ਤਾਜਾ ਖ਼ਬਰਾਂ


ਛੱਤੀਸਗੜ੍ਹ : ਸਰਕਾਰੀ ਹਸਪਤਾਲ ਵਿਚ ਪੰਜ ਬੱਚਿਆਂ ਦੀ ਮੌਤ , ਸਿਹਤ ਕਰਮਚਾਰੀਆਂ ਦੀ ਨਹੀਂ ਗ਼ਲਤੀ -ਸੁਮਨ ਟਿਰਕੀ
. . .  1 day ago
ਨਵਜੋਤ ਸਿੰਘ ਸਿੱਧੂ ਤੇ ਹਰੀਸ਼ ਚੌਧਰੀ ਪੰਜਾਬ ਰਾਜ ਭਵਨ ਦੇ ਗੈਸਟ ਹਾਊਸ 'ਚ ​ਮੁੱਖ ਮੰਤਰੀ ਚੰਨੀ ਨਾਲ ਕਰਨਗੇ ਬੈਠਕ
. . .  1 day ago
ਅੱਤਵਾਦੀਆਂ ਨੇ ਕੁਲਗਾਮ ਦੇ ਵਾਨਪੋਹ ਇਲਾਕੇ 'ਚ ਗੈਰ-ਸਥਾਨਕ ਮਜ਼ਦੂਰਾਂ' ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ , 2 ਦੀ ਮੌਤ
. . .  1 day ago
ਬੇਮੌਸਮੀ ਕਿਣਮਿਣ ਨੇ ਕਿਸਾਨ ਤੇ ਆੜਤੀਆਂ ਦੇ ਸਾਹ ਸੂਤੇ
. . .  1 day ago
ਦੋਰਾਹਾ, 17 ਅਕਤੂਬਰ (ਜਸਵੀਰ ਝੱਜ)- ਅੱਜ ਸਵੇਰ ਤੋਂ ਬਣੀ ਬੱਦਲਵਾਈ ਨੇ ਸ਼ਾਮ ਹੁੰਦੇ ਹੁੰਦੇ ਕਿਣਮਿਣ ਦਾ ਰੂਪ ਧਾਰ ਲਿਆ। ਖੇਤਾਂ ਵਿਚ ਜੀਰੀ ਦੀ ਫਸਲ ਪੱਕੀ ਖੜ੍ਹੀ ਹੈ। ਜੀਰੀ ਦੀ ਕਟਾਈ ਪੂਰੇ ਜੋਬਨ ‘ਤੇ ...
ਨਿਹੰਗਾਂ ਨੇ ਕਿਹਾ ਕਿ ਇਹ ਇਕ ਧਾਰਮਿਕ ਮਾਮਲਾ ਹੈ ਤੇ ਸਰਕਾਰ ਨੂੰ ਇਸ ਨੂੰ ਕਿਸਾਨਾਂ ਦੇ ਵਿਰੋਧ ਨਾਲ ਨਹੀਂ ਮਿਲਾਉਣਾ ਚਾਹੀਦਾ - ਰਾਕੇਸ਼ ਟਿਕੈਤ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਸਿੰਘੂ ਬਾਰਡਰ ਮਾਮਲੇ 'ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਉਨ੍ਹਾਂ (ਨਿਹੰਗਾਂ) ਨੇ ਕਿਹਾ ਕਿ ਇਹ ਇਕ ਧਾਰਮਿਕ ਮਾਮਲਾ ਹੈ ਅਤੇ ਸਰਕਾਰ ਨੂੰ ਇਸ ਨੂੰ ਕਿਸਾਨਾਂ ਦੇ ਵਿਰੋਧ ਨਾਲ ਨਹੀਂ ਮਿਲਾਉਣਾ....
ਭਾਜਪਾ ਦੇ ਰਾਸ਼ਟਰੀ ਅਹੁਦੇਦਾਰਾਂ ਦੀ ਕੱਲ੍ਹ ਦਿੱਲੀ ਸਥਿਤ ਪਾਰਟੀ ਹੈੱਡਕੁਆਟਰ 'ਤੇ ਹੋਵੇਗੀ ਬੈਠਕ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਭਾਜਪਾ ਦੇ ਰਾਸ਼ਟਰੀ ਅਹੁਦੇਦਾਰਾਂ ਦੀ ਕੱਲ੍ਹ ਦਿੱਲੀ ਸਥਿਤ ਪਾਰਟੀ ਹੈੱਡਕੁਆਟਰ 'ਤੇ ਬੈਠਕ ਹੋਵੇਗੀ। ਮੀਟਿੰਗ ਸਵੇਰੇ 10 ਵਜੇ ਸ਼ੁਰੂ....
ਫ਼ਾਜ਼ਿਲਕਾ 'ਚ ਕੋਰੋਨਾ ਪਾਜ਼ੀਟਿਵ ਵਿਅਕਤੀ ਦੀ ਮੌਤ
. . .  1 day ago
ਫ਼ਾਜ਼ਿਲਕਾ , 17 ਅਕਤੂਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਵਿਚ ਕੋਰੋਨਾ ਪਾਜ਼ੀਟਿਵ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਫ਼ਾਜ਼ਿਲਕਾ ਦੀ ਗੁਰੂ ਨਾਨਕ ਨਗਰੀ ਦਾ ਰਹਿਣ ਵਾਲਾ ਸੀ ਅਤੇ ਪਿਛਲੇ 20-22 ਦਿਨਾਂ ....
ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ ਦਾ ਸਥਾਪਨਾ ਦਿਵਸ ਮਨਾਇਆ
. . .  1 day ago
ਵੈਨਿਸ (ਇਟਲੀ)17ਅਕਤੂਬਰ(ਹਰਦੀਪ ਸਿੰਘ ਕੰਗ) ਇਟਲੀ ਦੇ ਵੈਰੋਨਾ ਜ਼ਿਲ੍ਹੇ 'ਚ ਸਥਿੱਤ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ ਦੀ ਸਥਾਪਨਾ ਦੇ 10 ਸਾਲ ਪੂਰੇ ਹੋਣ 'ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਬੱਚਿਆਂ ਦੁਆਰਾ ਕੀਰਤਨ ....
3 ਅਗਸਤ ਨੂੰ ਰਣਜੀਤ ਸਾਗਰ ਡੈਮ ਦੀ ਝੀਲ 'ਤੇ ਹਾਦਸਾ ਗ੍ਰਸਤ ਹੋਏ ਹੈਲੀਕਾਪਟਰ ਦੇ ਸਹਾਇਕ ਪਾਇਲਟ ਦਾ ਮ੍ਰਿਤਕ ਸਰੀਰ ਬਰਾਮਦ
. . .  1 day ago
ਸ਼ਾਹਪੁਰ ਕੰਢੀ,17 ਅਕਤੂਬਰ (ਰਣਜੀਤ ਸਿੰਘ) ਫ਼ੌਜ ਤੇ ਨੇਵੀ ਦੇ ਜਵਾਨਾਂ ਦੀ ਮਿਹਨਤ ਸਦਕਾ ਅੱਜ ਰਣਜੀਤ ਸਾਗਰ ਡੈਮ ਦੀ ਝੀਲ 'ਤੇ ਗਸ਼ਤ ਦੌਰਾਨ ਫ਼ੌਜ ਦਾ ਹੈਲੀਕਾਪਟਰ ਏ,ਐੱਚ.ਐਲ. ਧਰੁਵ ਦੁਰਘਟਨਾ ਗ੍ਰਸਤ ਹੋ ਗਿਆ ਸੀਤੇ ਦੋਵੇਂ ਪਾਇਲਟ ਲਾਪਤਾ ਹੋ ....
ਮੋਗਾ 'ਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ, ਮਾਰਕੀਟ ਕਮੇਟੀ ਦੇ ਮੌਜੂਦਾ ਚੇਅਰਮੈਨ ਰਾਜਿੰਦਰਪਾਲ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ
. . .  1 day ago
ਮੋਗਾ, 17 ਅਕਤੂਬਰ - ਮੋਗਾ ਵਿਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਮਾਰਕੀਟ ਕਮੇਟੀ ਮੋਗਾ ਦੇ ਮੌਜੂਦਾ ਪ੍ਰਧਾਨ ਸਰਦਾਰ ਰਾਜਿੰਦਰ ਪਾਲ ਸਿੰਘ ਗਿੱਲ ਪਾਰਟੀ ਛੱਡ ਕੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ....
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਰਲਾ 'ਚ ਭਾਰੀ ਬਾਰਸ਼ ਤੇ ਢਿਗਾਂ ਡਿੱਗਣ ਕਾਰਨ ਕੁਝ ਲੋਕਾਂ ਦੀ ਗਈ ਜਾਨ 'ਤੇ ਜਤਾਇਆ ਦੁੱਖ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨਾਲ ਗੱਲ ਕੀਤੀ ਅਤੇ ਕੇਰਲ ਵਿਚ ਭਾਰੀ ਬਾਰਸ਼ ਅਤੇ ਢਿਗਾਂ ਡਿੱਗਣ ਦੇ ਮੱਦੇਨਜ਼ਰ ਸਥਿਤੀ ਬਾਰੇ ਚਰਚਾ ਕੀਤੀ....
ਪ੍ਰੇਮੀ ਜੋੜੇ ਵਲੋਂ ਵਿਆਹ ਕਰਾਉਣ 'ਤੇ ਲੜਕੀ ਦੇ ਮਾਪਿਆਂ ਵਲੋਂ ਉਤਾਰਿਆ ਮੌਤ ਦੇ ਘਾਟ
. . .  1 day ago
ਅਬੋਹਰ,17 ਅਕਤੂਬਰ (ਸੰਦੀਪ ਸੋਖਲ) ਅਬੋਹਰ ਹਲਕੇ ਦੇ ਪਿੰਡ ਸੱਪਾਂ ਵਾਲੀ ਵਿਚ ਪ੍ਰੇਮੀ ਜੋੜੇ ਵਲੋਂ ਵਿਆਹ ਕਰਾਉਣ ਤੋਂ ਬਾਅਦ ਲੜਕੀ ਦੇ ਮਾਪਿਆਂ ਨੇ ਦੋਨਾਂ ਨੂੰ ਉਤਾਰਿਆ ਮੌਤ ਦੇ ਘਾਟ। ਜਾਣਕਾਰੀ ਅਨੁਸਾਰ ਪਿੰਡ ਸੱਪਾਂ ਵਾਲੀ ਦੀ ਲੜਕੀ ਕੰਬੋਜ ਬਰਾਦਰੀ ਨਾਲ....
ਸੋਸ਼ਲ ਮੀਡੀਆ 'ਤੇ ਰਾਮ ਲੀਲਾ ਸਕਿੱਟ ਕਾਰਨ ਏਮਜ਼ ਸਟੂਡੈਂਟਸ ਐਸੋਸੀਏਸ਼ਨ ਨੇ ਮੰਗੀ ਮੁਆਫ਼ੀ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਏਮਜ਼ ਦੇ ਕੁਝ ਵਿਦਿਆਰਥੀਆਂ ਦੁਆਰਾ ਰਾਮ ਲੀਲਾ ਸਕਿੱਟ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਘੁੰਮ ਰਹੀ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਸੀਂ ਇਸ ਸਕਿੱਟ ਦੇ ਸੰਚਾਲਨ ਲਈ ਮੁਆਫ਼ੀ ਮੰਗਦੇ ਹਾਂ ਜਿਸ ਦਾ....
ਸਰਕਾਰ ਕਿਸਾਨਾਂ ਨੂੰ ਪ੍ਰਤੀ ਏਕੜ 1000 ਰੁਪਏ ਮੁਹੱਈਆ ਕਰਵਾ ਰਹੀ ਤੇ ਉਦਯੋਗ ਵੀ ਇਸ ਵਾਰ ਪਰਾਲੀ ਖ਼ਰੀਦਣ ਆ ਰਹੇ - ਮੁੱਖ ਮੰਤਰੀ ਖੱਟਰ
. . .  1 day ago
ਚੰਡੀਗੜ੍ਹ, 17 ਅਕਤੂਬਰ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਉਦਯੋਗਾਂ ਨੂੰ ਈਥਾਨੌਲ ਊਰਜਾ ਉਤਪਾਦਨ ਲਈ ਪਰਾਲੀ ਦੀ ਵਰਤੋਂ ਕਰਨ ਲਈ ਕਿਹਾ ਹੈ। ਇਸ ਵਾਰ ਪਰਾਲੀ ਸਾੜਨ ਦੇ ਮਾਮਲੇ ਘੱਟ ਹਨ। ਅਸੀਂ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ...
ਬੇਮੌਸਮੇ ਮੀਂਹ ਨੇ ਝੋਨੇ ਦੀ ਕਟਾਈ ਦਾ ਕੰਮ ਰੋਕਿਆ
. . .  1 day ago
ਸੰਧਵਾਂ,17 ਅਕਤੂਬਰ (ਪ੍ਰੇਮੀ ਸੰਧਵਾਂ) ਝੋਨੇ ਦੀ ਕਟਾਈ ਦਾ ਕੰਮ ਹੁਣ ਜਦੋਂ ਪੂਰੇ ਜੋਰਾਂ 'ਤੇ ਚੱਲ ਰਿਹਾ ਸੀ ਤਾਂ ਕੁਦਰਤ ਦੀ ਕਰੋਪੀ ਕਾਰਨ ਰੁਕ-ਰੁਕ ਹੋ ਰਹੀ ਹਲਕੀ ਬਾਰਸ਼ ਨੇ ਝੋਨੇ ਦੀ ਕਟਾਈ ਦਾ ਕੰਮ ਰੋਕ ਕੇ ਰੱਖ ਦਿੱਤਾ। ਜਿਸ ਕਾਰਨ ਕਿਸਾਨ....
ਜੰਮੂ-ਕਸ਼ਮੀਰ ਦੇ ਭਦਰਵਾਹ 'ਚ ਵਾਹਨ ਡੂੰਘੀ ਖੱਡ 'ਚ ਡਿੱਗਣ ਕਾਰਨ 2 ਦੀ ਮੌਤ, 1 ਜ਼ਖਮੀ
. . .  1 day ago
ਜੰਮੂ-ਕਸ਼ਮੀਰ, 17 ਅਕਤੂਬਰ - ਜੰਮੂ-ਕਸ਼ਮੀਰ ਦੇ ਭਦਰਵਾਹ 'ਚ ਵਾਹਨ ਡੂੰਘੀ ਖੱਡ 'ਚ ਡਿੱਗਣ ਕਾਰਨ 2 ਦੀ ਮੌਤ ਤੇ 1 ਵਿਅਕਤੀ ਜ਼ਖਮੀ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਬਿਜਲੀ ਵਿਕਾਸ ਵਿਭਾਗ ਦੇ ਇਕ ਕਰਮਚਾਰੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ...
ਸੁਖਮਿੰਦਰ ਸਿੰਘ ਰਾਜਪਾਲ ਨੇ ਮੁੜ ਯੂਥ ਅਕਾਲੀ ਦਲ ਪ੍ਰਧਾਨ ਬਣਾਉਣ 'ਤੇ ਟੀਮ ਨਾਲ ਮਿਲ ਬਿਕਰਮ ਸਿੰਘ ਮਜੀਠੀਆ ਦਾ ਕੀਤਾ ਧੰਨਵਾਦ
. . .  1 day ago
ਜਲੰਧਰ, 17 ਅਕਤੂਬਰ : ਯੂਥ ਅਕਾਲੀ ਦਲ ਜਲੰਧਰ ਦੇ ਮੁੜ ਪ੍ਰਧਾਨ ਨਿਯੁਕਤ ਕੀਤੇ ਗਏ ਸੁਖਮਿੰਦਰ ਸਿੰਘ ਰਾਜਪਾਲ ਨੇ ਆਪਣੀ ਟੀਮ ਦੇ ਨਾਲ ਮਿਲ ਕੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ....
ਲਦਾਖ਼ ਦੇ ਉਪ ਰਾਜਪਾਲ ਆਰ.ਕੇ. ਮਾਥੁਰ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ
. . .  1 day ago
ਲਦਾਖ਼,17 ਅਕਤੂਬਰ - ਲਦਾਖ਼ ਦੇ ਉਪ ਰਾਜਪਾਲ ਆਰ.ਕੇ. ਮਾਥੁਰ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਲਦਾਖ਼ ਨਾਲ ਸੰਬੰਧਿਤ ਵੱਖ -ਵੱਖ ਮੁੱਦਿਆਂ 'ਤੇ....
ਕੇਰਲ: ਜ਼ਮੀਨ ਖਿਸਕਣ ਵਾਲੀ ਜਗ੍ਹਾ ਤੋਂ ਤਿੰਨ ਹੋਰ ਲਾਸ਼ਾਂ ਹੋਈਆਂ ਬਰਾਮਦ
. . .  1 day ago
ਕੇਰਲ, 17 ਅਕਤੂਬਰ - ਕੇਰਲ ਸਰਕਾਰ ਦਾ ਕਹਿਣਾ ਹੈ ਕਿ ਕੱਲ੍ਹ ਇਡੁੱਕੀ ਦੇ ਕੋੱਕਯਾਰ ਵਿਚ ਜ਼ਮੀਨ ਖਿਸਕਣ ਵਾਲੀ ਜਗ੍ਹਾ ਤੋਂ ਤਿੰਨ ਹੋਰ ਲਾਸ਼ਾਂ ਬਰਾਮਦ ਹੋ...
ਕੈਪਟਨ ਸੰਦੀਪ ਸੰਧੂ ਨੇ ਨਕਾਰੇ ਮੁਹੰਮਦ ਮੁਸਤਫ਼ਾ ਦੇ ਦੋਸ਼
. . .  1 day ago
ਚੰਡੀਗੜ੍ਹ, 17 ਅਕਤੂਬਰ - ਇਹ ਅਫ਼ਸੋਸਨਾਕ ਹੈ ਕਿ ਮੁਹੰਮਦ ਮੁਸਤਫ਼ਾ ਮੇਰੇ ਉੱਤੇ ਝੂਠੇ ਅਤੇ ਬੇਬੁਨਿਆਦ ਦੋਸ਼ ਲਗਾ ਰਹੇ ਹਨ। ਮੈਂ 2 ਦਹਾਕਿਆਂ ਤੋਂ ਜਨਤਕ ਜੀਵਨ ਵਿਚ ਹਾਂ ਅਤੇ ਹਜ਼ਾਰਾਂ ਲੋਕਾਂ ਨਾਲ...
ਦਿੱਲੀ ਤੋਂ ਤਿਰੂਪਤੀ ਲਈ ਸਿੱਧੀ ਉਡਾਣ ਹੋਈ ਸ਼ੁਰੂ
. . .  1 day ago
ਨਵੀਂ ਦਿੱਲੀ: 17 ਅਕਤੂਬਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਦਿੱਲੀ ਤੋਂ ਤਿਰੂਪਤੀ ਲਈ ਦਿੱਲੀ ਤੋਂ ਸਪਾਈਸ ਜੈੱਟ ਉਡਾਣ ਦਾ ਉਦਘਾਟਨ ਕੀਤਾ। ਸਿੰਧੀਆ ਨੇ ਕਿਹਾ ਕਿ ਇਹ ਉਡਾਣ ਦੇਸ਼ ਦੀ ਰਾਜਨੀਤਕ ਰਾਜਧਾਨੀ ਨੂੰ ਦੇਸ਼....
ਪ੍ਰਿਅੰਕਾ ਗਾਂਧੀ ਯੂ.ਪੀ. 'ਚ ਕਾਂਗਰਸ ਦੀ ਚੋਣ ਮੁਹਿੰਮ ਦਾ ਚਿਹਰਾ ਹੋਵੇਗੀ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਪ੍ਰਿਅੰਕਾ ਗਾਂਧੀ ਵਾਡਰਾ ਉੱਤਰ ਪ੍ਰਦੇਸ਼ ਵਿਚ ਕਾਂਗਰਸ ਦੀ ਚੋਣ ਮੁਹਿੰਮ ਦਾ ਚਿਹਰਾ ਬਣੇਗੀ, ਪਾਰਟੀ ਦੇ ਨਵ-ਨਿਯੁਕਤ ਮੁਹਿੰਮ ਕਮੇਟੀ ਦੇ ਮੁਖੀ ਪੀਐਲ ਪੁਨੀਆ ਨੇ ਐਤਵਾਰ ਨੂੰ ਕਿਹਾ ਕਿ ਏ.ਆਈ.ਸੀ.ਸੀ. ...
ਸਿੰਘੂ ਬਾਰਡਰ ਘਟਨਾ ਦੇ ਤਿੰਨ ਮੁਲਜ਼ਮਾਂ ਨੂੰ ਸੋਨੀਪਤ ਅਦਾਲਤ ਵਿਚ ਪੇਸ਼ ਕੀਤਾ
. . .  1 day ago
ਹਰਿਆਣਾ , 17 ਅਕਤੂਬਰ - ਸਿੰਘੂ ਬਾਰਡਰ ਘਟਨਾ ਦੇ ਤਿੰਨ ਮੁਲਜ਼ਮਾਂ ਨੂੰ ਸੋਨੀਪਤ ਅਦਾਲਤ ਵਿਚ ਪੇਸ਼ ਕੀਤਾ ....
ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਡੇਰਾ ਸਵਾਮੀ ਜਗਤ ਗਿਰੀ ਵਿਖੇ ਹੋਏ ਨਤਮਸਤਕ
. . .  1 day ago
ਪਠਾਨਕੋਟ,17 ਅਕਤੂਬਰ (ਸੰਧੂ) ਪਠਾਨਕੋਟ ਦੇ ਚੱਕੀ ਪੁਲ ਦੇ ਨੇੜੇ ਸਥਿਤ ਹਿਮਾਚਲ ਪ੍ਰਦੇਸ਼ ਦੇ ਭਦਰੋਆ ਵਿਖੇ ਸਥਿਤ ਡੇਰਾ ਸਵਾਮੀ ਜਗਤ ਗਿਰੀ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਤਮਸਤਕ ਹੋਏ ਅਤੇ ਉਨ੍ਹਾਂ ...
ਕੇਂਦਰ ਦਾ ਇੱਕਪਾਸੜ ਫ਼ੈਸਲਾ ਸਾਡੇ ਸੰਵਿਧਾਨ ਦੇ ਤੱਤ ਨਾਲ ਜੁੜੇ ਸੰਘੀ ਢਾਂਚੇ ਉੱਤੇ ਸਿੱਧਾ ਹਮਲਾ - ਸੁਖਬੀਰ ਸਿੰਘ ਬਾਦਲ
. . .  1 day ago
ਚੰਡੀਗੜ੍ਹ, 17 ਅਕਤੂਬਰ - ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਕਿ ਪੰਜਾਬ ਵਿਚ ਬੀ.ਐੱਸ.ਐਫ. ਦੇ ਖੇਤਰੀ ਅਧਿਕਾਰ ਖੇਤਰ ਵਿਚ ਤੇਜ਼ੀ ਨਾਲ ਵਾਧਾ ਕਰਨ ਦਾ ਕੇਂਦਰ ਦਾ ਇੱਕਪਾਸੜ ਫ਼ੈਸਲਾ ਸਾਡੇ ਸੰਵਿਧਾਨ ਦੇ ਤੱਤ ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 4 ਅੱਸੂ ਸੰਮਤ 553
ਵਿਚਾਰ ਪ੍ਰਵਾਹ: ਰਾਜਨੀਤੀ ਚਿੰਤਨ ਦਾ ਹੀ ਨਹੀਂ, ਕਾਰਜ ਅਤੇ ਅਣਥੱਕ ਜੱਦੋ-ਜਹਿਦ ਦਾ ਵੀ ਖੇਤਰ ਹੈ। -ਚਾਣਕਿਆ

ਤੁਹਾਡੇ ਖ਼ਤ

17-09-2021

 ਨੌਜਵਾਨ ਵਰਗ ਮੰਗਦਾ ਜਵਾਬ

ਸਰਕਾਰਾਂ ਆਉਂਦੀਆਂ ਨੇ ਤੇ ਆਪਣਾ ਕਾਰਜਕਾਲ ਪੂਰਾ ਕਰਕੇ ਚਲੀਆਂ ਜਾਂਦੀਆਂ ਹਨ। ਹੁਣ ਸਵਾਲ ਇਹ ਉੱਠਦਾ ਹੈ ਕੀ ਆਪਣੇ ਕਾਰਜਕਾਲ ਦੌਰਾਨ ਸਰਕਾਰਾਂ ਦੇਸ਼ ਵਿਚ ਕੋਈ ਬਦਲਾਅ ਲਿਆਉਂਦੀਆਂ ਹਨ ਜਾਂ ਕੇਵਲ ਆਪਣਾ ਸਮਾਂ ਪੂਰਾ ਕਰਕੇ ਹੀ ਕੁਰਸੀ ਛੱਡ ਦਿੰਦੀਆਂ ਹਨ? ਕੈਪਟਨ ਦੀ ਸਰਕਾਰ ਨੇ ਤਾਂ ਆਪਣੇ ਸ਼ੁਰੂਆਤੀ ਕਾਰਜਕਾਲ ਦੌਰਾਨ ਪੰਜਾਬ ਵਿਚੋਂ ਨਸ਼ਾ, ਬੇਰੁਜ਼ਗਾਰੀ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਹਫ਼ਤਿਆਂ ਤੋਂ ਮਹੀਨੇ ਅਤੇ ਮਹੀਨਿਆਂ ਤੋਂ 4 ਸਾਲ ਬੀਤ ਗਏ, ਪਰ ਪੰਜਾਬ ਤੋਂ ਨਸ਼ੇ ਅਤੇ ਬੇਰੁਜ਼ਗਾਰੀ ਦਾ ਕਾਲਾ ਧੱਬਾ ਨਹੀਂ ਉਤਰਿਆ। ਪੰਜਾਬ 'ਚ ਪਟਵਾਰੀ ਦੀਆਂ 1152 ਅਸਾਮੀਆਂ ਪਿੱਛੇ 2,33,181, ਲਗਭਗ 200 ਗੁਣਾ ਵੱਧ ਉਮੀਦਵਾਰ ਇਮਤਿਹਾਨ ਦੇਣ ਪੁੱਜੇ।
ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਪੰਜਾਬ ਦੀ ਬੇਰੁਜ਼ਗਾਰ ਜਵਾਨੀ ਰੁਜ਼ਗਾਰ ਮਗਰ ਅਜੇ ਵੀ ਧੱਕੇ ਖਾ ਰਹੀ ਹੈ। ਪੰਜਾਬ ਦੀ ਆਬਾਦੀ 3 ਕਰੋੜ ਹੈ ਪਰ ਸਰਕਾਰੀ ਕਾਲਜ ਕੇਵਲ 47 ਹੀ ਕਿਉਂ? ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਮੁਫ਼ਤ ਆਟਾ-ਦਾਲ ਦੇਣ ਦੀ ਬਜਾਏ, ਸਿੱਖਿਆ ਨੀਤੀ ਵਿਚ ਬਦਲਾਅ ਕੀਤਾ ਜਾਏ ਅਤੇ ਦਾਖ਼ਲਾ ਪ੍ਰੀਖਿਆ ਦੀਆਂ ਫੀਸਾਂ ਵਿਚ ਕਟੌਤੀ ਕੀਤੀ ਜਾਵੇ।

-ਸਿਮਰਨਦੀਪ ਕੌਰ ਬੇਦੀ
ਬਾਬਾ ਨਾਮਦੇਵ ਨਗਰ, ਘੁਮਾਣ।

ਬੁਢਾਪਾ ਪੈਨਸ਼ਨ ਸਭ ਲਈ ਜ਼ਰੂਰੀ

ਸਰਕਾਰ ਵਲੋਂ ਪਿਛਲੇ ਸਾਲ ਨਵੇਂ ਬਜਟ ਵਿਚ ਕਿਹਾ ਗਿਆ ਸੀ ਕਿ ਸਭ ਨੂੰ ਬੁਢਾਪਾ ਪੈਨਸ਼ਨ ਦਾ ਲਾਭ ਦਿੱਤਾ ਜਾਵੇਗਾ। ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਇਹ ਗੱਲ ਫਿਰ ਦੁਹਰਾਈ ਜਾਂਦੀ ਹੈ ਕਿ ਜਿਨ੍ਹਾਂ ਦੁਕਾਨਦਾਰਾਂ, ਕਿਰਤੀ ਕਿਸਾਨਾਂ ਅਤੇ ਮੁਲਾਜ਼ਮਾਂ ਜਿਹੜੇ ਕਿ ਵੱਖ-ਵੱਖ ਮਹਿਕਮਿਆਂ ਵਿਚ ਕੰਮ ਕਰਨ ਉਪਰੰਤ ਸੇਵਾ-ਮੁਕਤੀ 'ਤੇ ਪੈਨਸ਼ਨ ਨਹੀਂ ਲਗਦੀ ਅਤੇ ਨਾ ਹੀ ਕੋਈ ਹੋਰ ਸਹੂਲਤ ਮਿਲਦੀ ਹੈ, ਨੂੰ ਵੀ ਬੁਢਾਪਾ ਪੈਨਸ਼ਨ ਜਾਂ ਕੰਪਨਸੇਟ ਵਿੱਤੀ ਖ਼ਰਚ ਮਿਲਣਾ ਚਾਹੀਦਾ ਹੈ। ਜਿਵੇਂ ਕਿ ਹਰਿਆਣਾ ਪੰਜਾਬ ਦਾ ਹਿੱਸਾ ਰਿਹਾ ਹੈ ਅਤੇ ਉਥੇ ਹਰੇਕ ਨੂੰ ਬੁਢਾਪਾ ਪੈਨਸ਼ਨ ਜਾਂ 'ਕੰਪਨਸੇਟ' ਵਿੱਤੀ ਮਦਦ ਦਿੱਤੀ ਜਾਂਦੀ ਹੈ। ਪਰ ਇਸ ਗੱਲ ਲਈ ਪੰਜਾਬ ਪਿੱਛੇ ਕਿਉਂ ਹੈ? ਇਸ ਲਈ ਮਨੁੱਖੀ ਅਧਿਕਾਰਾਂ, ਸਿਹਤ, ਰਹਿਣ-ਸਹਿਣ ਅਤੇ ਜੀਵਨ ਰੱਖਿਆ ਦੇ ਅਧਿਕਾਰਾਂ ਨੂੰ ਮੁੱਖ ਰੱਖਦਿਆਂ ਸਭ ਨੂੰ ਬੁਢਾਪਾ ਪੈਨਸ਼ਨ ਵਿਦੇਸ਼ਾਂ ਵਾਂਗ ਜ਼ਰੂਰ ਲਾਗੂ ਕੀਤੀ ਜਾਵੇ ਅਤੇ ਉਨ੍ਹਾਂ ਦੇ ਸਿਹਤ ਕਾਰਡ ਵੀ ਬਣਾਏ ਜਾਣ।

-ਰਘਬੀਰ ਸਿੰਘ ਬੈਂਸ
ਸੁਪਰਡੈਂਟ ਰਿਟਾ:, ਮੈਂਬਰ ਮਨੁੱਖੀ ਅਧਿਕਾਰ ਮੰਚ।

ਰੁੱਖ ਲਾਉਣੇ ਸੌਖੇ, ਪਾਲਣੇ ਔਖੇ

ਬਰਸਾਤਾਂ ਦੇ ਮੌਸਮ ਵਿਚ ਰੁੱਖ ਲਾਉਣ ਦੀ ਮੁਹਿੰਮ ਸ਼ੁਰੂ ਹੋ ਜਾਂਦੀ ਹੈ। ਅਕਸਰ ਅਸੀਂ ਅਖ਼ਬਾਰਾਂ 'ਚ ਕੁਝ ਸੁਸਾਇਟੀਆਂ ਵਲੋਂ ਰੁੱਖ ਲਾਉਣ ਦੀਆਂ ਤਸਵੀਰਾਂ ਵੇਖਦੇ ਹਾਂ। ਮੁੱਖ ਮਹਿਮਾਨ ਨੇ ਬੂਟਾ ਲਾਇਆ, ਤਸਵੀਰ ਖਿਚਵਾਈ ਤੇ ਫਿਰ ਔਹ ਗਿਆ। ਬਾਕੀ ਮੈਂਬਰ ਵੀ ਬੂਟੇ ਲਾਉਂਦੇ ਹਨ ਤੇ ਫਿਰ ਚਲੇ ਜਾਂਦੇ ਹਨ। ਸਵਾਲ ਇਹ ਹੈ ਕਿ ਉਹ ਇਨ੍ਹਾਂ ਬੂਟਿਆਂ ਨੂੰ ਕਿਸ ਦੇ ਹਵਾਲੇ ਕਰ ਜਾਂਦੇ ਹਨ? ਲਾਏ ਰੁੱਖਾਂ ਨੂੰ ਪਾਣੀ ਦੇਣਾ, ਪਸ਼ੂਆਂ ਤੋਂ ਬਚਾਉਣਾ ਮੁੱਖ ਕੰਮ ਹੈ। ਉਹ ਕੌਣ ਕਰੇ? ਜੇ ਲਾਏ ਰੁੱਖਾਂ ਬੂਟਿਆਂ ਨੂੰ ਕੋਈ ਪਾਲਦਾ ਵੀ ਹੈ ਤਾਂ ਸੜਕਾਂ ਕੰਢੇ ਲੱਗੇ ਬੂਟਿਆਂ ਨੂੰ ਕਈ ਕਿਸਾਨ ਨਾੜ ਜਾਂ ਪਰਾਲੀ ਨੂੰ ਅੱਗ ਲਾਉਂਦੇ ਸਮੇਂ ਬੇਧਿਆਨੇ ਹੋ ਜਾਂਦੇ ਹਨ, ਲਾਪਰਵਾਹੀ ਵਰਤ ਕੇ ਅੱਗ ਦੇ ਹਵਾਲੇ ਕਰ ਦਿੰਦੇ ਹਨ। ਪਤਾ ਨਹੀਂ ਅੱਜ ਮਨੁੱਖ ਦਾ ਰੁੱਖਾਂ ਪ੍ਰਤੀ ਮੋਹ ਕਿਉਂ ਭੰਗ ਹੋ ਗਿਆ ਹੈ। ਅਸੀਂ ਰੁੱਖਾਂ ਵਿਹੂਣੇ ਵਿਹੜਿਆਂ ਵਿਚ ਰਹਿਣਾ ਗਿੱਝ ਗਏ ਹਾਂ। ਆਓ, ਰੁੱਖ ਲਾਈਏ ਵੀ ਤੇ ਪਾਲੀਏ ਵੀ। ਅੱਜ ਸਾਨੂੰ ਤੇ ਧਰਤੀ ਨੂੰ ਰੁੱਖਾਂ-ਬੂਟਿਆਂ ਦੀ ਬਹੁਤ ਲੋੜ ਹੈ। ਰੁੱਖ ਹੈ ਤਾਂ ਜੀਵਨ ਹੈ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਬਜ਼ੁਰਗਾਂ ਨੂੰ ਸੰਭਾਲੋ

ਬਜ਼ੁਰਗ ਸਾਡੇ ਘਰਾਂ ਦੀ ਆਨ ਤੇ ਸ਼ਾਨ ਹਨ। ਆਪਣੀ ਜ਼ਿੰਦਗੀ ਦੇ ਲੰਮੇ ਤਜਰਬਿਆਂ ਕਾਰਨ ਬਜ਼ੁਰਗ ਕਈ ਤਰੀਕਿਆਂ ਨਾਲ ਸਾਡੇ ਲਈ ਲਾਭਦਾਇਕ ਹਨ। ਜਦੋਂ ਅਸੀਂ ਆਪਣੀ ਝੂਠੀ ਆਨ-ਸ਼ਾਨ ਖ਼ਾਤਰ, ਵਾਧੂ ਬੋਝ ਸਮਝ ਕੇ ਬਜ਼ੁਰਗਾਂ ਨੂੰ ਬਿਰਧ ਘਰਾਂ ਵਿਚ ਪਹੁੰਚਾਉਂਦੇ ਹਾਂ ਤਾਂ ਅਸੀਂ ਇਕ ਵਡਮੁੱਲੇ ਨੇਕ ਕਾਰਜ ਤੋਂ ਮੂੰਹ ਮੋੜ ਰਹੇ ਹੁੰਦੇ ਹਾਂ। ਅਸੀਂ ਇਹ ਬਿਲਕੁਲ ਹੀ ਭੁੱਲ ਜਾਂਦੇ ਹਾਂ ਕਿ 'ਕਾਲਿਓਂ ਧੌਲੇ ਆਉਂਦਿਆਂ ਦੇਰ ਨਹੀਂ ਲਗਦੀ। ਪਤਾ ਹੀ ਨਹੀਂ ਲੱਗਣਾ ਕਿ ਅਸੀਂ ਵੀ ਕਦੋਂ ਬਜ਼ੁਰਗੀ ਵਰਗ ਵਿਚ ਥਾਂ ਬਣਾ ਲੈਣੀ ਹੈ। ਜੇ ਭਲਾ ਸਾਡੇ ਬੱਚੇ ਸਾਨੂੰ ਵੀ ਬਿਰਧ ਘਰਾਂ ਵਿਚ ਜਾਣ ਲਈ ਮਜਬੂਰ ਕਰਨ ਲੱਗ ਪੈਣ ਤਾਂ ਸਾਡੇ ਮਨ 'ਤੇ ਕੀ ਬੀਤੇਗੀ? ਸੋ, ਹਮੇਸ਼ਾ ਇਸ ਗੱਲ 'ਤੇ ਧਿਆਨ ਕੇਂਦਰਿਤ ਕਰਕੇ ਹੀ ਸਮਾਜ, ਪਰਿਵਾਰ ਵਿਚ ਵਿਚਰਨਾ ਚਾਹੀਦਾ ਹੈ ਕਿ ਜਦੋਂ ਸਾਡੇ ਪੜਦਾਦੇ, ਦਾਦੇ, ਮਾਤਾ-ਪਿਤਾ ਖਾਲੀ ਹੱਥ ਆ ਕੇ ਖਾਲੀ ਹੱਥ ਚਲੇ ਜਾਂਦੇ ਹਨ ਤਾਂ ਅਸੀਂ ਜਾਂ ਸਾਡੀ ਔਲਾਦ ਨੇ ਵੀ ਤਾਂ ਲੱਕ ਨਾਲ ਬੰਨ੍ਹ ਕੇ ਕੁਝ ਨਹੀਂ ਲੈ ਜਾਣਾ। ਉਂਜ ਵੀ ਗੁਰਬਾਣੀ ਵਿਚ ਮਾਤਾ-ਪਿਤਾ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ। ਬਜ਼ੁਰਗ ਮਾਪਿਆਂ ਨਾਲੋਂ ਵੱਡੀ ਅਣਮੁੱਲੀ ਦਾਤ ਹੋਰ ਭਲਾ ਕਿਹੜੀ ਹੋ ਸਕਦੀ ਹੈ। ਵਧਦੇ ਬਿਰਧ ਆਸ਼ਰਮ ਸਾਡੀ ਢਹਿੰਦੀ ਕਲਾ ਦੀ ਨਿਸ਼ਾਨੀ ਹਨ।

-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ ਨੇੜੇ ਘੁਮਾਣ, ਗੁਰਦਾਸਪੁਰ।

16-09-2021

 ਕਮਜ਼ੋਰ ਹੁੰਦੇ ਰਿਸ਼ਤੇ

ਪੁਰਾਣੇ ਸਮਿਆਂ ਵਿਚ ਲੋਕਾਂ ਵਿਚ ਆਪਸੀ ਮੋਹ-ਪਿਆਰ ਅਤੇ ਇਕ-ਦੂਜੇ ਪ੍ਰਤੀ ਦਿਲ ਵਿਚ ਸਤਿਕਾਰ ਹੁੰਦਾ ਸੀ। ਘਰ ਦੀਆਂ ਔਰਤਾਂ ਜਿੰਨਾ ਹੋ ਸਕੇ ਲੜਾਈ ਆਦਿ ਨੂੰ ਘਰ ਦੇ ਬੰਦਿਆਂ ਤੱਕ ਨਹੀਂ ਸੀ ਪਹੁੰਚਣ ਦਿੰਦੀਆਂ ਅਤੇ ਆਪਸ ਵਿਚ ਹੀ ਨਿਪਟਾਰਾ ਕਰਕੇ ਘਰ ਦੇ ਮਾਹੌਲ ਨੂੰ ਖੁਸ਼ਗਵਾਰ ਬਣਾਈ ਰੱਖਦੀਆਂ ਸਨ ਅਤੇ ਘਰ ਦੇ ਕੰਮ ਨੂੰ ਖੁਸ਼ੀ ਨਾਲ ਇਕੱਠਿਆਂ ਹੀ ਰਲ ਮਿਲ ਸਾਂਭ ਲੈਂਦੀਆਂ ਸੀ ਪਰ ਅੱਜ ਹਾਲਾਤ ਬਦਲ ਗਏ ਹਨ। ਇਕੋ ਰਸੋਈ ਅੰਦਰ ਦੋ ਔਰਤਾਂ ਇਕੱਠੇ ਕੰਮ ਨਹੀਂ ਕਰ ਸਕਦੀਆਂ। ਵਜ੍ਹਾ ਇਹ ਦੱਸਦੀਆਂ ਹਨ ਕਿ ਸਾਨੂੰ ਇਕ-ਦੂਜੇ ਦੇ ਕੰਮ ਕਰਨ ਦਾ ਤਰੀਕਾ ਪਸੰਦ ਨਹੀਂ। ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਅੰਦਰ ਨੂੰਹ ਵਲੋਂ ਆਪਣੀ ਸੱਸ ਨੂੰ ਸ਼ਰ੍ਹੇਆਮ ਉਸ ਦੇ ਬੇਟੇ ਸਾਹਮਣੇ ਮਾਰਿਆ-ਕੁੱਟਿਆ ਜਾ ਰਿਹਾ ਸੀ। ਰਿਸ਼ਤਿਆਂ ਦੀ ਸ਼ਰਮ ਲਿਹਾਜ਼ ਲੋਕਾਂ ਨੇ ਜਵਾਂ ਹੀ ਸੂਲੀ ਟੰਗ ਦਿੱਤੀ ਹੈ। ਇਸ ਤਰੀਕੇ ਦੀਆਂ ਹੋਰ ਵੀ ਬਹੁਤ ਵੀਡੀਓ ਅਕਸਰ ਆਪਾਂ ਵੇਖਦੇ ਰਹਿੰਦੇ ਹਾਂ, ਜਿਥੇ ਆਪਣੇ ਹੀ ਜਾਏ ਧੀਆਂ-ਪੁੱਤ ਮਾਤਾ-ਪਿਤਾ ਦੀ ਬੇਰਹਿਮੀ ਨਾਲ ਕੁੱਟਮਾਰ ਕਰਦੇ ਹਨ। ਰਿਸ਼ਤੇ ਏਨੇ ਖੋਖਲੇ ਕਿਉਂ ਹੋ ਗਏ ਹਨ? 21ਵੀਂ ਸਦੀ ਆਧੁਨਿਕ ਯੁੱਗ ਵਿਚ ਵੀ ਅਸੀਂ ਅਵਾਰਾ ਪਸ਼ੂਆਂ ਵਾਲੀਆਂ ਹਰਕਤਾਂ ਕਿਉਂ ਕਰਦੇ ਹਾਂ? ਕਦੋਂ ਲੋਕ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਣਗੇ ਅਤੇ ਆਪਣੀ ਮਰੀ ਜ਼ਮੀਰ ਨੂੰ ਜਗਾਉਣਗੇ ਤਾਂ ਜੋ ਹਰ ਘਰ, ਹਰ ਇਨਸਾਨ ਖੁਸ਼ੀਆਂ ਨਾਲ ਜ਼ਿੰਦਗੀ ਬਤੀਤ ਕਰਦਾ ਨਜ਼ਰ ਆਵੇ।

-ਅਮਨਦੀਪ ਕੌਰ ਹਾਕਮ ਸਿੰਘ ਵਾਲਾ।

ਵੋਟਾਂ ਵਿਚ ਯੋਗ ਉਮੀਦਵਾਰ ਦੀ ਚੋਣ

2022 ਵਿਚ ਪੰਜਾਬ ਦੇ ਨਾਲ ਚਾਰ ਰਾਜਾਂ ਦੀਆਂ ਵੋਟਾਂ ਆ ਰਹੀਆਂ ਹਨ। ਇਨ੍ਹਾਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮਾਣਯੋਗ ਸੁਪਰੀਮ ਕੋਰਟ ਵਲੋਂ ਲਏ ਫ਼ੈਸਲੇ ਅਤੇ ਉਸ ਦੀ ਚਿੰਤਾ, ਬੇਚੈਨੀ 'ਤੇ ਗ਼ੌਰ ਕਰਕੇ ਅਪਰਾਧੀਆਂ ਨੂੰ ਰਾਜਨੀਤੀ ਤੋਂ ਦੂਰ ਰੱਖਣ ਲਈ ਸੰਸਦ ਨੂੰ ਕਾਨੂੰਨ ਪਾਸ ਕਰਕੇ ਅਪਰਾਧੀ ਕਿਸਮ ਦੇ ਲੋਕ, ਜਿਨ੍ਹਾਂ 'ਤੇ ਅਪਰਾਧੀ ਮੁਕੱਦਮੇ ਦਰਜ ਹਨ ਜਾਂ ਸਜ਼ਾ-ਜ਼ਾਬਤਾ ਹਨ, ਚੋਣ ਲੜਨ 'ਤੇ ਪਾਬੰਦੀ ਲਾਉਣੀ ਚਾਹੀਦੀ ਹੈ ਅਤੇ ਦਾਗ਼ੀ ਸਿਆਸਤਦਾਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ। ਚੋਣ ਲੜ ਰਹੇ ਸਿਆਸਤਦਾਨ ਦੀ ਵੀ ਵਿੱਦਿਅਕ ਯੋਗਤਾ ਤੈਅ ਕਰ ਉਸ ਦਾ ਅਪਰਾਧਕ ਰਿਕਾਰਡ ਦੇਖਣਾ ਚਾਹੀਦਾ ਹੈ। ਜਿਸ ਉਮੀਦਵਾਰ ਨੇ ਚੋਣ ਜਿੱਤ ਕੇ ਪੂਰੇ ਦੇਸ਼ ਦੀ ਅਗਵਾਈ ਕਰਨੀ ਹੈ, ਉਹ ਘੱਟੋ-ਘੱਟ ਪੜ੍ਹਿਆ-ਲਿਖਿਆ ਆਪਣੇ ਕੰਮਕਾਰ ਤੋਂ ਵਾਕਫ਼ਕਾਰ ਅਤੇ ਬੇਦਾਗ਼, ਇਮਾਨਦਾਰ ਛਵੀ ਵਾਲਾ ਹੋਣਾ ਚਾਹੀਦਾ ਹੈ। ਦੇਸ਼ ਦੀ ਸਭ ਤੋਂ ਵੱਡੀ ਸੰਸਦ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਰਾਜਨੀਤੀ ਤੇ ਅਪਰਾਧੀਕਰਨ ਦੇ ਮਾਮਲੇ 'ਚ ਖ਼ੁਦ 'ਤੇ ਕੀਤੇ ਜਾ ਰਹੇ ਸ਼ੰਕਿਆਂ ਨੂੰ ਦੂਰ ਕਰਨਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ।

ਕੋਰੋਨਾ ਵੈਕਸੀਨ ਅਤੇ ਸਿੱਖਿਆ

ਦੁਨੀਆ ਭਰ ਵਿਚ ਫੈਲੀ ਕੋਰੋਨਾ ਮਹਾਂਮਾਰੀ ਕਾਰਨ ਸਿੱਖਿਆ ਦਾ ਪਿਛਲੇ ਦੋ ਸਾਲਾਂ 'ਚ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਹੈ। ਭਾਵੇਂ ਕਿ ਕੋਰੋਨਾ ਦੇ ਮਾਮਲਿਆਂ ਦੀ ਰਫ਼ਤਾਰ ਬਹੁਤ ਹੱਦ ਤੱਕ ਘਟੀ ਹੈ ਪਰ ਫਿਰ ਤੀਜੀ ਲਹਿਰ ਦੇ ਆਉਣ ਦਾ ਪੂਰਾ-ਪੂਰਾ ਖਦਸ਼ਾ ਹੈ। ਪਰ ਦੇਖਣ ਵਿਚ ਆਇਆ ਹੈ ਕਿ ਪੜ੍ਹਿਆ-ਲਿਖਿਆ ਵਰਗ ਵੀ ਵੈਕਸੀਨ ਲਗਵਾਉਣ ਦੇ ਮਾਮਲੇ ਵਿਚ ਕੋਈ ਉਤਸ਼ਾਹ ਨਹੀਂ ਦਿਖਾ ਰਿਹਾ, ਜਦੋਂ ਕਿ ਉਨ੍ਹਾਂ ਨੂੰ ਚਾਹੀਦਾ ਇਹ ਹੈ ਕਿ ਉਹ ਅਨਪੜ੍ਹ ਲੋਕਾਂ ਨੂੰ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕਰਨ। ਬਹੁਤ ਸਾਰੇ ਲੋਕ ਵੈਕਸੀਨ ਪ੍ਰਤੀ ਫੈਲੀਆਂ ਅਫ਼ਵਾਹਾਂ ਕਾਰਨ ਟੀਕਾ ਲਗਵਾਉਣ ਤੋਂ ਝਿਜਕਦੇ ਹਨ। ਉਨ੍ਹਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਕੋਰੋਨਾ ਵੈਕਸੀਨ ਵਿਸ਼ਵ ਸਿਹਤ ਸੰਗਠਨ ਵਲੋਂ ਮਾਨਤਾ ਪ੍ਰਾਪਤ ਹੈ। ਇਸ ਲਈ ਖ਼ਤਰੇ ਵਾਲੀ ਕੋਈ ਗੱਲ ਨਹੀਂ। ਭਾਰਤ ਸਰਕਾਰ ਦੀ 'ਟੀਕਾ ਉਤਸਵ' ਮੁਹਿੰਮ ਵਿਚ ਆਪਣਾ ਬਣਦਾ ਯੋਗਦਾਨ ਪਾ ਕੇ ਭਾਰਤ ਨੂੰ ਕੋਰੋਨਾ ਮੁਕਤ ਕਰਨਾ ਚਾਹੀਦਾ ਹੈ ਤਾਂ ਕਿ ਉੱਚ ਸਿੱਖਿਆ ਵਿਦਿਆਰਥੀ ਵਰਗ ਪਹਿਲਾਂ ਵਾਂਗ ਕਾਲਜਾਂ, ਯੂਨੀਵਰਸਿਟੀਆਂ ਵਿਚ ਆਪਣੀ ਸਰੀਰਕ ਹਾਜ਼ਰੀ ਭਰ ਕੇ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲੈ ਕੇ ਆਪਣਾ ਬਹੁਪੱਖੀ ਵਿਕਾਸ ਕਰ ਸਕਣ।

-ਸਿਮਰਨ ਔਲਖ
ਪਿੰਡ ਸੀਰਵਾਲੀ (ਸ੍ਰੀ ਮੁਕਤਸਰ ਸਾਹਿਬ)।

ਕੁਪੋਸ਼ਣ ਦੀ ਸਮੱਸਿਆ

ਕੁਪੋਸ਼ਣ ਇਕ ਜਟਿਲ ਅਤੇ ਬਹੁਆਯਾਮੀ ਸਮੱਸਿਆ ਹੈ ਅਤੇ ਇਸ ਦੇ ਕਈ ਕਾਰਨ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਆਪਸ ਵਿਚ ਜੁੜੇ ਹੋਏ ਹਨ। ਦੇਸ਼ ਵਿਚ ਕੁਪੋਸ਼ਣ ਦੀ ਸਮੱਸਿਆ ਨੂੰ ਦੂਰ ਕਰਨ ਦੇ ਕਿਸੇ ਵੀ ਹੱਲ ਲਈ ਬੁਨਿਆਦੀ ਤੌਰ 'ਤੇ ਸਾਰੇ ਸਬੰਧਿਤ ਖੇਤਰਾਂ ਨੂੰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਨੋਡਲ ਮੰਤਰਾਲਾ ਹੋਣ ਦੇ ਨਾਤੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੂੰ ਪੋਸ਼ਣ ਅਭਿਆਨ ਨੂੰ ਇਕ ਜਨ ਅੰਦੋਲਨ ਬਣਾਉਣ ਦਾ ਯਤਨ ਕੀਤਾ ਗਿਆ ਹੈ, ਜਿਸ ਵਿਚ ਸਰਕਾਰੀ ਅਤੇ ਸਮਾਜਿਕ ਸੰਸਥਾਵਾਂ ਦੀ ਭਾਗੀਦਾਰੀ ਸ਼ਾਮਿਲ ਹੈ। ਇਸ ਸਮੱਸਿਆ ਵਿਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਮੇਸ਼ਾ ਗ਼ਰੀਬ ਹੁੰਦੇ ਹਨ ਜੋ ਆਮ ਤੌਰ 'ਤੇ ਆਪਣੀ ਆਮਦਨ ਦਾ ਜ਼ਿਆਦਾਤਰ ਹਿੱਸਾ ਭੋਜਨ 'ਤੇ ਖ਼ਰਚ ਕਰਦੇ ਹਨ। ਸਰਕਾਰ ਹਰ ਸਾਲ 'ਪੋਸ਼ਣ ਮਾਹ' ਮਨਾਉਣ ਲਈ ਇਕ ਅਨੋਖਾ ਵਿਸ਼ਾ ਚੁਣਦੀ ਹੈ। ਪੂਰੇ ਸਤੰਬਰ ਮਹੀਨੇ ਦੌਰਾਨ ਦੇਸ਼ ਭਰ ਵਿਚ ਵਿਭਿੰਨ ਪੱਧਰਾਂ 'ਤੇ ਪੋਸ਼ਣ ਜਾਗਰੂਕਤਾ ਨਾਲ ਸਬੰਧਿਤ ਗਤੀਵਿਧੀਆਂ ਸੰਚਾਲਿਤ ਕਰਨ ਦੀ ਲੋੜ ਹੈ। ਸ਼ਾਸਨ ਨੂੰ 'ਚੰਗਾ' ਤਦ ਹੀ ਮੰਨਿਆ ਜਾ ਸਕਦਾ ਹੈ ਜਦੋਂ ਉਹ ਭੁੱਖ ਅਤੇ ਭੁੱਖਮਰੀ ਨੂੰ ਦੂਰ ਕਰੇ। ਗ਼ਰੀਬਾਂ ਦੀਆਂ ਪੋਸ਼ਣ ਸਬੰਧੀ ਜ਼ਰੂਰਤਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ।

-ਪ੍ਰਸ਼ੋਤਮ ਪੱਤੋ
ਪੱਤੋ ਹੀਰਾ ਸਿੰਘ (ਮੋਗਾ)।

15-09-2021

 ਦੁਖਦਾਈ ਘਟਨਾ

ਮੁੰਬਈ ਸਾਕੀਨਾਕਾ ਵਿਖੇ 32 ਸਾਲਾ ਔਰਤ ਨਾਲ ਜਬਰ ਜਨਾਹ ਤੋਂ ਬਾਅਦ ਉਸ ਨਾਲ ਦਰਿੰਦਗੀ ਕੀਤੀ ਗਈ, ਜਿਸ ਤੋਂ ਬਾਅਦ ਪੀੜਤ ਦੀ ਹਸਪਤਾਲ ਵਿਚ ਮੌਤ ਹੋ ਗਈ। ਇਸ ਦੁਰਘਟਨਾ ਨੇ ਨਿਰਭੈ ਕਾਂਡ ਦੀ ਇਕ ਵਾਰ ਫਿਰ ਯਾਦ ਦਿਵਾ ਦਿੱਤੀ ਹੈ। ਇਸ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ, ਥੋੜ੍ਹੀ ਹੈ। ਇਕ ਦੋਸ਼ੀ ਪੁਲਿਸ ਨੇ ਫੜ ਲਿਆ ਹੈ। ਜਿਸ ਤਰ੍ਹਾਂ ਇਹ ਘਟਨਾ ਹੋਈ ਹੈ, ਇਹ ਇਕੱਲੇ ਆਦਮੀ ਦਾ ਕੰਮ ਨਹੀਂ ਹੈ। ਇਸ ਲਈ ਪੁਲਿਸ ਨੂੰ ਇਸ ਮਾਮਲੇ ਦੀ ਪੂਰੀ ਤਫ਼ਤੀਸ਼ ਕਰਕੇ ਇਸ ਵਿਚ ਸ਼ਾਮਿਲ ਹੋਰ ਲੋਕਾਂ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ। ਪੂਰੇ ਸਬੂਤ ਇਕੱਠੇ ਕਰਕੇ ਫਾਸਟਰੈਕ ਕੋਰਟ ਰਾਹੀਂ ਜਲਦੀ ਫ਼ੈਸਲਾ ਕਰਾ ਸਜ਼ਾ ਦਿਵਾਈ ਜਾਵੇ। ਸਰਕਾਰ ਨੂੰ ਇਸ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣੀ ਚਾਹੀਦੀ ਹੈ।

-ਗੁਰਮੀਤ ਸਿੰਘ ਵੇਰਕਾ।

ਬਹੁਰੂਪੀਆਂ ਤੋਂ ਬਚ ਕੇ

ਮੇਰੀ ਚਿੱਠੀ ਦਾ ਮਕਸਦ ਸਾਡੇ ਸਮਾਜ ਵਿਚ ਔਰਤ ਦਰਦੀ ਬਣ ਕੇ ਪੇਸ਼ ਆਉਂਦੇ ਬਹੁਰੂਪੀਏ ਭੇੜੀਆਂ ਬਾਰੇ ਚਾਨਣਾ ਪਾਉਣਾ ਹੈ। ਇਹ ਹਰ ਖੇਤਰ ਵਿਚ ਮੌਜੂਦ ਰਹਿੰਦੇ ਹਨ। ਸਾਹਿਤ ਦੇ ਖੇਤਰ ਵਿਚ ਵੀ ਇਨ੍ਹਾਂ ਦੀ ਗਿਣਤੀ ਘੱਟ ਨਹੀਂ ਹੈ। ਜੇਕਰ ਕਿਸੇ ਲੇਖਕ ਔਰਤ ਦੀ ਰਚਨਾ ਅਖ਼ਬਾਰ ਵਿਚ ਛਪ ਜਾਵੇ ਤਾਂ ਇਹ ਭੇੜੀਏ ਉਸ ਦਾ ਨੰਬਰ ਦੇਖ ਕੇ ਝੱਟ ਉਸ ਨੂੰ ਫੋਨ ਕਰਦੇ ਹਨ ਤੇ ਕਹਿੰਦੇ ਹਨ ਕਿ ਅਸੀਂ ਬਹੁਤ ਵੱਡੇ ਔਰਤ ਹਿਤੈਸ਼ੀ ਹਾਂ। ਇਥੋਂ ਤੱਕ ਕਿ ਉਸ ਨੂੰ ਭੈਣ-ਭੈਣ ਕਹਿ ਕੇ ਪੂਰੀ ਤਰ੍ਹਾਂ ਝਾਂਸੇ ਵਿਚ ਲੈਣ ਦੀ ਕੋਸ਼ਿਸ਼ ਕਰਦੇ ਹਨ। ਜਿਹੜੀ ਔਰਤ ਇਨ੍ਹਾਂ ਦੀ ਗੱਲ ਨਹੀਂ ਮੰਨਦੀ, ਉਸ ਵਿਰੁੱਧ ਫਿਰ ਅਖ਼ਬਾਰਾਂ ਨੂੰ ਫੇਕ ਮੇਲ ਭੇਜਣ ਲਗਦੇ ਹਨ ਕਿ ਇਸ ਨੇ ਰਚਨਾਵਾਂ ਚੋਰੀ ਕੀਤੀਆਂ ਹਨ ਜਾਂ ਇਹ ਕਿਸੇ ਦੀਆਂ ਰਚਨਾਵਾਂ ਉੱਪਰ ਆਪਣਾ ਨਾਂਅ ਲਿਖ ਕੇ ਭੇਜ ਦਿੰਦੀ ਹੈ। ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਇਹੋ ਜਿਹੇ ਭੇੜੀਆਂ ਦੀ ਪਛਾਣ ਕਰੋ।

-ਰਾਜਨਦੀਪ ਕੌਰ ਮਾਨ।

ਚੋਣਾਂ ਬਨਾਮ ਵੋਟਰ

ਅਕਸਰ ਚੋਣਾਂ ਦੇ ਨੇੜੇ ਆਉਂਦਿਆਂ ਸਿਆਸੀ ਪਾਰਟੀਆਂ ਵਲੋਂ ਵੋਟਰਾਂ ਨੂੰ ਆਪਣੇ ਹੱਕ ਵਿਚ ਕਰਨ ਲਈ ਲੋਕਾਂ ਵਿਚ ਵਿਚਰਨ ਦੇ ਨਾਲ-ਨਾਲ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ ਤਾਂ ਜੋ ਆਪਣੀ ਪਾਰਟੀ ਨੂੰ ਸੱਤਾ ਵਿਚ ਲਿਆਂਦਾ ਜਾਵੇ। ਆਗਾਮੀ ਚੋਣਾਂ ਦੇ ਮੱਦੇਨਜ਼ਰ ਸਿਆਸੀ ਆਗੂਆਂ ਵਲੋਂ ਵੀ ਆਪਣੀਆਂ ਸਰਗਰਮੀਆਂ ਇਸ ਵਾਰ ਪਹਿਲਾਂ ਦੇ ਮੁਕਾਬਲੇ ਮੱਠੀਆਂ ਜਾਪ ਰਹੀਆਂ ਹਨ। ਵੋਟਰਾਂ ਵਲੋਂ ਹੁਣ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਭਰਵੇਂ ਸਵਾਗਤ ਦੀ ਜਗ੍ਹਾ ਉਨ੍ਹਾਂ ਕੋਲੋਂ ਪੁੱਛੇ ਜਾ ਰਹੇ ਸਵਾਲਾਂ ਤੋਂ ਲਗਦਾ ਹੈ ਕਿ ਇਸ ਵਾਰ ਲੋਕ ਭਵਿੱਖ ਦੀ ਚਿੰਤਾ ਵਿਚ ਹਨ। ਅੱਜ ਹਰ ਵੋਟਰ ਮਹਿੰਗਾਈ ਅਤੇ ਬੇਰੁਜ਼ਗਾਰੀ ਕਾਰਨ ਮਾਨਸਿਕ ਪ੍ਰੇਸ਼ਾਨੀ ਦੇ ਆਲਮ ਵਿਚੋਂ ਗੁਜ਼ਰ ਰਿਹਾ ਹੈ। ਇਸ ਲਈ ਚੋਣਾਂ ਦੌਰਾਨ ਕਿਸੇ ਸਿਆਸੀ ਪਾਰਟੀ ਦਾ ਗੱਲਾਂ ਦੇ ਸਹਾਰੇ ਚੋਣ ਮੈਦਾਨ ਵਿਚ ਨਿੱਤਰਨਾ ਕੋਈ ਆਮ ਗੱਲ ਨਹੀਂ ਹੋਵੇਗੀ।

-ਰਵਿੰਦਰ ਸਿੰਘ 'ਰੇਸ਼ਮ'
ਪਿੰਡ ਨੱਥੂਮਾਜਰਾ (ਮਲੇਰਕੋਟਲਾ)।

ਰਿਸ਼ਵਤ, ਸਮਾਜ ਅਤੇ ਸਰਕਾਰ

ਅਜੋਕੇ ਸਮੇਂ ਸਾਡੇ ਸਮਾਜ ਅੰਦਰ ਅਨੇਕਾਂ ਬੁਰਾਈਆਂ, ਕੁਰੀਤੀਆਂ ਪਾਈਆਂ ਜਾ ਰਹੀਆਂ ਹਨ ਜਿਵੇਂ ਦਾਜ, ਫੈਸ਼ਨ, ਮਾਦਾ ਭਰੂਣ ਹੱਤਿਆ, ਅਸ਼ਲੀਲਤਾ, ਨਸ਼ੇ ਆਦਿ। ਇਨ੍ਹਾਂ ਵਿਚੋਂ ਇਕ ਬੁਰਾਈ, ਕੁਰੀਤੀ ਹੈ ਰਿਸ਼ਵਤ। ਬਿਨਾਂ ਸ਼ੱਕ ਇਸ ਸਮਾਜਿਕ ਬੁਰਾਈ ਨੇ ਸਾਡੇ ਸਮਾਜ ਉੱਪਰ ਬੜਾ ਗਹਿਰਾ ਪ੍ਰਭਾਵ ਪਾ ਰੱਖਿਆ ਹੈ ਅਤੇ ਸਾਡੀ ਸਮਾਜਿਕ ਸਿਹਤ ਨੂੰ ਲੱਕੜ ਨੂੰ ਲੱਗੇ ਘੁਣ ਵਾਂਗ ਖੋਖਲਾ ਅਤੇ ਕਮਜ਼ੋਰ ਕਰ ਦਿੱਤਾ ਹੈ। ਸ਼ਾਇਦ ਹੀ ਕੋਈ ਅਜਿਹਾ ਖੇਤਰ ਜਾਂ ਵਰਗ ਹੋਵੇ, ਜੋ ਇਸ ਬੁਰਾਈ ਤੋਂ ਰਹਿਤ ਹੋਵੇ। ਜੇ ਇੰਜ ਕਹਿ ਲਿਆ ਜਾਵੇ ਕਿ ਇਹ ਬੁਰਾਈ (ਰਿਸ਼ਵਤ) ਸਾਡੇ ਹੱਡਾਂ ਵਿਚ ਰਚ ਚੁੱਕੀ ਹੈ ਅਤੇ ਬਲੱਡ ਕੈਂਸਰ ਦਾ ਰੂਪ ਧਾਰਨ ਕਰ ਗਈ ਹੈ ਤਾਂ ਇਸ ਵਿਚ ਕੁਝ ਵੀ ਗ਼ਲਤ ਨਹੀਂ ਹੋਵੇਗਾ। ਸੋ, ਲੋੜ ਹੈ ਇਸ ਰਿਸ਼ਵਤ ਰੂਪੀ ਬੁਰਾਈ ਜੋ ਕਿ ਅਮਰਵੇਲ ਦੀ ਤਰ੍ਹਾਂ ਵਧ-ਫੁੱਲ ਰਹੀ ਹੈ, ਨੂੰ ਸਰਕਾਰੀ ਅਤੇ ਗ਼ੈਰ-ਸਰਕਾਰੀ ਪੱਧਰ 'ਤੇ ਯੋਗ ਅਤੇ ਢੁੱਕਵੇਂ ਕਦਮ ਉਠਾ ਕੇ ਰੋਕਣ ਦੀ ਤਾਂ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ। ਅਜਿਹਾ ਕਰਨਾ ਸਮੇਂ ਦੀ ਮੰਗ ਹੀ ਨਹੀਂ, ਬਲਕਿ ਵੱਡੀ ਲੋੜ ਵੀ ਹੈ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

ਰਾਜਨੀਤਕ ਮੇਲੇ ਦੀਆਂ ਤਿਆਰੀਆਂ

ਪਰਵਿੰਦਰ ਸਿੰਘ ਢੀਂਡਸਾ ਦਾ ਲੇਖ 'ਜਮਹੂਰੀ ਸੱਭਿਆਚਾਰ ਵਿਕਸਿਤ ਕਰਨ ਦੀ ਲੋੜ' ਪੜ੍ਹਿਆ। ਹੁਣ ਤਾਂ ਕਹਿਣ ਨੂੰ ਹੀ ਰਹਿ ਗਿਆ ਹੈ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਜਮਹੂਰੀ ਦੇਸ਼ ਹੈ। ਹੁਣ ਤਾਂ ਭਾਰਤ ਨੂੰ ਲੋਕਤੰਤਰ ਦੇਸ਼ ਕਹਿਣ ਲੱਗਿਆਂ ਵੀ ਸ਼ਰਮ ਮਹਿਸੂਸ ਹੋ ਰਹੀ ਹੈ। ਅੱਜ ਦੇਸ਼ ਸਾਹਮਣੇ ਕਈ ਮਸਲੇ ਮੂੰਹ ਅੱਡੇ ਖੜ੍ਹੇ ਹਨ ਪਰ ਕੋਈ ਵੀ ਇਨ੍ਹਾਂ ਮਸਲਿਆਂ ਵੱਲ ਧਿਆਨ ਨਹੀਂ ਦੇ ਰਿਹਾ। ਕਿਸਾਨ ਵਿਚਾਰੇ ਦਿੱਲੀ ਦੀਆਂ ਸਰਹੱਦਾਂ 'ਤੇ ਦੁੱਖ-ਤਸੀਹੇ ਝੱਲ ਰਹੇ ਹਨ ਅਤੇ ਇਧਰ ਰਾਜਨੀਤਕ ਲੋਕਾਂ ਨੂੰ ਆਪਣੀਆਂ ਗੱਦੀਆਂ ਦੀ ਪਈ ਹੋਈ ਹੈ। ਰਾਜਨੀਤਕ ਮੇਲਾ ਛੇ ਮਹੀਨੇ ਪਹਿਲਾਂ ਹੀ ਭਰ ਗਿਆ ਹੈ। ਹੁਣ ਲੋਕ ਜਾਗ ਗਏ ਹਨ, ਵੋਟਾਂ ਬਟੋਰਨ ਵਾਲਿਆਂ ਨੂੰ ਸਵਾਲ ਪੁੱਛ ਰਹੇ ਹਨ, ਜਿਨ੍ਹਾਂ ਦਾ ਉਨ੍ਹਾਂ ਨੂੰ ਸਿੱਧਾ ਜਵਾਬ ਨਹੀਂ ਆਉਂਦਾ। ਰਾਜਨੀਤੀਕਰਨ ਦਾ ਜੋ ਵਰਤਾਰਾ ਚੱਲ ਰਿਹਾ ਹੈ, ਉਸ ਵਿਚ ਇਹ ਲੋਕ ਇਸ ਵਾਰ ਕਾਮਯਾਬ ਨਹੀਂ ਹੋਣਗੇ। ਅੱਜ ਜਮਹੂਰੀਅਤ ਨੂੰ ਬਚਾਉਣ ਦੀ ਲੋੜ ਹੈ। ਵੋਟਰ ਨੂੰ ਆਪਣੀ ਤਾਕਤ ਦਾ ਪਤਾ ਲੱਗ ਗਿਆ ਹੈ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਪ੍ਰੋਫ਼ੈਸਰਾਂ ਤੋਂ ਸੱਖਣੇ ਸਰਕਾਰੀ ਕਾਲਜ

ਪੰਜਾਬੀ ਦੇ ਸਰਕਾਰੀ ਕਾਲਜ ਪਿਛਲੇ ਲੰਮੇ ਸਮੇਂ ਤੋਂ ਰੈਗੂਲਰ ਪ੍ਰੋਫ਼ੈਸਰਾਂ ਦੀ ਘਾਟ ਨਾਲ ਜੂਝ ਰਹੇ ਹਨ। ਤ੍ਰਾਸਦੀ ਦੀ ਗੱਲ ਹੈ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਉਚੇਰੀ ਸਿੱਖਿਆ ਨੂੰ ਤਰਜੀਹ ਨਹੀਂ ਦਿੱਤੀ। ਪਿਛਲੇ 25 ਸਾਲਾਂ ਤੋਂ ਇਕ ਵੀ ਰੈਗੂਲਰ ਕਾਲਜ ਪ੍ਰੋਫ਼ੈਸਰ ਦੀ ਭਰਤੀ ਨਹੀਂ ਕੀਤੀ ਗਈ ਅਤੇ ਮੌਜੂਦਾ ਪ੍ਰੋਫ਼ੈਸਰਾਂ 'ਚੋਂ ਬਹੁਗਿਣਤੀ 2025 ਤੱਕ ਸੇਵਾ-ਮੁਕਤ ਹੋ ਜਾਣੇ ਹਨ। ਸਰਕਾਰੀ ਕਾਲਜਾਂ ਵਿਚ ਮੱਧ ਵਰਗ ਦੇ ਵਿਦਿਆਰਥੀਆਂ ਤੋਂ ਭਾਰੀ ਪੀ.ਟੀ.ਏ. ਫੰਡ ਲੈ ਕੇ ਗੈਸਟ ਫੈਕਲਟੀ ਅਧਿਆਪਕਾਂ ਨਾਲ ਹੀ ਡੰਗ ਟਪਾਇਆ ਜਾ ਰਿਹਾ ਹੈ। ਸਭ ਤੋਂ ਵੱਡਾ ਮਸਲਾ ਇਹ ਹੈ ਕਿ ਐਮ.ਫਿਲ., ਪੀ.ਐਚ.ਡੀ. ਨੈੱਟ, ਜੇ.ਆਰ.ਐਫ. ਪਾਸ ਵਿਦਵਾਨ ਨੌਜਵਾਨ ਬਹੁਤ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰਨ ਨੂੰ ਮਜਬੂਰ ਹਨ ਜਾਂ ਉਮਰ ਹੱਦ ਲੰਘ ਚੁੱਕੇ ਹਨ। ਸਰਕਾਰੀ ਕਾਲਜਾਂ ਵਿਚ ਖੋਜ ਕਾਰਜ ਅਤੇ ਸੋਧ ਕਾਰਜ ਨੂੰ ਵੱਡਾ ਧੱਕਾ ਲੱਗਾ ਹੈ। ਪੰਜਾਬ ਵਿਚ ਕੇਵਲ 47 ਸਰਕਾਰੀ ਕਾਲਜ ਹਨ, ਜਿਨ੍ਹਾਂ ਵਿਚ ਸਾਲ 1990 ਵਿਚ 1873 ਪ੍ਰੋਫ਼ੈਸਰਾਂ ਦੀਆਂ ਅਸਾਮੀਆਂ ਮਨਜ਼ੂਰ ਸਨ, ਜਿਨ੍ਹਾਂ ਵਿਚੋਂ ਮੌਜੂਦਾ ਸਮੇਂ ਵਿਚ 347 ਹੀ ਭਰੀਆਂ ਹੋਈਆਂ ਹਨ। ਇਨ੍ਹਾਂ ਵਿਚੋਂ ਵੀ 39 ਪ੍ਰੋਫ਼ੈਸਰ ਡੈਪੂਟੇਸ਼ਨ 'ਤੇ ਚੰਡੀਗੜ੍ਹ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਮੌਜੂਦਾ ਸਮੇਂ ਅਨੁਸਾਰ ਅਸਾਮੀਆਂ 'ਚ ਤਰਮੀਮਾਂ ਕਰੇ ਅਤੇ ਜਿਵੇਂ ਸਰਕਾਰ ਨੇ ਸਕੂਲ ਸਿੱਖਿਆ ਵਿਭਾਗ ਵਿਚ ਪਿਛਲੇ 5 ਸਾਲਾਂ ਵਿਚ ਹਜ਼ਾਰਾਂ ਅਧਿਆਪਕਾਂ ਦੀ ਭਰਤੀ ਕੀਤੀ ਹੈ, ਉਸੇ ਤਰਜ਼ 'ਤੇ ਕਾਲਜਾਂ ਵਿਚ ਵੀ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ।

-ਮਨਦੀਪ ਸਿੰਘ ਸਿਵੀਆ
ਪਿੰਡ ਜੋੜਕੀ ਅੰਧੇ ਵਾਲੀ, ਜ਼ਿਲ੍ਹਾ ਫਾਜ਼ਿਲਕਾ।

14-09-2021

 ਸਿਆਸੀ ਚੋਣ ਰੈਲੀਆਂ ਅਤੇ ਕਿਸਾਨ

ਇਕ ਪਾਸੇ ਕਿਸਾਨ ਖੇਤੀ ਸਬੰਧੀ ਕਾਲੇ ਕਾਨੂੰਨਾਂ ਖਿਲਾਫ਼ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਹਨ, ਪਰ ਦੂਜੇ ਪਾਸੇ ਸਿਆਸੀ ਪਾਰਟੀਆਂ ਰਾਜ ਗੱਦੀ 'ਤੇ ਬਿਰਾਜਮਾਨ ਹੋਣ ਲਈ ਆਪਣੀਆਂ ਚੋਣ ਰੈਲੀਆਂ ਕਰ ਰਹੀਆਂ ਹਨ। ਕਿਸਾਨਾਂ ਦੇ ਘੋਲ ਦੌਰਾਨ ਲਗਭਗ 600 ਕਿਸਾਨ ਆਪਣੀ ਜਾਨ ਗਵਾ ਗਏ। ਕਿਸਾਨਾਂ ਨੂੰ ਦੁੱਖ ਲਗਦਾ ਹੈ ਜਦੋਂ ਕੋਈ ਸਿਆਸੀ ਪਾਰਟੀ ਵਿਆਹ ਵਰਗਾ ਮਾਹੌਲ ਬਣਾ ਕੇ ਚੋਣ ਰੈਲੀਆਂ ਕਰਦੀ ਹੈ। ਅਜਿਹੇ ਮੌਕੇ ਕਿਸਾਨ ਆਪਣੇ ਦੁੱਖ ਦੱਸ ਕੇ ਲੀਡਰਾਂ ਤੋਂ ਸਵਾਲ ਪੁੱਛਣਾ ਚਾਹੁੰਦੇ ਹਨ ਪਰ ਲੀਡਰਾਂ ਅਤੇ ਪੁਲਿਸ ਗੱਠਜੋੜ ਕਾਰਨ ਜਿਥੇ ਹੱਕ ਮੰਗਦੇ ਲੋਕਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਹੈ, ਉਥੇ ਭਰਾ ਮਾਰੂ ਜੰਗ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਮਾਹੌਲ ਨੂੰ ਸੁਖਾਵਾਂ ਰੱਖਣ ਲਈ ਸਿਆਸੀ ਪਾਰਟੀਆਂ ਨੂੰ ਆਪਣੀਆਂ ਸਿਆਸੀ ਰੈਲੀਆਂ ਮੁਲਤਵੀ ਕਰਨੀਆਂ ਚਾਹੀਦੀਆਂ ਹਨ। ਕਿਸਾਨ ਪੱਖੀ ਲੋਕਾਂ ਨੂੰ ਇਨ੍ਹਾਂ ਚੋਣ ਰੈਲੀਆਂ ਵਿਚ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

-ਇੰਜੀ: ਰਛਪਾਲ ਸਿੰਘ ਚੰਨੂੰਵਾਲਾ
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।

ਇਕ ਉੱਜਲੇ ਭਵਿੱਖ ਦੀ ਨੀਂਹ

ਅਧਿਆਪਕ ਇਕ ਅਜਿਹੀ ਸ਼ਖ਼ਸੀਅਤ ਜਿਸ ਦਾ ਹਰ ਵਿਅਕਤੀ ਦੇ ਜੀਵਨ ਵਿਚ ਬਹੁਤ ਗੂੜ੍ਹਾ ਪ੍ਰਭਾਵ ਹੁੰਦਾ ਹੈ। ਇਹ ਪ੍ਰਭਾਵ ਕਦੀ ਵੀ ਨਕਾਰਾਤਮਿਕ ਨਹੀਂ ਹੁੰਦਾ ਸਗੋਂ ਇਕ ਉੱਜਲੇ ਅਤੇ ਸਫਲ ਭਵਿੱਖ ਦੀ ਮਜ਼ਬੂਤ ਨੀਂਹ ਸਾਬਤ ਹੁੰਦਾ ਹੈ। ਅਧਿਆਪਕ ਆਪਣੇ-ਆਪ ਵਿਚ ਚਾਣਨ ਦੀ ਉਹ ਰੌਸ਼ਨੀ ਹੁੰਦੇ ਹਨ, ਜੋ ਪੂਰੀ ਦੁਨੀਆ ਵਿਚ ਚੰਗੇ ਸਮਾਜ, ਆਪਸੀ ਸਹਿਯੋਗ ਅਤੇ ਇਨਸਾਨੀਅਤ ਦਾ ਪਸਾਰਾ ਕਰਦੇ ਹਨ। ਹਰ ਵਿਦਿਆਰਥੀ ਦੇ ਜੀਵਨ ਵਿਚ ਇਕ ਨਾ ਇਕ ਅਜਿਹਾ ਅਧਿਆਪਕ ਜ਼ਰੂਰ ਹੁੰਦਾ ਹੈ ਜੋ ਉਸ ਦੀ ਸ਼ਖ਼ਸੀਅਤ ਨੂੰ ਨਿਖਾਰਨ ਅਤੇ ਜੀਵਨ ਦੇ ਸਹੀ ਮੰਤਵ ਨੂੰ ਹਾਸਲ ਕਰਨ ਲਈ ਪ੍ਰੇਰਿਤ ਕਰਦਾ ਹੈ। ਮੇਰੀ ਜ਼ਿੰਦਗੀ ਵਿਚ ਵੀ ਇਕ ਇਹੋ ਜਿਹੇ ਅਧਿਆਪਕ ਹਨ ਜਿਨ੍ਹਾਂ ਨੇ ਮੇਰੇ ਅੰਦਰ ਛੁਪੀ ਲਿਖਣ ਦੀ ਕਲਾ ਨੂੰ ਪਛਾਣਨ ਵਿਚ ਬਹੁਤ ਮਦਦ ਕੀਤੀ ਹੈ। ਉਨ੍ਹਾਂ ਦਾ ਨਾਂਅ ਹੈ ਮੰਗਲਾ ਸਾਹਨੀ। ਕਾਲਜ ਵਿਚ ਸਾਨੂੰ ਉਹ ਜਨਰਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਸ਼ਾ ਪੜ੍ਹਾਇਆ ਕਰਦੇ ਸਨ। ਮੰਗਲਾ ਸਾਹਨੀ ਮੈਡਮ ਦੀਆਂ ਕੋਸ਼ਿਸ਼ਾਂ ਸਦਕਾ ਹੀ ਮੈਂ ਅੱਜ ਇਹ ਸਭ ਕੁਝ ਲਿਖਣ ਦੇ ਕਾਬਲ ਹੋਈ ਹਾਂ। ਉਨ੍ਹਾਂ ਕੋਲੋਂ ਪ੍ਰਾਪਤ ਕੀਤੀ ਸਿੱਖਿਆ ਦਾ ਹੀ ਇਹ ਨਤੀਜਾ ਹੈ ਕਿ ਮੈਂ ਵੀ ਆਪਣੀ ਗੱਲ ਅਣਗਿਣਤ ਲੋਕਾਂ ਤੱਕ ਪਹੁੰਚਾਉਣ ਵਿਚ ਸਫਲ ਹੋਈ ਹਾਂ। ਅਖ਼ੀਰ ਵਿਚ ਬਸ ਏਨਾ ਹੀ ਕਹਿਣਾ ਚਾਹੁੰਦੀ ਹਾਂ ਕਿ ਮੰਗਲਾ ਸਾਹਨੀ ਮੈਡਮ, ਤੁਹਾਡਾ ਮੇਰਾ ਮਾਰਗ ਦਰਸ਼ਨ ਕਰਨ ਲਈ ਬਹੁਤ-ਬਹੁਤ ਸ਼ੁਕਰੀਆ!

-ਮਨਪ੍ਰੀਤ ਕੌਰ
ਸ੍ਰੀ ਗੋਇੰਦਵਾਲ ਸਾਹਿਬ।

ਪਾਣੀ ਦੀ ਦੁਰਵਰਤੋਂ

ਪਾਣੀ ਦੀ ਯੋਗਤਾ, ਗੁਣਵੱਤਾ ਅਤੇ ਪ੍ਰਬੰਧਨ ਸਬੰਧੀ 122 ਦੇਸ਼ਾਂ ਦੇ ਸਰਵੇਖਣ ਵਿਚ ਅਸੀਂ 120 ਨੰਬਰ 'ਤੇ ਆਉਂਦੇ ਹਾਂ। ਇਹ ਸਾਡੇ ਲਈ ਖ਼ਤਰੇ ਦੀ ਘੰਟੀ ਹੈ। ਜ਼ਮੀਨ ਉੱਪਰਲਾ ਪਾਣੀ ਅਸੀਂ ਪਿਛਲੇ ਚਾਰ ਦਹਾਕਿਆਂ ਤੋਂ ਗੰਦਾ ਤੇ ਮਲੀਨ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਪ੍ਰਸ਼ਾਸਨ ਤੇ ਸਰਕਾਰਾਂ ਸਾਨੂੰ ਚੰਗੀ ਸੇਧ ਨਹੀਂ ਦੇ ਰਹੀਆਂ। ਝੋਨਾ ਤੇ ਗੰਨੇ ਦੀ ਫ਼ਸਲ ਬਰਾਬਰ ਪਾਣੀ ਲੈ ਰਹੀਆਂ ਹਨ। ਝੋਨਾ 60 ਕੁ ਦਿਨ ਅਤੇ ਗੰਨਾ ਸਾਲ ਦੀ ਫ਼ਸਲ ਹੋਣ ਕਰਕੇ 310 ਤੋਂ 330 ਦਿਨ ਤੱਕ ਖੁੱਲ੍ਹਾ ਪਾਣੀ ਪੀਂਦਾ ਹੈ ਜਦੋਂ ਕਿ ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼, ਹਰਿਆਣਾ ਦੇ ਕਰਨਾਲ ਵਿਚ ਤੁਪਕਾ ਸਿੰਜਾਈ ਨਾਲ ਖੇਤੀ ਹੁੰਦੀ ਹੈ। ਦੁਨੀਆ ਦਾ ਮੋਹਰੀ ਖੇਤੀ ਪ੍ਰਧਾਨ ਦੇਸ਼ ਇਜ਼ਰਾਈਲ (ਜਿਥੇ ਇਕ ਵੀ ਦਰਿਆ ਨਹੀਂ ਵਹਿੰਦਾ) 'ਚ ਤੁਪਕਾ ਸਿੰਜਾਈ ਨਾਲ ਖੇਤੀ ਹੁੰਦੀ ਹੈ। ਜਿੰਨਾ ਪਾਣੀ ਅਸੀਂ ਧਰਤੀ ਹੇਠੋਂ ਖਿੱਚਦੇ ਹਾਂ, ਓਨਾ ਜ਼ਮੀਨ ਵਿਚ ਵਾਪਸ ਭੇਜਣ ਬਾਰੇ ਨਾ ਅਸੀਂ, ਨਾ ਸਰਕਾਰਾਂ, ਨਾ ਪ੍ਰਸ਼ਾਸਨ ਨੇ ਸੋਚਿਆ ਹੈ ਤੇ ਨਾ ਸ਼ਾਇਦ ਸੋਚਣ। ਹਰ ਇਨਸਾਨ ਨੂੰ ਖ਼ੁਦ ਆਪਣੀ ਜ਼ਿੰਮੇਵਾਰੀ ਸਮਝ ਕੇ ਪਾਣੀ ਦੀ ਦੁਰਵਰਤੋਂ ਰੋਕ ਕੇ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ।

-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ, ਗੁਰਦਾਸਪੁਰ।

ਸੜਕ ਹਾਦਸੇ ਤੇ ਜ਼ਿੰਦਗੀ

ਸੜਕ ਹਾਦਸਿਆਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਜ਼ਿਆਦਾਤਰ ਸੜਕ ਹਾਦਸੇ ਤੇਜ਼ ਰਫ਼ਤਾਰ, ਟੁੱਟੀਆਂ ਸੜਕਾਂ, ਪਸ਼ੂਆਂ ਅਤੇ ਚਾਲਕ ਦੀ ਗ਼ਲਤੀ ਕਰਕੇ ਵਾਪਰ ਰਹੇ ਹਨ। ਕਈ ਵਾਰੀ ਇਨ੍ਹਾਂ ਘਟਨਾਵਾਂ ਵਿਚ ਤੇਜ਼ ਰਫ਼ਤਾਰ, ਜਲਦਬਾਜ਼ੀ ਵੀ ਜ਼ਿੰਮੇਵਾਰ ਹੈ। ਅਸੀਂ ਘਰ ਤੋਂ ਪਹਿਲਾਂ ਤੁਰਨ ਦੀ ਬਜਾਏ ਵਾਹਨ ਦੀ ਰਫ਼ਤਾਰ ਤੇਜ਼ ਕਰਕੇ ਨਿਸਚਿਤ ਸਥਾਨ 'ਤੇ ਪਹੁੰਚਣਾ ਤਾਂ ਚਾਹੁੰਦੇ ਹਾਂ ਪਰ ਅਸੀਂ ਕਦੀ ਨਹੀਂ ਸੋਚਦੇ ਕਿ ਅਸੀਂ ਖ਼ੁਦ ਦੀ ਜ਼ਿੰਦਗੀ ਅਤੇ ਦੂਜਿਆਂ ਦੀ ਜ਼ਿੰਦਗੀ ਲਈ ਵੀ ਮੁਸੀਬਤ ਪੈਦਾ ਕਰ ਰਹੇ ਹਾਂ। ਸਾਨੂੰ ਸੜਕਾਂ ਦੇ ਕਿਨਾਰੇ ਲੱਗੇ ਟ੍ਰੈਫਿਕ ਚਿੰਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਹੱਦ ਤੋਂ ਜ਼ਿਆਦਾ ਤੇਜ਼ ਵਾਹਨ ਕਦੇ ਨਹੀਂ ਚਲਾਉਣਾ ਚਾਹੀਦਾ। ਸੜਕ ਤੇ ਆਵਾਜਾਈ ਮੰਤਰਾਲੇ ਨੂੰ ਵੀ ਸਮੇਂ-ਸਮੇਂ 'ਤੇ ਸੜਕਾਂ ਦੀ ਮੁਰੰਮਤ ਕਰਨੀ ਚਾਹੀਦੀ ਹੈ, ਇਸ ਨਾਲ ਅਸੀਂ ਖ਼ੁਦ ਨੂੰ ਅਤੇ ਦੂਜਿਆਂ ਨੂੰ ਜ਼ਿੰਦਗੀ ਦੀ ਦੁਰਘਟਨਾ ਤੋਂ ਬਚਾ ਸਕਦੇ ਹਾਂ।

-ਹਰਪ੍ਰੀਤ ਸਿੰਘ
ਡਾਇਟ ਸੰਗਰੂਰ।

ਕਿਸਾਨੀ ਅੰਦੋਲਨ ਤੇ ਰਾਜਸੀ ਪਾਰਟੀਆਂ

ਸਮਾਜ ਦੇ ਹਰ ਵਰਗ ਦੇ ਲੋਕਾਂ ਵਲੋਂ ਮਿਲੇ ਭਰਪੂਰ ਸਮਰਥਨ ਕਰਕੇ ਕਿਸਾਨੀ ਅੰਦੋਲਨ ਆਪਣੀ ਸਿਖ਼ਰ 'ਤੇ ਹੈ। ਦੂਜੇ ਪਾਸੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਆਪਣਾ ਚੋਣ ਪ੍ਰਚਾਰ ਕਰਨ ਲਈ ਤਰਲੋ ਮੱਛੀ ਹੋ ਰਹੀਆਂ ਹਨ। ਸਾਰੀਆਂ ਰਾਜਨੀਤਕ ਪਾਰਟੀਆਂ ਆਪਣਾ ਸਿਆਸੀ ਪੈਂਤੜਾ ਖੇਡਦਿਆਂ ਆਪਣੇ-ਆਪ ਨੂੰ ਸਭ ਤੋਂ ਵੱਧ ਪੰਜਾਬ ਅਤੇ ਕਿਸਾਨ ਹਿਤੈਸ਼ੀ ਹੋਣ ਦਾ ਢਿੰਡੋਰਾ ਪਿੱਟ ਰਹੀਆਂ ਹਨ। ਉਧਰ ਸੰਯੁਕਤ ਕਿਸਾਨ ਮੋਰਚੇ ਵਲੋਂ ਰਾਜਨੀਤਕ ਪਾਰਟੀਆਂ ਨੂੰ ਮੋਰਚੇ ਤੋਂ ਦੂਰ ਰੱਖਣ ਦਾ ਲਿਆ ਗਿਆ ਸਟੈਂਡ ਰਾਜਨੀਤਕ ਪਾਰਟੀਆਂ ਲਈ ਦੋ ਧਾਰੀ ਤਲਵਾਰ ਸਾਬਤ ਹੋ ਰਿਹਾ ਹੈ। ਸੱਤਾ ਵਿਚ ਆਈਆਂ ਸਾਰੀਆਂ ਰਾਜਸੀ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਦੀ ਕਾਇਆ ਕਲਪ ਕਰਨ ਦੀ ਥਾਂ ਪੰਜਾਬ ਦੇ ਕੁਦਰਤੀ ਸਰੋਤਾਂ ਅਤੇ ਖਜ਼ਾਨੇ ਨੂੰ ਲੁੱਟ ਕੇ ਅੱਜ ਪੰਜਾਬ ਸਿਰ ਤਿੰਨ ਲੱਖ ਕਰੋੜ ਦਾ ਕਰਜ਼ਾ ਚਾੜ੍ਹ ਦਿੱਤਾ ਹੈ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਤਰਨ ਤਾਰਨ।

13-09-2021

 ਨਵੀਂ ਵਾਹਨ ਸਕਰੈਪ ਨੀਤੀ
ਪਿਛਲੇ ਦਿਨੀਂ 'ਅਜੀਤ' 'ਚ (8 ਸਤੰਬਰ) ਨੂੰ ਡਾ. ਅਮਨਪ੍ਰੀਤ ਸਿੰਘ ਬਰਾੜ ਦਾ 'ਨਵੀਂ ਵਾਹਨ ਸਕਰੈਪ ਨੀਤੀ 2021 ਦੇ ਫਾਇਦੇ ਅਤੇ ਨੁਕਸਾਨ' ਲੇਖ ਪੜ੍ਹਿਆ। ਲੇਖ ਪੜ੍ਹ ਕੇ ਦਿਮਾਗ ਨੂੰ ਇਕਦਮ ਝਟਕਾ ਲੱਗਾ ਕਿਉਂਕਿ ਲੇਖਕ ਨੇ ਨਿਚੋੜ ਕੱਢ ਕੇ ਦੱਸ ਦਿੱਤਾ ਹੈ ਕਿ ਕੇਂਦਰ ਸਰਕਾਰ ਦੀ ਨੀਤੀ ਦਾ ਦੇਸ਼ ਨੂੰ ਖਾਸ ਕਰਕੇ ਮੱਧ ਅਤੇ ਗ਼ਰੀਬ ਵਰਗ ਨੂੰ ਨੁਕਸਾਨ ਹੋਵੇਗਾ।
ਮੋਦੀ ਸਰਕਾਰ ਧੜਾਧੜ ਆਮ ਲੋਕਾਂ 'ਤੇ ਅਜਿਹੇ ਕਾਨੂੰਨ ਥੋਪ ਰਹੀ ਹੈ ਜਿਨ੍ਹਾਂ ਦਾ ਧਨਾਢ ਲੋਕਾਂ ਨੂੰ ਫਾਇਦਾ ਹੋਵੇਗਾ ਅਤੇ ਗ਼ਰੀਬ ਲੋਕਾਂ ਦਾ ਨੁਕਸਾਨ ਹੋਵੇਗਾ। ਜਦ ਕਿ ਲੋਕਾਂ ਵਲੋਂ ਵੋਟਾਂ ਰਾਹੀਂ ਚੁਣੀ ਸਰਕਾਰ ਨੂੰ ਗ਼ਰੀਬ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਹੈ। ਲੇਬਰ ਕਾਨੂੰਨ ਅਤੇ ਕਿਸਾਨੀ ਸਬੰਧੀ ਕਾਨੂੰਨ ਲਾਗੂ ਹੋਣ ਕਰਕੇ ਕਿਸਾਨ ਅਤੇ ਮਜ਼ਦੂਰ ਪਿਛਲੇ ਲਗਭਗ 9 ਮਹੀਨੇ ਤੋਂ ਦਿੱਲੀ ਦੇ ਬਾਰਡਰਾਂ 'ਤੇ ਦਿਨ-ਰਾਤ ਧਰਨੇ ਲਾ ਕੇ ਸੰਘਰਸ਼ ਕਰ ਰਹੇ ਹਨ ਪਰ ਕੇਂਦਰ ਸਰਕਾਰ ਗ਼ਲਤ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਕੋਰੋਨਾ ਦੀ ਮਾਰ ਹੇਠ ਆਈ ਜਨਤਾ 'ਤੇ ਹੋਰ ਮਾਰੂ ਕਾਨੂੰਨ ਥੋਪ ਰਹੀ ਹੈ। ਅੱਛੇ ਦਿਨਾਂ ਦਾ ਲਾਰਾ ਲਾ ਕੇ ਮੋਦੀ ਸਰਕਾਰ ਨੇ ਉਹ ਦਿਨ ਦਿਖਾ ਦਿੱਤੇ, ਜਿਨ੍ਹਾਂ ਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ।


-ਜਸਵੀਰ ਸਿੰਘ ਭਲੂਰੀਆ
ਪਿੰਡ ਭਲੂਰ, ਜ਼ਿਲ੍ਹਾ ਮੋਗਾ।


ਸ਼ਲਾਘਾਯੋਗ ਲੇਖ
ਪਿਛਲੇ ਦਿਨੀਂ 'ਅਜੀਤ ਮੈਗਜ਼ੀਨ' 'ਚ 'ਜਿਨ ਪ੍ਰੇਮ ਕੀਓ' ਲੇਖ ਲੜੀ ਤਹਿਤ 'ਹੀਰ ਰਾਂਝਾ' ਅਤੇ 'ਮਿਰਜ਼ਾ ਸਾਹਿਬਾਂ' ਬਾਰੇ ਪੜ੍ਹਿਆ ਬਹੁਤ ਹੀ ਵਧੀਆ ਜਾਣਕਾਰੀ ਭਰਪੂਰ ਸਨ। ਲੇਖਕ ਡਾ. ਸਰਬਜੀਤ ਕੌਰ ਸੰਧਾਵਾਲੀਆ ਵਧਾਈ ਦੀ ਪਾਤਰ ਹੈ। ਹੀਰ-ਰਾਂਝਾ ਅਤੇ ਮਿਰਜ਼ਾ-ਸਾਹਿਬਾਂ ਦੇ ਚਿੱਤਰ ਵੀ ਸ਼ਲਾਘਾਯੋਗ ਸਨ। ਇਸੇ ਹੀ ਤਰ੍ਹਾਂ 'ਸਾਡੇ ਮਹਿਮਾਨ ਪਰਿੰਦੇ' ਵੀ ਜਾਣਕਾਰੀ ਭਰਪੂਰ ਹੁੰਦਾ ਹੈ। ਇਨ੍ਹਾਂ ਵਿਚ ਪੰਛੀਆਂ ਦੀਆਂ ਗੱਲਾਂ ਬਾਰੇ ਨਵੀਂ-ਨਵੀਂ ਜਾਣਕਾਰੀ ਮਿਲਦੀ। ਪੰਛੀਆਂ ਦੀਆਂ ਫੋਟੋਆਂ ਵੀ ਕਾਬਲ-ਏ-ਤਾਰੀਫ਼ ਹੁੰਦੀਆਂ ਹਨ। ਇਸ ਲਈ ਮਨੀਸ਼ ਆਹੂਜਾ ਦੇ ਅਸੀਂ ਧੰਨਵਾਦੀ ਹਾਂ ਅਤੇ 'ਮੈਗਜ਼ੀਨ' ਅੰਕ ਵਧੀਆ ਹੁੰਦਾ ਹੈ।


-ਸੰਢੋਰੀਆ ਸੁੱਖੇਵਾਲੀਆ
ਅਧਿਆਪਕ, ਨਾਭਾ (ਪਟਿਆਲਾ)।


ਪੁਲਿਸ ਬਨਾਮ ਰਾਜਨੀਤੀ
ਗੁਰਪ੍ਰੀਤ ਸਿੰਘ ਚੱਠਾ ਦੀ ਰਚਨਾ 'ਜਮਹੂਰੀਅਤ ਲਈ ਘਾਤਕ ਹੈ ਹਲਕਾ ਇੰਚਾਰਜ ਤੇ ਪੁਲਿਸ ਦਾ ਗੱਠਜੋੜ' ਪੜ੍ਹੀ। ਕਾਬਲੇ ਗੌਰ, ਕਾਬਲੇ ਤਾਰੀਫ ਸੀ। ਪੁਲਿਸ ਤੇ ਲੀਡਰਾਂ ਦੇ ਸਬੰਧਾਂ ਦਾ ਇਹ ਨਵਾਂ ਮਾਮਲਾ ਨਹੀਂ ਹੈ। ਅਪਰਾਧੀਆਂ ਤੇ ਲੀਡਰਾਂ ਤੇ ਪੁਲਿਸ ਦੀ ਮਿਲੀਭੁਗਤ ਤੋਂ ਸਾਰੀ ਦੁਨੀਆ ਭਲੀ-ਭਾਂਤ ਜਾਣੂ ਹੈ। ਕਿੰਨੀ ਵਾਰ ਸੁਪਰੀਮ ਕੋਰਟ ਨੇ ਕੇਂਦਰ ਤੇ ਰਾਜ ਸਰਕਾਰਾਂ ਨੂੰ ਪੁਲਿਸ ਸੁਧਾਰਾਂ, ਅਪਰਾਧਿਕ ਪ੍ਰਵਿਰਤੀ ਵਾਲੇ ਲੋਕਾਂ 'ਤੇ ਚੋਣਾਂ ਲੜਨ 'ਤੇ ਰੋਕ ਲਗਾਉਣ ਲਈ ਕਿਹਾ ਹੈ ਪਰ ਇਨ੍ਹਾਂ ਦੇ ਕੰਨਾਂ 'ਤੇ ਜੂੰ ਨਹੀਂ ਸਰਕਦੀ। ਕੇਂਦਰ ਸਰਕਾਰ ਨੂੰ ਅਪਰਾਧਕ ਪ੍ਰਵਿਰਤੀ ਵਾਲੇ ਲੋਕਾਂ 'ਤੇ ਜਦੋਂ ਉਨ੍ਹਾਂ ਕੋਲੋਂ ਪੂਰਨ ਬਹੁਮਤ ਹੈ, ਸਦਨ ਵਿਚ ਕਾਨੂੰਨ ਪਾਸ ਕਰਵਾ ਕੇ ਚੋਣ ਲੜਨ 'ਤੇ ਰੋਕ ਲਗਾ ਕੇ ਇਹ ਜਸ ਖੱਟ ਲੈਣਾ ਚਾਹੀਦਾ ਹੈ। ਅਦਾਲਤਾਂ ਦੀ ਸੁਸਤ ਰਫ਼ਤਾਰ ਨੂੰ ਤੇਜ਼ ਕਰਨ ਲਈ ਫਾਸਟ੍ਰੈਕ ਅਦਾਲਤਾਂ ਦਾ ਗਠਨ ਕਰਨਾ ਚਾਹੀਦਾ ਹੈ।


-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ ਇੰਸਪੈਕਟਰ ਪੁਲਿਸ।


ਮਾਂ-ਬੋਲੀ ਦਾ ਸਤਿਕਾਰ
ਹਰੇਕ ਇਨਸਾਨ ਦੀਆਂ ਤਿੰਨ ਮਾਵਾਂ ਹੁੰਦੀਆਂ ਹਨ, ਮਾਂ ਜਨਮ ਦੇਣ ਵਾਲੀ, ਧਰਤੀ ਮਾਂ ਜਿਸ ਦੀ ਗੋਦ ਵਿਚ ਜਨਮ ਤੋਂ ਮੌਤ ਦੇ ਸਫਰ ਤੱਕ, ਮਾਂ-ਬੋਲੀ ਜੋ ਬੱਚਾ ਮਾਂ ਤੋਂ ਸਿਖਦਾ ਹੈ। ਘਰਾਂ ਵਿਚ ਪੰਜਾਬੀ ਮਾਂ ਬੋਲੀ ਨਾਲ ਮਤਰੇਈ ਮਾਂ ਵਾਲਾ ਸਲੂਕ ਨਾ ਕਰੀਏ ਕਿਉਂਕਿ ਹੋਰ ਬੋਲੀਆਂ ਤੇ ਭਾਸ਼ਾਵਾਂ ਸਿੱਖਣਾ ਕੋਈ ਗੁਨਾਹ ਨਹੀਂ, ਵਧੀਆ ਗੱਲ ਹੈ ਪਰ ਪੰਜਾਬੀ ਮਾਂ-ਬੋਲੀ ਨੂੰ ਬਣਦਾ ਸਤਿਕਾਰ ਦੇਈਏ ਅਤੇ ਕਦਰ ਕਰੀਏ। ਦੁਨੀਆ ਵਿਚ 6000 ਬੋਲੀਆਂ ਵਿਚੋਂ ਪੰਜਾਬੀ 12ਵੇਂ ਸਥਾਨ 'ਤੇ ਹੈ, ਇਸ ਦਾ ਸੱਭਿਆਚਾਰਕ ਵਿਰਸਾ ਵਿਸ਼ਾਲ ਹੈ। ਇਸ ਦੇ ਅਮੀਰ ਵਿਰਸੇ ਨੂੰ ਕਾਇਮ ਰੱਖਣ ਲਈ ਆਪਾਂ ਸਭ ਆਪਣੇ ਪੱਧਰ 'ਤੇ ਸਾਰਥਿਕ ਉਪਰਾਲੇ ਕਰਦੇ ਰਹੀਏ। ਸਰਕਾਰਾਂ ਦੀਆਂ ਬੇਰੁਖੀਆਂ ਤੋਂ ਤਾਂ ਅਸੀਂ ਭਲੀ-ਭਾਂਤ ਜਾਣੂ ਹਾਂ ਪਰ ਸਰਕਾਰਾਂ ਨੂੰ ਵੀ ਪੰਜਾਬੀ ਮਾਂ-ਬੋਲੀ ਲਈ ਹੋਰ ਯਤਨ ਕਰਨੇ ਚਾਹੀਦੇ ਹਨ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਹੁਸ਼ਿਆਰਪੁਰ।


'ਵੈਕਸੀਨੇਸ਼ਨ ਆਨ ਵੀਲ੍ਹਜ਼' ਮੁਹਿੰਮ
ਕੋਰੋਨਾ ਦੀ ਤੀਜੀ ਲਹਿਰ ਦੀ ਸੰਭਾਵਨਾ ਦੇ ਵਿਚਕਾਰ, ਟੀਕਾਕਰਨ ਮੁਹਿੰਮ ਨੂੰ ਤੇਜ਼ੀ ਨਾਲ ਪੂਰਾ ਕਰਨ ਅਤੇ ਹਰ ਵਰਗ ਦੇ ਲੋਕਾਂ ਤੱਕ ਕੋਰੋਨਾ ਵੈਕਸੀ ਪਹੁੰਚਾਉਣ ਲਈ ਦਿੱਲੀ ਵਿਚ ਇਕ ਸ਼ੁਰੂਆਤ ਕੀਤੀ ਗਈ ਹੈ। 'ਵੈਕਸੀਨੇਸ਼ਨ ਆਨ ਵੀਲ੍ਹਜ਼' ਮੁਹਿੰਮ ਜਿਸ ਦੇ ਤਹਿਤ ਟੀਕਾਕਰਨ ਕੇਂਦਰ ਲੋਕਾਂ ਤੱਕ ਪਹੁੰਚੇਗਾ, ਇਸ ਮੁੁਿਹੰਮ ਵਿਚ ਉਨ੍ਹਾਂ ਮਜ਼ਦੂਰ ਵਰਗ ਦੇ ਟੀਕਾਕਰਨ ਵੱਲ ਵਧੇਰੇ ਧਿਆਨ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਕੋਲ ਮੋਬਾਈਲ ਫੋਨ ਜਾਂ ਆਨਲਾਈਨ ਟੀਕਾ ਸਲਾਟ ਬੁੱਕ ਕਰਨ ਦੀ ਸਹੂਲਤ ਜਾਂ ਜਾਣਕਾਰੀ ਨਹੀਂ ਹੈ। ਇਹੀ ਕਾਰਨ ਹੈ ਕਿ ਇਥੇ ਬਿਨਾਂ ਨਿਯੁਕਤੀ ਦੇ ਮਜ਼ਦੂਰਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ। ਇਸ ਤਰ੍ਹਾਂ ਦੀ ਟੀਕਾਕਰਨ ਮੁਹਿੰਮ ਪਹਿਲੀ ਵਾਰ ਦਿੱਲੀ ਵਿਚ ਚਲਾਈ ਜਾ ਰਹੀ ਹੈ। ਇਹ ਮੁਹਿੰਮ ਸਰਕਾਰ ਨੂੰ ਦੇਸ਼ ਭਰ 'ਚ ਚਲਾਉਣੀ ਚਾਹੀਦੀ ਹੈ ਤਾਂ ਜੋ ਇਸ ਤਰ੍ਹਾਂ ਦੇ ਲੋਕ ਛੇਤੀ ਤੋਂ ਛੇਤੀ ਟੀਕਾਕਰਨ ਕਰਵਾ ਸਕਣ ਅਤੇ ਦੇਸ਼ 'ਚ ਹਰ ਵਰਗ ਦੇ ਲੋਕ ਟੀਕਾ ਲਗਵਾ ਸਕਣ।


-ਨੇਹਾ ਜਮਾਲ, ਮੁਹਾਲੀ


ਫ਼ਸਲਾਂ ਦਾ ਸਮਰਥਨ ਮੁੱਲ
ਹਾਲ ਹੀ ਵਿਚ ਕੇਂਦਰ ਸਰਕਾਰ ਵਲੋਂ ਹਾੜ੍ਹੀ ਦੀਆਂ 6 ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ ਵਾਧਾ ਕੀਤਾ ਗਿਆ ਹੈ। ਕਣਕ ਦੇ ਮੁੱਲ ਵਿਚ 40 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਗਿਆ ਜੋ ਕਿ 1975 ਰੁਪਏ ਤੋਂ ਵਧ ਕੇ ਹੁਣ 2015 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਅੱਜ ਮਹਿੰਗਾਈ ਸਿਖਰਾਂ 'ਤੇ ਪੁੱਜ ਗਈ ਹੈ। ਡੀਜ਼ਲ-ਪੈਟਰੋਲ ਦਾ ਅੰਕੜਾ ਲਗਭਗ 100 ਰੁਪਏ ਤੋਂ ਉੱਪਰ ਹੋ ਚੁੱਕਿਆ ਹੈ। ਕੇਂਦਰ ਸਰਕਾਰ ਵਲੋਂ ਕਣਕ ਦੇ ਮੁੱਲ ਵਿਚ 40 ਰੁਪਏ ਦਾ ਵਾਧਾ ਕਰਕੇ ਕਿਸਾਨਾਂ ਨਾਲ ਮਜ਼ਾਕ ਕੀਤਾ ਗਿਆ ਹੈ। ਦੇਖਿਆ ਜਾਵੇ ਤਾਂ ਖੇਤੀ ਵਿਚ ਵਰਤੇ ਜਾਣ ਵਾਲੇ ਹਰ ਉਪਕਰਨ ਮਹਿੰਗੇ ਹੋ ਗਏ ਹਨ। ਬੀਜ ਜਿਣਸਾਂ ਦੇ ਭਾਅ ਵੀ ਵਧ ਰਹੇ ਹਨ। ਪਿੱਛੇ ਜਿਹੇ ਡੀ.ਏ.ਪੀ. ਖਾਦ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ। ਉਧਰ ਪ੍ਰਧਾਨ ਮੰਤਰੀ ਨੇ ਫਿਰ ਇਕ ਵਾਰ ਖੇਤੀ ਕਾਨੂੰਨਾਂ ਦੇ ਸੋਹਲੇ ਗਾਏ। ਕਿਹਾ ਕਿ ਇਹ ਖੇਤੀ ਵੱਲ ਕਿਸਾਨਾਂ ਲਈ ਨਵੀਂ ਕ੍ਰਾਂਤੀ ਲੈ ਕੇ ਆਉਣਗੇ। ਹਾੜ੍ਹੀ ਦੀਆਂ ਫ਼ਸਲਾਂ ਦੇ ਐਮ.ਐਸ.ਪੀ. ਵਿਚ ਵਾਧੇ ਨਾਲ ਕਿਸਾਨਾਂ ਨੂੰ ਵੱਧ ਲਾਭ ਮਿਲੇਗਾ। ਪਿੱਛੇ ਜਿਹੇ ਮਾਲਵਾ ਖੇਤਰ ਵਿਚ ਜੋ ਨਰਮੇ ਦਾ ਸਰਕਾਰੀ ਭਾਅ 5850 ਰੁਪਏ ਸੀ, ਉਸ 'ਤੇ ਕਿਸਾਨਾਂ ਦਾ ਨਰਮਾ ਨਹੀਂ ਵਿਕਿਆ। ਕਿਸਾਨਾਂ ਨੂੰ 4700 ਰੁਪਏ ਤੋਂ 5 ਹਜ਼ਾਰ ਰੁਪਏ ਦੇ ਵਿਚ ਨਰਮਾ ਵੇਚਣਾ ਪਿਆ। ਅੱਜ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਕਿਸਾਨਾਂ ਦੀ ਇਕੋ ਹੀ ਮੰਗ ਹੈ ਕਿ ਐਮ.ਐਸ.ਪੀ. ਨੂੰ ਕਾਨੂੰਨੀ ਜਾਮਾ ਪਹਿਨਾਇਆ ਜਾਵੇ ਤੇ ਤਿੰਨੋਂ ਖੇਤੀ ਕਾਨੂੰਨ ਰੱਦ ਕਰ ਦਿੱਤੇ ਜਾਣ।


-ਸੰਜੀਵ ਸਿੰਘ ਸੈਣੀ

10-09-2021

 ਵਿਗਿਆਨਕ ਸੂਝ
ਸੰਪੂਰਨ ਵਾਤਾਵਰਨ, ਸਮਾਜ ਤੇ ਨਿੱਜੀ ਜੀਵਨ ਨੂੰ ਖੁਸ਼ਹਾਲ ਤੇ ਤੰਦਰੁਸਤ ਬਣਾਉਣ ਲਈ ਵਿਗਿਆਨਕ ਸੂਝ ਨੂੰ ਅਪਣਾਉਣਾ ਜ਼ਰੂਰੀ ਹੈ। ਵਿਗਿਆਨਕ ਸੂਝ-ਬੂਝ ਤੋਂ ਭਾਵ ਹੈ ਸਚਾਈ ਦੀ ਖੋਜ 'ਤੇ ਜ਼ੋਰ ਦੇਣਾ ਅਤੇ ਹਮੇਸ਼ਾ ਤੱਥਾਂ ਤੇ ਸਬੂਤਾਂ ਦੇ ਆਧਾਰ 'ਤੇ ਅਧਿਐਨ ਕਰਨਾ। ਵਿਗਿਆਨ ਵਿਚ ਕੰਮਾਂ ਨੂੰ ਤਰਤੀਬ-ਬੱਧ ਤੇ ਕ੍ਰਮਬੱਧ ਤਰੀਕੇ ਨਾਲ ਕੀਤਾ ਜਾਂਦਾ ਹੈ ਤੇ ਨਾਲ ਹੀ ਸਿਧਾਂਤਾਂ ਤੇ ਪ੍ਰਯੋਗਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਵਿਗਿਆਨ ਦਾ ਖੇਤਰ ਕੇਵਲ ਵਿੱਦਿਅਕ ਵਿਸ਼ੇ ਜਿਵੇਂ ਕਿ ਭੌਤਿਕ ਵਿਗਿਆਨ ਰਸਾਇਣਕ ਵਿਗਿਆਨ ਅਤੇ ਜੀਵ ਵਿਗਿਆਨ ਤੱਕ ਹੀ ਸੀਮਤ ਨਹੀਂ ਹੈ ਸਗੋਂ ਇਸ ਤੋਂ ਵੀ ਵਧੇਰੇ ਹੈ। ਸਚਾਈ ਤਾਂ ਇਹ ਹੈ ਕਿ ਹਰੇਕ ਸਾਧਾਰਨ ਪ੍ਰਕਾਰ ਦੇ ਸਮਝੇ ਜਾਂਦੇ ਕੰਮਾਂ ਵਿਚ ਵੀ ਵਿਗਿਆਨ ਛੁਪਿਆ ਹੁੰਦਾ ਹੈ। ਲੋੜ ਸਿਰਫ ਉਸ ਵਿਗਿਆਨ ਨੂੰ ਲੱਭਣ ਦੀ ਹੁੰਦੀ ਹੈ। ਵਿਗਿਆਨਕ ਸੂਝ ਨਾਲ ਸਾਧਾਰਨ ਘਰੇਲੂ ਕੰਮਾਂਕਾਰਾਂ, ਖੇਤੀਬਾੜੀ ਤੇ ਵਪਾਰ ਆਦਿ ਨੂੰ ਵਧੇਰੇ ਲਾਭਕਾਰੀ ਬਣਾਉਣਾ ਸੰਭਵ ਹੈ। ਅਸੀਂ ਲੱਖਾਂ ਰੁਪਏ ਖ਼ਰਚ ਕੇ ਵਿਦੇਸ਼ਾਂ ਵਿਚ ਜਾ ਕੇ ਮਾਮੂਲੀ ਤੇ ਸਾਧਾਰਨ ਜਿਹੇ ਕੰਮ ਕਰਦੇ ਹਾਂ। ਫ਼ਰਕ ਸਿਰਫ ਵਿਗਿਆਨਕ ਸੂਝ ਅਪਣਾਉਣ ਦਾ ਹੀ ਹੈ।


-ਬਿਹਾਲਾ ਸਿੰਘ
ਪਿੰਡ : ਨੌਨੀਤਪੁਰ, ਤਹਿ: ਗੜ੍ਹਸ਼ੰਕਰ (ਹੁਸ਼ਿਆਰਪੁਰ)।


ਕਾਲੋਨੀਆਂ 'ਚ ਲੱਗੇ ਗੇਟ
ਵੱਡੇ ਤੇ ਛੋਟੇ ਸ਼ਹਿਰਾਂ ਦੀਆਂ ਰਿਹਾਇਸ਼ੀ ਕਾਲੋਨੀਆਂ ਦੀਆਂ ਗਲੀਆਂ ਦੇ ਬਾਹਰ ਗੇਟ ਬਹੁਤੇ ਕਾਲੋਨੀ ਨਿਵਾਸੀ ਆਪਣੀ ਹੀ ਮਰਜ਼ੀ ਨਾਲ ਲਗਾ ਲੈਂਦੇ ਹਨ। ਜਿਹੜੀਆਂ ਗਲੀਆਂ ਅੱਗੋਂ ਬੰਦ ਹਨ, ਉਥੇ ਤਾਂ ਰਾਹਗੀਰਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਂਦੀ ਪ੍ਰੰਤੂ ਜਿਹੜੀਆਂ ਗਲੀਆਂ ਦਾ ਨਿਕਾਸ ਅੱਗੇ ਨਿਕਲਦਾ ਹੈ, ਉਥੇ ਅਕਸਰ ਗੇਟ ਬੰਦ ਹੋਣ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗੇਟ ਲਗਾਉਣ ਸਬੰਧੀ ਨਗਰ ਨਿਗਮਾਂ ਆਦਿ ਨੇ ਨਿਰਧਾਰਤ ਫੀਸ ਰੱਖੀ ਹੋਈ ਹੈ ਅਤੇ ਹਰ ਸਾਲ ਰੀਵਿਊ ਫੀਸ ਵੀ ਜਮ੍ਹਾਂ ਕਰਾਉਣ ਦੇ ਨਾਲ-ਨਾਲ ਗੇਟ 'ਤੇ ਕੈਮਰੇ, ਰਾਤ ਨੂੰ ਰੌਸ਼ਨੀ ਦਾ ਪ੍ਰਬੰਧ ਕਰਨ, ਚੌਕੀਦਾਰ ਰੱਖਣ ਅਤੇ ਗਰਮੀਆਂ, ਸਰਦੀਆਂ ਵਿਚ ਗੇਟ ਰਾਤ ਨੂੰ ਬੰਦ ਕਰਨ ਤੇ ਸਵੇਰੇ ਖੋਲ੍ਹਣ ਦਾ ਸਮਾਂ ਵੀ ਨਿਰਧਾਰਤ ਕੀਤਾ ਹੋਇਆ ਹੈ। ਭਾਵੇਂ ਇਸ ਸਬੰਧੀ ਕੁਝ ਨੂੰ ਜਾਣਕਾਰੀ ਹੋਵੇ, ਪ੍ਰੰਤੂ ਬਹੁਤੀ ਥਾਈਂ ਕਾਲੋਨੀ ਨਿਵਾਸੀ ਇਸ ਤੋਂ ਅਨਜਾਣ ਹਨ। ਸਾਨੂੰ ਗਲੀ ਦੇ ਬਾਹਰ ਗੇਟ ਲਗਾਉਣ ਤੋਂ ਪਹਿਲਾਂ ਰਾਹਗੀਰਾਂ ਨੂੰ ਆਉਂਦੀਆਂ ਮੁਸ਼ਕਿਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਉਥੇ ਹੀ ਸਬੰਧਿਤ ਵਿਭਾਗ ਵਲੋਂ ਬਣਾਏ ਗਏ ਨਿਯਮਾਂ ਦੀ ਵੀ ਪਾਲਣਾ ਕਰਨੀ ਚਾਹੀਦੀ ਹੈ।


-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ।


ਪਛੜੀਆਂ ਜਾਤੀਆਂ ਦੀ ਨਜ਼ਰਅੰਦਾਜ਼ੀ
ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵਲੋਂ ਪਛੜੀਆਂ ਜਾਤੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਸਭ ਤੋਂ ਪਹਿਲਾਂ ਪਛੜੀਆਂ ਜਾਤੀਆਂ ਨਾਲ ਸਬੰਧਿਤ ਵਿਅਕਤੀਆਂ ਨੂੰ ਪਤਾ ਹੀ ਨਹੀਂ ਕਿ ਪਛੜੀ ਜਾਤੀ ਆਯੋਗ ਦਾ ਦਫ਼ਤਰ ਕਿਹੜੀ ਜਗ੍ਹਾ ਸਥਿਤ ਹੈ? ਇਸ ਦਾ ਚੇਅਰਮੈਨ ਅਤੇ ਮੈਂਬਰ ਕਿਹੜੇ ਹਨ? ਆਪਣੀ ਸ਼ਿਕਾਇਤ ਦੀ ਦਰਖ਼ਾਸਤ ਕਿੱਥੇ ਦੇ ਸਕਦੇ ਹਨ? ਇਸ ਬਾਰੇ ਆਮ ਪਛੜੀ ਸ਼੍ਰੇਣੀ ਦੇ ਵਿਅਕਤੀਆਂ ਨੂੰ ਬਿਲਕੁਲ ਨਹੀਂ ਪਤਾ। ਮੇਰਾ ਆਪ ਅਨੁਭਵ ਹੈ ਕਿ ਕੇਂਦਰ ਅਤੇ ਰਾਜ ਸਰਕਾਰ ਨੂੰ ਪਛੜੀਆਂ ਜਾਤੀਆਂ ਆਯੋਗ ਦੇ ਦਫ਼ਤਰ, ਚੇਅਰਮੈਨ ਅਤੇ ਮੈਂਬਰਾਂ ਬਾਰੇ ਜ਼ਰੂਰ ਦੱਸਣਾ ਚਾਹੀਦਾ ਹੈ। ਪਛੜੀਆਂ ਜਾਤੀਆਂ ਦੇ ਨਾਲ ਸਬੰਧਿਤ ਵਿਅਕਤੀ ਆਪਣੀ ਸ਼ਿਕਾਇਤ ਕਿੱਥੇ ਭੇਜ ਸਕਦੇ ਹਨ? ਕਿਵੇਂ ਭੇਜ ਸਕਦੇ ਹਨ? ਇਸ ਬਾਰੇ ਪੂਰੀ ਜਾਣਕਾਰੀ ਦੇਣਾ ਕੇਂਦਰ ਤੇ ਪੰਜਾਬ ਸਰਕਾਰ ਦਾ ਫ਼ਰਜ਼ ਹੈ।


-ਬਲਵਿੰਦਰ ਸਿੰਘ ਖੁਰਮੀ, ਮਲੋਟ।


ਸਿਆਸੀ ਰੈਲੀਆਂ
ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਤਕਰੀਬਨ ਚੋਣਾਂ ਦੇ ਨਜ਼ਦੀਕ ਆ ਕੇ ਹੀ ਲੋਕਾਂ ਨੂੰ ਉਲਝਾਉਣ ਲਈ ਰੈਲੀਆਂ ਕਰਦੀਆਂ ਹਨ। ਇਹ ਰੈਲੀਆਂ ਲੋਕਾਂ ਨੂੰ ਅਗਲੀਆਂ ਪਿਛਲੀਆਂ ਸਾਰੀਆਂ ਮੰਗਾਂ 'ਤੇ ਪਰਦਾ ਪਾਉਣ ਲਈ ਕੀਤੀਆਂ ਜਾਂਦੀਆਂ ਹਨ ਤੇ ਭੋਲੇ-ਭਾਲੇ ਲੋਕਾਂ ਨੂੰ ਨਵੇਂ ਝਾਂਸੇ ਦੇ ਕੇ ਫਸਾਇਆ ਜਾਂਦਾ ਹੈ। ਇਨ੍ਹਾਂ ਵਿਚ ਲੋਕਾਂ ਨੂੰ ਆਟਾ, ਦਾਲ ਤੇ ਬਿਜਲੀ ਆਦਿ ਦੇ ਬਿੱਲ ਮੁਆਫ਼ੀ, ਕਰਜ਼ਾ ਮੁਆਫ਼ੀ ਦੇ ਲਾਲਚ ਦਿੱਤੇ ਜਾਂਦੇ ਹਨ ਤੇ ਸਾਡੇ ਪਿੰਡਾਂ ਦੇ ਲੋਕ ਇਨ੍ਹਾਂ ਸਕੀਮਾਂ ਤਹਿਤ ਵੱਖ-ਵੱਖ ਪਾਰਟੀਆਂ ਨਾਲ ਸਬੰਧਿਤ ਉਮੀਦਵਾਰਾਂ ਨੂੰ ਜਿਤਾਉਣ ਲਈ ਪੱਬਾਂ ਭਾਰ ਹੋ ਕੇ ਜਿਤਾਉਂਦੇ ਹਨ। ਜੇ ਇਹ ਸਰਕਾਰਾਂ ਲੋਕਾਂ ਨੂੰ ਚੰਗਾ ਰੁਜ਼ਗਾਰ ਦੇਣ, ਆਪਣੇ ਵਾਅਦਿਆਂ ਤੋਂ ਨਾ ਮੁੱਕਰਨ ਤਾਂ ਉਨ੍ਹਾਂ ਨੂੰ ਰੈਲੀਆਂ ਕਰਨ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਤੇ ਨਾ ਪਵੇਗੀ ਅਤੇ ਨਾ ਹੀ ਕੋਈ ਫਾਲਤੂ ਖ਼ਰਚਾ ਹੋਵੇਗਾ। ਜੇ ਸਰਕਾਰ ਹਰ ਇਕ ਪੜ੍ਹੀ-ਲਿਖੀ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਦੇਵੇਗੀ ਤਾਂ ਸਾਡੇ ਦੇਸ਼ ਵਿਚ ਨਸ਼ੇ ਵੀ ਆਪਣੇ ਆਪ ਖ਼ਤਮ ਹੋ ਜਾਣਗੇ। ਆਪਸੀ ਤਕਰਾਰ ਵੀ ਖ਼ਤਮ ਹੋਵੇਗਾ।


-ਸੁਖਚੈਨ ਸਿੰਘ
ਠੱਠੀ ਭਾਈ।


ਇਹ ਵਰਤਾਰਾ ਕਿੰਨਾ ਕੁ ਸਹੀ?

ਜਦੋਂ ਕੋਈ ਵੀ ਵਿਅਕਤੀ ਕਿਸੇ ਦਫ਼ਤਰ ਸਰਕਾਰੀ ਜਾਂ ਪ੍ਰਾਈਵੇਟ ਅਦਾਰੇ ਵਿਚ ਆਪਣੇ ਕੰਮਕਾਜ ਕਰਵਾਉਣ ਲਈ ਜਾਂਦਾ ਹੈ ਤਾਂ ਬਹੁਤੀਆਂ ਥਾਵਾਂ 'ਤੇ ਉਸ ਦਾ ਲਿਬਾਸ (ਪਹਿਰਾਵਾ) ਵੇਖਿਆ ਜਾਂਦਾ ਹੈ। ਜੇ ਉਸ ਦੇ ਪੈਂਟ-ਸ਼ਰਟ ਪੂਰੀ ਟੌਹਰ ਹੈ ਤਾਂ ਉਸ ਨਾਲ ਵਧੀਆ ਵਿਹਾਰ ਕੀਤਾ ਜਾਂਦਾ ਹੈ। ਜੇ ਉਸ ਦੇ ਸਾਧਾਰਨ ਕੱਪੜੇ, ਸਾਦਾ ਲਿਬਾਸ ਹੈ ਤਾਂ ਉਸ ਨਾਲ ਹੋਰ ਵਿਹਾਰ ਕੀਤਾ ਜਾਂਦਾ ਹੈ ਜਦੋਂ ਕਿ ਸਰਕਾਰੀ ਜਾਂ ਪ੍ਰਾਈਵੇਟ ਦਫ਼ਤਰ ਸਾਰਿਆਂ ਦੇ ਸਾਂਝੇ ਹੁੰਦੇ ਹਨ। ਜੋ ਕੁਰਸੀ 'ਤੇ ਬੈਠਾ ਹੈ, ਉਹ ਸਾਰਿਆਂ ਦਾ ਸਾਂਝਾ ਇਕ ਸੇਵਾਦਾਰ ਹੁੰਦਾ ਹੈ। ਉਸ ਕੋਲ ਕੋਈ ਵੀ ਆਪਣੇ ਕੰਮ-ਧੰਦੇ ਕਰਵਾਉਣ ਲਈ ਆ ਸਕਦਾ ਹੈ। ਉਥੇ ਬੈਠੇ ਅਫ਼ਸਰਾਂ ਨੂੰ ਸਾਰਿਆਂ ਨਾਲ ਇਕੋ ਜਿਹਾ ਵਰਤਾਰਾ ਕਰਨਾ ਚਾਹੀਦਾ ਹੈ। ਜੇ ਅਸੀਂ ਪੜ੍ਹੇ-ਲਿਖੇ ਹੋ ਕੇ ਅਜਿਹਾ ਵਿਹਾਰ ਨਹੀਂ ਕਰਾਂਗੇ ਤਾਂ ਅਸੀਂ ਦੂਜਿਆਂ ਨੂੰ ਕੀ ਸਿੱਖਿਆ ਦੇਵਾਂਗੇ। ਆਸ ਹੈ ਕਿ ਇਨ੍ਹਾਂ ਗੱਲਾਂ ਵੱਲ ਸਾਡੇ ਸੂਝਵਾਨ ਵੀਰ ਜ਼ਰੂਰ ਧਿਆਨ ਦੇਣਗੇ।


-ਹਰਪ੍ਰੀਤ ਪੱਤੋ, ਪਿੰਡ ਪੱਤੋ ਹੀਰਾ ਸਿੰਘ, ਮੋਗਾ।

09-09-2021

 ਉਮੀਦਵਾਰ ਬਨਾਮ ਪ੍ਰੀਖਿਆ ਕੇਂਦਰ
ਅਕਸਰ ਜਦੋਂ ਕਿਸੇ ਸਰਕਾਰ ਦਾ ਕਾਰਜਕਾਲ ਅੰਤਿਮ ਪੜਾਅ ਵੱਲ ਜਾ ਰਿਹਾ ਹੁੰਦਾ ਹੈ ਤਾਂ ਚੋਣਾਂ ਸਿਰ 'ਤੇ ਆਉਂਦੀਆਂ ਦਿਖਾਈ ਦਿੰਦੀਆਂ ਹਨ। ਤਦ ਸਰਕਾਰਾਂ ਨੂੰ ਸੱਤਾ ਦੇ ਨਸ਼ੇ ਤੋਂ ਬਾਹਰ ਆ ਕੇ ਲੋਕਾਂ ਦੀ ਯਾਦ ਆਉਂਦੀ ਹੈ। ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੇ ਨਾਂਅ ਹਰ ਵਿਭਾਗ ਵਿਚ ਨਾ-ਮਾਤਰ ਪੋਸਟਾਂ ਕੱਢ ਕੇ ਨੌਜਵਾਨ ਉਮੀਦਵਾਰਾਂ ਨਾਲ ਜਿਥੇ ਕੋਝੇ ਮਜ਼ਾਕ ਕੀਤੇ ਜਾਂਦੇ ਹਨ, ਉਥੇ ਹੀ ਉਮੀਦਵਾਰਾਂ ਦੇ ਪ੍ਰੀਖਿਆ ਕੇਂਦਰ ਘਰਾਂ ਤੋਂ ਸੈਂਕੜੇ ਕਿਲੋਮੀਟਰ ਦੂਰ ਦੇ ਕੇ ਉਨ੍ਹਾਂ 'ਤੇ ਜਿਥੇ ਆਰਥਿਕ ਬੋਝ ਦਾ ਵਾਧਾ ਕੀਤਾ ਜਾਂਦਾ ਹੈ, ਉਥੇ ਹੀ ਅਣਜਾਣ ਇਲਾਕੇ ਵਿਚ ਉਨ੍ਹਾਂ ਨੂੰ ਪ੍ਰੀਖਿਆ ਕੇਂਦਰ ਲੱਭਣ ਲਈ ਇਧਰ-ਉਧਰ ਭਟਕਣ ਦਾ ਖਮਿਆਜ਼ਾ ਭੁਗਤਦੇ ਆਮ ਦੇਖਿਆ ਜਾ ਸਕਦਾ ਹੈ। ਸਰਕਾਰਾਂ ਸ਼ਾਇਦ ਇਸ ਗੱਲ ਤੋਂ ਵਾਕਿਫ਼ ਹੀ ਨਹੀਂ ਹਨ ਕਿ ਜੋ ਉਮੀਦਵਾਰ ਨੌਕਰੀ ਲਈ ਪੇਪਰ ਦੇਣ ਜਾਂਦੇ ਹਨ, ਉਨ੍ਹਾਂ ਵਿਚੋਂ ਬਹੁਗਿਣਤੀ ਅਜਿਹੇ ਉਮੀਦਵਾਰਾਂ ਦੀ ਹੁੰਦੀ ਹੈ ਜੋ ਆਰਥਿਕ ਪੱਖੋਂ ਬਿਲਕੁਲ ਹੀ ਕਮਜ਼ੋਰ ਹੁੰਦੇ ਹਨ ਤੇ ਜਿਨ੍ਹਾਂ ਕੋਲ ਲੰਮੀ ਦੂਰੀ 'ਤੇ ਜਾਣ ਲਈ ਸ਼ਾਇਦ ਪੈਸਾ ਵੀ ਨਾ ਹੋਵੇ। ਇਸ ਲਈ ਸਰਕਾਰਾਂ ਨੂੰ ਹਮੇਸ਼ਾ ਹਰ ਵਰਗ ਦੇ ਉਮੀਦਵਾਰਾਂ ਦੇ ਹਿਤਾਂ ਨੂੰ ਧਿਆਨ 'ਚ ਰੱਖ ਕੇ ਪ੍ਰੀਖਿਆ ਕੇਂਦਰ ਬਣਾਉਣੇ ਚਾਹੀਦੇ ਹਨ।


-ਰਵਿੰਦਰ ਸਿੰਘ 'ਰੇਸ਼ਮ'
ਪਿੰਡ ਨੱਥੂਮਾਜਰਾ, ਜ਼ਿਲ੍ਹਾ ਮਲੇਰਕੋਟਲਾ।


ਗੁਰੂ-ਚੇਲੇ ਦਾ ਰਿਸ਼ਤਾ
'ਅਜੀਤ ਮੈਗਜ਼ੀਨ' 'ਤੇ ਗੁਰਜੋਤ ਕੌਰ ਦੀ ਰਚਨਾ 'ਕਿਤੇ ਘਟ ਤਾਂ ਨਹੀਂ ਰਿਹਾ ਅਧਿਆਪਕ-ਵਿਦਿਆਰਥੀ ਵਾਲਾ ਨਿੱਘ' ਪੜ੍ਹੀ। ਕਾਬਲੇ-ਗ਼ੌਰ ਸੀ। ਪਹਿਲਾਂ ਅਧਿਆਪਕ ਜੀਅ-ਜਾਨ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਸੀ। ਉਨ੍ਹਾਂ ਵਿਚ ਗੁਰੂ ਅਤੇ ਸ਼ਿਸ਼ ਦਾ ਰਿਸ਼ਤਾ ਸਾਰੀ ਉਮਰ ਕਾਇਮ ਰਹਿੰਦਾ ਸੀ। ਉਦੋਂ ਦੇ ਪੜ੍ਹੇ ਬੱਚੇ ਵੱਡਿਆਂ-ਵੱਡਿਆਂ ਅਹੁਦਿਆਂ 'ਤੇ ਗਏ ਸਨ। ਹੁਣ ਸਕੂਲ ਦੁਕਾਨਦਾਰੀਆਂ ਬਣ ਗਏ ਹਨ। ਅਧਿਆਪਕ ਵੀ ਠੇਕੇ 'ਤੇ ਭਰਤੀ ਹੋਣ ਕਰਕੇ ਤਨਖਾਹ ਘੱਟ ਹੋਣ ਨਾਲ ਮਜਬੂਰਨ ਟਿਊਸ਼ਨਾਂ ਦਾ ਸਹਾਰਾ ਲੈਂਦੇ ਹਨ। ਪਹਿਲਾਂ ਬੱਚਿਆਂ ਨੂੰ ਅਧਿਆਪਕਾਂ ਦਾ ਡਰ ਹੁੰਦਾ ਸੀ, ਹੁਣ ਬੱਚਿਆਂ ਨੂੰ ਅਧਿਆਪਕਾਂ ਨੇ ਮਾਰਨਾ ਤਾਂ ਕੀ ਝਿੜਕ ਵੀ ਨਹੀਂ ਸਕਦੇ। ਸਰਕਾਰ ਨੂੰ ਅਧਿਆਪਕ ਦਿਵਸ 'ਤੇ ਕੱਚੇ ਅਧਿਆਪਕਾਂ ਨੂੰ ਪੱਕਿਆਂ ਕਰਕੇ ਉਨ੍ਹਾਂ ਨੂੰ ਵਾਜਬ ਤਨਖ਼ਾਹ ਦੇ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚ ਗੁਰੂ ਅਤੇ ਸ਼ਿਸ਼ ਦਾ ਰਿਸ਼ਤਾ ਫਿਰ ਬਹਾਲ ਕਰਨਾ ਚਾਹੀਦਾ ਹੈ।


-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ ਪੁਲਿਸ।


ਜੰਕ ਫੂਡ ਦਾ ਰੁਝਾਨ
ਸਾਡੇ ਬੱਚਿਆਂ ਦੀ ਜੰਕ ਫੂਡ ਵਿਚ ਦਿਲਚਸਪੀ ਦਿਨੋ-ਦਿਨ ਵਧ ਰਹੀ ਹੈ। ਇਸ ਨਾਲ ਸਿਰਫ ਪੈਸਾ ਹੀ ਫਜ਼ੂਲ ਖ਼ਰਚ ਨਹੀਂ ਹੁੰਦਾ ਸਗੋਂ ਸਿਹਤ ਪੱਖੋਂ ਵੀ ਨਿਰੰਤਰ ਸਾਡੀ ਨੌਜਵਾਨ ਪੀੜ੍ਹੀ ਦਾ ਵੱਡਾ ਨੁਕਸਾਨ ਹੁੰਦਾ ਜਾ ਰਿਹਾ ਹੈ, ਤੇ ਹੋ ਵੀ ਚੁੱਕਾ ਹੈ। ਬੱਚਿਆਂ ਨੂੰ ਹਰ ਰੋਜ਼ ਜੰਕ ਫੂਡ ਖਾਣ ਨਾਲ ਪੇਟ ਦੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਆਮ ਹੋ ਰਹੀਆਂ ਹਨ। ਇਸ ਗ੍ਰਿਫ਼ਤ ਦਾ ਸ਼ਿਕਾਰ ਬੱਚੇ ਹੀ ਨਹੀਂ ਸਗੋਂ ਮਾਂ-ਬਾਪ ਵੀ ਹੋ ਚੁੱਕੇ ਹਨ, ਕਈ ਔਰਤਾਂ ਆਪਣੇ ਆਦਮੀਆਂ ਦੇ ਬਰਾਬਰ ਕੰਮ ਕਰਨ ਕਰਕੇ ਥੱਕ ਜਾਂਦੀਆਂ ਹਨ, ਜਿਸ ਕਰਕੇ ਉਹ ਥੱਕ ਜਾਣ ਕਰਕੇ ਜੰਕ ਫੂਡ ਦੀ ਵਰਤੋਂ ਜ਼ਿਆਦਾ ਕਰਦੀਆਂ ਹਨ ਤੇ ਉਨ੍ਹਾਂ ਆਪਣੇ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਵੀ ਜੰਕ ਫੂਡ ਵੱਲ ਧੱਕ ਦਿੱਤਾ। ਪੱਛਮੀ ਦੇਸ਼ਾਂ ਵਿਚ ਜੰਕ ਫੂਡ ਖਾਣ ਦਾ ਰਿਵਾਜ ਬਹੁਤ ਹੈ, ਪਰ ਉਸ ਦੀ ਗੁਣਵੱਤਾ ਵਧੀਆ ਹੁੰਦੀ ਹੈ। ਆਉਣ ਵਾਲੀ ਪੀੜ੍ਹੀ ਨੂੰ ਵੀ ਇਸ ਦੇ ਨਫ਼ਾ-ਨੁਕਸਾਨ ਦੱਸਣ ਦੀ ਸਖ਼ਤ ਜ਼ਰੂਰਤ ਹੈ।


-ਕੰਵਰਦੀਪ ਸਿੰਘ ਭੱਲਾ (ਪਿੱਪਲਾਂ ਵਾਲਾ)
ਰਿਕਵਰੀ ਅਫ਼ਸਰ ਸਹਿਕਾਰੀ ਬੈਂਕ, ਹੁਸ਼ਿਆਰਪੁਰ।


ਮਹਿੰਗਾਈ 'ਤੇ ਕਾਬੂ ਪਾਉਣ ਸਰਕਾਰਾਂ
ਪਿਛਲੇ ਹਫ਼ਤੇ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿਚ 25 ਰੁਪਏ ਦਾ ਵਾਧਾ ਹੋਇਆ। ਹਰ ਮਹੀਨੇ ਗੈਸ ਸਿਲੰਡਰ ਦੀ ਕੀਮਤ ਵਧ ਰਹੀ ਹੈ। ਮੌਜੂਦਾ ਗੈਸ ਸਿਲੰਡਰ ਦੀ ਕੀਮਤ 900 ਰੁਪਏ ਦੇ ਆਸ-ਪਾਸ ਹੋ ਚੁੱਕੀ ਹੈ। ਵਪਾਰਕ ਸਿਲੰਡਰ ਦੀ ਕੀਮਤ ਵੀ 1600 ਤੋਂ ਉੱਪਰ ਹੋ ਚੁੱਕੀ ਹੈ। ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਜਿਵੇਂ ਦਾਲਾਂ, ਦੁੱਧ, ਤੇਲ ਦੀਆਂ ਕੀਮਤਾਂ ਲਗਾਤਾਰ ਆਸਮਾਨ ਛੂਹ ਰਹੀਆਂ ਹਨ। ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਸਿਖ਼ਰਾਂ 'ਤੇ ਹਨ। ਆਮ ਲੋਕਾਂ ਲਈ ਦੋ ਸਮੇਂ ਦੀ ਰੋਟੀ ਦਾ ਹੀਲਾ-ਵਸੀਲਾ ਕਰਨਾ ਮੁਸ਼ਕਿਲ ਹੋ ਗਿਆ ਹੈ। ਇਕ ਤਾਂ ਮਹਾਂਮਾਰੀ ਕਾਰਨ ਲੱਖਾਂ ਲੋਕਾਂ ਦੀ ਆਮਦਨ ਘੱਟ ਗਈ ਹੈ। ਤਾਲਾਬੰਦੀ ਦੌਰਾਨ ਕੰਮਕਾਜ ਠੱਪ ਹੋ ਜਾਣ 'ਤੇ ਲੱਖਾਂ ਲੋਕਾਂ ਦਾ ਰੁਜ਼ਗਾਰ ਖੁੱਸਣ ਕਾਰਨ ਜ਼ਿੰਦਗੀ ਬਸਰ ਕਰਨੀ ਮੁਸ਼ਕਿਲ ਹੋ ਚੁੱਕੀ ਹੈ। ਉਧਰ ਸਰਕਾਰ ਹਰ ਚੀਜ਼ ਵਿਚ ਵਾਧਾ ਕਰਕੇ ਆਮ ਲੋਕਾਂ 'ਤੇ ਬੋਝ ਪਾ ਰਹੀ ਹੈ। ਸੂਬਾ ਸਰਕਾਰਾਂ ਨੂੰ ਕੇਂਦਰ ਸਰਕਾਰ ਨਾਲ ਤਾਲਮੇਲ ਬਣਾ ਕੇ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਸੰਜੀਦਾ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਆਮ ਜਨਤਾ ਨੂੰ ਕੁਝ ਰਾਹਤ ਮਿਲ ਸਕੇ।


-ਸੰਜੀਵ ਸਿੰਘ ਸੈਣੀ, ਮੁਹਾਲੀ।


ਨਸ਼ਾ ਮੁਕਾਓ, ਜੀਵਨ ਬਚਾਓ
ਸਾਡੇ ਸਮਾਜ ਵਿਚ ਦਿਨੋ-ਦਿਨ ਵਧਦਾ ਜਾਂਦਾ ਨਸ਼ਾ, ਇਨਸਾਨ ਦੀ ਜਾਨ ਦਾ ਦੁਸ਼ਮਣ ਬਣ ਗਿਆ ਹੈ। ਨਸ਼ਾ ਇਨਸਾਨ ਦੀ ਜ਼ਿੰਦਗੀ ਤਾਂ ਖਤਮ ਕਰਦਾ ਹੀ ਹੈ ਅਤੇ ਨਾਲ ਦੀ ਨਾਲ ਉਹ ਆਪਣੇ ਪਰਿਵਾਰ ਨੂੰ ਵੀ ਮੁਕਾ ਲੈਂਦਾ ਹੈ, ਨਸ਼ਾ ਕਰਨ ਵਾਲਾ ਇਨਸਾਨ ਆਪਣੇ ਪਰਿਵਾਰ, ਸੱਜਣ, ਮਿੱਤਰ ਕਿਸੇ ਨੂੰ ਵੀ ਚੰਗਾ ਨਹੀਂ ਸਮਝਦਾ। ਨਸ਼ਾ ਮੁਕਤ ਕੇਂਦਰ ਖੁੱਲ੍ਹਣ ਦੇ ਬਾਵਜੂਦ ਵੀ ਸਾਡਾ ਸਮਾਜ ਨਸ਼ੇ ਨਾਲ ਜੁੜਿਆ ਪਿਆ ਹੈ, ਲੋਕ ਆਪਣਾ ਘਰ ਬਾਰ ਨਸ਼ੇ ਵਿਚ ਰੋੜਦੇ ਜਾਂਦੇ ਹਨ। ਗਰੀਬ ਪਰਿਵਾਰ ਦਾ ਜਿਊਂਦੇ ਜੀਅ ਮਰਨ ਹੋਇਆ ਹੁੰਦਾ ਹੈ। ਆਖਰ ਵਿਚ ਇਹ ਹੀ ਕਿਹਾ ਜਾਉਗਾ 'ਨਸ਼ਾ ਮੁਕਾਓ, ਆਪਣਾ ਅਤੇ ਆਪਣੇ ਪਰਿਵਾਰ ਦਾ ਜੀਵਨ ਬਚਾਓ।'


-ਕਿਰਨਦੀਪ
ਕੇ.ਐਮ.ਵੀ., ਹਰਦੀਪ ਨਗਰ, (ਜਲੰਧਰ)।

08-09-2021

 ਕਿਸਾਨਾਂ 'ਤੇ ਹਮਲਾ ਨਿੰਦਣਯੋਗ

ਪਿਛਲੇ ਦਿਨੀਂ ਹਰਿਆਣਾ ਸਰਕਾਰ ਵਲੋਂ ਆਪਣੇ ਹੱਕਾਂ ਦੀ ਸ਼ਾਂਤਮਈ ਲੜਾਈ ਲੜ ਰਹੇ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ ਗਿਆ, ਜਿਸ ਵਿਚ ਇਕ ਕਿਸਾਨ ਦੀ ਮੌਤ ਵੀ ਹੋ ਚੁੱਕੀ ਹੈ ਅਤੇ ਕਈ ਕਿਸਾਨ ਗੰਭੀਰ ਹਾਲਤ ਵਿਚ ਜ਼ਖ਼ਮੀ ਹੋਏ ਹਨ। ਕੇਂਦਰ ਦੀ ਭਾਜਪਾ ਸਰਕਾਰ ਜਾਂ ਆਖ ਲਈਏ ਕਿ ਖੱਟਰ ਸਰਕਾਰ ਵਲੋਂ ਕਿਸਾਨਾਂ ਨਾਲ ਕੀਤੇ ਅਜਿਹੇ ਵਰਤਾਰੇ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ।
ਕੋਈ ਵੀ ਸਰਕਾਰ ਕਿਸਾਨਾਂ ਦਾ ਖੁੱਲ੍ਹ ਕੇ ਸਮਰਥਨ ਨਹੀਂ ਕਰ ਰਹੀ, ਕਈ ਸੂਬਿਆਂ ਵਿਚ ਵੋਟਾਂ ਨੇੜੇ ਆਉਣ ਕਰਕੇ ਕਿਸਾਨਾਂ ਨੂੰ ਸਹਿਮਤੀ ਤਾਂ ਦਿੱਤੀ ਜਾ ਰਹੀ ਹੈ ਪਰ ਕੋਈ ਕਾਗਜ਼ੀ ਕਾਰਵਾਈ ਨਹੀਂ ਕੀਤੀ ਜਾ ਰਹੀ। ਇਹੀ ਵਜ੍ਹਾ ਹੈ ਕਿ ਕਿਸਾਨਾਂ ਨੂੰ ਡਰਾਉਣ ਲਈ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ ਤਾਂ ਕਿ ਕਿਸਾਨ ਇਸ ਧਰਨੇ ਨੂੰ ਸਮਾਪਤ ਕਰਨ। ਪਰ ਅਜਿਹੇ ਹਮਲਿਆਂ ਜਾਂ ਡਰਾਵਿਆਂ ਤੋਂ ਬਿਨਾਂ ਜੇ ਕੇਂਦਰ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰ ਦਿੰਦੀ ਹੈ ਤਾਂ ਸਭ ਕੁਝ ਆਮ ਹੋ ਸਕਦਾ ਹੈ।

-ਲੈਕਚਰਾਰ ਸੁਖਦੀਪ ਸਿੰਘ ਸੁਖਾਣਾ
ਪਿੰਡ ਸੁਖਾਣਾ, ਜ਼ਿਲ੍ਹਾ ਲੁਧਿਆਣਾ।

ਮਿਹਨਤ ਦਾ ਫਲ

ਮਨੁੱਖ ਚਾਹੇ ਤਾਂ ਕੀ ਹਾਸਲ ਨਹੀਂ ਕਰ ਸਕਦਾ? ਪਰਮਾਤਮਾ ਨੇ ਮਨੁੱਖ ਨੂੰ ਸੋਚਣ ਲਈ ਸੋਝੀ ਅਤੇ ਮਿਹਨਤ ਕਰਨ ਲਈ ਹੱਥਾਂ-ਪੈਰਾਂ ਦੀ ਦਾਤ ਬਖ਼ਸ਼ੀ ਹੈ। ਸਮੇਂ ਦੀ ਕਦਰ ਕਰਕੇ, ਮਿਹਨਤ ਸਦਕਾ ਮੰਜ਼ਿਲ ਨੂੰ ਪ੍ਰਾਪਤ ਕਰਨਾ ਮਨੁੱਖ ਉੱਪਰ ਨਿਰਭਰ ਕਰਦਾ ਹੈ। ਹਾਰ-ਜਿੱਤ ਜ਼ਿੰਦਗੀ ਦੇ ਦੋ ਪਹਿਲੂ ਹਨ, ਜਿੱਤ ਤਾਂ ਅਸੀਂ ਖਿੜੇ ਮੱਥੇ ਸਵੀਕਾਰ ਕਰ ਲੈਂਦੇ ਹਾਂ ਪਰ ਹਾਰ ਨੂੰ ਵੀ ਸਵੀਕਾਰ ਕਰਨਾ ਚਾਹੀਦਾ ਹੈ ਕਿਉਂਕਿ ਸਾਨੂੰ ਸਿੱਟਾ ਹਮੇਸ਼ਾ ਸਾਡੇ ਯਤਨਾਂ ਦਾ ਹੀ ਪ੍ਰਾਪਤ ਹੁੰਦਾ ਹੈ। ਅਮਰੀਕਾ ਦੇ ਵਿਗਿਆਨੀ ਥੋਮਸ ਐਡੀਸਨ ਨੇ 1000 ਯਤਨਾਂ ਮਗਰੋਂ ਬਲਬ ਦੀ ਖੋਜ ਕੀਤੀ ਅਤੇ ਐਡੀਸਨ ਦੀ ਮਿਹਨਤ ਸਦਕਾ ਅੱਜ ਸਾਰਾ ਵਿਸ਼ਵ ਰੌਸ਼ਨਾਅ ਗਿਆ। ਕਾਮਯਾਬੀ ਕਦੇ ਵੀ ਇਕ ਦਿਨ ਵਿਚ ਨਹੀਂ ਮਿਲਦੀ ਪਰ ਜੇ ਮਨ ਬਣਾ ਲਈਏ ਫਿਰ ਇਕ ਦਿਨ ਜ਼ਰੂਰ ਮਿਲਦੀ ਹੈ। ਸੋ, ਜ਼ਿੰਦਗੀ ਵਿਚ ਨਿਰਾਸ਼ ਹੋ ਕੇ ਬੈਠਣ ਨਾਲੋਂ ਮਿਹਨਤ ਆਤਮ-ਵਿਸ਼ਵਾਸ ਅਤੇ ਜਜ਼ਬੇ ਨੂੰ ਸਫਲਤਾ ਦੀ ਕੂੰਜੀ ਬਣਾਈਏ।

-ਸਿਮਰਨਦੀਪ ਕੌਰ ਬੇਦੀ, ਘੁਮਾਣ।

ਕੀ ਇਹ ਇਨਸਾਫ਼ ਹੋ ਰਿਹਾ ਹੈ?

ਕਈ ਮਹੀਨੇ ਹੋ ਗਏ ਧਰਨੇ ਲੱਗਿਆਂ ਨੂੰ। ਸਰਕਾਰਾਂ ਦੇ ਕੰਨਾਂ 'ਤੇ ਅਜੇ ਤੱਕ ਜੂੰ ਨਹੀਂ ਸਰਕੀ, ਜੇ ਸਰਕੀ ਤਾਂ ਅੱਤਿਆਚਾਰ ਦੀ। ਕੀ ਖੇਤੀ ਸੈਕਟਰ 'ਤੇ ਸੂਬਿਆਂ ਦਾ ਕੋਈ ਅਧਿਕਾਰ ਨਹੀਂ? ਸਾਰੇ ਅਧਿਕਾਰ ਕੇਂਦਰ ਦੇ ਹੱਥ ਕਿਉਂ? ਸੂਬੇ ਆਪਣੀ ਮਰਜ਼ੀ ਨਾਲ ਫੈਸਲੇ ਲੈ ਸਕਦੇ ਹਨ। ਉਨ੍ਹਾਂ ਦਾ ਅਧਿਕਾਰਤ ਖੇਤਰ ਹੈ, ਨਾ ਕਿ ਕੇਂਦਰ ਦਾ। ਕੀ ਇਸ ਤਰ੍ਹਾਂ ਮਸਲੇ ਹੱਲ ਹੋ ਜਾਣਗੇ? ਇਹ ਤਾਂ ਹੋਰ ਵੀ ਗੁੰਝਲਦਾਰ ਹੋ ਜਾਣਗੇ। ਤਾਲਿਬਾਨੀ ਹਕੂਮਤ ਤੇ ਸਾਡੀਆਂ ਸਰਕਾਰਾਂ ਵਿਚ ਕੋਈ ਫਰਕ ਨਜ਼ਰ ਨਹੀਂ ਆਉਂਦਾ? ਜਾਂ ਘਰ ਹੋਵੇ (ਸਮਾਜ) ਜਾਂ ਦੇਸ਼ ਹੈ ਜਿਥੇ ਤਤਕਾਰ ਹੋਵੇ, ਜੋ ਲੋਕ ਕਹਿਣ ਉਹ ਸਰਕਾਰਾਂ ਨਾ ਮੰਨਣ, ਜੋ ਸਰਕਾਰਾਂ ਕਹਿਣ ਉਨ੍ਹਾਂ ਨੂੰ ਲੋਕ ਨਾ ਮੰਨਣ ਤਾਂ ਕੀ ਤਰੱਕੀ ਹੋ ਸਕਦੀ ਹੈ? ਹਾਂ, ਕਾਗਜ਼ਾਂ 'ਚ ਜ਼ਰੂਰ ਪਰ ਅਸਲੀਅਤ ਵਿਚ ਨਹੀਂ। ਜੋ ਫੈਸਲੇ ਲਏ ਜਾਂਦੇ ਹਨ, ਉਸ 'ਤੇ ਸਾਰਿਆਂ ਦੀ ਰਜ਼ਾਮੰਦੀ ਜ਼ਰੂਰ ਹੋਣੀ ਚਾਹੀਦੀ ਹੈ। ਲੋਕਤੰਤਰ ਨੂੰ ਲੋਕਤੰਤਰ ਰਹਿਣ ਦਿੱਤਾ ਜਾਵੇ ਨਾ ਕਿ ਡੰਡੇ ਦੁਆਰਾ ਦਬਾਇਆ ਜਾਵੇ। ਸਾਨੂੰ ਆਪਸ ਵਿਚ ਬੈਠ ਕੇ ਮਸਲੇ ਨਜਿੱਠ ਲੈਣੇ ਚਾਹੀਦੇ ਹਨ। ਅਜੇ ਵੀ ਮੌਕਾ ਹੈ ਸਰਕਾਰਾਂ ਨੂੰ ਆਪਣੇ ਵੱਲ ਝਾਤੀ ਮਾਰ ਕੇ ਇਨ੍ਹਾਂ ਖੇਤੀ ਕਾਨੂੰਨਾਂ ਸਬੰਧੀ ਫੈਸਲਿਆਂ 'ਤੇ ਮੁੜ ਵਿਚਾਰ ਕਰ ਲੈਣੀ ਚਾਹੀਦੀ ਹੈ ਤਾਂ ਕਿ ਅਸੀਂ ਵੀ ਆਪਣੀਆਂ ਸਰਕਾਰਾਂ 'ਤੇ ਮਾਣ ਕਰ ਸਕੀਏ।

-ਹਰਪ੍ਰੀਤ ਸਿੰਘ ਪੱਤੋ
ਪਿੰਡ ਪੱਤੋ ਹੀਰਾ ਸਿੰਘ।

ਮਾਂ-ਬੋਲੀ

ਅੱਜਕਲ੍ਹ ਪੰਜਾਬ ਵਾਸੀ ਬਹੁਗਿਣਤੀ ਅੰਗਰੇਜ਼ੀ ਅਤੇ ਹਿੰਦੀ ਪੜ੍ਹ, ਬੋਲ ਅਤੇ ਸਮਝ ਨਹੀਂ ਸਕਦੇ। ਪੰਜਾਬ ਵਿਚ ਥਾਂ-ਥਾਂ 'ਤੇ ਬੋਰਡ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੇ ਹੋਏ ਹਨ। ਇਹ ਧੱਕਾ ਆਕਾਸ਼ਵਾਣੀ ਅਤੇ ਦੂਰਦਰਸ਼ਨ ਵਾਲੇ ਪਹਿਲਾਂ ਹੀ ਸਾਡੇ ਨਾਲ ਕਰ ਰਹੇ ਹਨ ਪਰ ਉਹ ਕੇਂਦਰ ਸਰਕਾਰ ਦੇ ਅਧੀਨ ਹਨ। ਪਰ ਲੋਕ ਸੰਪਰਕ ਵਿਭਾਗ ਤਾਂ ਪੰਜਾਬ ਸਰਕਾਰ ਦੇ ਅਧੀਨ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਹੈ ਕਿ ਮਾਂ-ਬੋਲੀ ਨੂੰ ਲਾਗੂ ਕਰਨ ਲਈ ਸ੍ਰੀ ਲਛਮਣ ਸਿੰਘ ਗਿੱਲ ਬਣ ਕੇ ਨਿੱਤਰੋ, ਜਿਸ ਨੇ ਪੰਜਾਬੀ ਭਾਸ਼ਾ ਲਾਗੂ ਕਰਨ ਲਈ ਕਮਰ ਕੱਸੀ ਸੀ। ਮਾਂ-ਬੋਲੀ ਉਹ ਕਰਾਮਾਤ ਕਰ ਸਕਦੀ ਹੈ ਜੋ ਨਾ ਪੈਸਾ ਕਰ ਸਕਦਾ ਹੈ, ਨਾ ਕੋਈ ਹਥਿਆਰ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਮੁਕਤਸਰ।

07-09-2021

 ਪੰਜਾਬ ਦੀ ਨਿੱਘਰਦੀ ਹਾਲਤ

ਪਿਛਲੇ ਲਗਭਗ ਇਕ ਮਹੀਨੇ ਤੋਂ ਪਿੰਡ ਚੂਹੜਚੱਕ ਵਿਖੇ ਗ਼ਰੀਬ ਪਰਿਵਾਰਾਂ ਵਲੋਂ ਨਸ਼ਿਆਂ ਦੇ ਖਿਲਾਫ਼ ਸ਼ਾਂਤਮਈ ਸੰਘਰਸ਼ ਵਿੱਢਿਆ ਹੋਇਆ ਹੈ। ਤੇਜ਼ ਧੁੱਪ ਤੇ ਗਰਮੀ ਦੇ ਬਾਵਜੂਦ ਵੀ ਔਰਤਾਂ ਬੱਚਾ ਤੇ ਮਰਦਾਂ ਨੇ ਨਸ਼ਿਆਂ ਖਿਲਾਫ਼ ਪੈਦਲ ਮਾਰਚ ਕੀਤਾ। ਨਸ਼ਿਆਂ ਖਿਲਾਫ਼ ਸੁੱਤੇ ਪ੍ਰਸ਼ਾਸਨ ਨੂੰ ਜਗਾਉਣ ਲਈ ਕਿਵੇਂ ਔਰਤਾਂ ਨੂੰ ਵੀ ਸੰਘਰਸ਼ ਵਿਚ ਸ਼ਮੂਲੀਅਤ ਕਰਨੀ ਪੈ ਰਹੀ ਹੈ ਪਰ ਪ੍ਰਸ਼ਾਸਨ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕਦੀ। ਇਕੱਲੇ ਚੂਹੜਚੱਕ ਵਿਚ ਹੀ ਨਹੀਂ, ਪੂਰੇ ਪੰਜਾਬ ਵਿਚ ਚਿੱਟਾ ਆਫਤ ਬਣ ਚੁੱਕਿਆ ਹੈ। ਅਨੇਕਾਂ ਨੌਜਵਾਨ ਚਿੱਟੇ ਦੀ ਵਜ੍ਹਾ ਨਾਲ ਮੌਤ ਦੇ ਮੂੰਹ ਪੈ ਚੁੱਕੇ ਹਨ, ਨਸ਼ੇ ਦਾ ਖਾਤਮਾ ਇਕ ਗੰਭੀਰ ਮੁੱਦਾ ਹੈ। ਇਹ ਹਰ ਪਿੰਡ, ਸ਼ਹਿਰ ਦੀਆਂ ਬਸਤੀਆਂ-ਗਲੀਆਂ ਵਿਚ ਰਾਜਸੀ ਆਗੂਆਂਦੀ ਸ਼ਹਿ 'ਤੇ ਸ਼ਰ੍ਹੇਆਮ ਵਿਕਦਾ ਹੈ। ਆਏ ਦਿਨ ਵੱਧ ਡੋਜ਼ ਲੈਣ ਨਾਲ ਮਰਨ ਵਾਲਿਆਂ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਦਿਨ-ਬਦਿਨ ਪੰਜਾਬ ਦੀ ਨਿਘਰਦੀ ਹਾਲਤ ਦਾ ਜ਼ਿੰਮੇਵਾਰ ਕੌਣ ਹੈ? ਪੰਜਾਬ ਨੂੰ ਬਚਾਉਣ ਲਈ ਜਾਗਦੀਆਂ ਜ਼ਮੀਰਾਂ ਵਾਲੇ ਨੇਤਾਵਾਂ ਦੀ ਸਖ਼ਤ ਜ਼ਰੂਰਤ ਹੈ, ਜੋ ਸੂਬੇ 'ਚੋਂ ਨਸ਼ੇ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਣ।

-ਗੁਰਜੀਤ ਕੌਰ, ਮੋਗਾ।

ਸਿੱਖਿਆ ਪ੍ਰਣਾਲੀ ਵਿਚ ਸੁਧਾਰਾਂ ਦੀ ਲੋੜ

ਵਿਦਿਆ ਮਨੁੱਖ ਦਾ ਮੌਲਿਕ ਅਧਿਕਾਰ ਹੈ ਅਤੇ ਸੁਖੀ ਸਮਾਜ ਦੀ ਬੁਨਿਆਦ ਵੀ। ਕੋਰੋਨਾ ਵਾਇਰਸ ਦੇ ਆਉਣ ਨਾਲ ਜੋ ਅਸਰ ਬੱਚਿਆਂ ਦੀ ਪੜ੍ਹਾਈ ਉੱਪਰ ਦੇਖਣ ਨੂੰ ਮਿਲਿਆ ਹੈ ਉਹ ਆਪਣੇ-ਆਪ 'ਚ ਹੀ ਸਾਡੀ ਸਿੱਖਿਆ ਪ੍ਰਣਾਲੀ ਦੀਆਂ ਕਮੀਆਂ ਨੂੰ ਦਰਸਾਉਂਦਾ ਹੈ। ਭਾਵੇੇਂ ਕੋਰੋਨਾ ਵਾਇਰਸ ਦਾ ਪ੍ਰਭਾਵ ਪੜ੍ਹਾਈ ਦੇ ਨਾਲ-ਨਾਲ ਹੋਰਾਂ ਖੇਤਰਾਂ 'ਤੇ ਵੀ ਪਿਆ ਹੈ। ਪ੍ਰੰਤੂ ਇਸ ਗੱਲ ਨੂੰ ਵੀ ਝੁਠਲਾਇਆ ਨਹੀਂ ਜਾ ਸਕਦਾ ਕਿ ਆਨਲਾਈਨ ਕਲਾਸਾਂ ਸਿਵਾਏ ਖਾਨਾਪੂਰਤੀ ਤੋਂ ਹੋਰ ਕੁਝ ਨਹੀਂ ਸਨ। ਬਾਕੀ ਇਕ ਕਹਾਵਤ ਅਨੁਸਾਰ ਲੋੜ ਕਾਢ ਦੀ ਮਾਂ ਹੈ। ਮਤਲਬ ਮੌਕੇ ਅਤੇ ਮਜਬੂਰੀ ਵਿਚ ਜੋ ਵਸੀਲਾ ਬਣਿਆ ਸੋ ਠੀਕ। ਪਰ ਭਵਿੱਖ ਵਿਚ ਅਜਿਹਾ ਨਾ ਹੋਵੇ, ਇਸ ਲਈ ਵੀ ਪ੍ਰਸ਼ਾਸਨ ਨੂੰ ਸਿੱਖਿਆ ਪ੍ਰਣਾਲੀ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਇਸ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਚੰਗੇ ਖਰੜੇ ਤਿਆਰ ਕਰਨਾ ਵੀ ਜ਼ਰੂਰੀ ਹੈ।

-ਗੋਪਾਲ ਸ਼ਰਮਾ
gopalsamana1@mail.com

ਸੁਚੇਤਤਾ

ਕੁਝ ਦਿਨ ਪਹਿਲਾਂ ਅਸੀਂ ਮਾਂ-ਧੀ ਦੋਵਾਂ ਨੇ ਗ੍ਰੇਟ ਕਸ਼ਮੀਰ ਲੇਕ ਟ੍ਰੈਕ ਕੀਤਾ ਜਿਸ ਵਿਚ ਅਸੀਂ ਕਸ਼ਮੀਰ ਦੇ ਅੰਦਰੂਨੀ ਪਹਾੜਾਂ ਦੇ ਤਕਰੀਬਨ 72 ਕਿ. ਮੀ. ਇਲਾਕੇ ਨੂੰ 6 ਦਿਨ ਗਾਹਿਆ। ਉਦੋਂ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਲਗਪਗ 14 ਹਜ਼ਾਰ ਫੁੱਟ ਉਚੇ ਪਹਾੜਾਂ ਦੀਆਂ ਖੁੰਦਰਾਂ ਵਿਚ ਬੈਠੀ ਇਕ ਗੁੱਜ਼ਰ ਮੁਸਲਮਾਨ ਬਜ਼ੁਰਗ ਮਾਤਾ ਨੇ ਮੈਨੂੰ ਪੁੱਛਿਆ ਕਿ ਹੁਣ ਵੀ ਪੰਜਾਬ ਦੇ ਕਿਸਾਨ ਦਿੱਲੀ ਬੈਠੇ ਹਨ ਕਿ ਘਰਾਂ ਨੂੰ ਵਾਪਸ ਆ ਗਏ ਹਨ, ਮੈਨੂੰ ਉਸ ਦੀ ਇਸ ਸੁਚੇਤਤਾ 'ਤੇ ਮਾਣ ਜਿਹਾ ਮਹਿਸੂਸ ਹੋਇਆ। ਸਾਨੂੰ ਇਸ ਨੇ ਚਿੱਟੀ ਮੱਕੀ ਦੀ ਰੋਟੀ ਅਤੇ ਲੱਸੀ ਪਿਆਈ। ਪੰਜਾਬੀਆਂ ਵਾਸਤੇ ਇਨ੍ਹਾਂ ਦੇ ਮਨਾਂ ਵਿਚ ਬਹੁਤ ਜ਼ਿਆਦਾ ਪਿਆਰ ਅਤੇ ਸਤਿਕਾਰ ਹੈ। ਰਾਹ ਵਿਚ ਸਾਨੂੰ ਜਿੰਨੇ ਵੀ ਲੋਕ ਮਿਲੇ, ਸਾਡੀ ਸਰਦਾਰਨੀਆਂ ਵਾਲੀ ਦਿੱਖ ਉਨ੍ਹਾਂ ਨੂੰ ਸਮਝ ਆ ਜਾਂਦੀ ਸੀ। ਸਭਨਾਂ ਨੇ ਕਿਸਾਨੀ ਸੰਘਰਸ਼ ਨਾਲ ਆਪਣੀ ਇਕਜੁਟਤਾ ਅਤੇ ਹਮਦਰਦੀ ਜਿਤਾਈ।

-ਰਿਪਨਜੋਤ ਕੌਰ ਸੋਨੀ ਬੱਗਾ
ਸਾਬਕਾ ਅਧਿਆਪਕਾ, ਆਰਮੀ ਪਬਲਿਕ ਸਕੂਲ ਬਠਿੰਡਾ (ਪਟਿਆਲਾ)।

ਕੈਂਸਰ ਦੀ ਸਮੱਸਿਆ

ਮੈਂ ਆਪ ਜੀ ਦਾ ਅਖ਼ਬਾਰ ਪੜ੍ਹਦਾ ਹਾਂ। ਤੀਹ ਸਾਲ ਹੋ ਗਏ ਹਨ। ਮੈਂ ਇਕ ਸਮੱਸਿਆ ਬਾਰੇ ਤੁਹਾਨੂੰ ਲਿਖ ਰਿਹਾ ਹਾਂ। ਅੱਜਕਲ੍ਹ ਕੈਂਸਰ ਦੀ ਬਿਮਾਰੀ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ, ਪਿਛਲੇ ਸਾਲਾਂ ਤੋਂ ਮੁਕਤਸਰ, ਬਠਿੰਡਾ, ਮਾਨਸਾ ਵਿਚ ਇਸ ਦਾ ਭਿਅੰਕਰ ਰੂਪ ਦੇਖਣ ਨੂੰ ਮਿਲਦਾ ਹੈ। ਬਾਕੀ ਮਾਝੇ, ਮਾਲਵੇ, ਦੁਆਬੇ ਅਤੇ ਸਾਰੇ ਪੰਜਾਬ ਵਿਚ ਤੇਜ਼ੀ ਨਾਲ ਫੈਲ ਰਹੀ ਹੈ। ਸਰਕਾਰ ਨੂੰ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ। ਪੰਜਾਬ ਦਾ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਚੁੱੱਕਿਆ ਹੈ ਅਤੇ ਨਹਿਰਾਂ, ਸੂਇਆਂ ਦੇ ਪਾਣੀ ਵਿਚ ਗੰਦੇ ਨਾਲੇ ਦਾ ਪਾਣੀ ਆਉਂਦਾ ਹੈ। ਅੰਧਾ-ਧੁੰਦ ਸਪਰੇਆਂ, ਰੇਹਾਂ ਵੀ ਇਸ ਦਾ ਮੁੱਖ ਕਾਰਨ ਹੈ। ਇਹ ਇੰਨੀ ਭਿਅੰਕਰ ਬਿਮਾਰੀ ਹੈ, ਆਦਮੀ ਵੀ ਨਹੀਂ ਬਚਦਾ ਤੇ ਘਰ ਵੀ ਪੱਟਿਆ ਜਾਂਦਾ ਹੈ। ਸਰਕਾਰ ਨੂੰ ਕੈਂਸਰ ਪੀੜਤਾਂ ਲਈ ਵਿਸ਼ੇਸ਼ ਵਿਭਾਗ ਬਣਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਮਾਲੀ ਮਦਦ ਕਰਨੀ ਚਾਹੀਦੀ ਹੈ। ਸਰਕਾਰ ਦੇ ਕੰਨਾਂ 'ਤੇ ਜੂੰ ਸਰਕਣੀ ਚਾਹੀਦੀ ਹੈ ਤੇ ਖਾਸ ਇਲਾਜ ਮੁਹੱਈਆ ਕਰਨਾ ਚਾਹੀਦਾ ਹੈ।

-ਡਾ. ਨਰਿੰਦਰ ਭੱਪਰ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਮੁਕਤਸਰ ਸਾਹਿਬ।

ਵਧਦੀਆਂ ਕੀਮਤਾਂ

ਕੇਂਦਰ ਵਿਚ ਭਾਜਪਾ ਦੇ ਸੱਤਾ ਵਿਚ ਆਉਣ ਤੋਂ ਬਾਅਦ ਰਸੋਈ ਦੀਆਂ ਕੀਮਤਾਂ ਵਿਚ 116 ਫ਼ੀਸਦੀ ਅਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 42 ਫ਼ੀਸਦੀ ਰਿਕਾਰਡ ਤੋੜ ਵਾਧਾ ਹੋਇਆ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵੱਡਾ ਵਾਧਾ ਹੋਣ ਕਰਕੇ ਆਵਾਜਾਈ ਅਤੇ ਢੋਆ-ਢੁਆਈ ਦੇ ਸਾਧਨਾਂ ਦਾ ਕਿਰਾਇਆ ਵਧਣ ਨਾਲ ਗ਼ਰੀਬ ਅਤੇ ਮੱਧ ਵਰਗੀ ਪਰਿਵਾਰਾਂ ਦਾ ਘਰੇਲੂ ਬਜਟ ਪੂਰੀ ਤਰ੍ਹਾਂ ਨਾਲ ਵਿਗੜ ਗਿਆ ਹੈ। ਸਿਤਮਜ਼ਰੀਫੀ ਇਹ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਘਟਣ ਦੇ ਬਾਵਜੂਦ ਵੀ ਸਾਡੇ ਦੇਸ਼ ਵਿਚ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਗਈਆਂ ਹਨ। ਸੋ, ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਵਲੋਂ ਆਮ ਜਨਤਾ ਨੂੰ ਮਹਿੰਗਾਈ ਦੀ ਮਾਰ ਤੋਂ ਰਾਹਤ ਦੇਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।

-ਮਾ. ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ।

06-09-2021

 ਗੁਰੂ ਨੂੰ ਸੱਚਾ ਸਲਾਮ
ਜੀਵਨ ਵਿਚ ਅਧਿਆਪਕ ਦੇ ਕਿਰਦਾਰ ਦਾ ਬਹੁਤ ਖਾਸ ਮਹੱਤਵ ਹੈ। ਅਧਿਆਪਕ ਦਾ ਰੁਤਬਾ ਕੋਈ ਹਰ ਵਿਅਕਤੀ ਹਾਸਲ ਨਹੀਂ ਕਰ ਸਕਦਾ ਇਹ ਸੱਚੀ ਕਿਰਤ ਵਾਲਾ ਕਿੱਤਾ ਹੈ ਅਤੇ ਖੁਸ਼ਨਸੀਬ ਵਿਅਕਤੀਆਂ ਦੇ ਹਿੱਸੇ ਹੀ ਪਰਮਾਤਮਾ ਵਲੋਂ ਅਧਿਆਪਨ ਦਾ ਕਾਰਜ ਆਉਂਦਾ ਹੈ। ਅਧਿਆਪਕ ਦੇ ਦਰਸਾਏ ਰਾਹ 'ਤੇ ਚੱਲ ਕੇ ਵਿਦਿਆਰਥੀ ਹਰ ਅਸੰਭਵ ਕਾਰਜ ਨੂੰ ਵੀ ਸੰਭਵ ਬਣਾ ਲੈਂਦੇ ਹਨ। ਇਹ ਗੱਲ ਬਿਲਕੁਲ ਸੱਚ ਹੈ ਕਿ ਜੇ ਵਿਦਿਆਰਥੀ ਆਪਣੇ ਜੀਵਨ ਵਿਚ ਆਪਣੇ ਅਧਿਆਪਕ ਦੇ ਦੱਸੇ ਮਾਰਗ 'ਤੇ ਚਲਦਾ ਹੈ, ਉਹ ਹਮੇਸ਼ਾ ਸਫਲ ਹੁੰਦਾ ਹੈ। ਸਾਡਾ ਸਾਰਿਆਂ ਦਾ ਫ਼ਰਜ਼ ਹੈ ਕਿ ਅਧਿਆਪਕ ਦਿਵਸ ਦੇ ਮੌਕੇ ਅਧਿਆਪਕ ਕਿੱਤੇ ਨੂੰ ਸਮਰਪਿਤ ਅਧਿਆਪਕਾਂ ਦਾ ਸੱਚੇ ਦਿਲੋਂ ਸਨਮਾਨ ਕਰੀਏ ਅਤੇ ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਗੁਰੂ ਚੇਲੇ ਦੀ ਇਸ ਪ੍ਰੰਪਰਾ ਦੀ ਸਾਂਝ ਹੋਰ ਗੂੜ੍ਹੀ ਕਰੀਏ ਕਿਉਂਕਿ ਗੁਰੂ ਬਿਨਾਂ ਜੀਵਨ ਵਿਚ ਹਨੇਰਾ ਹੈ।


-ਨਰਿੰਦਰ ਸਿੰਘ
ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲਾ (ਲੁਧਿਆਣਾ)।


ਪੰਜਾਬੀ ਭਾਸ਼ਾ ਅਤੇ ਪੰਜਾਬੀਅਤ
ਮਾਂ-ਬੋਲੀ 'ਪੰਜਾਬੀ' ਨੂੰ ਗੁਰੂਆਂ, ਪੀਰਾਂ ਦੁਆਰਾ ਬਹੁਤ ਮਾਣ-ਸਤਿਕਾਰ ਮਿਲਿਆ ਪਰ ਅਜੋਕੇ ਸਮੇਂ ਵਿਚ ਪੰਜਾਬ ਦੀ ਨਵੀਂ ਪੀੜ੍ਹੀ ਵਿਦੇਸ਼ੀ ਸੱਭਿਆਚਾਰ ਹੇਠਾਂ ਆ ਕੇ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਨੂੰ ਵਿਸਾਰ ਰਹੀ ਹੈ ਅਤੇ ਵਿਦੇਸ਼ ਜਾਣ ਦੀ ਦੌੜ ਵਿਚ ਅੰਗਰੇਜ਼ੀ ਭਾਸ਼ਾ ਪਿਛੇ ਭੱਜ ਰਹੀ ਹੈ। ਪੰਜਾਬੀ ਭਾਸ਼ਾ ਨੂੰ ਵਿਸਾਰਨ ਕਾਰਨ ਹੀ ਸਾਡਾ ਵਿਰਸਾ ਅਲੋਪ ਹੁੰਦਾ ਦਿਖਾਈ ਦੇ ਰਿਹਾ ਹੈ। ਅੱਜਕਲ੍ਹ ਕਾਲਜਾਂ, ਯੂਨੀਵਰਸਿਟੀਆਂ ਦੇ ਮੁਕਾਬਲੇ ਆਈਲੈਟਸ ਸੈਂਟਰਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਧੇਰੇ ਹੁੰਦੀ ਹੈ। ਆਖਰ ਕਿਉਂ ਸਾਡੀ ਨੌਜਵਾਨ ਪੀੜ੍ਹੀ ਪੱਛਮੀ ਪ੍ਰਭਾਵ ਹੇਠਾਂ ਆ ਕੇ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਨੂੰ ਵਿਸਾਰ ਰਹੀ ਹੈ। ਮੇਰੀ ਅਜੋਕੀ ਪੀੜ੍ਹੀ ਨੂੰ ਅਪੀਲ ਹੈ ਕਿ ਆਓ ਰਲ ਕੇ 'ਸੋਨੇ ਦੀ ਚਿੜੀ' ਅਖਵਾਉਣ ਵਾਲੇ ਪੰਜਾਬ ਨੂੰ ਉਮੀਦ ਦੇ ਨਵੇਂ ਖੰਭ ਲਗਾਈਏ ਅਤੇ ਵਿਦੇਸ਼ ਜਾਣ ਦੀ ਬਜਾਏ ਆਪਣੇ ਦੇਸ਼ ਪੰਜਾਬ ਨੂੰ ਤਰੱਕੀ ਦੀ ਰਾਹ 'ਤੇ ਲਿਆਈਏ।


-ਸਿਮਰਨਦੀਪ ਕੌਰ ਬੇਦੀ
ਬਾਬਾ ਨਾਮਦੇਵ ਨਗਰ, ਘੁਮਾਣ।


ਡੀ.ਐਸ.ਜੀ.ਐਮ.ਸੀ. ਚੋਣਾਂ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਦਾ ਸਿਹਰਾ ਮਨਜਿੰਦਰ ਸਿੰਘ ਸਿਰਸਾ ਨੂੰ ਜਾਂਦਾ ਹੈ, ਜਿਸ ਨੇ ਕੋਰੋਨਾ ਮਹਾਂਮਾਰੀ, ਕਿਸਾਨ ਮੋਰਚੇ ਵਿਚ ਅਹਿਮ ਰੋਲ ਅਦਾ ਕੀਤਾ। ਕੋਰੋਨਾ ਪੀੜਤਾਂ ਵਾਸਤੇ ਲੰਗਰ ਤੇ ਹਰ ਕਿਸਮ ਦੀ ਆਰਥਿਕ ਮਦਦ ਕੀਤੀ। ਨਿਸ਼ਕਾਮ ਸੇਵਾ ਨਿਭਾਈ। ਸਿੱਖਾਂ ਦੇ ਨਾਲ ਜਿਥੇ ਵੀ ਜ਼ਿਆਦਤੀਆਂ ਦੀ ਖ਼ਬਰ ਆਈ, ਉਨ੍ਹਾਂ ਦੇ ਹੱਕ ਵਿਚ ਆਵਾਜ਼ ਬਾਲੁੰਦ ਕੀਤੀ। ਹੁਣ ਜਦੋਂ ਅਫ਼ਗਾਨਿਸਤਾਨ ਵਿਚ ਅਫ਼ਗਾਨੀ ਸਿੱਖ ਫਸੇ ਹਨ, ਉਨ੍ਹਾਂ ਨਾਲ ਸਿੱਧੀ ਗੱਲ ਕੀਤੀ ਤੇ ਭਾਰਤ ਲਿਆਉਣ ਲਈ ਅਹਿਮ ਰੋਲ ਅਦਾ ਕੀਤਾ। ਦਿੱਲੀ ਦੀਆਂ ਸੰਗਤਾਂ ਨੇ ਸਾਰੀਆਂ ਗੱਲਾਂ ਨੂੰ ਸਮਝਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਨਹੀਂ ਪਾਈਆਂ ਸਗੋਂ ਪਾਰਟੀ ਤੋਂ ਪਰ੍ਹੇ ਹਟ ਮਨਜਿੰਦਰ ਸਿੰਘ ਸਿਰਸਾ ਦੇ ਕੰਮਾਂ ਤੇ ਨਿਸ਼ਕਾਮ ਸੇਵਾ ਨੂੰ ਵੋਟਾਂ ਪਾਈਆਂ ਹਨ। ਪੰਜਾਬ ਵਿਚ 2022 ਦੀਆਂ ਵੋਟਾਂ ਆ ਰਹੀਆਂ ਹਨ, ਜਿਹੜੀ ਵੀ ਪਾਰਟੀ ਕੰਮ ਕਰੇਗੀ ਲੋਕ ਉਸ ਨੂੰ ਵੋਟ ਪਾਉਣਗੇ।


-ਗਰਮੀਤ ਸਿੰਘ ਵੇਰਕਾ


ਇਹ ਕੇਹੀ ਰੁੱਤ ਆਈ?
ਦੇਸ਼ ਵਿਚ ਕੋਰੋਨਾ ਕਾਲ ਦੌਰਾਨ ਛੋਟੇ ਵਪਾਰੀਆਂ ਅਤੇ ਮਜ਼ਦੂਰ ਵਰਗ ਨੂੰ ਬਹੁਤ ਤੰਗੀ ਦਾ ਸਾਹਮਣਾ ਕਰਨਾ ਪਿਆ ਅਤੇ ਕੁਝ ਦਿਹਾੜੀਦਾਰ ਅਤੇ ਪ੍ਰਾਈਵੇਟ ਨੌਕਰੀਆਂ ਵਾਲੇ ਅਜੇ ਵੀ ਆਰਥਿਕ ਤੌਰ 'ਤੇ ਮੁਸ਼ਕਿਲਾਂ ਨਾਲ ਜੂਝ ਰਹੇ ਹਨ, ਹਾਲਾਤ ਏਨੇ ਖਰਾਬ ਹੋ ਗਏ ਹਨ ਕਿ ਦੇਸ਼ ਵਿਚ ਭੁੱਖਮਰੀ ਵਰਗੇ ਸੰਕਟ ਪੈਦਾ ਹੋ ਗਏ ਹਨ, ਲੋਕੀਂ ਚੋਰੀਆਂ, ਡਕੈਤੀਆਂ ਆਦਿ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ, ਪੰਜਾਬ ਦੇ ਕਈ ਸ਼ਹਿਰਾਂ ਅਤੇ ਪਿੰਡਾਂ ਵਿਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਇਹ ਦੇਸ਼ ਵਿਚ ਫੈਲੀ ਬੇਰੁਜ਼ਗਾਰੀ ਅਤੇ ਵਧਦੀ ਮਹਿੰਗਾਈ ਦੇ ਹੀ ਨਤੀਜੇ ਹਨ, ਉਤੋਂ ਸ਼ਰੇਆਮ ਵਿਕਦੇ ਨਸ਼ੇ ਨੇ ਮੁੰਡਿਆਂ ਦੀ ਮਤ ਮਾਰ ਦਿੱਤੀ ਹੈ, ਉਹ ਆਵਦੀ ਨਸ਼ੇ ਦੀ ਤੋੜ ਨੂੰ ਪੂਰਾ ਕਰਨ ਲਈ ਚੋਰੀ, ਡਕੈਤੀ, ਠੱਗੀ ਸਭ ਕੁਝ ਕਰਦੇ ਹਨ ਅਤੇ ਜਿਨ੍ਹਾਂ ਦੇ ਹੱਥ ਦੇਸ਼ ਦੀ ਵਾਗਡੋਰ ਸੰਭਾਲਣ ਦੀ ਜ਼ਿੰਮੇਵਾਰੀ ਐ ਉਹ ਆਪਣੀ ਜ਼ਿੰਦਗੀ ਰਾਜਿਆਂ ਤਰ੍ਹਾਂ ਜੀਅ ਰਹੇ ਹਨ, ਉਨ੍ਹਾਂ ਨੂੰ ਇਸ ਤ੍ਰਾਸਦੀ ਅਤੇ ਮੰਦਹਾਲੀ ਨਾਲ ਉੱਕਾ ਹੀ ਮਤਲਬ ਨਹੀਂ ਹੈ। 'ਖੌਰੇ ਰੁੱਤ ਹੀ ਕੇਹੀ ਆਈ ਐ, ਹਰ ਪਾਸੇ ਦੁਖਦੀ ਲੋਕਾਈ ਐ।'


-ਅਮਨਦੀਪ ਕੌਰ
ਹਾਕਮ ਸਿੰਘ ਵਾਲਾ।


ਫ਼ਰਜ਼ੀ ਮੀਡੀਆ 'ਤੇ ਲਗਾਮ ਜ਼ਰੂਰੀ
ਪਿਛਲੇ ਦਿਨੀਂ (3 ਸਤੰਬਰ) 'ਚ ਮੁੱਖ ਸਫ਼ੇ 'ਤੇ ਸੁਪਰੀਮ ਕੋਰਟ ਵਲੋਂ ਮੀਡੀਏ ਦੇ ਇਕ ਵਰਗ ਵਿਚ ਵਿਖਾਈਆਂ ਜਾਂਦੀਆਂ ਫ਼ਰਜ਼ੀ ਅਤੇ ਫਿਰਕੂ ਰੰਗਤ ਵਾਲੀਆਂ ਖ਼ਬਰਾਂ ਦੇ ਖਿਲਾਫ਼ ਬਿਲਕੁਲ ਸਹੀ ਨੋਟਿਸ ਲੈਂਦਿਆਂ ਮੋਦੀ ਸਰਕਾਰ ਨੂੰ ਕਟਹਿਰੇ 'ਚ ਖੜ੍ਹਾ ਕੀਤਾ ਗਿਆ ਹੈ। ਪਿਛਲੇ ਸਾਲ ਅਜਿਹੇ ਹੀ ਮੀਡੀਆ ਵਰਗ ਵਲੋਂ ਇਕ ਡੂੰਘੀ ਫਿਰਕੂ ਸਾਜ਼ਿਸ਼ ਹੇਠ ਤਬਲੀਗੀ ਜਮਾਤ ਦੇ ਖਿਲਾਫ਼ ਕੋਰੋਨਾ ਫੈਲਾਉਣ ਦਾ ਵੱਡੇ ਪੱਧਰ 'ਤੇ ਕੂੜ ਪ੍ਰਚਾਰ ਕੀਤਾ ਗਿਆ ਸੀ, ਜਦਕਿ ਇਸ ਸਾਲ ਕੋਰੋਨਾ ਦੀ ਦੂਜੀ ਖਤਰਨਾਕ ਲਹਿਰ ਦੌਰਾਨ ਮੋਦੀ ਸਰਕਾਰ ਵਲੋਂ ਹਰਿਦੁਆਰ ਵਿਖੇ ਕੁੰਭ ਮੇਲੇ ਮੌਕੇ ਲੱਖਾਂ ਸ਼ਰਧਾਲੂਆਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਉਕਤ ਮੀਡੀਆ ਸਰਕਾਰ ਦੇ ਪ੍ਰਭਾਵ ਹੇਠ ਮੂਕ ਦਰਸ਼ਕ ਬਣਿਆ ਰਿਹਾ ਸੀ। ਉਚ ਨਿਆਂਪਾਲਿਕਾ ਨੂੰ ਅਜਿਹੇ ਫ਼ਰਜ਼ੀ ਮੀਡੀਆ ਅਤੇ ਇਨ੍ਹਾਂ ਦੀ ਸਿਆਸੀ ਪੁਸ਼ਤਪਨਾਹੀ ਕਰਨ ਵਾਲੀਆਂ ਹਕੂਮਤਾਂ ਅਤੇ ਕਾਰਪੋਰੇਟਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।


-ਸੁਮੀਤ ਸਿੰਘ
ਮੋਹਣੀ ਪਾਰਕ, ਅੰਮ੍ਰਿਤਸਰ।


ਪਹਿਲਾਂ ਵਾਂਗ ਜਾਰੀ ਹੋਣ 10ਵੀਂ ਤੇ 12ਵੀਂ ਦੇ ਸਰਟੀਫਿਕੇਟ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪਿਛਲੇ ਦੋ ਸਾਲਾਂ ਤੋਂ 10ਵੀਂ ਤੇ 12ਵੀਂ ਜਮਾਤ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਡਿਜੀਲਾਕਰ ਰਾਹੀਂ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਜਾਰੀ ਕੀਤੇ ਸਰਟੀਫਿਕੇਟ ਵਿਦਿਆਰਥੀ ਨੇ ਕਿਸੇ ਕੰਪਿਊਟਰ ਕੈਫੇ ਆਦਿ 'ਤੇ ਜਾ ਕੇ ਆਪ ਕਢਵਾਉਣਾ ਹੁੰਦਾ ਹੈ ਜੋ ਵੇਖਣ ਨੂੰ ਇਕ ਫੋਟੋ ਸਟੇਟ ਕਾਪੀ ਦੀ ਤਰ੍ਹਾਂ ਲਗਦਾ ਹੈ। ਇਸੇ ਕਾਰਨ ਇਸ ਸਰਟੀਫਿਕੇਟ ਨੂੰ ਪਾਸਪੋਰਟ ਦਫਤਰ ਵਾਲੇ, ਅੰਬੈਸੀ ਵਾਲੇ ਤੇ ਕਈ ਯੂਨੀਵਰਸਿਟੀਆਂ ਵਾਲੇ ਮਾਨਤਾ ਨਹੀਂ ਦਿੰਦੇ ਤੇ ਇਸ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਨ। ਹੁਣ ਜੇ ਵਿਦਿਆਰਥੀ ਨੇ ਪਹਿਲਾਂ ਵਾਂਗ ਸਰਟੀਫਿਕੇਟ ਬੋਰਡ ਕੋਲੋਂ ਪ੍ਰਾਪਤ ਕਰਨਾ ਹੈ ਤਾਂ ਉਸ ਨੂੰ ਕੁਝ 100 ਰੁਪਏ ਵਾਧੂ ਫੀਸ ਤਾਰਨੀ ਪੈਂਦੀ , ਇਸ ਨਾਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਖੱਜਲ ਖੁਆਰੀ ਵਧਣ ਦੇ ਨਾਲ-ਨਾਲ ਆਰਥਿਕ ਨੁਕਸਾਨ ਵੀ ਹੋਇਆ ਹੈ। ਆਸ ਹੈ ਸਿੱਖਿਆ ਮੰਤਰੀ ਸਾਹਿਬ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਇਸ ਅਹਿਮ ਮਸਲੇ 'ਤੇ ਗੌਰ ਕਰੇ ਹੋਏ ਵਿਦਿਆਰਥੀਆਂ ਨੂੰ ਉਪਰੋਕਤ ਸਮੱਸਿਆ ਤੋਂ ਰਾਹਤ ਦਿਵਾਉਣਗੇ।


-ਮਨਪ੍ਰੀਤ ਸਿੰਘ
ਇੰਦਰਾ ਪਾਰਕ, ਮਾਡਲ ਟਾਊਨ, ਜਲੰਧਰ।

03-09-2021

 ਯੋਗ ਆਗੂ ਚੁਣਨ ਦੀ ਘਾਟ
ਕਈ ਵਾਰੀ ਅਸੀਂ ਭੀੜ ਇਕੱਠੀ ਦੇਖ ਜਾਂ ਪੰਜ ਸੱਤ ਬੰਦਿਆਂ ਜਾਂ ਬੀਬੀਆਂ ਦੇ ਕਹਿਣ 'ਤੇ ਆਪਣੀ ਵੋਟ ਜਿਸ ਨੁਮਾਇੰਦੇ ਨੂੰ ਘਰੋਂ ਸੋਚ ਕੇ ਪਾਉਣ ਲਈ ਤੁਰੇ ਹੁੰਦੇ ਹਾਂ, ਉਸ ਤੋਂ ਉਲਟ ਬਟਨ ਦੱਬ ਕੇ ਫ਼ੈਸਲਾ ਦੇ ਦਿੰਦੇ ਹਾਂ। ਮੇਰੇ ਕਹਿਣ ਤੋਂ ਭਾਵ ਸੰਸਦ ਮੈਂਬਰ ਜਾਂ ਵਿਧਾਇਕ ਦੀ ਚੋਣ ਤੋਂ ਹੈ। ਸਾਨੂੰ ਆਪਣੇ ਨੁਮਾਇੰਦੇ ਦੀ ਸਹੀ ਪਛਾਣ ਕਰਨ ਲਈ ਚੋਣ ਕਮਿਸ਼ਨਰ ਲੰਬਾ ਸਮਾਂ ਦਿੰਦਾ ਹੈ ਪਰ ਅਸੀਂ ਫਿਰ ਵੀ ਕਿਸੇ ਲਾਲਚ ਜਾਂ ਗੱਲਾਂ ਵਿਚ ਆ ਕੇ ਆਪਣੀ ਮਿਲੀ ਤਾਕਤ ਨੂੰ ਅਜਾਈਂ ਗੁਆ ਦਿੰਦੇ ਹਾਂ। ਫਿਰ ਪੰਜ ਸਾਲ ਪਛਤਾਉਣ ਤੋਂ ਇਲਾਵਾ ਸਾਡੇ ਕੋਲ ਕੋਈ ਹੱਲ ਨਹੀਂ ਹੁੰਦਾ। ਸਾਡੇ ਵਿਚ ਅਜੇ ਵੀ ਜਾਗਰੂਕਤਾ ਦੀ ਘਾਟ ਹੈ, ਸਾਨੂੰ ਜਾਗਰੂਕ ਹੋਣਾ ਹੀ ਪੈਣਾ, ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ। ਆਓ, ਅਸੀਂ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ ਅਤੇ ਕਿਸੇ ਯੋਗ ਆਗੂ ਦੀ ਚੋਣ ਕਰੀਏ।


-ਕੰਵਰਦੀਪ ਸਿੰਘ ਭੱਲਾ
ਰਿਕਵਰੀ ਅਫਸਰ ਸਹਿਕਾਰੀ ਬੈਂਕ, ਹੁਸ਼ਿਆਰਪੁਰ।


ਸੰਸਦੀ ਮਰਿਆਦਾ
ਇਸ ਵਾਰ ਸੰਸਦ ਦਾ ਮੌਨਸੂਨ ਇਜਲਾਸ ਲੋਕਤੰਤਰ ਦੀ ਸ਼ਾਂਤੀ ਅਤੇ ਮਰਿਆਦਾ ਨੂੰ ਭੰਗ ਕਰਨ ਵਾਲਾ ਰਿਹਾ। ਸਦਨ 'ਚ ਸੱਤਾਧਾਰੀ ਅਤੇ ਵਿਰੋਧੀ ਧਿਰਾਂ ਦਾ ਜੋ ਰਵੱਈਆ ਰਿਹਾ, ਉਹ ਬਹੁਤ ਹੀ ਨਿੰਦਣਯੋਗ ਸੀ। ਸਰਕਾਰ ਨੇ ਬਹੁਗਿਣਤੀ ਦੇ ਬਲਬੂਤੇ 15 ਬਿੱਲ ਪਾਸ ਤਾਂ ਕਰਵਾ ਲਏ ਪਰ ਪੈਗਾਸਸ ਜਾਸੂਸੀ ਅਤੇ ਕਿਸਾਨਾਂ ਦੇ ਮੁੱਦੇ 'ਤੇ ਚਰਚਾ ਕਰਨ ਤੋਂ ਪ੍ਰਹੇਜ਼ ਕੀਤਾ। ਸਰਬਉੱਚ ਮੰਦਰ ਦੀ ਮਰਿਆਦਾ ਨੂੰ ਭੰਗ ਕਰਕੇ ਆਖ਼ਰ ਸੱਤਾਧਾਰੀ ਅਤੇ ਵਿਰੋਧੀ ਧਿਰਾਂ, ਆਮ ਜਨਤਾ ਨੂੰ ਕੀ ਸੇਧ ਦੇ ਰਹੀਆਂ ਹਨ? ਕੀ ਲੋਕਤੰਤਰ ਦੀ ਨੀਂਹ ਏਨੀ ਕਮਜ਼ੋਰ ਹੋ ਗਈ ਹੈ, ਜਿਸ ਉੱਪਰ ਸ਼ਰ੍ਹੇਆਮ ਹਮਲੇ ਕੀਤੇ ਜਾ ਰਹੇ ਹਨ? ਲੋੜ ਹੈ ਸਰਕਾਰਾਂ ਨੂੰ ਆਪਣਾ ਰਵੱਈਆ ਸੁਧਾਰਨ ਦੀ ਅਤੇ ਸ਼ਾਂਤੀ ਨਾਲ ਦੇਸ਼ ਦਾ ਕਲਿਆਣ ਕਰਨ ਦੀ। ਜਨਤਾ ਦੀ ਸਰਕਾਰਾਂ ਦੇ ਇਸ ਰਵੱਈਏ ਤੋਂ ਅੰਦਾਜ਼ਾ ਲਗਾ ਸਕਦੀ ਹੈ ਕਿ ਕਿਹੜੀ ਸਰਕਾਰ ਲੋਕ ਕਲਿਆਣ ਦੇ ਮੁੱਦਿਆਂ ਵਿਚ ਦਿਲਚਸਪੀ ਰੱਖੇਗੀ।


-ਸਿਮਰਨ ਬੇਦੀ
ਬਾਬਾ ਨਾਮਦੇਵ ਨਗਰ, ਘੁਮਾਣ।


ਦੇਸ਼ ਵਿਚ ਲੋਕਤੰਤਰ
ਪਿਛਲੇ ਦਿਨੀਂ ਸੰਪਾਦਕੀ ਲੇਖਾਂ ਵਿਚ ਨਿੱਜੀ ਸੁਤੰਤਰਤਾ ਦੇ ਅਧਿਕਾਰਾਂ ਦੀ ਵਰਤੋਂ-ਦੁਰਵਰਤੋਂ ਬਾਰੇ ਬਹੁਤ ਵਧੀਆ ਲਿਖਿਆ ਗਿਆ। ਪਿਛਲੇ ਸਮੇਂ ਵਿਚ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਗਈਆਂ। ਆਮ ਲੋਕਾਂ ਤੋਂ ਲੈ ਕੇ ਬੁੱਧੀਜੀਵੀਆਂ ਤੱਕ ਨੂੰ ਦਿਨ-ਦਿਹਾੜੇ ਵੱਖ-ਵੱਖ ਕੇਸਾਂ 'ਚ ਉਲਝਾ ਕੇ ਦਹਿਸ਼ਤ ਦਾ ਮਾਹੌਲ ਬਣਾਇਆ ਗਿਆ। ਦੇਸ਼ ਵਿਚ ਲੋਕਤੰਤਰ ਦੇ ਨਾਂਅ 'ਤੇ ਲੋਕਾਈ ਦੇ ਨਿੱਜੀ ਸੁਤੰਤਰਤਾ ਅਧਿਕਾਰਾਂ ਨਾਲ ਰੱਜ ਕੇ ਖਿਲਵਾੜ ਕੀਤਾ ਗਿਆ। ਉਮੀਦ ਕਰਾਂਗੇ ਕਿ ਸੁਪਰੀਮ ਕੋਰਟ ਦੁਆਰਾ ਸੁਣਾਏ ਫ਼ੈਸਲੇ ਨੂੰ ਧਿਆਨ 'ਚ ਰੱਖ ਕੇ ਬਹੁਤ ਸਾਰੇ ਅਦਾਰੇ ਇਸ ਨੂੰ ਅਸਲ ਜ਼ਿੰਦਗੀ 'ਚ ਅਮਲੀ ਜਾਮਾ ਜ਼ਰੂਰ ਪਹਿਨਾਉਣਗੇ।


-ਜਗਵੀਰ ਕੌਰ, ਫ਼ਰੀਦਕੋਟ।


ਆਓ ਪੁਸਤਕਾਂ ਪੜ੍ਹਨ ਦੀ ਆਦਤ ਪਾਈਏ
ਪਿਛਲੇ ਦਿਨੀਂ 'ਅਜੀਤ' ਅਖ਼ਬਾਰ ਵਿਚ ਪ੍ਰਕਾਸ਼ਿਤ ਸ਼ਮਸ਼ੇਰ ਸਿੰਘ ਸੋਹੀ ਵਲੋਂ ਲਿਖਿਆ ਲੇਖ 'ਆਓ ਪੁਸਤਕਾਂ ਪੜ੍ਹਨ ਦੀ ਆਦਤ ਪਾਈਏ' ਕਾਬਲੇ-ਤਾਰੀਫ਼ ਹੈ ਜਿਸ ਵਿਚ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕੀਤਾ ਗਿਆ ਹੈ। ਇਹ ਸਹੀ ਹੈ ਕਿ ਗਿਆਨ ਪ੍ਰਾਪਤ ਕਰਨਾ ਮਨੁੱਖਾ ਜੀਵਨ ਲਈ ਬਹੁਤ ਜ਼ਰੂਰੀ ਹੈ ਜੋ ਚੰਗੇ ਲੇਖਕਾਂ ਦੀਆਂ ਕਿਤਾਬਾਂ ਪੜ੍ਹ ਕੇ ਪ੍ਰਾਪਤ ਕਰਨਾ ਸੰਭਵ ਹੋ ਸਕਦਾ ਹੈ, ਉਥੇ ਕਿਤਾਬਾਂ ਸਾਡੇ ਜੀਵਨ ਵਿਚ ਨਵੀਆਂ ਜਾਣਕਾਰੀਆਂ ਤੇ ਸਮੱਸਿਆਵਾਂ ਦੇ ਹੱਲ ਦੱਸਣ ਵਿਚ ਮਹੱਤਵਪੂਰਨ ਰੋਲ ਨਿਭਾਉਂਦੀਆਂ ਹਨ। ਸਾਨੂੰ ਕਿਤਾਬਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਬਹੁਤ ਉਪਯੋਗੀ ਸਾਬਤ ਹੋ ਸਕਦਾ ਹੈ। ਸਾਨੂੰ ਸਭ ਨੂੰ ਵਧੇਰੇ ਕਿਤਾਬਾਂ ਪੜ੍ਹਨ ਦੀ ਰੁਚੀ ਪੈਦਾ ਕਰਨ ਦੀ ਲੋੜ ਹੈ ਜੋ ਕਿ ਅੱਜਕਲ੍ਹ ਬਹੁਤ ਘੱਟ ਦਿਖਾਈ ਦੇ ਰਹੀ ਹੈ। ਇਸ ਪੱਖੋਂ ਕੇਰਲਾ ਰਾਜ ਜੋ ਭਾਰਤ 'ਚ ਵਿੱਦਿਅਕ ਪ੍ਰਤੀਸ਼ਤ 'ਚ ਪਹਿਲੇ ਸਥਾਨ 'ਤੇ ਸੁਣਨ ਵਿਚ ਆਉਂਦਾ ਹੈ, ਹਰ ਘਰ 'ਚ ਸੈਂਕੜੇ ਕਿਤਾਬਾਂ ਦੀਆਂ ਲਾਇਬ੍ਰੇਰੀਆਂ ਨਾਲ ਲੈਸ ਹੈ।


-ਹਿੰਮਤ ਸਿੰਘ


ਪੰਜਾਬ ਪੁਲਿਸ ਦਾ ਸ਼ਲਾਘਾਯੋਗ ਕਦਮ
ਅਜੋਕੇ ਸਮੇਂ ਵਧ ਰਹੇ ਅਪਰਾਧਾਂ ਦੇ ਚਲਦਿਆਂ ਪੰਜਾਬ ਪੁਲਿਸ ਵਲੋਂ ਵਰਤੀ ਜਾ ਰਹੀ ਮੁਸਤੈਦੀ ਇਕ ਸ਼ਲਾਘਾਯੋਗ ਕਦਮ ਹੈ। ਹੁਣ ਚੱਪੇ-ਚੱਪੇ 'ਤੇ ਪੰਜਾਬ ਪੁਲਿਸ ਦੀ ਨਜ਼ਰ ਹੈ। ਪਿੰਡਾਂ ਵਿਚ ਠੀਕਰੀ ਪਹਿਰੇ ਲਗਵਾਏ ਜਾ ਰਹੇ ਹਨ ਤੇ ਇਨ੍ਹਾਂ ਦੀ ਨਿਗਰਾਨੀ ਪੁਲਿਸ ਕਰ ਰਹੀ ਹੈ। ਸ਼ਹਿਰਾਂ ਵਿਚ ਹਰ ਇਕ ਮੁਹੱਲੇ ਵਿਚ ਪੀ.ਸੀ.ਆਰ. ਦੀਆਂ ਟੀਮਾਂ ਲਗਾਤਾਰ ਰਾਤ ਵੇਲੇ ਗਸ਼ਤ ਕਰਦੀਆਂ ਹਨ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਯਕੀਨਨ ਪੰਜਾਬ ਪੁਲਿਸ ਦੇ ਇਨ੍ਹਾਂ ਕਦਮਾਂ ਨਾਲ ਅਪਰਾਧਿਕ ਮਾਮਲਿਆਂ ਨੂੰ ਨੱਥ ਪਾਈ ਜਾ ਰਹੀ ਹੈ, ਜਿਸ ਦੇ ਚਲਦਿਆਂ ਆਮ ਜਨਤਾ ਸੁੱਖ ਦਾ ਸਾਹ ਲੈ ਰਹੀ ਹੈ।


-ਅਰਵਿੰਦਰ ਸਿੰਘ ਰਾਏਕੋਟ


ਨਿੱਜੀ ਹਸਪਤਾਲਾਂ ਦੀ ਲੁੱਟ
ਇਹ ਜੋ ਚਮਕਦਾਰ ਤੇ ਦਬਦਬੇਦਾਰ ਹਸਪਤਾਲ ਬਣਾਏ ਗਏ ਹਨ, ਇਹ ਲੋਕਾਂ ਦੀ ਲੁੱਟ ਅਤੇ ਠੱਗੀ ਦੇ ਕੇਂਦਰਾਂ ਵਜੋਂ ਜਾਣੇ ਜਾਂਦੇ ਹਨ। ਇਨ੍ਹਾਂ ਨਿੱਜੀ ਹਸਪਤਾਲਾਂ ਦੀਆਂ ਲੁੱਟ ਦੀਆਂ ਘਟਨਾਵਾਂ ਕਿਸੇ ਤੋਂ ਵੀ ਸੁਣੀਆਂ ਜਾ ਸਕਦੀਆਂ ਹਨ। ਕੋਵਿਡ ਮਹਾਂਮਾਰੀ ਦੌਰਾਨ ਇਨ੍ਹਾਂ ਹਸਪਤਾਲਾਂ ਨੇ ਮਨੁੱਖਤਾ ਦੀ ਸੇਵਾ ਤਾਂ ਕੀ ਕਰਨੀ ਸੀ, ਉਲਟਾ ਅਣਲੋੜੀਂਦੀਆਂ ਦਵਾਈਆਂ ਤੇ ਟੀਕਿਆਂ ਦੀ ਵਰਤੋਂ ਦਿਖਾ ਕੇ ਬਿੱਲਾਂ ਵਿਚ ਵੱਡੇ ਇਜ਼ਾਫ਼ੇ ਕੀਤੇ ਗਏ। ਆਖ਼ਰ ਸੁਪਰੀਮ ਕੋਰਟ ਨੇ ਨਿੱਜੀ ਹਸਪਤਾਲਾਂ ਵਿਰੁੱਧ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਟਿੱਪਣੀਆਂ ਕੀਤੀਆਂ ਹਨ। ਇਹ ਟਿੱਪਣੀਆਂ ਸਰਕਾਰਾਂ ਅਤੇ ਲੋਕ ਨੁਮਾਇੰਦਿਆਂ ਨੂੰ ਸ਼ਰਮਸਾਰ ਕਰਨ ਵਾਲੀਆਂ ਹਨ। ਸੰਕਟ ਸਮੇਂ ਹਸਪਤਾਲ ਮਰੀਜ਼ਾਂ ਦੀ ਮਦਦ ਲਈ ਹੁੰਦੇ ਹਨ ਪਰ ਇਹ ਮਰੀਜ਼ਾਂ ਦੀ ਪ੍ਰੇਸ਼ਾਨੀ ਵਧਾ ਰਹੇ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਅਜਿਹੇ ਹਸਪਤਾਲਾਂ ਨੂੰ ਬੰਦ ਕਰ ਦੇਣਾ ਬਿਹਤਰ ਹੈ। ਸਰਕਾਰਾਂ ਨੂੰ ਸੁਪਰੀਮ ਕੋਰਟ ਦੀ ਇਸ ਟਿੱਪਣੀ ਤੋਂ ਸੇਧ ਲੈਣੀ ਚਾਹੀਦੀ ਹੈ।


-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਮੋਗਾ।

02-09-2021

 ਦੇਸ਼ ਵਿਰੋਧੀ ਫ਼ੈਸਲਿਆਂ ਦਾ ਡਟਵਾਂ ਵਿਰੋਧ

26 ਅਗਸਤ ਦੀ ਸੰਪਾਦਕੀ 'ਨਿੱਜੀਕਰਨ ਦਾ ਜਾਲ' ਵਿਚ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਆਰਥਿਕ ਨੀਤੀਆਂ ਦਾ ਬਾਖੂਬੀ ਖੁਲਾਸਾ ਕੀਤਾ ਹੈ। ਦੇਸ਼ ਵਿਚਲੇ ਸਮੁੱਚੇ ਜਨਤਕ ਅਦਾਰਿਆਂ ਨੂੰ ਆਪਣੇ ਕਾਰਪੋਰੇਟ ਭਾਈਵਾਲਾਂ ਨੂੰ ਕੌਡੀਆਂ ਦੇ ਭਾਅ ਵੇਚ ਕੇ ਮੋਦੀ ਸਰਕਾਰ ਆਰ. ਐਸ. ਐਸ. ਦੇ ਫਾਸ਼ੀਵਾਦੀ ਏਜੰਡੇ ਹੇਠ ਦੇਸ਼ ਦੀ ਆਮ ਜਨਤਾ ਨੂੰ ਬੇਰੁਜ਼ਗਾਰੀ, ਭੁੱਖਮਰੀ ਅਤੇ ਮਹਿੰਗਾਈ ਦੀ ਦਲਦਲ ਵਿਚ ਸੁੱਟਣਾ ਚਾਹੁੰਦੀ ਹੈ। 'ਦੇਸ਼ ਨਹੀਂ ਬਿਕਨੇ ਦੂੰਗਾ' ਦੀਆਂ ਸਿਆਸੀ ਡੀਂਗਾਂ ਮਾਰ ਕੇ ਦੇਸ਼ ਦੀ ਜਨਤਾ ਨੂੰ ਗੁਮਰਾਹ ਕਰਨ ਵਾਲੇ ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ ਅਹਿਮ ਜਨਤਕ ਅਦਾਰਿਆਂ ਨੂੰ ਖਤਮ ਕਰ ਰਹੇ ਹਨ ਜਿਸ ਨਾਲ ਦੇਸ਼ ਵਿਚ ਬੇਰੁਜ਼ਗਾਰੀ, ਅਰਾਜਕਤਾ ਅਤੇ ਅਪਰਾਧ ਹੋਰ ਵਧਣਗੇ। ਅਜਿਹਾ ਕਰਨ ਪਿੱਛੇ ਮੋਦੀ ਸਰਕਾਰ ਦਾ ਮਕਸਦ ਇਹ ਹੈ ਕਿ ਨਾ ਹੀ ਸਰਕਾਰੀ ਨੌਕਰੀਆਂ ਰਹਿਣਗੀਆਂ ਅਤੇ ਨਾ ਹੀ ਪਿਛੜੀਆਂ ਸ਼੍ਰੇਣੀਆਂ ਲਈ ਰਾਖਵਾਂਕਰਨ ਹੋਏਗਾ। ਜੇਕਰ ਮੌਜੂਦਾ ਕੇਂਦਰ ਸਰਕਾਰ, ਸਰਕਾਰੀ ਅਦਾਰਿਆਂ ਨੂੰ ਸਹੀ ਢੰਗ ਨਾਲ ਚਲਾਉਣ ਵਿਚ ਅਸਮਰਥ ਹੈ ਤਾਂ ਇਸ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਅਖੌਤੀ ਆਰਥਿਕ ਸੁਧਾਰਾਂ ਦੇ ਨਾਂਅ ਹੇਠ ਕੀਤਾ ਜਾ ਰਿਹਾ ਨਿੱਜੀਕਰਨ ਆਮ ਲੋਕਾਂ ਦੀ ਅੰਨ੍ਹੀ ਲੁੱਟ ਅਤੇ ਵਿਨਾਸ਼ ਕਰਨ ਦੇ ਇਲਾਵਾ ਪੂੰਜੀਪਤੀਆਂ ਲਈ ਅੰਨ੍ਹੇ ਮੁਨਾਫੇ ਪੈਦਾ ਕਰੇਗਾ ਪਰ ਹਕੀਕਤ ਇਹ ਵੀ ਹੈ ਕਿ ਨਿੱਜੀਕਰਨ ਪੱਛਮ ਦੇ ਵਿਕਸਤ ਦੇਸ਼ਾਂ ਵਿਚ ਵੀ ਬੁਰੀ ਤਰਾਂ ਅਸਫਲ ਹੋਇਆ ਹੈ ਅਤੇ ਭਾਰਤ ਵਿਚ ਵੀ ਅਸਫਲ ਹੀ ਹੋਵੇਗਾ। ਦੇਸ਼ ਦੀ ਸਮੁੱਚੀ ਵਿਰੋਧੀ ਧਿਰ ਨੂੰ ਕਿਸਾਨ ਸੰਘਰਸ਼ ਵਾਂਗ ਅਜਿਹੇ ਦੇਸ਼ ਵਿਰੋਧੀ ਅਤੇ ਲੋਕ ਵਿਰੋਧੀ ਫੈਸਲਿਆਂ ਦਾ ਡਟਵਾਂ ਵਿਰੋਧ ਕਰਨ ਦੀ ਲੋੜ ਹੈ।

-ਸੁਮੀਤ ਸਿੰਘ, ਮੋਹਣੀ ਪਾਰਕ, ਅੰਮ੍ਰਿਤਸਰ।

ਹੱਦੋਂ ਵੱਧ ਮਹਿੰਗਾਈ

ਅੱਜ ਮਹਿੰਗਾਈ ਹਰ ਇਕ ਦੇ ਵੱਸੋਂ ਬਾਹਰ ਹੈ, ਚਾਹੇ ਦਿਹਾੜੀਦਾਰ ਮੁਲਾਜ਼ਮ ਹੋਵੇ ਜਾਂ ਹੋਰ ਤਬਕਾ ਸਭ ਦੇ ਘਰ ਆਮਦਨ ਘੱਟ ਅਤੇ ਖਰਚੇ ਜ਼ਿਆਦੇ ਹਨ। ਕੋਈ ਕਿੰਨੀ ਵੀ ਕਿਰਤ ਕਰ ਲਵੇ ਪਰ ਘਰੇ ਚੁੱਲ੍ਹਾ ਤਪਾਉਣਾ ਔਖਾ ਹੋਇਆ ਪਿਆ। ਗੈਸ, ਤੇਲ ਅਤੇ ਖਾਣ ਵਾਲੀਆਂ ਚੀਜ਼ਾਂ, ਕੋਈ ਵੀ ਚੀਜ਼ ਲੈ ਲਓ, ਹੱਦੋਂ ਵੱਧ ਮਹਿੰਗਾਈ ਹੈ। ਮਹਿੰਗਾਈ ਕਿੰਨੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ, ਇਸ ਦੀਆਂ ਬਰੇਕਾਂ ਸ਼ਾਇਦ ਕਿਸੇ ਕੋਲੋਂ ਨਹੀਂ ਲੱਗਦੀਆਂ। ਪਤਾ ਨਹੀਂ ਕਿਥੇ ਰੁਕਣਾ? ਸਰਕਾਰਾਂ ਨੂੰ ਚਾਹੀਦਾ ਹੈ, ਮਹਿੰਗਾਈ ਨੂੰ ਕੰਟਰੋਲ ਕੀਤਾ ਜਾਵੇ, ਤਾਂ ਕਿ ਹਰ ਬੰਦਾ ਆਪਣਾ ਪੱਲਾ ਪੂਰਾ ਕਰ ਸਕੇ। ਦੇਸ਼ ਵਿਚੋਂ ਲੁੱਟਾਂ-ਖੋਹਾਂ ਤੇ ਹੋਰ ਬੁਰੀਆਂ ਅਲਾਮਤਾਂ ਜੋ ਮਹਿੰਗਾਈ ਦੀ ਦੇਣ ਹਨ, ਘੱਟ ਜਾਣ।

-ਹਰਪ੍ਰੀਤ ਸਿੰਘ ਪੱਤੋ
ਪਿੰਡ ਪੱਤੋ ਹੀਰਾ ਸਿੰਘ।

ਘੱਟ ਮੌਨਸੂਨ ਖ਼ਤਰੇ ਦੀ ਘੰਟੀ

ਡੂੰਘੇ ਹੋ ਰਹੇ ਪਾਣੀ ਦੇ ਪੱਧਰ ਅਤੇ ਮੌਨਸੂਨ ਦੀ ਘੱਟ ਵਰਖਾ ਨੇ ਝੋਨਾ ਲਾਉਣਾ ਆਉਣ ਵਾਲੇ ਸਮੇਂ ਵਿਚ ਔਖਾ ਕਰ ਦੇਣਾ ਹੈ। ਇਸ ਵਾਰ ਜਿਨ੍ਹਾਂ ਨੇ ਬੋਰ ਕਰਵਾਉਣ ਦਾ ਖਰਚਾ ਕੀਤਾ ਹੈ, ਆਉਣ ਵਾਲੇ ਸਮੇਂ ਵਿਚ ਖੂਹ ਵਾਂਗ ਬੋਰ ਵੀ ਤਕੜੇ ਕਿਸਾਨ ਦੇ ਖੇਤ ਵਿਚ ਹੀ ਲੱਗਿਆ ਕਰੇਗਾ। ਬੱਚਿਆਂ ਦਾ ਵਿਦੇਸ਼ੀ ਧਰਤੀ ਵੱਲ ਵਧ ਰਿਹਾ ਰੁਝਾਨ ਦੱਸ ਰਿਹਾ ਹੈ ਕਿ ਸਾਡੀ ਅਗਲੀ ਪੀੜ੍ਹੀ ਖੇਤੀ ਵੀ ਇਥੇ ਨਹੀਂ ਕਰਨੀ ਚਾਹੁੰਦੀ।
ਪੰਜਾਬ ਅਤੇ ਹਰਿਆਣਾ ਵਿਚ ਹੋ ਰਹੀ ਪਾਣੀ ਦੀ ਘਾਟ ਲਈ ਨਹਿਰੀ ਪਾਣੀ ਦੀ ਵਰਤੋਂ ਵਧਾਉਣੀ ਪਵੇਗੀ। ਸਰਕਾਰਾਂ ਜਾਣ-ਬੁੱਝ ਕੇ ਪਾਣੀ ਦੀ ਠੀਕ ਵੰਡ ਨਹੀਂ ਕਰਦੀਆਂ। ਕਿਸਾਨ ਵੀ 15-20 ਜੂਨ ਤੋਂ ਹਰ ਸਾਲ ਝੋਨਾ ਲਾਉਂਦੇ ਸਨ। ਇਸ ਵਾਰ ਦਸ ਬਾਰਾਂ ਦਿਨ ਅਗੇਤਾ ਲਾ ਬੈਠੇ। ਜਿਸ ਨਾਲ ਧਰਤੀ ਠੰਢੀ ਹੋ ਗਈ, ਮੌਨਸੂਨ ਦਾ ਮੀਂਹ ਘੱਟ ਪਿਆ। ਹੁਣ ਸਾਨੂੰ ਇਸ ਖ਼ਤਰੇ ਦੀ ਘੰਟੀ ਨੂੰ ਸਮਝ ਕੇ ਹੀ ਪਾਣੀ ਦੀ ਬੱਚਤ ਲਈ ਫ਼ਸਲਾਂ ਦੀ ਚੋਣ ਕਰਨੀ ਪਵੇਗੀ। ਡੇਅਰੀ ਦੇ ਕੰਮ ਨੂੰ ਵੀ ਉਤਸ਼ਾਹਿਤ ਕਰਨਾ ਪਵੇਗਾ।

-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ (ਮਲੇਰਕੋਟਲਾ), ਪੰਜਾਬ।

ਮਾਂ ਬੋਲੀ

ਭਾਰਤ ਨੂੰ ਆਜ਼ਾਦ ਹੋਇਆਂ 6 ਦਹਾਕੇ ਤੋਂ ਵੱਧ ਸਮਾਂ ਹੋ ਚੁੱਕਿਆ ਹੈ। ਇਨ੍ਹਾਂ ਦਹਾਕਿਆਂ ਵਿਚ ਜੇਕਰ ਅਸੀਂ ਤਸਵੀਰ ਦਾ ਇਕ ਪਾਸਾ ਦੇਖੀਏ ਤਾਂ ਡੈਮਾਂ ਦਾ ਨਿਰਮਾਣ, ਪੁਲਾਂ ਦਾ ਨਿਰਮਾਣ, ਆਵਾਜਾਈ ਦੇ ਸਾਧਨਾਂ ਦੀ ਤੇਜ਼ ਰਫ਼ਤਾਰ, ਸੰਚਾਰ ਦੇ ਸਾਧਨਾਂ ਦਾ ਵਿਕਾਸ, ਹਸਪਤਾਲਾਂ ਦਾ ਨਿਰਮਾਣ, ਸਿੱਖਿਆ ਦੇ ਖੇਤਰ ਵਿਚ ਵਾਧੇ ਤੇ ਪਸਾਰ ਲਈ ਕਾਲਜਾਂ ਅਤੇ ਯੂਨੀਵਰਸਿਟੀਆਂ ਦਾ ਨਿਰਮਾਣ ਤੇ ਸੜਕਾਂ ਦਾ ਵਿਕਾਸ ਆਦਿ ਆਜ਼ਾਦੀ ਤੋਂ ਬਾਅਦ ਹੋਏ ਵਿਕਾਸ ਦੀ ਕਹਾਣੀ ਹੈ। ਇਨ੍ਹਾਂ ਦਹਾਕਿਆਂ ਵਿਚ ਹੀ ਜੇਕਰ ਅਸੀਂ ਤਸਵੀਰ ਦਾ ਦੂਜਾ ਪਾਸਾ ਦੇਖੀਏ ਤਾਂ ਉਹ ਝੰਜੋੜ ਕੇ ਰੱਖ ਦੇਣ ਵਾਲਾ ਹੈ। ਅਸੀਂ ਦੇਖਦੇ ਹਾਂ ਕਿ ਅੱਜ ਅਸੀਂ ਪੱਛਮੀ ਸੱਭਿਆਚਾਰ ਦੇ ਵਹਿਣ 'ਚ ਵਹਿ ਕੇ ਆਪਣੇ ਅਣਮੁੱਲੇ ਵਿਰਸੇ ਪੰਜਾਬੀ ਮਾਂ-ਬੋਲੀ ਅਤੇ ਪੰਜਾਬੀਅਤ ਨੂੰ ਹੀ ਵਿਸਾਰਦੇ ਜਾ ਰਹੇ ਹਾਂ। ਜੇਕਰ ਅਸੀਂ ਖ਼ੁਦ ਆਪਣੀ ਮਾਂ-ਬੋਲੀ ਪੰਜਾਬੀ ਨੂੰ ਉਸ ਦਾ ਬਣਦਾ ਹੱਕ ਨਹੀਂ ਦੇਵਾਂਗੇ ਤਾਂ ਕੋਈ ਬਾਹਰਲੇ ਦੇਸ਼ ਵਾਲਾ ਇਸ ਦਾ ਕੀ ਵਿਕਾਸ ਕਰੇਗਾ। ਜਦੋਂ ਸਾਡੇ ਆਪਣੇ ਬੱਚੇ ਇਸ ਨੂੰ ਮਾਂ ਨਹੀਂ ਮੰਨਦੇ ਤਾਂ ਕੋਈ ਗ਼ੈਰ ਇਸ ਨੂੰ ਆਪਣੀ ਮਾਂ ਬਣਾਉਣ ਲਈ ਕਿਉਂ ਅੱਗੇ ਆਵੇਗਾ। ਇਸ ਦਾ ਨਤੀਜਾ ਇਹ ਹੋਵੇਗਾ ਕਿ ਸਾਡਾ ਅਮੀਰ ਵਿਰਸਾ ਹਮੇਸ਼ਾ ਲਈ ਸਾਡੇ ਹੱਥੋਂ ਖੁਸ ਜਾਵੇਗਾ। ਆਪਣੀ ਮਾਂ-ਬੋਲੀ ਨੂੰ ਜਿਊਂਦੇ ਰੱਖਣ ਲਈ ਆਓ ਅਸੀਂ ਸਾਰੇ ਰਲ-ਮਿਲ ਕੇ ਪੰਜਾਬੀ ਬੋਲੀ ਦੇ ਸਿਦਕ ਅਤੇ ਪਿਆਰ ਲਈ ਦੁਆ ਕਰੀਏ ਕਿ ਦੁਨੀਆ ਵਿਚ 6000 ਜ਼ਬਾਨਾਂ ਵਿਚ ਬੋਲੇ ਜਾਣ ਦੀ ਗਿਣਤੀ ਪੱਖੋਂ 12ਵੇਂ ਸਥਾਨ 'ਤੇ ਰਹਿਣ ਵਾਲੀ ਅਤੇ 150 ਮੁਲਕਾਂ ਵਿਚ ਵਸਦੇ 14 ਕਰੋੜ ਪੰਜਾਬੀਆਂ ਦੀ ਮਾਂ ਬੋਲੀ ਦੇ ਵਜੂਦ ਨੂੰ ਕੋਈ ਖਤਰਾ ਨਾ ਰਹੇ।

-ਨੀਲਮ ਕੁਮਾਰੀ
ਪੰਜਾਬੀ ਮਿਸਟ੍ਰੈੱਸ, ਸਰਕਾਰੀ ਹਾਈ ਸਕੂਲ, ਸਮਾਓਂ।

ਠੇਕੇ ਬੰਦ ਕਰਵਾਓ

ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ। ਇਥੇ ਨਸ਼ਾ ਬਹੁਤ ਵਿਕ ਰਿਹਾ ਹੈ। ਪਰ ਸਭ ਤੋਂ ਜ਼ਿਆਦਾ ਦੁੱਖ ਇਹ ਹੈ ਕਿ ਸਰਕਾਰ ਰੈਵੇਨਿਊ ਕਮਾਉਣ ਲਈ ਥਾਂ-ਥਾਂ 'ਤੇ ਠੇਕੇ ਖੋਲ੍ਹ ਰਹੀ ਹੈ। ਜਿਵੇਂ ਕਿ ਕੁੜੀਆਂ, ਮੁੰਡਿਆਂ ਦੇ ਸਕੂਲਾਂ, ਕਾਲਜਾਂ ਮੂਹਰੇ ਧਾਰਮਿਕ ਸਥਾਨਾਂ ਦੇ ਮੂਹਰੇ ਸਰਕਾਰੀ ਹਸਪਤਾਲਾਂ ਦੇ ਨੇੜੇ। ਪਿੰਡਾਂ ਵਿਚ ਥਾਂ-ਥਾਂ ਦੇਸੀ ਸ਼ਰਾਬ ਦੇ ਠੇਕਿਆਂ ਦੀਆਂ ਬਰਾਂਚਾਂ ਖੋਲ੍ਹ ਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ 'ਤੇ ਲਾ ਰਹੀ ਹੈ। ਕੈਪਟਨ ਨੇ 2017 ਵਿਚ ਸਹੁੰ ਖਾਧੀ ਸੀ ਕਿ ਮੈਂ ਨਸ਼ੇ ਚਾਰ ਹਫ਼ਤਿਆਂ ਵਿਚ ਖਤਮ ਕਰ ਦਿਆਂਗਾ। ਪਰ ਉਲਟਾ ਹੁਣ ਸਿੰਥੈਟਿਕ ਨਸ਼ੇ ਵੀ ਵਿਕਣ ਲੱਗ ਪਏ ਹਨ। ਕੈਪਟਨ ਸਾਹਿਬ ਸਾਡੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਦੇ ਹਨ। ਇਨ੍ਹਾਂ ਨੂੰ ਆਪਣੀ ਕਹਿਣੀ ਤੇ ਕਰਨੀ ਵਿਚ ਫਰਕ ਦਾ ਪਤਾ ਹੋਣਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਸਕੂਲਾਂ, ਕਾਲਜਾਂ ਤੇ ਧਾਰਮਿਕ ਸਥਾਨਾਂ ਦੇ ਨੇੜਿਉਂ ਜਲਦ ਤੋਂ ਜਲਦ ਠੇਕੇ ਬੰਦ ਕਰਵਾਏ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

01-09-2021

 ਜਵਾਨੀ ਨੂੰ ਘੁਣ ਵਾਂਗ ਖਾ ਰਿਹੈ ਨਸ਼ਾ

ਨਸ਼ਾ ਘੁਣ ਵਾਂਗ ਪੰਜਾਬ ਦੀ ਜਵਾਨੀ ਨੂੰ ਖਾ ਰਿਹਾ ਹੈ। ਕੋਈ ਵਿਰਲਾ ਹੀ ਦਿਨ ਅਜਿਹਾ ਹੋਣਾ ਜਦੋਂ ਅਖ਼ਬਾਰ ਵਿਚ ਖ਼ਬਰ ਨਾ ਛਪੀ ਹੋਵੇ ਕਿ ਫਲਾਣੇ ਪਿੰਡ ਦਾ ਨੌਜਵਾਨ ਅੱਜ ਚਿੱਟੇ ਦੀ ਭੇਟ ਚੜ੍ਹਿਆ। ਹਰ ਰੋਜ਼ 2 ਜਾਂ 4 ਮੌਤਾਂ ਲਗਾਤਾਰ ਨਸ਼ੇ ਕਾਰਨ ਹੋ ਰਹੀਆਂ ਹਨ। ਰੋਜ਼ਾਨਾ ਚਿੱਟੇ ਦੀ ਬਰਾਮਦਗੀ ਹੋ ਰਹੀ ਹੈ। ਹੈਰੋਇਨ ਦੀ ਤਸਕਰੀ ਬਹੁਤ ਵੱਡੇ ਪੱਧਰ 'ਤੇ ਹੋ ਰਹੀ ਹੈ। ਨਸ਼ਿਆਂ ਦੀਆਂ ਵੱਡੀਆਂ-ਵੱਡੀਆਂ ਖੇਪਾਂ ਲਗਾਤਾਰ ਬਰਾਮਦ ਹੋ ਰਹੀਆਂ ਹਨ। ਸਰਕਾਰ ਨੇ ਕੁਝ ਹੱਦ ਤੱਕ ਨਸ਼ਾ ਤਸਕਰਾਂ ਨੂੰ ਨਕੇਲ ਤਾਂ ਕੱਸੀ ਹੈ, ਪਰ ਪੂਰੀ ਤਰ੍ਹਾਂ ਨਸ਼ਾ ਖਤਮ ਨਹੀਂ ਹੋਇਆ। ਹੁਣ ਤਾਂ ਕੁੜੀਆਂ ਵੀ ਇਸ ਦੀਆਂ ਆਦੀ ਹੋ ਗਈਆਂ ਹਨ। ਕੁਝ ਦਿਨ ਪਹਿਲਾਂ ਖ਼ਬਰ ਪੜ੍ਹਨ ਨੂੰ ਮਿਲੀ ਕਿ ਇਕ ਕੁੜੀ ਆਪਣਾ ਕਰੀਅਰ ਬਣਾਉਣ ਚੰਡੀਗੜ੍ਹ ਆਉਂਦੀ ਹੈ, ਕਰੀਅਰ ਤਾਂ ਉਸ ਕੁੜੀ ਨੇ ਕੀ ਬਣਾਉਣਾ ਸੀ, ਉਹ ਚਿੱਟੇ ਦੇ ਆਦੀ ਹੋ ਗਈ। ਫਿਰ ਉਸ ਨੂੰ ਨਸ਼ਾ ਮੁਕਤੀ ਕੇਂਦਰ ਵਿਚ ਭਰਤੀ ਕਰਵਾਇਆ ਗਿਆ। ਮਾਂ-ਬਾਪ ਨੂੰ ਜਦੋਂ ਬੱਚੇ ਛੋਟੇ ਹੁੰਦੇ ਹਨ ਤਾਂ ਪੂਰੀ ਸਖ਼ਤੀ ਵਰਤਣੀ ਚਾਹੀਦੀ ਹੈ। ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚਿਆਂ ਦੀ ਸੰਗਤ ਕੋਈ ਮਾੜੇ ਬੱਚੇ ਨਾਲ ਤਾਂ ਨਹੀਂ ਹੈ। ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਪਿੰਡਾਂ, ਸ਼ਹਿਰਾਂ ਵਿਚ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ। ਕਸਬਿਆਂ ਵਿਚ ਸੈਮੀਨਾਰ ਲਗਾਉਣੇ ਚਾਹੀਦੇ ਹਨ, ਤਾਂ ਜੋ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਤਿਉਹਾਰੀ ਸੀਜ਼ਨ 'ਚ ਗਾਹਕਾਂ ਦੀ ਲੁੱਟ

ਤਿਉਹਾਰਾਂ ਦੇ ਦਿਨਾਂ ਨੂੰ ਮੱਦੇਨਜ਼ਰ ਰਖਦਿਆਂ ਮਠਿਆਈਆਂ ਦੇ ਦੁਕਾਨਦਾਰਾਂ ਵਲੋਂ ਜਿਥੇ ਮਿਲਾਵਟੀ ਪਦਾਰਥ ਨਾਲ ਤਿਆਰ ਕੀਤੀਆਂ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਭੋਲੇ ਭਾਲੇ ਲੋਕਾਂ ਨੂੰ ਪਰੋਸ ਕੇ ਉਨ੍ਹਾਂ ਦੀਆਂ ਹੀਰਿਆਂ ਵਰਗੀਆਂ ਅਨਮੋਲ ਜ਼ਿੰਦਗੀਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਉਥੇ ਨਾਜਾਇਜ਼ ਤੌਰ 'ਤੇ ਆਪਣੀ ਕਮਾਈ ਵਿਚ ਵਾਧਾ ਕਰਨ ਲਈ ਲੋਕਾਂ ਨੂੰ ਇਕ ਕਿਲੋ ਮਠਿਆਈ ਪਿੱਛੇ 200 ਗ੍ਰਾਮ ਵਜ਼ਨ ਦਾ ਡੱਬਾ ਮੜ੍ਹ ਕੇ ਭਾਰੀ ਲੁੱਟ-ਖਸੁੱਟ ਵੀ ਚਿੱਟੇ ਦਿਨ ਕੀਤੀ ਜਾ ਰਹੀ ਹੈ। ਜੇਕਰ ਧਿਆਨ ਨਾਲ ਸੋਚਿਆ ਜਾਂ ਦੇਖਿਆ ਜਾਵੇ ਕਿ ਜੋ ਮਠਿਆਈ ਪੰਜ ਸੌ ਰੁਪਏ ਕਿਲੋ ਹੈ, ਉਸ ਨੂੰ ਦੁਕਾਨਦਾਰਾਂ ਵਲੋਂ ਡੱਬੇ ਸਮੇਤ ਮਠਿਆਈ ਨੂੰ ਤੋਲਿਆ ਜਾਂਦਾ ਹੈ, ਉਸ ਵਿਚ ਦੋ ਸੌ ਗ੍ਰਾਮ ਗੱਤੇ ਦਾ ਡੱਬਾ ਵੀ ਨਾਲ ਸੌ ਰੁਪਏ ਦਾ ਵਿਕ ਰਿਹਾ ਹੈ, ਜਿਸ ਨਾਲ ਦੁਕਾਨਦਾਰਾਂ ਦੀ ਚਾਂਦੀ ਬਣ ਜਾਂਦੀ ਹੈ ਅਤੇ ਗਾਹਕਾਂ ਦੀ ਲੁੱਟ ਹੋ ਰਹੀ ਹੈ। ਦੇਖਿਆ ਜਾਵੇ ਕਿ ਇਕ ਗੱਤੇ ਦਾ 15-20 ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਡੱਬਾ ਦੁਕਾਨਦਾਰਾਂ ਨੂੰ ਇਕੱਲੇ ਗੱਤੇ ਦੇ ਡੱਬੇ 'ਚੋਂ ਚਾਰ ਗੁਣਾਂ ਕਮਾਈ ਦੇ ਰਿਹਾ ਹੈ। ਦੇਖਣ ਵਿਚ ਆਇਆ ਹੈ ਕਿ ਬਹੁਤ ਸਾਰੇ ਦੁਕਾਨਦਾਰਾਂ ਨੇ ਡੱਬੇ ਕਾਫੀ ਵਜ਼ਨਦਾਰ ਬਣਾਏ ਹੁੰਦੇ ਹਨ, ਜਿਸ ਵਿਚ ਮਠਿਆਈ ਸਿਰਫ਼ 800 ਗ੍ਰਾਮ ਹੀ ਚੜ੍ਹਦੀ ਹੈ। ਬਹੁਤ ਸਾਰੇ ਦੁਕਾਨਦਾਰਾਂ ਕੋਲੋਂ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਉਨ੍ਹਾਂ ਨੇ ਇੱਟਾਂ/ਰੋੜਿਆਂ ਨੂੰ ਹੀ ਵੱਟਿਆਂ ਦਾ ਰੂਪ ਧਾਰਨ ਕਰਵਾਇਆ ਹੋਇਆ ਹੈ ਇਹ ਜੋ ਵਰਤਾਰਾ ਹੋ ਰਿਹਾ ਹੈ। ਸਾਨੂੰ ਸੋਚਣ ਲਈ ਮਜਬੂਰ ਕਰ ਰਿਹਾ ਹੈ ਕਿ ਕੀ ਇਹ ਕੰਡਾ ਵੱਟਾ/ਨਾਪ ਤੋਲ ਵਿਭਾਗ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ ਜਾਂ ਫਿਰ ਇਸ ਪੱਖੋਂ ਇਹ ਵਿਭਾਗ ਅੱਖਾਂ ਮੀਚ ਕੇ ਕੁੰਭਕਰਨੀ ਨੀਂਦਰ ਸੁੱਤਾ ਪਿਆ ਹੈ।

-ਨੰਬਰਦਾਰ ਐਸ. ਸ਼ਰਮਾ
ਪਿੰਡ ਲੰਗੇਆਣਾ ਪੁਰਾਣਾ (ਮੋਗਾ)।

ਸੇਵਾ, ਸਮਾਜਿਕ ਦ੍ਰਿਸ਼ਟੀਕੋਣ ਤੋਂ

ਸਿੱਖ ਧਰਮ ਵਿਚ ਸ਼ੁਰੂ ਤੋਂ ਹੀ ਦਸ ਗੁਰੂ ਸਾਹਿਬਾਨ ਵਲੋਂ ਸੇਵਾ ਦੀ ਮਹਾਨਤਾ ਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਭਾਈ ਘਨੱਈਆ ਜੀ ਨੇ ਮੈਦਾਨ-ਏ-ਜੰਗ ਵਿਚ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਕੇ ਜੋ ਮਿਸਾਲ ਕਾਇਮ ਕੀਤੀ, ਉਹ ਲਾਮਿਸਾਲ ਹੈ। ਪਰ ਅੱਜ ਅਸੀਂ ਅਕਸਰ ਵੇਖਦੇ ਹਾਂ ਕਿ ਲੋਕ ਸੇਵਾ ਨੂੰ ਇਕ ਦਿਖਾਵੇ ਵਜੋਂ ਹੀ ਲੈਂਦੇ ਹਨ। ਬਹੁਤ ਵਾਰੀ ਦੇਖਿਆ ਗਿਆ ਹੈ ਕਿ ਗੁਰਦੁਆਰਾ ਸਾਹਿਬ ਵਿਚ ਇਕ-ਦੂਸਰੇ ਤੋਂ ਖੋਹ-ਖੋਹ ਕੇ ਭਾਂਡੇ ਮਾਂਜਣ ਦੀ ਸੇਵਾ ਕਰਨ ਵਾਲੇ ਵੀਰ ਬਾਹਰ ਆਉਂਦਿਆਂ ਹੀ ਆਪਣਾ ਰੂਪ ਬਦਲ ਲੈਂਦੇ ਹਨ, ਜੋ ਕਿ ਗੁਰੂ ਆਸ਼ੇ ਅਨੁਸਾਰ ਸਹੀ ਨਹੀਂ ਹੈ। ਸਮਾਜ ਵਿਚ ਰਹਿੰਦਿਆਂ ਸਾਨੂੰ ਇਕ-ਦੂਸਰੇ ਦੇ ਕੰਮ ਆਉਣਾ ਚਾਹੀਦਾ ਹੈ। ਮਿਸਾਲ ਵਜੋਂ ਜਦੋਂ ਅਸੀਂ ਸੜਕ 'ਤੇ ਜਾ ਰਹੇ ਹੁੰਦੇ ਹਾਂ, ਹੋ ਸਕਦਾ ਹੈ ਕਿਸੇ ਦਾ ਮੋਟਰਸਾਈਕਲ ਖਰਾਬ ਹੋ ਗਿਆ ਹੋਵੇ ਤਾਂ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਉਸ ਕੋਲ 2 ਮਿੰਟ ਖੜ੍ਹ ਕੇ ਉਸ ਦੀ ਮੁਸ਼ਕਿਲ ਬਾਰੇ ਪੁੱਛੀਏ ਅਤੇ ਜਿੰਨੀ ਹੋ ਸਕੇ ਉਸ ਦੀ ਮਦਦ ਕਰੀਏ ਪਰ ਅਸੀਂ ਤਾਂ ਆਪਣੀਆਂ ਗੱਡੀਆਂ ਕਾਰਾਂ 'ਚ ਤੇਜ਼ੀ ਨਾਲ ਅੱਗੇ ਲੰਘ ਜਾਂਦੇ ਹਾਂ ਕਿ ਅਸੀਂ ਸਿਰਫ਼ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਕਰਨੀ ਹੈ। ਭਲਿਆ ਪੁਰਸ਼ਾ ਸੇਵਾ ਤਾਂ ਤੈਨੂੰ ਵਾਹਿਗੁਰੂ ਨੇ ਰਸਤੇ ਵਿਚ ਹੀ ਪ੍ਰਦਾਨ ਕਰ ਦਿੱਤੀ, ਜਿਸ ਦਾ ਭਾਵ ਇਹ ਨਹੀਂ ਕਿ ਸਾਨੂੰ ਗੁਰਦੁਆਰਾ ਸਾਹਿਬ ਜਾਂ ਹੋਰ ਸਮਾਗਮਾਂ ਵਿਚ ਸੇਵਾ ਨਹੀਂ ਕਰਨੀ ਚਾਹੀਦੀ ਨਹੀਂ ਬਹੁਤ ਉਤਸ਼ਾਹ ਨਾਲ ਗੁਰੂ ਘਰ ਸੇਵਾ ਕਰਨੀ ਚਾਹੀਦੀ ਹੈ ਪਰ ਇਸ ਦੇ ਨਾਲ-ਨਾਲ ਸੇਵਾ ਦਾ ਅਸਲੀ ਮਕਸਦ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਤਾਂ ਕਿ ਇਕ ਨਰੋਆ ਅਤੇ ਵਧੀਆ ਸਮਾਜਿਕ ਤਾਣਾ-ਬਾਣਾ ਕਾਇਮ ਕੀਤਾ ਜਾ ਸਕੇ।

-ਗੁਰਦਿਆਲ ਸਿੰਘ
ਵਡਾਲਾ ਜੌਹਲ।

ਬਾਜ਼ ਆਵੇ ਪਾਕਿਸਤਾਨ

ਲਾਹੌਰ 'ਚ ਸ਼ੇਰ-ਏ-ਪੰਜਾਬ ਦਾ ਬੁੱਤ ਤੋੜਿਆ, ਬੜਾ ਦੁੱਖ ਹੋਇਆ। ਇਸ ਤੋਂ ਪਹਿਲਾਂ ਵੀ 2019 ਵਿਚ ਬੁੱਤ ਨੂੰ ਦੋ ਵਾਰੀ ਤੋੜਿਆ ਗਿਆ ਹੈ। ਇਸ ਘਟਨਾ 'ਤੇ ਸਿੱਖਾਂ ਵਿਚ ਭਾਰੀ ਰੋਸ ਹੈ। ਭਾਰਤ ਨੇ ਇਸ ਦੀ ਸਖਤ ਨਿੰਦਿਆ ਕਰ ਪਾਕਿ ਨੂੰ ਝਾੜ ਪਾਈ ਹੈ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੇ ਰਹੀਮ ਯਾਰ ਖਾਨ ਜ਼ਿਲ੍ਹੇ ਦੇ ਭੋਗ ਕਸਬੇ ਵਿਚ ਗਣੇਸ਼ ਮੰਦਰ 'ਤੇ ਹੋਏ ਹਮਲੇ ਬਾਰੇ, ਇਸ ਤੋਂ ਪਹਿਲਾਂ ਵੀ ਪਾਕਿ 'ਚ ਮੰਦਰ 'ਤੇ ਹਮਲਾ, ਭੰਨ-ਤੋੜ, ਪਾਕਿ 'ਚ ਮੰਡਪ ਤੋਂ ਹਿੰਦੂ ਲਾੜੀ ਅਗਵਾ, ਜਬਰੀ ਧਰਮ ਤਬਦੀਲ, ਕਰਾਚੀ 'ਚ ਈਸਾਈ ਔਰਤ ਨੂੰ ਮਾਰੀ ਗੋਲੀ ਆਦਿ ਖ਼ਬਰਾਂ ਪੜ੍ਹੀਆਂ। ਪਾਕਿਸਤਾਨ ਵਿਚ ਘੱਟ ਗਿਣਤੀਆਂ 'ਤੇ ਹਮਲਿਆਂ ਦੀਆਂ ਘਟਨਾਵਾਂ ਘਟਣ ਦਾ ਨਾਂਅ ਨਹੀਂ ਲੈ ਰਹੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੇਂਦਰ ਦੀ ਸਰਕਾਰ 'ਤੇ ਜ਼ੋਰ ਪਾਉਣਾ ਚਾਹੀਦਾ ਹੈ ਕਿ ਜੋ ਵੀ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਤੋੜਨ ਦੇ ਜ਼ਿੰਮੇਵਾਰ ਹਨ, ਪਾਕਿਸਤਾਨ ਸਰਕਾਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾ ਦਿਵਾਏ।

-ਗੁਰਮੀਤ ਸਿੰਘ ਵੇਰਕਾ

31-08-2021

 ਪੰਜਾਬ ਦੀ ਰਾਜਨੀਤੀ

'ਅਜੀਤ' ਦੇ (28 ਅਗਸਤ) ਦੇ ਅੰਕ ਵਿਚ ਕਮਲਜੀਤ ਸਿੰਘ ਬਨਵੈਤ ਦਾ ਲਿਖਿਆ ਲੇਖ 'ਪੰਜਾਬ ਦੀ ਰਾਜਨੀਤੀ ਵਿਚ ਗ਼ੈਰ ਸਿਆਸਤਦਾਨ ਕਿੰਨੇ ਕੁ ਸਫਲ ਰਹੇ?' ਪੜ੍ਹਿਆ। ਬੇਹੱਦ ਜਾਣਕਾਰੀ ਭਰਪੂਰ ਲੇਖ ਲੱਗਿਆ ਜਿਥੇ ਕੁਝ ਪ੍ਰਸ਼ਾਸਨਿਕ ਅਧਿਕਾਰੀ ਰਾਜਨੀਤੀ ਵਿਚ ਸਫਲ ਨਹੀਂ ਹੋ ਸਕੇ, ਉਥੇ ਸੇਵਾ-ਮੁਕਤ ਜਸਟਿਸ ਨਿਰਮਲ ਸਿੰਘ ਅਤੇ ਪ੍ਰਿੰ. ਪਰਮਜੀਤ ਕੌਰ ਗੁਲਸ਼ਨ ਦੇ ਹੱਥ ਪੱਲੇ ਕੁਝ ਨਹੀਂ ਲੱਗਾ। 2004 ਦੀਆਂ ਲੋਕ ਸਭਾ ਚੋਣਾਂ ਵਿਚ ਪ੍ਰਿੰ. ਪਰਮਜੀਤ ਕੌਰ ਗੁਲਸ਼ਨ ਬਠਿੰਡਾ ਤੋਂ ਅਤੇ 2009 ਵਿਚ ਫਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਵਜੋਂ ਸਫਲ ਹੋਏ ਸਨ। ਦੋ ਵਾਰ ਜੇਤੂ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਵਜ਼ੀਰੀ ਨਾ ਮਿਲੀ। ਇਸੇ ਤਰ੍ਹਾਂ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਸਟਿਸ ਨਿਰਮਲ ਸਿੰਘ ਬਸੀ ਪਠਾਣਾਂ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਵਜੋਂ ਸਫਲ ਹੋਏ ਸਨ, ਪ੍ਰੰਤੂ ਬਾਦਲ ਸਰਕਾਰ ਨੇ ਉਨ੍ਹਾਂ ਦੇ ਜ਼ਿੰਦਗੀ ਭਰ ਦੇ ਤਜਰਬੇ ਦਾ ਲਾਹਾ ਲੈਣਾ ਮੁਨਾਸਿਬ ਹੀ ਨਹੀਂ ਸਮਝਿਆ। ਅਖ਼ੀਰ ਬੀਬੀ ਗੁਲਸ਼ਨ ਅਤੇ ਜਸਟਿਸ ਨਿਰਮਲ ਸਿੰਘ ਨੇ ਬਾਦਲ ਦਲ ਨੂੰ ਅਲਵਿਦਾ ਕਹਿ ਕੇ ਢੀਂਡਸਾ ਧੜੇ ਨਾਲ ਹੱਥ ਮਿਲਾ ਲਿਆ। ਅਜਿਹਾ ਕੁਝ ਸਿਰਫ਼ ਅਕਾਲੀ ਦਲ ਵਿਚ ਹੀ ਨਹੀਂ ਵਾਪਰਦਾ ਸਗੋਂ ਕਾਂਗਰਸ ਵੀ ਇਸ ਤੋਂ ਦੋ ਕਦਮ ਅੱਗੇ ਹੈ। ਸ: ਅਜਾਇਬ ਸਿੰਘ ਭੱਟੀ ਸਫਲ ਅਧਿਕਾਰੀ ਰਹੇ ਹਨ। ਉਨ੍ਹਾਂ ਨੇ 2007 (ਨਥਾਣਾ), 2012 (ਭੁੱਚੋ ਮੰਡੀ) ਅਤੇ 2017 (ਮਲੋਟ) ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਸੀਟ 'ਤੇ ਸਫਲਤਾ ਪ੍ਰਾਪਤ ਕੀਤੀ। ਸ. ਭੱਟੀ ਵਲੋਂ ਹੈਟ੍ਰਿਕ ਮਾਰਨ ਦੇ ਬਾਵਜੂਦ ਕਾਂਗਰਸ ਨੇ ਉਨ੍ਹਾਂ ਦੀ ਝੋਲੀ ਵਿਚ ਕੀ ਪਾਇਆ? ਡਿਪਟੀ ਸਪੀਕਰ ਦਾ ਅਹੁਦਾ। ਕੀ ਸਫਲ ਪ੍ਰਸ਼ਾਸਨਿਕ ਅਧਿਕਾਰੀ ਅਤੇ ਹੈਟ੍ਰਿਕ ਮਾਰਨ ਦੇ ਬਦਲੇ ਉਨ੍ਹਾਂ ਨੂੰ ਵਜ਼ੀਰੀ ਨਹੀਂ ਦਿੱਤੀ ਜਾ ਸਕਦੀ?

-ਸ. ਸ. ਰਮਲਾ, ਸੰਗਰੂਰ।

ਸਵੇਰ-ਸ਼ਾਮ ਦੀ ਸੈਰ

ਇਸ ਵਿਗਿਆਨਕ ਯੁੱਗ ਦੇ ਵਿਚ ਹਰ ਵਿਅਕਤੀ ਤਰੱਕੀ ਦੇ ਰਾਹੀਂ ਭੱਜ ਕੇ ਪੈਸੇ ਕਮਾਉਣ ਦੀ ਭਾਲ ਵਿਚ ਆਪਣੀ ਜ਼ਿੰਦਗੀ ਨੂੰ ਟੇਢੇ-ਮੇਢੇ ਤਰੀਕੇ ਨਾਲ ਜੀਅ ਰਿਹਾ ਹੈ। ਕੰਮਕਾਰ ਪਹਿਲਾਂ ਨਾਲੋਂ ਦਿਮਾਗ ਨਾਲ ਤੇ ਬੈਠ ਕੇ ਜ਼ਿਆਦਾ ਹੋ ਗਏ ਹਨ, ਜਿਸ ਕਰਕੇ ਸਰੀਰਕ ਨਾਲੋਂ ਮਾਨਸਿਕ ਤਣਾਅ ਵੱਧ ਹੈ। ਅੱਜ ਕਿਸੇ ਕੋਲ ਸੌਣ, ਖਾਣ-ਪੀਣ, ਰਹਿਣ, ਬਹਿਣ ਲਈ ਵੀ ਸਮਾਂ ਨਹੀਂ ਹੈ। ਅਜਿਹਾ ਕਰਕੇ ਹਰ ਵਿਅਕਤੀ ਬਿਮਾਰੀ ਦਾ ਸ਼ਿਕਾਰ ਹੋ ਰਿਹਾ ਹੈ। ਫਿਰ ਜਦੋਂ ਕੋਈ ਬਿਮਾਰੀ ਵਿਅਕਤੀ ਨੂੰ ਘੇਰ ਲੈਂਦੀ ਹੈ, ਤਾਂ ਉਹ ਡਾਕਟਰ ਦੇ ਕਹਿਣ ਉਤੇ ਸਭ ਕੁਝ ਪ੍ਰਹੇਜ਼ ਕਰਨ ਲਈ ਵੀ ਤਿਆਰ ਹੈ। ਬਸ ਆਹੀ ਕੁਝ ਜੇਕਰ ਪਹਿਲਾਂ ਕਰ ਲਿਆ ਜਾਂਦਾ ਤਾਂ ਬਿਮਾਰੀ ਦੀ ਮੁਸੀਬਤ ਨਹੀਂ ਆਉਣੀ ਸੀ। ਸੋ, ਸਭ ਨੂੰ ਆਪਣੀ ਜ਼ਿੰਦਗੀ ਜਿਊਣ ਲਈ ਖਾਸ ਨਿਯਮ ਬਣਾ ਲੈਣੇ ਚਾਹੀਦੇ ਹਨ। ਜਿਥੇ ਖਾਣ-ਪੀਣ ਨੂੰ ਸਾਦਾ ਤੇ ਤਾਕਤਵਰ ਬਣਾ ਲੈਣਾ ਚਾਹੀਦਾ ਹੈ, ਉਥੇ ਹੀ ਸਵੇਰ-ਸ਼ਾਮ ਦੀ ਸੈਰ ਕਰਕੇ ਆਪਣੇ ਸਰੀਰ ਵਿਚਲੀਆਂ ਸਭ ਪ੍ਰਣਾਲੀਆਂ ਨੂੰ ਤੰਦਰੁਸਤ ਰੱਖਣਾ ਚਾਹੀਦਾ ਹੈ।

-ਡਾ. ਜਰਨੈਲ ਸਿੰਘ
ਪਿੰਡ ਭੈਣੀ ਬੜਿੰਗਾਂ, ਜ਼ਿਲ੍ਹਾ ਲੁਧਿਆਣਾ।

ਆਜ਼ਾਦੀ ਦਿਵਸ

ਆਜ਼ਾਦੀ ਦਿਹਾੜਾ ਜਿਥੇ ਸਾਡੇ ਆਜ਼ਾਦੀ ਦਾ ਸੰਦੇਸ਼ ਲੈ ਕੇ ਆਉਂਦਾ ਹੈ, ਉਥੇ ਉਨ੍ਹਾਂ ਮਹਾਨ ਦੇਸ਼ ਭਗਤਾਂ ਦੀ ਯਾਦ ਵੀ ਤਾਜ਼ਾ ਕਰਾਉਂਦਾ ਹੈ, ਜਿਨ੍ਹਾਂ ਆਪਣੇ ਪਿਆਰੇ ਵਤਨ ਲਈ ਸਭ ਕੁਝ ਕੁਰਬਾਨ ਕਰ ਦਿੱਤਾ। ਪ੍ਰੰਤੂ ਉਨ੍ਹਾਂ ਅਭਾਗੇ ਲੋਕਾਂ ਨੂੰ ਉਸ ਦਰਦਨਾਕ ਘੱਲੂਘਾਰੇ ਦੀ ਯਾਦ ਵੀ ਤਾਜ਼ਾ ਕਰਾਉਂਦਾ ਹੈ, ਜਿਨ੍ਹਾਂ ਦੇਸ਼ ਦੀ ਵੰਡ ਸਮੇਂ ਉਜੜ ਕੇ ਇਧਰ ਆਉਣਾ ਪਿਆ ਤੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੀ ਜਨਮ ਭੂਮੀ, ਸਾਡੀਆਂ ਰੀਝਾਂ ਤੇ ਸੱਧਰਾਂ ਨਾਲ ਬਣਾਏ ਘਰਾਂ ਨੂੰ ਬਰਬਾਦ ਹੁੰਦੇ ਤੇ ਪਰਿਵਾਰ ਦੇ ਮੈਂਬਰਾਂ ਦਾ ਬੜੀ ਬੇਰਿਹਮੀ ਨਾਲ ਕਤਲ ਹੁੰਦੇ ਦੇਖਣਾ ਪਿਆ।
ਇਨਸਾਨੀਅਤ ਦੇ ਨਾਤੇ ਸਾਡਾ ਸਾਰਿਆਂ ਦਾ ਇਖਲਾਕੀ ਫ਼ਰਜ਼ ਬਣਦਾ ਹੈ ਕਿ ਜਿਥੇ ਅਸੀਂ ਇਸ ਦਿਨ ਮਹਾਨ ਦੇਸ਼ ਭਗਤਾਂ ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ, ਉਥੇ ਇਸ ਦਿਨ ਉਨ੍ਹਾਂ ਬੇਸ਼ੁਮਾਰ ਕਤਲ ਹੋਏ ਬਜ਼ੁਰਗਾਂ, ਭੈਣਾਂ, ਭਰਾਵਾਂ ਆਦਿ ਦੀ ਯਾਦ ਨੂੰ ਵੀ ਯਾਦ ਕਰੀਏ ਜੋ ਉਸ ਸਮੇਂ ਫਿਰਕੂ ਹਨੇਰੀ ਦੀ ਭੇਟ ਚੜ੍ਹ ਗਏ।
ਆਜ਼ਾਦੀ ਦਿਵਸ ਅੰਕ ਵਿਚ ਵੱਡਮੁੱਲੀ ਜਾਣਕਾਰੀ ਦੇਣ ਲਈ ਸਮੁੱਚਾ ਅਦਾਰਾ 'ਅਜੀਤ' ਦਾ ਤਹਿ ਦਿਲੋਂ ਧੰਨਵਾਦ।

-ਅਮਰਜੀਤ ਸਿੰਘ
ਪੰਡੋਰੀ ਗੰਗਾ ਸਿੰਘ, ਹੁਸ਼ਿਆਰਪੁਰ।

ਨਵੀਂ ਸਿੱਖਿਆ ਨੀਤੀ

25 ਅਗਸਤ ਦੇ ਅਖਬਾਰ ਵਿਚ ਪ੍ਰਿੰ. ਵਿਜੈ ਕੁਮਾਰ ਵਲੋਂ ਲਿਖਿਆ ਲੇਖ 'ਨਵੀਂ ਸਿੱਖਿਆ ਨੀਤੀ ਦਾ ਇਕ ਸਾਲ' ਪੜ੍ਹਿਆ। ਪੜ੍ਹ ਕੇ ਸਾਡੇ ਸਿੱਖਿਆ ਤੰਤਰ ਦੀ ਸਮੁੱਚੀ ਤ੍ਰਾਸਦੀ ਦੀ ਝਲਕ ਆਪ-ਮੁਹਾਰੇ ਅੱਖਾਂ ਅੱਗੇ ਆ ਗਈ। ਲੇਖਕ ਨੇ ਸਾਡੇ ਸਿੱਖਿਆ ਤੰਤਰ ਨਾਲ ਜੁੜੇ ਸਮਾਜਿਕ, ਆਰਥਿਕ ਤੇ ਰਾਜਨੀਤਕ ਪੱਖਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਹੈ।
ਭਾਵੇਂ ਸਿੱਖਿਆ ਨਾਲ ਸਬੰਧਿਤ ਸਾਰੀਆਂ ਸਮੱਸਿਆਵਾਂ ਦਾ ਹੱਲ ਸਾਡੀਆਂ ਸਰਕਾਰਾਂ ਦੇ ਹੱਥ ਵਿਚ ਹੈ। ਪਰ ਅਫਸੋਸ ਇਸ ਗੱਲ ਦਾ ਹੈ ਕਿ ਜਿਹੜੀਆਂ ਗੱਲਾਂ ਨੂੰ ਵਿਦਵਾਨ ਵਾਰ-ਵਾਰ ਉਜਾਗਰ ਕਰ ਰਹੇ ਹਨ, ਜਨ ਸਧਾਰਨ ਵੀ ਇਨ੍ਹਾਂ ਦੀ ਸੋਝੀ ਰੱਖਦਾ ਹੈ।
ਉਹ ਗੱਲਾਂ ਸਾਡੇ ਰਾਜ ਕਰਨ ਵਾਲੀਆਂ ਧਿਰਾਂ ਨੂੰ ਚਿੰਤਤ ਨਹੀਂ ਕਰਦੀਆਂ ਕਿਉਂਕਿ ਉਹ ਧਿਰਾਂ ਸਿੱਖਿਆ ਨੀਤੀ ਰਾਹੀਂ ਦੇਸ਼ ਜਾਂ ਨਾਗਰਿਕਾਂ ਦੇ ਭਵਿੱਖ ਦੀ ਥਾਂ ਆਪਣੇ ਸਿਆਸੀ ਭਵਿੱਖ ਲਈ ਹੀ ਸਿੱਖਿਆ ਨੀਤੀ ਦੀ ਬਿਸਾਤ 'ਤੇ ਸਿਆਸੀ ਗੋਟੀਆਂ ਨਾਲ ਖੇਡਣ ਲਈ ਤਤਪਰ ਨਜ਼ਰ ਆਉਂਦੇ ਹਨ। ਉਹ ਸਾਡੀ ਸਿਖਿਆ ਨੂੰ ਵਿਗਿਆਨਕ ਤੇ ਤਰਕ ਵਾਲੇ ਨਜ਼ਰੀਏ ਤੋਂ ਭਟਕਾ ਕੇ ਧਾਰਮਿਕ ਕੱਟੜਤਾ ਵਾਲੇ ਮੱਧਯੁਗੀ ਵਰਤਾਰਿਆਂ ਵੱਲ ਲਿਜਾਣਾ ਚਾਹੁੰਦੇ ਹਨ। ਕਾਸ਼! ਸਾਡੇ ਸਿਆਸੀ ਅਕਾਵਾਂ ਨੂੰ ਇਨ੍ਹਾਂ ਸੰਕੀਰਣ ਸੋਚ ਵਾਲੇ ਵਰਤਾਰਿਆਂ ਕਾਰਨ ਭਵਿੱਖ ਵਿਚ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦੀ ਸੋਝੀ ਆ ਜਾਵੇ ਤਾਂ ਹੀ ਦੇਸ਼ ਦੇ ਭਵਿੱਖ ਨੂੰ ਬਚਾਇਆ ਜਾ ਸਕਦਾ ਹੈ। ਨਹੀਂ ਤਾਂ ਰੱਬ ਹੀ ਰਾਖਾ ਹੈ।

-ਸੁਖਦੇਵ ਸਿੰਘ ਪੰਜਰੁੱਖਾ

ਮਾੜਾ ਚਰਿੱਤਰ ਸਾਡੇ ਵਿਕਾਸ ਵਿਚ ਵੱਡੀ ਰੁਕਾਵਟ

ਸਾਡੇ ਦੇਸ਼ ਵਿਚ ਅਥਾਹ ਕੁਦਰਤੀ ਸੋਮੇ ਹਨ। ਲੋੜ ਮੁਤਾਬਿਕ ਖਣਿਜ ਪਦਾਰਥ ਹਨ। ਵਿਗਿਆਨੀਆਂ, ਵਿਦਵਾਨਾਂ, ਡਾਕਟਰਾਂ ਦੀ ਕੋਈ ਕਮੀ ਨਹੀਂ ਹੈ। ਭਾਰਤ ਇਕ ਵਿਸ਼ਾਲ ਦੇਸ਼ ਹੈ। ਕਿਧਰੇ ਪਹਾੜ, ਮੈਦਾਨ ਅਤੇ ਮਾਰੂਥਲ ਹੈ। ਅਰਥਾਤ ਕੁਦਰਤ ਨੇ ਹਰ ਤਰ੍ਹਾਂ ਦੀ ਬਖਸ਼ਿਸ਼ ਕੀਤੀ ਹੈ। ਪਰ ਬੜੇ ਭਰੇ ਮਨ ਅਤੇ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਇਨ੍ਹਾਂ ਸਭ ਕੁਝ ਹੁੰਦੇ ਹੋਏ ਵੀ ਅਸੀਂ ਅਜੇ ਉਸ ਮੁਕਾਮ 'ਤੇ ਨਹੀਂ ਪਹੁੰਚੇ, ਜਿਥੇ ਸਾਡੇ ਦੇਸ਼ ਤੋਂ ਘੱਟ ਆਬਾਦੀ ਅਤੇ ਖੇਤਰ ਵਿਚ ਛੋਟੇ-ਛੋਟੇ ਦੇਸ਼ ਪਹੁੰਚ ਗਏ ਹਨ। ਸਿੱਖਿਆ, ਸਿਹਤ ਅਤੇ ਹੋਰ ਕਈ ਤਰ੍ਹਾਂ ਦੇ ਬੁਨਿਆਦੀ ਢਾਂਚਾ ਵਿਸ਼ਿਆਂ 'ਤੇ ਸਾਡਾ ਮੁਲਕ ਬਹੁਤ ਹੀ ਪਛੜਿਆ ਹੋਇਆ ਹੈ। ਇਮਾਨਦਾਰੀ, ਨੈਤਿਕਤਾ ਅਤੇ ਅਨੁਸ਼ਾਸਨ 'ਚ ਅਸੀਂ ਬਹੁਤ ਹੀ ਫਾਡੀ ਹਾਂ। ਹੁੱਲੜਬਾਜ਼ੀ 'ਚ ਅਸੀਂ ਮਾਹਿਰ ਹਾਂ। ਇਕ-ਦੂਜੇ 'ਤੇ ਚਿੱਕੜ ਸੁੱਟਣਾ ਜਿਵੇਂ ਸਾਡਾ ਜੱਦੀ-ਪੁਸ਼ਤੀ ਪੇਸ਼ਾ ਹੈ। ਨਫ਼ਰਤ ਅਤੇ ਸਾੜਾ ਸਾਡੇ 'ਚ ਕੁੱਟ-ਕੁੱਟ ਕੇ ਭਰਿਆ ਹੋਇਆ ਹੈ। ਇਹ ਸਾਰੀਆਂ ਗੱਲਾਂ ਮਾੜੇ ਕਿਰਦਾਰ ਅਤੇ ਚਰਿੱਤਰ ਦੀਆਂ ਨਿਸ਼ਾਨੀਆਂ ਹਨ। ਸੋ, ਕਹਿਣ ਦਾ ਮਤਲਬ ਹੈ ਮਾੜਾ ਚਰਿੱਤਰ ਸਾਡੇ ਵਿਕਾਸ 'ਚ ਇਕ ਵੱਡੀ ਰੁਕਾਵਟ ਹੈ। ਇਸ ਲਈ ਸਾਨੂੰ ਆਪਣੇ ਮਨਾਂ 'ਚੋਂ ਮੈਲ ਕੱਢ ਕੇ ਆਪਣੀਆਂ ਆਦਤਾਂ ਨੂੰ ਸੁਧਾਰਦੇ ਹੋਏ ਆਪਣੇ ਦੇਸ਼ ਦੀ ਉੱਨਤੀ ਲਈ ਕਦਮ ਚੁੱਕਣੇ ਪੈਣਗੇ ਤਾਂ ਜੋ ਅਸੀਂ ਆਪਣੇ ਕੁਦਰਤੀ ਸਾਧਨਾਂ ਦਾ ਸਹੀ ਇਸਤੇਮਾਲ ਕਰ ਸਕੀਏ।

-ਅਸ਼ੋਕ ਚਟਾਨੀ
ਡਿਪਟੀ ਇਕਨਾਮਿਕ ਐਡਵਾਈਜ਼ਰ (ਸੇਵਾਮੁਕਤ), ਮੋਗਾ

30-08-2021

 ਕੋਰੋਨਾ ਵੈਕਸੀਨ
ਪੂਰੇ ਦੇਸ਼ ਵਿਚ ਕੋਰੋਨਾ ਵੈਕਸੀਨ ਦੇ ਟੀਕਾਕਰਨ ਦੀ ਰਫ਼ਤਾਰ ਬੜੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਕੋਰੋਨਾ ਦੇ ਕੇਸਾਂ ਵਿਚ ਵੀ ਕਾਫੀ ਹੱਦ ਤੱਕ ਕਮੀ ਆ ਰਹੀ ਹੈ, ਜਿਸ ਦੇ ਫਲਸਰੂਪ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨੇ ਕਾਫੀ ਹੱਦ ਤੱਕ ਸਾਰੇ ਕੰਮਾਂ ਦੀਆਂ ਖੁੱਲ੍ਹਾਂ ਦਿੱਤੀਆਂ ਹਨ ਅਤੇ ਸਕੂਲ ਵੀ ਖੁੱਲ੍ਹ ਗਏ ਹਨ ਅਤੇ ਜਨ-ਜੀਵਨ ਆਮ ਵਾਂਗ ਚੱਲਣ ਲੱਗ ਪਿਆ ਹੈ। ਕਿਉਂਕਿ ਸਾਨੂੰ ਤੀਸਰੀ ਲਹਿਰ ਦੇ ਵੀ ਆਉਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਸੋ, ਇਸ ਪ੍ਰਤੀ ਅਵੇਸਲੇ ਹੋਣ ਤੋਂ ਬਚਣ ਦੀ ਲੋੜ ਹੈ ਅਤੇ ਆਉਣ ਵਾਲੇ ਸਮੇਂ ਨਾਲ ਨਜਿੱਠਣ ਦੀ ਲੋੜ ਹੈ ਅਤੇ ਪੂਰੇ ਅਹਿਤਿਆਤ ਵਰਤਣ ਦੀ ਲੋੜ ਹੈ। ਭਾਵੇਂ ਕੋਰੋਨਾ ਮਹਾਂਮਾਰੀ ਵਿਚ ਕਾਫੀ ਸੁਧਾਰ ਹੋ ਰਿਹਾ ਹੈ ਪ੍ਰੰਤੂ ਇਕ ਵਾਰੀ ਆਮ ਜੀਵਨ ਨੂੰ ਤਾਂ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਉਥੇ ਹੀ ਲੋਕਾਂ ਦੇ ਰੁਜ਼ਗਾਰ, ਦੇਸ਼ ਦੀ ਆਰਥਿਕਤਾ 'ਤੇ ਵੀ ਮਾੜਾ ਅਸਰ ਪਿਆ ਹੈ।
ਦਿਹਾੜੀਦਾਰ ਤੋਂ ਲੈ ਕੇ ਵੱਡੇ-ਵੱਡੇ ਕਾਰੋਬਾਰ ਪ੍ਰਭਾਵਿਤ ਹੋਏ ਹਨ ਅਤੇ ਬੇਰੁਜ਼ਗਾਰੀ ਵਿਚ ਬੇਸ਼ੁਮਾਰ ਵਾਧਾ ਹੋਇਆ ਹੈ। ਜਿਥੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਸਰਕਾਰਾਂ ਨੂੰ ਰੁਜ਼ਗਾਰ ਦੇ ਮੌਕੇ ਹੋਰ ਵਧਾਉਣੇ ਚਾਹੀਦੇ ਹਨ, ਉਥੇ ਹੀ ਪੂਰੇ ਦੇਸ਼ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਜ਼ਮੀਨੀ ਪੱਧਰ ਦੇ ਉਪਰਾਲੇ ਕਰਨ ਦੇ ਨਾਲ-ਨਾਲ ਕੋਰੋਨਾ ਵੈਕਸੀਨ ਦੇ ਟੀਕਾਕਰਨ ਦੀ ਰਫ਼ਤਾਰ ਹੋਰ ਤੇਜ਼ ਕਰਨੀ ਚਾਹੀਦੀ ਹੈ, ਤਾਂ ਜੋ ਕੋਰੋਨਾ ਦੇ ਸੰਭਾਵੀ ਖ਼ਤਰੇ ਤੋਂ ਬਚਿਆ ਜਾ ਸਕੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ।


ਆਓ, ਵਾਤਾਵਰਨ ਨੂੰ ਸ਼ੁੱਧ ਬਣਾਈਏ
ਮੁਨੱਖ ਇਸ ਧਰਤੀ 'ਤੇ ਕੁਦਰਤ ਵਲੋਂ ਭੇਜਿਆ ਗਿਆ ਇਕ ਤੋਹਫ਼ਾ ਹੈ ਇਸ ਲਈ ਸਾਨੂੰ ਕੁਦਰਤ ਦੀ ਬਣਾਈ ਸ੍ਰਿਸ਼ਟੀ ਮੁਤਾਬਕ ਹੀ ਚੱਲਣਾ ਚਾਹੀਦਾ ਹੈ, ਕੀ ਕੁਦਰਤ ਦੀ ਬਣਾਈ ਸ੍ਰਿਸ਼ਟੀ ਨੂੰ ਬਦਲਣਾ ਠੀਕ ਹੈ, ਬਿਲਕੁਲ ਨਹੀਂ ਪਰ ਅੱਜ ਦਾ ਮੁਨੱਖ ਕੁਦਰਤ ਦੀ ਸ੍ਰਿਸ਼ਟੀ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਮੁਨੱਖੀ ਜ਼ਿੰਦਗੀ ਲਈ ਬਹੁਤ ਹੀ ਘਾਤਕ ਸਿੱਧ ਹੋ ਰਿਹਾ ਹੈ, ਜਿਵੇਂ ਕਿ ਆਕਸੀਜਨ ਤੇ ਹਰਿਆਵਲ ਲਈ ਦਰੱਖਤ ਬਹੁਤ ਜ਼ਰੂਰੀ ਹਨ ਪਰ ਅੱਜ ਦਾ ਮੁਨੱਖ ਦਰੱਖਤਾਂ ਨੂੰ ਕੱਟ ਕੇ ਲੱਕੜ ਨੂੰ ਵਰਤੋਂ ਵਿਚ ਤਾਂ ਲੈ ਆਉਂਦਾ ਪਰ ਦਰੱਖਤ ਲਾਉਂਦਾ ਨਹੀਂ।
ਸਾਨੂੰ ਚਾਹੀਦਾ ਹੈ ਕਿ ਜਗ੍ਹਾ ਮੁਤਾਬਕ ਘਰਾਂ ਦੇ ਆਲੇ-ਦੁਆਲੇ ਤੇ ਘਰਾਂ ਦੇ ਅੰਦਰ ਬੂਟੇ ਲਗਾਈਏ, ਜਿਸ ਨਾਲ ਸਾਨੂੰ ਤਾਜ਼ੀ ਹਵਾ ਤਾਂ ਮਿਲੇਗੀ ਹੀ ਨਾਲ-ਨਾਲ ਵਾਤਾਵਰਨ ਵੀ ਸ਼ੁੱਧ ਤੇ ਸਾਫ਼ ਹੋਵੇਗਾ। ਇਸ ਲਈ ਹਰ ਮਨੁੱਖ ਦਾ ਫਰਜ਼ ਬਣਦਾ ਹੈ ਕਿ ਹਰ ਸਾਲ ਘੱਟੋ-ਘੱਟ ਆਪਣੇ ਜਨਮ ਦਿਨ ਜਾਂ ਹੋਰ ਖ਼ੁਸ਼ੀ ਦੇ ਮੌਕੇ ਛਾਂਦਾਰ ਬੂਟੇ ਜ਼ਰੂਰ ਲਗਾਵੇ ਤਾਂ ਜੋ ਧਰਤੀ 'ਤੇ ਦਰਖੱਤ ਘੱਟ ਨਾ ਹੋਣ ਇਸ ਨਾਲ ਸਾਨੂੰ ਰੋਜ਼ਾਨਾ ਜ਼ਿੰਦਗੀ ਲਈ ਵਰਤੀ ਜਾਣ ਵਾਲੀ ਆਕਸੀਜਨ ਦੀ ਕਮੀ ਨਹੀਂ ਆਵੇਗੀ ਅਤੇ ਪਾਣੀ ਦਾ ਪੱਧਰ ਵੀ ਨੀਵਾਂ ਨਹੀਂ ਹੋਵੇਗਾ ਅਤੇ ਧਰਤੀ ਦੀ ਤਪਸ਼ ਵੀ ਘੱਟ ਹੋਵੇਗੀ। ਸੋ ਰੁੱਖ ਲਗਾਓ ਵਾਤਾਵਰਨ ਸੁੱਧ ਤੇ ਸਾਫ਼ ਬਣਾਓ।


-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।


ਮੋਬਾਈਲ ਦੀ ਦੁਰਵਰਤੋਂ
ਲੱਚਰ ਅਤੇ ਹਥਿਆਰਾਂ ਦਾ ਮੁਜ਼ਾਹਰਾ ਕਰਕੇ ਫ਼ਿਲਮਾਏ ਗਏ ਗੀਤਾਂ ਤੇ ਮੋਬਾਈਲ 'ਤੇ ਗੇਮਾਂ ਖੇਡਣ ਦੀ ਦਲਦਲ ਵਿਚ ਨਵੀਂ ਪੀੜ੍ਹੀ ਪੂਰੀ ਤਰ੍ਹਾਂ ਫਸੀ ਹੋਈ ਹੈ। ਸਾਡੇ ਵੇਲੇ ਪਹਿਲਾਂ ਨੌਜਵਾਨਾਂ ਨੂੰ ਸਕੂਲ ਪੱਧਰ 'ਤੇ ਗੇਮਾਂ, ਪਿੰਡ ਪੱਧਰ ਅਤੇ ਕਾਲਜ ਪੱਧਰ 'ਤੇ ਖਿਡਾਈਆਂ ਜਾਂਦੀਆਂ ਸਨ।
ਪਿੰਡ ਪੱਧਰ 'ਤੇ ਬੱਚੇ ਘਰੇਲੂ ਗੇਮਾਂ ਲੁਕਣਮੀਚੀ, ਖਿੱਦੂ ਖੂੰਡੀ, ਕੋਟਲਾ ਛਪਾਕੀ, ਛਟਾਪੂ, ਪਿੰਨੀ ਪਿੱਚੀ, ਪਿੱਠੂ ਗਰਮ ਆਦਿ। ਸਕੂਲ-ਕਾਲਜ ਪੱਧਰ 'ਤੇ ਹਾਕੀ, ਫੁਟਬਾਲ, ਵਾਲੀਬਾਲ ਕਬੱਡੀ ਖੇਡਦੇ ਸੀ ਅਤੇ ਰਿਸ਼ਟ-ਪੁਸ਼ਟ ਰਹਿੰਦੇ ਸੀ। ਕੋਈ ਬਿਮਾਰੀ ਨੇੜੇ ਨਹੀਂ ਸੀ ਆਉਂਦੀ। ਹੁਣ ਨਸ਼ਿਆਂ, ਹਥਿਆਰਾਂ ਦੇ ਉਪਰ ਗਾਣੇ ਫ਼ਿਲਮਾ ਕੇ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਨੌਜਵਾਨ ਪੀੜ੍ਹੀ ਮਨੋਵਿਗਿਆਨਕ ਤੌਰ 'ਤੇ ਬਿਮਾਰ ਹੋ ਕੇ ਮੋਬਾਈਲ ਤੇ ਵੀਡੀਓ ਫ਼ਿਲਮਾਂ ਦੇਖ ਕੇ ਬਿਮਾਰ ਹੋ ਰਹੀ ਹੈ। ਅੱਖਾਂ 'ਤੇ ਅਸਰ ਪੈ ਰਿਹਾ ਹੈ। ਜੋ ਚਿੰਤਾ ਦਾ ਵਿਸ਼ਾ ਹੈ। ਨੌਜਵਾਨ ਪੀੜ੍ਹੀ ਨੂੰ ਇਸ ਮਾਨਸਿਕ ਪੀੜਾ ਵਿਚੋਂ ਕੱਢਣ ਲਈ ਉਨ੍ਹਾਂ ਨੂੰ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ, ਨਹੀਂ ਤਾਂ ਤੁਹਾਨੂੰ ਪੈਰਾ ਮਿਲਟਰੀ ਫੋਰਸ ਵਿਚ ਭਰਤੀ ਕਰਨ ਲਈ ਨੌਜਵਾਨ ਨਹੀਂ ਮਿਲਣਗੇ।


-ਗੁਰਮੀਤ ਸਿੰਘ ਵੇਰਕਾ


ਕਿਥੇ ਗਏ ਸਾਡੇ ਰੀਤੀ-ਰਿਵਾਜ

ਸਾਡਾ ਦੇਸ਼ ਰੀਤੀ-ਰਿਵਾਜਾਂ ਨਾਲ ਭਰਿਆ ਪਿਆ ਹੈ। ਪਰ ਪੁਰਾਣੇ ਸਮੇਂ ਵਿਚ ਲੋਕ ਹਰ ਇਕ ਤਿਉਹਾਰ ਨੂੰ ਬੜੇ ਚਾਵਾਂ, ਉਤਸ਼ਾਹ ਤੇ ਰਿਵਾਜਾਂ ਨਾਲ ਮਨਾਉਂਦੇ ਸਨ। ਪਰ ਹੁਣ ਦੇ ਸਮੇਂ ਵਿਚ ਉਹ ਉਤਸ਼ਾਹ ਨਜ਼ਰ ਨਹੀਂ ਆਉਂਦਾ। ਲੋਕ ਆਪਣੇ ਕੰਮਾਂਕਾਰਾਂ ਵਿਚ ਰੁੱਝੇ ਪਏ ਹਨ ਤੇ ਆਪਣੇ ਰੀਤੀ-ਰਿਵਾਜ ਭੁੱਲ ਗਏ ਹਨ। ਅਜੋਕੇ ਸਮੇਂ ਵਿਚ ਵਿਆਹ-ਸ਼ਾਦੀਆਂ ਵੀ ਕੁਝ ਸਮੇਂ ਦੇ ਹੀ ਰਹਿ ਗਏ ਹਨ, ਜਦੋਂਕਿ ਪਹਿਲੇ ਸਮਿਆਂ ਵਿਚ ਇਹ ਵਿਆਹ-ਸ਼ਾਦੀ ਹਫ਼ਤਿਆਂ ਤੱਕ ਚਲਦੇ ਰਹਿੰਦੇ ਸਨ ਅਤੇ ਕਈ ਸ਼ਗਨ ਮਨਾਏ ਜਾਂਦੇ ਸਨ, ਜਿਸ ਤੋਂ ਅੱਜ ਦੀ ਨੌਜਵਾਨ ਪੀੜ੍ਹੀ ਅਨਜਾਣ ਹੈ।


-ਕਿਰਨਦੀਪ
ਕੇ.ਐਮ.ਵੀ. (ਜਲੰਧਰ)।


ਅੱਧੀ ਟਿਕਟ

ਨਿੱਜੀ ਬੱਸਾਂ ਦੇ ਮਾਲਕ ਬੇਹੱਦ ਚਿੰਤਾ ਵਿਚ ਦੇਖੇ ਜਾ ਰਹੇ ਹਨ। ਡਰਾਈਵਰ-ਕੰਡਕਟਰ ਅਤੇ ਕਈ ਹੋਰ ਮੁਲਾਜ਼ਮ ਰੁਜ਼ਗਾਰ ਖੁਸਣ ਦੇ ਡਰੋਂ ਅਣਸੁਖਾਵਾਂ ਮਹਿਸੂਸ ਕਰ ਰਹੇ ਹਨ। ਇਸ ਦਾ ਕਾਰਨ ਹੈ ਪੰਜਾਬ ਸਰਕਾਰ ਵਲੋਂ ਔਰਤਾਂ ਦਾ ਕਿਰਾਇਆ ਮੁਆਫ਼ ਕਰਨਾ। ਦੂਜਾ ਸਵਾਰੀ ਬਹੁਤ ਘੱਟ ਗਈ ਹੈ। ਤੇਲ ਮਹਿੰਗਾ ਹੋਣ ਕਾਰਨ ਸਮੁੱਚੀ ਟਰਾਂਸਪੋਰਟ ਦਾ ਬੁਰਾ ਹਾਲ ਹੈ। ਨਿੱਜੀ ਬੱਸਾਂ ਵਾਲਿਆਂ ਨੂੰ ਮਜਬੂਰਨ ਔਰਤਾਂ ਦੀ ਅੱਧੀ ਟਿਕਟ ਕਰਨੀ ਪਈ ਫੇਰ ਵੀ ਸਵਾਰੀ ਦਾ ਘਟਣ ਕਾਰਨ ਲੋਕਾਂ ਕੋਲ ਪੈਸੇ ਦੀ ਘਾਟ ਹੈ। ਇਸ ਦਾ ਕਾਰਨ ਸਾਰਿਆਂ ਕੋਲ ਆਪਣਾ ਸਾਧਨ ਹੋਣਾ ਹੈ। ਬੱਸ ਕਿਰਾਏ ਵਧਣ ਦੀ ਹਾਲਤ ਵਿਚ ਸਵਾਰੀ ਹੋਰ ਵੀ ਘੱਟ ਜਾਵੇਗੀ। ਕੁੱਲ ਮਿਲਾ ਕੇ ਟਰਾਂਸਪੋਰਟ ਦਾ ਮੰਦਾ ਹਾਲ ਦੇਖਣ ਨੂੰ ਮਿਲ ਰਿਹਾ ਹੈ।


-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, ਮਲੇਰਕੋਟਲਾ (ਪੰਜਾਬ)।

27-08-2021

 ਅਫ਼ਗਾਨਿਸਤਾਨ ਸੰਕਟ

ਹਾਲ ਹੀ ਵਿਚ ਜੋ ਕਾਬੁਲ ਹਵਾਈ ਅੱਡੇ ਤਸਵੀਰਾਂ ਦੇਖਣ ਨੂੰ ਮਿਲੀਆਂ, ਉਸ ਨੇ ਸਾਰਿਆਂ ਦੇ ਹੀ ਦਿਲ ਕੰਬਾ ਦਿੱਤੇ। ਸਭ ਨੂੰ ਹੀ ਝੰਜੋੜ ਕੇ ਰੱਖ ਦਿੱਤਾ ਹੈ। ਹਰ ਇਕ ਮੁਲਕ ਦੇ ਲੋਕ ਆਪਣੀ ਜਾਨ ਬਚਾਉਣ ਲਈ ਅਫ਼ਗਾਨਿਸਤਾਨ ਛੱਡਣ ਨੂੰ ਮਜਬੂਰ ਹੋ ਰਹੇ ਹਨ। ਹਾਲਾਂਕਿ ਜੋ ਅਫ਼ਗਾਨੀ ਲੋਕ ਹਨ, ਉਹ ਵੀ ਉਥੇ ਰਹਿਣਾ ਨਹੀਂ ਚਾਹੁੰਦੇ। ਅਮਰੀਕਾ ਵਲੋਂ ਆਪਣੀਆਂ ਫ਼ੌਜਾਂ ਨੂੰ ਵਾਪਸ ਬੁਲਾ ਲੈਣ ਪਿੱਛੋਂ ਇਹ ਕਿਆਸ ਨਹੀਂ ਲਗਾਇਆ ਜਾ ਰਿਹਾ ਸੀ ਕਿ ਉਥੋਂ ਦੀ ਸਰਕਾਰ ਤੇ ਫ਼ੌਜ ਜਲਦੀ ਆਪਣੇ ਹਥਿਆਰ ਸੁੱਟ ਦੇਣਗੇ ਤੇ ਮੁਲਕ ਤੋਂ ਭੱਜ ਜਾਣਗੇ।
ਉਧਰ ਸੰਯੁਕਤ ਰਾਸ਼ਟਰ ਨੇ ਫ਼ਿਕਰ ਜ਼ਾਹਰ ਕਰਦਿਆਂ ਕਿਹਾ ਕਿ ਅਫ਼ਗਾਨਿਸਤਾਨ ਅੰਦਰ ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤਾਲਿਬਾਨ ਨੂੰ ਆਪਣਾ ਮਾੜਾ ਰਵੱਈਆ ਬਦਲਣਾ ਚਾਹੀਦਾ ਹੈ। ਉਧਰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਅਫ਼ਗਾਨ ਸੰਕਟ ਲਈ ਮੌਜੂਦਾ ਲੀਡਰਸ਼ਿਪ ਨੂੰ ਦੋਸ਼ੀ ਠਹਿਰਾਇਆ ਹੈ। ਹਾਲਾਂਕਿ ਅਮਰੀਕਾ ਪਿਛਲੇ ਕਈ ਦਹਾਕਿਆਂ ਤੋਂ ਤਾਲਿਬਾਨ ਦਾ ਸਫ਼ਾਇਆ ਕਰਨ ਲਈ ਅਫ਼ਗਾਨ ਫ਼ੌਜ ਨੂੰ ਸਿਖਲਾਈ ਦੇਣ ਦਾ ਦਾਅਵਾ ਤਾਂ ਕਰ ਰਿਹਾ ਸੀ। ਪਰ ਅਸਲੀਅਤ ਸਭ ਦੇ ਸਾਹਮਣੇ ਹੈ। ਸੰਯੁਕਤ ਰਾਸ਼ਟਰ ਨੂੰ ਆਪਸੀ ਭਾਈਚਾਰੇ ਲਈ ਜਲਦੀ ਹੀ ਤਾਲਮੇਲ ਕਰਨਾ ਚਾਹੀਦਾ ਹੈ।

-ਸੰਜੀਵ ਸਿੰਘ ਸੈਣੀ
ਮੁਹਾਲੀ।

ਰੁੱਖਾਂ ਦੀ ਸੰਭਾਲ

ਮਨੁੱਖ ਦੀ ਆਦਤ ਬਣ ਗਈ ਹੈ ਕਿ ਉਸ ਨੇ ਰੁੱਖ ਲਾਉਣੇ ਘੱਟ ਤੇ ਵੱਢਣੇ ਜ਼ਿਆਦਾ ਹਨ। ਪਰ ਫਿਰ ਵੀ ਸਰਕਾਰਾਂ ਆਪਣੇ ਤੌਰ 'ਤੇ ਰੁੱਖ ਲਾਉਣ ਦੇ ਪ੍ਰੋਗਰਾਮ ਉਲੀਕਦੀਆਂ ਹੀ ਰਹਿੰਦੀਆਂ ਹਨ। ਪਰ ਉਹ ਪ੍ਰੋਗਰਾਮ ਜ਼ਿਆਦਾਤਰ ਕਾਗਜ਼ਾਂ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੇ ਹਨ। ਅਜੇ ਸਾਲ ਵੀ ਨਹੀਂ ਹੋਇਆ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ ਮਨਾ ਕੇ ਹਟੇ ਹਾਂ। ਸਰਕਾਰ ਨੇ ਹਰੇਕ ਪਿੰਡ ਵਿਚ 550 ਬੂਟੇ ਲਾਉਣ ਦਾ ਹੁਕਮ ਜਾਰੀ ਕੀਤਾ ਸੀ। ਹੁਣ ਉਹ ਰੁੱਖ ਜ਼ਮੀਨ ਦੇ ਉੱਪਰ ਤਾਂ ਨਜ਼ਰ ਨਹੀਂ ਆ ਰਹੇ। ਹੋ ਸਕਦਾ ਹੈ ਕਿ ਜ਼ਮੀਨ ਦੀ ਕੁੱਖ ਵਿਚ ਹੀ ਪਲ ਰਹੇ ਹੋਣਗੇ। ਵਾਤਾਵਰਨ ਦੀ ਸਾਂਭ-ਸੰਭਾਲ ਕਰਨੀ ਕਿਸੇ ਇਕ ਦਾ ਫ਼ਰਜ਼ ਨਹੀਂ ਬਲਕਿ ਸਮੁੱਚੀ ਮਨੁੱਖਤਾ ਦਾ ਫ਼ਰਜ਼ ਬਣਦਾ ਹੈ। ਆਓ, ਰਲ ਕੇ ਅਸੀਂ ਸਾਰੇ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਹੋਈਏ ਤੇ ਨਵੇਂ ਰੁੱਖਾਂ ਨੂੰ ਵੀ ਲਾਈਏ ਤੇ ਪਹਿਲਾਂ ਵਾਲੇ ਲੱਗੇ ਰੁੱਖਾਂ ਦੀ ਵੀ ਸਾਂਭ-ਸੰਭਾਲ ਕਰੀਏ। ਇਹ ਹੀ ਵਣ-ਮਹਾਂਉਤਸਵ ਮਨਾਉਣ ਦਾ ਸਹੀ ਢੰਗ ਹੋਵੇਗਾ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)।

ਸਪੀਕਰ ਨਿਰਪੱਖ ਹੋਣ

ਜਦੋਂ ਸੰਸਦ ਜਾਂ ਵਿਧਾਨ ਸਭਾਵਾਂ ਲਈ ਸਪੀਕਰ ਦੀ ਨਿਯੁਕਤੀ ਕੀਤੀ ਜਾਂਦੀ ਹੈ ਤਾਂ ਸਮਝਿਆ ਜਾਂਦਾ ਹੈ ਕਿ ਉਹ ਹੁਣ ਕਿਸੇ ਇਕ ਪਾਰਟੀ ਦਾ ਨਹੀਂ ਸਗੋਂ ਸਮੁੱਚੇ ਸਦਨ ਜਾਂ ਵਿਧਾਨ ਸਭਾ ਦਾ ਸਾਂਝਾ ਨੁਮਾਇੰਦਾ ਬਣ ਗਿਆ ਹੈ। ਹਰ ਅਸਲ ਵਿਚ ਸਮੇਂ ਨਾਲ ਹਾਲਾਤ ਏਨੇ ਵਿਗੜ ਚੁੱਕੇ ਹਨ ਕਿ ਕਈ ਸਪੀਕਰ ਸਰਕਾਰੀ ਧਿਰ ਦੀ ਹਰ ਗ਼ਲਤ ਗੱਲ ਨਾਲ ਤਾਂ ਸਹਿਮਤ ਹੋ ਜਾਂਦੇ ਹਨ ਜਦੋਂ ਕਿ ਵਿਰੋਧੀ ਧਿਰਾਂ ਦੇ ਚੀਕਣ ਅਤੇ ਮਹੱਤਵਪੂਰਨ ਮੁੱਦੇ ਉਠਾਉਣ 'ਤੇ ਵੀ ਉਹ ਸੁਣਨ ਤੋਂ ਕੰਨੀ ਕਤਰਾ ਜਾਂਦੇ ਹਨ।
ਇਸ ਤਰ੍ਹਾਂ ਸਹੀ ਰਸਤਾ ਅਪਣਾਉਣ ਤੋਂ ਬਿਨਾਂ ਹੀ ਕਈ ਕਾਨੂੰਨ ਵੀ ਪਾਸ ਹੋ ਸਕਦੇ ਹਨ। ਇਸ ਨਾਲ ਰੌਲਾ ਪੈਂਦਾ ਹੈ, ਕਾਗਜ਼ ਪਾੜੇ ਜਾਂਦੇ ਹਨ, ਮਾਈਕ ਤੋੜ ਕੇ ਸੁੱਟੇ ਜਾਂਦੇ ਹਨ, ਪਵਿੱਤਰ ਅਸਥਾਨ 'ਤੇ ਧੱਕਾ-ਮੁੱਕੀ ਹੁੰਦੀ ਹੈ ਅਤੇ ਸੰਸਦ ਜਾਂ ਵਿਧਾਨ ਸਭਾਵਾਂ ਦਾ ਕੀਮਤੀ ਸਮਾਂ ਹੀ ਬਰਬਾਦ ਨਹੀਂ ਹੁੰਦਾ ਸਗੋਂ ਕਈ ਵੱਡੇ-ਵੱਡੇ ਮੁੱਦੇ 'ਤੇ ਘਪਲੇ ਬੇਨਕਾਬ ਹੋਣੋਂ ਰਹਿ ਜਾਂਦੇ ਹਨ। ਕੋਈ ਸਪੀਕਰ ਮਨਮਰਜ਼ੀ ਕਰਕੇ ਕਿਸੇ ਮੈਂਬਰ ਦਾ ਅਸਤੀਫ਼ਾ ਫੌਰਨ ਮਨਜ਼ੂਰ ਕਰ ਲੈਂਦਾ ਹੈ ਤੇ ਕਿਸੇ ਦਾ ਏਨਾ ਲਟਕਾ ਦਿੱਤਾ ਜਾਂਦਾ ਹੈ ਕਿ ਸਭਾ ਦੀ ਮਿਆਦ ਹੀ ਟੱਪ ਸਕਦੀ ਹੈ। ਸੁਝਾਅ ਹੈ ਕਿ ਕਾਨੂੰਨ ਵਿਚ ਜੋ ਵੀ ਸੋਧ ਕਰਨੀ ਪਵੇ, ਕਰਕੇ ਸੰਸਦ ਤੇ ਵਿਧਾਨ ਸਭਾਵਾਂ ਦੇ ਸਪੀਕਰ ਕ੍ਰਮਵਾਰ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜ ਲਗਾਏ ਜਾਣ ਤਾਂ ਜੋ ਉਹ ਨਿਰਪੱਖ ਰਹਿ ਕੇ ਸਭ ਧਿਰਾਂ ਦੀ ਯੋਗ ਗੱਲ ਸੁਣਨ। ਇਨ੍ਹਾਂ ਦੀ ਨਿਯੁਕਤੀ ਵੀ ਸਬੰਧਿਤ ਕੋਰਟਾਂ ਦੇ ਬੈਂਚਾਂ ਦੁਆਰਾ ਕੀਤੀ ਜਾਣੀ ਚਾਹੀਦੀ ਹੈ। ਉਮੀਦ ਹੈ ਅਜਿਹਾ ਕਰਨ ਨਾਲ ਹਾਲਾਤ ਸੁਧਰ ਸਕਦੇ ਹਨ।

-ਹਰਬੰਸ ਸਿੰਘ 'ਘੇਈ'
ਸਠਿਆਲਾ।

ਲੋਕ ਬਾਹਰ ਕਿਉਂ ਨਾ ਜਾਣ

ਦੇਸ਼ ਨੂੰ ਆਜ਼ਾਦ ਹੋਏ ਨੂੰ 74 ਸਾਲ ਹੋ ਚੁੱਕੇ ਹਨ। ਜੇ ਇਨ੍ਹਾਂ ਸਾਲਾਂ 'ਤੇ ਨਜ਼ਰ ਮਾਰੀਏ ਤਾਂ ਇਕੋ ਪ੍ਰਾਪਤੀ ਲੱਭੇਗੀ। ਉਹ ਹੈ ਕਿ ਲੱਖਾਂ ਲੋਕ ਇਥੋਂ ਪ੍ਰਵਾਸ ਕਰ ਗਏ ਹਨ ਤੇ ਬਾਕੀ ਰਹਿੰਦੇ ਵੀ ਜਹਾਜ਼ੇ ਚੜ੍ਹਨ ਨੂੰ ਕਾਹਲੇ ਹਨ। ਆਖ਼ਰ ਕਿਉਂ? ਕਾਰਨ ਸਪੱਸ਼ਟ ਹਨ 1947 ਤੋਂ ਹੀ ਸਾਨੂੰ ਕੋਈ ਅਜਿਹਾ ਨੇਤਾ ਨਹੀਂ ਮਿਲਿਆ, ਜਿਸ ਨੇ ਕੋਈ ਸਿਸਟਮ ਬਣਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਬਹੁਤੇ ਤਾਂ ਇਸੇ ਆਪੋ-ਧਾਪੀ 'ਚ ਰਹੇ ਕਿ ਉਨ੍ਹਾਂ ਦੇ ਕੋਠੇ ਭਰੇ ਰਹਿਣ। ਜੇਕਰ ਕਿਸੇ ਲੋਕ ਹਿਤ ਵਿਚ ਕੋਸ਼ਿਸ਼ ਕੀਤੀ ਵੀ ਹੈ ਤਾਂ ਉਸ ਨੂੰ ਖੋਰ ਦਿੱਤਾ ਗਿਆ। 74 ਸਾਲਾਂ ਤੋਂ ਪਿੰਡਾਂ ਦੀਆਂ ਗਲੀਆਂ ਨਾਲੀਆਂ ਹੀ ਨਹੀਂ ਪੱਕੀਆਂ ਹੋ ਸਕੀਆਂ। ਬਿਜਲੀ ਨੇ ਹਾਕਮਾਂ ਦੇ ਢਿੱਡ ਹੀ ਮੋਟੇ ਕੀਤੇ ਹਨ। ਬਾਕੀ ਖੇਤਰਾਂ ਵਿਚ ਵੀ ਕਈਆਂ ਦੇ ਵਿਹੜੇ ਦੁੱਗਣੇ ਚੌਗੁਣੇ ਹੋਏ ਹਨ। ਹੁਣ ਦੱਸੋ ਲੋਕ ਇਸ ਹਨੇਰ ਵਿਚੋਂ ਨਿਕਲ ਕੇ ਬਾਹਰ ਕਿਉਂ ਨਾ ਜਾਣ? 'ਕੈਮਰਾ ਚੁੱਪ ਨਹੀਂ ਹੈ' ਕਾਲਮ ਰਾਹੀਂ ਜਨਮੇਜਾ ਸਿੰਘ ਜੌਹਲ ਨੇ ਆਪਣੀ ਸ਼ਖ਼ਸੀਅਤ ਅਨੁਸਾਰ ਕੈਮਰੇ ਨੇ ਜੋ ਵੇਖਿਆ ਉਹੋ ਹੀ ਸ਼ਬਦਾਂ 'ਚ ਪਰੋ ਕੇ ਬਿਆਨ ਕਰ ਦਿੱਤਾ ਹੈ। ਸ਼ੀਸ਼ੇ ਤੇ ਕੈਮਰੇ ਤੋਂ ਕੋਈ ਕੁਝ ਵੀ ਲੁਕਾ ਨਹੀਂ ਸਰਦਾ, ਬਨਾਵਟੀ ਕਰੀਮਾਂ ਪਾਊਡਰਾਂ ਨਾਲ ਸਜਾਈਆਂ ਸ਼ਕਲਾਂ ਹੇਠਲੇ ਕਰੂਪ ਚਿਹਰੇ ਸਾਨੂੰ ਸਭ ਨੂੰ ਖ਼ੁਦ-ਬਖ਼ੁਦ ਸੋਚਣ ਲਈ ਮਜਬੂਰ ਕਰਦੇ ਹਨ। ਅਕਲਾਂ ਦੇ ਦੀਵੇ ਪ੍ਰਵਾਸ ਕਰਨ ਨੂੰ ਕਿਉਂ ਕਾਹਲੇ ਹਨ...?

-ਗੁਰਬਚਨ ਸਿੰਘ ਲਾਲੀ
ਪ੍ਰਿੰਸੀਪਲ, ਸ.ਸ.ਸ. ਸਕੂਲ, ਪੱਟੀ।

26-08-2021

 ਨੇਤਾ ਜੀ ਕੁਰਸੀ ਦੀ ਚਿੰਤਾ ਛੱਡੋ
ਜਿਵੇਂ-ਜਿਵੇਂ ਪੰਜਾਬ ਵਿਚ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਉਸੇ ਤਰ੍ਹਾਂ ਸਾਰੀਆਂ ਪਾਰਟੀਆਂ ਦੇ ਨੇਤਾ ਵੀ ਆਪਣੀ-ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਿੰਡਾਂ ਸ਼ਹਿਰਾਂ ਵਿਚ ਜਾ ਕੇ ਚੋਣ ਪ੍ਰਚਾਰ ਕਰ ਰਹੇ ਹਨ। ਹਰ ਇਕ ਪਾਰਟੀ ਦੇ ਨੇਤਾ ਆਪਸੀ ਲੜਾਈ ਕਰਕੇ ਦੋਫਾੜ ਹੋ ਰਹੇ ਹਨ। ਉਹ ਇਹ ਲੜਾਈ ਲੋਕਾਂ ਦੇ ਹਿਤਾਂ ਵਾਸਤੇ ਨਹੀਂ, ਸਗੋਂ ਆਪਣੀ-ਆਪਣੀ ਕੁਰਸੀ ਬਚਾਉਣ ਲਈ ਕਰ ਰਹੇ ਹਨ। ਪਿੰਡਾਂ ਸ਼ਹਿਰਾਂ ਵਾਲੇ ਭੋਲੇ-ਭਾਲੇ ਲੋਕਾਂ ਤੇ ਲੋੜਵੰਦਾਂ ਨੂੰ ਰਾਸ਼ਨ ਪਾਣੀ ਤੇ ਹੋਰ ਬਹੁਤ ਸਾਰੇ ਲਾਲਚ ਦੇ ਰਹੇ ਹਨ ਤਾਂ ਕਿ ਲੋਕ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਉਨ੍ਹਾਂ ਦੇ ਹੱਕ ਵਿਚ ਵੋਟਾਂ ਪਾ ਦੇਣਗੇ। ਪਰ ਉਨ੍ਹਾਂ ਨੇਤਾਵਾਂ ਦਾ ਹੱਕ ਬਣਦਾ ਹੈ ਕਿ ਉਹ ਲੋਕਾਂ ਨੂੰ ਲਾਲਚੀ ਤੇ ਮੰਗਤੇ ਨਾ ਬਣਾਉਣ।
ਇਨ੍ਹਾਂ ਲਾਲਚਾਂ ਦੀ ਥਾਂ ਬੇਰੁਜ਼ਗਾਰ ਫਿਰ ਰਹੇ ਸਾਡੇ ਪੜ੍ਹੇ-ਲਿਖੇ ਨੌਜਾਵਨਾਂ ਨੂੰ ਰੁਜ਼ਗਾਰ ਦੇਣ ਤਾਂ ਕਿ ਉਹ ਆਪਣੀ ਡਿਊਟੀ ਨਿਭਾਅ ਕੇ ਮਿਹਨਤ ਨਾਲ ਆਪਣੀ ਰੋਜ਼ੀ-ਰੋਟੀ ਕਮਾ ਸਕਣ। ਹੁਣ ਸਾਡੇ ਲੋਕ ਸੋਸ਼ਲ ਮੀਡੀਆ ਨਾਲ ਬਹੁਤ ਜੁੜ ਗਏ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਪਾਰਟੀਆਂ ਦੀਆਂ ਹਰਕਤਾਂ 'ਤੇ ਨਿਗ੍ਹਾ ਰੱਖਣ ਕਿ ਇਹ ਨੇਤਾ ਕੀ ਖੇਡਾਂ ਖੇਡ ਰਹੇ ਹਨ। ਜੋ ਵੀ ਇਹ ਨੇਤਾ ਲੋਕ ਆਪਸ ਵਿਚ ਲੜ ਰਹੇ ਹਨ, ਕੇਵਲ ਦਿਖਾਵਾ ਹੀ ਕਰ ਰਹੇ ਹਨ ਤੇ ਅੰਦਰੋ-ਅੰਦਰੀ ਸਾਰੇ ਰਲੇ ਹੋਏ ਹਨ। ਸੋ, ਆਉਣ ਇਨ੍ਹਾਂ ਤੋਂ ਸੁਚੇਤ ਹੋਈਏ ਤਾਂ ਕਿ ਆਉਣ ਵਾਲੇ ਸਮੇਂ ਵਿਚ ਕੋਈ ਚੰਗੀ ਸਰਕਾਰ ਬਣਾ ਸਕੀਏ।


-ਸੁਖਚੈਨ ਸਿੰਘ
ਠੱਠੀ ਭਾਈ।


ਸਰੀਰਕ ਵਾਧਾ ਅਤੇ ਵਿਕਾਸ

ਸਾਡੇ ਸਰੀਰਕ ਢਾਂਚੇ ਵਿਚ ਅਤੇ ਅੰਦਰਲੇ ਤੇ ਬਾਹਰਲੇ ਅੰਗਾਂ ਵਿਚ ਜਨਮ ਤੋਂ ਲੈ ਕੇ ਮੌਤ ਤੱਕ ਕੁਝ ਨਾ ਕੁਝ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ। ਤਬਦੀਲੀਆਂ ਦੀ ਇਸ ਕਿਰਿਆ ਨੂੰ ਹੀ ਸਰੀਰਕ ਵਾਧਾ ਤੇ ਵਿਕਾਸ ਦਾ ਨਾਂਅ ਦਿੱਤਾ ਜਾਂਦਾ ਹੈ। ਇਨ੍ਹਾਂ ਤਬਦੀਲੀਆਂ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲਾ ਬਾਹਰੀ ਢਾਂਚੇ ਨਾਲ ਸਬੰਧਿਤ ਤਬਦੀਲੀਆਂ ਅਤੇ ਦੂਜੇ ਅੰਦਰੂਨੀ ਅੰਗਾਂ ਵਿਚ ਹੋਣ ਵਾਲੀਆਂ ਤਬਦੀਲੀਆਂ। ਬਾਹਰੀ ਢਾਂਚੇ ਨਾਲ ਸਬੰਧਿਤ ਤਬਦੀਲੀਆਂ ਵਿਚ ਉਚਾਈ, ਭਾਰ ਅਤੇ ਸਰੀਰਕ ਬਨਾਵਟ ਸ਼ਾਮਿਲ ਹਨ, ਜਦੋਂਕਿ ਅੰਦਰੂਨੀ ਅੰਗਾਂ ਵਿਚ ਤਬਦੀਲੀਆਂ ਵਿਚ ਨਾੜੀ ਪ੍ਰਬੰਧ, ਸਾਹ ਪ੍ਰਬੰਧ, ਪਾਚਣ-ਪ੍ਰਬੰਧ, ਲਹੂ ਪ੍ਰਬੰਧ ਅਤੇ ਉਤਪਾਦਕ ਸਬੰਧ ਆਦਿ ਸ਼ਾਮਿਲ ਹਨ। ਸਰੀਰਕ ਵਾਧੇ ਅਤੇ ਵਿਕਾਸ ਦੀ ਕਿਰਿਆ ਸ਼ਖ਼ਸੀਅਤ ਦੇ ਉਚਿਤ ਸਮਾਯੋਜਨ ਲਈ ਲਾਭਦਾਇਕ ਸਿੱਧ ਹੁੰਦੀ ਹੈ। ਸ਼ੁਰੂ ਵਿਚ ਬੱਚਾ ਸਭ ਤਰ੍ਹਾਂ ਨਾਲ ਦੂਜਿਆਂ ਉਤੇ ਨਿਰਭਰ ਰਹਿੰਦਾ ਹੈ ਅਤੇ ਫਿਰ ਸਰੀਰਕ ਵਾਧੇ ਅਤੇ ਵਿਕਾਸ ਦੀ ਕਿਰਿਆ ਸਦਕਾ ਹੋਈਆਂ ਤਬਦੀਲੀਆਂ ਨਾਲ ਉਹ ਆਪਣੀਆਂ ਲੋੜਾਂ ਪੂਰੀਆਂ ਕਰਨ ਵਿਚ ਸਮਰੱਥ ਹੋ ਜਾਂਦਾ ਹੈ। ਹੌਲੀ-ਹੌਲੀ ਉਹ ਸਵੈ-ਨਿਰਭਰ ਹੋ ਕੇ ਪੂਰਨ ਪ੍ਰਪੱਕਤਾ ਨੂੰ ਗ੍ਰਹਿਣ ਕਰ ਲੈਂਦਾ ਹੈ।


-ਬਿਹਾਲਾ ਸਿੰਘ
ਪਿੰਡ ਨੌਨੀਤਪੁਰ, ਤਹਿ: ਗੜ੍ਹਸ਼ੰਕਰ, ਹੁਸ਼ਿਆਰਪੁਰ।


ਖਾਲੀ ਪਲਾਟਾਂ ਨੂੰ ਪਾਰਕ ਬਣਾਈਏ

ਪਿੰਡਾਂ ਅਤੇ ਖ਼ਾਸ ਕਰਕੇ ਸ਼ਹਿਰਾਂ ਵਿਚ ਬਹੁਤ ਸਾਰੇ ਪਲਾਟ ਖਾਲੀ ਪਏ ਹਨ, ਜਿਨ੍ਹਾਂ ਵਿਚ ਆਂਢ-ਗੁਆਂਢ ਜਾਂ ਗਲੀ-ਮੁਹੱਲੇ ਦੇ ਲੋਕ ਆਪਣੇ ਘਰਾਂ ਦਾ ਕੂੜਾ-ਕਰਕਟ ਜਾਂ ਵਾਧੂ ਸਾਮਾਨ ਸੁੱਟ ਦਿੰਦੇ ਹਨ। ਜਿਸ ਕਾਰਨ ਉਥੇ ਮੱਛਰ ਆਦਿ ਪੈਦਾ ਹੁੰਦਾ ਹੈ। ਉਥੇ ਬਰਸਾਤਾਂ ਸ਼ੁਰੂੁ ਹੋ ਜਾਣ ਕਾਰਨ ਕੂੜੇ-ਕਰਕਟ ਦੇ ਢੇਰਾਂ ਵਿਚੋਂ ਬਦਬੂ ਵੀ ਆਉਂਦੀ ਹੈ ਜੋ ਕਿ ਬਿਮਾਰੀਆਂ ਦਾ ਕਾਰਨ ਬਣਦੀ ਹੈ। ਸਿਆਣੇ ਕਹਿੰਦੇ ਹਨ ਕਿ ਕੁੱਤਾ ਵੀ ਜਿੱਥੇ ਬੈਠਦਾ ਹੈ, ਪੂਛ ਮਾਰ ਕੇ ਬੈਠਦਾ ਹੈ।
ਅਸੀਂ ਤਾਂ ਇਨਸਾਨ ਹਾਂ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣਾ ਆਲਾ-ਦੁਆਲਾ ਸਾਫ਼ ਰੱਖੀਏ। ਆਪਣੇ ਘਰਾਂ ਦਾ ਕੂੜਾ ਕਮੇਟੀ ਘਰਾਂ ਜਾਂ ਪੰਚਾਇਤਾਂ ਵਲੋਂ ਬਣਾਏ ਡੰਪਾਂ ਤੱਕ ਪੁੱਜਦਾ ਕਰੀਏ। ਖਾਲੀ ਪਏ ਪਲਾਟਾਂ ਵਿਚ ਮਾਲਕਾਂ ਨੂੰ ਦਰੱਖਤ ਲਾਉਣੇ ਚਾਹੀਦੇ ਹਨ। ਫ਼ਸਲਾਂ ਜਾਂ ਸਬਜ਼ੀਆਂ ਵੀ ਉਗਾਈਆਂ ਜਾ ਸਕਦੀਆਂ ਹਨ। ਸਾਂਝੇ ਪਏ ਖਾਲੀ ਪਲਾਟਾਂ ਨੂੰ ਪਾਰਕਾਂ ਦਾ ਰੂਪ ਦਿੱਤਾ ਜਾ ਸਕਦਾ ਹੈ। ਆਓ, ਆਪਣੇ ਫਰਜ਼ਾਂ ਨੂੰ ਵੀ ਪਛਾਣੀਏ ਤਾਂ ਕਿ ਨਰੋਆ ਤੇ ਸਿਹਤਮੰਦ ਸਮਾਜ ਸਿਰਜਿਆ ਜਾ ਸਕੇ।


-ਇੰਜ: ਰਛਪਾਲ ਸਿੰਘ ਚੱਨੂੰਵਾਲਾ
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।


ਆਜ਼ਾਦ ਮੁਲਕ ਦੇ ਗੁਲਾਮ

ਸਾਡੇ ਦੇਸ਼ ਨੂੰ ਆਜ਼ਾਦ ਹੋਇਆਂ ਅੱਜ 74 ਵਰ੍ਹੇ ਹੋ ਗਏ ਹਨ। ਫਿਰ ਵੀ ਬੇਰੁਜ਼ਗਾਰੀ, ਭ੍ਰਿਸ਼ਟਾਚਾਰੀ ਤੇ ਮਹਿੰਗਾਈ, ਰਿਸ਼ਵਤਖੋਰੀ ਲਗਾਤਾਰ ਵਧਦੀ ਜਾ ਰਹੀ ਹੈ। ਭਾਵੇਂ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਸਭ ਧਰਮਾਂ ਦੇ ਲੋਕਾਂ ਨੇ ਮਿਲ ਕੇ ਲੜੀ ਅਤੇ ਦੇਸ਼ ਨੂੰ ਆਜ਼ਾਦ ਕਰਵਾਇਆ ਪਰ ਅੱਜ ਕੁਝ ਦੇਸ਼ ਵਿਰੋਧੀ ਸ਼ਰਾਰਤੀ ਅਨਸਰ ਧਰਮਾਂ ਦੇ ਨਾਂਅ 'ਤੇ ਫ਼ਿਰਕਾਪ੍ਰਸਤੀ ਕਰਕੇ ਸਾਡਾ ਆਪਸੀ ਭਾਈਚਾਰਾ ਖ਼ਤਮ ਕਰਕੇ ਦੇਸ਼ ਨੂੰ ਵੱਡਣਾ ਚਾਹੁੰਦੇ ਹਨ। ਜਿਸ ਦੇਸ਼ ਦੇ ਨੌਜਵਾਨ ਬੇਰੁਜ਼ਗਾਰ ਹੋਣ, ਉਸ ਦਾ ਭਵਿੱਖ ਕੀ ਹੋਵੇਗਾ। ਲਗਾਤਾਰ ਵਧ ਰਹੀ ਮਹਿੰਗਾਈ ਗ਼ਰੀਬੀ ਖ਼ਤਮ ਨਹੀਂ ਕਰੇਗੀ, ਸਗੋਂ ਗ਼ਰੀਬ ਹੀ ਖ਼ਤਮ ਕਰ ਦੇਵੇਗੀ। ਅੱਜ ਜਿਸ ਤਰ੍ਹਾਂ ਦੀ ਸਥਿਤੀ ਸਾਡੇ ਦੇਸ਼ ਦੀ ਹੈ, ਇਸ ਤਰ੍ਹਾਂ ਲੱਗ ਰਿਹਾ ਹੈ ਕਿ ਅਸੀਂ ਆਜ਼ਾਦ ਮੁਲਕ 'ਚ ਰਹਿ ਕੇ ਵੀ ਗੁਲਾਮ ਹਾਂ।


-ਪ੍ਰਭਜੋਤ ਸਿੰਘ ਮਦਾਨ
ਤਾਜਪੁਰ ਰੋਡ, ਲੁਧਿਆਣਾ।


ਵਾਤਾਵਰਨ ਪ੍ਰਤੀ ਸੁਚੇਤ ਹੋਣਾ ਜ਼ਰੂਰੀ
ਸੰਯੁਕਤ ਰਾਸ਼ਟਰ ਦੀ ਕਮੇਟੀ ਵਿਚ ਸ਼ਾਮਿਲ ਵਿਗਿਆਨੀਆਂ ਵਲੋਂ ਵਾਤਾਵਰਨ ਸਬੰਧੀ ਤਾਜ਼ਾ ਰਿਪੋਰਟ ਵਿਚ ਦਿੱਤੀ ਗਈ ਚਿਤਾਵਨੀ ਮਨੁੱਖਤਾ ਨੂੰ ਆਉਣ ਵਾਲੇ ਭਿਅੰਕਰ ਖ਼ਤਰੇ ਬਾਰੇ ਸੁਚੇਤ ਕਰਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਗਰੀਨ ਹਾਊਸ ਗੈਸਾਂ ਦਾ ਪੱਧਰ ਵਾਤਾਵਰਨ ਵਿਚ ਇਸ ਹੱਦ ਤੱਕ ਵੱਧ ਚੁੱਕਾ ਹੈ ਕਿ ਦਹਾਕਿਆਂ ਤੱਕ ਜਲਵਾਯੂ ਵਿਚ ਤਬਦੀਲੀਆਂ ਲਿਆਉਣ ਲਈ ਕਾਫੀ ਹੈ। 'ਉਨ੍ਹਾਂ ਕਿਹਾ ਕਿ ਜਾਨਲੇਵਾ ਗਰਮੀ, ਜ਼ੋਰਦਾਰ ਤੂਫ਼ਾਨ ਤੇ ਮੌਸਮ ਵਿਚ ਹੋਰ ਸਖ਼ਤ ਤਬਦੀਲੀਆਂ, ਜੋ ਹੁਣ ਵਾਪਰ ਰਹੀਆਂ ਹਨ, ਇਹ ਅੱਗੇ ਜਾ ਕੇ ਹੋਰ ਖ਼ਤਰਨਾਕ ਹੋ ਜਾਣਗੀਆਂ।'
ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਹਿੰਦ ਮਹਾਂਸਾਗਰ ਹੋਰਨਾਂ ਸਾਗਰਾਂ ਨਾਲੋਂ ਜ਼ਿਆਦਾ ਤੇਜ਼ੀ ਨਾਲ ਗਰਮ ਹੋ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਭਾਰਤ ਵਿਚ ਗਰਮੀ ਵਧੇਗੀ ਤੇ ਹੋਰ ਹੜ੍ਹ ਆਉਣਗੇ। ਦਰਅਸਲ ਰਾਜਨੀਤਕ ਧਿਰਾਂ ਨੇ ਕਾਰਪੋਰੇਟਰਾਂ ਨਾਲ ਮਿਲ ਕੇ ਅਖੌਤੀ ਵਿਕਾਸ ਮਾਡਲ ਦੇ ਨਾਂਅ 'ਤੇ ਕੁਦਰਤੀ ਸੋਮਿਆਂ ਦੀ ਅੰਨ੍ਹੀ ਲੁੱਟ ਕੀਤੀ ਹੈ। ਇਹੀ ਕਾਰਨ ਹੈ ਕਿ ਅੱਜ ਕੁਦਰਤੀ ਤੂਫ਼ਾਨ, ਹੜ੍ਹ ਅਤੇ ਗਰਮੀ ਵਿਚ ਲਗਾਤਾਰ ਸਖ਼ਤ ਤਬਦੀਲੀਆਂ ਹੋ ਰਹੀਆਂ ਹਨ। ਅਜੇ ਵੀ ਸਮਾਂ ਹੈ ਕਿ ਅਸੀਂ ਕੁਦਰਤ ਨੂੰ ਬਚਾਉਣ ਪ੍ਰਤੀ ਸੁਚੇਤ ਹੋਈਏ ਅਤੇ ਅਜਿਹੀਆਂ ਸਰਕਾਰਾਂ ਚੁਣੀਏ ਜੋ ਕੁਦਰਤੀ ਪੱਖੀ ਵਾਤਾਵਰਨ ਉਸਾਰਨ ਵਿਚ ਸਹਾਈ ਹੋਣ।


-ਹਰਨੰਦ ਸਿੰਘ ਬੱਲਿਆਂਵਾਲਾ
ਤਰਨ ਤਾਰਨ।

25-08-2021

 ਅਫ਼ਗਾਨਿਸਤਾਨ 'ਤੇ ਤਾਲਿਬਾਨ ਦਾ ਕਬਜ਼ਾ

ਅੱਜ ਸਾਰਾ ਸੰਸਾਰ ਹੀ ਕਿਸੇ ਨਾ ਕਿਸੇ ਰੂਪ ਵਿਚ ਅੱਤਵਾਦ ਦੇ ਪ੍ਰਭਾਵ ਥੱਲੇ ਅੱਗੇ ਵਧ ਰਿਹਾ ਹੈ। ਤਾਲਿਬਾਨ ਵਲੋਂ ਅਫ਼ਗਾਨਿਸਤਾਨ 'ਤੇ ਕੀਤੇ ਕਬਜ਼ੇ ਨੇ ਕਈ ਦੇਸ਼ਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਅਫ਼ਗਾਨਿਸਤਾਨ ਭੂਗੋਲਿਕ ਪੱਖੋਂ ਬੜਾ ਅਮੀਰ ਅਤੇ ਸਮਾਜਿਕ ਪੱਖੋਂ ਬੜਾ ਗ਼ਰੀਬ ਅਤੇ ਪਛੜ ਚੁੱਕਾ ਦੇਣ ਬਣ ਗਿਆ ਹੈ। ਲਗਪਗ ਪਿਛਲੇ ਤੀਹ ਸਾਲਾਂ ਤੋਂ ਅਫ਼ਗਾਨਿਸਤਾਨ ਵਿਚ ਚੱਲ ਰਹੀ ਖਾਨਾਜੰਗੀ ਕਰਕੇ ਸੱਤਰ ਹਜ਼ਾਰ ਤੋਂ ਵਧੇਰੇ ਫ਼ੌਜੀ, ਪੰਜਾਹ ਹਜ਼ਾਰ ਤੋਂ ਵਧੇਰੇ ਨਾਗਰਿਕ ਅਤੇ ਏਨੇ ਕੁ ਹੀ ਅੱਤਵਾਦੀ ਮਾਰੇ ਗਏ ਹਨ। ਤੀਹ ਸਾਲਾਂ ਦੇ ਅਰਸੇ ਵਿਚੋਂ ਤਾਲਿਬਾਨਾਂ ਦੇ ਪੰਜ ਸਾਲੰ ਦੇ ਰਾਜ ਦੌਰਾਨ ਔਰਤਾਂ ਅਤੇ ਸ਼ਹਿਰੀ ਨਾਗਰਿਕ ਆਜ਼ਾਦੀ ਦਾ ਅੰਤ ਹੋ ਗਿਆ ਸੀ। ਤਾਹੀਉਂ ਨਾਦਰਸ਼ਾਹੀ ਫਰਮਾਨ ਤੋਂ ਬਾਅਦ ਤਾਲਿਬਾਨੀ ਫਰਮਾਨ ਸ਼ਬਦ ਆਮ ਮਸ਼ਹੂਰ ਹੋ ਗਿਆ ਹੈ।
ਹੁਣ ਪਾਕਿਸਤਾਨ, ਚੀਨ, ਰੂਸ, ਤੁਰਕੀ ਅਤੇ ਕੁਝ ਇਕ ਇਸਲਾਮੀ ਕੱਟੜਪੰਥੀ ਦੇਸ਼ ਤਾਲਿਬਾਨਾਂ ਦੇ ਕਬਜ਼ੇ ਨੂੰ ਸਹੀ ਠਹਿਰਾ ਰਹੇ ਹਨ। ਅਫ਼ਗਾਨਿਸਤਾਨ 'ਤੇ ਤਾਲਿਬਾਨਾਂ ਦੇ ਹੋਏ ਕਬਜ਼ੇ ਕਰਕੇ ਭਾਰਤ ਸਮੇਤ ਏਸ਼ੀਆ ਦੇ ਕਈ ਦੇਸ਼ਾਂ ਦੇ ਵਪਾਰ 'ਤੇ ਵੀ ਵੱਡੀ ਸੱਟ ਵੱਜੇਗੀ। ਸੱਚਮੁੱਚ ਅਫ਼ਗਾਨਿਸਤਾਨ ਵਿਚ ਲੋਕਤੰਤਰ ਦਾ ਕਤਲ ਹੋਇਆ ਹੈ।

-ਮਾ. ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿਸੀਲ ਪੱਟੀ, ਤਰਨ ਤਾਰਨ।

ਮੋਬਾਈਲ ਦੀ ਦੁਰਵਰਤੋਂ

ਮੋਬਾਈਲ ਦੀ ਬੇਲੋੜੀ ਵਰਤੋਂ ਤੇ ਗੇਮਾਂ ਖੇਡਣ ਦੀ ਦਲਦਲ ਵਿਚ ਨਵੀਂ ਪੀੜ੍ਹੀ ਪੂਰੀ ਤਰ੍ਹਾਂ ਫਸੀ ਹੋਈ ਹੈ। ਸਾਡੇ ਵੇਲੇ ਪਿੰਡ ਪੱਧਰ 'ਤੇ ਬੱਚੇ ਘਰੇਲੂ ਖੇਡਾਂ ਲੁਕਣਮੀਟੀ, ਖਿੱਦੋਖੂੰਡੀ, ਕੋਟਲਾ ਛਪਾਕੀ, ਛਟਾਪੂ, ਪਿੱਠੂ ਗਰਮ ਆਦਿ ਅਤੇ ਸਕੂਲ ਕਾਲਜ ਪੱਧਰ 'ਤੇ ਹਾਕੀ, ਫੁੱਟਬਾਲ, ਵਾਲੀਬਾਲ, ਕਬੱਡੀ ਆਦਿ ਖੇਡਾਂ ਖੇਡਦੇ ਸੀ ਤੇ ਤੰਦਰੁਸਤ ਰਹਿੰਦੇ ਸੀ। ਕੋਈ ਬਿਮਾਰੀ ਨੇੜੇ ਨਹੀਂ ਸੀ ਆਉਂਦੀ। ਹੁਣ ਨਸ਼ਿਆਂ, ਹਥਿਆਰਾਂ ਦੇ ਉੱਪਰ ਗਾਣੇ ਫ਼ਿਲਮਾ ਕੇ ਬਿਮਾਰ ਮਾਨਸਿਕਤਾ ਦਾ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਨੌਜਵਾਨ ਪੀੜ੍ਹੀ ਮਨੋਵਿਗਿਆਨਕ ਤੌਰ 'ਤੇ ਬਿਮਾਰ ਹੋ ਕੇ ਮੋਬਾਈਲ ਤੇ ਵੀਡੀਓ ਫ਼ਿਲਮਾਂ ਦੇਖ ਕੇ ਬਿਮਾਰ ਹੋ ਰਹੀ ਹੈ। ਅੱਖਾਂ 'ਤੇ ਅਸਰ ਪੈ ਰਿਹਾ ਹੈ ਜੋ ਚਿੰਤਾ ਦਾ ਵਿਸ਼ਾ ਹੈ। ਨੌਜਵਾਨ ਪੀੜ੍ਹੀ ਨੂੰ ਇਸ ਮਾਨਸਿਕ ਪੀੜਾ ਵਿਚੋਂ ਕੱਢਣ ਲਈ ਉਨ੍ਹਾਂ ਨੂੰ ਜਾਗਰੂਕ ਕਰਨਾ ਸਮੇਂ ਦੀ ਵੱਡੀ ਲੋੜ ਹੈ।

-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ।

ਮੁਫ਼ਤ ਦੇ ਐਲਾਨਾਂ ਦੀ ਬਾਰਿਸ਼

ਪੰਜਾਬ ਦੇ ਸਿਆਸੀ ਨੇਤਾ ਆਪਣੀ-ਆਪਣੀ ਸਰਕਾਰ ਆਉਣ 'ਤੇ ਦੂਜੇ ਪ੍ਰਾਂਤਾਂ ਨਾਲੋਂ ਵੱਧ ਮੁਫ਼ਤ ਚੀਜ਼ਾਂ ਵੰਡਣ ਦਾ ਐਲਾਨ ਕਰਦੇ ਆ ਰਹੇ ਹਨ। ਵੋਟਰਾਂ ਨੂੰ ਭਰਮਾ ਕੇ ਵੋਟਾਂ ਬਟੋਰ ਲੈਂਦੇ ਹਨ, ਪਿੱਛੋਂ ਆਪਣੇ ਵਾਅਦਿਆਂ ਨੂੰ ਅਣਗੌਲਿਆਂ ਕਰਦੇ ਹਨ। ਪਰ ਇਹ ਵੀ ਸੱਚ ਹੈ ਕਿ ਜਿਹੜੀਆਂ ਰਿਆਇਤਾਂ ਸਮਾਜ ਦੇ ਕਿਸੇ ਵਰਗ ਨੂੰ ਦਿੰਦੇ ਹਨ, ਉਨ੍ਹਾਂ ਰਿਆਇਤਾਂ 'ਤੇ ਕੀਤਾ ਖ਼ਰਚ ਦੂਜੇ ਲੋਕਾਂ ਤੋਂ ਖੋਹ ਲੈਂਦੇ ਹਨ। ਇਸ ਨਾਲ ਮੱਧ ਵਰਗ ਦੀ ਲੁੱਟ ਹੋ ਰਹੀ ਹੈ। ਕਿਉਂਕਿ ਇਨ੍ਹਾਂ ਨੂੰ ਕੋਈ ਵੀ ਰਿਆਇਤ ਨਹੀਂ ਮਿਲਦੀ ਪਰ ਹਰ ਤਰ੍ਹਾਂ ਦੇ ਟੈਕਸਾਂ ਦਾ ਅਸਿੱਧੇ ਤਰੀਕੇ ਰਾਹੀਂ ਬੋਝ ਪਾਇਆ ਜਾ ਰਿਹਾ ਹੈ।

-ਪ੍ਰਿੰ: ਕਰਤਾਰ ਸਿੰਘ ਬੇਰੀ
ਵਧੀਕ ਸਕੱਤਰ ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ, ਸ੍ਰੀ ਮੁਕਤਸਰ ਸਾਹਿਬ।

ਮਹਿੰਗਾ ਹਵਾਈ ਸਫ਼ਰ

ਅੱਜ ਜਿਥੇ ਜਨਤਾ ਕੋਰੋਨਾ ਦਾ ਸੰਤਾਪ ਭੁਗਤ ਰਹੀ ਹੈ, ਉਥੇ ਭਾਰੀ ਮਹਿੰਗੀ ਹਵਾਈ ਟਿਕਟ ਹੋਣ ਕਰਕੇ ਵੀ ਤਣਾਅ ਦੇ ਦੌਰ ਵਿਚੋਂ ਗੁਜ਼ਰ ਰਹੀ ਹੈ। ਵਿਦੇਸ਼ੀ ਮੁਲਕਾਂ ਵਲੋਂ ਕੋਰੋਨਾ ਕਰਕੇ ਸਿੱਧੀਆਂ ਉਡਾਣਾਂ 'ਤੇ ਪਾਬੰਦੀ ਲਗਾਈ ਗਈ ਹੈ। ਇਸ ਦਾ ਹਵਾਈ ਕੰਪਨੀਆਂ ਵਾਲੇ ਭਰਪੂਰ ਫਾਇਦਾ ਉਠਾ ਰਹੇ ਹਨ। 70-80 ਹਜ਼ਾਰ ਰੁਪਏ ਵਾਲੀ ਟਿਕਟ ਅੱਜ ਤਿੰਨ ਗੁਣਾ ਵਧਾ ਕੇ ਢਾਈ ਤੋਂ ਤਿੰਨ ਲੱਖ ਦੀ ਕਰ ਦਿੱਤੀ ਗਈ ਹੈ। ਅੱਜ ਪੰਜਾਬ ਦੇ ਬੱਚਿਆਂ ਵਿਚ ਵਿਦੇਸ਼ ਜਾਣ ਦੀ ਚਾਹਤ ਬਹੁਤ ਵਧ ਗਈ ਹੈ। ਮਾਂ-ਬਾਪ ਪਤਾ ਨਹੀਂ ਕਿੰਨੀਆਂ ਔਕੜਾਂ ਝੱਲ ਕੇ ਬੱਚਿਆਂ ਦੇ ਵਿਦੇਸ਼ ਜਾਣ ਲਈ 20-25 ਲੱਖ ਦਾ ਪ੍ਰਬੰਧ ਕਰਦੇ ਹਨ ਤੇ ਉੱਪਰੋਂ ਇਹ ਮਹਿੰਗੀ ਟਿਕਟ ਦੀ ਮਾਰ ਪੈ ਰਹੀ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਖੱਜਲ-ਖੁਆਰੀ ਹੋ ਰਹੀ ਹੈ ਉਹ ਅਲੱਗ।
ਸਿੱਧੀਆਂ ਉਡਾਣਾਂ ਬੰਦ ਕਰਨ ਦਾ ਵੱਡਾ ਕਾਰਨ ਸਾਡੇ ਦੇਸ਼ ਦੀ ਟੈਸਟ ਰਿਪੋਰਟਾਂ ਦੀ ਬੇਭਰੋਸੇਯੋਗਤਾ ਹੈ। ਅਸੀਂ ਪੈਸੇ ਦੇ ਜ਼ੋਰ 'ਤੇ ਜਾਅਲੀ ਰਿਪੋਰਟਾਂ ਬਣਾ ਕੇ ਆਪਣਾ ਭਰੋਸਾ ਖ਼ੁਦ ਤੋੜਿਆ ਹੈ। ਅਸਿੱਧੀਆਂ ਉਡਾਣਾਂ ਮੈਕਸੀਕੋ, ਯੂਕਰੇਨ, ਸਰਬੀਆ, ਦੁਬਈ ਆਦਿ ਮੁਲਕਾਂ ਵਿਚੋਂ ਦੀ ਹੋ ਕੇ ਜਾਂਦੀਆਂ ਹਨ। ਸਾਡੇ ਵਿਦੇਸ਼ ਮੰਤਰੀ ਅਤੇ ਕੇਂਦਰ ਸਰਕਾਰ ਨੂੰ ਜਲਦ ਹੀ ਇਹ ਮੁੱਦਾ ਉਠਾਉਣਾ ਚਾਹੀਦਾ ਹੈ। ਹੁਣ ਸਿੱਧੀਆਂ ਉਡਾਣਾਂ 21 ਸਤੰਬਰ ਤੱਕ ਬੰਦ ਕਰ ਦਿੱਤੀਆਂ ਗਾਈਆਂ ਹਨ। ਪਤਾ ਨਹੀਂ ਕਦੋਂ ਤੱਕ ਵਿਦਿਆਰਥੀਆਂ ਤੇ ਮਾਪਿਆਂ ਨੂੰ ਇਸ ਲੁੱਟ ਦਾ ਸ਼ਿਕਾਰ ਹੋਣਾ ਪਵੇਗਾ।

-ਬਲਵਿੰਦਰਜੀਤ ਕੌਰ
ਪਿੰਡ ਚੱਕਲਾਂ (ਰੋਪੜ)।

ਤਾਲਿਬਾਨ ਦਾ ਕਬਜ਼ਾ ਚਿੰਤਾ ਦਾ ਵਿਸ਼ਾ

ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜਾਂ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਲੜਾਕਿਆਂ ਨੇ ਬਹੁਤ ਤੇਜ਼ੀ ਨਾਲ, ਹਥਿਆਰਾਂ ਦੇ ਜ਼ੋਰ 'ਤੇ ਆਖਰ ਪੂਰੇ ਅਫ਼ਗਾਨਿਸਤਾਨ 'ਤੇ ਕਬਜ਼ਾ ਕਰ ਹੀ ਲਿਆ ਹੈ। ਅਫ਼ਗਾਨਿਸਤਾਨ 'ਤੇ ਕਬਜ਼ੇ ਤੋਂ ਬਾਅਦ ਤਾਲਿਬਾਨ ਕੱਟੜਵਾਦੀਆਂ ਦੇ ਹੌਸਲੇ ਬੁਲੰਦ ਹੋ ਗਏ ਹਨ ਅਤੇ ਹੁਣ ਇਹ ਆਪਣਾ ਦਬਾਅ ਵਧਾਉਣ ਲਈ ਆਸੇ-ਪਾਸੇ ਵੀ ਆਪਣੀਆਂ ਸਰਗਰਮੀਆਂ ਵਧਾਉਣਗੇ। ਪਾਕਿਸਤਾਨ ਸਮੇਤ ਕਈ ਗੁਆਂਢੀ ਮੁਲਕਾਂ ਨੇ ਤਾਲਿਬਾਨ ਦੇ ਕਬਜ਼ੇ ਨੂੰ ਜਾਇਜ਼ ਠਹਿਰਾਉਂਦਿਆਂ ਤਾਲਿਬਾਨ ਨਾਲ ਖੜ੍ਹਨ ਦੀ ਹਾਮੀ ਭਰੀ ਹੈ, ਜਿਸ ਨਾਲ ਇਨ੍ਹਾਂ ਦੇ ਹੌਸਲੇ ਹੋਰ ਵੀ ਬੁਲੰਦ ਹੋਣਗੇ ਅਤੇ ਆਪਣੀਆਂ ਕੱਟੜਵਾਦੀ ਸਰਗਰਮੀਆਂ ਨੂੰ ਅੰਜਾਮ ਦੇਣਗੇ। ਜਿਸ ਨਾਲ ਖਿੱਤੇ ਵਿਚ ਬਦਅਮਨੀ ਫੈਲਣ ਦਾ ਖਦਸ਼ਾ ਹੈ। ਤਾਲਿਬਾਨ ਦੀ ਸਫਲਤਾ ਨੂੰ ਦੇਖ ਦੇ ਦੁਨੀਆ ਭਰ ਦੇ ਹੋਰ ਕੱਟੜਵਾਦੀ ਸੰਗਠਨਾਂ ਨੂੰ ਵੀ ਬਲ ਮਿਲੇਗਾ। ਇਸ ਕਰਕੇ ਸਾਰੀ ਦੁਨੀਆ ਲਈ ਇਹ ਬਹੁਤ ਹੀ ਗੰਭੀਰ ਅਤੇ ਚਿੰਤਾ ਦਾ ਵਿਸ਼ਾ ਹੈ।

-ਜਸਵੀਰ ਸਿੰਘ ਭਲੂਰੀਆ
ਪਿੰਡ ਭਲੂਰ (ਮੋਗਾ)।

24-08-2021

 ਸ਼ੇਰ-ਏ-ਪੰਜਾਬ ਦਾ ਬੁੱਤ

ਬੀਤੇ ਦਿਨ ਜੋ ਸ਼ਰਾਰਤੀ ਅਨਸਰਾਂ ਵਲੋਂ ਲਾਹੌਰ ਦੇ ਸ਼ਾਹੀ ਕਿਲ੍ਹੇ ਵਿਚਲੀ ਸਿੱਖ ਗੈਲਰੀ ਦੇ ਬਾਹਰ ਸਥਾਪਤ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜਿਆ ਗਿਆ ਹੈ, ਇਹ ਬਹੁਤ ਹੀ ਘਿਨਾਉਣੀ ਹਰਕਤ ਤੇ ਮੰਦਭਾਗੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ। ਇਹ ਬੁੱਤ 2019 ਵਿਚ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਮੌਕੇ ਸਥਾਪਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਦੋ ਵਾਰ ਇਸ ਬੁੱਤ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ ਗਿਆ ਸੀ। ਇਹ ਕਾਰਵਾਈ ਪਾਕਿਸਤਾਨ ਵਿਚ ਸਿੱਖ ਮੁਸਲਿਮ ਭਾਈਚਾਰਕ ਸਾਂਝ ਨੂੰ ਤੋੜਨ ਦਾ ਯਤਨ ਹੈ।
ਪੂਰੀ ਦੁਨੀਆ ਨੂੰ ਪਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਅਜਿਹਾ ਸਿੱਖ ਰਾਜਾ ਸੀ, ਜਿਸ ਦੇ ਰਾਜ ਵਿਚ ਸਭ ਨੂੰ ਬਰਾਬਰੀ ਦਾ ਹੱਕ ਪ੍ਰਾਪਤ ਸੀ। ਉਨ੍ਹਾਂ ਵਲੋਂ ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ ਜਾਂਦਾ ਸੀ। ਉਨ੍ਹਾਂ ਦਾ ਸ਼ਾਸਨ ਗੁਰੂ ਸਾਹਿਬਾਨਾਂ ਦੇ ਮੂਲ ਸਿਧਾਂਤਾਂ 'ਤੇ ਆਧਾਰਿਤ ਸੀ, ਜਿਸ ਵਿਚ ਸਮਾਜਿਕ ਬਰਾਬਰੀ ਤੇ ਸਭ ਨੂੰ ਧਾਰਮਿਕ ਆਜ਼ਾਦੀ ਸੀ। ਬੁੱਤ ਤੋੜਨ ਵਾਲਿਆਂ ਨੇ ਸਿਰਫ਼ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਹੀ ਨਹੀਂ ਤੋੜਿਆ ਸਗੋਂ ਸਮੁੱਚੀ ਮਾਨਵਤਾ ਨੂੰ ਠੇਸ ਪਹੁੰਚਾਈ। ਪਾਕਿਸਤਾਨ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ ਤਾਂ ਕਿ ਭਵਿੱਖ ਵਿਚ ਕੋਈ ਇਹੋ ਜਿਹੀ ਘਿਨਾਉਣੀ ਹਰਕਤ ਨਾ ਕਰ ਸਕਣ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)।

ਸਿੱਖਿਆ ਦਾ ਉਦੇਸ਼

ਸਿੱਖਿਆ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਹੈ। ਸਿੱਖਿਆ ਦਾ ਖੇਤਰ ਸਿਰਫ਼ ਸਕੂਲਾਂ ਦੀ ਪੜ੍ਹਾਈ ਤੇ ਕਾਲਜਾਂ, ਯੂਨੀਵਰਸਿਟੀਆਂ ਦੀਆਂ ਡਿਗਰੀਆਂ ਤੱਕ ਹੀ ਸੀਮਤ ਨਹੀਂ ਸਗੋਂ ਇਸ ਤੋਂ ਵਧੇਰੇ ਹੈ। ਦਰਅਸਲ ਸਿਖਿਆ ਇਕ ਨਿਰੰਤਰ ਲਗਾਤਾਰ ਚੱਲਣ ਵਾਲੀ ਕਿਰਿਆ ਹੈ, ਮਨੁੱਖ ਹਰ ਰੋਜ਼ ਕੁਝ ਨਾ ਕੁਝ ਨਵਾਂ ਸਿਖਦਾ ਹੀ ਰਹਿੰਦਾ ਹੈ। ਜਨਮ ਤੋਂ ਲੈ ਕੇ ਬੁੱਢੇ ਹੋਣ ਜਾਂ ਮਰਨ ਤੱਕ ਸਾਰੇ ਅਨੁਭਵ ਤਜਰਬੇ, ਵਿਚਾਰ ਤੇ ਕਲਪਨਾਵਾਂ ਸਿੱਖਿਆ ਦੇ ਖੇਤਰ ਵਿਚ ਸ਼ਾਮਿਲ ਹੁੰਦੇ ਹਨ।
ਸਾਡੀ ਸਿੱਖਿਆ ਪ੍ਰਣਾਲੀ ਦੋਸ਼ਪੂਰਨ ਹੈ ਪ੍ਰੰਤੂ ਜੇਕਰ ਸਿੱਖਿਆ ਦਾ ਉਦੇਸ਼ ਮਨ ਵਿਚ ਕੀਤਾ ਜਾਵੇ ਤਾਂ ਸਿੱਖਿਆ ਪ੍ਰਣਾਲੀ ਦੇ ਵਧੇਰੇ ਦੋਸ਼ਾਂ ਨੂੰ ਦੂਰ ਕਰਨਾ ਸੰਭਵ ਹੈ। ਮਨੋਵਿਗਿਆਨੀਆਂ ਅਨੁਸਾਰ ਸਿੱਖਿਆ ਦਾ ਉਦੇਸ਼ ਵਿਦਿਆਰਥੀਆਂ ਦੇ ਵਿਹਾਰ ਨੂੰ ਸਮਝ ਕੇ ਉਸ ਵਿਹਾਰ ਵਿਚ ਅਜਿਹੇ ਪਰਿਵਰਤਨ ਜਾਂ ਤਬਦੀਲੀਆਂ ਕਰਨਾ ਹੁੰਦਾ ਹੈ, ਜਿਸ ਨਾਲ ਵਿਦਿਆਰਥੀ ਦਾ ਸਰਬਪੱਖੀ ਵਿਕਾਸ ਹੋ ਸਕੇ। ਵਿਦਿਆਰਥੀਆਂ ਕੁਸ਼ਲਤਾਵਾਂ ਅਤੇ ਸਮਰੱਥਾਵਾਂ ਨੂੰ ਸਮਝ ਕੇ ਢੁਕਵੇਂ ਰੁਜ਼ਗਾਰ ਲਈ ਯਤਨ ਕਰਨੇ ਸਿੱਖਿਆ ਦਾ ਉਦੇਸ਼ ਹੈ। ਇਸ ਤਰ੍ਹਾਂ ਵਿਹਾਰ ਵਿਚ ਸੋਧ ਕਰਨਾ ਤੇ ਛੁਪੇ ਗੁਣਾਂ ਅਨੁਸਾਰ ਕੰਮ ਦਾ ਪ੍ਰਬੰਧ ਕਰਨਾ ਸਿੱਖਿਆ ਦਾ ਉਦੇਸ਼ ਹੈ।

-ਬਿਹਾਲਾ ਸਿੰਘ
ਪਿੰਡ ਨੌਨੀਤਪੁਰ, ਤਹਿ: ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ।

ਦੇਸ਼ ਭਗਤੀ-ਰਾਸ਼ਟਰੀ ਮਾਣ

ਰਾਸ਼ਟਰੀ ਮਾਣ ਤੇ ਦੇਸ਼ ਭਗਤੀ ਇਹ ਦੋਵੇਂ ਇਕੋ ਸਿੱਕੇ ਦੇ ਦੋ ਪਹਿਲੂ ਹਨ। ਜਦ ਮਨੁੱਖ ਆਪਣੇ ਨਿੱਜੀ ਹਿੱਤਾਂ ਤੋਂ ਉੱਪਰ ਉਠ ਕੇ ਸਵਾਰਥ ਦੀ ਥਾਂ 'ਤੇ ਪਰਮਾਰਥ ਨੂੰ ਪਹਿਲ ਦਿੰਦਾ ਹੈ ਤਾਂ ਨਿਸ਼ਚੇ ਹੀ ਜੱਗ ਵਿਚ ਉਸ ਦੀ ਸ਼ੋਭਾ ਹੁੰਦੀ ਹੈ। ਕੁਝ ਇਹੋ ਜਿਹਾ ਵਰਤਾਰਾ ਹੀ ਸਰਦਾਰ ਭਗਤ ਸਿੰਘ ਤੇ ਉਸ ਦੇ ਕਾਬਲ ਸਾਥੀਆਂ ਨਾਲ ਹੀ ਵਰਤਿਆ, ਜਿਸ ਦੇ ਸਿੱਟੇ ਵਜੋਂ ਅੱਜ ਵੀ ਉਨ੍ਹਾਂ ਦਾ ਨਾਂਅ ਲੋਕਾਂ ਦੇ ਦਿਲ ਦਿਮਾਗ 'ਤੇ ਛਪਿਆ ਹੈ। ਦੇਸ਼ ਭਗਤੀ, ਆਤਮ ਸਮਰਪਣ ਮੰਗਦੀ ਹੈ ਜੋ ਆਪਣਾ-ਆਪ ਛੱਡ, ਸਮੁੱਚੀ ਮਾਨਵਤਾ ਦੇ ਕਲਿਆਣ ਦੀ ਭਾਵਨਾ ਦਾ ਪ੍ਰਚਾਰ ਕਰਦੀ ਹੈ। ਇਸ ਭਗਤੀ ਦਾ ਮਾਰਗ ਬਿਖੜਾ ਤੇ ਅਨੇਕਾਂ ਕਸ਼ਟਾਂ ਨਾਲ ਭਰਿਆ ਹੈ। ਜੇਕਰ ਸਾਫ਼-ਸਾਫ਼ ਕਿਹਾ ਜਾਵੇ ਤਾਂ ਇਹ ਆਪਣਾ ਆਪ ਮਿਟਾ ਕੇ ਦੂਸਰਿਆਂ ਦਾ ਕਾਰਜ ਰਾਸ ਕਰਨ ਦਾ ਪੈਂਡਾ ਹੈ। ਸੱਚੇ-ਸੁੱਚੇ ਹਿਰਦੇ ਵਾਲਾ ਵਿਅਕਤੀ ਲੋਕ ਪਰਲੋਕ ਹਰ ਥਾਂ 'ਤੇ ਆਪਣੀ ਸ਼ੋਭਾ ਤੇ ਮਾਣ ਖੱਟਦਾ ਹੈ।

-ਅਰਸ਼ਦੀਪ ਸਿੰਘ ਢੋਟੀਆਂ
ਨਿਸ਼ਾਨ-ਏ-ਸਿੱਖੀ, ਖਡੂਰ ਸਾਹਿਬ।

ਬੇਰੁਜ਼ਗਾਰੀ ਦਾ ਆਲਮ

ਬੇਰੁਜ਼ਗਾਰੀ ਦਾ ਆਲਮ ਪੰਜਾਬ 'ਚ ਉਸ ਸਮੇਂ ਹੋਰ ਡਰਾਉਣਾ ਮਹਿਸੂਸ ਹੋਇਆ ਜਦੋਂ ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ 1152 ਪਟਵਾਰੀਆਂ ਦੀ ਸਿੱਧੀ ਭਰਤੀ ਲਈ ਲਿਖਤੀ ਪ੍ਰੀਖਿਆ ਮੌਕੇ ਇਕ ਲੱਖ 71 ਹਜ਼ਾਰ ਤੋਂ ਵੀ ਵੱਧ ਉਮੀਦਵਾਰ ਇਮਤਿਹਾਨ ਦੇਣ ਲਈ ਪਹੁੰਚ ਗਏ। ਪਿਛਲੇ ਲੰਮੇ ਸਮੇਂ ਤੋਂ ਪੰਜਾਬ 'ਚ ਬੇਰੁਜ਼ਗਾਰੀ ਅਮਰਵੇਲ ਵਾਂਗ ਵਧਦੀ ਜਾ ਰਹੀ ਹੈ। ਜਿਸ ਦਾ ਕੋਈ ਵੀ ਢੁਕਵਾਂ ਹੱਲ ਕਿਸੇ ਵੀ ਸਰਕਾਰ ਵਲੋਂ ਨਹੀਂ ਕੱਢਿਆ ਜਾ ਸਕਿਆ। ਮੌਜੂਦਾ ਸਰਕਾਰ ਵੀ ਬੇਰੁਜ਼ਗਾਰੀ ਨੂੰ ਲੈ ਕੇ ਹਵਾ 'ਚ ਤਲਵਾਰਾਂ ਹੀ ਮਾਰ ਰਹੀ ਹੈ। ਜਦੋਂ ਤੱਕ ਪੰਜਾਬ ਦੇ ਹੁਕਮਰਾਨ ਪੰਜਾਬ ਪ੍ਰਤੀ ਸੁਹਿਰਦ ਸੋਚ ਨਹੀਂ ਅਪਣਾਉਂਦੇ ਉਦੋਂ ਤੱਕ ਪੰਜਾਬ ਦਾ ਕਿਸੇ ਵੀ ਪੱਖ ਤੋਂ ਸੁਧਾਰ ਨਹੀਂ ਹੋ ਸਕਦਾ।

-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।

ਸਿਆਸਤ ਅਤੇ ਅਪਰਾਧ

ਪਿਛਲੇ ਦਿਨੀਂ ਡਾ. ਬਰਜਿੰਦਰ ਸਿੰਘ ਹਮਦਰਦ ਹੁਰਾਂ ਨੇ ਆਪਣੇ ਸੰਪਾਦਕੀ ਸਫੇ 'ਤੇ ਭਾਰਤੀ ਸਿਆਸਤ ਵਿਚ ਆਏ ਅਪਰਾਧੀ ਕਿਸਮ ਦੇ ਲੋਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਲਗਪਗ ਡੇਢ ਸਾਲ ਪਹਿਲਾਂ ਸੁਪਰੀਮ ਕੋਰਟ ਵਲੋਂ ਆਦੇਸ਼ ਜਾਰੀ ਕੀਤਾ ਗਿਆ ਸੀ ਕਿ ਸਿਆਸਤ ਵਿਚ ਘੁਸਪੈਠ ਕਰ ਚੁੱਕੇ ਅਪਰਾਧੀ ਕਿਸਮ ਦੇ ਲੋਕਾਂ ਬਾਰੇ ਸਿਆਸੀ ਪਾਰਟੀਆਂ ਅਖ਼ਬਾਰਾਂ ਰਾਹੀਂ ਜਾਂ ਵੈੱਬਸਾਈਟਾਂ ਰਾਹੀਂ ਲੋਕਾਂ ਨੂੰ ਜਾਣਕਾਰੀ ਦੇਣ। ਪਰ ਅਫਸੋਸ ਦੀ ਗੱਲ ਕਿ ਕਿਸੇ ਵੀ ਸਿਆਸੀ ਪਾਰਟੀ ਨੇ ਆਪਣੇ ਅਪਰਾਧੀ ਉਮੀਦਵਾਰਾਂ ਬਾਰੇ ਜਾਣਕਾਰੀ ਜਨਤਕ ਨਹੀਂ ਕੀਤੀ। ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਵਿਚੋਂ 43 ਫੀਸਦੀ ਮੈਂਬਰ ਅਪਰਾਧਕ ਪਿਛੋਕੜ ਵਾਲੇ ਹਨ। ਅਜਿਹੇ ਸੰਸਦ ਮੈਂਬਰਾਂ ਤੋਂ ਲੋਕ ਪੱਖੀ ਕਾਨੂੰਨ ਘੜਨ ਦੀ ਕਿਵੇਂ ਆਸ ਕੀਤੀ ਜਾ ਸਕਦੀ ਹੈ। ਦੇਸ਼ ਵਿਚ ਸਿਹਤਮੰਦ ਅਤੇ ਜਨਤਕ ਕਦਰਾਂ-ਕੀਮਤਾਂ ਨੂੰ ਬਚਾਉਣ ਲਈ ਸਿਆਸਤ ਵਿਚ ਬੈਠੇ ਅਜਿਹੇ ਅਪਰਾਧਕ ਬਿਰਤੀ ਵਾਲੇ ਮੈਂਬਰਾਂ ਨੂੰ ਨੱਥ ਪਾਉਣ ਲਈ ਜਨਤਕ ਕੀਤਾ ਜਾਣਾ ਅਤਿ ਜ਼ਰੂਰੀ ਹੈ।

-ਇੰਜ. ਰਛਪਾਲ ਸਿੰਘ ਚੱਨੂੰਵਾਲ
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।

ਸੇਵਾ

ਅੱਜ ਸੇਵਾ ਸ਼ਬਦ ਤੋਂ ਨਫਰਤ ਜਿਹੀ ਹੋਣ ਲੱਗ ਪਈ ਹੈ। ਹਰ ਕੋਈ ਸੇਵਾ ਤਾਂ ਕਰਨੀ ਚਾਹੁੰਦੈ ਪਰ ਆਪਣਿਆਂ ਦੀ ਨਹੀਂ, ਦੂਜੇ ਦੀ ਜ਼ਰ ਦੀ, ਦੂਜੇ ਦੀ ਜ਼ਮੀਨ ਤੇ ਅਤੇ ਦੂਜੇ ਦੀ ਜ਼ੋਰੂ ਦੀ। ਆਪਣੀਆਂ ਸਾਰੀਆਂ ਚੀਜ਼ਾਂ ਆਪਣੇ ਘਰੇ ਰੱਖਦਾ ਸੱਤ ਜਿੰਦਿਆਂ ਅੰਦਰ।

-ਲਲਿਤ ਚੌਧਰੀ
2-ਜ਼ੈੱਡ, ਨੰਗਲ।

23-08-2021

 ਮੁਫ਼ਤਖੋਰੀ ਤੇ ਪੰਜਾਬ
ਸੰਪਾਦਕੀ ਲੇਖਾਂ ਵਿਚ ਹਰਜਿੰਦਰ ਸਿੰਘ ਲਾਲ ਦਾ ਲੇਖ 'ਮੁਫ਼ਤਖੋਰੀ ਨੇ ਪੰਜਾਬ ਨੂੰ ਕੀਤਾ ਕੰਗਾਲ' ਤਲਖ਼ ਹਕੀਕਤਾਂ ਨੂੰ ਬਿਆਨ ਕਰਦਾ ਸਲਾਹੁਣਯੋਗ ਲੇਖ ਸੀ। ਸਾਰੀਆਂ ਰਾਜਨੀਤਕ ਪਾਰਟੀਆਂ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਣ ਲਈ ਕਿਵੇਂ ਮੁਫ਼ਤਖੋਰੀ ਦੇ ਨਾਂਅ 'ਤੇ ਪੰਜਾਬ ਸਿਰ ਵੱਡੀ ਕਰਜ਼ੇ ਦੀ ਪੰਡ ਆਏ ਦਿਨ ਚਾੜ੍ਹ ਰਹੀਆਂ ਹਨ। ਪੰਜਾਬ ਵਿਚ ਇਸ ਵੇਲੇ ਖੇਤੀ ਉਤਪਾਦਨ 27 ਫ਼ੀਸਦੀ ਅਤੇ ਉਦਯੋਗਿਕ ਉਤਪਾਦਨ 24 ਫ਼ੀਸਦੀ ਹੈ ਜੋ ਕਿ ਪੰਜਾਬ ਦੀ ਬਰਬਾਦੀ ਅਤੇ ਉਸ ਦੇ ਹਾਕਮਾਂ ਦੀ ਨਾਅਹਿਲੀਅਤ ਦੀ ਮਿਸਾਲ ਹੈ। ਸਾਡੇ ਸਿਆਸਤਦਾਨ ਚਾਹੇ ਉਹ ਰਾਜ ਕਰ ਰਹੇ ਹਨ ਜਾਂ ਰਾਜ ਕਰਨ ਦੇ ਦਾਅਵੇਦਾਰ ਹਨ, ਪੰਜਾਬ ਦੀ ਏਨੀ ਖਰਾਬ ਆਰਥਿਕ ਦਸ਼ਾ ਸੁਧਾਰਨ ਲਈ ਕੋਈ ਠੋਸ ਪ੍ਰੋਗਰਾਮ ਦੇਣ ਦੀ ਬਜਾਏ ਸਿਰਫ਼ ਹੋਰ ਮੁਫ਼ਤ ਚੀਜ਼ਾਂ ਦਾ ਲਾਲਚ ਦੇ ਕੇ ਹੀ ਚੋਣਾਂ ਜਿੱਤਣਾ ਚਾਹੁੰਦੇ ਹਨ। ਸਾਡੇ ਨੌਜਵਾਨ ਚੰਗੇ ਭਵਿੱਖ ਦੀ ਆਸ ਵਿਚ ਵਿਦੇਸ਼ਾਂ ਨੂੰ ਦੌੜ ਰਹੇ ਹਨ ਤੇ ਸਾਡੇ ਨੇਤਾ ਚੰਗੀਆਂ ਨੀਤੀਆਂ ਉਲੀਕਣ ਦੀ ਬਜਾਏ ਇਹ ਪੇਸ਼ਕਸ਼ ਕਰ ਰਹੇ ਹਨ ਕਿ ਬਾਹਰ ਜਾ ਕੇ ਪੜ੍ਹਨ ਲਈ ਦਸ ਲੱਖ ਰੁਪਏ ਦਾ ਕਰਜ਼ਾ ਬਿਨਾਂ ਵਿਆਜ਼ ਦਿੱਤਾ ਜਾਵੇਗਾ, ਕਿਸੇ ਵੀ ਰਾਜਨੀਤਕ ਪਾਰਟੀ ਕੋਲ ਇਹ ਪ੍ਰੋਗਰਾਮ ਨਹੀਂ ਕਿ ਪੰਜਾਬ ਨੂੰ ਪੈਰਾਂ ਸਿਰ ਕਰਨ ਲਈ ਇਸ ਦੇ ਉਦਯੋਗਿਕ ਖੇਤਰ ਨੂੰ ਕਿਵੇਂ ਵੱਡੀ ਪੱਧਰ 'ਤੇ ਵਿਕਸਤ ਕਰਨਾ ਹੈ।


-ਮਾ. ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿਸੀਲ ਪੱਟੀ, ਤਰਨ ਤਾਰਨ।


ਸਾਵਧਾਨੀ ਜ਼ਰੂਰੀ ਹੈ
ਕੋਰੋਨਾ ਦੀ ਤੀਜੀ ਲਹਿਰ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਸਾਵਧਾਨੀ ਜ਼ਰੂਰ ਵਰਤੀ ਜਾਵੇ। ਕੋਵਿਡ-19 ਨਿਯਮਾਂ ਦੀ ਪਾਲਣਾ ਸਖਤੀ ਨਾਲ ਕੀਤੀ ਜਾਵੇ ਤਾਂ ਜੋ ਅਸੀਂ ਇਸ ਮਹਾਂਮਾਰੀ ਤੋਂ ਬਚ ਸਕੀਏ। ਇਸ ਲਈ ਜ਼ਰੂਰੀ ਸਾਵਧਾਨੀਆਂ ਵਰਤੀਆਂ ਜਾਣ, ਇਸੇ ਵਿਚ ਹੀ ਸਾਡੀ ਸਭ ਦੀ ਭਲਾਈ ਹੈ।


-ਸੇਵਾ ਰਾਮ ਸਿੰਗਲਾ
ਸਮਾਜ ਸੇਵਕ, ਮਾਡਲ ਟਾਊਨ ਫੇਜ-2, ਬਠਿੰਡਾ।


ਚਿੱਟਾ ਹੋ ਗਿਆ ਲਹੂ
ਕਈ ਸਾਲ ਪਹਿਲਾਂ, ਨਾਮਵਰ ਗਾਇਕ ਸਵਰਗੀ ਲਾਲ ਚੰਦ ਯਮਲਾ ਜੱਟ ਨੇ ਉਸ ਵਕਤ ਦੇ ਹਾਲਾਤ ਨੂੰ ਮੁੱਖ ਰੱਖਦੇ ਹੋਏ ਆਪਣੀ ਤੂੰਬੀ ਨਾਲ 'ਚਿੱਟਾ ਹੋ ਗਿਆ ਲਹੂ ਭਾਰਵੋ, ਚਿੱਟਾ ਹੋ ਗਿਆ ਲਹੂ...' ਗੀਤ ਗਾਇਆ ਸੀ ਪ੍ਰੰਤੂ ਹੁਣ ਤਾਂ ਚਿੱਟੇ ਹੋਣ ਦੇ ਨਾਲ-ਨਾਲ ਲਹੂ ਜ਼ਹਿਰੀਲਾ, ਮਤਲਬਖੋਰ ਤੇ ਵਿਸ਼ਵਾਸ਼ਘਾਤੀ ਵੀ ਹੋ ਗਿਆ ਹੈ। ਅਕਸਰ ਖ਼ਬਰਾਂ ਛਪਦੀਆਂ ਰਹਿੰਦੀਆਂ ਹਨ ਕਿ ਜ਼ਮੀਨ ਵੱਟ ਦੇ ਝਗੜੇ ਨੂੰ ਲੈ ਕੇ ਭਰਾ ਆਪਣੇ ਸਕੇ ਭਰਾ ਨੂੰ ਕਤਲ ਕਰ ਰਿਹਾ ਹੈ, ਪੁੱਤਰ ਆਪਣੇ ਪਿਓ ਨੂੰ ਮਾਰ ਰਿਹਾ ਹੈ, ਨਸ਼ੇੜੀ ਪੁੱਤਰ ਮਾਂ ਦਾ ਕਤਲ ਕਰ ਰਿਹਾ ਹੈ, ਮਾਂ ਵਲੋਂ ਆਪਣੇ ਮਾਸੂਮ ਬੱਚਿਆਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾਹੈ, ਪਤਨੀ ਆਪਣੇ ਪ੍ਰੇਮੀ ਨਾਲ ਰਲ ਕੇ ਪਤੀ ਦਾ ਕਤਲ ਕਰਵਾ ਰਹੀ ਹੈ, ਲੁੱਟਾਂ-ਖੋਹਾਂ ਕਰਨ ਵਾਲੇ ਘਰ ਵਿਚ ਵੜ ਕੇ ਲੁੱਟਾਂ ਕਰਕੇ ਕਤਲ ਕਰਕੇ ਫਰਾਰ ਹੋ ਜਾਂਦੇ ਹਨ। ਮਾਮੂਲੀ ਜਿਹੇ ਤਕਰਾਰ ਤੋਂ ਬਾਅਦ ਬੰਦੇ ਨੂੰ ਕਤਲ ਕਰ ਦਿੱਤਾ ਜਾਂਦਾ ਹੈ। ਸੋ, ਸਮਾਜ ਦੇ ਲੋਕੋ, ਰਿਸ਼ਤਿਆਂ ਦੀ ਕਦਰ ਕਰਦੇ ਹੋਏ ਘੱਟੋ-ਘੱਟ ਸਕੇ ਭੈਣ, ਭਰਾਓ, ਧੀਓ, ਪੁੱਤਰੋ ਆਪਣੇ ਲਹੂ ਨੂੰ ਸਫੈਦ, ਜ਼ਹਿਰੀਲਾ, ਮਤਲਬਖੋਰ ਤੇ ਵਿਸਵਾਸ਼ਘਾਤੀ ਨਾ ਹੋਣ ਦਿਓ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ।


ਟੋਕੀਓ ਉਲੰਪਿਕ ਖੇਡਾਂ
'ਅਜੀਤ' ਦੇ 11 ਅਗਸਤ ਦੇ ਖੇਡ ਅੰਕ ਵਿਚ ਪ੍ਰੋ. ਪਰਮਜੀਤ ਸਿੰਘ ਰੰਧਾਵਾ ਦਾ ਲੇਖ 'ਹਾਕੀ ਦੇ ਮੁੜ ਸੁਰਜੀਤ ਹੋਣ ਦਾ ਸਬੱਬ' ਲੇਖ ਬਹੁਤ ਜਾਣਕਾਰੀ ਭਰਪੂਰ ਤੇ ਉਤਸ਼ਾਹ ਵਧਾਊ ਸੀ, ਜਿਸ ਵਿਚ ਟੋਕੀਓ ਉਲੰਪਿਕ ਵਿਚ ਕਾਂਸੀ ਦਾ ਤਗਮਾ ਜਿੱਤ ਹਾਕੀ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਵਾਲੀ ਭਾਰਤੀ ਟੀਮ ਦੇ ਕੱਲੇ-ਕੱਲੇ ਖਿਡਾਰੀ ਦੀ ਖੇਡ ਬਾਰੇ ਬਾਰੀਕੀ ਨਾਲ ਜਾਣਕਾਰੀ ਦਿੱਤੀ ਗਈ ਸੀ, ਉਥੇ ਭਾਰਤੀ ਕੁੜੀਆਂ ਦੀ ਹਾਕੀ ਟੀਮ ਵਲੋਂ ਕੀਤੇ ਸ਼ਾਨਦਾਰ ਪ੍ਰਦਰਸ਼ਨ ਬਾਰੇ ਸੋਹਣਾ ਲਿਖਿਆ। ਉਲੰਪਿਕ ਵਿਚ ਭਾਰਤੀ ਮਹਿਲਾ ਖਿਡਾਰਨ ਦਾ ਦਬਦਬਾ ਅਤੇ ਹੋਰਾਂ ਖਿਡਾਰੀਆਂ ਬਾਰੇ ਜਾਣਕਾਰੀ ਬਹੁਤ ਵਧੀਆ ਲੱਗੀ। ਜਤਿੰਦਰ ਸਾਬੀ ਦਾ ਲੇਖ 'ਟੋਕੀਓ ਉਲੰਪਿਕ ਤੋਂ ਭਾਰਤੀ ਖੇਡਾਂ ਦੇ ਨਵੇਂ ਯੁੱਗ ਦੀ ਸ਼ੁਰੂਆਤ' ਉਲੰਪਿਕ ਵਿਚ ਤਗਮਾ ਜਿੱਤਣ ਵਾਲੇ ਹਰ ਖਿਡਾਰੀ ਬਾਰੇ ਸੰਖੇਪ ਜਾਣਕਾਰੀ ਬੇਹੱਦ ਮਹੱਤਵਪੂਰਨ ਲੇਖ ਸੀ, ਜਿਸ ਰਾਹੀਂ ਥੋੜ੍ਹੇ ਸ਼ਬਦਾਂ ਵਿਚ ਸਾਬੀ ਨੇ ਭਰਪੂਰ ਜਾਣਕਾਰੀ ਦਿੱਤੀ। ਭਾਰਤੀ ਹਾਕੀ ਟੀਮ (ਮਹਿਲਾ) ਦੀ ਜਿੰਦਜਾਨ ਵੰਦਨਾ ਕਟਾਰੀਆ ਬਾਰੇ ਪ੍ਰੋ: ਜਤਿੰਦਰਬੀਰ ਸਿੰਘ ਨੰਦਾ ਨੇ ਭਰਪੂਰ ਜਾਣਕਾਰੀ ਦਿੱਤੀ। ਪਰ ਸਾਡੇ ਦੇਸ਼ ਦੇ ਕੁਝ ਤੰਗਦਿਲ ਲੋਕਾਂ ਵਲੋਂ ਵੰਦਨਾ ਕਟਾਰੀਆ ਦੇ ਘਰ ਮੂਹਰੇ ਪ੍ਰਦਰਸ਼ਨ ਕਰਨੇ ਅਤੇ ਘਟੀਆ ਸ਼ਬਦਾਵਲੀ ਵਰਤਣੀ ਕਿਸੇ ਖਿਡਾਰੀ ਦਾ ਹੀ ਨਹੀਂ ਸਗੋਂ ਸਮੁੱਚੇ ਖੇਡ ਜਗਤ ਦਾ ਅਪਮਾਨ ਹੈ, ਇਸ ਰੁਝਾਨ ਨੂੰ ਠੱਲ੍ਹ ਪਾਉਣ ਦੀ ਜ਼ਰੂਰਤ ਹੈ। ਜਿਥੇ ਉਲੰਪਿਕ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਵਧਾਈ ਦੇ ਹੱਕਦਾਰ ਹਨ, ਉਥੇ ਅਦਾਰਾ 'ਅਜੀਤ' ਵਲੋਂ ਇਨ੍ਹਾਂ ਖਿਡਾਰੀਆਂ ਸਬੰਧੀ ਦਿੱਤੀ ਜਾਣਕਾਰੀ ਕਾਬਲ-ਏ-ਤਾਰੀਫ਼ ਹੈ ਅਤੇ ਇਹ ਖੇਡ ਅੰਕ ਸਾਂਭਣਯੋਗ ਹੈ।


-ਲਖਵੀਰ ਸਿੰਘ ਕੋਮਲ
ਆਲਮਵਾਲਾ ਕਲਾਂ (ਮੋਗਾ)।


ਸੇਵਾ ਕੇਦਰਾਂ 'ਚ ਹੁੰਦੀ ਖੱਜਲ-ਖੁਆਰੀ
ਹਰ ਇਕ ਸਰਕਾਰੀ ਕਾਗਜ਼-ਪੱਤਰ, ਚਾਹੇ ਅਧਾਰ ਕਾਰਡ, ਵੋਟ ਕਾਰਡ, ਵਿਦੇਸ਼ ਜਾਣ ਵਾਸਤੇ ਜਾਂ ਸਕੂਲ ਦੇ ਜ਼ਰੂਰੀ ਕਾਗਜ਼ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਸੇਵਾ ਕੇਂਦਰਾਂ (ਸੁਵਿਧਾ ਕੇਂਦਰ) ਵਿਚ ਜਾਣਾ ਪੈਂਦਾ ਹੈ। ਸੇਵਾ ਕੇਂਦਰ ਇਕ ਤੇ ਜਿਸ ਨੂੰ ਬਹੁਤੇ ਪਿੰਡ, ਸ਼ਹਿਰ ਪੈਣ ਕਰਕੇ ਭੀੜ ਹੋਣੀ ਸੁਭਾਵਿਕ ਹੈ। ਜਿਥੇ ਬਹੁਤਾ ਸਮਾਂ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ। ਪਹਿਲਾਂ ਟੋਕਨ ਲੈਣਾ, ਫਿਰ ਕਾਗਜ਼ ਜਮ੍ਹਾਂ ਕਰਵਾਉਣ ਲਈ ਆਪਣੀ ਵਾਰੀ ਦੀ ਉਡੀਕ ਕਰਨੀ, ਜਿਥੇ ਸਾਰੀ ਦਿਹਾੜੀ ਲੰਘ ਜਾਂਦੀ ਹੈ। ਕਾਗਜ਼ਾਂ ਦੀ ਬਾਰੀਕੀ ਨਾਲ ਜਾਂਚ ਪੜਤਾਲ ਕਰਨੀ, ਜਿਸ 'ਤੇ ਮੁਲਾਜ਼ਮਾਂ ਨੂੰ ਵੀ ਬੜੀ ਮੁਸ਼ੱਕਤ ਕਰਨੀ ਪੈਂਦੀ ਹੈ। ਕਈ ਵਾਰੀ ਕਾਗਜ਼ਾਂ 'ਚ ਕੋਈ ਘਾਟ ਰਹਿ ਜਾਣ 'ਤੇ ਉਨ੍ਹਾਂ ਦੀ ਦੁਬਾਰਾ ਫੇਰ ਸੁਧਾਈ ਕਰਵਾਉਣੀ ਪੈਂਦੀ ਹੈ। ਜਿਸ 'ਤੇ ਪ੍ਰੇਸ਼ਾਨੀ ਹੋਰ ਵੀ ਵਧ ਜਾਂਦੀ ਹੈ। ਜਿਥੇ ਆਮ ਬੰਦੇ ਦਾ ਕੀਮਤੀ ਸਮਾਂ ਖਰਾਬ ਹੁੰਦਾ ਹੈ, ਉਥੇ ਮਿਹਨਤੀ ਬੰਦੇ ਦੀ ਦਿਹਾੜੀ ਵੀ ਗੁੱਲ ਹੋ ਜਾਂਦੀ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਜੋ ਪਿੰਡਾਂ ਵਿਚ ਲੱਖਾਂ ਰੁਪਏ ਖਰਚ ਕਰਕੇ ਸੇਵਾ ਕੇਂਦਰ ਬਣਾਏ ਗਏ ਹਨ, ਉਨ੍ਹਾਂ ਨੂੰ ਵਰਤੋਂ ਵਿਚ ਲਿਆਂਦਾ ਜਾਵੇ, ਨਾਲੇ ਸਮੇਂ ਦੀ ਬੱਚਤ ਨਾਲੇ ਲੋਕਾਂ ਦੀ ਪ੍ਰੇਸ਼ਾਨੀ ਦੂਰ ਹੋਵੇ। ਕਿਉਂਕਿ ਉਹ ਸੇਵਾ ਕੇਂਦਰ ਚਾਲੂ ਕੀਤੇ ਜਾਂਦੇ, ਨਾਲੇ ਬੇਰੁਜ਼ਗਾਰਾਂ ਲਈ ਰੁਜ਼ਗਾਰ ਦਾ ਸਾਧਨ ਬਣਨ ਤੇ ਹਰੇਕ ਦਾ ਕੰਮ ਸੌਖਾ ਤੇ ਛੇਤੀ ਨੇੜੇ ਹੋ ਜਾਵੇ। ਆਸ ਹੈ ਕਿ ਸਾਡੀਆਂ ਸਰਕਾਰਾਂ ਇਨ੍ਹਾਂ ਗੱਲਾਂ ਵੱਲ ਉਚੇਚਾ ਧਿਆਨ ਦੇਣਗੀਆਂ ਤਾਂ ਆਮ ਲੋਕਾਂ ਨੂੰ ਪ੍ਰਸ਼ਾਨੀ ਤੋਂ ਬਚਾਇਆ ਜਾਵੇ।


-ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ, ਮੋਗਾ।


ਵਧ ਰਹੇ ਅਪਰਾਧ ਚਿੰਤਾ ਦਾ ਵਿਸ਼ਾ
ਅਜੋਕੇ ਸਮੇਂ ਅਪਰਾਧਕ ਮਾਮਲਿਆਂ ਵਿਚ ਲਗਾਤਾਰ ਵਾਧਾ ਚਿੰਤਾ ਦਾ ਵਿਸ਼ਾ ਹੈ। ਹਰ ਰੋਜ਼ ਚੋਰੀ, ਡਾਕੇ, ਕਤਲ ਤੇ ਝਪਟਮਾਰਾਂ ਦੀਆਂ ਖ਼ਬਰਾਂ ਆਮ ਹੋ ਗਈਆਂ ਹਨ। ਇਹ ਅਪਰਾਧੀ ਬਿਨਾਂ ਕਿਸੇ ਡਰ ਤੋਂ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਇਨ੍ਹਾਂ ਦੁਰਘਟਨਾਵਾਂ ਤੋਂ ਬਚਣ ਲਈ ਸਾਨੂੰ ਸਾਰਿਆਂ ਨੂੰ ਹੀ ਸੁਰੱਖਿਅਤ ਕਦਮ ਚੁੱਕਣ ਦੀ ਲੋੜ ਹੈ। ਬਿਨਾਂ ਵਜ੍ਹਾ ਚੀਜ਼ਾਂ ਦਾ ਦਿਖਾਵਾ ਕਰਨ ਤੋਂ ਪ੍ਰਹੇਜ਼ ਰੱਖਣ ਦੀ ਲੋੜ ਹੈ। ਬਾਜ਼ਾਰਾਂ ਜਾਂ ਭੀੜ ਵਾਲੀਆਂ ਥਾਵਾਂ 'ਤੇ ਅਸੀਂ ਆਪਣੇ ਗਹਿਣੇ ਤੇ ਨਕਦੀ ਸੁਰੱਖਿਅਤ ਨਾਲ ਸਾਂਭ ਸਕਦੇ ਹਾਂ। ਸਾਨੂੰ ਆਪਣੀਆਂ ਕਾਰਾਂ ਤੇ ਮੋਟਰਸਾਈਕਲ ਵਗੈਰਾ ਵੀ ਰਜਿਸਟਰਡ ਪਾਰਕਿੰਗ ਵਿਚ ਹੀ ਖੜ੍ਹਾ ਕਰਨਾ ਚਾਹੀਦਾ ਹੈ ਤਾਂ ਕਿ ਕੋਈ ਜ਼ਿੰਮੇਵਾਰੀ ਦੀ ਰਾਖੀ ਕਰ ਸਕੇ। ਇਨ੍ਹਾਂ ਛੋਟੇ-ਛੋਟੇ ਕਦਮਾਂ ਨਾਲ ਅਸੀਂ ਇਨ੍ਹਾਂ ਗੰਭੀਰ ਦੁਰਘਟਨਾਵਾਂ ਤੋਂ ਬਚ ਸਕਦੇ ਹਾਂ।


-ਅਰਵਿੰਦਰ ਸਿੰਘ ਰਾਏਕੋਟ

20-08-2021

 ਪਲਾਸਟਿਕ 'ਤੇ ਪਾਬੰਦੀ

ਪਲਾਸਟਿਕ ਦੀ ਵਰਤੋਂ ਪਿਛਲੇ ਦੋ ਦਹਾਕਿਆਂ ਤੋਂ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣ ਗਈ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪਲਾਸਟਿਕ ਉਦਯੋਗ ਦਾ ਸਾਡੀ ਅਰਥਵਿਵਸਥਾ ਵਿਚ ਬਹੁਤ ਵੱਡਾ ਯੋਗਦਾਨ ਹੈ ਪਰ ਇਸ ਦੀ ਕੀਮਤ ਸਾਡਾ ਵਾਤਾਵਰਨ ਭੁਗਤ ਰਿਹਾ ਹੈ। ਆਧੁਨਿਕ ਸੰਸਾਰ ਵਿਚ ਪਲਾਸਟਿਕ ਦੀ ਵਰਤੋਂ ਨਾ ਕਰਨਾ ਕਲਪਨਾ ਤੋਂ ਪਰ੍ਹੇ ਹੈ। ਇਸ ਦਾ ਨੁਕਸਾਨਦੇਹ ਪ੍ਰਭਾਵ ਸਾਰੀ ਦੁਨੀਆ ਵਿਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਹ ਦੂਜੀਆਂ ਵਸਤਾਂ ਵਾਂਗ ਘੁਲਦਾ ਨਹੀਂ। ਇਸ ਕਰਕੇ ਇਹ ਇਕ ਸਥਾਈ ਪ੍ਰਦੂਸ਼ਣ ਹੈ। ਕੁਦਰਤੀ ਬੈਕਟੀਰੀਆ ਸੂਖਸ਼ਮ ਜੀਵ ਵੀ ਇਸ ਨੂੰ ਖ਼ਤਮ ਕਰਨ ਵਿਚ ਸਹਾਇਕ ਨਹੀਂ। ਸਾਰੇ ਦੇਸ਼ ਵੱਖ-ਵੱਖ ਤਰ੍ਹਾਂ ਨਾਲ ਇਸ ਉੱਪਰ ਵਿਗਿਆਨਕ ਖੋਜ ਕਰ ਰਹੇ ਹਨ ਜੋ ਇਸ ਨੂੰ ਖ਼ਤਮ ਕਰਨ ਵਿਚ ਸਹਾਈ ਹੋਵੇ ਪਰ ਅਜੇ ਅਸੀਂ ਕਾਮਯਾਬੀ ਤੋਂ ਪਰ੍ਹੇ ਹਾਂ। ਪਲਾਸਟਿਕ ਦੀਆਂ ਕਈ ਕਿਸਮਾਂ ਤੇ ਏਨੀਆਂ ਖ਼ਤਰਨਾਕ ਹਨ ਜੋ ਕਿ ਕੈਂਸਰ ਦਾ ਕਾਰਨ ਬਣ ਰਹੀਆਂ ਹਨ। ਅਜਿਹੀ ਹੀ ਇਕ ਕਿਸਮ ਪੋਲੀਵਿਨਾਇਲ ਕਲੋਰਾਈਡ ਜਾਂ ਪੀ.ਵੀ.ਸੀ. ਹੈ। ਇਸ ਲਈ ਪਲਾਸਟਿਕ 'ਤੇ ਪਾਬੰਦੀ ਲਗਾਉਣੀ ਬਹੁਤ ਜ਼ਰੂਰੀ ਹੈ।

-ਅਰਮੀਤ ਕੌਰ

ਘਰ-ਘਰ ਰੁਜ਼ਗਾਰ

ਬੀਤੇ ਐਤਵਾਰ ਨੂੰ ਪਟਵਾਰੀਆਂ ਦੀ ਸਿੱਧੀ ਭਰਤੀ ਲਈ ਲਿਖਤੀ ਪ੍ਰੀਖਿਆ ਹੋਈ ਜੋ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਪ੍ਰੀਖਿਆ ਕੇਂਦਰਾਂ ਵਿਚ ਹੋਈ। ਇਸ ਲਿਖਤੀ ਪ੍ਰੀਖਿਆ ਵਿਚ ਬੇਰੁਜ਼ਗਾਰੀ ਦਾ ਆਲਮ ਦੇਖ ਲਓ ਕਿ ਸਿਰਫ 1152 ਅਸਾਮੀਆਂ ਲਈ ਇਕ ਲੱਖ 71 ਹਜ਼ਾਰ ਤੋਂ ਵੱਧ ਉਮੀਦਵਾਰਾਂ ਨੇ ਭਾਗ ਲਿਆ। ਆਪਣੇ ਪੰਜਾਬ ਵਿਚ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਸਮੇਂ ਦੀਆਂ ਸਰਕਾਰਾਂ ਨੂੰ ਗੰਭੀਰਤਾ ਨਾਲ ਸੋਚਣਾ ਪਵੇਗਾ ਨਹੀਂ ਤਾਂ ਆਪਣੇ ਪੰਜਾਬ ਨੂੰ ਬੇਰੁਜ਼ਗਾਰੀ ਦੀ ਸੂਚੀ ਵਿਚ ਨੰਬਰ ਇਕ ਬਣਨ ਤੋਂ ਕੋਈ ਨਹੀਂ ਰੋਕ ਸਕਦਾ।

-ਬਲਵਿੰਦਰ ਕੁਮਾਰ
ਗੁਰਦਾਸਪੁਰ।

ਖਾਦਾਂ ਦੀ ਕਿੱਲਤ

ਸਾਡੇ ਦੇਸ਼ ਦਾ ਅੰਨਦਾਤਾ ਅਖਵਾਉਣ ਵਾਲਾ ਕਿਸਾਨ ਜਿਥੇ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਆਪਣਾ ਘਰ-ਬਾਰ ਛੱਡ ਦਿੱਲੀ ਸੰਘਰਸ਼ ਵਿਚ ਪਿਛਲੇ ਲੰਮੇ ਸਮੇਂ ਤੋਂ ਨਿਰੰਤਰ ਘੋਲ ਘੁਲਦਾ ਆ ਰਿਹਾ ਹੈ, ਉਥੇ ਹੁਣ ਯੂਰੀਆ ਖਾਦ ਦੀ ਕਿੱਲਤ ਅਤੇ ਕਣਕ ਦੀ ਬਿਜਾਈ ਲਈ ਸਾਹਮਣੇ ਆ ਰਹੀ ਡੀ.ਏ.ਪੀ. ਖਾਦ ਦੀ ਘਾਟ ਨੂੰ ਲੈ ਕੇ ਵੱਡੀ ਪੱਧਰ 'ਤੇ ਪ੍ਰੇਸ਼ਾਨੀਆਂ ਵਿਚ ਘਿਰਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਮੌਕੇ ਯੂਰੀਆ ਖਾਦ ਨੂੰ ਹਾਸਲ ਕਰਨ ਲਈ ਤਰਲੋ ਮੱਛੀ ਹੋਇਆ ਫਿਰਦਾ ਹੈ ਅਤੇ ਕਣਕ ਦੀ ਬਿਜਾਈ ਦਾ ਸਮਾਂ ਅਜੇ ਤਿੰਨ ਮਹੀਨੇ ਤੱਕ ਆਉਣਾ ਹੈ ਪਰ ਇਹ ਅੱਜ ਹੀ ਡੀ.ਏ.ਪੀ. ਖਾਦ ਦਾ ਪ੍ਰਬੰਧ ਕਰਦਾ ਹੋਇਆ ਦੂਹਰੀ ਮਾਰ ਹੇਠ ਆ ਰਿਹਾ ਹੈ। ਦੂਜੇ ਪਾਸੇ ਸਬੰਧਿਤ ਵਿਭਾਗ ਅਤੇ ਸਾਡੇ ਜ਼ਿੰਮੇਵਾਰ ਹਾਕਮ ਇਨ੍ਹਾਂ ਕਿਸਾਨੀ ਲੋੜਾਂ ਨੂੰ ਅੱਖੋਂ ਪਰੋਖੇ ਕਰਦੇ ਹੋਏ ਕੁੰਭਕਰਨੀ ਨੀਂਦ ਸੁੱਤੇ ਪਏ ਨਜ਼ਰ ਆ ਰਹੇ ਹਨ। ਇਥੇ ਇਹੀ ਗੱਲ ਆਪਣੇ ਆਪ ਬੁੱਲ੍ਹਾਂ 'ਤੇ ਆ ਜਾਂਦੀ ਹੈ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ, ਕੀ ਬਣੂ ਦੁਨੀਆ ਦਾ...?

-ਨੰਬਰਦਾਰ ਐਸ. ਸ਼ਰਮਾ ਲੰਗੇਆਣਾ
ਪਿੰਡ ਲੰਗੇਆਣਾ ਪੁਰਾਣਾ (ਮੋਗਾ)।

ਉਲੰਪਿਕ ਖੇਡਾਂ

ਦੇਸ਼ ਦੇ ਵੱਖ-ਵੱਖ ਰਾਜਾਂ ਵਿਚੋਂ ਜਿਥੇ ਵੱਖ-ਵੱਖ ਖੇਡਾਂ ਵਿਚ ਖਿਡਾਰੀਆਂ ਨੇ ਮੱਲਾਂ ਮਾਰੀਆਂ ਹਨ ਤੇ ਦੇਸ਼ ਨੂੰ ਤਗਮੇ ਦਿਵਾਏ ਹਨ, ਉਥੇ ਹੀ ਉਲੰਪਿਕ ਖੇਡਾਂ ਵਿਚ ਕਾਂਸੀ ਤਗਮਾ ਜੇਤੂ ਭਾਰਤੀ ਹਾਕੀ ਟੀਮ ਵਿਚ ਜ਼ਿਆਦਾਤਰ ਖਿਡਾਰੀ ਪੰਜਾਬ ਦੇ ਹਨ ਜੋ ਕਿ ਪਿੰਡ ਪੱਧਰ ਦੀਆਂ ਅਤੇ ਨਾਮੀ ਅਕੈਡਮੀਆਂ ਵਿਚੋਂ ਕੋਚਿੰਗ ਲੈ ਕੇ ਉਲੰਪਿਕ ਤੱਕ ਪਹੁੰਚੇ ਹਨ। ਇਨ੍ਹਾਂ ਖਿਡਾਰੀਆਂ ਵਿਚ ਦੋ ਨਾਮੀ ਖਿਡਾਰੀ ਸਿਮਰਜੀਤ ਸਿੰਘ ਤੇ ਗੁਰਜੰਟ ਸਿੰਘ ਨੇ ਚੀਮਾ ਹਾਕੀ ਅਕੈਡਮੀ ਪਿੰਡ ਸ਼ਾਹਬਾਦ, ਬਟਾਲਾ ਤੋਂ ਮੁਢਲੀ ਕੋਚਿੰਗ ਲੈ ਕੇ ਤੇ ਵੱਖ-ਵੱਖ ਨਾਮੀ ਅਕੈਡਮੀਆਂ 'ਚੋਂ ਹੁਦੇ ਹੋਏ ਉਲੰਪਿਕ ਤੱਕ ਦਾ ਸਫਰ ਤੈਅ ਕੀਤਾ ਅਤੇ ਕਈ ਸਾਲਾਂ ਬਾਅਦ ਹਾਕੀ ਵਿਚ ਜਿੱਤ ਕੇ ਦੇਸ਼ ਦੀ ਝੋਲੀ ਪਾਇਆ। ਜਿਥੇ ਉਨ੍ਹਾਂ ਦੇਸ਼ ਦਾ ਝੰਡਾ ਉੱਚਾ ਕੀਤਾ, ਉਥੇ ਹੀ ਆਪਣੇ ਸਕੂਲ, ਕਾਲਜ, ਅਕੈਡਮੀ, ਮਾਂ-ਬਾਪ, ਰਿਸ਼ਤੇਦਾਰਾਂ, ਪਿੰਡ, ਸ਼ਹਿਰ ਦਾ ਨਾਂਅ ਰੋਸ਼ਨ ਕੀਤਾ। ਪਰਮਾਤਮਾ ਕਰੇ ਹਾਕੀ ਸਦਾ ਚੜ੍ਹਦੀ ਕਲਾ 'ਚ ਰਹੇ ਅਤੇ ਹਾਕੀ ਖਿਡਾਰੀ ਇਸੇ ਤਰ੍ਹਾਂ ਹੀ ਤਗਮੇ ਜਿੱਤਦੇ ਰਹਿਣ। ਸਰਕਾਰ ਨੂੰ ਵੀ ਹਾਕੀ ਨੂੰ ਪ੍ਰਫੁੱਲਿਤ ਕਰਨ ਲਈ ਜ਼ਮੀਨੀ ਪੱਧਰ 'ਤੇ ਉਪਰਾਲੇ ਕਰਨੇ ਚਾਹੀਦੇ ਹਨ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ।

ਰਾਜਨੀਤੀ ਬਨਾਮ ਆਮ ਤੇ ਗ਼ਰੀਬ ਲੋਕ

ਰਾਜਨੀਤੀ ਵਿਚ ਕਿਸੇ ਵੀ ਪਾਰਟੀ ਨੂੰ ਆਪਣੀ ਜਿੱਤ ਮੁੱਖ ਰੂਪ ਵਿਚ ਆਮ ਲੋਕਾਂ ਅਤੇ ਗ਼ਰੀਬਾਂ ਵਿਚ ਦਿਖਾਈ ਦਿੰਦੀ ਹੈ। ਸਾਰੀਆਂ ਰਾਜਨੀਤਕ ਪਾਰਟੀਆਂ ਅਤੇ ਚੋਣ ਮਨੋਰਥ ਪੱਤਰ ਵਿਚ ਆਮ ਲੋਕਾਂ ਅਤੇ ਗ਼ਰੀਬੀ ਰੇਖਾ ਵਿਚ ਆਉੇਂਦੇ ਪਰਿਵਾਰਾਂ ਨੂੰ ਉਨ੍ਹਾਂ ਦੀ ਮਰਜ਼ੀ ਪੁੱਛੇ ਬਿਨਾਂ ਵੱਧ ਤੋਂ ਵੱਧ ਲੋਕ ਲੁਭਾਊ ਵਾਅਦੇ ਅਤੇ ਸਹੂਲਤਾਂ ਦੇਣ ਤੋਂ ਵੀ ਪਿੱਛੇ ਨਹੀਂ ਹਟਦੀਆਂ। ਭੋਲੀ-ਭਾਲੀ ਜਨਤਾ ਅਜਿਹੀਆਂ ਪਾਰਟੀਆਂ ਦੇ ਪਿੱਛੇ ਲੱਗ ਕੇ ਉਸ ਪਾਰਟੀ ਨੂੰ ਬਹੁਮਤ ਨਾਲ ਜਿਤਾ ਕੇ ਰਾਜਭਾਗ ਦੀ ਭਾਗੀਦਾਰ ਬਣਾ ਦਿੰਦੀ ਹੈ। ਫਿਰ ਆਮ ਜਨਤਾ ਅਗਲੇ ਪੰਜ ਸਾਲਾਂ ਤੱਕ ਉਸ ਜਿੱਤੀ ਹੋਈ ਪਾਰਟੀ ਵੱਲ ਚੋਣਾਂ ਤੋਂ ਪਹਿਲਾਂ ਉਸ ਵਲੋਂ ਕੀਤੇ ਵਾਅਦੇ ਪੂਰੇ ਕਰਨ ਲਈ ਦੇਖਦੀ ਰਹਿੰਦੀ ਹੈ ਪਰ ਸੱਤਾ 'ਚ ਆਉਣ ਤੋਂ ਬਾਅਦ ਉਹ ਪਾਰਟੀ ਸਭ ਵਾਅਦੇ ਭੁੱਲ ਜਾਂਦੀ ਹੈ। ਹੁਣ ਆਮ ਲੋਕਾਂ ਅਤੇ ਗ਼ਰੀਬਾਂ ਦੇ ਗਹਿਰੀ ਨੀਂਦ ਤੋਂ ਜਾਗਣ ਦਾ ਸਮਾਂ ਹੈ ਤਾਂ ਜੋ ਸਹੀ ਰਾਜਨੀਤੀ ਦੇ ਮੂਲ ਸਿਧਾਂਤ ਅਨੁਸਾਰ ਮੌਕੇ ਦੀ ਸਰਕਾਰ (ਲੋਕਾਂ ਲਈ, ਲੋਕਾਂ ਦੁਆਰਾ ਅਤੇ ਲੋਕਾਂ ਦੀ ਸਰਕਾਰ) ਬਣਾਈ ਜਾ ਸਕੇ ਅਤੇ ਆਮ ਲੋਕ ਅਤੇ ਗ਼ਰੀਬੀ ਰੇਖਾ ਵਿਚ ਆਪਣਾ ਜੀਅ ਬਸਰ ਕਰ ਰਹੇ ਲੋਕ ਖੁਸ਼ਹਾਲ ਜ਼ਿੰਦਗੀ ਜਿਊਣ ਦਾ ਵਲ ਸਿੱਖ ਸਕਣ।

-ਬਲਵਿੰਦਰ ਕੁਮਾਰ
ਗੁਰਦਾਸਪੁਰ।

19-08-2021

 ਕਾਰਪੋਰੇਟ ਸੈਕਟਰਾਂ ਦੀ ਵਧਦੀ ਜਾ ਰਹੀ ਤਾਕਤ
ਪਿਛਲੇ ਕੁਝ ਵਰ੍ਹਿਆਂ ਤੋਂ ਕੇਂਦਰ ਸਰਕਾਰ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਲਗਾਤਾਰ ਕਰ ਰਹੀ ਹੈ। ਸਭ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਬੈਂਕਾਂ ਦਾ ਨਿੱਜੀਕਰਨ ਕੀਤਾ। ਬੈਂਕ ਕਰਮਚਾਰੀਆਂ ਨੇ ਹੜਤਾਲਾਂ ਵੀ ਕੀਤੀਆਂ। ਕੁਝ ਸਰਕਾਰੀ ਬੈਂਕਾਂ ਨੂੰ ਪ੍ਰਾਈਵੇਟ ਵਿਚ ਤਬਦੀਲ ਕਰ ਦਿੱਤਾ ਗਿਆ। ਅੱਗੇ ਸਰਕਾਰ ਕਹਿੰਦੀ ਹੈ ਕਿ ਕਿਸੇ ਵੀ ਮੁਲਾਜ਼ਮ ਦੀ ਨੌਕਰੀ ਨਹੀਂ ਜਾਏਗੀ। ਠੀਕ ਇਸੇ ਤਰ੍ਹਾਂ ਟੋਲ ਟੈਕਸਾਂ 'ਤੇ ਨੌਕਰੀ ਕਰਦੇ ਲੱਖਾਂ ਨੌਜਵਾਨਾਂ ਦਾ ਰੁਜ਼ਗਾਰ ਖੁੱਸਿਆ, ਜਿਸ ਦਾ ਕਾਰਨ ਫਾਸਟ ਟੈਗ ਸੁਵਿਧਾ ਸੀ। ਬੇਰੁਜ਼ਗਾਰੀ ਵਧ ਗਈ। ਹੌਲੀ-ਹੌਲੀ ਰੇਲਵੇ, ਹਵਾਈ ਅੱਡੇ, ਸੜਕਾਂ, ਐਲ.ਆਈ.ਸੀ., ਸਰਕਾਰੀ ਜਾਇਦਾਦਾਂ, ਹਸਪਤਾਲ ਜੋ ਕਿ ਕਾਰਪੋਰੇਟ ਦੇ ਹਵਾਲੇ ਕਰ ਦਿੱਤੀਆਂ ਗਈਆਂ। ਜੀਓ ਕੰਪਨੀ ਨੇ ਭਾਰਤ ਸੰਚਾਰ ਨਿਗਮ ਲਿਮਟਿਡ ਦੀ ਜਗ੍ਹਾ ਲੈ ਲਈ। ਬੀ.ਐਸ.ਐਨ.ਐਲ. ਦੇ ਮੁਲਾਜ਼ਮਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ। ਕੋਵਿਡ-19 ਨਾਲ ਦੇਸ਼ ਦਾ ਅਰਥਚਾਰਾ ਡਗਮਗਾ ਗਿਆ। ਠੀਕ ਇਸੇ ਤਰ੍ਹਾਂ ਕੇਂਦਰ ਸਰਕਾਰ ਨੇ ਖੇਤੀਬਾੜੀ ਬਿੱਲ ਲਿਆ ਕੇ ਕਿਸਾਨਾਂ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਕਿਸਾਨਾਂ ਦੀ ਇਕੋ ਹੀ ਮੰਗ ਹੈ ਕਿ ਇਹ ਖੇਤੀਬਾੜੀ ਬਿੱਲ ਰੱਦ ਕਰ ਦਿੱਤੇ ਜਾਣ ਤੇ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਦਰਜਾ ਦਿੱਤਾ ਜਾਵੇ। ਪਰ ਕੇਂਦਰ ਸਰਕਾਰ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣ ਰਹੀ ਹੈ। ਅੱਜ ਹਰ ਪਾਸੇ ਕਾਰਪੋਰੇਟ ਘਰਾਣਿਆਂ ਦਾ ਬੋਲਬਾਲਾ ਹੈ।


-ਸੰਜੀਵ ਸਿੰਘ ਸੈਣੀ
ਮੁਹਾਲੀ।


ਤਾਲਿਬਾਨ ਦੀ ਦਰਿੰਦਗੀ
ਡਾ. ਬਰਜਿੰਦਰ ਸਿੰਘ ਹਮਦਰਦ ਹੋਰਾਂ ਦੀ ਰਚਨਾ 'ਕਰੂਰ ਹਕੂਮਤ ਦਾ ਆਗਾਜ਼' ਪੜ੍ਹੀ ਜਿਸ ਬਾਰੇ ਲੇਖਕ ਨੇ ਅਫ਼ਗਾਨਿਸਤਾਨ ਵਿਚ ਹੋਏ ਤਾਲਿਬਾਨ ਦੇ ਕਬਜ਼ੇ ਤੇ ਕਹਿਰ ਬਾਰੇ ਵਿਸਥਾਰ ਨਾਲ ਲਿਖ ਚਿੰਤਾ ਜਤਾਈ ਹੈ, ਕਾਬਲੇ ਗ਼ੌਰ ਸੀ। ਅਫ਼ਗਾਨ ਲੋਕਾਂ ਖ਼ਾਸ ਕਰਕੇ ਔਰਤਾਂ ਵਿਚ ਦਹਿਸ਼ਤ ਪਾਈ ਜਾ ਰਹੀ ਹੈ। ਲੋਕਾਂ ਵਿਚ ਨਾਰਾਜ਼ਗੀ ਪਾਈ ਜਾ ਰਹੀ ਹੈ, ਜਿਸ ਅਸ਼ਰਫ ਗਨੀ ਨੂੰ ਨੇਤਾ ਚੁਣਿਆ, ਉਹ ਗੋਡੇ ਟੇਕ ਬਾਹਰ ਭੱਜ ਗਿਆ। ਬਿਨਾਂ ਲੜਾਈ ਫ਼ੌਜਾਂ ਨੇ ਤਾਲਿਬਾਨ ਅੱਗੇ ਹੱਥ ਖੜ੍ਹੇ ਕਰ ਦਿੱਤੇ। ਅਫ਼ਗਾਨੀ ਲੋਕ ਬੇਵੱਸ ਹਨ ਤੇ ਆਪਣੇ-ਆਪ ਨੂੰ ਲਾਚਾਰ ਮਹਿਸੂਸ ਕਰ ਰਹੇ ਹਨ। ਕਾਬੁਲ ਹਵਾਈ ਅੱਡੇ 'ਤੇ ਹਫੜਾ-ਦਫੜੀ ਵਾਲੇ ਹਾਲਾਤ ਬਣੇ ਹਨ। ਦੁਨੀਆ ਭਰ ਦੇ ਮੁਲਕਾਂ ਨੂੰ ਤਾਲਿਬਾਨ ਨਾਲ ਗੱਲ ਕਰਕੇ ਆਮ ਲੋਕਾਂ 'ਤੇ ਹੋ ਰਹੇ ਜੁਰਮ ਨੂੰ ਰੋਕਣਾ ਚਾਹੀਦਾ ਹੈ। ਜਿਥੇ ਅਫ਼ਗਾਨ ਦੀ ਤਸਵੀਰ ਦੇਖ ਭਾਰਤ ਲਈ ਵੀ ਚਿੰਤਾ ਵਾਲੀ ਗੱਲ ਹੈ। ਉਸ ਨੂੰ ਆਪਣੀ ਸ਼ਕਤੀ ਨੂੰ ਮਜ਼ਬੂਤ ਬਣਾਉਣਾ ਪਵੇਗਾ।


-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ ਪੁਲਿਸ।


ਉਧਾਰ ਮੁਹੱਬਤ ਦੀ ਕੈਂਚੀ ਹੈ
ਕਹਾਵਤ ਹੈ ਕਿ ਉਧਾਰ ਦੇਣਾ ਲੜਾਈ ਮੁੱਲ ਲੈਣਾ ਹੈ। ਜਰਮਨੀ ਦਾ ਕਥਨ ਹੈ ਕਿ ਜਿਹੜੇ ਸੌਖਿਆਂ ਹੀ ਉਧਾਰ ਮੰਗ ਲੈਂਦੇ ਹਨ, ਉਹ ਝੂਠ ਵੀ ਆਰਾਮ ਨਾਲ ਬੋਲ ਲੈਂਦਾ ਹੈ। ਉਧਾਰ ਲੈਣ ਵੇਲੇ ਅੱਖਾਂ ਹੋਰ ਤੇ ਮੁੱਖ ਹੋਰ ਹੁੰਦਾ ਹੈ, ਮੋੜਨ ਵੇਲੇ ਅੱਖਾਂ ਕੈਰੀਆਂ ਤੇ ਸ਼ਬਦ ਕੌੜੇ ਹੋ ਜਾਂਦੇ ਹਨ। ਝੂਠੇ ਲਾਰਿਆਂ ਨਾਲ ਪ੍ਰਚਾਉਣ ਵਾਲੇ ਉਧਾਰ ਛੇਤੀ ਨਹੀਂ ਮੋੜਦੇ। ਉਧਾਰ ਦੇਣ ਨਾਲ ਕਈ ਵਾਰ ਪੈਸਾ ਤੇ ਰਿਸ਼ਤੇ ਦੋਵੇਂ ਹੀ ਖੁੱਸ ਜਾਂਦੇ ਹਨ। ਉਧਾਰ ਦੇਣ ਵਾਲੇ ਨੂੰ ਕਈ ਬੇਸ਼ਰਮੀ ਭਰੇ ਉਲਾਮ੍ਹੇ ਵੀ ਝੱਲਣੇ ਪੈਂਦੇ ਹਨ। ਉੱਦਮੀ ਤੇ ਕਿਰਤੀ ਲੋਕ ਕਦੇ ਵੀ ਕਿਸੇ ਤੋਂ ਉਧਾਰ ਨਹੀਂ ਮੰਗਦੇ। ਓਪਰੇ ਨੂੰ ਉਧਾਰ ਦੇਣਾ ਤਾਂ ਮੂਰਖਤਾ ਦੀ ਸ਼ੁਰੂਆਤ ਤੇ ਨਿਸ਼ਾਨੀ ਹੈ। ਉਧਾਰ ਆਉਣ ਦੀ ਉਡੀਕ ਬੜੀ ਕਸ਼ਟਦਾਇਕ ਹੁੰਦੀ ਹੈ। ਮਾਨਸਿਕ ਉਲਝਣ ਪੈਦਾ ਕਰਦੀ ਹੈ। ਜੀਵਨ 'ਚ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ। ਕਈ ਲੋਕ ਉਧਾਰ ਲੈਣ ਦੇ ਆਦੀ ਹੁੰਦੇ ਹਨ, ਉਹ ਉਧਾਰ ਮੋੜਨ ਦੇ ਨਹੀਂ। ਕਈ ਵਾਰ ਤਾਂ ਉਧਾਰ ਲੈਣ ਤੇ ਦੇਣ ਵਾਲੇ ਉੱਪਰ-ਥੱਲੇ ਹੁੰਦੇ ਰਹਿੰਦੇ ਹਨ। ਉਧਾਰ ਨਾ ਮੋੜਨ ਵਾਲਾ ਮਨੁੱਖ ਬੇਲੋੜੇ ਉਪਦੇਸ਼ ਦੇ ਕੇ ਦੂਜੇ ਨੂੰ ਹੀ ਝੂਠਾ ਸਾਬਤ ਕਰਦਾ ਰਹਿੰਦਾ ਹੈ। ਅਕਸਰ ਅਸੀਂ ਕੰਧਾਂ 'ਤੇ ਲਿਖਿਆ ਪੜ੍ਹਦੇ ਹਾਂ ਕਿ ਉਧਾਰ ਮੁਹੱਬਤ ਦੀ ਕੈਂਚੀ ਹੈ।


-ਐਸ. ਮੀਲੂ ਫਰੌਰ
ਖੰਨਾ ਮੰਡੀ।


ਸਟਰੀਟ ਲਾਈਟਾਂ ਦੀ ਲੋੜ

ਜਿਸ ਤਰ੍ਹਾਂ ਅਨਪੜ੍ਹਤਾ ਦਾ ਹਨੇਰਾ ਦੂਰ ਕਰਨ ਲਈ ਸਿੱਖਿਆ ਦੇ ਚਾਨਣ ਦੀ ਲੋੜ ਹੁੰਦੀ ਹੈ, ਠੀਕ ਉਸੇ ਤਰ੍ਹਾਂ ਰਾਤ ਸਮੇਂ ਹਨੇਰਾ ਦੂਰ ਕਰਨ ਲਈ ਸਾਨੂੰ ਸਟਰੀਟ ਲਾਈਟਾਂ ਦੀ ਜ਼ਰੂਰਤ ਹੁੰਦੀ ਹੈ। ਪਰ ਇਸ ਸਮੇਂ ਸੜਕਾਂ 'ਤੇ ਸਟਰੀਟ ਲਾਈਟਾਂ ਦੀ ਕਮੀ ਆਮ ਦੇਖਣ ਵਿਚ ਆਉਂਦੀ ਹੈ। ਜਿਸ ਕਾਰਨ ਰਾਤ ਸਮੇਂ ਰਾਹਗੀਰਾਂ ਨੂੰ ਸਫ਼ਰ ਕਰਨ ਵਿਚ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋੜੀਂਦੀ ਰੌਸ਼ਨੀ ਦੀ ਕਮੀ ਕਾਰਨ ਅਨੇਕਾਂ ਹੀ ਦੁਰਘਟਨਾਵਾਂ ਵਾਪਰਦੀਆਂ ਹਨ। ਹਾਲਾਂਕਿ ਵਾਹਨਾਂ ਦੀਆਂ ਲਾਈਟਾਂ ਵੀ ਹੁੰਦੀਆਂ ਹਨ ਪਰ ਕਈ ਵਾਰ ਸੜਕ ਦੇ ਆਸ-ਪਾਸ ਘਣੇ ਦਰੱਖਤ ਹੋਣ ਕਾਰਨ ਵੀ ਖ਼ਤਰਾ ਬਣਿਆ ਰਹਿੰਦਾ ਹੈ। ਕਿਉਂਕਿ ਅਜਿਹੀ ਜਗ੍ਹਾ ਕੋਈ ਪਤਾ ਨਹੀਂ ਹੁੰਦਾ ਕਿ ਕਿਸ ਸਮੇਂ ਅੱਗੇ ਕੋਈ ਜਾਨਵਰ ਜਾਂ ਕੋਈ ਲੁੱਟ-ਖੋਹ ਕਰਨ ਵਾਲੇ ਅੱਗੇ ਆ ਜਾਣ, ਜਿਸ ਨਾਲ ਅਣਸੁਖਾਵੀਂ ਘਟਨਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਜੇਕਰ ਸੜਕਾਂ ਦੇ ਆਸ-ਪਾਸ ਥੋੜ੍ਹੀ-ਥੋੜ੍ਹੀ ਦੂਰ 'ਤੇ ਲਾਈਟਾਂ ਦੀ ਵਿਵਸਥਾ ਕੀਤੀ ਜਾਵੇ ਤਾਂ ਦੁਰਘਟਨਾਵਾਂ ਹੋਣੋਂ ਬਚ ਸਕਦੀਆਂ ਹਨ। ਲੋਕਾਂ ਨੂੰ ਨਾ ਤਾਂ ਕਿਸੇ ਆਪਣੇ ਨੂੰ ਖੋਹਣਾ ਪਵੇਗਾ ਅਤੇ ਨਾ ਹੀ ਕਿਸੇ ਵਿਅਕਤੀ ਨੂੰ ਗੰਭੀਰ ਸੱਟ ਦਾ ਸਾਹਮਣਾ ਕਰਨਾ ਪਵੇਗਾ। ਪਰ ਇਹ ਸਭ ਤਾਂ ਹੀ ਮੁਮਕਿਨ ਹੋ ਸਕਦਾ ਹੈ ਜਦੋਂ ਸਰਕਾਰਾਂ ਆਪਸ ਵਿਚ ਲੜਨ ਨਾਲੋਂ ਜਨਤਾ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਵੇ।


-ਮਨਪ੍ਰੀਤ ਕੌਰ
ਸ੍ਰੀ ਗੋਇੰਦਵਾਲ ਸਾਹਿਬ।


ਮੈਡੀਕਲ ਸੀਟਾਂ ਵਿਚ ਓ.ਬੀ.ਸੀ. ਰਾਖਵਾਂਕਰਨ

ਐਮ.ਡੀ.ਐਮ.ਐਸ., ਐਮ.ਬੀ.ਬੀ.ਐਸ., ਬੀ.ਡੀ.ਐਸ. ਉੱਚ ਵਿੱਦਿਅਕ ਸੰਸਥਾਵਾਂ ਵਿਚ ਦਾਖ਼ਲੇ ਵਿਚ ਓ.ਬੀ.ਸੀ. ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਲਾਭ ਪ੍ਰਦਾਨ ਕਰਨ ਲਈ 2021 ਵਿਚ ਇਕ ਸੰਵਿਧਾਨਕ ਸੋਧ ਕੀਤੀ ਗਈ, ਜਿਸ ਨਾਲ ਓ.ਬੀ.ਸੀ. ਸ਼੍ਰੇਣੀ ਲਈ 27 ਫ਼ੀਸਦੀ ਰਾਖਵੇਂਕਰਨ ਦੀ ਵਿਵਸਥਾ ਕੀਤੀ ਗਈ। ਇਸ ਅਨੁਸਾਰ 2021-22 ਵਿਚ ਮੈਡੀਕਲ, ਡੈਂਟਲ ਕਾਲਜਾਂ ਵਿਚ ਸੀਟਾਂ ਨੂੰ ਇਸ ਵਾਧੂ 27 ਫ਼ੀਸਦੀ ਓ.ਬੀ.ਸੀ. ਰਾਖਵੇਂਕਰਨ ਦੇ ਅਨੁਕੂਲ ਬਣਾਉਣ ਲਈ ਸਾਲਾਂ ਵਿਚ ਵਧਾਇਆ ਜਾਵੇ ਤਾਂ ਜੋ ਅਣਰਾਖਵੀਂ ਅਤੇ ਰਾਖਵੀਂ ਸ਼੍ਰੇਣੀ ਲਈ ਉਪਲਬਧ ਸੀਟਾਂ ਦੀ ਕੁੱਲ ਸੰਖਿਆ ਘੱਟ ਨਾ ਹੋਵੇ, ਰਾਜ ਦੀਆਂ ਸੀਟਾਂ ਵਿਚ ਹਾਲਾਂਕਿ ਇਹ ਲਾਭ ਹੁਣ ਤੱਕ ਵਧਾਇਆ ਨਹੀਂ ਗਿਆ ਹੈ, ਇਸ ਲਈ ਸਾਰੀਆਂ ਸ਼੍ਰੇਣੀਆਂ ਨੂੰ ਇਸ ਦਾ ਲਾਭ ਮਿਲ ਸਕੇ।
ਸੋ, ਰਾਜ ਦੇ ਨਾਲ-ਨਾਲ ਸਾਰੇ ਭਾਰਤ ਵਿਚ ਇਹ ਸੀਟਾਂ ਵਿਚ ਵਾਧਾ ਕੀਤਾ ਜਾਵੇ ਤਾਂ ਜੋ ਕਿਸੇ ਵੀ ਸ਼੍ਰੇਣੀਆਂ ਨੂੰ ਇਸ ਓ.ਬੀ.ਸੀ. ਰਾਖਵੇਂਕਰਨ ਦਾ ਨੁਕਸਾਨ ਨਾ ਪਹੁੰਚੇ। ਇਹ ਮੰਗ ਸਾਰੇ ਮਾਪੇ ਦੀ 'ਨੈਸ਼ਨਲ ਮੈਡੀਕਲ ਕਮਿਸ਼ਨ' ਨੂੰ ਰੱਖ ਰਹੇ ਹਨ ਕਿ ਮੈਡੀਕਲ ਕਾਲਜ ਵਿਚ ਸੀਟ ਦਾ ਵਾਧਾ ਕੀਤਾ ਜਾਵੇ।


-ਵਿਜੈ ਗਰਗ
ਸਾਬਕਾ ਪੀ.ਈ.ਐਸ.-1, ਮਲੋਟ, ਪੰਜਾਬ।

18-08-2021

 ਕੀ ਅਸੀਂ ਸੱਚਮੁੱਚ ਆਜ਼ਾਦ ਹਾਂ?

ਇਹ ਕਿਹੋ ਜਿਹੀ ਆਜ਼ਾਦੀ ਹੈ, ਜਿਥੇ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰ ਰਹੇ ਕਿਸਾਨਾਂ ਮਜ਼ਦੂਰਾਂ ਨੂੰ ਡੰਡਿਆਂ, ਡਾਂਗਾਂ, ਹੰਝੂ ਗੈਸ ਦੇ ਨਾਲ ਅਵਾਰਾ ਪਸ਼ੂਆਂ ਵਾਂਗ ਖਦੇੜਨ ਦੀ ਪੂਰੀ ਵਾਹ ਲਾਈ ਜਾਂਦੀ ਹੈ, ਜਿਥੇ ਆਪਦੀ ਮਨਮਰਜ਼ੀ ਅਨੁਸਾਰ ਹੀ ਬੰਦ ਕਮਰਿਆਂ ਵਿਚ ਖੁਫ਼ੀਆ ਮੀਟਿੰਗਾਂ ਰੱਖ ਕੇ ਸਾਡੇ ਲਈ ਮਾਰੂ ਕਾਨੂੰਨ ਬਣਾਏ ਜਾਂਦੇ ਹਨ, ਜਿਥੇ ਜਬਰ ਜਨਾਹ ਦੇ ਦੋਸ਼ੀਆਂ ਨੂੰ ਜੇਲ੍ਹ ਵਿਚ ਵੀ.ਆਈ.ਪੀ. ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਜਿਥੇ ਬੋਤਲ ਦੇ ਲਾਲਚ ਵਿਚ ਕੁਝ ਮੂਰਖ ਲੋਕ ਵੋਟ ਪਾਉਂਦੇ ਹਨ, ਜਿਥੇ ਸ਼ਰ੍ਹੇਆਮ ਪੁਲਿਸ ਆਂਡੇ ਚੋਰੀ ਕਰਦੀ ਹੈ, ਜਿਥੇ ਲੱਖਾਂ ਦਾ ਘਪਲਾ ਕਰਨ ਵਾਲੇ ਵਿਜੈ ਮਾਲਿਆ ਵਰਗੇ ਟੌਹਰ ਨਾਲ ਵਿਦੇਸ਼ਾਂ ਵਿਚ ਬੈਠੇ ਹਨ, ਜਿਥੇ ਰੁਜ਼ਗਾਰ ਦੀ ਘਾਟ ਕਰਕੇ ਨੌਜਵਾਨ ਵਿਦੇਸ਼ਾਂ ਨੂੰ ਕੂਚ ਕਰ ਰਹੇ ਹਨ, ਜਿਥੇ ਚਿੱਟਾ ਅਤੇ ਹੋਰ ਵੀ ਕਈ ਤਰ੍ਹਾਂ ਦਾ ਨਸ਼ਾ ਆਮ ਵਿਕਦਾ ਹੈ, ਜਿਥੇ ਨੇਤਾ ਸਾਧਾਂ ਪਾਖੰਡੀਆਂ ਕੋੋਲੋਂ ਚੋਣਾਂ ਵਿਚ ਜਿੱਤਣ ਲਈ ਧਾਗੇ ਤਵੀਤ ਕਰਵਾਉਂਦੇ ਫਿਰਦੇ ਹਨ, ਜਿਥੇ ਔਰਤ ਦੀ ਸੁਰੱਖਿਆ ਦੇ ਪ੍ਰਬੰਧ ਨਾਮਾਤਰ ਹਨ, ਜਿਥੇ ਸਰਕਾਰੀ ਨੌਕਰੀਆਂ 'ਤੇ ਸਿਰਫ ਸਿਫ਼ਾਰਸ਼ੀ ਲੋਕਾਂ ਦਾ ਕਬਜ਼ਾ ਹੈ, ਜਿਥੇ ਪਲ-ਪਲ ਸਾਨੂੰ ਬੰਧੂਆ ਮਜ਼ਦੂਰਾਂ ਵਾਂਗ ਜੀਵਨ ਬਤੀਤ ਕਰਨਾ ਪਵੇ, ਇਸ ਨੂੰ ਆਜ਼ਾਦੀ ਕਹਿਣਾ ਬਿਲਕੁਲ ਝੂਠ ਹੈ, ਝੂਠ ਹੈ ਪਰ ਹਾਂ ਇਹ ਕਲਮਾਂ ਸਦਾ ਆਜ਼ਾਦ ਹਨ ਅਤੇ ਰਹਿਣਗੀਆਂ। ਲਿਖੋ ਸਮੇਂ ਦਾ ਸੱਚ ਅਤੇ ਬਿਆਨ ਕਰੋ ਇਸ ਤ੍ਰਾਸਦੀ ਨੂੰ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਸ ਮਾੜੇ ਪ੍ਰਬੰਧਾਂ ਅਤੇ ਸਿਆਸਤੀ ਚਾਲਬਾਜ਼ ਲੋਕਾਂ ਤੋਂ ਸੁਚੇਤ ਹੋ ਸਕਣ।

-ਅਮਨਦੀਪ ਕੌਰ ਹਾਕਮ ਸਿੰਘ ਵਾਲਾ।

ਅਫ਼ਗਾਨਿਸਤਾਨ ਦੀ ਹਾਲਤ ਤਰਸਯੋਗ

ਜਿਥੇ ਅਨੇਕਾਂ ਮਾਸੂਮਾਂ ਨਿਹੱਥੇ ਲੋਕਾਂ 'ਤੇ ਜ਼ੁਲਮ ਹੋ ਰਹੇ ਹਨ, ਘਰੋਂ ਬੇਘਰ ਹੋਏ ਪਏ ਹਨ ਤੇ ਅੱਜ ਦੂਜੇ ਦੇਸ਼ਾਂ ਵੱਲ ਵੇਖ ਰਹੇ ਹਨ। ਕਿਤੋਂ ਵੀ ਕੋਈ ਚੰਗੇ ਦੀ ਆਸ ਨਜ਼ਰ ਨਹੀਂ ਆਉਂਦੀ, ਹੋਰ ਤਾਂ ਹੋਰ ਜਦੋਂ ਵੀ ਕਿਸੇ ਮੁਲਕ 'ਤੇ ਸੰਕਟ ਪੈਦਾ ਹੋਇਆ, ਚਾਹੇ ਦੇਸ਼ ਦੀ ਵੰਡ ਹੋਵੇ ਜਾਂ ਯੁੱਧ ਨੀਤੀ, ਉਜਾੜਾ, ਕੁਦਰਤੀ ਕਹਿਰ ਹੋਇਆ ਸਭ ਤੋਂ ਵੱਧ ਦੁੱਖ, ਮੁਸੀਬਤਾਂ ਔਰਤਾਂ ਨੂੰ ਝੱਲਣੀਆਂ ਪਈਆਂ। ਇਹ ਔਰਤਾਂ ਦੀ ਸਭ ਤੋਂ ਵੱਡੀ ਤ੍ਰਾਸਦੀ ਹੈ। ਚਾਹੇ ਸਾਡੇ ਦੇਸ਼ ਦੀ ਵੰਡ ਸੀ ਜਾਂ ਅੱਜ ਅਫ਼ਗਾਨਿਸਤਾਨ ਜਿਹੇ ਮੁਲਕ ਵਿਚ ਵੀ ਔਰਤਾਂ ਦੀ ਹਾਲਤ ਤਰਸਯੋਗ ਹੈ, ਔਰਤਾਂ ਸੰਕਟ ਵਿਚ ਹਨ। ਅਮਰੀਕਾ ਨੂੰ ਅਫ਼ਗਾਨਿਸਤਾਨ ਵਿਚੋਂ ਫ਼ੌਜਾਂ ਕੱਢਣ ਦੀ ਦੇਰ ਸੀ, ਉਥੋਂ ਦੇ ਹਾਲਾਤ ਹੋਰ ਵੀ ਭਿਆਨਕ ਹੋ ਗਏ। ਇਕ ਦੇਸ਼ ਦੀ ਉਸਾਰੀ ਵਾਸਤੇ ਕਿੰਨਾ ਪੈਸਾ ਕਿੰਨਾ ਸਮਾਂ ਚਾਹੀਦਾ, ਸਦੀਆਂ ਲੱਗ ਜਾਂਦੀਆਂ ਹਨ। ਪਰ ਜਦੋਂ ਸਮਾਂ ਸੰਕਟ ਭਰਿਆ ਆਉਂਦਾ ਹੈ ਤਾਂ ਦੇਸ਼ ਹਜ਼ਾਰਾਂ ਸਾਲ ਪਿੱਛੇ ਚਲੇ ਜਾਂਦੇ ਹਨ। ਕੁਝ ਮੁਲਕਾਂ ਨੇ ਅਫ਼ਗਾਨਿਸਤਾਨ ਦੀ ਬਿਹਤਰੀ ਲਈ ਚੰਗੇ ਕਦਮ ਚੁੱਕੇ ਸਨ ਪਰ ਉਹ ਸਾਰਥਕ ਨਹੀਂ ਹੋਏ। ਇਹ ਭਿਆਨਕ ਤਬਾਹੀ ਪੂਰੀ ਦੁਨੀਆ ਵਾਸਤੇ ਖ਼ਤਰਾ ਹੈ। ਇਸ ਦਾ ਹੱਲ ਸਾਰੇ ਦੇਸ਼ਾਂ ਨੂੰ ਇਕਜੁੱਟ ਹੋ ਕੇ ਕਰਨਾ ਚਾਹੀਦਾ ਹੈ ਤਾਂ ਕਿ ਮਨੁੱਖਤਾ ਦੇ ਘਾਣ ਨੂੰ ਰੋਕਿਆ ਜਾਵੇ।

-ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ, ਮੋਗਾ।

ਸਿਫ਼ਾਰਸ਼ ਤੇ ਰਿਸ਼ਵਤ ਦਾ ਬੋਲਬਾਲਾ

ਪਿਛਲੇ ਦਿਨੀਂ 'ਅਜੀਤ' ਅਖ਼ਬਾਰ ਵਿਚ ਖ਼ਬਰ ਪੜ੍ਹ ਕੇ ਮੈਂ ਕਮਿਊਨਿਟੀ ਸੈਂਟਰ, ਮਾਡਲ ਟਾਊਨ ਪਟਿਆਲਾ ਵਿਖੇ ਸਵੇਰੇ 9 ਵਜੇ ਹੀ ਲੰਮੀ ਕਤਾਰ ਵਿਚ ਵੈਕਸੀਨ ਦੀ ਪਹਿਲੀ ਖੁਰਾਕ ਲਗਵਾਉਣ ਲਈ ਖੜ੍ਹਾ ਹੋ ਗਿਆ। ਮੇਰੇ ਮੂਹਰੇ ਲਗਭਗ 60-70 ਵਿਅਕਤੀ ਵੈਕਸੀਨ ਦੀ ਪਹਿਲੀ ਡੋਜ਼ ਲਗਵਾਉਣ ਲਈ ਖੜ੍ਹੇ ਸਨ। ਮੇਰੀ ਉਮਰ ਲਗਭਗ 59 ਸਾਲ ਹੈ। ਇਥੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ। ਬਹੁਤ ਹੀ ਜ਼ਿਆਦਾ ਗਰਮੀ ਕਾਰਨ ਸਾਰੇ ਹੀ ਲੋਕ ਗਰਮੀ ਤੋਂ ਪ੍ਰੇਸ਼ਾਨ ਸਨ। ਕਤਾਰ ਤੋਂ ਇਲਾਵਾ ਸਿਫ਼ਾਰਸ਼ੀ ਲੋਕ ਵੀ ਬਿਨਾਂ ਕਤਾਰ ਵਿਚ ਖੜ੍ਹੇ ਟੀਕਾ ਲਗਵਾ ਰਹੇ ਸਨ। ਰਿਸ਼ਵਤ ਲੈਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। 11.40 ਵਜੇ ਸਵੇਰ ਇਹ ਕਹਿ ਦਿੱਤਾ ਗਿਆ ਕਿ ਵੈਕਸੀਨ ਖ਼ਤਮ ਹੋ ਗਈ। 'ਫਿਰ ਆਉਣਾ ਪਵੇਗਾ'। 2.30 ਘੰਟੇ ਦੇ ਸਮੇਂ ਵਿਚ ਗਰਮੀ-ਗਰਮੀ ਹੋਇਆ, ਹੋਰ ਲੋਕਾਂ ਦੀ ਤਰ੍ਹਾਂ ਬਿਨਾਂ ਵੈਕਸੀਨ ਦੀ ਡੋਜ਼ ਲਗਵਾਏ ਮੈਂ ਆਪਣੇ ਘਰ ਉਦਾਸ ਹੋ ਕੇ ਆ ਗਿਆ।
ਸਿਹਤ ਮੰਤਰੀ ਨੂੰ ਦੋਵੇਂ ਹੱਥ ਜੋੜ ਕੇ ਆਮ ਲੋਕਾਂ ਵਲੋਂ ਬੇਨਤੀ ਹੈ ਕਿ ਘੱਟੋ-ਘੱਟ ਵੈਕਸੀਨ ਲਗਵਾਉਣ ਵਿਚ ਤਾਂ ਸਿਫ਼ਾਰਸ਼ ਅਤੇ ਰਿਸ਼ਵਤਖੋਰੀ ਨਾ ਚੱਲਣ ਦਿੱਤੀ ਜਾਵੇ ਅਤੇ ਕਮਿਊਨਿਟੀ ਸੈਂਟਰ, ਮਾਡਲ ਟਾਊਨ, ਪਟਿਆਲਾ ਦੇ ਇੰਚਾਰਜ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

-ਇੰਜੀ: ਰਾਜਿੰਦਰ ਕੁਮਾਰ
ਉਪ ਮੁੱਖ ਇੰਜੀਨੀਅਰ (ਰਿਟਾ:) ਪਟਿਆਲਾ।

ਸੜਕਾਂ ਦੀ ਮੁਰੰਮਤ

ਪੰਜਾਬ ਸਰਕਾਰ ਨੇ ਸੂਬੇ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਕਰਨ ਦੇ ਵਾਅਦੇ ਤਾਂ ਕੀਤੇ ਪਰ ਅਜੇ ਤੱਕ ਇਹ ਟੀਚਾ ਅਧੂਰਾ ਹੀ ਰਿਹਾ। ਪਿੰਡਾਂ ਅਤੇ ਕਸਬਿਆਂ ਦੀਆਂ ਸੜਕਾਂ ਦੀ ਹਾਲਤ ਏਨੀ ਕੁ ਖਸਤਾ ਹੋ ਚੁੱਕੀ ਹੈ ਕਿ ਆਵਾਜਾਈ ਨੂੰ ਰੋਜ਼ਾਨਾ ਹੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਵੋਟਾਂ ਦੇ ਨੇੜੇ ਤਾਂ ਪਾਰਟੀ ਦੇ ਨੇਤਾ ਪਿੰਡ-ਪਿੰਡ, ਸ਼ਹਿਰ-ਸ਼ਹਿਰ, ਗਲੀ-ਮੁਹੱਲੇ ਜਾ ਕੇ ਆਮ ਲੋਕਾਂ ਨਾਲ ਨਵੀਂ-ਨਰੋਈ ਸੜਕ ਦੇ ਵਾਅਦੇ ਕਰਦੇ ਹਨ ਪਰ ਬਾਅਦ ਵਿਚ ਇਹ ਵਾਅਦੇ ਅਧੂਰੇ ਹੀ ਰਹਿ ਜਾਂਦੇ ਹਨ। ਸੜਕਾਂ ਦੀ ਖਸਤਾ ਹਾਲਤ ਕਾਰਨ ਰੋਜ਼ਾਨਾ ਕਈ ਦਰਦਨਾਕ ਹਾਦਸੇ ਵਾਪਰਦੇ ਹਨ ਅਤੇ ਲੋਕਾਂ ਦਾ ਸਮਾਂ ਵੀ ਖ਼ਰਾਬ ਹੁੰਦਾ ਹੈ ਪਰ ਸਾਡਾ ਪ੍ਰਸ਼ਾਸਨ ਸੁੱਤਾ ਪਿਆ ਹੈ, ਇਹ ਕੇਵਲ ਵੋਟਾਂ ਨੇੜੇ ਜਾਗਦਾ ਹੈ।
ਸੜਕਾਂ ਦੀ ਹਾਲਤ ਤਰਸਯੋਗ ਹੋਣ ਕਾਰਨ ਪਿੰਡਾਂ ਅਤੇ ਕਸਬਿਆਂ ਦੇ ਲੋਕ ਸਹੂਲਤਾਂ ਤੋਂ ਵਾਂਝੇ ਹਨ। ਪ੍ਰਸ਼ਾਸਨ ਨੂੰ ਅਪੀਲ ਹੈ ਕਿ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਦੀਆਂ ਖਸਤਾ ਹਾਲ ਸੜਕਾਂ ਦੀ ਮੁਰੰਮਤ ਵੱਲ ਧਿਆਨ ਦਿੱਤਾ ਜਾਵੇ ਅਤੇ ਹਰ ਪੰਜ ਕਿਲੋਮੀਟਰ ਦੀ ਦੂਰੀ 'ਤੇ ਪੀ.ਡਬਲਿਊ.ਡੀ. ਦੇ ਸਰਕਾਰੀ ਅਧਿਕਾਰੀ ਦੀ ਡਿਊਟੀ ਲਗਾਈ ਜਾਵੇ। ਜੇਕਰ ਸੜਕ ਦੀ ਮੁਰੰਮਤ ਦੀ ਅਣਗਹਿਲੀ ਕਾਰਨ ਕੋਈ ਵੀ ਹਾਦਸਾ ਵਾਪਰੇ, ਉਸ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇ।

-ਸਿਮਰਨ ਬੇਦੀ
ਬਾਬਾ ਨਾਮਦੇਵ ਨਗਰ, ਘੁਮਾਣ।

17-08-2021

 ਮਹਿੰਗਾਈ ਦੀ ਮਾਰ ਝੱਲਦੇ ਲੋਕ

ਅਜੋਕੇ ਸਮੇਂ ਮਹਿੰਗਾਈ ਦੀ ਮਾਰ ਲੋਕ ਝਲ ਰਹੇ ਹਨ, ਦੇਸ਼ ਤੇ ਪੰਜਾਬ ਰਾਜ ਦੀਆਂ ਸਰਕਾਰਾਂ ਇਸ ਸਮੇਂ ਕੁੰਭਕਰਨੀ ਨੀਂਦ ਵਿਚ ਸੁੱਤੀਆਂਪਈਆਂ ਹਨ। ਮਹਿੰਗਾਈ ਦੀ ਦਰ ਥੋਕ ਤੇ ਪ੍ਰਚੂਨ ਦੋਵਾਂ 'ਤੇ ਵਧੀ ਹੈ। ਇਹ ਸਿਲਸਿਲਾ ਪਿਛਲੇ ਸਾਲ ਤੋਂ ਨਿਰਵਿਘਨ ਜਾਰੀ ਹੈ। ਮਹਿੰਗਾਈ ਨੂੰ ਸਿਰਫ਼ ਕੋਰੋਨਾ ਮਹਾਂਮਾਰੀ ਨੂੰ ਕਾਰਨ ਨਹੀਂ ਮੰਨਣਾ ਚਾਹੀਦਾ ਕਿਉਂਕਿ ਇਸ ਸਮੇਂ ਮੰਗ ਘੱਟ ਹੋਣ ਕਰਕੇ ਵੀ ਮਹਿੰਗਾਈ ਵਧਦੀ ਰਹੀ ਹੈ। ਲੋਕਤੰਤਰ ਵਿਚ ਵਿਰੋਧੀ ਧਿਰਾਂ ਨੂੰ ਇਸ ਮੁੱਦੇ ਨੂੰ ਚੁੱਕਣਾ ਚਾਹੀਦਾ ਹੈ। ਵਧਦੀਆਂ ਕੀਮਤਾਂ ਅਤੇ ਮਹਿੰਗਾਈ 'ਤੇ ਰੋਕ ਲਗਾਉਣ ਲਈ ਸਰਕਾਰਾਂ ਨੂੰ ਇਮਾਨਦਾਰੀ ਨਾਲ ਯਤਨ ਕਰਨੇ ਚਾਹੀਦੇ ਹਨ ਕਿਉਂਕਿ ਆਮ ਲੋਕਾਂ ਦਾ ਜੀਵਨ ਸੁਖਾਲਾ ਹੋਵੇ।

-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਤਹਿ: ਤੇ ਜ਼ਿਲ੍ਹਾ ਪਟਿਆਲਾ।

ਆਖ਼ਰ ਕਦੋਂ ਤੱਕ ਜ਼ਲਾਲਤ ਸਹਿਣੀ ਪਊ

ਪਿਛਲੇ ਦਿਨੀਂ ਪਟਵਾਰੀ ਅਹੁਦੇ ਲਈ ਨਿਕਲੀਆਂ 1152 ਨਿਯੁਕਤੀਆਂ ਲਈ ਕਰੀਬ ਦੋ ਲੱਖ 33 ਹਜ਼ਾਰ ਲੋਕਾਂ ਅਪਲਾਈ ਕੀਤਾ। ਇਸ ਦੀ ਪ੍ਰੀਖਿਆ ਲਈ ਜਗ੍ਹਾ-ਜਗ੍ਹਾ ਸੈਂਟਰ ਬਣਾਏ ਗਏ ਸਨ ਅਤੇ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਸਨ ਕਿ ਬੂਟਾਂ ਦੇ ਸੋਲ ਫਲੈਟ ਹੋਣੇ ਚਾਹੀਦੇ ਹਨ ਅਤੇ ਕੋਈ ਵੀ ਮੋਬਾਈਲ ਲੈ ਕੇ ਨਾ ਆਵੇ। ਜੇਕਰ ਕੋਈ ਵੀ ਪ੍ਰੀਖਿਆਰਥੀ ਮੋਬਾਈਲ ਲੈ ਕੇ ਆਉਂਦਾ ਹੈ ਤਾਂ ਆਪ ਜ਼ਿੰਮੇਵਾਰ ਹੋਵੇਗਾ ਪਰ ਸਰਕਾਰੀ ਕੁੜੀਆਂ ਦੇ ਕਾਲਜ, ਸਿਵਲ ਲਾਈਨ, ਭਾਰਤ ਨਗਰ ਚੌਕ ਲੁਧਿਆਣਾ ਵਿਚ ਪਹੁੰਚਣ ਉਤੇ ਪਤਾ ਚਲਿਆ ਕਿ ਸਾਰਿਆਂ ਦੇ ਬੂਟ ਬਾਹਰ ਉਤਾਰਨ ਨੂੰ ਕਿਹਾ ਗਿਆ ਸੀ। ਪਰ ਹਦਾਇਤਾਂ ਦੀ ਸੂਚੀ ਵਿਚ ਇਹ ਗੱਲ ਲਿਖੀ ਹੀਨਹੀਂ ਗਈ ਸੀ। ਮਜਬੂਰ ਵੱਸ ਬੂਟਾਂ ਸੈਂਡਲਾਂ ਨੂੰ ਬਾਹਰ ਉਤਾਰਨਾ ਪਿਆ ਅਤੇ ਦੂਰੋਂ ਆਏ ਲੜਕੇ-ਲੜਕੀਆਂ ਦੇ ਬੈਗ, ਪਰਸ ਅਤੇ ਮੋਬਾਈਲ ਬਾਹਰ ਰੱਖਣ ਲਈ ਕਿਹਾ। ਬੇਸ਼ੱਕ ਬੈਗ, ਮੋਬਾਈਲ ਲਿਆਉਣਾ ਮਨ੍ਹਾਂ ਹੈ ਪਰ ਅੱਜ ਦੇ ਭਿਆਨਕ ਦੌਰ ਤੋਂ ਹਰ ਕੋਈ ਜਾਣੂ ਹੈ ਅਤੇ ਮਾਪਿਆਂ ਨੂੰ ਫਿਕਰ ਨਾ ਹੋਵੇ ਇਸ ਲਈ ਮੋਬਾਈਲ ਇਕ ਜ਼ਰੂਰਤ ਬਣ ਜਾਂਦਾ ਹੈ। ਪਰ ਇਸ ਸਭ ਸਮਾਨ ਨੂੰ ਬਾਹਰ ਖੁੱਲ੍ਹੇ ਵਿਚ ਰਖਵਾਇਆ ਅਤੇ ਪੇਪਰ ਸ਼ੁਰੂ ਹੋਣ ਤੋਂ ਬਾਅਦ ਆਏ ਭਾਰੀ ਮੀਂਹ ਕਾਰਨ ਸਭ ਖਰਾਬ ਹੋਗਿਆ ਅਤੇ ਸਾਰਿਆਂ ਦੀਆਂ ਜੁੱਤੀਆਂ ਤੇ ਹੋਰ ਸਾਮਾਨ ਸਭ ਗਿੱਲਾ ਹੋ ਗਿਆ ਅਤੇ ਉਨ੍ਹਾਂ ਨੂੰ ਨੰਗੇ ਪੈਰੀਂ ਵਾਪਸ ਆਉਣਾ ਪਿਆ। ਆਖਰ ਕਦੋਂ ਤੱਕ ਵਿਦਿਆਰਥੀਆਂ ਨੂੰ ਨੌਕਰੀਆਂ ਦੇਣ ਦੇ ਨਾਂਅ ਉਤੇ ਜ਼ਲਾਲਤ ਦਾ ਸਾਹਮਣਾ ਕਰਨਾ ਪਵੇਗਾ। ਸਰਕਾਰਾਂ ਅਤੇ ਐਸ.ਐਸ. ਬੋਰਡ ਦੇ ਚੇਅਰਮੈੈਨ ਰਮਨ ਬਹਿਲ ਨੂੰ ਗੁਜ਼ਾਰਿਸ਼ ਹੈ ਕਿ ਇਸ ਮਨਮਾਨੀ ਨੂੰ ਨੱਥ ਪਾਓ ਅਤੇ ਪ੍ਰੀਖਿਆ ਦੇਣ ਆਏ ਲੜਕੇ-ਲੜਕੀਆਂ ਨੂੰ ਸਹੂਲਤਾਂ ਮਿਲਣ ਅਤੇ ਆਪਣੇ ਪੇਪਰ ਧਿਆਨ ਨਾਲ ਕਰ ਸਕਣ।

-ਪੁਸ਼ਪਿੰਦਰਜੀਤ ਸਿੰਘ, ਕੋਟਕਪੂਰਾ।

ਜਿੱਤ ਦਾ ਸਿਹਰਾ

ਪਿਛਲੇ ਦਿਨੀਂ (9 ਅਗਸਤ) ਨੂੰ 'ਅਜੀਤ' 'ਚ ਛਪਿਆ ਲੇਖ 'ਉਲੰਪਿਕ ਦਾ ਸਿਹਰਾ ਲੈਣ ਦੀ ਦੌੜ' ਪੜ੍ਹਿਆ। ਅਨਿਲ ਜੈਨ ਦਾ ਇਹ ਲੇਖ ਪੜ੍ਹ ਕੇ ਬੜੀ ਖ਼ੁਸ਼ੀ ਅਤੇ ਹੈਰਾਨੀ ਹੋਈ। ਖੁਸ਼ੀ ਇਸ ਗੱਲ ਦੀ ਕਿ 2018 ਤੋਂ ਭਾਰਤ ਦੀਆਂ ਦੋਵੇਂ ਹਾਕੀ ਟੀਮਾਂ (ਮਰਦ ਅਤੇ ਔਰਤਾਂ) ਦੀ ਤਿਆਰੀ ਦੀ ਸਾਰੀ ਜ਼ਿੰਮੇਵਾਰੀ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਲਈ ਹੋਈ ਸੀ। ਉਨ੍ਹਾਂ ਨੇ ਦੋਵਾਂ ਟੀਮਾਂ ਲਈ ਆਧੁਨਿਕ ਖੇਡ ਸਹੂਲਤਾਂ ਉਪਲਬੱਧ ਕਰਵਾਈਆਂ, ਜਿਸ ਦਾ ਨਤੀਜਾ ਦੇਸ਼ ਵਾਸੀਆਂ ਨੇ ਦੇਖ ਲਿਆ ਹੈ ਅਤੇ ਸਾਰੇ ਦੇਸ਼ ਨੇ ਹਾਕੀ ਦੀ ਖੇਡ ਵਿਚ ਹੋਏ ਵੱਡੇ ਸੁਧਾਰ ਨੂੰ ਇਕ ਇਤਿਹਾਸਕ ਪ੍ਰਾਪਤੀ ਕਰਾਰ ਦਿੱਤਾ ਹੈ। ਦੂਜੇ ਪਾਸੇ ਕਿੰਨੀ ਹੈਰਾਨੀ ਅਤੇ ਦੁੱਖ ਦੀ ਗੱਲ ਹੈ ਕਿ ਜਿਸ ਕੇਂਦਰ ਸਰਕਾਰ ਦਾ ਖਿਡਾਰੀਆਂ ਨੂੰ ਸਹੂਲਤਾਂ ਦੇਣ ਦਾ ਮੁਢਲਾ ਫ਼ਰਜ਼ ਬਣਦਾ ਸੀ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਈ, ਜਦਕਿ ਓਡੀਸ਼ਾ ਸਰਕਾਰ ਨੇ ਕੇਂਦਰ ਸਰਕਾਰ ਦਾ ਸਾਰਾ ਬੋਝ ਆਪਣੇ ਮੋਢਿਆਂ 'ਤੇ ਚੁੱਕ ਲਿਆ। ਲੇਖਕ ਨੇ ਸਪੱਸ਼ਟ ਕੀਤਾ ਹੈ ਕਿ ਉਲੰਪਿਕ ਵਿਚ ਜੋ ਬਾਕੀ ਖਿਡਾਰੀਆਂ ਨੇ ਮੈਡਲ ਜਿੱਤੇ ਹਨ, ਉਨ੍ਹਾਂ ਨੇ ਵੀ ਆਪਣੀਆਂ ਨਿੱਜੀ ਕੋਸ਼ਿਸ਼ਾਂ ਸਦਕਾ ਹੀ ਜਿੱਤੇ ਹਨ। ਪਰ ਸਿਹਰਾ ਲੈਣ ਲਈ ਕੇਂਦਰ ਸਰਕਾਰ ਸਭ ਤੋਂ ਅੱਗੇ ਹੈ। ਇਥੇ ਇਕ ਗੱਲ ਹੋਰ ਸਪੱਸ਼ਟ ਹੁੰਦੀ ਹੈ ਕਿ ਪਿਛਲੀਆਂ ਨਾਕਾਮੀਆਂ ਲਈ ਸਾਡੇ ਖਿਡਾਰੀਆਂ ਦਾ ਕੋਈ ਕਸੂਰ ਨਹੀਂ। ਸਿਰਫ਼ ਤੇ ਸਿਰਫ਼ ਕੇਂਦਰ ਸਰਕਾਰ ਹੀ ਜ਼ਿੰਮੇਵਾਰ ਹੈ।

-ਜਸਵੀਰ ਸਿੰਘ ਭਲੂਰੀਆ
ਪਿੰਡ ਭਲੂਰ (ਮੋਗਾ)।

ਧਰਤੀ ਹੇਠਲੇ ਪਾਣੀ ਨੂੰ ਬਚਾਓ

9 ਜੁਲਾਈ ਨੂੰ 'ਅਜੀਤ' 'ਚ ਡਾ. ਅਮਨਪ੍ਰੀਤ ਸਿੰਘ ਬਰਾੜ ਨੇ ਬਹੁਤ ਹੀ ਵਧੀਆ ਢੰਗ ਨਾਲ ਧਰਤੀ ਹੇਠਲੇ ਘਟਦੇ ਜਾ ਰਹੇ ਪਾਣੀ ਬਾਰੇ ਲਿਖਿਆ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਅਤੇ ਚਿੰਤਾਜਨਕ ਹੈ, ਜਿੰਨਾ ਪਾਣੀ ਕਿਸਾਨ ਧਰਤੀ ਹੇਠੋਂ ਝੋਨੇ ਅਤੇ ਹੋਰ ਫਸਲਾਂ ਦੀ ਸਿੰਚਾਈ ਵਾਸਤੇ ਕੱਢ ਰਹੇ ਹਨ, ਓਨਾ ਹੀ ਪਾਣੀ ਪਿੰਡਾਂ ਕਸਬਿਆਂ ਅਤੇ ਸ਼ਹਿਰਾਂ ਵਿਚ ਰਹਿਣ ਵਾਲੇ ਲੋਕ ਵੀ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਧਰਤੀ ਹੇਠਲੇ ਪਾਣੀ ਨੂੰ ਕੱਢ-ਕੱਢ ਕੇ ਮੁਕਾਈ ਜਾ ਰਹੇ ਹਨ। ਸਾਡੀਆਂ ਸਰਕਾਰਾਂ ਨੂੰ ਇਸ ਪਾਸੇ ਵੱਲ ਵੀ ਧਿਆਨ ਦੇ ਕੇ ਬਦਲਵੇਂ ਪ੍ਰਬੰਧ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ।

-ਡਾ. ਸੰਪੂਰਨ ਸਿੰਘ ਚਾਨੀਆਂ

13-08-2021

 ਨੇਤਾ ਆਪਣਾ ਫ਼ਰਜ਼ ਸਮਝਣ
ਪੰਜਾਬ ਪੀਰ-ਪੈਗੰਬਰਾਂ ਦੀ ਧਰਤੀ ਹੈ। ਇਸ ਪਵਿੱਤਰ ਧਰਤੀ ਨੇ ਜਿਥੇ ਮਹਾਨ ਯੋਧਿਆਂ ਨੂੰ ਜਨਮ ਦਿੱਤਾ ਹੈ, ਉਥੇ ਇਹ ਧਰਤੀ ਅਨਾਜ ਦੀ ਪੈਦਾਵਾਰ ਕਰਕੇ ਵੀ ਮਸ਼ਹੂਰ ਹੈ। ਅੱਜਕਲ੍ਹ ਪੰਜਾਬ ਵਿਚ ਚੋਣਾਂ ਦਾ ਮਾਹੌਲ ਦਿਨੋ-ਦਿਨ ਗਰਮਾ ਰਿਹਾ ਹੈ। ਚੋਣਾਂ ਇਕ ਕਿਸਮ ਦਾ ਮੌਕਾ ਹੁੰਦਾ ਹੈ, ਜਦੋਂ ਜਨਤਾ ਨੇ ਕਿਸੇ ਨੇਤਾ ਨੂੰ ਆਪਣੇ ਇਲਾਕੇ ਆਪਣੇ ਰਾਜ ਦੀ ਜ਼ਿੰਮੇਵਾਰੀ ਸੌਂਪਣੀ ਹੁੰਦੀ ਹੈ।
ਵੱਖ-ਵੱਖ ਪਾਰਟੀਆਂ ਦੇ ਨੇਤਾ ਜਨਤਾ ਦਲ ਵੰਨ-ਸੁਵੰਨੇ ਵਾਅਦੇ ਕਰ ਰਹੇ ਹਨ, ਜਨਤਾ ਨੂੰ ਸਬਜ਼ਬਾਗ ਵਿਖਾ ਰਹੇ ਹਨ। ਹਰੇਕ ਵਿਅਕਤੀ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਉਪਰਾਲੇ ਕਰਦਾ ਹੈ। ਆਪਣੇ ਘਰ ਨੂੰ ਸਾਫ਼-ਸੁਥਰਾ ਅਤੇ ਸੰਵਾਰ ਕੇ ਰੱਖਦਾ ਹੈ ਤਾਂ ਕਿ ਕੋਈ ਰਿਸ਼ਤੇਦਾਰ ਸੱਜਣ ਉਸ ਦੇ ਘਰ ਆਏ ਤਾਂ ਉਸ ਨੂੰ ਕੋਈ ਕਮੀ ਨਜ਼ਰ ਆ ਆਵੇ। ਇਸੇ ਤਰ੍ਹਾਂ ਹਰੇਕ ਨੇਤਾ ਦਾ ਫ਼ਰਜ਼ ਬਣਦਾ ਹੈ ਕਿ ਉਹ ਕੇਵਲ ਵਾਅਦੇ ਨਾ ਕਰਕੇ ਅਸਲੀਅਤ ਵਿਚ ਪੰਜਾਬ, ਪੰਜਾਬੀਅਤ ਅਤੇ ਪੰਜਾਬ ਵਾਸੀਆਂ ਦੀ ਚੜ੍ਹਦੀ ਕਲਾ ਲਈ ਯਤਨ ਕਰੇ। ਪੰਜਾਬ ਦੇ ਮੁੱਖ ਮੁੱਦੇ ਹੱਲ ਕਰਨ ਲਈ ਯਤਨ ਕਰੇ, ਪੰਜਾਬ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰੇ ਅਤੇ ਪੰਜਾਬ ਦੀ ਤਰੱਕੀ ਲਈ ਯਤਨ ਕਰੇ।


-ਮਲਟੀ
ਅਧਿਆਪਕਾ, ਸੇਂਟ ਥੌਮਸ ਕਾਨਵੈਂਟ ਸਕੂਲ, ਰਾਜਾਸਾਂਸੀ।


ਵੋਟ ਰਾਜਨੀਤੀ
ਕਿਸਾਨੀ ਮੋਰਚਾ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ, ਬਿਜਲੀ ਸਸਤੀ ਦੇਣ ਅਤੇ ਭਾਰਤ ਪੱਧਰ 'ਤੇ ਫ਼ਸਲਾਂ ਦੇ ਸਮਰਥਨ ਮੁੱਲ ਲਾਗੂ ਕਰਵਾਉਣ ਲਈ ਲਗਾਇਆ ਗਿਆ ਸੀ। ਇਸ ਵਿਚ 32 ਕਿਸਾਨ ਜਥੇਬੰਦੀਆਂ ਦੇ ਕੇਡਰ ਤੋਂ ਇਲਾਵਾ ਸਾਰੀਆਂ ਪਾਰਟੀਆਂ ਦੇ ਹੇਠਲੇ ਵਰਕਰਾਂ ਨੇ ਭਾਗ ਲਿਆ ਹੈ। 2022 ਦੀਆਂ ਚੋਣਾਂ ਨੇੜੇ ਆ ਰਹੀਆਂ ਹਨ। ਬਿਨਾਂ ਕੋਈ ਮੰਗ ਮੰਨਵਾਏ ਸੰਯੁਕਤ ਕਿਸਾਨ ਮੋਰਚੇ ਨੂੰ ਚੋਣਾਂ ਵਿਚ ਧੱਕਣਾ ਹਾਨੀਕਾਰਕ ਹੋਵੇਗਾ। ਸੋ, ਮੋਰਚੇ ਨੂੰ ਵੱਧ ਜ਼ੋਰ ਮੰਗਾਂ ਮੰਨਵਾਉਣ 'ਤੇ ਹੀ ਲਗਾਉਣਾ ਚਾਹੀਦਾ ਹੈ।


-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ ਨੇੜੇ ਮਲੇਰਕੋਟਲਾ

12-08-2021

 ਨੌਜਵਾਨਾਂ ਵਿਚ ਸਹਿਣ ਸ਼ਕਤੀ ਦੀ ਘਾਟ ਕਿਉਂ?
ਅੱਜ ਨੌਜਵਾਨ ਪੀੜ੍ਹੀ ਦੀ ਗੱਲ ਕਰੀਏ ਤਾਂ ਸਕੂਲਾਂ, ਕਾਲਜਾਂ ਵਿਚ ਪੜ੍ਹਦੇ ਮੁੰਡੇ ਕੁੜੀਆਂ ਜਿਥੇ ਚੰਗੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਪਰ ਇਸ ਦੇ ਦੂਜੇ ਪੱਖ ਵੱਲ ਧਿਆਨ ਦੇਈਏ ਤਾਂ ਪਤਾ ਲਗਦਾ ਹੈ ਕਿ ਇਕ-ਦੂਜੇ ਤੋਂ ਅੱਗੇ ਲੰਘਣ ਦੀ ਚਾਹਤ ਨੇ ਇਨ੍ਹਾਂ ਨੌਜਵਾਨਾਂ ਨੂੰ ਈਰਖਾ ਨਫ਼ਰਤ ਨਾਲ ਘੇਰ ਲਿਆ ਹੈ। ਨਿੱਕੀ-ਨਿੱਕੀ ਗੱਲ ਕਾਰਨ ਹੀ ਮੁੰਡੇ ਆਪਸ ਵਿਚ ਹੱਥੋਪਾਈ ਹੋ ਜਾਂਦੇ ਹਨ ਅਤੇ ਕਦੇ-ਕਦੇ ਤਾਂ ਕੁੜੀਆਂ ਵੀ ਸੜਕ ਉੱਤੇ ਲੜਾਈ ਕਰਨ ਤੋਂ ਗੁਰੇਜ਼ ਨਹੀਂ ਕਰਦੀਆਂ, ਜੋ ਕਿ ਸਾਰਿਆਂ ਲਈ ਤਮਾਸ਼ਾ ਬਣ ਜਾਂਦਾ ਹੈ। ਛੋਟੀ ਜਿਹੀ ਨੋਕ-ਝੋਕ ਕਾਰਨ ਨੌਜਵਾਨ ਬਦਲੇ ਦੀ ਭਾਵਨਾ ਨਾਲ ਵੱਡੇ ਹਾਦਸਿਆਂ ਨੂੰ ਅੰਜਾਮ ਦੇਣ ਲੱਗੇ ਭੋਰਾ ਨਹੀਂ ਸੋਚਦੇ। ਆਖ਼ਰ ਨੌਜਵਾਨਾਂ ਵਿਚ ਸਹਿਣ ਸ਼ਕਤੀ ਕਿਉਂ ਘਟ ਗਈ ਹੈ? ਥੋੜ੍ਹੇ ਦਿਨ ਪਹਿਲਾਂ ਹੀ ਪੁਰਾਣੀ ਰੰਜਿਸ਼ ਕਾਰਨ ਇਕ ਨੌਜਵਾਨ ਨੇ ਅਚਾਨਕ ਦੂਜੇ ਨੌਜਵਾਨ ਦੇ ਸਿਰ 'ਤੇ ਇਕ ਭਾਰੀ ਬੇਸਬਾਲ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਾਪਿਆਂ ਨੂੰ ਜਦੋਂ ਲੱਗੇ ਕਿ ਉਨ੍ਹਾਂ ਦਾ ਬੱਚਾ ਕੱਲਾ-ਕੱਲਾ ਰਹਿਣਾ ਚਾਹੁੰਦਾ ਹੈ ਜਾਂ ਚੁੱਪ-ਚਾਪ ਰਹਿੰਦਾ ਹੈ ਤਾਂ ਮਾਤਾ-ਪਿਤਾ ਅਤੇ ਵੱਡੇ ਭੈਣ-ਭਰਾਵਾਂ ਨੂੰ ਉਸ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਉਸ ਦੀ ਪ੍ਰੇਸ਼ਾਨੀ ਦਾ ਕਾਰਨ ਪੁੱਛਣਾ ਚਾਹੀਦਾ ਹੈ, ਜਿਸ ਨਾਲ ਅਚਾਨਕ ਵਾਪਰ ਵਾਲੇ ਹਾਦਸੇ ਰੋਕੇ ਜਾ ਸਕਦੇ ਹਨ। ਉਸ ਦੇ ਮਿੱਤਰਾਂ ਅਤੇ ਘੁੰਮਣ ਫਿਰਨ ਵਾਲੀਆਂ ਥਾਵਾਂ ਦੀ ਸੂਚੀ ਵੀ ਆਪਣੇ ਕੋਲ ਮੌਜੂਦ ਰੱਖੋ। ਕਦੇ ਵੀ ਉਸ ਨੂੰ ਬਦਲੇ ਦੀ ਭਾਵਨਾ ਲਈ ਉਤਸ਼ਾਹਿਤ ਨਾ ਕਰੋ। ਲੋੜੀਂਦੇ ਹੱਲ ਲੱਭਣ ਵਿਚ ਉਸ ਦੀ ਮਦਦ ਕਰੋ ਅਤੇ ਚੰਗੇ ਗੁਣਾਂ ਦਾ ਧਾਰਨੀ ਬਣਨ ਦੀ ਸਿੱਖਿਆ ਦੇਵੋ, ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਉਸ ਨੂੰ ਚੰਗਾ ਇਨਸਾਨ ਬਣਾ ਸਕਦੇ ਹਾਂ।


-ਅਮਨਦੀਪ ਕੌਰ ਹਾਕਮ ਸਿੰਘ ਵਾਲਾ।


ਭਾਰਤ ਦੀ ਖੇਡ ਵਿਵਸਥਾ
'ਅਜੀਤ' ਦੇ ਸੰਪਾਦਕੀ ਲੇਖਾਂ ਵਿਚ ਸਤਨਾਮ ਸਿੰਘ ਮਾਣਕ ਦਾ 'ਬਿਹਤਰ ਵਿਵਸਥਾ ਹੀ ਬਣਾ ਸਕਦੀ ਹੈ ਸਮਰੱਥ ਖਿਡਾਰੀ' ਲੇਖ ਦੇਸ਼ ਦੇ ਹਾਕਮਾਂ ਨੂੰ ਖੇਡਾਂ ਪ੍ਰਤੀ ਜਗਾਉਣ ਵਾਲਾ ਸਲਾਹੁਣਯੋਗ ਲੇਖ ਸੀ। ਆਜ਼ਾਦੀ ਦੇ 74 ਸਾਲ ਪੂਰੇ ਹੋਣ ਦੇ ਬਾਅਦ ਵੀ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ਵਿਚ ਅੱਗੇ ਵਧਾਉਣ ਲਈ ਨਾ ਤਾਂ ਕੋਈ ਠੋਸ ਖੇਡ ਨੀਤੀ ਅਤੇ ਨਾ ਹੀ ਰਾਜਾਂ ਤੋਂ ਲੈ ਕੇ ਕੌਮੀ ਪੱਧਰ ਤੱਕ ਮਜ਼ਬੂਤ ਖੇਡ ਢਾਂਚਾ ਹੀ ਬਣ ਸਕਿਆ ਹੈ, ਜਦ ਕਿ ਸਾਡਾ ਗੁਆਂਢੀ ਦੇਸ਼ ਚੀਨ ਭਾਰਤ ਤੋਂ ਦੋ ਸਾਲ ਬਾਅਦ ਆਜ਼ਾਦ ਹੋ ਕੇ ਅੱਜ ਹਰ ਖੇਤਰ ਦੇ ਨਾਲ-ਨਾਲ ਖੇਡਾਂ ਵਿਚ ਵੀ ਸਭ ਤੋਂ ਉੱਚੀ ਥਾਂ ਬਣਾ ਕੇ ਬੈਠਾ ਹੈ। ਭਾਰਤ ਵਿਚ ਰਾਸ਼ਟਰੀ ਪੱਧਰ ਤੱਕ ਦੇ ਖਿਡਾਰੀ ਗ਼ਰੀਬੀ ਕਾਰਨ ਦਿਹਾੜੀਆਂ ਕਰਨ ਲਈ ਮਜਬੂਰ ਹਨ, ਉਥੇ ਹੀ ਦੂਸਰੇ ਪਾਸੇ ਸਰਦੇ-ਪੁੱਜਦੇ ਮਾਪੇ ਆਪਣੇ ਬੱਚਿਆਂ ਨੂੰ ਖੇਡਾਂ ਵਿਚ ਪਾਉਣ ਦੀ ਥਾਂ ਉਨ੍ਹਾਂ ਨੂੰ ਡਾਕਟਰ, ਇੰਜੀਨੀਅਰ ਅਤੇ ਹੋਰ ਉੱਚੀਆਂ ਪਦਵੀਆਂ ਦਿਵਾਉਣ ਲਈ ਸੋਚਦੇ ਰਹਿੰਦੇ ਹਨ। ਭਾਵੇਂ ਕਿ ਇਨ੍ਹਾਂ ਉਲੰਪਿਕ ਖੇਡਾਂ ਵਿਚ ਭਾਰਤ ਦਾ ਕੁਝ ਅਕਸ ਸੁਧਰਿਆ ਹੈ। ਸੋ ਅਗਲੀਆਂ ਉਲੰਪਿਕ ਖੇਡਾਂ ਜੋ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ 2024 ਵਿਚ ਹੋਣ ਜਾ ਰਹੀਆਂ ਹਨ, ਵਿਚ ਭਾਰਤ ਨੂੰ ਹੁਣ ਤੋਂ ਹੀ ਪਿਛਲੀਆਂ ਕਮੀਆਂ ਤੋਂ ਸਬਕ ਲੈ ਕੇ ਵੱਡੀਆਂ ਤਿਆਰੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਤਰਨ ਤਾਰਨ।


ਪਹਿਲਾ ਸੋਨ ਤਗਮਾ
ਉਲੰਪਿਕ ਖੇਡਾਂ ਵਿਚ ਭਾਰਤ ਨੂੰ ਸੋਨੇ ਦਾ ਤਗਮਾ ਜੈਵਲਿਨ ਥਰੋਅ ਵਿਚ ਮਿਲਣ ਨਾਲ ਪੂਰਾ ਖੁਸ਼ੀਆ ਦਾ ਮਾਹੌਲ ਹੈ। ਇਹ ਤਗਮਾ ਨੀਰਜ ਚੋਪੜਾ ਦੇ ਹਿੱਸੇ ਆਇਆ ਹੈ। ਭਾਰਤੀ ਫ਼ੌਜ ਦਾ ਖਿਡਾਰੀ ਹੋਣ ਕਰਕੇ ਸਮੁੱਚੀ ਫ਼ੌਜ ਦਾ ਸਿਰ ਵੀ ਮਾਣ ਨਾਲ ਉੱਚਾ ਹੋਇਆ ਹੈ। ਜਦੋਂ ਭਾਰਤੀ ਤਿਰੰਗੇ ਨੇ ਸਿਖ਼ਰਾਂ ਨੂੰ ਛੋਹਿਆ। ਫ਼ੌਜ ਅਤੇ ਪੁਲਿਸ ਵਿਭਾਗ ਕੋਲ ਖੁਰਾਕ ਅਤੇ ਹੋਰ ਸਹੂਲਤਾਂ ਹੋਣ ਕਰਕੇ ਵਧੀਆ ਖਿਡਾਰੀ ਵੀ ਭਰਤੀ ਹੁੰਦੇ ਹਨ। ਆਸ ਹੈ ਆਉਣ ਵਾਲਾ ਸਮਾਂ ਅਥਲੈਟਿਕਸ ਵਿਚ ਹੋਰ ਵੀ ਸੋਨੇ ਦੇ ਤਗਮੇ ਲੈ ਕੇ ਆਵੇਗਾ। ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਪ੍ਰਾਇਮਰੀ ਸਕੂਲ ਖੇਡਾਂ ਤੋਂ ਹੀ ਅਥਲੈਟਿਕਸ ਨੂੰ ਉਤਸ਼ਾਹਿਤ ਕਰਨਾ ਹੋਵੇਗਾ।


-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, ਨੇੜੇ ਮਲੇਰਕੋਟਲਾ, ਪੰਜਾਬ।


ਸਕੂਲਾਂ 'ਚ ਪਰਤੀ ਰੌਣਕ
ਕੋਰੋਨਾ ਮਹਾਂਮਾਰੀ ਨੇ ਸਾਡੇ ਸਕੂਲਾਂ ਦੀ ਰੌਣਕ ਨੂੰ ਖ਼ਤਮ ਹੀ ਕਰ ਦਿੱਤਾ ਸੀ। ਸਾਰੀ ਦੁਨੀਆ ਦੇ ਮਾਪਿਆਂ ਨੇ ਆਪਣੇ ਬੱਚੇ ਸਕੂਲ ਭੇਜਣ ਦੀ ਆਸ ਹੀ ਛੱਡ ਦਿੱਤੀ ਸੀ। ਆਨਲਾਈਨ ਪੜ੍ਹਾਈ ਕਰਕੇ ਬੱਚਿਆਂ ਨੂੰ ਆਪਣਾ ਭਵਿੱਖ ਸਾਫ਼ ਨਹੀਂ ਸੀ ਨਜ਼ਰ ਆਉਂਦਾ। ਪਰ ਹੁਣ ਸਕੂਲਾਂ ਦੀ ਰੌਣਕ ਮੁੜ ਪਰਤ ਆਈ ਹੈ। ਬੱਚਿਆਂ, ਮਾਪਿਆਂ ਦੇ ਚਿਹਰੇ ਖੁਸ਼ੀ ਨਾਲ ਖਿੜ ਗਏ ਹਨ। ਪਰ ਅਜੇ ਵੀ ਕੋਰੋਨਾ ਦਾ ਕਹਿਰ ਮੁੱਕਿਆ ਨਹੀਂ, ਅਜੇ ਵੀ ਇਸ ਦਾ ਡਰ ਸਾਰੀ ਦੁਨੀਆ ਵਿਚ ਫੈਲਿਆ ਹੋਇਆ ਹੈ। ਪਰ ਕੀ ਇਹ ਸਕੂਲਾਂ ਦੀ ਰੌਣਕ ਹੁਣ ਚਲਦੀ ਰਹੇਗੀ ਜਾਂ ਖ਼ਤਮ ਹੋ ਜਾਵੇਗੀ? ਪਰ ਹੁਣ ਇਹ ਹੀ ਅਰਦਾਸ ਹੈ ਕਿ ਸਭ ਦੀਆਂ ਖੁਸ਼ੀਆਂ ਮੁੜ ਵਾਪਸ ਆ ਜਾਣ।


-ਕਿਰਨਦੀਪ, ਜਲੰਧਰ।


ਭਰਤੀ ਲਈ ਪ੍ਰੀਖਿਆ ਕੇਂਦਰ ਏਨੀ ਦੂਰ ਕਿਉਂ?
ਪੰਜਾਬ ਵਿਚ ਇਸ ਸਮੇਂ ਕਈ ਸਰਕਾਰੀ ਵਿਭਾਗਾਂ ਵਿਚ ਅਸਾਮੀਆਂ ਨਿਕਲੀਆਂ ਹਨ। ਹੁਣ ਜਿਹੜੇ ਨੌਜਵਾਨਾਂ ਨੇ ਅਸਾਮੀਆਂ ਲਈ ਅਰਜ਼ੀਆਂ ਭੇਜੀਆਂ ਹੁੰਦੀਆਂ ਹਨ, ਉਨ੍ਹਾਂ ਲਈ ਇਕ ਹੋਰ ਵੱਡੀ ਸਮੱਸਿਆ ਹੈ ਪ੍ਰੀਖਿਆ ਕੇਂਦਰਾਂ ਦੀ ਦੂਰੀ। ਜਦੋਂ ਇਹ ਪ੍ਰੀਖਿਆਵਾਂ ਹੁੰਦੀਆਂ ਹਨ ਤਾਂ ਪ੍ਰੀਖਿਆ ਕੇਂਦਰ ਬਹੁਤ ਦੂਰ-ਦੂਰ ਬਣਾਏ ਜਾਂਦੇ ਹਨ। ਪ੍ਰੀਖਿਆਂ ਕੇਂਦਰ ਦੀ ਦੂਰੀ 100 ਕਿ.ਮੀ. ਤੱਕ ਹੋਣਾ ਆਮ ਜਿਹੀ ਗੱਲ ਬਣੀ ਪਈ ਹੈ, ਸੋ ਏਨੀ ਦੂਰੀ ਤੈਅ ਕਰਕੇ ਪ੍ਰੀਖਿਆ ਦੇਣ ਜਾਣਾ ਬਹੁਤ ਹੀ ਮੁਸ਼ਕਿਲ ਭਰਿਆ ਕੰਮ ਹੈ ਜਦੋਂ ਕਿ ਪ੍ਰੀਖਿਆ ਕੇਂਦਰ ਨੇੜੇ ਬਣ ਸਕਦੇ ਹਨ। ਇਸ ਤੋਂ ਵੀ ਜ਼ਿਆਦਾ ਸੋਚਣ ਵਾਲੀ ਗੱਲ ਇਹ ਹੈ ਕਿ ਪ੍ਰੀਖਿਆ ਕੇਂਦਰ ਉਮੀਦਵਾਰ ਦੇ ਆਪਣੇ ਜ਼ਿਲ੍ਹੇ ਜਾਂ ਨੇੜੇ ਦੇ ਕਿਸੇ ਵੱਡੇ ਸ਼ਹਿਰ ਵਿਚ ਵੀ ਬਣਿਆ ਹੁੰਦਾ ਹੈ ਪ੍ਰੰਤੂ ਉਸ ਦੀ ਪ੍ਰੀਖਿਆ ਕਿਸੇ ਹੋਰ ਜ਼ਿਲ੍ਹੇ ਵਿਚ ਹੁੰਦੀ ਹੈ। ਸੋ ਪਹਿਲਾਂ ਤਾਂ ਇਨ੍ਹਾਂ ਉਮੀਦਵਾਰਾਂ ਦੇ ਮਨ 'ਤੇ ਇਹ ਬੋਝ ਹੁੰਦਾ ਹੈ ਕਿ ਏਨੀ ਦੂਰ ਅਸੀਂ ਸਮੇਂ 'ਤੇ ਪਹੁੰਚ ਵੀ ਜਾਵਾਂਗੇ ਜਾਂ ਨਾ, ਦੂਜੀ ਗੱਲ ਬਹੁਤਿਆਂ ਕੋਲ ਏਨਾ ਕਿਰਾਇਆ ਤੱਕ ਨਹੀਂ ਹੁੰਦਾ। ਇਸ ਤੋਂ ਇਲਾਵਾ ਸੜਕ ਆਵਾਜਾਈ ਬਹੁਤ ਵਧ ਚੁੱਕੀ ਹੈ ਜੋ ਕਿ ਪ੍ਰੀਖਿਆ ਵਾਲੇ ਦਿਨ ਹੋਰ ਵਧ ਜਾਂਦੀ ਹੈ ਤਾਂ ਰਸਤੇ ਵਿਚ ਦੁਰਘਟਨਾਵਾਂ ਵਾਪਰਦੀਆਂ ਹਨ ਜਿਸ ਦੇ ਸਿੱਟੇ ਵਜੋਂ ਜਾਨੀ ਨੁਕਸਾਨ ਤੱਕ ਹੋ ਜਾਂਦਾ ਹੈ। ਆਵਾਜਾਈ ਦੀ ਭੀੜ ਵਿਚ ਫਸ ਕੇ ਪ੍ਰੀਖਿਆ ਦੇਣ ਤੋਂ ਵਾਂਝੇ ਰਹਿ ਜਾਂਦੇ ਹਨ। ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਇਨ੍ਹਾਂ ਪ੍ਰੀਖਿਆਵਾਂ ਦੀ ਤਿਆਰੀ ਕੀਤੀ ਹੁੰਦੀ ਹੈ, ਆਪਣੀ ਰਾਤ-ਦਿਨ ਇਕ ਕਰਕੇ ਕੀਤੀ ਹੋਈ ਮਿਹਨਤ ਤੋਂ ਉਨ੍ਹਾਂ ਨੂੰ ਬਹੁਤ ਉਮੀਦਾਂ ਹੁੰਦੀਆਂ ਹਨ। ਸੋ ਜੇਕਰ ਉਹ ਸਿਰਫ ਪ੍ਰੀਖਿਆ ਕੇਂਦਰ ਦੀ ਵੱਧ ਦੂਰੀ ਕਾਰਨ ਰੁਜ਼ਗਾਰ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ ਤਾਂ ਇਸ ਤੋਂ ਭੈੜਾ ਦਿਨ ਉਨ੍ਹਾਂ ਦੀ ਜ਼ਿੰਦਗੀ ਵਿਚ ਕਦੇ ਨਹੀਂ ਆ ਸਕਦਾ। ਸੋ ਸਰਕਾਰੀ ਅਦਾਰਿਆਂ ਨੂੰ ਇਸ ਸਮੱਸਿਆ ਵੱਲ ਸੋਚਣਾ ਚਾਹੀਦਾ ਹੈ।


-ਲੈਕ: ਜੁਗਰਾਜ ਸਿੰਘ
ਪਿੰਡ- ਸੂਲਰ ਘਰਾਟ।

11-08-2021

 ਯਾਤਰੀਆਂ ਦੀ ਲੁੱਟ

ਮੈਂ ਆਪ ਜੀ ਦਾ ਧਿਆਨ ਬੱਸ ਅੱਡਿਆਂ 'ਤੇ ਦੁਕਾਨਦਾਰਾਂ ਵਲੋਂ ਕੀਤੀ ਜਾ ਰਹੀ ਲੁੱਟ ਵੱਲ ਦਿਵਾਉਣਾ ਚਾਹੁੰਦਾ ਹਾਂ। ਇਨ੍ਹਾਂ ਥਾਵਾਂ 'ਤੇ ਯਾਤਰੀਆਂ ਦੀ ਸ਼ਰ੍ਹੇਆਮ ਲੁੱਟ ਕੀਤੀ ਜਾ ਰਹੀ ਹੈ। ਜਿਵੇਂ ਕਿ ਸਭ ਨੂੰ ਪਤਾ ਹੈ ਕਿ ਬੱਸਾਂ 'ਚ ਆਮ ਤੌਰ 'ਤੇ ਦਰਮਿਆਨੇ ਤੇ ਛੋਟੇ ਤਬਕੇ ਦੇ ਲੋਕ ਹੀ ਸਫਰ ਕਰਦੇ ਹਨ ਅਤੇ ਜਦ ਉਹ ਖਾਸ ਤੌਰ 'ਤੇ ਹੋਟਲਾਂ 'ਚ ਰੋਟੀ, ਚਾਹ, ਪਾਣੀ ਜਾਂ ਕੋਈ ਹੋਰ ਵਸਤ ਖਾਂਦੇ ਹਨ ਤਾਂ ਉਨ੍ਹਾਂ ਤੋਂ ਲਗਪਗ ਡੇਢ-ਦੋ ਗੁਣਾਂ ਰੇਟ ਲਏ ਜਾਂਦੇ ਹਨ। ਚਾਹ ਦਾ ਕੱਪ 10 ਰੁਪਏ ਦੀ ਥਾਂ 15 ਰੁਪਏ ਜਾਂ 20 ਰੁਪਏ, ਸਾਦਾ ਪਰੌਂਠਾ 20 ਰੁਪਏ ਦੀ ਥਾਂ 40 ਰੁਪਏ ਜਾਂ 50 ਰੁਪਏ ਅਤੇ ਸਮੋਸਾ 15 ਰੁਪਏ ਦੀ ਥਾਂ 30 ਰੁਪਏ ਦਾ ਵੇਚਿਆ ਜਾ ਰਿਹਾ ਹੈ।
ਜੇਕਰ ਯਾਤਰੀ ਘੱਟ ਲੈਣ ਬਾਰੇ ਕਹਿੰਦਾ ਹੈ ਤਾਂ ਉਲਟਾ ਦੁਕਾਨਦਾਰ ਉਸ ਨਾਲ ਲੜਦੇ ਹਨ ਅਤੇ ਬੇਇਜ਼ਤੀ ਕਰਦੇ ਹਨ। ਇਸ ਤੋਂ ਇਲਾਵਾ ਸਫਾਈ ਦਾ ਵੀ ਕੋਈ ਧਿਆਨ ਨਹੀਂ ਰੱਖਿਆ ਜਾਂਦਾ, ਜੋ ਬਿਮਾਰੀਆਂ ਦਾ ਕਾਰਨ ਬਣਦੇ ਹਨ ਅਤੇ ਕੋਵਿਡ-19 ਦੀ ਮਹਾਂਮਾਰੀ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੀ ਸਾਵਧਾਨੀ ਨਹੀਂ ਵਰਤੀ ਜਾਂਦੀ। ਸੋ ਮੈਂ ਪ੍ਰਸ਼ਾਸਨ ਅਤੇ ਹੋਰ ਸਰਕਾਰ ਦੇ ਸਮੂਹ ਸਬੰਧਿਤ ਅਧਿਕਾਰੀਆਂ, ਕਰਮਚਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਗੰਭੀਰ ਕੁਤਾਹੀ ਵੱਲ ਧਿਆਨ ਦਿੰਦੇ ਹੋਏ ਦੁਕਾਨਦਾਰਾਂ ਦੀ ਆਮ ਰੁਟੀਨ ਚੈਕਿੰਗ ਕੀਤੀ ਜਾਵੇ ਅਤੇ ਉਨ੍ਹਾਂ 'ਤੇ ਸ਼ਿਕੰਜਾ ਕੱਸਦੇ ਹੋਏ ਗਰੀਬ ਜਨਤਾ ਨੂੰ ਇਸ ਲੁੱਟ ਤੋਂ ਬਚਾਇਆ ਜਾ ਸਕੇ।

-ਅਸ਼ੋਕ ਚਟਾਨੀ (ਰਿਟਾ.)
ਡਿਪਟੀ ਇਕਨਾਮਿਕ ਐਡਵਾਈਜ਼ਰ, ਮੋਗਾ।

ਬਿਜਲੀ ਦੀ ਚੋਰੀ

2022 ਦੀਆਂ ਚੋਣਾਂ ਨੂੰ ਵੇਖਦਿਆਂ ਸਾਰੀਆਂ ਰਾਜਨੀਤਕ ਪਾਰਟੀਆਂ ਜਿੱਤ ਹਾਸਲ ਕਰਨ ਲਈ ਹੁਣੇ ਤੋਂ ਹੀ ਜਨਤਾ ਨਾਲ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰ ਰਹੀਆਂ ਹਨ। ਜਿਥੇ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਚ ਆਪਣੀ ਪਾਰਟੀ ਦੀ ਸਰਕਾਰ ਬਣਨ 'ਤੇ ਹਰ ਵਰਗ ਨੂੰ 300 ਯੂਨਿਟ ਮੁਆਫ਼ ਕਰਨ ਦੀ ਪੇਸ਼ਕਸ਼ ਕੀਤੀ ਹੈ, ਉਥੇ ਹੁਣ ਬਿਜਲੀ ਦੀ ਬੋਲੀ ਲਗਾਉਣ ਵਿਚ ਕਾਂਗਰਸ ਪਾਰਟੀ ਵੀ ਪਿੱਛੇ ਨਹੀਂ ਰਹੀ। ਕਾਂਗਰਸ ਪਾਰਟੀ ਦੇ ਤਾਜ਼ਾ ਬਣੇ ਬਹੁਚਰਚਿਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਐਲਾਨ ਕੀਤਾ ਹੈ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ 'ਤੇ ਘਰੇਲੂ ਵਰਤੋਂ ਲਈ 3 ਰੁਪਏ ਅਤੇ ਵਪਾਰਕ ਵਰਤੋਂ ਲਈ 5 ਰੁਪਏ ਯੂਨਿਟ ਬਿਜਲੀ ਮਿਲੇਗੀ। ਪ੍ਰਧਾਨ ਜੀ ਨੂੰ ਸ਼ਾਇਦ ਚੇਤੇ ਨਹੀਂ ਹੁਣ ਵੀ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਹੀ ਹੈ ਅਤੇ ਜੇਕਰ ਤੁਸੀਂ ਮੌਜੂਦਾ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਹੁੰਦਿਆਂ ਹੁਣ ਬਿਜਲੀ ਸਮਝੌਤੇ ਰੱਦ ਕਰਵਾ ਕੇ ਬਿਜਲੀ ਸਸਤੀ ਨਹੀਂ ਕਰਵਾ ਸਕਦੇ ਤਾਂ ਜਨਤਾ ਤੁਹਾਡੀ ਅਗਲੀ ਪਾਰਟੀ ਦੀ ਉਡੀਕ ਕਿਉਂ ਕਰੇਗੀ?

-ਚਾਨਣ ਦੀਪ ਸਿੰਘ ਔਲਖ
ਪਿੰਡ ਗੁਰਨੇ ਖੁਰਦ (ਮਾਨਸਾ)।

ਖੇਲ ਰਤਨ ਐਵਾਰਡ

ਪ੍ਰਧਾਨ ਮੰਤਰੀ ਨੇ ਖੇਡਾਂ ਦੇ ਸਰਬਉੱਚ ਐਵਾਰਡ 'ਰਾਜੀਵ ਗਾਂਧੀ ਖੇਲ ਰਤਨ ਐਵਾਰਡ' ਦਾ ਨਾਂਅ ਬਦਲ ਕੇ 'ਮੇਜਰ ਧਿਆਨ ਚੰਦ ਖੇਲ ਰਤਨ ਐਵਾਰਡ' ਰੱਖ ਦਿੱਤਾ ਹੈ। ਧਿਆਨ ਚੰਦ ਜੀ ਨੂੰ ਖੇਡਾਂ ਦੀ ਦੁਨੀਆ ਵਿਚ 'ਹਾਕੀ ਦਾ ਜਾਦੂਗਰ' ਕਿਹਾ ਜਾਂਦਾ ਹੈ। ਖੇਡ ਪ੍ਰੇਮੀਆਂ ਨੇ ਤਹਿ ਦਿਲੋਂ ਇਸ ਐਵਾਰਡ ਦਾ ਸਵਾਗਤ ਕੀਤਾ ਹੈ। ਹੋਰ ਵੀ ਖੇਡ ਪ੍ਰੇਮੀਆਂ ਨੇ ਇਸ ਨੂੰ ਸਲਾਹਿਆ ਹੈ। ਇਸ ਗੱਲ ਦਾ ਤਾਂ ਉਦੋਂ ਹੀ ਖਿਆਲ ਰੱਖਣਾ ਚਾਹੀਦਾ ਸੀ ਕਿ ਖੇਡ ਐਵਾਰਡ ਕਿਸੇ ਖਿਡਾਰੀ ਦੇ ਨਾਂਅ 'ਤੇ ਹੀ ਹੋਵੇ, ਨਾ ਕਿ ਕਿਸੇ ਸਿਆਸਤਦਾਨ ਦੇ ਨਾਂਅ 'ਤੇ। ਅਸ਼ਵਨੀ ਕੁਮਾਰ ਹੋਰਾਂ ਨੂੰ ਇਸ ਗੱਲ ਦਾ ਬਹੁਤਾ ਦੁੱਖ ਹੋਇਆ ਹੈ ਕਿ ਖੇਡ ਰਤਨ ਐਵਾਰਡ ਤੋਂ ਉਸ ਆਦਮੀ ਦਾ ਨਾਂਅ ਮਿਟਾ ਦਿੱਤਾ ਗਿਆ ਹੈ ਜੋ ਦਹਿਸ਼ਤਗਰਦੀ ਖਿਲਾਫ਼ ਜੰਗ ਵਿਚ ਮਾਰਿਆ ਗਿਆ। ਪ੍ਰਧਾਨ ਮੰਤਰੀ ਨੇ ਆਪਣੀ ਖੋਹਣ ਦੀ ਨੀਤੀ ਨਾਲ ਕਾਂਗਰਸ ਤੋਂ ਇਹ ਐਵਾਰਡ ਖੋਹ ਲਿਆ। ਉਂਜ ਹਰਿਆਣਾ ਅਤੇ ਪੰਜਾਬ ਦੇ ਮੁੰਡਿਆਂ ਨੇ ਉਲੰਪਿਕ ਵਿਚ ਭਾਰਤ ਦੀ ਲਾਜ ਰੱਖ ਲਈ। ਮੁਬਾਰਕ!

-ਭੁਪਿੰਦਰ ਸਿੰਘ।

ਤੀਆਂ ਦਾ ਬਦਲਦਾ ਰੂਪ

ਤੀਆਂ ਤੇ ਧੀਆਂ ਦੀ ਸਾਂਝ ਬਹੁਤ ਪੁਰਾਣੀ ਹੈ। ਨਵ ਵਿਆਹੀਆਂ ਮੁਟਿਆਰਾਂ ਨੂੰ ਤਾਂ ਇਸ ਦਾ ਹੋਰ ਵੀ ਚਾਅ ਹੁੰਦਾ ਹੈ ਕਿਉੁਂਕਿ ਸਾਉਣ ਮਹੀਨੇ ਉਹ ਆਪਣੇ ਪੇਕੇ ਘਰ ਆਉਂਦੀਆਂ ਹਨ ਪਰ ਅੱਜ ਦੇ ਆਧੁਨਿਕ ਯੁੱਗ ਵਿਚ ਤੀਆਂ ਦਾ ਉਹ ਪੁਰਾਣਾ ਰੂਪ ਬਦਲਦਾ ਜਾ ਰਿਹਾ ਹੈ। ਇਕ ਸਮਾਂ ਸੀ ਜਦੋਂ ਮੁਟਿਆਰਾਂ ਪਿੰਡ ਵਿਚ ਸਾਂਝੀ ਥਾਂ 'ਤੇ ਬੋਹੜ ਜਾਂ ਪਿੱਪਲ ਥੱਲੇ ਇਕੱਠੀਆਂ ਹੋ ਕੇ ਤੀਆਂ ਦੀਆਂ ਰੌਣਕਾਂ ਲਗਾਉਂਦੀਆਂ ਸਨ। ਸਭ ਨਣਦਾਂ-ਭਰਜਾਈਆਂ ਇਕੱਠੀਆਂ ਹੋ ਪੀਂਘਾਂ ਝੂਟਦੀਆਂ, ਕਿੱਕਲੀ ਪਾਉਂਦੀਆਂ, ਲੋਕ ਗੀਤ ਗਾਉਂਦੀਆਂ ਤੇ ਗਿੱਧੇ ਵਿਚ ਧਮਾਲਾਂ ਪਾ ਕੇ ਧਰਤੀ ਨੂੰ ਵੀ ਨੱਚਣ ਲਗਾ ਦਿੰਦੀਆਂ ਸਨ ਪਰ ਅੱਜ ਤੀਆਂ ਦਾ ਉਹ ਰੂਪ ਬਦਲ ਚੁੱਕਾ ਹੈ। ਹੁਣ ਤੀਆਂ ਬੋਹੜ ਜਾਂ ਪਿੱਪਲ ਥੱਲੇ ਨਹੀਂ ਸਗੋਂ ਹੋਟਲਾਂ ਜਾਂ ਸਕੂਲਾਂ ਵਿਚ ਮਨਾਈਆਂ ਜਾਣ ਲੱਗੀਆਂ ਹਨ। ਗਿੱਧੇ ਅਤੇ ਲੋਕ ਗੀਤਾਂ ਦੀ ਜਗ੍ਹਾ ਵੀ ਹੁਣ ਡੀ. ਜੇ. ਦੇ ਸ਼ੋਰ ਨੇ ਲੈ ਲਈ ਹੈ ਪਰ ਤੀਆਂ ਦਾ ਅਸਲੀ ਮਜ਼ਾ ਤਾਂ ਅੱਜ ਵੀ ਬੋਹੜ ਜਾਂ ਪਿੱਪਲ ਹੇਠ ਪੀਂਘਾਂ ਝੂਟ ਤੇ ਗਿੱਧਾ ਪਾ ਕੇ ਹੀ ਆਉਂਦਾ ਹੈ।

-ਜਸਪ੍ਰੀਤ ਕੌਰ ਸੰਘਾ
ਤਨੂੰਲੀ (ਹੁਸ਼ਿਆਰਪੁਰ)।

ਵੰਦਨਾ ਨੂੰ ਬੰਦਨਾ

ਹਾਕੀ ਪ੍ਰੇਮੀਆਂ ਨੇ 41 ਸਾਲ ਬਾਅਦ ਵਾਪਸੀ ਕਰਕੇ ਸੁਨਹਿਰੀ ਭਵਿੱਖ ਦੀ ਆਸ ਬਣਾਈ ਹੈ। ਪੰਜਾਬ ਦੀ ਧੀ ਗੁਰਜੀਤ ਕੌਰ ਨੂੰ ਹਰ ਹਾਕੀ ਪ੍ਰੇਮੀ ਸਿਜਦਾ ਕਰਦਾ ਹੈ, ਜਿਸ ਨੇ ਪੰਜਾਬ ਦੀ ਵਿਰਾਸਤ ਨੂੰ ਸਾਂਭਿਆ ਹੈ। ਰਾਣੀ ਰਾਮਪਾਲ, ਸਵੀਤਾ ਪੁੰਨੀਆਂ ਅਤੇ ਸਾਰੀ ਹਾਕੀ ਟੀਮ ਨੇ ਨਿਵੇਕਲੀ ਪੈੜ ਪਾਈ ਹੈ, ਜਿਸ ਦੀ ਹਾਕੀ ਪ੍ਰੇਮੀਆਂ ਵਿਚ ਖੁਸ਼ੀ ਹੈ। ਸਾਡੀ ਖੁਸ਼ੀ ਵਿਚ ਫੁੱਲ ਦੇ ਨਾਲ ਕੰਡਾ ਵੀ ਚੁੱਭਿਆ। ਵੰਦਨਾ ਕਟਾਰੀਆ ਬਾਰੇ ਜੋ ਜਾਤੀਵਾਦੀ ਜਾਂ ਉਸ ਨੂੰ ਖਿਝਾਉਣ ਬਾਰੇ ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ 'ਤੇ ਜੋ ਖ਼ਬਰਾਂ ਵੀ ਪ੍ਰਕਾਸ਼ਿਤ ਹੋਈਆਂ ਉਨ੍ਹਾਂ ਪਿੱਛੇ ਸਹੀ ਤੱਥਾਂ ਦਾ ਤਾਂ ਪਤਾ ਨਹੀਂ ਪਰ ਇਹ ਘਟਨਾਵਾਂ ਖੇਡ ਪ੍ਰੇਮੀਆਂ ਨੂੰ ਵਲੂੰਧਰ ਗਈਆਂ। ਉਤਸ਼ਾਹ ਵੀ ਭੰਗ ਕਰ ਗਈਆਂ। ਸਾਡੇ ਕੋਲ ਗੁਰੂ ਦਾ ਮਿਸ਼ਨ ਹੈ 'ਅਵਲਿ ਅਲਹ ਨੂਰ ਉਪਾਇਆ ਕੁਦਰਤਿ ਦੇ ਸਭਿ ਬੰਦੇ॥ ਏਕੁ ਨੂਰ ਤੇ ਸਭਿ ਜਗ ਉਪਜਿਆ ਕਉਣ ਭਲੇ ਕਉਣ ਮੰਦੇ॥' ਹਰ ਪੰਜਾਬੀ ਵੰਦਨਾ ਨਾਲ ਹੋਈ ਘਟਨਾ ਨੂੰ ਦੇਖ ਕੇ ਇਸ ਧੀ ਨੂੰ ਬੰਦਨਾ ਸਿਜਦਾ ਕਰਦਾ ਹੈ। ਸਮਾਜਿਕ ਉਲਝਣਾਂ ਅਤੇ ਤਰੁਟੀਆਂ ਵਿਚ ਇਹ ਧੀ ਡੋਲੀ ਨਹੀਂ। ਸਮੁੱਚੇ ਖੇਡ ਪ੍ਰੇਮੀਆਂ ਦਾ ਵੰਦਨਾ ਸਮੇਤ ਸਾਰੀ ਭਾਰਤੀ ਟੀਮ ਨੂੰ ਅਸ਼ੀਰਵਾਦ। ਯੁੱਗ ਯੁੱਗ ਜੀਓ ਧੀਓ।

-ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ।

10-08-2021

 ਬੇਰੁਜ਼ਗਾਰੀ ਤੇ ਮਹਿੰਗਾਈ ਨਾਲ ਮਚੀ ਹਾਹਾਕਾਰ

ਸੰਸਦ ਦੇ ਮੌਨਸੂਨ ਇਜਲਾਸ ਦੌਰਾਨ ਭਾਰਤ ਸਰਕਾਰ ਨੇ ਮੰਨਿਆ ਹੈ ਕਿ ਸਾਲ 2019-20 ਵਿਚ ਬੇਰੁਜ਼ਗਾਰੀ ਦੀ ਦਰ 4.8 ਫ਼ੀਸਦੀ ਸੀ। ਇਸ ਸਮੇਂ ਇਹ 7.14 ਫ਼ੀਸਦੀ ਤੱਕ ਵਧ ਚੁੱਕੀ ਹੈ। ਕਰੋੜਾਂ ਬੇਰੁਜ਼ਗਾਰ ਨੌਜਵਾਨ ਰੁਜ਼ਗਾਰ ਦੀ ਤਲਾਸ਼ ਵਿਚ ਹਨ ਪਰ ਨੌਕਰੀਆਂ ਦੀਆਂ ਸੰਭਾਵਨਾਵਾਂ ਖ਼ਤਮ ਹੋ ਰਹੀਆਂ ਹਨ। ਬੇਰੁਜ਼ਗਾਰੀ ਦੀ ਸਮੱਸਿਆ ਦੀ ਪੱਧਰ ਦਾ ਅੰਦਾਜ਼ਾ ਸਿਆਸੀ ਆਗੂਆਂ ਦੇ ਵਾਅਦਿਆਂ ਤੇ ਦਾਅਵਿਆਂ ਤੋਂ ਲਗਾਇਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਸਾਲ ਦੋ ਕਰੋੜ ਨੌਕਰੀ ਪੈਦਾ ਕਰਨ ਦੇ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਘਰ-ਘਰ ਨੌਕਰੀ ਦੇਣ ਦੇ ਵਾਅਦੇ ਕੀਤੇ ਸਨ। ਇਕ ਪਾਸੇ ਬੇਰੁਜ਼ਗਾਰੀ ਤੇ ਦੂਜੇ ਪਾਸੇ ਦੇਸ਼ 'ਚ ਮਹਿੰਗਾਈ ਦਾ ਚੱਕਰ ਇਕ ਵਾਰ ਫਿਰ ਘੁੰਮ ਗਿਆ ਹੈ।
ਮਹਿੰਗਾਈ ਦੀ ਇਹ ਦਰ ਥੋਕ ਤੇ ਪ੍ਰਚੂਨ ਦੋਵਾਂ ਪੱਧਰਾਂ ਉਤੇ ਵਧੀ ਹੈ। ਉਦਯੋਗਿਕ ਖੇਤਰ 'ਚ ਖੁਦਰਾ ਮਹਿੰਗਾਈ ਦੀ ਇਹ ਦਰ 5.57 ਫ਼ੀਸਦੀ ਦਰਜ ਕੀਤੀ ਗਈ ਹੈ, ਜੋ ਕਿ ਹਾਲ ਦੇ ਸਮੇਂ 'ਚ ਸਭ ਤੋਂ ਵੱਧ ਵਾਧਾ ਦਰ ਹੈ। ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਆਮ ਆਦਮੀ ਦੀ ਜ਼ਿੰਦਗੀ ਨਰਕ ਬਰਾਬਰ ਬਣਦੀ ਜਾ ਰਹੀ ਹੈ ਪਰ ਜਦੋਂ ਚੋਣ ਮੈਨੀਫੈਸਟੋ ਤਿਆਰ ਹੁੰਦੇ ਹਨ ਤਾਂ ਇੰਜ ਲਗਦਾ ਹੈ ਕਿ ਦੇਸ਼ ਇਸ ਵਾਰੀ ਸਵਰਗ ਬਣ ਜਾਵੇਗਾ। ਕੋਈ ਵੀ ਪੜ੍ਹਿਆ-ਲਿਖਿਆ ਵਰਗ ਬੇਰੁਜ਼ਗਾਰ ਨਹੀਂ ਰਹੇਗਾ, ਸਾਰਿਆਂ ਨੂੰ ਸਰਕਾਰ ਰੁਜ਼ਗਾਰ ਮੁਹੱਈਆ ਕਰਵਾ ਦੇਵੇਗੀ ਪਰ ਪੰਜ ਸਾਲ ਬੀਤਦੇ-ਬੀਤਦੇ ਸਭ ਕੁਝ ਉਵੇਂ ਦਾ ਉਵੇਂ ਹੀ ਰਹਿ ਜਾਂਦਾ ਹੈ। ਕਿਸੇ ਦੇ ਪਲੇ ਕੁਝ ਵੀ ਨਹੀਂ ਪੈਂਦਾ। ਹੁਣ ਬੇਲਗਾਮ ਹੋਈ ਮਹਿੰਗਾਈ 'ਤੇ ਕਦੋਂ ਤੇ ਕੌਣ ਨੱਥ ਪਾਵੇਗਾ, ਕੋਈ ਸਮਾਂ ਆਵੇਗਾ ਜਦੋ ਕੋਈ ਬੇਰੁਜ਼ਗਾਰ ਨੂੰ ਰੁਜ਼ਗਾਰ ਮਿਲਣ ਦੀ ਸੰਭਾਵਨਾ ਪੈਦਾ ਹੋਵੇਗੀ। ਹੁਣ ਇਹ ਸੋਚਣ ਤੇ ਵਿਚਾਰ ਕਰਨ ਦੀ ਲੋੜ ਹੈ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫ਼ਿਰੋਜ਼ਪੁਰ)।

ਪੰਜਾਬੀ ਖਿਡਾਰੀਆਂ ਨੇ ਵਧਾਇਆ ਮਾਣ

ਅੱਜ ਮੈਂ ਗੱਲ ਕਰ ਰਿਹਾ ਹਾਂ ਟੋਕੀਓ ਉਲੰਪਿਕ ਦੀ ਜਿਸ ਵਿਚ ਬਹੁਤ ਸਾਰੇ ਭਾਰਤੀ ਖਿਡਾਰੀਆਂ ਵਿਚ ਪੰਜਾਬ ਦੇ ਖਿਡਾਰੀ ਵੀ ਸ਼ਾਮਿਲ ਹਨ ਅਤੇ ਹਰ ਖਿਡਾਰੀ ਆਪਣੇ ਦੇਸ਼ ਲਈ ਜਿੱਤ ਦਾ ਝੰਡਾ ਗੱਡਣ ਲਈ ਪੂਰੀ ਵਾਹ ਲਾ ਰਿਹਾ ਹੈ। ਪਰ ਬਹੁਤ ਸਾਰੀਆਂ ਖੇਡਾਂ ਇਹੋ ਜਿਹੀਆਂ ਹਨ ਜਿਨ੍ਹਾਂ ਵਿਚ ਸਾਡੇ ਖਿਡਾਰੀ ਵਿਦੇਸ਼ੀ ਖਿਡਾਰੀਆਂ ਨਾਲੋਂ ਪੱਛੜ ਜਾਂਦੇ ਹਨ ਅਤੇ ਲੋਕ ਇਨ੍ਹਾਂ ਖਿਡਾਰੀਆਂ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੰਦੇ ਹਨ ਪਰ ਇਸ ਵਿਚ ਖਿਡਾਰੀਆਂ ਦਾ ਕੋਈ ਕਸੂਰ ਨਹੀਂ ਹੁੰਦਾ। ਇਥੇ ਕਸੂਰਵਾਰ ਸਾਡੀਆਂ ਸਰਕਾਰਾਂ ਹਨ, ਕਿਉਂਕਿ ਸਾਡੇ ਦੇਸ਼ ਵਿਚ ਸਰਕਾਰਾਂ ਵਲੋਂ ਖੇਡਾਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ। ਹਰ ਲੀਡਰ ਆਪਣੀ ਕੁਰਸੀ ਬਚਾਉਣ ਵਿਚ ਲੱਗਾ ਹੋਇਆ ਹੈ।
ਜੇਕਰ ਅਸੀਂ ਵਿਦੇਸ਼ੀ ਖਿਡਾਰੀਆਂ ਦਾ ਮੁਕਾਬਲਾ ਕਰਨਾ ਹੈ ਤਾਂ ਸਾਨੂੰ ਪ੍ਰਾਇਮਰੀ ਪੱਧਰ 'ਤੇ ਖਿਡਾਰੀ ਪੈਦਾ ਕਰਨੇ ਪੈਣਗੇ ਅਤੇ ਇਨ੍ਹਾਂ ਖਿਡਾਰੀਆਂ ਦੀ ਖੁਰਾਕ ਦਾ ਪ੍ਰਬੰਧ ਵੀ ਕਰਨਾ ਪਵੇਗਾ ਅਤੇ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਤੁਰੰਤ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ ਤਾਂ ਜੋ ਹਰ ਨੌਜਵਾਨਾਂ ਵੀ ਖੇਡਾਂ ਵੱਲ ਪ੍ਰੇਰਿਤ ਹੋਵੇ। ਇਥੇ ਮੈਂ ਨਵੀਨ ਪਟਨਾਇਕ ਅਤੇ ਉਨ੍ਹਾਂ ਦੀ ਸਰਕਾਰ ਦੀ ਪ੍ਰਸੰਸਾ ਕਰਦਾ ਹਾਂ, ਜਿਨ੍ਹਾਂ ਨੇ ਇਨ੍ਹਾਂ ਖਿਡਾਰੀਆਂ 'ਤੇ ਵਿਸ਼ਵਾਸ ਪ੍ਰਗਟਾਇਆ ਪਰ ਸ਼ਰਮ ਦੀ ਗੱਲ ਹੈ ਕਿ ਹੋਰ ਕਿਸੇ ਵੀ ਸਰਕਾਰ ਵਲੋਂ ਅਜਿਹੀ ਕੋਸ਼ਿਸ਼ ਨਹੀਂ ਕੀਤੀ ਗਈ।

-ਜਸਵੰਤ ਗੋਗੀਆ,
ਜਨਰਲ ਸਕੱਤਰ, ਪੰਜਾਬੀ ਲਿਖਾਰੀ ਸਭਾ, ਪੀਰ ਮੁਹੰਮਦ।

ਭ੍ਰਿਸ਼ਟਾਚਾਰ ਦੇ ਮੂੰਹ 'ਤੇ ਚਪੇੜ

ਬਠਿੰਡਾ ਸ਼ਹਿਰ ਦੇ ਸਭ ਤੋਂ ਅਹਿਮ ਤੇ ਪਹਿਲੇ ਰੇਲਵੇ ਓਵਰਬ੍ਰਿਜ ਜਿਸ ਦਾ 1995 ਵਿਚ ਨੀਂਹ ਪੱਥਰ ਰੱਖਿਆ ਗਿਆ ਤੇ ਲਗਪਗ 1997-98 ਵਿਚ ਬਣ ਕੇ ਤਿਆਰ ਹੋਇਆ। 2017 ਵਿਚ ਸਰਕਾਰ ਨੇ ਇਸ ਦੀ ਮੁਰੰਮਤ ਤੇ 85 ਲੱਖ ਰੁਪਏ ਖਰਚ ਕੀਤੇ ਪਰ 85 ਲੱਖ ਰੁਪਏ ਖਰਚਣ ਤੋਂ ਬਾਅਦ ਅੱਜ ਇਹ ਖਸਤਾ ਹਾਲਤ ਹੋ ਚੁੱਕਿਆ ਹੈ ਤੇ ਪ੍ਰਸ਼ਾਸਨ ਨੇ ਇਸ ਨੂੰ ਦੋਵਾਂ ਪਾਸਿਆਂ ਤੋਂ ਬੰਦ ਕਰਕੇ ਪੁਲਿਸ ਤਾਇਨਾਤ ਕਰ ਦਿੱਤੀ ਹੈ ਤੇ ਅਵਾਜਾਈ ਬੰਦ ਕਰ ਦਿੱਤੀ ਹੈ ਕਿਉਂਕਿ ਇਸ ਦੇ ਡਿਗਣ ਦਾ ਡਰ ਹੈ। ਇਹ ਸਾਡੇ ਸੁਤੰਤਰ ਦੇਸ਼ ਦੇ ਰਾਜ ਦੀ ਚੁਣੀ ਹੋਈ ਸਰਕਾਰ ਦਾ ਕੰਮ ਹੈ, ਸਿਰਫ਼ 25 ਕੁ ਸਾਲ ਬਾਅਦ 85 ਲੱਖ ਦੀ ਮੁਰੰਮਤ ਬਾਅਦ ਵੀ ਖਸਤਾ ਹੋ ਗਿਆ ਇਹ ਪੁਲ। ਇਸੇ ਹੀ ਪੁਲ ਦੇ ਬਿਲਕੁਲ ਨਾਲ ਹੈ ਅੰਗਰੇਜ਼ਾਂ ਦੁਆਰਾ ਸਾਲ 1899 ਵਿਚ ਬਣੀ ਰੇਲਵੇ ਦੀ ਇਮਾਰਤ ਜਿਸ ਵਿਚ ਅੱਜ ਵੀ ਰੇਲਵੇ ਕਰਮਚਾਰੀਆਂ ਦੀ ਰਿਹਾਇਸ਼ ਹੈ, ਇਹ ਇਮਾਰਤ ਉੱਪਰ 1899 ਲਿਖਿਆ ਹੈ ਇਸ ਤੋਂ ਪਤਾ ਲਗਦਾ ਹੈ ਕਿ 122 ਸਾਲ ਹੋ ਗਏ ਹਨ ਜੋ ਅੱਜ ਵੀ ਕਾਇਮ ਹੈ। ਇਹ ਬਠਿੰਡਾ ਦੇ ਪੁਲ ਅਤੇ ਇਸ ਨਾਲ ਖੜ੍ਹੀ ਇਮਾਰਤ ਹੀ ਨਹੀਂ ਬਲਕਿ ਸਮੁੱਚੇ ਪੰਜਾਬ ਦਾ ਆਜ਼ਾਦ ਭਾਰਤ ਦੇ ਭ੍ਰਿਸ਼ਟ ਲੀਡਰਾਂ ਦੇ ਚਮਚੇ ਲੋਕ ਜੋ ਮੁਫ਼ਤ ਦੇ ਐਲਾਨਾਂ ਤੇ ਪਟਾਕੇ ਚਲਾ ਕੇ ਖੁਸ਼ ਹੋ ਰਹੇ ਹਨ, ਉਨ੍ਹਾਂ ਦੇ ਮੂੰਹ 'ਤੇ ਚਪੇੜ ਹੈ। ਇਸ ਤੋਂ ਵੱਡੀ ਭ੍ਰਿਸ਼ਟਾਚਾਰ ਦੀ ਕੋਈ ਹੋਰ ਉਦਾਹਰਨ ਨਹੀਂ ਹੋਣੀ।

-ਗੁਰਸੇਵਕ
ਪਿੰਡ ਚੁੱਘੇ ਖੁਰਦ (ਬਠਿੰਡਾ)।

ਭਾਰਤੀ ਹਾਕੀ ਟੀਮ ਦੀ ਬੱਲੇ-ਬੱਲੇ

ਭਾਰਤ ਨੇ ਉਲੰਪਿਕ ਖੇਡਾਂ ਵਿਚ 41 ਸਾਲਾਂ ਬਾਅਦ ਕਾਂਸੀ ਦਾ ਤਗਮਾ ਜਿੱਤ ਕੇ ਸੋਕਾ ਖ਼ਤਮ ਕਰ ਦਿੱਤਾ। ਭਾਰਤ ਪਹਿਲਾ ਮੈਚ ਹਾਰ ਗਿਆ ਸੀ। ਇਸ ਤੋਂ ਸਿੱਧ ਹੁੰਦਾ ਹੈ ਕਿ ਹਾਰ ਤੋਂ ਬਾਅਦ ਵੀ ਜਿੱਤ ਹੋ ਸਕਦੀ ਹੈ। ਹੌਸਲਾ ਨਹੀਂ ਹਾਰਨਾ ਚਾਹੀਦਾ। ਭਾਰਤ ਦੀ ਹਾਕੀ ਟੀਮ ਵਿਚ ਜ਼ਿਆਦਾਤਰ ਪੰਜਾਬੀ ਖਿਡਾਰੀ ਹਨ, ਜਿਨ੍ਹਾਂ ਨੇ ਬੱਲੇ-ਬੱਲੇ ਕਰਵਾ ਦਿੱਤੀ। ਪੰਜਾਬੀਆਂ ਦੀ ਬੱਲੇ-ਬੱਲੇ। ਹੁਣ ਪੰਜਾਬੀਆਂ ਦੇ ਯੋਗਦਾਨ ਨੂੰ ਵੇਖਦਿਆਂ ਹੋਇਆਂ ਭਾਰਤ ਸਰਕਾਰ ਨੂੰ ਕਿਸਾਨਾਂ ਦੇ ਵਿਰੁੱਧ ਤਿੰਨ ਖੇਤੀਬਾੜੀ ਸਬੰਧੀ ਕਾਲੇ ਕਾਨੂੰਨ ਵਾਪਸ ਕਰਨੇ ਚਾਹੀਦੇ ਹਨ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਮੁਕਤਸਰ।

ਹੱਦੋਂ ਵੱਧ ਮਹਿੰਗਾਈ

ਅੱਜ ਤੋਂ 45-50 ਸਾਲ ਪਹਿਲਾਂ ਸਸਤੇ ਜ਼ਮਾਨੇ ਸਨ। ਹਰ ਆਦਮੀ ਵਿਚ ਸਬਰ ਸ਼ਾਂਤੀ ਬਹੁਤ ਸੀ। ਸਾਂਝੇ ਘਰਾਂ ਦਾ ਰਿਵਾਜ਼ ਸੀ। ਕੁੱਲੀ, ਜੁੱਲੀ ਤੇ ਗੁੱਲੀ ਤੱਕ ਪਰਿਵਾਰ ਸੀਮਤ ਸਨ। ਲੋਕ ਥੋੜ੍ਹੇ ਵਿਚ ਵੀ ਰੱਬ ਦਾ ਸ਼ੁਕਰ ਕਰਦੇ ਸਨ। ਘਰ ਦੇ ਦੁੱਧ-ਘਿਓ, ਦਾਲਾਂ, ਗੱਲ ਕੀ ਨਮਕ ਛੱਡ ਕੇ ਹਰ ਚੀਜ਼ ਘਰ ਦੀ ਤਿਆਰ ਹੁੰਦੀ ਸੀ। ਬੇਫ਼ਿਕਰੇ ਤੇ ਖ਼ੁਸ਼ ਰਹਿੰਦੇ ਸਨ। ਰੱਬ ਦਾ ਸ਼ੁਕਰ ਕਰਦੇ ਸੀ। ਹੁਣ ਮਾਇਆ ਦੀ ਦੌੜ ਪਿੱਛੇ ਸਭ ਅਸੂਲ ਜਨਤਾ ਤੇ ਸਰਕਾਰਾਂ ਦੇ ਗੁਆਚ ਗਏ ਹਨ। ਬੇਚੈਨੀ ਵਧ ਗਈ ਹੈ। ਕਿਸੇ ਨੂੰ ਆਪਣੇ ਕਾਰੋਬਾਰ 'ਤੇ ਤਸੱਲੀ ਨਹੀਂ। ਬੇਰੁਜ਼ਗਾਰੀ ਵਧ ਗਈ ਹੈ। ਸਰਕਾਰਾਂ ਆਪਣੇ ਫ਼ਰਜ਼ਾਂ ਤੋਂ ਭੱਜ ਰਹੀਆਂ ਹਨ। ਝੂਠ ਬੋਲ-ਬੋਲ ਕੇ ਕੰਮ ਚਲਾ ਰਹੇ ਹਨ। ਲਾਰੇ ਬੁਤਿਆਂ ਨਾਲ ਸਰਕਾਰਾਂ ਕਿਵੇਂ ਚੱਲਣਗੀਆਂ। ਬਾਹਰਲੇ ਮੁਲਕਾਂ 'ਚ ਪ੍ਰਬੰਧ ਵਧੀਆ ਹਨ। ਸਾਰੇ ਕੰਮ ਵਧੀਆ ਚੱਲ ਰਹੇ ਹਨ। ਕਾਨੂੰਨ ਸਹੀ ਮੰਨੇ ਜਾਂਦੇ ਹਨ। ਰਿਸ਼ਵਤ ਬਗੈਰ ਸਾਰੇ ਕੰਮ ਹੋ ਰਹੇ ਹਨ। ਇਥੇ ਤਾਂ ਇਨਸਾਫ਼ ਲੱਭਦਿਆਂ ਦੀਆਂ ਉਮਰਾਂ ਬੀਤ ਜਾਂਦੀਆਂ ਹਨ। ਇਨਸਾਫ਼ ਦੀ ਫਿਰ ਵੀ ਉਮੀਦ ਨਹੀਂ।

-ਕੁਲਜੀਤ ਸਿੰਘ ਰੰਧਾਵਾ
ਤਹਿ: ਤੇ ਜ਼ਿਲ੍ਹਾ ਗੁਰਦਾਸਪੁਰ।

ਇਨਸਾਨੀਅਤ ਫਿਰ ਹੋਈ ਸ਼ਰਮਸਾਰ

ਹਾਲ ਹੀ 'ਚ ਦਿੱਲੀ ਵਿਚ ਇਕ ਦਲਿਤ ਪਰਿਵਾਰ ਦੀ 9 ਸਾਲਾ ਲੜਕੀ ਨਾਲ ਕਥਿਤ ਜਬਰ ਜਨਾਹ ਕਰਨ ਤੋਂ ਬਾਅਦ ਤੇ ਪਰਿਵਾਰ ਦੀ ਮਰਜ਼ੀ ਤੋਂ ਬਿਨਾਂ ਕੁੜੀ ਦਾ ਸੰਸਕਾਰ ਕਰ ਦਿੱਤਾ ਗਿਆ। ਇਹ ਬੱਚੀ ਨੇੜਲੇ ਸ਼ਮਸ਼ਾਨਘਾਟ ਵਿਚ ਵਾਟਰ ਕੂਲਰ ਤੋਂ ਪਾਣੀ ਪੀਣ ਗਈ ਸੀ। ਮੰਦਰ ਦੇ ਪੁਜਾਰੀ ਦੇ ਤਿੰਨ ਸਾਥੀਆਂ ਨੇ ਲੜਕੀ ਦੀ ਮਾਂ 'ਤੇ ਦਬਾਅ ਪਾਇਆ ਕਿ ਉਹ ਅਦਾਲਤੀ ਕਾਰਵਾਈ ਦੇ ਚੱਕਰ 'ਚ ਨਾ ਪਵੇ। ਚਾਹੇ ਇਨ੍ਹਾਂ ਬੰਦਿਆਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਪਰ ਪਰਿਵਾਰ ਨੂੰ ਇਨਸਾਫ਼ ਮਿਲਣਾ ਬਹੁਤ ਜ਼ਰੂਰੀ ਹੈ। ਪਿਛਲੇ ਸਾਲ 4 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿਚ 19 ਸਾਲਾ ਕੁੜੀ ਨਾਲ ਚਾਰ ਵਿਅਕਤੀਆਂ ਨੇ ਸਮੂਹਿਕ ਜਬਰ ਜਨਾਹ ਤੋਂ ਬਾਅਦ ਲੜਕੀ ਦੀ ਹੱਤਿਆ ਕਰ ਦਿੱਤੀ ਸੀ। ਧੀਆਂ ਨੂੰ ਕੁੱਖ ਵਿਚ ਮਾਰਨ ਦਾ ਇਹ ਵੀ ਇਕ ਬਹੁਤ ਵੱਡਾ ਕਾਰਨ ਹੈ। ਵਕੀਲਾਂ ਨੂੰ ਅਜਿਹੇ ਕੇਸ ਨਹੀਂ ਫੜਨੇ ਚਾਹੀਦੇ। ਜੋ ਵੀ ਦਰਿੰਦੇ ਅਜਿਹੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ, ਉਨ੍ਹਾਂ ਨੂੰ 6 ਮਹੀਨੇ ਦੇ ਅੰਦਰ-ਅੰਦਰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਉਂਜ ਤਾਂ ਕਿਹਾ ਜਾਂਦਾ ਹੈ ਕੁੜੀਆਂ ਹਰ ਪਾਸੇ ਮੱਲਾਂ ਮਾਰ ਰਹੀਆਂ ਹਨ। 'ਬੇਟੀ ਬਚਾਓ ਬੇਟੀ ਪੜ੍ਹਾਓ' ਦੇ ਨਾਅਰੇ ਲੱਗ ਰਹੇ ਹਨ। ਫਿਰ ਅਜਿਹੇ ਮੌਕੇ ਸਰਕਾਰਾਂ ਚੁੱਪ ਕਿਉਂ ਬੈਠਦੀਆਂ ਹਨ? ਹਾਲਾਂਕਿ ਨਿਰਭੈ ਜਬਰ ਜਨਾਹ ਮਾਮਲੇ ਤੋਂ ਬਾਅਦ ਕਾਨੂੰਨਾਂ ਵਿਚ ਤਬਦੀਲੀ ਆਈ ਹੈ। ਨਵੇਂ ਕਾਨੂੰਨ ਬਣੇ ਹਨ। ਜੇਕਰ ਜੂਡੀਸ਼ੀਅਲ ਸਿਸਟਮ ਵਿਚ ਤਬਦੀਲੀਆਂ ਕਰ ਦਿੱਤੀਆਂ ਜਾਂਦੀਆਂ ਹਨ ਤਾਂ ਦੋਸ਼ੀਆਂ ਨੂੰ ਜ਼ਿਆਦਾ ਸਮਾਂ ਬਖ਼ਸ਼ਿਆ ਨਹੀਂ ਜਾ ਸਕੇਗਾ।

-ਸੰਜੀਵ ਸਿੰਘ ਸੈਣੀ, ਮੁਹਾਲੀ।

09-08-2021

 ਉਲੰਪਿਕ ਖੇਡਾਂ ਦੀ ਤਿਆਰੀ

ਉਲੰਪਿਕ ਖੇਡਾਂ 2020 ਜੋ ਕੋਰੋਨਾ ਕਾਰਨ ਇਕ ਸਾਲ ਲੇਟ 2021 ਵਿਚ ਹੋਈਆਂ ਹਨ, ਇਨ੍ਹਾਂ ਵਿਚ ਹਰ ਵਾਰ ਦੀ ਤਰ੍ਹਾਂ ਭਾਰਤ ਦੀ ਹਾਲਤ ਤਗਮਿਆਂ ਪੱਖੋਂ ਤਰਸਯੋਗ ਹੀ ਕਹੀ ਜਾ ਸਕਦੀ ਹੈ। ਹਾਕੀ ਵਿਚ ਤੀਜੇ ਸਥਾਨ ਨੇ ਜ਼ਰੂਰ ਹੌਸਲੇ ਵਧਾਏ ਹਨ, ਗੋਲਾ, ਕੁਸ਼ਤੀ, ਪੀ.ਵੀ. ਸਿੰਧੂ ਅਤੇ ਮੁੱਕੇਬਾਜ਼ੀ ਵਿਚ ਵੀ ਚੰਗੀ ਖ਼ਬਰ ਹੈ। ਨੀਰਜ ਚੋਪੜਾ ਨੇ ਸੋਨ ਤਗਮਾ ਜਿੱਤ ਕੇ ਭਾਰਤ ਦੀ ਬੱਲੇ-ਬੱਲੇ ਕਰਵਾਈ ਹੈ। ਬਾਕੀ ਖੇਡਾਂ ਵੱਲ ਬੇਹੱਦ ਧਿਆਨ ਦਿੱਤਾ ਜਾਵੇ। ਸਕੂਲ, ਕਾਲਜ ਅਤੇ ਯੂਨੀਵਰਸਿਟੀ ਪੱਧਰ 'ਤੇ, ਪੀ.ਟੀ., ਡੀ.ਪੀ.ਈ. ਅਤੇ ਕੋਚਾਂ ਨੂੰ ਹੋਰ ਸਰਗਰਮ ਕੀਤਾ ਜਾਵੇ। ਨਵੀਂ ਭਰਤੀ ਕੀਤੀ ਜਾਵੇ। ਮੁਕਾਬਲੇ ਇਮਾਨਦਾਰ ਤਰੀਕੇ ਨਾਲ ਕਰਵਾਏ ਜਾਣ। ਅਥਲੈਟਿਕਸ ਉਤੇ ਵੱਧ ਮਿਹਨਤ ਕੀਤੀ ਜਾਵੇ। ਸਰਕਾਰਾਂ ਓਡੀਸ਼ਾ ਸਰਕਾਰ ਵਾਂਗ ਮਦਦ ਕਰਨ। ਸਾਰਾ ਜ਼ੋਰ ਕਬੱਡੀ ਅਤੇ ਕ੍ਰਿਕਟ 'ਤੇ ਨਾ ਲਾਵੇ। ਇਹ ਉਲੰਪਿਕ ਵਿਚ ਨਹੀਂ ਹਨ। 2024 ਅਤੇ 2028 ਦੀ ਤਿਆਰੀ ਵੱਲ ਹੁਣ ਤੋਂ ਹੀ ਧਿਆਨ ਦੇਣਾ ਪਵੇਗਾ।

-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, ਨੇੜੇ ਮਾਲੇਰਕੋਟਲਾ, ਪੰਜਾਬ।

ਪ੍ਰਧਾਨ ਮੰਤਰੀ ਦਾ ਬਿਆਨ

4 ਅਗਸਤ ਦੇ ਅੰਕ ਵਿਚ ਪ੍ਰਧਾਨ ਮੰਤਰੀ ਦਾ ਬਿਆਨ ਕਿ 'ਲੋਕਤੰਤਰ ਦਾ ਅਪਮਾਨ ਕਰ ਰਹੀ ਹੈ ਵਿਰੋਧੀ ਧਿਰ' ਪੜ੍ਹ ਕੇ ਬੇਹੱਦ ਹੈਰਾਨਗੀ ਅਤੇ ਅਫਸੋਸ ਹੋਇਆ। ਇਕ ਪਾਸੇ ਤਾਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਮੁੱਚੀ ਵਿਰੋਧੀ ਧਿਰ ਵਲੋਂ ਕੀਤੀ ਜਾ ਰਹੀ ਮੰਗ ਦੇ ਬਾਵਜੂਦ ਪੈਗਾਸਸ ਜਾਸੂਸੀ, ਕਾਲੇ ਖੇਤੀ ਕਾਨੂੰਨ, ਮਹਿੰਗਾਈ ਅਤੇ ਬੇਰੁਜ਼ਗਾਰੀ ਵਰਗੇ ਭਖਵੇਂ ਲੋਕਪੱਖੀ ਮੁੱਦਿਆਂ ਉਤੇ ਸੰਸਦ ਵਿਚ ਬਹਿਸ ਕਰਵਾਉਣ ਤੋਂ ਇਨਕਾਰ ਕਰ ਰਹੇ ਹਨ ਜੋ ਕਿ ਦੇਸ਼ ਦੀ ਜਨਤਾ, ਜਮਹੂਰੀਅਤ ਅਤੇ ਸੰਵਿਧਾਨ ਦਾ ਘੋਰ ਅਪਮਾਨ ਤਾਂ ਹੈ ਹੀ , ਉਲਟਾ ਸਗੋਂ ਵਿਰੋਧੀ ਧਿਰ ਉਤੇ ਹੀ ਸੰਸਦ ਦਾ ਅਪਮਾਨ ਕਰਨ ਦੇ ਝੂਠੇ ਇਲਜ਼ਾਮ ਲਾਏ ਜਾ ਰਹੇ ਹਨ। ਜੇਕਰ ਮੋਦੀ ਸਰਕਾਰ ਆਪਣੇ ਆਪ ਨੂੰ ਦੁੱਧ ਧੋਤਾ ਸਮਝਦੀ ਹੈ ਤਾਂ ਫਿਰ ਇਨ੍ਹਾਂ ਮੁੱਦਿਆਂ ਉਤੇ ਬਹਿਸ ਕਰਵਾਉਣ ਅਤੇ ਜਾਂਚ ਕਰਵਾਉਣ ਤੋਂ ਕਿਉਂ ਭੱਜ ਰਹੀ ਹੈ? ਸਪਸ਼ਟ ਹੈ ਕਿ ਮੋਦੀ ਸਰਕਾਰ ਆਪਣੇ ਬਹੁਮਤ ਦੇ ਹੰਕਾਰ ਵਿਚ ਛੁਪੀ ਤਾਨਾਸ਼ਾਹੀ, ਕਾਰਪੋਰੇਟ ਘਰਾਣਿਆਂ ਦੀ ਸਰਪ੍ਰਸਤੀ, ਝੂਠੀ ਬਿਆਨਬਾਜ਼ੀ ਅਤੇ ਗੋਦੀ ਮੀਡੀਏ ਰਾਹੀਂ ਸੰਸਦ ਅਤੇ ਦੇਸ਼ ਦੀ ਜਨਤਾ ਨੂੰ ਲਗਾਤਾਰ ਗੁਮਰਾਹ ਕਰਦੀ ਆ ਰਹੀ ਹੈ। ਲੋਕ ਸਭਾ ਦਾ ਸਪੀਕਰ ਵੀ ਮੋਦੀ ਸਰਕਾਰ ਉਤੇ ਦਬਾਅ ਪਾਉਣ ਦੀ ਬਜਾਏ ਉਲਟਾ ਵਿਰੋਧੀ ਧਿਰ ਨੂੰ ਹੀ ਦੋਸ਼ ਦੇ ਰਿਹਾ ਹੈ ਅਤੇ ਉਸੇ ਦੀ ਹੀ ਰਜ਼ਾਮੰਦੀ ਨਾਲ ਬਿਨਾਂ ਬਹਿਸ ਤੋਂ ਧੱਕੇ ਨਾਲ 12 ਬਿਲ ਪਾਸ ਕਰਵਾਏ ਜਾ ਚੁੱਕੇ ਹਨ। ਜੇਕਰ ਮੋਦੀ ਸਰਕਾਰ ਨੂੰ ਪਿਛਲੇ ਅੱਠ ਮਹੀਨਿਆਂ ਤੋਂ ਸ਼ਾਂਤਮਈ ਚਲ ਰਹੇ ਕਿਸਾਨੀ ਸੰਘਰਸ਼ ਦੀ ਕੋਈ ਪ੍ਰਵਾਹ ਨਹੀਂ ਅਤੇ ਸੰਸਦ ਵਿਚ ਵੀ ਵਿਰੋਧੀ ਧਿਰ ਦੀ ਆਵਾਜ਼ ਨਹੀਂ ਸੁਣੀ ਜਾ ਰਹੀ ਤਾਂ ਫਿਰ ਇਸ ਦੇਸ਼ ਨੂੰ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਕਹਾਉਣ ਦਾ ਕੋਈ ਹੱਕ ਨਹੀਂ ਰਹਿ ਜਾਂਦਾ।

-ਦਮਨਜੀਤ ਕੌਰ
ਖਾਲਸਾ ਕਾਲਜ, ਅੰਮ੍ਰਿਤਸਰ।

ਹੁਣ ਪੰਜਾਬ ਕਿੱਧਰ ਨੂੰ

ਹਰ ਰੋਜ਼ ਸੌਣ ਵੇਲੇ ਉਠਣ ਖਾਣ ਜਾਂ ਪੀਣ ਵੇਲੇ ਜਦੋਂ ਮਰਜ਼ੀ ਝਾਤੀ ਮਾਰ ਲਵੋ, ਕੋਈ ਨਾ ਕੋਈ ਖ਼ਬਰ ਕੁਝ ਹੀ ਮਿੰਟਾਂ ਵਿਚ ਕਿਸੇ ਨਿਊਜ਼ ਚੈਨਲ ਦੀ ਸੁਰਖੀ ਬਣੀ ਹੁੰਦੀ ਹੈ। ਕੁਝ ਵਰ੍ਹੇ ਪਹਿਲਾਂ ਚੋਰੀ ਦੀਆਂ ਘਟਨਾਵਾਂ ਪੜ੍ਹ ਸੁਣ ਕੇ ਹੀ ਮਨ ਨੂੰ ਡਰ ਜਿਹਾ ਲਗਦਾ ਰਹਿੰਦਾ ਸੀ। ਪਰ ਅੱਜਕਲ੍ਹ ਤਾਂ ਬੰਦਾ ਮਾਰਨ ਨੂੰ ਵੀ ਆਮ ਹੀ ਸਮਝਿਆ ਜਾਂਦਾ ਹੈ। ਹੁਣ ਦੀ ਪੀੜ੍ਹੀ ਨਸ਼ੇ ਕਰਕੇ ਕੁਝ ਵੀ ਕਰ ਸਕਦੀ ਹੈ ਤੇ ਆਸ਼ਕੀ ਦੇ ਚੱਕਰ ਵਿਚ ਵੀ ਦੁਨੀਆ ਬੰਦਾ ਵੱਢ ਕੇ ਦੱਬਣ ਨੂੰ ਮਿੰਟ ਲਾਉਂਦੀ। ਹੁਣ ਕੋਈ ਰਿਸ਼ਤੇ ਨਾਤਿਆਂ ਨੂੰ ਪਹਿਲ ਨਹੀਂ ਦਿੱਤੀ ਜਾਂਦੀ। ਬੱਸ ਬੁਰੇ ਕੰਮਾਂ ਨੂੰ ਹੀ ਜ਼ਿੰਦਗੀ ਦਾ ਹਿੱਸਾ ਮੰਨਿਆ ਜੰਦਾ ਹੈ। ਕੋਈ ਸਮਾਂ ਹੁੰਦਾ ਸੀ ਲੋਕ ਹਰ ਗੱਲ ਸੋਚ ਸਮਝ ਕੇ ਫੈਸਲਾ ਲਿਆ ਕਰਦੇ ਸਨ ਪਰ ਅੱਜਕਲ੍ਹ ਕਾਹਲੀ ਨਾਲ ਲਏ ਜਾਂਦੇ ਫੈਸਲੇ ਸਾਨੂੰ ਦਲਦਲ ਵਿਚ ਫਸਾ ਦਿੰਦੇ ਹਨ। ਹੁਣ ਲੋਕ ਮਤਲਬੀ ਹੋ ਗਏ ਹਨ ਅਤੇ ਆਪਣੇ ਮਤਲਬ ਲਈ ਬਾਹਵਾਂ ਲੰਮੀਆਂ ਕਰ ਲੈਂਦੇ ਹਨ। ਰਤਾ ਭਰ ਵੀ ਸਮਝ ਨਹੀਂ ਆ ਰਹੀ ਕਿ ਹੁਣ ਦਾ ਪੰਜਾਬ ਕਿਧਰ ਨੂੰ ਜਾ ਰਿਹਾ ਹੈ।

-ਲੈਕਚਰਾਰ ਸੁਖਦੀਪ ਸੁਖਾਣਾ
ਪਿੰਡ ਸੁਖਾਣਾ, ਜ਼ਿਲ੍ਹਾ ਲੁਧਿਆਣਾ।

ਨੰਬਰਦਾਰਾਂ ਨੂੰ ਰਾਸ ਨਾ ਆਈ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 2017 'ਚ ਆਪਣੀ ਸਰਕਾਰ ਬਣਾਉਣ ਵਾਸਤੇ ਚੋਣ ਜਿੱਤਣ ਲਈ ਪੰਜਾਬ ਦੇ ਸਮੂਹ ਨੰਬਰਦਾਰਾਂ ਨਾਲ ਇਕ ਵਾਅਦਾ ਕੀਤਾ ਸੀ ਕਿ ਨੰਬਰਦਾਰ ਭਰਾਵਾਂ ਦਾ ਮਾਣ ਭੱਤਾ ਦੁੱਗਣਾ ਕੀਤਾ ਜਾਵੇਗਾ, ਬੱਸ ਸਫ਼ਰ ਮੁਫ਼ਤ, ਟੋਲ ਪਲਾਜ਼ਾ ਫ਼ਰੀ ਅਤੇ ਨੰਬਰਦਾਰੀ ਪਰਿਵਾਰਕ ਤੌਰ 'ਤੇ ਜੱਦੀ ਪੁਸ਼ਤੀ ਕੀਤੀ ਜਾਵੇਗੀ ਆਦਿ ਪਰ ਹੁਣ ਕੈਪਟਨ ਸਰਕਾਰ ਦੇ ਕਾਰਜਕਾਲ ਦਾ ਸਮਾਂ ਸਾਢੇ ਚਾਰ ਸਾਲ ਦੇ ਕਰੀਬ ਟੱਪ ਚੁੱਕਾ ਹੈ ਪ੍ਰੰਤੂ ਕਾਂਗਰਸ ਸਰਕਾਰ ਦੇ ਵਾਅਦੇ ਅਜੇ ਤੱਕ ਵਫ਼ਾ ਨਹੀਂ ਹੋਏ। ਇਨ੍ਹਾਂ ਵਾਅਦਿਆਂ ਨੂੰ ਨੇਪਰੇ ਚਾੜ੍ਹਨ ਲਈ ਨੰਬਰਦਾਰ ਯੂਨੀਅਨ ਗ਼ਾਲਿਬ ਗਰੁੱਪ ਦੇ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਦੀ ਅਗਵਾਈ ਵਿਚ ਸਮੂਹ ਨੰਬਰਦਾਰਾਂ ਨੇ ਸਰਕਾਰ ਪ੍ਰਤੀ ਕਮਰਕੱਸੇ ਕੱਸਣ ਲਈ ਲਾਮਬੰਦ ਹੁੰਦਿਆਂ 2 ਅਗਸਤ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਮੂਹਰੇ ਧਰਨਾ ਲਗਾਉਣ ਲਈ ਹਜ਼ਾਰਾਂ ਦੀ ਗਿਣਤੀ 'ਚ ਪੰਜਾਬ ਦੇ ਕੋਨੇ ਕੋਨੇ ਵਿਚੋਂ ਨੰਬਰਦਾਰਾਂ ਦੇ ਕਾਫ਼ਲਿਆਂ ਨੇ ਪਟਿਆਲਾ ਵੱਲ ਨੂੰ ਵਹੀਰਾਂ ਘੱਤ ਦਿੱਤੀਆਂ। ਭਾਵੇਂ ਨੰਬਰਦਾਰ ਯੂਨੀਅਨ ਦੇ ਨੁਮਾਇੰਦਿਆਂ ਨੇ ਸਰਕਾਰ ਵਲੋਂ ਮਿਲੇ ਭਰੋਸਾ ਪੱਤਰ 'ਤੇ ਇਕ ਵਾਰ ਆਪਣੇ ਸੰਘਰਸ਼ ਨੂੰ ਰੋਕ ਦਿੱਤਾ ਹੈ ਅਤੇ ਮੀਟਿੰਗ ਦੀ ਉਡੀਕ ਰੱਖ ਲਈ ਹੈ ਪਰ ਜੇਕਰ ਮੌਜੂਦਾ ਸਰਕਾਰ ਨੇ ਮੰਗਾਂ ਸਬੰਧੀ ਕੋਈ ਠੋਸ ਨੀਤੀ ਨਾ ਅਪਣਾਈ ਤਾਂ ਇਹ 37 ਹਜ਼ਾਰ ਪਤਵੰਤੇ ਆਪਣਾ ਸੰਘਰਸ਼ ਅੱਗੇ ਨਾਲੋਂ ਵੀ ਵੱਡੇ ਪੱਧਰ 'ਤੇ ਤੇਜ਼ ਕਰਨਗੇ।

-ਨੰਬਰਦਾਰ ਐਸ. ਸ਼ਰਮਾ
ਪੈ੍ਰੱਸ ਸਕੱਤਰ ਨੰਬਰਦਾਰ ਐਸੋਸੀਏਸ਼ਨ ਗ਼ਾਲਿਬ (ਪੰਜਾਬ) ਪਿੰਡ ਲੰਗੇਆਣਾ ਪੁਰਾਣਾ, ਜ਼ਿਲ੍ਹਾ ਮੋਗਾ।

ਮੁਕਾਬਲੇਬਾਜ਼ੀ ਕਿੱਥੋਂ ਤੱਕ ਜਾਇਜ਼?

ਮਾਂ-ਬਾਪ ਚੰਗੇ ਭਵਿੱਖ ਲਈ ਆਪਣੇ ਬੱਚਿਆਂ ਨੂੰ ਵਧੀਆ ਸਕੂਲਾਂ ਵਿਚ ਦਾਖਲ ਕਰਵਾਉਂਦੇ ਹਨ। ਉਸ ਦਿਨ ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ ਮੁਕਾਬਲੇਬਾਜ਼ੀ ਦੀ ਦੁਨੀਆ। ਮਾਂ-ਬਾਪ ਅਕਸਰ ਆਪਣੇ ਬੱਚਿਆਂ ਦੇ ਹਰ ਤਰ੍ਹਾਂ ਦੀ ਪ੍ਰੀਖਿਆਂ ਦੇ ਨਤੀਜੇ ਦਾ ਮੁਕਾਬਲਾ ਆਂਢ-ਗੁਆਂਢ ਵਿਚ ਪੜ੍ਹ ਰਹੇ ਬੱਚਿਆਂ, ਰਿਸ਼ਤੇਦਾਰਾਂ ਦੇ ਬੱਚਿਆਂ ਜਾਂ ਬੱਚਿਆ ਦੇ ਸਹਿਪਾਠੀ ਜੋ ਕਿ ਜਮਾਤ ਵਿਚੋਂ ਅੱਵਲ ਆਉਂਦੇ ਨੇ, ਦੇ ਨਾਲ ਕਰਦੇ ਹਨ। ਇਹ ਠੀਕ ਹੈ ਕਿ ਮੁਕਾਬਲੇ ਦੀ ਭਾਵਨਾ ਤੋਂ ਬਿਨਾਂ ਅੱਗੇ ਨਹੀਂ ਵਧਿਆ ਜਾ ਸਕਦਾ, ਅੱਗੇ ਵਧਣ ਲਈ ਮੁਕਾਬਲੇ ਦਾ ਹੋਣਾ ਅਹਿਮ ਹੈ। ਪਰ ਅਸੀਂ ਤਾਂ ਇਸ ਮੁਕਾਬਲੇ ਨਾਲ ਬੱਚਿਆਂ ਨੂੰ ਕਿਤਾਬੀ ਕੀੜੇ ਬਣਾ ਰਹੇ ਹਾਂ। ਜ਼ਿੰਦਗੀ ਵਿਚ ਅੱਗੇ ਵਧਣ ਲਈ ਕਿਤਾਬਾਂ ਦੇ ਗਿਆਨ ਤੋਂ ਇਲਾਵਾ ਸਮਾਜਿਕ ਗਿਆਨ ਦਾ ਹੋਣਾ ਵੀ ਅਤੀ ਜ਼ਰੂਰੀ ਹੈ, ਜਿਸ ਨੂੰ ਅਸੀਂ ਕਿਤੇ ਨਾ ਕਿਤੇ ਦਰ-ਕਿਨਾਰ ਕਰ ਰਹੇ ਹਾਂ, ਪਰੰਤੂ ਸਾਡੇ ਬੱਚੇ ਆਪਣਾ ਮੁਕਾਬਲਾ ਦੂਸਰੇ ਬੱਚਿਆਂ ਨਾਲ ਜਿਵੇਂ ਮਹਿੰਗੇੇ ਸਕੂਲਾਂ, ਕੀਮਤੀ ਕੱਪੜਿਆਂ, ਕੋਠੀਆਂ , ਕਾਰਾਂ, ਮੋਬਾਈਲਾਂ ਤੇ ਮਹਿੰਗੇ ਵਹੀਕਲਾਂ ਤੋਂ ਇਲਾਵਾ ਕਈ ਹੋਰ ਚੀਜ਼ਾਂ ਨਾਲ ਕਰਦੇ ਹਨ, ਇਨ੍ਹਾਂ ਸਾਰੇ ਸੰਸਕਾਰਾਂ ਦੀ ਪ੍ਰਾਪਤੀ ਉਨ੍ਹਾਂ ਨੂੰ ਆਪਣੇ ਘਰ ਅਤੇ ਸਾਡੇ ਸਿਰਜੇ ਸਮਾਜ ਕੋਲੋਂ ਹੁੰਦੀ ਹੈ। ਇਸ ਤਰ੍ਹਾਂ ਦੇ ਮੁਕਾਬਲੇ ਨੂੰ ਵਿਰਾਮ ਲਗਾਉਣ ਦੀ ਜ਼ਰੂਰਤ ਹੈ। ਨਹੀਂ ਤਾਂ ਫੋਕੀ ਮੁਕਾਬਲੇ ਦੀ ਸ਼ੋਹਰਤ ਨਾਲ ਆਉਣ ਵਾਲੀ ਪੀੜ੍ਹੀ ਦਾ ਵੱਡਾ ਨੁਕਸਾਨ ਹੋ ਸਕਦਾ ਹੈ।

-ਕੰਵਰਦੀਪ ਸਿੰਘ ਭੱਲਾ
ਪਿੱਪਲਾਂਵਾਲਾ, ਰਿਕਵਰੀ ਅਫਸਰ, ਸਹਿਕਾਰੀ ਬੈਂਕ, ਹੁਸ਼ਿਆਰਪੁਰ

06-08-2021

 ਦਿੱਲੀ ਮੋਰਚੇ ਦੀ ਪ੍ਰਾਪਤੀ
ਨਿਰਸੰਦੇਹ ਇਸ ਬੇਮਿਸਾਲ ਮੋਰਚੇ ਦੀ ਵੱਡੀ ਪ੍ਰਾਪਤੀ ਇਹ ਹੈ ਕਿ ਇਸ ਨਾਲ ਲੋਕਾਂ ਵਿਚ ਭਾਰੀ ਜਾਗ੍ਰਿਤੀ ਆਈ ਹੈ ਜਿਸ ਦੇ ਸਿੱਟੇ ਸਪੱਸ਼ਟ ਦਿਖਾਈ ਦੇ ਰਹੇ ਹਨ। ਇਸ ਮੋਰਚੇ ਦਾ ਪ੍ਰਭਾਵ ਬੰਗਾਲ ਦੀਆਂ ਚੋਣਾਂ ਵਿਚ ਵੇਖਿਆ ਗਿਆ। ਹੁਣ ਉੱਤਰ ਪ੍ਰਦੇਸ਼ ਵਿਚ ਹੋਣ ਵਾਲੀਆਂ ਚੋਣਾਂ ਵਿਚ ਨਤੀਜੇ ਲੋਕਪੱਖੀ ਹੀ ਹੋਣਗੇ। ਇਸੇ ਕਰਕੇ ਤਾਕਤ ਦੇ ਨਸ਼ੇ ਵਿਚ ਗੜੁੰਦ ਹਾਕਮ ਬੁਖਲਾਏ ਹੋਏ ਹਨ। ਲੋਕ ਸ਼ਕਤੀ ਮੂਹਰੇ ਸੌੜੀ ਸੋਚ ਦੀ ਹਾਰ ਯਕੀਨੀ ਹੈ। ਭਾਰਤ ਇਕ ਬਹੁਰੰਗਾ ਗੁਲਦਸਤਾ ਹੈ। ਇਸ ਨੂੰ ਇਕੋ ਰੰਗ ਵਿਚ ਰੰਗਣਾ ਸਰਾਸਰ ਗ਼ਲਤ ਤੇ ਗ਼ੈਰ-ਕੁਦਰਤੀ ਹੈ। ਸੋ ਸਾਨੂੰ ਚੰਗੇ ਭਵਿੱਖ ਦੀ ਆਸ ਕਰਨੀ ਚਾਹੀਦੀ ਹੈ।


-ਨਵਰਾਹੀ ਘੁਗਿਆਣਵੀ
ਸਰਪ੍ਰਸਤ, ਪੰਜਾਬੀ ਸਾਹਿਤ ਸਭਾ, ਫ਼ਰੀਦਕੋਟ।


ਵੋਟਾਂ ਦੇ ਨੇੜੇ
ਵੋਟਾਂ ਦੇ ਨੇੜੇ ਆ ਕੇ ਹਰ ਕਿਸੇ ਪਾਰਟੀ ਦੇ ਨੇਤਾ ਪਿੰਡ-ਪਿੰਡ, ਸ਼ਹਿਰ-ਸ਼ਹਿਰ, ਗਲੀ-ਮੁਹੱਲੇ ਜਾ ਕੇ ਆਮ ਲੋਕਾਂ ਨੂੰ ਮਿਲਦੇ ਹਨ। ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਪੁੱਛਦੇ ਹਨ ਪਰ ਪਿਛਲੇ ਪੰਜ ਸਾਲਾਂ ਵਿਚ ਕੀਤੇ ਵਾਅਦਿਆਂ 'ਤੇ ਮਿੱਟੀ ਪਾ ਦਿੰਦੇ ਹਨ ਜੋ ਕਿ ਅਣਦੇਖੇ ਕਰ ਦਿੰਦੇ ਹਨ। ਇਹ ਉਹ ਨੇਤਾ ਹੁੰਦੇ ਹਨ ਜੋ ਪੁਰਾਣੀ ਪਾਰਟੀ ਟਿਕਟ ਨਾ ਮਿਲਣ ਕਰਕੇ ਛੱਡ ਦਿੰਦੇ ਹਨ। ਇਹ ਗੱਲ ਸੋਚਣ ਵਾਲੀ ਹੈ ਕਿ ਜੋ ਨੇਤਾ ਆਪਣੀ ਪਾਰਟੀ 'ਤੇ ਵਿਸ਼ਵਾਸ ਨਹੀਂ ਕਰਦਾ ਪਰ ਭੋਲੇ ਲੋਕ ਦੂਜੀ ਪਾਰਟੀ ਵਿਚ ਜਾਣ 'ਤੇ ਵੀ ਉਸ 'ਤੇ ਵਿਸ਼ਵਾਸ ਕਰਦੇ ਹਨ ਕਿ ਇਹ ਬੰਦਾ ਸਾਡੇ ਕੰਮ ਜ਼ਰੂਰ ਕਰਵਾ ਕੇ ਦੇਵੇਗਾ। ਪਰ ਇਹ ਨੇਤਾ ਅੰਦਰੋ-ਅੰਦਰੀਂ ਸਾਰੇ ਰਲੇ ਹੋਏ ਹੁੰਦੇ ਹਨ, ਆਮ ਲੋਕਾਂ ਨੂੰ ਮੂਰਖ ਬਣਾਉਂਦੇ ਹਨ। ਪਰ ਹੁਣ ਲੋਕਾਂ ਨੂੰ ਸਮੇਂ ਦੇ ਹਿਸਾਬ ਨਾਲ ਸਮਝ ਜਾਣਾ ਚਾਹੀਦਾ ਹੈ ਕਿ ਅਸੀਂ ਨੌਕਰੀਆਂ ਦੇ ਹਿਸਾਬ ਨਾਲ ਸਰਕਾਰ ਬਣਾਉਣੀ ਹੈ ਜਾਂ ਮੁਫ਼ਤ ਦਾ ਰਾਸ਼ਨ, ਬਿਜਲੀ ਪਾਣੀ ਲੈਣ ਵਾਸਤੇ।


-ਸੁਖਚੈਨ ਸਿੰਘ, ਠੱਠੀ ਭਾਈ।


ਕੋਰੋਨਾ ਨੇ ਕੀਤੇ ਕਾਰੋਬਾਰ ਠੱਪ!
ਕੋਰੋਨਾ ਦੇ ਆਉਣ ਨਾਲ ਲੋਕਾਂ ਦੀ ਜ਼ਿੰਦਗੀ ਤਾਂ ਖ਼ਤਮ ਹੋ ਹੀ ਰਹੀ ਹੈ ਅਤੇ ਨਾਲ ਹੀ ਨਾਲ ਲੋਕਾਂ ਦੇ ਕਾਰੋਬਾਰ ਵੀ ਬੰਦ ਹੋ ਗਏ ਹਨ। ਦੋ ਵਕਤ ਦੀ ਰੋਟੀ ਕਮਾਉਣ ਵਾਲਾ ਇਨਸਾਨ, ਹੁਣ ਇਕ ਵਕਤ ਦੀ ਰੋਟੀ ਮਸਾਂ ਕਮਾ ਰਿਹਾ। ਕੋਰੋਨਾ ਦੀ ਮਹਾਂਮਾਰੀ ਨੇ ਲੋਕਾਂ ਦੇ ਧੰਦੇ, ਵਪਾਰ ਸਭ ਖ਼ਤਮ ਕਰ ਦਿੱਤੇ ਹਨ। ਕੀ ਦੁਨੀਆ ਆਪਣੇ ਭਵਿੱਖ ਲਈ ਜੋੜੇਗੀ? ਚੱਲ ਰਿਹਾ ਸਮਾਂ ਏਨਾ ਮਾੜਾ ਹੈ ਕਿ ਮਿਹਨਤ ਮਜ਼ਦੂਰੀ ਕਰਨ ਵਾਲਾ ਇਨਸਾਨ ਵਿਹਲਾ ਬੈਠਾ ਹੈ। ਕਿੱਥੋਂ ਉਹ ਆਪਣੇ ਪਰਿਵਾਰ ਨੂੰ ਇਕ ਵਕਤ ਦੀ ਰੋਟੀ ਖਵਾ ਸਕੇਗਾ। ਕੋਰੋਨਾ ਕਾਲ ਨੇ ਗ਼ਰੀਬ, ਅਮੀਰ ਇਕ ਸਾਮਾਨ ਬਣਾ ਦਿੱਤੇ। ਮੇਰੀ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਹੈ ਕਿ ਜਲਦੀ ਤੋਂ ਜਲਦੀ ਕੋਰੋਨਾ ਲਹਿਰ ਖ਼ਤਮ ਹੋਵੇ ਅਤੇ ਫਿਰ ਤੋਂ ਸਾਰੇ ਆਪਣੀ ਆਜ਼ਾਦੀ ਜ਼ਿੰਦਗੀ ਜਿਊਣ।


-ਕਿਰਨਦੀਪ
ਕੇ.ਐਮ.ਵੀ. (ਹਰਦੀਪ ਨਗਰ), ਜਲੰਧਰ।


ਮਾਣ ਧੀਆਂ 'ਤੇ
ਚਾਹੇ ਖੇਡ ਦਾ ਮੈਦਾਨ ਹੋਵੇ ਜਾਂ ਜੰਗ ਦਾ ਮੈਦਾਨ, ਪੁਲਾੜ ਦੀ ਉਡਾਰੀ ਹੋਵੇ ਜਾਂ ਅਧਿਆਤਮਕ ਗਿਆਨ ਹੋਵੇ, ਧੀਆਂ ਕਿਸੇ ਨਾਲੋਂ ਘੱਟ ਨਹੀਂ, ਮਰਦ ਦੀ ਤਰੱਕੀ ਪਿੱਛੇ ਵੀ ਇਕ ਔਰਤ ਦਾ ਹੱਥ ਜ਼ਰੂਰ ਹੁੰਦਾ ਹੈ। ਜੇ ਅੱਜ ਮਨੁੱਖ ਬੁਲੰਦੀਆਂ 'ਤੇ ਹੈ ਤਾਂ ਔਰਤ ਕਰਕੇ ਅੱਜ ਧੀਆਂ ਦਾ ਸਿਰ ਮਾਣ ਨਾਲ ਹੋਰ ਵੀ ਉੱਚਾ ਹੋ ਜਾਂਦਾ, ਜਦੋਂ ਕਿ ਬੇਬੇ ਮਾਨ ਕੌਰ ਵਲੋਂ 102 ਸਾਲ ਦੀ ਉਮਰ ਵਿਚ ਸੋਨੇ ਦਾ ਤਗਮਾ ਜਿੱਤਣਾ ਬਹੁਤ ਵੱਡੀ ਪ੍ਰਾਪਤੀ ਹੈ ਤੇ ਸਾਡੀਆਂ ਧੀਆਂ ਵਾਸਤੇ ਬੇਬੇ ਮਾਨ ਕੌਰ ਜੀ ਮਾਰਗ ਦਰਸ਼ਕ ਬਣ ਗਏ, ਜਿਨ੍ਹਾਂ ਦੀ ਜ਼ਿੰਦਗੀ ਵਿਚ ਅਧਿਆਤਮਿਕਤਾ, ਸਾਦਾ ਭੋਜਨ, ਆਤਮਿਕ ਬਲ ਦਾ ਅਹਿਮ ਰੋਲ ਰਿਹਾ। ਸਾਰੀ ਉਮਰ ਖੇਡਾਂ ਵਿਚ ਬਹੁਤ ਹੀ ਨਾਮਣਾ ਖੱਟਿਆ ਅਨੇਕਾਂ ਇਨਾਮ ਜਿੱਤੇ, ਧੀਆਂ ਦੇ ਇਤਿਹਾਸ ਵਿਚ ਬੇਬੇ ਮਾਨ ਕੌਰ ਅਥਲੀਟ ਦਾ ਇਕ ਪੰਨਾ ਹੋਰ ਜੁੜ ਗਿਆ। ਪਰਮਾਤਮਾ ਕਿਰਪਾ ਕਰੇ ਸਾਡੀਆਂ ਧੀਆਂ ਹੋਰ ਬੁਲੰਦੀਆਂ ਨੂੰ ਛੂਹਣ 'ਤੇ ਅੱਜ ਉਲੰਪਿਕ ਖੇਡਾਂ ਵਿਚ ਵੀ ਬਹੁਤ ਸਾਰੇ ਤਗਮੇ ਜਿੱਤ ਕੇ ਦੇਸ਼ ਦੀ ਝੋਲੀ ਵਿਚ ਪਾਉਣ, ਸਾਡੇ ਦੇਸ਼ ਦਾ ਸਿਰ ਮਾਣ ਨਾਲ ਹੋਰ ਉੱਚਾ ਹੋਵੇ, ਧੀਆਂ ਇਸ ਇਤਿਹਾਸ ਨੂੰ ਹੋਰ ਅੱਗੇ ਲੈ ਕੇ ਜਾਣ। ਧੀਆਂ 'ਤੇ ਸਾਨੂੰ ਮਾਣ, ਧੀਆਂ ਨੇ ਸਾਡੀ ਸ਼ਾਨ।


-ਹਰਪ੍ਰੀਤ ਪੱਤੋ, ਪਿੰਡ ਪੱਤੋ ਹੀਰਾ ਸਿੰਘ।


ਵਿੱਦਿਆ ਵਿਚਾਰੀ ਤਾਂ ਪਰਉਪਕਾਰੀ
15ਵੀਂ ਸਦੀ ਦੇ ਮਹਾਨ ਦਾਰਸ਼ਨਿਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਵਿਚਾਰ ਅੱਜ ਦੇ ਸਮੇਂ ਵੀ ਬਿਲਕੁਲ ਸਹੀ ਢੁੱਕਦੇ ਹਨ। ਗੁਰੂ ਨਾਨਕ ਦੇਵ ਜੀ ਨੇ ਕਿੰਨਾ ਸਮਾਂ ਪਹਿਲਾਂ ਇਹ ਆਖ ਦਿੱਤਾ ਸੀ ਕਿ ਜੇਕਰ ਵਿੱਦਿਆ ਦੇ ਉੱਪਰ ਅਸੀਂ ਵਿਚਾਰ ਕਰਦੇ ਹਾਂ ਤਾਂ ਵਿੱਦਿਆ ਸਭ ਦੀ ਭਲਾਈ ਕਰਦੀ ਹੈ। ਅਸੀਂ ਦੁਨੀਆ ਦੇ ਬਹੁਤ ਸਾਰੇ ਮਹਾਨ ਵਿਅਕਤੀਆਂ ਨੂੰ ਦੇਖਿਆ ਜਿਨ੍ਹਾਂ ਨੂੰ ਵਿੱਦਿਆ ਨੇ ਫਰਸ਼ਾਂ ਤੋਂ ਅਰਸ਼ਾਂ 'ਤੇ ਪਹੁੰਚਾ ਦਿੱਤਾ। ਅਸੀਂ ਵੇਖਿਆ ਡਾ. ਬੀ.ਆਰ. ਅੰਬੇਡਕਰ ਨੂੰ, ਡਾ. ਏ.ਪੀ.ਜੇ. ਅਬਦੁਲ ਨੂੰ ਕਹਿ ਸਕਦੇ ਹਾਂ, ਜਿਨ੍ਹਾਂ ਨੇ ਵਿੱਦਿਆ 'ਤੇ ਵਿਚਾਰ ਕੀਤਾ ਤੇ ਆਪਣੀ ਜ਼ਿੰਦਗੀ ਨੂੰ ਕਿੰਨਾ ਸੁਖਾਲਾ ਅਤੇ ਉੱਚੇ ਦਰਜੇ ਦਾ ਕਰ ਲਿਆ। ਅੱਜ ਵੀ ਅਸੀਂ ਮਹਾਨ ਅਹੁਦਿਆਂ 'ਤੇ ਪਹੁੰਚੇ ਹੋਏ ਵਿਅਕਤੀਆਂ ਨੂੰ ਦੇਖਦੇ ਹਾਂ ਜੋ ਬਹੁਤ ਹੀ ਗ਼ਰੀਬੀ ਵਾਲੇ ਜੀਵਨ ਚੋਂ ਉਠ ਕੇ ਅੱਗੇ ਪੜ੍ਹਾਈ ਦੀਆਂ ਪੌੜੀਆਂ ਚੜ੍ਹ ਕੇ ਉੱਚ ਅਹੁਦਿਆਂ 'ਤੇ ਪਹੁੰਚੇ ਹਨ। ਅੱਜ ਵਿੱਦਿਆ ਪ੍ਰਾਪਤ ਕਰਨ ਦੇ ਨਾਲ ਸਾਨੂੰ ਸੰਤੁਸ਼ਟੀ, ਮਾਣ, ਇੱਜ਼ਤ ਸਭ ਕੁਝ ਮਿਲਿਆ ਹੈ। ਇਸ ਲਈ ਸਾਨੂੰ ਵਿੱਦਿਆ 'ਤੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ ਤਾਂ ਹੀ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਹੋ ਸਕਦੀ ਹੈ ਤੇ ਵਿਦਿਆਰਥੀਆਂ ਦਾ ਭਲਾ ਹੋ ਸਕਦਾ ਹੈ।


-ਭੂਸ਼ਨ ਕੁਮਾਰ
ਹੈੱਡਮਾਸਟਰ ਸਰਕਾਰੀ ਹਾਈ ਸਮਾਰਟ ਸਕੂਲ ਮਰਦਾਂਹੇੜੀ, ਸਮਾਣਾ।


ਰੁੱਖ ਲਾਵੋ ਸੁੱਖ ਪਾਵੋ
ਪਿਛਲੇ ਸਾਲ ਦੇ ਮਾਰਚ ਮਹੀਨੇ ਤੋਂ ਪੂਰੀ ਦੁਨੀਆ ਨੂੰ ਕੋਰੋਨਾ ਨਾਂਅ ਦੀ ਭਿਆਨਕ ਬਿਮਾਰੀ ਨੇ ਜਾਨੀ ਅਤੇ ਮਾਲੀ ਪੱਖ ਤੋਂ ਕਾਫੀ ਨੁਕਸਾਨ ਪਹੁੰਚਾਇਆ ਹੈ। ਕੋਰੋਨਾ ਦੀ ਪਹਿਲੀ ਲਹਿਰ ਵਿਚ ਹੋਰ ਲੱਛਣ ਸੀ ਪਰ ਦੂਜੀ ਲਹਿਰ ਉਸ ਤੋਂ ਵੀ ਖ਼ਤਰਨਾਕ ਜਾਣੀ ਗਈ ਜਿਸ ਵਿਚ ਆਕਸੀਜਨ ਦੀ ਸਮੱਸਿਆ ਭਾਰੀ ਰਹੀ। ਆਕਸੀਜਨ ਦੀ ਕਮੀ ਕਾਰਨ ਆਮ ਹੀ ਘੁਟਨ ਮਹਿਸੂਸ ਹੁੰਦੀ ਨਜ਼ਰ ਆਈ ਸੀ। ਇਸ ਸਮੱਸਿਆ ਦਾ ਵੱਡਾ ਕਾਰਨ ਇਹ ਮੰਨਿਆ ਗਿਆ ਕਿ ਰੁੱਖਾਂ ਦੀ ਘਾਟ ਸੀ। ਵੱਡੇ-ਵੱਡੇ ਹਾਈਵੇ ਬਣਨ ਨਾਲ ਵੱਡੇ ਅਤੇ ਭਾਰੀ ਰੁੱਖਾਂ ਦੀ ਕਟਾਈ ਕਰ ਦਿੱਤੀ ਗਈ, ਜਿਸ ਨਾਲ ਆਕਸੀਜਨ ਪੱਧਰ ਘਟ ਗਿਆ। ਆਮ ਘਰਾਂ ਵਿਚ ਵੀ ਰੁੱਖਾਂ ਨੂੰ ਘੱਟ ਪਹਿਲ ਦਿੱਤੀ ਜਾਂਦੀ ਹੈ। ਸੋ, ਆਓ ਨਿੱਜੀ ਫਰਜ਼ ਸਮਝਦੇ ਹੋਏ ਰੁੱਖ ਲਗਾਈਏ ਅਤੇ ਉਨ੍ਹਾਂ ਦੀ ਦੇਖਭਾਲ ਕਰੀਏ ਤਾਂ ਕਿ ਅੱਗੇ ਤੋਂ ਕਿਸੇ ਅਜਿਹੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਅਸੀਂ ਆਪਣਾ ਆਲਾ-ਦੁਆਲਾ ਹਰਿਆਵਲ ਵਾਲਾ ਬਣਾਈਏ। ਇਕ-ਇਕ ਰੁੱਖ ਜ਼ਰੂਰ ਲਗਾਈਏ ਸੁਖੀ ਸਭ ਸੰਸਾਰ ਬਣਾਈਏ.


-ਲੈਕ: ਸੁਖਦੀਪ 'ਸੁਖਾਣਾ'
ਪਿੰਡ ਸੁਖਾਣਾ, ਜ਼ਿਲ੍ਹਾ ਲੁਧਿਆਣਾ।



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX