਦੀਆਂ ਬਹੁ-ਕੌਮੀ ਕੰਪਨੀਆਂ ਦੇ ਕਿਰਦਾਰ ਨੂੰ ਬਿਆਨ ਕਰਦੀ ਹੋਈ ਸ੍ਰੀਮਤੀ ਕੇਸਰ ਲਿਖਦੀ ਹੈ ਕਿ ਅੱਜ ਦਾ ਮਿਹਨਤੀ ਨਵਯੁਵਕ (ਸਪਾਰਟੈਕਸ) ਆਪਣੇ ਅੰਨਦਾਤਾ ਦੇ ਵਿਰੁੱਧ ਵਿਦਰੋਹ ਕਰਨ ਬਾਰੇ ਸੋਚ ਵੀ ਨਹੀਂ ਸਕਦਾ, ਕਿਉਂਕਿ ਉਸ ਦਾ ਅੰਨ/ਧਨ-ਦਾਤਾ ਉਸ ਦੀਆਂ ਆਰਥਿਕ ਲੋੜਾਂ ਦਾ ਧਿਆਨ ਰੱਖਦਾ ਹੈ। ਉਹ ਅਜੋਕੇ ਸਪਾਰਟੈਕਸ ਵੱਲੋਂ ਉਪਜਾਏ ਧਨ ਦੇ ਅੰਬਾਰਾਂ ਵਿਚੋਂ ਹਰ ਰੋਜ਼ ਇਕ ਮੁੱਠੀ ਭਰ ਧਨ ਉਸ ਨੂੰ ਦੇ ਦਿੰਦਾ ਹੈ, ਜੋ ਉਸ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਾਫੀ ਹੁੰਦਾ ਹੈ। ਕਵਿੱਤਰੀ ਇਸ ਤੱਥ ਨੂੰ ਬੜੀ ਸ਼ਿੱਦਤ ਨਾਲ ਸਮਝਦੀ ਅਤੇ ਬਿਆਨ ਕਰਦੀ ਹੈ ਕਿ ਇਹ ਯੁਗ ਹੀ ਮੰਡੀ ਦਾ ਹੈ/ਖੁੱਲ੍ਹੀ ਮੰਡੀ ਦਾ ਯੁੱਗ/ਇਥੇ ਹਰ ਸ਼ਖ਼ਸ ਆਪਣਾ ਮੁੱਲ ਵਟਦਾ ਹੈ ਤੇ ਦੂਜੇ ਦਾ ਮੁੱਲ ਤਾਰਦਾ ਹੈ/ਇਹ ਬਾਜ਼ਾਰ ਦਾ ਯੁਗ ਹੈ ਤੇ ਬਾਜ਼ਾਰ ਵਿਚ ਖੜ੍ਹਾ ਹੈ/ਵਿਕਣ ਲਈ ਤਿਆਰ-ਬਰ-ਤਿਆਰ/ਹਰ ਕਾਮਾ, ਹਰ ਕਾਰੀਗਾਰ, ਹਰ ਬੁੱਧੀਜੀਵੀ, ਹਰ ਕਲਾਕਾਰ। (ਪੰਨਾ 19)
ਜਸਬੀਰ ਕੇਸਰ ਨੂੰ ਆਪਣੇ ਯੁਗ ਦੇ ਮਿਜ਼ਾਜ਼ ਬਾਰੇ ਬੜੀ ਡੂੰਘੀ ਜਾਣਕਾਰੀ ਹੈ। ਉਸ ਨੂੰ ਮਾਲੂਮ ਹੈ ਕਿ ਇਸ ਯੁਗ ਵਿਚ ਪਿਤਾ ਤੋਂ ਬਗੈਰ ਤਾਂ ਸਰ ਜਾਂਦਾ ਹੈ ਪਰ ਗਾਡ-ਫਾਦਰ (ਦੇਵ-ਪਿਤਾ) ਤੋਂ ਬਿਨਾਂ ਕੋਈ ਬੰਦਾ ਪ੍ਰਗਤੀ ਦੀਆਂ ਪੌੜੀਆਂ ਨਹੀਂ ਚੜ੍ਹ ਸਕਦਾ। ਦੇਵ-ਪਿਤਾ ਤੋਂ ਮਹਿਰੂਮ ਵਿਅਕਤੀ ਨੂੰ ਅੱਵਲ ਤਾਂ ਪੌੜੀਆਂ (ਸਟੇਅਰ ਕੇਸ) ਦੇ ਨੇੜੇ ਹੀ ਨਹੀਂ ਢੁਕਣ ਦਿੱਤਾ ਜਾਂਦਾ ਪਰ ਜੇ ਉਹ ਕਿਸੇ ਕ੍ਰਿਸ਼ਮੇ ਦੁਆਰਾ ਇਸ ਵਲਗਣ ਵਿਚ ਪ੍ਰਵੇਸ਼ ਕਰ ਵੀ ਜਾਵੇ ਤਾਂ ਉਸ ਦੀ ਸਾਰੀ ਉਮਰ ਸਭ ਤੋਂ ਹੇਠਲੀ ਪੌੜੀ ਉਪਰ ਬੈਠਿਆਂ ਹੀ ਲੰਘ ਜਾਵੇਗੀ। ਸਿਖਰ ਤੱਕ ਪਹੁੰਚਣ ਲਈ ਦੇਵ-ਪਿਤਾ ਦਾ ਹੋਣਾ ਬਹੁਤ ਜ਼ਰੂਰੀ ਹੈ, ਕੋਈ ਵੀ ਹੋਵੇ, ਕੋਈ ਨੇਤਾ, ਸਾਧ, ਅਫਸਰ ਜਾਂ ਦਲਾਲ। 'ਯੁਗ ਕਥਾ' ਪੜ੍ਹਨ ਤੋਂ ਪਹਿਲਾਂ ਮੈਨੂੰ ਭਰਮ ਸੀ ਕਿ ਸਾਡੀਆਂ ਪੰਜਾਬੀ ਨਾਰੀਆਂ ਨੂੰ ਮਨੁੱਖੀ ਜੀਵਨ ਦੀਆਂ ਹਨ੍ਹੇਰੀਆਂ, ਖੌਫ਼ਨਾਕ ਅਤੇ ਅਸ਼ਲੀਲ ਪਰਤਾਂ ਬਾਰੇ ਬਹੁਤਾ ਕੁਝ ਮਾਲੂਮ ਨਹੀਂ ਹੁੰਦਾ। ਅਸੀਂ ਮਰਦ ਲੋਕ (ਪਿਤਾ, ਪਤੀ ਜਾਂ ਪੁੱਤਰਾਂ ਦੇ ਰੂਪ ਵਿਚ) ਉਨ੍ਹਾਂ ਨੂੰ ਇਧਰ ਝਾਕਣ ਜੋ ਨਹੀਂ ਦਿੰਦੇ ਪਰ ਇਹ ਪੁਸਤਕ ਪੜ੍ਹਨ ਤੋਂ ਬਾਅਦ ਮੇਰਾ ਇਹ ਭਰਮ ਟੁੱਟ ਗਿਆ ਹੈ। ਅਜੋਕੀ ਜਾਗਰੂਕ ਨਾਰੀ ਨੂੰ ਸਭ ਕੁਝ ਮਾਲੂਮ ਹੈ। ਮੈਂ ਜਸਬੀਰ ਕੇਸਰ ਨੂੰ ਉਸ ਦੀ ਜੁਰਅੱਤ ਉੱਪਰ ਮੁਬਾਰਕਬਾਦ ਪੇਸ਼ ਕਰਦਾ ਹਾਂ।

ਬੰਦ ਬੂਹੇ ਪਿੱਛੇ
ਕਹਾਣੀਕਾਰ : ਡਾ: ਸ਼ਰਨਜੀਤ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 180 ਰੁਪਏ, ਸਫ਼ੇ : 120.

ਡਾ: ਸ਼ਰਨਜੀਤ ਕੌਰ ਨੇ ਪੋਠੋਹਾਰੀ ਲੇਖਣ ਦੀ ਪਰੰਪਰਾ ਨੂੰ ਜਾਰੀ ਰੱਖਿਆ ਹੋਇਆ ਹੈ। 'ਬੰਦ ਬੂਹੇ ਪਿੱਛੇ' ਵਿਚ ਲੇਖਿਕਾ ਦੀਆਂ ਦਸ ਕਹਾਣੀਆਂ ਸੰਕਲਿਤ ਹਨ। ਉਹ ਆਧੁਨਿਕ ਵੰਨਗੀ ਦੀ ਕਹਾਣੀ ਲਿਖਦੀ ਹੈ। ਇਸ ਵੰਨਗੀ ਦੀਆਂ ਕਹਾਣੀਆਂ ਵਿਚ ਲੇਖਕ ਦੇ ਨਾਲ-ਨਾਲ ਪਾਠਕ ਨੂੰ ਵੀ ਸਕ੍ਰਿਅ ਹੋਣਾ ਪੈਂਦਾ ਹੈ। ਅਜਿਹੀ ਕਹਾਣੀ ਪੜ੍ਹਨੀ ਇਕਤਰਫ਼ਾ ਅਮਲ ਨਹੀਂ ਹੈ ਕਿ ਲੇਖਕ ਨੇ ਲਿਖ ਦਿੱਤੀ ਅਤੇ ਪਾਠਕ ਨੇ ਪੜ੍ਹ ਛੱਡੀ। ਅਸਲ ਵਿਚ ਇਸ ਕਹਾਣੀ ਦੀ ਪਾਠਕ ਨੂੰ ਆਪਣੇ ਜ਼ਿਹਨ ਵਿਚ ਪੁਨਰ-ਸਿਰਜਣਾ ਕਰਨੀ ਪੈਂਦੀ ਹੈ। ਜਿਹੜਾ ਪਾਠਕ ਪੁਨਰ-ਸਿਰਜਣ ਕਰ ਸਕਦਾ ਹੈ, ਉਹੀ ਇਸ ਕਹਾਣੀ ਦਾ ਆਨੰਦੀ-ਪਾਠ ਪ੍ਰਾਪਤ ਕਰ ਸਕਦਾ ਹੈ। ਰਵਾਇਤੀ ਕਹਾਣੀ ਦੇ ਗਿੱਝੇ ਹੋਏ ਪਾਠਕਾਂ ਨੂੰ ਇਨ੍ਹਾਂ ਕਹਾਣੀਆਂ ਦੀ ਟੈਕਸਟ ਖੂਬ ਸਤਾਏਗੀ ਅਤੇ ਹੋ ਸਕਦਾ ਹੈ ਕਿ ਅਜਿਹੇ ਪਾਠਕ ਪੂਰੀ ਪੁਸਤਕ ਨੂੰ ਪੜ੍ਹ ਹੀ ਨਾ ਸਕਣ। ਇਹ ਗੱਲ ਮੈਂ ਇਸ ਕਾਰਨ ਵੀ ਆਖ ਰਿਹਾ ਹਾਂ ਕਿ ਉੱਤਰ-ਆਧੁਨਿਕਤਾਵਾਦੀ ਦੌਰ ਵਿਚ ਅਜਿਹੀਆਂ ਜਟਿਲ ਰਚਨਾਵਾਂ ਨਹੀਂ ਲਿਖੀਆਂ ਜਾ ਰਹੀਆਂ। ਅਜਿਹੀਆਂ ਰਚਨਾਵਾਂ ਆਧੁਨਿਕਵਾਦੀ ਦੌਰ ਦਾ ਲੱਛਣ ਸਨ, ਜਿਸ ਵਿਚ ਵਰਜੀਨੀਆ ਵੁਲਫ਼, ਜੇਮਜ਼ ਜਾਇਸ ਅਤੇ ਸੈਮੁਅਲ ਬੈਕੇਟ ਵਰਗੇ ਕਥਾਕਾਰਾਂ ਨੇ ਪਲਾਟ ਉੱਪਰ ਏਨਾ ਦਬਾਅ ਬਣਾਈ ਰੱਖਿਆ ਸੀ ਕਿ ਪਲਾਟ ਬਿਲਕੁਲ ਹੀ ਟੁੱਟ-ਭੱਜ ਗਏ ਸਨ। ਸ਼ਰਨਜੀਤ ਕੌਰ ਨੇ ਵੀ ਆਪਣੀਆਂ ਬਹੁਤੀਆਂ ਕਹਾਣੀਆਂ ਵਿਚ ਇੰਜ ਹੀ ਕੀਤਾ ਹੈ। ਸਾਡੀ ਮੱਧ ਸ਼੍ਰੇਣੀ ਆਪਣੇ ਘਰਾਂ ਦੇ ਬੂਹੇ ਬੰਦ ਰੱਖਦੀ ਹੈ, ਕਿਉਂਕਿ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ, ਕੋਝ ਅਤੇ ਹਿੰਸਾ ਨੂੰ ਬੰਦ ਬੂਹਿਆਂ ਦੇ ਪਿੱਛੇ ਹੀ ਵਾਪਰਨ ਦਿੱਤਾ ਜਾ ਸਕਦਾ ਹੈ (ਵੇਖੋ : ਕੁੰਡਾ ਜਿੰਦਾ ਲਾ ਕੇ ਬੂਹਾ ਢੋਇਆ ਸੀ। ਮੱਥੇ ਉਪਰ ਜੀ ਆਇਆਂ ਨੂੰ ਲਿਖਿਆ ਹੋਇਆ ਸੀ।) ਜਾਗੀਰਦਾਰੀ ਦੌਰ ਵਿਚ ਸਾਰੇ ਘਰਾਂ ਦੇ ਬੂਹੇ ਖੁੱਲ੍ਹੇ ਮਿਲਦੇ ਸਨ, ਕਿਉਂਕਿ ਲੋਕਾਂ ਦੇ (ਮਨਾਂ) ਅੰਦਰ ਜੋ ਹੁੰਦਾ ਸੀ, ਉਹ ਬਾਹਰ (ਚਿਹਰੇ ਉਪਰ) ਹੁੰਦਾ ਸੀ। ਆਚਾਰ-ਵਿਹਾਰ ਵਿਚ ਇਕਸੁਰਤਾ ਸੀ, ਜਿਹੜੀ ਆਧੁਨਿਕ ਪੂੰਜੀਵਾਦੀ ਯੁਗ ਵਿਚ ਆ ਕੇ ਭੰਗ ਹੋ ਗਈ ਹੈ। ਇਸੇ ਕਾਰਨ ਸ਼ਰਨਜੀਤ ਕੌਰ ਸਾਡੀ ਮੱਧ ਸ਼੍ਰੇਣੀ ਦੇ ਬੰਦ ਬੂਹਿਆਂ ਨੂੰ ਭੰਨ ਕੇ ਅੰਦਰ ਜਾ ਖੜੋਤੀ ਹੈ ਅਤੇ 'ਧਰਮ ਸਿੰਘ' (ਬੰਦ ਬੂਹੇ ਪਿੱਛੇ), ਰੋਹਨ ਤੇ ਰਾਸ਼ੀ (ਅੰਤਲਾ ਪੰਨਾ), ਇੰਦਰ ਤੇ ਰਾਣੀ (ਮੋਮਬੱਤੀ ਦਾ ਚਾਨਣ), ਸੁਖੀ ਤੇ ਇੰਦਰਾਨੀ (ਅੱਜ) ਵਰਗੇ ਪਾਤਰਾਂ ਦੇ (ਬੰਦ ਬੂਹਿਆਂ ਪਿੱਛੇ ਚੱਲ ਰਹੇ) ਜੀਵਨ ਦੀਆਂ ਜਟਿਲਤਾਵਾਂ ਦਾ ਗਲਪੀਕਰਣ ਕਰ ਰਹੀ ਹੈ। ਇਹ ਕਹਾਣੀਆਂ ਕਿਸੇ ਇਕ ਨੈਰੇਟਰ ਦੇ ਮੂੰਹੋਂ ਬਿਆਨ ਨਹੀਂ ਕੀਤੀਆਂ ਗਈਆਂ, ਬਲਕਿ ਬਹੁਤ ਸਾਰੇ ਕਰੈਕਟਰ, ਨੈਰੇਸ਼ਨ ਦੀ ਜ਼ਿੰਮੇਵਾਰੀ ਸੰਭਾਲੀ ਬੈਠੇ ਹਨ। ਇੰਜ ਇਨ੍ਹਾਂ ਕਹਾਣੀਆਂ ਦਾ ਮਿਜ਼ਾਜ਼ 'ਡਾਇਆਲੌਜੀਕਲ' ਬਣ ਗਿਆ ਹੈ। ਮੈਨੂੰ ਖੁਸ਼ੀ ਹੈ ਕਿ ਸ਼ਰਨਜੀਤ ਕੌਰ ਪੂਰੀ ਮੁਸਤੈਦੀ ਨਾਲ ਰਚਨਾ-ਕਰਮ ਦੇ ਮੋਰਚੇ ਨੂੰ ਸੰਭਾਲੀ ਬੈਠੀ ਹੈ। ਉਹ ਸਵਸਥ, ਪ੍ਰਸੰਨ ਅਤੇ ਖਿੜੀ ਰਹੇ। ਮੇਰੀ ਉਸ ਲਈ ਇਹੀ ਦੁਆ ਹੈ। ਬਾਕੀ ਰਚਨਾ-ਪ੍ਰਕਿਰਿਆ ਤਾਂ ਉਸ ਲਈ ਸਾਹ ਲੈਣ ਵਾਂਗ ਇਕ ਸੁਭਾਵਿਕ ਪ੍ਰਕਿਰਿਆ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਢਲਦੇ ਪਰਛਾਵੇਂ
ਲੇਖਕ : ਦਰਸ਼ਨ ਸਿੰਘ ਪ੍ਰੀਤੀਮਾਨ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਕ, ਦਿੱਲੀ
ਮੁੱਲ : 140 ਰੁਪਏ, ਸਫ਼ੇ : 70.

ਮਨੁੱਖੀ ਬੋਲ-ਚਾਲ, ਕਾਰ-ਵਿਹਾਰ, ਮਿਲਣ-ਵਰਤਣ, ਰੀਤੀ-ਰਿਵਾਜ ਤੇ ਰਿਸ਼ਤੇ-ਨਾਤੇ ਆਪਣੇ ਆਪ ਵਿਚ ਇਕ ਕਹਾਣੀ ਦੇ ਲੁਕਵੇਂ ਪਲਾਟ ਹੀ ਹੁੰਦੇ ਹਨ, ਜਿਨ੍ਹਾਂ ਦੀ ਪਛਾਣ ਕੋਈ ਵਿਰਲੀ ਤੇ ਪਾਰਖੂ ਅੱਖ ਹੀ ਕਰ ਸਕਦੀ ਹੈ ਤੇ ਫਿਰ ਕਲਮ ਰਾਹੀਂ ਉਜਾਗਰ ਕਰਕੇ ਰੂਬਰੂ ਕਰਦੀ ਹੈ। ਦਰਸ਼ਨ ਸਿੰਘ ਪ੍ਰੀਤੀਮਾਨ ਵੀ ਇਕ ਅਜਿਹੀ ਪਾਰਖੂ ਅੱਖ ਦਾ ਮਾਲਕ ਹੈ, ਜਿਸ ਨੇ ਪੰਜਾਬੀ ਸਾਹਿਤ ਦੀਆਂ ਬਹੁਤ ਸਾਰੀਆਂ ਵੰਨਗੀਆਂ ਉਤੇ ਆਪਣੀ ਕਲਮ ਪੂਰੀ ਸਫਲਤਾ ਨਾਲ ਜਮਾਉਂਦਿਆਂ ਦੋ ਕਹਾਣੀ ਸੰਗੱਿਹ ਪਾਠਕਾਂ ਦੇ ਸਨਮੁਖ ਕੀਤੇ ਹਨ।
'ਢਲਦੇ ਪਰਛਾਵੇਂ' ਕਹਾਣੀ ਸੰਗ੍ਰਿਹ ਵਿਚ ਤੇਰਾਂ ਕਹਾਣੀਆਂ ਸ਼ਾਮਿਲ ਹਨ। ਲੇਖਕ ਨੇ ਹਰ ਕਹਾਣੀ 'ਚ ਸਮਾਜ ਵਿਚ ਵਾਪਰਦੇ ਕਿਸੇ ਨਾ ਕਿਸੇ ਕੌੜੇ ਸੱਚ ਨੂੰ ਦਿਲਚਸਪ ਸ਼ੈਲੀ ਨਾਲ ਉਘਾੜਿਆ ਹੈ। 'ਜਿਊਂਦਾ ਦੁਸ਼ਮਣ', 'ਮਰਿਆ ਦੋਸਤ' ਕਹਾਣੀ ਵਿਚ ਮਰਨ ਉਪਰੰਤ ਸਰੀਰ/ਅੰਗ ਦਾਨ, ਵਿਖਾਵਾ ਰਹਿਤ ਪਰਉਪਕਾਰਤਾ ਤੇ ਛਿਪੇ ਤੁਰ ਜਾਣ ਦੀ ਚਾਹਤ ਦੀ ਮਹਾਨਤਾ ਦਰਸਾਈ ਗਈ ਹੈ। ਸਮਾਜ ਦੀ ਬੌਣੀ ਸੋਚ 'ਤੇ ਦੂਹਰੇ ਕਿਰਦਾਰ ਉਤੇ ਟਿੱਪਣੀ ਪੜ੍ਹਨ ਨੂੰ ਮਿਲਦੀ ਹੈ।
ਇਸ ਤੋਂ ਇਲਾਵਾ ਜਿਥੇ ਵਿਭਚਾਰਤਾ ਵਸਦੇ-ਰਸਦੇ ਘਰਾਂ ਨੂੰ ਉਜਾੜ ਦਿੰਦੀ ਹੈ ਉਥੇ ਸਚਿਆਰਤਾ, ਸੁਘੜਤਾ ਪਾਟੇ ਘਰਾਂ ਨੂੰ ਸਿਊਣ ਦਾ ਕੰਮ ਵੀ ਕਰ ਦਿੰਦੀ ਹੈ, ਫਜ਼ੂਲ ਜਿਹੇ/ਅਰਥਹੀਨ ਸੁਪਨੇ ਸਿਰਜਣੇ ਤੇ ਫਿਰ ਉਨ੍ਹਾਂ ਨੂੰ ਪੂਰਾ ਕਰਨ ਲਈ ਇੱਜ਼ਤ-ਆਬਰੂ ਸਮੇਤ ਆਪਣਾ ਸਭ ਕੁਝ ਹੀ ਦਾਅ ਉੱਤੇ ਲਾ ਦੇਣਾ ਮਨੁੱਖੀ ਸੋਚ ਦਾ ਦੀਵਾਲੀਆਪਨ ਹੀ ਹੰਦਾ ਹੈ ਅਤੇ ਧੁੰਆਂਖੇ ਸੱਭਿਆਚਾਰ ਨਾਲ ਸਮਾਜ ਨੂੰ ਕਲੰਕਤ ਕਰਨ ਵਾਲੀ ਅਸੱਭਿਆ ਸੋਚ ਦੇ ਧਾਰਨੀ ਲੇਖਕਾਂ, ਗੀਤਕਾਰਾਂ, ਗਾਇਕਾਂ, ਫ਼ਿਲਮ ਸਾਜ਼ਾਂ ਨੂੰ ਤਾੜਨਾ ਦੇਣੀ ਕਿ ਉਨ੍ਹਾਂ ਦੀ ਲੱਚਰਤਾ ਨਾਲ ਉਨ੍ਹਾਂ ਖ਼ੁਦ ਦੀਆਂ ਧੀਆਂ-ਭੈਣਾਂ ਵੀ ਸ਼ਿਕਾਰ ਹੋ ਰਹੀਆਂ ਹਨ, ਆਦਿ ਵਿਸ਼ਿਆਂ ਨੂੰ ਦਰਸ਼ਨ ਸਿੰਘ ਪ੍ਰੀਤੀਮਾਨ ਨੇ ਸੰਜੀਦਗੀ ਨਾਲ ਆਪਣੀਆਂ ਕਹਾਣੀਆਂ ਵਿਚ ਛੂਹ ਕੇ ਕਹਾਣੀ ਘੜਨ ਦੀ ਇਕ ਵਿਲੱਖਣ ਪ੍ਰਤਿੱਭਾ ਸਿਰਜੀ ਹੈ।
ਇਕ-ਦੋ ਕਹਾਣੀਆਂ ਵਿਚ ਬੇਲੋੜੀ ਨਸ਼ੇਬਾਜ਼ੀ (ਬੋਤਲਾਂ ਦੇ ਡੱਟ ਖੋਲ੍ਹਣ) ਨੂੰ ਹਵਾ ਦੇਣੀ ਕੁਝ ਜ਼ਰੂਰ ਅੱਖੜਦੀ ਹੈ। ਆਸ ਹੈ ਕਿ ਅੱਗੇ ਤੋਂ ਲੇਖਕ ਇਸ ਅੱਖੜਦੇ ਵਿਸ਼ੇ ਤੋਂ ਸੁਚੇਤ ਹੋ ਕੇ ਸਮਾਜ ਨੂੰ ਹੋਰ ਵੀ ਪਾਏਦਾਰ ਸੇਧਾਂ ਦੇਣ ਲਈ ਕਹਾਣੀਆਂ ਸਿਰਜ ਕੇ ਮਾਂ ਬੋਲੀ ਦੀ ਸੇਵਾ ਵਿਚ ਡਟਿਆ ਰਹੇਗਾ ਅਤੇ ਕਹਾਣੀ ਸਿਰਜਣ ਦੀ ਆਪਣੀ ਵਿਲੱਖਣ ਪ੍ਰਤਿਭਾ ਦਾ ਲੋਹਾ ਮਨਵਾਉਂਦਾ ਰਹੇਗਾ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858

ਮੌਸਮ ਦਰਦ ਭਰੇ
ਗ਼ਜ਼ਲਕਾਰ : ਆਤਮਾ ਰਾਮ ਕਿਸ਼ਨਪੁਰੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 119.

ਪੰਜਾਬੀ ਗ਼ਜ਼ਲ ਜਿਨ੍ਹਾਂ ਦਿਨਾਂ ਵਿਚ ਫ਼ਲ ਫੁਲ ਰਹੀ ਸੀ ਤੇ ਇਸ ਦਾ ਕਾਫ਼ਿਲਾ ਵਿਸ਼ਾਲ ਹੋ ਰਿਹਾ ਸੀ ਆਤਮਾ ਰਾਮ ਕਿਸ਼ਨਪੁਰੀ ਨਾਂਅ ਦਾ ਗ਼ਜ਼ਲਗੋਅ ਉਨ੍ਹਾਂ ਦਿਨਾਂ ਦੀ ਕਲਮੀ ਪੈਦਾਇਸ਼ ਹੈ। ਉਨ੍ਹਾਂ ਦਿਨਾਂ ਵਿਚ 'ਅਜੀਤ' ਵਿਚ ਛਪਦੀ 'ਗ਼ਜ਼ਲ ਫੁਲਵਾੜੀ' ਨੇ ਉਸ ਦੀ ਗ਼ਜ਼ਲ ਸੰਵੇਦਨਾ ਨੂੰ ਉਤਸ਼ਾਹ ਦਿੱਤਾ ਤੇ ਕਿਸ਼ਨਪੁਰੀ ਇਕ ਪਰਪੱਕ ਗ਼ਜ਼ਲਕਾਰ ਦੇ ਤੌਰ 'ਤੇ ਸਾਹਮਣੇ ਆਇਆ। ਅਫ਼ਸੋਸ ਕਿ ਕਾਫ਼ੀ ਸਮਾਂ ਪਹਿਲਾਂ ਉਸ ਦੀ ਇਕ ਹਾਦਸੇ ਵਿਚ ਮੌਤ ਹੋ ਗਈ ਤੇ ਉਹ ਆਪਣਾ ਪਲੇਠਾ ਗ਼ਜ਼ਲ ਸੰਗ੍ਰਹਿ ਵੀ ਛਪਵਾ ਨਾ ਸਕਿਆ। ਉਸ ਦਾ ਤਿਆਰ ਖਰੜਾ ਪ੍ਰਾਪਤ ਨਾ ਹੋ ਸਕਿਆ ਤੇ ਹੁਣ ਉਸ ਦੇ ਛੋਟੇ ਭਾਈ ਕੇਵਲ ਕ੍ਰਿਸ਼ਨ ਨੇ ਜਿਥੋਂ ਵੀ ਸੰਭਵ ਹੋ ਸਕਿਆ ਉਸ ਦੀਆਂ ਗ਼ਜ਼ਲਾਂ ਨੂੰ ਇਕੱਤਰ ਕਰਕੇ 'ਮੌਸਮ ਦਰਦ ਭਰੇ' ਪੁਸਤਕ ਛਾਪੀ ਹੈ। ਇਹ ਪੁਸਤਕ ਜੋ ਦੋ ਦਹਾਕੇ ਪਹਿਲਾਂ ਛਪ ਜਾਣੀ ਚਾਹੀਦੀ ਸੀ ਹੁਣ ਛਪੀ ਹੈ ਪਰ ਖ਼ੂਬਸੂਰਤ ਹੈ। ਇਨ੍ਹਾਂ ਤਮਾਮ ਗ਼ਜ਼ਲਾਂ ਨੂੰ ਪੜ੍ਹਦਿਆਂ ਬੀਤਿਆ ਸਮਾਂ ਦ੍ਰਿਸ਼ਟੀਮਾਨ ਹੁੰਦਾ ਹੈ ਤੇ ਕਿਸ਼ਨਪੁਰੀ ਦਾ ਆਪਣਾ ਅੰਦਾਜ਼ ਸਾਹਮਣੇ ਆਉਂਦਾ ਹੈ। ਉਸ ਦੇ ਸ਼ਿਅਰਾਂ ਦੀ ਜ਼ਬਾਨ ਸਾਧਾਰਨ ਹੈ ਇਨ੍ਹਾਂ ਵਿਚ ਸਾਦਗੀ ਦਾ ਮੁਢਲਾ ਗੁਣ ਹੈ। ਪੁਸਤਕ ਵਿਚ ਸ਼ਾਮਿਲ ਗ਼ਜ਼ਲਾਂ ਮਨੁੱਖੀ ਜ਼ਿੰਦਗੀ ਦੇ ਇਰਦ ਗਿਰਦ ਸਫ਼ਰ ਕਰਦੀਆਂ ਹਨ। ਇਨ੍ਹਾਂ ਦੇ ਸ਼ਿਅਰਾਂ ਵਿਚ ਮਨੁੱਖੀ ਜ਼ਿੰਦਗੀ ਦੇ ਤਲਖ਼ ਸੱਚ ਦਾ ਵਰਨਣ ਹੈ। ਇਸ ਵਿਚ ਪਿਆਰ ਅਧਾਰਤ ਗ਼ਜ਼ਲਾਂ ਵੀ ਹਨ ਜਿਨ੍ਹਾਂ ਵਿਚ ਸ਼ਾਇਰ ਆਪਣੇ ਪਿਆਰੇ ਨਾਲ ਮਿੱਠੇ ਮਿੱਠੇ ਗਿਲੇ ਸ਼ਿਕਵੇ ਕਰਦਾ ਹੈ। ਉਸ ਨੂੰ ਉਸ ਦੇ ਦੂਰ ਚਲੇ ਜਾਣ ਦਾ ਦੁੱਖ ਹੈ ਪਰ ਸ਼ਾਇਰ ਫਿਰ ਵੀ ਉਸ ਦੀ ਬਿਹਤਰ ਜ਼ਿੰਦਗੀ ਲਈ ਆਪਣੇ ਸ਼ਿਅਰਾਂ ਵਿਚ ਕਾਮਨਾਵਾਂ ਕਰਦਾ ਹੈ। ਮਨੁੱਖੀ ਲੁੱਟ ਖਸੁੱਟ ਖ਼ਿਲਾਫ਼ ਬਗਾਵਤ ਕਿਸ਼ਨਪੁਰੀ ਦੇ ਹੋਰ ਮਹੱਤਵਪੂਰਨ ਵਿਸ਼ਿਆਂ 'ਚੋਂ ਸਭ ਤੋਂ ਵਧ ਸੰਵੇਦਨਾ ਭਰਪੂਰ ਵਿਸ਼ਾ ਹੈ ਜਿਸ ਬਾਰੇ ਪੁਸਤਕ ਵਿਚ ਸ਼ਿਅਰਾਂ ਦੀ ਬਹੁਤਾਤ ਹੈ। ਉਹ ਇਕ ਖ਼ੂਬਸੂਰਤ ਸਾਵੇਂ ਸੰਸਾਰ ਦੀ ਇੱਛਾ ਰੱਖਦਾ ਹੈ ਤੇ ਇਮਾਨਦਾਰੀ ਨਾਲ ਇਕ ਕਲਮਕਾਰ ਵਜੋਂ ਆਪਣੇ ਫ਼ਰਜ਼ਾਂ ਨੂੰ ਅੰਜਾਮ ਦਿੰਦਾ ਹੈ। ਅਜਿਹੀ ਪੁਸਤਕ 'ਤੇ ਵਧੇਰੇ ਤਨਕੀਦ ਨਿਆਂ ਸੰਗਤ ਨਹੀਂ ਹੁੰਦੀ ਤੇ ਇਸ ਪੁਸਤਕ ਦੇ ਸੰਪਾਦਕਾਂ ਕੇਵਲ ਕ੍ਰਿਸ਼ਨ ਕਿਸ਼ਨਪੁਰੀ ਤੇ ਕਰਮ ਸਿੰਘ ਵਕੀਲ ਦਾ ਹੌਸਲਾ ਵਧਾਇਆ ਜਾਣਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਇਸ ਮੁਹਿੰਮ ਨੂੰ ਜਾਰੀ ਰੱਖਣ ਤੇ ਹਮੇਸ਼ਾਂ ਲਈ ਵਿਛੜੇ ਇਸ ਜਿੰਦਾ ਦਿਲ ਸ਼ਾਇਰ ਦਾ ਬਚਦਾ ਕਲਾਮ ਵੀ ਸਾਂਭਿਆ ਜਾ ਸਕੇ।

-ਗੁਰਦਿਆਲ ਰੌਸ਼ਨ
ਮੋ: 99884-44002

ਨਵਾਂ ਪੁਰਾਣਾ ਮਾਖਿਓਂ
ਕਵੀ : ਸੁਖਦੇਵ ਸਿੰਘ ਗਰੇਵਾਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 128.

'ਨਵਾਂ ਪੁਰਾਣਾ ਮਾਖਿਉਂ' ਕਾਵਿ ਸੰਗ੍ਰਹਿ ਸੁਖਦੇਵ ਸਿੰਘ ਗਰੇਵਾਲ ਦਾ 2012 ਵਿਚ ਛਪਿਆ ਹੈ। ਇਸ ਤੋਂ ਪਹਿਲਾਂ ਉਹ 'ਉਦਾਸ ਸੂਰਜ', 'ਚਿੱਟੇ ਲਫ਼ਜ਼ ਉਦਾਸੇ ਰੰਗ', 'ਸਹਿਮੀ ਰੌਸ਼ਨੀ', 'ਮਹਿਕਦੀ ਤਨਿਹਾਈ', 'ਮਹਿਕਦੇ ਪਲ', 'ਪਰਛਾਵਿਆਂ ਦੀ ਖੁਸ਼ਬੋ', 'ਕਾਫਲੇ ਯਾਦਾਂ ਦੇ' ਤੇ 'ਯਾਦਾਂ ਦੀ ਮਹਿਕ' ਅੱਠ ਗ਼ਜ਼ਲ ਸੰਗ੍ਰਹਿ ਪਾਠਕਾਂ ਨੂੰ ਸੌਂਪ ਚੁੱਕਾ ਹੈ। 'ਮਹਿਕਦੇ ਪਲ' ਗ਼ਜ਼ਲ ਸੰਗ੍ਰਹਿ ਉੱਤੇ ਭਾਸ਼ਾ ਵਿਭਾਗ ਪੰਜਾਬ ਨੇ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਐਵਾਰਡ 2003 ਵੀ ਪ੍ਰਦਾਨ ਕੀਤਾ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਗਰੇਵਾਲ ਪਿਛਲੇ 4-5 ਦਹਾਕੇ ਤੋਂ ਪੰਜਾਬੀ ਗ਼ਜ਼ਲ ਨੂੰ ਸਿਰਜ ਵੀ ਰਿਹਾ ਹੈ ਅਤੇ ਗ਼ਜ਼ਲ ਵਿਚ ਜੀਅ ਵੀ ਰਿਹਾ ਹੈ। ਗਰੇਵਾਲ ਬਹੁਮੁਖੀ ਸਾਹਿਤਕਾਰ ਹੈ, ਉਸ ਨੇ 11 ਬਾਲ ਪੁਸਤਕਾਂ ਵੀ ਲਿਖੀਆਂ ਅਤੇ ਸ਼੍ਰੋਮਣੀ ਸਾਹਿਤਕਾਰ (ਬਾਲ ਸਾਹਿਤ 2010) ਵੀ ਬਣਿਆ। ਪੰਜਾਬੀ ਕਵਿਤਾ ਨੂੰ ਗਰੇਵਾਲ ਨੇ ਸਿਰਜਿਆ ਅਤੇ ਪੰਜਾਬੀ ਕਵਿਤਾ ਨੇ ਸ਼ਾਇਰ ਗਰੇਵਾਲ ਦੀ ਸਿਰਜਣਾ ਕੀਤੀ। ਸੁਖਦੇਵ ਸਿੰਘ ਆਪਣੇ-ਆਪ ਨੂੰ ਸ਼ਾਇਰ ਮੰਨ ਕੇ ਧੰਨ ਹੋਣ ਵਾਲਾ ਜਿਉੜਾ ਹੈ। ਉਸ ਦੀ ਕਲਮ ਹਮੇਸ਼ਾ ਨਮ ਰਹਿੰਦੀ ਹੈ। ਜ਼ਿੰਦਗੀ ਦੇ ਇਸ ਪੜਾਅ ਉਤੇ ਜਦੋਂ ਕਿ ਉਸ ਦੀ ਸਾਥਣ ਸਾਥ ਛੱਡ ਕੇ ਤੁਰ ਗਈ, ਉਸ ਵਿਚ ਗ਼ਜ਼ਲ ਰਚਨਾ ਕਰਨੀ ਬਹੁਤ ਸਾਰਥਕ ਹੈ। ਇਸ ਸਮੇਂ ਦੀਆਂ ਗ਼ਜ਼ਲਾਂ ਵਿਚ ਉਸ ਦੀ ਰੂਹ ਪੂਰੀ ਤਰ੍ਹਾਂ ਘੁਲੀ ਹੋਈ ਹੈ।
ਹਥਲੀ ਪੁਸਤਕ ਵਿਚ ਕਰੀਬ 54 ਗ਼ਜ਼ਲਾਂ, 30 ਕੁ ਨਜ਼ਮਾਂ ਅਤੇ 25 ਗੀਤ ਹਨ। ਉਸ ਦਾ ਇਹ ਪਹਿਲਾ ਹੀ ਸ਼ਿਅਰ ਉਸ ਦੇ ਦਿਲੀ ਭਾਵ ਨੂੰ ਉਜਾਗਰ ਕਰਦਾ ਹੈ ਕਿ 'ਇਕ ਮੁਸਾਫਿਰ ਨਾਲ ਤੁਰਿਆ ਫੇਰ ਪਾਸੇ ਹਟ ਗਿਆ/ਜ਼ਿੰਦਗੀ ਦਾ ਸਫ਼ਰ ਬਾਕੀ ਫੇਰ ਤਨਹਾ ਕਟ ਗਿਆ।' ਪਰ ਅਜਿਹੀ ਵੀ ਸਥਿਤੀ ਨਹੀਂ ਕਿ ਕਵੀ ਗਰੇਵਾਲ ਰੁਦਨ ਅਵਸਥੀ ਹੋ ਗਿਆ ਹੈ ਸਗੋਂ ਉਹ ਪੂਰਨ ਆਸਮੰਦ ਹੈ ਅਤੇ ਵਕਤ ਨਾਲ ਨਿੱਠ ਕੇ ਤੁਰਨ ਵਾਲਾ ਹੈ। ਉਸ ਦਾ ਇਹ ਸ਼ਿਅਰ ਵੇਖੇ, 'ਇਹ ਹਨ੍ਹੇਰੀ, ਔਕੜਾਂ ਸਭ ਹੀ ਨੇ ਕੁਝ ਦਮ ਦੀਆਂ/ਮਨ 'ਚੋਂ ਕਢ ਦਿਉ ਤੌਖਲਾ ਕਿ ਇਹ ਕਦੇ ਨਾ ਥੰਮ੍ਹਦੀਆਂ।' ਪਹਿਲਾਂ ਹੀ ਲੋਕ ਮੰਨ ਚੁੱਕੇ ਹਨ ਕਿ ਸ਼ਾਇਰ ਗਰੇਵਾਲ ਗ਼ਜ਼ਲ ਦੇ ਜੁਗਰਾਫੀਏ ਤੋਂ ਪੂਰਨ ਵਾਕਿਫ਼ ਹੈ। ਉਸ ਦੀਆਂ ਨਜ਼ਮਾਂ ਨਵੇਂ ਭਾਵ ਬੋਧ ਦੀਆਂ ਹਨ ਅਤੇ ਗੀਤ ਵਲਵਲੇ ਭਰਪੂਰ ਹਨ। ਉਸ ਦੀ ਹਥਲੀ ਪੁਸਤਕ 'ਨਵਾਂ ਪੁਰਾਣਾ ਮਾਖਿਉਂ' ਦੀ ਸਾਹਿਤਕ ਮਿਠਾਸ ਨੂੰ ਜੀ ਆਇਆਂ। ਸ਼ਾਲਾ ਇਹ ਸ਼ਾਇਰੀ ਦਾ ਝਰਨਾ ਹਮੇਸ਼ਾ ਝਰਦਾ ਰਹੇ।

-ਸੁਲੱਖਣ ਸਰਹੱਦੀ
ਮੋ: 94174-84337

ਤੇਰਾ ਆਕਾਸ਼ ਮੇਰੀ ਉਡਾਣ
ਕਵੀ : ਡਾ: ਗੁਰਬਚਨ ਸਿੰਘ ਰਾਹੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 100 ਰੁਪਏ, ਸਫ਼ੇ : 71.

ਡਾ: ਗੁਰਬਚਨ ਸਿੰਘ ਰਾਹੀ 'ਤੇਰਾ ਆਕਾਸ਼ ਮੇਰੀ ਉਡਾਣ' ਕਾਵਿ-ਸੰਗ੍ਰਹਿ ਲੈ ਕੇ ਹਾਜ਼ਰ ਹੋਇਆ ਹੈ। ਇਸ ਕਾਵਿ-ਸੰਗ੍ਰਹਿ ਵਿਚ ਸ਼ਾਮਿਲ ਕਵਿਤਾਵਾਂ ਵਿਚ ਦਾਰਸ਼ਨਿਕ ਗਹਿਰਾਈ ਵੀ ਹੈ, ਸੂਫ਼ੀਆਨਾ ਰੰਗਣ ਵੀ ਹੈ ਅਤੇ ਸਮਾਜਿਕ ਸਮੱਸਿਆਵਾਂ ਨਾਲ ਜੂਝਦੀ ਲੋਕਾਈ ਦੇ ਦੁੱਖ ਦਰਦ ਵੀ ਹਨ। ਡਾ: ਗੁਰਬਚਨ ਸਿੰਘ ਰਾਹੀ ਆਪਣੀ ਮਾਤ-ਭਾਸ਼ਾ ਪ੍ਰਤੀ ਵੀ ਸੁਹਿਰਦ ਹੈ, ਜਿਸ ਦੀ ਉਦਾਹਰਨ ਇਸ ਕਾਵਿ-ਸੰਗ੍ਰਹਿ ਵਿਚਲੀ ਕਵਿਤਾ 'ਮਾਂ-ਬੋਲੀ ਪੰਜਾਬੀ' ਦੇਖੀ ਜਾ ਸਕਦੀ ਹੈ। ਕਵੀ ਇਸ ਸੰਗ੍ਰਹਿ ਵਿਚਲੀਆਂ ਆਪਣੀਆਂ ਕਵਿਤਾਵਾਂ ਰਾਹੀਂ ਇਹ ਸੁਨੇਹਾ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ ਹੈ ਕਿ ਆਪਸੀ ਈਰਖਾ ਨਫ਼ਰਤ ਅਜੇ ਮਾੜਾ ਹਮੇਸ਼ਾ ਹੀ ਪੂਰੀ ਮਨੁੱਖਤਾ ਲਈ ਨੁਕਸਾਨਦੇਅ ਹੀ ਸਾਬਤ ਹੁੰਦਾ ਹੈ ਅਤੇ ਨਫ਼ਰਤ ਨਾਲ ਇਹ ਹੱਸਦੀ ਵਸਦੀ ਦੁਨੀਆ ਨਰਕ ਬਣ ਜਾਂਦੀ ਹੈ। ਉਹ ਆਸਵੰਦ ਵੀ ਹੈ ਕਿ ਮਿਹਨਤ ਅਤੇ ਲਗਨ ਵਾਲੇ ਵਿਅਕਤੀ ਜ਼ਿੰਦਗੀ ਦੀਆਂ ਮੰਜ਼ਿਲਾਂ ਸਰ ਕਰ ਹੀ ਲੈਂਦੇ ਹਨ। ਉਹ ਆਪਣੀ ਰਚਨਾ ਵਿਚ ਝੂਠੇ ਅਡੰਬਰਾਂ ਨੂੰ ਛੱਡ ਕੇ ਅੰਤਰ ਆਤਮਾ ਵਿਚ ਚਾਨਣ ਕਰਨ ਦੀ ਗੱਲ ਵੀ ਕਰਦਾ ਹੈ:
ਮਨ ਵਿਚ ਜੇ ਹਨੇਰਾ ਹੈ ਤੇਰੇ ਅਜੇ
ਤਾਂ ਜੋਤਾਂ ਜਗਾਉਣ ਦਾ ਫਾਇਦਾ ਕੀ?
ਮਨ 'ਚ ਹੀ ਜੇ ਹੈਂਕੜ ਹੈ ਤੇਰੇ ਅਜੇ
ਤਾਂ ਸਿਰ ਝੁਕਾਉਣ ਦਾ ਫਾਇਦਾ ਕੀ?
ਕਵੀ ਪੂਰੀ ਤਰ੍ਹਾਂ ਸੁਚੇਤ ਹੈ ਕਿ ਪੈਸਾਵਾਦੀ ਕਦਰਾਂ-ਕੀਮਤਾਂ ਨੇ ਅਜੋਕੇ ਸਮੇਂ ਵਿਚ ਸਮਾਜਿਕ ਕਦਰਾਂ-ਕੀਮਤਾਂ ਅਤੇ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਖੋਰਾ ਲਾਇਆ ਹੈ, ਉਸ ਦੀ ਕਵਿਤਾ 'ਰੋਟੀ ਦੀ ਖਾਤਿਰ' ਇਸ ਸੱਚ ਦੀ ਪੂਰੀ ਤਰ੍ਹਾਂ ਗਵਾਹੀ ਬਣਦੀ ਹੈ। ਕਵੀ ਇਸ ਗੱਲ ਲਈ ਦ੍ਰਿੜ੍ਹ ਹੈ ਕਿ ਬਜਾਏ ਦੂਜਿਆਂ ਦੇ ਔਗੁਣ ਦੇਖੇ ਜਾਣ ਆਪਣੇ ਅੰਦਰ ਝਾਤੀ ਮਾਰ ਲੈਣੀ ਹੀ ਅਸਲ ਇਨਸਾਨ ਦੀ ਨਿਸ਼ਾਨੀ ਹੈ ਕਵਿਤਾ 'ਤੂੰ' ਅਜਿਹੇ ਸੱਚ ਦੀ ਸਾਖੀ ਬਣਦੀ ਹੈ। ਉਹ ਸਮਾਜ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਸਮੇਂ ਦਾ ਗੇੜ ਕਹਿੰਦਾ ਹੈ। ਡਾ: ਗੁਰਬਚਨ ਸਿੰਘ ਰਾਹੀ ਦੀਆਂ ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਗੁਰਬਾਣੀ ਸਿਧਾਂਤਾਂ ਤੋਂ ਵੀ ਪ੍ਰੇਰਿਤ ਹਨ ਅਤੇ ਅਜਿਹੀਆਂ ਕਵਿਤਾਵਾਂ ਵਿਚ ਹੀ ਦਾਰਸ਼ਨਿਕ ਗਹਿਰਾਈ ਹੈ। ਉਹ ਦੇਸ਼ ਵਿਚ ਭ੍ਰਿਸ਼ਟਾਚਾਰ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ, ਮਾਪਿਆਂ ਤੇ ਆਪਣੇ ਅਧਿਆਪਕਾਂ ਪ੍ਰਤੀ ਵੀ ਪੂਰਨ ਸਤਿਕਾਰ ਰੱਖਦਾ ਹੈ। ਇਸ ਕਾਵਿ-ਸੰਗ੍ਰਹਿ 'ਤੇਰਾ ਆਕਾਸ਼ ਮੇਰੀ ਉਡਾਣ' ਵਿਚ ਤਕਰੀਬਨ ਤੀਹ ਕਵਿਤਾਵਾਂ ਸ਼ਾਮਿਲ ਹਨ ਅਤੇ ਸਾਰੀਆਂ ਹੀ ਕਵਿਤਾਵਾਂ ਆਮ ਪਾਠਕ ਤੱਕ ਆਪਣੇ ਸੰਚਾਰ ਦੀ ਰਸਾਵੀ ਰੱਖਦੀਆਂ ਹਨ। ਜ਼ਿਆਦਾ ਕਵਿਤਾਵਾਂ ਛੰਦ ਬੱਧ ਹਨ ਅਤੇ ਖੁੱਲ੍ਹੀਆਂ ਕਵਿਤਾਵਾਂ ਵੀ ਇਸ ਸੰਗ੍ਰਹਿ ਵਿਚ ਸ਼ਾਮਿਲ ਹਨ। ਨਿਰਸੰਦੇਹ ਇਹ ਕਾਵਿ-ਸੰਗ੍ਰਹਿ ਪਾਠਕਾਂ ਨੂੰ ਪ੍ਰਭਾਵਿਤ ਕਰੇਗਾ।

-ਸਰਦੂਲ ਸਿੰਘ ਔਜਲਾ
ਮੋ: 98141-68611

ਦਿਨਾਂ ਦਾ ਅੰਤ
ਲੇਖਕ : ਗੁੰਨੂੰ ਗੋਪਾਲ ਬਰਾੜ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਪੰਨੇ : 136

'ਦਿਨਾਂ ਦਾ ਅੰਤ' ਗੀਤਕਾਰ ਤੇ ਸ਼ਾਇਰ ਗੁੰਨੂੰ ਗੋਪਾਲ ਬਰਾੜ ਦਾ ਪਲੇਠਾ ਕਾਵਿ-ਸੰਗ੍ਰਹਿ ਹੈ ਜਿਸ ਵਿਚ ਉਸ ਨੇ ਕਵਿਤਾਵਾਂ ਤੇ ਗੀਤ ਸ਼ਾਮਿਲ ਕੀਤੇ ਹਨ।
ਗੁੰਨੂੰ ਗੋਪਾਲ ਬਰਾੜ ਦੀ ਸ਼ਾਇਰੀ ਦਿਲ ਦੀ ਹੂਕ 'ਚੋਂ ਨਿਕਲਦੀ ਹੈ। ਉਸ ਦੇ ਗੀਤਾਂ ਵਿਚ ਬਿਰਹੋਂ ਦੀ ਰੜਕ ਹੈ, ਜੁਦਾਈ ਦਾ ਦਰਦ ਹੈ, ਪ੍ਰੇਮਿਕਾ ਦੀ ਬੇਰੁਖ਼ੀ ਹੈ ਜੋ ਉਸ ਦੀ ਕਵਿਤਾ ਨੂੰ ਹਿੱਕ ਪਾੜ ਕੇ ਨਿਕਲਣ ਲਈ ਮਜਬੂਰ ਕਰਦੇ ਹਨ। ਉਹ ਦਿਮਾਗ਼ ਦੀ ਥਾਂ ਦਿਲ ਦੀ ਗੱਲ ਸੁਣਦਾ ਹੈ। ਵਿਛੋੜੇ ਦੀਆਂ ਵੱਖ-ਵੱਖ ਤਸਵੀਰਾਂ ਉਸ ਦੀ ਸ਼ਾਇਰੀ 'ਚੋਂ ਹਰ ਪਲ ਉੱਘੜਦੀਆਂ ਪ੍ਰਤੀਤ ਹੁੰਦੀਆਂ ਹਨ। ਉਸ ਦੀ ਹਾਲਤ ਫਾਰਸੀ ਗ਼ਜ਼ਲ ਦੇ ਨਾਇਕ ਜਿਹੀ ਹੈ ਜੋ ਪ੍ਰੇਮ ਤੇ ਬਿਰਹੋਂ ਦੀ ਸ਼ਿੱਦਤ ਨੂੰ ਆਪਣੀ ਜਾਨ 'ਤੇ ਝੱਲਦਾ ਹੈ। ਬਿਰਹੋਂ, ਵਿਛੋੜਾ ਤੇ ਬੇਵਫ਼ਾਈ ਉਸ ਨੂੰ ਪਿਆਲੇ ਵਿਚ ਡੋਬ ਦੇਣ ਲਈ ਤਤਪਰ ਹਨ। ਦਿਲ ਦੀ ਜਲਣ ਦਾ ਧੂੰਆਂ ਕਵਿਤਾ ਤੇ ਸ਼ਾਇਰੀ ਮੂੰਹੋਂ ਨਿਕਲਦਾ ਪ੍ਰਤੀਤ ਹੁੰਦਾ ਹੈ। ਪ੍ਰੇਮਿਕਾ ਦੀ ਬੇਵਫ਼ਾਈ ਕਾਰਨ ਕਈ ਵਾਰੀ ਉਹ ਸ਼ਹਿਰ ਛੱਡ ਕੇ ਦਰ-ਬ-ਦਰ ਭਟਕਣ ਲਈ ਵੀ ਮਜਬੂਰ ਹੈ। ਪ੍ਰੇਮਿਕਾ ਦੇ ਦਰਸ਼ਨ ਦੀਦਾਰੇ ਲਈ ਵੀ ਬੇਚੈਨ ਤੇ ਬਿਹਬਲ ਰਹਿੰਦਾ ਹੈ। 'ਰਾਤ ਚਾਨਣੀ ਹੈ',
'ਤੂੰ ਕਿੱਥੇ ਹੈਂ', 'ਰੱਬ ਵੀ ਰੋਇਆ ਹੈ', 'ਰਹਿ ਦੰਗ ਗਈ ਜ਼ਿੰਦਗੀ', 'ਮੇਰੇ ਗੀਤਾਂ ਦੇ ਬੋਲ ਮੈਲੇ ਦੋਸਤਾ' ਕਵਿਤਾਵਾਂ ਚੰਗਾ ਪ੍ਰਭਾਵ ਛੱਡਦੀਆਂ ਹਨ', 'ਮੇਰੇ ਕੰਨੀਂ ਮੁੰਦਰਾਂ' ਤੇ 'ਤੇਰੇ ਗੁੱਟ ਕਲੀਰੇ', 'ਅਸੀਂ ਤੇਰੇ ਸ਼ਹਿਰ ਨੂੰ ਸਲਾਮ ਕਲ ਚੱਲੇ ਹਾਂ', 'ਕਿੰਝ ਦੱਸਾਂ ਮੈਂ', 'ਹਾਏ ਪਤਾ ਨੀਂ ਚੱਲਦਾ', 'ਮੇਰੇ ਸੋਹਣੇ ਪੁੱਤ ਨੇ ਅੱਜ ਕਲੀਆਂ ਲਾਈਆਂ', 'ਕੰਨਾਂ ਦੇ ਵਿਚ ਮੁੰਦਰਾਂ ਨੀ ਜੱਟ ਜੋਗੀ ਹੋਇਆ' ਜਿਹੇ ਗੀਤ ਸੱਚੇ-ਸੁੱਚੇ ਦਿਲ ਦਾ ਵਹਿਣ ਪ੍ਰਤੀਤ ਹੁੰਦੇ ਹਨ। ਇਸ ਸਭ ਦੇ ਬਾਵਜੂਦ ਗੁੰਨੂੰ ਗੋਪਾਲ ਬਰਾੜ ਨੂੰ ਪੰਜਾਬੀ ਸ਼ਾਇਰੀ ਦੇ ਹਾਣ ਦਾ ਹੋਣ ਲਈ ਚੋਖਾ ਹੋਮਵਰਕ ਕਰਨਾ ਪਵੇਗਾ। ਪਰੂਫ਼ ਦੀਆਂ ਤੇ ਭਾਸ਼ਾ ਦੀਆਂ ਗ਼ਲਤੀਆਂ ਰੜਕਦੀਆਂ ਹਨ।

ਸੰਘਰਸ਼ਸ਼ੀਲ ਲੋਕ
ਲੇਖਕ : ਤਲਵਿੰਦਰ ਸਿੰਘ ਸੱਭਰਵਾਲ
ਪ੍ਰਕਾਸ਼ਕ : ਲੇਖਕ ਖੁਦ
ਮੁੱਲ : 200 ਰੁਪਏ, ਪੰਨੇ : 240

ਤਲਵਿੰਦਰ ਸਿੰਘ ਸੱਭਰਵਾਲ ਕਵੀ ਅਤੇ ਵਾਰਤਾਕਾਰ ਹੈ। ਲੋਕ-ਜੀਵਨ ਤੇ ਜਨ-ਜੀਵਨ ਨੂੰ ਸਮਰਪਿਤ ਹੈ। 'ਸੰਘਰਸ਼ਸ਼ੀਲ ਲੋਕ' ਉਸ ਦੀ ਨਵੀਂ ਵਾਰਤਕ ਪੁਸਤਕ ਹੈ, ਜਿਸ ਵਿਚ ਉਸ ਨੇ ਦਲਿਤਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਮੂਰਤੀਮਾਨ ਕਰਨ ਦਾ ਯਤਨ ਕੀਤਾ ਹੈ। ਲੇਖਕ ਪੰਜ ਹਜ਼ਾਰ ਵਰ੍ਹੇ ਪੁਰਾਣੇ ਇਤਿਹਾਸ ਨੂੰ ਖੰਘਾਲਦਾ ਹੋਇਆ ਦੱਸਦਾ ਹੈ ਕਿ ਆਰੀਅਨਾਂ ਨੇ ਇਸ ਮੁਲਕ 'ਚ ਆ ਕੇ ਸੁੱਖ-ਸ਼ਾਂਤੀ ਨਾਲ ਵਸਦੇ ਦਰਾਵੜਾਂ ਦੇ ਜੀਵਨ ਨੂੰ ਨੇਸਤੋਨਾਬੂਦ ਕਰਨ 'ਚ ਪੂਰੀ ਚਲਾਕੀ ਨਾਲ ਕੰਮ ਕੀਤਾ। ਇਥੇ ਉਹ ਸਮਾਂਤਰ ਰੂਪ ਵਿਚ ਅੰਗਰੇਜ਼ਾਂ ਵੱਲੋਂ ਉੱਤਰੀ ਅਮਰੀਕਾ ਦੇ ਮੂਲ ਵਾਸੀ ਰੈੱਡ ਇੰਡੀਅਨਜ਼ ਦੀ ਬਦਹਾਲੀ ਵਜੋਂ ਪੇਸ਼ ਕਰਦਾ ਹੈ। ਲੇਖਕ ਦਾ ਮਤ ਹੈ ਕਿ ਅੰਗਰੇਜ਼ ਤਾਂ ਫਿਰ ਵੀ ਰੈੱਡ ਇੰਡੀਅਨਜ਼ ਨੂੰ ਪੂਰੀਆਂ ਸਹੂਲਤਾਂ ਦੇ ਰਹੇ ਹਨ ਪਰ ਇਥੇ ਭਾਰਤ ਦੀਆਂ ਸਵਰਨ ਜਾਤੀਆਂ ਤਾਂ ਏਨਾ ਵੀ ਨਹੀਂ ਕਰਦੀਆਂ।
ਲੇਖਕ ਦਲਿਤਾਂ ਦੇ ਇਸ ਸੰਘਰਸ਼ ਵਿਚ ਭਾਈ ਜੈਤਾ ਜੀ, ਡਾ: ਭੀਮ ਰਾਓ ਅੰਬੇਡਕਰ ਦੀਆਂ ਕੁਰਬਾਨੀਆਂ ਨੂੰ ਵਾਰ-ਵਾਰ ਯਾਦ ਕਰਦਿਆਂ ਆਪਣੀ ਅਕੀਦਤ ਪੇਸ਼ ਕਰਦਾ ਹੈ। ਉਹ ਇਸ ਸੰਘਰਸ਼ ਨੂੰ ਰੂਪਮਾਨ ਕਰਨ ਲਈ ਦੁਨੀਆ ਦੇ ਦੂਸਰੇ ਦੇਸ਼ਾਂ ਜਿਵੇਂ ਫਰਾਂਸ, ਜਰਮਨੀ, ਇੰਗਲੈਂਡ ਤੇ ਕੈਨੇਡਾ ਵਿਚ ਹੋ ਰਹੇ ਸੰਗਠਨਾਤਮਕ ਕਾਰਜਾਂ 'ਤੇ ਵੀ ਚਾਨਣਾ ਪਾਉਣ ਦਾ ਯਤਨ ਕਰਦਾ ਹੈ। ਇਸ ਲੜਾਈ ਵਿਚ ਉਹ ਦਲਿਤਾਂ ਦੇ ਏਕੇ ਦੀ ਮੰਗ ਕਰਦਿਆਂ ਉਨ੍ਹਾਂ ਨੂੰ ਸਵਰਨਾਂ ਵੱਲੋਂ ਕੀਤੀਆਂ ਜਾ ਰਹੀਆਂ ਲੂੰਬੜ-ਚਾਲਾਂ ਤੋਂ ਸੁਚੇਤ ਰਹਿਣ ਲਈ ਤਿਆਰ ਕਰਦਾ ਹੈ। ਲੇਖਕ ਨੂੰ ਦੁੱਖ ਹੈ ਕਿ ਸਵਰਨ ਜਾਤੀਆਂ ਆਦਿ ਕਵੀ ਮਹਾਂਰਿਸ਼ੀ ਬਾਲਮੀਕ ਦੀ ਲਿਖੀ ਰਮਾਇਣ ਨੂੰ ਤੁਲਸੀ ਕ੍ਰਿਤ 'ਰਮਾਇਣ' ਦੇ ਮੁਕਾਬਲੇ ਹਾਸ਼ੀਏ 'ਤੇ ਲੈ ਜਾਣ ਦੇ ਕੋਝੇ ਯਤਨ ਕਰ ਰਹੀਆਂ ਹਨ। ਵਿਗਿਆਨਕ ਪ੍ਰਮਾਣਾਂ ਰਾਹੀਂ, ਤਰਕ ਦੀ ਭਾਸ਼ਾ ਰਾਹੀਂ ਆਪਣੀ ਗੱਲ ਕਹਿਣ ਦਾ ਯਤਨ ਕਰਦਾ ਹੈ। ਦਲਿਤ ਸੰਘਰਸ਼ ਨੂੰ ਸਮਝਣ ਲਈ ਇਹ ਪੁਸਤਕ ਪੜ੍ਹਨੀ ਜ਼ਰੂਰੀ ਹੈ।

-ਕੇ. ਐਲ. ਗਰਗ
ਮੋ: 94635-37050.

books

 ਦੀਦ ਤੇਰੀ ਰੱਬ ਵਰਗੀ
ਕਵੀ : ਮੁਖਤਾਰ ਸਿੰਘ ਚੰਦੀ
ਪ੍ਰਕਾਸ਼ਕ : ਤਰਕ ਭਾਰਤੀ, ਬਰਨਾਲਾ
ਮੁੱਲ : 120 ਰੁਪਏ, ਸਫ਼ੇ : 112.

ਮੁਖਤਾਰ ਸਿੰਘ ਚੰਦੀ ਪੰਜਾਬੀ ਕਾਵਿ ਦੀ ਰਵਾਇਤ ਨੂੰ ਮੁਹੱਬਤ ਕਰਨ ਵਾਲਾ ਇਕ ਸਿਦਕੀ ਕਵੀ ਹੈ। ਉਹ ਦੂਰਦਰਸ਼ਨ ਕੇਂਦਰ ਜਲੰਧਰ ਦੇ ਬਹੁਤ ਸਾਰੇ ਪ੍ਰੋਗਰਾਮਾਂ ਦੀ ਐਂਕਰਿੰਗ ਕਰਦਾ ਰਹਿੰਦਾ ਹੈ। ਮੇਰਾ ਪਿੰਡ ਮੇਰੇ ਖ਼ਤ, ਭਵਨ ਨਿਰਮਾਣ ਕਲਾ, ਉਦਯੋਗ ਜਗਤ ਅਤੇ ਗੁਰਬਾਣੀ ਆਧਾਰਿਤ ਪ੍ਰੋਗਰਾਮਾਂ ਵਿਚ ਪੰਜਾਬੀ ਦਰਸ਼ਕ ਉਸ ਨੂੰ ਅਕਸਰ ਦੇਖਦੇ ਰਹਿੰਦੇ ਹਨ। ਉਹ ਸੱਭਿਆਚਾਰਕ ਮੇਲਿਆਂ ਦੇ ਸੰਚਾਲਨ ਵਿਚ ਵੀ ਵਧ-ਚੜ੍ਹ ਕੇ ਯੋਗਦਾਨ ਪਾਉਂਦਾ ਰਹਿੰਦਾ ਹੈ। ਆਪਣੇ ਖੂਬਸੂਰਤ ਅੰਦਾਜ਼ ਅਤੇ ਮਿਕਨਾਤੀਸੀ ਸ਼ਖ਼ਸੀਅਤ ਦੁਆਰਾ ਉਹ ਸਰੋਤਿਆਂ ਅਤੇ ਦਰਸ਼ਕਾਂ ਦਾ ਮਨ ਮੱਲੋਮੱਲੀ ਮੋਹ ਲੈਂਦਾ ਹੈ। ਉਸ ਦੀ ਸ਼ਖ਼ਸੀਅਤ ਵਿਚਲੇ ਇਹ ਗੁਣ ਉਸ ਦੇ ਗੀਤ ਕਾਵਿ ਨਾਲ ਸਬੰਧਤ ਵਿਭਿੰਨ ਪਾਸਾਰਾਂ ਵਿਚ ਦੇਖੇ ਜਾ ਸਕਦੇ ਹਨ। ਜਿਵੇਂ :
ਅਸੀਂ ਨਹੀਂ ਕੋਈ ਖਿਡਾਉਣੇ
ਬਹੁਤਾ ਰੋਅਬ ਨਾ ਦਿਖਾਵੀਂ
ਜਿੰਨੀ ਨਿਭ ਗਈ ਏ ਵਾਹਵਾ
ਹੁਣ ਸਾਨੂੰ ਨਾ ਬੁਲਾਵੀਂ
ਬਹੁਤੀ ਕਰ ਨ ਸ਼ੈਤਾਨੀਂ
ਚੁੱਕ ਆਪਣੀ ਨਿਸ਼ਾਨੀ
ਸਾਡਾ ਫੁੱਲਾਂ ਵਾਲਾ
ਮੋੜਦੇ ਰੁਮਾਲ ਸੋਹਣਿਆ
ਹੁਣ ਤੇਰੀ ਸਾਡੀ
ਸਤਿ ਸ੍ਰੀ ਅਕਾਲ ਸੋਹਣਿਆ।
ਅਜੋਕੇ ਪੰਜਾਬੀ ਸਮਾਜ ਅਤੇ ਸੱਭਿਆਚਾਰ ਵਿਚ ਜਿੰਨੇ ਵੀ ਭਖਦੇ ਮਾਮਲੇ ਅਤੇ ਮਸਲੇ ਹਨ, ਮੁਖ਼ਤਾਰ ਸਿੰਘ ਚੰਦੀ ਨੇ ਉਨ੍ਹਾਂ ਸਾਰਿਆਂ ਨੂੰ ਆਪਣੀਆਂ ਵੱਖ-ਵੱਖ ਕਵਿਤਾਵਾਂ ਦੁਆਰਾ ਰੂਪਮਾਨ ਕੀਤਾ ਹੈ। ਅਜੇ ਉਹ ਅਭਿਆਸ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ, ਇਸ ਕਾਰਨ ਉਤਸ਼ਾਹ ਵੱਸ ਹੋ ਕੇ ਹਰ ਮਾਨਵੀ ਸਰੋਕਾਰ ਨੂੰ ਰੂਪਬੱਧ ਕਰਦਾ ਜਾ ਰਿਹਾ ਹੈ ਪਰ ਹਰ ਕਵੀ ਦਾ ਆਪਣਾ ਇਕ ਮਖ਼ਸੂਸ ਖੇਤਰ ਹੁੰਦਾ ਹੈ। ਕਵੀ ਨੂੰ ਛੇਤੀ ਤੋਂ ਛੇਤੀ ਉਹ ਖੇਤਰ ਪਛਾਣ ਲੈਣਾ ਚਾਹੀਦਾ ਹੈ। 'ਦਿਲ ਵਿਚ ਦੇ ਦੇ ਥਾਂ ਸੱਜਣਾ', 'ਜੇ ਨਾ ਇਨ੍ਹਾਂ ਨੂੰ ਬਚਾਇਆ' ਅਤੇ 'ਮਾਂ ਬੋਲੀ' ਚੰਦੀ ਦੀਆਂ ਕੁਝ ਉਲੇਖਯੋਗ ਕਵਿਤਾਵਾਂ ਹਨ। ਮੈਨੂੰ ਵਿਸ਼ਵਾਸ ਹੈ ਕਿ ਉਹ ਛੇਤੀ ਹੀ ਆਧੁਨਿਕ ਪੰਜਾਬੀ ਕਾਵਿ ਦੇ ਖੇਤਰ ਵਿਚ ਆਪਣੀ ਵਿਲੱਖਣ ਪਛਾਣ ਬਣਾ ਲਵੇਗਾ।

 

ਕਿਣ ਮਿਣ ਤਿੱਪ ਤਿੱਪ
ਲੇਖਕ : ਰਾਣਾ ਰਣਬੀਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 100.

ਪੰਜਾਬੀ ਸਿਨਮਾ ਅਤੇ ਥੀਏਟਰ ਦਾ ਪ੍ਰਸਿੱਧ ਹਾਸ-ਕਲਾਕਾਰ ਇਕ ਰਾਣਾ ਰਣਬੀਰ ਸੰਵੇਦਨਸ਼ੀਲ ਅਤੇ ਗਹਿਰ-ਗੰਭੀਰ ਕਵੀ ਵੀ ਹੈ, ਇਹ ਜਾਣ ਕੇ ਮੈਨੂੰ ਬਹੁਤ ਸੁਖਦ ਅਸਚਰਜ ਹੋਇਆ। ਆਮ ਤੌਰ 'ਤੇ ਜਦੋਂ ਕੋਈ ਕਲਾਕਾਰ ਪ੍ਰਦਰਸ਼ਨੀ ਕਲਾਵਾਂ ਦੇ ਆਸਰੇ ਸਰੋਤਿਆਂ ਦੇ ਇਕ ਵੱਡੇ ਵਰਗ ਨਾਲ ਜੁੜ ਜਾਂਦਾ ਹੈ ਤਾਂ ਉਸ ਨੂੰ ਸਾਹਿਤ ਵਰਗੇ ਗੰਭੀਰ ਮਾਧਿਅਮ ਨਾਲ ਜੁੜਨ ਦੀ ਜ਼ਰੂਰਤ ਨਹੀਂ ਰਹਿੰਦੀ। ਪ੍ਰੰਤੂ ਰਾਣਾ ਰਣਬੀਰ ਇਸ ਪ੍ਰਸੰਗ ਵਿਚ ਇਕ ਅਪਵਾਦ ਹੈ। 'ਕਿਣ ਕਿਣ ਤਿੱਪ ਤਿੱਪ' ਵਿਚ ਉਸ ਨੇ ਕਈ ਰੰਗਾਂ ਅਤੇ ਰੂਪਾਕਾਰਾਂ ਦੀਆਂ ਕਵਿਤਾਵਾਂ ਸ਼ਾਮਿਲ ਕਰਕੇ ਆਪਣੇ ਕਵੀਤਵ ਦੇ ਪੁਖ਼ਤਾ ਪ੍ਰਮਾਣ ਪੇਸ਼ ਕੀਤੇ ਹਨ। ਇਸ ਪੁਸਤਕ ਦੇ ਪਹਿਲੇ ਹਿੱਸੇ ਵਿਚ ਕਵੀ ਨੇ ਕੁਝ ਗ਼ਜ਼ਲਾਂ ਕਹਿਣ ਦਾ ਪ੍ਰਯਾਸ ਕੀਤਾ ਹੈ। ਭਾਵੇਂ ਗ਼ਜ਼ਲ ਦੇ ਰੂਪ-ਪ੍ਰਬੰਧ ਉੱਪਰ ਅਧਿਕਾਰ ਪ੍ਰਾਪਤ ਕਰਨਾ ਕਾਫੀ ਕਠਿਨ ਹੈ ਪਰ ਤਾਂ ਵੀ ਉਸ ਨੇ ਆਪਣੇ ਮੌਲਿਕ ਅਨੁਭਵ ਦੇ ਸਹਾਰ ੇਕੁਝ ਵਿਲੱਖਣ ਕਿਸਮ ਦੀਆਂ ਗ਼ਜ਼ਲਾਂ ਰਚ ਦਿੱਤੀਆਂ ਹਨ। ਇਸ ਪ੍ਰਸੰਗ ਵਿਚ ਉਸ ਦੇ ਕੁਝ ਅਸ਼ਆਰ ਦੇਖੋ : ਹਉਮੈ ਰਖਦੈ, ਕੁਫ਼ਰ ਤੋਲਦੈ, ਕਰਦੈ ਸਿਫ਼ਤ ਬੁਰਾਈ ਦੀ। ਹੋਰ ਤਾਂ ਕੋਈ ਖਾਸ ਵਜ੍ਹਾ ਨਹੀਂ ਉਹਦੇ ਨਾਲ ਲੜਾਈ ਦੀ/ਛੱਡ ਹੈਰਾਨੀ ਨਾਲ ਵੇਖਣਾ ਬੰਦੇ ਆਪਾਂ ਉਹੀ ਆਂ, ਬੱਸ ਥੋੜੀ ਜਿਹੀ ਸਿੱਖ ਲਈ ਏ ਅਦਾ ਅਸੀਂ ਚਤੁਰਾਈ ਦੀ/ਸ਼ਬਦ, ਸ਼ੋਖੀਆਂ, ਸ਼ੁਗਲ ਸ਼ਰਾਰਤ, ਸ਼ਾਇਰੀ ਅਤੇ ਸ਼ਰਾਬਾਂ 'ਚੋਂ, ਯਾਦ ਸ਼ਰਬਤੀ ਇਕ ਸ਼ਖ਼ਸ ਦੀ ਇਨ੍ਹਾਂ ਸੰਗ ਲਿਸ਼ਕਾਈ ਦੀ। (ਪੰਨਾ 25)
ਰਾਣਾ ਰਣਬੀਰ ਰਮਜ਼ ਭਰਪੂਰ ਸ਼ਾਇਰੀ ਕਰਦਾ ਹੈ। ਇਸ ਕਾਰਨ ਉਸ ਦੀ ਹਰ ਕਾਵਿ ਟੁਕੜੀ ਪਾਠਕ ਨੂੰ ਕੁਝ ਸੋਚਣ ਲਈ ਮਜਬੂਰ ਕਰਦੀ ਹੈ। ਉਸ ਦੀਆਂ ਗ਼ਜ਼ਲਾਂ ਵਿਚ ਗੱਲਬਾਤੀ ਅੰਦਾਜ਼ ਵੀ ਅਤਿਅੰਤ ਭਲਾ ਪ੍ਰਤੀਤ ਹੁੰਦਾ ਹੈ। ਪੁਸਤਕ ਦੇ ਦੂਜੇ ਹਿੱਸੇ ਵਿਚ ਕਵੀ ਦੀਆਂ ਕੁਝ ਖੁੱਲ੍ਹੀਆਂ ਕਵਿਤਾਵਾਂ ਸੰਕਲਿਤ ਹਨ। ਇਨ੍ਹਾਂ ਵਿਚ ਉਸ ਨੇ ਆਧੁਨਿਕ ਜੀਵਨ ਦੀ ਜਟਿਲਤਾ ਅਤੇ ਅੰਤਰਵਿਰੋਧਾਂ ਨੂੰ ਰੂਪਮਾਨ ਕੀਤਾ ਹੈ। ਇਸ ਸੰਗ੍ਰਹਿ ਦੀ ਕੇਂਦਰੀ ਕਵਿਤਾ ਵਿਚ ਆਪਣੇ ਕਿਸੇ ਪਿਆਰੇ ਸੰਗੀ-ਸਾਥੀ ਨੂੰ ਆਮੰਤ੍ਰਿਤ ਕਰਦਾ ਹੋਇਆ ਉਹ ਲਿਖਦਾ ਹੈ :
ਕਿਣ ਮਿਣ ਤਿੱਪ ਤਿੱਪ
ਮੀਂਹ ਪਿਆ ਵਰ੍ਹਦਾ
ਸਾਂਝੀ ਚੜ੍ਹੇ ਕੜਾਹੀ।
ਤੂੰ ਬਣ ਜਾਈਂ ਕਲਮ ਕਮਲੀਏ
ਮੈਂ ਬਣ ਜਾਵਾਂ ਸਿਆਹੀ।
ਰਾਣਾ ਰਣਬੀਰ ਪਾਸ ਇਕ ਮੌਲਿਕ ਅਤੇ ਡੂੰਘਾ ਅਨੁਭਵ ਤਾਂ ਭਰਪੂ ਮਾਤਰਾ ਵਿਚ ਮੌਜੂਦ ਹੈ ਪਰ ਕਾਵਿ ਸਿਰਜਣ ਨਾਲ ਸਬੰਧਤ ਬ੍ਰਿਤਾਂਤ-ਵਿਧੀਆਂ ਉਪਰ ਅਜੇ ਉਸ ਨੇ ਅਧਿਕਾਰ ਪ੍ਰਾਪਤ ਕਰਨਾ ਹੈ। ਮੈਨੂੰ ਵਿਸ਼ਵਾਸ ਹੈ ਕਿ ਅਗਲੀਆਂ ਰਚਨਾਵਾਂ ਵਿਚ ਉਹ ਇਸ ਖੇਤਰ ਵਿਚ ਵੀ ਪਰਿਪੱਕ ਹੋ ਜਾਵੇਗਾ।

ਦਸ ਬਾਗਾਂ ਦਾ ਤੋਤਾ
ਕਵੀ : ਇੰਦੇ
ਪ੍ਰਕਾਸ਼ਕ : ਅਸਥੈਟਿਕ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 72.

ਇੰਦੇ ਆਧੁਨਿਕ ਪੰਜਾਬੀ ਕਾਵਿ ਦੀ ਮੁੱਖ ਧਾਰਾ ਦਾ ਕਵੀ ਅਖਵਾਉਣਾ ਪਸੰਦ ਨਹੀਂ ਕਰਦਾ। ਉਹ ਪਿਛਲੀ ਅੱਧੀ ਸਦੀ ਤੋਂ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਕਿਆਮ ਕਰ ਰਿਹਾ ਹੈ। ਹਰਿਭਜਨ ਸਿੰਘ, ਸ਼ਾਂਤੀ ਦੇਵ ਅਤੇ ਮਿੰਦਰ ਵਰਗੇ ਲੀਕੋਂ ਹਟ ਕੇ ਤੁਰਨ ਵਾਲੇ ਲੇਖਕ ਉਸ ਦੇ ਸੰਗੀ-ਸਾਥੀ ਰਹੇ ਹਨ। ਇਸ ਤੱਥ ਤੋਂ ਅਸੀਂ ਉਸ ਦੀ ਰਹੱਸਮਈ ਸ਼ਖ਼ਸੀਅਤ ਬਾਰੇ ਕੁਝ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਪਰ ਉਹ ਆਪ ਆਪਣੇ ਬਾਰੇ ਅੱਧੀ-ਅਧੂਰੀ ਜਾਣਕਾਰੀ ਦੇਣ ਦੇ ਹੱਕ ਵਿਚ ਨਹੀਂ ਹੈ ਕਿਉਂਕਿ ਉਹ ਜਾਣਦਾ ਹੈ ਕਿ ਹਰ ਜਾਣਕਾਰੀ ਅੱਧੀ-ਅਧੂਰੀ ਹੀ ਹੁੰਦੀ ਹੈ। ਸੰਪੂਰਨ ਜਾਣਕਾਰੀ ਦੀ ਨਾ ਤਾਂ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਅਤੇ ਨਾ ਅਜੋਕੇ ਅੱਧੇ-ਅਧੂਰਿਆਂ ਦੇ ਜਗਤ ਵਿਚ, ਸੰਪੂਰਨ ਜਾਣਕਾਰੀ ਦੇਣਾ ਸੰਭਵ ਹੀ ਹੈ।
ਉਹ ਕਦੇ ਕਦਾਈਂ ਕਵਿਤਾ ਲਿਖ ਵੀ ਲੈਂਦਾ ਹੈ, ਬਹੁਤੀ ਵਾਰ ਉਹ ਕਵਿਤਾ ਨੂੰ ਕੇਵਲ ਜੀਂਦਾ ਹੈ, ਲਿਖਦਾ ਨਹੀਂ। ਉਹ ਕਵਿਤਾ ਦੇ ਮਾਧਿਅਮ ਦੁਆਰਾ ਕੁਝ ਸਿੱਧ ਨਹੀਂ ਕਰਨਾ ਚਾਹੁੰਦਾ। ਉਹ ਆਪਣੀ ਜੀਵਨ-ਸ਼ੈਲੀ ਨੂੰ ਪ੍ਰਮਾਣਿਕ ਮੰਨਦਾ ਹੈ ਅਤੇ ਉਸ ਨੂੰ ਬਹੁਤੇ ਅਪ੍ਰਮਾਣਿਕ ਲੋਕਾਂ ਵਾਂਗ ਕਵਿਤਾ ਦੀ ਮਾਅਰਫ਼ਤ ਪ੍ਰਮਾਣਿਕ ਦਿੱਸਣ ਦੀ ਮਜਬੂਰੀ ਨਹੀਂ ਹੈ। ਅਜੋਕੇ ਦੌਰ ਵਿਚ ਬਹੁਤੀ ਕਵਿਤਾ ਅਜਿਹੀ ਲਿਖੀ ਜਾ ਰਹੀ ਹੈ ਜੋ ਚਲਾਕ (ਘਾਗ) ਕਿਸਮ ਦੇ ਲੋਕ ਆਪਣੇ-ਆਪ ਨੂੰ ਮਾਸੂਮ ਅਤੇ ਨਿਰਛਲ ਦਰਸਾਉਣ ਲਈ ਬਣਾਉਟੀ ਅੰਦਾਜ਼ ਵਿਚ ਲਿਖ ਰਹੇ ਹਨ। ਆਪਣੇ ਕਾਵਿ-ਕਰਮ ਬਾਰੇ ਸੂਖ਼ਮ ਜਿਹੇ ਸੰਕੇਤ ਦਿੰਦਾ ਹੋਇਆ ਉਹ ਲਿਖਦਾ ਹੈ :
ਉਹ ਕਵਿਤਾ ਲਿਖਦਾ ਏ
ਸੁਣਾਉਣ ਤੋਂ ਡਰਦਾ ਏ
ਮਰੁੰਡ ਕੇ ਰੱਖ ਦਿੰਦਾ
ਕੱਢਦਾ ਤੇ ਰੱਖਦਾ ਏ।
(ਕਵਿਤਾ ਦਾ ਸਰੋਤਾ, 14)
ਉਹ ਆਪਣੇ-ਆਪ ਨੂੰ 'ਪੜਛੱਤੀ ਦਾ ਬੰਦਾ' ਦੱਸਦਾ ਹੈ ਜੋ ਆਪਣੇ ਹੱਥ ਅਤੇ ਬੁੱਲ੍ਹ ਘੁੱਟ ਕੇ ਰੱਖਦਾ ਹੈ ਤਾਂ ਕਿ ਉਸ ਦੇ ਬੋਲ ਕਿਤੇ ਬਿਨ-ਅਧਿਕਾਰੇ ਹੀ ਨਾ ਨਿਕਲ ਜਾਣ। ਉਹ ਚਾਹੁੰਦਾ ਹੈ ਕਿ ਅਜਿਹੀ ਕਾਵਿ-ਪੰਕਤੀ ਲਿਖੀ ਜਾਵੇ, ਜਿਸ ਵਿਚ ਉਸ ਦੀ ਸਮੁੱਚੀ ਰੂਹ ਪ੍ਰਤੀਬਿੰਬਤ ਹੋ ਜਾਵੇ। ਅਸਲ ਵਿਚ ਉਹ 'ਅਸੰਭਵ' ਦਾ ਕਵੀ ਹੈ। ਫਰਾਂਸ ਵਿਚ ਰਿੰਬੋ, ਵਰਲੇਨ ਅਤੇ ਸੰਤ ਜਾਨ ਪਰਸ ਨੇ ਇਸ ਪ੍ਰਕਾਰ ਦੀ ਅਸੰਭਵ ਪ੍ਰਤੀਤ ਹੋਣ ਵਾਲੀ ਕਵਿਤਾ ਲਿਖਣ ਦਾ ਪ੍ਰਯਾਸ ਕੀਤਾ ਸੀ, ਸਾਡੇ ਇਧਰ ਇੰਦੇ ਇਉਂ ਕਰ ਰਿਹਾ ਹੈ। ਹਥਲੀ ਰਚਨਾ ਤੋਂ ਪਹਿਲਾਂ 2004 ਵਿਚ ਉਸ ਦਾ ਪ੍ਰਥਮ ਕਾਵਿ ਸੰਗ੍ਰਹਿ 'ਮਨ ਦਾ ਵਾਸੀ' ਪ੍ਰਕਾਸ਼ਿਤ ਹੋਇਆ ਸੀ ਅਤੇ ਵੱਡੀ ਖੁਸ਼ੀ ਦੀ ਗੱਲ ਹੈ ਕਿ 2011 ਵਿਚ ਉਸ ਦੇ ਦੋ ਬਾਲ ਕਾਵਿ ਸੰਗ੍ਰਹਿ (ਅਸੀਂ ਉਡਾਂਗੇ/ਸਾਡੀ ਗੱਲ ਸੁਣੋ) ਵੀ ਪ੍ਰਕਾਸ਼ਿਤ ਹੋ ਚੁੱਕੇ ਹਨ। ਮੇਰੀ ਦਿਲੀ ਇੱਛਾ ਹੈ ਕਿ ਇੰਦੇ ਆਪਣੀ ਹਯਾਤੀ ਦੇ ਸਾਰੇ ਬਲ ਨਾਲ, ਪੂਰੀ ਸ਼ਿੱਦਤ ਨਾਲ ਆਪਣੇ ਭਾਵਾਂ ਦਾ ਇਜ਼ਹਾਰ ਕਰੇ। ਦਸੇ ਦਿਸ਼ਾਵਾਂ ਵਿਚ ਮੁਕਤ ਉਡਾਰੀਆਂ ਮਾਰਨ ਵਾਲੇ ਅਸੀਂ ਉਸ ਦੇ ਮਨ ਰੂਪੀ ਤੋਤੇ ਨੂੰ ਛੇਤੀ ਕਿਤੇ ਰੁਖ਼ਸਤ ਨਹੀਂ ਹੋਣ ਦੇਵਾਂਗੇ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ : 98760-52136

ਖਾਲੀ ਖੇਤ
ਨਾਵਲਕਾਰ : ਪ੍ਰੋ: ਰਛਪਾਲ ਸਿੰਘ ਬਾਲੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ,
ਮੁੱਲ : 150 ਰੁਪਏ, ਸਫ਼ੇ : 128.

ਇਹ ਨਾਵਲ ਕਸ਼ਮੀਰੀ ਸਿੱਖ ਪਰਿਵਾਰ ਦੀ ਕਹਾਣੀ ਹੈ। ਲੇਖਕ ਨੇ ਬਾਖੂਬੀ ਸਮਾਜਿਕ, ਇਤਿਹਾਸਕ ਅਤੇ ਪਰਿਵਾਰਕ ਪਹਿਲੂਆਂ ਤੋਂ ਕਸ਼ਮੀਰ ਦੇ ਜੀਵਨ ਦੀ ਜਾਣਕਾਰੀ ਦਿੱਤੀ ਹੈ। ਇਸ ਵਿਚ ਖੇਤੀ ਪੇਸ਼ਾ ਸਿੱਖ ਪਰਿਵਾਰਾਂ ਦੇ ਪਿਛੋਕੜ, ਕਸ਼ਮੀਰ ਦੇ ਵਸੇਬੇ, ਸੰਘਰਸ਼ ਅਤੇ ਕਠਿਨਾਈਆਂ ਦਾ ਬੜਾ ਮਾਰਮਿਕ ਚਿਤ੍ਰਣ ਕੀਤਾ ਗਿਆ ਹੈ। ਇਹ ਸਿੱਖ ਪਰਿਵਾਰ ਆਪਣੀ ਪਛਾਣ ਦੀ ਭਾਲ ਵਿਚ ਲੱਗੇ ਹਨ। ਸਿੱਖਿਆ ਅਤੇ ਸਿੱਖੀ ਦਾ ਖੇਤਰ ਖਾਸ ਧਿਆਨ ਮੰਗਦਾ ਹੈ। ਹੁਣ ਦੀ ਜੀਵਨ ਸ਼ੈਲੀ ਆਪਣੇ ਵਿਰਸੇ ਤੋਂ ਟੁੱਟ ਚੁੱਕੀ ਹੈ।
ਲੇਖਕ ਅਨੁਸਾਰ ਅੱਜ ਦਾ ਕਸ਼ਮੀਰੀ ਸਿੱਖ ਬਿਨਾਂ ਕਿਸੇ ਰਹਿਬਰ ਅਤੇ ਰਹਿਨੁਮਾਈ ਦੇ ਹੈ। ਨਵੀਆਂ ਹਵਾਵਾਂ ਬਾਦਬਾਨਾਂ ਨੂੰ ਕਿਥੇ ਧੱਕ ਕੇ ਲੈ ਜਾਣ, ਕੋਈ ਨਹੀਂ ਕਹਿ ਸਕਦਾ। ਸੰਨ 1947 ਦੇ ਕਬਾਇਲੀ ਹਮਲੇ ਨੇ ਪਿੰਡਾਂ ਦੇ ਸਿੱਖ ਪਰਿਵਾਰਾਂ ਨੂੰ ਬੇਘਰ ਅਤੇ ਬੇਜ਼ਮੀਨੇ ਬਣਾ ਦਿੱਤਾ ਸੀ। ਉਪਰੋਂ ਸਰਕਾਰੀ ਕਾਨੂੰਨਾਂ ਨੇ ਉਨ੍ਹਾਂ ਨੂੰ ਲਾਵਾਰਸ ਕਰ ਦਿੱਤਾ ਹੈ। ਕਸ਼ਮੀਰੀ ਸਿੱਖਾਂ ਨੂੰ ਵਸਣ ਲਈ ਸਿਰਫ ਢਾਈ ਸੌ ਰੁਪਏ ਦਿੱਤੇ ਗਏ ਸਨ। ਸਰਕਾਰੀ ਦੋਹਰੇ ਮਾਪਦੰਡ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੇ ਹਨ। ਜੇ ਘੱਟ-ਗਿਣਤੀ ਆਪਣੇ ਹੱਕ ਮੰਗੇ ਤਾਂ ਉਨ੍ਹਾਂ ਨੂੰ ਫ਼ਿਰਕੂ ਗਰਦਾਨਿਆ ਜਾਂਦਾ ਹੈ, ਜੇ ਬਹੁਗਿਣਤੀ ਉਹੋ ਹੱਕ ਮੰਗੇ ਤਾਂ ਉਹ ਸਾਂਝੀਵਾਲਤਾ ਹੋ ਜਾਂਦੀ ਹੈ।
ਮਨੁੱਖੀ ਰਿਸ਼ਤਿਆਂ ਦੀ ਪਾਕੀਜ਼ਗੀ ਦਾ ਨਿਰਾਦਰ ਕਰਕੇ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਪਿੱਠ ਦੇ ਕੇ ਕੋਈ ਸਮਾਜ ਜਾਂ ਕੌਮ ਕਿੰਨੀ ਕੁ ਦੂਰ ਜਾ ਸਕਦੇ ਹਨ? ਸਾਡੇ ਆਗੂਆਂ, ਨੇਤਾਵਾਂ ਨੇ ਤਾਂ ਦੇਸ਼ ਭਗਤੀ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੱਤੀ ਹੈ। ਝੀਲਾਂ ਨੂੰ ਮੁਰਦਾ ਕੀਤਾ ਜਾ ਰਿਹਾ ਹੈ, ਬਨਸਪਤੀ ਦੀ ਥਾਂ ਪੱਥਰ ਮਿੱਟੀ ਇੱਟਾਂ ਦੇ ਜੰਗਲ ਉਸਾਰੇ ਜਾ ਰਹੇ ਹਨ। ਕੁਦਰਤ ਦੀ ਬੇਹੁਰਮਤੀ ਸਰਾਪ ਬਣਦੀ ਜਾ ਰਹੀ ਹੈ। ਭਾਵੇਂ ਕਸ਼ਮੀਰੀ ਸਿੱਖ ਅਲਪ ਸੰਖਿਆ ਵਿਚ ਹਨ ਅਤੇ ਜੱਦੋ-ਜਹਿਦ ਦਾ ਜੀਵਨ ਜਿਉਂ ਰਹੇ ਹਨ, ਫਿਰ ਵੀ ਆਪਣੇ ਅੰਦਰਲੇ ਸਿੱਖੀ ਦੇ ਪਾਵਨ ਜਜ਼ਬੇ, ਆਪਣੇ ਮਹਾਨ ਵਿਰਸੇ ਅਤੇ ਚੜ੍ਹਦੀ ਕਲਾ ਵਾਲੇ ਮਨੋਬਲ ਦੇ ਆਸਰੇ ਖਾਲੀ ਖੇਤਾਂ ਤੇ ਬੰਜਰ ਜ਼ਮੀਨਾਂ ਨੂੰ ਆਬਾਦ ਕਰ ਰਹੇ ਹਨ।


ਜਦ ਵੀ ਕਦੀ
ਸ਼ਾਇਰ : ਬਲਦੇਵ ਸਿੰਘ ਚੀਮਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ,
ਮੁੱਲ : 135 ਰੁਪਏ, ਸਫ਼ੇ : 78.

ਕਵਿਤਾ ਤੜਪਦੀ ਹੋਈ ਰੂਹ ਦੀ ਪੁਕਾਰ ਹੈ ਜੋ ਸ਼ਬਦਾਂ ਦਾ ਜਾਮਾ ਪਹਿਨ ਕੇ ਪਾਠਕਾਂ ਦੇ ਰੂਬਰੂ ਹੁੰਦੀ ਹੈ। ਇਸ ਕਾਵਿ-ਸੰਗ੍ਰਹਿ ਵਿਚ ਵੀ ਇਕ ਤੜਪ ਹੈ, ਇਕ ਹੂਕ ਹੈ, ਇਕ ਵੇਦਨਾ ਹੈ, ਇਕ ਚਸਕ ਹੈ ਵਤਨੋਂ ਬੇਵਤਨ ਹੋਏ ਮੁਸਾਫ਼ਰਾਂ ਦੀ। ਪੰਜਾਬ ਦੀ ਰਾਂਗਲੀ, ਵਡਭਾਗੀ, ਸੰਸਕਾਰੀ ਧਰਤੀ ਨੂੰ ਛੱਡ ਕੇ ਜਦੋਂ ਕੋਈ ਮਾਇਕ ਜ਼ਰੂਰਤਾਂ ਦੀ ਪੂਰਤੀ ਲਈ ਵਿਦੇਸ਼ੀਂ ਜਾ ਵਸਦਾ ਹੈ ਤਾਂ ਉਹਦਾ ਤਨ ਤੇ ਮਨ ਭਾਵੇਂ ਕੁਝ ਚਿਰ ਲਈ ਪਰਚ ਜਾਏ, ਪਰ ਉਸ ਦੀ ਆਤਮਾ ਕਦੇ ਵੀ ਵਰਚਦੀ ਤੇ ਪਰਚਦੀ ਨਹੀਂ। ਜਦ ਵੀ ਕੋਈ ਦੁਨਿਆਵੀ ਝਮੇਲਿਆਂ ਤੋਂ ਪਰੇ ਹੋ ਕੇ ਆਪਣੀ ਅੰਤਰ-ਆਤਮਾ ਨਾਲ ਸੰਵਾਦ ਰਚਾਉਂਦਾ ਹੈ, ਉਹਦੀ ਵਿਲਕਣੀ ਮਹਿਸੂਸ ਕਰਦਾ ਹੈ ਅਤੇ ਇਹ ਗੁੱਝੀ ਪੀੜ ਅੱਖਰ ਬਣ ਕੇ ਕਾਗਜ਼ ਦਾ ਸੀਨਾ ਛਲਣੀ ਕਰ ਦਿੰਦੀ ਹੈ। ਪਰਵਾਸ ਦੇ ਸੰਤਪ ਨੂੰ ਮਹਿਸੂਸ ਕਰਦਾ ਕਵੀ ਲਿਖਦਾ ਹੈ-
ਜਿਸ ਚਸ਼ਮੇ ਦੀ ਭਾਲ 'ਚ ਤੁਰਿਆ ਸਾਂ ਘਰੋਂ
ਉਹ ਤਾਂ ਮ੍ਰਿਗ ਤ੍ਰਿਸ਼ਨਾ ਹੀ ਨਿਕਲੀ।
ਹੁਣ ਇਸ ਸਫ਼ਰ 'ਚ ਮੈਂ ਇਕ ਦਲਦਲ 'ਚ ਖੁੱਭ ਚੁੱਕਾ ਹਾਂ
ਜਿਥੋਂ ਪਿੱਛੇ ਦਾ ਪੈਂਡਾ ਵੀ ਬਹੁਤ ਲੰਬਾ ਹੈ
ਤੇ ਅੱਗੇ ਜਾਣਾ ਵੀ ਨਾਮੁਮਕਿਨ ਹੈ।
ਬਹੁਤੀਆਂ ਕਵਿਤਾਵਾਂ ਇਸੇ ਦਵੰਦ ਤੇ ਭਟਕਣਾ ਦੀ ਗੱਲ ਕਰਦੀਆਂ ਹਨ। ਕੁਝ ਨਜ਼ਮਾਂ ਵਹਿਮਾਂ ਭਰਮਾਂ, ਊਚ ਨੀਚ ਅਤੇ ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ਼ ਉਠਾਉਂਦੀਆਂ ਹਨ। ਉਹ ਦਸ਼ਮੇਸ਼ ਪਿਤਾ ਜੀ ਨੂੰ ਨਤਮਸਤਕ ਹੋ ਕੇ ਅਰਜ਼ ਕਰਦਾ ਹੈ-
ਹੇ ਬਾਜਾਂ ਵਾਲੇ
ਜਿਸ ਪੰਥ ਦੀ ਖ਼ਾਤਰ
ਸਾਰਾ ਸਰਬੰਸ ਵਾਰ ਕੇ
ਹਰ ਦੁਨਿਆਵੀ ਸੁਖ ਤਿਆਗ ਕੇ
ਸੂਲਾਂ 'ਤੇ ਸੌਣਾ ਪਰਵਾਨਿਆ ਸੀ
ਅੱਜ ਫੇਰ ਉਹੀ ਮਸੰਦ
ਤੇਰੇ ਨਾਂ ਦੀ ਮੰਡੀ ਲਾਈ ਬੈਠੇ ਨੇ।
ਸਮੁੱਚੇ ਰੂਪ ਵਿਚ ਇਹ ਚੰਗੀ ਸਾਰਥਕ ਕਾਵਿ ਪੁਸਤਕ ਹੈ। ਇਸ ਪਲੇਠੇ ਕਾਵਿ-ਸੰਗ੍ਰਹਿ ਦਾ ਸਵਾਗਤ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ : 98147-16367.

ਤੇਰੇ ਮੇਰੇ ਸਰੋਕਾਰ
ਲੇਖਿਕਾ : ਦਲੀਪ ਕੌਰ ਟਿਵਾਣਾ
ਪ੍ਰਕਾਸ਼ਕ : ਸੰਗਮ ਪਲਬੀਕੇਸ਼ਨਜ਼, ਸਮਾਣਾ
ਮੁੱਲ 125 ਰੁਪਏ, ਸਫ਼ੇ : 88.

ਦਲੀਪ ਕੌਰ ਟਿਵਾਣਾ ਪੰਜਾਬੀ ਸਾਹਿਤ ਜਗਤ ਵਿਚ ਵਿਲੱਖਣ ਹਸਤਾਖ਼ਰ ਹੈ, ਮੰਨੀ-ਪ੍ਰਮੰਨੀ ਹਸਤੀ ਹੈ, ਜਿਸ ਨੇ ਅਨੇਕਾਂ ਨਾਵਲ, ਕਹਾਣੀਆਂ, ਰੇਖਾ-ਚਿੱਤਰ ਤੇ ਵਾਰਤਕ ਲਿਖ ਕੇ ਮਾਂ-ਬੋਲੀ ਦੀ ਝੋਲੀ ਭਰੀ ਹੈ। ਅਗਨੀ ਪ੍ਰੀਖਿਆ, ਤੀਲੀ ਦਾ ਨਿਸ਼ਾਨ, ਇਹ ਹਮਾਰਾ ਜੀਵਣਾ ਤੇ ਦੂਸਰੀ ਸੀਤਾ ਆਦਿ ਪੁਸਤਕਾਂ ਪਾਠਕਾਂ ਦੇ ਦਿਲ ਦਿਮਾਗ ਉਤੇ ਆਪਣਾ ਪ੍ਰਭਾਵ ਸੁਤੇ ਸਿੱਧ ਹੀ ਛੱਡ ਚੁੱਕੀਆਂ ਹਨ ਤੇ ਹੁਣ ਨਵੇਂ ਯੁੱਗ ਦੀ ਨਵੀਂ ਕਹਾਣੀ ਲੇਖਿਕਾ ਦੀ ਮਹਾਨ ਦੇਣ ਹੈ।
ਦਲੀਪ ਕੌਰ ਟਿਵਾਣਾ ਦੀ ਸਮੁੱਚੀ ਲਿਖਤ ਉਤੇ ਝਾਤ ਮਾਰੀਏ ਤਾਂ ਇਹ ਪੱਖ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਹਰ ਕਹਾਣੀ ਔਰਤ ਜਾਤ ਉਤੇ ਕੇਂਦਰਿਤ ਹੈ। ਔਰਤ ਨਾਲ ਸਬੰਧਤ ਵਿਸ਼ੇ, ਉਸ ਦੀਆਂ ਸਮੱਸਿਆਵਾਂ, ਸਮਾਜ ਵਿਚ ਉਸ ਦਾ ਸਥਾਨ ਤੇ ਹੈਸੀਅਤ ਅਰਥਾਤ ਹਰ ਪਹਿਲੂ ਨੂੰ ਲੈ ਕੇ ਨਾਵਲਾਂ ਜਾਂ ਕਹਾਣੀਆਂ ਦੇ ਪਲਾਟ ਤੇ ਪਾਤਰ ਉਸਾਰੀ ਕੀਤੀ ਗਈ ਹੈ। ਹਥਲੀ ਪੁਸਤਕ 'ਤੇਰੇ ਮੇਰੇ ਸਰੋਕਾਰ' ਵਿਚ ਵੀ ਔਰਤ ਚਾਹੇ ਉਹ ਧੀ ਹੈ, ਭੈਣ, ਪਤਨੀ ਜਾਂ ਮਾਂ ਹੈ ਨਾਲ ਜੁੜੇ ਵਿਸ਼ਿਆਂ, ਉਸ ਨਾਲ ਸਮਾਜਿਕ ਰਿਸ਼ਤਿਆਂ ਦੀ ਸਾਂਝ ਅਤੇ ਹੋਰ ਅਨੇਕਾਂ ਵਿਸ਼ੇ ਬੜੇ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤੇ ਹਨ। ਪਹਿਲਾ ਲੇਖ 'ਕੁੜੀ ਮਾਰਾਂ ਦੇ ਦੇਸ਼ ਵਿਚ' ਹੀ ਔਰਤ ਨਾਲ ਵਾਪਰਦੀਆਂ ਘਟਨਾਵਾਂ ਤੇ ਵਧੀਕੀਆਂ ਦਾ ਉਲੇਖ ਕੀਤਾ ਹੈ ਅਰਥਾਤ ਕਤਲ, ਬਲਾਤਕਾਰ, ਵੇਸਵਾਪੁਣਾ, ਤਲਾਕ ਤੇ ਭਰੂਣ ਹੱਤਿਆ ਜਾਂ ਧੀ ਭੈਣ ਤੇ ਮਾਂ ਦੀ ਗਾਲ੍ਹ ਕੱਢਣੀ, ਅਸੁਰੱਖਿਆ ਆਦਿ। ਇਹ ਤੁਕਾਂ ਭਰੂਣ ਹੱਤਿਆ ਉਤੇ ਕਿੰਨਾ ਤਗੜਾ ਵਿਅੰਗ ਹਨ-
'ਕਹਿੰਦੇ ਨੇ ਜੇ ਧੀ ਘਰੋਂ ਹਉਕਾ ਲੈ ਕੇ ਤੁਰੇ ਤਾਂ ਘਰ ਦੇ ਚਾਰੇ ਖੂੰਜੇ ਹਿਲਦੇ ਨੇ ਤੇ ਧੀ ਦੇ ਕਤਲ ਵੇਲੇ ਕੀ ਘਰ ਦੀ ਰੂਹ ਕਤਲ ਨਹੀਂ ਹੋ ਜਾਂਦੀ? ਉਸ ਘਰ ਵਿਚ ਫਿਰ ਭੂਤਾਂ ਦਾ ਵਾਸਾ ਨਹੀਂ ਹੋ ਜਾਵੇਗਾ?' ...ਜੇ ਤੁਹਾਡੇ ਕੋਈ ਧੀ ਨਹੀਂ ਤੁਹਾਡੇ ਘਰ ਦੀ ਸੁੱਖ ਕੌਣ ਮਨਾਏਗਾ? ਤੁਹਾਡੀ ਜ਼ਿੰਦਗੀ ਦੇ ਮਾਰੂਥਲਾਂ ਵਿਚ ਮੋਹ ਮਮਤਾ ਦੀਆਂ ਕਣੀਆਂ ਲੈ ਕੇ ਕੌਣ ਆਏਗਾ?
'ਮੇਰੀ ਸਾਰੀ ਉਮਰ ਦੇ ਮਾਪੇ' ਲੇਖ ਵਿਚ ਭੈਣ ਭਰਾ ਦੇ ਰਿਸ਼ਤੇ ਨੂੰ ਵੱਖ-ਵੱਖ ਹਾਲਾਤ ਵਿਚ ਚਿਤਰਿਆ ਹੈ ਕਿ ਭਰਾ ਹੀ ਬਾਪ ਦੀ ਥਾਂ ਹੁੰਦਾ ਹੈ। 'ਭਰਾਵਾਂ ਵਰਗਾ ਸਾਕ ਨਾ ਕੋਈ' ਵੀ ਮੋਹ ਪਿਆਰ ਤੇ ਨਿੱਘ ਦੇ ਰਿਸ਼ਤੇ ਨਾਲ ਜੁੜਿਆ ਲੇਖ ਹੈ। 'ਔਰਤ ਦੀ ਸਥਿਤੀ-ਸਮੱਸਿਆਵਾਂ ਤੇ ਵੰਗਾਰ', 'ਕੁੜੀਆਂ ਦੀ ਪੜ੍ਹਾਈ ਲੇਖਾਂ ਵਿਚ ਵਿਸਥਾਰ ਨਾਲ ਔਰਤ ਦੀ ਅਜੋਕੀ ਦਸ਼ਾ ਉਤੇ ਚਾਨਣਾ ਪਾਇਆ ਹੈ। ਬੱਚੇ ਨੂੰ ਜਿਹੋ ਜਿਹਾ ਵਾਤਾਵਰਨ ਤੇ ਹਾਲਾਤ ਦਿਆਂਗੇ ਉਹ ਉਹੋ ਜਿਹਾ ਹੀ ਬਣ ਜਾਏਗਾ ਇਕ ਹਕੀਕਤ ਨੂੰ ਚਿਤਰਦਾ ਲੇਖ ਹੈ। ਕਹਿੰਦੇ ਨੇ ਭਰਾ ਭਰਜਾਈ ਮਾਪੇ ਹੀ ਹੁੰਦੇ ਨੇ ਮਾਪਿਆਂ ਤੋਂ ਬਾਅਦ-ਲੇਖਿਕਾ ਨੇ ਬਾਖੂਬੀ ਪੇਸ਼ ਕੀਤਾ ਹੈ ਨਿੱਜੀ ਜ਼ਿੰਦਗੀ ਨੂੰ ਆਧਾਰ ਬਣਾ ਕੇ। ਜੀਵਨ ਵਿਚ ਤਿੰਨ ਰੰਗ ਮੁੜ ਨਹੀਂ ਲੱਭਦੇ-ਹੁਸਨ, ਜਵਾਨੀ ਤੇ ਮਾਪੇ। ਮਾਪਿਆਂ ਦੀ ਸਾਂਭ-ਸੰਭਾਲ, ਮਾਨਸਿਕਤਾ ਨੂੰ ਸਮਝਣਾ ਤੇ ਫਿਰ ਮੋਹ ਪਿਆਰ ਦੇਣਾ ਬੱਚਿਆਂ ਦਾ ਫਰਜ਼ ਹੈ ਪਰ ਅਜੋਕੇ ਬੱਚੇ ਮਾਪਿਆਂ ਤੋਂ ਬੇਮੁੱਖ ਹੋ ਰਹੇ ਹਨ-ਇਕ ਵਿਅੰਗਾਤਮਿਕ ਲੇਖ ਹੈ। ਬਜ਼ੁਰਗਾਂ ਦੀ ਲੋੜ ਸਦਾ ਰਹਿੰਦੀ ਤੇ ਅਗਵਾਈ ਦਿੰਦੀ ਹੈ। 'ਮੇਰੇ ਟੀਚਰ ਮੇਰੇ ਵਿਦਿਆਰਥੀ' ਦਹੇਜ ਪ੍ਰਥਾ ਬਾਰੇ, ਸੋਚ ਸਮਝ ਕੇ ਫ਼ੈਸਲਾ ਲੈਣਾ, ਗੁਰਬਾਣੀ ਦੀ ਮਹੱਤਤਾ, ਮੇਰੀ ਮਨਪਸੰਦ ਪੁਸਤਕ ਤੇ ਲੇਖਿਕ ਦੀ ਭੂਮਿਕਾ ਆਦਿ ਵਿਸ਼ਿਆਂ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ।
ਪਾਠਕਾਂ ਨੂੰ ਸੁਚੱਜੀ ਅਗਵਾਈ ਦਿੰਦੀ ਇਹ ਪੁਸਤਕ ਆਪਣੇ-ਆਪ ਵਿਚ ਵਿਲੱਖਣਤਾ ਸਮੋਈ ਬੈਠੀ ਹੈ।

ਖ਼ਲੀਲ ਜਿਬਰਾਨ ਤੇ ਰੂਹਾਨੀ ਸੁਖ਼ਨ
ਅਨੁਵਾਦਕ : ਡਾ: ਗੁਰਮੁਖ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 100 ਰੁਪਏ, ਸਫ਼ੇ : 72.

ਡਾ: ਗੁਰਮੁਖ ਸਿੰਘ ਜਿਸ ਨੇ ਅਨੇਕਾਂ ਹੀ ਪੁਸਤਕਾਂ ਨਾਲ ਪੰਜਾਬੀ ਸਾਹਿਤ ਦੇ ਖਜ਼ਾਨੇ ਨੂੰ ਮਾਲਾਮਾਲ ਕੀਤਾ, ਉਹ ਹਨ ਲੇਖ, ਕਹਾਣੀਆਂ, ਆਲੋਚਨਾ ਤੇ ਧਾਰਮਿਕ ਵਿਸ਼ਿਆਂ ਨਾਲ ਸਬੰਧਤ ਪੁਸਤਕਾਂ। ਇਸ ਤੋਂ ਇਲਾਵਾ ਉਸ ਨੇ ਲਿਬਨਾਨ ਦੇ ਦਾਰਸ਼ਨਿਕ ਖ਼ਲੀਲ ਜਿਬਰਾਨ ਦੀਆਂ ਵੀ ਚਾਰ ਪੁਸਤਕਾਂ ਅਨੁਵਾਦ ਕਰਕੇ ਅਨੁਵਾਦ ਖੇਤਰ ਵਿਚ ਵੀ ਕਦਮ ਧਰਿਆ, ਜਿਸ ਨੂੰ ਸਫਲ ਅਨੁਵਾਦ ਕਿਹਾ ਜਾ ਸਕਦਾ ਹੈ।
ਹੱਥਲੀ ਪੁਸਤਕ 'ਖ਼ਲੀਲ ਜਿਬਰਾਨ ਦੇ ਰੂਹਾਨੀ ਸੁਖ਼ਨ' ਉਸੇ ਅਨੁਵਾਦ ਦੀ ਅਗਲੀ ਕੜੀ ਹੈ। ਇਕ ਦਾਰਸ਼ਨਿਕ, ਸਮਾਜਿਕ ਤੇ ਧਾਰਮਿਕ ਖੇਤਰ ਵਿਚ ਪੈਗੰਬਰ ਦੇ ਤੌਰ 'ਤੇ ਜਾਣਿਆ ਜਾਂਦਾ ਨਾਂਅ ਖ਼ਲੀਲ ਜਿਬਰਾਨ, ਜੋ ਅਮਰੀਕਾ ਵਿਚ ਬਹੁਤ ਹੀ ਪ੍ਰਸਿੱਧ ਹੋਇਆ, ਆਪਣੀਆਂ ਉੱਚ-ਪਾਏ ਦੀਆਂ ਰਚਨਾਵਾਂ ਸਦਕਾ, ਨੂੰ ਪੰਜਾਬੀ ਪਾਠਕਾਂ ਨਾਲ ਜੋੜਨ ਦਾ ਵੀ ਉਪਰਾਲਾ ਕੀਤਾ ਗਿਆ ਸਾਡੇ ਮਹਾਨ ਸਾਹਿਤਕਾਰਾਂ ਡਾ: ਹਰਿਭਜਨ ਸਿੰਘ, ਅੰਮ੍ਰਿਤਾ ਪ੍ਰੀਤਮ, ਸੁਰਿੰਦਰ ਸਿੰਘ ਨਰੂਲਾ ਵੱਲੋ। ਬਹੁਤ ਪਹਿਲਾਂ ਸੁਰਿੰਦਰ ਕੌਰ ਨੇ ਵੀ ਉਸ ਦੀਆਂ ਕੁਝ ਪੁਸਤਕਾਂ ਅਨੁਵਾਦ ਕੀਤੀਆਂ ਪੰਜਾਬੀ ਵਿਚ। ਡਾ: ਜਗਦੀਸ਼ ਕੌਰ ਵਾਡੀਆਂ ਨੇ ਖ਼ਲੀਲ ਜਿਬਰਾਨ ਦੀਆਂ ਲਗਭਗ ਸਾਰੀਆਂ (18 ਪੁਸਤਕਾਂ) ਪੁਸਤਕਾਂ ਅਨੁਵਾਦ ਕਰਕੇ ਪੰਜਾਬੀ ਪਾਠਕਾਂ ਨਾਲ ਉਸ ਦੀ ਵਿਚਾਰਧਾਰਕ ਸਾਂਝ ਪੁਆਈ। ਡਾ: ਗੁਰਮੁਖ ਸਿੰਘ ਦਾ ਵੀ ਇਸ ਖੇਤਰ ਵਿਚ ਬਹੁਤ ਵੱਡਾ ਯੋਗਦਾਨ ਹੈ। 'ਹੰਝੂ ਤੇ ਮੁਸਕਾਨ', ਘਾਟੀ ਦੀਆਂ ਪਰੀਆਂ ਤੇ ਅਵਾਰਾ ਅਤੇ ਰੇਤ ਦੇ ਯੁੱਗ' ਉਪਰੰਤ ਇਹ ਪੁਸਤਕ ਪਾਠਕਾਂ ਨੂੰ ਬਹੁਤ ਉੱਚਪਾਏ ਦਾ ਸੁਨੇਹਾ ਦਿੰਦੀ ਹੈ। ਮਿਸਾਲ ਵਜੋਂ-
'ਜਿਉਂ ਜਿਉਂ ਕਿਸੇ ਦੀਆਂ ਸੁਗਾਤਾਂ ਵਧਦੀਆਂ ਜਾਂਦੀਆਂ ਹਨ, ਉਸ ਦੇ ਦੋਸਤ ਘਟਦੇ ਜਾਂਦੇ ਹਨ।'
ਜਾਂ
'ਆਪਣੇ ਸੁਪਨਿਆਂ ਦੀ ਸੋਨੇ ਚਾਂਦੀ ਦੇ ਰੂਪ ਵਿਚ ਵਿਆਖਿਆ ਕਰਨ ਵਾਲਾ ਬੰਦਾ ਇਸ ਤੋਂ ਨੀਵਾਂ ਨਹੀਂ ਜਾ ਸਕਦਾ।'
ਜਾਂ
'ਵਿੱਦਿਆ ਤੁਹਾਡੇ ਅੰਦਰ ਬੀਜ ਨਹੀਂ ਬੀਜਦੀ, ਉਹ ਤੁਹਾਡੇ ਬੀਜਾਂ ਨੂੰ ਉਗਾਉਂਦੀ ਹੈ।'
ਆਦਿ ਅਨੇਕਾਂ ਅਜਿਹੇ ਵਿਚਾਰ ਹਨ ਜੋ ਇਕ ਪੈਗੰਬਰ ਦੀ ਵਿਚਾਰਧਾਰਾ ਨੂੰ ਉਭਾਰ ਕੇ ਪਾਠਕਾਂ ਸਾਹਵੇਂ ਲਿਆਉਂਦੇ ਹਨ ਅਤੇ ਰਾਹ ਦਿਸੇਰਾ ਸਾਬਤ ਹੋਏ ਹਨ। ਇਸ ਤੋਂ ਇਲਾਵਾ ਪੁਸਤਕ ਵਿਚ ਕੁਝ ਕਹਾਣੀਆਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ ਜੋ ਧਰਮ, ਸਾਹਿਤ, ਸਿਆਸਤ ਤੇ ਪਿਆਰ ਨਾਲ ਸਬੰਧਤ ਹਨ।
ਡਾ: ਗੁਰਮੁਖ ਸਿੰਘ ਨੇ ਆਪਣੇ-ਆਪ ਨੂੰ ਇਕ ਸਫਲ ਅਨੁਵਾਦਕ ਵਜੋਂ ਵੀ ਸਥਾਪਿਤ ਕਰ ਲਿਆ ਹੈ, ਮੌਲਿਕ ਲੇਖਕ ਤਾਂ ਉਹ ਹੈ ਹੀ। ਸ਼ਬਦਾਵਲੀ ਅਮੀਰ, ਭਾਵਪੂਰਤ ਤੇ ਢੁਕਵੀਂ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298

ਪਿਕਵਿਕ ਦਸਤਾਵੇਜ਼
(ਡਿਕਨਜ਼ ਦੇ ਪਿਕਵਿਕ ਪੇਪਰਜ਼ ਦਾ ਅਨੁਵਾਦ)
ਅਨੁ: ਪ੍ਰੋ: ਅਛਰੂ ਸਿੰਘ
ਪ੍ਰਕਾਸ਼ਕ : ਜ਼ੋਹਰਾ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 150 ਰੁਪਏ, ਸਫ਼ੇ :116.

1812 ਤੋਂ 1870 ਤੱਕ ਇਸ ਧਰਤੀ ਉਤੇ ਵਿਚਰੇ ਚਾਰਲਸ ਡਿਕਨਜ਼ ਦਾ ਅੰਗਰੇਜ਼ੀ ਨਾਵਲ ਵਿਚ ਵੱਡਾ ਨਾਂਅ ਹੈ। ਪਿਕਵਿਕ ਪੇਪਰਜ਼ ਉਸ ਦਾ ਪਹਿਲਾ ਨਾਵਲ ਹੈ ਜੋ 1837 ਵਿਚ ਲਿਖਿਆ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੇ ਆਖਰੀ 15-20 ਸਾਲ ਦੇ ਸਮੇਂ ਦੇ ਇੰਗਲੈਂਡ ਦੇ ਪਰਿਵਾਰਕ/ਸਮਾਜਿਕ ਜੀਵਨ ਦਾ ਦਸਤਵਾਜ਼ੇ ਹੈ ਇਹ ਨਾਵਲ। ਉਦੋਂ ਦੇ ਨਿਆਂ ਪ੍ਰਬੰਧ, ਜੇਲ੍ਹਾਂ, ਅਦਾਲਤਾਂ, ਕਲੱਬਾਂ, ਮਨੋਰੰਜਨ, ਲੋਕਾਂ ਦੇ ਰੁਝੇਵੇਂ, ਹਾਸਾ ਠੱਠਾ, ਦੋਸਤੀਆਂ, ਸਮਾਜਿਕ ਪਰਿਵਾਰਕ ਰਿਸ਼ਤੇ, ਆਵਾਜਾਈ ਦੇ ਪ੍ਰਬੰਧ, ਲੈਣ-ਦੇਣ, ਖਾਣ-ਪੀਣ, ਪਹਿਣ ਪੱਚਰਣ ਬਾਰੇ ਨਿੱਕੇ-ਨਿੱਕੇ ਵੇਰਵੇ ਇਸ ਰਚਨਾ ਵਿਚ ਪ੍ਰਾਪਤ ਹਨ। ਇਸ ਦਾ ਅਨੁਵਾਦ ਤਜਰਬਾਕਾਰ ਅਨੁਵਾਦਕ ਪ੍ਰੋ: ਅਛਰੂ ਸਿੰਘ ਨੇ ਕੀਤਾ ਹੈ। ਹਲਕੇ-ਫੁਲਕੇ ਹਾਸਰਸ ਦਾ ਛੱਟਾ ਇਸ ਨਾਵਲ ਦੇ ਹਰ ਪੰਨੇ ਉਤੇ ਹੈ। ਪਿਕਵਿਕ ਇਸ ਦਾ ਮੁੱਖ ਪਾਤਰ ਹੈ। ਘੁੰਮਕੜ ਤੇ ਸ਼ੁਹਰਤ ਲਈ ਤਿਕੜਮਬਾਜ਼ੀ ਕਰਨ ਦਾ ਸ਼ੌਕੀਨ ਹੈ ਉਹ। ਦੋਸਤ ਨਿਵਾਜ਼, ਅਸੂਲ-ਪ੍ਰਸਤ ਤੇ ਦਇਆਵਾਨ। ਉਦਾਰਚਿਤ ਅਤੇ ਨਵੇਂ ਰਾਹਾਂ ਦਾ ਪਾਂਧੀ। ਨਵੀਆਂ ਵੰਗਾਰਾਂ ਨਾਲ ਮੱਥਾ ਲਾਣ ਵਾਲਾ। ਟਪਮੈਨ, ਸਨੌਡਗਰਾਸ ਤੇ ਵਿੰਕਲ ਉਸ ਦੇ ਮਿੱਤਰ ਹਨ। ਸੈਮ ਉਸ ਦਾ ਵਫ਼ਾਦਾਰ ਨੌਕਰ ਹੈ। ਕੁਝ ਇਨ੍ਹਾਂ ਦੇ ਸੁਭਾਅ ਤੇ ਕੁਝ ਪ੍ਰਸਥਿਤੀਆਂ ਕਾਰਨ ਵਾਰ-ਵਾਰ ਇਹ ਲੋਕ ਹਾਸੋ-ਹੀਣੀਆਂ ਸਥਿਤੀਆਂ ਦਾ ਸ਼ਿਕਾਰ ਹੁੰਦੇ ਹਨ। ਗ਼ਲਤ ਫਹਿਮੀਆਂ ਨਾਲ ਉਲਝਣਾਂ ਵਧਦੀਆਂ ਹਨ। ਅਦਾਲਤ ਅਤੇ ਜੇਲ੍ਹ ਤੱਕ ਦੀ ਨੌਬਤ ਆਉਂਦੀ ਹੈ। ਅਖੀਰ ਵਿਚ ਸਭ ਕੁਝ ਬੰਬਈਆ ਫ਼ਿਲਮਾਂ ਵਾਂਗ ਸੁਖਾਂਤ ਵਿਚ ਸਮਾਪਤ ਹੋ ਜਾਂਦਾ ਹੈ। ਨੌਕਰ ਸਮੇਤ ਸਭ ਨੂੰ ਸੁਖ-ਸੁਵਿਧਾ ਵਾਲਾ ਦੰਪਤੀ ਜੀਵਨ ਨਸੀਬ ਹੋ ਜਾਂਦਾ ਹੈ। ਜੋੜੀਆਂ ਬਣ ਜਾਂਦੀਆਂ ਹਨ। ਬੁਢਾ ਪਿਕਵਿਕ ਟਿਕ ਕੇ ਬਹਿਣ ਦਾ ਫ਼ੈਸਲਾ ਕਰ ਲੈਂਦਾ ਹੈ।
ਪਾਤਰਾਂ ਦੀ ਭੁਲ-ਭੁਲਈਆਂ ਵਿਚ ਪਾਣ ਵਾਲੀ ਵੱਡੀ ਗਿਣਤੀ ਹੈ ਇਸ ਨਾਵਲ ਵਿਚ। ਅਨੁਵਾਦ ਕਾਹਲੀ ਵਿਚ ਪ੍ਰਕਾਸ਼ਿਤ ਲਗਦਾ ਹੈ ਪਰੂਫ਼ ਰੀਡਿੰਗ ਵਿਚ ਗ਼ਲਤੀਆਂ ਕਾਰਨ।

ਸਮਕਾਲੀ ਪੰਜਾਬੀ ਨਾਵਲ : ਸਰੋਕਾਰ ਤੇ ਸੰਦਰਭ
ਲੇਖਕ : ਡਾ: ਰਮਨ ਕੁਮਾਰ ਸ਼ਰਮਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 200.

ਡਾ: ਰਮਨ ਕੁਮਾਰ ਦੀ ਇਹ ਪੁਸਤਕ ਸਮਕਾਲੀ ਪੰਜਾਬੀ ਨਾਵਲ ਦੀ ਗੱਲ ਮਿਤਰ ਸੇਨ ਮੀਤ, ਬਲਦੇਵ ਸਿੰਘ, ਕੇਵਲ ਕਲੋਟੀ ਅਤੇ ਹਰਜੀਤ ਅਟਵਾਲ ਨੂੰ ਆਧਾਰ ਬਣਾ ਕੇ ਕਰਦੀ ਹੈ। ਇਨ੍ਹਾਂ ਆਸਰੇ ਇਹ ਸਮਕਾਲੀ ਨਾਵਲ ਦੀ ਵਸਤੂ, ਵਿਧੀ, ਦ੍ਰਿਸ਼ਟੀ ਨੂੰ ਵਿਸ਼ਲੇਸ਼ਿਤ ਕਰਦੀ ਹੈ। ਸਮਕਾਲ ਦਾ ਮੁੱਖ ਲੱਛਣ ਇਸ ਆਲੋਚਕ ਲਈ ਮਨੁੱਖ ਦਾ ਮੰਡੀ ਕਲਚਰ ਦਾ ਅੰਗ ਬਣਨ ਦੀ ਸਰਾਪੀ ਸਥਿਤੀ ਹੈ। ਖਪਤ ਸੱਭਿਆਚਾਰ, ਭ੍ਰਿਸ਼ਟਾਚਾਰ, ਵਿਭਚਾਰ, ਵਿਸ਼ਵੀਕਰਨ ਦੇ ਨਾਂਅ ਉੱਤੇ ਵਿਕਸਿਤ ਦੇਸ਼ਾਂ ਵੱਲੋਂ ਵਿਕਾਸਸ਼ੀਲ ਦੇਸ਼ਾਂ ਨੂੰ ਅਪਰੋਖ ਕਿਸਮ ਦੀ ਬਸਤੀਵਾਦੀ ਲੁੱਟ ਦਾ ਸ਼ਿਕਾਰ ਬਣਾਉਣ ਦਾ ਯਥਾਰਥ ਹੀ ਸਾਡੇ ਸਮਕਾਲ ਦਾ ਸੱਚ ਹੈ। ਇਸ ਯਥਾਰਥ ਦੇ ਨਾਵਲ ਵਿਚਲੇ ਰੂਪਾਂਤਰਕ ਨੂੰ ਸਮਝਣ ਦਾ ਯਤਨ ਕਰਦੀ ਹੈ ਇਹ ਪੁਸਤਕ। ਯਥਾਰਥ ਦੇ ਸਮਾਜਿਕ ਪਾਠ ਨੂੰ ਨਾਵਲੀ ਪਾਠ ਵਿਚ ਬਦਲਣ ਲਈ ਭਾਸ਼ਾਈ ਤੇ ਕਲਾਤਮਿਕ ਜੁਗਤਾਂ ਦੇ ਨਾਲ-ਨਾਲ ਲੇਖਕਾਂ ਦੀ ਵਿਚਾਰਧਾਰਾਈ ਦ੍ਰਿਸ਼ਟੀ ਵੀ ਕਾਰਜਸ਼ੀਲ ਰਹਿੰਦੀ ਹੈ। ਵਿਸ਼ਲੇਸ਼ਣ ਸਮੇਂ ਆਲੋਚਕ ਦੀ ਆਪਣੀ ਵਿਚਾਰਧਾਰਾਈ ਦ੍ਰਿਸ਼ਟੀ ਅਸਰ ਅੰਦਾਜ਼ ਹੁੰਦੀ ਹੈ। ਪੂੰਜੀਵਾਦੀ ਯੁੱਗ ਦੇ ਮਹਾਂਕਾਵਿ ਵਜੋਂ ਪਰਿਭਾਸ਼ਿਤ ਨਾਵਲ ਦਾ ਪੰਜਾਬੀ ਵਿਚ ਜਨਮ ਪੰਜਾਬ ਉਤੇ ਅੰਗਰੇਜ਼ਾਂ ਦੇ ਕਬਜ਼ੇ ਉਪਰੰਤ ਇਥੇ ਪੱਛਮੀ ਸੱਭਿਆਚਾਰ ਆਰੋਪਿਤ ਕਰਨ ਵਿਰੁੱਧ ਸੱਭਿਆਚਾਰਕ ਪ੍ਰਤਿਊਤਰ ਵਜੋਂ ਹੋਇਆ। 1898 ਵਿਚ 'ਸੁੰਦਰੀ' ਨਾਲ ਜਨਮੇ ਪੰਜਾਬੀ ਨਾਵਲ ਦੇ ਬਦਲਦੇ ਰੰਗ ਰੂਪ ਦੀ 1990 ਤੱਕ ਦੀ ਸੰਖੇਪ ਚਰਚਾ ਉਪਰੰਤ ਇਹ ਅਧਿਐਨ ਨਵੇਂ ਨਾਵਲ ਨਾਲ ਸਾਡੀ ਪਛਾਣ ਕਰਵਾਉਂਦਾ ਹੈ। ਸੰਖੇਪ ਵਿਚ ਡਾ: ਰਮਨ ਦਾ ਨਿਸ਼ਕਰਸ਼ ਹੈ ਕਿ ਮੀਤ ਨੇ ਨਿਆਂ ਤੇ ਕਾਨੂੰਨ ਦੇ ਖੇਤਰ ਵਿਚਲੀ ਭ੍ਰਿਸ਼ਟਤਾ ਤੇ ਅਮਾਨਵੀ ਕਿਰਦਾਰ ਨੂੰ ਚਿਤਰਿਆ ਹੈ। ਬਲਦੇਵ ਸਿੰਘ ਸ਼ੋਸ਼ਕ, ਦਮਨਕਾਰੀ ਸਰਮਾਏਦਾਰੀ ਦੇ ਜਾਲ ਨੂੰ ਤੋੜਨ ਲਈ ਯਤਨਸ਼ੀਲ ਪਾਤਰ ਪੇਸ਼ ਕਰਦਾ ਹੈ। ਅਟਵਾਲ ਪਰਵਾਸੀ ਜੀਵਨ ਦੇ ਬਹੁਪਰਤੀ ਤੇ ਤ੍ਰਾਸਦਿਕ ਯਥਾਰਥ ਨੂੰ ਚਿਤਰਦਾ ਹੈ। ਕਲੋਟੀ ਮੰਡੀ ਕਲਚਰ ਸਿਰਜਣ ਵਾਲੀਆਂ ਸ਼ਕਤੀਆਂ ਉਤੇ ਵਿਅੰਗ ਕਰਦਾ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ : 98722-60550

ਦ੍ਰਿਸ਼ਟੀਕੋਣ
ਕਵੀ : ਡਾ: ਲੇਖ ਰਾਜ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 102.

ਕਾਵਿ-ਸੰਗ੍ਰਹਿ 'ਦ੍ਰਿਸ਼ਟੀਕੋਣ' ਦਾ ਰਿਚੇਤਾ ਡਾ: ਲੇਖ ਰਾਜ ਇਕੋ ਸਮੇਂ ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਵਿਚ ਸਾਹਿਤ ਸਾਧਨਾ ਨਾਲ ਜੁੜਿਆ ਹੋਇਆ ਦਰਜਨ ਤੋਂ ਵੱਧ ਪੁਸਤਕਾਂ ਦਾ ਲੇਖਕ ਹੈ। ਹਥਲੇ ਸੰਗ੍ਰਹਿ ਵਿਚ ਇਸ ਸੁਹਿਰਦ ਲੇਖਕ ਨੇ ਗ਼ਜ਼ਲ, ਕਵਿਤਾ ਅਤੇ ਗੀਤ ਰੂਪਾਕਾਰਾਂ ਜ਼ਰੀਏ ਆਪਣੀ ਕਾਵਿ-ਪ੍ਰਤਿਭਾ ਨੂੰ ਸਥਾਪਿਤ ਕਰਨ ਦਾ ਉਪਰਾਲਾ ਕੀਤਾ ਹੈ। ਡਾ: ਲੇਖ ਰਾਜ ਕੋਲ ਵਿਅਕਤੀ, ਸਮਾਜ, ਦੇਸ਼, ਕੌਮ ਗੱਲ ਕੀ? ਮਾਨਵੀ ਮੁੱਲਾਂ ਦੀਆਂ ਵਿਭਿੰਨ ਅਕਾਂਖਿਆਵਾਂ ਅਤੇ ਸਬੰਧਤ ਰਾਜਨੀਤਕ, ਪ੍ਰਸ਼ਾਸਨਿਕ, ਧਾਰਮਿਕ ਅਤੇ ਨੈਤਿਕ ਕਦਰਾਂ-ਕੀਮਤਾਂ ਦਾ ਡੂੰਘਾ ਅਨੁਭਵ ਹੈ, ਜੋ ਉਸ ਦੀ ਕਾਵਿ-ਪ੍ਰਤਿਭਾ ਨੂੰ ਉਘਾੜਨ ਵਿਚ ਪ੍ਰਿਸ਼ਠ-ਭੂਮੀ ਵਜੋਂ ਵੀ ਉੱਭਰਦਾ ਹੋਇਆ ਪ੍ਰਤੀਤ ਹੁੰਦਾ ਹੈ ਅਤੇ ਸ਼ਾਖਸ਼ਾਤ ਰੂਪ ਵਿਚ ਵੀ ਪ੍ਰਗਟ ਹੁੰਦਾ ਹੋਇਆ ਵੇਖਿਆ ਜਾ ਸਕਦਾ ਹੈ। ਇਸੇ ਅਨੁਭੂਤੀ ਸਦਕਾ ਉਹ ਬੇਬਾਕ ਹੋ ਕੇ ਕਹਿ ਰਿਹਾ ਹੈ ਕਿ-
ਲਹੂ ਲੋਕਾਂ ਦਾ ਪੀਂਦੇ ਜੋ ਵਪਾਰੀ ਆਣ ਵਾਲੇ ਨੇ।
ਬੜੇ ਹਨ ਨਾਗ ਜ਼ਹਿਰੀਲੇ ਪਟਾਰੀ ਪਾਣ ਵਾਲੇ ਨੇ।
ਸਮੇਂ ਦਾ ਸੱਚ, ਹਕੂਮਤ ਦੀ ਆਪੋ-ਧਾਪੀ, ਲੁਟੇਰਾ-ਸ਼ਾਹੀ ਦੁਆਰਾ ਹੁੰਦੀ ਮਾਨਵੀ ਅਧੋਗਤੀ, ਸਮਾਜ-ਸੇਵਾ ਸਿਹਤ ਸੇਵਾਵਾਂ, ਸਿੱਖਿਆ ਪ੍ਰਦਾਨ ਦੀਆਂ ਅਧੂਰੀਆਂ ਸੇਵਾਵਾਂ, ਲੁੱਟ-ਖਸੁੱਟ, ਅਮਨ-ਸ਼ਾਂਤੀ ਨੂੰ ਭੰਗ ਕਰਨ ਵਾਲੀਆਂ ਕੋਹਜ਼ੀਆਂ ਕਰਤੂਤਾਂ, ਚਿੱਟੀਆਂ-ਨੀਲੀਆਂ ਰੰਗਾਂ ਦੀਆਂ ਭੁਲੇਖਾ ਪਾਊ ਜੁਗਤਾਂ, ਗੁੰਮਰਾਹ ਕਰਕੇ ਭੋਲੇ-ਭਾਲੇ ਲੋਕਾਂ ਨੂੰ ਖ਼ਤਮ ਕਰ ਦੇਣ ਦੀਆਂ ਚਾਲਾਂ, ਨੇਤਾਵਾਂ ਦੇ ਝੂਠੇ ਲਾਰੇ, ਇਤਿਆਦਿ ਨੂੰ ਇਸ ਕਵੀ ਨੇ ਬੜੀ ਢੁਕਵੀਂ ਕਾਵਿ-ਭਾਸ਼ਾ 'ਚ ਵਿਅਕਤ ਕੀਤਾ ਹੈ ਅਤੇ ਬੜੇ ਢੁਕਵੇਂ ਬਿੰਬ ਵੀ ਉਭਾਰੇ ਹਨ। ਕਵੀ ਦੀ ਚਿੰਤਾ ਦਾ ਇਕ ਹੋਰ ਪੱਖ ਇਹ ਵੀ ਹੈ ਕਿ-
ਸਕੂਲਾਂ ਨੂੰ ਸਮਝ ਬੈਠੇ ਦੁਕਾਨਾਂ ਤੇ ਖਿਡੌਣੇ ਜੋ,
ਸਮਾਂ ਹਾਲੇ ਵੀ ਹੈ ਉਠ, ਹਾਕਮਾਂ ਨੂੰ ਰੋਕਿਆ ਜਾਵੇ।
ਇਸ ਪ੍ਰੋੜ ਕਵੀ ਦੀ ਕਵਿਤਾ, ਉਹ ਕਾਵਿ-ਪੈਰਾਡਾਇਮ ਵੀ ਨਿਰਧਾਰਿਤ ਕਰਦੀ ਹੈ, ਜੋ ਹੋਰਨਾਂ ਕਵੀਆਂ ਦੀ ਸਿਰਜਣਾ-ਪੱਧਤੀ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰਨ ਵਾਲੇ ਸਰੋਕਾਰਾਂ ਦੀ ਸਿਰਜਣਾ ਵਿਚ ਵੀ ਨਿਹਿਤ ਹੈ। ਕਵੀ ਲਈ ਕਵਿਤਾ ਸਿਰਜਣਾ ਮਹਿਜ ਸਕੂਨ ਭਰਪੂਰ ਕਾਰਜ ਨਹੀਂ ਸਗੋਂ 'ਤੱਤਾ ਲੋਹਾ ਚੱਟਣ' ਜਾਂ 'ਅੱਗ ਦਾ ਦਰਿਆ ਲੰਘਣ/ਪਾਰ ਕਰਨ ਤੁੱਲ' ਵੀ ਹੈ। ਕਵਿਤਾ 'ਮੁਆਫ਼ ਕਰੀਂ', 'ਜ਼ਿੰਦਗੀ ਦੇ ਉਤਾਰ-ਚੜ੍ਹਾਅ', ਤਾਰਿਆਂ ਦੀ ਗੱਲ, ਮਨੁੱਖ ਤੇ ਰੱਬ, ਉਸ ਦੇ ਆਉਣ 'ਤੇ, ਵੇਖ ਲਏ ਰਸਤੇ ਜਿਨ੍ਹਾਂ ਦੇ, ਮੁਰਦੇ ਦੀ ਗਾਥਾ, ਜ਼ਿੰਦਗੀ, ਕਰਜ਼ਾ ਨਿਪਟ ਗਿਆ ਆਦਿ ਅਜਿਹੀਆਂ ਕਵਿਤਾਵਾਂ ਹਨ, ਜਿਨ੍ਹਾਂ 'ਚ ਮਾਨਵੀ ਸਰੋਕਾਰਾਂ ਦਾ ਆਲੋਚਨਾਤਮਿਕ ਦ੍ਰਿਸ਼ਟੀ ਤੋਂ ਵਿਵੇਚਨ ਕੀਤਾ ਗਿਆ ਹੈ। ਇਸੇ ਤਰ੍ਹਾਂ ਗੀਤਾਂ ਵਿਚ ਮਿਲਾਪ-ਵਿਛੋੜੇ 'ਚੋਂ ਉਪਜੇ ਵਿਰਾਗ ਅਤੇ ਪ੍ਰੇਮ-ਉਮਾਹ ਨੂੰ ਰਸਕਤਾ ਭਰਪੂਰ ਬੋਲਾਂ ਜ਼ਰੀਏ ਪੇਸ਼ ਕੀਤਾ ਗਿਆ ਹੈ। ਸਮੁੱਚਾ ਕਾਵਿ-ਸੰਗ੍ਰਹਿ ਮਾਖਿਉਂ ਮਿੱਠੀ ਬੋਲੀ 'ਚ ਹੋਣ ਸਦਕਾ, ਪੜ੍ਹਨਯੋਗ ਹੈ।

-ਡਾ: ਜਗੀਰ ਸਿੰਘ ਨੂਰ
ਮੋ: 98142-09732.

ਆਸ ਅਜੇ ਬਾਕੀ ਹੈ
ਕਹਾਣੀਕਾਰ : ਸਿਮਰਨ ਧਾਲੀਵਾਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 96.

ਕੁੱਲ 96 ਸਫ਼ਿਆਂ ਦੀ ਇਸ ਪੁਸਤਕ ਦੇ ਪੰਨਾ ਨੰ: 18 ਤੋਂ ਕਹਾਣੀਆਂ ਸ਼ੁਰੂ ਹੁੰਦੀਆਂ ਹਨ, ਜੋ ਗਿਣਤੀ ਵਿਚ 9 ਹਨ। ਪਹਿਲੇ 17 ਸਫ਼ਿਆਂ 'ਚੋਂ ਬਹੁਤੇ ਸਫ਼ਿਆਂ 'ਤੇ ਲੇਖਕ ਸਣੇ ਕੁੱਲ 15 ਸੂਝਵਾਨਾਂ ਦੇ ਲੇਖਕ ਦੀਆਂ ਕਹਾਣੀਆਂ ਬਾਰੇ ਵਿਚਾਰ ਦਰਜ ਹਨ। ਐਨੇ ਸਾਰੇ ਸਿਆਣੇ ਸੱਜਣਾਂ ਦੀ ਰਾਏ ਤੋਂ ਬਾਅਦ ਭਾਵੇਂ ਬਹੁਤਾ ਕੁਝ ਕਹਿਣ ਲਈ ਨਹੀਂ ਬਚਦਾ ਫਿਰ ਵੀ ਰੀਵਿਊ ਦੀ ਦ੍ਰਿਸ਼ਟੀ ਤੋਂ ਇਨ੍ਹਾਂ ਕਥਾ ਰਚਨਾਵਾਂ ਬਾਰੇ ਕੁਝ ਵਿਚਾਰ ਸਾਂਝੇ ਕੀਤੇ ਜਾਂਦੇ ਹਨ।
ਪਹਿਲੀ ਕਹਾਣੀ 'ਘੁੰਮਣ ਘੇਰੀਆਂ' ਜ਼ਮੀਨ ਦੀ ਬਜਾਏ ਜ਼ਮੀਰ ਲਈ ਲੜਨ ਦਾ ਸੰਦੇਸ਼ ਸਿਰਜਦੀ ਹੈ। ਸਾਡੀ ਜਾਚੇ ਇਸ ਕਹਾਣੀ ਦਾ ਨਾਂਅ 'ਸਰਪੰਚ ਦੀਆਂ ਘੁੰਮਣ ਘੇਰੀਆਂ' ਚਾਹੀਦਾ ਸੀ। 'ਮੈਂ, ਨਾਟਕ ਤੇ ਜ਼ਿੰਦਗੀ' ਇਸ ਕਿਤਾਬ ਵਿਚ ਸਾਨੂੰ ਸਭ ਤੋਂ ਸੂਖਮ ਤੇ ਸੁਹਜਾਤਮਿਕ ਕਹਾਣੀ ਲੱਗੀ ਹੈ। ਇਸ ਕਹਾਣੀ ਵਿਚਲਾ ਡਾ: ਗੁਰਵਿੰਦਰ (ਗੈਰੀ) ਨਵਜੀਤ ਤੇ ਨਰਿੰਦਰ ਵਿਚਕਾਰ ਚਲਦਾ ਨਾਟਕ ਮਜਬੂਰੀ ਵਾਲਾ ਹੈ। ਦਰਅਸਲ ਸਰੀਰਾਂ 'ਤੇ ਹਾਵੀ ਹੋਏ ਮਨ, ਸਰੀਰਾਂ ਤੋਂ ਕਈ ਵਾਰੀ ਸਮਾਜਿਕ ਮਾਣ-ਮਰਯਾਦਾ ਦੀਆਂ ਕੰਧਾਂ ਬਦੋਬਦੀ ਟਪਾ ਦਿੰਦੇ ਹਨ। ਕੰਧਾਂ ਦੇ ਅਗਲੇ ਪਾਸੇ ਉਤਾਰਾ ਕਿਹੋ ਜਿਹਾ ਹੋਵੇਗਾ, ਉਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪਿਓ ਆਪਣੇ ਪੁੱਤਰ ਤੋਂ ਜਿਸ ਤਰੱਕੀ ਜਾਂ ਨੌਕਰੀ ਦੀ ਆਸ ਰੱਖਦਾ ਹੈ, ਉਹ ਪੂਰੀ ਨਹੀਂ ਹੁੰਦੀ ਤਾਂ ਉਹੀ ਆਸ ਪੁੱਤਰ ਅੱਗੋਂ ਸਮਾਂ ਆਉਣ 'ਤੇ ਆਪਣੇ ਪੁੱਤਰ 'ਤੇ ਰੱਖ ਲੈਂਦਾ ਹੈ। ਇੰਝ ਆਸ ਦਾ ਇਹ ਸਫਰ ਨਿਰੰਤਰ ਜਾਰੀ ਰਹਿੰਦਾ ਹੈ ਪਰ ਵਿਚ-ਵਿਚਾਲੇ ਜੋ ਉਤਰਾਅ-ਚੜਾਅ ਆਉਂਦੇ ਹਨ, ਉਨ੍ਹਾਂ ਦੇ ਕੁਝ ਅੰਸ਼ ਪੁਸਤਕ ਦੇ ਨਾਂਅ ਵਾਲੀ ਕਹਾਣੀ 'ਆਸ ਅਜੇ ਬਾਕੀ ਹੈ' ਵਿਚੋਂ ਪੜ੍ਹੇ-ਸਮਝੇ ਜਾ ਸਕਦੇ ਹਨ। ਇਸ ਕਹਾਣੀ ਵਿਚ 'ਸਾਲਾ' ਸ਼ਬਦ ਦੀ ਵਰਤੋਂ ਕਈ ਰੂਪਾਂ 'ਚ ਹੋਈ ਮਿਲਦੀ ਹੈ। ਵੰਨਗੀ ਵੇਖੋ:
-'ਸਾਲਾ ਸਵੇਰੇ ਸਵੇਰੇ ਉਸ ਕਾਲੇ ਕਾਂ ਜਗਦੀਸ਼ ਅਟਵਾਲ ਦੇ ਮੱਥੇ ਲੱਗਣਾ ਪੈਂਦਾ। ਬਹੁਤ ਗੁੱਸਾ ਚੜ੍ਹਦਾ ਸਾਲੇ 'ਤੇ...। -(ਪੰਨਾ 42)
-'ਮੇਰਾ ਜੀਅ ਕੀਤਾ ਸੀ ਕਿ ਅਟਵਾਲ ਨੂੰ ਲੰਮਾ ਪਾ ਲਵਾਂ ਤੇ ਕਹਾਂ 'ਆ ਦੇਖ ਲੈ ਸਾਲਿਆ। ਮੈਂ ਸਰਦਾਰ ਗੁਰਵਿੰਦਰ ਸਿੰਘ। ਸੰਧੂਆਂ ਦਾ ਕਾਕਾ....।' -(ਪੰਨਾ 43)
'ਪੱਟੀ ਤੋਂ ਪਟਿਆਲਾ ਵਾਇਆ ਬੁੱਘੀਪੁਰਾ' ਕਹਾਣੀ 'ਚ ਦਲੇਰ ਸਿੰਘ ਜੁਗਤੀ ਨਾਂਅ ਦੇ ਪਾਤਰ ਦੀ ਮਾਨਸਿਕ ਗੁੰਝਲ ਨੂੰ ਸੁਚੱਜੇ ਢੰਗ ਨਾਲ ਸਿਰਜਿਆ ਗਿਆ ਹੈ। ਅਸਲ ਜ਼ਿੰਦਗੀ 'ਚ ਮਿਲਖਾ ਸਿੰਘ ਕਾਨੂੰਨੀ ਜਿਹੇ ਬੰਦਿਆਂ ਵੱਲੋਂ ਰਪਟ ਲਿਖਾਉਣ ਵੇਲੇ ਸੁਣਾਈ ਲੰਮੀ ਵਿਥਿਆ ਸੁਣਨ ਦਾ ਮੁਲਾਜ਼ਮਾਂ ਕੋਲ ਸਮਾਂ ਘੱਟ ਹੀ ਹੁੰਦਾ ਹੈ। ਫਿਰ ਵੀ ਵਿਸ਼ਵ ਪਿੰਡ ਬਣਾਉਣ ਦੀ ਆੜ 'ਚ ਹੋ ਰਹੇ ਨੁਕਸਾਨ ਦੀ ਕਾਫੀ ਹੱਦ ਤੱਕ ਅਪ੍ਰਤੱਖ ਨਿਸ਼ਾਨਦੇਹੀ ਕਰਦੀ ਹੈ ਕਹਾਣੀ 'ਕੇਂਦਰ ਬਿੰਦੂ।' 'ਰੂਪ ਤੂੰ ਨਾ ਜਾਹ' ਕਹਾਣੀ ਦਾ ਸਿਰਲੇਖ ਵੀ ਸੋਧਣਯੋਗ ਹੈ। ਕਹਾਣੀ ਵਿਚ ਜੇ. ਡੀ. ਤੇ ਬੱਲਪ੍ਰੀਤ ਨਾਂਅ ਦੇ ਪਾਤਰ ਵੀ ਹਨ। ਰੂਪ ਦਾ ਦਾਇਰਾ ਸਮਲਿੰਗਕਤਾ ਵਾਲਾ ਹੈ। ਕਾਮ ਪੂਰਤੀ ਇਸ ਕਹਾਣੀ ਦਾ ਕੇਂਦਰੀ ਵਸਤੂ ਹੈ। ਬੇਇਮਾਨ ਡਾਕਟਰਾਂ ਦੀ ਅਸਲੀਅਤ ਦਰਸਾਉਂਦੀ ਹੈ ਕਹਾਣੀ 'ਭੇਦਵਾਲੀ ਗੱਲ', 'ਲਾਲ ਚੂੜੀਆਂ' ਕਹਾਣੀ ਤਾਂ ਠੀਕ ਹੈ ਪਰ ਇਸ ਵਿਚਲੇ ਉਪ ਸਿਰਲੇਖ ਰਵਾਨਗੀ ਲਈ ਵਿਘਨਕਾਰੀ ਹਨ। 'ਅਧੂਰੀ ਕਹਾਣੀ ਤੇ 'ਉਹ' ਅਧੂਰੇ ਪਿਆਰ ਦੀ ਦਾਸਤਾਨ ਆਖੀ ਜਾ ਸਕਦੀ ਹੈ। ਬਹੁਤਾ ਕਰਕੇ ਇਸ ਕਿਤਾਬ ਵਿਚਲੀਆਂ ਕਹਾਣੀਆਂ, ਮਨੋਵਿਗਿਆਨਕ ਧਰਾਤਲ 'ਤੇ ਲਿਖੀਆਂ ਗਈਆਂ ਪ੍ਰਤੀਤ ਹੁੰਦੀਆਂ ਹਨ। ਲਿਖਾਰੀ ਗੱਲ 'ਚੋਂ ਗੱਲ ਕੱਢਦਾ ਕੱਢਦਾ ਗੱਲ ਸਿਰੇ ਲਾ ਦਿੰਦਾ ਹੈ। ਪ੍ਰਕਾਸ਼ਨ ਪੱਖੋਂ ਇਨ੍ਹਾਂ ਕਹਾਣੀਆਂ 'ਚ ਪਰੂਫ਼ ਰੀਡਿੰਗ ਦੀਆਂ ਕੁਝ ਗ਼ਲਤੀਆਂ ਹਨ, ਜਿਨ੍ਹਾਂ ਦੀ ਸੁਧਾਈ ਅਗਲੇ ਐਡੀਸ਼ਨਾਂ 'ਚ ਸੰਭਵ ਹੈ।

-ਹਰਮੀਤ ਸਿੰਘ ਅਟਵਾਲ
ਮੋ: 98155-05287

 

ਪੰਜਾਬੀ ਗਾਇਕੀ : ਵਿਭਿੰਨ ਪਾਸਾਰ
ਲੇਖਕਾ : ਹਰਿੰਦਰ ਕੌਰ ਸੋਹਲ
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ
ਮੁੱਲ : 650 ਰੁਪਏ, ਸਫ਼ੇ : 304.

ਡਾ: ਹਰਿੰਦਰ ਕੌਰ ਸੋਹਲ ਨੇ ਡਾ: ਗੁਰਮੀਤ ਸਿੰਘ ਦੀ ਯੋਗ ਰਹਿਨੁਮਾਈ ਅਧੀਨ ਪੰਜਾਬੀ ਗਾਇਕੀ ਨਾਲ ਸਬੰਧਤ ਵਿਭਿੰਨ ਪਾਸਾਰਾਂ ਬਾਰੇ ਬੜਾ ਮਹੱਤਵਪੂਰਨ ਖੋਜ-ਕਾਰਜ ਕੀਤਾ ਹੈ ਅਤੇ ਹਥਲੀ ਪੁਸਤਕ ਉਸੇ ਖੋਜ ਕਾਰਜ ਦਾ ਸੋਧਿਆ-ਸੰਵਾਰਿਆ ਪ੍ਰਕਾਸ਼ਿਤ ਰੂਪ ਹੈ। ਭਾਵੇਂ ਮੇਰੀ ਪਹਿਲੀ ਇੱਛਾ ਤਾਂ ਇਸ ਖੋਜ-ਕਾਰਜ ਨੂੰ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਦੇਖਣ ਦੀ ਸੀ ਪ੍ਰੰਤੂ ਸਾਡੇ ਪਰਮ ਮਿੱਤਰ ਕੁਲਬੀਰ ਸਿੰਘ ਸੂਰੀ ਨੇ ਇਸ ਕਾਰਜ ਨੂੰ ਅਤਿਅੰਤ ਸੁੰਦਰ ਰੂਪ ਵਿਚ ਪ੍ਰਕਾਸ਼ਿਤ ਕਰਕੇ ਮੇਰਾ ਮਨ ਮੋਹ ਲਿਆ ਹੈ। ਏਨੀ ਸੁੰਦਰ ਪ੍ਰੋਡਕਸ਼ਨ ਲਈ ਮੈਂ ਉਸ ਨੂੰ ਹਾਦਰਿਕ ਸ਼ੁੱਭ ਕਾਮਨਾਵਾਂ ਭੇਟ ਕਰਦਾ ਹਾਂ। ਬੀਬਾ ਹਰਿੰਦਰ ਨੇ ਆਪਣੇ ਇਸ ਖੋਜ ਕਾਰਜ ਨੂੰ ਚਾਰ ਖੰਡਾਂ ਵਿਚ ਵਿਉਂਤਬਧ ਕੀਤਾ ਹੈ: 1. ਗਾਇਕੀ : ਪਰਿਭਾਸ਼ਾ ਅਤੇ ਪ੍ਰਕਿਰਤੀ (ਗਾਇਕੀ ਅਤੇ ਸੰਗੀਤ, ਗਾਇਕੀ ਦੇ ਪ੍ਰਮੁੱਖ ਤੱਤ, ਸ਼ਾਸਤਰੀ ਅਤੇ ਲੋਕ ਗਾਇਕੀ, ਸੰਗੀਤ ਘਰਾਣੇ ਆਦਿ), 2. ਪੰਜਾਬੀ ਗਾਇਕੀ : ਵਰਗੀਕਰਣ ਅਤੇ ਵਿਸ਼ਲੇਸ਼ਣ (ਪੰਜਾਬੀ ਗਾਇਕੀ ਦੀਆਂ ਪ੍ਰਮੁੱਖ ਵੰਨਗੀਆਂ ਢਾਡੀ, ਕਵੀਸ਼ਰ, ਮਿਰਾਸੀ, ਖੁਸਰੇ ਆਦਿਕ; ਪੰਜਾਬੀ ਲੋਕ ਗਾਇਕੀ ਨਾਲ ਸਬੰਧਤ ਪ੍ਰਮੁੱਖ ਰੂਪਾਕਾਰ ਜੁਗਨੀ, ਢੋਲਾ, ਮਾਹੀਆ, ਪੱਤਲ, ਸਿੱਠਣੀਆਂ, ਘੋੜੀਆਂ ਆਦਿਕ(, 3. ਪੰਜਾਬੀ ਲੋਕ ਗਾਇਕੀ ਨਾਲ ਸਬੰਧਤ ਵਿਭਿੰਨ ਸਾਜ਼ ਢੋਲ, ਤਬਲਾ, ਤੂੰਬਾ, ਸਿਤਾਰ, ਸ਼ਹਿਨਾਈ, ਸੰਖ, ਕਾਟੋ, ਸੱਪ, ਚਿਮਟਾ, ਬੰਸਰੀ ਆਦਿਕ), 4. ਪੰਜਾਬੀ ਗਾਇਕੀ ਦਾ ਬਦਲਦਾ ਮੁਹਾਂਦਰਾ (ਨਵੇਂ ਸੰਚਾਰ ਮਾਧਿਅਮ, ਗ੍ਰਾਮੋਫੋਨ, ਕੈਸੇਟ, ਰੇਡੀਓ, ਸੀ.ਡੀ., ਟੀ.ਵੀ., ਇੰਟਰਨੈੱਟ ਅਤੇ ਮੋਬਾਈਲ ਆਦਿਕ) ਆਪਣੇ ਖੋਜ-ਕਾਰਜ ਨੂੰ ਮੁਕੰਮਲ ਕਰਨ ਲਈ ਖੋਜਕਰਤਾ ਨੇ ਬਹੁਤ ਸਾਰਾ ਫੀਲਡ-ਵਰਕ ਵੀ ਕੀਤਾ ਹੈ ਜੋ ਉਸ ਦੀ ਜਗਿਆਸਾ ਅਤੇ ਨਿਸ਼ਠਾ ਦਾ ਮੂੰਹ-ਬੋਲਦਾ ਸਬੂਤ ਹੈ। ਉਸ ਨੇ ਗਾਇਕੀ, ਸਮਾਜ-ਸ਼ਾਸਤਰ, ਲੋਕਯਾਨ, ਪੱਛਮੀ ਸੰਗੀਤ ਅਤੇ ਮਾਸ-ਮੀਡੀਆ ਨਾਲ ਸਬੰਧਤ ਬਹੁਤ ਸਾਰੀਆਂ ਪ੍ਰਕਾਸ਼ਿਤ ਪੁਸਤਕਾਂ ਦਾ ਵੀ ਗੰਭੀਰ ਅਧਿਐਨ ਕੀਤਾ ਹੈ। ਇਸ ਪੁਸਤਕ ਵਿਚ ਪੰਜਾਬੀ ਗਾਇਕਾਂ-ਗਾਇਕਾਵਾਂ, ਸੰਗੀਤਕ ਉਪਕਰਣਾਂ (ਸਾਜ਼ਾਂ) ਅਤੇ ਗਾਇਕੀ ਨਾਲ ਸਬੰਧਤ ਵਿਭਿੰਨ ਜਾਤੀਆਂ ਦੇ ਲੋਕਾਂ ਦੇ ਰੰਗੀਨ ਚਿੱਤਰ ਵੀ ਦਿੱਤੇ ਗਏ ਹਨ, ਜੋ ਇਸ ਪੁਸਤਕ ਦੇ ਮਹੱਤਵ ਅਤੇ ਸ਼ੋਭਾ ਵਿਚ ਬੇਹੱਦ ਵਾਧਾ ਕਰਦੇ ਹਨ। ਇਹ ਪੁਸਤਕ ਪੰਜਾਬ ਦੇ ਮੁਮਤਾਜ਼ ਗਾਇਕ ਗੁਰਦਾਸ ਮਾਨ ਨੂੰ ਸਮਰਪਿਤ ਹੈ, ਇਸ ਕਾਰਨ ਇਕ ਪੂਰੇ ਪੰਨੇ ਉੱਪਰ ਉਸ ਦੇ ਵੀ 12-13 ਪੋਜ਼ ਵੇਖੇ ਜਾ ਸਕਦੇ ਹਨ। ਇਹ ਇਕ ਸ੍ਰੋਤ-ਪੁਸਤਕ ਹੈ ਅਤੇ ਹਰ ਯੂਨੀਵਰਸਿਟੀ, ਕਾਲਜ, ਸਕੂਲ ਅਤੇ ਨਿੱਜੀ ਲਾਇਬਰੇਰੀ ਵਿਚ ਇਸ ਪੁਸਤਕ ਦੀ ਘੱਟੋ-ਘੱਟ ਇਕ ਕਾਪੀ ਜ਼ਰੂਰ ਹੋਣੀ ਚਾਹੀਦੀ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ : 98760-52136

ਜ਼ਿੰਦਗੀ ਦੇ ਹਰਫ਼
ਲੇਖਕ : ਓਮ ਪ੍ਰਕਾਸ਼ ਗਾਸੋ
ਪ੍ਰਕਾਸ਼ਕ : ਮਿੱਤਰ ਮੰਡਲ ਪ੍ਰਕਾਸ਼ਨ, ਬਰਨਾਲਾ
ਮੁੱਲ : 40 ਰੁਪਏ, ਸਫ਼ੇ : 104.

ਓਮ ਪ੍ਰਕਾਸ਼ ਗਾਸੋ ਪੰਜਾਬੀ ਦਾ ਸਥਾਪਤ ਨਾਵਲਕਾਰ ਹੈ। ਹੁਣ ਤੱਕ ਦੋ ਦਰਜਨ ਨਾਵਲਾਂ ਦੀ ਸਿਰਜਣਾ ਕਰ ਚੁੱਕਾ ਹੈ। ਹਥਲੀ ਪੁਸਤਕ ਨਿਬੰਧਾਂ ਦੀ ਹੈ, ਜਿਸ ਵਿਚ ਵੰਨ-ਸੁਵੰਨੇ ਵਿਸ਼ਿਆਂ ਨਾਲ ਸਬੰਧਤ ਕਾਫੀ ਵੱਡੀ ਗਿਣਤੀ ਵਿਚ ਨਿਬੰਧ ਹਨ। ਲੇਖਕ ਬੜੇ ਸੰਖੇਪ ਅਤੇ ਭਾਵ-ਪੂਰਤ ਲੇਖਾਂ ਰਾਹੀਂ ਅਨੇਕਾਂ ਸ਼ੰਕੇ/ਸਵਾਲ ਪਾਠਕਾਂ ਨਾਲ ਸਾਂਝੇ ਕਰਦਾ ਹੈ। ਨਿਬੰਧ ਵਾਰਤਕ ਦਾ ਅਜਿਹਾ ਰੂਪ ਹੁੰਦਾ, ਜਿਸ ਵਿਚ ਖਿਆਲ ਤੇ ਭਾਵ ਨਿੱਜੀ ਛੁਹ ਵਾਲੀ ਗਦ-ਸ਼ੈਲੀ ਵਿਚ ਰਚੇ ਹੁੰਦੇ ਹਨ। ਲੇਖਕ ਆਪਣੇ ਭਾਵਾਂ ਤੇ ਵਿਚਾਰਾਂ ਦਾ ਖੁੱਲਾ ਪ੍ਰਗਟਾਵਾ ਇਸ ਸਾਹਿਤ-ਰੂਪ ਰਾਹੀਂ ਕਰਦਾ ਹੈ। ਇਨ੍ਹਾਂ ਚੌਂਤੀ ਲੇਖਾਂ ਰਾਹੀਂ ਓਮ ਪ੍ਰਕਾਸ਼ ਗਾਸੋ ਨੇ ਮਨੁੱਖੀ ਆਚਰਣ ਵਿਚ ਆ ਰਹੇ ਨਿਘਾਰ, ਕਦਰਾਂ-ਕੀਮਤਾਂ ਦੇ ਹੋ ਰਹੇ ਘਾਣ, ਘਟੀਆ ਰਾਜਨੀਤੀ, ਪ੍ਰਕਿਰਤੀ ਵਿਚ ਆ ਰਹੀ ਤਬਦੀਲੀ, ਆਜ਼ਾਦੀ ਦੇ ਸੰਕਲਪ, ਵਿਚਾਰਧਾਰਾ ਦੀ ਪ੍ਰਤਿਬੱਧਤਾ, ਸਾਹਿਤ ਦਾ ਮਕਸਦ, ਅਧਿਆਪਕ ਅਤੇ ਅਧਿਆਪਨ ਆਦਿ ਮਸਲਿਆਂ ਉਪਰ ਆਪਣੀਆਂ ਚਿੰਤਾਵਾਂ ਪ੍ਰਗਟ ਕੀਤੀਆਂ ਹਨ। ਬੜੇ ਸੰਖੇਪ ਅਤੇ ਸੰਜਮ ਨਾਲ ਇਨ੍ਹਾਂ ਨਿਬੰਧਾਂ ਦੀ ਰਚਨਾ ਕੀਤੀ ਹੈ। ਸ਼ੈਲੀ ਪੱਖੋਂ ਇਹ ਨਿਬੰਧ ਬਹੁਤੇ ਖਿੱਚ-ਪਾਊ ਨਹੀਂ ਹਨ। ਸ਼ੈਲੀ ਵਾਰਤਕ ਦਾ ਮਹੱਤਵਪੂਰਨ ਤੱਤ ਹੋਣ ਕਰਕੇ ਰਚਨਾ ਵਿਚ ਰੌਚਿਕਤਾ ਪੈਦਾ ਕਰਦੀ ਹੈ। ਗਲਪਕਾਰ ਹੋਣ ਕਰਕੇ ਗਾਸੋ ਦੀ ਰਚਨਾ ਵਿਚਲੀ ਇਹ ਘਾਟ ਰੜਕਦੀ ਹੈ। ਭਾਵੇਂ ਕਿ ਬੇਲੋੜੀ ਭਰਤੀ ਤੋਂ ਮੁਕਤ ਇਹ ਨਿਬੰਧ ਪਾਠਕਾਂ ਦੀ ਉਤਸੁਕਤਾ ਨੂੰ ਕਾਇਮ ਰੱਖਦੇ ਹਨ। ਗਲਪਕਾਰ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ, ਫਿਰ ਵੀ ਪੁਸਤਕ ਦੇ ਅੰਦਰਲੇ ਸਫ਼ੇ 'ਤੇ ਦਿੱਤਾ ਇਨਾਮਾਂ ਦਾ ਵੇਰਵਾ ਅਜੀਬ ਜਿਹਾ ਲਗਦਾ ਹੈ। ਆਸ ਹੈ ਕਿ ਸਾਡਾ ਇਹ ਵੱਡਾ ਲੇਖਕ ਵਾਰਤਕ ਵਿਚ ਜ਼ਿਕਰਯੋਗ ਵਾਧਾ ਕਰੇਗਾ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਸਾਡਾ ਰਾਸ਼ਟਰੀ ਚਰਿੱਤਰ
ਲੇਖਕ : ਕੁਲਵਿੰਦਰ ਸਿੰਘ ਸਰਾਂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 95.

'ਸਾਡਾ ਰਾਸ਼ਟਰੀ ਚਰਿੱਤਰ' ਕੁਲਵਿੰਦਰ ਸਿੰਘ ਸਰਾਂ ਦੀ ਛੋਟੇ ਆਕਾਰ ਦੇ ਨਿਬੰਧਾਂ ਦੀ ਵਾਰਤਕ ਪੁਸਤਕ ਹੈ, ਜਿਸ ਵਿਚ ਉਸ ਨੇ ਵੱਖ-ਵੱਖ ਸਮੇਂ ਲਿਖੇ ਆਪਣੇ 24 ਲੇਖਾਂ ਨੂੰ ਸ਼ਾਮਿਲ ਕੀਤਾ ਹੈ। ਸਰਲ ਅਤੇ ਵਿਅੰਗਮਈ ਭਾਸ਼ਾ ਵਿਚ ਰਚੇ ਇਸ ਪੁਸਤਕ ਦੇ ਸਮੁੱਚੇ ਲੇਖ ਆਮ ਜ਼ਿੰਦਗੀ ਵਿਚ ਵਾਪਰਦੀਆਂ ਨਿੱਕੀਆਂ-ਨਿੱਕੀਆਂ ਘਟਨਾਵਾਂ ਅਤੇ ਸਮਾਜਿਕ ਸਰੋਕਾਰਾਂ ਨੂੰ ਪਾਠਕਾਂ ਦੇ ਦ੍ਰਿਸ਼ਟੀਗੋਚਰ ਹੀ ਨਹੀਂ ਕਰਦੇ ਬਲਕਿ ਲੇਖਕ ਦੇ ਨਿੱਜੀ ਅਨੁਭਵਾਂ ਅਤੇ ਪ੍ਰਤੀਕਰਮਾਂ ਨੂੰ ਵੀ ਬੜੀ ਬੇਬਾਕੀ ਨਾਲ ਪਾਠਕਾਂ ਦੇ ਰੂਬਰੂ ਕਰਦੇ ਹਨ। ਸਰਸਰੀ ਨਜ਼ਰ ਨਾਲ ਵੇਖਿਆਂ ਸਮੁੱਚੇ ਲੇਖਾਂ ਦੇ ਵਿਸ਼ਿਆਂ ਦੀ ਚੋਣ ਬੜੀ ਸਾਧਾਰਨ ਲਗਦੀ ਹੈ ਪ੍ਰੰਤੂ ਹੈ ਬੜੀ ਮਹੱਤਵਪੂਰਨ।
ਕਦੇ-ਕਦੇ, ਪੰਜਾਬ 'ਚੋਂ ਅਲੋਪ ਹੋ ਰਹੀ ਪੰਜਾਬੀਅਤ, ਕੋਈ ਸੁਣਦਾ ਹੋਵੇ ਤਾਂ, ਨਾਨਕਿਆਂ ਦਾ ਚਾਅ, ਖੂਬਸੂਰਤ ਰਿਸ਼ਤਾ ਦੋਸਤੀ ਵਰਗਾ, ਮੌਤ ਨੂੰ ਮਖੌਲ, ਕੋਈ ਹਰਿਆ ਬੂਟ..., ਸਾਡਾ ਰਾਸ਼ਟਰੀ ਚਰਿੱਤਰ, ਆਧੁਨਿਕ ਸਮਾਜ ਵਿਚ ਮਾਨਸਿਕ ਤੰਦਰੁਸਤੀ, ਨਿੱਕੀਆਂ ਵੱਡੀਆਂ ਲੜਾਈਆਂ, ਪੈਨ ਪਲੀਜ਼, ਮੈਂ ਸ਼ਰਮਿੰਦਾ ਹਾਂ, ਦਿਲ ਵਾਲਿਆਂ ਦੀ ਦਿੱਲੀ, ਲੰਡੇ ਨੂੰ ਖੁੰਡਾ, ਲੱਛੀ ਦੇ ਬੰਦ, ਸਮਕਾਲੀ ਸਾਹਿਤ ਕੁਝ ਸਰੋਕਾਰ, ਸੰਭਲ ਜਾਓ ਚਮਨ ਵਾਲੋ, ਵਧ ਰਹੀਆਂ ਡਿਗਰੀਆਂ ਅਤੇ ਘਟ ਰਿਹਾ ਗਿਆਨ, ਲਾਲਚ ਅਤੇ ਬੇਰੁਜ਼ਗਾਰੀ, ਸਿੱਖਿਆ ਖੇਤਰ ਵਿਚ ਦੂਹਰੇ ਮਾਪਦੰਡ, ਕਾਨੂੰਨ ਆਜ਼ਾਦੀ ਅਤੇ ਸਮਾਜ, ਸਭ ਤੋਂ ਪਿਆਰੀ ਤੂ ਨਣਦੇ ਅਤੇ ਮੇਰੇ ਹਿੱਸੇ ਦਾ ਤੀਜਾ ਰੰਗ ਇਸ ਪੁਸਤਕ ਵਿਚ ਸ਼ਾਮਿਲ ਲੇਖ ਹਨ। ਇਨ੍ਹਾਂ ਲੇਖਾਂ ਵਿਚ ਲੇਖਕ ਨੇ ਸਾਡੇ ਸਮਾਜਿਕ ਜੀਵਨ ਵਿਚ ਆਏ ਨੈਤਿਕ ਕਦਰਾਂ-ਕੀਮਤਾਂ ਦੇ ਨਿਘਾਰ, ਵਿੱਦਿਅਕ ਅਦਾਰਿਆਂ ਵਿਚ ਵਾਪਰਦੇ ਵਿਤਕਰੇ, ਸਮਾਜਿਕ ਰਿਸ਼ਤਿਆਂ, ਪੰਜਾਬੀ ਜਨ ਜੀਵਨ ਵਿਚੋਂ ਖ਼ਤਮ ਹੋ ਰਹੀ ਪੰਜਾਬੀਅਤ, ਮਨੁੱਖ ਅੰਦਰ ਵਸੇ ਸ਼ੈਤਾਨ, ਮਨੁੱਖੀ ਮਨ ਦੇ ਮਨੋਵੇਗਾਂ, ਨੌਜਵਾਨਾਂ ਵਿਚ ਬੇਚੈਨੀ, ਪੈਸੇ ਦੀ ਹੋੜ ਕਾਰਨ ਮਨੁੱਖੀ ਭਾਈਚਾਰੇ ਵਿਚ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX