ਤਾਜਾ ਖ਼ਬਰਾਂ


ਕੋਆਪਰੇਟਿਵ ਬੈਂਕ ਬਰਾਂਚ ਬੱਧਨੀ ਕਲਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾਂ
. . .  41 minutes ago
ਬੱਧਨੀ ਕਲਾਂ, 10 ਮਈ (ਸੰਜੀਵ ਕੋਛੜ) - ਸਥਾਨਕ ਕਸਬਾ ਬੱਧਨੀ ਕਲਾਂ 'ਚ ਬੀਤੇ ਪਿਛਲੇ ਕਈ ਦਿਨਾਂ ਤੋਂ ਹੋ ਰਹੀਆਂ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ...
ਬਾਜ਼ਾਰਾਂ ਵਿਚ ਸਮਾਜਿਕ ਦੂਰੀ ਦੀਆਂ ਉੱਡੀਆਂ ਧੱਜੀਆਂ
. . .  49 minutes ago
ਖਰੜ,10 ਮਈ (ਗੁਰਮੁੱਖ ਸਿੰਘ ਮਾਨ) - ਦੋ ਦਿਨ ਦੇ ਲਾਕਡਾਉਨ ਤੋਂ ਬਾਅਦ ਖੁੱਲ੍ਹੇ ਬਾਜ਼ਾਰਾਂ ਵਿਚ ਸਮਾਜਿਕ ਦੂਰੀ ਦੀਆਂ ਖੁੱਲ੍ਹੇਆਮ ਧੱਜੀਆਂ ਉਡਾਈਆਂ ਗਈਆਂ...
ਯੂ.ਕੇ. ਤੋਂ ਇਕ ਵਾਰ ਫਿਰ 1350 ਆਕਸੀਜਨ ਸਿਲੰਡਰ ਭਾਰਤ ਪਹੁੰਚੇ
. . .  about 1 hour ago
ਨਵੀਂ ਦਿੱਲੀ , 10 ਮਈ - ਯੂ ਕੇ ਤੋਂ ਹੋਰ 1350 ਆਕਸੀਜਨ ਸਿਲੰਡਰ ਭਾਰਤ ਪਹੁੰਚੇ ਹਨ । ਜ਼ਿਕਰਯੋਗ ਹੈ ਕਿ ਭਾਰਤ ਵਲੋਂ ਇਸ ਤੋਹਫ਼ੇ ਲਈ ਬ੍ਰਿਟਿਸ਼ ਆਕਸੀਜਨ...
ਐਸ. ਬੀ. ਆਈ. ਬੈਂਕ ਦੀ ਸ਼ਾਖਾ ਅੱਡਾ ਨਸਰਾਲਾ ਵਿਖੇ ਸਰਕਾਰੀ ਹੁਕਮਾਂ ਦੀਆਂ ਉੱਡੀਆਂ ਧੱਜੀਆਂ
. . .  about 1 hour ago
ਨਸਰਾਲਾ, 10 ਮਈ (ਸਤਵੰਤ ਸਿੰਘ ਥਿਆੜਾ) - ਅੱਜ ਅੱਡਾ ਨਸਰਾਲਾ, ਹੁਸ਼ਿਆਰਪੁਰ ਵਿਖੇ ਭਾਰਤੀ ਸਟੇਟ ਬੈਂਕ ਦੀ ਸ਼ਾਖਾ ਦੇ ਅੱਗੇ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਸ...
ਦਿਹਾਤੀ ਖੇਤਰਾਂ 'ਚ ਨਹੀਂ ਪਹੁੰਚੀ ਵੈਕਸੀਨ
. . .  about 2 hours ago
ਨਵਾਂ ਪਿੰਡ, (ਅੰਮ੍ਰਿਤਸਰ)10 ਮਈ (ਜਸਪਾਲ ਸਿੰਘ ) - ਸਥਾਨਕ ਮੁੱਢਲਾ ਸਿਹਤ ਕੇਂਦਰ ...
ਸਰਕਾਰੀ ਦਾਅਵਿਆਂ ਦੀ ਨਿਕਲੀ ਫੂਕ, ਬਿਨਾਂ ਵੈਕਸੀਨ ਤੋਂ ਪਰਤੇ ਨੌਜਵਾਨ
. . .  about 2 hours ago
ਜੰਡਿਆਲਾ ਮੰਜਕੀ,10 ਮਈ (ਸੁਰਜੀਤ ਸਿੰਘ ਜੰਡਿਆਲਾ) - ਅਠਾਰਾਂ ਸਾਲ ਤੋਂ ਉੱਪਰ ਦੇ ਨੌਜਵਾਨਾਂ ਨੂੰ ਵੈਕਸੀਨ ਲਾਉਣ ਦੀ ਸ਼ੁਰੂਆਤ ਕਰਨ ਦੇ ਸਰਕਾਰੀ ਦਾਅਵਿਆਂ ਦੀ ਫੂਕ ਨਿਕਲਦੀ ਉਦੋਂ ਨਜ਼ਰ ਆਈ ਜਦੋਂ...
ਅਜਨਾਲਾ 'ਚ ਅੱਜ 18 ਤੋਂ 44 ਸਾਲ ਉਮਰ ਦੇ ਵਿਅਕਤੀਆਂ ਨੂੰ ਨਹੀਂ ਲੱਗ ਸਕੀ ਕੋਰੋਨਾ ਵੈਕਸੀਨ
. . .  about 2 hours ago
ਅਜਨਾਲਾ, 10 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਭਿਆਨਕ ਮਹਾਂਮਾਰੀ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਅੱਜ ਸਿਵਲ ਹਸਪਤਾਲ ਅਜਨਾਲਾ ਵਿਚ 18 ਤੋਂ 44 ਸਾਲ ਉਮਰ ਤੱਕ...
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਈ ਸ਼ੁਰੂ
. . .  about 2 hours ago
ਨਵੀਂ ਦਿੱਲੀ ,10 ਮਈ - ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਦੌਰਾਨ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ...
ਦੁਕਾਨਦਾਰਾਂ ਵਲੋਂ ਸਰਕਾਰੀ ਫ਼ੈਸਲੇ ਦਾ ਵਿਰੋਧ
. . .  about 3 hours ago
ਮਾਹਿਲਪੁਰ, 10 ਮਈ (ਦੀਪਕ ਅਗਨੀਹੋਤਰੀ) - ਮਾਹਿਲਪੁਰ ਵਿਖੇ ਅੱਜ ਸਵੇਰੇ ਹੀ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਸੂਬਾ ਸਰਕਾਰ ਦੀਆਂ ਕੋਰੋਨਾ ਸਬੰਧੀ ਦੁਕਾਨਾਂ ਬੰਦ ਕਰਨ ਦਾ ਸਮਾਂ ...
ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੀ ਅਗਵਾਈ ਵਿਚ ਕਿਸਾਨਾਂ ਦਾ ਵਿਸ਼ਾਲ ਕਾਫ਼ਲਾ ਦਿੱਲੀ ਲਈ ਰਵਾਨਾ
. . .  about 3 hours ago
ਟਾਂਡਾ ਉੜਮੁੜ, 10 ਮਈ (ਭਗਵਾਨ ਸਿੰਘ ਸੈਣੀ) - ਦੋਆਬਾ ਕਿਸਾਨ ਕਮੇਟੀ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਦੀ ਅਗਵਾਈ ਵਿਚ ਅੱਜ ਵੱਖ ਵੱਖ ਕਿਸਾਨ ਜਥੇਬੰਦੀਆਂ ਦਾ ਕਾਫ਼ਲਾ ਭਾਰੀ...
12 ਵਜੇ ਕਰਫ਼ਿਊ ਲੱਗਣ ਕਾਰਨ ਸ਼ਹਿਰ ਵਿਚ ਅਫ਼ਰਾ ਤਫ਼ਰੀ ਦਾ ਮਾਹੌਲ
. . .  about 3 hours ago
ਲੁਧਿਆਣਾ, 10 ਮਈ ( ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਪ੍ਰਸ਼ਾਸਨ ਨੇ 12 ਵਜੇ ਕਰਫ਼ਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ ਜਿਸ ਕਾਰਨ ਸ਼ਹਿਰ ਵਿਚ ਅਫ਼ਰਾ ਤਫ਼ਰੀ ਦਾ ਮਾਹੌਲ...
ਜਨਮ ਦਿਨ ਦੀ ਪਾਰਟੀ ਮੌਕੇ ਔਰਤ ਦੇ ਪ੍ਰੇਮੀ ਵਲੋਂ ਚਲਾਈ ਗੋਲੀ ਵਿਚ ਪ੍ਰੇਮਿਕਾ ਸਣੇ 6 ਮੌਤਾਂ, ਪ੍ਰੇਮੀ ਨੇ ਵੀ ਕੀਤੀ ਆਤਮ ਹੱਤਿਆ
. . .  about 3 hours ago
ਸੈਕਰਾਮੈਂਟੋ, 10 ਮਈ (ਹੁਸਨ ਲੜੋਆ ਬੰਗਾ) - ਕੋਲੋਰਾਡੋ ਸਪਰਿੰਗ, ਕੋਲੋਰਾਡੋ ਵਿਚ ਇਕ ਸ਼ੱਕੀ ਵਿਅਕਤੀ ਵਲੋਂ ਕੀਤੀ ਗੋਲੀਬਾਰੀ ਵਿਚ 6 ਵਿਅਕਤੀ ਮਾਰੇ ਗਏ ਤੇ ਬਾਅਦ ਵਿਚ ਸ਼ੱਕੀ ਵਿਅਕਤੀ ਨੇ ਆਪਣੇ ਆਪ ਨੂੰ ...
ਇਜ਼ਰਾਈਲ ਨੇ ਭਾਰਤ ਨੂੰ 1,300 ਆਕਸੀਜਨ ਕੰਸਨਟ੍ਰੇਟਰਸ ਸਮੇਤ ਹੋਰ ਮੈਡੀਕਲ ਮਦਦ ਭੇਜੀ
. . .  about 3 hours ago
ਨਵੀਂ ਦਿੱਲੀ , 10 ਮਈ - ਇਜ਼ਰਾਈਲ ਨੇ ਭਾਰਤ ਨੂੰ ਮਦਦ ਨੂੰ ਮਦਦ ਭੇਜੀ ਹੈ । ਮਦਦ ਦੇ ਤੋਰ ਉੱਤੇ 1,300 ਆਕਸੀਜਨ ਕੰਸਨਟ੍ਰੇਟਰਸ , 400 ਵੈਂਟੀਲੇਟਰ ਅਤੇ ਹੋਰ ਡਾਕਟਰੀ ਉਪਕਰਨਾਂ...
ਕਾਰੋਬਾਰੀ ਨਵਨੀਤ ਕਾਲੜਾ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ
. . .  about 1 hour ago
ਨਵੀਂ ਦਿੱਲੀ , 10 ਮਈ - ਕਾਰੋਬਾਰੀ ਨਵਨੀਤ ਕਾਲੜਾ ਖ਼ਿਲਾਫ਼ ਆਕਸੀਜਨ ਕੌਂਸਨਟ੍ਰੈਟੋਰਸ ਦੀ ਕਾਲਾ ਮਾਰਕੀਟਿੰਗ ਕਰਨ ਦੇ ਦੋਸ਼ ਹੇਠ ਲੁੱਕ...
ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 3,66,161 ਕੋਰੋਨਾ ਦੇ ਨਵੇਂ ਮਾਮਲੇ ਆਏ, 3,754 ਮੌਤਾਂ
. . .  about 4 hours ago
ਨਵੀਂ ਦਿੱਲੀ,10 ਮਈ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 3,66,161...
ਪਠਾਨਕੋਟ-ਜੋਗਿੰਦਰਨਗਰ ਰੇਲ ਸੇਵਾ 17 ਮਈ ਤੱਕ ਬੰਦ
. . .  about 4 hours ago
ਡਮਟਾਲ,10 ਮਈ (ਰਾਕੇਸ਼ ਕੁਮਾਰ) ਅੰਗਰੇਜ਼ਾਂ ਦੇ ਜ਼ਮਾਨੇ ਦੀ ਪਠਾਨਕੋਟ-ਜੋਗਿੰਦਰਨਗਰ ਰੇਲ ਮਾਰਗ 'ਤੇ ...
ਭਾਜਪਾ ਪ੍ਰਧਾਨ ਜੇ.ਪੀ. ਨੱਡਾ ਅੱਜ ਹਿਮਾਂਤਾ ਬਿਸਵਾ ਸਰਮਾ ਦੇ ਸਹੁੰ ਚੁੱਕ ਸਮਾਗਮ 'ਚ ਕਰਨਗੇ ਸ਼ਿਰਕਤ
. . .  about 4 hours ago
ਆਸਾਮ,10 ਮਈ - ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ.ਪੀ. ਨੱਡਾ ਅੱਜ ਹਿਮਾਂਤਾ ਬਿਸਵਾ ਸਰਮਾ...
ਦਿੱਲੀ: ਮੈਟਰੋ ਰੇਲ ਸੇਵਾਵਾਂ 17 ਮਈ ਸਵੇਰੇ 5 ਵਜੇ ਤੱਕ ਅਸਥਾਈ ਤੌਰ 'ਤੇ ਬੰਦ
. . .  about 4 hours ago
ਦਿੱਲੀ,10 ਮਈ - ਦਿੱਲੀ ਮੈਟਰੋ ਰੇਲ ਸੇਵਾਵਾਂ 17 ਮਈ ਸਵੇਰੇ 5 ਵਜੇ ਤੱਕ ਅਸਥਾਈ ਤੌਰ 'ਤੇ ਬੰਦ ਰਹਿਣਗੀਆਂ...
ਉੱਤਰਾਖੰਡ: 11 ਮਈ ਸਵੇਰੇ 6 ਵਜੇ ਤੋਂ 18 ਮਈ ਸਵੇਰੇ 6 ਵਜੇ ਤੱਕ ਲੱਗਾ ਕਰਫ਼ਿਊ
. . .  about 5 hours ago
ਉੱਤਰਾਖੰਡ,10 ਮਈ - ਰਾਜ 'ਚ 11 ਮਈ ਸਵੇਰੇ 6 ਵਜੇ ਤੋਂ 18 ਮਈ ਸਵੇਰੇ 6 ਵਜੇ ਤੱਕ ਕਰਫ਼ਿਊ ਲੱਗਾ...
ਆਸਾਮ 'ਚ ਲੱਗੇ ਭੂਚਾਲ ਦੇ ਝਟਕੇ
. . .  about 5 hours ago
ਆਸਾਮ, 10 ਮਈ - ਆਸਾਮ ਦੇ ਨਾਗਾਓਂ ਨੇੜੇ 0705 ਘੰਟਿਆਂ 'ਤੇ ਰਿਕਟਰ ....
ਦਿੱਲੀ : ਪੈਟਰੋਲ ਅਤੇ ਡੀਜ਼ਲ ਦੀ ਕੀਮਤ 91.53 ਰੁਪਏ ਪ੍ਰਤੀ ਲੀਟਰ ਤੇ 82.06 ਰੁਪਏ ਹੋਈ
. . .  about 5 hours ago
ਨਵੀਂ ਦਿੱਲੀ, 10 ਮਈ - ਅੱਜ ਦਿੱਲੀ ਵਿਚ ਪੈਟਰੋਲ ਦੀ ਕੀਮਤ 91.53 ਰੁਪਏ ਪ੍ਰਤੀ ਲੀਟਰ ...
ਦਿੱਲੀ: ਗੁਰੂ ਤੇਗ ਬਹਾਦਰ ਕੋਵਿਡ ਕੇਅਰ ਸੈਂਟਰ ਅੱਜ 300 ਬੈੱਡਾਂ ਨਾਲ ਅਪਰੇਸ਼ਨ ਕਰੇਗਾ ਸ਼ੁਰੂ
. . .  about 5 hours ago
ਨਵੀਂ ਦਿੱਲੀ,10 ਮਈ - ਗੁਰੂ ਤੇਗ ਬਹਾਦਰ ਕੋਵਿਡ ਕੇਅਰ ਸੈਂਟਰ ਅੱਜ 300 ਬੈੱਡਾਂ ਨਾਲ ਅਪਰੇਸ਼ਨ ਕਰੇਗਾ...
ਆਈ.ਏ.ਐਫ. ਇੰਡੋਨੇਸ਼ੀਆ ਤੋਂ 4 ਆਕਸੀਜਨ ਕੰਟੇਨਰ ਭਾਰਤ ਲੈ ਕੇ ਆਇਆ
. . .  about 6 hours ago
ਨਵੀਂ ਦਿੱਲੀ ,10 ਮਈ - ਆਈ.ਏ.ਐਫ. ਇੰਡੋਨੇਸ਼ੀਆ ਤੋਂ 4 ਆਕਸੀਜਨ...
ਅੱਜ ਦਾ ਵਿਚਾਰ
. . .  about 6 hours ago
ਅੱਜ ਦਾ ਵਿਚਾਰ
ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਆਰਜ਼ੀ ਜੇਲ੍ਹਾਂ ਵਿਚ ਬੰਦ ਕਰਨ ਦਾ ਫ਼ੈਸਲਾ
. . .  1 day ago
ਲੁਧਿਆਣਾ , 9 ਮਈ {ਪਰਮਿੰਦਰ ਸਿੰਘ ਆਹੂਜਾ}- ਲੁਧਿਆਣਾ ਪੁਲੀਸ ਵਲੋਂ ਸੋਮਵਾਰ ਤੋਂ ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨਾਲ ਸਖ਼ਤੀ ਨਾਲ ਨਜਿੱਠਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਤਹਿਤ ਪੁਲਿਸ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 13 ਮੱਘਰ ਸੰਮਤ 552
ਵਿਚਾਰ ਪ੍ਰਵਾਹ: ਕਿਸਾਨਾਂ ਨੂੰ ਦੂਜਿਆਂ ਦੀ ਮਿਹਰਬਾਨੀ \'ਤੇ ਜਿਊਣ ਦੀ ਬਜਾਏ ਆਪਣੇ ਹੱਕਾਂ ਲਈ ਲੜਨਾ ਹੋਵੇਗਾ। ਵੱਲਭ ਭਾਈ ਪਟੇਲ

ਤੁਹਾਡੇ ਖ਼ਤ

27-11-2020

 ਅੰਨਦਾਤੇ ਦਾ ਸੰਘਰਸ਼

ਕੇਂਦਰ ਨੇ ਕਿਸਾਨ ਵਿਰੋਧੀ ਦੱਸੇ ਗਏ ਤਿੰਨ ਕਾਨੂੰਨ ਬਣਾ ਕੇ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਅਤੇ ਹੋਰ ਵਰਗਾਂ ਨੂੰ ਸੜਕਾਂ, ਟੋਲ ਪਲਾਜ਼ਿਆਂ ਆਦਿ 'ਤੇ ਧਰਨੇ ਲਗਾਉਣ ਅਤੇ ਰੇਲਾਂ ਰੋਕਣ ਲਈ ਮਜਬੂਰ ਕੀਤਾ ਹੈ। ਹੁਣ ਕਿਸਾਨਾਂ ਨੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸ਼ਾਂਤਮਈ ਢੰਗ ਨਾਲ ਦਿੱਲੀ ਵੱਲ ਵਹੀਰਾਂ ਘੱਤੀਆਂ ਹਨ। ਕੇਂਦਰ ਸਰਕਾਰ ਤੇ ਵੱਖ-ਵੱਖ ਰਾਜ ਸਰਕਾਰਾਂ ਨੇ ਇਨ੍ਹਾਂ ਨੂੰ ਰੋਕਣ ਲਈ ਵੱਡੀ ਪੱਧਰ 'ਤੇ ਫੋਰਸ ਤਾਇਨਾਤ ਕੀਤੀ ਹੈ, ਸੜਕਾਂ ਸੀਲ ਕੀਤੀਆਂ ਹਨ, ਧਾਰਾ 144 ਲਗਾ ਕੇ, ਪਾਣੀ ਦੀਆਂ ਬੁਛਾੜਾਂ ਦਾ ਪ੍ਰਬੰਧ ਕਰਕੇ ਅਤੇ ਵੱਖ-ਵੱਖ ਤਰ੍ਹਾਂ ਦੀਆਂ ਰੋਕਾਂ ਲਗਾ ਕੇ ਇਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਹੈ ਤੇ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਕੀ ਸਾਰੇ ਮੁਲਕ ਦਾ ਢਿੱਡ ਭਰਨ ਵਾਲੇ ਕਿਸਾਨ ਨੂੰ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟ ਕਰਨ ਦਾ ਵੀ ਹੱਕ ਨਹੀਂ ਹੈ? ਕੇਂਦਰ ਤੇ ਰਾਜ ਸਰਕਾਰਾਂ ਨੂੰ ਦੇਸ਼ ਦੇ ਅੰਨਦਾਤੇ ਦੀ ਪੁਕਾਰ ਸੁਣਨੀ ਚਾਹੀਦੀ ਹੈ ਅਤੇ ਬਣਾਏ ਗਏ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ 'ਤੇ ਮੁੜ ਨਜ਼ਰਸਾਨੀ ਕਰਨੀ ਚਾਹੀਦੀ ਹੈ।

-ਅਮਰੀਕ ਸਿੰਘ ਚੀਮਾ,
ਸ਼ਾਹਬਾਦੀਆ, ਰਮਣੀਕ ਨਗਰ, ਜਲੰਧਰ।

ਕਿਸਾਨ ਤੁਰਿਆ ਦਿੱਲੀ ਵੱਲ

ਜੀ ਹਾਂ, ਅੱਜ ਜੋ ਫ਼ੈਸਲਾ ਕਿਸਾਨਾਂ ਨੇ ਲਿਆ ਹੈ ਉਹ ਕਿਸਾਨੀ ਦੇ ਹਿਤਾਂ ਲਈ ਲਾਭਦਾਇਕ ਸਾਬਤ ਹੋ ਪਾਏਗਾ? ਸੱਚੀ ਗੱਲ ਤਾਂ ਇਹ ਹੈ ਕਿ ਲੰਬੇ ਸਮੇਂ ਤੋਂ ਕਿਸਾਨ ਹੀ ਹੁੰਦੇ ਆ ਰਹੇ ਹਨ ਸਮੇਂ ਦੀਆਂ ਸਰਕਾਰਾਂ ਦੀ ਬੇਰੁਖ਼ੀ ਦਾ ਸ਼ਿਕਾਰ। ਉਂਜ ਕਿਸਾਨ, ਅੰਨਦਾਤਾ ਮਿਹਨਤ ਕਰਕੇ ਆਪਣੀ ਸੋਨੇ ਵਰਗੀ ਫ਼ਸਲ ਨੂੰ ਕਿਵੇਂ ਰੁਲਦਾ ਵੇਖੇ। ਕਿਸਾਨਾਂ ਦਾ ਖੂਨ ਨਿਚੋੜ ਕੇ ਪੀ ਰਹੀ ਹੈ ਦਿੱਲੀ ਸਰਕਾਰ ਅਤੇ ਕਿਸਾਨਾਂ ਨੂੰ ਖ਼ੁਦਕਸ਼ੀਆਂ ਕਰਨ ਲਈ ਮਜਬੂਰ ਕਰ ਰਹੀ ਹੈ। ਤਾਂ ਹੀ ਤੇ ਸਾਨੂੰ ਸਭ ਨੂੰ ਸਾਂਝੇ ਤੌਰ 'ਤੇ ਇਸ ਸਮੱਸਿਆ ਦਾ ਹੱਲ ਕਰਨ ਲਈ ਦਿੱਲੀ ਵੱਲ ਵਹੀਰਾਂ ਘੱਤਣੀਆਂ ਪਈਆਂ ਹਨ। ਕਿਉਂਕਿ ਅਸੀਂ ਪਹਿਲਾਂ ਤਾਂ ਫ਼ਸਲ ਦੀ ਲਵਾਈ, ਕਟਾਈ, ਛਡਾਈ ਦੇ ਕੰਮਾਂ ਵਿਚ ਮਹਿੰਗੇ ਮੁੱਲ ਦੀ ਲੇਬਰ ਲਾਈ ਹੈ ਅਤੇ ਹੁਣ ਜੇਕਰ ਫ਼ਸਲ ਵਿਕਣ ਦੀ ਵਾਰੀ ਆਈ ਹੈ ਤਾਂ ਸਰਕਾਰਾਂ ਨਵੇਂ ਕਾਨੂੰਨ ਬਣਾ ਕਿਸਾਨਾਂ ਨੂੰ ਸਤਾ ਰਹੀਆਂ ਹਨ। ਪਰ ਇਹ ਧੱਕਾ ਕਿਸਾਨਾਂ ਦੀ ਬਰਦਾਸ਼ਤ ਤੋਂ ਬਾਹਰ ਹੋ ਗਿਆ। ਹੁਣ ਹਰ ਵਰਗ ਦਾ ਜਜ਼ਬਾ ਵੇਖੋ ਕੀ ਬਜ਼ੁਰਗ, ਬੱਚੇ, ਮਾਤਾਵਾਂ ਅਤੇ ਨੌਜਵਾਨ ਇਸ ਲਹਿਰ ਦਾ ਹਿੱਸਾ ਬਣ ਦਿੱਲੀ ਨੂੰ ਭਾਜੜਾਂ ਪਾਉਣ ਵਿਚ ਜੁਟ ਗਏ ਹਨ ਤੇ ਹੁਣ ਕਾਲੇ ਕਾਨੂੰਨ ਰੱਦ ਕਰਵਾ ਕੇ ਆਪਣੇ ਹੱਕਾਂ ਲਈ ਆਰ-ਪਾਰ ਦੀ ਲੜਾਈ ਲੜ ਜਿੱਤ ਕੇ ਮੁੜਨ ਵਾਲੀ ਸੋਚ ਦਿਮਾਗ ਵਿਚ ਲੈ ਕੇ ਚੱਲੇ ਹਨ ਤੇ ਜਿੱਤ ਕੇ ਹੀ ਮੁੜਨਗੇ। ਇਹ ਸਰਹੱਦਾਂ 'ਤੇ ਬੈਰੀਅਰ, ਪੱਥਰ ਤੇ ਪਾਣੀ ਦੀਆਂ ਬੁਛਾੜਾਂ ਨਹੀਂ ਰੋਕ ਸਕਦੀਆਂ ਪੰਜਾਬ ਦੇ ਗੱਭਰੂਆਂ ਨੂੰ। ਦਿੱਲੀ ਜਾਣ ਤੋਂ ਮੇਰੇ ਹਿਸਾਬ ਨਾਲ ਜਿੰਨਾ ਰੋਹ ਅਤੇ ਜਜ਼ਬਾ ਭਰਿਆ ਹੋਇਆ ਸਾਡੇ ਕਿਸਾਨਾਂ ਵਿਚ ਸਰਕਾਰ ਨੂੰ ਆਪਣੇ ਕਾਲੇ ਕਾਨੂੰਨ ਰੱਦ ਕਰਕੇ ਕਿਸਾਨਾਂ ਦੇ ਬਣਦੇ ਹੱਕ ਜ਼ਰੂਰ ਦੇ ਦੇਣੇ ਚਾਹੀਦੇ ਹਨ। ਸੋ ਵਾਹਿਗੁਰੂ ਮਿਹਰ ਕਰਨ ਤੇ ਸਾਡੇ ਕਿਸਾਨ ਵੀਰ ਸਹੀ ਸਲਾਮਤ ਆਪਣੇ ਹੱਕ ਲੈ ਆਪਣੇ ਘਰ ਵਾਪਸ ਪਰਤ ਆਉਣ ਤਾਂ ਜੋ ਸਾਡੇ ਦੇਸ਼ ਵਿਚ ਫਿਰ ਤੋਂ ਸ਼ਾਂਤ ਮਾਹੌਲ ਬਣਿਆ ਰਹੇ।

-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।

ਕੁਝ ਗੱਲਾਂ

ਕੁਝ ਗੱਲਾਂ ਦੀ ਇਨਸਾਨ ਨੂੰ ਸਮੇਂ ਦੀ ਚਾਲ ਨਾਲ ਸਮਝ ਆਉਂਦੀ ਹੈ ਜਿਵੇਂ ਕਿ ਜ਼ਿੰਦਗੀ ਵਿਚ ਵਕਤ ਦੀ ਮਾਰ ਪੈਣਾ। ਕੁਝ ਗੱਲਾਂ ਮਨੁੱਖ ਉਦੋਂ ਸਮਝਦਾ ਹੈ ਜਦੋਂ ਉਸ ਨਾਲ ਬੀਤਦੀਆਂ ਹਨ। ਕੁਝ ਫ਼ੈਸਲੇ ਉਦੋਂ ਸਮਝਦਾ ਹੈ ਜਦੋਂ ਉਹ ਆਪ ਫ਼ੈਸਲੇ ਲੈਣ ਦੇ ਲਾਇਕ ਹੋ ਜਾਂਦਾ ਹੈ। ਕੁੜੀਆਂ ਦੀ ਤਕਲੀਫ਼, ਮਜਬੂਰੀਆਂ ਤੇ ਜ਼ਿੰਦਗੀ ਇਨਸਾਨ ਉਦੋਂ ਸਮਝਦਾ ਹੈ ਜਦੋਂ ਉਹ ਆਪ ਇਕ ਧੀ ਦਾ ਪਿਤਾ ਬਣ ਜਾਂਦਾ ਹੈ।

-ਅਮਨਪ੍ਰੀਤ ਕੌਰ ਬਲੱਗਣ
ਚਮਕੌਰ ਸਾਹਿਬ (ਰੋਪੜ)।

ਹੁਣ ਪਿੰਡ ਦੇ ਬੱਚੇ ਵੀ ਬਹੁਤ ਕੁਝ ਨਹੀਂ ਜਾਣਦੇ

ਪਿੰਡਾਂ ਵਿਚ ਬਹੁਤ ਕੁਝ ਬਦਲ ਗਿਆ ਹੈ ਅਤੇ ਬਦਲ ਰਿਹਾ ਹੈ। ਕੋਈ ਸਮਾਂ ਸੀ ਜਦੋਂ ਘਰ ਦੀਆਂ ਖੁਰਲੀਆਂ ਤੇ ਬੱਝੀਆਂ ਲਵੇਰੀਆਂ, ਤੂੜੀ ਦੇ ਮੂਸਲ/ਕੁੱਪ ਵੇਖ ਕੇ ਘਰ ਦੀ ਖੁਸ਼ਹਾਲੀ ਦਾ ਅੰਦਾਜ਼ਾ ਲਗਾਇਆ ਜਾਂਦਾ ਸੀ। ਪਰ ਸਮੇਂ ਨੇ ਕਰਵਟ ਲਈ, ਹੁਣ ਪੱਕਾ ਕੋਠੀਨੁਮਾ ਘਰ ਅਤੇ ਪਸ਼ੂਆਂ ਤੋਂ ਰਹਿਤ ਘਰ ਨੂੰ ਖੁਸ਼ਹਾਲ ਘਰ ਮੰਨਿਆ ਜਾ ਰਿਹਾ ਹੈ। ਕਦੇ ਘਰਾਂ ਦੇ ਬਰਾਂਡਿਆਂ ਜਾਂ ਦਲਾਨਾਂ ਵਿਚ ਦਰੀਆਂ ਬਣਾਉਣ ਦੇ ਅੱਡੇ ਲੱਗੇ ਹੁੰਦੇ ਸਨ। ਇਹ ਸਾਰੀਆਂ ਚੀਜ਼ਾਂ ਹੁਣ ਪਿੰਡਾਂ ਵਿਚ ਵੀ ਵਿਖਾਈ ਨਹੀਂ ਦਿੰਦੀਆਂ ਅਤੇ ਨੌਜਵਾਨ ਪੀੜ੍ਹੀ ਬਹੁਤ ਸਾਰੀਆਂ ਚੀਜ਼ਾਂ ਬਾਰੇ ਜਾਣਦੇ ਹੀ ਨਹੀਂ। ਹੁਣ ਪਿੰਡਾਂ ਵਿਚ ਵੀ ਭੜੋਲੀ ਵਿਚ ਦੁੱਧ ਰੱਖ ਕੇ ਕੋਈ ਨਹੀਂ ਕਾੜ੍ਹਦਾ। ਉਸ ਨੂੰ ਸਵੇਰੇ ਸਵਖਤੇ ਉੱਠ ਕੇ ਕੋਈ ਨਹੀਂ ਰਿੜਕਦਾ। ਕਾੜਨਾ ਜਾਂ ਕਾੜਨੀ ਤਾਂ ਕਿਸ ਨੂੰ ਪਤਾ ਹੋਣੀ ਹੈ। ਸਵੇਰੇ ਘੱਟ-ਘੱਟ ਕਰਦੀ ਮਧਾਣੀ ਦੀ ਆਵਾਜ਼ ਦਾ ਆਪਣਾ ਹੀ ਮਜ਼ਾ ਸੀ। ਮਧਾਣੀ ਨੂੰ ਘੁਮਾਉਣ ਲਈ ਇਕ ਰੱਸੀ ਬੜੀ ਤਰਤੀਬ ਨਾਲ ਧਮਾਣੀ 'ਤੇ ਲਪੇਟੀ ਹੁੰਦੀ ਸੀ। ਇਸ ਨੂੰ ਬੜੇ ਹਿਸਾਬ ਨਾਲ ਅੱਗੇ ਪਿੱਛੇ ਕੀਤਾ ਜਾਂਦਾ ਸੀ। ਜੇਕਰ ਇਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਮਧਾਣੀ ਚਾਟੀ ਵਿਚ ਵੱਜਦੀ ਅਤੇ ਕਈ ਵਾਰ ਚਾਟੀ ਵੀ ਟੁੱਟ ਜਾਂਦੀ। ਇਹ ਕੰਮ ਬੜੀ ਤਕਨੀਕ ਨਾਲ ਕੀਤੇ ਜਾਂਦੇ ਸੀ। ਅੱਜ ਪਿੰਡਾਂ ਵਿਚ ਵੀ ਤੌੜੀਆਂ ਦੀ ਦਾਲ ਨਹੀਂ ਬਣਦੀ। ਕੁੱਕਰ ਅਤੇ ਗੈਸ ਤਕਰੀਬਨ ਘਰਾਂ ਵਿਚ ਹੈ। ਮੈਨੂੰ ਯਾਦ ਹੈ ਹਰ ਘਰ ਵਿਚ ਭੂਕਨਾ ਜਾਂ ਚਿਮਟਾ ਜ਼ਰੂਰ ਹੁੰਦਾ ਸੀ। ਉਸ ਨੂੰ ਬੜੇ ਸਲੀਕੇ ਨਾਲ ਚੁੱਲ੍ਹੇ ਜਾਂ ਲੋਹ ਕੋਲ ਖੜ੍ਹੇ ਕੀਤਾ ਜਾਂਦਾ ਸੀ। ਚਰਖੇ ਹੁਣ ਸਟੇਜਾਂ ਦਾ ਸ਼ਿੰਗਾਰ ਬਣੇ ਹੋਏ ਹਨ। ਸੰਦੂਕਾਂ ਦੀ ਆਪਣੀ ਵੱਖਰੀ ਸਰਦਾਰੀ ਸੀ। ਸਮੇਂ ਦੇ ਨਾਲ ਚੱਲਣਾ ਵੀ ਬਹੁਤ ਜ਼ਰੂਰੀ ਹੈ। ਪਰ ਕੋਸ਼ਿਸ਼ ਕਰੀਏ ਕਿ ਪਿੰਡਾਂ ਨੂੰ ਖ਼ਤਮ ਨਾ ਕਰੀਏ। ਇਨ੍ਹਾਂ ਚੀਜ਼ਾਂ ਨੂੰ ਵਰਤਿਆ ਤਾਂ ਸਮੇਂ ਮੁਤਾਬਿਕ ਨਹੀਂ ਜਾ ਸਕਦਾ ਪਰ ਇਨ੍ਹਾਂ ਨੂੰ ਜ਼ਿੰਦਾ ਜ਼ਰੂਰ ਰੱਖੀਏ।

-ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ।

ਪ੍ਰੀ ਵੈਡਿੰਗ ਸ਼ੂਟ

ਮੈਂ ਆਪ ਜੀ ਦੇ ਅਖ਼ਬਾਰ ਰਾਹੀਂ 'ਪ੍ਰੀ ਵੈਡਿੰਗ ਸ਼ੂਟ' ਬਾਰੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਹਾਂ। ਵਿਦੇਸ਼ੀ ਸੱਭਿਆਚਾਰ ਹੁਣ ਪੰਜਾਬ ਵਿਚ ਵੀ ਆ ਵੜਿਆ ਹੈ। ਲੋਕ ਆਪਣੀ ਜੇਬ ਨਹੀਂ ਦੇਖਦੇ, ਪ੍ਰੀ ਵੈਡਿੰਗ ਸੂਟ ਨੂੰ ਆਪਣੀ ਟੋਹਰ ਦਾ ਸਵਾਲ ਬਣਾ ਰਹੇ ਹਨ। ਅਸੀਂ ਪਰੰਪਰਾਗਤ ਰਿਵਾਜ ਨੂੰ ਛੱਡ ਕੇ ਇਹੋ ਜਿਹੇ ਰਿਵਾਜ ਬਣਾ ਲਏ ਹਨ। ਇਹ ਨਿਰੀ ਧਨ ਦੀ ਬਰਬਾਦੀ ਹੈ। ਪੰਜਾਬੀਓ ਬੰਦ ਕਰ ਦਿਓ ਇਹੋ ਜਿਹੇ ਵਿਖਾਵੇ।

-ਡਾ: ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲ ਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

26-11-2020

 ਅਧਿਆਪਕਾਂ ਦੀ ਕਦਰ ਤੇ ਕੋਰੋਨਾ

ਇਕ ਸਮਾਂ ਸੀ ਜਦੋਂ ਅਧਿਆਪਕ ਦੀ ਬਹੁਤ ਕਦਰ ਕੀਤੀ ਜਾਂਦੀ ਸੀ। ਮੇਰਾ ਇਹ ਨਹੀਂ ਕਹਿਣਾ ਕਿ ਅੱਜ ਨਹੀਂ ਕੀਤੀ ਜਾਂਦੀ। ਅੱਜ ਦੇ ਸਮੇਂ ਵਿਚ ਪਹਿਲਾਂ ਨਾਲੋਂ ਬਹੁਤ ਫ਼ਰਕ ਪੈ ਗਿਆ ਹੈ। ਪਹਿਲਾਂ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਅਧਿਆਪਕ ਨੂੰ ਹੀ ਆਪਣੇ ਬੱਚਿਆਂ ਲਈ ਸਾਰਾ ਕੁਝ ਸਮਝਦੇ ਸਨ। ਬੱਚਿਆਂ ਦੀ ਨਜ਼ਰ ਵਿਚ ਅਧਿਆਪਕ ਹੀ ਗੁਰੂ ਸੀ। ਅਧਿਆਪਕ ਦੀ ਕਿਸੇ ਵੀ ਗੱਲ ਦਾ ਬੁਰਾ ਨਹੀਂ ਸੀ ਮਨਾਇਆ ਜਾਂਦਾ, ਮਾਪੇ ਵੀ ਹਮੇਸ਼ਾ ਆਪਣੇ ਬੱਚੇ ਵਿਚ ਗ਼ਲਤੀ ਕੱਢਦੇ ਸਨ। ਪਰ ਅੱਜਕਲ੍ਹ ਜੇ ਅਧਿਆਪਕ ਵਲੋਂ ਬੱਚੇ ਨੂੰ ਝਿੜਕਿਆ ਜਾਂਦਾ ਹੈ ਤਾਂ ਮਾਤਾ-ਪਿਤਾ ਅਧਿਆਪਕ ਦੀ ਹੀ ਗ਼ਲਤੀ ਕੱਢਦੇ ਹਨ ਨਾ ਕਿ ਆਪਣੇ ਬੱਚੇ ਵਿਚ। ਅਧਿਆਪਕ ਦੁਆਰਾ ਬੱਚੇ ਨੂੰ ਝਿੜਕਣ 'ਤੇ ਉਲਟ ਅਧਿਆਪਕ ਨੂੰ ਹੀ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਅੱਜ ਦੇ ਸਮੇਂ ਵਿਚ ਅਸੀਂ ਦੇਖ ਰਹੇ ਹਾਂ ਕਿ ਕੋਰੋਨਾ ਜਿਹੀ ਮਹਾਂਮਾਰੀ ਵਿਚ ਸਾਰੇ ਸਕੂਲ ਪਿਛਲੇ ਛੇ ਮਹੀਨਿਆਂ ਤੋਂ ਬੰਦ ਪਏ ਹਨ। ਵਿਦਿਆਰਥੀ ਘਰੇ ਬੈਠ ਕੇ ਪੜ੍ਹ ਰਹੇ ਹਨ, ਹਰ ਇਕ ਬੱਚੇ ਦੇ ਮਾਤਾ-ਪਿਤਾ ਸਕੂਲ ਖੁੱਲ੍ਹਣ ਦੀ ਉਡੀਕ ਕਰ ਰਹੇ ਹਨ। ਮਾਤਾ-ਪਿਤਾ ਬੱਚੇ ਨੂੰ ਚੱਲਣਾ ਜ਼ਰੂਰ ਸਿਖਾਉਂਦੇ ਹਨ ਪਰ ਅਸਲੀ ਰਾਹਾਂ 'ਤੇ ਚੱਲਣਾ ਉਸ ਨੂੰ ਅਧਿਆਪਕ ਹੀ ਸਿਖਾਉਂਦਾ ਹੈ। ਸਕੂਲ ਦਾ ਇਕ ਚੰਗਾ ਅਧਿਆਪਕ ਹਮੇਸ਼ਾ ਆਪਣੇ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੁੰਦਾ ਹੈ ਤੇ ਹਮੇਸ਼ਾ ਹੀ ਸੋਚਦਾ ਰਹਿੰਦਾ ਹੈ ਕਿ ਵਿਦਿਆਰਥੀਆਂ ਦਾ ਆਉਣ ਵਾਲਾ ਭਵਿੱਖ ਸੁਰੱਖਿਅਤ ਤੇ ਕਾਮਯਾਬ ਹੋਵੇ।

-ਸੁਖਜੀਤ ਕੌਰ
ਪੰਜਾਬੀ ਲੈਕ:, ਮੈਰੀਟੋਰੀਅਸ ਸਕੂਲ, ਹਕੂਮਤ ਸਿੰਘ ਵਾਲਾ, ਫ਼ਿਰੋਜ਼ਪੁਰ।

ਕੋਰੋਨਾ : ਸਾਵਧਾਨੀ, ਆਸ ਦੀ ਕਿਰਨ

ਕੋਰੋਨਾ ਮਹਾਂਮਾਰੀ ਨੇ ਲੱਖਾਂ ਹੀ ਬੰਦਿਆਂ ਦੀ ਜਾਨ ਲੈ ਲਈ। ਪਿਛਲੇ ਕੁਝ ਦਿਨਾਂ ਤੋਂ ਦਿੱਲੀ ਵਿਚ ਸਭ ਤੋਂ ਜ਼ਿਆਦਾ ਲੋਕ ਲਾਗ ਨਾਲ ਪ੍ਰਭਾਵਿਤ ਹੋ ਰਹੇ ਹਨ। ਹਾਲ ਹੀ ਵਿਚ ਕੇਂਦਰ ਸਰਕਾਰ ਨੇ ਪੰਜਾਬ ਸਮੇਤ ਹੋਰ ਤਿੰਨ ਸੂਬਿਆਂ ਵਿਚ ਟੀਮਾਂ ਭੇਜੀਆਂ ਹਨ, ਜੋ ਸੂਬਾ ਸਰਕਾਰਾਂ ਨਾਲ ਕੋਰੋਨਾ ਦੀ ਰੋਕਥਾਮ ਲਈ ਸੁਝਾਅ ਦੇਣਗੀਆਂ। ਜ਼ਿਲ੍ਹਾ ਪ੍ਰਸ਼ਾਸਨ ਨੇ ਤਿਉਹਾਰਾਂ ਤੋਂ ਪਹਿਲਾਂ ਲੋਕਾਂ ਨੂੰ ਸਾਵਧਾਨੀਆਂ ਵਰਤਣ ਲਈ ਜੋ ਦਿਸ਼ਾ-ਨਿਰਦੇਸ਼ ਦਿੱਤੇ, ਲੋਕਾਂ ਨੇ ਉਸ ਦੀਆਂ ਧੱਜੀਆਂ ਉਡਾਈਆਂ। ਅਸੀਂ ਕਿਉਂ ਅਣਗਹਿਲੀ ਵਰਤ ਰਹੇ ਹਾਂ? ਕਿਉਂ ਜੋ ਸਰਕਾਰ ਦੇ ਦਿਸ਼ਾ-ਨਿਰਦੇਸ਼ ਹਨ, ਉਨ੍ਹਾਂ ਦੇ ਮੁਤਾਬਿਕ ਨਹੀਂ ਚੱਲ ਰਹੇ। ਕਿਉਂ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਦੇਖਣ ਵਿਚ ਆ ਰਿਹਾ ਹੈ ਕਿ ਕਈ ਡਾਕਟਰਾਂ ਨੇ ਵੀ ਇਸ ਬਿਮਾਰੀ ਵਿਚ ਆਪਣੀ ਜਾਨ ਗੁਆ ਦਿੱਤੀ। ਹਾਲਾਂਕਿ ਅਮਰੀਕਾ ਦੀਆਂ ਦੋ ਕੰਪਨੀਆਂ ਨੇ ਦਾਅਵਾ ਵੀ ਕੀਤਾ ਹੈ ਕਿ ਉਨ੍ਹਾਂ ਨੇ ਟੀਕਾ ਤਿਆਰ ਕਰਨ ਲਈ ਕਾਫੀ ਹੱਦ ਤੱਕ ਸਫਲਤਾ ਹਾਸਲ ਕਰ ਲਈ ਹੈ। ਜੇ ਇਸ ਤਰ੍ਹਾਂ ਹੋ ਜਾਂਦਾ ਹੈ ਤਾਂ ਸਾਰੇ ਦੇਸ਼ਾਂ ਲਈ ਇਹ ਰਾਹਤ ਭਰੀ ਖ਼ਬਰ ਹੋ ਸਕਦੀ ਹੈ।

-ਸੰਜੀਵ ਸਿੰਘ ਸੈਣੀ, ਮੋਹਾਲੀ।

ਵਧਦੀ ਮਹਿੰਗਾਈ

ਪੰਜਾਬ ਅੰਦਰ ਮਹਿੰਗਾਈ ਲਗਾਤਾਰ ਵਧ ਰਹੀ ਹੈ। ਰੋਜ਼ਮਰਾ ਦੀਆਂ ਚੀਜ਼ਾਂ ਤੇ ਖਾਣ-ਪੀਣ ਦੀਆਂ ਵਸਤਾਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ। ਪੈਟਰੋਲ, ਡੀਜ਼ਲ ਤੇ ਪਿਆਜ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਬਿਜਲੀ ਦੇ ਰੇਟ ਲਗਾਤਾਰ ਵਧ ਰਹੇ ਹਨ ਤੇ ਇਨ੍ਹਾਂ ਵਸਤਾਂ ਦੇ ਰੇਟ ਵਧਣ ਦਾ ਅਸਰ ਦੂਜੀਆਂ ਵਸਤਾਂ ਉੱਪਰ ਵੀ ਪੈ ਰਿਹਾ ਹੈ। ਲਗਾਤਾਰ ਵਧ ਰਹੀ ਮਹਿੰਗਾਈ ਦੀ ਮਾਰ ਪੰਜਾਬ ਦੇ ਹਰ ਘਰ 'ਤੇ ਸਾਫ਼ ਨਜ਼ਰ ਆ ਰਹੀ ਹੈ। ਇਸ ਵਧਦੀ ਹੋਈ ਮਹਿੰਗਾਈ ਕਾਰਨ ਗ਼ਰੀਬ ਆਦਮੀ ਨੂੰ ਆਪਣੀ ਜ਼ਿੰਦਗੀ ਬਸਰ ਕਰਨੀ ਮੁਸ਼ਕਿਲ ਹੋ ਰਹੀ ਹੈ ਪਰ ਪੰਜਾਬ ਤੇ ਕੇਂਦਰ ਸਰਕਾਰਾਂ ਦਾ ਮਹਿੰਗਾਈ ਨੂੰ ਕੰਟਰੋਲ ਕਰਨ ਵੱਲ ਕੋਈ ਧਿਆਨ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਮਹਿੰਗਾਈ ਨੂੰ ਕਾਬੂ ਕਰਨ ਲਈ ਜ਼ਰੂਰੀ ਕਦਮ ਚੁੱਕੇ ਜਾਣ। ਪੰਜਾਬ ਸਰਕਾਰ ਡੀਜ਼ਲ ਤੇ ਪੈਟਰੋਲ 'ਤੇ ਸੂਬੇ ਦੇ ਹਿੱਸੇ ਦੇ ਵੈਟ 'ਚ ਤੁਰੰਤ ਛੋਟ ਦਾ ਐਲਾਨ ਕਰੇ। ਪਿਛਲੀ ਬਾਦਲ ਸਰਕਾਰ ਵਲੋਂ ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਮਹਿੰਗੇ ਤੇ ਇਕਤਰਫ਼ਾ ਸਮਝੌਤੇ ਰੱਦ ਕਰਕੇ ਬਿਜਲੀ ਸਸਤੀ ਕੀਤੀ ਜਾਵੇ। ਭ੍ਰਿਸ਼ਟਾਚਾਰੀਆਂ ਤੇ ਜਮ੍ਹਾਂਖੋਰਾਂ 'ਤੇ ਨੱਥ ਪਾਈ ਜਾਵੇ।

-ਤੇਜਿੰਦਰ ਸ਼ਰਮਾ ਸੰਘੇੜਾ
ਲਾਇਬ੍ਰੇਰੀਅਨ।

ਅੰਧ-ਰਾਸ਼ਟਰਵਾਦ ਵੱਲ ਵਧ ਰਿਹਾ ਭਾਰਤ ਮਹਾਨ

ਮੇਰਾ ਭਾਰਤ ਭਿੰਨਤਾਵਾਂ ਭਰਿਆ ਦੇਸ਼ ਹੈ। ਹਰ ਵੀਹ ਕੋਹ 'ਤੇ ਬੋਲੀ ਤੇ ਸੱਭਿਆਚਾਰ ਬਦਲ ਜਾਂਦਾ ਹੈ। ਮੇਰੇ ਦੇਸ਼ ਵਿਚ ਇਕ ਧਰਮ ਦੇ ਲੋਕ ਨਹੀਂ। ਧਰਮ ਭਾਵੇਂ ਵੱਖਰਾ ਹੋਵੇ ਪਰ ਮੇਰੇ ਦੇਸ਼ ਦੇ ਲੋਕ ਹਰ ਧਰਮ ਦਾ ਦਿਲੋਂ ਸਤਿਕਾਰ ਕਰਦੇ ਹਨ। ਇਨ੍ਹਾਂ ਵਿਚ ਵਖਰੇਵਾਂ ਤਾਂ ਕੁਰਸੀਆਂ ਹਥਿਆਉਣ ਵਾਲਿਆਂ ਨੇ ਪਾਉਣਾ ਸ਼ੁਰੂ ਕਰ ਦਿੱਤਾ ਹੈ। 2014 ਤੋਂ ਬਾਅਦ 'ਕੌਮਵਾਦ' ਦੇ ਚੌਧਰੀਆਂ ਨੇ ਮੇਰੇ ਦੇਸ਼ ਨੂੰ ਇਕ ਧਰਮ ਵਿਚ ਰੰਗਣ ਦਾ ਠੇਕਾ ਲੈ ਲਿਆ ਹੈ। ਫਾਸ਼ੀਵਾਦੀ ਵਿਚਾਰਧਾਰਾ ਨੂੰ ਭਗਵੇਂ ਬ੍ਰਗੇਡ ਤੇ ਹੋਰ ਪਿਛਾਂਹਖਿੱਚੂ ਤਾਕਤਾਂ ਨੇ ਧਾਰਮਿਕ ਕੱਟੜਤਾ ਦਾ ਜਬਰੀ ਪਾਠ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਲੋਕ ਚੰਗੀ ਜ਼ਿੰਦਗੀ ਜਿਊਣ ਅਤੇ ਆਪਸੀ ਪਿਆਰ ਨਾਲ ਰਹਿਣਾ ਚਾਹੁੰਦੇ ਹਨ। ਅਜੋਕੀ ਅੰਧ-ਰਾਸ਼ਟਰਵਾਦ ਫੈਲਾਉਣ ਵਾਲੀ ਸਰਕਾਰ ਦੇ ਬੁਰੇ ਮਨਸੂਬੇ ਸਫਲ ਨਹੀਂ ਹੋਣ ਲੱਗੇ। ਲੋਕਾਂ ਦਾ ਆਪਸੀ ਪਿਆਰ ਇਨ੍ਹਾਂ ਲੋਕਾਂ ਨੂੰ ਮੂੰਹ ਤੋੜਵਾਂ ਜਵਾਬ ਦੇਵੇਗਾ। ਅੰਧ-ਰਾਸ਼ਟਰਵਾਦ ਮੇਰੇ ਭਾਰਤ ਲਈ ਤਬਾਹੀ ਦੇ ਰਸਤੇ ਖੋਲ੍ਹੇਗਾ। ਆਓ! ਸਾਰੇ ਭਾਰਤ ਵਾਸੀ ਰਲ ਮਿਲ ਕੇ ਧਾਰਮਿਕ ਕੱਟੜਤਾ ਦਾ ਵਿਰੋਧ ਕਰੀਏ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਕੇਂਦਰ ਦੀਆਂ ਕੋਝੀਆਂ ਹਰਕਤਾਂ

ਪਿਛਲੇ ਦਿਨੀਂ ਡਾ: ਪਿਆਰਾ ਲਾਲ ਗਰਗ ਦਾ ਲਿਖਿਆ 'ਪੰਜਾਬੀਆਂ ਵਿਚ ਬੇਗ਼ਾਨਗੀ ਪੈਦਾ ਕਰ ਰਿਹਾ ਹੈ ਕੇਂਦਰ ਦਾ ਵਤੀਰਾ' ਲੇਖ ਪੜ੍ਹਿਆ। ਠੋਸ ਦਲੀਲਾਂ ਦੇ ਕੇ ਲਿਖਿਆ ਹੈ। ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ, ਜ਼ਰੂਰੀ ਵਸਤਾਂ ਦਾ ਕਾਨੂੰਨ, ਬਿਜਲੀ ਸਬੰਧੀ ਕਾਨੂੰਨ, ਕਾਮਿਆਂ ਵਿਰੋਧੀ ਕਾਨੂੰਨ ਪਾਸ ਕਰਕੇ ਪੰਜਾਬੀਆਂ ਦਾ ਗਲਾ ਘੁੱਟਿਆ ਹੈ। ਜਦੋਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਅਸਤੀਫ਼ਾ ਦਿੱਤਾ ਤਾਂ ਕੇਂਦਰੀ ਮੰਤਰੀ ਮੰਡਲ ਨੇ ਸ਼ਿਸ਼ਟਾਚਾਰ ਵੀ ਨਹੀਂ ਨਿਭਾਇਆ। '84 ਕਤਲੇਆਮ ਤੇ ਪਾਣੀਆਂ ਦਾ ਰੌਲਾ, ਪੰਜਾਬੀ ਬੋਲਦੇ ਇਲਾਕੇ, ਰਾਜਧਾਨੀ ਦਾ ਰੇੜਕਾ ਵੀ 1966 ਤੋਂ ਇਥੇ ਖੜ੍ਹਾ ਹੈ। ਹੁਣ ਸਰਕਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਵੀ ਹੜੱਪਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਨਾਲ ਪੰਜਾਬੀਆਂ ਵਿਚ ਬੇਗਾਨਾਪਨ ਪੈਦਾ ਹੋਵੇਗਾ। ਕਿੰਨਾ ਚੰਗਾ ਹੋਵੇਗਾ ਕਿ ਅਸੀਂ ਰੰਗ-ਬਰੰਗੀ ਫੁੱਲਾਂ ਦੀ ਫੁਲਵਾੜੀ ਵਾਂਗ ਸਾਰੇ ਸੂਬੇ ਇਕ ਹੋ ਕੇ ਕੇਂਦਰ ਦੀਆਂ ਕੋਝੀਆਂ ਹਰਕਤਾਂ ਦਾ ਜਵਾਬ ਦੇਈਏ।

-ਡਾ: ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ,
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

25-11-2020

 ਲਾਇਬ੍ਰੇਰੀ ਦਾ ਮਹੱਤਵ

ਲਾਇਬ੍ਰੇਰੀ ਇਕ ਅਜਿਹੀ ਸੰਸਥਾ ਹੈ ਜਿਸ ਦਾ ਮਨੁੱਖਤਾ ਅਤੇ ਸਮਾਜ ਦੇ ਵਿਕਾਸ ਵਿਚ ਹਮੇਸ਼ਾ ਅਹਿਮ ਯੋਗਦਾਨ ਰਿਹਾ ਹੈ। ਕਿਸੇ ਵੀ ਵਿੱਦਿਅਕ ਅਦਾਰੇ ਵਿਚ ਲਾਇਬ੍ਰੇਰੀ ਦਾ ਵਡਮੁੱਲਾ ਸਥਾਨ ਹੁੰਦਾ ਹੈ। ਲਾਇਬ੍ਰੇਰੀ ਇਕ ਅਜਿਹਾ ਗਿਆਨ ਦਾ ਸਾਗਰ ਹੈ ਜਿਸ ਵਿਚ ਚੁੱਭੀ ਮਾਰ ਕੇ ਕੋਈ ਵੀ ਜਿਗਿਆਸੂ ਅਥਾਹ ਗਿਆਨ ਪ੍ਰਾਪਤ ਕਰ ਸਕਦਾ ਹੈ। ਕਿਤਾਬਾਂ ਅਤੇ ਅਖ਼ਬਾਰਾਂ ਮਨੁੱਖ ਦੀ ਸ਼ਖ਼ਸੀਅਤ ਦੀ ਬਣਤਰ ਨੂੰ ਉਭਾਰਦੀਆਂ ਹਨ ਅਤੇ ਸਮਾਜ ਨੂੰ ਨਿਖਾਰਨ ਵਿਚ ਲਾਇਬ੍ਰੇਰੀਆਂ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ।
ਪੰਜਾਬ ਵਿਚ ਲਾਇਬ੍ਰੇਰੀਆਂ ਦੇ ਵਿਕਾਸ ਦੀ ਹੌਲੀ ਦਰ ਦਾ ਕਾਰਨ ਇਹ ਵੀ ਹੈ ਕਿ ਪੰਜਾਬ ਨੇ ਸ਼ੁਰੂ ਤੋਂ ਹੀ ਕਈ ਉਤਰਾਅ-ਚੜ੍ਹਾਅ ਵੇਖੇ ਹਨ। ਪੰਜਾਬ ਵਿਚ ਅਜੇ ਤੱਕ ਲਾਇਬ੍ਰੇਰੀ ਕਾਨੂੰਨ ਬਿੱਲ ਪਾਸ ਨਾ ਹੋਣਾ ਆਪਣੇ ਆਪ ਵਿਚ ਹੈਰਾਨੀਜਨਕ ਵਿਸ਼ਾ ਹੈ। ਸਮੇਂ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਪੰਜਾਬ ਵਿਚ ਲਾਇਬ੍ਰੇਰੀਆਂ ਦੇ ਉੱਚ ਪ੍ਰਬੰਧ ਦੀ ਲੋੜ ਹੈ ਤਾਂ ਜੋ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਲਾਇਬ੍ਰੇਰੀਆਂ ਨਾਲ ਜੋੜਿਆ ਜਾ ਸਕੇ। ਇਹ ਇਕ ਵਧੀਆ ਉਪਰਾਲਾ ਹੈ। ਲਾਇਬ੍ਰੇਰੀਆਂ ਸਮਾਜ ਦੀ ਸਿਰਜਣਾ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।

-ਪ੍ਰੋ: ਪੁਰਬਾ ਬਿਕਰਮਜੀਤ, ਬਰਨਾਲਾ।

ਸਾਮਰਾਜ ਵਿਰੁੱਧ ਸੰਘਰਸ਼

ਪਿਛਲੇ ਦਿਨੀਂ ਡਾ: ਸਵਰਾਜ ਸਿੰਘ ਦਾ ਲੇਖ 'ਦਲਿਤਵਾਦ ਬਨਾਮ ਦਲਿਤ ਚੇਤਨਾ ਤੇ ਸਾਮਰਾਜ ਵਿਰੁੱਧ ਸੰਘਰਸ਼' ਅਜੋਕੇ ਸੰਦਰਭ ਵਿਚ ਕਾਫੀ ਕੁਝ ਸੋਚਣ ਲਈ ਮਜਬੂਰ ਕਰਦਾ ਹੈ। ਲੇਖਕ ਅਨੁਸਾਰ ਜੱਟ ਤੇ ਸੀਰੀ ਦਾ ਰਿਸ਼ਤਾ ਸਾਂਝ ਦਾ ਰਿਸ਼ਤਾ ਹੈ ਪਰ ਅੱਜ ਇਸ ਵਿਚ ਦਰਾੜ ਪੈ ਗਈ ਹੈ। ਦਰਅਸਲ ਸਮਾਜ ਵਿਚ ਪੈ ਰਹੀਆਂ ਵੰਡੀਆਂ ਦਾ ਵੱਡਾ ਕਾਰਨ ਕੇਂਦਰੀ ਸਰਕਾਰ ਦੁਆਰਾ ਸਾਮਰਾਜ ਪੱਖੀ ਨੀਤੀਆਂ ਨੂੰ ਉਤਸ਼ਾਹਿਤ ਕਰਨਾ ਹੈ। ਖੇਤੀ ਨਾਲ ਸਬੰਧਿਤ ਕਾਨੂੰਨ ਇਸ ਪਾੜੇ ਨੂੰ ਹੋਰ ਵਧਾਉਣਗੇ, ਇਸ ਨਾਲ ਕਿਸਾਨ ਮਜ਼ਦੂਰ ਦਾ ਹੁਣ ਤੱਕ ਬਚਿਆ-ਖੁਚਿਆ ਰਿਸ਼ਤਾ ਵੀ ਟੁੱਟ ਜਾਏਗਾ ਕਿਉਂਕਿ ਉਹ ਦੋਵੇਂ ਇਕ ਲੀਹ 'ਤੇ ਆ ਚੁੱਕੇ ਹੋਣਗੇ। ਕਹਿਣ ਦਾ ਭਾਵ ਕਿਸਾਨ ਵੀ ਆਪਣੀ ਮਾਲਕੀ ਜ਼ਮੀਨ ਵਿਚ ਇਕ ਮਜ਼ਦੂਰ ਬਣ ਕੇ ਰਹਿ ਜਾਵੇਗਾ। ਖ਼ਾਸ ਕਰਕੇ ਪੇਂਡੂ ਇਲਾਕਿਆਂ ਵਿਚ ਮਜ਼ਦੂਰਾਂ ਨੂੰ ਇਸ ਚੀਜ਼ ਦਾ ਬਹੁਤ ਘਾਟਾ ਸਹਿਣਾ ਪਵੇਗਾ ਕਿਉਂਕਿ ਪਿੰਡਾਂ ਵਿਚ ਅੱਜ ਵੀ ਉਹ ਕਿਸਾਨਾਂ ਨਾਲ ਖੇਤਾਂ ਵਿਚ ਕੰਮ ਕਰਾ ਕੇ ਆਪਣਾ ਜੀਵਨ ਨਿਰਬਾਹ ਕਰਦੇ ਹਨ। ਇਸ ਲਈ ਸਰਕਾਰ ਦੀਆਂ ਸਾਮਰਾਜੀ ਨੀਤੀਆਂ ਵਿਰੁੱਧ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਮਜ਼ਦੂਰਾਂ ਤੇ ਕਿਸਾਨਾਂ ਦਾ ਵੱਧ ਤੋਂ ਵੱਧ ਇਕਜੁੱਟ ਹੋਣਾ ਜ਼ਰੂਰੀ ਹੈ।

-ਹਰਨੰਦ ਸਿੰਘ ਬੱਲਿਆਂਵਾਲਾ
ਤਰਨ ਤਾਰਨ।

ਜਾਨਲੇਵਾ ਅਵਾਰਾ ਪਸ਼ੂ

ਅੱਜ ਪੰਜਾਬ ਵਿਚ ਅਵਾਰਾ ਪਸ਼ੂਆਂ ਦੀ ਭਰਮਾਰ ਕਰਕੇ ਇਹ ਸਮੱਸਿਆ ਬਹੁਤ ਹੀ ਗੰਭੀਰ ਬਣਦੀ ਜਾ ਰਹੀ ਹੈ। ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਨਾ ਹੋਣ ਕਰਕੇ ਪੰਜਾਬ ਵਿਚ ਮਨੁੱਖੀ ਜਾਨਾਂ ਜਾਣ ਦਾ ਰੁਝਾਨ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਅੱਜ ਅਵਾਰਾ ਪਸ਼ੂਆਂ ਤੋਂ ਕਿਸਾਨ, ਦੁਕਾਨਦਾਰ ਅਤੇ ਆਮ ਲੋਕ ਬਹੁਤ ਹੀ ਪ੍ਰੇਸ਼ਾਨ ਹਨ। ਅਵਾਰਾ ਪਸ਼ੂ ਸਾਰਾ ਦਿਨ ਹਰਲ-ਹਰਲ ਘੁੰਮਣ ਨਾਲ ਸਾਰਾ ਦਿਨ ਬੱਚੇ ਬਜ਼ੁਰਗਾਂ ਨੂੰ ਇਨ੍ਹਾਂ ਭੈਅ ਬਣਿਆ ਰਹਿੰਦਾ ਹੈ। ਅਵਾਰਾ ਪਸ਼ੂ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਦਾ ਭਾਰੀ ਨੁਕਸਾਨ ਕਰਦੇ ਹਨ। ਸਾਰੀ ਰਾਤ ਜਾਗ ਕੇ ਰਾਖੀ ਕਰਨੀ ਵੀ ਇਸ ਮੁਸ਼ਕਿਲ ਦਾ ਕੋਈ ਠੋਸ ਹੱਲ ਨਹੀਂ ਕੱਢਿਆ ਜਾ ਰਿਹਾ। ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਸਾਡਾ ਸਿਸਟਮ ਪੂਰੀ ਤਰ੍ਹਾਂ ਫੇਲ੍ਹ ਹੀ ਨਜ਼ਰ ਆ ਰਿਹਾ ਹੈ। ਇਸ ਸਮੱਸਿਆ ਦਾ ਛੇਤੀ ਤੋਂ ਛੇਤੀ ਹੱਲ ਲੱਭਣਾ ਚਾਹੀਦਾ ਹੈ ਤਾਂ ਕਿ ਸੜਕ ਹਾਦਸੇ ਰੁਕ ਸਕਣ, ਮਨੁੱਖੀ ਕੀਮਤੀ ਜਾਨਾਂ ਬਚਾਈਆਂ ਜਾ ਸਕਣ ਅਤੇ ਕਿਸਾਨਾਂ ਦੀਆਂ ਫ਼ਸਲਾਂ ਦੇ ਹੋ ਰਹੇ ਨੁਕਸਾਨ ਨੂੰ ਰੋਕਿਆ ਜਾ ਸਕੇ।

-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

ਅਹਿਮ ਫ਼ੈਸਲਾ

ਪਿਛਲੇ ਦਿਨੀਂ 'ਅਜੀਤ' ਵਿਚ ਬਰਜਿੰਦਰ ਸਿੰਘ 'ਹਮਦਰਦ' ਹੁਰਾਂ ਦੀ ਰਚਨਾ ਇਕ ਚੰਗਾ ਫ਼ੈਸਲਾ ਪੜ੍ਹੀ। ਬਾਕਮਾਲ ਸੀ। ਕਿਸਾਨਾਂ ਨੇ ਗੱਡੀਆਂ ਨੂੰ ਚਲਾਏ ਜਾਣ ਨੂੰ ਹਰੀ ਝੰਡੀ ਦੇ ਕੇ ਇਕ ਚੰਗੀ ਸੋਚ ਦਾ ਮੁਜ਼ਾਹਰਾ ਕੀਤਾ ਹੈ। ਹੁਣ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਸੌੜੀ ਰਾਜਨੀਤੀ ਤਿਆਗ ਕੇ ਕੇਵਲ ਤੇ ਕੇਵਲ ਕਿਸਾਨਾਂ ਦੇ ਹਿਤਾਂ ਦੀ ਗੱਲ ਕਰ ਪੰਜਾਬ ਸਰਕਾਰ ਦਾ ਸਾਥ ਦੇ ਕੇ ਕੇਂਦਰ ਨਾਲ ਕਿਸਾਨੀ ਬਿੱਲਾਂ ਦਾ ਦਬਾਅ ਬਣਾ ਕੇ ਕੇਂਦਰ ਨੂੰ ਮੁੜ ਵਿਚਾਰ ਕਰਨ ਲਈ ਮਜਬੂਰ ਕਰਨਾ ਚਾਹੀਦਾ ਹੈ। ਪੰਜਾਬ ਦੀ ਭਾਜਪਾ ਇਕਾਈ ਨੂੰ ਪੰਜਾਬ ਦੇ ਕਿਸਾਨਾਂ ਨਾਲ ਡਟਣਾ ਚਾਹੀਦਾ ਹੈ। ਪੰਜਾਬ ਭਾਜਪਾ ਦੀ ਪੰਜਾਬ ਕਰਕੇ ਹੀ ਹੋਂਦ ਹੈ। ਆਪਣੇ ਨਿੱਜੀ ਹਿਤਾਂ ਤੋਂ ਪਰ੍ਹੇ ਉੱਠ ਕੇ ਜਦੋਂ ਕਿ ਪੰਜਾਬ ਜੋ ਪਹਿਲਾਂ ਹੀ ਆਰਥਿਕ ਬੰਦੀ ਦਾ ਸਾਹਮਣਾ ਕਰ ਰਿਹਾ ਹੈ, ਕਿਸਾਨਾਂ ਦੀ ਆਵਾਜ਼ ਕੇਂਦਰ ਤੱਕ ਪਹੁੰਚਾ ਕੇ ਕਾਨੂੰਨਾਂ ਸਬੰਧੀ ਮੁੜ ਵਿਚਾਰ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ ਪੁਲਿਸ।

ਸ਼ਲਾਘਾਯੋਗ ਫ਼ੈਸਲਾ

ਕੇਂਦਰ ਸਰਕਾਰ ਰਾਹੀਂ ਪਾਸ ਕੀਤੇ ਗਏ ਖੇਤੀ ਬਿੱਲ ਖਿਲਾਫ਼ ਪੰਜਾਬ ਭਰ ਵਿਚ ਤਕਰੀਬਨ ਦੋ ਮਹੀਨੇ ਤੋਂ ਰੇਲ ਰੋਕੋ ਅੰਦੋਲਨ ਕਰ ਰਹੇ ਸਨ। ਤਕਰੀਬਨ ਹਰ ਵਰਗ ਆੜ੍ਹਤੀਆਂ, ਮਜ਼ਦੂਰਾਂ ਨੇ ਇਸ ਅੰਦੋਲਨ ਵਿਚ ਭਰਪੂਰ ਸਹਿਯੋਗ ਦਿੱਤਾ। ਕਿਸਾਨਾਂ ਰਾਹੀਂ ਰਿਲਾਇੰਸ ਸਟੋਰ, ਪੈਟਰੋਲ ਪੰਪਾਂ 'ਤੇ ਵੀ ਮੁਜ਼ਾਹਰੇ ਕੀਤੇ ਗਏ। ਭਾਜਪਾ ਨੂੰ ਛੱਡ ਕੇ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਕਿਸਾਨ ਅੰਦੋਲਨ ਦਾ ਭਰਪੂਰ ਸਹਿਯੋਗ ਦਿੱਤਾ। ਹੁਣ ਤੱਕ ਰੇਲਵੇ ਨੂੰ 1670 ਕਰੋੜ ਦੇ ਕਰੀਬ ਘਾਟਾ ਪੈ ਚੁੱਕਾ ਹੈ। ਹੁਣ ਕਿਸਾਨਾਂ ਨੇ ਕੇਂਦਰ ਸਰਕਾਰ ਦੀ ਗੱਲ ਮੰਨ ਕੇ ਤਕਰੀਬਨ 15 ਦਿਨਾਂ ਦਾ ਕੇਂਦਰ ਸਰਕਾਰ ਨੂੰ ਸਮਾਂ ਦਿੱਤਾ ਹੈ। ਹੁਣ ਕਿਸਾਨਾਂ ਨੇ ਮਾਲ ਗੱਡੀਆਂ ਤੇ ਪੈਸੇਂਜਰ ਗੱਡੀਆਂ ਲਈ ਰੇਲਵੇ ਟਰੈਕ ਖਾਲੀ ਕਰ ਦਿੱਤੇ ਹਨ। ਕੇਂਦਰ ਸਰਕਾਰ ਨੂੰ ਹੁਣ ਕਿਸਾਨਾਂ ਨਾਲ ਜਲਦੀ ਹੀ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਦੀ ਇਸ ਸਮੱਸਿਆ ਦਾ ਹੱਲ ਜਲਦੀ ਤੋਂ ਜਲਦੀ ਨਿਕਲ ਸਕੇ। ਕਿਉਂਕਿ ਚੇਤੇ ਰੱਖੀਏ ਜੇ ਕਿਸਾਨ ਖੁਸ਼ਹਾਲ ਹਨ ਤਾਂ ਦੇਸ਼ ਖੁਸ਼ਹਾਲ ਹੈ।

-ਸੰਜੀਵ ਸੈਣੀ, ਮੋਹਾਲੀ।

24-11-2020

 ਰਿਸ਼ਤਿਆਂ ਵਿਚ ਵਧਦੀ ਕੜਵਾਹਟ

ਸਮੇਂ ਦੇ ਬਦਲਾਅ ਨਾਲ ਮਨੁੱਖ ਨੇ ਆਪਣਾ ਰਹਿਣ-ਸਹਿਣ ਵੀ ਕਾਫੀ ਬਦਲ ਲਿਆ ਹੈ। ਪਹਿਲਾਂ ਜਿਥੇ ਲੋਕ ਸਾਂਝੇ ਪਰਿਵਾਰਾਂ ਵਿਚ ਰਹਿਣ ਨੂੰ ਪਹਿਲ ਦਿੰਦੇ ਸੀ, ਉਥੇ ਲੋਕਾਂ ਨੇ ਹੁਣ ਛੋਟੇ ਪਰਿਵਾਰਾਂ ਵਿਚ ਚੁੱਪ ਰਹਿਣ ਵਿਚ ਰੁਚੀ ਜ਼ਾਹਰ ਕੀਤੀ। ਛੋਟੇ ਪਰਿਵਾਰਾਂ ਵਿਚ ਰਹਿਣ ਨਾਲ ਬੱਚੇ ਕਈ ਰਿਸ਼ਤਿਆਂ ਨੂੰ ਭੁੱਲਦੇ ਜਾ ਰਹੇ ਹਨ। ਉਹ ਆਪਣੇ ਦਾਦਾ-ਦਾਦੀ, ਚਾਚਾ-ਚਾਚੀ ਤਾਇਆ-ਤਾਈ ਵਰਗੇ ਰਿਸ਼ਤਿਆਂ ਨੂੰ ਮਨੋਂ ਵਿਸਾਰਦੇ ਜਾ ਰਹੇ ਹਨ। ਉਨ੍ਹਾਂ ਦਾ ਆਪਣੇ ਦਾਦਕਿਆਂ ਪ੍ਰਤੀ ਮੋਹ ਘਟਦਾ ਜਾ ਰਿਹਾ ਹੈ। ਅਜੋਕੇ ਯੁੱਗ ਵਿਚ ਖੂਨ ਦੇ ਰਿਸ਼ਤੇ ਫਿੱਕੇ ਪੈਂਦੇ ਜਾਪਦੇ ਹਨ। ਸਕੇ ਭੈਣ ਭਰਾ ਆਪਸ ਵਿਚ ਮੋਹ ਪਿਆਰ ਦੀ ਥਾਂ ਇਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਹਨ। ਇਸ ਕੜਵਾਹਟ ਦਾ ਮੁੱਖ ਕਾਰਨ ਘਰ ਵਿਚ ਘਟਦਾ ਪਿਆਰ, ਆਪਸੀ ਗੱਲਬਾਤ ਅਤੇ ਜ਼ਮੀਨ ਦਾ ਲਾਲਚ ਹੈ। ਮਨੁੱਖ ਨੂੰ ਚਾਹੀਦਾ ਹੈ ਕਿ ਉਹ ਜ਼ਮੀਨੀ ਲਾਲਚ ਛੱਡ ਕੇ ਆਪਸੀ ਰਿਸ਼ਤਿਆਂ ਨੂੰ ਜ਼ਿਆਦਾ ਤਰਜੀਹ ਦੇਵੇ ਤਾਂ ਜੋ ਪੈਸਿਆਂ ਨੂੰ ਥੋੜ੍ਹੇ ਸਮੇਂ ਜਮ੍ਹਾਂ ਕਰਨ ਦੀ ਥਾਂ ਰਿਸ਼ਤਿਆਂ ਨੂੰ ਸਾਰੀ ਜ਼ਿੰਦਗੀ ਲਈ ਬਚਾ ਕੇ ਰੱਖਿਆ ਜਾ ਸਕੇ।

-ਅਮਨਪ੍ਰੀਤ ਕੌਰ ਬਲੱਗਣ
ਚਮਕੌਰ ਸਾਹਿਬ (ਰੋਪੜ)।

ਕਿਸਾਨ ਪਤੀ ਪਤਨੀ ਵਲੋਂ ਆਤਮ-ਹੱਤਿਆ

ਕਿਸਾਨਾਂ ਦੇ ਸਿਰ ਚੜ੍ਹਿਆ ਕਰਜ਼ਾ ਉਨ੍ਹਾਂ ਦੀਆਂ ਜਾਨਾਂ ਲੈਣ ਲਈ ਤੁਲਿਆ ਹੋਇਆ ਹੈ। ਕੋਈ ਦਿਨ ਹੀ ਇਹੋ ਜਿਹਾ ਹੋਵੇਗਾ, ਜਿਸ ਦਿਨ ਕਿਸੇ ਕਿਸਾਨ ਨੇ ਆਤਮ-ਹੱਤਿਆ ਨਾ ਕੀਤੀ ਹੋਵੇ। ਨਹੀਂ ਤਾਂ ਹਰ ਰੋਜ਼ਕਈ-ਕਈ ਕਿਸਾਨ ਕਰਜ਼ੇ ਦੇ ਸਤਾਏ ਹੋਏ ਆਤਮ-ਹੱਤਿਆ ਕਰ ਰਹੇ ਹਨ। ਹੁਣ ਗੱਲ ਇਸ ਤੋਂ ਵੀ ਅੱਗੇ ਤੁਰ ਪਈ ਹੈ। ਲੌਂਗੋਵਾਲ ਦੇ ਨੇੜੇ ਪੈਂਦੇ ਪਿੰਡ ਲੋਹਾਗੜ੍ਹ ਦੇ ਰਹਿਣ ਵਾਲੇ ਕਿਸਾਨ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮ-ਹੱਤਿਆ ਕਰ ਲਈ। ਜਦੋਂ ਉਸ ਦੀ ਪਤਨੀ ਨੂੰ ਪਤਾ ਚੱਲਿਆ ਤਾਂ ਰਹਿੰਦੀਆਂ ਗੋਲੀਆਂ ਉਸ ਨੇ ਵੀ ਖਾ ਲਈਆਂ। ਉਸ ਨੇ ਵੀ ਐਵੇਂ ਆਪਣੀ ਜਾਨ ਗਵਾ ਲਈ। ਅਜੇ ਇਕ ਸਾਲ ਵੀ ਨਹੀਂ ਹੋਇਆ ਸੀ ਉਨ੍ਹਾਂ ਨੂੰ ਆਪਣੀ ਧੀ ਦਾ ਵਿਆਹ ਕੀਤਿਆਂ ਨੂੰ।ਕੀ ਹੁਣ ਉਨ੍ਹਾਂ ਦਾ ਕਰਜ਼ਾ ਲਹਿ ਜਾਵੇਗਾ? ਆਤਮ-ਹੱਤਿਆ ਕਿਸੇ ਵੀ ਬਿਮਾਰੀ ਦਾ ਇਲਾਜ ਨਹੀਂ ਤੇ ਨਾ ਹੀ ਉਸ ਨਾਲ ਕੋਈ ਮਸਲਾ ਹੱਲ ਹੋ ਸਕਦਾ ਹੈ। ਜੇਕਰ ਔਰਤਾਂ ਹੀ ਘਰ ਵਾਲਿਆਂ ਨਾਲ ਮਰਨ ਲੱਗ ਪਈਆਂ ਤਾਂ ਸਮਾਜ ਦਾ ਕੀ ਬਣੇਗਾ?ਇਹ ਤਾਂ ਸਤੀ ਹੋਣ ਵਾਲੀ ਰਸਮ ਨੂੰ ਦੁਹਰਾਇਆ ਗਿਆ ਹੈ ਜੋ ਕਿ ਸਾਡੇ ਸਮਾਜ ਲਈ ਧੱਬਾ ਹੈ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)।

ਭੂ-ਹੇਰਵਾ

ਜਦੋਂ ਕੋਈ ਵਿਅਕਤੀ ਆਪਣੇ ਸਮਾਜ ਨਾਲੋਂ ਟੁੱਟ ਕੇ ਕਿਸੇ ਹੋਰ ਸਮਾਜ ਵਿਚ ਪ੍ਰਵੇਸ਼ ਕਰਦਾ ਹੈ, ਤਾਂ ਨਵੇਂ ਸਮਾਜ ਦਾ ਪ੍ਰਵੇਸ਼ ਉਸ ਲਈ ਕਈ ਤਬਦੀਲੀਆਂ ਲੈ ਕੇ ਆਉਂਦਾ ਹੈ। ਅਜਿਹੀਆਂ ਮੁਸ਼ਕਿਲ ਪ੍ਰਸਥਿਤੀਆਂ ਵਿਚੋਂ ਹੀ ਪੰਜਾਬੀਆਂ ਨੂੰ ਗੁਜ਼ਰਨਾ ਪੈਂਦਾ ਹੈ।
ਪੰਜਾਬੀ ਪ੍ਰਵਾਸੀਆਂ ਦੀ ਪਹਿਲੀ ਪੀੜ੍ਹੀ ਜਿਸ ਨੇ ਸੁੱਖ-ਸਹੂਲਤਾਂ ਲਈ ਪੂੰਜੀਵਾਦੀ ਦੇਸ਼ਾਂ ਵਿਚ ਪ੍ਰਵਾਸ ਕੀਤਾ, ਉਥੇ ਜਾ ਕੇ ਇਨ੍ਹਾਂ ਨੂੰ ਵੱਖਰੀ ਪਛਾਣ, ਵੱਖਰੀ ਭਾਸ਼ਾ, ਵੱਖਰੀ ਸੱਭਿਅਤਾ, ਵੱਖਰੇ ਕੰਮਕਾਰ, ਵੱਖਰੇ ਰਹਿਣ-ਸਹਿਣ ਆਦਿ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਨਵੀਂ ਪੀੜ੍ਹੀ ਪ੍ਰਤੀ ਆਈਆਂ ਸਮੱਸਿਆਵਾਂ ਕਰਕੇ ਭੂ-ਹੇਰਵੇ ਦਾ ਖਿਆਲ ਮਨ ਵਿਚ ਜ਼ਿਆਦਾ ਆਇਆ। ਨਵੀਂ ਪੀੜ੍ਹੀ ਜਿਹੜੀ ਪ੍ਰਵਾਸਾ ਵਿਚ ਹੀ ਜੰਮੀ ਪਲੀ ਤੇ ਪਰਵਾਨ ਚੜ੍ਹੀ, ਨੂੰ ਆਪਣੇ ਮਾਪਿਆਂ ਦੇ ਮੂਲ ਦੇਸ਼ ਪ੍ਰਤੀ ਕੋਈ ਭੂ-ਹੇਰਵਾ ਨਹੀਂ। ਭੂ-ਹੇਰਵੇ ਦਾ ਅਹਿਸਾਸ ਸਿਰਫ ਹੰਢਾਇਆਂ ਪਤਾ ਚਲਦਾ ਹੈ। ਕਿਸੇ ਵਿਅਕਤੀ ਦੇ ਭੂ-ਹੇਰਵੇ ਦੀ ਸਥਿਤੀ ਬਾਰੇ ਕਿਸੇ ਦੂਜੇ ਵਿਅਕਤੀ ਜਿਸ ਨੂੰ ਭੂ-ਹੇਰਵੇ ਦਾ ਅਹਿਸਾਸ ਨਹੀਂ, ਸਬੰਧੀ ਦੱਸਣਾ ਇਕ ਸੁਪਨਾ ਦੱਸਣ ਦੇ ਬਰਾਬਰ ਹੈ। ਇਸ ਤਰ੍ਹਾਂ ਭੂ-ਹੇਰਵੇ ਇਕ ਅਤੀਤ ਬੀਤੇ ਦੀ ਇਕ ਯਾਦ ਹੈ, ਜਿਸ ਨੂੰ ਯਾਦ ਕਰਕੇ ਵਿਅਕਤੀ ਅਨੰਦ ਪ੍ਰਾਪਤ ਕਰਦਾ ਹੈ।

-ਪੁਰਬਾ ਬਿਕਰਮਜੀਤ
ਰਿਸਰਚ ਸਕਾਲਰ, ਬਰਨਾਲਾ।

ਪੰਜਾਬ ਸਰਕਾਰ ਦੇ ਧਿਆਨ ਹਿਤ

ਹੁਣ ਮੇਰੇ ਅਤੇ ਮੇਰੇ ਸਾਰੇ (ਪੰਜਾਬ ਪੁਲਿਸ ਵਲੰਟੀਅਰਾਂ) ਵਲੋਂ ਪੰਜਾਬ ਸਰਕਾਰ ਅੱਗੇ ਬੇਨਤੀ ਕੀਤੀ ਜਾਂਦੀ ਹੈ ਕਿ ਅਸੀਂ ਸਾਰੇ ਲਗਪਗ 2000 ਪੰਜਾਬ ਪੁਲਿਸ ਵਲੰਟੀਅਰਾਂ ਜੋ ਕਿ ਪੂਰੇ ਪੰਜਾਬ ਭਰ ਵਿਚ ਆਪਣੀ ਮੁਫ਼ਤ ਸੇਵਾ ਕਾਫੀ ਲੰਮੇ ਸਮੇਂ ਤੋਂ ਕਰਦੇ ਆ ਰਹੇ ਹਾਂ ਪਰ ਹੁਣ ਸਾਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਵੇਂ ਕਿ ਸਾਡੇ ਕੋਲ ਡਿਊਟੀ ਜਾਣ ਵਾਸਤੇ ਕਿਰਾਏ ਤੱਕ ਦਾ ਨਾ ਹੋਣਾ। ਨਾ ਹੀ ਸਾਨੂੰ ਕੋਈ ਰੋਟੀ-ਪਾਣੀ ਦੀ ਸਹੂਲਤ ਦਾ ਮਿਲਣਾ। ਹਰ ਰੋਜ਼ ਦਿਨ, ਰਾਤ ਡਿਊਟੀ ਸ਼ਿਫਟਾਂ ਵਿਚ ਲੱਗਣੀ ਅਤੇ ਸਾਡੇ ਕੋਲ ਕੋਈ ਲੋੜੀਂਦਾ ਸਾਧਨ ਦਾ ਨਾ ਹੋਣਾ। ਇਹ ਸਭ ਸਾਨੂੰ ਪਰਿਵਾਰਕ ਤੌਰ 'ਤੇ ਹੋਰ ਗ਼ਰੀਬ ਬਣਾ ਰਿਹਾ ਹੈ। ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਡੇ ਸਾਰੇ ਪੰਜਾਬ ਪੁਲਿਸ ਵਲੰਟੀਅਰਾਂ ਨੂੰ ਸਾਡੀ ਮਿਹਨਤ ਦਾ ਫਲ ਦਿਵਾਉਣ ਵਿਚ ਸਾਡੀ ਮਦਦ ਕਰੋ। ਅਸੀਂ ਆਪਣੀ ਮੁਫ਼ਤ ਸੇਵਾ ਪਿਛਲੇ 8 ਮਹੀਨੇ ਤੋਂ ਕਰਦੇ ਆ ਰਹੇ ਹਾਂ ਪਰ ਹੁਣ ਸਾਨੂੰ ਸਰਕਾਰ ਦੀ ਮਦਦ ਦੀ ਲੋੜ ਹੈ। ਸਾਡੀ ਇਕ ਮੰਗ ਸਰਕਾਰ ਅੱਗੇ ਹੈ ਕਿ ਸਾਡੇ ਸਾਰੇ ਪੰਜਾਬ ਪੁਲਿਸ ਵਲੰਟੀਅਰਾਂ ਨੂੰ ਆਉਣ ਵਾਲੀ ਪੰਜਾਬ ਪੁਲਿਸ ਦੀ ਭਰਤੀ ਵਿਚ ਪਹਿਲ ਦਿੱਤੀ ਜਾਵੇ। ਅਸੀਂ ਸਾਰੇ ਇਹ ਸੇਵਾ ਬੰਦ ਨਹੀਂ ਕਰਨਾ ਚਾਹੁੰਦੇ, ਤੁਸੀਂ ਸਾਡੀ ਮੁਫ਼ਤ ਸੇਵਾ ਜਾਰੀ ਰੱਖੋ, ਸਾਨੂੰ ਕੋਈ ਮੁਸ਼ਕਿਲ ਨਹੀਂ। ਅਸੀਂ ਸਰਕਾਰ ਨਾਲ ਦਿਨ-ਰਾਤ ਤਿਆਰ-ਬਰ-ਤਿਆਰ ਖੜ੍ਹੇ ਹਾਂ।

-ਸਮੂਹ ਪੰਜਾਬ ਪੁਲਿਸ ਵਲੰਟੀਅਰ।

ਬਾਹਰਲੇ ਰਾਜਾਂ ਤੋਂ ਆਇਆ ਝੋਨਾ

'ਅਜੀਤ' ਵਿਚ ਛਪੀ ਵਿਸਥਾਰਤ ਰਿਪੋਰਟ ਪੜ੍ਹ ਕੇ ਬੜੀ ਹੈਰਾਨੀ ਅਤੇ ਦੁੱਖ ਹੋਇਆ ਕਿ ਕਿਵੇਂ ਚੋਰ ਮੋਰੀਆਂ ਰਾਹੀਂ ਬਾਹਰਲੇ ਰਾਜਾਂ ਤੋਂ 1100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਝੋਨਾ ਪੰਜਾਬ ਦੀਆਂ ਮੰਡੀਆਂ ਵਿਚ ਸਮਰਥਨ ਮੁੱਲ 1888 ਰੁਪਏ ਦੇ ਹਿਸਾਬ ਨਾਲ ਵਿਕਿਆ ਹੈ। ਜਿਥੇ ਪੰਜਾਬ ਦੇ ਕਿਸਾਨਾਂ ਨਾਲ ਕੇਂਦਰ ਸਰਕਾਰ ਧੱਕਾ ਕਰਨ ਦੀਆਂ ਹੱਦਾਂ ਪਾਰ ਕਰ ਰਹੀ ਹੈ, ਉਥੇ ਪੰਜਾਬ ਦੀ ਕੈਪਟਨ ਸਰਕਾਰ ਵੀ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਇਸ ਨਾਲ ਪੰਜਾਬ ਦੇ ਕਿਸਾਨਾਂ ਦਾ ਬਹੁਤ ਸਾਰਾ ਝੋਨਾ ਸਰਕਾਰੀ ਖ਼ਰੀਦ ਤੋਂ ਰਹਿ ਗਿਆ ਹੈ। ਇਸ ਗੋਰਖ ਧੰਦੇ ਵਿਚ ਖ਼ਰੀਦ ਏਜੰਸੀਆਂ ਦੇ ਅਫ਼ਸਰਾਂ, ਵਿਧਾਇਕਾਂ, ਸ਼ੈਲਰ ਮਾਲਕਾਂ, ਪੁਲਿਸ, ਦਲਾਲਾਂ ਤੇ ਆੜ੍ਹਤੀਆਂ ਨੇ ਖੂਬ ਹੱਥ ਰੰਗੇ ਹਨ। ਰਿਪੋਰਟ ਅਨੁਸਾਰ ਇਹ ਲੋਕ 3500 ਕਰੋੜ ਰੁਪਏ ਦੀ ਕਾਲੀ ਕਮਾਈ ਕਰ ਗਏ ਹਨ। ਹਾਲਾਂਕਿ ਚੱਲ ਰਹੇ ਕਿਸਾਨ ਅੰਦੋਲਨ ਕਰਕੇ ਕਿਸਾਨਾਂ ਨੇ ਸੈਂਕੜੇ ਬਾਹਰਲੇ ਰਾਜਾਂ ਤੋਂ ਝੋਨੇ ਨਾਲ ਭਰੇ ਪੰਜਾਬ ਆ ਰਹੇ ਟਰੱਕਾਂ ਨੂੰ ਪੰਜਾਬ ਦੀਆਂ ਹੱਦਾਂ 'ਤੇ ਰੋਕਿਆ ਵੀ ਹੈ। ਝੋਨੇ ਦੀ ਆਨਲਾਈਨ ਅਦਾਇਗੀ ਹੋਣ ਕਰਕੇ ਆੜ੍ਹਤੀਆਂ ਵਲੋਂ ਫ਼ਰਜ਼ੀ ਕਿਸਾਨਾਂ ਦੇ ਨਾਂਅ 'ਤੇ ਬਾਹਰਲੇ ਰਾਜਾਂ ਤੋਂ ਆਇਆ ਝੋਨਾ ਵੇਚਿਆ ਗਿਆ ਹੈ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ।

23-11-2020

 ਔਰਤਾਂ ਦੀ ਪੇਸ਼ਕਾਰੀ
ਔਰਤਾਂ ਦਾ ਸਮਾਜ ਵਿਚ ਹਰ ਪੱਖੋਂ ਮਹੱਤਵਪੂਰਨ ਯੋਗਦਾਨ ਰਿਹਾ ਹੈ। ਜਿਥੇ ਔਰਤਾਂ ਨੇ ਹਰ ਸਮਾਜਿਕ ਰਿਸ਼ਤੇ ਨੂੰ ਬਾਖੂਬੀ ਨਾਲ ਨਿਭਾਇਆ ਹੈ, ਉਥੇ ਔਰਤਾਂ ਨੇ ਮੀਡੀਆ ਵਿਚ ਵੀ ਆਪਣੀ ਭੂਮਿਕਾ ਬਾਕਮਾਲ ਤਰੀਕੇ ਨਾਲ ਨਿਭਾਈ ਹੈ। ਪ੍ਰੰਤੂ ਦੁਖਦਾਈ ਗੱਲ ਇਹ ਹੈ ਕਿ ਔਰਤ ਨੂੰ ਪੰਜਾਬੀ ਗਾਣਿਆਂ ਵਿਚ ਸਹੀ ਢੰਗ ਨਾਲ ਨਹੀਂ ਦਿਖਾਇਆ ਜਾਂਦਾ, ਸਗੋਂ ਉਨ੍ਹਾਂ ਦੀ ਪੇਸ਼ਕਾਰੀ ਨੂੰ ਆਕਰਸ਼ਿਕ ਢੰਗ ਨਾਲ ਦਿਖਾਇਆ ਜਾਂਦਾ ਹੈ। ਉਨ੍ਹਾਂ ਨੂੰ ਗਾਣਿਆਂ ਵਿਚ ਲੋਕਾਂ ਦਾ ਧਿਆਨ ਕੇਂਦਰਿਤ ਕਰਨ ਲਈ ਵਰਤਿਆ ਜਾਂਦਾ ਹੈ, ਉਨ੍ਹਾਂ ਦੀ ਪੇਸ਼ਕਾਰੀ ਸ਼ੋਅ ਪੀਸ ਦੇ ਵਜੋਂ ਕੀਤੀ ਜਾਂਦੀ ਹੈ।
ਇਸ ਤੋਂ ਇਲਾਵਾ ਪੰਜਾਬੀ ਗਾਣਿਆਂ ਵਿਚ ਔਰਤਾਂ ਪ੍ਰਤੀ ਸਹੀ ਸ਼ਬਦਾਵਲੀ ਨਹੀਂ ਵਰਤੀ ਜਾਂਦੀ, ਅੱਜਕਲ੍ਹ ਪੰਜਾਬੀ ਗਾਣਿਆਂ ਵਿਚ ਔਰਤਾਂ ਲਈ ਪਟੋਲਾ, ਪੁਰਜਾ, ਬੇਵਫ਼ਾ ਵਰਗੇ ਸ਼ਬਦਾਂ ਦਾ ਬੋਲਬਾਲਾ ਹੈ। ਅਜਿਹੇ ਗਾਣਿਆਂ ਕਾਰਨ ਲੋਕਾਂ ਦੀ ਮਾਨਸਿਕਤਾ ਉਤੇ ਬੁਰਾ ਪ੍ਰਭਾਵ ਪੈਂਦਾ ਹੈ। ਉਹ ਅਜਿਹੇ ਗਾਣੇ ਸੁਣ ਕੇ ਔਰਤਾਂ ਦੇ ਪ੍ਰਤੀ ਗ਼ਲਤ ਸੋਚ ਅਤੇ ਧਾਰਨਾ ਅਪਣਾਉਂਦੇ ਹਨ। ਜੋ ਗਾਣੇ ਸਮਾਜ ਵਿਚ ਅਸ਼ਾਂਤੀ ਫੈਲਾਉਣ ਤੇ ਲੋਕਾਂ ਦੀ ਮਾਨਸਿਕਤਾ ਉਤੇ ਬੁਰਾ ਪ੍ਰਭਾਵ ਪਾਉਣ ਉਨ੍ਹਾਂ ਉਤੇ ਜਲਦ ਤੋਂ ਜਲਦੀ ਪਾਬੰਦੀ ਲਗਾਉਣੀ ਚਾਹੀਦੀ ਹੈ।


-ਅਮਨਪ੍ਰੀਤ ਕੌਰ ਬਲੱਗਣ
ਚਮਕੌਰ ਸਾਹਿਬ (ਰੋਪੜ)


ਯੂਰੀਆ ਖਾਦ ਦੀ ਘਾਟ
ਬੇਸ਼ੱਕ ਅਸੀਂ ਜਿੰਨੇ ਮਰਜ਼ੀ ਵਾਅਦੇ ਕਰੀਏ ਕਿ ਫਸਲਾਂ ਨੂੰ ਖਾਦ ਨਹੀਂ ਪਾਉਣੀ ਪਰ ਫਿਰ ਵੀ ਕੋਈ ਵੀ ਫਸਲ ਅੱਜਕਲ੍ਹ ਖਾਦ ਤੋਂ ਬਿਨਾਂ ਤਿਆਰ ਨਹੀਂ ਹੁੰਦੀ।
ਹੁਣ ਕਣਕ ਦੀ ਬਿਜਾਈ ਜ਼ੋਰਾਂ ਉਤੇ ਚੱਲ ਰਹੀ ਹੈ। ਇਕ ਏਕੜ ਵਿਚ ਘੱਟ ਤੋਂ ਘੱਟ ਇਕ ਬੋਰੀ ਡੀ.ਏ.ਪੀ., ਪੂਰੀ ਕਣਕ ਪੱਕਣ ਤੱਕ ਤਿੰਨ ਤੋਂ ਚਾਰ ਬੋਰੀਆਂ ਯੂਰੀਆ ਪਾਉਣੀ ਪੈਂਦੀ ਹੈ। ਪਰ ਹੁਣ ਮਾਰਕੀਟ ਵਿਚ ਇਕ ਬੋਰੀ ਵੀ ਯੂਰੀਆ ਨਹੀਂ ਮਿਲ ਰਹੀ। ਇਥੋਂ ਤੱਕ ਕਿ ਬਰਸੀਮ ਵਿਚ ਪਾਉਣ ਵਾਸਤੇ ਵੀ ਨਹੀਂ ਮਿਲ ਰਹੀ। ਜਿਹੜੇ ਇਲਾਕੇ ਹਰਿਆਣਾ ਅਤੇ ਰਾਜਸਥਾਨ ਨਾਲ ਲਗਦੇ ਹਨ, ਉਥੋਂ ਦੇ ਕਿਸਾਨ 100 ਤੋਂ 150 ਰੁਪਏ ਵੱਧ ਭਰਕੇ ਖਾਦ ਲੈ ਕੇ ਆ ਰਹੇ ਹਨ। ਪਰ ਜਿਹੜੇ ਦੂਰ ਦੁਰਾਡੇ ਦੇ ਕਿਸਾਨ ਹਨ, ਉਹ ਬੜੇ ਪ੍ਰੇਸ਼ਾਨ ਚੱਲ ਰਹੇ ਹਨ। ਜੇਕਰ ਸਰਕਾਰ ਨੇ ਯੂਰੀਆ ਬਾਰੇ ਕੋਈ ਹੱਲ ਨਾ ਲੱਭਿਆ ਤਾਂ ਮਸਲਾ ਹੋਰ ਵੀ ਗੰਭੀਰ ਹੋ ਜਾਵੇਗਾ। ਸਰਕਾਰ ਤੁਰੰਤ ਆਪਣੇ ਸਾਧਨਾਂ ਰਾਹੀਂ ਖਾਦ ਮੁਹੱਈਆ ਕਰਵਾਏ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)।


'ਆਊਟ ਆਫ਼ ਟਰਨ'
76 ਗੁੰਮਸ਼ੁਦਾ ਬੱਚਿਆਂ ਨੂੰ ਲੱਭਣ ਵਾਲੀ ਦਿੱਲੀ ਪੁਲਿਸ ਦੀ ਮਹਿਲਾ ਹੈੱਡਕਾਂਸਟੇਬਲ ਸੀਮਾ ਢਾਕਾ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਉਸ ਨੂੰ ਪ੍ਰਮੋਸ਼ਨ ਦਿੱਤੀ ਗਈ। ਇਸ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਹੈ ਕਿ ਰਾਣੀ ਲਕਸ਼ਮੀਬਾਈ ਦੇ ਜਨਮ ਦਿਨ 'ਤੇ 76 ਲਾਪਤਾ ਬੱਚਿਆਂ ਨੂੰ ਲੱਭਣ ਲਈ ਪਹਿਲੀ ਵਾਰ ਕਿਸੇ ਮਹਿਲਾ ਪੁਲਿਸ ਕਰਮੀ ਨੂੰ 'ਆਊਟ ਆਫ਼ ਟਰਨ' ਪ੍ਰਮੋਸ਼ਨ ਮਿਲੀ ਹੈ। ਚੰਗੇ ਕੰਮਾਂ ਦੀ ਹਰ ਪਾਸੇ ਪ੍ਰਸੰਸਾ ਹੁੰਦੀ ਹੈ ਤੇ ਅਜਿਹੇ ਬੰਦਿਆਂ ਨੂੰ ਹਰ ਪਾਸੇ ਤੋਂ ਸਤਿਕਾਰ ਮਿਲਦਾ ਹੈ। ਗੌਰਤਲਬ ਹੈ ਕਿ ਸੀਮਾ ਢਾਕਾ ਨੇ 'ਨਿਊ ਇਨਸੈਂਟਿਵ ਸਕੀਮ' ਤਹਿਤ ਤਿੰਨ ਮਹੀਨੇ ਦੇ ਅੰਦਰ ਹੀ ਤਰੱਕੀ ਪਾਉਣ ਵਾਲੀ ਪਹਿਲੀ ਪੁਲਿਸ ਮੁਲਾਜ਼ਮ ਵਜੋਂ ਆਪਣਾ ਨਾਂਅ ਰੁਸ਼ਨਾਇਆ ਹੈ। ਅਜਿਹੀਆਂ ਵਧੀਆ ਸੇਵਾਵਾਂ ਤੇ ਕਾਰਗੁਜ਼ਾਰੀ ਕਰਨ ਵਾਲੇ ਅਜਿਹੇ ਮੁਲਾਜ਼ਮਾਂ ਨੂੰ ਸਰਕਾਰ ਵਲੋਂ ਸਨਮਾਨਿਤ ਵੀ ਕੀਤਾ ਜਾਂਦਾ ਹੈ। ਸਾਨੂੰ ਸਾਰਿਆਂ ਨੂੰ ਹੀ ਅਜਿਹੀ ਸ਼ਖਸੀਅਤ ਤੋਂ ਸਬਕ ਲੈਣਾ ਚਾਹੀਦਾ ਹੈ।


-ਸੰਜੀਵ ਸਿੰਘ ਸੈਣੀ
ਮੋਹਾਲੀ।


ਮਾਂ-ਬੋਲੀ ਦਾ ਸਤਿਕਾਰ
ਅੱਜ ਦੇ ਮਾਡਰਨ ਜ਼ਮਾਨੇ ਵਿਚ ਲੋਕ ਆਪਣੀ ਮਾਂ-ਬੋਲੀ ਪੰਜਾਬੀ ਤੋਂ ਪਿਛੇ ਹਟਦੇ ਜਾ ਰਹੇ ਹਨ। ਕਈ ਲੋਕ ਇਸ ਬੋਲੀ ਨੂੰ ਬੋਲਣ ਲਈ ਸ਼ਰਮ ਮਹਿਸੂਸ ਕਰਦੇ ਹਨ ਅਤੇ ਲੋਕ ਪੰਜਾਬੀ ਬੋਲਣ ਵਾਲੇ ਨੂੰ ਅਨਪੜ੍ਹ, ਗਵਾਰ ਠਹਿਰਾਉਂਦੇ ਹਨ। ਪਰ ਸਾਡੀ ਮਾਂ ਬੋਲੀ ਪੰਜਾਬੀ ਜਿਸ ਨੂੰ ਗੁਰੂਆਂ, ਪੀਰਾਂ ਦੀ ਵੀ ਬਖਸ਼ਿਸ਼ ਹੋਈ ਹੈ। ਜਦੋਂ ਕੋਈ ਵਿਅਕਤੀ ਇਸ ਨੂੰ ਬੋਲਦਾ ਹੈ ਤਾਂ ਉਹ ਪੰਜਾਬ ਦਾ ਨਾਗਰਿਕ ਲਗਦਾ ਹੈ। ਅੱਜ ਉਹ ਵੀ ਇਨਸਾਨ ਇਸ ਬੋਲੀ ਨੂੰ ਬੋਲਣ ਲੱਗੇ ਸ਼ਰਮਾਉਂਦਾ ਹੈ। ਲੋਕ ਪੈਸੇ ਲਗਾ ਕੇ ਹੋਰ ਵਿਦੇਸ਼ਾਂ ਦੀ ਭਾਸ਼ਾ ਸਿੱਖਦੇ ਹਨ ਅਤੇ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਦਾ ਸਿਰ ਮੂੰਹ ਨਹੀਂ ਦੱਸਦੇ। ਪਰ ਇਹ ਠੀਕ ਗੱਲ ਨਹੀਂ ਹੈ। ਕੋਈ ਵੀ ਭਾਸ਼ਾ ਗ਼ਲਤ ਨਹੀਂ ਹੁੰਦੀ। ਸੋ ਸਾਨੂੰ ਆਪਣੀ ਨਵੀਂ ਪੀੜ੍ਹੀ ਨੂੰ ਆਪਣੀ ਮਾਂ ਬੋਲੀ ਦੇ ਗੁਣ ਦੱਸਣੇ ਚਾਹੀਦੇ ਹਨ ਤਾਂ ਕਿ ਉਹ ਮਾਂ-ਬੋਲੀ ਨੂੰ ਅਪਣਾਉਣ ਅਤੇ ਦੇਸ਼ 'ਚ ਤਰੱਕੀ ਪ੍ਰਾਪਤ ਕਰਕੇ ਅੱਗੇ ਵਧਣ।


-ਕਿਰਨਦੀਪ
ਕੇ.ਐਮ.ਵੀ., ਜਲੰਧਰ।


ਕਿਸਾਨ ਤੇ ਸਰਕਾਰ
ਪਿਛਲੇ ਦਿਨੀਂ ਗੁਰਚਰਨ ਸਿੰਘ ਨੂਰਪੁਰ ਦਾ ਲੇਖ 'ਦੇਸ਼ ਨੂੰ ਵੇਚਣ ਅਤੇ ਦੇਸ਼ ਨੂੰ ਬਚਾਉਣ ਵਾਲਿਆਂ ਦਰਮਿਆਨ ਸੰਘਰਸ਼' ਬਹੁਤ ਵਧੀਆ ਲੱਗਾ। ਸਰਕਾਰ ਦੁਆਰਾ ਪਾਸ ਕੀਤੇ ਖੇਤੀ ਕਾਨੂੰਨਾਂ ਦਾ ਸਰਕਾਰ ਦੁਆਰਾ ਗਿਣਾਏ ਜਾ ਰਹੇ ਫਾਇਦਿਆਂ ਅਤੇ ਕਿਸਾਨਾਂ ਦੁਆਰਾ ਇਨ੍ਹਾਂ ਕਾਨੂੰਨਾਂ ਦੇ ਹੋਣ ਵਾਲੇ ਨੁਕਸਾਨਾਂ ਦਾ ਸਵਾਲ ਜਵਾਬ ਰਾਹੀਂ ਲੇਖਕ ਨੇ ਬਹੁਤ ਵਧੀਆ ਢੰਗ ਨਾਲ ਆਪਣੀ ਲਿਖਤ ਨੂੰ ਪੇਸ਼ ਕੀਤਾ ਹੈ। ਮੋਦੀ ਸਰਕਾਰ ਦੇ ਪਿਛਲੇ ਛੇ ਸਾਲਾਂ ਦੇ ਕਾਰਜਕਾਲ ਦੌਰਾਨ ਬਣਾਏ ਗਏ ਕਾਨੂੰਨ ਲੋਕ ਵਿਰੋਧੀ ਸਾਬਤ ਹੋਏ ਹਨ। ਭਾਜਪਾ ਦੁਆਰਾ ਚਾਹ ਵੇਚਣ ਵਾਲਾ ਅਤੇ ਗਰੀਬਾਂ ਦਾ ਮੁਕਤੀ ਦਾਤਾ ਜਿਹੇ ਸ਼ਬਦਾਂ ਨਾਲ ਭਰਮਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ। ਜਿਸ ਨੇ ਗਰੀਬ ਦਾ ਜੀਵਨ ਉੱਚਾ ਚੁੱਕਣ ਦਾ ਵਾਅਦਾ ਕੀਤਾ ਸੀ, ਉਹ ਅੱਜ ਗਰੀਬਾਂ ਨੂੰ ਭੁਲਾ, ਵੱਡੇ-ਵੱਡੇ ਪੂੰਜਪਤੀਆਂ ਨੂੰ ਦੇਸ਼ ਵੇਚਣ ਦੇ ਰਾਹ ਤੁਰ ਪਿਆ। ਜੇਕਰ ਸਰਕਾਰ ਲੋਕਾਂ ਦੇ ਪੱਖ ਵਿਚ ਫੈਸਲੇ ਨਹੀਂ ਲੈਂਦੀ ਤਾਂ ਜਿਨ੍ਹਾਂ ਹਾਕਮਾਂ ਦੇ ਕੁਰਸੀ ਦੇ ਪਾਵਿਆਂ ਨੂੰ ਜਮਹੂਰੀਅਤ ਮਜ਼ਬੂਤ ਕਰਦੀ ਹੈ, ਉਹੀ ਜਮਹੂਰੀਅਤ ਇਨ੍ਹਾਂ ਪਾਵਿਆਂ ਨੂੰ ਉਖਾੜ ਕੇ ਸੁੱਟ ਵੀ ਸਕਦੀ ਹੈ।


-ਹਰਨੰਦ ਸਿੰਘ ਬੱਲਿਆਂਵਾਲਾ
ਤਰਨ ਤਾਰਨ।


ਕਿਸਾਨ ਸੰਘਰਸ਼
ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਡੇਢ ਮਹੀਨੇ ਤੋਂ ਕਿਸਾਨ ਥਾਂ-ਥਾਂ 'ਤੇ ਸੰਘਰਸ਼ ਕਰਦੇ ਨਜ਼ਰ ਆ ਰਹੇ ਹਨ। ਕੇਂਦਰ ਸਰਕਾਰ ਦੇ ਇਸ ਅੜੀਅਲ ਰਵੱਈਏ ਕਾਰਨ ਸੂਬੇ ਅੰਦਰ ਭਾਰੀ ਆਰਥਿਕ ਸੰਕਟ ਪੈਦਾ ਹੁੰਦਾ ਜਾ ਰਿਹਾ ਹੈ। ਕਿਸਾਨਾਂ ਵਲੋਂ ਹੁਣ 26-27 ਨਵੰਬਰ ਨੂੰ ਦਿੱਲੀ ਚਲੋ ਦੇ ਨਾਅਰੇ ਥੱਲੇ ਅੰਦੋਲਨ ਨੂੰ ਹੋਰ ਤਿੱਖਾ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸੋ ਸਰਕਾਰ ਨੂੰ ਸਮਾਂ ਰਹਿੰਦੇ ਕਿਸਾਨਾਂ ਦੇ ਸ਼ਿਕਵੇ ਦੂਰ ਕਰਕੇ ਦੇਸ਼ ਵਿਚ ਸੁਖਾਵਾਂ ਮਾਹੌਲ ਬਣਾਉਣ ਲਈ ਪਹਿਲ ਜ਼ਰੂਰ ਕਰਨੀ ਚਾਹੀਦੀ ਹੈ।


-ਰਾਜਾ ਚੜਿੱਕ (ਮੋਗਾ)।

20-11-2020

 ਸਬਜ਼ੀਆਂ ਦੀ ਮਹਿੰਗਾਈ

ਕਾਫੀ ਲੰਮੇ ਸਮੇਂ ਤੋਂ ਖਾਣ-ਪੀਣ ਦੀਆਂ ਚੀਜ਼ਾਂ ਆਮ ਲੋਕਾਂ ਲਈ ਚੁਣੌਤੀ ਬਣ ਰਹੀਆਂ ਹਨ। ਮਹਿੰਗਾਈ ਆਸਮਾਨ ਛੂਹ ਰਹੀ ਹੈ। ਪਿਛਲੇ ਦਿਨੀਂ ਜਾਰੀ ਅੰਕੜਿਆਂ ਮੁਤਾਬਿਕ ਸੂਚਕ ਅੰਕ ਆਧਾਰਿਤ ਮਹਿੰਗਾਈ ਦਰ ਅਕਤੂਬਰ ਮਹੀਨੇ 1.48 ਸੀ। ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਹੀ ਜ਼ੀਰੋ ਫ਼ੀਸਦੀ ਸੀ। ਪਿਛਲੇ ਮਹੀਨੇ ਅਕਤੂਬਰ ਵਿਚ ਸਾਲਾਨਾ ਪ੍ਰਚੂਨ ਮਹਿੰਗਾਈ ਦਰ ਵਧ ਕੇ 7.61 ਫ਼ੀਸਦੀ ਤੱਕ ਪਹੁੰਚ ਗਈ ਹੈ।
ਅੱਜ ਬਾਜ਼ਾਰ ਵਿਚ ਆਲੂ 40-50 ਰੁਪਏ ਕਿੱਲੋ ਵਿਕ ਰਿਹਾ ਹੈ। ਪਿਆਜ਼ ਤਾਂ ਹਮੇਸ਼ਾ ਹੀ ਹੰਝੂ ਕਢਵਾਉਂਦਾ ਰਹਿੰਦਾ ਹੈ। ਕਿਸੇ ਵੀ ਹਰੀ ਸਬਜ਼ੀ 'ਤੇ ਹੱਥ ਨਹੀਂ ਟਿਕਦਾ। ਅਕਸਰ ਹੀ ਬਜ਼ੁਰਗ ਕਿਹਾ ਕਰਦੇ ਸਨ ਕਿ ਜੇਕਰ ਘਰ ਵਿਚ ਕੁਝ ਬਣਾਉਣ ਲਈ ਨਹੀਂ ਹੈ ਤਾਂ ਆਲੂ ਹੀ ਬਣਾ ਲਓ। ਪਰ ਅੱਜ ਆਲੂ ਗ਼ਰੀਬ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਰਿਹਾ ਹੈ। ਸਰਕਾਰ ਨੂੰ ਜਲਦੀ ਹੀ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਸੋਚ ਵਿਚਾਰਨਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਨੂੰ ਮਹਿੰਗਾਈ ਤੋਂ ਕੁਝ ਨਿਜਾਤ ਮਿਲ ਸਕੇ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਐਮ.ਐਸ.ਪੀ. ਬਨਾਮ ਐਮ.ਆਰ.ਪੀ.

ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਇਕ ਖੇਤੀਬਾੜੀ ਉਤਪਾਦ ਕੀਮਤ ਹੈ ਜੋ ਭਾਰਤ ਸਰਕਾਰ ਦੁਆਰਾ ਕਿਸਾਨੀ ਤੋਂ ਸਿੱਧੇ ਖੇਤੀਬਾੜੀ ਖ਼ਰੀਦਣ ਲਈ ਨਿਰਧਾਰਤ ਕੀਤੀ ਜਾਂਦੀ ਹੈ। ਪਰ ਕਿਸਾਨ ਨੂੰ ਦੋ-ਚਾਰ ਮੁੱਖ ਫ਼ਸਲਾਂ ਤੋਂ ਬਿਨਾਂ ਬਾਕੀ ਫ਼ਸਲਾਂ ਇਸ ਤੈਅ ਘੱਟੋ-ਘੱਟ ਸਮਰਥਨ ਮੁੱਲ ਤੋਂ ਵੀ ਘੱਟ ਮੁੱਲ 'ਤੇ ਵੇਚਣੀਆਂ ਪੈਂਦੀਆਂ ਹਨ। ਦੂਜੇ ਪਾਸੇ ਤਿਆਰ ਤੇ ਪੈਕੇਟ ਬੰਦ ਉਤਪਾਦਾਂ ਲਈ ਵੱਧ ਤੋਂ ਵੱਧ ਪ੍ਰਚੂਨ ਕੀਮਤ (ਐਮ.ਆਰ.ਪੀ) ਇਕ ਨਿਰਮਾਤਾ ਦੀ ਗਣਨਾ ਕੀਤੀ ਕੀਮਤ ਹੈ ਜੋ ਕਿ ਸਭ ਤੋਂ ਵੱਧ ਕੀਮਤ ਹੈ ਜੋ ਭਾਰਤ ਵਿਚ ਵੇਚੇ ਗਏ ਉਤਪਾਦ ਲਈ ਵਸੂਲ ਕੀਤੀ ਜਾ ਸਕਦੀ ਹੈ। ਦੁਕਾਨਾਂ ਗਾਹਕ ਤੋਂ ਐਮ.ਆਰ.ਪੀ. ਤੋਂ ਵੱਧ ਪੈਸੇ ਨਹੀਂ ਲੈ ਸਕਦੀਆਂ। ਕੁਝ ਦੁਕਾਨਾਂ ਆਪਣੇ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਲਈ ਐਮ.ਆਰ.ਪੀ. ਤੋਂ ਥੋੜ੍ਹੀ ਜਿਹੀ ਘੱਟ ਕੀਮਤ ਵਸੂਲ ਕਰਦੀਆਂ ਹਨ। ਪਰ ਕੁਝ ਦੂਰ-ਦੁਰਾਡੇ ਇਲਾਕਿਆਂ ਵਿਚ ਸੈਰ-ਸਪਾਟਾ ਸਥਾਨਾਂ ਅਤੇ ਅਜਿਹੀਆਂ ਸਥਿਤੀਆਂ ਵਿਚ ਜਿਥੇ ਇਕ ਉਤਪਾਦ ਪ੍ਰਾਪਤ ਕਰਨਾ ਮੁਸ਼ਕਿਲ ਹੁੰਦਾ ਹੈ, ਖਪਤਕਾਰਾਂ ਤੋਂ ਅਕਸਰ ਗ਼ੈਰ-ਕਾਨੂੰਨੀ ਢੰਗ ਨਾਲ ਐਮ.ਆਰ.ਪੀ. ਤੋਂ ਵੱਧ ਪੈਸੇ ਲਏ ਜਾਂਦੇ ਹਨ। ਕਈ ਵਾਰ ਐਮ.ਆਰ.ਪੀ. 'ਤੇ 20 ਫ਼ੀਸਦੀ ਤੋਂ ਲੈ ਕੇ 70 ਫ਼ੀਸਦੀ ਤੱਕ ਡਿਸਕਾਊਂਟ ਦਾ ਐਲਾਨ ਕੀਤਾ ਜਾਂਦਾ ਹੈ। ਉਸ ਸਮੇਂ ਵੀ ਉਹ ਕੁਝ ਕਮਾ ਕੇ ਹੀ ਵੇਚ ਰਹੇ ਹੁੰਦੇ ਹਨ। ਇਸ ਲਈ ਐਮ.ਐਸ.ਪੀ. ਦੇ ਨਾਲ-ਨਾਲ ਸਾਨੂੰ ਸਰਕਾਰ ਤੋਂ ਐਮ.ਆਰ.ਪੀ. ਨਿਰਧਾਰਤ ਕਰਨ ਦਾ ਵੀ ਕੋਈ ਪੈਮਾਨਾ ਬਣਾਉਣ ਦੀ ਮੰਗ ਕਰਨੀ ਚਾਹੀਦੀ ਹੈ।

-ਚਾਨਣ ਦੀਪ ਸਿੰਘ ਔਲਖ।

\ਨਸ਼ਾ ਦੇਸ਼ ਦੇ ਭਵਿੱਖ ਲਈ ਖ਼ਤਰਾ

ਨਸ਼ਾ ਘਰ ਦੇ ਘਰ ਬਰਬਾਦ ਕਰ ਦਿੰਦਾ ਹੈ। ਇਹ ਕਿਸ ਸਮਝ ਦਾ ਨਤੀਜਾ ਹੈ ਕਿ ਘਰ ਦਾ ਕੋਈ ਜੀਅ ਆਪਣੇ ਟੱਬਰ ਦੇ ਪੇਟ ਦੀ ਭੁੱਖ ਮਿਟਾਉਣ ਨਾਲੋਂ ਆਪਣੇ ਮੂੰਹ ਦਾ ਸਵਾਦ ਨਸ਼ਿਆਂ ਦਾ ਸੇਵਨ ਕਰਕੇ ਪੂਰਾ ਕਰਦਾ ਹੈ। ਨਸ਼ੇ ਦੀ ਵਿਕਰੀ ਧੜਾਧੜ ਹੁੰਦੀ ਹੈ। ਕੋਈ ਸਕੂਲ ਜਾਂ ਕਾਲਜ ਖੋਲ੍ਹ ਕੇ ਦੇਖ ਲਓ, ਉਹ ਤਾਂ ਬੇਸ਼ੱਕ ਦੋ ਦਿਨ ਵੀ ਨਾ ਚੱਲੇ ਪਰ ਨਸ਼ੇ ਦੀਆਂ ਦੁਕਾਨਾਂ 'ਤੇ ਗਾਹਕਾਂ ਦੀ ਭੀੜ ਇਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਨਸ਼ਾ ਘਰ ਦੇ ਨਾਲ ਦੇਸ਼ ਦੇ ਭਵਿੱਖ ਨੂੰ ਵੀ ਖ਼ਤਰੇ ਵਿਚ ਪਾ ਦਿੰਦਾ ਹੈ। ਕਿਸੇ ਘਰ ਦੀ ਕੋਈ ਔਲਾਦ ਨਸ਼ਿਆਂ ਦੀ ਆਦੀ ਹੋ ਜਾਵੇ ਤਾਂ ਉਸ ਦੇ ਮਾਪੇ ਤਾਂ ਜਿਊਂਦੇ-ਜੀਅ ਆਪਣੇ-ਆਪ ਨੂੰ ਮਰਿਆ ਹੋਇਆ ਮਹਿਸੂਸ ਕਰਦੇ ਹਨ। ਪੈਸੇ ਦੀ ਬਰਬਾਦੀ ਤਾਂ ਹੁੰਦੀ ਹੀ ਹੈ, ਨਾਲ ਦੀ ਨਾਲ ਘਰ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਘਿਰ ਜਾਂਦਾ ਹੈ। ਘਰ ਦੇ ਬਾਕੀ ਮੈਂਬਰ ਜਿਊਂਦੇ-ਜੀਅ ਮਰ ਜਾਂਦੇ ਹਨ। ਇਕ ਦੇ ਮੂੰਹ ਦਾ ਸਵਾਦ ਸਾਰੇ ਘਰ ਨੂੰ ਬਰਬਾਦ ਕਰ ਕੇ ਰੱਖ ਦਿੰਦਾ ਹੈ।

-ਵਿਜੈ ਗਰਗ, ਸਾਬਕਾ ਪ੍ਰਿੰਸੀਪਲ, ਮਲੋਟ।

ਪਿੰਡ ਤੇ ਘਰ 'ਚ ਮਨੁੱਖ ਦੀ ਹੋਂਦ

ਜਨਮ ਲੈਣ ਉਪਰੰਤ ਹਰ ਮਨੁੱਖੀ ਜੀਵ ਆਪਣੇ ਘਰ, ਨਗਰ, ਪਿੰਡ ਅਤੇ ਹੋਰ ਰਿਸ਼ਤਿਆਂ ਨਾਲ ਜੁੜਿਆ ਹੁੰਦਾ ਹੈ। ਜਿਸ ਘਰ 'ਚ ਉਸ ਦਾ ਬਚਪਨ ਬੀਤਿਆ ਹੋਵੇ, ਉਸ ਨਾਲ ਤੁਹਾਡੀਆਂ ਅਨੇਕਾਂ ਹੀ ਨਿੱਕੀਆਂ-ਨਿੱਕੀਆਂ ਭਾਵਨਾਵਾਂ ਅਤੇ ਯਾਦਾਂ ਵੀ ਜੁੜੀਆਂ ਹੁੰਦੀਆਂ ਹਨ। ਜਿੱਥੇ ਉਸ ਨੇ ਜਨਮ ਲਿਆ ਹੁੰਦਾ ਹੈ, ਮਾਪਿਆਂ ਦਾ ਉਹ ਜੱਦੀ ਘਰ ਹਰ ਬੱਚੇ ਲਈ ਇਕ ਤੋਹਫ਼ੇ ਵਾਂਗ ਹੁੰਦਾ ਹੈ। ਫਿਰ ਕਈ ਵਾਰ ਜੀਵਨ 'ਚ ਆਏ ਬਦਲਾਓ ਕਾਰਨ ਪਤਨੀ ਅਤੇ ਪੁੱਤਰ ਮੋਹ ਦੇ ਜਾਲ ਵਿਚ ਉਲਝ ਕੇ ਇਕੋ ਮਾਂ ਦੀ ਕੁੱਖੋਂ ਜਨਮ ਲੈਣ ਵਾਲੇ ਨਿੱਕੇ ਭਰਾ ਨੂੰ ਪਛਾੜ ਕੇ ਵੱਡਾ ਉਸ ਹੀ ਤੋਹਫ਼ੇ ਨੂੰ ਆਪਣੇ ਪੁੱਤ ਦੀ ਅਮਾਨਤ ਸਮਝ ਕੇ ਹੜੱਪਣ ਦਾ ਯਤਨ ਕਰਦਾ ਹੈ ਅਤੇ ਕਈ ਵਾਰ ਕਾਮਯਾਬ ਵੀ ਹੋ ਜਾਂਦਾ ਹੈ। ਜਿਸ ਦੇ ਵਿਹੜੇ 'ਚ ਇਕ ਭਰਾ ਨੇ ਰੁੱਖਾਂ ਨੂੰ ਮਨੁੱਖਾਂ ਵਾਂਗ ਪਾਲ ਪਲੋਸ ਕੇ ਕੁਦਰਤ ਨਾਲ ਸਾਂਝ ਪਾਈ ਹੁੰਦੀ ਹੈ। ਉਨ੍ਹਾਂ ਰੁੱਖਾਂ ਨੂੰ ਜੜ੍ਹੋਂ ਪੁੱਟ ਕੇ ਵੇਚਿਆ-ਵੱਟਿਆ ਜਾਂਦਾ ਹੈ। ਆਪਣਾ ਉਹ ਘਰ ਤੁਹਾਡੇ ਹਮੇਸ਼ਾ ਹੀ ਚੇਤਿਆਂ 'ਚ ਵਸਿਆ ਰਹਿੰਦਾ ਹੈ, ਜਿੱਥੇ ਉਹ ਬਚਪਨ ਗੁਜ਼ਾਰ ਕੇ ਜਵਾਨੀ ਦੇ ਪਹਿਲੇ ਡੰਡੇ ਦੀ ਪੌੜੀ ਚੜ੍ਹਿਆ ਹੋਵੇ, ਮਾਪਿਆਂ, ਦਾਦਕਿਆਂ, ਵਡਾਰੂਆਂ, ਪੁਰਖਿਆਂ ਦੀਆਂ ਪੈੜਾਂ ਦੇ ਅਮਿੱਟ ਨਿਸ਼ਾਨ ਉਸ ਨੂੰ ਸੁਪਨਿਆਂ ਦੇ ਸੰਸਾਰ 'ਚ ਲੈ ਜਾਂਦੇ ਹੋਣ, ਆਪਣਾ ਜੱਦੀ ਘਰ ਤੁਹਾਨੂੰ ਹਮੇਸ਼ਾ ਹੀ ਊਰਜਾ ਪ੍ਰਦਾਨ ਕਰਦਾ ਰਹਿੰਦਾ ਹੈ। ਹਰ ਮਨੁੱਖ ਲਈ ਆਪਣਾ ਘਰ ਹੀ ਆਪਣੇ ਆਪ ਵਿਚ ਆਤਮ-ਵਿਸ਼ਵਾਸ ਦੀ ਸਤਰੰਗੀ ਪੀਂਘ ਪਾਉਂਦਾ ਹੈ, ਜਿੱਥੋਂ ਜ਼ਿੰਦਗੀ ਹੁਲਾਸ, ਅਨੰਦਮਈ ਅਤੇ ਸਨੇਹਮਈ ਬਣਾਉਂਦਾ ਹੈ।

-ਸਨੇਹਇੰਦਰ ਸਿੰਘ ਮੀਲੂ ਫਰੌਰ।

ਸੋਸ਼ਲ ਮੀਡੀਆ ਦਾ ਜ਼ਿੰਦਗੀ 'ਤੇ ਪ੍ਰਭਾਵ

ਅੱਜਕਲ੍ਹ ਦੌਰ ਇਹ ਹੈ ਕਿ ਇਨਸਾਨੀ ਜ਼ਿੰਦਗੀ ਇਕ ਮੋਬਾਈਲ ਫੋਨ ਨਾਂਅ ਦੇ ਪਿੰਜਰੇ 'ਚ ਜਕੜੀ ਗਈ ਹੈ। ਇਨਸਾਨ ਦੀ ਹਰ ਖੁਸ਼ੀ ਅਤੇ ਗ਼ਮੀ ਜੋ ਕਿ ਪਹਿਲਾਂ ਇਨਸਾਨ ਨੂੰ, ਇਨਸਾਨ ਹੋਣ ਲਈ ਪ੍ਰਮਾਣਦੀ ਸੀ, ਉਹ ਅੱਜਕਲ੍ਹ ਇਸ ਪਿੰਜਰੇ ਦੇ ਪਿੱਛੇ ਫੋਕੀ ਸ਼ੋਅਬਾਜ਼ੀ ਵਿਚ ਸਿਮਟ ਕੇ ਰਹਿ ਗਈ ਹੈ। ਅੱਜਕਲ੍ਹ ਅਹਿਸਾਸ ਨਹੀਂ ਹੁੰਦਾ ਸਟੇਟਸ ਹੁੰਦਾ, ਅੱਜਕਲ੍ਹ ਨਾਰਾਜ਼ਗੀ ਨਹੀਂ ਹੁੰਦੀ ਬਲਾਕ ਹੁੰਦਾ। ਇਹ ਫੋਕੀ ਸ਼ੋਅਬਾਜ਼ੀ ਕਿਤੇ-ਕਿਤੇ ਏਦਾਂ ਲਗਦੀ ਹੁੰਦੀ ਹੈ ਕਿ ਸਾਡੀ ਆਮ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਮੈਨੂੰ ਚਾਰਲੀ ਚੇਪਲਿਨ ਦੇ ਬੋਲ ਯਾਦ ਆ ਜਾਂਦੇ ਹਨ ਕਿ ਅਸੀਂ ਸੋਚਦੇ ਬਹੁਤ ਹਾਂ ਤੇ ਮਹਿਸੂਸ ਬਹੁਤ ਘੱਟ ਕਰਦੇ ਹਾਂ। ਅੱਜ ਤੋਂ ਤਕਰੀਬਨ 20 ਸਾਲ ਪਹਿਲਾਂ ਜੋ ਯਾਦਾਂ ਸਾਡੇ ਸਿਰਹਾਣੇ (ਦਿਮਾਗ 'ਚ) ਰੱਖੀਆਂ ਹੋਈਆਂ ਸਨ, ਅੱਜ ਤੋਂ 20 ਸਾਲ ਬਾਅਦ ਅੱਜ ਦੀਆਂ ਯਾਦਾਂ ਸਾਡੇ ਹੱਥਾਂ (ਫ਼ੋਨ 'ਚ) ਵਿਚ ਹੋਣਗੀਆਂ। ਹੋ ਸਕਦੈ ਕਿ ਅਸੀਂ ਇਸ ਧਰਤੀ ਤੇ ਵਸਣ ਵਾਲੀਆਂ ਸਾਰੀਆਂ ਇਨਸਾਨੀ ਟੁਕੜੀਆਂ ਤੋਂ ਸਭ ਤੋਂ ਮੂਰਖ ਸਾਬਤ ਹੋਈਏ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਖ਼ੁਦ ਖੂਹ 'ਚ ਧੱਕ ਦਿੱਤਾ ਹੈ।

-ਨਵਦੀਪ ਸਿੰਘ (ਨਵ), ਮੋਗਾ।

19-11-2020

 ਕਰਤਾਰਪੁਰ ਸਾਹਿਬ ਦਾ ਲਾਂਘਾ

ਸ੍ਰੀ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਕਰੋੜਾਂ ਭਾਰਤ ਵਾਸੀਆਂ ਦੀ ਆਸਥਾ ਦਾ ਕੇਂਦਰ ਹੈ। ਇਸ ਪਵਿੱਤਰ ਅਸਥਾਨ ਦੇ ਖੁੱਲ੍ਹੇ ਦਰਸ਼ਨਾਂ ਦੀ ਅਰਦਾਸ ਮਨ ਹੀ ਮਨ ਹਮੇਸ਼ਾ ਜਨਤਾ ਕਰਦੀ ਹੀ ਰਹਿੰਦੀ ਸੀ। ਅਖੀਰ ਪਿਛਲੇ ਸਾਲ ਹਿੰਦ ਪਾਕਿ ਦੀਆਂ ਸਰਕਾਰਾਂ ਦੀ ਸਹਿਮਤੀ ਨਾਲ ਇਹ ਲਾਂਘਾ ਸੰਗਤ ਲਈ ਖੋਲ੍ਹ ਦਿੱਤਾ ਗਿਆ। ਸੰਗਤ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਇਸ ਪਵਿੱਤਰ ਅਸਥਾਨ ਦੇ ਦਰਸ਼ਨਾਂ ਲਈ ਨਿਰਵਿਘਨ ਆ ਜਾ ਰਹੀਆਂ ਸਨ ਕਿ ਅਚਾਨਕ ਆਈ ਕੋਰੋਨਾ ਬਿਮਾਰੀ ਕਾਰਨ ਇਹ ਧਾਰਮਿਕ ਯਾਤਰਾ ਬੰਦ ਹੋ ਗਈ। ਫਿਰ ਵੀ ਲੋਕਾਂ ਦੇ ਮਨਾਂ ਅੰਦਰ ਇਹ ਆਸ ਉਮੀਦ ਜ਼ਰੂਰ ਸੀ ਕਿ ਤਾਲਾਬੰਦੀ ਤੋਂ ਬਾਅਦ ਫਿਰ ਇਹ ਆਉਣ-ਜਾਣ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ। ਸਰਕਾਰ ਨੇ ਹੋਟਲ, ਜਿੰਮ, ਸਿਨੇਮਾ ਘਰ ਅਤੇ ਤਕਰੀਬਨ ਸਾਰੇ ਪੂਜਾ ਸਥਲ ਵੀ ਖੋਲ੍ਹਣ ਦੇ ਹੁਕਮ ਜਾਰੀ ਕਰ ਚੁੱਕੀ ਹੈ। ਫਿਰ ਕੀ ਕਾਰਨ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਅਜੇ ਵੀ ਬੰਦ ਹੈ ਜਦ ਕਿ ਪਾਕਿ ਸਰਕਾਰ ਨੇ ਉਥੇ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਪਾਵਨ ਅਸਥਾਨ ਨਾਲ ਜੁੜੀਆਂ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਦੋਵੇਂ ਦੇਸ਼ਾਂ ਵਿਚਾਲੇ ਅਮਨ ਸ਼ਾਂਤੀ ਅਤੇ ਮਾਨਵਤਾ ਦਾ ਸੰਦੇਸ਼ ਦਿੰਦੀ ਇਹ ਯਾਤਰਾ ਵੀ ਕੇਂਦਰ ਸਰਕਾਰ ਜਲਦੀ ਚਾਲੂ ਕਰੇ। ਇਸ ਅਸਥਾਨ ਨੂੰ ਖੋਲ੍ਹ ਕੇ ਕੇਂਦਰ ਸਰਕਾਰ ਪੰਜਾਬ ਵਿਚ ਇਕ ਵਾਰ ਦੁਬਾਰਾ ਆਪਣੀ ਪੰਜਾਬ ਪ੍ਰਤੀ ਸਦਭਾਵਨਾ ਦਾ ਸੰਦੇਸ਼ ਵੀ ਦੇ ਸਕਦੀ ਹੈ ਜਿਸ ਦਾ ਭਰਪੂਰ ਹੁੰਗਾਰਾ ਵੀ ਮਿਲੇਗਾ।

-ਵਿਵੇਕ, ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਸ਼ਤਾਬਦੀ

'ਅਜੀਤ' ਦਾ 14 ਨਵੰਬਰ, 2020 ਦਾ ਪੰਨਾ 4 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਸ਼ਤਾਬਦੀ ਨੂੰ ਸਮਰਪਿਤ ਹੈ। ਡਾ: ਬਰਜਿੰਦਰ ਸਿੰਘ ਹਮਦਰਦ ਦੀ ਸੰਪਾਦਕੀ 'ਸ਼੍ਰੋਮਣੀ ਕਮੇਟੀ ਤੇ ਸਿੱਖ ਸਰੋਕਾਰ' ਵਿਚ ਸੰਸਥਾ ਦੀਆਂ ਸਫਲਤਾਵਾਂ' ਤੇ ਮਾਣ ਕਰਨ ਦੇ ਨਾਲ-ਨਾਲ ਧੁੰਦਲੇ ਹੋ ਰਹੇ ਅਕਸ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਸਮੇਤ ਸਿਆਸੀ ਦਲਾਂ ਅਤੇ ਸਰਕਾਰਾਂ ਦੇ ਦਖ਼ਲ ਤੋਂ ਮੁਕਤ ਜਮਹੂਰੀ ਪਹੁੰਚ ਦੀ ਲੋੜ 'ਤੇ ਜ਼ੋਰ ਦਿੱਤਾ ਹੈ।
ਡਾ: ਮਹਿੰਦਰ ਸਿੰਘ ਨੇ 'ਸ਼ਾਨਦਾਰ ਪਿਛੋਕੜ ਤੇ ਅਨਿਸਚਿਤ ਭਵਿੱਖ' ਲੇਖ ਅਨੁਸਾਰ ਇਕ ਉਹ ਸਮਾਂ ਸੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਬਾਬਾ ਖੜਕ ਸਿੰਘ ਨੂੰ ਜਨਮ ਦਿਨ ਦੀ ਮੁਬਾਰਕ ਦੇਣ ਲਈ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਆਪ ਚੱਲ ਕੇ ਉਨ੍ਹਾਂ ਦੇ ਘਰ ਆਉਂਦੇ ਸਨ।
ਸ: ਤਰਲੋਚਨ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ ਦੇ ਲੇਖ 'ਅਜੋਕੀਆਂ ਸਥਿਤੀਆਂ ਵਿਚ ਸੁਧਾਰਾਂ ਦੀ ਲੋੜ' ਵਿਚ ਪ੍ਰਬੰਧਕਾਂ ਦੀ ਚੋਣ ਲਈ ਕ੍ਰਾਂਤੀਕਾਰੀ ਝਲਕ ਹੈ ਕਿ ਬੈਂਕਾਕ ਅੰਦਰ ਗੁਰਦੁਆਰਾ ਕਮੇਟੀ ਦੀ ਚੋਣ ਵੋਟਾਂ ਨਾਲ ਨਹੀਂ ਹੁੰਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਪਰਚੀਆਂ ਪੈਂਦੀਆਂ ਹਨ। ਗਿਆਰ੍ਹਾਂ ਪਰਚੀਆਂ ਚੁੱਕ ਕੇ ਇਕ ਕਮੇਟੀ ਬਣ ਜਾਂਦੀ ਹੈ। ਡਾ: ਜਸਵੰਤ ਸਿੰਘ ਨੇਕੀ ਦੇ ਹਵਾਲੇ ਨਾਲ ਕਿਹਾ ਕਿ ਗੁਰਦੁਆਰਾ ਚੋਣਾਂ ਇਕ ਕੈਂਸਰ ਦੀ ਬਿਮਾਰੀ ਵਾਂਗ ਹਨ।
ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਸਦੀ ਦੇ ਸਫ਼ਰ ਦੇ ਸਾਂਝ ਪਾਉਂਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਨੂੰ ਇਕਸਾਰ ਲਾਗੂ ਕੀਤਾ ਅਤੇ ਪੰਥਕ ਏਕਤਾ ਨੂੰ ਬਲ ਮਿਲਿਆ। ਉਨ੍ਹਾਂ ਵਿਸ਼ਵ ਦੀ ਮਿਸਾਲੀ ਲੋਕਤੰਤਰੀ ਸੰਸਥਾ ਪ੍ਰਤੀ ਪੰਥਕ ਫਰਜ਼ ਨਿਭਾਉਣ ਦਾ ਸੱਦਾ ਦਿੱਤਾ।
ਕਾਸ਼! ਸ਼੍ਰੋਮਣੀ ਸੰਸਥਾ ਅਜਿਹੀਆਂ ਲਿਖਤਾਂ ਪੜ੍ਹ ਕੇ ਗੁਰਮਤਿ ਦੀ ਰੌਸ਼ਨੀ ਵਿਚ ਲੇਖਾ ਜੋਖਾ ਕਰੇ। ਆਪਣੇ ਅੰਦਰੂਨੀ ਵੱਧ ਤੋਂ ਵੱਧ ਤੇ ਲੰਮੇਰੇ ਇਜਲਾਸ ਕਰਕੇ ਪੰਥਕ ਹਿਤਾਂ ਦੀ ਤਰਜਮਾਨੀ ਕਰਨ ਦੀ ਪਿਰਤ ਪਾਵੇ। ਫਿਰ ਧਰਮ, ਸਿੱਖਿਆ, ਸਿਹਤ ਅਤੇ ਸਮਾਜਿਕ ਮਾਮਲਿਆਂ ਸਬੰਧੀ ਲੋਕ ਲਹਿਰ ਦੀ ਮੰਜ਼ਿਲ ਵੱਲ ਕਦਮ ਵਧਾਵੇ।

-ਰਸ਼ਪਾਲ ਸਿੰਘ
ਐਸ. ਜੇ. ਐਸ. ਨਗਰ, ਟਾਂਡਾ ਰੋਡ, ਹੁਸ਼ਿਆਰਪੁਰ।

ਬੇਰੁੁਜ਼ਗਾਰੀ ਤੇ ਪ੍ਰਵਾਸ

ਦੇਸ਼ ਵਿਚ ਬੇਰੁਜ਼ਗਾਰੀ ਦੀ ਦਰ ਸਾਲ ਪ੍ਰਤੀ ਸਾਲ ਵਧ ਰਹੀ ਹੈ। ਦੇਸ਼ ਦੀ ਸਰਕਾਰ ਤੇ ਸੂਬਿਆਂ ਦੀਆਂ ਸਰਕਾਰਾਂ ਬੇਰੁਜ਼ਗਾਰੀ ਪ੍ਰਤੀ ਪੂਰੀਆਂ ਸੁਹਿਰਦ ਨਹੀਂ ਹਨ ਜਿਸ ਕਾਰਨ ਬਹੁਗਿਣਤੀ ਨੌਜਵਾਨ ਵਰਗ ਵਿਦੇਸ਼ਾਂ ਵੱਲ ਪ੍ਰਵਾਸ ਕਰ ਰਿਹਾ ਹੈ। ਪੰਜਾਬ ਵਿਚ ਇਹ ਸਮੱਸਿਆ ਵੱਡੀ ਤੇ ਚੁਣੌਤੀ ਭਰਪੂਰ ਹੈ। ਨੌਜਵਾਨਾਂ ਨੂੰ ਉਨ੍ਹਾਂ ਦੀ ਪੜ੍ਹਾਈ ਦੀਆਂ ਡਿਗਰੀਆਂ ਮੁਤਾਬਿਕ ਰੁਜ਼ਗਾਰ ਬਹੁਤ ਘੱਟ ਹੀ ਮਿਲ ਰਿਹਾ ਹੈ, ਨਿਰਾਸ਼ਾ ਦੇ ਆਲਮ ਵਿਚ ਹਨ ਅਤੇ ਨਸ਼ਿਆਂ ਦਾ ਸਹਾਰਾ ਬਹੁਗਿਣਤੀ ਲੈ ਰਹੀ ਹੈ। ਇਸ ਦੀ ਸਰਕਾਰਾਂ ਨੂੰ ਕੋਈ ਚਿੰਤਾ ਨਹੀਂ ਹੈ। ਪੰਜਾਬ ਸਰਕਾਰ ਕਈ ਵਿਭਾਗਾਂ ਵਿਚ ਖਾਲੀ ਅਸਾਮੀਆਂ ਨੂੰ ਖ਼ਤਮ ਕਰ ਰਹੀ ਹੈ ਅਤੇ ਨਿੱਜੀਕਰਨ ਲਈ ਰਾਹ ਪੱਧਰਾ ਕਰ ਰਹੀ ਹੈ। ਸਰਕਾਰਾਂ ਨੂੰ ਇਮਾਨਦਾਰੀ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕਾ ਪੈਦਾ ਕਰਨ ਲਈ ਸਾਰਥਕ ਉਪਰਾਲੇ ਕਰਨੇ ਚਾਹੀਦੇ ਹਨ। ਸਵੈ ਰੁਜ਼ਗਾਰ ਲਈ ਸਬਸਿਡੀਆਂ ਅਤੇ ਹੋਰ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ।

-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿ: ਪਟਿਆਲਾ।

ਮੀਡੀਆ ਹਕੂਮਤਾਂ ਦਾ ਹਿੱਸਾ ਨਾ ਬਣੇ

ਪ੍ਰੋ: ਕੁਲਬੀਰ ਸਿੰਘ ਹੁਰਾਂ 'ਟੈਲੀਵਿਜ਼ਨ ਸਮੀਖਿਆ' 'ਚ ਭਾਰਤੀ ਟੈਲੀਵਿਜ਼ਨ ਦੇ ਬੁਰੇ ਦੌਰ ਵਿਚ ਗੁਜ਼ਰਨ ਬਾਰੇ ਜੋ ਖ਼ਦਸ਼ੇ ਜ਼ਾਹਰ ਕੀਤੇ ਹਨ, ਭਾਰਤੀ ਬੁੱਧੀਜੀਵੀ ਤੇ ਫ਼ਿਕਰਮੰਦ ਲੋਕ ਸੋਚ ਰਹੇ ਹਨ ਕਿ ਇਨ੍ਹਾਂ ਚੈਨਲਾਂ ਦੀ ਵਾਗਡੋਰ ਕਿਨ੍ਹਾਂ ਹੱਥਾਂ ਵਿਚ ਚਲੇ ਗਈ? ਪੈਸੇ ਦੇ ਲਾਲਚ ਅਤੇ ਸਰਕਾਰੀ ਘੁਰਕੀਆਂ ਤੇ ਡਰਾਵਿਆਂ ਨੇ ਇਨ੍ਹਾਂ ਚੈਨਲਾਂ ਕੋਲੋਂ ਇਨਸਾਫ਼ ਖੋਹ ਲਿਆ ਹੈ ਅਤੇ ਕੁਝ ਚੈਨਲਾਂ ਨੂੰ ਛੱਡ ਕੇ ਬਾਕੀ ਸਾਰੇ ਸੱਤਾ ਦੇ ਗੁਣਗਾਨ ਵਿਚ ਰੁੱਝ ਗਏ ਹਨ। ਮੁਕਾਬਲੇ ਦੀ ਅੰਨ੍ਹੀ ਦੌੜ ਤੇ ਪੈਸੇ ਦੀ ਚਕਾਚੌਂਧ ਥੋੜ੍ਹੇ ਦਿਨਾਂ ਦੀ ਪ੍ਰਾਹੁਣੀ ਹੁੰਦੀ ਹੈ, ਚੈਨਲਾਂ ਵਾਲਿਆਂ ਨੇ ਲੋਕਾਂ ਵਿਚ ਜਾਣਾ ਹੁੰਦਾ ਹੈ, ਮਹਿੰਗੇ ਸਟੂਡੀਓ ਤੇ ਸਰਕਾਰਾਂ ਦੇ ਮੁੱਢ ਬੈਣਾ, ਸਹੀ ਮੀਡੀਏ ਦੀ ਪਛਾਣ ਨਹੀਂ ਹੁੰਦੀ। ਮੀਡੀਏ ਨੂੰ ਹਕੂਮਤ ਦਾ ਹਿੰਸਾ ਬਣਨ ਤੋਂ ਸੰਕੋਚ ਕਰਨਾ ਚਾਹੀਦਾ ਹੈ। ਆਪਣੀ ਸਹੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੋ: ਕੁਲਬੀਰ ਸਿੰਘ ਜੀ ਦਾ ਧੰਨਵਾਦ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

18-11-2020

 ਕੋਰੋਨਾ ਗਿਆ ਨਹੀਂ

ਕੋਰੋਨਾ ਦੇ ਪ੍ਰਕੋਪ ਨੇ ਪੂਰੇ ਵਿਸ਼ਵ ਨੂੰ ਮੰਦਹਾਲੀ ਵੱਲ ਧਕੇਲ ਦਿੱਤਾ ਹੈ। ਕੋਰੋਨਾ ਨੇ ਪੂਰੇ ਵਿਸ਼ਵ ਦੀ ਆਰਥਿਕਤਾ ਨੂੰ ਜੜ੍ਹੋਂ ਹਿਲਾ ਦਿੱਤਾ ਹੈ। ਕੋਰੋਨਾ ਦੇ ਮਾਮਲਿਆਂ ਵਿਚ ਕਮੀ ਜ਼ਰੂਰ ਹੋਈ ਹੈ ਪਰ ਕੋਰੋਨਾ ਗਿਆ ਨਹੀ ਹੈ। ਕੋਰੋਨਾ ਦੀ ਵੈਕਸੀਨ ਲਈ ਵੱਖ-ਵੱਖ ਮੁਲਕਾਂ ਵਿਚ ਤਿਆਰ ਕਰਨ ਦੀ ਹੋੜ ਮਚੀ ਹੋਈ ਅਤੇ ਭਾਰਤ ਸਰਕਾਰ ਦੀ ਵਿੱਤ ਮੰਤਰੀ ਸੀਤਾਰਮਨ ਦੁਆਰਾ ਕੋਰੋਨਾ ਦੇ ਟੀਕੇ ਲਈ 900 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ ਪਰ ਕੋਵਿਡ-19 ਦੀ ਅਜੇ ਤੱਕ ਕੋਈ ਵੈਕਸੀਨ ਨਹੀਂ ਮਿਲੀ ਪਰ ਹਾਲਾਤ ਅਜਿਹੇ ਹਨ ਕਿ ਆਮ ਵਿਅਕਤੀ ਦੁਆਰਾ ਇਸ ਨੂੰ ਬੜੇ ਹਲਕੇ ਵਿਚ ਲਿਆ ਜਾ ਰਿਹਾ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਮਿਸ਼ਨ ਫ਼ਤਹਿ ਨੂੰ ਫ਼ਤਹਿ ਕਰਨ ਲਈ ਨਿਯਮਾਂ ਨੂੰ ਪੂਰਨ ਰੂਪ ਵਿਚ ਲਾਗੂ ਕਰਨਾ ਚਾਹੀਦਾ ਹੈ। ਆਮ ਵਿਅਕਤੀ ਨੂੰ ਵੀ ਇਸ ਵਿਚ ਸਰਕਾਰਾਂ ਨੂੰ ਸਹਿਯੋਗ ਦੇਣ ਦੀ ਲੋੜ ਹੈ ਤਾਂ ਜੋ ਇਸ ਮਹਾਮਾਰੀ ਨੂੰ ਹਰਾਇਆ ਜਾ ਸਕੇ।

-ਪ੍ਰੋ: ਬਿਕਰਮਜੀਤ ਪੁਰਬਾ
ਬਰਨਾਲਾ।

ਭਖਦਾ ਮਸਲਾ

ਪਿਛਲੇ ਕੁਝ ਵਰ੍ਹਿਆਂ ਤੋਂ ਪੰਜਾਬ ਵਿਚ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਗੰਭੀਰ ਸਮੱਸਿਆ ਬਣੀ ਹੋਈ ਹੈ। ਹਰ ਵਾਰ ਝੋਨੇ ਦੀ ਕਟਾਈ ਦੇ ਸੀਜ਼ਨ ਦੇ ਬਿਲਕੁਲ ਨੇੜੇ ਆਉਣ 'ਤੇ ਇਹ ਮਸਲਾ ਪੂਰੀ ਤਰ੍ਹਾਂ ਭਖ ਜਾਂਦਾ ਹੈ। ਇਸ ਮਾਮਲੇ ਨੂੰ ਲੈ ਕੇ ਸਰਕਾਰ ਤੇ ਕਿਸਾਨ ਆਹਮੋ-ਸਾਹਮਣੇ ਆ ਜਾਂਦੇ ਹਨ। ਹਰ ਸਾਲ ਪਰਾਲੀ ਸਾੜਨ ਵਾਲੇ ਹਜ਼ਾਰਾਂ ਕਿਸਾਨਾਂ 'ਤੇ ਪਰਚੇ ਦਰਜ ਕੀਤੇ ਜਾਂਦੇ ਹਨ। ਜੋ ਕਿ ਸਰਕਾਰ ਅਤੇ ਕਿਸਾਨਾਂ ਵਿਚ ਟਕਰਾਅ ਦਾ ਵੱਡਾ ਕਾਰਨ ਬਣਦੇ ਹਨ। ਨੇੜੇ ਆਈ ਜੰਨ ਵਿੰਨ੍ਹੋ ਕੁੜੀ ਦੇ ਕੰਨ ਵਾਲੀ ਕਹਾਵਤ ਵਾਂਗ ਸਰਕਾਰ ਨੇੜੇ ਆ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀਆਂ ਅਪੀਲਾਂ ਕਰਦੀ ਹੈ ਪਰ ਉਸ ਤੋਂ ਬਾਅਦ ਸਾਰਾ ਸਾਲ ਇਸ ਮਸਲੇ ਦੇ ਠੋਸ ਹੱਲ ਦੀ ਬਜਾਏ ਸੁੱਤੀ ਰਹਿੰਦੀ ਹੈ। ਸੋ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਕੱਲੀ ਸਖ਼ਤੀ ਕਰਨ ਦੀ ਬਜਾਇ ਪਰਾਲੀ ਦੀ ਸਾਂਭ-ਸੰਭਾਲ ਲਈ ਕਿਸਾਨਾਂ ਨੂੰ ਘੱਟੋ-ਘੱਟ ਚਾਰ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ ਤਾਂ ਹੀ ਕਿਤੇ ਜਾ ਕੇ ਇਸ ਮਸਲੇ ਦਾ ਹੱਲ ਹੋਵੇਗਾ.

-ਰਾਜਿੰਦਰ ਸਿੰਘ ਮਰਾਹੜ
ਪਿੰਡ ਤੇ ਡਾਕ: ਕੋਠਾ ਗੁਰੂ, ਤਹਿ: ਫੂਲ, ਜ਼ਿਲ੍ਹਾ ਬਠਿੰਡਾ।

ਸੱਤਾ ਤੇ ਪੈਸਾ

ਸੱਤਾ ਤੇ ਪੈਸੇ ਦਾ ਕਾਫੀ ਡੂੰਘਾ ਰਿਸ਼ਤਾ ਹੈ। ਪੰਚਾਇਤੀ ਚੋਣਾਂ ਤੋਂ ਲੈ ਕੇ ਪਾਰਲੀਮੈਂਟ ਤੱਕ ਚੋਣਾਂ 'ਚ ਬੇਹਿਸਾਬ ਪੈਸਾ ਖਰਚਿਆ ਜਾਂਦਾ ਹੈ। ਪਿਛਲੇ ਦਿਨੀਂ 'ਅਜੀਤ' ਅਖ਼ਬਾਰ 'ਚ ਪੈਸਾ ਤੇ ਸੱਤਾ ਦੇ ਸਬੰਧ ਵਿਚ ਲੇਖ ਪੜ੍ਹਨ ਨੂੰ ਮਿਲਿਆ, ਜਿਸ ਨੂੰ ਪ੍ਰਿੰ: ਸਰਵਣ ਸਿੰਘ ਨੇ ਆਪਣੀ ਕਲਮ ਨਾਲ ਪਾਠਕਾਂ ਨੂੰ ਵਿਸਥਾਰਪੂਰਵਕ ਦੱਸਿਆ। ਸੱਤਾ ਵਿਚ ਅੱਜਕਲ੍ਹ ਜੋ ਲੋਕ ਆਉਂਦੇ ਹਨ, ਜ਼ਿਆਦਾਤਰ ਝੂਠੇ ਵਾਅਦਿਆਂ ਨਾਲ ਹੀ ਆਉਂਦੇ ਹਨ। ਜਿਵੇਂ ਚੱਲ ਰਹੀਆਂ ਮੌਜੂਦਾ ਸਰਕਾਰਾਂ ਹਨ, ਜਿਨ੍ਹਾਂ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਤੇ ਫਿਰ ਉਨ੍ਹਾਂ ਜੋ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਅੱਜ ਦੀ ਰਾਜਨੀਤੀ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਨੌਜਵਾਨਾਂ ਨੂੰ ਅਪੀਲ ਹੈ ਕਿ ਪੜ੍ਹੇ-ਲਿਖੇ ਨੌਜਵਾਨ ਹਿੰਮਤ ਕਰਕੇ ਰਾਜਨੀਤੀ ਵਿਚ ਆਉਣ ਤੇ ਦੇਸ਼ ਦਾ ਸੁਧਾਰ ਕਰਨ।

-ਡਾ: ਮਨਪ੍ਰੀਤ ਸੂਦ, ਸ਼ਹੀਦ ਭਗਤ ਸਿੰਘ ਨਗਰ।

ਜਾਣਕਾਰੀ ਭਰਪੂਰ ਲੇਖ

ਪਿਛਲੇ ਦਿਨੀਂ 'ਅਜੀਤ ਮੈਗਜ਼ੀਨ' ਵਿਚ ਪ੍ਰੋ: ਸੁਰਿੰਦਰ ਮੱਲ੍ਹੀ ਦਾ ਲੇਖ 'ਗੁੰਮਨਾਮ ਹੈ ਕੋਈ' ਬਹੁਤ ਹੀ ਜਾਣਕਾਰੀ ਭਰਪੂਰ ਅਤੇ ਦਿਲਚਸਪ ਸੀ। ਉਂਜ ਬਾਲੀਵੁੱਡ ਵਿਚ ਹੋਰ ਵੀ ਕਈ ਵਿਦੇਸ਼ੀ ਲੇਖਕਾਂ ਦੇ ਨਾਵਲਾਂ 'ਤੇ ਫ਼ਿਲਮਾਂ ਬਣ ਚੁੱਕੀਆਂ ਹਨ, ਜਿਨ੍ਹਾਂ ਵਿਚੋਂ 'ਜੇਮਸ ਹੇਡਲੀ ਚੇਈਜ਼' ਦੇ ਨਾਵਲਾਂ ਤੇ 'ਜੋਸ਼ੀਲਾ', 'ਕਸ਼ਮਕਸ਼', 'ਆਰ ਜਾਂ ਪਾਰ' ਵਰਗੀਆਂ ਫ਼ਿਲਮਾਂ ਬਣ ਚੁੱਕੀਆਂ ਹਨ। ਹਿੰਦੀ ਲੇਖਕ ਵੇਦ ਪ੍ਰਕਾਸ਼ ਸ਼ਰਮਾ ਦੇ ਨਾਵਲਾਂ 'ਤੇ ਬਣੀਆਂ ਫ਼ਿਲਮਾਂ ਵਿਚੋਂ 'ਸਬਸੇ ਬੜਾ ਖਿਲਾੜੀ', 'ਖਿਲਾੜੀਓਂ ਕਾ ਖਿਲਾੜੀ', 'ਅਨਾਮ' ਅਤੇ 'ਬਹੂ ਕੀ ਆਵਾਜ਼' ਦਾ ਨਾਂਅ ਲਿਆ ਜਾ ਸਕਦਾ ਹੈ। ਜੇਕਰ ਗੱਲ ਪੰਜਾਬੀ ਫ਼ਿਲਮਾਂ ਦੀ ਕਰੀਏ ਤਾਂ ਨਿਰਦੇਸ਼ਕ ਜੀਤ ਮਠਾਰੂ ਦੀ 'ਅੱਡੀਟੱਪਾ' ਨੂੰ ਪਹਿਲੀ ਮਰਡਰ ਮਿਸਟ੍ਰੀ ਕਿਹਾ ਜਾ ਸਕਦਾ ਹੈ। ਪਰ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਮਿਆਰੀ ਸਸਪੈਂਸ ਫ਼ਿਲਮਾਂ ਵੇਖਣ ਨੂੰ ਮਿਲਣ ਲੱਗ ਪੈਣ ਅਤੇ ਪ੍ਰੋ: ਮੱਲ੍ਹੀ ਸਾਹਬ ਨੂੰ ਪੰਜਾਬੀ ਥ੍ਰੀਲਰ ਫ਼ਿਲਮਾਂ ਤੇ ਲਿਖਣ ਦਾ ਵੀ ਮੌਕਾ ਮਿਲ ਜਾਵੇ।

-ਬਲਦੇਵ ਸਿੰਘ ਭਾਕਰ
ਪਿੰਡ ਛਾਉਣੀ ਕਲਾਂ, ਜ਼ਿਲ੍ਹਾ ਹੁਸ਼ਿਆਰਪੁਰ।

ਭਾਰਤੀ ਮੀਡੀਆ ਨੂੰ ਸਬਕ ਸਿੱਖਣ ਦੀ ਲੋੜ

ਪਿਛਲੇ ਦਿਨੀਂ ਅਖ਼ਬਾਰਾਂ ਵਿਚ ਇਕ ਅਹਿਮ ਖ਼ਬਰ ਛਾਇਆ ਹੋਈ ਜਿਹੜੀ ਭਾਰਤੀ ਮੀਡੀਆ ਲਈ ਵਿਸ਼ੇਸ਼ ਧਿਆਨ ਮੰਗਦੀ ਹੈ। ਖ਼ਬਰ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵਾਈਟ ਹਾਊਸ ਤੋਂ ਸਿੱਧਾ ਪ੍ਰਸਾਰਨ ਚੱਲ ਰਿਹਾ ਸੀ ਕਿ ਕੁਝ ਟੀ.ਵੀ. ਚੈਨਲਾਂ ਨੇ ਇਹ ਪ੍ਰਸਾਰਨ ਅਚਾਨਕ ਰੋਕ ਦਿੱਤਾ। ਇਨ੍ਹਾਂ ਚੈਨਲਾਂ ਦਾ ਤਰਕ ਸੀ ਕਿ ਟਰੰਪ ਠੀਕ ਨਹੀਂ (ਝੂਠ ਬੋਲ ਰਹੇ ਹਨ) ਬੋਲ ਰਹੇ। ਇਹ ਹੈ ਮੀਡੀਆ ਦੀ ਜੁਰਅਤ। ਪਰ ਸਾਡੇ ਭਾਰਤ ਦੇਸ਼ ਵਿਚ ਇਸ ਤੋਂ ਉਲਟ ਹੋ ਰਿਹਾ ਹੈ। ਜੋ ਸਾਡੇ ਪ੍ਰਧਾਨ ਮੰਤਰੀ ਚਾਹੁੰਦੇ ਹਨ, ਸਾਡਾ ਰਾਸ਼ਟਰੀ ਮੀਡੀਆ ਉਹੀ ਪੇਸ਼ ਕਰ ਰਿਹਾ ਹੈ। ਇਸ ਦੀ ਤਾਜ਼ਾ ਉਦਾਹਰਨ ਪੰਜਾਬ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੀ ਹੈ। ਜਿਸ ਵੱਲ ਸਾਡੇ ਕੌਮੀ ਮੀਡੀਆ ਨੇ ਬਿਲਕੁਲ ਹੀ ਤਵੱਜੋ ਨਹੀਂ ਦਿੱਤੀ। ਸੋ ਲੋੜ ਹੈ ਭਾਰਤੀ ਮੀਡੀਆ ਨੂੰ ਅਮਰੀਕੀ ਮੀਡੀਆ ਤੋਂ ਸਬਕ ਸਿੱਖਣ ਦੀ।

-ਜਸਵੀਰ ਸਿੰਘ ਭਲੂਰੀਆ।

ਮਿਲਾਵਟੀ ਚੀਜ਼ਾਂ ਦਾ ਬੋਲਬਾਲਾ

ਜਿਵੇਂ ਹੀ ਅੱਸੂ ਦੇ ਨੌਰਾਤੇ ਸ਼ੁਰੂ ਹੁੰਦੇ ਹਨ, ਤਾਂ ਲੋਕਾਂ ਦੇ ਚਿਹਰੇ 'ਤੇ ਰੌਣਕ ਆ ਜਾਂਦੀ ਹੈ। ਬਾਜ਼ਾਰਾਂ ਵਿਚ ਚਹਿਲ-ਪਹਿਲ ਹੋ ਜਾਂਦੀ ਹੈ। ਲੋਕ ਤਿਉਹਾਰਾਂ ਵਿਚ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਖ਼ਰੀਦਦੇ ਹਨ। ਤਿਉਹਾਰਾਂ ਦੇ ਸੀਜ਼ਨ ਵਿਚ ਮਿਲਾਵਟੀ ਸਾਮਾਨ ਬਹੁਤ ਵਿਕਦਾ ਹੈ। ਚਾਹੇ ਉਹ ਸਟੀਲ, ਮਠਿਆਈ, ਕੱਪੜਾ, ਫਰਨੀਚਰ ਆਦਿ। ਆਮ ਤਿਉਹਾਰਾਂ ਦੇ ਸੀਜ਼ਨ ਵਿਚ ਸਿਹਤ ਮੰਤਰਾਲਾ ਮਠਿਆਈ ਦੀਆਂ ਦੁਕਾਨਾਂ ਦੀ ਚੈਕਿੰਗ ਕਰਦਾ ਹੈ। ਕੁਇੰਟਲਾਂ ਦੇ ਹਿਸਾਬ ਨਾਲ ਖੋਆ ਫੜਿਆ ਜਾਂਦਾ ਹੈ। ਸਿਹਤ ਮੰਤਰਾਲੇ ਨੂੰ ਸਿਰਫ ਤਿਉਹਾਰਾਂ ਵਿਚ ਹੀ ਨਹੀਂ, ਸਾਲ ਵਿਚ ਕਦੇ ਵੀ ਮਠਿਆਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ।

-ਸੰਜੀਵ ਸਿੰਘ ਸੈਣੀ, ਮੁਹਾਲੀ।

17-11-2020

 ਮਾਂ-ਬੋਲੀ ਪੰਜਾਬੀ ਨਾਲ ਜੋੜਨ ਦੀ ਕੋਸ਼ਿਸ਼

ਸਭ ਤੋਂ ਪਹਿਲਾ ਸ਼ਬਦ ਜੋ ਸਾਡੀ ਜ਼ਬਾਨ 'ਤੇ ਆਉਂਦਾ ਹੈ, ਉਹ 'ਮਾਂ' ਹੁੰਦਾ ਹੈ। ਮਾਂ ਦੇ ਮੂੰਹੋਂ ਨਿਕਲੇ ਸ਼ਬਦ ਸਾਡਾ ਪਹਿਲਾ ਪਾਠ ਹੁੰਦੇ ਹਨ ਅਤੇ ਘਰ ਪਹਿਲੀ ਪਾਠਸ਼ਾਲਾ ਹੁੰਦੀ ਹੈ। ਸਾਡੇ ਸਭ ਤੋਂ ਦੁੱਖ ਦੇ ਪਲਾਂ ਵਿਚ ਜੋ ਸਾਡਾ ਕਲਮ ਦੇ ਰੂਪ ਵਿਚ ਸਾਥ ਦਿੰਦੀ ਹੈ, ਉਹ ਮਾਂ-ਬੋਲੀ ਹੀ ਹੁੰਦੀ ਹੈ। ਸਾਡੇ ਖਿਆਲ ਚਾਹੇ ਸੱਤ ਸਮੁੰਦਰਾਂ ਤੱਕ ਉਡਾਰੀ ਮਾਰ ਆਉਣ ਪਰ ਉਨ੍ਹਾਂ ਸੱਤਾਂ ਸਮੁੰਦਰਾਂ ਦੀ ਦਾਸਤਾਨ ਦਾ ਬਿਆਨ ਕਰਨ ਦੀ ਸਮਰੱਥਾ ਸਿਰਫ ਸਾਡੀ ਮਾਂ-ਬੋਲੀ ਵਿਚ ਹੀ ਹੁੰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਬੱਚੇ ਦੀ ਸ਼ਖ਼ਸੀਅਤ ਨੂੰ ਨਿਖਾਰਨ ਲਈ ਅਤੇ ਬਹੁਪੱਖੀ ਵਿਕਾਸ ਲਈ ਮਾਂ ਆਪਣੇ ਬੱਚੇ ਨੂੰ ਆਪਣੀ ਮਾਂ-ਬੋਲੀ ਪੰਜਾਬੀ ਨਾਲ ਜੋੜਨ ਦਾ ਯਤਨ ਕਰੇ। ਮਾਤ-ਭਾਸ਼ਾ ਬਿਨਾਂ ਨਾ ਅਨੰਦ ਮਿਲਦਾ ਹੈ, ਨਾ ਹੀ ਕਿਸੇ ਗੱਲ ਦਾ ਵਿਸਥਾਰ ਹੁੰਦਾ ਹੈ ਪਰ ਅੱਜ ਦੇ ਪੰਜਾਬੀ ਆਪਣੀ ਮਾਂ-ਬੋਲੀ ਨੂੰ ਦਿਲੋਂ ਵਿਸਾਰ ਰਹੇ ਹਨ। ਪੰਜਾਬੀ ਆਪਣੀ ਮਾਂ-ਬੋਲੀ ਨੂੰ ਪੈਰਾਂ ਹੇਠ ਲਤਾੜਦੇ ਵਿਦੇਸ਼ੀ ਭਾਸ਼ਾਵਾਂ ਨੂੰ ਬੋਲਣ ਵਿਚ ਆਪਣੀ ਸ਼ਾਨ ਸਮਝਦੇ ਹਨ। ਮਾਂ-ਬੋਲੀ ਦਾ ਸਤਿਕਾਰ ਘੱਟ ਹੋਣ ਦਾ ਕਾਰਨ ਹੈ ਕਿ ਮਾਂ-ਬਾਪ ਆਪਣੇ ਬੱਚਿਆਂ ਨੂੰ ਪੰਜਾਬੀ ਸਕੂਲਾਂ ਵਿਚ ਪੜ੍ਹਾਉਣ ਦੀ ਥਾਂ 'ਤੇ ਅੰਗਰੇਜ਼ੀ ਸਕੂਲਾਂ ਵਿਚ ਪੜ੍ਹਾਉਣਾ ਮਾਣ ਸਮਝਦੇ ਹਨ। ਅੰਗਰੇਜ਼ੀ ਸਕੂਲਾਂ ਵਿਚ ਪੰਜਾਬੀ ਭਾਸ਼ਾ ਨੂੰ ਵਾਧੂ ਵਿਸ਼ਾ ਅਤੇ ਆਸਾਨ ਵਿਸ਼ਾ ਸਮਝ ਕੇ ਇਸ ਵੱਲ ਕੋਈ ਕੋਈ ਖ਼ਾਸ ਧਿਆਨ ਨਹੀਂ ਦਿੱਤਾ ਜਾਂਦਾ। ਇਸ ਤਰ੍ਹਾਂ ਕਰਕੇ ਅਸੀਂ ਆਪਣੀ ਮਾਂ-ਬੋਲੀ ਤੋਂ ਦੂਰ ਹੁੰਦੇ ਜਾ ਰਹੇ ਹਾਂ। ਆਓ, ਸਾਰੇ ਆਪਣੀ ਮਾਂ-ਬੋਲੀ ਪੰਜਾਬੀ 'ਤੇ ਮਾਣ ਕਰੀਏ। ਇਸ ਨਾਲ ਆਤਮ-ਵਿਸ਼ਵਾਸ ਦ੍ਰਿੜ੍ਹ ਹੋਵੇਗਾ। ਗਿਆਨ, ਵਿਗਿਆਨ ਅਤੇ ਤਕਨੀਕੀ ਖੇਤਰ ਵਿਚ ਮੌਲਿਕ ਅਤੇ ਉੱਚੀਆਂ ਉਡਾਰੀਆਂ ਮਾਰ ਸਕਾਂਗੇ। ਬੱਚਿਆਂ ਨੂੰ ਆਪਣੀ ਮਾਂ-ਬੋਲੀ ਨਾਲ ਜੋੜੀਏ।

-ਵਿਜੈ ਗਰਗ
ਸਾਬਕਾ ਪ੍ਰਿੰਸੀਪਲ, ਮਲੋਟ।

ਮੰਦਹਾਲੀ ਵਿਚ ਡਰਾਈਵਰੀ ਕਿੱਤਾ

ਅਜੋਕੇ ਮਹਾਂਮਾਰੀ ਦੇ ਸਮੇਂ ਵਿਚ ਹਰ ਕੰਮ ਮੰਦਹਾਲੀ ਵੱਲ ਚਲਾ ਗਿਆ ਹੈ। ਪਹਿਲਾਂ ਛੋਟੇ-ਮੋਟੇ ਕੰਮ ਕਰਕੇ ਮੱਧ ਵਰਗੀ ਲੋਕ ਆਪਣੇ ਪਰਿਵਾਰਾਂ ਦਾ ਵਧੀਆ ਢੰਗ ਨਾਲ ਗੁਜ਼ਾਰਾ ਤੋਰ ਲੈਂਦੇ ਸਨ। ਟੈਕਸੀ ਡਰਾਈਵਰਾਂ ਦੀ ਜੇਕਰ ਗੱਲ ਕਰੀਏ ਤਾਂ ਉਨ੍ਹਾਂ ਦਾ ਕਿੱਤਾ ਇਸ ਮਹਾਂਮਾਰੀ ਦੇ ਚਲਦਿਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਹੁਣ ਹਰ ਕੋਈ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਪ੍ਰਤੀ ਸੁਚੇਤ ਹੈ ਜੋ ਕਿ ਜ਼ਰੂਰੀ ਵੀ ਹੈ। ਪਰ ਇਸ ਦੇ ਚਲਦਿਆਂ ਡਰਾਈਵਰੀ ਕਿੱਤਾ ਬਿਲਕੁਲ ਠੱਪ ਹੋ ਕੇ ਰਹਿ ਗਿਆ ਹੈ। ਹੁਣ ਲੰਮੇ ਸਫ਼ਰ 'ਤੇ ਜਾਣ ਲਈ ਜ਼ਿਆਦਾਤਰ ਲੋਕ ਆਪਣੇ ਨਿੱਜੀ ਵਾਹਨਾਂ ਦੀ ਵਰਤੋਂ ਕਰਨ ਲੱਗ ਪਏ ਹਨ। ਵਿਆਹ ਸ਼ਾਦੀਆਂ ਵਿਚ ਵੀ ਘੱਟ ਲੋਕ ਆਉਣ ਕਰਕੇ ਕਿਰਾਏ ਲਈ ਗੱਡੀਆਂ ਦੀ ਮੰਗ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ, ਜਿਸ ਦੇ ਚਲਦਿਆਂ ਗੱਡੀਆਂ ਦੇ ਖਰਚੇ ਜਿਵੇਂ ਟੈਕਸ, ਇੰਸ਼ੋਰੈਂਸ ਤੇ ਕਿਸ਼ਤਾਂ ਕੱਢਣੀਆਂ ਬਹੁਤ ਔਖੀਆਂ ਹੋ ਗਈਆਂ ਹਨ। ਖੜ੍ਹੀਆਂ ਗੱਡੀਆਂ ਆਪਣੇ-ਆਪ ਵਿਚ ਇਕ ਚਿੰਤਾ ਦਾ ਵਿਸ਼ਾ ਬਣਦੀਆਂ ਜਾ ਰਹੀਆਂ ਹਨ। ਉਮੀਦ ਹੈ ਕਿ ਜਲਦੀ ਹੀ ਇਸ ਮਹਾਂਮਾਰੀ ਦਾ ਸਾਇਆ ਪੰਜਾਬ ਤੋਂ ਹਟੇਗਾ ਤੇ ਗੱਡੀ ਫਿਰ ਆਪਣੀ ਰਫ਼ਤਾਰ ਨਾਲ ਚੱਲੇਗੀ।

-ਅਰਵਿੰਦਰ ਰਾਏਕੋਟ।

ਛੋਟੇ ਬੱਚਿਆਂ ਦੀ ਸੁਰੱਖਿਆ

ਪਿਛਲੇ ਦਿਨੀਂ ਸਰਕਾਰ ਵਲੋਂ ਸਕੂਲਾਂ ਵਿਚ ਬੱਚਿਆਂ ਨੂੰ ਆਉਣ ਦੀਆਂ ਕਈ ਖ਼ਬਰਾਂ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੋਈਆਂ ਸਨ। ਕਈ ਮਹੀਨਿਆਂ ਤੋਂ ਕੋਵਿਡ-19 ਕਾਰਨ ਬੰਦ ਸਕੂਲ ਪਏ ਹਨ ਅਤੇ ਬੱਚਿਆਂ ਦੀ ਆਨਲਾਈਨ ਪੜ੍ਹਾਈ ਜਾਰੀ ਹੈ। ਬੱਚੇ ਘਰ ਬੈਠੇ ਆਪਣੀ ਪੜ੍ਹਾਈ ਕਰ ਰਹੇ ਹਨ ਅਤੇ ਨਾਲੋ-ਨਾਲ ਸਕੂਲਾਂ ਵਲੋਂ ਲਈ ਜਾਂਦੀ ਪ੍ਰੀਖਿਆ ਵੀ ਦੇ ਰਹੇ ਹਨ। ਪਰ ਹੁਣ ਕਈ ਸਕੂਲਾਂ ਵਿਚ ਬੱਚਿਆਂ ਨੂੰ ਸਕੂਲ ਵਿਚ ਹਾਜ਼ਰ ਹੋਣ ਦੀਆਂ ਫੋਨ ਕਾਲਾਂ ਆ ਰਹੀਆਂ ਹਨ ਪਰ ਹੁਣ ਸਰਦੀ ਦਾ ਮੌਸਮ ਹੋਣ ਕਾਰਨ ਬੱਚਿਆਂ ਨੂੰ ਖੰਘ, ਬੁਖਾਰ, ਜ਼ੁਕਾਮ ਤਾਂ ਆਮ ਜਿਹੀ ਗੱਲ ਹੈ। ਫਿਰ ਨੌਵੀਂ ਤੇ ਹੇਠਲੀਆਂ ਕਲਾਸਾਂ ਵਾਲੇ ਬੱਚੇ ਇਸ ਮਹਾਂਮਾਰੀ ਦੌਰਾਨ ਕਿਵੇਂ ਸੁਰੱਖਿਅਤ ਰਹਿ ਸਕਦੇ ਹਨ। ਸਕੂਲਾਂ ਵਲੋਂ ਬੱਚਿਆਂ ਦੀ ਸਾਰੀ ਜ਼ਿੰਮੇਵਾਰੀ ਮਾਪਿਆਂ ਦੇ ਸਿਰ ਪਾਈ ਜਾ ਰਹੀ ਹੈ। ਅਸੀਂ ਸਕੂਲ ਮੁਖੀਆਂ ਅਤੇ ਸਰਕਾਰ ਨੂੰ ਇਹ ਸੁਝਾਅ ਦਿੰਦੇ ਹਾਂ ਕਿ ਇਸ ਸਾਲ 2020 ਤੱਕ ਛੋਟੇ ਬੱਚਿਆਂ ਨੂੰ ਸਕੂਲਾਂ ਵਿਚ ਨਾ ਬੁਲਾਇਆ ਜਾਵੇ ਅਤੇ ਉਨ੍ਹਾਂ ਦੀ ਆਨਲਾਈਨ ਪੜ੍ਹਾਈ ਹੀ ਕਰਵਾਈ ਜਾਵੇ। ਇਸ ਵਿਚ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰ ਦੀ ਭਲਾਈ ਹੈ।

-ਸੁਖਪਾਲ ਸਿੰਘ
ਜਲੰਧਰ।

ਇਨਸਾਨੀਅਤ

ਰੱਬਾ ਅੱਲ੍ਹਾ, ਤੇਰੀ ਦੁਨੀਆ ਵਿਚ, ਨਫ਼ਰਤ ਕਿਉਂ ਹੈ, ਜੰਗ ਹੈ ਕਿਉਂ...? ਤੇਰਾ ਦਿਲ ਬਹੁਤ ਵੱਡਾ ਹੈ, ਪਰ ਆਦਮੀ ਦਾ ਦਿਲ ਤੰਗ ਹੈ... ਕਿਉਂ?
ਕਿਸੇ ਨੇ ਵੀ ਸਾਡੀ ਜ਼ਿੰਦਗੀ 'ਚੋਂ ਕੁਝ ਨਹੀਂ ਲੈਣਾ, ਬਸ ਜੇਕਰ ਕਦੇ ਮੌਕਾ ਮਿਲੇ ਇਕ ਟੁੱਟੇ ਵਿਅਕਤੀ ਨੂੰ ਪਿਆਰ ਦਾ ਸਹਾਰਾ ਦੇਣ ਦਾ ਤਾਂ, ਫਿਰ ਇਹ ਉਸ ਦਾ ਅਧਾਰ ਬਣ ਜਾਂਦਾ ਹੈ। ਉਸ ਨੂੰ ਜ਼ਿੰਦਗੀ ਇਕ ਨਵੇਂ ਸਿਰੇ ਤੋਂ ਜੀਣ ਦੀ ਉਮੀਦ ਮਿਲ ਜਾਂਦੀ ਹੈ। ਦੁੱਖ ਅਤੇ ਖੁਸ਼ੀਆਂ ਆਉਂਦੀਆਂ ਰਹਿੰਦੀਆਂ ਹਨ ਪਰ ਜੇ ਅਸੀਂ ਪਿਆਰ ਸਾਂਝਾ ਕਰਨਾ ਜਾਰੀ ਰੱਖਦੇ ਹਾਂ, ਤਾਂ ਜ਼ਿੰਦਗੀ ਨੂੰ ਜਿਊਣ ਦਾ ਮੰਨ ਕਰਦਾ ਹੈ। ਪਤਾ ਨਹੀਂ ਕਦੋਂ ਕਿਸੇ ਦੀ ਛੋਟੀ ਜਿਹੀ ਗੱਲ ਕਿਸੇ ਦੇ ਜੀਵਨ ਨੂੰ ਬਦਲ ਦੇਵੇਗੀ। ਜ਼ਿੰਦਗੀ ਵਿਚ ਤੁਸੀਂ ਮਹਿਸੂਸ ਕਰੋਗੇ ਕਿ ਜਿਸ ਵਿਅਕਤੀ ਨੂੰ ਤੁਸੀਂ ਮਿਲਦੇ ਹੋ, ਉਸ ਦੀ ਇਕ ਭੂਮਿਕਾ ਹੁੰਦੀ ਹੈ। ਕੁਝ ਤੁਹਾਨੂੰ ਪਰਖਣਗੇ, ਕੁਝ ਤੁਹਾਨੂੰ ਪਿਆਰ ਕਰਨਗੇ, ਕੁਝ ਤੁਹਾਨੂੰ ਸਿਖਾਉਣਗੇ ਅਤੇ ਕੁਝ ਤੁਹਾਨੂੰ ਮਿੱਟੀ ਵਿਚ ਮਿਲਾਉਣ ਦੀ ਕੋਸ਼ਿਸ਼ ਕਰਨਗੇ। ਦੁਨੀਆ ਉਵੇਂ ਦੀ ਨਹੀਂ ਹੈ ਜਿਵੇਂ ਦੀ ਅਸੀਂ ਸੋਚਦੇ ਹਾਂ, ਬਲਕਿ ਉਵੇਂ ਦੀ ਹੈ, ਜਿਵੇਂ ਦੇ ਅਸੀਂ ਹਾਂ। ਇਸ ਲਈ ਸਭ ਕੁਝ ਸਾਡੇ 'ਤੇ ਹੈ, ਕੀ ਕਰਨਾ ਹੈ, ਕੀ ਪ੍ਰਾਪਤ ਕਰਨਾ ਹੈ, ਖ਼ੁਸ਼ੀਆਂ ਪ੍ਰਾਪਤ ਕਰਨੀਆਂ ਹਨ ਅਤੇ ਸਾਂਝੀਆਂ ਕਰਨੀਆਂ ਹਨ ਅਤੇ ਕੁਝ ਲੋਕਾਂ ਦੇ ਹਿੱਸੇ ਪਿਆਰ ਨੂੰ ਸਾਂਝਾ ਕਰਨ ਦਾ ਕੰਮ ਆਉਂਦਾ ਹੈ, ਇਸ ਨੂੰ ਪਾਉਣ ਦਾ ਨਹੀਂ। ਇਸ ਲਈ ਇਕ ਇਨਸਾਨ ਨਹੀਂ, ਬਲਕਿ ਇਨਸਾਨੀਅਤ ਦੇ ਨਾਤੇ ਹਮੇਸ਼ਾ ਹੱਸਦੇ ਰਹੋ, ਕਦੇ ਆਪਣੇ ਲਈ ਤੇ ਕਦੇ ਆਪਣਿਆਂ ਲਈ।

-ਅਨੁਰਾਧਾ ਸੁਖਦੇਵ ਰਾਜ
ਬਿਧੀਪੁਰ, ਗੁਰਦਾਸਪੁਰ।

16-11-2020

 ਦਿੱਲੀ ਵਿਚ ਧਰਨੇ
ਮੋਦੀ ਸਰਕਾਰ ਜਦੋਂ ਦੀ ਕੁਰਸੀ ਉਤੇ ਬਿਰਾਜਮਾਨ ਹੋਈ ਹੈ। ਉਸ ਸਮੇਂ ਤੋਂ ਹੀ ਇਸ ਦੀਆਂ ਨਜ਼ਰਾਂ ਪੰਜਾਬ, ਪੰਜਾਬੀ, ਪੰਜਾਬੀਅਤ ਤੇ ਕਿਸਾਨੀ ਨੂੰ ਢਾਹੁਣ ਤੇ ਲੱਗੀਆਂ ਹੋਈਆਂ ਹਨ। ਕਦੇ ਪੰਜਾਬੀ ਨੂੰ ਜੰਮੂ-ਕਸ਼ਮੀਰ ਵਿਚੋਂ ਖਤਮ ਕਰਨ ਦਾ ਕਦੇ ਕਿਸਾਨੀ ਨੂੰ ਖਤਮ ਕਰਨ ਦਾ ਫਤਵਾ ਦਿੱਲੀ ਤੋਂ ਸੁਣਾ ਦਿੰਦੇ ਹਨ।ਜੇਕਰ ਅੱਜ ਕਿਸਾਨ ਆਪਣਾ ਹੱਕ ਮੰਗਣ ਲਈ ਰੋਸ ਧਰਨੇ ਤੇ ਮੁਜ਼ਾਹਰੇ ਕਰਨ ਲਈ ਦਿੱਲੀ ਜਾਣ ਲਈ ਤਿਆਰ ਹੋਏ ਹਨ। ਇਨ੍ਹਾਂ ਨੂੰ ਉਹ ਵੀ ਬਰਦਾਸ਼ਤ ਨਹੀਂ ਹੋ ਰਿਹਾ। ਕੇਂਦਰ ਸਰਕਾਰ ਕਿਉਂ ਅੱਖਾਂ ਮੀਟ ਕੇ ਬੈਠ ਗਈ ਹੈ। ਕੀ ਹੁਣ ਦੇਸ਼ ਨੂੰ ਇਸ ਤੋਂ ਬਾਅਦ ਪੰਜਾਬ ਤੋਂ ਅੰਨ ਲੈਣ ਦੀ ਜ਼ਰੂਰਤ ਨਹੀਂ ਪਵੇਗੀ। ਕਿਉਂ ਨਹੀਂ ਦਿੱਲੀ ਵਿਚ ਧਰਨੇ ਲਾਉਣ ਦੀ ਇਜਾਜ਼ਤ ਦਿੱਤੀ ਜਾ ਰਹੀ। ਹੁਣ ਕਿਹੜਾ ਬਹਾਨਾ ਰਹਿ ਗਿਆ ਏ, ਕੋਰੋਨਾ ਦਾ। ਬਿਹਾਰ ਵਿਚ ਕਿਹੜੇ ਕੋਰੋਨਾ ਦਾ ਧਿਆਨ ਰੱਖਿਆ ਗਿਆ ਹੈ। ਲੋਕਤੰਤਰ ਵਿਚ ਹਰ ਇਕ ਦਾ ਇਹ ਕਾਨੂੰਨੀ ਹੱਕ ਬਣਦਾ ਕਿ ਉਹ ਆਪਣੀ ਆਜ਼ਾਦ ਬੁਲੰਦ ਕਰ ਸਕਦਾ ਹੈ। ਇਹ ਕੋਈ ਮੁਗਲ ਸ਼ਾਸਨ ਨਹੀਂ ਕਿ ਜਿਹੜਾ ਆਪਣਾ ਹੱਕ ਨਹੀਂ ਮੰਗ ਸਕਦਾ। ਕਿਸਾਨਾਂ ਨੂੰ ਯੂਰੀਆ ਖਾਦ ਨਾ ਦੇਣਾ ਵੀ ਸਰਕਾਰ ਵਲੋਂ ਸਰਾਸਰ ਧੱਕਾ ਹੈ। ਮੋਦੀ ਜੀ ਤੁਸੀਂ ਇੰਜ ਨਾ ਕਰੋ, 'ਸਦਾ ਨਾ ਬਾਗੀਂ ਬੁਲਬੁਲ ਬੋਲੇ, ਸਦਾ ਨਾ ਮੌਜ ਬਹਾਰਾਂ।'


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ, ਫਿਰੋਜ਼ਪੁਰ।


ਸਹੀ ਭਾਵਨਾ
ਪ੍ਰਦੂਸ਼ਣ ਦੇ ਪੱਧਰ ਦੀ ਚਿੰਤਾ ਕਰਨ ਐਨ.ਸੀ.ਆਰ. ਦੇ ਵਸਨੀਕਾਂ ਦੁਆਰਾ ਦਰਪੇਸ਼ ਸਿਹਤ ਖਤਰਿਆਂ ਨੂੰ ਉਜਾਗਰ ਕਰਨ ਲਈ ਤੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਲਗਾਤਾਰ ਕੀਤੇ ਜਾ ਰਹੇ ਯਤਨ ਸਵਾਗਤਯੋਗ ਕਦਮ ਹੈ ਕਿਉਂਕਿ ਜੇ ਇਹ ਕਦਮ ਨਾ ਚੁੱਕਦੇ ਤੇ ਆਉਣ ਵਾਲੇ ਸਮੇਂ ਵਿਚ ਬੁਹਤ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਸਰਕਾਰ ਅਤੇ ਲੋਕਾਂ ਨੂੰ ਵੱਡੇ ਪੱਧਰ 'ਤੇ ਸਹੀ ਭਾਵਨਾ ਨਾਲ ਲਿਆ ਗਿਆ ਹੈ ਹਾਲਾਂਕਿ ਦੀਵਾਲੀ 'ਤੇ ਖੂਬ ਪਟਾਕੇ ਚੱਲੇ ਹਨ ਅਤੇ ਸਰਕਾਰੀ ਹੁਕਮਾਂ ਦਾ ਕੋਈ ਬਹੁਤਾ ਅਸਰ ਦੇਖਣ ਨੂੰ ਨਹੀਂ ਮਿਲਿਆ।


-ਨੇਹਾ ਜਮਾਲ, ਮੁਹਾਲੀ।


'ਹਰੀ ਦੀਵਾਲੀ'
ਅੱਜ ਭੱਜ ਦੌੜ ਅਤੇ ਮਸ਼ੀਨੀ ਯੁੱਗ ਵਿਚ ਚਾਰੇ ਪਾਸੇ ਸ਼ੋਰ-ਸ਼ਰਾਬਾ ਪਿਆ ਹੋਇਆ ਹੈ। ਦੀਵਾਲੀ ਤਿਉਹਾਰ ਕਰਕੇ ਇਹ ਸ਼ੋਰ-ਸ਼ਰਾਬਾ ਹੋਰ ਵੀ ਵਧ ਜਾਂਦਾ ਹੈ, ਜਿਸ ਕਰਕੇ ਦਿਲ ਦੇ ਮਰੀਜ਼, ਪਸ਼ੂ-ਪੰਛੀ ਅਤੇ ਛੋਟੇ ਬੱਚੇ ਇਸ ਸ਼ੋਰ ਵਿਚ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਮਹਿਸੂਸ ਕਰਦੇ ਹਨ। ਦੀਵਾਲੀ ਇਕ ਪਵਿੱਤਰ ਤਿਉਹਾਰ ਹੈ ਅਤੇ ਹਰੇਕ ਇਨਸਾਨ ਦਾ ਫ਼ਰਜ਼ ਬਣਦਾ ਹੈ ਕਿ ਇਸ ਦੀ ਪਵਿੱਤਰਤਾ ਨੂੰ ਸਦਾ ਕਾਇਮ ਰੱਖਿਆ ਜਾਵੇ। ਦੀਵਾਲੀ ਦੇ ਤਿਉਹਾਰ ਨੂੰ ਸੋਹਣੇ ਕੱਪੜੇ ਪਾ ਕੇ, ਪਟਾਕੇ ਚਲਾ ਕੇ ਅਤੇ ਮਠਿਆਈਆਂ ਖਾ ਕੇ ਹੀ ਨਾ ਮਨਾਈਏ ਬਲਕਿ ਇਸ ਦਿਨ ਮਾਨਵਤਾ ਲਈ ਕੋਈ ਅਜਿਹਾ ਕੰਮ ਕਰੀਏ ਤਾਂ ਜੋ ਸਾਡੇ ਜਾਣ ਤੋਂ ਬਾਅਦ ਵੀ ਸਾਡੀ ਹੋਂਦ ਬਣੀ ਰਹੇ। ਜੇ ਇਸ ਦਿਨ ਤੇ ਰੁੱਖ ਲਗਾਏ ਜਾਣ ਤਾਂ ਮਾਨਵਤਾ ਦੀ ਭਲਾਈ ਲਈ ਇਸ ਤੋਂ ਵੱਡਾ ਕੋਈ ਹੋਰ ਕੰਮ ਨਹੀਂ। ਦੀਵਾਲੀ ਤਿਉਹਾਰ ਨੂੰ ਹਰੀ ਦੀਵਾਲੀ ਦੇ ਤੌਰ 'ਤੇ ਮਨਾਇਆ ਜਾਵੇ। ਜੇ ਅਸੀਂ ਸਭ ਰਲਮਿਲ ਕੇ ਕੁਦਰਤ ਪ੍ਰਤੀ ਚੇਤਨ ਹੋਈਏ ਤਾਂ ਇਸ ਦੀਵਾਲੀ ਤੋਂ ਬਾਅਦ ਆਉਣ ਵਾਲੀ ਨਵੀਂ ਪੀੜ੍ਹੀ ਇਸ ਲੋਕ ਕਹਾਵਤ ਨੂੰ ਨਵੇਂ ਰੂਪ 'ਚ ਦੇਖੇਗੀ।
'ਸ਼ਹਿਰੀ ਵਸਣ ਦੇਵਤੇ, ਵੱਡੇ ਪਿੰਡੀਂ ਮਨੁੱਖ,
ਛੋਟੇ ਪਿੰਡੀਂ ਕੁਦਰਤ, ਰੱਜ-ਰੱਜ ਲਾਵੇ ਰੁੱਖ਼।'


-ਗੁਰਪ੍ਰੀਤ ਮਾਨ ਮੌੜ
ਪਿੰਡ ਤੇ ਡਾਕ ਮੌੜ (ਫ਼ਰੀਦਕੋਟ)


ਪ੍ਰਦੂਸ਼ਿਤ ਹੋਇਆ ਵਾਤਾਵਰਨ
ਭਾਵੇਂ ਹਵਾ ਗੁਣਵੱਤਾ ਪ੍ਰਬੰਧਨ ਆਯੋਗ ਨੇ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਸਬੰਧਿਤ ਰਾਜਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਸੀ ਕਿ ਹਵਾ ਗੁਣਵੱਤਾ ਦੇ ਹਾਲਾਤ ਨੂੰ ਮੁੱਖ ਰੱਖਦੇ ਹੋਏ ਕੌਮੀ ਗਰੀਨ ਟ੍ਰਿਬਿਊਨਲ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਅਤੇ ਪੰਜਾਬ ਸਰਕਾਰ ਨੇ ਵੀ 'ਗਰੀਨ ਦੀਵਾਲੀ' ਮਨਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਸਨ, ਪ੍ਰੰਤੂ ਪਹਿਲਾਂ ਹੀ ਫੈਕਟਰੀਆਂ, ਟਰਾਂਸਪੋਰਟ ਦੇ ਸਾਧਨਾਂ ਤੋਂ ਨਿਕਲਦੇ ਧੂੰਏਂ ਅਤੇ ਪਰਾਲੀ ਆਦਿ ਸਾੜਨ ਨਾਲ ਪ੍ਰਦੂਸ਼ਿਤ ਹੋਇਆ ਪੰਜਾਬ ਦਾ ਵਾਤਾਵਰਨ ਦੀਵਾਲੀ ਦੇ ਤਿਉਹਾਰ ਦੌਰਾਨ ਕਈ ਥਾਈਂ ਚਲਾਏ ਗਏ ਬੇਤਹਾਸ਼ਾ ਪਟਾਕਿਆਂ ਨਾਲ ਹੋਰ ਵੀ ਪ੍ਰਦੂਸ਼ਿਤ ਹੋ ਗਿਆ ਹੈ। ਇਨਸਾਨ ਦੀਆਂ ਕੀਤੀਆਂ ਗ਼ਲਤੀਆਂ ਕਾਰਨ ਸੂਰਜ ਵੀ ਸਵੇਰ ਵੇਲੇ ਨਿਕਲਣ ਲੱਗੇ ਸ਼ਰਮ ਮਹਿਸੂਸ ਕਰਦਾ ਜਾਪਦਾ ਹੈ ਅਤੇ ਸ਼ਾਮ ਨੂੰ ਸਮੇਂ ਤੋਂ ਪਹਿਲਾਂ ਹੀ ਚੋਰੀ ਛਿਪੇ ਛੁਪ ਜਾਂਦਾ ਹੈ। ਵਧ ਰਹੇ ਪ੍ਰਦੂਸ਼ਣ ਕਾਰਨ ਇਨਸਾਨ ਨੂੰ ਆਪਣੀਆਂ ਗ਼ਲਤੀਆਂ ਵਿਚ ਸੁਧਾਰ ਕਰਨਾ ਚਾਹੀਦਾ ਹੈ ਅਤੇ ਪ੍ਰਸ਼ਾਸਨ ਨੂੰ ਵੀ ਸਰਕਾਰ ਵਲੋਂ ਜਾਰੀ ਹਦਾਇਤ ਦੀ ਸਖ਼ਤੀ ਨਾਲ ਪਾਲਣਾ ਕਰਵਾਉਣੀ ਚਾਹੀਦੀ ਹੈ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ।


-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।

13-11-2020

 ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਵਰ੍ਹੇਗੰਢ
ਬੀਤੇ ਦਿਨੀਂ 'ਅਜੀਤ' ਵਿਚ ਸੁਰਿੰਦਰ ਕੋਛੜ ਦੀ ਕਰਤਾਰਪੁਰ ਲਾਂਘੇ ਦੀ ਪਹਿਲੀ ਵਰ੍ਹੇਗੰਢ ਪਾਕਿਸਤਾਨ ਸਰਕਾਰ ਵਲੋਂ ਮਨਾਏ ਜਾਣ ਬਾਰੇ ਖ਼ਬਰ ਪੜ੍ਹੀ। ਪਾਕਿਸਤਾਨ ਸਰਕਾਰ ਵਲੋਂ ਸਿੱਖ ਸੰਗਤਾਂ ਵਲੋਂ ਕੀਤੀ ਜਾਂਦੀ ਅਰਦਾਸ ਅਨੁਸਾਰ ਵਿਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ਣ ਦੀ ਮੰਗ ਬੇਨਤੀ ਨੂੰ ਪੂਰੀ ਕਰਨ ਵਿਚ ਅਹਿਮ ਤੇ ਸਦਾ ਯਾਦਗਾਰੀ ਭੂਮਿਕਾ ਹੈ। ਨਵਜੋਤ ਸਿੰਘ ਸਿੱਧੂ ਦਾ ਰੋਲ ਵੀ ਭੁਲਾਇਆ ਨਹੀਂ ਜਾ ਸਕਦਾ। ਹੁਣ ਜਦੋਂ ਕਰਫ਼ਿਊ ਖੁੱਲ੍ਹ ਗਿਆ ਹੈ, ਪਹਿਲੀ ਪਾਤਸ਼ਾਹੀ ਜੀ ਦਾ ਗੁਰਪੁਰਬ ਵੀ ਨੇੜੇ ਹੈ, ਇਸ ਸਬੰਧ ਵਿਚ ਸਰਕਾਰ ਨੂੰ ਪੰਜਾਬ ਵਾਲੇ ਪਾਸਿਉਂ ਵੀ ਖੁੱਲ੍ਹੇ ਦਰਸ਼ਨ ਦਿਦਾਰਿਆਂ ਨੂੰ ਪ੍ਰਵਾਨਗੀ ਦੇ ਦੇਣੀ ਚਾਹੀਦੀ ਹੈ।


-ਰਾਜਵਿੰਦਰ ਰੌਂਤਾ
ਰੌਂਤਾ, ਮੋਗਾ।


ਖੂਨਦਾਨ ਮਹਾਂਦਾਨ

ਖੂਨਦਾਨ ਕਰਨਾ ਇਕ ਬਹੁਤ ਹੀ ਪੁੰਨ ਦਾ ਕੰਮ ਮੰਨਿਆ ਗਿਆ ਹੈ ਕਿਉਂਕਿ ਦਾਨ ਕੀਤੇ ਹੋਏ ਖੂਨ ਨੂੰ ਜਦੋਂ ਕਿਸੇ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਰੀਜ਼ ਨੂੰ ਚੜ੍ਹਾਇਆ ਜਾਂਦਾ ਹੈ ਤਾਂ ਉਸ ਦੀ ਜਾਨ ਬਚ ਜਾਂਦੀ ਹੈ। ਪੂਰੇ ਸੰਸਾਰ ਅੰਦਰ ਸਮਾਜ ਸੇਵੀ ਸੰਸਥਾਵਾਂ ਦੇ ਉਪਰਾਲੇ ਸਦਕਾ ਖੂਨਦਾਨ ਕੈਂਪ ਅਕਸਰ ਲਗਦੇ ਰਹਿੰਦੇ ਹਨ, ਜਿਨ੍ਹਾਂ ਵਿਚ ਨੌਜਵਾਨ ਵਰਗ ਖ਼ਾਸ ਕਰਕੇ ਹਿੱਸਾ ਲੈਂਦੇ ਹਨ ਜੋ ਕਿ ਪ੍ਰਸੰਸਾਯੋਗ ਕਦਮ ਹੈ। ਖੂਨਦਾਨ ਕਰਨ ਨਾਲ ਜਿਥੇ ਕਿਸੇ ਦੀ ਜਾਨ ਬਚਦੀ ਹੈ, ਉਥੇ ਹੀ ਖੂਨਦਾਨ ਕਰਨ ਵਾਲੇ ਵਿਅਕਤੀ ਨੂੰ ਵੀ ਆਤਮਿਕ ਸ਼ਾਂਤੀ ਮਿਲਦੀ ਹੈ ਤੇ ਮਨ ਹੀ ਮਨ ਖੂਨਦਾਨ ਕਰਕੇ ਇਕ ਮਨ ਨੂੰ ਸਕੂਨ ਮਿਲਦਾ ਹੈ ਕਿ ਮੇਰੇ ਖੂਨਦਾਨ ਨਾਲ ਕਿਸੇ ਦੀ ਜ਼ਿੰਦਗੀ ਬਚ ਗਈ।


-ਡਾ: ਮਨਪ੍ਰੀਤ ਸੂਦ
ਆਲੋਵਾਲ, ਸ਼ਹੀਦ ਭਗਤ ਸਿੰਘ ਨਗਰ।


ਪ੍ਰਦੂਸ਼ਣ ਮੁਕਤ ਦੀਵਾਲੀ
ਭਾਰਤ ਵਿਚ ਕੋਰੋਨਾ ਦੇ ਕੇਸ ਘਟਦੇ ਜਾ ਰਹੇ ਹਨ ਅਤੇ ਨਾਲ ਹੀ ਤਿਉਹਾਰ ਵੀ ਆਰੰਭ ਹੋ ਗਏ ਹਨ। ਜਿਵੇਂ ਕਿ ਸਾਡੇ ਦੇਸ਼ ਵਿਚ ਦੀਵਾਲੀ ਬਹੁਤ ਧੂਮਧਾਮ ਨਾਲ ਮਨਾਈ ਜਾਂਦੀ ਹੈ ਅਤੇ ਹੁਣ ਵੀ ਸਾਡੇ ਇਸ ਹਰਮਨ-ਪਿਆਰੇ ਤਿਉਹਾਰ ਦਾ ਆਰੰਭ ਸ਼ੁਰੂ ਹੋ ਗਿਆ ਹੈ। ਕੋਰੋਨਾ ਨੂੰ ਮੁੱਖ ਰੱਖਦਿਆਂ ਇਸ ਸਾਲ ਬਹੁਤ ਸਾਵਧਾਨੀ ਵਰਤਣੀ ਜ਼ਰੂਰੀ ਹੈ। ਇਸ ਲਈ ਤਿਉਹਾਰ ਪ੍ਰਦੂਸ਼ਣ ਮੁਕਤ ਮਨਾਉਣੇ ਚਾਹੀਦੇ ਹਨ। ਇਸ ਵਾਰ ਦੀਵਾਲੀ ਨੂੰ ਪ੍ਰਦੂਸ਼ਣ ਮੁਕਤ ਮਨਾਈਏ ਅਤੇ ਇਸ ਦੇ ਪ੍ਰਤੀ ਕੋਈ ਅਣਗਹਿਲੀ ਨਾ ਕਰੀਏ।


-ਮਨਪ੍ਰੀਤ ਕੌਰ
ਕੇ.ਐਮ.ਵੀ. ਕਾਲਜ।


ਮਾਂ-ਬੋਲੀ ਪੰਜਾਬੀ
ਪੰਜਾਬੀ ਮਾਂ-ਬੋਲੀ ਨੂੰ ਬਚਾਉਣ ਲਈ ਬੁੱਧੀਜੀਵੀ, ਲੇਖਕ ਅਤੇ ਪੰਜਾਬ ਨੂੰ ਦਿਲੋਂ ਪਿਆਰ ਕਰਨ ਵਾਲੇ ਹਰ ਖਿੱਤੇ ਦੇ ਲੋਕ ਤਤਪਰ ਹਨ। ਉਨ੍ਹਾਂ ਨੂੰ ਸਲਾਮ ਹੈ। ਪਰ ਸਮੇਂ-ਸਮੇਂ 'ਤੇ ਰਾਜ ਕਰਨ ਵਾਲੀਆਂ ਸਰਕਾਰਾਂ ਨੂੰ ਸਾਨੂੰ ਪੰਜਾਬ ਵਾਸੀਆਂਨੂੰ ਪੰਜਾਬੀ ਭਾਸ਼ਾ ਦਫ਼ਤਰਾਂ ਵਿਚ ਲਾਗੂ ਕਰਵਾਉਣ ਲਈ ਜੱਦੋ-ਜਹਿਦ ਤੇ ਸੰਘਰਸ਼ ਕਰਨੇ ਪੈ ਰਹੇ ਹਨ। ਜੇਕਰ ਇੰਗਲੈਂਡ, ਕੈਨੇਡਾ ਦੀਆਂ ਸਰਕਾਰਾਂ ਪੰਜਾਬੀ ਨੂੰ ਅਧਿਕਾਰਤ ਭਾਸ਼ਾ ਦਾ ਦਰਜਾ ਦੇ ਸਕਦੀਆਂ ਹਨ ਤਾਂ ਪੰਜਾਬ ਦੀਆਂ ਸਰਕਾਰਾਂ ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ ਸਾਰਥਕ ਕਦਮ ਕਿਉਂ ਨਹੀਂ ਚੁੱਕਦੀਆਂ। ਅੱਜ ਹਰ ਇਕ ਸਰਕਾਰੀ ਜਾਂ ਗ਼ੈਰ-ਸਰਕਾਰੀ ਅਦਾਰਿਆਂ ਵਿਚ ਪੰਜਾਬੀ ਬੋਲੀ ਨੂੰ ਬਚਾਉਣ ਲਈ ਇਕ ਹਫ਼ਤਾ ਹੀ ਕਿਉਂ ਰੱਖਦੀ ਹੈ, ਸਰਕਾਰ ਉਨ੍ਹਾਂ ਪ੍ਰਾਈਵੇਟ ਸਕੂਲਾਂ ਦੀ ਮਾਨਤਾ ਰੱਦ ਕਿਉਂ ਨਹੀਂ ਕਰਦੀ, ਜੋ ਸਕੂਲ ਵਿਦਿਆਰਥੀਆਂ ਨੂੰ ਪੰਜਾਬੀ ਨਹੀਂ ਪੜ੍ਹਾਉਂਦੇ। ਅੱਜ ਪੰਜਾਬੀ ਦੇ ਛਪਦੇ ਅਖ਼ਬਾਰਾਂ ਦੇ ਸੰਪਾਦਕਾਂ ਨੂੰ ਵੀ ਬੇਨਤੀ ਹੈ ਕਿ ਤੁਹਾਡਾ ਰੋਲ ਬਹੁਤ ਹੀ ਮਹੱਤਵਪੂਰਨ ਹੋ ਜਾਂਦਾ ਹੈ ਜਦੋਂ ਸਾਡੀ ਮਾਤ ਭਾਸ਼ਾ ਨੂੰ ਸਾਡੇ ਹੀ ਪੰਜਾਬ ਵਿਚ ਖ਼ਤਰਾ ਲੱਗ ਰਿਹਾ ਹੋਵੇ। ਮਾਂ-ਬੋਲੀ ਜਿਊਂਦੀ ਹੈ ਤਾਂ ਪੰਜਾਬ ਜਿਊਂਦਾ ਰਹੇਗਾ। ਨਹੀਂ ਤਾਂ ਇਕ ਨਾ ਇਕ ਦਿਨ ਆਏਗਾ ਕੇ ਕਿਸਾਨੀ ਨੂੰ ਬਚਾਉਣ ਲਈ ਜਿਵੇਂ ਸੰਘਰਸ਼ ਕਰਨਾ ਪੈ ਰਿਹਾ ਹੈ, ਇਸ ਤਰ੍ਹਾਂ ਪੰਜਾਬੀ ਮਾਂ-ਬੋਲੀ ਨੂੰ ਬਚਾਉਣ ਲਈ ਸੰਘਰਸ਼ ਕਰਨਾ ਪਏਗਾ ਪਰ ਉਦੋਂ ਬਹੁਤ ਦੇਰ ਹੋ ਚੁੱਕੀ ਹੋਵੇਗੀ।


-ਨਰਿੰਦਰ ਸਿੰਘ ਕੰਗ, ਮੁਹਾਲੀ।


ਵਿਦਿਆਰਥੀਆਂ ਨੂੰ ਸਮਝੋ ਇਕ ਸਮਾਨ
ਅਧਿਆਪਕ ਹੀ ਹਨ ਜੋ ਵਿਦਿਆਰਥੀ ਦੀ ਸ਼ਖ਼ਸੀਅਤ ਨੂੰ ਨਿਖਾਰਦੇ ਹਨ ਅਤੇ ਉਸ ਨੂੰ ਫ਼ਰਸ਼ਾਂ ਤੋਂ ਅਰਸ਼ਾਂ ਤੱਕ ਲੈ ਕੇ ਜਾਂਦੇ ਹਨ ਪਰ ਅਜੋਕੇ ਸਮੇਂ ਵਿਚ ਕੁਝ ਅਧਿਆਪਕ ਵਿਦਿਆਰਥੀਆਂ ਨਾਲ ਵਿਤਕਰਾ ਕਰਦੇ ਦਿਖਾਈ ਦੇ ਰਹੇ ਹਨ। ਸਕੂਲਾਂ, ਕਾਲਜਾਂ ਵਿਚ ਅਧਿਆਪਕ ਕੇਵਲ ਹੁਸ਼ਿਆਰ ਵਿਦਿਆਰਥੀਆਂ ਨੂੰ ਹੀ ਅਹਿਮੀਅਤ ਦਿੰਦੇ ਹਨ, ਜਿਸ ਕਾਰਨ ਬਾਕੀ ਵਿਦਿਆਰਥੀ ਆਪਣੇ-ਆਪ ਨੂੰ ਕਮਜ਼ੋਰ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਦੇ ਬੌਧਿਕ ਵਿਕਾਸ ਉੱਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਅਧਿਆਪਕਾਂ ਦਾ ਫ਼ਰਜ਼ ਹੈ ਕਿ ਉਹ ਸਾਰੇ ਵਿਦਿਆਰਥੀਆਂ ਨੂੰ ਇਕ ਸਮਾਨ ਸਮਝਣ ਤਾਂ ਜੋ ਉਹ ਆਪਣੇ ਹੁਨਰ ਨੂੰ ਨਿਖਾਰ ਸਕਣ।


-ਸਿਮਰਨਦੀਪ ਕੌਰ ਬੇਦੀ
ਕਸਬਾ ਘੁਮਾਣ (ਗੁਰਦਾਸਪੁਰ)।


ਲੁੱਟਾਂ ਖੋਹਾਂ ਤੋਂ ਬਚੋ
ਜਦੋਂ ਦੀ ਕੋਰੋਨਾ ਮਹਾਂਮਾਰੀ ਸ਼ੁਰੂ ਹੋ ਗਈ ਸੀ ਤਕਰੀਬਨ ਸਾਰਾ ਕੁਝ ਬੰਦ ਹੋ ਗਿਆ। ਲੋਕ ਘਰਾਂ ਵਿਚ ਬੈਠ ਗਏ, ਕੰਮਕਾਰ ਬੰਦ ਹੋ ਗਏ ਅਤੇ ਹਰ ਕੋਈ ਆਰਥਿਕ ਤੰਗੀ ਦਾ ਸ਼ਿਕਾਰ ਹੋ ਗਏ ਜੋ ਹੁਣ ਤੱਕ ਵੀ ਨਿਰੰਤਰ ਚੱਲ ਰਿਹਾ ਹੈ। ਆਰਥਿਕ ਤੰਗੀ ਦੇ ਸ਼ਿਕਾਰ ਲੋਕ ਕੰਮਕਾਰ ਦੀ ਤਲਾਸ਼ ਵਿਚ ਇਧਰ-ਉਧਰ ਭਟਕ ਰਹੇ ਹਨ ਪਰ ਕਿਧਰੇ ਵੀ ਕੰਮ ਨਹੀਂ ਮਿਲ ਰਿਹਾ। ਸਭ ਤੋਂ ਜ਼ਿਆਦਾ ਮਾਰ ਉਨ੍ਹਾਂ ਲੋਕਾਂ ਨੂੰ ਪਈ ਜੋ ਨਸ਼ਿਆਂ ਦੇ ਆਦੀ ਹਨ। ਇਸ ਲਈ ਉਨ੍ਹਾਂ ਨੇ ਪੈਸੇ ਦੀ ਕਮੀ ਨੂੰ ਦੂਰ ਕਰਨ ਲਈ ਅਤੇ ਨਸ਼ੇ ਦੀ ਪੂਰਤੀ ਲਈ ਲੁੱਟਾਂ-ਖੋਹਾਂ ਅਤੇ ਡਕੈਤੀਆਂ ਦਾ ਰਸਤਾ ਅਖ਼ਤਿਆਰ ਕਰ ਲਿਆ ਹੈ। ਦੁਕਾਨ ਅਤੇ ਬੈਂਕਾਂ ਅੰਦਰ ਵੀ ਲੁੱਟ ਹੋ ਰਹੀ ਹੈ।
ਇਸ ਲਈ ਬੈਂਕ ਕਰਮਚਾਰੀ ਤੇ ਦੁਕਾਨਦਾਰ ਵੀ ਸੁਚੇਤ ਰਹਿਣ। ਅਣਜਾਣ ਵਿਅਕਤੀਆਂ ਤੋਂ ਸਾਵਧਾਨ ਰਹਿਣ ਤੇ ਦੂਰੀ ਬਣਾਈ ਰੱਖਣ। ਸ਼ੱਕ ਪੈਣ 'ਤੇ ਨੇੜੇ ਦੇ ਪੁਲਿਸ ਸਟੇਸ਼ਨ ਜਾਂ ਪ੍ਰਸ਼ਾਸਨ ਦੇ 24 ਘੰਟੇ ਦਿੱਤੇ ਐਮਰਜੈਂਸੀ ਫੋਨ ਨੰਬਰਾਂ ਨੂੰ ਆਪਣੇ ਪਾਸ ਰੱਖੋ। ਜੇ ਕਿਸੇ ਨਾਲ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਜ਼ਰੂਰਤ ਪੈਣ 'ਤੇ ਉਸ ਵਿਅਕਤੀ ਦੀ ਮਦਦ ਕਰੋ। ਕਿਉਂਕਿ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ।


-ਗੁਰਪ੍ਰੀਤ ਸਿੰਘ ਸਹੋਤਾ
ਪਿੰਡ ਤੇ ਡਾਕ: ਡੱਫਰ, ਤਹਿ: ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ।

12-11-2020

 ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ

ਦੀਵਿਆਂ ਤੋਂ ਬਿਨਾਂ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਅਧੂਰੀ ਰਹਿੰਦੀ ਹੈ। ਦੀਵੇ ਘਰਾਂ ਵਿਚੋਂ ਨਕਾਰਾਤਮਕ ਊਰਜਾ ਨੂੰ ਦੂਰ ਭਜਾਉਣ ਵਿਚ ਦੀਵਾਲੀ ਉਤਸਵ ਦੇ ਸ਼ੁੱਭ ਅਵਸਰ 'ਤੇ ਦੀਵਿਆਂ ਖ਼ਾਸ ਤੌਰ 'ਤੇ ਸਜਾਇਆ ਜਾਂਦਾ ਹੈ। ਇਸ ਸਾਲ ਦੀ ਦੀਵਾਲੀ ਕੁਝ ਖ਼ਾਸ ਹੋਵੇਗੀ। ਕਿਉਂਕਿ ਚੀਨੀ ਸਾਮਾਨ ਨੂੰ ਮਾਤ ਦੇਣ ਲਈ ਇਸ ਵਾਰ ਮਹਿਲਾ ਕਾਰੀਗਰ ਆਪਣੇ ਦੇਸ਼ ਦੀ ਮਿੱਟੀ ਨਾਲ ਵਧੀਆ ਦੀਵੇ ਅਤੇ ਬੰਦਨਵਾਰ ਤਿਆਰ ਕਰ ਰਹੇ ਹਨ। ਇਨ੍ਹਾਂ ਦੀਵਿਆਂ ਨੂੰ ਦੇਸ਼ ਭਰ ਦੇ ਬਾਜ਼ਾਰਾਂ ਵਿਚ ਭਿਜਵਾਉਣ ਦੀ ਵਿਵਸਥਾ ਹੋ ਰਹੀ ਹੈ। ਦਰਅਸਲ ਵਪਾਰੀਆਂ ਦੇ ਸੰਗਠਨ ਕਨਫੈਡਰੇਸ਼ਨ ਆਫ ਇੰਡੀਆ ਟ੍ਰੇਡਰਸ (ਕੈਟ) ਨੇ ਇਸ ਸਾਲ ਰਵਾਇਤੀ ਦੀਵਾਲੀ ਮਨਾਉਣ ਦੀ ਥਾਂ ਭਾਰਤੀ ਦੀਵਾਲੀ ਮਨਾਉਣ ਲਈ ਕਿਹਾ ਹੈ, ਜਿਸ ਵਿਚ ਰੰਗੋਲੀ, ਸ਼ੁੱਭ ਲਾਭ ਦੇ ਚਿੰਨ੍ਹ, ਪੂਜਾ ਸਮੱਗਰੀ ਆਦਿ ਸਾਰਾ ਕੁਝ ਭਾਰਤੀ ਹੋਵੇਗਾ। ਇਸ ਨਾਲ ਹਾਸ਼ੀਆਗ੍ਰਸਤ ਕਲਾਕਾਰ ਖ਼ਾਸ ਕਰਕੇ ਘੁਮਿਆਰ ਔਰਤਾਂ ਆਦਿ ਮਿਹਨਤਕਸ਼, ਕਿਰਤੀ ਲੋਕਾਂ ਨੂੰ ਨਾ ਸਿਰਫ ਉਤਸ਼ਾਹ ਮਿਲੇਗਾ ਸਗੋਂ ਚੀਨੀ ਸਾਮਾਨ ਤੋਂ ਵੀ ਨਿਜਾਤ ਪਾਈ ਜਾ ਸਕੇਗੀ। ਆਓ! ਉਤਸਵ ਦੀਵਾਲੀ ਦੇ ਮੌਕੇ ਅਹਿਦ ਕਰੀਏ ਕਿ ਆਵਾਜ਼ ਰਹਿਤ ਪਟਾਕੇ ਨਹੀਂ ਚਲਾਵਾਂਗੇ ਅਤੇ ਹਵਾ ਨੂੰ ਦੂਸ਼ਿਤ ਹੋਣ ਤੋਂ ਬਚਾਵਾਂਗੇ।

-ਗੁਰਪ੍ਰੀਤ ਸਿੰਘ 'ਸੋਨੂ'
ਪਿੰਡ ਪ੍ਰੀਤ ਨਗਰ (ਅੰਮ੍ਰਿਤਸਰ)।

ਨਸ਼ਾ

ਹਰ ਮਨੁੱਖ ਨੂੰ ਕਿਸੇ ਨਾ ਕਿਸੇ ਨਸ਼ੇ ਦੀ ਆਦਤ ਹੁੰਦੀ ਹੈ। ਨਸ਼ਾ ਵਿਅਕਤੀ ਦੇ ਤਨ, ਮਨ ਅਤੇ ਦਿਮਾਗ 'ਤੇ ਅਸਰ ਕਰਦਾ ਹੈ। ਨਸ਼ਾ ਦੋ ਤਰ੍ਹਾਂ ਦਾ ਹੁੰਦਾ ਹੈ ਚੰਗਾ ਤੇ ਮਾੜਾ। ਮਾੜੇ ਨਸ਼ਿਆਂ ਵਿਚ ਸ਼ਰਾਬ, ਚਿੱਟਾ, ਭੁੱਕੀ ਤੇ ਹੋਰ ਬਹੁਤ ਸਾਰੇ ਨਸ਼ੇ ਆ ਜਾਂਦੇ ਹਨ, ਜੋ ਸਰੀਰ ਅਤੇ ਦਿਮਾਗ ਨੂੰ ਨੁਕਸਾਨ ਪਹੁੰਚਾਉਂਦੇ ਹਨ। ਚੰਗੇ ਨਸ਼ੇ ਵਿਚ ਸਾਡੀਆਂ ਉਹ ਆਦਤਾਂ ਆ ਜਾਂਦੀਆਂ ਹਨ ਜੋ ਸਾਡੀ ਸ਼ਖ਼ਸੀਅਤ ਨੂੰ ਨਿਖਾਰ ਕੇ ਸਾਨੂੰ ਜੀਵਨ ਵਿਚ ਕਾਮਯਾਬ ਬਣਾਉਂਦੀਆਂ ਹਨ। ਕਾਮਯਾਬੀ ਮਿਲਣ 'ਤੇ ਸਮਾਜ ਵਿਚ ਰੁਤਬਾ ਤੇ ਇੱਜ਼ਤ ਵਧਦੀ ਹੈ। ਲਿਖਣ ਦਾ ਨਸ਼ਾ ਸਾਡੇ ਵਿਚ ਰੁਚੀਆਂ ਨੂੰ ਨਿਖਾਰਦਾ ਹੈ ਅਤੇ ਨਾਲ ਹੀ ਮਾਂ-ਬੋਲੀ ਨਾਲ ਪਿਆਰ ਵਧਾਉਂਦਾ ਹੈ। ਵੱਖ ਵੱਖ ਸਥਾਨਾਂ 'ਤੇ ਘੁੰਮਣ ਦਾ ਨਸ਼ਾ ਜਿੱਥੇ ਆਮ ਗਿਆਨ ਵਿਚ ਵਾਧਾ ਕਰਦਾ ਹੈ, ਉਥੇ ਸ਼ਖ਼ਸੀਅਤ ਨੂੰ ਵੀ ਨਿਖਾਰਦਾ ਹੈ। ਕੁਝ ਕਰਕੇ ਵਿਖਾਉਣ ਦਾ ਨਸ਼ਾ ਵਿਅਕਤੀ ਨੂੰ ਕਾਮਯਾਬੀ ਤੱਕ ਲੈ ਜਾਂਦਾ ਹੈ। ਜਿਹੜੇ ਦੇਸ਼ਾਂ ਦੇ ਲੋਕਾਂ ਵਿਚ ਮਿਹਨਤ ਦੀ ਖੁਸ਼ੀ ਹੁੰਦੀ ਹੈ, ਉਹ ਵਿਕਾਸ ਕਰਦੇ ਹਨ। ਇਸ ਤੋਂ ਉਲਟ ਮਾੜੇ ਨਸ਼ੇ ਸ਼ੌਕ ਤੋਂ ਸ਼ੁਰੂ ਹੁੰਦੇ ਹਨ ਜਾਂ ਵੱਡਿਆਂ ਨੂੰ ਵੇਖ ਰੀਸੋ ਰੀਸ ਬੱਚੇ ਸਿਗਰਟ, ਜਰਦਾ, ਕੂਲਿਪ, ਸ਼ਰਾਬ ਜਾਂ ਹੋਰ ਨਸ਼ੇ ਕਰਨ ਲਗਦੇ ਹਨ। ਹੌਲੀ-ਹੌਲੀ ਇਹੀ ਸ਼ੌਕ ਉਨ੍ਹਾਂ ਦੀ ਮਜਬੂਰੀ ਬਣਨ ਲਗਦੀ ਹੈ। ਉਹ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਅਜਿਹੇ ਵਿਅਕਤੀਆਂ ਨੂੰ ਸਮਾਜ ਨਸ਼ੇੜੀ ਜਾਂ ਸ਼ਰਾਬੀ ਕਹਿੰਦਾ ਹੈ। ਅਜਿਹੇ ਨਸ਼ੇ ਵਿਅਕਤੀ ਨੂੰ ਸਿਰਫ ਬਰਬਾਦੀ ਵੱਲ ਲੈ ਕੇ ਜਾਂਦੇ ਹਨ। ਨਸ਼ਿਆਂ ਦਾ ਸੇਵਨ ਸ਼ੁਰੂ ਕਰਨਾ ਤਾਂ ਸੌਖਾ ਹੈ ਪਰ ਇਨ੍ਹਾਂ ਨੂੰ ਛੱਡਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ। ਧਨ-ਦੌਲਤ, ਤਾਕਤ, ਵਿੱਦਿਆ ਦੇ ਨਸ਼ੇ ਇਨਸਾਨ ਤੋਂ ਹੋਰਾਂ ਦੀ ਬੇਕਦਰੀ ਕਰਵਾਉਂਦੇ ਹਨ। ਚੰਗਾ ਇਨਸਾਨ ਉਹੀ ਹੈ ਜੋ ਸੰਜਮ ਵਾਲੀ ਜ਼ਿੰਦਗੀ ਗੁਜ਼ਾਰਦਾ ਹੈ।

-ਸ਼ੰਟੀ ਗਰਗ
ਮੁੱਲਾਂਪੁਰ ਦਾਖਾਂ।

ਹਵਾ ਪ੍ਰਦੂਸ਼ਣ

ਹਵਾ ਪ੍ਰਦੂਸ਼ਣ ਤੇਜ਼ੀ ਨਾਲ ਵਧ ਰਿਹਾ ਹੈ। ਅੱਜਕਲ੍ਹ ਉੱਤਰੀ ਭਾਰਤ ਦੀ ਹਵਾ ਪਰਾਲੀ ਨੂੰ ਸਾੜਨ ਕਾਰਨ ਬਹੁਤ ਜ਼ਹਿਰੀਲੀ ਹੋ ਗਈ ਹੈ, ਜੋ ਕਿ ਪੰਜਾਬ ਦੇ ਨਾਲ-ਨਾਲ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਹਵਾ ਪ੍ਰਦੂਸ਼ਣ ਕਾਰਨ ਲੋਕਾਂ ਵਿਚ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਦਿੱਲੀ ਵਿਚ ਹਾਲਾਤ ਬਹੁਤ ਮਾੜੇ ਹੋ ਗਏ ਹਨ। ਲੋਕਾਂ ਨੂੰ ਘਰ ਤੋਂ ਬਾਹਰ ਨਿਕਲਣ ਲਈ ਏਅਰ ਕੁਆਲਿਟੀ ਸੰਸਥਾ ਦੀ ਮਦਦ ਵੀ ਲੈਣੀ ਪੈਂਦੀ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਦੇਸ਼ ਵਿਚ ਤਿਉਹਾਰਾਂ ਦੀ ਸ਼ੁਰੂਆਤ ਹੋ ਚੁੱਕੀ ਹੈ, ਅਦਾਲਤ ਨੇ ਸਾਨੂੰ ਫਿਰ ਤੋਂ ਪਟਾਕੇ ਨਾ ਚਲਾਉਣ ਦੀਆਂ ਹਦਾਇਤਾਂ ਦਿੱਤੀਆਂ ਹਨ ਪਰ ਲੋਕ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦੇ ਹਨ ਅਤੇ ਪਟਾਕੇ ਚਲਾਉਂਦੇ, ਜੋ ਕਿ ਹਵਾ ਪ੍ਰਦੂਸ਼ਣ ਵਧਾਉਂਦੇ ਹਨ। ਕਹਿਣ ਦਾ ਅਰਥ ਇਹ ਹੈ ਕਿ ਆਮ ਲੋਕ ਹੀ ਹਵਾ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ ਨਾ ਤਾਂ ਉਹ ਪਟਾਕੇ ਚਲਾਉਣ ਤੋਂ ਹਟਦੇ ਹਨ ਅਤੇ ਨਾ ਹੀ ਕਿਸਾਨ ਪਰਾਲੀ ਸਾੜਨ ਤੋਂ। ਲੋਕਾਂ ਨੂੰ ਆਪਣੇ ਅਤੇ ਸਮਾਜ ਬਾਰੇ ਸੋਚਣਾ ਚਾਹੀਦਾ ਹੈ ਅਤੇ ਪ੍ਰਦੂਸ਼ਣ ਨੂੰ ਰੋਕਣ ਲਈ ਸਹਿਯੋਗ ਕਰਨਾ ਚਾਹੀਦਾ ਹੈ।

-ਸਾਕਸ਼ੀ ਸ਼ਰਮਾ
ਨਿਊ ਹਰਦਿਆਲ ਨਗਰ, ਜਲੰਧਰ।

ਪਿੰਡਾਂ ਵਿਚ ਖੇਡ ਦੇ ਮੈਦਾਨ

ਅਸੀਂ ਸਾਰੇ ਇਕ ਗੱਲ ਆਮ ਹੀ ਸੁਣਦੇ ਹਾਂ ਕਿ ਬਹੁਤਾਤ ਲੜਕੇ ਪੜ੍ਹਾਈ ਲਿਖਾਈ ਵਿਚ ਲੜਕੀਆਂ ਦੇ ਮੁਕਾਬਲੇ ਘੱਟ ਹੀ ਦਿਲਚਸਪੀ ਰੱਖਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਲੜਕਿਆਂ ਦੀ ਜ਼ਿਆਦਾ ਦਿਲਚਸਪੀ ਖੇਡਾਂ ਵਿਚ ਹੁੰਦੀ ਹੈ। ਜਿਥੋਂ ਤੱਕ ਮੈਨੂੰ ਲਗਦਾ ਹੈ ਪਰਮਾਤਮਾ ਨੇ ਹਰ ਇਕ ਵਿਅਕਤੀ ਵਿਚ ਕੋਈ ਨਾ ਕੋਈ ਖ਼ਾਸ ਗੁਣ ਜ਼ਰੂਰ ਪਾਇਆ ਹੁੰਦਾ ਹੈ। ਬਤੌਰ ਅਧਿਆਪਕਾ ਮੈਂ ਅਜਿਹੇ ਬਹੁਤ ਸਾਰੇ ਵਿਦਿਆਰਥੀ ਦੇਖੇ ਹਨ ਜੋ ਪੜ੍ਹਾਈ ਵਿਚ ਤਾਂ ਭਾਵੇਂਕਮਜ਼ੋਰ ਹੋਣ ਪਰ ਵੱਖਰੀਆਂ-ਵੱਖਰੀਆਂ ਖੇਡਾਂ ਵਿਚ ਉਨ੍ਹਾਂ ਦਾ ਪ੍ਰਦਰਸ਼ਨ ਕਾਬਿਲੇ-ਤਾਰੀਫ਼ ਹੁੰਦਾ ਹੈ। ਸਰਕਾਰ ਨੂੰ ਇਸ ਗੱਲ ਵੱਲ ਧਿਆਨ ਦੇਣਾ ਪਵੇਗਾ ਕਿ ਕੀ ਹਰ ਇਕ ਪਿੰਡ ਵਿਚ ਖੇਡ ਮੈਦਾਨ ਹੈ? ਕੀ ਪਿੰਡ ਦੀ ਨੌਜਵਾਨ ਪੀੜ੍ਹੀ ਕੋਲ ਕੋਈ ਅਜਿਹੀ ਜਗ੍ਹਾ ਹੈ, ਜਿੱਥੇ ਉਹ ਆਪਣੀ ਸਰੀਰਕ ਕਸਰਤ ਕਰ ਸਕਣ। ਭਾਵੇਂ ਅੱਜਕੱਲ੍ਹ ਹਰ ਪਿੰਡ ਵਿਚ ਜਾਂ ਨਜ਼ਦੀਕ ਜਿਮ ਖੁੱਲ੍ਹੇ ਹੋਏ ਹਨ, ਪਰ ਮੈਨੂੰ ਨਹੀਂ ਲਗਦਾ ਕਿ ਹਰ ਕਿਸਾਨ ਦੇ ਪੁੱਤ ਕੋਲ ਏਨੇ ਪੈਸੇ ਹਨ ਕਿ ਉਹ ਸਰੀਰਕ ਕਸਰਤ ਲਈ ਜਿਮ ਜਾ ਸਕਣ। ਇਸ ਲਈ ਸਰਕਾਰਾਂ ਨੂੰ ਜਾਂ ਖੇਡ ਵਿਭਾਗਾਂ ਨੂੰ ਹਰ ਪਿੰਡ ਵਿਚ ਖੇਡ ਮੈਦਾਨ ਦੀ ਹੋਂਦ ਨੂੰ ਯਕੀਨੀ ਬਣਾਉਣਾ ਪਵੇਗਾ। ਜੇਕਰ ਹਰ ਪਿੰਡ ਵਿਚ ਖੇਡ ਮੈਦਾਨ ਮੌਜੂਦ ਹੋਵੇਗਾ ਤਾਂ ਇਸ ਦੇ ਬਹੁਤ ਸਾਰੇ ਲਾਭ ਹੋ ਸਕਦੇ ਹਨ, ਜਿਵੇਂ ਕਿ ਨੌਜਵਾਨਾਂ ਵਿਚ ਖੇਡਾਂ ਪ੍ਰਤੀ ਰੁਚੀ ਪੈਦਾ ਹੋਵੇਗੀ, ਨੌਜਵਾਨ ਵਿਹਲਾ ਸਮਾਂ ਬਿਤਾਉਣ ਜਾਂ ਮੋਬਾਈਲ ਉੱਤੇ ਸਮਾਂ ਬਿਤਾਉਣ ਦੀ ਆਦਤ ਤੋਂ ਛੁਟਕਾਰਾ ਪਾ ਸਕਦੇ ਹਨ। ਨੌਜਵਾਨ ਮਾੜੀ ਸੰਗਤ ਤੋਂ ਦੂਰ ਰਹਿਣਗੇ ਅਤੇ ਖੇਡ ਦੇ ਮੈਦਾਨ ਵਿਚ ਇਕ-ਦੂਸਰੇ ਨਾਲ ਮਿਲ ਕੇ ਰਹਿਣ ਨਾਲ ਭਾਈਚਾਰੇ ਦੀ ਸਾਂਝ ਵੀ ਵਧੇਗੀ। ਨੌਜਵਾਨ ਖਿਡਾਰੀਆਂ ਵਿਚ ਮੁਕਾਬਲੇਬਾਜ਼ੀ ਦੀ ਭਾਵਨਾ ਉਤਪੰਨ ਹੋਵੇਗੀ, ਜਿਸ ਨਾਲ ਉਹ ਮਿਹਨਤ ਕਰਨਗੇ ਅਤੇ ਇਕ ਚੰਗੇ ਖਿਡਾਰੀ ਉੱਭਰ ਕੇ ਬਾਹਰ ਆਉਣਗੇ।

-ਹਰਕੀਰਤ ਕੌਰ ਸਭਰਾ।

11-11-2020

 ਪੰਜਾਬ ਨਾਲ ਵਿਤਕਰਾ ਕਿਉਂ?

ਅੱਜ ਪੰਜਾਬੀ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਵਸਦੇ ਹੋਣ, ਉਹ ਇਕ ਗੱਲ ਭਲੀਭਾਂਤ ਸਮਝ ਗਏ ਹਨ ਕਿ ਭਾਰਤ ਦੇਸ਼ ਆਜ਼ਾਦ ਹੋਣ ਤੋਂ ਕੇ ਅੱਜ ਤੱਕ ਪੰਜਾਬ ਨਾਲ ਦਿੱਲੀ ਦੇ ਤਖ਼ਤ ਵਲੋਂ ਹਮੇਸ਼ਾ ਵਿਤਕਰਾ ਕੀਤਾ ਗਿਆ ਹੈ। ਪੰਜਾਬ ਭਾਰਤ ਦੀ ਖੜਗ ਭੁਜਾ ਹੋਣ ਕਰਕੇ ਇਸ ਨੂੰ ਹਮੇਸ਼ਾ ਸਭ ਤੋਂ ਜ਼ਿਆਦਾ ਜੰਗਾਂ ਯੁੱਧਾਂ ਦਾ ਸਾਹਮਣਾ ਕਰਨਾ ਪਿਆ ਹੈ। ਗੁਰੂਆਂ ਦੀ ਧਰਤੀ ਪੰਜਾਬ ਨੇ ਕਦੇ ਕਿਸੇ ਅੱਗੇ ਹਾਰ ਨਹੀਂ ਮੰਨੀ ਤੇ ਆਪਣੀ ਅਣਖ ਦਾ ਕਦੇ ਸੌਦਾ ਨਹੀਂ ਕੀਤਾ। ਕੇਂਦਰ ਵਲੋਂ ਅੱਜ ਤੱਕ ਪੰਜਾਬ ਦੀਆਂ ਹੱਕੀ ਮੰਗਾਂ ਨਾ ਮੰਨ ਕੇ ਪੰਜਾਬ ਨੂੰ ਹਮੇਸ਼ਾ ਦਬਾਅ ਕੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਦੇਸ਼ ਦੀ ਭਲਾਈ ਇਸੇ ਵਿਚ ਹੈ ਕਿ ਬਿਨਾਂ ਵਕਤ ਗੁਆਏ ਦਿੱਲੀ ਦੇ ਤਖ਼ਤ 'ਤੇ ਬੈਠੇ ਹਾਕਮ ਇਹ ਸਮਝ ਲੈਣ ਕਿ ਪੰਜਾਬ ਵਾਸੀਆਂ ਦੀਆਂ ਕੁਰਬਾਨੀਆਂ ਅਤੇ ਯੋਗਦਾਨ ਦੇ ਬਰਾਬਰ ਪੰਜਾਬ ਦੇ ਅਧਿਕਾਰਾਂ ਨੂੰ ਇਕੋ ਤੱਕੜੀ ਵਿਚ ਤੋਲ ਕੇ ਦਿੱਤਾ ਜਾਵੇ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ।

ਚੈਨਲ ਲੋਕਾਂ ਦੀ ਆਵਾਜ਼ ਬਣਨ

ਪ੍ਰਮੁੱਖ ਚੈਨਲ ਪਤਾ ਨਹੀਂ ਸਰਕਾਰ ਤੋਂ ਕੀ ਮਦਦ ਲੈ ਰਹੇ ਹਨ ਜਾਂ ਉਨ੍ਹਾਂ ਦੀ ਕੀ ਮਜਬੂਰੀ ਹੈ, ਉਹ ਕੇਂਦਰ ਸਰਕਾਰ ਦੇ ਝੋਲੀ ਚੁੱਕ ਬਣੇ ਹੋਏ ਹਨ। ਇਨ੍ਹਾਂ ਬਾਰੇ ਗੋਦੀ ਮੀਡੀਆ ਸ਼ਬਦ ਵੀ ਮਸ਼ਹੂਰ ਹੈ। ਹੁਣ ਜਦੋਂ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਸੰਘਰਸ਼ ਚੱਲ ਰਿਹਾ ਹੈ ਜੋ ਕਿ ਸਾਰੇ ਦੇਸ਼ ਤੇ ਲੋਕਾਂ ਲਈ ਮਹੱਤਵਪੂਰਨ ਹੈ ਤਾਂ ਇਨ੍ਹਾਂ ਦੀ ਭੂਮਿਕਾ ਫਿਰ ਉਹੀ ਹੈ। ਉਲਟਾ ਇਹ ਚੈਨਲ ਨਵੇਂ ਖੇਤੀ ਕਾਨੂੰਨਾਂ ਨੂੰ ਠੀਕ ਠਹਿਰਾਉਣ ਦੇ ਯਤਨਾਂ ਵਿਚ ਬਹਿਸ ਕਰਵਾ ਰਹੇ ਹਨ। ਇਨ੍ਹਾਂ ਚੈਨਲਾਂ ਨੂੰ ਚਾਹੀਦਾ ਹੈ ਕਿ ਇਹ ਦੂਸਰੇ ਪੱਖ ਦੀਆਂ ਦਲੀਲਾਂ ਵੀ ਲੋਕਾਂ ਸਾਹਮਣੇ ਰੱਖਣ। ਇਹ ਚੈਨਲ ਹੁਣ ਝੋਨੇ ਦੀ ਪਰਾਲੀ ਨੂੰ ਅੱਗ ਲੱਗੀ ਵਾਲੀਆਂ ਫੋਟੋਆਂ ਅਤੇ ਵੀਡੀਓ ਬਣਾ ਕੇ ਪ੍ਰਦੂਸ਼ਣ ਦਾ ਮੁੱਦਾ ਬਣਾ ਰਹੇ ਹਨ ਤਾਂ ਜੋ ਇਸ ਨੂੰ ਕਿਸਾਨ ਵਿਰੋਧੀ ਮੁੱਦਾ ਬਣਾ ਕੇ ਪੇਸ਼ ਕੀਤਾ ਜਾ ਸਕੇ। ਇਨ੍ਹਾਂ ਚੈਨਲਾਂ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਪ੍ਰਮੁੱਖਤਾ ਦੇਣੀ ਚਾਹੀਦੀ ਹੈ ਤਾਂ ਕਿ ਲੋਕਾਂ ਦਾ ਮੀਡੀਆ ਵਿਚ ਭਰੋਸਾ ਬਣਿਆ ਰਹੇ।

-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

ਜ਼ਿੰਦਾਦਿਲ ਪੰਜਾਬੀ

ਪੰਜਾਬ ਦੇ ਲੋਕ ਹਮੇਸ਼ਾ ਜ਼ਿੰਦਾਦਿਲ ਰਹੇ ਹਨ ਅਤੇ ਪੰਜਾਬੀਆਂ ਨੇ ਹਰ ਔਖੀ ਸੌਖੀ ਘੜੀ ਦਾ ਡਟ ਕੇ ਸਾਹਮਣਾ ਕੀਤਾ ਹੈ, ਪਰ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਲੋਕ ਆਪਣੀ ਇਸ ਜ਼ਿੰਦਾਦਿਲੀ ਤੋਂ ਅੱਖਾਂ ਚੁਰਾ ਰਹੇ ਹਨ ਕਿਉਂਕਿ ਆਏ ਦਿਨ ਪੂਰੇ ਦੇ ਪੂਰੇ ਪਰਿਵਾਰਾਂ ਵਲੋਂ ਅਪਣਾਇਆ ਗਿਆ ਖ਼ੁਦਕੁਸ਼ੀਆਂ ਦਾ ਰਾਹ ਪੰਜਾਬੀਆਂ ਅੰਦਰਲੀ ਨੀਰਸ ਹੋ ਚੁੱਕੀ ਵਿਸਫੋਟਕ ਸਥਿਤੀ ਨੂੰ ਬਿਆਨ ਕਰ ਰਿਹਾ ਹੈ ਅਤੇ ਜੇਕਰ ਇਸ ਵਿਸਫੋਟਕ ਸਥਿਤੀ ਦੇ ਅਸਲ ਕਾਰਨਾਂ ਨੂੰ ਸਰਕਾਰਾਂ ਜਾਂ ਸਮਾਜ ਦੇ ਬੁੱਧੀਜੀਵੀਆਂ ਨੇ ਜਲਦੀ ਨਾ ਵਾਚਿਆ ਤਾਂ ਇਹ ਪੰਜਾਬ ਦੇ ਭਵਿੱਖ ਲਈ ਬੇਹੱਦ ਦੁਖਦਾਈ ਹੋ ਨਿੱਬੜੇਗਾ। ਅਜਿਹੀਆਂ ਕਿਹੜੀਆਂ ਸਥਿਤੀਆਂ ਪੈਦਾ ਹੋ ਰਹੀਆਂ ਹਨ ਕਿ ਪੂਰਾ ਸੂਰਾ ਪਰਿਵਾਰ ਉਸ ਦਾ ਸਾਹਮਣਾ ਕਰਨ ਦੀ ਬਜਾਏ ਮੌਤ ਨੂੰ ਗਲੇ ਲਗਾ ਕੇ ਜ਼ਿੰਦਗੀ ਜਿਊਣ ਤੋਂ ਭੱਜ ਰਿਹਾ ਹੈ। ਪੰਜਾਬੀਆਂ ਦੇ ਮਨੋਬਲ ਦਾ ਸਭ ਤੋਂ ਵੱਡਾ ਸੋਮਾ ਹੀ ਭਾਈਚਾਰਕ ਸਾਂਝ ਸੀ ਪਰ ਅੱਜ ਹਰ ਪਰਿਵਾਰ ਆਪਣੇ ਆਪ ਵਿਚ ਹੀ ਸੀਮਤ ਹੋ ਕੇ ਰਹਿ ਗਿਆ ਹੈ ਜਿਸ ਕਾਰਨ ਕਿਸੇ ਨਾਲ ਦੁਖ-ਸੁਖ ਸਾਂਝਾ ਕਰਨ ਦਾ ਸਭ ਤੋਂ ਵੱਡਾ ਪਲੇਟਫ਼ਾਰਮ ਅਸੀਂ ਗੁਆ ਲਿਆ ਹੈ ਤੇ ਇਹੀ ਕਾਰਨ ਹੈ ਕਿ ਅੱਜ ਅਸੀਂ ਦਿਨੋ-ਦਿਨ ਪ੍ਰੇਸ਼ਾਨੀਆਂ ਦਾ ਟੋਕਰਾ ਆਪਣੇ ਸਿਰਾਂ 'ਤੇ ਲੱਦੀ ਫਿਰ ਰਹੇ ਹਾਂ ਅਤੇ ਇਹ ਟੋਕਰਾ ਦਿਨੋ-ਦਿਨ ਭਾਰਾ ਹੁੰਦਾ ਜਾ ਰਿਹਾ ਹੈ ਤੇ ਜਦੋਂ ਚੁੱਕਣ ਦੀ ਹਿੰਮਤ ਨਹੀਂ ਰਹਿੰਦੀ ਤਾਂ ਫਿਰ ਇਕੋ ਇਕ ਰਾਹ ਉਹ ਚੁਣ ਲਿਆ ਜਾਂਦਾ ਹੈ, ਜਿਸ ਤੋਂ ਵੱਡਾ ਕੋਈ ਪਾਪ ਨਹੀਂ। ਪਹਿਲਾਂ ਇਹ ਪ੍ਰੇਸ਼ਾਨੀਆਂ ਸਾਂਝੇ ਪਰਿਵਾਰਾਂ, ਸ਼ਰੀਕੇ ਕਬੀਲੇ, ਆਂਢ ਗੁਆਂਢ ਨਾਲ ਸਾਂਝੀਆਂ ਕਰਕੇ ਇਨ੍ਹਾਂ ਦਾ ਭਾਰ ਸਿਰੋਂ ਲਾਹ ਲਿਆ ਜਾਂਦਾ ਸੀ ਅਤੇ ਇਨ੍ਹਾਂ ਦਾ ਹੱਲ ਵੀ ਰਲ ਮਿਲ ਕੇ ਕੱਢ ਲਿਆ ਜਾਂਦਾ ਸੀ। ਇਸ ਲਈ ਆਓ ਪੰਜਾਬੀਓ ਭਾਈਚਾਰਕ ਸਾਂਝ ਨੂੰ ਫਿਰ ਤੋਂ ਮਜ਼ਬੂਤ ਕਰੀਏ ਅਤੇ ਆਪਣੇ ਦੁੱਖਾਂ-ਸੁੱਖਾਂ ਨੂੰ ਪਰਿਵਾਰਾਂ, ਆਂਢ ਗੁਆਂਢ ਅਤੇ ਸਕੇ ਸਬੰਧੀਆਂ ਨਾਲ ਵੰਡਾ ਕੇ ਪ੍ਰੇਸ਼ਾਨੀਆਂ ਦੇ ਟੋਕਰੇ ਨੂੰ ਸਿਰ ਤੋਂ ਲਾਹੀਏ ਤੇ ਲਹਾਈਏ।

-ਗੁਰਤੇਜ ਸਿੰਘ ਬਰਾੜ।

ਕੋਰੋਨਾ ਬਨਾਮ ਇਨਸਾਨੀਅਤ

ਕੋਰੋਨਾ ਭਾਵ ਕੋਵਿਡ-19 ਸ਼ਬਦ ਨੂੰ ਸੁਣਨ ਸਾਰ ਹੀ ਦਿਮਾਗ ਵਿਚ ਸਮਾਜਿਕ ਦੂਰੀ ਦਾ ਸੰਕਲਪ ਪੈਦਾ ਹੋ ਜਾਂਦਾ ਹੈ। ਪਿਛਲੇ ਕਾਫੀ ਸਮੇਂ ਤੋਂ ਸਾਰਾ ਹੀ ਸੰਸਾਰ ਇਸ ਮਹਾਂਮਾਰੀ ਨਾਲ ਜੂਝ ਰਿਹਾ ਹੈ। ਬਹੁਤੇ ਤਾਂ ਇਸ ਦੁਨੀਆ ਤੋਂ ਰੁਖਸਤ ਹੀ ਹੋ ਗਏ ਹਨ। ਸਰਕਾਰਾਂ ਸਮੇਂ-ਸਮੇਂ 'ਤੇ ਹਦਾਇਤਾਂ ਜਾਰੀ ਕਰ ਰਹੀਆਂ ਹਨ। ਜਨਤਾ ਨੂੰ ਹਦਇਤਾਂ ਨੂੰ ਪਾਲਣ ਕਰਨ ਵਾਸਤੇ ਕਹਿ ਰਹੀਆਂ ਹਨ। ਇਸ ਮਹਾਂਮਾਰੀ ਦੀ ਦਵਾਈ ਨਾ ਹੋਣ ਕਰਕੇ ਸਰਕਾਰ ਸਮਾਜਿਕ ਦੂਰੀ ਦਾ ਹੀ ਪਾਲਣਾ ਕਰਨ ਵਾਸਤੇ ਕਹਿ ਰਹੀ ਹੈ। ਇਹ ਕਾਫੀ ਹੱਦ ਤੱਕ ਸਹੀ ਵੀ ਹੈ। ਕਿਉਂਕਿ ਸਿਆਣੇ ਕਹਿੰਦੇ ਹਨ ਕਿ 'ਜਾਨ ਹੈ ਤਾਂ ਜਹਾਨ ਹੈ'। ਇਸ ਕਰਕੇ ਜੇ ਅਸੀਂ ਘਰ ਰਹਾਂਗੇ ਜਾਂ ਸਮਾਜਿਕ ਦੂਰੀ ਬਣਾ ਕੇ ਰੱਖਾਂਗੇ ਤਾਂ ਅਸੀਂ ਆਪਣੀ ਅਤੇ ਆਪਣੇ ਸਾਕ ਸਬੰਧੀਆਂ ਦੀ ਜਾਨ ਮਹਿਫੂਜ਼ ਰੱਖ ਸਕਾਂਗੇ। ਮੇਰਾ ਉਨ੍ਹਾਂ ਸਾਰੇ ਹੀ ਵਾਰੀਅਰਜ਼ ਨੂੰ ਪ੍ਰਣਾਮ, ਜਿਹੜੇ ਇਸ ਕੋਰੋਨਾ ਮਹਾਂਮਾਰੀ ਦੌਰਾਨ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਲੋਕਾਂ ਦੀਆਂ ਜਾਨਾਂ ਬਚਾ ਰਹੇ ਹਨ ਅਤੇ ਹਰ ਸੰਭਵ ਤਰੀਕੇ ਨਾਲ ਮਦਦ ਕਰ ਰਹੇ ਹਨ। ਅੰਤ ਵਿਚ ਮੇਰਾ ਸਮੁੱਚੀ ਕਾਇਨਾਤ ਨੂੰ ਇਕੋ ਹੀ ਸੁਨੇਹਾ ਹੈ ਕਿ ਸਾਨੂੰ ਇਸ ਕੋਰੋਨਾ ਦੀ ਆੜ ਵਿਚ ਆਪਣੇ ਸਮਾਜਿਕ ਰਿਸ਼ਤਿਆਂ ਅਤੇ ਇਨਸਾਨੀਅਤ ਦਾ ਘਾਣ ਨਹੀਂ ਕਰਨਾ ਚਾਹੀਦਾ। ਜਿਥੇ ਕਿਤੇ ਵੀ ਕੋਈ ਲਾਚਾਰ ਵਿਅਕਤੀ ਮਿਲਦਾ ਹੈ ਤਾਂ ਉਸ ਦੀ ਹਰ ਸੰਭਵ ਤਰੀਕੇ ਨਾਲ ਮਦਦ ਕਰਨੀ ਚਾਹੀਦੀ ਹੈ। ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਉਸ ਦੀ ਮਦਦ ਕਰਨੀ ਚਾਹੀਦੀ ਹੈ। ਕਿਉਂਕਿ ਜੇਕਰ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਵਰਗੇ ਦੇਸ਼ ਭਗਤ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਦੇਸ਼ ਨੂੰ ਆਜ਼ਾਦੀ ਨਾ ਦਿਵਾਉਂਦੇ ਤਾਂ ਅੱਜ ਸ਼ਾਇਦ ਅਸੀਂ ਉਨ੍ਹਾਂ ਨੂੰ ਯਾਦ ਨਾ ਕਰਦੇ।

-ਗੁਰਵਿੰਦਰ ਸਿੰਘ ਉੱਪਲ
ਈ.ਟੀ.ਟੀ. ਅਧਿਆਪਕ, ਸਰਕਾਰੀ ਪ੍ਰਾਇਮਰੀ ਸਕੂਲ, ਟੱਲੇਵਾਲ, ਬਲਾਕ ਮਾਲੇਰਕੋਟਲਾ।

10-11-2020

 ਦੀਵਾਲੀ ਅਤੇ ਪਟਾਕੇ

ਪਿਛਲੇ ਸਾਲਾਂ ਦੌਰਾਨ ਗ਼ੈਰ-ਕਾਨੂੰਨੀ ਪਟਾਕਿਆਂ ਦਾ ਭੰਡਾਰ ਕਰਨ ਕਾਰਨ ਹਾਦਸੇ ਵਾਪਰੇ ਸਨ, ਪਰ ਇਸ ਸਾਲ ਵੀ ਗੁਦਾਮਾਂ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਪਟਾਕੇ ਸਟਾਕ ਹੋਣ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋ ਰਹੀਆਂ ਹਨ। ਪਟਾਕਿਆਂ ਦੀਆਂ ਫੈਕਟਰੀਆਂ ਨੂੰ ਲਾਇਸੈਂਸ ਜਾਰੀ ਕਰਨ ਸਮੇਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਕਿ ਫੈਕਟਰੀਆਂ ਰਿਹਾਇਸ਼ੀ ਇਲਾਕਿਆਂ ਤੋਂ ਦੂਰ ਹੋਣੀਆਂ ਚਾਹੀਦੀਆਂ ਹਨ, ਤਾਂ ਜੋ ਕਿਸੇ ਵੇਲੇ ਗੁਦਾਮਾਂ ਵਿਚ ਹਾਦਸਾ ਵਾਪਰਨ ਕਾਰਨ ਜਾਨੀ ਤੇ ਮਾਲੀ ਨੁਕਸਾਨ ਨਾ ਹੋਵੇ ਜਿਵੇਂ ਕਿ ਪਿਛਲੇ ਸਾਲ ਬਟਾਲਾ ਵਿਖੇ ਹਾਦਸਾ ਵਾਪਰਿਆ ਸੀ।
ਇਸ ਤੋਂ ਇਲਾਵਾ ਦੀਵਾਲੀ ਦੇ ਤਿਉਹਾਰ ਦੌਰਾਨ ਧਮਾਕਾ ਕਰਨ ਵਾਲੀ ਅਤੇ ਪ੍ਰਦੂਸ਼ਣ ਫੈਲਾਉਣ ਵਾਲੀ ਆਤਿਸ਼ਬਾਜ਼ੀ ਚਲਾਉਣ ਤੋਂ ਗੁਰੇਜ਼ ਕਰਨ ਦੇ ਨਾਲ-ਨਾਲ ਹਲਕੇ ਫੁਲਕੇ ਪਟਾਕੇ ਹੀ ਚਲਾਉਣੇ ਚਾਹੀਦੇ ਹਨ ਅਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣੀ ਚਾਹੀਦੀ ਹੈ। ਚੀਨ ਦੀਆਂ ਲੜੀਆਂ ਨੂੰ ਤਰਜੀਹ ਨਾ ਦੇ ਕੇ ਮੋਮਬੱਤੀਆਂ ਅਤੇ ਸਰ੍ਹੋਂ ਦੇ ਤੇਲ ਦੇ ਦੀਵੇ ਬਾਲ ਕੇ ਦੀਵਾਲੀ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ, ਅਜਿਹਾ ਕਰਕੇ ਜਿਥੇ ਹਾਦਸਿਆਂ ਤੋਂ ਬਚਾਅ ਹੋਵੇਗਾ, ਉਥੇ ਹੀ ਵਾਤਾਵਰਨ ਨੂੰ ਵੀ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇਗਾ। ਜਿਥੇ ਲੋਕਾਂ ਨੂੰ ਇਸ ਪ੍ਰਤੀ ਗੰਭੀਰ ਹੋਣਾ ਚਾਹੀਦਾ ਹੈ ਉਥੇ ਹੀ ਪ੍ਰਸ਼ਾਸਨ ਨੂੰ ਇਸ ਤਿਉਹਾਰ 'ਤੇ ਹੋਰ ਵੀ ਚੌਕਸ ਹੋਣ ਦੀ ਲੋੜ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।

ਗੁਰਮੁਖੀ ਭਾਸ਼ਾ

ਅੱਜਕਲ੍ਹ ਵੇਖਿਆ ਜਾਵੇ ਤਾਂ ਕੁਝ ਲੋਕ ਪੰਜਾਬੀ ਭਾਸ਼ਾ ਨੂੰ ਅਨਪੜ੍ਹਾਂ ਦੀ ਬੋਲੀ ਜਾਂ ਪੇਂਡੂ ਬੋਲੀ ਕਹਿ ਕੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਮਾਂ-ਬੋਲੀ ਦਾ ਬਣਦਾ ਸਤਿਕਾਰ ਸਭ ਨੂੰ ਕਰਨਾ ਚਾਹੀਦਾ ਹੈ, ਕਿਉਂਕਿ ਜਿਹੜਾ ਦਰੱਖਤ ਮੀਂਹ ਹਨੇਰੀਆਂ ਵਿਚ ਵੀ ਖੜ੍ਹਾ ਰਹਿੰਦਾ ਹੈ, ਉਸ ਦੇ ਸਿੱਧੇ ਖੜ੍ਹੇ ਰਹਿਣ ਪਿੱਛੇ ਉਸ ਦਾ ਜ਼ਮੀਨ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ। ਸੋ, ਕਹਿਣ ਦਾ ਭਾਵ ਕਿ ਆਪਣਾ ਮੂਲ ਨਾ ਭੁੱਲੋ। ਮਾਂ-ਬੋਲੀ ਨੂੰ ਬਣਦਾ ਸਤਿਕਾਰ ਦਿਓ।

-ਡਾ: ਮਨਪ੍ਰੀਤ ਸੂਦ
ਸ਼ਹੀਦ ਭਗਤ ਸਿੰਘ ਨਗਰ।

ਫਸਲੀ ਚੱਕਰ

ਕਈ ਸਦੀਆਂ ਤੋਂ ਕਿਸਾਨ ਪੰਜਾਬ ਵਿਚ ਕਣਕ ਅਤੇ ਝੋਨੇ ਦੀ ਫਸਲ ਨੂੰ ਹੀ ਤਰਜੀਹ ਦੇ ਰਹੇ ਹਨ ਕਿਉਂਕਿ ਇਕ ਤਾਂ ਇਸ ਦਾ ਮੰਡੀਕਰਨ ਕਰਨਾ ਠੀਕ ਹੋ ਜਾਂਦਾ ਹੈ, ਦੂਜਾ ਮਿਹਨਤ ਜ਼ਿਆਦਾ ਨਹੀਂ ਕਰਨੀ ਪੈਂਦੀ। ਇਨ੍ਹਾਂ ਦੀ ਬਿਜਾਈ ਤੇ ਵਢਾਈ ਹੀ ਥੋੜ੍ਹੇ ਸਮੇਂ ਵਿਚ ਕੀਤੀ ਜਾ ਸਕਦੀ ਹੈ, ਜਿਸ ਕਰਕੇ ਕਿਸਾਨ ਕਿਸੇ ਹੋਰ ਫਸਲ ਨੂੰ ਬੀਜਣ ਤੋਂ ਗੁਰੇਜ਼ ਕਰਦੇ ਆ ਰਹੇ ਹਨ। ਸਰਕਾਰ ਵੀ ਲੋਕਾਂ ਨੂੰ ਕਹਿ ਰਹੀ ਹੈ ਕਿ ਇਨ੍ਹਾਂ ਫਸਲਾਂ ਤੋਂ ਹਟ ਕੇ ਕੋਈ ਦੂਸਰੀਆਂ ਫਸਲਾਂ ਦੀ ਖੇਤੀ ਕੀਤੀ ਜਾਵੇ। ਗੱਲ ਬਿਲਕੁਲ ਸਹੀ ਹੈ ਪਰ ਇਨ੍ਹਾਂ ਫਸਲ ਤੋਂ ਹਟ ਕੇ ਸਬਜ਼ੀਆਂ ਨੂੰ ਤਰਜੀਹ ਦਿੱਤੀ ਜਾ ਸਕਦੀ ਹੈ ਪਰ ਸਬਜ਼ੀਆਂ ਦਾ ਮੰਡੀਕਰਨ ਤੇ ਸਬਜ਼ੀਆਂ ਦਾ ਭਾਅ ਨਿਸਚਿਤ ਨਾ ਹੋਣ ਕਰਕੇ ਕਿਸਾਨ ਇਸ ਵੱਲ ਧਿਆਨ ਹੀ ਦੇਣਾ ਨਹੀਂ ਚਾਹੁੰਦੇ। ਜੇਕਰ ਕਿਸਾਨਾਂ ਨੂੰ ਵਾਕਿਆ ਹੀ ਸਰਕਾਰ ਫਸਲੀ ਚੱਕਰ ਵਿਚੋਂ ਕੱਢਣ ਦੀ ਚਾਹਵਾਨ ਹੈ ਤਾਂ ਸਬਜ਼ੀਆਂ ਦਾ ਵੀ ਐਮ.ਐਸ.ਪੀ. ਨਿਸਚਿਤ ਕਰੇ, ਜਿਸ ਨਾਲ ਕਿਸਾਨਾਂ ਨੂੰ ਘਾਟਾ ਨਾ ਪਵੇ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)।

ਪ੍ਰਦੂਸ਼ਣ ਰੋਕਣਾ ਸਭ ਦੀ ਜ਼ਿੰਮੇਵਾਰੀ

ਤਿਉਹਾਰਾਂ ਦੀ ਆਮਦ ਸ਼ੁਰੂ ਹੋ ਗਈ ਹੈ। ਕੁਝ ਦਿਨਾਂ ਬਾਅਦ ਦੀਵਾਲੀ ਦਾ ਤਿਉਹਾਰ ਹੈ। ਵੱਡੇ ਪੱਧਰ 'ਤੇ ਲੋਕ ਆਤਿਸ਼ਬਾਜ਼ੀ ਚਲਾਉਂਦੇ ਹਨ। ਪੰਜਾਬ, ਹਰਿਆਣਾ ਸਮੇਤ ਦੇਸ਼ ਦੇ ਕਈ ਸੂਬਿਆਂ ਵਿਚ ਪਰਾਲੀ ਨੂੰ ਸਾੜਨ ਦੀਆਂ ਖ਼ਬਰਾਂ ਆ ਰਹੀਆਂ ਹਨ, ਜਿਸ ਕਾਰਨ ਦਿੱਲੀ ਦੀ ਹਵਾ ਖਰਾਬ ਹੋ ਗਈ ਹੈ। ਪ੍ਰਦੂਸ਼ਣ ਵਧ ਗਿਆ ਹੈ। ਕਿਸਾਨਾਂ 'ਤੇ ਪਰਚੇ ਵੀ ਦਰਜ ਹੋ ਰਹੇ ਹਨ ਹਰ ਸਾਲ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਆ ਜਾਂਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਰਾਲੀ ਸਾੜਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਫੈਕਟਰੀਆਂ ਦੀਆਂ ਚਿਮਨੀਆਂ 'ਚੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਵੀ ਖਤਰਨਾਕ ਹੈ। ਤਿਉਹਾਰ ਆਪਸੀ ਪ੍ਰੇਮ, ਭਾਈਚਾਰੇ ਦਾ ਪ੍ਰਤੀਕ ਹਨ। ਤਿਉਹਾਰਾਂ ਮੌਕੇ ਅਸੀਂ ਇਕ-ਦੂਜੇ ਨੂੰ ਮਠਿਆਈਆਂ ਵੰਡਦੇ ਹਾਂ। ਪਟਾਕੇ ਆਤਿਸ਼ਬਾਜ਼ੀ ਚਲਾ ਕੇ ਅਸੀਂ ਆਪਣਾ ਵੀ ਕਈ ਵਾਰ ਨੁਕਸਾਨ ਕਰ ਲੈਂਦੇ ਹਨ ਅਤੇ ਵਾਤਾਵਰਨ ਵੀ ਪ੍ਰਦੂਸ਼ਿਤ ਕਰਦੇ ਹਾਂ। ਕਿਸਾਨ ਭਰਾਵਾਂ ਦੇ ਨਾਲ-ਨਾਲ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਹੈ ਕਿ ਅਸੀਂ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਰੱਖੀਏ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਸ਼ੁਕਰਾਨੇ-ਮਿਹਰਬਾਨੀਆਂ

'ਅਜੀਤ' ਅਖ਼ਬਾਰ ਦੇ ਪਾਠਕ ਤਾਂ ਉਦੋਂ ਤੋਂ ਹੀ ਹਾਂ ਜਦੋਂ ਊੜਾ ਐੜਾ ਪੜ੍ਹਨਾ ਸਿੱਖ ਰਹੇ ਸੀ। ਜਿੰਨਾ ਕੁ ਯਾਦ ਹੈ ਸਾਨੂੰ ਸਾਡੇ ਘਰਦਿਆਂ ਨੇ ਗੁਰਮੁਖੀ ਦੇ ਅੱਖਰਾਂ ਦੀ ਪਛਾਣ ਹੀ 'ਅਜੀਤ' ਅਖ਼ਬਾਰ ਮੂਹਰੇ ਰੱਖ-ਰੱਖ ਕੇ ਕਰਵਾਈ ਸੀ। ਪਿਛਲੇ ਦਿਨੀਂ ਜਦੋਂ 'ਅਜੀਤ' ਦੇ ਐਤਵਾਰ ਮੈਗਜ਼ੀਨ ਦੇ ਮੁੱਖ ਮੰਨੇ 'ਤੇ 'ਸੁਕਰਾਤ ਅੱਜ ਵੀ ਜਿਊਂਦਾ ਹੈ' ਛਪਿਆ ਤਾਂ ਮੈਂ ਆਪਣੀ 'ਮੈਂ' ਨੂੰ ਆਪਣੇ ਮਨ ਉੱਤੇ ਭਾਰੀ ਪੈਣ ਤੋਂ ਸੰਭਾਲਦਿਆਂ ਹੋਇਆਂ ਇਸ ਸਿੱਟੇ 'ਤੇ ਪਹੁੰਚਿਆ ਹਾਂ ਕਿ 'ਅਜੀਤ' ਵਿਚ ਇਹ ਵਡਮੁੱਲੀ ਜਗ੍ਹਾ ਰਾਜ ਹੀਉਂ (ਬੰਗਾ) ਨੂੰ ਨਹੀਂ ਬਲਕਿ ਸੁਕਰਾਤ ਸਬੰਧੀ ਸੱਚ ਨੂੰ ਮਿਲੀ ਹੈ। ਰਾਜ ਹੀਉਂ ਨੇ ਤਾਂ ਇਕ ਡਾਕੀਏ ਵਜੋਂ ਸੱਚ ਨੂੰ ਇਕੱਠਿਆਂ ਕੀਤਾ ਅਤੇ 'ਅਜੀਤ' ਤੱਕ ਪਹੁੰਚਾ ਦਿੱਤਾ। ਜੌਹਰੀ ਦੀ ਅੱਖ ਤਾਂ 'ਅਜੀਤ' ਅਦਾਰੇ ਕੋਲ ਹੈ, ਜਿਸ ਨੇ ਸੁਕਰਾਤ ਦੇ ਸੱਚ ਨੂੰ ਬਾਰੀਕੀ ਨਾਲ ਜਾਣਿਆ ਤੇ ਬਣਦਾ ਮਾਣ-ਸਤਿਕਾਰ ਦਿੱਤਾ। ਮੈਂ ਸ਼ੁਕਰਗੁਜ਼ਾਰ ਹਾਂ 'ਅਜੀਤ' ਦਾ ਜਿਸ ਨੇ ਲੇਖ ਨੂੰ ਆਪਣਾ ਪਿਆਰ ਲੁਟਾਉਂਦੇ ਹੋਏ ਮੇਰੇ ਘਰ ਦੀਆਂ ਬਰੂਹਾਂ 'ਤੇ ਲਿਆ ਧਰਿਆ। ਇਹ ਗੱਲ ਬਹੁਤ ਵੱਡੇ ਗੁਨਾਹ ਤੋਂ ਘੱਟ ਨਹੀਂ ਹੋਵੇਗੀ ਜੇ ਅੱਜ ਮੈਂ ਵੱਡੇ ਭਾਜੀ ਸ: ਬਰਜਿੰਦਰ ਸਿੰਘ ਹਮਦਰਦ ਜੀ ਦਾ ਸ਼ੁਕਰਾਨਾ ਕਰਨ ਦਾ ਮੌਕਾ ਖੁੰਝਾਅ ਦਿੱਤਾ। ਹਮਦਰਦ ਭਾਜੀ ਹੋਰਾਂ ਦਾ ਥਾਪੜਾ ਨਾ ਮਿਲਿਆ ਹੁੰਦਾ ਤਾਂ ਦੁਨਿਆਵੀ ਕੰਮਾਂ ਵਿਚ ਖੁਰਦੇ ਜਾਂਦਿਆਂ ਮੈਂ ਸੱਚ ਦਾ ਡਾਕੀਆ ਬਣਨ ਜੋਗੀ ਹਿੰਮਤ ਵੀ ਨਹੀਂ ਸੀ ਕਰਨੀ। ਭਾਜੀ ਹੋਰੀਂ ਠੀਕ ਕਿਹਾ ਸੀ ਕਿ ਸੱਚ ਨੂੰ ਸਿਫ਼ਾਰਸ਼ਾਂ ਦੀ ਲੋੜ ਨਹੀਂ ਹੁੰਦੀ, ਲੇਖਣੀ 'ਚ ਦਮ ਹੋਇਆ ਤਾਂ ਉਸ ਨੇ ਆਪਣੀ ਜਗ੍ਹਾ ਆਪ ਹੀ ਪਾ ਲੈਣੀ ਹੈ। 'ਅਜੀਤ' ਪ੍ਰਕਾਸ਼ਨ ਵਿਚ ਇਹ ਸੱਚ ਹੀ ਸਾਬਤ ਹੋਇਆ।

-ਰਾਜ ਹੀਉਂ
ਪਿੰਡ ਤੇ ਡਾਕ: ਹੀਉਂ, ਤਹਿ: ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ।

09-11-2020

 ਵਧ ਰਹੀ ਮਹਿੰਗਾਈ
ਭਾਰਤ ਵਿਚ ਮਹਿੰਗਾਈ ਦੀ ਸਮੱਸਿਆ ਖ਼ਤਰਨਾਕ ਰੂਪ ਧਾਰਨ ਕਰਦੀ ਜਾ ਰਹੀ ਹੈ। ਚੀਜ਼ਾਂ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਪਿਆਜ਼ ਅਤੇ ਆਲੂ ਦੇ ਨਾਲ-ਨਾਲ ਹੋਰ ਸਬਜ਼ੀਆਂ ਦੀਆਂ ਕੀਮਤਾਂ ਵਿਚ ਵੀ ਬਹੁਤ ਵਾਧਾ ਹੋ ਰਿਹਾ ਹੈ। ਆਮ ਵਰਤੋਂ ਦੀਆਂ ਸਾਧਾਰਨ ਚੀਜ਼ਾਂ, ਦਾਲਾਂ, ਖੰਡ ਆਦਿ ਦੇ ਭਾਅ ਵੀ ਜ਼ਿਆਦਾ ਵਧ ਗਏ ਹਨ। ਦੇਸ਼ ਵਿਚ ਮਹਾਂਮਾਰੀ ਦੇ ਆਉਣ ਕਾਰਨ ਇਹ ਮਹਿੰਗਾਈ ਹੋਰ ਵੀ ਜ਼ਿਆਦਾ ਵਧ ਗਈ ਹੈ। ਆਮ ਜਨਤਾ 'ਤੇ ਇਸ ਦਾ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ। ਮਹਿੰਗਾਈ 'ਤੇ ਰੋਕ ਲਾਏ ਬਿਨਾਂ ਲੋਕਾਂ ਦਾ ਜੀਵਨ ਸੌਖਾ ਨਹੀਂ ਹੋ ਸਕਦਾ। ਸਰਕਾਰ ਨੂੰ ਇਸ ਸਮੱਸਿਆ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।


-ਮਨਪ੍ਰੀਤ ਕੌਰ
ਕੋਟ ਕਲਾਂ (ਜਲੰਧਰ)।


ਯੂਰੀਆ ਦੀ ਘਾਟ
ਮਾਲ ਗੱਡੀਆਂ ਦੀ ਮੁਅੱਤਲੀ ਕਾਰਨ ਸੂਬੇ 'ਚ ਯੂਰੀਆ ਦੀ ਘਾਟ ਦਾ ਸੰਕਟ ਨਜ਼ਰ ਆ ਰਿਹਾ ਹੈ, ਜਿਸ ਕਾਰਨ ਹਾੜ੍ਹੀ ਦੀਆਂ ਫਸਲਾਂ ਦੀ ਬਿਜਾਈ ਪ੍ਰਭਾਵਿਤ ਹੋਈ ਹੈ। ਹਾੜ੍ਹੀ ਦੇ ਸੀਜ਼ਨ ਲਈ ਪੰਜਾਬ ਨੂੰ 14.50 ਲੱਖ ਟਨ ਯੂਰੀਆ ਦੀ ਜ਼ਰੂਰਤ ਹੈ ਪਰ ਸੂਬੇ 'ਚ ਇਸ ਸਮੇਂ 75,000 ਟਨ ਖਾਦ ਹੀ ਉਪਲਬਧ ਹੈ। ਅਕਤੂਬਰ ਮਹੀਨੇ 'ਚ 4 ਲੱਖ ਟਨ ਯੂਰੀਆ ਆਉਣਾ ਸੀ ਪਰ 1 ਲੱਖ ਟਨ ਹੀ ਪ੍ਰਾਪਤ ਹੋਇਆ ਹੈ। ਜੇਕਰ ਪੰਜਾਬ ਟਰੱਕਾਂ ਰਾਹੀਂ ਯੂਰੀਆ ਬਾਹਰੋਂ ਮੰਗਵਾਉਂਦਾ ਹੈ ਤਾਂ ਇਸ ਦਾ ਅਸਰ ਸਿੱਧਾ ਕਿਸਾਨਾਂ ਨੂੰ ਝੱਲਣਾ ਪੈਣਾ ਹੈ ਜੋ ਕਿ ਬਾਅਦ ਵਿਚ ਖਪਤਕਾਰਾਂ ਲਈ ਵੀ ਘਾਤਕ ਹੋਵੇਗਾ। ਦੂਜਾ ਜੇਕਰ ਸਮੇਂ ਸਿਰ ਖਾਦ ਨਾ ਮਿਲੀ ਤਾਂ ਫਸਲਾਂ ਦਾ ਝਾੜ ਵੀ ਘੱਟ ਹੀ ਮਿਲੇਗਾ। ਇਸ ਲਈ ਰੇਲ ਵਿਭਾਗ (ਭਾਰਤ) ਨੂੰ ਚਾਹੀਦਾ ਹੈ ਕਿ ਪੰਜਾਬ ਵਿਚ ਜਿੰਨੀ ਜਲਦੀ ਹੋ ਸਕੇ, ਮਾਲ ਗੱਡੀਆਂ ਚਲਾਈਆਂ ਜਾਣ ਤਾਂ ਕਿ ਆਉਣ ਵਾਲੇ ਸਮੇਂ ਵਿਚ ਇਸ ਦਾ ਨੁਕਸਾਨ ਕਿਸੇ ਨੂੰ ਨਾ ਹੋਵੇ।


-ਰਾਜੇਸ਼ ਭਾਰਦਵਾਜ
ਪਿੰਡ ਤੇ ਡਾਕ: ਦਾਤਾਰਾਪੁਰ (ਚੌਂਕੀ), ਹੁਸ਼ਿਆਰਪੁਰ।


ਮਾਣ ਵਾਲੀ ਗੱਲ
ਅਦਾਰਾ 'ਅਜੀਤ' ਲਈ ਇਹ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਵਲੋਂ ਪਿੰਡ ਦਾ ਗੇੜਾ ਕਾਲਮ ਸ਼ੁਰੂ ਕੀਤਾ ਹੋਇਆ ਹੈ, ਇਸ ਨਾਲ ਜਿਥੇ ਰੋਜ਼ਾਨਾ ਇਕ ਪਿੰਡ ਬਾਰੇ ਲਿਖਣ ਦਾ ਸਬੱਬ ਬਣਦਾ ਹੈ, ਉਥੇ ਉਸ ਖੇਤਰ ਵਿਚ ਪੇਪਰ ਵੀ ਵੰਡ ਹੁੰਦਾ ਹੈ। ਉਂਜ ਪਿੰਡ ਵਿਚ ਸਹੀ ਤਵਾਜ਼ਨ ਰੱਖਣ ਵਾਸਤੇ ਪੱਤਰਕਾਰ ਸਾਥੀਆਂ ਨੂੰ ਬੁਹਤ ਮਿਹਨਤ ਵੀ ਕਰਨੀ ਪੈਂਦੀ ਹੈ। ਲੋਹੀਆਂ ਇਲਾਕੇ ਦੇ ਇਕ ਮਾਸਟਰ ਵਲੋਂ ਆਪਣੀ ਫੇਸਬੁੱਕ 'ਤੇ ਅਦਾਰਾ 'ਅਜੀਤ' ਦੀ ਟੀਮ ਲਈ ਲਿਖੇ ਪ੍ਰਸੰਸਾ ਦੇ ਕੁਝ ਸ਼ਬਦ ਸਾਂਝੇ ਕਰ ਰਿਹਾ ਹਾਂ।


-ਗੁਰਪਾਲ ਸਿੰਘ ਸ਼ਤਾਬਗੜ੍ਹ

06-11-2020

 ਪਾਣੀ ਦੀ ਨਿਕਾਸੀ ਦੇ ਨਿਯਮਾਂ ਦਾ ਮੁਲਾਂਕਣ ਹੋਵੇ

ਪਾਣੀ ਦੀ ਨਿਕਾਸੀ ਸਬੰਧੀ ਮਸਲੇ ਬਹੁਤੀ ਥਾਈਂ ਭਾਈਚਾਰਕ ਏਕਤਾ ਖਦੇੜ ਕੇ ਰੱਖ ਦਿੰਦੇ ਹਨ। ਇਸ ਮਸਲੇ ਸਬੰਧੀ ਸਮੇਂ ਦੇ ਹਾਲਾਤ ਅਤੇ ਭੁਗੋਲਿਕ ਸਥਿਤੀਆਂ ਅਨੁਸਾਰ ਮਾਪਦੰਡ ਅਤੇ ਨਿਯਮ ਬਣੇ ਸਨ ਪਰ ਸਮੇਂ ਦੇ ਹਾਣੀ ਨਹੀਂ ਬਣ ਸਕੇ। ਇਸ ਦਾ ਕਾਰਨ ਬਦਲੀਆਂ ਮੌਸਮੀ ਪ੍ਰਸਥਿਤੀਆਂ, ਵਾਤਾਵਰਨ ਅਤੇ ਜ਼ਮੀਨ ਦੀ ਸੁਰੱਖਿਆ ਵਗੈਰਾ ਹਨ। ਪਹਿਲੇ ਸਮੇਂ ਘੱਟ ਪਾਣੀ ਅਤੇ ਘੱਟ ਵਸੋਂ ਸੀ, ਜਿਸ ਕਰਕੇ ਪਾਣੀ ਦੀ ਨਿਕਾਸੀ ਕੋਈ ਖ਼ਾਸ ਮੁੱਦਾ ਵੀ ਨਹੀਂ ਸੀ। ਪਹਿਲੇ ਸਮੇਂ ਵਿਚ ਲਾਠੀ ਦੇ ਜ਼ੋਰ ਨਾਲ ਆਪਣੇ ਪਾਣੀ ਦੀ ਨਿਕਾਸੀ ਵੀ ਕਰ ਲਈ ਜਾਂਦੀ ਸੀ। ਇਸ ਸਬੰਧੀ ਸਰਕਾਰ ਵਲੋਂ ਕਾਇਦੇ-ਕਾਨੂੰਨ ਸਥਾਪਤ ਕੀਤੇ ਗਏ। ਪੁਲੀਆਂ ਦੀ ਉਸਾਰੀ, ਨਾਜਾਇਜ਼ ਕਬਜ਼ੇ ਦੂਰ ਕਰਾਉਣੇ ਅਤੇ ਟੋਭਿਆਂ ਦਾ ਨਿਰਮਾਣ ਸਰਕਾਰੀ ਉਪਰਾਲਿਆਂ ਦਾ ਹਿੱਸਾ ਹੈ। ਪਾਣੀ ਦੀ ਨਿਕਾਸੀ ਦਾ ਮਸਲਾ ਘਰ ਤੋਂ ਘਰ, ਮੁਹੱਲੇ ਤੋਂ ਮੁਹੱਲਾ ਅਤੇ ਪਿੰਡਾਂ ਤੋਂ ਪਿੰਡਾਂ ਵਿਚਕਾਰ ਜ਼ਾਹਰ ਹੁੰਦਾ ਰਹਿੰਦਾ ਹੈ। ਇਸ ਲਈ ਸਰਕਾਰ ਵਲੋਂ ਗੰਦੇ ਪਾਣੀ ਦੇ ਨਿਕਾਸ ਲਈ ਗਰਾਂਟਾਂ ਵੀ ਜਾਰੀ ਕੀਤੀਆਂ ਜਾਂਦੀਆਂ ਹਨ। ਕੇਂਦਰ ਸਰਕਾਰ ਵਲੋਂ ਵਿੱਤ ਕਮਿਸ਼ਨ ਅਧੀਨ ਵੱਡਾ ਰੋਲ ਇਸ ਮੁੱਦੇ 'ਤੇ ਨਿਭਾਇਆ ਜਾਂਦਾ ਹੈ। ਪਾਣੀ ਦੀ ਨਿਕਾਸੀ ਆਮ ਤੌਰ 'ਤੇ ਕਾਨੂੰਨੀ ਘੇਰਿਆਂ ਵਿਚ ਰਹਿੰਦੀ ਹੈ। ਜ਼ਿਮੀਂਦਾਰਾਂ ਦਾ ਵੱਟ-ਬੰਨੇ ਦਾ ਰੌਲਾ ਵੀ ਬਹੁਤੀ ਵਾਰ ਪਾਣੀ ਦੀ ਨਿਕਾਸੀ ਸਬੰਧੀ ਖੜ੍ਹਾ ਹੁੰਦਾ ਸੀ। ਇਸ ਮੁੱਦੇ 'ਤੇ ਭਾਈਚਾਰਕ ਸਹਿਯੋਗ ਅਤਿਅੰਤ ਜ਼ਰੂਰੀ ਹੈ। ਜੇਕਰ ਲੋੜਾਂ, ਸਮੱਸਿਆਵਾਂ ਅਤੇ ਹਾਲਾਤ ਮੁਤਾਬਿਕ ਪਾਣੀ ਦੀ ਨਿਕਾਸੀ ਲਈ ਸਮਾਜਿਕ ਅਤੇ ਸਦਾਚਾਰਕ ਨਿਯਮਾਂਵਲੀ ਨਿਰਧਾਰਿਤ ਕੀਤੀ ਜਾਵੇ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਇਸ ਨਾਲ ਸਮਾਜਿਕ ਝੰਜਟ ਖ਼ਤਮ ਹੋਣ ਦੀ ਆਸ ਬੱਝੇਗੀ। ਆਦਮੀ ਸਿਹਤ ਅਤੇ ਆਰਥਿਕ ਪੱਖੋਂ ਖੁਸ਼ਹਾਲ ਹੋਵੇਗਾ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

ਮਿਲਾਵਟਖੋਰਾਂ ਨੂੰ ਮਿਲੇ ਸਜ਼ਾ

ਅਸੀਂ ਜਾਣਦੇ ਹਾਂ ਕਿ ਤਿਉਹਾਰਾਂ ਦਾ ਸੀਜ਼ਨ ਆ ਗਿਆ ਹੈ। ਮਿਲਾਵਟਖੋਰ ਵੀ ਅਜਿਹੇ ਸਮਿਆਂ ਵਿਚ ਕਿਰਿਆਸ਼ੀਲ ਹੋ ਜਾਂਦੇ ਹਨ। ਇਹ ਲੋਕ ਆਪਣੇ ਥੋੜ੍ਹੇ ਜਿਹੇ ਫਾਇਦੇ ਲਈ ਲੋਕਾਂ ਦੇ ਖਾਣ-ਪੀਣ ਦੇ ਸਾਮਾਨ ਵਿਚ ਮਿਲਾਵਟ ਕਰਕੇ ਲੋਕਾਂ ਦੀ ਜਾਨ ਨੂੰ ਜੋਖ਼ਮ ਵਿਚ ਪਾਉਣ ਤੋਂ ਨਹੀਂ ਝਿਜਕਦੇ ਹਨ। ਦੀਵਾਲੀ 'ਤੇ ਵਿਕਣ ਵਾਲੀਆਂ ਮਠਿਆਈਆਂ ਵਿਚ ਮਿਲਾਵਟ ਹੋਣ ਦੀ ਸੰਭਾਵਨਾ ਸੱਭ ਤੋਂ ਵੱਧ ਹੁੰਦੀ ਹੈ। ਹਰ ਸਾਲ ਸਿਹਤ ਵਿਭਾਗ ਇਨ੍ਹਾਂ ਲੋਕਾਂ ਖ਼ਿਲਾਫ਼ ਕਾਰਵਾਈ ਕਰਦਾ ਹੈ ਪਰ ਇਹ ਲੋਕ ਸੁਧਰਨ ਦਾ ਨਾਂਅ ਨਹੀਂ ਲੈਂਦੇ ਹਨ। ਸਰਕਾਰ ਨੂੰ ਇਨ੍ਹਾਂ ਲੋਕਾਂ ਦੇ ਇਰਾਦਿਆਂ ਨੂੰ ਨਾਕਾਮ ਕਰਨ ਲਈ ਨਿਯਮਾਂ ਨੂੰ ਸਖ਼ਤ ਕਰਨਾ ਚਾਹੀਦਾ ਹੈ। ਸਰਕਾਰ ਨੂੰ ਅਜਿਹੇ ਪ੍ਰਬੰਧ ਕਰਨੇ ਚਾਹੀਦੇ ਹਨ ਕਿ ਇਨ੍ਹਾਂ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜਾ ਮਿਲੇ।

-ਸਾਕਸ਼ੀ ਸ਼ਰਮਾ
ਨਿਊ ਹਰਦਿਆਲ ਨਗਰ, ਜਲੰਧਰ।

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ

ਕੇਂਦਰ ਸਰਕਾਰ ਦੁਆਰਾ ਕਿਸਾਨਾਂ ਵਿਰੁੱਧ ਲਿਆਂਦੇ ਕਾਨੂੰਨ ਦੇ ਵਿਰੋਧ ਵਿਚ ਪੰਜਾਬ ਸਰਕਾਰ ਦੁਆਰਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਸੀ। ਇਸ ਇਜਲਾਸ ਦਾ ਪਹਿਲਾ ਦਿਨ ਕੁਝ ਖ਼ਾਸ ਨਹੀਂ ਰਿਹਾ ਅਤੇ ਕੁਝ ਕੁ ਮਿੰਟਾਂ ਦੀ ਕਾਰਵਾਈ ਤੋਂ ਬਾਅਦ ਸਦਨ ਉਠਾ ਦਿੱਤਾ ਗਿਆ, ਜਿਸ ਦਾ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੇ ਤਿੱਖਾ ਵਿਰੋਧ ਵੀ ਕੀਤਾ। ਸਦਨ ਦੀ ਦੂਸਰੇ ਦਿਨ ਦੀ ਕਾਰਵਾਈ ਕਾਫੀ ਮਹੱਤਵਪੂਰਨ ਰਹੀ। ਦੂਸਰੇ ਦਿਨ ਸਦਨ ਵਲੋਂ ਖੇਤੀਬਾੜੀ ਉਪਜ ਦੀ ਜਮ੍ਹਾਂਖੋਰੀ ਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਵਿਸ਼ੇਸ਼ ਵਿਵਸਥਾਵਾਂ ਅਤੇ ਪੰਜਾਬ ਸੋਧ ਬਿੱਲ 2020 ਪਾਸ ਕੀਤਾ ਗਿਆ। ਜਿਸ ਰਾਹੀਂ ਜ਼ਰੂਰੀ ਵਸਤਾਂ ਐਕਟ 1955 'ਚ ਤਰਮੀਮ ਕੀਤੀ ਗਈ, ਇਸੇ ਤਰ੍ਹਾਂ ਕਿਸਾਨਾਂ ਦੇ ਸਸ਼ਕਤੀਕਰਨ ਤੇ ਸੁਰੱਖਿਆ ਕੀਮਤ ਦੇ ਭਰੋਸੇ ਬਾਰੇ ਕਰਾਰ ਅਤੇ ਖੇਤੀ ਸੇਵਾਵਾਂ ਸੋਧ ਬਿੱਲ 2020 ਪਾਸ ਕੀਤਾ ਗਿਆ। ਕੁੱਲ ਮਿਲਾ ਕੇ ਇਸ ਤਿੰਨ ਦਿਨਾ ਵਿਸ਼ੇਸ਼ ਇਜਲਾਸ ਵਿਚ ਪੰਜਾਬ ਸਰਕਾਰ ਦੁਆਰਾ ਸੱਤ ਬਿੱਲ ਪਾਸ ਕੀਤੇ ਗਏ। ਇਹ ਬਿੱਲ ਪੰਜਾਬ ਲਈ, ਪੰਜਾਬ ਦੇ ਕਿਸਾਨਾਂ ਲਈ ਕਿੰਨੇ ਫਾਇਦੇਮੰਦ ਸਾਬਤ ਹੋਣਗੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।

-ਜਸਪ੍ਰੀਤ ਕੌਰ ਸੰਘਾ
ਤਨੂੰਲੀ, ਹੁਸ਼ਿਆਰਪੁਰ।

ਕਾਲੋਨੀਆਂ ਕੱਟਣ ਦਾ ਖ਼ਤਰਨਾਕ ਰੁਝਾਨ

ਪੰਜਾਬ ਅੰਦਰ ਵਾਹੀਯੋਗ ਜ਼ਮੀਨਾਂ 'ਤੇ ਧੜਾ-ਧੜ ਕੱਟ ਰਹੀਆਂ ਜਾਇਜ਼ ਅਤੇ ਨਾਜਾਇਜ਼ ਕਾਲੋਨੀਆਂ ਆਉਣ ਵਾਲੇ ਸਮੇਂ ਵਿਚ ਬਹੁਤ ਵੱਡਾ ਖ਼ਤਰਾ ਲੈ ਕੇ ਆ ਰਹੀਆਂ ਹਨ। ਕਿਉਂਕਿ ਵਾਹੀਯੋਗ ਜ਼ਮੀਨਾਂ 'ਤੇ ਉਸਾਰੀਆਂ ਹੋਣ ਨਾਲ ਅਨਾਜ ਦੀ ਪੈਦਾਵਾਰ ਘਟਦੀ ਜਾਵੇਗੀ ਜਦੋਂ ਕਿ ਦੇਸ਼ ਦੀ ਆਬਾਦੀ ਹਰ ਰੋਜ਼ ਬਿਨਾਂ ਕਿਸੇ ਰੁਕਾਵਟ ਤੋਂ ਵਧਦੀ ਜਾ ਰਹੀ ਹੈ। ਗੱਲ ਇਕੱਲੀਆਂ ਕਾਲੋਨੀਆਂ ਦੀ ਵੀ ਨਹੀਂ ਆਉਂਦੀ ਸਗੋਂ ਹੋਰ ਵੀ ਕਈ ਛੋਟੇ-ਵੱਡੇ ਉਦਯੋਗ, ਕਾਲਜ, ਸਕੂਲ ਆਦਿ ਬੜੀ ਤੇਜ਼ੀ ਨਾਲ ਉਪਜਾਊ ਜ਼ਮੀਨ ਖ਼ਤਮ ਕਰ ਰਹੇ ਹਨ। ਇਹੋ ਜਿਹੀਆਂ ਸਥਿਤੀਆਂ ਦੇਸ਼ ਦੇ ਹੋਰ ਵੀ ਕਈ ਰਾਜਾਂ ਵਿਚ ਵੇਖਣ ਨੂੰ ਮਿਲ ਰਹੀਆਂ ਹਨ। ਜਿੱਥੇ ਭੂ-ਮਾਫੀਆ ਵੱਡੇ ਪੱਧਰ 'ਤੇ ਸਰਗਰਮ ਹੋ ਕੇ ਵਾਹੀਯੋਗ ਜ਼ਮੀਨ ਨੂੰ ਖ਼ਤਮ ਕਰ ਰਿਹਾ ਹੈ। ਅਰਬਾਂ-ਖਰਬਾਂ ਰੁਪਏ ਦੇ ਇਸ ਕਾਰੋਬਾਰ ਵਿਚ ਸਭ ਤੋਂ ਵੱਧ ਪੈਸਾ ਰਾਜਨੀਤਕ ਲੀਡਰ ਅਤੇ ਵੱਡੇ ਅਫਸਰ ਲਾ ਰਹੇ ਹਨ। ਜਿਨ੍ਹਾਂ ਨੇ ਮਣਾਂ-ਮੂੰਹੀਂ ਕਾਲਾ ਧਨ ਇਕੱਠਾ ਕੀਤਾ ਹੋਇਆ ਹੈ। ਸਾਲ 2008 'ਚ ਕੁੱਲ ਸ਼ਹਿਰੀ ਆਬਾਦੀ 34 ਕਰੋੜ ਸੀ ਜਿਹੜੀ 2030 ਤੱਕ ਵਧ ਕੇ 59 ਕਰੋੜ ਹੋ ਜਾਵੇਗੀ। ਜਿਸ ਨੂੰ ਰਹਿਣ ਵਾਸਤੇ ਇਕੱਲੀਆਂ ਕਾਲੋਨੀਆਂ ਹੀ ਨਹੀਂ ਸਗੋ ਖਾਣ ਵਾਸਤੇ ਅਨਾਜ ਦੀ ਜ਼ਰੂਰਤ ਵੀ ਪਵੇਗੀ। ਇਸ ਤਰ੍ਹਾਂ ਦਾ ਸ਼ਹਿਰੀ ਕਰਨ ਸਿਰਫ਼ ਚੀਨ ਵਿਚ ਵੇਖਣ ਨੂੰ ਮਿਲਦਾ ਹੈ। ਜਿੱਥੇ ਉਹ ਇਸ ਦੇ ਨਤੀਜੇ ਤੇਜ਼ਾਬੀ ਬਾਰਿਸ਼ਾਂ ਹੋਣ ਨਾਲ ਭੁਗਤ ਰਹੇ ਹਨ। ਸਾਡੇ ਮੁਲਕ ਵਿਚ ਵੀ ਇਸ ਵੇਲੇ 42 ਸ਼ਹਿਰਾਂ ਦੀ ਅਬਾਦੀ 10 ਲੱਖ ਤੋਂ ਉੱਪਰ ਹੈ ਜਿਨ੍ਹਾਂ ਦੀ ਗਿਣਤੀ 2030 ਤੱਕ 68 ਹੋ ਜਾਵੇਗੀ। ਤਕਰੀਬਨ ਤੇਰਾਂ ਸ਼ਹਿਰ ਚਾਲੀ ਲੱਖ ਤੋਂ ਵੱਧ ਅਬਾਦੀ ਵਾਲੇ ਹੋਣਗੇ। ਹਰੀ ਕ੍ਰਾਂਤੀ ਦੇ ਦੌਰ ਵੇਲੇ ਸਾਲ 1970-71 ਵਿਚ ਖੇਤੀ ਅਧੀਨ ਚਾਲੀ ਲੱਖ ਹੈਕਟੇਅਰ ਰਕਬਾ ਸੀ ਜਿਹੜਾ 1980-81 ਵਿਚ ਵਧ ਕੇ 41.9 ਲੱਖ ਹੈਕਟੇਅਰ ਹੋ ਗਿਆ। ਇਕ ਦਹਾਕੇ ਬਾਅਦ 42.2 ਲੱਖ ਹੈਕਟੇਅਰ ਤੱਕ ਪਹੁੰਚ ਗਿਆ ਕਿਉਂਕਿ ਪੰਜਾਬ ਦੇ ਕਿਸਾਨਾਂ ਨੇ ਤੀਹ ਹਜ਼ਾਰ ਹੈਕਟੇਅਰ ਬੰਜਰ ਅਤੇ ਰੇਤਲੀ ਜ਼ਮੀਨ ਨੂੰ ਖੇਤੀ ਯੋਗ ਬਣਾ ਦਿੱਤਾ। ਸਾਲ 2000-01 ਤੱਕ ਇਹ ਰਕਬਾ 42.5 ਲੱਖ ਹੈਕਟੇਅਰ ਸੀ। ਇਸ ਤੋਂ ਬਾਅਦ ਹੀ ਪੰਜਾਬ ਵਿਚ ਸਰਗਰਮ ਹੋਏ ਭੂ-ਮਾਫੀਏ ਨੇ ਵਾਹੀਯੋਗ ਜ਼ਮੀਨ ਨੂੰ ਖਾਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਸਖ਼ਤਾਈ ਨਾਲ ਰੋਕਣ ਦੀ ਜ਼ਰੂਰਤ ਹੈ।

-ਬ੍ਰਿਸ ਭਾਨ ਬੁਜਰਕ
ਕਾਹਨਗੜ੍ਹ ਰੋਡ, ਪਾਤੜਾਂ, ਜ਼ਿਲ੍ਹਾ ਪਟਿਆਲਾ।

05-11-2020

 ਆਖ਼ਰੀ ਉਮੀਦ ਬਾਹਰ ਜਾਣ ਦੀ
ਜਦੋਂ ਨਵੀਂ ਪੀੜ੍ਹੀ ਇਥੇ ਆਪਣੇ ਦੇਸ਼ ਵਿਚ ਪੜ੍ਹ-ਲਿਖ ਕੇ ਨੌਕਰੀਆਂ ਲੱਭਦੀ ਹੈ ਤਾਂ ਕੁਝ ਹੱਥ ਨਹੀਂ ਆਉਂਦਾ। ਫਿਰ ਉਹ ਆਪਣੀ ਆਖਰੀ ਉਮੀਦ ਵਿਦੇਸ਼ ਜਾਣ 'ਤੇ ਲਗਾ ਦਿੰਦੀ ਹੈ। ਸਾਡਾ ਦੇਸ਼ ਤਰੱਕੀ ਕਿਉਂ ਨਹੀਂ ਕਰ ਰਿਹਾ? ਕਿਉਂਕਿ ਨਵੀਂ ਪੀੜ੍ਹੀ ਜੋ ਅੱਜ ਦੇ ਸਮੇਂ ਦੇ ਹੀਰੋ ਸਾਡੇ ਦੇਸ਼ ਨੂੰ ਅੱਗੇ ਲਿਜਾ ਸਕਦੀ ਹੈ, ਉਹ ਹੀ ਆਪਣੇ ਪਿਆਰੇ ਦੇਸ਼ ਨੂੰ ਤਿਆਗ ਕੇ ਦੂਸਰੇ ਦੇਸ਼ ਵਿਚ ਜਾਣਾ ਚਾਹੁੰਦੀ ਹੈ। ਸਾਡੀ ਸਰਕਾਰ ਨੂੰ ਨਵੀਂ ਪੀੜ੍ਹੀ ਜਾਂ ਚੁੱਕੇ ਪੜ੍ਹੇ-ਲਿਖੇ ਨੌਜਵਾਨਾਂ ਬੱਚਿਆਂ, ਵੱਡਿਆਂ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਉਹ ਇਸ ਦੇਸ਼ ਦੇ ਭਵਿੱਖ ਨੂੰ ਅੱਗੇ ਵਧਾ ਸਕਣ। ਸਾਡਾ ਦੇਸ਼ ਤਰੱਕੀ ਉਦੋਂ ਹੀ ਕਰੇਗਾ ਜਦ ਇਥੋਂ ਦੇ ਵਿਅਕਤੀ ਉਸ 'ਤੇ ਧਿਆਨ ਦੇਣ ਤੇ ਕਹੀਆਂ ਗੱਲਾਂ 'ਤੇ ਅਮਲ ਕਰਨ। ਸਾਡੇ ਦੇਸ਼ ਵਿਚ ਅਜਿਹਾ ਨਹੀਂ ਹੈ ਜਾਂ ਕਿਹੜੀਆਂ ਜ਼ਰੂਰਤਾਂ ਹਨ ਜੋ ਇਥੇ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਤੇ ਉਹ ਆਪਣੀ ਆਖ਼ਰੀ ਉਮੀਦ ਬਾਹਰ ਜਾਣ ਦੀ ਕਿਉਂ ਲਗਾਉਂਦੇ ਹਨ? ਕੁਝ ਤਾਂ ਸੋਚੋ, ਕੁਝ ਤਾਂ ਸਮਝੋ।


-ਕਿਰਨਦੀਪ, ਜਲੰਧਰ।


ਸੁਣ ਦਿੱਲੀ ਸਰਕਾਰੇ
ਵੇਖੋ ਜੀ ਜੇਕਰ ਦਿੱਲੀ ਸਰਕਾਰ ਤੱਕ ਸਾਡੇ ਖੇਤਾਂ ਦਾ ਧੂੰਆਂ ਪਹੁੰਚ ਸਕਦਾ ਤਾਂ ਫਿਰ ਸਾਡੀ ਆਵਾਜ਼ ਕਿਉਂ ਨਹੀਂ? ਕਿਉਂ ਸਰਕਾਰਾਂ ਸਾਡੇ ਹੱਕਾਂ 'ਤੇ ਡਾਕੇ ਮਾਰ-ਮਾਰ ਕੇ ਸਾਨੂੰ ਦੋ ਵਕਤ ਦੀ ਰੋਟੀ ਤੋਂ ਵੀ ਮੁਥਾਜ ਬਣਾ ਰਹੀਆਂ ਹਨ ਅਤੇ ਵੱਡੇ-ਵੱਡੇ ਧਨਾਢਾਂ ਦਾ ਸਾਥ ਦੇ ਕੇ ਉਨ੍ਹਾਂ ਦੇ ਕਾਰਖਾਨਿਆਂ, ਫੈਕਟਰੀਆਂ ਨੂੰ ਉਤਸ਼ਾਹਿਤ ਕਰਕੇ ਪ੍ਰਦੂਸ਼ਣ ਫੈਲਾਉਣ ਵਿਚ ਆਪਣਾ ਵੋਟਾਂ ਲੈਣ ਵਾਲਾ ਮਕਸਦ ਲੁਕ ਲੁਕਾ ਕੇ ਪੂਰਾ ਕਰ ਰਹੀਆਂ ਹਨ। ਸਾਡੇ ਖੇਤਾਂ ਦਾ ਧੂੰਆਂ ਜੇਕਰ ਪ੍ਰਦੂਸ਼ਣ ਪੈਦਾ ਕਰਦਾ ਤੇ ਫਿਰ ਸ਼ਰਾਬ ਵਾਲੀਆਂ ਫੈਕਟਰੀਆਂ ਦਾ ਪਾਣੀ ਅਤੇ ਸ਼ਰਾਬ ਜਿਹਾ ਜ਼ਹਿਰ ਜੋ ਲੋਕਾਂ ਦੀਆਂ ਬੇਸ਼ਕੀਮਤੀ ਜਾਨਾਂ ਲੈਂਦਾ ਉਹ ਸਰਕਾਰਾਂ ਨੂੰ ਦਿਸਣੋ ਬੰਦ ਕਿਉਂ ਹੋ ਗਿਆ। ਕਿਉਂ ਜੋ ਇਹਦੇ ਵਿਚ ਸਰਕਾਰਾਂ ਦਾ ਜੁ ਫਾਇਦਾ ਹੁੰਦਾ?
ਹੁਣ ਦੋਸਤੋ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਆਪਾਂ ਵੀ ਇਕਮੁੱਠ ਹੋ ਕੇ ਦਿੱਲੀ ਦਾ ਤਖ਼ਤ ਹਿਲਾ ਸਕਦੇ ਹਾਂ ਅਤੇ ਆਪਣੀ ਆਵਾਜ਼ ਸਮੇਂ ਦੀਆਂ ਸਰਕਾਰਾਂ ਤੱਕ ਪਹੁੰਚਾ ਸਕਦੇ ਹਾਂ। ਇਸ ਦਾ ਇਕੋ-ਇਕ ਹੱਲ ਹੈ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੋ। ਕਿਸਾਨ ਮਾਰੂ ਨੀਤੀਆਂ, ਭਰਾ ਮਾਰੂ ਨੀਤੀਆਂ, ਸਿੱਖ ਵਿਰੋਧੀ ਨੀਤੀਆਂ, ਕਾਲਾਬਜ਼ਾਰੀ, ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਨਸ਼ਾ, ਧੱਕੇਸ਼ਾਹੀ, ਮਹਿੰਗਾਈ, ਬੇਰੁਜ਼ਗਾਰੀ ਅਤੇ ਭ੍ਰਿਸ਼ਟ ਲੀਡਰਸ਼ਿਪ ਦਾ ਡਟ ਕੇ ਮੁਕਾਬਲਾ ਕਰੋ। ਰਲਮਿਲ ਕੇ ਇਹੋ ਜਿਹੀ ਸਰਕਾਰ ਲਿਆਓ ਜੋ ਸਾਡੇ ਹਿਤਾਂ ਦੀ ਗੱਲ ਕਰੇ ਤੇ ਦੇਸ਼ ਨੂੰ ਤਰੱਕੀ ਦੀਆਂ ਰਾਹਾਂ 'ਤੇ ਲੈ ਜਾਵੇ।


-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।


ਆਰਥਿਕ ਬਰਬਾਦੀ ਦੇ ਰਾਹ 'ਤੇ ਪੰਜਾਬ
ਅੱਗੇ ਹੀ ਖ਼ੁਦਕੁਸ਼ੀਆਂ ਤੇ ਕਰਜ਼ਿਆਂ ਦੇ ਰਾਹ ਪਏ ਪੰਜਾਬ ਨੂੰ, ਪੰਜਾਬ ਦੀ ਖੇਤੀ ਨੂੰ ਧਨਕੁਬੇਰਾਂ ਦੇ ਰਹਿਮੋ-ਕਰਮ ਵੱਲ ਤੋਰ ਕੇ ਕੇਂਦਰ ਦੀ ਸਰਕਾਰ ਪਤਾ ਨਹੀਂ ਕਿਹੜੇ ਭਰਮ ਭੁਲੇਖੇ ਪਾਲ ਰਹੀ ਹੈ। ਖੇਤਾਂ ਵਿਚ ਕੰਮ ਕਰਦੇ ਕਿਸਾਨਾਂ ਨੂੰ ਧਰਨਿਆਂ 'ਤੇ ਬਿਠਾ ਕੇ ਸਰਕਾਰ ਕੁੰਭਕਰਨ ਦੀ ਨੀਂਦ ਸੌਂ ਰਹੀ ਹੈ। ਦਿੱਲੀ ਗੱਲਬਾਤ ਲਈ ਸੱਦੇ ਕਿਸਾਨਾਂ ਨਾਲ ਕੇਂਦਰ ਦੀ ਸਰਕਾਰ ਨੇ ਕੋਝਾ ਮਜ਼ਾਕ ਕੀਤਾ। ਮਸਲਿਆਂ ਦੇ ਹੱਲ ਗੱਲਬਾਤ ਰਾਹੀਂ ਹੀ ਨਿਕਲਦੇ ਹਨ। ਸਰਕਾਰ ਦਾ ਹੈਂਕੜ ਵਾਲਾ ਰਵੱਈਆ ਦੇਸ਼ ਲਈ ਨੁਕਸਾਨਦੇਹ ਹੈ। ਅੱਜ ਦੇਸ਼ ਨੂੰ ਲਾਲ ਬਹਾਦਰ ਸ਼ਾਸਤਰੀ ਵਰਗੇ ਨੇਤਾ ਦੀ ਲੋੜ ਹੈ ਜੋ 'ਜੈ ਜਵਾਨ ਜੈ ਕਿਸਾਨ' ਦਾ ਨਆਰਾ ਮਾਰ ਸਕੇ। ਪੰਜਾਬ ਦੀ ਕਿਸਾਨੀ ਵਲੋਂ ਮੂੰਹ ਫੇਰਿਆਂ ਗੱਲ ਨਹੀਂ ਬਣਨੀ। ਜਿਨ੍ਹਾਂ ਭੁੱਖੇ ਲੋਕਾਂ ਦਾ ਪੇਟ ਭਰਿਆ ਕੀ ਉਨ੍ਹਾਂ ਦੇ ਮਸਲਿਆਂ ਜਾਂ ਦੁੱਖ-ਤਕਲੀਫਾਂ ਨੂੰ ਸਰਕਾਰ ਦਾ ਫ਼ਰਜ਼ ਨਹੀਂ ਸੁਣਨਾ? ਆਰਥਿਕ ਤਬਾਹੀ ਦੇ ਕੰਢੇ 'ਤੇ ਖੜ੍ਹੇ ਮਿਹਨਤੀ ਪੰਜਾਬੀ ਲੋਕਾਂ ਨੂੰ ਧਰਵਾਸ ਤੇ ਹੱਕੀ ਮੰਗਾਂ ਨੂੰ ਸੁਣਨਾ ਦੇਸ਼ ਦੇ ਹਿਤ ਵਿਚ ਹੈ। ਸਰਕਾਰ ਨੂੰ ਦੇਰ ਨਹੀਂ ਕਰਨੀ ਚਾਹੀਦੀ। ਕਿਤੇ ਮਸਲਾ ਹੋਰ ਪਾਸੇ ਹੀ ਨਾ ਚਲਾ ਜਾਵੇ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਪ੍ਰਦੂਸ਼ਣ ਨੂੰ ਨੱਥ ਪਾਉਣ ਦੀ ਲੋੜ

ਓਜ਼ੋਨ ਪਰਤ ਬਾਰੇ ਜੋ ਆਪਾਂ ਪੜ੍ਹਦੇ ਆ ਰਹੇ ਹਾਂ, ਧਰਤੀ ਦੁਆਲੇ ਗਿਲਾਫ਼ ਦੀ ਤਰ੍ਹਾਂ ਮੋਟੀ ਪਰਤ, ਸ਼ਾਇਦ ਪ੍ਰਦੂਸ਼ਣ ਵਧਣ ਨਾਲ ਓਜ਼ੋਨ ਪਰਤ ਵਿਚ ਛੇਕ ਹੋ ਗਏ ਹਨ। ਇਸ ਦਾ ਕੁਝ ਹੱਦ ਤੱਕ ਜ਼ਿੰਮੇਵਾਰ ਖ਼ੁਦ ਮਨੁੱਖ ਹੈ। ਜੋ ਪ੍ਰਦੂਸ਼ਣ ਪੈਦਾ ਕਰ ਰਿਹਾ ਹੈ। ਸੂਰਜ ਦੀਆਂ ਹਾਨੀਕਾਰਕ ਪਰਾਬੈਂਗਣੀ ਕਿਰਨਾਂ ਸਿੱਧੀਆਂ ਛੇਕਾਂ ਵਿਚੋਂ ਧਰਤੀ ਉੱਪਰ ਪਹੁੰਚ ਕੇ ਮਨੁੱਖ ਉੱਪਰ ਹਮਲਾ ਕਰ ਕੇ ਬਿਮਾਰੀਆਂ ਵਿਚ ਵਾਧਾ ਕਰ ਕੇ ਬਨਸਪਤੀ, ਕੁਦਰਤੀ ਰੁੱਖ, ਪੌਦਿਆਂ ਨੂੰ, ਫ਼ਸਲਾਂ ਨੂੰ, ਨੁਕਸਾਨ ਪਹੁੰਚਾ ਕੇ ਕੁਝ ਦਹਾਕਿਆਂ ਤੱਕ ਮਨੁੱਖੀ ਜਨ-ਜੀਵਨ ਨੂੰ ਹੀ ਤਬਾਹ ਕਰ ਦੇਣਗੀਆਂ। ਓਜ਼ੋਨ ਪਰਤ ਨੂੰ ਬਚਾਉਣ ਲਈ ਪ੍ਰਦੂਸ਼ਣ, ਧਰਤੀ ਪ੍ਰਦੂਸ਼ਣ, ਹਵਾ ਪ੍ਰਦੂਸ਼ਣ, ਪਾਣੀ ਪ੍ਰਦੂਸ਼ਣ ਆਦਿ ਵਧਣ ਤੋਂ ਰੋਕਣ ਲਈ ਕਾਬੂ ਪਾਉਣਾ ਚਾਹੀਦਾ ਹੈ। ਰੁੱਖ ਲਗਾ ਕੇ ਮਿੱਟੀ ਕਟਾਅ, ਹੜ੍ਹਾਂ ਨੂੰ ਰੋਕਣ ਵਿਚ ਵੀ ਮਦਦ ਮਿਲੇਗੀ ਅਤੇ ਪ੍ਰਦੂਸ਼ਣ ਕੰਟਰੋਲ ਕਰ ਕੇ ਓਜ਼ੋਨ ਪਰਤ ਨੂੰ ਵੀ ਖ਼ਰਾਬ ਹੋਣ ਤੋਂ ਸੰਭਾਲਿਆ ਜਾਵੇਗਾ। ਕੁਦਰਤੀ ਠੰਢੀ ਮਨ ਨੂੰ ਸ਼ਾਂਤ ਕਰਨ ਵਾਲੀ ਆਕਸੀਜਨ ਗੈਸ ਨਾਲ ਦੇਣ ਵਾਲਾ ਵਡਮੁੱਲਾ ਤੋਹਫ਼ਾ ਬੋਹੜ ਮੈਂ ਵੀ ਆਪਣੇ ਘਰ ਦੇ ਬਾਹਰ ਇਕ ਪਾਸੇ ਬੀਜਿਆ ਹੋਇਆ ਹੈ। ਲੋੜ ਹੈ ਸਮੂਹ ਮਨੁੱਖ ਦੇ ਸਾਥ ਦੀ ਕਿ ਇਕ-ਇਕ ਪੇੜ-ਪੌਦਾ ਜ਼ਰੂਰ ਲਗਾਓ। ਓਜ਼ੋਨ ਪਰਤ ਬਚਾਓ।


-ਬਬੀਤਾ ਘਈ
ਗਰੂ ਹਰਿਗੋਬਿੰਦ ਨਗਰ, ਮਿੰਨੀ ਛਪਾਰ, ਜ਼ਿਲ੍ਹਾ ਲੁਧਿਆਣਾ।


ਕੋਰੋਨਾ ਅਤੇ ਤਿਉਹਾਰ
ਬੇਸ਼ੱਕ ਭਾਰਤ ਕੋਰੋਨਾ ਨਾਲ ਜੰਗ ਬੜੀ ਤੇਜ਼ੀ ਨਾਲ ਲੜ ਰਿਹਾ ਹੈ ਪਰ ਸਾਨੂੰ ਅਜੇ ਵੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਕਿਉਂਕਿ ਕੋਰੋਨਾ ਨਾਲ ਜੰਗ ਅਜੇ ਵੀ ਜਾਰੀ ਹੈ ਜਿਵੇਂ ਕਿ ਭਾਰਤ ਵਿਚ ਤਿਉਹਾਰ ਆਰੰਭ ਹੋ ਗਏ ਹਨ ਅਤੇ ਲੋਕਾਂ ਵਿਚ ਤਿਉਹਾਰਾਂ ਪ੍ਰਤੀ ਬਹੁਤ ਉਤਸ਼ਾਹ ਹੈ। ਅਸੀਂ ਤਿਉਹਾਰਾਂ ਦੇ ਚੱਕਰ ਵਿਚ ਅਣਗਹਿਲੀ ਨਾ ਕਰੀਏ ਅਤੇ ਇਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ, ਵਾਤਾਵਰਨ ਅਤੇ ਕੋਰੋਨਾ ਕਾਰਨ ਦੇਸ਼ ਦੀ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਈਏ ਕਿਉਂਕਿ ਅਜੇ ਪੂਰੀ ਤਰ੍ਹਾਂ ਜ਼ਿੰਦਗੀ ਪਟੜੀ 'ਤੇ ਵਾਪਸ ਨਹੀਂ ਆਈ।


-ਸਿਮਰਨਦੀਪ ਕੌਰ ਬੇਦੀ
ਕਸਬਾ ਘੁਮਾਣ (ਗੁਰਦਾਸਪੁਰ)।

04-11-2020

 ਭਾਰਤ ਹਿੰਦੂ ਰਾਸ਼ਟਰ ਨਹੀਂ ਹੈ

ਵਿਜੈ ਦਸ਼ਮੀ ਰੈਲੀ ਮੌਕੇ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਇਕ ਵਾਰ ਫਿਰ ਦੁਹਰਾਇਆ ਹੈ ਕਿ ਭਾਰਤ ਇਕ ਹਿੰਦੂ ਰਾਸ਼ਟਰ ਹੈ। ਮੋਹਨ ਭਾਗਵਤ ਨੇ ਕਿਹਾ ਕਿ ਅਸੀਂ ਮੁਲਕ ਦੀ ਸ਼ਖ਼ਸੀਅਤ ਨੂੰ ਹਿੰਦੂ ਇਸ ਲਈ ਕਹਿ ਰਹੇ ਹਾਂ ਕਿਉਂਕਿ ਸਾਡੀਆਂ ਸਾਰੀਆਂ ਸੱਭਿਆਚਾਰਕ ਤੇ ਸਮਾਜੀ ਰਵਾਇਤਾਂ ਇਸ ਦੇ ਸਿਧਾਂਤਾਂ ਤੋਂ ਹੀ ਸੇਧ ਲੈਂਦੀਆਂ ਹਨ। ਦਰਅਸਲ ਭਾਰਤ ਭਾਂਤ-ਭਾਂਤ ਦੇ ਖਿੜੇ ਹੋਏ ਫੁੱਲਾਂ ਦੀ ਤਰ੍ਹਾਂ ਇਕ ਪਾਰਕ ਵਾਂਗ ਹੈ। ਭਾਗਵਤ ਦਾ ਬਿਆਨ ਭਾਰਤ ਦੀ ਵੰਨ-ਸੁਵੰਨਤਾ ਨੂੰ ਜਾਣਬੁੱਝ ਕੇ ਅਸਵੀਕਾਰ ਕਰਦਾ ਹੈ, ਕਿਉਂਕਿ ਉਨ੍ਹਾਂ ਦਾ ਮਕਸਦ ਦੇਸ਼ ਨੂੰ ਇਕੋ ਰੰਗ ਵਿਚ ਰੰਗਣਾ ਹੈ, ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ। ਹਰ ਧਰਮ ਦੇ ਲੋਕਾਂ ਦੀਆਂ ਵੱਖਰੀਆਂ-ਵੱਖਰੀਆਂ ਰਵਾਇਤਾਂ, ਇਤਿਹਾਸ ਤੇ ਸੱਭਿਆਚਾਰ ਹੈ। ਫਿਰ ਇਕ ਸਿਧਾਂਤ ਦੀ ਵਿਚਾਰਧਾਰਾ ਸਾਰਿਆਂ ਉੱਤੇ ਕਿਵੇਂ ਥੋਪੀ ਜਾ ਸਕਦੀ ਹੈ? ਜਿਸ ਦੇਸ਼ ਵਿਚ 50 ਕਿਲੋਮੀਟਰ ਅੱਗੇ ਜਾ ਕੇ ਬੋਲੀ ਵਿਚ ਫ਼ਰਕ ਪੈ ਜਾਂਦਾ ਹੋਵੇ ਤਾਂ ਉਸ ਨੂੰ ਅਸੀਂ ਹਿੰਦੂ ਰਾਸ਼ਟਰ ਕਿਵੇਂ ਕਹਿ ਸਕਦੇ ਹਾਂ? ਇਸ ਲਈ ਭਾਰਤ ਹਿੰਦੂ ਰਾਸ਼ਟਰ ਕਦੀ ਵੀ ਨਹੀਂ ਹੋ ਸਕਦਾ। ਇਹ ਵੱਖੋ-ਵੱਖਰੀ ਬੋਲੀ, ਇਤਿਹਾਸ, ਸੱਭਿਆਚਾਰ, ਰੀਤੀ-ਰਿਵਾਜ ਅਤੇ ਵੰਨ-ਸੁਵੰਨਤਾ ਦਾ ਦੇਸ਼ ਹੈ।

-ਹਰਨੰਦ ਸਿੰਘ ਬੱਲਿਆਂਵਾਲਾ
ਤਰਨ ਤਾਰਨ।

ਪੰਜਾਬੀ ਬਨਾਮ ਪ੍ਰਵਾਸੀ ਮਜ਼ਦੂਰ

\ਆਜ਼ਾਦੀ ਤੋਂ ਬਾਅਦ ਪੰਜਾਬ ਨੇ ਖੇਤੀਬਾੜੀ ਵਿਚ ਬੜੀ ਤਰੱਕੀ ਕੀਤੀ ਹੈ ਪਰ ਅਸਲ ਤਰੱਕੀ ਸੰਨ 65 ਤੋਂ ਬਾਅਦ ਸ਼ੁਰੂ ਹੋਈ। ਇਸ ਵਿਚ ਕੋਈ ਅਤਿਕਥਨੀ ਹੋਵੇਗੀ ਕਿ ਇਸ ਤਰੱਕੀ ਵਿਚ ਪੰਜਾਬੀਆਂ ਦੇ ਨਾਲ ਪੂਰਬੀਏ ਜਾਂ ਜਿਨ੍ਹਾਂ ਨੂੰ ਅਸੀਂ ਪ੍ਰਵਾਸੀ ਮਜ਼ਦੂਰ ਵੀ ਕਹਿੰਦੇ ਹਾਂ ਇਨ੍ਹਾਂ ਦਾ ਵੀ ਵੱਡਾ ਯੋਗਦਾਨ ਰਿਹਾ ਹੈ। ਪਰ ਅੱਜ ਮਿਹਨਤੀ ਪੰਜਾਬੀ ਕੌਮ ਜਿਥੇ ਦਿਨੋ-ਦਿਨ ਨਿਕੰਮੀ ਹੁੰਦੀ ਜਾ ਰਹੀ ਹੈ ਤੇ ਬਾਹਰ ਜਾਣ ਦੀ ਹੋੜ ਵੀ ਚਰਮ ਸੀਮਾ 'ਤੇ ਹੈ, ਉਥੇ ਇਨ੍ਹਾਂ ਪ੍ਰਵਾਸੀਆਂ ਨੇ ਪੰਜਾਬੀਆਂ ਦੇ ਸਾਰੇ ਕੰਮ ਧੰਦੇ ਵੀ ਸਾਂਭ ਲਏ ਹਨ। ਅੱਜ ਇਹ ਪ੍ਰਵਾਸੀ ਖੇਤੀ ਦੇ ਨਾਲ-ਨਾਲ ਮਜ਼ਦੂਰੀ, ਮਿਸਤਰੀਪੁਣਾ, ਲੋਹੇ ਦਾ ਕੰਮ, ਸਬਜ਼ੀ ਦਾ ਕੰਮ ਤਾਂ ਕਰ ਹੀ ਰਹੇ ਹਨ, ਕਈ ਤਾਂ ਵੱਡੇ ਠੇਕੇਦਾਰ ਵੀ ਪ੍ਰਵਾਸੀ ਹਨ। ਖਦਸ਼ਾ ਇਹ ਵੀ ਪ੍ਰਗਟਾਇਆ ਜਾ ਰਿਹਾ ਹੈ ਆਉਣ ਵਾਲੇ ਸਮੇਂ ਵਿਚ ਇਹ ਪ੍ਰਵਾਸੀ ਬਹੁਗਿਣਤੀ ਵਿਚ ਹੋ ਜਾਣਗੇ ਤੇ ਪੰਜਾਬੀ ਆਪਣੇ ਪੰਜਾਬ ਵਿਚ ਹੀ ਘੱਟ-ਗਿਣਤੀ ਵਿਚ ਆ ਜਾਣਗੇ। ਇਹ ਗੱਲ ਕੌੜੀ ਜ਼ਰੂਰ ਹੋ ਸਕਦੀ ਹੈ ਪਰ ਭਵਿੱਖ ਵਿਚ ਸੱਚ ਹੋਣ ਵਾਲੀ ਹੈ। ਇਕ ਹੋਰ ਗੱਲ ਜੋ ਹੁਣ ਆਮ ਪੰਜਾਬੀਆਂ ਵਿਚ ਵੇਖਣ ਨੂੰ ਮਿਲ ਰਹੀ ਹੈ, ਉਹ ਹੈ ਹੱਥੀਂ ਕੰਮ ਕਰਨ ਵਿਚ, ਰੇੜ੍ਹੀ ਲਾਉਣ ਵਿਚ, ਖੇਤਾਂ ਵਿਚ ਕੰਮ ਕਰਨ ਵਿਚ ਜਾਂ ਜਿੰਨੇ ਵੀ ਛੋਟੇ-ਮੋਟੇ ਕੰਮ ਹਨ, ਉਨ੍ਹਾਂ ਨੂੰ ਕਰਨ ਵਿਚ ਸ਼ਰਮ ਮਹਿਸੂਸ ਕਰਦੇ ਹਨ। ਵੱਡਾ ਕੰਮ ਮਿਲਦਾ ਨਹੀਂ ਤੇ ਛੋਟਾ ਪੰਜਾਬੀ ਕਰਦੇ ਨਹੀਂ। 90 ਫ਼ੀਸਦੀ ਜ਼ਿਆਦਾ ਮੰਡ੍ਹੀਰ ਟੀਚੇ ਤੋਂ ਭਟਕੀ ਹੋਈ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ, ਪੰਜਾਬੀ ਬੋਲੀ, ਪੰਜਾਬੀ ਜਵਾਨੀ ਨੂੰ ਸੁਹਿਰਦ ਯਤਨਾਂ ਨਾਲ ਬਚਾਵੇ।

-ਜੱਗਾ ਸਿੰਘ ਨਿੱਕੂਵਾਲ
ਡਾਕ: ਝਿੰਜੜੀ, ਤਹਿ: ਅਨੰਦਪੁਰ ਸਾਹਿਬ, ਜ਼ਿਲ੍ਹਾ ਰੂਪਨਗਰ।

ਖ਼ੁਆਰ ਹੋਇ ਸਭ ਮਿਲੇਂਗੇ...

ਖੱਜਲ-ਖ਼ੁਆਰ ਹੋ ਕੇ ਪੰਜਾਬ ਦੇ ਲੋਕ ਇਕੱਠੇ ਹੋ ਗਏ ਜਾਪਦੇ ਨੇ ਜੋ ਇਕ ਮੁਬਾਰਕ ਕਦਮ ਹੈ। ਇਸੇ ਤਰ੍ਹਾਂ ਜੰਮੂ-ਕਸ਼ਮੀਰ ਵਿਚਲੀਆਂ ਸਿਆਸੀ ਧਿਰਾਂ ਇਕਸੁਰ ਵਿਚ ਬੋਲਦੀਆਂ ਨਜ਼ਰ ਆਉਂਦੀਆਂ ਹਨ। ਉਮੀਦ ਕਰਨੀ ਚਾਹੀਦੀ ਹੈ ਕਿ ਇਹ ਏਕਾ ਹੋਰ ਮਜ਼ਬੂਤ ਹੋਵੇਗਾ ਅਤੇ ਸਾਰਥਕ ਸਿੱਟੇ ਕੱਢੇਗਾ। ਦੇਖੋ!

-ਨਵਰਾਹੀ ਘੁਗਿਆਣਵੀ
ਸਰਪ੍ਰਸਤ ਪੰਜਾਬੀ ਸਾਹਿਤ ਸਭਾ, ਫ਼ਰੀਦਕੋਟ।

ਸੰਘਰਸ਼ ਦਾ ਰਾਹ

ਪੰਜਾਬ ਦੇ ਬਹਾਦਰ ਲੋਕ ਇਕ ਤਿੱਖੇ ਸੰਘਰਸ਼ ਦੇ ਰਾਹ ਪੈ ਗਏ ਹਨ ਜੋ ਦੇਸ਼ ਦੇ ਹੋਰ ਸੂਬਿਆਂ ਵਿਚ ਅੰਦਰ ਵੀ ਫੈਲਦਾ ਜਾ ਰਿਹਾ ਹੈ। ਕੇਂਦਰ ਦੀ ਫਾਸ਼ੀਵਾਦੀ ਸਰਕਾਰ ਆਪਣੇ ਕਾਲੇ ਕਾਨੂੰਨ ਵਾਪਸ ਲੈਣ ਲਈ ਤਿਆਰ ਨਹੀਂ ਸਗੋਂ ਪ੍ਰਤੀਦਿਨ ਹੋਰ ਕਾਲੇ ਕਾਨੂੰਨ ਲਿਆ ਰਹੀ ਹੈ ਜੋ ਸਾਡੇ ਸਮਾਜ ਦੀ ਜੜ੍ਹ ਕਿਸਾਨੀ ਨੂੰ ਉਖਾੜ ਦੇਣ ਦੀ ਸਮਰੱਥਾ ਰੱਖਦੇ ਹਨ।
ਪੰਜਾਬ ਦੇ ਰਵਾਇਤੀ ਰਾਜਨੀਤਕ ਆਗੂ ਇਸ ਸੰਘਰਸ਼ ਤੋਂ ਪਲਾਇਨ ਕਰ ਚੁੱਕੇ ਹਨ। ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਤੇ ਕਲਾਕਾਰਾਂ, ਬੁੱਧੀਜੀਵੀਆਂ ਨੂੰ ਅਪੀਲ ਹੈ ਕਿ ਫਾਸ਼ੀਵਾਦੀ ਸਰਕਾਰ ਸੰਘਰਸ਼ ਨੂੰ ਲੀਹੋ ਲਾਹੁਣ ਲਈ ਕੋਈ ਵੀ ਕੋਝਾ ਹਥਕੰਡਾ ਵਰਤ ਸਕਦੀ ਹੈ। ਫ਼ਿਰਕੂ ਲਾਬੀ ਵੀ ਕੋਈ ਚਿੰਗਾਰੀ ਸੁੱਟ ਸਕਦੀ ਹੈ। ਸੋ, ਸੰਘਰਸ਼ ਇਸੇ ਤਰ੍ਹਾਂ ਪੁਰਅਮਨ ਤਰੀਕੇ ਨਾਲ ਸਾਰੇ ਲੋਕਾਂ ਦੀ ਸਾਂਝੀ ਏਕਤਾ ਤੇ ਇਕਸੁਰਤਾ ਰਾਹੀਂ ਜਿੱਤ ਵੱਲ ਵਧਦਾ ਜਾਵੇ। ਦੇਸ਼ ਦੀ ਆਜ਼ਾਦੀ ਤੇ ਐਮਰਜੈਂਸੀ ਤੋਂ ਬਾਅਦ ਪੰਜਾਬ ਇਕ ਵਾਰ ਫਿਰ ਸਾਰੇ ਦੇਸ਼ ਦੇ ਗ਼ਰੀਬ ਕਿਰਤੀਆਂ ਦੀ ਅਗਵਾਈ ਕਰ ਰਿਹਾ ਹੈ ਤੇ ਗੁਰੂ ਸਾਹਿਬਾਨ ਤੇ ਸ਼ਹੀਦਾਂ ਦੇ ਸੱਚੇ ਵਾਰਿਸ ਹੋਣ ਦੀ ਗਵਾਹੀ ਭਰ ਰਿਹਾ ਹੈ।

-ਸੀਰਾ ਗਰੇਵਾਲ ਰੌਂਤਾ
ਪ੍ਰਧਾਨ ਲੇਖਕ ਵਿਚਾਰ ਮੰਚ, ਨਿਹਾਲ ਸਿੰਘ ਵਾਲਾ (ਰਜਿ:)।

ਹਰ ਮਸਲੇ 'ਤੇ ਸਿਆਸਤ ਕਿਉਂ?

ਪੰਜਾਬ ਵਿਚ ਜੇ ਕੋਈ ਸੰਕਟ ਆ ਜਾਵੇ ਤਾਂ ਉਸ ਸੰਕਟ ਨੂੰ ਮਿਲ ਕੇ ਸੁਲਝਾਉਣ ਦੀ ਬਜਾਏ ਵਿਰੋਧੀ ਪਾਰਟੀਆਂ ਤੇ ਸਰਕਾਰ ਆਪਸ ਵਿਚ ਹੀ ਇਕ-ਦੂਜੇ ਨੂੰ ਉਸ ਸੰਕਟ ਦੇ ਦੋਸ਼ੀ ਠਹਿਰਾਉਂਦੇ ਰਹਿੰਦੇ ਹਨ। ਜੇ ਗੱਲ ਕਰੀਏ ਵਰਤਮਾਨ ਸਮੇਂ ਦੀ ਤਾਂ ਪੰਜਾਬ ਵਿਚ ਬਿਜਲੀ ਦਾ ਸੰਕਟ ਛਾਇਆ ਹੋਇਆ ਹੈ। ਇਸ ਮਸਲੇ ਨੂੰ ਵੀ ਸੁਲਝਾਉਣ ਦੀ ਥਾਂ ਇਸ 'ਤੇ ਸਿਆਸਤ ਬੜੀ ਗਰਮਾਈ ਹੋਈ ਹੈ। ਇਕ ਪਾਸੇ ਭਾਜਪਾ ਸਰਕਾਰ ਕਹਿ ਰਹੀ ਹੈ ਕਿ ਪੰਜਾਬ ਸਰਕਾਰ ਬਿਜਲੀ ਸੰਕਟ ਲਈ ਜ਼ਿੰਮੇਵਾਰ ਹੈ ਤੇ ਦੂਜੇ ਪਾਸੇ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਕੇਂਦਰ ਦੁਆਰਾ ਮਾਲ ਗੱਡੀਆਂ ਬੰਦ ਹੋਣ ਕਾਰਨ ਕੋਲਾ ਥਰਮਲ ਪਲਾਂਟਾਂ ਵਿਚ ਨਹੀਂ ਪਹੁੰਚ ਰਿਹਾ। ਸੋ, ਮੈਂ ਅੰਤ ਵਿਚ ਇਹੀ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਕਿਸੇ ਵੀ ਮਸਲੇ 'ਤੇ ਸਿਆਸਤ ਕਰਨ ਦੀ ਬਜਾਏ ਉਸ ਮਸਲੇ ਨੂੰ ਮਿਲ ਕੇ ਸੁਲਝਾਉਣਾ ਚਾਹੀਦਾ ਹੈ ਤਾਂ ਜੋ ਸਾਡੇ ਦੇਸ਼ ਦਾ ਹੋਰ ਵਿਕਾਸ ਹੋ ਸਕੇ।

-ਏਕਮਨੂਰ ਸਿੰਘ
ਪਿੰਡ ਫੱਜੂਪੁਰ, ਡਾਕ: ਧਾਰੀਵਾਲ, ਜ਼ਿਲ੍ਹਾ ਗੁਰਦਾਸਪੁਰ।

03-11-2020

 ਪ੍ਰਦੂਸ਼ਣ ਦਾ ਪ੍ਰਭਾਵ

ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਅੰਦਰ ਹਰ ਸਾਲ ਪੰਜ ਸਾਲ ਤੋਂ ਘੱਟ ਉਮਰ ਦੇ ਇਕ ਲੱਖ ਬੱਚੇ ਹਵਾ ਪ੍ਰਦੂਸ਼ਣ ਕਾਰਨ ਮਰ ਜਾਂਦੇ ਹਨ ਅਤੇ ਦੇਸ਼ ਭਰ ਵਿਚ 12.5 ਫ਼ੀਸਦੀ ਮੌਤਾਂ ਦਾ ਕਾਰਨ ਹਵਾ ਪ੍ਰਦੂਸ਼ਣ ਹੈ। ਵਾਤਾਵਰਨ ਥਿੰਕ ਟੈਂਕ ਸੀ.ਐੱਸ.ਈ. ਦੇ ਸਟੇਟ ਆਫ ਇੰਡੀਆਜ਼ ਐਨਵਾਇਰਮੈਂਟ (ਐੱਸ.ਓ.ਈ.) ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਦੂਸ਼ਿਤ ਹਵਾ ਕਾਰਨ ਭਾਰਤ 'ਚ 10 ਹਜ਼ਾਰ ਬੱਚਿਆਂ 'ਚੋਂ ਔਸਤਨ 8.5 ਬੱਚੇ ਪੰਜ ਸਾਲ ਦੀ ਉਮਰ ਪੂਰੀ ਕਰਨ ਤੋਂ ਪਹਿਲਾਂ ਹੀ ਮਰ ਜਾਂਦੇ ਹਨ ਜਦਕਿ ਬੱਚੀਆਂ 'ਚ ਇਹ ਖ਼ਤਰਾ ਜ਼ਿਆਦਾ ਹੈ ਕਿਉਂਕਿ 10 ਹਜ਼ਾਰ ਲੜਕੀਆਂ 'ਚੋਂ 9.5 ਲੜਕੀਆਂ ਪੰਜ ਸਾਲ ਦੀ ਉਮਰ ਤੋਂ ਪਹਿਲਾਂ ਹੀ ਮਰ ਜਾਂਦੀਆਂ ਹਨ। ਇਸ ਸਾਲ ਦੀ ਸ਼ੁਰੂਆਤ 'ਚ ਵਾਤਾਵਰਨ ਪ੍ਰਦੂਸ਼ਣ ਬਾਰੇ ਆਲਮੀ ਰਿਪੋਰਟ 'ਚ ਕਿਹਾ ਗਿਆ ਸੀ ਕਿ ਭਾਰਤ ਅੰਦਰ 2017 'ਚ ਹਵਾ ਪ੍ਰਦੂਸ਼ਣ ਕਾਰਨ 12 ਲੱਖ ਲੋਕਾਂ ਦੀ ਮੌਤ ਹੋਈ ਹੈ। 2013 'ਚ ਭਾਰਤ ਨੇ 2020 ਤੱਕ ਰਵਾਇਤੀ ਈਂਧਣ 'ਤੇ ਚੱਲਣ ਵਾਲੇ ਵਾਹਨ ਘਟਾ ਕੇ 1.50 ਤੋਂ 1.60 ਕਰੋੜ ਹਾਈਬ੍ਰਿਡ ਦੇ ਈ-ਵਾਹਨ ਸੜਕਾਂ 'ਤੇ ਉਤਾਰਨ ਦਾ ਅਹਿਦ ਲਿਆ ਸੀ। ਸੀ.ਐੱਸ.ਈ. ਦੀ ਰਿਪੋਰਟ ਅਨੁਸਾਰ ਮਈ 2019 ਤੱਕ ਸੜਕਾਂ 'ਤੇ ਈ-ਵਾਹਨਾਂ ਦੀ ਤਾਦਾਦ 0.28 ਫ਼ੀਸਦੀ ਹੈ ਜੋ ਕਿ ਤੈਅ ਟੀਚੇ ਤੋਂ ਬਹੁਤ ਘੱਟ ਹੈ।

-ਵਿਜੈ ਗਰਗ, ਮਲੋਟ।

ਅੰਦੋਲਨ ਨੂੰ ਸ਼ਾਂਤਮਈ ਰੱਖਣਾ

'ਅੰਦੋਲਨ ਨੂੰ ਸ਼ਾਂਤਮਈ ਬਣਾਈ ਰੱਖਣਾ ਬੇਹੱਦ ਜ਼ਰੂਰੀ' ਲੇਖ ਸਰਦਾਰ ਬਲਬੀਰ ਸਿੰਘ ਰਾਜੇਵਾਲ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਨੇ ਲਿਖਿਆ ਤੇ ਸ਼ੁਰੂਆਤ ਦੇ ਸ਼ਬਦ ਹਨ 'ਪਿਆਰੇ ਪੰਜਾਬੀਓ, ਗੁਰੂ ਫ਼ਤਹਿ। ਜਿਸ ਵਿਚ ਉਨ੍ਹਾਂ ਸਨਿਮਰ ਬੇਨਤੀ ਕੀਤੀ ਹੈ ਕਿ ਭਰਾਵੋ ਕਿ ਕੋਈ ਕੁਝ ਵੀ ਆਖੇ, ਸ਼ਾਂਤੀ ਕਿਤੇ ਵੀ ਭੰਗ ਨਹੀਂ ਹੋਣ ਦੇਣੀ। ਇਹ ਅੰਦੋਲਨ ਦੀ ਸਭ ਤੋਂ ਵੱਡੀ ਤਾਕਤ ਹੈ। ਸਰਕਾਰ ਅਤੇ ਉਸ ਦੀਆਂ ਏਜੰਸੀਆਂ ਤੁਹਾਨੂੰ ਭੜਕਾ ਕੇ ਲੀਹੋਂ ਲਾਹੁਣ ਲਈ ਪੱਬਾਂ ਭਾਰ ਹਨ। ਉਨ੍ਹਾਂ ਵਲੋਂ ਖੇਤੀ ਬਿੱਲਾਂ ਦੀ ਪਿੱਠ ਭੂਮੀ 'ਤੇ ਪਾਇਆ ਚਾਨਣਾ ਸਪੱਸ਼ਟ ਕਰਦਾ ਹੈ ਕਿ ਕਿਸਾਨ ਚੇਤਨ ਸਨ ਤੇ ਹਨ। ਇਨ੍ਹਾਂ ਖੇਤੀ ਬਿੱਲਾਂ ਦੀ ਆਮਦ ਬਾਰੇ ਸ਼ੱਕ 3 ਸਾਲ ਪਹਿਲਾਂ ਹੀ ਪੈ ਗਿਆ ਸੀ। ਸੰਨ 2014 ਵਿਚ ਮੋਦੀ ਜੀ ਦੇ ਪਹਿਲੇ 6 ਸਾਲਾ ਕਾਰਜਕਾਲ ਦੌਰਾਨ ਹੀ ਉਨ੍ਹਾਂ ਦੀ ਕਾਰਪੋਰੇਟ ਘਰਾਣਿਆਂ ਨਾਲ ਹਮਦਰਦੀ ਜੱਗ ਜ਼ਾਹਰ ਹੋ ਗਈ ਸੀ। ਹੁਣ ਤੱਕ ਤੇਲ ਖੇਤਰ, ਸੰਚਾਰ ਅਤੇ ਡਿਫੈਂਸ ਖੇਤਰ ਅੰਬਾਨੀਆਂ ਕੋਲ ਚਲੇ ਗਏ ਹਨ। ਕੋਲਾ ਖੇਤਰ, ਹਵਾਈ ਅੱਡੇ, ਰੇਲਵੇ ਅਤੇ ਦੇਸ਼ ਦੇ ਵਧੀਆ ਸਰਕਾਰੀ ਅਦਾਰੇ ਅਡਾਨੀਆਂ ਨੇ ਸਾਂਭ ਲਏ ਹਨ। ਖੇਤੀ ਕਾਨੂੰਨਾਂ ਨਾਲ ਖੇਤੀ ਖੇਤਰ ਵੀ ਅਮੀਰ ਘਰਾਣਿਆਂ ਕੋਲ ਚਲਾ ਜਾਵੇਗਾ।

-ਰਸ਼ਪਾਲ ਸਿੰਘ
ਐਸ. ਜੇ. ਐਸ. ਨਗਰ, ਟਾਂਡਾ ਰੋਡ, ਹੁਸ਼ਿਆਰਪੁਰ।

ਸਾਕਾਰਾਤਮਕ ਸਹਿਯੋਗ

ਹਾਲ ਹੀ ਵਿਚ ਭਾਰਤ ਅਤੇ ਅਮਰੀਕਾ ਵਿਚਾਲੇ ਹੋਈ ਗੱਲਬਾਤ ਭਾਰਤ ਅਮਰੀਕਾ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰੇਗੀ। ਅਮਰੀਕਾ ਨੇ ਡਰੋਨ ਸੌਦੇ ਦੀ ਪੇਸ਼ਕਸ਼ ਕੀਤੀ ਹੈ। ਸੰਯੁਕਤ ਰਾਜ ਅਤੇ ਭਾਰਤ ਨੇ ਅੰਤਿਮ ਸੰਧੀ 'ਤੇ ਦਸਤਖ਼ਤ ਕੀਤੇ, ਜਿਸ ਵਿਚ ਆਧੁਨਿਕ ਤਕਨਾਲੋਜੀ ਦਾ ਆਦਾਨ-ਪ੍ਰਦਾਨ ਅਤੇ ਸਹਿਯੋਗ ਸ਼ਾਮਿਲ ਹੈ। ਚੀਨ ਨਾਲ ਤਣਾਅ ਭਰੇ ਮਾਹੌਲ ਵਿਚ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਸਾਕਾਰਾਤਮਕ ਪੱਖ ਹੈ।

-ਨੇਹਾ ਜਮਾਲ, ਮੁਹਾਲੀ।

ਆਰਥਿਕ ਦਾਇਰਾ

ਆਰਥਿਕ ਤੰਗੀ ਦਾ ਦਾਇਰਾ ਦਿਨੋ-ਦਿਨ ਹੋਰ ਤੰਗ ਹੋ ਰਿਹਾ ਹੈ। ਲੋਕਾਂ ਦੇ ਕੰਮਕਾਜ ਇਸ ਵੇਲੇ ਨਾਜ਼ੁਕ ਸਥਿਤੀ ਵਿਚ ਹਨ, ਜਿਸ ਕਰਕੇ ਘਰੇਲੂ ਖ਼ਰਚੇ, ਸਕੂਲ ਦੀਆਂ ਫੀਸਾਂ ਅਤੇ ਬਿਜਲੀ ਬਿੱਲ ਆਦਿ ਆਮਦਨ ਤੋਂ ਦੁੱਗਣੇ ਹੋ ਰਹੇ ਹਨ। ਇਹੋ ਪ੍ਰੇਸ਼ਾਨੀ ਜਦ ਲੋੜ ਤੋਂ ਵੱਧ ਭਾਰੂ ਹੋ ਜਾਂਦੀ ਹੈ ਤਦ ਇਸ ਦਾ ਨਤੀਜਾ ਖ਼ੁਦਕੁਸ਼ੀ ਦੇ ਕਾਰੇ ਵਿਚ ਤਬਦੀਲ ਹੋ ਜਾਂਦਾ ਹੈ। ਸੰਕਟਗ੍ਰਸਤ ਕਿਰਸਾਨੀ ਜੋ ਕਰਜ਼ੇ ਦੀ ਮਾਰ ਹੇਠ ਜੀਵਨ ਲੀਲ੍ਹਾ ਸਮਾਪਤ ਕਰਨ ਦੇ ਰਾਹ ਤੁਰ ਪਈ ਸੀ, ਉਹੀ ਹਾਲ ਹੁਣ ਸ਼ਹਿਰੀ ਮੱਧ ਵਰਗ ਦਾ ਹੋ ਗਿਆ ਹੈ। ਦਿਨਾਂ ਵਿਚ ਹੀ ਤਿੰਨ-ਚਾਰ ਅਜਿਹੀਆਂ ਵਾਰਦਾਤਾਂ ਹੋ ਚੁੱਕੀਆਂ ਹਨ ਜਿਨ੍ਹਾਂ ਵਿਚ ਆਰਥਿਕ ਤੇ ਪਰਿਵਾਰਕ ਤੰਗੀਆਂ ਤੋਂ ਦੁਖੀ ਹੋ ਅੰਤ ਮੌਤ ਦੀ ਭੇਟ ਚੜ੍ਹ ਗਏ। ਮੱਧ ਵਰਗ ਦੇ ਛੋਟੇ-ਮੋਟੇ ਕਾਰੋਬਾਰ ਮੰਦੀ ਕੋਰੋਨਾ ਅਤੇ ਤਾਲਾਬੰਦੀ ਦੇ ਜਾਲ ਵਿਚ ਉਲਝ ਕੇ ਰਹਿ ਗਏ ਹਨ। ਇਹੀ ਵੇਲਾ ਹੈ ਸਾਡੇ ਲੀਡਰ, ਸਮਾਜ ਸ਼ਾਸਤਰੀ ਸੋਚਣ ਕਿ ਲੋਕਾਂ ਦਾ ਜੀਵਨ ਸੁਖਾਲਾ ਕਿੰਜ ਬਣੇ। ਕਿਉਂਕਿ ਕਿਰਸਾਨੀ ਦੇ ਨਾਲ-ਨਾਲ ਜੇ ਪੰਜਾਬ ਦਾ ਵਪਾਰ ਵੀ ਤਬਾਹ ਹੋ ਗਿਆ ਤਾਂ ਪੰਜਾਬ ਜੋ ਪਹਿਲਾਂ ਹੀ ਪਿਛਾਂਹ ਜਾ ਰਿਹਾ ਹੈ, ਹੋਰ ਵੀ ਖ਼ਤਰਨਾਕ ਸਥਿਤੀ ਵਿਚ ਪਹੁੰਚ ਜਾਵੇਗਾ।

-ਵਿਵੇਕ ਕੋਟ, ਈਸੇ ਖਾਂ, ਜ਼ਿਲ੍ਹਾ ਮੋਗਾ।

ਤੰਦਰੁਸਤ ਸਰੀਰ

ਤੰਦਰੁਸਤ ਸਰੀਰ ਦੇ ਅੰਦਰ ਹੀ ਤੰਦਰੁਸਤ ਦਿਮਾਗ ਹੁੰਦਾ ਹੈ। ਮਨੁੱਖੀ ਸਰੀਰ ਕੁਦਰਤ ਦੀ ਅਨਮੋਲ ਦੇਣ ਹੈ, ਜਿਸ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਇਸ ਕਰਕੇ ਸਰੀਰ ਦਾ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਹੈ। ਕੁਦਰਤ ਨੇ ਜਦੋਂ ਮਨੁੱਖ ਨੂੰ ਸਭ ਕੁਝ ਸਾਫ਼-ਸੁਥਰਾ ਦਿੱਤਾ ਜਿਵੇਂ ਹਵਾ, ਪਾਣੀ, ਧਰਤੀ, ਆਕਾਸ਼ ਪਰ ਲਾਲਚੀ ਮਨੁੱਖ ਨੇ ਸਭ ਕੁਝ ਪਲੀਤ ਕਰ ਦਿੱਤਾ, ਜਿਸ ਦਾ ਖਮਿਆਜ਼ਾ ਕੁੱਲ ਮਨੁੱਖਤਾ ਨੂੰ ਭੁਗਤਣਾ ਪੈ ਰਿਹਾ ਹੈ। ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਬੱਚਾ ਬਿਲਕੁਲ ਤੰਦਰੁਸਤ ਤੇ ਰਿਸ਼ਟ-ਪੁਸ਼ਟ ਹੁੰਦਾ ਹੈ ਜਦੋਂ ਉਹ ਹੌਲੀ-ਹੌਲੀ ਵੱਡਾ ਹੁੰਦਾ ਹੈ ਤਾਂ ਕੋਈ ਨਾ ਕੋਈ ਬਿਮਾਰੀ ਉਸ ਨੂੰ ਆ ਘੇਰਦੀ ਹੈ। ਸੋ, ਸਰੀਰ ਨੂੰ ਤੰਦਰੁਸਤ ਰੱਖਣ ਦੇ ਬਹੁਤ ਸਾਰੇ ਤਰੀਕੇ ਹਨ ਜੋ ਕਿ ਸਵੇਰ ਦੀ ਸੈਰ, ਯੋਗਾ, ਘੱਟ ਖਾਣਾ, ਪੈਦਲ ਚੱਲਣਾ, ਫਾਸਟ ਫੂਡ ਤੋਂ ਪ੍ਰਹੇਜ਼, ਆਰਗੈਨਿਕ ਦਾਲਾਂ, ਸਬਜ਼ੀਆਂ ਦਾ ਸੇਵਨ ਆਦਿ।

-ਡਾ: ਮਨਪ੍ਰੀਤ ਸੂਦ, ਸ਼ਹੀਦ ਭਗਤ ਸਿੰਘ ਨਗਰ।

ਹਵਾ ਪ੍ਰਦੂਸ਼ਣ ਤੇ ਕੇਂਦਰ ਸਰਕਾਰ

ਭਾਵੇਂ ਪ੍ਰਦੂਸ਼ਣ ਕੋਈ ਵੀ ਹੋਵੇ, ਉਹ ਧਰਤੀ 'ਤੇ ਵਸਣ ਵਾਲੇ ਸਭ ਜੀਵਾਂ ਲਈ ਹਾਨੀਕਾਰਕ ਹੁੰਦਾ ਹੈ। ਇਸ ਨੂੰ ਰੋਕਣਾ ਸਰਕਾਰਾਂ ਦਾ ਫ਼ਰਜ਼ ਹੈ ਪਰ ਇਹ ਕਾਲੇ ਕਾਨੂੰਨ ਬਣਾ ਕੇ ਨਹੀਂ ਰੋਕਣਾ ਚਾਹੀਦਾ ਜਿਵੇਂ ਕਿ ਮੋਦੀ ਸਰਕਾਰ ਨੇ ਪੰਜਾਬ ਅਤੇ ਹਰਿਆਣੇ ਦੇ ਕਿਸਾਨ ਅੰਦੋਲਨ ਤੋਂ ਖਫ਼ਾ ਹੋ ਕੇ ਹਵਾ ਪ੍ਰਦੂਸ਼ਣ ਦੇ ਸਬੰਧੀ ਕਾਲਾ ਕਾਨੂੰਨ ਰਾਤੋ-ਰਾਤ ਪਾਸ ਕਰ ਦਿੱਤਾ ਹੈ। ਇਸ ਕਾਨੂੰਨ ਨੂੰ ਸਿਰਫ ਕੌਮੀ ਗ੍ਰੀਨ ਟ੍ਰਿਬਿਊਨਲ ਵਿਚ ਹੀ ਚੁਣੌਤੀ ਦਿੱਤੀ ਜਾ ਸਕਦੀ ਹੈ ਕਿਸੇ ਅਦਾਲਤ ਵਿਚ ਨਹੀਂ। ਕੀ ਕੇਂਦਰ ਸਰਕਾਰ ਨੇ ਆਪਣਾ ਇਹ ਫ਼ਰਜ਼ ਪੂਰਾ ਕੀਤਾ ਹੈ ਜਿਸ ਵਿਚ ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਸੀ ਕਿ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ 2500 ਰੁਪਏ ਪ੍ਰਤੀ ਏਕੜ ਜਾਂ 100 ਆਰਪੀਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ। ਕਿਸਾਨ ਤਾਂ ਮਜਬੂਰੀ ਵੱਸ ਸਿਰਫ ਵੱਧ ਤੋਂ ਵੱਧ ਇਕ ਮਹੀਨਾ ਹੀ ਪਰਾਲੀ ਸਾੜਦੇ ਹਨ ਜਿਸ ਦਾ ਧੂੰਆਂ ਓਨਾ ਜ਼ਹਿਰੀਲਾ ਨਹੀਂ ਹੁੰਦਾ ਜਿੰਨਾ ਕਿ ਫੈਕਟਰੀਆਂ, ਗੱਡੀਆਂ ਮੋਟਰਾਂ ਦਾ ਧੂੰਆਂ ਜ਼ਹਿਰੀਲਾ ਹੁੰਦਾ ਹੈ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ।

02-11-2020

 ਕਿਸਾਨ ਇਧਰ ਵੀ ਜਾਗਰੂਕ ਹੋਣ
ਦੋਸਤੋ ਝੋਨੇ ਤੇ ਕਣਕ ਦੀ ਸਰਕਾਰੀ ਖਰੀਦ ਪੰਜਾਬ ਤੇ ਹਰਿਆਣਾ ਵਿਚ ਹੀ ਹੈ। ਇਨ੍ਹਾਂ ਦੋਵਾਂ ਰਾਜਾਂ ਨੂੰ ਫ਼ਸਲੀ ਸੀਜ਼ਨ ਵੇਲੇ ਫਸਲ ਖਰੀਦਣ ਲਈ, ਕੇਂਦਰ ਸਰਕਾਰ, ਰਿਜ਼ਰਵ ਬੈਂਕ ਆਫ ਇੰਡੀਆ ਤੋਂ ਸੀ.ਸੀ.ਐਲ. ਲਿਮਟ ਰਾਹੀਂ ਐਡਵਾਂਸ ਪੈਸੇ ਜਾਰੀ ਕਰਵਾਉਂਦੀ ਹੈ। ਜਿਸ ਨਾਲ ਖਰੀਦੀ ਹੋਈ ਫਸਲ ਦੀ ਪੇਮੈਂਟ 72 ਘੰਟਿਆਂ 'ਚ ਕਿਸਾਨਾਂ ਦੇ ਖਾਤਿਆਂ ਤੱਕ ਪਹੁੰਚਦੀ ਹੈ। ਜਦ ਕਿਸੇ ਰਾਜ ਕੋਲ ਸੀ.ਸੀ.ਐਲ. ਲਿਮਟ ਦੇ ਪੈਸੇ ਖ਼ਤਮ ਹੋ ਜਾਂਦੇ ਹਨ ਤਾਂ ਉਥੇ ਸਰਕਾਰੀ ਖਰੀਦ ਬੰਦ ਕਰਨੀ ਪੈਂਦੀ ਹੈ। ਹੁਣ ਪੰਜਾਬ ਨੂੰ ਜੋ ਸੀ.ਸੀ.ਐਲ. ਲਿਮਟ ਜਾਰੀ ਹੋਈ ਹੈ, ਉਹ ਪੰਜਾਬ ਦੇ ਕਿਸਾਨਾਂ ਲਈ ਹੈ। ਆਹ ਜਿਹੜਾ ਝੋਨਾ, ਯੂ.ਪੀ. ਬਿਹਾਰ ਤੋਂ ਪੰਜਾਬ 'ਚ ਵਿਕ ਰਿਹਾ ਹੈ, ਇਹ ਪੰਜਾਬ ਦੇ ਹਿੱਸੇ 'ਚੋਂ ਪੈਸੇ ਬਾਹਰ ਜਾ ਰਹੇ ਹਨ ਤੇ ਜਦ ਲਿਮਟ ਦੇ ਪੈਸੇ ਖਤਮ ਹੋ ਗਏ ਤਾਂ ਪੰਜਾਬ ਦੇ ਕਿਸਾਨਾਂ ਦਾ ਝੋਨਾ ਸਰਕਾਰੀ ਭਾਅ 'ਤੇ ਵਿਕਣਾ ਬੰਦ ਹੋ ਜਾਣਾ ਹੈ ਤੇ ਫਿਰ ਵਾਰੀ ਆਊ ਵਪਾਰੀ ਦੀ ਜੋ ਸਰਕਾਰੀ ਰੇਟ ਤੋਂ ਘੱਟ ਤੇ ਆਪਣੀ ਮਰਜ਼ੀ ਨਾਲ ਖਰੀਦੇਗਾ। ਸੋ, ਧਰਨਿਆਂ, ਮੁਜ਼ਾਹਰਿਆਂ ਦੇ ਨਾਲ-ਨਾਲ, ਬਾਹਰਲਿਆਂ ਸੂਬਿਆਂ 'ਚੋਂ ਆ ਰਹੀ ਫਸਲ 'ਤੇ ਵੀ ਨਿਗ੍ਹਾ ਰੱਖੋ ਤੇ ਪੰਜਾਬ ਸਰਕਾਰ 'ਤੇ ਦਬਾਅ ਵੀ ਪਾਓ ਕਿ ਉਹ ਸੜਕੀ ਬਾਰਡਰ 'ਤੇ ਸਖ਼ਤੀ ਵਰਤੇ। ਇਥੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਵੱਧ ਹੈ। ਚੌਕਸ ਰਹੋ।


-ਤੇਜਿੰਦਰ ਸ਼ਰਮਾ ਸੰਘੇੜਾ


ਕੇਂਦਰ ਸਰਕਾਰ ਤੇ ਕਿਸਾਨੀ
ਕੇਂਦਰ ਸਰਕਾਰ ਵਲੋਂ ਬਣਾਏ ਗਏ ਕਥਿਤ ਕਿਸਾਨ ਵਿਰੋਧੀ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ ਅਤੇ ਹੋਰ ਸੂਬਿਆਂ ਵਿਚ ਜ਼ਬਰਦਸਤ ਸੰਘਰਸ਼ ਚੱਲ ਰਹੇ ਹਨ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਕੇਂਦਰ ਸਰਕਾਰ ਵਲੋਂ ਮੀਟਿੰਗ ਲਈ ਸੱਦਿਆ ਗਿਆ ਸੀ ਪਰ ਇਹ ਮੀਟਿੰਗ ਬੇਸਿੱਟਾ ਰਹੀ। ਪੰਜਾਬ ਵਿਚ ਰੇਲ ਚੱਕਾ ਜਾਮ ਤਕਰੀਬਨ ਇਕ ਅਕਤੂਬਰ ਤੋਂ ਚੱਲ ਰਿਹਾ ਹੈ, ਜਿਸ ਕਾਰਨ ਪੰਜਾਬ ਵਿਚ ਬਹੁਤ ਸਾਰੇ ਕੰਮਕਾਜ ਪ੍ਰਭਾਵਿਤ ਹੋ ਰਹੇ ਹਨ। ਕਿਸਾਨਾਂ ਨਾਲ ਗੱਲਬਾਤ ਕਰ ਕੇ ਮਾਮਲਾ ਨਿਬੇੜਨ ਦੀ ਥਾਂ ਕੇਂਦਰ ਸਰਕਾਰ ਨੇ ਹਾਲ ਹੀ ਵਿਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਆਰਡੀਨੈਂਸ ਜਾਰੀ ਕੀਤਾ ਹੈ। ਬੇਸ਼ੱਕ ਕਿਸਾਨਾਂ ਨੇ ਰੇਲ ਮਾਰਗ ਪੰਜ ਨਵੰਬਰ ਤੱਕ ਖਾਲੀ ਕਰ ਦਿੱਤੇ ਹਨ ਪਰ ਕੇਂਦਰ ਨੇ ਪੰਜਾਬ ਵਿਚ ਮਾਲ ਗੱਡੀਆਂ ਦੀ ਆਵਾਜਾਈ ਬੰਦ ਕਰਕੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨਾਲ ਮੀਟਿੰਗ 'ਚ ਸਿਆਸੀ ਆਗੂਆਂ ਨੂੰ ਸ਼ਾਮਿਲ ਕਰ ਕੇ 'ਤੇ ਗੱਲਬਾਤ ਕਰਨ ਦਾ ਸਿਲਸਿਲਾ ਸ਼ੁਰੂ ਕਰੇ।


-ਸੰਜੀਵ ਸਿੰਘ ਸੈਣੀ,
ਮੋਹਾਲੀ।


ਛੱਪੜਾਂ ਦਾ ਮਹੱਤਵ
ਕਿਸੇ ਸਮੇਂ ਛੱਪੜ, ਪੇਂਡੂ ਜੀਵਨ ਦੀ ਸ਼ਾਨ ਹੋਇਆ ਕਰਦੇ ਸਨ। ਜਿਥੇ ਪਸ਼ੂ, ਡੰਗਰਾਂ ਲਈ ਸ਼ੁੱਧ ਪਾਣੀ ਪੀਣ ਨੂੰ ਮਿਲਦਾ ਸੀ। ਛੱਪੜ ਪੇਂਡੂ ਲੋਕਾਂ ਲਈ ਸਾਂਝੀ ਆਰਾਮਗਾਹ ਸਨ, ਜਿਥੇ ਛੱਪੜ ਕਿਨਾਰੇ ਖੜ੍ਹੇ ਵੱਡੇ-ਵੱਡੇ ਪਿੱਪਲ ਤੇ ਬੋਹੜ ਪੇਂਡੂ ਜੀਵਨ ਵਿਚ ਵਿਸ਼ੇਸ਼ ਸਥਾਨ ਰੱਖਦੇ ਸਨ। ਹੁਣ ਸਾਰਾ ਕੁਝ ਬਦਲ ਗਿਆ ਹੈ। ਬਹੁਤੇ ਛੱਪੜ ਪੂਰ ਦਿੱਤੇਗਏ ਹਨ। ਫਲਸਰੂਪ ਮੀਂਹ ਦਾ ਵਾਧੂ ਪਾਣੀ ਲੋਕਾਂ ਦੇ ਘਰਾਂ ਵਿਚ ਵੜ ਕੇ ਸਮੱਸਿਆ ਬਣਦਾ ਹੈ। ਪਿੰਡਾਂ ਦੇ ਮੁਹਤਬਰ ਲੋਕ ਵੀ ਇਸ ਪਾਸੇ ਧਿਆਨ ਨਹੀਂ ਦਿੰਦੇ। ਸਾਰਾ ਕੁਝ ਸਿਆਸਤ ਦੀ ਭੇਟ ਚੜ੍ਹ ਗਿਆ ਹੈ। ਸ਼ਾਨਾਮੱਤੇ ਪੰਜਾਬੀ ਸੱਭਿਆਚਾਰ ਦਾ ਘਾਣ ਹੋ ਰਿਹਾ ਹੈ। ਸੂਝਵਾਨ ਲੋਕਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।


-ਨਵਰਾਹੀ ਘੁਗਿਆਣਵੀ
ਸਰਪ੍ਰਸਤ, ਪੰਜਾਬੀ ਸਾਹਿਤ ਸਭਾ, ਫਰੀਦਕੋਟ।


ਤਿਉਹਾਰ ਤੇ ਮਠਿਆਈਆਂ
ਭਾਵੇਂ ਪਿਛਲੇ ਦਿਨੀਂ ਇਹ ਖ਼ਬਰ ਆਈ ਸੀ ਕਿ ਮਠਿਆਈਆਂ ਤਿਆਰ ਕਰਨ ਵਾਲੇ ਮਾਲਕ ਮਠਿਆਈਆਂ ਨੂੰ ਤਿਆਰ ਕਰਨ ਦੀ ਮਿਤੀ ਅਤੇ ਮਿਆਦ ਪੁੱਗਣ ਦੀ ਮਿਤੀ ਨੂੰ ਡਿਸਪਲੇ ਕਰਨਗੇ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ ਪ੍ਰੰਤੂ ਅਜੇ ਤੱਕ ਅਜਿਹਾ ਨਹੀਂ ਹੋ ਰਿਹਾ। ਮਠਿਆਈਆਂ ਬਣਾਉਣ ਵਾਲਿਆਂ ਨੂੰ ਸਿਰਫ਼ ਪ੍ਰਵਾਨਿਤ ਰੰਗਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਗ਼ੈਰ-ਮਿਆਰੀ ਰੰਗਾਂ ਨਾਲ ਤਿਆਰ ਕੀਤੀਆਂ ਮਠਿਆਈਆਂ ਅਤੇ ਹੋਰ ਸਾਮਾਨ ਮਨੁੱਖੀ ਸਿਹਤ ਲਈ ਨੁਕਸਾਨਦੇਹ ਹੁੰਦਾ ਹੈ, ਖਾਸ ਕਰਕੇ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਹੋਰ ਵੀ ਸੁਚੇਤ ਹੋਣ ਦੀ ਲੋੜ ਹੈ। ਸੂਬੇ ਦੇ ਲੋਕਾਂ ਨੂੰ ਮਿਆਰੀ ਅਤੇ ਸੁਰੱਖਿਅਤ ਸਾਮਾਨ ਮੁਹੱਈਆ ਕਰਵਾਉਣ ਲਈ ਅਤੇ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਅਚਨਚੇਤ ਚੈਕਿੰਗ ਕਰਨੀ ਚਾਹੀਦੀ ਹੈ ਅਤੇ ਸ਼ੱਕੀ ਨਮੂਨੇ ਇਕੱਠੇ ਕਰਕੇ ਆਧੁਨਿਕ ਲੈਬਾਂ ਵਿਚ ਭੇਜ ਛੇਤੀ ਤੋਂ ਛੇਤੀ ਜਾਂਚ ਮੁਕੰਮਲ ਕਰਨੀ ਚਾਹੀਦੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਜਾਵੇ ਉਸ ਨੂੰ ਢੁਕਵਾਂ ਜੁਰਮਾਨਾ ਅਤੇ ਸਖ਼ਤ ਸਜ਼ਾ ਵੀ ਦੇਣੀ ਚਾਹੀਦੀ ਹੈ। ਲੋਕਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਮਠਿਆਈਆਂ ਅਤੇ ਹੋਰ ਸਾਮਾਨ ਤਿਆਰ ਕਰਦੇ ਸਮੇਂ ਸਾਫ-ਸਫਾਈ ਵੱਲ ਖਾਸ ਧਿਆਨ ਦੇਣ ਦੀ ਵੀ ਲੋੜ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।


ਪੰਜਾਬੀ ਸੰਗੀਤ ਦਾ ਨਵਾਂ ਰੂਪ
21ਵੀਂ ਸਦੀ ਵਿਚ ਪੰਜਾਬੀ ਸੰਗੀਤ ਨੇ ਇਕ ਨਵਾਂ ਰੂਪ ਧਾਰਨ ਕਰ ਲਿਆ ਹੈ। ਸੰਗੀਤ ਇਕ ਐਸਾ ਮਾਧਿਅਮ ਹੈ ਜਿਸਦੇ ਰਾਹੀਂ ਅਸੀਂ ਨਵੀਂ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਦੀਆਂ ਨੈਤਿਕ ਕਦਰਾਂ-ਕੀਮਤਾਂ ਸਿਖਾ ਸਕਦੇ ਹਾਂ ਪਰ ਅਫ਼ਸੋਸ ਦੀ ਗੱਲ ਹੈ ਕਿ ਗਾਇਕਾਂ ਨੇ ਪੰਜਾਬੀ ਸੰਗੀਤ ਨੂੰ ਇਕ ਨਵਾਂ ਰੂਪ ਦੇ ਦਿੱਤਾਹੈ, ਜਿਸ ਵਿਚ ਪੰਜਾਬੀ ਸੱਭਿਆਚਾਰ ਦਾ ਨਕਾਰਾਤਮਕ ਪੱਖ ਦਸਰਾਇਆ ਜਾ ਰਿਹਾ ਹੈ ਅਤੇ ਹਥਿਆਰ, ਚਿੱਟੇ ਵਰਗੇ ਨਸ਼ੀਲੇ ਪਦਾਰਥ, ਵੈਲਪੁਣੇ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ, ਜਿਸ ਦਾ ਸਾਡੀ ਨਵੀਂ ਪੀੜ੍ਹੀ ਉੱਪਰ ਬੁਹਤ ਮਾੜਾ ਪ੍ਰਭਾਵ ਪੈ ਰਿਹਾ ਹੈ। ਹਾਲਾਂਕਿ ਕੁਝ ਗਾਇਕਾਂ ਨੇ ਕਿਸਾਨੀ ਸੰਘਰਸ਼ ਵਿਚ ਵੀ ਆਪਣੇ ਯੋਗਦਾਨ ਪਾਇਆ ਹੈ ਜੋ ਕਿ ਸ਼ਲਾਘਾਯੋਗ ਹੈ। ਗਾਇਕਾਂ ਨੂੰ ਅਪੀਲ ਹੈ ਕਿ ਅਜਿਹੇ ਗੀਤ ਗਾਉਣ, ਜਿਸ ਦਾ ਪ੍ਰਭਾਵ ਸਾਡੀ ਨੌਜਵਾਨ ਪੀੜ੍ਹੀ ਉੱਪਰ ਚੰਗਾ ਪਵੇ। ਵੈਲਪੁਣੇ, ਹਥਿਆਰਾਂ ਨੂੰ ਪ੍ਰਮੋਟ ਕਰਨ ਦੀ ਬਜਾਏ ਪਰਿਵਾਰਕ ਅਤੇ ਸੱਭਿਆਚਾਰਕ ਗੀਤਾਂ ਨੂੰ ਪਹਿਲ ਦਿੱਤੀ ਜਾਵੇ।


-ਸਿਮਰਨਦੀਪ ਕੌਰ ਬੇਦੀ
ਕਸਬਾ ਘੁਮਾਣ (ਗੁਰਦਾਸਪੁਰ)।


ਸਰਕਾਰ ਨੂੰ ਕਿਉਂ ਨਹੀਂ ਸੁਣਦੀ?
ਅੰਨਦਾਤੇ ਕਹਾਉਣ ਵਾਲੇ ਅੱਜ ਖੁਦ ਢਿੱਡੋਂ ਭੁੱਖਣ ਭਾਣੇ ਸੜਕਾਂ 'ਤੇ ਰੁਲਦੇ ਫਿਰਦੇ ਹਨ। ਕਈ ਦਿਨ ਹੋ ਗਏ ਹਨ ਧਰਨਿਆਂ ਉਤੇ ਬੈਠਿਆਂ ਨੂੰ। ਇਕ ਪਾਸੇ ਸਾਉਣੀ ਦੀ ਫਸਲ ਤਕਰੀਬਨ ਪੱਕ ਕੇ ਮੰਡੀਆਂ 'ਚ ਜਾ ਚੁੱਕੀ ਹੈ ਦੂਜੇ ਪਾਸੇ ਕਣਕ ਦੀ ਬਿਜਾਈ ਵੀ ਸ਼ੁਰੂ ਹੋ ਗਈ ਹੈ। 22 ਸੂਬਿਆਂ ਦੀਆਂ ਸੈਂਕੜੇ ਕਿਸਾਨ ਜਥੇਬੰਦੀਆਂ ਨੇ ਦਿੱਲੀ ਵਿਚ 5 ਨਵੰਬਰ ਨੂੰ ਪੂਰੇ ਦੇਸ਼ ਦੀਆਂ ਸ਼ਾਹਮੁਖੀ ਸੜਕਾਂ ਜਾਮ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ। ਕੀ ਲਗਦਾ ਨਹੀਂ ਇਸ ਨਾਲ ਦੇਸ਼ ਦੇ ਮਾਹੌਲ 'ਤੇ ਬੁਰਾ ਅਸਰ ਪਵੇਗਾ। ਪਹਿਲਾਂ ਕੋਰੋਨਾ ਨੇ ਗ਼ਰੀਬ ਲੋਕਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਕੇ ਸੁੱਟ ਦਿੱਤਾ ਹੈ। ਹੁਣ ਕਿਸਾਨ ਮਾਰੂ ਕਾਨੂੰਨ ਲਿਆ ਕੇ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਕਰਨ ਦਾ ਫਤਵਾ ਜਾਰੀ ਕਰ ਦਿੱਤਾ ਹੈ। ਇਕ ਵਾਰ ਸਰਕਾਰ ਨੂੰ ਕਿਸਾਨਾਂ ਦੀ ਗੱਲ ਜ਼ਰੂਰ ਸੁਣਨੀ ਚਾਹੀਦੀ ਹੈ। ਜਿਸ ਵਿਚ ਸਾਰੇ ਆਵਾਮ ਦਾ ਭਲਾ ਹੀ ਹੋਵੇਗਾ। ਮੋਦੀ ਸਰਕਾਰ ਨੂੰ ਜ਼ਿੱਦ ਨਹੀਂ ਕਰਨੀ ਚਾਹੀਦੀ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)।


ਜਿੱਤ ਲੜਦੇ ਲੋਕਾਂ ਦੀ ਹੁੰਦੀ ਹੈ
ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਕਾਨੂੰਨਾਂ ਸਬੰਧੀ ਸਾਰਾ ਪੰਜਾਬ ਇਕਜੁੱਟ ਹੋ ਚੁੱਕਾ ਹੈ। ਇਸ ਲਹਿਰ ਨੂੰ ਅੱਗੇ ਵਧਾਉਣ ਲਈ ਦੂਸਰੇ ਰਾਜਾਂ ਨਾਲ ਸੰਪਰਕ ਬਣਾਇਆ ਜਾ ਰਿਹਾ ਹੈ, ਜਿਸ ਸਬੰਧੀ 27 ਅਕਤੂਬਰ ਨੂੰ 22 ਰਾਜਾਂ ਦੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵੀ ਹੋ ਚੁੱਕੀ ਹੈ, ਇਸ ਤਰ੍ਹਾਂ ਇਹ ਲੜਾਈ ਪੰਜਾਬ ਤੋਂ ਸ਼ੁਰੂ ਹੋ ਕੇ ਸਮੁੱਚੇ ਦੇਸ਼ ਦੀ ਲੜਾਈ ਬਣ ਗਈ ਹੈ। ਇਸ ਲਹਿਰ ਨੂੰ ਕਾਮਯਾਬ ਬਣਾਉਣ ਲਈ ਸਾਨੂੰ ਧਾਰਮਿਕ ਤੇ ਜਾਤ-ਪਾਤ ਦੀਆਂ ਵਲਗਣਾਂ 'ਚੋਂ ਉੱਚਿਆਂ ਉੱਠਣਾ ਪਵੇਗਾ, ਸਭ ਧਿਰਾਂ ਮਿਲ ਕੇ ਹੀ ਇਕ ਸਾਂਝਾ ਮੁਹਾਜ਼ ਉਸਾਰ ਸਕਦੀਆਂ ਹਨ। ਹੁਣ ਤੱਕ ਕੇਂਦਰ ਸਰਕਾਰ ਦੁਆਰਾ ਅਖ਼ਤਿਆਰ ਕੀਤੇ ਅੜੀਅਲ ਰਵੱਈਏ ਤੋਂ ਲਗਦਾ ਹੈ ਕਿ ਇਹ ਲੜਾਈ ਲੰਬੀ ਚੱਲੇਗੀ, ਫਿਰ ਵੀ ਅਸੀਂ ਉਦੋਂ ਤੱਕ ਲੜਦੇ ਰਹਾਂਗੇ ਜਦੋਂ ਤੱਕ ਜਿੱਤ ਪ੍ਰਾਪਤ ਨਹੀਂ ਹੋ ਜਾਂਦੀ, ਕਿਉਂਕਿ ਜਿੱਤ ਲੜਦੇ ਲੋਕਾਂ ਦੀ ਹੀ ਹੁੰਦੀ ਹੈ।


-ਹਰਨੰਦ ਸਿੰਘ ਬੱਲਿਆਂਵਾਲਾ-
(ਤਰਨ ਤਾਰਨ)

30-10-2020

 ਵਧ ਰਹੀਆਂ ਜਬਰ ਜਨਾਹ ਦੀਆਂ ਘਟਨਾਵਾਂ
ਦੇਸ਼ ਵਿਚ ਦਿਨ-ਬਦਿਨ ਵਧ ਰਹੀਆਂ ਜਬਰ ਜਨਾਹ ਦੀਆਂ ਘਟਨਾਵਾਂ ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਰਹਿੰਦੀਆਂ ਹਨ। ਪਿਛਲੇ ਦਿਨੀਂ ਲੁਧਿਆਣਾ ਦੇ ਟਾਂਡਾ 'ਚ ਦੋ ਵਿਅਕਤੀਆਂ 'ਤੇ ਪ੍ਰਵਾਸੀ ਮਜ਼ਦੂਰ ਦੀ ਛੇ ਸਾਲਾ ਮਾਸੂਮ ਬੇਟੀ ਦਾ ਜਬਰ ਜਨਾਹ ਕਰਨ ਤੋਂ ਬਾਅਦ ਉਸ ਨੂੰ ਅੱਗ ਲਗਾਉਣ ਦੇ ਦੋਸ਼ ਲੱਗ ਰਹੇ ਹਨ। ਪੂਰੇ ਦੇਸ਼ ਨੂੰ ਇਸ ਘਟਨਾ ਨੇ ਝੰਜੋੜ ਕੇ ਰੱਖ ਦਿੱਤਾ ਹੈ। ਪੰਜਾਬ ਵਿਚ ਸ਼ੁਰੂ ਤੋਂ ਹੀ ਅਜਿਹੇ ਯੋਧੇ ਜੰਮਦੇ ਰਹੇ ਹਨ ਜੋ ਜਾਨ ਦੀਆਂ ਬਾਜ਼ੀਆਂ ਲਗਾ ਕੇ ਧੀਆਂ ਭੈਣਾਂ ਦੀ ਰੱਖਿਆ ਕਰਦੇ ਰਹੇ ਹਨ। ਦੇਸ਼ ਵਿਚ ਜਬਰ ਜਨਾਹ ਆਮ ਗੱਲ ਹੋ ਗਈ ਹੈ ਕਿ ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਖੌਫ਼ ਹੀ ਨਹੀਂ ਹੈ। ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਲਈ ਸਖ਼ਤ ਸਜ਼ਾ ਨਿਸਚਿਤ ਹੋਣੀ ਚਾਹੀਦੀ ਹੈ। ਅਜਿਹਾ ਨਾ ਹੋਵੇ ਕਿ ਬਹੁਤ ਦੇਰ ਹੋ ਜਾਵੇ ਤੇ ਅਜਿਹੇ ਲੋਕ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਦੇਸ਼ ਨੂੰ ਜੰਗਲ ਵਿਚ ਬਦਲ ਦੇਣ।


-ਹਰਪ੍ਰੀਤ ਕੌਰ ਘੁੰਨਸ


ਵਿਦੇਸ਼ ਜਾਣ ਦੀ ਦੌੜ
ਅਜੋਕੀ ਪੀੜ੍ਹੀ ਵਿਚ ਵਿਦੇਸ਼ ਜਾਣ ਦਾ ਰੁਝਾਨ ਦਿਨੋ-ਦਿਨ ਵਧ ਰਿਹਾ ਹੈ। ਅੱਜਕਲ੍ਹ ਕਾਲਜਾਂ, ਯੂਨੀਵਰਸਿਟੀਆਂ ਦੇ ਮੁਕਾਬਲੇ ਆਈਲੈਟਸ ਕੇਂਦਰਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਦੇਖਣ ਨੂੰ ਮਿਲੇਗੀ। ਸਾਡੀ ਨਵੀਂ ਪੀੜ੍ਹੀ ਪੰਜਾਬ ਵਿਚ ਰਹਿ ਕੇ ਤਰੱਕੀ ਕਿਉਂ ਨਹੀਂ ਕਰਨਾ ਚਾਹੁੰਦੀ? ਜੇਕਰ ਇਸੇ ਤਰ੍ਹਾਂ ਸਾਡੇ ਦੇਸ਼ ਦਾ ਭਵਿੱਖ ਰੁਜ਼ਗਾਰ ਦੀ ਭਾਲ ਵਿਚ ਵਿਦੇਸ਼ ਚਲਾ ਗਿਆ ਤਾਂ ਭਾਰਤ ਤਰੱਕੀ ਕਿਵੇਂ ਕਰੇਗਾ? ਸਖ਼ਤ ਮਿਹਨਤ ਕਰਕੇ ਅਤੇ ਭਾਰਤ ਵਿਚ ਰਹਿ ਕੇ ਵੀ ਅਸੀਂ ਸਫਲਤਾ ਪ੍ਰਾਪਤ ਕਰ ਸਕਦੇ ਹਾਂ। ਭਾਰਤ ਨੂੰ ਤਰੱਕੀ ਦੇ ਰਾਹ 'ਤੇ ਲੈ ਕੇ ਜਾਣ ਦੀ ਜ਼ਿੰਮੇਵਾਰੀ ਕੇਵਲ ਸਰਕਾਰ ਦੀ ਨਹੀਂ, ਇਹ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਵਿਦੇਸ਼ ਜਾਣ ਦੀ ਬਜਾਏ ਭਾਰਤ ਵਿਚ ਰਹਿ ਕੇ ਪੜ੍ਹ-ਲਿਖ ਕੇ ਸਖ਼ਤ ਮਿਹਨਤ ਕਰਕੇ ਆਪਣੇ ਦੇਸ਼ ਵਿਚ ਨਵਾਂ ਬਦਲ ਲਿਆਈਏ।


-ਸਿਮਰਨਦੀਪ ਕੌਰ ਬੇਦੀ
ਖੁਮਾਣ (ਗੁਰਦਾਸਪੁਰ)।


ਦੁਸਹਿਰੇ 'ਤੇ ਨਵਾਂ ਰਿਕਾਰਡ
ਦੁਸਹਿਰਾ ਭਾਰਤ ਵਿਚ ਪੁਰਾਤਨ ਸਮੇਂ ਤੋਂ ਹੀ ਇਕ ਮਿੱਥ ਨੂੰ ਲੈ ਕੇ ਮਨਾਇਆ ਜਾ ਰਿਹਾ ਹੈ। ਬਦੀ ਉੱਤੇ ਨੇਕੀ ਦੀ ਜਿੱਤ ਨੂੰ ਲੈ ਕੇ ਹਰ ਸਾਲ ਦੁਸਹਿਰੇ ਵਾਲੇ ਦਿਨ ਵੱਖ-ਵੱਖ ਸਥਾਨਾਂ 'ਤੇ ਰਾਵਣ ਦਾ ਪੁਤਲਾ ਫੂਕਿਆ ਜਾਂਦਾ ਹੈ। ਪਰ ਇਸ ਵਾਲ ਦੁਸਹਿਰੇ ਦੇ ਤਿਉਹਾਰ ਉੱਤੇ ਪੰਜਾਬ ਤੋਂ ਇਲਾਵਾ ਦੇਸ਼ ਦੇ ਹੋਰਨਾਂ ਸੂਬਿਆਂ ਵਿਚ ਵੀ ਨਵਾਂ ਰਿਕਾਰਡ ਪੈਦਾ ਹੋਇਆ ਹੈ। ਇਸ ਵੇਲੇ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਵਿਰੋਧ ਵਿਚ ਬਹੁਤੇ ਪਾਸੇ ਕੇਂਦਰ ਸਰਕਾਰ ਦੇ ਵਿਰੋਧ ਵਿਚ ਸੰਘਰਸ਼ ਵਿੱਢੇ ਗਏ ਹਨ। ਕੇਂਦਰ ਦੇ ਖਿਲਾਫ਼ ਸਭ ਤੋਂ ਵੱਡੇ ਲੋਕ ਰੋਹ ਪੰਜਾਬ ਵਿਚ ਦੇਖੇ ਜਾ ਸਕਦੇ ਹਨ। ਜਦੋਂ ਦੁਸਹਿਰੇ ਦਾ ਤਿਉਹਾਰ ਆਇਆ ਤਾਂ ਪੰਜਾਬ ਵਿਚ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਨੇ ਥਾਂ ਪੁਰ ਥਾਂ ਇਸ ਵਾਰ ਕੇਂਦਰ ਸਰਕਾਰ ਵਿਰੁੱਧ ਪ੍ਰਧਾਨ ਮੰਤਰੀ, ਉਸ ਦੇ ਮੰਤਰੀ ਮੰਡਲ ਵਿਚਲੇ ਅਹਿਮ ਮੰਤਰੀਆਂ ਦੇ ਪੁਤਲੇ ਫੂਕੇ ਗਏ, ਜੋ ਦੁਸਹਿਰੇ ਦੇ ਸਬੰਧ ਵਿਚ ਇਸ ਵਾਰ ਨਵਾਂ ਹੀ ਰਿਕਾਰਡ ਵੇਖਣ ਨੂੰ ਮਿਲਿਆ। ਜੋਸ਼ੀਲੇ ਲੋਕ ਸੰਘਰਸ਼ਾਂ ਨੂੰ ਵੇਖਦਿਆਂ ਸਰਕਾਰ ਨੂੰ ਆਪਣੇ ਕੀਤੇ ਉੱਤੇ ਪਛਤਾਵਾ ਕਰਕੇ ਕਾਨੂੰਨਾਂ ਵਿਚ ਸੋਧ ਕਰਨੀ ਚਾਹੀਦੀ ਹੈ ਤਾਂ ਕਿ ਅੱਗੇ ਜਾ ਕੇ ਇਹ ਕੰਮ ਹੋਰ ਖ਼ਰਾਬ ਨਾ ਹੋਵੇ।


-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿਆਣਾ)।


ਦੀਵੇ ਜਗਾਓ
ਪਿਛਲੇ ਦਿਨੀਂ ਦੇ ਅੰਕ ਵਿਚ ਮੋਦੀ ਦੀ 'ਮਨ ਕੀ ਬਾਤ' ਦਾ ਜ਼ਿਕਰ ਕਰਦਿਆਂ ਲਿਖਿਆ ਗਿਆ ਹੈ ਕਿ ਸਰਹੱਦਾਂ 'ਤੇ ਰਾਖੀ ਕਰਨ ਵਾਲੇ ਜਵਾਨਾਂ ਦੇ ਸਨਮਾਨ ਵਿਚ ਦੀਵੇ ਜਗਾਓ। ਪਰ ਮੋਦੀ ਦੀ ਕੇਂਦਰੀ ਸਰਕਾਰ ਦੋਗਲੀ ਨੀਤੀ ਅਪਣਾ ਰਹੀ ਹੈ ਇਕ ਪਾਸੇ ਤਾਂ ਫ਼ੌਜੀਆਂ ਦੇ ਸਨਮਾਨ ਦੀ ਗੱਲ ਕਰ ਰਹੀ ਹੈ, ਦੂਜੇ ਪਾਸੇ ਫ਼ੌਜੀਆਂ ਦੇ ਮਹਿੰਗਾਈ ਭੱਤੇ ਦਾ ਛਿਮਾਹੀ ਵਾਧਾ ਪਿਛਲੇ ਸਾਲ ਤੋਂ ਹੀ ਬੰਦ ਕੀਤਾ ਹੋਇਆ ਹੈ, ਜਿਸ ਨਾਲ ਸਰਹੱਦਾਂ 'ਤੇ ਮੁਸ਼ਕਿਲ ਹਾਲਾਤ ਵਿਚ ਡਿਊਟੀ ਕਰ ਰਹੇ ਫ਼ੌਜੀਆਂ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ ਅਤੇ ਸਾਬਕਾ ਫ਼ੌਜੀਆਂ ਦੀ 'ਇਕ ਰੈਂਕ ਇਕ ਪੈਨਸ਼ਨ' ਦੀ ਮੰਗ ਲੰਮੇ ਸਮੇਂ ਤੋਂ ਅਟਕਾ ਰੱਖੀ ਹੈ। ਇਸ ਪਾਸੇ ਮੋਦੀ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਸਰਕਾਰੀ ਦਫ਼ਤਰਾਂ ਵਿਚ ਫ਼ੌਜੀਆਂ ਅਤੇ ਸਾਬਕਾ ਫ਼ੌਜੀਆਂ ਦੀ ਕੋਈ ਸੁਣਵਾਈ ਨਹੀਂ ਹੈ। ਸਿਰਫ ਖੱਜਲ-ਖੁਆਰੀ ਅਤੇ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਾਹੀਦਾ ਹੈ ਕਿ ਅਖ਼ਬਾਰੀ ਬਿਆਨਬਾਜ਼ੀ ਛੱਡ ਕੇ ਸਾਡੀਆਂ ਇਨ੍ਹਾਂ ਮੁਸ਼ਕਿਲਾਂ ਦਾ ਹੱਲ ਕਰਨ। ਜੇਕਰ ਫ਼ੌਜੀਆਂ ਜਾਂ ਸਾਬਕਾ ਫ਼ੌਜੀਆਂ ਦੇ ਘਰਾਂ ਵਿਚ ਰੌਸ਼ਨੀ ਅਤੇ ਖੁਸ਼ਹਾਲੀ ਹੋਵੇਗੀ ਤਾਂ ਹੀ ਦੀਵੇ ਜਗਾਏ ਚੰਗੇ ਲੱਗਣਗੇ ਨਹੀਂ ਤਾਂ ਦੀਵੇ ਜਗਾਉਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ।


-ਅਮਰਜੀਤ ਸਿੰਘ 'ਫ਼ੌਜੀ'
ਪਿੰਡ ਦੀਨਾ ਸਾਹਿਬ, ਜ਼ਿਲ੍ਹਾ ਮੋਗਾ।


ਸਫਲਤਾ
ਜ਼ਿੰਦਗੀ ਇਕ ਕਲਾ ਹੈ। ਹਰ ਕੰਮ ਨੂੰ ਕਰਨ ਲਈ ਕੁਝ ਨਾ ਕੁਝ ਕੀਮਤ ਚੁਕਾਉਣੀ ਪੈਂਦੀ ਹੈ, ਹਰ ਟੀਚੇ 'ਤੇ ਪਹੁੰਚਣ ਲਈ ਮਿਹਨਤ ਕਰਨੀ ਪੈਂਦੀ ਹੈ। ਹਰ ਨਵੀਂ ਸਵੇਰ ਉਮੀਦ ਲੈ ਕੇ ਆਉਂਦੀ ਹੈ। ਜ਼ਿੰਦਗੀ ਵਿਚ ਬਹੁਤ ਵਾਰ ਅਸਫਲਤਾਵਾਂ ਮਿਲਦੀਆਂ ਹਨ। ਕਦੇ ਵੀ ਉਦਾਸ ਨਾ ਹੋਵੋ। ਸੋਚੋ ਕਿ ਸਫਲਤਾ ਸਾਨੂੰ ਕਿਉਂ ਨਹੀਂ ਮਿਲੀ। ਸਾਡੀ ਕਿਹੜੀ ਅਜਿਹੀ ਗ਼ਲਤੀ ਸੀ, ਜਿਹੜੀ ਸਾਨੂੰ ਆਪਣੀ ਟੀਚੇ 'ਤੇ ਨਹੀਂ ਪਹੁੰਚਾ ਸਕੀ। ਫਿਰ ਸੰਘਰਸ਼ ਕਰੋ। ਅਬਰਾਹਿਮ ਲਿੰਕਨ ਜਿਸ ਦਾ ਬਚਪਨ ਗ਼ਰੀਬੀ ਵਿਚ ਬੀਤਿਆ ਸੀ, ਕਿਸ ਤਰ੍ਹਾਂ ਰਾਸ਼ਟਰਪਤੀ ਦਾ ਤਾਜ ਉਸ ਦੇ ਸਿਰ 'ਤੇ ਸਜਿਆ ਸੀ। ਵਧੀਆ ਦੋਸਤਾਂ ਨਾਲ ਤਾਲਮੇਲ ਬਣਾ ਕੇ ਰੱਖੋ, ਜੋ ਤੁਹਾਨੂੰ ਅਸਫਲਤਾਵਾਂ ਦੇ ਦੌਰ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਨ। ਆਪਣੀ ਜ਼ਿੰਦਗੀ ਵਿਚ ਸੰਘਰਸ਼ ਕਰਦੇ ਰਹੋ। ਜੋ ਲੋਕ ਸਮੁੰਦਰ ਵਿਚੋਂ ਹੀਰੇ ਮੋਤੀ ਚੁਣਦੇ ਹਨ, ਉਹ ਸਫਲਤਾ ਨੂੰ ਇਕ ਦਿਨ ਪ੍ਰਾਪਤ ਕਰਦੇ ਹਨ।


-ਸੰਜੀਵ ਸਿੰਘ ਸੈਣੀ, ਮੁਹਾਲੀ।

29-10-2020

 ਸੜਕਾਂ 'ਤੇ ਰੁਲਦੀ ਕਿਸਾਨੀ

'ਅਜੀਤ' ਦੇ ਵਿਚਾਰ ਪ੍ਰਵਾਹ ਵਿਚ ਹੋਵਰਡ ਟੈਫਟ ਦਾ ਵਿਚਾਰ ਕਿ 'ਕਿਸਾਨਾਂ ਦਾ ਕਲਿਆਣ ਰਾਸ਼ਟਰ ਦੀ ਹੋਂਦ ਬਣਾਈ ਰੱਖਣ ਲਈ ਮਹੱਤਵਪੂਰਨ ਹੈ।' ਅੱਜ ਚੱਲ ਰਹੇ ਕਿਸਾਨ ਅੰਦੋਲਨ ਲਈ ਇਹ ਵਿਚਾਰ ਕਿੰਨਾ ਸਾਰਥਕ ਹੈ। ਕੇਂਦਰ ਦੀ ਸਰਕਾਰ ਜ਼ਰਾ ਵੀ ਨਹੀਂ ਸੋਚ ਰਹੀ ਕਿ ਕਿਸਾਨ ਖੇਤ ਛੱਡ ਕੇ ਸੜਕਾਂ, ਚੌਰਾਹਿਆਂ 'ਚ ਆ ਕੇ ਕਿਉਂ ਬਹਿ ਗਿਆ ਹੈ। ਅੱਜ ਸਰਕਾਰਾਂ ਸਿਰਫ ਕਾਰਪੋਰੇਟ ਘਰਾਣਿਆਂ ਬਾਰੇ ਹੀ ਸੋਚ ਰਹੀਆਂ ਹਨ। ਅੱਜ ਕਿਸਾਨ ਨੂੰ ਕਰਜ਼ੇ ਦੀ ਲੋੜ ਨਹੀਂ, ਰਿਆਇਤਾਂ ਜਾਂ ਸਬਸਿਡੀਆਂ ਦੀ ਲੋੜ ਹੈ। ਕਿਸਾਨੀ ਧੰਦਾ ਚੰਗੇ ਬੀਜਾਂ, ਉੱਨਤ ਖੇਤੀ ਤਕਨੀਕਾਂ ਨੂੰ ਸਸਤੇ ਰੇਟਾਂ 'ਤੇ ਦੇਣ ਦੀ ਜ਼ਰੂਰਤ ਹੈ। ਕਰਜ਼ਿਆਂ ਨੇ ਤਾਂ ਅੱਗੇ ਹੀ ਕਿਸਾਨਾਂ ਦੇ ਗਲੀਂ ਫੰਦੇ ਪਾਏ ਹੋਏ ਹਨ। ਜੇ ਅੱਜ ਕਿਸਾਨ ਨਾ ਬਚਾਇਆ ਗਿਆ ਤਾਂ ਬਚਣਾ ਦੇਸ਼ ਨੇ ਵੀ ਨਹੀਂ, ਕਿਉਂਕਿ ਕਿਸਾਨੀ ਦੇਸ਼ ਦੀ ਰੀੜ੍ਹ ਦੀ ਹੱਡੀ ਹੈ। ਤਲਖ਼ ਭਰਪੂਰ ਮਾਹੌਲ ਨੂੰ ਸ਼ਾਂਤ ਕਰਨ ਲਈ ਸਰਕਾਰ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੇ ਤੇ ਹੱਲ ਕਰੇ। ਸ਼ਰਾਰਤੀ ਲੋਕਾਂ ਕਰਕੇ ਗੱਲ ਕਿਸੇ ਹੋਰ ਪਾਸੇ ਹੀ ਨਾ ਤੁਰ ਪਵੇ। ਸਰਕਾਰ ਗੰਭੀਰ ਹੋਵੇ ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੇ। ਗੱਲਬਾਤ ਹਰ ਮਸਲੇ ਦਾ ਹੱਲ ਹੁੰਦੀ ਹੈ। ਤਕਰਾਰ ਨੁਕਸਾਨਦੇਹ ਹੈ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਪ੍ਰਦੂਸ਼ਣ ਦੀ ਮਾਰ

ਜਿਵੇਂ ਕਿ ਦੇਸ਼ ਵਿਚ ਕੋਰੋਨਾ ਦੇ ਕੇਸ ਘਟਦੇ ਜਾ ਰਹੇ ਹਨ ਅਤੇ ਮੌਸਮ ਵਿਚ ਵੀ ਬਦਲਾਅ ਆ ਰਿਹਾ ਹੈ। ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਪ੍ਰਦੂਸ਼ਣ ਵੀ ਵਧ ਰਿਹਾ ਹੈ ਜੋ ਕਿ ਸਿਹਤ ਲਈ ਹਾਨੀਕਾਰਕ ਤਾਂ ਹੈ, ਇਸ ਦੇ ਨਾਲ ਹੀ ਹਵਾ ਵਿਚ ਪ੍ਰਦੂਸ਼ਣ ਦੀ ਜਿੰਨੀ ਮਾਤਰਾ ਵੱਧ ਹੋਵੇਗੀ, ਕੋਰੋਨਾ ਵਾਇਰਸ ਓਨਾ ਵੱਧ ਸ਼ਕਤੀਸ਼ਾਲੀ ਹੁੰਦਾ ਜਾਵੇਗਾ। ਇਸ ਸਮੇਂ ਪਰਾਲੀ ਨੂੰ ਬਹੁਤ ਭਾਰੀ ਮਾਤਰਾ ਵਿਚ ਸਾੜਿਆ ਜਾ ਰਿਹਾ ਹੈ, ਜਿਸ ਕਾਰਨ ਇਹ ਸਮੱਸਿਆ ਵਧੀ ਹੈ। ਪੰਜਾਬ ਸਮੇਤ ਕਈ ਹੋਰ ਰਾਜਾਂ ਵਿਚ ਵੀ ਇਸ ਦੇ ਅੰਕੜੇ ਵਧ ਗਏ ਹਨ। ਜੇ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਬੱਚੇ ਨਿਰੋਗ ਹੋਣ ਤਾਂ ਇਹ ਜ਼ਰੂਰੀ ਹੈ ਕਿ ਉਹ ਸਾਫ਼-ਸੁਥਰੇ ਵਾਤਾਵਰਨ ਵਿਚ ਪਲਣ। ਮਨੁੱਖਾਂ ਦੇ ਸਰੀਰ ਦੀ ਅਰੋਗਤਾ ਲਈ ਇਹ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਸਾਫ਼ ਪਾਣੀ ਤੇ ਸ਼ੁੱਧ ਹਵਾ ਮਿਲੇ। ਇਹ ਸਭ ਤਾਂ ਹੀ ਸੰਭਵ ਹੋ ਸਕੇਗਾ ਜਦੋਂ ਸਾਡੇ ਆਲੇ-ਦੁਆਲੇ ਦਾ ਵਾਤਾਵਰਨ ਸਾਫ਼ ਹੋਵੇਗਾ ਜੋ ਕਿ ਮਨੁੱਖਾਂ ਦੀ ਅਰੋਗਤਾ ਲਈ ਸੰਜੀਵਨੀ ਬੂਟੀ ਦੇ ਸਮਾਨ ਹੈ।

-ਮਨਪ੍ਰੀਤ ਕੌਰ
ਕੋਟ ਕਲਾਂ (ਜਲੰਧਰ)।

ਅਜੋਕੇ ਸਮੇਂ ਕਿਉਂ ਬਣ ਰਹੇ ਨੇ ਮਾਪੇ ਕੁਮਾਪੇ?

ਬਚਪਨ ਵਿਚ ਜਦੋਂ ਦਾਦਾ ਜੀ ਦੇ ਮੂੰਹੋਂ ਇਹ ਕਹਾਵਤ ਸੁਣਨੀ ਕਿ ਮਾਪੇ-ਕੁਮਾਪੇ ਨਹੀਂ ਹੁੰਦੇ ਪਰ ਪੁੱਤ ਜ਼ਰੂਰ ਕਪੁੱਤ ਬਣ ਜਾਂਦੇ ਹਨ, ਉਸ ਸਮੇਂ ਭਾਵੇਂ ਇਸ ਗੱਲ ਦਾ ਅਰਥ ਨਹੀਂ ਸੀ ਸਮਝ ਆਉਂਦਾ ਫਿਰ ਹੌਲੀ-ਹੌਲੀ ਸਮੇਂ ਦੇ ਪਰਿਵਰਤਨ ਤੇ ਸਾਹਿਤ ਨਾਲ ਸਾਂਝ ਪੈਣ ਕਰਕੇ ਜਦੋਂ ਇਹ ਸੁਣਨਾ ਜਾਂ ਪੜ੍ਹਨਾ ਕਿ ਨਸ਼ੇ ਘਾਟ ਲਈ ਇਕ ਨਸ਼ੇੜੀ ਪੁੱਤ ਨੇ ਆਪਣੀ ਮਾਂ ਜਾਂ ਪਿਤਾ ਨੂੰ ਮਾਰ ਦਿੱਤਾ। ਅਜਿਹੀਆਂ ਗੱਲਾਂ ਨੇ ਪੁੱਤ ਕਪੁੱਤ ਵਾਲੀ ਕਹਾਵਤ ਨੂੰ ਸੱਚ ਕਰ ਵਿਖਾਇਆ। ਪਿਛਲੇ ਦਿਨੀਂ ਮੇਰੇ ਆਪਣੇ ਮਾਲਵੇ ਖੇਤਰ ਦੇ ਬਹੁਤ ਹੀ ਮਸ਼ਹੂਰ ਪਿੰਡ ਹਮੀਰਗੜ੍ਹ ਵਿਖੇ ਇਕ ਨੌਜਵਾਨ ਨੇ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਆਪਣੀਆਂ ਦੋ ਧੀਆਂ ਤੇ ਇਕ ਪੁੱਤਰ ਸਮੇਤ ਆਪਣੇ-ਆਪ ਨੂੰ ਫਾਹਾ ਲਗਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਜੇਕਰ ਸਮੇਂ ਰਹਿੰਦੇ ਉਸ ਵਿਅਕਤੀ ਦੀ ਸਾਡੀ ਸਰਕਾਰ ਨੇ ਜਾਂ ਕਿਸੇ ਸਮਾਜਿਕ ਸੰਸਥਾ ਨੇ ਬਾਂਹ ਫੜੀ ਹੁੰਦੀ ਤਾਂ ਸ਼ਾਇਦ ਮੇਰੇ ਵਿਚਾਰ ਅਨੁਸਾਰ ਸਭ ਕੁਝ ਰੁਕ ਵੀ ਸਕਦਾ ਸੀ। ਬਹੁਤ ਹੀ ਦੁਖਦਾਈ ਇਸ ਘਟਨਾ ਤੋਂ ਕੁਝ ਦਿਨ ਬਾਅਦ ਜ਼ਿਲ੍ਹਾ ਬਠਿੰਡੇ ਦੇ ਐਨ ਅਖੀਰ ਦੇ ਪਿੰਡ ਆਦਮਪੁਰਾ ਵਿਖੇ ਬਹੁਤ ਹੀ ਪੜ੍ਹੇ-ਲਿਖੇ ਨੇਵੀ ਵਿਚ ਕੰਮ ਕਰਦੇ ਇਕ ਨੌਜਵਾਨ ਵਲੋਂ ਜਦੋਂ ਆਪਣੀ ਛੇ ਮਹੀਨੇ ਦੀ ਮਾਲੂਕ ਜਿਹੀ ਜ਼ਿੰਦ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੇ ਮਾਮੇ ਕੰਸ ਵਾਂਗ ਘਰ ਦੇ ਥਮਲੇ ਨਾਲ ਦੋ ਵਾਰ ਪਟਕਾ-ਪਟਕਾ ਕੇ ਮਾਰ ਦਿੱਤਾ ਗਿਆ ਤਾਂ ਇਸ ਹਰਕਤ ਨਾਲ ਇਕ ਗੱਲ ਤਾਂ ਸਪੱਸ਼ਟ ਹੋ ਗਈ ਕਿ ਹੁਣ ਸਮੇਂ ਦੀ ਚਾਲ ਇਸ ਕਦਰ ਪੁੱਠੀ ਚੱਲ ਪਈ ਹੈ ਕਿ ਅਜੋਕੇ ਸਮੇਂ ਮਾਪੇ ਵੀ ਕੁਮਾਪੇ ਬਣਨ ਲੱਗ ਗਏ ਹਨ। ਨੌਜਵਾਨ ਪੀੜ੍ਹੀ ਨੂੰ ਮਾਂ-ਬਾਪ ਬਣਨ ਤੋਂ ਪਹਿਲਾਂ ਗ੍ਰਹਿਸਤ ਜੀਵਨ ਦੀ ਮਰਯਾਦਾ ਨੂੰ ਵੀ ਬਾਖੂਬੀ ਪੜ੍ਹਨਾ ਪਵੇਗਾ ਕਿ ਇਕ ਆਦਰਸ਼ ਮਾਂ-ਬਾਪ ਦੀ ਆਪਣੇ ਬੱਚਿਆਂ ਪ੍ਰਤੀ ਕੀ ਸੋਚ ਤੇ ਭੂਮਿਕਾ ਹੋਣੀ ਚਾਹੀਦੀ ਹੈ?

-ਮਨਦੀਪ ਕੁੰਦੀ ਤਖਤੂਪੁਰਾ
ਜ਼ਿਲ੍ਹਾ ਮੋਗਾ।

ਨੈਤਿਕ ਜ਼ਿੰਮੇਵਾਰੀ

ਅੱਜਕਲ੍ਹ ਡੇਂਗੂ ਬੁਖਾਰ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਹਰ ਘਰ ਵਿਚ ਡੇਂਗੂ ਬੁਖਾਰ ਦੀ ਆਮਦ ਹੋ ਰਹੀ ਹੈ। ਇਨ੍ਹਾਂ ਹਾਲਤਾਂ ਵਿਚ ਮਰੀਜ਼ ਨੂੰ ਖੂਨ ਦੀ ਲੋੜ ਪੈਂਦੀ ਹੈ। ਮੌਜੂਦਾ ਸਮੇਂ ਵਿਚ ਬਹੁਤ ਸਾਰੀਆਂ ਸੰਸਥਾਵਾਂ ਦੁਆਰਾ ਮਰੀਜ਼ਾਂ ਨੂੰ ਖੂਨ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਤਕਰੀਬਨ ਹਰ ਮਰੀਜ਼ ਦਾ ਪਰਿਵਾਰ ਬਲੱਡ ਬੈਂਕ ਵਿਚੋਂ ਜਾਂ ਖੂਨ ਦਾਨੀਆਂ ਦੁਆਰਾ ਖੂਨ ਦਾਨ ਲੈਣ ਦੀ ਹੋੜ ਵਿਚ ਰਹਿੰਦਾ ਹੈ ਜੋ ਕਿ ਸਹੀ ਨਹੀਂ ਹੈ ਕਿਉਂਕਿ ਪਹਿਲਾਂ ਮਰੀਜ਼ਾਂ ਦਾ ਪਰਿਵਾਰ ਖ਼ੁਦ ਖੂਨ ਦਾਨ ਕਰੇ ਜਾਂ ਆਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ ਤੋਂ ਦਾਨ ਲਵੇ। ਜੇਕਰ ਪਰਿਵਾਰ ਵਿਚੋਂ ਖੂਨ ਦਾਨ ਨਹੀਂ ਹੁੰਦਾ ਤਾਂ ਬਲੱਡ ਬੈਂਕ ਜਾਂ ਖੂਨ ਦਾਨੀਆਂ ਦੀ ਸਹਾਇਤਾ ਲਈ ਜਾਵੇ ਤਾਂ ਕਿ ਡੇਂਗੂ ਬੁਖਾਰ ਦਾ ਪ੍ਰਕੋਪ ਵਧਣ 'ਤੇ ਕੋਈ ਪ੍ਰੇਸ਼ਾਨੀ ਨਾ ਆ ਸਕੇ ਅਤੇ ਮਰੀਜ਼ ਦੀ ਜਾਨ ਬਚਾਈ ਜਾ ਸਕੇ। ਡੇਂਗੂ ਫੈਲਾਉਣ ਵਾਲਾ ਮੱਛਰ ਦਿਨ ਵਿਚ ਲੜਦਾ ਹੈ। ਇਨ੍ਹਾਂ ਸਾਵਧਾਨੀਆਂ ਨੂੰ ਵਰਤਣਾ ਅਤੇ ਪਹਿਲਾਂ ਪਰਿਵਾਰ ਦੁਆਰਾ ਖੂਨ ਦਾਨ ਕਰਨ ਦੀ ਕੋਸ਼ਿਸ਼ ਕਰਨਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ।

-ਸੁਖਦੀਪ ਸਿੰਘ ਗਿੱਲ, ਮਾਨਸਾ।

ਸਮੁੱਚੇ ਪੰਜਾਬ ਦਾ ਮਸਲਾ

ਕਿਰਸਾਨਾਂ ਵਲੋਂ ਕਾਲੇ ਕਾਨੂੰਨਾਂ ਦਾ ਹੋ ਰਿਹਾ ਵਿਰੋਧ ਅਸਲ ਵਿਚ ਸਮੁੱਚੇ ਪੰਜਾਬੀਆਂ ਦਾ ਹੀ ਮਸਲਾ ਹੈ। ਸਾਰੇ ਕਿਰਤੀ ਵਰਗ ਨੂੰ ਡਟ ਕੇ ਸਾਥ ਦੇਣਾ ਚਾਹੀਦਾ ਹੈ। ਕੇਂਦਰ ਦੀਆਂ ਮਿੱਠੀਆਂ ਗੱਲਾਂ ਵਿਚ ਨਾ ਆ ਕੇ ਦੋ-ਟੁੱਕ ਨਿਤਾਰਾ ਕਰਨ ਦਾ ਸਮਾਂ ਹੈ। ਉਮੀਦ ਹੈ ਸਾਰੇ ਇਕਮੁੱਠ ਹੋ ਕੇ ਜਿੱਤ ਹਾਸਲ ਕਰਨਗੇ।

-ਨਵਰਾਹੀ ਘੁਗਿਆਣਵੀ
ਪੰਜਾਬੀ ਸਾਹਿਤ ਸਭਾ, ਫ਼ਰੀਦਕੋਟ।

28-10-2020

 ਜੀ.ਡੀ.ਪੀ. ਵਿਚ ਗਿਰਾਵਟ

ਭਾਰਤੀ ਅਰਥ ਵਿਵਸਥਾ 'ਚ ਜੀ.ਡੀ.ਪੀ. ਵਿਚ ਗਿਰਾਵਟ ਇਕ ਬਹੁਤ ਹੀ ਚਿੰਤਾਜਨਕ ਵਿਸ਼ਾ ਹੈ, ਕਿਉਂਕਿ ਇਹ ਲਗਾਤਾਰ ਨਿਘਾਰ ਵੱਲ ਵਧਦੀ ਜਾ ਰਹੀ ਹੈ। ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਦਾ ਕਹਿਣਾ ਹੈ ਕਿ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇਸ਼ ਵਿਚ ਤਿਆਰ ਕੀਤੇ ਸਾਮਾਨ ਅਤੇ ਸੇਵਾਵਾਂ ਦਾ ਮੁੱਲ ਨਿਰਧਾਰਨ ਦੇ ਰੂਪ ਵਿਚ ਦਰਸਾਈ ਜਾਣ ਵਾਲੀ ਇਸ ਜੀ.ਡੀ.ਪੀ. ਵਿਚ ਪਿਛਲੇ ਕੁਝ ਸਮੇਂ ਤੋਂ ਗਿਰਾਵਟ/ਕਮੀ ਦਰਜ ਕੀਤੀ ਜਾ ਰਹੀ ਹੈ।
ਇਸ ਦੇ ਗੰਭੀਰ ਅੰਕੜਿਆਂ ਤੋਂ ਸਾਰਿਆਂ ਨੂੰ ਚੌਕਸ ਹੋਣ ਦੀ ਸਖ਼ਤ ਜ਼ਰੂਰਤ ਹੈ ਕਿਉਂਕਿ ਇਨਫਾਰਮਲ ਸੈਕਟਰ ਦੇ ਅੰਕੜੇ ਜੋੜਨ ਤੋੋਂ ਬਾਅਦ ਅਰਥਵਿਵਸਥਾ 'ਚ 23.9 ਪ੍ਰਤੀਸ਼ਤ ਦੀ ਗਿਰਾਵਟ ਹੋਰ ਖ਼ਰਾਬ ਹੋ ਸਕਦੀ ਹੈ। ਅਰਥ ਸਾਸ਼ਤਰ ਦੇ ਮਾਹਿਰਾਂ ਅਨੁਸਾਰ ਭਾਰਤੀ ਅਰਥ ਵਿਵਸਥਾ ਨੂੰ ਅਮਰੀਕਾ ਤੇ ਇਟਲੀ ਤੋਂ ਵੀ ਵੱਧ ਨੁਕਸਾਨ ਹੋਇਆ ਹੈ, ਇਸ ਦਾ ਕਾਰਨ ਇਹ ਦੋਵੇਂ ਦੇਸ਼ ਕੋਰੋਨਾ ਵਾਇਰਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਹਨ। ਜੇਕਰ ਦੇਖਿਆ ਜਾਵੇ ਤਾਂ ਹੁਣ ਤੱਕ ਸਰਕਾਰ ਵਲੋਂ ਦਿੱਤੀ ਗਈ ਰਾਹਤ ਨਾਕਾਫੀ ਹੈ। ਇਹ ਵੀ ਦੇਖਣ ਵਿਚ ਆਇਆ ਹੈ ਕਿ ਸਰਕਾਰ ਭਵਿੱਚ 'ਚ ਉਤਸ਼ਾਹਿਤ ਪੈਕੇਜ ਦੇਣ ਲਈ ਅੱਜ ਸੰਸਾਧਨਾਂ ਨੂੰ ਬਚਾਉਣ ਦੀ ਰਣਨੀਤੀ 'ਤੇ ਚੱਲ ਰਹੀ ਹੈ ਜੋ ਕਿ ਬਹੁਤ ਹੀ ਆਤਘਾਤੀ ਸਿੱਧ ਹੋ ਸਕਦਾ ਹੈ।
ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਇਹ ਉਮੀਦ ਲਗਾਈ ਬੈਠੇ ਹਨ ਕਿ ਵਾਇਰਸ 'ਤੇ ਕਾਬੂ ਪਾਏ ਜਾਣ ਉਪਰੰਤ ਰਾਹਤ ਪੈਕੇਜ ਜਾਰੀ ਕਰ ਦਿੱਤੇ ਜਾਣਗੇ ਪ੍ਰੰਤੂ ਉਹ ਵੀ ਅਸਲੀਅਤ ਅਤੇ ਗੰਭੀਰਤਾ ਦੀ ਘੋਖ ਘੱਟ ਕਰ ਰਹੇ ਹਨ ਉਦੋਂ ਤੱਕ ਅਰਥਵਿਵਸਥਾ ਦਾ ਬਹੁਤ ਨੁਕਸਾਨ ਹੋ ਜਾਵੇਗਾ। ਭਾਰਤੀ ਅਰਥਵਿਵਸਥਾ ਨੂੰ ਲੀਹ ਤੇ ਲਿਆਉਣ ਲਈ ਪ੍ਰਤੀ ਵਿਅਕਤੀ ਘਰੇਲੂ ਉਤਪਾਦ ਵਿਚ ਚੋਖਾ ਵਾਧਾ ਕਰਨਾ ਸਮੇਂ ਦੀ ਮੁੱਖ ਲੋੜ ਹੈ। ਸਰਕਾਰਾਂ ਨੂੰ ਇਸ ਵਿਸ਼ੇ ਗੰਭੀਰਤਾ ਨਾਲ ਵਿਸੇਸ਼ ਤੌਰ 'ਤੇ ਧਿਆਨ ਦੇਣ ਦੀ ਲੋੜ ਹੈ ਤਾਂ ਹੀ ਜੀ.ਡੀ.ਪੀ. ਨੂੰ ਘਾਟੇ ਤੋਂ ਵਾਧੇ ਵੱਲ ਤੋਰਿਆ ਜਾ ਸਕਦਾ ਹੈ।

-ਗੁਰਜੀਤ ਸਿੰਘ
ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਹੁਤੇ ਪੇਂਡੂ ਛੱਪੜ ਬਣੇ ਸਰਾਪ

ਅੱਜ ਪੰਜਾਬ ਦੇ 13,000 ਦੇ ਕਰੀਬ ਪਿੰਡਾਂ 'ਚੋਂ ਬਹੁਤਿਆਂ ਦੀ ਵਿਕਾਸ ਪੱਖੋਂ ਹਾਲਤ ਤਰਸਯੋਗ ਹੀ ਬਣੀ ਹੋਈ ਹੈ। ਸਾਨੂੰ ਆਜ਼ਾਦ ਹੋਇਆਂ ਪੌਣੀ ਸਦੀ ਹੋਣ ਜਾ ਰਹੀ ਹੈ। ਪਰ ਇਸ ਪੌਣੀ ਸਦੀ ਦੇ ਬੀਤੇ ਸਫ਼ਰ 'ਤੇ ਜੇ ਨਿਗ੍ਹਾ ਮਾਰੀ ਜਾਵੇ ਤਾਂ ਬਹੁਤੇ ਪਿੰਡਾਂ ਦਾ ਵਿਕਾਸ ਜ਼ੀਰੋ ਦੇ ਬਰਾਬਰ ਹੀ ਹੈ। ਕਿਉਂਕਿ ਅੱਜ ਤੱਕ ਬਹੁਤੇ ਪਿੰਡਾਂ ਦੀਆਂ ਗਲੀਆਂ-ਨਾਲੀਆਂ ਹੀ ਨਹੀਂ ਬਣ ਸਕੀਆਂ। ਛੱਪੜਾਂ ਦੀ ਹਾਲਤ ਇਸ ਤੋਂ ਵੀ ਮਾੜੀ ਹੈ। ਕਈ ਪਿੰਡਾਂ ਦੇ ਛੱਪੜ ਤਾਂ ਇਕ-ਦੋ ਮੀਂਹ ਪੈਣ ਨਾਲ ਹੀ ਪੂਰੇ ਭਰ ਜਾਂਦੇ ਹਨ। ਕਈ ਵਾਰ ਤਾਂ ਨੌਬਤ ਇਥੋਂ ਤੱਕ ਆ ਜਾਂਦੀ ਹੈ ਕਿ ਇਨ੍ਹਾਂ ਦਾ ਬਦਬੂ ਮਾਰਦਾ ਪਾਣੀ ਗਲੀਆਂ-ਨਾਲੀਆਂ 'ਚੋਂ ਹੁੰਦਾ-ਹੁੰਦਾ ਘਰਾਂ ਤੱਕ ਪਹੁੰਚ ਜਾਂਦਾ ਹੈ। ਮੌਜੂਦਾ ਸਰਕਾਰ ਇਸ ਪਾਸੇ ਬਣਦਾ ਧਿਆਨ ਨਹੀਂ ਦੇ ਰਹੀ। ਅੱਜ ਨਹੀਂ ਤਾਂ ਕੱਲ੍ਹ ਸਰਕਾਰਾਂ ਨੂੰ ਪਿੰਡਾਂ ਦੀ ਇਸ ਚਿਰਜੀਵੀ ਬਕਾਇਆ ਪਈ ਸਮੱਸਿਆ ਦੇ ਹੱਲ ਲਈ ਅੱਗੇ ਆਉਣਾ ਹੀ ਪਵੇਗਾ।

-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਔਰਤਾਂ ਨੂੰ ਸਨਮਾਨ

ਸਭ ਤੋਂ ਪਹਿਲਾਂ ਤਾਂ ਸੁਆਸ ਦੇਣ ਵਾਲਾ ਹੈ ਵਾਹਿਗੁਰੂ, ਪਰਮਾਤਮਾ, ਅਕਾਲ ਪੁਰਖ ਜਿਸ ਦੀ ਰਜ਼ਾ ਬਿਨਾਂ ਪੱਤਾ ਨਹੀਂ ਝੁੱਲਦਾ, ਜਨਮ ਦੇਣ ਵਾਲੀ ਮਾਂ, ਸੁੱਖਾਂ ਮੰਗ ਸਿਹਤਯਾਬੀ, ਕਾਮਯਾਬੀ ਅਤੇ ਲੰਬੀ ਉਮਰ ਦੀ ਕਾਮਨਾ ਕਰਨ ਵਾਲੀ ਭੈਣ, ਹਰ ਦੁੱਖ, ਸੁੱਖ ਅਤੇ ਜ਼ਿੰਦਗੀ ਵਿਚ ਆਉਣ ਵਾਲੇ ਵਾਵਰੋਲਿਆਂ ਨਾਲ ਟਕਰਾਅ ਕੇ ਉਮਰਾਂ ਦਾ ਸਾਥ ਨਿਭਾਉਣ ਵਾਲੀ ਪਤਨੀ ਅਤੇ ਆਪਣੀ ਜ਼ਿੰਦਗੀ ਦਾ ਅਣਮੁੱਲਾ ਅਤੇ ਬੇਹਿਸਾਬਾ ਮੋਹ ਕਰਨ ਵਾਲੀ ਧੀ, ਹੁਣ ਜ਼ਰਾ ਸੋਚੋ ਮਰਦ ਦੀ ਜ਼ਿੰਦਗੀ ਵਿਚ ਸਭ ਤੋਂ ਵੱਡਾ ਯੋਗਦਾਨ ਤਾਂ ਔਰਤ ਦਾ ਹੀ ਹੈ। ਪਰ ਫਿਰ ਵੀ ਇਕ ਔਰਤ ਪਿਤਾ, ਪਤੀ ਅਤੇ ਪੁੱਤਰ ਦੀ ਗੁਲਾਮ ਹੋ ਕੇ ਰਹਿ ਜਾਂਦੀ ਹੈ। ਬੱਸ ਇਹੀ ਹੈ ਜੀ ਸਾਡਾ ਸਮਾਜ ਖੈਰ ਸਾਰੇ ਘਰਾਂ ਵਿਚ ਤਾਂ ਨਹੀਂ ਹੈ ਉਪਰੋਕਤ ਗੱਲਾਂ ਸੱਚ ਜੀ। ਮੇਰੇ ਹਿਸਾਬ ਨਾਲ ਤਾਂ ਔਰਤ ਧਰਤੀ ਮਾਂ ਵਾਂਗ ਹੀ ਹੈ। ਜਿਹੋ ਜਿਹਾ ਬੀਜ ਦੇਵੋਗੇ ਉਸੇ ਤਰ੍ਹਾਂ ਦਾ ਪੌਦਾ ਉਗਾ ਕੇ ਦੇ ਦਿੰਦੀ ਹੈ ਅਤੇ ਹਰ ਤਰ੍ਹਾਂ ਦੇ ਮਾਹੌਲ ਵਿਚ ਆਪਣਾ ਆਪਾ ਢਾਲ ਲੈਂਦੀ ਹੈ। ਸੋ ਕਦਰ ਕਰਿਆ ਕਰੋ ਔਰਤਾਂ ਦੀ ਅਤੇ ਬਣਦਾ ਮਾਣ ਸਨਮਾਨ ਦੇ ਕੇ ਆਪਣੀ ਸੋਚ ਨੂੰ ਬਦਲੋ ਤਾਂ ਜੋ ਮਰਦ ਅਤੇ ਔਰਤ ਰਲ-ਮਿਲ ਕੇ ਆਪਣੇ ਘਰ, ਸਮਾਜ ਅਤੇ ਦੇਸ਼ ਨੂੰ ਅਗਾਂਹਵਧੂ ਬਣਾ ਸਕਣ।

-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।

ਪੰਜਾਬ ਵਿਧਾਨ ਸਭਾ ਦੀ ਕਾਰਵਾਈ

ਸੰਸਦ ਵਲੋਂ ਪਾਸ ਕੀਤੇ ਗਏ ਫਾਰਮ ਰਿਫਾਰਮ ਐਕਟ ਨੂੰ ਪੰਜਾਬ ਵਿਧਾਨ ਸਭਾ ਨੇ ਰੱਦ ਕਰ ਦਿੱਤਾ ਹੈ ਅਤੇ ਹੁਣ ਇਸ ਬਾਰੇ ਅਦਾਲਤਾਂ ਵਿਚ ਇਕ ਨਵੀਂ ਕਾਨੂੰਨੀ ਲੜਾਈ ਆਰੰਭ ਹੋਣੀ ਹੈ ਕਿ ਸੰਸਦ ਦੁਆਰਾ ਪਾਸ ਕੀਤੇ ਗਏ ਕਾਰਜਾਂ ਨੂੰ ਕਿਸੇ ਰਾਜ ਦੁਆਰਾ ਰੱਦ ਕਰ ਦਿੱਤਾ ਜਾ ਸਕਦਾ ਹੈ। ਇਸ ਅਰਸੇ ਦੌਰਾਨ ਪੰਜਾਬ ਐਕਟ ਦੀਆਂ ਧਾਰਾਵਾਂ ਨੂੰ ਰਾਜ ਵਿਚ ਲਾਗੂ ਨਹੀਂ ਹੋਣ ਦੇਵੇਗਾ। ਇਥੇ ਇਕ ਅਜੀਬ ਸਥਿਤੀ ਪੈਦਾ ਕੀਤੀ ਗਈ ਹੈ। ਜੇ ਇਥੇ ਕਈ ਵਿਚਾਰ-ਵਟਾਂਦਰੇ ਹੁੰਦੇ ਅਤੇ ਵਿਰੋਧੀ ਧਿਰ, ਮੀਡੀਆ ਅਤੇ ਲੋਕਾਂ ਨੂੰ ਕੁਝ ਕਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਤਾਂ ਨਤੀਜੇ ਵਧੀਆ ਹੁੰਦੇ। ਇਥੇ ਲੋਕਾਂ ਨੂੰ ਆਪਣੇ ਹੱਕ ਲਈ ਬੋਲਣ ਦੀ ਇਜਾਜ਼ਤ ਤਾਂ ਹੈ ਪਰ ਦਿਖਾਵਟੀ ਤੇ ਕਾਗਜ਼ੀ। ਭਾਰਤ ਦੇ ਲੋਕ ਇਨਕਲਾਬੀ ਤਬਦੀਲੀਆਂ ਅਪਣਾਉਣ ਦੇ ਮੂਡ ਵਿਚ ਨਹੀਂ ਹਨ ਅਤੇ ਰਾਜ ਨੂੰ ਵੀ ਹੌਲੀ-ਹੌਲੀ ਅੱਗੇ ਜਾਣਾ ਚਾਹੀਦਾ ਹੈ। ਇਸ ਕਿਸਾਨੀ ਐਕਟ ਵਿਚ ਕਿਸਾਨਾਂ ਨੂੰ ਹੀ ਨਹੀਂ ਦਲਿਤਾਂ ਨੂੰ ਵੀ ਪੀਸੀਆ ਜਾ ਰਿਹਾ ਹੈ, ਇਹ ਆਉਣ ਵਾਲੇ ਸਮੇਂ ਵਿਚ ਪਤਾ ਲੱਗੇਗਾ।

-ਨੇਹਾ ਜਮਾਲ
ਮੁਹਾਲੀ।

27-10-2020

 ਪੰਜਾਬ ਦਿਆਂ ਜੰਮਿਆਂ ਨੂੰ ਨਿੱਤ ਮੁਹਿੰਮਾਂ

ਰੱਬ ਜਾਣੇ ਪੰਜਾਬ ਨੇ ਕਿਸੇ ਦਾ ਕੀ ਵਿਗਾੜਿਆ ਹੈ, ਇਥੇ ਹਰ ਰੋਜ਼ ਕੋਈ ਨਾ ਕੋਈ ਨਵੀਂ ਮੁਹਿੰਮ ਇਸ ਦੇ ਸਿਰ 'ਤੇ ਆ ਕੇਖੜ੍ਹੀ ਹੋ ਜਾਂਦੀ ਹੈ। ਜੇ ਪਹਿਲਾਂ ਦੀ ਗੱਲ ਕਰੀਏ ਤਾਂ ਜਿੰਨੇ ਵੀ ਬਾਹਰੀ ਹਮਲੇ ਹੋਏ ਹਨ, ਉਨ੍ਹਾਂ ਸਾਰਿਆਂ ਨੂੰ ਪੰਜਾਬ ਨੇ ਆਪਣੇ ਸਿਰ ਝੱਲਿਆ ਹੈ। ਭਾਵੇਂ ਬਾਬਰ ਵਰਗੇ ਮੁਗਲ ਤੇ ਭਾਵੇਂ ਅਹਿਮਦਸ਼ਾਹ ਅਬਦਾਲੀ ਵਰਗੇ ਆਏ ਹੋਣ। ਉਨ੍ਹਾਂ ਸਾਰਿਆਂ ਨੇ ਪੰਜਾਬ ਨੂੰ ਹੀ ਲਤਾੜਿਆ ਹੈ। ਕਦੇ ਪੰਜਾਬ ਨੂੰ ਘੋੜਿਆਂ ਦੀਆਂ ਖੁਰੀਆਂ ਨਾਲ ਤੇ ਕਦੇ ਟੈਂਕਾਂ ਤੇ ਤੋਪਾਂ ਨਾਲ ਲਤਾੜਿਆ ਗਿਆ ਹੈ। ਕੋਈ ਹੀ ਸਾਲ ਸੁਖ ਸਾਂਦ ਨਾਲ ਲੰਘਦਾ ਹੈ ਨਹੀਂ ਤਾਂ ਕੋਈ ਨਾ ਕੋਈ ਮੁਸੀਬਤ ਇਸ ਪੰਜਾਬ 'ਤੇ ਆਈ ਹੀ ਰਹਿੰਦੀ ਹੈ। ਜੇ ਭਾਰਤ-ਪਾਕਿ ਦੀ ਵੰਡ ਹੋਈ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਨੂੰ ਝੱਲਣਾ ਪਿਆ। ਚੱਲ ਰਹੀ ਕਿਸਾਨੀ ਲਹਿਰ ਨੂੰ ਮਜ਼ਾਕ ਵਿਚ ਨਾ ਲਿਆ ਜਾਵੇ, ਕਿਉਂਕਿ ਕਿਸਾਨਾਂ ਨੇ ਆਰ-ਪਾਰ ਦੀ ਲੜਾਈ ਲੜਨ ਦੀ ਮਨ ਵਿਚ ਧਾਰ ਲਈ ਹੈ। ਲੜਾਈ ਭਾਵੇਂ ਹੱਕਾਂ ਲਈ ਹੋਵੇ ਤੇ ਭਾਵੇਂ ਕਿਸੇ ਦੂਸਰੇ ਦੇਸ਼ ਵਿਰੁੱਧ, ਲੜਾਈ ਦਾ ਨਾਂਅ ਹੀ ਮਾੜਾ ਹੁੰਦਾ ਹੈ। ਇਸ ਤੋਂ ਟਾਲਾ ਕਰਨਾ ਹੀ ਚੰਗਾ ਹੋਵੇਗਾ। ਸਰਕਾਰ ਬੁੱਧੀਜੀਵੀਆਂ ਨਾਲ ਬੈਠ ਕੇ ਤਾਲਮੇਲ ਕਰਕੇ ਇਸ ਦਾ ਹੱਲ ਜ਼ਰੂਰ ਲੱਭੇ, ਜਿਸ ਵਿਚ ਸਭ ਦਾ ਭਲਾ ਹੋ ਸਕਦਾ ਹੈ।ਮੋਦੀ ਨੂੰ ਜ਼ਿਦ ਨਹੀਂ ਕਰਨੀ ਚਾਹੀਦੀ। ਕਿਸਾਨਾਂ ਦੇ ਹਿਤ ਵਿਚ ਗੱਲ ਕਰਨ ਨਾ ਕਿ ਕਾਰਪੋਰੇਟ ਘਰਾਣਿਆਂ ਦਾ ਫਾਇਦਾ ਸੋਚਣ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)।

ਸਮਾਜਿਕ ਰਿਸ਼ਤਿਆਂ ਵਿਚ ਤਰੇੜਾਂ

\ਅਜੋਕੇ ਸਮੇਂ ਵਿਚ ਸਾਂਝੇ ਪਰਿਵਾਰ ਟੁੱਟ ਰਹੇ ਹਨ। ਵੱਡੇ-ਵੱਡੇ ਘਰਾਂ ਵਿਚ ਇਕ-ਦੋ ਜੀਅ ਹੀ ਰਹਿੰਦੇ ਹਨ। ਸਾਂਝੇ ਪਰਿਵਾਰਾਂ ਵਿਚ ਤਰੇੜਾਂ ਆਉਣ ਤੇ ਟੁੱਟਣ 'ਤੇ ਬਜ਼ੁਰਗਾਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ ਕਿਉਂਕਿ ਉਨ੍ਹਾਂ ਨੇ ਪਰਿਵਾਰਾਂ ਨੂੰ ਮਾਲਾ ਦੀ ਤਰ੍ਹਾਂ ਪਰੋ ਕੇ ਰੱਖਿਆ ਹੁੰਦਾ ਸੀ। ਪੁਰਾਣੇ ਵਕਤਾਂ ਵਿਚ ਸਹਿਣਸ਼ੀਲਤਾ, ਘਰ ਵਿਚ ਕੰਮ ਵੰਡ ਕੇ ਕਰਨਾ ਅਜਿਹੀਆਂ ਪਿਰਤਾਂ ਪਈਆਂ ਹੋਈਆਂ ਸਨ ਕਿ ਕੋਈ ਲੜਾਈ-ਝਗੜਾ ਵੀ ਨਹੀਂ ਸੀ। ਅਜੋਕੇ ਸਮੇਂ ਮਨੁੱਖ ਨਿਜਵਾਦੀ ਹੁੰਦਾ ਜਾ ਰਿਹਾ ਹੈ। ਸਾਂਝੀਆਂ ਕੀਤੀਆਂ ਜਾਂਦੀਆਂ ਸਨ ਗੱਲਾਂ ਸਵੇਰੇ, ਸ਼ਾਮ ਸਾਂਝੇ ਪਰਿਵਾਰਾਂ ਵਿਚ ਰਿਸ਼ਤਿਆਂ ਵਿਚ ਤਰੇੜਾਂ ਆਉਣ ਦੀ ਨੌਬਤ ਨਹੀਂ ਸੀ ਆਉਂਦੀ। ਸਮਾਜਿਕ ਰਿਸ਼ਤਿਆਂ ਨੂੰ ਧਨ ਦੌਲਤ ਦੇ ਕਾਰਨ ਖ਼ਤਮ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਜੀਵਨ ਇਕ ਵਾਰ ਮਿਲਿਆ ਹੈ, ਇਸ ਨੂੰ ਦੂਜੇ ਪਰਿਵਾਰ ਦੇ ਜੀਆਂ ਪ੍ਰਤੀ ਸਮਰਪਿਤ ਭਾਵਨਾ ਨਾਲ ਜਿਊਣਾ ਚਾਹੀਦਾ ਹੈ।

-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿ: ਪਟਿਆਲਾ।

ਜਬਰ ਜਨਾਹ ਕੇਸ

ਅਖ਼ਬਾਰਾਂ ਦੀਆਂ ਸੁਰਖੀਆਂ ਬਣੇ ਜਬਰ ਜਨਾਹ ਕੇਸ ਕਿੰਨੇ ਸ਼ਰਮਨਾਕ ਤੇ ਘਿਨਾਉਣੇ ਹਨ। ਹਰ ਦਿਨ ਦੁਨੀਆ ਦੇ ਕਿਸੇ ਵੀ ਕੋਨੇ ਵਿਚੋਂ ਹੁੰਦੀਆਂ ਜਬਰ ਜਨਾਹ ਦੀਆਂ ਘਟਨਾਵਾਂ ਕਿਤੇ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਅੰਨ੍ਹੇ-ਬੋਲੇ ਕਾਨੂੰਨ ਦੀਆਂ ਧੱਜੀਆਂ ਸ਼ਰ੍ਹੇਆਮ ਉਡਾਈਆਂ ਜਾ ਰਹੀਆਂ ਹਨ। ਸਾਡਾ ਸਮਾਜ ਦੱਸੇ ਕਿ ਧੀਆਂ ਲਈ ਕਿਹੜੀ ਜਗ੍ਹਾ ਸੁਰੱਖਿਅਤ ਹੈ। ਘਰ, ਸਕੂਲ, ਮੰਦਰ, ਡੇਰੇ, ਸੜਕਾਂ ਸਭ ਅਸੁਰੱਖਿਅਤ ਨਜ਼ਰ ਆ ਰਹੀਆਂ ਹਨ। ਢਿੱਲੇ ਕਾਨੂੰਨ ਦੀ ਕਾਰਜਕਾਰੀ ਸਦਕਾ ਨਿੱਤ ਵਾਪਰਦੀਆਂ ਘਟਨਾਵਾਂ ਸਾਡੇ ਸਮਾਜ ਦੇ ਮੱਥੇ 'ਤੇ ਕਲੰਕ ਹਨ। ਕੁਰਸੀ ਦੀਆਂ ਭੁੱਖੀਆਂ ਅਜੋਕੀਆਂ ਸਰਕਾਰਾਂ ਵੀ 'ਗੋਂਗਲੂਆਂ ਤੋਂ ਮਿੱਟੀ ਝਾੜਨ' ਦਾ ਕੰਮ ਕਰ ਰਹੀਆਂ ਹਨ। ਇਨਸਾਨੀਅਤ ਸਭ ਦੀ ਮਰਦੀ ਹੋਈ ਨਜ਼ਰ ਆ ਰਹੀ ਹੈ।

-ਗੁਰਜੀਤ ਕੌਰ, ਮੋਗਾ।

ਸ਼ਹਿਰਾਂ-ਕਸਬਿਆਂ ਦੀ ਸਫ਼ਾਈ

ਸ਼ਹਿਰਾਂ-ਕਸਬਿਆਂ ਆਦਿ ਦੀ ਸਫ਼ਾਈ ਦੀ ਜ਼ਿੰਮੇਵਾਰੀ ਮਿਊਂਸਪਲ ਕਮੇਟੀਆਂ ਅਤੇ ਨਗਰ ਨਿਗਮਾਂ ਦੀ ਹੁੰਦੀ ਹੈ। ਪਰ ਸ਼ਹਿਰਾਂ-ਕਸਬਿਆਂ ਆਦਿ ਦੇ ਬਹੁਤ ਸਾਰੇ ਗਲੀ-ਮੁਹੱਲੇ ਇਸ ਤਰ੍ਹਾਂ ਦੇ ਹੁੰਦੇ ਹਨ ਜਿਥੇ ਇਹ ਅਦਾਰੇ ਸਫ਼ਾਈ ਦੀ ਸਹੂਲਤ ਨਹੀਂ ਦੇ ਪਾਉਂਦੇ। ਇਸ ਦਾ ਮੁਢਲਾ ਕਾਰਨ ਸਫ਼ਾਈ ਕਰਮਚਾਰੀਆਂ ਦੀ ਘਾਟ ਹੈ। ਸ਼ਹਿਰਾਂ ਵਿਚ ਨਵੀਆਂ ਕਾਲੋਨੀਆਂ-ਘਰਾਂ ਆਦਿ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਪਰ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਸਫ਼ਾਈ ਕਰਮਚਾਰੀਆਂ ਦੀ ਭਰਤੀ ਨਹੀਂ ਕੀਤੀ ਜਾਂਦੀ। ਵਾਰਡ ਦੀ ਸਫ਼ਾਈ ਦਾ ਕੁਝ ਨਾ ਕੁਝ ਖਿਆਲ ਰੱਖਿਆ ਜਾਂਦਾ ਹੈ। ਜਿਸ ਵਾਰਡ ਦਾ ਐਮ.ਸੀ. ਵਿਰੋਧੀ ਪਾਰਟੀ ਦਾ ਹੁੰਦਾ ਹੈ, ਉਸ ਵਾਰਡ ਦੇ ਲੋਕਾਂ ਨਾਲ ਪੱਖਪਾਤ ਕੀਤਾ ਜਾਂਦਾ ਹੈ। ਮੇਰਾ ਇਕ ਰਿਸ਼ਤੇਦਾਰ 5-7 ਸਾਲ ਬਾਅਦ ਕੈਨੇਡਾ ਤੋਂ ਪੰਜਾਬ ਆਇਆ। ਮੈਂ ਉਸ ਨੂੰ ਪੁੱਛਿਆ ਕਿ ਤੁਹਾਨੂੰ ਇਥੇ ਕੀ ਬਦਲ ਦੇਖਣ ਨੂੰ ਮਿਲਿਆ ਤਾਂ ਉਸ ਦਾ ਜਵਾਬ ਸੀ ਕਿ ਇਕ ਤਾਂ ਗੰਦਗੀ 'ਚ ਵਾਧਾ ਹੋਇਆ ਹੈ ਤੇ ਦੂਜਾ ਮਹਿੰਗਾਈ 'ਚ।

-ਸੁਰਿੰਦਰ ਕਲੇਰ
ਪਿੰਡ ਤੇ ਡਾਕ: ਕਲੇਰ ਕਲਾਂ (ਗੁਰਦਾਸਪੁਰ)।

ਸਰਕਾਰੀ ਸਕੂਲ ਅਤੇ ਸਮਾਜ

ਪੰਜਾਬ ਸਰਕਾਰ ਵਲੋਂ 19 ਅਕਤੂਬਰ ਤੋਂ 9ਵੀਂ ਤੋਂ ਲੈ ਕੇ 12ਵੀਂ ਸ਼੍ਰੇਣੀ ਤੱਕ ਸਰਕਾਰੀ ਸਕੂਲ ਖੋਲ੍ਹੇ ਗਏ ਹਨ। ਅਖ਼ਬਾਰ ਦੀਆਂ ਖ਼ਬਰਾਂ ਰਾਹੀਂ ਪੜ੍ਹ ਕੇ ਪਤਾ ਲੱਗਾ ਕਿ ਵੱਖ-ਵੱਖ ਸਰਕਾਰੀ ਸਕੂਲਾਂ ਵਿਚ ਪਹਿਲੇ ਦਿਨ ਵਿਦਿਆਰਥੀਆਂ ਦੀ ਹਾਜ਼ਰੀ 10 ਫ਼ੀਸਦੀ ਤੋਂ ਵੀ ਘੱਟ ਸੀ। ਪੜ੍ਹ ਕੇ ਬਹੁਤ ਦੁੱਖ ਹੋਇਆ। ਸਰਕਾਰੀ ਸਕੂਲਾਂ ਵਿਚ ਜਿਥੇ ਪੜ੍ਹਾਈ ਮੁਫ਼ਤ ਜਾਂ ਨਿਗੂਣੀ ਫੀਸ ਦੇ ਕੇ ਹੁੰਦੀ ਹੈ ਤੇ ਉਥੇ ਅਧਿਆਪਕ ਪੂਰੇ ਸਿੱਖਿਅਤ ਅਤੇ ਵਿਸ਼ਾ ਮਾਹਿਰ ਹੁੰਦੇ ਹਨ। ਇਸ ਸਭ ਤੋਂ ਪਤਾ ਲਗਦਾ ਹੈ ਕਿ ਸਰਕਾਰੀ ਸਕੂਲਾਂ ਦੀ ਮੰਦਹਾਲੀ ਲਈ ਸਾਡਾ ਸਮਾਜ ਵੀ ਕਿੰਨਾ ਜ਼ਿੰਮੇਵਾਰ ਹੈ। 1984-85 ਤੱਕ ਸਾਡੇ ਸਰਕਾਰੀ ਸਕੂਲਾਂ ਵਿਚ ਅਜੋਕੇ ਪ੍ਰਾਈਵੇਟ ਸਕੂਲਾਂ ਨਾਲੋਂ ਪੜ੍ਹਾਈ ਬਿਹਤਰ ਸੀ। ਸੋ, ਸਰਕਾਰਾਂ ਨੂੰ ਕੋਸਣਾ ਛੱਡ ਕੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਸਰਕਾਰੀ ਸਕੂਲਾਂ ਨੂੰ ਸਹਿਯੋਗ ਦੇ ਕੇ ਫਾਇਦਾ ਲੈਣ।

\ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ (ਤਰਨ ਤਾਰਨ)।

ਕੌੜਾ ਸੱਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 7-8 ਮਹੀਨਿਆਂ ਤੋਂ ਭਾਰਤ ਦੇ 80 ਕਰੋੜ ਲੋਕਾਂ ਨੂੰ ਭੋਜਨ ਦਿੱਤਾ ਹੈ। ਗਲੋਬਲ ਹੰਗਰ ਇੰਡੈਕਸ (ਜੀ.ਐਚ.ਆਈ.) 'ਤੇ ਵੀ ਭਾਰਤ 107 ਦੇਸ਼ਾਂ ਵਿਚੋਂ 94ਵੇਂ ਸਥਾਨ 'ਤੇ ਆਇਆ ਹੈ। ਇਹ ਨਿਪਾਲ ਵਰਗੇ ਗੁਆਂਢੀ ਦੇਸ਼ ਜਿਵੇਂ ਸ੍ਰੀਲੰਕਾ, ਬੰਗਲਾਦੇਸ਼, ਮਿਆਂਮਾਰ ਅਤੇ ਪਾਕਿਸਤਾਨ ਨਾਲੋਂ ਵੀ ਘੱਟ ਸਥਾਨ ਪ੍ਰਾਪਤ ਹੋਇਆ ਹੈ। ਸਾਡੀ ਸਰਕਾਰ ਦਾਅਵਾ ਕਰਦੀ ਹੈ ਕਿ ਤਾਲਾਬੰਦੀ ਦੌਰਾਨ ਭੁੱਖ ਦੇ ਕਾਰਨ ਇਕ ਵੀ ਵਿਅਕਤੀ ਦੀ ਮੌਤ ਨਹੀਂ ਹੋਈ। ਕੌੜਾ ਸੱਚ ਇਹ ਹੈ ਕਿ ਅਸੀਂ ਅਜੇ ਤੀਜੀ ਦੁਨੀਆ ਦਾ ਦੇਸ਼ ਹਾਂ ਜਿਥੇ ਲੋਕ ਭੋਜਨ ਦੀ ਘਾਟ ਨਾਲ ਮਰ ਰਹੇ ਹਨ, ਲੱਖਾਂ ਟਨ ਅਨਾਜ ਵੀ ਸਾਡੇ ਦੇਸ਼ ਵਿਚ ਸੜਦਾ ਹੈ।

-ਨੇਹਾ ਜਮਾਲ, ਮੁਹਾਲੀ।

26-10-2020

 ਕੋਰੋਨਾ, ਤਿਉਹਾਰ ਤੇ ਵਾਤਾਵਰਨ
ਕੋਰੋਨਾ ਵਾਇਰਸ ਭਾਵੇਂ ਅਜੇ ਤਾਈਂ ਖਤਮ ਨਹੀਂ ਹੋਇਆ ਪ੍ਰੰਤੂ ਤਾਲਾਬੰਦੀ ਖ਼ਤਮ ਹੋ ਜਾਣ ਕਾਰਨ ਲਗਪਗ ਸਾਰੇ ਕਾਰੋਬਾਰ ਆਮ ਵਾਂਗ ਚੱਲ ਪਏ ਹਨ, ਜਿਸ ਕਾਰਨ ਬਾਜ਼ਾਰਾਂ, ਦੁਕਾਨਾਂ, ਮਾਲਾਂ ਆਦਿ ਵਿਚ ਫਿਰ ਤੋਂ ਭੀੜਾਂ ਇਕੱਠੀਆਂ ਹੋਣ ਲੱਗ ਪਈਆਂ ਹਨ ਅਤੇ ਦੂਸਰਾ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਜਾਣ ਕਾਰਨ ਚਹਿਲ-ਪਹਿਲ ਵੀ ਵਧ ਗਈ ਹੈ ਪ੍ਰੰਤੂ ਲੋਕ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਨੂੰ ਅੱਖੋਂ ਪਰੋਖੇ ਕਰ ਰਹੇ ਹਨ ਅਤੇ ਪੁਲਿਸ ਵੀ ਹੁਣ ਇਸ ਪ੍ਰਤੀ ਨਰਮਾਈ ਵਿਖਾ ਰਹੀ ਹੈ, ਜਦੋਂਕਿ ਲੋਕਾਂ ਨੂੰ ਖੁਦ ਹੀ ਇਸ ਪ੍ਰਤੀ ਸੁਚੇਤ ਹੋ ਕੇ ਪੂਰਾ ਬਚਾਅ ਕਰਨਾ ਚਾਹੀਦਾ ਹੈ ਕਿਉਂਕਿ ਥੋੜ੍ਹੀ ਜਿਹੀ ਲਾਪ੍ਰਵਾਹੀ ਵੀ ਭਾਰੀ ਪੈ ਸਕਦੀ ਹੈ। ਤੀਸਰਾ ਜਿਵੇਂ ਦੀਵਾਲੀ, ਗੁਰਪੁਰਬ 'ਤੇ ਲੋਕਾਂ ਨੂੰ ਜਿਥੇ ਆਤਿਸ਼ਬਾਜ਼ੀ ਚਲਾਉਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ, ਉਥੇ ਹੀ ਗਰੀਨ ਦੀਵਾਲੀ ਮਨਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ, ਤਾਂ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਜਿਥੇ ਲੋਕਾਂ ਨੂੰ ਇਸ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ ਅਤੇ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਉਥੇ ਹੀ ਪੁਲਿਸ ਨੂੰ ਹਦਾਇਤਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।


ਕਿਸਾਨ ਬਚਾਓ ਦੇਸ਼ ਬਚਾਓ
ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਤਿੰਨ ਖੇਤੀਬਾੜੀ ਬਿੱਲਾਂ ਦਾ ਵਿਰੋਧ ਕਰਦਿਆਂ ਖਾਸ ਕਰਕੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵਿਚ ਜ਼ਬਰਦਸਤ ਰੋਹ ਪਾਇਆ ਜਾ ਰਿਹਾ ਹੈ। ਲਗਪਗ ਇਕ ਮਹੀਨੇ ਤੋਂ ਕਿਸਾਨ ਆਪਣੇ ਘਰ-ਬਾਰ ਛੱਡ ਕੇ ਸੜਕਾਂ, ਰੇਲ ਪਟੜੀਆਂ ਅਤੇ ਕਾਰਪੋਰੇਟ ਅਦਾਰਿਆਂ ਸਾਹਮਣੇ ਆਪਣੇ ਪ੍ਰਦਰਸ਼ਨ ਕਰ ਰਹੇ ਹਨ। ਪਰ ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ। ਜਥੇਬੰਦੀਆਂ ਨੂੰ ਗੱਲਬਾਤ ਦਾ ਸੱਦਾ ਦੇ ਕੇ ਕਿਸੇ ਮੰਤਰੀ ਦਾ ਮੀਟਿੰਗ ਵਿਚ ਸ਼ਾਮਿਲ ਨਾ ਹੋਣਾ ਅਣਖੀ ਤੇ ਗੈਰਤਮੰਦ ਲੋਕਾਂ ਲਈ ਤੌਹੀਨ ਕਰਨ ਬਰਾਬਰ ਹੈ। ਜੇ ਦੇਸ਼ ਨੂੰ ਬਚਾਉਣਾ ਹੈ ਤਾਂ ਕਿਸਾਨ ਮਸਲਿਆਂ ਦਾ ਫੌਰਨ ਹੱਲ ਕੱਢਿਆ ਜਾਣਾ ਅਤਿ ਜ਼ਰੂਰੀ ਹੈ। ਕਿਸਾਨ ਨੂੰ ਬਚਾਉਣ ਲਈ ਕੇਂਦਰ ਸਰਕਾਰ ਆਪਣਾ ਅੜੀਅਲ ਵਤੀਰਾ ਛੱਡ ਕੇ ਕਿਸਾਨ ਮਸਲਿਆਂ ਦਾ ਹੱਲ ਕਰੇ।


-ਇੰਜ: ਰਛਪਾਲ ਸਿੰਘ
ਚੱਨੂੰਵਾਲਾ, ਮੋਗਾ।


ਜਿੱਤ ਦੀ ਆਸ
ਬੀਤੀ 20 ਅਕਤੂਬਰ ਦੀ ਤਰੀਕ ਪੰਜਾਬ ਦੇ ਸੰਘਰਸ਼ਸ਼ੀਲ ਵਿਰਸੇ ਵਿਚ ਯਾਦਗਾਰ ਪਲ ਵਜੋਂ ਦਰਜ ਹੋਈ ਹੈ । ਦਹਾਕਿਆਂ ਬਾਅਦ ਪੰਜਾਬ ਵਿਚੋਂ ਉੱਠੇ ਲੋਕ ਸੰਘਰਸ਼ ਨੇ ਰਾਜਨੀਤੀ ਰੂਪੀ ਘੋੜੇ ਦੀਆਂ ਵਾਗਾਂ ਆਪਣੇ ਹੱਥਾਂ ਵਿਚ ਲੈਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਪੰਜਾਬ ਸਰਕਾਰ ਵਲੋਂ ਪਾਸ ਕੀਤੇ ਕਾਨੂੰਨ ਨਿਸ਼ਚਿਤ ਤੌਰ 'ਤੇ ਮੌਜੂਦਾ ਤਣਾਅ ਦੇ ਮਾਹੌਲ ਵਿਚ ਰਾਹਤ ਦੇਣ ਵਾਲੇ ਹਨ। ਯਾਦ ਰੱਖੀਏ ਕਿ 2004 ਵਿਚ ਵੀ ਕੈਪਟਨ ਸਰਕਾਰ ਨੇ ਕੇਂਦਰ ਸਰਕਾਰ ਪ੍ਰਤੀ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਪਾਣੀਆਂ ਦੇ ਸਮਝੌਤੇ ਰੱਦ ਕਰਨ ਸਬੰਧੀ ਕਾਨੂੰਨ ਬਣਾਇਆ ਸੀ। ਸਾਡੇ ਦੇਸ਼ ਵਿਚ ਕਿਸੇ ਵੀ ਸੂਬਾ ਸਰਕਾਰ ਦੁਆਰਾ ਬਣਾਏ ਕਾਨੂੰਨ ਜੇਕਰ ਕੇਂਦਰ ਸਰਕਾਰ ਦੇ ਕਾਨੂੰਨ ਨਾਲ ਟਕਰਾਵੀਂ ਸਥਿਤੀ ਵਿਚ ਹੁੰਦੇ ਹਨ ਤਾਂ ਰਾਜਪਾਲ ਉਸ ਬਿੱਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਰਾਖਵਾਂ ਰੱਖ ਲੈਂਦੇ ਹਨ। ਆਪਾਂ ਜਾਣਦੇ ਹਾਂ ਕਿ ਕੇਂਦਰ ਸਰਕਾਰ ਨੇ ਇਹ ਕਾਨੂੰਨ ਰਾਜ ਸੂਚੀ ਵਿਚ ਦਖਲਅੰਦਾਜ਼ੀ ਕਰਕੇ ਬਣਾਏ ਹਨ। ਭਾਰਤੀ ਸੰਵਿਧਾਨ ਅਨੁਸਾਰ ਖੇਤੀ ਰਾਜ ਸੂਚੀ ਦਾ ਵਿਸ਼ਾ ਹੈ। ਇਸ ਲਈ ਆਉਣ ਵਾਲੇ ਸਮੇਂ ਵਿਚ ਇਸ ਕਾਨੂੰਨ ਪ੍ਰਤੀ ਰਾਸ਼ਟਰਪਤੀ ਨਿਰਪੱਖ ਹੋ ਕੇ ਕੋਈ ਫ਼ੈਸਲਾ ਲੈਂਦੇ ਹਨ ਤਾਂ ਉਨ੍ਹਾਂ ਕੋਲ 2004 ਦੇ ਕਾਨੂੰਨ ਨੂੰ ਰੱਦ ਕਰਨ ਵਾਲੀ ਦਲੀਲ ਵਰਤਣ ਦਾ ਕੋਈ ਕਾਰਨ ਨਹੀਂ ਹੋਵੇਗਾ। ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਅੰਤਰਰਾਸ਼ਟਰੀ ਸਬੰਧਾਂ 'ਤੇ ਪ੍ਰਭਾਵ ਪਾਉਣ ਵਾਲਾ ਸੂਬਾ ਵੀ ਹੈ ਜਿਸ ਦੇ ਸੰਕੇਤ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿਚੋਂ ਉੱਠ ਰਹੀਆਂ ਆਵਾਜ਼ਾਂ ਤੋਂ ਵੀ ਮਿਲ ਰਹੇ ਹਨ। ਕੁੱਲ ਮਿਲਾ ਕੇ ਜੇ ਕੇਂਦਰ ਸਰਕਾਰ ਵਲੋਂ ਆਉਣ ਵਾਲੇ ਸਮੇਂ ਵਿਚ ਸਾਰੀ ਸਥਿਤੀ ਨੂੰ ਧਿਆਨ ਵਿਚ ਰੱਖ ਕੇ ਪੰਜਾਬ ਸਰਕਾਰ ਦੁਆਰਾ ਬਣਾਏ ਕਾਨੂੰਨ ਤੇ ਕੋਈ ਫ਼ੈਸਲਾ ਲਿਆ ਜਾਂਦਾ ਹੈ ਤਾਂ ਲੱਗਪਗ ਦੋ ਮਹੀਨੇ ਤੋਂ ਪੰਜਾਬ ਵਿਚ ਚੱਲ ਰਹੇ ਇਸ ਮਹਾਂ ਸੰਘਰਸ਼ ਦੀ ਜਿੱਤ ਦੀ ਆਸ ਕੀਤੀ ਜਾ ਸਕਦੀ ਹੈ ।


-ਪਰਵਿੰਦਰ ਸਿੰਘ ਢੀਂਡਸਾ,
ਪਿੰਡ ਉੱਭਾਵਾਲ (ਸੰਗਰੂਰ)


ਚੀਨ-ਭਾਰਤ ਵਿਚਕਾਰ ਮੱਠਾ ਯੁੱਧ
ਪਿਛਲੇ ਦਿਨੀਂ (21 ਅਕਤੂਬਰ) 'ਅਜੀਤ' ਵਿਚ ਡਾ: ਦਲਵਿੰਦਰ ਸਿੰਘ ਗਰੇਵਾਲ ਦਾ ਲੇਖ 'ਚੀਨ ਭਾਰਤ ਵਿਚ ਮੱਠਾ ਯੁੱਧ' ਬਹੁਤ ਹੀ ਜਾਣਕਾਰੀ ਭਰਪੂਰ ਸੀ। ਚੀਨ ਵਲੋਂ ਭਾਰਤ ਦੇ ਇਲਾਕੇ 'ਤੇ ਕੀਤੇ ਨਾਜਾਇਜ਼ ਕਬਜ਼ੇ ਦੀ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਗਈ ਹੈ ਅਤੇ ਹੁਣ ਵੀ ਚੀਨ ਭਾਰਤ ਸਮੇਤ ਆਪਣੇ ਗੁਆਂਢੀ ਦੇਸ਼ਾਂ ਦੇ ਇਲਾਕੇ ਉੱਪਰ ਲਾਲਚੀ ਨਜ਼ਰ ਰੱਖਦਾ ਹੈ ਅਤੇ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ। ਚੀਨ ਨੂੰ ਹੁਣ ਸਮਝ ਲੈਣਾ ਚਾਹੀਦਾ ਹੈ ਕਿ ਭਾਰਤ 1962 ਵਾਲਾ ਭਾਰਤ ਨਹੀਂ ਹੈ, ਭਾਰਤੀ ਫ਼ੌਜ ਹੁਣ ਆਧੁਨਿਕ ਹਥਿਆਰਾਂ ਨਾਲ ਲੈਸ ਹੈ ਅਤੇ ਦੁਸ਼ਮਣ ਦੀ ਕਿਸੇ ਵੀ ਗ਼ਲਤ ਹਰਕਤ ਦਾ ਠੋਸ ਜਵਾਬ ਦੇਣ ਦੇ ਸਮਰੱਥ ਹੈ। ਇਸ ਲਈ ਚੀਨ ਨੂੰ ਆਪਣੀ ਹੈਂਕੜਬਾਜ਼ੀ ਛੱਡ ਕੇ ਆਪਣੇ ਗੁਆਂਢੀ ਮੁਲਕਾਂ ਨਾਲ ਸਬੰਧ ਸੁਧਾਰਨ ਵਾਲੇ ਪਾਸੇ ਤੁਰਨਾ ਚਾਹੀਦਾ ਹੈ ਤਾਂ ਕਿ ਖਿੱਤੇ ਵਿਚ ਸ਼ਾਂਤੀ ਬਣੀ ਰਹੇ ਅਤੇ ਕੋਈ ਵੀ ਭੜਕਾਹਟ ਵਾਲਾ ਅਜਿਹਾ ਕਦਮ ਨਹੀਂ ਚੁੱਕਣਾ ਚਾਹੀਦਾ, ਜਿਸ ਨਾਲ ਜਾਨ ਮਾਲ ਦਾ ਨੁਕਸਾਨ ਹੋਵੇ।


-ਅਮਰਜੀਤ ਸਿੰਘ ਫ਼ੌਜੀ
ਪਿੰਡ ਦੀਨਾ ਸਾਹਿਬ, ਜ਼ਿਲ੍ਹਾ ਮੋਗਾ।


ਕਿਸਾਨਾਂ ਦੀ ਜਿੱਤ
ਪੰਜਾਬ ਸਰਕਾਰ ਨੇ ਸਦਨ 'ਚ ਕੇਂਦਰੀ ਖੇਤੀ ਬਿੱਲਾਂ ਨੂੰ ਅਸਫਲ ਬਣਾਉਣ ਲਈ ਤਿੰਨ ਖੇਤੀ ਸੋਧ ਬਿੱਲ ਅਤੇ ਕੋਡ ਆਫ਼ ਸਿਵਲ ਪਰੋਸੀਜਰ ਬਿੱਲ ਪੇਸ਼ ਕੀਤੇ। ਬਿੱਲਾਂ ਨੂੰ ਸਰਬਸੰਮਤੀ ਨਾਲ ਪੰਜਾਬ ਵਿਧਾਨ ਸਭਾ 'ਚ ਪਾਸ ਕਰ ਦਿੱਤਾ ਗਿਆ। ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਇਸ ਇਜਲਾਸ ਵਿਚੋਂ ਗ਼ੈਰ-ਹਾਜ਼ਰ ਰਹੇ। ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਪਰ ਜੋ ਸੂਬਾ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਉਸ ਨੇ ਕਰ ਦਿਖਾਇਆ ਹੈ। 2004 ਵਿਚ ਗੁਆਂਢੀ ਸੂਬੇ ਦੇ ਪਾਣੀਆਂ ਦੇ ਸਮਝੌਤੇ ਰੱਦ ਕਰਨ ਦਾ ਕਾਨੂੰਨ ਪਾਸ ਕਰਨ ਕਰਕੇ ਉਸ ਸਮੇਂ ਵੀ ਕੈਪਟਨ ਅਮਰਿੰਦਰ ਸਿੰਘ ਦੀ ਬੱਲੇ-ਬੱਲੇ ਹੋਈ ਸੀ। ਗੈਰ-ਭਾਜਪਾ ਸਰਕਾਰ ਵਾਲੇ ਸੂਬੇ ਵੀ ਪੰਜਾਬ ਦੀ ਰਾਹ 'ਤੇ ਚੱਲ ਕੇ ਇਨ੍ਹਾਂ ਬਿੱਲਾਂ ਨੂੰ ਰੱਦ ਕਰਕੇ ਨਵੇਂ ਸੋਧ ਬਿੱਲ ਪਾਸ ਕਰ ਸਕਦੇ ਹਨ। ਇਹ ਸਪੱਸ਼ਟ ਹੈ ਕਿ ਇਹ ਬਿੱਲ ਕਿਸਾਨਾਂ ਦੇ ਸੰਘਰਸ਼ ਕਰਕੇ ਹੀ ਪਾਸ ਹੋਏ ਹਨ। ਅੱਜ ਕਿਸਾਨਾਂ ਦੇ ਸੰਘਰਸ਼ ਦੀ ਜਿੱਤ ਹੋਈ ਹੈ।


-ਸੰਜੀਵ ਸਿੰਘ ਸੈਣੀ
ਮੋਹਾਲੀ।


ਨਿਕਲਣਾ ਇਸ ਵਿਚੋਂ ਕੁਝ ਵੀ ਨਹੀਂ
ਸੰਵਿਧਾਨਕ ਤੌਰ 'ਤੇ ਆਰਟੀਕਲ 254 (1) ਅਤੇ (2) ਦੇ ਤਹਿਤ ਸੂਬਾ ਸਰਕਾਰਾਂ ਵਲੋਂ ਕੋਈ ਅਧਿਕਾਰ ਹੀ ਨਹੀਂ ਕਿ ਕੇਂਦਰ ਸਰਕਾਰ ਦੁਆਰਾ ਬਣਾਏ ਕਿਸੇ ਵੀ ਕਾਨੂੰਨ ਨੂੰ ਰੱਦ ਕਰ ਸਕੇ ਜਾਂ ਫਿਰ ਉਸ ਦੇ ਵਿਰੁੱਧ ਕੋਈ ਕਾਨੂੰਨ ਪਾਸ ਕਰ ਸਕੇ। ਜੇਕਰ ਕਿਤੇ ਕਿਸੇ ਸੂਬਾ ਸਰਕਾਰ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਵੀ ਹੈ ਤਾਂ ਉਸ ਦਾ ਨਿਪਟਾਰਾ ਵੀ ਸੁਪਰੀਮ ਕੋਰਟ ਸਾਲ 2002 ਅਤੇ 2004 ਵਿਚ ਮਹਾਰਾਸ਼ਟਰ ਅਤੇ ਤਾਮਿਲਨਾਡੂ ਦੇ ਕੇਸਾਂ ਵਿਚ ਫੈਸਲਾ ਦੇ ਚੁੱਕੀ ਹੈ ਕਿ ਅਜਿਹੀ ਸਥਿਤੀ ਵਿਚ ਕੇਂਦਰ ਸਰਕਾਰ ਦੁਆਰਾ ਬਣਾਇਆ ਕਾਨੂੰਨ ਹੀ ਮੰਨਿਆ ਜਾਵੇਗਾ। ਸੁਪਰੀਮ ਕੋਰਟ ਨੇ ਤਾਂ ਇਥੋਂ ਤੱਕ ਕਿਹਾ ਹੈ ਕਿ ਆਰਟੀਕਲ 254 (2) ਤਹਿਤ ਸੂਬਾ ਸਰਕਾਰਾਂ ਕੋਲ ਕੋਈ ਤਾਕਤ ਹੀ ਨਹੀਂ ਹੈ ਕਿ ਉਹ ਕੋਈ ਅਜਿਹਾ ਕਾਨੂੰਨ ਬਣਾ ਵੀ ਸਕਦੀ ਹੋਵੇ। ਸੋ, ਇਹ ਸਮੁੱਚਾ ਡਰਾਮਾ ਸੈਸ਼ਨ ਬੁਲਾਉਣ ਦਾ ਅਤੇ ਕਾਨੂੰਨ ਬਣਾਉਣ ਦਾ ਭੋਲੇ ਭਾਲੇ ਲੋਕਾਂ ਨਾਲ ਕੋਝੇ ਮਜ਼ਾਕ ਤੋਂ ਵੱਧ ਕੁਝ ਵੀ ਨਹੀਂ ਭੌਤਿਕ ਰੂਪ ਵਿਚ ਜਾਂ ਫਿਰ ਲੋਕਾਂ ਦੇ ਗੁੱਸੇ ਤੋਂ ਬਚਣ ਲਈ ਸਰਕਾਰ ਨੇ ਆਪਣਾ ਸਿਰ ਢਕਣ ਕੀਤਾ ਹੈ... ਨਿਕਲਣਾ ਇਸ ਵਿਚੋਂ ਕੁਝ ਵੀ ਨਹੀਂ।


-ਪ੍ਰਿੰਸੀਪਲ ਲਾਲ ਸਿੰਘ ਅਲਾਲ-
alallally@gmail.com

23-10-2020

 ਵਿਦੇਸ਼ੀਂ ਦਿਸਦਾ ਭਵਿੱਖ

ਸਾਡਾ ਦੇਸ਼ ਆਜ਼ਾਦ ਹੋਣ ਦੇ ਬਾਵਜੂਦ ਕਿੱਧਰ ਜਾ ਰਿਹਾ ਹੈ, ਇਹ ਸੋਚਣ ਦੀ ਲੋੜ ਹੈ। ਦੇਸ਼ ਲਈ ਆਜ਼ਾਦੀ ਦੀ ਲੜਾਈ ਲੜਨ ਵਿਚ ਸਭ ਤੋਂ ਵੱਧ ਸੂਰਬੀਰਾਂ ਵਿਚ ਪੰਜਾਬ ਦੇ ਨੌਜਵਾਨਾਂ ਦੇ ਨਾਂਅ ਸ਼ਾਮਿਲ ਹਨ ਪਰ ਫਿਰ ਵੀ ਇਸ ਪੰਜਾਬ ਦਾ ਕੀ ਬਣ ਰਿਹਾ ਹੈ, ਇਹ ਵੀ ਸੋਚਣ ਦੀ ਲੋੜ ਹੈ। ਲੋਕ ਸੂਬਾ ਅਤੇ ਕੇਂਦਰ ਸਰਕਾਰ ਤੋਂ ਸੰਤੁਸ਼ਟ ਨਹੀਂ ਹਨ। ਅੱਜ ਹਰ ਵਿਦਿਆਰਥੀ ਨੂੰ ਆਪਣਾ ਭਵਿੱਖ ਵਿਦੇਸ਼ਾਂ ਵਿਚ ਦਿਖਾਈ ਦੇ ਰਿਹਾ ਹੈ। ਪੰਜਾਬ ਦੇ ਕਿਸਾਨ ਵੀ ਪਿੱਛੇ ਨਹੀਂ ਰਹੇ, ਉਹ ਵੀ ਆਪਣੀਆਂ ਜ਼ਮੀਨਾਂ ਵੇਚ ਕੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਈ ਕਰਵਾ ਕੇ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬਿਹਤਰ ਸਮਝ ਰਹੇ ਹਨ। ਸਾਡੇ ਸਿਆਸੀ ਲੋਕ ਵੀ ਆਪਣੇ ਪਰਿਵਾਰਾਂ ਨੂੰ ਵਿਦੇਸ਼ੀਂ ਪੱਕੇ ਕਰਾਉਣ ਵਿਚ ਲੱਗੇ ਹੋਏ ਹਨ। ਕਿਰਤੀ ਵਰਗ ਦੇ ਨੌਜਵਾਨ ਵੀ ਆਪਣੀ ਕਿਰਤ ਵੇਚਣ ਲਈ ਛੋਟੇ ਮੁਲਕ ਅਰਬ ਦੇਸ਼ਾਂ ਵਿਚ ਕੰਮ ਕਰਨ ਜਾਂਦੇ ਹਨ। ਇਸ ਲਈ ਸਭ ਚੰਗਾ ਭਵਿੱਖ ਵਿਦੇਸ਼ਾਂ ਵਿਚ ਕਿਉਂ ਨਜ਼ਰ ਆਉਂਦਾ ਹੈ। ਇਸ ਵਿਸ਼ੇ 'ਤੇ ਨਾ ਹੀ ਸਾਡੀ ਸੂਬਾ ਸਰਕਾਰ, ਨਾ ਹੀ ਕੇਂਦਰ ਸਰਕਾਰ ਨੂੰ ਫ਼ਿਕਰ ਹੈ ਅਤੇ ਚੁੱਪ ਵੀ ਖ਼ਤਰਨਾਕ ਹੈ। ਬਹੁਤ ਹੀ ਅਫ਼ਸੋਸ ਦੀ ਗੱਲ ਹੈ ਇਹ ਕਿਹੋ ਜਿਹੀ ਆਜ਼ਾਦੀ ਹੈ, ਜਿਹੜਾ ਅਸੀਂ ਦੇਸ਼ ਦੀ ਆਜਾਦੀ ਤੋਂ ਬਾਅਦ ਵੀ ਵਿਦੇਸ਼ਾਂ 'ਚ ਜਾ ਕੇ ਆਪਣਾ ਭਵਿੱਖ ਸੁਰੱਖਿਅਤ ਅਤੇ ਰੁਜ਼ਗਾਰ ਭਰਪੂਰ ਮਹਿਸੂਸ ਕਰਦੇ ਹਾਂ।

-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

ਡੇਂਗੂ ਬੁਖਾਰ ਪ੍ਰਤੀ ਸਾਵਧਾਨੀ ਜ਼ਰੂਰੀ

ਅੱਜਕਲ੍ਹ ਡੇਂਗੂ ਬੁਖਾਰ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਪੰਜਾਬ ਵਿਚ ਕਈ ਜ਼ਿਲ੍ਹਿਆਂ ਵਿਚ ਬਹੁਤ ਸਾਰੇ ਕੇਸ ਸਾਹਮਣੇ ਆ ਰਹੇ ਹਨ। ਇਸ ਦਾ ਮੁੱਖ ਕਾਰਨ ਸਾਡੀ ਲਾਪਰਵਾਹੀ ਹੈ। ਅਸੀਂ ਸਿਹਤ ਵਿਭਾਗ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ। ਕੂਲਰਾਂ, ਫਰਿੱਜਾਂ ਦੀਆਂ ਟੈਂਕੀਆਂ ਵਿਚ ਭਰੇ ਪਾਣੀ ਨੂੰ ਕੱਢ ਕੇ ਸਾਫ਼ ਰੱਖਣ ਵਿਚ ਲਾਪਰਵਾਹੀ ਕਰਦੇ ਹਾਂ। ਕਈ ਲੋਕ ਅਜੇ ਵੀ ਰਾਤ ਨੂੰ ਏ.ਸੀ. ਚਲਾ ਰਹੇ ਹਨ। ਉਨ੍ਹਾਂ ਵਿਚੋਂ ਨਿਕਲਦਾ ਪਾਣੀ ਕਦੇ-ਕਦੇ ਕਿਸੇ ਬਾਲਟੀ ਵਗੈਰਾ ਵਿਚ ਡਿਗਦਾ ਰਹਿੰਦਾ ਹੈ। ਲੋਕ ਉਸ ਨੂੰ ਪੌਦਿਆਂ ਜਾਂ ਨਾਲੀ ਵਿਚ ਪਾਉਣ ਦੀ ਥਾਂ ਐਵੇਂ ਹੀ ਛੱਡ ਦਿੰਦੇ ਹਨ। ਉਹ ਰਾਤ ਨੂੰ ਬਾਲਟੀ ਵਿਚ ਹੀ ਡਿਗਦਾ ਰਹਿੰਦਾ ਹੈ ਤੇ ਦਿਨ ਵਿਚ ਖੜ੍ਹਾ ਰਹਿੰਦਾ ਹੈ। ਅਜਿਹੇ ਖੜ੍ਹੇ ਪਾਣੀ ਨੂੰ ਡੇਂਗੂ ਫੈਲਾਉਣ ਵਾਲੇ ਮੱਛਰ ਬਹੁਤ ਪਸੰਦ ਕਰਦੇ ਹਨ। ਅਜਿਹਾ ਕਰਕੇ ਲੋਕ ਡੇਂਗੂ ਬੁਖਾਰ ਨੂੰ ਸੱਦਾ ਦਿੰਦੇ ਹਨ। ਸਿਹਤ ਵਿਭਾਗ ਬਹੁਤ ਉਪਰਾਲੇ ਕਰ ਰਿਹਾ ਹੈ ਪਰ ਹਾਲੇ ਵੀ ਹੋਰ ਜਾਗਰੂਕਤਾ ਦੀ ਲੋੜ ਹੈ ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾਵੇ।

-ਸੁਖਦੀਪ ਸਿੰਘ ਗਿੱਲ, ਮਾਨਸਾ।

ਭਾਰਤ ਵਿਚ ਭੁੱਖਮਰੀ

ਪਿਛਲੇ ਦਿਨੀਂ 'ਅਜੀਤ' ਵਿਚ ਇਹ ਜਾਣਕਾਰੀ ਪੜ੍ਹ ਕੇ ਬੜਾ ਦੁੱਖ ਹੋਇਆ ਕਿ ਕੌਮਾਂਤਰੀ ਭੁੱਖਮਰੀ ਸੂਚਕ ਅੰਕ 2020 ਅਨੁਸਾਰ ਭਾਰਤ 107 ਦੇਸ਼ਾਂ ਵਿਚੋਂ ਭੁੱਖਮਰੀ ਦੇ 94 ਨੰਬਰ 'ਤੇ ਖੜ੍ਹਾ ਹੈ। ਪਾਕਿਸਤਾਨ, ਬੰਗਲਾਦੇਸ਼, ਮਿਆਂਮਾਰ, ਨਿਪਾਲ ਤੇ ਸ੍ਰੀਲੰਕਾ ਤੋਂ ਭੁੱਖਮਰੀ ਵਿਚ ਅੱਗੇ ਹੈ। 1914 ਵਿਚ ਇਸ ਦਾ ਸਥਾਨ 55 ਸੀ। ਇਸ ਸਭ ਲਈ ਭਾਰਤ ਦੀ ਗ਼ਲਤ ਆਰਥਿਕ ਵੰਡ ਪ੍ਰਣਾਲੀ ਜ਼ਿੰਮੇਵਾਰ ਹੈ। ਨੱਬੇ ਫ਼ੀਸਦੀ ਲੋਕਾਂ ਦਾ ਧਨ 10 ਫ਼ੀਸਦੀ ਲੋਕਾਂ ਕੋਲ ਹੈ ਅਤੇ 10 ਫ਼ੀਸਦੀ ਧਨ ਨੱਬੇ ਫ਼ੀਸਦੀ ਲੋਕਾਂ ਕੋਲ ਹੈ। ਭਾਰਤ ਵਰਗੇ ਜਿਸ ਦੇਸ਼ ਦੀ 14 ਫ਼ੀਸਦੀ ਆਬਾਦੀ ਕੁਪੋਸ਼ਣ ਦੀ ਸ਼ਿਕਾਰ ਹੋਵੇ, ਉਥੇ ਵੱਡੇ-ਵੱਡੇ ਕਾਗਜ਼ੀ ਨਾਅਰਿਆਂ ਅਤੇ ਜੁਮਲਿਆਂ ਨਾਲ ਪੂਰੀਆਂ ਨਹੀਂ ਪੈਣੀਆਂ। ਸਰਕਾਰਾਂ ਦੀਆਂ ਗ਼ਲਤ ਨੀਤੀਆਂ ਅਤੇ ਸਬੰਧਿਤ ਅਧਿਕਾਰੀਆਂ ਦੀਆਂ ਬੇਈਮਾਨੀਆਂ ਅਤੇ ਨਾਲਾਇਕੀਆਂ ਕਰਕੇ ਦੇਸ਼ ਵਿਚ ਹਰ ਸਾਲ ਲੱਖਾਂ ਟਨ ਅਨਾਜ ਖ਼ਰਾਬ ਹੋ ਜਾਂਦਾ ਹੈ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ।

ਅਜੋਕੇ ਸਮੇਂ 'ਚ ਅਖ਼ਬਾਰਾਂ

ਪਿਛਲੇ ਦਿਨੀਂ ਪ੍ਰੋ: ਕੁਲਬੀਰ ਸਿੰਘ ਦਾ ਲਿਖਿਆ ਲੇਖ 'ਅਜੋਕੇ ਸਮੇਂ ਵਿਚ ਬੇਹੱਦ ਜ਼ਰੂਰੀ ਹਨ ਅਖ਼ਬਾਰਾਂ' ਪੜ੍ਹਿਆ। ਬਹੁਤ ਵਧੀਆ ਜਾਣਕਾਰੀ ਦਿੱਤੀ। ਅਖ਼ਬਾਰਾਂ ਵਰਤਮਾਨ ਜੀਵਨ ਦਾ ਇਕ ਮਹੱਤਵਪੂਰਨ ਅੰਗ ਹਨ। ਅਖ਼ਬਾਰਾਂ ਸਾਨੂੰ ਸਵੇਰੇ ਉੱਠਦਿਆਂ ਹੀ ਦੁਨੀਆ ਭਰ ਦੀਆਂ ਖ਼ਬਰਾਂ ਲਿਆ ਕੇ ਦਿੰਦੀਆਂ ਹਨ। ਸਾਨੂੰ ਰੁਜ਼ਗਾਰ ਸਬੰਧੀ ਜਾਣਕਾਰੀ ਦੇ ਨਾਲ-ਨਾਲ ਆਪਣੇ ਆਲੇ-ਦੁਆਲੇ ਦੇ ਕੌਮੀ, ਕੌਮਾਂਤਰੀ, ਰਾਜਸੀ, ਸਮਾਜਿਕ, ਆਰਥਿਕ, ਧਾਰਮਿਕ ਤੇ ਸੱਭਿਆਚਾਰਕ ਵਾਤਾਵਰਨ ਬਾਰੇ ਜਾਗ੍ਰਿਤ ਕਰਦੀਆਂ ਹਨ। ਸਮਾਜ ਵਿਚ ਸਾਰਥਕ ਤੇ ਜ਼ਿੰਮੇਵਾਰੀ ਭਰਿਆ ਰੋਲ ਅਦਾ ਕਰਨ ਦੇ ਯੋਗ ਬਣਾਉਂਦੀਆਂ ਹਨ। ਇਹ ਹਰ ਖੇਤਰ ਦੀ ਪੁਖਤਾ ਜਾਣਕਾਰੀ ਮੁਹੱਈਆ ਕਰਵਾਉਂਦੀਆਂ ਹਨ। ਇਸ ਲਈ ਅਜੋਕੇ ਸਮੇਂ ਵਿਚ ਬੇਹੱਦ ਜ਼ਰੂਰੀ ਹਨ ਅਖ਼ਬਾਰਾਂ।

-ਡਾ: ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਕਿਹੜੀ ਸਾਡੀ ਥਾਂ ਵੇ ਰੱਬਾ

\ਪੰਜਾਬ ਸਰਕਾਰ ਵਲੋਂ ਪਿਛਲੇ ਕਈ ਸਾਲਾਂ ਤੋਂ ਗਊ ਸੈੱਸ ਲਾਇਆ ਹੋਇਆ ਹੈ। ਗਊ ਸੈੱਸ ਲਗਾਉਣ ਵੇਲੇ ਪੰਜਾਬ ਸਰਕਾਰ ਵਲੋਂ ਇਹ ਦਲੀਲ ਦਿੱਤੀ ਗਈ ਸੀ ਕਿ ਇਸ ਸੈੱਸ ਤੋਂ ਇਕੱਠਾ ਹੋਇਆ ਪੈਸਾ ਅਵਾਰਾ ਗਾਵਾਂ ਦੇ ਰੱਖ-ਰਖਾਅ 'ਤੇ ਖ਼ਰਚ ਕੀਤਾ ਜਾਵੇਗਾ। ਪਰ ਸਿਤਮ ਜ਼ਰੀਫ਼ੀ ਇਹ ਹੈ ਕਿ ਅਵਾਰਾ ਗਾਵਾਂ ਦੀ ਸਮੱਸਿਆ ਜਿਉਂ ਦੀ ਤਿਉਂ ਹੈ। ਇਹ ਵਰਤਾਰਾ ਦਿਨ-ਰਾਤ ਚਲਦਾ ਰਹਿੰਦਾ ਹੈ। ਇਨ੍ਹਾਂ ਅਵਾਰਾ ਗਾਵਾਂ ਦੀ ਤਰਸਯੋਗ ਹਾਲਤ ਵੇਖ ਕੇ ਲਗਦਾ ਹੈ ਕਿ ਇਹ ਦੁਖੀ ਮਨ ਨਾਲ ਜ਼ਰੂਰ ਰੱਬ ਨੂੰ ਸਵਾਲ ਕਰਦੀਆਂ ਹੋਣਗੀਆਂ ਕਿ ਆਖ਼ਰ ਸਾਡੀ ਥਾਂ ਕਿਹੜੀ ਹੈ। ਫ਼ਸਲਾਂ ਦਾ ਨੁਕਸਾਨ ਕਰਦੀਆਂ ਤੇ ਹਾਦਸਿਆਂ ਦਾ ਕਾਰਨ ਬਣਦੀਆਂ ਇਹ ਗਾਵਾਂ ਖ਼ੁਦ ਵੀ ਜਖ਼ਮੀ ਹੋ ਰਹੀਆਂ ਹਨ। ਕਈ ਵਾਰ ਮਾਰੀਆਂ ਵੀ ਜਾਂਦੀਆਂ ਹਨ। ਅਵਾਰਾ ਗਾਵਾਂ ਕਾਰਨ ਕਈ ਮਨੁੱਖੀ ਜਾਨਾਂ ਵੀ ਜਾ ਰਹੀਆਂ ਹਨ। ਪੰਜਾਬ ਸਰਕਾਰ ਹੁਣ ਇਸ ਸਮੱਸਿਆ ਦਾ ਕੋਈ ਢੁਕਵਾਂ ਹੱਲ ਜ਼ਰੂਰ ਕਰੇ।

-ਬੰਤ ਸਿੰਘ ਘੁਡਾਣੀ, ਲੁਧਿਆਣਾ।

22-10-2020

 ਸ਼ਲਾਘਾਯੋਗ ਕਦਮ

ਕੇਂਦਰ ਸਰਕਾਰ ਵਲੋਂ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਨਾਲ-ਨਾਲ ਹਰ ਵਰਗ ਨੂੰ ਸੜਕਾਂ 'ਤੇ ਉਤਰਨ ਲਈ ਮਜਬੂਰ ਕੀਤਾ ਹੈ। ਹੁਣ ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿਚ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਨਾਲ ਲੈ ਕੇ ਇਹ ਕਿਸਾਨ ਵਿਰੋਧੀ ਬਿੱਲ ਰੱਦ ਕਰ ਦਿੱਤੇ ਹਨ। ਭਾਵੇਂ ਕਿ ਕਾਨੂੰਨੀ ਪੱਖਾਂ ਤੋਂ ਇਨ੍ਹਾਂ ਦੀ ਮਨਜ਼ੂਰੀ ਹੋਣੀ ਬਾਕੀ ਹੈ ਪਰ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਤੇ ਹੋਰ ਵਰਗ ਲਈ ਸ਼ੁੱਭ ਸੰਕੇਤ ਮੰਨਿਆ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਹਿ ਦਿੱਤਾ ਹੈ ਕਿ ਉਹ ਕਿਸਾਨਾਂ ਨਾਲ ਹੋਈ ਬੇਨਿਸਾਫ਼ੀ ਲਈ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹਨ।
ਸਾਰੀਆਂ ਪਾਰਟੀਆਂ ਨੇ ਕਿਸਾਨਾਂ ਦੇ ਹੱਕ ਵਿਚ ਇਕਜੁਟਤਾ ਹੋਣ ਦਾ ਸਬੂਤ ਪੇਸ਼ ਕੀਤਾ ਹੈ, ਜੋ ਕਿ ਸ਼ਲਾਘਾਯੋਗ ਕਦਮ ਹੈ। ਇਹ ਪੰਜਾਬੀ ਹੀ ਹਨ, ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ, ਅੰਨ ਉਤਪਾਦਨ ਆਦਿ ਵਿਚ ਵੱਡਾ ਯੋਗਦਾਨ ਪਾਇਆ ਹੈ। ਹੁਣ ਕੇਂਦਰ ਸਰਕਾਰ ਨੂੰ ਆਪਣੀ ਖੁੱਲ੍ਹਦਿਲੀ ਵਿਖਾਉਂਦੇ ਹੋਏ ਪੰਜਾਬੀਆਂ ਤੇ ਖ਼ਾਸ ਕਰਕੇ ਕਿਸਾਨਾਂ ਦੀਆਂ ਭਾਵਨਾਵਾਂ ਸਮਝਦੇ ਹੋਏ ਨਵੇਂ ਬਣੇ ਖੇਤੀ ਕਾਨੂੰਨ ਰੱਦ ਕਰ ਕੇ ਕਿਸਾਨਾਂ ਨਾਲ ਇਨਸਾਫ਼ ਕਰਨਾ ਚਾਹੀਦਾ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।

ਆਓ ਮਾਂ-ਬੋਲੀ ਪੰਜਾਬੀ ਨੂੰ ਤਰਜੀਹ ਦੇਈਏ

'ਪੰਜਾਬੀ' ਪੰਜਾਬ ਵਾਸੀਆਂ ਦੀ ਮਾਂ-ਬੋਲੀ ਹੈ। ਅੱਜ ਦੇ ਲੋਕ ਪੰਜਾਬੀ ਭਾਸ਼ਾ ਬੋਲਣ ਵਿਚ ਸ਼ਰਮ ਮਹਿਸੂਸ ਕਰਦੇ ਹਨ। ਇਹ ਸ਼ਰਮ ਮਹਿਸੂਸ ਕਰਨ ਦਾ ਸਭ ਤੋਂ ਵੱਡਾ ਕਾਰਨ 'ਸਾਡੀ ਸੋਚ' ਹੈ। ਅੱਜਕਲ੍ਹ ਦੇ ਲੋਕਾਂ ਦੀ ਸੋਚ ਵਿਚ ਇਹ ਕੀੜਾ ਬੈਠਾ ਹੋਇਆ ਹੈ ਕਿ ਪੰਜਾਬੀ ਬੋਲਣੀ ਅਨਪੜ੍ਹਤਾ ਦੀ ਨਿਸ਼ਾਨੀ ਹੈ ਪਰ ਇਹ ਸੋਚ ਬਿਲਕੁਲ ਹੀ ਗ਼ਲਤ ਹੈ। ਸੋ, ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਕੋਈ ਵੀ ਭਾਸ਼ਾ ਸਾਡੀ ਅਨਪੜ੍ਹਤਾ ਨੂੰ ਨਹੀਂ ਦਰਸਾਉਂਦੀ ਪਰ ਸਾਡੀ ਨੈਤਿਕਤਾ ਜ਼ਰੂਰ ਦੱਸਦੀ ਹੈ। ਜੇ ਗੱਲ ਕਰੀਏ ਦਸਮੇਸ਼ ਪਿਤਾ ਜੀ ਦੀ ਤਾਂ ਉਨ੍ਹਾਂ ਨੂੰ 46 ਭਾਸ਼ਾਵਾਂ ਦਾ ਗਿਆਨ ਸੀ ਪਰ ਉਹ ਪਹਿਲ ਪੰਜਾਬੀ ਭਾਸ਼ਾ ਨੂੰ ਹੀ ਦਿੰਦੇ ਸਨ। ਸੋ, ਸਾਨੂੰ ਵੀ ਇਸੇ ਤਰ੍ਹਾਂ ਗਿਆਨ ਸਾਰੀਆਂ ਭਾਸ਼ਾਵਾ ਦਾ ਲੈਣਾ ਚਾਹੀਦਾ ਹੈ ਪਰ ਆਪਣੇ ਰਾਜ ਵਿਚ ਰਹਿੰਦਿਆਂ ਤਰਜੀਹ ਪੰਜਾਬੀ ਨੂੰ ਹੀ ਦੇਣੀ ਚਾਹੀਦੀ ਹੈ। ਆਓ ਮਾਂ-ਬੋਲੀ ਪੰਜਾਬੀ ਨੂੰ ਬੋਲਣ ਵਿਚ ਸ਼ਰਮ ਨਹੀਂ ਮਾਣ ਮਹਿਸੂਸ ਕਰੀਏ ਤੇ ਪੰਜਾਬੀ ਭਾਸ਼ਾ ਨੂੰ ਹੋਰ ਪ੍ਰਫੁੱਲਿਤ ਕਰੀਏ।

-ਏਕਮਨੂਰ ਸਿੰਘ
ਪਿੰਡ ਫੱਜੂਪੁਰ, ਡਾਕ: ਧਾਰੀਵਾਲ, ਜ਼ਿਲ੍ਹਾ ਗੁਰਦਾਸਪੁਰ।

ਦਿਸ਼ਾ ਸੂਚਕ ਬੋਰਡ

ਦਿਸ਼ਾ ਸੂਚਕ ਬੋਰਡ ਇਸ ਲਈ ਲਗਾਏ ਜਾਂਦੇ ਹਨ ਕਿ ਜੋ ਸ਼ਹਿਰ ਤੋਂ ਬਾਹਰੋਂ ਆਏ ਰਾਹਗੀਰ ਨੂੰ ਉਸ ਦੀ ਮੰਜ਼ਿਲ 'ਤੇ ਪਹੁੰਚਣ ਲਈ ਸਹੀ ਦਿਸ਼ਾ ਨਿਰਦੇਸ਼ ਮਿਲਦੇ ਰਹਿਣ, ਪਰ ਕੁਝ ਸਮੇਂ ਤੋਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਵਲੋਂ ਆਪਣੀ ਚੌਧਰ ਦੇ ਬੋਰਡ ਇਨ੍ਹਾਂ ਦਿਸ਼ਾ ਸੂਚਕ ਬੋਰਡਾਂ 'ਤੇ ਲਗਾ ਕੇ ਇਨ੍ਹਾਂ ਦਿਸ਼ਾ ਸੂਚਕ ਬੋਰਡਾਂ ਨੂੰ ਦਿਸ਼ਾਹੀਣ ਹੀ ਕਰ ਦਿੰਦੇ ਹਨ। ਪ੍ਰਸ਼ਾਸਨ ਨੂੰ ਇਸ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਣਾ ਚਾਹੀਦਾ ਹੈ।

-ਪ੍ਰਭਜੋਤ ਸਿੰਘ ਮਦਾਨ
ਲੁਧਿਆਣਾ।

ਨੌਜਵਾਨ ਵਰਗ ਤੇ ਸਰਕਾਰੀ ਨੌਕਰੀਆਂ

ਪੰਜਾਬ ਕਾਂਗਰਸ ਵਲੋਂ ਨੌਕਰੀਆਂ ਦਾ ਵਾਅਦਾ ਕਰਕੇ ਪੰਜਾਬ ਦੀ ਸੱਤਾ 'ਤੇ ਆਪਣਾ ਹੱਕ ਜਤਾਇਆ ਗਿਆ ਸੀ। ਸੱਤਾ 'ਚ ਆਉਂਦੇ ਹੀ ਨਸ਼ਾ ਖ਼ਤਮ ਕਰਨਾ ਅਤੇ ਹਰ ਘਰ ਨੌਕਰੀ ਦੇਣਾ ਪੰਜਾਬ ਕਾਂਗਰਸ ਦੇ ਮੁੱਖ ਮੁੱਦਿਆਂ 'ਚੋਂ ਇਕ ਸੀ ਪਰ ਅਜੇ ਤੱਕ ਮੌਜੂਦਾ ਸਰਕਾਰ ਵਲੋਂ ਅਜਿਹਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ। ਹੁਣ ਪੰਜਾਬ ਕਾਂਗਰਸ ਵਲੋਂ ਨਸ਼ਾ ਰੋਕਣ ਲਈ ਇਕ ਨਵਾਂ 'ਫਾਰਮੂਲਾ' ਕੱਢਿਆ ਜਾ ਰਿਹਾ ਹੈ। ਇਸ ਯੋਜਨਾ ਤਹਿਤ ਕਾਂਗਰਸ ਸਰਕਾਰ 'ਇਕ ਹੋਰ ਦਾਅਵਾ' ਕਰ ਰਹੀ ਹੈ ਜਿਸ ਅਧੀਨ ਬੇਰੁਜ਼ਗਾਰ ਨੌਜਾਵਾਨਾਂ ਨੂੰ 'ਨੌਕਰੀਆਂ ਦਾ ਫਾਰਮੂਲਾ' ਸਿਖਾਇਆ ਜਾਣਾ ਹੈ। ਮੌਜੂਦਾ ਸਰਕਾਰ ਨੌਜਵਾਨਾਂ ਲਈ ਸਰਕਾਰੀ, ਅਰਧ-ਸਰਕਾਰੀ ਅਤੇ ਨਿੱਜੀ ਖੇਤਰਾਂ 'ਚ ਅਸਾਮੀਆਂ ਦੇਵੇਗੀ ਤਾਂ ਜੋ ਉਹ ਨਸ਼ਿਆਂ ਤੋਂ ਦੂਰੀ ਬਣਾ ਕੇ ਰੱਖਣ। ਦੱਸ ਦੇਈਏ ਕਿ ਕੁਝ ਅਜਿਹੇ ਵੀ ਵਾਅਦੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਵੋਟਾਂ ਲੈਣ ਤੋਂ ਪਹਿਲਾਂ ਕੀਤੇ ਸਨ ਜੋ ਕਿ ਹੁਣ ਤੱਕ ਪੂਰੇ ਨਹੀਂ ਹੋ ਪਾਏ ਹਨ ਜਿਸ ਕਾਰਨ ਪੰਜਾਬ ਦੇ ਲੋਕਾਂ 'ਚ ਕਾਫੀ ਰੋਸ ਵੀ ਪਾਇਆ ਜਾ ਰਿਹਾ ਹੈ।

-ਤਜਿੰਦਰ ਸ਼ਰਮਾ।

ਪੰਜਾਬ ਪੁਲਿਸ ਦੀ ਤਾਨਾਸ਼ਾਹੀ

ਕਿਸੇ ਵੀ ਦੇਸ਼ ਦੀ ਪੁਲਿਸ ਦਾ ਮੁੱਖ ਕੰਮ ਆਪਣੇ ਰਾਜ ਦੇ ਨਾਗਰਿਕਾਂ ਦੀ ਸੇਵਾ ਕਰਨੀ ਪਹਿਲਾ ਧਰਮ ਹੁੰਦਾ ਹੈ ਕਿਉਂਕਿ ਇਸ ਖੇਤਰ ਦੀਆਂ ਸਾਰੀਆਂ ਨੌਕਰੀਆਂ ਆਮ ਲੋਕਾਂ ਦੇ ਨਾਲ ਬਹੁਤ ਜ਼ਿਆਦਾ ਵਾਹ-ਵਾਸਤਾ ਰੱਖਦੀਆਂ ਹਨ। ਇਸ ਸਬੰਧ 'ਚ ਜੇ ਅਸੀਂ ਬਾਹਰਲੇ ਦੇਸ਼ਾਂ ਕੈਨੇਡਾ, ਇੰਗਲੈਂਡ ਦੀ ਗੱਲ ਕਰੀਏ ਤਾਂ ਸਾਨੂੰ ਪਤਾ ਲਗਦਾ ਹੈ ਕਿ ਕਿਵੇਂ ਉਥੇ ਪੁਲਿਸ ਵਾਲੇ ਆਪਣੇ ਨਾਗਰਿਕਾਂ ਦੀ ਸੇਵਾ ਲਈ ਹਮੇਸ਼ਾ ਤਿਆਰ-ਬਰ-ਤਿਆਰ ਰਹਿੰਦੇ ਹਨ ਪਰ ਇਸ ਦੇ ਉਲਟ ਜੇਕਰ ਪੰਜਾਬ ਪੁਲਿਸ ਦੀ ਗੱਲ ਕਰੀਏ ਤਾਂ ਸਾਡੀ ਪੁਲਿਸ ਮਾੜੇ ਬੰਦੇ ਨੂੰ ਪਹਿਲਾਂ ਆਪਣੀ ਰੋਹਬਦਾਰ ਆਵਾਜ਼ ਨਾਲ ਹੀ ਡਰਾ ਦਿੰਦੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਨਿੱਤ ਇਨ੍ਹਾਂ ਦੇ ਅੱਤਿਆਚਾਰ ਦੀਆਂ ਵੀਡੀਓ ਸਾਨੂੰ ਵੇਖਣ ਨੂੰ ਮਿਲਦੀਆਂ ਹਨ। ਕਿਸੇ ਵਿਚ ਕੋਈ ਪੁਲਿਸ ਵਾਲਾ ਕਿਸੇ ਵੱਡੀ ਉਮਰ ਦੀ ਮਾਤਾ ਨੂੰ ਥੱਪੜ ਮਾਰ ਰਿਹਾ ਹੁੰਦਾ ਤੇ ਕਿਸੇ ਵੀਡੀਓ 'ਚ ਸ਼ਰ੍ਹੇਆਮ ਔਰਤਾਂ ਨੂੰ ਡਰਾ ਧਮਕਾ ਰਿਹਾ ਹੁੰਦਾ ਹੈ। ਬਿਨਾਂ ਕਿਸੇ ਉੱਚ ਅਧਿਕਾਰੀ ਦੀ ਮਨਜ਼ੂਰੀ ਤੋਂ ਅਸੀਂ ਵੇਖਦੇ ਹਾਂ ਬਹੁਤੇ ਮੁਲਾਜ਼ਮ ਤਾਂ ਐਵੇਂ ਹੀ ਨਾਕਿਆਂ 'ਤੇ ਪੈਸੇ ਲਈ ਜਾਣਗੇ। ਸਮੇਂ ਦੀ ਮੁੱਖ ਲੋੜ ਸਰਕਾਰ ਨੂੰ ਇਸ ਪਾਸੇ ਧਿਆਨ ਦੀ ਲੋੜ ਹੈ। ਸਾਡੀ ਸਰਕਾਰ ਤੇ ਪੁਲਿਸ ਦੇ ਵੱਡੇ ਅਫਸਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਪੁਲਿਸ ਮੁਲਾਜ਼ਮਾਂ ਨੂੰ ਲੋਕਾਂ ਨਾਲ ਸਖ਼ਤੀ ਦੀ ਥਾਂ 'ਤੇ ਪਿਆਰ ਨਾਲ ਰਾਬਤਾ ਵਧਾਉਣਾ ਸਿਖਾਉਣ। ਸ਼ਾਇਦ ਅਜਿਹਾ ਕਰਨ ਨਾਲ ਲੋਕਾਂ ਅੰਦਰ ਪੁਲਿਸ ਦਾ ਅਕਸ ਕੁਝ ਸੁਧਰਨ ਲੱਗ ਜਾਵੇ।

-ਮਨਦੀਪ ਕੁੰਦੀ ਤਖਤੂਪੁਰਾ
ਪਿੰਡ ਤਖਤੂਪੁਰਾ (ਮੋਗਾ)।

21-10-2020

 ਕਿਸਾਨੀ ਅੰਦੋਲਨ : ਬੇਸਿੱਟਾ ਮੀਟਿੰਗ

ਕੇਂਦਰ ਵਲੋਂ ਖੇਤੀਬਾੜੀ ਬਿੱਲ ਪਾਸ ਕਰਨ ਅਤੇ ਬਾਅਦ ਵਿਚ ਰਾਸ਼ਟਰਪਤੀ ਦੀ ਮੋਹਰ ਨਾਲ ਕਾਨੂੰਨ ਬਣਾਏ ਜਾਣ ਦੇ ਸਮੇਂ ਤੋਂ ਹੀ ਪੰਜਾਬ ਅਤੇ ਹੋਰ ਸੂਬਿਆਂ ਵਿਚ ਜ਼ਬਰਦਸਤ ਅੰਦੋਲਨ ਚੱਲ ਰਹੇ ਹਨ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਕੇਂਦਰ ਸਰਕਾਰ ਵਲੋਂ ਮੀਟਿੰਗ ਲਈ ਸੱਦਿਆ ਗਿਆ। ਮੀਟਿੰਗ ਵਿਚ ਸਰਕਾਰ ਦਾ ਕੋਈ ਵੀ ਵਜ਼ੀਰ ਨਹੀਂ ਸੀ। ਕੇਂਦਰੀ ਖੇਤੀਬਾੜੀ ਮੰਤਰੀ ਦੀ ਗ਼ੈਰ-ਹਾਜ਼ਰੀ ਤੋਂ ਨਾਰਾਜ਼ ਕਿਸਾਨਾਂ ਨੇ ਬੈਠਕ 'ਚੋਂ ਵਾਕਆਊਟ ਕੀਤਾ। ਇਸ ਤੋਂ ਜਾਪਦਾ ਹੈ ਕਿ ਸਰਕਾਰ ਕਾਨੂੰਨ ਵਾਪਸ ਨਹੀਂ ਲੈਣਾ ਚਾਹੁੰਦੀ। ਜਦੋਂ ਤੱਕ ਸਰਕਾਰ ਕਿਸਾਨਾਂ ਨੂੰ ਵਿਸ਼ਵਾਸ ਵਿਚ ਲੈ ਕੇ ਉਨ੍ਹਾਂ ਨਾਲ ਗੱਲਬਾਤ ਨਹੀਂ ਕਰਦੀ, ਉਦੋਂ ਤੱਕ ਕਿਸਾਨ ਕਿਵੇਂ ਮੰਨ ਲੈਣ ਕਿ ਇਹ ਬਿੱਲ ਉਨ੍ਹਾਂ ਲਈ ਫਾਇਦੇਮੰਦ ਸਿੱਧ ਹੋਣਗੇ। ਮੀਟਿੰਗ ਵਿਚ ਪ੍ਰਧਾਨ ਮੰਤਰੀ, ਕੇਂਦਰੀ ਖੇਤੀਬਾੜੀ ਮੰਤਰੀ ਤੇ ਹੋਰ ਮੰਤਰੀਆਂ ਦਾ ਸ਼ਾਮਿਲ ਹੋਣਾ ਜ਼ਰੂਰੀ ਸੀ। ਪੰਜਾਬ ਦੀਆਂ ਵੱਖ-ਵੱਖ ਸਮਾਜਿਕ ਸੰਸਥਾਵਾਂ, ਲੇਖਕ, ਕਲਾਕਾਰ ਇਸ ਅੰਦੋਲਨ ਵਿਚ ਸ਼ਾਮਿਲ ਹੋ ਰਹੇ ਹਨ। ਸੂਬਾ ਸਰਕਾਰ ਨੂੰ ਕੇਂਦਰ ਸਰਕਾਰ ਕੋਲ ਇਹ ਮੁੱਦਾ ਬੜੇ ਹੀ ਜ਼ੋਰ-ਸ਼ੋਰ ਨਾਲ ਉਠਾਉਣਾ ਚਾਹੀਦਾ ਹੈ ਤਾਂ ਜੋ ਸਮਾਂ ਰਹਿੰਦਿਆਂ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਨਿਕਲ ਸਕੇ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਕਿਸਾਨ ਸੰਘਰਸ਼

ਭਾਰਤ ਦੀ ਆਬਾਦੀ ਦਾ ਕਰੀਬ 80 ਫ਼ੀਸਦੀ ਹਿੱਸਾ ਪਿੰਡਾਂ ਵਿਚ ਰਹਿੰਦਾ ਹੈ ਅਤੇ ਪਿੰਡਾਂ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਜਾਂ ਖੇਤੀਬਾੜੀ ਨਾਲ ਸਬੰਧਿਤ ਹੈ। ਕਿਸਾਨ ਮਿਹਨਤ ਕਰ ਕੇ ਖੇਤਾਂ ਵਿਚ ਫ਼ਸਲਾਂ ਪੈਦਾ ਕਰਦਾ ਹੈ ਅਤੇ ਉਸ ਉਪਜ ਵਿਚੋਂ ਹੋਈ ਬੱਚਤ ਨਾਲ ਆਪਣੀ ਜ਼ਰੂਰਤ ਦੀਆਂ ਵਸਤੂਆਂ ਖ਼ਰੀਦਦਾ ਹੈ। ਕਹਿਣ ਦਾ ਭਾਵ ਪੈਸੇ ਦਾ ਸਰਕਲ ਕਿਸਾਨ ਤੋਂ ਸ਼ੁਰੂ ਹੁੰਦਾ ਹੈ ਅਤੇ ਅੱਗੇ ਚਲਦਾ ਹੈ। ਜੇਕਰ ਕਿਸਾਨ ਖੁਸ਼ਹਾਲ ਹੋਵੇਗਾ ਤਾਂ ਹੀ ਉਹ ਪੈਸਾ ਅੱਗੇ ਖਰਚੇਗਾ। ਖੇਤੀ ਕਾਨੂੰਨ ਦੇ ਖ਼ਿਲਾਫ਼ ਕਿਸਾਨਾਂ ਦਾ ਸੰਘਰਸ਼ ਹੁਣ ਲੋਕ ਅੰਦੋਲਨ ਦਾ ਰੂਪ ਲੈਂਦਾ ਜਾ ਰਿਹਾ ਹੈ। ਇਸ ਸੰਘਰਸ਼ ਵਿਚ ਕੀ ਵਪਾਰੀ, ਕੀ ਕਲਾਕਾਰ, ਕੀ ਮੁਲਾਜ਼ਮ ਹਰ ਵਰਗ ਕਿਸਾਨਾਂ ਦੇ ਨਾਲ ਇਸੇ ਲਈ ਖੜ੍ਹਾ ਹੈ ਕਿਉਂਕਿ ਸਭ ਅੰਨਦਾਤਾ ਕਿਸਾਨ ਦੀ ਅਹਿਮੀਅਤ ਨੂੰ ਸਮਝਦੇ ਹਨ। ਪਰ ਬੱਸ ਇਕ ਕੇਂਦਰ ਸਰਕਾਰ ਹੀ ਕਿਸਾਨਾਂ ਦੀ ਅਹਿਮੀਅਤ ਨੂੰ ਨਹੀਂ ਸਮਝ ਰਹੀ ਅਤੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀ ਹੈ।

-ਚਾਨਣ ਦੀਪ ਸਿੰਘ ਔਲਖ।

ਮਾਨਸਿਕ ਦਬਾਅ

ਮਨੁੱਖੀ ਜੀਵਨ ਜਿਵੇਂ-ਜਿਵੇਂ ਬਦਲਦੇ ਸਮੇਂ ਨਾਲ ਅੱਗੇ ਵਧ ਰਿਹਾ ਹੈ, ਤਿਵੇਂ-ਤਿਵੇਂ ਮਨੁੱਖ ਦੀ ਜ਼ਿੰਦਗੀ ਸੈਂਕੜੇ ਸਹੂਲਤਾਂ ਦੇ ਬਾਵਜੂਦ ਦਿਨ-ਬ-ਦਿਨ ਹੋਰ ਸੰਘਰਸ਼ਮਈ ਅਤੇ ਗੁੰਝਲਦਾਰ ਹੁੰਦੀ ਜਾ ਰਹੀ ਹੈ। ਬੇਸ਼ੱਕ ਆਰਥਿਕਤਾ ਹਮੇਸ਼ਾ ਹੀ ਆਤਮ ਹੱਤਿਆਵਾਂ ਦਾ ਕਾਰਨ ਰਹੀ ਹੈ ਪਰ ਅੱਜ ਦੇ ਦੌਰ ਵਿਚ ਮਾਨਸਿਕ ਦਬਾਅ ਨਾਲ ਜਿੰਨੀਆਂ ਮੌਤਾਂ ਹੁੰਦੀਆਂ ਹਨ, ਓਨੀਆਂ ਆਰਥਿਕਤਾ ਕਾਰਨ ਨਹੀਂ ਹੁੰਦੀਆਂ। ਹਾਲਾਤ ਕਿੰਨੇ ਵੀ ਪ੍ਰਤੀਕੂਲ ਕਿਉਂ ਨਾ ਹੋਣ, ਆਤਮ-ਹੱਤਿਆ ਹੱਲ ਨਹੀਂ ਹੈ। ਆਪਣੇ ਬੱਚਿਆਂ ਨੂੰ ਲੜਨਾ ਸਿਖਾਓ, ਡਰਨਾ ਨਹੀਂ। ਜੀਵਨ ਵਿਚ ਤਰ੍ਹਾਂ-ਤਰ੍ਹਾਂ ਦੇ ਮੋੜ ਆਉਂਦੇ ਹਨ ਅਕਸਰ ਮੋਹ ਦੀ ਗੁਲਾਮੀ ਦੀਆਂ ਜ਼ੰਜੀਰਾਂ ਹੀ ਅਸਲ ਵਿਚ ਬੰਦੇ ਦੀ ਆਜ਼ਾਦੀ ਖੋਹ ਲੈਂਦੀਆਂ ਹਨ, ਜਿਸ ਵਿਚ ਫਸ ਕੇ ਉਹ ਪਤਾ ਨਹੀਂ ਕਿੰਨੀਆਂ ਕੁ ਚੀਜ਼ਾਂ ਦੀ ਕੁਰਬਾਨੀ ਦਿੰਦਾ ਹੈ। ਇਹੀ ਨਾਤੇ, ਇਹੀ ਚੀਜ਼ਾਂ ਫਿਰ ਉਸ ਦੇ ਮਾਨਸਿਕ ਦਬਾਅ ਦਾ ਕਾਰਨ ਬਣਦੀਆਂ ਹਨ। ਮਾਨਸਿਕ ਦਬਾਅ ਹੇਠ ਚੱਲ ਰਹੇ ਵਿਅਕਤੀ ਨੂੰ ਦਿੱਤੀ ਸਹੀ ਸਲਾਹ ਉਸ ਨੂੰ ਮਰਨ ਤੋਂ ਬਚਾ ਸਕਦੀ ਹੈ, ਉਸੇ ਤਰ੍ਹਾਂ ਹੀ ਗੁੱਸੇ 'ਚ ਭੜਕ ਕੇ ਬੋਲੇ ਕੁਝ ਸ਼ਬਦ ਕਿਸੇ ਦੀ ਮੌਤ ਦਾ ਕਾਰਨ ਬਣ ਸਕਦੇ ਹਨ। ਇਥੇ 'ਜੀਓ ਅਤੇ ਜਿਊਣ ਦਿਓ' ਦੀ ਗੱਲ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ। ਸਾਨੂੰ ਇਸ ਜੀਵਨ ਦੇ ਰਸਤੇ ਨੂੰ ਮਿਲ-ਜੁਲ ਕੇ ਇਕ-ਦੂਜੇ ਦਾ ਸਹਿਯੋਗ ਕਰਕੇ ਪੂਰਾ ਕਰਨਾ ਚਾਹੀਦਾ ਹੈ।

-ਹਰਪ੍ਰੀਤ ਕੌਰ ਘੁੰਨਸ।

ਕਿਸਾਨ ਸੰਘਰਸ਼ ਅਤੇ ਸਰਕਾਰ

ਬੀਤੇ ਕੁਝ ਦਿਨਾਂ ਤੋਂ ਕੇਂਦਰ ਸਰਕਾਰ ਵਲੋਂ ਖੇਤੀ ਸਬੰਧੀ ਪਾਸ ਕੀਤੇ ਬਿੱਲਾਂ ਨੂੰ ਲੈ ਕੇ ਦੇਸ਼ ਅਤੇ ਖਾਸ ਕਰਕੇ ਪੰਜਾਬ ਦਾ ਕਿਸਾਨ ਸੰਘਰਸ਼ ਦੇ ਰਾਹ ਪਿਆ ਹੋਇਆ ਹੈ। ਇਕ ਪਾਸੇ ਕਿਸਾਨ ਦੀ ਫ਼ਸਲ (ਝੋਨਾ) ਪੱਕ ਚੁੱਕੀਹੈ ਅਤੇ ਉਸ ਦੀ ਕਟਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਪਰ ਦੂਸਰੇ ਪਾਸੇ ਕਿਸਾਨ ਨੂੰ ਆਪਣਾ ਇਹ ਅਹਿਮ ਕੰਮ ਛੱਡ ਕੇ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਸੰਘਰਸ਼ ਵਿਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਕਿ ਦੇਸ਼ ਦੀਆਂ ਸਾਰੀਆਂ ਰਾਜਸੀ ਪਾਰਟੀਆਂ, ਮਜ਼ਦੂਰ ਜਥੇਬੰਦੀਆਂ, ਆੜ੍ਹਤੀ ਅਤੇ ਮਾਰਕਿਟ ਕਮੇਟੀਆਂ ਸਮੇਤ ਗਾਇਕ, ਕਲਾਕਾਰਾਂ ਆਦਿ ਵਲੋਂ ਸਰਗਰਮ ਸਹਿਯੋਗ ਦਿੱਤਾ ਜਾ ਰਿਹਾ ਹੈ। ਪਰ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੂੰ ਅਜਿਹਾ ਕਰਦੇ ਵਕਤ ਜੋਸ਼ ਦੇ ਨਾਲ-ਨਾਲ ਹੋਸ਼ ਵੀ ਕਾਇਮ ਰੱਖਣੀ ਹੋਵੇਗੀ, ਜਿਸ ਤਰ੍ਹਾਂ ਉਨ੍ਹਾਂ ਨੂੰ ਸਮਾਜ ਦੇ ਹਰ ਵਰਗ ਦਾ ਇਸ ਸੰਘਰਸ਼ ਦੌਰਾਨ ਸਹਿਯੋਗ ਮਿਲਿਆ ਹੈ ਅਤੇ ਮਿਲ ਰਿਹਾ ਹੈ, ਉਸ ਦੀ ਕਦਰ ਕਰਦੇ ਹੋਏ ਉਸ ਨੂੰ ਹਰ ਕੀਮਤ 'ਤੇ ਬਰਕਰਾਰ ਰੱਖਣਾ ਹੋਵੇਗਾ। ਦੂਸਰੇ ਪਾਸੇ ਸਮੇਂ ਦੀ ਕੇਂਦਰ ਸਰਕਾਰ ਨੂੰ ਵੀ ਹੱਠਧਰਮੀ ਰਵੱਈਏ ਦੀ ਬਜਾਏ ਕਿਸਾਨ ਜਥੇਬੰਦੀਆਂ ਨਾਲ ਸੰਜੀਦਾ ਗੱਲਬਾਤ ਦਾ ਰਾਹ ਅਪਣਾਉਣ ਦੀ ਲੋੜ ਹੈ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

ਸਿਆਸੀ ਰੋਟੀਆਂ

ਹਰ ਪਾਰਟੀ, ਹਰ ਜਥੇਬੰਦੀ ਦੇ ਵੱਡੇ ਅਹੁਦੇਦਾਰਾਂ ਤੋਂ ਲੈ ਕੇ ਛੋਟੇ-ਮੋਟੇ ਵਰਕਰਾਂ ਤੱਕ ਹਰ ਵਿਅਕਤੀ ਸਿਆਸੀ ਰੋਟੀਆਂ ਹੀ ਸੇਕਦਾ ਹੈ। ਹਰ ਕਿਸੇ ਰਾਜਨੀਤੀ ਵਿਚ ਦਿਲਚਸਪੀ ਰੱਖਣ ਵਾਲੇ ਦਾ ਧਰਮ ਕੇਵਲ 'ਸੱਤਾ' ਹੀ ਹੈ। ਜਿਸ ਜਥੇਬੰਦੀ ਨੇ ਕਿਰਤੀ ਕਿਸਾਨ ਲਈ ਕੁਝ ਵੀ ਨਹੀਂ ਕੀਤਾ, ਨਾ ਤਿਆਗ ਦੀ ਜੁਰਅਤ ਹੈ, ਉਹ ਦੂਸਰਿਆਂ ਦੇ ਵਿਰੁੱਧ ਬਿਆਨ ਦਰ ਬਿਆਨ ਦਾਗ ਰਹੇ ਹਨ ਕਿ ਫਲਾਣੀ ਪਾਰਟੀ ਸਿਆਸੀ ਰੋਟੀਆਂ ਸੇਕ ਰਹੀ ਹੈ, ਗੁੰਮਰਾਹ ਕਰ ਰਹੀ ਹੈ। ਪਰ ਕਿਸੇ ਵੀ ਗੱਲ ਦਾ ਦਸਤਾਵੇਜ਼ੀ ਸਬੂਤ, ਠੋਸ ਦਲੀਲ ਅਤੇ ਨਾ ਹੀ ਕੋਈ ਮਿਸਾਲ ਹੈ। ਇਸ ਕਰਕੇ ਸਭ 100 ਫ਼ੀਸਦੀ ਝੂਠ ਹੀ ਚੱਲ ਰਿਹਾ ਹੈ।

-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ (ਲੁਧਿਆਣਾ)।

20-10-2020

 ਡੇਂਗੂ ਦਾ ਵਧਦਾ ਪ੍ਰਕੋਪ

ਅਜੋਕੇ ਸਮੇਂ ਵਿਚ ਪੂਰੀ ਦੁਨੀਆ ਕੋਰੋਨਾ ਦਾ ਸੰਤਾਪ ਝੱਲ ਰਹੀ ਹੈ। ਪਰ ਹੁਣ ਪੰਜਾਬ ਵਿਚ ਕੋਰੋਨਾ ਦੇ ਚਲਦਿਆਂ ਡੇਂਗੂ ਨੇ ਵੀ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਸਰਦੀ ਦੇ ਦਸਤਕ ਦਿੰਦਿਆਂ ਹੀ ਮੱਛਰਾਂ ਦੇ ਹੌਸਲੇ ਬੁਲੰਦ ਹੋ ਗਏ ਹਨ। ਹੁਣ ਕੋਰੋਨਾ ਦੇ ਨਾਲ-ਨਾਲ ਇਨ੍ਹਾਂ ਮੱਛਰਾਂ ਤੋਂ ਵੀ ਬਚਣ ਦੀ ਲੋੜ ਹੈ। ਇਸ ਲਈ ਸਾਨੂੰ ਅੱਜ ਤੋਂ ਹੀ ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਾਉਣ ਦੀ ਲੋੜ ਹੈ। ਘਰ ਵਿਚ ਜੇਕਰ ਕੂਲਰ ਜਾਂ ਕਿਤੇ ਹੋਰ ਪਾਣੀ ਦਾ ਠਹਿਰਾਓ ਹੈ ਤਾਂ ਉਸ ਨੂੰ ਤੁਰੰਤ ਖਤਮ ਕਰਨਾ ਚਾਹੀਦਾ ਹੈ ਤਾਂ ਜੋ ਇਹ ਮੱਛਰ ਪੈਦਾ ਨਾ ਹੋ ਸਕੇ। ਘਰ ਵਿਚ ਰੋਜ਼ ਫਿਨਾਇਲ ਦਾ ਪੋਚਾ ਲਗਾਉਣਾ ਚਾਹੀਦਾ ਹੈ। ਇਹ ਕੁਝ ਜ਼ਰੂਰੀ ਕਦਮ ਹਨ ਜੋ ਸਾਨੂੰ ਹਰ ਇਕ ਨੂੰ ਤੁਰੰਤ ਚੁੱਕਣ ਦੀ ਲੋੜ ਹੈ ਤਾਂ ਜੋ ਕੋਰੋਨਾ ਦੇ ਨਾਲ-ਨਾਲ ਡੇਂਗੂ ਵਰਗੀ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ।

-ਅਰਵਿੰਦ ਰਾਏਕੋਟ

ਪੰਜਾਬ ਦੀ ਹੋਂਦ ਦਾ ਸੰਘਰਸ਼

ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਪੰਜਾਬ ਦੀ ਅਰਥਵਿਵਸਥਾ ਪੂਰੀ ਤਰ੍ਹਾਂ ਨਾਲ ਖੇਤੀਬਾੜੀ 'ਤੇ ਨਿਰਭਰ ਕਰਦੀ ਹੈ। ਕਿਸਾਨੀ ਸੱਭਿਆਚਾਰ ਪੰਜਾਬ ਦਾ ਆਧਾਰ ਹੈ ਪਰ ਕੇਂਦਰ ਸਰਕਾਰ ਦੁਆਰਾ ਲਿਆਂਦੇ ਗਏ ਤਿੰਨੋਂ ਖੇਤੀ ਕਾਨੂੰਨ ਪੂਰੀ ਤਰ੍ਹਾਂ ਨਾਲ ਕਿਸਾਨ ਵਿਰੋਧੀ ਹਨ ਜੋ ਕਿ ਪੂਰੀ ਤਰ੍ਹਾਂ ਪੰਜਾਬ ਦੇ ਕਿਸਾਨਾਂ ਲਈ ਘਾਤਕ ਸਾਬਤ ਹੋਣਗੇ। ਅੱਜ ਦਾ ਸੰਘਰਸ਼ ਸਿਰਫ ਕਿਸਾਨੀ ਬਚਾਉਣ ਲਈ ਨਹੀਂ ਸਗੋਂ ਪੰਜਾਬ ਦੀ ਹੋਂਦ ਬਚਾਉਣ ਲਈ ਹੋ ਰਿਹਾ ਹੈ। ਜਿਸ ਤਰ੍ਹਾਂ ਅੱਜ ਪੰਜਾਬ ਦੇ ਬੱਚੇ, ਜਵਾਨ, ਬਜ਼ੁਰਗ ਇਸ ਸੰਘਰਸ਼ ਵਿਚ ਮੋਢੇ ਨਾਲ ਮੋਢਾ ਜੋੜ ਇਕਜੁੱਟ ਖੜ੍ਹੇ ਹਨ ਤਾਂ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਪੰਜਾਬ ਨੂੰ ਉਜਾੜਨ ਦੇ ਸੁਪਨੇ ਵੇਖਣ ਵਾਲਿਆਂ ਨੂੰ ਇਕ ਵਾਰ ਫਿਰ ਮੂੰਹ ਦੀ ਖਾਣੀ ਪਵੇਗੀ। ਪੰਜਾਬ ਗੁਰਾਂ ਦੀ ਕ੍ਰਿਪਾ ਦੇ ਨਾਲ ਵਸਦਾ ਹੈ ਅਤੇ ਹਮੇਸ਼ਾ ਵਸਦਾ ਹੀ ਰਹੇਗਾ। ਜਿਹੜੀ ਕੌਮ ਦੂਸਰਿਆਂ ਦੇ ਹੱਕਾਂ ਦੀ ਰਾਖੀ ਲਈ ਆਪਾ ਕੁਰਬਾਨ ਕਰ ਸਕਦੀ ਹੈ, ਉਹ ਕੌਮ ਆਪਣੇ ਹੱਕਾਂ ਦੀ ਲੜਾਈ ਲੜਨ ਤੋਂ ਪਿੱਛੇ ਕਿਵੇਂ ਹਟ ਸਕਦੀ ਹੈ? ਇਹ ਕਿਸਾਨ ਮਜ਼ਦੂਰ ਸੰਘਰਸ਼ ਆਉਣ ਵਾਲੀਆਂ ਨਸਲਾਂ ਲਈ ਉਦਾਹਰਨ ਅਤੇ ਪੰਜਾਬ ਦੀ ਖੁਸ਼ਹਾਲੀ ਦਾ ਆਧਾਰ ਬਣੇਗਾ। ਇਸ ਸੰਘਰਸ਼ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪੰਜਾਬ, ਪੰਜਾਬੀ, ਪੰਜਾਬੀਅਤ ਜ਼ਿੰਦਾਬਾਦ ਹਨ ਅਤੇ ਸਦਾ ਜ਼ਿੰਦਾਬਾਦ ਹੀ ਰਹਿਣਗੇ।

-ਜਸਪ੍ਰੀਤ ਕੌਰ ਸੰਘਾ
ਤਨੂੰਲੀ (ਹੁਸ਼ਿਆਰਪੁਰ)।

ਅਲੋਪ ਹੋ ਰਹੀ ਤੁਰਨ ਦੀ ਕਲਾ

ਤੁਰਨਾ ਵੀ ਇਕ ਕਲਾ ਹੈ ਪਰ ਅੱਜਕਲ੍ਹ ਕਿਤੇ ਨਾ ਕਿਤੇ ਇਹ ਕਲਾ ਲੋਕਾਂ ਦੇ ਵਿਚੋਂ ਅਲੋਪ ਹੁੰਦੀ ਜਾ ਰਹੀ ਹੈ। ਜੇ ਗੱਲ ਕਰੀਏ ਆਪਣੇ ਵੱਡੇ-ਵਡੇਰਿਆਂ ਦੀ ਤਾਂ ਉਹ ਤੁਰ ਕੇ ਹੀ ਦੂਰ-ਦੁਰਾਡੇ ਦਾ ਸਫ਼ਰ ਤੈਅ ਕਰ ਲੈਂਦੇ ਸਨ ਪਰ ਜੇ ਗੱਲ ਕਰੀਏ ਅਜੋਕੇ ਸਮੇਂ ਦੇ ਲੋਕਾਂ ਦੀ ਤਾਂ ਜਦੋਂ ਦੇ ਇਹ ਮੋਟਰ ਗੱਡੀਆਂ 'ਤੇ ਸਵਾਰ ਹੋਏ ਹਨ, ਇਨ੍ਹਾਂ ਨੇ ਲੋਕਾਂ ਨੂੰ ਆਲਸੀ ਬਣਾ ਦਿੱਤਾ ਹੈ। ਥੋੜ੍ਹਾ ਜਿਹਾ ਸਫ਼ਰ ਵੀ ਤੈਅ ਕਰਨਾ ਹੋਵੇ ਤਾਂ ਲੋਕ ਮੋਟਰ ਗੱਡੀਆਂ ਨੂੰ ਪਹਿਲ ਦਿੰਦੇ ਹਨ। ਜੇ ਅੱਜ ਦੁਨੀਆ ਭਰ ਵਿਚ ਲੋਕ ਭਿਆਨਕ ਬਿਮਾਰੀਆਂ ਦੀ ਲਪੇਟ ਵਿਚ ਫਸੇ ਹੋਏ ਹਨ ਤਾਂ ਉਸ ਦਾ ਕਾਰਨ ਵੀ ਨਾ ਤੁਰਨਾ ਹੈ। ਜੇ ਤੁਰਨ ਦੇ ਫਾਇਦਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਮਨੁੱਖੀ ਸਰੀਰ ਨੂੰ ਅਣਗਿਣਤ ਹੀ ਲਾਭ ਹਨ, ਜਿਵੇਂ ਤੁਰਨ ਨਾਲ ਸਰੀਰ ਅਰੋਗ ਰਹਿੰਦਾ ਹੈ, ਭੁੱਖ ਤੇਜ਼ ਲਗਦੀ ਹੈ, ਚਿਹਰੇ 'ਤੇ ਝੁਰੜੀਆਂ ਨਹੀਂ ਪੈਂਦੀਆਂ, ਉਦਾਸੀ ਖ਼ਤਮ ਹੁੰਦੀ ਹੈ, ਸਵੈ-ਵਿਸ਼ਵਾਸ ਵਧਦਾ ਹੈ, ਆਦਿ। ਜਦੋਂ ਅਸੀਂ ਕਿਤੇ ਬਾਹਰ ਘੰਮਣ ਲਈ ਜਾਂਦੇ ਹਾਂ ਤਾਂ ਸਾਨੂੰ ਕੇਵਲ ਉਹੀ ਥਾਵਾਂ ਯਾਦ ਰਹਿੰਦੀਆਂ ਹਨ, ਜਿਨ੍ਹਾਂ ਨੂੰ ਅਸੀਂ ਤੁਰ ਕੇ ਵੇਖਿਆ ਹੁੰਦਾ ਹੈ। ਸੋ, ਸਾਨੂੰ ਜਿਥੇ ਵੀ ਤੁਰਨ ਦਾ ਮੌਕਾ ਮਿਲੇ, ਉਸ ਨੂੰ ਗੁਆਉਣਾ ਨਹੀਂ ਚਾਹੀਦਾ ਅਤੇ ਜਿਥੇ ਵੀ ਤੁਰ ਕੇ ਪਹੁੰਚਿਆ ਜਾ ਸਕੇ, ਉਥੇ ਤੁਰ ਕੇ ਹੀ ਜਾਈਏ ਤੇ ਇਸ ਅਲੋਪ ਹੋ ਰਹੀ ਕਲਾ ਨੂੰ ਮੁੜ ਸੁਰਜੀਤ ਕਰੀਏ।

-ਏਕਮਨੂਰ ਸਿੰਘ
ਪਿੰਡ ਫੱਜੂਪੁਰ, ਡਾਕ: ਧਾਰੀਵਾਲ, ਜ਼ਿਲ੍ਹਾ ਗੁਰਦਾਸਪੁਰ।

ਮਾਸਕ ਲੈਣ ਸਬੰਧੀ ਲਾਪਰਵਾਹੀ

ਅੱਜਕਲ੍ਹ ਜਿਵੇਂ-ਜਿਵੇਂ ਸਮਾਂ ਬੀਤ ਰਿਹਾ ਹੈ, ਉਸ ਹਿਸਾਬ ਨਾਲ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਜ਼ਿਆਦਾ ਕਮੀ ਨਹੀਂ ਹੋ ਰਹੀ। ਇਸ ਦਾ ਮੁੱਖ ਕਾਰਨ ਲਾਪਰਵਾਹੀ ਹੈ। ਅੱਜ ਜਦ ਵੀ ਸੜਕਾਂ 'ਤੇ ਚਲਦੇ ਵਿਅਕਤੀਆਂ ਨੂੰ ਵੇਖਦੇ ਹਾਂ ਤਾਂ ਸਾਨੂੰ ਬਿਨਾਂ ਮਾਸਕ ਵਾਲੇ ਅੱਧ ਤੋਂ ਵੱਧ ਵਿਅਕਤੀ ਮਿਲਦੇ ਹਨ। ਇਸੇ ਲਾਪਰਵਾਹੀ ਦੇ ਸਿੱਟੇ ਸਾਰੇ ਪੰਜਾਬ ਨੂੰ ਭੁਗਤਣੇ ਪੈ ਰਹੇ ਹਨ। ਲੋਕਾਂ ਦੀ ਲਾਪਰਵਾਹੀ ਕਾਰਨ ਉਹ ਥੋੜ੍ਹੀ ਜਿਹੀ ਤਕਲੀਫ਼ ਹੋਣ 'ਤੇ ਕੋਰੋਨਾ ਟੈਸਟ ਨਹੀਂ ਕਰਵਾਉਂਦੇ। ਤਕਲੀਫ ਵਧਣ 'ਤੇ ਜਦ ਹਸਪਤਾਲ ਵਿਚ ਦਾਖ਼ਲ ਹੁੰਦੇ ਹਨ ਤਦ ਪਤਾ ਲਗਦਾ ਹੈ ਕਿ ਉਹ ਕੋਰੋਨਾ ਪਾਜ਼ੀਟਿਵ ਹਨ। ਕਈ ਵਾਰ ਲਾਪਰਵਾਹੀ ਕਾਰਨ ਤੀਸਰੀ ਸਟੇਜ 'ਤੇ ਪਹੁੰਚਣ ਵਾਲੇ ਮਰੀਜ਼ ਹਸਪਤਾਲ ਦੇ ਲੱਖਾਂ ਰੁਪਏ ਦਾ ਬਿੱਲ ਭਰਨ 'ਤੇ ਵੀ ਠੀਕ ਨਹੀਂ ਹੁੰਦੇ। ਇਸ ਲਈ ਇਲਾਜ ਨਾਲੋਂ ਪਰਹੇਜ਼ ਜ਼ਰੂਰੀ ਸਮਝਦੇ ਹੋਏ ਸਾਨੂੰ ਮਾਸਕ ਪਹਿਨਣ ਦੀ ਆਦਤ ਪਾ ਲੈਣੀ ਚਾਹੀਦੀ ਹੈ ਤਾਂ ਕਿ ਕੋਰੋਨਾ ਦੀ ਸ਼ੁਰੂਆਤ ਹੀ ਨਾ ਹੋ ਸਕੇ।

-ਸੁਖਦੀਪ ਸਿੰਘ ਗਿੱਲ, ਮਾਨਸਾ।

ਜਬਰ ਜਨਾਹ ਬਨਾਮ ਅਸ਼ਲੀਲਤਾ

ਸਾਡੇ ਦੇਸ਼ ਵਿਚ ਜਬਰ ਜਨਾਹ ਦੀਆਂ ਮੰਦਭਾਗੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਜਦ ਕਿਸੇ ਵੀ ਇਹੋ ਜਿਹੀ ਘਟਨਾ ਨੂੰ ਮੀਡੀਆ ਵਲੋਂ ਜ਼ੋਰਦਾਰ ਢੰਗ ਨਾਲ ਚੁੱਕਿਆ ਜਾਂਦਾ ਹੈ ਤਾਂ ਕਈ ਜਥੇਬੰਦੀਆਂ ਅਤੇ ਕੁਝ ਲੋਕ ਰੋਸ ਵਜੋਂ ਧਰਨੇ ਮੁਜ਼ਾਹਰੇ ਕਰਦੇ ਹਨ ਕੁਝ ਲੋਕ ਤਾਂ ਇਨ੍ਹਾਂ ਘਟਨਾਵਾਂ ਦਾ ਸਹਾਰਾ ਲੈ ਕੇ ਆਪਣੀ ਸਿਆਸਤ ਚਮਕਾਉਣ ਦੀ ਤਾਕ ਵਿਚ ਰਹਿੰਦੇ ਹਨ। ਜਦ ਕਿ ਇਨ੍ਹਾਂ ਵਾਪਰ ਰਹੀਆਂ ਘਟਨਾਵਾਂ ਦੇ ਮੁੱਢਲੇ ਕਾਰਨ ਦੀਆਂ ਜੜ੍ਹਾਂ ਨੂੰ ਹੱਥ ਪਾਉਣ ਵੱਲ ਨਹੀਂ ਸੋਚਦੇ। ਸਾਰੇ ਟੀ.ਵੀ. ਚੈਨਲਾਂ 'ਤੇ ਮਸ਼ਹੂਰੀਆਂ ਦੇ ਨਾਂਅ 'ਤੇ ਅਸ਼ਲੀਲ ਇਸ਼ਤਿਹਾਰ ਅਤੇ ਸੰਗੀਤ ਦੇ ਨਾਂਅ 'ਤੇ ਗੰਦ ਪਰੋਸਿਆ ਜਾ ਰਿਹਾ ਹੈ। ਕੀ ਇਹ ਉਸ ਦਾ ਨਤੀਜਾ ਨਹੀਂ। ਅੱਜ ਇੰਟਰਨੈੱਟ ਰਾਹੀਂ ਕਿੰਨੀ ਅਸ਼ਲੀਲਤਾ ਪਰੋਸੀ ਜਾ ਰਹੀ ਹੈ ਅਸੀਂ ਹਰ 10 ਸਾਲ ਦੇ ਬੱਚੇ ਦੇ ਹੱਥ ਵਿਚ ਸਮਾਰਟ ਫੋਨ ਫੜਾ ਦਿੱਤਾ ਹੈ ਪਰ ਕਦੇ ਦੇਸ਼ ਭਗਤੀ ਦੀ ਕਿਤਾਬ ਲੈ ਕੇ ਦੇਣ ਨੂੰ ਪਹਿਲ ਨਹੀਂ ਦਿੱਤੀ।

-ਜਸਪਿੰਦਰ ਸਿੰਘ

ਤਾਕਤ ਦਾ ਕੇਂਦਰੀਕਰਨ

ਤਾਕਤ ਦਾ ਕੇਂਦਰੀਰਕਰਨ ਹਮੇਸ਼ਾ ਹੀ ਖ਼ਤਰਨਾਕ ਹੁੰਦਾ ਹੈ। ਆਮ ਲੋਕਾਂ ਦੀ ਆਵਾਜ਼ ਨੂੰ ਦਬਾ ਕੇ ਕੁਝ ਕੁ ਲੋਕਾਂ ਦੇ ਸਵਾਰਥੀ ਹਿਤਾਂ ਦੀ ਪਾਲਣਾ ਹੋਣ ਲਗਦੀ ਹੈ। ਪਿਛਲੇ ਕੁਝ ਸਮੇਂ ਤੋਂ ਭਾਰਤ ਵਿਚ ਵੀ ਇਹੋ ਕੁਝ ਸਾਜ਼ਿਸ਼ੀ ਢੰਗ ਨਾਲ ਹੋ ਰਿਹਾ ਹੈ। ਇਸ ਦਾ ਵਿਰੋਧ ਨਿਹਾਇਤ ਜ਼ਰੂਰੀ ਹੈ। ਲੋਕ-ਪੱਖੀ ਸ਼ਕਤੀਆਂ ਇਕਮੁੱਠ ਹੋ ਕੇ ਇਸ ਮਾਰੂ ਰੁਝਾਨ ਨੂੰ ਠੱਲ੍ਹ ਪਾ ਸਕਦੀਆਂ ਹਨ। ਨਿਰਾਸ਼ ਹੋਣ ਦੀ ਲੋੜ ਨਹੀਂ, ਕੁਝ ਕਰਨ ਦੀ ਲੋੜ ਹੈ।

-ਨਵਰਾਹੀ ਘੁਗਿਆਣਵੀ
ਪੰਜਾਬੀ ਸਾਹਿਤ ਸਭਾ, ਫਰੀਦਕੋਟ।

19-10-2020

 ਚਿੰਤਾਜਨਕ ਸਥਿਤੀ
ਕੋਰੋਨਾ ਮਹਾਂਮਾਰੀ ਦੇ ਚਲਦਿਆਂ ਇਕ ਪਾਸੇ ਦੇਸ਼ ਦੀ ਅਰਥ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਦੂਸਰੇ ਪਾਸੇ ਲੋਕਾਂ ਦੇ ਕੰਮਾਂਕਾਰਾਂ ਤੇ ਤਾਲਾਬੰਦੀ ਆਦਿ ਕਾਰਨ ਬੁਰਾ ਅਸਰ ਪਿਆ ਹੈ ਅਤੇ ਤੀਸਰਾ ਸਰਕਾਰ ਵਲੋਂ ਨਵੇਂ-ਨਵੇਂ ਕਾਨੂੰਨ ਬਣਾ ਕੇ ਤਕਰੀਬਨ ਹਰ ਵਰਗ ਨੂੰ ਸੜਕਾਂ, ਰੇਲਾਂ, ਟੋਲ-ਪਲਾਜ਼ਿਆਂ ਆਦਿ 'ਤੇ ਧਰਨੇ, ਮੁਜਾਹਰੇ, ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਿਆ ਹੈ, ਜਿਸ ਨਾਲ ਦੇਸ਼ ਅਤੇ ਲੋਕਾਂ ਦੀ ਆਰਥਿਕ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਇਕ ਰਿਪੋਰਟ ਅਨੁਸਾਰ ਵੀ ਭਾਰਤ ਹੁਣ ਭੁੱਖਮਰੀ ਦੀ ਗੰਭੀਰ ਸ਼੍ਰੇਣੀ ਵਿਚ ਆ ਜਾਣ ਕਾਰਨ ਪਾਕਿਸਤਾਨ ਤੇ ਬੰਗਲਾਦੇਸ਼, ਜਿਨ੍ਹਾਂ ਦੀ ਹਾਲਤ ਬਹੁਤ ਖਰਾਬ ਹੈ, ਉਨ੍ਹਾਂ ਦੀ ਸਥਿਤੀ ਵੀ ਭਾਰਤ ਨਾਲੋਂ ਚੰਗੀ ਦੱਸੀ ਜਾ ਰਹੀ ਹੈ ਜੋ ਕਿ ਸੋਚਣ ਵਾਲੀ ਗੱਲ ਹੈ। ਭੁੱਖਮਰੀ ਦੀ ਸਥਿਤੀ ਨਾਲ ਨਿਪਟਣ ਲਈ ਸਰਕਾਰ ਨੂੰ ਪ੍ਰਭਾਵਸ਼ਾਲੀ ਅਤੇ ਦੂਰਅੰਦੇਸ਼ੀ ਨਾਲ ਦੇਸ਼ ਅਤੇ ਲੋਕਾਂ ਦੇ ਹਿਤ ਵਿਚ ਫੈਸਲੇ ਕਰਨੇ ਚਾਹੀਦੇ ਹਨ ਤਾਂ ਜੋ ਦੇਸ਼ ਅਤੇ ਲੋਕਾਂ ਦੀ ਹਾਲਤ ਬਦ ਤੋਂ ਬਦਤਰ ਨਾ ਬਣ ਜਾਵੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।


ਹਰੇ ਇਨਕਲਾਬ ਦੇ ਮਾਰੂ ਪ੍ਰਭਾਵ
ਬੀਤੇ ਦਿਨੀਂ ਡਾ: ਸਵਰਾਜ ਸਿੰਘ ਦਾ ਲਿਖਿਆ ਲੇਖ 'ਕਿਸਾਨੀ ਸੰਕਟ ਦਾ ਸਥਾਈ ਹੱਲ ਬਦਲਵਾਂ ਵਿਕਾਸ ਮਾਡਲ' ਪੜ੍ਹਿਆ। ਲੇਖਕ ਨੇ ਬੜੇ ਸਾਰਥਿਕ ਸ਼ਬਦਾਂ ਰਾਹੀਂ ਮੌਜੂਦਾ ਖੇਤੀਬਾੜੀ ਸੰਕਟ, ਹਰੇ ਇਨਕਲਾਬ ਦੇ ਮਾੜੇ ਪ੍ਰਭਾਵਾਂ ਅਤੇ ਖੇਤੀ ਸਬੰਧੀ ਬਦਲਵੇਂ ਵਿਕਾਸ ਮਾਡਲ ਬਾਰੇ ਬੜੀ ਵਧੀਆ ਜਾਣਕਾਰੀ ਦਿੱਤੀ। ਲੇਖਕ ਦਾ ਇਹ ਕਹਿਣਾ ਬਿਲਕੁਲ ਸਹੀ ਹੈ ਕਿ ਪੰਜਾਬ ਦੇ ਮੌਜੂਦਾ ਕਿਸਾਨੀ ਸੰਕਟ ਲਈ ਸਰਮਾਏਦਾਰੀ ਦਾ ਪੈਦਾਵਾਰੀ ਵਿਕਾਸ ਮਾਡਲ ਜ਼ਿੰਮੇਵਾਰ ਹੈ ਜੋ ਹਰੇ ਇਨਕਲਾਬ ਵਜੋਂ ਅਪਣਾਇਆ ਗਿਆ ਸੀ। ਇਸ ਯੁੱਗ ਦੇ ਮਸ਼ੀਨੀਕਰਨ ਨੇ ਜਿਥੇ ਲੋਕਾਂ ਵਿਚ ਹੱਥੀਂ ਕੰਮ ਕਰਨ ਦੀ ਪ੍ਰਵਿਰਤੀ ਨੂੰ ਖਤਮ ਕਰਕੇ ਰੱਖ ਦਿੱਤਾ ਹੈ, ਉਥੇ ਬੇਰੁਜ਼ਗਾਰੀ ਵਿਚ ਵੀ ਭਾਰੀ ਵਾਧਾ ਕਰ ਦਿੱਤਾ ਹੈ। ਕਿਸਾਨ ਕਰਜ਼ਾਈ ਹੋ ਕੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਸੋ, ਅਜਿਹੇ ਹਾਲਾਤਾਂ ਵਿਚ ਕਿਸਾਨੀ ਸੰਕਟ ਦੇ ਪੱਕੇ ਹੱਲ ਲਈ ਕੇਂਦਰ ਸਰਕਾਰ ਖੇਤੀਬਾੜੀ ਆਰਡੀਨੈਂਸਾਂ ਨੂੰ ਵਾਪਸ ਲੈ ਕੇ ਅਜਿਹੇ ਖੇਤੀ ਵਿਕਾਸ ਮਾਡਲ ਨੂੰ ਲਾਗੂ ਕਰੇ ਜੋ ਕਿ ਕਿਸਾਨ ਤੇ ਕੁਦਰਤੀ ਪੱਖੀ ਹੋਵੇ। ਇਸ ਵਿਚ ਹੀ ਦੇਸ਼ ਤੇ ਸਮੁੱਚੇ ਸਮਾਜ ਦੀ ਭਲਾਈ ਹੈ।


-ਰਾਜਿੰਦਰ ਸਿੰਘ ਮਰਾਹੜ
ਪਿੰਡ ਤੇ ਡਾਕ: ਕੋਠਾ ਗੁਰੂ, ਤਹਿ: ਫੂਲ (ਬਠਿੰਡਾ)


ਜ਼ਿੰਮੇਵਾਰ ਸਿਆਸੀ ਨੁਮਾਇੰਦੇ
ਪੰਜਾਬ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਦੀ ਰਾਹ 'ਤੇ ਹੈ। ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀਬਾੜੀ ਬਿੱਲ ਸਭ ਨੂੰ ਕਿਸਾਨ ਵਿਰੋਧੀ ਜਾਪਦੇ ਹਨ। ਜੋ ਸਿਸਟਮ ਸਰਕਾਰੀ ਖਰੀਦ ਦਾ ਚੱਲ ਰਿਹਾ ਸੀ, ਉਹ ਇਨ੍ਹਾਂ ਨਵੇਂ ਕਾਨੂੰਨਾਂ ਕਰਕੇ ਪ੍ਰਭਾਵਿਤ ਹੋਵੇਗਾ। ਕਿਸਾਨ ਸੰਗਠਨ ਇਸ ਮੁੱਦੇ 'ਤੇ ਲੋਕ ਲਹਿਰ ਉਸਾਰਨ ਵਿਚ ਸਫਲ ਹਨ ਤੇ ਉਹ ਆਮ ਲੋਕਾਂ ਦੇ ਸਹਿਯੋਗ ਨਾਲ ਦਿਨ-ਰਾਤ ਦੇ ਧਰਨੇ ਲਾ ਕੇ ਬੈਠੇ ਹਨ। ਜੇਕਰ ਕੇਂਦਰ ਸਰਕਾਰ ਇਸ ਮਸਲੇ ਨੂੰ ਸੁਲਝਾਉਣ ਲਈ ਗੰਭੀਰ ਸੀ ਤਾਂ ਉਥੇ ਸਰਕਾਰੀ ਅਧਿਕਾਰੀ ਨਹੀਂ ਆਪ ਖੇਤੀ ਮੰਤਰੀ ਸਾਹਬ ਨੂੰ ਹਾਜ਼ਰ ਹੋਣਾ ਚਾਹੀਦਾ ਸੀ। ਜ਼ਿੰਮੇਵਾਰ ਸਿਆਸੀ ਨੁਮਾਇੰਦੇ ਕਿਸਾਨਾਂ ਦੇ ਮਸਲੇ ਸੁਣਦੇ ਅਤੇ ਵਾਜਬ ਹੱਲ ਦੀ ਤਲਾਸ਼ ਕਰਦੇ। ਕੇਂਦਰ ਨਾਲ ਕਿਸਾਨਾਂ ਦੀ ਗੱਲਬਾਤ ਫੇਲ੍ਹ ਹੋਣ ਦਾ ਮਤਲਬ ਹੈ ਕਿ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ ਹੈ। ਕੇਂਦਰ ਇਨ੍ਹਾਂ ਦੇ ਦੁੱਖ ਦਰਦ ਨੂੰ ਸਮਝਣ ਦਾ ਯਤਨ ਨਹੀਂ ਕਰਨਾ ਚਾਹੁੰਦਾ। ਅਜਿਹੀ ਸੋਚ ਨੇ ਹੀ ਪੰਜਾਬ ਨਾਲ ਹਮੇਸ਼ਾ ਧੱਕਾ ਹੀ ਕੀਤਾ ਹੈ। ਹੁਣ ਵੇਲਾ ਹੈ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰੇ ਲਈ ਪੰਜਾਬ ਵਾਸੀਆਂ ਦੀ ਗੱਲ ਨੂੰ ਸੁਣਿਆ ਜਾਵੇ।


-ਵਿਵੇਕ ਕੁਮਾਰ
ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ।


ਇਕ ਮੰਡੀ ਇਕ ਦੇਸ਼
ਕੇਂਦਰ ਸਰਕਾਰ ਵਲੋਂ ਖੇਤੀ ਸੁਧਾਰਾਂ ਦੇ ਨਾਂਅ 'ਤੇ ਤਿੰਨ ਬਿੱਲ ਪਾਸ ਕਰਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਵੱਡੇ ਵਿਦਰੋਹ ਲਈ ਮਜਬੂਰ ਕਰ ਦਿੱਤਾ ਹੈ। ਇਕ ਮੰਡੀ ਇਕ ਦੇਸ਼ ਦੇ ਨਾਅਰੇ ਨਾਲ ਪੰਜਾਬ ਅਤੇ ਹਰਿਆਣਾ ਦੀਆਂ ਮੰਡੀਆਂ ਵਿਚ ਬਿਨਾਂ ਰੋਕ-ਟੋਕ ਨਿੱਜੀ ਵਪਾਰੀ ਦੇਸ਼ ਦੇ ਬਾਕੀ ਸੂਬਿਆਂ ਤੋਂ ਸਸਤਾ ਝੋਨਾ ਲੈ ਕੇ ਇਨ੍ਹਾਂ ਮੰਡੀਆਂ ਵਿਚ ਪਹੁੰਚ ਰਹੇ ਹਨ, ਜਿਸ ਕਰਕੇ ਵੱਡੀ ਸਮੱਸਿਆ ਖੜ੍ਹੀ ਹੋ ਰਹੀ ਹੈ। ਪੱਛਮੀ ਉੱਤਰ ਪ੍ਰਦੇਸ਼ ਨੂੰ ਛੱਡ ਕੇ ਬਾਕੀ ਸੂਬਿਆਂ ਵਿਚ ਸਰਕਾਰੀ ਖਰੀਦ ਏਜੰਸੀਆਂ ਕਣਕ ਤੇ ਝੋਨੇ ਦੀ ਖਰੀਦ ਨਹੀਂ ਕਰਦੀਆਂ। ਕਿਸਾਨ ਮਜਬੂਰਨ ਨਿੱਜੀ ਵਪਾਰੀਆਂ ਨੂੰ ਚਾਰ ਸੌ ਰੁਪਿਆ ਪ੍ਰਤੀ ਕੁਇੰਟਲ ਘੱਟ ਰੇਟ 'ਤੇ ਕਣਕ ਤੇ ਝੋਨਾ ਵੇਚਦੇ ਹਨ। ਬਾਕੀ ਸੂਬਿਆਂ ਵਾਂਗ ਪੰਜਾਬ ਅਤੇ ਹਰਿਆਣਾ 'ਤੇ ਵੀ ਇਹ ਖਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ। ਇਕ ਮੰਡੀ ਇਕ ਦੇਸ਼ ਵਾਲਾ ਕਾਨੂੰਨ ਕਿਸਾਨਾਂ ਦੀ ਤਬਾਹੀ ਦਾ ਰਸਤਾ ਹੈ ਨਾ ਕਿ ਆਜ਼ਾਦੀ ਅਤੇ ਖੁਸ਼ਹਾਲੀ ਦਾ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿਸੀਲ ਪੱਟੀ, (ਤਰਨ ਤਾਰਨ)।


ਜ਼ਹਿਰੀਲੀਆਂ ਟੈਲੀਵਿਜ਼ਨ ਬਹਿਸਾਂ
ਪਿਛਲੇ ਦਿਨੀਂ 'ਅਜੀਤ' 'ਚ ਡਾ: ਸੁਖਦੇਵ ਸਿੰਘ ਹੁਰਾਂ ਦਾ ਆਰਟੀਕਲ ਪੜ੍ਹਿਆ। ਜਿਸ ਵਿਚ ਉਨ੍ਹਾਂ ਦੂਰਦਰਸ਼ਨ ਦੇ ਖੇਤਰੀ ਕੇਂਦਰਾਂ ਨੂੰ ਛੱਡ ਕੇ ਅੱਜਕਲ੍ਹ ਪ੍ਰਾਈਵੇਟ ਟੀ.ਵੀ. ਚੈਨਲਾਂ ਦੇ ਖੱਪਖਾਨੇ ਦੇ ਵਿਸ਼ੈਲੇ ਸੱਭਿਆਚਾਰ ਦਾ ਪਰਦਾਫਾਸ਼ ਕੀਤਾ ਹੈ। ਡਾ: ਸੁਖਦੇਵ ਸਿੰਘ ਹੁਰਾਂ ਲੇਖ ਦੇ ਮੁੱਢ ਵਿਚ ਜੋ ਗੱਲ ਕੀਤੀ ਹੈ, ਉਹ ਮੁੱਲਵਾਨ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀ ਦੁਨੀਆ ਗਾਹੀ ਉਨ੍ਹਾਂ ਨੇ ਸਿੱਧਾਂ, ਆਪਣੇ ਮਸੇਂਦੇ ਧਾਰਮਿਕ ਪੁਰਖਾਂ ਅਤੇ ਅੰਧ-ਵਿਸ਼ਵਾਸੀਆਂ ਨਾਲ ਗੱਲਬਾਤ ਰਾਹੀਂ ਵਿਚਾਰ-ਵਟਾਂਦਰਾ ਕਰ ਕੇ ਬਿਨਾਂ ਕਿਸੇ ਤਲਖੀ ਦੇ ਸਿੱਧੇ ਰਸਤੇ ਪਾਇਆ। ਟੀ.ਵੀ. ਬਹਿਸਾਂ ਖੱਪਖਾਨੇ ਬਣ ਕੇ ਰਹਿ ਗਈਆਂ ਹਨ। ਕੋਈ ਸਾਰਥਿਕ ਗੱਲਬਾਤ ਨਹੀਂ, ਕੋਈ ਤਰਕ ਨਹੀਂ, ਸਿਰਫ਼ ਧੌਂਸ ਹੀ ਰਹਿ ਗਈ ਹੈ। ਇਕ ਦੂਜੇ ਨੂੰ ਨੀਵਾਂ ਵਿਖਾਉਣ ਦੀ। ਪ੍ਰਾਈਵੇਟ ਚੈਨਲਾਂ ਦਾ ਮੂਲ ਮੁੱਦਾ ਪੈਸਾ ਇਕੱਠਾ ਕਰਨਾ ਹੀ ਰਹਿ ਗਿਆ ਹੈ। ਸਰਕਾਰਾਂ ਵੀ ਬਦਮਾਸ਼ੀ ਟਾਈਪ ਦੀਆਂ ਹੋ ਗਈਆਂ ਹਨ। ਉਨ੍ਹਾਂ ਦੀ ਛਤਰ-ਛਾਇਆ ਹੇਠ ਹੀ ਇਨ੍ਹਾਂ ਚੈਨਲਾਂ 'ਤੇ ਬੇਹੂਦਾ ਬਹਿਸਾਂ ਅਤੇ ਗਾਲੀ-ਗਲੋਚ ਹੋ ਰਿਹਾ ਹੈ, ਫਿਰ ਵੀ ਕੋਈ ਕਾਰਵਾਈ ਨਹੀਂ। ਨੈਸ਼ਨਲ ਬਰਾਡਕਾਸਟਿੰਗ ਸਟੈਂਡਰਡ ਅਥਾਰਟੀ ਮੂਕ ਦਰਸ਼ਕ ਹੋਈ ਬੈਠੀ ਹੈ। ਅਜਿਹੀਆਂ ਬੇਹੂਦਾ ਬਹਿਸਾਂ ਨੂੰ ਨੱਥ ਕਿਸ ਨੇ ਪਾਉਣੀ ਹੈ, ਜਾਗਰੂਕ ਲੋਕ ਸੋਚ ਰਹੇ ਹਨ।


-ਜਗਤਾਰ ਗਿੱਲ, ਬੱਲ ਸਚੰਦਰ, ਅੰਮ੍ਰਿਤਸਰ।



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX