ਤਾਜਾ ਖ਼ਬਰਾਂ


ਐਸ. ਬੀ. ਆਈ. ਬੈਂਕ ਦੀ ਸ਼ਾਖਾ ਅੱਡਾ ਨਸਰਾਲਾ ਵਿਖੇ ਸਰਕਾਰੀ ਹੁਕਮਾਂ ਦੀਆਂ ਉੱਡੀਆਂ ਧੱਜੀਆਂ
. . .  1 minute ago
ਨਸਰਾਲਾ, 10 ਮਈ (ਸਤਵੰਤ ਸਿੰਘ ਥਿਆੜਾ) - ਅੱਜ ਅੱਡਾ ਨਸਰਾਲਾ, ਹੁਸ਼ਿਆਰਪੁਰ ਵਿਖੇ ਭਾਰਤੀ ਸਟੇਟ ਬੈਂਕ ਦੀ ਸ਼ਾਖਾ ਦੇ ਅੱਗੇ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਸ...
ਦਿਹਾਤੀ ਖੇਤਰਾਂ 'ਚ ਨਹੀਂ ਪਹੁੰਚੀ ਵੈਕਸੀਨ
. . .  37 minutes ago
ਨਵਾਂ ਪਿੰਡ, (ਅੰਮ੍ਰਿਤਸਰ)10 ਮਈ (ਜਸਪਾਲ ਸਿੰਘ ) - ਸਥਾਨਕ ਮੁੱਢਲਾ ਸਿਹਤ ਕੇਂਦਰ ...
ਸਰਕਾਰੀ ਦਾਅਵਿਆਂ ਦੀ ਨਿਕਲੀ ਫੂਕ, ਬਿਨਾਂ ਵੈਕਸੀਨ ਤੋਂ ਪਰਤੇ ਨੌਜਵਾਨ
. . .  46 minutes ago
ਜੰਡਿਆਲਾ ਮੰਜਕੀ,10 ਮਈ (ਸੁਰਜੀਤ ਸਿੰਘ ਜੰਡਿਆਲਾ) - ਅਠਾਰਾਂ ਸਾਲ ਤੋਂ ਉੱਪਰ ਦੇ ਨੌਜਵਾਨਾਂ ਨੂੰ ਵੈਕਸੀਨ ਲਾਉਣ ਦੀ ਸ਼ੁਰੂਆਤ ਕਰਨ ਦੇ ਸਰਕਾਰੀ ਦਾਅਵਿਆਂ ਦੀ ਫੂਕ ਨਿਕਲਦੀ ਉਦੋਂ ਨਜ਼ਰ ਆਈ ਜਦੋਂ...
ਅਜਨਾਲਾ 'ਚ ਅੱਜ 18 ਤੋਂ 44 ਸਾਲ ਉਮਰ ਦੇ ਵਿਅਕਤੀਆਂ ਨੂੰ ਨਹੀਂ ਲੱਗ ਸਕੀ ਕੋਰੋਨਾ ਵੈਕਸੀਨ
. . .  49 minutes ago
ਅਜਨਾਲਾ, 10 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਭਿਆਨਕ ਮਹਾਂਮਾਰੀ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਅੱਜ ਸਿਵਲ ਹਸਪਤਾਲ ਅਜਨਾਲਾ ਵਿਚ 18 ਤੋਂ 44 ਸਾਲ ਉਮਰ ਤੱਕ...
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਈ ਸ਼ੁਰੂ
. . .  about 1 hour ago
ਨਵੀਂ ਦਿੱਲੀ ,10 ਮਈ - ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਦੌਰਾਨ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ...
ਦੁਕਾਨਦਾਰਾਂ ਵਲੋਂ ਸਰਕਾਰੀ ਫ਼ੈਸਲੇ ਦਾ ਵਿਰੋਧ
. . .  about 1 hour ago
ਮਾਹਿਲਪੁਰ, 10 ਮਈ (ਦੀਪਕ ਅਗਨੀਹੋਤਰੀ) - ਮਾਹਿਲਪੁਰ ਵਿਖੇ ਅੱਜ ਸਵੇਰੇ ਹੀ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਸੂਬਾ ਸਰਕਾਰ ਦੀਆਂ ਕੋਰੋਨਾ ਸਬੰਧੀ ਦੁਕਾਨਾਂ ਬੰਦ ਕਰਨ ਦਾ ਸਮਾਂ ...
ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੀ ਅਗਵਾਈ ਵਿਚ ਕਿਸਾਨਾਂ ਦਾ ਵਿਸ਼ਾਲ ਕਾਫ਼ਲਾ ਦਿੱਲੀ ਲਈ ਰਵਾਨਾ
. . .  about 1 hour ago
ਟਾਂਡਾ ਉੜਮੁੜ, 10 ਮਈ (ਭਗਵਾਨ ਸਿੰਘ ਸੈਣੀ) - ਦੋਆਬਾ ਕਿਸਾਨ ਕਮੇਟੀ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਦੀ ਅਗਵਾਈ ਵਿਚ ਅੱਜ ਵੱਖ ਵੱਖ ਕਿਸਾਨ ਜਥੇਬੰਦੀਆਂ ਦਾ ਕਾਫ਼ਲਾ ਭਾਰੀ...
12 ਵਜੇ ਕਰਫ਼ਿਊ ਲੱਗਣ ਕਾਰਨ ਸ਼ਹਿਰ ਵਿਚ ਅਫ਼ਰਾ ਤਫ਼ਰੀ ਦਾ ਮਾਹੌਲ
. . .  about 1 hour ago
ਲੁਧਿਆਣਾ, 10 ਮਈ ( ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਪ੍ਰਸ਼ਾਸਨ ਨੇ 12 ਵਜੇ ਕਰਫ਼ਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ ਜਿਸ ਕਾਰਨ ਸ਼ਹਿਰ ਵਿਚ ਅਫ਼ਰਾ ਤਫ਼ਰੀ ਦਾ ਮਾਹੌਲ...
ਜਨਮ ਦਿਨ ਦੀ ਪਾਰਟੀ ਮੌਕੇ ਔਰਤ ਦੇ ਪ੍ਰੇਮੀ ਵਲੋਂ ਚਲਾਈ ਗੋਲੀ ਵਿਚ ਪ੍ਰੇਮਿਕਾ ਸਣੇ 6 ਮੌਤਾਂ, ਪ੍ਰੇਮੀ ਨੇ ਵੀ ਕੀਤੀ ਆਤਮ ਹੱਤਿਆ
. . .  about 2 hours ago
ਸੈਕਰਾਮੈਂਟੋ, 10 ਮਈ (ਹੁਸਨ ਲੜੋਆ ਬੰਗਾ) - ਕੋਲੋਰਾਡੋ ਸਪਰਿੰਗ, ਕੋਲੋਰਾਡੋ ਵਿਚ ਇਕ ਸ਼ੱਕੀ ਵਿਅਕਤੀ ਵਲੋਂ ਕੀਤੀ ਗੋਲੀਬਾਰੀ ਵਿਚ 6 ਵਿਅਕਤੀ ਮਾਰੇ ਗਏ ਤੇ ਬਾਅਦ ਵਿਚ ਸ਼ੱਕੀ ਵਿਅਕਤੀ ਨੇ ਆਪਣੇ ਆਪ ਨੂੰ ...
ਇਜ਼ਰਾਈਲ ਨੇ ਭਾਰਤ ਨੂੰ 1,300 ਆਕਸੀਜਨ ਕੰਸਨਟ੍ਰੇਟਰਸ ਸਮੇਤ ਹੋਰ ਮੈਡੀਕਲ ਮਦਦ ਭੇਜੀ
. . .  about 2 hours ago
ਨਵੀਂ ਦਿੱਲੀ , 10 ਮਈ - ਇਜ਼ਰਾਈਲ ਨੇ ਭਾਰਤ ਨੂੰ ਮਦਦ ਨੂੰ ਮਦਦ ਭੇਜੀ ਹੈ । ਮਦਦ ਦੇ ਤੋਰ ਉੱਤੇ 1,300 ਆਕਸੀਜਨ ਕੰਸਨਟ੍ਰੇਟਰਸ , 400 ਵੈਂਟੀਲੇਟਰ ਅਤੇ ਹੋਰ ਡਾਕਟਰੀ ਉਪਕਰਨਾਂ...
ਕਾਰੋਬਾਰੀ ਨਵਨੀਤ ਕਾਲੜਾ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ
. . .  about 2 hours ago
ਨਵੀਂ ਦਿੱਲੀ , 10 ਮਈ - ਕਾਰੋਬਾਰੀ ਨਵਨੀਤ ਕਾਲੜਾ ਖ਼ਿਲਾਫ਼ ਆਕਸੀਜਨ ਕੌਂਸਨਟ੍ਰੈਟੋਰਸ ਦੀ ਕਾਲਾ ਮਾਰਕੀਟਿੰਗ ਕਰਨ ਦੇ ਦੋਸ਼ ਹੇਠ ਲੁੱਕ...
ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 3,66,161 ਕੋਰੋਨਾ ਦੇ ਨਵੇਂ ਮਾਮਲੇ ਆਏ, 3,754 ਮੌਤਾਂ
. . .  about 2 hours ago
ਨਵੀਂ ਦਿੱਲੀ,10 ਮਈ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 3,66,161...
ਪਠਾਨਕੋਟ-ਜੋਗਿੰਦਰਨਗਰ ਰੇਲ ਸੇਵਾ 17 ਮਈ ਤੱਕ ਬੰਦ
. . .  about 2 hours ago
ਡਮਟਾਲ,10 ਮਈ (ਰਾਕੇਸ਼ ਕੁਮਾਰ) ਅੰਗਰੇਜ਼ਾਂ ਦੇ ਜ਼ਮਾਨੇ ਦੀ ਪਠਾਨਕੋਟ-ਜੋਗਿੰਦਰਨਗਰ ਰੇਲ ਮਾਰਗ 'ਤੇ ...
ਭਾਜਪਾ ਪ੍ਰਧਾਨ ਜੇ.ਪੀ. ਨੱਡਾ ਅੱਜ ਹਿਮਾਂਤਾ ਬਿਸਵਾ ਸਰਮਾ ਦੇ ਸਹੁੰ ਚੁੱਕ ਸਮਾਗਮ 'ਚ ਕਰਨਗੇ ਸ਼ਿਰਕਤ
. . .  about 3 hours ago
ਆਸਾਮ,10 ਮਈ - ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ.ਪੀ. ਨੱਡਾ ਅੱਜ ਹਿਮਾਂਤਾ ਬਿਸਵਾ ਸਰਮਾ...
ਦਿੱਲੀ: ਮੈਟਰੋ ਰੇਲ ਸੇਵਾਵਾਂ 17 ਮਈ ਸਵੇਰੇ 5 ਵਜੇ ਤੱਕ ਅਸਥਾਈ ਤੌਰ 'ਤੇ ਬੰਦ
. . .  about 3 hours ago
ਦਿੱਲੀ,10 ਮਈ - ਦਿੱਲੀ ਮੈਟਰੋ ਰੇਲ ਸੇਵਾਵਾਂ 17 ਮਈ ਸਵੇਰੇ 5 ਵਜੇ ਤੱਕ ਅਸਥਾਈ ਤੌਰ 'ਤੇ ਬੰਦ ਰਹਿਣਗੀਆਂ...
ਉੱਤਰਾਖੰਡ: 11 ਮਈ ਸਵੇਰੇ 6 ਵਜੇ ਤੋਂ 18 ਮਈ ਸਵੇਰੇ 6 ਵਜੇ ਤੱਕ ਲੱਗਾ ਕਰਫ਼ਿਊ
. . .  about 4 hours ago
ਉੱਤਰਾਖੰਡ,10 ਮਈ - ਰਾਜ 'ਚ 11 ਮਈ ਸਵੇਰੇ 6 ਵਜੇ ਤੋਂ 18 ਮਈ ਸਵੇਰੇ 6 ਵਜੇ ਤੱਕ ਕਰਫ਼ਿਊ ਲੱਗਾ...
ਆਸਾਮ 'ਚ ਲੱਗੇ ਭੂਚਾਲ ਦੇ ਝਟਕੇ
. . .  about 4 hours ago
ਆਸਾਮ, 10 ਮਈ - ਆਸਾਮ ਦੇ ਨਾਗਾਓਂ ਨੇੜੇ 0705 ਘੰਟਿਆਂ 'ਤੇ ਰਿਕਟਰ ....
ਦਿੱਲੀ : ਪੈਟਰੋਲ ਅਤੇ ਡੀਜ਼ਲ ਦੀ ਕੀਮਤ 91.53 ਰੁਪਏ ਪ੍ਰਤੀ ਲੀਟਰ ਤੇ 82.06 ਰੁਪਏ ਹੋਈ
. . .  about 4 hours ago
ਨਵੀਂ ਦਿੱਲੀ, 10 ਮਈ - ਅੱਜ ਦਿੱਲੀ ਵਿਚ ਪੈਟਰੋਲ ਦੀ ਕੀਮਤ 91.53 ਰੁਪਏ ਪ੍ਰਤੀ ਲੀਟਰ ...
ਦਿੱਲੀ: ਗੁਰੂ ਤੇਗ ਬਹਾਦਰ ਕੋਵਿਡ ਕੇਅਰ ਸੈਂਟਰ ਅੱਜ 300 ਬੈੱਡਾਂ ਨਾਲ ਅਪਰੇਸ਼ਨ ਕਰੇਗਾ ਸ਼ੁਰੂ
. . .  about 3 hours ago
ਨਵੀਂ ਦਿੱਲੀ,10 ਮਈ - ਗੁਰੂ ਤੇਗ ਬਹਾਦਰ ਕੋਵਿਡ ਕੇਅਰ ਸੈਂਟਰ ਅੱਜ 300 ਬੈੱਡਾਂ ਨਾਲ ਅਪਰੇਸ਼ਨ ਕਰੇਗਾ...
ਆਈ.ਏ.ਐਫ. ਇੰਡੋਨੇਸ਼ੀਆ ਤੋਂ 4 ਆਕਸੀਜਨ ਕੰਟੇਨਰ ਭਾਰਤ ਲੈ ਕੇ ਆਇਆ
. . .  about 4 hours ago
ਨਵੀਂ ਦਿੱਲੀ ,10 ਮਈ - ਆਈ.ਏ.ਐਫ. ਇੰਡੋਨੇਸ਼ੀਆ ਤੋਂ 4 ਆਕਸੀਜਨ...
ਅੱਜ ਦਾ ਵਿਚਾਰ
. . .  about 5 hours ago
ਅੱਜ ਦਾ ਵਿਚਾਰ
ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਆਰਜ਼ੀ ਜੇਲ੍ਹਾਂ ਵਿਚ ਬੰਦ ਕਰਨ ਦਾ ਫ਼ੈਸਲਾ
. . .  1 day ago
ਲੁਧਿਆਣਾ , 9 ਮਈ {ਪਰਮਿੰਦਰ ਸਿੰਘ ਆਹੂਜਾ}- ਲੁਧਿਆਣਾ ਪੁਲੀਸ ਵਲੋਂ ਸੋਮਵਾਰ ਤੋਂ ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨਾਲ ਸਖ਼ਤੀ ਨਾਲ ਨਜਿੱਠਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਤਹਿਤ ਪੁਲਿਸ ...
ਆਜ਼ਮ ਖਾਨ ਦੀ ਜੇਲ੍ਹ ਵਿਚ ਸਿਹਤ ਵਿਗੜੀ, ਲਖਨਊ ਸ਼ਿਫਟ ਕਰਨ ਦੀਆਂ ਤਿਆਰੀਆਂ
. . .  1 day ago
ਲਖਨਊ ,9 ਮਈ - ਉੱਤਰ ਪ੍ਰਦੇਸ਼ ਦੇ ਰਾਮਪੁਰ ਤੋਂ ਸੰਸਦ ਮੈਂਬਰ ਅਤੇ ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖਾਨ ਦੀ ਸਿਹਤ ਅੱਜ ਅਚਾਨਕ ਖ਼ਰਾਬ ਹੋ ਗਈ ਹੈ। ਆਜ਼ਮ ਖਾਨ ਦੀ ਰਿਪੋਰਟ 1 ਮਈ ਨੂੰ ਕੋਰੋਨਾ ਸਕਾਰਾਤਮਕ ਆਈ ਹੈ...
ਅੰਮ੍ਰਿਤਸਰ 'ਚ ਕੋਰੋਨਾ ਦੇ 529 ਨਵੇਂ ਮਾਮਲੇ ਆਏ ਸਾਹਮਣੇ, 20 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 9 ਮਈ { ਜੱਸ }- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 529 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 37241 ਹੋ ਗਏ ...
ਮੀਂਹ ਨਾਲ ਆਏ ਤੇਜ਼ ਤੁਫ਼ਾਨ ਕਾਰਨ ਬਿਜਲੀ ਗੁੱਲ ਤੇ ਆਵਾਜਾਈ ਵੀ ਹੋਈ ਪ੍ਰਭਾਵਿਤ
. . .  1 day ago
ਨਸਰਾਲਾ, 9 ਮਈ (ਸਤਵੰਤ ਸਿੰਘ ਥਿਆੜਾ)-ਸ਼ਾਮ ਨੂੰ ਅਚਾਨਕ ਬਣੇ ਬੱਦਲਾਂ ਨਾਲ ਪਏ ਮੀਂਹ ਕਾਰਨ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਇਸ ਤੇਜ਼ ਤੁਫ਼ਾਨ ਨਾਲ ਡਿੱਗੇ ਦਰਖਤਾਂ ਦੇ ਕਾਰਨ ਨਸਰਾਲਾ (ਹੁਸ਼ਿਆਰਪੁਰ) ਤੇ ਇਸ ਦੇ ਨਾਲ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 13 ਮੱਘਰ ਸੰਮਤ 552
ਵਿਚਾਰ ਪ੍ਰਵਾਹ: ਕਿਸਾਨਾਂ ਨੂੰ ਦੂਜਿਆਂ ਦੀ ਮਿਹਰਬਾਨੀ \'ਤੇ ਜਿਊਣ ਦੀ ਬਜਾਏ ਆਪਣੇ ਹੱਕਾਂ ਲਈ ਲੜਨਾ ਹੋਵੇਗਾ। ਵੱਲਭ ਭਾਈ ਪਟੇਲ

ਕਿਤਾਬਾਂ

22-11-2020

 ਰਾਵੀ ਪਾਰ
ਕਹਾਣੀਕਾਰ : ਗੁਲਜ਼ਾਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 142
ਸੰਪਰਕ : 98152-98459.


ਭਾਰਤੀ ਫ਼ਿਲਮ ਜਗਤ ਗੁਲਜ਼ਾਰ ਦੀ ਸਾਹਿਤਕ ਪ੍ਰਤਿਭਾ ਕਿਸੇ ਤੋਂ ਲੁਕੀ-ਛਿਪੀ ਨਹੀਂ ਹੈ। 'ਰਾਵੀ ਪਾਰ' ਉਨ੍ਹਾਂ ਦੀਆਂ ਚਰਚਿਤ ਕਹਾਣੀਆਂ ਦਾ ਇਕ ਸਵਾਗਤਯੋਗ ਮਜਮੂਆ ਹੈ, ਜਿਸ ਵਿਚ ਲੇਖਕ ਦੀਆਂ 27 ਕਹਾਣੀਆਂ ਸੰਗ੍ਰਹਿਤ ਹਨ। ਗੁਲਜ਼ਾਰ ਸਾਹਿਬ ਵਿਸ਼ਾਲ ਅਨੁਭਵ ਦੇ ਮਾਲਕ ਹਨ। ਉਨ੍ਹਾਂ ਨੇ ਦੁਨੀਆ ਦੇ ਅਨੇਕ ਰੰਗਾਂ-ਰੂਪਾਂ ਨੂੰ ਵੇਖ ਰੱਖਿਆ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਕਥਾ ਜਗਤ ਵਿਚ ਦੁਹਰਾਈ ਦੀ ਕੋਈ ਗੁੰਜਾਇਸ਼ ਨਹੀਂ ਹੈ। ਹਰ ਕਹਾਣੀ ਦਾ ਮਿਜ਼ਾਜ ਵੱਖਰਾ ਹੈ। ਲੋਕੇਲ ਨਵਾਂ ਹੈ ਅਤੇ ਵਸਤੂ-ਸਮੱਗਰੀ ਵੱਖਰੀ ਹੈ। ਬਹੁਤੀਆਂ ਕਹਾਣੀਆਂ ਇਸਤਰੀ ਕਿਰਦਾਰਾਂ ਦੀ ਸ਼ਖ਼ਸੀਅਤ ਦਾ ਵਿਸ਼ਲੇਸ਼ਣ ਕਰਦੀਆਂ ਹਨ। ਮਰਦਾਂ ਦੀ ਦੁਨੀਆ ਵਿਚ ਇਸਤਰੀ ਲਈ ਕੋਈ ਵੀ ਫ਼ੈਸਲਾ ਕਰਨਾ ਬਹੁਤ ਕਠਿਨ ਹੋ ਜਾਂਦਾ ਹੈ। ਮਰਦਾਂ ਦੀਆਂ ਨਜ਼ਰਾਂ ਹਮੇਸ਼ਾ ਉਸ ਦੇ ਆਚਾਰ-ਵਿਹਾਰ ਦਾ ਵਿਸ਼ਲੇਸ਼ਣ ਅਤੇ ਮੁਲਾਂਕਣ ਕਰਦੀਆਂ ਰਹਿੰਦੀਆਂ ਹਨ। ਉਹ ਸੁਤੰਤਰ ਜਾਂ ਸੁਭਾਵਿਕ ਢੰਗ ਨਾਲ ਜੀਅ ਵੀ ਨਹੀਂ ਸਕਦੀ। ਉਸ ਦੀਆਂ ਕਹਾਣੀਆਂ ਦਾ ਇਕ ਹੋਰ ਪਾਸਾਰ ਅਮੀਰ ਬਨਾਮ ਗ਼ਰੀਬ ਲੋਕਾਂ ਦੀ ਨਾਬਰਾਬਰੀ ਨਾਲ ਜੁੜਿਆ ਹੋਇਆ ਹੈ। ਜੇ ਭੂਮੀਪਤੀ ਵਰਗ, ਮੁਜ਼ਾਰਿਆਂ ਦਾ ਦਮਨ ਕਰਦਾ ਹੈ ਤਾਂ ਮੁਜ਼ਾਰਿਆਂ ਦੀ ਕਿਧਰੇ ਕੋਈ ਸੁਣਵਾਈ ਨਹੀਂ ਹੁੰਦੀ। ਉਨ੍ਹਾਂ ਨੂੰ ਵਾਰ-ਵਾਰ ਪ੍ਰਤਾੜਿਤ ਅਤੇ ਅਪਮਾਨਿਤ ਹੋਣਾ ਪੈਂਦਾ ਹੈ। ਆਪਣੀ ਇਕ ਕਹਾਣੀ 'ਜੰਗਨਾਮਾ' ਵਿਚ ਉਹ ਦਰਸਾਉਂਦਾ ਹੈ ਕਿ ਇਨਸਾਨ ਨੇ ਪਸ਼ੂ-ਪੰਛੀਆਂ ਦੇ ਹਿੱਸੇ ਦੀ ਜ਼ਮੀਨ ਨੂੰ ਹੜੱਪਣ ਤੋਂ ਬਾਅਦ ਹੁਣ ਇਕ-ਦੂਜੇ ਦੀ ਜ਼ਮੀਨ ਹੜੱਪਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਇਨਸਾਨੀ ਹਵਸ ਦੀ ਕੋਈ ਸੀਮਾ ਨਹੀਂ ਰਹੀ। ਇਸ ਸੰਗ੍ਰਹਿ ਵਿਚ ਉਸ ਦੀ ਇਕ ਹੋਰ ਦਿਲਚਸਪ ਕਹਾਣੀ 'ਬਟਵਾਰਾ' ਵੀ ਸੰਗ੍ਰਹਿਤ ਹੈ, ਜਿਸ ਵਿਚ ਹਰਿਭਜਨ ਸਿੰਘ ਨਾਂਅ ਦਾ ਕੋਈ ਸ਼ਖ਼ਸ ਲੇਖਕ ਨੂੰ 1947 ਈ: ਦੀ ਦੇਸ਼-ਵੰਡ ਸਮੇਂ ਆਪਣਾ ਗਵਾਚਿਆ ਪੁੱਤਰ ਮੰਨਦਾ ਸੀ। ਗੱਲ ਇੰਜ ਬਣੀ ਕਿ ਗੁਲਜ਼ਾਰ ਸਾਹਿਬ ਨੇ ਆਪਣਾ ਪੁਰਾਣਾ ਨਾਂਅ ਸੰਪੂਰਨ ਸਿੰਘ (ਦੀਨਵੀ) ਬਦਲ ਕੇ 'ਗੁਲਜ਼ਾਰ' ਰੱਖ ਲਿਆ ਸੀ। ਹਰਿਭਜਨ ਸਿੰਘ ਦੇ ਇਕ ਪੁੱਤਰ ਦਾ ਨਾਂਅ ਵੀ 'ਸੰਪੂਰਨ' ਹੁੰਦਾ ਸੀ। ਇਸ ਕਰਕੇ ਉਸ ਦੇ ਮਨ ਵਿਚ ਬੈਠ ਗਈ ਸੀ ਕਿ ਗੁਲਜ਼ਾਰ ਉਸੇ ਦਾ ਗੁੰਮਿਆ ਪੁੱਤਰ ਸੰਪੂਰਨ ਹੀ ਹੈ।
ਗੁਲਜ਼ਾਰ ਸਾਹਿਬ ਆਪਣੀਆਂ ਕਹਾਣੀਆਂ ਵਿਚ ਉਤਸੁਕਤਾ ਅਤੇ ਲਟਕਾਉ ਨੂੰ ਬੜੀ ਨਿਪੁੰਨਤਾ ਨਾਲ ਨਿਭਾਉਂਦੇ ਹਨ। ਉਨ੍ਹਾਂ ਦੀ ਵਸਤੂ-ਸਮੱਗਰੀ ਦਾ ਘੇਰਾ ਬਹੁਤ ਵਸੀਹ ਹੈ। (ਦੇਖੋ : ਮਾਈਕਲ ਐਂਜੀਲੋ, ਨਜੂਮ ਅਤੇ ਬਿਮਲਦਾ ਆਦਿ ਕਹਾਣੀਆਂ)। ਉਨ੍ਹਾਂ ਦੀਆਂ ਕਈ ਕਹਾਣੀਆਂ ਵਿਚ ਵਿਅੰਗ ਅਤੇ ਸਿੱਠ ਨੂੰ ਪ੍ਰਮੁੱਖ ਜੁਗਤਾਂ ਵਜੋਂ ਵਰਤਿਆ ਗਿਆ ਹੈ। ਨਵੇਂ ਕਹਾਣੀਕਾਰ ਉਨ੍ਹਾਂ ਤੋਂ ਬਹੁਤ ਕੁਝ ਸਿੱਖ-ਸਮਝ ਸਕਦੇ ਹਨ।


-ਬ੍ਰਹਮਜਗਦੀਸ਼ ਸਿੰਘ
ਮੋ: 98760-52136

 


ਗ਼ਦਰੀ ਲਹਿਰਾਂ ਦੀ ਹਿੱਸੇਦਾਰੀ
ਲੇਖਕ : ਗੁਰੂਮੇਲ ਸਿੰਘ ਸਿੱਧੂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 1195 ਰੁਪਏ, ਸਫ਼ੇ : 876
ਸੰਪਰਕ : 0172-5027427.


ਗੁਰੂਮੇਲ ਸਿੰਘ ਸਿੱਧੂ, ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਫਰੈਜ਼ਨੋ, ਅਮਰੀਕਾ ਵਿਚ ਸਾਇੰਸ ਦਾ ਪ੍ਰੋਫ਼ੈਸਰ ਤੇ ਡਾਇਰੈਕਟਰ ਹੈ। ਪਿਛਲੇ ਸੱਠ ਸਾਲਾਂ ਤੋਂ ਵਿਦੇਸ਼ਾਂ ਰਹਿਣ ਤੇ ਸਾਇੰਸ ਦਾ ਅਧਿਆਪਕ ਹੋਣ ਦੇ ਬਾਵਜੂਦ ਉਹ ਪੰਜਾਬ ਦੀ ਵਿਰਾਸਤ ਨਾਲ ਜੁੜਿਆ ਹੋਇਆ ਹੈ। ਉਹ ਕਵਿਤਾ ਦੀਆਂ ਨੌਂ, ਸਾਇੰਸ ਦੀਆਂ ਛੇ, ਧਰਮ ਅਤੇ ਸਮਾਜਿਕ ਵਿਗਿਆਨਾਂ ਨਾਲ ਸਬੰਧਿਤ ਚਾਰ, ਕਵਿਤਾ ਅਤੇ ਵਾਰਤਕ ਦੀਆਂ ਨੌਂ ਕਿਤਾਬਾਂ ਸੰਪਾਦਨ ਅਤੇ ਸਾਹਿਤ ਦੀਆਂ ਚਾਰ ਕਿਤਾਬਾਂ ਅੰਗਰੇਜ਼ੀ ਭਾਸ਼ਾ ਵਿਚ ਅਨੁਵਾਦ ਕਰ ਚੁੱਕਾ ਹੈ।
46 ਅਧਿਆਵਾਂ ਵਿਚ ਵੰਡੀ ਗਈ ਇਹ ਕਿਤਾਬ ਭਾਰਤੀ ਆਜ਼ਾਦੀ ਨਾਲ ਸਬੰਧਿਤ ਅਤਿ ਮਹੱਤਵਪੂਰਨ ਬਗ਼ਾਵਤਾਂ ਅਤੇ ਵਿਦਰੋਹਾਂ ਦੀ ਤੱਥਾਂ, ਕਾਰਨਾਂ, ਘਟਨਾਵਾਂ ਅਤੇ ਭਾਗ ਲੈਣ ਵਾਲੇ ਵਿਦਰੋਹੀਆਂ ਦੀ ਨਾਮਾਵਲੀ ਸੰਖੇਪ ਅਤੇ ਜੀਵਨ ਵੇਰਵਿਆਂ ਦਾ ਮਹੱਤਵਪੂਰਨ ਦਸਤਾਵੇਜ਼ ਹੈ। ਵਿਦਰੋਹਾਂ ਦੇ ਨਾਮ ਪੂਰਵ-1857 ਈਸਵੀ ਦੀਆਂ ਬਗਾਵਤਾਂ, 1857 ਦਾ ਗ਼ਦਰ, ਇਸ ਵਿਚ ਵੱਖ-ਵੱਖ ਜਾਤਾਂ ਅਤੇ ਧਰਮਾਂ ਦੇ ਲੋਕਾਂ ਦਾ ਯੋਗਦਾਨ, ਮਹਾਰਾਜ ਸਿੰਘ, ਨਾਮਧਾਰੀ ਸੰਪਰਦਾਇ, ਇਸ ਦਾ ਆਗਾਜ਼, ਨਾਮਧਾਰੀ ਸੂਬੇ, ਕੂਕਿਆਂ ਦੀਆਂ ਕੁਰਬਾਨੀਆਂ, ਸਾਰਾਗੜ੍ਹੀ ਦੀ ਜੰਗ, ਗ਼ਦਰ ਪਾਰਟੀ ਅਤੇ ਗ਼ਦਰ ਅਖ਼ਬਾਰ ਦੀ ਸਥਾਪਨਾ, ਯੁਗਾਂਤਰ ਆਸ਼ਰਮ, ਭਾਰਤੀਆਂ ਤੇ ਪੰਜਾਬੀਆਂ ਦਾ ਵਿਦੇਸ਼ਾਂ ਅਤੇ ਭਾਰਤ ਵਿਚ ਆਜ਼ਾਦੀ ਸੰਘਰਸ਼, ਗ਼ਦਰੀ ਝੰਡਾ, ਸਿੰਘਾਪੁਰ, ਜਰਮਨੀ, ਬਰਮਾ, ਕੈਨੇਡਾ ਅਤੇ ਅਮਰੀਕਾ ਵਿਚ ਗ਼ਦਰੀ ਗਤੀਵਿਧੀਆਂ, ਜਲ੍ਹਿਆਂਵਾਲੇ ਬਾਗ਼ ਦਾ ਸਾਕਾ, ਸਾਕੇ ਨਾਲ ਸਬੰਧਿਤ ਕਵਿਤਾ ਤੇ ਸਾਹਿਤ, ਲਾਹੌਰ ਸਾਜਿਸ਼ ਕੇਸ, ਸ਼ਹੀਦ ਊਧਮ ਸਿੰਘ ਅਤੇ ਜਲ੍ਹਿਆਂਵਾਲਾ ਬਾਗ਼, ਗ਼ਦਰੀ ਬਾਬਿਆਂ ਦੀਆਂ ਸੰਖੇਪ ਜੀਵਨੀਆਂ, ਗੁਰਦੁਆਰਾ ਸੁਧਾਰ ਲਹਿਰ ਤੇ ਅਕਾਲੀ ਲਹਿਰ, ਨਨਕਾਣਾ ਸਾਹਿਬ ਤੇ ਜੈਤੋ ਦੇ ਮੋਰਚੇ, ਕਿਰਤੀ ਕਿਸਾਨ ਪਾਰਟੀ ਅਤੇ ਕਿਰਤੀ ਮੈਗਜ਼ੀਨ, ਆਜ਼ਾਦ ਹਿੰਦ ਫ਼ੌਜ, ਸੁਭਾਸ਼ ਚੰਦਰ ਬੋਸ ਤੇ ਹੋਰ ਸ਼ਹੀਦ ਅਤੇ ਹਿੰਦੋਸਤਾਨ ਵਿਚ ਗ਼ਦਰ ਲਹਿਰ ਦੇ ਫੇਲ੍ਹ ਹੋਣ ਦੇ ਕਾਰਨ ਹਨ।
ਭਾਰਤੀ ਆਜ਼ਾਦੀ ਸੰਗਰਾਮ ਨਾਲ ਸਬੰਧਿਤ ਭਾਵੇਂ ਸਾਹਿਤ ਅਤੇ ਇਤਿਹਾਸ ਦੇ ਖੇਤਰਾਂ ਵਿਚ ਅਨੇਕਾਂ ਕਿਤਾਬਾਂ ਵੱਖ-ਵੱਖ ਭਾਸ਼ਾਵਾਂ ਵਿਚ ਉਪਲਬਧ ਹਨ, ਪ੍ਰੰਤੂ ਹੱਥਲੀ ਕਿਤਾਬ ਦੀ ਇਹ ਵਿਸ਼ੇਸ਼ਤਾ ਹੈ ਕਿ ਇਹ ਕਿਸੇ ਗ਼ਦਰੀ, ਵਿਦਰੋਹੀ, ਦੇਸ਼ ਭਗਤ ਅਤੇ ਘਟਨਾ ਬਾਰੇ ਤੱਥਾਂ ਦੀ ਛਾਣਬੀਣ, ਪੁਨਰ ਮੁਲਾਂਕਣ ਅਤੇ ਇਤਿਹਾਸ ਲਿਖਣ ਕਲਾ ਦੀ ਕਸੌਟੀ 'ਤੇ ਪੂਰੀ ਉਤਰਦੀ ਹੈ। ਸੁਤੰਤਰਤਾ ਸੰਗਰਾਮ ਵਿਚ ਭਾਗ ਲੈਣ ਵਾਲੇ ਦੇਸ਼ ਭਗਤਾਂ ਦੇ ਨਾਂਅ, ਪਤੇ, ਸ਼ਹਾਦਤਾਂ, ਉਨ੍ਹਾਂ ਵਿਰੁੱਧ ਅਦਾਲਤੀ ਮੁਕੱਦਮੇ ਤੇ ਬਰਤਾਨਵੀ ਸਾਮਰਾਜੀ ਅਫ਼ਸਰਾਂ ਦੀਆਂ ਸਾਜਿਸ਼ਾਂ ਦੇ ਕੇਸਾਂ, ਮਿਤੀਆਂ ਬਾਰੇ ਇਤਿਹਾਸਕ ਵੇਰਵਿਆਂ ਤੇ ਟਿੱਪਣੀਆਂ ਸਮੇਤ ਵਿਸਥਾਰ ਪੂਰਵਕ ਢੰਗ ਨਾਲ ਗੁਰੂਮੇਲ ਸਿੰਘ ਸਿੱਧੂ ਦੀ ਵਿਗਿਆਨਕ ਖੋਜ ਅਤੇ ਪੰਜਾਬ ਅਤੇ ਭਾਰਤ ਦੇ ਇਤਿਹਾਸ ਨੂੰ ਪੰਜਾਬੀ ਭਾਸ਼ਾ ਵਿਚ ਸੰਭਾਲਣ ਹਿਤ ਕਾਰਜ ਉਸ ਦੀ ਇਤਿਹਾਸ ਅਤੇ ਵਿਰਾਸਤ ਪ੍ਰਤੀ ਦੂਰ-ਅੰਦੇਸ਼ੀ, ਨਿਰੰਤਰ ਲਗਨ ਨਾਲ ਯੋਗਦਾਨ ਪਾਉਣ ਦਾ ਪ੍ਰਮਾਣਿਕ ਸ੍ਰੋਤ ਹੈ।


-ਡਾ: ਮੁਹੰਮਦ ਇਦਰੀਸ
ਮੋ: 98141-71786


ਪੰਜਾਬੀ ਲੋਕਧਾਰਾ ਸ਼ਾਸਤਰ : ਚਿੰਤਨ ਸੰਵਾਦ
ਲੇਖਿਕਾ : ਸਰਬਜੀਤ ਕੌਰ ਬਾਵਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 228
ਸੰਪਰਕ : 0172-5002591.


ਹਥਲੀ ਪੁਸਤਕ ਲੋਕਧਾਰਾ, ਲੋਕਯਾਨ ਅਤੇ ਸੱਭਿਆਚਾਰ ਦੇ ਨਿਰਮਤ ਹੋਣ, ਇਸ ਦੇ ਵਿਕਾਸ ਪੜਾਵਾਂ ਦਾ ਅਧਿਐਨ ਅਤੇ ਅਜੋਕੀ ਪ੍ਰਸੰਗਤਾ 'ਚ ਇਸ ਦੇ ਸਰੂਪ ਸਿਧਾਂਤ ਦਾ ਪ੍ਰਗਟਾਵਾ ਹੈ। ਲੇਖਿਕਾ ਨੇ ਸੱਤ ਵਿਸ਼ੇਸ਼ਗਾਂ ਲੋਕਧਾਰਾ ਜਾਂ ਸੱਭਿਆਚਾਰ ਦੇ ਵਿਭਿੰਨ ਪਹਿਲੂਆਂ ਦੇ ਸਰੋਤ ਬਿੰਦੂਆਂ ਨੂੰ ਪਛਾਣਨ ਵਾਲਿਆਂ ਨਾਲ ਨਿੱਜੀ ਮੁਲਾਕਾਤਾਂ ਕੀਤੀਆਂ ਹਨ ਅਤੇ ਉਨ੍ਹਾਂ ਦੇ ਅੰਤਰੀਵੀ ਅਨੁਭਵਾਂ ਨੂੰ ਸਮਝਦਿਆਂ ਹੋਇਆਂ ਜੋ ਉਚਿਤ ਪ੍ਰਸ਼ਨ ਉੱਭਰਨੇ ਚਾਹੀਦੇ ਹਨ, ਉਨ੍ਹਾਂ ਸਭਨਾਂ ਨੂੰ ਉਭਾਰ ਕੇ ਉਨ੍ਹਾਂ ਰਾਹੀਂ ਖੋਜੀਆਂ ਦੀ ਸਮਝ ਅਤੇ ਖੋਜ-ਦ੍ਰਿਸ਼ਟੀ ਨੂੰ ਪੁਸਤਕ 'ਚ ਪੇਸ਼ ਕੀਤਾ ਹੈ।
ਮੁਲਾਕਾਤੀ ਲੇਖਿਕਾ ਨੇ ਪੁਸਤਕ ਵਿਚ ਪਹਿਲਾਂ ਮੁਲਾਕਾਤੀਆਂ ਦਾ ਜੀਵਨ ਬਿਊਰਾ ਦਿੱਤਾ ਹੈ। ਫਿਰ ਉਨ੍ਹਾਂ ਦੀਆਂ ਖੋਜ ਪੁਸਤਕਾਂ ਦਾ ਜ਼ਿਕਰ ਕੀਤਾ ਹੈ। ਫਿਰ ਉਨ੍ਹਾਂ ਦੁਆਰਾ ਸਥਾਪਤ ਕੀਤੇ ਕੀਰਤੀਮਾਨ ਅਤੇ ਉਨ੍ਹਾਂ ਦੁਆਰਾ ਖੋਜਾਰਥੀਆਂ ਨੂੰ ਨਵੇਂ ਨਵੇਂ ਦ੍ਰਿਸ਼ਟੀਕੋਣਾਂ ਤੋਂ ਕਰਵਾਏ ਖੋਜ ਕਾਰਜਾਂ ਬਾਬਤ ਜਾਣਕਾਰੀ ਦਿੱਤੀ ਹੈ। ਇਹ ਸੱਤ ਵਿਸ਼ੇਸ਼ਗ ਡਾ: ਕਰਨੈਲ ਸਿੰਘ ਥਿੰਦ, ਸੁਖਦੇਵ ਮਾਦਪੁਰੀ, ਡਾ: ਭੁਪਿੰਦਰ ਸਿੰਘ ਖਹਿਰਾ, ਡਾ: ਜੋਗਿੰਦਰ ਸਿੰਘ ਕੈਰੋਂ, ਡਾ: ਕਰਮਜੀਤ ਸਿੰਘ, ਡਾ: ਨਾਹਰ ਸਿੰਘ ਅਤੇ ਡਾ: ਗੁਰਮੀਤ ਸਿੰਘ ਹਨ। ਅਜਿਹੇ ਪ੍ਰਸਿੱਧੀ ਪ੍ਰਾਪਤ ਵਿਦਵਾਨਾਂ ਨਾਲ ਸੰਵਾਦ ਰਚਾਉਣਾ ਅਤੇ ਉਨ੍ਹਾਂ ਦੇ ਅੰਤਰੀਵੀ ਅਤੇ ਬਾਹਰੀ ਖੋਜ ਕਾਰਜਾਂ ਪ੍ਰਤੀ ਪ੍ਰਸ਼ਨ ਉਭਾਰਨੇ ਕੋਈ ਸੌਖਾ ਕਾਰਜ ਨਹੀਂ ਹੈ, ਜੋ ਸਰਬਜੀਤ ਕੌਰ ਬਾਵਾ ਨੇ ਕਰ ਵਿਖਾਇਆ ਹੈ। ਇਹ ਪੁਸਤਕ ਲੋਕਧਾਰਾ ਦੇ ਬੁਨਿਆਦੀ ਸਿਧਾਂਤਾਂ ਅਤੇ ਉਨ੍ਹਾਂ ਦੇ ਵਿਵਹਾਰਕ ਪੱਖ ਦਾ ਦਰਪਣ ਬਣ ਗਈ ਹੈ ਜੋ ਆਉਣ ਵਾਲੇ ਖੋਜਾਰਥੀਆਂ ਲਈ ਕਾਫੀ ਸਹਾਇਕ ਸਿੱਧ ਹੋ ਸਕਦੀ ਹੈ। ਪ੍ਰੰਤੂ ਲੇਖਿਕਾ ਨੂੰ ਇਸ ਖੇਤਰ ਵਿਚ ਹੋਰ ਗੰਭੀਰ ਕਾਰਜ ਕਰਕੇ ਇਸ ਕਾਰਜ ਖੇਤਰ ਵਿਚ ਹੋਰ ਉਚੇਰੀ ਸਫਲਤਾ ਪ੍ਰਾਪਤ ਕਰਨ ਵਾਲਿਆਂ ਬਾਬਤ ਵੀ ਜਾਣਕਾਰੀ ਲੈਣੀ ਅਤੇ ਉਸ ਦੀ ਪੇਸ਼ਕਾਰੀ ਕਰਨੀ ਲੋੜੀਂਦੀ ਬਣਦੀ ਹੈ ਜਿਸ ਸਦਕਾ ਪੰਜਾਬੀ ਲੋਕਧਾਰਾ ਸ਼ਾਸਤਰ ਬਾਰੇ ਹੋਰ ਚਿੰਤਕਾਂ ਦੇ ਕਾਰਜ ਨੂੰ ਵੀ ਸਮਝਿਆ ਜਾ ਸਕਦਾ ਹੈ।


-ਡਾ: ਜਗੀਰ ਸਿੰਘ ਨੂਰ
ਮੋ: 98142-09732


ਚੰਨ ਅਜੇ ਦੂਰ ਹੈ
ਗ਼ਜ਼ਲਕਾਰਾ : ਰਾਜਵਿੰਦਰ ਕੌਰ ਜਟਾਣਾ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਪਟਿਆਲਾ
ਮੁੱਲ : 175 ਰੁਪਏ, ਸਫ਼ੇ : 96
ਸੰਪਰਕ 97806-88270.


ਰਾਜਵਿੰਦਰ ਕੌਰ ਜਟਾਣਾ ਵੀ ਪੰਜਾਬੀ ਗ਼ਜ਼ਲ ਵਿਚ ਨਵਾਂ ਪ੍ਰਵੇਸ਼ ਹੈ, ਜਿਸ ਨੇ ਗ਼ਜ਼ਲ ਨੂੰ ਸੰਜੀਦਗੀ ਨਾਲ ਲਿਆ ਹੈ। ਉਸ ਨੇ ਥੋੜ੍ਹੇ ਸਮੇਂ ਵਿਚ ਜ਼ਿਕਰਯੋਗ ਪ੍ਰਾਪਤੀਆਂ ਕੀਤੀਆਂ ਹਨ। 'ਚੰਨ ਅਜੇ ਦੂਰ ਹੈ' ਉਸ ਦਾ ਪਲੇਠਾ ਗ਼ਜ਼ਲ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ ਚੁਰਾਸੀ ਗ਼ਜ਼ਲਾਂ ਸੰਕਲਿਤ ਹਨ। ਗ਼ਜ਼ਲ ਵਿਧਾਨ ਮੁਤਾਬਿਕ ਸਿਰਜੀ ਜਾਣ ਵਾਲੀ ਸਿਨਫ਼ ਹੈ ਤੇ ਇਸ ਦੀ ਸ਼ਬਦਾਵਲੀ ਦਾ ਵੀ ਇਕ ਦਾਇਰਾ ਹੁੰਦਾ ਹੈ। ਮੈਨੂੰ ਖ਼ੁਸ਼ੀ ਹੈ ਕਿ ਜਟਾਣਾ ਨੇ ਜ਼ਿਆਦਾਤਰ ਗ਼ਜ਼ਲ ਦੀਆਂ ਬੰਦਿਸ਼ਾਂ ਨੂੰ ਨਿਭਾਇਆ ਹੈ। ਉਸ ਦੇ ਕਈ ਸ਼ਿਅਰ ਪਾਠਕ ਦਾ ਧਿਆਨ ਖਿੱਚਦੇ ਹਨ ਤੇ ਊਰਜਾ ਨਾਲ ਭਰਪੂਰ ਹਨ। ਜਟਾਣਾ ਦਾ ਦੌਰ ਭਾਵੇਂ ਅਜੇ ਸ਼ੁਰੂਆਤੀ ਹੈ ਪਰ ਉਸ ਦੀ ਕਲਮ ਗ਼ਜ਼ਲ ਦੇ ਹੁਨਰ ਤੋਂ ਵਾਕਿਫ਼ ਹੈ। ਆਪਣੀ ਪਹਿਲੀ ਗ਼ਜ਼ਲ ਵਿਚ ਗ਼ਜ਼ਲਕਾਰਾ ਆਪਣੇ ਸ਼ਿਅਰਾਂ ਵਿਚ ਪੰਜਾਬੀ ਮਾਂ ਬੋਲੀ ਦੀ ਉਸਤਤ ਕਰਦੀ ਹੈ। ਇਸ ਤੋਂ ਬਾਅਦ ਉਹ ਅੱਥਰੀਆਂ ਲਹਿਰਾਂ ਨਾਲ ਅਠਖੇਲੀਆਂ ਕਰਦੀ ਹੈ ਤੇ ਆਪਣੇ ਚੌਗਿਰਦੇ ਨਾਲ ਸੰਵਾਦ ਰਚਾਉਂਦੀ ਹੈ। ਉਸ ਦੇ ਤਸੱਵਰ ਵਿਚ ਤਿੱਤਲੀਆਂ ਵੀ ਹਨ, ਰੰਗ ਵੀ ਤੇ ਖ਼ੁਸ਼ਬੂ ਵੀ। ਉਸ ਨੂੰ ਰੋਂਦੇ ਬਾਲ, ਟੁੱਟੇ ਤਾਰੇ ਤੇ ਦਿਲ ਦੇ ਟੁੱਟੇ ਸਾਜ਼ ਦੁੱਖ ਦਿੰਦੇ ਹਨ। ਲੋਕਾਂ ਨੂੰ ਭਰਮਾਅ ਰਹੇ ਨੇਤਾਵਾਂ ਨੂੰ ਉਹ ਜਾਣਦੀ ਹੈ ਤੇ ਸੱਤਾ 'ਤੇ ਕਾਬਜ਼ ਲੋਕਾਂ ਦੇ ਛਲਾਵਿਆਂ ਤੋਂ ਉਹ ਸੁਚੇਤ ਹੈ। ਉਸ ਦੇ ਸ਼ਿਅਰ ਰੰਗ-ਬਰੰਗੀ ਦੁਪਹਿਰਖਿੜੀ ਵਰਗੇ ਹਨ ਜੋ ਕਦੀ ਮੁਰਝਾ ਜਾਂਦੇ ਹਨ ਤੇ ਫਿਰ ਦੂਸਰੇ ਹਿੱਸੇ ਵਿਚ ਮੁੜ ਜੀਅ ਉਠਦੇ ਹਨ। ਇਨ੍ਹਾਂ ਵਿਚ ਉਦਾਸੀ ਤੇ ਖ਼ੁਸ਼ੀ ਦੀਆਂ ਪੱਤੀਆਂ ਬਰਾਬਰ ਨਜ਼ਰ ਆਉਂਦੀਆਂ ਹਨ। ਆਪਣੇ ਸ਼ਿਅਰਾਂ ਵਿਚ ਉਹ ਫ਼ਕੀਰੀ ਤੇ ਸਾਦਗੀ ਦਾ ਅਹਿਦ ਕਰਦੀ ਹੈ। ਗ਼ਜ਼ਲਕਾਰਾ ਜਟਾਣਾ ਦੀ ਗ਼ਜ਼ਲ ਦੀ ਸ਼ੁਰੂਆਤ ਖ਼ੂਬਸੂਰਤ ਹੈ, ਜਿਸ ਲਈ ਉਹ ਮੁਬਾਰਕ ਦੀ ਹੱਕਦਾਰ ਹੈ। ਇਸ ਪੁਸਤਕ ਦੀਆਂ ਗ਼ਜ਼ਲਾਂ ਵਿਚ ਕਿਤੇ-ਕਿਤੇ ਅਜਿਹਾ ਵੀ ਹੈ ਜੋ ਨਹੀਂ ਸੀ ਹੋਣਾ ਚਾਹੀਦਾ। ਖ਼ੈਰ, ਅਭਿਆਸ ਸਫ਼ਲਤਾ ਦੀ ਕੁੰਜੀ ਹੈ ਤੇ ਇਹ ਕੁੰਜੀ ਜਟਾਣਾ ਦੀਆਂ ਗ਼ਜ਼ਲਾਂ ਨੂੰ ਹੋਰ ਬਿਹਤਰ ਬਣਾਏਗੀ, ਇਹ ਮੇਰਾ ਯਕੀਨ ਹੈ।


-ਗੁਰਦਿਆਲ ਰੌਸ਼ਨ
ਮੋ: 99884-44002


ਇਕ ਟੱਕ ਹੋਰ

ਲੇਖਕ : ਸੁਰਿੰਦਰ ਸਿੰਘ ਰਾਏ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 135
ਸੰਪਰਕ : 97797-16824.


ਕਹਾਣੀਕਾਰ ਦਾ ਇਹ ਦਸਵਾਂ ਕਥਾ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਤ੍ਰੇਲ ਤੁਪਕਾ, ਮਿਸ ਕਾਲ, ਪੱਗ, ਕੰਟਰੈਕਟ ਮੈਰਿਜ, ਸ਼ੋਅਪੀਸ, ਸਟੇਟਸ ਸਿੰਬਲ, ਰਿਸ਼ੀ ਮਾਮਾ ਉਸ ਦੇ ਚਰਚਿਤ ਕਹਾਣੀ ਸੰਗ੍ਰਹਿ ਹਨ। ਇਸ ਪੁਸਤਕ ਵਿਚ ਨਵਰਚਿਤ ਦਸ ਕਹਾਣੀਆਂ ਹਨ। ਚਿੰਤਕ ਡਾ: ਲਾਭ ਸਿੰਘ ਖੀਵਾ (ਚੰਡੀਗੜ੍ਹ) ਨੇ ਪੁਸਤਕ ਬਾਰੇ ਵਿਸ਼ਲੇਸ਼ਣ ਕੀਤਾ ਹੈ। ਲੇਖਕ ਵਿਦੇਸ਼ ਵਿਚ ਰਹਿੰਦਾ ਹੈ ਪਰ ਪੰਜਾਬ ਦੇ ਸਮਾਜਿਕ ਜੀਵਨ, ਲੋਕਾਂ ਦਾ ਵਿਦੇਸ਼ਾਂ ਵਿਚ ਜਾਣ ਦਾ ਝੁਕਾਅ, ਸਮੱਸਿਆਵਾਂ ਤੇ ਪੰਜਾਬ ਦੇ ਆਰਥਿਕ ਮਸਲਿਆਂ ਬਾਰੇ ਕਹਾਣੀਆਂ ਲਿਖਦਾ ਵਿਦੇਸ਼ ਨਾਲ ਤੁਲਨਾ ਕਰਦਾ ਹੈ। ਉਸ ਦੀ ਕਥਾ ਸਮੱਗਰੀ ਦਾ ਦਾਇਰਾ ਵਿਸ਼ਾਲ ਹੈ। ਸਿਰਲੇਖ ਵਾਲੀ ਕਹਾਣੀ ਦਾ ਮੈਂ ਪਾਤਰ ਦੂਸਰੇ ਨੂੰ ਕਹਿ ਰਿਹਾ ਹੈ-ਚਾਚਾ ਜੀ ਚਲੋ ਮੈਂ ਥੋਨੂੰ ਇੰਗਲੈਂਡ ਘੁਮਾ ਕੇ ਲਿਆਉਨਾ ----ਚਾਚੇ ਦਾ ਉੱਤਰ ਹੈ-ਅੱਛਾ! ਤੂੰ ਚਾਹੁੰਨਾ ਏਂ ਮੈਂ ਹੁਣ ਗੋਰਿਆਂ ਦੀ ਗੁਲਾਮੀ ਕਰਾਂ। ਐਥੇ ਆਪਣੀ ਸਰਦਾਰੀ ਆ । ਉਹ ਅਮੀਰ ਐਨਾ ਹੈ ਕਿ ਲੋਕਾਂ ਨੂੰ ਮੂੰਹ ਮੰਗੀ ਰਕਮ ਉਧਾਰ ਦੇਈ ਜਾਂਦਾ ਹੈ। ਕੋਈ ਮੋੜੇ ਭਾਵੇਂ ਨਾ।
ਕੁਝ ਸਮੇਂ ਪਿੱਛੋਂ ਫ਼ੋਨ 'ਤੇ ਮੈਂ ਪਾਤਰ ਦੀ ਚਾਚੇ ਨਾਲ ਫਿਰ ਗੱਲ ਹੁੰਦੀ ਹੈ --- ਚਾਚੇ ਦੇ ਬੇਵਸੀ ਦੇ ਬੋਲ ਹਨ। ਕਾਕਾ ਏਧਰ ਤਾਂ ਹਾਲਾਤ ਗਾਹਾਂ ਦੀ ਗਾਹਾਂ ਬਿਗੜੀ ਜਾਂਦੇ ਐ' ਸਾਰੇ ਲੋਕਾਂ ਨੇ ਆਪਣੇ ਮੁੰਡੇ ਬਾਹਰ ਕੱਢਤੇ। ਪਹਿਲਾਂ ਕਿਰਸਾਨੀ ਨੂੰ ਟੱਕ ਲਗਾ ਸੀ, ਹੁਣ ਨੌਜਵਾਨੀ ਨੂੰ ਟੱਕ ਵੱਜ ਗਿਆ। ਕਹਾਣੀ ਵਿਦੇਸ਼ ਜਾਣ ਦੀ ਲੱਗੀ ਦੌੜ ਨੂੰ ਉੱਚਿਤ ਠਹਿਰਾਉਂਦੀ ਹੈ। ਫੇਕ ਆਈ ਡੀ ਵਿਚ ਲੇਖਕ ਆਪਣੇ ਪ੍ਰਾਇਮਰੀ ਸਕੂਲ ਦੀਆਂ ਯਾਦਾਂ ਨੂੰ ਲਿਖਦਾ ਹੈ। ਵੋਟਾਂ ਮੌਕੇ ਪਿੰਡ ਦੀ ਟੁੱਟਦੀ ਖੂਨ ਵਿਚਲੀ ਭਾਈਚਾਰਕ ਸਾਂਝ ਦਾ ਕਲਾਮਈ ਜ਼ਿਕਰ ਹੈ। ਪਰ ਸਿਰਲੇਖ ਅਧੂਰਾ ਹੈ। ਕਹਾਣੀ ਸਪੈਸੀਮਨ ਵਿਚ ਅਧਿਆਪਕ ਦੀ ਪੁਸਤਕ ਵਿਕਰੇਤਾ ਨਾਲ ਸੇਵਾ-ਮੁਕਤੀ ਤੱਕ ਨਿਭੀ ਸਾਂਝ ਤੇ ਮੁਹੱਬਤ ਦੀ ਝਲਕ ਹੈ। ਸਿਰਲੇਖ ਢੁੱਕਵਾਂ ਨਹੀਂ। ਕਹਾਣੀਆਂ ਦਾ ਨਿਭਾਅ ਦਿਲਚਸਪ ਹੈ। ਪੁਸਤਕ ਦੀ ਭਾਸ਼ਾ ਸੰਵਾਦ ਸਰਲ ਤੇ ਸਹਿਜ ਤੋਰ ਹੈ। ਗ਼ਰੀਬੀ, ਮਾੜੀ ਆਰਥਿਕਤਾ ਕਹਾਣੀਆਂ ਵਿਚ ਹੈ ਪਰ ਇਸ ਦਾ ਹੱਲ ਵਿਦੇਸ਼ ਜਾਣ ਵਿਚ ਹੀ ਰਹਿ ਗਿਆ ਹੈ? ਪੁਸਤਕ ਪੜ੍ਹਨ ਵਾਲੀ ਹੈ। ਕਥਾ ਸੰਸਾਰ ਵਿਚ ਵਾਧਾ ਕਰਦੀ ਹੈ।


-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160


ਚਿਹਨ ਵਿਗਿਆਨਕ ਅਧਿਐਨ ਵਿਧੀ
ਅਤੇ ਪੰਜਾਬੀ ਨਾਟਕ
ਲੇਖਿਕਾ : ਡਾ: ਗੁਰਪ੍ਰੀਤ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 184
ਸੰਪਰਕ : 99145-08856.


ਚਿਹਨ ਵਿਗਿਆਨਕ ਅਧਿਐਨ ਵਿਧੀ ਸੰਰਚਨਾਤਮਕ ਭਾਸ਼ਾ ਵਿਗਿਆਨ ਦੇ ਮਾਡਲਾਂ 'ਤੇ ਆਧਾਰਿਤ ਹੈ। ਡਾ: ਗੁਰਪ੍ਰੀਤ ਕੌਰ ਨੇ ਇਸ ਵਿਧੀ ਦਾ ਨਿੱਠ ਕੇ ਅਧਿਐਨ ਕਰਨ ਉਪਰੰਤ ਪੰਜਾਬੀ ਦੇ 8 ਨਾਟਕਾਂ ਨੂੰ ਅਧਿਐਨ ਵਸਤੂ ਵਜੋਂ ਗ੍ਰਹਿਣ ਕਰਕੇ ਉਨ੍ਹਾਂ ਦਾ ਇਸ ਵਿਧੀ ਅਨੁਸਾਰ ਸਾਰਥਕ ਮੁਲਾਂਕਣ ਕੀਤਾ ਹੈ। ਉਸ ਨੇ ਆਪਣੇ ਅਧਿਐਨ ਲਈ ਫਰਦੀਨਾ-ਦ-ਸੋਸਿਊਰ ਵਲੋਂ ਪੇਸ਼ ਕੀਤੀ ਗਈ ਭਾਸ਼ਨ ਚਿਹਨਾਂ ਦੀ ਦੁਵੰਡ ਲੜੀਵਾਰ (ਸਿੰਟੈਗਮੈਟਿਕ) ਅਤੇ ਸਹਿਚਾਰੀ (ਪੈਰਾ ਡਿਗਮੈਟਿਕ) ਦੀ ਚੋਣ ਕਰਕੇ ਆਪਣਾ ਖੋਜ ਕਾਰਜ ਮੁਕੰਮਲ ਕੀਤਾ ਹੈ। ਹਰ ਨਾਟਕ ਦਾ ਅਧਿਐਨ ਕਰਦਿਆਂ ਲੜੀਵਾਰ ਦ੍ਰਿਸ਼ਟੀ ਤੋਂ ਅਨੇਕਾਂ ਚਿਹਨਾਂ ਦੀ ਨਿਸ਼ਾਨਦੇਹੀ ਕੀਤੀ ਹੈ। ਫਿਰ ਇਨ੍ਹਾਂ ਨਾਟਕਾਂ 'ਚੋਂ ਸਹਿਚਾਰੀ ਅਰਥ ਇਕਾਈਆਂ ਰਿੜਕ ਕੇ ਬੜੇ ਮੁੱਲਵਾਨ ਨਤੀਜੇ (ਨਿਸ਼ਕਰਸ਼) ਪ੍ਰਾਪਤ ਕੀਤੇ ਹਨ। ਮਸਲਨ : ਕਿਰਸਾਨੀ ਦਾ ਬਹੁ-ਪਾਸਾਰੀ ਸੰਕਟ, ਸਦਾਚਾਰਕ ਕੀਮਤਾਂ ਦਾ ਪਤਨ, ਔਰਤ ਦਾ ਸਦੀਵੀ ਸੰਕਟ (ਔਲਖ-ਇਕ ਰਮਾਇਣ ਹੋਰ), ਸਮਾਜਿਕ ਸੰਰਚਨਾ ਦਾ ਜਟਿਲ ਵਰਤਾਰਾ, ਜਾਇਦਾਦ ਦੁਆਰਾ ਸਮਾਜਿਕ ਰੁਤਬਾ, ਮਨੁੱਖੀ ਰਿਸ਼ਤਿਆਂ ਦਾ ਦੰਭ ਜਾਂ ਬੇਬਸੀ, ਔਰਤ ਦੀ ਤ੍ਰਾਸਦੀ, ਛੋਟੀ ਕਿਰਸਾਨੀ ਦਾ ਬੌਧਿਕ ਦੀਵਾਲੀਆਪਨ (ਸਲਵਾਨ-ਔਲਖ), ਮਾਨਵੀ ਅਸਤਿੱਤਵ ਲਈ ਸੰਘਰਸ਼, ਔਰਤ ਦੀ ਨਿਮਨ ਸਥਿਤੀ, ਕਾਮ ਅਕਾਂਖਿਆਵਾਂ ਦੀ ਅਪੂਰਤੀ ਅਤੇ ਮਾਨਸਿਕ ਉਲਾਰਤਾ (ਪੂਰਨ-ਆਤਮਜੀਤ), ਸ਼ੋਸ਼ਣਕਾਰੀ ਪ੍ਰਬੰਧ ਦਾ ਰਾਜਨੀਤਕ ਅਵਚੇਤਨ, ਜਾਤ-ਪਾਤ ਵਿਤਕਰੇ, ਧਾਰਮਿਕ ਡੇਰਿਆਂ ਦੀ ਬਦਕਾਰੀ, ਔਰਤ ਤ੍ਰਾਸਦੀ (ਇੰਦੂਮਤੀ ਸਤਿਦੇਵ-ਚਰਨ ਦਾਸ ਸਿੱਧੂ), ਭੋਇੰਹੀਣ ਵਰਗ ਦਾ ਸੰਕਟ, ਯੁਵਾ ਵਰਗ ਵਿਚ ਆ ਰਹੀ ਚੇਤੰਨਤਾ, ਔਰਤ ਸੰਕਟ (ਬਾਬਾ ਬੰਤੂ-ਸਿੱਧੂ), ਧਰਮ-ਕਰਮ/ਪਾਪ-ਪੁੰਨ ਤਨਾਓ, ਧਾਰਮਿਕ ਫਾਸ਼ੀਵਾਦ, ਔਰਤ-ਸ਼ੂਦਰਾਂ ਦੀ ਹਾਲਤ, ਧਰਮ ਅਤੇ ਰਾਜਨੀਤੀ, ਅਸਲੀ ਮੁਕਤੀ (ਧਰਮ ਗੁਰੂ-ਸਵਰਾਜਬੀਰ) ਸ਼੍ਰੇਣੀ ਸੰਘਰਸ਼, ਦਮਿਤ ਇਤਿਹਾਸ ਦੀ ਤਲਾਸ਼, ਦਲਿਤ-ਚੇਤਨਾ (ਕ੍ਰਿਸ਼ਨ-ਸਵਰਾਜਬੀਰ), ਕਤਲ ਅਤੇ ਖ਼ੁਦਕੁਸ਼ੀ, ਔਰਤ ਦਾ ਅਸਤਿੱਤਵ, ਆਰਥਿਕ ਸਥਿਤੀ ਬਨਾਮ ਸਮਾਜਿਕ ਰੁਤਬਾ, ਸਿੱਖ ਧਰਮ ਅਤੇ ਡੇਰਾ ਕਲਚਰ, ਧਰਮ ਅਤੇ ਰਾਜਨੀਤੀ (ਸਵਰਾਜਬੀਰ ਦਾ ਨਾਟਕ 'ਮੇਦਨੀ')। ਇਉਂ ਲੜੀਵਾਰ ਅਧਿਐਨ ਨਾਲ ਪਾਠਕਾਂ ਨੂੰ ਕਥਾਨਕ ਦੀ ਅਤੇ ਉੱਭਰਦੇ ਚਿਹਨਾਂ ਦੀ ਜਾਣਕਾਰੀ ਅਤੇ ਸਹਿਚਾਰੀ ਅਰਥ ਇਕਾਈਆਂ ਦੀ ਪ੍ਰਸਤੁਤੀ ਦੁਆਰਾ ਨਾਟਕਕਾਰਾਂ ਦੇ ਰਚਨਾ ਪਿੱਛੇ ਉਦੇਸ਼ ਸਪੱਸ਼ਟ ਸਮਝ ਆ ਜਾਣੇ ਸੁਭਾਵਿਕ ਹਨ। ਇਹ ਖੋਜ ਕਾਰਜ ਖੋਜਾਰਥੀ ਦੀ ਪ੍ਰਤਿਭਾ ਦਾ ਚਿੰਨ੍ਹ ਹੋ ਨਿੱਬੜਿਆ ਹੈ।


-ਡਾ: ਧਰਮ ਚੰਦ ਵਾਤਿਸ਼
ਮੋ: 88376-79186.


ਚੌਦ੍ਹਵਾਂ ਚਾਨਣ
ਲੇਖਕ : ਕਮਲ ਬੰਗਾ ਸੈਕਰਾਮੈਂਟੋ
ਪ੍ਰਕਾਸ਼ਕ : ਪੰਜਾਬੀ ਵਿਰਸਾ ਟਰੱਸਟ (ਰਜਿ:) ਪਲਾਹੀ
ਮੁੱਲ : 300 ਰੁਪਏ, ਸਫ਼ੇ : 240
ਸੰਪਰਕ : 98158-02070.


ਹਥਲਾ ਗ਼ਜ਼ਲ-ਸੰਗ੍ਰਹਿ 'ਚੌਦਵਾਂ ਚਾਨਣ' ਕਮਲ ਬੰਗਾ ਸੈਕਰਾਟਮੈਂਟੋ ਦੀ ਚੌਦਵੀਂ ਪੁਸਤਕ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਜ਼ਿਕਰਯੋਗ ਲੰਮਾ ਸਾਹਿਤਕ ਸਫ਼ਰ ਹੈ। ਵਿਦੇਸ਼ ਵਿਚ ਵਸਦੇ ਮਾਂ-ਬੋਲੀ ਪੰਜਾਬੀ ਦੇ ਇਸ ਸਿਰੜੀ ਸਪੂਤ ਦੇ ਮਨ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਅੰਤਾਂ ਦਾ ਪਿਆਰ ਅਤੇ ਫ਼ਿਕਰਮੰਦੀ ਹੈ। ਜਦੋਂ ਵੀ ਪੰਜਾਬ ਦੀ ਧਰਤੀ 'ਤੇ ਕੁਝ ਚੰਗਾ ਜਾਂ ਮਾੜਾ ਵਾਪਰਦਾ ਹੈ ਤਾਂ ਉਹ ਵਰਤਾਰਾ ਹੋਰਨਾਂ ਪੰਜਾਬੀਆਂ ਵਾਂਗ ਇਨ੍ਹਾਂ ਨੂੰ ਵੀ ਬੇਹੱਦ ਪ੍ਰਭਾਵਿਤ ਕਰਦਾ ਹੈ। ਕਿਸੇ ਸਮੇਂ ਸੋਨੇ ਦੀ ਚਿੜੀ ਸਮਝੇ ਜਾਂਦੇ ਪੰਜਾਬ ਦੀ ਵਰਤਮਾਨ ਦਸ਼ਾ ਅਤੇ ਦਿਸ਼ਾ ਨੂੰ ਉਹ ਇਸ ਤਰ੍ਹਾਂ ਬਿਆਨ ਕਰਦੇ ਹਨ-
ਜਦ ਵੀ ਗੱਲ ਕਰਾਂ ਉਦਾਸੇ ਗੁਲਾਬ ਦੀ।
ਸੂਰਤ ਸਾਹਮਣੇ ਆ ਜਾਂਦੀ ਏ ਪੰਜਾਬ ਦੀ।
ਤਸੱਲੀ ਵਾਲੀ ਗੱਲ ਹੈ ਕਿ ਲਿਖਣਾ ਕਮਲ ਬੰਗਾ ਦਾ ਸ਼ੌਕ ਨਹੀਂ ਹੈ ਬਲਕਿ ਉਨ੍ਹਾਂ ਦੀ ਗ਼ਜ਼ਲ ਆਰਥਿਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਤੌਰ 'ਤੇ ਅਪੰਗ ਕੀਤੇ ਜਾ ਰਹੇ ਆਮ ਆਦਮੀ ਨੂੰ ਜਾਗਰੂਕ ਕਰ ਕੇ ਸੰਘਰਸ਼ ਦੇ ਰਾਹ ਪਾਉਣ ਦਾ ਕਲਿਆਣਕਾਰੀ ਕਾਰਜ ਕਰਦੀ ਸਪੱਸ਼ਟ ਦਿਖਾਈ ਦਿੰਦੀ ਹੈ। ਉਨ੍ਹਾਂ ਦਾ ਮੰਨਣਾ ਹੈ ਪਰਿਵਰਤਨ ਹੀ ਕੁਦਰਤ ਦਾ ਅਟੱਲ ਨਿਯਮ ਹੈ ਅਤੇ ਦੁਨੀਆ ਦੀ ਹਰ ਸ਼ੈਅ ਪਰਿਵਰਤਨ ਲਈ ਹੀ ਯਤਨਸ਼ੀਲ ਹੈ-
ਪੱਤਝੜ 'ਚ ਪੱਤੇ ਝੜਦੇ ਤੇ ਬਸੰਤ 'ਚ ਨਵੇਂ ਆਉਂਦੇ,
ਸੋਚੋ ਤਾਂ ਇਹ ਵੀ ਸੱਜਣੋ ਮੌਸਮਾਂ ਦੀ ਜੰਗ ਹੈ।
ਕਮਲ ਬੰਗਾ ਦਿਖਾਈ ਦਿੰਦੇ ਸੱਚ ਦੇ ਨਾਲ-ਨਾਲ ਮੁਖੌਟਿਆਂ ਪਿੱਛੇ ਲੁਕੇ ਚਿਹਰਿਆਂ ਨੂੰ ਵੀ ਬਾਖ਼ੂਬੀ ਪਛਾਣਦੇ ਹਨ ਅਤੇ ਉਨ੍ਹਾਂ ਦੀ ਇੱਛਾ ਹੈ ਕਿ ਮਨੁੱਖ ਹੋਣਾ ਵੀ ਉਹੋ ਜਿਹਾ ਹੀ ਚਾਹੀਦਾ ਹੈ, ਜਿਹੋ ਜਿਹਾ ਉਹ ਦਿਸਣਾ ਚਾਹੁੰਦਾ ਹੈ। ਵੱਖ-ਵੱਖ ਦੇਸ਼ਾਂ ਵਿੱਚ ਵਿਚਰਨ ਕਾਰਨ ਉਨ੍ਹਾਂ ਕੋਲ ਵਿਸ਼ਵ ਪੱਧਰ ਦਾ ਗਿਆਨ ਵੀ ਹੈ ਅਤੇ ਤਜਰਬਾ ਵੀ। ਜੇਕਰ ਵਜ਼ਨ-ਬਹਿਰ ਅਤੇ ਤੋਲ-ਤੁਕਾਂਤ ਵੱਲ ਧਿਆਨ ਦਿੱਤਾ ਜਾਵੇ ਤਾਂ ਨਿਰਸੰਦੇਹ ਉਨ੍ਹਾਂ ਦੀ ਲੇਖਣੀ ਨਵੇਂ ਦਿਸਹੱਦਿਆਂ ਦੀ ਸਿਰਜਣਾ ਕਰਨ ਦੀਆਂ ਸੰਭਾਵਨਾਵਾਂ ਰੱਖਦੀ ਹੈ।


-ਕਰਮ ਸਿੰਘ ਜ਼ਖ਼ਮੀ
ਮੋ: 98146-28027.

12-11-2020

 ਪੈਰੋਂ ਪੈੜਾਂ
ਕਵੀ : ਟਹਿਲ ਸਿੰਘ ਚਾਹਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98152-98459.

ਪਰਵਾਸੀ ਕਵੀ ਸ: ਟਹਿਲ ਸਿੰਘ ਚਾਹਲ ਪਿਛਲੇ ਪੰਜ-ਸੱਤ ਵਰ੍ਹਿਆਂ ਤੋਂ ਕਾਵਿ-ਕਰਮ ਦੇ ਖੇਤਰ ਵਿਚ ਸਰਗਰਮ ਹੈ। ਹਥਲਾ ਸੰਗ੍ਰਹਿ 'ਪੈਰੋਂ ਪੈੜਾਂ' ਉਸ ਦੀ ਪੰਜਵੀਂ ਕਾਵਿ ਪੁਸਤਕ ਹੈ। ਇਨ੍ਹਾਂ ਤੋਂ ਪਹਿਲਾਂ 1974 ਈ: ਵਿਚ ਅੱਜ ਤੋਂ ਲਗਪਗ 46 ਵਰ੍ਹੇ ਪਹਿਲਾਂ ਉਸ ਨੇ 'ਦੀਨ ਤੇ ਦੁਨੀਆ' ਆਪਣੇ ਇਕਲੌਤੇ ਨਾਵਲ ਦੀ ਸਿਰਜਣਾ ਕੀਤੀ ਸੀ। ਫਿਰ ਬੱਝਵਾਂ ਵਕਤ ਨਾ ਮਿਲਣ 'ਤੇ ਜਾਂ ਨਾਵਲੀ ਬਿਰਤਾਂਤ ਵਿਚ ਉਸ ਦੀ ਦਿਲਚਸਪੀ ਨਾ ਰਹੀ ਹੋਣ ਕਰਕੇ ਉਹ ਸਿਰਫ ਕਵਿਤਾਵਾਂ ਹੀ ਲਿਖਦਾ ਆ ਰਿਹਾ ਹੈ। ਉਹ ਉਦੇਸ਼ਪੂਰਨ ਕਵਿਤਾ ਲਿਖਦਾ ਹੈ, ਜਿਸ ਉੱਪਰ ਅਧਿਆਤਮਵਾਦ ਦਾ ਡੂੰਘਾ ਪ੍ਰਭਾਵ ਹੈ। ਉਹ 'ਪੈੜਾਂ' (ਪਰੰਪਰਾ/ਟ੍ਰੈਡੀਸ਼ਨ) ਦੇ ਮਹੱਤਵ ਨੂੰ ਸਵੀਕਾਰ ਕਰਦਾ ਹੈ। ਉਹ ਕਈ ਵਾਰ ਇਹ ਸੰਦੇਸ਼ ਦਿੰਦਾ ਹੈ ਕਿ ਕੋਈ ਮਨੁੱਖ ਵਿਰਸੇ ਵਿਚੋਂ ਪ੍ਰਾਪਤ 'ਪੈੜਾਂ' ਦੇ ਸਹਾਰੇ ਆਪਣੀ ਮੰਜ਼ਿਲ ਉੱਪਰ ਪਹੁੰਚ ਸਕਦਾ ਹੈ। ਉਸ ਦੀ ਇਕ ਹੋਰ ਚਾਹਤ ਹੈ ਕਿ ਹਰ ਮਨੁੱਖ ਆਪਣੀਆਂ ਨਿਵੇਕਲੀਆਂ ਪੈੜਾਂ ਛੱਡ ਕੇ ਇਸ ਨਾਸ਼ਵਾਨ ਜਗਤ ਤੋਂ ਰੁਖ਼ਸਤ ਹੋਵੇ। ਉਸ ਦੀਆਂ ਕਵਿਤਾਵਾਂ ਆਮ ਆਦਮੀ ਦੇ ਮਨ ਵਿਚ ਅਗਾਂਹ ਵਧਣ ਦਾ ਇਕ ਜਜ਼ਬਾ ਵੀ ਪੈਦਾ ਕਰਦੀਆਂ ਹਨ। ਕਵੀ ਦੀ ਸੋਚ ਅਨੁਸਾਰ ਕਿਸੇ ਛੰਦਬੱਧ ਰਚਨਾ ਨੂੰ ਹੀ ਮਿਆਰੀ ਕਵਿਤਾ ਦਾ ਦਰਜਾ ਦਿੱਤਾ ਜਾ ਸਕਦਾ ਹੈ। ਸੋ, ਸੁਭਾਵਿਕ ਹੀ ਉਹ ਵੀ ਛੰਦਬੱਧ ਕਾਵਿ ਦੀ ਰਚਨਾ ਕਰਦਾ ਹੈ। ਪਰ ਛੰਦ-ਵਿਧਾਨ ਵਿਚ ਅਜੇ ਉਸ ਨੂੰ ਪੂਰਨ ਪਰਿਪੱਕਤਾ ਹਾਸਲ ਨਹੀਂ ਹੋਈ। ਅਜੇ ਉਸ ਨੂੰ ਇਸ ਕਲਾ ਉੱਪਰ ਹੋਰ ਅਭਿਆਸ ਕਰਨ ਦੀ ਜ਼ਰੂਰਤ ਹੈ। ਪਰ ਵਿਚਾਰ ਪੱਖੋਂ ਉਸ ਦੀਆਂ ਕਵਿਤਾਵਾਂ ਮਾਲਾਮਾਲ ਹਨ। ਇਨ੍ਹਾਂ ਵਿਚ ਵਿਚਾਰਾਂ ਦੀ ਕੋਈ ਘਾਟ ਨਹੀਂ ਖਟਕਦੀ। ਇਸ ਪ੍ਰਸੰਗ ਵਿਚ ਉਸ ਦੀ ਇਕ ਕਵਿਤਾ ਦੇ ਕੁਝ ਅੰਸ਼ ਵੇਖੋ :
ਪੈਰਾਂ ਦੀ ਪੈੜ ਜਿਨ੍ਹਾਂ ਦੱਬੀ
ਮੱਲੀਆਂ ਮੰਜ਼ਲਾਂ ਜਾਣੀ
ਹੁੱਜਤ ਨਹੀਂ ਤੁਰਨੋਂ,
ਪੈਰੀਂ ਜੁੱਤੀ ਭਾਵੇਂ ਅੱਧੋਰਾਣੀ
.. .. .. .. .. .. .. .. .. ..

ਮਿੱਟੀ 'ਚੋਂ ਹੀ ਸੰਸਾਰ ਉਪਜਦਾ,
ਮਿੱਟੀ ਨੂੰ ਰੱਬ ਜਾਣੀ
ਮਿੱਟੀ ਦੇ ਬਾਵਿਆ ਤੇਰੇ 'ਪੈਰੋਂ
ਪੈੜਾਂ' ਛਪਦੀਆਂ ਜਾਣੀ (ਪੰਨਾ 69)

'ਸ਼ਬਦ ਹੀ ਗੁਰੂ' ਵਿਚ ਕਵੀ ਪਾਠਕਾਂ ਨੂੰ ਸ਼ਬਦ-ਗੁਰੂ ਦੇ ਲੜ ਲੱਗਣ ਦੀ ਪ੍ਰੇਰਨਾ ਦਿੰਦਾ ਹੈ। ਇਕ ਹੋਰ ਕਵਿਤਾ ਵਿਚ ਉਹ ਆਪਣੇ ਆਪ ਨੂੰ 'ਜੰਗਲੀ ਗੁਲਾਬ' ਨਾਲ ਤੁਲਨਾ ਦਿੰਦਾ ਹੈ। ਪ੍ਰਕਿਰਤੀ ਦੇ ਬਹੁਤ ਸਾਰੇ ਵੇਰਵੇ ਅਤੇ ਬਿੰਬ ਉਸ ਦੀਆਂ ਕਵਿਤਾਵਾਂ ਵਿਚੋਂ ਝਾਤੀਆਂ ਮਾਰਦੇ ਹਨ। ਉਹ ਮੌਤ ਨੂੰ ਕੋਈ ਬਹੁਤੀ ਅਣਹੋਣੀ ਘਟਨਾ ਨਹੀਂ ਮੰਨਦਾ, ਬਲਕਿ ਇਸ ਨੂੰ ਇਕ ਕੁਦਰਤੀ ਵਰਤਾਰੇ ਦਾ ਨਾਂਅ ਦਿੰਦਾ ਹੈ। ਇਸ ਤਰ੍ਹਾਂ ਉਹ ਰੱਬ ਦੀ ਰਜ਼ਾ ਵਿਚ ਰਾਜ਼ੀ ਰਹਿਣ ਵਾਲਾ ਇਕ ਸੂਝਵਾਨ ਅਤੇ ਸੰਵੇਦਨਸ਼ੀਲ ਕਵੀ ਸਿੱਧ ਹੁੰਦਾ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਸਿਲਸਿਲੇ
ਲੇਖਕ : ਕਿਰਪਾਲ ਕਜ਼ਾਕ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 126
ਸੰਪਰਕ : 98726-44428.

2019 ਸਾਹਿਤ ਅਕਾਦਮੀ ਐਵਾਰਡ ਜੇਤੂ ਕਿਰਪਾਲ ਕਜ਼ਾਕ ਪੰਜਾਬੀ ਕਹਾਣੀ ਦਾ ਨਾਮਵਰ ਹਸਤਾਖ਼ਰ ਹੈ, ਜਿਸ ਦੇ ਵਿਚਾਰ ਅਧੀਨ ਕਹਾਣੀ-ਸੰਗ੍ਰਹਿ ਤੋਂ ਪਹਿਲਾਂ ਛੇ ਕਹਾਣੀ-ਸੰਗ੍ਰਹਿ ਅਤੇ ਦਰਜਨ ਤੋਂ ਵੱਧ ਖੋਜ ਆਧਾਰਿਤ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਕਹਾਣੀ-ਸੰਗ੍ਰਹਿ ਦੀਆਂ ਕੁੱਲ ਛੇ ਕਹਾਣੀਆਂ ਜ਼ਿੰਦਗੀ ਦੀਆਂ ਥੁੜਾਂ ਭੋਗਦੇ ਵਿਅਕਤੀਆਂ ਦੇ ਦਰਦ-ਸੰਤਾਪ ਦੀਆਂ ਕਹਾਣੀਆਂ ਹਨ।
ਕਜ਼ਾਕ ਦੀ ਬਿਰਤਾਂਤਕਤਾ ਦਾ ਕੇਂਦਰ ਉਹ ਕਿਰਤੀ ਵਰਗ ਹੈ ਜੋ ਜਗੀਰਦਾਰੀ, ਧਰਮ ਅਤੇ ਜਮਾਤੀ ਬਣਤਰ ਕਾਰਨ ਜ਼ੁਲਮ, ਜ਼ਿੱਲਤ ਅਤੇ ਤਲਖ਼ੀਆਂ ਝੱਲਦੇ ਹੋਏ ਆਰਥਿਕ ਸੰਕਟਾਂ ਵਿਚ ਗ੍ਰਸੇ ਹੋਏ ਹਨ। ਆਪਣੇ ਇਸ ਕਹਾਣੀ-ਸੰਗ੍ਰਹਿ ਵਿਚ ਉਸ ਨੇ ਉੱਚੀਆਂ ਜਾਤੀਆਂ ਦੇ ਫੋਕੇ ਲੋਕ ਵਿਖਾਵੇ ਨੂੰ ਆਧਾਰ ਬਣਾਇਆ ਹੈ ਤੇ ਕਰਜ਼ੇ ਵਿਚ ਡੁੱਬੀ ਛੋਟੀ ਕਿਰਸਾਨੀ ਕਾਰਨ ਵਿਗੋਚੇ ਭੋਗਦੇ ਲੋਕਾਂ ਨੂੰ ਚਿਤਰਤ ਕੀਤਾ ਹੈ। 'ਤਲਾਕ' ਕਹਾਣੀ ਜਿਥੇ ਧਰਮ ਤੇ ਝੂਠੀ ਸ਼ਰਧਾ ਦੇ ਪਾਜ ਖੋਲ੍ਹਦੀ ਹੈ, ਉਥੇ 'ਸਦਗਤੀ' ਜ਼ਿਮੀਂਦਾਰੀ ਸਿਸਟਮ ਵਿਚ ਨਿਮਨ ਮਜ਼ਦੂਰ ਵਰਗ 'ਤੇ ਹੋ ਰਹੇ ਅੱਤਿਆਚਾਰਾਂ ਨੂੰ ਸਾਹਮਣੇ ਲਿਆਉਂਦੀ ਹੈ। 'ਫ਼ਰਿਸ਼ਤੇ' ਅਤੇ 'ਰਣ ਖੇਤਰ' ਕਹਾਣੀਆਂ ਵਿਚ ਛੋਟੇ ਕਿਸਾਨਾਂ ਅਤੇ ਨਿਮਨ ਵਰਗ ਕਾਮਿਆਂ ਦੀ ਮੰਦੀ ਆਰਥਿਕ ਹਾਲਤ ਵਿਸ਼ਾ ਬਣਦੀ ਹੈ ਅਤੇ 'ਇੱਛਾਧਾਰੀ' ਅਤੇ 'ਕੀੜਿਆਂ ਦਾ ਭੌਣ' 'ਚ ਇਸ ਗੱਲ ਵੱਲ ਇਸ਼ਾਰਾ ਕੀਤਾ ਗਿਆ ਹੈ ਕਿ ਇਸ ਸ਼ੋਸ਼ਣ ਦਾ ਅਸਲ ਕਾਰਨ ਲੋਕਾਂ ਦੀ ਮਾਨਸਿਕਤਾ ਦੁਆਰਾ ਇਨ੍ਹਾਂ ਜ਼ੁਲਮਾਂ ਅਤੇ ਸੰਤਾਪਾਂ ਨੂੰ ਆਪਣੀ ਕਿਸਮਤ ਮੰਨ ਲੈਣਾ ਹੀ ਹੈ। ਕਹਾਣੀਕਾਰ ਨੇ ਸਰਮਾਏਦਾਰ ਅਤੇ ਮਜ਼ਦੂਰ ਵਰਗ ਵਿਚਲੇ ਪਾੜੇ ਅਤੇ ਖਿੱਚੋਤਾਣ ਨਾਲ ਜੂਝਦੇ ਇਨ੍ਹਾਂ ਪਾਤਰਾਂ ਨੂੰ ਨਿਪੁੰਨਤਾ ਨਾਲ ਸਿਰਜਿਆ ਹੈ।
ਪਾਤਰਾਂ ਦੇ ਮਾਨਸਿਕ ਦਵੰਦਾਂ ਨਾਲ ਆਂਤਰਿਕ ਵਿਵੇਕ ਦਾ ਸਿਰਜਣ ਕਹਾਣੀਕਾਰ ਦੀ ਖ਼ਾਸ ਕਲਾ ਦਾ ਸੂਚਕ ਬਣਦਾ ਹੈ ਅਤੇ ਪੇਂਡੂ ਸੱਭਿਆਚਾਰ ਦੀ ਖ਼ੂਬਸੂਰਤ ਪੇਸ਼ਕਾਰੀ ਉਸ ਦੇ ਅਨੁਭਵ ਅਤੇ ਖੋਜ ਨੂੰ ਦਰਸਾਉਂਦੀ ਹੈ। ਭਾਸ਼ਾ ਮੁਹਾਵਰਿਆਂ, ਅਖੌਤਾਂ ਨਾਲ ਭਰਪੂਰ ਹੋਣ ਕਾਰਨ ਨਿੱਗਰ ਤੇ ਠੋਸ ਪ੍ਰਤੀਤ ਹੁੰਦੀ ਹੈ ਅਤੇ ਚਿੰਨ੍ਹਾਂ, ਸੰਕੇਤਾਂ ਦੀ ਸੁਭਾਵਿਕ ਵਰਤੋਂ ਉਸ ਨੂੰ ਨਿਵੇਕਲਾਪਨ ਪ੍ਰਦਾਨ ਕਰਦੇ ਹਨ। ਕਿਰਪਾਲ ਕਜ਼ਾਕ ਦੀ ਸੂਖ਼ਮ ਨੀਝ, ਵਾਤਾਵਰਨ ਉਸਾਰੀ 'ਚ ਪ੍ਰਬੀਨਤਾ ਅਤੇ ਪ੍ਰਤੀਕਾਂ ਦੀ ਬਹੁ-ਪਰਤੀ ਵਰਤੋਂ ਇਸ ਪੁਸਤਕ ਨੂੰ ਹੋਰ ਵਿਲੱਖਣ ਬਣਾਉਂਦੀ ਹੈ।

ਡਾ: ਸੰਦੀਪ ਰਾਣਾ
ਮੋ: 98728-87551

08-11-2020

ਸਤਿ ਦਾ ਵਿਉਪਾਰੀ
ਲੇਖਕ : ਕ੍ਰਿਸ਼ਨ ਸਿੰਘ
ਪ੍ਰਕਾਸ਼ਕ : ਸਮਰਾਟ ਪਬਲੀਕੇਸ਼ਨਜ਼, ਮੋਗਾ
ਮੁੱਲ : 100 ਰੁਪਏ, ਸਫ਼ੇ : 96
ਸੰਪਰਕ : 094622-90937.


ਹਨੂਮਾਨਗੜ੍ਹ (ਰਾਜਸਥਾਨ) ਨਿਵਾਸੀ ਲੇਖਕ ਦਾ ਇਹ ਪੰਜਵਾਂ ਕਹਾਣੀ ਸੰਗ੍ਰਹਿ ਹੈ। ਪਹਿਲੀਆਂ ਚਾਰ ਕਿਤਾਬਾਂ ਨੂੰ ਪਾਠਕਾਂ ਵਲੋਂ ਚੰਗਾ ਹੁੰਗਾਰਾ ਮਿਲਿਆ ਹੈ। ਮਾਸਕ ਪ੍ਰੀਤਲੜੀ ਦਾ ਉਹ ਸਿਰੜੀ ਪਾਠਕ ਹੈ। ਪੂਨਮ ਸਿੰਘ ਸੰਪਾਦਕਾ ਪ੍ਰੀਤਲੜੀ ਨੇ ਲਿਖਿਆ ਹੈ ਕਿ ਕਹਾਣੀਆਂ ਦਾ ਵਹਾਓ ਇੰਜ ਹੈ ਜਿਵੇਂ ਕੁਮੈਂਟਰੀ ਚੱਲ ਰਹੀ ਹੋਵੇ। ਕਹਾਣੀਆਂ ਬਾਤਾਂ ਵਰਗੀਆਂ ਹਨ। ਕਹਾਣੀਆਂ ਵਿਚ ਮੂਲ ਕਹਾਣੀ ਵਾਲੇ ਸਾਰੇ ਮੀਰੀ ਗੁਣ ਹਨ। ਸਿਰਲੇਖ ਵਾਲੀ ਕਹਾਣੀ ਵਿਚ ਮੁੱਖ ਪਾਤਰ ਗੁਰਸਿੱਖ ਹੈ। ਸਾਰਾ ਪਰਿਵਾਰ ਅੰਮ੍ਰਿਤਧਾਰੀ ਹੈ। ਦੁਕਾਨਦਾਰ ਹੈ। ਇਕ ਪੁੱਤਰ ਹੈ। ਪੁੱਤਰ ਘਰ ਕੋਈ ਬੱਚਾ ਨਹੀਂ ਹੈ। ਸਿੱਖ ਧਰਮ ਵਿਚ ਐਨੀ ਆਸਥਾ ਹੈ ਕਿ ਗੁਰਦੁਆਰੇ ਦਾ ਨਿਤਨੇਮੀ ਹੈ। ਮੁੱਖ ਪਾਤਰ ਦੀ ਮੌਤ ਹੋ ਜਾਂਦੀ ਹੈ। ਲੋਕ ਘਰ ਵਿਚ ਇਕਠੇ ਹੋ ਰਹੇ ਹਨ। ਸਸਕਾਰ ਦੀ ਤਿਆਰੀ ਹੈ। ਮਾਹੌਲ ਦੁੱਖ ਤੇ ਉਦਾਸੀ ਵਾਲਾ ਹੈ। ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਾਉਣ ਦੀ ਤਿਆਰੀ ਹੈ। ਪਰ ਅਚਾਨਕ ਸਰੀਰ ਦੀ ਹਰਕਤ ਹੁੰਦੀ ਹੈ। ਗਿਆਨੀ ਜੀ ਉਠ ਕੇ ਬੈਠ ਜਾਂਦੇ ਹਨ। ਲੋਕਾਂ ਵਿਚ ਖੁਸ਼ੀ ਹੈ। ਗਿਆਨੀ ਜੀ ਸਾਰੀ ਵਾਰਤਾ ਸੁਣਾਉਂਦੇ ਹਨ। ਧਰਮਰਾਜ ਦੀ ਮੁਲਾਕਾਤ ਦਾ ਜ਼ਿਕਰ ਹੈ। ਕਹਾਣੀ ਵਿਚ ਸਤਿ ਦਾ ਵਿਉਪਾਰ ਭਾਵ ਧਰਮ ਦਾ ਮਾਰਗ ਉੱਤਮ ਦਰਸਾਇਆ ਹੈ। ਕਹਾਣੀ ਸਾਥੀ ਬਿਨਾਂ ਕਾਹਦਾ ਜੀਵਨ ਵਿਚ ਬਜ਼ੁਰਗ ਜੋੜਾ ਵਿਦੇਸ਼ ਜਾਂਦਾ ਹੈ। ਹਵਾਈ ਅੱਡੇ ਤੇ ਨੂੰਹ ਪੁਤਰ ਲੈਣ ਆਉਂਦੇ ਹਨ ਪਰ ਬਜ਼ੁਰਗ ਔਰਤ ਇਹ ਵੇਖ ਕੇ ਸਦਮੇ ਵਿਚ ਆ ਜਾਂਦੀ ਹੈ ਕਿ ਪੁੱਤਰ ਸਿੱਖੀ ਛੱਡ ਕੇ ਇਸਾਈ ਬਣ ਚੁੱਕਾ ਹੈ। ਦੁੱਖਾਂ ਵਿਚ ਥਾਂ 'ਤੇ ਬਜ਼ੁਰਗ ਔਰਤ ਦੀ ਮੌਤ ਹੋ ਜਾਂਦੀ ਹੈ। ਲੋਕ ਸੰਭਾਲਦੇ ਹਨ। ਬਜ਼ੁਰਗ ਵੀ ਛੇਤੀ ਪੰਜਾਬ ਵਾਪਸ ਆ ਜਾਂਦਾ ਹੈ। ਉਸ ਦੀ ਜੀਵਨ ਸਾਥਣ ਧਰਮ ਦੀ ਖਾਤਰ ਜਾਨ ਨਿਸ਼ਾਵਰ ਕਰ ਜਾਂਦੀ ਹੈ। 'ਖਸਮਾਂ ਖਾਣੀ' ਦੀ ਔਰਤ ਤਿੰਨ ਵਾਰੀ ਵਿਆਹ ਕਰਾਉਂਦੀ ਹੈ ਪਰ ਜਾਇਦਾਦ ਦੇ ਲਾਲਚ ਵਿਚ ਪਤੀਆਂ ਨੂੰ ਮਾਰ ਦਿੰਦੀ ਹੈ। ਪੁਸਤਕ ਦੀਆਂ ਸਾਰੀਆਂ ਕਥਾਵਾਂ ਦਿਲਚਸਪ ਹਨ। ਡਾਕਾ, ਓੜਕ ਸੱਚ ਰਹੀ, ਕੀ ਲੈਣਾ ਸਾਧਣੀ ਬਣ ਕੇ, ਬਹਾਰ ਕਦੇ ਨਾ ਆਈ, ਅਖੀਰ ਤੱਕ ਤੋੜ ਨਿਬਾਹੀ, ਕਰਮਾਂ ਵਾਲੀ ਪੜ੍ਹਨ ਵਾਲੀਆਂ ਫ਼ਿਲਮੀ ਤਰਜ਼ ਦੀਆਂ ਮੌਲਿਕ ਤੇ ਰੌਚਿਕ ਕਥਾਵਾਂ ਹਨ। ਪੁਸਤਕ ਦਾ ਸਵਾਗਤ ਹੈ।


-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160


ਰਾਣੀ ਰੁੱਤ
ਕਵੀ : ਰਿਪੁਦਮਨ ਸਿੰਘ ਰੂਪ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 300 ਰੁਪਏ, ਸਫ਼ੇ : 82
ਸੰਪਰਕ : 98767-68960.


ਸ: ਰਿਪੁਦਮਨ ਸਿੰਘ ਰੂਪ ਦਾ ਜਨਮ ਅਤੇ ਪਾਲਣ-ਪੋਸ਼ਣ ਸਾਹਿਤਕਾਰਾਂ ਦੇ ਪਰਿਵਾਰ ਵਿਚ ਹੋਇਆ ਹੈ। ਸਿੱਟੇ ਵਜੋਂ ਉਸ ਨੇ ਤਮਾਮ ਉਮਰ ਸਾਹਿਤ ਦਾ ਅਧਿਐਨ ਕਰਨ ਅਤੇ ਸਾਹਿਤ ਨੂੰ ਜੀਣ-ਥੀਣ ਵਿਚ ਹੀ ਲਗਾਈ ਰੱਖੀ ਹੈ। 'ਰਾਣੀ ਰੁੱਤ' ਉਸ ਦਾ ਇਕਲੌਤਾ ਕਾਵਿ ਸੰਗ੍ਰਹਿ ਹੈ, ਜਿਸ ਦਾ ਪ੍ਰਥਮ ਪ੍ਰਕਾਸ਼ਨ ਅੱਜ ਤੋਂ ਤਿੰਨ ਦਹਾਕੇ ਪਹਿਲਾਂ ਹੋਇਆ ਸੀ ਅਤੇ ਤਾਅਜੁੱਬ ਹੈ ਕਿ ਅੱਜ ਵੀ ਇਸ ਵਿਚ ਉਹੀ ਤਾਜ਼ਗੀ ਅਤੇ ਅਨੁਭਵ ਦੀ ਸ਼ਿੱਦਤ ਬਰਕਰਾਰ ਹੈ। ਅਸਲ ਵਿਚ ਜਦੋਂ ਕਵੀ ਅਨੁਭਵ ਦੇ ਆਵੇਸ਼ ਵਿਚ ਆ ਕੇ, ਤਰੰਗਿਤ ਹੋ ਕੇ ਲਿਖਦਾ ਹੈ ਤਾਂ ਭਾਵਾਂ ਦੀ ਤਰੰਗ ਉਸ ਦੀਆਂ ਰਚਨਾਵਾਂ ਵਿਚ ਇਸ ਕਦਰ ਪ੍ਰਵੇਸ਼ ਕਰ ਜਾਂਦੀ ਹੈ ਕਿ ਹਰ ਪੜ੍ਹਤ ਦੌਰਾਨ ਇਹ 'ਚਾਰਜ' ਹੋ ਜਾਂਦੀ ਹੈ। ਇਸ ਪ੍ਰਕਾਰ 'ਰਾਣੀ ਰੁੱਤ' ਦੀਆਂ ਸਾਰੀਆਂ ਕਵਿਤਾਵਾਂ 'ਚਾਰਜਡ-ਅਨੁਭੂਤੀ' ਪ੍ਰਦਾਨ ਕਰਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਸ਼ਿੰਗਾਰ ਅਤੇ ਹੋਰ ਰਸਾਂ ਦੀ ਨਿਸ਼ਪੱਤੀ ਵੀ ਬੜੀ ਤੀਬਰ ਨਜ਼ਰ ਆਉਂਦੀ ਹੈ। ਦੇਖੋ :
ਸਾਉਣ ਮਹੀਨਾ ਜੋਬਨ ਚੜ੍ਹਿਆ/ਅੰਗ ਅੰਗ ਵਿਚ ਰਸ ਹੈ ਭਰਿਆ
ਰੁੱਤ-ਪਰੀ ਸਜ ਧਜ ਕੇ ਆਈ/ਹੁਸਨਾਂ ਦੀ ਉਸ ਛਹਿਬਰ ਲਾਈ
ਸਿਰ ਉਤੇ ਸੱਤ ਰੰਗ ਦੀ ਚੁੰਨੀ/ਸ਼ਾਮਾਂ ਅਤੇ ਸਵੇਰਾਂ ਵਾਲੀ
ਤਲੀਆਂ ਉੱਤੇ ਮਹਿੰਦੀ ਲਾਈ/ਕਾਲੀਆਂ ਕਾਲੀਆਂ ਘੋਰ ਘਟਾਵਾਂ
ਜ਼ੁਲਫ਼ਾਂ ਵਾਂਗੂੰ ਉੱਡ ਰਹੀਆਂ ਨੇ। (ਰਾਣੀ ਰੁੱਤ, 11)
ਆਧੁਨਿਕ ਪ੍ਰਗਤੀਵਾਦੀ ਕਵਿਤਾ ਦਾ ਕਦੇ ਇਕ ਇਹ ਅੰਦਾਜ਼ ਵੀ ਹੁੰਦਾ ਸੀ ਕਿ ਇਸ ਦਾ ਪ੍ਰਬੰਧ ਦੂਹਰਾ ਹੁੰਦਾ ਸੀ। ਪਹਿਲਾਂ ਕਵੀ 'ਇਕ' ਬਿਰਤਾਂਤ ਪੇਸ਼ ਕਰਦਾ ਸੀ ਅਤੇ ਫਿਰ ਇਸ ਉੱਪਰ 'ਦੂਸਰਾ' ਵਿਰੋਧਮਈ ਬਿਰਤਾਂਤ ਟਿਕਾ ਦਿੰਦਾ ਸੀ। ਇਸ ਵਿਧੀ ਤੋਂ ਕਵੀ ਦਾ ਪ੍ਰਯੋਜਨ ਇਹ ਦਰਸਾਉਣਾ ਹੁੰਦਾ ਸੀ ਕਿ ਕਿਰਤੀ ਸ਼੍ਰੇਣੀਆਂ ਦੇ ਲੋਕਾਂ ਦੀਆਂ ਖੁਸ਼ੀਆਂ ਨਾਲ ਜੁੜੇ ਅਹਿਸਾਸ ਸਥਾਈ ਨਹੀਂ ਹੁੰਦੇ। ਸਮਾਜ ਵਿਚਲੀ ਕਾਣੀ-ਵੰਡ ਉਨ੍ਹਾਂ ਦੀਆਂ ਮਾਸੂਮ ਖੁਸ਼ੀਆਂ ਨੂੰ ਵੀ ਖੋਹ ਕੇ ਲੈ ਜਾਂਦੀ ਹੈ। ਸਿੱਟੇ ਵਜੋਂ ਕਾਣੀ-ਵੰਡ ਵਾਲੀ ਇਸ ਵਿਵਸਥਾ ਨੂੰ ਬਦਲਣਾ ਪੈਣਾ ਹੈ। ਕਵੀ ਨੇ ਭਾਰਤੀ ਸਮਾਜ ਵਿਚ ਭ੍ਰਿਸ਼ਟਾਚਾਰ, ਲੁੱਟ-ਖਸੁੱਟ ਅਤੇ ਧੱਕੇਸ਼ਾਹੀ ਦੀਆਂ ਅਨੇਕ ਤਸਵੀਰਾਂ ਆਪਣੀਆਂ ਇਨ੍ਹਾਂ ਕਵਿਤਾਵਾਂ ਵਿਚ ਪੇਸ਼ ਕੀਤੀਆਂ ਹਨ। ਕਦੇ-ਕਦੇ ਉਹ ਭਾਰਤੀ ਸਟੇਟ ਉੱਪਰ ਬੜੇ ਭਰਵੇਂ ਵਿਅੰਗ ਵੀ ਕਰਦਾ ਹੈ, ਜਿਸ ਨੇ ਲੋਕਾਂ ਨੂੰ ਦੋ ਵਕਤ ਦੀ ਰੋਟੀ ਅਤੇ ਸਿਰ ਦੀ ਛੱਤ ਤੋਂ ਵੀ ਮਹਿਰੂਮ ਕਰ ਰੱਖਿਆ ਹੈ। ਭਾਵਾਂ ਦੀ ਸਵੱਛਤਾ, ਅਭਿਵਿਅਕਤੀ ਦੀ ਸਟੀਕਤਾ ਅਤੇ ਰੂਪਾਕਾਰਕ ਨਿਰਛਲਤਾ, ਰੂਪ-ਕਾਵਿ ਦੇ ਕੁਝ ਨਿੱਖੜਵੇਂ ਲੱਛਣ ਹਨ। ਇਕ ਕਵਿਤਾ ਵਿਚ ਉਹ 'ਮਹਿੰਗਾਈ ਨੂੰ ਉਲੰਪਿਕ ਵਿਚ ਭੇਜਣ' ਦੀ ਤਜਵੀਜ਼ ਪੇਸ਼ ਕਰਦਾ ਹੈ। ਖ਼ੈਰ! ਹੁਣ ਤਾਂ ਫ਼ਿਰਕਾਪ੍ਰਸਤੀ, ਨਾਬਰਾਬਰੀ, ਅਨਿਆਇ ਅਤੇ ਗ਼ਰੀਬ ਧੀਆਂ ਦੇ ਜਬਰ ਜਨਾਹ ਆਦਿ ਵਿਚ ਵੀ ਸਾਡੇ ਪਾਸ ਤਗਮੇ ਹੀ ਤਗਮੇ ਆ ਜਾਣਗੇ। ਕਿਹੋ ਜਿਹੀ ਦਲਦਲ ਵਿਚ ਫਸ ਗਿਆ ਹੈ ਸਾਡਾ ਦੇਸ਼? ਰੂਪ ਵਰਗੇ ਸੁਹਿਰਦ ਕਵੀ ਹੀ ਆਸ਼ਾ ਦੀ ਕੋਈ ਕਿਰਨ ਪੇਸ਼ ਕਰ ਸਕਦੇ ਹਨ। ਕਰ ਵੀ ਰਹੇ ਹਨ।


-ਬ੍ਰਹਮਜਗਦੀਸ਼ ਸਿੰਘ
ਮੋ: 98760-52136ਅੱਖੀਂ ਡਿੱਠਾ ਉਪਰੇਸ਼ਨ ਬਲਿਊ ਸਟਾਰ
ਮੂਲ ਲੇਖਕ : ਜਗਦੀਸ਼ ਚੰਦਰ
ਸੰਪਾਦਕ : ਰਾਜਵਿੰਦਰ ਸਿੰਘ ਰਾਹੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 109
ਸੰਪਰਕ : 98157-51332.


ਹਥਲੀ ਪੁਸਤਕ ਜੂਨ 1984 ਵਿਚ ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਖੇ ਵਾਪਰੇ ਦੁਖਾਂਤਕ ਅਤੇ ਸੰਤਾਪਯੋਗ ਵੇਰਵਿਆਂ ਦਾ ਅੱਖੀਂ ਡਿੱਠਾ ਹਾਲ ਪਾਠਕਾਂ ਦੇ ਸਨਮੁਖ ਕਰਦੀ ਹੈ। ਭਾਵੇਂ ਇਸ ਬਲਿਊ ਸਟਾਰ ਉਪਰੇਸ਼ਨ ਬਾਬਤ ਬਹੁਤ ਸਾਰੀ ਸਮੱਗਰੀ ਸਰਕਾਰੀ ਜਾਂ ਅਰਧ-ਸਰਕਾਰੀ ਮੁਹਰ ਛਾਪਾਂ ਜ਼ਰੀਏ ਲੇਖਕਾਂ ਵਲੋਂ ਪਾਠਕਾਂ ਦੇ ਸਨਮੁਖ ਕੀਤੀ ਜਾਂਦੀ ਰਹੀ ਹੈ। ਪ੍ਰੰਤੂ ਇਹ ਪੁਸਤਕ ਉਨ੍ਹਾਂ ਵਰਨਣਾਂ ਤੋਂ ਹਟਵੇਂ ਪਰ ਅਸਲ ਤੱਥ-ਸੱਚ ਦਾ ਪ੍ਰਗਟਾਵਾ ਹੈ। ਮੂਲ ਲੇਖਕ ਜਗਦੀਸ਼ ਚੰਦਰ ਵੱਖ-ਵੱਖ ਭਾਸ਼ਾਵਾਂ ਵਿਚ ਸਾਹਿਤਕ ਵੰਨਗੀਆਂ ਦਾ ਲੇਖਕ ਰਿਹਾ ਹੈ। ਉਸ ਨੇ ਇਸ ਉਪਰੇਸ਼ਨ ਦਾ ਸਮੁੱਚਾ ਵੇਰਵਾ ਪਬਲਿਕ ਇਨਫਰਮੇਸ਼ਨ ਬਿਉਰੋ ਵਿਚ ਦੂਰਦਰਸ਼ਨ ਦੇ ਇਕ ਅਧਿਕਾਰੀ ਵਜੋਂ ਡਿਊਟੀ ਨਿਭਾਉਂਦਿਆਂ ਖ਼ੁਦ ਸ਼ਾਮਿਲ ਹੋ ਕੇ ਵੇਖਿਆ, ਜਿਸ ਨੂੰ ਉਸ ਨੇ ਬੜੇ ਜੇਰੇ ਨਾਲ ਵੱਖ-ਵੱਖ ਭਾਸ਼ਾਵਾਂ ਵਿਚ ਵੱਖ-ਵੱਖ ਅਖ਼ਬਾਰਾਂ ਮੈਗਜ਼ੀਨਾਂ ਆਦਿ ਵਿਚ ਪ੍ਰਕਾਸ਼ਿਤ ਕੀਤਾ। ਜਿਨ੍ਹਾਂ ਵਿਚੋਂ ਚੋਣਵੇਂ ਦ੍ਰਿਸ਼ਟਾਂਤਾਂ ਨੂੰ ਸੰਪਾਦਕ ਨੇ ਸੁਘੜ ਸਿਆਣਪ ਨਾਲ ਇਥੇ ਅੰਕਿਤ ਕੀਤਾ ਹੈ। ਮੂਲ ਲੇਖਕ ਦਾ ਹਿਰਦੇਵੇਦਕ ਬਿਆਨ ਸਿੱਖ ਜਗਤ ਨੂੰ ਇਕ ਨਵੀਂ ਜਾਣਕਾਰੀ ਦਿੰਦਾ ਹੈ। ਪਰਿਕਰਮਾ ਵਿਚ ਲਾਸ਼ਾਂ ਦੇ ਢੇਰਾਂ ਦੇ ਦ੍ਰਿਸ਼, ਆਕਾਲ ਤਖਤ ਸਾਹਿਬ ਦੇ ਉੱਪਰ ਚੱਲੀਆਂ ਗੋਲੀਆਂ, ਦੂਰੋਂ ਨੇੜਿਉਂ ਟੈਂਕਾਂ ਅਤੇ ਰਾਕਟਾਂ ਨਾਲ ਕੀਤੇ ਹਮਲੇ, ਪਾਣੀ ਦੀ ਟੈਂਕੀ ਨੂੰ ਤਬਾਹ ਕਰਨਾ, ਸਿੱਖ ਰੈਫਰੈਂਸ ਲਾਇਬਰੇਰੀ ਨੂੰ ਬਰਬਾਦ ਕਰਨਾ, ਬਿਜਲੀ ਪਾਣੀ ਦੀ ਸਪਲਾਈ ਬੰਦ ਕਰਨਾ, ਪਵਿੱਤਰ ਸਥਾਨ ਦੀ ਹਦੂਦ ਵਿਚ ਖਾਣ-ਪੀਣ ਦੀਆਂ ਵਰਜਿਤ ਚੀਜ਼ਾਂ ਦੀ ਵਰਤੋਂ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਹੋਰ ਸਿੱਖਾਂ ਉਤੇ ਕੀਤੇ ਹਮਲੇ ਦਾ ਵਰਨਣ ਦਰਦ ਭਰਪੂਰ ਹੈ। ਕੇਂਦਰ ਸਰਕਾਰ ਵਲੋਂ ਮੀਡੀਏ ਰਾਹੀਂ ਪ੍ਰਸਾਰਿਤ ਕੀਤੇ ਗਏ ਬਿਆਨ ਤੇ ਰਿਕਾਰਡਿੰਗ ਅਤੇ ਜ਼ਬਤ ਕੀਤੇ ਬਿਆਨ ਅਤੇ ਰਿਕਾਰਡਿੰਗ ਨੂੰ ਵੀ ਪੁਸਤਕ ਦਾ ਲੇਖਕ ਆਪਣੇ ਲਹੂ ਭਿੱਜੇ ਅੱਥਰੂਆਂ ਨਾਲ ਬਿਆਨ ਕਰਦਾ ਹੋਇਆ ਪ੍ਰਤੀਤ ਹੁੰਦਾ ਹੈ। ਲੇਖਕ ਸਰਕਾਰੀ ਉੱਚ ਅਹੁਦੇਦਾਰਾਂ, ਉਸ ਸਮੇਂ ਦੇ ਹਮਲਾਵਰ ਮਿਲਟਰੀ ਅਫਸਰਾਂ ਅਤੇ ਸਰਕਾਰੀ ਭਾਸ਼ਾ ਨੂੰ ਹੀ ਬੋਲਣ ਵਾਲਿਆਂ ਦੇ ਪਰਦੇ ਵੀ ਫਾਸ਼ ਕਰਦਾ ਹੈ ਅਤੇ ਹੋਰ ਬਾਈ ਗੁਰਦੁਆਰਿਆਂ ਵਿਚ ਕੀਤੀ ਗਈ ਫ਼ੌਜੀ ਕਾਰਵਾਈ ਬਾਬਤ ਵੀ ਜਾਣਕਾਰੀ ਦਿੰਦਾ ਹੈ। ਸੰਤ ਲੌਂਗੋਵਾਲ, ਟੌਹੜਾ ਸਾਹਿਬ, ਗਿਆਨੀ ਜ਼ੈਲ ਸਿੰਘ ਅਤੇ ਹੋਰ ਹਸਤੀਆਂ ਵਲੋਂ ਜੋ ਬਿਆਨ ਦਿੱਤੇ ਜਾਂਦੇ ਰਹੇ ਹਨ, ਚਾਹੇ ਉਹ ਸਰਕਾਰੀ ਨਿਸਚਿਤ ਭਾਸ਼ਾ 'ਚ ਸਨ ਜਾਂ ਥੋੜ੍ਹੇ ਬਹੁਤੇ ਸੱਚ ਨੂੰ ਪੇਸ਼ ਕਰਦੇ ਸਨ, ਉਨ੍ਹਾਂ ਦਾ ਵੀ ਪੁਸਤਕ ਵਿਚ ਬੇਬਾਕ ਹੋ ਕੇ ਲੇਖਕ ਨੇ ਵਰਨਣ ਕੀਤਾ ਹੈ। ਸੰਪਾਦਕ ਰਾਜਵਿੰਦਰ ਸਿੰਘ ਰਾਹੀ ਦੀ ਵਿਸ਼ੇਸ਼ ਘਾਲਣਾ ਸਦਕਾ ਪਾਠਕਾਂ ਨੂੰ ਇਹ ਪੁਸਤਕ ਪ੍ਰਾਪਤ ਹੋ ਰਹੀ ਹੈ।


-ਡਾ: ਜਗੀਰ ਸਿੰਘ ਨੂਰ
ਮੋ: 98142-09732


ਤਾਰਿਆਂ ਤੋਂ ਅੱਗੇ

ਨਾਵਲਕਾਰ : ਡਾ: ਸੁਨੀਤਾ ਅਗਰਵਾਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 151
ਸੰਪਰਕ : 98782-99996.


'ਤਾਰਿਆਂ ਤੋਂ ਅੱਗੇ' ਸੁਨੀਤਾ ਅਗਰਵਾਲ ਦਾ ਨਵਾਂ ਨਾਵਲ ਹੈ, ਜਿਸ ਵਿਚ ਨਾਵਲਕਾਰ ਨੇ ਜਿਥੇ ਇਕ ਗ਼ਰੀਬ ਵਿਅਕਤੀ ਦੀਆਂ ਤੰਗੀਆਂ-ਤੁਰਸ਼ੀਆਂ ਭਰੀ ਜ਼ਿੰਦਗੀ ਦਾ ਚਿੱਤਰ ਪੇਸ਼ ਕੀਤਾ ਹੈ, ਉਥੇ ਅਮੀਰ ਲੋਕਾਂ ਵਲੋਂ ਪੈਸੇ ਦੇ ਨਸ਼ੇ ਵਿਚ ਕਿਸੇ ਦੀ ਜ਼ਿੰਦਗੀ ਨੂੰ ਕਿਵੇਂ ਬਰਬਾਦ ਕੀਤਾ ਜਾਂਦਾ ਹੈ, ਉਸ ਦਾ ਵੀ ਵਿਵੇਕ ਸਹਿਤ ਵਰਨਣ ਕੀਤਾ ਹੈ। ਕਪਿਲੇਸ਼ਵਰ ਨਾਂਅ ਦਾ ਵਿਅਕਤੀ ਆਪਣੀ ਇਕ ਵੱਡੀ ਟੱਬਰੀ ਜਿਸ ਵਿਚ ਤਿੰਨ ਧੀਆਂ, ਦੋ ਪੁੱਤਰ ਅਤੇ ਪਤਨੀ ਸਮੇਤ ਰਹਿੰਦਾ ਹੈ। ਆਪਣਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰਦਾ ਹੈ। ਦੋਵੇਂ ਪੁੱਤਰਾਂ ਜਿਨ੍ਹਾਂ ਨੂੰ ਸੁੱਖਣਾ-ਸੁੱਖ ਕੇ ਲਿਆ ਹੁੰਦਾ ਹੈ, ਦੇ ਨਿਕੰਮੇਪਣ ਵਿਸ਼ੇਸ਼ ਕਰਕੇ ਵੱਡੇ ਪੁੱਤਰ ਪਦਮ ਦੀ ਜੂਏ ਦੀ ਆਦਤ ਕਾਰਨ ਘਰੇਲੂ ਵਾਤਾਵਰਨ ਆਰਥਿਕ ਪੱਖੋਂ ਹੋਰ ਵੀ ਕਮਜ਼ੋਰ ਹੋ ਜਾਂਦਾ ਹੈ। ਵੱਡੀ ਧੀ ਏਕਤਾ ਪਹਿਲਾਂ ਕੱਪੜੇ ਦੇ ਸ਼ੋ-ਰੂਮ 'ਤੇ ਕੰਮ ਕਰਦੀ ਹੈ ਅਤੇ ਫਿਰ ਉਥੋਂ ਹੀ ਕਿਸੇ ਅਮੀਰਜ਼ਾਦੇ ਦੀ ਪਸੰਦ ਬਣ ਕੇ ਉਸ ਨਾਲ ਵਿਆਹੀ ਜਾਂਦੀ ਹੈ ਤੇ ਇਥੋਂ ਹੀ ਉਸ ਦੇ ਦੁੱਖਾਂ ਦੀ ਕਹਾਣੀ ਸ਼ੁਰੂ ਹੋ ਜਾਂਦੀ ਹੈ। ਅਮੀਰ ਧੀਰਜ ਦੀ ਨਸ਼ੇ ਦੀ ਆਦਤ ਉਸ ਨੂੰ ਜ਼ਿੰਦਗੀ ਦੇ ਉਨ੍ਹਾਂ ਹਨੇਰਿਆਂ ਤੱਕ ਲੈ ਜਾਂਦੀ ਹੈ, ਜਿਥੇ ਰੌਸ਼ਨੀ ਦੀ ਕੋਈ ਕਿਰਨ ਹੀ ਦਿਖਾਈ ਨਹੀਂ ਦਿੰਦੀ। ਏਕਤਾ ਦੇ ਅਨੈਤਿਕ ਕਾਰਨਾਂ ਵਿਚ ਲਿਪਤ ਹੋਣ ਨਾਲ ਪਰਿਵਾਰਕ ਜ਼ਿੰਦਗੀ ਤਬਾਹ ਹੋ ਜਾਂਦੀ ਹੈ, ਇਥੋਂ ਤੱਕ ਕਿ ਉਹ ਨਿਰਦੋਸ਼ ਹੋਣ ਦੇ ਬਾਵਜੂਦ ਕਤਲ ਦੇ ਅਪਰਾਧ ਵਿਚ ਫਸ ਜਾਂਦੀ ਹੈ ਅਤੇ ਅੰਤ ਜ਼ਿੰਦਗੀ ਤੋਂ ਹਾਰ ਜਾਂਦੀ ਹੈ। ਨਾਵਲਕਾਰਾ ਨੇ ਇਸ ਨਾਵਲ ਵਿਚ ਰਹੱਸਾਤਮਕ ਅਤੇ ਪਿਛਲਝਾਤ ਦੀਆਂ ਜੁਗਤਾਂ ਦੁਆਰਾ ਨਾਵਲੀ ਬਿਰਤਾਂਤ ਨੂੰ ਗਤੀਸ਼ੀਲ ਬਣਾਇਆ ਹੈ। ਜਿਸ ਵਿਚ ਆਪਣਿਆਂ ਦੀ ਬੇਵਫ਼ਾਈ, ਧੋਖਾਧੜੀ, ਆਰਥਿਕ ਮੰਦਹਾਲੀ, ਪਛਤਾਵਾ ਆਦਿ ਬਹੁਤ ਸਾਰੇ ਵਿਸ਼ੇ ਨਾਵਲ ਦੇ ਬਿਰਤਾਂਤ ਵਿਚ ਸਮਾਏ ਹੋਏ ਹਨ। ਸੁਨੀਤਾ ਅਗਰਵਾਲ ਨੇ ਨਾਵਲ ਵਿਚ ਮੌਕਾ-ਮੇਲ ਦੀ ਜੁਗਤ ਦਾ ਪ੍ਰਯੋਗ ਕਰਨਵੀਰ ਦੀ ਜੇਬ ਕੱਟਣ ਅਤੇ ਏਕਤਾ ਦੇ ਕਤਲ ਵਿਚ ਫਸਣ ਦੇ ਪ੍ਰਸੰਗ ਵਿਚ ਬਾਖੂਬੀ ਕੀਤਾ ਹੈ। ਸੁਨੀਤਾ ਅਗਰਵਾਲ ਭਵਿੱਖ ਵਿਚ ਹੋਰ ਵੀ ਚੰਗੇਰਾ ਲਿਖੇਗੀ, ਇਹ ਉਮੀਦ ਹੈ।


-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.


ਚਲਾਕ ਲੋਕ
ਲੇਖਕ : ਭੀਮ ਸਿੰਘ ਗਰਚਾ
ਪ੍ਰਕਾਸ਼ਕ : ਗੋਸਲ ਪ੍ਰਕਾਸ਼ਨ, ਲੁਧਿਆਣਾ।
ਮੁੱਲ : 180 ਰੁਪਏ, ਸਫ਼ੇ : 96
ਸੰਪਰਕ : 98143-51394.


'ਚਲਾਕ ਲੋਕ' ਲੇਖਕ ਭੀਮ ਸਿੰਘ ਗਰਚਾ ਦਾ ਤੀਸਰਾ ਮਿੰਨੀ ਕਹਾਣੀ ਸੰਗ੍ਰਹਿ ਹੈ। ਇਸ ਹਥਲੇ ਸੰਗ੍ਰਹਿ 'ਚ 58 ਮਿੰਨੀ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਨ੍ਹਾਂ ਮਿੰਨੀ ਕਹਾਣੀਆਂ 'ਚ ਲੇਖਕ ਨੇ ਮਾਨਵੀ ਜੀਵਨ ਦੀਆਂ ਵੱਖ-ਵੱਖ ਪਰਤਾਂ ਨੂੰ ਛੋਹਿਆ ਹੈ। ਇਨ੍ਹਾਂ ਕਹਾਣੀਆਂ 'ਚ ਸਾਡੇ ਸਮਾਜ 'ਚ ਫੈਲ ਰਹੇ ਵਹਿਮਾਂ-ਭਰਮਾਂ ਅਤੇ ਅੰਧਵਿਸ਼ਵਾਸਾਂ ਦੇ ਮੱਕੜਜਾਲ 'ਚੋਂ ਮੁਕਤ ਹੋਣ ਦਾ ਸੁਨੇਹਾ, ਸਾਡੇ ਸਮਾਜਿਕ ਰਿਸ਼ਤਿਆਂ 'ਚ ਵਧ ਰਹੀ ਕੁੜੱਤਣ, ਵੋਟ ਬਟੋਰੂ ਲੀਡਰਾਂ ਦੀਆਂ ਚਾਲਬਾਜ਼ੀਆਂ, ਬੁਢਾਪੇ ਦੇ ਦਿਨਾਂ 'ਚ ਬਜ਼ੁਰਗਾਂ ਨੂੰ ਔਲਾਦ ਵਲੋਂ ਬਿਰਧ ਆਸ਼ਰਮਾਂ 'ਚ ਛੱਡਣ ਦਾ ਦਰਦ, ਖੇਤਾਂ ਦੀਆਂ ਵੱਟਾਂ-ਡੌਲਾਂ ਖਾਤਰ ਹੁੰਦੀ ਕਤਲੋ-ਗਾਰਤ ਆਦਿ ਮੰਦਭਾਗੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਦਾ ਸਾਰਥਕ ਸੁਨੇਹਾ ਹੈ। 'ਤੋਤਾ' ਕਹਾਣੀ 'ਚ ਲੇਖਕ ਨੇ ਇਕ ਰਿਸ਼ਵਤਖੋਰ ਪੁੁਲਿਸ ਮੁਲਾਜ਼ਮ ਵਲੋਂ ਚੰਦ ਛਿੱਲੜਾਂ ਖਾਤਰ ਇਕ ਗ਼ਰੀਬ ਆਦਮੀ ਪ੍ਰਤੀ ਉਸ ਦੇ ਬਦਲਦੇ ਤੇਵਰਾਂ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ ਜੋ ਕਿ ਸਾਡੇ ਸਿਸਟਮ 'ਚ ਫੈਲ ਰਹੇ ਰਿਸ਼ਵਤਖੋਰੀ ਦੇ ਕੋਹੜ ਦਾ ਦਰਦਨਾਕ ਪੱਖ ਹੈ। 'ਧੀਆਂ ਵਾਲੇ' ਕਹਾਣੀ 'ਚ ਅਜੋਕੇ ਸਮੇਂ 'ਚ ਧੀਆਂ ਦੇ ਮਾਪਿਆਂ ਦੀ ਪੀੜ ਨੂੰ ਬਿਆਨਿਆ ਗਿਆ ਹੈ ਕਿ ਕਿਸ ਤਰ੍ਹਾਂ ਅਜੋਕੇ ਸਮੇਂ ਚੰਗੇ ਰਿਸ਼ਤਿਆਂ ਦੀ ਭਾਲ 'ਚ ਧੀਆਂ ਦੇ ਮਾਪੇ ਮਾਨਸਿਕ ਪ੍ਰੇਸ਼ਾਨੀਆਂ 'ਚੋਂ ਗੁਜ਼ਰਦੇ ਹਨ। 'ਖੁਸ਼ੀ ਦਾ ਰਾਜ਼' ਕਹਾਣੀ 'ਚ ਇਕ ਗ਼ਰੀਬ ਵਿਅਕਤੀ ਵਲੋਂ ਛੋਟੀਆਂ-ਛੋਟੀਆਂ ਚੀਜ਼ਾਂ 'ਚੋਂ ਖੁਸ਼ੀਆਂ ਲੱਭਣ ਦਾ ਖ਼ੂਬਸੂਰਤ ਚਿਤਰਨ ਹੈ। 'ਸਪੋਲੀਆ' ਅਤੇ 'ਪ੍ਰੇਤ' ਕਹਾਣੀਆਂ 'ਚ ਅਖੌਤੀ ਸੰਤਾਂ ਅਤੇ ਪਾਖੰਡੀਆਂ ਵਲੋਂ ਧਰਮ ਦੀ ਆੜ 'ਚ ਲੋਕਾਂ ਦੇ ਕੀਤੇ ਜਾਂਦੇ ਆਰਥਿਕ, ਮਾਨਸਿਕ ਅਤੇ ਸਰੀਰਕ ਸ਼ੋਸ਼ਣ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਸੰਗ੍ਰਿਹ ਦੀਆਂ ਹੋਰ ਕਹਾਣੀਆਂ 'ਚ 'ਜੇਬ ਕਤਰਾ', 'ਭਾਣਾ', 'ਜ਼ਮੀਰ ਦੀ ਪੁਕਾਰ', 'ਬਦਲਾ', 'ਭੀੜ', 'ਬਦਲਦੇ ਹਾਲਾਤ', 'ਵਿਸ਼ਵਾਸ ਦਾ ਕਤਲ', 'ਆਖ਼ਰੀ ਖਾਹਿਸ਼', 'ਅਹਿਸਾਸ', 'ਵੱਢਖਾਣਾ', 'ਹਉਕੇ, 'ਤੇਲਾ', 'ਅਨੋਖੀ ਤਾਕਤ ', 'ਹੱਥ ਕੰਡੇ', 'ਖ਼ਰਾ ਦੁੱਧ' ਆਦਿ ਕਹਾਣੀਆਂ ਵੀ ਕਾਬਲੇ-ਤਾਰੀਫ਼ ਹਨ। ਲੇਖਕ ਭੀਮ ਸਿੰਘ ਗਰਚਾ ਦੀ ਖ਼ੂਬੀ ਇਹ ਹੈ ਕਿ ਉਸ ਦੀ ਕਹਾਣੀ ਅੰਤਲੇ ਪੜਾਅ 'ਤੇ ਪਹੁੰਚ ਕੇ ਪਾਠਕ ਨੂੰ ਉਲਝਾਉਂਦੀ ਨਹੀਂ ਸਗੋਂ ਬੜੀ ਹੀ ਸਹਿਜਤਾ ਨਾਲ ਕੋਈ ਨਾ ਕੋਈ ਸਾਰਥਕ ਸੁਨੇਹਾ ਦਿੰਦੀ ਸੰਪੂਰਨ ਹੁੰਦੀ ਹੈ।


-ਮਨਜੀਤ ਸਿੰਘ ਘੜੈਲੀ
ਮੋ: 98153-91625


ਸਤਨਾਜਾ
ਲੇਖਕ : ਸੁਖਮੰਦਰ ਸਿੰਘ ਬਰਾੜ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 96
ਸੰਪਰਕ : 94650-16000.


ਸਤਨਾਜਾ ਪੁਸਤਕ ਵਿਚ 61 ਕਵਿਤਾਵਾਂ ਸ਼ਾਮਿਲ ਹਨ ਜੋ ਕਵੀ ਨੇ ਬਹੁਤ ਹੀ ਸਰਲ ਸਾਦੀ ਭਾਸ਼ਾ ਵਿਚ ਰਚੀਆਂ ਹਨ ਅਤੇ ਜਿਨ੍ਹਾਂ ਦੇ ਵਿਸ਼ੇ ਕਾਫ਼ੀ ਸੂਖਮ ਕਿਸਮ ਦੇ ਹਨ ਜੋ ਸਮਾਜ ਵਿਚ ਮਹੱਤਵਪੂਰਨ ਥਾਂ ਰੱਖਦੇ ਹਨ। ਕਵੀ ਨੇ ਪੇਂਡੂ ਸੱਭਿਆਚਾਰ ਅਤੇ ਵਿਰਸੇ ਦੇ ਕਈ ਰੰਗ ਪਾਠਕਾਂ ਸਾਹਮਣੇ ਰੱਖੇ ਹਨ।
ਪਰਵਾਸ ਹੰਢਾਉਂਦਾ ਕਵੀ ਪੰਜਾਬ, ਪੰਜਾਬੀਅਤ ਨਾਲ ਵੀ ਡਾਢਾ ਮੋਹ ਪਾਲੀ ਰੱਖਦਾ ਹੈ। ਕੈਨੇਡਾ ਵਾਪਸੀ ਕਵਿਤਾ ਵਿਚ ਭਾਰਤ ਤੋਂ ਕੈਨੇਡਾ ਜਾ ਰਹੇ ਮੁੜ ਕੰਮ ਦੀ ਰਫ਼ਤਾਰ ਫੜਨ ਅਤੇ ਜ਼ਿੰਦਗੀ ਨੂੰ ਲੀਹੇ ਲਿਆਉਣ ਲਈ ਕੀਤੀ ਜਾਣ ਵਾਲੀ ਮੁਸ਼ੱਕਤ ਅਤੇ ਮਿਹਨਤ ਨੂੰ ਪੇਸ਼ ਕਰਦੀ ਹੈ। ਨਿੱਕੇ-ਨਿੱਕੇ ਵਿਸ਼ਿਆਂ ਉੱਪਰ ਗੂੜ੍ਹੇ ਕਟਾਖਸ਼ ਕਰਦਾ ਕਵੀ ਸਾਡੀ ਮਾਨਸਿਕਤਾ ਨੂੰ ਝੰਜੋੜ ਜਾਂਦਾ ਹੈ। 1500 ਸੌ ਦਾ ਨੋਟ, ਫ਼ੌਜੀ ਫ਼ੌਜਣ, ਮੋਟੀ ਵਹੁਟੀ, ਬੰਗਾਲਣ ਵਹੁਟੀ, ਗੈਸੀ ਚੁੱਲ੍ਹਾ, ਅਪਰਾਧੀ, ਪਾਖੰਡੀ ਸੋਚ, ਵਾਅਦਾ ਆਦਿ ਕਵਿਤਾਵਾਂ ਇਸ ਲਈ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਸਤਨਾਜਾ ਕਵਿਤਾ ਜਾਨਵਰਾਂ ਦੀਆਂ ਹਰਕਤਾਂ ਅਤੇ ਜੀਵਨ ਢੰਗ ਨੂੰ ਪ੍ਰਗਟ ਕਰਦੀ ਅਨੋਖੀ ਕਵਿਤਾ ਹੈ। 'ਰੁਝੇਵੇਂ' ਕਵਿਤਾ ਆਮ ਸੁਆਣੀ ਦੇ ਦਿਨ ਭਰ ਦੇ ਰੁਝੇਵਿਆਂ ਦੀ ਅਨੋਖੀ ਦਾਸਤਾਨ ਜਾਪਦੀ ਹੈ। ਇਹ ਕਵਿਤਾ ਪੁਰਾਤਨ ਪੇਂਡੂ ਜੀਵਨ ਦੇ ਰੰਗ ਵੀ ਪੇਸ਼ ਕਰਦੀ ਹੈ।
ਵਿਅੰਗ ਵੜਾਂਗਾ ਇਸ ਸੰਗ੍ਰਹਿ ਦਾ ਦੂਸਰਾ ਭਾਗ ਹੈ ਜਿਸ ਰਾਹੀਂ ਕਵੀ ਨੇ ਰੀਸ ਕਰਨ ਦੀ ਆਦਤ ਤੇ ਸਮਾਂ ਨਿਕਲਣ ਤੋਂ ਬਾਅਦ ਪਛਤਾਉਣ ਦੀ ਮਨੁੱਖੀ ਫਿਤਰਤ ਦਾ ਪ੍ਰਗਟਾਵਾ ਕੀਤਾ ਹੈ। 'ਬਾਬਾ' ਸ਼ਬਦ ਦੀ ਵਾਰ-ਵਾਰ ਵਰਤੋਂ ਕਰਕੇ ਲਿਖੀਆਂ ਗਈਆਂ ਇਹ ਰਚਨਾਵਾਂ ਨਿੱਕੇ-ਨਿੱਕੇ ਵਿਸ਼ਿਆਂ ਨੂੰ ਮਹੱਤਵਪੂਰਨ ਢੰਗ ਨਾਲ ਪ੍ਰਗਟ ਕਰਦੀਆਂ ਹਨ। ਬੇਪਰਵਾਹ, ਸਿਆਣਿਆਂ ਦਾ ਸੱਚ, ਜੱਫੀ ਤੇ ਬਜ਼ੁਰਗ ਕਹਾਵਤਾਂ ਪਾਠਕਾਂ ਦੀ ਜਾਣਕਾਰੀ ਵਿਚ ਵਾਧਾ ਕਰਦੀਆਂ ਹਨ।
ਕਵੀ ਨੇ ਸਮਾਜਿਕ ਸਮੱਸਿਆਵਾਂ ਬਾਰੇ ਵੀ ਖੁੱਲ੍ਹ ਕੇ ਕਾਵਿ ਰਚਨਾਵਾਂ ਰਚੀਆਂ ਹਨ। ਗੁੱਝਿਆ ਭੇਦ, ਆਪੇ ਦੀ ਸ਼ੋਹਰਤ, ਥੈਲਿਉਂ ਬਿੱਲੀ, ਚੋਰ ਚਲਾਕੀਆਂ, ਪਾਖੰਡ ਕਵਿਤਾਵਾਂ ਵਿਚਲੇ ਵਿਅੰਗ ਸਲਾਹੁਣਯੋਗ ਹਨ। ਇਸ ਪ੍ਰਕਾਰ ਸਤਨਾਜਾ ਕਾਵਿ ਸੰਗ੍ਰਹਿ ਜੀਵਨ ਦੇ ਵੱਖ-ਵੱਖ ਅਨੁਭਵਾਂ ਅਤੇ ਭਾਵਾਂ ਦਾ ਪ੍ਰਗਟਾਅ ਕਰਦਾ ਹੋਣ ਕਾਰਨ ਹੀ ਸਤਨਾਜਾ ਬਣ ਸਕਿਆ ਹੈ। ਕਵੀ ਨੇ ਪੇਂਡੂ ਪੰਜਾਬੀ ਸੱਭਿਆਚਾਰ ਨੂੰ ਉਘਾੜਦੀਆਂ ਤਸਵੀਰਾਂ ਚਿੱਤਰ ਕੇ ਪੰਜਾਬੀ ਮਾਂ ਬੋਲੀ ਪ੍ਰਤੀ ਆਪਣੇ ਫਰਜ਼ ਨੂੰ ਪਛਾਣਿਆ ਤੇ ਪ੍ਰਗਟਾਇਆ ਹੈ। ਕਾਵਿ ਚਿੱਤਰ ਉਸਾਰਨ ਵਿਚ ਕਵੀ ਮਾਹਿਰ ਹੈ। ਕਵੀ ਨੇ ਕਈ ਪਾਤਰਾਂ ਨੂੰ ਕਥਾ ਰਸ ਦੀ ਜੁਗਤ ਨਾਲ ਪਾਠਕਾਂ ਸਾਹਮਣੇ ਪ੍ਰਗਟ ਕੀਤਾ ਹੈ।


-ਕੁਲਜੀਤ ਕੌਰ ਅਠਵਾਲ।


ਤੂੰ ਆਪਣੀ ਨਿਬੇੜ
ਲੇਖਕ : ਐਸ. ਖੁਸ਼ਹਾਲ ਗਲੋਟੀ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 136
ਸੰਪਰਕ : 77871-43278.


ਇਸ ਗੀਤ ਸੰਗ੍ਰਹਿ ਪੁਸਤਕ ਦੇ ਰਚੇਤਾ ਐਸ. ਖੁਸ਼ਹਾਲ ਗਲੋਟੀ ਹਨ, ਜੋ ਕਿ ਪ੍ਰੋੜ੍ਹ ਲਿਖਾਰੀ ਹਨ। ਉਨ੍ਹਾਂ ਵਲੋਂ ਇਸ ਤੋਂ ਪਹਿਲਾਂ ਤਿੰਨ ਪੁਸਤਕਾਂ ਦੀ ਰਚਨਾ ਕੀਤੀ ਗਈ ਹੈ। ਹੋਰਨਾਂ ਸਾਹਿਤ ਦੇ ਰੂਪਾਂ ਵਾਂਗ ਗੀਤ ਵੀ ਸਾਹਿਤ ਦੀ ਇਕ ਵਧੀਆ ਸਿਨਫ਼ ਹੈ ਅਤੇ ਗੀਤ ਲਿਖਣ 'ਚ ਲੇਖਕ ਦੀ ਚੰਗੀ ਪਕੜ ਹੈ। ਗੀਤ ਲਿਖਣ ਲੱਗਿਆਂ ਅਤੇ ਵਿਸ਼ੇ ਦੀ ਚੋਣ ਕਰਦਿਆਂ ਉਹ ਕਾਹਲ ਨਹੀਂ ਕਰਦਾ। ਉਸ ਕੋਲ ਜ਼ਿੰਦਗੀ ਦਾ ਵਿਸ਼ਾਲ ਤਜਰਬਾ ਅਤੇ ਅਨੁਭਵ ਹੈ। ਗੀਤਾਂ ਦੇ ਮਾਧਿਅਮ ਦੁਆਰਾ ਉਹ ਆਪਣੇ ਮਨ ਦੇ ਵਲਵਲਿਆਂ ਨੂੰ ਸਾਂਝੇ ਕਰਦਾ ਹੈ। ਉਸ ਨੂੰ ਪੰਜਾਬ ਅਤੇ ਪੰਜਾਬੀ ਬੋਲੀ ਨਾਲ ਪਿਆਰ ਹੈ। ਉਹ ਆਦਰਸ਼ਵਾਦੀ ਮਨੁੱਖ ਅਤੇ ਸਮਾਜ ਦੀ ਸਿਰਜਣਾ ਕਰਨੀ ਲੋਚਦਾ ਹੈ। ਉਹ ਚੰਗਾ ਇਨਸਾਨ, ਸਦਾਚਾਰ ਅਤੇ ਉਚ ਨੈਤਿਕ ਕਦਰਾਂ-ਕੀਮਤਾਂ ਅਪਣਾਉਣ 'ਤੇ ਜ਼ੋਰ ਦਿੰਦਾ ਹੈ ਅਤੇ ਕੁਦਰਤ ਦੇ ਨਿਯਮਾਂ ਦੀ ਅਟੱਲਤਾ ਸਬੰਧੀ ਸੁਚੇਤ ਹੈ। ਉਹ ਅਜਿਹੇ ਸਮਾਜ ਦੀ ਲੋਚਾ ਰੱਖਦਾ ਹੈ, ਜਿੱਥੇ ਭਾਈਚਾਰਾ, ਬੰਦੇ ਦਾ ਸਨਮਾਨ ਹੋਵੇ ਅਤੇ ਸਮੱਸਿਆਵਾਂ ਨਾ ਹੋਣ। ਉਹ ਪੰਜਾਬ ਦੇ ਦਿਨ-ਬ-ਦਿਨ ਬਦਲਦੇ ਮਾਹੌਲ 'ਤੇ ਚਿੰਤਤ ਹੈ ਅਤੇ ਇਸ ਦੇ ਅਤੀਤ 'ਤੇ ਝੂਰਦਾ ਇਉਂ ਬਿਆਨ ਕਰਦਾ ਹੈ :
ਮਾਈ ਭਾਗੋ ਜਿਹੀਆਂ ਨਾਰਾਂ ਵਾਲਾ
ਮਾਤਾ ਗੁਜਰੀ ਜਿਹੇ ਸੰਸਕਾਰਾਂ ਵਾਲਾ
ਅੱਜ ਪੰਜਾਬ ਕਿੱਥੇ ਗਿਆ, ਬਈ ਕਿੱਥੇ....
ਗੀਤਕਾਰ ਗੁਰਦੇਵ ਮਾਨ ਨੂੰ ਖ਼ੁਬਸੂਰਤ ਸ਼ਬਦਾਂ ਨਾਲ ਸ਼ਰਧਾਂਜਲੀ ਭੇਟ ਕਰਦਾ ਹੈ। ਲੇਖਕ ਗੀਤਾਂ ਦੇ ਵੰਨ-ਸੁਵੰਨੇ ਵਿਸ਼ਿਆਂ ਰਾਹੀਂ ਪਾਠਕ ਦਾ ਮਾਰਗ-ਦਰਸ਼ਕ ਬਣਦਾ ਹੈ। ਪੁਸਤਕ ਦਾ ਸਿਰਲੇਖ 'ਤੂੰ ਆਪਣੀ ਨਿਬੇੜ' ਦੀਆਂ ਕਾਵਿ ਲਾਈਨਾਂ ਦਾ ਇਕ ਨਮੂਨਾ :
ਕੋਈ ਸਰੂ ਵਾਂਗ ਜੀਵੇ
ਕੋਈ ਬੇਰੀ ਵਾਂਗ ਜੀਵੇ
ਛੱਡ ਬੋਲ ਤੇ ਕਬੋਲ ਰੱਖ ਬੁੱਲ੍ਹਾਂ ਉਤੇ ਸੀ
ਤੂੰ ਆਪਣੀ ਨਿਬੇੜ, ਤੈਨੂੰ ਕਿਸੇ ਨਾਲ ਕੀ।
'ਖ਼ਾਲਸਾ', 'ਐਫ਼.ਡੀ', 'ਲਾਲਾਂ ਦੀ ਜੋੜੀ', 'ਬੂਟਾ ਸਿੱਖੀ ਦਾ', 'ਧੰਨ-ਧੰਨ ਗੋਬਿੰਦ ਦਾ ਜੇਰਾ' ਅਤੇ ਕਈ ਹੋਰ ਧਾਰਮਿਕ ਗੀਤ ਵੀ ਪੁਸਤਕ 'ਚ ਦਰਜ ਹਨ। ਵੈਰਾਗ ਦੇ ਗੀਤ ਵੀ ਉਸ ਨੇ ਲਿਖੇ ਹਨ। ਲੇਖਕ ਧਾਰਮਿਕ ਵਿਚਾਰਾਂ ਦਾ ਧਾਰਨੀ ਹੋਣ ਕਰਕੇ ਪਰਮਾਤਮਾ 'ਚ ਸ਼ਰਧਾ-ਵਿਸ਼ਵਾਸ ਰੱਖਦਾ ਹੈ। ਉਹ ਸਮਾਜ ਨੂੰ ਵਧੀਆ ਚਲਦਾ ਰੱਖਣ ਲਈ ਧੀਆਂ ਦੀ ਲੋੜ ਮਹਿਸੂਸ ਕਰਦਾ ਹੋਇਆ ਉਨ੍ਹਾਂ ਦੀ ਹੋਂਦ ਨੂੰ ਵਡਿਆਉਂਦਾ ਹੈ। ਰਚਨਾਤਮਕ ਪੱਖੋਂ ਗੀਤਾਂ 'ਚ ਰਵਾਨਗੀ, ਸੰਗੀਤ, ਤੁਕਾਂਤਮੇਲ, ਪ੍ਰਵਾਹ, ਸਰਲਤਾ ਅਤੇ ਸਪੱਸ਼ਟਤਾ ਜਿਹੇ ਸਾਹਿਤਕ ਗੁਣ ਹਨ। ਪਾਠਕ ਕਾਵਿ ਲਾਈਨਾਂ ਨੂੰ ਪੜ੍ਹਦਿਆਂ ਕਿਤੇ ਅਟਕਦਾ ਨਹੀਂ ਹੈ। ਸਾਰਥਕ ਲੇਖਣੀ ਲਈ ਲੇਖਕ ਤੇ ਪ੍ਰਕਾਸ਼ਕ ਦੋਵੇਂ ਵਧਾਈ ਦੇ ਹੱਕਦਾਰ ਹਨ।


-ਮੋਹਰ ਗਿੱਲ ਸਿਰਸੜੀ
ਮੋ: 98156-59110

07-11-2020

 ਮੇਰੀਆਂ ਪਰਿਵਾਰਕ ਯਾਦਾਂ
ਲੇਖਕ : ਅਜਮੇਰ ਸਿੰਘ ਢਿੱਲੋਂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 500 ਰੁਪਏ, ਸਫ਼ੇ : 296
ਸੰਪਰਕ : 81960-80885.

ਹਥਲੀ ਪੁਸਤਕ ਵਿਚ ਅਜਮੇਰ ਸਿੰਘ ਢਿੱਲੋਂ ਨੇ ਆਪਣੀ ਲੰਮੇਰੀ ਉਮਰ ਦੇ ਪੈਂਡੇ ਅਤੇ ਆਲੇ-ਦੁਆਲੇ ਨਾਲ ਜੁੜੀਆਂ ਅਭੁੱਲ ਯਾਦਾਂ ਨੂੰ ਸੰਗ੍ਰਹਿ ਰੂਪ ਵਿਚ ਪਾਠਕਾਂ ਦੇ ਸਨਮੁੱਖ ਕੀਤਾ ਹੈ। ਇਹ ਯਾਦਾਂ ਉਸ ਦੀਆਂ ਸੱਤ ਪੁਸ਼ਤਾਂ ਦੇ ਜੀਵਨ ਜਾਚ ਦੇ ਇਤਿਹਾਸਕ, ਸਮਾਜਿਕ, ਸੱਭਿਆਚਾਰਕ, ਨੌਕਰੀ-ਪੇਸ਼ਾ, ਰਿਸ਼ਤੇਦਾਰੀਆਂ, ਬਜ਼ੁਰਗਾਂ ਦੀਆਂ ਸਿਖਿਆਵਾਂ, ਵੱਖਰੇ-ਵੱਖਰੇ ਸਮਿਆਂ ਵਿਚ ਕੀਤੇ ਹੋਏ ਕਾਰਜਾਂ ਦਾ ਦਰਪਣ ਤਾਂ ਹਨ ਹੀ ਇਸ ਦੇ ਨਾਲ-ਨਾਲ ਆਪਣੇ ਬਚਪਨ, ਜਵਾਨੀ, ਵਿੱਦਿਆ ਪ੍ਰਾਪਤੀ ਅਤੇ ਪੰਜਾਬ ਦੇ ਦੋ ਸੌ ਸਾਲਾਂ ਦੇ ਸੰਖੇਪ ਇਤਿਹਾਸ ਨੂੰ ਵੀ ਪੇਸ਼ ਕਰਦੀਆਂ ਹਨ। ਲੇਖਕ ਨੇ ਸਭ ਤੋਂ ਪਹਿਲਾਂ ਆਪਣੇ ਪਰਿਵਾਰਕ ਪਿਛੋਕੜ, ਪਿੰਡ ਘੁੰਗਰਾਲਾ ਦਾ ਜ਼ਿਕਰ ਅਤੇ ਢਿੱਲੋਂ ਗੋਤ ਦੇ ਇਤਿਹਾਸਕ ਸਰਵੇਖਣ ਨੂੰ ਯਾਦਾਂ ਦਾ ਰੂਪ ਦਿੱਤਾ ਹੈ।
ਲੇਖਕ ਆਪਣੇ ਨੰਬਰਦਾਰ ਪਿਤਾ ਸਬੰਧੀ ਆਪਣੀ ਯਾਦ ਨੂੰ ਬਿਆਨ ਕਰਦਾ ਹੋਇਆ ਉਸ ਦੇ ਸੁਭਾਅ ਦੇ ਗੁਣ ਨੂੰ ਪੇਸ਼ ਕਰਦਿਆਂ ਦੱਸਦਾ ਹੈ ਕਿ ਪਿਤਾ ਦੀ ਸੋਚ ਵਪਾਰਕ ਸੀ ਅਤੇ ਪਿਤਾ ਜੀ ਦਾ ਮੰਨਣਾ ਸੀ ਕਿ ਗ਼ਲਤ ਸੋਚ ਰੁਜ਼ਗਾਰ ਕਰਦੇ ਇਨਸਾਨ ਨੂੰ ਵੀ ਬੇਰੁਜ਼ਗਾਰ ਬਣਾ ਦਿੰਦੀ ਹੈ ਅਤੇ ਵਧੀਆ ਸੋਚਣੀ ਵਿਹਲੇ ਇਨਸਾਨ ਨੂੰ ਵੀ ਰੁਜ਼ਗਾਰ ਦੇ ਸਕਦੀ ਹੈ। ਪਿੰਡ ਬ੍ਰਾਹਮਣ ਮਾਜਰਾ ਅਤੇ ਨਾਨਕੇ ਪਿੰਡ ਕਕਰਾਲਾ ਬਾਰੇ ਜੁੜੀਆਂ ਯਾਦਾਂ ਵਿਚੋਂ ਸੱਭਿਆਚਾਰਕ ਕਦਰਾਂ-ਕੀਮਤਾਂ, ਲੋਕ-ਵਿਸ਼ਵਾਸਾਂ ਅਤੇ ਰਹੁ-ਰੀਤਾਂ ਆਦਿ ਨੂੰ ਖੂਬ ਚਿਤਰਿਆ ਹੈ। ਖਾਲਸਾ ਕਾਲਜ ਅੰਮ੍ਰਿਤਸਰ ਅਤੇ ਖਾਲਸਾ ਕਾਲਜ ਲੁਧਿਆਣਾ ਬਾਬਤ ਬੜੀ ਰੌਚਕ ਜਾਣਕਾਰੀ ਦਿੱਤੀ ਹੈ।
ਲੇਖਕ ਆਪਣੀਆਂ ਵਿਦੇਸ਼ ਫੇਰੀਆਂ ਨੂੰ ਜਿਹੜੀਆਂ ਕਿ ਪਾਕਿਸਤਾਨ, ਹਾਲੈਂਡ, ਬੈਲਜ਼ੀਅਮ, ਫਰਾਂਸ, ਇੰਗਲੈਂਡ, ਡੈਨਮਾਰਕ, ਸਵੀਡਨ, ਨਾਰਵੇ ਸਪੇਨ ਅਤੇ ਇਟਲੀ ਆਦਿ ਦੀਆਂ ਹਨ, ਸਬੰਧੀ ਸੰਖੇਪ ਪਰ ਢੁੱਕਵੇਂ ਰੂਪ 'ਚ ਬਿਆਨਦਾ ਹੈ। ਪੁਸਤਕ ਦਾ ਹੋਰ ਮਹੱਤਵਪੂਰਨ ਭਾਗ 'ਲੇਖਕ ਦੀਆਂ ਅਭੁੱਲ ਯਾਦਾਂ' ਤਹਿਤ ਅੰਕਿਤ ਹੈ। ਇਨ੍ਹਾਂ ਵਿਚ ਜਗਤਾ ਪੀਰ, ਬਾਪੂ ਦਾ ਬਾਗ, ਕਾਗਜ਼ ਦੀਆਂ ਕਿਸ਼ਤੀਆਂ, ਮੁਰਦਿਆਂ ਦੇ ਪਿੰਜਰ, ਸੂਤ ਦੀ ਚੋਰੀ, ਰੁਮਾਲੀ ਨੂੰ ਅੱਗ ਲਾਉਣਾ ਅਤੇ ਬਹੁਤ ਸਾਰੇ ਦੋਸਤਾਂ ਮਿੱਤਰਾਂ ਜਾਂ ਆਲੇ-ਦੁਆਲੇ ਦੀਆਂ ਸ਼ਖ਼ਸੀਅਤਾਂ ਬਾਰੇ ਖੱਟੀਆਂ ਮਿੱਠੀਆਂ ਪਰ ਰਸਦਾਇਕ ਯਾਦਾਂ ਨੂੰ ਬੜੀ ਸਰਲ ਵਾਰਤਕ ਸ਼ੈਲੀ ਰਾਹੀਂ ਬਿਆਨਿਆ ਹੈ। ਪੁਸਤਕ ਦੀ ਆਭਾ ਨੂੰ ਆਪਣੀਆਂ ਕਈ ਪੀੜ੍ਹੀਆਂ ਦੀਆਂ ਤਸਵੀਰਾਂ ਨਾਲ ਵੀ ਖੂਬਸੂਰਤ ਬਣਾਇਆ ਹੈ।

ਡਾ: ਜਗੀਰ ਸਿੰਘ ਨੂਰ
ਮੋ: 98142-09732

ਨਮਸਕਾਰ ਗੁਰਦੇਵ ਕੋ
ਮੁੱਖ ਸੰਪਾਦਕ : ਦਿਲਜੀਤ ਸਿੰਘ ਬੇਦੀ
ਪ੍ਰਕਾਸ਼ਕ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 592
ਸੰਪਰਕ : 98148-98570.

ਪਿਛਲੇ ਵਰ੍ਹੇ ਸਤਿਗੁਰੂ ਨਾਨਕ ਦੇਵ ਜੀ ਦੇ 550ਵੇਂ ਵਰ੍ਹੇ ਨੂੰ ਸਮਰਪਿਤ ਇਹ ਵੱਡਾਕਾਰੀ ਅਤੇ ਵਕਾਰੀ ਗ੍ਰੰਥ ਆਪਦੀ ਬੌਧਿਕ ਪ੍ਰਤਿਭਾ ਦਾ ਇਕ ਨਿੱਗਰ ਸਬੂਤ ਹੈ। 592 ਪੰਨਿਆਂ ਦੀ ਇਸ ਪੁਸਤਕ ਵਿਚ 51 ਵਿਦਵਾਨਾਂ ਦੇ ਲੇਖ ਸੰਕਲਿਤ ਹੋਏ ਹਨ। ਹਰ ਲੇਖ ਆਪਣੇ-ਆਪਣੇ ਵਿਸ਼ੈ-ਖੇਤਰ ਦਾ ਅਧਿਕਾਰੀ ਵਿਦਵਾਨ ਹੈ। ਨਵੇਂ ਅਤੇ ਸਮਕਾਲੀ ਵਿਦਵਾਨਾਂ ਦੇ ਨਾਲ-ਨਾਲ ਕੁਝ ਪੁਰਾਣੇ/ਵਰਿਸ਼ਠ ਲੇਖਕਾਂ ਦੀਆਂ ਰਚਨਾਵਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਜਿਵੇਂ ਪ੍ਰਿੰ: ਹਰਭਜਨ ਸਿੰਘ, ਡਾ: ਦੇਵਿੰਦਰ ਸਿੰਘ ਵਿਦਿਆਰਥੀ, ਡਾ: ਸੀਤਾ ਰਾਮ ਬਾਹਰੀ, ਡਾ: ਹਰਨਾਮ ਸਿੰਘ ਸ਼ਾਨ... ਆਦਿ। ਪ੍ਰੋ: ਬਲਕਾਰ ਸਿੰਘ, ਪ੍ਰੋ: ਹਰਚੰਦ ਸਿੰਘ ਬੇਦੀ, ਡਾ: ਧਰਮ ਸਿੰਘ, ਪ੍ਰੋ: ਜਸਬੀਰ ਸਿੰਘ ਸਾਬਰ ਅਤੇ ਡਾ: ਸਰਬਜਿੰਦਰ ਸਿੰਘ ਨਵੇਂ ਅਤੇ ਪੁਰਾਣੇ ਲੇਖਕਾਂ ਦੇ ਦਰਮਿਆਨ ਇਕ ਪੁਲ ਦਾ ਕੰਮ ਕਰਦੇ ਹਨ। ਉਨ੍ਹਾਂ ਦੀਆਂ ਰਚਨਾਵਾਂ ਵਿਚ ਪਰੰਪਰਾ ਅਤੇ ਆਧੁਨਿਕਤਾ ਸਮਾਨ ਰੂਪ ਵਿਚ ਪ੍ਰਵਾਹਿਤ ਹੁੰਦੀਆਂ ਹਨ।
ਹਥਲੇ ਗ੍ਰੰਥ ਵਿਚ ਗੁਰੂ ਨਾਨਕ ਸਾਹਿਬ ਦੇ ਬਾਣੀ-ਸੰਸਾਰ ਵਿਚ ਮਿਲਦੇ ਬਹੁਤ ਸਾਰੇ ਸੰਕਲਪਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ, ਜਿਵੇਂ ਸਮਾਨਤਾ ਤੇ ਮੁਕਤੀ (ਡਾ: ਸੀਤਾ ਰਾਮ ਬਾਹਰੀ), ਚੜ੍ਹਦੀ ਕਲਾ (ਪ੍ਰੋ: ਹਰਨਾਮ ਸਿੰਘ ਸ਼ਾਨ), ਸਿੱਖ ਚਿੰਤਨ ਦੀ ਪਿਠਭੂਮੀ (ਡਾ: ਬਲਕਾਰ ਸਿੰਘ), ਸਮਕਾਲੀਨ ਦਰਸ਼ਨ ਨਾਲ ਸੰਵਾਦ (ਪ੍ਰੋ: ਹਰਚੰਦ ਸਿੰਘ ਬੇਦੀ), ਸਰਬ ਸਾਂਝੀਵਾਲਤਾ (ਡਾ: ਧਰਮ ਸਿੰਘ), ਅੰਤਰ-ਧਰਮ ਸੰਵਾਦ (ਡਾ: ਸਰਬਜਿੰਦਰ ਸਿੰਘ), ਸਫਲ ਜੀਵਨ-ਜੁਗਤ (ਇੰਦਰਜੀਤ ਸਿੰਘ ਗੋਗੋਆਣੀ), ਰਾਗ-ਪ੍ਰਬੰਧ (ਡਾ: ਗੁਰਨਾਮ ਸਿੰਘ), ਵਿਚਾਰਧਾਰਕ ਪਰਿਪੇਖ (ਡਾ: ਪਰਮਵੀਰ ਸਿੰਘ), ਸੁਹਜ ਕਲਾ (ਰਜਿੰਦਰ ਕੌਰ) ਅਤੇ ਅਕਾਲ ਰੂਪ ਬਾਬਾ (ਸੁਖਮਿੰਦਰ ਸਿੰਘ ਗਜਣਵਾਲਾ)... ਆਦਿ।
ਇਸ ਪੁਸਤਕ ਵਿਚ ਸੰਕਲਿਤ ਬਹੁਤ ਸਾਰੇ ਲੇਖ ਗੁਰੂ ਨਾਨਕ ਸਾਹਿਬ ਦੀ ਅਜ਼ਮਤ ਅਤੇ ਬਾਣੀ ਨੂੰ ਵੈਸ਼ਵਿਕ ਪ੍ਰਸੰਗ ਵਿਚ ਰੱਖ ਕੇ ਵਿਸ਼ਲੇਸ਼ਿਤ ਕਰਨ ਦਾ ਯਤਨ ਕਰਦੇ ਹਨ ਪਰ ਕੁੱਲ ਮਿਲਾ ਕੇ ਗੁਰਮਤਿ ਸਬੰਧੀ ਖੋਜ ਅਤੇ ਆਲੋਚਨਾਤਮਕ ਕਾਰਜ ਕਾਫੀ ਸਮੇਂ ਤੋਂ ਇਕ ਸਾਧਾਰਨ ਉਚਾਈ ਉੱਪਰ ਪਹੁੰਚ ਕੇ ਅਟਕ ਜਾਂਦਾ ਹੈ। ਸ਼ਾਇਦ ਧਰਮ ਅਤੇ ਧਰਮ ਗੁਰੂਆਂ ਸਬੰਧੀ ਲਿਖਣ ਸਮੇਂ ਵਿਦਵਾਨਾਂ ਦੀ ਕਲਮ ਸਹਿਮ ਜਾਂਦੀ ਹੈ। ਸੱਤਾ ਉੱਪਰ ਕਾਬਜ਼ ਲੋਕ, ਵਿਦਵਾਨਾਂ ਨੂੰ ਇਹੋ ਜਿਹੇ ਮੁੱਦੇ ਉਠਾਉਣ ਨਹੀਂ ਦਿੰਦੇ, ਜਿਹੜੇ ਕ੍ਰਾਂਤੀਕਾਰੀ, ਅਵਾਮੀ ਅਤੇ ਵਿਸਥਾਪਿਤ (ਡੀਕੰਸਟਰਕਟ) ਕਰਨ ਵਾਲੇ ਹੋਣ। ਗਣਤੰਤਰਿਕ ਮੁਲਕਾਂ ਵਿਚ ਇਹੋ ਜਿਹੇ ਸਹਿਮ ਜਾਂ ਸੈਂਸਰ ਨੂੰ ਪਨਪਣ ਨਹੀਂ ਦੇਣਾ ਚਾਹੀਦਾ।
ਕੁੱਲ ਮਿਲਾ ਕੇ ਇਹ ਇਕ ਬਹੁਮੁੱਲੀ ਸਰੋਤ ਪੁਸਤਕ ਹੈ। ਗੁਰੂ ਨਾਨਕ ਸਾਹਿਬ ਦੇ ਚਿੰਤਨ ਦਾ ਮੰਥਨ ਅਤੇ ਵਿਸ਼ਲੇਸ਼ਣ ਕਰਨ ਲਈ ਇਸ ਗ੍ਰੰਥ ਵਿਚੋਂ ਗੁਜ਼ਰਨਾ ਬਹੁਤ ਲਾਹੇਵੰਦ ਸਿੱਧ ਹੋਵੇਗਾ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਪੰਜਾਬੀ ਸਾਹਿਤ ਅਧਿਐਨ
ਮਿੱਥ ਰੂਪਾਂਤਰਣ
ਸੰਪਾ: ਡਾ: ਅਮਨਦੀਪ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 144
ਸੰਪਰਕ : 98151-02284.

ਇਸ ਪੁਸਤਕ ਦੀ ਸੰਪਾਦਕਾ ਡਾ: ਅਮਨਦੀਪ ਕੌਰ ਨੇ ਆਰੰਭ ਵਿਚ ਹੀ ਮਿੱਥ ਦੀ ਪ੍ਰਕਿਰਤੀ ਅਤੇ ਪਰਿਭਾਸ਼ਾ ਬਾਰੇ ਵਿਦਵਤਾ ਭਰਪੂਰ ਜਾਣਕਾਰੀ ਦਿੱਤੀ ਹੈ। ਉਸ ਨੇ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਸਟੈਂਡਰਡ ਡਿਕਸ਼ਨਰੀ ਆਫ ਫੋਕਲੋਰ, ਇਨਸਾਈਕਲੋਪੀਡੀਆ ਅਮੈਰੀਕਨਾ ਤੋਂ ਬਿਨਾਂ ਵੱਖ-ਵੱਖ ਸੰਸਾਰ ਪ੍ਰਸਿੱਧ ਵਿਦਵਾਨਾਂ ਮਸਲਨ: ਸਿਗਮੰਡ ਫਰਾਇਡ, ਕਾਰਲ ਜੁੰਗ, ਲੈਵੀ ਸਤ੍ਰਾਸ, ਸਾਸਿਊਰ, ਰੋਲਾਂ ਬਾਰਤ ਆਦਿ ਦੇ ਵਿਚਾਰਾਂ ਦੀ ਉਚਿਤ ਵਰਤੋਂ ਕੀਤੀ ਹੈ। ਸਵੈ-ਸਿੱਧ ਹੈ ਕਿ ਮਿੱਥ ਦੀ ਪ੍ਰਕਿਰਤੀ ਬਹੁ-ਪਾਸਾਰੀ ਹੈ। ਇਸ ਦੇ ਕਲਾਵੇ ਵਿਚ ਤ੍ਰੈਕਾਲਤਾ, ਲੋਕ-ਧਾਰਾਈ ਤੱਤ, ਮੂਲ ਧਰਮ, ਸੰਸਕ੍ਰਿਤੀ, ਰਹੁ-ਰੀਤਾਂ, ਰਸਮੋ-ਰਿਵਾਜ, ਦੇਵ-ਪੁਰਸ਼, ਦੈਵੀ-ਸ਼ਕਤੀਆਂ ਆਦਿ ਆਉਂਦੇ ਹਨ। ਅਜਿਹੀ ਬਹੁ-ਪਾਸਾਰੀ ਪ੍ਰਕਿਰਤੀ ਨੂੰ ਅਧਿਐਨ ਦਾ ਆਧਾਰ ਬਣਾ ਕੇ ਪੰਜਾਬੀ ਸਾਹਿਤ ਦੀਆਂ ਵਿਭਿੰਨ ਵਿਧਾਵਾਂ 'ਚੋਂ ਮਿੱਥਾਂ ਦੀ ਪਛਾਣ ਕਰਨ ਵਾਲੇ 18 ਨਿਬੰਧ ਇਸ ਪੁਸਤਕ ਵਿਚ ਸੰਕਲਿਤ ਕੀਤੇ ਗਏ ਹਨ। ਇਸ ਵਿਚ ਸ਼ਾਮਿਲ ਸਾਰੇ ਖੋਜੀ ਵਿਦਵਾਨ ਮਾਝੇ ਦੇ ਖੇਤਰ ਦੇ ਵੱਖ-ਵੱਖ ਸਿੱਖਿਆ ਅਦਾਰਿਆਂ ਵਿਚ ਅਧਿਐਨ ਅਤੇ ਅਧਿਆਪਨ ਦੇ ਕਾਰਜ ਵਿਚ ਯੋਗਦਾਨ ਪਾ ਰਹੇ ਹਨ। ਪੰਜਾਬੀ ਸਾਹਿਤ ਦੀਆਂ ਜਿਨ੍ਹਾਂ ਰਚਨਾਵਾਂ ਦੇ ਮਿੱਥ-ਰੂਪਾਂਤਰਣ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਉਨ੍ਹਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ, ਭਗਤ ਰਵਿਦਾਸ ਬਾਣੀ, ਚੰਡੀ ਦੀ ਵਾਰ, ਜਨਮ-ਸਾਖੀਆਂ, ਰਾਮਾਇਣ-ਮਹਾਂਭਾਰਤ (ਮਨਮੋਹਨ ਬਾਵਾ ਦੇ ਭਾਰਤੀ ਇਤਿਹਾਸ-ਮਿਥਿਹਾਸ ਦੇ ਹਵਾਲੇ ਨਾਲ), ਅਜਮੇਰ ਸਿੰਘ ਔਲਖ ਦਾ ਨਾਟਕ ਇਕ ਰਮਾਇਣ ਹੋਰ, ਸਵਰਾਜਬੀਰ ਦੇ ਤਿੰਨ ਨਾਟਕ ਕ੍ਰਿਸ਼ਨ, ਅਗਨੀ ਕੁੰਡ, ਧਰਮ ਗੁਰੂ, ਸੰਤ ਸਿੰਘ ਸੇਖੋਂ ਦਾ ਨਾਟਕ ਕਲਾਕਾਰ, ਚਰਨ ਦਾਸ ਸਿੱਧੂ ਦਾ ਨਾਟਕ 'ਬਾਬਾ ਬੰਤੂ', ਕੁਲਵੰਤ ਸਿੰਘ ਵਿਰਕ ਦੀ ਪ੍ਰਸਿੱਧ ਕਹਾਣੀ 'ਧਰਤੀ ਹੇਠਲਾ ਬਲਦ', ਦਲੀਪ ਕੌਰ ਟਿਵਾਣਾ ਦੇ ਨਾਵਲ ਅਗਨੀ ਪ੍ਰੀਖਿਆ, ਦੂਸਰੀ ਸੀਤਾ, ਗੁਰਦਿਆਲ ਸਿੰਘ ਦੇ ਨਾਵਲ ਅੰਨ੍ਹੇ ਘੋੜੇ ਦਾ ਦਾਨ, ਮੜ੍ਹੀ ਦਾ ਦੀਵਾ, ਅਤੇ ਅਜੀਤ ਰਾਹੀ ਦੀ ਕਵਿਤਾ ਗੀਤਾ ਉਪਦੇਸ਼ ਆਦਿ। ਸਾਰੇ ਹੀ ਸਮੀਖਿਆਕਾਰਾਂ ਨੇ ਖੋਜ-ਵਿਧੀ ਦਾ ਪੂਰਾ ਪਾਲਣ ਕੀਤਾ ਹੈ। ਹਰ ਇਕ ਨੇ ਮਿੱਥ ਦੀ ਪ੍ਰਕਿਰਤੀ ਸਬੰਧੀ ਆਪਣੇ ਖੋਜ-ਨਿਬੰਧ ਦੇ ਆਰੰਭ ਵਿਚ ਹੀ ਵਿਦਵਾਨਾਂ ਦੇ ਵਿਚਾਰਾਂ ਦੇ ਰੌਸ਼ਨੀ ਵਿਚ ਵਿਚਾਰ ਪ੍ਰਸਤੁਤ ਕੀਤੇ ਹਨ। ਹਰ ਇਕ ਨਿਬੰਧਕਾਰ ਨੇ ਇਹ ਵੀ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ਕਿਸ ਲੇਖਕ ਨੇ ਕਿਸ ਵੰਨਗੀ ਦੀ ਮਿੱਥ-ਸਿਰਜਣਾ ਦੁਆਰਾ ਰੂਪਾਂਤਰਣ ਕੀਤਾ ਹੈ। ਇੰਜ ਇਹ ਪੁਸਤਕ ਮਿੱਥ-ਰੂਪਾਂਤਰਣ ਦੀ ਪ੍ਰਕਿਰਿਆ ਬਾਰੇ ਮੁੱਲਵਾਨ ਹੋ ਨਿੱਬੜੀ ਹੈ।

ਡਾ: ਧਰਮ ਚੰਦ ਵਾਤਿਸ਼
ਮੋ: 88376-79186.

ਗੁਰੂ ਨਾਨਕ ਦੇਵ ਜੀ
ਜੀਵਨ ਤੇ ਵਿਰਸਾ
ਲੇਖਕ : ਮੱਖਣ ਸਿੰਘ
ਪ੍ਰਕਾਸ਼ਕ : ਸਿੱਖ ਫਾਊਂਡੇਸ਼ਨ, ਨਵੀਂ ਦਿੱਲੀ
ਮੁੱਲ : 990 ਰੁਪਏ, ਸਫ਼ੇ : 104
ਸੰਪਰਕ : 098104-46269

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮੇਂ ਪ੍ਰਕਾਸ਼ਿਤ ਹੋਈ ਇਹ ਪੁਸਤਕ ਬਹੁਤ ਹੀ ਖੂਬਸੂਰਤ ਅਤੇ ਗਿਆਨ ਵਰਧਕ ਹੈ। ਸਰਬਸਾਂਝੇ ਸਤਿਗੁਰੂ ਜੀ ਦੇ ਮਹਾਨ ਜੀਵਨ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਖ਼ਾਤਰ ਸੂਝਵਾਨ ਲੇਖਕ ਨੇ ਪੁਸਤਕ ਨੂੰ ਪੰਜਾਬੀ ਅਤੇ ਅੰਗਰੇਜ਼ੀ, ਦੋਵਾਂ ਭਾਸ਼ਾਵਾਂ ਵਿਚ ਕਲਮਬੱਧ ਕੀਤਾ ਹੈ।
ਸੁੰਦਰ ਚਿੱਤਰਾਂ ਨਾਲ ਸੁਸੱਜਿਤ ਇਹ ਪੁਸਤਕ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼, ਬਚਪਨ ਦੇ ਕੌਤਕ, ਉਦਾਸੀਆਂ, ਸਿੱਖਿਆਵਾਂ ਅਤੇ ਇਲਾਹੀ ਸੰਦੇਸ਼ਾਂ ਨੂੰ ਪਾਠਕਾਂ ਦੇ ਰੂਬਰੂ ਕਰਦੀ ਹੈ। ਸਾਰੇ ਸਿਰਲੇਖ ਬਹੁਤ ਦਿੰਲ ਟੁੰਬਵੇਂ ਅਤੇ ਪ੍ਰਭਾਵਸ਼ਾਲੀ ਹਨ ਜਿਵੇਂ ਪਹਿਲਾ ਸੰਦੇਸ਼ ਨਾ ਕੋ ਹਿੰਦੂ ਨਾ ਮੁਸਲਮਾਨ, ਰਾਇ ਬੁਲਾਰ ਦਾ ਦੁਲਾਰ, ਪ੍ਰਥਮ ਸਿੱਖ ਬੇਬੇ ਨਾਨਕੀ, ਸਤਿ ਸਰੂਪ, ਕਰਮ ਧਰਮ ਸੰਜੁ ਸਤ ਭਾਉ, ਸੱਚੀ ਆਰਤੀ, ਖਸਮ ਕੀ ਬਾਣੀ, ਬਾਬਾ ਨਾਨਕ ਸ਼ਾਹ ਫ਼ਕੀਰ ਇਤਿਆਦਿ। ਆਕਰਸ਼ਕ ਸੋਹਣੇ ਚਿੱਤਰਾਂ ਨੂੰ ਨਿਹਾਰ ਕੇ ਬੱਚਿਆਂ ਅਤੇ ਅਨਪੜ੍ਹ ਲੋਕਾਂ ਨੂੰ ਵੀ ਮਹਾਰਾਜ ਜੀ ਦੇ ਜੀਵਨ ਝਲਕਾਰੇ ਸਮਝ ਆ ਜਾਂਦੇ ਹਨ। ਪਹਿਲੇ ਅਤੇ ਆਖ਼ਰੀ ਪੰਨੇ 'ਤੇ ਰਬਾਬ ਅਤੇ ਮੂਲ ਮੰਤਰ ਸੁਸ਼ੋਭਿਤ ਹਨ। ਸੰਖੇਪ ਅਤੇ ਸੌਖੀ ਭਾਸ਼ਾ ਵਿਚ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਵਿਰਸੇ ਬਾਬਤ ਅਨਮੋਲ ਸਮੱਗਰੀ ਪੇਸ਼ ਕੀਤੀ ਗਈ ਹੈ। ਗੁਰੂ ਜੀ ਨੇ ਦੁਨੀਆ ਦਾ ਭ੍ਰਮਣ ਕਰਕੇ ਸਭ ਨੂੰ ਸੱਚ ਦਾ ਮਾਰਗ ਦਿਖਾਇਆ ਅਤੇ ਤਿੰਨ ਸੁਨਹਿਰੀ ਸਿਧਾਂਤ ਬਖਸ਼ੇ ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ। ਪਰਮਾਤਮਾ ਆਪਣੀ ਸਾਰੀ ਰਚਨਾ ਵਿਚ ਸਮਾਇਆ ਹੋਇਆ ਹੈ। ਸਾਰਿਆਂ ਨੂੰ ਪਿਆਰ ਕਰਨਾ ਚਾਹੀਦਾ ਹੈ। ਕਰਤੇ ਦੀ ਸਾਜੀ ਕੁਦਰਤ ਦਾ ਸਤਿਕਾਰ ਕਰਨਾ ਜ਼ਰੂਰੀ ਹੈ।
ਗੁਰੂ ਸਾਹਿਬ ਜੀ ਨੇ ਸਾਰੀ ਉਮਰ ਦੀਨ ਦੁਖੀਆਂ ਦਾ ਦਰਦ ਵੰਡਾਇਆ, ਲੰਗਰ ਅਤੇ ਪਿਆਉ ਚਲਾਏ, ਸਾਰੇ ਸੰਸਾਰ ਨੂੰ ਏਕਤਾ ਦੇ ਧਾਗੇ ਵਿਚ ਪਰੋਇਆ। ਜਦੋਂ ਆਪ ਜੋਤੀ ਜੋਤਿ ਸਮਾਏ ਤਾਂ ਹਿੰਦੂ ਮੁਸਲਮਾਨ ਆਪ ਜੀ ਨੂੰ ਆਪਣਾ ਗੁਰੂ ਅਤੇ ਪੀਰ ਮੰਨ ਕੇ ਨਤਮਸਤਕ ਹੋਏ। ਇਹ ਸਾਰੇ ਵੇਰਵੇ ਨਾਲੋ-ਨਾਲ ਅੰਗਰੇਜ਼ੀ ਭਾਸ਼ਾ ਵਿਚ ਦਿੱਤੇ ਗਏ ਹਨ। ਇਹ ਪੁਸਤਕ ਇਕ ਕੀਮਤੀ ਦਸਤਾਵੇਜ਼ ਹੈ ਜੋ ਪੜ੍ਹਨਯੋਗ, ਸਾਂਭਣਯੋਗ ਅਤੇ ਵਿਚਾਰਨਯੋਗ ਹੈ। ਇਸ ਦਾ ਭਰਪੂਰ ਸਵਾਗਤ ਹੈ।

ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਚੁੱਪ ਦੇ ਬਹਾਨੇ
ਲੇਖਕ : ਮਲਵਿੰਦਰ
ਸੰਪਾਦਕ : ਸਰਬਜੀਤ ਸਿੰਘ ਸੰਧੂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 225 ਰੁਪਏ, ਸਫ਼ੇ : 96
ਸੰਪਰਕ : 97795-91344.

ਮਲਵਿੰਦਰ ਪੰਜਾਬੀ ਕਾਵਿ-ਜਗਤ ਵਿਚ ਜਾਣਿਆ-ਪਛਾਣਿਆ ਅਤੇ ਚਰਚਿਤ ਨਾਂਅ ਹੋਣ ਦੇ ਨਾਲ-ਨਾਲ ਜ਼ਹੀਨ ਸ਼ਾਇਰ ਵੀ ਹੈ। 'ਚੁੱਪ ਦੇ ਬਹਾਨੇ' ਉਸ ਦਾ ਸੱਤਵਾਂ ਕਾਵਿ-ਸੰਗ੍ਰਹਿ ਹੈ। ਕਾਵਿ-ਸੰਗ੍ਰਹਿ 'ਚ ਉਸ ਗਹਿਰੀ ਕਾਵਿਕ ਪਿਆਸ ਨੂੰ ਸਮਰਪਿਤ ਕਰਦਿਆਂ, ਇਹ ਸੰਕੇਤ/ਇਸ਼ਾਰਾ ਕਰਨ ਦੇ ਬਹਾਨੇ ਅਨੇਕਾਂ ਵਿਸ਼ੇ ਜੋ ਚੁੱਪ 'ਚ ਸਿਮਟੇ ਹੋਏ ਹਨ, ਦੀ ਸਾਰਥਕ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਥੇ ਇਹ ਵੀ ਸਪੱਸ਼ਟ ਕਰਨਾ ਬਣਦਾ ਹੈ ਕਿ ਕਈਆਂ ਵਲੋਂ ਚੁੱਪ ਨੂੰ ਨਿਰਾਰਥਕ ਕਾਰਜ ਵਜੋਂ ਵੀ ਸਮਝਿਆ ਜਾ ਸਕਦਾ ਹੈ। ਪ੍ਰੰਤੂ ਕਵੀ ਨੇ ਇਸ ਧਾਰਨਾ ਨੂੰ 'ਸ਼ਬਦਾਂ ਦੀ ਅਜ਼ਮਤ' ਰਾਹੀਂ ਰੱਦ ਕਰਨ ਦੀ ਭਰਪੂਰ ਸਮਰੱਥਾ ਪੇਸ਼ ਕੀਤੀ ਹੈ। ਇਹੀ ਇਸ ਕਵਿਤਾ ਦੀ ਅਜ਼ਮਤ ਅਤੇ ਸੰਦੇਸ਼-ਵਾਹਕਤਾ ਦਾ ਪ੍ਰਤੀਕ ਬਣਦੀ ਹੈ। ਪੰਜਾਬੀ ਜਨ-ਜੀਵਨ ਵਿਚ ਪਰਵਾਸ ਜਿਥੇ ਪਦਾਰਥਕ ਸੁੱਖਾਂ ਦੀ ਖਾਣ ਸਮਝੀ ਜਾਂਦੀ ਹੈ, ਪ੍ਰੰਤੂ ਇਸ ਦੇ ਨਾਲ ਹੀ ਸਮਾਜੀ ਰਿਸ਼ਤਿਆਂ ਲਈ ਸੰਤਾਪ ਦਾ ਕਾਰਨ ਵੀ ਬਣਦੀ ਹੈ। ਇਸ ਲੰਮੀ ਕਵਿਤਾ ਵਿਚ 'ਚੁੱਪ' ਦੇ ਅਨੇਕਾਂ ਪਾਸਾਰਾਂ ਦੇ ਸੰਕੇਤ ਮਿਲਦੇ ਹਨ, ਮਸਲਨ: ਬੇਰੁਜ਼ਗਾਰੀ ਦਾ ਹੱਲ ਪਰਵਾਸ, ਮੁਹੱਬਤਾਂ ਦਾ ਮਨਫ਼ੀ ਹੋਣਾ, ਸਮਾਜਿਕ ਰਿਸ਼ਤਿਆਂ ਦੀ ਟੁੱਟ-ਭੱਜ, ਧਾਰਮਿਕ ਪਾਖੰਡ, ਆਦਿ। ਕਵੀ ਦੀ ਕਵਿਤਾ ਦਾ ਕਮਾਲ ਇਹ ਹੈ ਕਿ ਇਹ 'ਚੁੱਪ ਦੇ ਬਹਾਨੇ' ਇਨ੍ਹਾਂ ਉਕਤ ਮਸਲਿਆਂ ਸਬੰਧੀ ਸ਼ਬਦਾਂ ਦੇ ਬਹੁ-ਅਰਥੀ ਭਾਵਾਂ ਨਾਲ ਮਾਨਵੀ ਸੰਵੇਦਨਾ ਦੇ ਅਨੇਕਾਂ ਪ੍ਰਸੰਗਾਂ ਨਾਲ ਸੰਵਾਦ ਰਚਾਉਂਦਾ ਹੈ। ਚੁੱਪ ਦੇ ਬਹਾਨੇ ਮਨੁੱਖ ਆਪਣੀ ਆਤਮਿਕ ਸ਼ਕਤੀ ਨੂੰ ਪਰਖਦਾ/ਨਿਰਖਦਾ ਅਤੇ ਉਸ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਦਾ ਹੈ। ਅੱਜ ਜਿਵੇਂ ਪ੍ਰਚਾਰਿਆ ਜਾ ਰਿਹਾ ਹੈ : ਇਤਿਹਾਸ ਮਰ ਗਿਆ, ਭਾਸ਼ਾ ਮਰ ਗਈ, ਵਿਚਾਰ ਮਰ ਗਿਆ, ਦਰਸ਼ਨ ਮਰ ਗਿਆ, ਕਵਿਤਾ ਮਰ ਗਈ ਆਦਿ। ਜੇ ਸੱਚਮੁੱਚ ਹੀ ਸੰਸਾਰ 'ਚੋਂ ਕਵਿਤਾ ਮਰ ਗਈ ਤਾਂ ਸਮਝੋ ਸੰਸਾਰ 'ਚੋਂ ਮਾਨਵੀ ਸੰਵੇਦਨਾ ਮਰ ਗਈ, ਮਨੁੱਖ ਦੇ ਸੁਪਨੇ ਮਰ ਗਏ। ਕਵੀ ਦੀ ਇਸ ਕਵਿਤਾ ਦਾ ਪ੍ਰਮੁੱਖ ਮੰਤਵ ਹੀ ਇਨ੍ਹਾਂ ਧਾਰਨਾਵਾਂ ਨੂੰ ਰੱਦ ਕਰਦਿਆਂ ਭਵਿੱਖ ਦੀ ਆਸ ਦਾ ਬਾਨਣੂੰ ਬੰਨ੍ਹਣਾ ਹੈ।
'ਚੁੱਪ ਦੇ ਬਹਾਨੇ' ਨੂੰ ਸਰਬਜੀਤ ਸਿੰਘ ਸੰਧੂ ਨੇ ਮਲਵਿੰਦਰ ਦੀ ਇਸ ਲੰਮੀ ਕਵਿਤਾ ਦੇ ਖਿਲਾਰੇ ਇਕੱਠੇ ਕਰਨ ਦਾ ਸਾਰਥਕ ਉੱਦਮ ਕਰਦਿਆਂ ਪੰਜਾਬੀ ਕਵਿਤਾ ਦੇ ਪਾਠਕਾਂ ਲਈ ਸ਼ਲਾਘਾਯੋਗ ਕਾਰਜ ਕੀਤਾ ਹੈ। ਆਮੀਨ।

ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096
ਸਾਂਝ ਪਿਆਰਾਂ ਦੀ
ਸੰਪਾਦਕ : ਬਲਦੇਵ ਸਿੰਘ ਕੋਰੇ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 94175-83141.

ਇਸ ਕਹਾਣੀ ਸੰਗ੍ਰਹਿ ਵਿਚ 17 ਵੱਖ-ਵੱਖ ਕਹਾਣੀਕਾਰਾਂ ਦੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਵੱਖੋ-ਵੱਖਰੇ ਵਿਸ਼ਿਆਂ ਨੂੰ ਉਭਾਰਿਆ ਗਿਆ ਹੈ। ਜ਼ਿਲ੍ਹਾ ਲਿਖਾਰੀ ਸਭਾ ਰੋਪੜ ਦੇ ਸਹਿਯੋਗ ਨਾਲ ਪ੍ਰਕਾਸ਼ਿਤ ਇਸ ਪੁਸਤਕ ਵਿਚ ਕਹਾਣੀਆਂ ਦੇ ਵਿਸ਼ੇ ਸਰਲ ਅਤੇ ਸਾਦੇ ਹਨ, ਜਿਨ੍ਹਾਂ ਦੀ ਪੇਸ਼ਕਾਰੀ ਬੜੀ ਸਾਧਾਰਨਤਾ ਨਾਲ ਕੀਤੀ ਗਈ ਹੈ। ਕੁਝ ਕਹਾਣੀਆਂ ਵਰਨਣਯੋਗ ਹਨ, ਜਿਨ੍ਹਾਂ ਵਿਚ ਸਰਹੱਦ ਦੇ ਆਰ-ਪਾਰ, ਜਿਨ੍ਹਾਂ ਵਾਸਤੇ ਕਮਾਉਂਦੇ, ਘਰ ਦਾ ਨਾ ਘਾਟ ਦਾ, ਧੀ ਰਾਣੀ ਆਦਿ ਸ਼ਾਮਿਲ ਹਨ।
'ਧੀ ਰਾਣੀ' ਅਜੋਕੇ ਸਮੇਂ ਵਿਚ ਧੀਆਂ ਦੀ ਆਪਣੇ ਮਾਪਿਆਂ ਪ੍ਰਤੀ ਫਰਜ਼ਸ਼ਨਾਸ਼ੀ ਦੀ ਖੂਬਸੂਰਤ ਉਦਾਹਰਨ ਹੈ। ਮਨੁੱਖੀ ਮਨ ਦੀ ਈਰਖਾ ਕਿਸੇ ਦੂਸਰੇ ਪ੍ਰਤੀ ਕਿਸ ਕਦਰ ਬੁਰੇ ਦੇ ਘਰ ਤੱਕ ਸੋਚ ਸਕਦੀ ਹੈ, ਇਸ ਦਾ ਪ੍ਰਗਟਾਵਾ ਕਹਾਣੀ 'ਜਿਨਾਂ ਵਾਸਤੇ ਕਮਾਉਂਦੈ' ਵਿਚ ਬਾਖੂਬੀ ਕੀਤਾ ਗਿਆ ਹੈ। 'ਛੂਹਣ' ਪਿਤਾ ਪੁੱੱਤਰ ਦੇ ਪਿਆਰ ਦੇ ਅਹਿਸਾਸਾਂ ਨੂੰ ਪੇਸ਼ ਕਰਦੀ ਇਕ ਖੂਬਸ਼ੂਰਤ ਕਹਾਣੀ ਹੈ।
ਭੂਤ, ਕਰਾਮਾਤੀ ਸਾਧੂ, ਬਾਬੇ ਦੀ ਚੌਂਕੀ ਆਦਿ ਕਹਾਣੀਆਂ ਸਮਾਜ ਵਿਚ ਫੈਲੇ ਵਹਿਮਾਂ-ਭਰਮਾਂ ਅਤੇ ਪਾਖੰਡਾਂ ਉੱਤੇ ਕਰਾਰੀ ਚੋਟ ਹੈ, ਜਿਸ ਵਿਚ ਸੱਚ ਨੂੰ ਅੱਖੋਂ ਪਰੋਖੇ ਕਰਕੇ ਜ਼ਾਇਜ-ਨਾਜਾਇਜ਼ ਸਭ ਕਬੂਲ ਕਰ ਲਿਆ ਜਾਂਦਾ ਹੈ। ਕਹਾਣੀ ਸੰਗ੍ਰਹਿ ਦੀਆਂ ਕੁਝ ਕਹਾਣੀਆਂ ਨੂੰ ਮੌਕਾਮੇਲ ਦੀਆਂ ਘਟਨਾਵਾਂ ਦਾ ਵਰਨਣ ਵੀ ਕਿਹਾ ਜਾ ਸਕਦਾ ਹੈ, ਜਿਨ੍ਹਾਂ ਦੀ ਬਣਤਰ ਜ਼ਿਆਦਾ ਗੁੰਦਵੀਂ ਨਹੀਂ ਅਤੇ ਕਈ ਜਗ੍ਹਾ ਪਾਤਰਾਂ ਦਾ ਚਿਤਰਨ ਵੀ ਕਹਾਣੀਆਂ ਦੇ ਮੁਤਾਬਿਕ ਢੁਕਵਾਂ ਨਹੀਂ ਹੈ। ਭਾਸ਼ਾ ਅਤੇ ਬਣਤਰ ਪੱਖੋਂ ਬਹੁਤੀਆਂ ਕਹਾਣੀਆਂ ਉੱਪਰ ਮਿਹਨਤ ਦੀ ਜ਼ਰੂਰਤ ਹੈ। ਕਹਾਣੀਕਾਰਾਂ ਨੂੰ ਇਸ ਪਾਸੇ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ।

ਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823

01-11-2020

ਦੂਸਰਾ ਅਧਿਆਪਕ
ਅਨੁਵਾਦ ਅਤੇ ਸੰਪਾਦਨਾ : ਕੁਮਾਰ ਸੁਸ਼ੀਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 160
ਸੰਪਰਕ : 94174-05636.


ਅੱਜ ਸਿੱਖਿਆ ਦੇ ਖੇਤਰ ਵਿਚ ਮਚੇ ਹੋਏ ਧੁੰਦੂਕਾਰੇ ਤੋਂ ਅਸੀਂ ਸਾਰੇ ਹੀ ਭਲੀ-ਭਾਂਤ ਜਾਣੂ ਹਾਂ ਅਤੇ ਚਿੰਤਤ ਵੀ ਹਾਂ ਕਿ ਅਜੋਕੀ ਸਿੱਖਿਆ ਪ੍ਰਣਾਲੀ ਕਿਹੜੇ ਪਾਸੇ ਜਾ ਰਹੀ ਹੈ। ਨਿੱਤ ਨਵੇਂ ਤਜਰਬੇ ਇਸ ਖੇਤਰ ਵਿਚ ਕੀਤੇ ਜਾ ਰਹੇ ਹਨ। ਸਿੱਖਿਆ ਮਨੁੱਖ ਨੂੰ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਵੀ ਪ੍ਰਦਾਨ ਕਰਦੀ ਹੈ ਅਤੇ ਰੁਜ਼ਗਾਰ ਵੀ ਮੁਹੱਈਆ ਕਰਵਾਉਂਦੀ ਹੈ। ਪਰ ਕਈ ਵਾਰੀ ਸਿੱਖਿਆ ਦੇ ਖੇਤਰ ਪ੍ਰਤੀ ਸਾਡੇ ਮਨ ਵਿਚ ਬਹੁਤ ਸਾਰੇ ਤੌਖਲੇ ਪੈਦਾ ਹੋ ਜਾਂਦੇ ਹਨ ਕਿਉਂਕਿ ਸਿੱਖਿਆ ਦੇ ਖੇਤਰ ਵਿਚ ਨਵੀਆਂ-ਨਵੀਆਂ ਨੀਤੀਆਂ ਦੇ ਲਾਗੂ ਹੋਣ ਨਾਲ ਕਈ ਪ੍ਰਕਾਰ ਦੇ ਅੰਤਰ-ਵਿਰੋਧ ਵੀ ਪੈਦਾ ਹੁੰਦੇ ਹਨ। ਕੁਮਾਰ ਸੁਸ਼ੀਲ ਦੁਆਰਾ ਅਨੁਵਾਦਿਤ ਅਤੇ ਸੰਪਾਦਿਤ ਪੁਸਤਕ 'ਦੂਸਰਾ ਅਧਿਆਪਕ' ਵੱਖ-ਵੱਖ ਸਿੱਖਿਆ ਸ਼ਾਸਤਰੀਆਂ ਅਤੇ ਵਿਦਵਾਨਾਂ ਦੀ ਖੋਜ ਦੇ ਆਧਾਰ 'ਤੇ ਇਸ ਖੇਤਰ ਦੀਆਂ ਗੁੰਝਲਾਂ ਖੋਲ੍ਹਦੀ ਪੁਸਤਕ ਹੈ। ਪੁਸਤਕ ਦੀ ਭੂਮਿਕਾ ਵਿਚ ਹੀ ਕੁਮਾਰ ਸੁਸ਼ੀਲ ਦੁਆਰਾ ਸਿੱਖਿਆ ਦੇ ਖੇਤਰ ਦੇ ਵੱਖ-ਵੱਖ ਰੁਝਾਨ ਅਤੇ ਨੀਤੀਆਂ ਦੀ ਪਰਖ ਪੜਚੋਲ ਕੀਤੀ ਗਈ ਹੈ। ਕਾਰਪੋਰੇਟ ਜਗਤ ਇਸ ਪਵਿੱਤਰ ਕਾਰਜ 'ਤੇ ਕਿਵੇਂ ਕਾਬਜ਼ ਹੋ ਰਿਹਾ ਹੈ, ਇਹ ਪੁਸਤਕ ਕੇਵਲ ਪੜ੍ਹਨ ਲਈ ਹੀ ਨਹੀਂ ਹੈ ਸਗੋਂ ਸਿੱਖਿਆ ਦੇ ਖੇਤਰ ਦੀ ਫ਼ਿਕਰਮੰਦੀ ਹੈ ਅਤੇ ਵਿਚਾਰਨ ਲਈ ਮਜਬੂਰ ਕਰਦੀ ਹੈ ਕਿ ਇਸ ਖੇਤਰ ਨਾਲ ਜੁੜੇ ਵਿਅਕਤੀ ਕੇਵਲ ਭਾਸ਼ਨ ਕਰਤਾ ਹੀ ਨਾ ਹੋਣ ਸਗੋਂ ਵਿਹਾਰਕ ਰੂਪ ਵਿਚ ਸਿੱਖਿਆ ਦੇ ਖੇਤਰ ਨੂੰ ਗੰਧਲੇਪਣ ਤੋਂ ਬਚਾਉਣ ਲਈ ਯਤਨਸ਼ੀਲ ਵੀ ਹੋਣ। ਕੁਮਾਰ ਸੁਸ਼ੀਲ ਨੇ ਇਸ ਪੁਸਤਕ ਵਿਚ ਤਿੰਨ ਖੋਜ ਪੱਤਰ ਪਾਉਲੋ ਫਰੇਰੇ ਦੇ, ਇਕ ਖੋਜ ਪੱਤਰ ਹੈਨਰੀ ਗੀਰੂ, ਦੋ ਖੋਜ ਲੇਖ ਗੂਗੀ ਵਾ ਥਿਓਂਗੋ ਅਤੇ ਇਕ ਖੋਜ ਪੱਤਰ ਬਰਿਜ ਰੰਜਨ ਮਨੀ ਦਾ ਸ਼ਾਮਿਲ ਕੀਤਾ ਹੈ। ਇਹ ਸਾਰੇ ਹੀ ਖੋਜ ਪੱਤਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵਿਚਾਰਾਧੀਨ ਖੇਤਰ ਵਿਚ ਪੈਦਾ ਹੋਏ ਉਨ੍ਹਾਂ ਵਰਤਾਰਿਆਂ ਨੂੰ ਪੇਸ਼ ਕਰਦੇ ਹਨ, ਜਿਨ੍ਹਾਂ ਬਾਰੇ ਆਮ ਪਾਠਕ ਤਾਂ ਅਣਜਾਣ ਹੈ ਹੀ ਪਰ ਸਿੱਖਿਆ ਦੇ ਖੇਤਰ ਨਾਲ ਜੁੜੇ ਵਿਅਕਤੀਆਂ ਲਈ ਵੀ ਬੜਾ ਕੁਝ ਨਵਾਂ ਹੈ ਜੋ ਵਾਪਰ ਰਿਹਾ ਹੈ। ਕੁੱਲ ਮਿਲਾ ਕੇ ਇਹ ਪੁਸਤਕ ਸਿੱਖਿਆ ਦੇ ਖੇਤਰ ਨਾਲ ਜੁੜੀਆਂ ਬਹੁਤ ਸਾਰੀਆਂ ਗੁੰਝਲਾਂ ਦੇ ਰੂ-ਬਰੂ ਕਰਦੀ ਹੈ।


-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.


ਪਰੀ ਸੁਲਤਾਨਾ
ਨਾਵਲਕਾਰ : ਗੁਲਜ਼ਾਰ ਸਿੰਘ ਸੰਧੂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ ਮੁਹਾਲੀ
ਮੁੱਲ :250 ਰੁਪਏ, ਸਫ਼ੇ : 184
ਸੰਪਰਕ : 0172-2602538.


'ਪਰੀ ਸੁਲਤਾਨਾ' ਵਿਚ ਪੰਜਾਬੀ ਦੇ ਮੁਮਤਾਜ਼ ਗਲਪਕਾਰ ਗੁਲਜ਼ਾਰ ਸਿੰਘ ਸੰਧੂ ਨੇ ਸੁਲਤਾਨਾ ਨਾਂਅ ਦੀ ਇਕ ਪ੍ਰਗਤੀਸ਼ੀਲ ਮੁਟਿਆਰ ਦੀ ਕਥਾ ਬਿਆਨ ਕੀਤੀ ਹੈ। ਇਹ ਕਹਾਣੀ ਦਾ ਆਰੰਭ ਪ੍ਰੋ: ਜਗਤ ਸਿੰਘ ਦੇ ਕਿਰਦਾਰ ਨਾਲ ਹੁੰਦਾ ਹੈ, ਜੋ ਪਿਸ਼ਾਵਰ ਦਾ ਵਸਨੀਕ ਸੀ ਅਤੇ ਉਥੋਂ ਦੇ ਇਸਾਈ ਮਿਸ਼ਨਰੀ ਕਾਲਜ ਵਿਚ ਇਤਿਹਾਸ ਅਤੇ ਫ਼ਾਰਸੀ ਦਾ ਪ੍ਰੋਫੈਸਰ ਸੀ। ਉਨ੍ਹਾਂ ਦਿਨਾਂ ਵਿਚ ਈਰਾਨ ਵਿਚ ਨਵ-ਉਤਪੰਨ ਬਹਾਈ ਮਤ ਕਾਫੀ ਪ੍ਰਸਿੱਧ ਹੋ ਰਿਹਾ ਸੀ। ਹੋਰ ਮੱਧ ਸ਼੍ਰੇਣਿਕ ਲੋਕਾਂ ਵਾਂਗ ਜਗਤ ਸਿੰਘ ਵੀ ਇਸ ਮਤ ਵੱਲ ਖਿੱਚਿਆ ਗਿਆ ਪਰ ਉਸ ਦੀ ਇਸ ਹਰਕਤ ਦੇ ਕਾਰਨ ਉਸ ਦੇ ਸਿੱਖ ਮਾਪਿਆਂ ਨੇ ਉਸ ਨੂੰ ਬੇਦਖ਼ਲ ਕਰ ਦਿੱਤਾ ਸੀ। ਇਸ ਕਾਰਨ ਜਗਤ ਸਿੰਘ ਪਿਸ਼ਾਵਰ ਨੂੰ ਛੱਡ ਕੇ ਲਾਹੌਰ ਪਹੁੰਚ ਗਿਆ ਸੀ ਅਤੇ ਇਥੋਂ ਦੇ ਇਕ ਕਾਲਜ ਵਿਚ ਅਧਿਆਪਨ-ਕਾਰਜ ਕਰਨ ਲੱਗਾ ਸੀ। ਉਸ ਦੀ ਪਹਿਲੀ ਪਤਨੀ ਤਪਦਿਕ ਦੀ ਬਿਮਾਰੀ ਕਾਰਨ ਗੁਜ਼ਰ ਗਈ ਸੀ ਅਤੇ ਉਸ ਨੇ ਆਪਣੀ ਸਾਲੀ ਪੁਸ਼ਪਾ ਰਾਣੀ ਨਾਲ ਵਿਆਹ ਕਰਵਾ ਲਿਆ ਸੀ। ਜਗਤ ਸਿੰਘ ਆਪਣੇ ਵਿਦਿਆਰਥੀਆਂ ਵਿਚ ਬਹੁਤ ਮਕਬੂਲ ਸੀ ਕਿਉਂਕਿ ਉਸ ਦੇ ਦਰਵਾਜ਼ੇ ਵਿਦਿਆਰਥੀਆਂ ਲਈ ਸਦਾ ਖੁੱਲ੍ਹੇ ਰਹਿੰਦੇ ਸਨ। ਜਗਤ ਸਿੰਘ ਦੇ ਕੋਈ ਸੰਤਾਨ ਨਹੀਂ ਸੀ।
ਮੈਕਸੀਕੋ ਵਿਚ ਰਹਿੰਦੀ ਅਲਿਜ਼ਬਥ ਨਾਂਅ ਦੀ ਇਕ ਔਰਤ ਨੇ ਜਗਤ ਸਿੰਘ ਨੂੰ ਈਰਾਨ ਜਾਂ ਅਮਰੀਕਾ ਦਾ ਕੋਈ ਬੱਚਾ ਗੋਦ ਲੈਣ ਲਈ ਮਨਾ ਲਿਆ। ਜਗਤ ਸਿੰਘ ਇਕ ਸਨਕੀ ਵਿਅਕਤੀ ਸੀ। ਉਹ ਗੋਦ ਲਈ ਬੱਚੀ ਨੂੰ 'ਨੂਰ ਜਹਾਨ ਬੇਗ਼ਮ' ਵਾਂਗ ਰੌਸ਼ਨ ਦਿਮਾਗ ਅਤੇ ਕੁਸ਼ਲ ਬਣਾਉਣਾ ਚਾਹੁੰਦਾ ਸੀ। ਇਸ ਕਾਰਨ ਉਹ ਸਾਰਾ ਦਿਨ ਉਸ ਬੱਚੀ ਦੇ ਪਾਲਣ-ਪੋਸ਼ਣ ਵਿਚ ਲੱਗਾ ਰਹਿੰਦਾ ਸੀ। ਇਸ ਕਾਰਨ ਉਸ ਦੀ ਪਤਨੀ ਪੁਸ਼ਪਾ ਰੁੱਸ ਕੇ ਆਪਣੇ ਪੇਕੇ ਕਲਕੱਤੇ ਚਲੀ ਗਈ ਸੀ। ਪੜ੍ਹਨ-ਲਿਖਣ ਉਪਰੰਤ ਉਸ ਦੀ ਬੱਚੀ 'ਸੁਲਤਾਨਾ' ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਕੁੱਦ ਪਈ। ਉਨ੍ਹਾਂ ਦਿਨਾਂ ਵਿਚ ਉਹ ਦਿੱਲੀ ਦੇ ਕਿੰਗਜ਼ਵੇ ਕੈਂਪ ਵਿਚ ਬਣੇ ਹਸਪਤਾਲ ਵਿਚ ਨਰਸ ਵਜੋਂ ਤਪਦਿਕ ਦੇ ਰੋਗੀਆਂ ਦੀ ਤੀਮਾਰਦਾਰੀ ਕਰ ਰਹੀ ਸੀ। ਹੁਣ ਜਗਤ ਸਿੰਘ ਅਤੇ ਸੁਲਤਾਨਾ ਦੇ ਰਾਹ ਵੀ ਨਿੱਖੜ ਗਏ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਗਤ ਸਿੰਘ ਲਾਹੌਰ ਹੀ ਰਹਿ ਗਿਆ ਜਦੋਂ ਕਿ ਸੁਲਤਾਨਾ ਦਿੱਲੀ ਵਿਚ ਹੀ ਟਿਕੀ ਰਹੀ। ਸੁਲਤਾਨਾ ਨੇ ਪਾਣੀਪਤ ਦੇ ਇਕ ਧਨਾਢ ਜ਼ਿਮੀਂਦਾਰ ਬੇਦੀ ਪਰਿਵਾਰ ਵਿਚ ਵਿਆਹ ਕਰ ਲਿਆ ਅਤੇ ਅਜੇ ਉਹ ਆਪਣੇ ਪਿਤਾ ਨੂੰ ਮਿਲਣ ਵਾਸਤੇ ਸੋਚ ਹੀ ਰਹੀ ਸੀ ਕਿ ਜਗਤ ਸਿੰਘ ਲਾਹੌਰ ਵਿਚ ਚਲਾਣਾ ਕਰ ਗਿਆ। ਉਸ ਦਾ ਸਸਕਾਰ ਕਰਨ ਉਪਰੰਤ ਸੁਲਤਾਨਾ ਵਾਪਸ ਪਾਣੀਪਤ ਆ ਗਈ। ਇਸ ਮੁਕਾਮ 'ਤੇ ਨਾਵਲ ਸਮਾਪਤ ਹੋ ਜਾਂਦਾ ਹੈ।
ਗੁਲਜ਼ਾਰ ਸਿੰਧ ਸੰਧੂ ਬਿਰਤਾਂਤ ਦਾ ਧਨੀ ਹੈ। ਦੇਸ਼-ਵਿਦੇਸ਼ ਘੁੰਮਿਆ ਹੋਣ ਕਾਰਨ ਉਸ ਦਾ ਅਨੁਭਵ ਬਹੁਤ ਵਿਸ਼ਾਲ ਹੈ ਅਤੇ ਇਹੀ ਕਾਰਨ ਹੈ ਕਿ ਪਾਠਕ ਬਿਰਤਾਂਤ ਨਾਲ ਪੂਰੀ ਤਰ੍ਹਾਂ ਜੁੜਿਆ ਰਹਿੰਦਾ ਹੈ। ਇਸ ਨਾਵਲ ਦੇ 63 ਅਧਿਆਇ ਹਨ। ਕੋਈ ਅਧਿਆਇ 3-4 ਪੰਨਿਆਂ ਤੋਂ ਵੱਧ ਨਹੀਂ ਹੈ। ਨਾਵਲ ਦੇ ਪੈਰੇ ਵੀ ਦੋ-ਚਾਰ ਵਾਕਾਂ ਤੋਂ ਅੱਗੇ ਨਹੀਂ ਜਾਂਦੇ। ਉਹ ਜਾਣਬੁੱਝ ਕੇ ਬਹੁਤ ਕੁਝ ਅਣਕਿਹਾ ਛੱਡ ਜਾਂਦਾ ਹੈ। ਰੋਲਾਂ ਬਾਰਤ ਦੀ ਦ੍ਰਿਸ਼ਟੀ ਅਨੁਸਾਰ ਇਹ ਇਕ 'ਰੀਡਰਲੀ' ਨਾਵਲ ਨਹੀਂ, 'ਰਾਈਟਰਲੀ' ਨਾਵਲ ਹੈ। ਇਸ ਵਿਚ ਪਾਠਕ ਨੂੰ ਬਹੁਤ ਕੁਝ ਆਪ ਲਿਖਣਾ ਪੈਂਦਾ ਹੈ।


-ਬ੍ਰਹਮਜਗਦੀਸ਼ ਸਿੰਘ
ਮੋ: 98760-52136ਖ਼ਾਬਾਂ ਦਾ ਅੰਬਰ
ਲੇਖਕ : ਪ੍ਰਿੰਸ ਧੁੰਨਾ
ਪ੍ਰਕਾਸ਼ਕ : ਚੇਤਨਾ ਪਬਲਿਸ਼ਰਜ਼, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 92
ਸੰਪਰਕ : 98766-44319.


'ਖ਼ਾਬ' ਤਾਂ ਇਸ ਸੰਗ੍ਰਹਿ ਦਾ ਗ਼ਜ਼ਲ-ਪੈਰਾਡਾਈਮ ਹੈ। ਸ਼ਿਅਰਾਂ ਵਿਚ ਥਾਂ-ਥਾਂ ਸੁਪਨੇ ਹੀ ਸੁਪਨੇ ਹਨ। ਰਾਤੀਂ ਸੁੱਤਿਆਂ ਵੀ, ਜਾਗਦਿਆਂ ਵੀ। ਜ਼ਿਆਦਾਤਰ ਸ਼ਿਅਰਾਂ 'ਚੋਂ ਰੁਮਾਂਚਿਕ ਪ੍ਰੇਮ ਦੀ ਮਹਿਕ ਆਉਂਦੀ ਹੈ। ਬਹੁਤੇ ਸ਼ਿਅਰਾਂ ਦਾ ਸੰਬੋਧਨ ਪ੍ਰੇਮੀਆਂ-ਦੋਸਤਾਂ ਨੂੰ ਹੀ ਹੈ। ਪ੍ਰੇਮੀਆਂ ਨੂੰ ਮਿਲਣ ਦੀ ਤਾਂਘ ਹੈ, ਬੂਹੇ ਖੁੱਲ੍ਹੇ ਰੱਖ ਕੇ ਉਡੀਕ ਵੀ ਹੈ। ਬਿਰਹਾ ਦਾ ਅਹਿਸਾਸ ਵੀ ਹੈ, ਮਿਲਾਪ ਦਾ ਵਿਸ਼ਵਾਸ ਵੀ ਹੈ। ਰੁਮਾਂਸ ਦੀ ਰੰਗਣ ਵੀ, ਸੋਨੇ ਦਾ ਛਣਕਦਾ ਕੰਗਣ ਵੀ ਹੈ। ਪਿਆਰ ਦੀ ਤੀਬਰ ਅਨੁਭੂਤੀ ਵੀ ਹੈ, ਕਿਤੇ ਕਿਤੇ ਗੱਲ ਕਸੂਤੀ ਵੀ ਹੈ। ਕਾਫ਼ੀਏ-ਰਦੀਫ਼ਾਂ ਦਾ ਮੋਹ ਹੈ। ਕਲਪਨਾ ਦੀ ਛੋਹ ਵੀ ਹੈ। ਖ਼ਾਬਾਂ ਦਾ ਅੰਬਰ ਵੀ ਹੈ, ਰਿਸ਼ਤਿਆਂ ਦਾ ਆਡੰਬਰ ਵੀ ਹੈ। ਵਸਲ ਦੀ ਪਿਆਸ ਵੀ ਹੈ, ਬੂੰਦ ਦੀ ਆਸ ਵੀ ਹੈ। ਇਸ਼ਕ 'ਚ ਬਦਨਾਮੀ ਵੀ ਹੈ, ਇਸ਼ਕ ਦੀ ਕੁਰਬਾਨੀ ਵੀ ਹੈ। ਰਾਜਨੀਤਕ ਵਿਅੰਗ ਵੀ ਨੇ, ਟਕੋਰਾਂ ਨਿਸ਼ੰਗ ਵੀ ਨੇ। ਔੜਾਂ ਵੀ ਨੇ ਬਰਸਾਤਾਂ ਵੀ ਨੇ। ਉਡੀਕ 'ਚ ਰਾਤਾਂ ਵੀ ਨੇ। ਰਾਮ ਵੀ ਹੈ ਰੌਣ ਵੀ ਹੈ, ਠੰਢ ਵੀ, ਫੱਗਣ ਵੀ ਪੌਣ ਵੀ ਹੈ। ਵਿਸ਼ੇ ਵਰਤਮਾਨ ਵੀ ਨੇ, ਬੀਤੇ ਦੀ ਪਛਾਣ ਵੀ ਨੇ। ਬਹਿਰਾਂ ਦਾ ਗਿਆਨ ਵੀ, ਭੁੱਲ-ਚੁੱਕ ਪ੍ਰਵਾਨ ਵੀ ਹੈ। ਪੱਥਰ ਵਿਉਹਾਰ ਵੀ ਹੈ, ਪੱਤਰ ਵਿਹਾਰ ਵੀ ਹੈ। ਬੰਦੇ ਅੰਦਰ ਬੰਦਾ ਹੈ, ਉਲਝਿਆ ਸੋਚ-ਪੁਲੰਦਾ ਹੈ। ਗੱਲ ਕੀ ਮਨੋਵਿਗਿਆਨਕ ਮਾਨਸਿਕ ਵਿਸ਼ਲੇਸ਼ਣ ਕਰ ਰਿਹਾ ਹੈ ਕਵੀ। ਕੁਝ ਸ਼ਿਅਰ ਵੇਖ ਲੈਣੇ ਉਚਿਤ ਰਹਿਣਗੇ :
* ਅਸੀਂ ਖ਼ਾਬ ਸਿਰਜੇ ਸੀ ਅੰਬਰ ਤੋਂ ਉੱਚੇ
ਇਹ ਬੌਣੇ ਜਿਹੇ ਨਕਸ਼ ਕਿਸ ਨੇ ਉਕੇਰੇ। (ਪੰ: 75)
* ਬਿਨ ਤੇਰੇ ਇਹ ਹਯਾਤੀ ਇਕ ਖਿਲਾਅ ਹੈ ਦੋਸਤਾ
ਫੁੱਲ, ਖੂਸ਼ਬੂ, ਤਿਤਲੀਆਂ ਤੇ ਤਾਰਿਆਂ ਦਾ ਕੀ ਕਰਾਂ। (ਪੰ: 40)
* ਮੰਦਰ ਅਤੇ ਮਸੀਤੀਂ ਬੈਠੇ ਇਹ ਜੋ ਪਾਕ ਲਿਬਾਸਾਂ ਵਾਲੇ
ਸ਼ੀਸ਼ੇ ਸਾਹਵੇਂ ਜਾਂਦੇ ਹੀ ਇਹ ਪੂਰੇ ਨੰਗੇ ਹੋ ਜਾਂਦੇ ਨੇ। (ਪੰ: 68)
* ਮੈਂ ਰੇਤਾ, ਮੈਂ ਪਾਣੀ, ਮੈਂ ਦੀਵਾ ਮੜ੍ਹੀ ਦਾ
ਮੇਰੀ ਹੋਂਦ ਕੀ ਏ ਮੈਂ ਲੱਭਦਾ ਪਿਆ ਹਾਂ। (ਪੰ: 72)
* ਸ਼ਹਿਰ ਦੀ ਭੱਜ ਦੌੜ ਬੰਦਿਆਂ ਨੂੰ ਮਸ਼ੀਨਾਂ ਕਰ ਗਈ
ਸ਼ਹਿਰ ਸਾਰਾ ਫਿਰ ਲਿਆ ਮਿਲਿਆ ਬਸ਼ਰ ਕੋਈ ਨਹੀਂ। (ਪੰ: 61)
* ਬਰਕਤ, ਰਹਿਮਤ ਤਾਂ ਰਹਿੰਦੀ ਜੇ
ਘਰ ਵਿਚ ਤੀਵੀਂ ਹੱਸਣ ਲੱਗੇ। (ਪੰ: 56)
ਅੰਤ ਵਿਚ 8 ਕਵਿਤਾਵਾਂ ਵੀ ਭਾਵ-ਪੂਰਤ ਤੇ ਛੰਦ-ਮੁਕਤ ਨੇ।


-ਡਾ: ਧਰਮ ਚੰਦ ਵਾਤਿਸ਼
ਮੋ: 88376-79186.


ਸਾਕਾਹਾਰੀ ਬਿੱਲੀਆਂ ਅਤੇ ਹੋਰ ਬਾਲ ਕਹਾਣੀਆਂ
ਲੇਖਕ : ਡਾ: ਬਲਦੇਵ ਸਿੰਘ 'ਬੱਦਨ '
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨਜ਼, ਦਿੱਲੀ।
ਮੁੱਲ : 80 ਰੁਪਏ, ਸਫ਼ੇ : 44
ਸੰਪਰਕ : 099588-31357.


'ਸਾਕਾਹਾਰੀ ਬਿੱਲੀਆਂ ਅਤੇ ਹੋਰ ਬਾਲ ਕਹਾਣੀਆਂ' ਡਾ: ਬਲਦੇਵ ਸਿੰਘ 'ਬੱਦਨ' ਦੀਆਂ ਬਾਲ ਕਹਾਣੀਆਂ ਦੀ ਸ਼ਾਨਦਾਰ ਬਾਲ ਪੁਸਤਕ ਹੈ। ਇਸ ਸੰਗ੍ਰਹਿ 'ਚ ਲੇਖਕ ਦੀਆਂ 5 ਬਾਲ ਕਹਾਣੀਆਂ ਸ਼ਾਮਿਲ ਹਨ। 'ਸਾਕਾਹਾਰੀ ਬਿੱਲੀਆਂ' ਬਾਲ ਕਹਾਣੀ 'ਚ ਲੇਖਕ ਨੇ ਇਕ ਬਿੱਲੀ, ਖਰਗੋਸ਼ ਅਤੇ ਚੂਹਿਆਂ ਦੀ ਦਿਲਚਸਪ ਕਹਾਣੀ ਰਾਹੀਂ ਅੰਤ 'ਚ ਸਿੱਖਿਆ ਦਿੱਤੀ ਹੈ ਕਿ ਸਾਨੂੰ ਸਭ ਨੂੰ ਰਲ-ਮਿਲ ਕੇ ਆਪਸੀ ਪਿਆਰ ਭਾਵਨਾ ਨਾਲ ਰਹਿਣਾ ਚਾਹੀਦਾ ਹੈ। 'ਬੰਸਰੀ' ਕਹਾਣੀ 'ਚ ਇਕ ਵਧੀਆ ਸੰਦੇਸ਼ ਦਿੱਤਾ ਗਿਆ ਹੈ ਕਿ ਨਿਰਸਵਾਰਥ ਵਿਅਕਤੀ ਦੀ ਪਰਮਾਤਮਾ ਹਮੇਸ਼ਾ ਕਿਸੇ ਨਾ ਕਿਸੇ ਰੂਪ 'ਚ ਮਦਦ ਜ਼ਰੂਰ ਕਰਦਾ ਹੈ। 'ਛੋਟੀ ਜਿਹੀ ਚਿੜੀ' ਕਹਾਣੀ 'ਚ ਲੇਖਕ ਨੇ ਸਿੱਖਿਆ ਦਿੱਤੀ ਹੈ ਕਿ ਪ੍ਰਾਣੀ ਦੀ ਰੱਖਿਆ, ਭੋਜਨ ਦਾ ਪ੍ਰਬੰਧ ਸਭ ਕੁਝ ਸ੍ਰਿਸ਼ਟੀਕਰਤਾ ਦੇ ਹੱਥ ਵਿਚ ਹੈ ਪ੍ਰੰਤੂ ਪ੍ਰਾਣੀ ਮਾਤਰ ਆਪਣੇ ਵਿਵੇਕ ਅਤੇ ਬੁੱਧੀ ਨਾਲ ਇਕ-ਦੂਜੇ ਦੀ ਮਦਦ ਕਰ ਸਕਦਾ ਹੈ ਪਰ ਕਈ ਵਾਰ ਉਹ ਇਹ ਵੀ ਨਹੀਂ ਕਰਨਾ ਚਾਹੁੰਦਾ। 'ਸਮਝਦਾਰੀ ਅਤੇ ਦਿਆਲਤਾ' ਕਹਾਣੀ 'ਚ ਨਸੀਹਤ ਦਿੱਤੀ ਗਈ ਹੈ ਕਿ ਸਮਝਦਾਰੀ ਦੇ ਨਾਲ-ਨਾਲ ਦਿਆਲਤਾ ਦੀ ਭਾਵਨਾ ਨਾਲ ਇਸ ਕਹਾਣੀ ਦਾ ਮੁੱਖ ਪਾਤਰ ਗੋਪਾਲ ਕਿਸ ਤਰ੍ਹਾਂ ਆਪਣੇ ਦਾਦਾ-ਦਾਦੀ ਦੇ ਦਿਲ ਨੂੰ ਜਿੱਤ ਲੈਂਦਾ ਹੈ ਅਤੇ ਆਪਣੀ ਨੌਕਰਾਣੀ ਅਤੇ ਚੋਰ ਦੀ ਗ਼ਲਤੀ ਨੂੰ ਵੀ ਮੁਆਫ਼ ਕਰ ਦਿੰਦਾ ਹੈ। 'ਅਮੀਰੀ ਦਾ ਰਾਜ਼' ਬਾਲ ਕਹਾਣੀ 'ਚ ਸਿੱਖਿਆ ਦਿੱਤੀ ਗਈ ਹੈ ਕਿ ਕਰਮ ਹੀ ਧਰਮ ਹੈ। ਕਿਸੇ ਵੀ ਵਿਅਕਤੀ ਨੂੰ ਇਮਾਨਦਾਰੀ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਅਤੇ ਮਿਹਨਤ ਦਾ ਫਲ ਮਨੁੱਖ ਨੂੰ ਦੇਰ-ਸਵੇਰ ਜ਼ਰੂਰ ਮਿਲਦਾ ਹੈ। ਇਸ ਪੁਸਤਕ ਦੀਆਂ ਬਾਲ ਕਹਾਣੀਆਂ ਨਾਲ ਬਣਾਏ ਗਏ ਸ਼ਾਨਦਾਰ ਚਿੱਤਰ ਇਨ੍ਹਾਂ ਕਹਾਣੀਆਂ ਨੂੰ ਹੋਰ ਸ਼ਿੰਗਾਰਦੇ ਪ੍ਰਤੀਤ ਹੁੰਦੇ ਹਨ। ਇਸ ਪੁਸਤਕ ਦੀਆਂ ਸਮੁੱਚੀਆਂ ਬਾਲ ਕਹਾਣੀਆਂ ਬੇਹੱਦ ਰੌਚਿਕ, ਦਿਲਚਸਪ ਅਤੇ ਸਿੱਖਿਆਦਾਇਕ ਹਨ। ਇਹ ਬਾਲ ਪੁਸਤਕ ਪੜ੍ਹਨਯੋਗ ਅਤੇ ਸਾਂਭਣਯੋਗ ਹੈ।


-ਮਨਜੀਤ ਸਿੰਘ ਘੜੈਲੀ
ਮੋ: 98153-91625


ਮਨ ਦਾ ਕੋਨਾ
ਲੇਖਿਕਾ : ਬਲਵਿੰਦਰ ਕੌਰ ਬਰਾੜ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 150
ਸੰਪਰਕ : 0172-5002591.


ਪੁਸਤਕ ਕਾਵਿਮਈ ਵਾਰਤਕ ਦਾ ਇਕ ਖੂਬਸੂਰਤ ਨਮੂਨਾ ਹੈ ਜਿਸ ਲੇਖਿਕਾ ਨੇ ਆਪਣੇ ਜੀਵਨ ਸਫਰ ਦੌਰਾਨ ਨਾਲ ਨਿਭੇ, ਵਿਚਰੇ, ਜੁੜੇ, ਟੁੱਟੇ ਬਹੁਤ ਸਾਰੇ ਰਿਸ਼ਤਿਆਂ ਦੇ ਨਾਲ-ਨਾਲ ਆਪਣੇ ਮਨ ਦੇ ਕੋਨੇ ਵਿਚ ਪਏ ਅਹਿਸਾਸਾਂ ਨੂੰ ਬਿਆਨ ਕਰਦਿਆਂ ਆਪਣੇ ਨਿੱਜ ਨਾਲ ਪਾਠਕਾਂ ਦੀ ਸਾਂਝ ਪਵਾਈ ਹੈ। ਆਪਣੇ ਬਚਪਨ ਤੋਂ ਲੈ ਕੇ ਰਿਟਾਇਰਮੈਂਟ ਤੱਕ ਦੇ ਸਫ਼ਰ ਨਾਲ ਜੁੜੇ ਅਨੇਕਾਂ ਪਲਾਂ ਨੂੰ ਖੂਬਸੂਰਤ ਸ਼ਬਦਾਂ ਨਾਲ ਪਾਠਕਾਂ ਦੇ ਰੂ-ਬਰੂ ਕੀਤਾ ਹੈ। ਲੇਖਿਕਾ ਦਾ ਉਦੇਸ਼ ਉਨ੍ਹਾਂ ਸਭ ਸਾਂਝਾਂ ਨੂੰ ਸਿਜਦਾ ਕਰਨਾ ਜਾਪਦਾ ਹੈ ਜਿਹੜੀਆਂ ਉਸ ਦੇ ਨਾਲ ਨਿਭੀਆਂ, ਹੰਢੀਆਂ ਅਤੇ ਪੁੱਗੀਆਂ ਅਤੇ ਨਾਲ ਹੀ ਉਨ੍ਹਾਂ ਲਈ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਸ਼ਿਕਵਾ ਵੀ ਜੋ ਉਸ ਨੂੰ ਉਸ ਦੇ ਮੇਚ ਦੀ ਸਾਂਝ ਦਾ ਮੁੱਲ ਨਹੀਂ ਮੋੜ ਪਾਏ।
ਪੁੁਸਤਕ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ, ਜਿਸ ਵਿਚ ਪਹਿਲਾ ਭਾਗ ਲੇਖਿਕਾ ਦੇ ਬਚਪਨ, ਜਵਾਨੀ ਦੇ ਕਈ ਅਹਿਸਾਸਾਂ ਨੂੰ ਬਿਆਨ ਕਰਦਾ ਹੈ, ਜਿਸ ਵਿਚ ਉਸ ਨੇ ਬਚਪਨ ਦੀਆਂ ਯਾਦਾਂ, ਆਪਣੇ ਪਰਿਵਾਰ, ਪਟਿਆਲੇ ਸ਼ਹਿਰ ਦੇ ਵਿਚ ਆਪਣੀ ਪੜ੍ਹਾਈ ਦੇ ਦੌਰਾਨ ਬਣੀਆਂ ਸਖੀਆਂ ਅਤੇ ਅੱਖਰਾਂ ਨਾਲ ਪਈ ਆਪਣੀ ਦੋਸਤੀ ਦੀ ਸਾਂਝ ਨੂੰ ਬਿਆਨਿਆ ਹੈ। ਪੁਸਤਕ ਦੇ ਦੂਸਰੇ ਭਾਗ ਵਿਚ ਕੁਝ ਅਣਗੌਲੇ ਅਕਸਾਂ ਦੀ ਬਾਤ ਪਾਉਣ ਦੇ ਨਾਲ-ਨਾਲ ਲੇਖਿਕਾ ਨੇ ਆਪਣੇ ਜੀਵਨ ਸਾਥੀ ਦੇ ਹਸੀਨ ਪਲਾਂ ਦੀ ਯਾਦ ਦੇ ਨਾਲ ਉਸ ਦੇ ਵਿਛੋੜੇ ਦੀ ਤੜਪ ਨੂੰ ਵੀ ਬਿਆਨ ਕੀਤਾ ਜਿਸ ਵਿਚ ਉਸ ਦੇ ਹੰਢਾਏ ਦਰਦ ਅਤੇ ਜੀਵਨ ਸੰਘਰਸ਼ ਦਾ ਵਰਨਣ ਹੈ। ਬਾਪੂ ਦਾ ਸ਼ਬਦ ਚਿੱਤਰ ਵੀ ਖੂਬ ਹੈ। ਅਧਿਆਪਨ ਕਿੱਤੇ ਨਾਲ ਜੁੜੇ ਰਹਿਣ ਕਰਕੇ ਲੇਖਿਕਾ ਆਪਣੇ ਵਿਦਿਆਰਥੀਆਂ ਦੇ ਮਨਾਂ ਦੀ ਬਾਤ ਪਾਉਂਦੀ ਵੀ ਨਜ਼ਰੀ ਪੈਂਦੀ ਹੈ ਅਤੇ ਉਨ੍ਹਾਂ ਦੀਆਂ ਭਾਵਨਾਵਾਂ, ਸਧਰਾਂ, ਉਮੀਦਾਂ ਅਤੇ ਸੁਪਨਿਆਂ ਨੂੰ ਵੀ ਕਾਵਿਮਈ ਢੰਗ ਨਾਲ ਬਿਆਨਦੀ ਹੈ। ਯੂਰਪ ਕਰੂਜ਼ ਦੀ ਫੇਰੀ ਅਤੇ ਕੋਸੀ ਧੁੱਪ ਉਸ ਦੇ ਪਰਵਾਸੀ ਜੀਵਨ ਅਨੁਭਵਾਂ ਦਾ ਬਿਆਨ ਹੈ। ਜੀਵਨ ਦੇ ਹਰ ਪੱਖ ਵਿਚ ਚੜ੍ਹਦੀ ਕਲਾ ਦਾ ਤਸੱਵੁਰ ਕਰਨ ਕਾਰਨ ਲੇਖਿਕਾ ਦੀ ਸ਼ਖ਼ਸੀਅਤ ਦੀ ਝਲਕ ਇਸ ਪੁਸਤਕ ਵਿਚੋਂ ਮਿਲਦੀ ਹੈ। ਮਨ ਦੇ ਕੋਨੇ ਵਿਚ ਪਏ ਇਨ੍ਹਾਂ ਅਹਿਸਾਸਾਂ ਦੀ ਪੇਸ਼ਕਾਰੀ ਖੂਬਸੂਰਤ ਹੈ।


-ਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823


ਮੰਟੋ ਜ਼ਿੰਦਾ ਹੈ
ਸੰਪਾਦਕ : ਡਾ: ਅਮਰ ਕੋਮਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 178
ਸੰਪਰਕ : 84378-73565.


ਇਸ ਪੁਸਤਕ ਦਾ ਸੰਪਾਦਕ ਡਾ: ਅਮਰ ਕੋਮਲ ਆਪ ਇਕ ਕਵਿਤਾ, ਕਹਾਣੀ, ਮਿੰਨੀ ਕਹਾਣੀ, ਨਿਬੰਧ, ਜੀਵਨੀ, ਸ਼ਬਦ ਚਿੱਤਰ, ਖੰਡ ਕਾਵਿ, ਬੱਚਿਆਂ ਲਈ ਸਾਹਿਤ, ਆਲੋਚਨਾ, ਸੰਪਾਦਨਾ, ਅਨੁਵਾਦ ਤੇ ਸਵੈ-ਜੀਵਨੀ ਲਿਖਤ ਰਾਹੀਂ ਸਥਾਪਤ ਲੇਖਕ ਹੈ।
'ਮੰਟੋ ਜ਼ਿੰਦਾ ਹੈ' ਵਿਚ ਉਸ ਨੇ ਲਗਪਗ 15 ਕਹਾਣੀਆਂ ਦੀ ਚੋਣ ਕਰਕੇ ਸ਼ਾਮਿਲ ਕੀਤੀਆਂ ਹਨ। ਮੰਟੋ, ਜੋ ਆਰੰਭ ਤੋਂ ਹੀ ਲਿਖਤ ਵਜੋਂ ਇਕ ਵਿਵਾਦਿਤ ਲੇਖਕ ਰਿਹਾ ਹੈ, ਦੀਆਂ ਕਹਾਣੀਆਂ ਨੂੰ ਸੰਪਾਦਿਤ ਕਰਨ ਪਿੱਛੇ ਜ਼ਰੂਰ ਕੁਝ ਅਜਿਹੇ ਕਾਰਨ ਹੋਣਗੇ ਜੋ ਉਹ ਪਾਠਕਾਂ ਨਾਲ ਸਾਂਝੇ ਕਰਨਾ ਚਾਹੁੰਦਾ ਹੈ। ਲੇਖਕ ਜੋ ਕੁਝ ਵੀ ਲਿਖਦਾ ਹੈ, ਹਾਲਾਤਵੱਸ ਹੋ ਕੇ ਲਿਖਦਾ ਹੈ ਤੇ ਮੰਟੋ ਵੀ ਅਜਿਹੇ ਸੰਘਰਸ਼ਮਈ ਹਾਲਾਤ ਵਿਚੋਂ ਨਿਕਲਿਆ ਸੀ, ਜਿਨ੍ਹਾਂ ਨੇ ਉਸ ਨੂੰ ਬਗ਼ਾਵਤ ਕਰਨ ਤੇ ਅਜਿਹਾ ਸਾਹਿਤ ਰਚਣ ਦੇ ਰਾਹ ਵੱਲ ਤੋਰਿਆ। ਬਚਪਨ ਵਿਚ ਪਿਤਾ ਦੀ ਕਰੋਪੀ ਦਾ ਸ਼ਿਕਾਰ ਮੰਟੋ ਨੇ ਆਪਣੇ ਮਨ ਦੇ ਗੁਬਾਰ ਨੂੰ ਕਲਮ ਦੀ ਸ਼ਕਤੀ ਰਾਹੀਂ ਪੇਸ਼ ਕਰਕੇ ਕਲਾ ਨੂੰ ਜੀਵਨ ਦਾ ਸਹਾਰਾ ਬਣਾਇਆ। ਰੋਜ਼ੀ-ਰੋਟੀ ਲਈ ਬੜੇ ਧੱਕੇ ਖਾਧੇ, ਸਮਾਜ, ਪਰਿਵਾਰ ਤੇ ਉੱਚ ਪੱਧਰੇ ਲੋਕਾਂ ਵਲੋਂ ਕਦੇ ਉਸ ਨੂੰ ਦੋ ਬੋਲ ਪਿਆਰ ਦੇ ਨਸੀਬ ਨਾ ਹੋਏ ਤੇ ਉਸ ਨੇ ਗ਼ਮ ਗ਼ਲਤ ਕਰਨ ਲਈ ਸ਼ਰਾਬ ਨੂੰ ਸਹਾਰਾ ਬਣਾਇਆ।
ਉਸ ਦੀਆਂ ਰਚਨਾਵਾਂ ਦੇ ਮੁੱਖ ਵਿਸ਼ੇ ਹਨ ਕੋਠੇ 'ਤੇ ਬੈਠੀਆਂ ਬੇਬੱਸ, ਲਾਚਾਰ, ਗ਼ਰੀਬੀ ਦੀ ਮਜਬੂਰੀ ਹੇਠ ਦੱਬੀਆਂ ਵੇਸਵਾਵਾਂ ਤੇ ਉੱਚੇ ਤਬਕੇ ਦੇ ਪੁਰਸ਼ਾਂ ਰਾਹੀਂ ਕੋਠੇ 'ਤੇ ਬੈਠਣ ਲਈ ਮਜਬੂਰ ਔਰਤਾਂ ਜੋ ਬਿਨਾਂ ਮਰਜ਼ੀ ਤੋਂ ਪੈਸੇ ਵਾਲਿਆਂ ਦੀਆਂ ਸ਼ਿਕਾਰ ਹੁੰਦੀਆਂ ਸਨ। ਮੰਟੋ ਲੋਕਾਂ ਦੀ ਪੀੜ, ਦਰਦ, ਮਰਦ ਤੇ ਔਰਤ ਦੇ ਸੰਤਾਪ ਨੂੰ ਸਮਝਦਾ ਸੀ। ਉਸ ਨੇ ਆਪ ਦੁੱਖ ਦਰਦ ਸਹਿ ਕੇ ਉਨ੍ਹਾਂ ਲੋਕਾਂ ਨੂੰ ਨੰਗਾ ਕੀਤਾ ਜੋ ਚਿਹਰਿਆਂ 'ਤੇ ਦੋਹਰੇ ਮੁਖੌਟੇ ਪਾਈ ਫਿਰਦੇ ਸਨ। ਉਸ ਨੇ ਕਲਮ ਰਾਹੀਂ ਸੰਤਾਪ ਹੰਢਾਉਂਦੇ ਲੋਕਾਂ/ਔਰਤਾਂ ਦੇ ਯਥਾਰਥ ਨੂੰ ਪੇਸ਼ ਕੀਤਾ। ਜੋ ਕੁਝ 1947 ਦੀ ਵੰਡ ਵੇਲੇ ਵਾਪਰਿਆਂ ਉਹ ਦੁਖਾਂਤ ਵੀ ਉਸ ਨੇ ਕਲਮ ਰਾਹੀਂ ਦਰਦਨਾਕ ਢੰਗ ਰਾਹੀਂ ਉਲੀਕਿਆ। ਉਸ ਦਾ ਅਜਿਹੀਆਂ ਕਹਾਣੀਆਂ ਲਿਖਣ ਦਾ ਮੁੱਖ ਮੰਤਵ ਸੀ ਸਾਹਿਤ ਰਾਹੀਂ ਕਾਮ ਦੇ ਉਸਾਰੂ ਪੱਖਾਂ ਨੂੰ ਮਹਿਸੂਸ ਕਰਵਾ ਕੇ ਕਾਮ ਦੀ ਅਜਿਹੀ ਸ਼ਕਤੀ ਉਪਜਾਉਣੀ ਜੋ ਅਨਿਆਂ ਵਿਰੁੱਧ ਸੰਗਰਾਮ ਲੜ ਸਕੇ।
ਅਜਿਹੀ ਵਿਚਾਰਧਾਰਾ ਪੇਸ਼ ਕਰਦੀਆਂ ਕਹਾਣੀਆਂ ਹਨ-ਟੋਭਾ ਟੇਕ ਸਿੰਘ, ਬਾਪੂ ਗੋਪੀਨਾਥ, ਕਾਲੀ ਸਲਵਾਰ, ਖੋਲ੍ਹਦੇ, ਠੰਢਾ ਗੋਸ਼ਤ, ਮੋਜ਼ੇਲ, ਸਹਿਯੋਗ, ਡਾਰਲਿੰਗ, ਨਵਾਂ ਕਾਨੂੰਨ, ਬੱਸ ਸਟੈਂਡ ਤੇ ਆਖਰੀ ਸਲੂਟ। ਡਾ: ਸਾਹਿਬ ਨੇ ਇਨ੍ਹਾਂ ਕਹਾਣੀਆਂ ਦੀ ਚੋਣ ਕਰਕੇ ਮੰਟੋ ਦੇ ਅੰਦਰ ਦੀ ਭਾਵਨਾ ਨੂੰ ਉਭਾਰਨ ਦਾ ਯਤਨ ਕੀਤਾ ਹੈ, ਜਿਸ ਨੂੰ ਆਮ ਪਾਠਕ ਸਮਝਣ ਤੋਂ ਅਸਮਰੱਥ ਹੈ। ਬਹੁਤ ਹੀ ਵਧੀਆ ਉਪਰਾਲਾ ਹੈ।


-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.


ਰਾਹਾਂ ਦੀ ਮਿੱਟੀ
ਲੇਖਕ : ਧਰਮਿੰਦਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 77173-97306.


'ਰਾਹਾਂ ਦੀ ਮਿੱਟੀ' ਕਾਵਿ-ਸੰਗ੍ਰਹਿ ਧਰਮਿੰਦਰ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਹ ਕਾਵਿ-ਸੰਗ੍ਰਹਿ ਉਸ ਨੇ ਆਪਣੇ ਬੇਬੇ, ਬਾਪੂ ਦੇ ਨਾਂਅ ਕਰਦਿਆਂ ਅਜੋਕੀ ਪੀੜ੍ਹੀ ਨੂੰ ਆਪਣੇ ਮਾਪਿਆਂ ਦੀ ਸਾਂਭ-ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਹੈ। ਇਸ ਬ੍ਰਹਿਮੰਡਕ ਪਸਾਰੇ 'ਚ ਸਭ ਜੀਵ-ਜੰਤੂਆਂ ਦੀ ਥਾਂ-ਪੁਰ-ਥਾਂ ਆਪਣੀ-ਆਪਣੀ ਮਹੱਤਤਾ ਅਤੇ ਸਾਰਥਕਤਾ ਹੈ। ਦੁਨੀਆ ਵਿਚ ਕੋਈ ਵੀ ਸਜੀਵ ਅਤੇ ਨਿਰਜਿੰਦ ਵਸਤ ਫਾਲਤੂ ਨਹੀਂ ਹੈ। ਰੂਪ, ਰੰਗ ਅਤੇ ਹੋਰ ਸਾਰੇ ਪਹਿਲੂ ਮੁਹੱਬਤ ਦੇ ਅਨੇਕਾਂ ਰੰਗਾਂ ਦੇ ਪਾਸਾਰ ਹਨ। ਪ੍ਰੰਤੂ ਇਹ ਸਾਰੇ ਪੱਖ ਵਿਰੋਧੀ ਜੁਟਾਂ ਵਿਚ ਹਨ ਮਸਲਨ: ਪਿਆਰ-ਨਫ਼ਰਤ, ਸ਼ਹੀਦ- ਗੱਦਾਰ, ਊਚ-ਨੀਚ, ਅਮੀਰੀ-ਗ਼ਰੀਬੀ, ਆਸਤਕ-ਨਾਸਤਿਕ, ਧਰਮੀ-ਅਧਰਮੀ ਅਤੇ ਹੋਰ ਅਨੇਕਾਂ ਰੰਗਾਂ ਵਿਚ ਵੀ। ਧਰਮਿੰਦਰ ਵਲੋਂ ਇਸ ਸੰਗ੍ਰਹਿ ਵਿਚਲੀਆਂ 'ਅਕਾਲ ਉਸਤਤ' ਤੋਂ ਲੈ ਕੇ 'ਰੰਗਰੇਜ਼' ਤੱਕ 62 ਨਜ਼ਮਾਂ 'ਚ ਅਜਿਹੇ ਹੀ ਉਕਤ ਵਿਸ਼ਿਆਂ ਨਾਲ ਪੰਜਾਬੀ ਕਾਵਿ-ਪਾਠਕਾਂ ਦੀ ਸਾਂਝ ਪੁਆਉਣ ਦੀ ਭਰਪੂਰ ਕੋਸ਼ਿਸ਼ ਕੀਤੀ ਗਈ ਹੈ। ਕੁਦਰਤੀ ਵਰਤਾਰਿਆਂ 'ਚ ਮਨੁੱਖ ਅਤੇ ਰੁੱਖ ਦੀ ਅਜ਼ਲੀ ਸਾਂਝ ਨੂੰ ਤਸਲੀਮ ਕਰਦਿਆਂ 'ਮਿੱਟੀ' ਦੀ ਹੋਂਦ ਦੀ ਸਾਰਥਕਤਾ ਵੱਲ ਸੰਕੇਤ ਕੀਤਾ ਹੈ :
ਬੰਦੇ ਤੋਂ ਮਿੱਟੀ ਹੋਣਾ
ਤੇ ਮਿੱਟੀ ਤੋਂ ਬਿਰਖ਼ ਹੋਣਾ
ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ
.. .. .. .. ..
ਮੁਸ਼ਕਿਲ ਤਾਂ ਹੈ
ਪਰ ਅਸੰਭਵ ਨਹੀਂ
ਕੁਦਰਤ ਨੂੰ ਮੁਹੱਬਤ ਕਰਨਾ।
ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਕੁਦਰਤ ਦੇ ਅਨੇਕਾਂ ਵਰਤਾਰਿਆਂ ਦੀ ਵਿਆਖਿਆ ਕਰਦੀਆਂ ਹਨ। ਮਸਲਨ: 'ਅਕਾਲ ਉਸਤਤ', ਬਾਬਾ ਨਾਨਕ, 'ਅੰਮ੍ਰਿਤ', 'ਸਿਰਜਣਹਾਰ', 'ਚਾਨਣ', 'ਪ੍ਰਭਾਤ', 'ਕੁਦਰਤ', 'ਮੁਹੱਬਤ', 'ਕਵਿਤਾ', 'ਕਿਸਾਨ', 'ਬਿਮਾਰ ਸੂਰਜ', 'ਘਸਮੈਲਾ ਚਾਨਣ', 'ਸਤਲੁਜ' ਅਤੇ 'ਦੀਦੜੇ' ਆਦਿ ਕਵਿਤਾਵਾਂ 'ਚ ਉਕਤ ਰੰਗਾਂ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਪ੍ਰੇਮੀ ਦੇ ਦੀਦਾਰ ਦੀ ਸਿੱਕ ਦਾ ਮਾਰਮਿਕ ਦ੍ਰਿਸ਼ :
ਹੋਈ ਮੁੱਦਤ ਹੋਏ ਨਾ ਦੀਦੜੇ
ਮੈਂ ਕਿਸ ਲਈ ਕੱਢਾਂ ਕਸੀਦੜੇ
ਧਰਮਿੰਦਰ ਤੋਂ ਅਗਲੇ ਕਾਵਿ-ਸੰਗ੍ਰਹਿ ਦੀ ਤਵੱਕੋ ਕੀਤੀ ਜਾ ਸਕਦੀ ਹੈ।


-ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

31-10-2020

 ਲੋਕ-ਟੋਟਕੇ
ਪਰਿਭਾਸ਼ਾ, ਸਰੂਪ ਅਤੇ ਲੱਛਣ
ਲੇਖਿਕਾਵਾਂ : ਸੁਨੀਤਾ ਰਾਣੀ ਅਤੇ ਸੀਮਾ ਦੇਵੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 140
ਸੰਪਰਕ : 0172-5002591.

ਹਥਲੀ ਪੁਸਤਕ 'ਚ ਪੰਜਾਬੀ ਲੋਕ-ਸਾਹਿਤ ਚਾਹੇ ਉਹ ਮੌਖਿਕ ਰੂਪ ਵਿਚ ਲੋਕਾਂ ਸਾਹਮਣੇ ਆਉਂਦਾ ਰਿਹਾ ਹੈ ਜਾਂ ਲਿਖਤ ਰੂਪ ਵਿਚ, ਇਨ੍ਹਾਂ ਦੋਵਾਂ ਲੋਕ-ਸਾਹਿਤ ਰੂਪਾਂ ਨੂੰ ਪੁਸਤਕ ਸਮੱਗਰੀ ਦਾ ਆਧਾਰ ਬਣਾਇਆ ਗਿਆ ਹੈ। ਦੋਵਾਂ ਲੇਖਿਕਾਵਾਂ ਨੇ ਲੋਕਯਾਨ, ਲੋਕਧਾਰਾ, ਲੋਕ ਵਿਰਸਾ ਅਤੇ ਲੋਕ ਵੇਦ ਨੂੰ ਨਾਮਕਰਨ ਦੇਣ ਵਾਲਿਆਂ ਦੇ ਪੈਂਤੜੇ 'ਤੇ ਚੱਲ ਕੇ ਪੁਸਤਕ ਵਿਚ ਇਨ੍ਹਾਂ ਸਭਨਾਂ ਦੇ ਸਿਧਾਂਤ, ਸਰੂਪ ਅਤੇ ਮੂਲ ਸਮੱਗਰੀ ਨੂੰ ਪੁਸਤਕ ਵਿਚ ਦਰਸਾਇਆ ਹੈ। ਲੇਖਿਕਾਵਾਂ ਦਾ ਮੰਨਣਾ ਹੈ ਕਿ ਪੰਜਾਬੀ ਲੋਕ-ਟੋਟਕਾ, ਲੋਕ-ਵਾਰਤਕ ਬਿਰਤਾਂਤ ਦੇ ਭਾਗ ਲੋਕ ਕਹਾਣੀ ਦੀ ਇਕ ਪ੍ਰਮੁੱਖ ਵੰਨਗੀ ਹੈ। ਪੁਸਤਕ ਦੇ ਪਹਿਲੇ ਅਧਿਆਇ ਵਿਚ ਲੋਕਧਾਰਾ, ਲੋਕ ਸਾਹਿਤ, ਸੱਭਿਆਚਾਰ, ਸਮਾਜ ਅਤੇ ਸਥਾਨਕ ਭਾਸ਼ਾ ਨਾਲ ਜਾਣ-ਪਛਾਣ ਨੂੰ ਵੱਖ-ਵੱਖ ਵਿਦਵਾਨਾਂ ਦੇ ਵਿਚਾਰਾਂ ਦੇ ਹਵਾਲਿਆਂ ਨਾਲ ਪੇਸ਼ ਕੀਤਾ ਹੈ ਅਤੇ ਇਨ੍ਹਾਂ ਸੰਕਲਪਾਂ ਦੇ ਅੰਤਰ-ਸਬੰਧਾਂ ਅਤੇ ਅੰਤਰ-ਨਿਖੇੜ ਨੂੰ ਵੀ ਦਰਸਾਇਆ ਹੈ। ਇਸ ਤੋਂ ਅੱਗੇ ਲੋਕ ਵਾਰਤਕ ਬਿਰਤਾਂਤ ਦਾ ਇਤਿਹਾਸਕ ਸਰਵੇਖਣ ਪੇਸ਼ ਕਰਦਿਆਂ ਹੋਇਆਂ ਇਸ ਦੇ ਖੇਤਰੀ ਪੱਧਰ 'ਤੇ ਜਾ ਕੇ ਇਕੱਤਰ ਕਰਨ ਦੇ ਸਰੋਕਾਰਾਂ ਨੂੰ ਬਿਆਨ ਕੀਤਾ ਹੈ ਅਤੇ ਨਾਲ ਦੀ ਨਾਲ ਲਘੂ ਅਤੇ ਲੰਮੇ ਲੋਕ-ਵਾਰਤਕ ਬਿਰਤਾਂਤਾਂ ਦੀ ਜਾਣਕਾਰੀ ਦਿੱਤੀ ਹੈ। ਲੋਕ ਟੋਟਕੇ ਦੀ ਪਰਿਭਾਸ਼ਾ ਅਤੇ ਸਰੂਪ ਨੂੰ ਬਿਆਨ ਕਰਨ ਉਪਰੰਤ ਇਨ੍ਹਾਂ ਦੋਵਾਂ ਲੇਖਿਕਾਵਾਂ ਨੇ ਲੋਕ ਟੋਟਕਿਆਂ ਦੀ ਵਰਗ ਵੰਡ, ਸਮੀਖਿਆ ਅਤੇ ਪਾਤਰ ਦਰਸਾਉਂਦਿਆਂ ਹੋਇਆਂ ਵਿਭਿੰਨ ਲੋਕ ਟੋਟਕੇ ਵਾਰਤਕ ਵੰਨਗੀਆਂ ਦੇ ਪ੍ਰਚੱਲਿਤ ਮੂਲ ਪਾਠ ਨੂੰ ਪਾਠਕਾਂ ਦੇ ਸਨਮੁਖ ਕੀਤਾ ਹੈ। ਇਸ ਭਾਗ ਵਿਚ ਪ੍ਰਕਿਰਤੀ, ਜਾਨਵਰਾਂ, ਸਮਾਜ ਵਿਚਲੇ ਸਾਧਾਰਨ ਜਾਂ ਵਿਸ਼ੇਸ਼ ਪਾਤਰਾਂ, ਰਾਜਿਆਂ ਮਹਾਂਰਾਜਿਆਂ ਅਤੇ ਪਸ਼ੂ ਪੰਛੀਆਂ ਬਾਬਤ ਪ੍ਰਚੱਲਿਤ ਲੋਕ ਮਨਾਂ ਵਿਚ ਵਸੀਆਂ ਕਥਾਵਾਂ ਨੂੰ ਵਿਅਕਤ ਕੀਤਾ ਹੈ। ਪੁਸਤਕ ਵਿਚ ਵਿਸਤਰਿਤ ਸਹਾਇਕ ਪੁਸਤਕਾਂ ਦੀ ਸੂਚੀ ਵੀ ਹੈ ਅਤੇ ਅੰਤਿਕਾ ਵਿਚ ਬਹੁਤ ਸਾਰੀਆਂ ਲੋਕ ਕਹਾਣੀਆਂ ਦੇ ਨਾਵਾਂ ਦੀ ਸੂਚੀ ਅੰਕਿਤ ਹੈ। ਲੇਖਿਕਾਵਾਂ ਦਾ ਮੰਨਣਾ ਹੈ ਕਿ ਲੋਕ ਟੋਟਕੇ ਪਰਿਵਾਰਕ ਮਸਲੇ ਅਤੇ ਸਮਾਜਿਕ ਸੱਭਿਆਚਾਰਕ, ਰਾਜਨੀਤਕ ਅਤੇ ਆਰਥਿਕ ਮਸਲਿਆਂ ਨੂੰ ਪਾਠਕਾਂ ਜਾਂ ਸਰੋਤਿਆਂ ਸਾਹਮਣੇ ਪੇਸ਼ ਕਰਦੇ ਹਨ, ਜਿਨ੍ਹਾਂ ਵਿਚਲੀ ਰੌਚਿਕਤਾ ਲੋਕ ਮਨਾਂ ਵਿਚ ਘਰ ਕਰ ਜਾਂਦੀ ਹੈ। ਲੇਖਿਕਾਵਾਂ ਦਾ ਇਹ ਯਤਨ ਸਲਾਹੁਣਯੋਗ ਹੈ।

ਡਾ: ਜਗੀਰ ਸਿੰਘ ਨੂਰ
ਮੋ: 98142-09732

ਤਪਦੇ ਥਲਾਂ ਦਾ ਸਫ਼ਰ
ਲੇਖਕ : ਜਰਨੈਲ ਸਿੰਘ ਮੱਲੇਆਣਾ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 250 ਰੁਪਏ, ਸਫ਼ੇ : 240
ਸੰਪਰਕ : 84375-29875.

ਜਰਨੈਲ ਸਿੰਘ ਮੱਲੇਆਣਾ ਦਾ ਸਾਹਿਤਕ ਜੀਵਨ ਵਿਚ ਪ੍ਰਵੇਸ਼ ਆਪਣੀ ਸਵੈਜੀਵਨੀ 'ਤਪਦੇ ਥਲਾਂ ਦਾ ਸਫ਼ਰ' ਨਾਲ ਹੀ ਹੁੰਦਾ ਹੈ। ਇੰਜ ਇਹ ਪੁਸਤਕ ਉਸ ਦੀ ਪ੍ਰਥਮ ਰਚਨਾ ਹੈ। ਲੇਖਕ ਮਾਲਵੇ ਦੇ ਮੋਗਾ ਜ਼ਿਲ੍ਹੇ ਦੇ ਇਕ ਪਿੰਡ ਮੱਲੇਆਣਾ ਵਿਚ ਪੈਦਾ ਹੋਇਆ। ਆਸ-ਪਾਸ ਦੇ ਕੁਝ ਪਿੰਡਾਂ ਤੋਂ ਹਾਈ ਸਕੂਲ ਦੀ ਪ੍ਰੀਖਿਆ ਪਾਸ ਕੀਤੀ, ਹਾਲਾਂਕਿ ਇਕ ਛੋਟੀ ਕਿਸਾਨੀ ਪਰਿਵਾਰ ਦਾ ਜੰਮਪਲ ਹੋਣ ਕਾਰਨ ਉਸ ਵਾਸਤੇ ਪੜ੍ਹਾਈ ਕਰਨੀ ਕੋਈ ਸੌਖਾ ਕੰਮ ਨਹੀਂ ਸੀ। ਮੈਟ੍ਰਿਕ ਕਰਨ ਉਪਰੰਤ ਸੁਲਤਾਨਪੁਰ ਲੋਧੀ ਤੋਂ ਜੇ.ਬੀ.ਟੀ. ਦਾ ਕੋਰਸ ਕਰਕੇ ਅਧਿਆਪਕ ਲੱਗ ਗਿਆ। ਉਹ ਆਪਣਾ ਅਧਿਆਪਨ-ਕਾਰਜ ਪੂਰੀ ਮਿਸ਼ਨਰੀ ਸਪਿਰਿਟ ਨਾਲ ਕਰਦਾ ਸੀ। ਇਸੇ ਦੌਰਾਨ ਉਸ ਦਾ ਵਿਆਹ ਹੋ ਗਿਆ ਹਾਲਾਂ ਕਿ ਆਪਣੇ ਪਰਿਵਾਰ ਦੇ ਮੁੰਡਿਆਂ ਵਿਚੋਂ ਉਸ ਦਾ ਸਥਾਨ ਤੀਸਰਾ ਸੀ। ਉਸ ਦੇ ਦੋ ਵੱਡੇ ਭਰਾਵਾਂ ਦੇ ਵਿਆਹ ਉਸ ਤੋਂ ਬਾਅਦ ਵਿਚ ਹੋਏ। ਵਿਆਹ ਉਪਰੰਤ ਉਸ ਦੇ ਘਰ ਇਕ ਪੁੱਤਰ ਅਤੇ ਇਕ ਧੀ ਨੇ ਜਨਮ ਲਿਆ। ਪਰ ਇਨ੍ਹਾਂ ਦੋਵਾਂ ਬੱਚਿਆਂ ਦਾ ਦੰਪਤੀ-ਜੀਵਨ ਬਹੁਤਾ ਚੰਗਾ ਜਾਂ ਸੁਖਾਲਾ ਨਾ ਰਿਹਾ। ਸੇਵਾ-ਮੁਕਤੀ (1995) ਤੋਂ ਬਾਅਦ ਉਹ ਕਿਸਾਨ ਯੂਨੀਅਨ ਵਿਚ ਵੀ ਡਟ ਕੇ ਕੰਮ ਕਰਦਾ ਰਿਹਾ ਪਰ ਜਿਥੇ ਉਸ ਦਾ ਵਿਵਸਾਇਕ ਜੀਵਨ ਬਹੁਤ ਸਫਲ ਰਿਹਾ, ਉਥੇ ਪਰਿਵਾਰਕ ਫਰੰਟ ਉੱਪਰ ਉਸ ਨੂੰ ਲਗਾਤਾਰ ਅਨੇਕ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਇੰਜ ਉਸ ਦਾ ਜੀਵਨ ਇਕ ਸੰਘਰਸ਼ ਭਰੀ ਦਾਸਤਾਨ ਬਣਿਆ ਰਿਹਾ।
ਲੇਖਕ ਦਰਸਾਉਂਦਾ ਹੈ ਕਿ ਕਿਸਾਨੀ ਜੀਵਨ ਬਹੁਤ ਚੁਣੌਤੀਆਂ ਭਰਪੂਰ ਹੁੰਦਾ ਹੈ। ਭਰਾਵਾਂ ਦੀ ਆਪੋ ਵਿਚ ਨਹੀਂ ਬਣਦੀ ਕਿਉਂਕਿ ਮਾਤਾ-ਪਿਤਾ ਪੱਖਪਾਤ ਕਰਦੇ ਰਹਿੰਦੇ ਹਨ। 'ਕਮਾਉਣ' ਵਾਲਾ ਕੋਈ ਹੋਰ ਹੁੰਦਾ ਹੈ ਅਤੇ 'ਖਾਣ ਵਾਲੇ' ਹੋਰ ਹੁੰਦੇ ਹਨ। ਮੁੰਡੇ ਤਾਂ ਮੁੰਡੇ, ਕੁੜੀਆਂ ਵਲੋਂ ਵੀ ਸੁਖ ਦਾ ਸਾਹ ਨਹੀਂ ਆਉਂਦਾ। ਵਿਆਹ ਉਪਰੰਤ ਉਨ੍ਹਾਂ ਦੀਆਂ ਵੀ ਅੱਖਾਂ ਬਦਲ ਜਾਂਦੀਆਂ ਹਨ। ਲੇਖਕ ਦੀ ਇਹ ਟੈਕਸਟ ਪੜ੍ਹ ਕੇ ਮਾਲੂਮ ਹੁੰਦਾ ਹੈ ਕਿ ਕਿਸਾਨੀ ਜੀਵਨ ਦੇ ਦੁਖਾਂਤ ਦਾ ਵੱਡਾ ਕਾਰਨ ਇਸ ਦਾ ਪਰਿਵਾਰਕ ਜੀਵਨ ਹੈ। ਪਰਿਵਾਰ ਹੀ ਕਿਸਾਨ ਦਾ ਸਭ ਤੋਂ ਵੱਡਾ ਦੁਸ਼ਮਣ ਬਣਿਆ ਰਹਿੰਦਾ ਹੈ। ਸ਼ਾਇਦ ਸੁਣਨ ਵਿਚ ਇਹ ਗੱਲ ਅਜੀਬ ਲੱਗੇ ਪਰ ਇਹੀ ਸੱਚ ਹੈ। ਜਰਨੈਲ ਸਿੰਘ ਦਾ ਸਮੁੱਚਾ ਜੀਵਨ ਇਸ ਸੱਚ ਨੂੰ ਪ੍ਰਮਾਣਿਤ ਕਰਦਾ ਹੈ। ਇਹ ਸਵੈਜੀਵਨੀ ਇਕ ਨਾਵਲ ਵਾਂਗ ਰੌਚਕ ਅਤੇ ਦਿਲਚਸਪ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਹਾਰੀਂ ਨਾ ਬਚਨਿਆ
ਲੇਖਕ : ਗੁਰਮੀਤ ਕੜਿਆਲਵੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 173
ਸੰਪਰਕ : 81461-00994.

ਗੁਰਮੀਤ ਕੜਿਆਲਵੀ ਪੰਜਾਬੀ ਕਹਾਣੀ ਦੀ ਚੌਥੀ ਪੀੜ੍ਹੀ ਦਾ ਲਾਜਵਾਬ ਹਸਤਾਖ਼ਰ ਹੈ। ਉਸ ਦੇ ਹਥਲੇ ਕਹਾਣੀ ਸੰਗ੍ਰਹਿ ਦਾ ਸਿਰਲੇਖ ਪੜ੍ਹਦਿਆਂ ਕਿਸੇ ਸਮੇਂ ਪੜ੍ਹੀ ਕਹਾਣੀ 'ਹਾਰ ਗਿਆ ਰਤਨਿਆ' ਯਾਦ ਆਉਂਦੀ ਹੈ। 'ਹਾਰੀਂ ਨਾ ਬਚਨਿਆ' ਦਾ ਨਾਇਕ ਵੀ 'ਹਾਰ ਗਿਆ ਰਤਨਿਆ' ਦੇ ਨਾਇਕ ਵਾਂਗ ਹਾਲਾਤ ਅੱਗੇ ਬੇਵੱਸ ਹੈ। ਕਿਸੇ ਸਮੇਂ 'ਬਚਨਾ ਬਾਜ਼ੀਗਰ' ਬਾਜ਼ੀ ਪਾਉਣ ਵਾਲਿਆਂ ਵਿਚ ਅਜਿਹਾ ਨਾਇਕ ਸੀ ਜੋ ਆਪਣੇ ਕਰਤੱਵਾਂ ਨਾਲ ਦਰਸ਼ਕਾਂ ਪਾਸੋਂ ਬੱਲੇ-ਬੱਲੇ ਖੱਟਦਾ ਸੀ। ਪਰ ਅੱਜ ਉਹ ਆਪਣੀ ਪੋਤਰੀ ਦੀ ਅਸਮਤ ਲੁੱਟੇ ਜਾਣ ਕਾਰਨ ਇਨਸਾਫ਼ ਲਈ ਥਾਣਿਆਂ 'ਚ ਧੱਕੇ ਖਾਂਦਾ ਫਿਰਦਾ ਹੈ। 'ਕੀ ਕਰਾਂ' ਕਹਾਣੀ ਦੀ ਨਾਇਕਾ ਬਾਬਿਆਂ ਦੀ ਧਾਰਮਿਕ ਅਕਾਡਮੀ ਵਿਚ ਪੜ੍ਹਦੀ, ਸਖ਼ਤ ਜੇਲ੍ਹ ਵਰਗਾ ਅਨੁਸ਼ਾਸਨ ਅਤੇ ਅਣਮਨੁੱਖੀ ਵਿਵਹਾਰ ਪ੍ਰਤੀ ਵਿਦਰੋਹੀ ਮਾਰਗ ਅਖਤਿਆਰ ਕਰਦੀ ਹੈ, ਭਾਵੇਂ ਕਿ ਉਸ ਨੂੰ ਬੀ.ਐਡ. ਕਰਨ ਕਰਕੇ ਉਥੇ ਹੀ ਨੌਕਰੀ ਮਿਲ ਜਾਣੀ ਸੀ। 'ਛਿਲਤਰਾਂ' ਕਹਾਣੀ ਵਿਚ ਦਲਿਤਾਂ ਲਈ ਸਾਂਝੀ ਜ਼ਮੀਨ ਵਿਚੋਂ ਹਿੱਸਾ ਲੈਣ ਲਈ ਸੰਘਰਸ਼ ਰੂਪਮਾਨ ਹੋਇਆ ਹੈ। 'ਤੂੰ ਜਾਹ ਡੈਡੀ' ਕਹਾਣੀ ਦੇ ਨਾਇਕ ਦਾ ਪੁੱਤਰ ਨਸ਼ਈ ਹੈ। ਨਸ਼ਾ ਛੁਡਾਊ ਕੇਂਦਰ ਵਿਚ ਦਾਖ਼ਲ ਹੈ। ਆਪਣੇ ਬਾਪ ਨੂੰ ਸੰਬੋਧਨ ਕਰਦਾ ਹੋਇਆ, ਸਮਾਜ ਦੀਆਂ ਅਨੇਕਾਂ ਬੁਰਾਈਆਂ ਦਾ ਪਰਦਾ ਫਾਸ਼ ਕਰਦਾ ਹੈ। ਪਰ ਅੰਤ 'ਤੇ ਬਿਨਾਂ ਬਾਹਾਂ ਵਾਲੇ ਲੜਕੇ ਦੇ ਸਬਜ਼ੀ ਵੇਚ ਕੇ ਗੁਜ਼ਾਰਾ ਕਰਨ ਦੀ ਸ਼ਲਾਘਾ ਕਰਦਾ ਹੈ। 'ਕਮੀਨਾ' ਕਹਾਣੀ ਵਿਚ ਪਤੀ-ਪਤਨੀ ਵਲੋਂ ਇਕ-ਦੂਜੇ 'ਤੇ ਆਚਰਨ-ਸ਼ੱਕ, ਸਾਰੀ ਕਹਾਣੀ 'ਤੇ ਛਾਇਆ ਹੋਇਆ ਹੈ। 'ਜੰਗ' ਕਹਾਣੀ ਵਿਚ ਸ਼ਹੀਦ ਦਾ ਬੁੱਤ ਵੀ ਕਥਾਵਾਚਕ ਹੈ। ਸ੍ਰੋਤਾ ਨੈਬ ਸਿੰਘ ਵੀ ਆਪਬੀਤੀ ਦੱਸਦਾ ਹੈ। ਜਗਮੀਤ ਦੀ ਯਾਦਗਾਰ ਬਣ ਗਈ। ਨੈਬ ਦੀ ਤਾਂ ਉਹ ਵੀ ਨਹੀਂ ਬਣੀ। ਪਰ ਦੋਵਾਂ ਦੇ ਘਰ ਉੱਜੜ ਗਏ। ਸ਼ਹੀਦੀ ਦਾ ਮੁੱਲ ਵੀ ਹੋਰ ਖੱਟ ਗਏ। ਦਰਅਸਲ ਜੰਗਾਂ ਲਈ ਰੋਬੋਟ ਸਰਕਾਰਾਂ ਦੇ ਹੱਥ ਵਿਚ ਹੁੰਦੇ ਹਨ। 'ਅਲਵਿਦਾ' ਕਹਾਣੀ ਦਾ ਨਾਇਕ ਸੰਘਰਸ਼ਾਂ ਵਿਚ ਜੁਟਿਆ ਰਹਿਣ ਵਾਲਾ, ਜੀਵਨ ਭਰ ਸਜ਼ਾਵਾਂ ਭੁਗਤਦਾ, ਸੱਚਾ-ਸੁੱਚਾ ਕਾਮਰੇਡ ਵੀ ਹੈ ਪਰ ਖੱਬੇ-ਪੱਖੀ ਨੇਤਾਵਾਂ ਦੀ ਈਰਖਾ ਅਤੇ ਨਿੱਜੀ ਹਿਤਾਂ ਕਾਰਨ ਉਸ ਨੂੰ ਏਨਾ ਅਣਗੌਲਿਆ ਕੀਤਾ ਗਿਆ ਕਿ ਉਸ ਦੀ ਮ੍ਰਿਤੂ ਉਪਰੰਤ 'ਲਾਲ ਝੰਡੇ' ਦੇ ਕੱਫ਼ਨ ਨੂੰ ਉਸ ਦੀ ਪਤਨੀ ਤਰਸਦੀ ਤੇ ਉਡੀਕਦੀ ਹੀ ਰਹਿ ਗਈ। 'ਵਾਇਰਸ' ਕਹਾਣੀ ਦੇ ਨਾਇਕ ਦੇ ਕੰਪਿਊਟਰ ਵਿਚ ਉਸ ਦੇ ਵਿਰੋਧੀਆਂ ਵਲੋਂ ਪੈਨ-ਡਰਾਇਵ ਨਾਲ ਵਾਇਰਸ ਦਾਖ਼ਲ ਕੀਤਾ ਜਾਂਦਾ ਹੈ ਜਿਸ ਨਾਲ ਸਾਰਾ ਡਾਟਾ ਡਿਲੀਟ ਹੋ ਜਾਂਦਾ ਹੈ। ਪਰ ਉਸ ਦੀਆਂ ਖਰੀਆਂ-ਖਰੀਆਂ ਬੌਸ ਸਮੇਤ ਸਾਰੇ ਕਰਮਚਾਰੀਆਂ ਨੂੰ ਅੱਖਾਂ ਵਿਚ ਮਿਰਚਾਂ ਵਾਂਗ ਲੜਦੀਆਂ ਹਨ। ਕਹਾਣੀਕਾਰ ਨੇ ਅਨੇਕਾਂ ਬਿਰਤਾਂਤਕ ਜੁਗਤਾਂ ਵਰਤੀਆਂ ਹਨ। ਬਿਰਤਾਂਤ ਵਿਚੋਂ ਜੀਵਨ ਦੀਆਂ ਅਟੱਲ ਸਚਾਈਆਂ ਨੋਟ ਕੀਤੀਆਂ ਜਾ ਸਕਦੀਆਂ ਹਨ। ਗਲਪੀ, ਕਲਾਤਮਕ ਛੋਹਾਂ ਕਮਾਲ ਨੇ। ਅਦਾਇਗੀ ਜਟਿਲ ਹੈ।

ਡਾ: ਧਰਮ ਚੰਦ ਵਾਤਿਸ਼
ਮੋ: 88376-79186.
ਛੱਪੜ ਤੇ ਅਸਮਾਨ
ਲੇਖਕ : ਸੁਖਬੀਰ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 022-26369349.

'ਛੱਪੜ ਤੇ ਅਸਮਾਨ' ਨਾਮਵਰ ਸਾਹਿਤਕਾਰ ਸੁਖਬੀਰ ਦੀਆਂ ਬਾਲ ਕਹਾਣੀਆਂ ਦੀ ਬੇਹੱਦ ਦਿਲਚਸਪ ਅਤੇ ਬੌਧਿਕ ਪੁਸਤਕ ਹੈ। ਇਸ ਸੰਗ੍ਰਹਿ 'ਚ ਲੇਖਕ ਦੀਆਂ 20 ਬਾਲ ਕਹਾਣੀਆਂ ਸ਼ਾਮਿਲ ਹਨ।
'ਸਹੀ ਵੰਡ' ਬਾਲ ਕਹਾਣੀ 'ਚ ਇਕ ਲੂੰਮੜੀ ਦੀ ਚਲਾਕੀ ਦਾ ਵਰਨਣ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਉਹ ਆਪਣੀ ਚਲਾਕੀ ਨਾਲ ਰਿੱਛ ਤੋਂ ਬਚਾਅ ਕਰਦੀ ਹੈ। 'ਉਮਰ ਦਾ ਸਵਾਲ' ਕਹਾਣੀ 'ਚ ਇਕ ਕਾਂ ਦਾ ਉਮਰ ਦੇ ਹਿਸਾਬ ਨਾਲ ਮੈਨਾ ਪ੍ਰਤੀ ਬਦਲਦਾ ਨਜ਼ਰੀਆ ਬਾਖੂਬੀ ਪੇਸ਼ ਕੀਤਾ ਗਿਆ ਹੈ। 'ਤਿੰਨ ਡੰਗ ਦੀ ਰੋਟੀ' ਕਹਾਣੀ 'ਚ 'ਹੱਥੀਂ ਮਿਹਨਤ ਕਰਨ ਦੀ ਨਸੀਹਤ ਦਿੱਤੀ ਗਈ ਹੈ। 'ਸਭ ਤੋਂ ਤਗੜੀ ਚਿੜੀ' ਕਹਾਣੀ 'ਚ ਇਕ ਚਿੜੀ ਦੀ ਸਿਆਣਪ ਦੀ ਉਦਾਹਰਨ ਦਿੱਤੀ ਗਈ ਹੈ ਕਿ ਉਹ ਕਿਸ ਤਰ੍ਹਾਂ ਆਪਣੀ ਸਿਆਣਪ ਦੇ ਬਲਬੂਤੇ ਹਾਥੀ ਅਤੇ ਮਗਰਮੱਛ ਨੂੰ ਹਰਾਉਂਦੀ ਹੈ। 'ਛੱਪੜ ਅਤੇ ਅਸਮਾਨ' ਇਕ ਤਿਤਲੀ ਅਤੇ ਡੱਡੂ ਦੀ ਬੜੀ ਹੀ ਰੌਚਿਕ ਅਤੇ ਦਿਲਚਸਪ ਕਹਾਣੀ ਹੈ।
'ਬਾਦਸ਼ਾਹ' ਕਹਾਣੀ 'ਚ ਸਿੱਖਿਆ ਦਿੱਤੀ ਗਈ ਹੈ ਕਿ ਆਪ ਨਾਲੋਂ ਤਾਕਤਵਰ ਨਾਲ ਸਿੱਧਾ ਪੰਗਾ ਮਹਿੰਗਾ ਪੈ ਸਕਦਾ ਹੈ। 'ਵਿਹਲੜ' ਕਹਾਣੀ 'ਚ ਸਿੱਖਿਆ ਦਿੱਤੀ ਗਈ ਹੈ ਕਿ ਮਨੁੱਖ ਨੂੰ ਆਲਸ ਤਿਆਗ ਕੇ ਹੱਥੀਂ ਮਿਹਨਤ ਕਰਨੀ ਚਾਹੀਦੀ ਹੈ ਕਿਉਂਕਿ ਵਿਹਲੜ ਬੰਦੇ ਦਾ ਅੰਤ ਮਾੜਾ ਹੁੰਦਾ ਹੈ। 'ਅਮਰਤਾ ਦਾ ਫਲ' ਕਹਾਣੀ 'ਚ ਸਿੱਖਿਆ ਦਿੱਤੀ ਗਈ ਹੈ ਕਿ ਲਾਲਚ ਬੁਰੀ ਬਲਾ ਹੈ। 'ਚਾਲ ਅਤੇ ਜਾਲ' ਇਕ ਚੁਸਤ ਨੌਜਵਾਨ ਦੀ ਕਹਾਣੀ ਹੈ ਜੋ ਆਪਣੀ ਚਾਲ ਨਾਲ ਇਕ ਦੈਂਤ ਨੂੰ ਆਪਣੇ ਜਾਲ ਵਿਚ ਫਸਾਉਂਦਾ ਹੈ।
ਇਸ ਤੋਂ ਇਲਾਵਾ 'ਲਾਲ ਕੋਟ ਵਾਲਾ ਚੂਹਾ', 'ਉੱਲੂ ਦਾ ਇਲਾਜ', 'ਵਰ ਦੀ ਭਾਲ', 'ਕੋਰੇ ਹੱਥ', 'ਸੈਹੇ ਦੀ ਸਿਆਣਪ', 'ਸ਼ੀਸ਼ਾ ਤੇ ਸ਼ਕਲਾਂ', 'ਦੋ ਲੱਤਾਂ ਵਾਲਾ ਟਿੱਡਾ', 'ਗੱਲ ਕਰਨ ਵਾਲਾ ਖੋਤਾ', ਕਿਹੋ ਜਿਹੇ ਦੋਸਤ', 'ਖੋਟੀ ਕਿਸਮਤ', 'ਸਭ ਤੋਂ ਸੋਹਣੀ ਆਵਾਜ਼' ਆਦਿ ਬਾਲ ਕਹਾਣੀਆਂ ਵੀ ਬੇਹੱਦ ਦਿਲਚਸਪ ਅਤੇ ਸਿੱਖਿਆਦਾਇਕ ਹਨ।
ਸਮੁੱਚੀ ਪੁਸਤਕ ਦੀਆਂ ਬਾਲ ਕਹਾਣੀਆਂ ਬਾਲ ਮਨਾਂ ਦੇ ਹਾਣ ਦੀਆਂ ਹੋਣ ਕਰਕੇ ਸੁਆਦਲੀਆਂ ਵੀ ਹਨ ਅਤੇ ਕੋਈ ਨਾ ਕੋਈ ਨਿੱਗਰ ਸਿੱਖਿਆ ਵੀ ਦਿੰਦੀਆਂ ਹਨ।

ਮਨਜੀਤ ਸਿੰਘ ਘੜੈਲੀ
ਮੋ: 98153-91625.

c c c

ਤ੍ਰੇਹ
ਮੂਲ ਲੇਖਕ : ਮੀਰ ਤਨਹਾ ਯੂਸਫੀ
ਲਿਪੀਅੰਤਰ : ਪਾਲ ਸਿੰਘ ਵੱਲਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ (ਪਟਿਆਲਾ)
ਮੁੱਲ : 125 ਰੁਪਏ, ਰੁਪਏ : 96
ਸੰਪਰਕ : 0183-5094194.

ਲਹਿੰਦੇ ਪੰਜਾਬ ਦਾ ਨਾਵਲ ਹੈ। ਇਸਲਾਮਾਬਾਦ (ਪਾਕਿਸਤਾਨ) ਦੇ ਵਸਨੀਕ ਲੇਖਕ ਦੀ ਸਾਹਿਤ ਸਿਰਜਣਾ ਬਾਰੇ ਕਹਾਣੀਕਾਰ ਜਿੰਦਰ ਨੇ ਟਾਈਟਲ ਤੇ ਜਾਣਕਾਰੀ ਦਿੱਤੀ ਹੈ। ਇਸ ਨਾਵਲ ਦਾ ਮੁੱਖ ਪਾਤਰ ਕਬਾਇਲੀ ਸੋਚ ਦਾ ਮਾਲਕ ਹੈ। ਮਰਦ ਵਿਚ ਔਰਤ ਪ੍ਰਤੀ ਕਬਜ਼ੇ ਦੀ ਭਾਵਨਾ ਦਾ ਬਿੰਬ ਉਸਰਦਾ ਹੈ। ਰਫੀਕ ਦੀਆਂ ਦੋ ਧੀਆਂ ਹਨ। ਬਗੋ ਤੇ ਨਗੋ। ਅਸਲ ਨਾਂਅ ਹੋਰ ਹਨ। ਜਵਾਨ ਹੁੰਦੀਆਂ ਹਨ।
ਰਫੀਕ ਧੀਆਂ ਦੇ ਮੁੱਲ ਦੇ ਰਿਸ਼ਤੇ ਕਰਦਾ ਹੈ। ਅਬਦੁਲ ਰਹਿਮਾਨ 65 ਸਾਲ ਦਾ ਵੱਡੀ ਉਮਰ ਦਾ ਵਿਆਹਿਆ ਪਾਤਰ ਹੈ। ਗੁਲਜ਼ਾਰੀ ਉਸ ਦੀ ਪਤਨੀ ਹੈ। ਘਰ ਵਿਚ ਕੋਈ ਬੱਚਾ ਨਹੀਂ ਹੈ ਪਰ ਜੁਆਨ ਬਗੋ 'ਤੇ ਮਾੜੀ ਨਜ਼ਰ ਰੱਖਦਾ ਹੈ। ਬਗੋ ਦਾ ਰਿਸ਼ਤਾ ਹੋਰ ਕਿਤੇ ਕਰ ਦਿੱਤਾ ਜਾਂਦਾ ਹੈ। ਉਹ ਚਲੀ ਜਾਂਦੀ ਹੈ। ਪਰ ਹੁਸੀਨ ਬਗੋ ਦੇ ਸੁਪਨੇ ਲੈਂਦਾ ਰਹਿਮਾਨ ਉਸ ਦੀ ਤਲਾਸ਼ ਵਿਚ ਤੁਰ ਪੈਂਦਾ ਹੈ।
ਨਾਵਲ ਦਾ ਵਧੇਰੇ ਭਾਗ ਇਸੇ ਤਲਾਸ਼ ਬਾਰੇ ਹੈ। ਉਹ ਬਗੋ ਨੂੰ ਲੱਭਣ ਲਈ ਸ਼ਹਿਰ, ਕਸਬੇ, ਜੰਗਲ, ਸਪੇਰਿਆਂ ਦੇ ਟਿਕਾਣਿਆਂ ਤੇ ਹੋਰ ਕਈ ਥਾਵਾਂ 'ਤੇ ਤੁਰਿਆ ਫਿਰਦਾ ਹੈ। ਰਫੀਕ ਨੇ ਬਗੋ ਦਾ ਰਿਸ਼ਤਾ ਲੁਕਵੇਂ ਰੂਪ ਵਿਚ ਕੀਤਾ ਸੀ। ਪਿੰਡ ਨੂੰ ਪਤਾ ਨਹੀਂ ਲੱਗਣ ਦਿੰਦਾ। ਤਿੰਨ ਕੁ ਸਾਲ ਪਿੱਛੋਂ ਇਕ ਦਿਨ ਰਹਿਮਾਨ ਨੂੰ ਬਗੋ ਦਾ ਪਤਾ ਲੱਗ ਜਾਂਦਾ ਹੈ ਕਿ ਉਹ ਇਕ ਸਪੇਰੇ ਕੋਲ ਹੈ ਤੇ ਉਸ ਦੇ ਦੋ ਬੱਚੇ ਹਨ। ਸਪੇਰੇ ਦੇ ਕਿਤੇ ਜਾਣ ਪਿੱਛੋਂ ਉਹ ਮਿਲਦੇ ਹਨ। ਪਛਾਣਦੇ ਹਨ। ਫਿਰ ਪੁਰਾਣੀਆਂ ਗੱਲਾਂ ਯਾਦ ਕਰਦੇ ਹਨ। ਸਪੇਰਾ ਬਗੋ ਦਾ ਦੂਸਰਾ ਪਤੀ ਹੈ। ਪਹਿਲਾ ਪਤੀ ਮਰ ਚੁੱਕਾ ਹੈ।
ਰਹਿਮਾਨ ਸਪੇਰੇ ਤੋਂ ਲੁਕ-ਛਿਪ ਕੇ ਬਗੋ ਨੂੰ ਅਗਵਾ ਕਰਕੇ ਆਪਣੇ ਕੁਝ ਬੰਦਿਆਂ ਨਾਲ ਪਿੰਡ ਲੈ ਆਉਂਦਾ ਹੈ। ਪਿੰਡ ਆ ਕੇ ਬਗੋ ਨੂੰ ਬਾਪ ਦੇ ਮਰਨ ਦਾ ਪਤਾ ਲਗਦਾ ਹੈ। ਨਗੋ ਬਾਰੇ ਵੀ ਉਹ ਪੁੱਛਦੀ ਹੈ। ਪੰਚਾਇਤ ਤੇ ਬਗੋ ਦੀ ਸਹਿਮਤੀ ਨਾਲ ਨਿਕਾਹ ਹੁੰਦਾ ਹੈ। ਪਰ ਤਿੰਨ ਕੁ ਮਹੀਨਿਆਂ ਪਿੱਛੋਂ ਬੱਚਿਆਂ ਸਮੇਤ ਘਰੋਂ ਭੱਜ ਜਾਂਦੀ ਹੈ। ਪਿੰਡ ਦੇ ਮੁੰਡੇ ਰਹਿਮਾਨ ਨੂੰ ਮਖੌਲਾਂ ਕਰਦੇ ਹਨ। ਚਾਚਾ! ਐਤਕੀਂ ਬਗੋ ਕਿ ਨਸੀ ਏ? ਨਾਵਲ ਦਾ ਸਿਰਲੇਖ ਮਰਦ ਦੀ ਕਾਮ ਲਾਲਸਾ (ਤ੍ਰੇਹ) ਦੇ ਆਧਾਰ 'ਤੇ ਹੈ। ਲਹਿੰਦੀ ਦੇ ਸ਼ਬਦ ਆਮ ਹਨ। ਰੁਮਾਂਟਿਕ ਨਾਵਲ ਦਾ ਲਿਪੀਅੰਤਰ ਮਿਆਰੀ ਹੈ।

ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 09814856160

ਸਤਰੰਗੀ ਪੀਂਘ
ਲੇਖਿਕਾ : ਰਾਜਵੰਤ ਕੌਰ ਬਾਜਵਾ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 98148-16976.

ਸ਼ਾਇਰ ਰਾਜਵੰਤ ਕੌਰ ਬਾਜਵਾ ਹਥਲੀ ਕਿਤਾਬ 'ਸਤਰੰਗੀ ਪੀਂਘ' ਤੋਂ ਪਹਿਲਾਂ ਮਿੰਨੀ ਕਹਾਣੀਆਂ ਦੀ ਪੁਸਤਕ 'ਫੇਅਰ ਐਂਡ ਲਵਲੀ' ਪੰਜਾਬੀ ਅਦਬ ਦੇ ਰੂਬਰੂ ਕਰ ਚੁੱਕੀ ਹੈ। ਹਥਲੀ ਕਿਤਾਬ ਪੰਜਾਬੀ ਅਦਬ ਵਿਚ ਨਵੀਂ ਆਈ ਕਾਵਿ-ਸਿਨਫ਼ ਹਾਇਕੂ 'ਤੇ ਹੱਥ ਅਜ਼ਮਾਈ ਕਰਕੇ ਪੰਜਾਬੀ ਕਾਵਿ ਵਿਹੜੇ ਵਿਚ ਪਲੇਠੀ ਪੁਲਾਂਘ ਪੁੱਟੀ ਹੈ। ਹਾਇਕੂ ਮੂਲ ਰੂਪ ਵਿਚ ਕਾਵਿ ਸਿਨਫ਼ ਹੈ ਜੋ ਤਿੰਨ ਸਤਰੀ ਸਤਰਾਂ 'ਤੇ ਆਧਾਰਿਤ ਹੁੰਦਾ ਹੈ। ਜਾਪਾਨ ਰਹਿੰਦੇ ਪੰਜਾਬੀ ਸ਼ਾਇਰ ਪ੍ਰਮਿੰਦਰ ਸੋਢੀ ਵਲੋਂ ਜਾਪਾਨੀ ਕਾਵਿ-ਸਿਨਫ਼ ਨੂੰ ਤਰਜਮਾ ਕੇ ਪੰਜਾਬੀ ਅਦਬ ਦੇ ਅੰਗੀਕਾਰ ਕੀਤਾ, ਜਿਸ ਨੂੰ ਪੜ੍ਹ, ਸੁਣ ਅਤੇ ਗੁੜ੍ਹ ਕੇ ਕੁਝ ਉਂਗਲਾਂ 'ਤੇ ਗਿਣੇ ਜਾਣ ਵਾਲੇ ਸ਼ਾਇਰਾਂ ਨੇ ਇਸ ਕਾਵਿ-ਸਿਨਫ਼ ਨੂੰ ਅਪਣਾਇਆ ਹੈ ਅਤੇ ਮੈਡਮ ਰਾਜਵੰਤ ਕੌਰ ਬਾਜਵਾ ਇਸ ਨਵੀਂ ਸਿਨਫ਼ ਦੇ ਸ਼ਾਇਰਾਂ ਦੇ ਬਣਨ ਜਾ ਰਹੇ ਕਾਫ਼ਲੇ ਦਾ ਹਾਇਕੂ ਕਾਰਕੁੰਨ ਹੈ। ਯਾਦ ਰਹੇ ਪੰਜਾਬੀ ਵਿਚ ਪਹਿਲਾਂ ਹੀ ਤਿੰਨ ਸਤਰੀ ਕਾਵਿ-ਸਿਨਫ਼ ਟੱਪੇ ਮੌਜੂਦ ਹੈ ਜਿਸ ਦਾ ਤਰੰਨਮੀ ਸੁਰ ਕੰਨਾਂ ਵਿਚ ਸੁਰੀਲੀ ਸੁਰ ਘੋਲਦਾ ਹੈ। ਇਸ ਪੁਸਤਕ ਦੇ ਪਾਠ 'ਤੇ ਸਰਸਰੀ ਨਜ਼ਰ ਮਾਰਿਆਂ ਪਹਿਲਾਂ ਤਾਂ ਪਾਠਕ ਉਕਤਾ ਜਾਂਦਾ ਹੈ ਪਰ ਜਦੋਂ ਖੁਰਦਬੀਨੀ ਅੱਖ ਨਾਲ ਸਕੈਨਿੰਗ ਕਰਕੇ ਉਸ ਦੇ ਕਾਵਿ ਤੱਤ ਦਾ ਸੂਤਰ ਫੜ ਲੈਂਦਾ ਹੈ ਤਾਂ ਪਾਠਕ ਇਸ ਪੁਸਤਕ ਨੂੰ ਇਕੋ ਬੈਠਕ ਵਿਚ ਪੜ੍ਹ ਲੈਂਦਾ ਹੈ ਤੇ ਇਸ ਨਵੀਂ ਸਿਨਫ਼ ਤੋਂ ਅਭਿੱਜ ਨਹੀਂ ਰਹਿੰਦਾ। ਸ਼ਾਇਰਾ ਰਾਜਸੀ ਨੇਤਾਵਾਂ ਦੇ ਭਾਸ਼ਨਾਂ ਦੇ ਦੰਭ ਦੇ ਬਖੀਏ ਉਖੇੜਦੀ ਹੈ ਅਤੇ ਸਮਕਾਲੀ ਸਰੋਕਾਰਾਂ ਨਾਲ ਵੀ ਦਸਤਪੰਜਾ ਲੈਂਦੀ ਹੈ। ਇਸ ਪੁਸਤਕ ਦਾ ਇਕ ਹੋਰ ਮੀਰੀ ਗੁਣ ਹੈ, ਉਹ ਹੈ ਇਸ ਸਿਨਫ਼ ਰਾਹੀਂ ਦੇਸੀ ਮਹੀਨਿਆਂ ਦਾ ਜਿਸ ਤਰ੍ਹਾਂ ਸਬ ਚਿਤਰਨ ਕਰਦੀ ਹੈ ਅਤੇ ਇਸ ਦੇ ਡੂੰਘ ਵਿਚ ਜਾ ਕੇ ਇਹ ਨਿਰਣਾ ਲਿਆ ਜਾਵੇ ਕਿ ਇਹ ਪੁਸਤਕ ਹਾਇਕੂ ਸਿਨਫ਼ ਦਾ ਬਾਰਾਂਮਾਹ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਸ਼ਾਇਰਾ ਦੇ ਇਸ ਕਲਾਤਮਿਕ ਪ੍ਰਗਟਾਵੇ ਨੂੰ ਸਲਾਮ ਤਾਂ ਕਰਨਾ ਹੀ ਬਣਦਾ ਹੈ।

ਭਗਵਾਨ ਢਿੱਲੋਂ
ਮੋ: 98143-78254.

25-10-2020

ਸੱਥਾਂ ਦੇ ਸਰਦਾਰ
ਕਵੀ : ਨਿਮਰਬੀਰ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 95307-01212.


ਕਵੀ ਨਿਮਰਬੀਰ ਸਿੰਘ ਦੀ ਇਹ ਪਹਿਲੀ ਕਾਵਿ ਪੁਸਤਕ ਹੈ। ਇਸ ਪੁਸਤਕ ਵਿਚ ਪੰਜ ਕੁ ਦਰਜਨ ਕਵਿਤਾਵਾਂ ਹਨ ਜੋ 136 ਸਫ਼ਿਆਂ ਵਿਚ ਸੁਭਾਇਮਾਨ ਹਨ। ਨਿਮਰਬੀਰ ਲੋਕ ਸਰੋਕਾਰਾਂ ਦਾ ਅਤੇ ਸਮਾਜਿਕ ਸੁਧਾਰ ਵਿਸ਼ਿਆਂ ਦਾ ਲੋਕ ਕਵੀ ਹੈ। ਭਾਵੇਂ ਇਹ ਪੁਸਤਕ ਉਸ ਦੀ ਪਹਿਲ ਪਲੇਠੀ ਪੁਸਤਕ ਹੈ ਪਰ ਇੰਜ ਲਗਦਾ ਹੈ ਕਿ ਉਹ ਹੰਢਿਆ-ਵਰਤਿਆ ਅਤੇ ਕਾਵਿ ਖੇਤਰ ਦਾ ਸੰਵੇਦਨ ਭਰਪੂਰ ਕਵੀ ਹੈ। ਕਵੀ ਨੂੰ ਰੰਜ ਹੈ ਕਿ ਸਮੇਂ ਦੇ ਹਾਕਮਾਂ ਨੇ ਸਾਡੇ ਮਹਾਂ ਪੰਜਾਬ ਦੇ ਟੁਕੜੇ-ਟੁਕੜੇ ਕਰ ਦਿੱਤੇ ਅਤੇ ਪੰਜਾਬ ਨੂੰ ਇਕ ਸੂਬੀ ਬਣਾ ਦਿੱਤਾ :
ਬੇੜਾ ਬੈਠਿਆ ਉਇ ਸਰਕਾਰਾਂ ਦਾ, ਤੋੜ ਸਾਡੇ ਖਾਬ ਦਿੱਤੇ,
ਸਾਡੀ ਪਾਕ ਪਵਿੱਤਰ ਧਰਤੀ ਦੇ ਵੰਡ ਪੰਜੇ ਆਬ ਦਿੱਤੇ।
ਕਵੀ ਨੂੰ ਸ਼ਿਕਾਇਤ ਹੈ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਪੰਜਾਬੀ ਨੌਜਵਾਨੀ ਨੂੰ ਸਿੱਧੇ ਰਸਤੇ ਪਾਉਣ ਦੀ ਥਾਂ ਭਟਕਾਇਆ ਹੀ ਹੈ :
ਕਦੇ ਖਾੜਕੂ ਕਦੇ ਮੁਖਬਰ, ਕਦੇ ਕਹਿ ਕੇ ਅੱਤਵਾਦੀ,
ਵੇਖ ਮਾਂ ਧਰਤੀਏ ਤੇਰੇ ਪੁੱਤਰਾਂ ਨੂੰ ਇਨ੍ਹਾਂ ਕੀ ਕੀ ਖਿਤਾਬ ਦਿੱਤੇ।
ਪੰਜਾਬੀ ਕਿਸਾਨਾਂ ਬਾਰੇ ਉਹ ਲਿਖਦਾ ਹੈ :
ਉੱਤੋਂ ਹਾਂ ਕੌੜੇ ਤੁੰਮੇ ਵਰਗੇ, ਪਰ ਦਿਲਾਂ ਦੇ ਸ਼ੱਕਰ ਬੰਦੇ ਨੀ,
ਧਰਤੀ 'ਚੋਂ ਸੋਨਾ ਉਗਾ ਲੈਂਦੇ ਇਨ੍ਹਾਂ ਦੇ ਅਜਬ ਹੀ ਧੰਦੇ ਨੀ।
ਕਵੀ ਨੂੰ ਪਾਕਿਸਤਾਨੀ ਪੰਜਾਬ ਦੇ ਦਰਸ਼ਨ ਕਰਨ ਦੀ ਡੂੰਘੀ ਤਾਂਘ ਹੈ। ਉਹ ਕਹਿੰਦਾ ਹੈ : ਤੜਫਦੇ ਬਹੁਤ ਨੇ ਲੋਕ/ਏਧਰੋਂ ਵੀ ਅਤੇ ਓਧਰੋਂ ਵੀ/ਚਾਹੁੰਦੇ ਨੇ ਸਭ ਆਉਣ ਜਾਣ ਖੁੱਲ੍ਹ ਜਾਵੇ/ਸਭ ਦਾ ਦਿਲ ਕਰਦੈ ਆਪਣੇ ਬਜ਼ੁਰਗਾਂ ਦੀ/ਜੰਮਣ ਭੋਇੰ ਤੱਕਣ ਨੂੰ/.. ਬੱਸ ਰੱਬ ਸੁਣ ਲਵੇ ਅਰਦਾਸਾਂ/ਏਧਰੋਂ ਵੀ ਤੇ ਓਧਰੋਂ ਵੀ...।
ਕਵੀ ਨਿਮਰਬੀਰ ਦੀਆਂ ਬਹੁਤੀਆਂ ਕਾਵਿ ਰਚਨਾਵਾਂ ਗ਼ਜ਼ਲਾਂ ਹਨ ਪਰ ਉਸ ਨੇ ਇਨ੍ਹਾਂ ਦਾ ਸਿਰਲੇਖ 'ਗ਼ਜ਼ਲ' ਕਰਕੇ ਨਹੀਂ ਲਿਖਿਆ। ਉਸ ਦਾ ਇਕ ਸ਼ਿਅਰ ਦੇ ਕੇ ਇਸ ਪੁਸਤਕ ਨੂੰ ਜੀ ਆਇਆਂ ਕਹਿੰਦਾ ਹਾਂ :
ਜਿਹੜਾ ਭਾਂਡਾ ਛੋਟਾ ਹੋਵੇ ਅਕਸਰ ਉਹੀ ਉੱਛਲਦਾ ਏ,
ਸਬਰ ਸੰਤੋਖ ਕਿਰਦਾਰਾਂ ਵਾਲੇ ਕਦੇ ਵੀ ਹੰਕਾਰਦੇ ਨਾ।


-ਸੁਲੱਖਣ ਸਰਹੱਦੀ
ਮੋ: 94174-84337.


ਬੰਕਿਮਚੰਦਰ ਚੱਟੋਪਾਧਿਆਏ ਦੇ ਤਿੰਨ ਨਾਵਲ
ਦੇਵੀ ਚੌਧਰਾਣੀ, ਜ਼ਹਿਰੀਲਾ ਰੁੱਖ, ਦੁਰਗੇਸ਼ ਨੰਦਿਨੀ

ਅਨੁ: ਡਾ: ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨਜ਼, ਦਿੱਲੀ
ਮੁੱਲ : 400 ਰੁਪਏ, ਸਫ਼ੇ : 356
ਸੰਪਰਕ : 099588-31357.


ਡਾ: ਬੱਦਨ ਨੇ ਉਪਰੋਕਤ ਤਿੰਨ ਨਾਵਲਾਂ ਦਾ ਅਨੁਵਾਦ ਕਰਕੇ ਇਕੋ ਜਿਲਦ ਵਿਚ ਸੰਕਲਿਤ ਕੀਤਾ ਹੈ। ਇਹ ਤਿੰਨੇ ਨਾਵਲ ਭਾਰਤੀ ਸੰਸਕ੍ਰਿਤੀ (ਹਿੰਦੂ ਸੰਸਕ੍ਰਿਤੀ) ਵਿਸ਼ੇਸ਼ ਕਰਕੇ ਬੰਗਾਲੀ, ਰਾਜਪੂਤੀ ਅਤੇ ਪਠਾਣੀ ਸੰਸਕ੍ਰਿਤੀ ਨਾਲ ਸਬੰਧਿਤ ਹਨ। ਇਨ੍ਹਾਂ ਵਿਚ ਜਾਤੀ-ਜਮਾਤੀ, ਊਚ-ਨੀਚ, ਅਮੀਰ-ਗ਼ਰੀਬ (ਦਾਸ-ਪਾਤਰਾਂ) ਨਾਲ ਨੇੜਤਾ ਅਤੇ ਟਕਰਾਓ ਦੇ ਝਲਕਾਰੇ ਵੇਖੇ ਜਾ ਸਕਦੇ ਹਨ। ਸਾਰਿਆਂ ਨਾਵਲਾਂ ਵਿਚ ਨਾਇਕਾਂ/ਨਾਇਕਾਵਾਂ ਦੇ ਆਪੋ-ਆਪਣੇ ਅਸਤਿੱਤਵ ਦੀ ਰਾਖੀ ਲਈ ਜੀਵਨ ਭਰ ਦਾ ਸੰਘਰਸ਼ ਨੋਟ ਕੀਤਾ ਜਾ ਸਕਦਾ ਹੈ। ਜੀਵਨ ਦੇ ਦੁੱਖਾਂ ਸਮੇਂ ਸਹਾਇਕ ਪਾਤਰ ਵੀ ਬਹੁੜਦੇ ਹਨ। ਖਲਨਾਇਕ ਚਲਾਕੀ ਭਰੀਆਂ ਸਾਜਿਸ਼ਾਂ ਵੀ ਕਰਦੇ ਹਨ। ਫਫੇਕੁੱਟਣੀਆਂ ਦਾ ਰੋਲ ਵੀ ਹੈ। ਜਿਥੇ ਨਾਇਕਾਂ/ਨਾਇਕਾਵਾਂ ਦੇ ਸੰਕਟ ਪਰਬਤੋਂ ਭਾਰੀ ਹਨ, ਉਥੇ ਪਰਬਤਾਂ ਤੋਂ ਉਤਰਨ ਲਈ ਸੌਖੀਆਂ ਢਲਾਣਾਂ ਵੀ ਹਨ। ਮੌਕਾਪ੍ਰਸਤ ਸਹਿਕਾਮੀ ਪਾਤਰ ਵੀ ਹਨ, ਦੁੱਲੇ-ਭੱਟੀ ਵਰਗੇ ਨਿਸ਼ਕਾਮੀ ਸੇਵਕ ਵੀ ਹਨ। ਪਿਆਰ ਦੇ ਦ੍ਰਿਸ਼ ਵੀ ਹਨ। ਵਿਧਵਾ-ਵਿਆਹਾਂ ਦੀ ਗਾਥਾ ਵੀ ਹੈ। ਬਹੁ-ਵਿਆਹ ਪ੍ਰਥਾ ਵੀ ਹੈ। ਪਹਿਲੇ ਦੋ ਨਾਵਲ ਅੰਗਰੇਜ਼ਾਂ ਦੀ ਭਾਰਤ ਵਿਚ ਆਮਦ ਦੇ ਸਮੇਂ ਬੰਗਾਲ ਦੀ ਤਥਾਤਮਿਕਤਾ ਵਿਚੋਂ ਹੋਂਦ ਗ੍ਰਹਿਣ ਕਰਦੇ ਹਨ। ਆਖਰੀ ਨਾਵਲ ਵਿਚ ਮੁਗਲ ਬਾਦਸ਼ਾਹ ਅਕਬਰ ਦੇ ਸਮੇਂ ਦੇ ਰਾਜਪੂਤਾਂ ਅਤੇ ਪਠਾਣਾਂ ਦੇ ਪ੍ਰਮਾਣਿਕ/ਅਪ੍ਰਮਾਣਿਕ ਅਸਤਿੱਤਵੀ ਕਿਰਦਾਰਾਂ/ਸਰੋਕਾਰਾਂ ਦੀ ਪੇਸ਼ਕਾਰੀ ਕੀਤੀ ਗਈ ਹੈ। ਤਤਕਾਲਿਕ ਸਮੇਂ ਬਜਰੇ, ਕਿਸ਼ਤੀਆਂ, ਪਾਲਕੀਆਂ ਸਫ਼ਰ ਦੇ ਸਾਧਨ ਹਨ। ਪੱਤਰ-ਵਿਹਾਰ ਅਤੇ ਸੰਦੇਸ਼ਵਾਹਕ ਹੀ ਤਾਲਮੇਲ ਦਾ ਸਾਧਨ ਹਨ। ਪ੍ਰਕਿਰਤੀ ਚਿਤਰਨ, ਨਜ਼ਮ ਚਿਤਰਨ, ਕਾਵਿਕ-ਭਾਸ਼ਾ ਕਮਾਲ ਹੈ।
ਸਾਰੇ ਨਾਵਲਾਂ ਦੀ ਜੁਗਤ ਸੰਵਾਦਕ ਹੈ। ਜੇਕਰ ਨਾਵਲਾਂ ਵਿਚੋਂ ਸੰਵਾਦ ਖਾਰਜ ਕਰ ਦਿੱਤੇ ਜਾਣ ਤਾਂ ਨਾਵਲ ਆਪਣੀ ਹੋਂਦ ਗੁਆ ਸਕਦੇ ਹਨ। ਪਾਤਰਾਂ ਦੀਆਂ ਮਨਬਚਨੀਆਂ ਹਨ। ਮਾਨਸਿਕ ਵਿਸ਼ਲੇਸ਼ਣ ਹੈ। ਡੇ-ਡਰੀਮਿੰਗ ਹੈ। ਬਦਲਾ-ਲਊ ਭਾਵਨਾਵਾਂ ਹਨ। ਗ਼ਲਤੀਆਂ ਤੇ ਪਛਤਾਵੇ ਹਨ। ਬਿਰਤਾਂਤਕਾਰ ਵਜੋਂ ਨਾਵਲਕਾਰ ਹਰ ਨਾਵਲ ਵਿਚ ਵਾਰ-ਵਾਰ ਪਾਠਕਾਂ ਨੂੰ ਸੰਬੋਧਨ ਕਰਦਾ ਹੈ। ਮਸਲਨ : ਪਾਠਕਾਂ ਨੂੰ ਯਾਦ ਹੋਣਗੇ... ਕਹਿਣ ਦੀ ਲੋੜ ਨਹੀਂ... ਆਦਿ। ਪਰਾਸਰੀਰਕ ਅੰਸ਼ਾਂ, ਮੌਕਾ ਮੇਲਾਂ, ਅਕਲਪਿਤ ਪਤਾਕੇ ਤੇ ਪ੍ਰਕਰੀਆਂ ਘਟਨਾਵਾਂ ਨੂੰ ਨਵੇਂ ਮੋੜ ਦੇ ਰਹੀਆਂ ਹਨ। ਅਜਿਹੀ ਪ੍ਰਸਤੁਤੀ ਪਾਠਕ ਲਈ ਉਤਸੁਕਤਾ ਪੈਦਾ ਕਰ ਦਿੰਦੀ ਹੈ। ਸਾਰੇ ਹੀ ਨਾਵਲਾਂ ਵਿਚ ਸੰਕਟਾਂ ਤੋਂ ਬਾਅਦ ਭਾਰਤ ਦੀ ਸੁਖਾਂਤਕ ਪਰੰਪਰਾ ਅਨੁਸਾਰ ਨਾਇਕ-ਨਾਇਕਾ ਦਾ ਮਿਲਾਪ ਕਰਾ ਦਿੱਤਾ ਜਾਂਦਾ ਹੈ। ਜੀਵਨ ਸਬੰਧੀ ਚਿੰਤਨਸ਼ੀਲ ਨੁਕਤੇ ਨੋਟ ਕੀਤੇ ਜਾ ਸਕਦੇ ਹਨ। ਸਾਰੇ ਹੀ ਨਾਵਲ ਆਲੋਚਨਾ ਦੇ ਸਿਧਾਂਤਾਂ-ਕਰੁਣਾ ਅਤੇ ਭੈਅ ਅਤੇ ਕਾਵਿਕ ਨਿਆਂ ਦੇ ਅਨੁਸਾਰੀ ਪ੍ਰਤੀਤ ਹੁੰਦੇ ਹਨ। ਅਨੁਵਾਦਕ ਮਿਹਨਤ ਲਈ ਪ੍ਰਸੰਸਾ ਦਾ ਅਧਿਕਾਰੀ ਹੈ।


-ਡਾ: ਧਰਮ ਚੰਦ ਵਾਤਿਸ਼
ਮੋ: 88376-79186.


ਮਨੁੱਖੀ ਸਾਂਝ ਦਾ ਸਿਰਨਾਵਾਂ
ਲੇਖਕ : ਤਰਸੇਮ ਸਿੰਘ ਭੰਗੂ
ਪ੍ਰਕਾਸ਼ਕ : ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 94656-56214.


ਜ਼ਮੀਰ ਨੂੰ ਮਾਰ ਕੇ ਜਿਊਂਦਾ ਮਨੁੱਖ ਮੋਇਆਂ ਬਰਾਬਰ ਹੁੰਦਾ ਹੈ, ਹਿੰਮਤਾਂ ਵਾਲੇ ਸ਼ੂਕਦੇ ਦਰਿਆ ਪਾਰ ਕਰ ਜਾਂਦੇ ਹਨ, ਸਲਾਹਾਂ ਕਰਨ ਵਾਲੇ ਪਹੁੰਚੇ ਟੁੰਗਦੇ ਰਹਿ ਜਾਂਦੇ ਹਨ-ਅਜਿਹੀ ਵਿਚਾਰਧਾਰਾ ਵਾਲਾ ਲੇਖਕ ਤਰਸੇਮ ਸਿੰਘ ਭੰਗੂ ਚੌਥੀ ਪੁਸਤਕ ਰਾਹੀਂ ਪੰਜਾਬੀ ਸਾਹਿਤ ਵਿਚ ਯੋਗਦਾਨ ਪਾ ਰਿਹਾ ਹੈ। ਉਹ ਕਹਾਣੀਕਾਰ ਹੈ ਪਰ ਹਥਲੀ ਪੁਸਤਕ ਲੇਖਾਂ ਦੀ ਹੈ। ਇਸ ਪੁਸਤਕ ਵਿਚ ਉਸ ਨੇ ਅਨੇਕਾਂ ਸਮਾਜਿਕ ਸਚਾਈਆਂ ਨੂੰ ਉਲੀਕੀਆ ਹੈ ਜੋ ਅਸੀਂ ਸਾਰੇ ਕਿਸੇ ਨਾ ਕਿਸੇ ਰੂਪ ਵਿਚ ਪਿੰਡਿਆਂ 'ਤੇ ਹੰਢਾਉਂਦੇ ਹਾਂ, ਉਨ੍ਹਾਂ ਹਾਲਾਤ ਵਿਚੋਂ ਨਿਕਲਦੇ ਹਾਂ ਜੋ ਉਸ ਨੇ ਬਿਆਨ ਕੀਤੇ ਹਨ। ਇਸ ਪੁਸਤਕ ਵਿਚ ਲਗਪਗ 30 ਲੇਖ ਹਨ ਜੋ 30 ਵਿਸ਼ਿਆਂ ਨੂੰ ਹੀ ਬਿਆਨਦੇ ਹਨ। ਪਹਿਲਾ ਲੇਖ 'ਕਲਮ' ਵਿਚ ਕਲਮ ਦੀ ਚਮਤਕਾਰੀ ਸ਼ਕਤੀ ਨੂੰ ਪੇਸ਼ ਕੀਤਾ ਗਿਆ ਹੈ। ਜਿਵੇਂ ਉਹ ਲਿਖਦਾ ਹੈ-
'ਕਲਮਾਂ ਦੀ ਦੋਸਤੀ ਰੂਹਾਂ ਦੀ ਦੋਸਤੀ ਹੁੰਦੀ ਹੈ'
ਲੇਖਕ ਨੇ ਮਾਂ ਨੂੰ ਸਮਰਪਿਤ ਲੇਖ ਬੜੀ ਭਾਵਪੂਰਤ ਸ਼ੈਲੀ ਵਿਚ ਲਿਖਿਆ ਹੈ ਕਿ 'ਮਾਂ ਕਦੇ ਮਰਦੀ ਨਹੀਂ।' ਉਸ ਨੇ ਸਮਾਜ ਦੇ ਕੁਝ ਅਣਗੌਲੇ ਪਾਤਰਾਂ ਨੂੰ ਪੇਸ਼ ਕਰਕੇ ਉਨ੍ਹਾਂ ਦੀ ਮਹੱਤਤਾ ਨੂੰ ਦਰਸਾਇਆ ਹੈ ਜਿਵੇਂ ਕਿ 'ਜੁੱਤੀਆਂ ਗੰਢਣ ਵਾਲਾ ਦੀਪਾ, ਗ਼ਰੀਬ ਸੁਨਿਆਰਾ ਫ਼ਕੀਰ ਚੰਦ, ਸ਼ਰਾਬੀ ਤੇ ਨਸ਼ੇੜੀ ਪਾਤਰਾਂ ਰਾਹੀਂ ਉਨ੍ਹਾਂ ਪ੍ਰਤੀ ਸਮਾਜ ਦੇ ਵਤੀਰੇ ਨੂੰ ਉਲੀਕਿਆ ਹੈ। ਏਨਾ ਹੀ ਨਹੀਂ, ਲੇਖਕ ਰਿਸ਼ਤਿਆਂ ਵਿਚੋਂ ਮਨਫ਼ੀ ਹੁੰਦੀਆਂ ਜਾ ਰਹੀਆਂ ਕਦਰਾਂ-ਕੀਮਤਾਂ ਨੂੰ ਵੀ ਬਾਖੂਬੀ ਪੇਸ਼ ਕਰਦਾ ਹੈ। ਕੁਝ ਰਿਸ਼ਤੇ ਅਟੁੱਟ ਹੁੰਦੇ ਹਨ ਜਿਵੇਂ ਨੂੰਹ-ਸੱਸ ਦਾ ਰਿਸ਼ਤਾ, ਦੋਸਤੀ ਦਾ ਰਿਸ਼ਤਾ ਆਦਿ ਨੂੰ ਬਹੁਤ ਸਾਰੀਆਂ ਮਿਸਾਲਾਂ ਦੇ ਕੇ ਵਿਸਥਾਰ ਨਾਲ ਚਿਤਰਿਆ ਹੈ। ਬਹੁਤ ਸਾਰੇ ਸਮਾਜਿਕ ਵਿਸ਼ੇ ਜੋ ਦੁਖਾਂਤ ਭਰਪੂਰ ਹਨ, ਨੂੰ ਵੀ ਸ਼ਬਦਾਂ ਰਾਹੀਂ ਦਰਸਾਇਆ ਹੈ ਜਿਵੇਂ ਅਜੋਕੇ ਦੌਰ ਵਿਚ ਰੁਲ ਰਿਹਾ ਬੁਢਾਪਾ, ਇਹ ਤਾਂ ਹੋਣਾ ਹੀ ਸੀ, ਮਾਪਿਆਂ ਦਾ ਅਵੇਸਲਾਪਣ ਆਦਿ। ਦਿਮਾਗ ਦੀ ਥਾਂ ਜ਼ਮੀਰ ਦੀ ਆਵਾਜ਼ ਸੁਣਨੀ, ਨੂੰਹਾਂ ਵਰਗਾ ਸਾਕ ਨਾ ਕੋਈ, ਰੱਬ ਦੀਆਂ ਨਿਆਮਤਾਂ ਦੀ ਸਾਂਭ-ਸੰਭਾਲ, ਆਦਿ ਅਜਿਹੇ ਲੇਖ ਹਨ ਜੋ ਭਿੰਨ-ਭਿੰਨ ਵਿਸ਼ਿਆਂ ਨੂੰ ਦਰਸਾਉਂਦੇ ਹਨ।
ਲੇਖਕ ਨੇ ਫ਼ੌਜੀ ਜੀਵਨ ਨਾਲ ਸਬੰਧਿਤ ਲੇਖ ਵੀ ਲਿਖੇ ਹਨ ਜਿਵੇਂ 'ਸੁਰੱਖਿਆ ਫੋਰਸਾਂ ਵਿਚ ਬੇਚੈਨੀ', '1984 ਵਿਚ ਸਿੱਖ ਯੂਨਿਟਾਂ 'ਚ ਬਗ਼ਾਵਤ ਦੇ ਕਾਰਨ' ਆਦਿ। ਅਰੁਣਾਚਲ ਦਰਸ਼ਨ ਤੇ ਮੇਲੇ ਤਿਉਹਾਰਾਂ ਵਿਚ ਖੂਬਸੂਰਤੀ ਨਾਲ ਮਿਲਣ ਦੇ ਸਬੱਬ ਨੂੰ ਪੇਸ਼ ਕੀਤਾ ਹੈ। ਵਿਸ਼ਿਆਂ ਦੀ ਵਿਭਿੰਨਤਾ ਨੂੰ ਵੇਖਦੇ ਹੋਏ ਸੱਚਮੁੱਚ ਇਹ ਪੁਸਤਕ 'ਮਨੁੱਖੀ ਸਾਂਝ ਦਾ ਸਿਰਨਾਵਾਂ' ਹੋ ਨਿੱਬੜੀ ਹੈ।


-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.


ਮਨ ਕਾ ਮੀਤ
ਲੇਖਕ : ਗੁਰਮੇਲ ਸਿੰਘ ਸਾਗੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 100
ਸੰਪਰਕ : 94635-95957.


ਇਸ ਨਾਵਲ ਦਾ ਮੁੱਖ ਵਿਸ਼ਾ ਅਣਜੋੜ ਵਿਆਹ ਦੀ ਸਮੱਸਿਆ ਨੂੰ ਆਪਣੇ ਕਲੇਵਰ ਵਿਚ ਸਮੇਟਦਾ ਹੈ, ਜਿਸ ਦੇ ਨਾਲ ਹੀ ਇਸ ਕਾਰਨ ਕਿਸ ਪ੍ਰਕਾਰ ਇਕ ਵਿਅਕਤੀ ਦੀ ਪੂਰੀ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ, ਇਸ ਨੂੰ ਨਾਵਲ ਵਿਚ ਪੇਸ਼ ਕੀਤਾ ਗਿਆ ਹੈ। ਨਾਵਲ ਦੀ ਸਿੱਧੀ ਅਤੇ ਸਰਲ ਜਿਹੀ ਕਹਾਣੀ ਵਿਚ ਅਹਿਸਾਸਾਂ ਦੀ ਪੇਸ਼ਕਾਰੀ ਨੂੰ ਪਹਿਲ ਦਿੱਤੀ ਗਈ ਹੈ। ਨਾਇਕਾ ਜਗਦੀਪ ਨੂੰ ਪੂਰੇ ਨਾਵਲ ਵਿਚ ਇਕ ਆਦਰਸ਼ ਧੀ, ਨੂੰਹ ਅਤੇ ਪਤਨੀ ਵਜੋਂ ਪੇਸ਼ ਕੀਤਾ ਗਿਆ ਹੈ। ਜਗਦੀਪ ਦਾ ਵਿਆਹ ਇਕ ਜੱਜ ਨਾਲ ਕੀਤਾ ਜਾਂਦਾ ਹੈ ਜੋ ਕਿ
ਅੱਤ ਦਰਜੇ ਦਾ ਸ਼ਰਾਬੀ ਹੈ। ਆਪਣੇ ਮਾਪਿਆਂ ਦੀ ਲਾਡਲੀ ਧੀ ਜਗਦੀਪ ਸ਼ਰਾਬੀ ਜੱਜ ਨਾਲ ਵਿਆਹੀ ਜਾਣ ਮਗਰੋਂ ਇਕ ਜ਼ਿੰਦਾ ਲਾਸ਼ ਦੀ ਤਰ੍ਹਾਂ ਜੀਵਨ ਜਿਊਂਦੀ ਹੈ। ਉਸ ਦਾ ਅੰਦਰਲਾ ਆਪਾ ਜਿਵੇਂ ਮਰ ਜਾਂਦਾ ਹੈ। ਨਾਵਲ ਦੀ ਕਹਾਣੀ ਅੱਗੇ ਵਧਦੀ ਹੈ ਅਤੇ ਉਸ ਦੀ ਜ਼ਿੰਦਗੀ ਵਿਚ ਗੁਰਮੁਖ ਨਾਂਅ ਦੇ ਮੁੰਡੇ ਦਾ ਪ੍ਰਵੇਸ਼, ਉਸ ਨਾਲ ਦੋਸਤੀ ਦਾ ਪਵਿੱਤਰ ਰਿਸ਼ਤਾ ਅਤੇ ਫਿਰ ਪਿਆਰ, ਜਗਦੀਪ ਦੇ ਮਾਪਿਆਂ ਨੂੰ ਉਸ ਦੀ ਹਾਲਤ ਬਾਰੇ ਪਤਾ ਲੱਗਣਾ ਅਤੇ ਫਿਰ ਜੱਜ ਕੋਲੋਂ ਤਲਾਕ ਲੈ ਕੇ ਉਸ ਦਾ ਆਪਣੇ ਮਾਪਿਆਂ ਦੀ ਸਹਿਮਤੀ ਨਾਲ ਗੁਰਮੁਖ ਨਾਲ ਵਿਆਹ ਕਰਾਉਣ ਦਾ ਫ਼ੈਸਲਾ ਆਦਿ ਘਟਨਾਵਾਂ ਨਾਲ ਨਾਵਲ ਆਪਣੇ ਸਿਖ਼ਰ 'ਤੇ ਪਹੁੰਚਦਾ ਹੈ।
ਨਾਵਲ ਵਿਚ ਕੁਝ ਗੱਲਾਂ ਦਾ ਵਿਰੋਧਾਭਾਸ ਜਾਪਦਾ ਹੈ ਜਿਵੇਂ ਕਿ ਜੱਜ ਦੇ ਘਰ ਵਾਲੀ ਦਾ ਕਿਸੇ ਅਣਜਾਣ ਆਦਮੀ ਨਾਲ ਪਹਿਲੀ ਮੁਲਾਕਾਤ ਵਿਚ ਘੁਲਮਿਲ ਜਾਣਾ, ਉਸ ਨਾਲ ਸਾਈਕਲ 'ਤੇ ਬੈਠਣਾ, ਜੱਜ ਦੇ ਘਰ ਕਿਸੇ ਵੀ ਅਰਦਲੀ ਦਾ ਨਾ ਹੋਣਾ ਆਦਿ ਨਾਵਲ ਦੀਆਂ ਬਹੁਤੀਆਂ ਘਟਨਾਵਾਂ ਮਨੋਇੱਛਤ ਯਥਾਰਥ ਦੀ ਪੇਸ਼ਕਾਰੀ ਜਾਪਦੀਆਂ ਹਨ। ਨਾਵਲ ਦੀ ਨਾਇਕਾ ਨੂੰ ਹਰ ਜਗ੍ਹਾ ਸਹੀ ਅਤੇ ਸੰਪੂਰਨ ਦਿਖਾਉਣ ਦਾ ਯਤਨ ਕਿਤੇ-ਕਿਤੇ ਅੱਖਰਦਾ ਹੈ। ਨਾਵਲ ਵਿਚ ਆਦਰਸ਼ਵਾਦ ਦਾ ਪਲੜਾ ਕਾਫੀ ਭਾਰੂ ਹੈ।


-ਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823.


ਚਾਨਣ ਦੀ ਉਡੀਕ
ਲੇਖਕ : ਡਾ: ਰਾਜ ਕੁਮਾਰ ਗਰਗ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 99152-64598.


ਵੱਖ-ਵੱਖ ਗਲਪ ਵਿਧਾਵਾਂ ਵਿਚ ਲਗਪਗ 25 ਪੁਸਤਕਾਂ ਪਾਠਕਾਂ ਦੀ ਝੋਲੀ ਪਾ ਚੁੱਕੇ ਸਾਹਿਤਕਾਰ ਰਾਜ ਕੁਮਾਰ ਗਰਗ ਦਾ ਨਵਾਂ ਨਾਵਲ 'ਚਾਨਣ ਦੀ ਉਡੀਕ' ਉਸ ਦਾ ਆਖ਼ਰੀ ਨਾਵਲ ਹੋ ਨਿੱਬੜਿਆ ਹੈ। ਉਸ ਨੇ ਇਸ ਨਾਵਲ ਵਿਚ ਅਜੋਕੇ ਸਮੇਂ ਵਿਚ ਭ੍ਰਿਸ਼ਟ ਹੋ ਚੁੱਕੇ ਅਤੇ ਕਮਜ਼ੋਰ ਆਰਥਿਕ ਪ੍ਰਬੰਧ ਵਾਲੇ ਅਜਿਹੇ ਸਮਾਜ ਦੀ ਤਸਵੀਰ ਚਿੱਤਰਤ ਕੀਤੀ ਹੈ ਜੋ ਸੰਘਰਸ਼ ਕਰ ਰਹੇ ਮਨੁੱਖ ਨੂੰ ਤਣਾਅ ਅਤੇ ਮਾਨਸਿਕ ਪ੍ਰੇਸ਼ਾਨੀਆਂ ਵੱਲ ਧੱਕ ਰਿਹਾ ਹੈ।
ਬੇਰੁਜ਼ਗਾਰੀ, ਆਰਥਿਕ ਸ਼ੋਸ਼ਣ, ਪਿੰਡਾਂ ਦੇ ਵਿਕਾਸ ਦੇ ਨਾਂਅ 'ਤੇ ਹੋ ਰਹੇ ਭ੍ਰਿਸ਼ਟਾਚਾਰ, ਕਿਸਾਨਾਂ ਦੁਆਰਾ ਬੈਂਕਾਂ ਤੋਂ ਲਏ ਕਰਜ਼ੇ ਅਤੇ ਬੈਂਕਾਂ ਵਿਚ ਚੱਲ ਰਹੀ ਕਰਜ਼ਿਆਂ ਦੇ ਨਾਂਅ 'ਤੇ ਠੱਗੀ ਨੂੰ ਇਸ ਨਾਵਲ ਦਾ ਵਿਸ਼ਾ ਬਣਾਇਆ ਗਿਆ ਹੈ। ਨਾਵਲਕਾਰ ਦੀ ਲੇਖਣੀ ਵਿਚ ਪਾਠਕ ਨੂੰ ਕਹਾਣੀ ਦੇ ਨਾਲ-ਨਾਲ ਤੋਰਨ ਦਾ ਗੁਣ ਹੈ ਅਤੇ ਨਾਲ ਹੀ ਪਾਠਕ ਨਾਵਲ ਵਿਚਲੇ ਪਾਤਰਾਂ ਵਾਂਗ ਆਪਣੇ-ਆਪ ਨੂੰ ਉਨ੍ਹਾਂ ਹਾਲਤਾਂ ਵਿਚ ਮਹਿਸੂਸ ਕਰਦਾ ਹੈ। ਇਸ ਨਾਵਲ ਦੇ ਪਾਤਰ ਬਲਦੇਵ ਸਿੰਘ, ਦਰਸ਼ਨ ਕੌਰ, ਜਸਬੀਰ ਕੌਰ, ਜਗਤਾਰ ਸਿੰਘ, ਪਵਨ ਕੁਮਾਰ, ਕਿਰਨਦੀਪ ਕੌਰ ਤੇ ਰਵਿੰਦਰ ਸਿੰਘ ਆਦਿ ਏਨੀ ਪ੍ਰਬੀਨਤਾ ਨਾਲ ਘੜੇ ਹੋਏ ਹਨ ਕਿ ਸੱਚੇ ਤੇ ਜਿਊਂਦੇ ਜਾਗਦੇ ਪ੍ਰਤੀਤ ਹੁੰਦੇ ਹਨ। ਨਾਵਲਕਾਰ ਦੁਆਰਾ ਇਸ ਨਾਵਲ ਵਿਚ ਸਰਲ ਪੰਜਾਬੀ ਜਿਸ ਉੱਪਰ ਇਲਾਕਾਈ ਉਪਭਾਸ਼ਾ ਮਲਵਈ ਦਾ ਅਸਰ ਹੈ, ਵਰਤੀ ਗਈ ਹੈ ਅਤੇ ਬਿਰਤਾਂਤ ਗੁੰਝਲਦਾਰ ਨਹੀਂ ਹੈ ਸਗੋਂ ਸਰਲ ਬਿਆਨੀਆ ਵਰਨਣਾਤਮਕ ਸ਼ੈਲੀ ਵਰਤੀ ਗਈ ਹੈ। ਇਸ ਨਾਵਲ ਵਿਚ ਕਿਤੇ-ਕਿਤੇ ਵਾਕ ਬਣਤਰਾਂ ਵਿਚ ਕੁਝ ਕਮੀਆਂ ਮਹਿਸੂਸ ਹੁੰਦੀਆਂ ਹਨ, ਜਿਸ ਦਾ ਕਾਰਨ ਨਾਵਲਕਾਰ ਦੁਆਰਾ ਇਹ ਨਾਵਲ ਬਿਮਾਰੀ ਦੀ ਹਾਲਤ ਵਿਚ ਲਿਖਿਆ ਜਾਣਾ ਹੋ ਸਕਦਾ ਹੈ ਪਰ ਇਸ ਨਾਵਲ ਦਾ ਉੱਤਮ ਵਿਸ਼ਾ ਅਤੇ ਪੇਸ਼ਕਾਰੀ ਇਸ ਕਮੀ ਨੂੰ ਵੀ ਪੂਰ ਦਿੰਦੇ ਹਨ।


-ਡਾ: ਸੰਦੀਪ ਰਾਣਾ
ਮੋ: 98728-87551.


ਪੰਜਾਬੀ ਹਾਸ-ਵਿਅੰਗ ਨਾਟਕ ਦਾ ਰੰਗਮੰਚੀ ਪਰਿਪੇਖ :
ਸਿਧਾਂਤ, ਸਰੂਪ ਤੇ ਮੰਚ-ਪਰੰਪਰਾ

ਲੇਖਕ : ਡਾ: ਕੁਲਪਿੰਦਰ ਸ਼ਰਮਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 191
ਸੰਪਰਕ : 98153-02505.


ਹਥਲੀ ਪੁਸਤਕ ਵਿਚ ਪੰਜਾਬੀ ਜਨਜੀਵਨ ਦੇ ਵਰਤਾਰੇ ਅਤੇ ਇਸ ਦੇ ਬੁਨਿਆਦੀ ਲੋਕ-ਧਾਰਾਈ ਉਨ੍ਹਾਂ ਆਧਾਰਾਂ ਨੂੰ ਪਛਾਣ ਕੇ ਪੇਸ਼ ਕੀਤਾ ਗਿਆ ਹੈ, ਜਿਹੜੇ ਪੰਜਾਬੀਆਂ ਦੇ ਦੁਖਦ ਅਨੁਭਵਾਂ ਨੂੰ ਸਕੂਨ ਪ੍ਰਦਾਨ ਕਰ ਦਿੰਦੇ ਰਹੇ ਹਨ, ਇਨ੍ਹਾਂ ਦੀਆਂ ਭੁੱਖਾਂ ਨੰਗਾਂ ਨੂੰ ਕੱਜ ਕੇ ਭਾਵੇਂ ਘੜੀ ਪਲ ਲਈ ਹੀ ਹੋਵੇ, ਬਾਦਸ਼ਾਹੀ ਰੰਗਤ ਦੇ ਰਹੇ ਹੁੰਦੇ ਹਨ ਅਤੇ ਉਨ੍ਹਾਂ ਵਿਚ ਵਿਅੰਗਾਤਮਕ ਤੌਰ 'ਤੇ ਸਮਾਜਿਕ, ਆਰਥਿਕ ਤੇ ਜੀਵਨਜੋਤੀ ਨੂੰ ਅਗਾਂਹ ਪ੍ਰਵਾਹਮਾਨ ਕਰਨ ਲਈ ਸਦਾ ਸਾਦਗੀ ਦੀ ਲੋਕ ਭਾਸ਼ਾ ਵਿਚ ਪ੍ਰਗਟਾਉਂਦੇ ਰਹੇ ਹਨ। ਅਜਿਹੇ ਭਾਵਾਂ, ਵਿਭਾਵਾਂ ਅਤੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਡਾ: ਕੁਲਪਿੰਦਰ ਸ਼ਰਮਾ ਨੇ ਪੁਸਤਕ ਦੇ ਤਿੰਨ ਭਾਗਾਂ ਵਿਚ ਪ੍ਰਸੰਸਾਯੋਗ ਕਾਰਜ ਕਰ ਨਿਭਾਇਆ ਹੈ।
ਪਹਿਲੇ ਖੰਡ ਵਿਚ ਲੇਖਕ ਨੇ ਪੰਜਾਬੀ ਜਨਜੀਵਨ ਵਿਚ ਹਾਸੇ ਅਤੇ ਵਿਅੰਗ ਨਾਟਕ ਦੀ ਵਿਆਖਿਆ ਆਦਿਕਾਲ ਤੋਂ ਵਰਤਮਾਨ ਕਾਲ ਤੱਕ ਕੀਤੀ ਹੈ। ਹਾਸਾ ਕਿਵੇਂ ਜਨਮਦਾ ਹੈ, ਵਿਅੰਗ ਕਦੋਂ ਉਪਜਦਾ ਹੈ, ਇਨ੍ਹਾਂ ਦੀਆਂ ਕਿਹੜੀਆਂ-ਕਹਿੜੀਆਂ ਕਿਸਮਾਂ ਹਨ, ਉਨ੍ਹਾਂ ਦਾ ਪੁਸਤਕ ਵਿਚ ਚਿੰਤਕਾਂ ਦੇ ਹਵਾਲਿਆਂ ਸਹਿਤ ਆਪਣਾ ਪ੍ਰਗਟਾਵਾ ਕੀਤਾ ਹੈ। ਉਸ ਦੀ ਧਾਰਨਾ ਹੈ ਕਿ ਕੁਝ ਲੋਕਾਂ ਲਈ ਹਾਸਾ ਕੁਝ ਲੋਕਾਂ ਦੇ ਰੋਣਿਆਂ ਵਿਚੋਂ ਵੀ ਪ੍ਰਗਟ ਹੁੰਦਾ ਹੈ ਅਤੇ ਵਿਅੰਗ ਕੁਝ ਲੋਕਾਂ ਦੇ ਦੰਭੀ ਕਿਰਦਾਰਾਂ ਦੇ ਵਿਭਿੰਨ ਜੀਵਨ ਵਰਤਾਰੇ ਦੇ ਸਰੋਕਾਰਾਂ ਵਿਚੋਂ ਵੀ ਉੱਭਰਦਾ ਹੈ।
ਇਸ ਤੋਂ ਅੱਗੇ ਮੱਧ ਕਾਲੀਨ ਕਾਲ-ਖੰਡ ਵਿਚ ਜੋ ਭੰਡਾਂ ਅਤੇ ਮਰਾਸੀਆਂ ਨੇ ਰਜਵਾੜਿਆਂ ਅਤੇ ਗ਼ਰੀਬੀ ਦੀ ਦਲਦਲ ਵਿਚ ਖੁੱਭੇ ਆਮ ਲੋਕਾਂ ਦੇ ਜੀਵਨ ਨੂੰ ਸਮਝਿਆ ਅਤੇ ਉਸ ਨੂੰ ਲੋਕ ਰਸਕਤਾ ਨਾਲ ਪੇਸ਼ ਕੀਤਾ, ਉਸ ਦਾ ਪ੍ਰਗਟਾਵਾ ਮੁਗਲ ਕਾਲ ਤੋਂ ਲੈ ਕੇ ਆਧੁਨਿਕ ਕਾਲ ਤੱਕ ਪਰਿਭਾਸ਼ਕ ਅਤੇ ਵਿਵਹਾਰਕ ਤੌਰ 'ਤੇ ਕੀਤਾ ਹੈ। ਇਹ ਵਰਨਣ ਇਨ੍ਹਾਂ ਲੋਕਾਂ ਦੁਆਰਾ ਪੇਸ਼ ਕੀਤੀਆਂ ਜਾਂਦੀਆਂ ਨਕਲਾਂ, ਪਟੜੀਆਂ ਅਤੇ ਨਾਟਕਾਂ ਆਦਿ 'ਤੇ ਆਧਾਰਿਤ ਵਿਹਾਰਕ ਰੂਪ 'ਚ ਦਰਸਾਇਆ ਗਿਆ ਹੈ। ਪੁਸਤਕ ਦਾ ਹੋਰ ਮਹੱਤਵਪੂਰਨ ਕਾਂਡ ਅਜੋਕੇ ਪੰਜਾਬੀ ਰੰਗਮੰਚ ਵਿਚ ਹਾਸ-ਵਿਅੰਗ ਬਾਰੇ ਪੇਸ਼ ਕੀਤੀਆਂ ਜਾ ਰਹੀਆਂ ਵਿਵਹਾਰਕ ਪੇਸ਼ਕਾਰੀਆਂ ਨਾਲ ਸਬੰਧਿਤ ਹੈ। ਇਸ ਵਿਚ ਵਧੇਰੇਤਰ ਲਿਖਤ ਸਮੱਗਰੀ ਨੂੰ ਆਧਾਰ ਬਣਾਇਆ ਗਿਆ ਹੈ। ਮੁਢਲੇ ਪੰਜਾਬੀ ਹਾਸ-ਵਿਅੰਗ, 1960 ਤੋਂ 1970 ਦੇ ਦਹਾਕੇ ਵਿਚ ਰਚੇ ਗਏ ਰੰਗਮੰਚੀ ਹਾਸ-ਵਿਅੰਗ ਤੋਂ ਲੈ ਕੇ ਹੁਣ ਤੱਕ ਦੇ ਸਮੇਂ ਤੱਕ ਰਚੇ ਗਏ ਹਾਸ-ਵਿਅੰਗ ਲੇਖਕ ਅਤੇ ਉਨ੍ਹਾਂ ਦੀਆਂ ਨਾਟ ਰਚਨਾਵਾਂ ਵਿਚ ਪ੍ਰਗਟ ਕੀਤੇ ਗਏ ਵਿਭਿੰਨ ਪਹਿਲੂਆਂ ਨੂੰ ਖੋਜ ਪਰਕ ਵਿਧੀ ਨਾਲ ਪਛਾਣ ਕੇ ਪਾਠਕਾਂ ਦੇ ਸਨਮੁੱਖ ਕੀਤਾ ਹੈ।


-ਡਾ: ਜਗੀਰ ਸਿੰਘ ਨੂਰ
ਮੋ: 98142-09732


ਮੈਂ ਜਿਊਣਾ ਸਿਖਾਉਂਦਾ ਹਾਂ

ਲੇਖਕ : ਅਜੈ ਪਰਾਸ਼ਰ
ਪੰਜਾਬੀ ਅਨੁਵਾਦ : ਡਾ: ਧਰਮਪਾਲ ਸਾਹਿਲ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ (ਪੇਪਰ ਬੈਕ), ਸਫ਼ੇ : 160
ਸੰਪਰਕ : 094182-52777.


ਸੰਗ੍ਰਹਿ ਵਿਚ ਸੋਲਾਂ ਕਹਾਣੀਆਂ ਹਨ। ਸਾਰੀਆਂ ਕਹਾਣੀਆਂ ਏਡਜ਼ ਦੀ ਜਾਨਲੇਵਾ ਬਿਮਾਰੀ 'ਤੇ ਆਧਾਰਿਤ ਹਨ। ਹਿੰਦੀ ਲੇਖਕ ਹਿਮਾਚਲ ਪ੍ਰਦੇਸ਼ ਦਾ ਹੈ। ਪੁਸਤਕ ਦੀ ਭੂਮਿਕਾ ਡਾ: ਸੁਸ਼ੀਲ ਕੁਮਾਰ ਫੁਲ ਪਾਲਮਪੁਰ (ਹਿਮਾਚਲ ਪ੍ਰਦੇਸ਼) ਨੇ ਲਿਖੀ ਹੈ ਜਿਸ ਵਿਚ ਜ਼ਿੰਦਗੀ ਜਿਊਣ ਦੇ ਮੂਲ ਸਿਧਾਂਤ ਦੀ ਕਹਾਣੀਆਂ ਆਧਾਰਿਤ ਵਿਆਖਿਆ ਹੈ। ਕਹਾਣੀਆਂ ਦੇ ਪਾਤਰ ਕਿਸੇ ਨਾ ਕਿਸੇ ਅਣਗਹਿਲੀ ਜਾਂ ਵਿਭਚਾਰੀ ਜੀਵਨ ਜਿਊਂਦੇ ਹੋਏ ਵਿਆਹ ਬਾਹਰੇ ਸਬੰਧਾਂ ਤੋਂ, ਬਹੁਤ ਜ਼ਿਆਦਾ ਨਸ਼ੇ ਕਰਨ ਨਾਲ, ਬਾਜ਼ਾਰੂ ਔਰਤਾਂ ਦੇ ਸੰਪਰਕ ਵਿਚ ਆਉਣ ਨਾਲ ਜਾਂ ਡਾਕਟਰੀ ਸਰਿੰਜ ਦੀ ਗ਼ਲਤ ਵਰਤੋਂ ਨਾਲ ਏਡਜ਼ ਪੀੜਤ ਹੁੰਦੇ ਹਨ। ਫਿਰ ਇਸ ਲਾਗ ਨਾਲ ਪਤਨੀ ਨੂੰ ਏਡਜ਼ ਪੀੜਤ ਕਰਦੇ ਹਨ। ਪਰਿਵਾਰ ਦੁਖੀ ਜ਼ਿੰਦਗੀ ਭੋਗਦੇ ਹਨ। ਘਰਾਂ ਵਿਚ ਗ਼ਰੀਬੀ ਹੈ। ਛੋਟੀ ਉਮਰ ਵਿਚ ਕੁੜੀਆਂ ਵਿਆਹ ਕੇ ਸੁਰਖਰੂ ਹੋਣ ਦੀ ਇੱਛਾ ਵਿਚ ਡਰਾਈਵਰ, ਨਸ਼ਈ ਜਾਂ ਅਨੈਤਿਕ ਵਰ ਭਾਲ ਕੇ ਧੀਆਂ ਨੂੰ ਨਰਕ ਵਿਚ ਧੱਕ ਦਿੰਦੇ ਹਨ। ਕਹਾਣੀਆਂ ਵਿਚ ਸਮਾਜਿਕ ਅਨੈਤਿਕਤਾ ਦਾ ਮਾਹੌਲ ਹੈ । ਕਹਾਣੀਆਂ ਦੀਆਂ ਔਰਤ ਪਾਤਰਾਂ ਵਧੇਰੇ ਦੁਖੀ ਹਨ। ਪਹਿਲੀ ਕਥਾ ਵਿਚ ਸ਼ੰਨੋ ਗ਼ਰੀਬੀ ਦੇ ਨਾਲ-ਨਾਲ ਏਡਜ਼ ਪੀੜਤ ਪਤੀ ਦੇ ਮਰਨ ਨਾਲ ਵਿਧਵਾ ਹੋ ਜਾਂਦੀ ਹੈ। ਫਿਰ ਆਪ ਵੀ ਦੁੱਖਾਂ ਦੀ ਚੱਕੀ ਵਿਚ ਪਿਸਦੀ ਮਰ ਜਾਂਦੀ ਹੈ। ਭਰੋਸਾ ਕਹਾਣੀ ਵਿਚ ਸੋਨੀਆ ਦਾ ਪਤੀ ਏਡਜ਼ ਕਾਰਨ ਖ਼ੁਦਕੁਸ਼ੀ ਕਰਦਾ ਹੈ। ਸੋਨੀਆ ਦੇ ਦਿਉਰ ਨਾਲ ਨਾਜਾਇਜ਼ ਸਬੰਧ ਹਨ। ਹਵਸ ਪੂਰਤੀ ਲਈ ਮਰਦ ਪਾਤਰ ਨਾਜਾਇਜ਼ ਸਬੰਧ ਬਣਾਉਂਦੇ ਹਨ। ਕਹਾਣੀਆਂ ਵਿਚ ਇਸ ਦਾ ਯਥਾਰਥਕ ਵਰਨਣ ਹੈ। ਵੇਸਵਾਗਮਨੀ ਦੇ ਕਰੁਣਾਮਈ ਦ੍ਰਿਸ਼ ਕਹਾਣੀਆਂ ਵਿਚ ਪੇਸ਼ ਕੀਤੇ ਗਏ ਹਨ। ਏਡਜ਼ ਨਾਲ ਜੁੜੀ ਇਕ ਗ਼ੈਰ-ਸਰਕਾਰੀ ਸੰਸਥਾ ਇਨ੍ਹਾਂ ਦੁਖੀ ਪਾਤਰਾਂ ਨੂੰ ਜਿਊਣ ਜੋਗਾ ਸਹਾਰਾ ਦਿੰਦੀ ਹੈ। ਲੇਖਕ ਇਸ ਸੰਸਥਾ ਪ੍ਰਤੀ ਆਭਾਰੀ ਹੈ। ਹਿੰਦੀ ਪੁਸਤਕ ਵੀ ਇਸੇ ਸੰਸਥਾ ਦੀ ਸਹਾਇਤਾ ਨਾਲ ਛਪੀ ਹੈ। ਕਈ ਪੁਸਤਕਾਂ ਦੇ ਰਚੇਤਾ ਅਨੁਵਾਦਕ ਦੀ ਭਾਸ਼ਾ 'ਤੇ ਪਕੜ ਚੰਗੀ ਹੈ। ਅਨੁਵਾਦਿਤ ਪੁਸਤਕ ਪੜ੍ਹਨ ਵਾਲੀ ਹੈ ਤੇ ਜ਼ਿੰਦਗੀ ਪ੍ਰਤੀ ਆਸ਼ਾਵਾਦੀ ਹੈ।


-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160

24-10-2020

 ਬਾਂਦਰ ਨਾਲ ਬਹਿਸ ਕੌਣ ਕਰੇ ਆਲੋਚਨਾਤਮਿਕ ਸੰਵਾਦ
ਸੰਪਾਦਕ : ਡਾ: ਰਤਨ ਸਿੰਘ ਢਿੱਲੋਂ
ਪ੍ਰਕਾਸ਼ਕ : ਸਪਤ ਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 152
ਸੰਪਰਕ : 094682-93682.

ਆਲੋਚਨਾਤਮਕ ਸੰਵਾਦ ਦੀ ਇਸ ਕਿਤਾਬ ਨੇ ਆਪਣੇ ਵੱਖਰੇ ਜਿਹੇ ਨਾਂਅ ਨਾਲ ਮੈਨੂੰ ਹੈਰਾਨ ਕਰ ਦਿੱਤਾ। ਹੋਰ ਪਾਠਕ ਵੀ ਹੈਰਾਨ ਹੋਣਗੇ। ਕਿਤਾਬ ਪੜ੍ਹ ਕੇ ਮੂਲ ਕਿਤਾਬ ਨੂੰ ਪੜ੍ਹਨ ਦੀ ਤੀਬਰ ਇੱਛਾ ਹੋਈ। ਅਜਿਹਾ ਨਿਸਚੇ ਹੀ ਬਾਕੀ ਪਾਠਕਾਂ ਨਾਲ ਵੀ ਹੋਵੇਗਾ। ਮੂਲ ਕਿਤਾਬ ਸੱਤਾ ਉੱਤੇ ਕਾਬਜ਼ ਪਾਰਟੀ ਦੀ ਬਿਰਤੀ ਉੱਤੇ ਤਿੱਖੇ ਕਾਵਿ ਕਟਾਖਸ਼ ਕਰਦੀ ਹੈ। ਦਲੀਲ ਤੇ ਤਰਕ ਦੇ ਵਿਰੋਧੀ ਇਹ ਲੋਕ ਗਾਲੀ ਗਲੋਚ ਅਤੇ ਪੁਲਸੀਏ/ਕਾਨੂੰਨੀ (ਗ਼ੈਰ-ਕਾਨੂੰਨੀ) ਦਮਨ ਤੇ ਗੁੰਡਾਗਰਦੀ ਦਾ ਆਸਰਾ ਲੈਂਦੇ ਹਨ। ਧਰਮ/ਦੇਸ਼ ਭਗਤੀ ਦੇ ਮੁਖੌਟੇ ਹੇਠ ਹਿੰਸਾ ਦੀ ਬਿਰਤੀ ਨਾਲ ਇਨ੍ਹਾਂ ਸੱਤਾ ਉੱਤੇ ਕਬਜ਼ਾ ਕਰ ਲਿਆ ਹੈ ਅਤੇ ਨਿੱਤ ਨਵੀਆਂ ਜੁਗਤਾਂ ਨਾਲ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਨੂੰ ਦਬੇਲ/ਰਖੇਲ ਬਣਾ ਰਹੇ ਹਨ। ਦੁੱਖ ਇਸ ਗੱਲ ਦਾ ਹੈ ਕਿ ਵਿਰੋਧੀ ਸਿਆਸੀ ਪਾਰਟੀਆਂ ਖੇਰੂੰ-ਖੇਰੂੰ ਹਨ। ਸਿਆਸਤਦਾਨ ਡਰੇ ਹੋਏ ਹਨ, ਮੀਡੀਆ ਬੇਸ਼ਰਮੀ ਨਾਲ ਵਿਕਿਆ ਹੋਇਆ ਹੈ, ਸਾਹਿਤਕਾਰ ਬੁੱਧੀਜੀਵੀ ਸਹਿਮੇ ਹੋਏ ਇਹ ਖੇਡ ਵੇਖ ਰਹੇ ਹਨ। 1975 ਵਿਚ ਇੰਦਰਾ ਦੀ ਐਮਰਜੈਂਸੀ ਵੇਲੇ ਅਕਾਲੀਆਂ/ਪੰਜਾਬੀਆਂ ਨੇ ਮੋਰਚਾ ਲਾ ਕੇ ਤਾਨਾਸ਼ਾਹੀ ਨੂੰ ਵੰਗਾਰਿਆ ਸੀ। ਇਸ ਹਨੇਰਿਆਂ ਵਾਲੀ ਸਥਿਤੀ ਵਿਚ ਬਾਂਦਰ ਨਾਲ ਬਹਿਸ ਕੌਣ ਕਰੇ ਵਰਗੀ ਕਿਤਾਬ ਅਤੇ ਉਸ ਉੱਤੇ ਆਲੋਚਨਾਤਮਕ ਸੰਵਾਦ ਦਾ ਪ੍ਰਕਾਸ਼ਨ ਆਸ ਦੀ ਇਕ ਕਿਰਨ ਹੈ, ਵਿਦਰੋਹ ਦੀ ਇਕ ਚਿੰਗਾੜੀ ਹੈ ਜੋ ਸੂਰਜ ਤੇ ਭਾਂਬੜ ਬਣ ਸਕਦੇ ਹਨ। ਪ੍ਰਤੀਤ ਹੁੰਦਾ ਹੈ ਕਿ ਅਨਿਆਂ, ਦਮਨ, ਸੰਪਰਦਾਇਕਤਾ, ਵਿਕਾਊ ਮੀਡੀਆ ਵਲੋਂ ਫੈਲਾਏ ਜਾ ਰਹੇ ਹਨੇਰੇ ਵਿਰੁੱਧ ਝੰਡਾ ਮੁੜ ਪੰਜਾਬੀ ਸਾਹਿਤਕਾਰ ਹੀ ਚੁੱਕਣਗੇ। ਕਵੀ ਸੁਖਿੰਦਰ ਨੇ ਇਸ ਕਿਤਾਬ ਨਾਲ ਇਹ ਕਦਮ ਚੁੱਕ ਲਿਆ ਹੈ। ਡਾ: ਰਤਨ ਸਿੰਘ ਢਿੱਲੋਂ ਤੇ ਉਸ ਦੇ ਸਾਥੀ ਬੁੱਧੀਜੀਵੀਆਂ ਨੇ ਉਸ ਦੀ ਹਾਂ ਵਿਚ ਹਾਂ ਮਿਲਾਈ ਹੈ। ਡਾ: ਭੀਮ ਇੰਦਰ, ਡਾ: ਦੀਪਤੀ, ਡਾ: ਅਮਰਜੀਤ ਟਾਂਡਾ, ਲਖਵਿੰਦਰ ਜੌਹਲ, ਦਵਿੰਦਰ ਬੋਹਾ, ਡਾ: ਗੁਰਜੰਟ, ਅਰਵਿੰਦਰ ਕੌਰ ਕਾਕੜਾ, ਡਾ: ਸੋਨੀਆ, ਡਾ: ਜਸਪਾਲ ਕੌਰ, ਡਾ: ਕੁਲਦੀਪ ਸਿੰਘ, ਹਿਰਦੇਪਾਲ, ਰਮਨਦੀਪ, ਬਲਬੀਰ ਕੌਰ, ਗੁਰਬਿੰਦਰ, ਡਾ: ਸਰਬਜੀਤ ਸਿੰਘ, ਡਾ: ਮੋਹਨ ਸਿੰਘ ਤਿਆਗੀ ਤੇ ਦਰਸ਼ਨ ਸਿੰਘ ਦੇ ਉਸਾਰੂ ਵਿਚਾਰ ਪੰਜਾਬ ਤੋਂ ਇਕ ਨਵੀਂ ਕ੍ਰਾਂਤੀ ਦਾ ਆਗਾਜ਼ ਕਰ ਸਕਦੇ ਹਨ। ਆਮੀਨ!

ਡਾ: ਕੁਲਦੀਪ ਸਿੰਘ ਧੀਰ

c c c

ਸਿੱਖ ਇਤਿਹਾਸ ਦੇ ਯੋਧੇ
ਲੇਖਕ : ਗੁਰਚਰਨ ਸਿੰਘ ਜ਼ਿਲੇਦਾਰ
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨਜ਼, ਮਾਨਸਾ
ਮੁੱਲ : 250 ਰੁਪਏ, ਸਫ਼ੇ : 174
ਸੰਪਰਕ : 85588-50143.

ਸ: ਗੁਰਚਰਨ ਸਿੰਘ ਜ਼ਿਲੇਦਾਰ ਸਿੱਖ ਇਤਿਹਾਸ ਦਾ ਗੰਭੀਰ ਪਾਠਕ ਹੈ। ਸਿੱਖ ਇਤਿਹਾਸ ਦੇ ਬੀਰ-ਨਾਇਕਾਂ ਅਤੇ ਪਰਾਕ੍ਰਮੀ-ਵੇਰਵਿਆਂ ਨੂੰ ਉਹ ਨਿਰੰਤਰ ਵਾਚਦਾ ਰਹਿੰਦਾ ਹੈ। ਅਕਸਰ ਇਤਿਹਾਸਕਾਰ ਲੋਕ ਨਾਵਾਂ-ਥਾਵਾਂ ਵਿਚ ਤਬਦੀਲੀਆਂ ਦਰਸਾਉਂਦੇ ਰਹਿੰਦੇ ਹਨ, ਸੰਨ-ਸੰਮਤਾਂ ਬਾਰੇ ਵੀ ਮਤ-ਏਕਾ ਨਹੀਂ ਦਿਸਦਾ। ਇਨ੍ਹਾਂ ਭੁਲੇਖਿਆਂ ਬਾਰੇ ਆਪਣੀ ਰਾਇ ਨੂੰ ਰਜਿਸਟਰ ਕਰਵਾਉਣ ਲਈ ਹੀ ਉਸ ਨੇ ਇਸ ਪੁਸਤਕ ਦੀ ਰਚਨਾ ਕੀਤੀ ਹੈ। ਪਰ ਉਹ ਕੋਈ ਪੇਸ਼ਾਵਰ ਇਤਿਹਾਸਕਾਰ ਨਹੀਂ ਹੈ ਅਤੇ ਨਾ ਹੀ ਇਤਿਹਾਸ ਦੀਆਂ ਜ਼ਰੂਰਤਾਂ ਬਾਰੇ ਹੀ ਉਹ ਬਹੁਤਾ ਜਾਗਰੂਕ ਹੈ। ਉਹ ਕਿਸੇ ਵੇਰਵੇ ਬਾਰੇ ਸਰੋਤਾਂ ਦਾ ਉਲੇਖ ਨਹੀਂ ਕਰਦਾ। ਇਸ ਕਾਰਨ ਸੰਭਵ ਹੈ ਕਿ ਕੁਝ ਪਾਠਕ ਉਸ ਦੇ ਕਿਸੇ ਵਿਚਾਰ ਨਾਲ ਸਹਿਮਤ ਨਾ ਹੋਣ ਪਰ ਸਿੱਖ ਇਤਿਹਾਸ ਪ੍ਰਤੀ ਲੇਖਕ ਦੀ ਵਚਨਬੱਧਤਾ ਉੱਪਰ ਸ਼ੰਕਾ ਨਹੀਂ ਕੀਤਾ ਜਾ ਸਕਦਾ। 'ਸੂਰਮਿਆਂ' ਬਾਰੇ ਲੇਖਕ ਦਾ ਸੰਕਲਪ ਗੁਰਬਾਣੀ ਵਾਲਾ ਹੀ ਹੈ : ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ ਆਪਣੀ ਇਸ ਪੁਸਤਕ ਵਿਚ ਉਸ ਨੇ ਇਸ ਕਥਨ ਉੱਪਰ ਪੂਰੇ ਉਤਰਨ ਵਾਲੇ ਤਿੰਨ ਮਹਾਂ-ਯੋਧਿਆਂ ਦਾ ਜੀਵਨ-ਬਿਰਤਾਂਤ ਪੇਸ਼ ਕੀਤਾ ਹੈ। ਪਹਿਲਾ ਬਿਰਤਾਂਤ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਇਨਕਲਾਬੀ ਜੀਵਨ ਦੀ ਪੇਸ਼ਕਾਰੀ ਕਰਦਾ ਹੈ। ਇਹ ਬਿਰਤਾਂਤ ਲਗਪਗ 90 ਪੰਨਿਆਂ ਵਿਚ ਫੈਲਿਆ ਹੋਇਆ ਹੈ। ਇਸ ਵਿਚ ਗੁਰੂ ਸਾਹਿਬ ਦੇ ਸਮੁੱਚੇ ਜੀਵਨ-ਵੇਰਵੇ ਆ ਗਏ ਹਨ। ਦੂਜਾ ਬਿਰਤਾਂਤ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਹੈ, ਜਿਨ੍ਹਾਂ ਨੂੰ ਉਹ ਇਕ ਮਹਾਨ ਯੋਧੇ, ਵਧੀਆ ਪ੍ਰਬੰਧਕ, ਸਰਵ-ਸਾਂਝੀਵਾਲਤਾ ਦੇ ਪ੍ਰਤੀਕ ਅਤੇ ਇਕ ਸੰਵੇਦਨਸ਼ੀਲ ਇਨਸਾਨ ਵਜੋਂ ਪੇਸ਼ ਕਰਦਾ ਹੈ। (ਪੰਨਾ 102) ਤੀਜਾ ਬਿਰਤਾਂਤ ਭਾਈ ਜੈਤਾ ਜੀ (ਭਾਈ ਜੀਵਨ ਸਿੰਘ) ਦੇ ਪਰਾਕ੍ਰਮੀ ਜੀਵਨ ਉੱਪਰ ਰੌਸ਼ਨੀ ਪਾਉਂਦਾ ਹੈ। ਸ: ਜ਼ਿਲੇਦਾਰ ਇਤਿਹਾਸ ਨੂੰ ਸਿਰਜਣਾਤਮਕ ਸਾਹਿਤ ਵਾਲੀ ਰੰਗਣ ਦੇ ਦਿੰਦਾ ਹੈ। ਪੇਸ਼ਕਾਰੀ ਸਮੇਂ ਉਸ ਦਾ ਵਿਵਰਣ ਇਸ ਪ੍ਰਕਾਰ ਹੁੰਦਾ ਹੈ, ਜਿਵੇਂ ਉਹ ਆਪ ਵੀ ਉਸ ਸਥਾਨ ਉੱਪਰ ਮੌਜੂਦ ਹੋਵੇ। ਇੰਜ ਵਿਵਰਣ ਵਸਤੂਮੁਖ ਨਹੀਂ ਰਹਿੰਦਾ ਪਰ ਸਾਡੇ ਇਧਰ ਬਹੁਤਾ ਇਤਿਹਾਸ ਇਸੇ ਪ੍ਰਕਾਰ ਲਿਖਿਆ ਗਿਆ ਹੈ। ਭੋਲੇ-ਭਾਅ ਲੇਖਕ ਪਾਸੋਂ ਨਾਵਾਂ-ਥਾਵਾਂ ਦੇ ਕਈ ਵੇਰਵੇ ਵੀ ਠੀਕ ਤਰ੍ਹਾਂ ਅੰਕਿਤ ਨਹੀਂ ਹੋਏ, ਤਾਂ ਵੀ ਇਸ ਪੁਸਤਕ ਵਿਚਲੀ ਸਮੱਗਰੀ ਸਿੱਖ ਇਤਿਹਾਸ ਦੇ ਸ਼ਰਧਾਲੂ ਅਤੇ ਹਾਸ਼ੀਆਗਤ ਪਾਠਕਾਂ ਨੂੰ ਕਾਫੀ ਪਸੰਦ ਆਏਗੀ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਪੜਤਾਲ
ਨਾਵਲਕਾਰ : ਪਰਮਜੀਤ ਸਿੰਘ ਜੱਜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 132
ਸੰਪਰਕ : 94170-07828.

ਪਰਮਜੀਤ ਸਿੰਘ ਉੱਚ ਵਿੱਦਿਆ ਦੇ ਖੇਤਰ ਵਿਚ ਇਕ ਜਾਣਿਆ-ਪਛਾਣਿਆ ਨਾਂਅ ਹੈ। ਸਮਾਜ ਵਿਗਿਆਨ ਦੇ ਖੇਤਰ ਵਿਚ ਉਸ ਦੀ ਵਿਸ਼ੇਸ਼ੱਗਤਾ ਹੈ ਪਰ ਨਾਲ ਦੀ ਨਾਲ ਪੰਜਾਬੀ ਸਾਹਿਤਕ ਖੇਤਰ ਵਿਚ ਉਸ ਦੀ ਨਿਵੇਕਲੀ ਕਿਸਮ ਦੀ ਨਾਵਲ ਰਚਨਾ ਨੂੰ ਵਿਸ਼ੇਸ਼ ਤੌਰ 'ਤੇ ਗੌਲਿਆ ਗਿਆ ਹੈ। ਵਿਚਾਰ ਅਧੀਨ ਨਾਵਲ ਤੋਂ ਪਹਿਲਾਂ 'ਤਰਕਾਲਾਂ', 'ਅਰਥ', 'ਬਦਲੇ ਦੀ ਪਤਝੜ', 'ਪਛਾਣ ਬਦਲ ਗਈ' ਅਤੇ 'ਪੀਤੂ' ਨਾਵਲ ਉਹ ਪਾਠਕਾਂ ਦੀ ਨਜ਼ਰ ਕਰ ਚੁੱਕਾ ਹੈ। ਕਿਸੇ ਵੀ ਰਚਨਾ ਦਾ ਮੁੱਲ ਤਾਂ ਹੀ ਪੈ ਸਕਦਾ ਹੈ ਜਦੋਂ ਸਮਾਜ ਨਾਲ ਜੁੜੀ ਹੋਈ ਹੋਵੇ।
ਉਲਝੇ ਸਮਾਜਿਕ ਤਾਣੇ-ਬਾਣੇ ਦੇ ਅੰਤਰ-ਵਿਰੋਧਾਂ ਨੂੰ ਪੇਸ਼ ਕਰਦੀ ਰਚਨਾ ਹੀ ਪਾਠਕ ਨੂੰ ਆਪਣੇ ਨਾਲ ਤੋਰਦੀ ਹੈ। ਪਰਮਜੀਤ ਸਿੰਘ ਜੱਜ ਦਾ ਨਵਾਂ ਨਾਵਲ 'ਪੜਤਾਲ' ਵੀ ਕਿਸੇ ਘਟਨਾ ਜਾਂ ਵਰਤਾਰੇ ਦੇ ਪਿਛੋਕੜ ਵਿਚ ਪਏ ਹੋਏ ਸਮਾਜਿਕ ਕਾਰਨਾਂ ਦੀ ਤਲਾਸ਼ ਕਰਦਾ ਨਾਵਲ ਹੈ। ਨਾਵਲਕਾਰ ਨੇ ਇਸ ਨਾਵਲ ਵਿਚ ਪਹਿਲਾਂ ਵੱਖ-ਵੱਖ ਪਾਤਰਾਂ ਦੀਆਂ ਗਤੀਵਿਧੀਆਂ ਅਤੇ ਕਿਰਿਆਵਾਂ ਨਾਲ ਨਾਵਲੀ ਬਿਰਤਾਂਤ ਦੀਆਂ ਤੰਦਾਂ ਦੇ ਰੂ-ਬਰੂ ਕਰਦਿਆਂ ਪਾਠਕ ਨੂੰ ਇਸ ਵਿਚਲੇ ਵਾਪਰਨਯੋਗ ਘਟਨਾਕ੍ਰਮ ਦੀ ਅਗਾਊਂ ਸੂਚਨਾ ਪ੍ਰਦਾਨ ਕਰ ਦਿੱਤੀ ਹੈ। ਇਸ ਤੋਂ ਬਾਅਦ ਸਿੱਧੀ ਘਟਨਾ ਅਮਰੀਕ ਸਿੰਘ ਦੇ ਕਤਲ ਹੋਣ ਨਾਲ ਜੁੜ ਜਾਂਦੀ ਹੈ ਤੇ ਤਫਤੀਸ਼ੀ ਅਫਸਰ ਬਲਦੇਵ ਸਿੰਘ ਠਾਕੁਰ ਨੂੰ ਲਗਾਏ ਜਾਣ ਦੀ ਸੂਚਨਾ ਪ੍ਰਾਪਤ ਹੁੰਦੀ ਹੈ। ਬਲਦੇਵ ਸਿੰਘ ਪੜ੍ਹਿਆ-ਲਿਖਿਆ ਪੁਲਿਸ ਅਫਸਰ ਬਹੁਤ ਸਾਰੇ ਕੇਸ ਹੱਲ ਕਰ ਚੁੱਕਾ ਹੈ।
ਅਮਰੀਕ ਸਿੰਘ ਪਿੰਡ ਦਾ ਅਜਿਹਾ ਵਿਅਕਤੀ ਹੁੰਦਾ ਹੈ ਜਿਸ ਦੀ ਸ਼ਖ਼ਸੀਅਤ ਬਾਰੇ ਕੋਈ ਵੀ ਹਾਂ-ਵਾਦੀ ਵਿਚਾਰ ਸਾਹਮਣੇ ਨਹੀਂ ਆਉਂਦਾ। ਸ਼ੱਕ ਦੀ ਸੂਈ ਵੱਖ-ਵੱਖ ਵਿਅਕਤੀਆਂ ਵੱਲ ਜਾਣ ਨਾਲ ਨਾਵਲ ਵਿਚ ਪਾਠਕ ਦੀ ਉਤਸੁਕਤਾ ਵਧਦੀ ਹੈ। ਇਥੋਂ ਤੱਕ ਕਿ ਸ਼ੱਕ ਅਮਰੀਕ ਦੇ ਲੜਕੇ ਦੀਪੇ 'ਤੇ ਵੀ ਜਾਂਦਾ ਹੈ। ਪਰ ਬਲਦੇਵ ਸਿੰਘ ਇਸ ਘਟਨਾ ਦੇ ਵਾਪਰਨ ਦੇ ਸਮਾਜਿਕ ਕਾਰਨ ਤਲਾਸ਼ ਕਰਦਾ ਹੈ। ਇਲਾਕੇ ਵਿਸ਼ੇਸ਼ ਅਤੇ ਪਾਤਰਾਂ ਦੇ ਸੁਭਾਅ ਬਾਰੇ ਉਸ ਦੀ ਸੂਝ ਕੇਸ ਹੱਲ ਕਰ ਦਿੰਦੀ ਹੈ। ਇਥੋਂ ਤੱਕ ਕਿ ਲੋਕਾਂ ਦੀ ਨਜ਼ਰ ਵਿਚ ਅਮਰੀਕ ਸਿੰਘ ਮਾੜਾ ਹੈ ਪਰ ਸਮਾਜਿਕ ਕਾਰਨ ਕੁਝ ਹੋਰ ਹਨ। ਜਿਥੇ ਅਮਰੀਕ ਸਿੰਘ ਵੀ ਸਹੀ ਲਗਦਾ ਹੈ। ਨਾਵਲ ਵਿਚ ਰਹੱਸਾਤਮਕ ਗੁੰਝਲ ਅਖ਼ੀਰ ਤੱਕ ਬਣੀ ਰਹਿੰਦੀ ਹੈ। ਨਾਵਲਕਾਰ ਨੇ ਹੁਸ਼ਿਆਰਪੁਰ ਦੇ ਇਲਾਕੇ ਦੇ ਲੋਕਾਂ ਦੇ ਸੁਭਾਅ ਅਤੇ ਸਮਾਜਿਕ ਪ੍ਰਬੰਧ ਨੂੰ ਵੀ ਨਾਵਲੀ ਬਿਰਤਾਂਤ ਨਾਲ ਜੋੜਿਆ ਹੈ।

ਡਾ: ਸਰਦੂਲ ਸਿੰਘ ਔਜਲਾ
ਮੋ: 98141-68611.

ਖਿੱਲਰੇ ਹੋਏ ਪੱਤਰੇ
ਲੇਖਿਕਾ : ਬਚਿੰਤ ਕੌਰ
ਪ੍ਰਕਾਸ਼ਕ : ਸ਼ਿਲਾਲੇਖ ਪਬਲਿਸ਼ਰਜ਼, ਦਿੱਲੀ
ਮੁੱਲ : 350 ਰੁਪਏ, ਸਫ਼ੇ : 147
ਸੰਪਰਕ : 098725-72060.

ਬਹੁ-ਵਿਧਾਈ ਲੇਖਿਕਾ ਬਚਿੰਤ ਕੌਰ ਜਿਸ ਨੇ ਸਾਹਿਤ ਦੇ ਹਰੇਕ ਰੂਪ 'ਤੇ ਹੱਥ ਅਜ਼ਮਾਈ ਕਰਕੇ ਲਗਪਗ 66 ਪੁਸਤਕਾਂ ਪੰਜਾਬੀ ਅਦਬ ਦੇ ਰੂਬਰੂ ਕੀਤੀਆਂ ਅਤੇ ਬਹੁਤ ਸਾਰੀਆਂ ਕਿਤਾਬਾਂ ਵਿਦੇਸ਼ੀ ਭਾਸ਼ਾਵਾਂ ਵਿਚ ਵੀ ਉਲਥਾਈਆਂ ਗਈਆਂ। ਲੇਖਿਕਾ ਦਾ ਇਹ ਕਾਵਿ-ਸੰਗ੍ਰਹਿ 'ਖਿੱਲਰੇ ਹੋਏ ਪੱਤਰੇ' ਵੱਖ-ਵੱਖ ਸਮਿਆਂ 'ਤੇ ਲਿਖੇ ਟੱਪੇ, ਗੀਤ ਅਤੇ ਕਵਿਤਾਵਾਂ ਸ਼ਾਮਿਲ ਹਨ। ਇਸ ਵਿਚ ਉਮਰ ਦੀ ਤਿੱਖੜ ਦੁਪਹਿਰ ਤੋਂ ਲੈ ਕੇ ਉਮਰ ਦੀਆਂ ਤਿਰਕਾਲਾਂ ਦੀ ਅਉਧ ਹੰਢਾਅ ਰਹੇ ਮਨੁੱਖ ਦੀ ਤਰਜ਼ਮਾਨੀ ਕਰਦੀਆਂ ਕਵਿਤਾਵਾਂ ਹਨ। ਔਝੜ ਰਾਹਾਂ ਵਿਚ ਰੋਹੀ ਦੇ ਫੁੱਲ ਦੀ ਅਉਧ ਹੰਢਾਅ ਰਹੇ ਮਨੁੱਖ ਦੀ ਮੁਹੱਬਤ ਨੂੰ ਪਰਿਭਾਸ਼ਤ ਕਰਨ ਦੀ ਲਿਲ੍ਹਕ, ਵਫ਼ਾ, ਬੇਵਫ਼ਾ, ਮੁਹੱਬਤੀ ਤਾਅਨੇ-ਮਿਹਣੇ, ਰੋਸਿਆਂ ਅਤੇ ਮੰਨਣ ਮਨਾਉਣ ਦੀ, ਟੁਕੜੇ ਟੁਕੜੇ ਜਿਊਂ ਰਹੇ ਦਵੰਦਾਤਮਕ ਮਨੁੱਖ ਨੂੰ ਇਕ ਸਰੋਦੀ ਬੁਣਤੀ ਵਿਚ ਬੁਣਨ ਦੀ ਜੇ ਸੰਵੇਦਨਸ਼ੀਲ ਕਿਰਿਆ ਦੇਖਣੀ ਹੋਵੇ ਤਾਂ ਇਸ ਪੁਸਤਕ ਨੂੰ ਪੜ੍ਹਨਾ ਤੇ ਗੁੜ੍ਹਨਾ ਲਾਜ਼ਮੀ ਬਣ ਜਾਂਦਾ ਹੈ। ਭੁੱਲੇ ਵਿਸਰੇ ਲੋਕ ਗੀਤਾਂ ਦੀ ਸਿਨਫ਼ ਟੱਪਿਆਂ ਨੂੰ ਇਸ ਵਿਚ ਸ਼ਾਮਿਲ ਕਰਨਾ ਲੇਖਿਕਾ ਦੀ ਵਿਰਸੇ ਨਾਲ ਜੁੜੇ ਰਹਿਣ ਦੀ ਜੀਵੰਤ ਮਿਸਾਲ ਹੈ। ਅਨੇਕਾਂ ਪੁਰਸਕਾਰਾਂ ਨਾਲ ਪੁਰਸਕ੍ਰਿਤ ਇਸ ਲੇਖਿਕਾ ਦੀ ਪੁਸਤਕ ਖਿੱਲਰੇ ਵਰਕਿਆਂ ਵਾਂਗ ਜੇ ਇਕ ਮਾਲਾ ਵਿਚ ਪਰੋ ਸਕੇ ਤਾਂ ਲੇਖਿਕਾ ਦਾ ਸਮਕਾਲੀ ਮਨੁੱਖ ਪ੍ਰਤੀ ਬਹੁਤ ਵੱਡਾ ਅਹਿਸਾਨ ਹੋਵੇਗਾ।

ਭਗਵਾਨ ਢਿੱਲੋਂ
ਮੋ: 98143-78254.

18-10-2020

ਗੁਰਬਾਣੀ ਦਰਸ਼ਨ
ਲੇਖਕ ਤੇ ਫੋਟੋਗ੍ਰਾਫ਼ਰ : ਠਾਕੁਰ ਦਲੀਪ ਸਿੰਘ
ਪ੍ਰਕਾਸ਼ਕ : ਅਸਥੈਟਿਕਸ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 500 ਰੁਪਏ, ਸਫ਼ੇ : 56


'ਗੁਰਬਾਣੀ ਦਰਸ਼ਨ' ਪੁਸਤਕ ਦੇ ਲੇਖਕ ਠਾਕੁਰ ਦਲੀਪ ਸਿੰਘ, ਜੋ ਨਾਮਧਾਰੀ ਪੰਥ ਦੇ ਮੁਖੀ ਤੇ ਇਕ ਵਿਲੱਖਣ, ਅਲੌਕਿਕ ਸ਼ਖ਼ਸੀਅਤ ਦੇ ਮਾਲਕ ਹਨ। ਇਨ੍ਹਾਂ ਨੇ ਪਹਿਲਾਂ ਗੁਰੂ ਸਾਹਿਬਾਨ (ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ) ਬਾਰੇ ਤਿੰਨ ਪੁਸਤਕਾਂ ਲਿਖ ਕੇ ਸਾਹਿਤ ਜਗਤ ਵਿਚ ਨਾਮਣਾ ਖੱਟਿਆ ਹੈ। ਹਥਲੀ ਪੁਸਤਕ, ਜਿਸ ਨੂੰ ਫੋਟੋਗ੍ਰਾਫ਼ੀ ਰਾਹੀਂ ਚਿੱਤਰਾਂ ਨਾਲ ਸੰਵਾਰ ਸ਼ਿੰਗਾਰ ਕੇ ਪਾਠਕਾਂ ਦੇ ਹੱਥਾਂ ਵਿਚ ਪੁੱਜਦੀ ਕੀਤੀ ਹੈ। ਪੁਸਤਕ ਦੇ ਟਾਈਟਲ ਪੰਨੇ ਨੂੰ ਵੇਖਦੇ ਹੀ ਕਾਦਰ ਦੀ ਕੁਦਰਤ ਦੇ ਦੀਦਾਰ ਹੁੰਦੇ ਤੇ ਲੇਖਕ ਦੀ ਘਾਲਣਾ ਅੱਗੇ ਸਿਰ ਝੁਕਦਾ ਹੈ। ਆਪ ਨੇ ਆਪਣੇ ਤਾਇਆ ਜੀ ਸਤਿਗੁਰ ਜਗਜੀਤ ਸਿੰਘ ਜੀ ਦੀ ਨੇੜਤਾ ਸਦਕਾ ਸ਼ਾਸਤਰੀ ਸੰਗੀਤ, ਗੁਰਬਾਣੀ, ਭਾਰਤੀ ਦਰਸ਼ਨ ਸ਼ਾਸਤਰ ਤੇ ਫੋਟੋਗ੍ਰਾਫੀ ਆਦਿ ਵਿਚ ਮੁਹਾਰਤ ਹਾਸਲ ਕੀਤੀ। ਇਸ ਪੁਸਤਕ ਵਿਚ ਦਰਜ ਉਨ੍ਹਾਂ ਦੀ ਵਿਚਾਰਧਾਰਾ ਤੇ ਫੋਟੋਆਂ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਗੁਰਬਾਣੀ ਅਥਾਹ ਸਮੁੰਦਰ ਹੈ ਤੇ ਕੁਦਰਤ ਦੀ ਰਚਨਾ ਵੀ ਅਦਭੁੱਤ ਹੈ। ਉਨ੍ਹਾਂ ਨੇ ਪੁਸਤਕ ਵਿਚ ਗੁਰਬਾਣੀ ਦੀਆਂ ਢੁਕਵੀਆਂ ਤੁਕਾਂ ਦੇ ਅਨੁਸਾਰ ਫੋਟੋਗ੍ਰਾਫ਼ੀ ਕੀਤੀ ਹੈ ਜੋ ਅਰਥਾਂ ਨੂੰ ਰੂਪਮਾਨ ਕਰਦੀ ਹੈ ਜਿਵੇਂ ਕਿ-
'ਸੂਰਤਿ ਮੂਰਤਿ ਆਦਿ ਅਨੂਪੁ'
'ਚੰਦੁ ਨ ਹੋਤਾ ਸੂਰੁ ਨ ਹੋਤਾ ਪਾਨੀ ਪਵਨੁ ਮਿਲਾਇਆ'
ਇਨ੍ਹਾਂ ਤੁਕਾਂ ਦੇ ਅਨੁਕੂਲ ਖੂਬਸੂਰਤ ਚਿੱਤਰ ਹਨ। ਇਕ ਚਿੱਤਰ ਹੈ ਪਾਣੀ ਤੋਂ ਕਾਇਨਾਤ ਦੀ ਉਤਪਤੀ ਹੋਈ ਹੈ-'ਪਾਣੀ ਪਿਤਾ ਹੈ ਜਗਤ ਦਾ' ਇਕ ਪਾਸੇ ਪਹਾੜਾਂ ਉੱਤੇ ਬਰਫ਼ ਜੰਮੀ ਹੋਈ ਹੈ ਤੇ ਦੂਸਰੇ ਪਾਸੇ ਪ੍ਰਕਿਰਤੀ ਮੌਲ ਰਹੀ ਹੈ-ਕੁਦਰਤ ਦੇ ਰੰਗਾਂ ਦਾ ਅਲੌਕਿਕ ਦ੍ਰਿਸ਼ ਹੈ। ਅਜਿਹਾ ਚਿਤਰਣ ਕੋਈ ਕਲਾ ਪ੍ਰੇਮੀ ਹੀ ਕਰ ਸਕਦਾ ਹੈ। ਗੁਰਬਾਣੀ ਵਿਚ ਤਾਂ ਪ੍ਰਕਿਰਤੀ ਦੇ ਦ੍ਰਿਸ਼ਾਂ ਦਾ ਪਾਸਾਰਾ ਦ੍ਰਿਸ਼ਟਮਾਨ ਹੈ। ਕਮਲ ਫੁੱਲ ਤੇ ਮੁਰਗਾਬੀ ਦਾ ਪਾਣੀ ਉੱਪਰ ਤੈਰਨਾ ਸੰਸਾਰ ਵਿਚ ਰਹਿ ਕੇ ਵੀ ਨਿਰਲੇਪਤਾ ਨੂੰ ਰੂਪਮਾਨ ਕਰਦਾ ਹੈ। ਇਕ ਚਿੱਤਰ ਕਬੀਰ ਜੀ ਦੀ ਤੁਕ ਨੂੰ ਬਾਖੂਬੀ ਪੇਸ਼ ਕਰਦਾ ਹੈ-
'ਸਰਪਰ ਮੈਥੈ ਆਵਣਾ ਮਰਣਹੁ ਨਾ ਡਰਿਆਹੁ'
ਇਹ ਚਿੱਤਰ ਤੇ ਤੁਕਾਂ ਮਨੁੱਖ ਨੂੰ ਡੂੰਘੀਆਂ ਰਮਜ਼ਾਂ ਸਮਝਾਉਂਦੀਆਂ ਹਨ ਤੇ ਕੁਦਰਤ ਨਾਲ ਇਕਸੁਰ ਹੋਣ ਵਿਚ ਸਹਾਇਤਾ ਮਿਲਦੀ ਹੈ।
ਠਾਕੁਰ ਦਲੀਪ ਸਿੰਘ ਨੂੰ ਆਪਣੀ ਵਿਦਵਤਾ ਤੇ ਫੋਟੋਗ੍ਰਾਫ਼ੀ ਸਦਕਾ ਅਨੇਕਾਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦਾ ਲਿਖਤਾਂ ਤੇ ਚਿੱਤਰਾਂ ਰਾਹੀਂ ਪੇਸ਼ਕਾਰੀ ਦਾ ਮੁੱਖ ਮਕਸਦ ਹੈ, 'ਸਮਾਜ ਨੂੰ ਜੋੜਨਾ ਧਰਮ ਹੈ, ਤੋੜਨਾ ਅਧਰਮ ਹੈ।' ਉਹ ਗੁਰਬਾਣੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਮਾਜ ਵਿਚ ਪ੍ਰਚੱਲਿਤ ਬੁਰਾਈਆਂ ਜਿਵੇਂ ਜਾਤ-ਪਾਤ, ਬਾਲ-ਵਿਆਹ ਨੂੰ ਦੂਰ ਕਰਨ ਲਈ ਯਤਨਸ਼ੀਲ ਹਨ ਤੇ ਸਮਾਜ ਵਿਚ ਇਸਤਰੀ ਨੂੰ ਮਾਣ-ਸਨਮਾਨ ਦਿਵਾਉਣ ਲਈ ਭਰਪੂਰ ਉਪਰਾਲੇ ਕਰ ਰਹੇ ਹਨ। ਲੋੜਵੰਦ ਗ਼ਰੀਬਾਂ ਦੀ ਸਹਾਇਤਾ ਕਰਨਾ ਤੇ ਲੜਕੀਆਂ ਨੂੰ ਉੱਚ ਸਿੱਖਿਆ ਦਿਵਾ ਕੇ ਆਤਮ-ਨਿਰਭਰ ਬਣਾਉਣਾ ਨਰੋਏ ਸਮਾਜ ਦੀ ਸਥਾਪਨਾ ਵੱਲ ਵਧਦੇ ਕਦਮ ਹਨ। ਆਪਣੇ ਇਨ੍ਹਾਂ ਉਪਰਲਿਆਂ ਲਈ ਤੇ ਵਧੀਆ ਪੁਸਤਕ 'ਗੁਰਬਾਣੀ ਦਰਸ਼ਨ' ਪਾਠਕਾਂ ਦੇ ਹੱਥਾਂ ਵਿਚ ਪੁੱਜਦੀ ਕਰਨ ਲਈ ਪ੍ਰਸੰਸਾ ਦੇ ਹੱਕਦਾਰ ਹਨ।


-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.


ਸ਼ਰਤ ਚੰਦਰ ਚੱਟੋਪਾਧਿਆਏ ਦੇ ਦੋ ਨਾਵਲ
ਅਨੁ: ਡਾ: ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨਜ਼, ਦਿੱਲੀ-32
ਮੁੱਲ : 300 ਰੁਪਏ, ਸਫ਼ੇ : 181
ਸੰਪਰਕ : 099588-31357.


ਸ਼ਰਤ ਚੰਦਰ ਚੱਟੋਪਾਧਿਆਏ ਬੰਗਲਾ ਸਾਹਿਤ ਦੇ ਉੱਚਕੋਟੀ ਦੇ ਸਾਹਿਤਕਾਰ ਸਨ, ਜਿਨ੍ਹਾਂ ਨੂੰ ਕੁੱਲ ਭਾਰਤੀ ਸਾਹਿਤ ਵਿਚ ਵੀ ਵੱਡੀ ਮਾਨਤਾ ਮਿਲੀ ਹੈ। ਇਸ ਪੁਸਤਕ ਵਿਚ ਉਨ੍ਹਾਂ ਦੇ ਦੋ ਨਾਵਲ 'ਪਰਿਣੀਤਾ' ਅਤੇ 'ਦੇਵਦਾਸ' ਸ਼ਾਮਿਲ ਕੀਤੇ ਗਏ ਹਨ। ਇਹ ਦੋਵੇਂ ਨਾਵਲਾਂ ਨੂੰ ਆਪਣੇ ਸਮੇਂ ਅਜਿਹੀ ਪ੍ਰਸਿੱਧੀ ਮਿਲੀ ਸੀ ਕਿ ਹਰ ਪਾਠਕ ਇਨ੍ਹਾਂ ਨੂੰ ਪੜ੍ਹਦਿਆਂ ਅਨੰਦ ਮਾਣਦਾ ਸੀ। ਦੋਵਾਂ 'ਤੇ ਪ੍ਰਸਿੱਧ ਫ਼ਿਲਮਾਂ ਬਣ ਚੁੱਕੀਆਂ ਹਨ। 'ਦੇਵਦਾਸ' 'ਤੇ ਤਾਂ ਤਿੰਨ ਵਾਰ ਹਿੰਦੀ ਫ਼ਿਲਮ ਬਣੀ, ਜਿਸ ਨੂੰ ਦਰਸ਼ਕਾਂ ਨੇ ਇਕੋ ਜਿਹੇ ਮਾਣ ਨਾਲ ਸਨਮਾਨ ਦਿੱਤਾ।
'ਪਰਿਣੀਤਾ' ਇਕ ਲਘੂ ਨਾਵਲ ਹੈ, ਜਿਸ ਵਿਚ ਮਾਲਤੀ ਨਾਂਅ ਦੀ ਕੁੜੀ ਨੂੰ ਦੋ ਨੌਜਵਾਨ ਪ੍ਰੇਮ ਕਰਦੇ ਹਨ। ਦੋਵੇਂ ਜੀਅ ਜਾਨ ਨਾਲ ਉਸ ਨੂੰ ਚਾਹੁੰਦੇ ਹਨ। ਪਰ ਮਾਲਤੀ ਸ਼ੇਖਰ ਨਾਂਅ ਦੇ ਨੌਜਵਾਨ ਵੱਲ ਜ਼ਿਆਦਾ ਝੁਕਾਉ ਰੱਖਦੀ ਹੈ। ਸਥਿਤੀ ਇਸ ਤਰ੍ਹਾਂ ਬਣੀ ਕਿ ਮਾਲਤੀ ਦੇ ਮਾਮਾ ਨੂੰ ਆਰਥਿਕ ਔਕੜ ਕਾਰਨ ਦੂਸਰੇ ਨੌਜਵਾਨ ਗਰੀਨ ਬਾਬੂ ਕੋਲੋਂ ਮਦਦ ਲੈਣੀ ਪਈ ਜਿਸ ਦੇ ਭਾਰ ਕਾਰਨ ਉਹ ਮਾਲਤੀ ਦਾ ਵਿਆਹ ਉਸ ਨਾਲ ਕਰਨ ਲਈ ਸਹਿਮਤ ਹੋ ਜਾਂਦੇ ਹਨ। ਕਹਾਣੀ ਵਿਚ ਮੋੜ ਆਉਂਦਾ ਹੈ। ਟਵਿਸਟ ਹੁੰਦੀ ਹੈ ਤੇ ਅਸਲ ਗੱਲ ਪਤਾ ਲੱਗਣ 'ਤੇ ਗਰੀਨ ਉਸ ਨੂੰ ਸ਼ੇਖਰ ਲਈ ਛੱਡ ਦਿੰਦਾ ਹੈ ਤੇ ਨਾਵਲ ਦੁਖਾਂਤ ਵਿਚ ਜਾਂਦਾ-ਜਾਂਦਾ ਸੁਖਾਂਤ ਵਿਚ ਬਦਲ ਜਾਂਦਾ ਹੈ।
'ਦੇਵਦਾਸ' ਦੀ ਕਹਾਣੀ ਵੀ ਕੁਝ ਇਸੇ ਤਰ੍ਹਾਂ ਦੀ ਹੀ ਹੈ। ਦੇਵਦਾਸ ਅਤੇ ਪਾਰਵਤੀ ਗੁਆਂਢੀ ਹਨ ਤੇ ਬਚਪਨ ਤੋਂ ਹੀ ਇਕ-ਦੂਜੇ ਨੂੰ ਪ੍ਰੇਮ ਕਰਦੇ ਹਨ। ਪਰ ਹਾਲਾਤ ਇਹ ਬਣਦੇ ਹਨ ਕਿ ਪਾਰਵਤੀ ਦਾ ਵਿਆਹ ਦੇਵਦਾਸ ਨਾਲ ਹੋ ਕੇ ਇਕ ਦਹਾਜੂ ਨਾਲ ਹੋ ਜਾਂਦਾ ਹੈ ਜੋ ਪੈਸੇ-ਧੇਲੇ ਵਲੋਂ ਰੱਜਿਆ-ਪੁੱਜਿਆ ਹੁੰਦਾ ਹੈ। ਦੇਵਦਾਸ ਦੀ ਜ਼ਿੰਦਗੀ ਪਲਟਾ ਖਾਂਦੀ ਹੈ ਤੇ ਉਹ ਬਹੁਤ ਜ਼ਿਆਦਾ ਸ਼ਰਾਬ ਪੀਣ ਲਗਦਾ ਹੈ ਤੇ ਚੰਦਰਮੁਖੀ ਨਾਂਅ ਦੀ ਵੇਸ਼ਿਆ ਕੋਲ ਜਾਣ ਲਗਦਾ ਹੈ। ਆਖ਼ਰ ਬਿਮਾਰੀ ਦੀ ਹਾਲਤ ਵਿਚ ਉਹ ਪਾਰਵਤੀ ਦੇ ਪਿੰਡ ਦੇ ਬਾਹਰ ਜਾ ਕੇ ਮਰ ਜਾਂਦਾ ਹੈ। ਉਸ ਨੇ ਪਾਰਵਤੀ ਨਾਲ ਆਖ਼ਰੀ ਵਾਰ ਮਿਲਣ ਦਾ ਵਾਅਦਾ ਜੋ ਕੀਤਾ ਹੋਇਆ ਸੀ।
ਸ਼ਰਤ ਚੰਦਰ ਦਾ ਬਿਰਤਾਂਤ ਅਤੇ ਸ਼ੈਲੀ ਏਨੀ ਜ਼ਬਰਦਸਤ ਹੈ ਕਿ ਉਹ ਪਾਠਕ ਨੂੰ ਆਪਣੇ ਨਾਲ ਬੰਨ੍ਹੀ ਰੱਖਦੀ ਹੈ। ਕਹਾਣੀ ਦੀ ਰੌਚਿਕਤਾ ਨਾਵਲਾਂ ਦੀ ਪੜ੍ਹਨਸ਼ੀਲਤਾ ਬਣਾਈ ਰੱਖਦੀ ਹੈ।
ਡਾ: ਬਲਦੇਵ ਸਿੰਘ ਬੱਦਨ ਨੂੰ ਅਨੁਵਾਦ ਦਾ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੋਇਆ ਹੈ। ਸੈਂਕੜੇ ਕਿਤਾਬਾਂ ਦੇ ਅਨੁਵਾਦ ਉਨ੍ਹਾਂ ਕੀਤੇ ਹਨ। ਇਹੋ ਜਿਹੇ ਤਜਰਬੇਕਾਰ ਲੇਖਕ ਵਲੋਂ ਕੀਤਾ ਪੰਜਾਬੀ ਅਨੁਵਾਦ ਵਧੀਆ ਹੀ ਹੋਵੇਗਾ। ਇਸ ਵਿਚ ਸ਼ੱਕ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿੰਦੀ।


-ਕੇ. ਐਲ. ਗਰਗ
ਮੋ: 94635-37050.


ਸਰਘੀ ਦੀ ਲੋਅ
ਕਵੀ : ਹਰਬੰਸ ਸਿੰਘ ਅਖਾੜਾ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 119
ਸੰਪਰਕ : 98555-15937.


ਹਰਬੰਸ ਸਿੰਘ ਅਖਾੜਾ ਲੰਮੇ ਸਮੇਂ ਤੋਂ ਸਾਹਿਤ ਦੇ ਅਖਾੜੇ ਵਿਚ ਆਪਣੇ ਸਾਹਿਤ ਸਿਰਜਣ ਫੰਨ ਦਾ ਮੁਜ਼ਾਹਰਾ ਕਰਦਾ ਆ ਰਿਹਾ ਹੈ। ਅਖਾੜਾ ਮੂਲ ਤੌਰ 'ਤੇ ਵਾਰਤਕ ਦਾ ਲਿਖਾਰੀ ਹੈ। ਉਸ ਨੇ ਇਕ ਨਾਵਲ, ਇਕ ਕਹਾਣੀ ਸੰਗ੍ਰਹਿ, ਆਤਮ ਕਥਾ ਅਤੇ ਪੰਜਾਬੀ ਸੂਬੇ ਦੇ ਸੰਘਰਸ਼ ਵਿਚ ਕੱਟੀ ਜੇਲ੍ਹ ਦੀ ਯਾਤਰਾ ਵੀ ਲਿਖੀ ਹੈ। ਇਹ ਪੁਸਤਕ ਭਾਵੇਂ ਉਸ ਦੀ ਪਹਿਲੀ ਕਾਵਿ ਪੁਸਤਕ ਹੈ ਜੋ ਪ੍ਰਕਾਸ਼ਿਤ ਹੋਈ ਪਰ ਦਰਅਸਲ ਉਹ ਕਵਿਤਾ ਪਿਛਲੇ 6 ਦਹਾਕਿਆਂ ਤੋਂ ਸਿਰਜਦਾ ਆ ਰਿਹਾ ਸੀ ਅਤੇ ਵੱਖ-ਵੱਖ ਸਾਹਿਤਕ ਮੈਗਜ਼ੀਨਾਂ ਅਤੇ ਸੋਸ਼ਲ ਮੀਡੀਏ 'ਤੇ ਪ੍ਰਕਾਸ਼ਿਤ ਕਰ ਰਿਹਾ ਸੀ। ਇਸ ਪੁਸਤਕ ਵਿਚ ਬਕੌਲ ਅਖਾੜਾ ਮੈਂ 1957-58 ਤੋਂ ਲੈ ਕੇ ਹੁਣ ਤੱਕ ਦੀਆਂ ਕੁਝ ਕਾਵਿ ਰਚਨਾਵਾਂ ਇਸ ਪੁਸਤਕ ਵਿਚ ਪੇਸ਼ ਕੀਤੀਆਂ ਹਨ। ਇਹ ਕਵਿਤਾਵਾਂ ਸਮਾਜਿਕ ਬੁਰਾਈਆਂ, ਧਾਰਮਿਕ ਅੰਧ-ਵਿਸ਼ਵਾਸ, ਰਾਜਨੀਤਕ ਭ੍ਰਿਸ਼ਟਾਚਾਰ, ਰਿਸ਼ਵਤ, ਆਰਥਿਕ ਨਾਬਰਾਬਰੀ ਅਤੇ ਨਸ਼ਿਆਂ ਦੇ ਪ੍ਰਕੋਪ ਨੂੰ ਸੇਧਿਤ ਹਨ।
ਉਸ ਦੀਆਂ ਕਵਿਤਾਵਾਂ ਦੇ ਸਿਰਲੇਖ ਵੀ ਕਾਵਿ ਵਿਸ਼ਿਆਂ ਦੀ ਥਾਹ ਦਿੰਦੇ ਹਨ : ਉੱਠ ਕਿਸਾਨਾ ਸੁੱਤਿਆ, ਬੇਰੁਜ਼ਗਾਰਾਂ ਦਾ ਦੁਸਹਿਰਾ, ਭਗਤ ਸਿੰਘ ਵੀਰਾ, ਮਰਦੇ ਲੋਕ, ਚਰਖਾ ਚੰਨਣ ਦਾ, ਬਾਗਾਂ ਵਿਚ ਅੰਬ ਪੱਕ ਗਏ, ਸਾਹਿਬਜ਼ਾਦਿਆਂ ਦੇ ਸੂਬਿਆਂ ਨੂੰ ਉੱਤਰ ਆਦਿ। ਕਵੀ ਅਖਾੜਾ ਕਾਵਿ ਰੂਪ ਵਿਧਾਨ ਵਿਚ ਪਰਿਪੂਰਨ ਹੈ। ਉਸ ਦੀਆਂ ਕਵਿਤਾਵਾਂ ਕਾਵਿਕ ਸ਼ੁਗਲ ਨਹੀਂ ਸਗੋਂ ਸਮਾਜਿਕ, ਰਾਜਨੀਤਕ ਅਤੇ ਆਰਥਿਕ ਨਿਘਾਰਾਂ 'ਤੇ ਉਂਗਲ ਸਿੱਧੀ ਚੁੱਕਦੀਆਂ ਹਨ। ਸਾਧ ਬਾਬੇ, ਕਾਲੇ ਧੰਦਿਆਂ ਦੇ ਵਪਾਰੀ, ਨਸ਼ਿਆਂ ਦੇ ਵਪਾਰੀ, ਅਫਸਰ ਗੁੰਡੇ ਤੇ ਰਾਜਨੀਤੀਵਾਨਾਂ ਦਾ ਅੰਤਰ ਗੱਠਜੋੜ ਨੌਜਵਾਨੀ ਦਾ ਨਿਘਾਰ ਕਰ ਰਹੀ ਹੈ:
-ਬ੍ਰਹਮਭੋਜ ਭਾਗੋ ਦਾ ਖਾ ਕੇ, ਖੱਲ ਲਾਲੋ ਦੀ ਲਾਹ ਗਏ ਚੋਰ,
-ਕਿਰਤ ਛੱਡ ਕਰਜ਼ਾਈ ਹੋ ਗਏ ਜੋ ਸਨ ਸਰਦੇ ਪੁਜਦੇ ਲੋਕ
-ਕੀਹਨੂੰ ਹਾਲ ਸੁਣਾਵਾਂ ਹੁਣ ਤੇ ਡਰ ਲਗਦੈ
ਪਹਿਰੇਦਾਰ ਹੀ ਬਣੇ ਲੁਟੇਰੇ ਕਿੰਜ ਵਾੜ ਤੋਂ ਖੇਤ ਬਚਾਵਾਂ
ਆਪੇ ਕਾਤਿਲ ਆਪੇ ਮੁਨਸਿਫ ਸੱਚ ਨੂੰ ਮਿਲਣ ਸਜ਼ਾਵਾਂ
ਹੁਣ ਤੇ ਡਰ ਲਗਦੈ...।


-ਸੁਲੱਖਣ ਸਰਹੱਦੀ
ਮੋ: 94174-84337


ਪੋਸਟ ਮਾਰਟਮ
ਲੇਖਕ : ਹਰਿੰਦਰ ਸਿੰਘ ਰਾਏ
ਪ੍ਰਕਾਸ਼ਕ : ਸਮਰਾਟ ਪਬਲੀਕੇਸ਼ਨ, ਮੋਗਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98143-65265.


ਅਜੋਕੇ ਸਮੇਂ ਵਿਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਮਾਮਲਾ ਬਹੁਤ ਗੰਭੀਰ ਹੈ। ਓਪਰੀ ਨਜ਼ਰੇ ਦੇਖਿਆਂ ਇਹ ਮਾਮਲਾ ਸਿਰਫ ਕਰਜ਼ੇ ਨਾਲ ਜੁੜਿਆ ਜਾਪਦਾ ਹੈ ਪਰ ਅਸਲ ਵਿਚ ਇਸ ਪਿੱਛੇ ਬੜੇ ਸਮਾਜਿਕ, ਆਰਥਿਕ, ਮਾਨਸਿਕ ਕਾਰਨ ਕਾਰਜਸ਼ੀਲ ਹਨ, ਜਿਨ੍ਹਾਂ ਕਰਕੇ ਕਿਸਾਨ ਖ਼ੁਦਕੁਸ਼ੀ ਦੇ ਰਾਹ ਪੈਂਦਾ ਹੈ। ਉਪਰੋਕਤ ਨਾਵਲ ਦਾ ਵਿਸ਼ਾ ਵੀ ਅਜਿਹਾ ਹੀ ਹੈ ਜਿਸ ਵਿਚ ਕਿਸਾਨ ਖ਼ੁਦਕੁਸ਼ੀਆਂ ਦੇ ਮਾਮਲੇ ਨਾਲ ਸਬੰਧਿਤ ਕਈ ਪਹਿਲੂਆਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਨਾਵਲ ਦੀ ਕਹਾਣੀ ਦੋ ਅਜਿਹੇ ਕਿਸਾਨ ਪਰਿਵਾਰਾਂ ਨਾਲ ਜੁੜੀ ਹੋਈ ਹੈ, ਜਿਨ੍ਹਾਂ ਵਿਚ ਇਕ ਖ਼ੁਦਕੁਸ਼ੀ ਦੇ ਰਾਹ ਤੋਂ ਮੁੜ ਜੀਵਨ ਜਿਊਣ ਦੇ ਰਾਹ ਪੈਂਦਾ ਹੈ, ਉਥੇ ਦੂਸਰਾ ਫੋਕੀ ਸ਼ੁਹਰਤ ਵਿਚ ਫਸਿਆ ਖ਼ੁਦਕੁਸ਼ੀ ਦੇ ਰਾਹ ਪੈਂਦਾ ਹੈ। ਇਸ ਦੇ ਨਾਲ ਕਿਰਤੀ ਲੋਕਾਂ ਦੀ ਜੀਵਨ ਜਾਚ, ਸ਼ਰਾਬ ਦੇ ਠੇਕਿਆਂ ਦੀ ਰੌਣਕ, ਚੁੰਝ ਚਰਚਾ, ਆੜ੍ਹਤ ਅਤੇ ਮੰਡੀਆਂ ਦੇ ਰੌਲੇ ਅਤੇ ਇਨ੍ਹਾਂ ਵਿਚ ਚਲਦੇ ਘਪਲੇ ਨੂੰ ਨਾਵਲ ਵਿਚ ਥਾਂ ਦਿੱਤੀ ਗਈ ਹੈ। ਕਿਸਾਨ ਯੂਨੀਅਨਾਂ ਦੇ ਕੰਮਕਾਜ, ਆਪਸੀ ਧੜੇਬਾਜ਼ੀ, ਰਾਜਨੀਤਕ ਰਣਨੀਤੀਆਂ ਨੂੰ ਵੀ ਪੇਸ਼ ਕੀਤਾ ਗਿਆ ਹੈ। ਨਾਵਲ ਦਾ ਪਾਤਰ ਜੱਗਾ ਖੇਤੀ ਤੋਂ ਉਪਰਾਮ ਜਿਹਾ ਹੋ ਖ਼ੁਦਕੁਸ਼ੀ ਦੇ ਰਾਹ ਪੈਣ ਦੀ ਕੋਸ਼ਿਸ਼ ਕਰਦਾ ਹੈ ਪਰ ਮੋਹਣ ਅਤੇ ਬਾਬੂ ਦੇ ਦਿੱਤੇ ਹੌਸਲੇ ਸਦਕਾ ਫਿਰ ਜੀਵਨ ਦੇ ਰਾਹ ਪੈਂਦਾ ਹੈ ਅਤੇ ਆਪਣੇ ਪਰਿਵਾਰ ਦੀ ਮਿਹਨਤ ਸਦਕਾ ਆਪਣਾ ਜੀਵਨ ਅਤੇ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਕਰਮ ਦਾ ਸਹਾਰਾ ਲੈਂਦਾ ਹੈ। ਦੂਸਰੇ ਪਾਸੇ ਬੱਗਾ ਹੈ ਜਿਹੜਾ ਕਿ ਫੋਕੀ ਸ਼ੁਹਰਤ ਕਾਰਨ ਨਾ ਸਿਰਫ ਆਪਣੀ ਜ਼ਮੀਨ ਨੂੰ ਵੇਚਦਾ ਹੈ ਬਲਕਿ ਕਰਜ਼ੇ ਵਿਚ ਵੀ ਡੁੱਬ ਜਾਂਦਾ ਹੈ ਅਤੇ ਅੰਤ ਖ਼ੁਦਕੁਸ਼ੀ ਕਰ ਜਾਂਦਾ ਹੈ। ਨਾਵਲ ਵਿਚ ਇਨ੍ਹਾਂ ਦੋਵਾਂ ਪਾਤਰਾਂ ਦੇ ਰਾਹੀਂ ਕਿਸਾਨ ਅਤੇ ਕਿਸਾਨੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਪੇਸ਼ ਕੀਤਾ ਗਿਆ ਹੈ। ਕਈ ਜਗ੍ਹਾ ਨਾਵਲ ਆਪਣੇ ਵਿਸ਼ੇ ਅਤੇ ਉਦੇਸ਼ ਤੋਂ ਥੋੜ੍ਹਾ ਭਟਕਦਾ ਨਜ਼ਰੀਂ ਪੈਂਦਾ ਹੈ। ਕਈ ਥਾਵਾਂ 'ਤੇ ਬੇਲੋੜਾ ਵਿਸਥਾਰ ਹੈ, ਜਿਸ ਵੱਲ ਨਾਵਲਕਾਰ ਨੂੰ ਥੋੜ੍ਹਾ ਧਿਆਨ ਦੇਣ ਦੀ ਜ਼ਰੂਰਤ ਹੈ।


-ਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823


ਰੂਹਦਾਰੀ
ਸ਼ਾਇਰਾ : ਗੁਰਲੀਨ
ਪ੍ਰਕਾਸ਼ਕ : ਸੰਗਮ ਪਬਲਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 87278-15340.


'ਰੂਹਦਾਰੀ' ਸ਼ਾਇਰਾ ਗੁਰਲੀਨ ਦੀ ਨਵੀਂ ਕਾਵਿ-ਪੁਸਤਕ ਹੈ। ਭਾਵੇਂ ਗੁਰਲੀਨ ਦੀ ਕਵਿਤਾ ਪ੍ਰਕਾਸ਼ਿਤ ਰੂਪ ਵਿਚ ਪਾਠਕਾਂ ਦੇ ਰੂਬਰੂ ਪਲੇਠੀ ਪੁਸਤਕ ਦੇ ਰੂਪ ਵਿਚ ਹੋਈ ਹੈ ਪਰ ਉਸ ਕੋਲ ਸਟੇਜ ਸੰਚਾਲਕ ਹੋਣ ਦਾ ਤਜਰਬਾ ਹੋਣ ਕਰਕੇ ਆਪਣੀ ਗੱਲ ਨੂੰ ਬਾਖੂਬੀ ਕਹਿਣ ਦਾ ਢੰਗ ਹੈ। ਇਸੇ ਕਰਕੇ ਹੀ ਉਸ ਦੀ ਕਵਿਤਾ ਵਿਚਲਾ ਰਿਦਮ ਅਤੇ ਲੈਅ ਚਾਲ ਪਾਠਕ ਨੂੰ ਪ੍ਰਭਾਵਿਤ ਵੀ ਕਰਦੀ ਹੈ। ਗੁਰਲੀਨ ਦੀ ਕਵਿਤਾ ਸਮਾਜਿਕ ਸਰੋਕਾਰਾਂ ਨਾਲ ਆਪਣਾ ਵਾਹ-ਵਾਸਤਾ ਰੱਖਦੀ ਹੈ। ਇਸੇ ਕਰਕੇ ਹੀ ਇਸ ਕਵਿਤਾ ਨੂੰ ਸਾਧਾਰਨ ਪਾਠਕ ਵੀ ਮਾਣ ਸਕਦਾ ਹੈ ਅਤੇ ਕਵਿਤਾ ਦੀ ਸੂਝ ਰੱਖਣ ਵਾਲਾ ਪਾਠਕ ਵੀ ਇਸ ਦੇ ਸੁਹਜ-ਸਵਾਦ ਦਾ ਅਨੰਦ ਲੈ ਸਕਦਾ ਹੈ। ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸਿਆ ਹੈ ਕਿ ਗੁਰਲੀਨ ਕੋਲ ਸਟੇਜ 'ਤੇ ਬੋਲਣ ਦਾ ਚੰਗਾ ਅਭਿਆਸ ਹੈ। ਇਸ ਕਰਕੇ ਉਸ ਦੀ ਇਸ ਕਾਵਿ-ਪੁਸਤਕ ਵਿਚ ਸ਼ੁਰੂ ਵਿਚ ਦਰਜ ਹੋਏ ਸ਼ਿਅਰ ਉਸ ਦੀ ਸਟੇਜ ਪੇਸ਼ਕਾਰੀ ਦੇ ਤਜਰਬੇ ਵਿਚੋਂ ਹੀ ਸਿਰਜਣਾਤਮਕ ਆਧਾਰ ਪ੍ਰਾਪਤ ਕਰਦੇ ਜਾਪਦੇ ਹਨ। ਇਸ ਕਾਵਿ-ਪੁਸਤਕ ਵਿਚ ਦਰਜ ਸ਼ਿਅਰ ਅਤੇ ਲੋਕ-ਤੱਥ ਜ਼ਿੰਦਗੀ ਦੀਆਂ ਅਟੱਲ ਸਚਾਈਆਂ ਅਤੇ ਸਮਾਜਿਕ ਤਾਣੇ-ਬਾਣੇ ਦੇ ਉਨ੍ਹਾਂ ਅੰਤਰ-ਵਿਰੋਧਾਂ ਨੂੰ ਪੇਸ਼ ਕਰਦੇ ਹਨ, ਜਿਨ੍ਹਾਂ ਨਾਲ ਅਜੋਕਾ ਮਨੁੱਖ ਜੂਝ ਰਿਹਾ ਹੈ। ਸਾਧਾਰਨ ਮਨੁੱਖ ਦੀਆਂ ਖੁਸ਼ੀਆਂ, ਗ਼ਮੀਆਂ, ਹਾਸੇ ਰੋਸੇ, ਲੋੜਾਂ ਥੁੜ੍ਹਾਂ ਇਨ੍ਹਾਂ ਸ਼ਿਅਰਾਂ ਅਤੇ ਲੋਕ ਤੱਥਾਂ ਵਿਚ ਕਾਵਿਕ ਪ੍ਰਗਟਾਵਾ ਬਣੀਆਂ ਹਨ। ਭਾਵੇਂ ਕਿ ਲੋਕ ਤੱਥਾਂ ਵਿਚ ਸ਼ਿਅਰਾਂ ਨਾਲੋਂ ਬੌਧਿਕ ਗਹਿਰਾਈ ਜ਼ਿਆਦਾ ਹੈ। 'ਰੂਹਦਾਰੀ' ਕਾਵਿ-ਸੰਗ੍ਰਹਿ ਵਿਚ ਗੁਰਲੀਨ ਨੇ ਕੁਝ ਗ਼ਜ਼ਲਾਂ, ਨਜ਼ਮਾਂ ਅਤੇ ਗੀਤ ਦਰਜ ਕਰਨ ਤੋਂ ਇਲਾਵਾ ਪੰਜਾਬੀ ਲੋਕ ਸੰਗੀਤ ਅਤੇ ਲੋਕ ਜੀਵਨ ਦਾ ਵਡਮੁੱਲਾ ਸਰਮਾਇਆ ਬੋਲੀਆਂ ਅਤੇ ਟੱਪੇ ਵੀ ਪੇਸ਼ ਕੀਤੇ ਹਨ। ਇਹ ਕਾਵਿ-ਪੁਸਤਕ ਪੰਜਾਬੀ ਸੱਭਿਆਚਾਰ ਵੰਨ-ਸੁਵੰਨਤਾ ਨੂੰ ਪੇਸ਼ ਕਰਦੀ ਅਜਿਹੀ ਕਾਵਿ-ਪੁਸਤਕ ਹੈ, ਜਿਸ ਵਿਚ ਔਰਤ ਮਨ ਦੀ ਸੰਵੇਦਨਾ ਵੀ ਪੇਸ਼ ਹੋਈ ਹੈ ਅਤੇ ਉਸ ਪਰਵਰਦਗਾਰ ਦੀ ਸਿਫ਼ਤ ਵੀ ਕਿਉਂਕਿ ਉਸ ਪਰਵਰਦਗਾਰ ਨੇ ਔਰਤ ਨੂੰ ਜੱਗ ਜਣਨੀ ਦੇ ਰੂਪ ਵਿਚ ਸਿਰਜਿਆ ਹੈ। ਗੁਰਲੀਨ ਦੀਆਂ ਕਵਿਤਾਵਾਂ ਜ਼ਿੰਦਗੀ ਦੀਆਂ ਉਨ੍ਹਾਂ ਸਚਾਈਆਂ ਵੱਲ ਵੀ ਇਸ਼ਾਰਾ ਕਰਦੀਆਂ ਹਨ, ਜਿਨ੍ਹਾਂ ਤੋਂ ਅਜੋਕਾ ਮਨੁੱਖ ਮੂੰਹ ਮੋੜ ਰਿਹਾ ਹੈ।


-ਸਰਦੂਲ ਸਿੰਘ ਔਜਲਾ
ਮੋ: 98141-68611.


ਗੰਧਰਵ ਸੈਨ ਕੋਛੜ
ਰਚਨਾ ਅਤੇ ਸੰਪਾਦਨ : ਅਮੋਲਕ ਸਿੰਘ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 206
ਸੰਪਰਕ : 94170-76735.


ਇਹ ਪੁਸਤਕ ਕਾਮਰੇਡ ਗੰਧਰਵ ਸੈਨ ਕੋਛੜ ਦੀ ਜੀਵਨੀ ਹੈ, ਜੋ ਉਨ੍ਹਾਂ ਸਾਰੇ ਸਾਥੀ ਇਨਕਲਾਬਨੀਆਂ ਦੀਆਂ ਸਰਗਰਮੀਆਂ ਦਾ ਲੇਖਾ-ਜੋਖਾ ਕਰਦੀ ਹੈ, ਜਿਨ੍ਹਾਂ ਪਿਛਲੀ ਇਕ ਸਦੀ ਤੋਂ ਗ਼ਦਰ ਪਾਰਟੀ ਦੇ ਅਸੂਲਾਂ ਉੱਪਰ ਚਲਦਿਆਂ ਪੰਜਾਬ ਵਿਚ ਕਿਰਤੀ ਪਾਰਟੀ ਤੋਂ ਨਕਸਲਵਾੜੀ ਲਹਿਰ ਦਾ ਸਮਰਥਨ ਕੀਤਾ ਹੈ। ਆਪ ਦੀ ਸਭ ਤੋਂ ਵੱਡੀ ਪ੍ਰਾਪਤੀ ਜਲੰਧਰ ਵਿਖੇ 'ਦੇਸ਼ ਭਗਤ ਯਾਦਗਾਰ' ਦੀ ਉਸਾਰੀ ਹੈ ਅਤੇ ਵਿਚਾਰਧਾਰਾਈ ਪੱਧਰ 'ਤੇ ਗ਼ਦਰ ਪਾਰਟੀ ਦੇ ਅਸੂਲਾਂ ਨੂੰ ਮੁੜ ਜਾਗ੍ਰਿਤ ਕਰਨਾ, 1992 ਈ: ਤੋਂ ਗ਼ਦਰੀ ਬਾਬਿਆਂ ਦਾ ਮੇਲਾ ਆਰੰਭ ਕਰਵਾਉਣਾ ਹੈ ਜੋ ਅੱਜ ਤੱਕ ਲਗਦਾ ਹੈ।
ਪੁਸਤਕ ਵਿਚ ਬਹੁਤ ਕੁਝ ਹੈ। ਆਪ ਦਾ ਜ਼ਿੰਦਗੀਨਾਮਾ, ਜਨਮ, ਖਾਨਦਾਨ, ਜਵਾਨੀ ਸਮੇਂ ਤੋਂ ਆਜ਼ਾਦੀ ਪ੍ਰਾਪਤ ਕਰਨ ਵਾਲੇ ਦੇਸ਼ ਭਗਤਾਂ ਦੀ ਸੰਗਤ ਕਰਨ ਦੇ ਸਮਾਚਾਰ, ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀਆਂ ਕੁਰਬਾਨੀਆਂ ਦੇ ਪ੍ਰਭਾਵ, ਕਾਨੂੰਨ ਤੋੜਨ ਦੇ ਆਪ ਵਲੋਂ ਕੀਤੇ ਅੰਦੋਲਨਾਂ ਵਿਚ ਭਾਗ ਲੈਣਾ, ਜਿਵੇਂ ਨਮਕ ਬਣਾਉਣਾ, ਮੁਢਲੇ ਜੀਵਨ ਦੀਆਂ ਪ੍ਰਾਪਤੀਆਂ, ਵੱਖ-ਵੱਖ ਕੰਮਾਂ ਵਿਚ ਯੋਗਦਾਨ ਪਾਉਣਾ, ਕਲਕੱਤਾ ਫੇਰੀ, ਨਿੱਕੇ-ਮੋਟੇ ਧੰਦੇ ਕਰਨੇ, ਕਿਰਤੀ ਲਹਿਰ ਤੋਂ ਪ੍ਰੇਰਨਾ ਲੈ ਕੇ ਅੰਗਰੇਜ਼ ਸਰਕਾਰ ਵਿਰੁੱਧ ਅੰਦੋਲਨ ਕਰਨੇ, ਕਿਰਤੀ ਕਿਸਾਨ ਲਹਿਰ ਵਿਚ ਯੋਗਦਾਨ, ਸੀ.ਪੀ.ਆਈ. ਨਾਲ ਵਿਚਾਰਾਂ ਦੇ ਮਤਭੇਦ ਕਾਰਨ ਲਾਲ ਪਾਰਟੀ ਦੀ ਸਥਾਪਤੀ, ਮੁੜ ਏਕਤਾ, ਆਦਿ ਆਪ ਨੇ ਮੁਢਲੇ ਜੀਵਨ ਵਿਚ ਜੋ ਵੀ ਲੋਕ ਹੇਤੂ ਕਾਰਜਾਂ ਵਿਚ ਯੋਗਦਾਨ ਪਾਇਆ ਹੈ, ਉਹ ਇਸ ਪੁਸਤਕ ਵਿਚ ਦਰਜ ਹੈ। ਆਪ ਦੀਆਂ ਘਰੇਲੂ ਪਰਿਵਾਰਕ ਨਿੱਜੀ ਜੀਵਨ ਦੀਆਂ ਸੂਚਨਾਵਾਂ ਸੰਚਾਰਦੀਦੀਆਂ ਸਭ ਸੂਚਨਾਵਾਂ ਅਸੀਂ ਇਸ ਪੁਸਤਕ ਰਾਹੀਂ ਪ੍ਰਾਪਤ ਕਰ ਸਕਦੇ ਹਾਂ। ਆਪ ਭਾਵੇਂ ਹੁਣ ਤੱਕ ਸੀ.ਪੀ.ਆਈ. ਦੇ ਸਰਗਰਮ ਮੈਂਬਰ ਸਨ ਪਰ ਚੀਨ ਭਾਰਤ ਸਮੇਂ ਆਪ ਦੇ ਇਸ ਪਾਰਟੀ ਦੀ ਵਿਚਾਰਧਾਰਾ ਨਾਲ ਮਤਭੇਦ ਹੋ ਗਏ। ਫਿਰ ਆਪ ਸੀ.ਪੀ.ਐਮ. ਪਾਰਟੀ ਵਿਚ ਸਰਗਰਮ ਹੋ ਗਏ ਅਤੇ ਲੋਕ ਲਹਿਰ ਦੈਨਿਕ ਪੰਜਾਬੀ ਦੇ ਸੰਪਾਦਕ ਵੀ ਰਹੇ। ਨਕਸਲੀ ਲਹਿਰ ਵਿਚ ਵੀ ਯੋਗਦਾਨ ਪਾਉਂਦੇ ਰਹੇ। 'ਲੋਕ ਯੁੱਧ' ਪਰਚਾ ਵੀ ਛਾਪਿਆ। ਗੁਪਤਵਾਸ ਦੇ ਸਮੇਂ ਆਪ ਦਿੱਲੀ ਵਿਚ ਰਹੇ। ਦੇਸ਼ ਭਗਤ ਯਾਦਗਾਰ ਹਾਲ ਨੂੰ ਹਰ ਦ੍ਰਿਸ਼ਟੀ ਤੋਂ ਸੰਪੂਰਨ ਕਰਵਾਇਆ। ਇਸੇ ਹਾਲ ਦੀ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਵੀ ਰਹੇ ਅਤੇ ਗ਼ਦਰੀ ਬਾਬਿਆਂ ਦੇ ਮੇਲੇ ਸੰਚਾਲਦੇ ਕਰਵਾਉਂਦੇ ਰਹੇ। ਗ਼ਦਰੀ ਝੰਡਾ ਲਹਿਰਾਉਂਦੇ ਰਹੇ। ਅਜਿਹੇ ਦੇਸ਼ ਭਗਤ ਦੀ ਜੀਵਨੀ ਦੇ ਛੋਟੇ ਵੱਡੇ ਸਮਾਚਾਰ ਇਸ ਪੁਸਤਕ ਵਿਚ ਵਿਸਥਾਰ ਸਹਿਤ ਲਿਖੇ ਗਏ ਹਨ। ਆਪ ਦਾ ਦਿਹਾਂਤ 14 ਮਾਰਚ, 2018 ਈ: ਨੂੰ ਹੋਇਆ। ਇਹ ਪੁਸਤਕ ਬਾਬਾ ਗੰਧਰਵ ਸੈਨ ਦੀ ਜੀਵਨੀ ਹੈ। ਰਚਨਕਾਰ ਅਤੇ ਸੰਪਾਦਕਾਂ ਨੇ ਬੜੀ ਮਿਹਨਤ ਨਾਲ ਇਸ ਮਹਾਨ ਯੋਧੇ, ਲੋਕ ਲਹਿਰਾਂ ਦੇ ਆਗੂ ਦੀਆਂ ਸਰਗਰਮੀਆਂ ਦਾ ਜੋ ਇਤਿਹਾਸ ਲਿਖਿਆ ਹੈ, ਉਹ ਸੱਚਮੁੱਚ ਪ੍ਰੇਰਨਾਦਾਇਕ ਹੈ। ਪੁਸਤਕ ਦੇ ਟਾਈਟਲ ਉੱਪਰ ਅਤੇ ਪਿਛਲੇ ਪੰਨਿਆਂ ਉੱਪਰ ਦੇਸ਼ ਭਗਤਾਂ ਦੀਆਂ ਜੋ ਤਸਵੀਰਾਂ ਹਨ, ਉਹ ਅਮੁੱਲ ਯਾਦਗਾਰੀ ਤਸਵੀਰਾਂ ਹਨ। ਇਨ੍ਹਾਂ ਬਾਬਿਆਂ ਸੂਰਬੀਰਾਂ ਨੂੰ ਸਲਾਮ!!


-ਡਾ: ਅਮਰ ਕੋਮਲ
ਮੋ: 084378-73565.


ਨਾਈਨ ਵੰਨ ਵੰਨ

ਲੇਖਿਕਾ : ਸੁਰਿੰਦਰ ਕੌਰ ਬਿਨਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 86
ਸੰਪਰਕ : 0172-5027427.


ਹਥਲੀ ਪੁਸਤਕ ਦੀ ਲੇਖਿਕਾ ਕਈ ਸਾਲਾਂ ਤੋਂ ਕੈਨੇਡਾ ਵਿਚ ਰਹਿ ਰਹੀ ਹੈ। ਇਸ ਪੁਸਤਕ ਦੀਆਂ ਵੀਹ ਕਹਾਣੀਨੁਮਾ ਰਚਨਾਵਾਂ ਵਿਚ ਕੈਨੇਡਾ ਵਸਦੇ ਪੰਜਾਬੀਆਂ ਦੇ ਪਰਿਵਾਰਕ ਮਸਲਿਆਂ ਬਾਰੇ ਕਈ ਅੱਖੀਂ ਡਿੱਠੇ ਦ੍ਰਿਸ਼ ਪੇਸ਼ ਕੀਤੇ ਗਏ ਹਨ। ਜ਼ਿਆਦਾਤਰ ਮੁੰਡੇ ਕੁੜੀਆਂ ਦੇ ਪੱਛਮੀ ਤਰਜ਼ ਦੇ ਰਿਸ਼ਤੇ ਤੇ ਇਧਰਲੇ ਪੰਜਾਬੀ ਸੱਭਿਆਚਾਰ ਦੇ ਤਣਾਅ ਦੀ ਝਲਕ ਹੈ। ਪੰਜਾਬੀ ਕੁੜੀਆਂ ਦੇ ਬੁਆਏ ਫਰੈਂਡਜ਼ ਬਿਨਾਂ ਕਿਸੇ ਨਸਲੀ ਭੇਦਭਾਵ ਦੇ ਵੇਖ ਕੇ ਇਧਰੋਂ ਗਏ ਬਜ਼ੁਰਗ ਮਾਪੇ ਦਿਲ ਮਸੋਸ ਕੇ ਰਹਿ ਜਾਂਦੇ ਹਨ। ਬਾਲਗ ਹੋ ਰਹੇ ਬੱਚਿਆਂ ਦੇ ਆਪਸੀ ਸਬੰਧਾਂ ਵਿਚ ਉਹ ਲਾਚਾਰ ਹਨ। ਕਿਉਂਕਿ ਕੈਨੇਡਾ ਦਾ ਕਾਨੂੰਨ ਤੇ ਪੁਲਿਸ ਉਨ੍ਹਾਂ ਦੇ ਹੱਕ ਵਿਚ ਭੁਗਤਦੇ ਹਨ। ਜੇ ਇਹ ਤਣਾਅ ਵਧ ਜਾਣ ਤਾਂ ਛੋਟੇ ਬੱਚੇ ਤੱਕ ਵੀ ਪੁਲਿਸ ਦਾ ਫੋਨ ਨੰਬਰ ਨਾਈਨ ਵੰਨ ਵੰਨ ਘੁਮਾ ਦਿੰਦੇ ਹਨ। ਮਿੰਟਾਂ 'ਚ ਪੁਲਿਸ ਆ ਜਾਂਦੀ ਹੈ। ਕੰਮਕਾਜੀ ਥਾਵਾਂ 'ਤੇ ਗੋਰੇ ਤੇ ਹਰੇਕ ਨਸਲ ਦੇ ਲੋਕ ਕੰਮ ਕਰਦੇ ਹਨ। ਕਹਾਣੀ 'ਤਲਾਕ ਤੋਂ ਪਹਿਲਾਂ' ਵਿਚ ਅਜੀਬ ਕਿਸਮ ਦਾ ਮਸਲਾ ਹੈ। ਪਤਨੀ ਆਪਣੇ ਹੀ ਪਤੀ ਨਾਲ ਸਰੀਰਕ ਸਬੰਧ ਬਣਾਉਣ ਤੋਂ ਇਨਕਾਰੀ ਹੈ। ਔਰਤਾਂ ਉਸ ਨੂੰ ਬਹੁਤ ਸਮਝਾਉਂਦੀਆਂ ਹਨ। ਪਰ ਮਸਲਾ ਉਲਝ ਜਾਂਦਾ ਹੈ। ਦੌੜ ਵਿਚ ਗਾਇਕ ਸਾਹਮਣੇ ਬੈਠੇ ਜੋੜੇ ਵੱਲ ਇਸ਼ਾਰਾ ਕਰਕੇ ਕੋਈ ਤੁਕ ਬੋਲਦਾ ਹੈ ਤਾਂ ਕੁੜੀ ਤੈਸ਼ ਵਿਚ ਆ ਕੇ ਪ੍ਰਬੰਧਕਾਂ ਦੇ ਨੱਕ ਵਿਚ ਦਮ ਕਰ ਦਿੰਦੀ ਹੈ ਤੇ ਪੁਲਿਸ ਬੁਲਾ ਕੇ ਪ੍ਰਬੰਧਕਾਂ ਤੋਂ ਗਾਇਕ ਦੀ ਤਰਫੋਂ ਮੁਆਫ਼ੀ ਮੰਗਦੀ ਹੈ। ਚੁਗਲੀ ਕਹਾਣੀ ਵਿਚ ਬਜ਼ੁਰਗ ਜੋੜੇ ਦੇ ਦੋ ਪੁੱਤਰਾਂ ਵਿਚੋਂ ਛੋਟਾ ਗੋਰੀ ਨਾਲ ਵਿਆਹ ਕਰਾ ਕੇ ਪਾਸੇ ਹੋ ਜਾਂਦਾ ਹੈ। ਵੱਡਾ ਮੁੰਡਾ ਇੱਧਰੋਂ ਪੰਜਾਬੀ ਕੁੜੀ ਨਾਲ ਵਿਆਹ ਕਰਦਾ ਹੈ। ਉਹ ਨੌਕਰੀ ਕਰਦੀ ਹੈ। ਸਹੁਰਾ ਪਰਿਵਾਰਕ ਤਣਾਅ ਵਿਚ ਪੂਰਾ ਹੋ ਜਾਂਦਾ ਹੈ। ਸੱਸ ਵਿਚਾਰੀ ਇਕੱਲੀ ਪੋਤੇ ਨੂੰ ਖਿਡਾਉਂਦੀ ਗੁਆਂਢ ਗੋਰੇ ਨਾਲ ਹੱਸ ਕੇ ਗੱਲਬਾਤ ਕਰਦੀ ਹੈ। ਇਸੇ ਗੱਲ 'ਤੇ ਵੱਡੇ ਨੂੰਹ ਪੁੱਤ ਤੂਫਾਨ ਖੜ੍ਹਾ ਕਰ ਲੈਂਦੇ ਹਨ। ਤਣਾਅ ਵਿਚ ਬਜ਼ੁਰਗ ਸੱਸ ਮਰ ਜਾਂਦੀ ਹੈ। ਸੰਗ੍ਰਹਿ ਵਿਚ ਰਚਨਾਵਾਂ ਪਲੇ ਬੁਆਏ, ਮੰਦੇ ਕੰਮੀ ਨਾਨਕਾ, ਟੌਪਲੈਸ ਔਰਤਾਂ ਤੇ ਬੀਚ, ਬਾਬਾ ਬਿਸ਼ਨ ਸਿੰਘ, ਬੀਰੂ ਦੀ ਵਹੁਟੀ, ਜਿਊਣ ਸਿੰਘ ਆਦਿ ਸੰਖੇਪ ਤੇ ਦਿਲਚਸਪ ਕਥਾਵਾਂ ਹਨ। ਪੁਸਤਕ ਦਾ ਸਵਾਗਤ ਹੈ।


-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160

17-10-2020

 ਚੌਕ ਨਾਟਕ ਤੇ ਸਿਫਰ ਨਾਟਕ
ਲੇਖਕ : ਰਵਿੰਦਰ ਰਵੀ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 550 ਰੁਪਏ, ਸਫ਼ੇ : 255
ਸੰਪਰਕ : 011-45555610.

ਰਵਿੰਦਰ ਰਵੀ ਪ੍ਰਵਾਸੀ ਪੰਜਾਬੀ ਲੇਖਕ ਹੀ ਨਹੀਂ, ਸਗੋਂ ਵਿਸ਼ਵ ਪੱਧਰੀ ਸ਼ਿਰੋਮਣੀ ਪੰਜਾਬੀ ਸਾਹਿਤਕ ਰਚਨਾ ਦੇ ਸਿਰਜਣਹਾਰਿਆਂ ਵਿਚੋਂ ਵੀ ਇਕ ਹੈ। ਪੰਜਾਬੀ ਕਾਵਿ ਨਾਟ ਦੀ ਸਿਰਜਣਾ ਜ਼ਰੀਏ ਇਸ ਲੇਖਕ ਨੇ ਜੋ ਰਚਨਾਵਾਂ ਮਾਂ ਬੋਲੀ ਪੰਜਾਬੀ ਦੇ ਵਿਹੜੇ ਦਾ ਸ਼ਿੰਗਾਰ ਬਣਾਈਆਂ ਹਨ, ਉਨ੍ਹਾਂ ਦਾ ਦੀਰਘ ਅਧਿਐਨ-ਕਰਤਾ ਹੀ ਸਹੀ ਮੁਲਾਂਕਣ ਕਰਕੇ ਸਮਝ ਸਕਦਾ ਹੈ।
ਹਥਲੀ ਪੁਸਤਕ ਦੇ ਦੋਵੇਂ ਕਾਵਿ-ਨਾਟਕ 'ਚੌਕ ਨਾਟਕ' ਅਤੇ 'ਸਿਫਰ ਨਾਟਕ' ਇਸੇ ਕਥਨ ਦੀ ਪੁਸ਼ਟੀ ਵਜੋਂ ਪਾਠਕਾਂ ਦੇ ਧਿਆਨ ਗੋਚਰ ਹਨ। ਇਹ ਦੋਵੇਂ ਕਾਵਿ-ਨਾਟਕ ਜਿਥੇ ਅਜੋਕੇ ਸੰਕਟਮਈ ਅਤੇ ਖਪਤਕਾਰੀ ਰੁਚੀਆਂ ਦੇ ਧਾਰਮਿਕ ਹੋ ਚੁੱਕੇ ਵਿਸ਼ਵੀ ਮਨੁੱਖ ਦੀਆਂ ਅੰਦਰੂਨੀ ਅਤੇ ਬਾਹਰੀ ਸੋਚ-ਦ੍ਰਿਸ਼ਟੀਆਂ ਤੋਂ ਇਲਾਵਾ ਨਵੀਆਂ ਮਾਰੂ ਮਾਨਵੀ ਸੋਚਾਂ ਦੇ ਨਿਘਾਰ ਦੀ ਅਵਸਥਾ ਦਾ ਚਿਤਰਨ ਹਨ, ਉਥੇ ਮੰਚਣ ਸ਼ੈਲੀ ਦੇ ਪਰੰਪਰਾਗਤ ਤੇ ਨਵੀਨ ਪਰਿਪੇਖਾਂ 'ਚੋਂ ਉੱਭਰੇ ਸਰੋਕਾਰਾਂ ਦਾ ਪ੍ਰਤੱਖ ਮੰਚੀ ਦਰਪਣ ਵੀ ਹਨ।
'ਚੌਕ ਨਾਟਕ' ਦਾ ਘਟਨਾ ਸਥਲ ਸਮੁੱਚਾ ਵਿਸ਼ਵ ਹੈ ਜਿਸ ਨੂੰ 14 ਦ੍ਰਿਸ਼ਾਂ 'ਚ ਪੇਸ਼ ਕੀਤਾ ਗਿਆ ਹੈ। ਇਤਿਹਾਸਕ, ਮਿਥਿਹਾਸਕ ਪਾਤਰਾਂ ਤੋਂ ਛੁੱਟ ਸੂਤਰਧਾਰ, ਪਾਗਲ ਲੋਕ, ਕਵੀ, ਵਿਭਿੰਨ ਲੋਕ-ਨਾਇਕ, ਨੱਟ, ਨੱਟੀ ਅਤੇ ਮੁਜਰਮ ਆਦਿ ਵਿਲੱਖਣ ਵਿਚਾਰਧਾਰਕ ਪਹਿਲੂਆਂ ਅਤੇ ਕਲਾਤਮਿਕ ਭਾਵਾਂ ਦਾ ਪ੍ਰਗਟਾਵਾ ਕਰਦੇ ਹਨ। ਇਸੇ ਤਰ੍ਹਾਂ 'ਸਿਫਰ ਨਾਟਕ' ਦੀਆਂ ਸੀਮਾਵਾਂ ਅਤੇ ਸੰਭਾਵਨਾਵਾਂ ਚਾਹੇ ਉਨ੍ਹਾਂ ਦਾ ਸਬੰਧ ਵਿਚਾਰਧਾਰਕ ਪੱਧਰ 'ਤੇ ਵਾਚਿਆ ਜਾ ਸਕਦਾ ਹੈ ਜਾਂ ਮੰਚਣ ਸ਼ੈਲੀ ਦੇ ਪ੍ਰਗਟਾਵੇ ਦੇ ਵਿਭਿੰਨ ਪਰਿਪੇਖਾਂ 'ਚੋਂ ਉਦੈਮਾਨ ਹੁੰਦਾ ਹੈ, ਇਹ ਸਭ ਸਰੋਕਾਰ ਅਜੋਕੇ ਮਾਨਵ ਦੇ ਸਮਾਜਿਕ, ਆਰਥਿਕ, ਮਨੋ-ਵਿਗਿਆਨਕ, ਅਧਿਆਤਮਕ ਅਤੇ ਨਿੱਜ ਨਾਲ ਜੁੜੇ ਹੋਏ ਹਨ। ਨਾਟਕ ਦੇ ਪਾਤਰਾਂ ਵਿਚ ਚਾਹੇ ਇਹ 'ਆਵਾਜ਼ ' ਹੈ ਜਾਂ 'ਨੌਜਵਾਨ ਕੁੜੀ' ਹੈ ਜਾਂ ਊੜਾ-1 ਜਾਂ ਊੜਾ-2 ਹਨ ਸਾਰੇ ਵੱਖ-ਵੱਖ ਵਿਚਾਰਧਾਰਾ 'ਚ ਹੁੰਦਿਆਂ ਹੋਇਆਂ ਵੀ ਇਕ ਸਾਕਾਰਾਤਮਕ ਬਿੰਬ ਉਭਾਰਦੇ ਹਨ। ਰਵਿੰਦਰ ਰਵੀ ਦੀ ਖੂਬੀ ਹੈ ਕਿ ਉਸ ਨੇ ਇਸ ਪੁਸਤਕ ਵਿਚ ਦੋਵਾਂ ਨਾਟਕਾਂ ਦੇ ਮੰਚਣ ਦੀਆਂ ਵੱਖ-ਵੱਖ ਤਸਵੀਰਾਂ ਵੀ ਦਰਸਾਈਆਂ ਹਨ ਅਤੇ ਨਾਲ ਦੀ ਨਾਲ ਆਲੋਚਕਾਂ ਅਤੇ ਦਰਸ਼ਕਾਂ ਦੀਆਂ ਟਿੱਪਣੀਆਂ ਵੀ ਦਿੱਤੀਆਂ ਹਨ।

ਡਾ: ਜਗੀਰ ਸਿੰਘ ਨੂਰ
ਮੋ: 98142-09732

ਹਿੰਦ ਦੀ ਚਾਦਰ
ਗੁਰੂ ਤੇਗ਼ ਬਹਾਦਰ
ਸੰਪਾਦਕ : ਕੇਵਲ ਧਾਲੀਵਾਲ
ਪ੍ਰਕਾਸ਼ਕ : ਪੰਜਾਬੀ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਅਤੇ ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 595 ਰੁਪਏ, ਸਫ਼ੇ : 504
ਸੰਪਰਕ : 98142-99422.

\ਨੌਂ ਨਾਟਕਾਂ ਦਾ ਇਹ ਸੰਗ੍ਰਹਿ ਗੁਰੂ ਤੇਗ਼ ਬਹਾਦਰ ਜੀ ਦੀ 400 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਹੈ। 1975 ਈ: ਵਿਚ ਗੁਰੂ ਸਾਹਿਬ ਦੀ 300 ਸਾਲਾ ਸ਼ਹਾਦਤ ਦੇ ਇਤਿਹਾਸਕ ਅਵਸਰ 'ਤੇ ਪੰਜਾਬੀ ਦੇ ਸੁਪ੍ਰਸਿੱਧ ਨਾਟਕਕਾਰ ਡਾ: ਹਰਚਰਨ ਸਿੰਘ ਨੇ 'ਹਿੰਦ ਦੀ ਚਾਦਰ' ਨਾਟਕ ਲਿਖਿਆ ਸੀ। ਭਾਵੇਂ ਡਾ: ਹਰਚਰਨ ਸਿੰਘ ਨੇ ਆਪਣੇ ਮੁਢਲੇ ਨਾਟਕ ਆਪਣੀ ਨਿੱਜੀ ਟੀਮ ਨਾਲ ਖੇਡੇ ਸਨ ਪਰ 1970 ਈ: ਤੋਂ ਬਾਅਦ ਉਸ ਨੇ ਆਪਣੇ ਨਾਟਕਾਂ ਦੇ ਮੰਚਨ ਦੀ ਜ਼ਿੰਮੇਵਾਰੀ ਸ੍ਰੀ ਹਰਪਾਲ ਟਿਵਾਣਾ ਨੂੰ ਸੌਂਪ ਦਿੱਤੀ ਸੀ। 'ਹਿੰਦ ਦੀ ਚਾਦਰ' ਵੀ ਉਸੇ ਦੇ ਨਿਰਦੇਸ਼ਨ ਅਧੀਨ ਪੰਜਾਬ ਅਤੇ ਪੰਜਾਬ ਤੋਂ ਬਾਹਰ, ਵਿਦੇਸ਼ਾਂ ਤੱਕ ਖੇਡਿਆ ਗਿਆ ਸੀ। ਇਸ ਨਾਟਕ ਦੀ ਸੈੱਟ-ਡਿਜ਼ਾਈਨਿੰਗ ਭਾਰਤ ਦੇ ਪ੍ਰਸਿੱਧ ਰੰਗਕਰਮੀ ਸ੍ਰੀ ਏਬਰਾਹੀਮ ਅਲਕਾਜ਼ੀ ਨੇ ਕੀਤੀ ਸੀ। ਇਹ ਨਾਟਕ ਵੀ ਇਸ ਪੁਸਤਕ ਦਾ ਸ਼ਿੰਗਾਰ ਬਣਿਆ ਹੈ। ਡਾ: ਹਰਚਰਨ ਸਿੰਘ ਤੋਂ ਬਿਨਾਂ ਸ: ਗੁਰਸ਼ਰਨ ਸਿੰਘ (ਗੁਰੂ ਲਾਧੋ ਰੇ), ਦਵਿੰਦਰ ਦਮਨ (ਸੂਰਜ ਦਾ ਕਤਲ), ਸੁਪ੍ਰਭਾ ਆਰੀਆ (ਬਲ ਹੋਆ ਬੰਧਨ ਛੁਟੈ), ਚਰਨਜੀਤ ਡਰੋਲੀ (ਬਾਂਹਿ ਜਿਨ੍ਹਾਂ ਦੀ ਪਕੜੀਐ), ਸ਼ਹਰਯਾਰ (ਸੀਸ ਦੀਆ ਪਰ ਸਿਰਰੁ ਨਾ ਦੀਆ), ਰਵਿੰਦਰ ਸਿੰਘ ਸੋਢੀ (ਹਿੰਦ ਦੀ ਚਾਦਰ), ਬਲਦੇਵ ਸਿੰਘ (ਪੰਜਵਾਂ ਸਾਹਿਬਜ਼ਾਦਾ) ਅਤੇ ਕੇਵਲ ਧਾਲੀਵਾਲ (ਸੀਸ) ਵਰਗੇ ਸ੍ਰੇਸ਼ਠ ਨਾਟਕਕਾਰਾਂ ਦੇ ਨਾਟਕ ਇਸ ਸੰਗ੍ਰਹਿ ਵਿਚ ਸੰਕਲਿਤ ਕੀਤੇ ਗਏ ਹਨ।
ਪੰਜਾਬੀ ਸਾਹਿਤ ਵਿਚ ਇਹ ਬੜੀ ਮੁਬਾਰਕ ਪਰੰਪਰਾ ਹੈ ਕਿ ਜਦੋਂ ਵੀ ਕਿਸੇ ਸਤਿਗੁਰੂ, ਦੇਸ਼ ਭਗਤ ਜਾਂ ਮਹਾਂਪੁਰਖ ਦੀ ਕੋਈ ਸ਼ਤਾਬਦੀ ਜਾਂ ਅਰਧ-ਸ਼ਤਾਬਦੀ ਆਉਂਦੀ ਹੈ ਤਾਂ ਕਥਾਵਾਚਕ, ਨਿਬੰਧਕਾਰ, ਜੀਵਨੀਕਾਰ ਅਤੇ ਵਿਆਖਿਆਕਾਰ ਅਜਿਹੇ ਇਤਿਹਾਸਕ ਅਵਸਰ 'ਤੇ 'ਸ਼ਰਧਾ ਦੇ ਫੁੱਲ' ਭੇਟ ਕਰਨ ਲਈ ਇਕਦਮ ਸਰਗਰਮ ਹੋ ਜਾਂਦੇ ਹਨ। ਇਹ ਲੋਕ ਆਪਣੇ ਵਲੋਂ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਸਾਹਿਤ ਦੇ ਇਤਿਹਾਸ ਵਿਚ ਉਨ੍ਹਾਂ ਦਾ ਨਾਂਅ ਵੀ ਦਰਜ ਹੋ ਜਾਵੇ। ਹਥਲੇ ਸੰਗ੍ਰਹਿ ਵਿਚ ਸੰਕਲਿਤ ਕਈ ਨਾਟਕ ਇਸੇ ਪ੍ਰਕਾਰ ਦੀ ਸ਼ਰਧਾ ਭਾਵਨਾ ਨਾਲ ਲਿਖੇ ਗਏ ਹਨ, ਜਿਸ ਕਾਰਨ ਮੈਂ ਉਨ੍ਹਾਂ ਨੂੰ ਨਮਸਕਾਰ ਕਰਦਾ ਹਾਂ। ਗੁਰੂ ਸਾਹਿਬਾਨ ਦੇ ਜੀਵਨ ਨੂੰ ਨਾਟਕਾਂ ਦੁਆਰਾ ਰੂਪਮਾਨ ਕਰਨਾ ਬਹੁਤ ਕਠਿਨ ਕਾਰਜ ਹੈ। ਇਸ ਕਾਰਜ ਨੂੰ ਸੰਭਵ ਬਣਾਉਣ ਲਈ ਨਾਟਕਕਾਰਾਂ ਨੇ ਮੰਚਨ ਦੀਆਂ ਬਹੁਤ ਸਾਰੀਆਂ ਮੌਲਿਕ ਵਿਧੀਆਂ ਦਾ ਅਵਿਸ਼ਕਾਰ ਕੀਤਾ ਹੈ। ਕਵਿਤਾ ਦੇ ਨਾਲ-ਨਾਲ ਗੁਰਬਾਣੀ ਦਾ ਵੀ ਸੁੰਦਰ ਪ੍ਰਯੋਗ ਹੋਇਆ ਹੈ। ਕੁਝ ਕਾਲਪਨਿਕ ਕਿਰਦਾਰ ਵੀ ਘੜਨੇ ਪਏ ਹਨ। ਸੰਵਾਦ, ਸੰਭਾਸ਼ਣਮਈ ਅਤੇ ਫਾਰਮਲ ਹਨ। ਏਪਿਕ ਥੀਏਟਰ (ਬਰੈਖਤ) ਦੀ ਤਕਨੀਕ ਨੂੰ ਵਰਤਣ ਦਾ ਉਪਰਾਲਾ ਕੀਤਾ ਗਿਆ ਹੈ। ਕੁੱਲ ਮਿਲਾ ਕੇ ਇਹ ਨਾਟਕ 'ਸ਼ਤਾਬਦੀ-ਨਾਟਕਾਂ' ਦੀ ਪ੍ਰਤੀਨਿਧਤਾ ਕਰਦੇ ਹਨ, ਜਿਨ੍ਹਾਂ ਵਿਚ ਸ਼ਰਧਾਮੂਲਕ ਭਾਵਨਾ ਸਭ ਤੋਂ ਉੱਪਰ ਰਹਿੰਦੀ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਛੇੜ ਕੋਈ ਰਾਗ
ਸ਼ਾਇਰਾ : ਰਾਜਵੰਤ ਕੌਰ ਬਾਜਵਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 295 ਰੁਪਏ, ਸਫ਼ੇ : 152
ਸੰਪਰਕ : 95923-24453.

ਰਾਜਵੰਤ ਕੌਰ ਬਾਜਵਾ ਆਪਣਾ ਪਲੇਠਾ ਕਾਵਿ-ਸੰਗ੍ਰਹਿ 'ਛੇੜ ਕੋਈ ਰਾਗ' ਲੈ ਕੇ ਪਾਠਕਾਂ ਦੇ ਸਨਮੁੱਖ ਹੋਈ ਹੈ। ਭਾਵੇਂ ਕਿ ਉਹ ਹਾਇਕੂ ਅਤੇ ਮਿੰਨੀ ਕਹਾਣੀਆਂ ਨਾਲ ਸਾਹਿਤਕ ਖੇਤਰ ਵਿਚ ਆਪਣੀ ਪੈੜ-ਚਾਲ ਬਣਾ ਚੁੱਕੀ ਹੈ। ਰਾਜਵੰਤ ਕੌਰ ਬਾਜਵਾ ਦੇ ਜਦੋਂ ਅਸੀਂ ਇਸ ਕਾਵਿ-ਸੰਗ੍ਰਹਿ ਦੀ ਗੱਲ ਕਰਦੇ ਹਾਂ ਤਾਂ ਇਸ ਕਾਵਿ-ਸੰਗ੍ਰਹਿ ਨੂੰ ਉਸ ਚੌਖਟੇ ਵਿਚ ਫਿੱਟ ਕਰਕੇ ਨਹੀਂ ਦੇਖਿਆ ਜਾ ਸਕਦਾ, ਜਿਸ ਵਿਚ ਅਸੀਂ ਆਮ ਤੌਰ 'ਤੇ ਨਾਰੀ-ਕਾਵਿ ਨੂੰ ਦੇਖਣ ਦਾ ਬਣਿਆ-ਬਣਾਇਆ ਰਸਤਾ ਅਖ਼ਤਿਆਰ ਕਰ ਲੈਂਦੇ ਹਾਂ। ਇਹ ਚੌਖਟਾ ਹੈ ਨਾਰੀ ਦੇ ਰੁਦਨ ਦਾ, ਉਸ ਦੀ ਤ੍ਰਾਸਦੀ ਦਾ। ਪਰ ਬਾਜਵਾ ਤਾਂ ਆਪਣੀ ਕਵਿਤਾ ਵਿਚ ਪ੍ਰਾਪਤੀ ਲਈ ਕੰਡਿਆਂ ਉੱਤੇ ਤੁਰਨ ਲਈ ਤਿਆਰ ਹੈ। ਉਹ ਚਾਹੁੰਦੀ ਹੈ ਸਮਾਜ ਨੂੰ ਸੂਝ ਭਰੀ ਰੌਸ਼ਨੀ ਨਾਲ ਰੌਸ਼ਨ ਕਰਨਾ ਹੈ। ਉਹ ਲਿਖਦੀ ਹੈ :
ਉੱਚੀ ਉਡਾਰੀ ਭਰਨੀ ਅਸਾਂ/ਲਾਹ ਦੇਣੀ ਏ ਕੁੰਜ ਗੁਲਾਮੀ
ਚੁੱਕ ਲੈਣੀ ਏ ਮਸ਼ਾਲ ਅਸੀਂ/ਆਪਣਾ ਆਪ ਰੌਸ਼ਨ ਕਰਨਾ
ਜਗਮਗਾ ਦੇਣੀ ਏ ਧਰਤ ਅਸਾਂ!
ਉਸ ਦੀ ਕਵਿਤਾ ਵਿਚ ਇਸ ਗੱਲ ਦੀ ਨਿਸ਼ਾਨਦੇਹੀ ਹੈ ਕਿ ਸਮਾਜ ਦੀ ਸੌੜੀ ਸੋਚ ਉਸ ਦੇ ਲਈ ਹਮੇਸ਼ਾ ਹੀ ਪਿੰਜਰੇ ਬਣਾਉਂਦੀ ਰਹੀ ਹੈ ਪਰ ਉਹ ਪਿੰਜਰੇ ਵਿਚ ਪੈਣੋਂ ਵੀ ਇਨਕਾਰੀ ਹੈ ਕਿਉਂਕਿ ਇਹ ਪਿੰਜਰਾ ਵੀ ਮੁਹੱਬਤੀ-ਸਾਜਿਸ਼ ਰਚਦਾ ਹੈ ਪਰ ਮੁਹੱਬਤ ਬਾਜ਼ਾਰਾਂ ਵਿਚੋਂ ਮੁੱਲ ਨਹੀਂ ਮਿਲਦੀ। ਰਾਜਵੰਤ ਕੌਰ ਬਾਜਵਾ ਦੀ ਤਕਰੀਬਨ ਇਸ ਪੁਸਤਕ ਵਿਚ ਦਰਜ ਕਵਿਤਾ ਇਸ ਗੱਲ ਦੀ ਤਸਦੀਕ ਕਰਦੀ ਹੈ ਕਿ ਹੁਣ ਔਰਤ ਨੇ ਉਨ੍ਹਾਂ ਤਾਕਤਾਂ ਦੀ ਪਛਾਣ ਕਰ ਲਈ ਹੈ ਜੋ ਉਸ ਦੀ ਅਸਮਤ ਲਈ ਹਮੇਸ਼ਾ ਹੀ ਖ਼ਤਰਾ ਬਣ ਕੇ ਮੰਡਰਾਉਂਦੀਆਂ ਰਹੀਆਂ ਹਨ। ਉਸ ਦੀ ਕਵਿਤਾ ਸਮਾਜਿਕ ਕਾਣੀ ਵੰਡ 'ਤੇ ਵੀ ਉਂਗਲ ਧਰਦੀ ਹੈ ਪਰ ਉਸ ਨੂੰ ਉਮੀਦ ਹੈ ਕਿ ਹੱਕਾਂ ਪ੍ਰਤੀ ਜਾਗਰੂਕਤਾ ਇਕ ਨਾ ਇਕ ਦਿਨ ਜ਼ਰੂਰ ਨਵਾਂ ਚਾਨਣ ਪੈਦਾ ਕਰੇਗੀ। ਉਸ ਦੀ ਕਵਿਤਾ ਵਿਚ ਨਿੱਘ ਦੇ ਰਿਸ਼ਤਿਆਂ ਲਈ ਬੇਪਨਾਹ ਮੁਹੱਬਤ ਵੀ ਹੈ। 'ਮੈਂ ਨਾਨੀ' ਵਰਗੀ ਕਵਿਤਾ ਇਸ ਦੀ ਖੂਬਸੂਰਤ ਉਦਾਹਰਨ ਹੈ। ਕਦੇ-ਕਦੇ ਸ਼ਾਇਰਾ ਆਪਣੇ ਅਤੀਤ ਨਾਲ ਵੀ ਸੰਵਾਦ ਰਚਾਉਂਦੀ ਹੈ। ਕਦੇ ਕੁਦਰਤ ਨਾਲ ਅਤੇ ਕਦੇ ਰਿਸ਼ਤਿਆਂ ਨਾਲ। ਉਸ ਦੀ ਕਵਿਤਾ ਹਾਕਮਾਂ ਨੂੰ ਵੰਗਾਰ ਪਾਉਂਦੀ ਹੈ ਕਿ ਉਹ ਸਬਰ ਨਾ ਅਜ਼ਮਾਵੇ, ਵਕਤ ਦਾ ਪਤਾ ਨਹੀਂ ਕਦੋਂ ਬਦਲ ਸਕਦਾ ਹੈ। ਰਾਜਵੰਤ ਕੌਰ ਬਾਜਵਾ ਦੀ ਕਵਿਤਾ ਵਿਚ ਉਸ ਦਾ ਮੌਲਿਕ ਮੁਹਾਂਦਰਾ ਹੈ ਜੋ ਉਸ ਦੀ ਕਵਿਤਾ ਨੂੰ ਨਿਵੇਕਲੀ ਨੁਹਾਰ ਪ੍ਰਦਾਨ ਕਰਦਾ ਹੈ।

ਸਰਦੂਲ ਸਿੰਘ ਔਜਲਾ
ਮੋ: 98141-68611.

ਤਰਕ ਦਾ ਸਫ਼ਰ
ਲੇਖਕ : ਮਾਸਟਰ ਪਰਮ ਵੇਦ
ਪ੍ਰਕਾਸ਼ਕ : ਅਰਪਿਤਾ ਪਬਲੀਕੇਸ਼ਨਜ਼, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 96
ਸੰਪਰਕ : 94174-22349.

'ਤਰਕ ਦਾ ਸਫ਼ਰ' ਮਾਸਟਰ ਪਰਮ ਵੇਦ ਦੀ ਪਲੇਠੀ ਨਿਬੰਧ ਪੁਸਤਕ ਹੈ, ਜਿਸ ਵਿਚ ਉਸ ਨੇ ਤਰਕ ਵਿਗਿਆਨ ਸਬੰਧੀ ਆਪਣੇ ਭਾਵ ਅਤੇ ਕੁਝ ਪਰਿਵਾਰਾਂ ਦੀਆਂ ਸਮੱਸਿਆਵਾਂ ਦੀਆਂ ਕੇਸ ਹਿਸਟਰੀਆਂ ਪੇਸ਼ ਕੀਤੀਆਂ ਹਨ।
ਮਾਸਟਰ ਪਰਮ ਵੇਦ ਦਾ ਕਹਿਣਾ ਹੈ ਕਿ ਉਹ ਇਕ ਰੂੜ੍ਹੀਵਾਦੀ, ਪਰੰਪਰਕ, ਅਨਪੜ੍ਹ ਅਤੇ ਪਿਛਾਂਹ-ਖਿੱਚੂ ਪਰਿਵਾਰ ਵਿਚ ਪੈਦਾ ਹੋ ਕੇ ਤਰਕਸ਼ੀਲਾਂ ਦੀ ਸੰਗਤ ਕਾਰਨ ਚੋਟੀ ਦਾ ਤਰਕਸ਼ੀਲ ਬਣਿਆ। ਉਸ ਦੇ ਮੁਢਲੇ ਵਿਚਾਰ ਵੀ ਰੂੜ੍ਹੀਵਾਦੀ ਹੀ ਸਨ ਪਰ ਮਾਸਟਰ ਰਾਜਿੰਦਰ ਭਦੌੜ ਦੇ ਸੰਪਰਕ 'ਚ ਆ ਕੇ, ਉਸ ਦੀ ਵਿਗਿਆਨਕ ਸੋਚ ਅਤੇ ਰਹਿਣੀ-ਬਹਿਣੀ ਤੋਂ ਪ੍ਰਭਾਵਿਤ ਹੋ ਕੇ ਉਹ ਵੀ ਤਰਕਸ਼ੀਲ ਰੰਗ ਵਿਚ ਰੰਗਿਆ ਗਿਆ ਹੈ। ਜਦੋਂ ਮਨੁੱਖ ਹਰ ਚੀਜ਼ ਜਾਂ ਹਰ ਸੋਚ ਬਾਰੇ ਕਿਉਂ, ਕਿੱਥੇ, ਕੀ ਅਤੇ ਕਿਵੇਂ ਦੇ ਪ੍ਰਸ਼ਨ ਕਰਨ ਲੱਗ ਪਵੇ ਤਾਂ ਸਮਝੋ ਉਹ ਵਿਗਿਆਨਕ ਸੋਚ ਅਤੇ ਤਰਕ-ਵਿਤਰਕ ਦੇ ਰਾਹ ਤੁਰ ਪਿਆ ਹੈ। ਮਾਸਟਰ ਪਰਮ ਵੇਦ ਦਾ ਜੀਵਨ ਪੈਂਡਾ ਵੀ ਸ਼ਾਇਦ ਇਹੋ ਜਿਹਾ ਹੀ ਰਿਹਾ ਹੈ।
ਆਮ ਲੋਕ ਲਾਈਲੱਗ ਅਤੇ ਅਵਿਗਿਆਨਕ ਸੋਚ ਵਾਲੇ ਹੁੰਦੇ ਹਨ। ਉਹ ਪਰੰਪਰਾ ਅਤੇ ਰਵਾਇਤ 'ਚੋਂ ਮਿਲੇ ਵਿਚਾਰਾਂ ਦੀ ਲੀਕ ਦੇ ਫ਼ਕੀਰ ਹੁੰਦੇ ਹਨ। ਇਸੇ ਲਈ ਪਾਖੰਡੀਆਂ, ਸਿਆਣਿਆਂ ਅਤੇ ਤਾਂਤਰਿਕਾਂ ਦੇ ਉਹ ਸੌਖੇ ਸ਼ਿਕਾਰ ਹੋ ਜਾਂਦੇ ਹਨ। ਪਰ ਤਰਕ ਦੀ ਸਾਣ 'ਤੇ ਇਹ ਚੀਜ਼ਾਂ ਕਿਤੇ ਵੀ ਨਹੀਂ ਟਿਕਦੀਆਂ। ਆਮ ਅਵਿਗਿਆਨਕ ਚੀਜ਼ਾਂ ਕੁਝ ਇਸ ਤਰ੍ਹਾਂ ਹੁੰਦੀਆਂ ਹਨ, ਮੁੰਡਾ ਨਾ ਜੰਮਣਾ, ਕੁੜੀਆਂ ਹੀ ਪੈਦਾ ਹੋਈ ਜਾਣੀਆਂ, ਘਰ 'ਚ ਪੱਥਰ ਡਿਗਣੇ, ਗੰਦ ਡਿਗਣਾ, ਅੱਗ ਲੱਗਣੀ, ਗਹਿਣੇ-ਕੱਪੜੇ ਗ਼ਾਇਬ ਹੋ ਜਾਣਾ, ਖੇਡਣ ਲੱਗਣਾ, ਕਿਸੇ ਦੀ ਰੂਹ ਬੰਦੇ 'ਚ ਆਉਣੀ ਆਦਿ। ਪਾਖੰਡੀ ਲੋਕ ਅਜਿਹੇ ਰੂੜ੍ਹੀਵਾਦੀ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਪਾਖੰਡ ਦੱਸ ਕੇ ਖੂਬ ਲੁੱਟਦੇ ਹਨ। ਪਰ ਤਰਕਸ਼ੀਲ ਲੋਕ ਉਨ੍ਹਾਂ ਨੂੰ ਤਰਕ ਰਾਹੀਂ ਸਮਝਾ ਕੇ ਰਾਹੇ ਲਿਆਉਂਦੇ ਹਨ। ਇਸ ਪੁਸਤਕ ਵਿਚ ਵੀ ਲੋਕਾਂ ਦੀਆਂ ਕੁਝ ਸਮੱਸਿਆਵਾਂ ਆਪਣੀ ਤਰਕਸ਼ੀਲ ਸੋਚ ਰਾਹੀਂ ਹੱਲ ਕੀਤੀਆਂ ਗਈਆਂ ਹਨ। ਇਨ੍ਹਾਂ ਨੇ ਆਪਣੇ ਤਰਕ ਰਾਹੀਂ ਕਈ ਪਾਖੰਡੀਆਂ ਅਤੇ 'ਸਿਆਣਿਆਂ' ਨੂੰ ਪੈਰੋਂ ਕੱਢਿਆ ਹੈ। ਲੇਖਕ ਦਾ ਸਵੈ-ਬਿਰਤਾਂਤ ਵੀ ਦਿਲਚਸਪ ਹੈ। ਸੰਗਰੂਰ ਅਤੇ ਲਹਿਰਾਗਾਗਾ ਖੇਤਰ ਵਿਚ ਮਾਸਟਰ ਪਰਮ ਵੇਦ ਦੇ ਤਰਕਸ਼ੀਲ ਕਾਰਜ ਦੀ ਕਾਫੀ ਸਰਾਹਨਾ ਹੋਈ ਹੈ। ਅਜਿਹੇ ਅਧਿਆਪਕ ਹੀ ਸਮਾਜ ਨੂੰ ਅੰਧ-ਵਿਸ਼ਵਾਸਾਂ ਦੀ ਗਾਰ 'ਚੋਂ ਕੱਢ ਸਕਦੇ ਹਨ। ਪੁਸਤਕ ਦਾ ਬਿਰਤਾਂਤ ਸਰਲ ਵਾਰਤਕ ਵਿਚ ਰਚਿਆ ਗਿਆ ਹੈ।

ਕੇ. ਐਲ. ਗਰਗ
ਮੋ: 94635-37050

ਬਲਦੇਵ ਸਿੰਘ ਰਚਿਤ ਨਾਵਲ
ਇਤਿਹਾਸ ਦਾ ਗਲਪੀ ਰੂਪਾਂਤਰਣ
ਲੇਖਕ : ਡਾ: ਹਰਿੰਦਰ ਸਿੰਘ ਤੁੜ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 192
ਸੰਪਰਕ : 81465-42810.

ਬਲਦੇਵ ਸਿੰਘ ਲਾਲਬੱਤੀ/ਸੜਕਨਾਮਾ/ ਮੋਗਾ ਕਿਸੇ ਵੀ ਉਪਨਾਮ ਨਾਲ ਚੇਤੇ ਕਰ ਲਓ। ਇਸ ਸਮੇਂ ਉਹ ਪੰਜਾਬੀ ਦਾ ਬਹੁਚਰਚਿਤ ਤੇ ਮੋਹਰੀ ਨਾਵਲਕਾਰ ਹੈ। ਉਸ ਦੇ ਪੰਜ ਇਤਿਹਾਸਕ ਨਾਵਲਾਂ ਦਾ ਵਿਸ਼ਲੇਸ਼ਣ ਡਾ: ਹਰਿੰਦਰ ਸਿੰਘ ਦੀ ਵਿਚਾਰ ਅਧੀਨ ਕਿਤਾਬ ਵਿਚ ਪ੍ਰਾਪਤ ਹੈ। ਇਸ ਦੀ ਰੂਪ-ਰੇਖਾ, ਫੁੱਟ ਨੋਟ, ਪੁਸਤਕ ਸੂਚੀ ਇਸ ਦੇ ਡਿਗਰੀ ਸਾਪੇਖ ਕਾਰਜ ਹੋਣ ਵੱਲ ਸੰਕੇਤ ਕਰਦੇ ਹਨ। ਅਜਿਹਾ ਹੋਵੇ ਭਾਵੇਂ ਨਾ, ਏਨਾ ਜ਼ਰੂਰ ਹੈ ਕਿ ਡਾ: ਤੁੜ ਨੇ ਬਲਦੇਵ ਸਿੰਘ ਦੇ ਪੰਜ ਇਤਿਹਾਸਕ ਨਾਵਲਾਂ ਦਾ ਗੰਭੀਰ ਨਿਕਟ ਅਧਿਐਨ ਖਾਸੀ ਮਿਹਨਤ ਨਾਲ ਪਾਠਕਾਂ ਅੱਗੇ ਰੱਖਿਆ ਹੈ।
ਉਸ ਨੇ ਜੋ ਪੰਜ ਨਾਵਲ ਚੁਣੇ ਹਨ, ਉਹ ਹਨ : ਪੰਜਵਾਂ ਸਾਹਿਬਜ਼ਾਦਾ, ਮਹਾਂਬਲੀ ਸੂਰਾ, ਸਤਲੁਜ ਵਹਿੰਦਾ ਰਿਹਾ, ਢਾਹਵਾਂ ਦਿੱਲੀ ਦੇ ਕਿੰਗਰੇ ਅਤੇ ਸੂਰਜ ਦੀ ਅੱਖ। ਇਨ੍ਹਾਂ ਦੇ ਨਾਇਕ ਇਸੇ ਕ੍ਰਮ ਵਿਚ ਭਾਈ ਜੈਤਾ, ਬਾਬਾ ਬੰਦਾ ਬਹਾਦਰ, ਸ਼ਹੀਦ ਭਗਤ ਸਿੰਘ, ਦੁੱਲਾ ਭੱਟੀ ਤੇ ਮਹਾਰਾਜਾ ਰਣਜੀਤ ਸਿੰਘ ਹਨ। ਭਾਈ ਜੈਤਾ ਅਣਗੌਲਿਆ ਨਾਇਕ ਹੈ। ਨਾਵਲਕਾਰ ਨੇ ਉਸ ਦੇ ਜੀਵਨ ਬਿਰਤਾਂਤ ਬਾਰੇ ਡੂੰਘੀ ਖੋਜ ਭਾਲ ਮਗਰੋਂ ਸਮੱਗਰੀ ਇਕੱਤਰ ਕਰ ਕੇ ਨਾਵਲ ਲਿਖਿਆ ਹੈ। ਇਸ ਕਾਰਨ ਇਸ ਨਾਵਲ ਦਾ ਇਤਿਹਾਸਕ ਸ੍ਰੋਤ ਵਜੋਂ ਵੱਖਰਾ ਮਹੱਤਵ ਹੋਣ ਦਾ ਨਿਰਣਾ ਡਾ: ਤੁੜ ਨੇ ਦਿੱਤਾ ਹੈ। ਸ਼ਹੀਦ ਭਗਤ ਸਿੰਘ ਬਾਰੇ ਲਿਖੇ ਗਏ ਨਾਵਲ ਵਿਚ ਨਾਵਲਕਾਰ ਦੇ ਫੋਕਸ ਵਿਚ ਸ਼ਹੀਦ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਉਜਾਗਰ ਕਰਨ ਦਾ ਉਦੇਸ਼ ਰਿਹਾ ਹੈ। ਢਾਹਵਾਂ ਦਿੱਲੀ ਦੇ ਕਿੰਗਰੇ ਨਾਵਲ ਸੱਤਾ ਵਿਰੁੱਧ ਨਾਬਰੀ ਦੀ ਹਿੰਮਤ ਦੇ ਵੇਰਵੇ ਪੇਸ਼ ਕਰਨ ਵਾਲਾ ਨਾਵਲ ਹੈ। ਅਜੋਕੀ ਭਾਰਤੀ ਸਿਆਸਤ ਵਿਚ ਭ੍ਰਿਸ਼ਟ ਤੇ ਸੰਕੀਰਨ ਭਗਵੀਂ ਸੋਚ ਅੱਗੇ ਲੇਲ੍ਹੜੀਆਂ ਕੱਢ ਰਹੇ ਵਿਕਾਊ ਪੰਜਾਬੀ/ਭਾਰਤੀ ਸਿਆਸਤਦਾਨਾਂ/ ਬੁੱਧੀਜੀਵੀਆਂ ਦਾ ਮਖੌਟਾ ਚੀਰਨ ਦੀ ਅਚੇਤ ਪ੍ਰੇਰਨਾ ਦਿੰਦਾ ਹੈ ਇਹ ਨਾਵਲ। ਮਹਾਂਬਲੀ ਸੂਰਾ ਵਿਚ ਬਾਬਾ ਬੰਦਾ ਬਹਾਦਰ ਨੂੰ ਦਗ਼ਾ ਦੇਣ ਵਾਲੇ ਕਾਹਨ ਸਿੰਘ, ਬਿਨੋਦ ਸਿੰਘ ਨੂੰ ਉਜਾਗਰ ਕਰਨ ਵਾਲਾ ਨਾਵਲ ਹੈ। ਸੂਰਜ ਦੀ ਅੱਖ ਨਾਵਲ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਸ਼ਖ਼ਸੀਅਤ ਦੇ ਗੌਰਵਮਈ ਚਿਤਰਨ ਦੇ ਨਾਲ-ਨਾਲ ਉਸ ਦੀਆਂ ਮਨੁੱਖੀ ਕਮਜ਼ੋਰੀਆਂ ਦਾ ਚਿੱਤਰ ਪ੍ਰਾਪਤ ਹੈ।
ਆਲੋਚਕ/ਖੋਜਕਾਰ ਡਾ: ਤੁੜ ਵਲੋਂ ਕੀਤਾ ਗਿਆ ਅਧਿਐਨ ਬਲਦੇਵ ਸਿੰਘ ਦੇ ਨਾਵਲਾਂ ਦੀਆਂ ਸ਼ੈਲੀਗਤ/ਰੂਪਗਤ ਜਗਤਾਂ ਬਾਰੇ ਚੁੱਪ ਹੈ।

ਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਗਹਿਰਾਈਆਂ
ਲੇਖਕ : ਜਗਜੀਤ ਸਿੰਘ ਵਜੀਦਕੇ
ਪ੍ਰਕਾਸ਼ਕ : ਤਾਲਿਫ਼ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 98144-24875

ਹਥਲੀ ਵਾਰਤਕ ਪੁਸਤਕ 'ਗਹਿਰਾਈਆਂ' 'ਚ ਲੇਖਕ ਜਗਜੀਤ ਸਿੰਘ ਵਜੀਦਕੇੇ ਨੇ ਆਪਣੇ ਪ੍ਰਾਪਤ ਅਨੁਭਵ ਅਤੇ ਗਿਆਨ ਦ੍ਰਿਸ਼ਟੀ ਨਾਲ ਇਕੱਤਰ ਕੀਤੇ ਵਿਚਾਰਾਂ ਦੇ ਸੰਗ੍ਰਹਿ ਨੂੰ ਇਸ ਪੁਸਤਕ ਦਾ ਸ਼ਿੰਗਾਰ ਬਣਾਇਆ ਹੈ। ਲੇਖਕ ਦੇ ਇਹ ਵਿਚਾਰ ਮਨੁੱਖੀ ਜ਼ਿੰਦਗੀ ਦੀਆਂ ਗਹਿਰ-ਗੰਭੀਰ ਸਚਾਈਆਂ ਨਾਲ ਲਬਰੇਜ਼ ਹਨ, ਜਿਨ੍ਹਾਂ ਨੂੰ ਇਕਾਗਰਤਾ ਅਤੇ ਡੂੰਘਾਈ 'ਚ ਲਹਿ ਕੇ ਪੜ੍ਹਨ ਨਾਲ ਵੱਖਰਾ ਹੀ ਅਨੰਦ ਅਤੇ ਸਕੂਨ ਮਹਿਸੂਸ ਹੁੰਦਾ ਹੈ। ਇਸ ਵਿਚਾਰ ਸੰਗ੍ਰਹਿ ਦੀ ਵੰਨਗੀ ਜਿੱਥੇ ਵਾਰਤਕ ਦੇ ਹੋਰ ਰੂਪਾਂ ਤੋਂ ਨਿਵੇਕਲੀ ਹੈ, ਉਥੇ ਇਸ ਰੂਪ ਨੂੰ ਪਾਠਕ ਜਿੱਥੋਂ ਜੀਅ ਕਰੇ, ਪੜ੍ਹ ਸਕਦਾ ਹੈ ਅਤੇ ਰਤਾ ਵੀ ਅਕੇਵਾਂ ਮਹਿਸੂਸ ਨਹੀਂ ਹੁੰਦਾ।
ਲੇਖਕ ਨੇ ਇਨ੍ਹਾਂ ਵਿਚਾਰਾਂ ਨੂੰ ਸਾਡੇ ਸਮਾਜਿਕ ਢਾਂਚੇ 'ਚ ਵਾਪਰਦੀਆਂ ਜਾਂ ਖ਼ੁਦ ਹੱਡੀਂ ਹੰਢਾਈਆਂ ਸਚਾਈਆਂ ਨੂੰ ਆਪਣੇ ਅਨੁਭਵ ਅਤੇ ਮੌਲਿਕਤਾ ਦੀ ਰੰਗਤ ਚਾੜ੍ਹ ਕੇ ਕਵਿਤਾ ਵਰਗੀ ਲੈਅ ਅਤੇ ਰਵਾਨਗੀ ਨਾਲ ਸਿਰਜਿਆ ਹੈ ਜੋ ਕਿ ਸਹਿਜੇ ਹੀ ਪਾਠਕ 'ਤੇ ਗਹਿਰਾ ਪ੍ਰਭਾਵ ਛੱਡਦੇ ਹਨ। ਲੇਖਕ ਦੇ ਇਹ ਵਿਚਾਰ ਅਮਲ ਕੀਤੇ ਜਾਣ ਵਾਲੇ ਹਨ। ਉਦਾਹਰਨ ਲਈ ਕੁਝ ਕੁ ਵੰਨਗੀਆਂ ਵੇਖੋ:
.. ਹਾਲਾਤ ਕੋਈ ਵੀ ਹੋਣ ਸੋਚ ਹਮੇਸ਼ਾ ਹਾਂ-ਪੱਖੀ ਰੱਖੋ ਕਿਉਂਕਿ ਗਿੱਲਾ ਬਾਲਣ ਵੀ ਅੱਗ ਦੇ ਸੇਕ ਨਾਲ ਸੁੱਕ ਕੇ ਬਲਣ ਲੱਗ ਜਾਂਦਾ ਹੈ।
.. ਪੰਛੀਆਂ ਦੇ ਆਲ੍ਹਣਿਆਂ 'ਚ ਰਾਜਨੀਤੀ ਨਹੀਂ ਹੁੰਦੀ।
.. ਨਫ਼ਰਤ ਜੇਕਰ ਲੰਮਾ ਸਮਾਂ ਲੈ ਜਾਵੇ ਤਾਂ ਪਿਆਰ ਦੇ ਪੱਤੇ ਰਿਸ਼ਤਿਆਂ ਦੇ ਰੁੱਖਾਂ ਤੋਂ ਝੜ ਕੇ ਹਮੇਸ਼ਾ ਲਈ ਪੱਤਝੜ ਬਣ ਜਾਂਦੇ ਨੇ।
.. ਪਾਣੀ ਦੀ ਗਹਿਰਾਈ ਦੇਖਣ ਲਈ ਉਸ ਵਿਚ ਡੁੱਬਣਾ ਪੈਂਦਾ ਹੈ।
ਲੇਖਕ ਜਗਜੀਤ ਸਿੰਘ ਵਜੀਦਕੇ ਦੀ ਇਸ ਹਥਲੀ ਪੁਸਤਕ 'ਚ ਸੱਚਮੁੱਚ ਹੀ ਗਹਿਰਾਈ ਨਾਲ ਕੱਢੇ ਵਿਚਾਰਾਂ ਦਾ ਨਿਚੋੜ ਕਾਬਲੇ-ਤਾਰੀਫ਼ ਹੈ ਅਤੇ ਸਾਹਿਤ ਦੇ ਖੇਤਰ 'ਚ ਇਸ ਨੂੰ ਖੁਸ਼ਆਮਦੀਦ ਕਹਿਣਾ ਬਣਦਾ ਹੈ।

ਮਨਜੀਤ ਸਿੰਘ ਘੜੈਲੀ
ਮੋ: 98153-91625

11-10-2020

ਬੇਸਿਕ ਮੈਥ
ਸੰਪਾਦਕ : ਜਸਪ੍ਰੀਤ ਸਿੰਘ ਜਗਰਾਓਂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੁੱਲ : 150 ਰੁਪਏ, ਸਫ਼ੇ : 120
ਸੰਪਰਕ : 99151-03490.


ਸੈਕੰਡਰੀ ਸਕੂਲ, ਕਾਲਜ ਜਾਂ ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕਰਕੇ ਹਰ ਨੌਜਵਾਨ ਲੜਕੇ ਲੜਕੀ ਦੀ ਇੱਛਾ ਕਿਸੇ ਸਰਕਾਰੀ ਅਰਧ-ਸਰਕਾਰੀ ਜਾਂ ਕਾਰਪੋਰੇਟ ਅਦਾਰੇ ਦੀ ਨੌਕਰੀ ਹਾਸਲ ਕਰਨੀ ਹੁੰਦੀ ਹੈ। ਅੱਜਕਲ੍ਹ ਨੌਕਰੀਆਂ ਵਿੱਦਿਅਕ ਪ੍ਰੀਖਿਆ ਵਿਚ ਹਾਸਲ ਅੰਕਾਂ/ਡਵੀਜ਼ਨਾਂ ਅਤੇ ਇੰਟਰਵਿਊ ਨਾਲ ਨਹੀਂ ਦਿੱਤੀਆਂ ਜਾਂਦੀਆਂ। ਉਮੀਦਵਾਰ ਨੂੰ ਲਾਜ਼ਮੀ ਰੂਪ ਵਿਚ ਲਿਖਤੀ ਟੈਸਟ ਦੇਣਾ ਪੈਂਦਾ ਹੈ। ਇਸ ਟੈਸਟ ਦੇ ਆਸਰੇ ਹੀ ਮੈਰਿਟ ਬਣਦੀ ਹੈ। ਲਿਖਤੀ ਟੈਸਟਾਂ ਵਿਚ ਮੈਂਟਲ ਏਬਿਲਟੀ, ਅੰਗਰੇਜ਼ੀ ਤੇ ਮੁਢਲੇ ਗਣਿਤ ਦੇ ਖੇਤਰਾਂ ਵਿਚ ਉਮੀਦਵਾਰ ਦੀ ਮਹਾਰਤ ਪਰਖੀ ਜਾਂਦੀ ਹੈ। ਇਹ ਟੈਸਟ ਮਿਹਨਤ, ਅਭਿਆਸ ਅਤੇ ਉਚਿਤ ਅਗਵਾਈ ਜਾਂ ਟ੍ਰੇਨਿੰਗ ਨਾਲ ਪਾਸ ਕਰਨੇ ਔਖੇ ਨਹੀਂ। ਥਾਂ-ਥਾਂ ਇਸ ਲਈ ਮੋਟੀਆਂ ਫੀਸਾਂ ਲੈ ਕੇ ਟ੍ਰੇਨਿੰਗ ਦੇਣ ਵਾਲੇ ਸੈਂਟਰ ਹਨ। ਸੀਮਤ ਸਾਧਨਾਂ ਵਾਲੇ ਬੱਚੇ ਇਨ੍ਹਾਂ ਵਿਚ ਨਹੀਂ ਜਾ ਸਕਦੇ। ਅਜਿਹੇ ਬੱਚਿਆਂ ਦੀ ਆਸ ਆਸਰਾ ਬੇਸਿਕ ਮੈਥ ਵਰਗੀਆਂ ਕਿਤਾਬਾਂ ਹਨ। ਜਸਪ੍ਰੀਤ ਸਿੰਘ ਜਗਰਾਓਂ ਸਾਧਾਰਨ ਪੰਜਾਬੀ ਪਰਿਵਾਰ ਵਿਚੋਂ ਉੱਠ ਕੇ (ਡਬਲ) ਐਮ.ਏ. ਤੇ ਯੂ.ਜੀ.ਸੀ. ਦਾ ਨੈੱਟ ਟੈਸਟ ਸਫਲਤਾ ਨਾਲ ਪਾਸ ਕਰਨ ਵਾਲਾ ਹਿੰਮਤੀ ਨੌਜਵਾਨ ਹੈ। ਉਸ ਨੇ ਆਪ ਹਰ ਪ੍ਰੀਖਿਆ ਬਿਨਾਂ ਕਿਸੇ ਕਾਲਜ ਅਕੈਡਮੀ ਦੀ ਕੋਚਿੰਗ ਦੇ ਆਪ ਹੀ ਕਿਤਾਬਾਂ ਪੜ੍ਹ-ਪੜ੍ਹ ਕੇ ਪਾਸ ਕੀਤੀ ਹੈ। ਉਸ ਦੀ ਇੱਛਾ ਹੈ ਕਿ ਸਾਧਾਰਨ ਪਰਿਵਾਰਾਂ ਦੇ ਬੱਚੇ ਕਿਤਾਬਾਂ ਆਸਰੇ ਆਪ ਪੜ੍ਹਨ। ਉਸ ਦੀ ਬੇਸਿਕ ਮੈਥ ਦੀ ਇਹ ਕਿਤਾਬ ਮੁਢਲੇ ਗਣਿਤ ਦੇ ਹਰ ਪ੍ਰਸ਼ਨ ਦਾ ਉੱਤਰ ਦੇਣ ਵਿਚ ਉਸ ਦੀ ਮਦਦ ਕਰੇਗੀ। ਅੰਕ ਸਿਧਾਂਤ, ਸਰਲੀਕਰਨ, ਲਘੂਤਮ ਮਹਤਮ, ਅਨੁਪਾਤ ਸਮਾਨ-ਅਨੁਪਾਤ, ਪ੍ਰਤੀਸ਼ਤਤਾ, ਲਾਭ ਹਾਨੀ, ਔਸਤ, ਵਿਆਜ, ਮਿਸ਼ਰਿਤ ਵਿਆਜ, ਸਮਾਂ ਅਤੇ ਕੰਮ, ਭਾਈਵਾਲੀ (ਪਾਰਟਨਰਸ਼ਿਪ), ਲੜੀਆਂ, ਗਤੀ ਦੂਰੀ ਤੇ ਸਮਾਂ, ਰੇਖਾਵਾਂ, ਕੋਣ, ਤਿਕੋਣਾਂ, ਚਕਰ, ਬਹੁਭੁਜ, ਉਚਾਈ ਤੇ ਦੂਰੀ, ਟੈਂਕੀ ਭਰਨ ਦਾ ਸਮਾਂ, ਉਮਰ ਪਤਾ ਕਰਨ ਜਿਹੇ 28 ਵਿਭਿੰਨ ਵਿਸ਼ਿਆਂ ਉੱਤੇ ਮਾਡਲ ਪ੍ਰਸ਼ਨਾਂ ਨੂੰ ਹੱਲ ਕਰਕੇ ਉਮੀਦਵਾਰਾਂ ਦਾ ਭਰੋਸੇਯੋਗ ਮਾਰਗ ਦਰਸ਼ਨ ਲੇਖਕ ਨੇ ਕੀਤਾ ਹੈ। ਅਭਿਆਸ ਲਈ ਉੱਤਰਾਂ ਸਮੇਤ ਕਾਫੀ ਟੈਸਟ ਹਰ ਟਾਈਪ ਦੇ ਦਿੱਤੇ ਗਏ ਹਨ। ਨਿਸਚੇ ਹੀ ਇਹ ਕਿਤਾਬ ਮਿਹਨਤੀ ਬੱਚਿਆਂ ਲਈ ਤੋਹਫ਼ਾ ਹੈ।


-ਡਾ: ਕੁਲਦੀਪ ਸਿੰਘ ਧੀਰ
ਮੋ: 98722-60550


ਗਾਉਣ ਵਾਲਾ ਫੁੱਲ
ਲੇਖਕ : ਸੁਖਬੀਰ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 275 ਰੁਪਏ, ਸਫ਼ੇ : 138
ਸੰਪਰਕ : 022-26369349.


'ਗਾਉਣ ਵਾਲਾ ਫੁੱਲ' ਪੰਜਾਬੀ ਦੇ ਨਾਮਵਰ ਸਾਹਿਤਕਾਰ ਸੁਖਬੀਰ ਦੀਆਂ ਬਾਲ ਕਹਾਣੀਆਂ ਦੀ ਪੁਸਤਕ ਹੈ। ਇਸ ਸੰਗ੍ਰਹਿ 'ਚ ਲੇਖਕ ਦੀਆਂ 27 ਬਾਲ ਕਹਾਣੀਆਂ ਸ਼ਾਮਿਲ ਹਨ। 'ਚੁਗਲਖੋਰ ਦਾ ਚਮਤਕਾਰ' ਕਹਾਣੀ 'ਚ ਚੁਗਲੀ ਦੇ ਭੈੜੇ ਸਿੱਟਿਆਂ ਨੂੰ ਬਾਖ਼ੂਬੀ ਦਰਸਾਇਆ ਗਿਆ ਹੈ। 'ਦੱਬੇ ਹੋਏ ਗਹਿਣੇ' ਕਹਾਣੀ 'ਚ ਆਲਸ ਤਿਆਗ ਕੇ ਹੱਡ-ਭੰਨਵੀਂ ਮਿਹਨਤ ਕਰਨ ਦੀ ਨਸੀਹਤ ਦਿੱਤੀ ਗਈ ਹੈ। 'ਤਿੰਨ ਪੈਸੇ' ਚੀਨੀ ਲੋਕ ਕਥਾ 'ਤੇ ਆਧਾਰਿਤ ਕਹਾਣੀ 'ਚ ਲਾਲਚੀ ਲੋਕਾਂ ਦੇ ਮਾੜੇ ਅੰਤ ਨੂੰ ਬਿਆਨਿਆ ਗਿਆ ਹੈ। 'ਸ਼ਰਤ' ਯੁਕਰੇਨੀ ਲੋਕ ਕਥਾ 'ਤੇ ਆਧਾਰਿਤ ਦਿਲਚਸਪ ਕਹਾਣੀ ਹੈ, ਜਿਸ ਵਿਚ ਇਕ ਬੁੱਧੀਮਾਨ ਕਿਸਾਨ ਜਾਗੀਰਦਾਰ ਨੂੰ ਬੁੱਧੂ ਬਣਾਉਂਦਾ ਹੈ। 'ਲਾਲਚ ਤੇ ਸਿਆਣਪ' ਕਹਾਣੀ ਲਾਲਚੀ ਲੋਕਾਂ ਦੇ ਕਿਰਦਾਰ ਨੂੰ ਨੰਗਿਆਂ ਕਰਦੀ ਹੈ। 'ਅਕਲ ਦਾ ਖਜ਼ਾਨਾ' ਬੁਰਿਆਤੀ ਲੋਕ ਕਥਾ 'ਤੇ ਆਧਾਰਿਤ ਕਹਾਣੀ ਹੈ ਜਿਸ ਰਾਹੀਂ ਦਰਸਾਇਆ ਗਿਆ ਹੈ ਕਿ ਬਜ਼ੁਰਗਾਂ ਦਾ ਤਜਰਬਾ ਅਤੇ ਸਿਆਣਪ ਸਾਡੇ ਜ਼ਿੰਦਗੀ 'ਚ ਹਮੇਸ਼ਾ ਕੰਮ ਆਉਂਦੀ ਹੈ। 'ਹੱਥਾਂ ਦਾ ਕੰਮ' ਕਹਾਣੀ 'ਚ ਹੱਥੀਂ ਕੰਮ ਅਤੇ ਮਿਹਨਤ ਕਰਨ ਦੀ ਨਸੀਹਤ ਦਿੱਤੀ ਗਈ ਹੈ। 'ਅਕਲ ਦੀ ਦੌਲਤ' ਉਜ਼ਬੇਕ ਲੋਕ ਕਥਾ 'ਤੇ ਆਧਾਰਿਤ ਕਹਾਣੀ ਹੈ, ਜਿਸ 'ਚ ਸਿੱਖਿਆ ਦਿੱਤੀ ਹੈ ਕਿ ਅਕਲ ਮਨੁੱਖ ਦੀ ਵੱਡੀ ਦੌਲਤ ਹੈ। 'ਗਾਉਣ ਵਾਲਾ ਫੁੱਲ' ਇਕ ਰਾਜਕੁਮਾਰੀ ਅਤੇ ਜਾਦੂਗਰਨੀ ਦੀ ਬਹੁਤ ਹੀ ਦਿਲਚਸਪ ਕਹਾਣੀ ਹੈ। ਇਸ ਤੋਂ ਇਲਾਵਾ 'ਖੀਰ ਦਾ ਨੁਸਖਾ', 'ਚਾਕੂਆਂ ਵਾਲਾ ਮੁੰਡਾ', 'ਪਰਖ਼', 'ਕੱਚ ਦਾ ਟੋਟਾ', 'ਵਿਆਹ ਦੀ ਸ਼ਰਤ', 'ਦੋ ਸ਼ਰਤਾਂ', 'ਲੋੜ ਇਕ ਸਿਰ ਦੀ', 'ਗੁਆਚੀ ਹੋਈ ਬਿੱਲੀ', 'ਵਰਦਾਨ', 'ਮੂਰਖਤਾ ਨੂੰ ਮਾਤ', 'ਅਕਲ ਦਾ ਤਾਣਾ-ਬਾਣਾ', 'ਰਾਜਕੁਮਾਰੀ ਦੀ ਰਿਹਾਈ', 'ਚਾਰ ਮੂਰਖ ਦੋਸਤਾਂ ਦਾ ਸਫਰ', 'ਇਕ ਝੁੱਗੀ ਫੁੱਲਾਂ ਪੱਤੀਆਂ ਦੀ', 'ਰੇਸ਼ਮਾ ਅਤੇ ਹੰਸਾਂ ਵਾਲੀ ਜਾਦੂਗਰਨੀ' ਆਦਿ ਬਾਲ ਕਹਾਣੀਆਂ ਵੀ ਬੇਹੱਦ ਰੌਚਿਕ ਅਤੇ ਸਿੱਖਿਆਦਾਇਕ ਹਨ। ਇਸ ਪੁਸਤਕ ਦੀਆਂ ਸਮੁੱਚੀਆਂ ਬਾਲ ਕਹਾਣੀਆਂ ਦੀ ਭਾਸ਼ਾ ਸਰਲ ਹੈ ਅਤੇ ਕਥਾਰਸ ਭਰਪੂਰ ਹੋਣ ਦੇ ਨਾਲ-ਨਾਲ ਇਹ ਬਾਲ ਕਹਾਣੀਆਂ ਕੋਈ ਨਾ ਕੋਈ ਮੁੱਲਵਾਨ ਸਿੱਖਿਆ ਵੀ ਦਿੰਦੀਆਂ ਹਨ।


-ਮਨਜੀਤ ਸਿੰਘ ਘੜੈਲੀ
ਮੋ: 98153-91625


ਇਟਲੀ ਵਿਚ ਸਿੱਖ ਫ਼ੌਜੀ

(ਦੂਜਾ ਵਿਸ਼ਵ ਯੁੱਧ)
ਲੇਖਕ : ਬਲਵਿੰਦਰ ਸਿੰਘ ਚਾਹਲ 'ਮਾਧੋ ਝੰਡਾ'
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਸੰਪਰਕ : 98141-01312.


ਇਹ ਪੁਸਤਕ ਦੂਸਰੀ ਵਾਰ 2019 ਵਿਚ ਪ੍ਰਕਾਸ਼ਿਤ ਕੀਤੀ ਗਈ ਹੈ। ਇਟਲੀ ਵਿਚ 16 ਸਾਲ ਗੁਜ਼ਾਰਨ ਉਪਰੰਤ ਲੇਖਕ 2016 ਵਿਚ ਬਰਮਿੰਗਮ, ਇੰਗਲੈਂਡ ਵਿਖੇ ਵਸ ਗਿਆ। ਪਹਿਲੇ ਵਿਸ਼ਵ ਯੁੱਧ (1914-1919) ਵਿਚ ਲਗਪਗ ਦਸ ਲੱਖ ਭਾਰਤੀਆਂ ਨੂੰ ਬਰਤਾਨਵੀ ਭਾਰਤੀ ਫ਼ੌਜ ਵਿਚ ਜ਼ਬਰਦਸਤੀ ਭਰਤੀ ਕੀਤਾ ਗਿਆ, ਦੂਜੇ ਵਿਸ਼ਵ ਯੁੱਧ (1939-45) ਦੌਰਾਨ ਲੱਖਾਂ ਭਾਰਤੀਆਂ ਨੂੰ ਸੰਸਾਰ ਯੁੱਧ ਦੇ ਮੋਰਚਿਆਂ 'ਤੇ ਭੇਜਿਆ ਗਿਆ ਸੀ।
ਅਗਸਤ 2011 ਦੌਰਾਨ ਇਟਲੀ ਵਿਚ ਫੋਰਲੀ ਵਿਖੇ ਬਣੀ ਸਿੱਖ ਯਾਦਗਾਰ ਦੇ ਉਦਘਾਟਨ ਸਮੇਂ ਲੇਖਕ ਨੇ ਵਿਸ਼ਵ ਯੁੱਧਾਂ ਵਿਚ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਇਟਲੀ ਦੇ ਵਿਸ਼ੇਸ਼ ਸੰਦਰਭ ਵਿਚ ਜਾਣਨ ਲਈ ਖੋਜ ਆਧਾਰਿਤ ਕਿਤਾਬ ਲਿਖਣੀ ਸ਼ੁਰੂ ਕੀਤੀ ਸੀ। ਮੁਢਲੇ ਰੂਪ ਵਿਚ ਕਿਤਾਬ ਦੇ ਦੋ ਖੰਡਾਂ ਨੂੰ ਅੱਗੇ ਛੇ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਖੰਡ ਵਿਚ ਭੂਮਿਕਾ, ਭੁਪਿੰਦਰ ਸਿੰਘ ਹਾਲੈਂਡ ਵਲੋਂ ਕਿਤਾਬ ਬਾਰੇ ਜਾਣ-ਪਛਾਣ, ਦਲ ਸਿੰਘ ਢੇਸੀ ਅਤੇ ਸੰਚਾਲਕ ਯੂਰਪੀ, ਪੰਜਾਬੀ ਸੱਥ ਵਲੋਂ ਕਿਤਾਬ ਪ੍ਰਤੀ ਆਪਣੇ ਵਿਚਾਰ ਅਤੇ ਪ੍ਰਤੀਕਰਮ ਦਿੱਤੇ ਗਏ ਹਨ। ਦੂਸਰੀ ਸੰਸਾਰ ਜੰਗ ਹੋਣ ਦੇ ਕੁਝ ਕਾਰਨ, ਸੰਸਾਰ ਯੁੱਧਾਂ ਵਿਚ ਸਿੱਖ ਕਿਸ ਤਰ੍ਹਾਂ ਸ਼ਾਮਿਲ ਹੋਏ, ਇਟਲੀ ਦੀ ਜੰਗ, ਭਾਰਤੀਆਂ ਦਾ ਇਟਲੀ ਦੀ ਜੰਗ ਵਿਚ ਯੋਗਦਾਨ, ਚੌਥੀ ਇੰਡੀਅਨ ਡਵੀਜ਼ਨ, ਅੱਠਵੀਂ ਭਾਰਤੀ ਇਨਫੈਂਟਰੀ ਡਵੀਜ਼ਨ ਅਤੇ ਦਸਵੀਂ ਭਾਰਤੀ ਡਵੀਜ਼ਨ ਆਦਿ ਬਾਰੇ ਤੱਥ, ਵੇਰਵੇ ਦਿੱਤੇ ਗਏ ਹਨ। ਇਟਲੀ ਦੀਆਂ ਅਤਿ ਖ਼ਤਰਨਾਕ ਲੜਾਈਆਂ ਜਿਵੇਂ ਅਸੰਭਵ ਪੁਲ ਲੜਾਈ, ਤਰੀਨੀਉ ਦੀ ਸਾਂਗਰੋ, ਤੁਫੀਲੋ, ਅਤੇਸਾ, ਸਾਂਗਰੋ, ਮੋਸਾਗਰੋਨੀਆਂ, ਕਲਦਾਰੀ, ਵਿਲਾ ਗਰਾਂਦੇ, ਮੇੱਤੇਂ ਕਸੀਨੋ, ਗੁਸਤਾਵ ਲਾਈਨ, ਲੀਰੀ ਘਾਟੀ, ਮੇੱਨਤੋਨੇ, ਤਿੱਬਰ, ਮੇੱਨਤੇ, ਫਵਾਲਤੋ, ਗੋਥਿਕ, ਲਾਈਨ, ਮਾਰਾਦੀ, ਫਲੋਰੈਂਸ ਅਤੇ ਬਲੋਨੀਆ ਆਦਿ ਵਿਚ ਸਿੱਖ ਸੈਨਿਕਾਂ ਦਾ ਗੌਰਵਸ਼ਾਲੀ ਯੋਗਦਾਨ ਉਜਾਗਰ ਕੀਤਾ ਗਿਆ ਹੈ।
ਦੂਸਰੇ ਖੰਡ ਨੂੰ ਅੱਗੇ ਦੋ ਭਾਗਾਂ ਵਿਚ ਮੁਲਾਕਾਤਾਂ ਸਿਰਲੇਖ ਅਧੀਨ ਸ਼ਾਮਿਲ ਕੀਤਾ ਗਿਆ ਹੈ। ਪਹਿਲੇ ਭਾਗ ਵਿਚ ਪੰਜਾਬ ਵਿਚ ਰਹਿੰਦੇ ਸਾਬਕਾ ਸਿੱਖ ਫ਼ੌਜੀਆਂ, ਉਨ੍ਹਾਂ ਦੇ ਸਕੇ-ਸਬੰਧੀਆਂ ਨਾਲ ਮੁਲਾਕਾਤਾਂ ਹਨ। ਦੂਸਰੇ ਭਾਗ ਵਿਚ ਇਟਲੀ ਦੇ ਸਥਾਨਕ ਲੋਕਾਂ ਨਾਲ ਮੁਲਾਕਾਤਾਂ ਹਨ। ਮੁਲਾਕਾਤਾਂ ਦਾ ਮੰਤਵ ਦੂਸਰੇ ਸੰਸਾਰ ਯੁੱਧ ਦੇ ਚਸ਼ਮਦੀਦ ਗਵਾਹਾਂ, ਉਨ੍ਹਾਂ ਦੀ ਹੱਡਬੀਤੀ, ਜੰਗ ਦੌਰਾਨ ਸਿੱਖ ਫ਼ੌਜੀਆਂ ਦੇ ਕੰਮ, ਬੀਰਤਾ ਅਤੇ ਆਚਰਣ ਬਾਰੇ ਜਾਣਕਾਰੀ ਹਾਸਲ ਕਰਨਾ ਸੀ। ਦੂਸਰੇ ਖੰਡ ਦੇ ਤੀਜੇ ਭਾਗ ਵਿਚ ਸਿੱਖ ਸੈਨਿਕਾਂ ਨੂੰ ਪ੍ਰਾਪਤ ਸਨਮਾਨ ਪੱਤਰ, ਮੈਡਲ, ਤਗਮੇ ਅਤੇ ਐਵਾਰਡ ਆਦਿ ਦਾ ਵੇਰਵਾ ਦਿੱਤਾ ਗਿਆ ਹੈ। ਦੂਸਰੇ ਯੁੱਧ ਸਮੇਂ 30 ਸਿੱਖ ਫ਼ੌਜੀਆਂ ਨੂੰ ਮਿਲਟਰੀ ਕਰਾਸ ਸਨਮਾਨ ਇਟਲੀ ਪ੍ਰਾਪਤ ਹੋਇਆ ਸੀ। ਮਿਲਟਰੀ ਕਰਾਸ ਪ੍ਰਾਪਤ ਕਰਨ ਵਾਲੇ ਸਿੱਖ ਫ਼ੌਜੀ, ਮੇਜਰ ਹਰਵੰਤ ਸਿੰਘ, ਜਮਾਂਦਾਰ ਕਾਕਾ ਸਿੰਘ, ਜਮਾਂਦਾਰ ਗੁਰਦਿਆਲ ਸਿੰਘ, ਜਮਾਂਦਾਰ ਸ਼ਾਮ ਸਿੰਘ, ਸੂਬੇਦਾਰ ਸੱਦਾ ਸਿੰਘ, ਸੂਬੇਦਾਰ ਮੇਜਰ ਦੌਲਤ ਸਿੰਘ ਆਦਿ ਸਮੇਤ 30 ਐਵਾਰਡੀਆਂ ਦਾ ਸੰਖੇਪ ਜੀਵਨ ਬਿਊਰਾ ਵੀ ਦਿੱਤਾ ਗਿਆ ਹੈ। ਭਾਰਤੀ ਵਸ਼ਿਸ਼ਟ ਸੇਵਾ ਮੈਡਲ, ਦੂਜੀ ਪੰਜਾਬ ਰੈਜੀਮੈਂਟ, ਗਿਆਰ੍ਹਵੀਂ ਸਿੱਖ ਰੈਜੀਮੈਂਟ, ਬਾਰਵੀਂ ਫਰੰਟੀਅਰ ਫੋਰਸ ਰੈਜੀਮੈਂਟ, ਤੇਰ੍ਹਵੀਂ ਫਰੰਟੀਅਰ ਫੋਰਸ ਰਾਈਫਲਸ, ਪੰਦਰ੍ਹਵੀਂ ਪੰਜਾਬ ਰੈਜੀਮੈਂਟ, ਸੋਲ੍ਹਵੀਂ ਪੰਜਾਬ ਰੈਜੀਮੈਂਟ, ਨਾਭਾ ਅਕਾਲ ਇਨਫੈਂਟਰੀ, ਇੰਡੀਅਨ ਆਰਮਡ ਕੋਰਪਸ, ਇੰਡੀਅਨ ਇੰਜੀਨੀਅਰਸ, ਰਾਇਲ ਇੰਡੀਅਨ ਆਰਮੀ ਸਰਵਿਸ ਕੋਰਪਸ ਆਦਿ ਦੇ ਵੇਰਵੇ ਅਤੇ ਸੈਨਾ ਸਨਮਾਨਾਂ ਦਾ ਵਰਨਣ ਹੈ। ਚਾਂਦੀ, ਤਾਂਬੇ, ਵਿਸ਼ਿਸ਼ਟ ਸੇਵਾ ਮੈਡਲ, ਬ੍ਰਿਟਿਸ਼ ਐਮਪਾਇਰ ਮੈਡਲ ਪ੍ਰਾਪਤ ਸਿੱਖ ਸੈਨਿਕਾਂ ਦੀਆਂ ਪ੍ਰਾਪਤੀਆਂ ਅਤੇ ਸ਼ਹਾਦਤਾਂ ਬਾਰੇ ਇਤਿਹਾਸਕ ਸ੍ਰੋਤਾਂ 'ਤੇ ਆਧਾਰਿਤ ਸੰਖੇਪ ਜੀਵਨ ਵੇਰਵੇ ਦਿੱਤੇ ਗਏ ਹਨ। ਸੰਖੇਪ ਵਿਚ ਬਲਵਿੰਦਰ ਸਿੰਘ ਚਾਹਲ ਦੀ ਇਹ ਕਿਤਾਬ ਪੰਜਾਬੀਆਂ ਤੇ ਸਿੱਖਾਂ ਦੀਆਂ ਦੂਸਰੇ ਵਿਸ਼ਵ ਯੁੱਧ ਵਿਚ ਕੁਰਬਾਨੀਆਂ ਦਾ ਇਕ ਮਹੱਤਵਪੂਰਨ ਇਤਿਹਾਸਕ ਦਸਤਾਵੇਜ਼ ਹੈ। ਲੇਖਕ ਵਲੋਂ ਲਗਪਗ 10 ਸਾਲ ਦੀ ਨਿਰੰਤਰ ਲਗਨ, ਇਮਾਨਦਾਰੀ, ਦ੍ਰਿੜ੍ਹਤਾ ਅਤੇ ਸਵੈ-ਨਿਸਚਤਾ 'ਤੇ ਆਧਾਰਿਤ ਯੂਰਪ ਵਿਚ ਸਿੱਖ ਇਤਿਹਾਸ ਨੂੰ ਠੀਕ ਤੇ ਪਾਰਦਰਸ਼ੀ ਰੂਪ ਵਿਚ ਪੇਸ਼ ਕਰਨ ਲਈ ਕੀਤਾ ਗਿਆ ਇਕ ਸਫ਼ਲ ਯਤਨ ਹੈ।


-ਡਾ: ਮੁਹੰਮਦ ਇਦਰੀਸ
ਮੋ: 98141-71786ਨਿਯਮੀ ਰਮਜਾਂ

ਲੇਖਕ : ਗੁਰਮੀਤ ਸਿੰਘ ਬਰਸਾਲ
ਪ੍ਰਕਾਸ਼ਕ : ਚੱਕ ਸਤਾਰਾਂ ਪ੍ਰਕਾਸ਼ਨ, ਰਾਜਪੁਰਾ (ਪਟਿਆਲਾ)
ਸਫ਼ੇ : 253
ਸੰਪਰਕ : 98722-41223.


ਸ਼ਾਇਰ ਗੁਰਮੀਤ ਸਿੰਘ ਬਰਸਾਲ ਹਥਲੀ ਕਾਵਿ-ਕਿਤਾਬ 'ਨਿਯਮੀ ਰਮਜਾਂ' ਤੋਂ ਪਹਿਲਾਂ 'ਕੋਰੇ ਅੱਥਰੂ', 'ਵਿਰਸੇ ਦੀ ਪਹਿਚਾਣ', 'ਵਿਰਸੇ ਦੇ ਗੀਤ' ਅਤੇ 'ਦੀਜੇ ਬੁੱਧ ਬਿਬੇਕਾ' ਪੰਜਾਬੀ ਅਦਬ ਦੀ ਝੋਲੀ ਪਾ ਚੁੱਕੇ ਹਨ। ਸ਼ਾਇਰ ਅਮਰੀਕਾ ਵਿਚ ਵਸਦਾ ਹੈ ਜਿਥੇ ਵੱਖ-ਵੱਖ ਨਸਲਾਂ ਅਤੇ ਕੌਮੀਅਤਾਂ ਦੇ ਲੋਕ ਪਰਵਾਸ ਹੰਢਾਅ ਰਹੇ ਹਨ ਅਤੇ ਸ਼ਾਇਰ ਦਾ ਗਲੋਬਲੀ ਚਿੰਤਨ ਉਨ੍ਹਾਂ ਦੀਆਂ ਲਿਖਤਾਂ ਵਿਚ ਪ੍ਰਤੱਖ ਨਜ਼ਰ ਆਉਂਦਾ ਹੈ। ਸ਼ਾਇਰ ਗੁਰਮਤਿ ਫਲਸਫ਼ੇ ਦੇ ਜਨੂੰਨ ਦੀ ਹੱਦ ਤੱਕ ਦਾ ਪ੍ਰਚਾਰਕ ਹੈ ਅਤੇ ਅਮਰੀਕਾ ਦੇ ਸ਼ਹਿਰ ਯੂਬਾ ਸਿਟੀ ਵਿਚ ਹਰ ਸਾਲ ਲੱਗਣ ਵਾਲੇ ਪੁਸਤਕ ਵਿਕਰਾਵਾਂ ਦੇ ਮੇਲੇ ਵਿਚ ਗੁਰਮਤਿ ਫਲਸਫ਼ੇ ਨੂੰ ਪਰਨਾਈਆਂ ਪੁਸਤਕਾਂ ਦਾ ਮੁਫ਼ਤ ਲੰਗਰ ਲਾਉਂਦੇ ਹਨ ਅਤੇ ਹਥਲੀ ਕਿਤਾਬ ਉਸੇ ਕੜੀ ਦਾ ਹਿੱਸਾ ਹੈ। ਸ਼ਾਇਰ ਨੂੰ ਉਸ ਵਕਤ ਬਹੁਤ ਦੁੱਖ ਪਹੁੰਚਦਾ ਹੈ ਜਦੋਂ ਮੌਜੂਦਾ ਪਦਾਰਥਵਾਦੀ ਯੁੱਗ ਵਿਚ 'ਨਿਆਰਾ ਖਾਲਸਾ' ਨੂੰ ਤਿਲਾਂਜਲੀ ਦੇ ਕੇ 'ਬਿਪਰਨ ਕੀ ਰੀਤ' ਦਾ ਮੁੜ ਕੇ ਪੱਲਾ ਫੜਨ ਦੀ ਹੋੜ ਲੱਗੀ ਹੈ। ਇਸ ਪੁਸਤਕ ਵਿਚ ਸ਼ਰਧਾ ਨੂੰ ਤਿਆਗ ਕੇ ਵਿਗਿਆਨਕ ਸੋਚ ਅਤੇ ਤਰਕ ਦੀ ਕਸਵੱਟੀ 'ਤੇ ਗੁਰਮਤਿ ਫਲਸਫ਼ੇ ਨੂੰ ਸਮਝਣ ਸਮਝਾਉਣ 'ਤੇ ਜ਼ੋਰ ਦਿੱਤਾ ਗਿਆ ਹੈ। ਸ਼ਾਇਰ ਤਾਂ 'ਬਚਿੱਤਰ ਨਾਟਕ' ਦੀ ਲਿਖਤ 'ਤੇ ਵੀ ਸੰਦੇਹ ਪ੍ਰਗਟ ਕਰਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਸਿੱਖ ਬੁੱਧੀਜੀਵੀਆਂ ਦਾ ਗਠਨ ਕਰਕੇ ਜੋ ਫਲਸਫ਼ੇ 'ਤੇ ਨਹੀਂ ਉਤਰਦਾ, ਉਸ 'ਤੇ ਕਾਟਾ ਫੇਰਿਆ ਜਾਵੇ। ਸ਼ਾਇਰ ਜਿਥੇ ਹਿੰਦੂ ਮਿਤਿਹਾਸ, ਚਾਣਕੀਆ ਨੀਤੀ ਅਤੇ ਡੇਰਾਵਾਦ ਦੇ ਬਖੀਏ ਉਖੇੜਦਾ ਹੈ, ਉਥੇ ਮੌਜੂਦਾ ਅਕਾਲੀਆਂ ਦੇ ਦੰਭ ਨੂੰ ਵੀ ਆੜੇ ਹੱਥੀਂ ਲੈਂਦਾ ਹੈ, ਇਸ ਦਾ ਨਮੂਨਾ ਪਾਠਕਾਂ ਲਈ ਹਾਜ਼ਰ ਹੈ :
'ਕਹਿਣ ਨੂੰ ਅਕਾਲੀ ਤਾਂ ਅਕਾਲ ਦੇ ਪੁਜਾਰੀ ਹੁੰਦੇ
ਅੱਜਕਲ੍ਹ ਕਾਲ-ਮਹਾਂਕਾਲ ਨੂੰ ਧਿਆਉਂਦੇ ਆ
ਪੰਥ ਨੂੰ ਵਸਾਉਣ ਦੇ ਲਈ ਖ਼ੁਦ ਨੂੰ ਉਜਾੜਦੇ ਸੀ
ਹੁਣ ਤਾਂ ਇਹ ਆਪਣੇ ਲਈ ਪੰਥ ਮਰਵਾਉਂਦੇ ਆ'।


-ਭਗਵਾਨ ਢਿੱਲੋਂ
ਮੋ: 98143-78254.


ਗੁੰਝਲ
ਲੇਖਕ : ਭਰਤ ਓਲ਼ਾ
ਅਨੁਵਾਦ : ਕੇਸਰਾ ਰਾਮ
ਪ੍ਰਕਾਸ਼ਕ : ਨਵਯੁੱਗ ਪਬਲਿਸਰਜ਼, ਨਵੀਂ ਦਿੱਲੀ
ਮੁੱਲ : 250 ਰੁਪਏ, ਸਫ਼ੇ : 131
ਸੰਪਰਕ : 094162-35210.


'ਗੁੰਝਲ' ਭਾਰਤੀ ਸਮਾਜਿਕ ਵਿਵਸਥਾ ਦੇ ਜ਼ਿਹਨ ਵਿਚ ਅਟਕੀ ਇਕ ਅਜਿਹੀ ਗੁੰਝਲ ਦੀ ਗਾਥਾ ਬਿਆਨਦਾ ਹੈ, ਜਿਸ ਨੂੰ ਸੁਲਝਾਉਣ ਦੀਆਂ ਕੀਤੀਆਂ ਜਾ ਰਹੀਆਂ ਸਭ ਕੋਸ਼ਿਸ਼ਾਂ ਅਜੇ ਵੀ ਵਿਅਰਥ ਹੀ ਨਜ਼ਰ ਆ ਰਹੀਆਂ ਹਨ। ਨਾਵਲ ਦਾ ਮੁੱਖ ਮੁੱਦਾ ਜਾਤੀਵਾਦ ਅਤੇ ਰਿਜ਼ਰਵੇਸ਼ਨ 'ਤੇ ਆਧਾਰਿਤ ਹੈ ਅਤੇ ਜਿਸ ਪ੍ਰਕਾਰ ਨਾਵਲਕਾਰ ਨੇ ਇਨ੍ਹਾਂ ਮੁੱਦਿਆਂ ਦੇ ਆਧਾਰ 'ਤੇ ਨਾਵਲ ਦਾ ਤਾਣਾ ਬਾਣਾ ਬੁਣਿਆ ਹੈ, ਉਹ ਬਾਕਮਾਲ ਹੈ। ਦੋਵੇਂ ਮੁੱਦੇ ਨਾਵਲ ਵਿਚ ਹਰ ਜਗ੍ਹਾ ਮੌਜੂਦ ਵੀ ਹਨ ਅਤੇ ਬਾਕੀ ਮਸਲਿਆਂ ਨੂੰ ਉਭਾਰਨ ਵਿਚ ਸਹਾਇਕ ਵੀ। ਨਾਵਲ ਦਾ ਘਟਨਾਕ੍ਰਮ ਚਾਰ ਦੋਸਤਾਂ ਦੀ ਇਕ ਲੜਕੀ ਦੀ ਸ਼ਨਾਖਤ ਕਰਨ ਦੀ ਸ਼ਰਤ ਲਗਾਉਣ ਨਾਲ ਆਰੰਭ ਹੁੰਦਾ ਹੈ। ਚਾਰੇ ਦੋਸਤ ਆਪੋ-ਆਪਣੀ ਜਾਤੀ ਵਰਗ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਦੂਸਰੇ ਪਾਸੇ ਲੜਕੀ ਅਜਿਹੇ ਵਰਗ ਦੀ ਜਿਹੜਾ ਸਦੀਆਂ ਦੇ ਸੰਘਰਸ਼ ਤੋਂ ਬਾਅਦ ਆਪਣੀ ਸਵੈ-ਪਛਾਣ ਨੂੰ ਗ੍ਰਹਿਣ ਕਰਦਿਆਂ ਚੇਤੰਨ ਹੋ ਰਿਹਾ ਹੈ।
ਪੂਰੇ ਨਾਵਲ ਦੀ ਕਹਾਣੀ ਵਿਚ ਉਨ੍ਹਾਂ ਚਾਰਾਂ ਦੋਸਤਾਂ ਨੂੰ ਇਹੀ ਮਸਲਾ ਅੰਚਭਿਤ ਕਰੀ ਰੱਖਦਾ ਹੈ। ਚਾਰੇ ਹੀ ਨੌਜਵਾਨਾਂ ਵਿਚ ਆਪੋ-ਆਪਣੀ ਜਾਤੀ ਦੇ ਸਮੂਹਿਕ ਮਨੋਵਿਗਿਆਨ ਦੀਆਂ ਜੜ੍ਹਾਂ ਇਸ ਕਦਰ ਡੂੰਘੀਆਂ ਹਨ ਕਿ ਉਨ੍ਹਾਂ ਲਈ ਸਵੈ-ਵਿਸ਼ਵਾਸ ਭਰੀ ਉਸ ਚੇਤੰਨ ਲੜਕੀ ਦੀ ਉਸ ਹੋਂਦ ਨੂੰ ਸਵੀਕਾਰਨਾ ਅਸੰਭਵ ਜਿਹਾ ਲਗਦਾ ਹੈ, ਜਿਸ ਦੀ ਹੋਂਦ ਉਨ੍ਹਾਂ ਦੇ ਜਾਤੀ ਸਮਾਜ ਲਈ ਕੋਈ ਮਾਅਨੇ ਨਹੀ ਰੱਖਦੀ। ਨਾਵਲ ਦਾ ਇਕ ਛੋਟਾ ਪਰ ਬਹੁਤ ਹੀ ਅਹਿਮ ਪਾਤਰ ਜਗਮੀਤ ਸਿੰਘ ਹੈ, ਜਿਸ ਰਾਹੀਂ ਨਾਵਲਕਾਰ ਨੇ ਭਗਤ ਸਿੰਘ ਦੀ ਸੋਚ ਨੂੰ ਉਜਾਗਰ ਕਰਦਿਆਂ ਭਾਰਤੀ ਆਜ਼ਾਦੀ ਦੇ ਕੁਝ ਅਹਿਮ ਪੱਖਾਂ ਨੂੰ ਨੌਜਵਾਨ ਪੀੜ੍ਹੀ ਅੱਗੇ ਰੱਖਣ ਦਾ ਯਤਨ ਕੀਤਾ ਹੈ। ਸਵੈ-ਪਛਾਣ ਦੀ ਦੌੜ ਵਿਚ ਮਨੀਸ਼ਾ ਇਨ੍ਹਾਂ ਸਾਰਿਆਂ ਨਾਲੋਂ ਕਿਤੇ ਉੱਪਰ ਜਾਪਦੀ ਹੈ ਕਿਉਂਕਿ ਉਸ ਕੋਲ ਸਵੀਕਾਰਤਾ ਹੈ, ਦੂਸਰੇ ਪਾਸੇ ਇੰਡੂ ਚੌਧਰੀ ਵਰਗਾ ਬੇਯਕੀਨੀ ਦੇ ਆਲਮ ਵਿਚ ਵਿਚਰਨ ਲਗਦਾ ਹੈ। ਨਾਵਲ ਧਰਮ ਅਤੇ ਮਾਇਆ ਦੇ ਰਿਸ਼ਤੇ ਨੂੰ ਵੀ ਬਾਖੂਬੀ ਪੇਸ਼ ਕਰਦਾ ਹੈ। ਨਾਵਲ ਦਾ ਪਾਤਰ ਚਿਤਰਨ ਕਮਾਲ ਦਾ ਹੈ, ਜਿਸ ਵਿਚ ਪਾਤਰਾਂ ਦੀ ਮਨੋਸਥਿਤੀ ਨੂੰ ਬਹੁਤ ਖੂਬਸੂਰਤੀ ਨਾਲ ਬਿਆਨਿਆ ਗਿਆ ਹੈ। ਆਮ ਨਾਵਲਾਂ ਤੋਂ ਉਲਟ ਬਹੁਤ ਥੋੜ੍ਹੇ ਸ਼ਬਦਾਂ ਵਿਚ ਵੱਡੀ ਗੁੰਝਲ ਨੂੰ ਪੇਸ਼ ਕਰਦੇ ਇਸ ਨਾਵਲ ਨੂੰ ਪੜ੍ਹਦਿਆਂ ਪਾਠਕ ਸਹਿਜੇ ਹੀ ਉਸ ਸਮੱਸਿਆ ਦੇ ਰੂਬਰੂ ਹੁੰਦਾ ਹੈ ਜਿਹੜੀ ਅਜੇ ਵੀ ਭਾਰਤੀ ਸਮਾਜ ਨੂੰ ਘੁਣ ਵਾਂਗ ਖਾ ਰਹੀ ਹੈ।


-ਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823


ਭਲਾ ਆਦਮੀ
ਲੇਖਕ : ਹਰੀ ਸਿੰਘ ਢੁੱਡੀਕੇ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 120 ਰੁਪਏ, ਸਫ਼ੇ : 127
ਸੰਪਰਕ : 94178-55876.


'ਭਲਾ ਆਦਮੀ' ਨਾਇਕ ਪ੍ਰਧਾਨ ਇਤਿਹਾਸਕ ਨਾਵਲ ਹੈ। ਇਸ ਦਾ ਨਾਇਕ ਗੁਰਦਿੱਤ ਸਿੰਘ ਸਰਹਾਲੀ ਹੈ ਜੋ ਸਿੰਗਾਪੁਰ ਵਿਚ ਕਾਰੋਬਾਰੀ ਧਨਾਢ ਸੀ। ਇਸ ਦਾ ਵਿਸ਼ਾ-ਵਸਤੂ ਕੁਝ ਇਸ ਪ੍ਰਕਾਰ ਹੈ : ਪੰਜਾਬ ਦੇ ਬਹੁਤ ਸਾਰੇ ਕਿਸਾਨ ਆਰਥਿਕ ਤੰਗੀਆਂ ਤੋਂ ਛੁਟਕਾਰਾ ਪਾਉਣ ਹਿਤ, ਚੰਗਾ ਜੀਵਨ ਬਤੀਤ ਕਰਨ ਲਈ ਆਪਣੀਆਂ ਜਾਇਦਾਦਾਂ, ਜ਼ਮੀਨਾਂ ਵੇਚ ਕੇ ਕਰਜ਼ੇ ਚੁੱਕ ਕੇ ਕੈਨੇਡਾ ਜਾਣ ਦੀ ਤਿਆਰੀ ਕਰ ਕੇ ਔਖੇ-ਸੌਖੇ ਹਾਂਗਕਾਂਗ ਪਹੁੰਚ ਗਏ। ਉਥੋਂ ਦੀ ਸਰਕਾਰ ਨੇ ਉਨ੍ਹਾਂ ਦੇ ਕੈਨੇਡਾ ਪੁੱਜਣ ਦੀ ਸਹੀ ਵਿਵਸਥਾ ਨਾ ਕੀਤੀ। ਲੰਮੀ ਉਡੀਕ ਕਾਰਨ ਉਹ ਤੰਗ ਆ ਗਏ। ਇਸ ਹਾਲਤ ਦੀ ਭਿਣਕ ਪਰਉਪਕਾਰੀ ਭਲੇ ਬੰਦੇ ਗੁਰਦਿੱਤ ਸਿੰਘ ਦੇ ਕੰਨੀਂ ਪੈ ਗਈ। ਬਸ ਫਿਰ ਕੀ ਸੀ-ਉਸ ਨੇ ਪੰਜਾਬੀਆਂ ਨੂੰ ਕੈਨੇਡਾ ਪਹੁੰਚਾਉਣ ਲਈ ਆਪਣੀ ਸਾਰੀ ਪ੍ਰਾਪਰਟੀ ਦਾਅ 'ਤੇ ਲਾ ਕੇ ਕਾਮਾਗਾਟਾਮਾਰੂ ਜਹਾਜ਼ ਕਿਰਾਏ 'ਤੇ ਲੈ ਲਿਆ ਅਤੇ ਉਸ ਦਾ ਨਾਂਅ ਬਦਲ ਕੇ ਗੁਰੂ ਨਾਨਕ ਜਹਾਜ਼ ਰੱਖ ਲਿਆ ਪਰ ਕੈਨੇਡਾ ਸਰਕਾਰ ਨੇ ਉਸ ਜਹਾਜ਼ ਨੂੰ ਕਿਸੇ ਤਣ-ਪੱਤਣ ਨਾ ਲੱਗਣ ਦਿੱਤਾ ਤੇ ਵਾਪਸ ਮੋੜ ਦਿੱਤਾ। ਵਾਪਸੀ ਸਮੇਂ ਕਲਕੱਤੇ ਬਜਬਜ ਘਾਟ 'ਤੇ ਭੁੱਖੇ-ਭਾਣੇ ਤੇ ਨਿਹੱਥੇ ਮੁਸਾਫ਼ਰਾਂ ਨੂੰ ਅੰਨ੍ਹੇਵਾਹ ਗੋਲੀਆਂ ਚਲਾ ਕੇ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ। ਸਬੱਬ ਨਾਲ ਨਾਇਕ ਬਚ ਗਿਆ ਪਰ ਉਸ ਦੇ 7 ਸਾਲਾ ਇਕਲੌਤੇ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਗੁਰਦਿੱਤ ਸਿੰਘ ਦੀਆਂ ਫੋਟੋਆਂ ਜਾਰੀ ਕਰਕੇ ਉਸ ਦੇ ਸਿਰ ਦਾ ਮੁੱਲ ਰੱਖ ਦਿੱਤਾ। ਉਹ 7 ਸਾਲ ਅਨੇਕਾਂ ਸੰਕਟਾਂ ਦਾ ਤਨਦੇਹੀ ਨਾਲ ਸਾਹਮਣਾ ਕਰਦਾ ਗੁਪਤਵਾਸ ਵਿਚ ਰਿਹਾ। ਉਹ ਪੰਜਾਬ ਆ ਕੇ ਅੰਗਰੇਜ਼ਾਂ ਵਿਰੁੱਧ ਅਤੇ ਆਜ਼ਾਦੀ ਸੰਘਰਸ਼ ਵਿਚ ਗਦਰੀ ਪਾਰਟੀ ਦਾ ਸਹਿਯੋਗ ਕਰਨਾ ਚਾਹੁੰਦਾ ਸੀ। ਉਹ ਕਾਂਗਰਸ ਪਾਰਟੀ ਦੀ ਨਰਮ-ਨੀਤੀ ਦੇ ਖਿਲਾਫ਼ ਸੀ। ਉਸ ਨੂੰ ਬਜਬਜ ਘਾਟ, ਜਲ੍ਹਿਆਂਵਾਲੇ ਬਾਗ ਦੀ ਘਟਨਾ ਅਤੇ ਨਨਕਾਣਾ ਸਾਹਿਬ ਦੇ ਸਾਕੇ ਦਾ ਦੁੱਖ ਸੀ। ਅੰਤ ਨੂੰ ਉਹ ਨਨਕਾਣਾ ਸਾਹਿਬ ਵਿਖੇ ਅਰਦਾਸ ਕਰਕੇ ਪੁਲਿਸ ਅੱਗੇ ਆਤਮ-ਸਮਰਪਣ ਕਰਕੇ ਗ੍ਰਿਫ਼ਤਾਰੀ ਦੇ ਦਿੰਦਾ ਹੈ। ਇਹ ਨਾਵਲ ਕਾਲਕ੍ਰਮ ਅਨੁਸਾਰ ਸਿਰਜਿਆ ਗਿਆ ਹੈ। ਕਈ ਥਾਵਾਂ 'ਤੇ ਲੇਖਕ ਪਿੱਛਲਝਾਤ ਵੀ ਪਾਉਂਦਾ ਹੈ। ਇਤਿਹਾਸਕ ਉਪ-ਕਥਾਵਾਂ ਬੜੀਆਂ ਸਜੀਵ ਹਨ। ਅਨੇਕਾਂ ਮੋਟਿਫ਼ ਗਤੀਸ਼ੀਲ ਹਨ। ਅਧਿਕਤਰ ਘਟਨਾਵਾਂ ਦੀ ਪ੍ਰਸਤੁਤੀ ਨਾਇਕ ਦੇ ਖਿਆਲੀ ਪੁਲਾਓ (ਡੇ-ਡਰੀਮਿੰਗ) ਰਾਹੀਂ ਕੀਤੀ ਗਈ ਹੈ। ਬਿਰਤਾਂਤ ਵਿਚ ਘਟਨਾਵਾਂ ਅਤੇ ਸ਼ਬਦਾਵਲੀ ਦਾ ਤਰਕਪੂਰਨ ਦੁਹਰਾਓ ਉਪਲਬਧ ਹੈ। ਇਕੋ ਘਟਨਾ ਦੀ ਪੇਸ਼ਕਾਰੀ ਸਮੇਂ ਵੱਖ-ਵੱਖ ਬੁਲਾਰੇ ਵੱਖ-ਵੱਖ ਪ੍ਰਤੀਕਰਮ ਪੇਸ਼ ਕਰਦੇ ਵੇਖੇ ਜਾ ਸਕਦੇ ਹਨ ਪਰ ਅਜਿਹੇ ਸਮੇਂ ਬਿਰਤਾਂਤਕ ਗਤੀ ਮੱਧਮ ਪੈ ਜਾਂਦੀ ਹੈ। ਨਾਵਾਂ, ਥਾਵਾਂ, ਹਿਰਦੇਵੇਧਕ ਘਟਨਾਵਾਂ ਯਥਾਰਥਕ ਪ੍ਰਤੀਤ ਹੁੰਦੀਆਂ ਹਨ। ਨਾਇਕ ਦੇ ਦੁੱਖਾਂ, ਸੁੱਖਾਂ ਦਾ ਮਾਨਸਿਕ ਵਿਸ਼ਲੇਸ਼ਣ ਸਾਰੇ ਨਾਵਲ 'ਤੇ ਛਾਇਆ ਹੋਇਆ ਹੈ। ਗ੍ਰਿਫ਼ਤਾਰੀ ਦੇਣ ਤੋਂ ਬਾਅਦ ਨਾਇਕ ਦਾ ਕੀ ਬਣਿਆ? ਉਸ ਦਾ ਇਕਲੌਤਾ ਪੁੱਤਰ ਕਿੱਥੇ, ਕਿਸ ਹਾਲਤ ਵਿਚ ਹੈ? ਇਨ੍ਹਾਂ ਗੱਲਾਂ ਦੇ ਉੱਤਰਾਂ ਬਾਰੇ ਸੋਚਦਾ ਪਾਠਕ ਪ੍ਰਸ਼ਨ ਚਿੰਨ੍ਹ (?) ਦੀ ਸੂਲੀ 'ਤੇ ਟੰਗਿਆ ਮਹਿਸੂਸ ਕਰ ਸਕਦਾ ਹੈ। ਇੰਜ ਇਹ ਨਾਵਲ ਓਪਨ-ਟੈਕਸਟ ਸਿਰਜਦਾ ਹੈ।


-ਡਾ: ਧਰਮ ਚੰਦ ਵਾਤਿਸ਼
ਮੋ: 88376-79186.


ਮੇਰੇ ਸਾਹੀਂ ਵਸਿਆ...
ਮੇਰਾ ਪਿੰਡ ਲਧਾਣਾ ਝਿੱਕਾ

ਲੇਖਕ : ਗੁਰਦੀਪ ਸਿੰਘ 'ਮੁਕੱਦਮ'
ਪ੍ਰਕਾਸ਼ਕ : ਬੀ.ਆਰ.ਐਸ. ਪਬਲੀਕੇਸ਼ਨਜ਼ ਸੂਨੀ (ਹੁਸ਼ਿਆਰਪੁਰ)
ਸੰਪਰਕ : 99159-82419.


ਲੇਖਕ ਨੇ ਤਿੰਨ ਨਾਵਲਾਂ ਦੀ ਰਚਨਾ ਕਰਨ ਤੋਂ ਬਾਅਦ ਇਹ ਚੌਥੀ ਪੁਸਤਕ ਸਾਹਿਤ-ਵਿਧਾ ਵਾਰਤਕ ਵਿਚ ਰਚੀ ਹੈ, ਜਿਸ ਵਿਚ ਉਸ ਨੇ ਆਪਣੇ ਪਿੰਡ ਲਧਾਣਾ ਝਿੱਕਾ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਨੇੜੇ ਤਹਿਸੀਲ ਬੰਗਾ ਦਾ ਇਤਿਹਾਸ ਲਿਖਿਆ ਹੈ। ਜਿਸ ਲਈ ਉਸ ਨੇ ਜਾਨ-ਤੋੜਵੀਂ ਨੱਠ-ਭੱਜ ਅਤੇ ਮੁਸ਼ੱਕਤ ਕੀਤੀ ਹੈ। ਪਿੰਡ ਦੇ ਉਨ੍ਹਾਂ ਲੋਕਾਂ ਨਾਲ ਉਸ ਨੇ ਲੰਮੀਆਂ ਬੈਠਕਾਂ ਕਰਕੇ ਇਸ ਪੁਸਤਕ ਲਈ ਲੋੜੀਂਦਾ 'ਰਚਨ-ਮਸਲਾ' ਇਕੱਤਰ ਕੀਤਾ ਹੈ। ਇਸੇ ਤਰ੍ਹਾਂ ਹੋਰ ਜ਼ਰੂਰੀ ਜਾਣਕਾਰੀ ਉਸ ਨੇ ਸਰਕਾਰ ਦੇ ਮਾਲ-ਵਿਭਾਗ ਦੇ ਦਫ਼ਤਰਾਂ ਤੋਂ ਹਾਸਲ ਕਰਕੇ ਇਸ ਪੁਸਤਕ ਨੂੰ ਸਫਲਤਾ ਨਾਲ ਨੇਪਰੇ ਚੜ੍ਹਾਇਆ। ਪਿੰਡ ਦੇ ਇਤਿਹਾਸ ਦੀ ਆਰੰਭਤਾ ਵਿਚ ਲੇਖਕ ਨੇ ਇਹ ਤੱਥ ਪੇਸ਼ ਕੀਤਾ ਹੈ ਕਿ ਸਵ: ਸ: ਚੜ੍ਹਤ ਸਿੰਘ ਮੁਕੱਦਮ ਸਪੁੱਤਰ ਸ: ਝੰਡਾ ਸਿੰਘ ਬਣਵੈਤ ਨੇ ਸੰਨ 1765 ਵਿਚ ਇਸ ਪਿੰਡ ਦੀ ਮੋਹੜੀ ਗੱਡੀ ਸੀ। ਉਸ ਸਮੇਂ ਪ੍ਰਚੱਲਿਤ ਮਰੂਸੀ/ਮੁਜ਼ਾਹਰਾ ਪ੍ਰਥਾ ਨੂੰ ਤੋੜਦੇ ਹੋਏ ਇਹ ਪਿੰਡ ਵਸਾਇਆ ਗਿਆ ਸੀ। ਲੇਖਕ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਪੁਸਤਕ ਲਿਖ ਕੇ ਪਿੰਡ ਦੇ ਮਾਣਮੱਤੇ ਇਤਿਹਾਸ ਨੂੰ ਸਾਂਭਦਿਆਂ ਸ਼ਲਾਘਾਯੋਗ ਉੱਦਮ ਕੀਤਾ। ਢੁਕਵੇਂ ਅਤੇ ਸੰਖੇਪ ਸ਼ਬਦਾਂ ਵਿਚ ਉਸ ਨੇ ਇਸ ਪੁਸਤਕ ਵਿਚ ਜਿਥੇ ਵੱਖ-ਵੱਖ ਪ੍ਰਾਪਤੀਆਂ ਕਰਨ ਵਾਲੀਆਂ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਦਰਜ ਕੀਤੀ ਹੈ, ਉਥੇ ਪਿੰਡ ਦੇ ਉੱਘੇ ਕਵੀਆਂ ਅਤੇ ਸਾਹਿਤਕਾਰਾਂ ਬਾਰੇ ਉਨ੍ਹਾਂ ਦੀਆਂ ਪ੍ਰਤੀਨਿਧ ਰਚਨਾਵਾਂ ਸਮੇਤ ਜਾਣਕਾਰੀ ਛਾਪੀ ਹੈ। ਸਾਹਿਤਕ ਨਜ਼ਰੀਏ ਤੋਂ ਪਰਖੀਏ ਤਾਂ ਲੇਖਕ ਗੁਰਦੀਪ ਸਿੰਘ 'ਮੁਕੱਦਮ' ਨੇ ਪੰਜਾਬੀ ਦੀ ਦੋਆਬੀ ਉਪ ਬੋਲੀ ਦੇ ਨਾਲ-ਨਾਲ ਕੇਂਦਰੀ ਬੋਲੀ ਵਿਚ ਪੁਸਤਕ ਮੁਕੰਮਲ ਕੀਤੀ। ਪਿੰਡ ਦੇ ਯੂਥ ਕਲੱਬ ਬਾਰੇ ਤੇ ਹੋਰ ਕਲਾਕਾਰਾਂ ਬਾਰੇ ਖੂਬ ਲਿਖਿਆ ਗਿਆ। ਇਸ ਸ਼ਾਨਦਾਰ ਪੁਸਤਕ ਲਈ ਲੇਖਕ ਵਧਾਈ ਦਾ ਪਾਤਰ ਹੈ। ਸੱਚਮੁੱਚ ਪੁਸਤਕ ਸਾਂਭਣਯੋਗ ਹੈ।


-ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444.

10-10-2020

 ਬਾਵਨ ਲੱਠੇ
ਲੇਖਕ : ਪ੍ਰਿੰ: ਬਲਵਿੰਦਰ ਸਿੰਘ ਫਤਹਿਪੁਰੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 126
ਸੰਪਰਕ : 98146-19342.


ਬਲਵਿੰਦਰ ਸਿੰਘ ਸਰਲ, ਰੌਚਿਕ ਅਤੇ ਜਾਣਕਾਰੀ ਭਰਪੂਰ ਪੰਜਾਬੀ ਵਾਰਤਕ ਲਿਖਣ ਵਾਲਾ ਜਾਣਿਆ ਪਛਾਣਿਆ ਨਾਂਅ ਹੈ। ਪੰਜਾਬੀਆਂ ਦੇ ਹਸ ਖੇਡ ਕੇ ਜ਼ਿੰਦਾਦਿਲੀ ਨਾਲ ਜੀਣ ਦੇ ਅੰਦਾਜ਼ ਦੀ ਉਸ ਦੀ ਸਮਝ ਪ੍ਰਮਾਣਿਕ ਹੈ। ਪੰਜਾਬ ਦੇ ਪੇਂਡੂ ਸ਼ਹਿਰੀ ਜੀਵਨ ਨੂੰ ਉਸ ਨੇ ਨੀਝ ਨਾਲ ਵੇਖਿਆ ਜਾਣਿਆ ਹੈ। ਕਵਿਤਾ, ਨਾਵਲ, ਨਿਬੰਧ ਤੇ ਭਾਂਤ-ਸੁਭਾਂਤੇ ਵਿਅਕਤੀ ਚਿੱਤਰ ਉਸ ਨੇ ਵੱਡੀ ਗਿਣਤੀ ਵਿਚ ਲਿਖੇ ਹਨ। ਉਸ ਦੇ ਕਈ ਨਿਬੰਧਾਂ ਤੇ ਵਿਅਕਤੀ ਚਿੱਤਰਾਂ ਦੇ ਸੰਗ੍ਰਹਿ ਮੈਂ ਪਹਿਲਾਂ ਪੜ੍ਹ ਕੇ ਉਸ ਦੀ ਸ਼ੈਲੀ ਤੇ ਗਿਆਨ ਤੋਂ ਪ੍ਰਭਾਵਿਤ ਹੋਇਆ ਹਾਂ। ਇਸ ਕਿਤਾਬ ਨੇ ਮੇਰੇ ਉਨ੍ਹਾਂ ਪ੍ਰਭਾਵਾਂ ਨੂੰ ਹੋਰ ਗਹਿਰਾ ਕੀਤਾ ਹੈ।
ਇਸ ਕਿਤਾਬ ਵਿਚ ਫਤਹਿਪੁਰੀ ਨੇ ਤਿੰਨ-ਚਾਰ ਪੰਨਿਆਂ ਤੱਕ ਸੀਮਤ 52 ਜ਼ਿੰਦਾਦਿਲ ਪੰਜਾਬੀਆਂ ਦੇ ਵਿਅਕਤੀ ਚਿੱਤਰ ਲਿਖੇ ਹਨ। ਇਨ੍ਹਾਂ ਵਿਚ ਅੜ੍ਹਬ, ਮਲੰਗ ਤੇ ਵੈਲੀ ਹਨ। ਸਾਹਿਤਕਾਰ ਹਨ। ਸਿਆਸੀ ਨੇਤਾ ਹਨ। ਪ੍ਰਸ਼ਾਸਕ, ਅਫ਼ਸਰ, ਕਰਮਚਾਰੀ, ਅਧਿਆਪਕ ਹਨ। ਸਾਧਾਰਨ ਤੋਂ ਲੈ ਕੇ ਅਸਾਧਾਰਨ ਪ੍ਰਾਪਤੀਆਂ ਵਾਲੇ ਲੋਕ ਸ਼ਾਮਿਲ ਹਨ ਇਨ੍ਹਾਂ ਵਿਚ। ਉਦਾਹਰਨ ਲਈ ਸ਼ਿਵ ਕੁਮਾਰ, ਸਾਹਿਰ ਲੁਧਿਆਣਵੀ, ਬਾਵਾ ਬਲਵੰਤ, ਬੁੱਲ੍ਹੇ ਸ਼ਾਹ, ਅੰਮ੍ਰਿਤਾ, ਅਜੀਤ ਕੌਰ, ਪ੍ਰਮਿੰਦਰਜੀਤ, ਮਹਿੰਦਰ ਸਿੰਘ ਰੰਧਾਵਾ, ਪ੍ਰੋ: ਪੂਰਨ ਸਿੰਘ, ਉਸਤਾਦ ਦਾਮਨ, ਮੰਟੋ, ਕੁਲਬੀਰ ਕਾਂਗ ਜਿਹੇ ਸਾਹਿਤਕਾਰ। ਸਿਰਦਾਰ ਕਪੂਰ ਸਿੰਘ, ਭਗਵੰਤ ਮਾਨ, ਕੈਪਟਨ ਚੰਨਣ ਸਿੰਘ, ਸੁਰਿੰਦਰ ਕੈਰੋਂ, ਗਿਆਨੀ ਕਰਤਾਰ ਸਿੰਘ ਜਿਹੇ ਸਿਆਸਤਦਾਨ। ਬੰਦਾ ਬਹਾਦਰ, ਰਾਮ ਮੁਹੰਮਦ ਸਿੰਘ ਆਜ਼ਾਦ ਉਰਫ਼ ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ, ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਜਿਹੇ ਇਤਿਹਾਸਕ ਨਾਇਕ। ਬਲਰਾਜ ਸਾਹਨੀ, ਕਪਿਲ ਸ਼ਰਮਾ, ਗੁਰਦਾਸ ਮਾਨ, ਮੁਹੰਮਦ ਰਫ਼ੀ ਜਿਹੇ ਕਲਾਕਾਰ। ਗਿ: ਕਰਤਾਰ ਸਿੰਘ ਅੜਬੰਗ, ਅਧਿਆਪਕ ਸਿੰਘ, ਸਰਦਾਰ ਬਲਕੌਰ ਸਿੰਘ, ਮਾਸਟਰ ਬੰਸੀ ਲਾਲ, ਮੁਰਲੀਧਰਨ ਜਿਹੇ ਆਪਣੀਆਂ ਸ਼ਰਤਾਂ 'ਤੇ ਜਿਊਣ ਵਾਲੇ ਜ਼ਿੰਦਾਦਿਲ ਲੋਕ ਹਨ।
ਇਸ ਕਿਤਾਬ ਦਾ ਪਾਠ ਪਾਠਕਾਂ ਦੇ ਸੁਹਜ ਸੁਆਦ ਦੀ ਤ੍ਰਿਪਤੀ ਕਰੇਗਾ। ਉਨ੍ਹਾਂ ਨੂੰ ਜ਼ਿੰਦਗੀ ਤੇ ਇਨ੍ਹਾਂ ਜਿੰਦਾਦਿਲ ਲੋਕਾਂ ਬਾਰੇ ਬੜਾ ਕੁਝ ਨਵਾਂ ਦੱਸੇਗਾ। ਇਸ ਗੱਲ ਲਈ ਵੀ ਪ੍ਰੇਰਿਤ ਕਰੇਗਾ ਕਿ ਉਚੇਰੀਆਂ ਕਦਰਾਂ-ਕੀਮਤਾਂ ਲਈ ਮੁੱਲ ਤਾਰਨਾ ਪਵੇ ਤਾਂ ਤਾਰ ਦਿਓ। ਲੋਕ ਦੇਰ-ਸਵੇਰ ਤੁਹਾਡੀ ਕਦਰ ਕਰਨਗੇ। ਮੈਂ ਇਕੋ ਬੈਠਕ ਵਿਚ ਸਾਰੀ ਕਿਤਾਬ ਪੜ੍ਹੀ ਹੈ। ਤੁਸੀਂ ਵੀ ਪੜ੍ਹੋ।


-ਡਾ: ਕੁਲਦੀਪ ਸਿੰਘ ਧੀਰ
ਮੋ: 98722-60550


ਚੇਤੇ ਵਿਚ ਉਕਰੇ ਸ਼ਿਲਾਲੇਖ
ਲੇਖਕ : ਡਾ: ਕੁਲਦੀਪ ਸਿੰਘ ਧੀਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 196
ਸੰਪਰਕ : 98722-60550.


ਡਾ: ਕੁਲਦੀਪ ਸਿੰਘ ਧੀਰ ਇਕ ਬਹੁਵਿਧਾਈ ਲੇਖਕ ਹੈ। ਪੰਜਾਬੀ ਵਿਚ ਵਿਗਿਆਨਕ ਵਾਰਤਕ ਦੇ ਸਰੂਪ ਨੂੰ ਉਸ ਨੇ ਨਵੀਆਂ ਸਿਖਰਾਂ 'ਤੇ ਪਹੁੰਚਾਇਆ ਹੈ। ਇਸ ਤੋਂ ਬਿਨਾਂ ਉਹ ਆਲੋਚਨਾ, ਰੀਵਿਊਕਾਰੀ, ਰੀਵਿਊ-ਨਿਬੰਧ ਅਤੇ ਰੇਖਾ ਚਿੱਤਰਾਂ ਵਿਚ ਵੀ ਆਪਣੀ ਨਿਵੇਕਲੀ ਪਛਾਣ ਬਣਾ ਚੁੱਕਾ ਹੈ। ਉਸ ਨੇ 1964-65 ਵਿਚ ਥਾਪਰ ਕਾਲਜ ਆਫ ਇੰਜੀਨੀਅਰਿੰਗ ਤੋਂ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ ਸੀ। ਡਾ: ਧੀਰ ਦੀ ਨਿਯੁਕਤੀ ਪੰਜਾਬੀ ਯੂਨੀਵਰਸਿਟੀ ਵਿਚ ਹੋ ਗਈ। ਡਾ: ਧੀਰ ਬਹੁਤ ਜ਼ਹੀਨ, ਮਿਹਨਤੀ ਅਤੇ ਦੂਰਦਰਸ਼ੀ ਨਵਯੁਵਕ ਸੀ। ਉਸ ਨੇ ਪੰਜਾਬੀ ਸਾਹਿਤ ਵਿਚ ਐਮ.ਏ. ਅਤੇ ਪੀ.ਐਚ ਡੀ ਵਰਗੀਆਂ ਵਕਾਰੀ ਡਿਗਰੀਆਂ ਵੀ ਹਾਸਲ ਕਰ ਲਈਆਂ ਅਤੇ ਇੰਜ ਉਸ ਨੇ ਪੰਜਾਬੀ ਵਿਭਾਗ ਵਿਚ ਪ੍ਰਵੇਸ਼ ਕਰ ਲਿਆ। ਪੰਜਾਬੀ ਯੂਨੀਵਰਸਿਟੀ ਵਿਚ ਭਾਰਤ ਦੇ ਮੁਖ਼ਤਲਿਫ਼ ਵਿਦਵਾਨਾਂ ਦਾ ਆਉਣਾ-ਜਾਣਾ ਬਣਿਆ ਰਹਿੰਦਾ ਸੀ। ਡਾ: ਧੀਰ ਇਨ੍ਹਾਂ ਵਿਦਵਾਨਾਂ ਨੂੰ ਮਿਲ ਕੇ ਨਵੀਂ ਪ੍ਰੇਰਨਾ ਹਾਸਲ ਕਰਦਾ ਰਹਿੰਦਾ ਸੀ। ਇਸ ਪ੍ਰਕਾਰ ਇਹ ਰੇਖਾ ਚਿੱਤਰ ਲਿਖੇ ਜਾਂਦੇ ਰਹੇ।
ਇਕ ਸੁਹਿਰਦ ਅਤੇ ਸੰਸਕਾਰੀ ਵਿਅਕਤੀ ਹੋਣ ਕਰਕੇ ਡਾ: ਧੀਰ ਕਿਸੇ 'ਪ੍ਰਤਿਭਾ' ਦੀਆਂ ਟੰਗਾਂ ਖਿੱਚਣ ਦਾ ਕੰਮ ਨਹੀਂ ਕਰਦਾ, ਜਿਵੇਂ ਮੰਟੋ ਵਰਗੇ ਬੇਬਾਕ ਅਦੀਬ ਕਰਿਆ ਕਰਦੇ ਸਨ। ਪੰਜਾਬੀ ਵਿਚ ਬਲਵੰਤ ਗਾਰਗੀ ਵੀ ਅਕਸਰ ਚੁਟਕੀਆਂ ਲੈਂਦਾ ਰਹਿੰਦਾ ਸੀ ਪਰ ਡਾ: ਧੀਰ ਦੀ ਸ਼ਖ਼ਸੀਅਤ ਵਿਚ ਅਜਿਹੀ ਰੁਚੀ ਨਹੀਂ ਹੈ। ਇਸ ਪੁਸਤਕ ਵਿਚ ਉਸ ਦੇ ਵਿਪਰੀਤ ਸਥਿਤੀਆਂ ਨਾਲ ਲੋਹਾ ਲੈ ਕੇ ਉੱਪਰ ਉੱਠੇ 22 ਪ੍ਰਮੁੱਖ ਸਾਹਿਤਕਾਰਾਂ, ਉੱਚ ਅਧਿਕਾਰੀਆਂ ਅਤੇ ਸਮਾਜਸੇਵੀਆਂ ਬਾਰੇ ਲੇਖ ਸੰਕਲਿਤ ਹਨ। ਸਾਹਿਤਕਾਰਾਂ ਵਿਚ ਡਾ: ਹਰਿਭਜਨ ਸਿੰਘ, ਸੰਤ ਸਿੰਘ ਸੇਖੋਂ, ਪ੍ਰੋ: ਪ੍ਰੀਤਮ ਸਿੰਘ, ਭਾਈ ਜੋਧ ਸਿੰਘ, ਡਾ: ਬਰਜਿੰਦਰ ਸਿੰਘ ਹਮਦਰਦ, ਡਾ: ਪ੍ਰੇਮ ਪ੍ਰਕਾਸ਼ ਸਿੰਘ, ਡਾ: ਧਰਮਪਾਲ ਸਿੰਗਲ, ਪਿਆਰਾ ਸਿੰਘ ਪਦਮ, ਬਲਦੇਵ ਸਿੰਘ ਬੱਦਨ ਅਤੇ ਸੁਰਜੀਤ ਸਿੰਘ ਭਾਟੀਆ ਵਰਗੀਆਂ ਉੱਚ ਦੁਮਾਲੜੀਆਂ ਸ਼ਖ਼ਸੀਅਤਾਂ ਉਲੇਖਯੋਗ ਹਨ। ਉੱਚ ਅਧਿਕਾਰੀਆਂ ਵਿਚ ਸਿਰਦਾਰ ਕਪੂਰ ਸਿੰਘ, ਦੀਵਨ ਆਨੰਦ ਕੁਮਾਰ ਅਤੇ ਸ: ਦਲਜੀਤ ਸਿੰਘ ਬਾਰੇ ਵੇਰਵੇ ਦਰਜ ਹੋਏ ਹਨ। ਸਮਾਜ ਸੇਵੀਆਂ ਵਿਚ ਭਗਤ ਪੂਰਨ ਸਿੰਘ, ਸੰਤ ਗਿਆਨੀ ਨਿਰੰਜਨ ਸਿੰਘ ਅਤੇ ਜਗਜੀਤ ਸਿੰਘ ਚੜ੍ਹਦੀ ਕਲਾ ਦਾ ਨਾਂਅ ਲਿਆ ਜਾ ਸਕਦਾ ਹੈ। ਰੱਬੀ ਸ਼ੇਰਗਿਲ (ਸੂਫ਼ੀ ਗਾਇਕ), ਚਰਨਦਾਸ ਸਿੱਧੂ (ਰੰਗਕਰਮੀ), ਜਸਵੰਤ ਸਿੰਘ ਵੰਤਾ (ਸਟੇਜੀ ਕਵੀ), ਅੰਮ੍ਰਿਤ ਲਾਲ ਪਾਲ (ਸਟੇਸ਼ਨ ਡਾਇਰੈਕਟਰ ਏ.ਆਈ.ਆਰ.), ਸਤਿੰਦਰ ਸਿੰਘ ਨੰਦਾ (ਨਾਟਕਕਾਰ), ਡਾ: ਤ੍ਰੈਲੋਚਨ ਲੋਚੀ (ਪੰਜਾਬੀ ਲੇਖਕ ਅਤੇ ਅਧਿਆਪਕ) ਇਸ ਪੁਸਤਕ ਵਿਚ ਸੰਕਲਿਤ ਕੁਝ ਹੋਰ ਮੀਲ ਪੱਥਰ ਹਨ।
ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਰੇਖਾ ਚਿੱਤਰ ਲਿਖਣ ਲਈ ਡਾ: ਧੀਰ ਉਸ ਨਾਲ ਕਈ ਮਿਲਣੀਆਂ ਕਰਦਾ ਹੈ। ਉਸ ਦੇ ਜੀਵਨ, ਪ੍ਰਾਪਤੀਆਂ ਅਤੇ ਸੰਘਰਸ਼ ਬਾਰੇ ਵੱਧ ਤੋਂ ਵੱਧ ਵੇਰਵੇ ਇਕੱਤਰ ਕਰਦਾ ਹੈ ਅਤੇ ਫਿਰ ਬੜੀ ਸਰਲ, ਸੁਚੱਜੀ ਅਤੇ ਕਲਾਤਮਿਕ ਵਾਰਤਕ ਦੇ ਮਾਧਿਅਮ ਦੁਆਰਾ ਆਪਣੀ ਰਚਨਾ ਨੂੰ ਸਰ-ਅੰਜਾਮ ਦਿੰਦਾ ਹੈ। ਆਪਣੀ ਲਿਖਤ ਨੂੰ ਪ੍ਰਮਾਣਿਕ ਅਤੇ ਦਿਲਚਸਪ ਬਣਾਉਣ ਲਈ ਉਹ ਉਰਦੂ ਅਤੇ ਪੰਜਾਬੀ ਭਾਸ਼ਾ ਦੇ ਕੁਝ ਮਿਆਰੀ ਸ਼ਿਅਰ ਵੀ ਉਧਰਿਤ ਕਰਦਾ ਰਹਿੰਦਾ ਹੈ। ਇਹ ਸਾਰੇ ਲੇਖ ਪੰਜਾਬ ਦੇ ਬੌਧਿਕ ਅਤੇ ਸੱਭਿਆਚਾਰਕ ਮੰਡਲ ਦੀ ਆਭਾ ਨੂੰ ਸਮੇਟਦੇ ਅਤੇ ਬਿਖੇਰਦੇ ਨਜ਼ਰ ਆਉਂਦੇ ਹਨ।


-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਗੁਲਾਰਾ ਬੇਗਮ
ਮੂਲ ਲੇਖਕ : ਸ਼ਰਦ ਪਗਾਰੇ
ਅਨੁਵਾਦਕ : ਜਗਦੀਸ਼ ਰਾਏ ਕੁਲਰੀਆਂ
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨਜ਼ ਮਾਨਸਾ
ਮੁੱਲ : 395 ਰੁਪਏ, ਸਫ਼ੇ : 296
ਸੰਪਰਕ : 95018-77033.


'ਗੁਲਾਰਾ ਬੇਗਮ' ਸ਼ਰਦ ਪਗਾਰੇ ਦੁਆਰਾ ਲਿਖਿਆ ਅਤੇ ਜਗਦੀਸ਼ ਰਾਏ ਕੁਲਰੀਆਂ ਦੁਆਰਾ ਅਨੁਵਾਦ ਕੀਤਾ ਨਾਵਲ ਹੈ। ਇਸ ਵਿਚ ਸਹਿਜ਼ਾਦਾ ਖੁੱਰਮ ਜਿਸ ਨੂੰ ਮੁਗਲ ਬਾਦਸ਼ਾਹ ਸ਼ਾਹਜਹਾਨ ਦੇ ਨਾਂਅ ਨਾਲ ਇਤਿਹਾਸ ਵਿਚ ਯਾਦ ਕੀਤਾ ਜਾਂਦਾ ਹੈ, ਦੀ ਬੇਗਮ ਮੁਮਤਾਜ ਮਹੱਲ ਦੀ ਯਾਦ ਵਿਚ ਉਸ ਨੇ ਤਾਜ ਮਹੱਲ ਵਰਗੀ ਬੇਮਿਸਾਲ ਅਜੂਬਾ ਇਮਾਰਤ ਤਾਮੀਰ ਕਰਵਾਈ ਸੀ, ਤੋਂ ਇਲਾਵਾ ਇਕ ਹੋਰ ਪ੍ਰੇਮਿਕਾ 'ਗੁਲਾਰਾ ਬੇਗਮ' ਦੀ ਮੁਹੱਬਤ ਬਾਰੇ ਪਰਤਾਂ ਫਰੋਲਦਾ ਨਾਵਲ ਹੈ। ਇਹ ਨਾਵਲ ਸ਼ਾਹਜਹਾਨ ਦੀ ਉਸ ਵੇਲੇ ਦੀ ਮੁਹੱਬਤ ਦੀ ਨਿਸ਼ਾਨਦੇਹੀ ਕਰਦਾ ਹੈ ਜਦੋਂ ਉਹ ਦੱਖਣ ਵਿਚ ਅਹਿਮਦਨਗਰ ਵਿਖੇ ਉਥੋਂ ਦੇ ਹਾਕਮ ਮਲਿਕ ਅੰਬਰ ਦੀ ਬਗ਼ਾਵਤ ਨੂੰ ਦਬਾਉਣ ਲਈ ਜਾਂਦਾ ਹੈ ਅਤੇ ਬੁਰਹਾਨਪੁਰ ਵਿਖੇ ਮੁਕਾਮ ਦੌਰਾਨ ਗੁਲਾਰਾ ਬੇਗਮ ਉਸ ਦੇ ਸੰਪਰਕ ਵਿਚ ਆਉਂਦੀ ਹੈ ਅਤੇ ਸ਼ਹਿਜ਼ਾਦਾ ਉਸ ਨੂੰ ਦਿਲ ਦੇ ਬੈਠਦਾ ਹੈ। ਭਾਵੇਂ ਗਲਪ ਅਤੇ ਇਤਿਹਾਸ ਵਿਚ ਅੰਤਰ ਹੁੰਦਾ ਹੈ ਪਰ ਮੂਲ ਲੇਖਕ ਇਤਿਹਾਸਕਾਰ ਹੋਣ ਕਰਕੇ ਇਸ ਘਟਨਾ ਨੂੰ 1616 ਈ: ਦੇ ਸੰਨ ਨਾਲ ਵੀ ਜੋੜਦਾ ਹੈ। ਨਾਵਲਕਾਰ ਨੇ ਬੁਰਹਾਨਪੁਰ ਦੇ ਨਜ਼ਦੀਕ ਤਾਪਤੀ ਨਦੀ ਦੇ ਪਾਰ ਦੇ ਪਿੰਡ ਕਰਾਰਾ ਦਾ ਬਿਰਤਾਂਤ ਪੇਸ਼ ਕਰਦਿਆਂ ਉਥੋਂ ਦੀਆਂ ਖੂਬਸੂਰਤ ਵਾਦੀਆਂ ਅਤੇ ਤਵਾਇਫ਼ਾਂ ਦੀ ਸੁੰਦਰਤਾ ਦੀ ਵੀ ਗੱਲ ਕੀਤੀ ਹੈ। 'ਗੁਲਾਰਾ ਬੇਗਮ' ਵੀ ਆਪਣੇ ਪਿਉ ਦੀ ਨਸ਼ੇ ਅਤੇ ਸ਼ਰਾਬ ਦੀ ਲਤ ਕਰਕੇ ਹੀ ਯਾਕੂਬ ਦੇ ਹੱਥ ਵਿਕ ਕੇ ਕੋਠੇ 'ਤੇ ਪਹੁੰਚਦੀ ਹੈ ਅਤੇ 'ਅਨਵਰੀ' ਤੋਂ ਗੁਲਾਰਾ ਬੇਗਮ ਬਣ ਜਾਂਦੀ ਹੈ। ਨਾਵਲਕਾਰ ਨੇ ਪਿਛਲਝਾਤ ਦੀ ਜੁਗਤ ਦੁਆਰਾ ਇਸ ਨਾਵਲ ਦੀ ਬਿਰਤਾਂਤਕ ਤੋਰ ਨੂੰ ਬੰਨ੍ਹਿਆ ਹੈ। ਇਸ ਦੇ ਸਮਾਨਾਂਤਰ ਹੀ ਲੇਖਕ 'ਛਾਂਗੀ' ਉਰਫ਼ ਪਰਵੀਨ ਜੋ ਕਿ ਘਰੇਲੂ ਹਾਲਤਾਂ ਕਰਕੇ ਹੀ ਗੁਲਾਰਾ ਬੇਗਮ ਵਾਂਗ ਕੋਠੇ 'ਤੇ ਪਹੁੰਚਦੀ ਹੈ, ਦੀ ਕਹਾਣੀ ਵੀ ਵਰਤਮਾਨ ਸਥਿਤੀ ਦੇ ਦ੍ਰਿਸ਼ ਨੂੰ ਪੇਸ਼ ਕਰਦਿਆਂ ਚੇਤਨਾ ਪ੍ਰਵਾਹ ਦੀ ਜੁਗਤ ਦੁਆਰਾ ਮੁਗਲੀਆ ਸਲਤਨਤ ਦੀ ਚੜ੍ਹਤ ਦੇ ਨਾਲ-ਨਾਲ ਬੁਰਹਾਨਪੁਰ ਦੇ ਸੱਭਿਆਚਾਰਕ ਅਤੇ ਕੁਦਰਤੀ ਵਾਤਾਵਰਨ ਬਾਰੇ ਵੀ ਵਿਸਥਾਰਪੂਰਵਕ ਗਿਆਨ ਪ੍ਰਸਤੁਤ ਕਰਦਾ ਹੈ।


-ਡਾ: ਸਰਦੂਲ ਸਿੰਘ ਔਜਲਾ
ਮੋ: 98141-68611


ਸ਼ੁਭ ਕਰਮਨ ਤੇ ਨੈਤਿਕਤਾ
ਲੇਖਕ : ਪ੍ਰਿੰ: ਪਾਖਰ ਸਿੰਘ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 125 ਰੁਪਏ, ਸਫ਼ੇ : 80
ਸੰਪਰਕ : 0181-2623184.


ਵਿਗਿਆਨ ਦੇ ਇਸ ਯੁੱਗ ਵਿਚ ਤਕਨਾਲੋਜੀ ਦੇ ਖੇਤਰ ਵਿਚ ਮਨੁੱਖ ਨੇ ਭਾਵੇਂ ਬਹੁਤ ਪੁਲਾਂਘਾਂ ਪੁੱਟ ਲਈਆਂ ਹਨ, ਪਰ ਨੈਤਿਕ ਕਦਰਾਂ-ਕੀਮਤਾਂ ਵਿਚ ਉਹ ਓਨਾ ਹੀ ਪਿਛਾਂਹ ਨੂੰ ਜਾ ਰਿਹਾ ਹੈ। ਮਨੁੱਖੀ ਰਿਸ਼ਤਿਆਂ ਵਿਚ ਅੱਜ ਪਹਿਲਾਂ ਵਾਲਾ ਨਿੱਘ ਪ੍ਰਤੀਤ ਨਹੀਂ ਹੁੰਦਾ। ਇਸ ਵਿਸ਼ੇ ਨੂੰ ਲੈ ਕੇ ਪ੍ਰਿੰ: ਪਾਖਰ ਸਿੰਘ ਨੇ ਇਸ ਪੁਸਤਕ ਦੀ ਰਚਨਾ ਕੀਤੀ ਹੈ। ਇਸ ਤੋਂ ਪਹਿਲਾਂ ਲੇਖਕ ਦੀਆਂ ਜੀਵਨੀ ਸਾਹਿਤ ਅਤੇ ਕਵਿਤਾ ਦੀਆਂ ਕਈ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਪੁਸਤਕ ਵਿਚ ਉਪਰੋਕਤ ਵਿਸ਼ੇ ਨਾਲ ਸਬੰਧਿਤ 20 ਲੇਖ ਹਨ, ਜਿਨ੍ਹਾਂ 'ਚੋਂ 10 ਲੇਖ ਪਾਖਰ ਸਿੰਘ ਦੀ ਕਲਮ ਤੋਂ ਹਨ ਅਤੇ 10 ਲੇਖ ਡਾ: ਮਨਜੀਤ ਕੌਰ ਅਤੇ ਮਾ: ਨਿਰਮਲ ਸਿੰਘ ਲਾਲੀ ਦੁਆਰਾ ਲਿਖੇ ਹੋਏ ਹਨ। ਕੁਝ ਕੁ ਲੇਖਾਂ ਦੇ ਸਿਰਲੇਖ ਇਸ ਪ੍ਰਕਾਰ ਹਨ-ਮਨੁੱਖਾ ਜੀਵਨ ਦੀ ਉੱਤਮਤਾ, ਵਿਚ ਦੁਨੀਆ ਸੇਵਕ ਮਾਈਐ, ਨਿਮਰਤਾ ਦਾ ਗੁਣ, ਦਸਾਂ ਨਹੁੰਆਂ ਦੀ ਕਿਰਤ ਤੇ ਦਸਵੰਧ, ਸਫਲਤਾ, ਨੈਤਿਕ ਕਦਰਾਂ-ਕਮਤਾਂ, ਪਿਆਰ ਕਰੋ ਮਨੁੱਖਤਾ ਨਾਲ, ਆਦਿ। ਪੁਸਤਕ ਵਿਚੋਂ ਕੁਝ ਚੋਣਵੀਆਂ ਸਤਰਾਂ ਪਾਠਕਾਂ ਦੀ ਜਾਣਕਾਰੀ ਲਈ ਦਰਜ ਕੀਤੀਆਂ ਜਾਂਦੀਆਂ ਹਨ :
-ਜੇ ਅਕਲ ਦੀ ਰੱਤੀ ਕੋਲ ਨਾ ਹੋਵੇ ਤਾਂ ਪੜ੍ਹਾਈ ਭਾਵੇਂ ਕੁਇੰਟਲਾਂ ਵਿਚ ਕਰ ਲਵੋ, ਉਸ ਦਾ ਕੋਈ ਲਾਭ ਨਹੀਂ।
-ਹਰ ਸਮੇਂ ਸਰਬੱਤ ਦਾ ਭਲਾ ਮੰਗੋ। ਇਸ ਵਿਚ ਤੁਹਾਡਾ ਵੀ ਭਲਾ ਹੋਵੇਗਾ।
-ਪਰਮਾਤਮਾ ਦਾ ਸ਼ੁਕਰਾਨਾ ਕਰੋ ਕਿ ਉਸ ਨੇ ਸਾਨੂੰ ਅਨੇਕਾਂ ਪ੍ਰਕਾਰ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਹਨ।
-ਚਿੰਤਾ ਦਾ ਪੰਛੀ ਹਰ ਸ਼ਖ਼ਸ ਦੇ ਸਿਰ ਉੱਤੇ ਮੰਡਰਾਉਂਦਾ ਹੈ, ਪਰ ਸਿਆਣਾ ਆਦਮੀ ਉਹ ਹੈ ਜੋ ਇਸ ਪੰਛੀ ਨੂੰ ਸਿਰ ਉੱਤੇ ਆਲ੍ਹਣਾ ਨਹੀਂ ਪਾਉਣ ਦਿੰਦਾ।
-ਤੁਸੀਂ ਆਪਣਾ ਮੂੰਹ ਉੱਬਲਦੇ ਪਾਣੀ ਵਿਚ ਨਹੀਂ ਵੇਖ ਸਕਦੇ। ਇਸੇ ਤਰ੍ਹਾਂ ਗੁੱਸੇ ਵਿਚ ਸਚਾਈ ਨਹੀਂ ਵੇਖ ਸਕਦੇ।
ਛਪਾਈ ਅਤੇ ਦਿੱਖ ਦੇ ਪੱਖ ਤੋਂ ਕਿਤਾਬ ਸੁੰਦਰ ਹੈ। ਸ਼ਬਦ ਜੋੜਾਂ ਦੀ ਕਿਤੇ-ਕਿਤੇ ਗ਼ਲਤੀ ਦਿਖਾਈ ਦਿੰਦੀ ਹੈ। ਉਮੀਦ ਹੈ ਪਾਠਕਾਂ ਦੇ ਗਿਆਨ ਵਿਚ ਵਾਧਾ ਕਰਨ ਦੇ ਨਾਲ-ਨਾਲ ਇਹ ਪੁਸਤਕ ਉਨ੍ਹਾਂ ਲਈ ਪ੍ਰੇਰਨਾ ਸਰੋਤ ਵੀ ਸਿੱਧ ਹੋਵੇਗੀ।


-ਕੰਵਲਜੀਤ ਸਿੰਘ ਸੂਰੀ
ਮੋ: 93573-24241.


ਦਿਲ ਦਰਿਆ/ਖਿੜਦੇ ਫੁੱਲ

ਸ਼ਾਇਰ : ਪ੍ਰਿੰ. ਹਜ਼ੂਰਾ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200/250 ਰੁਪਏ, ਸਫ਼ੇ : 112/136
ਸੰਪਰਕ : 94192-12801


ਪ੍ਰਿੰ: ਹਜ਼ੂਰਾ ਸਿੰਘ ਪੁਰਾਣਾ ਕਲਮਕਾਰ ਹੈ ਤੇ ਉਪਰੋਕਤ ਦੋ ਕਾਵਿ-ਸੰਗ੍ਰਹਿਆਂ ਤੋਂ ਪਹਿਲਾਂ ਉਸ ਦੀਆਂ ਪੰਦਰਾਂ ਹੋਰ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਸ ਨੇ ਕਾਫ਼ੀ ਤੇਜ਼ੀ ਨਾਲ ਲਿਖਿਆ ਹੈ ਤੇ ਆਪਣੀ ਸ਼ਾਇਰੀ ਦੀ ਛਾਪ ਛੱਡੀ ਹੈ। 'ਦਿਲ ਦਰਿਆ' ਵਿਚ ਉਸ ਦੀਆਂ ਸਤੱਤਰ ਰਚਨਾਵਾਂ ਪ੍ਰਕਾਸ਼ਿਤ ਹੋਈਆਂ ਮਿਲਦੀਆਂ ਹਨ ਜਿਨ੍ਹਾਂ ਵਿਚ ਵਧੇਰੇ ਗ਼ਜ਼ਲ ਵਿਧਾ 'ਤੇ ਆਧਾਰਿਤ ਹਨ ਤੇ 'ਖਿੜਦੇ ਫੁੱਲ' ਵਿਚ ਉਸ ਦੀਆਂ ਪੈਂਹਠ ਕਾਵਿ ਰਚਨਾਵਾਂ ਸ਼ਾਮਿਲ ਹਨ। 'ਦਿਲ ਦਰਿਆ' ਦੀ ਪਹਿਲੀ ਕਾਵਿ ਰਚਨਾ 'ਵਿਛੋੜੇ ਦਾ ਗੀਤ' ਹੈ, ਜਿਸ ਵਿਚ ਉਹ ਵਿਛੜੇ ਪਿਆਰੇ ਨੂੰ ਯਾਦ ਕਰਦਾ ਹੈ ਤੇ ਇਕੱਲਤਾ ਦੀਆਂ ਇਨ੍ਹਾਂ ਘੜੀਆਂ 'ਚੋਂ ਪੈਦਾ ਹੋਏ ਦਰਦ ਨੂੰ ਉਹ ਦਵਾ ਵਾਂਗ ਲੈਂਦਾ ਹੈ। ਦਰਦ ਦੀ ਸ਼ਾਇਰੀ ਪੰਜਾਬੀ ਕਾਵਿ ਸਾਹਿਤ ਵਿਚ ਹਮੇਸ਼ਾ ਅਗੇਰੇ ਰਹੀ ਹੈ ਤੇ ਅਜਿਹੀ ਸ਼ਾਇਰੀ ਕਦੀ ਪੁਰਾਣੀ ਵੀ ਨਹੀਂ ਹੁੰਦੀ। ਅਗਲੀਆਂ ਦੋ ਕਵਿਤਾਵਾਂ ਵੀ ਇਸੇ ਸਿਰਲੇਖ ਅਧੀਨ ਹਨ। ਇਸ ਤੋਂ ਅਗਲੀ ਗੀਤਨੁਮਾ ਕਵਿਤਾ ਵੀ ਇਸੇ ਸੰਦਰਭ ਵਿਚ ਲਿਖੀ ਗਈ ਹੈ। ਇੰਝ 'ਦਿਲ ਦਰਿਆ' ਦਾ ਵੱਡਾ ਹਿੱਸਾ ਇਸੇ ਵਿਸ਼ੇ 'ਤੇ ਆਧਾਰਿਤ ਹੈ। ਇਸ ਪੁਸਤਕ ਵਿਚ ਕੁਝ ਕਵਿਤਾਵਾਂ ਦੇਸ਼ ਪਿਆਰ ਨਾਲ ਸਬੰਧਿਤ ਹਨ ਤੇ ਕਈ ਤਿਉਹਾਰਾਂ ਦੇ ਮਹੱਤਵ ਬਾਰੇ ਹਨ। 'ਵਿਆਹ ਦੇ ਗੀਤ', 'ਮਾਂ', 'ਕੁੰਡਲੀਆਂ', 'ਰਸਮ ਰਿਵਾਜ', 'ਸੰਨਿਆਸੀ' ਤੇ 'ਸਵਾਗਤੀ ਗੀਤ' ਥੋੜ੍ਹਾ ਹਟ ਕੇ ਹਨ। ਸ਼ਾਇਰ ਨੇ ਕਈ ਕਵਿਤਾਵਾਂ ਬਹੁਤ ਸਹਿਜ ਸੁਭਾਅ ਤੇ ਮਾਨਸਿਕ ਅਵਸਥਾ ਵਿਚ ਉਤਰ ਕੇ ਲਿਖੀਆਂ ਹਨ ਪਰ ਇਨ੍ਹਾਂ ਕਵਿਤਾਵਾਂ ਨੂੰ ਜੇ ਤਕਨੀਕੀ ਪੱਖ ਤੋਂ ਵੇਖਿਆ ਜਾਏ ਤਾਂ ਕਈ ਲਾਪਰਵਾਹੀਆਂ ਸਾਹਮਣੇ ਆਉਂਦੀਆਂ ਹਨ। ਸ਼ਾਇਰ ਦਾ ਦੂਸਰਾ ਕਾਵਿ ਸੰਗ੍ਰਹਿ 'ਖਿੜਦੇ ਫੁੱਲ' ਵੀ ਪਹਿਲੀ ਪੁਸਤਕ ਤੋਂ ਬਹੁਤਾ ਵੱਖਰਾ ਨਹੀਂ ਹੈ। ਇਸ ਵਿਚ ਗ਼ਜ਼ਲਾਂ ਘੱਟ ਹਨ ਤੇ ਲੰਬੀਆਂ ਕਵਿਤਾਵਾਂ ਦੀ ਗਿਣਤੀ ਵੱਧ ਹੈ। ਇਸ ਪੁਸਤਕ ਦੀ ਪਹਿਲੀ ਕਵਿਤਾ 'ਕਵਿਤਾ' ਖ਼ੂਬਸੂਰਤ ਹੈ ਤੇ ਸ਼ਾਇਰ ਦੀਆਂ ਹੋਰਨਾਂ ਕਵਿਤਾਵਾਂ ਤੋਂ ਵੱਖਰੀ ਹੈ। ਇਸ ਵਿਚ ਸ਼ਾਇਰ ਅੰਬਰ ਵਿਚ ਉਡਣ ਦੀ ਇੱਛਾ ਰੱਖਦਾ ਹੈ ਤੇ ਮੁਰਲੀ ਦੀ ਮਿੱਠੀ ਮਿੱਠੀ ਧੁਨ ਬਣਨੀ ਲੋਚਦਾ ਹੈ। ਇਸ ਕਿਤਾਬ ਵਿਚ ਧਾਰਮਿਕ ਤੇ ਸ਼ਹੀਦਾਂ ਨਾਲ ਸਬੰਧਿਤ ਕਵਿਤਾਵਾਂ ਵੀ ਹਨ। ਉਂਜ ਮੁਹੱਬਤੀ ਦਰਦ ਦੀ ਕਵਿਤਾ ਇਸ ਵਿਚ ਵੀ ਚੋਖੀ ਗਿਣਤੀ ਵਿਚ ਹੈ ਪਰ ਇਸ ਦੇ ਨਾਲ-ਨਾਲ ਕੁਦਰਤ ਦੇ ਪਸਾਰੇ ਦੇ ਨਾਲ ਇਕਮਿਕ ਹੋਣ ਦੀ ਇੱਛਾ ਵੀ ਹੈ ਤੇ ਮਨੁੱਖੀ ਜੀਵਨ ਦੀਆਂ ਹੋਰ ਤੰਦਾਂ ਨੂੰ ਛੋਹਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਇਸ ਸੰਗ੍ਰਹਿ ਵਿਚ ਕੁਝ ਗੀਤ ਵੀ ਸ਼ਾਮਿਲ ਕੀਤੇ ਗਏ ਹਨ। ਪ੍ਰਿੰ. ਹਜ਼ੂਰਾ ਸਿੰਘ ਦੀਆਂ ਇਹ ਦੋਵੇਂ ਕਿਤਾਬਾਂ 'ਦਿਲ ਦਰਿਆ' ਤੇ 'ਖਿੜਦੇ ਫੁੱਲ' ਵਿਸ਼ਿਆਂ ਤੇ ਉਨ੍ਹਾਂ ਦੇ ਨਿਭਾਅ ਦੇ ਪੱਖ ਤੋਂ ਇਕ ਦੂਜੇ ਨਾਲ ਜੁੜੀਆਂ ਹੋਈਆਂ ਪ੍ਰਤੀਤ ਹੁੰਦੀਆਂ ਹਨ।


-ਗੁਰਦਿਆਲ ਰੌਸ਼ਨ
ਮੋ: 99884-44002


ਕਾਵਿ ਰਿਸ਼ਮਾਂ
ਸੰਪਾਦਕ : ਕੁੰਦਨ ਲਾਲ ਬੱਧਣ
ਪ੍ਰਕਾਸ਼ਕ : ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ (ਰਜਿ:), ਜਲੰਧਰ
ਮੁੱਲ : 300 ਰੁਪਏ, ਸਫ਼ੇ : 144
ਸੰਪਰਕ : 94652-29722.


ਕਾਵਿ ਰਿਸ਼ਮਾਂ ਕਾਵਿ-ਸੰਗ੍ਰਹਿ ਸੰਪਾਦਕ ਮੰਡਲ ਕੁੰਦਨ ਲਾਲ ਬੱਧਣ, ਰੂਪ ਲਾਲ ਰੂਪ, ਹਰਮੀਤ ਸਿੰਘ ਅਟਵਾਲ, ਪ੍ਰੋ: ਹਰਦੀਪ ਰਾਜਾ ਅਤੇ ਹਰਵਿੰਦਰ ਸਿੰਘ ਸਾਥੀ ਦੀ ਸੰਪਾਦਨਾ ਹੇਠ ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ (ਰਜਿ:) ਵਲੋਂ ਇਕੱਤਰ ਕੀਤੀਆਂ ਕਵਿਤਾਵਾਂ ਦਾ ਸਾਂਝਾ ਕਾਵਿ-ਸੰਗ੍ਰਹਿ ਹੈ। ਇਹ ਸੰਗ੍ਰਹਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਦਿਵਸ ਨੂੰ ਸਮਰਪਿਤ ਹੈ। ਦੁਨੀਆ ਭਰ ਦੀਆਂ ਸੰਸਥਾਵਾਂ ਅਤੇ ਸਾਹਿਤ ਸੱਥਾਂ ਵੀ ਆਪੋ-ਆਪਣਾ ਯੋਗਦਾਨ ਪਾ ਰਹੀਆਂ ਹਨ। ਪਾਕਿਸਤਾਨ ਸਰਕਾਰ ਨੇ ਇਸ ਪੁਰਬ ਨੂੰ ਸਮਰਪਿਤ ਕਰਤਾਰਪੁਰ ਲਾਂਘਾ ਖੋਲ੍ਹ ਕੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨਨਕਾਣਾ ਸਾਹਿਬ ਖੋਲ੍ਹ ਕੇ ਅਤੇ ਯਾਦਗਾਰੀ ਸਿੱਕੇ ਚਾਲੂ ਕਰਕੇ ਆਪਣਾ ਯੋਗਦਾਨ ਪਾਇਆ ਹੈ।
ਇਸ ਪੁਸਤਕ ਵਿਚ ਵੀ ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ਨਾਲ ਸਬੰਧਿਤ ਅਤੇ ਹੋਰ ਵਿਭਿੰਨ ਸਰੋਕਾਰਾਂ ਜਿਵੇਂ ਕਿ ਇੰਟਰਨੈੱਟ ਦੀ ਦੁਰਵਰਤੋਂ, ਪੰਜਾਬੀ ਭਾਸ਼ਾ ਨੂੰ ਪਿੱਠ ਦਿਖਾਉਣ, ਪੰਜਾਬ ਅੰਦਰ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਅਤੇ ਸਿਆਸਤ ਦੇ ਦੰਭ ਦੇ ਬਖੀਏ ਉਧੇੜਦੇ 33 ਸ਼ਾਇਰਾਂ ਦੀਆਂ ਨਜ਼ਮਾਂ ਸੰਮਿਲਤ ਹਨ। ਇਸ ਕਿਤਾਬ ਵਿਚ ਆਈਆਂ ਨਜ਼ਮਾਂ ਦੇ ਨਮੂਨੇ ਵਜੋਂ ਪ੍ਰਬੁੱਧ ਸ਼ਾਇਰ ਸਰਵਣ ਰਾਹੀ ਦੀ ਗ਼ਜ਼ਲ ਦਾ ਤੁਸੀਂ ਵੀ ਅਨੰਦ ਮਾਣੋ :
'ਰੋਜ਼ ਰਾਤ ਨੂੰ ਫੁੱਟਪਾਥਾਂ 'ਤੇ,
ਸੌਂ ਕੇ ਰਾਤ ਲੰਘਾਉਂਦੇ ਲੋਕ।
ਬੇਵੱਸ ਹੋਏ ਜਿਸਮ ਵੇਚ ਕੇ,
ਢਿੱਡ ਦੀ ਭੁੱਖ ਮਿਟਾਉਂਦੇ ਲੋਕ।
ਲੋਕ ਹਿਤ ਦੀਆਂ ਗੱਲਾਂ ਕਰਕੇ,
ਅਸਲੀ ਰੂਪ ਛੁਪਾਉਂਦੇ ਲੋਕ।


-ਭਗਵਾਨ ਢਿੱਲੋਂ
ਮੋ: 98143-78254.

4-10-2020

 ਨਾਇਕਤਵ : ਇਤਿਹਾਸਕ, ਰਾਜਨੀਤਕ ਅਤੇ ਸੱਭਿਆਚਾਰਕ ਦ੍ਰਿਸ਼
ਲੇਖਕ : ਜਸਵੀਰ ਸਿੰਘ ਉੱਭੀ ਅਜਨੋਹਾ
ਪ੍ਰਕਾਸ਼ਕ : ਬਸੰਤ ਸੁਹੇਲ ਪਬਲੀਕੇਸ਼ਨਜ਼, ਫਗਵਾੜਾ
ਮੁੱਲ : 300 ਰੁਪਏ, ਸਫ਼ੇ : 188
ਸੰਪਰਕ : 98885-56801.

ਜਸਵੀਰ ਸਿੰਘ ਜੱਸੀ (ਅਜਨੋਹਾ), ਪੰਜਾਬ ਦੇ ਪਿੰਡ ਅਜਨੋਹੇ ਤੋਂ ਪੜ੍ਹ-ਲਿਖ ਕੇ ਉਚੇਰੀ ਪੜ੍ਹਾਈ ਅਮਰੀਕਾ ਵਿਚ ਕਰ ਕੇ ਉਥੇ ਹੀ ਕੈਮਿਸਟਰੀ ਦੀ ਪ੍ਰੋਫੈਸਰੀ ਕਰ ਰਿਹਾ ਹੈ। ਅਕਾਲ ਤਖ਼ਤ ਸਾਹਿਬ ਦੇ ਕਿਸੇ ਸਮੇਂ ਜਥੇਦਾਰ ਰਹੇ ਸ: ਗੁਰਦਿਆਲ ਸਿੰਘ ਅਜਨੋਹਾ ਨਾਲ ਪਰਿਵਾਰਕ ਨੇੜਤਾ, ਪਿਤਾ ਮਾਸਟਰ ਅਰਜਨ ਸਿੰਘ ਦਾ ਬੱਬਰ ਅਕਾਲੀ ਪਿਛੋਕੜ, ਮਾਤਾ ਜਸਵੰਤ ਕੌਰ ਦੇ ਸਿੱਖ ਸੰਸਕਾਰ ਉਸ ਨੂੰ ਸਿੱਖੀ, ਪੰਜਾਬ ਤੇ ਪੰਜਾਬੀ ਵਿਰਸੇ ਬਾਰੇ ਸੋਚਣ, ਲਿਖਣ ਲਈ ਪ੍ਰੇਰਕ ਬਣਦੇ ਰਹਿੰਦੇ ਹਨ। ਵਿਦੇਸ਼ ਰਹਿੰਦੇ ਹੋਏ ਵੀ ਉਹ ਪੁਰਾਤਨ ਸਿੱਖ ਇਤਿਹਾਸ ਦੇ ਗੌਰਵਮਈ ਬਿਰਤਾਂਤਾਂ, ਆਜ਼ਾਦੀ ਉਪਰੰਤ ਦੇ ਭਾਰਤ ਵਿਚ ਸਿੱਖਾਂ ਦੀ ਹੋਣੀ ਅਤੇ ਵਿਸ਼ਵ ਭਰ ਵਿਚ ਸਿੱਖਾਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਦੀ ਚਰਚਾ ਆਪਣੀਆਂ ਲਿਖਤਾਂ ਵਿਚ ਕਰਦਾ ਰਹਿੰਦਾ ਹੈ, ਬਹੁਤੀ ਵਾਰ ਪੰਜਾਬੀ ਵਿਚ ਅਤੇ ਕਦੇ-ਕਦੇ ਅੰਗਰੇਜ਼ੀ ਵਿਚ ਵੀ। ਸਮੇਂ-ਸਮੇਂ ਪੱਤਰ-ਪੱਤ੍ਰਿਕਾਵਾਂ ਵਿਚ ਛਪੇ ਉਸ ਦੇ ਇਨ੍ਹਾਂ ਲੇਖਾਂ ਦਾ ਸੰਗ੍ਰਹਿ ਹੈ ਇਹ ਵਿਚਾਰ ਅਧੀਨ ਪੁਸਤਕ।
ਪੁਸਤਕ ਵਿਚ ਸੰਕਲਿਤ 45 ਪੰਜਾਬੀ ਤੇ ਪੰਜ ਅੰਗਰੇਜ਼ੀ ਨਿਬੰਧਾਂ ਦਾ ਘੇਰਾ ਦੂਰ ਅਤੀਤ ਤੋਂ ਵਰਤਮਾਨ ਰਾਸ਼ਟਰੀ ਅੰਤਰਰਾਸ਼ਟਰੀ ਦ੍ਰਿਸ਼ ਤੱਕ ਫੈਲਿਆ ਹੋਇਆ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਖਾਲਸਾ ਸਿਰਜਣਾ, ਬੰਦਾ ਬਹਾਦਰ, ਭਾ: ਮਨੀ ਸਿੰਘ, ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਮਹਾਰਾਜਾ ਰਣਜੀਤ ਸਿੰਘ, ਦੀਵਾਨ ਮੋਹਕਮ ਚੰਦ, ਅਕਾਲੀ ਫੂਲਾ ਸਿੰਘ, ਭਾਈ ਲਾਲ ਸਿੰਘ, ਦਿੱਲੀ ਦੇ ਲਾਲ ਕਿਲ੍ਹੇ 'ਤੇ ਨਿਸ਼ਾਨ ਸਾਹਿਬ, ਗਿਆਨੀ ਜ਼ੈਲ ਸਿੰਘ, ਅਕਾਲ ਤਖ਼ਤ, ਸਿੱਖ ਧਰਮ ਦੀ ਹੋਂਦ ਹਸਤੀ ਦੇ ਸਿਧਾਂਤਕ ਸਰੋਕਾਰ, ਜਾਤ ਪਾਤ ਤੇ ਹਿੰਦੂ, ਸਿੱਖ, ਭਾਰਤੀ, ਵਿਦੇਸ਼ੀ ਧਰਮ, ਦੇਸ਼-ਵਿਦੇਸ਼ ਦਾ ਸਮਕਾਲੀ ਸੱਭਿਆਚਾਰਕ, ਰਾਜਨੀਤਕ ਦ੍ਰਿਸ਼ ਦੀਆਂ ਝਾਕੀਆਂ ਇਸ ਕਿਤਾਬ ਵਿਚ ਹਨ। ਲੇਖਕ ਸੰਤੁਲਿਤ ਵਿਗਿਆਨਕ ਵਿਸ਼ਲੇਸ਼ਣ, ਸਿੱਖ ਸਿਧਾਂਤਾਂ ਬਾਰੇ ਸਪੱਸ਼ਟਤਾ ਤੇ ਨਰੋਈ ਧਰਮ-ਨਿਰਪੱਖ ਉਦਾਰ ਮਾਨਵਵਾਦੀ ਪਹੁੰਚ ਇਨ੍ਹਾਂ ਨਿਬੰਧਾਂ ਨੂੰ ਮੁੱਲਵਾਨ ਬਣਾਉਂਦੇ ਹਨ।
ਇਨ੍ਹਾਂ ਨਿਬੰਧਾਂ ਵਿਚ ਸਹਿਜੇ ਹੀ ਅਤੀਤ ਵਰਤਮਾਨ ਦੇ ਇਤਿਹਾਸਕ ਵਿਰਸੇ ਬਾਰੇ ਕੁਝ ਨਵੀਂ ਮਹੱਤਵਪੂਰਨ ਜਾਣਕਾਰੀ ਪਾਠਕਾਂ ਨੂੰ ਮਿਲੇਗੀ। ਆਪਣੇ ਵਰਤਮਾਨ ਤੇ ਭਵਿੱਖ ਬਾਰੇ ਸੰਤੁਲਿਤ ਤੇ ਵਿਗਿਆਨਕ ਦ੍ਰਿਸ਼ਟੀ ਨਾਲ ਸੋਚ ਕੇ ਆਪਣੀ ਸਿੱਖ ਪਛਾਣ ਨੂੰ ਬਚਾਅ ਕੇ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਉੱਤੇ ਜ਼ਿੰਮੇਵਾਰੀਆਂ ਨਿਭਾਉਣ ਲਈ ਉਤਸ਼ਾਹ ਮਿਲੇਗਾ। ਨਵੇਂ ਯੁੱਗ ਵਿਚ ਸਿੱਖਾਂ ਲਈ ਸੁਨਹਿਰੇ ਭਵਿੱਖ ਦੇ ਚੋਖੇ ਅਵਸਰ ਹਨ।

ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਨਸ਼ਿਆਂ ਨੇ ਖਾ ਲਈਆਂ
ਜਵਾਨੀਆਂ

ਸੰਪਾਦਕ : ਗੁਰਤੇਜ ਪੱਖੀ ਕਲਾਂ
ਪ੍ਰਕਾਸ਼ਕ : ਸ਼ਹੀਦ ਭਗਤ ਸਿੰਘ ਪ੍ਰਕਾਸ਼ਨ, ਫ਼ਰੀਦਕੋਟ।
ਮੁੱਲ : 100 ਰੁਪਏ, ਸਫ਼ੇ : 72
ਸੰਪਰਕ : 99152-18748.

'ਨਸ਼ਿਆਂ ਨੇ ਖਾ ਲਈਆਂ ਜਵਾਨੀਆਂ' 41 ਕਲਮਾਂ ਦਾ ਸਾਂਝਾ ਕਾਵਿ ਸੰਗ੍ਰਹਿ ਹੈ। ਗੁਰਤੇਜ ਪੱਖੀ ਕਲਾਂ ਇਸ ਤੋਂ ਪਹਿਲਾਂ ਵੀ ਸਾਂਝੇ ਕਾਵਿ ਸੰਗ੍ਰਹਿ ਸੰਪਾਦਤ ਕਰ ਚੁੱਕੇ ਹਨ। ਸੰਪਾਦਕ ਨੇ ਨਸ਼ੇੜੀ ਨੌਜਵਾਨਾਂ ਦੀਆਂ ਮਾਵਾਂ ਦੇ ਹਉਕੇ ਹਾਵੇ ਚਿਤਰੇ ਹਨ। ਜਰਨੈਲ ਘੋਲੀਆ ਨੇ ਰੁਮਾਂਟਿਕ ਵਿਸ਼ਿਆਂ ਨੂੰ ਲਾਂਭੇ ਰੱਖ ਸਮਾਜਿਕ ਮਸਲਿਆਂ ਬਾਰੇ ਰਚਨਾਵਾਂ ਲਿਖਣ ਦੀ ਪ੍ਰਾਥਮਿਕਤਾ ਦੇ ਸਮੇਂ ਦੀ ਗੱਲ ਕੀਤੀ ਹੈ
ਪਿੰਡ ਘੋਲੀਏ ਦਾ ਜਰਨੈਲ ਕਹੇ
ਮੈਨੂੰ ਦੁੱਖ ਮਾਵਾਂ ਦੇ ਰੋ ਲੈਣ ਦੇ...
ਹਰ ਕਵੀ ਨੇ ਨਸ਼ਿਆਂ ਵਿਚ ਗਰਕ ਰਹੀ ਜਵਾਨੀ ਨਾਲ ਹਮਦਰਦੀ ਪ੍ਰਗਟ ਕਰਦਿਆਂ ਇਕ ਨਰੋਏ ਸਮਾਜ ਦੀ ਕਲਪਨਾ ਕੀਤੀ ਹੈ। ਸਭ ਤੋਂ ਸੰਵੇਦਨਾ ਭਰਪੂਰ ਵਿਚਾਰ ਇਹ ਹੈ ਕਿ ਕੁਝ ਕਵੀਆਂ ਨੇ ਨਸ਼ੇ ਦੀ ਦਲਦਲ ਵਿਚ ਡੁੱਬਣ ਵਾਲੇ ਜਵਾਨਾਂ ਨਾਲ ਪ੍ਰਭਾਵਿਤ ਨਾਰੀ ਮਨ ਦੇ ਸੰਤਾਪ ਦੀ ਗੱਲ ਵੀ ਕੀਤੀ ਹੈ। ਅਮਰਜੀਤ ਅਣਜਾਣ ਦੀ ਰਚਨਾ 'ਸਾਡੇ ਪੰਜਾਬ ਨੂੰ', ਗੁਰਦਾਸ ਸਿੰਘ ਬਰਾੜ ਦੀ 'ਛੱਡਦੇ ਚੰਦਰੀ ਦਾਰੂ', ਲਾਲ ਸਿੰਘ ਲਾਲੀ ਦਾ ਗੀਤ ਨਸ਼ਿਆਂ ਦੇ ਮੂਹਰੇ, ਜੱਸਾ ਸਾਦਿਕ ਦਾ ਨਸ਼ਿਆਂ 'ਚ ਗੁੱਟ, ਗੁਰਤੇਜ ਪੱਖੀ ਕਲਾਂ ਦਾ ਮੈਥੋਂ ਜ਼ਰਿਆ ਨਹੀਂ ਜਾਣਾ, ਮਨਪ੍ਰੀਤ ਭੱਟੀ 'ਰਾਂਝਾ ਚਾਕ ਨਹੀਂ ਮੁੜਿਆ', ਸੁਰਿੰਦਰ ਕੁਮਾਰ ਦੀ ਨਸ਼ਿਆਂ ਨੂੰ ਛੱਡ ਮਿੱਤਰਾ, ਸਰਬਜੀਤ ਜੱਸ ਦੀ 'ਕਮਲਿਆ ਪੁੱਤਾ' ਵਿਸ਼ੇਸ਼ ਧਿਆਨ ਮੰਗਦੀਆਂ ਹਨ। ਪ੍ਰਵਾਸੀ ਪੰਜਾਬੀਆਂ ਵਲੋਂ ਪੰਜਾਬ ਵਿਚ ਨਸ਼ਿਆਂ ਦੀ ਭਰਮਾਰ ਬਾਰੇ ਵੀ ਕੁਝ ਸਵਾਲ ਪੁੱਛਣ 'ਤੇ ਸਤਨਾਮ ਬੁਰਜ ਹਰੀਕਾ ਦਾ ਗੀਤ 'ਚਿੱਟੇ ਨੇ ਜਵਾਨੀ ਰੋਲਤੀ' ਵੀ ਅਸਲੀ ਤਸਵੀਰ ਉਜਾਗਰ ਕਰਦਾ ਹੈ। ਨਸ਼ਿਆਂ ਨਾਲ ਪੀੜ੍ਹੀਆਂ ਦੀ ਹੋਈ ਤਬਾਹੀ ਬਾਰੇ ਵੀ ਜ਼ਿਕਰ ਮਿਲਦਾ ਹੈ। ਕੁਲਵੀਰ ਝੋਟੀਵਾਲਾ ਦਾ ਗੀਤ 'ਇਨ੍ਹਾਂ ਨਸ਼ਿਆਂ ਨੇ' ਵੇਖਿਆ ਜਾ ਸਕਦਾ ਹੈ। ਜਸਵੰਤ ਕੈਲਵੀ ਦੀ ਕਵਿਤਾ 'ਮੈਂ ਕੋਈ ਝੂਠ ਬੋਲਿਆ' ਨਸ਼ਿਆਂ ਦੇ ਸੱਚ ਦੀ ਕਹਾਣੀ ਕਹਿੰਦੀ ਹੈ। ਗੁਰਤੇਜ ਪੱਖੀ ਕਲਾਂ ਨੇ ਉਹ ਗੀਤ ਵੀ ਚੁਣੇ ਹਨ ਜੋ ਨਸ਼ਿਆਂ ਨੂੰ ਤਿਆਗਣ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਹਨ। ਬੂਟਾ ਗੁਲਾਮੀ ਵਾਲਾ ਦਾ ਇਹ ਗੀਤ ਵੇਖੋ : ਦੇਸ਼ ਮੇਰੇ ਦੇ ਨੌਜਵਾਨੋ ਸਾਰੇ ਰਲ ਕੇ ਕਰੋ ਤਿਆਰੀ, ਨਸ਼ਿਆਂ ਨੂੰ ਆਪਾਂ ਦੂਰ ਹੈ ਕਰਨਾ, ਸਭ ਤੋਂ ਵੱਡੀ ਇਹ ਬਿਮਾਰੀ। ਸ਼ੇਰੂ ਤੀਨਾ ਅਬੋਹਰ, ਕਮਲ ਸਰਾਵਾਂ, ਸਤਨਾਮ ਸੰਧੂ, ਗੁਰਸੇਵਕ ਸਿੰਘ ਬੀੜ, ਗੁਰਦੀਪ ਸਿੰਘ ਢਿੱਲੋਂ, ਮਨਪ੍ਰੀਤ ਲੂੰਬਾ, ਜਗਦੀਪ ਘੋਲੀਆ, ਡਾ: ਦਵਿੰਦਰ ਸੈਫੀ, ਡਾ: ਸਰਦੂਲ ਸਿੰਘ ਦਰਦ, ਸ਼ਾਮ ਸੁੰਦਰ ਕਾਲੜਾ, ਗੁਰਜੰਟ ਪਟਿਆਲਾ, ਜਗਦੀਪ ਹਸਰਤ ਦੇ ਗੀਤ ਵੀ ਨਸ਼ੇ ਛੱਡਣ ਅਤੇ ਨਸ਼ਿਆਂ ਦੇ ਸੇਵਨ ਕਰਨ ਵਾਲਿਆਂ ਦੇ ਪਰਿਵਾਰਕ ਅਤੇ ਸਮਾਜਿਕ ਸੰਕਟ ਬਾਰੇ ਭਾਵਾਂ ਦਾ ਪ੍ਰਗਟਾਵਾ ਕਰਦੇ ਹਨ। ਗੁਰਤੇਜ ਪੱਖੀ ਕਲਾਂ ਨੇ ਨਸ਼ਿਆਂ ਦੀ ਕੈਦ ਤੋਂ ਨੌਜਵਾਨਾਂ ਦੀ ਮੁਕਤੀ ਲਈ ਆਸ ਵੀ ਪ੍ਰਗਟ ਕੀਤੀ ਹੈ ਤੇ ਭਵਿੱਖ ਲਈ ਚੁਣੌਤੀਆਂ ਅਤੇ ਵੰਗਾਰਾਂ ਦਾ ਪ੍ਰਗਟਾਵਾ ਵੀ ਕੀਤਾ ਹੈ। 'ਜਾਗੋ' ਪੰਨਾ 52 'ਤੇ ਵੇਖੀ ਜਾ ਸਕਦੀ ਹੈ :
ਪਿੰਡ ਨੂੰ ਨਸ਼ਾ ਮੁਕਤ ਬਣਾਉਣਾ
ਹਰ ਅਮਲੀ ਦਾ ਇਲਾਜ ਕਰਾਉਣਾ
ਤੰਦਰੁਸਤ ਹੈ ਬਈ ਪਿੰਡ ਬਣਾਉਣਾ
ਨਸ਼ਿਆਂ ਵਿਰੁੱਧ ਜੰਗ ਚਲਾਈ ਐ ਬਈ
ਹੁਣ ਜਾਗੋ ਆਈ ਐ।

ਪ੍ਰੋ: ਕੁਲਜੀਤ ਕੌਰ ਅਠਵਾਲ।

c c c

ਚਮਚੇ
ਲੇਖਕ : ਗੁਰਸੇਵਕ ਸਿੰਘ ਬੀੜ
ਪ੍ਰਕਾਸ਼ਕ : ਸ਼ਹੀਦ ਭਗਤ ਸਿੰਘ ਪ੍ਰਕਾਸ਼ਨ, ਸਾਦਿਕ (ਮੁਕਤਸਰ)
ਮੁੱਲ : 200 ਰੁਪਏ, ਸਫ਼ੇ : 124
ਸੰਪਰਕ : 98763-15927.

'ਚਮਚੇ' ਹਾਸ-ਵਿਅੰਗ ਲਿਖਾਰੀ ਗੁਰਸੇਵਕ ਸਿੰਘ ਬੀੜ ਦੀ ਨਵੀਂ ਕਾਵਿ-ਪੁਸਤਕ ਹੈ ਜਿਸ ਵਿਚ ਉਸ ਨੇ ਹਾਸਰਸ ਅਤੇ ਵਿਅੰਗ ਨੂੰ ਇਕ ਜੁਗਤ ਵਜੋਂ ਵਰਤਿਆ ਹੈ। ਅੱਜਕਲ੍ਹ ਦੇ ਤਣਾਅ ਭਰਪੂਰ ਸਮਿਆਂ 'ਚ ਕਿਸੇ ਨੂੰ ਹਸਾਉਣਾ ਸਭ ਤੋਂ ਔਖਾ ਕਾਰਜ ਹੈ। ਅੱਜ ਦੇ ਫਿੱਟੇ-ਮੂੰਹ ਸਮਾਜ ਨੂੰ ਰਾਹੇ-ਰਾਸਤ ਲਿਆਉਣ ਲਈ ਵਿਅੰਗ ਸਭ ਤੋਂ ਵਧੀਆ ਹਥਿਆਰ ਹੈ।
ਗੁਰਸੇਵਕ ਸਿੰਘ ਬੀੜ ਨੇ ਕਈ ਕਾਵਿ-ਵੰਨਗੀਆਂ ਹਾਸਰਸ ਤੇ ਵਿਅੰਗ ਪੈਦਾ ਕਰਨ ਲਈ ਇਸ ਪੁਸਤਕ ਵਿਚ ਵਰਤੀਆਂ ਹਨ। ਇਸ ਸੰਗ੍ਰਹਿ ਵਿਚ ਮਦਾਰੀ ਦੇ ਝੋਲੇ ਵਾਂਗ ਕਈ ਝੁਰਲੂ ਹਨ, ਜਿਨ੍ਹਾਂ ਦੀ ਵਰਤੋਂ ਲੇਖਕ ਕਰਦਾ ਹੈ। ਇਸ ਵਿਚ ਹਾਸਰਸੀ ਕਵਿਤਾਵਾਂ ਹਨ ਜੋ ਇਕ ਵਿਸ਼ੇ ਨੂੰ ਲੈ ਕੇ ਲਿਖੀਆਂ ਗਈਆਂ ਹਨ। ਇਨ੍ਹਾਂ ਕਵਿਤਾਵਾਂ ਦਾ ਉਦੇਸ਼ ਮਹਿਜ਼ ਤੇ ਮਹਿਜ਼ ਹੀ ਹਲਕਾ-ਫੁਲਕਾ ਹਾਸਾ ਉਪਜਾਉਣਾ ਹੈ। ਇਸ ਵਿਚ ਚੌਕੇ ਹਨ, ਛਿੱਕੇ ਹਨ। ਬੋਲੀਆਂ ਹਨ, ਗੀਤ ਹਨ, ਰੁਬਾਈਆਂ ਹਨ, ਟੱਪੇ ਹਨ ਤੇ ਸ਼ਾਇਰਾਂ ਵਾਂਗ ਉਹ ਕਿਤੇ 'ਸੇਵਕ' ਤਖੱਲਸ ਦੀ ਵਰਤੋਂ ਕਰਦਾ ਹੈ ਤੇ ਕਿਤੇ ਗੁਰਸੇਵਕ ਬੀੜ ਦੀ।
ਵੱਖ-ਵੱਖ ਕਾਵਿ-ਵੰਨਗੀਆਂ ਤੋਂ ਇਲਾਵਾ ਬੀੜ ਇਸ ਪੁਸਤਕ ਵਿਚ ਅਨੇਕਾਂ ਵਿਸ਼ੇ ਲੈਂਦਾ ਹੈ ਜਿਨ੍ਹਾਂ 'ਤੇ ਉਹ ਹੱਸਦਾ ਹੈ, ਦੂਸਰਿਆਂ ਨੂੰ ਹਸਾਉਂਦਾ ਹੈ, ਕਿਤੇ ਦੂਸਰਿਆਂ 'ਤੇ ਵਿਅੰਗ ਕੱਸਦਾ ਹੈ ਤੇ ਕਿਤੇ ਆਪਣੇ ਆਪ ਨੂੰ ਵੀ ਵਿਅੰਗ ਦਾ ਨਿਸ਼ਾਨਾ ਬਣਾਉਣੋਂ ਬਾਜ਼ ਨਹੀਂ ਆਉਂਦਾ। ਉਸ ਦੇ ਵਿਸ਼ਿਆਂ ਵਿਚ ਨਸ਼ੇ, ਦਾਜ, ਅਨਪੜ੍ਹਤਾ, ਲੀਡਰਾਂ ਦੀਆਂ ਚਾਲਬਾਜ਼ੀਆਂ, ਥੋਥੇ ਲੇਖਕ ਅੱਤ ਹੋਛੇ ਲੇਖਕ, ਸ਼ਾਮਿਲ ਹਨ। ਕਿਤੇ-ਕਿਤੇ ਔਰਤ-ਮਰਦ ਦੇ ਫੋਕੇ ਰਿਸ਼ਤਿਆਂ ਨੂੰ ਵੀ ਉਹ ਆਪਣੇ ਵਿਅੰਗ ਦਾ ਨਿਸ਼ਾਨਾ ਬਣਾਉਂਦਾ ਹੈ। ਉਸ ਦੀ ਕਵਿਤਾ ਵਿਚ ਰਵਾਨੀ ਹੈ, ਲੈਅ ਹੈ, ਸੁਰ ਹੈ, ਜੋ ਪਾਠਕ ਨੂੰ ਸੂਝ ਦੇ ਨਾਲ-ਨਾਲ ਸੰਗੀਤਕ ਲੁਤਫ਼ ਵੀ ਦਿੰਦੀ ਹੈ। ਉਹ ਅਜਿਹੇ ਸਮਾਜ ਸੁਧਾਰਕ ਵਾਂਗ ਹੈ ਜੋ ਸਮਾਜ ਦੀ ਵਿਗੜੀ ਤਾਣੀ ਨੂੰ ਸੁਲਝਾ ਕੇ ਸਿਹਤਮੰਦ ਸਮਾਜ ਸਿਰਜਣ ਦੇ ਰਾਹ ਤੁਰਿਆ ਹੈ। ਬੀੜ ਨੂੰ ਸਮਾਜ ਦੀ ਚਿੰਤਾ ਹੈ, ਫ਼ਿਕਰ ਹੈ ਤੇ ਇਹੋ ਚਿੰਤਾ ਤੇ ਫ਼ਿਕਰ ਉਸ ਨੂੰ ਇਕ ਜ਼ਿੰਮੇਵਾਰ ਹਾਸ-ਵਿਅੰਗ ਲੇਖਕ ਬਣਾਉਂਦੇ ਹਨ।

ਕੇ. ਐਲ. ਗਰਗ
ਮੋ: 94635-37050

c c c

ਸ਼ਾਇਰੀ ਦਾ ਸਫ਼ਰ
ਸ਼ਾਇਰ : ਆਦਲ ਦਿਆਲਪੁਰੀ
ਪ੍ਰਕਾਸ਼ਕ : ਸਾਂਝ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 99146-27035

ਆਦਲ ਦਿਆਲਪੁਰੀ ਦਹਾਕਿਆਂ ਤੋਂ ਪੰਜਾਬੀ ਵਿਚ ਕਾਵਿ ਸਿਰਜਣਾ ਕਰ ਰਿਹਾ ਹੈ ਤੇ 'ਸ਼ਾਇਰੀ ਦਾ ਸਫ਼ਰ' ਤੋਂ ਪਹਿਲਾਂ ਉਸ ਦੀਆਂ ਚਾਰ ਹੋਰ ਪੁਸਤਕਾਂ ਵੀ ਛਪ ਚੁੱਕੀਆਂ ਹਨ। ਉਹ ਆਪਣੇ ਤੇਜ਼ ਤਰਾਰ ਵਿਅੰਗ ਬਾਣਾਂ ਲਈ ਮਸ਼ਹੂਰ ਰਿਹਾ ਹੈ ਤੇ ਕਿਸੇ ਵੇਲੇ ਸਟੇਜਾਂ 'ਤੇ ਉਸ ਦੀ ਧਾਕ ਰਹੀ ਹੈ। ਦਰਅਸਲ ਗੁਰਦਾਸ ਰਾਮ ਆਲਮ ਤੋਂ ਬਾਅਦ ਵਿਅੰਗ ਦੇ ਤਿੱਖੇ ਤੀਰ ਆਦਲ ਦੀ ਸ਼ਾਇਰੀ ਦਾ ਆਧਾਰ ਰਹੇ ਹਨ। ਫ਼ਰਕ ਏਨਾ ਕੁ ਹੈ ਕਿ ਆਲਮ ਨੇ ਸੱਤਾ 'ਤੇ ਕਾਬਜ਼ ਲੋਕਾਂ ਨੂੰ ਲਪੇਟੇ ਵਿਚ ਲਿਆ ਪਰ ਆਦਲ ਨੇ ਆਪਣੀ ਸ਼ਾਇਰੀ ਵਿਚ ਸਮਾਜਿਕ ਸਮੱਸਿਆਵਾਂ ਤੇ ਧਾਰਮਿਕ ਕਵਿਤਾਵਾਂ ਵੀ ਜੋੜੀਆਂ ਹਨ। 'ਸ਼ਾਇਰੀ ਦਾ ਸਫ਼ਰ' ਵਿਚ 134 ਰਚਨਾਵਾਂ ਦਰਜ ਹਨ, ਜਿਨ੍ਹਾਂ ਵਿਚ ਦੋਹਰੇ, ਗੀਤ ਤੇ ਸਟੇਜੀ ਲਹਿਜ਼ੇ ਦੀਆਂ ਕਵਿਤਾਵਾਂ ਹਨ। ਆਦਲ ਨੇ ਜ਼ਿਆਦਾਤਰ ਪਿੰਗਲਈ ਛੰਦਾਂ ਦੀ ਵਰਤੋਂ ਕੀਤੀ ਹੈ ਤੇ ਉਸ ਦਾ ਛੰਦ ਪ੍ਰਬੰਧ ਕਾਫ਼ੀ ਸੰਤੋਸ਼ਜਨਕ ਹੈ। ਸ਼ਾਇਰ ਦੀ ਸ਼ਬਦਾਬਲੀ ਆਮ ਲੋਕਾਂ ਦੀ ਜ਼ਬਾਨ ਵਿਚ ਹੈ ਤੇ ਇਨ੍ਹਾਂ ਕਵਿਤਾਵਾਂ ਵਿਚ ਮੰਜ਼ਰੀ ਚਿਤਰਣ ਖ਼ੂਬਸੂਰਤ ਹੈ। ਆਦਲ ਨੇ ਜਿੱਥੇ ਰਾਜਨੀਤਕ, ਧਾਰਮਿਕ ਤੇ ਸਮਾਜਿਕ ਵਿਸ਼ਿਆਂ ਨੂੰ ਲੈ ਕੇ ਬੜੀਆਂ ਸਫ਼ਲ ਰਚਨਾਵਾਂ ਕਹੀਆਂ ਹਨ, ਉਥੇ 'ਗਣਤੰਤਰ ਦਿਵਸ' ਤੇ 'ਦੇਸ਼ ਸਾਡਾ' ਵਰਗੀਆਂ ਅਪ੍ਰਸੰਗਕ ਤੇ ਤਰਕਹੀਣ ਰਚਨਾਵਾਂ ਪੜ੍ਹ ਕੇ ਮੈਨੂੰ ਅਫ਼ਸੋਸ ਵੀ ਹੋਇਆ ਹੈ। ਫਿਰ ਵੀ ਇਸ ਪੁਸਤਕ ਵਿਚ ਵੱਡੀ ਗਿਣਤੀ ਅੱਥਰੇ ਵੇਗ ਵਾਲੀਆਂ ਰਚਨਾਵਾਂ ਦੀ ਹੈ। ਇਸ ਵਿਚ ਆਦਲ ਨੇ ਕੁਝ ਰੁਬਾਈਆਂ ਵੀ ਛਾਪੀਆਂ ਹਨ। ਰੁਬਾਈ ਦਾ ਸ਼ਿਲਪ ਬੜਾ ਨਾਜ਼ੁਕ ਹੈ ਪਰ ਆਦਲ ਨੇ ਠੇਠ ਪੰਜਾਬੀ ਸ਼ਬਦਾਂ ਦੀ ਵਰਤੋਂ ਕਰਕੇ ਇਸ ਦੀ ਆਪਣੇ ਢੰਗ ਨਾਲ ਵਰਤੋਂ ਕੀਤੀ ਹੈ। ਆਦਲ ਦੀਆਂ ਕਵਿਤਾਵਾਂ ਦੇ ਕਈ ਹਿੱਸੇ ਲੋਕ ਮੁਹਾਵਰਿਆਂ ਵਰਗੇ ਜਾਪਦੇ ਹਨ ਤੇ ਪੰਜਾਬੀ ਪੇਂਡੂ ਜੀਵਨਸ਼ੈਲੀ ਦੀ ਹੇਠਲੀ ਪਰਤ ਤੱਕ ਤਰਜ਼ਮਾਨੀ ਕਰਦੇ ਹਨ। ਉਸ ਦੀ ਸ਼ਾਇਰੀ ਦਾ ਸੁਭਾਅ ਸਟੇਜੀ ਹੈ ਤੇ ਸ਼ਾਇਰੀ ਦੀ ਇਹ ਵੰਨਗੀ ਹੌਲੀ-ਹੌਲੀ ਅਲੋਪ ਹੋ ਰਹੀ ਹੈ। 'ਸ਼ਾਇਰੀ ਦਾ ਸਫ਼ਰ' ਨੂੰ ਸੁਰਜੀਤ ਸਾਜਨ ਨੇ ਸੰਪਾਦਿਤ ਕੀਤਾ ਹੈ। ਇਹ ਕਿਤਾਬ ਸੱਚਮੁੱਚ ਆਪਣੀ ਤਰ੍ਹਾਂ ਦੀ ਹੈ, ਜਿਸ ਦਾ ਅੰਦਾਜ਼ ਮਾਣਿਆ ਜਾਣ ਵਾਲਾ ਹੈ।

ਗੁਰਦਿਆਲ ਰੌਸ਼ਨ
ਮੋ: 99884-44002

c c c

ਤਿਤਲੀਆਂ
ਕਵੀ : ਗੁਰਸੇਵਕ ਲੰਬੀ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 130 ਰੁਪਏ, ਸਫ਼ੇ : 80
ਸੰਪਰਕ : 99141-50353.

'ਤਿਤਲੀਆਂ' ਕਾਵਿ ਸੰਗ੍ਰਹਿ 'ਚ ਕਵੀ ਗੁਰਸੇਵਕ ਲੰਬੀ ਦੀਆਂ 45 ਕਾਵਿ ਰਚਨਾਵਾਂ ਸ਼ਾਮਿਲ ਹਨ। ਇਨ੍ਹਾਂ ਕਾਵਿ ਰਚਨਾਵਾਂ 'ਚ ਸ਼ਾਇਰ ਨੇ ਮਨੁੱਖੀ ਜ਼ਿੰਦਗੀ ਦੀਆਂ ਵੱਖ-ਵੱਖ ਪਰਤਾਂ ਨੂੰ ਛੋਹਿਆ ਹੈ। ਇਨ੍ਹਾਂ ਕਾਵਿ ਰਚਨਾਵਾਂ 'ਚ ਲੇਖਕ ਰੂੜ੍ਹੀਵਾਦੀ ਵਿਚਾਰਧਾਰਾ ਨੂੰ ਨਕਾਰਦਾ ਅਤੇ ਨਵੀਂ ਸੋਚ ਅਪਣਾਉਣ ਲਈ ਉਤਸ਼ਾਹਿਤ ਕਰਦਾ ਪ੍ਰਤੀਤ ਹੁੰਦਾ ਹੈ। ਕਵੀ ਅਜੋਕੇ ਰਾਜਨੀਤਕ ਵਰਤਾਰੇ 'ਤੇ ਟਕੋਰ ਕਰਦਾ ਹੈ ਕਿ ਮੇਰੇ ਮੁਲਕ 'ਚ ਬਹੁਤ ਕੁਝ ਬਦਲ ਜਾਂਦਾ ਹੈ ਪਰ ਜੇਕਰ ਨਹੀਂ ਬਦਲਦਾ ਤਾਂ ਸੱਤਾ ਨੂੰ ਬਦਲਣ ਵਾਲੇ ਲੋਕਾਂ ਦਾ ਜੀਵਨ ਨਹੀਂ ਬਦਲਦਾ। ਅਜੋਕੇ ਸਮਾਜ 'ਚ ਵਧ ਰਹੀਆਂ ਸਮਾਜਿਕ ਬੁਰਾਈਆਂ, ਜ਼ਹਿਰੀਲੇ ਅਤੇ ਪਲੀਤ ਹੋ ਰਹੇ ਪਾਣੀਆਂ, ਆਰਥਿਕ ਤੰਗੀਆਂ-ਤੁਰਸ਼ੀਆਂ ਕਾਰਨ ਹੋ ਰਹੀਆਂ ਖ਼ੁਦਕੁਸ਼ੀਆਂ ਤੋਂ ਉਹ ਡਾਢਾ ਚਿੰਤਾਵਨ ਹੈ। ਦੇਸ਼ ਦੇ ਅੰਨਦਾਤੇ ਕਿਸਾਨ ਦਾ ਅੰਦਰਲਾ ਦਰਦ ਬਿਆਨਦਾ ਗੁਰਸੇਵਕ ਲਿਖਦਾ ਹੈ :
ਸਾਡੇ ਖੇਤਾਂ ਵਿਚ ਉੱਗਣ ਕਰਜ਼ਈ ਕਣਕਾਂ।
ਕਾਹਤੋਂ ਪੱਕਦੀਆਂ ਨੲ੍ਹੀਂ ਸਾਡੇ ਲਈ ਕਣਕਾਂ।
ਕਵੀ ਮਨੁੱਖ ਨੂੰ ਦਲੀਲ ਮੁਕਤ ਹੋਣ ਦੀ ਬਜਾਏ ਦਲੀਲ ਯੁਕਤ ਹੋਣ ਲਈ ਪ੍ਰੇਰਦਾ ਹੈ। ਵਿਦੇਸ਼ੀ ਡਾਲਰਾਂ, ਪੌਂਡਾਂ ਦੀ ਚਮਕ-ਦਮਕ 'ਚ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਰਹੀ ਮਨੁੱਖਤਾ ਪ੍ਰਤੀ ਉਹ ਫ਼ਿਕਰਮੰਦ ਜਾਪਦਾ ਹੈ। ਸ਼ਾਇਰ ਲੋਕ ਨਾਚ, ਸਾਜ, ਗੀਤ ਸੰਗੀਤ, ਲੋਕ ਨਾਟਿ ਆਦਿ ਕਲਾਵਾਂ ਦੇ ਕਾਦਰ ਨੂੰ ਸਿਜਦਾ ਕਰਦਾ ਹੈ। ਦੇਸ਼ ਦੇ ਭ੍ਰਿਸ਼ਟ ਰਾਜਨੀਤਕ ਸਿਸਟਮ, ਦੇਸ਼ ਦੇ ਹੁਕਮਰਾਨਾਂ ਵਲੋਂ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ ਅਤੇ ਗ਼ਰੀਬਾਂ ਦਾ ਹੋਰ ਕਚੂੰਮਰ ਕੱਢੇ ਜਾਣ ਤੋਂ ਨਿਰਾਸ਼ ਅਸਲੀ ਆਜ਼ਾਦੀ ਨੂੰ ਤਲਾਸ਼ਦਾ ਕਵੀ ਲਿਖਦਾ ਹੈ :
ਚੁੱਲ੍ਹਿਆਂ 'ਚ ਅੱਗ ਹੈ ਨੀ,
ਸਿਰਾਂ ਉਤੇ ਪੱਗ ਹੈ ਨੀ।
ਵੇਖਿਆ ਨੀ ਅਸੀਂ ਕਦੇ ਹੱਸ ਉਏ ਤਰੰਗਿਆ।
ਕਿੱਥੇ ਆ ਆਜ਼ਾਦੀ ਸਾਨੂੰ ਦੱਸ ਉਤੇ ਤਰੰਗਿਆ।
ਇਸ ਕਾਵਿ ਸੰਗ੍ਰਹਿ ਦੀਆਂ ਰਚਨਾਵਾਂ ਵਿਸ਼ਾ-ਵਸਤੂ ਅਤੇ ਪੂਰਕ ਪੱਖ ਤੋਂ ਖੂਬਸੂਰਤੀ ਦਾ ਪ੍ਰਮਾਣ ਦਿੰਦੀਆਂ ਹਨ ਅਤੇ ਰਵਾਨਗੀ ਭਰਪੂਰ ਹਨ। ਇਸ ਸੰਗ੍ਰਹਿ ਦੇ ਕੁਝ ਸ਼ਿਅਰ ਕਾਬਲੇ ਜ਼ਿਕਰ ਹਨ :
ਤੇਰੇ ਵਿਚ ਨਾ ਠਿਲ੍ਹਦੇ ਸਹਾਰਾ ਹੋਰ ਜੇ ਹੁੰਦਾ।
ਦਿਸ਼ਾ ਤਾਂ ਬਦਲ ਲੈਣੀ ਸੀ, ਕਿਨਾਰਾ ਹੋਰ ਜੇ ਹੁੰਦਾ।

ਮਨਜੀਤ ਸਿੰਘ ਘੜੈਲੀ
ਮੋ: 98153-91625.

c c c

ਪੇਮੀ ਦੇ ਨਿਆਣੇ ਤੇ ਹੋਰ ਕਹਾਣੀਆਂ
ਲੇਖਕ : ਸੰਤ ਸਿੰਘ ਸੇਖੋਂ
ਸੰਪਾਦਕ : ਤੇਜਵੰਤ ਸਿੰਘ ਗਿੱਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 98152-98459.

ਪੰਜਾਬੀ ਸਾਹਿਤ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਬਹੁਪੱਖੀ ਸਾਹਿਤਕਾਰ ਸੰਤ ਸਿੰਘ ਸੇਖੋਂ ਦੀਆਂ ਪੰਜ ਕਹਾਣੀ ਪੁਸਤਕਾਂ ਵਿਚੋਂ ਪੰਦਰਾਂ ਚੋਣਵੀਆਂ ਕਹਾਣੀਆਂ ਦੀ ਸੰਪਾਦਿਤ ਇਹ ਪੁਸਤਕ ਨਵੇਂ ਐਡੀਸ਼ਨ ਦੇ ਰੂਪ ਵਿਚ ਛਪੀ ਹੈ। ਕਲਾਸੀਕਲ ਰਚਨਾਵਾਂ ਦਾ ਇਸ ਰੂਪ ਵਿਚ ਸੰਪਾਦਿਤ ਹੋਣਾ ਸ਼ਲਾਘਾਯੋਗ ਕਾਰਜ ਹੈ। ਸੇਖੋਂ ਸਾਹਿਬ ਦੇ ਸੰਗ੍ਰਹਿ ਸਮਾਚਾਰ ਵਿਚੋਂ ਚਾਰ ਕਹਾਣੀਆਂ, ਕਾਮੇ ਤੇ ਯੋਧੇ ਚੋਂ ਚਾਰ, ਅੱਧੀ ਵਾਟ 'ਚੋਂ ਦੋ, ਤੀਜਾ ਪਹਿਰ ਚੋਂ ਦੋ ਤੇ ਕੇਸੂ ਦੇ ਫੁੱਲ ਦੀਆਂ ਤਿੰਨ ਕਹਾਣੀਆਂ ਸੰਗ੍ਰਹਿ 'ਚ ਸ਼ਾਮਿਲ ਕੀਤੀਆਂ ਗਈਆਂ ਹਨ। ਕਹਾਣੀ ਦੇ ਪਾਠਕਾਂ ਨੂੰ ਸਮਰਪਿਤ ਪੁਸਤਕ ਦੀ ਭੂਮਿਕਾ ਅਥਵਾ ਕਹਾਣੀਆਂ ਦਾ ਭਾਵਪੂਰਤ ਵਿਸ਼ਲੇਸ਼ਣ ਸੇਖੋਂ ਦੀ ਕਹਾਣੀ ਕਲਾ ਦੇ ਸਨਮੁੱਖ ਸੰਪਾਦਕ ਨੇ ਕੀਤਾ ਹੈ। ਪਹਿਲੀ ਕਹਾਣੀ ਪੇਮੀ ਦੇ ਨਿਆਣੇ ਤੋਂ ਪੰਜਾਬੀ ਕਹਾਣੀ ਦੇ ਪਾਠਕ ਪਿਛਲੀ ਅੱਧੀ ਸਦੀ ਤੋਂ ਪੜ੍ਹਦੇ ਆ ਰਹੇ ਹਨ। ਭੈਣ ਭਰਾ ਖੇਤ ਨੂੰ ਜਾਂਦੇ ਹਨ। ਰਸਤੇ 'ਚ ਸੜਕ ਤੇ ਰਾਸ਼ਾ ਹੈ। ਬੱਚੇ ਡਰਦੇ ਹਨ। ਡਰ ਦੂਰ ਕਰਨ ਲਈ ਵੱਡੀ ਭੈਣ ਨਿੱਕੇ ਭਰਾ ਨੂੰ ਰਾਜੇ ਰਾਣੀ ਦੀ ਕਹਾਣੀ ਸੁਣਾਉਣੀ ਸ਼ੁਰੂ ਕਰਦੀ ਹੈ। ਭਰਾ ਹੁੰਗਾਰਾ ਭਰਦਾ ਹੈ। ਭਰਾ ਡਰਦਾ ਰੋਣ ਲਗਦਾ ਹੈ ਤਾਂ ਭੈਣ ਕਹਿੰਦੀ ਹੈ, ਬੀਰ ਰੋਨਾ ਕਿਉਂ ਐਂ---ਹੁਣੇ ਕੋਈ ਪਿੰਡੋਂ ਆ ਜਾਊ ---ਆਪਾਂ ਕਹਾਂਗੇ ਅਸੀਂ ਪੇਮੀ ਦੇ ਨਿਆਣੇ ਆਂ, ਸਾਨੂੰ ਨਾ ਫੜ। ਮਾਂ 'ਤੇ ਕਿੰਨਾ ਵਿਸ਼ਵਾਸ ਹੈ ਬੱਚਿਆਂ ਨੂੰ! ਪੜ੍ਹ ਕੇ ਮਨ ਭਾਵੁਕ ਹੋ ਜਾਂਦਾ ਹੈ। ਬਾਲ ਮਨੋਵਿਗਿਆਨ ਦੀ ਮਾਰਮਿਕ ਕਹਾਣੀ ਹੈ। ਮੰਝਧਾਰ ਵੀ ਇਸੇ ਤਰ੍ਹਾਂ ਦੀ ਕਹਾਣੀ ਹੈ। ਕਹਾਣੀਆਂ ਵਿਚ ਪਾਤਰਾਂ ਦੇ ਸੰਵਾਦ ਦਿਲਚਸਪ, ਤਰਕਸ਼ੀਲ ਭਾਸ਼ਾ ਬੌਧਿਕ ਪੱਧਰ ਦੀ ਹੈ। ਅੰਤਿਮ ਵਿਦਾਇਗੀ ਦੀ ਬਜ਼ੁਰਗ ਔਰਤ ਪੋਤੇ ਦੀ ਲਾਲਸਾ ਵਿਚ ਦੁਨੀਆ ਤੋਂ ਤੁਰ ਜਾਂਦੀ ਹੈ। ਪੁੱਤਰ ਅਗਾਂਹਵਧੂ ਵਿਚਾਰਾਂ ਵਾਲਾ ਹੈ। 'ਮੁੜ ਵਿਧਵਾ' ਵਿਚ ਵਿਧਵਾ ਨੂੰਹ ਸੱਸ ਤੇ ਇਕ ਬੱਚਾ ਰੇਲ ਸਫ਼ਰ ਕਰ ਰਹੇ ਹਨ। ਡੱਬੇ ਵਿਚ ਉਹ ਪਾਤਰ ਆ ਕੇ ਗੱਲੀਂ ਲੱਗ ਜਾਂਦਾ ਹੈ। ਬੱਚੇ ਨੁੰ ਲਾਡ ਪਿਆਰ ਕਰਦਾ ਜਵਾਨ ਨੂੰਹ ਦੇ ਨੇੜੇ ਹੁੰਦਾ ਹੈ। ਉਸ ਦਾ ਦਿਲ ਜਿੱਤ ਲੈਂਦਾ ਹੈ। ਮੰਜ਼ਿਲ 'ਤੇ ਪਹੁੰਚ ਕੇ ਜਦ ਉਤਰਦਾ ਹੈ ਤਾਂ ਨੂੰਹ ਨੂੰ ਲਗਦਾ ਹੈ ਜਿਵੇਂ ਉਹ ਮੁੜ ਵਿਧਵਾ ਹੋ ਗਈ ਹੋਵੇ। ਸੇਖੋਂ ਦੀਆਂ ਕਹਾਣੀਆਂ ਵਿਚ ਨਾਟਕੀ ਜੁਗਤਾਂ ਹਨ। ਮੀਂਹ ਜਾਵੇ ਅਨ੍ਹੇਰੀ ਜਾਵੇ ਫ਼ੌਜੀ ਜਵਾਨ ਦੀ ਪਤਨੀ ਦੀ ਇਕੱਲਤਾ ਦਾ ਸੰਤਾਪ ਹੈ। ਇਸ ਕਹਾਣੀ ਦੀ ਦੂਰਦਰਸ਼ਨ ਪੇਸ਼ਕਾਰੀ ਵੀ ਹੋ ਚੁੱਕੀ ਹੈ। ਕਿਸਾਨੀ ਕਰਜ਼ੇ ਦੀ ਪੀੜਾ ਵੀ ਕੁਝ ਕਹਾਣੀਆਂ ਵਿਚ ਹੈ।

ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160

c c c

ਬਿਰਹਾ ਰੋਈ ਰਾਤ
ਲੇਖਕ : ਤਾਰਾ ਸਿੰਘ ਚੇੜਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 98777-55681.

ਸ਼ਾਇਰ ਤੇਰਾ ਸਿੰਘ ਚੇੜਾ ਬਿਰਹਾ ਦੇ ਵਿਸ਼ੇ ਨੂੰ ਨਿਭਾਉਣ ਵਾਲਾ ਨਿਵੇਕਲਾ ਸ਼ਾਇਰ ਹੈ, ਜਿਸ ਨੇ ਹਥਲੀ ਕਾਵਿ-ਕਿਤਾਬ 'ਬਿਰਹਾ ਰੋਈ ਰਾਤ' ਤੋਂ ਪਹਿਲਾਂ 'ਤੂ ੰਬਿਰਹਾ ਰੰਗ ਰੱਤੜਾ', 'ਬਿਰਹਾ ਲੰਬੀ ਰਾਤ', 'ਬਿਰਹਾ ਦੀ ਰੜਕ', 'ਬਿਰਹਾ ਹੰਝੂ ਕੇਰੇ', 'ਬਿਰਹਾ ਹੰਝੂ ਕੋਸੇ', 'ਬਿਰਹਾ ਦੀ ਚੀਸ' ਅਤੇ 'ਬਿਰਹਾ ਦੀ ਪੀੜ' ਪੰਜਾਬੀ ਅਦਬ ਦੀ ਝੋਲੀ ਪਾ ਚੁੱਕਿਆ ਹੈ। ਇਕੋ ਵਿਸ਼ੇ ਨੂੰ ਨਿਭਾਉਣਾ ਹੈ ਤਾਂ ਬੜਾ ਕਠਿਨ ਕਾਰਜ ਪਰ ਇਹ ਸ਼ਾਇਰ ਦੀ ਇਸ ਵਿਸ਼ੇ 'ਤੇ ਡੂੰਘੀ ਪਕੜ ਹੈ। ਇਸ ਪੁਸਤਕ ਵਿਚ ਪਰੰਪਰਕ ਆਦਰਸ਼ਵਾਦ ਦੇ ਮੁਲੰਮੇ ਹੇਠ ਮੁਹੱਬਤੀ ਰੋਸੇ, ਮੰਨਣ ਮਨਾਉਣ ਅਤੇ ਬਿਰਹੋਂ ਕੁੰਠੇ ਬੰਦੇ ਦਾ ਚਿਤਰਨ ਹੈ। ਇਕੋ ਵਿਸ਼ੇ ਨੂੰ ਨਿਭਾਉਣ ਸਮੇਂ ਦੁਹਰਾਓ ਦਾ ਹੋ ਜਾਣਾ ਸੁਭਾਵਿਕ ਹੈ। ਸ਼ਾਇਰ ਬਿਰਹੋਂ ਦੇ ਨਵੇਂ ਮਾਪਦੰਡ ਦੀ ਤੰਦ ਨਹੀਂ ਫੜਾਉਂਦਾ। ਡਾ: ਸਰਬਜੀਤ ਸਿੰਘ ਇਸ ਤਰ੍ਹਾਂ ਦੇ ਵਿਸ਼ੇ ਨੂੰ ਪੀਠੇ ਨੂੰ ਮੁੜ ਪੀਸਣਾ ਵਿਸ਼ੇ ਨੂੰ ਰੇਹ ਬਣਾਉਂਦਾ ਹੈ, ਗਰਦਾਨਦਾ ਹੈ। ਲਗਾਤਾਰ ਬਿਰਹਾ ਬਿਰਹਾ ਦਾ ਰਾਗ ਅਲਾਪਣਾ ਤਾਂ ਕੀਰਨਿਆਂ ਦੀ ਹੱਦ ਤੱਕ ਚਲੇ ਜਾਂਦਾ ਹੈ। ਕੀ ਨਿੱਜ ਦੇ ਦਰਦ ਨੂੰ ਜੱਗ ਦਾ ਦਰਦ ਬਣਾਇਆ ਜਾ ਸਕਦਾ ਹੈ। ਬਿਰਹਾ ਨੂੰ ਹੋਰ ਸ਼ਾਇਰਾਂ ਨੇ ਵੀ ਵਿਸ਼ਾਗਤ ਕੀਤਾ ਹੈ ਪਰ ਦੁਹਰਾਓ ਕੋਈ ਨਹੀਂ। ਬਾਬਾ ਫ਼ਰੀਦ ਬਿਰਹਾ ਨੂੰ ਸੁਲਤਾਨ ਆਖਦਾ ਹੈ, ਮਿਰਜ਼ਾ ਗਾਲਿਬ 'ਦਰਦ ਕਾ ਹੱਦ ਸੇ ਬੜ ਜਾਨਾ ਹੈ ਦਰਦ ਕੀ ਦਵਾ ਹੋ ਜਾਨਾ' ਦੀ ਸੰਗਿਆ ਦਿੰਦਾ ਹੈ ਅਤੇ ਗੁਰਬਾਣੀ ਵੀ ਇਸ ਦਾ ਇਹ ਕਹਿ ਕੇ ਨਿਖੇੜਾ ਕਰਦੀ ਹੈ ਕਿ 'ਕਾਲੀ ਕੋਇਲ ਤੂੰ ਕਿਸ ਗੁਨ ਕਾਲੀ, ਆਪਨੇ ਪਿਆ ਕੀ ਬਿਰਹੋ ਜਾਲੀ'। ਸਮਕਾਲ ਵਿਚ ਦੇਸ਼ ਜਿਸ ਗੰਭੀਰ ਸੰਕਟ ਵਿਚੋਂ ਗੁਜ਼ਰ ਰਿਹਾ ਹੈ ਅਤੇ ਭਗਵਾਂ ਬ੍ਰਿਗੇਡ ਕਿਵੇਂ ਅਖੌਤੀ ਰਾਸ਼ਟਰਵਾਦ ਦੇ ਭੈਅ ਨਾਲ ਜਨਤਾ ਨੂੰ ਭੈਭੀਤ ਕਰ ਰਿਹਾ ਹੈ, ਵੱਲ ਵੀ ਸ਼ਾਇਰ ਨੂੰ ਧਿਆਨ ਦੇਣਾ ਚਾਹੀਦਾ ਹੈ। ਇਕੋ ਵਿਸ਼ੇ ਨੂੰ ਫੈਵੀਕੋਲ ਲਗਾਉਣਾ ਸੰਦੇਹ ਪੈਦਾ ਕਰਦਾ ਹੈ। ਸ਼ਾਇਰ ਕੋਲ ਕਾਵਿਕ ਮੁਹਾਵਰਾ ਹੈ, ਕਾਵਿਕ ਸ਼ਿਲਪ ਹੈ ਪਰ ਕਾਵਿਕ ਚਿੰਤਨ ਝੋਲ ਮਾਰਦਾ ਹੈ, ਸ਼ਾਇਰ ਨੂੰ ਕਾਵਿ ਧਰਮ ਨਿਭਾਉਣਾ ਚਾਹੀਦਾ ਹੈ। ਇਹ ਕੋਈ ਹਦਾਇਤ ਨਹੀਂ ਤੇ ਨਾ ਹੀ ਨਸੀਹਤ, ਸ਼ਾਇਰ ਨੇ ਤਾਂ Poet }s next to prophet ਅਰਥਾਤ ਸ਼ਾਇਰ ਪੈਗ਼ੰਬਰ ਤੋਂ ਦੂਜੇ ਥਾਂ 'ਤੇ ਹੁੰਦਾ ਹੈ। ਕੀ ਆਪਾਂ ਇਸ ਰਸਤੇ 'ਤੇ ਚੱਲਾਂਗੇ?

ਭਗਵਾਨ ਢਿੱਲੋਂ
ਮੋ: 98143-78254.

c c c

3-10-2020

 ਪੰਜਾਬ : ਦ੍ਰਿਸ਼ ਅਤੇ ਦ੍ਰਿਸ਼ਟੀ
ਸੰਪਾਦਕ : ਡਾ: ਸਰਬਜੀਤ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 270
ਸੰਪਰਕ : 98155-74144.

ਪੰਜਾਬ ਹੀ ਨਹੀਂ, ਸਮੁੱਚਾ ਦੇਸ਼ ਇਸ ਵਕਤ ਜਿਸ ਭ੍ਰਿਸ਼ਟ ਸਿਆਸੀ ਦੌਰ ਵਿਚ ਹੈ, ਉਸ ਵਿਚ ਕੁਝ ਵੀ ਆਸ਼ਾਜਨਕ ਨਹੀਂ ਦਿਸ ਰਿਹਾ। ਸੱਤਾ 'ਤੇ ਬੈਠੇ ਲੋਕ ਪੂਰੀ ਚਤੁਰਾਈ, ਢੀਠਤਾਈ ਤੇ ਬੇਹਯਾਈ ਨਾਲ ਇਤਿਹਾਸ ਨੂੰ ਪੁੱਠਾ ਗੇੜ ਦੇ ਕੇ ਮਨੂੰਵਾਦੀ ਬ੍ਰਾਹਮਣਵਾਦੀ ਵਰਣ ਆਸ਼ਰਮ ਵਾਲੇ ਭਗਵੇਂ ਰੰਗ ਵਿਚ ਰੰਗਣ ਲਈ ਬਜ਼ਿਦ ਹਨ। ਵਿਰੋਧੀ ਸਿਆਸਤਦਾਨਾਂ ਨੂੰ ਝੂਠੇ ਸੱਚੇ ਕੇਸਾਂ, ਛਾਪਿਆਂ, ਮੁਕੱਦਮਿਆਂ ਵਿਚ ਅੜਾ ਕੇ ਚੁੱਪ ਕਰਾਉਣ, ਖ਼ਰੀਦਣ, ਜੇਲ੍ਹਾਂ ਵਿਚ ਬੰਦ ਕਰਨ ਜਾਂ ਬੰਦ ਕਰਨ ਦਾ ਧੰਦਾ ਜ਼ੋਰ-ਸ਼ੋਰ ਨਾਲ ਜਾਰੀ ਹੈ। ਮੀਡੀਆ ਵਿਕ ਚੁੱਕਾ ਹੈ। ਨਿਆਂ ਵਿਵਸਥਾ ਵਿਚ ਘੁਸਪੈਠ ਹੋਰ ਮਾੜੇ ਦਿਨਾਂ ਦੀ ਸੰਕੇਤਕ ਹੈ। ਬੁੱਧੀਜੀਵੀ ਮਾਣ-ਸਨਮਾਨਾਂ ਲਈ ਤਰਲੇ ਲੈਣ ਜੋਗੇ ਹਨ। ਨੌਜਵਾਨ ਨਸ਼ੇ ਅਤੇ ਪਲਾਇਨ ਜੋਗੇ ਰਹਿ ਗਏ ਹਨ। ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਕਿਰਤੀ ਭੁੱਖਾ ਹੈ। ਬੇਰੁਜ਼ਗਾਰੀ ਸਿਖ਼ਰਾਂ 'ਤੇ ਹੈ। ਆਰਥਿਕਤਾ ਨਸ਼ਟ ਹੈ। ਬੈਂਕਾਂ ਦਾ ਪੈਸਾ ਕਾਰਪੋਰੇਟ ਅਰਬਪਤੀ ਲੁੱਟ-ਲੁੱਟ ਭੱਜ ਰਹੇ ਹਨ। ਦੇਸ਼ ਮਹਾਨ ਹੈ ਮੇਰਾ ਫਿਰ ਵੀ।
ਬੌਧਿਕ, ਆਰਥਿਕ, ਸਿਆਸੀ, ਨੈਤਿਕ ਪੱਖੋਂ ਉੱਜੜੇ ਤੇ ਨਿੱਘਰੇ ਇਸ ਦੌਰ ਵਿਚ ਪੰਜਾਬੀ ਹੀ ਦੇਸ਼ ਦਾ ਮਾਰਗ ਦਰਸ਼ਨ ਕਰਨ ਦੀ ਹਿੰਮਤ ਕਰ ਸਕਦੇ ਹਨ। ਦੂਰ ਅਤੀਤ ਹੀ ਨਹੀਂ, ਨੇੜ ਅਤੀਤ ਵਿਚ ਇੰਜ ਹੋਇਆ ਹੈ। ਇਹ ਕਿਤਾਬ ਇਸੇ ਸੋਚ ਨਾਲ ਜੁੜੇ ਕੁਝ ਉਸਾਰੂ ਬੁੱਧੀਜੀਵੀਆਂ ਦੇ ਵਿਚਾਰ ਉਤੇਜਕ ਖੋਜ ਪੱਤਰਾਂ ਦਾ ਸੰਗ੍ਰਹਿ ਹੈ। ਇਹ ਖੋਜ ਪੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ 15, 16, 17 ਫਰਵਰੀ, 2019 ਵਿਚ ਚੰਡੀਗੜ੍ਹ ਵਿਚ ਕਰਵਾਈ ਗਈ ਦੂਜੀ ਆਲਮੀ ਪੰਜਾਬੀ ਕਾਨਫ਼ਰੰਸ ਵਿਚ ਪੜ੍ਹੇ ਗਏ। ਭਾਵੇਂ ਇਨ੍ਹਾਂ ਦੇ ਮੁੱਖ ਵਿਸ਼ੇ ਪੰਜਾਬ ਦੀ ਆਰਥਿਕਤਾ, ਪੰਜਾਬ ਦੀ ਪਛਾਣ, ਔਰਤ, ਪਰਵਾਸ, ਸਿੱਖਿਆ, ਰੁਜ਼ਗਾਰ ਅਤੇ ਰਾਜਨੀਤੀ ਦੇ ਪੰਜਾਬੀ ਪ੍ਰਸੰਗ ਹਨ ਪਰ ਇਨ੍ਹਾਂ ਮਸਲਿਆਂ ਉੱਤੇ ਗੱਲ ਕਰਨ ਵਾਲਿਆਂ ਦਾ ਆਪਣਾ ਬੌਧਿਕ, ਸਿਆਸੀ, ਅਕਾਦਮਿਕ ਕੱਦ ਅਤੇ ਸੋਚ ਰਾਸ਼ਟਰੀ ਪਰਿਪੇਖ ਵਿਚ ਨਵੇਂ ਵਿਚਾਰਾਂ ਅਤੇ ਨਵੀਆਂ ਲੀਹਾਂ ਪਾਉਣ ਦੇ ਸਮਰੱਥ ਹੈ। ਖੇਤਰ ਭਾਵੇਂ ਹਰ ਇਕ ਦਾ ਆਪੋ-ਆਪਣਾ ਹੈ। ਅਪੂਰਵਾ ਨੰਦ, ਕਨ੍ਹੱਈਆ ਕੁਮਾਰ, ਡਾ: ਸੁੱਚਾ ਸਿੰਘ, ਤਰਸੇਮ ਬਾਹੀਆ, ਕਨੁਪ੍ਰਿਆ, ਇੰਦਰਾ ਜੈ ਸਿੰਘ, ਡਾ: ਸੁਖਦੇਵ ਸਿੰਘ, ਡਾ: ਸੁਖਪਾਲ, ਡਾ: ਘੁੰਮਣ, ਡਾ: ਸਰਬਜੀਤ ਸਾਰੇ ਵੱਡੇ ਨਾਂਅ ਹਨ। ਇਨ੍ਹਾਂ ਦੀ ਗੱਲ ਪੰਜਾਬੀਆਂ ਨੂੰ ਸੁਣਨੀ-ਪੜ੍ਹਨੀ ਚਾਹੀਦੀ ਹੈ।

ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਕਾਲ ਕਥਾ
ਨਾਵਲਕਾਰ : ਮਨਮੋਹਨ ਬਾਵਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 500 ਰੁਪਏ, ਸਫ਼ੇ : 412
ਸੰਪਰਕ : 081307-82551.

ਸ੍ਰੀ ਮਨਮੋਹਨ ਬਾਵਾ ਇਕ ਬਹੁਆਯਾਮੀ ਵਿਅਕਤੀ ਹੈ। ਉਹ ਆਪਣੇ ਅਸਤਿੱਤਵ ਨੂੰ ਕਈ ਰੂਪਾਂ-ਰੰਗਾਂ ਵਿਚ ਪੇਸ਼ ਕਰਦਾ ਰਿਹਾ ਹੈ। ਉਸ ਦੀ ਪੇਸ਼ਕਾਰੀ ਦਾ ਇਕ ਮਾਧਿਅਮ ਸਾਹਿਤ-ਸਿਰਜਣਾ ਹੈ। ਇਕ ਪਰਾਕ੍ਰਮੀ (ਐਡਵੈਂਚਰਸ) ਵਿਅਕਤੀ ਹੋਣ ਕਾਰਨ ਸਾਹਿਤ ਦੇ ਖੇਤਰ ਵਿਚ ਉਸ ਨੇ ਇਤਿਹਾਸਕ ਗਲਪ ਅਤੇ ਸਫ਼ਰਨਾਮਿਆਂ ਦੀ ਰਚਨਾ ਕੀਤੀ ਹੈ। ਉਸ ਦੇ ਇਤਿਹਾਸਕ ਨਾਵਲਾਂ ਵਿਚ ਇਤਿਹਾਸ ਨੂੰ ਗਲਪਕਾਰੀ ਦੇ ਨਾਲ ਮਿਲਾ ਕੇ ਪੇਸ਼ ਕੀਤਾ ਗਿਆ ਹੈ। ਵਿਚਾਰ ਅਧੀਨ ਨਾਵਲ ਵਿਚ ਉਸ ਨੇ ਮਹਿਮੂਦ ਗਜ਼ਨਵੀ ਨੂੰ ਆਪਣੀ ਬਿਰਤਾਂਤਕਾਰੀ ਦੇ ਕੇਂਦਰ ਵਿਚ ਰੱਖਿਆ ਹੈ, ਹਾਲਾਂਕਿ ਇਸ ਨਾਵਲ ਦਾ ਬਹੁਤਾ ਭਾਗ ਇਕ ਹਿੰਦੂਸ਼ਾਹੀ ਰਾਜੇ ਆਨੰਦਪਾਲ ਨਾਲ ਸਬੰਧਿਤ ਵੇਰਵਿਆਂ ਦੀ ਪੇਸ਼ਕਾਰੀ ਕਰਦਾ ਹੈ। ਆਨੰਦਪਾਲ ਦੇ ਪਿਤਾ ਰਾਜੇ ਜੈਪਾਲ ਦਾ ਰਾਜ ਕਾਬੁਲ ਤੋਂ ਲੈ ਕੇ ਪੰਚਨਦ ਦੇ ਖੇਤਰ ਤੱਕ ਫੈਲਿਆ ਹੋਇਆ ਸੀ ਪਰ ਸੁਬਕਤਗੀਨ ਵਰਗੇ ਤੁਰਕੀ ਸੁਲਤਾਨਾਂ ਨੇ ਉਸ ਨੂੰ ਅਫ਼ਗਾਨਿਸਤਾਨ ਵਿਚੋਂ ਕੱਢ ਕੇ ਪੰਚਨਦ ਤੱਕ ਹੀ ਸੀਮਤ ਕਰ ਦਿੱਤਾ ਸੀ। ਜੈਪਾਲ ਦਾ ਪੁੱਤਰ ਰਾਜਕੁਮਾਰ ਆਨੰਦਪਾਲ ਇਕ ਰੌਸ਼ਨ ਦਿਮਾਗ ਨਵਯੁਵਕ ਸੀ। ਉਹ ਤੁਰਕਾਂ ਦੀ ਵਧਦੀ ਸ਼ਕਤੀ ਤੋਂ ਸੁਪਰਿਚਿਤ ਸੀ। ਉਸ ਦਾ ਅੰਦੇਸ਼ਾ ਸੀ ਕਿ ਇਹ ਤੁਰਕ ਕਿਸੇ ਦਿਨ ਪੂਰੇ ਭਾਰਤ ਨੂੰ ਆਪਣੇ ਅਧੀਨ ਕਰ ਲੈਣਗੇ। ਇਸ ਕਾਰਨ ਉਹ ਉੱਤਰੀ ਭਾਰਤ ਦੇ ਕੁਝ ਹੋਰ ਰਾਜਿਆਂ ਨਾਲ ਮਿਲ ਕੇ ਤੁਰਕੀ ਸੁਲਤਾਨਾਂ ਦੇ ਮਨਸੂਬਿਆਂ ਨੂੰ ਠੱਲ੍ਹ ਪਾਉਣਾ ਚਾਹੁੰਦਾ ਸੀ। ਇੰਜ ਇਹ ਨਾਵਲ ਮਹਿਮੂਦ ਗਜ਼ਨਵੀ ਦੇ ਨਾਲ-ਨਾਲ ਰਾਜਾ ਆਨੰਦਪਾਲ ਦੀਆਂ ਜਿੱਤਾਂ ਤੇ ਪ੍ਰਾਪਤੀਆਂ ਦਾ ਵੀ ਇਕ ਦਸਤਾਵੇਜ਼ ਬਣ ਗਿਆ ਹੈ। ਇਸ ਨਾਵਲ ਨੂੰ ਪੜ੍ਹਨਾ ਭਾਰਤ ਦੇ ਇਤਿਹਾਸ ਬਾਰੇ ਇਕ ਨਵੀਂ ਅੰਤਰਦ੍ਰਿਸ਼ਟੀ ਹਾਸਲ ਕਰਨਾ ਹੈ।
ਮਨਮੋਹਨ ਬਾਵਾ ਬਿਰਤਾਂਤ ਦਾ ਧਨੀ ਹੈ। ਮਹਿਮੂਦ ਦੇ ਜੀਵਨ ਅਤੇ ਸਮੇਂ ਦਾ ਅਧਿਐਨ ਕਰਨ ਲਈ ਉਸ ਨੇ ਮੁਹੰਮਦ ਹਬੀਬ, ਇਰਫ਼ਾਨ ਹਬੀਬ, ਯੋਗੇਂਦਰ ਮਿਸ਼ਰ, ਮੁਹੰਮਦ ਨਾਜ਼ਿਮ ਅਤੇ ਫੌਜਾ ਸਿੰਘ ਵਰਗੇ ਕਈ ਇਤਿਹਾਸਕਾਰਾਂ ਨੂੰ ਪੜ੍ਹਿਆ। ਸਿੱਟੇ ਵਜੋਂ ਉਸ ਦੇ ਗਲਪੀ ਵੇਰਵੇ ਪੂਰੀ ਤਰ੍ਹਾਂ ਨਾਲ ਪ੍ਰਮਾਣਿਕ ਸਿੱਧ ਹੁੰਦੇ ਹਨ। ਭਾਰਤ ਵਿਚ ਦੇਵਦਾਸੀਆਂ ਦੀ ਪ੍ਰਥਾ ਦੇ ਵਿਸ਼ਲੇਸ਼ਣ ਹਿਤ ਉਸ ਨੇ ਸੁਰਾਪ੍ਰਭਾ ਨਾਂਅ ਦੀ ਇਕ ਦੇਵਦਾਸੀ ਦਾ ਕਿਰਦਾਰ ਘੜਿਆ ਹੈ, ਜੋ ਆਦਿ ਤੋਂ ਲੈ ਕੇ ਅੰਤ ਤੱਕ ਨਾਵਲ ਵਿਚ ਮੌਜੂਦ ਰਹਿੰਦਾ ਹੈ। ਭਟਿਕਾ ਦੇ ਰਾਜੇ ਵਿਜੈ ਰਾਇ ਬਾਰੇ ਵੀ ਕਾਫ਼ੀ ਜਾਣਕਾਰੀ ਦਿੱਤੀ ਗਈ ਹੈ। ਮਨਮੋਹਨ ਬਾਵਾ ਇਕ ਸਮਰਪਿਤ ਅਤੇ ਜਨੂੰਨੀ ਲੇਖਕ ਹੈ। ਉਹ ਅਭਿਵਿਅਕਤੀ ਦੇ ਜੈਨੁਇਨ ਦਬਾਵਾਂ ਅਧੀਨ ਲਿਖਦਾ ਹੈ। ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਅਕਾਦਮਿਕ ਮਹੰਤਸ਼ਾਹੀ ਉਸ ਬਾਰੇ ਕੀ ਸੋਚਦੀ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਲੇਡੀ ਚੈਟਰਲੀ ਦਾ ਪ੍ਰੇਮੀ
(ਡੀ.ਐਚ. ਲਾਰੰਸ)

ਅਨੁ: ਡਾ: ਬਲਦੇਵ ਸਿੰਘ 'ਬੱਦਨ'
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨਜ਼, ਦਿੱਲੀ
ਮੁੱਲ : 250 ਰੁਪਏ, ਸਫ਼ੇ : 134
ਸੰਪਰਕ : 099588-31357.

ਡਾ: ਬੱਦਨ ਨੇ ਇਸ ਰਚਨਾ ਦਾ ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਅਜਿਹੀ ਭਾਸ਼ਾ ਵਿਚ ਕੀਤਾ ਕਿ ਨਾਵਲ ਪੜ੍ਹਦਿਆਂ ਇਸ ਦੇ ਮੂਲ ਪੰਜਾਬੀ ਵਿਚ ਲਿਖੇ ਜਾਣ ਦਾ ਭੁਲੇਖਾ ਪੈਣਾ ਸੁਭਾਵਿਕ ਹੈ। ਨਾਵਲ ਦੀ ਸੰਖੇਪ ਆਊਟ-ਲਾਈਨ ਇੰਜ ਹੈ : ਨਾਇਕਾ (ਕੋਨੀ) ਆਪਣੇ ਪਤੀ (ਚੈਟਰਲੀ)'ਪਹਿਲੀ ਸੰਸਾਰ ਜੰਗ 'ਚ ਅਪਾਹਜ ਵਿਅਕਤੀ'ਨਾਲ ਰੈਗਬੀ (ਚੈਟਰਲੀ) ਵਿਖੇ ਵੱਡੀ ਐਸਟੇਟ, ਜਿਸ ਵਿਚ ਵੱਡਾ ਜੰਗਲ ਵੀ ਸ਼ਾਮਿਲ ਸੀ, ਰਹਿ ਰਹੀ ਸੀ। ਜੰਗਲ ਦਾ ਰਖਵਾਲਾ 'ਮੈਲਰਸ' ਸੀ। ਅਪਾਹਜ ਪਤੀ ਦਾ ਸਤਿਕਾਰ ਤਾਂ ਕਰਦੀ ਸੀ ਪਰ ਉਹ ਉਸ ਨੂੰ ਬੱਚਾ ਦੇਣ ਤੋਂ ਅਸਮਰੱਥ ਸੀ। ਨਾਇਕਾ ਇੰਜ ਤੜਪਦੀ ਹੈ, 'ਕਾਸ਼! ਮੇਰੇ ਅੰਦਰ ਵੀ ਇਕ ਬਾਲ ਹੁੰਦਾ, ਪੰ: 56, ਦਰਅਸਲ ਬੱਚੇ ਦੀ ਚਾਹਤ ਹੀ 'ਗਾਲਪਨਿਕ ਕੋਡ' ਹੈ। ਅਸ਼ਲੀਲ ਜੀਵਨ ਵਿਚ ਨਿਰੰਤਰ ਪ੍ਰਵੇਸ਼ ਤਾਂ ਬਾਅਦ ਦਾ ਅਮਲ ਹੈ। ਜੰਗਲ 'ਚ ਸੈਰ ਕਰਨ ਦੇ ਬਹਾਨੇ ਰਖਵਾਲੇ (ਮੈਲਰਸ) ਨਾਲ ਵਾਰ-ਵਾਰ ਮਿਲਾਪ ਤੋਂ ਗਰਭਵਤੀ ਹੋ ਜਾਂਦੀ ਹੈ ਪਰ ਇਸ ਸੱਚ ਨੂੰ ਪਤੀ ਤੋਂ ਛੁਪਾ ਕੇ ਰੱਖਦੀ ਹੈ ਕਿਉਂਕਿ ਕਿਲਫਰਡ ਤਾਂ ਕਿਸੇ ਰਈਸ ਰਾਹੀਂ ਪ੍ਰਾਪਤ ਹੋਇਆ ਵਾਰਿਸ ਭਾਲਦਾ ਸੀ, ਨੌਕਰਾਂ-ਰਖਵਾਲਿਆਂ ਵਾਲਾ ਨਹੀਂ। ਰਖਵਾਲੇ ਦਾ ਆਪਣੀ ਪਤਨੀ ਬਾਰਥਾ ਨਾਲ ਤਲਾਕ ਦਾ ਕੇਸ ਚਲਦਾ ਸੀ। ਅਨੇਕਾਂ ਘਟਨਾਵਾਂ ਉਪਜਦੀਆਂ ਤੇ ਬਿਨਸਦੀਆਂ ਹਨ। 'ਮੈਰਲਸ' ਵਲੋਂ 'ਕੋਨੀ' ਨੂੰ ਲਿਖੇ ਖ਼ਤ ਨਾਲ ਸਮਾਪਤ ਹੋ ਕੇ ਨਾਵਲ ਖੁੱਲ੍ਹਾ ਪਾਠ ਸਿਰਜਦਾ ਹੈ। ਦਰਅਸਲ ਇਹ ਨਾਵਲ ਲਾਰੈਂਸ ਦੇ ਜੀਵਨ-ਸਿਧਾਂਤ 'ਮਾਇ ਗਰੇਟ ਰਿਲੀਜਨ ਇਜ਼ ਬਲੱਡ, ਦਿ ਫੈਲੱਸ਼ ਐਜ਼ ਬੀਇੰਗ ਵਾਈਜ਼ਰ ਦੈਨ ਦਿ ਇੰਫਲੈਕਟ' 'ਤੇ ਆਧਾਰਿਤ ਹੈ। ਨਾਵਲ ਦੀ ਡੂੰਘ-ਸੰਰਚਨਾ ਨੂੰ ਸਮਝਦਿਆਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਲਾਰੈਂਸ ਜਜ਼ਬਾਤ, ਤੀਬਰ ਲਾਲਸਾ ਅਤੇ ਫ਼ਿਤਰਤ ਦੀ ਪੇਸ਼ਕਾਰੀ ਵੱਲ ਰੁਚਿਤ ਹੈ। ਅਚੇਤ ਮਨ ਵਿਚੋਂ ਉਤਪੰਨ ਹੋਣ ਵਾਲੀਆਂ ਆਦਿਕਾਲੀਨ ਪ੍ਰਵਿਰਤੀਆਂ ਅਤੇ ਆਵੇਗ ਉਸ ਦੇ ਬਿਰਤਾਂਤ ਦੀਆਂ ਪ੍ਰੇਰਕ ਸ਼ਕਤੀਆਂ ਹਨ। ਉਹ ਆਧੁਨਿਕ ਪਦਾਰਥਵਾਦ ਅਤੇ ਮਖੌਟਿਆਂ ਵਾਲੇ ਸਮਾਜ ਦਾ ਆਲੋਚਕ ਹੈ। ਜੜਿਤ ਕਥਾਨਕ ਵੱਲ ਧਿਆਨ ਨਹੀਂ ਦਿੰਦਾ ਸਗੋਂ ਸਾਰੀ ਪ੍ਰਕਿਰਿਆ ਵਿਸ਼ੇ ਨੂੰ ਆਵੇਸ਼ਪੂਰਨ ਪ੍ਰਸਤੁਤ ਕਰਨ ਦੇ ਲੇਖੇ ਲਾ ਦਿੰਦਾ ਹੈ। ਉਹ ਬਿਰਤਾਂਤਕਾਰੀ ਦੀਆਂ ਤਕਨੀਕੀ ਜੁਗਤਾਂ ਤੋਂ ਅਵੇਸਲਾ ਰਹਿੰਦਾ ਹੈ ਤਾਂ ਵੀ ਨਾਵਲੀ ਸਕੋਪ ਵਿਚ ਵਾਧਾ ਕਰਦਾ ਹੈ। ਕਈ ਵਾਰੀ ਕਿਸੇ ਦ੍ਰਿਸ਼ ਨੂੰ ਪੇਸ਼ ਕਰਦਿਆਂ ਹਰ ਵਾਰੀ ਉਨ੍ਹਾਂ ਹੀ ਸ਼ਬਦਾਂ ਨੂੰ ਦੁਹਰਾਅ ਜਾਂਦਾ ਹੈ। ਇਹ ਨਾਵਲ ਅਧਿਕ ਅਸ਼ਲੀਲਤਾ ਕਾਰਨ ਇੰਗਲੈਂਡ ਅਤੇ ਅਮਰੀਕਾ ਵਿਚ ਬੈਨ ਵੀ ਹੋ ਗਿਆ ਸੀ। ਅਜੋਕੇ ਸਮੇਂ ਅਨੇਕਾਂ ਯੂਨੀਵਰਸਿਟੀਆਂ ਵਿਚ ਪਾਠਕ੍ਰਮ ਦਾ ਭਾਗ ਹੈ। ਬੇਸ਼ੱਕ ਟੀ.ਐਸ. ਇਲੀਅਟ ਨੇ ਨਿੰਦਿਆ ਅਤੇ ਐਫ.ਆਰ. ਲੀਵਿਸ ਨੇ ਵਡਿਆਇਆ ਹੈ।

ਡਾ: ਧਰਮ ਚੰਦ ਵਾਤਿਸ਼
ਮੋ: 88376-79186.

c c c

ਬਿਬੇਕ ਵਿਗਾਸ
ਲੇਖਕ : ਗਿਆਨੀ ਜੋਗਿੰਦਰ ਸਿੰਘ ਆਜ਼ਾਦ
ਪ੍ਰਕਾਸ਼ਕ : ਨਿਰੰਕਾਰਿ ਅਕਾਰੁ ਉਪਾਇਆ ਟ੍ਰਸਟ (ਰਜਿ:) ਅੰਮ੍ਰਿਤਸਰ
ਮੁੱਲ : 400 ਰੁਪਏ, ਸਫ਼ੇ : 290
ਸੰਪਰਕ : 98720-24667.

ਬਿਬੇਕ ਵਿਗਾਸ ਵੱਖ-ਵੱਖ ਗੁਰਮਤਿ ਬੋਧ ਵਾਲੇ ਖੋਜ ਭਰਪੂਰ ਸੋਲਾਂ ਲੇਖਾਂ ਵਾਲੀ ਕਿਤਾਬ ਹੈ। ਗਿਆਨੀ ਜੋਗਿੰਦਰ ਸਿੰਘ ਆਜ਼ਾਦ ਗੁਰਬਾਣੀ ਦੇ ਗਿਆਤਾ ਤੇ ਚੰਗੇ ਪ੍ਰਚਾਰਕ, ਲੇਖਕ ਹਨ।
ਇਸ ਪੁਸਤਕ ਵਿਚਲੇ ਲੇਖਾਂ ਵਿਚ ਸਮਾਜ ਦੇ ਵੱਖ-ਵੱਖ ਵਿਸ਼ਿਆਂ ਨੂੰ ਗੁਰਬਾਣੀ ਤੇ ਗੁਰਮਤਿ ਜੁਗਤਿ ਅਨੁਸਾਰ ਕਲਮਬੰਦ ਕੀਤਾ ਗਿਆ ਹੈ। ਬਿਬੇਕ ਇਕ ਅਜਿਹਾ ਪੁਲ ਹੈ, ਜਿਸ ਦਾ ਇਕ ਸਿਰਾ ਸ਼ਰਧਾ ਦੀ ਸਿਲ੍ਹ ਨਾਲ ਅਤੇ ਦੂਜਾ ਸਿਰਾ ਸਿਧਾਂਤ ਦੇ ਬੁਰਜ ਨਾਲ ਜੁੜਿਆ ਹੋਇਆ ਹੈ। ਗੁਰੂ ਬਖਸ਼ੀ ਸੁਰਤ-ਬਿਰਤੀ ਦੋਵਾਂ ਕਿਨਾਰਿਆਂ ਨੂੰ ਬਿਬੇਕ ਦੇ ਪੁਲ ਨਾਲ ਜੋੜ ਕੇ ਸਾਂਝ ਬਣਾਉਂਦੀ ਹੈ। ਗੁਰੂ ਸਾਹਿਬ ਨੇ ਇਸੇ ਹੀ ਬਿਬੇਕੀ ਸਾਂਝ 'ਚੋਂ ਖਾਲਸੇ ਦਾ ਸੰਕਲਪ ਘੜਿਆ ਹੈ ਜੋ ਸ਼ਰਧਾ ਅਤੇ ਸਿਧਾਂਤ ਦਾ ਮੁੱਦਈ ਹੈ। ਗਿਆਨੀ ਜੋਗਿੰਦਰ ਸਿੰਘ ਆਜ਼ਾਦ ਨੇ 11 ਲੇਖਾਂ ਵਿਚ ਦਸ ਗੁਰੂ ਸਾਹਿਬਾਨ ਸਬੰਧੀ ਜੋ ਤਰਕ ਪੇਸ਼ ਕੀਤਾ ਹੈ, ਉਹ ਵਰਨਯੋਗ ਹੈ। ਪਾਤਸ਼ਾਹੀ ਪਹਿਲੀ, ਸ਼ਬਦ ਆਧਾਰ ਸਿਲ੍ਹਾ (ਖ਼ੁਦ ਬਾਣੀ ਸਰੂਪ)। ਪਾਤਸ਼ਾਹੀ ਦੂਜੀ, ਸ਼ਬਦ ਸੰਭਾਲ ਤੇ ਸਮਰਪਣ। ਪਾਤਸ਼ਾਹੀ ਤੀਜੀ, ਸੇਵਾ ਤੇ ਸਾਂਝੀਵਾਲਤਾ। ਪਾਤਸ਼ਾਹੀ ਚੌਥੀ, ਸਾਦਗੀ, ਸਿਰਜਣਾ ਤੇ ਸਥਾਪਤੀ (ਉਸਾਰੀ)। ਪਾਤਸ਼ਾਹੀ ਪੰਜਵੀਂ, ਸ਼ਹਾਦਤ ਤੇ ਸੰਪਾਦਨਾ। ਪਾਤਸ਼ਾਹੀ ਛੇਵੀਂ, ਸ਼ਬਦ ਅਤੇ ਸ਼ਸਤਰ(ਮੀਰੀ ਪੀਰੀ)। ਪਾਤਸ਼ਾਹੀ ਸੱਤਵੀਂ, ਸਮਦ੍ਰਿਸ਼ਟਾ ਅਤੇ ਬਾਣੀ ਦਾ ਸਤਿਕਾਰ। ਪਾਤਸ਼ਾਹੀ ਅੱਠਵੀਂ, ਸ੍ਵੈਮਾਣ, ਸੰਜੀਦਗੀ (ਬਾਣੀ ਅਮਲ)। ਪਾਤਸ਼ਾਹੀ ਨੌਵੀਂ, ਸ਼ਰਨਾਗਤ ਨੂੰ ਅਭੈਦਾਨ ਅਤੇ ਸ਼ਹਾਦਤ। ਪਾਤਸ਼ਾਹੀ ਦਸਵੀਂ, ਸਾਜਣਾ (ਖਾਲਸਾ) ਅਤੇ ਸਰਬੰਸ ਦਾਨ (ਬਾਣੀ ਨੂੰ ਗੁਰਤਾ)। ਪਾਤਸ਼ਾਹੀ ਗਿਆਰ੍ਹਵੀਂ, ਸਰਵਕਾਲ ਸ਼ਬਦ ਸਥਾਪਤੀ (ਬਾਣੀ ਸੋਮਾ) ਅਤੇ ਸਰਪ੍ਰਸਤੀ।
ਬਿਬੇਕ ਵਿਗਾਸ ਪੁਸਤਕ ਵਿਚ ਸਿੰਘ ਸਾਹਿਬ ਗਿ: ਗੁਰਬਚਨ ਸਿੰਘ ਦੇ ਬੋਲਾਂ ਨੂੰ ਸ਼ਬਦੀ ਰੂਪ ਦੇ ਕੇ ਲੇਖਕ ਨੇ ਬਿਬੇਕ ਵਿਗਾਸ ਲੇਖ ਅੰਕਿਤ ਕੀਤਾ ਹੈ ਜੋ ਕਿਤਾਬ ਦਾ ਮੁਖ ਧੁਰਾ ਹੈ। ਡਾ: ਸੁਖਦੇਵ ਸਿੰਘ ਦਾ ਲੇਖ ਚਓਗਿਰਦ ਹਮਾਰੇ ਰਾਮਕਾਰ, ਡਾ: ਗੁਲਜ਼ਾਰ ਸਿੰਘ ਕੰਗ ਦਾ ਲੇਖ ਸੇਵਾ ਸੁਰਤਿ ਸ਼ਬਦ ਵੀਚਾਰਿ, ਸ: ਹਰਜੀਤ ਸਿੰਘ ਦਿੱਲੀ, ਜੀਵਨ-ਔਕੜਾਂ ਅਤੇ ਜੁਗਤਿ, ਗਿਆਨੀ ਜਸਵਿੰਦਰ ਸਿੰਘ ਦਰਦੀ ਦਾ, ਸੁਖੁ ਦੁਖੁ ਦੋਇ ਦਰਿ ਕਪੜੇ, ਗਿਆਨੀ ਮਨਮੋਹਨ ਸਿੰਘ ਨਿਮਾਣਾ, ਸਰਬੱਤ ਦਾ ਭਲਾ, ਗਿ: ਸੰਤ ਸਿੰਘ ਮਸਕੀਨ ਸਾਹਿਬ-ਏ-ਗੁਰਮੁਖਿ ਤੋਂ ਇਲਾਵਾ ਲੇਖਕ ਗਿ: ਜੋਗਿੰਦਰ ਸਿੰਘ ਅਜ਼ਾਦ ਦੇ ਸੱਤ ਲੇਖ ਹਨ।
ਆਜ਼ਾਦ ਦੀ ਇਹ ਕਿਤਾਬ ਗੁਰਮਤਿ ਖੋਜ ਭਰਪੂਰ ਲੇਖਾਂ ਦਾ ਗੁਲਦਸਤਾ ਹੈ।

ਦਿਲਜੀਤ ਸਿੰਘ ਬੇਦੀ
ਮੋ: 98148-98570

c c c

ਚਾਣਕਯ ਸੂਤਰ
ਸੰਪਾਦਨ ਅਨੁਵਾਦਨ : ਡਾ: ਜਗਦੀਸ਼ ਕੌਰ ਵਾਡੀਆ
ਪ੍ਰਕਾਸ਼ਕ : ਨਵਰੰਗ ਪ੍ਰਕਾਸ਼ਨ, ਸਮਾਣਾ
ਮੁੱਲ : 150 ਰੁਪਏ, ਸਫ਼ੇ : 164
ਸੰਪਰਕ : 98555-84298.

ਇਹ ਰਚਨਾ ਵਿਸ਼ਨੂੰ ਗੁਪਤ ਚਾਣਕਯ ਦੇ ਸਲੋਕ ਹਨ, ਜਿਨ੍ਹਾਂ ਦਾ ਅਨੁਵਾਦ, ਭਾਰਤ ਸਮੇਤ ਦੁਨੀਆ ਦੀਆਂ ਅਨੇਕਾਂ ਭਾਸ਼ਾਵਾਂ ਵਿਚ ਹੋ ਚੁੱਕਾ ਹੈ। ਪੰਜਾਬੀ ਭਾਸ਼ਾ ਵਿਚ ਵੀ ਕਈ ਅਨੁਵਾਦ ਪਹਿਲਾਂ ਵੱਖ-ਵੱਖ ਪ੍ਰਕਾਸ਼ਕਾਂ ਵਲੋਂ ਛਪ ਚੁੱਕੇ ਹਨ।
ਚਾਣਕਯ ਅਰਥ-ਸ਼ਾਸਤਰ, ਕੂਟਨੀਤੀ ਦੇ ਹੀ ਵਿਦਮਾਨ ਮਹਾਂਪੁਰਸ਼ ਨਹੀਂ ਸਨ, ਸਗੋਂ ਸ਼ਾਸਨ ਵਿਵਸਥਾ ਵਿਚ ਵੀ ਨਿਪੁੰਨ ਸਨ। ਆਪ ਦਾ ਖੇਤਰ ਧਰਮ, ਅਰਥ, ਰਾਜਨੀਤੀ ਹੀ ਨਹੀਂ ਸੀ, ਸਗੋਂ ਹਰੇਕ ਆਮ, ਵਿਸ਼ੇਸ਼ ਵਿਅਕਤੀ ਦੇ ਜੀਵਨ ਨੂੰ ਜਿਊਣ ਸਮੇਂ, ਉੱਚੀਆਂ ਸੁੱਚੀਆਂ ਕਦਰਾਂ-ਕੀਮਤਾਂ ਤੋਂ ਜਾਣੂ ਕਰਵਾ ਕੇ ਇਕ ਨਵੀਂ-ਨਰੋਈ ਸੇਧ ਪ੍ਰਦਾਨ ਕਰਵਾਉਣਾ ਸੀ। ਇਸ ਪੁਸਤਕ ਵਿਚ ਧਰਮ, ਅਰਥ, ਰਾਜ, ਇੰਦਰੀਆਂ, ਨਿਮਰਤਾ, ਸੇਵਾ, ਗਿਆਨ, ਪਰਜਾ, ਰਾਜ, ਏਕਤਾ ਸਮੱਸਿਆ, ਚਿੰਤਨ, ਗੁਪਤ-ਰਹੱਸ, ਚੰਗੇ-ਵਿਚਾਰਾਂ ਸਬੰਧੀ ਤਾਂ ਸੂਤਰ ਹਨ ਹੀ, ਸਗੋਂ ਰਾਜ ਲਈ ਸੰਧੀ ਕਰਨ, ਸਜ਼ਾ ਦੇਣ, ਕੰਮ ਸਬੰਧੀ, ਸਫਲਤਾ ਪ੍ਰਾਪਤ ਕਰਨ ਅਤੇ ਆਚਰਣ ਉਸਾਰੀ ਦੇ ਵੀ ਸੂਤਰ ਹਨ।
ਆਚਾਰਯ ਚਾਣਕਯ ਆਪਣੇ ਸਮੇਂ ਦਾ ਸ਼ਕਤੀਸ਼ਾਲੀ ਰਾਜਨੀਤੀਵੇਤਾ ਹੋਣ ਤੋਂ ਇਲਾਵਾ ਇਕ ਚਤੁਰ ਵਿਦਵਾਨ ਵੀ ਸੀ, ਜਿਸ ਨੇ ਉਸ ਸਮੇਂ ਦੇ ਸ਼ਾਸਕ ਨੰਦ ਨੂੰ ਹਰਾ ਕੇ, ਚੰਦਰ ਗੁਪਤ ਮੋਰੀਆ ਨੂੰ ਸ਼ਾਸਕ ਬਣਾਇਆ ਸੀ। ਆਪ ਉਸ ਦਾ ਸਲਾਹਕਾਰ ਬਣਿਆ। ਚਾਣਕਯ ਨੀਤੀਵਾਨ, ਇਮਾਨਦਾਰ, ਸੱਚੀ-ਸੁੱਚੀ ਜ਼ਿੰਦਗੀ ਜੀਣ ਵਾਲਾ ਮਹਾਂਪੁਰਸ਼ ਸੀ। ਜਿਸ ਅੰਦਰ ਰਾਜਨੀਤਕ ਪੈਂਤੜਿਆਂ ਦੀ ਸਿਆਣਪ ਦੇ ਨਾਲ ਜ਼ਿੰਦਗੀ ਸਮਾਜ ਅਤੇ ਸੰਸਾਰ ਦੀ ਬਿਹਤਰੀ ਲਈ ਗਿਆਨਮਈ ਸੰਦੇਸ਼ ਹਨ। ਉਸ ਦੇ ਸਲੋਕਾਂ ਦੀ ਅੱਜ ਵੀ ਮਹੱਤਤਾ ਹੈ। ਇਸ ਪੁਸਤਕ ਵਿਚ ਧਰਮ ਦੇ 24, ਅਰਥ ਦੇ 15, ਰਾਜ ਦੇ 7, ਇੰਦਰੀਆਂ ਸਬੰਧੀ-15, ਨਿਮਰਤਾ ਲਈ 14, ਸੇਵਾ ਦੇ 12, ਗਿਆਨ ਦੇ 96, ਪਰਜਾ ਨਾਲ ਸਬੰਧਿਤ 10, ਰਾਜ ਸਲਾਹਕਾਰ ਦੇ 6, ਏਕਤਾ ਦੇ 4, ਸਮੱਸਿਆ ਸਬੰਧੀ 2, ਚਿੰਤਨ ਲਈ 35, ਗੁਪਤ ਰਹੱਸ ਦੇ 19, ਚੰਗੇ ਵਿਚਾਰਾਂ ਦੇ 67, ਰਾਜਾ ਸਬੰਧੀ 23, ਮਿੱਤਰਤਾ ਦੇ 7, ਰਾਜ ਦੀ ਖੁਸ਼ਹਾਲੀ ਲਈ 2, ਸੰਧੀ-ਸਬੰਧੀ 4, ਸਜ਼ਾ ਲਈ 11, ਕੰਮ ਸਬੰਧੀ 28, ਸਫਲਤਾ ਸਬੰਧੀ 23, ਆਚਰਣ ਦੇ 61 ਸੂਤਰ ਹਨ। ਹਰ ਸੂਤਰ ਦਾ ਪਹਿਲਾ ਸੰਸਕ੍ਰਿਤ ਭਾਸ਼ਾ ਦਾ ਅਸਲ ਰੂਪ ਪੇਸ਼ ਹੈ, ਫਿਰ ਉਸ ਦੀ ਪੰਜਾਬੀ ਭਾਸ਼ਾ ਵਿਚ ਵਿਆਖਿਆ ਹੈ।
ਪੰਜਾਬੀ ਪਾਠਕਾਂ ਲਈ ਇਹ ਪੁਸਤਕ ਬਹੁਤ ਉਪਯੋਗੀ ਹੈ, ਜਿਨ੍ਹਾਂ ਨੇ ਇਸ ਵਿਦਵਾਨ ਦੀ ਯੋਗਤਾ, ਸਿਆਣਪ, ਰਾਜਨੀਤੀ ਅਤੇ ਲੋਕ ਨੀਤੀ ਨੂੰ ਜਾਣਨਾ ਸਮਝਣਾ ਹੈ। ਇਸ ਪੁਸਤਕ ਦੇ ਹਰ ਸਲੋਕ ਦਾ ਪੰਜਾਬੀ ਵਿਚ ਕੀਤਾ ਅਰਥ ਸੁਖੈਨ, ਸਰਲ ਅਤੇ ਸਾਰਥਕ ਭਾਸ਼ਾ ਵਿਚ ਕੀਤਾ ਹੈ।

ਡਾ: ਅਮਰ ਕੋਮਲ
ਮੋ: 084378-73565.

c c c

ਸਾਮਵਾਦ ਹੀ ਕਿਉਂ?
ਲੇਖਕ : ਰਾਹੁਲ ਸੰਕਰਾਤਾਇਨ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 125 ਰੁਪਏ, ਸਫ਼ੇ : 95
ਸੰਪਰਕ : 94636-28811.

ਰਾਹੁਲ ਸੰਕਰਾਤਾਇਨ ਨੂੰ ਅਜਿਹੇ ਭਾਰਤੀ ਚਿੰਤਕ ਅਤੇ ਖੋਜੀ ਵਜੋਂ ਜਾਣਿਆ ਜਾਂਦਾ ਹੈ, ਜਿਸ ਨੇ ਪੱਛਮ ਅਤੇ ਪੂਰਬੀ ਸਿਧਾਂਤਾਂ ਅਤੇ ਇਤਿਹਾਸ ਦਾ ਅਧਿਐਨ ਕਰਕੇ, ਮਨੁੱਖ ਜਾਤੀ ਲਈ ਬਹੁਤ ਹੀ ਅਹਿਮ ਸਿੱਟੇ ਕੱਢੇ ਅਤੇ ਪੇਸ਼ ਕੀਤੇ ਹਨ। 'ਸਾਮਵਾਦ ਹੀ ਕਿਉਂ? ਪੁਸਤਕ ਭਾਵੇਂ 1934 ਵਿਚ ਛਪੀ ਸੀ ਪਰ ਇਸ ਦਾ ਅਧਿਐਨ ਅਤੇ ਚਿੰਤਨ ਅੱਜ ਵੀ ਓਨਾ ਹੀ ਲਾਹੇਵੰਦ ਹੈ ਜਿੰਨਾ 70-80 ਵਰ੍ਹੇ ਪਹਿਲਾਂ ਸੀ। ਪ੍ਰੋ: ਸੁਮੀਤ ਸ਼ੰਮੀ ਨੇ ਇਸ ਦਾ ਪੰਜਾਬੀ ਵਿਚ ਉਲੱਥਾ ਕਰਕੇ ਪਾਠਕਾਂ ਲਈ ਬਹੁਤ ਹੀ ਲਾਹੇਵੰਦ ਕਾਰਜ ਕੀਤਾ ਹੈ। ਇਸ ਪੁਸਤਕ ਨੂੰ ਸਾਮਵਾਦ ਦੀ ਕੁੰਜੀ ਕਿਹਾ ਜਾ ਸਕਦਾ ਹੈ। ਲੇਖਕ ਨੇ ਅੱਠ-ਅੱਠ ਕਾਂਡਾਂ ਰਾਹੀਂ ਮਨੁੱਖ ਦੀ ਉਤਪਤੀ ਤੋਂ ਲੈ ਕੇ ਉਸ ਦੇ ਵਿਕਾਸ ਦੇ ਵੱਖ-ਵੱਖ ਪੜਾਵਾਂ ਦੇ ਵੇਰਵੇ ਪ੍ਰਸਤੁਤ ਕਰਨ ਦਾ ਯਤਨ ਕੀਤਾ ਹੈ। ਲੇਖਕ ਦੇ ਮੱਤ ਅਨੁਸਾਰ ਸੰਸਾਰ ਦੀਆਂ ਸਾਰੀਆਂ ਬੁਰਾਈਆਂ ਦੀ ਜੜ੍ਹ ਪੂੰਜੀਵਾਦ ਵਿਚ ਲੁਕੀ ਹੋਈ ਹੈ। ਬੇਰੁਜ਼ਗਾਰੀ, ਸ਼ੋਸ਼ਣ, ਗ਼ਰੀਬੀ, ਭੁੱਖਮਰੀ, ਸਮਾਜਿਕ ਨਾਬਰਾਬਰੀ, ਯੁੱਧ, ਗ਼ਰੀਬੀ-ਅਮੀਰੀ ਦਾ ਪਾੜਾ, ਔਰਤਾਂ ਅਤੇ ਬੱਚਿਆਂ ਦੀ ਦੁਰਦਸ਼ਾ, ਮਹਾਂਮਾਰੀਆਂ ਆਦਿ ਦਾ ਕਾਰਨ ਲੇਖਕ ਪੂੰਜੀਵਾਦ ਨੂੰ ਹੀ ਗਰਦਾਨਦਾ ਹੈ। ਇਸੇ ਲਈ ਲੇਖਕ ਦਾ ਕਹਿਣਾ ਹੈ ਕਿ ਪੂੰਜੀਵਾਦ ਦੇ ਰੋਗਾਂ ਦੀ ਇਕੋ-ਇਕ ਦਵਾਈ ਕੇਵਲ ਸਾਮਵਾਦ ਹੀ ਹੈ, ਜੋ ਮਨੁੱਖ ਨੂੰ ਮਨੁੱਖ ਬਣਾ ਕੇ, ਸੁੱਖ-ਸ਼ਾਂਤੀ ਅਤੇ ਸਿਹਤਮੰਦ ਸਮਾਜ ਸਿਰਜਣ ਵਿਚ ਸਹਾਈ ਹੁੰਦਾ ਹੈ। ਪੂੰਜੀਵਾਦ ਦਾ ਮੁੱਖ ਆਕਰਸ਼ਨ ਮੁਨਾਫ਼ਾ ਹੈ ਅਤੇ ਮੁਨਾਫ਼ਾ ਬਹੁਤੇ ਲੋਕਾਂ ਨੂੰ ਭੁੱਖੇ ਮਾਰ ਕੇ, ਕੁਝ ਕੁ ਲੋਕਾਂ ਨੂੰ ਐਸ਼ ਦੀ ਜ਼ਿੰਦਗੀ ਜਿਊਣ ਲਈ ਉਤਸ਼ਾਹਿਤ ਕਰਦਾ ਹੈ। ਬੁੱਧੀਜੀਵੀ ਵੀ ਸਾਮਵਾਜ ਦੇ ਰਾਖੇ ਨਹੀਂ ਹੋ ਸਕਦੇ। ਕੇਵਲ ਕਾਮਾ ਜਮਾਤ ਹੀ ਸਾਮਵਾਦ ਦੀ ਰਾਖੀ ਦ੍ਰਿੜ੍ਹਤਾ ਅਤੇ ਬਹਾਦਰੀ ਨਾਲ ਕਰ ਸਕਦੀ ਹੈ। ਕਿਤਾਬ ਏਨੇ ਸੌਖੇ ਅਤੇ ਦਿਲਚਸਪ ਢੰਗ ਨਾਲ ਲਿਖੀ ਗਈ ਹੈ ਕਿ ਮਾਰਕਸਵਾਦ ਜਿਹੇ ਗੂੜ੍ਹ ਸਿਧਾਂਤ ਨੂੰ ਵੀ ਲੇਖਕ ਨੇ ਬਹੁਤ ਵਧੀਆ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਅਨੁਵਾਦ ਵੀ ਓਨਾ ਹੀ ਸਰਲ ਅਤੇ ਪੜ੍ਹਨਯੋਗ ਹੈ।

ਕੇ. ਐਲ. ਗਰਗ
ਮੋ: 94635-37050

c c c

27-09-2020

ਬੇਨਾਮ ਰਿਸ਼ਤੇ
ਲੇਖਕ : ਪ੍ਰਕਾਸ਼ ਸੋਹਲ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 600 ਰੁਪਏ, ਸਫ਼ੇ : 305
ਸੰਪਰਕ : 011-26802488.


ਆਮ ਸਮਝ ਅਨੁਸਾਰ ਨਾਵਲੀ-ਬਿਰਤਾਂਤ ਸਾਨੂੰ, ਪਾਠਕਾਂ ਨੂੰ, ਆਪਣੇ-ਆਪ ਤੋਂ ਬਾਹਰ ਲੈ ਜਾਂਦਾ ਹੈ। ਨਾਵਲਕਾਰ ਆਪਣੇ ਗਾਲਪਨਿਕ ਵਿਵੇਕ ਦੀ ਕਲਾਤਮਿਕ ਨਸ਼ਤਰ ਨਾਲ ਸਮਾਜਿਕ ਬੁਰਾਈਆਂ ਦੇ ਬਖ਼ੀਏ ਉਧੇੜ ਦਿੰਦਾ ਹੈ। ਇਹੋ ਕੁਝ ਯੂ.ਕੇ. ਨਿਵਾਸੀ ਲੇਖਕ ਪ੍ਰਕਾਸ਼ ਸੋਹਲ ਨੇ ਆਪਣੇ ਨਾਵਲ 'ਬੇਨਾਮ ਰਿਸ਼ਤੇ' ਵਿਚ ਕਰ ਵਿਖਾਇਆ ਹੈ। ਉਸ ਦਾ ਨਾਵਲੀ ਪ੍ਰਸਤਾਵ ਹੈ 'ਬੇਨਾਮ ਰਿਸ਼ਤੇ ਦੀ ਉਮਰ, ਉਮਰ ਜਿੰਨੀ ਲੰਮੀ ਹੁੰਦੀ ਹੈ।' ਇਹ ਨਾਵਲ ਚਾਰ ਮੁਲਕਾਂ (ਪਾਕਿਸਤਾਨ, ਇੰਗਲੈਂਡ, ਇਟਲੀ, ਪੰਜਾਬ (ਭਾਰਤ) ਨੂੰ ਕ੍ਰਮ ਅਨੁਸਾਰ ਆਪਣੇ ਕਲਾਵੇ ਵਿਚ ਲੈਂਦਾ ਹੋਇਆ ਇਨ੍ਹਾਂ ਮੁਲਕਾਂ ਦੇ ਮੁਆਸ਼ਰਿਆਂ ਨੂੰ ਘੜੀ-ਮੁੜੀ ਪ੍ਰਸਤੁਤ ਕਰਦਾ ਹੈ। ਪਾਕਿਸਤਾਨ ਦੇ ਅਜਿਹੇ ਮੁਆਸ਼ਰੇ ਨੂੰ ਪੇਸ਼ ਕਰਦਾ ਹੈ ਜਿਸ ਵਿਚ ਸੱਚਾ ਪਿਆਰ ਕਿਤੇ ਹੋਰ ਹੈ ਪਰ ਇੰਗਲੈਂਡ ਦੇ ਵੀਜ਼ੇ ਅਤੇ ਬਹੁਤਾ ਧਨ ਕਮਾਉਣ ਹਿਤ ਨਾਇਕ ਇੰਗਲੈੈਂਡ ਤੋਂ ਆਈ ਨਜ਼ਦੀਕੀ ਰਿਸ਼ਤੇਦਾਰ ਲੜਕੀ ਨਾਲ, ਉਸ ਦੀ ਇੱਛਾ ਦੇ ਵਿਰੁੱਧ ਅਤੇ ਮਾਪਿਆਂ ਦੀ ਜ਼ਿਦ ਕਾਰਨ, ਸ਼ਾਦੀ ਕਰਨ ਵਿਚ ਸਫਲ ਹੋ ਜਾਂਦਾ ਹੈ। ਲੰਡਨ ਜਾ ਕੇ ਵਫ਼ਾਦਾਰੀ ਨਹੀਂ ਨਿਭਾਅ ਸਕਦਾ। ਉਂਜ ਵੀ ਨਮਰਦ ਹੋਣ ਕਾਰਨ ਨਾਇਕਾ ਨੂੰ 'ਬੱਚਾ' ਦੇਣ ਤੋਂ ਅਸਮਰੱਥ ਰਹਿੰਦਾ ਹੈ। ਆਧੁਨਿਕ ਤਕਨੀਕ ਅਨੁਸਾਰ ਪਾਕਿਸਤਾਨੀ ਲੜਕੀ ਨਾਲ ਉਸ ਦੀ ਬੋਲਚਾਲ ਰਿਕਾਰਡ ਹੋ ਜਾਂਦੀ ਹੈ। ਫਲਸਰੂਪ ਤਲਾਕ ਹੋ ਜਾਂਦਾ ਹੈ। ਲੰਡਨ ਵਾਲੀ ਲੜਕੀ ਇਟਲੀ 'ਚ ਜਾ ਕੇ ਟੂਰਿਸਟ ਗਾਈਡ ਬਣ ਜਾਂਦੀ ਹੈ। ਉਥੇ ਉਸ ਦਾ ਮੇਲ (ਐਮ.ਬੀ.ਏ.) ਲੰਡਨ ਤੋਂ ਯਾਤਰਾ 'ਤੇ ਆਏ ਯੁਵਕ ਨਾਲ ਹੋ ਜਾਂਦਾ ਹੈ। ਦੋ ਦਿਲ ਇਕ ਹੋ ਜਾਂਦੇ ਹਨ। ਉਹ ਪੰਜਾਬੀ ਨੌਜਵਾਨ ਹੈ ਜੋ ਡਿਗਰੀ ਪ੍ਰਾਪਤ ਕਰਕੇ ਇੰਗਲੈਂਡ ਤੋਂ ਲੁਧਿਆਣਾ ਆਪਣੇ ਘਰ ਪਹੁੰਚਦਾ ਹੈ। ਇਥੇ ਉਸ ਦੇ ਮਾਪੇ ਆਪਣੇ ਬਿਜ਼ਨਸ ਦੇ ਵਾਧੇ ਹਿਤ ਉਸ ਦੀ ਸ਼ਾਦੀ ਜਲੰਧਰ ਦੀ ਲੜਕੀ ਨਾਲ, ਧੱਕੇ ਨਾਲ ਕਰ ਦਿੰਦੇ ਹਨ। ਨਾਇਕ 'ਤੇ ਇਟਲੀ-ਮਿਲਾਪ ਦਾ ਪ੍ਰਭਾਵ ਉਂਜ ਦਾ ਉਂਜ ਹੈ। ਮਿਲਾਪ ਵਾਲੀ ਲੜਕੀ ਆਪਣੇ ਪਿਛੋਕੜ 'ਤੇ ਪਰਦਾ ਨਹੀਂ ਪਾਉਂਦੀ। ਉਹ ਆਪਣੇ ਅਸਤਿੱਤਵ ਦਾ ਵਿਕਾਸ ਕਰਦੀ ਹੋਈ ਲੰਡਨ ਵਿਖੇ ਫਰੀਲਾਂਸ ਲੇਖਿਕਾ ਬਣ ਜਾਂਦੀ ਹੈ। ਨਾਇਕ ਬਿਜ਼ਨਸ ਦੇ ਵਿਕਾਸ ਲਈ ਲੰਡਨ ਪੁੱਜਦਾ ਹੈ। ਉਥੇ ਉਸ ਦੇ ਮਿਲਾਪ ਨਾਲ ਲੇਖਿਕਾ ਗਰਭਵਤੀ ਹੋ ਜਾਂਦੀ ਹੈ ਪਰ ਇਸ ਸੱਚ ਨੂੰ ਲੁਕੋ ਕੇ ਰੱਖਦੀ ਹੈ। ਸ਼ੰਕਾ ਨਿਰੰਤਰ ਕਾਇਮ ਰਹਿੰਦੀ ਹੈ। ਜਨਮੇ ਬੱਚੇ ਦਾ ਨਾਂਅ 'ਸਮੀਰ' ਰੱਖਿਆ ਜਾਂਦਾ ਹੈ ਜਿਸ ਨਾਂਅ ਨੂੰ ਨਾਇਕਾ ਹਿੰਦ-ਪਾਕਿ/ਹਿੰਦੂ-ਮੁਸਲਿਮ ਦੀ ਸਾਂਝ ਦਾ ਪ੍ਰਤੀਕ ਦੱਸਦੀ ਹੈ। ਜਲੰਧਰ ਵਾਲੀ ਲੜਕੀ ਨਾਲ ਧੋਖਾ ਹੋ ਜਾਂਦਾ ਹੈ। ਨਾਇਕ ਉਸ ਦੇ ਦੁੱਖ ਨੂੰ ਮਹਿਸੂਸਦਾ ਹੈ। ਇੰਜ ਨਾਇਕ ਨਾ ਇਸ ਪਾਰ ਦਾ ਰਹਿੰਦਾ ਹੈ, ਨਾ ਉਸ ਪਾਰ ਦਾ। ਅਨੇਕਾਂ ਨਾਵਲੀ ਘਟਨਾਵਾਂ ਉਪਜਦੀਆਂ ਅਤੇ ਬਿਨਸਦੀਆਂ ਹਨ। ਨਾਇਕ/ਨਾਇਕਾ ਆਪਣੀ ਸਵੈ-ਚੋਣ ਦੀ ਥਾਂ ਮਾਪਿਆਂ ਵਲੋਂ ਗਲਨੈੜ ਕਰਨ ਕਾਰਨ ਦੁਖਾਂਤ ਭੁਗਤਦੇ ਹਨ। ਨਾਵਲ ਅਨੇਕਾਂ ਗਾਲਪਨਿਕ ਤਕਨੀਕਾਂ ਦੇ ਅਧਿਐਨ ਦੀ ਮੰਗ ਕਰਦਾ ਹੈ। ਵਿਸ਼ੇਸ਼ ਕਰਕੇ ਪਾਤਰਾਂ ਦੇ ਖਿਆਲੀ ਪੁਲਾਓ (ਡੇ-ਡਰੀਮਜ਼) ਜੋ ਇਸ ਬਿਰਤਾਂਤ ਵਿਚ ਅਹਿਮ ਯੋਗਦਾਨ ਪਾਉਂਦੇ ਹਨ।


-ਡਾ: ਧਰਮ ਚੰਦ ਵਾਤਿਸ਼
ਮੋ: 88376-79186.ਉਂਗਲ ਦਾ ਇਕਤਾਰਾ ਸੰਤੋਖ ਸਿੰਘ ਧੀਰ
ਲੇਖਕ : ਗੁਰਬਚਨ ਸਿੰਘ ਭੁੱਲਰ
ਪ੍ਰਕਾਸ਼ਕ : ਪੀਪਲ ਫੋਰਮ ਬਰਗਾੜੀ, ਫ਼ਰੀਦਕੋਟ
ਮੁੱਲ : 150 ਰੁਪਏ, ਸਫ਼ੇ : 160
ਸੰਪਰਕ : 011-42502364.


ਪਿਆਰ, ਦੋਸਤੀ, ਸਾਹਿਤਕਾਰੀ ਦੇ ਆਪਸੀ ਸੰਗਮ 'ਚੋਂ ਉਪਜੀ ਇਸ ਪੁਸਤਕ ਦੇ ਵਿਸ਼ੇ-ਵਸਤੂ, ਪੰਜਾਬੀ ਪਾਠਕਾਂ ਤੇ ਸਾਹਿਤਕਾਰਾਂ ਲਈ ਪਾਕ ਪਵਿੱਤਰ ਰਿਸ਼ਤਿਆਂ ਵਾਂਗ ਹਨ, ਜਿਨ੍ਹਾਂ ਨੂੰ ਧੀਰ-ਭੁੱਲਰ ਦੀ ਦੋਸਤੀ ਦੋ ਮੂਰਤਾਂ-ਸੂਰਤਾਂ ਦਾ ਇਕ ਸੰਗਮ ਕਹਿ ਸਕਦੇ ਹਾਂ, ਜਿਸ ਵਿਚ ਭੁੱਲਰ ਕਰਤਾ ਹੈ ਅਤੇ ਧੀਰ ਕਰਤਾਰ ਹੈ। ਕਰਤਾ ਆਪਣੇ ਕਰਤਾਰ ਦੀ ਜੁਸਤਜੂ ਕਰਦਾ ਉਸ ਦੇ ਆਤਮ, ਅਨਾਤਮ ਜਗਤ ਦੀਆਂ ਪਰਤਾਂ ਦਰ ਪਰਤਾਂ ਖੋਲ੍ਹਦਾ ਹੈ। ਉਨ੍ਹਾਂ ਗੱਲਾਂ, ਰਹੱਸਾਂ, ਆਦਤਾਂ, ਸ਼ਿਕਵਿਆਂ, ਨਿਹੋਰਿਆਂ ਅਤੇ ਗੁੱਝੀਆਂ ਬੁਝਾਰਤਾਂ ਦੀਆਂ ਬਾਤਾਂ ਪਾਉਂਦਾ ਹੈ ਕਿ ਪੁਸਤਕ ਦੇ ਪਾਠਕ ਇਸ ਨੂੰ ਅਕੱਥ ਕਹਾਣੀ ਸਮਝ ਕੇ ਆਪਣੇ ਅੰਦਰ ਹੋਰ-ਹੋਰ ਜਾਣਨ ਅਤੇ ਸਮਝਣ ਲਈ ਉਤਸੁਕ ਹੋ ਜਾਂਦੇ ਹਨ।
ਪੁਸਤਕ ਦੇ ਭਾਵੇਂ ਅੱਠ ਅਧਿਆਏ ਹਨ ਪਰ ਹਰ ਅਧਿਆਇ ਸੰਤੋਖ ਸਿੰਘ ਧੀਰ ਦੇ ਅੰਦਰਲੇ ਬਾਹਰਲੇ ਸਰੂਪ ਦਾ ਇਤਿਹਾਸ ਵੀ ਹੈ। ਜੁਗਰਾਫ਼ੀਆ ਵੀ ਹੈ। ਨਿੱਕੀਆਂ-ਨਿੱਕੀਆਂ ਧੀਰ ਸਾਹਿਬ ਦੀਆਂ ਆਦਤਾਂ, ਗੁੱਝੀਆਂ ਅਣਕਹੀਆਂ ਬਾਤਾਂ, ਘਟਨਾਵਾਂ ਦੀਆਂ ਅਣਕਹੀਆਂ ਯਾਦਾਂ, ਸੁਣਾਉਂਦਾ-ਸੁਣਾਉਂਦਾ ਲੇਖਕ ਭੁੱਲਰ ਆਪਣੇ ਮਹਿਬੂਬ ਲੇਖਕ ਦੇ ਜੀਵਨ ਨੂੰ ਸ਼ਬਦਾਂ ਦੇ ਚਿੱਤਰ ਬਣਾ ਕੇ ਚਿਤਰਣ ਵਿਚ ਸਫ਼ਲ ਹੁੰਦਾ ਹੈ ਜਿਵੇਂ ਕੁਝ ਧੀਰ ਦੇ ਆਤਮ-ਸਰੂਪ ਨੂੰ ਜਾਣਨ ਸਮਝਣ ਲਈ ਉਂਗਲ ਹੀ ਧੀਰ ਸੀ, ਸਾਹਿਤਕ ਨਖਰਾ, ਕਥਾ ਸੰਜੀਵਨੀ ਦੀ, ਧੀਰ ਜੀ ਤੇ ਮੈਂ, ਧੀਰ ਜੀ ਦਾ ਸੁਹਜਵਾਦ, ਡਿਪਰੈਸ਼ਨ ਦਾ ਰੋਗ, ਧੀਰ ਜੀ ਦਾ ਰਚਨਾ-ਸੰਸਾਰ, ਭਵਿੱਖ ਦ੍ਰਿਸ਼ਟਾ ਹੁੰਦਾ ਹੈ ਲੇਖਕ, ਕਮਿਊਨਿਸਟ ਧੀਰ ਜੀ, ਅਤੇ ਅਸਲ ਸ਼ਕਤੀ : ਬੀਬੀ ਸੁਰਿੰਦਰ ਕੌਰ, ਪਹਿਲੇ ਅਧਿਆਏ ਦੇ ਵਸਤੂ ਵੇਰਵੇ ਹਨ, ਜਿਨ੍ਹਾਂ ਨੂੰ ਪੜ੍ਹ ਕੇ ਪਾਠਕ ਧੀਰ ਜੀ ਨੂੰ ਹੋਰ ਵਧੇਰੇ ਜਾਣਨ ਸਮਝਣ ਦੀ ਤੌਫ਼ੀਕ ਰੱਖਣ ਲਗਦੇ ਹਨ। ਇਸ ਤਰ੍ਹਾਂ ਜਦ ਕੋਈ ਪਾਠਕ ਪੁਸਤਕ ਦੇ ਅੱਠ ਅਧਿਆਵਾਂ ਦਾ ਪਾਠ ਸੰਪੂਰਨ ਕਰੇਗਾ, ਧੀਰ ਦੇ ਜੀਵਨ ਸੰਸਾਰ ਦਾ ਇਤਿਹਾਸ ਭੂਗੋਲ ਵੀ ਜਾਣ ਜਾਵੇਗਾ ਅਤੇ ਉਸ ਦੇ ਆਤਮ-ਅਨਾਤਮ ਨੂੰ ਵੀ ਜਾਣਨ ਸਮਝਣ ਲੱਗੇਗਾ।
ਲੇਖਕ ਧੀਰ ਜੀ ਦੇ ਸਾਹਿਤ ਦਾ ਵਿਸ਼ਲੇਸ਼ਣ ਕਰਦਿਆਂ ਉਸ ਦੀਆਂ ਅਭੁੱਲ ਰਚਨਾਵਾਂ ਦਾ ਹੀ ਜ਼ਿਕਰ ਨਹੀਂ ਕਰਦਾ, ਉਸ ਦੇ ਉਨ੍ਹਾਂ ਸਾਥੀਆਂ, ਸਾਹਿਤਕਾਰਾਂ, ਦੋਸਤਾਂ ਦਾ ਵੀ ਜ਼ਿਕਰ ਕਰਦਾ ਹੈ ਅਤੇ ਉਨ੍ਹਾਂ ਲੇਖਕਾਂ ਦਾ ਵੀ, ਜਿਨ੍ਹਾਂ ਨੇ ਧੀਰ ਸਾਹਿਬ ਨਾਲ ਨੇੜਤਾ ਪ੍ਰਾਪਤ ਕੀਤੀ, ਸੰਵਾਦ ਰਚਾਏ, ਪੁਆੜੇ ਵੀ ਪਾਏ, ਰਿਸ਼ਤੇ ਨਿਭਾਏ ਸਨ।
ਪੁਸਤਕ ਧੀਰ ਸਾਹਿਬ ਦੀ ਜੀਵਨੀ ਤਾਂ ਨਹੀਂ ਪਰ ਜਿਸ ਵਿਧੀ ਨਾਲ ਧੀਰ ਸਾਹਿਬ ਦੀਆਂ ਕੌੜੀਆਂ-ਮਿੱਠੀਆਂ, ਵਿਕੋਲਿਤਰੀਆਂ ਯਾਦਾਂ, ਘਟਨਾਵਾਂ ਅਤੇ ਗੱਲਾਂ ਦਾ ਸੰਵਾਦ ਰਚਾਉਂਦੀ ਹੈ, ਉਹ ਅਦਭੁੱਤ ਵੀ ਹੈ, ਜਾਣਨ ਸਮਝਣ ਤੇ ਮਾਣਨ ਯੋਗ ਵੀ ਹੈ। ਭੁੱਲਰ ਵਧਾਈ ਦਾ ਹੱਕਦਾਰ ਹੈ।


-ਡਾ: ਅਮਰ ਕੋਮਲ
ਮੋ: 084378-73565.


ਜਦੋਂ ਪੈੜਾਂ ਬਿਖਰਦੀਆਂ ਨੇ...

ਲੇਖਕ : ਡਾ: ਅਸ਼ਵਨੀ ਭੱਲਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 158
ਸੰਪਰਕ : 98152-98459.


ਅੱਜ ਸਾਡੇ ਸਮਾਜ ਦੇ ਸਾਹਮਣੇ ਬਹੁਤ ਸਾਰੀਆਂ ਸਮੱਸਿਆਵਾਂ ਮੂੰਹ ਅੱਡੀ ਖੜ੍ਹੀਆਂ ਹਨ। ਹਰ ਸੰਵੇਦਨਸ਼ੀਲ ਅਤੇ ਸੋਚਸ਼ੀਲ ਵਿਅਕਤੀ ਇਸ ਵਿਗੜ ਰਹੇ ਢਾਂਚੇ ਪ੍ਰਤੀ ਫ਼ਿਕਰਮੰਦ ਹੈ। ਜੇਕਰ ਅਜਿਹੇ ਸਮੇਂ ਵਿਚ ਅਸੀਂ ਇਨ੍ਹਾਂ ਸਮੱਸਿਆਵਾਂ ਦੇ ਖ਼ਾਤਮੇ ਲਈ ਯਤਨ ਕਰਨ ਦੀ ਬਜਾਏ ਜੇਕਰ ਮੂੰਹ ਮੋੜ ਲਿਆ ਤਾਂ ਸਮਾਜ ਦੇ ਭਲੇ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ? ਡਾ: ਅਸ਼ਵਨੀ ਭੱਲਾ ਅਜਿਹੇ ਵਿਅਕਤੀਆਂ ਵਿਚੋਂ ਇਕ ਹੈ ਜੋ ਸਮਾਜ ਸੁਧਾਰ ਲਈ ਆਪਣੇ ਪੱਧਰ 'ਤੇ ਜਿੰਨਾ ਵੀ ਸੁਚੱਜਾ ਕਾਰਜ ਕਰ ਸਕਣ, ਕਰਦੇ ਹਨ। ਡਾ: ਅਸ਼ਵਨੀ ਭੱਲਾ ਕਿੱਤੇ ਵਜੋਂ ਪ੍ਰਾਧਿਆਪਕ ਹੈ। ਉਹ ਸਮਾਜ ਵਿਚ ਫੈਲੇ ਕੁਹਜ ਅਤੇ ਬੁਰਾਈਆਂ ਨੂੰ ਆਪਣੀ ਲੇਖਣੀ ਦੁਆਰਾ ਖ਼ਤਮ ਕਰਨ ਲਈ ਯਤਨਸ਼ੀਲ ਹੈ। ਇਸੇ ਹੀ ਕੋਸ਼ਿਸ਼ ਵਿਚੋਂ ਉਸ ਦੀ ਪੁਸਤਕ 'ਜਦੋਂ ਪੈੜਾਂ ਬਿਖਰਦੀਆਂ ਨੇ...' ਸਾਹਮਣੇ ਆਈ ਹੈ। ਇਸ ਪੁਸਤਕ ਵਿਚ ਲੇਖਕ, ਸਮਾਜ, ਸੱਭਿਆਚਾਰਕ, ਦੇਸ਼, ਸਿਆਸਤ, ਧਰਮ, ਤਕਨਾਲੋਜੀ, ਪਰਿਵਾਰ, ਸਿੱਖਿਆ, ਰਿਸ਼ਤਿਆਂ ਆਦਿ ਵਿਚ ਪੈਦਾ ਹੋਏ ਅੰਤਰ-ਵਿਰੋਧਾਂ ਵਿਚਲੇ ਮਸਲਿਆਂ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ, ਕਿਉਂਕਿ ਵਾਤਾਵਰਨ ਹੀ ਅਜਿਹਾ ਹੈ ਕਿ ਇਨ੍ਹਾਂ ਸਾਰੇ ਖੇਤਰਾਂ ਵਿਚ ਇਕ ਅਜੀਬ ਕਿਸਮ ਦੀ ਹਲਚਲ ਮਚੀ ਹੋਈ ਹੈ। ਹਰੇਕ ਮਨੁੱਖ ਆਪਣੇ ਨਿੱਜੀ ਸਵਾਰਥ ਲਈ ਲੜ ਰਿਹਾ ਹੈ ਅਤੇ 'ਸਰਬੱਤ ਦੇ ਭਲੇ' ਵਾਲੀ ਸੋਚ ਤੋਂ ਕਿਨਾਰਾ ਕਰ ਰਿਹਾ ਹੈ। ਇਸੇ ਕਰਕੇ ਹੀ ਮਨੁੱਖਤਾ ਦੁੱਖ ਭੋਗ ਰਹੀ ਹੈ। ਹੁਣ ਕੁਦਰਤ ਵੀ ਮਨੁੱਖ ਤੋਂ ਆਪਣਾ ਮੂੰਹ ਮੋੜਦੀ ਹੋਈ ਨਜ਼ਰ ਆਉਂਦੀ ਹੈ। 'ਸੱਚ ਦੇ ਕਿਨਾਰੇ' ਉੱਤੇ ਰਹਿ ਜਾਣ ਵਾਲੀ ਸਥਿਤੀ ਵਿਚ ਆਪੋ-ਧਾਪੀ ਦਾ ਵਰਤਾਰਾ ਵਰਤ ਰਿਹਾ ਹੈ। ਕੋਈ ਇਸ ਗੰਧਲੇਪਣ ਦੇ ਖ਼ਿਲਾਫ਼ ਝੰਡਾ ਬੁਲੰਦ ਕਰਨ ਲਈ ਵੀ ਹਾਮੀ ਭਰਦਾ ਨਜ਼ਰ ਨਹੀਂ ਆਉਂਦਾ। ਡਾ: ਅਸ਼ਵਨੀ ਭੱਲਾ ਦੀ ਇਸ ਪੁਸਤਕ ਵਿਚਲੇ ਲੇਖ ਸੰਖੇਪ ਹਨ ਪਰ ਹਰ ਉਸ ਮਨੁੱਖ ਦੀ ਆਤਮਾ ਨੂੰ ਝੰਜੋੜਦੇ ਹਨ ਜੋ ਸਮਾਜ ਪ੍ਰਤੀ ਕੁਝ ਕਰਨ ਲਈ ਜ਼ਿੰਮੇਵਾਰੀ ਦਾ ਅਹਿਸਾਸ ਦਿਲ 'ਚ ਪਾਲਦਾ ਹੈ। ਇਨ੍ਹਾਂ ਦੀ ਸੰਖੇਪਤਾ ਸਦਕਾ ਹੀ ਪਾਠਕ ਇਨ੍ਹਾਂ ਨੂੰ ਪੜ੍ਹਦਾ ਅੱਕਦਾ-ਥੱਕਦਾ ਨਹੀਂ ਸਗੋਂ ਦਿਲਚਸਪੀ ਨਾਲ ਪੜ੍ਹਦਾ ਹੈ।


-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.ਬਨੇਰੇ ਦੇ ਚਿਰਾਗ
ਲੇਖਕ : ਗੁਰਬਚਨ ਸਿੰਘ ਭੁੱਲਰ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 475 ਰੁਪਏ, ਸਫ਼ੇ : 240
ਸੰਪਰਕ : 011-42502364.


ਗੁਰਬਚਨ ਸਿੰਘ ਭੁੱਲਰ ਇਸ ਸਮੇਂ ਪੰਜਾਬੀ ਦੇ ਉਂਗਲੀਆਂ ਉੱਤੇ ਗਿਣੇ ਜਾਣ ਜੋਗੇ ਵਧੀਆ ਕਹਾਣੀਕਾਰਾਂ ਤੇ ਵਾਰਤਕਕਾਰਾਂ ਵਿਚੋਂ ਇਕ ਹੈ। ਸ਼ੁੱਧ, ਸਰਲ, ਰਸੀਲੀ, ਠੇਠ ਪੰਜਾਬੀ ਲਿਖਣ ਵਾਲੇ ਬੰਦੇ ਹੁਣ ਬਹੁਤੇ ਨਹੀਂ ਰਹੇ। ਇਸ ਲਈ ਉਸ ਦੀ ਹਰ ਕਿਤਾਬ ਪਾਠਕ ਉਚੇਚ ਨਾਲ ਪੜ੍ਹਦੇ ਹੋਣਗੇ। ਅੱਜਕਲ੍ਹ ਉਹ ਸਾਹਿਤਕਾਰਾਂ ਦੇ ਨਿੱਕੇ-ਵੱਡੇ ਸ਼ਬਦ ਚਿਤਰ ਲਿਖ ਕੇ ਉਨ੍ਹਾਂ ਨਾਲ ਗੁਜ਼ਾਰੇ ਹੁਸੀਨ ਪਲਾਂ ਦੀਆਂ ਯਾਦਾਂ ਲਿਖਣ ਵੱਲ ਰੁਚਿਤ ਹੈ। ਇਹ ਕਿਤਾਬ ਵੀ ਇਸੇ ਲੜੀ ਦਾ ਹਿੱਸਾ ਹੈ। ਇਸ ਵਿਚ ਪੰਜਾਬੀ ਜ਼ਬਾਨ ਦੇ ਮਹਿਲ ਨੂੰ ਰੌਸ਼ਨ ਕਰਨ ਵਾਲੀਆਂ 14 ਸ਼ਖ਼ਸੀਅਤਾਂ ਨੂੰ ਪਾਠਕਾਂ ਦੇ ਸਨਮੁੱਖ ਕੀਤਾ ਗਿਆ ਹੈ।
ਬਲਵੰਤ ਗਾਰਗੀ ਤੋਂ ਬਾਅਦ ਪੰਜਾਬੀ ਸਾਹਿਤ ਜਗਤ ਵਿਚ ਗੁਲਜ਼ਾਰ ਸਿੰਘ ਸੰਧੂ, ਕੁਲਬੀਰ ਸਿੰਘ ਕਾਂਗ ਅਤੇ ਗੁਰਬਚਨ ਭੁੱਲਰ ਨੇ ਹੀ ਏਨੀ ਵੱਡੀ ਗਿਣਤੀ ਵਿਚ ਸਾਹਿਤਕ ਸ਼ਖ਼ਸੀਅਤਾਂ ਬਾਰੇ ਚਰਚਾ ਕੀਤੀ ਹੈ। ਇਸ ਤਿੱਕੜੀ ਦੀ ਪ੍ਰਾਪਤੀ ਮਾਣਯੋਗ ਹੈ। ਗੱਲ ਭੁੱਲਰ ਦੀ ਹੋ ਰਹੀ ਹੈ। ਉਸ ਦੀ ਲਿਖਤ ਵਿਚ ਈਰਖਾ, ਦਵੈਖ ਜਾਂ ਉਪਹਾਸ ਨਹੀਂ। ਨਿੱਜੀ, ਜਜ਼ਬਾਤੀ, ਵਿਚਾਰਧਾਰਾਈ ਸਾਂਝ ਉੱਤੇ ਖਲੋਤੇ ਹਨ ਇਹ ਵਿਅਕਤੀ ਚਿਤਰ। ਇਨ੍ਹਾਂ ਸ਼ਖ਼ਸੀਅਤਾਂ ਦਾ ਸੰਘਰਸ਼, ਸਿਰੜ, ਸੁਹਿਰਦਤਾ, ਪ੍ਰਤੀਬੱਧਤਾ ਅਤੇ ਘਾਲ ਕਮਾਈ ਇਨ੍ਹਾਂ ਨੂੰ ਸਚਮੁੱਚ ਪੰਜਾਬੀ ਜ਼ਬਾਨ ਦੇ ਮਹਿਲ ਦੇ ਬਨੇਰਿਆਂ ਦਾ ਚਰਾਗ ਬਣਾਉਂਦੇ ਹਨ। ਲੋਕਾਂ ਦੇ ਲੇਖੇ ਲੱਗਾ ਸੋਹਣ ਸਿੰਘ ਜੋਸ਼, ਪੰਜਾਬੀਅਤ ਦਾ ਕਦਰਦਾਨ ਮਹਿੰਦਰ ਸਿੰਘ ਰੰਧਾਵਾ, ਪੰਜਾਬੀ ਪ੍ਰਕਾਸ਼ਨ ਦਾ ਸਿਖਰਲਾ ਮੋਤੀ ਭਾਪਾ ਪ੍ਰੀਤਮ ਸਿੰਘ, ਪੰਜਾਬੀ ਸਾਹਿਤ ਸਭਾ ਦਿੱਲੀ ਵਾਲਾ ਗਿਆਨੀ ਹਰੀ ਸਿੰਘ, ਲੋਕਪ੍ਰਿਯ ਕਵੀਸ਼ਰ ਕਰਨੈਲ ਸਿੰਘ ਪਾਰਸ, ਪੰਜਾਬੀਅਤ ਦਾ ਮੁੱਦਈ ਸਾਧੂ ਸਿੰਘ ਹਮਦਰਦ, ਜਨਤਕ ਪ੍ਰੈੱਸ ਵਾਲਾ ਦਰਵੇਸ਼ ਗਿਆਨੀ ਜਸਵੰਤ ਸਿੰਘ, ਪ੍ਰਤੀਬੱਧ ਪੱਤਰਕਾਰ ਜਗਜੀਤ ਸਿੰਘ ਆਨੰਦ, ਲੋਕਧਾਰਾ ਦਾ ਤਪੱਸਵੀ ਵਣਜਾਰਾ ਬੇਦੀ, ਅਮਨ ਲਹਿਰ ਵਾਲਾ ਪ੍ਰੋ: ਨਿਰੰਜਨ ਸਿੰਘ ਮਾਨ, ਲੋਕ ਹਿਤੂ ਨਾਟਕਕਾਰ ਗੁਰਸ਼ਰਨ ਸਿੰਘ, ਪੰਜਾਬੀ ਦਾ ਦਿੱਲੀ ਬੈਠਾ ਹਮਦਰਦ ਐਨ.ਆਰ. ਗੋਇਲ, ਲੋਕਾਂ ਦਾ ਬੰਦਾ ਰੂਪ ਸਿੰਘ ਰੂਪਾ ਤੇ ਪ੍ਰਤੀਬੱਧ ਨਾਟਕਕਾਰ ਅਜਮੇਰ ਔਲਖ ਬਾਰੇ ਪਿਆਰੀਆਂ ਯਾਦਾਂ ਨਾਲ ਭਰਪੂਰ ਹਨ ਇਹ ਸੁਹਿਰਦ ਵਿਅਕਤੀ ਚਿੱਤਰ।


-ਡਾ: ਕੁਲਦੀਪ ਸਿੰਘ ਧੀਰ
ਮੋ: 98722-60550


ਪਹਿਲੀ ਬਾਰਿਸ਼
ਲੇਖਕ : ਸ਼ਮੀ ਜਲੰਧਰੀ
ਪ੍ਰਕਾਸ਼ਕ : ਕੇਫ਼ ਵਰਲਡ, ਜਲੰਧਰ, ਕਪੂਰਥਲਾ, ਬਠਿੰਡਾ
ਮੁੱਲ : 150 ਰੁਪਏ, ਸਫ਼ੇ : 108
ਸੰਪਰਕ : 99140-22845.


ਹਥਲੀ ਕਾਵਿ ਕਿਤਾਬ 'ਪਹਿਲੀ ਬਾਰਿਸ਼' ਦਾ ਸ਼ਾਇਰ ਆਸਟਰੇਲੀਆ ਦੇ ਸ਼ਹਿਰ ਐਡੀਲੇਡ ਦਾ ਪੱਕਾ ਬਸ਼ਿੰਦਾ ਹੈ ਅਤੇ ਇਸ ਪੁਸਤਕ ਤੋਂ ਪਹਿਲਾਂ ਵੀ ਦੋ ਕਾਵਿ-ਸੰਗ੍ਰਹਿ 'ਗ਼ਮਾਂ ਦਾ ਸਫ਼ਰ' ਅਤੇ 'ਵਤਨੋਂ ਦੂਰ' ਪੰਜਾਬੀ ਅਦਬ ਦੇ ਰੂਬਰੂ ਕਰ ਚੁੱਕਾ ਹੈ। ਜਿਥੇ ਸ਼ਾਇਰ ਪਰਵਾਸ ਹੰਢਾਅ ਰਿਹਾ ਹੈ, ਉਥੇ ਵੱਖ-ਵੱਖ ਨਸਲਾਂ, ਦੇਸ਼ਾਂ ਅਤੇ ਕੌਮੀਅਤਾਂ ਦੇ ਬਸ਼ਿੰਦੇ ਪਰਵਾਸ ਹੰਢਾਅ ਰਹੇ ਹਨ, ਜਿਸ ਕਰਕੇ ਇਸ ਸ਼ਾਇਰ ਅੰਦਰ ਗਲੋਬਲੀ ਚੇਤਨਾ ਤਾਂ ਹੈ ਹੀ ਪਰ ਫਿਰ ਵੀ ਪਤਾ ਨਹੀਂ ਕਿਉਂ ਇਸ ਦੀ ਸ਼ਾਇਰੀ ਨੂੰ ਸੂਫ਼ੀਆਨਾ ਰੰਗ ਕਿਉਂ ਚੜ੍ਹ ਗਿਆ ਹੈ। ਅੱਤ ਦੀ ਗਰਮੀ ਤੋਂ ਬਾਅਦ ਜਦ ਬਾਰਿਸ਼ ਦੀ ਪਹਿਲੀ ਕਣੀ ਨਾਲ ਤਪੀ ਧਰਤੀ ਠਰ ਜਾਂਦੀ ਹੈ ਅਤੇ ਉਸ ਤੋਂ ਬਾਅਦ ਜੋ ਪੁਰਵਾਈ ਸਰੋਦੀ ਰਸ ਘੋਲਦੀ ਹੈ, ਉਸ ਦਾ ਅਨੰਦ ਧਰਤੀ ਨੂੰ ਤਾਂ ਆਉਂਦਾ ਹੀ ਹੈ ਨਾਲ ਹੀ ਧਰਤੀ ਉੱਤਲੇ ਜੀਵ ਜੰਤੂ ਅਤੇ ਧਰਤੀ ਉੱਤੇ ਸਭ ਤੋਂ ਖੂਬਸੂਰਤ ਕਾਦਰ ਦੀ ਕੁਦਰਤ ਦਾ ਕ੍ਰਿਸ਼ਮਾ ਮਨੁੱਖ ਵੀ ਸਰਸ਼ਾਰ ਹੋ ਜਾਂਦਾ ਹੈ। ਸ਼ਾਇਰੀ ਦਾ ਵੀ ਸਮਕਾਲ ਵਿਚ ਵਿਭਿੰਨ ਪ੍ਰਸਥਿਤੀਆਂ ਨਾਲ ਜੂਝ ਰਿਹਾ ਮਨੁੱਖ ਜਦ ਸ਼ਾਇਰੀ ਦੀ ਠਾਹਰ ਭਾਲਦਾ ਹੈ ਤਾਂ ਉਸ ਨੂੰ ਵੀ ਬਾਰਿਸ਼ ਦੀ ਪਹਿਲੀ ਕਣੀ ਜਿੰਨਾ ਹੀ ਅਨੰਦ ਆਉਂਦਾ ਹੈ। ਸ਼ਾਇਰ ਦੀ ਸਰੋਦੀ ਸ਼ਾਇਰੀ ਦਾ ਵਹਿਣ ਪਹਾੜੀ ਨਦੀ ਵਰਗਾ ਹੈ। ਇਸ ਕਿਤਾਬ ਦੀਆਂ ਨਜ਼ਮਾਂ ਮੁਹੱਬਤ ਨਾਲ ਤਾਂ ਤਰੰਗਤ ਹਨ ਹੀ, ਉਹ ਨਜ਼ਮਾਂ ਇਸ਼ਕ ਮਜਾਜ਼ੀ ਤੋਂ ਸ਼ੁਰੂ ਹੋ ਕੇ ਇਸ਼ਕ ਹਕੀਕੀ ਤੱਕ ਦਾ ਸਫ਼ਰ ਕਰਨ ਤੋਂ ਬਾਅਦ ਜਦੋਂ ਸ਼ਾਇਰ ਵਜਦ ਵਿਚ ਆ ਜਾਂਦਾ ਹੈ ਤਾਂ ਕਿਸੇ ਸੂਫ਼ੀ ਫ਼ਕੀਰ ਦੇ ਹੁਜਰੇ ਵਿਚ ਬੈਠਾ ਨਜ਼ਰ ਆਉਂਦਾ ਹੈ। ਉਹ ਪੰਜਾਬ ਅੰਦਰ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ 'ਤੇ ਹੰਝੂ ਕੇਰਦਾ ਹੈ ਤੇ 47 ਦੀ ਵੰਡ ਤੋਂ ਬਾਅਦ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਹਿੱਸੇ ਢਾਈ ਢਾਈ ਦਰਿਆਵਾਂ ਨੂੰ ਫਿਰ ਪੰਜਾਂ ਦਰਿਆਵਾਂ ਵਿਚ ਤਬਦੀਲ ਹੋਇਆ ਪੰਜਾਬ ਦੇਖਣ ਦੀ ਤਾਂਘ ਰੱਖਦਾ ਹੈ। ਉਹ ਜਲੰਧਰ, ਕਸੂਰ ਤੇ ਲਾਹੌਰ ਨੂੰ ਇਕੋ ਜਿੰਨੀ ਮੁਹੱਬਤ ਕਰਦਾ ਹੈ ਤੇ ਦੋਵਾਂ ਪਾਸਿਆਂ ਦੇ ਪੰਜਾਬਾਂ ਦੀ ਖੈਰ ਸੁਖ ਲਈ ਦੁਆ ਲਈ ਹੱਥ ਉਠਾਉਂਦਾ ਹੈ। ਉਹ ਭਾਰਤ ਅੰਦਰ ਹੁੰਦੇ ਮਜ਼੍ਹਬੀ ਫ਼ਸਾਦਾਂ ਨੂੰ ਕਿਵੇਂ ਆੜੇ ਹੱਥੀਂ ਲੈਂਦਾ ਹੈ, ਉਸ ਦਾ ਜ਼ਰਾ ਨਮੂਨਾ ਤਾਂ ਦੇਖੋ :
'ਮਸਜਿਦ ਵਿਚ ਅੱਲਾ
ਮੰਦਰ ਵਿਚ ਭਗਵਾਨ
ਰਾਖੀ ਕਰਦੇ ਕਰਦੇ ਲੋਕੀ
ਹੋ ਗਏ ਲਹੂ ਲੁਹਾਨ।'


-ਭਗਵਾਨ ਢਿੱਲੋਂ
ਮੋ: 98143-78254.
ਜੈ ਦੇਵ ਦਿਲਬਰ ਰਚਨਾਵਲੀ

ਸੰਪਾਦਕ : ਮਲਕੀਤ ਜੌੜਾ
ਪ੍ਰਕਾਸ਼ਕ : ਆਸ਼ਨਾ ਪਬਲੀਕੇਸ਼ਨ, ਹੁਸ਼ਿਆਰਪੁਰ
ਮੁੱਲ : 250 ਰੁਪਏ, ਸਫ਼ੇ : 352
ਸੰਪਰਕ : 98725-34278.


ਹਥਲੀ ਪੁਸਤਕ ਨੂੰ ਪਾਠਕਾਂ ਦੇ ਸਨਮੁੱਖ ਕਰਨ ਲਈ ਸੰਪਾਦਕ ਮਲਕੀਤ ਜੌੜੇ ਨੇ ਵੱਖ-ਵੱਖ ਸਰੋਤਾਂ ਤੋਂ ਜੈ ਦੇਵ ਦਿਲਬਰ ਦੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਦੁਰਲੱਭ ਪੁਸਤਕਾਂ ਅਤੇ ਅਣਪ੍ਰਕਾਸ਼ਿਤ ਰਚਨਾਵਾਂ ਨੂੰ ਬੜੇ ਹੀਲੇ-ਵਸੀਲੇ ਵਰਤ ਕੇ ਪ੍ਰਾਪਤ ਕੀਤਾ। ਮਲਕੀਤ ਜੌੜਾ ਨੂੰ ਵੱਖ-ਵੱਖ ਥਾਵਾਂ 'ਤੇ ਵੀ ਜਾਣਾ ਪਿਆ ਅਤੇ ਦਿਲਬਰ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਉਸ ਦੇ ਸੰਗੀਆਂ ਸਾਥੀਆਂ ਨੂੰ ਵੀ ਮਿਲਣਾ ਪਿਆ। ਇਸ ਤਰ੍ਹਾਂ ਕਰਕੇ ਉਸ ਨੇ ਇਸ ਪੁਸਤਕ ਨੂੰ ਵਿਧੀਵਤ ਰੂਪ ਦਿੱਤਾ ਹੈ। ਸਭ ਤੋਂ ਪਹਿਲਾਂ ਜੈ ਦੇਵ ਦਿਲਬਰ ਦੀ ਸ਼ਖ਼ਸੀਅਤ ਅਤੇ ਉਸ ਦਾ ਕਾਵਿ-ਮੁਲਾਂਕਣ ਪੇਸ਼ ਕੀਤਾ ਹੈ। ਇਸ ਤੋਂ ਅੱਗੇ ਦਿਲਬਰ ਦੁਆਰਾ ਦੋ ਪ੍ਰਕਾਸ਼ਿਤ ਕਾਵਿ-ਸੰਗ੍ਰਹਿ 'ਗਾਥਾ ਇਕ ਸਫ਼ਰ ਦੀ' ਅਤੇ 'ਚਾਨਣ ਦੀ ਲਿਸ਼ਕੋਰ' ਵਿਚਲੀਆਂ ਰਚਨਾਵਾਂ ਨੂੰ ਅੰਕਿਤ ਕੀਤਾ ਹੈ। ਇਹ ਰਚਨਾਵਾਂ ਗ਼ਜ਼ਲ, ਗੀਤ, ਬਾਰਾਮਾਂਹ ਆਦਿ ਰੂਪਾਂ 'ਚ ਹਨ। ਇਸ ਤੋਂ ਅੱਗੇ ਦਿਲਬਰ ਦੀਆਂ ਅਣਪ੍ਰਕਾਸ਼ਿਤ ਸਾਹਿਤ ਰਚਨਾਵਾਂ ਨੂੰ ' ਖਿੱਲਰੇ ਵਰਕੇ ' ਸਿਰਲੇਖ ਤਹਿਤ ਪੇਸ਼ ਕਰਦਿਆਂ ਕਵਿਤਾਵਾਂ, ਗ਼ਜ਼ਲਾਂ, ਗੀਤ, ਰੁਬਾਈਆਂ, ਸੰਵਾਦ ਅਤੇ ਦਿਲਬਰ ਰਚਿਤ ਕਹਾਣੀਆਂ ਨੂੰ ਅੰਕਿਤ ਕੀਤਾ ਹੈ। ਜੈ ਦੇਵ ਦਿਲਬਰ ਦੀ ਸਮੁੱਚੀ ਰਚਨਾਵਲੀ ਮਾਨਵ ਹਿਤੈਸ਼ੀ ਹੈ, ਇਸ ਵਿਚ ਲੋਕ ਦਰਦ ਹੈ, ਅਮੀਰਾਂ ਅਤੇ ਰਾਜਨੀਤੀਵਾਨਾਂ ਦੇ ਭ੍ਰਿਸ਼ਟ ਵਰਤਾਰੇ ਦਾ ਵਰਨਣ ਵੀ ਹੈ ਅਤੇ ਅਜੋਕੇ ਸਮਾਜਿਕ-ਸੱਭਿਆਚਾਰਕ ਆਮ ਜਨਜੀਵਨ ਦਾ ਦਰਪਣ ਵੀ ਹੈ। ਪੁਸਤਕ ਦਾ ਹੋਰ ਮਹੱਤਵਪੂਰਨ ਭਾਗ ਉਹ ਵੀ ਹੈ ਜਿਸ ਵਿਚ ਪਰਮਜੀਤ ਦੇਹਲ ਵਲੋਂ ਦਿਲਬਰ ਨਾਲ ਕੀਤੀ ਗਈ ਵਿਸ਼ਾਲ ਮੁਲਾਕਾਤ ਅੰਕਿਤ ਹੈ। ਇਹ ਮੁਲਾਕਾਤ ਦਿਲਬਰ ਦੇ ਸਮੁੱਚੇ ਜੀਵਨ, ਘਰ ਪਰਿਵਾਰ, ਉਸ ਦਾ ਸਮਾਜ, ਰਾਜਨੀਤੀ ਅਤੇ ਅਰਥਚਾਰੇ ਪ੍ਰਤੀ ਦ੍ਰਿਸ਼ਟੀਕੋਣ ਦਰਸਾਉਂਦੀ ਹੈ। ਪੁਸਤਕ ਦੇ ਅੰਤਿਮ ਭਾਗ ਵਿਚ ਜੈ ਦੇਵ ਦਿਲਬਰ ਅਤੇ ਉਸ ਦੀ ਰਚਨਾਵਲੀ ਬਾਰੇ ਹੋਰ ਦੋਸਤਾਂ ਮਿੱਤਰਾਂ ਅਤੇ ਪਾਰਖੂਆਂ ਦੇ ਵਿਚਾਰ ਅਤੇ ਚਿੱਠੀ ਪੱਤਰ ਸ਼ਾਮਿਲ ਕੀਤੇ ਗਏ ਹਨ। ਮਲਕੀਤ ਜੌੜੇ ਦਾ ਇਹ ਕਾਰਜ ਵਡਿਆਉਣ ਯੋਗ ਹੈ ਅਤੇ ਸੰਸਥਾਮੂਲਕ ਕੀਤੀ ਸੇਵਾ ਸਦਕਾ ਪੰਜਾਬੀ ਪਾਠਕਾਂ ਲਈ ਸਰਮਾਇਆ ਬਣ ਜਾਂਦਾ ਹੈ। ਇਹ ਸਰਮਾਇਆ ਵਿਦਵਾਨਾਂ ਦੇ ਚਿੰਤਨ ਪ੍ਰਗਟਾਵੇ ਦਾ ਮਾਧਿਅਮ ਬਣ ਸਕਦਾ ਹੈ।


-ਡਾ: ਜਗੀਰ ਸਿੰਘ ਨੂਰ
ਮੋ: 98142-09732ਸੂਰਜ, ਤੇਰਾ ਮੁੱਖੜਾ
ਗ਼ਜ਼ਲਕਾਰ : ਭਜਨ ਆਦੀ
ਪ੍ਰਕਾਸ਼ਕ : ਅਲਖ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 98722-93321.


'ਸੂਰਜ, ਤੇਰਾ ਮੁੱਖੜਾ' ਗ਼ਜ਼ਲਕਾਰ ਭਜਨ ਆਦੀ ਦਾ ਪੰਜਵਾਂ ਗ਼ਜ਼ਲ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ ਅਠੱਨਵੇਂ ਗ਼ਜ਼ਲਾਂ ਪ੍ਰਕਾਸ਼ਿਤ ਹੋਈਆਂ ਹਨ। ਆਦੀ ਦੀਆਂ ਬਹੁਤੀਆਂ ਗ਼ਜ਼ਲਾਂ ਵਿਚ ਪਿਆਰ ਦਾ ਰੰਗ ਉਦੇ ਹੋਇਆ ਮਿਲਦਾ ਹੈ ਤੇ ਕਿਤੇ ਕਿਤੇ ਉਸ ਨੇ ਦੇਸ਼ ਦੀ ਮੌਜੂਦਾ ਸਥਿਤੀ 'ਤੇ ਵੀ ਸ਼ਿਅਰ ਕਹੇ ਹਨ। ਗ਼ਜ਼ਲਕਾਰ ਆਪਣੀ ਪਹਿਲੀ ਗ਼ਜ਼ਲ ਵਿਚ ਮੁਹੱਬਤ ਨੂੰ ਬਲਾ, ਅਵੱਲਾ ਰੋਗ ਤੇ ਦਰਦ ਦੇਣ ਵਾਲੀ ਆਖਦਾ ਹੈ ਤੇ ਮਹਿਸੂਸ ਕਰਦਾ ਹੈ ਕਿ ਇਸ ਦੇ ਹੁੰਦਿਆਂ ਹੋਇਆਂ ਮੈਨੂੰ ਚੈਨ ਪ੍ਰਾਪਤ ਨਹੀਂ ਹੋ ਸਕਦਾ। ਦੂਸਰੀ ਗ਼ਜ਼ਲ ਵਿਚ ਉਹ ਮੁਹੱਬਤ ਕਰਨ ਵਾਲਿਆਂ ਨੂੰ ਤਲੀ 'ਤੇ ਸਿਰ ਧਰਨ ਦੀ ਨਸੀਹਤ ਦਿੰਦਾ ਹੈ ਤੇ ਪੜਤਾਲ ਕਰਨ ਲਈ ਕਹਿੰਦਾ ਹੈ। ਦਰਅਸਲ ਮੁਹੱਬਤ ਜ਼ਿੰਦਗੀ ਜਿਊਣ ਦਾ ਬਹੁਤ ਢੁੱਕਵਾਂ ਫ਼ਲਸਫ਼ਾ ਤੇ ਦਿਸ਼ਾ ਹੈ ਜੋ ਕਈ ਵਾਰ ਕਈਆਂ ਨੂੰ ਰਾਸ ਨਹੀਂ ਆਉਂਦੀ। 'ਸੂਰਜ, ਤੇਰਾ ਮੁੱਖੜਾ' ਵਿਚ ਕਈ ਸ਼ਿਅਰ ਸਮਾਜਿਕ ਹਨ ਤੇ ਉਨ੍ਹਾਂ ਵਿਚ ਨਸੀਹਤਾਂ ਹਨ। ਗ਼ਜ਼ਲਕਾਰ ਮੁਤਾਬਿਕ ਬੰਦਾ ਕਦੇ ਵੀ ਮਾੜਾ ਨਹੀਂ ਹੁੰਦਾ ਐਪਰ ਜੇ ਉਹ ਕੋਈ ਮਾੜਾ ਕੰਮ ਕਰਦਾ ਹੈ ਤਾਂ ਮਾੜਾ ਬਣਦਾ ਹੈ। 'ਸੂਰਜ ਤੇ ਚੰਦ 'ਕੱਲਾ' ਇਸ ਪੁਸਤਕ ਦੀ ਹਾਸਲ ਗ਼ਜ਼ਲ ਹੈ ਜਿਸ ਵਿਚ ਉਹ ਅਭਿਮਾਨ ਵਿਚ ਚੂਰ ਹੋਏ ਵਿਅਕਤੀ 'ਤੇ ਤਿੱਖੀ ਚੋਟ ਕਰਦਾ ਹੈ। ਉਸ ਅਨੁਸਾਰ ਅਜਿਹੇ ਲੋਕ ਦੂਜਿਆਂ ਨੂੰ ਮੂਰਖ ਤੇ ਸਿਰਫ਼ ਆਪਣੇ ਆਪ ਨੂੰ ਅਕਲਮੰਦ ਸਮਝਦੇ ਹਨ ਜਦ ਕਿ ਅਜਿਹਾ ਨਹੀਂ ਹੁੰਦਾ। ਗ਼ਜ਼ਲਕਾਰ ਕਹਿੰਦਾ ਹੈ ਕਿ ਗਰਜ਼ਾਂ ਨੇ ਰਿਸ਼ਤਿਆਂ ਦੀ ਪਾਕੀਜ਼ਗੀ ਖੋਹ ਲਈ ਹੈ ਤੇ ਸਭ ਸਕੇ ਸਬੰਧੀ ਮਹਿਜ਼ ਸਵਾਰਥ ਨਾਲ ਹੀ ਬੱਝੇ ਹੋਏ ਹਨ। 'ਸੂਰਜ, ਤੇਰਾ ਮੁੱਖੜਾ' ਵਿਚ ਮਹਿਬੂਬ ਦੇ ਹੁਸਨ ਦੀ ਤਾਰੀਫ਼ ਵਿਚ ਕਹੇ ਗਏ ਸ਼ਿਅਰਾਂ ਦੀ ਭਰਮਾਰ ਹੈ ਤੇ ਉਹ ਆਪਣੇ ਮਹਿਬੂਬ ਦੇ ਮੁੱਖ ਦੀ ਸੂਰਜ ਨਾਲ ਤੁਲਨਾ ਕਰਦਾ ਹੈ। ਚੰਗਾ ਹੁੰਦਾ ਜੇ ਗ਼ਜ਼ਲਕਾਰ ਮਨੁੱਖ ਖ਼ਾਸ ਕਰਕੇ ਏਸ ਦੇਸ਼ ਦੇ ਨਾਗਰਿਕਾਂ ਦੇ ਦੁੱਖਾਂ ਨੂੰ ਆਪਣੀ ਕਲਮ ਰਾਹੀਂ ਵਧੇਰੇ ਜ਼ਬਾਨ ਦਿੰਦਾ। ਇਹ ਸ਼ਾਇਰ ਦੇ ਫ਼ਰਜ਼ਾਂ ਵਿਚ ਵੀ ਆਉਂਦਾ ਹੈ। ਡਾ: ਰਾਮ ਮੂਰਤੀ ਮੁਤਾਬਿਕ ਗ਼ਜ਼ਲਕਾਰ ਨੂੰ ਬਹਿਰ ਵਿਧਾਨ ਅਨੁਸਾਰ ਹੀ ਗ਼ਜ਼ਲ ਅਹੁੜਦੀ ਹੈ ਪਰ ਇਸ ਪੁਸਤਕ ਦੀਆਂ ਕਈ ਗ਼ਜ਼ਲਾਂ ਇਸ 'ਤੇ ਪ੍ਰਸ਼ਨ ਚਿੰਨ੍ਹ ਲਾਉਂਦੀਆਂ ਹਨ। ਗ਼ਜ਼ਲਕਾਰ ਦੇ ਉਸਤਾਦ ਦੀਪਕ ਜੈਤੋਈ ਜੀ ਬੇਮੇਲ ਕਾਫ਼ੀਏ, ਬਹਿਰ ਦੀ ਭਟਕਣ ਤੇ ਸ਼ਬਦਾਂ ਦੇ ਗ਼ਲਤ ਉਚਾਰਨ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਸਨ ਜਦ ਕਿ 'ਸੂਰਜ, ਤੇਰਾ ਮੁੱਖੜਾ' ਦੇ ਸ਼ਿਅਰ ਇਸ ਪੱਖੋਂ ਕੁਝ ਅਵੇਸਲੇ ਹਨ।


-ਗੁਰਦਿਆਲ ਰੌਸ਼ਨ
ਮੋ: 99884-44002

26-09-2020

 ਫਰਸ਼ ਤੋਂ ਅਰਸ਼ ਵੱਲ
ਲੇਖਕ : ਗੱਜਣ ਸਿੰਘ ਮੂਨ
ਪ੍ਰਕਾਸ਼ਕ : ਤਾਲਿਫ਼ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 90410-89009.

ਲੇਖਕ ਗੱਜਣ ਸਿੰਘ ਮੂਨ ਦੀਆਂ ਇਸ ਤੋਂ ਪਹਿਲਾਂ ਦੋ ਪੁਸਤਕਾਂ ਅੰਗਰੇਜ਼ੀ ਵਿਚ ਛਪ ਚੁੱਕੀਆਂ ਹਨ, ਪੰਜਾਬੀ ਵਿਚ ਪਹਿਲੀ ਪੁਸਤਕ ਸਵੈ-ਜੀਵਨੀ ਹੈ।
ਹਰ ਮਨੁੱਖ ਦੇ ਜੀਵਨ ਵਿਚ ਚੰਗੇ-ਮਾੜੇ ਦਿਨ ਆਉਂਦੇ ਹਨ ਪਰ ਇਕ ਲੇਖਕ ਇਨ੍ਹਾਂ ਦਿਨਾਂ ਦੀਆਂ ਯਾਦਾਂ ਨੂੰ ਸਮੇਟਦਾ ਰਹਿੰਦਾ ਹੈ ਤੇ ਫਿਰ ਸਮਾਂ ਆਉਣ 'ਤੇ ਪੁਸਤਕ ਰੂਪ ਵਿਚ ਪਾਠਕਾਂ ਸਾਹਮਣੇ ਰੱਖਦਾ ਹੈ। ਗੱਜਣ ਸਿੰਘ ਨੇ ਵੀ ਜੀਵਨ ਵਿਚ ਤੰਗੀਆਂ-ਤੁਰਸ਼ੀਆਂ ਦੀਆਂ ਔਖੀਆਂ ਘਾਟੀਆਂ ਪਾਰ ਕੀਤੀਆਂ, ਸੰਘਰਸ਼ ਕਰਦਿਆਂ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੂਹਿਆ ਜੋ ਸਵੈ-ਜੀਵਨੀ ਦੇ ਰੂਪ ਵਿਚ ਪੇਸ਼ ਕੀਤੀ ਹੈ। ਲੇਖਕ ਨੇ ਆਪਣੇ ਜੀਵਨ ਦੀ ਸ਼ੁਰੂਆਤ ਕੱਚੇ-ਪਿੱਲੇ ਘਰਾਂ ਤੋਂ ਕੀਤੀ ਅਤੇ ਸਬਰ, ਧੀਰਜ ਤੇ ਸੰਤੋਖ ਨਾਲ ਆਪਣੀ ਮੰਜ਼ਿਲ ਵੱਲ ਕਦਮ ਵਧਾਏ ਅਤੇ ਡੁਬਈ ਤੇ ਆਸਟ੍ਰੇਲੀਆ ਦੀ ਧਰਤੀ 'ਤੇ ਕਦਮ ਜਾ ਟਿਕਾਏ। ਫਰਸ਼ ਤੋਂ ਅਰਸ਼ ਤੱਕ ਪਹੁੰਚਣ ਲਈ ਉਸ ਨੂੰ ਬੇਹੱਦ ਮੁਸ਼ੱਕਤ ਕਰਨੀ ਪਈ ਪਰ ਜੀਵਨ ਵਿਚ ਵਿਦਵਾਨ ਤੇ ਸੁਘੜ ਦੋਸਤਾਂ ਦਾ ਸਹਿਯੋਗ ਪ੍ਰਾਪਤ ਹੋਣ ਸਦਕਾ ਰਾਹ ਕੁਝ ਸੁਖਾਲਾ ਹੁੰਦਾ ਗਿਆ। ਅੰਤ ਉਹ ਇਕ ਵਿਲੱਖਣ ਸ਼ਖ਼ਸੀਅਤ ਹੋ ਨਿਬੜਿਆ।
ਹਥਲੀ ਪੁਸਤਕ ਵਿਚ ਮੁਢਲਾ ਕਾਂਡ ਮੁਢਲੀ ਸਿੱਖਿਆ 1959 ਤੋਂ ਆਰੰਭ ਹੁੰਦਾ ਹੈ, ਜਿਸ ਵਿਚ ਬਚਪਨ ਦੀਆਂ ਯਾਦਾਂ, ਖਰਮਸਤੀਆਂ ਤੇ ਮੌਜ ਮਸਤੀ ਦਾ ਜ਼ਿਕਰ ਕੀਤਾ ਹੈ, ਬੜਾ ਦਿਲਚਸਪ ਵਰਨਣ ਹੈ। ਫਿਰ ਕਾਲਜ ਦਾ ਜੀਵਨ, 1971 ਦੀ ਲੜਾਈ ਤੇ ਬੀ.ਐੱਡ ਦੀ ਪੜ੍ਹਾਈ ਦਾ ਸਫ਼ਰ ਹੈ; ਉਪਰੰਤ ਰੁਜ਼ਗਾਰ ਲਈ ਕਿੰਨੇ ਕੁ ਧੱਕੇ ਖਾਣੇ ਪਏ, ਕੱਚੀ ਨੌਕਰੀ ਲਈ ਥਾਂ-ਥਾਂ ਸਿਫ਼ਾਰਸ਼ਾਂ, ਵਧੇਰੇ ਨੌਕਰੀ ਬਠਿੰਡੇ ਦੇ ਪਿੰਡਾਂ ਵੱਲ ਕੀਤੀ, ਫਿਰ ਲੁਧਿਆਣੇ ਜਾ ਹਾਜ਼ਰ ਹੋਇਆ। ਇਸ ਤੋਂ ਬਾਅਦ ਸ਼ਾਦੀ, ਘਰ ਬਣਾਉਣਾ ਤੇ ਹੋਰ ਕਈ ਅਭੁੱਲ ਯਾਦਾਂ ਦਾ ਵਰਨਣ ਕੀਤਾ ਹੈ, ਪਟਿਆਲਾ ਤੋਂ ਗੋਆ ਤੱਕ ਦਾ ਸਫ਼ਰ ਤੇ ਬਾਅਦ ਵਿਚ ਡੁਬਈ ਦੇ ਸਫ਼ਰ ਦਾ ਜ਼ਿਕਰ ਬੜੇ ਦਿਲਚਸਪ ਢੰਗ ਨਾਲ ਕੀਤਾ ਹੈ। ਇਹ ਵਰਨਣ ਕਰਦਾ ਹੋਇਆ ਲੇਖਕ ਜਿਵੇਂ ਪਾਠਕ ਨੂੰ ਉਂਗਲੀ ਲਾ ਕੇ ਨਾਲ ਲੈ ਜਾਂਦਾ ਹੈ, ਬੜੀ ਸਹਿਜ, ਸਰਲ ਤੇ ਸਾਦਾ ਭਾਸ਼ਾ ਵਿਚ ਹੈ ਇਹ ਸਵੈ-ਜੀਵਨੀ। ਅੰਤ ਵਿਚ ਲੇਖਕ ਨੇ ਜੀਵਨ ਬਿਊਰਾ ਤੇ ਸੇਵਾ ਦੇ ਸਾਲ ਤੇ ਸਥਾਨ ਅਤੇ ਕੁਝ ਕੁ ਯਾਦਗਾਰੀ ਫੋਟੋਗ੍ਰਾਫ਼ ਵੀ ਦਿੱਤੀਆਂ ਹਨ।
ਇਹ ਪੁਸਤਕ ਪਾਠਕਾਂ ਲਈ ਪ੍ਰੇਰਨਾਦਾਇਕ ਹੈ ਕਿ ਜੇ ਮਨੁੱਖ ਚਾਹੇ ਤਾਂ ਕੀ ਨਹੀਂ ਕਰ ਸਕਦਾ, ਬਸ ਲੋੜ ਹੈ ਯਤਨ ਕਰਨ ਤੇ ਦ੍ਰਿੜ੍ਹ ਇਰਾਦੇ ਦੀ।

ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

c c c

ਚੁੱਪ
ਲੇਖਕ : ਨਦੀਮ ਪਰਮਾਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 148
ਸੰਪਰਕ : 98152-98459.

ਨਦੀਮ ਪਰਮਾਰ ਨੇ ਆਪਣੇ ਇਸ ਨਾਵਲ ਵਿਚ 'ਕਨਿਸ਼ਕ' ਬੰਬ ਧਮਾਕੇ ਤੋਂ ਪਿੱਛੋਂ ਦੀਆਂ ਕੁਝ ਘਟਨਾਵਾਂ ਨੂੰ ਬਿਆਨ ਕੀਤਾ ਹੈ। ਇਸ ਨਾਵਲ ਵਿਚ ਪੇਸ਼ ਕੀਤੇ ਬਿਰਤਾਂਤ ਤੋਂ ਪਹਿਲਾਂ ਦੀਆਂ ਘਟਨਾਵਾਂ ਨੂੰ ਉਸ ਨੇ ਆਪਣੇ ਦੋ ਹੋਰ ਨਾਵਲਾਂ 'ਇੰਦਰ ਜਾਲ' ਅਤੇ 'ਰੇਪ' ਵਿਚ ਬਿਆਨ ਕੀਤਾ ਹੈ। ਇੰਜ ਇਹ ਨਾਵਲ ਨਦੀਮ ਪਰਮਾਰ ਦੇ ਨਾਵਲਾਂ ਦੀ ਤ੍ਰੈਲੜੀ ਦਾ ਅੰਤਿਮ ਭਾਗ ਹੈ। ਲੇਖਕ ਅਨੁਸਾਰ, 'ਚੁੱਪ, ਇੰਦਰ ਜਾਲ ਅਤੇ ਰੇਪ ਦਾ ਛੇਕੜਲਾ ਹਿੱਸਾ ਹੈ। ਇਨ੍ਹਾਂ ਨਾਵਾਂ ਦੀ ਪਿੱਠਭੂਮੀ ਦੀ ਕਹਾਣੀ ਕਨਿਸ਼ਕ ਬੰਬ ਕਾਂਡ ਅਰਥਾਤ ਏਅਰ ਇੰਡੀਆ ਫਲਾਈਟ 182 ਦੀ ਕਹਾਣੀ ਅੱਗੇ ਨਹੀਂ ਤੁਰੀ।' (ਪੰਨਾ 146) ਇਸ ਨਾਵਲ ਵਿਚ ਮੁੱਖ ਪਾਤਰ ਹਰਕਿਰਨ ਕੌਰ ਦਾ ਬਿਰਤਾਂਤ ਪੇਸ਼ ਕੀਤਾ ਗਿਆ ਹੈ, ਜੋ 1984 ਈ: ਵਿਚ ਦਿੱਲੀ ਕਤਲੇਆਮ ਤੋਂ ਪਹਿਲਾਂ ਕੈਨੇਡਾ ਆ ਗਈ ਸੀ ਪਰ ਉਸ ਦੇ ਮਾਤਾ-ਪਿਤਾ ਅਤੇ ਇਕਲੌਤਾ ਭਰਾ ਦਿੱਲੀ ਵਿਚ ਹੀ ਰਹਿੰਦੇ ਸਨ। ਦੰਗਾਈਆਂ ਨੇ ਉਸ ਦੇ ਭਰਾ ਅਤੇ ਹੋਰ ਬਹੁਤ ਸਾਰੇ ਰਿਸ਼ਤੇਦਾਰਾਂ ਨੂੰ ਬਹੁਤ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਸੀ। ਮਾਤਾ-ਪਿਤਾ ਵੀ ਕਤਲੇਆਮ ਅਤੇ ਲੁੱਟ-ਖਸੁੱਟ ਦੇ ਸਦਮੇ ਕਾਰਨ ਮਰ ਗਏ ਸਨ।
ਹਰਕਿਰਨ ਨੂੰ ਇਸ ਘਟਨਾ ਕਾਰਨ ਬਹੁਤ ਗੁੱਸਾ ਚੜ੍ਹਿਆ ਸੀ। ਉਹ ਦੰਗਈਆਂ ਅਤੇ ਭਾਰਤ ਸਰਕਾਰ ਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ ਕੈਨੇਡਾ ਵਸਦੇ ਸਿੱਖ-ਦਹਿਸ਼ਤਗਰਦਾਂ ਨਾਲ ਮੇਲ-ਜੋਲ ਰੱਖਣ ਲੱਗੀ ਸੀ। ਪਰ ਉਹ ਨਹੀਂ ਸੀ ਜਾਣਦੀ ਕਿ ਦਹਿਸ਼ਤਗਰਦ ਲੋਕ ਡਬਲ-ਕਰਾਸ ਕਰਦੇ ਹਨ। ਇਨ੍ਹਾਂ ਦਾ ਕੋਈ ਦੀਨ-ਧਰਮ ਨਹੀਂ ਹੁੰਦਾ। ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਦਹਿਸ਼ਤਗਰਦਾਂ ਦੀ ਪੁਸ਼ਤ-ਪਨਾਹੀ ਕਰਦੀਆਂ ਹਨ। ਭੋਲੇਪਣ ਵਿਚ ਉਹ ਦਹਿਸ਼ਤਗਰਦਾਂ ਦੀ ਉਕਸਾਈ ਕੋਈ ਐਕਸ਼ਨ ਕਰਨ ਵਾਸਤੇ ਭਾਰਤ ਪਹੁੰਚੀ ਤਾਂ ਉਥੇ ਦਹਿਸ਼ਤਗਰਦਾਂ ਦੇ ਇਕ ਟੋਲੇ ਨੇ ਉਸ ਦਾ ਰੇਪ ਕੀਤਾ, ਉਸ ਨਾਲ ਖਿਲਵਾੜ ਕਰਕੇ ਉਹ ਤਿੱਤਰ ਹੋ ਗਏ। ਇਸ ਉਪਰੰਤ ਉਹ ਦਹਿਸ਼ਤਗਰਦਾਂ ਤੋਂ ਬਦਲਾ ਲੈਣ 'ਤੇ ਉਤਾਰੂ ਹੋ ਗਈ। ਦੂਜੀ ਵਾਰ ਭਾਰਤ ਆਈ ਤਾਂ ਉਸ ਨਾਲ ਦੁਬਾਰਾ ਰੇਪ ਕੀਤਾ ਗਿਆ। ਇਹ ਉਸ ਨੂੰ ਸਜ਼ਾ ਦਿੱਤੀ ਗਈ ਸੀ ਕਿਉਂਕਿ ਹੁਣ ਉਹ ਦਹਿਸ਼ਤਗਰਦਾਂ ਦੇ ਵਿਰੁੱਧ ਚੱਲ ਰਹੇ ਮੁਕੱਦਮੇ ਵਿਚ ਗਵਾਹੀ ਦੇਣ ਦਾ ਮਨ ਬਣਾਈ ਬੈਠੀ ਸੀ। ਭਾਰਤ ਤੋਂ ਕੈਨੇਡਾ ਵਾਪਸ ਆਈ ਤਾਂ ਉਸ ਦੀ ਬੇਟੀ 'ਰਾਸ਼ੀ' ਨੂੰ ਕਿਡਨੈਪ ਕਰ ਲਿਆ ਗਿਆ, ਇਹ ਦਰਸਾਉਣ ਵਾਸਤੇ ਕਿ ਜੇ ਹਰਕਿਰਨ ਨੇ ਕੋਈ ਹੁਸ਼ਿਆਰੀ ਕੀਤੀ ਤਾਂ ਉਨ੍ਹਾਂ ਦੇ ਹੱਥ ਬਹੁਤ ਲੰਮੇ ਹਨ। ਨਦੀਮ ਪਰਮਾਰ ਦਾ ਇਹ ਨਾਵਲ ਦਹਿਸ਼ਤਗਰਦੀ ਵਿਰੁੱਧ ਭੁਗਤਦਾ ਹੈ। ਉਹ ਜਾਣਦਾ ਹੈ ਕਿ ਦਹਿਸ਼ਤਗਰਦ ਲੋਕ ਸਰਕਾਰਾਂ ਦੇ ਏਜੰਟ ਹੁੰਦੇ ਹਨ। ਇਹ ਲੋਕ ਕਿਸੇ ਇਕ ਦੇਸ਼ ਤੱਕ ਸੀਮਤ ਨਹੀਂ ਹੁੰਦੇ ਸਗੋਂ ਹਰ ਦੇਸ਼ ਵਿਚ ਇਨ੍ਹਾਂ ਦੀਆਂ ਸ਼ਾਖਾਵਾਂ ਹੁੰਦੀਆਂ ਹਨ। ਇਨ੍ਹਾਂ ਉੱਪਰ ਚਾਹੇ ਕਿੰਨੇ ਵੀ ਮੁਕੱਦਮੇ ਚੱਲੀ ਜਾਣ, ਇਨ੍ਹਾਂ ਨੂੰ ਕੋਈ ਫ਼ਿਕਰ ਨਹੀਂ ਹੁੰਦਾ, ਕਿਉਂਕਿ ਉਹ ਹਰਕਿਰਨ ਵਾਂਗ ਗੁਆਹਾਂ ਉੱਪਰ ਦਬਾਅ ਬਣਾ ਕੇ ਉਨ੍ਹਾਂ ਨੂੰ ਆਪਣੇ ਹੱਕ ਵਿਚ ਕਰ ਲੈਂਦੇ ਹਨ ਜਾਂ ਮਾਰ-ਮੁਕਾ ਛੱਡਦੇ ਹਨ। ਕੈਨੇਡਾ ਵਰਗਾ ਕਥਿਤ ਸੱਭਿਅਕ ਦੇਸ਼ ਵੀ ਕੋਈ ਅਪਵਾਦ ਨਹੀਂ ਹੈ। ਉਥੇ ਵੀ ਕਾਨੂੰਨ ਅਤੇ ਇਨਸਾਫ਼ ਨੂੰ ਖ਼ਰੀਦਿਆ ਜਾ ਸਕਦਾ ਹੈ। ਮੈਂ ਨਦੀਮ ਪਰਮਾਰ ਦੀ ਜੁਰਅਤਮੰਦਾਨਾ ਲੇਖਣੀ ਦੀ ਪ੍ਰਸੰਸਾ ਕਰਦਾ ਹਾਂ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਆਤਮ ਮੰਥਨ
ਲੇਖਕ : ਮੋਹਨ ਗਿੱਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 111
ਸੰਪਰਕ : 95011-45039.

ਅੱਜ ਹਰ ਕੋਈ ਬਾਹਰਮੁਖੀ ਉਲਝਣਾਂ ਵਿਚ ਉਲਝਿਆ ਦਿਖਾਈ ਦਿੰਦਾ ਹੈ, ਉਸ ਦੀ ਸੋਚ ਪਦਾਰਥਕ ਤੇ ਨਿਰਾਸ਼ਾਵਾਦੀ ਹੋਣ ਕਰਕੇ ਉਸ ਕੋਲ ਅੰਤਰਮੁਖੀ ਹੋ ਕੇ ਆਤਮ ਮੰਥਨ ਕਰਨ ਵਾਸਤੇ ਵਿਹਲ ਨਹੀਂ ਹੈ। ਇਸੇ ਕਰਕੇ ਉਹ ਅਸ਼ਾਂਤ ਰਹਿੰਦਾ ਹੈ। ਇਸ ਵਿਸ਼ੇ ਨਾਲ ਸਬੰਧਿਤ ਇਹ ਪੁਸਤਕ ਨੌਜਵਾਨ ਲੇਖਕ ਮੋਹਨ ਗਿੱਲ ਵਲੋਂ ਲਿਖੀ ਗਈ ਹੈ। ਇਸ ਤੋਂ ਪਹਿਲਾਂ ਵੀ ਵਾਰਤਕ ਤੇ ਕਵਿਤਾ ਖੇਤਰ ਵਿਚ ਉਸ ਦੀਆਂ ਕਈ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਪੁਸਤਕ ਵਿਚ ਲੇਖਕ ਨੇ ਆਸ਼ਾਵਾਦੀ ਸੋਚ ਬਾਰੇ ਬਹੁਤ ਪ੍ਰੇਰਨਾਦਾਇਕ ਵਿਚਾਰ ਪੇਸ਼ ਕੀਤੇ ਹਨ। ਆਪਣੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੁਆਰਾ ਜੋ ਚੰਗੇ ਵਿਚਾਰ ਉਸ ਦੇ ਧਿਆਨ ਵਿਚ ਆਉਂਦੇ ਗਏ, ਉਨ੍ਹਾਂ ਨੂੰ ਉਹ ਆਪਣੀ ਡਾਇਰੀ ਵਿਚ ਨੋਟ ਕਰਦਾ ਰਹਿੰਦਾ ਸੀ। ਇਸ ਤਰ੍ਹਾਂ ਦੇ ਸ਼ੁੱਭ ਵਿਚਾਰਾਂ ਦੇ ਮਹਿਕਦੇ ਫੁੱਲਾਂ ਨੂੰ ਉਸ ਨੇ ਖੂਬਸੂਰਤ ਗੁਲਦਸਤੇ ਦੇ ਰੂਪ ਵਿਚ ਪ੍ਰਸਤੁਤ ਕੀਤਾ ਹੈ। ਨਮੂਨੇ ਵਜੋਂ ਕੁਝ ਵਿਚਾਰ ਇਥੇ ਦਿੱਤੇ ਜਾ ਰਹੇ ਹਨ :
-ਜਦ ਇਕ ਦਰਵਾਜ਼ਾ ਬੰਦ ਹੁੰਦਾ ਹੈ, ਦੂਜਾ ਖੁੱਲ੍ਹਦਾ ਹੈ। ਧੀਰਜ ਤੇ ਵਿਸ਼ਵਾਸ ਵਾਲਿਆਂ ਲਈ ਸੈਂਕੜੇ ਦਰਵਾਜ਼ੇ ਖੁੱਲ੍ਹਦੇ ਹਨ।
-ਆਪਣੀ ਮੁਸਕਾਨ ਨਾਲ ਵਾਤਾਵਰਨ ਖੁਸ਼ੀ ਨਾਲ ਭਰ ਦਿਓ। ਦੁਨੀਆ ਨੂੰ ਆਪਣੀ ਮੁਸਕਾਨ 'ਤੇ ਭਾਰੂ ਨਾ ਹੋਣ ਦਿਓ।
-ਜ਼ਖ਼ਮਾਂ ਨੂੰ ਜੀਵਨ ਦੀ ਤਾਕਤ ਬਣਾਓ, ਰਸਤੇ ਦੇ ਪੱਥਰਾਂ ਨੂੰ ਕਾਮਯਾਬੀ ਦੀਆਂ ਪੌੜੀਆਂ।
-ਇਕ ਪੂਰਾ ਦਿਨ ਸ਼ਿਕਾਇਤ ਨਾ ਕਰੋ, ਹੋਰ ਲੋਕਾਂ ਨੂੰ ਪਰਖ ਦੀ ਕਸਵੱਟੀ 'ਤੇ ਨਾ ਚੜ੍ਹਾਓ, ਦੇਖੋ ਜੀਵਨ ਕਿਵੇਂ ਬਦਲਦਾ ਹੈ।
-ਇਸ ਤੋਂ ਪਹਿਲਾਂ ਕਿ ਲੋਕ ਤੁਹਾਨੂੰ ਮਿਲਣ। ਇਕ ਵਾਰ ਆਪਣੇ-ਆਪ ਨੂੰ ਆਪ ਮਿਲੋ।
-ਮਨੁੱਖਤਾ ਨੂੰ ਪਿਆਰ ਕਰੋ। ਰੱਬ ਦੇ ਪਿਆਰੇ ਆਪਣੇ-ਆਪ ਬਣ ਜਾਵੋਗੇ।
-ਰੂਹ ਦੇ ਸਮੁੰਦਰ ਦੀਆਂ ਲਹਿਰਾਂ ਵਿਚ ਤਾਰੀ ਲਗਾ ਕੇ ਦੇਖੋ। ਗੁੱਸਾ, ਦਰਦ ਤੇ ਘੁਮੰਡ ਖ਼ਤਮ ਹੋ ਜਾਵੇਗਾ। ਸਵੱਛ ਆਤਮਾ ਭਰ ਕੇ ਪਾਣੀ ਉੱਪਰ ਆ ਜਾਵੇਗੀ। ਜਿੰਨੀ ਆਤਮਾ ਹੌਲੀ, ਓਨੀ ਹੀ ਤਾਰੀ ਅਨੰਦਮਈ ਤੇ ਸੰਗੀਤਮਈ।
-ਪਾਣੀ ਦੇ ਲਗਾਤਾਰ ਵਹਾਅ ਨਾਲ ਪੱਥਰ ਵੀ ਰਸਤਾ ਛੱਡ ਦਿੰਦੇ ਹਨ।
-ਸਵਰਗ ਤੇ ਨਰਕ ਕਿਤੇ ਬਾਹਰ ਨਹੀਂ, ਸਾਡੀਆਂ ਸੋਚਾਂ ਵਿਚ ਹੀ ਵਸਦੇ ਹਨ।
-ਵਿਦਵਤਾ ਬੋਲਦੀ ਹੈ, ਗਿਆਨ ਸੁਣਦਾ ਹੈ।
ਉਮੀਦ ਹੈ ਕਿ ਪੁਸਤਕ ਵਿਚ ਅੰਕਿਤ ਵਿਚਾਰ ਪਾਠਕਾਂ ਨੂੰ ਉਤਸ਼ਾਹ, ਸ਼ਾਂਤੀ ਤੇ ਆਸ਼ਾਵਾਦੀ ਸੋਚ ਦੇ ਧਾਰਨੀ ਬਣਾਉਣ ਵਿਚ ਸਹਾਈ ਹੋਣਗੇ।

ਕੰਵਲਜੀਤ ਸਿੰਘ ਸੂਰੀ
ਮੋ: 93573-24241.

c c c

ਪੂਰਾ ਜਿਨ੍ਹਾਂ ਤੋਲਿਆ
ਲੇਖਕ : ਲੈਫ: ਕਰਨਲ ਬਾਬੂ ਸਿੰਘ ਬੁੱਘੀਪੁਰਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 82549-00005.

'ਪੂਰਾ ਜਿਨ੍ਹਾਂ ਤੋਲਿਆ' ਕਾਵਿ ਸੰਗ੍ਰਹਿ ਕਵੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕੀਤਾ ਹੈ। ਇਸ ਕਾਵਿ ਸੰਗ੍ਰਹਿ ਵਿਚ ਸ਼ਾਮਿਲ ਸਾਰੀਆਂ ਰਚਨਾਵਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿਖਿਆਵਾਂ ਅਤੇ ਉਨ੍ਹਾਂ ਪ੍ਰਤੀ ਸ਼ਰਧਾਂਜਲੀ ਭਾਵ ਨੂੰ ਪ੍ਰਗਟ ਕਰਨ ਲਈ ਲਿਖੀਆਂ ਗਈਆਂ ਹਨ। ਕਵੀ ਨੇ ਜਿਥੇ ਗੁਰੂ ਨਾਨਕ ਪ੍ਰਤੀ ਆਪ ਸ਼ਰਧਾ ਦੇ ਭਾਵ ਪ੍ਰਗਟਾਏ ਹਨ, ਉਥੇ ਪਾਠਕਾਂ ਨੂੰ ਵੀ ਉਸ ਮਹਾਨ ਸ਼ਖ਼ਸੀਅਤ ਨੂੰ ਯਾਦ ਕਰਨ ਲਈ ਪ੍ਰੇਰਿਤ ਕੀਤਾ ਹੈ:
ਲੇਖਕ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਸਮਾਜਿਕ ਬਰਾਬਰੀ ਦੇ ਹੋਕੇ ਦੀ ਗੱਲ ਕੀਤੀ ਹੈ।
ਸੰਗਤ ਪੰਗਤ ਵੰਡ ਛਕਣਾ ਇਹ ਮਿਸਾਲ ਬਰਾਬਰ ਦੀ...।
ਆਪ ਨੇ ਗੁਰੂ ਨਾਨਕ ਦੇਵ ਜੀ ਦੇ ਆਦਰਸ਼ਾਂ ਅਤੇ ਸਿਧਾਂਤਾਂ ਨੂੰ ਮਨੁੱਖਤਾ ਦੀ ਭਲਾਈ ਅਤੇ ਸਮਾਜ ਸੁਧਾਰ ਲਈ ਇਕ ਮਾਰਗ ਦਰਸ਼ਕ ਦੱਸਿਆ ਹੈ। ਬਾਬਾ ਜੀ ਨੇ ਤੇਰਾਂ ਤੇਰਾਂ ਤੋਲਣ ਵਾਲੀ ਘਟਨਾ ਨੂੰ ਧਿਆਨ ਵਿਚ ਰੱਖ ਕੇ ਪੁਸਤਕ ਦਾ ਸਿਰਲੇਖ ਰੱਖਿਆ ਹੈ।
ਲੇਖਕ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕਾਵਿ ਰਚਨਾਵਾਂ ਵਿਚ ਕੁਝ ਅਟੱਲ ਸਚਾਈਆਂ ਦਾ ਵੀ ਬਿਆਨ ਕੀਤਾ ਹੈ ਜੋ ਮਨੁੱਖੀ ਜੀਵਨ ਦੀ ਬਿਹਤਰੀ ਲਈ ਨਿਸਚਿਤ ਕੀਤੀਆਂ ਗਈਆਂ ਹਨ। ਧਰਮ ਦੇ ਅਨੁਸ਼ਾਸਨ ਅਨੁਸਾਰ :
ਐਵੇਂ ਮੇਰੀ ਮੇਰੀ ਲਾਈ ਹੈ, ਵਾਧੂ ਦੀ ਤਮ੍ਹਾ ਵਧਾਈ ਹੈ।
ਜਿਸ ਪ੍ਰਕਾਰ ਗੁਰੂ ਨਾਨਕ ਜੀ ਦੇ ਜੀਵਨ ਸਿਧਾਂਤ ਮਨੁੱਖ ਨੂੰ ਇਕ ਉੱਤਮ ਜੀਵਨ ਜਾਚ ਦਾ ਸੰਦੇਸ਼ ਦਿੰਦੇ ਹਨ, ਉਥੇ ਕਵੀ ਬਾਬੂ ਸਿੰਘ ਦੀਆਂ ਇਹ ਸਭ ਰਚਨਾਵਾਂ ਵੀ ਗੁਰੂ ਨਾਨਕ ਜੀ ਦੇ ਜੀਵਨ ਦਰਸ਼ਨ ਤੋਂ ਜਾਣੂ ਕਰਵਾਉਂਦੀਆਂ ਹਨ। ਕਵੀ ਨੇ ਗੁਰੂ ਨਾਨਕ ਦੇਵ ਜੀ ਦੀ ਇਲਾਹੀ ਬਾਣੀ ਅਤੇ ਜੀਵਨ ਦਰਸ਼ਨ ਸਬੰਧੀ ਸ਼ਰਧਾ, ਸਤਿਕਾਰ ਅਤੇ ਆਮ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਉੱਪਰ ਚੱਲਣ ਦਾ ਸੰਦੇਸ਼ ਦਿੱਤਾ ਹੈ। ਇਸ ਸੰਗ੍ਰਹਿ ਦੀਆਂ ਸਾਰੀਆਂ ਰਚਨਾਵਾਂ ਸਲਾਹੁਣਯੋਗ ਹਨ ਅਤੇ ਧਾਰਮਿਕ ਸਮਾਜਿਕ ਪੱਖੋਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਫ਼ਕੀਰੀ ਜੀਵਨ ਦੀਆਂ ਬੇਪਰਵਾਹੀਆਂ ਅਤੇ ਵਿਸ਼ਾਲਦਿਲੀ ਨੂੰ ਵੀ ਇਸ ਕਾਵਿ ਸੰਗ੍ਰਹਿ ਵਿਚ ਪ੍ਰਗਟਾਇਆ।

ਪ੍ਰੋ: ਕੁਲਜੀਤ ਕੌਰ ਅਠਵਾਲ।

c c c

ਮੇਰੀ ਯੂਰਪ ਤੇ ਇੰਗਲੈਂਡ ਯਾਤਰਾ
ਲੇਖਕ : ਸੁਰਜੀਤ ਸਿੰਘ ਲਾਂਬੜਾ
ਪ੍ਰਕਾਸ਼ਕ : ਐਸਥੈਟਿਕ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 92177-90689.

'ਮੇਰੀ ਯੂਰਪ ਤੇ ਇੰਗਲੈਂਡ ਯਾਤਰਾ' ਸੁਰਜੀਤ ਸਿੰਘ ਲਾਂਬੜਾ ਦਾ ਪਲੇਠਾ ਸਫ਼ਰਨਾਮਾ ਹੈ, ਜਿਸ ਵਿਚ ਉਸ ਨੇ ਯੂਰਪ ਅਤੇ ਇੰਗਲੈਂਡ ਦੀ ਆਪਣੀ ਯਾਤਰਾ ਦੇ ਵੇਰਵੇ ਦਰਜ ਕੀਤੇ ਹਨ। ਲੇਖਕ ਮੂਲ ਰੂਪ ਵਿਚ ਕਵੀ ਹੈ, ਜਿਸ ਨੇ 'ਪਿਆਰ ਦੀ ਰਬਾਬ' ਰਾਹੀਂ ਪੰਜਾਬੀ ਸਾਹਿਤ ਜਗਤ ਵਿਚ ਪ੍ਰਵੇਸ਼ ਕੀਤਾ ਸੀ। ਲੇਖਕ ਕਿੱਤੇ ਵਜੋਂ ਅਧਿਆਪਕ ਹੈ, ਜਿਨ੍ਹਾਂ ਨੂੰ ਛੁੱਟੀਆਂ ਆਦਿ ਵਿਚ ਘੁੰਮਣ ਫਿਰਨ ਅਤੇ ਯਾਤਰਾਵਾਂ ਕਰਨ ਦੇ ਮੌਕੇ ਮਿਲਦੇ ਹਨ। ਮੁਲਾਜ਼ਮ ਵਰਗ ਦੇ ਬਹੁਤੇ ਲੋਕਾਂ ਵਾਲੇ ਉਸ ਨੇ ਵੀ ਇਹ ਕੰਮ ਸੇਵਾ-ਮੁਕਤੀ ਤੋਂ ਬਾਅਦ 'ਤੇ ਮਿਥਿਆ ਹੋਇਆ ਸੀ।
ਯਾਤਰਾ ਲਈ ਵਸੀਲਾ ਬਣਦਾ ਹੈ। ਉਨ੍ਹਾਂ ਮੁਲਕਾਂ ਵਿਚ ਰਹਿਣ ਵਾਲੇ ਯਾਰ ਮਿੱਤਰ, ਰਿਸ਼ਤੇਦਾਰ ਅਤੇ ਸਕੇ-ਸਬੰਧੀ ਤੁਹਾਨੂੰ ਆਉਣ ਲਈ ਸੱਦਾ ਦਿੰਦੇ ਹਨ ਤੇ ਯਾਤਰਾ ਲਈ ਪ੍ਰੇਰਿਤ ਕਰਦੇ ਹਨ। ਲੇਖਕ ਨੂੰ ਵੀ ਬੈਲਜੀਅਮ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਨੇ ਅਤੇ ਇੰਗਲੈਂਡ ਰਹਿੰਦੇ ਸ: ਰਵਿੰਦਰ ਸਿੰਘ ਅਤੇ ਅਮਰਜੀਤ ਕੌਰ ਨੇ ਇਨ੍ਹਾਂ ਯਾਤਰਾਵਾਂ ਲਈ ਪ੍ਰੇਰਿਤ ਕੀਤਾ।
ਲੇਖਕ ਇਸ ਯਾਤਰਾ ਦੌਰਾਨ ਫਰਾਂਸ, ਬ੍ਰਸਰਜ਼, ਨੀਦਰਲੈਂਡ, ਸਵਿਟਜ਼ਰਲੈਂਡ, ਲਗਜ਼ਮਬਰਗ, ਜਰਮਨੀ ਅਤੇ ਇੰਗਲੈਂਡ ਦੀਆਂ ਦੇਖਣਯੋਗ ਥਾਵਾਂ, ਇਤਿਹਾਸਕ ਇਮਾਰਤਾਂ, ਦਰਿਆਵਾਂ ਅਤੇ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣਦਾ ਹੈ। ਇਨ੍ਹਾਂ ਵੇਰਵਿਆਂ ਲਈ ਉਹ ਵਿਕੀਪੀਡੀਆ ਦੀ ਸਹਾਇਤਾ ਵੀ ਲੈਂਦਾ ਹੈ। ਲੇਖਕ ਦਾ ਬਹੁਤਾ ਜ਼ੋਰ ਇਨ੍ਹਾਂ ਥਾਵਾਂ ਦੀਆਂ ਇਤਿਹਾਸਕ ਪੈੜਾਂ ਲੱਭਣ ਅਤੇ ਪਾਠਕਾਂ ਨੂੰ ਇਨ੍ਹਾਂ ਦਾ ਗਿਆਨ ਪਹੁੰਚਾਉਣ ਦਾ ਹੀ ਰਿਹਾ ਹੈ। ਗੁਰਦੁਆਰਿਆਂ ਦੇ ਦਰਸ਼ਨ ਵੀ ਉਸ ਨੇ ਪਹਿਲ ਦੇ ਆਧਾਰ 'ਤੇ ਕੀਤੇ ਹਨ। ਇੰਗਲੈਂਡ ਦੇ ਅਰਥਚਾਰੇ ਵਿਚ ਸਿੱਖਾਂ ਦੇ ਯੋਗਦਾਨ ਨੂੰ ਵੀ ਉਹ ਵਡਿਆਉਂਦਾ ਤਾਂ ਹੈ ਪਰ ਨਾਲ ਹੀ ਨਾਲ ਅੰਗਰੇਜ਼ਾਂ ਦੀ ਕੌੜੀ ਅੱਖ ਦਾ ਵੀ ਜ਼ਿਕਰ ਕਰਨੋਂ ਉੱਕਦਾ ਨਹੀਂ। ਇਸ ਸਫ਼ਰਨਾਮੇ ਦੀ ਭਾਸ਼ਾ ਬਹੁਤ ਸੰਜਮੀ ਅਤੇ ਸੰਖੇਪ ਹੈ। ਉਹ ਵੇਰਵੇ ਦੇਣ ਲੱਗਿਆਂ ਬਹੁਤੇ ਬੇਲੋੜੇ ਵਿਸਥਾਰ ਵਿਚ ਨਹੀਂ ਜਾਂਦਾ ਤੇ ਆਪਣੀ ਲਿਖਤ ਨੂੰ ਓਨੇ ਕੁ ਵੇਰਵੇ ਤੱਕ ਹੀ ਸੀਮਤ ਰੱਖਦਾ ਹੈ, ਜਿੰਨੀ ਨਾਲ ਪਾਠਕ ਨੂੰ ਸਹੀ ਅਤੇ ਲੋੜੀਂਦੀ ਜਾਣਕਾਰੀ ਮਿਲ ਸਕੇ। ਅਨੇਕਾਂ ਤਸਵੀਰਾਂ ਪੁਸਤਕ ਨੂੰ ਸੁੰਦਰਤਾ ਅਤੇ ਸੁਹਜ ਪ੍ਰਦਾਨ ਕਰਦੀਆਂ ਹਨ।

ਕੇ. ਐਲ. ਗਰਗ
ਮੋ: 94635-37050

c c c

ਲੋਚਨਾ ਦ੍ਰਿਸ਼ਟੀ
(ਸੰਦਰਭ ਸੁਲੱਖਣ ਸਰਹੱਦੀ ਰਚਨਾਵਲੀ)
ਲੇਖਕ :ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨਜ਼, ਦਿੱਲੀ
ਮੁੱਲ : 400 ਰੁਪਏ, ਸਫ਼ੇ : 176
ਸੰਪਰਕ : 099588-31357.

ਬਲਦੇਵ ਬੱਦਨ ਬਹੁ-ਵਿਧਾਈ ਲੇਖਕ, ਅਨੁਵਾਦਕ ਤੇ ਸੰਪਾਦਕ ਹੈ। ਵਿਚਾਰ ਅਧੀਨ ਪੁਸਤਕ ਵਿਚ ਉਸ ਨੇ ਪੰਜਾਬੀ ਦੇ ਇਕ ਮਿਹਨਤੀ ਅਤੇ ਸੰਭਾਵਨਾਵਾਂ ਵਾਲੇ ਗ਼ਜ਼ਲਗੋ ਸੁਲੱਖਣ ਸਰਹੱਦੀ ਦੀ ਗ਼ਜ਼ਲਗੋ ਵਜੋਂ ਪ੍ਰਾਪਤੀ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ ਪੰਜਾਬੀ ਦੇ 16 ਲੇਖਕਾਂ, ਆਲੋਚਕਾਂ ਦੇ ਨਿਬੰਧ ਸੰਪਾਦਿਤ ਕਰ ਕੇ ਪੰਜਾਬੀ ਪਾਠਕਾਂ ਦੇ ਸਨਮੁੱਖ ਕੀਤੇ ਹਨ। ਅਭਿਨੰਦਨੀ ਤੇ ਪ੍ਰਸੰਸਕੀ ਕਿਸਮ ਦਾ ਕਾਰਜ ਹੈ ਇਹ। ਸਰਹੱਦੀ ਦੀ ਸ਼ਖ਼ਸੀਅਤ, ਉਸ ਦੀ ਗ਼ਜ਼ਲਗੋ ਵਜੋਂ ਪ੍ਰਾਪਤੀ, ਉਸ ਦੀ ਸ਼ਾਇਰੀ ਦੀ ਭਾਸ਼ਾ, ਸਮਾਜਿਕ, ਰਾਜਨੀਤਕ ਸਰੋਕਾਰ, ਭਾਸ਼ਾ, ਸੁਹਜ-ਕਲਾ, ਨਾਰੀ ਦ੍ਰਿਸ਼ਟੀ, ਪਿੰਗਲ ਤੇ ਅਰੂਜ਼ ਉੱਤੇ ਉਸ ਦੀ ਪਕੜ ਜਿਹੇ ਵਿਸ਼ੇ ਵੱਖ-ਵੱਖ ਵਿਦਵਾਨਾਂ ਨੇ ਛੋਹ ਕੇ ਉਸ ਦਾ ਮੁਲਾਂਕਣ ਕੀਤਾ ਹੈ। ਸਰਹੱਦੀ ਦੀ ਗ਼ਜ਼ਲ ਦੇ ਤਕਨੀਕੀ ਪੱਖ ਦੀ ਚਰਚਾ ਕਰਨ ਵਾਲੀ ਕਿਤਾਬ ਸੰਪੂਰਨ ਪਿੰਗਲ ਤੇ ਅਰੂਜ਼ ਦੀ ਚਰਚਾ ਵੀ ਇਸ ਪੁਸਤਕ ਵਿਚ ਸ਼ਾਮਿਲ ਹੈ। ਸਰਹੱਦੀ ਅਤੇ ਉਸ ਦੇ ਕਾਰਜ ਨਾਲ ਜਾਣ-ਪਛਾਣ ਕਰਵਾਉਣ ਵਾਲਿਆਂ ਵਿਚ ਸੰਪਾਦਕ ਬੱਦਨ ਤੋਂ ਇਲਾਵਾ ਡਾ: ਹਰਭਜਨ ਸਿੰਘ ਭਾਟੀਆ, ਕਿਰਪਾਲ ਸਿੰਘ ਯੋਗੀ, ਬ੍ਰਹਮ ਜਗਦੀਸ਼ ਸਿੰਘ, ਡਾ: ਨਰੇਸ਼, ਡਾ: ਪਰਮਜੀਤ ਢੀਂਗਰਾ, ਡਾ: ਅਮਰ ਕੋਮਲ, ਜਗਵਿੰਦਰ ਜੋਧਾ, ਗੁਰਦਿਆਲ ਰੌਸ਼ਨ, ਡਾ: ਸਤਨਾਮ ਸਿੰਘ ਜੱਸਲ, ਸੁਰਿੰਦਰ ਸਿੰਘ ਜੌਹਰ, ਡਾ: ਸਤਪ੍ਰੀਤ ਸਿੰਘ ਜੱਸਲ, ਡਾ: ਸ.ਸ. ਛੀਨਾ, ਲੇਖਰਾਜ, ਮੱਖਣ ਕੋਹਾੜ ਤੇ ਜਸ ਬਠਿੰਡਾ ਸ਼ਾਮਿਲ ਹਨ। ਸੰਪਾਦਕ ਤੇ ਉਸ ਦੇ ਸਾਥੀ ਵਿਦਵਾਨਾਂ ਨੇ ਸਰਹੱਦੀ ਦੀ ਗ਼ਜ਼ਲ ਦੀ ਤਕਨੀਕੀ ਪੱਖੋਂ ਸਫਲਤਾ ਦੀ ਪ੍ਰਸੰਸਾ ਕੀਤੀ ਹੈ। ਉਸ ਦੀ ਸਮਾਜਿਕ ਰਾਜਨੀਤਕ ਦ੍ਰਿਸ਼ਟੀ ਦੀ ਸਵੱਛਤਾ ਨੂੰ ਸਲਾਹਿਆ ਹੈ। ਪਿੰਗਲ ਤੇ ਅਰੂਜ਼ ਬਾਰੇ ਕਾਰਜ ਨੂੰ ਮੀਲ ਪੱਥਰ ਕਿਹਾ ਹੈ। ਕਿਤਾਬ ਦੀ ਕੀਮਤ ਇਸ ਨੂੰ ਲਾਇਬ੍ਰੇਰੀਆਂ ਤੱਕ ਹੀ ਸੀਮਤ ਕਰਨ ਵਾਲੀ ਹੈ।

ਡਾ: ਕੁਲਦੀਪ ਸਿੰਘ ਧੀਰ
ਮੋ: 98722-60550

20-09-2020

 ਭਾਰਤੀ ਇਤਿਹਾਸ, ਮਿਥਿਹਾਸ
ਲੇਖਕ : ਮਨਮੋਹਨ ਸਿੰਘ ਬਾਵਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 304
ਸੰਪਰਕ : 011-26518455.

ਮਨਮੋਹਨ ਸਿੰਘ ਬਾਵਾ ਬਹੁਵਿਧਾਈ ਲੇਖਕ ਹੈ। ਉਸ ਦੇ ਸੱਤ ਕਹਾਣੀ ਸੰਗ੍ਰਹਿ, ਪੰਜ ਨਾਵਲ, ਤਿੰਨ ਸਫ਼ਰਨਾਮੇ ਬੱਚਿਆਂ ਲਈ ਤੇ ਪੰਜ ਸਫ਼ਰਨਾਮੇ ਪੰਜਾਬੀ ਭਾਸ਼ਾ ਵਿਚ ਅਤੇ 5 ਕਿਤਾਬਾਂ ਉਸ ਦੀਆਂ ਯਾਤਰਾਵਾਂ 'ਤੇ ਆਧਾਰਿਤ ਅੰਗਰੇਜ਼ੀ ਭਾਸ਼ਾ ਵਿਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਲੇਖਕ ਨੇ ਕਿਤਾਬ ਦੇ 25 ਭਾਗ ਬਣਾਏ ਹਨ, ਜੋ ਕ੍ਰਮਵਾਰ ਇਤਿਹਾਸ ਕੀ ਹੈ; ਯੁੱਧ ਅਤੇ ਫ਼ੌਜ; ਦੁਸ਼ਮਣ ਅਤੇ ਨਫ਼ਰਤ; ਯੁੱਧਾਂ ਦਾ ਸੰਖੇਪ ਇਤਿਹਾਸ ਅਤੇ ਭਾਰਤ ਵਿਚ ਕੁਝ ਮਹੱਤਵਪੂਰਨ ਯੁੱਧ; ਮੁਅੰਜੋਦਾੜੋ, ਹੜੱਪਾ ਅਤੇ ਸਰਸਵਤੀ ਸੱਭਿਅਤਾਵਾਂ; ਪ੍ਰਾਚੀਨ ਭਾਰਤ ਵਿਚ ਗਣਤੰਤਰ; ਮਹਾਭਾਰਤ 'ਤੇ ਪੁਨਰ ਵਿਚਾਰ; ਕ੍ਰਿਸ਼ਨ ਅਤੇ ਗੀਤਾ; ਰਾਮਾਇਣ 'ਤੇ ਕੁਝ ਪੁਨਰ ਵਿਚਾਰ; ਵੈਦਿਕ ਕਾਲ 'ਚ ਇਸਤਰੀ ਦੀ ਸਥਿਤੀ; ਪ੍ਰਾਚੀਨ ਭਾਰਤ 'ਚ ਲਿੰਗਕ ਖੁੱਲ੍ਹਾਂ ਅਤੇ ਪਾਬੰਦੀਆਂ, ਸਿਕੰਦਰ; ਚੰਦਰ ਗੁਪਤ ਮੋਰੀਆ ਅਤੇ ਚਾਣਕਿਆ; ਇਸਲਾਮ ਬਨਾਮ ਇਸਾਈਅਤ; ਗੁਲਾਮੀ ਅਤੇ ਸੱਭਿਆਤਾਵਾਂ; ਸ਼ੇਰਸ਼ਾਹ ਸੂਰੀ ਨੂੰ ਯਾਦ ਕਰਦਿਆਂ; ਬੰਦਾ ਸਿੰਘ ਬਹਾਦਰ ਬਾਰੇ ਕੁਝ ਭੁਲੇਖੇ; ਸਿੱਖ ਰਾਜ ਦੇ ਖ਼ਾਤਮੇ ਲਈ ਕੌਣ ਜ਼ਿੰਮੇਵਾਰ; ਭਾਰਤ ਵਿਚ ਆਦਿਵਾਸੀਆਂ ਦਾ ਵਿਦਰੋਹ; 1857 ਈਸਵੀ ਦਾ ਵਿਦਰੋਹ ਅਤੇ ਸਿੱਖਾਂ ਦਾ ਯੋਗਦਾਨ; 1947 ਅਤੇ ਗਲੀ ਨੰ: 7; ਦਿੱਲੀ ਓ ਦਿੱਲੀ; ਦਿੱਲੀ 'ਚ ਪੰਜਾਬੀ ਬੋਲੀ ਦੇ ਬਦਲਦੇ ਪਰਿਪੇਖ; ਗੁਲਾਮ ਅਤੇ ਗੁਲਾਮੀ ਅਤੇ ਹਾਕਮ ਜਮਾਤ ਅਤੇ ਆਮ ਲੋਕ ਵਿਸ਼ੇ ਲਏ ਗਏ ਹਨ।
ਮਨਮੋਹਨ ਬਾਵਾ ਵਲੋਂ ਇਤਿਹਾਸ ਵਰਗੇ ਬੋਝਲ ਅਤੇ ਖੁਸ਼ਕ ਵਿਸ਼ੇ ਨੂੰ ਵਾਰਤਕ ਰੂਪ ਵਿਚ ਬੜੇ ਸਰਲ, ਸਪੱਸ਼ਟ ਅਤੇ ਸਾਧਾਰਨ ਭਾਸ਼ਾ ਵਿਚ ਪਾਠਕਾਂ ਦੇ ਸਨਮੁੱਖ ਕੀਤਾ ਗਿਆ ਹੈ। ਇਤਿਹਾਸ ਵਿਸ਼ੇ ਦੀ ਪਰਿਭਾਸ਼ਾ ਸਬੰਧੀ ਵੱਖ-ਵੱਖ ਵਿਦਵਾਨਾਂ ਦੇ ਵਿਚਾਰ, ਸਮੇਂ ਦੇ ਬੀਤਣ ਨਾਲ ਵਿਚਾਰਾਂ ਵਿਚ ਆਉਣ ਵਾਲੇ ਪਰਿਵਰਤਨ, ਇਤਿਹਾਸ ਦਾ ਮਹੱਤਵ ਅਤੇ ਖੇਤਰ ਨੂੰ ਬਾ-ਦਲੀਲ ਲਿਖਿਆ ਗਿਆ ਹੈ। ਪੁਰਾਤਨ ਕਾਲ ਤੋਂ ਸ਼ੁਰੂ ਕਰਕੇ ਵਿਸ਼ਵ, ਵਿਸ਼ੇਸ਼ ਰੂਪ ਵਿਚ ਭਾਰਤੀ ਇਤਿਹਾਸ ਦੀਆਂ ਅਤਿ ਮਹੱਤਵਪੂਰਨ ਘਟਨਾਵਾਂ, ਹਸਤੀਆਂ, ਕੌਮਾਂ, ਲੜਾਈਆਂ ਅਤੇ ਅਤਿ ਨਾਜ਼ੁਕ ਵਿਦਰੋਹਾਂ ਨੂੰ ਆਧੁਨਿਕ ਕਾਲ ਤੱਕ ਲੇਖਕ ਨੇ ਇਕ ਯੋਗ ਅਤੇ ਪ੍ਰਬੁੱਧ ਸਮਾਜਿਕ ਵਿਗਿਆਨੀ ਤੇ ਇਤਿਹਾਸਕਾਰ ਵਾਂਗ ਚੁਣਿਆ ਹੈ। ਉਪਰੋਕਤ ਸਿਰਲੇਖਾਂ ਨੇ ਭਾਰਤੀ ਇਤਿਹਾਸ ਵਿਚ ਯੁੱਗ ਪਲਟਾਊ ਤੇ ਵਿਸ਼ੇਸ਼ ਰੂਪ ਵਿਚ ਭਾਰਤ ਦੇ ਪੁਰਾਤਨ ਇਤਿਹਾਸ ਦੀ ਜੋ ਸਦਭਾਵਨਾਤਮਕ ਤੇ ਸਦਾਚਾਰਕ ਵਿਸ਼ੇਸ਼ਤਾ ਨੂੰ ਨਿਰੰਤਰ ਜਾਰੀ ਰੱਖਣ ਵਿਚ ਕੜੀ ਦੀ ਭੂਮਿਕਾ ਨਿਭਾਈ ਹੈ। ਸੰਖੇਪ ਰੂਪ ਵਿਚ ਇਹ ਕਿਤਾਬ ਮੁਢਲੇ ਤੱਥਾਂ 'ਤੇ ਆਧਾਰਿਤ ਲਿਖੀ ਗਈ ਹੈ, ਜੋ ਭਾਰਤੀ ਇਤਿਹਾਸ ਵਿਚ ਸਮੇਂ ਦੇ ਬੀਤਣ ਨਾਲ ਪੈਦਾ ਹੋਏ ਭਰਮ-ਭੁਲੇਖਿਆਂ ਨੂੰ ਦੂਰ ਕਰਨ ਹਿਤ ਪ੍ਰਭਾਵਸ਼ਾਲੀ, ਸਪੱਸ਼ਟ ਅਤੇ ਵਿਚਾਰਾਤਮਕ ਦੇ ਸਰਲ ਤਰੀਕੇ ਨਾਲ ਦੂਰ ਕਰਨ ਹਿਤ ਇਕ ਮੀਲ ਪੱਥਰ ਤੇ ਪ੍ਰੇਰਨਾਮਈ ਸ੍ਰੋਤ ਹੈ।

ਡਾ: ਮੁਹੰਮਦ ਇਦਰੀਸ

c c c

ਵਕਤ ਦੇ ਪਰਛਾਵੇਂ
ਲੇਖਿਕਾ : ਅਮਰਜੀਤ ਵਿਰਕ
ਪ੍ਰਕਾਸ਼ਕ : ਸੁਮਿਤ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 94789-13118.

ਹਥਲੀ ਕਾਵਿ ਪੁਸਤਕ ਅਮਰਜੀਤ ਵਿਰਕ ਦੀ ਪਲੇਠੀ ਕਾਵਿ ਪੁਸਤਕ ਹੈ। ਲੇਖਿਕਾ ਨੇ ਬਹੁਤ ਸਰਲ, ਸਾਦੀ ਤੇ ਸਾਧਾਰਨ ਭਾਸ਼ਾ ਰਾਹੀਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ। ਉਸ ਨੇ ਇਸ ਪੁਸਤਕ ਦੀ ਭੂਮਿਕਾ ਵਿਚ ਆਪਣੀ ਪੁਸਤਕ ਬਾਰੇ ਲਿਖਿਆ ਹੈ, 'ਮੈਂ ਆਪਣੇ ਆਲੇ-ਦੁਆਲੇ ਵਿਚਰਦੀ ਹਰ ਔਰਤ ਦੇ ਦੁੱਖ-ਸੁੱਖ ਤੇ ਉਸ ਨਾਲ ਜੁੜੇ ਹਰ ਰਿਸ਼ਤੇ ਦੀ ਬਾਤ ਕਵਿਤਾ ਦੇ ਰੂਪ ਵਿਚ ਪਾਉਣ ਦੀ ਕੋਸ਼ਿਸ਼ ਕੀਤੀ ਹੈ।'
ਵਿਰਕ ਬਹੁਤੀਆਂ ਕਵਿਤਾਵਾਂ ਵਿਚ ਬਾਬਲ ਧੀ, ਭਰਾ ਭੈਣ ਦੇ ਰਿਸ਼ਤੇ ਵਿਚਲੇ ਨਿੱਘ ਨੂੰ ਬਿਆਨ ਕਰਦੀ ਹੈ। ਉਹ ਆਪਣੇ ਇਨ੍ਹਾਂ ਭਾਵਾਂ ਰਾਹੀਂ ਸਮੁੱਚੀ ਔਰਤ ਜਾਤ ਦੇ ਭਾਵਾਂ ਨੂੰ ਸਿਰਜ ਜਾਂਦੀ ਹੈ। ਉਸ ਨੇ ਸਮਾਜਿਕ ਚੁਣੌਤੀਆਂ ਅਤੇ ਮਾਨਵੀ ਵਿਹਾਰ ਵਿਚ ਆ ਰਹੇ ਬਦਲਾਅ ਨੂੰ ਵੀ ਕਾਵਿ ਵਿਸ਼ਾ ਬਣਾਇਆ ਹੈ। ਵਰਤਮਾਨ ਸਮੇਂ ਸਵਾਰਥ ਤੇ ਸੁੰਗੜਦੇ ਜਾ ਰਹੇ ਸਮਾਜਿਕ ਰਿਸ਼ਤਿਆਂ ਪ੍ਰਤੀ ਉਹ ਚੇਤਨ ਹੈ
ਨਾ ਉਹ ਪਾਕ ਮੁਹੱਬਤਾਂ ਨਾ ਉਹ ਪਿਆਰ ਰਹੇ
ਨਾ ਆਪਾ ਵਾਰਨ ਵਾਲੇ ਤੁਹਾਡੇ ਤੋਂ ਉਹ ਯਾਰ ਰਹੇ। (ਪੰਨਾ 35)
ਉਸ ਨੇ ਕੁਝ ਅਹਿਸਾਸਾਂ ਤੇ ਭਾਵਾਂ ਦੀਆਂ ਪਰਿਭਾਸ਼ਾਵਾਂ ਨਿਸਚਿਤ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ।
ਇਸ ਕਾਵਿ ਸੰਗ੍ਰਹਿ ਵਿਚ ਕਵਿੱਤਰੀ ਨੇ 62 ਕਵਿਤਾਵਾਂ ਸ਼ਾਮਿਲ ਕੀਤੀਆਂ ਹਨ, ਜਿਨ੍ਹਾਂ ਵਿਚ ਕੁਝ ਤੋਲ-ਤੁਕਾਂਤ ਵਾਲੀਆਂ ਤੇ ਕੁਝ ਖੁੱਲ੍ਹੀਆਂ ਕਵਿਤਾਵਾਂ ਹਨ। ਗੀਤ ਦੇ ਪ੍ਰਭਾਵ ਅਧੀਨ ਵੀ ਕੁਝ ਰਚਨਾਵਾਂ ਲਿਖੀਆਂ ਹਨ : ਸੱਜਣ, ਲੋਰੀ, ਦੁਆ, ਉਡੀਕ ਗੀਤ, ਰੂਹਾਂ ਨਾਲ ਸੱਜਣਾ ਵੇ, ਅਲਖ ਆਦਿ ਵੇਖੀਆਂ ਜਾ ਸਕਦੀਆਂ ਹਨ।
ਕਿਸੇ ਦੀ ਆਮਦ ਨਾਲ ਮਨ ਵਿਚ ਉੱਠਣ ਵਾਲੇ ਵਲਵਲੇ ਚਾਅ ਪ੍ਰਗਟਾਉਂਦੀ ਰਚਨਾ ਕੋਈ ਸਾਡੇ ਸ਼ਹਿਰ ਵਿਚ ਆਇਆ ਹੈ ਵੇਖੀ ਜਾ ਸਕਦੀ ਹੈ :
ਲਗਦਾ ਹੈ ਅੱਜ ਕੋਈ ਸਾਡੇ ਸ਼ਹਿਰ ਵਿਚ ਆਇਆ ਹੈ,
ਫੈਲੀ ਚਾਰੇ ਪਾਸੇ ਖੁਸ਼ਬੂ
ਠੰਢਾ ਬੁੱਲਾ ਹਵਾ ਦਾ ਆਇਆ,
ਮਿੱਠੀਆਂ ਸੁਗੰਧਾਂ ਦਰ ਖੜਕਾਇਆ (ਪੰਨਾ 83)
ਕਵਿੱਤਰੀ ਨੇ ਮੱਧ ਸ਼੍ਰੇਣਿਕ ਚੇਤਨਾ ਤੇ ਕਿਸਾਨੀ ਸੰਕਟ ਤੇ ਆਰਥਿਕ ਤੰਗੀਆਂ ਨਾਲ ਜੁੜੀਆਂ ਕੁਝ ਰਚਨਾਵਾਂ ਵੀ ਲਿਖੀਆਂ ਹਨ। ਉਹ ਵਕਤ ਦੀ ਪਰਿਭਾਸ਼ਾ ਸਿਰਜਦੀ ਵਕਤ ਨੂੰ ਮਹਾਨ ਮੰਨਦੀ ਹੈ।
ਸਮੇਂ ਦਾ ਵਹਿਣ ਸੀ,
ਸਮੇਂ ਨਾਲ ਵਹਿ ਗਿਆ
ਬਹੁਤ ਕੁਝ ਦੇ ਗਿਆ
ਬਹੁਤ ਕੁਝ ਲੈ ਗਿਆ।
ਇਸ ਪ੍ਰਕਾਰ ਅਮਰਜੀਤ ਵਿਰਕ ਦਾ ਪਲੇਠਾ ਕਾਵਿ ਸੰਗ੍ਰਹਿ ਹੋਣ ਕਾਰਨ ਉਸ ਕੋਲ ਕਾਵਿਕ ਅਨੁਭਵ ਦੀ, ਵਿਸ਼ਾਲਤਾ ਦੀ ਕਮੀ ਹੈ ਤੇ ਕਾਵਿਕ ਮੁਹਾਵਰਾ ਵੀ ਹਾਲੇ ਅਨੁਭਵ ਦੀ ਮੰਗ ਕਰਦਾ ਹੈ। ਭਵਿੱਖ ਵਿਚ ਉਮੀਦ ਕੀਤੀ ਜਾ ਸਕਦੀ ਹੈ ਕਿ ਕਵਿੱਤਰੀ ਸਮਾਜਿਕ ਸਰੋਕਾਰਾਂ ਅਤੇ ਮਾਨਵੀ ਸੰਵੇਦਨਾਵਾਂ ਨੂੰ ਹੋਰ ਗਹਿਰਾਈ ਨਾਲ ਪਾਠਕਾਂ ਸਾਹਮਣੇ ਰੱਖੇਗੀ। ਨਾਰੀ ਸੰਵੇਦਨਾ ਨਾਲ ਜੁੜੀਆਂ ਰਚਨਾਵਾਂ, ਕੰਜਕਾਂ, ਜਦੋਂ ਮੈਂ ਖੇਡਣ ਜੋਗੀ, ਚੁੱਪ, ਧੀ, ਚਿੜੀਆਂ ਦਾ ਚੰਬਾ ਵਿਸ਼ੇਸ਼ ਧਿਆਨ ਮੰਗਦੀਆਂ ਹਨ।

ਪ੍ਰੋ: ਕੁਲਜੀਤ ਕੌਰ ਅਠਵਾਲ।

c c c

ਰੁੱਖੀ ਮਿੱਸੀ
ਕਵੀ : ਦਰਸ਼ਨ ਸਿੰਘ ਧਾਲੀਵਾਲ
ਪ੍ਰਕਾਸ਼ਕ : ਲੋਕ ਗੀਤ ਪਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 107
ਸੰਪਰਕ : 98140-16896.

ਹਥਲੀ ਕਾਵਿ ਪੁਸਤਕ ਵਿਚ ਕੁੱਲ 79 ਸ਼ਾਨਦਾਰ ਅਤੇ ਜਾਨਦਾਰ ਕਵਿਤਾਵਾਂ ਹਨ। ਇਹ ਸਾਰੀਆਂ ਹੀ ਅਸਲ ਵਿਚ ਨਜ਼ਮਾਂ ਹਨ ਕਿਉਂਕਿ ਇਹ ਕਵਿਤਾ ਦੇ ਕਿਸੇ ਨਿਯਤ ਨਿਜਾਮ (ਪ੍ਰਬੰਧਨ) ਵਿਚ ਹਨ। ਸਾਰੀਆਂ ਨਜ਼ਮਾਂ ਬਹਿਰ ਅਥਵਾ ਛੰਦ ਵਿਚ ਪਰਿਪੂਰਨ ਹਨ। ਕਵੀ ਦਰਸ਼ਨ ਸਿੰਘ ਧਾਲੀਵਾਲ ਇਕ ਸਿਆਣਾ, ਸੰਵੇਦਨਸ਼ੀਲ ਅਤੇ ਸਮਾਜਿਕ ਸਰੋਕਾਰਾਂ ਦਾ ਲੋਕ ਕਵੀ ਹੈ। ਉਹ ਵੱਖ-ਵੱਖ ਮਹਿਕਮਿਆਂ ਵਿਚ ਡਾਇਰੈਕਟਰ ਵਰਗਿਆਂ ਅਹੁਦਿਆਂ ਉੱਤੇ ਸੇਵਾਰਤ ਰਿਹਾ ਹੈ। ਇਸ ਲਈ ਉਸ ਨੂੰ ਜ਼ਿੰਦਗੀ ਨੂੰ ਨੇੜੇ ਤੋਂ ਜਾਣਨ ਦਾ ਮੌਕਾ ਹਾਸਲ ਹੋਇਆ। ਉਸ ਦੀਆਂ ਕਵਿਤਾਵਾਂ ਦੇ ਸਿਰਲੇਖਾਂ ਤੋਂ ਹੀ ਕਵਿਤਾ ਦੇ ਵਿਸ਼ਿਆਂ ਦੇ ਦਰਸ਼ਨ ਹੁੰਦੇ ਹਨ ਜਿਵੇਂ : ਰਿਸ਼ਤਿਆਂ ਦਾ ਅਹਿਮੀਅਤ, ਔਰਤ ਅਬਲਾ ਨਹੀਂ, ਪੁਲਵਾਮਾ ਦੇ ਸ਼ਹੀਦ, ਫ਼ੌਜੀ, ਪਾ ਕੇ ਰੱਖ ਲਗਾਮ ਜੀਭਾਂ ਨੂੰ, ਔਰਤ ਕਿਸੇ ਤੋਂ ਘੱਟ ਨਹੀਂ, ਪੰਜਾਬੀ ਬੋਲੀ, ਪਿਤਾ ਦਾ ਪੁੱਤਰ ਨੂੰ ਸੰਦੇਸ਼, ਜਦ ਬੁੱਢੇ ਹੋ ਜਾਵਾਂਗੇ, ਜ਼ਮਾਨਾ ਬਦਲ ਗਿਆ ਆਦਿ। ਕਵੀ ਨੇ ਹਰ ਕਵਿਤਾ ਵਿਚ ਲੋਕ ਸਰੋਕਾਰਾਂ ਨੂੰ ਮੱਦੇਨਜ਼ਰ ਰੱਖਣ ਦਾ ਯਤਨ ਕੀਤਾ ਹੈ। ਸਮਾਜ ਵਿਚ ਫੈਲੀਆਂ ਬੇਨਿਯਮੀਆਂ ਉੱਤੇ ਕਵੀ ਨੇ ਉਂਗਲ ਚੁੱਕੀ ਹੈ :
...ਮਾਂ ਵਰਗੀ ਕੋਈ ਛਾਂ ਨਹੀਂ
ਪਿਤਾ ਤੋਂ ਵੱਡਾ ਕੋਈ ਮਦਦਗਾਰ ਨਹੀਂ
ਭਾਈਆਂ ਬਾਝ ਨਾ ਹੋਵਣ ਜੋੜੀਆਂ
ਭੈਣਾਂ ਜਿਹਾ ਕੋਈ ਫ਼ਿਕਰਮੰਦ ਨਹੀਂ
-ਨਾ ਕਰ ਔਰਤ ਦੀ ਤੌਹੀਨ ਅਬਲਾ ਕਹਿ ਕੇ,
ਦੇਵੀ ਸ਼ਕਤੀ ਦੀ ਕਹਾਏ ਔਰਤ,
ਦੁਨੀਆ ਸਾਰੀ ਕੰਬਣ ਲੱਗ ਜੇ ਉਸ ਅੱਗੇ
ਜਾਂ ਪਰਲੋ ਬਣ ਕੇ ਆਏ ਔਰਤ
-ਲੜਨਾ ਤਾਂ ਲੜ ਬੰਦਿਆਂ ਨਸ਼ਿਆਂ ਵਿਰੁੱਧ
ਜਿਨ੍ਹਾਂ ਡੋਬਤੀ ਖਲਕਤ ਪੂਰੀ,
ਜਾ ਕੇ ਲੜ ਸਮਾਜਿਕ ਕੁਰੀਤੀਆਂ ਨਾਲ
ਰਿਸ਼ਵਤਖੋਰਾਂ, ਭ੍ਰਿਸ਼ਟਾਚਾਰੀਆਂ ਦੇ ਨਾਲ
ਕਿਉਂ ਲੜੇ ਭਰਾਵਾਂ ਦੇ ਨਾਲ....
ਪੁਸਤਕ ਸਿੱਖਿਆਦਾਇਕ ਹੈ ਅਤੇ ਸਮਾਜ ਨੂੰ ਸੁਧਾਰਨ ਵਾਲੀਆਂ ਕਵਿਤਾਵਾਂ ਹਨ।

ਸੁਲੱਖਣ ਸਰਹੱਦੀ
ਮੋ: 94174-84337.

c c c

ਸਾਕ ਸੁਨੇਹੜੇ
ਸੰਪਾਦਕ : ਡਾ: ਅਮਰ ਕੋਮਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 84378-73565.

ਡਾ: ਅਮਰ ਕੋਮਲ ਦੀ ਸਰਦਾਰ ਸਤਿੰਦਰ ਸਿੰਘ ਨੰਦਾ ਦੇ ਜੀਵਨ ਅਤੇ ਸਾਹਿਤਕ ਘਾਲਣਾ ਦੇ ਪ੍ਰਸੰਗ ਵਿਚ ਸੰਪਾਦਿਤ ਕੀਤੀ ਪੁਸਤਕ 'ਸਾਕ ਸੁਨੇਹੜੇ' ਸਾਹਮਣੇ ਆਈ ਹੈ। ਇਸ ਪੁਸਤਕ ਵਿਚ ਡਾ: ਅਮਰ ਕੋਮਲ ਨੇ ਨੰਦਾ ਦੀ ਸਾਹਿਤਕ-ਪ੍ਰਤਿਭਾ ਦੀ ਪਰਖ ਪੜਚੋਲ ਕਰਦਿਆਂ ਅਤੇ ਉਨ੍ਹਾਂ ਦੇ ਜੀਵਨ ਸਫ਼ਰ 'ਤੇ ਝਾਤ ਪੁਆਉਂਦੀਆਂ ਰਚਨਾਵਾਂ ਨੂੰ ਸੰਪਾਦਿਤ ਕੀਤਾ ਹੈ। ਸੰਪਾਦਕ ਨੇ ਇਸ ਪੁਸਤਕ ਵਿਚ ਕਿਰਪਾਲ ਸਿੰਘ ਕਸੇਲ, ਡਾ: ਕੁਲਦੀਪ ਸਿੰਘ ਧੀਰ, ਡਾ: ਐਸ. ਤਰਸੇਮ, ਪ੍ਰਿੰ: ਕਰਤਾਰ ਸਿੰਘ ਕਾਲੜਾ, ਰਘਬੀਰ ਸਿੰਘ ਭਰਤ, ਪ੍ਰੋ: ਐਸ. ਸੋਜ਼, ਬੀ.ਐਸ. ਬੀਰ, ਡਾ: ਗੁਰਬਚਨ ਰਾਹੀ, ਗੁਰਮੇਲ ਮਡਾਹੜ, ਬਲਜੀਤ ਸਿੰਘ ਬੱਲੀ, ਡਾ: ਸੁਦਰਸ਼ਨ ਗਾਸੋ, ਡਾ: ਗੁਰਦਰਪਾਲ, ਡਾ: ਸਤੀਸ਼ ਖੁਰਮਾ, ਡਾ: ਈਸ਼ਰ ਸਿੰਘ ਤਾਂਘ ਅਤੇ ਆਪਣੇ ਸਮੇਤ ਡਾ: ਦਰਸ਼ਨ ਸਿੰਘ ਆਸ਼ਟ ਦੁਆਰਾ ਸ: ਨੰਦਾ ਨਾਲ ਕੀਤੀ ਮੁਲਾਕਾਤ ਪ੍ਰਕਾਸ਼ਿਤ ਕੀਤੀ ਹੈ। ਇਸ ਤੋਂ ਇਲਾਵਾ ਪੁਸਤਕ ਦੇ ਸ਼ੁਰੂ ਵਿਚ ਸਤਿੰਦਰ ਸਿੰਘ ਨੰਦਾ ਦੁਆਰਾ ਆਪਣੇ ਜੀਵਨ ਸਫ਼ਰ ਔਕੜਾਂ, ਪਰਿਵਾਰਕ ਵੇਰਵੇ ਅਤੇ ਵਿੱਦਿਆ, ਨੌਕਰੀ ਸਬੰਧੀ ਭਾਵਪੂਰਤ ਜਾਣਕਾਰੀ ਪ੍ਰਸਤੁਤ ਕੀਤੀ ਹੈ। ਇਸੇ ਤਰ੍ਹਾਂ 'ਸਮਕਾਲੀ ਪ੍ਰਸੰਗ ਵਿਚ ਬਾਲ ਨਾਟਕ ਦਾ ਮਹੱਤਵ' ਅਤੇ 'ਮੇਰੇ ਨਾਟਕਾਂ ਦੀ ਪੇਸ਼ਕਾਰੀ' ਉਸ ਦੇ ਮਹੱਤਵਪੂਰਨ ਲੇਖ ਹਨ। ਇਸੇ ਤਰ੍ਹਾਂ ਪੁਸਤਕ ਦੇ ਤੀਜੇ ਭਾਗ ਤਹਿਤ ਉਸ ਦੇ ਲਘੂ ਨਾਟਕ 'ਗੁਰਾਂ ਦਾ ਜਹਾਜ਼...' ਵੀ ਪ੍ਰਕਾਸ਼ਿਤ ਕੀਤਾ ਗਿਆ ਹੈ। ਪੁਸਤਕ ਦੇ ਅਖੀਰ ਵਿਚ ਨੰਦਾ ਦਾ ਜੀਵਨ ਵੇਰਵਾ ਵੀ ਪੇਸ਼ ਕੀਤਾ ਗਿਆ ਹੈ। ਲੇਖਕ ਨੇ ਕਵਿਤਾ, ਕਹਾਣੀ ਤੋਂ ਸਾਹਿਤਕ ਸਫ਼ਰ ਸ਼ੁਰੂ ਕੀਤਾ ਅਤੇ ਕਪੂਰ ਸਿੰਘ ਘੁੰਮਣ ਦੀ ਪ੍ਰੇਰਨਾ ਨਾਲ ਨਾਟਕ ਰਚਨਾ ਕੀਤੀ। ਕਿਰਪਾਲ ਸਿੰਘ ਕਸੇਲ ਦੀ ਪ੍ਰੇਰਨਾ ਨਾਲ ਉੱਚ ਵਿੱਦਿਆ ਦੀ ਪ੍ਰਾਪਤੀ ਕੀਤੀ ਤੇ 9 ਪੂਰੇ ਨਾਟਕ ਅਤੇ 30 ਦੇ ਕਰੀਬ ਲਘੂ ਨਾਟਕ, ਇਕਾਂਗੀ ਲਿਖੇ। ਇਹ ਪੁਸਤਕ ਸ: ਸਤਿੰਦਰ ਸਿੰਘ ਨੰਦਾ ਦੇ ਸਿਰੜ ਅਤੇ ਮਿਹਨਤ ਦੇ ਪ੍ਰਮਾਣ ਨੂੰ ਪੇਸ਼ ਕਰਦੀ ਹੈ।

ਡਾ: ਸਰਦੂਲ ਸਿੰਘ ਔਜਲਾ
ਮੋ: 98141-68611.

c c c

ਅੰਮ੍ਰਿਤਾ ਜੋ ਹਮੇਸ਼ਾ ਰਹੇਗੀ
ਸੰਪਾਦਕ : ਕੇ. ਐਲ. ਗਰਗ ਅਤੇ ਅਮੀਆ ਕੁੰਵਰ
ਪ੍ਰਕਾਸ਼ਕ : ਸ਼ਿਲਾਲੇਖ ਪਬਲਿਸ਼ਰਜ਼, ਦਿੱਲੀ
ਮੁੱਲ : 350 ਰੁਪਏ, ਸਫ਼ੇ : 157

ਵੱਖ-ਵੱਖ ਸੰਸਥਾਵਾਂ ਵਲੋਂ 31 ਅਗਸਤ 2018 ਤੋਂ ਅੰਮ੍ਰਿਤਾ ਪ੍ਰੀਤਮ ਦੀ ਜਨਮ ਸ਼ਤਾਬਦੀ ਮਨਾਉਣ ਲਈ ਕਈ ਸਮਾਗਮ ਕਰਵਾਏ ਗਏ ਅਤੇ ਕਈ ਪੰਜਾਬੀ ਰਸਾਲਿਆਂ ਵਲੋਂ ਅੰਮ੍ਰਿਤਾ ਪ੍ਰੀਤਮ ਵਿਸ਼ੇਸ਼ ਅੰਕ ਕੱਢੇ ਗਏ ਸਨ। ਇਸ ਮੌਕੇ ਅੰਮ੍ਰਿਤਾ ਨਾਲ ਜੁੜੇ ਵੱਖ-ਵੱਖ ਸਾਹਿਤਕਾਰਾਂ ਦੇ ਸੰਸਮਰਣਾਂ 'ਤੇ ਆਧਾਰਿਤ ਦੋ ਪੁਸਤਕਾਂ ਸੰਪਾਦਤ ਕੀਤੀਆਂ ਗਈਆਂ। ਪਹਿਲੀ ਪੁਸਤਕ 'ਆਈਆਂ ਨੇ ਯਾਦਾਂ ਤੇਰੀਆਂ' ਅੰਮ੍ਰਿਤਾ ਦੇ 99ਵੇਂ ਜਨਮ ਦਿਨ 'ਤੇ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ 100ਵੇਂ ਜਨਮ ਦਿਨ ਅਰਥਾਤ 31 ਅਗਸਤ, 2019 ਨੂੰ ਇਸੇ ਜੁੱਟ ਦੀ ਦੂਜੀ ਪੁਸਤਕ ਕੇ. ਐੱਲ. ਗਰਗ ਅਤੇ ਅਮੀਆ ਕੁੰਵਰ ਵਲੋਂ ਸੰਪਾਦਤ 'ਅੰਮ੍ਰਿਤਾ ਜੋ ਹਮੇਸ਼ਾ ਰਹੇਗੀ' ਪਾਠਕਾਂ ਦੀ ਝੋਲੀ ਪਾਈ ਗਈ। ਇਸ ਲਈ ਉਨ੍ਹਾਂ ਵਿਅਕਤੀਆਂ ਤੋਂ ਸੰਸਮਰਣ ਲਿਖਵਾਏ ਗਏ ਹਨ ਜੋ ਅੰਮ੍ਰਿਤਾ ਦੇ ਨੇੜੇ ਰਹੇ ਹਨ ਤੇ ਉਸ ਦੀ ਨਿੱਜੀ ਜ਼ਿੰਦਗੀ ਤੇ ਸਾਹਿਤ ਬਾਰੇ ਜਾਣਦੇ ਹਨ। ਸੰਸਮਰਣਾਂ ਦੀ ਇਸ ਪੁਸਤਕ ਵਿਚੋਂ ਅੰਮ੍ਰਿਤਾ ਪ੍ਰੀਤਮ ਦੀ ਮਿਕਨਾਤੀਸੀ ਸ਼ਖ਼ਸੀਅਤ ਦੇ ਦਰਸ਼ਨ ਹੁੰਦੇ ਹਨ। ਹਰ ਉਹ ਪਾਠਕ ਜੋ ਉਸ ਨੂੰ ਪਿਆਰ ਕਰਦਾ ਹੈ ਤੇ ਉਸ ਬਾਰੇ ਹੋਰ ਜ਼ਿਆਦਾ ਜਾਣਨਾ ਚਾਹੁੰਦਾ ਹੈ, ਇਹ ਲੇਖ ਪੜ੍ਹ ਕੇ ਉਹ ਭਾਵੁਕਤਾ ਦੇ ਸਮੁੰਦਰ ਵਿਚ ਤੈਰਨ ਲਗਦਾ ਹੈ। ਇਨ੍ਹਾਂ ਸੰਸਮਰਣਾਂ ਵਿਚ ਪੰਜਾਬੀ ਜਗਤ ਦੀਆਂ ਨਾਮਵਰ ਲੇਖਿਕਾਵਾਂ ਬਚਿੰਤ ਕੌਰ ਅਤੇ ਦਲੀਪ ਕੌਰ ਟਿਵਾਣਾ ਦੇ ਲੇਖਾਂ ਵਿਚ ਅੰਮ੍ਰਿਤਾ ਬਾਰੇ ਸਾਹਿਤ ਤੇ ਪ੍ਰਕਾਸ਼ਨਾ ਸਬੰਧੀ ਅਮੁੱਲ ਯਾਦਾਂ ਨੂੰ ਲਿਖਿਆ ਗਿਆ ਹੈ ਅਤੇ ਕਹਾਣੀਕਾਰ ਪ੍ਰੇਮ ਗੋਰਖੀ ਨੇ ਆਪਣੇ ਲੇਖ ਵਿਚ ਅੰਮ੍ਰਿਤਾ ਨੂੰ ਮਾਂ ਦਾ ਦਰਜਾ ਦਿੱਤਾ ਹੈ। ਰੇਣੁਕਾ ਸਿੰਘ, ਨਿਰੂਪਮਾ ਦੱਤ ਅਤੇ ਡਾ: ਲਵਲੀਨ ਠਢਾਨੀ ਦੁਆਰਾ ਲਿਖੇ ਸੰਸਮਰਣਾਂ ਵਿਚ ਅੰਮ੍ਰਿਤਾ ਦੇ ਨਿੱਘੇ ਸੁਭਾਅ ਅਤੇ ਉੱਚੀ ਸ਼ਖ਼ਸੀਅਤ ਨੂੰ ਚਿਤਰਤ ਕੀਤਾ ਹੈ ਅਤੇ ਅੰਮ੍ਰਿਤਾ ਦੀ ਪੋਤੀ ਸ਼ਿਲਪੀ ਆਚਾਰੀਆ ਨੇ ਲੇਖ ਵਿਚ ਆਪਣੀ ਦਾਦੀ ਲਈ ਅਲੌਕਿਕ ਅਤੇ ਭਾਵੁਕ ਭਾਵ ਪ੍ਰਗਟ ਕੀਤੇ ਹਨ। ਇਸ ਪੁਸਤਕ ਦਾ ਉੱਤਮ ਲੇਖ ਇਮਰੋਜ਼ ਦਾ ਲਿਖਿਆ ਹੋਇਆ ਹੈ ਜੋ ਇਕ ਭਾਵੁਕਤਾ ਭਰੀ ਰਚਨਾ ਹੈ। ਅਮੀਆ ਕੁੰਵਰ ਅਤੇ ਕੇ. ਐਲ. ਗਰਗ ਇਸ ਨਾਯਾਬ ਪੁਸਤਕ ਨੂੰ ਸੰਪਾਦਤ ਕਰਨ ਕਾਰਨ ਯਕੀਨੀ ਰੂਪ ਵਿਚ ਅਦੁੱਤੇ ਅਨੁਭਵ ਦੇ ਭਾਗੀਦਾਰ ਹਨ। ਇਹ ਪੁਸਤਕ ਅਸਲ ਵਿਚ ਇਕ ਅਣਮੋਲ ਰਤਨ ਵਾਂਗ ਚਮਕੇਗੀ।

ਡਾ: ਸੰਦੀਪ ਰਾਣਾ
ਮੋ: 98728-87551

c c c

ਬਾਬਾ ਬੰਦਾ ਸਿੰਘ ਬਹਾਦਰ
(ਸਿੱਖ ਪ੍ਰਸੰਗ)

ਮੁੱਖ ਸੰਪਾਦਕ : ਦਿਲਜੀਤ ਸਿੰਘ ਬੇਦੀ
ਪ੍ਰਕਾਸ਼ਕ : ਭਾਈ ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ
ਭੇਟਾ : 125 ਰੁਪਏ, ਸਫ਼ੇ : 88
ਸੰਪਰਕ : 98148-98570.

ਹਥਲੀ ਪੁਸਤਕ ਸਿੱਖ ਪ੍ਰਸੰਗ ਅਧੀਨ ਬਾਬਾ ਬੰਦਾ ਸਿੰਘ ਬਹਾਦਰ ਦੀ ਵਿਲੱਖਣ ਅਤੇ ਅਦੁੱਤੀ ਕੁਰਬਾਨੀ ਸਬੰਧੀ ਸਮੇਂ-ਸਮੇਂ ਪਏ ਭਰਮ-ਭੁਲੇਖਿਆਂ ਨੂੰ ਦੂਰ ਕਰਨ ਲਈ ਲੇਖਕ ਦਾ ਇਕ ਨਿਵੇਕਲਾ ਯਤਨ ਹੈ। ਜਿਹੜੀ ਬਖਸ਼ਿਸ਼ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪ੍ਰਾਪਤ ਹੋਈ, ਉਸ ਅੰਮ੍ਰਿਤ ਦੀ ਦਾਤ ਦੀ ਅਦੁੱਤੀ ਤੇ ਬੇਮਿਸਾਲ ਸ਼ਕਤੀ ਕਿਸੇ ਪਾਸੋਂ ਲੁਕੀ ਛਿਪੀ ਨਹੀਂ।
ਇਸ ਪੁਸਤਕ ਵਿਚ ਸ: ਦਿਲਜੀਤ ਸਿੰਘ ਬੇਦੀ ਦੀ ਸੰਪਾਦਕੀ ਅਧੀਨ ਸਿੱਖ ਇਤਿਹਾਸ ਦੇ ਉੱਘੇ ਖੋਜੀ ਇਤਿਹਾਸਕਾਰਾਂ ਤੇ ਲੇਖਕਾਂ ਦੇ ਵੱਖਰੇ-ਵੱਖਰੇ ਲੇਖਾਂ ਨੂੰ ਇਕ ਬਹੁਰੰਗੇ ਗੁਲਦਸਤੇ ਵਾਂਗ ਪੇਸ਼ ਕੀਤਾ ਗਿਆ ਹੈ। 'ਬਾਬਾ ਬੰਦਾ ਸਿੰਘ ਬਹਾਦਰ : ਸਿੱਖ ਪ੍ਰਸੰਗ' ਲੇਖ ਡਾ: ਬਲਕਾਰ ਸਿੰਘ ਦੀ ਲਿਖਤ ਬਾਬਾ ਜੀ ਨੂੰ ਮਹਾਂ ਮਾਨਵ ਵਜੋਂ ਪੇਸ਼ ਕਰਦੀ ਹੈ। ਡਾ: ਬਲਵੰਤ ਸਿੰਘ ਢਿੱਲੋਂ ਦੀ ਰਚਨਾ 'ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂਅ ਨਾਲ 'ਸਿੰਘ' ਪਦ ਦੀ ਉਚਿਤਤਾ' ਖੋਜੀ ਬਿਰਤੀ ਦਾ ਪ੍ਰਤੱਖ ਸਬੂਤ ਹੈ। ਡਾ: ਸੁਖਦਿਆਲ ਸਿੰਘ ਦੀ ਖੋਜ ਭਰਪੂਰ ਰਚਨਾ 'ਬਾਬਾ ਬੰਦਾ ਸਿੰਘ ਬਹਾਦਰ ਬਾਰੇ ਇਹ ਵਿਵਾਦ ਕਿਉਂ' ਵੀ ਬਾਕਮਾਲ ਹੈ। ਇਸ ਤੋਂ ਅਗਲੀਆਂ ਰਚਨਾਵਾਂ ਡਾ: ਪਰਮਵੀਰ ਸਿੰਘ ਦੀ ਰਚਨਾ 'ਬੰਦਾ ਬਹਾਦਰ ਕਿ ਬੰਦਾ ਸਿੰਘ ਬਹਾਦਰ', ਸ: ਕਰਮਜੀਤ ਸਿੰਘ ਵਲੋਂ ਪੇਸ਼ 'ਬੰਦਾ ਸਿੰਘ ਬਹਾਦਰ ਦੇ ਨਾਂਅ ਨਾਲ 'ਸਿੰਘ' ਸ਼ਬਦ ਬਾਰੇ ਇਤਰਾਜ਼ ਬੇਬੁਨਿਆਦ ਤੇ ਹਾਸੋਹੀਣਾ', ਸ: ਕਿਰਪਾਲ ਸਿੰਘ ਦੀ ਰਚਨਾ 'ਬਾਬਾ ਬੰਦਾ ਸਿੰਘ ਬਹਾਦਰ ਨੂੰ ਬੰਦਾ ਬੈਰਾਗੀ ਕਹਿਣਾ ਗ਼ਲਤ', 'ਚਿੱਤਰਕਾਰ ਕ੍ਰਿਪਾਲ ਸਿੰਘ ਦੀਆਂ ਨਜ਼ਰਾਂ ਵਿਚ ਬਾਬਾ ਬੰਦਾ ਸਿੰਘ ਬਹਾਦਰ', ਸ: ਜਗਤਾਰਜੀਤ ਸਿੰਘ ਦਿੱਲੀ ਦੀ ਰਚਨਾ ਬਾਬਾ ਜੀ ਦੀ ਸ਼ਖ਼ਸੀਅਤ ਦੇ ਪ੍ਰਤੱਖ ਦਰਸ਼ਨ ਕਰਵਾਉਂਦੀ ਹੈ। ਪੁਸਤਕ ਦੇ ਅੰਤ ਵਿਚ ਡਾ: ਜਸਬੀਰ ਸਿੰਘ ਸਰਨਾ ਦੀ ਰਚਨਾ 'ਫ਼ਾਰਸੀ ਦੇ ਮੂਲ ਸਰੋਤਾਂ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤਗਾਹ' ਸਖ਼ਤ ਘਾਲਣਾ ਘਾਲ ਕੇ ਪਾਠਕਾਂ ਦੇ ਰੂਬਰੂ ਕੀਤੀ ਗਈ ਹੈ।
ਸਮੁੱਚੇ ਰੂਪ ਵਿਚ ਇਹ ਪੁਸਤਕ 'ਬਾਬਾ ਬੰਦਾ ਸਿੰਘ ਬਹਾਦਰ ਦੀ ਬਹੁਪੱਖੀ ਸ਼ਖ਼ਸੀਅਤ ਨੂੰ ਸਿੱਖ ਪ੍ਰਸੰਗ ਵਜੋਂ ਪੇਸ਼ ਕਰਨ ਦਾ ਇਕ ਸਫ਼ਲ ਉਪਰਾਲਾ ਹੈ। ਸੰਪਾਦਕ ਅਤੇ ਉਸ ਦੇ ਸਹਿਯੋਗੀ ਪ੍ਰੋ: ਸੁਖਦੇਵ ਸਿੰਘ, ਸ: ਹਰਭਜਨ ਸਿੰਘ ਵਕਤਾ ਅਤੇ ਸ: ਕ੍ਰਿਪਾਲ ਸਿੰਘ ਦੀ ਮਿਹਨਤ ਦੀ ਦਾਦ ਦੇਣੀ ਬਣਦੀ ਹੈ। ਇਸ ਪੁਸਤਕ 'ਚ ਸ਼ਾਮਿਲ ਸਾਰੇ ਲੇਖ ਪਾਠਕਾਂ ਲਈ ਸਾਂਭਣਯੋਗ ਸੁਗਾਤ ਹਨ।

ਭਗਵਾਨ ਸਿੰਘ ਜੌਹਲ
ਮੋ: 98143-24040.

c c c

ਤਲਖ ਹਕੀਕਤਾਂ
ਲੇਖਕ : ਇੰਜ: ਦਰਸ਼ਨ ਰੋਮਾਣਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 89689-77011.

ਇਹ ਲੇਖਕ ਦੀ ਪਹਿਲੀ ਪੁਸਤਕ ਹੈ। ਇਸ ਵਿਚ 21 ਕਹਾਣੀਆਂ ਹਨ। ਸਾਹਿਤ ਸਭਾ ਫਰੀਦਕੋਟ ਦੇ ਪ੍ਰਮੁੱਖ ਸਾਹਿਤਕਾਰਾਂ ਦੀ ਸੰਗਤ ਵਿਚ ਰਹਿ ਕੇ ਲੇਖਕ ਸਿਰਜਣਾ ਨਾਲ ਜੁੜਿਆ ਹੈ। ਸਾਹਿਤਕਾਰ ਬਨਾਰਸੀ ਦਾਸ ਸ਼ਾਸਤਰੀ, ਪ੍ਰੋ: ਨਰਿੰਦਰਜੀਤ ਸਿੰਘ ਬਰਾੜ, ਪ੍ਰਿੰ: ਸ਼ਾਮ ਸੁੰਦਰ ਕਾਲੜਾ, ਇਕਬਾਲ ਘਾਰੂ, ਨਵਰਾਹੀ ਘੁਗਿਆਣਵੀ ਨੇ ਪੁਸਤਕ ਦੀਆਂ ਰਚਨਾਵਾਂ ਤੇ ਲੇਖਕ ਬਾਰੇ ਵਿਸਤਰਿਤ ਵਿਚਾਰ ਲਿਖੇ ਹਨ। ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਭਾਵਪੂਰਤ ਸ਼ਬਦਾਂ ਵਿਚ ਕਹਾਣੀਆਂ ਅੰਦਰਲੇ ਸਮਾਜਿਕ ਤੱਤਾਂ ਦੀ ਨਿਸ਼ਾਨਦੇਹੀ ਕੀਤੀ ਹੈ। ਕਹਾਣੀਆਂ ਵਿਚ ਘਟਨਾਵਾਂ ਦੀ ਪੇਸ਼ਕਾਰੀ ਦਿਲਚਸਪ, ਸਰਲ ਸ਼ਬਦਾਵਲੀ, ਸੁਚੱਜੀ ਸ਼ਬਦ ਚੋਣ, ਢੁਕਵੇਂ ਸੰਵਾਦ ਹਨ। ਰਿਸ਼ਤਿਆਂ ਦੀ ਟੁੱਟ ਭੱਜ, ਮਰਦ ਔਰਤ ਰਿਸ਼ਤੇ ਦੀ ਸੂਖਮਤਾ, ਮਨੁੱਖੀ ਈਰਖਾਬਾਜ਼ੀ, ਪੜ੍ਹੇ, ਲਿਖੇ ਲੋਕਾਂ ਵਿਚ ਅੰਧਵਿਸ਼ਵਾਸੀ, ਜ਼ਿੰਦਗੀ ਦੇ ਦੁੱਖ-ਸੁੱਖ, ਨਸ਼ਿਆਂ ਨਾਲ ਪਲੀਤ ਹੁੰਦੀ ਮਨੁੱਖਤਾ ਦਾ ਰੌਚਿਕ ਜ਼ਿਕਰ ਹੈ। ਪਾਤਰਾਂ ਦੇ ਸੰਵਾਦ ਮੁੱਖ ਜੁਗਤ ਹੈ। ਕੁਝ ਰਚਨਾਵਾਂ ਵਿਚ ਬਿਰਤਾਂਤ ਹੈ। ਲੇਖਕ ਦੀ ਭਾਸ਼ਨੀ ਸੁਰ ਭਾਰੂ ਹੈ। ਸਿਰਲੇਖ ਅਸਾਹਿਤਕ ਜਿਹੇ ਬਣ ਜਾਂਦੇ ਹਨ। ਕਹਾਣੀ ਮੈਂ ਤੇ ਮੇਰੀ ਲਾਸ਼ ਵਿਚ ਲੇਖਕ ਆਪਣੀ ਮੌਤ ਦਾ ਸੁਪਨਾ ਲਿਖ ਕੇ ਲੋਕਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਾ ਹੈ। ਚੁੱਪ ਦੇ ਅਰਥ ਵਿਚ ਨੂੰਹ ਪੁੱਤਰ ਬੱਚੇ ਦੀ ਪੜ੍ਹਾਈ ਦਾ ਬਹਾਨਾ ਲਾ ਕੇ ਪਿੰਡ ਬਜ਼ੁਰਗ ਬਾਪ ਨੂੰ ਛੱਡ ਕੇ ਸ਼ਹਿਰ ਜਾਣ ਦਾ ਕਹਿੰਦੇ ਹਨ। ਬਾਪੂ ਮਸੋਸ ਕੇ ਰਹਿ ਜਾਂਦਾ ਹੈ। ਤੂੰ ਲਿਖਾਰੀ ਨਾ ਬਣੀ ਵਿਚ ਲੇਖਕ ਦਾ ਆਪਣੇ ਨਿੱਕੇ ਜਿਹੇ ਪੋਤਰੇ ਨਾਲ ਅਰਥਪੂਰਨ ਸੰਵਾਦ ਹੈ। ਅਜੋਕੇ ਯੁਗ ਵਿਚ ਸੱਚ 'ਤੇ ਪਹਿਰਾ ਦੇਣ ਦਾ ਸੰਦੇਸ਼ ਹੈ। ਟੋਟੇ-ਟੋਟੇ ਜ਼ਿੰਦਗੀ ਵਿਚ ਮਨੁੱਖ ਦੀ ਭੱਜ-ਦੌੜ ਦੀ ਕਲਾਤਮਿਕ ਪੇਸ਼ਕਾਰੀ ਹੈ। ਬਚਪਨ, ਜਵਾਨੀ, ਬੁਢਾਪੇ ਦੀਆਂ ਗੁੰਝਲਾਂ ਦਾ ਚਿਤਰਣ ਹੈ। ਕਹਾਣੀ ਰਾਹੀਂ ਧਾਰਮਿਕ ਰਹਿਬਰਾਂ ਵਾਂਗ ਮਨੁੱਖ ਨੂੰ ਜ਼ਿੰਦਗੀ ਦਾ ਅਸਲ ਮੰਤਵ ਦੱਸਣ ਦਾ ਯਤਨ ਕੀਤਾ ਗਿਆ ਹੈ। ਰਿਸ਼ਤਿਆਂ ਦੇ ਜੰਗਲ ਵਿਚ ਮਨੁੱਖ ਦੇ ਗੁਆਚਣ ਦੀ ਦਾਸਤਾਨ ਹੈ। ਕਹਾਣੀਆਂ ਠਿੱਬੇ ਛਿੱਤਰ, ਰਿਸ਼ਤੇ, ਜਨਮ ਜਲੀ, ਖੰਡਿਤ ਵਿਸ਼ਵਾਸ, ਲਾਈਲਗ, ਸਾਵਿਤਰੀ ਕਲਾਤਮਿਕ ਤੇ ਸੁਹਜਮਈ ਰਚਨਾਵਾਂ ਹਨ। ਟਾਈਟਲ ਦਿਲਕਸ਼ ਹੈ। ਪੁਸਤਕ ਦਾ ਸਵਾਗਤ ਹੈ।

ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160

c c c

19-09-2020

 ਪੈਗੰਬਰ
ਅਨੁਵਾਦਕ :
ਡਾ: ਬਲਦੇਵ ਸਿੰਘ ਬੱਦਨ
ਮੂਲ ਲੇਖਕ : ਖਲੀਲ ਜਿਬਰਾਨ

ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨਜ਼, ਦਿੱਲੀ
ਮੁੱਲ : 200 ਰੁਪਏ, ਸਫ਼ੇ : 103
ਸੰਪਰਕ : 099588-31357.

ਬਲਦੇਵ ਸਿੰਘ ਨਿਰੰਤਰ ਲਿਖਣ ਵਾਲਾ ਸਾਹਿਤ ਸਾਧਕ ਹੈ। ਉਸ ਦਾ ਮੰਨਣਾ ਹੈ ਕਿ ਕਿਸੇ ਵੀ ਜ਼ਬਾਨ ਦੇ ਵਿਕਾਸ ਤੇ ਵਿਚਾਰਾਂ ਦੀ ਅਮੀਰੀ ਲਈ ਅਨੁਵਾਦ ਮਹੱਤਵਪੂਰਨ ਹਨ। ਇਸ ਲਈ ਉਹ ਦੇਸ਼-ਵਿਦੇਸ਼ ਦੀਆਂ ਕਲਾਸਕੀ ਕਿਰਤਾਂ ਦੇ ਪੰਜਾਬੀ ਅਨੁਵਾਦ ਨੂੰ ਸ਼ੌਕ ਨਾਲ ਕਰਦਾ ਹੈ। ਪੈਗੰਬਰ ਉਸ ਦੀ ਇਸੇ ਸੋਚ ਦੀ ਦੇਣ ਹੈ। ਖਲੀਲ ਜਿਬਰਾਨ ਦੀ ਇਸ ਕਿਤਾਬ ਦੀਆਂ ਹੁਣ ਤੱਕ 40 ਕੁ ਜ਼ਬਾਨਾਂ ਵਿਚ 10 ਕਰੋੜ ਤੋਂ ਵੱਧ ਕਾਪੀਆਂ ਵਿਕ ਚੁੱਕੀਆਂ ਹਨ। ਖਲੀਲ ਆਪਣੇ-ਆਪ ਨੂੰ ਪੈਗੰਬਰ ਤੋਂ ਘੱਟ ਨਹੀਂ ਸੀ ਸਮਝਦਾ। ਉਸ ਦੇ ਪਾਠਕਾਂ ਤੇ ਪ੍ਰਸੰਸਕਾਂ ਨੇ ਉਸ ਨੂੰ ਮਾਣ ਹੀ ਏਨਾ ਦਿੱਤਾ। ਉਮਰ ਵੀ ਉਸ ਨੇ ਕੋਈ ਬਹੁਤੀ ਨਹੀਂ ਭੋਗੀ। 1883 ਤੋਂ 1930 ਤੱਕ ਕੁੱਲ 47 ਵਰ੍ਹੇ।
ਪੈਗੰਬਰ ਦੀ ਰਚਨਾ ਜੁਗਤ ਨਿਤਸ਼ੇ ਦੀ ਦਸ ਸਪੇਕ ਜ਼ਰਦੁਸ਼ਤਰਾ ਵਾਲੀ ਹੈ। ਨਿਤਸ਼ੇ ਖਲੀਲ ਦਾ ਮਨਭਾਉਂਦਾ ਲੇਖਕ ਸੀ। ਉਂਜ ਨਿਤਸ਼ੇ ਨਾਸਤਕ ਸੀ ਤੇ ਖਲੀਲ ਆਸਥਾਵਾਨ। ਆਸਥਾ ਪੱਖੋਂ ਉਹ ਅੰਧਵਿਸ਼ਵਾਸੀ ਨਹੀਂ, ਤਰਕਵਾਦੀ ਮਾਨਵ-ਕਲਿਆਣਕਾਰੀ, ਉਦਾਰ ਦ੍ਰਿਸ਼ਟੀ ਦਾ ਧਾਰਨੀ ਸੀ। ਇਸਾਈ ਖਲੀਲ ਦਾ ਜਨਮ ਲਿਬਨਾਨ ਵਿਚ ਹੋਇਆ। ਅਰਬੀ ਤੇ ਅੰਗਰੇਜ਼ੀ ਜ਼ਬਾਨਾਂ ਵਿਚ ਉਸ ਨੇ ਪੰਝੀ ਕਿਤਾਬਾਂ ਲਿਖੀਆਂ। ਮੌਤ ਉਸ ਦੀ ਅਮਰੀਕਾ ਵਿਚ ਹੋਈ ਤੇ ਦੁਨੀਆ ਭਰ ਨੇ ਉਸ ਨੂੰ ਮਾਣ ਦਿੱਤਾ।
ਕਿਤਾਬ ਵਿਚ ਚੰਗੇਰੇ ਜੀਵਨ ਲਈ ਮੌਲਿਕ ਅੰਤਰ-ਦ੍ਰਿਸ਼ਟੀਆਂ ਦੇਣ ਵਾਲੇ ਨਿੱਕੇ-ਨਿੱਕੇ 26 ਨਿਬੰਧ ਹਨ। ਇਨ੍ਹਾਂ ਨੂੰ ਪਿਆਰ, ਮੌਤ, ਦੋਸਤੀ, ਨਿਆਂ-ਕਾਨੂੰਨ, ਆਜ਼ਾਦੀ, ਸਮਾਂ, ਨੇਕੀ, ਬਦੀ, ਦੁੱਖ, ਸੁੱਖ, ਘਰ ਆਦਿ ਸਿਰਲੇਖਾਂ ਨਾਲ ਪੇਸ਼ ਕੀਤਾ ਗਿਆ ਹੈ। ਨਿਬੰਧਾਂ ਨੂੰ ਸੰਗਠਿਤ ਕਰਨ ਲਈ ਨਿਤਸ਼ੇ ਵਾਂਗ ਹੀ ਖਲੀਲ ਨੇ ਇਕ ਪ੍ਰਭਾਵਸ਼ਾਲੀ ਜੁਗਤ ਵਰਤੀ ਹੈ। ਪੈਗੰਬਰੀ ਉਪਦੇਸ਼ ਦੇਣ ਵਾਲਾ ਅਲਮੁਸਤਫਾ ਓਰਫਲੀਸ ਨਗਰ ਵਿਚ ਬਾਰਾਂ ਸਾਲ ਤੋਂ ਰਹਿ ਰਿਹਾ ਹੈ। ਉਸ ਨੂੰ ਆਪਣੀ ਮਾਤ ਭੂਮੀ ਪਰਤਣ ਲਈ ਇਕ ਸਮੁੰਦਰੀ ਜਹਾਜ਼ ਦੀ ਉਡੀਕ ਹੈ। ਜਹਾਜ਼ ਉੱਤੇ ਚੜ੍ਹ ਕੇ ਅਲਵਿਦਾ ਕਹਿਣ ਤੋਂ ਪਹਿਲਾਂ ਓਰਫਲੀਸ ਸ਼ਹਿਰ ਦੀਆਂ ਔਰਤਾਂ, ਆਦਮੀ, ਅਧਿਆਪਕ, ਜੱਜ, ਜੀਵਨ ਦੇ ਵਿਭਿੰਨ ਖੇਤਰਾਂ ਦੇ ਬੰਦੇ ਵੱਖ-ਵੱਖ ਵਿਸ਼ਿਆਂ 'ਤੇ ਕੁਝ ਦੱਸਣ ਨੂੰ ਕਹਿੰਦੇ ਹਨ। ਇਸੇ ਦੇ ਉੱਤਰ ਦਾ ਫਲ ਹਨ ਇਹ ਨਿਬੰਧ। ਅਨੁਵਾਦ ਪ੍ਰਭਾਵਸ਼ਾਲੀ ਤੇ ਪੜ੍ਹਨਯੋਗ ਹੈ।

ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਸਮਕਾਲੀ ਪੰਜਾਬੀ ਕਵਿਤਾ
ਪਰਿਪੇਖ ਤੇ ਪਾਸਾਰ
ਲੇਖਕ : ਹਰਪ੍ਰੀਤ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 136
ਸੰਪਰਕ : 95011-45039.

ਇਸ ਪੁਸਤਕ ਵਿਚ ਲੇਖਕ ਦਾ ਮੂਲ ਮੁੱਦਾ ਅਸਲੋਂ ਨਵੀਂ ਸੰਵੇਦਨਾ ਦੇ ਕਵੀਆਂ ਨੂੰ ਹੰਘਾਲਣਾ ਹੈ, ਜਿਸ ਦਾ ਆਰੰਭ ਉਹ ਡਾ: ਮਨਮੋਹਨ ਦੀ ਕਾਵਿ ਪੁਸਤਕ 'ਜ਼ੀਲ' ਤੋਂ ਕਰਦਾ ਹੈ। ਕਵਿਤਾ ਜੋ ਕਦੇ ਸਾਧ ਸੰਗਤ, ਮੇਲਿਆਂ, ਮਹਿਫ਼ਲਾਂ ਅਤੇ ਸਮਾਜਿਕ ਇਕੱਠਾਂ ਦਾ ਸ਼ਿੰਗਾਰ ਹੁੰਦੀ ਸੀ, ਹੁਣ ਘਰਾਂ ਦੀ ਇਕ ਨਿਵੇਕਲੀ ਨੁੱਕਰ ਵਿਚ ਸੀਮਤ ਹੋ ਕੇ ਰਹਿ ਗਈ ਹੈ। ਕਵਿਤਾ ਦੀ ਇਸ ਬਦਹਾਲੀ ਬਾਰੇ ਹਰ ਕੋਈ ਜਾਣਦਾ ਵੀ ਹੈ ਪਰ ਇਸ ਦੇ ਉੱਥਾਨ ਲਈ ਕੋਈ ਬਾਨ੍ਹਣੂ ਬੰਨ੍ਹਣ ਦਾ ਪ੍ਰਯਾਸ ਨਹੀਂ ਕਰ ਰਿਹਾ। ਆਮ ਆਦਮੀ ਉੱਪਰ ਪਦਾਰਥਕ ਮੁੱਦੇ ਹੀ ਏਨੇ ਹਾਵੀ ਹੋ ਗਏ ਹਨ ਕਿ ਸੂਖਮ ਅਤੇ ਆਤਮਪਰਕ ਮੁੱਦਿਆਂ ਬਾਰੇ ਸੋਚਣ-ਵਿਚਾਰਨ ਦਾ ਉਸ ਪਾਸ ਕੋਈ ਵਕਤ ਨਹੀਂ ਰਿਹਾ। ਪੂੰਜੀਵਾਦ ਦੀ ਦਿਨੋ-ਦਿਨ ਵਧ ਰਹੀ ਸਰਦਾਰੀ ਅਤੇ ਅੱਗੇ ਲੰਘਣ ਦੀ ਇੱਛਾ ਬੰਦੇ ਨੂੰ ਹੋਰ ਪਾਸੇ ਸੋਚਣ ਨਹੀਂ ਦਿੰਦੀ। ਪੰਜਾਬੀ ਦੇ ਪ੍ਰਮੁੱਖ ਅਤੇ ਸਥਾਪਤ ਕਵੀਆਂ ਦੇ ਨਾਲ-ਨਾਲ ਹਰਪ੍ਰੀਤ ਸਿੰਘ ਨੇ ਪਰਮਿੰਦਰ ਸੋਢੀ (ਵਿਦਾਇਗੀ), ਗੁਰਪ੍ਰੀਤ (ਸ਼ਬਦਾਂ ਦੀ ਮਰਜ਼ੀ, ਸਿਆਹੀ ਘੁਲੀ ਹੈ, ਅਕਾਰਨ), ਮਨਮੋਹਨ (ਜ਼ੀਲ), ਕਵਿੰਦਰ ਚਾਂਦ (ਬੰਸਰੀ ਕਿਧਰ ਗਈ), ਇੰਦਰਜੀਤ ਨੰਦਨ (ਚੁੱਪ ਦੇ ਰੰਗ, ਕਵਿਤਾ ਦੇ ਮਾਅਰਫ਼ਤ), ਸਵਰਨਜੀਤ ਸਵੀ (ਤੇ ਮੈਂ ਆਇਆ ਬਸ), ਸੁਖਪਾਲ (ਏਸ ਜਨਮ ਨਾ ਜਨਮੇ), ਮਹਾਂਦੇਵ (ਮਨੁੱਖ ਦੀ ਕਥਾ 'ਚ ਛੇਦ ਕਰਦਿਆਂ), ਪਰਦੀਪ (ਖੜਾਕ), ਅਤੇ ਜਗਦੀਪ ਸਿੱਧੂ (ਇਉਂ ਵੀ ਦੇਖਣਾ ਹੈ) ਵਰਗੇ ਅਸਲੋਂ ਨਵੇਂ ਤੇ ਜੈਨੁਇਨ ਕਵੀਆਂ ਦੇ ਕਾਵਿ ਸੰਸਾਰ ਦਾ ਵਿਸ਼ਲੇਸ਼ਣ ਕੀਤਾ ਹੈ। ਹਰਪ੍ਰੀਤ ਸਿੰਘ ਨੂੰ ਨਵੀਂ ਆਲੋਚਨਾ ਦੇ ਮੁਹਾਵਰੇ ਅਤੇ ਵਿਭਿੰਨ ਸਰੋਕਾਰਾਂ ਬਾਰੇ ਭਰਪੂਰ ਜਾਣਕਾਰੀ ਹੈ। ਆਧੁਨਿਕ ਜਨਜੀਵਨ ਅਤੇ ਸੱਤਾ ਵਿਚਲੇ ਬੇਰਹਿਮ ਰਿਸ਼ਤੇ ਨੂੰ ਸਮਝਣ ਸਮਝਾਉਣ ਲਈ ਉਹ ਗ੍ਰਾਮਸੀ, ਅਲਥਿਊਜ਼ਰ, ਟੈਰੀ ਈਗਲਟਨ ਅਤੇ ਲੋਟਮੈਨ ਵਰਗੇ ਨਵ-ਮਾਰਕਸਵਾਦੀ ਚਿੰਤਕਾਂ ਦੇ ਨਾਲ-ਨਾਲ ਐਕਵਰਡ ਸਈਦ, ਬੋਦਲੀਆਰ, ਜੇਮਸਨ, ਰੋਲਾਂ ਬਾਰਤ ਅਤੇ ਯਕ ਦੈਰਿੱਦਾ ਦੁਆਰਾ ਪੇਸ਼ ਕੀਤੀਆਂ ਅੰਤਰ-ਦ੍ਰਿਸ਼ਟੀਆਂ ਦਾ ਵੀ ਉਲੇਖ ਕਰ ਜਾਂਦਾ ਹੈ। ਉਹ ਪ੍ਰਤੀਰੋਧ (ਰੀਜ਼ਿਸਟੈਂਸ) ਨੂੰ ਵਿਸ਼ੇਸ਼ ਰੂਪ ਵਿਚ ਉਭਾਰਦਾ ਹੈ। ਹਾਲਾਂ ਕਿ ਇਹ ਇਕ ਬਹੁਤ ਵਿਵਾਦਗ੍ਰਸਤ ਸੰਕਲਪ ਹੈ ਅਤੇ ਬਹੁਤੇ ਸਥਾਪਤੀਵਾਦੀ ਕਵੀ, ਕਥਿਤ ਪ੍ਰਤੀਰੋਧ ਦਾ ਸਹਾਰਾ ਲੈ ਕੇ ਪ੍ਰਤੀਬੱਧਤਾ ਤੋਂ ਬਚ ਨਿਕਲਦੇ ਹਨ।
ਪਰ ਅਣਗੌਲੇ ਅਤੇ ਹਾਸ਼ੀਏ ਉੱਪਰ ਧੱਕ ਦਿੱਤੇ ਗਏ ਲੇਖਕਾਂ ਦੀ ਗੱਲ ਹੋਰ ਹੈ। ਉਹ ਜੈਨੁਇਨਲੀ ਸੋਚਦੇ ਅਤੇ ਕਰਮ ਕਰਦੇ ਹਨ। ਗੁਰਪ੍ਰੀਤ, ਇੰਦਰਜੀਤ ਨੰਦਨ, ਮਹਾਂਦੇਵ, ਸੁਖਪਾਲ, ਪਰਦੀਪ ਅਤੇ ਜਗਦੀਪ ਸਿੱਧੂ (ਹੋਰ ਵੀ ਹੋਣਗੇ) ਕੁਝ ਅਜਿਹੇ ਨਾਂਅ ਹਨ। ਹਰਪ੍ਰੀਤ ਸਿੰਘ ਨੇ ਇਹ ਪੁਸਤਕ ਬਹੁਤ ਮਿਹਨਤ ਨਾਲ ਤਿਆਰ ਕੀਤੀ ਹੈ। ਇਸ ਤੋਂ ਪ੍ਰੇਰਿਤ ਹੋ ਕੇ ਹੋਰ ਯੁਵਾ-ਚਿੰਤਕ ਵੀ ਨਿੱਤਰਨਗੇ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਗੁਲਾਬੀ ਛਾਂ ਵਾਲੀ ਕੁੜੀ
ਲੇਖਕ : ਸੁਖਮਿੰਦਰ ਰਾਮਪੁਰੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 258
ਸੰਪਰਕ : 0172-5002591.

ਕੈਨੇਡਾ ਨਿਵਾਸੀ ਸੁਖਮਿੰਦਰ ਰਾਮਪੁਰੀ ਕਿਸੇ ਰਸਮੀ ਜਾਣ-ਪਛਾਣ ਦਾ ਮੁਥਾਜ ਨਹੀਂ। ਉਸ ਦਾ ਵਿਚਾਰ ਅਧੀਨ ਨਾਵਲ 'ਸਵੈਜੀਵਨਾਤਮਕ' ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਬਸ ਉਸ ਨੇ ਨਾਇਕ ਦਾ ਨਾਂਅ ਸੁਖਮਿੰਦਰ ਦੀ ਥਾਂ ਸੁਖਦੇਵ ਚੁਣ ਲਿਆ ਹੈ। ਪਤਨੀ 'ਹਰਵਿੰਦਰ' ਦਾ ਨਾਂਅ ਉਹੀ ਹੈ। ਨਾਵਲ ਦੀ ਫੇਬੁਲਾ ਇੰਜ ਹੈ : ਨਾਇਕ ਜੇ.ਬੀ.ਟੀ. ਅਧਿਆਪਕ ਸੀ। ਪ੍ਰਾਈਵੇਟ ਬੀ.ਏ. ਕਰਕੇ ਉਸ ਨੇ ਸਿਧਾਰ ਕਾਲਜ ਵਿਖੇ ਬੀ.ਐੱਡ ਵਿਚ ਦਾਖ਼ਲਾ ਲੈ ਲਿਆ। ਉਥੇ ਉਸ ਦੇ ਸੰਪਰਕ ਵਿਚ ਦੋ ਲੜਕੀਆਂ ਆਈਆਂ। ਇਕ ਬੀ.ਐੱਡ ਕਰਦੀ, ਦੂਜੀ ਉਹ ਜਿਨ੍ਹਾਂ ਦੇ ਘਰ ਬੀ.ਐੱਡ ਵਾਲੀ ਕੁੜੀ ਰਹਿੰਦੀ ਸੀ। ਬੀ.ਐੱਡ ਵਾਲੀ ਕਲਾਸ ਫੈਲੋ ਜ਼ਿਆਦਾ ਭਾਵੁਕ ਸੀ। ਦੂਜੀ ਦਾ ਨਾਇਕ ਨਾਲ ਆਦਰਸ਼ ਪਿਆਰ ਸੀ। ਨਾਇਕ ਨੇ ਦੋਵਾਂ ਪ੍ਰਤੀ ਆਪਣਾ ਕਿਰਦਾਰ ਉੱਚਾ-ਸੁੱਚਾ ਰੱਖਿਆ। ਬੀ.ਐੱਡ ਵਾਲੀ ਵਿਆਹ ਕਰਵਾ ਕੇ ਉਸ ਦੇ ਸੰਪਰਕ ਵਿਚੋਂ ਨਿਕਲ ਜਾਂਦੀ ਹੈ। ਦੂਜੀ ਨੇ ਜੇ.ਬੀ.ਟੀ. ਕਰ ਲਈ। ਉਸ ਦੀ ਸ਼ਾਦੀ ਮਾਪਿਆਂ ਅਤੇ ਨਾਇਕ ਦੀ ਸਲਾਹ ਨਾਲ ਇਕ ਭੂਮੀਪਤੀ, ਨਸ਼ਈ ਤੇ ਸ਼ਰਾਬੀਆਂ ਦੇ ਪਰਿਵਾਰ ਵਿਚ ਕਰ ਦਿੱਤੀ ਗਈ। ਉਸ ਦੀ ਜਿਠਾਣੀ ਵੀ ਉਸੇ ਘਰ ਵਿਚ ਵੱਡੇ ਲੜਕੇ ਨਾਲ ਵਿਆਹੀ ਹੋਈ ਸੀ। ਦੋਵਾਂ ਦੇ ਪਤੀ ਨਸ਼ਿਆਂ ਕਾਰਨ ਬੱਚੇ ਪੈਦਾ ਕਰਨ ਦੀ ਸ਼ਕਤੀ ਗੁਆ ਚੁੱਕੇ ਸਨ। ਵੀਹ ਸਾਲ ਦੀ ਉਡੀਕ ਤੋਂ ਬਾਅਦ ਉਨ੍ਹਾਂ ਨੇ ਰਿਸ਼ਤੇਦਾਰਾਂ ਨੂੰ ਦੱਸ ਕੇ ਆਪਣੇ ਸਨੇਹੀਆਂ (ਨਾਇਕ ਸਮੇਤ) ਪਾਸੋਂ ਸ਼ੁਕਰਾਣੂ ਹਾਸਲ ਕਰਕੇ ਮਾਵਾਂ ਬਣਨ ਦੀ ਖਾਹਿਸ਼ ਪੂਰੀ ਕਰ ਲਈ ਪਰ ਘਰ 'ਚ ਵਿਰੋਧ ਰਿਹਾ।
ਹੁਣ ਨਾਇਕਾ ਪ੍ਰਾਇਮਰੀ ਅਧਿਆਪਕਾ ਵਜੋਂ ਤਿਆਗ ਪੱਤਰ ਦੇ ਕੇ ਆਪਣੇ ਸਹੁਰੇ ਪਿੰਡ ਦੀ ਕਾਇਆ-ਕਲਪ ਕਰਨ ਦੇ ਸਮਾਜਿਕ ਕਾਰਜ ਵਿਚ ਜੁਟ ਗਈ। ਖੇਤੀ ਵੀ ਆਪ ਕਰਨ ਲੱਗ ਪਈ। ਪਤੀ ਵਿਹਲੇ ਰਹਿੰਦੇ ਸਨ। ਉਹ ਸਰਪੰਚ ਚੁਣੀ ਗਈ। ਉਸ ਨੇ ਪਿੰਡ ਸੁਧਾਰ ਲਈ ਵਿਲੱਖਣ ਕਾਰਜ ਕੀਤੇ। ਮਸਲਨ : ਸਾਂਝੀ ਖੇਤੀ ਦਾ ਆਰੰਭ, ਰਾਹਾਂ 'ਤੇ ਬ੍ਰਿਛ ਲਾਉਣੇ, ਪਿੰਡ ਦੀ ਫਿਰਨੀ ਦੁਆਲੇ ਪੱਕੀ ਕੰਧ, ਰੂੜੀਆਂ ਪਿੰਡੋਂ ਬਾਹਰ, ਕੂੜੇ-ਕਰਕਟ ਕਈ ਰੇੜ੍ਹੀ, ਲੜਕੀਆਂ ਲਈ ਸਿਲਾਈ ਸੈਂਟਰ, ਮਿਡਲ/ਹਾਇਰ ਸੈਕੰਡਰੀ ਸਕੂਲ ਦੀ ਇਮਾਰਤ ਉਸਾਰੀ, ਸੀਵਰੇਜ, ਟਰੀਟਮੈਂਟ ਪਲਾਂਟ, ਜਿੰਮ ਆਦਿ ਸਾਰੇ ਕੰਮ ਨੌਜਵਾਨ ਅਤੇ ਇਸਤਰੀ ਸਭਾਵਾਂ ਬਣਾ ਕੇ ਨੇਪਰੇ ਚਾੜ੍ਹੇ। ਡੀ.-ਕੋਡ ਕੀਤਿਆਂ 'ਉਦੋਂ' ਸ਼ਬਦ ਦੀ ਵਰਤੋਂ ਤੋਂ ਸਵੈਸਿੱਧ ਹੈ ਕਿ ਅਧਿਕਤਰ ਘਟਨਾਵਾਂ ਸਾਈਕਲ, ਲਾਲਟੈਣਾਂ, ਗੈਸ ਅਤੇ ਪੱਤਰ-ਵਿਹਾਰ ਦੇ ਸਮੇਂ ਦੀਆਂ ਹਨ। ਫੋਨ-ਮੋਬਾਈਲ ਯੁੱਗ ਨਹੀਂ ਸੀ। ਬਿਜਲੀ ਬਾਅਦ 'ਚ ਆ ਗਈ ਸੀ। ਬਿਰਤਾਂਤ ਵਿਚ 'ਪੰਪ' ਆਬਜੈਕਟਿਵ ਕੋਰੀਲੇਟਿਵ ਵਜੋਂ ਅਤੇ ਬਾਰੰਬਾਰਤਾ ਵਜੋਂ ਹਾਜ਼ਰ ਹੈ। ਨਾਵਲ ਦਾ ਅੰਤ ਨਾਇਕ ਦੀ ਪਤਨੀ ਹਰਵਿੰਦਰ ਦੀ ਮੌਤ ਨਾਲ ਚਰਮ-ਸੀਮਾ ਨੂੰ ਅੱਪੜਦਾ ਹੈ। ਸੰਖੇਪ ਇਹ ਕਿ 61 ਕਾਂਡਾਂ 'ਤੇ ਫੈਲਿਆ ਨਾਵਲ ਪਾਠਕਾਂ ਅਤੇ ਖੋਜੀਆਂ ਲਈ ਅਨੇਕਾਂ ਬਿਰਤਾਂਤਕ ਜੁਗਤਾਂ ਨਾਲ ਲਬਰੇਜ਼ ਹੈ।

ਡਾ: ਧਰਮ ਚੰਦ ਵਾਤਿਸ਼
ਮੋ: 88376-79186.

c c c

ਲੱਸੀ ਵਾਲੀ ਚਾਟੀ
ਲੇਖਕ : ਰਾਜਿੰਦਰ ਸਿੰਘ ਪੰਧੇਰ
ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 168
ਸੰਪਰਕ : 95011-45039.

ਇਹ ਪੁਸਤਕ ਪੰਜਾਬੀ ਸਮਾਜਿਕ ਅਤੇ ਸੱਭਿਆਚਾਰਕ ਵਰਤਾਰੇ ਦੀ ਧਰਾਤਲ ਭੂਮੀ ਦਾ ਸ਼ਾਬਦਿਕ ਵਰਨਣ ਹੈ। ਲੇਖਕ ਪੰਧੇਰ ਪੰਜਾਬੀ ਸੱਭਿਆਚਾਰਕ ਕਦਰ-ਪ੍ਰਣਾਲੀਆਂ ਅਤੇ ਵਰਤਾਰਿਆਂ ਨੂੰ ਡੂੰਘੀ ਨੀਝ ਤੋਂ ਪਛਾਣਦਾ ਹੋਇਆ ਪ੍ਰਤੀਤ ਹੁੰਦਾ ਹੈ। ਉਸ ਨੇ ਇਨ੍ਹਾਂ 46 ਨਿਬੰਧਾਂ ਵਿਚ ਪੁਰਾਤਨ ਪੰਜਾਬ ਦੀ ਸੱਭਿਆਚਾਰਕ ਹੋਂਦ-ਸਥਿਤੀ ਨੂੰ ਬੜਾ ਨੇੜਿਉਂ ਅਨੁਭਵ ਕਰਕੇ ਅਤੇ ਨਾਲ ਦੀ ਨਾਲ ਵਿਦੇਸ਼ਾਂ ਵਿਚ ਪੰਜਾਬੀਅਤ ਦੀ ਪਛਾਣ ਨੂੰ ਕਿਸ ਦ੍ਰਿਸ਼ਟੀ ਤੋਂ ਪੇਸ਼ ਕਰਨ ਦੀ ਲੋੜ ਹੈ; ਆਦਿ ਸੰਕਲਪਾਂ ਨੂੰ ਬਾਖੂਬੀ ਪੇਸ਼ ਕੀਤਾ ਹੈ। ਲੇਖਕ ਦੀ ਇਹ ਪੇਸ਼ਕਾਰੀ ਬੜੀ ਸਹਿਜ, ਸੁਭਾਵਿਕ ਅਤੇ ਸਰਲ ਭਾਸ਼ਾ ਵਿਚ ਹੈ। ਪੁਸਤਕ ਦੇ ਸਿਰਲੇਖ ਵਾਲਾ ਲਘੂ ਨਿਬੰਧ 'ਲੱਸੀ ਵਾਲੀ ਚਾਟੀ' ਪੰਜਾਬੀ ਲੋਕਾਂ ਦੇ ਆਂਢ-ਗੁਆਂਢ, ਗਲੀ-ਮੁਹੱਲੇ ਦੇ ਲੋਕ-ਜੀਵਨ ਦੀ ਸਾਂਝੀਵਾਲਤਾ ਅਤੇ ਆਪਸੀ ਮਿਲਵਰਤਨ ਦਾ ਸੂਚਕ ਬਿੰਬ ਉਭਾਰਦਾ ਹੈ। ਇਸੇ ਤਰ੍ਹਾਂ ਬਹੁਤ ਸਾਰੇ ਲਘੂ ਨਿਬੰਧ ਜਿਵੇਂਨੰਬਰਦਾਰ ਦਾ ਜੁਗਰਾਫ਼ੀਆ, ਇਕ ਵੀਰ ਦੇਈਂ ਵੇ ਰੱਬਾ, ਅੰਬ ਤਾਂ ਚੂਪੇ ਪਰ ਨਾਲ ਡੰਡੇ ਵੀ ਖਾਧੇ, ਤਿਹੁਲੇ ਦਾ ਕੜਾਹ, ਅਜੋਕੇ ਵਿਆਹਾਂ ਦੇ ਜਸ਼ਨ, ਸ਼ਰੀਕਾਂ ਦਾ ਵਰਤਾਰਾ, ਲੋਕ ਕੀ ਕਹਿਣਗੇ ਆਦਿ ਅਜਿਹੇ ਸੰਕਲਪ ਹਨ ਜਿਨ੍ਹਾਂ ਥਾਣੀਂ ਪੰਜਾਬੀਅਤ ਦੀ ਝਲਕ ਪਾਠਕਾਂ ਦੇ ਸਨਮੁਖ ਕੀਤੀ ਗਈ ਹੈ। ਇਹ ਸਾਰੀ ਲੇਖਣੀ ਰਸਕਤਾ ਸਹਿਤ ਪੇਸ਼ ਹੋਈ ਹੈ। ਕੁਝ ਨਿਬੰਧ ਅਜਿਹੇ ਵੀ ਹਨ, ਜਿਨ੍ਹਾਂ ਵਿਚੋਂ ਲੇਖਕ ਦੀ ਭਾਰਤੀ ਪੰਜਾਬ ਅਤੇ ਵਿਦੇਸ਼ਾਂ ਵਿਚ ਵਸੇ ਪੰਜਾਬੀਆਂ ਦੀ ਜੀਵਨ-ਸ਼ੈਲੀ ਦੇ ਅੰਤਰ-ਨਿਖੇੜ ਨੂੰ ਵੀ ਪੇਸ਼ ਕੀਤਾ ਗਿਆ ਹੈ। ਲੇਖਕ ਦੇ ਇਹ ਨਿਬੰਧ ਕਹਾਣੀ-ਸ਼ੈਲੀ ਵਿਚ ਜਾਂ ਘਰੇਲੂ ਬੈਠਕ ਵਿਚ ਕੀਤੀ ਗਈ ਦੋਸਤਾਂ ਮਿੱਤਰਾਂ ਜਾਂ ਹੋਰਨਾਂ ਨਾਲ ਗੱਲਬਾਤ ਦੀ ਸ਼ੈਲੀ ਅਥਵਾ ਲਹਿਜ਼ੇ ਵਿਚ ਪ੍ਰਗਟ ਹੋਏ ਹਨ। ਲੇਖਕ ਪੰਜਾਬੀ ਮੁਹਾਵਰਿਆਂ ਅਤੇ ਅਖਾਣਾਂ ਨੂੰ ਇਸ ਤਰ੍ਹਾਂ ਇਨ੍ਹਾਂ ਲਘੂ ਨਿਬੰਧਾਂ ਵਿਚ ਪੇਸ਼ ਕਰਦਾ ਹੈ ਕਿ ਉਹ ਸਾਡੇ ਪੰਜਾਬੀਪੁਣੇ ਦੇ ਆਪੇ ਦਾ ਪ੍ਰਗਟਾਵਾ ਬਣ ਜਾਂਦੇ ਹੋਏ ਜਾਪਦੇ ਹਨ। ਸਮਾਜਿਕ ਅਤੇ ਸੱਭਿਆਚਾਰਕ ਵਰਤਾਰੇ ਵਿਚੋਂ ਪੈਦਾ ਹੋਏ ਲੋਕ-ਬੋਲਾਂ ਅਤੇ ਮੁਹਾਵਰੇ ਅਖਾਣਾਂ ਨੂੰ ਸਿਰਲੇਖ ਬਣਾ ਕੇ ਲੇਖਕ ਨੇ ਬਹੁਤ ਸਾਰੀਆਂ ਵਿਅੰਗਾਤਮਕ ਅਤੇ ਸੋਝੀਮੂਲਕ ਗੱਲਾਂ ਪੁਸਤਕ ਵਿਚ ਅੰਕਿਤ ਕੀਤੀਆਂ ਹਨ। ਹਰ ਵਰਗ ਦੇ ਪਾਠਕਾਂ ਨੂੰ ਇਹ ਪੁਸਤਕ ਸਾਧਾਰਨ ਸੂਝ ਅਤੇ ਖੋਜ-ਮੂਲਕ ਸਮੱਗਰੀ ਪ੍ਰਦਾਨ ਕਰਨ ਦੇ ਸਮਰੱਥ ਜਾਪਦੀ ਹੈ।

ਡਾ: ਜਗੀਰ ਸਿੰਘ ਨੂਰ
ਮੋ: 98142-09732

c c c

ਮਹਾਰਾਜਾ ਦਲੀਪ ਸਿੰਘ
ਲੇਖਕ : ਸੋਹਣ ਸਿੰਘ ਸੀਤਲ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 120 ਰੁਪਏ, ਸਫ਼ੇ : 96
ਸੰਪਰਕ : 0161-2740738.

ਸੋਹਣ ਸਿੰਘ ਸੀਤਲ ਪੰਜਾਬੀ ਸਾਹਿਤ ਦੇ ਖੇਤਰ ਵਿਸ਼ੇਸ਼ ਤੌਰ 'ਤੇ ਇਤਿਹਾਸਕ ਨਾਵਲਕਾਰੀ ਦੇ ਖੇਤਰ ਵਿਚ ਇਕ ਸਥਾਪਤ ਨਾਂਅ ਹੈ। ਉਸ ਨੇ ਵੰਡ ਸਬੰਧੀ ਨਾਵਲ ਵੀ ਲਿਖੇ ਤੇ ਸਮਾਜਿਕ ਵੀ। ਹਥਲਾ ਨਾਵਲ ਸਿੱਖ ਇਤਿਹਾਸ ਨਾਲ ਸਬੰਧਿਤ ਹੈ। ਲੇਖਕ ਨੇ ਇਸ ਨੂੰ ਨਾਵਲ ਕਿਹਾ ਹੈ ਪਰ ਅਸਲ ਵਿਚ ਇਹ ਮਹਾਰਾਜਾ ਦਲੀਪ ਸਿੰਘ ਦੀ ਜੀਵਨੀ ਹੈ ਆਦਿ ਤੋਂ ਅੰਤ ਤੱਕ ਤੇ ਅੰਗਰੇਜ਼ੀ ਰਾਜ ਦੀ ਸਥਾਪਨਾ।
ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਉਪਰੰਤ ਪੰਜਾਬ ਦੀ ਜੋ ਦਸ਼ਾ ਰਾਜ ਦਰਬਾਰ ਦੇ ਅਹੁਦੇਦਾਰਾਂ ਨੇ ਕੀਤੀ, ਮਾਰਧਾੜ ਦਾ ਹਸ਼ਰ ਤੇ ਅੰਤ ਅੰਗਰੇਜ਼ੀ ਰਾਜ ਦੇ ਹੱਥਾਂ ਵਿਚ ਦੇਸ਼ ਨੂੰ ਵੇਚ ਦੇਣਾ ਕੇਵਲ ਆਪਣੇ ਨਿੱਜੀ ਹਿਤਾਂ ਖਾਤਰ, ਬੜੀਆਂ ਦੁਖਦਾਈ ਘਟਨਾਵਾਂ ਸਨ। ਰਾਜਾ ਧਿਆਨ ਸਿੰਘ ਡੋਗਰੇ ਨੂੰ ਮਾਰ ਕੇ ਸੰਧਾਵਾਲੀਆ ਸਰਦਾਰਾਂ ਨੇ ਖੁਸ਼ੀ ਮਨਾਈ ਤੇ ਸੋਚ ਵੇਖੋ : 'ਪੰਜਾਬ ਦੀ ਆਜ਼ਾਦੀ ਦਾ ਸਭ ਤੋਂ ਵੱਡਾ ਵੈਰੀ ਅੱਜ ਮਗਰੋਂ ਲੱਥਾ। ਨਵੇਂ ਮਹਾਰਾਜੇ ਨੂੰ ਇਸ ਦੇ ਖੂਨ ਨਾਲ ਤਿਲਕ ਦਿਓ।'
ਮਹਾਰਾਣੀ ਜਿੰਦਾਂ ਜਿਥੇ ਪੁੱਤਰ ਦੇ ਰਾਜ ਤਿਲਕ 'ਤੇ ਖੁਸ਼ ਸੀ, ਉਥੇ ਖੂਨ ਨਾਲ ਰਾਜ ਤਿਲਕ 'ਤੇ ਉਦਾਸ ਵੀ ਸੀ। ਪੰਜ ਸਾਲਾ ਅਬੋਧ ਬਾਲਕ ਨੂੰ ਕੀ ਸਮਝ ਇਸ ਰਾਜਾਸ਼ਾਹੀ ਦੀ। ਨਾ ਹੀ ਮਹਾਰਾਣੀ ਜਿੰਦਾਂ ਨੂੰ ਅੰਗਰੇਜ਼ਾਂ ਦੀ ਚਾਲ ਬਾਰੇ ਪਤਾ ਸੀ। ਪਰ ਜੋ ਸਮਝੌਤਾ ਅੰਗਰੇਜ਼ਾਂ ਤੇ ਮਹਾਰਾਣੀ ਵਿਚ ਹੋਇਆ, ਉਸ ਤੋਂ ਬਾਅਦ ਜੋ ਹਾਲ ਪੰਜਾਬ ਤੇ ਸਿੱਖ ਰਾਜ ਦਾ ਹੋਇਆ, ਇਤਿਹਾਸ ਉਸ ਦਾ ਗਵਾਹ ਹੈ। ਅਨੇਕਾਂ ਘਟਨਾਵਾਂ ਵਾਪਰੀਆਂ। ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਲਿਜਾ ਕੇ ਧਰਮ ਪਰਿਵਰਤਨ ਕਰਵਾਇਆ ਤੇ ਇਕ ਤਰ੍ਹਾਂ ਨਾਲ ਗੁਲਾਮ ਬਣਾ ਲਿਆ ਗਿਆ। ਮਾਂ ਨੂੰ ਹਿੰਦੁਸਤਾਨ (ਪੰਜਾਬ) ਤੇ ਪੁੱਤਰ ਨੂੰ ਵਿਦੇਸ਼ਇਕ ਜ਼ਬਰਦਸਤ ਘਟਨਾ ਸੀ ਵਿਛੋੜੇ ਦੀ। ਅਖੀਰ ਮਹਾਰਾਣੀ ਜਿੰਦਾਂ ਇਥੇ ਅਕਾਲ ਚਲਾਣਾ ਕਰ ਗਈ ਤੇ ਮਹਾਰਾਜਾ ਦਲੀਪ ਸਿੰਘ ਆਪਣੀ ਧਰਤੀ ਨੂੰ ਸਹਿਕਦਾ ਵਿਦੇਸ਼ੀ ਧਰਤੀ 'ਤੇ ਚੱਲ ਵਸਿਆ। ਇਹ ਸਿੱਖ ਰਾਜ ਦੇ ਘਾਣ ਦੀ ਸਭ ਤੋਂ ਦੁਖਦਾਈ ਘਟਨਾ ਸੀ ਜੋ ਸਭ ਕੁਝ ਵਾਪਰਿਆ ਦੇਸ਼ ਦੇ ਗੱਦਾਰਾਂ ਕਾਰਨ। ਚੜ੍ਹਦੀ ਕਲਾ ਵਾਲਾ ਰਾਜ ਢਹਿ-ਢੇਰੀ ਹੋ ਕੇ ਵਿਦੇਸ਼ੀ ਹੱਥਾਂ ਵਿਚ ਚਲਾ ਗਿਆ।
ਸੋਹਣ ਸਿੰਘ ਸੀਤਲ ਨੇ ਇਨ੍ਹਾਂ ਘਟਨਾਵਾਂ ਨੂੰ ਕ੍ਰਮਵਾਰ ਉਲੀਕ ਕੇ ਨਾਵਲੀ ਰੂਪ ਦਿੱਤਾ ਹੈ ਵਾਰਤਾਲਾਪ ਰਾਹੀਂ ਤੇ ਪੰਜਾਬ ਦੀ ਹੋਣੀ ਨੂੰ ਪੇਸ਼ ਕੀਤਾ ਹੈ ਪਾਤਰ ਉਸਾਰੀ ਰਾਹੀਂ। ਮਹਾਰਾਜਾ ਦਲੀਪ ਸਿੰਘ ਦੇ ਅੰਤ ਨੂੰ ਬੜੇ ਦੁਖਦਾਈ ਸ਼ਬਦਾਂ ਵਿਚ ਉਲੀਕਿਆ ਹੈ।

ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

c c c

ਲੋਕ ਕਲਾਵਾਂ
ਲੇਖਕ : ਕੁੰਦਨ ਲਾਲ ਭੱਟੀ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 200 ਰੁਪਏ, ਸਫ਼ੇ : 100
ਸੰਪਰਕ : 95643-17983.

ਲੋਕ ਕਲਾਵਾਂ ਪੰਜਾਬੀ ਜਨ ਜੀਵਨ ਦਾ ਅਹਿਮ ਅੰਗ ਹਨ। ਸ਼ਹਿਰੀਕਰਨ ਦੇ ਪ੍ਰਭਾਵ ਕਾਰਨ ਇਨ੍ਹਾਂ ਲੋਕ ਕਲਾਵਾਂ ਤੋਂ ਨਵੀਂ ਪੀੜ੍ਹੀ ਅਣਜਾਣ ਹੀ ਨਹੀ ਸਗੋਂ ਇਨ੍ਹਾਂ ਦੇ ਸੁਹਜਾਤਮਕ ਅਨੰਦ ਤੋਂ ਵੀ ਵਾਂਝੀ ਹੋ ਰਹੀ ਹੈ। ਉਪਰੋਕਤ ਪੁਸਤਕ ਵਿਚ ਲੇਖਕ ਨੇ ਇਨ੍ਹਾਂ ਲੋਕ ਕਲਾਵਾਂ ਨੂੰ ਸੰਭਾਲਣ ਅਤੇ ਮੁੜ ਸੁਰਜੀਤ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਇਨ੍ਹਾਂ ਦੇ ਸੁਹਜਾਤਮਕ ਪੱਖ ਨੂੰ ਵੀ ਪੇਸ਼ ਕੀਤਾ ਹੈ। ਇਨ੍ਹਾਂ ਵਿਰਾਸਤੀ ਵੰਨਗੀਆਂ ਦਾ ਸਾਡੇ ਪੰਜਾਬੀ ਜੀਵਨ, ਘਰ, ਪਰਿਵਾਰ ਵਿਚ ਵਿਸ਼ੇਸ਼ ਮਹੱਤਵ ਹੈ। ਲੇਖਕ ਨੇ ਇਨ੍ਹਾਂ ਵੰਨਗੀਆਂ ਨੂੰ ਵੱਖ-ਵੱਖ ਹਿੱਸਿਆਂ ਵਿਚ ਵੰਡਦਿਆਂ ਉਸ ਦੀ ਅਹਿਮੀਅਤ ਬਾਰੇ ਚਰਚਾ ਕੀਤੀ ਹੈ। ਪੁਸਤਕ ਦਾ ਪਹਿਲਾਂ ਭਾਗ ਸੁਆਣੀਆਂ ਨਾਲ ਸਬੰਧਿਤ ਲੋਕ ਕਲਾਵਾਂ ਨਾਲ ਸਬੰਧਿਤ ਹੈ ਜਿਸ ਵਿਚ ਘਰੇਲੂ ਸੁਆਣੀਆਂ ਦੇ ਕੰਮਾਕਾਰਾਂ ਨਾਲ ਅਤੇ ਰੋਜ਼ਾਨਾ ਜੀਵਨ ਨਾਲ ਸਬੰਧਿਤ ਕਲਾਵਾਂ ਦਾ ਜ਼ਿਕਰ ਹੈ। ਇਸ ਭਾਗ ਵਿਚ ਗੀਟੇ ਖੇਡਣਾ ਨੂੰ ਲੋਕ ਕਲਾਵਾਂ ਵਿਚ ਸ਼ਾਮਿਲ ਕੀਤਾ ਗਿਆ ਹੈ ਜੋ ਕਿ ਸਹੀ ਨਹੀਂ ਜਾਪਦਾ, ਇਸ ਨੂੰ ਲੋਕ ਖੇਡਾਂ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ। ਅਗਲਾ ਹਿੱਸਾ ਮਿੱਟੀ ਨਾਲ ਸਬੰਧਿਤ ਕਲਾਵਾਂ ਦਾ ਜ਼ਿਕਰ ਕਰਦਾ ਹੈ, ਜਿਸ ਵਿਚ ਮਿੱਟੀ ਦੀ ਵਰਤੋਂ ਨਾਲ ਜੁੜੀਆਂ ਕਲਾਵਾਂ ਬਾਰੇ ਵਰਨਣ ਕੀਤਾ ਗਿਆ ਹੈ। ਮਿੱਟੀ ਤੋਂ ਭਾਂਡੇ ਤਿਆਰ ਕਰਨ ਦੀਆਂ ਕਲਾਵਾਂ ਬਾਰੇ ਵੀ ਇਕ ਭਾਗ ਵਿਚ ਚਰਚਾ ਕੀਤੀ ਗਈ ਹੈ। ਮਰਦਾਂ ਨਾਲ ਸਬੰਧਿਤ ਲੋਕ ਕਲਾਵਾਂ ਦੇ ਭਾਗ ਵਿਚ ਪੇਂਡੂ ਸਮਾਜ ਦੇ ਕੰਮਾਕਾਰਾਂ ਅਤੇ ਮਰਦਾਂ ਨਾਲ ਸਬੰਧਿਤ ਕਲਾਵਾਂ ਦਾ ਜ਼ਿਕਰ ਹੈ। ਕੁਝ ਹੋਰ ਲੋਕ ਕਲਾਵਾਂ ਅਧੀਨ ਵੱਖ-ਵੱਖ ਕਲਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ ਜਿਹੜੀਆਂ ਕਿ ਸਾਂਝੇ ਰੂਪ 'ਚ ਸਾਡੇ ਸੱਭਿਆਚਾਰ ਦਾ ਹਿੱਸਾ ਹਨ। ਪੁਸਤਕ ਪੰਜਾਬੀ ਸੱਭਿਆਚਾਰ ਦਾ ਅਹਿਮ ਅੰਗ ਲੋਕ ਕਲਾਵਾਂ ਨਾਲ ਜੁੜਨ ਦਾ ਅਤੇ ਉਨ੍ਹਾਂ ਨੂੰ ਜਾਣਨ ਦਾ ਅਵਸਰ ਪ੍ਰਦਾਨ ਕਰਦੀ ਹੈ।

ਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823.

c c c

13-09-2020

ਕੌਣ
ਲੇਖਕ : ਮੁਦੱਸਰ ਬਸ਼ੀਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ (ਪਟਿਆਲਾ)
ਮੁੱਲ : 125 ਰੁਪਏ, ਸਫ਼ੇ : 88
ਸੰਪਰਕ : 99151-03490.


ਇਹ ਪੁਸਤਕ ਲਹਿੰਦੇ ਪੰਜਾਬ ਦੇ ਨਾਮਵਰ ਅਦੀਬ, ਜਨਰਲਿਸਟ ਤੇ ਇਤਿਹਾਸਕਾਰ ਮੁਕਦਸ ਬਸ਼ੀਰ ਦਾ ਨਾਵਲੈਟ ਹੈ। ਸਿਰਲੇਖ ਵਿਚ ਨਾਵਲ ਲਿਖਿਆ ਹੈ। ਪੁਸਤਕ ਨੂੰ ਢਾਹਾਂ ਕਲੇਰਾਂ ਪੁਰਸਕਾਰ 2019 ਪ੍ਰਾਪਤ ਹੋ ਚੁੱਕਾ ਹੈ। ਕਹਾਣੀਕਾਰ ਜਿੰਦਰ ਨੇ ਟਾਈਟਲ ਤੇ ਲੇਖਕ ਤੇ ਉਸ ਦੀ ਸਾਹਿਤ ਸਿਰਜਨਾ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਲੇਖਕ ਦੀਆਂ 11 ਕਿਤਾਬਾਂ ਛਪ ਚੁੱਕੀਆਂ ਹਨ। ਨਾਵਲੈਟ ਦਾ ਸਾਰਾ ਕਥਾਨਕ ਇਕ ਫ਼ਿਲਮੀ ਡਾਇਰੈਕਟਰ ਵਲੋਂ ਸਟੂਡੀਓ ਵਿਚ ਬਣਾਈ ਜਾ ਰਹੀ ਫ਼ਿਲਮ ਦੀ ਸ਼ੁਟਿੰਗ ਬਾਰੇ ਹੈ। ਵੱਖ-ਵੱਖ ਪਾਤਰ ਆਪੋ-ਆਪਣੇ ਸੰਵਾਦ ਰਚਾਉਂਦੇ ਹਨ। ਪਾਤਰਾਂ ਦੇ ਸੰਵਾਦ ਵਿਚ ਜੋ ਵਿਸ਼ੇ ਹਨ, ਉਹ ਇਸ ਨਾਵਲੈਟ ਦਾ ਤਾਣਾ-ਪੇਟਾ ਹੈ। ਕਹਾਣੀ ਸਿੱਧੀ ਸਪਾਟ ਹੈ। ਕੋਈ ਕਾਂਡ ਨਹੀਂ ਹਨ। ਭੂਮਿਕਾ ਵੀ ਨਹੀਂ। ਲੇਖਕ ਨੇ ਫ਼ਿਲਮੀ ਸਟੂਡੀਓ ਦੀ ਤਸਵੀਰ ਪੇਸ਼ ਕੀਤੀ ਹੈ। ਮਜ਼ਦੂਰਾਂ ਦੇ ਮਸਲੇ, ਉਨ੍ਹਾਂ ਦੇ ਹੱਕ, ਹੱਕਾਂ ਲਈ ਸੰਘਰਸ਼, ਲੀਡਰਾਂ ਦਾ ਕੁਰਸੀ ਮੋਹ, ਸਿਆਸਤ ਦਾ ਨਿਘਾਰ, ਸਾਜ਼ਾਂ ਦਾ ਗਿਆਨ, ਸੁਰਾਂ ਦੀ ਚਰਚਾ, ਬਾਬਾ ਨਾਨਕ ਤੇ ਮਰਦਾਨੇ ਦੀ ਰਬਾਬ, ਬੁੱਲ੍ਹੇਸ਼ਾਹ ਦਾ ਕਲਾਮ, ਭਾਈ ਗੁਰਦਾਸ ਦੀਆਂ ਵਾਰਾਂ ਦਾ ਹਵਾਲਾ, ਇਤਿਹਾਸ ਵਿਚ ਔਰਤ ਦੀ ਤ੍ਰਾਸਦਿਕ ਹਾਲਤ, ਰੁਮਾਂਟਿਕ ਸੰਵਾਦ, ਅਜੋਕੇ ਸਮੇਂ ਵਿਚ ਮਰਦ ਔਰਤ ਸਬੰਧਾਂ ਦੀ ਚਰਚਾ, ਮਹਿੰਗਾਈ, ਬੇਰੁਜ਼ਗਾਰੀ ਆਦਿ ਵਿਸ਼ਿਆਂ 'ਤੇ ਪਾਤਰੀ ਸੰਵਾਦ ਹਾਸਰਸੀ ਸ਼ੈਲੀ ਵਿਚ ਹਨ। ਨਾਵਲੈਟ ਵਿਚ ਇਸ ਕਿਸਮ ਦੀ ਵਾਰਤਾਲਾਪ ਕੁਝ ਦਿਲਚਸਪੀ ਪੈਦਾ ਕਰਦੀ ਹੈ। ਬਾਕੀ ਸਥਿਤੀਆਂ ਵਿਚ ਨਾਵਲੈਟ ਐਨਾ ਸੁਹਜਮਈ ਨਹੀਂ ਬਣਦਾ। ਕਿਉਂਕਿ ਦ੍ਰਿਸ਼ਾਂ ਦੀ ਘਾਟ ਹੈ। ਅਜੋਕੇ ਨਾਵਲ ਦੀ ਤਰਜ਼ ਤੋਂ ਦੂਰ ਹੈ। ਪਾਤਰ ਰਲੇ ਮਿਲੇ ਹਨ। ਗੋਪਾਲ ਵਰਮਾ, ਮੌਜੀ ਖਾਨ, ਸਰਮਦ, ਸੋਮੀ ਮਿਲ ਕੇ ਹੁਸਨ ਇਸ਼ਕ ਦੀਆਂ ਗੱਲਾਂ ਕਰਦੇ ਹਨ। ਨਾਰੀ ਸ਼ੋਸ਼ਣ ਬਾਰੇ ਸਾਰਥਕ ਸੰਵਾਦ ਹਨ। ਮਰਦ ਦੀਆਂ ਔਰਤ ਪ੍ਰਤੀ ਹਵਸੀ ਨਜ਼ਰਾਂ ਦਾ ਜ਼ਿਕਰ ਹੈ। ਇਤਿਹਾਸਕ ਪੱਖ ਤੋਂ ਮਰਦ ਦੀ ਔਰਤ 'ਤੇ ਕਬਜ਼ੇ ਦੀ ਭਾਵਨਾ ਨਾਵਲੈਟ ਦਾ ਮੁੱਖ ਵਿਸ਼ਾ ਹੈ। ਲਹਿੰਦੀ ਜ਼ਬਾਨ ਦੇ ਸ਼ਬਦਾਂ ਨਾਲ ਮਿਠਾਸ ਪੈਦਾ ਹੁੰਦੀ ਹੈ। ਨਾਵਲੈਟ ਵਿਚ ਸਾਂਝੇ ਪੰਜਾਬ ਦੀ ਝਲਕ ਹੈ।


-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160ਬਾਕੀ ਫਿਰ

ਗ਼ਜ਼ਲਕਾਰ : ਗੁਰਦੀਪ
ਪ੍ਰਕਾਸ਼ਕ-ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 99
ਸੰਪਰਕ : 081264-90298.


ਗੁਰਦੀਪ ਪੁਰਾਣਾ ਗ਼ਜ਼ਲਕਾਰ ਹੈ ਤੇ ਪੰਜਾਬੀ ਗ਼ਜ਼ਲ ਦਾ ਮਾਣ ਹੈ। 'ਬਾਕੀ ਫਿਰ' ਤੋਂ ਪਹਿਲਾਂ ਉਸ ਦੀਆਂ 14 ਹੋਰ ਪੁਸਤਕਾਂ ਛਪ ਚੁੱਕੀਆਂ ਹਨ। ਗੁਰਦੀਪ ਸ਼ਿਅਰਾਂ ਵਿਚ ਆਪਣੀ ਗੱਲ ਸੁਭਾਵਿਕਤਾ ਨਾਲ ਤੇ ਅਛੋਪਲੇ ਜਿਹੇ ਕਹਿ ਦਿੰਦਾ ਹੈ। ਦੇਸ਼ ਦੀ ਰਾਜਨੀਤਕ ਸਥਿਤੀ ਬਾਰੇ ਸ਼ਿਅਰ ਕਹਿਣ ਵਿਚ ਉਸ ਨੂੰ ਮੁਹਾਰਤ ਹਾਸਲ ਹੈ। ਪੁਸਤਕ ਦੇ ਮੁੱਖ ਬੰਦ ਵਿਚ ਗੁਰਦੀਪ ਨੇ ਆਪਣੀ ਸ਼ਾਇਰੀ ਬਾਰੇ ਬਹੁਤ ਸੰਖੇਪ ਤੇ ਖ਼ੂਬਸੂਰਤ ਜਾਣਕਾਰੀ ਦਿੱਤੀ ਹੈ। 'ਬਾਕੀ ਫਿਰ' ਦੀ ਪਹਿਲੀ ਗ਼ਜ਼ਲ ਛੋਟੀ ਬਹਿਰ ਦੀ ਹੈ ਤੇ ਉਸ ਦੇ ਸ਼ਿਅਰਾਂ ਦੀ ਵੰਨ-ਸੁਵੰਨਤਾ ਮਾਣਨ ਵਾਲੀ ਹੈ। ਦੂਸਰੀ ਤੇ ਤੀਸਰੀ ਗ਼ਜ਼ਲ ਵਿਚ ਵੀ ਗੁਰਦੀਪ ਦੀ ਗ਼ਜ਼ਲਕਾਰੀ ਖਿੜੀ ਖਿੜੀ ਨਜ਼ਰ ਆਉਂਦੀ ਹੈ। 'ਪੱਤਾ ਪੱਤਾ ਗੁਲਸ਼ਨਾਂ ਦਾ ਫੋਲਦੀ, ਇਹ ਹਵਾ ਫਿਰਦੀ ਹੈ ਕਿਸ ਨੂੰ ਟੋਲਦੀ,' ਵਰਗੇ ਇਸ ਗ਼ਜ਼ਲ ਸੰਗ੍ਰਹਿ ਵਿਚ ਅਨੇਕਾਂ ਸ਼ਿਅਰ ਹਨ, ਜਿਨ੍ਹਾਂ ਵਿਚ ਗ਼ਜ਼ਲਕਾਰ ਦਾ ਹੁਨਰ ਬੋਲਦਾ ਹੈ। ਗੁਰਦੀਪ ਕੁਦਰਤ ਨੂੰ ਮਾਣਨ ਵਾਲਾ ਗ਼ਜ਼ਲਕਾਰ ਹੈ ਤੇ ਆਪਣੇ ਲਾਗਿਓਂ ਹੀ ਸ਼ਿਅਰਾਂ ਦੀਆਂ ਤਿਤਲੀਆਂ ਫੜ ਲੈਂਦਾ ਹੈ। ਇਸ ਪੁਸਤਕ ਵਿਚ ਕੁਦਰਤ ਦੀਆਂ ਕ੍ਰਿਤਾਂ ਦਾ ਭਰਪੂਰ ਜ਼ਿਕਰ ਹੋਇਆ ਮਿਲਦਾ ਹੈ। ਉਹ ਮੌਜੂਦਾ ਹਾਲਾਤ ਨੂੰ ਆਪਣੇ ਸ਼ਿਅਰਾਂ ਵਿਚ ਢਾਲਦਾ ਹੋਇਆ ਨਿਰਾਸ਼ ਨਹੀਂ ਹੁੰਦਾ ਤੇ ਨਾ ਹੀ ਪਾਠਕ ਨੂੰ ਉਦਾਸ ਕਰਦਾ ਹੈ। ਸ਼ਾਇਰ ਨੇ ਆਪਣੇ ਸਮਾਜ ਦੀ ਅਗਵਾਈ ਕਰਨੀ ਹੁੰਦੀ ਹੈ ਤੇ ਦਿਸ਼ਾ ਪ੍ਰਦਾਨ ਕਰਨੀ ਹੁੰਦੀ ਹੈ ਤੇ ਇਸ ਸੰਦਰਭ ਵਿਚ ਗੁਰਦੀਪ ਕੁਤਾਹੀ ਨਾ ਕਰਦਾ ਹੋਇਆ ਪਾਠਕ ਨੂੰ ਪ੍ਰਸਥਿਤੀਆਂ ਨਾਲ ਜੂਝਣ ਦੀ ਪ੍ਰੇਰਨਾ ਦਿੰਦਾ ਹੈ। ਅੱਜਕਲ੍ਹ ਗ਼ਜ਼ਲ ਦੇ ਅਨੁਸ਼ਾਸਨ ਨੂੰ ਤੋੜ ਕੇ ਆਪਣੇ ਆਪ ਨੂੰ ਵੱਡਾ ਗ਼ਜ਼ਲਕਾਰ ਸਾਬਤ ਕਰਨਾ ਇਕ ਫੈਸ਼ਨ ਬਣ ਗਿਆ ਹੈ। ਮੈਨੂੰ ਇਸ ਦੀ ਵੀ ਪ੍ਰਸੰਨਤਾ ਹੈ ਕਿ 'ਬਾਕੀ ਫਿਰ' ਦਾ ਗ਼ਜ਼ਲਕਾਰ ਇਸ ਅਨੁਸ਼ਾਸਨ ਦਾ ਅਨੁਆਈ ਹੈ। ਇਮਾਨਦਾਰੀ ਇਸ ਵਿਚ ਹੀ ਹੈ ਕਿ ਸਾਹਿਤਕਾਰ ਜਿਹੜੀ ਸਿਨਫ ਅਪਣਾਉਂਦਾ ਹੈ ਉਸ ਦੇ ਜ਼ਰੂਰੀ ਤੱਤਾਂ ਦਾ ਖ਼ਿਆਲ ਰੱਖੇ। 'ਬਾਕੀ ਫਿਰ' ਪੜ੍ਹਨ ਵਾਲਾ ਗ਼ਜ਼ਲ ਸੰਗ੍ਰਹਿ ਹੈ ਤੇ ਇਸ ਵਿਚ ਨਵੇਂ ਗ਼ਜ਼ਲਕਾਰਾਂ ਲਈ ਸਿੱਖਣ ਲਈ ਬਹੁਤ ਕੁਝ ਹੈ ਤੇ ਪੁਰਾਣਿਆਂ ਲਈ ਵੀ ਇਹ ਓਨਾ ਹੀ ਮਹੱਤਵਪੂਰਨ ਹੈ।


-ਗੁਰਦਿਆਲ ਰੌਸ਼ਨ
ਮੋ: 99884-44002ਪੰਜਾਬੀ ਨਾਵਲ
ਵਿਰਾਸਤ ਤੇ ਵਰਤਮਾਨ

ਲੇਖਕ : ਰਜਨੀਸ਼ ਬਹਾਦਰ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 208
ਸੰਪਰਕ : 98148-60778.


ਇਸ ਪੁਸਤਕ ਦਾ ਲੇਖਕ ਪੰਜਾਬੀ ਗਲਪ ਆਲੋਚਨਾ ਦਾ ਜਾਣਿਆ-ਪਛਾਣਿਆ ਹਸਤਾਖ਼ਰ ਹੈ ਜੋ ਆਪਣੇ ਪੂਰਵ-ਵਰਤੀ ਆਲੋਚਕਾਂ-ਡਾ: ਜੋਗਿੰਦਰ ਰਾਹੀ, ਡਾ: ਵਿਨੋਦ, ਡਾ: ਹਰਿਭਜਨ ਸਿੰਘ, ਡਾ: ਸੁਖਦੇਵ ਖਾਹਰਾ ਅਤੇ ਡਾ: ਪਰਮਜੀਤ ਕੌਰ ਸਿੱਧੂ ਆਦਿ ਦੇ ਇਸ ਖੇਤਰ ਵਿਚ ਪਾਏ ਯੋਗਦਾਨ ਤੋਂ ਪ੍ਰਭਾਵਿਤ ਹੈ। ਉਹ ਬਿਰਤਾਂਤਕ ਜੜ੍ਹਾਂ ਨੂੰ ਵੇਦਾਂ-ਪੁਰਾਣਾਂ ਤੋਂ ਲੈ ਕੇ ਪੰਜਾਬੀ ਦੀਆਂ ਵਿਭਿੰਨ ਵਿਧਾਵਾਂ ਵਿਚੋਂ ਫਰੋਲਦਾ ਤਾਂ ਹੈ, ਫਿਰ ਵੀ ਆਧੁਨਿਕ ਪੰਜਾਬੀ ਨਾਵਲ ਦੀ ਵਿਉਤਪਤੀ ਅੰਗਰੇਜ਼ ਬਸਤੀਵਾਦੀਆਂ ਦੀ ਧਰਮ ਪ੍ਰਚਾਰ ਦੀ ਰੁਚੀ ਕਾਰਨ ਹੋਂਦ ਵਿਚ ਆਈਆਂ ਗਲਪੀ-ਰਚਨਾਵਾਂ ਨੂੰ ਸਵੀਕਾਰਦਾ ਹੈ। ਇਸ ਪੁਸਤਕ ਵਿਚ ਜਿਨ੍ਹਾਂ ਰਚਨਾਵਾਂ ਨੂੰ ਅਧਿਐਨ ਵਸਤੂ ਵਜੋਂ ਗ੍ਰਹਿਣ ਕੀਤਾ ਗਿਆ ਹੈ, ਉਨ੍ਹਾਂ ਵਿਚ 7 ਨਾਵਲ (ਸੁੰਦਰੀ-ਭਾਈ ਵੀਰ ਸਿੰਘ, ਚਿੱਟਾ ਲਹੂ-ਨਾਨਕ ਸਿੰਘ, ਰਾਤ ਬਾਕੀ ਹੈ-ਜਸਵੰਤ ਕੰਵਲ, ਮੜ੍ਹੀ ਦਾ ਦੀਵਾ-ਗੁਰਦਿਆਲ ਸਿੰਘ, ਕੰਜਕਾਂ-ਬਲਬੀਰ ਪਰਵਾਨਾ) ਸ਼ਾਮਿਲ ਹਨ। ਆਖਰੀ ਕਾਂਡ ਵਿਚ ਪੰਜਾਬੀ ਨਾਵਲ ਦੀ ਸਥਿਤੀ, ਸੀਮਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਸੀਮਾਵਾਂ ਨਿਰਧਾਰਤ ਕਰਦਿਆਂ ਬੜੇ ਮਾਅਨੀਖੇਜ਼ ਨੁਕਤੇ ਉਠਾਏ ਹਨ। ਮਸਲਨ : ਪੰਜਾਬੀ ਨਾਵਲ ਪੌੜੀਦਾਰ ਰੁਖ ਵਿਚ ਅੱਗੇ ਵਧਦਾ ਹੈ ਪਰ ਦੁਮੇਲ ਮੁਖੀ ਫੈਲਣ ਤੋਂ ਗੁਰੇਜ਼ ਕਰਦਾ ਹੈ, ਕਿਸੇ ਕਾਲ-ਖੰਡ, ਵਿਸ਼ੇਸ਼ ਸਥਾਨ ਦੇ ਫੈਲਾਅ-ਮੁਖੀ ਚਿਤਰਨ ਤੋਂ ਦੂਰ ਹੈ, ਤੱਥਾਂ ਦੀ ਗ਼ਲਤ-ਬਿਆਨੀ ਦੀ ਗੰਭੀਰ ਸਮੱਸਿਆ ਹੈ। ਪਾਤਰਾਂ ਦੀ ਖ਼ੁਦਮੁਖ਼ਤਿਆਰੀ ਖੜੋਤ ਵਿਚ ਹੈ ਆਦਿ।
ਲੇਖਕ 'ਸੁੰਦਰੀ' ਨੂੰ ਧਾਰਮਿਕ ਰੱਖਿਆਤਮਕ ਪੈਂਤੜਾ ਅਖ਼ਤਿਆਰ ਕਰਦੀ ਅਤੇ ਪੰਜਾਬੀ ਨਾਵਲ ਦੀ ਪਹਿਲੀ ਪੈੜ ਸਵੀਕਾਰਦਾ ਹੈ। ਇਸ ਤੋਂ ਬਾਅਦ ਹੀ ਪੰਜਾਬੀ ਨਾਵਲ ਨਵੇਂ ਪ੍ਰਤੀਮਾਨ ਸਿਰਜਣ ਦੀ ਰਾਹੇ ਪੈਂਦਾ ਹੈ। 'ਚਿੱਟਾ ਲਹੂ' ਦਾ ਨਾਵਲਕਾਰ ਧਾਰਮਿਕ ਲਛਮਣ-ਰੇਖਾ ਉਲੰਘ ਕੇ ਸਮਾਜ ਸੁਧਾਰ ਵੱਲ ਪਲਾਂਘ ਪੁੱਟਦਾ ਹੈ ਪਰ ਦ੍ਰਿਸ਼ਟੀਗਤ ਪਾਸਾਰ ਉਸ ਦੀ ਸੀਮਾ ਬਣੇ ਰਹੇ। ਜਸਵੰਤ ਕੰਵਲ ਦਾ ਨਾਵਲ ਖੱਬੇ-ਪੱਖੀ ਸਿਧਾਂਤਕ ਆਧਾਰ ਨਾਲ ਜੁੜਿਆ ਹੋਇਆ ਹੈ। ਉਸ ਪਾਸ ਕਿੱਸਾ-ਕਾਵਿ, ਬੀਰ-ਕਾਵਿ, ਕਿਰਸਾਨੀ ਸਾਂਸਕ੍ਰਿਤਕ ਅਵਚੇਤਨ ਸੀ। ਗੁਰਦਿਆਲ ਸਿੰਘ ਪ੍ਰਕ੍ਰਿਤਕ ਅਤੇ ਸਮਾਜਿਕ ਵਰਤਾਰਿਆਂ ਨੂੰ ਪਕੜ ਕੇ ਸੰਗ੍ਰਹਿਤ ਰੂਪ ਵਿਚ ਪੇਸ਼ ਕਰਨ ਦੇ ਸਮਰੱਥ ਸੀ। ਸਵਰਨ ਚੰਦਨ 'ਕੰਜਕਾਂ' ਦੇ ਗਾਲਪਨਿਕ ਬਿੰਬ ਨੂੰ ਸਮੁੱਚੇ ਪਰਵਾਸੀ ਜੀਵਨ ਦੇ ਮੁੱਲਾਂ ਨਾਲ ਜੋੜਦਾ ਹੈ। ਇਹ ਨਾਵਲ ਸਮੁੱਚੇ ਪਰਵਾਸੀ ਨਾਵਲ ਦੀ ਪ੍ਰਤੀਮਾਨਕ ਟੈਕਸਟ ਹੋ ਨਿੱਬੜਿਆ ਹੈ। ਮਨਮੋਹਨ ਬਾਵਾ ਦੀ ਗਲਪ-ਦ੍ਰਿਸ਼ਟੀ ਦੀ ਵਿਲੱਖਣਤਾ ਪੂਰਵ-ਵਰਤੀ ਹਠੀ ਧਾਰਨਾਵਾਂ ਤੋਂ ਗਲਪਕਾਰੀ ਨੂੰ ਮੁਕਤ ਕਰਨ ਵਿਚ ਨਿਹਿਤ ਹੈ। ਬਲਬੀਰ ਪਰਵਾਨਾ ਦੇ ਸਾਰੇ ਪਾਤਰ ਆਦਰਸ਼ ਦੀ ਜਕੜ ਤੋਂ ਪਾਰ ਜਾ ਕੇ ਆਪੋ-ਆਪਣੀ ਸਪੇਸ ਵਿਚ ਵਿਚਰਦੇ ਹਨ। ਵਿਦਵਾਨ ਆਲੋਚਕ ਨੇ ਪੰਜਾਬੀ ਨਾਵਲ ਦੇ ਆਧੁਨਿਕ ਪਰਿਪੇਖ ਦੀ ਝਾਤ ਪੁਆ ਦਿੱਤੀ ਹੈ। ਵਿਚਾਰ ਅਧੀਨ ਨਾਵਲ ਜਿਸ ਫੈਕਟੀਸਿਟੀ 'ਚੋਂ ਹੋਂਦ ਗ੍ਰਹਿਣ ਕਰਦੇ ਹਨ, ਉਸ ਦਾ ਉਲੇਖ ਇਸ ਅਧਿਐਨ ਦੀ ਵਿਸ਼ੇਸ਼ ਪ੍ਰਾਪਤੀ ਹੈ।


-ਡਾ: ਧਰਮ ਚੰਦ ਵਾਤਿਸ਼
ਮੋ: 88376-79186.ਸਫਲ ਪਾਂਧੀ

ਲੇਖਕ : ਨਗੀਨਾ ਸਿੰਘ ਬਲੱਗਣ
ਪ੍ਰਕਾਸ਼ਕ : ਅਲਖ ਪ੍ਰਕਾਸ਼ਨ ਮੱਲ੍ਹੀਆਂ ਖੁਰਦ (ਨਕੋਦਰ)
ਮੁੱਲ : 100 ਰੁਪਏ, ਸਫ਼ੇ : 103
ਸੰਪਰਕ : 62834-69799.


ਨਗੀਨਾ ਸਿੰਘ ਬਲੱਗਣ ਦੀ ਕਾਵਿ ਪੁਸਤਕ ਸਫਲ ਪਾਂਧੀ ਸਿੱਖ ਇਤਿਹਾਸ ਦੇ ਮਹਾਂਪੁਰਸ਼ਾਂ ਬਾਰੇ ਲਿਖੀ ਕਾਵਿ ਪੁਸਤਕ ਹੈ। ਕਵੀ ਨੇ ਇਸ ਪਲੇਠੇ ਕਾਵਿ ਸੰਗ੍ਰਹਿ ਵਿਚ ਸ਼ਰਧਾ ਅਤੇ ਸਤਿਕਾਰ ਸਹਿਤ ਮਹਾਨ ਹਸਤੀਆਂ ਸ੍ਰੀ ਗੁਰੂ ਨਾਨਕ ਦੇਵ, ਭਾਈ ਲਾਲੋ, ਭਾਈ ਤਾਰੂ, ਬਾਬਾ ਦੀਪ ਸਿੰਘ, ਭਾਈ ਕੱਠੂ, ਮੋਤੀ ਰਾਮ ਮਹਿਰਾ, ਸ੍ਰੀ ਗੁਰੂ ਤੇਗ ਬਹਾਦਰ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਸਿਧਾਂਤਾਂ ਨੂੰ ਬੜੀ ਸਰਲ ਅਤੇ ਕਾਵਿਮਈ ਭਾਸ਼ਾ ਰਾਹੀਂ ਪਾਠਕਾਂ ਸਾਹਮਣੇ ਪੇਸ਼ ਕੀਤਾ ਹੈ।
ਕਵੀ ਨੇ ਆਪਣੀਆਂ ਸਭ ਲਿਖਤਾਂ ਰਾਹੀਂ ਚੰਗੇ ਸਮਾਜ ਦੀ ਸਿਰਜਣਾ ਵਿਚ ਆਦਰਸ਼ਕ ਅਤੇ ਪ੍ਰੇਰਨਾਦਾਇਕ ਸ਼ਖ਼ਸੀਅਤਾਂ ਨੂੰ ਇਕ ਮਾਰਗ ਦਰਸ਼ਕ ਮੰਨਿਆ ਹੈ। ਉਨ੍ਹਾਂ ਦੀਆਂ ਕਵਿਤਾਵਾਂ ਤੜਪ ਮੁੰਡੇ ਦੀ, ਯਾਰ ਗਰੀਬੜਾ ਲਾਲੋ, ਮਰਦਾਨਿਆ ਕਿਉਂ ਮਰ ਗਿਉਂ, ਆਈ ਨਾ ਬਾਬਾ ਨਾਨਕ, ਬਾਬੇ ਨਾਨਕ ਦਾ ਵਿਹੜਾ, ਹਿੰਦ ਦੀ ਚਾਦਰ, ਛੇ ਸਦੀਆਂ ਪਹਿਲਾਂ ਨਾਨਕ, ਬਾਬੇ ਨਾਨਕ ਦੀ ਚਹੁੰ ਕੂੰਟਾਂ ਦੀ ਫੇਰੀ, ਸਰਬੱਤ ਦਾ ਭਲਾ, ਮਿੱਠ ਬੋਲੜਾ ਸੱਜਣ ਪੰਚਮ ਪਾਤਸ਼ਾਹ ਵਿਸ਼ੇਸ਼ ਧਿਆਨ ਮੰਗਦੀਆਂ ਹਨ।
ਮੁਹੱਬਤ ਦੇ ਸਫ਼ਰ ਦਾ ਸਫਲ ਪਾਂਧੀ-ਭਾਈ ਮਰਦਾਨਾ
ਸੂਰਮਾ ਮਰਦਾਨਾ ਸੋਈ ਮਰਦ-ਮਰਦ-ਮਰਦਾਨਾ
ਅਕਾਲ ਪੁਰਖ ਦੇਂਦਾ ਮਾਣ ਪੁਰਖਾਂ ਨੂੰ ਕਵਿਤਾ ਰਾਹੀਂ ਕਵੀ ਨੇ ਬਾਬਾ ਸ਼ੇਖ ਫ਼ਰੀਦ ਜੀ ਦੇ ਜੀਵਨ ਅਤੇ ਦਰਸ਼ਨ ਨੂੰ ਪਾਠਕਾਂ ਸਾਹਮਣੇ ਬੜੇ ਕਥਾਮਈ ਅਤੇ ਕਾਵਿਕ ਢੰਗ ਨਾਲ ਪੇਸ਼ ਕੀਤਾ ਹੈ। ਭਾਈ ਲਾਲੋ ਦੀ ਕਥਾ ਰਾਹੀਂ ਆਪਣੀ ਕਿਰਤ ਕਮਾਈ ਦੀ ਤਾਕਤ ਦਾ ਪੁਨਰ ਸਿਰਜਣ ਕਾਵਿਕ ਢੰਗ ਨਾਲ ਕੀਤਾ ਹੈ।
ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਬਾਰੇ, ਖ਼ਾਲਸਾ ਪੰਥ ਦੀ ਸਾਜਨਾ ਬਾਰੇ ਲਿਖੀਆਂ ਕਵਿਤਾਵਾਂ ਸਲਾਹੁਣਯੋਗ ਹਨ। ਵਰਤਮਾਨ ਸਮਾਜ ਦੀ ਮੰਡੀਵਾਦੀ ਸੋਚ ਅਤੇ ਰਿਸ਼ਤਿਆਂ ਵਿਚ ਵਧ ਰਹੀ ਦੂਰੀ ਤੋਂ ਕਵੀ ਨਿਰਾਸ਼ ਵੀ ਪ੍ਰਤੀਤ ਹੁੰਦਾ ਹੈ। ਕਲਯੁਗੀ ਹੋਲੀ ਕਵਿਤਾ ਵਿਚ ਇਹ ਭਾਵ ਵੇਖਿਆ ਜਾ ਸਕਦਾ ਹੈ। ਤੱਕ ਨਾਨਕੀ ਨੂੰ ਕਵਿਤਾ ਇਕ ਨਾਰੀ ਮਨ ਦੇ ਵਲਵਲੇ ਅਤੇ ਭਾਵ ਨੂੰ ਮਾਤਾ ਤ੍ਰਿਪਤਾ ਦੀ ਮਨੋਸੰਵੇਦਨਾ ਰਾਹੀਂ ਪ੍ਰਗਟਾਇਆ ਗਿਆ ਹੈ।
ਅੰਤ ਵਿਚ ਕਵੀ ਸਰਬੱਤ ਦਾ ਭਲਾ ਮੰਗਣ ਲਈ ਸਭ ਨੂੰ ਪ੍ਰੇਰਿਤ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿਖਿਆਵਾਂ ਨੂੰ ਮੰਨਣ ਤੇ ਉਨ੍ਹਾਂ 'ਤੇ ਚੱਲਣ ਲਈ ਉਤਸ਼ਾਹਿਤ ਕਰਦਾ ਹੈ :
ਭਲਾ ਮੰਗੋ ਓ ਦੁਨੀਆ ਵਾਲਿਓ ਇਹਦੇ ਵਰਗਾ ਕੰਮ ਨਹੀਂ ਭਲਾ
ਪੜ੍ਹੀਏ ਬਾਣੀ ਗੁਰੂ ਗ੍ਰੰਥ ਦੀ, ਅਰਦਾਸ ਕਰੇ ਤੇਰਾ ਸਿੱਖ ਖਲਾ।
ਇਸ ਪ੍ਰਕਾਰ ਇਹ ਕਾਵਿ ਪੁਸਤਕ ਨਵੀਂ ਪੀੜ੍ਹੀ ਨੂੰ ਸਿੱਖ ਧਰਮ ਦੇ ਇਤਿਹਾਸ ਅਤੇ ਮਹਾਨ ਕੁਰਬਾਨੀਆਂ ਤੋਂ ਜਾਣੂ ਕਰਵਾਉਂਦੀ ਨਵੀਂ ਪੀੜ੍ਹੀ ਦਾ ਮਾਰਗ ਦਰਸ਼ਨ ਵੀ ਕਰਦੀ ਹੈ।


-ਪ੍ਰੋ: ਕੁਲਜੀਤ ਕੌਰ ਅਠਵਾਲ।ਬਿਸਕੁਟੀ ਕੁੱਤੀ ਤੇ ਪੰਜਵਾਂ ਕਤੂਰਾ ਅਤੇ ਹੋਰ ਕਹਾਣੀਆਂ
ਲੇਖਕ : ਜਸਬੀਰ ਭੁੱਲਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ।
ਮੁੱਲ : 150 ਰੁਪਏ, ਸਫ਼ੇ : 92
ਸੰਪਰਕ : 0172-5027427.


'ਬਿਸਕੁਟੀ ਕੁੱਤੀ ਤੇ ਪੰਜਵਾਂ ਕਤੂਰਾ ਅਤੇ ਹੋਰ ਕਹਾਣੀਆਂ' ਸਾਹਿਤ ਅਕਾਦਮੀ ਸਨਮਾਨਿਤ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਜਸਬੀਰ ਭੁੱਲਰ ਦੀਆਂ 15 ਬਾਲ ਕਹਾਣੀਆਂ ਦੀ ਰੌਚਿਕ ਪੁਸਤਕ ਹੈ। ਪਹਿਲੀ ਬਾਲ ਕਹਾਣੀ 'ਕਾਲੇ ਛਿੱਟੇ' 'ਚ ਬੱਚਿਆਂ ਨੂੰ ਵਹਿਮਾਂ-ਭਰਮਾਂ 'ਚੋਂ ਨਿਕਲਣ ਦੀ ਨਸੀਹਤ ਦਿੱਤੀ ਗਈ ਹੈ। 'ਊਤਿਆ ਹੋਇਆ ਆਵਾ' ਕਹਾਣੀ 'ਚ ਹਰ ਕੰਮ ਨੂੰ ਸੋਚ ਵਿਚਾਰ ਨਾਲ ਕਰਨ ਦੀ ਸਲਾਹ ਦਿੱਤੀ ਗਈ ਹੈ। 'ਟੁੱਟੇ ਹੋਏ ਘੜੇ' ਕਹਾਣੀ 'ਚ ਸ਼ਹੀਦੇ-ਆਜ਼ਮ ਸ: ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨਾਲ ਸਬੰਧਿਤ ਇਕ ਭਾਵਪੂਰਤ ਘਟਨਾ ਰਾਹੀਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ਾਂ ਦਾ ਰਾਹ ਅਪਣਾਉਣ ਦੀ ਪ੍ਰੇਰਨਾ ਹੈ। 'ਪਾਗਲ ਸਮੁੰਦਰ' ਕਹਾਣੀ 'ਚ ਸੁਨਾਮੀ ਲਹਿਰਾਂ ਦੀ ਭਿਆਨਕਤਾ ਅਤੇ ਇਸ ਦੇ ਬਚਾਅ ਲਈ ਢੁੱਕਵੇਂ ਉਪਾਅ ਵੀ ਦੱਸੇ ਗਏ ਹਨ। 'ਜਿਊਣਾ ਜੰਗਲੀ ਗੁਲਾਬ ਦਾ' ਕਹਾਣੀ 'ਚ ਸਿਆਚਿਨ ਗਲੇਸ਼ੀਅਰ ਇਲਾਕੇ ਦੀ ਬਰਫ਼ੀਲੀ ਦੁਨੀਆ ਬਾਰੇ ਦਿਲਚਸਪ ਜਾਣਕਾਰੀ ਅਤੇ ਦੇਸ਼ ਦੇ ਰਾਖੇ ਸੈਨਿਕਾਂ ਦੇ ਸੰਘਰਸ਼ ਨੂੰ ਸਿਜਦਾ ਕੀਤਾ ਗਿਆ ਹੈ। 'ਇਕ ਮਹਾਨ ਮਨੁੱਖ ਨਾਲ ਗੱਲਾਂ 'ਚ' ਭਾਰਤ ਦੇ 11ਵੇਂ ਰਾਸ਼ਟਰਪਤੀ ਡਾ: ਏ.ਪੀ.ਜੀ. ਅਬਦੁਲ ਕਲਾਮ ਦੇ ਮੁੱਲਵਾਨ ਵਿਚਾਰਾਂ ਅਤੇ ਵਿਦਿਆਰਥੀਆਂ ਵਲੋਂ ਪੁੱਛੇ ਸਵਾਲਾਂ ਦੇ ਬੜੇ ਹੀ ਭਾਵਪੂਰਤ ਜਵਾਬ ਹਨ ਜੋ ਕਿ ਬਹਤ ਹੀ ਪ੍ਰੇਰਨਾਦਾਇਕ ਹਨ। 'ਛੁਕ-ਛੁਕ ਰੇਲ' ਲੰਬੀ ਬਾਲ ਕਹਾਣੀ ਹੈ, ਜਿਸ 'ਚ ਲੇਖਕ ਨੇ ਰੇਲ ਗੱਡੀ ਦੇ ਸਮੁੱਚੇ ਇਤਿਹਾਸ ਬਾਰੇ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ ਹੈ। 'ਬਿਸਕੁਟੀ ਕੁੱਤੀ ਤੇ ਪੰਜਵਾਂ ਕਤੂਰਾ' ਬਾਲ ਕਹਾਣੀ 'ਚ ਮਾਂ ਦੀ ਮਮਤਾ ਦੀ ਝਲਕ ਹੈ ਜੋ ਕਿ ਬਾਲ ਮਨਾਂ ਨੂੰ ਖੂਬ ਟੁੰਬਣ ਦੇ ਸਮਰੱਥ ਹੈ। ਇਸ ਬਾਲ ਪੁਸਤਕ ਦੀਆਂ ਹੋਰ ਬਾਲ ਕਹਾਣੀਆਂ 'ਚ 'ਬੱਗੀ ਗਊ ਦਾ ਨਿਆਂ', 'ਕੀਮਤੀ ਮੋਤੀ', 'ਭੂਤ-ਪ੍ਰੇਤਾਂ ਦਾ ਘਰ', 'ਨਿੱਕੀ ਦੀ ਵੱਡੀ ਗੱਲ', 'ਆਵਾਜ਼ਾਂ ਦੀ ਖੇਡ', 'ਕਮਰੇ ਦਾ ਭੂਤ', 'ਇਕ ਸੀ ਸਾਈਕਲ' ਆਦਿ ਬਾਲ ਕਹਾਣੀਆਂ ਵੀ ਬੇਹੱਦ ਸਿੱਖਿਆਦਾਇਕ ਹਨ। ਸਮੁੱਚੀ ਪੁਸਤਕ ਦੀਆਂ ਬਾਲ ਕਹਾਣੀਆਂ ਸਰਲ ਭਾਸ਼ਾ 'ਚ ਹੋਣ ਕਰਕੇ ਬਾਲ ਮਨਾਂ ਦੇ ਹਾਣ ਦੀਆਂ ਹੋ ਨਿੱਬੜਦੀਆਂ ਹਨ ਅਤੇ ਕੋਈ ਨਾ ਕੋਈ ਜ਼ਰੂਰੀ ਸੰਦੇਸ਼ ਅਤੇ ਸਿੱਖਿਆ ਵੀ ਦਿੰਦੀਆਂ ਹਨ। ਬਾਲ ਸਾਹਿਤ 'ਚ ਅਜਿਹੀ ਖ਼ੂਬਸੂਰਤ ਬਾਲ ਕਹਾਣੀਆਂ ਦੀ ਪੁਸਤਕ ਨੂੰ ਖੁਸ਼ਆਮਦੀਦ ਕਹਿਣਾ ਬਣਦਾ ਹੈ।


-ਮਨਜੀਤ ਸਿੰਘ ਘੜੈਲੀ
ਮੋ: 98153-91625ਤੜਪ
ਲੇਖਕ : ਡਾ: ਜਰਨੈਲ ਸਿੰਘ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਸਫ਼ੇ : 176, ਮੁੱਲ : 220 ਰੁਪਏ
ਸੰਪਰਕ : 97797-52798.


ਨਾਵਲਕਾਰ ਡਾ: ਜਰਨੈਲ ਸਿੰਘ ਦਾ ਪੰਜ ਸਾਲ ਪਹਿਲਾਂ ਨਾਵਲ 'ਮਖ਼ੌਟਾ' ਛਪਿਆ ਸੀ। ਉਪਰੰਤ ਦੂਜਾ ਨਾਵਲ 'ਤੜਪ' ਬੜੇ ਢੁੱਕਵੇਂ ਸਿਰਲੇਖ ਵਾਲਾ ਅਤੇ ਗੰਭੀਰ ਵਿਸ਼ੇ 'ਤੇ ਆਧਾਰਿਤ ਛਪਿਆ ਹੈ। ਨਾਵਲ ਵਿਚਲੀ ਕਹਾਣੀ ਮਾਲਵੇ ਦੇ ਇਕ ਪਿੰਡ ਦੇ ਛੋਟੇ ਕਿਸਾਨ ਪਰਿਵਾਰ ਦੀ ਹੈ। ਲੇਖਕ ਨੇ 23 ਕਾਂਡ ਵਾਲੇ ਇਸ ਨਾਵਲ 'ਚ ਛੋਟੀ ਅਤੇ ਦਰਮਿਆਨੀ ਕਿਸਾਨੀ ਵਰਗ ਦੀਆਂ ਦਰਪੇਸ਼ ਸਮੱਸਿਆਵਾਂ ਨੂੰ ਬੜਾ ਨੇੜੇ ਤੋਂ ਵੇਖ ਕੇ ਇਸ ਦਾ ਬਾਖ਼ੂਬੀ ਚਿਤਰਨ ਕੀਤਾ ਹੈ। ਨਾਵਲ ਵਿਚਲੀਆਂ ਸਾਰੀਆਂ ਕਹਾਣੀਆਂ ਇਕ ਦੂਜੀ ਨਾਲ ਟਿੱਚ ਬਟਨਾਂ ਵਾਂਗ ਜੁੜਦੀਆਂ ਹਨ ਅਤੇ ਕਈ ਥਾਈਂ ਮੌਕਾਮੇਲ ਬੜਾ ਢੁੱਕਵਾਂ ਕਰਾਇਆ ਹੈ। ਨਾਵਲ ਵਿਚਲੀ ਇਸਤਰੀ ਪਾਤਰ ਬਲਵੀਰ ਨਸ਼ਾ ਪੀੜਤ ਪਤੀ ਤੋਂ ਦੁਖੀ ਹੋ ਕੇ ਆਪਣੇ ਬੱਚਿਆਂ ਸਮੇਤ ਮਾਪਿਆਂ ਦੇ ਘਰੇ ਬੈਠੀ ਹੈ। ਉਧਰ ਹਰਨਾਮਾ ਨਸ਼ੇ ਦੀ ਲਤ ਕਾਰਨ ਛੜਾ ਰਹਿ ਗਿਆ ਅਤੇ ਸਮਾਜਿਕ ਜੀਵਨ 'ਚ ਕਈ ਸਮੱਸਿਆਵਾਂ ਨਾਲ ਜੂਝਦਾ ਹੈ। ਉਹ ਨਸ਼ੇ ਛੱਡਣ ਦਾ ਪ੍ਰਣ ਕਰਕੇ ਬਲਵੀਰ ਨਾਲ ਖ਼ੁਸ਼ਹਾਲ ਜੀਵਨ ਬਤੀਤ ਕਰਦਾ ਹੈ। ਲੇਖਕ ਨਸ਼ੇ ਵਾਲੇ ਪਰਿਵਾਰਾਂ ਦੀ ਮੰਦਹਾਲੀ ਦੀ ਨਿਸ਼ਾਨਦੇਹੀ ਵੀ ਕਰਦਾ ਹੈ। ਨਾਵਲ ਦਾ ਮੁੱਖ ਪਾਤਰ ਗੁਰਦਿਆਲ ਦਾ ਨੌਜਵਾਨ ਪੁੱਤਰ ਕੈਲੂ ਨਸ਼ੇ ਦੀ ਲਤ ਕਾਰਨ ਇਕ ਦਿਨ ਪ੍ਰੇਸ਼ਾਨੀ ਦੇ ਆਲਮ 'ਚ ਖ਼ੁਦਕੁਸ਼ੀ ਕਰ ਲੈਂਦਾ ਹੈ। ਨਾਵਲ ਵਿਚਲੇ ਪਾਤਰਾਂ ਦੇ ਸੁਭਾਅ, ਵਾਰਤਾਲਾਪ, ਬੋਲੀ ਅਤੇ ਦ੍ਰਿਸ਼ ਚਿਤਰਨ ਬੜੇ ਕਮਾਲ ਦਾ ਹੈ। ਪਾਠਕ ਜਿਉਂ-ਜਿਉਂ ਨਾਵਲ ਪੜ੍ਹਦਾ ਜਾਂਦਾ ਹੈ, ਉਸ ਅੱਗੇ ਉਹੋ ਜਿਹੇ ਦ੍ਰਿਸ਼ ਬਣਦੇ ਜਾਂਦੇ ਹਨ। ਕਿਤੇ-ਕਿਤੇ ਭਾਸ਼ਾਈ ਗ਼ਲਤੀਆਂ ਦੀ ਘਾਟ ਰੜਕਦੀ ਹੈ। ਲੇਖਕ ਦਾ ਦ੍ਰਿਸ਼ਟੀਕੋਣ ਵਿਸ਼ਾਲ ਹੈ। ਉਹ ਦੱਸਦਾ ਹੈ ਕਿ ਲਾਗਤ ਖ਼ਰਚਿਆਂ ਦੇ ਹਿਸਾਬ ਨਾਲ ਕਿਸਾਨਾਂ ਨੂੰ ਫ਼ਸਲਾਂ ਦਾ ਵਾਜਬ ਭਾਅ ਨਹੀਂ ਮਿਲਦਾ, ਜਿਸ ਕਾਰਨ ਛੋਟੇ ਕਿਸਾਨ ਕਰਜ਼ੇ ਦੇ ਜੰਜਾਲ 'ਚ ਫ਼ਸੇ ਰਹਿੰਦੇ ਹਨ ਅਤੇ ਕਈ ਵਾਰ ਕਰਜ਼ਾ ਮੋੜਨ ਦੇ ਚੱਕਰ 'ਚ ਆਪਣੀਆਂ ਸੱਧਰਾਂ ਮਾਰਨੀਆਂ ਪੈਂਦੀਆਂ ਹਨ। ਉਹ ਦੱਸਦਾ ਹੈ ਕਿ ਬੇਰੁਜ਼ਗਾਰੀ ਕਾਰਨ ਆਪਣੇ ਨੌਜਵਾਨ ਬੱਚਿਆਂ ਨੂੰ ਮਾਪੇ ਨਾ ਚਾਹੁੰਦੇ ਹੋਏ ਵੀ ਬੇਬਸੀ 'ਚ ਕਰਜ਼ਾਈ ਹੋ ਕੇ ਵਿਦੇਸ਼ੀਂ ਭੇਜ ਰਹੇ ਹਨ ਅਤੇ ਆਏ ਸਾਲ ਇਕ ਲੱਖ ਨੌਜਵਾਨ ਵਿਦੇਸ਼ਾਂ ਨੂੰ ਉਡਾਰੀ ਮਾਰ ਰਿਹਾ ਹੈ। ਕਿਸੇ ਰਾਜਸੀ ਬੰਦੇ ਨੂੰ ਇਸ ਰੁਝਾਨ ਦੀ ਉੱਕਾ ਚਿੰਤਾ ਨਹੀਂ ਹੈ। ਲੇਖਕ ਮਾੜੇ ਰਾਜਸੀ ਪ੍ਰਬੰਧ 'ਤੇ ਵੀ ਕਟਾਖ਼ਸ਼ ਕਰਦਾ ਹੈ। ਨਾਵਲ ਦੀ ਕਹਾਣੀ ਦੇ ਅੰਤ 'ਚ ਮੁੱਖ ਪਾਤਰ ਦੀ ਪਤਨੀ ਨਸੀਬ ਵਿਦੇਸ਼ ਚਲੀ ਜਾਂਦੀ ਹੈ ਅਤੇ ਉਥੇ ਹੀ ਕੈਂਸਰ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਅਤੇ ਇਧਰ ਉਸ ਦੇ ਪਤੀ ਵੀ ਮੌਤ ਹੋ ਜਾਂਦੀ ਹੈ। ਨਾਵਲ ਦਾ ਵਿਸ਼ਾ-ਵਸਤੂ ਕਾਫ਼ੀ ਗੰਭੀਰਤਾ ਵਾਲਾ ਹੈ। ਵਧੀਆ ਰਚਨਾਕਾਰੀ ਲਈ ਲੇਖਕ ਵਧਾਈ ਦਾ ਹੱਕਦਾਰ ਹੈ।


-ਮੋਹਰ ਗਿੱਲ ਸਿਰਸੜੀ
ਮੋ: 98156-59110ਜਦ ਮੈਂ ਕਵਿਤਾ ਹੋਈ

ਲੇਖਿਕਾ : ਸਤਵਿੰਦਰ ਕੌਰ ਚਹਿਲ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 130 ਰੁਪਏ, ਸਫ਼ੇ : 72
ਸੰਪਰਕ : 94638-48076.


ਲੰਮੇ ਅੰਤਰਾਲ ਤੋਂ ਬਾਅਦ ਸਤਵਿੰਦਰ ਕੌਰ ਚਹਿਲ 'ਜਦ ਮੈਂ ਕਵਿਤਾ ਹੋਈ' (ਕਾਵਿ-ਸੰਗ੍ਰਹਿ) ਰਾਹੀਂ ਪੰਜਾਬੀ ਕਾਵਿ-ਪਾਠਕਾਂ ਦੇ ਰੂਬਰੂ ਹੈ। ਇਸ ਤੋਂ ਪਹਿਲਾਂ ਉਸ ਦਾ ਪਲੇਠਾ ਕਾਵਿ-ਸੰਗ੍ਰਹਿ 2012 ਈ: ਵਿਚ 'ਮੇਰੇ ਅਹਿਸਾਸ' ਪ੍ਰਕਾਸ਼ਿਤ ਹੋਇਆ ਸੀ। ਇਹ ਕਾਵਿ-ਸੰਗ੍ਰਹਿ ਉਸ ਨੇ ਧੀਆਂ ਵਰਗੀ 'ਜਗਪ੍ਰੀਤ ਚਹਿਲ' ਨੂੰ ਸਮਰਪਿਤ ਕਰਦਿਆਂ ਮਨੁੱਖੀ ਸਾਂਝ ਦਾ ਅ-ਲਹੂ ਦੇ ਰਿਸ਼ਤਿਆਂ 'ਚ ਸਬੰਧਾਂ, ਸਬੰਧੀ ਵਿਆਖਿਆਨ ਕੀਤਾ ਹੈ। ਇਸ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ 'ਤੂੰ ਹੁਣ ਆਇਓਂ' ਤੋਂ ਲੈ ਕੇ ਜ਼ਿੰਦਗੀ' ਤੱਕ 52 ਦੀ ਗਿਣਤੀ 'ਚ ਹਨ। ਸ਼ਾਇਰਾ ਨੇ ਮੁਹੱਬਤ ਦੇ ਪਲਾਂ : ਵਸਲ ਤੋਂ ਬਿਰਹਾ ਤੱਕ ਤੇ ਫਿਰ ਬਿਰਹਾ ਤੋਂ ਵਸਲ ਤੱਕ ਦੇ ਅਨੇਕਾਂ ਪਲਾਂ ਨੂੰ ਇਨ੍ਹਾਂ ਕਵਿਤਾਵਾਂ 'ਚ ਕਲਮਬੱਧ ਕੀਤਾ ਹੈ। ਲੌਕਿਕ ਜਗਤ 'ਚ ਮਨੁੱਖ ਦੇ ਅਨੇਕਾਂ ਰਿਸ਼ਤਿਆਂ ਦਾ ਪਾਸਾਰ ਹੈ। ਇਹ ਰਿਸ਼ਤੇ 'ਲਹੂ' ਅਤੇ 'ਅਲਹੂ' ਨਾਲ ਸਬੰਧਿਤ ਹੋਣ ਦੇ ਬਾਵਜੂਦ ਮਨ ਦੇ ਰਿਸ਼ਤਿਆਂ ਤੱਕ ਦੀ ਗਾਥਾ ਦਾ ਵਿਖਿਆਨ ਕਰਦੇ ਹਨ। ਮਨੁੱਖੀ ਮਨ, ਸਮਾਜਿਕ ਰਿਸ਼ਤਿਆਂ ਦੀ ਥਾਵੇਂ ਮਨ ਦੇ ਰਿਸ਼ਤਿਆਂ ਦੇ ਵਧੇਰੇ ਤਰਜੀਹ ਦਿੰਦਾ ਹੈ। ਇਹ ਰਿਸ਼ਤੇ ਮਰਦ-ਔਰਤ ਦੇ 'ਮਨੁੱਖ' ਹੋਣ ਨਾਲ ਬਾਵਸਤਾ ਹਨ, ਜਿਥੇ ਕਿਸੇ ਵੀ ਪ੍ਰਕਾਰ ਦੀ ਊਚ-ਨੀਚਤਾ, ਗ਼ਰੀਬੀ-ਅਮੀਰੀ, ਜਾਤੀ-ਮਜ਼ਹਬ ਆਦਿ ਵਖਰੇਵੇਂ ਕੋਈ ਹੈਸੀਅਤ ਨਹੀਂ ਰੱਖਦੇ। ਇਸੇ ਲਈ ਸ਼ਾਇਰਾ ਕੁਝ ਨਿਵੇਕਲਾ ਕਰਨ ਦੀ ਸੋਚ ਆਪਣੀਆਂ ਕਵਿਤਾਵਾਂ 'ਚ ਪਾਠਕ ਤੱਕ ਸੰਚਾਰਿਤ ਕਰਨਾ ਚਾਹੁੰਦੀ ਹੈ :
ਲੁਕ ਨਾ ਹਨੇਰਿਆਂ ਤੋਂ/ਸਵੇਰਿਆਂ ਦੀ ਉਡੀਕ ਕਰ
ਸੂਰਜ ਫਿਰ ਆਏਗਾ/ਅਗਲੀ ਸੱਜਰੀ ਸਵੇਰ ਲੈ ਕੇ।
ਮੁਹੱਬਤ ਦੇ ਅਨੇਕਾਂ ਰੰਗਾਂ ਦੀ 'ਸਤਰੰਗੀ ਪੀਂਘ' ਦੀ ਝਲਕ ਦਿੰਦੀਆਂ ਇਹ ਕਵਿਤਾਵਾਂ ਜਿਥੇ ਔਰਤ ਮਨ ਦੀ ਮਨੋਦਸ਼ਾ ਦਾ ਪ੍ਰਗਟਾ ਹਨ, ਉਥੇ ਇਨ੍ਹਾਂ ਦਾ ਪ੍ਰਗਟਾਵਾ, ਪਿਤਰੀ-ਸੱਤਾ ਦੀ ਵਿਵਸਥਾ 'ਚ ਅਨੇਕਾਂ ਦੁਸ਼ਵਾਰੀਆਂ ਔਰਤ ਕਾਵਿ-ਪਾਤਰ ਲਈ ਪੈਦਾ ਕਰਦਾ ਹੈ। 'ਜਦ ਮੈਂ ਕਵਿਤਾ ਹੋਈ' ਕਵਿਤਾ 'ਚ ਸ਼ਾਇਰਾ ਇਸ ਸੋਚ ਨੂੰ ਪ੍ਰਪੱਕ ਕਰਦੀ ਹੈ ਕਿ ਸ਼ਬਦਾਂ ਦੀ ਸਾਂਝ ਹੀ ਮਨੁੱਖ ਨੂੰ ਹਰ ਪ੍ਰਕਾਰ ਦੇ ਹਨੇਰਿਆਂ ਸੰਗ ਲੜਨਾ ਸਿਖਾਉਂਦੀ ਹੈ। ਜਿਊਣ ਦੀ ਇੱਛਾ ਪੈਦਾ ਕਰਨਾ ਅਤੇ ਚੰਗੇ ਜਿਊਣ ਚੱਜ ਲਈ ਸੰਘਰਸ਼ ਕਰਨਾ ਹੀ ਤਾਂ ਕਵਿਤਾ ਦਾ ਪ੍ਰਮੁੱਖ ਕਾਰਜ ਹੈ। ਸੂਖ਼ਮ ਭਾਵਾਂ ਦਾ ਪ੍ਰਗਟਾ ਸ਼ਾਇਰਾ ਨੇ ਸੂਖ਼ਮ ਭਾਵੀਂ ਸ਼ਬਦਾਂ ਰਾਹੀਂ ਮਨ-ਬਚਨੀ ਵਿਧੀ ਰਾਹੀਂ ਬਾਖੂਬੀ ਕੀਤਾ ਹੈ। ਜ਼ਿੰਦਗੀ ਜਿਊਣ ਦੀ ਆਸ ਜਗਾਉਂਦੇ ਇਸ ਕਾਵਿ-ਸੰਗ੍ਰਹਿ ਨੂੰ ਦਿਲੋਂ ਜੀ ਆਇਆਂ ਕਹਿੰਦਿਆਂ ਤਸੱਲੀ ਮਹਿਸੂਸ ਕਰਦਾ ਹਾਂ। ਆਮੀਨ।


-ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

12-09-2020

 ਜ਼ਮੀਰ ਦਾ ਰੁੱਖ
ਲੇਖਕ : ਜਸਬੀਰ ਭੁੱਲਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 129
ਸੰਪਰਕ : 0172-5002591.

ਇਹ ਗਾਲਪਨਿਕ ਰਚਨਾ ਜ਼ਮੀਰ ਦਾ ਦਾਰਸ਼ਨਿਕ ਬਿਰਤਾਂਤ ਹੈ। ਬੰਦੇ ਦੀ ਜ਼ਮੀਰ ਪ੍ਰਮਾਣਿਕ ਵੀ ਹੋ ਸਕਦੀ ਹੈ, ਅਪ੍ਰਮਾਣਿਕ ਵੀ। ਅਪ੍ਰਮਾਣਿਕ ਹੋਣ ਨਾਲ ਹੀ ਸੰਸਾਰ ਵਿਚ ਸੰਕਟ ਉਪਜਦੇ ਹਨ। ਅਪ੍ਰਮਾਣਿਕ ਅਸਤਿੱਤਵ ਨੂੰ ਪ੍ਰਕ੍ਰਿਤਕ ਵਾਤਾਵਰਨ ਦੀ ਸੰਭਾਲ ਦਾ ਕੋਈ ਖਿਆਲ ਨਹੀਂ ਰਹਿੰਦਾ। ਨਾਵਲ ਵਿਚ ਜੰਗਵੀਰ ਨਾਇਕ ਦਾ ਅਸਤਿੱਤਵ ਪ੍ਰਮਾਣਿਕ ਹੈ ਜੋ ਜੰਗਲਾਂ ਦੀ ਸੰਭਾਲ ਦੇ ਹੱਕ ਵਿਚ ਹੈ ਜਦੋਂ ਕਿ ਹੀਰਾ ਸਿੰਘ ਖਲਨਾਇਕ ਜੰਗਲਾਂ ਨੂੰ ਬਰਬਾਦ ਕਰਦਾ ਹੈ। ਪਦਾਰਥਵਾਦੀ ਸੋਚ ਨੇ ਹਰੇ-ਭਰੇ ਜੰਗਲ ਬਰਬਾਦ ਕਰ ਦਿੱਤੇ। ਫਲਸਰੂਪ ਸਾਰਾ ਵਾਤਾਵਰਨ ਦੂਸ਼ਿਤ ਹੋ ਗਿਆ। ਜਲ ਵੀ ਦੂਸ਼ਿਤ, ਪੌਣ ਵੀ ਦੂਸ਼ਿਤ ਹੋ ਗਈ। ਪੰਛੀਆਂ ਦੀ ਚਹਿਚਹਾਟ ਮੁੱਕ ਗਈ। ਬੰਦਿਆਂ ਦੀ ਸੋਚ ਜਾਨਵਰਾਂ ਵਾਲੀ ਹੋ ਗਈ। ਅਜਿਹੇ ਵਿਸ਼ੇ ਨੂੰ ਗਾਲਪਨਿਕ ਵਿਵੇਕ ਰਾਹੀਂ, ਕਲਪਨਾ ਦੇ ਖੰਭਾਂ, ਪਰੀ-ਕਹਾਣੀਆਂ ਵਾਂਗ, ਇਕੋ ਜਿਲਦ ਵਿਚ ਅੰਤਰ-ਸਬੰਧਾਂ ਰਾਹੀਂ ਇਕ ਨਾਵਲ ਦੋ ਕਹਾਣੀਆਂ ਸਿਰਜਦਾ ਹੈ ਕਲਮ ਦਾ ਧਨੀ ਜਸਬੀਰ ਭੁੱਲਰ। ਜ਼ਮੀਰ ਦਾ ਰੁੱਖ ਨਾਵਲ ਅਤੇ ਦੋ ਕਹਾਣੀਆਂ 'ਤਲਿੱਸਮੀ ਰੁੱਖ' ਤੇ 'ਅਲੋਕਾਰ' ਕਹਾਣੀਆਂ ਇਕੋ ਬੀਜ ਤੋਂ ਪੁੰਗਰੇ ਤਿੰਨ ਰੁੱਖ ਹਨ। ਲੇਖਕ ਬਾਲਾਂ ਦੇ ਬਚਪਨ 'ਚੋਂ ਰੱਬ ਦੇ ਦਰਸ਼ਨ ਕਰਦਾ ਹੈ। ਸਾਰੇ ਰੁੱਖ ਵੱਢ ਕੇ ਜੰਗਲ ਰੜਾ ਮੈਦਾਨ ਕਰ ਦਿੱਤਾ ਜਾਂਦਾ ਹੈ। ਕੇਵਲ ਇਕੋ 'ਤਲਿੱਸਮੀ ਰੁੱਖ' ਬਚਦਾ ਹੈ। ਇਸ ਰੁੱਖ ਨੂੰ ਵੇਖਣ ਵਾਲੇ ਲੋਕ ਆਪਣੀ ਸੋਚ ਅਨੁਸਾਰ ਵੱਖ-ਵੱਖ ਜਾਨਵਰਾਂ ਦਾ ਰੂਪ ਧਾਰਨ ਕਰ ਲੈਂਦੇ ਹਨ। ਈਸ਼ਰ ਬਾਬਾ ਇਕੋ ਬੰਦਾ ਸੀ ਜੋ ਰਿਸ਼ੀ ਰੂਪ ਹੋ ਗਿਆ। ਤਲਿੱਸਮੀ ਰੁੱਖ ਦੀ ਜੜ੍ਹ ਕੱਢ ਕੇ 'ਵਿਰਸਾ ਘਰ' ਵਿਚ ਸਖ਼ਤ ਪਹਿਰੇ ਹੇਠ ਕੈਦ ਕਰ ਦਿੱਤਾ ਜਾਂਦਾ ਹੈ ਜਿਥੋਂ ਉਸ ਦੇ ਝੜੇ ਪੱਤੇ ਅਤੇ ਫਲਾਂ 'ਚੋਂ ਬੀਜ ਕੱਢ ਕੇ ਮੁੜ ਜੰਗਲ ਨੂੰ ਹਰਾ-ਭਰਾ ਕਰ ਦਿੱਤਾ ਜਾਂਦਾ ਹੈ। ਅਨੇਕਾਂ ਛਲੇਡਾਨੁਮਾ ਘਟਨਾਵਾਂ ਉਪਜਦੀਆਂ ਅਤੇ ਬਿਨਸਦੀਆਂ ਹਨ। ਘਟਨਾਵਾਂ ਸੁਧਾਰ ਤੇ ਵਿਗਾੜ ਦੀ ਪ੍ਰਕਿਰਿਆ ਦਾ ਵਾਰੋ-ਵਾਰੀ ਚੱਕਰ ਕੱਟਦੀਆਂ ਹਨ। ਨਾਵਲ 'ਚ ਸਮਕਾਲੀ ਰਾਜਨੀਤੀ ਤੇ ਈਸ਼ਰ ਬਾਬੇ ਦੇ ਬੋਲਾਂ ਵਿਚ ਕਰੜਾ ਵਿਅੰਗ ਹੈ : 'ਪੁੱਤਰ ਤੂੰ ਇਤਿਹਾਸ ਤਾਂ ਪੜ੍ਹਿਆ ਹੀ ਹੋਇਐ। ਤੂੰ ਕਦੀ ਸੁਣਿਐ ਕਿ ਕਿਸੇ ਰਾਜੇ ਦੇ ਵਿਹੜੇ ਵਿਚ ਜ਼ਮੀਰ ਦਾ ਰੁੱਖ ਉੱਗਿਆ ਹੋਵੇ। ਜ਼ਮੀਰ ਨੂੰ ਰਾਜੇ ਨੇ ਕੀ ਕਰਨਾ ਭਲਾ। ਸਿਆਸਤ ਵਾਲੇ ਜ਼ਮੀਰ ਤੋਂ ਪਰ੍ਹਾਂ ਪਰ੍ਹਾਂ ਹੀ ਰਹਿੰਦੇ ਨੇ। ਪੰ: 112 ਇਹ ਬੋਲ ਜੰਗਵੀਰ ਨੂੰ ਸੰਬੋਧਿਤ ਹਨ। ਨਾਵਲੀ ਬਿਰਤਾਂਤ ਵਿਚ ਪੁਰਾਣਾ ਸੰੰਦੂਕ ਆਬਜੈਕਟਿਵ ਕੋਰੀਲੇਟਿਵ ਦਾ ਰੋਲ ਨਿਭਾਉਂਦਾ ਪ੍ਰਤੀਤ ਹੁੰਦਾ ਹੈ। ਨਾਵਲਕਾਰ ਨੇ ਪਰੰਪਰਾ ਅਤੇ ਨਿੱਜੀ ਬੁੱਧੀ ਦਾ ਸੁਮੇਲ ਕੀਤਾ ਹੈ।

ਡਾ: ਧਰਮ ਚੰਦ ਵਾਤਿਸ਼
ਮੋ: 88376-79186.

c c c

ਅੰਤਹੀਣ
ਲੇਖਕ : ਕਿਰਪਾਲ ਕਜ਼ਾਕ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98726-44428.

'ਅੰਤਹੀਣ' ਕਿਰਪਾਲ ਕਜ਼ਾਕ ਦਾ ਸਾਹਿਤ ਅਕਾਦਮੀ ਪੁਰਸਕਾਰ ਜੇਤੂ, ਕਹਾਣੀ-ਸੰਗ੍ਰਹਿ ਹੈ। ਪਹਿਲੀ ਵਾਰ 2015 ਵਿਚ ਪ੍ਰਕਾਸ਼ਿਤ ਹੋਏ ਇਸ ਸੰਗ੍ਰਹਿ ਦੇ ਤਿੰਨ ਸੰਸਕਰਣ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਪੁਸਤਕ ਵਿਚ ਉਸ ਦੀਆਂ 7 ਕਹਾਣੀਆਂ ਸੰਗ੍ਰਹਿਤ ਹਨ ਅਤੇ ਹਰ ਕਹਾਣੀ ਪੰਜਾਬ ਦੇ ਜਨਜੀਵਨ ਦਾ ਇਕ ਵਚਿੱਤਰ ਅਧਿਆਇ ਖੋਲ੍ਹਦੀ ਹੈ। ਵਚਿੱਤਰਤਾ ਅਤੇ ਅਜਨਬੀਕਰਨ ਉਸ ਦੀਆਂ ਕਹਾਣੀਆਂ ਦੇ ਪ੍ਰਮੁੱਖ ਲੱਛਣ ਹਨ। ਉਹ ਕਹਾਣੀ ਵਿਚ ਲਟਕਾਉ (ਸਸਪੈਂਸ) ਦੇ ਮਹੱਤਵ ਨੂੰ ਵੀ ਖੂਬ ਸਮਝਦਾ ਹੈ। ਇਹੀ ਕਾਰਨ ਹੈ ਕਿ ਉਹ ਪਾਠਕਾਂ ਦੀ ਜਗਿਆਸਾ ਨੂੰ ਟੁੰਬਣ ਲਈ ਮਹੱਤਵਪੂਰਨ ਵੇਰਵਿਆਂ ਨੂੰ 'ਸਸਪੈਂਡ' ਕਰੀ ਰੱਖਦਾ ਹੈ ਅਤੇ ਬਾਜ਼ ਦਫ਼ਾ ਤਾਂ ਕਹਾਣੀ ਦੇ ਬਿਲਕੁਲ ਅੰਤ ਵਿਚ ਪ੍ਰਕਾਸ਼ਮਾਨ ਕਰਦਾ ਹੈ। ਇਸ ਪ੍ਰਸੰਗ ਵਿਚ ਅੰਿਤਮ ਕਹਾਣੀ 'ਅੰਤਹੀਣ' ਇਕ ਮਾਡਲ ਰਚਨਾ ਹੈ। ਬਿਰਤਾਂਤ ਨੂੰ 13 ਦ੍ਰਿਸ਼ਾਂ ਵਿਚ ਵਿਭਾਜਿਤ ਕਰ ਕੇ ਲਿਖੀ ਇਹ ਰਚਨਾ ਦਲਿਤ ਜੀਵਨ ਨੂੰ ਇਕ ਨਵਾਂ ਪਰਿਪੇਖ ਪ੍ਰਦਾਨ ਕਰਦੀ ਹੈ। ਲੇਖਕ ਅਨੁਸਾਰ ਦਲਿਤਾਂ ਦੀ ਪ੍ਰਗਤੀ ਦਾ ਮੁੱਦਾ, 'ਸੁਵਰਣ' ਕਹੀਆਂ ਜਾਂਦੀਆਂ ਜਾਤੀਆਂ ਦੀਆਂ ਕੁੜੀਆਂ ਨਾਲ ਵਿਆਹ ਕਰ ਲੈਣਾ ਨਹੀਂ ਬਲਕਿ ਦਲਿਤ ਨੌਜਵਾਨਾਂ ਦੀ ਆਪਣੇ ਵਰਗ ਪ੍ਰਤੀ ਵਚਨਬੱਧਤਾ ਉੱਪਰ ਆਧਾਰਿਤ ਹੋਣਾ ਚਾਹੀਦਾ ਹੈ।
ਲੇਖਕ ਦੀ ਇਹ ਕੋਸ਼ਿਸ਼ ਰਹੀ ਹੈ ਕਿ ਉਸ ਦੀ ਹਰ ਕਹਾਣੀ ਦੂਸਰੀਆਂ ਤੋਂ ਵੱਖਰੀ ਹੋਵੇ। 'ਡੂਮਣਾ' ਇਕ ਪ੍ਰਤੀਕਾਤਮਕ ਕਥਾ ਹੈ, ਜਿਸ ਵਿਚ ਨਿਮਨ ਕਿਰਸਾਣੀ ਦਾ ਦੁਖਾਂਤ ਪੇਸ਼ ਕੀਤਾ ਗਿਆ ਹੈ। 'ਸੂਰਮਗਤੀ' ਵਿਚ ਕਮਿਊਨਿਸਟ ਪਾਰਟੀਆਂ ਦੇ ਅਪ੍ਰਾਸੰਗਿਕ ਹੋਣ ਦੀ ਪਿੱਠਭੂਮੀ ਉੱਪਰ ਮੱਧ ਸ਼੍ਰੇਣਿਕ ਮਾਅਰਕੇਬਾਜ਼ੀ ਨੂੰ ਬਿਆਨ ਕੀਤਾ ਗਿਆ ਹੈ। 'ਜੜ੍ਹਾਂ' ਵਿਚ ਰੋਜ਼ੀ-ਰੋਟੀ ਦੇ ਦਬਾਵਾਂ ਕਾਰਨ ਪੁੱਤਰਾਂ ਦੇ ਆਤਮ-ਕੇਂਦਰਿਤ ਅਤੇ ਅਜਨਬੀ ਹੋਣ ਦਾ ਬਿਰਤਾਂਤ ਰੂਪਮਾਨ ਹੁੰਦਾ ਹੈ। 'ਗੁਆਚ ਗਿਆ ਕੁਝ' ਵਿਚ ਨਵੀਂ ਪੀੜ੍ਹੀ ਦੇ ਵਿਰਸੇ ਤੋਂ ਟੁੱਟ ਜਾਣ ਦੇ ਵੇਰਵੇ ਪੇਸ਼ ਹੋਏ ਹਨ। ਉਸ ਦੀ ਹਰ ਕਹਾਣੀ ਵਿਚ ਪੁਰਾਣੀ ਅਤੇ ਨਵੀਂ ਪੀੜ੍ਹੀ ਵਿਚ ਵਿਚਾਰਧਾਰਾ ਦਾ ਇਕ ਮਹਾਂ-ਦਵੰਦ ਨਜ਼ਰ ਆਉਂਦਾ ਹੈ, ਜਿਸ ਨੂੰ ਪੂਰਨ ਦੀ ਕਿਧਰੇ ਕੋਈ ਗੁੰਜਾਇਸ਼ ਨਜ਼ਰ ਨਹੀਂ ਆਉਂਦੀ। ਪੂੰਜੀਵਾਦ ਨੇ ਸਾਡੇ ਸਮਾਜ ਦੀ ਪੂਰੀ ਤਰ੍ਹਾਂ ਨਾਲ ਭੰਨ-ਤੋੜ ਕਰ ਦਿੱਤੀ ਹੈ। ਪਿਛਲੇ ਡੇਢ-ਦੋ ਦਹਾਕਿਆਂ ਤੋਂ ਆਲੋਚਨਾ ਅਤੇ ਖੋਜ ਕਾਰਜ ਵੱਲ ਵਧੇਰੇ ਧਿਆਨ ਦੇਣ ਕਾਰਨ ਉਹ ਕਹਾਣੀ ਰਚਨਾ ਵੱਲ ਬਹੁਤਾ ਧਿਆਨ ਨਹੀਂ ਦੇ ਸਕਿਆ ਪਰ ਫਿਰ ਵੀ ਪੰਜਾਬੀ ਕਹਾਣੀ ਦੇ ਖੇਤਰ ਵਿਚ ਉਸ ਨੇ ਆਪਣੇ ਨਿਵੇਕਲੇ ਹਸਤਾਖ਼ਰ ਅੰਕਿਤ ਕਰ ਦਿੱਤੇ ਹਨ, ਇਸ ਸੰਗ੍ਰਹਿ ਦੀਆਂ ਕਹਾਣੀਆਂ ਸਾਡੇ ਇਸ ਕਥਨ ਦੀ ਪੁਸ਼ਟੀ ਕਰਨ ਲਈ ਕਾਫੀ ਹਨ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਡਾ: ਕੇ. ਐਲ. ਗੋਇਲ ਦੇ ਸਫ਼ਰਨਾਮਿਆਂ ਦਾ ਰਚਨਾਤਮਿਕ ਅਧਿਐਨ
ਸੰਪਾਦਕ : ਸਤਿੰਦਰ ਕੌਰ ਰੰਧਾਵਾ (ਡਾ:)
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼ ਸਮਾਣਾ
ਮੁੱਲ : 250 ਰੁਪਏ, ਸਫ਼ੇ : 159
ਸੰਪਰਕ : 99151-29747.

ਹਥਲੀ ਪੁਸਤਕ ਬਹੁ-ਪੱਖੀ ਸਾਹਿਤਕ ਵਿਧਾਵਾਂ ਦੇ ਜਾਣੇ ਪਛਾਣੇ ਲੇਖਕ ਡਾ: ਕੇ. ਐਲ. ਗੋਇਲ ਦੀ ਜਿਥੇ ਸਮੁੱਚੀ ਸਾਹਿਤਕ ਪ੍ਰਤਿਭਾ ਨੂੰ ਪਾਠਕਾਂ ਦੇ ਸਨਮੁੱਖ ਕਰਦੀ ਹੈ, ਉਥੇ ਵਿਸ਼ੇਸ਼ਤਰ ਉਸ ਦੇ ਪੰਜ ਸਫ਼ਰਨਾਮਿਆਂ ਦਾ ਆਲੋਚਨਾਤਮਿਕ ਅਧਿਐਨ ਵੀ ਹੈ। ਇਹ ਸਫ਼ਰਨਾਮੇ (ੳ) ਮੇਰੀ ਡੈਨਮਾਰਕ ਫੇਰੀ 1997, (ਅ) ਮੇਰੀ ਨਿਊਜ਼ੀਲੈਂਡ ਫੇਰੀ 2012, (ੲ) ਮੇਰੀ ਇੰਗਲੈਂਡ ਫੇਰੀ 2014, (ਸ) ਮੇਰੀ ਬੰਬੇ ਗੋਆ ਫੇਰੀ 2016 ਅਤੇ (ਹ) ਮੇਰੀ ਕੈਨੇਡਾ ਫੇਰੀ 2017 ਹਨ। ਇਨ੍ਹਾਂ ਸਭਨਾਂ ਸਫ਼ਰਨਾਮਿਆਂ ਦੇ ਵਿਸ਼ੇ ਵਸਤੂ ਦਾ ਡੂੰਘੀ ਦ੍ਰਿਸ਼ਟੀ ਤੋਂ ਅਧਿਐਨ ਕਰਦਿਆਂ ਹੋਇਆਂ ਡਾ: ਅਮਰ ਕੋਮਲ ਨੇ ਵਿਭਿੰਨ ਭਾਰਤੀ ਖਿੱਤਿਆਂ ਅਤੇ ਵਿਦੇਸ਼ਾਂ ਦੀ ਭੂਗੋਲਿਕ, ਸਮਾਜਿਕ, ਸੱਭਿਆਚਾਰਕ ਅਤੇ ਲੋਕ ਜੀਵਨ ਸ਼ੈਲੀ ਦੇ ਵਿਭਿੰਨ ਪੱਖਾਂ ਨੂੰ ਗੰਭੀਰਤਾ ਨਾਲ ਪਛਾਣਦਿਆਂ ਹੋਇਆਂ ਵਿਸਤਾਰ ਸਹਿਤ ਪ੍ਰਗਟ ਕੀਤਾ ਹੈ। ਰਮਨਜੋਤ ਕੌਰ ਅਤੇ ਡਾ: ਹਰਪ੍ਰੀਤ ਕੌਰ ਢਿੱਲੋਂ ਨੇ ਗੋਇਲ ਸਾਹਿਬ ਦੀ ਡੈਨਮਾਰਕ ਫੇਰੀ ਦੇ ਵਿਭਿੰਨ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਸਰੋਤ ਸੰਦਰਭਾਂ ਨੂੰ ਪੇਸ਼ ਕੀਤਾ ਹੈ। ਇਸੇ ਤਰ੍ਹਾਂ ਗੋਇਲ ਦੀ ਨਿਊਜ਼ਲੈਂਡ ਯਾਤਰਾ ਦੇ ਅੰਤਰਗਤ ਗ੍ਰਹਿਣ ਕੀਤੇ ਅਨੁਭਵਾਂ ਨੂੰ ਡਾ: ਸਤਿੰਦਰ ਕੌਰ ਰੰਧਾਵਾ ਅਤੇ ਪ੍ਰੋ: ਮੀਨਾਕਸ਼ੀ ਨੇ ਬੜਾ ਨੇੜਿਓਂ ਪਛਾਣ ਕੇ ਦਰਸਾਇਆ ਹੈ ਕਿ ਕਿਸ ਤਰ੍ਹਾਂ ਡਾ: ਗੋਇਲ ਆਪਣੇ ਬੱਚਿਆਂ ਦੇ ਕੋਲ ਜਾਂ ਦੋਸਤਾਂ ਮਿੱਤਰਾਂ ਕੋਲ ਜਾਂਦਾ ਹੈ, ਵਿਚਰਦਾ ਹੈ ਅਤੇ ਅਨੁਭਵ ਗ੍ਰਹਿਣ ਕਰਦਾ ਹੈ ਆਦਿ। ਡਾ: ਗੋਇਲ ਦੀ ਇੰਗਲੈਂਡ ਯਾਤਰਾ ਨੂੰ ਪੇਸ਼ ਕਰਦਿਆਂ ਹੋਇਆਂ ਪ੍ਰੋ: ਰਵਿੰਦਰ ਕੌਰ, ਪ੍ਰੋ: ਮਨਦੀਪ ਕੌਰ ਅਤੇ ਡਾ: ਯਾਦਵਿੰਦਰ ਕੌਰ ਨੇ ਜਿਸ ਕਦਰ ਲੇਖਕ ਦੇ ਅਨੁਭਵਾਂ ਅਤੇ ਉਸ ਦੇ ਪ੍ਰਗਟਾਵੇ ਨੂੰ ਪਾਠਕਾਂ ਦੇ ਸਨਮੁਖ ਕੀਤਾ ਹੈ, ਉਹ ਸ਼ਲਾਘਾਯੋਗ ਹੈ। ਡਾ: ਗੋਇਲ ਦੀ ਬੰਬੇ ਗੋਆ ਫੇਰੀ ਦੇ ਅਨੁਭਵਾਂ ਨੂੰ ਡਾ: ਅੰਜੂ ਬਾਲਾ ਅਤੇ ਡਾ: ਆਂਚਲ ਬਾਂਸਲ ਨੇ ਖ਼ੂਬ ਪਛਾਣਿਆ ਹੈ ਅਤੇ ਸਥਾਪਨਾ ਵਜੋਂ ਦੱਸਿਆ ਹੈ ਕਿ ਭਾਰਤ ਦੇ ਵੱਖਰੇ-ਵੱਖਰੇ ਸੂਬੇ ਜਾਂ ਖਿੱਤੇ ਵੀ ਵੇਖਣਯੋਗ ਹਨ, ਬੇਸ਼ਕ ਅਮਰੀਕਾ, ਕੈਨੇਡਾ, ਇੰਗਲੈਂਡ ਜਾਂ ਹੋਰ ਵਿਸ਼ਵ ਦੇ ਖੇਤਰ ਵੀ ਮਹਾਨ ਹੋਣਗੇ ਪਰ ਆਪਣੀ ਮਾਤਰ ਭੂਮੀ ਨੂੰ ਵੀ ਵੇਖਣਾ ਚਾਹੀਦਾ ਹੈ। ਇਸੇ ਤਰ੍ਹਾਂ ਗੋਇਲ ਦੀ ਕੈਨੇਡਾ ਫੇਰੀ ਬਾਰੇ ਪ੍ਰੋ: ਅਮਜ਼ਦ ਖਾਂ, ਪ੍ਰੋ: ਸਿਮਰਜੀਤ ਸਿੰਘ ਅਤੇ ਪ੍ਰੋ: ਕਰਮਜੀਤ ਕੌਰ ਦੇ ਪ੍ਰਗਟਾਏ ਵਿਚਾਰ ਵੀ ਦਿਲਚਸਪ ਹਨ। ਪੁਸਤਕ ਦਾ ਹੋਰ ਮਹੱਤਵਪੂਰਨ ਭਾਗ ਉਹ ਹੈ ਜਿਸ ਵਿਚ ਸੰਪਾਦਕ ਨੇ ਗੋਇਲ ਨਾਲ ਨਿਜੀ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਵਿਚੋਂ ਉੱਭਰਦੇ ਸਮਾਜਿਕ ਅਤੇ ਸੱਭਿਆਚਾਰਕ ਸਰੋਕਾਰਾਂ ਨੂੰ ਪੜ੍ਹ ਕੇ ਪਾਠਕ ਅਨੰਦਿਤ ਹੋ ਸਕਦੇ ਹਨ। ਸਮੁੱਚੇ ਰੂਪ ਵਿਚ ਇਹ ਪੁਸਤਕ ਪੰਜਾਬ, ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ਦੇ ਸੰਯੁਕਤ ਸੱਭਿਆਚਾਰਕ ਵਿਸ਼ਲੇਸ਼ਣ ਦਾ ਦਰਪਣ ਸਾਬਤ ਹੋ ਸਕਦੀ ਹੈ।

ਡਾ: ਜਗੀਰ ਸਿੰਘ ਨੂਰ
ਮੋ: 98142-09732

c c c

ਅੰਡੇਮਾਨ ਤੇ ਨਿਕੋਬਾਰ
ਦੇ ਟਾਪੂ ਅਤੇ ਉਥੋਂ ਦੇ ਲੋਕ
ਲੇਖਕ : ਡਾ: ਐਸ.ਐਸ. ਛੀਨਾ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 200 ਰੁਪਏ, ਸਫ਼ੇ : 108
ਸੰਪਰਕ : 98551-70335.

ਮਨੁੱਖ ਦੀ ਘੁਮੱਕੜ ਬਿਰਤੀ ਉਸ ਨੂੰ ਦੁਨੀਆ ਦੀਆਂ ਅਣਦੇਖੀਆਂ ਥਾਵਾਂ ਦੇਖਣ ਲਈ ਮਜਬੂਰ ਕਰਦੀ ਹੈ। ਮਨੁੱਖ ਦੁਆਰਾ ਕੀਤੀ ਗਈ ਯਾਤਰਾ ਭਾਵੇਂ ਉਹ ਕਿਸੇ ਵੀ ਸੰਦਰਭ ਵਿਚ ਹੋਵੇ, ਜੇਕਰ ਉਸ ਵਿਚ ਰੌਚਕਤਾ ਅਤੇ ਚੰਗੀ ਵਾਰਤਕ ਵਾਲੇ ਗੁਣ ਹੋਣ ਤਾਂ ਪਾਠਕਾਂ ਲਈ ਦਿਲਚਸਪੀ ਅਤੇ ਪ੍ਰੇਰਨਾ ਦਾ ਸੋਮਾ ਬਣਦੀ ਹੈ। ਡਾ: ਐਸ.ਐਸ. ਛੀਨਾ ਦੀ ਲਿਖੀ ਪੁਸਤਕ 'ਅੰਡੇਮਾਨ ਤੇ ਨਿਕੋਬਾਰ ਦੇ ਟਾਪੂ ਅਤੇ ਉਥੋਂ ਦੇ ਲੋਕ' ਉਨ੍ਹਾਂ ਦਾ ਸਫ਼ਰਨਾਮਾ ਹੈ, ਜੋ ਉਨ੍ਹਾਂ ਦੇ ਉਥੇ ਇਨ੍ਹਾਂ ਟਾਪੂਆਂ ਵਿਚ ਪੰਚਾਇਤੀ ਚੋਣਾਂ ਦਾ ਅਧਿਐਨ ਕਰਨ ਜਾਣ ਦੇ ਸਫ਼ਰ ਵਿਚੋਂ ਪੈਦਾ ਹੋਇਆ। ਲੇਖਕ ਭਾਵੇਂ ਸਰਕਾਰੀ ਕਾਰਜ ਲਈ ਉਥੇ ਗਿਆ ਸੀ ਪਰ ਉਸ ਦਾ ਸੰਵੇਦਨਸ਼ੀਲ ਆਪਾ ਇਥੋਂ ਦੀ ਖੂਬਸੂਰਤੀ ਨੂੰ ਮਾਣਦਾ ਹੋਇਆ ਅਨੰਦ ਮਹਿਸੂਸ ਕਰਦਾ ਹੈ। ਉਸ ਅਨੁਸਾਰ ਉਹ ਧਰਤੀ ਜਿਸ ਨੂੰ ਕਾਲਾ ਪਾਣੀ ਕਿਹਾ ਜਾਂਦਾ ਸੀ, ਉਸ ਦੀ ਖੂਬਸੂਰਤੀ ਦੇਖਿਆਂ ਹੀ ਬਣਦੀ ਹੈ। ਸਾਡੇ ਦੇਸ਼ ਭਗਤਾਂ ਦੀਆਂ ਕੀਤੀਆਂ ਕੁਰਬਾਨੀਆਂ ਅਤੇ ਸੈਲੂਲਰ ਜੇਲ੍ਹ ਵਿਚ ਝੱਲੀਆਂ ਕਠਿਨ ਸਜ਼ਾਵਾਂ ਨੂੰ ਵੀ ਲੇਖਕ ਨਮਨ ਕਰਦਾ ਹੈ ਅਤੇ ਜੇਲ੍ਹ ਦੀਆਂ ਤਸਵੀਰਾਂ ਵੀ ਪਾਠਕਾਂ ਨਾਲ ਸਾਂਝੀਆਂ ਕਰਦਾ ਹੈ। ਲੇਖਕ ਨੇ ਜਿਥੇ ਇਸ ਧਰਤੀ ਦੇ ਭੂਗੋਲਿਕ ਅਤੇ ਇਤਿਹਾਸਕ ਵੇਰਵਿਆਂ ਨੂੰ ਪਾਠਕਾਂ ਦੇ ਰੂਬਰੂ ਕੀਤਾ ਹੈ, ਉਥੇ ਪੰਜਾਬੀਆਂ ਦੇ ਉਥੇ ਜਾ ਕੇ ਵਸਣ ਦੀ ਗਾਥਾ ਵੀ ਬਿਆਨ ਕੀਤੀ ਹੈ, ਜਿਸ ਦੀ ਉਦਾਹਰਨ ਉਥੇ ਵਸਿਆ ਲੇਖਕ ਦੇ ਜਾਣਕਾਰ ਦਲਵਿੰਦਰ ਸਿੰਘ ਦਾ ਪਰਿਵਾਰ ਹੈ। ਲੇਖਕ ਨੇ ਪੁਸਤਕ ਵਿਚ ਇਨ੍ਹਾਂ ਟਾਪੂਆਂ ਬਾਰੇ ਦੱਸਿਆ ਹੈ ਕਿ 36 ਕੁ ਟਾਪੂਆਂ ਉੱਤੇ ਹੀ ਵਸੋਂ ਹੈ ਅਤੇ ਹੁਣ ਉਥੇ ਵਿਕਾਸ ਦੀਆਂ ਗਤੀਵਿਧੀਆਂ ਵੀ ਬਹੁਤ ਰਫ਼ਤਾਰ ਨਾਲ ਕੀਤੀਆਂ ਜਾ ਰਹੀਆਂ ਹਨ। ਲੇਖਕ ਨੇ ਕੁਝ ਟਾਪੂਆਂ ਬਾਰੇ ਉਨ੍ਹਾਂ ਦੇ ਨਾਵਾਂ ਦੇ ਸਿਰਲੇਖਾਂ ਨਾਲ ਸੰਖੇਪ ਜਾਣਕਾਰੀ ਵੀ ਸਾਂਝੀ ਕੀਤੀ ਹੈ। ਲੇਖਕ ਨੇ ਸਫ਼ਰਨਾਮੇ ਦੀ ਇਹ ਵਿਸ਼ੇਸ਼ਤਾ ਹੈ ਕਿ ਉਸ ਨੇ ਪਰੰਪਰਕ ਸਫ਼ਰਨਾਮਾ ਵਾਂਗ ਲੰਮੀ ਚੌੜੀ ਭੂਮਿਕਾ ਅਤੇ ਸਫ਼ਰ ਤੋਂ ਪਹਿਲਾਂ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਸਗੋਂ ਆਪਣੇ ਮਕਸਦ ਦੇ ਨਾਲ ਹੀ ਯਾਤਰਾ ਬਾਰੇ ਦੱਸ ਦਿੱਤਾ ਹੈ। ਪੁਸਤਕ ਦੇ ਸਿਰਲੇਖ ਤੇ ਸ਼ਬਦ ਜੋੜਾਂ ਦੀ ਗ਼ਲਤੀ ਰੜਕਦੀ ਹੈ ਕਿ 'ਟਾਪੂ' ਨੂੰ 'ਟਾਪੁ' ਅਤੇ 'ਉਥੋਂ ਨੂੰ 'ੳਥੋਂ' ਲਿਖਿਆ ਹੈ। ਦੁਲੈਂਕੜ ਤੇ ਔਂਕੜ ਦੀ ਗ਼ਲਤੀ ਹੈ।

ਡਾ: ਸਰਦੂਲ ਸਿੰਘ ਔਜਲਾ
ਮੋ: 98141-68611.

c c c

ਰਾਖ ਦੀ ਢੇਰੀ
ਮੂਲ ਲੇਖਕ : ਸ਼ਰਤ ਚੰਦਰ ਚਟੋਪਾਧਿਆਇ
ਅਨੁਵਾਦਕ : ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 258
ਸੰਪਰਕ : 099588-31357.

ਅਨੁਵਾਦ ਦੇ ਜ਼ਰੀਏ ਪੰਜਾਬੀ ਨਾਵਲ ਨੂੰ ਵਿਸ਼ੇ ਤੇ ਸਾਹਿਤ ਜੁਗਤਾਂ ਦੇ ਨਵੇਂ ਦਿਸਹੱਦਿਆਂ ਤੋਂ ਵਾਕਿਫ਼ ਕਰਵਾਉਣ ਪੱਖੋਂ ਡਾ: ਬਲਦੇਵ ਸਿੰਘ ਬੱਦਨ ਹਮੇਸ਼ਾ ਕੁਝ ਵੱਖਰਾ ਕਰਦਾ ਸੋਚਦਾ ਹੈ। ਵਿਚਾਰ ਅਧੀਨ ਕਿਤਾਬ ਵਿਚ ਉਸ ਨੇ ਭਾਰਤੀ ਗਲਪ ਸਾਹਿਤ ਦੇ ਇਕ ਵੱਡੇ ਹਸਤਾਖ਼ਰ ਸ਼ਰਤ ਚੰਦਰ ਦੇ ਵੱਡੇ ਨਾਵਲ ਦਾ ਪੰਜਾਬੀ ਅਨੁਵਾਦ ਪਾਠਕਾਂ ਅੱਗੇ ਰੱਖਿਆ ਹੈ। ਬੰਗਾਲ ਦੇ ਇਸ ਨਾਵਲ ਲੇਖਕ ਪਾਸ ਪਾਤਰਾਂ ਦੀ ਮਾਨਸਿਕਤਾ, ਵਿਹਾਰ, ਭਾਵਨਾਤਾਮਕ ਜਗਤ ਦੇ ਉਤਾਰ-ਚੜ੍ਹਾਅ ਸਮਝਣ ਤੇ ਚਿਤਰਨ ਦੀ ਬੇਜੋੜ ਮੁਹਾਰਤ ਸੀ। ਉਸ ਦੇ ਨਾਵਲਾਂ ਦਾ ਕਥਾ ਰਸ, ਵਿਸ਼ਾ ਵਸਤੂ, ਗੋਂਦ ਦੀ ਸਫਲਤਾ ਤੇ ਰੌਚਿਕਤਾ ਪਾਠਕ ਨੂੰ ਕੀਲ ਲੈਂਦੇ ਹਨ। ਦੇਵਦਾਸ ਵਰਗੀਆਂ ਫ਼ਿਲਮਾਂ ਦੇ ਦੇਵਦਾਸ ਵਰਗੇ ਪਾਤਰ ਇਸ ਦਾ ਪ੍ਰਮਾਣ ਹਨ।
ਰਾਖ ਦੀ ਢੇਰੀ ਨਾਵਲ ਵੀ ਪੰਜਾਬੀ ਪਾਠਕਾਂ/ਲੇਖਕਾਂ ਨੂੰ ਪਾਤਰ ਉਸਾਰੀ/ਪੇਸ਼ਕਾਰੀ ਪੱਖੋਂ ਨਵੇਂ ਆਕਾਸ਼ਾਂ ਨਾਲ ਪਰਿਚਿਤ ਕਰਵਾਉਂਦਾ ਹੈ। ਮਹਿਮ, ਸੁਰੇਸ਼, ਅਚਲਾ, ਕਿਦਾਰ ਬਾਬੂ ਤੇ ਮ੍ਰਿਣਾਲਿਨੀ ਕੁੱਲ ਪੰਜ ਮੁੱਖ ਪਾਤਰ ਹਨ ਜੋ ਆਦਿ ਤੋਂ ਅੰਤ ਤੱਕ ਪਾਠਕ ਨੂੰ ਬੰਨ੍ਹੀ ਰੱਖਦੇ ਹਨ। ਇਨ੍ਹਾਂ ਪਾਤਰਾਂ ਦੇ ਨਿੱਕੇ ਤੋਂ ਨਿੱਕੇ ਕਦਮ/ਵਿਹਾਰ/ਪ੍ਰਤੀਕਿਰਿਆ ਦੀ ਸਮਾਜਿਕ/ਮਨੋਵਿਗਿਆਨਕ ਆਧਾਰ 'ਤੇ ਉਚਿਤਤਾ ਸਥਾਪਤ ਕਰਨ ਵਿਚ ਲੇਖਕ ਦੀ ਸਫਲਤਾ ਉਸ ਨੂੰ ਵੱਡਾ ਨਾਵਲਕਾਰ ਬਣਾਉਂਦੀ ਹੈ। ਪਾਤਰਾਂ ਵਲੋਂ ਕੀਤੇ ਕਾਰਜ/ਵਿਹਾਰ ਨਾਲ ਉਨ੍ਹਾਂ ਦੀ ਜ਼ਿੰਦਗੀ ਕਦਮ-ਦਰ-ਕਦਮ ਗਰੀਕ ਤ੍ਰਾਸਦੀ ਵਾਂਗ ਜਟਿਲ ਹੁੰਦੀ ਅੰਤ ਵੱਡੀ ਤ੍ਰਾਸਦੀ ਵਿਚ ਸਮਾਪਤ ਹੁੰਦੀ ਹੈ। ਕਹਿਣ ਨੂੰ ਮਹਿਮ, ਸੁਰੇਸ਼ ਤੇ ਅਚਲਾ ਦੀ ਪ੍ਰੇਮ ਕਹਾਣੀ ਹੈ ਇਹ ਪਰ ਇਸ ਦਾ ਨਿਭਾਅ ਨਾਵ ਦੇ ਰੂਪ ਵਸਤੂ ਤੇ ਪਾਤਰ ਵਿਧਾਨ ਬਾਰੇ ਸਾਨੂੰ ਬਹੁਤ ਕੁਝ ਸੋਚਣ ਲਈ ਮਜਬੂਰ ਕਰਦਾ ਹੈ। ਗੌਣ ਪਾਤਰਾਂ ਦੀ ਵਰਤੋਂ ਵੀ ਲੇਖਕ ਨੇ ਕੁਸ਼ਲਤਾ ਨਾਲ ਕੀਤੀ ਹੈ।
ਸ਼ਰਤ ਦਾ ਸਮਾਂ ਅੰਗਰੇਜ਼ੀ ਰਾਜ ਦਾ ਸਮਾਂ ਹੈ। ਜਾਤ-ਪਾਤ/ਕਰਮਕਾਂਡ ਵਾਲੇ ਪਰੰਪਰਾਗਤ ਹਿੰਦੂ ਸਮਾਜ ਵਿਚਲੇ ਭੈੜਾਂ ਨੂੰ ਦੂਰ ਕਰਨ ਲਈ ਬ੍ਰਹਮੋ ਸਮਾਜ ਲਹਿਰ ਦਾ ਸਮਾਂ, ਪਰੰਪਰਾਗਤ ਬ੍ਰਾਹਮਣੀ ਵਿਵਹਾਰ ਅਤੇ ਸੁਤੰਤਰ ਨਵੀਂ ਸੋਚ ਵਾਲੀ ਬ੍ਰਹਮੋ-ਸਮਾਜੀ ਦ੍ਰਿਸ਼ਟੀ ਦਾ ਟਕਰਾਅ ਸੂਖਮ ਰੂਪ ਵਿਚ ਸਮੁੱਚੇ ਨਾਵਲ ਦੇ ਆਰ-ਪਾਰ ਫੈਲਦਾ ਹੈ। ਸ਼ਰਤ ਦੀ ਹਮਦਰਦੀ ਨਵੇਂ ਨਾਲ ਹੈ ਪਰ ਉਹ ਉਲਾਰ ਨਹੀਂ। ਅਨੁਵਾਦ ਸਫ਼ਲ ਹੈ।

ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਵਡਮੁੱਲੇ ਪੱਤਰੇ
ਲੇਖਕ : ਬਲਦੇਵ ਸਿੰਘ ਕੋਰੇ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 111
ਸੰਪਰਕ : 94175-83141.

ਇਹ ਪੁਸਤਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੈ। ਇਨ੍ਹਾਂ ਵਡਮੁੱਲੇ ਪੱਤਰਿਆਂ ਵਿਚ ਇਤਿਹਾਸਕ ਘਟਨਾਵਾਂ, ਭਗਤਾਂ, ਸੰਤਾਂ, ਮਹਾਂਪੁਰਸ਼ਾਂ, ਸ਼ਹੀਦਾਂ ਅਤੇ ਵਿਦਵਾਨਾਂ ਦੇ ਦਰਸ਼ਨ ਕਰਵਾਏ ਗਏ ਹਨ। ਸਾਡੇ ਮਹਾਨ ਵਿਰਸੇ ਨੂੰ ਦਰਸਾਉਂਦੇ ਕੁਝ ਧਾਰਮਿਕ ਅਸਥਾਨਾਂ ਦੇ ਦੀਦਾਰ ਵੀ ਕਰਵਾਏ ਗਏ ਹਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਜੀਵਨ ਚਰਿੱਤਰਾਂ ਵਿਚੋਂ ਵੀ ਕੁਝ ਝਲਕਾਂ ਪੇਸ਼ ਕੀਤੀਆਂ ਗਈਆਂ ਹਨ। ਕੁਝ ਇਤਿਹਾਸਕ ਗੁਰਦੁਆਰਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਜਿਵੇਂ ਗੁਰਦੁਆਰਾ ਨਿੰਮ ਸਾਹਿਬ ਪਿੰਡ ਆਕੜ, ਗੁਰਦੁਆਰਾ ਮੰਜੀ ਸਾਹਿਬ ਮਨੀਮਾਜਰਾ, ਗੁਰਦੁਆਰਾ ਕਿਲ੍ਹਾ ਬਹਾਦਰਗੜ੍ਹ ਸਾਹਿਬ, ਗੁਰਦੁਆਰਾ ਬੀਬੀ ਮੁਮਤਾਜ਼ਗੜ੍ਹ ਸਾਹਿਬ, ਗੁਰਦੁਆਰਾ ਜੰਗਸਰ ਸਾਹਿਬ ਪਿੰਡ ਬ੍ਰਾਹਮਣ ਮਾਜਰਾ, ਗੁਰਦੁਆਰਾ ਡੇਹਰਾ ਸਾਹਿਬ ਅਤੇ ਗੁਰਦੁਆਰਾ ਟਿੱਬੀ ਸਾਹਿਬ ਆਦਿ। ਇਸ ਤੋਂ ਇਲਾਵਾ ਛੱਜੂ ਭਗਤ, ਭਗਤ ਰਵਿਦਾਸ ਜੀ, ਭਾਈ ਫਿਰੰਦਾ ਜੀ, ਮਹਾਰਾਜਾ ਬਿਕ੍ਰਮਾਜੀਤ ਅਤੇ ਸਿਕੰਦਰ ਮਹਾਨ, ਬੀਬੀ ਸਾਹਿਬ ਕੌਰ ਪਟਿਆਲਾ, ਸੰਤ ਹਰੀ ਸਿੰਘ ਜੀ, ਭਾਈ ਝੰਡਾ ਜੀ, ਪਠਾਣ ਨਿਹੰਗ ਖ਼ਾਨ, ਮਾਤਾ ਰਾਜ ਕੌਰ, ਸ਼ਹੀਦ ਭਾਈ ਸੰਗਤ ਸਿੰਘ ਜੀ, ਸੰਤ ਬਾਬਾ ਨਿਧਾਨ ਸਿੰਘ ਜੀ ਅਤੇ ਗਿਆਨੀ ਦਿੱਤ ਸਿੰਘ ਜੀ ਦੇ ਜੀਵਨ 'ਤੇ ਵੀ ਝਾਤ ਪੁਆਈ ਗਈ ਹੈ। ਲੇਖਕ ਨੇ ਬੇਦੀ ਅਤੇ ਸੋਢੀ ਵੰਸ਼ ਦੇ ਇਤਿਹਾਸ, ਛੋਟੇ ਸਾਹਿਬਜ਼ਾਦਿਆਂ ਦਾ ਸਰਸਾ ਤੋਂ ਸਰਹਿੰਦ ਤੱਕ ਦਾ ਸਫ਼ਰ, ਗੁਰਦੁਆਰਾ ਭੱਠਾ ਸਾਹਿਬ ਜੀ ਬਾਰੇ ਅਨਮੋਲ ਜਾਣਕਾਰੀ ਦਿੱਤੀ ਹੈ। ਕੁਝ ਗੱਲਾਂ ਜਵਾਹਰ ਲਾਲ ਨਹਿਰੂ ਅਤੇ ਲਾਲ ਬਹਾਦਰ ਸ਼ਾਸਤਰੀ ਬਾਰੇ ਵੀ ਸਾਂਝੀਆਂ ਕੀਤੀਆਂ ਹਨ। ਮਹਾਰਾਜਾ ਰਣਜੀਤ ਸਿੰਘ ਦੇ ਅਦਭੁੱਤ ਪੱਥਰ ਬਾਰੇ ਵੀ ਦੱਸਿਆ ਹੈ, ਜੋ ਭੋਜਨ ਵਿਚ ਮਿਲਾਈ ਜ਼ਹਿਰ ਨੂੰ ਪਰਖਦਾ ਸੀ।

ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367

06-09-2020

 ਨਿਹੰਗ ਸਿੰਘ ਸੰਦੇਸ਼
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਅੰਕ

ਸੰਪਾਦਕ/ਸਕੱਤਰ :
ਦਿਲਜੀਤ ਸਿੰਘ ਬੇਦੀ

ਪ੍ਰਕਾਸ਼ਕ : ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96ਵੇਂ ਕਰੋੜੀ 14ਵੇਂ, ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ (ਚੱਕਰਵਰਤੀ) ਪੰਜਾਬ, ਭਾਰਤ (ਵਿਸ਼ਵ)
ਭੇਟਾ : 200 ਰੁਪਏ, ਸਫ਼ੇ : 252
ਸੰਪਰਕ : 98148-98570.

ਸਰਬਸਾਂਝੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਸਬੰਧੀ ਦੇਸ਼-ਦੁਨੀਆ ਵਿਚ ਵੱਡੇ-ਵੱਡੇ ਸਮਾਗਮ ਆਯੋਜਿਤ ਹੋਏ ਹਨ। ਸਿੱਖਾਂ ਅਤੇ ਗ਼ੈਰ-ਸਿੱਖਾਂ ਦੀਆਂ ਵੱਡੀਆਂ-ਵੱਡੀਆਂ ਸੰਸਥਾਵਾਂ ਨੇ, ਗੁਰੂ ਨਾਨਕ ਨਾਮ ਲੇਵਾ ਸੰਗਤ ਨੇ ਵੱਖ-ਵੱਖ ਨਾਮਵਰ ਲੇਖਕਾਂ ਵਲੋਂ ਲਿਖੀਆਂ ਰਚਨਾਵਾਂ 'ਤੇ ਆਧਾਰਿਤ ਸੋਵੀਨਾਰਾਂ, ਪੁਸਤਕਾਂ, ਲੇਖਾਂ ਨੂੰ ਵੱਖ-ਵੱਖ ਭਾਸ਼ਾਵਾਂ ਵਿਚ ਤਿਆਰ ਕਰਵਾ ਕੇ ਮਾਨਵਤਾ ਦੇ ਭਲੇ ਲਈ ਪੇਸ਼ ਕੀਤਾ ਹੈ। 'ਨਿਹੰਗ ਸਿੰਘ ਸੰਦੇਸ਼' ਵਿਚ ਪੰਥ ਅਕਾਲੀ ਬੁੱਢਾ ਦਲ ਦੀਆਂ ਸਰਗਰਮੀਆਂ ਅਤੇ ਵਿਸ਼ੇਸ਼ ਕਰਕੇ ਗੁਰਮਤਿ ਵਿਚਾਰਾਂ, ਸਿੱਖ ਇਤਿਹਾਸ, ਸਿੱਖ ਸੱਭਿਆਚਾਰ, ਗੁਰਬਾਣੀ ਨਾਲ ਸਬੰਧਿਤ ਲੇਖ ਸਮੇਂ-ਸਮੇਂ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ। ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਗੁਰਪੁਰਬ ਤੇ 'ਨਿਹੰਗ ਸਿੰਘ ਸੰਦੇਸ਼' ਦਾ ਵੱਡ-ਆਕਾਰੀ ਇਹ ਵਿਸ਼ੇਸ਼ ਅੰਕ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਦਾ ਇਹ ਸਫ਼ਲ ਉਪਰਾਲਾ ਅਤੇ ਸ਼ਲਾਘਾਯੋਗ ਯਤਨ ਹੈ। ਇਸ ਵਿਸ਼ੇਸ਼ ਅੰਕ ਦੀ ਤਿਆਰੀ ਲਈ ਇਸ ਦੇ ਸੰਪਾਦਕ/ਸਕੱਤਰ ਸ: ਦਿਲਜੀਤ ਸਿੰਘ ਬੇਦੀ ਨੇ ਜੋ ਪ੍ਰਸਿੱਧ ਸਿੱਖ ਚਿੰਤਕ, ਵਿਦਵਾਨ ਤੇ ਸਫਲ ਲੇਖਕ ਹਨ, ਬੜੀ ਸਖ਼ਤ ਘਾਲਣਾ ਨਾਲ ਇਹ ਯਾਦਕਾਰੀ ਭੇਟ ਪਾਠਕਾਂ ਲਈ ਤਿਆਰ ਕੀਤੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਰਬ ਸੰਸਾਰ ਲਈ ਕਲਿਆਣਕਾਰੀ ਵਿਚਾਰਧਾਰਾ ਨੂੰ ਪਾਠਕਾਂ ਅੱਗੇ ਪੇਸ਼ ਕਰਨ ਲਈ ਲਗਪਗ ਢਾਈ ਦਰਜਨ ਲੇਖਕਾਂ ਦੀਆਂ ਪ੍ਰਸਿੱਧ ਰਚਨਾਵਾਂ ਨੂੰ ਵੱਖਰੇ-ਵੱਖਰੇ ਲੇਖਾਂ ਰਾਹੀਂ ਇਸ ਵਿਸ਼ੇਸ਼ ਅੰਕ ਦਾ ਸ਼ਿੰਗਾਰ ਬਣਾਇਆ ਗਿਆ ਹੈ। ਵਿਸ਼ੇਸ਼ ਅੰਕ ਦੇ ਆਰੰਭ ਵਿਚ 'ਜਗਤ ਗੁਰੂ ਸੱਚੇ ਪਾਤਸ਼ਾਹ' ਲੇਖਕ ਬਾਬਾ ਬਲਬੀਰ ਸਿੰਘ ਤੋਂ ਬਾਅਦ ਲੜੀਵਾਰ 'ਚੜ੍ਹਿਆ ਸੋਧਣਿ ਧਰਤਿ ਲੁਕਾਈ' ਲੇਖਕ ਦਿਲਜੀਤ ਸਿੰਘ ਬੇਦੀ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਮਨਜਿੰਦਰ ਸਿੰਘ ਸਿਰਸਾ, ਡਾ: ਰੂਪ ਸਿੰਘ, ਭਾਈ ਸੁਖਜੀਤ ਸਿੰਘ ਘਨ੍ਹੱਈਆ, ਡਾ: ਬਲਕਾਰ ਸਿੰਘ, ਬੀਰ ਦਵਿੰਦਰ ਸਿੰਘ, ਡਾ: ਹਰਪਾਲ ਸਿੰਘ ਪੰਨੂ, ਡਾ: ਜਸਵਿੰਦਰ ਸਿੰਘ, ਜਸਵੰਤ ਸਿੰਘ ਜਫ਼ਰ, ਅਵਤਾਰ ਸਿੰਘ ਅਨੰਦ, ਹਰਵਿੰਦਰ ਸਿੰਘ ਖਾਲਸਾ, ਡਾ: ਜਗਜੀਵਨ ਸਿੰਘ, ਡਾ: ਲਾਭ ਸਿੰਘ ਖੀਵਾ, ਡਾ: ਜਸਵੀਰ ਸਿੰਘ ਸਰਨਾ, ਪਿਆਰਾ ਸਿੰਘ ਪਦਮ, ਡਾ: ਹਰਬੰਸ ਸਿੰਘ, ਜਸਬੀਰ ਸਿੰਘ ਮੰਡ, ਜਗਤਾਰਜੀਤ ਸਿੰਘ ਦਿੱਲੀ, ਗੁਰਮੁਖ ਸਿੰਘ ਮੌਜੀ, ਡਾ: ਸੁਜਿੰਦਰ ਸਿੰਘ ਸੰਘਾ, ਡਾ: ਜਸਬੀਰ ਸਿੰਘ ਸਰਨਾ, ਸਤਵਿੰਦਰ ਸਿੰਘ ਫੂਲਪੁਰ, ਡਾ: ਗੁਰਬਖਸ਼ ਸਿੰਘ ਭੰਡਾਲ, ਡਾ: ਗੋਪਾਲ ਸਿੰਘ ਬੁੱਟਰ, ਤਲਵਿੰਦਰ ਸਿੰਘ ਬੁੱਟਰ, ਗੁਰਦੀਪ ਸਿੰਘ ਕੰਬੋਜ, ਪਰਮਿੰਦਰ ਰਾਏ ਵਲੋਂ ਵੱਖ-ਵੱਖ ਮਜ਼ਮੂਨਾਂ ਉੱਪਰ ਲਿਖੀਆਂ ਬਹੁਮੁੱਲੀਆਂ ਰਚਨਾਵਾਂ ਨਾਲ ਪਾਠਕਾਂ ਦੀ ਸਾਂਝ ਪੁਆਉਣ ਦਾ ਸਫ਼ਲ ਯਤਨ ਹੈ।
ਇਸ ਤੋਂ ਇਲਾਵਾ ਬੁੱਢਾ ਦਲ ਦੀਆਂ ਲੋਕ ਸੇਵਾਵਾਂ, ਗੁਰਦੁਆਰਾ ਸਾਹਿਬਾਨ ਦੀ ਯਾਤਰਾ, ਬੁੱਢਾ ਦਲ ਦੀਆਂ ਸਰਗਰਮੀਆਂ ਵੀ ਪਾਠਕਾਂ ਦੇ ਰੂਬਰੂ ਕੀਤੀਆਂ ਗਈਆਂ ਹਨ। ਇਸ ਸਚਿੱਤਰ ਅੰਕ ਵਿਚ ਬੁੱਢਾ ਦਲ ਦੇ ਹੁਣ ਤੱਕ ਵੱਖ-ਵੱਖ ਸਮੇਂ ਰਹੇ ਜਥੇਦਾਰਾਂ ਦੇ ਸਰੂਪਾਂ ਦੇ ਦਰਸ਼ਨ ਅਤੇ ਸੰਖੇਪ ਰੂਪ ਵਿਚ ਜਥੇਦਾਰਾਂ ਦੀਆਂ ਸੇਵਾਵਾਂ ਦਾ ਜ਼ਿਕਰ ਵੀ ਕੀਤਾ ਗਿਆ ਹੈ। ਇਕ ਵਿਸ਼ੇਸ਼ ਲਿਖਤ 'ਨਿਹੰਗ ਅਕਾਲੀ ਸੰਪਰਦਾ' ਸੰਪਾਦਕ ਵਲੋਂ ਵਿਸ਼ੇਸ਼ ਜਾਣਕਾਰੀ ਹਿਤ ਦਰਜ ਕੀਤੀ ਗਈ ਹੈ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਕੋਲ ਮੌਜੂਦ ਇਤਿਹਾਸਕ ਸ਼ਸਤਰਾਂ ਦਾ ਵੇਰਵਾ ਵੀ ਤਸਵੀਰਾਂ ਸਮੇਤ ਦਿੱਤਾ ਗਿਆ ਹੈ। ਵਿਸ਼ੇਸ਼ ਕਰਕੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਭਾਰਤ ਪੁੱਜੇ ਨਗਰ ਕੀਰਤਨ ਦੀਆਂ ਤਸਵੀਰਾਂ ਵੀ ਇਸ ਅੰਕ ਦਾ ਸ਼ਿੰਗਾਰ ਬਣਾਈਆਂ ਗਈਆਂ ਹਨ। ਇਹ ਵਿਸ਼ੇਸ਼ ਅੰਕ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਰਬ ਮਨੁੱਖਤਾ ਨੂੰ ਦਿੱਤੀ ਅਦੁੱਤੀ ਅਗਵਾਈ ਅਤੇ ਮਾਨਵਤਾ ਨੂੰ ਧਾਰਮਿਕ, ਸਮਾਜਿਕ, ਰਾਜਨੀਤਕ, ਆਰਥਿਕ ਖੇਤਰ ਵਿਚ ਦਿੱਤੇ ਮਾਰਗ-ਦਰਸ਼ਨ ਨੂੰ ਹਿਰਦੇ ਵਿਚ ਵਸਾਉਣ ਲਈ ਬੁੱਢਾ ਦਲ ਪ੍ਰਸੰਸਾ ਦਾ ਪਾਤਰ ਹੈ।

ਭਗਵਾਨ ਸਿੰਘ ਜੌਹਲ
ਮੋ: 98143-24040

c c c

ਅਨੰਦੁ ਸਾਹਿਬ ਸਟੀਕ
ਲੇਖਕ : ਦਾਸਰਾ ਬੀਰ ਸਿੰਘ ਕੈਨੇਡੀਅਨ
ਪ੍ਰਕਾਸ਼ਕ : ਬੀਰ ਸਿੰਘ ਗੁਰਸਿੱਖ, ਪਿੰਡ ਬੁਰਜ ਕਲਾਰਾ ਲੁਧਿਆਣਾ
ਸਫ਼ੇ : 304
ਸੰਪਰਕ : 94177-83018.

ਹਥਲੀ ਕਿਤਾਬ ਵਿਚ ਲੇਖਕ ਨੇ ਸ੍ਰੀ ਗੁਰੂ ਅਮਰਦਾਸ ਜੀ ਦਾ ਸੰਖੇਪ ਜੀਵਨ ਅਤੇ ਅਨੰਦ ਸਾਹਿਬ ਸਟੀਕ-ਅਰਥਾਂ ਤੇ ਵਿਆਖਿਆ ਪੂਰੀ ਸੂਝਬੂਝ ਤੇ ਸ਼ਰਧਾ ਭਾਵਨਾ ਤੇ ਸੁਚੇਤ ਬੋਧ ਨਾਲ ਕੀਤੀ ਹੈ। ਕਿਤਾਬ 'ਚ ਪ੍ਰਚਾਰ ਵਿਧੀ ਅਨੁਸਾਰ ਸਰਲ ਭਾਸ਼ਾ ਤੇ ਦਿਲਸਚਪ ਢੰਗ ਨਾਲ ਗੁਰੂ ਜੀ ਦੇ ਜੀਵਨ ਅਤੇ ਬਾਣੀ ਨੂੰ ਤਾਰਕਿਕ ਤਰੀਕੇ ਨਾਲ ਪਾਠਕਾਂ ਸਾਹਮਣੇ ਰੱਖਿਆ ਹੈ। ਕਿਤਾਬ ਦਾ ਪਹਿਲਾ ਭਾਗ 50 ਪੰਨੇ ਗੁਰੂ ਅਮਰਦਾਸ ਜੀ ਦੇ ਜੀਵਨ ਝਾਤ ਨਾਲ ਲਬਰੇਜ਼ ਹਨ। ਸ: ਬੀਰ ਸਿੰਘ ਕੈਨੇਡੀਅਨ ਨੇ ਗੁਰੂ ਜੀ ਦੇ ਜੀਵਨ ਬਿਉਰਾ, ਉਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ, ਸ਼ਬਦਾਂ, ਰਾਗਾਂ ਦੇ ਵੇਰਵੇ ਤੋਂ ਇਲਾਵਾ ਵੀਹ ਸਿਰਲੇਖਾਂ ਹੇਠ ਬੜੀ ਸੁੰਦਰ ਤੇ ਭਾਵ ਪੂਰਤ ਗੁਰੂ ਸਾਹਿਬ ਦੇ ਜੀਵਨ ਸਬੰਧੀ ਹਰ ਪੱਖ ਤੇ ਸੰਖੇਪ ਰੂਪ ਵਿਚ ਜਾਣਕਾਰੀ ਮੁਹੱਈਆ ਕੀਤੀ ਹੈ। ਦੂਜੇ ਭਾਗ ਵਿਚ ਅਨੰਦ ਸਾਹਿਬ ਦੇ ਅੱਖਰਾਂ ਦੇ ਅਰਥ ਤੱਤਸਾਰ, ਨਿਚੋੜ ਤੇ ਵਿਆਖਿਆ ਸ਼ਾਮਿਲ ਕੀਤੀ ਗਈ ਹੈ। ਅਨੰਦ ਸਾਹਿਬ ਦੀਆਂ ਚਾਲੀ ਪਉੜੀਆਂ ਦੇ ਅਰਥ ਦਿੱਤੇ ਗਏ ਹਨ ਅਤੇ ਬਾਣੀ ਦੇ ਮਹਾਤਮ ਬਾਰੇ ਵਿਚਾਰ ਪ੍ਰਗਟਾਏ ਹਨ ਜੋ ਜਗਿਆਸੂ ਲਈ ਲਾਹੇਵੰਦ ਕਿਤਾਬੀ ਰੂਪ ਵਿਚ ਸਾਡੇ ਸਨਮੁੱਖ ਹੁੰਦੀ ਹੈ। ਇਹ ਕਿਤਾਬ ਸ: ਬੀਰ ਸਿੰਘ ਦੀ ਨਿਹਚਾ ਤੇ ਇਕ ਚੰਗੇ ਸਿੱਖ ਦੀ ਛਾਪ ਵੀ ਸਨਮੁੱਖ ਕਰਦੀ ਹੈ। ਆਸ ਕਰਦੇ ਹਾਂ ਕਿ ਇਹ ਕਿਤਾਬ ਤੋਂ ਪਾਠਕ ਲਾਹਾ ਪ੍ਰਾਪਤ ਕਰਨਗੇ।

ਦਿਲਜੀਤ ਸਿੰਘ ਬੇਦੀ
ਮੋ: 98148-98570

c c c

ਜ਼ਿੰਦਗੀ ਅਜੇ ਬਾਕੀ ਹੈ
ਲੇਖਕ : ਰਿਸ਼ੀ ਗੁਲਾਟੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 275 ਰੁਪਏ, ਸਫ਼ੇ : 180
ਸੰਪਰਕ : 95011-45039.

ਪ੍ਰਵਾਸੀ ਲੇਖਕ ਰਿਸ਼ੀ ਗੁਲਾਟੀ ਦੀ ਪਲੇਠੀ ਵਾਰਤਕ ਪੁਸਤਕ 'ਜ਼ਿੰਦਗੀ ਅਜੇ ਬਾਕੀ ਹੈ' ਅਜੋਕੇ ਮਨੁੱਖ ਦੀ ਰੋਜ਼ਾਨਾ ਜ਼ਿੰਦਗੀ ਵਿਚਲੀਆਂ ਮਾਨਸਿਕ ਸਮੱਸਿਆਵਾਂ ਅਤੇ ਉਨ੍ਹਾਂ ਤੋਂ ਨਿਜਾਤ ਪ੍ਰਾਪਤ ਕਰਨ ਦਾ ਰਸਤਾ ਦੱਸਦੀ ਮਹੱਤਵਪੂਰਨ ਪੁਸਤਕ ਹੈ। ਪੁਸਤਕ ਨੂੰ ਤਿੰਨ ਅਧਿਆਏ ਵਿਚ ਵੰਡਿਆ ਗਿਆ ਹੈ। ਹਿਪਨੋਸਿਸ ਨਾਲ ਜਾਣ-ਪਛਾਣ, ਘਰੇਲੂ ਕਲੇਸ਼ ਤੋਂ ਘਰੇਲੂ ਹਿੰਸਾ ਤੱਕ ਅਤੇ ਆਧੁਨਿਕ ਸਮਾਜ ਦੇ ਮੱਥੇ ਦਾ ਕਲੰਕ ਆਤਮ ਹੱਤਿਆ। ਪਹਿਲੇ ਭਾਗ ਵਿਚ ਹਿਪਨੋਸਿਸ ਕੀ ਹੈ, ਇਸ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ਹੈ। ਹਿਪਨੋਸਿਸ ਬਾਰੇ ਆਮ ਭੁਲੇਖੇ ਅਤੇ ਸੰਸ਼ੇ ਉਦਾਹਰਨ ਦੇ ਕੇ ਸਪੱਸ਼ਟ ਕੀਤੇ ਗਏ ਹਨ। ਇਸ ਵਿਧੀ ਰਾਹੀਂ ਇਲਾਜ ਕਰਨ ਦਾ ਢੰਗ ਵੀ ਸਮਝਾਇਆ ਗਿਆ ਹੈ। ਦੂਸਰੇ ਭਾਗ 'ਚ ਘਰੇਲੂ ਕਲੇਸ਼ ਤੋਂ ਘਰੇਲੂ ਹਿੰਸਾ ਤੱਕ ਵਿਚ ਘਰੇਲੂ ਹਿੰਸਾ, ਉਸ ਦੀਆਂ ਕਿਸਮਾਂ, ਉਸ ਦੇ ਲੱਛਣ-ਪਛਾਣ ਦੱਸੀ ਗਈ ਹੈ, ਨਾਲ ਦੀ ਨਾਲ ਭਾਰਤ ਅਤੇ ਆਸਟ੍ਰੇਲੀਆ ਵਿਚ ਘਰੇਲੂ ਹਿੰਸਾ ਦੇ ਅੰਕੜੇ ਦੇ ਕੇ ਉਸ ਦੇ ਅੰਤਰ ਅਤੇ ਪ੍ਰਭਾਵ ਨੂੰ ਦਰਸਾਇਆ ਗਿਆ ਹੈ। ਘਰੇਲੂ ਕਲੇਸ਼ ਨੂੰ ਹੀ ਕਾਬੂ ਕਰਕੇ, ਘਰੇਲੂ ਹਿੰਸਾ ਤੋਂ ਕਿਵੇਂ ਬਚਾਅ ਕੀਤਾ ਜਾ ਸਕਦਾ ਹੈ, ਇਸ ਸਬੰਧੀ 16 ਲੇਖਾਂ ਵਿਚ ਸੂਖਮ ਜਾਣਕਾਰੀ ਦਿੱਤੀ ਗਈ ਹੈ। ਤੀਸਰੇ ਅਧਿਆਏ ਵਿਚ ਲੇਖਕ ਨੇ ਆਤਮ ਹੱਤਿਆ ਦੀ ਸੋਚ, ਕਾਰਨ, ਲੱਛਣ ਬਾਰੇ ਦੱਸਦਿਆਂ ਉਸ ਤੋਂ ਬਚਣ ਤੇ ਬਚਾਉਣ ਲਈ ਆਤਮਘਾਤੀ ਸੋਚ ਰੱਖਣ ਵਾਲੇ ਨਾਲ ਗੱਲਬਾਤ ਦਾ ਢੰਗ ਸੁਝਾਇਆ ਹੈ। ਇਸ ਚੈਪਟਰ ਵਿਚ ਵੀ ਭਾਰਤ, ਅਮਰੀਕਾ, ਆਸਟ੍ਰੇਲੀਆ ਵਰਗੇ ਮੁਲਕਾਂ ਵਿਚ ਆਤਮ ਹੱਤਿਆ ਦੇ ਅੰਕੜੇ ਪੇਸ਼ ਕੀਤੇ ਗਏ ਹਨ। ਵਿਸ਼ੇਸ਼ ਤੌਰ 'ਤੇ ਵਿਦਿਆਰਥੀਆਂ ਵਿਚ ਖ਼ੁਦਕੁਸ਼ੀ ਦੀ ਭਾਵਨਾ ਨੂੰ ਸਪੱਸ਼ਟ ਕੀਤਾ ਗਿਆ ਹੈ। ਪੁਸਤਕ ਵਿਚ ਬਹੁਤ ਸਾਰੇ ਹੱਲ ਕੀਤੇ ਗਏ ਕੇਸਾਂ ਬਾਰੇ ਵੀ ਚਾਨਣਾ ਪਾਇਆ ਗਿਆ ਹੈ। ਰਿਸ਼ੀ ਗੁਲਾਟੀ ਦੀ ਇਹ ਪੁਸਤਕ ਮਾਨਸਿਕ ਉਲਝਣਾਂ ਨੂੰ ਸੁਲਝਾਉਣ, ਉਸ ਦੇ ਮਾਰੂ ਸਿੱਟਿਆਂ ਤੋਂ ਬਚਣ ਲਈ ਇਕ ਰਾਹ-ਦਸੇਰੇ ਦਾ ਕੰਮ ਕਰਦੀ ਹੈ। ਨਿਵੇਕਲੇ ਵਿਸ਼ੇ 'ਤੇ ਲਿਖੀ ਗਈ ਇਹ ਪੁਸਤਕ ਪਾਠਕਾਂ ਲਈ ਕਾਫੀ ਲਾਹੇਵੰਦ ਸਾਬਤ ਹੋਵੇਗੀ। ਪੁਸਤਕ ਦੀ ਭਾਸ਼ਾ ਸਰਲ, ਸਹਿਜ ਅਤੇ ਰੌਚਕ ਹੈ।

ਡਾ: ਧਰਮਪਾਲ ਸਾਹਿਲ
ਮੋ: 98761-56964

c c c

ਇਕ ਕਹਾਣੀ ਮੇਰੀ ਵੀ
ਸੰਪਾਦਕ : ਜਗਮੇਲ ਸਿੱਧੂ
ਪ੍ਰਕਾਸ਼ਕ : ਅਰਪਿਤਾ ਪਬਲੀਕੇਸ਼ਨ, ਬਰਨਾਲਾ
ਮੁੱਲ : 130 ਰੁਪਏ, ਸਫ਼ੇ : 160
ਸੰਪਰਕ : 99158-41583.

ਕਹਾਣੀਆਂ ਵਿਚ ਜ਼ਿੰਦਗੀ ਦੇ ਟੁਕੜੇ ਸਮੋਏ ਹੁੰਦੇ ਹਨ। ਇਸ ਕਹਾਣੀ-ਸੰਗ੍ਰਹਿ ਵਿਚ ਵੱਖ-ਵੱਖ ਕਹਾਣੀਕਾਰਾਂ ਦੀਆਂ 17 ਕਹਾਣੀਆਂ ਸ਼ਾਮਿਲ ਹਨ। ਇਨ੍ਹਾਂ ਵਿਚ ਜੀਵਨ ਦੇ ਸਾਰੇ ਰੰਗ ਵਿਦਮਾਨ ਹਨ। ਖੁਸ਼ੀ, ਗ਼ਮੀ, ਦੁੱਖ, ਸੁਖ, ਵਸਲ ਵਿਛੋੜਾ, ਮਾਣ-ਅਪਮਾਨ ਸਰਬਸਾਂਝੇ ਤਜਰਬੇ ਹਨ। ਇਹ ਕਹਾਣੀਆਂ ਸਾਡੇ ਆਲੇ-ਦੁਆਲੇ ਵਿਚੋਂ ਹੀ ਲਈਆਂ ਗਈਆਂ ਹਨ। ਇਨ੍ਹਾਂ ਦੇ ਪਾਤਰ ਬਹੁਤ ਸਜੀਵ ਹਨ। ਸਾਰੀਆਂ ਕਹਾਣੀਆਂ ਵਧੀਆ ਹਨ, ਫਿਰ ਵੀ ਕੁਝ ਕਹਾਣੀਆਂ ਸਾਨੂੰ ਅੰਦਰ ਤੱਕ ਹਿਲਾ ਜਾਂਦੀਆਂ ਹਨ, ਜਿਵੇਂ 'ਭੈਣ ਫ਼ਾਤਿਮਾ' ਵਿਚ ਵੰਡ ਦਾ ਦਰਦ ਹੈ, ਅੱਧੇ ਸੌ ਦਾ ਨੋਟ ਵਿਚ ਪਰਦੇਸਾਂ ਦੇ ਦੁੱਖ ਹਨ, ਚਿੱਪਰ ਚਿੱਪਰ ਖੇਰੂੰ ਖੇਰੂੰ ਵਿਚ ਮਨੁੱਖੀ ਮਾਨਸਿਕਤਾ ਦੀ ਪੀੜ ਹੈ। ਪੁਸਤਕ ਵਿਚ ਬਲਦੇਵ ਸਿੰਘ, ਜੋਗਿੰਦਰ ਸਿੰਘ ਨਿਰਾਲਾ, ਜਗਮੇਲ ਸਿੱਧੂ, ਕੁਲਦੀਪ ਸਿੰਘ ਬੇਦੀ, ਬਲਬੀਰ ਪਰਵਾਨਾ, ਬਲਬੀਰ ਮਾਧੋਪੁਰੀ, ਜਸਪਾਲ ਮਾਨਖੇੜਾ, ਦਰਸ਼ਨ ਜੋਗਾ, ਬੂਟਾ ਸਿੰਘ ਚੌਹਾਨ, ਸੁਖਦੇਵ ਸਿੰਘ ਮਾਨ, ਜਸਵੀਰ ਰਾਣਾ, ਗੁਰਮੀਤ ਕੜਿਆਲਵੀ, ਅਜਮੇਰ ਸਿੱਧੂ, ਡਾ: ਤਰਸਪਾਲ ਕੌਰ, ਜਤਿੰਦਰ ਸਿੰਘ ਹਾਂਸ, ਪਰਗਟ ਸਤੌਜ ਅਤੇ ਅਮਰਜੀਤ ਸਿੰਘ ਮਾਨ ਦੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਕਈ ਕਹਾਣੀਆਂ ਯਥਾਰਥ ਦੇ ਬਹੁਤ ਨੇੜੇ ਹਨ ਅਤੇ ਅਟੱਲ ਸਚਾਈਆਂ ਬਿਆਨ ਕਰਦੀਆਂ ਹਨ ਜਿਵੇਂ 'ਕਨੇਡੇ ਖੂਹਾਂ ਨੂੰ ਖੂਹ ਤਾਂ ਹੋ ਸਕਦੈ ਮਿਲ ਜਾਣ ਪਰ ਰੂਹਾਂ ਨੂੰ ਰੂਹ ਨੀ ਮਿਲਦੀ, ਜਿਵੇਂ ਕਿ ਡਾਲਰ ਪੰਜਾਬ ਜਾ ਕੇ ਪੰਜਾਹਾਂ ਰੁਪਈਆਂ ਦਾ ਬਣ ਜਾਂਦਾ, ਉਵੇਂ ਕਨੇਡਾ ਆ ਕੇ ਬੰਦਾ ਕਾਣੀ ਕੌਡੀ ਦਾ ਵੀ ਨਹੀਂ ਰਹਿੰਦਾ।' ਸਾਰੀਆਂ ਕਹਾਣੀਆਂ ਸਾਰਥਕ ਅਤੇ ਰੌਚਕ ਹਨ। ਇਨ੍ਹਾਂ ਵਿਚੋਂ ਚੰਗੇ ਸੁਨੇਹੇ ਨਾਤੇ ਸੰਦੇਸ਼ ਮਿਲਦੇ ਹਨ। ਸੰਪਾਦਕ ਦੀ ਚੋਣ ਵਧੀਆ ਹੈ। ਕਹਾਣੀਆਂ ਵਿਚੋਂ ਇਤਿਹਾਸ, ਵਿਰਸੇ, ਭਾਸ਼ਾ, ਸੱਭਿਆਚਾਰ ਅਤੇ ਅਲੋਪ ਹੋ ਰਹੀਆਂ ਕਦਰਾਂ-ਕੀਮਤਾਂ ਦੀ ਝਲਕ ਮਿਲਦੀ ਹੈ। ਇਹ ਸਾਡੀ ਚੇਤਨਾ, ਸੰਵੇਦਨਾ ਅਤੇ ਚਿੰਤਨ ਨੂੰ ਟੁੰਬਦੀਆਂ ਹਨ। ਇਸ ਪੁਸਤਕ ਦਾ ਹਾਰਦਿਕ ਸਵਾਗਤ ਹੈ।

ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

c c c

ਰੰਗਲੇ ਪੰਜਾਬ ਦੇ ਲੋਕ ਗੀਤ
ਸੰਪਾਦਕ : ਪ੍ਰਿੰਸੀਪਲ ਪਾਖਰ ਸਿੰਘ
ਪ੍ਰਕਾਸ਼ਕ : ਸੁੰਦਰ ਬੁਕ ਡਿਪੋ, ਜਲੰਧਰ
ਮੁੱਲ : 250 ਰੁਪਏ, ਸਫ਼ੇ : 176
ਸੰਪਰਕ : 0181-2623184.

ਸੰਪਾਦਿਤ ਪੁਸਤਕ ਵਿਚ ਪੰਜਾਬ ਦੇ ਵਿਭਿੰਨ ਲੋਕ ਗੀਤਾਂ ਦਾ ਜ਼ਿਕਰ ਹੈ। ਲੋਕ ਗੀਤਾਂ ਦੇ ਸੰਦਰਭ ਵਿਚ ਛੇ ਵਿਦਵਾਨ ਲੇਖਕਾਂ ਦੇ ਆਲੋਚਨਾਤਮਕ ਲੇਖ ਹਨ। ਪ੍ਰੋ: ਬਲਬੀਰ ਸਿੰਘ ਮੋਮੀ ਦੀ ਭੂਮਿਕਾ ਸਮੇਤ ਕੁੱਲ 16 ਰਚਨਾਵਾਂ ਹਨ। ਟਰਾਂਸਪੋਰਟ ਸਾਹਿਤ ਤਹਿਤ ਟੱਰਕਾਂ ਦੇ ਪਿੱਛੇ ਡਰਾਈਵਰ ਭਾਈਚਾਰੇ ਵਲੋਂ ਲਿਖੀਆਂ ਸਤਰਾਂ ਹਨ, ਜਿਨ੍ਹਾਂ ਵਿਚ ਮਨੁੱਖੀ ਕਦਰਾਂ-ਕੀਮਤਾਂ ਦੀ ਮਹਿਕ ਫੈਲਦੀ ਹੈ। ਡਾ: ਸੁਖਬੀਰ ਕੌਰ ਨੇ ਵਿਆਹ-ਸ਼ਾਦੀਆਂ ਦੇ ਰਸਮੋ-ਰਿਵਾਜ ਦੀ ਚਰਚਾ ਲੋਕ ਗੀਤਾਂ ਦੇ ਸੰਦਰਭ ਵਿਚ ਕੀਤੀ ਹੈ। ਇਨ੍ਹਾਂ ਰਸਮਾਂ ਵਿਚ ਘੋੜੀ ਚੜ੍ਹਨਾ, ਵਟਣਾ ਲਾਉਣਾ, ਨਾਨਕਿਆਂ ਦੇ ਚਾਅ, ਪੰਜਾਬੀਆਂ ਦਾ ਬਰਾਤੇ ਚੜ੍ਹਨਾ, ਡੋਲੀ ਤੋਰਨੀ ਇਹ ਸਭ ਕੁਝ ਲੋਕ ਗੀਤਾਂ ਨਾਲ ਸ਼ਿੰਗਾਰਿਆ ਗਿਆ ਹੈ। ਇਸੇ ਲੇਖਿਕਾ ਨੇ ਨੂੰਹ ਸੱਸ ਦੇ ਰਿਸ਼ਤੇ ਨੂੰ ਵੀ ਲੋਕ ਗੀਤਾਂ ਨਾਲ ਵਿਸ਼ਲੇਸ਼ਿਤ ਕੀਤਾ ਹੈ। ਵਕਤ ਨਾਲ ਹੁਣ ਕੁਝ ਫ਼ਰਕ ਪੈ ਗਿਆ ਹੈ। ਸੱਸੇ ਨੀ ਤੇਰੇ ਪੰਜ ਪੁੱਤਰ/ਦੋ ਦੇਵਰ ਦੋ ਜੇਠ/ਜਿਹੜਾ ਮੇਰੇ ਹਾਣ ਦਾ/ਤੁਰ ਗਿਆ ਪ੍ਰਦੇਸ। ਨੂੰਹ ਦੀ ਜ਼ਬਾਨੀ ਪਤੀ ਦੇ ਵਿਛੋੜੇ ਦਾ ਵੀ ਸੱਸ ਨੂੰ ਮਿਹਣਾ ਦਿੱਤਾ ਹੈ। ਇਹੋ ਜਿਹੇ ਮਿਹਣਿਆਂ ਵਾਲੇ ਅਨੇਕਾਂ ਲੋਕ ਗੀਤ ਪੁਸਤਕ ਵਿਚ ਆਮ ਹਨ। ਡਾ: ਮਨਿੰਦਰਜੀਤ ਕੌਰ ਨੇ ਲੋਕ ਸਾਹਿਤ ਵਿਚ ਬੋਲੀਆਂ ਦਾ ਜ਼ਿਕਰ ਕੀਤਾ ਹੈ। ਡਾ: ਨਾਹਰ ਸਿੰਘ ਦੀਆਂ ਲਿਖਤਾਂ ਦੇ ਹਵਾਲੇ ਹਨ। ਤੁਕਾਂ ਦੇ ਆਧਾਰ 'ਤੇ ਬੋਲੀਆਂ ਦੀਆਂ ਉਦਾਹਰਨਾਂ ਸਹਿਤ ਵੰਨਗੀਆਂ ਹਨ। ਪ੍ਰੋ: ਮਦਨ ਸਿੰਘ ਬੰਗਾ ਨੇ ਪਿੰਡਾਂ ਵਿਚੋਂ ਪਿੰਡ ਸੁਣੀਂਦਾ ਨੂੰ ਆਧਾਰ ਬਣਾ ਕੇ ਕੁਝ ਪਿੰਡਾਂ ਦਾ ਲੋਕ ਗੀਤਾਂ ਵਿਚ ਦਿਲਚਸਪ ਵਰਨਣ ਕੀਤਾ ਹੈ। ਡਾ: ਰੁਪਿੰਦਰ ਕੌਰ ਗਿੱਲ ਨੇ ਰੁੱਖ, ਬੂਟੇ, ਫਲਾਂ ਦਾ ਜ਼ਿਕਰ ਕਰਦੇ ਹੋਏ ਪਿੱਪਲ, ਕਿੱਕਰ, ਤੂਤ, ਨਿੰਮ ਆਦਿ ਨਾਲ ਜੁੜੇ ਲੋਕ ਗੀਤਾਂ ਦਾ ਖੋਜਮਈ ਬਿਰਤਾਂਤ ਪੇਸ਼ ਕੀਤਾ ਹੈ। ਬਾਬਾ ਫਰੀਦ, ਭਾਈ ਵੀਰ ਸਿੰਘ, ਪ੍ਰੋ: ਮੋਹਨ ਸਿੰਘ, ਸ਼ਿਵ ਕੁਮਾਰ ਬਟਾਲਵੀ ਦੇ ਸੁਹਜਮਈ ਹਵਾਲੇ ਹਨ। ਇਸ ਦੇ ਨਾਲ ਪੁਸਤਕ ਵਿਚ ਸੈਂਕੜੇ ਸਿੱਠਣੀਆਂ, ਟੱਪੇ, ਮਾਹੀਏ, ਛੰਦ, ਫੁਟਕਲ ਬੋਲੀਆਂ ਕਮਾਲ ਦੀਆਂ ਹਨ। ਪੜ੍ਹ ਕੇ ਮਨ ਖਿੜ ਜਾਂਦਾ ਹੈ। ਪੁਸਤਕ ਦੂਸਰੇ ਸੰਸਕਰਨ ਵਿਚ ਛਪੀ ਹੈ। ਸਿਰਲੇਖ ਵਿਚ ਰੰਗਲੇ ਸ਼ਬਦ ਵਰਤਮਾਨ ਪ੍ਰਸੰਗ ਵਿਚ ਓਪਰਾ ਜਿਹਾ ਲਗਦਾ ਹੈ। ਆਕਰਸ਼ਕ ਟਾਈਟਲ ਵਾਲੀ ਵਿਰਾਸਤੀ ਪੁਸਤਕ ਦਾ ਸਵਾਗਤ ਹੈ।

ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160

c c c

ਸੁਕਰਾਤ
ਲੇਖਕ : ਜਗਵਿੰਦਰ ਜੋਧਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 180 ਰੁਪਏ, ਸਫ਼ੇ : 112
ਸੰਪਰਕ : 94654-64502.

ਜਗਵਿੰਦਰ ਜੋਧਾ ਦੀ ਇਹ ਮਹੱਤਵਪੂਰਨ ਕਿਰਤ ਦਾਰਸ਼ਨਿਕ ਸੁਕਰਾਤ ਬਾਰੇ ਵਿਦਵਤਾਪੂਰਨ ਖੋਜ ਪੁਸਤਕ ਹੈ, ਜਿਸ ਨੂੰ ਉਸ ਨੇ ਵਸਤੂਪਰਕ ਦ੍ਰਿਸ਼ਟੀ ਅਨੁਸਾਰ ਸਿਰਜਿਆ ਹੈ। ਸੁਕਰਾਤ (470 ਈ: ਪੂਰਵ-399 ਈ: ਪੂਰਵ) ਦੇ ਬਾਰੇ (ਕਿਹੜਾ ਸੁਕਰਾਤ?) ਉਵੇਂ ਹੀ ਭੁਲੇਖਿਆਂ ਦਾ ਸ਼ਿਕਾਰ ਹੈ ਜਿਵੇਂ ਲੌਨਜਾਈਨਸ (213-273) ਈ: ਬਾਰੇ ਹਨ'ਕਿਹਾ ਲੋਨਜਾਈਨਸ?), ਵਿਚਾਰ ਅਧੀਨ ਪੁਸਤਕ ਨੂੰ ਲੇਖਕ ਨੇ ਪੰਜ ਕਾਂਡਾਂ (ਸੁਕਰਾਤ ਤੋਂ ਪੂਰਬਲਾ ਯੂਨਾਨੀ ਦਰਸ਼ਨ, ਸੁਕਰਾਤ ਦਾ ਜੀਵਨ, ਦਰਸ਼ਨ ਤੇ ਚਿੰਤਨ, ਮੁਕੱਦਮਾ ਤੇ ਮੌਤ, ਦਰਸ਼ਨ ਤੇ ਚਿੰਤਨ ਦੀ ਵਿਰਾਸਤ) ਵਿਚ ਵੰਡ ਕੇ ਆਪਣਾ ਅਨੁਸੰਧਾਨ ਬੜੀ ਮਿਹਨਤ ਨਾਲ ਮੁਕੰਮਲ ਕੀਤਾ ਹੈ। ਅਧਿਐਨ ਕਰਦਿਆਂ, ਹੋਰਨਾਂ ਵੇਰਵਿਆਂ ਤੋਂ ਇਲਾਵਾ, ਜਿਹੜੇ ਮੁਲੱਵਾਨ ਨੁਕਤੇ ਸਹਿਜੇ ਹੀ ਧਿਆਨ ਦੇ ਕੇਂਦਰ ਵਿਚ ਆ ਜਾਂਦੇ ਹਨ, ਇਨ੍ਹਾਂ ਵਿਚ ਅਰਿਸਤੋਫੇਨਸ ਦਾ ਨਾਟਕ 'ਕਲਾਊਡਜ' (ਜਿਸ ਵਿਚ ਸੁਕਰਾਤ ਦੇ ਅਕਸ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ ਹੈ) ਤੋਂ ਬਿਨਾਂ ਸੁਕਰਾਤ ਦੇ ਸ਼ਗਿਰਦਾਂ ਤੇ ਦੋਸਤਾਂ ਵਿਸ਼ੇਸ਼ ਕਰਕੇ 'ਜ਼ੀਨੋਫੇਨ', 'ਪਲੈਟੋ' ਤੇ 'ਅਰਸਤੂ', (ਜਿਨ੍ਹਾਂ ਨੇ ਉਸ ਦੇ ਵਿਚਾਰਾਂ ਦਾ ਦਸਤਾਵੇਜ਼ੀਕਰਨ ਕੀਤਾ ਅਤੇ ਹੋਰ ਅਨੇਕਾਂ ਸ਼ਗਿਰਦ ਜਿਨ੍ਹਾਂ ਨੇ ਉਸ ਦੇ ਵਿਚਾਰਾਂ ਦੀ ਰੌਸ਼ਨੀ ਵਿਚ ਦਰਸ਼ਨ ਦੇ ਅਨੇਕ ਸੰਪ੍ਰਦਾਇ ਸਥਾਪਤ ਕੀਤੇ ਆਦਿ ਸ਼ਾਮਿਲ ਕੀਤੇ ਜਾ ਸਕਦੇ ਹਨ।
ਸੁਕਰਾਤ ਨੇ ਹੋਰਨਾਂ ਪੂਰਬੀ ਅਤੇ ਸਮਕਾਲੀ ਵਿਦਵਾਨਾਂ ਵਾਂਗ ਜੰਗਲਾਂ 'ਚ 'ਘੁਮੱਕੜ' ਬਣ ਕੇ ਜਾਣਕਾਰੀ ਨਹੀਂ ਦਿੱਤੀ ਸਗੋਂ ਉਸ ਨੇ ਸਮਕਾਲੀ ਲੋਕਾਂ ਨਾਲ ਨੇੜਿਓਂ ਸੰਵਾਦ ਰਚਾ ਕੇ ਸਿੱਖਿਆ ਦਿੱਤੀ ਹੈ। ਅਜਿਹੀ ਸੰਵਾਦ ਜੁਗਤ ਨੇ ਵੀਹਵੀਂ ਸਦੀ ਵਿਚ ਮਾਰਟਿਨ ਬੂਬਰ ਨੂੰ ਪ੍ਰਭਾਵਿਤ ਕੀਤਾ ਪ੍ਰਤੀਤ ਹੁੰਦਾ ਹੈ। ਸੁਕਰਾਤ ਨੇ ਸਾਰੇ ਅਜਿਹੇ ਚਿੰਤਨ ਮੂਹਰੇ ਸ਼ੰਕੇ ਖੜ੍ਹੇ ਕੀਤੇ, ਜਿਨ੍ਹਾਂ ਦੇ ਕੇਂਦਰ ਵਿਚ ਮਨੁੱਖ ਨਾ ਹੋਵੇ। ਉਸ ਨੇ ਉਪਦੇਸ਼ਵਾਹਕ ਵਾਂਗ ਕਾਰਜ ਨਹੀਂ ਕੀਤਾ। 'ਰਟਣ' ਦੀ ਥਾਂ ਮਹਿਸੂਸ ਕਰਨ ਦੀ ਭਾਵਨਾ ਨੂੰ ਜਾਗਰਿਤ ਕੀਤਾ। ਉਸ ਦੇ ਜੀਵਨ ਮਾਟੋ ਸਨ'ਨੇਕੀ ਹੀ ਗਿਆਨ ਹੈ' ਅਤੇ 'ਆਪਣੇ ਆਪ ਨੂੰ ਜਾਣੋ'। 'ਨੌਅ ਦਾਇ-ਸੈਲਫ਼' ਵਿਚ ਹੀ ਅਸਤਿੱਤਵ ਦੀ ਸਮਝ ਨਿਹਿਤ ਹੈ। ਸੰਵਾਦ ਦੀ ਭਾਗੀਦਾਰੀ ਹੀ ਸੁਕਰਾਤ ਦਰਸ਼ਨ ਦੀ ਵਿਸ਼ੇਸ਼ਤਾ ਹੈ। ਇਸੇ ਨੂੰ 'ਸੁਕਰਾਤੀ ਸਮੱਸਿਆ' ਅਧੀਨ ਵਿਚਾਰਿਆ ਜਾਂਦਾ ਹੈ। ਮਿਸ਼ੈਲ ਫੂਕੋ ਨੂੰ ਸੁਕਰਾਤ ਦਾ 'ਸਵੈ-ਪ੍ਰਤੀਬਿੰਬ' ਪ੍ਰਭਾਵਿਤ ਕਰਦਾ ਹੈ। ਉਸ ਦਾ 'ਪ੍ਰਤੱਖਣ ਸਿਧਾਂਤ' ਬੜਾ ਮੁੱਲਵਾਨ ਹੈ। ਸੁਕਰਾਤ ਨੇ ਆਪਣੇ ਵਿਚਾਰਾਂ ਨਾਲ ਸਾਰੀ ਪੁਰਾਤਨ ਪਰੰਪਰਾ ਨੂੰ ਸਿਰ-ਪਰਨੇ ਕਰ ਦਿੱਤਾ। ਉਹ ਚਿੰਤਨ ਅਤੇ ਦਰਸ਼ਨ 'ਚੋਂ ਕਦੇ ਵੀ ਗ਼ੈਰ-ਹਾਜ਼ਰ ਨਹੀਂ ਹੋ ਸਕਦਾ। ਉਸ ਨੇ ਮੁਕੱਦਮੇ ਸਮੇਂ ਵੀ ਆਪਣੇ ਅਸਤਿੱਤਵ ਨੂੰ ਬੁਲੰਦ ਕੀਤਾ। ਲੇਖਕ ਨੇ ਉਨ੍ਹਾਂ ਇਲਜ਼ਾਮਾਂ ਦੀ ਵਿਸਤ੍ਰਿਤ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਕਾਰਨ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਸੁਕਰਾਤ ਨੇ ਪ੍ਰਮਾਣਿਕ ਦਾਰਸ਼ਨਿਕ ਵਾਂਗੂ ਜੀਵਨ ਜੀਵਿਆ ਅਤੇ ਅਜਿਹੇ ਚਿੰਤਨ ਕਾਰਨ ਹੀ ਉਸ ਨੂੰ ਜ਼ਹਿਰ ਦਾ ਪਿਆਲਾ ਪੀਣਾ ਪਿਆ। ਇਹ ਕਿਤਾਬ ਗਿਆਨਵਰਧਕ ਹੋਣ ਕਾਰਨ ਪੜ੍ਹਨਯੋਗ ਹੈ।

ਡਾ: ਧਰਮ ਚੰਦ ਵਾਤਿਸ਼
ਮੋ: 98144-46007

c c c

ਸੋਚ ਦੇ ਆਰ ਪਾਰ
ਲੇਖਕ : ਇਕਬਾਲ ਮੁਹੰਮਦ
ਪ੍ਰਕਾਸ਼ਕ : ਸਾਂਝੀ ਸੁਰ ਪਬਲੀਕੇਸ਼ਨਜ਼, ਰਾਜਪੁਰਾ
ਮੁੱਲ : 160 ਰੁਪਏ, ਸਫ਼ੇ : 96
ਸੰਪਰਕ : 94786-55572.

ਅਨੋਖੀ ਵਾਰਤਕ ਸਮੋਈ ਬੈਠੀ ਲੇਖਕ ਦੀ ਇਹ ਪੁਸਤਕ ਉਸ ਦੀ ਅਨੂਠੀ ਸੋਚ ਦੇ ਆਰ-ਪਾਰ ਫੈਲੇ ਆਮ ਗਿਆਨ ਅਤੇ ਵਿਸ਼ੇਸ਼ ਗਿਆਨ ਦਾ ਖਜ਼ਾਨਾ ਹੈ। ਪੁਸਤਕ 'ਚ ਸ਼ਾਮਿਲ ਤਮਾਮ ਲੇਖਾਂ ਨੂੰ ਦੋ ਭਾਗਾਂ 'ਚ ਵੰਡ ਕੇ ਪੇਸ਼ ਕੀਤਾ ਗਿਆ ਹੈ। ਪਹਿਲੇ ਭਾਗ ਵਿਚ ਵਚਿੱਤਰ ਤੱਥਾਂ, ਵਰਤਾਰਿਆਂ ਅਤੇ ਖੋਜਾਂ ਬਾਰੇ ਲੇਖ ਦਰਜ ਹਨ। ਦੂਜੇ ਭਾਗ ਵਿਚ ਦੁਨੀਆ ਭਰ ਦੇ ਮਹਾਨ ਵਿਗਿਆਨੀਆਂ ਦੀਆਂ ਸੰਖੇਪ ਅਤੇ ਅਤਿ ਦਿਲਚਸਪ ਅੰਦਾਜ਼ ਵਿਚ ਜੀਵਨੀਆਂ ਇਸ ਪੁਸਤਕ ਦਾ ਸ਼ਿੰਗਾਰ ਬਣੀਆਂ ਹਨ। ਪਹਿਲੇ ਭਾਗ ਵਿਚ ਸ਼ਾਮਿਲ 56 ਲੇਖਾਂ ਵਿਚ ਸ਼ਾਮਿਲ 'ਦੁਨੀਆ ਦੇ ਸਭ ਤੋਂ ਖ਼ਤਰਨਾਕ ਪੰਛੀ', 'ਅਜੀਬੋ-ਗ਼ਰੀਬ ਤਰੀਕਾ ਹੈ ਜਾਨਵਰਾਂ ਦੇ ਸੌਣ ਦਾ', 'ਪਲਾਸਟਿਕ', 'ਜੁਗਨੂੰ ਕਿਉਂ ਚਮਕਦੇ ਹਨ?', 'ਸਰੀਰ ਵਿਚੋਂ ਗੰਧ ਕਿਉਂ ਆਉਂਦੀ ਹੈ' ਵਰਗੇ ਲੇਖ ਪਾਠਕ ਦੇ ਮਨ 'ਚ ਅਜਿਹੀ ਦਿਲਚਸਪੀ ਜਗਾਉਂਦੇ ਹਨ ਕਿ ਉਹ ਸਮੁੱਚੀ ਪੁਸਤਕ ਮੁਕਾ ਕੇ ਹੀ ਦਮ ਲੈਂਦਾ ਹੈ। ਇਹੋ ਹੀ ਇਸ ਬਾਕਮਾਲ ਪੁਸਤਕ ਦਾ ਜਮ੍ਹਾਂ ਨੁਕਤਾ ਹੈ। ਵਿਦਿਆਰਥੀ ਵਰਗ ਲਈ ਵਰਦਾਨ ਸਿੱਧ ਹੋਣ ਵਾਲੀ ਇਹ ਪੁਸਤਕ ਉਨ੍ਹਾਂ ਦੇ ਅਨੇਕਾਂ ਸਵਾਲਾਂ ਦੇ ਜਵਾਬ ਦੇਣ ਦੇ ਸਮਰੱਥ ਹੈ। ਚੋਟੀ ਦੇ ਆਮ ਗਿਆਨ ਵਾਲੇ ਪੁਸਤਕ ਦੇ ਹੋਰ ਲੇਖਾਂ 'ਚ ਭੁਚਾਲ ਕਿਉਂ ਆਉਂਦੇ ਹਨ? ਦੁਨੀਆ ਦੇ ਦਸ ਖੂਬਸੂਰਤ ਮਹਿਲ, ਦੁਨੀਆ ਦੇ ਸਭ ਤੋਂ ਜ਼ਹਿਰੀਲੇ ਸੱਪ, ਝੀਲਾਂ ਬਾਰੇ ਦਿਲਚਸਪ ਜਾਣਕਾਰੀ, ਕਿਵੇਂ ਚਲਦੀ ਹੈ ਈ-ਬੈਂਕਿੰਗ ਪ੍ਰਣਾਲੀ ਵਰਗੇ ਮੁਖ਼ਤਲਿਫ਼ ਲੇਖ ਲੇਖਕ ਇਕਬਾਲ ਮੁਹੰਮਦ ਦੀ ਸੂਝ, ਸੋਚ ਅਤੇ ਦਿਲਚਸਪੀ ਦੀ ਵਿਲੱਖਣਤਾ ਦਾ ਮੂੰਹ ਬੋਲਦਾ ਸਬੂਤ ਹਨ। ਵਿਦਿਆਰਥੀਆਂ ਦੀ ਤਿੱਖੀ ਦਿਲਚਸਪੀ ਦੀ ਭੁੱਖ ਮਿਟਾਉਣ ਵਾਲੀ ਇਹ ਪੁਸਤਕ ਸਕੂਲਾਂ-ਕਾਲਜਾਂ ਦੀਆਂ ਲਾਇਬ੍ਰੇਰੀਆਂ ਦਾ ਸ਼ਿੰਗਾਰ ਬਣਨ ਦੇ ਕਾਬਲ ਹੈ। ਇਸੇ ਲਈ ਪੁਸਤਕ ਦਾ ਮੁੱਖ ਬੰਦ ਲਿਖਣ ਵਾਲੇ ਵਿਦਵਾਨ ਡਾ: ਹਰਨੇਕ ਸਿੰਘ ਕਲੇਰ ਲਿਖਦੇ ਹਨ, 'ਇਕਬਾਲ ਮੁਹੰਮਦ ਇਕ ਜਗਿਆਸੂ ਨੌਜਵਾਨ ਹੈ, ਜਿਸ ਦੀਆਂ ਅੱਖਾਂ ਵਿਚ ਲੇਖਕਾਂ ਦੀ ਕਤਾਰ ਵਿਚ ਸ਼ਾਮਿਲ ਹੋਣ ਦੇ ਸੁਪਨੇ ਹਨ।' ਇਸ ਕਰਕੇ ਇਕਬਾਲ ਮੁਹੰਮਦ ਦਾ ਅਤੇ ਉਸ ਦੀ ਇਸ ਪਲੇਠੀ ਪੁਸਤਕ ਦਾ ਨਿੱਘਾ-ਲਾਜ਼ਮੀ ਸਵਾਗਤ ਕੀਤਾ ਜਾਣਾ ਚਾਹੀਦਾ ਹੈ।

ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444.

c c c

05-09-2020

 ਸਮਕਾਲੀ ਪੰਜਾਬੀ ਸਾਹਿਤ
ਸੰਪਾਦਕ : ਪ੍ਰੋ: ਸ਼ਰਨਜੀਤ ਕੌਰ ਵਰਮਾ, ਡਾ: ਕੁਲਵੰਤ ਸਿੰਘ ਰਾਣਾ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 395 ਰੁਪਏ, ਸਫ਼ੇ : 248
ਸੰਪਰਕ : 0181-2623184.

ਗ੍ਰੈਜੂਏਟ/ਪੋਸਟ ਗ੍ਰੈਜੂਏਟ ਪੱਧਰ 'ਤੇ ਕਾਲਜਾਂ/ਯੂਨੀਵਰਸਿਟੀਆਂ ਵਿਚ ਪੰਜਾਬੀ ਦੇ ਅਧਿਆਪਨ ਦੀ ਵਿਵਸਥਾ ਨੇ ਦੋਵਾਂ ਵਿਚ ਇਸ ਵਿਸ਼ੇ ਦੇ ਅਧਿਆਪਕਾਂ ਦੀ ਮੰਗ ਪੈਦਾ ਕੀਤੀ ਹੈ। ਇਨ੍ਹਾਂ ਅਧਿਆਪਕਾਂ ਨੂੰ ਆਪਣੇ ਵਿਦਿਆਰਥੀਆਂ ਨਾਲ ਨਿਆਂ ਕਰਨ ਲਈ ਨਿਰੰਤਰ ਨਵੇਂ ਗਿਆਨ ਤੋਂ ਪਰਿਚਿਤ ਹੋਣ ਦੀ ਲੋੜ ਹੈ। ਸਾਹਿਤ ਦੀ ਸਮਝ, ਵਿਆਖਿਆ ਤੇ ਆਲੋਚਨਾ ਲਈ ਨਵੀਆਂ ਸਥਿਤੀਆਂ ਦੇ ਹਾਣ ਦੇ ਸਾਹਿਤ-ਸਿਧਾਂਤ ਤੇ ਆਲੋਚਨਾ ਦ੍ਰਿਸ਼ਟੀਆਂ ਵਿਸ਼ਵ ਪੱਧਰ 'ਤੇ ਵਿਕਸਿਤ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਨੂੰ ਸਮਝ ਕੇ ਪੰਜਾਬੀ ਸਾਹਿਤ ਵਿਚ ਉਨ੍ਹਾਂ ਦੀ ਲੋੜ ਅਨੁਸਾਰ ਵਰਤੋਂ ਤੋਂ ਚੇਤੰਨ ਕਰਨਾ ਕਰਵਾਉਣਾ ਅਧਿਆਪਕਾਂ ਦਾ ਲਾਜ਼ਮੀ ਫ਼ਰਜ਼ ਹੈ। ਇਸ ਪੱਖੋਂ ਵਿਦਿਆਰਥੀਆਂ ਨੂੰ ਵੀ ਚੇਤੰਨ ਕਰਨ ਦੀ ਲੋੜ ਹੈ। ਇਸ ਸਾਰੇ ਕੁਝ ਦੀ ਪੂਰਤੀ ਲਈ ਸਾਹਿਤਕ ਗੋਸ਼ਟੀਆਂ ਤੇ ਕਾਨਫ਼ਰੰਸਾਂ ਲਾਹੇਵੰਦ ਸਾਬਤ ਹੁੰਦੀਆਂ ਹਨ। ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਇਸੇ ਉਦੇਸ਼ ਦੀ ਪੂਰਤੀ ਹਿਤ ਹੋਈ ਇਕ ਕਾਨਫ਼ਰੰਸ ਵਿਚ ਪੜ੍ਹੇ ਗਏ ਖੋਜ ਪੱਤਰਾਂ ਦਾ ਚੋਣਵਾਂ ਸੰਗ੍ਰਹਿ ਹੈ ਇਹ ਕਿਤਾਬ।
ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਸਮਕਾਲੀ ਦ੍ਰਿਸ਼ ਨਾਲ ਸਬੰਧਿਤ 40 ਖੋਜ ਪੱਤਰ ਪ੍ਰੋ: ਸ਼ਰਨਜੀਤ ਕੌਰ ਵਰਮਾ ਤੇ ਪ੍ਰੋ: ਕੁਲਵੰਤ ਸਿੰਘ ਰਾਣਾ ਨੇ ਇਸ ਪੁਸਤਕ ਵਿਚ ਸੰਕਲਿਤ ਕੀਤੇ ਹਨ। ਇਨ੍ਹਾਂ ਦੇ ਲੇਖਕ ਪੰਜਾਬੀ ਅਧਿਆਪਨ ਨਾਲ ਸਬੰਧਿਤ ਸੰਸਥਾਵਾਂ ਵਿਚ ਕਾਰਜਸ਼ੀਲ ਯੁਵਾ ਅਧਿਆਪਕ ਹਨ। ਉਨ੍ਹਾਂ ਦਾ ਉਤਸ਼ਾਹ, ਮਿਹਨਤ ਤੇ ਕੁਝ ਨਵਾਂ ਜਾਣਨ ਸਮਝਣ ਦੀ ਉਤਸੁਕਤਾ ਦੀ ਭਰਪੂਰ ਗਵਾਹੀ ਇਹ ਖੋਜ ਪੱਤਰ ਦਿੰਦੇ ਹਨ। ਇਹ ਪੰਜਾਬੀ ਦੇ ਭਵਿੱਖ ਲਈ ਸ਼ੁੱਭ ਸੰਕੇਤ ਹੈ। ਇਨ੍ਹਾਂ ਅਧਿਆਪਕਾਂ ਨੇ ਯਤਨ ਕੀਤਾ ਹੈ ਕਿ ਸਮਕਾਲੀ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਦੇ ਕਿਸੇ ਬਹੁਚਰਚਿਤ ਪਾਠ ਨੂੰ ਲੈ ਕੇ ਉਸ ਦਾ ਵਿਆਖਿਆ ਵਿਸ਼ਲੇਸ਼ਣ ਪਾਠਕਾਂ/ਸਰੋਤਿਆਂ ਦੇ ਸਨਮੁੱਖ ਕੀਤਾ ਜਾਵੇ। ਇਸ ਕਾਰਜ ਲਈ ਸਾਹਿਤ ਅਧਿਐਨ ਦੀ ਕਿਸੇ ਨਿਸਚਿਤ ਵਿਧੀ, ਦ੍ਰਿਸ਼ਟੀ ਦਾ ਸੁਚੇਤ ਪ੍ਰਯੋਗ ਕਰਨ ਦਾ ਯਤਨ ਇਨ੍ਹਾਂ ਖੋਜ ਪੱਤਰਾਂ ਵਿਚ ਹੈ।
ਪੁਸਤਕ ਵਿਚ ਪੇਸ਼ 40 ਖੋਜ ਪੱਤਰਾਂ ਦੇ ਵਿਸ਼ੇ ਜਾਂ ਉਨ੍ਹਾਂ ਦੇ ਲੇਖਕਾਂ, ਸੰਸਥਾਵਾਂ ਦੇ ਵਿਵਰਣ ਦੇਣੇ ਇਸ ਰੀਵਿਊ ਵਿਚ ਸੰਭਵ ਨਹੀਂ। ਇਹ ਜ਼ਰੂਰ ਹੈ ਕਿ ਇਨ੍ਹਾਂ ਖੋਜ ਪੱਤਰਾਂ ਨਾਲ ਸਮਕਾਲੀ ਪੰਜਾਬੀ ਸਾਹਿਤ ਬਾਰੇ ਖਾਸੀ ਭਰਵੀਂ ਝਲਕ ਇਕੋ ਥਾਵੇਂ ਹਾਸਲ ਕਰਨ ਦਾ ਅਵਸਰ ਸੰਪਾਦਕਾਂ, ਪ੍ਰਬੰਧਕਾਂ ਨੇ ਸਫਲਤਾ ਨਾਲ ਸਿਰਜਿਆ ਹੈ।

ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਸਮਕਾਲੀ ਸਾਹਿਤ
ਕਲਮ ਤੇ ਕਿਤਾਬ

ਲੇਖਕ : ਕੁਲਦੀਪ ਸਿੰਘ ਧੀਰ
ਪ੍ਰਕਾਸ਼ਕ : ਨਵਯੁਗ ਪ੍ਰਕਾਸ਼ਨ, ਨਵੀਂ ਦਿੱਲੀ
ਮੁੱਲ : 450 ਰੁਪਏ, ਸਫ਼ੇ : 230
ਸੰਪਰਕ : 98722-60550.

ਡਾ: ਕੁਲਦੀਪ ਸਿੰਘ ਧੀਰ ਪੰਜਾਬੀ ਦੇ ਕੁਝ ਪ੍ਰਮੁੱਖ ਪਰਚਿਆਂ ਲਈ, ਸਮੇਂ-ਸਮੇਂ ਪੰਜਾਬੀ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਵਿਲੱਖਣ ਪੁਸਤਕਾਂ ਬਾਰੇ ਰੀਵਿਊ-ਨਿਬੰਧ ਲਿਖਦਾ ਰਹਿੰਦਾ ਹੈ। 'ਸਮਕਾਲੀ ਸਾਹਿਤ' ਪੁਸਤਕ ਵਿਚ ਉਸ ਦੇ ਕੁਝ ਅਜਿਹੇ ਲੇਖ ਸੰਕਲਿਤ ਹੋਏ ਹਨ ਅਤੇ ਇਨ੍ਹਾਂ ਵਿਚੋਂ ਬਹੁਤੇ (ਲਗਪਗ ਸਾਰੇ) ਦਿੱਲੀ ਤੋਂ ਪ੍ਰਕਾਸ਼ਿਤ ਹੋਣ ਵਾਲੇ ਤ੍ਰੈਮਾਹੀ ਪਰਚੇ 'ਸਮਕਾਲੀ' ਵਿਚ ਪ੍ਰਕਾਸ਼ਿਤ ਹੁੰਦੇ ਰਹੇ ਹਨ।
ਇਹ ਪੁਸਤਕ ਚੰਗੇ ਭਾਰੇ-ਗੌਰੇ ਆਕਾਰ ਦੀ ਹੈ ਅਤੇ ਇਸ ਵਿਚ ਕੁੱਲ 20 ਰੀਵਿਊ-ਨਿਬੰਧ ਸੰਗ੍ਰਹਿਤ ਹਨ। ਉਹ ਆਲੋਚਨਾਤਮਕ ਕਾਰਜ ਨੂੰ ਵੀ ਇਕ ਸਿਰਜਣਾਤਮਕ ਲੇਖਕ ਵਾਂਗ ਉਤਸੁਕਤਾ ਭਰਪੂਰ ਬਣਾਈ ਰੱਖਦਾ ਹੈ। ਕਿਸੇ ਲੇਖ ਵਿਚ ਉਹ ਕਿਸ ਪੁਸਤਕ ਬਾਰੇ ਲਿਖ ਰਿਹਾ ਹੈ? ਇਸ ਰਹੱਸ ਨੂੰ ਲੇਖ ਦੇ ਅੰਤ ਲਟਕਾਈ (ਸਸਪੈਂਡ) ਰੱਖਦਾ ਹੈ। ਪਾਠਕ ਕਾਹਲੀ-ਕਾਹਲੀ ਪੜ੍ਹਦਾ ਹੈ ਕਿ ਉਸ ਨੂੰ ਛੇਤੀ ਤੋਂ ਛੇਤੀ ਬਿਆਨ ਕੀਤੀ ਜਾ ਰਹੀ ਪੁਸਤਕ ਬਾਰੇ ਪਤਾ ਲੱਗ ਜਾਵੇ। ਸਾਡੇ ਵਿਚੋਂ ਬਹੁਤੇ ਪਾਠਕ ਸੂਚਨਾ ਪ੍ਰਾਪਤ ਕਰਨ ਲਈ ਹੀ ਪੜ੍ਹਦੇ ਹਨ। ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਵਾਸਤਾ ਨਹੀਂ ਹੁੰਦਾ ਕਿ ਕੋਈ ਪੁਸਤਕ ਕਿਵੇਂ ਲਿਖੀ ਗਈ ਹੈ, ਇਹ ਕੀ ਕਹਿੰਦੀ ਹੈ ਅਤੇ ਇਹ ਵਿਲੱਖਣ ਕਿਵੇਂ ਹੈ? ਪਰ ਜਦ ਕਿਸੇ ਲੇਖ ਦੇ ਕਈ ਪੰਨੇ ਪੜ੍ਹ ਕੇ ਵੀ ਉਸ ਨੂੰ ਸਬੰਧਿਤ ਪੁਸਤਕ ਦੇ ਨਾਂਅ ਅਤੇ ਲੇਖਕ ਬਾਰੇ ਪਤਾ ਨਹੀਂ ਚਲਦਾ ਤਾਂ ਉਹ ਖਿਝ ਵੀ ਜਾਂਦਾ ਹੈ। ਲੇਖਕ ਇਸ ਖਿਝ ਵਿਚੋਂ ਅਨੰਦ ਲੈਂਦਾ ਹੈ।
ਇਸ ਪੁਸਤਕ ਵਿਚ ਮੁਹੱਬਤਨਾਮਾ (ਜੰਗ ਬਹਾਦਰ ਗੋਇਲ), ਬਿਨ ਮਾਂਗੇ ਮੋਤੀ ਮਿਲੇ (ਗੁਲਜ਼ਾਰ ਸੰਧੂ), ਖ਼ਬਰ ਇਕ ਪਿੰਡ ਦੀ (ਪ੍ਰਗਟ ਸਿੰਘ ਸਤੌਜ), ਖੱਡੀ (ਜਸਵੰਤ ਦੀਦ), ਕਰਤਾਰ ਸਿੰਘ ਦੁੱਗਲ ਦੇ ਤਿੰਨ ਇਤਿਹਾਸਕ ਨਾਵਲਾਂ (ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ, ਸਰਬੱਤ ਦਾ ਭਲਾ), ਮੀਂਹ ਵਰਸੇਂਦਾ (ਦਰਸ਼ਨ ਸਿੰਘ), ਸਾਇੰਸ ਦਾ ਸੰਸਾਰ (ਪੂਰਨ ਸਿੰਘ ਯੂ.ਕੇ.), ਸਰਗੋਸ਼ੀਆਂ 1 ਤੇ 2 (ਗੁਲਜ਼ਾਰ ਸਿੰਘ ਸੰਧੂ), ਤਲਾਸ਼ ਕੋਈ ਸਦੀਵੀ (ਨਿਰੰਜਨ ਹਸਨੀਮ), ਬੁਝਾਰਤ (ਦਰਸ਼ਨ ਸਿੰਘ), ਇਹ ਜਨਮ ਤੁਮਹਾਰੇ ਲੇਖੇ (ਗੁਰਬਚਨ ਸਿੰਘ ਭੁੱਲਰ), ਛਾਂਗਿਆ ਰੁੱਖ (ਬਲਬੀਰ ਪਰਵਾਨਾ), ਵਿਮੈਨ ਰੀਬਾਰਨ (ਰੇਣੁਕਾ ਸਿੰਘ), ਹਾਸ਼ੀਏ ਦੀ ਇਬਾਰਤ/ਮੈਂ ਭੋਲਾਵਾ ਪੱਗ ਦਾ (ਕਰਨਜੀਤ ਸਿੰਘ), ਕੌਮੀ ਵਸੀਅਤ (ਜਸਵੰਤ ਸਿੰਘ ਕੰਵਲ), ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ (ਗਿਆਨੀ ਗੁਰਦਿੱਤ ਸਿੰਘ), ਬੀਆਂਡ ਆਈਡੈਂਟਿਟੀ (ਪ੍ਰੇਮਇੰਦਰ ਸਿੰਘ ਸੰਧਾਵਾਲੀਆ), ਪੋਥੀ ਅਹੀਆਪੁਰ ਦੀ (ਪ੍ਰੀਤਮ ਸਿੰਘ) ਅਤੇ ਕੌਰਵ ਸਭਾ (ਮਿੱਤਰ ਸੈਨ ਮੀਤ) ਆਦਿ ਪੁਸਤਕਾਂ ਬਾਰੇ ਸਟੀਕ ਜਾਣਕਾਰੀ ਪ੍ਰਾਪਤ ਹੁੰਦੀ ਹੈ।
ਇਸ ਪੁਸਤਕ ਵਿਚ ਲੇਖਕ ਨੇ ਕੇਵਲ ਉਨ੍ਹਾਂ ਪੁਸਤਕਾਂ ਨੂੰ ਹੱਥ ਪਾਇਆ ਹੈ, ਜੋ ਉਸ ਨੂੰ ਅੰਦੋਲਿਤ ਕਰਦੀਆਂ ਹਨ। ਇਸ ਕਾਰਨ ਬਹੁਤ ਸਾਰੇ ਲੇਖਾਂ ਵਿਚ ਉਹ ਵਿਸਮਾਦ ਵਿਚ ਆ ਜਾਂਦਾ ਹੈ। ਭਾਵੁਕ ਹੋ ਜਾਂਦਾ ਹੈ। ਭਾਵੁਕਤਾ ਵਿਚ ਉਸ ਦੀ ਲੇਖਣੀ ਦੀ ਗਤੀ (ਪੇਸ) ਵਧ ਜਾਂਦੀ ਹੈ। ਜਜ਼ਬਾਤੀ ਹੋ ਕੇ ਉਹ ਪ੍ਰੋ: ਪੂਰਨ ਸਿੰਘ ਵਾਂਗ ਵਾਕਾਂ, ਵਾਕੰਸ਼ਾਂ, ਮੁਹਾਵਰਿਆਂ, ਅਲੰਕਾਰਾਂ ਅਤੇ ਸ਼ਿਅਰੋ-ਸ਼ਾਇਰੀ ਦੇ ਅੰਬਾਰ ਲਾ ਦਿੰਦਾ ਹੈ। ਆਪਣੇ ਨਾਲ-ਨਾਲ ਉਹ ਪਾਠਕ ਨੂੰ ਵੀ ਸਾਹੋ-ਸਾਹ ਕਰ ਦਿੰਦਾ ਹੈ। ਇਹੀ ਹੈ ਇਸ ਪੁਸਤਕ ਦੇ ਰਚਨਾ-ਕੌਸ਼ਲ ਦਾ ਕਮਾਲ! ਪੜ੍ਹੋਗੇ ਤਾਂ ਪਤਾ ਚੱਲੇਗਾ!

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਇਕ ਟੋਟਾ ਜਨਮ ਭੂਮੀ
ਲੇਖਕ : ਹਰਜੀਤ ਕੌਰ ਵਿਰਕ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 98147-80166.

'ਇਕ ਟੋਟਾ ਜਨਮ ਭੂਮੀ' ਹਰਜੀਤ ਕੌਰ ਵਿਰਕ ਦਾ ਤੀਸਰਾ ਨਾਵਲ ਹੈ। ਇਹ ਹਕੀਕਤ ਹੈ ਕਿ ਮਨੁੱਖ ਇਕ ਟੋਟਾ ਧਰਤੀ ਉੱਤੇ ਜਨਮ ਲੈਂਦਾ ਹੈ ਤੇ ਮਰਨ ਵੇਲੇ ਵੀ ਓਨਾ ਹੀ ਧਰਤੀ ਦਾ ਟੋਟਾ ਉਸ ਨੂੰ ਚਾਹੀਦਾ ਹੈ ਜੋ ਕੁਦਰਤ ਵਲੋਂ ਨਿਸਚਿਤ ਹੈ। ਪਰ ਲੇਖਿਕਾ ਇਸ ਦੀ ਨਿਸ਼ਾਨਦੇਹੀ ਪਾਤਰਾਂ ਦੀ ਕਰਮ ਭੂਮੀ ਵਿਚੋਂ ਕਰਦੀ ਹੈ। ਇਸ ਨਾਵਲ ਦੀ ਕਹਾਣੀ ਦੀ ਉਸਾਰੀ ਅੱਜ ਦੇ ਪ੍ਰਮੁੱਖ ਵਿਸ਼ੇ ਉੱਤੇ ਹੋਈ ਹੈ ਕਿ ਅਜੋਕੀ ਨੌਜਵਾਨ ਪੀੜ੍ਹੀ ਆਈਲੈਟਸ ਕਰਕੇ ਪੜ੍ਹਾਈ ਦੇ ਬਹਾਨੇ ਪਰਵਾਸੀ ਬਸ਼ਿੰਦੇ ਬਣਦੇ ਜਾ ਰਹੇ ਹਨ ਅਰਥਾਤ ਪੰਜਾਬ ਦੀ ਜਵਾਨੀ, ਪੈਸਾ ਤੇ ਹੁਨਰ ਵਿਦੇਸ਼ੀ ਧਰਤੀ ਵੱਲ ਉਡਾਰੀ ਮਾਰ ਰਹੇ ਹਨ ਤੇ ਪਿੱਛੇ ਰਹਿ ਜਾਂਦੇ ਹਨ ਮਾਪੇ ਸੰਤਾਪ ਹੰਢਾਉਣ ਲਈ। ਪਰ ਵਿਦੇਸ਼ ਗਏ ਬੱਚੇ ਵੀ ਸੁਖੀ ਨਹੀਂ ਰਹਿੰਦੇ ਸਗੋਂ ਉਹ ਵੀ ਬਰਫੀਲੀਆਂ ਰਾਤਾਂ ਵਿਚ ਰਾਹ ਭੁੱਲ ਜਾਂਦੇ ਹਨ। ਇਸ ਕਹਾਣੀ ਦਾ ਮੁੱਖ ਮੁੱਦਾ ਇਹ ਹੀ ਹੈ ਕਿ ਪਰਵਾਸ ਵਿਚ ਅਜਿਹੀਆਂ ਅਨੇਕਾਂ ਘਟਨਾਵਾਂ ਵਾਪਰਦੀਆਂ ਹਨ ਪਰ ਉਥੇ ਗਏ ਬੱਚੇ ਵਾਪਸ ਆਉਣ ਦੀ ਸਥਿਤੀ ਵਿਚ ਨਹੀਂ ਹੁੰਦੇ ਤੇ ਉਥੇ ਹੀ ਹੱਡ-ਭੰਨਵੀਂ ਮਿਹਨਤ ਕਰਨ ਲਈ ਮਜਬੂਰ ਹੁੰਦੇ ਹਨ।
ਲੇਖਿਕਾ ਨੇ ਇਕ ਹੋਰ ਮੁੱਦਾ ਉਭਾਰਿਆ ਹੈ ਕਿ ਰੰਗ, ਨਸਲ, ਲਿੰਗ ਤੇ ਜਾਤੀ ਦੇ ਆਧਾਰ 'ਤੇ ਵਿਤਕਰਾ ਤੇ ਰਾਜਨੀਤੀ ਹਰ ਦੇਸ਼ ਵਿਚ ਹੋਂਦ ਵਿਚ ਹੈ ਅਤੇ ਨਾਵਲ ਦੇ ਪਾਤਰ ਤਨਵੀਰ ਤੇ ਹਨੀਪ੍ਰੀਤ ਵੀ ਇਸ ਦਾ ਸ਼ਿਕਾਰ ਹੁੰਦੇ ਹਨ। ਪਰ ਸਾਡੇ ਬੱਚੇ ਬਾਹਰ ਜਾਣ ਲਈ ਕਿਉਂ ਮਜਬੂਰ ਹਨ, ਕਾਰਨ ਹਨ ਨਸ਼ਾ ਤੇ ਬੇਰੁਜ਼ਗਾਰੀ, ਜਿਸ ਕਾਰਨ ਖੇਤੀਯੋਗ ਧਰਤੀ ਵੇਚ ਕੇ ਮਾਪੇ ਬੱਚਿਆਂ ਨੂੰ ਵਿਦੇਸ਼ ਭੇਜ ਦਿੰਦੇ ਹਨ ਪਰ ਵਿਦੇਸ਼ ਜਾ ਕੇ ਜਿਹੜੀ ਜ਼ਲਾਲਤ ਤੇ ਬੇਇੱਜ਼ਤੀ ਉਨ੍ਹਾਂ ਨੂੰ ਸਹਿਣ ਕਰਨੀ ਪੈਂਦੀ ਹੈ, ਇਸ ਦਾ ਜ਼ਿਕਰ ਵਿਸਥਾਰ ਨਾਲ ਕੀਤਾ ਗਿਆ ਹੈ ਕਿ ਸਰਦਾਰਾਂ ਨੂੰ ਜ਼ਲੀਲ ਕਰਨਾ ਤੇ ਲੜਕੀਆਂ ਨੂੰ ਗ਼ਲਤ ਰਾਹ 'ਤੇ ਤੁਰਨ ਲਈ ਮਜਬੂਰ ਕੀਤਾ ਜਾਂਦਾ ਹੈ। ਇਸ ਦੇ ਨਾਲ ਪੰਜਾਬ ਦੀ ਖਸਤਾ ਹਾਲਤ ਦਾ ਜ਼ਿਕਰ ਵੀ ਕੀਤਾ ਹੈ। ਲੇਖਿਕਾ ਨੇ ਆਜ਼ਾਦੀ ਘੁਲਾਟੀਆਂ, ਗ਼ਦਰੀ ਬਾਬਿਆਂ ਤੇ ਬੰਦਾ ਸਿੰਘ ਬਹਾਦਰ ਦੀਆਂ ਕੁਰਬਾਨੀਆਂ ਨੂੰ ਵੀ ਬਾਖੂਬੀ ਚਿਤਰਿਆ ਹੈ। ਸਿੰਘ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦੇ ਹਨ ਤੇ ਅਨੰਦਪੁਰ ਸਾਹਿਬ ਤੇ ਹੋਰ ਮਾਣਮੱਤੀਆਂ ਧਰਤੀਆਂ ਸਾਡੀ ਵਿਰਾਸਤ ਹਨ। ਵਿਦੇਸ਼ ਵਿਚ ਜਾ ਕੇ ਵੀ ਧਰਤੀ ਮਾਂ ਦੀ ਖਿੱਚ ਕਾਇਮ ਰਹਿੰਦੀ ਹੈ। ਲੇਖਿਕਾ ਇਹ ਮਹਿਸੂਸ ਕਰਦੀ ਹੈ ਕਿ ਸਿੱਖੀ ਦੀ ਸ਼ਾਨ ਜੋ ਇਥੇ ਕਾਇਮ ਹੈ, ਉਸ ਦਾ ਵਿਦੇਸ਼ਾਂ ਵਿਚ ਜਾ ਕੇ ਘਾਣ ਹੋ ਰਿਹਾ ਹੈ, ਜਿਸ ਦੀ ਮਿਸਾਲ ਮਹਾਰਾਜਾ ਦਲੀਪ ਸਿੰਘ ਹੈ ਜੋ ਸਾਰੀ ਉਮਰ ਜਨਮ ਭੂਮੀ ਦੇ ਇਕ ਟੋਟੇ ਲਈ ਭਟਕਦਾ ਰਿਹਾ ਤੇ ਉਸ ਦਾ ਜਬਰੀ ਧਰਮ ਪਰਿਵਰਤਨ ਵੀ ਹੋਇਆ। ਪੰਜਾਬੀ ਪਾਤਰ ਵੀ ਆਪਣੀ ਗੁਆਚੀ ਹੋਂਦ ਨੂੰ ਲੱਭਦੇ ਹਨ।

ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

c c c

ਬਾਝੁ ਗੁਰੂ ਡੁਬਾ ਸੰਸਾਰ
ਲੇਖਕ : ਦਾਸਰਾ ਬੀਰ ਸਿੰਘ ਕਨੇਡੀਅਨ
ਪ੍ਰਕਾਸ਼ਕ : ਸ: ਬੀਰ ਸਿੰਘ ਗੁਰਸਿਖ, ਪਿੰਡ ਬੁਰਜ ਕਲਾਰਾ, ਲੁਧਿਆਣਾ, ਐਬਟਸਫੋਰਡ ਬੀ.ਸੀ. ਕੈਨੇਡਾ
ਸਫ਼ੇ : 264
ਸੰਪਰਕ : 94177-83018.

ਹਥਲੀ ਕਿਤਾਬ ਵਿਚ ਦਾਸਰਾ ਬੀਰ ਸਿੰਘ ਕਨੇਡੀਅਨ ਨੇ ਸ੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਜਪੁਜੀ ਸਾਹਿਬ ਅਤੇ ਆਸਾ ਦੀ ਵਾਰ ਸਟੀਕ ਅੰਕਿਤ ਕੀਤੀ ਹੈ। ਪੁਸਤਕ ਦੇ ਪਹਿਲੇ ਹਿੱਸੇ ਵਿਚ 11 ਤੋਂ 21 ਪੰਨਿਆਂ ਵਿਚ ਜਪੁਜੀ ਸਾਹਿਬ, ਤੱਤ-ਸਾਰਅੰਸ਼ ਤੇ ਨਿਚੋੜ ਤੋਂ ਇਲਾਵਾ ਜਪੁਜੀ ਦੀ ਬਾਣੀ ਕਿਥੇ ਉਚਾਰਨ ਹੋਈ, ਸੰਪੂਰਨ ਵਿਆਖਿਆ, ਨਾਨਕ ਸ਼ਬਦ ਦਾ ਵੇਰਵਾ ਸਿਰਲੇਖ ਹੇਠ, ਲੇਖਕ ਨੇ ਗੁਰਬਾਣੀ ਦੀ ਵਿਆਖਿਆ ਬੰਦਸ਼ ਵਿਚ ਰਹਿੰਦਿਆਂ ਸੰਖੇਪ ਤੇ ਮੁੱਲਵਾਨ ਸ਼ਬਦਾਵਲੀ ਵਿਚ ਬਿਆਨੀ ਹੈ। ਸਿੱਖ ਧਰਮ ਦੀ ਨਿਵੇਕਲੀ ਜੀਵਨ-ਜਾਚ ਹੈ। ਸਿੱਖੀ ਦੇ ਫ਼ਲਸਫ਼ੇ ਤੇ ਸਿਧਾਂਤ ਦੀ ਸਿੱਖਿਆ ਨੂੰ ਵਿਵਹਾਰਕ ਜੀਵਨ ਦਾ ਹਿੱਸਾ ਕਿਵੇਂ ਬਣਾਉਣਾ ਹੈ, ਇਸ ਦਾ ਬੋਧ ਸਾਨੂੰ ਗੁਰਬਾਣੀ ਰਾਹੀਂ ਮਿਲਦਾ ਹੈ। ਜਪੁਜੀ ਦੀਆਂ ਅਠੱਤੀ ਪਉੜੀਆਂ ਤੇ ਸਲੋਕ ਦੇ ਅਰਥ ਖੋਜ ਬਿਰਤੀ ਨਾਲ ਕਰ ਕੇ ਲੇਖਕ ਨੇ ਪਾਠਕਾਂ ਨੂੰ ਸਟੀਕ ਦਾ ਤੋਹਫ਼ਾ ਦਿੱਤਾ ਹੈ।
ਕਿਤਾਬ ਦੇ ਦੂਜੇ ਭਾਗ ਵਿਚ ਆਸਾ ਦੀ ਵਾਰ ਦੀ ਮਹੱਤਤਾ, ਸਲੋਕਾਂ ਦਾ ਸੰਖੇਪ ਤੱਤਸਾਰ, ਸਲੋਕਾਂ ਦਾ ਕਰਮਵਾਰ ਵੇਰਵਾ ਦੇ ਕੇ ਜਨਸਾਧਾਰਨ ਲਈ ਲਾਹੇਵੰਦ ਕੰਮ ਕੀਤਾ ਹੈ। ਆਸਾ ਦੀ ਵਾਰ ਵਿਚ ਗੁਰੂ ਜੀ ਨੇ ਵਹਿਮਾਂ-ਭਰਮਾਂ ਦਾ ਜ਼ੋਰਦਾਰ ਖੰਡਨ ਕਰਦਿਆਂ 24 ਪਉੜੀਆਂ, 59 ਸਲੋਕਾਂ ਰਾਹੀਂ ਅਨੇਕਾਂ ਵਿਸ਼ਿਆਂ ਦਾ ਬਹੁਪੱਖੀ ਗਿਆਨ ਦੇ ਕੇ ਮਨੁੱਖ ਨੂੰ ਸਚਿਆਰ ਦਾ ਮਾਰਗ ਅਪਣਾਉਣ ਦਾ ਉਪਦੇਸ਼ ਦਿੱਤਾ ਹੈ। ਸਚੁ ਆਚਾਰ ਨੂੰ ਗੁਰੂ ਜੀ ਸਚੁ ਤੋਂ ਵੀ ਵੱਧ ਮਹੱਤਵ ਦਿੰਦੇ ਹਨ। ਸਚੁ ਆਚਾਰ ਵਾਲੇ ਮਨੁੱਖ ਦੀ ਸਮਾਈ ਸਚੁ ਅੰਦਰ ਹੋ ਜਾਂਦੀ ਹੈ। ਸਚੁ ਸਤਿ ਨਾਮੁ ਹੀ ਮਨ ਤੋਂ ਕੂੜ-ਕੁਸੱਤ ਦੀ ਮੈਲ ਧੋ ਕੇ ਉਸ ਨੂੰ ਨਿਰਮਲ ਕਰਦਾ ਹੈ। ਆਸਾ ਦੀ ਵਾਰ, ਸੰਸਾਰੀ ਜੀਵਾਂ ਦੀਆਂ ਸਾਰੀਆਂ ਆਸਾਂ-ਇਛਾਵਾਂ ਦੀ ਪੂਰਨ ਕੁੰਜੀ ਹੈ। ਇਸ ਲਈ ਹੀ ਇਸ ਨੂੰ ਆਸਾ ਦੀ ਵਾਰ ਕਹਿੰਦੇ ਹਨ। ਲੇਖਕ ਦਾ ਚੰਗਾ ਉਪਰਾਲਾ ਹੈ। ਕਿਤਾਬ ਨੂੰ ਜੀ ਆਇਆਂ ਕਹਿਣਾ ਚਾਹੀਦਾ ਹੈ। ਪ੍ਰਚਾਰ ਲਈ ਹੀ ਲੇਖਕ ਨੇ ਕਿਤਾਬ ਦੀ ਕੋਈ ਰਾਸ਼ੀ ਕੀਮਤ ਨਹੀਂ ਰੱਖੀ।

ਦਿਲਜੀਤ ਸਿੰਘ ਬੇਦੀ
ਮੋ: 98148-98570

c c c

ਪੈਰਾਂ ਵਾਲਾ ਚੰਦਰਮਾ
ਲੇਖਕ : ਅੰਮ੍ਰਿਤ ਦੀਵਾਨਾ
ਪ੍ਰਕਾਸ਼ਕ : ਪਰਵਾਜ਼ ਪ੍ਰਕਾਸ਼ਨ, ਜਲੰਧਰ
ਮੁੱਲ : 160 ਰੁਪਏ, ਸਫ਼ੇ : 96
ਸੰਪਰਕ : 94170-64350.

ਅੰਮ੍ਰਿਤ ਦੀਵਾਨਾ ਨੇ 'ਮਹਿਕ ਦੀ ਆਮਦ', 'ਸੰਵੇਦਨਾ' ਅਤੇ 'ਖੁਸ਼ਆਮਦੀਦ' ਕਾਵਿ-ਸੰਗ੍ਰਹਿਾਂ ਰਾਹੀਂ ਪੰਜਾਬੀ ਕਾਵਿ-ਜਗਤ ਦੇ ਪਾਠਕਾਂ ਨਾਲ ਸਾਂਝ ਪਾਈ ਹੈ। ਹੁਣ ਉਹ ਇਨ੍ਹਾਂ ਕਾਵਿ-ਸੰਗ੍ਰਹਿਆਂ ਵਿਚਲੀਆਂ ਚੋਣਵੀਆਂ ਕਵਿਤਾਵਾਂ ਸੰਗ 'ਪੈਰਾਂ ਵਾਲਾ ਚੰਦਰਮਾ' ਕਾਵਿ-ਸੰਗ੍ਰਹਿ ਰਾਹੀਂ ਪੰਜਾਬੀ ਕਾਵਿ-ਪਾਠਕਾਂ ਦੇ ਰੂ-ਬਰੂ ਹੈ। ਇਹ ਕਾਵਿ-ਸੰਗ੍ਰਹਿ ਉਸ ਨੇ ਆਪਣੇ ਭਵਿੱਖ ਆਕਰਸ਼ਨ ਨੂੰ 'ਵਸੀਅਤ' ਕਰਦਿਆਂ ਇਹ ਸੰਕੇਤ ਦਿੱਤਾ ਹੈ ਕਿ ਵਰਤਮਾਨ ਪ੍ਰਸਥਿਤੀਆਂ ਹੀ ਭਵਿੱਖ ਦਾ ਨਕਸ਼ਾ ਉਲੀਕਦੀਆਂ ਹਨ। ਇਸ ਕਾਵਿ-ਸੰਗ੍ਰਹਿ ਵਿਚ 50 ਨਜ਼ਮਾਂ ਅਤੇ 13 ਗ਼ਜ਼ਲਾਂ ਸੰਕਲਿਤ ਹਨ। ਵਿਅੰਗ ਰਾਹੀਂ ਉਹ ਸਮਾਜਿਕ, ਰਾਜਨੀਤਕ, ਆਰਥਿਕ, ਧਾਰਮਿਕ ਅਤੇ ਸੱਭਿਆਚਾਰਕ ਸਰੋਕਾਰਾਂ ਨੂੰ ਸੰਬਾਦਕ-ਵਿਧੀ ਦਾ ਪ੍ਰਯੋਗ ਕਰਦਿਆਂ ਵਿਅਕਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਮਸਲੇ ਸਾਰੇ ਦੇ ਸਾਰੇ ਮਨੁੱਖੀ ਜੀਵਨ ਨਾਲ ਜੁੜੇ ਹੋਏ ਹਨ, ਇਸ ਲਈ ਮਨੁੱਖ ਪ੍ਰਤੀ ਹਮਦਰਦੀ ਦੀ ਸੰਵੇਦਨਾ ਹੀ ਕਵੀ ਦੀ ਫ਼ਿਤਰਤ 'ਚ ਰਹਿੰਦੀ ਹੈ। ਭੂਗੋਲਿਕ ਪ੍ਰਸਥਿਤੀਆਂ ਵੀ ਸਮੱਸਿਆਵਾਂ ਦੇ ਸਮਾਧਾਨ ਜਾਂ ਵਿਗਾੜਨ ਦਾ ਸਬੱਬ ਬਣਦੀਆਂ ਹਨ। ਇਸ ਲਈ ਸਮੇਂ ਅਤੇ ਸਥਾਨ ਦੇ ਅਨੁਸਾਰ ਸਮੱਸਿਆਵਾਂ ਦਾ ਸਰੂਪ ਵੀ ਬਦਲਦਾ ਰਹਿੰਦਾ ਹੈ ਪਰ ਹਾਕਮ ਧਿਰ ਦਾ ਵਤੀਰਾ ਪੂਰੇ ਸੰਸਾਰ ਵਿਚ 'ਲੁੱਟਣ ਅਤੇ ਕੁੱਟਣ' ਦਾ ਹੀ ਰਿਹਾ ਹੈ। ਕਵੀ ਦੀ ਵਿਸ਼ੇਸ਼ਤਾ ਇਹ ਹੈ ਕਿ ਪ੍ਰਾਪਤ ਯਥਾਰਥ ਤੋਂ ਅਵੇਸਲਾ ਹੋ ਸੁਪਨਮਈ ਸੰਸਾਰ ਸਿਰਜ ਰੁਮਾਂਸ ਪੈਦਾ ਨਹੀਂ ਕਰਦਾ, ਸਗੋਂ ਵਿਪਰੀਤ ਪ੍ਰਸਥਿਤੀਆਂ ਨਾਲ 'ਏਕੇ ਦੇ ਮੰਤਰ' ਰਾਹੀਂ ਜੂਝਣ ਦਾ ਹੋਕਾ ਦਿੰਦਾ ਹੈ। ਅਜਿਹੇ ਵਰਤਾਰਿਆਂ ਨੂੰ 'ਅਸੀਂ ਅੱਜਕਲ੍ਹ', 'ਮਨ ਦੀ ਪਾਰਲੀਮੈਂਟ', 'ਔਰਤ ਹਾਂ', 'ਭਾਰਤ ਦੇਸ਼ ਸੱਤ ਰੰਗ ਦਾ', 'ਆਦਿਵਾਸੀ ਮੁੰਡੇ ਦੇ ਇਸ਼ਕ ਦੀ ਵੇਦਨਾ', 'ਬਾਰੂਦੀ ਸੁਰੰਗਾਂ' ਅਤੇ 'ਕਰਵਾ ਚੌਥ' ਅਤੇ ਹੋਰ ਕਵਿਤਾਵਾਂ, ਗ਼ਜ਼ਲਾਂ ਵਿਚ ਥਾਂ-ਪੁਰ-ਥਾਂ ਵੇਖ ਸਕਦੇ ਹਾਂ। ਕੁਝ ਮਿਸਾਲਾਂ :
ਸ਼ਹਿਰ ਦਾ ਚੌਕ ਮੁੜ ਖਾਲੀ ਹੋ ਗਿਆ ਹੈ
ਸਿਰਫ਼ ਭਾਰਤੀ ਸੰਵਿਧਾਨ ਦੇ
ਨਿਰਮਾਤਾ ਦਾ ਬੁੱਤ
ਬੇਬੱਸ ਤੇ ਚੁੱਪਚਾਪ ਖੜ੍ਹਾ ਹੈ।
ਮਨੁੱਖੀ ਅਧਿਕਾਰਾਂ ਦੀ ਦੁਹਾਈ ਪੂਰੇ ਸੰਸਾਰ ਵਿਚ ਹੈ, ਪਰ ਘਾਣ ਇਸ ਦਾ ਹਰ ਮੁਲਕ 'ਚ ਹੀ ਹੋ ਰਿਹਾ ਹੈ। 'ਰੋਹਿੰਗਿਆਂ ਦੁਖਾਂਤ' ਨਜ਼ਮ ਇਸੇ ਸੰਤਾਪ ਦਾ ਵਰਨਣ ਕਰਦੀ ਹੈ।
ਇਹ ਕੇਹੀ ਤ੍ਰਾਸਦੀ ਹੈ ਯਾਰੋ!
ਕਿ ਇਸ ਸਦੀ ਵਿਚ
ਬੁੱਧ ਅਤੇ ਰਾਮ ਦੀ ਏਕਤਾ ਨੂੰ
ਅਸੀਂ ਇੰਜ ਵੀ ਜਾਨਣਾ ਸੀ।
'ਪੈਰਾਂ ਵਾਲਾ ਚੰਦਰਮਾ' ਮਨੁੱਖੀ ਮਨ 'ਚ ਬਣੀ ਪਾਰਲੀਮੈਂਟ 'ਚ ਇੰਜ ਤਰਥੱਲ ਮਚਾਉਂਦਾ ਰਹੇ। ਆਮੀਨ!

ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

c c c

ਬੇਦਖਲਨਾਮਾ
ਨਾਵਲਕਾਰ : ਸੰਤਵੀਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 172
ਸੰਪਰਕ : 98149-52967.

ਇਸ ਨਾਵਲ ਵਿਚ ਅਜੋਕੇ ਸਮੇਂ ਦਾ ਯਥਾਰਥ ਪੇਸ਼ ਕੀਤਾ ਗਿਆ ਹੈ। ਤਿੜਕਦੇ ਰਿਸ਼ਤਿਆਂ, ਪਦਾਰਥਕ ਮੁੱਲਾਂ, ਰਾਜਨੀਤਕ ਭ੍ਰਿਸ਼ਟਾਚਾਰ ਅਤੇ ਪਿਛਲੀ ਪੀੜ੍ਹੀ ਦੇ ਦੁਖਾਂਤ ਦੀ ਗੱਲ ਕਰਦਾ ਇਹ ਨਾਵਲ ਦਿਲ 'ਤੇ ਡੂੰਘਾ ਅਸਰ ਛੱਡ ਜਾਂਦਾ ਹੈ। ਇਸ ਦੀ ਕਹਾਣੀ ਇਕ ਅਨਪੜ੍ਹ ਪਰ ਮਿਹਨਤੀ ਅਤੇ ਇਮਾਨਦਾਰ ਕਿਸਾਨ ਮਸਤਾਨ ਸਿੰਘ, ਉਸ ਦੇ ਪੁੱਤਰ ਆਦਰਸ਼ਕ ਅਧਿਆਪਕ ਮਾਸਟਰ ਹਮੀਰ ਸਿੰਘ ਅਤੇ ਉਸ ਦੇ ਸਿਆਸੀ ਕਾਰੋਬਾਰੀ ਪੁੱਤਰ ਰਣਵਿਜੈ ਸਿੰਘ ਦੇ ਦੁਆਲੇ ਘੁੰਮਦੀ ਹੈ। ਸਿਆਸਤਦਾਨਾਂ ਦਾ ਮਾੜਾ ਕਿਰਦਾਰ, ਗ਼ੈਰ-ਇਖ਼ਲਾਕੀ ਚੋਣਾਂ, ਪ੍ਰਾਈਵੇਟ ਕੰਪਨੀਆਂ ਦੀ ਲੁੱਟ-ਖਸੁੱਟ ਅਤੇ ਪੁਰਾਣੀ-ਨਵੀਂ ਪੀੜ੍ਹੀ ਦਾ ਟਕਰਾਅ ਦ੍ਰਿਸ਼ਟੀਗੋਚਰ ਕੀਤਾ ਗਿਆ ਹੈ। ਸਾਹਿਤ, ਸਮਾਜ, ਖੇਡਾਂ ਅਤੇ ਘਰ ਪਰਿਵਾਰ ਵਿਚ ਜਦੋਂ ਸਿਆਸਤ ਆ ਵੜਦੀ ਹੈ ਤਾਂ ਪਵਿੱਤਰ ਭਾਵਨਾਵਾਂ ਤੇ ਸਾਂਝਾਂ ਖੰਭ ਲਾ ਕੇ ਉੱਡ ਜਾਂਦੀਆਂ ਹਨ। ਸਿਆਸਤ ਦੀ ਜੰਗ ਵਿਚ ਸਾਰੇ ਅਸੂਲ ਛਿੱਕੇ ਟੰਗ ਦਿੱਤੇ ਜਾਂਦੇ ਹਨ। ਚੋਣਾਂ ਵਿਚ ਸਿਆਸੀ ਲੋਕ ਜਨਤਾ ਦੀਆਂ ਧਾਰਮਿਕ ਭਾਵਨਾਵਾਂ ਨੂੰ ਆਪਣੇ ਹਿਤ ਲਈ ਵਰਤਦੇ ਹਨ। ਨਾਵਲ ਦੇ ਮੁੱਖ ਪਾਤਰ ਮਸਤਾਨ ਸਿੰਘ ਅਤੇ ਉਸ ਦੇ ਪੁੱਤਰ ਰਣਵਿਜੈ ਵਿਚ ਸਿਧਾਂਤਕ ਵਖਰੇਵਾਂ ਵਧ ਗਿਆ। ਘਰ ਵਿਚ ਹੀ ਧੜੇਬੰਦੀ ਹੋ ਗਈ। ਪਰਿਵਾਰ ਦੇ ਜੀਆਂ ਦੇ ਦਿਲਾਂ ਵਿਚ ਫਾਸਲੇ ਪੈਦਾ ਹੋ ਗਏ। ਉਹ ਘਰ ਦੇ ਬਜ਼ੁਰਗ ਨੂੰ ਛੱਡ ਕੇ ਸ਼ਹਿਰ ਚਲੇ ਗਏ। ਬਜ਼ੁਰਗ ਨੇ ਵੀ ਸੋਚਿਆ ਕਿ ਖੂਨ ਦੇ ਰਿਸ਼ਤੇ ਜਦੋਂ ਪਿਆਰ ਅਤੇ ਸਤਿਕਾਰ ਤੋਂ ਸੱਖਣੇ ਹੋ ਜਾਣ ਤਾਂ ਵਿਅਰਥ ਹੋ ਜਾਂਦੇ ਹਨ। ਉਸ ਨੇ ਪਿੰਡ ਵਿਚ ਹੀ ਆਪਣਾ ਜੀਅ ਲਗਾ ਲਿਆ। ਉਸ ਦੀ ਪਿੰਡ ਨਾਲ ਜਜ਼ਬਾਤੀ ਸਾਂਝ ਸੀ। ਪਿੰਡ ਦੀ ਸੱਥ ਉਸ ਦਾ ਆਸਰਾ ਬਣ ਗਈ ਸੀ। ਸਬਰ, ਸੰਤੁਸ਼ਟੀ, ਮਨ ਦੀ ਸ਼ਾਂਤੀ ਅਤੇ ਸਕੂਨ ਵਿਚ ਬੈਠੇ ਬਜ਼ੁਰਗ ਨੂੰ ਖ਼ਬਰ ਮਿਲੀ ਕਿ ਉਸ ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਖੀਰ ਵਿਚ ਪੁੱਤਰ ਵੀ ਆਪਣੀਆਂ ਗ਼ਲਤੀਆਂ 'ਤੇ ਪਛਤਾਵਾ ਕਰਦਾ ਹੈ।

ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

c c c

30-08-2020

 ਤਰੇਲ ਤੁਪਕੇ
ਲੇਖਕ : ਸਵਰਨ ਸਿੰਘ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 094183-92845.

ਸ਼ਾਇਰ ਸਵਰਨ ਸਿੰਘ ਹਥਲੀ ਕਾਵਿ-ਕਿਤਾਬ 'ਤਰੇਲ ਤੁਪਕੇ' ਤੋਂ ਪਹਿਲਾਂ ਪੰਜ ਕਾਵਿ-ਕਿਤਾਬਾਂ 'ਹਨੇਰੇ ਦੇ ਕਣ', 'ਸਾਗਰ ਸਿੱਪੀਆਂ ਤੇ ਸੂਰਜ', 'ਉਡਾਨ ਦੀ ਉਮਰ', 'ਵਾਅਦਿਆਂ ਦੀ ਵੈਤਰਨੀ ਤੱਕ', ਤੋਂ ਇਲਾਵਾ ਇਕ ਕਾਵਿ-ਨਾਟਕ 'ਸੁੰਦਰਾਂ' ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ। ਸ਼ਾਇਰ ਕਿਉਂਕਿ ਸੇਵਾ-ਮੁਕਤ ਉੱਚ ਬੈਂਕ ਅਧਿਕਾਰੀ ਹੈ ਤੇ ਸਰਵਿਸ ਵੱਖ-ਵੱਖ ਸ਼ਹਿਰਾਂ ਵਿਚ ਰਹੇ ਹੋਣ ਕਾਰਨ ਜੀਵਨ ਪੰਧ ਦਾ ਚੋਖਾ ਤਜਰਬਾ ਹੈ। ਹੁਣ ਸੇਵਾ-ਮੁਕਤੀ ਤੋਂ ਬਾਅਦ ਦੇਵ-ਭੂਮੀ (ਹਿਮਾਚਲ) ਦੀ ਰਾਜਧਾਨੀ ਸ਼ਿਮਲੇ ਰਹਿ ਕੇ ਖੁਸ਼ਹਾਲ ਜ਼ਿੰਦਗੀ ਜਿਊਂਦਿਆਂ ਕੁੱਲ ਵਕਤੀ ਲੇਖਕ ਹੋਣ ਦਾ ਜੀਵਨ ਬਸਰ ਕਰ ਰਹੇ ਹਨ। ਇਸ ਪੁਸਤਕ ਦਾ ਤੱਥ ਸਾਰ ਪੁਸਤਕ ਦੇ ਨਾਂਅ 'ਤਰੇਲ ਤੁਪਕੇ' ਤੋਂ ਸਹਿਜੇ ਹੀ ਹੱਥ ਆ ਜਾਂਦਾ ਹੈ ਤੇ ਜਦੋਂ ਉਹ ਇਹ ਸਿੱਟਾ ਕੱਢਦਾ ਹੈ ਕਿ ਮਨੁੱਖ ਨੂੰ ਤਰੇਲ ਤੁਪਕਿਆਂ ਵਾਂਗ ਸਾਫ਼-ਸਵੱਛ ਤੇ ਨਿਰਮਲ ਜ਼ਿੰਦਗੀ ਜਿਊਣੀ ਚਾਹੀਦੀ ਹੈ। ਉਹ ਆਖਦਾ ਹੈ ਕਿ ਜਦੋਂ ਬੰਦਾ ਕੁਦਰਤ ਨਾਲ ਖਿਲਵਾੜ ਕਰਦਾ ਹੈ ਤਾਂ ਕੁਦਰਤ ਵੀ ਬੰਦੇ ਦਾ ਲਿਹਾਜ਼ ਨਹੀਂ ਕਰਦੀ। ਉਹ ਕਾਦਰ ਦੀ ਕੁਦਰਤ ਨੂੰ ਮਨੁੱਖ ਨਾਲ ਇਕ-ਮਿਕ ਦੇਖਣ ਦਾ ਤਲਬਗਾਰ ਹੈ। ਉਹ ਵਾਤਾਵਰਨ ਦੀ ਸ਼ੁੱਧਤਾ ਨੂੰ ਜਨੂੰਨ ਦੀ ਹੱਦ ਤੱਕ ਦੇਖਣ ਦਾ ਸ਼ੈਦਾਈ ਹੈ। ਪਹਾੜੀ ਭੂ ਦ੍ਰਿਸ਼ ਉਸ ਦਾ ਰਾਹ ਦਸੇਰਾ ਬਣਦੇ ਹਨ। ਆਧੁਨਿਕਤਾ ਦੇ ਦੌਰ ਵਿਚ ਰਿਸ਼ਤਿਆਂ ਦੀ ਵਿਗੜ ਰਹੀ ਵਿਆਕਰਨ 'ਤੇ ਉਹ ਝੂਰਦਾ ਹੈ ਪਰ ਕੀ ਕੀਤਾ ਜਾਵੇ ਦਰਿਆ ਕਦੇ ਮਿੱਥ ਕੇ ਕੰਢੇ ਨਹੀਂ ਬਣਾਉਂਦੇ, ਬਸ ਉਨ੍ਹਾਂ ਨੇ ਤਾਂ ਵਗਣਾ ਹੀ ਹੁੰਦਾ ਹੈ। ਰਾਜਨੀਤੀਵਾਨਾਂ ਅਤੇ ਅਖੌਤੀ ਧਾਰਮਿਕ ਧੂਤੂਆਂ ਦੀ ਜੁਗਲਬੰਦੀ ਤੋਂ ਉਹ ਅਸਾਨੂੰ ਸੁਚੇਤ ਕਰਦਾ ਹੈ। ਲੁਕਣਮੀਟੀ ਨਜ਼ਮਾਂ ਦੀਆਂ ਪਹਿਲੀਆਂ ਦੋ ਸਤਰਾਂ ਸ਼ਿਵ ਕੁਮਾਰ ਬਟਾਲਵੀ ਦੀ ਨਿਰੀ ਪੁਰੀ ਪਿਉਂਦ ਲਗਦੀਆਂ ਹਨ ਜੋ ਕਵੀ ਦੇ ਕਾਵਿ-ਸ਼ਿਲਪ 'ਤੇ ਝੋਰ ਮਾਰਦੀਆਂ ਹਨ। ਸ਼ਾਇਰ ਦੀਆਂ ਅਸਲੋਂ ਨਵੀਆਂ ਤਸ਼ਬੀਹਾਂ ਜਿਵੇਂ ਕਿ 'ਅੱਖਾਂ ਦੇ ਬਨੇਰੇ', 'ਜੀਭ ਇਸ਼ਨਾਨ', 'ਇੱਛਾਵਾਂ ਦੀਆਂ ਸੱਪਣੀਆਂ', 'ਜ਼ਿੰਦਗੀ ਦਾ ਸਵੈਟਰ ਬੁਣਨਾ' ਤੇ 'ਆਸਥਾ ਦੇ ਡੂੰਨੇ' ਨਵੀਂ ਕਾਵਿਕ ਭਾਸ਼ਾ ਕਾਰਨ ਸ਼ਾਇਰੀ ਵੱਲ ਮੱਲੋ ਮੱਲੀ ਆਕਰਸ਼ਿਤ ਕਰਦੀਆਂ ਹਨ।

ਭਗਵਾਨ ਢਿੱਲੋਂ
ਮੋ: 98143-78254.

c c c

ਗੁਰ ਨਾਨਕ ਦਾ ਪੰਥ ਨਿਰਾਲਾ
ਲੇਖਕ : ਡਾ: ਹਰੀ ਸਿੰਘ 'ਜਾਚਕ'
ਪ੍ਰਕਾਸ਼ਕ : ਪਰਮਦੀਪ ਸਿੰਘ ਦੀਪ ਯਾਦਗਾਰੀ ਵੈੱਲਫੇਅਰ ਸੁਸਾਇਟੀ, ਲੁਧਿਆਣਾ
ਮੁੱਲ : 400 ਰੁਪਏ, ਸਫ਼ੇ : 456
ਸੰਪਰਕ : 98722-05910.

ਇਹ ਕਾਵਿ-ਸੰਗ੍ਰਹਿ ਵੱਖ-ਵੱਖ ਸਿਰਲੇਖਾਂ ਅਨੁਸਾਰ 14 ਭਾਗਾਂ ਵਿਚ ਕ੍ਰਮਵਾਰ ਇਸ ਪ੍ਰਕਾਰ ਵੰਡਿਆ ਹੋਇਆ ਹੈ : ਗੁਰੂ ਸਾਹਿਬਾਨ, ਉਸ ਸਮੇਂ ਦੇ ਸਿੱਖ, ਪੰਜ ਪਿਆਰੇ, ਅੰਮ੍ਰਿਤ ਤੇ ਖਾਲਸਾ, ਮਾਤਾ ਗੁਜਰੀ, ਸਾਹਿਬਜ਼ਾਦੇ, ਚਮਕੌਰ, ਸਰਹੰਦ, ਸਿੱਖ ਬੀਬੀਆਂ, ਭਗਤ ਸਾਹਿਬਾਨ ਬਾਰੇ, ਲਹੂ ਭਿੱਜੇ ਇਤਿਹਾਸ ਦੇ ਪੰਨੇ, ਸਿੱਖ ਜਰਨੈਲ, ਘੱਲੂਘਾਰੇ ਤੇ ਸਾਕੇ, ਇਤਿਹਾਸਕ ਅਸਥਾਨ ਤੇ ਸੰਸਥਾਵਾਂ, ਸਿਧਾਂਤਕ ਕਵਿਤਾਵਾਂ, ਸਿੱਖ ਵਿਦਵਾਨ ਅਤੇ ਨਾਮਵਰ ਸ਼ਖ਼ਸੀਅਤਾਂ, ਦੇਸ਼ ਭਗਤ, ਸਮਾਜਿਕ ਵਿਸ਼ਿਆਂ 'ਤੇ ਕਵਿਤਾਵਾਂ ਆਦਿ। ਪੁਸਤਕ ਦੇ ਅੰਤ ਵਿਚ ਡਾ: ਜਾਚਕ ਨੇ ਆਪਣੇ ਜੀਵਨ ਅਤੇ ਵਿਲੱਖਣ ਪ੍ਰਾਪਤੀਆਂ ਬਾਰੇ ਚਿੱਤਰਾਂ ਸਹਿਤ ਮੁੱਲਵਾਨ ਜਾਣਕਾਰੀ ਦਿੱਤੀ ਹੈ।
ਇਸ ਸੰਗ੍ਰਹਿ ਦੀਆਂ ਸਾਰੀਆਂ ਕਵਿਤਾਵਾਂ ਬਿਰਤਾਂਤਕ ਕਾਵਿ-ਦ੍ਰਿਸ਼ਟੀ ਤੋਂ ਵਿਚਾਰੇ ਜਾਣ ਦੇ ਯੋਗ ਹਨ। ਇਨ੍ਹਾਂ ਕਾਵਿ-ਬਿਰਤਾਂਤਾਂ ਦੀ ਸਮੱਗਰੀ ਦਾ ਆਧਾਰ (ਫੇਬੁਲਾ) ਸਿੱਖ ਇਤਿਹਾਸ ਗੁਰਮਤਿ ਦਰਸ਼ਨ ਅਤੇ ਸਮਾਜਿਕ ਸਰੋਕਾਰਾਂ ਵਿਚ ਨਿਹਿਤ ਹੈ, ਜਿਸ ਨੂੰ ਬਿਰਤਾਂਤ-ਸ਼ਾਸਤਰੀ ਦ੍ਰਿਸ਼ਟੀ ਅਨੁਸਾਰ 'ਫਰੇਮ ਔਫ ਰੈਫਰੈਂਸ' (ਹਵਾਲਾ ਚੌਖਟਾ) ਕਿਹਾ ਜਾ ਸਕਦਾ ਹੈ। ਲੇਖਕ ਦੀ ਕਲਮ ਵੀ ਇਸ ਫਰੇਮ ਅੰਦਰ ਰਹਿ ਕੇ ਆਪਣੇ ਕੌਤਕ ਵਿਖਾਉਂਦੀ ਹੈ। ਇਨ੍ਹਾਂ ਕਵਿਤਾਵਾਂ ਦਾ ਅਧਿਐਨ ਕਰਦਿਆਂ ਕਵੀ ਦਾ ਗੁਰਮਤਿ ਅਤੇ ਸਿੱਖੀ ਨਾਲ ਲਬਰੇਜ਼ ਅਸਤਿੱਤਵ ਪਾਠਕਾਂ ਦੇ ਸਨਮੁੱਖ ਆਣ ਖਲੌਂਦਾ ਹੈ। ਬਚਪਨ ਵਿਚ ਮਾਪਿਆਂ ਵਲੋਂ ਮਿਲੀ ਧਾਰਮਿਕ ਗੁੜ੍ਹਤੀ, ਸਿੱਖ ਸੰਸਥਾਵਾਂ ਨਾਲ ਨੇੜਤਾ, ਸਿੱਖੀ ਸਟੇਜੀ ਸਰਗਰਮੀਆਂ ਵਿਚ ਭਾਗ ਦੇ ਨਾਲ-ਨਾਲ ਉਸ ਦੇ ਸਪੁੱਤਰ ਪਰਮਦੀਪ ਸਿੰਘ ਦੀਪ ਦਾ ਬੇਮੌਕਾ ਵਿਛੋੜਾ ਇਸ ਸੰਗ੍ਰਹਿ ਦੇ ਹੋਂਦ ਵਿਚ ਆਉਣ ਨੂੰ ਜੁੰਬਸ਼ ਪ੍ਰਦਾਨ ਕਰਦਾ ਹੈ।
ਕਲਾਤਮਿਕ ਦ੍ਰਿਸ਼ਟੀ ਤੋਂ ਇਨ੍ਹਾਂ ਕਵਿਤਾਵਾ ਦੀ ਮੁੱਖ ਸੁਰ ਸਟੇਜੀ-ਕਾਵਿ ਹੋਣ ਕਾਰਨ ਪਾਠਕਾਂ ਨਾਲ ਨੇੜੇ ਦਾ ਸਰੋਕਾਰ ਰੱਖਦੀ ਹੈ। ਸ੍ਰੋਤਿਆਂ ਨੂੰ ਇਹ ਸੁਰ ਕੀਲਣ ਦੀ ਸਮਰੱਥਾ ਰੱਖਦੀ ਹੈ। ਇਹ ਕਾਵਿ-ਸੰਗ੍ਰਹਿ ਪਰੰਪਰਾਗਤ ਕਾਵਿ ਦੀ ਪੁਨਰ-ਸਥਾਪਨਾ ਦੀ ਸਾਖੀ ਭਰਦਾ ਹੈ। ਪਹਿਲੀ ਕਵਿਤਾ 'ਅਰਜ਼ੋਈ' ਇਸ ਦਾ ਮੰਗਲਾਚਰਨ ਵੀ ਹੈ ਅਤੇ ਇਸ ਦੇ ਕਾਵਿ-ਉਦੇਸ਼ ਦਾ ਨੀਂਹ ਪੱਥਰ ਵੀ ਹੈ, ਜਿਸ ਉੱਪਰ ਇਸ ਕਾਵਿ-ਸੰਗ੍ਰਹਿ ਦੀ ਉਸਾਰੀ ਹੁੰਦੀ ਹੈ। ਸ਼ਾਂਤ ਰਸ ਤੋਂ ਆਰੰਭ ਹੋ ਕੇ ਹੋਰਨਾਂ ਰਸਾਂ ਦਾ ਪੈਂਡਾ ਕੱਛ ਦਾ ਬੀਰ ਰਸ ਦੀ ਸਿਖਰ ਨੂੰ ਪੁੱਜਦਾ ਹੈ। ਕਵੀ ਦਾ ਕਾਵਿ-ਕੋਡ ਜਾਂ ਕਹੋ 'ਕੋਜੀਟੋ' ਧਾਰਮਿਕ ਪ੍ਰਚਾਰਕ ਅਤੇ ਸਮਾਜ ਸੁਧਾਰਕ ਨਿਸਚਿਤ ਕੀਤਾ ਜਾ ਸਕਦਾ ਹੈ। ਉਸ ਦੇ ਕਾਵਿ ਵਿਚ ਅਲੰਕਾਰ, ਬਿੰਬਾਵਲੀ, ਉਪਮਾਵਾਂ ਸਹਿਜ ਨਾਲ ਪ੍ਰਵੇਸ਼ ਕਰ ਜਾਂਦੀਆਂ ਹਨ, ਦਰਿਆਵਾਂ ਵਰਗੀ ਰਵਾਨੀ ਹੈ। ਯਮਕ ਅਲੰਕਾਰ ਦੀ ਖੂਬਸੂਰਤ ਉਦਾਹਰਨ ਵੇਖੋ :
ਲਾਲ ਗੁਰੂ ਦੇ ਚੌਕ ਜਿਉਂ ਲਾਲ ਕਰ ਗਏ,
ਕਰ ਸਕੇ ਨਾ ਮਾਈ ਦਾ ਲਾਲ ਕੋਈ। (ਪੰ: 96)
ਦ੍ਰਿਸ਼-ਚਿਤਰਨ ਵੀ ਕਮਾਲ ਦਾ ਹੈ :
ਭਖੇ ਹੋਏ ਇਸ ਰਣ ਮੈਦਾਨ ਅੰਦਰ,
ਬ੍ਰਹਮਗਿਆਨੀ ਇਕ ਚੋਜ ਵਰਤਾਈ ਜਾਂਦੈ।
ਆਪਣੇ ਮੋਢੇ 'ਤੇ ਭਰੀ ਹੋਈ ਮਸ਼ਕ ਚੁੱਕ ਕੇ,
ਬਿਨਾਂ ਵਿਤਕਰੇ ਪਾਣੀ ਪਿਲਾਈ ਜਾਂਦੈ।
ਕਦੀ ਇਸ ਪਾਸੇ ਤੇ ਕਦੀ ਉਸ ਪਾਸੇ,
ਨਿਰਭੈ ਹੋ ਕੇ ਜਲ ਛਕਾਈ ਜਾਂਦੈ।
ਬਿਨਾਂ ਪਾਣੀ ਤੋਂ ਜੇਸ ਦੀ ਜਾਨ ਨਿਕਲੇ,
ਜਾਨ ਓਸ ਦੀ ਜਾਨ ਵਿਚ ਪਾਈ ਜਾਂਦੈ। (ਪੰ: 132)
ਸੰਖੇਪ ਇਹ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇਹ ਇਕ ਵਿਲੱਖਣ ਕਾਵਿ-ਸੰਗ੍ਰਹਿ ਹੈ।

ਡਾ: ਧਰਮ ਚੰਦ ਵਾਤਿਸ਼
ਮੋ: 88376-79186.

c c c

ਰਾਗ ਤਾਲ ਪਰਕਾਸ਼
(ਭਾਗ ਪਹਿਲਾ)
ਲੇਖਕ : ਭਾਈ ਸੁਰਜੀਤ ਸਿੰਘ ਰਾਹੀ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 0161-2740738.

ਗੁਰਬਾਣੀ ਦੇ ਵਿਦਵਾਨ ਕੀਰਤਨੀਏ ਭਾਈ ਸੁਰਜੀਤ ਸਿੰਘ ਰਾਹੀ ਨੇ ਰਾਗ ਤੇ ਲੈਅ ਨਾਲ ਸਬੰਧਿਤ ਇਹ ਪੁਸਤਕ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਗੁਰਪੁਰਬ ਨੂੰ ਸਮਰਪਿਤ ਕੀਤੀ ਹੈ। ਲੇਖਕ ਨੇ ਸੰਗੀਤ ਵਿੱਦਿਆ ਪ੍ਰਸਿੱਧ ਸੰਗੀਤਕਾਰ ਤੇ ਗੁਰਬਾਣੀ ਦੇ ਰਸੀਏ ਗਿਆਨੀ ਗਿਆਨ ਸਿੰਘ ਅਲਮਸਤ ਹੋਰਾਂ ਕੋਲੋਂ ਪ੍ਰਾਪਤ ਕੀਤੀ ਹੈ। ਪੁਸਤਕ ਦੇ ਆਰੰਭ ਵਿਚ ਸੰਗੀਤ ਅਤੇ ਤਬਲੇ ਬਾਰੇ ਮੁਢਲੀ ਜਾਣ-ਪਛਾਣ ਕਰਾਈ ਗਈ ਹੈ। ਉਪਰੰਤ ਸੰਗੀਤ ਪੱਧਤੀਆਂ, ਸੰਗੀਤ ਦੇ ਰੂਪ, ਸੰਗੀਤ ਦੇ ਪ੍ਰਕਾਰ, ਸਵਰਾਂ ਦੀ ਪਛਾਣ, ਸੰਗੀਤ ਘਰਾਣਿਆਂ ਦਾ ਜ਼ਿਕਰ, ਇਕੱਤੀ ਰਾਗਾਂ ਦਾ ਵੇਰਵਾ, ਰਾਗ-ਮਾਲਾ ਬਾਰੇ ਖ਼ਾਸ ਵਿਚਾਰ ਅਤੇ ਪੜਤਾਲ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ਦਸ ਠਾਟਾਂ (ਬਿਲਾਵਲ, ਭੈਰਵੀ, ਪੂਰਵੀ, ਆਸਾਵਰੀ, ਕਲਿਆਣ, ਕਾਫ਼ੀ, ਖਮਾਚ, ਟੋਡੀ, ਮਾਰਵਾ, ਭੈਰਵ) ਤੋਂ ਪੈਦਾ ਹੋਣ ਵਾਲੇ ਸਮੁੱਚੇ ਰਾਗਾਂ ਦੀ ਵਿਸਥਾਰ ਸਹਿਤ ਵਿਆਖਿਆ ਕੀਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਵਿਚਲੇ 31 ਰਾਗ ਇਨ੍ਹਾਂ ਦਸ ਠਾਟਾਂ ਵਿਚੋਂ ਹੀ ਹਨ। ਇਸ ਤੋਂ ਇਲਾਵਾ ਲੇਖਕ ਨੇ ਕਰਨਾਟਕੀ ਠਾਟ ਦੇ 85 ਰਾਗਾਂ ਦਾ ਵੇਰਵਾ ਵੀ ਦਿੱਤਾ ਹੈ। ਲੇਖਕ ਵਲੋਂ ਰਾਗ ਸੂਹੀ ਮਹਲਾ ੫ ਸ਼ਬਦ 'ਪ੍ਰੀਤਿ ਪ੍ਰੀਤਿ ਗੁਰੀਆ ਮੋਹਨ ਲਾਲਨਾ' ਦੀ ਬੰਦਸ਼ ਪੰਜ ਰਾਗਾਂ ਵਿਚ ਅਤੇ ਪੰਜ ਹੀ ਤਾਲਾਂ ਵਿਚ ਤਿਆਰ ਕੀਤੀ ਗਈ ਹੈ ਅਤੇ ਪੰਜ ਤਾਲਾਂ ਰਾਗਾਂ ਦੀ ਬੰਦਸ਼ ਦੀ ਨੋਟੇਸ਼ਨ ਵੀ ਦਰਸਾਈ ਗਈ ਹੈ। ਪੁਸਤਕ ਦੇ ਅੰਤ ਵਿਚ ਲੇਖਕ ਨੇ ਸਹਾਇਕ ਪੁਸਤਕਾਂ ਦੀ ਸੂਚੀ ਵੀ ਦਿੱਤੀ ਹੈ।
ਸੰਗੀਤ ਪ੍ਰੇਮੀਆਂ, ਗੁਰਬਾਣੀ ਕੀਰਤਨੀਆਂ ਅਤੇ ਰਾਗੀ ਢਾਡੀਆਂ ਲਈ ਇਹ ਪੁਸਤਕ ਬੜੀ ਲਾਭਦਾਇਕ ਸਾਬਤ ਹੋਵੇਗੀ।

ਕੰਵਲਜੀਤ ਸਿੰਘ ਸੂਰੀ
ਮੋ: 93573-24241

c c c

ਉਰਦੂ ਕੀ ਆਖ਼ਰੀ ਕਿਤਾਬ
ਲੇਖਕ : ਇਬਨੇ ਇੰਸ਼ਾ
ਅਨੁਵਾਦ : ਸੁਖਜਿੰਦਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 0161-2413613.

'ਉਰਦੂ ਕੀ ਆਖ਼ਰੀ ਕਿਤਾਬ' ਉਰਦੂ ਦੇ ਪ੍ਰਸਿੱਧ ਕਵੀ ਅਤੇ ਵਿਅੰਗਕਾਰ ਇਬਨੇ ਇੰਸ਼ਾ ਦੀ ਵਾਰਤਕ ਪੁਸਤਕ ਹੈ, ਜਿਸ ਦਾ ਪੰਜਾਬੀ ਅਨੁਵਾਦ ਸੁਖਜਿੰਦਰ ਨੇ ਕੀਤਾ ਹੈ। ਇਸ ਸੰਗ੍ਰਹਿ 'ਚ ਲੇਖਕ ਇਬਨੇ ਇੰਸ਼ਾ ਦੀਆਂ ਵਿਅੰਗ ਵਿਧਾ 'ਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਵਿਅੰਗ ਭਰਪੂਰ ਰਚਨਾਵਾਂ ਹਨ, ਜਿਨ੍ਹਾਂ ਰਾਹੀਂ ਲੇਖਕ ਨੇ ਬੜੀ ਬੇਬਾਕੀ ਅਤੇ ਚਿੰਤਨ ਦ੍ਰਿਸ਼ਟੀ ਦਾ ਪ੍ਰਮਾਣ ਦਿੱਤਾ ਹੈ। ਇਹ ਲੇਖ ਭਾਵੇਂ ਸੰਖੇਪ ਰੂਪ 'ਚ ਹਨ ਪਰੰਤੂ ਪਾਠਕ 'ਤੇ ਗਹਿਰਾ ਪ੍ਰਭਾਵ ਛੱਡਦੇ ਹਨ। ਇਨ੍ਹਾਂ ਰਚਨਾਵਾਂ 'ਚ ਭੂਗੋਲ, ਇਤਿਹਾਸ , ਵਿਆਕਰਨ, ਗਿਆਨ-ਵਿਗਿਆਨ, ਗਣਿਤ ਤੋਂ ਇਲਾਵਾ ਹੋਰ ਵੱਖ-ਵੱਖ ਵਿਸ਼ਿਆਂ ਜਿਵੇਂ ਗ਼ੈਰ-ਅੰਗਰੇਜ਼ੀ ਹਕੂਮਤ ਦੀਆਂ ਬਰਕਤਾਂ, ਦੇਸ਼ ਵੰਡ ਦਾ ਦਰਦ, ਬਾਦਸ਼ਾਹਾਂ ਦੇ ਰਾਜ ਪ੍ਰਬੰਧਾਂ 'ਤੇ ਤਿੱਖੀਆਂ ਟਕੋਰਾਂ, ਸਿੱਖਿਆ ਢਾਂਚਾ, ਭ੍ਰਿਸ਼ਟ ਰਾਜਨੀਤਕ ਸਿਸਟਮ ਖਿਲਾਫ਼ ਵਿਦਰੋਹ ਵੀ ਝਲਕਦਾ ਹੈ। ਵਿਅੰਗਮਈ ਸ਼ੈਲੀ ਇਸ ਨੂੰ ਹੋਰ ਰੌਚਿਕ ਬਣਾਉਂਦੀ ਹੈ। ਉਦਾਹਰਨ ਵਜੋਂ 'ਤਾਰੀਖ਼ ਦੇ ਕੁਝ ਦੌਰ' ਰਚਨਾ 'ਚ ਲੇਖਕ ਲਿਖਦਾ ਹੈ :
ਹੁਣ ਇਸ ਆਖ਼ਰੀ ਦੌਰ ਨੂੰ ਵੇਖੋ,
ਢਿੱਡ ਰੋਟੀ ਤੋਂ ਖ਼ਾਲੀ,
ਜੇਬ ਪੈਸੇ ਤੋਂ ਖ਼ਾਲੀ,
ਵਾਅਦੇ ਹਕੀਕਤ ਤੋਂ ਖ਼ਾਲੀ,
ਦਿਲ ਦਰਦ ਤੋਂ ਖ਼ਾਲੀ,
ਦਿਮਾਗ ਅਕਲ ਤੋਂ ਖਾਲੀ।
ਸ਼ਹਿਰ ਵਿਦਵਾਨਾਂ ਤੋਂ ਖ਼ਾਲੀ, ਜੰਗਲ ਦੀਵਾਨਿਆਂ ਤੋਂ ਖ਼ਾਲੀ,
ਇਹ ਖ਼ਲਾਈ ਦੌਰ (ਸਪੇਸ ਯੁੱਗ) ਹੈ। (ਪੰਨਾ ਨੰਬਰ: 28)
ਇਸ ਪੁਸਤਕ 'ਚ ਲੇਖਕ ਨੇ ਆਪਣੇ ਨਿਵੇਕਲੇ ਅੰਦਾਜ਼ 'ਚ ਇਨ੍ਹਾਂ ਰਚਨਾਵਾਂ ਨੂੰ ਵਿਅੰਗ ਦੀ ਤਿੱਖੀ ਪੁੱਠ ਚਾੜ੍ਹ ਕੇ ਬੇਬਾਕੀ ਨਾਲ ਪੇਸ਼ ਕੀਤਾ ਹੈ, ਜਿਸ ਨਾਲ ਇਹ ਪਾਠਕ 'ਤੇ ਗਹਿਰਾ ਪ੍ਰਭਾਵ ਛੱਡਣ ਦੇ ਸਮਰੱਥ ਹਨ।

ਮਨਜੀਤ ਸਿੰਘ ਘੜੈਲੀ
ਮੋ: 98153-91625

c c c

ਸਹਿਜਮਤੀਆਂ
ਲੇਖਕ : ਸਹਿਜਪ੍ਰੀਤ ਸਿੰਘ ਮਾਂਗਟ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 96391-00006

ਅਸਹਿਜ ਵਰਤਾਰਿਆਂ ਨੂੰ 'ਸਹਿਜਮਤੀਆਂ' ਕਾਵਿ-ਸੰਗ੍ਰਹਿ ਰਾਹੀਂ ਵਿਅਕਤ ਕਰਨ ਵਾਲਾ ਸਹਿਜਪ੍ਰੀਤ ਸਿੰਘ ਮਾਂਗਟ ਪੰਜਾਬੀ ਕਾਵਿ-ਜਗਤ ਲਈ ਕੋਈ ਓਪਰਾ ਨਾਂਅ ਨਹੀਂ ਹੈ, ਸਗੋਂ ਉਹ ਆਪਣਿਆਂ ਵਿਚੋਂ ਹੀ ਇਕ ਹੈ। ਇਸ ਤੋਂ ਪਹਿਲਾਂ ਉਸ ਨੇ 'ਤਾਰਿਆਂ ਜੜਿਆ ਅੰਬਰ' (2011) ਅਤੇ 'ਮੇਰਾ ਯਕੀਨ ਕਰੀਂ' (2016) ਕਾਵਿ-ਸੰਗ੍ਰਹਿ ਪੰਜਾਬੀ ਕਾਵਿ-ਪਾਠਕਾਂ ਦੀ ਝੋਲੀ ਪਾਏ ਹਨ। ਹਥਲੇ ਕਾਵਿ-ਸੰਗ੍ਰਹਿ ਵਿਚ ਉਸ ਨੇ ਨਜ਼ਮਾਂ, ਗੀਤ ਅਤੇ ਗ਼ਜ਼ਲਾਂ ਨੂੰ ਸ਼ਾਮਿਲ ਕਰਦਿਆਂ ਮਨੁੱਖੀ ਜ਼ਿੰਦਗੀ ਨਾਲ ਜੁੜੀਆਂ ਦੁਸ਼ਵਾਰੀਆਂ ਨੂੰ ਸਮਝਣ ਅਤੇ ਆਪਣੇ ਪਾਠਕਾਂ ਨੂੰ ਸਮਝਾਉਣ ਦਾ ਸਾਰਥਕ ਉਪਰਾਲਾ ਕੀਤਾ ਹੈ। ਇਨ੍ਹਾਂ ਦੁਸ਼ਵਾਰੀਆਂ 'ਚ ਵਾਧਾ ਕਰਨ ਵਾਲੇ ਸ੍ਰੋਤ, ਰਾਜਨੀਤਕ ਵਿਵਸਥਾ, ਸਮਾਜਿਕ ਕਾਣੀ-ਵੰਡ ਆਰਥਿਕ ਪ੍ਰਸਥਿਤੀਆਂ ਸੱਭਿਆਚਾਰਕ ਵਿਗਾੜਾਂ ਦੀ ਨਿਸ਼ਾਨਦੇਹੀ ਕੀਤੀ ਹੈ। ਵਿਅਕਤੀਆਂ ਦਾ ਸਮੂਹ ਭਾਈਚਾਰਕ ਸਹਿਹੋਂਦ ਦਾ ਰੂਪ ਇਖ਼ਤਿਆਰ ਕਰਦਾ ਹੈ। ਮਨੁੱਖੀ ਮਨ ਅੰਦਰ ਸਵਾਰਥ ਤਹਿਤ ਉਪਜੀ ਆਪਣੇ ਹੀ ਭਲੇ ਦੀ ਪ੍ਰਵਿਰਤੀ ਪ੍ਰਬਲ ਰੂਪ 'ਚ ਪਨਪਦੀ, ਵਿਗਸਦੀ ਅਤੇ ਪ੍ਰਫੁੱਲਿਤ ਹੁੰਦੀ ਹੈ ਜੋ ਸਾਡੇ ਗੁਰੂ ਸਾਹਿਬਾਨ ਵਲੋਂ ਦਿੱਤੀ 'ਸਰਬੱਤ ਦੇ ਭਲੇ' ਦੀ ਮੌਤ ਦੇ ਐਨ ਉਲਟ ਹੈ। ਇੰਜ ਸੰਗ੍ਰਹਿ ਵਿਚਲੀਆਂ 'ਧੀ ਤੇ ਕੁਦਰਤ', 'ਕਰੂੰਬਲ', 'ਮੈਂ ਸ਼ਰਮਿੰਦਾ ਹਾਂ', 'ਮਨ ਕੀ ਬਾਤ', 'ਸੱਚ, ਇਨਸਾਫ਼ ਤੇ ਸੂਰਜ', 'ਉਦਾਸੀ', 'ਭਾਰਤ ਮਾਤਾ ਕੀ ਜੈ', 'ਦੇਸ਼-ਭਗਤੀ', 'ਮੇਰਾ ਸ਼ਬਦ ਗੁਰੂ', 'ਕਰਜ਼ ਜਾਂ ਦੌੜ' ਅਤੇ 'ਛੇਵਾਂ ਦਰਿਆ' ਅਤੇ ਬਾਕੀ ਕਾਵਿਕ ਰਚਨਾਵਾਂ ਪੜ੍ਹਦਿਆਂ ਉਕਤ-ਵਰਣਿਤ ਵਰਤਾਰਿਆਂ ਦੀ ਨਿਸ਼ਾਨਦੇਹੀ ਹੀ ਕਰਦੇ, ਮਨੁੱਖ ਦੇ ਅੰਦਰਲੇ ਸੰਸਾਰ ਦੀ ਬਾਤ ਪਾਉਂਦੇ ਪ੍ਰਤੀਤ ਹੁੰਦੇ ਹਨ। ਕਵੀ ਦਾ ਵਿਸ਼ਵਾਸ ਹੈ ਕਿ ਲੋਕ-ਸਮੂਹ ਹੀ ਇਨ੍ਹਾਂ ਦੁਸ਼ਵਾਰੀਆਂ ਨੂੰ 'ਏਕੇ' ਦਾ ਮੰਤਰ ਯਾਦ ਕਰਕੇ ਦੂਰ ਕਰ ਸਕਦਾ ਹੈ ਕਿਉਂਕਿ ਪਰਜਾਤੰਤਰ ਵਿਚ ਸ਼ਕਤੀ ਲੋਕਾਂ ਦੇ ਹੱਥ ਵਿਚ ਹੀ ਹੁੰਦੀ ਹੈ :
ਇਹ ਜੰਗਲ ਰਾਜ
ਜੋ ਚਾਰੇ ਪਾਸੇ ਫੈਲਿਆ ਹੈ
ਸਦਾ ਨਹੀਂ ਰਹਿਣਾ
ਸੋਚ ਦਾ, ਇਨਸਾਫ਼ ਦਾ ਸੂਰਜ
ਬੱਸ ਚੜ੍ਹਨ ਵਾਲਾ ਹੈ।
'ਪਿੰਡ' ਭਾਈਚਾਰਕ ਸਾਂਝ ਦਾ ਹਮੇਸ਼ਾ ਪ੍ਰਤੀਕ ਰਿਹਾ ਹੈ, ਇਸੇ ਲਈ ਕਵੀ 'ਪਿੰਡ ਦੇ ਮੋਹ' ਨੂੰ ਸ਼ਹਿਰੀ ਜ਼ਿੰਦਗੀ 'ਚ ਰਹਿੰਦਿਆਂ ਵੀ ਭੁਲਾ ਨਹੀਂ ਸਕਿਆ। ਕਵੀ ਨੇ ਆਪਣੇ ਭਾਵਾਂ ਨੂੰ ਅਸਹਿਜਤਾ ਦੇ ਬਿਰਤਾਂਤ ਨੂੰ ਵਰਨਣ ਕਰਦਿਆਂ ਸਹਿਜ, ਸਰਲ, ਸਪੱਸ਼ਟ ਲੋਕ-ਭਾਖਿਆਂ 'ਚ ਕਹਿਣ ਦੀ ਸਾਰਥਕ ਕੋਸ਼ਿਸ਼ ਕੀਤੀ ਹੈ ਅਤੇ ਇਸ ਕਾਵਿ-ਸੰਗ੍ਰਹਿ ਦੇ ਨਾਂਅ 'ਸਹਿਜਮਤੀਆਂ' ਨੂੰ ਸਾਰਥਕ ਬਣਾਇਆ ਹੈ। ਦਿਲੀ ਮੁਬਾਰਕ ਅਤੇ ਸ਼ੁੱਭਕਾਮਨਾਵਾਂ!

ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

c c c

ਪੈਪਸੂ ਮੁਜ਼ਾਰਾ ਘੋਲ
ਲੇਖਕ : ਛੱਜੂ ਮੱਲ ਵੈਦ
ਸੰਪਾਦਕ : ਬਲਬੀਰ ਲੌਂਗੋਵਾਲ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 88
ਸੰਪਰਕ : 98140-87063.

ਪੰਜਾਬ ਦੀਆਂ ਕਿਸਾਨੀ ਲਹਿਰਾਂ ਵਿਚ ਪੈਪਸੂ ਮੁਜ਼ਾਰਾ ਘੋਲ ਦਾ ਬਹੁਤ ਮਹੱਤਵ ਹੈ। ਇਸ ਨੇ ਬੇਜ਼ਮੀਨੇ ਕਿਰਤੀਆਂ ਵਿਚ ਉਨ੍ਹਾਂ ਦੇ ਹੱਕ-ਹਕੂਕ ਪ੍ਰਤੀ ਜ਼ੋਰਦਾਰ ਭਾਵਨਾ ਪ੍ਰਚੰਡ ਕੀਤੀ। ਲੰਮੇਰੀ ਜੱਦੋ-ਜਹਿਦ ਤੋਂ ਬਾਅਦ ਉਨ੍ਹਾਂ ਨੂੰ ਫ਼ਤਹਿ ਨਸੀਬ ਹੋਈ। ਮਾਮੂਲੀ ਸਾਧਨਾਂ ਦੇ ਬਾਵਜੂਦ ਇਸ ਲਹਿਰ ਨੇ ਪੈਪਸੂ ਦੀ ਬੇਲਗਾਮ ਰਾਜਾਸ਼ਾਹੀ ਨੂੰ ਤਕੜੀ ਟੱਕਰ ਦਿੱਤੀ। ਪੁਸਤਕ ਦੇ ਮੁੱਖ ਤੌਰ 'ਤੇ ਪੰਜ ਭਾਗ ਹਨ। ਪਹਿਲੇ ਭਾਗ, 'ਰਾਜਾਸ਼ਾਹੀ ਰਿਆਸਤਾਂ ਤੇ ਜਗੀਰੂ ਢਾਂਚੇ ਦੀ ਸਿਰਜਣਾ' ਪਹਿਲਾ ਚੈਪਟਰ ਹੈ, ਜਿਸ ਵਿਚ 1886-87 ਦੇ ਮੁਜ਼ਾਰਾ ਕਾਨੂੰਨਾਂ ਦਾ ਜ਼ਿਕਰ ਹੈ। ਜਾਗੀਰਦਾਰੀ ਪ੍ਰਥਾ, ਅੰਗਰੇਜ਼ੀ ਹਕੂਮਤ ਦੀ ਦੇਣ ਸੀ। ਮੁਜ਼ਾਰਿਆਂ ਨੂੰ ਮਣ ਵਿਚੋਂ ਸਿਰਫ 10 ਸੇਰ ਦਾਣੇ ਮਿਹਨਤਾਨਾ ਮਿਲਦਾ ਸੀ। 'ਮੁਜ਼ਾਰਾ ਘੋਲ ਦਾ ਆਰੰਭ' ਦੂਜਾ ਅਧਿਆਏ ਹੈ। 1902-04 ਵਿਚ ਪੱਕੇ ਬੰਦੋਬਸਤ ਤੋਂ ਬਾਅਦ ਮੁਜ਼ਾਰਾ ਲਹਿਰ ਦਾ ਉਦੇ ਹੋਇਆ। 1931 ਵਿਚ ਪਰਜਾ ਮੰਡਲ ਦੀ ਸਥਾਪਨਾ ਹੋਈ। 1935 ਦੇ ਛਪਾਰ ਮੇਲੇ ਵਿਚ ਕਿਸਾਨੀ ਮੰਗਾਂ ਨੂੰ ਉਭਾਰਿਆ ਗਿਆ। ਅਪ੍ਰੈਲ 1936 ਵਿਚ ਲਖਨਊ ਵਿਖੇ ਸਰਬ ਭਾਰਤ ਕਿਸਾਨ ਸਭਾ ਬਣੀ। ਪੰਜਾਬ ਵਿਚ 1937 ਵਿਚ ਹੋਂਦ 'ਚ ਆਈ ਜਿਸ ਤਹਿਤ ਪਿੰਡਾਂ ਵਿਚ ਕਿਸਾਨ ਕਮੇਟੀਆਂ ਕਾਇਮ ਕੀਤੀਆਂ ਗਈਆਂ। ਕਪੂਰਥਲਾ ਅਤੇ ਫ਼ਰੀਦਕੋਟ ਰਿਆਸਤਾਂ ਵਿਚ ਵੀ ਮੁਜ਼ਾਰੇ ਸਰਗਰਮ ਹੋਏ। 'ਜਨਤਕ ਜੰਗ ਦੇ ਦੌਰਾਨ ਤੇ ਮਗਰੋਂ' ਪੁਸਤਕ ਦਾ ਅਹਿਮ ਚੈਪਟਰ ਹੈ। 1942 ਵਿਚ ਕਾਮਰੇਡ ਤੇਜਾ ਸਿੰਘ ਸੁਤੰਤਰ ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਬਣੇ। ਉਨ੍ਹਾਂ ਕਿਸਾਨ ਲਹਿਰ ਲਈ 3 ਨੁਕਾਤੀ ਮੰਗ ਪੱਤਰ ਤਿਆਰ ਕੀਤਾ। ਇਸੇ ਦੌਰਾਨ ਜਾਗੀਰਦਾਰਾਂ ਅਤੇ ਮੁਜ਼ਾਰਿਆਂ ਵਿਚਾਲੇ ਝੜਪਾਂ ਹੋਣ ਲੱਗੀਆਂ। 15 ਜੁਲਾਈ, 1948 ਨੂੰ ਪੈਪਸੂ ਰਿਆਸਤ ਬਣਾਈ ਗਈ ਤੇ ਇਸ ਦੇ ਨਾਲ ਹੀ ਬੇਜ਼ਮੀਨੇ ਕਾਮਿਆਂ ਅਤੇ ਜਾਗੀਰਦਾਰੀ ਨਿਜ਼ਾਮ ਵਿਚਾਲੇ ਸੰਘਰਸ਼ ਤਿਖੇਰਾ ਰੂਪ ਧਾਰਨ ਕਰ ਗਿਆ। 'ਆਜ਼ਾਦੀ ਪ੍ਰਾਪਤੀ ਤੇ ਪੈਪਸੂ ਬਣਨ ਮਗਰੋਂ' ਪੁਸਤਕ ਦਾ ਅੰਤਿਮ ਅਧਿਆਇ ਹੈ। ਮੁਜ਼ਾਰਿਆਂ ਦੇ 50838 ਟੱਬਰਾਂ ਕੋਲ ਇਕ ਇੰਚ ਵੀ ਭੋਇੰ ਨਹੀਂ ਸੀ। ਅਨਿਆਂਪੂਰਨ ਜ਼ਮੀਨੀ ਵੰਡ ਵਿਰੁੱਧ ਛੱਜੂ ਮੱਲ ਵੈਦ ਤੇ ਕਾ: ਤੇਜਾ ਸਿੰਘ ਸੁਤੰਤਰ ਨੇ ਮੁਜ਼ਾਰਾ ਲਹਿਰ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ। ਸੇਵਾ ਸਿੰਘ ਠੀਕਰੀਵਾਲੇ ਦੀ ਸ਼ਹਾਦਤ ਨੇ ਲਹਿਰ ਨੂੰ ਹੋਰ ਪ੍ਰਚੰਡ ਕੀਤਾ। ਇਕ ਨਾਅਰਾ ਬੜਾ ਪ੍ਰਸਿੱਧ ਹੋਇਆ।
'ਮੁਜ਼ਾਰਿਆਂ ਦੀ ਫ਼ੌਜ ਤੇ ਮਾਲਕਾਂ ਦਾ ਰਾਸ਼ਨ
ਲੜੋ ਲੜਾਈ, ਛੱਡੋ ਭਾਸ਼ਨ (ਪੰਨਾ 57)
ਕਿਸ਼ਨਗੜ੍ਹ ਪਿੰਡ 'ਚ ਵਾਪਰੇ ਦੁਖਾਂਤ ਨੇ ਲਹਿਰ ਨੂੰ ਸਿਖਰਾਂ 'ਤੇ ਪਹੁੰਚਾ ਦਿੱਤਾ। ਵੱਖ-ਵੱਖ ਪੜਾਵਾਂ ਵਿਚੋਂ ਲੰਘਦੀ ਹੋਈ ਮੁਜ਼ਾਰਾ ਲਹਿਰ ਆਖਰ ਸਫਲ ਹੋਈ। 1953, 1955 ਵਿਚ ਕਾਨੂੰਨ ਬਣੇ, ਪੰਜ ਏਕੜ ਤੱਕ ਦੀ ਮਾਲਕੀ ਵਾਲੇ ਹਲਵਾਹਕਾਂ ਦੀ ਬੇਦਖ਼ਲੀ ਬੰਦ ਹੋਈ। ਹੱਦਬੰਦੀ ਤੋਂ ਉੱਪਰਲੇ ਰਕਬੇ ਨੂੰ 'ਫਾਲਤੂ ਰਕਬਾ' ਮੰਨਿਆ ਗਿਆ। ਅੰਤ ਵਿਚ ਕਾ: ਸੁਤੰਤਰ ਸਮੇਤ ਲਹਿਰ ਦੇ 54 ਉੱਘੇ ਜੁਝਾਰੂਆਂ ਦੀਆਂ ਰੰਗਦਾਰ ਤਸਵੀਰਾਂ ਹਨ।

ਤੀਰਥ ਸਿੰਘ ਢਿੱਲੋਂ
ਮੋ: 98154-61710

c c c

ਕਬਰ
ਨਾਵਲਕਾਰ : ਬਲਵਿੰਦਰ ਗਰੇਵਾਲ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 151
ਸੰਪਰਕ : 80546-10060.

ਇਹ ਨਾਵਲ ਇਕ ਪ੍ਰੇਮ ਕਹਾਣੀ ਹੈ। ਨਾਵਲਕਾਰ ਅਨੁਸਾਰ ਇਸ ਦਾ ਵਿਸ਼ਾ ਹੈ 'ਪਿਆਰ ਕਬਜ਼ਾ ਨਹੀਂ, ਪਹਿਚਾਣ ਹੈ'। ਪਿਆਰ ਇਕ ਸਰਬਸਾਂਝਾ ਅਨੁਭਵ ਹੈ। ਨਾਵਲ ਵਿਚੋਂ ਪਿਆਰ ਦੇ ਕਈ ਰੰਗ ਝਲਕਦੇ ਹਨ। ਪਿਆਰ ਦੀ ਮਸਤੀ ਵਿਚ ਦਿਲ ਗਾਉਣ ਲਗਦਾ ਹੈ। ਇਸ ਨਾਵਲ ਦਾ ਨਾਇਕ ਵੀ ਹਮੇਸ਼ਾ ਗੀਤਾਂ ਵਿਚ ਡੁੱਬਿਆ ਰਹਿੰਦਾ ਹੈ। ਨਾਵਲ ਦੀ ਕਹਾਣੀ ਇਕ ਕਬਰ ਦੁਆਲੇ ਘੁੰਮਦੀ ਹੈ ਜੋ ਕਿ ਕਬਰਸਤਾਨ ਦੇ ਬਾਹਰ ਸੁੰਨਸਾਨ ਵਿਚ ਬਣੀ ਹੋਈ ਹੈ। ਅਸਲ ਵਿਚ ਇਹ ਕਬਰ ਇਕ ਭਟਕਦੀ ਆਤਮਾ ਦਾ ਦੁਖਾਂਤ ਪੇਸ਼ ਕਰਦੀ ਹੈ, ਜਿਸ ਨੇ ਆਪਣੇ ਆਸ਼ਕ ਨਾਲ ਬੇਵਫ਼ਾਈ ਕੀਤੀ ਸੀ। ਦੁਨਿਆਵੀ ਪਿਆਰ ਵੱਲ ਝੁਕ ਕੇ ਉਸ ਨੇ ਆਪਣੇ ਪ੍ਰੇਮੀ ਨੂੰ ਹੱਦੋਂ ਵੱਧ ਖੁਆਰ ਅਤੇ ਜ਼ਲੀਲ ਕੀਤਾ ਸੀ। ਨਸੀਮ ਨਾਂਅ ਦੀ ਇਸ ਲੜਕੀ ਨੇ ਆਪਣੇ ਪ੍ਰੇਮੀ ਰਸ਼ੀਦ ਨੂੰ ਪਿਆਰ ਵਿਚ ਧੋਖਾ ਦਿੱਤਾ ਸੀ। ਇਸ ਲਈ ਸਮਾਜ ਨੇ ਉਸ ਨੂੰ ਕਬਰਸਤਾਨ ਵਿਚ ਵੀ ਥਾਂ ਨਹੀਂ ਦਿੱਤੀ। ਨਾਵਲ ਦਾ ਨਾਇਕ ਇਸ ਟੁੱਟੀ-ਫੁੱਟੀ ਕਬਰ ਅਤੇ ਇਸ ਵਿਚ ਸੁੱਤੀ ਰੂਹ ਦਾ ਦਰਦ ਮਹਿਸੂਸ ਕਰਦਾ ਹੈ। ਇਹ ਭਟਕੀ ਹੋਈ ਰੂਹ ਬਿਰਹਾ ਅਤੇ ਪਛਤਾਵੇ ਦੀ ਅੱਗ ਵਿਚ ਸੜ ਕੇ ਪਵਿੱਤਰ ਹੋ ਜਾਂਦੀ ਹੈ। ਇਸ ਨਾਵਲ ਵਿਚ ਲੇਖਕ ਨੇ ਸਮਾਜ ਵਿਚ ਆ ਰਹੀ ਨੈਤਿਕ ਗਿਰਾਵਟ ਅਤੇ ਨੌਜਵਾਨ ਪੀੜ੍ਹੀ ਦੀਆਂ ਖਾਹਿਸ਼ਾਂ, ਵਾਸ਼ਨਾਵਾਂ ਅਤੇ ਕਮਜ਼ੋਰੀਆਂ ਨੂੰ ਪ੍ਰਗਟ ਕੀਤਾ ਹੈ। ਕਸ਼ਮੀਰ ਦੇ ਕੁਦਰਤੀ ਨਜ਼ਾਰਿਆਂ ਦਾ ਵਰਨਣ ਬੜੇ ਸੁਹਜਮਈ ਢੰਗ ਨਾਲ ਕੀਤਾ ਗਿਆ ਹੈ। ਗੀਤ, ਸੰਗੀਤ ਅਤੇ ਪਿਆਰ ਦੇ ਅਸੀਮ ਰਿਸ਼ਤੇ ਦਾ ਵਰਨਣ ਬਹੁਤ ਖੂਬਸੂਰਤੀ ਨਾਲ ਕੀਤਾ ਗਿਆ ਹੈ। ਇਸ਼ਕ ਮਿਜਾਜ਼ੀ ਦੇ ਰਸਤੇ ਇਸ਼ਕ ਹਕੀਕੀ ਦੀ ਮੰਜ਼ਲ ਦੀ ਪ੍ਰਾਪਤੀ ਦਾ ਰਾਹ ਦਰਸਾਉਣ ਦਾ ਯਤਨ ਕੀਤਾ ਹੈ। ਬੋਲੀ ਅਤੇ ਸ਼ੈਲੀ ਪ੍ਰਭਾਵਸ਼ਾਲੀ ਹੈ। ਸਾਰੇ ਪਾਤਰ ਸੂਝਵਾਨ ਅਤੇ ਸੁਲਝੇ ਹੋਏ ਹਨ। ਇਹ ਪਿਆਰ ਅਤੇ ਵਿਸ਼ਵਾਸ, ਸਧਰਾਂ ਅਤੇ ਜਜ਼ਬਿਆਂ ਦੀ ਦੁਖਾਂਤਕ ਕਹਾਣੀ ਹੈ। ਨਾਵਲ ਵਿਚ ਰਵਾਨਗੀ ਅਤੇ ਵਹਾਉ ਹੈ ਜੋ ਕਿਧਰੇ ਵੀ ਬੇਰਸੀ ਨਹੀਂ ਹੋਣ ਦਿੰਦਾ। ਪੜ੍ਹਨ ਦੀ ਰੁਚੀ ਕਾਇਮ ਰਹਿੰਦੀ ਹੈ। ਇਹ ਨਾਵਲ ਪੜ੍ਹਨਯੋਗ ਹੈ। ਇਸ ਦਾ ਭਰਪੂਰ ਸਵਾਗਤ ਹੈ।

ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

c c c

23-08-2020

 ਦਾਣੇ ਪਰ ਦਾਣਾ
ਲੇਖਕ : ਬੁਲੰਦ ਸਿੰਘ
ਮੁੱਲ : 100 ਰੁਪਏ, ਸਫ਼ੇ : 172
ਸੰਪਰਕ : bulandsingh5@gmail.com

ਹਥਲੀ ਪੁਸਤਕ ਜਿਸ ਨੂੰ ਲੇਖਕ ਨੇ ਟੈਕਨੀਕਲ ਨਾਵਲ ਕਿਹਾ ਹੈ, ਅਸਲ ਵਿਚ ਸਮਾਜ ਵਿਚ ਵਾਪਰਦੀਆਂ ਹਰ ਖੇਤਰ ਨਾਲ ਸਬੰਧਿਤ ਘਟਨਾਵਾਂ, ਅਨੁਭਵ ਤੇ ਵਿਸ਼ੇ ਹਨ, ਜਿਸ ਨੂੰ ਨਾਵਲ ਨਹੀਂ ਕਿਹਾ ਜਾ ਸਕਦਾ, ਹਾਂ ਸਮਾਜਿਕ ਵਰਤਾਰਿਆਂ ਦਾ ਸਮੂਹ ਕਿਹਾ ਜਾ ਸਕਦਾ ਹੈ।
ਇਸ ਪੁਸਤਕ ਵਿਚ ਛੋਟੇ-ਛੋਟੇ ਟੋਟਕੇ ਜਿਨ੍ਹਾਂ ਵਿਚ ਪਤੇ ਦੀਆਂ ਗੱਲਾਂ ਕੀਤੀਆਂ ਹਨ, ਦਾ ਸੰਗ੍ਰਹਿ ਹੈ ਜਿਵੇਂ ਕਿ ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ, ਕਿਰਤ ਦਾ ਪੈਮਾਨਾ ਕੀ ਹੋਵੇ, ਫੂਡ ਅਤੇ ਡਰੱਗ, ਭ੍ਰਿਸ਼ਟਾਚਾਰ ਹੋਂਦ ਵਿਚ ਕਿਵੇਂ ਆਇਆ, ਭ੍ਰਿਸ਼ਟਾਚਾਰ ਹੈ ਕੀ? ਭਾਰਤ ਦਾ ਵੋਟ ਰਾਜ ਖ਼ਤਮ ਹੋਵੇ, ਮਹਿੰਗਾਈ, ਨਸ਼ਾ, ਵਿਆਹਾਂ 'ਤੇ ਫ਼ਜ਼ੂਲ ਖ਼ਰਚੀ, ਟਰੈਵਲ ਕੰਪਨੀਆਂ ਦੀ ਲੁੱਟ, ਅੰਬੈਸੀਆਂ, ਟ੍ਰੈਫਿਕ ਨਿਯਮ ਆਦਿ। ਇਹ ਵਿਸ਼ੇ ਸਮਾਜਿਕ ਬੁਰਾਈਆਂ ਤੇ ਸਮਾਜ ਵਿਚ ਹੋ ਰਹੀ ਲੁੱਟ-ਖਸੁੱਟ ਨਾਲ ਸਬੰਧਿਤ ਹਨ, ਜਿਨ੍ਹਾਂ ਬਾਰੇ ਸਰਕਾਰ ਤੇ ਲੋਕਾਂ ਨੂੰ ਚੇਤੰਨ ਕੀਤਾ ਗਿਆ ਹੈ। ਲੇਖਕ ਨੇ ਤਲਾਕ, ਨਵੀਆਂ ਜੰਮੀਆਂ ਬੱਚੀਆਂ ਨੂੰ ਕੂੜੇ ਦੇ ਢੇਰ 'ਤੇ ਸੁੱਟਣਾ, ਜਬਰ ਜਨਾਹ, ਨਾਜਾਇਜ਼ ਸਬੰਧਾਂ ਨੂੰ ਲੈ ਕੇ ਵੀ ਚਿੰਤਾ ਜ਼ਾਹਰ ਕੀਤੀ ਹੈ ਤੇ ਇਨ੍ਹਾਂ ਬੁਰਾਈਆਂ ਨੂੰ ਹੌਸਲਾ ਦੇਣ ਵਾਲਿਆਂ ਨੂੰ ਵੰਗਾਰ ਪਾਈ ਹੈ। ਲੇਖਕ ਨੇ ਖੇਤੀਬਾੜੀ ਵਿਚ ਵਰਤੇ ਜਾਂਦੇ ਸਪਰੇਅ, ਮੈਡੀਕਲ ਦਵਾਈਆਂ, ਮਹਿੰਗਾਈ ਤੇ ਲੁੱਟ, ਡਾਲਰਾਂ ਦਾ ਮੁੱਲ, ਪੰਜਾਬ ਵਿਚ ਗਲੀਆਂ-ਸੜਕਾਂ ਦੀ ਮੰਦੀ ਹਾਲਤ, ਕਿਸਾਨਾਂ ਦੀਆਂ ਖ਼ੁਦਕੁਸ਼ੀਆਂ, ਜਿਨਸ ਦਾ ਘੱਟ ਮੁੱਲ ਮਿੱਥਣਾ, ਜਾਇਦਾਦ ਕਾਨੂੰਨ ਤੇ ਕਾਣੀ ਵੰਡ, ਪੁਲਿਸ ਦਾ ਵਤੀਰਾ, ਸਰਕਾਰ ਦਾ ਟੈਕਸ ਸਿਸਟਮ, ਗ਼ੈਰ-ਕਾਨੂੰਨੀ ਕਾਰੋਬਾਰ, ਅਖੌਤੀ ਬਾਬਿਆਂ ਦਾ ਵਪਾਰ ਧੰਦਾ, ਕਿਰਤੀ ਦੀ ਲੁੱਟ-ਖਸੁੱਟ, ਟੈਕਸੀ ਬਿਜ਼ਨਸ ਆਦਿ ਵਿਸ਼ਿਆਂ ਨੂੰ ਲੈ ਕੇ ਵਿਅੰਗ ਵੀ ਕੀਤੇ ਹਨ ਤੇ ਸੁਧਾਰ ਦੇ ਰਾਹ ਵੀ ਦਰਸਾਏ ਹਨ ਤਾਂ ਕਿ ਸਮਾਜ ਤਰੱਕੀ ਨਾ ਸਕੇ। ਲੇਖਕ ਨੇ ਧਾਰਮਿਕ ਸਥਾਨਾਂ ਦੀ ਦੇਖਭਾਲ, ਦਰਸ਼ਨ, ਚੜ੍ਹਾਵੇ, ਗੁਰੂ ਘਰਾਂ ਦੀ ਬਣਤਰ, ਲੰਗਰ ਪ੍ਰਥਾ, ਗੁਰਦੁਆਰਿਆਂ ਦਾ ਨਮੂਨਾ ਕਿਹੋ ਜਿਹਾ ਹੋਵੇ, ਪ੍ਰਚਾਰਕ ਕੌਣ ਹੋ ਸਕਦਾ ਹੈ, ਪਵਿੱਤਰਤਾ ਨੂੰ ਕਾਇਮ ਰੱਖਣਾ ਆਦਿ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ ਹਨ ਤੇ ਸੁਝਾਅ ਵੀ ਦਿੱਤੇ ਹਨ। ਲੇਖਕ ਨੇ 172 ਪੰਨਿਆਂ ਵਿਚ ਲਗਪਗ ਏਨੇ ਹੀ ਵਿਸ਼ੇ ਸਮੋਏ ਹਨ ਜੋ ਉਸ ਦੀ ਵਿਸ਼ਾਲ ਜਾਣਕਾਰੀ ਦਾ ਪ੍ਰਤੀਕ ਹਨ। ਮੇਰੀ ਜਾਚੇ ਕੋਈ ਅਜਿਹਾ ਵਿਸ਼ਾ ਨਹੀਂ ਜੋ ਉਸ ਨੇ ਛੂਹਿਆ ਨਾ ਹੋਵੇ, ਭਾਵੇਂ ਸੰਖੇਪ ਰੂਪ ਵਿਚ ਹੀ ਹਨ।

ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

c c c

ਧੁਰੋ ਵਰੋਸਾਏ ਸੰਤ ਯੋਧੇ
ਗੁਰਮਤਿ ਪ੍ਰਸ਼ਨ ਉੱਤਰ ਬੈਂਕ

(1469-1708)
ਲੇਖਕ : ਬਲਦੇਵ ਸਿੰਘ ਢਿੱਲੋਂ
ਪ੍ਰਕਾਸ਼ਕ : ਢਿੱਲੋਂ ਪਬਲੀਕੇਸ਼ਨਜ਼, ਜਲੰਧਰ ਕੈਂਟ
ਮੁੱਲ : 700 ਰੁਪਏ, ਸਫ਼ੇ : 476
ਸੰਪਰਕ : 98769-39907.

ਵਿਚਾਰ ਗੋਚਰੀ ਇਸ ਆਪਣੀ ਹੀ ਕਿਸਮ ਦੀ ਕਿਤਾਬ ਗੁਰਮਤਿ ਗਿਆਨ ਅਤੇ ਇਤਿਹਾਸਕ ਦਾ ਸੁੰਦਰ ਸੁਮੇਲ ਹੈ। ਵਿਦਵਾਨ ਲੇਖਕ ਨੇ ਡੂੰਘੀ ਸਮਰਪਣ, ਖੋਜ ਤੇ ਸ਼ਰਧਾ ਭਾਵਨਾ ਨੂੰ ਲੈ ਕੇ ਇਨ੍ਹਾਂ ਮੰਤਵਾਂ ਹਿਤ ਇਸ ਪੁਸਤਕ ਦੀ ਰਚਨਾ ਦਾ ਮਹਾਨ ਕਾਰਜ ਕੀਤਾ ਹੈਸਰਲ ਢੰਗ ਨਾਲ ਇਤਿਹਾਸ ਪਾਠਕਾਂ ਤੱਕ ਪੁੱਜਦਾ ਕਰਨਾ ਤੇ ਗੁਰ ਇਤਿਹਾਸ ਬਾਰੇ ਜਾਣਕਾਰੀ ਲਈ ਰੁਚੀ ਪੈਦਾ ਕਰਨਾ, ਬੇਲੋੜੇ ਸ਼ੰਕਿਆਂ ਨੂੰ ਦੂਰ ਕਰਨਾ। ਇਨ੍ਹਾਂ ਮੰਤਵਾਂ ਦੀ ਪੂਰਤੀ ਲਈ ਉਸ ਨੇ ਨਿਵੇਕਲੀ ਪ੍ਰਸ਼ਨ-ਉੱਤਰ ਵਿਧੀ ਅਪਣਾਈ ਹੈ, ਜੋ ਕਿ ਸਫ਼ਲ ਤਜਰਬਾ ਸਾਬਤ ਹੋਇਆ ਹੈ।
ਗ੍ਰੰਥ ਰੂਪੀ ਅਤੇ ਵੱਡ-ਆਕਾਰੀ ਪੁਸਤਕ ਵਿਚ ਢਾਈ ਹਜ਼ਾਰ ਪ੍ਰਸ਼ਨਾਂ ਦੇ ਉੱਤਰ ਬੜੇ ਸੰਖੇਪ ਅਤੇ ਸੁਖੈਨ ਢੰਗ ਨਾਲ ਦਿੱਤੇ ਗਏ ਹਨ, ਜਿਸ ਤੋਂ ਖ਼ਾਸ ਕਰ ਬਾਲਕ ਬਹੁਤ ਕੁਝ ਸਿੱਖ ਸਕਦੇ ਹਨ। ਕਰਮਕਾਂਡੀ ਵੇਰਵਿਆਂ ਨੂੰ ਲੇਖਕ ਨੇ ਪੁਸਤਕ 'ਚੋਂ ਬਾਹਰ ਰੱਖਿਆ ਹੈ। ਇੰਜ ਸਮੁੱਚੀ ਜਾਣਕਾਰੀ, ਠੋਸ ਤੱਥਾਂ ਤੇ ਘਟਨਾਵਾਂ ਉੱਤੇ ਆਧਾਰਿਤ ਹੈ। ਗੁਰੂ ਸਾਹਿਬਾਨ ਦੇ ਨਾਲ-ਨਾਲ 15 ਭਗਤਾਂ, 11 ਭੱਟਾਂ ਅਤੇ ਤਿੰਨ ਗੁਰਸਿੱਖ ਸਾਹਿਬਾਨ ਦੇ ਜੀਵਨ ਤੇ ਦੇਣ ਬਾਰੇ ਜਾਣਕਾਰੀ ਵੀ ਅੰਕਿਤ ਹੈ। ਇਸ ਤਰ੍ਹਾਂ ਇਸ ਗ੍ਰੰਥ-ਨੁਮਾ ਪੁਸਤਕ ਦਾ ਘੇਰਾ ਮੋਕਲਾ ਬਣਿਆ ਹੈ।
ਪੁਸਤਕ ਨੂੰ 45 ਭਾਗਾਂ ਵਿਚ ਵੰਡਿਆ ਗਿਆ ਹੈ। ਹਰ ਭਾਗ ਵਿਚ ਤਰੀਕਾਂ ਸਹਿਤ ਸਮਾਂ (ਸੰਨ) ਦਰਜ ਹੈ। ਕੁਝ ਵੰਨਗੀਆਂ
ਪ੍ਰਸ਼ਨ 79ਸਿੱਖ ਇਤਿਹਾਸ ਵਿਚ 'ਬਾਬਾ' ਦੀ ਪਦਵੀ ਕਿਨ੍ਹਾਂ-ਕਿਨ੍ਹਾਂ ਮਹਾਂਪੁਰਖਾਂ ਨੂੰ ਪ੍ਰਾਪਤ ਹੋਈ ਹੈ?
ਉੱਤਰਸਿੱਖ ਇਤਿਹਾਸ ਵਿਚ ਗੁਰੂ ਨਾਨਕ ਸਾਹਿਬ ਜੀ ਵਲੋਂ 'ਬਾਬਾ' ਦੀ ਪਦਵੀ ਕੇਵਲ ਦੋ ਹੀ ਮਹਾਂਪੁਰਖਾਂ ਨੂੰ ਪ੍ਰਾਪਤ ਹੋਈ ਹੈ, ਭਗਤ ਰਵਿਦਾਸ ਜੀ ਨੂੰ ਤੇ ਫਿਰ ਬਾਬਾ ਬੁੱਢਾ ਜੀ ਨੂੰ। (ਪੰਨਾ 12)
ਪ੍ਰਸ਼ਨ 'ਸੱਯਾਹਤੋ ਬਾਬਾ ਨਾਨਕ ਫ਼ਕੀਰ' ਨਾਂਅ ਦੀ ਅਰਬੀ ਪੁਸਤਕ ਅੱਜਕਲ੍ਹ ਕਿੱਥੇ ਪਈ ਹੈ?
ਉੱਤਰਅੱਜਕਲ੍ਹ ਇਹ ਪੁਸਤਕ ਮਦੀਨੇ ਦੀ ਲਾਇਬ੍ਰੇਰੀ ਵਿਚ ਪਈ ਹੈ। (ਪੰਨਾ 57)
ਪ੍ਰਸ਼ਨਕੀ ਹੋਲੇ ਮਹੱਲੇ 'ਤੇ ਰੰਗਾਂ ਦੀ ਵਰਤੋਂ ਹੋਣੀ ਚਾਹੀਦੀ ਹੈ?
ਉੱਤਰਇਹ ਗੁਰੂ ਆਸ਼ੇ ਦੇ ਉਲਟ ਹੈ। (ਪੰਨਾ 301)
ਪ੍ਰਸ਼ਨਗੁਰੂ ਗ੍ਰੰਥ ਸਾਹਿਬ ਵਿਚ ਕਿੰਨੇ ਸਲੋਕ ਹਨ?
ਉੱਤਰ1829 ਸਲੋਕ।
ਵਿਦਵਾਨ ਲੇਖਕ ਨੇ ਅੱਲਾ ਯਾਰ ਖਾਂ ਜੋਗੀ, ਦੀਵਾਨ ਟੋਡਰ ਮੱਲ, ਭਾਈ ਜੈਤਾ ਜੀ, ਬੀਬੀ ਮੁਮਤਾਜ, ਭਾਈ ਗੁਲਾਬਾ ਪੰਜਾਬਾ, ਸੁਥਰੇਸ਼ਾਹ, ਮੀਰ ਛਬੀਲ ਮੀਰ ਮੁਸ਼ਕੀ, ਭਾਈ ਨਿਗਾਹੀਆ, ਲੱਖੀ ਸ਼ਾਹ ਵਣਜਾਰਾ, ਬੀਬੀ ਸ਼ਰਨ ਕੌਰ, ਗਨੀ ਖਾਂ ਨਬੀ ਖਾਂ, ਭਾਈ ਸੰਗੇ ਸਮੇਤ ਅਨੇਕਾਂ ਇਤਿਹਾਸਕ ਪਾਤਰਾਂ ਬਾਰੇ ਵੀ ਸੰਖੇਪ ਪਰ ਕੀਮਤੀ ਜਾਣਕਾਰੀ ਦਿੱਤੀ ਹੈ। ਬੜੀ ਲਗਨਪੂਰਨ ਖੋਜ ਨਾਲ ਲਿਖੀ ਗਈ ਇਸ ਸ਼ਾਹਕਾਰ ਪੁਸਤਕ ਤੋਂ ਪ੍ਰਚਾਰਕ ਅਤੇ ਧਾਰਮਿਕ ਸੰਸਥਾਵਾਂ ਬਹੁਤ ਲਾਹਾ ਪ੍ਰਾਪਤ ਕਰ ਸਕਦੀਆਂ ਹਨ। ਲੇਖਕ ਨੂੰ ਬਹੁਤ ਵਧਾਈ।

ਤੀਰਥ ਸਿੰਘ ਢਿੱਲੋਂ
ਮੋ: 98154-61710

c c c

ਕੌਮ ਦਾ ਸਿਤਾਰਾ
ਸ਼ਹੀਦ ਬਾਬੂ ਹਰਨਾਮ ਸਿੰਘ ਸਾਹਰੀ

ਲੇਖਕ : ਡਾ: ਜਸਵੰਤ ਰਾਏ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 199
ਸੰਪਰਕ : 98158-25999.

ਦੇਸ਼ ਦੇ ਗਲੋਂ ਗੁਲਾਮੀ ਦੀਆਂ ਜ਼ੰਜੀਰਾਂ ਲਾਹੁਣ ਲਈ ਬਹੁਤ ਸਾਰੇ ਯੋਧਿਆਂ ਨੇ ਆਪਣੀ ਕੁਰਬਾਨੀ ਦੇ ਕੇ ਆਜ਼ਾਦੀ ਦਾ ਸੂਰਜ ਚੜ੍ਹਾਇਆ ਸੀ। 'ਕੌਮ ਦਾ ਸਿਤਾਰਾ ਸ਼ਹੀਦ ਬਾਬੂ ਹਰਨਾਮ ਸਿੰਘ ਸਾਹਰੀ' ਪੁਸਤਕ ਆਜ਼ਾਦੀ ਸੰਘਰਸ਼ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਅਤੇ ਸ਼ਹਾਦਤ ਦੇਣ ਵਾਲੇ ਆਜ਼ਾਦੀ ਸੰਗਰਾਮੀਏ ਬਾਬੂ ਹਰਨਾਮ ਸਿੰਘ ਸਾਹਰੀ ਦੇ ਜੀਵਨ ਬਾਰੇ ਚਾਨਣਾ ਪਾਉਂਦੀ ਡਾ: ਜਸਵੰਤ ਰਾਏ ਦੁਆਰਾ ਲਿਖੀ ਜੀਵਨੀ ਹੈ। ਇਹ ਹਥਲੀ ਪੁਸਤਕ ਇਸ ਪੁਸਤਕ ਦਾ ਦੂਜਾ ਐਡੀਸ਼ਨ ਹੈ। ਪਹਿਲਾ ਐਡੀਸ਼ਨ 2015 ਵਿਚ ਪ੍ਰਕਾਸ਼ਿਤ ਹੋਇਆ ਸੀ। ਪੁਸਤਕ ਵਿਚ ਲੇਖਕ ਨੇ ਵੱਖ-ਵੱਖ ਸਰੋਤਾਂ ਤੋਂ ਬਾਬੂ ਹਰਨਾਮ ਸਿੰਘ ਸਾਹਰੀ ਦੇ ਜੀਵਨ ਅਤੇ ਆਜ਼ਾਦੀ ਸੰਘਰਸ਼ ਵਿਚ ਪਾਏ ਯੋਗਦਾਨ ਪਾਠਕਾਂ ਦੇ ਰੂ-ਬਰੂ ਕੀਤਾ ਹੈ। ਪੁਸਤਕ ਵਿਚ ਵਿਦਵਾਨ ਲੇਖਕ ਨੇ ਗ਼ਦਰ ਲਹਿਰ ਦੇ ਇਤਿਹਾਸਕ ਪਿਛੋਕੜ ਬਾਰੇ ਬਹੁਮੁੱਲੀ ਜਾਣਕਾਰੀ ਦਿੰਦਿਆਂ ਹੋਇਆਂ ਬਾਬੂ ਹਰਨਾਮ ਸਿੰਘ ਸਾਹਰੀ ਦੇ ਲਹਿਰ ਵਿਚ ਪਾਏ ਯੋਗਦਾਨ ਬਾਰੇ ਚਰਚਾ ਕੀਤੀ ਹੈ। ਵੱਧ ਪੜ੍ਹੇ-ਲਿਖੇ ਹੋਣ ਕਰਕੇ ਹੀ ਇਨ੍ਹਾਂ ਦੇ ਨਾਂਅ ਨਾਲ 'ਬਾਬੂ' ਸ਼ਬਦ ਨੂੰ ਸਤਿਕਾਰ ਵਜੋਂ ਲਾਇਆ ਜਾਂਦਾ ਸੀ। ਬਾਬੂ ਹਰਨਾਮ ਸਿੰਘ ਸਾਹਰੀ ਆਪਣੀ ਪ੍ਰਤੀਬੱਧਤਾ ਸਦਕਾ ਹੀ ਆਜ਼ਾਦੀ ਸੰਘਰਸ਼ ਦੇ ਯੋਧਿਆਂ ਵਿਚ ਵੀ ਸਤਿਕਾਰਤ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਹਨ ਅਤੇ ਵਿਦੇਸ਼ ਦੀ ਧਰਤੀ 'ਤੇ ਕੱਢੇ ਜਾਂਦੇ 'ਸਵਦੇਸ਼ ਸੇਵਕ' ਨਾਂਅ ਦੇ ਪੱਤਰ ਦੇ ਉਹ ਮੁੱਖ ਸੰਪਾਦਕ ਵੀ ਰਹੇ। ਲੇਖਕ ਨੇ ਉਨ੍ਹਾਂ ਦੇ ਖਾਨਦਾਨ ਬਾਰੇ ਵੀ ਜਾਣਕਾਰੀ ਉਪਲਬਧ ਕਾਰਵਾਈ ਹੈ ਅਤੇ ਆਜ਼ਾਦੀ ਸੰਘਰਸ਼ ਵਿਚ ਉਨ੍ਹਾਂ ਦੇ ਚੱਲੇ ਮੁਕੱਦਮੇ ਦੀ ਕਾਰਵਾਈ ਬਾਰੇ ਸੰਵਾਦਮਈ ਜਾਣਕਾਰੀ ਦਿੱਤੀ ਹੈ। ਪੁਸਤਕ ਵਿਚ ਆਜ਼ਾਦੀ ਸੰਘਰਸ਼ ਦੀਆਂ ਕਾਵਿਮਈ ਅਤੇ ਛੰਦਾਬੰਦੀ ਵਿਚ ਲਿਖੀਆਂ ਝਾਕੀਆਂ ਵੀ ਮਾਣਨ ਨੂੰ ਮਿਲਦੀਆਂ ਹਨ ਜੋ ਵਿਸ਼ੇ ਨੂੰ ਦਿਲਚਸਪ ਅਤੇ ਸਪੱਸ਼ਟਤਾ ਵੀ ਪ੍ਰਦਾਨ ਕਰਦੀਆਂ ਹਨ। ਲੇਖਕ ਨੇ ਕਿਉਂਕਿ ਇਤਿਹਾਸਕ ਵਿਅਕਤੀ ਦੀ ਜੀਵਨੀ ਨੂੰ ਪ੍ਰਸਤੁਤ ਕੀਤਾ ਹੈ, ਇਸ ਕਰਕੇ ਤੱਥਮਈ ਜਾਣਕਾਰੀ ਭਰਪੂਰ ਰੂਪ ਵਿਚ ਉਪਲਬਧ ਕਰਵਾਈ ਹੈ।

ਡਾ: ਸਰਦੂਲ ਸਿੰਘ ਔਜਲਾ
ਮੋ: 98141-68611.

c c c

ਪੈਗ਼ੰਬਰ
ਲੇਖਕ : ਖ਼ਲੀਲ ਜ਼ਿਬਰਾਨ
ਅਨੁਵਾਦਕ : ਪ੍ਰੋ: ਬਸੰਤ ਸਿੰਘ ਬਰਾੜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 102
ਸੰਪਰਕ : 98149-41214.

ਖ਼ਲੀਲ ਜ਼ਿਬਰਾਨ 20ਵੀਂ ਸਦੀ ਦਾ ਬਹੁਤ ਹੀ ਪ੍ਰਤਿਭਾਸ਼ਾਲੀ ਲੇਖਕ ਸੀ। ਉਸ ਦੀ ਸਭ ਤੋਂ ਪ੍ਰਸਿੱਧ ਲਿਖਤ ਅੰਗਰੇਜ਼ੀ ਦੀ ਪੁਸਤਕ 'ਦ ਪ੍ਰਾਫਿਟ' ਹੈ, ਜਿਸ ਦਾ ਤਰਜਮਾ ਹਥਲੀ ਪੁਸਤਕ ਪੈਗੰਬਰ ਹੈ। ਪੁਸਤਕ ਵਿਚਲੀਆਂ 26 ਰਚਨਾਵਾਂ ਸਾਡੇ ਦਿਲ ਦਿਮਾਗ ਅਤੇ ਰੂਹ ਤੱਕ ਛੂਹ ਜਾਂਦੀਆਂ ਹਨ। ਇਨ੍ਹਾਂ ਵਿਚੋਂ ਸ਼ਾਂਤੀ, ਧਰਮਾਂ ਦੀ ਏਕਤਾ, ਕਾਵਿਕਤਾ ਅਤੇ ਰੂਹਾਨੀ ਉਚਾਈਆਂ ਦੇ ਦਰਸ਼ਨ ਹੁੰਦੇ ਹਨ। ਇਸ ਵਿਚ ਜ਼ਿੰਦਗੀ ਅਤੇ ਮੌਤ ਦੇ ਭੇਤ ਸਮੋਏ ਹੋਏ ਹਨ। ਆਉ ਕੁਝ ਪੰਕਤੀਆਂ ਦੇ ਦਰਸ਼ਨ ਕਰੀਏ
-ਬਾਜ਼ ਨੂੰ ਆਪਣਾ ਆਲ੍ਹਣਾ ਤਿਆਗ ਕੇ ਇਕੱਲੇ ਹੀ ਸੂਰਜ ਤੋਂ ਪਾਰ ਉਡਾਰੀ ਮਾਰਨੀ ਪੈਂਦੀ ਹੈ।
-ਵਿਛੋੜੇ ਦੀ ਘੜੀ ਆਉਣ ਤੱਕ ਪ੍ਰੇਮ ਨੂੰ ਆਪਣੀ ਹੀ ਗਹਿਰਾਈ ਪਤਾ ਨਹੀਂ ਲਗਦੀ।
-ਉਹ ਤੀਰ-ਅੰਦਾਜ਼ ਪਰਮਾਤਮਾ ਅਨੰਤ ਦੇ ਮਾਰਗ ਤੇ ਨਿਸ਼ਾਨਾ ਬੰਨ੍ਹਦਾ ਹੈ ਅਤੇ ਉਹ ਤੁਹਾਨੂੰ ਸਾਰੇ ਜ਼ੋਰ ਨਾਲ ਖਿੱਚਦਾ ਹੈ ਤਾਂ ਕਿ ਉਸ ਦੇ ਤੀਰ ਤੇਜ਼ ਅਤੇ ਦੂਰ ਜਾਣ।
-ਤੁਹਾਡੇ ਅੰਦਰ ਜੋ ਅਸੀਮ ਹੈ, ਉਹ ਆਕਾਸ਼ ਦੇ ਅਜਿਹੇ ਮਹਿਲ ਵਿਚ ਰਹਿੰਦਾ ਹੈ ਜਿਸ ਦਾ ਬੂਹਾ ਸਵੇਰ ਦੀ ਧੁੰਦ ਹੈ ਅਤੇ ਖਿੜਕੀਆਂ ਰਾਤ ਦੇ ਗੀਤ ਅਤੇ ਸੰਨਾਟਾ ਹਨ।
-ਜ਼ਿੰਦਗੀ ਅਤੇ ਮੌਤ ਇਕ ਹੀ ਹਨ ਜਿਵੇਂ ਦਰਿਆ ਅਤੇ ਸਮੁੰਦਰ ਇਕ ਹੁੰਦੇ ਹਨ।
-ਤੁਹਾਡੀ ਖੁਸ਼ੀ ਤੁਹਾਡਾ ਬੇਨਕਾਬ ਹੋਇਆ ਗ਼ਮ ਹੀ ਹੁੰਦਾ ਹੈ।
ਬਹੁਤ ਖੂਬਸੂਰਤ ਖਿਆਲ ਬਹੁਤ ਖੂਬਸੂਰਤੀ ਨਾਲ ਪੇਸ਼ ਕੀਤੇ ਗਏ ਹਨ। ਅਨੁਵਾਦਕ ਦੀ ਵੀ ਦਾਦ ਦੇਣੀ ਬਣਦੀ ਹੈ। ਸਮੁੱਚੇ ਤੌਰ 'ਤੇ ਇਹ ਪੁਸਤਕ ਇਕ ਸੁੰਦਰ ਰੂਹਾਨੀ ਗੁਲਦਸਤਾ ਹੈ।

ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

c c c

ਪਤਾ ਨਹੀਂ ਸੀ
ਲੇਖਕ : ਬੂਟਾ ਸਿੰਘ ਚੌਹਾਨ
ਪ੍ਰਕਾਸ਼ਕ : ਅਰਪਿਤਾ ਪਬਲੀਕੇਸ਼ਨਜ਼, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 143
ਸੰਪਰਕ : 98143-80749.

'ਪਤਾ ਨਹੀਂ ਸੀ' ਗ਼ਜ਼ਲਗੋ, ਅਨੁਵਾਦਕ, ਨਾਵਲਕਾਰ ਅਤੇ ਬਾਲ ਸਾਹਿਤ ਲੇਖਕ ਬੂਟਾ ਸਿੰਘ ਚੌਹਾਨ ਦਾ ਹਾਲ ਹੀ ਵਿਚ ਪ੍ਰਕਾਸ਼ਿਤ ਹੋਇਆ ਨਵਾਂ ਨਾਵਲ ਹੈ। ਇਸ ਨਾਵਲ ਵਿਚ ਚੌਹਾਨ ਨੇ ਪੰਜਾਬ ਦੇ ਬਦਲ ਰਹੇ ਅਰਥਚਾਰੇ, ਸਮਾਜਿਕ ਜੀਵਨ ਅਤੇ ਫਿੱਕੇ ਪੈ ਰਹੇ ਆਪਸੀ ਮਾਨਵੀ ਰਿਸ਼ਤਿਆਂ ਦੀ ਗੱਲ ਕੀਤੀ ਹੈ। ਨੌਜਵਾਨ ਜੋ ਸੁਫ਼ਨੇ ਦੇਖਦੇ ਹਨ, ਉਹ ਪੂਰੇ ਨਹੀਂ ਹੁੰਦੇ ਤੇ ਨਾ-ਉਮੀਦੀ ਵਿਚ ਉਹ ਅੱਕੀਂ ਪਲਾਹੀਂ ਹੱਥ ਮਾਰਦੇ ਦਿਖਾਈ ਦਿੰਦੇ ਹਨ। ਇਸ ਨਾਵਲ ਦਾ ਮੁੱਖ ਪਾਤਰ ਗੁਰਜੀਤ ਵੀ ਇਹੋ ਜਿਹਾ ਹੀ ਇਕ ਨੌਜਵਾਨ ਹੈ। ਛੋਟੇ ਹੁੰਦੇ ਦੀ ਮਾਂ ਮਰ ਗਈ, ਪਿਉ ਨੇ ਹੋਰ ਵਿਆਹ ਕਰਵਾ ਲਿਆ ਤੇ ਉਸ ਨੂੰ ਨਾਨਕਿਆਂ ਕੋਲ ਛੱਡ ਗਿਆ। ਨਾਨਕੇ ਥੋੜ੍ਹ-ਜ਼ਮੀਨੇ ਛੋਟੇ ਕਿਸਾਨ ਹਨ ਜੋ ਬੜੀ ਮੁਸ਼ਕਿਲ ਨਾਲ ਦੋ ਦੂਣੀ ਚਾਰ ਕਰਦੇ ਹਨ। ਕਾਲਜ ਵਿਚ ਉਹ ਪਿੰਡ ਦੇ ਧਨਾਢ ਟੱਬਰ ਦੀ ਕੁੜੀ ਵਿਪਰੀਤ ਨਾਲ ਰੰਗੀਨ ਸੁਫ਼ਨੇ ਦੇਖਦਾ ਹੈ ਜੋ ਉਸ ਦੇ ਪਿਉ ਦੀ ਇਕੋ ਘੁਰਕੀ ਨਾਲ ਟੁੱਟ ਜਾਂਦੇ ਹਨ। ਹਾਰ ਕੇ ਫ਼ੌਜ ਵਿਚ ਭਰਤੀ ਹੁੰਦਾ ਹੈ ਤੇ ਸੇਵਾ-ਮੁਕਤ ਹੋ ਕੇ ਨਾਨਕੇ ਪਿੰਡ ਆਉਂਦਾ ਹੈ। ਨਾਨਕਿਆਂ ਨੂੰ ਲਗਦਾ ਹੈ ਕਿ ਜੋ ਉਥੇ ਰਿਹਾ ਤਾਂ ਜ਼ਮੀਨ 'ਚੋਂ ਹਿੱਸਾ ਮੰਗੂਗਾ। ਉਹ ਉਸ ਦੇ ਦੁਸ਼ਮਣ ਬਣ ਜਾਂਦੇ ਹਨ। ਪੇਕੇ ਘਰ ਜਾਣ 'ਤੇ ਪਤਾ ਲਗਦਾ ਹੈ ਕਿ ਉਨ੍ਹਾਂ ਦੀ ਹਾਲਤ ਤਾਂ ਨਾਨਕਿਆਂ ਨਾਲੋਂ ਵੀ ਬਦਤਰ ਹੈ। ਬਿਧਵਾ ਸ਼ਿੰਦਰ ਨਾਲ ਰਿਸ਼ਤਾ ਜੋੜਦਾ ਹੈ ਜੋ ਨਾਜਾਇਜ਼ ਤਾਣਿਆਂ-ਬਾਣਿਆਂ ਵਿਚ ਅਸਫਲ ਹੋ ਜਾਂਦਾ ਹੈ। ਆਖ਼ਰ 'ਚ ਉਹ ਪੇਕਿਆਂ ਅਤੇ ਨਾਨਕਿਆਂ ਵੱਲ ਪਿੱਠ ਕਰਦੇ ਪਟਿਆਲੇ ਦੀ ਇਕ ਨਵੀਂ ਕਾਲੋਨੀ ਵਿਚ ਨਵਾਂ ਘਰ ਬਣਾਉਣ 'ਚ ਰੁਚਿਤ ਹੋ ਜਾਂਦਾ ਹੈ। ਇਸ ਦੇ ਨਾਲ-ਨਾਲ ਹੀ ਲਾਲੀ ਅਤੇ ਜਸਵੀਰ ਜਿਹੇ ਲੋਕ ਆਉਂਦੇ ਹਨ ਜੋ ਨਸ਼ਿਆਂ ਦੇ ਵਪਾਰੀ ਹੋਣ ਦੇ ਨਾਲ-ਨਾਲ ਰਾਜਨੀਤੀ ਨੂੰ ਵੀ ਮੂੰਹ ਮਾਰਦੇ ਹਨ। ਦਲਵੀਰ ਜਿਹੇ ਨੌਜਵਾਨ ਉਨ੍ਹਾਂ ਦੇ ਚੁੰਗਲ 'ਚ ਫਸ ਕੇ ਆਪਣਾ ਤੋਰੀ ਫੁਲਕਾ ਚਲਾਉਂਦੇ-ਚਲਾਉਂਦੇ ਆਪਣਾ ਘਾਣ ਕਰਵਾ ਲੈਂਦੇ ਹਨ। ਸੀਟੀ ਅਤੇ ਚੰਨੋ ਜਿਹੇ ਪਾਤਰ ਵੀ ਹਨ ਜੋ ਆਪਣੀ ਆਰਥਿਕਤਾ ਨੂੰ ਸਹਾਰਾ ਦੇਣ ਲਈ ਤਰ੍ਹਾਂ-ਤਰ੍ਹਾਂ ਦੇ ਪਾਪੜ ਵੇਲਦੇ ਹਨ। ਪੁਲਿਸ ਦਾ ਕਿਰਦਾਰ ਵੀ ਹੜੱਪੂ ਕਿਸਮ ਦਾ ਹੈ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਬੂਟਾ ਸਿੰਘ ਚੌਹਾਨ ਇਸ ਨਾਵਲ ਰਾਹੀਂ ਨਵੇਂ ਪੰਜਾਬੀ ਪਿੰਡ ਦਾ ਚਿਹਰਾ-ਮੋਹਰਾ ਪਛਾਣਨ ਦੀ ਕੋਸ਼ਿਸ਼ ਕਰਦਾ ਹੈ। ਉਹ ਅਜਿਹੇ ਤੱਤਾਂ ਦੀ ਸ਼ਨਾਖ਼ਤ ਕਰਦਾ ਹੈ ਜੋ ਪੰਜਾਬ ਦੀ ਦੁਰਦਸ਼ਾ ਲਈ ਜ਼ਿੰਮੇਵਾਰ ਹਨ।

ਕੇ. ਐਲ. ਗਰਗ
ਮੋ: 94635-37050

c c c

ਸਨਦ ਰਹੇ ਯਾਰੋ
ਲੇਖਕ : ਹਰਮਨਦੀਪ ਗਿੱਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 90
ਸੰਪਰਕ : 98152-98459.

ਹਰਮਨਦੀਪ ਗਿੱਲ ਆਸਟ੍ਰੇਲੀਆ ਵਿਚ ਵਸਦਾ ਸ਼ਾਇਰ ਹੈ, ਜਿਸ ਦੀ ਇਕ ਕਾਵਿ ਪੁਸਤਕ 'ਨਵੀਂ ਦੁਨੀਆ ਦੇ ਬਾਸ਼ਿੰਦਿਓ' ਪ੍ਰਕਾਸ਼ਿਤ ਹੋ ਚੁੱਕੀ ਹੈ। 'ਸਨਦ ਰਹੇ ਯਾਰੋ' ਹਰਮਨਦੀਪ ਦਾ ਨਵਾਂ ਕਾਵਿ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ 40 ਦੇ ਕਰੀਬ ਕਵਿਤਾਵਾਂ ਸ਼ਾਮਿਲ ਹਨ। ਹਰਮਨਦੀਪ ਸ਼ਾਇਰੀ ਦੀ ਉਸ ਵਿਚਾਰਧਾਰਾ ਨਾਲ ਜੁੜਿਆ ਹੈ, ਜਿਸ ਵਿਚ ਕਲਾ ਨੂੰ ਸਮਾਜੀ ਬਣਤਰ ਦੀ ਉਸਾਰੀ ਲਈ ਵਰਤੇ ਜਾਣ ਦਾ ਸੰਕਲਪ ਵਿਦਮਾਨ ਹੈ। ਇਸ ਲਈ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਵਿਚ ਇਸ ਸ਼ਾਇਰ ਨੇ ਮਨੁੱਖੀ ਮਸਲਿਆਂ ਤੇ ਸਮਾਜੀ ਸੰਕਟਾਂ ਨੂੰ ਪਹਿਲ ਦੇ ਆਧਾਰ 'ਤੇ ਅਗਰਭੂਮਿਤ ਕੀਤਾ ਹੈ।
ਉਹ ਜੋ ਰਾਹ ਬਣਾ ਗਏ
ਵਕਤ ਨੂੰ ਸਾਂਭਿਆ
ਲਹਿਰਾ ਗਏ
ਲਾਲ ਪਰਚਮ ਸਮਿਆਂ ਦੀ ਹਿੱਕ ਤੇ
ਹਰਮਨਦੀਪ ਵਿਚਾਰਧਾਰਕ ਪੱਧਰ 'ਤੇ ਪ੍ਰਤੀਬੱਧ ਤੇ ਸੁਚੇਤ ਸ਼ਾਇਰ ਹੈ। ਉਹ ਜਾਣਦਾ ਹੈ ਕਿ ਉਸ ਨੇ ਸ਼ਬਦਾਂ ਨੂੰ ਕਿਸ ਤਰ੍ਹਾਂ ਵਰਤਣਾ ਹੈ ਤੇ ਕਲਮ ਨੂੰ ਕਿਸ ਦਿਸ਼ਾ ਵਿਚ ਲੈ ਕੇ ਜਾਣਾ ਹੈ। ਇਸੇ ਲਈ ਇਨ੍ਹਾਂ ਕਵਿਤਾਵਾਂ ਵਿਚ ਵਿਚਾਰਧਾਰਕ ਦ੍ਰਿਸ਼ਟੀ ਤੋਂ ਉਹ ਕਿਸੇ ਭੰਬਲਭੂਸੇ ਦਾ ਸ਼ਿਕਾਰ ਨਹੀਂ ਹੁੰਦਾ ਸਗੋਂ ਆਪਣਾ ਨਿਸ਼ਾਨਾ ਸਹੀ ਦਿਸ਼ਾ ਵੱਲ ਕੇਂਦਰਿਤ ਕਰਦਾ ਹੈ।
ਤੇਰਾ ਹਾਲ
ਸਾਫ਼ ਨਸ਼ਰ ਕਰਦਾ ਹੈ
ਬੇਹਿਸਾਬੀ ਕਿਰਤ ਦੀ ਲੁੱਟ ਨੂੰ
ਕਿਰਤੀਆਂ ਵਿਚਲੀ ਫੁੱਟ ਨੂੰ
ਤੇਰੇ ਮੂੰਹ 'ਤੇ ਪੈਣ ਝੁਰੜੀਆਂ
ਤੇਰਾ ਲੰਬਾ ਸਮਾਂ ਚੁਸੇ ਖੂਨ ਦੀ ਗਵਾਹੀ।
ਹਰਮਨਦੀਪ ਦੀ ਕਵਿਤਾ ਵਿਚ ਜਿਥੇ ਸਮਕਾਲੀ ਮਸਲਿਆਂ ਦਾ ਜੀਵੰਤ ਵਰਨਣ ਦੇਖਣ ਨੂੰ ਮਿਲਦਾ ਹੈ, ਉਥੇ ਉਸ ਦੀਆਂ ਆਪਣੀ ਕਾਵਿ ਸਿਰਜਣਾ ਨਾਲ ਸਬੰਧਿਤ ਵੀ ਅਨੇਕ ਕਵਿਤਾਵਾਂ ਇਸ ਪੁਸਤਕ ਵਿਚ ਸ਼ਾਮਿਲ ਹਨ। ਜਦੋਂ ਕਵੀ ਆਪਣੀ ਕਾਵਿ ਸਿਰਜਣਾ ਬਾਰੇ ਇਸ ਤਰ੍ਹਾਂ ਸੁਚੇਤ ਹੁੰਦਾ ਹੈ ਤਾਂ ਉਹ ਜਿਥੇ ਆਪਣੀ ਕਵਿਤਾ ਦੇ ਵਸਤੂ ਨਾਲ ਗੰਭੀਰ ਸੰਵਾਦ ਰਚਾ ਰਿਹਾ ਹੁੰਦਾ ਹੈ, ਉਥੇ ਉਹ ਆਪਣੇਕਲਾ ਮਾਧਿਅਮ ਦੀ ਸਮਰੱਥਾ ਨੂੰ ਵੀ ਜਾਂਚ ਪਰਖ ਰਿਹਾ ਹੁੰਦਾ ਹੈ।
ਮੇਰੀ ਕਵਿਤਾ
ਤੈਨੂੰ ਮੁੜ ਜੀਵਿਤ ਹੋਣਾ ਹੀ ਪੈਣਾ ਹੈ
ਤੂੰ ਹੋਰ ਪੱਥਰ ਨਹੀਂ ਹੋ ਸਕਦੀ
ਜੇ ਤੂੰ ਅੱਜ ਵੀ ਚੁੱਪ ਰਹਿੰਦੀ ਤਾਂ
ਬਹੁਤ ਹੀ ਖ਼ਤਰਨਾਕ ਚੁੱਪ ਫੈਲ ਜਾਣੀ ਸੀ....
ਇਸ ਤਰ੍ਹਾਂ ਅਸੀਂ ਆਖ ਸਕਦੇ ਹਾਂ ਕਿ ਹਰਮਨਦੀਪ ਆਪਣੀ ਸ਼ਾਇਰੀ ਅਤੇ ਸਮਾਜ ਵਿਚ ਉਸ ਦੀ ਭੂਮਿਕਾ ਸਬੰਧੀ ਸੁਚੇਤ ਸ਼ਾਇਰ ਹੈ। ਉਸ ਦੀਆਂ ਕਵਿਤਾਵਾਂ ਦੱਬੇ-ਕੁਚਲੇ ਅਤੇ ਸੋਸ਼ਿਤ ਵਰਗ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਕਰਦੀਆਂ ਹਨ। ਅੱਜ ਸਾਨੂੰ ਅਜਿਹੀ ਸ਼ਾਇਰੀ ਦੀ ਬੇਹੱਦ ਲੋੜ ਹੈ।

ਡਾ: ਅਮਰਜੀਤ ਕੌਂਕੇ।

c c c

ਜਾਨਾਂ ਦੇਸ਼ ਤੋਂ ਵਾਰ ਕੇ ਗਏ ਗ਼ਦਰੀ
ਲੇਖਕ : ਜਸਦੇਵ ਸਿੰਘ ਲਲਤੋਂ
ਪ੍ਰਕਾਸ਼ਕ : ਪੁਸਤਕ ਪਾਠਕ ਸੰਸਥਾ, ਪੰਜਾਬ
ਮੁੱਲ : 80 ਰੁਪਏ, ਸਫ਼ੇ : 64
ਸੰਪਰਕ : 0161-2805677.

ਲੇਖਕ ਜਸਦੇਵ ਸਿੰਘ ਲਲਤੋਂ ਸਮਕਾਲੀਨ ਭਖਦੇ ਵਿਸ਼ਿਆਂ ਨੂੰ ਆਪਣੀ ਕਲਮ ਰਾਹੀਂ ਪੇਸ਼ ਕਰ ਕੇ ਲੋਕਾਂ ਨੂੰ ਜਾਗਰੂਕ ਤੇ ਪ੍ਰੇਰਿਤ ਕਰਨ ਵਾਲਾ ਕਲਮ ਦਾ ਸਿਪਾਹੀ ਹੈ। ਹਥਲੀ ਪੁਸਤਕ 'ਜਾਨਾਂ ਦੇਸ਼ ਤੋਂ ਵਾਰ ਕੇ ਗਏ ਗ਼ਦਰੀ' 14 ਪ੍ਰਭਾਵਸ਼ਾਲੀ ਲੇਖਾਂ ਦਾ ਸੰਗ੍ਰਹਿ ਹੈ। ਦੇਸ਼ ਦੇ ਇਨਕਲਾਬੀਆਂ, ਕ੍ਰਾਂਤੀਕਾਰੀਆਂ ਤੇ ਗ਼ਦਰੀ ਯੋਧਿਆਂ ਦੀ ਵਿਰਾਸਤ ਨੂੰ ਪੁਸਤਕ ਰੂਪ ਵਿਚ ਸਾਂਭ ਕੇ ਨਵੀਂ ਪੀੜ੍ਹੀ ਨੂੰ ਸੁਚੇਤ ਕਰਨ ਵਾਲਾ ਮਹੱਤਵਪੂਰਨ ਉਪਰਾਲਾ ਹੈ।
ਇਨ੍ਹਾਂ ਲੇਖਾਂ ਵਿਚ ਉਚੇਚੇ ਤੌਰ 'ਤੇ ਗ਼ਦਰੀ ਇਨਕਲਾਬੀ ਯੋਧਿਆਂ ਦੀਆਂ ਬੇਮਿਸਾਲ ਕੁਰਬਾਨੀਆਂ ਦਾ ਵਿਸਥਾਰ ਸਹਿਤ ਤੇ ਯਥਾਰਥਮਈ ਚਿਤਰਨ ਕਰ ਕੇ ਪਾਠਕਾਂ ਨੂੰ ਵਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਲੇਖਕ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਸੂਰਵੀਰਾਂ, ਮਹਾਨ ਯੋਧਿਆਂ ਦੇ ਸਿਰ 'ਤੇ ਆਜ਼ਾਦੀ ਪ੍ਰਾਪਤ ਕਰਕੇ, ਸਮੇਂ ਦੀਆਂ ਸਰਕਾਰਾਂ ਨੇ ਮੁਲਕ ਵਿਚ ਅਰਾਜਕਤਾ ਤੇ ਅਲਗਾਉਵਾਦ ਵਾਲਾ ਮਾਹੌਲ ਪੈਦਾ ਕਰਕੇ, ਉਨ੍ਹਾਂ ਸ਼ਹੀਦਾਂ, ਦੇਸ਼ ਭਗਤਾਂ, ਗ਼ਦਰੀਆਂ ਦੇ ਸੁਪਨਿਆਂ ਨੂੰ ਢਾਅ ਪਹੁੰਚਾਈ ਹੈ। ਅਜੋਕੇ ਭੁੱਖਮਰੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰੀ, ਜਬਰ ਜਨਾਹੀ, ਫ਼ਿਰਕਾਪ੍ਰਸਤੀ ਵਰਗੇ ਨਿਜਾਮ ਦਾ ਉਨ੍ਹਾਂ ਨੇ ਦਾਅਵਾ ਵੀ ਨਹੀਂ ਸੀ ਕੀਤਾ। ਵਿਦੇਸ਼ੀ ਤਾਕਤਾਂ ਨਾਲ ਰਲ ਕੇ ਆਪਣੇ ਮੁਲਕ ਦੇ ਹਾਕਮਾਂ ਵਲੋਂ ਕੀਤੀ ਜਾਂਦੀ ਲੁੱਟ-ਖਸੁੱਟ ਕਰਕੇ ਮਾਹੌਲ ਦਿਨ-ਪ੍ਰਤੀਦਿਨ ਨਿਘਰਦਾ ਜਾ ਰਿਹਾ ਹੈ। ਜਦੋਂ ਵਾੜ ਹੀ ਖੇਤ ਨੂੰ ਖਾਣ ਵਿਚ ਰੁੱਝੀ ਹੋਈ ਹੈ ਅਤੇ ਆਮ ਮਜ਼ਦੂਰ, ਕਿਸਾਨ ਤੇ ਮਿਹਨਤਕਸ਼ ਲੋਕਾਂ ਨੂੰ ਖ਼ਤਮ ਕਰਨ 'ਤੇ ਤੁਲੀ ਹੋਈ ਹੈ। ਅਜਿਹੇ ਭਿਆਨਕ ਸਮੇਂ ਵਿਚ ਸਾਡੇ ਮਹਾਨ ਗ਼ਦਰੀ ਹੀ ਸਾਡੇ ਮਾਰਗਦਰਸ਼ਕ ਅਤੇ ਪ੍ਰੇਰਨਾ ਸਰੋਤ ਹਨ। ਇਨ੍ਹਾਂ ਦੇ ਪਾਏ ਪੂਰਨਿਆਂ 'ਤੇ ਤੁਰ ਕੇ, ਇਨ੍ਹਾਂ ਦੇ ਜੀਵਨ ਨੂੰ ਆਪਣਾ ਆਦਰਸ਼ ਬਣਾ ਕੇ ਹੀ ਇਸ ਅਣਸੁਖਾਵੇਂ ਮਾਹੌਲ ਤੋਂ ਨਿਜਾਤ ਪ੍ਰਾਪਤ ਕੀਤੀ ਜਾ ਸਕਦੀ ਹੈ। ਲੇਖਕ ਜਸਦੇਵ ਸਿੰਘ ਲਲਤੋਂ ਨੇ ਆਪ ਇਨ੍ਹਾਂ ਸਿੱਖਿਆਵਾਂ 'ਤੇ ਆਪਣਾ ਜੀਵਨ ਢਾਲ ਕੇ ਹੀ ਇਸ ਪੁਸਤਕ ਨੂੰ ਪਾਠਕਾਂ ਦੇ ਸਨਮੁੱਖ ਲਿਆਉਣ ਦਾ ਉਪਰਾਲਾ ਕੀਤਾ ਹੈ। ਪਾਠਕ ਲੋਕ ਸੰਘਰਸ਼ ਨੂੰ ਸਮਰਪਿਤ ਇਸ ਪੁਸਤਕ ਦਾ ਸਵਾਗਤ ਕਰਨਗੇ।

ਡਾ: ਧਰਮ ਪਾਲ ਸਾਹਿਲ
ਮੋ: 98761-56964

22-08-2020

 ਨਾਨਕ ਚਰਨੀ
ਕਵੀ : ਪ੍ਰੋ: ਮੋਹਨ ਸਿੰਘ ਪਨੇਸਰ
ਪ੍ਰਕਾਸ਼ਕ : ਸੁਮਿਤ ਪ੍ਰਕਾਸ਼ਨ, ਲੁਧਿਆਣਾ
ਮੁੱਲ : 160 ਰੁਪਏ, ਸਫ਼ੇ : 124
ਸੰਪਰਕ : 98155-79013.

ਇਹ ਕਾਵਿ-ਸੰਗ੍ਰਹਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਵਰ੍ਹੇ ਨੂੰ ਸਮਰਪਿਤ ਹੈ। ਇਸ ਵਿਚਲੀਆਂ 42 ਕਵਿਤਾਵਾਂ ਗੁਰੂ ਸਾਹਿਬਾਨ ਅਤੇ ਗੁਰੂ ਇਤਿਹਾਸ ਨਾਲ ਸਬੰਧਿਤ ਹਨ। ਸਾਰੀਆਂ ਕਵਿਤਾਵਾਂ ਵਿਚ ਪ੍ਰਗੀਤਕ ਅੰਸ਼ ਪ੍ਰਧਾਨ ਹੈ। ਆਉ ਕੁਝ ਸਤਰਾਂ ਦਾ ਅਨੰਦ ਮਾਣੀਏ
ਔਹ ਨੂਰ ਉਮੜਿਆ ਪਟਨੇ ਤੋਂ,
ਚੜ੍ਹਦੇ ਨੂੰ ਸਜਦੇ ਹੁੰਦੇ ਨੇ
ਇਸ ਧਰਤੀ ਦੇ ਹਰ ਕਣ ਤਾਈਂ,
ਰਵਿ-ਰੂਪ ਬਣਾਇਆ ਗੋਬਿੰਦ ਨੇ।
-ਤੇਰੀ ਛੋਹ ਥੀਂ ਜ਼ੱਰਾ ਮਿੱਟੀ ਦਾ,
ਹੀਰੇ ਨੂੰ ਫਿੱਕਿਆਂ ਪਾ ਦਿੰਦਾ
ਲੱਗ ਜੁਗਨੂੰ ਤੇਰੇ ਚਰਨਾਂ ਥੀਂ,
ਸੂਰਜ ਨੂੰ ਦਾਗ਼ ਲਗਾ ਦਿੰਦਾ।
-ਅਟੁੱਟ ਨਜ਼ਾਰਾ ਕੁਦਰਤ ਦਾ,
ਨੈਣਾਂ ਨੂੰ ਚਾਰੀ ਜਾਂਦਾ ਏ।
ਭਗਵਾਨ ਤੇਰੀ ਇਸ ਲੀਲ੍ਹਾ ਤੋਂ,
ਮੇਰੇ ਤਨ ਮਨ ਵਾਰੀ ਜਾਂਦਾ ਏ।
-ਮੈਂ ਅੰਸ ਹਾਂ ਉਸ ਦਸਮੇਸ਼ ਜੀ ਦੀ,
ਪੁਰਜਾ ਪੁਰਜਾ ਹੱਸ ਕਟਵਾ ਸਕਦਾ
ਸਿਰ ਦਾ ਵਾਲ ਨਾ ਇਕ ਵੀ ਦੇ ਸਕਦਾ,
ਕੋਈ ਚਾਹੇ ਤਾਂ ਖੋਪਰ ਉਤਰਾ ਸਕਦਾ।
-ਕਲਯੁਗ ਵਿਚ ਤਾਰਨਹਾਰ ਗੁਰੂ,
ਇਹ ਗੁਰੂ ਗ੍ਰੰਥ ਕਹਾਇਆ ਏ
ਨਾਨਕ ਦੇ ਦਸ ਸਰੂਪਾਂ ਦਾ,
ਇਕ ਪਾਕ ਮੁਜੱਸਮਾ ਆਇਆ ਏ।
ਸਾਰੀਆਂ ਕਵਿਤਾਵਾਂ ਵਿਚੋਂ ਕਵੀ ਦੀ ਸ਼ਰਧਾ, ਜਾਣਕਾਰੀ ਅਤੇ ਭਾਵਨਾ ਦੇ ਦਰਸ਼ਨ ਹੁੰਦੇ ਹਨ। ਥੋੜ੍ਹੇ ਸ਼ਬਦਾਂ ਵਿਚ ਇਤਿਹਾਸ ਦਾ ਸਮੁੰਦਰ ਸਮੋਇਆ ਹੋਇਆ ਹੈ। ਹਰ ਸ਼ਬਦ ਜੋੜਾਂ ਦੀਆਂ ਗ਼ਲਤੀਆਂ ਬਹੁਤ ਰੜਕਦੀਆਂ ਹਨ। ਸਾਰੀਆਂ ਕਵਿਤਾਵਾਂ ਸਾਡੇ ਅੰਦਰ ਚੇਤਨਤਾ, ਸੁਹਿਰਦਤਾ ਅਤੇ ਵਿਸ਼ਵਾਸ ਜਗਾਉਂਦੀਆਂ ਹਨ। ਇਨ੍ਹਾਂ ਵਿਚੋਂ ਗੁਰਮਤਿ ਦੇ ਡੂੰਘੇ ਭੇਤਾਂ ਦੇ ਦੀਦਾਰ ਹੁੰਦੇ ਹਨ। ਇਨ੍ਹਾਂ ਵਿਚ ਗੁਰਸਿੱਖੀ ਜੀਵਨ ਦੀਆਂ ਸੁਨਹਿਰੀ ਝਲਕਾਂ ਹਨ। ਕਈ ਰਚਨਾਵਾਂ ਪਹਿਲੇ ਪਾਤਸ਼ਾਹ ਜੀ ਦੇ ਉੱਚੇ ਸੁੱਚੇ ਸੰਦੇਸ਼ ਦਾ ਪ੍ਰਗਟਾਵਾ ਕਰਦੀਆਂ ਹਨ। ਇਨ੍ਹਾਂ ਵਿਚ ਰੂਹਾਨੀ ਖੁਸ਼ਬੂ ਅਤੇ ਸਰੂਰ ਹੈ। ਆਸ ਹੈ ਆਉਣ ਵਾਲੇ ਸਮੇਂ ਵਿਚ ਕਵੀ ਵਲੋਂ ਹੋਰ ਰਚਨਾਵਾਂ ਧਾਰਮਿਕ ਸਾਹਿਤ ਦੀ ਝੋਲੀ ਭਰਨਗੀਆਂ। ਇਸ ਪੁਸਤਕ ਨੂੰ ਖੁਸ਼-ਆਮਦੀਦ।

ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

c c c

ਆਧੁਨਿਕ ਪੰਜਾਬੀ ਪ੍ਰਗੀਤ ਕਾਵਿ
ਦਾ ਕਾਵਿ-ਸ਼ਾਸਤਰ

ਲੇਖਕ : ਡਾ: ਨਰਿੰਦਰ ਪਾਲ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 212
ਸੰਪਰਕ : 91-172-5077427
.

ਕਿਸੇ ਵੀ ਸਾਹਿਤਕ ਵਿਧਾ ਦੀ ਸਰਬਪੱਖੀ ਸਮਝ ਨੂੰ ਉਸ ਵਿਧਾ ਦਾ ਕਾਵਿ-ਸ਼ਾਸਤਰ ਆਖਿਆ ਜਾਂਦਾ ਹੈ। ਇਹ ਕਿਸੇ ਵੀ ਵਿਧਾ ਦਾ ਸਿਧਾਂਤਕ ਪਰਿਪੇਖ ਹੀ ਹੁੰਦਾ ਹੈ। ਡਾ: ਨਰਿੰਦਰ ਪਾਲ ਸਿੰਘ ਨੇ ਇਸ ਦ੍ਰਿਸ਼ਟੀ ਤੋਂ ਆਧੁਨਿਕ ਪੰਜਾਬੀ ਪ੍ਰਗੀਤ ਕਾਵਿ ਦਾ ਕਾਵਿ-ਸ਼ਾਸਤਰ ਸਮਝਣ-ਸਮਝਾਉਣ ਦਾ ਸ਼ਲਾਘਾਯੋਗ ਉੱਦਮ ਕੀਤਾ ਹੈ। ਇਸ ਪੁਸਤਕ ਦੇ ਆਰੰਭਕ ਪੰਜ ਕਾਂਡਾਂ ਵਿਚ ਵਿਦਵਾਨ ਆਲੋਚਕ ਨੇ ਪ੍ਰਗੀਤ ਕਾਵਿ ਦੇ ਸ਼ਿਲਪ ਸਿਧਾਂਤ, ਰੂਪਾਕਾਰਕ ਵਿਸ਼ਲੇਸ਼ਣ, ਸਿਰਜਣਾਤਮਕ ਯੋਜਨਾ, ਪ੍ਰਗੀਤਕ ਵਿਭਿੰਨ ਕਾਵਿ-ਰੂਪਾਂ ਵਿਚ ਸਮਾਨਤਾ ਅਤੇ ਅੰਤਰ ਤੋਂ ਉਪਰੰਤ ਵਿਚਾਰਾਧਾਰਾ ਅਤੇ ਸੱਭਿਆਚਾਰ ਬਾਰੇ ਨਿੱਠ ਕੇ ਅਧਿਐਨ ਕੀਤਾ ਹੈ। ਅਜਿਹਾ ਅਧਿਐਨ ਕਰਦਿਆਂ ਉਸ ਨੇ ਪੱਛਮੀ, ਭਾਰਤੀ ਅਤੇ ਪੰਜਾਬੀ ਵਿਦਵਾਨਾਂ ਦੀਆਂ ਰਾਵਾਂ ਦਾ ਸੰਦਰਭਗਤ ਮੁਲਾਂਕਣ ਕੀਤਾ ਹੈ। ਅਜਿਹੀ ਸਿਧਾਂਤ ਆਧਾਰ ਭੂਮੀ ਦੀ ਰੌਸ਼ਨੀ ਵਿਚ ਪੰਜਾਬੀ ਦੇ ਤਿੰਨ ਪ੍ਰਗੀਤਕਾਰਾਂ (ਪ੍ਰੋ: ਮੋਹਨ ਸਿੰਘ, ਡਾ: ਹਰਿਭਜਨ ਸਿੰਘ ਅਤੇ ਸੁਰਜੀਤ ਪਾਤਰ) ਦੀਆਂ ਰਚਨਾਵਾਂ ਨੂੰ ਪ੍ਰਗੀਤਕ ਦ੍ਰਿਸ਼ਟੀ ਤੋਂ ਵਾਚਣ ਦਾ ਕਾਰਜ ਕੀਤਾ ਹੈ। ਪ੍ਰੋ: ਮੋਹਨ ਸਿੰਘ ਦੇ ਪ੍ਰਗੀਤ ਕਾਵਿ ਚਿੰਤਨ ਅਤੇ ਵਿਚਾਰਧਾਰਾ ਦੀ ਨਿਸ਼ਾਨਦੇਹੀ ਕੀਤੀ ਹੈ। ਉਸ ਦੀ ਕਾਵਿ-ਚੇਤਨਾ 'ਚੋਂ ਪਰੋਖ ਰੱਬ ਦੀ ਥਾਂ ਅਪਰੋਖ ਮਾਨਵੀ ਜੀਵਨ ਦਾ ਮਹੱਤਵ ਦਰਸਾਇਆ ਹੈ। ਕਵੀ ਸਮਾਜਿਕ ਸਮੱਸਿਆਵਾਂ ਦਾ ਬੌਧਿਕ ਸਮਾਧਾਨ ਕਰਨ ਵੱਲ ਰੁਚਿਤ ਹੈ। ਉਸ ਦੀ ਕਵਿਤਾ ਵਿਚ ਰੋਮਾਂਟਿਕ ਰੰਗਾਂ ਦੇ ਨਾਲ-ਨਾਲ ਰੁਮਾਂਸਵਾਦੀ ਰੁਚੀ ਵੀ ਪ੍ਰਬਲ ਹੈ। ਉਸ ਦੇ ਹਰ ਕਿਸਮ ਦੇ ਪ੍ਰਗੀਤਕ-ਕਾਵਿ 'ਚੋਂ ਪੰਜਾਬੀਅਤ ਲਈ ਭਾਵੁਕਤਾ ਲਿਸ਼ਕਦੀ ਹੈ। ਵਿਦਵਾਨ ਆਲੋਚਕ ਦੀਆਂ ਨਜ਼ਰਾਂ ਵਿਚ ਡਾ: ਹਰਿਭਜਨ ਸਿੰਘ ਸਿਰਮੌਰ ਪ੍ਰਗੀਤਕਾਰ ਹੈ। ਉਸ ਦੀ ਪ੍ਰਗੀਤਕ ਕਵਿਤਾ ਦੀ ਮੁੱਖ ਸੁਰ ਵਿਗੋਚੇ ਦੀ ਪ੍ਰਾਪਤੀ ਅਤੇ ਅਪ੍ਰਮਾਣਿਕ ਅਸਤਿੱਤਵ ਦੇ ਅਹਿਸਾਸ ਵਾਲੀ ਹੈ। ਸਪੱਸ਼ਟ ਬਿੰਬ ਰਚਨਾ ਉਸ ਦੇ ਪ੍ਰਗੀਤ-ਕਾਵਿ ਦਾ ਉੱਘੜਵਾਂ ਲੱਛਣ ਹੈ। ਡਾ: ਹਰਿਭਜਨ ਦਾ ਕਾਵਿ ਗਿਆਤ ਤੋਂ ਪਾਰ ਜਾਣ ਵਾਲਾ ਕਾਵਿ ਹੈ। ਸ਼ੈਲੀ ਪੱਖੋਂ ਉਸ ਦੇ ਪ੍ਰਗੀਤਕ ਕਾਵਿ ਵਿਚ 'ਨਾਗਰਿਕ ਸੋਫਿਸਤਿਕਤਾ' ਨੋਟ ਕੀਤੀ ਜਾ ਸਕਦੀ ਹੈ। ਸੁਰਜੀਤ ਪਾਤਰ ਪੰਜਾਬੀ ਕਾਵਿ ਦੀ ਚੌਥੀ ਪੀੜ੍ਹੀ ਦਾ ਪ੍ਰਤਿਭਾ ਸੰਪੰਨ ਹਸਤਾਖ਼ਰ ਹੈ। ਉਸ ਦਾ ਪ੍ਰਗੀਤਕ ਕਾਵਿ ਜੀਵਨ ਦੇ ਕਠੋਰ ਯਥਾਰਥ ਨਾਲ ਲਬਰੇਜ਼ ਹੈ। ਉਸ ਦੀ ਕਾਵਿ-ਦ੍ਰਿਸ਼ਟੀ ਪਾਰਦਰਸ਼ੀ ਹੈ। ਪਾਤਰ ਦੀ ਸਮੁੱਚੀ ਸ਼ਾਇਰੀ ਰੂਹ ਦੀ ਕੰਪਨ ਹੈ। ਉਹ ਪੰਜਾਬੀ ਮਾਂ-ਬੋਲੀ ਤੋਂ ਬੇਮੁੱਖ ਹੋ ਰਹੇ ਪੰਜਾਬੀਆਂ ਦੀ ਜ਼ਮੀਰ ਨੂੰ ਝੰਜੋੜਦਾ ਹੈ। ਉਸ ਦੀ ਪ੍ਰਗੀਤਕ-ਸ਼ਾਇਰੀ ਵਿਚ ਸਤਿਅਮ, ਸ਼ਿਵਮ, ਸੁੰਦਰਮ ਤਿੰਨੇ ਗੁਣ ਉਪਲਬਧ ਹਨ। ਪ੍ਰਗੀਤ-ਕਾਵਿ ਦੇ ਕਾਵਿ-ਸ਼ਾਸਤਰ ਦੀ ਸਮਝ ਲਈ ਇਹ ਪੁਸਤਕ ਮੁੱਲਵਾਨ ਹੈ।

ਡਾ: ਧਰਮ ਚੰਦ ਵਾਤਿਸ਼
ਮੋ: 88376-79186.

c c c

ਜਿਨ੍ਹੇ ਹਿੰਮਤ ਯਾਰ ਬਣਾਈ
ਨਾਵਲਕਾਰ : ਡਾ: ਹਰਨੇਕ ਸਿੰਘ ਕੈਲੇ

ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 68
ਸੰਪਰਕ : 99145-94867.

ਇਕ ਉੱਘੇ ਮਿੰਨੀ ਕਹਾਣੀਕਾਰ ਅਤੇ ਬਾਲ ਸਾਹਿਤ ਲੇਖਕ ਡਾ: ਹਰਨੇਕ ਸਿੰਘ ਕੈਲੇ ਪਲੇਠੇ ਨਾਵਲਿਟ 'ਜਿਨ੍ਹੇ ਹਿੰਮਤ ਯਾਰ ਬਣਾਈ' ਰਾਹੀਂ ਪਾਠਕਾਂ ਦੇ ਰੂਬਰੂ ਹੋਇਆ ਹੈ। ਡਾ: ਕੈਲੇ ਦਾ ਖ਼ੁਦ ਉਚੇਰੀ ਸਿੱਖਿਆ ਪੜ੍ਹਨ-ਪੜ੍ਹਾਉਣ ਨਾਲ ਵਾਬਸਤਾ ਰਿਹਾ ਹੈ। ਨਿਸਚਿਤ ਤੌਰ 'ਤੇ ਇਹ ਲੰਮਾ ਤਜਰਬਾ, ਰੀਕਨਸਟਰਕਟ ਹੋ ਕੇ ਨਾਵਲੀ ਰੂਪ ਵਿਚ ਪੇਸ਼ ਹੋਇਆ ਹੈ। ਨਾਵਲ ਦਾ ਕਥਾਨਕ ਕਿਸੇ ਪ੍ਰਾਈਵੇਟ ਕਾਲਜ ਦੇ ਸਿੱਖਿਆ ਤੰਤਰ ਅਤੇ ਪ੍ਰਬੰਧ ਨਾਲ ਜੁੜਿਆ ਹੋਇਆ ਹੈ। ਨਾਵਲ ਦਾ ਨਾਇਕ ਪ੍ਰੀਤਮ ਸਿੰਘ ਪਛੜੀ ਪਿੱਠ ਭੂਮੀ ਵਾਲਾ ਪਰ ਉੱਚ ਯੋਗਤਾ ਪ੍ਰਾਪਤ, ਉੱਚੇ-ਸੁੱਚੇ ਇਖਲਾਕ, ਆਦਰਸ਼ਕ ਵਿਵਹਾਰ, ਇਮਾਨਦਾਰ ਪਰ ਜ਼ਮਾਨੇ ਦੀਆਂ ਚੁਸਤ-ਚਲਾਕੀਆਂ ਤੇ ਤਿਗੜਮਬਾਜ਼ੀ ਤੋਂ ਦੂਰ ਹੈ। ਉਹ ਕਈ ਸਾਲ ਲੈਕਚਰਾਰ ਰਹਿਣ ਮਗਰੋਂ ਉਸ ਕਾਲਜ ਦਾ ਪਹਿਲਾਂ ਕਾਰਜਕਾਰੀ ਤੇ ਫਿਰ ਰੈਗੂਲਰ ਪ੍ਰਿੰਸੀਪਲ ਤਾਇਨਾਤ ਹੁੰਦਾ ਹੈ। ਨਾਵਲ ਵਿਚ ਪੀ. ਸਿੰਘ, ਚਰਨ ਪਾਲ, ਪ੍ਰਿੰ: ਸੰਧੂ, ਪਾਖਰ ਵਰਗੇ ਕਈ ਅਜਿਹੇ ਪਾਤਰ ਹਨ, ਜਿਹੜੇ ਬੇਜ਼ਮੀਰੇ, ਭ੍ਰਿਸ਼ਟਾਚਾਰੀ, ਹੈਂਕੜਬਾਜ਼, ਹਊਮੈ ਦੇ ਮਾਰੇ ਤੇ ਜਾਤ ਦੇ ਹੰਕਾਰੇ ਹਨ। ਉਨ੍ਹਾਂ ਵਿਚਕਾਰ ਪ੍ਰਿੰ: ਪ੍ਰੀਤਮ ਸਿੰਘ ਇਕੱਲਾ ਅਭਿਮਨਿਊ ਵਾਂਗ ਆਢਾ ਲੈਂਦਾ ਹੈ। ਉਸ ਦੀ ਪਹਿਚਾਣ ਅਤੇ ਹੋਂਦ ਹੀ ਉਸ ਦੇ ਸਾਊ, ਇਮਾਨਦਾਰ ਤੇ ਇਨਸਾਫ਼ਪਸੰਦ ਹੋਣ ਵਿਚ ਹੈ। ਕਾਲਜ ਪ੍ਰਬੰਧ ਨੂੰ ਨਕਾਰਾ ਤੇ ਪ੍ਰਦੂਸ਼ਿਤ ਕਰਨ ਲਈ ਜ਼ਿੰਮੇਵਾਰ ਲੋਕ ਇਕ-ਇਕ ਕਰ ਕੇ ਨੰਗੇ ਹੁੰਦੇ ਜਾਂਦੇ ਹਨ।
ਇਹ ਨਾਵਲ ਸਾਡੇ ਵਿੱਦਿਅਕ ਢਾਂਚੇ ਵਿਸ਼ੇਸ਼ ਕਰਕੇ ਉੱਚ ਸਿੱਖਿਆ ਸੰਸਥਾਵਾਂ ਅਤੇ ਪ੍ਰਾਈਵੇਟ ਪ੍ਰਬੰਧ ਦਾ ਪਾਜ ਉਘੇੜਦਾ ਹੈ। ਇਖਲਾਕੋਂ ਡਿਗੇ ਪਾਤਰਾਂ ਦੀਆਂ ਲੀਰਾਂ-ਲੀਰਾਂ ਹੋਈਆਂ ਜ਼ਮੀਰਾਂ ਨੂੰ ਖਿੱਦੋ ਵਾਂਗ ਉਘਾੜਦਾ ਹੈ। ਨੰਗਿਆ ਕਰਦਾ ਹੈ। ਇਹ ਨਾਵਲ ਇਸ ਗੱਲ ਦੀ ਵੀ ਸ਼ਾਹਦੀ ਭਰਦਾ ਹੈ ਕਿ ਅਜੋਕੇ ਭ੍ਰਿਸ਼ਟ ਨਿਜਾਮ ਵਿਚ ਅਨੁਸ਼ਾਸਨ ਪਸੰਦ, ਇਖਲਾਕੀ ਤੇ ਗ਼ੈਰਤਮੰਦ ਵਿਅਕਤੀ ਮਿਸ ਫਿਟ ਹੀ ਸਮਝਿਆ ਜਾਂਦਾ ਹੈ। ਨਾਵਲ ਕਥਾਰਸ ਨਾਲ ਰੌਚਕ ਹੈ। ਪਾਤਰਾਂ ਦੇ ਵਾਰਤਾਲਾਪ/ਸੰਵਾਦ ਕਥਾਨਕ ਨੂੰ ਅਗਾਂਹ ਤੋਰਨ ਵਿਚ ਸਹਾਈ ਹੁੰਦੇ ਹਨ। ਬੋਲੀ ਸਥਾਨਕ ਰੰਗਤ ਵਿਚ ਰੰਗੀ ਹੋਈ ਹੈ। ਆਕਾਰ ਵਿਚ ਛੋਟਾ ਹੋਣ ਦੇ ਬਾਵਜੂਦ ਇਹ ਰਚਨਾ ਕਿਸੇ ਵੱਡ-ਆਕਾਰੀ ਕਿਰਤ ਵਰਗੀ ਸੰਤੁਸ਼ਟੀ ਕਰਾਉਣ ਦੇ ਸਮਰੱਥ ਹੈ। ਕਿਸੇ ਵਿਦਵਾਨ ਦਾ ਕਥਨ ਹੈ ਕਿ ਇਕ ਨਾਵਲ ਤਾਂ ਹਰ ਕੋਈ ਲਿਖ ਸਕਦਾ ਹੈ, ਪਰ ਕੀ ਉਹ ਇਸ ਕਰਮ ਨੂੰ ਜਾਰੀ ਰੱਖਦਾ ਹੈ, ਫਿਰ ਉਸ ਦੀ ਸਹੀ ਸਮਰੱਥਾ ਦਾ ਪਤਾ ਲਗਦਾ ਹੈ। ਡਾ: ਕੈਲੇ ਤੋਂ ਇਸ ਸਫ਼ਲ ਰਚਨਾ ਮਗਰੋਂ ਹੋਰ ਵੀ ਮਿਆਰੀ ਨਾਵਲਾਂ ਦੀ ਆਸ ਬੱਝਦੀ ਹੈ।

ਡਾ: ਧਰਮ ਪਾਲ ਸਾਹਿਲ
ਮੋ: 98761-56964

c c c

ਰਤਨ ਟਾਹਲਵੀ ਦੀਆਂ ਚੋਣਵੀਆਂ ਕਾਵਿ-ਰਚਨਾਵਾਂ
ਸੰਪਾਦਕ : ਡਾ: ਜਸਵੰਤ ਬੇਗੋਵਾਲ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ।
ਮੁੱਲ : 300 ਰੁਪਏ, ਸਫ਼ੇ : 192
ਸੰਪਰਕ : 98155-20784.

ਡਾ: ਜਸਵੰਤ ਬੇਗੋਵਾਲ ਸਾਹਿਤ ਦਾ ਗੰਭੀਰ ਪਾਰਖੂ ਸ਼ਖ਼ਸ ਹੈ। ਉਸ ਨੇ 'ਰਤਨ ਟਾਹਲਵੀ ਦੀਆਂ ਚੋਣਵੀਆਂ ਕਾਵਿ-ਰਚਨਾਵਾਂ ਦਾ ਸੰਕਲਨ ਕਰਦਿਆਂ ਉਸ ਦੇ 'ਬਲਦੇ ਰਾਹੀ', 'ਪ੍ਰੀਤ ਦਾ ਰਾਹੀ', 'ਗੀਤਾਂ ਦਾ ਖੰਜਰ', 'ਗੀਤਾਂ ਦਾ ਵਣਜਾਰਾ', 'ਵਿਲਕੇ ਰੂਹ ਪੰਜਾਬ ਦੀ, 'ਨਿੱਕੀਆਂ ਨਿੱਕੀਆਂ ਬਾਲੜੀਆਂ', 'ਕਲਮ ਰੱਬਾਨੀ', 'ਪਿੰਜਰ ਦੀ ਤਲਾਸ਼', 'ਪੰਜਾਬੀ ਵਿਹੜਾ' ਅਤੇ 'ਤੁਰ ਗਏ ਸੱਜਣ ਦੂਰ' ਕਾਵਿ-ਸੰਗ੍ਰਹਿ ਦੀਆਂ ਕਾਵਿ-ਰਚਨਾਵਾਂ ਨੂੰ ਧਿਆਨ ਗੋਚਰੇ ਰੱਖਿਆ ਹੈ। ਇਸ ਕਾਵਿ-ਸੰਗ੍ਰਹਿ ਵਿਚ ਕਵਿਤਾ ਦੇ ਵਿਭਿੰਨ ਭੇਦਾਂ : ਗੀਤ, ਗ਼ਜ਼ਲ, ਕਵਿਤਾ ਦੀ ਚੋਣ ਕੀਤੀ ਹੈ। ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ : ਸੂਫ਼ੀਆਨਾ ਦੋਹੜੇ ਤੋਂ ਸ਼ੁਰੂਆਤ ਕਰਦਿਆਂ 'ਗੀਤ' ਤੱਕ 132 ਕਵਿਤਾਵਾਂ ਸੰਕਲਿਤ ਕੀਤੀਆਂ ਗਈਆਂ ਹਨ। ਸੂਫ਼ੀਆਨਾ ਰੰਗ ਤੋਂ ਇਲਾਵਾ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ ਅਤੇ ਸੱਭਿਆਚਾਰਕ ਰੰਗਾਂ ਦੇ ਭਰਪੂਰ ਦਰਸ਼ਨ-ਦੀਦਾਰ ਕੀਤੇ ਜਾ ਸਕਦੇ ਹਨ। ਰਤਨ ਟਾਹਲਵੀ ਦੇ ਅੰਤਰ-ਮਨ 'ਚ ਸਿੱਖ ਗੁਰੂ ਸਾਹਿਬਾਂ, ਸੂਫ਼ੀ ਕਵੀਆਂ ਤੋਂ ਇਲਾਵਾ ਭਗਤ ਨਾਮਦੇਵ, ਕਬੀਰ, ਤਰਲੋਚਨ ਆਦਿ ਦੀ ਡੂੰਘੀ ਛਾਪ ਹੋਣ ਸਦਕਾ, ਉਹ ਇਨ੍ਹਾਂ ਨੂੰ ਲੋਕਾਈ ਦੇ ਨਾਇਕ ਸਿਰਜਦਾ ਹੈ। ਇਨ੍ਹਾਂ ਦੀ ਬਾਣੀ ਸਦਕਾ ਹੀ ਸੰਸਾਰ 'ਚ ਮਾਨਵਵਾਦੀ ਪ੍ਰਵਿਰਤੀ ਦਾ ਪ੍ਰਚਲਨ ਸੰਸਾਰ ਪੱਧਰ 'ਤੇ ਉਗਮਿਆ, ਵਿਗਸਿਆ ਅਤੇ ਮੌਲਿਆ ਹੈ। ਅਧਿਆਤਮਿਕ ਅਤੇ ਰੁਮਾਂਟਿਕ/ਸੰਸਾਰਿਕ ਸ਼ਾਇਰੀ 'ਚ ਵਿਛੋੜੇ, ਵਸਲ ਅਤੇ ਬਿਰਹਾ ਦਾ ਅਹਿਮ ਦਖ਼ਲ ਰਿਹਾ ਹੈ, ਇਸੇ ਲਈ ਰਤਨ ਟਾਹਲਵੀ ਦੇ ਗੀਤਾਂ, ਗ਼ਜ਼ਲਾਂ ਅਤੇ ਕਵਿਤਾਵਾਂ 'ਚ ਅਜਿਹੇ ਦ੍ਰਿਸ਼ਟਾਂਤ ਥਾਂ-ਪੁਰ-ਥਾਂ ਦੇਖੇ ਜੇ ਸਕਦੇ ਹਨ :
ਯਾਨਣੀਆਂ ਰਾਤਾਂ ਲੱਗੇ ਚੰਨ ਵੀ ਉਦਾਸ ਹੈ।
ਯਾਰ ਪਰਦੇਸੀਆ ਓਏ ਜਦੋਂ ਬੈਰੂ ਪਾਸ ਏ।
ਰਤਨ ਟਾਹਲਵੀ ਦਰਵੇਸ਼ ਕਵੀ ਹੈ। ਉਹ ਜ਼ਿੰਦਗੀ ਦੇ ਮਹੀਨ ਧਾਗਿਆਂ ਦੀ ਚੋਣ ਕਰਨ 'ਚ ਮੁਹਾਰਤ ਰੱਖਣ ਸਦਕਾ ਹੀ ਪੁਰਾਣੀਆਂ ਵਿਸਰ ਰਹੀਆਂ ਕਦਰਾਂ-ਕੀਮਤਾਂ ਪ੍ਰਤੀ ਉਦਾਸੀਨਤਾ ਦਿਖਾਉਂਦੇ ਉਨ੍ਹਾਂ ਵਰਤਾਰਿਆਂ ਦਾ ਭਰਪੂਰ ਵਰਨਣ ਕਰਦਾ ਹੈ ਜਿਨ੍ਹਾਂ ਸਦਕਾ ਹੀ ਮਨੁੱਖ ਦੇ ਅੰਦਰੋਂ 'ਮਨੁੱਖ' ਅਲੋਪ ਹੋ ਰਿਹਾ ਹੈ। ਇਹ ਵਿਸ਼ੇ ਸਮਾਜਿਕ ਸੰਦਰਭ 'ਚ ਅਹਿਮ ਹਨ। ਅਤੀਤ ਤੋਂ ਵਰਤਮਾਨ ਅਤੇ ਵਰਤਮਾਨ ਤੋਂ ਹੀ ਸੁਨਹਿਰੇ ਭਵਿੱਖ ਦੀ ਸਿਰਜਣਾ ਦੀ ਕਲਪਨਾ ਸੰਭਵ ਹੈ। ਅਜਿਹੀ ਹੀ ਧਾਰਨਾ ਰਤਨ ਟਾਹਲਵੀ ਦੀ ਹੈ। ਡਾ: ਜਸਵੰਤ ਬੇਗੋਵਾਲ ਅਤੇ ਰਤਨ ਟਾਹਲਵੀ ਨੂੰ ਵਧਾਈ! ਆਮੀਨ।

ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

c c c

ਪੰਜਾਬੀ ਸਾਹਿਤਅਜੋਕੇ ਪਾਸਾਰ
ਸੰਪਾਦਕ : ਡਾ: ਕੁਲਦੀਪ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 94638-36591.

ਹਥਲੀ ਪੁਸਤਕ ਵਿਚ ਪੰਜਾਬੀ ਸਾਹਿਤ ਦੀਆਂ ਪ੍ਰਮੁੱਖ ਵਿਧਾਵਾਂ ਨਾਵਲ, ਕਵਿਤਾ, ਕਹਾਣੀ ਅਤੇ ਨਾਟਕ ਆਦਿ ਵਿਚੋਂ ਚੋਣਵੀਆਂ ਪਰ ਪ੍ਰਸਿੱਧੀ ਪ੍ਰਾਪਤ ਕਿਰਤਾਂ ਨੂੰ ਲੈ ਕੇ ਉਨ੍ਹਾਂ ਦਾ ਨਿਕਟ ਵਿਸ਼ਲੇਸ਼ਣ ਪੇਸ਼ ਕਰਦੇ ਗਿਆਰਾਂ ਅਧਿਆਇ ਨਿਸਚਿਤ ਕੀਤੇ ਗਏ ਹਨ। ਸੰਪਾਦਕ ਡਾ: ਕੁਲਦੀਪ ਕੌਰ ਨੇ ਇਹ ਸਾਰੇ ਖੋਜ ਪਰਚੇ ਵੱਖ-ਵੱਖ ਵਿਦਵਾਨਾਂ ਕੋਲੋਂ ਲਿਖਵਾ ਕੇ ਪਾਠਕਾਂ ਦੇ ਸਨਮੁੱਖ ਕੀਤੇ ਹਨ। ਸਭ ਤੋਂ ਪਹਿਲਾਂ ਡਾ: ਦਲੀਪ ਕੌਰ ਟਿਵਾਣਾ ਰਚਿਤ ਨਾਵਲ 'ਏਹੁ ਹਮਾਰਾ ਜੀਵਣਾ' ਵਿਚ ਔਰਤ ਦੇ ਸੰਕਟ ਨੂੰ ਅਤੇ ਉਸ ਦੀ ਦੁਬਿਧਾਜਨਕ ਸਥਿਤੀ ਦਾ ਬੜੀ ਬਾਰੀਕੀ ਨਾਲ ਡਾ: ਕੁਲਦੀਪ ਕੌਰ ਨੇ ਅਧਿਐਨ ਪੇਸ਼ ਕੀਤਾ ਹੈ। ਇਸ ਉਪਰੰਤ ਡਾ: ਹਰਿਭਜਨ ਸਿੰਘ ਰਚਿਤ ਕਾਵਿ-ਸੰਗ੍ਰਹਿ 'ਰੁੱਖ ਤੇ ਰਿਸ਼ੀ' ਦਾ ਦੀਰਘ ਅਧਿਐਨ ਡਾ: ਪੂਜਾ ਦੁਆਰਾ ਪੇਸ਼ ਕੀਤਾ ਗਿਆ ਹੈ। ਇਸ ਤੋਂ ਅੱਗੇ ਸੁਹਿੰਦਰਬੀਰ ਰਚਿਤ ਕਾਵਿ-ਸੰਗ੍ਰਹਿ 'ਵਹਿਣ ਡੂੰਘੇ ਪਾਣੀਆਂ ਦੇ' ਦਾ ਵਿਸ਼ਲੇਸ਼ਣ ਕਰਦੇ ਹੋਏ ਡਾ: ਗੁਰਿੰਦਰ ਕੌਰ ਨੇ ਇਸ ਕਵੀ ਦੀ ਪੰਜਾਬ ਅਤੇ ਪੰਜਾਬੀਅਤ ਦੀ ਸੰਵੇਦਨਸ਼ੀਲਤਾ ਨੂੰ ਉਘਾੜਿਆ ਹੈ। ਇਸੇ ਤਰ੍ਹਾਂ ਭੁਪਿੰਦਰ ਸਿੰਘ ਸੱਗੂ ਦੇ ਕਾਵਿ ਅਨੁਭਵ ਅਤੇ ਸਬੰਧਿਤ ਸਰੋਕਾਰਾਂ ਨੂੰ ਡਾ: ਪ੍ਰੀਤੀ ਨੇ ਬਾਰੀਕੀ ਨਾਲ ਅਧਿਐਨ ਦਾ ਵਿਸ਼ਾ ਬਣਾਇਆ ਹੈ। ਸ਼ਿਵ ਕੁਮਾਰ ਬਟਾਲਵੀ ਰਚਿਤ 'ਲੂਣਾ' ਸਬੰਧੀ ਡਾ: ਕਮਲਪੀਤ ਸਿੰਘ ਅਤੇ ਡਾ: ਪੂਜਾ ਦੇ ਖੋਜ ਪਰਚੇ 'ਪੂਰਨ ਲੂਣਾ ਪ੍ਰਥਮ ਮੇਲ ਤੇ ਸੰਵਾਦ' ਅਤੇ 'ਲੂਣਾ ਵਿਚ ਅਚੇਤਨ ਦੀ ਸ਼ਮੂਲੀਅਤ' ਸਿਰਲੇਖਾਂ ਤਹਿਤ ਅੰਕਿਤ ਹਨ, ਜਿਨ੍ਹਾਂ ਵਿਚ ਸ਼ਿਵ ਦੇ ਪਰੰਪਰਾ ਨਾਲੋਂ ਹਟ ਕੇ ਨਵੀਨ ਸੰਦਰਭਾਂ ਨੂੰ ਪਛਾਣਿਆ ਗਿਆ ਹੈ। ਇਸ ਤੋਂ ਅਗਲੇ ਤਿੰਨ ਅਧਿਆਇ ਆਧੁਨਿਕ ਪੰਜਾਬੀ ਨਿੱਕੀ ਕਹਾਣੀ ਦੇ ਵਿਚੋਂ ਉੱਭਰਦੇ ਮੌਲਿਕ ਪਾਸਾਰਾਂ ਨੂੰ ਪਛਾਣਦਿਆਂ ਹੋਇਆਂ ਪੋ: ਗੁਰਸ਼ਰਨ ਸਿੰਘ ਭੁੱਲਰ, ਡਾ: ਇੰਦਰਪੀਤ ਕੌਰ ਅਤੇ ਡਾ: ਅਮਨਦੀਪ ਕੌਰ ਥਿੰਦ ਨੇ ਕਰਮਵਾਰ ਭਗਵੰਤ ਰਸੂਲਪੁਰੀ ਦੀ ਕਹਾਣੀ 'ਕੁੰਭੀ ਨਰਕ', ਪ੍ਰੀਤਮ ਸਿੱਧੂ ਦੀ ਕਹਾਣੀ 'ਦੁੱਖ ਪ੍ਰਦੇਸਾਂ ਦੇ' ਅਤੇ ਕੇਸਰਾ ਰਾਮ ਦੀ ਕਹਾਣੀ 'ਖੁਸ਼ਬੂ-ਖੁਸ਼ਬੂ' ਦਾ ਨੇੜਿਓਂ ਅਧਿਐਨ ਪੇਸ਼ ਕੀਤਾ ਹੈ। ਅਜਮੇਰ ਔਲਖ ਰਚਿਤ ਨਾਟਕ 'ਸਲਵਾਨ' ਦੇ ਵਿਚਾਰਧਾਰਕ ਪਹਿਲੂਆਂ ਨੂੰ ਅਤੇ ਉਸ ਦੀ ਮੰਚਨ ਸ਼ੈਲੀ ਨੂੰ ਡਾ: ਜਸਬੀਰ ਸਿੰਘ ਨੇ ਖੂਬ ਉਘਾੜਿਆ ਹੈ। ਪੁਸਤਕ ਦਾ ਅੰਤਿਮ ਅਧਿਆਇ 'ਨਿਹੰਗ ਸੰਪ੍ਰਦਾਇ ਦਾ ਸਮਾਜ-ਸੱਭਿਆਚਾਰਕ ਪ੍ਰਸੰਗ' ਹੈ। ਜਿਸ ਵਿਚ ਡਾ: ਜਸਬੀਰ ਕੌਰ ਨੇ ਇਕ ਵਿਲੱਖਣ ਸੰਪ੍ਰਦਾਇ ਜਿਸ ਨੂੰ ਗੁਰੂ ਜੀ ਕੀ ਲਾਡਲੀ ਫ਼ੌਜ ਕਿਹਾ ਜਾਂਦਾ ਹੈ, ਦੀ ਜੀਵਨ ਸ਼ੈਲੀ ਦੀ ਵਿਲੱਖਣਤਾ ਅਤੇ ਸੂਰਬੀਰਤਾ ਦੇ ਪੱਖਾਂ ਨੂੰ ਉਜਾਗਰ ਕੀਤਾ ਹੈ। ਸਮੁੱਚੇ ਰੂਪ 'ਚ ਇਹ ਪੁਸਤਕ ਪਾਠਕ ਵਰਗ ਲਈ ਨਵੀਨ ਅਤੇ ਮੌਲਿਕ ਸਾਹਿਤ ਅਧਿਐਨ ਦੇ ਸਿੱਟਿਆਂ ਨੂੰ ਸਾਹਮਣੇ ਲਿਆਉਂਦੀ ਹੈ।

ਡਾ: ਜਗੀਰ ਸਿੰਘ ਨੂਰ
ਮੋ: 98142-09732

c c c

ਕਾਫ਼ਿਲੇ ਵਫ਼ਾਵਾਂ ਦੇ
ਗ਼ਜ਼ਲਕਾਰ : ਸੁਰਜੀਤ ਦਰਸ਼ੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ-175 ਰੁਪਏ, ਸਫ਼ੇ : 112
ਸੰਪਰਕ : 98788-77729.

ਸੁਰਜੀਤ ਦਰਸ਼ੀ ਭਾਵੇਂ ਕਾਫ਼ੀ ਦੇਰ ਤੋਂ ਗ਼ਜ਼ਲ ਲਿਖ ਰਿਹਾ ਹੈ ਪਰ ਗ਼ਜ਼ਲ ਮਹਿਫ਼ਿਲ ਵਿਚ ਆਪਣੀ ਪਲੇਠੀ ਪੁਸਤਕ 'ਕਾਫ਼ਿਲੇ ਵਫ਼ਾਵਾਂ ਦੇ' ਨਾਲ ਇਹ ਉਸ ਦੀ ਨਵੀਂ ਹਾਜ਼ਰੀ ਹੈ, ਜਿਸ ਦਾ ਉਤਸ਼ਾਹ ਭਰਪੂਰ ਸਵਾਗਤ ਕਰਨਾ ਬਣਦਾ ਹੈ। ਪੁਸਤਕ ਨੂੰ ਵਾਚਦਿਆਂ ਦਰਸ਼ੀ ਦੀ ਗ਼ਜ਼ਲ ਦਾ ਭਵਿੱਖ ਚੰਗਾ ਪ੍ਰਤੀਤ ਹੁੰਦਾ ਹੈ ਤੇ ਇਹ ਵੀ ਸੱਚ ਹੈ ਕਿ ਲੇਖਕ ਦੀ ਨਵੀਂ ਪੁਸਤਕ ਲੇਖਕ ਲਈ ਵੀ ਸਬਕ ਹੁੰਦੀ ਹੈ ਤੇ ਮੈਂ ਆਸ ਕਰਦਾ ਹਾਂ ਕਿ ਗ਼ਜ਼ਲਕਾਰ ਇਹ ਸਬਕ ਜ਼ਰੂਰ ਗ੍ਰਹਿਣ ਕਰੇਗਾ। ਦਰਸ਼ੀ ਦੀ ਪਹਿਲੀ ਤੇ ਦੂਸਰੀ ਗ਼ਜ਼ਲ ਰਵਾਇਤੀ ਸ਼ਬਦਾਵਲੀ ਤੇ ਵਿਸ਼ਿਆਂ 'ਤੇ ਆਧਾਰਿਤ ਹੈ, ਅਜੋਕੀ ਪੰਜਾਬੀ ਗ਼ਜ਼ਲ ਵਿਸ਼ੇਸ਼ ਤੌਰ 'ਤੇ ਇਧਰਲੇ ਪੰਜਾਬ ਦੀ ਗ਼ਜ਼ਲ ਨੇ ਆਪਣੇ ਰੂਪ, ਰੰਗ ਵਿਚ ਕਾਫ਼ੀ ਤਬਦੀਲੀ ਕਰ ਲਈ ਹੈ। ਤੀਸਰੀ ਗ਼ਜ਼ਲ ਵਿਚ ਗ਼ਜ਼ਲਕਾਰ ਨੂੰ ਕਾਫ਼ੀਏ ਦੇ ਨਿਭਾਅ ਵਿਚ ਟਪਲਾ ਲੱਗ ਗਿਆ ਜਾਪਦਾ ਹੈ। ਬਹੁਤੇ ਸ਼ਿਅਰ ਮੁਹੱਬਤੀ ਹਨ ਤੇ ਇਨ੍ਹਾਂ ਵਿਚ ਦੀਵਾਨਗੀ, ਸੁਹੱਪਣ, ਨਜ਼ਰ, ਨੈਣ, ਸਾਕੀ, ਦੀਪ, ਦੂਰੀਆਂ, ਨਜ਼ਦੀਕੀਆਂ, ਗ਼ਮ, ਵਫ਼ਾ, ਸੁਪਨਿਆਂ, ਕਾਤਿਲ ਤੇ ਇਸ਼ਕ ਆਦਿ ਦਾ ਜ਼ਿਕਰ ਹੈ। ਦੁਸ਼ਵਾਰ ਜ਼ਿੰਦਗੀ ਜੀਅ ਰਹੇ ਮਨੁੱਖ ਤੇ ਆਰਥਿਕ ਅਸਾਵੇਂਪਨ ਦੀ ਮਾਰ ਨੂੰ ਸਹਿ ਰਹੇ ਲੋਕਾਂ ਬਾਰੇ ਬਹੁਤ ਘੱਟ ਸ਼ਿਅਰ ਮਿਲਦੇ ਹਨ। ਗ਼ਜ਼ਲਕਾਰ ਮੁਤਾਬਿਕ ਪਾਣੀ ਪੱਥਰਾਂ ਵਿਚ ਵੀ ਰਾਹ ਬਣਾ ਲੈਂਦਾ ਹੈ ਤੇ ਤੁਰਨ ਵਾਲੇ ਮਨ ਦਾ ਦੀਵਾ ਵੀ ਬਾਲ਼ ਲੈਂਦੇ ਹਨ। ਆਪਣਿਆਂ ਦੇ ਬੇਗ਼ਾਨੇ ਹੋਣ ਦੀ ਰੀਤ ਪੁਰਾਣੀ ਹੈ ਪਰ ਫਿਰ ਵੀ ਖ਼ਾਬਾਂ ਦੇ ਮਹਿਲ ਚਾਹੇ ਪੂਰੇ ਵੀ ਨਾ ਹੋਣ, ਮਨੁੱਖ ਨੂੰ ਆਸਰਾ ਦਿੰਦੇ ਹਨ। ਕਿਤੇ-ਕਿਤੇ ਦਰਸ਼ੀ ਦੇ ਸ਼ਿਅਰ ਟੁੰਬਦੇ ਹਨ ਤੇ ਉਸ ਅੰਦਰਲੇ ਵਧੀਆ ਭਵਿੱਖੀ ਗ਼ਜ਼ਲਕਾਰ ਦੀ ਗਵਾਹੀ ਭਰਦੇ ਹਨ। 'ਕਾਫ਼ਿਲੇ ਵਫ਼ਾਵਾਂ ਦੇ' ਮੁਹੱਬਤ ਦਾ ਸਫ਼ਰਨਾਮਾ ਹੈ, ਜਿਸ ਵਿਚ ਕੋਸੀਆਂ ਧੁੱਪਾਂ ਵੀ ਹਨ ਤੇ ਗੜ੍ਹੇਮਾਰੀ ਵੀ ਹੈ। ਆਸ ਹੈ ਇਹ ਪੁਸਤਕ ਦਰਸ਼ੀ ਦੀ ਗ਼ਜ਼ਲਕਾਰੀ ਦੀ ਮਜ਼ਬੂਤ ਨੀਂਹ ਸਾਬਤ ਹੋਵੇਗੀ।

ਗੁਰਦਿਆਲ ਰੌਸ਼ਨ
ਮੋ: 99884-44002

c c c

15-08-2020

ਜਿਨਿ ਮਾਣਸ ਤੇ ਦੇਵਤੇ ਕੀਏ...
ਲੇਖਿਕਾ : ਡਾ: ਜਗਦੀਸ਼ ਕੌਰ ਵਾਡੀਆ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 92
ਸੰਪਰਕ : 98555-84298.


ਡਾ: ਜਗਦੀਸ਼ ਕੌਰ ਵਾਡੀਆ ਇਕ ਬਹੁਪੱਖੀ ਲੇਖਿਕਾ ਹੈ, ਜਿਸ ਦਾ ਪੰਜਾਬੀ ਸਾਹਿਤ ਵਿਚ ਨਿਵੇਕਲਾ ਸਥਾਨ ਹੈ। ਆਲੋਚਨਾ, ਨਿਬੰਧ, ਅਨੁਵਾਦ ਅਤੇ ਬਾਲ ਸਾਹਿਤ ਖੇਤਰ ਵਿਚ ਉਸ ਦੀਆਂ 50 ਤੋਂ ਵੱਧ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। 'ਜਿਨਿ ਮਾਣਸ ਤੇ ਦੇਵਤੇ ਕੀਏ' ਉਸ ਦੀ ਨਵੀਂ ਰਚਨਾ ਹੈ, ਜੋ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਪੁਰਬ ਨੂੰ ਸਮਰਪਿਤ ਹੈ। ਇਸ ਵਿਚ ਉਸ ਨੇ ਗੁਰੂ ਨਾਨਕ ਦੇਵ ਜੀ ਦੇ ਲਾਸਾਨੀ ਜੀਵਨ, ਨੂਰਾਨੀ ਸ਼ਖ਼ਸੀਅਤ ਅਤੇ ਸਰਬ ਸਾਂਝੀਵਾਲਤਾ ਦੇ ਮਹਾਨ ਸੰਦੇਸ਼ ਨੂੰ ਪਾਠਕਾਂ ਨਾਲ ਸਾਂਝਾ ਕੀਤਾ ਹੈ। ਗੁਰੂ ਸਾਹਿਬ ਨੇ ਉਸ ਸਮੇਂ ਦੀ ਸਮਾਜਿਕ, ਰਾਜਨੀਤਕ ਤੇ ਧਾਰਮਿਕ ਤਸਵੀਰ ਚਿੱਤਰਦਿਆਂ, ਵਹਿਮਾਂ-ਭਰਮਾਂ ਤੇ ਕਰਮਕਾਂਡਾਂ ਵਿਚ ਭਟਕ ਰਹੇ ਲੋਕਾਂ ਨੂੰ ਇਕ ਵਿਗਿਆਨਕ ਸੇਧ ਦਿੱਤੀ ਹੈ। ਇਹ ਪੁਸਤਕ ਵਾਰਤਕ ਤੇ ਕਵਿਤਾ ਦੋ ਭਾਗਾਂ ਵਿਚ ਲਿਖੀ ਗਈ ਹੈ। ਵਾਰਤਕ ਭਾਗ ਵਿਚ ਹੇਠ ਲਿਖੇ ਸਿਰਲੇਖਾਂ ਅਧੀਨ ਗੁਰੂ ਸਾਹਿਬ ਦੇ ਜੀਵਨ ਤੇ ਵਿਚਾਰਧਾਰਾ ਬਾਰੇ ਚਾਨਣ ਪਾਇਆ ਹੈ : ਗੁਰੂ ਨਾਨਕ ਜੀਵਨ, ਬਾਣੀ-ਉਦੇਸ਼ ਤੇ ਸੰਦੇਸ਼, ਸਤਿਗੁਰੁ ਗੁਰੁ ਨਿਸਤਾਰੇ, ਸਭ ਤੇਰੀ ਕੁਦਰਤਿ ਤੂੰ ਕਾਦਰ ਕਰਤਾ...., ਕਰਤਾਰਪੁਰਿ ਕਰਤਾ ਵਸੈ..., ਜਿਨਿ ਮਾਣਸ ਤੇ ਦੇਵਤੇ ਕੀਏ..., ਨਾਨਕ ਨਦਰੀ ਨਦਰਿ ਨਿਹਾਲ, ਨਾਨਕ ਨਿਰਮਲ ਪੰਥ ਚਲਾਇਆ, ਨਾਨਕ ਵਲੀ ਖੁਦਾਇ।
ਇਸੇ ਤਰ੍ਹਾਂ ਕਵਿਤਾ ਭਾਗ ਵਿਚਲੀਆਂ ਕਵਿਤਾਵਾਂ ਦੁਆਰਾ ਲੇਖਿਕਾ ਨੇ ਗੁਰੂ ਨਾਨਕ ਦੇਵ ਜੀ ਦੀ ਉੱਚਤਮ ਸ਼ਖ਼ਸੀਅਤ ਨੂੰ ਉਭਾਰਿਆ ਹੈ। ਨਮੂਨੇ ਵਜੋਂ ਦੇਖੋ :
ਨਨਕਾਣੇ ਦੇ ਪਾਤਸ਼ਾਹ ਤੇਰੀ ਇਕ ਨਜ਼ਰ ਨੇ,
ਕਰ ਸਭਨਾਂ ਨੂੰ ਨਦਰੀ ਨਦਰਿ ਨਿਹਾਲ ਦਿੱਤਾ।
ਕਿਰਤ ਕਰਨ, ਵੰਡ ਛਕਣ ਦਾ ਦੇ ਉਪਦੇਸ਼,
ਨਾਮ ਜਪਣ ਦਾ ਵਲ ਸਿਖਾਲ ਦਿੱਤਾ,
ਜਗ ਨੂਰੋ ਨੂਰ ਹੋਇਆ ਵੇਖ ਪ੍ਰਕਾਸ਼ ਰੱਬੀ,
ਸਾਰੀ ਸ੍ਰਿਸ਼ਟੀ ਨੂੰ ਕਰ ਨਿਹਾਲ ਦਿੱਤਾ।
ਛਪਾਈ, ਟਾਈਟਲ ਤੇ ਦਿੱਖ ਦੇ ਪੱਖ ਤੋਂ ਇਹ ਪੁਸਤਕ ਬਹੁਤ ਸੁੰਦਰ ਹੈ। ਉਮੀਦ ਹੈ ਪਾਠਕਾਂ ਨੂੰ ਇਸ ਪੁਸਤਕ ਦੁਆਰਾ ਗੁਰੂ ਸਾਹਿਬ ਦੇ ਦਰਸਾਏ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਮਿਲੇਗੀ।


-ਕੰਵਲਜੀਤ ਸਿੰਘ ਸੂਰੀ
ਮੋ: 93573-24241.ਆਓ ਅਮਰੀਕਾ ਦੇਖੀਏ
ਗੱਲਾਂ ਸਫ਼ਰ ਦੀਆਂ

ਲੇਖਕ : ਗੁਰਬਚਨ ਸਿੰਘ ਭੁੱਲਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 72
ਸੰਪਰਕ : 011 42502364.


ਬਹੁਪੱਖੀ ਲੇਖਕ ਗੁਰਬਚਨ ਸਿੰਘ ਭੁੱਲਰ ਦੀ ਇਹ ਸੱਜਰੀ ਪੁਸਤਕ ਉਸ ਦੀ ਅਮਰੀਕਾ ਫੇਰੀ ਬਾਰੇ ਹੈ। ਇਸ ਸਫ਼ਰਨਾਮੇ ਵਿਚ ਉਨ੍ਹਾਂ ਅਮਰੀਕਾ ਦੀ ਜ਼ਿੰਦਗੀ ਦੇ ਹਰ ਪੱਖ ਬਾਰੇ ਬੜੀ ਉਮਦਾ ਜਾਣਕਾਰੀ ਪਾਠਕਾਂ ਨਾਲ ਸਾਂਝੀ ਕੀਤੀ ਹੈ। ਇਸ ਸਫ਼ਰਨਾਮੇ ਦੀ ਖ਼ਾਸੀਅਤ ਇਹ ਵੀ ਹੈ ਕਿ ਖ਼ਾਸ ਕਰ ਨਵੀਂ ਨਸਲ ਇਸ ਨੂੰ ਪੜ੍ਹ ਕੇ, ਅਮਰੀਕਾ ਦੇ ਸੜਕੀ ਸਫ਼ਰ ਬਾਰੇ ਬਹੁਤ ਗਿਆਨ ਹਾਸਲ ਕਰ ਸਕੇਗੀ। ਇਸ ਸਫ਼ਰਨਾਮੇ ਦੇ ਕੁੱਲ 11 ਅਧਿਆਇ ਹਨ। ਪਹਿਲਾ ਹੈ 'ਅਮਰੀਕਾ ਜਾਣ ਦੀ ਤਿਆਰੀ'। ਇਹ ਉਸ ਦੀ ਪਲੇਠੀ ਵਿਦੇਸ਼ ਯਾਤਰਾ ਸੀ। ਇਸ ਲੇਖ ਵਿਚ ਅਮਰੀਕਾ ਵਿਚ ਪਾਏ ਜਾਂਦੇ 'ਸਕੋਇਮਾ' ਨਾਂਅ ਦੇ ਵਿਲੱਖਣ ਰੁੱਖ ਬਾਰੇ ਅਨੋਖੀ ਜਾਣਕਾਰੀ ਹੈ। ਤਿੰਨ ਹਜ਼ਾਰ ਸਾਲ ਤੱਕ ਦੀ ਉਮਰ ਵਾਲੇ ਇਹ 400 ਫੁੱਟ ਉੱਚੇ ਰੁੱਖ ਸਿਰਫ ਅਮਰੀਕਾ ਵਿਚ ਹੀ ਹਨ। 'ਪ੍ਰਦੇਸ ਜਾਣ ਦੀਆਂ ਮੁਸ਼ਕਿਲਾਂ' ਅਧਿਆਇ, ਵੀਜ਼ਾ ਸਿਸਟਮ ਦੀਆਂ ਦੁਸ਼ਵਾਰੀਆਂ ਨੂੰ ਉਜਾਗਰ ਕਰਦਾ ਹੈ। 'ਵੀਜ਼ਾ ਦੇਣ ਵਾਲੇ ਅਧਿਕਾਰੀ ਬੰਦੇ ਦਾ ਮਨ ਪੜ੍ਹਨਾ ਜਾਣਦੇ ਹੁੰਦੇ ਹਨ। ਉਹ ਗੱਲਾਂ ਤੋਂ ਬੰਦੇ ਦਾ ਇਰਾਦਾ ਸਮਝ ਜਾਂਦੇ ਹਨ।' (ਪੰਨਾ 15) '46 ਦਾ ਭਾਵ ਹੈ 23 ਦੂਣੀ 46' ਦੀ ਵੰਨਗੀ, 'ਬੀਬੀ ਦੇ ਮੱਥੇ ਦੀ ਤਿਊੜੀ ਢਿੱਲੀ ਹੋ ਗਈ। ਉਹਨੇ ਆਪਣੇ ਸਹਾਇਕ ਨੂੰ ਕਿਹਾ-ਓਵਰਵੇਟ ਦੀ ਪਰਚੀ ਲਾ ਦੇ ਤੇ ਜਾਣ ਦੇ।' (ਸਫ਼ਾ 18) 'ਬੱਲੇ, ਬੱਲੇ, ਐਡਾ ਵੱਡਾ ਜਹਾਜ਼।' ਇਸ ਵਿਚ ਜਹਾਜ਼ ਦੀ ਕਾਢ ਕੱਢਣ ਵਾਲੇ ਰਾਈਟ ਭਰਾਵਾਂ ਦੀਆਂ ਤਸਵੀਰਾਂ ਸਮੇਤ ਉਨ੍ਹਾਂ ਦੀ ਦੇਣ ਦਾ ਜ਼ਿਕਰ ਹੈ। 'ਅਸੀਂ ਦਿੱਲੀ ਤੋਂ ਸਾਨ ਫਰਾਂਸਿਸਕੋ ਪਹੁੰਚਣ ਵਾਸਤੇ 24 ਘੰਟੇ ਉੱਡੇ। ਬਿਲਕੁਲ ਸੰਭਵ ਹੈ। ਤੁਸੀਂ ਵੱਡੇ ਹੋ ਕੇ ਇਹ ਸਫ਼ਰ 24 ਮਿੰਟਾਂ ਵਿਚ ਹੀ ਪੂਰਾ ਕਰ ਲਵੋ। (ਪੰਨਾ 29) ਵਿਦਵਾਨ ਲੇਖਕ ਨੇ ਉਸ ਮੁਲਕ ਦੇ ਸੁਚੱਜੇ ਸੜਕੀ ਪ੍ਰਬੰਧ ਬਾਰੇ ਬੜੀ ਰੌਚਕ ਤੇ ਮੁਫ਼ੀਦ ਜਾਣਕਾਰੀ ਦਿੱਤੀ ਹੈ। ਸੁਚੱਜਾ ਪਾਰਕਿੰਗ ਸਿਸਟਮ, ਆਪੋ-ਆਪਣੀ ਲੇਨ ਵਿਚ ਸ਼ਾਂਤੀ ਨਾਲ ਚੱਲ ਰਹੀਆਂ ਸੈਂਕੜੇ ਕਾਰਾਂ, ਖੱਬੇ ਹੱਥ ਤੁਰਨਾ, ਕਿਰਤੀਆਂ ਕੋਲ ਵੀ ਕਾਰਾਂ, ਨੋ ਹਾਰਨ, ਨੋ ਟ੍ਰੈਫਿਕ ਜਾਮ, ਸਕੂਲੀ ਬਾਲਾਂ ਦੇ ਸੁਰੱਖਿਅਤ ਬੱਸ ਸਫ਼ਰ ਦਾ ਵਿਵਰਣ, ਵਡਮੁੱਲੀ ਜਾਣਕਾਰੀ ਫਰਾਹਮ ਕਰਨ ਵਾਲਾ ਚੈਪਟਰ ਹੈ। ਰਾਹੇ ਦਸੇਰੇ ਦੇ ਨਾਲ-ਨਾਲ ਅਨੇਕ ਜਾਣਕਾਰੀਆਂ ਦੇ ਰਹੇ ਜੀ.ਪੀ.ਐਸ. ਸਿਸਟਮ ਅਤੇ ਇਸ ਦੇ ਬਣਨ ਦੀ ਕਹਾਣੀ ਬੜੀ ਦਿਲਚਸਪ ਹੈ। 'ਜੀ.ਪੀ.ਐਸ. ਕਦੀ ਬੇਧਿਆਨਾ ਨਹੀਂ ਹੁੰਦਾ'। (ਪੰਨਾ 48) ਲੇਖਕ ਅਨੁਸਾਰ ਸੜਕੀ ਸਫ਼ਰ ਅਮਰੀਕਾ ਦਾ ਸਭ ਤੋਂ ਵੱਧ ਸੁਰੱਖਿਅਤ ਸਫ਼ਰ ਹੈ। ਰਾਹ ਵਿਚ ਕਿਸੇ ਕਿਸਮ ਦਾ ਕੋਈ ਫ਼ਿਕਰ ਨਹੀਂ। ਟਰੱਕਾਂ ਵਿਚ ਸਾਰਾ ਸਾਮਾਨ ਅੰਦਰ ਹੁੰਦੈ। ਸਫ਼ਰ ਨੂੰ ਸੁਖਾਲਾ ਬਣਾਉਂਦੀਆਂ ਹਨ, ਮੁਸਾਫ਼ਿਰਾਂ ਨੂੰ ਸੂਚਨਾ ਦੇਣ ਵਾਲੀਆਂ ਇਲੈਕਟ੍ਰਾਨਿਕ ਰੇਹੜੀਆਂ। 'ਮੀਲ ਲਿਖੇ ਹੋਣ ਦਾ ਮਤਲਬ ਹੈ ਅੱਗੇ ਏਨੇ ਮੀਲ ਸੜਕ 'ਤੇ ਕੋਈ ਜਾਨਵਰ ਹੋ ਸਕਦਾ ਹੈ।' (ਪੰਨਾ 58)। ਪੁਸਤਕ ਦੇ ਹਰ ਚੈਪਟਰ ਵਿਚ ਦੁਰਲੱਭ ਤਸਵੀਰਾਂ ਬਾਕਮਾਲ ਹਨ। ਅੰਤਿਮ ਚੈਪਟਰ ਦੀ ਇਹ ਸਤਰ ਤਲਖ਼ ਹਕੀਕਤ ਬਿਆਨਦੀ ਹੈ, 'ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਇਕ ਆਗੂ ਨੇ ਕਿਹਾ ਸੀ, ਜਦੋਂ ਅਸੀਂ ਰੇਲ ਦੀਆਂ ਟਿਕਟਾਂ ਲੈਣ ਵਾਸਤੇ ਕਤਾਰ ਲਾਉਣ ਲੱਗ ਪਏ, ਅੰਗਰੇਜ਼ ਇਥੋਂ ਨਿਕਲ ਜਾਣਗੇ।' ਭੁੱਲਰ ਦਾ ਇਹ ਸਫ਼ਰਨਾਮਾ ਇਕ ਨਾਯਾਬ ਰਚਨਾ ਹੈ।


-ਤੀਰਥ ਸਿੰਘ ਢਿੱਲੋਂ
ਮੋ: 98154-61710.ਮੇਰੀ ਚਾਹਤ

ਕਵੀ : ਪ੍ਰਿੰ: ਹਜ਼ੂਰਾ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 94192-12801.


ਹਥਲੀ ਕਾਵਿ-ਪੁਸਤਕ ਪ੍ਰਿੰ: ਹਜ਼ੂਰਾ ਸਿੰਘ ਦੀ ਵੀਹਵੀਂ ਕਾਵਿ-ਪੁਸਤਕ ਹੈ। ਉਹ ਲਗਾਤਾਰ ਲਿਖਣ ਵਾਲਾ ਸ਼ਾਇਰ ਹੈ। ਇਸ ਪੁਸਤਕ ਵਿਚ ਕਵੀ ਨੇ 49 ਕਵਿਤਾਵਾਂ ਸ਼ਾਮਿਲ ਕੀਤੀਆਂ ਹਨ, ਜਿਨ੍ਹਾਂ ਵਿਚ 6 ਕੁ ਭਾਵਪੂਰਤ ਗੀਤ ਹਨ। ਅਸਲ ਵਿਚ ਇਹ ਪੁਸਤਕ ਦਾ ਦੂਸਰਾ ਐਡੀਸ਼ਨ ਹੈ। ਬਕੌਲ ਉਸ ਦੇ ਉਸਤਾਦ ਸ੍ਰੀ ਗੁਰਚਰਨ ਬੱਧਣ ਅਨੁਸਾਰ ਇਹ ਪੁਸਤਕ ਪਹਿਲਾਂ 2014 ਵਿਚ ਛਪੀ ਸੀ।
ਕਵੀ ਦੀਆਂ ਕਰੀਬ ਸਾਰੀਆਂ ਹੀ ਕਵਿਤਾਵਾਂ ਕਿਸੇ ਨਾ ਕਿਸੇ ਛੰਦ ਅਥਵਾ ਬਹਿਰ ਵਿਚ ਹੋਣ ਕਰਕੇ ਪਾਠਕਾਂ ਦੇ ਮਨ-ਮਸਤਕ ਵਿਚ ਕਾਵਿ-ਲੈਅ ਸੰਚਾਰਤ ਹੁੰਦੀ ਹੈ। ਕਵਿਤਾਵਾਂ ਵਿਚ ਕਵੀ ਨੇ ਸਮਾਜਿਕ ਬੁਰਾਈਆਂ ਦੇ ਖਿਲਾਫ਼ ਕਲਮ ਚੁੱਕੀ ਹੈ। ਮਨੁੱਖ ਦਾ ਬਣਾਵਟੀ ਕਿਰਦਾਰ, ਸਰਬ ਧਰਮਾਂ ਦਾ ਸਤਿਕਾਰ, ਸਮਾਜ ਵਿਚ ਰਿਸ਼ਵਤ ਦਾ ਬੋਲਬਾਲਾ, ਕਚਹਿਰੀਆਂ ਵਿਚ ਵਕੀਲਾਂ ਵਲੋਂ ਲੁੱਟ ਅਤੇ ਬੇਇਨਸਾਫ਼ੀ, ਅਜੋਕੀ ਪੇਂਡੂ ਰਹਿਤਲ ਵਿਚ ਕਮਜ਼ੋਰੀ, ਨਾਰੀ ਵਲੋਂ ਫੈਸ਼ਨਾਂ ਉੱਤੇ ਜ਼ੋਰ, ਹੱਥੀਂ ਕਿਰਤ ਕਰਨ ਦੀ ਪਵਿੱਤਰਤਾ ਦਾ ਖ਼ਾਤਮਾ, ਘਰ ਦੀ ਪੱਕੀ ਰੋਟੀ ਛੱਡ ਕੇ ਬਾਜ਼ਾਰੀ ਵਸਤਾਂ ਜਿਵੇਂ ਪੀਜ਼ੇ ਅਤੇ ਬਰਗਰਾਂ ਦਾ ਰਿਵਾਜ਼, ਦੇਸ਼ ਵਿਚ ਵਧ ਰਿਹਾ ਜਬਰ ਜਨਾਹੀ ਜ਼ੁਲਮ, ਪੰਜਾਬ ਵਿਚ ਨਸ਼ਿਆਂ ਦਾ ਹੜ੍ਹ ਆਦਿ ਲੋਕ ਹਿਤ ਦੇ ਵਿਸ਼ੇ ਕਵੀ ਨੇ ਬਾਖੂਬੀ ਨਿਭਾਏ ਹਨ। ਉਹ ਕਚਹਿਰੀਆਂ ਦੀ ਹਾਲਤ ਦਰਸਾਉਂਦਾ ਲਿਖਦਾ ਹੈ ਕਿ :
ਕਚਹਿਰੀ ਵਿਚ ਬੈਠਾ ਜੱਜ, ਵੱਢੀ ਲੈਂਦਾ ਝੱਟ ਪੱਟ,
ਫਸਣ ਬੇਕਸੂਰ ਸਾਰੇ ਦੋਸ਼ੀ ਛੁੱਟਣ ਫਟਾਫਟ।
ਪੰਜਾਬ ਵਿਚ ਫੈਲੇ ਡੇਰਾਵਾਦ ਦੇ ਪ੍ਰਕੋਪ ਬਾਰੇ ਕਵੀ ਲਿਖਦਾ ਹੈ :
ਡੇਰਾਵਾਦ ਸਿੱਖੀ ਤਾਈਂ, ਵਧਣ ਨਹੀਂ ਦੇਂਦਾ ਕਦੇ,
ਆਪਣੀ ਮਰਿਆਦਾ ਸੰਤ ਡੇਰੇ 'ਚ ਚਲਾਏ ਜੀ।
ਵੱਡੇ-ਵੱਡੇ ਅਫਸਰ ਅਤੇ ਨੇਤਾ ਫਸਣ ਜਾਲ ਜਾ ਕੇ,
ਪੁੱਠੇ ਸਿੱਧੇ ਕੰਮ ਬਾਬਾ ਉਨ੍ਹਾਂ ਤੋਂ ਕਰਾਏ ਜੀ...।
ਕਵੀ ਨੇ ਬੇਬਾਕੀ ਅਤੇ ਦਲੇਰੀ ਨਾਲ ਪੰਜਾਬੀ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਆਪਣੀਆਂ ਕਵਿਤਾਵਾਂ ਵਿਚ ਜ਼ਾਹਿਰ ਕੀਤਾ ਹੈ। ਪੁਸਤਕ ਸਿੱਖਿਆਦਾਇਕ ਹੈ।


-ਸੁਲੱਖਣ ਸਰਹੱਦੀ
ਮੋ: 94174-84337.


ਦਾਸਤਾਨ
ਜੀਵਨੀਕਾਰ : ਲਾਲ ਸਿੰਘ ਦਿਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 175
ਸੰਪਰਕ : 98152-98459.


ਲਾਲ ਸਿੰਘ ਦਿਲ ਦੀ ਇਹ ਸਵੈ-ਜੀਵਨੀ ਦਿਲ ਨੂੰ ਹਲੂਣਦੀ ਹੈ। ਅਖੌਤੀ ਛੋਟੀ ਜਾਤੀ ਵਿਚ ਜੰਮੇ ਇਸ ਕਵੀ ਦਾ ਬਚਪਨ ਬਹੁਤ ਗ਼ਰੀਬ, ਲਾਲਾਚਰ ਅਤੇ ਸੁੰਞਾ ਸੀ। ਸਮਾਜ ਵਿਚੋਂ ਦੁਤਕਾਰੇ ਜਾਣ ਕਰਕੇ ਜਾਤ ਅਭਿਮਾਨੀਆਂ ਤੋਂ ਤ੍ਰਿਸਕਾਰ ਮਿਲਣ ਕਰਕੇ ਇਸ ਦਾ ਹਿਰਦਾ ਵਲੂੰਧਰਿਆ ਗਿਆ। ਸਕੂਲ ਵਿਚ ਖੇਡਾਂ, ਸਾਹਿਤਕ ਇਕੱਠ ਅਤੇ ਹੋਰ ਮੁਕਾਬਲਿਆਂ ਸਮੇਂ ਉਸ ਨੂੰ ਦੂਰ ਰੱਖਿਆ ਜਾਂਦਾ ਸੀ। ਉਹ ਪਿਆਰ ਨੂੰ ਤਰਸਦਾ ਰਿਹਾ। ਹੌਲੀ-ਹੌਲੀ ਉਸ ਦਾ ਰੁਖ਼ ਇਨਕਲਾਬੀ ਹੋ ਗਿਆ। ਪੁਲਿਸ ਦੇ ਡਰੋਂ ਉਹ ਯੂ.ਪੀ. ਚਲਾ ਗਿਆ। ਉਥੇ ਉਸ ਨੇ ਡੰਗਰ ਚਾਰੇ, ਘਰੇਲੂ ਨੌਕਰ ਰਿਹਾ ਅਤੇ ਚੌਕੀਦਾਰੀ ਕੀਤੀ। ਫਿਰ ਉਸ ਨੇ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਇਹ ਮੁਸਲਮਾਨ ਹੋ ਗਿਆ। ਉਹਦੀਆਂ ਕਵਿਤਾਵਾਂ ਵਿਚੋਂ ਨਿਥਾਵੇਂ, ਨਿਆਸਰੇ, ਲਾਚਾਰ, ਦੀਨ ਹੀਨ ਲੋਕਾਂ ਦਾ ਦਰਦ ਝਲਕਣ ਲੱਗਾ। ਉਸ ਨੇ ਕੰਮੀ ਲੋਕਾਂ ਦੇ ਮੁਹਾਂਦਰੇ ਸ਼ਬਦਾਂ ਵਿਚ ਸਿਰਜੇ। ਕਵਿਤਾ ਵਿਚ ਇਨਕਲਾਬੀ ਸੁਰ ਹੋਣ ਕਰਕੇ ਉਸ ਉੱਤੇ ਕਈ ਵਾਰ ਪੁਲਿਸ ਤਸ਼ੱਦਦ ਹੋਏ। ਉਸ ਨੂੰ ਜੇਲ੍ਹ ਵੀ ਕੱਢਣੀ ਪਈ। ਜ਼ਿੰਦਗੀ ਦਾ ਵੱਡਾ ਹਿੱਸਾ ਸੰਘਰਸ਼ਾਂ ਅਤੇ ਦੁੱਖਾਂ ਵਿਚ ਬੀਤ ਗਿਆ। ਉਹ ਨਕਸਲਵਾੜੀ ਲਹਿਰ ਵਿਚ ਸਰਗਰਮ ਹੋ ਗਿਆ। ਪੁਲਿਸ ਦੀਆਂ ਭਿਆਨਕ ਕੁੱਟਾਂ, ਗ੍ਰਿਫ਼ਤਾਰੀਆਂ ਅਤੇ ਜ਼ੁਲਮਾਂ ਨੇ ਉਸ ਦੀ ਸਿਹਤ ਬਰਬਾਦ ਕਰ ਦਿੱਤੀ ਸੀ। ਉਹ ਸਾਰੀ ਉਮਰ ਵਿਆਹ ਅਤੇ ਮੁਹੱਬਤ ਨੂੰ ਤਰਸਦਾ ਰਿਹਾ ਜੋ ਉਸ ਨੂੰ ਨਸੀਬ ਨਾ ਹੋਈ। ਦਾਰੂ ਪੀਣ ਕਰਕੇ ਉਸ ਦੀ ਮਾਨਸਿਕਤਾ ਵਿਗੜ ਗਈ। ਸਮੇਂ ਦੀਆਂ ਤਨਹਾਈਆਂ, ਬਰਬਾਦੀਆਂ ਅਤੇ ਨਾਕਾਮੀਆਂ ਨੇ ਉਸ ਨੂੰ ਸ਼ਾਇਰ ਬਣਾ ਦਿੱਤਾ। ਕੁਝ ਸਾਹਿਤਕ ਅਦਾਰਿਆਂ ਨੇ ਉਸ ਨੂੰ ਯੋਗ ਮਾਣ-ਸਨਮਾਨ ਦੇ ਕੇ ਨਿਵਾਜਿਆ। ਉਸ ਨੇ ਆਪਣੇ ਜੀਵਨ ਦੇ ਦੁੱਖਾਂ-ਸੁੱਖਾਂ, ਹਰਖਾਂ-ਸੋਗਾਂ ਅਤੇ ਕਮਜ਼ੋਰੀਆਂ-ਲਾਚਾਰੀਆਂ ਨੂੰ ਬੜੀ ਬੇਬਾਕੀ ਨਾਲ ਬਿਆਨਿਆ ਹੈ। ਇਸ ਪੁਸਤਕ ਦਾ ਸਵਾਗਤ ਹੈ।


-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.ਉਸ ਨੇ ਕਿਹਾ
ਲੇਖਕ : ਸੁਰਿੰਦਰ ਗਿੱਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 99154-73505.


ਸੱਤਰਵਿਆਂ ਵਿਚ 'ਛੱਟਾ ਚਾਨਣਾ ਦਾ ਦੇਈ ਜਾਣਾ' ਗੀਤ ਨਾਲ ਦੇਸ਼-ਵਿਦੇਸ਼ ਦੀਆਂ ਸਾਹਿਤਕ ਸੱਥਾਂ ਵਿਚ ਛਾ ਜਾਣ ਵਾਲੇ ਸ਼ਾਇਰ ਸੁਰਿੰਦਰ ਗਿੱਲ ਨੇ ਹਥਲਾ ਕਾਵਿ-ਸੰਗ੍ਰਹਿ 'ਉਸ ਨੇ ਕਿਹਾ' ਤੋਂ ਪਹਿਲਾਂ 8 ਕਾਵਿ ਸੰਗ੍ਰਹਿ, ਇਕ ਸਮੀਖਿਆ ਪੁਸਤਕ 'ਦੀਵਾਨ ਸਿੰਘ ਕਾਲਾ ਪਾਣੀ ਜੀਵਨ ਤੇ ਰਚਨਾ' ਤੋਂ ਇਲਾਵਾ ਇਕ ਸਫ਼ਰਨਾਮਾ ਪੰਜਾਬੀ ਅਦਬ ਦੀ ਝੋਲੀ ਪਾ ਚੁੱਕਿਆ ਹੈ। ਸ਼ਾਇਰ ਪੌਣੀ ਸਦੀ ਦਾ ਪੰਧ ਮੁਕਾਉਂਦਿਆਂ ਉਮਰ ਦੀਆਂ ਤਿਰਕਾਲਾਂ ਵੇਲੇ ਆਪਣੀ ਉਮਰ ਦੀ ਤਿੱਖੜ ਦੁਪਹਿਰ ਵੱਲ ਪਿਛਲ ਝਾਤ ਮਾਰ ਕੇ ਆਪਣਾ ਲੇਖਾ-ਜੋਖਾ ਕਰਦਾ ਹੈ। ਉਮਰ ਦੀ ਤਿੱਖੜ ਦੁਪਹਿਰ ਵੇਲੇ ਜਦ ਜਜ਼ਬਾਤਾਂ ਦਾ ਬੇਮੁਹਾਰਾ ਵਹਿਣ ਕੱਚੇ ਧਾਨਾਂ ਦੀ ਮਹਿਕ ਨਾਲ ਸਰੂਰਿਆ ਜਾਂਦਾ ਹੈ ਤਾਂ ਚੰਦਨ ਦੀ ਗੇਲੀ ਵਰਗੀਆਂ ਸਹਿਪਾਠਣਾਂ ਦਾ ਸੰਗ-ਸਾਥ ਮਾਣਦਿਆਂ ਕੱਲਰੀ ਨਾਗ ਵਾਂਗ ਉਸ ਗੇਲੀ ਨਾਲ ਲਿਪਟਣ ਲਈ ਦਿਲ ਲੁੱਛਦਾ ਤਾਂ ਹੈ ਪਰ ਸੰਗ ਦੀ ਕੰਧ ਤੇ ਪਾਲਤੂ ਜਿਹੀਆਂ ਸਮਾਜਿਕ ਵਰਜਣਾਵਾਂ ਰਾਹਾਂ ਦਾ ਰੋੜਾ ਬਣ ਜਾਂਦੀਆਂ ਹਨ। ਉਸ ਦੀ ਲੋਚਾ ਹੈ ਕਿ ਰੇਲ ਪੱਟੜੀ ਦੀਆਂ ਲਾਈਨਾਂ ਜੋ ਸਮਾਨੰਤਰ ਜਾ ਰਹੀਆਂ ਹਨ ਕਦੇ ਨਾ ਕਦੇ ਇੱਕ ਮਿੱਕ ਹੋ ਕੇ ਜੁੜ ਜਾਣ। ਅੱਧੀ ਸਦੀ ਸ਼ਬਦ ਸਾਧਨਾ ਦੀ ਧੂਣੀ ਸੇਕਦਿਆਂ ਸ਼ਾਇਰ ਕਾਲੇ ਬੱਦਲ ਦੀ ਚਿੱਟੀ ਕੰਨੀ ਤੋਂ ਇਸ ਪੜਾਅ 'ਤੇ ਨੀਰਸ ਜ਼ਿੰਦਗੀ ਤੋਂ ਜਿਊਣ ਦੀ ਲਾਲਸਾ ਕਰਦਿਆਂ ਆਖਦਾ ਹੈ 'ਸਿਮਰਤੀਆਂ ਦੇ ਰੰਗਾਂ ਵਿਚ ਨਹਾਈਏ, ਓਸ ਪਿਆਰੀ ਰੁੱਤ ਤੇ ਮੋਹ ਦੇ ਨਗਮੇ ਗਾਈਏ', 'ਤਾਹੀਓਂ ਤਾਂ ਸ਼ਾਇਰ ਆਖਦਾ ਹੈ ਕਿ ਮੋਹ ਕਦੇ ਬੁੱਢਾ ਨਹੀਂ ਹੁੰਦਾ ਤੇ ਉਮਰ ਦਾ ਇਹ ਉਹ ਪੜਾਅ ਹੈ ਜਦ ਮੋਹ ਪ੍ਰਪੱਕਤਾ ਦੀ ਕੁਠਾਲੀ ਵਿਚ ਢਲਦਾ ਹੈ। ਪੁਸਤਕ ਦਾ ਖੂਬਸੂਰਤ ਸਰਵਰਕ ਸ਼ਾਇਰ ਦੀ ਸ਼ਾਇਰੀ ਸਮਝਣ ਵਿਚ ਸਹਾਈ ਹੁੰਦਾ ਹੈ। ਪੁਸਤਕ ਵਿਚ ਪਹਿਲੀਆਂ ਕਿਤਾਬਾਂ ਬਾਰੇ ਪ੍ਰਬੁੱਧ ਆਲੋਚਕਾਂ ਦੇ ਕਥਨ ਸ਼ਾਇਰ ਦੀ ਸਮੁੱਚੀ ਸ਼ਾਇਰੀ 'ਤੇ ਪੰਛੀ ਝਾਤ ਪਵਾਉਂਦੇ ਹਨ। ਉਂਝ ਇਹ ਪੁਸਤਕ ਤਾਂ ਹਰੇਕ ਪਾਠਕ ਨੂੰ ਪੜ੍ਹਨੀ ਬਣਦੀ ਹੀ ਬਣਦੀ ਹੈ ਪਰ ਜੇ ਇਹ ਪੁਸਤਕ ਉਮਰ ਦੀਆਂ ਤਿਰਕਾਲਾਂ ਵਾਲਾ ਬੰਦਾ ਵੀ ਪੜ੍ਹੇਗਾ ਤਾਂ ਉਸ ਨੂੰ ਹੁੰਮਸ ਭਰੀ ਆਖ਼ਰੀ ਉਮਰ ਵਿਚ ਪੁਰੇ ਦੀ ਠੰਢੀ ਵਾ ਵਰਗਾ ਅਨੰਦ ਦੇਵੇਗੀ। ਅਸਾਡਾ ਇਹ ਪ੍ਰਗੀਤਕ ਸ਼ਾਇਰ ਉਮਰ ਦੀ ਸੈਂਚਰੀ ਪਾਰ ਕਰੇ, ਇਹੀ ਮੇਰੀ ਦੁਆ ਹੈ। ਆਮੀਨ।


-ਭਗਵਾਨ ਢਿੱਲੋਂ
ਮੋ: 98143-78254.ਮੈਨਾ ਦੀ ਪਰਵਾਜ਼
ਲੇਖਕ : ਭਗਵਾਨ ਢਿੱਲੋਂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 78
ਸੰਪਰਕ : 98143-78254.


ਭਗਵਾਨ ਢਿੱਲੋਂ ਪੰਜਾਬੀ ਕਾਵਿ-ਜਗਤ 'ਚ ਇਕ ਜਾਣਿਆ-ਪਛਾਣਿਆ ਅਤੇ ਚਰਚਿਤ ਨਾਂਅ ਹੈ। 'ਮੈਨਾ ਦੀ ਪਰਵਾਜ਼' ਉਸ ਦਾ ਚੌਥਾ ਕਾਵਿ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦੇ 'ਉਦਾਸੀ ਹੀਰੇ ਹਰਨ ਦੀ' (1992), 'ਨੀਰੋ ਦੀ ਬੰਸਰੀ' (2003) ਅਤੇ 'ਕਲਿੰਗਾ' (2011) ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ, ਜਿਨ੍ਹਾਂ ਦਾ ਪੰਜਾਬੀ ਕਾਵਿ-ਪਾਠਕਾਂ ਅਤੇ ਆਲੋਚਕਾਂ ਨੇ ਭਰਵਾਂ ਨੋਟਿਸ ਲਿਆ ਹੈ। 'ਮੈਨਾ' ਪੰਛੀ, ਇਸਤਰੀ ਲਿੰਗ ਹੈ। ਇਸੇ ਲਈ ਭਗਵਾਨ ਢਿੱਲੋਂ ਨੇ ਇਹ ਕਾਵਿ-ਸੰਗ੍ਰਹਿ ਆਪਣੀ ਸੁਪਤਨੀ ਗੁਰਦੀਪ ਕੌਰ ਦੇ ਸਦੀਵੀ ਵਿਛੋੜੇ ਨੂੰ, ਨੂੰਹ ਰਾਣੀ ਪ੍ਰਭਜੀਤ ਕੌਰ ਵਲੋਂ ਦਿੱਤੀਆਂ ਨਿਆਮਤਾਂ, ਭਵਿੱਖ : ਗੁਰਵੀਰ ਢਿੱਲੋਂ ਅਤੇ ਗੁਰਪ੍ਰਤਾਪ ਢਿੱਲੋਂ ਦੀਆਂ ਨਿੱਕੀਆਂ ਸ਼ਰਾਰਤਾਂ ਅਤੇ ਕਿਲਕਾਰੀਆਂ ਦੇ ਨਾਂਅ ਕਰਦਿਆਂ ਇਹ ਆਸ ਪ੍ਰਗਟਾਈ ਹੈ ਕਿ ਜਗਤ-ਸਿਰਜਣਾ ਅਤੇ ਵਿਗਸਾਉਣ ਵਾਲੀ ਔਰਤ ਹੁਣ ਆਪਣੇ ਹਿੱਸੇ ਦੇ ਆਕਾਸ਼ 'ਚ ਪਰਵਾਜ਼ ਭਰਨ ਦੇ ਸਮਰੱਥ ਹੋ ਰਹੀ ਹੈ। ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ 'ਮੈਨਾ ਦੀ ਪਰਵਾਜ਼', 'ਕਿੱਸਾ ਸਲਵਾਨ', 'ਸ਼ਾਇਰ ਪੀਲੂ ਨੂੰ ਅੰਧਰਾਤਾ', 'ਕੌਲਾ ਨੇ ਬੀਜਾ ਤਿਆਗਤਾ', 'ਮੁਰਗਾਬੀ ਦਾ ਸਵੈ-ਕਥਨ' ਅਤੇ 'ਸਲਾਮ ਬੇਟੀ ਮਲਾਲਾ' ਸਮੇਤ ਕੁੱਲ 25 ਕਵਿਤਾਵਾਂ 'ਚ ਕ੍ਰਮਵਾਰ ਸ਼ਾਇਰ ਕਾਦਰ ਯਾਰ, ਪੀਲੂ, ਸਮਕਾਲੀ ਕਵੀਆਂ ਸਮੇਤ ਸੰਬਾਦਕ ਪ੍ਰਵਚਨਾਂ ਰਾਹੀਂ ਵਿਅੰਗ-ਵਿਧੀ ਦਾ ਪ੍ਰਯੋਗ ਕਰਦਿਆਂ 'ਨਾਰੀ-ਸਰੋਕਾਰਾਂ' ਨਾਲ ਜੁੜੇ ਮਸਲਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਵਿਸ਼ਵੀਕਰਨ, ਨਿੱਜੀਕਰਨ ਅਤੇ ਉਦਾਰੀਕਰਨ ਨੀਤੀਆਂ ਦਾ ਸੰਸਾਰ ਪੱਧਰ 'ਤੇ ਵਿਆਪਕ ਅਸਰ ਆਮ ਲੋਕਾਈ 'ਤੇ ਪਿਆ ਹੈ। 'ਸਰਜੀਕਲ ਸਟ੍ਰਾਈਕ ਇਹ ਵੀ' ਕਵਿਤਾ 'ਚ ਅਜਿਹੇ ਵਰਤਾਰਿਆਂ ਦੀ ਵਿਆਖਿਆ 'ਧੀਤੋ', 'ਮਿਰਜ਼ਾ', 'ਅਜੋਕੇ ਪਤੀ ਦੇਵ ਦੀਆਂ ਸ਼ੱਕੀ ਨਜ਼ਰਾਂ' ਆਦਿ ਉਦਾਹਰਨਾਂ, ਉਕਤ ਵਰਤਾਰੇ ਦੀ ਭਰਪੂਰ ਮੰਜ਼ਰ-ਕਸ਼ੀ ਕਰਦੀਆਂ ਹਨ। ਉਥੇ ਉਹ ਇਸ ਦੇ ਖਿਲਾਫ਼ ਡਟਣ ਤੋਂ ਲੈ ਕੇ ਜਿੱਤ ਤੱਕ ਵੀ ਆਸਵੰਦ ਹੈ :
ਅਸੀਂ ਤਾਂ ਹੁਣ
ਭੈਂਗੀਆਂ ਅੱਖਾਂ ਨੂੰ ਦਿਖਾ ਕੇ ਸਮਿਆਂ ਦਾ ਸ਼ੀਸ਼ਾ
ਬੜੀ ਸ਼ਾਨ ਨਾਲ ਜਿੱਤ ਦਾ ਪਰਚਮ ਝੁਲਾਵਾਂਗੇ
ਤੇ ਧਰੂ ਤਾਰੇ ਦੀ ਸਹੁੰ ਖਾ ਕੇ
ਆਪਣੀ ਮੰਜ਼ਿਲ ਵੱਲ ਨੂੰ ਜਾਂਦੇ ਰਸਤਿਆਂ 'ਤੇ
ਚੌਮੁਖੀਏ ਦੀਵੇ ਜਗਾਵਾਂਗੇ।
ਭਗਵਾਨ ਢਿੱਲੋਂ ਨੇ ਆਪਣੀਆਂ ਕਵਿਤਾਵਾਂ ਵਿਚ ਕਵਿਤਾ ਦੇ ਵਿਸ਼ੇ ਦੇ ਅਨੁਕੂਲ ਸ਼ਬਦਾਂ ਦੀ ਚੋਣ ਕਰਦਿਆਂ 'ਸਰਜੀਕਲ ਸਟ੍ਰਾਈਕ', 'ਵਿੰਡੋ ਸ਼ਾਪਿੰਗ', 'ਲਾਈ ਡੀਟੈਕਟਰ', 'ਗਲੋਬਲ ਵਿਲੇਜ' ਬੇਸ਼ੱਕ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਕੀਤੀ ਹੈ ਪਰ ਉਸ ਨੇ ਇਨ੍ਹਾਂ ਸ਼ਬਦਾਂ ਦੇ ਸਹੀ ਸੰਦਰਭਾਂ ਦੀ ਪਛਾਣ ਅਤੇ ਵਿਆਖਿਆ ਵੀ ਕੀਤੀ ਹੈ। ਆਸ ਕਰਦਾ ਹਾਂ ਕਿ ਪੰਜਾਬੀ ਕਾਵਿ-ਪਾਠਕਾਂ ਅਤੇ ਪੰਜਾਬੀ ਆਲੋਚਕਾਂ ਲਈ ਇਹ ਕਾਵਿ-ਸੰਗ੍ਰਹਿ ਖਿੱਚ ਦਾ ਕੇਂਦਰ ਬਣੇਗਾ। ਆਮੀਨ।


-ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.ਕਾਮੇ ਤੇ ਯੋਧੇ

ਲੇਖਕ : ਸੰਤ ਸਿੰਘ ਸੇਖੋਂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 104
ਸੰਪਰਕ : 95011-45039.


ਪੰਜਾਬੀ ਕਹਾਣੀ ਇਤਿਹਾਸ ਵਿਚ ਬੌਧਿਕ ਕਿਸਮ ਦੀਆਂ ਕਹਾਣੀਆਂ ਲਿਖਣ ਵਾਲੇ ਸਰਬਾਂਗੀ ਸਾਹਿਤਕਾਰ ਸੰਤ ਸਿੰਘ ਸੇਖੋਂ ਦੀ ਇਹ ਪੁਸਤਕ ਨਵੇਂ ਸੰਸਕਰਣ ਵਿਚ ਛਪ ਕੇ ਆਈ ਹੈ। ਪ੍ਰਸਿੱਧ ਆਲੋਚਕ ਡਾ: ਤੇਜਵੰਤ ਸਿੰਘ ਗਿੱਲ ਨੇ ਪੁਸਤਕ ਦੀਆਂ ਕਹਾਣੀਆਂ ਦਾ ਕਹਾਣੀ ਦੇ ਵਿਕਾਸ ਦੇ ਸੰਦਰਭ ਵਿਚ ਸਾਰਥਕ ਵਿਸ਼ਲੇਸ਼ਣ ਕੀਤਾ ਹੈ। ਲੇਖਕ ਦੀ ਕਹਾਣੀਆਂ ਦੀ ਇਹ ਦੂਸਰੀ ਕਿਤਾਬ ਸੀ। ਪਹਿਲਾ ਕਹਾਣੀ ਸੰਗ੍ਰਹਿ 'ਸਮਾਚਾਰ' ਸੀ। ਇਸ ਕਿਤਾਬ ਦੇ ਲਿਖਣ ਤੱਕ ਦੇਸ਼ ਵੰਡ ਹੋ ਚੁੱਕੀ ਸੀ। ਇਸ ਪੁਸਤਕ ਵਿਚ ਕਹਾਣੀ ਭੂਤਾਂ ਦੀ ਖੇਡ ਵਿਚ ਇਹ ਦਰਦਨਾਕ ਦ੍ਰਿਸ਼ ਹੈ। ਮੁਸਲਮਾਨ ਔਰਤ ਆਪਣੇ ਪਰਿਵਾਰ ਤੋਂ ਵਿਛੜ ਗਈ ਹੈ। ਇਕ ਸਿੱਖ ਉਸ ਨੂੰ ਆਪਣੇ ਨਾਲ ਲਿਜਾਣ ਲਈ 'ਆ ਭਾਗਵਾਨੇ ਮੇਰੇ ਨਾਲ' ਕਹਿ ਕੇ ਨਾਲ ਤੋਰ ਲੈਂਦਾ ਹੈ। ਔਰਤ ਮਜਬੂਰ ਹੈ। ਇਸ ਸਮਾਜਿਕ ਇਤਿਹਾਸਕ ਦੁਖਾਂਤ ਦਾ ਹੀ ਪ੍ਰਸੰਗ ਕਹਾਣੀ ਐਟਮ ਬੰਬ ਵਿਰੁੱਧ ਕਹਾਣੀ ਵਿਚ ਹੈ। ਦੇਸ਼ ਵਿਚ ਅਮਨ ਲਈ ਉਗਰਾਹੀ ਹੋ ਰਹੀ ਹੈ ਹੋਰਨਾਂ ਦੇ ਨਾਲ ਇਕ ਪ੍ਰਕਾਸ਼ਕ ਕੋਲ ਜਾਂਦੇ ਹਨ। ਪਾਤਰਾਂ ਦਾ ਸੰਵਾਦ ਦੇ ਵਿਸ਼ੇ ਅੰਮ੍ਰਿਤਸਰ ਨੂੰ ਰਾਜਧਾਨੀ ਬਣਾਉਣ, ਐਟਮੀ ਖ਼ਤਰੇ, ਹੀਰੋਸ਼ੀਮਾ ਨਾਗਾਸਾਕੀ ਬੰਬ ਕਾਂਡ ਬਾਰੇ ਹਨ। ਉਸ ਸਮੇਂ ਦੀ ਫ਼ਿਰਕੂ ਫਿਜ਼ਾ ਦੇ ਦ੍ਰਿਸ਼ ਹਨ। ਕਿਸਾਨੀ ਮਸਲਿਆਂ ਬਾਰੇ ਕਹਾਣੀ ਕਿਰਸਾਨ ਤੇ ਕਾਮਾ, ਏਹ ਨਿਦੋਸਾ ਮਾਰੀਐ ਹਨ। ਜੱਟ ਕਿਸਾਨ ਦਾ ਕਰਜ਼ਾਈ ਹੋਣਾ ਤੇ ਜੱਟਾਂ ਦੇ ਕਾਮਿਆਂ ਨਾਲ ਸਬੰਧਾਂ ਬਾਰੇ ਕਹਾਣੀਆਂ ਵਿਚ ਜੱਟ ਹੈਂਕੜ ਦਾ ਜ਼ਿਕਰ ਹੈ। ਕਹਾਣੀ ਮੰਨ ਮਨਾਈ ਦਾ ਜੋੜਾ ਸਾਈਕਲ 'ਤੇ ਹੈ। ਰਾਹ ਵਿਚ ਔਰਤ ਕਿਸੇ ਗੱਲ ਤੋਂ ਰੁੱਸ ਜਾਂਦੀ ਹੈ। ਖਾਵੰਦ ਸਾਈਕਲ ਤੋਂ ਲਾਹ ਦਿੰਦਾ ਹੈ। ਵਿਚਾਰੀ ਬਣ ਕੇ ਬੈਠ ਜਾਂਦੀ ਹੈ। ਮੈਂ ਪਾਤਰ ਕੋਲ ਆ ਕੇ ਉਸ ਨਾਲ ਸੰਵਾਦ ਰਚਾਉਂਦਾ ਹੈ। ਪਿਕਨਿਕ ਵਿਚ ਤਿੰਨ ਹੁਸੀਨ ਕੁੜੀਆਂ ਦੇ ਨਹਾਉਣ ਵੇਲੇ ਦੇ ਰੁਮਾਂਟਿਕ ਸੰਵਾਦ ਹਨ। ਕਹਾਣੀਆਂ ਵਿਚ ਭਾਸ਼ਣ ਵਾਲੀ ਸਿੱਧੀ ਜੁਗਤ ਹੈ। ਆਲੋਚਨਾ ਕਈ ਵਾਰ ਭਾਰੂ ਹੋ ਜਾਂਦੀ ਹੈ । ਲੇਖਕ ਆਰਥਿਕਤਾ ਦੀ ਕਮਜ਼ੋਰੀ ਦੀ ਤਹਿ ਤੱਕ ਜਾਣ ਦਾ ਯਤਨ ਕਰਦਾ ਹੈ। ਸੰਗ੍ਰਹਿ ਸਮਕਾਲੀ ਸਮਾਜ ਦੀ ਬਹੁਪੱਖੀ ਤਸਵੀਰ ਹੈ ।


-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160

09-08-2020

 ਜ਼ਿੰਦਗੀ ਨੂੰ ਪੜ੍ਹਦੇ ਪੜ੍ਹਦੇ
ਲੇਖਕ : ਹਰਮਨਜੀਤ ਚਹਿਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 180 ਰੁਪਏ, ਸਫ਼ੇ : 136
ਸੰਪਰਕ : 98726-32327.


ਇਹ ਪੁਸਤਕ ਉਨ੍ਹਾਂ ਰਚਨਾਵਾਂ ਦਾ ਸੰਗ੍ਰਹਿ ਹੈ ਜੋ ਲੇਖਕ ਨੇ ਸਮੇਂ-ਸਮੇਂ ਅਖ਼ਬਾਰਾਂ ਵਿਚ ਛਪਵਾਈਆਂ। ਇਨ੍ਹਾਂ ਵਿਚ ਵੱਖ-ਵੱਖ ਵਿਸ਼ਿਆਂ ਬਾਰੇ ਰੌਚਿਕ ਜਾਣਕਾਰੀ ਦਿੱਤੀ ਗਈ ਹੈ ਜਿਵੇਂ ਵਿਸ਼ਵੀਕਰਨ ਅਤੇ ਮਨੁੱਖੀ ਕਦਰਾਂ-ਕੀਮਤਾਂ, ਬੇਰੁਜ਼ਗਾਰੀ ਅਤੇ ਸਿਆਸਤ, ਮਜ਼ਦੂਰ ਵਰਗ ਦੀਆਂ ਵਿਦਿਅਕ ਲੋੜਾਂ, ਅਧਿਆਪਕਾਂ ਦੀਆਂ ਜ਼ਿੰਮੇਵਾਰੀਆਂ ਮੀਡੀਆ ਅਤੇ ਭਾਰਤੀ ਸੱਭਿਅਤਾ, ਅਧਿਆਪਨ ਅਤੇ ਸਿੱਖਿਆ, ਕਿਤਾਬਾਂ ਅਤੇ ਕੁੜੀਆਂ ਆਦਿ। ਸੁਚੱਜੀ ਜੀਵਨ ਜਾਚ, ਜ਼ਿੰਦਗੀ ਦੇ ਤਾਣੇ-ਬਾਣੇ ਅਤੇ ਜ਼ਿੰਦਗੀ ਦੀ ਤਾਜ਼ਗੀ ਬਾਰੇ ਵੀ ਸੁੰਦਰ ਵਿਚਾਰ ਦਿੱਤੇ ਗਏ ਹਨ। ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਭਾਸ਼ਾ ਦੀ ਵੀ ਗੱਲ ਕੀਤੀ ਗਈ ਹੈ। ਲੇਖਕ ਨੇ ਆਪਣੀਆਂ ਕੁਝ ਯਾਤਰਾਵਾਂ ਦੇ ਤਜਰਬੇ ਵੀ ਸਾਂਝੇ ਕੀਤੇ ਹਨ ਜਿਵੇਂ ਪਥਰੀਲੇ ਮਾਰੂਥਲ ਵੱਲ ਰਵਾਨਗੀ, ਹਿਮਾਲਿਆ ਦੀਆਂ ਪਟਰਾਣੀਆਂ, ਲਖਨਊ ਦੀ ਸ਼ਾਨ ਆਦਿ। ਕੁਝ ਇਤਿਹਾਸਕ ਸਥਾਨਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ ਜਿਵੇਂ ਗੁਰਦੁਆਰਾ ਪਾਤਸ਼ਾਹੀ ਨੌਵੀਂ ਭਵਾਨੀਗੜ੍ਹ ਅਤੇ ਬਾਬਾ ਜੋਗੀਪੀਰ ਚਹਿਲ। ਅਧਿਆਪਨ, ਸਿੱਖਿਆ, ਮੀਡੀਆ, ਸੱਭਿਅਤਾ ਅਤੇ ਔਰਤ ਪ੍ਰਤੀ ਸੋਚ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਹਨ। ਲੇਖਕ ਦਾ ਖਿਆਲ ਹੈ ਕਿ ਸਾਹਿਤ, ਸਬਰ, ਸਬਰ ਅਤੇ ਸੰਗੀਤ ਮਨੁੱਖ ਨੂੰ ਹਿੰਮਤ, ਹੌਸਲਾ ਅਤੇ ਸਕੂਨ ਬਖਸ਼ਦੇ ਹਨ। ਇਹ ਧਰਤੀ ਸਮਝੌਤੇ ਨਾਲ ਚਲਦੀ ਹੈ ਅਤੇ ਮੁਹੱਬਤ ਉੱਤੇ ਟਿਕੀ ਹੋਈ ਹੈ। ਸਾਰਿਆਂ ਨੂੰ ਆਪਸੀ ਪਿਆਰ ਨਾਲ ਰਹਿਣਾ ਚਾਹੀਦਾ ਹੈ।
ਜੀਵਨ ਨੂੰ ਸੁਖਾਲਾ ਅਤੇ ਖੁਸ਼ਹਾਲ ਬਣਾਉਣ ਲਈ ਸਮਝੌਤਾ ਜ਼ਰੂਰੀ ਹੈ। ਵਿਹਲ ਮਨੁੱਖ ਨੂੰ ਸੁਸਤ ਅਤੇ ਨਿਕੰਮਾ ਬਣਾ ਦਿੰਦੀ ਹੈ। ਲੇਖਕ ਨੇ ਬਹੁਤ ਗੰਭੀਰਤਾ ਨਾਲ ਜ਼ਿੰਦਗੀ, ਸਮਾਜਿਕ ਸਰੋਕਾਰਾਂ ਅਤੇ ਟੁੱਟ-ਭੱਜ ਰਹੀਆਂ ਮਨੁੱਖੀ ਕਦਰਾਂ-ਕੀਮਤਾਂ ਬਾਰੇ ਲਿਖਿਆ ਹੈ। ਉਸ ਨੂੰ ਡਗਮਗਾ ਰਿਹਾ ਸਮੁੱਚਾ ਢਾਂਚਾ ਬਹੁਤ ਫ਼ਿਕਰਮੰਦ ਬਣਾ ਦਿੰਦਾ ਹੈ। ਉਸ ਨੇ ਤਿੜਕ ਰਹੇ ਪਰਿਵਾਰਾਂ ਅਤੇ ਟੁੱਟ-ਭੱਜ ਰਹੇ ਮਨੁੱਖੀ ਰਿਸ਼ਤਿਆਂ ਬਾਬਤ ਵੀ ਚਿੰਤਾ ਪ੍ਰਗਟ ਕੀਤੀ ਹੈ। ਇਹ ਪੁਸਤਕ ਪੜ੍ਹਨਯੋਗ, ਵਿਚਾਰਨਯੋਗ ਅਤੇ ਸ਼ਲਾਘਾਯੋਗ ਹੈ।


-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.ਵਾਰਤਾ
ਸੰਪਾਦਕ : ਤਰਸੇਮ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 144
ਸੰਪਰਕ : 98159-76483.


ਇਸ ਪੁਸਤਕ ਵਿਚ 8 ਵਿਦਵਾਨਾਂ ਦੀ ਮਨਮੋਹਨ ਨਾਲ ਇੰਟਰਵਿਊ ਸ਼ਾਮਿਲ ਹੈ। ਇਹ 8 ਵਿਦਵਾਨ ਹਨ : ਡਾ: ਉਮਿੰਦਰ ਜੌਹਲ, ਡਾ: ਦਿਲਜੀਤ ਸਿੰਘ ਬੇਦੀ, ਗੁਲ ਚੌਹਾਨ, ਡਾ: ਮੁਨੀਸ਼ ਕੁਮਾਰ, ਜਗਦੀਪ ਸਿੱਧੂ, ਡਾ: ਰਵੀ ਰਵਿੰਦਰ, ਅਮਰਜੀਤ ਘੁੰਮਣ ਅਤੇ ਤਰਸੇਮ। ਮਨਮੋਹਨ ਵਲੋਂ ਆਪਣੇ ਨਾਵਲ 'ਨਿਰਵਾਣ' ਦੀ ਸਿਰਜਣ ਪ੍ਰਕਿਰਿਆ ਵੀ ਸ਼ਾਮਿਲ ਹੈ। ਇੰਟਰਵਿਊਆਂ ਦੇ ਸਿਰਲੇਖ ਮਨਮੋਹਨ ਦੀ ਸਾਹਿਤਕ ਦ੍ਰਿਸ਼ਟੀ ਬਾਰੇ ਕ੍ਰਮਵਾਰ ਇੰਜ ਜਾਣਕਾਰੀ ਦਿੰਦੇ ਹਨ : ਕਵਿਤਾ ਮੇਰੀ ਜੀਵਨ ਜਾਚ ਵੀ ਹੈ ਜ਼ਰੂਰਤ ਵੀ..., ਸਾਹਿਤ ਨੇ ਮੈਨੂੰ ਸੰਤੁਲਨ ਬਖ਼ਸ਼ਿਆ ਹੈ...।, ਨਿਰਵਾਣ : ਸਵੈ ਯਾਤਰਾ ਦਾ ਬਿਰਤਾਂਤ, ਸਿਰਜਣਾ ਲਿਖਣ ਤੋਂ ਵੱਧ ਪਾਰਗਾਮੀ ਅਤੇ ਅਧਿਆਤਮੀ ਹੈ, ਹਰ ਅਨੁਭਵ ਆਪਣੀ ਭਾਸ਼ਾ ਨਾਲ ਲੈ ਕੇ ਆਉਂਦਾ ਹੈ, ਮੈਂ ਆਪਣੇ-ਆਪ ਨੂੰ ਕਿਸੇ ਵੀ ਲਹਿਰ, ਵਾਦ, ਪਾਰਟੀ ਜਾਂ ਧੜੇ ਤੋਂ ਨਿਰਲੇਪ ਸਮਝਦਾਂ, ਲਗਾਤਾਰ ਅਸੰਤੁਸ਼ਟੀ ਦੇ ਭਾਵ ਦਾ ਵਿਆਪਕ ਹੋਣਾ ਹੀ ਸਿਰਜਣਾ ਹੈ...।, ਮੈਨੂੰ ਆਪਣੀਆਂ ਹੋਰ ਸੰਭਾਵਨਾਵਾਂ ਦੀ ਅਜੇ ਤਲਾਸ਼ ਹੈ, ਆਦਿ।
ਇੰਟਰਵਿਊਆਂ ਨੂੰ ਪੜ੍ਹਦਿਆਂ ਮਨਮੋਹਨ ਦੇ ਵਿਸ਼ਵਕੋਸ਼ੀ ਗਿਆਨ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਉਹ ਉੱਤਰ ਆਧੁਨਿਕ ਅਤੇ ਸੰਸਕ੍ਰਿਤ ਦੇ ਵਿਦਵਾਨਾਂ ਦਾ ਪ੍ਰਭਾਵ ਵੀ ਕਬੂਲਦਾ ਹੈ। ਫਲਸਰੂਪ ਉਸ ਨੇ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਅੰਗਰੇਜ਼ੀ, ਸੰਸਕ੍ਰਿਤ, ਹਿੰਦੀ, ਉਰਦੂ, ਫ਼ਾਰਸੀ, ਬੰਗਾਲੀ ਆਦਿ ਵਿਦਵਾਨਾਂ ਦੀਆਂ ਟੂਕਾਂ ਅਤੇ ਕਾਵਿ-ਟੁਕੜੀਆਂ ਪ੍ਰਸਤੁਤ ਕੀਤੀਆਂ ਹਨ, ਪਾਠਕ ਸਾਹਿਤ ਸਬੰਧੀ ਉਸ ਦੇ ਮੌਲਿਕ ਵਿਚਾਰਾਂ ਨਾਲ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ।
ਗਹਿਨ ਦ੍ਰਿਸ਼ਟੀ ਨਾਲ ਡੀਕੋੜ ਕਰਦਿਆਂ ਉਸ ਉੱਪਰ ਸੁਚੇਤ/ਅਚੇਤ ਅਸਤਿਤਵਵਾਦ ਦਾ ਪ੍ਰਭਾਵ ਨੋਟ ਕੀਤਾ ਜਾ ਸਕਦਾ ਹੈ। ਉਦਾਹਰਨ ਵਜੋਂ ਮਨਮੋਹਨ ਦੀ ਪਰਿਵਾਰਕ ਫੈਕਟੀਸਿਟੀ ਵਿਚ ਅਨੇਕ ਸੰਭਾਵਨਾਵਾਂ, ਅਨੇਕ ਸੰਭਾਵਨਾਵਾਂ 'ਚੋਂ ਸਾਹਿਤ ਦੀ ਚੋਣ, ਮਾਂ-ਬਾਪ ਦੇ ਝਗੜੇ 'ਚੋਂ ਜੀਵਨ ਵਿਚ ਕੁਝ ਬਣ ਕੇ ਆਪਣੇ ਅਸਤਿਤਵ ਦਾ ਵਿਕਾਸ ਕਰਨ ਦਾ ਫ਼ੈਸਲਾ (ਪੰ: 106), ਅਜੇ ਵੀ ਸੰਭਾਵਨਾਵਾਂ ਦੀ ਤਲਾਸ਼ ਆਦਿ ਸਭ ਅਨੁਭਵ ਤੋਂ ਪਾਰਗਮੀ ਹੋਣਾ, ਅਸਤਿਤਵ ਦੇ ਅਹਿਮ ਲੱਛਣ ਹੀ ਤਾਂ ਹਨ। ਆਪਣੇ ਅੰਤਰੀਵ ਨੂੰ ਜਾਣ ਕੇ ਹੀ ਬਾਹਰ ਨੂੰ ਜਾਣਨਾ (ਪੰ: 77) ਅਤੇ ਮਹਾਤਮਾ ਬੁੱਧ ਦਾ ਭਿਕਸ਼ੂ ਆਨੰਦ ਨੂੰ ਕਹਿਣਾ 'ਆਪ ਦੀਪੋ ਭਵੋ' ਭਾਵ ਮੇਰੀ ਗੱਲ ਸੁਣ। ਆਪਣਾ ਦੀਵਾ ਆਪ ਬਾਲ। ਆਪਣੇ ਪ੍ਰਕਾਸ਼ 'ਚ ਆਪਣਾ ਪੱਥ ਨਿਹਾਰ (ਪੰ: 78) ਆਦਿ ਕਵਿਤਾ ਵਿਚ 'ਮੈਂ' ਦਾ ਜ਼ਿਕਰ ਹੈ ਕਿਉਂਕਿ ਆਦਿ-ਮਾਨਵ ਆਪਣੀ 'ਮੈਂ' ਨੂੰ ਪਛਾਣ ਰਿਹਾ ਸੀ। ਇਵੇਂ ਅਸਤਿਤਵਵਾਦੀ ਮਾਰਟਿਨ ਬੂਬਰ ਨੂੰ ਇੰਜ ਉਦ੍ਰਿਤ ਕੀਤਾ ਹੈ : ਮਾਰਟਿਨ ਬੂਬਰ ਦੀ 'ਆਈ ਐਂਡ ਦਾਊ' (ਮੈਂ ਤੇ ਤੂੰ) ਦੀ ਸਮਝ।' ਇਥੇ ਬੜੀ ਮਹੱਤਵਪੂਰਨ ਹੈ.... ਮੈਨੂੰ ਵਿਚਾਰਧਾਰਾ ਮੁਆਫ਼ਕ ਨਹੀਂ ਬੈਠਦੀ ਕਿਉਂਕਿ 'ਮੈਂ' ਕਿਸੇ ਨਿਰਪੇਖ ਨੂੰ ਜਵਾਬਦੇਹ ਨਹੀਂ ਹੋ ਸਕਦੀ....ਇਹ 'ਮੈਂ' ਹੀ ਪਾਠ ਰਾਹੀਂ ਪਾਠਕ ਦੀ 'ਮੈਂ' ਬਣ ਜਾਂਦੀ ਹੈ। ਇਹੋ ਕਵਿਤਾ ਵੀ ਇਸ ਦੀ ਸ਼ਕਤੀ ਤੇ ਸੌਂਦਰਯ ਹੈ। (ਪੰ. 109) ਸੰਖੇਪ ਇਹ ਕਿ ਇਨ੍ਹਾਂ ਇੰਟਰਵਿਊਆਂ ਦੇ ਸੁਚੱਜੇ ਸੰਪਾਦਨ ਲਈ ਸੰਪਾਦਕ ਪ੍ਰਸੰਸਾ ਦਾ ਅਧਿਕਾਰੀ ਹੈ। ਵਿਸ਼ੇਸ਼ ਇਹ ਕਿ ਆਖ਼ਰੀ 8 ਪੰਨਿਆਂ ਵਿਚ ਤਸਵੀਰਾਂ ਬੋਲਦੀਆਂ ਹਨ।


-ਡਾ: ਧਰਮ ਚੰਦ ਵਾਤਿਸ਼
ਮੋ: 98144-46007.ਯੁੱਗ-ਅੰਤ
ਲੇਖਕ : ਮਨਮੋਹਨ ਬਾਵਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 220
ਸੰਪਰਕ : 081307-82551.


ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਇਤਿਹਾਸ ਦਾ ਇਕ ਅਜਿਹਾ ਨਾਂਅ ਹੈ ਜਿਸ ਨੂੰ ਦੋਸਤ, ਦੁਸ਼ਮਣ ਕੋਈ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਇਕ ਗ਼ਰੀਬ ਸਿਖਨ ਕੋ ਦੂੰ ਪਾਤਸ਼ਾਹੀ ਦੇ ਗੁਰੂ ਗੋਬਿੰਦ ਸਿੰਘ ਦੇ ਵਚਨਾਂ ਨੂੰ ਪਹਿਲਾਂ ਬੰਦਾ ਬਹਾਦਰ ਅਤੇ ਫਿਰ ਰਣਜੀਤ ਸਿੰਘ ਨੇ ਪੂਰਾ ਕਰਕੇ ਰੱਜ ਕੇ ਰਾਜ ਕਮਾਇਆ। ਮੱਧ ਯੁੱਗ ਵਿਚ ਨਿਆਇਸ਼ੀਲ, ਸੰਪਰਦਾਇਕਤਾ ਮੁਕਤ, ਬਹੁਲਵਾਦੀ ਸੋਚ ਵਾਲਾ ਰਾਜ ਜਿਸ ਦੀਆਂ ਦੰਦ ਕਥਾਵਾਂ ਤੁਰੀਆਂ। ਦੁਖਾਂਤ ਇਹ ਕਿ ਉਸ ਦੀ ਮੌਤ ਤੋਂ ਦਸ ਵਰ੍ਹੇ ਦੇ ਅੰਦਰ ਹੀ ਉਸ ਦਾ ਵਿਸ਼ਾਲ ਰਾਜ ਆਪਣਿਆਂ ਬਿਗਾਨਿਆਂ ਦੀਆਂ ਸਾਜਿਸ਼ਾਂ ਦਾ ਸ਼ਿਕਾਰ ਹੋ ਕੇ ਖ਼ਤਮ ਹੋ ਗਿਆ। ਇਹ ਇਕ ਯੁੱਗ ਦਾ ਅੰਤ ਸੀ। ਮਨਮੋਹਨ ਬਾਵਾ ਦਾ ਨਾਵਲ ਯੁੱਗ-ਅੰਤ ਇਸੇ ਅੰਤ ਉੱਤੇ ਕੇਂਦਰਿਤ ਲਿਖਤ ਹੈ ਜੋ ਇਸ ਦੁਖਾਂਤ ਦੀਆਂ ਸੂਖਮ ਪਰਤਾਂ ਫਰੋਲ ਕੇ ਇਤਿਹਾਸ ਤੋਂ ਕੁਝ ਸਬਕ ਸਿਖਣ ਲਈ ਉਤੇਜਿਤ ਕਰਦੀ ਹੈ।
ਬਾਵੇ ਦਾ ਇਹ ਨਾਵਲ ਮਹਾਰਾਜੇ ਦੀ ਮੌਤ ਤੋਂ ਅੱਠ ਕੁ ਸਾਲ ਬਾਅਦ ਦੇ 1847 ਦੇ ਵਰ੍ਹੇ ਤੋਂ ਅਗਲੇ ਦੋ ਕੁ ਸਾਲਾਂ ਦਾ ਪੁਨਰ ਸਿਰਜਨ ਕਰਦਾ ਹੈ। ਅੰਗਰੇਜ਼ਾਂ ਦੇ ਪੰਜਾਬ ਉੱਤੇ ਕਬਜ਼ੇ ਤੋਂ ਅੱਠ ਵਰ੍ਹੇ ਪਿੱਛੋਂ 1857 ਵਿਚ ਹੋਏ ਗ਼ਦਰ ਵਿਚ ਪੰਜਾਬੀਆਂ ਦੇ ਰੋਲ ਦੀ ਝਲਕ ਦੇ ਕੇ ਸਮਾਪਤ ਹੁੰਦਾ ਹੈ ਇਹ। ਮੂਲ ਰਾਜ ਨੇ ਮੁਲਤਾਨ ਅਤੇ ਸ਼ਾਮ ਸਿੰਘ ਨੇ ਸ਼ੁਜਾਹਬਾਦ ਦੇ ਕਿਲ੍ਹਿਆਂ ਉੱਤੇ ਕਬਜ਼ਾ ਕਰ ਰੱਖਿਆ ਹੈ ਜਦ ਕਿ ਸਿੱਖ ਅੰਗਰੇਜ਼ਾਂ ਨਾਲ ਪਹਿਲਾ ਵੱਡਾ ਯੁੱਧ ਡੋਗਰਿਆਂ ਤੇ ਮਿਸਰਾਂ ਦੀ ਗਦਾਰੀ ਨਾਲ ਹਾਰ ਚੁੱਕੇ ਹਨ। ਫ਼ੌਜ ਵਿਚ ਨਿਰਾਸ਼ਾ ਹੈ। ਸਾਜਿਸ਼ੀ ਮਾਹੌਲ ਹੈ ਸਭ ਪਾਸੇ। ਕੀਰਤ ਸਿੰਘ ਨਾਂਅ ਦਾ ਦਲੇਰ ਤੇ ਸਿਰਲੱਥ ਸਰਦਾਰ ਨਾਵਲ ਦਾ ਇਕ ਨਾਇਕ ਹੈ। ਸਹਿ ਨਾਇਕ ਸ਼ਾਮ ਸਿੰਘ ਤੇ ਮੂਲ ਰਾਜ ਵੀ ਹਨ। ਕੀਰਤ ਸਿੰਘ ਸਰਗਰਮੀ ਨਾਲ ਸਾਰੇ ਨਾਵਲ ਵਿਚ ਗਵਾਚੇ ਸਿੱਖ ਆਦਰਸ਼ਾਂ ਦੀ ਪੁਨਰ-ਸਥਾਪਤੀ ਲਈ ਜਾਨ ਤਲੀ 'ਤੇ ਧਰ ਵਿਚਰਦਾ ਹੈ। ਸੁੰਦਰਾਂ, ਰੂਪ ਕੌਰ, ਜ਼ੀਨਤ ਪ੍ਰਤੀ ਉਸ ਦਾ ਆਕਰਸ਼ਣ ਨਾਵਲ ਵਿਚ ਰੁਮਾਂਟਿਕ ਵਾਤਾਵਰਨ ਬਣਾਈ ਰੱਖਦਾ ਹੈ। ਮੂਲ ਰਾਜ ਤੇ ਸ਼ਾਮ ਸਿੰਘ ਹਾਰ ਜਾਂਦੇ ਹਨ। ਸਿੱਖ ਰਾਜ ਖ਼ਤਮ ਹੋ ਜਾਂਦਾ ਹੈ ਪਰ ਉਸ ਲਈ ਸੰਘਰਸ਼ ਕਰਨ ਵਾਲੇ ਕੀਰਤ ਸਿੰਘ ਜਹੇ ਬੰਦੇ ਹਾਰ ਨਹੀਂ ਮੰਨਦੇ। ਸ਼ਾਮ ਸਿੰਘ ਦੀ ਪਤਨੀ ਜ਼ੀਨਤ ਤੇ ਪੁੱਤਰ ਧਰਮ ਸਿੰਘ ਉਸ ਦੇ ਨਾਲ ਹਨ। ਸ਼ਾਹ ਮੁਹੰਮਦ ਦਾ ਪੁੱਤਰ ਸ਼ਾਹ ਬਖਸ਼ ਤੋਪਚੀ ਉਸ ਦੇ ਨਾਲ ਹੈ। ਰੂਪ ਕੌਰ ਵੀ ਕਿਤੇ ਔਝੜ ਰਾਹਾਂ ਉੱਤੇ ਅੰਗਰੇਜ਼ਾਂ ਵਿਰੁੱਧ ਸੰਘਰਸ਼ ਵਿਚ ਗਵਾਚੀ ਫਿਰਦੀ ਹੈ। ਨਿਰਾਸ਼ਾ ਵਿਚ ਘਿਰੇ ਲੋਕਾਂ ਨੂੰ ਲਗਦਾ ਹੈ ਕਿ ਜੋ ਯੁੱਗ ਗੁਰੂ ਗੋਬਿੰਦ ਸਿੰਘ ਤੇ ਬੰਦਾ ਬਹਾਦਰ ਨਾਲ ਸ਼ੁਰੂ ਹੋਇਆ, ਉਸ ਦਾ ਅੰਤ ਹੋ ਗਿਆ ਹੈ। ਕੀਰਤ ਸਿੰਘ, ਸ਼ਾਹ ਬਖਸ਼, ਧਰਮ ਸਿੰਘ, ਰੂਪ ਕੌਰ, ਜ਼ੀਨਤ, ਸੁੰਦਰਾਂ, ਉਨ੍ਹਾਂ ਦੇ ਸਾਥੀ ਹਜ਼ਾਰਾਂ ਸਿੱਖਾਂ ਤੇ ਪਠਾਣਾਂ ਦੇ ਅੰਗਰੇਜ਼ ਵਿਰੁੱਧ ਸੰਘਰਸ਼ ਲਈ ਵਚਨਬੱਧਤਾ ਦੱਸਦੀ ਹੈ ਕਿ ਹਾਲੇ ਸਭ ਕੁਝ ਖ਼ਤਮ ਨਹੀਂ ਹੋਇਆ। ਯੁੱਗ ਦਾ ਅੰਤ ਨਹੀਂ ਹੋਇਆ।


-ਡਾ: ਕੁਲਦੀਪ ਸਿੰਘ ਧੀਰ
ਮੋ: 98722-60550ਵਿਰਾਸਤ ਖ਼ਾਲਸਾ ਪੰਥ ਬੁੱਢਾ ਦਲ
ਪੰਜਵਾਂ ਤਖਤ

ਸੰਪਾਦਕ/ਲੇਖਕ : ਦਲਜੀਤ ਸਿੰਘ ਬੇਦੀ
ਪ੍ਰਕਾਸ਼ਕ : ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ। ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਨਿਹੰਗ ਸਿੰਘਾਂ ਪੰਜਾਬ ਭਾਰਤ (ਵਿਸ਼ਵ)
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98148-98570.


ਹਥਲੀ ਪੁਸਤਕ ਸਾਹਿਬ-ਏ-ਕਮਾਲ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਲਾਡਲੀ ਫ਼ੌਜ ਵਜੋਂ ਪ੍ਰਸਿੱਧ ਨਿਹੰਗ ਸਿੰਘਾਂ ਸਬੰਧੀ ਸਿੱਖ ਧਰਮ ਦੇ ਪੁਰਾਤਨ ਜੰਗੀ ਸਰੂਪ ਅਤੇ ਆਚਾਰ ਵਿਹਾਰ ਨੂੰ ਮੂਰਤੀਮਾਨ ਕਰਦੀ ਹੈ। ਨਿਹੰਗ ਸਿੰਘ ਸਿੱਖ ਆਚਾਰ ਤੇ ਵਿਹਾਰ ਨੂੰ ਅਪਣਾ ਕੇ ਚੱਲਣ ਵਾਲਾ ਅਜਿਹਾ ਧਰਮੀ ਜਿਊੜਾ ਹੈ, ਜੋ ਸੀਸ ਉੱਪਰ ਫਰਰੇ ਵਾਲਾ ਉੱਚਾ ਦੋਮਾਲਾ ਸਜਾਉਂਦਾ ਹੈ, ਜੋ ਗੁਰੂ ਸਾਹਿਬ ਵਲੋਂ ਬਖਸ਼ੇ ਸ਼ਸਤਰਾਂ ਚੱਕਰ, ਖੰਡਾ, ਕ੍ਰਿਪਾਨ, ਭਾਲਾ, ਬੰਦੂਕ, ਤੋੜਾ, ਜਗਗਾਹ ਆਦਿ ਨਾਲ ਸਜ ਕੇ ਹਮੇਸ਼ਾ ਤਿਆਰ-ਬਰ-ਤਿਆਰ ਰਹਿੰਦਾ ਹੈ। ਸਰਬ ਲੋਹ ਦਾ ਗੜਵਾ, ਮਾਲਾ ਤੇ ਹੋਰ ਲੋੜੀਂਦਾ ਸਾਮਾਨ ਆਪਣੇ ਨਾਲ ਲੈ ਕੇ ਚਲਦਾ ਹੈ। ਇਸ ਪੁਸਤਕ ਦੇ ਲੇਖਕ ਤੇ ਸੰਪਾਦਕ ਦਿਲਜੀਤ ਸਿੰਘ ਬੇਦੀ ਜੋ ਗੁਰਮਤਿ ਸਾਹਿਤ ਦੇ ਜਾਣੇ-ਪਛਾਣੇ ਸਾਹਿਤਕਾਰ ਨੇ ਬੜੀ ਸਖ਼ਤ ਘਾਲਣਾ ਨਾਲ ਪਾਠਕਾਂ ਦੇ ਸਨਮੁੱਖ ਕਰਨ ਸਮੇਂ ਵੱਖ-ਵੱਖ ਲੇਖਾਂ ਦੁਆਰਾ ਨੌਜਵਾਨ ਪੀੜ੍ਹੀ ਦੇ ਹਿਰਦੇ ਅੰਦਰ ਗੁਰੂ ਖ਼ਾਲਸਾ ਪੰਥ ਦੇ ਸਿਧਾਂਤ ਨੂੰ ਬਰਕਰਾਰ ਰੱਖਣ ਲਈ ਅਤੇ ਖਾਲਸਾਈ ਵਿਰਾਸਤ ਤੋਂ ਜਾਣੂ ਕਰਵਾਉਣ ਲਈ ਸ਼ਲਾਘਾਯੋਗ ਹੰਭਲਾ ਮਾਰਿਆ ਹੈ। ਪੁਸਤਕ ਦੇ ਆਰੰਭ ਵਿਚ ਬ੍ਰਹਮਗਿਆਨੀ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦੇ ਨਾਂਅ 'ਤੇ 'ਖ਼ਾਲਸਾ ਪੰਥ ਬੁੱਢਾ ਦਲ' ਵਿਚਰ ਰਿਹਾ ਹੈ, ਦੀ ਰੰਗਦਾਰ ਤਸਵੀਰ ਅਤੇ ਇਸ ਤੋਂ ਇਲਾਵਾ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ, ਛੇਵੇਂ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਿਲਕਸ਼ ਸਰੂਪਾਂ ਦੇ ਦਰਸ਼ਨਾਂ ਦੇ ਨਾਲ-ਨਾਲ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਬਿਨੋਦ ਸਿੰਘ ਤੋਂ ਲੈ ਕੇ ਮੌਜੂਦਾ 14ਵੇਂ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਦੀਆਂ ਤਸਵੀਰਾਂ ਸਹਿਤ ਪੰਥਕ ਸੇਵਾਵਾਂ ਦਾ ਜ਼ਿਕਰ ਸੰਖੇਪ ਤੇ ਭਾਵਪੂਰਤ ਸ਼ਬਦਾਂ ਵਿਚ ਕੀਤਾ ਹੈ। ਪੁਸਤਕ ਦਾ ਪਹਿਲਾ ਲੇਖ 'ਬੁੱਢਾ ਦਲ ਨਿਹੰਗ ਸਿੰਘਾਂ ਦੀ ਸਥਾਪਨਾ ਅਤੇ ਮਹੱਤਵ' ਲੇਖਕ ਦਿਲਜੀਤ ਸਿੰਘ ਬੇਦੀ ਦੀ ਇਤਿਹਾਸਕ ਜਾਣ-ਪਛਾਣ ਵਾਲੀ ਬਹੁਮੁੱਲੀ ਰਚਨਾ ਹੈ। ਦੂਜਾ ਲੇਖ 'ਪੰਚਮ ਤਖ਼ਤ ਬੁੱਢਾ ਦਲ' ਬੁੱਢਾ ਦਲ ਦੇ ਪ੍ਰਚਾਰਕ ਭਾਈ ਸੁਖਜੀਤ ਸਿੰਘ ਕਨ੍ਹੱਈਆ ਵਲੋਂ ਵੀ ਖੋਜੀ ਬਿਰਤੀ ਦਾ ਸਬੂਤ ਹੈ। ਇਸ ਤੋਂ ਇਲਾਵਾ ਪ੍ਰੋ: ਪਿਆਰਾ ਸਿੰਘ ਪਦਮ ਦੀ ਰਚਨਾ 'ਖ਼ਾਲਸਾਈ ਬੋਲੇ' ਨਿਹੰਗ ਸਿੰਘ ਦੀ ਆਤਮਿਕ ਅਵਸਥਾ ਨਾਲ ਨਵੀਂ ਪੀੜ੍ਹੀ ਦੀ ਸਦੀਵੀ ਸਾਂਝ ਬਣਾਉਂਦੇ ਹਨ। ਇਸ ਤੋਂ ਇਲਾਵਾ ਕਰਨੀਨਾਮਾ, ਸ਼ਸਤਰਨਾਮ ਮਾਲਾ, ਕਕਾਰ, ਆਦਰਸ਼ਕ ਖ਼ਾਲਸੇ ਦੇ ਲੱਛਣ, ਸਲੋਕ ਦੁਮਾਲੇ ਦਾ, ਖ਼ਾਲਸੇ ਦੀ ਉਸਤਤ, ਖ਼ਾਲਸਾ ਮੂਲ ਮੰਤਰ, ਬ੍ਰਹਮ ਕਵਚ, ਖ਼ਾਲਸਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਗੁਰਸਿੱਖਾਂ ਦੀ ਪੁਰਾਤਨ ਮਰਿਆਦਾ, ਰਹਿਤਨਾਮਾ, ਸ਼ਹੀਦੀ ਦੇਗ਼ਾਂ ਦੇ ਸਲੋਕ, ਅੰਮ੍ਰਿਤ ਵੇਲੇ ਦਾ ਜਾਪ ਗੁਰਮੰਤ੍ਰ, ਸੁਖਨਿਧਾਨ ਸ਼ਹੀਦੀ ਦੇਗਾਂ ਦੇ ਸੋਲ੍ਹੇ 'ਨੁਗਦੇ' ਦਾ ਸਲੋਕ, ਖ਼ਾਲਸਾ ਰਹਿਤਨਾਮਾ, ਸ੍ਰੀ ਭਗਉਤੀ ਅਸਤੋਤ੍ਰ, 'ਅਬ ਮੂਲ ਮੰਤਰ ਗੁਰੂ ਖ਼ਾਲਸੇ ਸਿੰਘ ਜੀ ਕਾ ਲਿਖਸਤੇ' ਰਹਿਤਨਾਮਿਆਂ ਵਿਚੋਂ ਦੋਹਰਾ, ਵਾਹਿਗੁਰੂ ਗੁਰਮੰਤਰ ਦੀ ਮਹਿਮਾ ਵਰਗੀਆਂ ਪੁਰਾਤਨ ਵਿਸਰ ਰਹੀਆਂ ਰਚਨਾਵਾਂ ਨਾਲ ਪਾਠਕਾਂ ਦੀ ਅੰਤਰੀਵੀ ਸਾਂਝ ਬਣਾ ਕੇ ਸੰਪਾਦਕ ਨੇ ਸੋਨੇ ਤੇ ਸੁਹਾਗੇ ਵਾਲਾ ਕਾਰਜ ਕੀਤਾ ਹੈ। ਦਸਮ ਪਿਤਾ ਜੀ ਵਲੋਂ ਪੰਥ ਅਕਾਲੀ ਬੁੱਢਾ ਦਲ ਨੂੰ ਬਖਸ਼ਿਸ਼ ਕੀਤੇ ਇਤਿਹਾਸਕ ਸ਼ਸਤਰਾਂ ਦੀਆਂ ਤਸਵੀਰਾਂ ਰਾਹੀਂ ਦਰਸ਼ਨ ਕਰਵਾ ਕੇ ਬਹੁਮੁੱਲੀ, ਬੇਸ਼ਕੀਮਤੀ ਵਿਰਾਸਤ ਨੂੰ ਵੀ ਪਾਠਕਾਂ ਦੇ ਸਨਮੁੱਖ ਪੇਸ਼ ਕੀਤਾ ਹੈ।


-ਭਗਵਾਨ ਸਿੰਘ ਜੌਹਲ
ਮੋ: 98143-24040.


ਸਰਕਾਰੀ ਸਕੂਲਾਂ ਦੀ ਸਿੱਖਿਆ

ਲੇਖਕ : ਜਗਦੇਵ ਸਿੰਘ ਲਲਤੋਂ
ਪ੍ਰਕਾਸ਼ਕ : ਪੁਸਤਕ ਪਾਠਕ ਸੰਸਥਾ, ਪੰਜਾਬ
ਮੁੱਲ : 100 ਰੁਪਏ, ਸਫ਼ੇ : 104
ਸੰਪਰਕ : 0161-2805677.


ਪੁਸਤਕ 'ਸਰਕਾਰੀ ਸਕੂਲਾਂ ਦੀ ਸਿੱਖਿਆ' (ਦਸ਼ਾ, ਦਿਸ਼ਾ, ਹੱਲ ਤੇ ਨਿੱਜੀਕਰਨ ਦਾ ਖ਼ਤਰਾ), ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਿੱਖਿਆ ਦਾ ਸਰਕਾਰੀ ਨੀਤੀਆਂ ਰਾਹੀਂ ਭੋਗ ਪਾਏ ਜਾਣ ਦੇ ਵਰਤਾਰੇ ਦਾ ਤਰਕ ਆਧਾਰਿਤ ਵਿਸ਼ਲੇਸ਼ਣ ਕਰਦੀ ਹੈ ਅਤੇ ਸਿੱਖਿਆ ਸੰਸਥਾਵਾਂ ਨੂੰ ਨਿੱਜੀਕਰਨ ਦੀ ਮਾਰ ਤੋਂ ਬਚਾਉਣ ਲਈ ਸਿੱਖਿਆ ਮੁਲਾਜ਼ਮਾਂ ਅਤੇ ਹੋਰ ਲੋਕਾਂ ਨੂੰ ਪ੍ਰੇਰਦੀ ਹੈ। ਪੁਸਤਕ ਵਿਚ 27 ਲੇਖ ਸ਼ਾਮਿਲ ਕੀਤੇ ਹਨ, ਜਿਹੜੇ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਦੁਰਦਸ਼ਾ ਨਾਲ ਸਬੰਧਿਤ ਹਨ। ਇਹ ਲੇਖ ਪਹਿਲੋਂ ਪੰਜਾਬੀ ਦੇ ਸਿਰਕੱਢ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੋ ਕੇ ਪਾਠਕਾਂ ਦੀ ਸੋਚ ਦਾ ਹਿੱਸਾ ਬਣ ਚੁੱਕੇ ਹਨ।
ਇਨ੍ਹਾਂ ਲੇਖਾਂ 'ਚੋਂ ਪੰਜਾਬ ਸਿੱਖਿਆ ਨੀਤੀ 2002, ਸਮਾਰਟ ਅਤੇ ਸੈਲਫ ਸਮਾਰਟ ਸਕੂਲਾਂ ਦਾ ਸੱਚ, ਸੀ.ਸੀ.ਈ. ਅਤੇ ਸਰਬ ਸਿੱਖਿਆ ਅਭਿਆਨ ਦੇ ਅਸਲ ਨੂੰ ਖੁੱਲ੍ਹ ਕੇ ਉਘਾੜਿਆ ਗਿਆ ਹੈ। ਇਨ੍ਹਾਂ ਦੀ ਅਸਲੀਅਤ ਨੂੰ ਸਾਹਮਣੇ ਲਿਆਂਦਾ ਗਿਆ ਹੈ। ਇਨ੍ਹਾਂ ਦੀ ਬਾਹਰੀ ਦਿੱਖ ਅਤੇ ਅੰਦਰਲੇ ਸੱਚ ਨੂੰ ਪੂਰੀ ਬੇਬਾਕੀ ਤੇ ਵਿਸਥਾਰ ਨਾਲ ਬਿਆਨਿਆ ਗਿਆ ਹੈ। ਅਧਿਆਪਕਾਂ ਤੇ ਗ਼ੈਰ-ਵਿੱਦਿਅਕ ਕੰਮਾਂ ਦਾ ਬੋਝ ਅਧਿਆਪਕ ਯੋਗਤਾ ਟੈਸਟ, ਅਧਿਆਪਕ ਭਰਤੀ ਨੀਤੀ, ਵਿਦਿਆਰਥੀਆਂ ਵਿਚ ਨਕਲ ਦੀ ਪ੍ਰਵਿਰਤੀ ਨੂੰ ਵੀ ਸਪੱਸ਼ਟ ਕਰਦਿਆਂ ਕਈ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਖੜ੍ਹੇ ਕੀਤੇ ਹਨ। ਪ੍ਰੌੜ੍ਹ ਪੰਜਾਬ ਦੀ ਚੀਰਫਾੜ, ਸਰਕਾਰ ਦੀਆਂ ਅਧਿਆਪਕ ਮਾਰੂ ਕੀਤੀਆਂ ਵਿਚਲਾ ਸੱਚ ਵੀ ਪਾਠਕਾਂ ਅੱਗੇ ਰੱਖਿਆ ਹੈ। ਸਮੇਂ-ਸਮੇਂ 'ਤੇ ਬਦਲਦੀਆਂ ਸਰਕਾਰਾਂ ਵਲੋਂ ਆਪਣੇ ਅਨੁਕੂਲ ਸਿੱਖਿਆ ਅਤੇ ਸਿਲੇਬਸ ਨੂੰ ਬਦਲਵਾਂ, ਸਿੱਖਿਆ ਨਾਲ ਹੁੰਦੇ ਨਿੱਤ ਨਵੇਂ ਤਜਰਬਿਆਂ ਰਾਹੀਂ ਹੋ ਰਹੇ ਵਿੱਦਿਅਕ ਨੁਕਸਾਨ ਦੀ ਗੱਲ ਉਠਾਈ ਗਈ ਹੈ। ਵਧ ਰਹੀ ਅਧਿਆਪਕੀ ਬੇਰੁਜ਼ਗਾਰੀ, ਮੁਲਾਜ਼ਮ ਘੋਲਾਂ ਵਿਚ ਏਕਤਾ ਦੀ ਘਾਟ, ਨਿੱਜੀਕਰਨ ਦਾ ਵਧਦਾ ਜਾਂਦਾ ਖੌਫ਼ ਵੀ ਇਨ੍ਹਾਂ ਲੇਖਾਂ ਵਿਚ ਚਿੰਤਾ ਦਾ ਵਿਸ਼ਾ ਬਣਾਇਆ ਗਿਆ ਹੈ। ਲੇਖਕ ਜਗਦੇਵ ਸਿੰਘ ਲਲਤੋਂ ਨੇ ਸਿੱਖਿਆ ਦੀ ਦਸ਼ਾ ਤੇ ਦਿਸ਼ਾ ਦਾ ਯਥਾਰਥਵਾਦੀ ਚਿਤਰਨ ਕਰਦਿਆਂ ਉਨ੍ਹਾਂ ਦੇ ਹੱਲ ਵੀ ਸੁਝਾਏ ਹਨ।
ਸਰਲ ਤੇ ਸਹਿਜ ਭਾਸ਼ਾ ਵਿਚ ਲਿਖੀ ਗਈ ਇਹ ਪੁਸਤਕ ਆਮ ਪਾਠਕ ਨੂੰ ਪੰਜਾਬ ਦੀ ਸਰਕਾਰੀ ਸਿੱਖਿਆ ਨੂੰ ਸਮਝਣ, ਪਰਖਣ ਅਤੇ ਘੋਖਣ ਵਿਚ ਮਦਦ ਕਰਦੀ ਹੈ। ਲੇਖਕ ਨੇ ਸਮੇਂ ਦੀ ਦੁਖਦੀ ਰਗ 'ਤੇ ਉਂਗਲ ਧਰ ਕੇ ਇਕ ਵਧੀਆ ਉਪਰਾਲਾ ਕੀਤਾ ਹੈ।


ਤੱਪੜ ਤੇ ਮੋਹਰ
ਲੇਖਕ : ਜਸਵੀਰ ਸਿੰਘ ਗਰਚਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 90
ਸੰਪਰਕ : 95011-45039.


ਵਿਦੇਸ਼ ਵਾਸਾ ਕਰਦੇ ਜਸਵੀਰ ਸਿੰਘ ਗਰਚਾ ਨੇ ਪਹਿਲੀ ਨਾਟਕ ਪੁਸਤਕ 'ਲਾਲਸਾ' ਮਗਰੋਂ 'ਤੱਪੜ ਤੇ ਮੋਹਰ' ਕਹਾਣੀ ਸੰਗ੍ਰਹਿ ਰਾਹੀਂ ਕਹਾਣੀ ਜਗਤ ਵਿਚ ਪ੍ਰਵੇਸ਼ ਕੀਤਾ ਹੈ। ਲੇਖਕ ਪਾਸ ਰੰਗਮੰਚ ਦਾ ਤਜਰਬਾ ਹੋਣ ਦੇ ਨਾਲ-ਨਾਲ ਜ਼ਿੰਦਗੀ ਦੇ ਕੌੜੇ-ਮਿੱਠੇ ਅਨੁਭਵਾਂ ਨੂੰ ਕਹਾਣੀ ਦੇ ਤਾਣੇ-ਬਾਣੇ ਵਿਚ ਬੁਣਨ ਦਾ ਹੁਨਰ ਹੈ। ਹਥਲੇ ਸੰਗ੍ਰਹਿ ਵਿਚ ਕੁੱਲ 9 ਕਹਾਣੀਆਂ ਸ਼ਾਮਿਲ ਹਨ। ਲੇਖਕ ਦਾ ਮੁਢਲੇ ਦੌਰ ਦਾ ਸਬੰਧ ਖੱਬੇ ਪੱਖੀ ਵਿਚਾਰਧਾਰਾ ਦੇ ਪਰਣਾਏ ਲੋਕਾਂ ਨਾਲ ਰਿਹਾ ਹੈ। ਉਸ ਨੇ ਇਸ ਵਿਚਾਰਧਾਰਾ ਨਾਲ ਜੁੜ ਕੇ ਲੋਕ-ਪੱਖੀ ਲਹਿਰਾਂ ਵਿਚ ਸ਼ਾਮਿਲ ਹੋ ਕੇ ਧਰਨੇ, ਮਜ਼ਾਹਰੇ, ਰੈਲੀਆਂ, ਇਕੱਠਾਂ ਤੇ ਨਾਟਕਾਂ ਵਿਚ ਸ਼ਾਮਿਲ ਹੋ ਕੇ ਨੇੜਿਓਂ ਤੱਕਿਆ ਪਰ ਨਾਲ ਦੀ ਨਾਲ ਰੋਜ਼ੀ-ਰੋਟੀ ਲਈ ਅਮਰੀਕਾ ਵਰਗੇ ਮੁਲਕ ਵਿਚ ਜਾ ਕੇ ਠਾਹਰ ਵੀ ਲੈਣੀ ਪਈ। ਜਸਵੀਰ ਸਿੰਘ ਗਰਚਾ ਦੀਆਂ ਕਹਾਣੀਆਂ ਇਸੇ ਦਵੰਦ ਵਿਚੋਂ ਉਪਜੀਆਂ ਕਹਾਣੀਆਂ ਹਨ। ਟਾਈਟਲ ਕਹਾਣੀ 'ਤੱਪੜ ਤੇ ਮੋਹਰ' ਵਿਚ ਅਮਰੀਕਾ ਵਸਦੇ 'ਮੈਂ' ਪਾਤਰ ਪਾਸ ਭਾਰਤ ਤੋਂ ਭੋਲਾ ਕਾਮਰੇਡ (ਪੁਰਾਣਾ ਸਾਥੀ) ਅਚਾਨਕ ਪੁੱਜਦਾ ਹੈ ਤਾਂ ਭੋਲਾ ਕਾਮਰੇਡ ਨਾਲ ਸੰਵਾਦਾਂ ਰਾਹੀਂ ਲੈਨਿਨਵਾਦ, ਮਾਉਵਾਦ ਤੇ ਮਾਰਕਸਵਾਦ ਦੇ ਪੈਰੋਕਾਰਾਂ ਵਲੋਂ ਅਮਰੀਕਾ, ਕੈਨੇਡਾ, ਇੰਗਲੈਂਡ ਜਿਹੇ ਪੂੰਜੀਵਾਦੀ ਮੁਲਕਾਂ ਨੂੰ ਭੰਡਣ ਤੇ ਆਰਥਿਕ ਮਜਬੂਰੀ ਕਰਕੇ ਉਨ੍ਹਾਂ ਦੀ ਪਨਾਹ ਵਿਚ ਆਉਣ 'ਤੇ ਕਟਾਖਸ਼ ਕਰਦਾ ਹੈ। ਭਾਰਤੀ ਤੇ ਵਿਦੇਸ਼ੀ ਸੰਸਕ੍ਰਿਤੀ-ਸੱਭਿਆਚਾਰ ਦਾ ਤੁਲਨਾਤਮਿਕ ਵਿਸ਼ਲੇਸ਼ਣ ਵੀ ਕਰਦਾ ਹੈ। ਉਸ ਦਾ ਇਹ ਵਾਕ : 'ਊਂ ਕੌਮਨਿਯਮ ਨੇ ਪੜ੍ਹਨ ਪੜ੍ਹਾਉਣ ਦੀ ਅਕਲ ਤਾਂ ਬੜੀ ਦਿੱਤੀ ਐ, ਲੜਨ ਦਾ ਜਜ਼ਬਾ ਬੜਾ ਭਰਿਐ, ਬੱਸ ਆਈਂ ਬਈ ਟਿਕਾਣਾ ਨਹੀਂ ਦੇ ਸਕਿਆ।' ਅਸਲੀਅਤ ਨੂੰ ਉਜਾਗਰ ਕਰ ਜਾਂਦਾ ਹੈ। 'ਜਿਸਮ' ਤੇ 'ਅੱਖ ਦੌੜ ਰਹੀ ਐ' ਕਹਾਣੀਆਂ ਵੀ ਬਲਜੀਤ ਤੇ ਜਗਬੀਰ ਪਾਤਰਾਂ ਰਾਹੀਂ ਸਮਾਜਿਕ ਰਿਸ਼ਤਿਆਂ ਦੇ ਉਲਝਾਅ ਤੇ ਭਟਕਣ ਦੀ ਬਾਰੀਕਬੀਨੀ ਨਾਲ ਨਿਸ਼ਾਨਦੇਹੀ ਕਰਦਾ ਹੈ। ਪੁੰਨ ਦਾ ਕੰਮ, ਰੰਗੀ ਦੀ ਬੇਬੇ, ਕਰਜ਼, ਵਕਤ ਆਉਂਦੇ, ਐਂ ਤਾਂ ਖਾਂਦੈ, ਹੁਣ ਤੁਸੀਂ ਵੀ ਸ਼ਾਇਦ ਆਪਣੀ ਰੌਚਿਕਤਾ ਕਾਰਨ ਪ੍ਰਭਾਵਸ਼ਾਲੀ ਹਨ। ਭਾਸ਼ਾ ਇਕਦਮ ਸਰਲ ਹੈ ਤੇ ਕਹਾਣੀ ਸਹਿਜ ਤੌਰੇ ਤੁਰਦੀ ਹੈ। ਲੇਖਕ ਛੋਟੇ-ਛੋਟੇ ਵੇਰਵਿਆਂ ਨਾਲ ਕਹਾਣੀ ਦੀ ਗੋਂਦ ਗੁੰਦਦਾ ਹੈ। ਲੇਖਕ ਨੇ ਹੋਰ ਪ੍ਰਵਾਸੀ ਲੇਖਕਾਂ ਵਾਂਗ ਮਾਤ ਭੂਮੀ ਦੇ ਹਉਕੇ-ਹੇਰਵੇ ਨਾ ਭਰ ਕੇ ਤਰਕਸ਼ੀਲ ਦ੍ਰਿਸ਼ਟੀ ਨਾਲ, ਯਥਾਰਥ ਦਾ ਚਿਤਰਣ ਕੀਤਾ ਹੈ। ਕਿਧਰੇ-ਕਿਧਰੇ ਵਾਕਾਂ ਦਾ ਦੁਹਰਾਉ ਅਤੇ ਸੰਵਾਦ ਵਧੇਰੇ ਚੁਸਤ ਹੋ ਜਾਂਦੇ ਤਾਂ ਕਹਾਣੀਆਂ ਹੋਰ ਵੀ ਪ੍ਰਭਾਵਸ਼ਾਲੀ ਹੋ ਜਾਣੀਆਂ ਸਨ। ਬਾਵਜੂਦ ਇਸ ਦੇ 'ਤੱਪੜ ਤੇ ਮੋਹਰ' ਸੰਗ੍ਰਹਿ ਲੋੜੀਂਦਾ ਸੁਨੇਹਾ ਦੇਣ ਵਿਚ ਸਫ਼ਲ ਰਿਹਾ ਹੈ।


-ਡਾ: ਧਰਮ ਪਾਲ ਸਾਹਿਲ
ਮੋ: 98761-56964.

 

08-08-2020

 ਕਰਬਲਾ
ਲੇਖਕ : ਪ੍ਰੇਮ ਚੰਦ
ਅਨੁ: ਸ਼ਾਹ ਚਮਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 192
ਸੰਪਰਕ : 95011-45039.

ਵਿਚਾਰਾਧੀਨ ਪੁਸਤਕ ਪ੍ਰੇਮ ਚੰਦ ਦੇ ਲਿਖੇ ਹਿੰਦੀ ਨਾਟਕ ਦਾ ਪੰਜਾਬੀ ਅਨੁਵਾਦ (ਰੂਪਾਂਤਰਣ) ਸ਼ਾਹ ਚਮਨ (1940-2014) ਨੇ ਕੀਤਾ, ਜੋ ਸਾਹਿਤ ਅਕਾਦਮੀ ਵਲੋਂ ਸਨਮਾਨਿਤ ਹੋ ਚੁੱਕਾ ਹੈ। ਇਸ ਪੰਜ ਅੰਕੀ ਨਾਟਕ (ਅਨੇਕਾਂ ਦ੍ਰਿਸ਼ਾਂ ਸਹਿਤ) ਦੀ ਮੁੱਖ ਫੇਬੁਲਾ, ਜੋ ਹਿਰਦੇ ਵੇਧਕ ਦੁਖਾਂਤ ਹੈ, ਇੰਜ ਹੈ : ਹਜ਼ਰਤ ਮੁਹੰਮਦ ਸਾਹਿਬ ਦੇ ਅਕਾਲ ਚਲਾਣੇ ਤੋਂ ਬਾਅਦ ਖਲੀਫ਼ੇ ਦੀ ਪਦਵੀ ਨਿਰੰਤਰ ਹਸਤਾਂਤ੍ਰਿਤ ਹੁੰਦੀ ਹੋਈ ਸ਼ਰਾਬੀ, ਕਬਾਬੀ, ਨਿਰਦਈ, ਝੂਠੇ, ਬਦਕਾਰ, ਹਰਾਮਖੋਰ, ਸਿਆਸੀ ਜੋੜ-ਤੋੜ ਵਿਚ ਮਾਹਿਰ (ਖਲਨਾਇਕ) 'ਯਜੀਦ' ਦੇ ਹੱਥਾਂ ਵਿਚ (ਬਿਨਾਂ ਲੋਕ ਪ੍ਰਵਾਨਗੀ, ਸਰਾਸਰ ਧੱਕੇ ਨਾਲ 'ਬੈਅਤ' ਕਬੂਲ ਕਰਾ ਕੇ ਪੁੱਜਦੀ ਹੈ। ਜਦੋਂ ਕਿ ਖਲੀਫ਼ੇ ਦੀ ਪਦਵੀ ਦਾ ਅਸਲੀ ਹੱਕਦਾਰ 'ਅਲੀ' ਦਾ ਪੁੱਤਰ ਅਤੇ ਮੁਹੰਮਦ ਰਸੂਲ ਦਾ ਦੋਹਤਰਾ ਹਜ਼ਰਤ ਹੁਸੈਨ ਸੀ, ਜੋ ਵਿਦਵਾਨ, ਨਰਮ ਤੇ ਨੇਕ ਦਿਲ, ਸੱਚਾ-ਸੁੱਚਾ, ਧਾਰਮਿਕ ਅਸੂਲਾਂ ਦਾ ਪੱਕਾ ਸੀ। ਯਜੀਦ ਉਸ ਨੂੰ ਇਕੋ-ਇਕ ਦੁਸ਼ਮਣ ਸਮਝ ਕੇ ਖ਼ਤਮ ਕਰਨ ਦੇ ਯਤਨਾਂ ਵਿਚ ਰਹਿੰਦਾ ਸੀ। ਇਸ ਦੁਖਾਂਤ ਨਾਟਕ ਦੀਆਂ ਇਤਿਹਾਸਕ ਘਟਨਾਵਾਂ ਮੁੱਖ ਤੌਰ 'ਤੇ ਮਦੀਨੇ, ਮੱਕੇ ਪਰ ਆਖਰੀ 'ਕੂਫ਼ੇ' ਵਿਚ ਕ੍ਰਮਵਾਰ ਵਾਪਰਦੀਆਂ ਹਨ। ਘਟਨਾਵਾਂ ਦਾ ਆਧਾਰ ਇਤਿਹਾਸਕ ਹਵਾਲਾ ਚੌਖਟਾ (ਫਰੇਮ ਆਫ ਰੈਫਰੈਂਸ) ਅਨੁਸਾਰ ਹੈ। ਰਸੂਲ ਦੀ ਸੁਪਨ-ਭਵਿੱਖਬਾਣੀ ਨਾਟਕ ਨੂੰ ਇੱਕਮੁੱਠਤਾ ਪ੍ਰਦਾਨ ਕਰਦੀ ਹੈ। ਮੰਦਭਾਗੀ ਹੋਣੀ ਦਾ ਪੂਰਵ ਅਨੁਮਾਨ (ਪਰੋਲੈਪਸਿਸ) ਹੁਸੈਨ ਨੂੰ ਰਸੂਲ ਦੀ ਭਵਿੱਖਬਾਣੀ ਤੋਂ ਹੀ ਸੀ।
ਇਸ ਦੁਖਾਂਤ ਨਾਟਕ ਵਿਚ ਟਕਰਾਵਾਂ (ਕੌਨਫਲਿਕਟਸ) ਦਾ ਵਿਸ਼ੇਸ਼ ਸਥਾਨ ਹੈ। ਨੇਕੀ/ਬਦੀ, ਧਰਮ ਈਮਾਨ ਮਾਰਗ/ਧੱਕੇਸ਼ਾਹੀ, ਨਰਮਾਈ/ਸਖ਼ਤਾਈ, ਦੁਨਿਆਵੀ ਖਾਹਿਸ਼ਾਂ ਦੀ ਪੂਰਤੀ/ਜੰਨਤ ਦੀਆਂ ਸਦੀਵੀ ਖੁਸ਼ੀਆਂ ਵਿਚਕਾਰ ਟੱਕਰ ਹੈ। ਬਦੀ-ਸ਼ਕਤੀਆਂ ਨੇਕ-ਸ਼ਕਤੀਆਂ ਨੂੰ ਹਰ ਹੀਲੇ ਤਬਾਹ ਕਰਨ 'ਤੇ ਤੁਲੀਆਂ ਹੋਈਆਂ ਹਨ। ਇਕੋ ਹੁਸੈਨ ਪਰਿਵਾਰ ਦੇ ਸਬੰਧੀ ਤੇ ਸਨੇਹੀ 72 ਬੰਦੇ ਹਜ਼ਾਰਾਂ ਦੀ ਗਿਣਤੀ 'ਚ ਵਿਰੋਧੀਆਂ ਨਾਲ ਟੱਕਰ ਲੈਂਦੇ ਸ਼ਹੀਦੀ ਪ੍ਰਾਪਤ ਕਰਦੇ ਹਨ ਪਰ ਆਪਣੇ ਸੱਚੇ ਰੂਹਾਨੀ ਮਾਰਗ ਤੋਂ ਥਿੜਕਦੇ ਨਹੀਂ। ਅਨੇਕਾਂ ਬਹਾਦਰ ਇਸਲਾਮ ਦੀਆਂ ਸੱਚੀਆਂ ਕਦਰਾਂ-ਕੀਮਤਾਂ ਦੀ ਰਾਖੀ ਕਰਨ ਲਈ ਆਪਣੀਆਂ ਜਾਨਾਂ ਵਾਰਨ ਤੋਂ ਸੰਕੋਚ ਨਹੀਂ ਕਰਦੇ। ਕੂਫ਼ੇ ਵਿਚ ਜ਼ੁਲਮ ਆਪਣੀ ਚਰਮ ਸੀਮਾ ਨੂੰ ਪੁੱਜਦਾ ਹੈ। ਨਾਟਕ ਵਿਚ ਮਨਬਚਨੀਆਂ, ਮਨੋਵਿਸ਼ਲੇਸ਼ਣ, ਸ਼ੇਅਰੋ-ਸ਼ਾਇਰੀ ਅਤੇ ਮੰਚ ਸੰਕੇਤ ਸ਼ਾਮਿਲ ਹਨ।

ਡਾ: ਧਰਮ ਚੰਦ ਵਾਤਿਸ਼
ਮੋ: 88376-79186.

c c c

ਸ੍ਰੀ ਗੁਰੂ ਗ੍ਰੰਥ ਸਾਹਿਬ
ਬਾਣੀ ਦਾ ਸੰਕਲਨ ਅਤੇ ਚਿੰਤਨ
ਲੇਖਕ : ਡਾ: ਜਸਪਾਲ ਸਿੰਘ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 375 ਰੁਪਏ, ਸਫ਼ੇ : 210
ਸੰਪਰਕ : 01126802488.

ਗੁਰੂ ਨਾਨਕ ਜਨਮ ਦੀ ਪੰਜ ਸੌ ਪੰਜਾਹਵੀਂ ਵਰ੍ਹੇਗੰਢ ਮੌਕੇ ਦੇਸ਼ ਭਰ ਵਿਚ ਜਸ਼ਨ ਹੋਏ। ਨਗਰ ਕੀਰਤਨ, ਲੰਗਰ, ਸੈਮੀਨਾਰ। ਮੂੰਹ ਕਾ ਕਹਿਆ ਵਾਓ। ਸ਼ਬਦ ਨੂੰ ਗੁਰੂ ਮੰਨਣ ਵਾਲਿਆਂ ਨੇ ਇਸ ਅਵਸਰ 'ਤੇ ਸ਼ਬਦ ਦੁਆਰਾ ਗੁਰਬਾਣੀ ਦੇ ਸਰਬਦੇਸ਼ੀ/ਸਰਵਕਾਲੀ/ਬਹੁਲਵਾਦੀ/ਉੱਤਰ-ਆਧੁਨਿਕ/ਵਿਗਿਆਨਕ ਸੰਦੇਸ਼ ਨੂੰ ਵਿਆਪਕ ਪੱਧਰ 'ਤੇ ਪ੍ਰਚਾਰਨ ਪ੍ਰਸਾਰਨ ਨੂੰ ਉਹ ਮਹੱਤਵ ਨਹੀਂ ਦਿੱਤਾ ਜੋ ਦੇਣਾ ਬਣਦਾ ਸੀ। ਅਜਿਹਾ ਸਿੱਖ ਸੰਸਥਾਵਾਂ ਨੇ ਪਹਿਲੀ ਵਾਰ ਨਹੀਂ ਕੀਤਾ। ਚੰਗਾ ਹੋਵੇ ਕਿ ਉਹ ਹੁਣ ਹੀ ਜਾਗ ਪੈਣ। ਇਹੋ ਜਿਹੇ ਹਰ ਯਾਦਗਾਰੀ/ਸ਼ਤਾਬਦੀ ਅਵਸਰ ਉੱਤੇ ਸਿੱਖ ਧਰਮ/ਗੁਰਬਾਣੀ/ਦਰਸ਼ਨ ਬਾਰੇ ਰਚੀਆਂ ਕੁਝ ਮਹੱਤਵਪੂਰਨ ਲਿਖਤਾਂ ਨੂੰ ਪ੍ਰਕਾਸ਼ਿਤ ਕਰਨ ਅਤੇ ਪੁਰਸਕ੍ਰਿਤ ਕਰਨ ਲਈ ਕਦਮ ਚੁੱਕੇ ਜਾਣ ਤਾਂ ਜੋ ਸਿੱਖੀ ਸਿਧਾਂਤ ਤੇ ਗੁਰਬਾਣੀ ਦੀ ਗੱਲ ਸਾਰਥਕ ਤੇ ਵਿਆਪਕ ਰੂਪ ਵਿਚ ਅੱਗੇ ਤੁਰੇ। ਡਾ: ਜਸਪਾਲ ਸਿੰਘ ਨੇ ਵਿਅਕਤੀਗਤ ਰੂਪ ਵਿਚ ਇਸ ਅਵਸਰ 'ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸੰਕਲਨ, ਚਿੰਤਨ, ਬਾਣੀਕਾਰਾਂ, ਬਾਣੀ ਦੇ ਕਾਵਿ ਰੂਪਾਂ, ਰਾਗਾਂ, ਸਾਹਿਤ-ਜੁਗਤਾਂ ਅਤੇ ਅਜੋਕੇ ਯੁੱਗ ਵਿਚ ਸਾਰਥਕਤਾ ਜਿਹੇ ਵਿਭਿੰਨ ਪੱਖਾਂ ਬਾਰੇ ਸੰਖੇਪ, ਸਰਲ ਅਤੇ ਪ੍ਰਮਾਣਿਕ ਜਾਣਕਾਰੀ ਦੇਣ ਵਾਲੀ ਪੁਸਤਕ ਲਿਖ ਕੇ ਉਕਤ ਦਿਸ਼ਾ ਵਿਚ ਪ੍ਰਸੰਸਾ ਯੋਗ ਉੱਦਮ ਕੀਤਾ ਹੈ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸੰਕਲਨ ਸੱਚੀ ਬਾਣੀ ਨੂੰ ਕੇਵਲ ਮੀਣਿਆਂ ਦੇ ਰਲੇ ਤੋਂ ਬਚਾਉਣ ਲਈ ਨਹੀਂ ਕੀਤਾ ਗਿਆ। ਇਸ ਪਿੱਛੇ ਸਿੱਖਾਂ ਨੂੰ ਅਹਿਲ-ਏ-ਕਿਤਾਬ ਬਣਾਉਣ ਦਾ ਉਦੇਸ਼ ਵੀ ਹੈ। ਵਿਲੱਖਣ ਧਰਮ ਲਈ ਆਪਣਾ ਗ੍ਰੰਥ। ਇਸ ਲਈ ਗੁਰੂ ਨਾਨਕ ਨੇ ਆਪ ਬਾਣੀ ਲਿਖਣ, ਸੰਭਾਲਣ ਤੇ ਆਪਣੇ ਪਰਵਰਤੀ ਗੁਰੂ ਨੂੰ ਸੌਂਪਣ ਦੀ ਪਰੰਪਰਾ ਤੋਰੀ। ਉਨ੍ਹਾਂ ਸਮਕਾਲੀ/ਪੂਰਵ ਕਾਲੀ ਭਗਤਾਂ ਦੀ ਬਾਣੀ ਇਕੱਤਰ ਵੀ ਕੀਤੀ। ਗੁਰੂ ਅਰਜਨ ਪਾਤਸ਼ਾਹ ਨੇ ਇਹ ਸੰਪਾਦਿਤ ਕੀਤੀ। ਦਸਮ ਪਾਤਸ਼ਾਹ ਨੇ ਇਸ ਵਿਚ ਨੌਵੇਂ ਪਾਤਸ਼ਾਹ ਦੇ ਸਲੋਕ ਤੇ ਸ਼ਬਦ ਸ਼ਾਮਿਲ ਕਰ ਕੇ ਇਸ ਨੂੰ ਸੰਪੂਰਨਤਾ ਦਿੱਤੀ ਅਤੇ ਜੋਤੀ ਜੋਤਿ ਸਮਾਉਣ ਵੇਲੇ ਸਿੱਖਾਂ ਲਈ ਸਦੀਵ ਰੂਪ ਵਿਚ ਗੁਰਗੱਦੀ ਬਖ਼ਸ਼ੀ। ਗੁਰਬਾਣੀ ਦੇ ਉੱਤਰ-ਆਧੁਨਿਕ, ਨਵੇਂ ਯੁੱਗ ਦੀਆਂ ਲੋੜਾਂ ਪੂਰੀਆਂ ਕਰਨ ਵਾਲੇ ਚਿੰਤਨ, ਸੰਪਾਦਨ ਵਿਉਂਤ, ਬਾਣੀ ਦੇ ਕਾਵਿ ਰੂਪਾਂ ਤੇ ਬਾਣੀਕਾਰਾਂ ਬਾਰੇ ਇਕੋ ਥਾਂ ਪ੍ਰਮਾਣਿਕ ਜਾਣਕਾਰੀ ਦੇਣ ਵਾਲੀ ਇਹ ਕਿਤਾਬ ਪੰਜਾਬੀ ਜਾਣਦੇ ਹਰ ਘਰ ਦਾ ਸ਼ਿੰਗਾਰ ਹੋਣੀ ਚਾਹੀਦੀ ਹੈ।

ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਤਲੀ ਦੀ ਅੱਗ
ਲੇਖਕ : ਸੀ. ਮਾਰਕੰਡਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 87
ਸੰਪਰਕ : 94172-72161.

'ਤਲੀ ਦੀ ਅੱਗ' ਪੰਜਾਬੀ ਕਾਵਿਧਾਰਾ ਦੀ ਪ੍ਰਗਤੀਵਾਦੀ ਸੁਰ ਦੇ ਕਵੀ ਸੀ. ਮਾਰਕੰਡਾ ਦੀ ਛੇਵੀਂ ਕਾਵਿ ਪੁਸਤਕ ਹੈ। ਕਵਿਤਾ ਤੋਂ ਬਿਨਾਂ ਉਸ ਨੇ ਸ਼ਬਦ ਚਿੱਤਰ, ਸਫ਼ਰਨਾਮੇ, ਆਲੋਚਨਾ, ਅਭਿਨੰਦਨ ਗ੍ਰੰਥ, ਅਨੁਵਾਦ ਅਤੇ ਸੰਪਾਦਨਾ ਦੇ ਖੇਤਰਾਂ ਵਿਚ ਵੀ ਗਿਆਰਾਂ ਕਿਤਾਬਾਂ ਲਿਖੀਆਂ ਹਨ। ਇਸ ਕਿਤਾਬ ਵਿਚਲੀ ਕਵਿਤਾ ਨੂੰ ਉਸ ਨੇ ਖੰਡ-ਕਾਵਿ ਕਿਹਾ ਹੈ। ਪੰਜਾਬੀ ਵਿਚ ਖੰਡ-ਕਾਵਿ ਦੀ ਕੋਈ ਪਰੰਪਰਾ ਨਹੀਂ ਹੈ। ਲੰਮੀ ਕਵਿਤਾ ਦੇ ਯਤਨਾਂ ਨੂੰ ਮਹਾਂਕਾਵਿ ਵਜੋਂ ਹੀ ਸਵੀਕਾਰਿਆ ਅਤੇ ਪ੍ਰਚਾਰਿਆ ਜਾਂਦਾ ਰਿਹਾ ਹੈ। ਪਰ ਮਹਾਂਕਾਵਿ ਨਾਵਲ ਵਾਂਗ ਜ਼ਿੰਦਗੀ ਦੇ ਸਮੁੱਚੇ ਪ੍ਰਸੰਗ ਵਿਚ ਵਿਚਰਦਾ ਹੈ ਜਦੋਂ ਕਿ ਖੰਡ-ਕਾਵਿ ਕਿਸੇ ਇਕ ਸਥਿਤੀ ਦਾ ਪ੍ਰਗੀਤਕ ਕਾਵਿ ਨਿਭਾਉ ਹੁੰਦਾ ਹੈ। ਮਾਰਕੰਡਾ ਨੇ ਇਕ ਯੁਵਤੀ ਦੇ ਪ੍ਰੇਮ ਪ੍ਰਸੰਗ ਨੂੰ ਇਸ਼ਕ ਹਕੀਕੀ ਅਤੇ ਇਸ਼ਕ ਮਜ਼ਾਜ਼ੀ ਦੇ ਦਵੰਧ ਵਾਂਗ ਚਿੱਤਰ ਕੇ ਇਸ ਨੂੰ ਰਵਾਇਤੀ ਕਿੱਸਾ ਕਲਾ ਵਾਂਗ ਸੰਜੋਣ ਦੇ ਯਤਨਾਂ ਦੇ ਨਾਲ-ਨਾਲ ਨਵੀਨ ਕਾਵਿਬੋਧ ਸਿਰਜਣ ਦਾ ਯਤਨ ਵੀ ਕੀਤਾ ਹੈ। ਜਿਸਮੀ ਆਕਰਸ਼ਣ ਦੇ ਅੰਤਰੀਵੀ ਭਾਵਾਂ ਨੂੰ ਕਾਵਿਕ ਅਹਿਸਾਸ ਨਾਲ ਓਤਪੋਤ ਕਰਨ ਦਾ ਇਹ ਨਿਵੇਕਲਾ ਯਤਨ ਇਸ ਕਾਵਿਕਾਰੀ ਦਾ ਹਾਸਲ ਹੈ
ਨਾ ਬੁੱਲ ਫਰਕਣ
ਨਾ ਕੋਈ ਧੜਕਣ
ਗਮਲੇ ਵਿਚ ਜਿਉਂ
ਫੁੱਲ ਖਿੜ ਆਇਆ
-- -- -- -- --
ਕਾਠਾ ਜਿਸਮ
ਬਲੌਰੀ ਹਾਸਾ
ਨੈਣਾਂ ਦੇ ਵਿਚ
ਨੂਰ ਸਵਾਇਆ....
-- -- -- -- --
ਇਹ ਵੀ ਕੀ
ਅਣਹੋਣੀ ਹੋਈ
ਸਾਏ ਵਿਚ ਘੁਲ
ਚਲਿਆ ਸਾਇਆ
ਸ਼ਹਿਜ਼ਾਦੇ ਦੇ ਆਮਦ, ਉਸ ਦੇ ਗਠੀਲੇ ਸਰੀਰ ਅਤੇ ਮਿਲਣੀ ਦੇ ਅਹਿਸਾਸ ਨੂੰ ਅਜਿਹੀ ਕਾਵਿਕ ਸਥਿਤੀ ਵਿਚ ਢਾਲਣਾ ਅਤੇ ਕਾਵਿ ਕਹਾਣੀ ਨੂੰ ਸਹਿਜ ਤੋਰੇ ਤੋਰੀ ਰੱਖਣਾ ਇਸ ਕਵਿਤਾ ਦੀ ਰਵਾਨੀ ਦਾ ਲਖਾਇਕ ਹੈ। ਨਦੀ ਵਿਚ ਡੁੱਬੀ ਗਾਗਰ ਦੇ ਕੰਢਿਆਂ ਤੱਕ ਜਲ ਦਾ ਝਲਕਣਾ, ਰੁਦਨ ਕਰੇਂਦੀ ਵੰਝਲੀ, ਸੇਜ ਵਾਂਗ ਵਿਛੀ ਹੋਈ ਦੇਹੀ, ਵਰਗੀਆਂ ਤਸ਼ਬੀਹਾਂ ਅਤੇ ਬਿੰਬ ਇਸ ਕਵਿਤਾ ਨੂੰ ਰੂਹਾਨੀ ਅਤੇ ਦੁਨਿਆਵੀ ਸੁਮੇਲ ਵਾਂਗ ਸਥਾਪਤ ਕਰਦੇ ਹਨ।
ਖੰਡ ਲਿਬੜੀ
ਵਿਹੁ ਦੀ ਮੋਟਲ
ਨਾਮ ਬਿਨਾਂ ਨਾ
ਜਾਣੇ ਧੋਈ
-- -- -- --
ਬਾਝ ਪ੍ਰੇਮ ਵੀ
ਪ੍ਰਭ ਨਾ ਮਿਲਦਾ
ਪ੍ਰੇਮ ਦਾ ਅਰਥ
ਨਾ ਜਾਣੇ ਕੋਈ....
ਪ੍ਰੇਮ ਭਗਤੀ ਅਤੇ ਪ੍ਰਭੂ ਭਗਤੀ ਦੇ ਜੁੱਟ ਭਾਵੇਂ ਭਾਰਤੀ ਵਿਚਾਰਧਾਰਾ ਦੇ ਰੂੜ੍ਹ ਜੁੱਟ ਹਨ। ਪਰ ਸੀ. ਮਾਰਕੰਡਾ ਨੇ ਇਨ੍ਹਾਂ ਨੂੰ ਆਪਣੇ ਇਸ ਖੰਡ-ਕਾਵਿ ਵਿਚ ਉਸਾਰ ਕੇ ਨਵੀਂ ਕਵਿਤਾ ਨੂੰ ਇਕ ਨਵਾਂ ਵਿਸਥਾਰ ਦਿੱਤਾ ਹੈ। ਜੋ ਇਸ ਨੂੰ ਨਵੀਂ ਪੰਜਾਬੀ ਕਵਿਤਾ ਵਿਚ ਇਕ ਵੱਖਰੇ ਪ੍ਰਯੋਗ ਵਜੋਂ ਸਥਾਪਤ ਕਰੇਗਾ। ਕਵਿਤਾ ਦੀ ਖੜੋਤ ਦੇ ਦਿਨਾਂ ਵਿਚ ਅਜਿਹੇ ਪ੍ਰਯੋਗਾਂ ਦਾ ਸਵਾਗਤ ਹੋਣਾ ਚਾਹੀਦਾ ਹੈ।

ਡਾ: ਲਖਵਿੰਦਰ ਸਿੰਘ ਜੌਹਲ
ਮੋ: 94171-94812.

c c c

ਲੋਕ ਬੁਝਾਰਤਾਂ
ਲੇਖਕ : ਸੁਖਦੇਵ ਮਾਦਪੁਰੀ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 136
ਸੰਪਰਕ : 0161-2740738.

ਨਵੇਂ ਗਿਆਨ-ਵਿਗਿਆਨ ਦੇ ਯੁੱਗ ਨੇ ਸਾਡੀ ਨਵੀਂ ਪੀੜ੍ਹੀ ਨੂੰ ਆਪਣੇ ਸੱਭਿਆਚਾਰਕ ਤੇ ਲੋਕ ਵਿਰਸੇ ਤੋਂ ਤੋੜ ਕੇ ਰੱਖ ਦਿੱਤਾ ਹੈ, ਜੋ ਸਾਡਾ ਕੀਮਤੀ ਖਜ਼ਾਨਾ ਹੈਇਸ ਨੂੰ ਸੰਭਾਲਣ ਦੀ ਲੋੜ ਨੂੰ ਮੁੱਖ ਰੱਖਦਿਆਂ ਲੇਖਕਾਂ ਨੇ ਇਸ ਪਾਸੇ ਵੱਲ ਕਦਮ ਚੁੱਕੇ ਹਨ। ਸੁਖਦੇਵ ਉਨ੍ਹਾਂ ਵਿਚੋਂ ਇਕ ਹੈ, ਜਿਸ ਨੇ ਲੋਕ ਪੱਖੀ ਵਿਸ਼ਿਆਂ ਨੂੰ ਪੁਸਤਕ ਰੂਪ ਦੇ ਕੇ ਇਤਿਹਾਸਕ ਤੇ ਸੱਭਿਆਚਾਰਕ ਤੱਤਾਂ ਨੂੰ ਸੰਭਾਲਣ ਦਾ ਉਪਰਾਲਾ ਕੀਤਾ ਹੈ। ਇਨ੍ਹਾਂ ਲੋਕ ਅੰਸ਼ਾਂ ਵਿਚ ਪੁਰਾਤਨ ਪੰਜਾਬ ਦੇ ਲੋਕਾਂ ਦੇ ਦਿਲ ਦੀ ਧੜਕਣ ਹੈ, ਮੁਸ਼ੱਕਤਾਂ ਭਰਿਆ, ਬਹਾਦਰੀਆਂ ਦੇ ਸੰਗਰਾਮਾਂ ਦਾ ਬਹਾਦਰੀ ਭਰਿਆ ਇਤਿਹਾਸ ਵੀ ਹੈ, ਅਟਲ ਸਚਾਈਆਂ ਤੇ ਚੌਗਿਰਦੇ ਨਾਲ ਇਕ-ਮਿਕ ਹੋਇਆ ਗੁੰਝਲਾਂ ਭਰਿਆ ਜੀਵਨ ਤੇ ਸਾਦੀ ਰਹਿਣੀ ਬਹਿਣੀ ਵੀ ਉੱਭਰ ਕੇ ਸਾਹਮਣੇ ਆਉਂਦੀ ਹੈ। ਲੋਕ ਬੁਝਾਰਤਾਂ ਤਾਂ ਇਕ ਤਰ੍ਹਾਂ ਨਾਲ ਬੁੱਧੀ ਦੀ ਪ੍ਰੀਖਿਆ ਤੇ ਦਿਮਾਗੀ ਅਭਿਆਸ ਵੀ ਹੈ। ਇਤਿਹਾਸ ਅਨੁਸਾਰ ਲੋਕ ਬੁਝਾਰਤਾਂ ਦਾ ਆਰੰਭ ਚੌਧਵੀਂ ਸਦੀ ਤੋਂ ਮੀਰ ਖੁਸਰੋ ਤੋਂ ਹੋਇਆ ਮੰਨਿਆ ਜਾਂਦਾ ਹੈ, ਜੋ ਸਮੇਂ-ਸਮੇਂ ਰੂਪ ਬਦਲਦਾ ਗਿਆ।
ਸੁਖਦੇਵ ਮਾਦਪੁਰੀ ਨੇ ਹਥਲੀ ਪੁਸਤਕ ਵਿਚ ਅਨੇਕਾਂ ਸਮਾਜਿਕ ਤੇ ਹੋਰ ਪੱਖਾਂ ਨਾਲ ਸਬੰਧਿਤ ਲੋਕ ਬੁਝਾਰਤਾਂ ਨੂੰ ਪੇਸ਼ ਕੀਤਾ ਹੈ ਜਿਵੇਂ ਕਿ ਧਰਤੀ ਜਾਏ ਲੋਕਾਂ ਨਾਲ, ਅੰਬਰੀ ਉੱਡਦੇ ਪੰਛੀਆਂ ਨਾਲ, ਧਰਤੀ 'ਤੇ ਵਸਦੇ ਜੀਵ ਜੰਤੂਆਂ ਬਾਰੇ, ਮਨੁੱਖੀ ਸਰੀਰ ਦੇ ਭਿੰਨ-ਭਿੰਨ ਅੰਗਾਂ ਬਾਰੇ, ਘਰਾਂ ਵਿਚ ਮੌਜੂਦ ਵਸਤਾਂ (ਚਾਂਦੀ ਦਾ ਰੁਪਿਆ, ਚੀਨਾ, ਮੰਜਾ, ਚੱਕੀ ਤੇ ਚੁੱਲ੍ਹਾ ਆਦਿ), ਖੇਤੀ ਨਾਲ ਸਬੰਧਿਤ ਔਜ਼ਾਰ ਅਤੇ ਸਮੇਂ-ਸਮੇਂ ਹੋਂਦ ਵਿਚ ਆਈਆਂ ਵਸਤਾਂਰੇਲ ਗੱਡੀ, ਘੜੀ, ਬੰਦੂਕ, ਹੁੱਕਾ ਮਖਿਆਲ ਆਦਿ। ਪੁਸਤਕ ਦੇ ਅੰਤ ਵਿਚ ਸੰਕੇਤ ਵੀ ਦਿੱਤੇ ਹਨ ਤਾਂ ਕਿ ਅਰਥ ਸਮਝ ਵਿਚ ਆ ਸਕਣ। ਲੇਖਕ ਵਲੋਂ ਬਹੁਤ ਹੀ ਮਿਹਨਤ ਨਾਲ ਕੀਤਾ ਗਿਆ ਸ਼ਲਾਘਾਪੂਰਨ ਕਾਰਜ ਹੈ, ਜੋ ਪਾਠਕਾਂ ਨੂੰ ਸੱਭਿਆਚਾਰਕ ਪਿਛੋਕੜ ਨਾਲ ਜੋੜਦਾ ਹੈ।

ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

c c c

ਆਸਟ੍ਰੇਲੀਅਨ ਟੈਕਸੀਨਾਮਾ
ਲੇਖਕ : ਹਰਮੀਤ ਸਿੰਘ, ਗੌਰਵ ਖੁਰਾਨਾ
ਪ੍ਰਕਾਸ਼ਕ : ਰਹਾਉ ਪਬਲੀਕੇਸ਼ਨ, ਨਿਹਾਲ ਸਿੰਘ ਵਾਲਾ
ਮੁੱਲ : 130 ਰੁਪਏ, ਸਫ਼ੇ : 72
ਸੰਪਰਕ : 78890-06635.

ਅੱਜ ਬੇਰੁਜ਼ਗਾਰੀ ਦੇ ਸਮੇਂ ਵਿਚ ਪੜ੍ਹੇ-ਲਿਖੇ ਪੰਜਾਬੀ ਗੱਭਰੂਆਂ ਦੀ ਬਾਹਰਲੇ ਦੇਸ਼ਾਂ ਵੱਲ ਨੂੰ ਦੌੜ ਲੱਗੀ ਹੋਈ ਹੈ। ਔਖੇ-ਸੌਖੇ ਹੋ ਕੇ ਮਾਂ-ਪਿਉ ਪੈਸਿਆਂ ਦਾ ਪ੍ਰਬੰਧ ਕਰਦੇ ਹਨ ਤੇ ਇੰਜ ਉਹ ਘਰ ਪਰਿਵਾਰ ਛੱਡ ਕੇ ਵਿਦੇਸ਼ ਵਿਚ ਹੱਡ-ਤੋੜਵੀਂ ਮਿਹਨਤ ਕਰਕੇ ਗੁਜ਼ਾਰਾ ਕਰਦੇ ਹਨ। ਵਧੇਰੇ ਕਰਕੇ ਇਹ ਨੌਜਵਾਨ ਬਾਹਰ ਜਾ ਕੇ ਟੈਕਸੀ ਚਲਾਉਣ ਦਾ ਕੰਮ ਕਰਦੇ ਹਨ। ਇਸ ਪੁਸਤਕ ਦੇ ਲੇਖਕ ਹਰਮੀਤ ਸਿੰਘ ਅਤੇ ਗੌਰਵ ਖੁਰਾਨਾ ਵੀ ਕੁਝ ਸਾਲ ਪਹਿਲਾਂ ਆਪਣੀ ਕਿਸਮਤ ਅਜ਼ਮਾਉਣ ਲਈ ਆਸਟ੍ਰੇਲੀਆ ਪਹੁੰਚਦੇ ਹਨ। ਉਥੇ ਜਾ ਕੇ ਸਭ ਤੋਂ ਪਹਿਲਾਂ ਦੌੜ-ਭੱਜ ਕਰਕੇ ਉਹ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਵਿਚ ਸਫ਼ਲ ਹੋ ਜਾਂਦੇ ਹਨ। ਗੌਰਵ ਖੁਰਾਨਾ ਨੂੰ ਇਹ ਟੈਸਟ ਪਾਸ ਕਰਨ ਲਈ 5-6 ਵਾਰੀ ਫੇਲ੍ਹ ਹੋਣਾ ਪਿਆ। ਜਦ ਡਰਾਈਵਿੰਗ ਲਾਇਸੈਂਸ ਬਣ ਗਿਆ ਤਾਂ ਉਹ ਬੇਹੱਦ ਖੁਸ਼ ਹੋ ਕੇ ਗੋਰੇ ਅਫਸਰ ਦਾ ਧੰਨਵਾਦ ਕਰਨ ਵਜੋਂ ਉਸ ਦੇ ਪੈਰੀਂ ਹੱਥ ਲਾਉਣ ਲੱਗਾ। ਗੋਰਾ ਡਰ ਗਿਆ ਕਿ ਪਤਾ ਨਹੀਂ ਇਹ ਕੀ ਕਰਨ ਲੱਗਾ ਹੈ। ਗੌਰਵ ਨੇ ਆਪਣੀ ਟੁੱਟੀ-ਫੁੱਟੀ ਅੰਗਰੇਜ਼ੀ ਵਿਚ ਦੱਸਿਆ ਕਿ ਇਹ ਸਾਡਾ ਕਲਚਰ ਹੈ। ਬੜੀ ਬੇਸਬਰੀ ਨਾਲ ਉਡੀਕਦਿਆਂ ਉਹ ਦਿਨ ਆ ਗਿਆ ਜਦ ਇਨ੍ਹਾਂ ਮੁੰਡਿਆਂ ਨੂੰ ਟੈਕਸੀ ਡਰਾਈਵਰ ਦੀ ਵਰਦੀ ਪਾ ਕੇ ਡਰਾਈਵਿੰਗ ਸੀਟ 'ਤੇ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ। ਟੈਕਸੀ ਡਰਾਈਵਰਾਂ ਦਾ ਇਕ ਆਪਣਾ ਹੀ ਸੰਸਾਰ ਹੈ, ਜਿਸ ਵਿਚ ਖੁਸ਼ੀਆਂ, ਗ਼ਮੀਆਂ ਅਤੇ ਦੁਸ਼ਵਾਰੀਆਂ ਨਾਲ ਵਾਹ ਪੈਂਦਾ ਹੈ। ਇਸ ਪੁਸਤਕ ਦੇ ਲੇਖਕਾਂ ਨੇ ਇਸੇ ਤਰ੍ਹਾਂ ਟੈਕਸੀ ਡਰਾਈਵਿੰਗ ਦੇ ਧੰਦੇ ਦੌਰਾਨ ਵਾਪਰੀਆਂ ਕਈ ਤਰ੍ਹਾਂ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਨੇ ਉਨ੍ਹਾਂ ਦੇ ਗਿਆਨ ਵਿਚ ਵਾਧਾ ਕੀਤਾ ਅਤੇ ਨਵੇਂ-ਨਵੇਂ ਤਜਰਬਿਆਂ 'ਚੋਂ ਲੰਘਣ ਦਾ ਮੌਕਾ ਦਿੱਤਾ ਹੈ। ਛੋਟੀਆਂ-ਛੋਟੀਆਂ ਘਟਨਾਵਾਂ ਨੂੰ ਉਨ੍ਹਾਂ ਨੇ ਸੰਖੇਪ ਰੂਪ ਵਿਚ ਇਨ੍ਹਾਂ ਸਿਰਲੇਖਾਂ ਹੇਠ ਬੜੀ ਸਰਲ ਭਾਸ਼ਾ ਸ਼ੈਲੀ ਵਿਚ ਬਿਆਨ ਕੀਤਾ ਹੈ : ਅੰਨ੍ਹੀ ਲੜਕੀ, ਇਮਾਨਦਾਰੀ ਜਿਊਂਦੀ ਹੈ, ਪੁਲਿਸ ਵਲੋਂ ਸਹਾਇਤਾ, ਨਸ਼ੇ ਦੇ ਵਪਾਰੀ ਨਾਲ ਮੁਲਾਕਾਤ, ਸ਼ਰਾਬ, ਯਾਦਗਾਰੀ ਸਵਾਰੀ, ਠੱਗੀਆਂ ਤੇ ਨਵੇਂ ਤਰੀਕੇ, ਮਾਂ, ਪੁਲਿਸ ਦੇ ਰੂਪ, ਜ਼ਿੰਮੇਵਾਰ ਘਰਵਾਲੀ, ਕਿਰਾਇਆ ਲੈ ਭੱਜੇ, ਆਦਿ। ਇਸ ਪ੍ਰਕਾਰ ਇਸ ਪੁਸਤਕ ਵਿਚ ਟੈਕਸੀ ਡਰਾਈਵਰ ਅਤੇ ਸਵਾਰੀ ਦੇ ਰਿਸ਼ਤੇ ਵਿਚ ਵਾਪਰਦੀਆਂ ਚੰਗੀਆਂ-ਮਾੜੀਆਂ ਘਟਨਾਵਾਂ ਬਾਰੇ ਹੱਡਬੀਤੀਆਂ ਕਹਾਣੀਆਂ ਦੁਆਰਾ ਚਾਨਣ ਪਾਇਆ ਗਿਆ ਹੈ।

ਕੰਵਲਜੀਤ ਸਿੰਘ ਸੂਰੀ
ਮੋ: 93573-24241.

c c c

ਮਹਾਨਤਾ ਦੇ ਮਾਰਗ
ਲੇਖਕ : ਏ.ਪੀ.ਜੇ. ਅਬਦੁਲ ਕਲਾਮ
ਅਨੁਵਾਦਕ : ਪ੍ਰੋ: ਬਸੰਤ ਸਿੰਘ ਬਰਾੜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 160
ਸੰਪਰਕ : 98149-41214.

ਡਾ: ਕਲਾਮ ਭਾਰਤ ਦੇ 11ਵੇਂ ਰਾਸ਼ਟਰਪਤੀ ਸਨ। ਉਹ ਇਕ ਮਹਾਨ ਵਿਗਿਆਨੀ, ਰਾਜਨੀਤੀਵੇਤਾ ਅਤੇ ਚਿੰਤਕ ਸਨ। ਇਸ ਪੁਸਤਕ ਵਿਚ ਉਨ੍ਹਾਂ ਨੇ ਰਾਸ਼ਟਰੀ ਚਰਿੱਤਰ ਅਤੇ ਸੱਭਿਆਚਾਰ ਉੱਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਛੋਟਾ ਟੀਚਾ ਰੱਖਣਾ ਇਕ ਅਪਰਾਧ ਹੈ। ਮਹਾਨਤਾ ਦਾ ਮਾਰਗ ਅਪਣਾਉਣਾ ਹੀ ਸਾਡਾ ਕਰਮ ਧਰਮ ਹੈ। ਉਨ੍ਹਾਂ ਨੇ ਪੁਸਤਕ ਵਿਚ ਦੱਸਿਆ ਹੈ ਕਿ ਇਕ ਆਮ ਭਾਰਤੀ ਦਾ ਜੀਵਨ ਕਿਵੇਂ ਸ਼ਾਨ, ਮੰਤਵ ਅਤੇ ਸਫਲਤਾ ਨਾਲ ਭਰ ਸਕਦਾ ਹੈ। ਉਨ੍ਹਾਂ ਨੇ ਦੇਸ਼-ਵਿਦੇਸ਼ ਦਾ ਭ੍ਰਮਣ ਕਰਕੇ ਆਪਣੇ ਤਜਰਬਿਆਂ ਨੂੰ ਸਾਂਝੇ ਕਰਦਿਆਂ ਚੰਗੀ ਜੀਵਨ-ਜਾਚ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਦੇ ਵਿਚਾਰ ਬਹੁਤ ਹੀ ਕੀਮਤੀ ਹਨ। ਉਹ ਸਾਰੇ ਵਿਦਿਆਰਥੀਆਂ ਨੂੰ ਇਕ ਸਹੁੰ ਚੁਕਾਇਆ ਕਰਦੇ ਸਨ ਕਿ
ਅੱਜ ਤੋਂ ਬਾਅਦ ਮੈਂ ਆਪਣੀ ਮਾਂ ਨੂੰ ਖੁਸ਼ ਰੱਖਾਂਗਾ।
ਜੇ ਮੇਰੀ ਮਾਂ ਖੁਸ਼ ਹੈ, ਤਾਂ ਮੇਰਾ ਘਰ ਖੁਸ਼ ਹੈ।
ਜੇ ਮੇਰਾ ਘਰ ਖੁਸ਼ ਹੈ ਤਾਂ ਸਮਾਜ ਖੁਸ਼ ਹੋਵੇਗਾ।
ਜੇ ਸਮਾਜ ਖੁਸ਼ ਹੈ ਤਾਂ ਪ੍ਰਦੇਸ਼ ਖੁਸ਼ ਹੋਵੇਗਾ।
ਜੇ ਪ੍ਰਦੇਸ਼ ਖੁਸ਼ ਹੋਵੇਗਾ ਤਾਂ ਰਾਸ਼ਟਰ ਖੁਸ਼ ਹੋਵੇਗਾ।
ਡਾ: ਕਲਾਮ ਨੇ ਸੁੰਦਰ ਭਾਰਤ ਦੇ ਨਿਰਮਾਣ ਦਾ ਸੁਪਨਾ ਲੈਂਦਿਆਂ ਸਾਰੇ ਵਰਗਾਂ ਨੂੰ ਆਪਣੇ ਕਰਤੱਵਾਂ ਪ੍ਰਤੀ ਸੁਚੇਤ ਕੀਤਾ। ਉਹ ਚਾਹੁੰਦੇ ਸਨ ਕਿ ਭਾਰਤ ਇਕ ਅਜਿਹਾ ਰਾਸ਼ਟਰ ਬਣੇ ਜਿਹੜਾ ਧਰਤੀ ਉੱਪਰ ਰਹਿਣਯੋਗ ਥਾਵਾਂ ਵਿਚੋਂ ਸਭ ਤੋਂ ਵਧੀਆ ਹੋਵੇ ਅਤੇ ਕਰੋੜਾਂ ਲੋਕਾਂ ਦੇ ਚਿਹਰਿਆਂ 'ਤੇ ਮੁਸਕਾਨ ਲਿਆਵੇ। ਇਸ ਪੁਸਤਕ ਵਿਚ ਉਨ੍ਹਾਂ ਨੇ ਸਮਾਜਿਕ, ਆਰਥਿਕ ਅਤੇ ਭਾਵਨਾਤਮਕ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ। ਅਨੁਵਾਦਕ ਨੇ ਵੀ ਬਹੁਤ ਲਗਨ, ਮਿਹਨਤ ਅਤੇ ਪ੍ਰਤਿਭਾ ਨਾਲ ਸਰਲ ਅਤੇ ਰਵਾਨਗੀ ਭਰੀ ਭਾਸ਼ਾ ਵਿਚ ਪੁਸਤਕ ਦਾ ਅਨੁਵਾਦ ਕੀਤਾ ਹੈ। ਇਹ ਪੁਸਤਕ ਪੜ੍ਹਨ ਅਤੇ ਸਾਂਭਣਯੋਗ ਹੈ।

ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

c c c

2-08-2020

 ਯੁਗ ਵਾਰਤਾ
ਲੇਖਕ : ਕ੍ਰਿਪਾਲ ਸਿੰਘ ਪੂਨੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 96
ਸੰਪਰਕ : 0172-5027427.

'ਯੁਗ ਵਾਰਤਾ' ਕ੍ਰਿਪਾਲ ਸਿੰਘ ਪੂਨੀ ਦੀ ਸੱਤਵੀਂ ਕਾਵਿ ਪੁਸਤਕ ਹੈ। ਇਸ ਕਿਤਾਬ ਵਿਚ ਉਸ ਦੀਆਂ ਗ਼ਜ਼ਲਾਂ, ਗੀਤ ਤੇ ਕਵਿਤਾਵਾਂ ਸ਼ਾਮਿਲ ਹਨ, ਜਿਨ੍ਹਾਂ ਨੂੰ ਉਸ ਨੇ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਨੂੰ ਸਮਰਪਿਤ ਕੀਤਾ ਹੈ। ਸਾਰੀਆਂ ਗ਼ਜ਼ਲਾਂ ਨੂੰ ਉਨ੍ਹਾਂ ਦੇ ਰਦੀਫ਼ਾਂ ਅਤੇ ਜ਼ਮੀਨਾਂ ਅਨੁਸਾਰ ਸਿਰਲੇਖ ਦੇ ਕੇ ਛਾਪਿਆ ਗਿਆ ਹੈ। ਪਰ ਇਨ੍ਹਾਂ ਵਿਚ ਇਕ ਗ਼ਜ਼ਲ 'ਮਦਨ ਲਾਲ ਢੀਂਗਰਾ' ਵੀ ਹੈ। ਅਲ ਬਹਿਰ ਵਿਚ ਲਿਖੀ ਗਈ ਇਹ ਗ਼ਜ਼ਲ ਆਪਣੇ-ਆਪ ਵਿਚ ਇਕ ਪ੍ਰਯੋਗ ਹੈਮਦਨ ਲਾਲ ਢੀਂਗਰਾ ਦੀ ਗੌਰਵ ਗਾਥਾ ਦਾ ਮੁਸੱਲਸਲ ਗ਼ਜ਼ਲ ਰਾਹੀਂ ਬਿਆਨ ਇਸ ਗ਼ਜ਼ਲਕਾਰੀ ਦਾ ਨਿਵੇਕਲਾ ਹਾਸਲ ਹੈ
'ਢੀਂਗਰਾ' ਹਾਂ ਮੈਂ, ਹਨੇਰੀ ਦਾ ਕਰਾਂ ਮੈਂ ਸਾਹਮਣਾ,
ਖੌਫ਼ ਵਿਚ ਜੀਵਾਂ ਕਿਵੇਂ ਮੈਂ ਵਕਤ ਤੋਂ ਡਰਦਾ ਰਹਾਂ?
ਇਨ੍ਹਾਂ ਗ਼ਜ਼ਲਾਂ ਦੇ ਸ਼ਿਅਰ ਇਕ ਸਜਗ ਗ਼ਜ਼ਲਗੋ ਵਲੋਂ ਸਮਾਜ ਸੱਭਿਆਚਾਰ ਦੀ ਬਿਹਤਰੀ ਲਈ ਦਿੱਤੇ ਗਏ ਸੁਨੇਹਿਆਂ ਵਾਂਗ ਹਨ, ਜਿਨ੍ਹਾਂ ਵਿਚ ਪ੍ਰਤੱਖ ਜਾਂ ਪ੍ਰੋਖ ਰੂਪ ਵਿਚ ਮਨੁੱਖਤਾ ਲਈ ਦਰਦ ਵਿਦਮਾਨ ਹੈ। ਪੰਜਾਬ ਦੀ ਬਿਹਤਰੀ ਅਤੇ ਖੁਸ਼ਹਾਲੀ ਲਈ ਤੜਫ਼ ਇਸ ਗ਼ਜ਼ਲਕਾਰੀ ਦਾ ਮੂਲ ਸਰੋਕਾਰ ਹੈ।
ਐ ਮੇਰੇ ਪੰਜਾਬੀਓ! ਇਕ ਦਿਨ ਬੜੇ ਪਛਤਾਓਗੇ।
ਜੇ ਲੜੋਗੇ ਭਿੜ ਮਰੋਗੇ, ਫਿਰ ਉਜਾੜੇ ਜਾਓਗੇ।
ਜੇ ਨਹੀਂ ਸਮਝੇ ਤਾਂ ਫਿਰ ਖ਼ਾਬਾਂ 'ਚ ਖੰਡਰ ਹੋਣਗੇ
ਫਿਰ ਉਦਾਸੀ ਰੁੱਤ ਦੇ ਵਿਚ, ਕਿਸ ਤਰ੍ਹਾਂ ਮੁਸਕਰਾਓਗੇ।
ਕ੍ਰਿਪਾਲ ਸਿੰਘ ਪੂਨੀ ਲੰਮੇ ਸਮੇਂ ਤੋਂ ਇੰਗਲੈਂਡ ਵਿਚ ਰਹਿ ਕੇ ਵੀ ਆਪਣੀ ਮਿੱਟੀ, ਆਪਣੀ ਭਾਸ਼ਾ ਅਤੇ ਆਪਣੇ ਸੱਭਿਆਚਾਰ ਨਾਲ ਜੜਿਆ ਹੋਇਆ ਹੈ। ਉਸ ਨੇ ਆਪਣੇ ਅਨੁਭਵ ਨੂੰ ਅਭੀਵਿਅਕਤ ਕਰਨ ਲਈ ਗ਼ਜ਼ਲ ਦੀ ਸਿਨਫ਼ ਨੂੰ ਅਪਣਾਇਆ ਹੈ ਅਤੇ ਉਹ ਵੀ ਉਸ ਦੀਆਂ ਸਾਰੀਆਂ ਤਕਨੀਕੀ ਬੰਦਸ਼ਾਂ ਸਮੇਤ। ਬਹਿਰ ਵਜ਼ਨ ਦੀਆਂ ਲੋੜਾਂ ਦੀ ਉਸ ਨੂੰ ਗਹਿਰੀ ਸਮਝ ਹੈ ਅਤੇ ਉਸ ਨੂੰ ਬਹਿਰ ਦੀ ਰਵਾਨੀ ਬਣਾਉਣ ਦਾ ਬਲ ਆਉਂਦਾ ਹੈ। ਸ਼ਬਦ ਜੜਤ ਨੂੰ ਬਹਿਰ-ਵਜ਼ਨ ਅਨੁਸਾਰ ਪ੍ਰਵਾਨ ਚੜ੍ਹਾ ਕੇ ਰਚਨਾ ਵਿਚ ਗ਼ਜ਼ਲੀਅਤ ਪੈਦਾ ਕਰ ਲੈਣੀ ਉਸ ਦਾ ਹਾਸਲ ਹੈ। ਹਾਲਾਂਕਿ ਉਸ ਦੇ ਸਾਰੇ ਵਿਸ਼ੇ ਸਥੂਲ ਅਤੇ ਵਿਚਾਰਧਾਰਕ ਹਨ। ਰਵਾਇਤੀ ਵਿਸ਼ਿਆਂ ਦਾ ਸਮਕਾਲੀ ਸਥਿਤੀ ਦੇ ਵਿਸ਼ਲੇਸ਼ਣ ਤੱਕ ਫੈਲਾਓ ਕਰਨਾ ਅਤੇ ਸਮਕਾਲੀ ਲੋੜਾਂ ਅਨੁਸਾਰ ਪਾਠਕਾਂ ਨੂੰ ਜਾਗਰੂਕ ਕਰਨ ਦਾ ਯਤਨ ਕਰਦੇ ਹੋਏ ਸਾਹਿਤ ਦੇ ਸੁਨੇਹੇ ਪ੍ਰਤੀ ਸੁਚੇਤ ਹੋਣਾ ਇਸ ਗ਼ਜ਼ਲਕਾਰੀ ਦਾ ਸਾਰਥਕ ਫੈਲਾਓ ਹੈ। ਇਨ੍ਹਾਂ ਗ਼ਜ਼ਲਾਂ ਨੂੰ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਗ਼ਜ਼ਲ ਸ਼ਿਲਪ ਉਸਤਾਦੀ ਛੋਹਾਂ ਨਾਲ ਕਿੰਨੀ ਸਹਿਜ ਵੀ ਹੋ ਸਕਦੀ ਹੈ।
ਦਿਲ ਦੀ ਦੁਨੀਆ ਬੜੀ ਨਿਆਰੀ, ਰੋਜ਼ ਸਤਾਏ ਇਸ਼ਕ ਖੁਮਾਰੀ
ਟੁੱਟੇ ਤਾਰੇ ਅੰਦਰ ਤਾਂ ਹਿਲਦਾ ਹਿਜਰ ਭਇਆ ਮਨ ਇਸ਼ਕ ਖੁਆਰੀ
ਗ਼ਜ਼ਲ ਵੀ ਤੂੰ ਹੈ, ਗੀਤ ਵੀ ਤੂੰ ਹੈ, ਹੁਸਨ ਵੀ ਤੂੰ, ਪ੍ਰੀਤ ਵੀ ਤੂੰ ਹੈ
ਪਿਆਰ ਤੇਰਾ ਸਿਰ ਚੜ੍ਹ ਕੇ ਬੋਲੇ, ਦਰਦ ਵੀ ਤੂੰ ਹੈ, ਮੀਤ ਵੀ ਤੂੰ ਹੈ।
ਸ਼ਬਦਾਂ ਦੀ ਜੜਤ ਨੂੰ ਸੰਗੀਤਕ ਰਵਾਨਗੀ ਵਿਚ ਢਾਲ ਲੈਣਾ ਅਤੇ ਰਚਨਾ ਨੂੰ ਮਾਨਵੀ ਦਰਦ ਨਾਲ ਲਬਰੇਜ਼ ਕਰ ਦੇਣਾ ਇਨ੍ਹਾਂ ਰਚਨਾਵਾਂ ਦੀ ਵਿਲੱਖਣਤਾ ਹੈ।
ਗੀਤ ਮੇਰੇ ਵਿਚ ਪੀੜ ਅਵੱਲੀ
ਝੱਲਣੀ ਲੋਠਾ ਜਾਏ ਨਾ ਝੱਲੀ
ਦਿਲ ਅੰਬਰ ਤੋਂ ਟੁੱਟਿਆ ਤਾਰਾ
ਨੈਣਾਂ ਸਿੰਮਿਆ ਹੰਝੂ ਖਾਰਾ
ਕੌਣ ਸੁਣੇਗਾ, ਵੈਣ ਪਰਾਏ।
ਗੀਤ ਮੇਰਾ ਕਹਿਣੋਂ ਨਾ ਡਰਦਾ
ਜੋ ਭੀ ਸੁਣਦਾ, ਸਤ ਸਤ ਕਰਦਾ
ਐਸਾ ਸੱਚ ਦਾ ਰਸਤਾ ਫੜਿਆ
ਸੂਲੀ ਉੱਪਰ ਹਸ ਹਸ ਚੜ੍ਹਦਾ
ਜੀਵਨ ਕੀ ਕੀ ਰੰਗ ਵਿਖਾਏ
ਸਮਾਜ ਦੀ ਹਾਲਤ ਨੂੰ ਸ਼ਾਇਰੀ ਦੇ ਵੱਖ-ਵੱਖ ਰੰਗਾਂ ਰਾਹੀਂ ਬਿਆਨ ਕਰਨ ਵਾਲੀ ਅਤੇ ਸਮਾਜ ਦੀ ਬਿਹਤਰੀ ਦੇ ਸੰਕਲਪ ਨੂੰ ਸਾਹਿਤ ਰਾਹੀਂ ਉਜਾਗਰ ਕਰਨ ਅਤੇ ਪ੍ਰਸਾਰਿਤ ਕਰਨ ਵਾਲੀ ਇਸ ਸ਼ਾਇਰੀ ਦਾ ਸਵਾਗਤ ਹੈ।

ਡਾ: ਲਖਵਿੰਦਰ ਸਿੰਘ ਜੌਹਲ
ਮੋ: 94171-94812.

c c c

ਚਾਨਣ ਦੇ ਹਸਤਾਖ਼ਰ
ਗ਼ਜ਼ਲਕਾਰਾ : ਗੁਰਮੀਤ ਕੌਰ ਸੰਧਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 98767-46901.

ਸੰਧਾ ਨਿਯਮਪੂਰਬਕ ਗ਼ਜ਼ਲ ਕਹਿਣ ਵਾਲੀ ਗ਼ਜ਼ਲਕਾਰਾ ਹੈ। ਅਸੂਲਾਂ ਦੇ ਦਾਇਰੇ ਵਿਚ ਰਹਿਣ ਵਾਲੀ ਇਸ ਗ਼ਜ਼ਲਕਾਰਾ ਦੀਆਂ ਗ਼ਜ਼ਲਾਂ ਵਿਚ ਪੰਜਾਬ ਦੀ ਮਿੱਟੀ ਦੀ ਤਾਸੀਰ ਤੇ ਮਹਿਕ ਹੈ। 'ਚਾਨਣ ਦੇ ਹਸਤਾਖ਼ਰ' ਉਸ ਦੀ ਪੰਜਵੀਂ ਪੁਸਤਕ ਹੈ ਤੇ ਨਿਰੋਲ ਗ਼ਜ਼ਲਾਂ ਦਾ ਪਹਿਲਾ ਸੰਗ੍ਰਹਿ ਹੈ। ਬੇਸ਼ਕ ਉਸ ਦੀ ਗ਼ਜ਼ਲ ਦਾ ਸਫ਼ਰ ਬਹੁਤਾ ਲੰਬਾ ਨਹੀਂ ਹੈ ਪਰ ਉਸ ਨੇ ਇਸ ਖੇਤਰ ਵਿਚ ਆਪਣਾ ਜ਼ਿਕਰਯੋਗ ਸਥਾਨ ਬਣਾ ਲਿਆ ਹੈ। ਸ਼ਾਇਰੀ ਵਿਚ ਸਰਲਤਾ ਸਭ ਤੋਂ ਉੱਤਮ ਗੁਣ ਹੁੰਦਾ ਹੈ ਤੇ ਇਹ ਗੁਣ ਸੰਧਾ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿਚ ਮਹਿਸੂਸਿਆ ਜਾ ਸਕਦਾ ਹੈ। ਉਸ ਨੇ ਗੁੰਝਲਦਾਰ ਬੌਧਿਕਤਾ ਦੀ ਥਾਂ ਆਮ ਲੋਕਾਂ ਨੂੰ ਸਮਝ ਆਉਣ ਵਾਲੀ ਗ਼ਜ਼ਲ ਲਿਖੀ ਹੈ ਤੇ ਖ਼ੂਬਸੂਰਤ ਸ਼ਿਅਰਾਂ ਦੀ ਸਿਰਜਣਾ ਕੀਤੀ ਹੈ। ਆਪਣੀ ਪਹਿਲੀ ਗ਼ਜ਼ਲ ਵਿਚ ਹੀ ਉਹ ਮਾਯੂਸ ਲੋਕਾਂ ਵਿਚ ਊਰਜਾ ਭਰਨ ਦੀ ਕੋਸ਼ਿਸ਼ ਕਰਦੀ ਹੈ ਤੇ ਹੱਕ ਨਿਆਂ ਲਈ ਜੂਝਣ ਲਈ ਕਹਿੰਦੀ ਹੈ। ਦੂਸਰੀ ਗ਼ਜ਼ਲ ਵਿਚ ਉਹ ਪੂਰੇ ਅੰਬਰ ਦੀ ਥਾਂ ਇਕ ਅੱਧ ਸਿਤਾਰਾ ਚਾਹੁੰਦੀ ਹੈ ਤੇ ਤੀਸਰੀ ਗ਼ਜ਼ਲ ਵਿਚ ਸੰਧਾ ਲੜਨ ਦੀ ਸ਼ੈਲੀ ਬਾਰੇ ਸੁਚੇਤ ਕਰਦੀ ਹੈ। ਇੰਝ ਗ਼ਜ਼ਲਕਾਰਾ ਦੀਆਂ ਗ਼ਜ਼ਲਾਂ ਦੀ ਵਿਚਾਰਧਾਰਾ ਇਕ ਤਰਤੀਬ ਵਿਚੋਂ ਹੋ ਕੇ ਗੁਜ਼ਰਦੀ ਹੈ ਤੇ ਉਤਸ਼ਾਹ ਨਾਲ ਭਰਪੂਰ ਹੈ। ਪੁਸਤਕ ਵਿਚ ਕਿਤੇ-ਕਿਤੇ ਉਦਾਸੀ ਦਾ ਰੰਗ ਹੈ ਪਰ ਅਜੋਕੇ ਮਾਹੌਲ ਤੇ ਰਾਜਨੀਤਕ ਪ੍ਰਸਥਿਤੀਆਂ ਵਿਚ ਇਹ ਸੁਭਾਵਿਕ ਹੈ। ਉਸ ਨੂੰ ਚਾਨਣੀ ਦੀ ਤਲਾਸ਼ ਹੈ ਤੇ ਹਨ੍ਹੇਰ ਮੂੰਹਜ਼ੋਰ ਹੈ ਪਰ ਇੱਛਾ ਦੀ ਪ੍ਰਾਪਤੀ ਲਈ ਵਿੱਤ ਮੁਤਾਬਿਕ ਉਸ ਨੂੰ ਜੂਝਣਾ ਆਉਂਦਾ ਹੈ ਤੇ ਆਪਣੇ ਕਾਫ਼ਿਲੇ ਨੂੰ ਭਰਪੂਰ ਕਰਨ ਦਾ ਉਸ ਕੋਲ ਹੁਨਰ ਹੈ। ਇਹ ਪੁਸਤਕ ਮੁਹੱਬਤੀ ਚੋਚਲਿਆਂ ਤੋਂ ਦੂਰ ਹੈ ਤੇ ਜਿਊਣ ਲਈ ਮਨੁੱਖ ਦੀਆਂ ਮੁਢਲੀਆਂ ਲੋੜਾਂ ਤੇ ਉਨ੍ਹਾਂ ਦੀ ਪੂਰਤੀ ਲਈ ਪ੍ਰੇਰਨਾ ਦੀ ਕੜੀ ਹੈ।

ਗੁਰਦਿਆਲ ਰੌਸ਼ਨ
ਮੋ: 99884-44002

c c c

ਮਟਕ-ਚਾਨਣਾ
ਲੇਖਕ : ਤ੍ਰਿਪਤਾ ਬਰਮੌਤਾ
ਪ੍ਰਕਾਸ਼ਕ : ਨਵਰੰਗ ਪਬਲਿਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 97812-81565.

'ਮਟਕ-ਚਾਨਣਾ' ਮਿੰਨੀ ਕਹਾਣੀ-ਸੰਗ੍ਰਹਿ ਤ੍ਰਿਪਤਾ ਬਰਮੋਤਾ ਦੀ 12ਵੀਂ ਪੁਸਤਕ ਹੈ, ਜਿਸ ਵਿਚ ਉਸ ਨੇ 80 ਦੇ ਕਰੀਬ ਮਿੰਨੀ ਕਹਾਣੀਆਂ ਲਿਖੀਆਂ ਹਨ। ਲੇਖਿਕਾ ਵਿਗਿਆਨਕ ਸੱਚ ਦੀ ਧਾਰਨੀ ਹੈ, ਜਿਸ ਨੇ ਆਪਣੀਆਂ ਕਹਾਣੀਆਂ ਵਿਚ ਸਮਾਜਿਕ ਸਰੋਕਾਰਾਂ ਨੂੰ ਬਹੁਤ ਹੀ ਸ਼ਿੱਦਤ ਨਾਲ ਸਿਰਜਿਆ ਹੈ। ਕਹਾਣੀਕਾਰਾ ਨੇ ਸਮਾਜਿਕ ਘਟਨਾਵਾਂ ਨੂੰ ਅਨੁਭਵ ਕਰਕੇ ਹੀ ਕਹਾਣੀਆਂ ਨੂੰ ਕੁੱਜੇ ਵਿਚ ਸਮੁੰਦਰ ਬੰਦ ਕਰਨ ਵਾਂਗ ਲਿਖਿਆ ਹੈ, ਜਿਵੇਂ 'ਭੋਜਨ', 'ਹੈਪੀ ਰੇਨੀ ਡੇਅ', ਕਹਾਣੀਆਂ ਵਿਚ ਕਿੰਨੀ ਵੱਡੀ ਨਸੀਹਤ ਦਿੱਤੀ ਗਈ ਹੈ ਕਿ ਜਦੋਂ ਇਕ ਗ਼ਰੀਬ ਦਾ ਮੀਂਹ ਪੈਣ ਕਾਰਨ ਕੋਠਾ ਚੋਅ ਰਿਹਾ ਹੁੰਦਾ ਹੈ ਤਾਂ ਉਸ ਨੂੰ ਫੋਨ 'ਤੇ ਮੈਸੇਜ ਆਉਂਦਾ ਹੈ 'ਹੈਪੀ ਰੇਨੀ ਡੇਅ', ਪਰ ਉਹ ਇਹ ਪੜ੍ਹ ਕੇ ਉਦਾਸ ਹੋ ਜਾਂਦਾ ਹੈ ਕਿ ਉਸ ਦਾ ਤਾਂ ਅੱਜ 'ਬੈਡ ਰੇਨੀ ਡੇਅ' ਹੈ। ਇਸੇ ਤਰ੍ਹਾਂ ਹੀ 'ਮਟਕ-ਚਾਨਣਾ', 'ਡਿਗਰੀ', 'ਇਕ ਔਰਤ ਦੇ ਦੋ ਰੂਪ' ਅਤੇ 'ਹਮਬਿਸਤਰ' ਕਹਾਣੀਆਂ ਵਿਚ ਸਮਾਜਿਕ ਵਰਤਾਰਿਆਂ ਦੀ ਪੇਸ਼ਕਾਰੀ ਬਾਖੂਬੀ ਕੀਤੀ ਗਈ ਹੈ। 'ਪਿੰਜਰੇ ਨਾਲ ਪਿਆਰ' ਕਹਾਣੀ ਵਿਚ ਦੱਸਿਆ ਗਿਆ ਹੈ ਕਿ ਕੈਦੀ ਦੀ ਸਾਰੀ ਉਮਰ ਕੈਦ ਵਿਚ ਹੀ ਲੰਘ ਜਾਂਦੀ ਹੈ ਤੇ ਉਹ ਜੇਲ੍ਹਰ ਸਾਹਿਬ ਨੂੰ ਕਹਿੰਦਾ ਹੈ ਕਿ ਮੈਨੂੰ ਇੱਥੋਂ ਨਾ ਕੱਢੋ, ਮੈਨੂੰ ਇਸੇ ਪਿੰਜਰੇ ਵਿਚ ਹੀ ਰਹਿਣ ਦਿਓ। ਇਸ ਪ੍ਰਕਾਰ ਹੀ 'ਮੱਥੇ ਦੀਆਂ ਤਿਓੜੀਆਂ' ਕਹਾਣੀ ਵਿਚ ਇਕ ਅੜਬ ਪਤਨੀ ਦੇ ਸੁਭਾਅ ਨੂੰ ਦਰਸਾਇਆ ਗਿਆ ਹੈ ਕਿ ਜਦੋਂ ਸ਼ਹਿਰ ਵਿਚ ਦੰਗੇ ਮਚ ਰਹੇ ਹੁੰਦੇ ਹਨ ਤੇ ਉਸ ਦਾ ਪਤੀ ਰਾਸ਼ਨ ਲੈਣ ਗਿਆ ਹੁੰਦਾ ਹੈ ਪਰ ਖਾਲੀ ਝੋਲਾ ਲੈ ਕੇ ਵਾਪਸ ਘਰ ਆਉਂਦਾ ਹੈ ਤਾਂ ਉਸ ਦੀ ਪਤਨੀ ਮੱਥੇ ਤਿਉੜੀਆਂ ਪਾ ਲੈਂਦੀ ਹੈ ਪਰ ਆਪਣੇ ਪਤੀ ਦੀ ਮੁਸੀਬਤ ਨੂੰ ਨਹੀਂ ਦੇਖਦੀ। ਇਸ ਪ੍ਰਕਾਰ ਤ੍ਰਿਪਤਾ ਬਰਮੋਤਾ ਨੇ ਹਰੇਕ ਕਹਾਣੀ ਵਿਚ ਹੀ ਨਿੱਕੇ-ਨਿੱਕੇ ਸੁਨੇਹੇ ਦਿੱਤੇ ਹਨ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਲੇਖਿਕਾ ਨੇ ਸਾਡੀ ਸਮਾਜਿਕ ਜ਼ਿੰਦਗੀ ਦੇ ਅਜਿਹੇ ਵਿਸ਼ੇ ਲਏ ਹਨ, ਜਿਨ੍ਹਾਂ ਦਾ ਲੋਕ ਜੀਵਨ ਭਰ ਸੰਘਰਸ਼ ਕਰਦੇ ਰਹਿੰਦੇ ਹਨ ਅਤੇ ਆਪਸੀ ਪਿਆਰ ਵਿਚ ਵੀ ਤ੍ਰੇੜਾਂ ਪੈਂਦੀਆਂ ਰਹਿੰਦੀਆਂ ਹਨ ਅਤੇ ਪਰਿਵਾਰਕ ਰਿਸ਼ਤੇ ਖ਼ਤਮ ਹੋ ਰਹੇ ਹਨ। ਲੇਖਿਕਾ ਵਧਾਈ ਦੀ ਪਾਤਰ ਹੈ।

ਡਾ: ਗੁਰਬਿੰਦਰ ਕੌਰ ਬਰਾੜ
098553-95161

c c c

ਪਰਮਜੀਤ ਕੌਰ ਸਰਹਿੰਦ ਦੇ 31 ਨਿਬੰਧ
ਨਿਬੰਧਕਾਰ : ਪਰਮਜੀਤ ਕੌਰ ਸਰਹਿੰਦ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼, ਦਿੱਲੀ
ਮੁੱਲ : 450 ਰੁਪਏ, ਸਫ਼ੇ : 234
ਸੰਪਰਕ : 98728-98599.

ਇਸ ਪੁਸਤਕ ਵਿਚਲੇ 31 ਨਿਬੰਧ ਸਾਡੇ ਦਿਲ ਦਿਮਾਗ ਨੂੰ ਰੌਸ਼ਨ ਕਰਨ ਵਾਲੇ ਹਨ। ਪਹਿਲਾ ਲੇਖ ਪੰਜਾਬੀ ਭਾਸ਼ਾ ਅਤੇ ਲੋਕ ਕਾਵਿ ਦਾ ਚਿਤਰਨ ਕਰਦਾ ਹੈ। ਕੁਝ ਲੇਖ ਸਾਡੇ ਸੱਭਿਆਚਾਰ ਦਾ ਦਰਪਣ ਹਨ। ਅਲੋਪ ਹੋ ਰਹੇ ਵਿਰਸੇ ਦੀਆਂ ਬਾਤਾਂ ਪਾਉਂਦੇ ਕੁਝ ਲੇਖ ਬਹੁਤ ਭਾਵਪੂਰਤ ਹਨ। ਕੁਝ ਨਿਬੰਧ ਲੇਖਿਕਾ ਦੇ ਜੀਵਨ ਤਜਰਬਿਆਂ ਅਤੇ ਅਹਿਸਾਸਾਂ ਦੀ ਤਰਜਮਾਨੀ ਕਰਦੇ ਹਨ। ਪ੍ਰਵਾਸੀ ਪੰਜਾਬੀਆਂ ਦੇ ਦਰਦ ਅਤੇ ਹੱਦਾਂ ਸਰਹੱਦਾਂ ਦੇ ਵੈਰਾਗ ਦਿਲ ਨੂੰ ਟੁੰਬਦੇ ਹਨ। ਜੀਵਨ ਦਾ ਯਥਾਰਥ ਪੇਸ਼ ਕਰਦੇ ਇਹ ਨਿਬੰਧ ਸਾਡੀ ਚੇਤਨਾ ਨੂੰ ਜਗਾਉਂਦੇ ਹਨ। ਕੁਝ ਸਮਾਜਿਕ ਸਮੱਸਿਆਵਾਂ ਵੀ ਪੇਸ਼ ਕੀਤੀਆਂ ਗਈਆਂ ਹਨ ਜਿਵੇਂ ਨਸ਼ਿਆਂ ਦਾ ਕੋਹੜ, ਆਰਥਿਕ ਮੰਦਹਾਲੀ, ਨਾਰੀ ਦੀ ਦੁਰਦਸ਼ਾ ਅਤੇ ਕਿਰਤੀਆਂ ਕਿਸਾਨਾਂ ਦੀ ਵੇਦਨਾ। ਕੁਝ ਲੇਖਾਂ ਵਿਚ ਮਨੁੱਖੀ ਮਨ ਦੇ ਸਰਬਸਾਂਝੇ ਜਜ਼ਬਾਤ ਦ੍ਰਿਸ਼ਟੀਗੋਚਰ ਹੁੰਦੇ ਹਨ ਜਿਵੇਂ ਮੁਹੱਬਤ, ਨਫ਼ਰਤ, ਪ੍ਰੇਮ, ਵਿਜੋਗ, ਵਸਲ, ਪਰਿਵਾਰਕ ਅਤੇ ਭਾਈਚਾਰਕ ਸਾਂਝਾਂ। ਸਾਰੇ ਨਿਬੰਧ ਹੀ ਸਾਰਥਕ ਸੁਨੇਹੇ ਦਿੰਦੇ ਹਨ। ਲੋਕ ਕਾਵਿ, ਸ਼ਿਅਰਾਂ ਅਤੇ ਲੋਕ ਗੀਤਾਂ ਦੀ ਪੁੱਠ ਚਾੜ੍ਹ ਕੇ ਨਿਬੰਧਾਂ ਨੂੰ ਸੁਆਦਲਾ ਅਤੇ ਰਸਦਾਇਕ ਬਣਾਇਆ ਗਿਆ ਹੈ। ਲੋਕ ਬੋਲੀਆਂ ਅਤੇ ਗੀਤਾਂ ਨੇ ਨਿਬੰਧਾਂ ਦੀ ਖੁਸ਼ਕੀ ਦੂਰ ਕਰਕੇ ਰੌਚਿਕਤਾ ਵਿਚ ਵਾਧਾ ਕੀਤਾ ਹੈ। ਇਨ੍ਹਾਂ ਲੇਖਾਂ ਵਿਚ ਜ਼ਿੰਦਗੀ ਦੇ ਸਾਰੇ ਪੱਖਾਂ 'ਤੇ ਝਾਤ ਪੁਆਈ ਗਈ ਹੈ। ਪੰਜਾਬੀ ਲੋਕ ਗੀਤਾਂ ਵਿਚਲੀਆਂ ਮੱਤਾਂ ਸੁਮੱਤਾਂ, ਮਿਹਣੇ ਤਾਹਨੇ, ਦਰਦਾਂ ਦੇ ਦਰਿਆ, ਵਧਾਵੇ ਵਧਾਈਆਂ, ਦੋਹਰੇ ਬਿਰਹੜੇ ਅਤੇ ਸਿੱਠਣੀਆਂ ਦੇ ਖੱਟੇ ਮਿੱਠੇ ਜ਼ਾਇਕੇ ਨਿਬੰਧਾਂ ਵਿਚ ਵੱਖਰਾ ਹੀ ਰੰਗ ਭਰ ਦਿੰਦੇ ਹਨ। ਸਮੁੱਚੇ ਤੌਰ 'ਤੇ ਇਹ ਪੁਸਤਕ ਪੰਜਾਬ ਦੇ ਅਮੀਰ ਵਿਰਸੇ, ਮਾਣਮੱਤੇ ਸੱਭਿਆਚਾਰ ਅਤੇ ਪੇਂਡੂ ਜਨਜੀਵਨ ਦੀ ਸੁੰਦਰ ਨੁਹਾਰ ਪੇਸ਼ ਕਰਦੀ ਹੈ। ਇਸ ਮਹੱਤਵਪੂਰਨ ਪੁਸਤਕ ਦਾ ਤਹਿ ਦਿਲੋਂ ਸਵਾਗਤ ਹੈ।

ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

c c c

ਕਵਿਤਾ ਅੰਦਰ ਮੇਰੀ ਰੂਹ
ਗ਼ਜ਼ਲਕਾਰ : ਸੁਭਾਸ਼ ਦੀਵਾਨਾ
ਪ੍ਰਕਾਸ਼ਕ : ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ
ਮੁੱਲ : 100 ਰੁਪਏ, ਸਫ਼ੇ : 102
ਸੰਪਰਕ : 98888-29666.

ਸੁਭਾਸ਼ ਦੀਵਾਨਾ ਇਕ ਪ੍ਰੌੜ ਅਤੇ ਪੰਜਾਬੀ ਗ਼ਜ਼ਲ-ਤਕਨੀਕ ਅਤੇ ਆਤਮਾ ਤੋਂ ਭਲੀ-ਭਾਂਤ ਜਾਣੂ ਸ਼ਾਇਰ ਹੈ। 'ਕਵਿਤਾ ਅੰਦਰ ਮੇਰੀ ਰੂਹ' ਉਸ ਦਾ ਸਤਵਾਂ ਗ਼ਜ਼ਲ ਸੰਗ੍ਰਹਿ ਹੈ। ਹਥਲੇ ਗ਼ਜ਼ਲ ਸੰਗ੍ਰਹਿ ਵਿਚ 86 ਗ਼ਜ਼ਲਾਂ ਹਨ ਜਦੋਂ ਕਿ ਅੱਧੀ ਦਰਜਨ ਦੇ ਕਰੀਬ ਨਜ਼ਮਾਂ ਹਨ। ਅਖੀਰ ਵਿਚ ਸ਼ਾਇਰ ਨੇ ਇਕ ਦਰਜਨ ਦੋਹੇ ਸ਼ਾਮਿਲ ਕੀਤੇ ਹਨ। ਪ੍ਰਸਿੱਧ ਸਾਹਿਤਕਾਰ ਅਤੇ ਸਮਾਲੋਚਕ ਪ੍ਰੋ: ਕ੍ਰਿਪਾਲ ਸਿੰਘ ਯੋਗੀ ਹਥਲੀ ਪੁਸਤਕ ਦੀ ਭੂਮਿਕਾ ਵਿਚ ਲਿਖਦੇ ਹਨ ਕਿ ਦੀਵਾਨਾ ਜੀ ਨੇ ਇਲਮ ਅਰੂਜ਼ ਬਾਰੇ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਨ ਉਪਰੰਤ ਕਰੀਬ 15 ਸਾਲ ਪਹਿਲਾਂ ਗ਼ਜ਼ਲ ਲਿਖਣੀ ਆਰੰਭ ਕੀਤੀ ਸੀ। ਨਿਰੰਤਰ ਸ਼ਿਅਰ ਸਿਰਜਣਾ ਦੇ ਅਭਿਆਸ ਨੇ ਦੀਵਾਨਾ ਨੂੰ ਅੱਜ ਪੰਜਾਬੀ ਦੇ ਨਾਮਵਰ ਗ਼ਜ਼ਲਕਾਰ ਕਾਫ਼ਿਲੇ ਦੇ ਮੈਂਬਰ ਵਿਚ ਸ਼ੁਮਾਰ ਕਰ ਦਿੱਤਾ ਹੈ। ਅਜੋਕੇ ਦੌਰ ਵਿਚ ਜਿਹੜੀਆਂ ਢਾਹੂ ਸ਼ਕਤੀਆਂ ਸਾਡੇ ਸਮਾਜਿਕ ਪਤਨ ਦੀਆਂ ਜ਼ਿੰਮੇਵਾਰ ਹਨ, ਦੀਵਾਨਾ ਨੇ ਉਨ੍ਹਾਂ ਦੀ ਨਿਸ਼ਾਨਦੇਹੀ ਤੋਂ ਬਾਅਦ ਉਨ੍ਹਾਂ ਦੀ ਨਿੰਦਿਆ ਵੀ ਕੀਤੀ ਹੈ।
ਸੁਭਾਸ਼ ਦੀਵਾਨਾ ਦੇ ਸ਼ਿਅਰ ਅਕਸਰ ਗੰਭੀਰ ਵਿਅੰਗ ਦਾ ਸ਼ਾਨਦਾਰ ਨਮੂਨਾ ਹੁੰਦੇ ਹਨ। ਉਹ ਵਿਅੰਗ ਦਾ ਵੱਡਾ ਸ਼ਾਇਰ ਹੈ। ਉਹ ਮਨੁੱਖ ਨੂੰ ਰੂਹ ਤੋਂ ਚੇਤਨ ਹੋਣ ਦੀ ਪ੍ਰੇਰਨਾ ਦਿੰਦਾ ਹੈ। ਸਮਾਜਿਕ ਵਿਡੰਬਨਾ ਪ੍ਰਤੀ ਸ਼ਾਇਰ ਬੜੀ ਗੰਭੀਰਤਾ ਅਤੇ ਵਿਅੰਗ ਨਾਲ ਭੁਗਤਦਾ ਹੈ। ਉਸ ਦੀਆਂ ਗ਼ਜ਼ਲਾਂ ਵਿਚ ਧਾਰਮਿਕ, ਆਰਥਿਕ, ਰਾਜਨੀਤਕ ਅਤੇ ਸੱਭਿਆਚਾਰਕ ਕੁਰੀਤੀਆਂ ਪ੍ਰਤੀ ਸਿੱਧੀ ਉਂਗਲ ਉਠਾਈ ਮਿਲਦੀ ਹੈ। ਉਸ ਨੂੰ ਪਤਾ ਹੈ ਕਿ ਮੱਖਣ ਸਿੱਧੀਆਂ ਉਂਗਲਾਂ ਨਾਲ ਨਹੀਂ ਨਿਕਲਦਾ, ਇਸੇ ਲਈ ਉਹ ਆਪਣੇ ਸ਼ਿਅਰਾਂ ਨੂੰ ਵਿਲੱਖਣਤਾ ਸਹਿਤ ਪੇਸ਼ ਕਰਦਾ ਹੈ :
ਨੇਤਾਵਾਂ ਦੀ ਨਜ਼ਰ ਵਿਚ ਹੈ ਕੁਝ ਨੁਕਸ ਜ਼ਰੂਰ,
ਉਨ੍ਹਾਂ ਨੂੰ ਕੁੱਲ ਨਾਗਰਿਕ, ਦਿਸਦੇ ਕੇਵਲ ਵੋਟ।
ਤਾਕਤਵਰ ਹਥਿਆਰ ਹੈ ਧਰਮ ਸਿਆਸਤ ਕੋਲ,
ਬਾਬੇ ਬੈਠੇ ਧਰਮ ਦੀ ਭੰਗ ਰਹੇ ਨੇ ਘੋਟ।
ਭਾਸ਼ਨ ਕਰ ਕੇ ਨੇਤਾ, ਆਪਣਾ ਨਾਂਅ ਚਮਕਾ ਲੈ,
ਪਹਿਲਾਂ ਹੀ ਮੈਂ ਮੂਰਖ ਹਾਂ ਤੂੰ ਹੋਰ ਬਣਾ ਲੈ।
ਰੱਬ ਹੀ ਸੱਡਾ ਮੁਲਕ ਚਲਾਉਂਦੈ, ਰੱਬ ਹੀ ਸਾਡੇ ਪਰਦੇ ਢਕੇ....।
ਸੁਭਾਸ਼ ਦੀਵਾਨਾ ਦੀਆਂ ਗ਼ਜ਼ਲਾਂ ਦੇ ਸ਼ਿਅਰ ਤੁਹਾਨੂੰ ਕੁਤਕੁਤਾਰੀਆਂ ਕੱਢ ਕੇ ਆਪਣੇ ਆਪ ਦੀਆਂ ਬੇਵਕੂਫ਼ੀਆਂ ਉੱਤੇ ਹੱਸਣ ਦਾ ਮੌਕਾ ਦੇਣਗੇ।

ਸੁਲੱਖਣ ਸਰਹੱਦੀ
ਮੋ: 94174-84337.

ਪਾਰ ਗਾਥਾ
ਲੇਖਕ : ਰਵਿੰਦਰ ਰਵੀ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 320 ਰੁਪਏ, ਸਫ਼ੇ : 156
ਸੰਪਰਕ : 011-45555610.

ਰਵਿੰਦਰ ਰਵੀ ਇਸ ਸਮੇਂ ਇਕ ਲੀਜੇਂਡ ਕਵੀ ਅਤੇ ਸਾਹਿਤਕਾਰ ਵਜੋਂ ਹੈਸੀਅਤ ਰੱਖਣ ਸਦਕਾ ਪੰਜਾਬੀ ਭਾਸ਼ਾ ਦੇ ਪਾਠਕਾਂ 'ਚ ਜਾਣਿਆ-ਪਛਾਣਿਆ ਚਿਹਰਾ ਹੈ। ਪ੍ਰਯੋਗਸ਼ੀਲ ਕਾਵਿ-ਲਹਿਰ ਦੇ ਬਾਨੀਆਂ 'ਚ ਉਸ ਦਾ ਉੱਘਾ ਨਾਂਅ ਹੈ। ਇਸੇ ਲਈ ਉਸ ਨੇ ਇਸ ਕਾਵਿ ਲਹਿਰ ਨਾਲ ਜੁੜੇ ਕਵੀ ਮਿੱਤਰਾਂ ਮਨਜੀਤ ਮੀਤ, ਗੁਰਦਿਆਲ ਕੰਵਲ ਅਤੇ ਉੱਘੇ ਚਿੰਤਕ ਡਾ: ਜਸਬੀਰ ਸਿੰਘ ਆਹਲੂਵਾਲੀਆ ਨੂੰ 'ਪਾਰ-ਗਾਥਾ' ਕਾਵਿ-ਸੰਗ੍ਰਹਿ ਨੂੰ ਸਮਰਪਿਤ ਕੀਤਾ ਹੈ। ਇਸ ਕਾਵਿ-ਸੰਗ੍ਰਹਿ 'ਚ ਰਵਿੰਦਰ ਰਵੀ ਦੇ ਸੰਘਰਸ਼ਮਈ ਜੀਵਨ ਅਤੇ ਸਾਹਿਤ ਰਚਨਾ ਦਾ ਵੇਰਵਾ ਦਰਜ ਹੈ। 'ਹੁਣ ਵਾਦ' ਨੂੰ ਪਰਿਭਾਸ਼ਿਤ ਕਰਦੀ ਉਸ ਦੀ ਕਵਿਤਾ ਭੂਤਕਾਲ 'ਚੋਂ ਭਵਿੱਖ ਦਾ ਨਕਸ਼ਾ ਉਲੀਕਦੀ ਹੈ, ਜੋ ਪੀੜ੍ਹੀਆਂ ਦੇ ਨਿਰੰਤਰ ਸਫ਼ਰ ਦੀ ਦੱਸ ਪਾਉਂਦਾ ਹੈ :
ਮੁਰਦਾ ਭੂਤ, ਅਣਜੰਮਿਆ ਭਵਿੱਖ ਹੈ
ਅਸੀਂ ਤਾਂ 'ਹੁਣ' ਵਿਚ ਰਹਿਣਾ।
ਦਿਨ ਤੇ ਰਾਤ ਨੇ ਖੇਡ ਉਸ ਦੀ,
ਸੂਰਜ ਦਾ ਕਯਾ ਕਹਿਣਾ।
ਜੀਵਨ ਇਕ ਪ੍ਰਯੋਗਸ਼ਾਲਾ ਹੈ, ਜਿਸ ਵਿਚ ਨਿੱਤ ਵਾਪਰਦੇ ਵਰਤਾਰੇ ਪ੍ਰਯੋਗ ਹੀ ਹਨ। ਇਸੇ ਲਈ ਜੀਵਨ-ਯਥਾਰਥ ਦੀ ਸੋਝੀ 'ਚ ਉਪਜੀ ਕਵਿਤਾ ਵੀ ਇਨ੍ਹਾਂ ਨਿੱਤ ਨਵੇਂ ਵਰਤਾਰਿਆਂ ਦਾ ਪ੍ਰਯੋਗ ਹੀ ਕਿਆਸੀ, ਚਿਤਵੀ ਜਾ ਸਕਦੀ ਹੈ। ਮਨੁੱਖ ਵਰਤਮਾਨ ਤੋਂ ਅਸੰਤੁਸ਼ਟਤਾ ਦੀ ਪ੍ਰਕਿਰਿਆ ਥੀਂ ਗੁਜ਼ਰਦਾ ਨਿੱਤ-ਨਵੇਂ ਸੁਪਨਿਆਂ ਨੂੰ ਇਕ ਰਚਨਾ 'ਚ ਵਿਅਕਤ ਕਰਦਾ ਹੈ। ਚਿੰਤਨਸ਼ੀਲ ਵਿਅਕਤੀ ਮਨੁੱਖੀ ਜੀਵਨ ਦੇ ਪ੍ਰਾਪਤ ਯਥਾਰਥ ਨੂੰ ਹਮੇਸ਼ਾ ਹੀ ਨਵੀਨੀਕਰਨ ਦੇ ਮਾਰਗ 'ਤੇ ਤੋਰਨ ਦੀ ਸਫ਼ਲ ਅਕਾਂਖਿਆ ਕਰਦਾ ਹੈ। ਵਿਕਾਸ ਦੀ ਇਸ ਪ੍ਰਕਿਰਿਆ 'ਚ ਗੁਜ਼ਰਦੀ ਜ਼ਿੰਦਗੀ ਨੂੰ ਪਕੜਨਾ ਕੋਈ ਸਹਿਜ ਕਾਰਜ ਨਹੀਂ ਹੈ। ਇਸ ਲਈ ਮਨੁੱਖ ਲੌਕਿਕ ਸੰਸਾਰ ਵਿਚ ਵਿਚਰਦਿਆਂ 'ਪਾਰ ਲੌਕਿਕ ਸੰਸਾਰ' ਦੇ ਸੁੱਖਾਂ ਦੀ ਥਾਵੇਂ 'ਹੁਣ' ਥੀਂ ਵਿਚਰਦਿਆਂ ਇਨ੍ਹਾਂ ਸੁੱਖਾਂ ਦੀ ਪ੍ਰਾਪਤੀ ਲੋਚਦਾ ਹੈ :
ਕੱਲ੍ਹ, ਭਲਕ ਨਾ ਲਗਦੇ ਚੰਗੇ
'ਹੁਣ' ਦੀ ਇੱਛਾ 'ਹੁਣ' ਹੀ ਮੰਗੇ।
'ਹੁਣ' ਹੀ ਸੁਣਨਾ 'ਹੁਣ' ਹੀ ਕਹਿਣਾ।
'ਪਾਰ ਗਾਥਾ' ਤੋਂ ਲੈ ਕੇ 'ਧੀ ਦਾ ਸੱਚ' ਕਵਿਤਾਵਾਂ ਤੱਕ, ਕਵਿਤਾਵਾਂ ਦੇ ਸਿਰਲੇਖ, 'ਹੁਣ ਵਾਦ', 'ਮੇਰਾ ਘਰ', 'ਬਹਿਮੰਡ-ਬਾਣੀ', 'ਸੂਰਜ ਦਾ ਸਫ਼ਰ', 'ਇਸ਼ਕ, ਖ਼ੁਦਾ ਤੇ ਬੰਦਾ', 'ਪਾਰ-ਸ਼ਬਦੀ ਅਰਥ', 'ਨੀਰੋ ਨੇਤਾ', 'ਪਿਆਰ ਦੀ ਪਰਿਭਾਸ਼ਾ', 'ਤੰਗ ਜੁੱਤੀ', 'ਰਾਵਣ', 'ਖਪਤ-ਕਲਚਰ ਦਾ ਪਿਆਰ' ਅਤੇ 'ਹਵਾ ਵਿਚ ਹਵਾ' ਆਦਿ ਕਵੀ ਦੇ 'ਹੁਣ ਵਾਦ' ਵਰਗੇ ਨਵੇਂ ਦਰਸ਼ਨ ਦੀ ਟੋਹ ਅਤੇ ਵਿਆਖਿਆ ਕਰਦੇ ਜਾਪਦੇ ਹਨ। ਇਹ ਦਰਸ਼ਨ ਮਨੁੱਖ ਨੂੰ ਲਗਾਤਾਰ ਅੱਗੇ ਟੋਰੀ ਰੱਖਣ ਦੀ ਪ੍ਰੇਰਨਾ ਬਣਦਾ ਹੈ। ਕਵੀ ਦੀ ਇੱਛਾ ਹੈ ਕਿ ਉਸ ਦੇ ਪਾਠਕ ਉਸ ਦੇ ਇਸ ਕਾਵਿ-ਸੰਗ੍ਰਹਿ ਤੋਂ ਪ੍ਰੇਰਨਾ ਲੈ ਕੇ ਅੱਗੇ ਤੁਰਨ ਦੀ ਪ੍ਰਕਿਰਿਆ ਨੂੰ ਜਾਰੀ ਰੱਖਣਗੇ। ਆਮੀਨ।

ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

ਕਰਫ਼ਿਊ
ਲੇਖਕ : ਵਿਭੂਤੀ ਨਾਰਾਇਣ ਰਾਏ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 125 ਰੁਪਏ, ਸਫ਼ੇ : 80
ਸੰਪਰਕ : 096438-90121.

'ਕਰਫ਼ਿਊ' ਨਾਵਲ ਹਿੰਦੀ ਲੇਖਕ ਵਿਭੂਤੀ ਨਾਰਾਇਣ ਰਾਏ ਦਾ ਲਿਖਿਆ ਹੈ, ਜਿਸ ਦਾ ਪੰਜਾਬੀ ਅਨੁਵਾਦ ਸ: ਹਰਬੰਸ ਸਿੰਘ ਧੀਮਾਨ ਨੇ ਕੀਤਾ ਹੈ। ਇਸ ਨਾਵਲ ਵਿਚ ਪਰੰਪਰਕ ਨਾਵਲਾਂ ਵਾਂਗ ਕੋਈ ਕਹਾਣੀ ਨਹੀਂ ਹੈ। ਕੁਝ ਚਿਹਰੇ ਹਨ, ਕੁਝ ਪ੍ਰਭਾਵ ਹਨ, ਮੁਸ਼ਕਿਲਾਂ ਨੇ ਜੋ ਦੰਗਿਆਂ ਅਤੇ ਫ਼ਸਾਦਾਂ ਅਤੇ ਉਨ੍ਹਾਂ ਵਿਚੋਂ ਲੱਗੇ ਕਰਫ਼ਿਊ ਕਾਰਨ ਪੈਦਾ ਹੁੰਦੀਆਂ ਹਨ। ਦੰਗੇ ਕੌਣ ਕਰਵਾਉਂਦੇ ਹਨ? ਚੋਣਾਂ ਨਜ਼ਦੀਕ ਆ ਜਾਣ 'ਤੇ ਨੇਤਾਵਾਂ ਨੂੰ ਜਿੱਤ-ਹਾਰ ਦੀ ਫ਼ਿਕਰ ਸਤਾਉਣ ਲਗਦੀ ਹੈ। ਮੁਸਲਮਾਨ ਨੇਤਾ ਬਦਰੁੱਦੀਨ ਅਤੇ ਹਿੰਦੂ ਨੇਤਾ ਰਾਮ ਕ੍ਰਿਸ਼ਨ ਜੈਸਵਾਲ ਜਿਹੇ ਲੋਕ ਆਪਣਾ ਉੱਲੂ ਸਿੱਧਾ ਕਰਨ ਲਈ ਦੰਗੇ ਕਰਵਾਉਂਦੇ ਹਨ। ਮੰਦਰ ਦੀ ਕੰਧ 'ਤੇ ਫਟਾਕਾ ਫੋੜ ਕੇ, ਬੰਬ ਸੁੱਟਣ ਦਾ ਪ੍ਰਭਾਵ ਦਿੱਤਾ ਜਾਂਦਾ ਹੈ। ਮੁਸਲਮਾਨ ਆਬਾਦੀ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਣ ਲਗਦਾ ਹੈ। ਪੁਲਿਸ, ਫ਼ੌਜ, ਸੀ.ਆਰ.ਪੀ. ਦੀ ਗਸ਼ਤ ਉਨ੍ਹਾਂ ਬਸਤੀਆਂ ਵਿਚ ਤੇਜ਼ ਹੋਣ ਲਗਦੀ ਹੈ। ਛੋਟੇ-ਛੋਟੇ ਧੰਦੇ ਕਰਨ ਵਾਲੇ ਮਸਲਨ ਬੀੜੀ ਬਣਾਉਣ ਵਾਲੇ ਟੱਬਰ, ਦਰਜੀ ਅਤੇ ਛੋਟੇ ਬੱਚੇ ਨਿੱਕੇ-ਨਿੱਕੇ ਘਰਾਂ ਵਿਚ ਹੁੰਮਸ ਅਤੇ ਗਰਮੀ, ਭੁੱਖ ਨਾਲ ਬਿਲਬਿਲਾਉਂਦੇ ਨਜ਼ਰ ਆਉਂਦੇ ਹਨ। ਸਈਦਾ ਜਿਹੀਆਂ ਤ੍ਰੀਮਤਾਂ ਦੀਆਂ ਬਿਮਾਰ ਧੀਆਂ ਨੂੰ ਦਵਾਈ ਨਹੀਂ ਮਿਲ ਸਕਦੀ, ਮੌਤ ਘਰਾਂ 'ਤੇ ਮੰਡਰਾਉਣ ਲਗਦੀ ਹੈ। ਪਾਣੀ ਦੀ ਬੂੰਦ-ਬੂੰਦ ਨੂੰ ਤਰਸਦੇ ਨੇ ਇਹ ਲੋਕ। ਹਿੰਦੂ ਆਬਾਦੀ 'ਚ ਯੂਸਫ਼ ਦਰਜੀ ਜਿਹੇ ਲੋਕ ਸ਼ੱਕ ਦੇ ਘੇਰੇ ਵਿਚ ਆਉਂਦੇ ਹਨ। ਸ਼ਰਾਰਤੀ ਮੁੰਡੇ ਉਨ੍ਹਾਂ ਦੇ ਘਰਾਂ 'ਤੇ ਇੱਟਾਂ-ਪੱਥਰ ਸੁੱਟਦੇ ਹਨ। ਆਪਣੇ ਛੋਟੇ ਘਰਾਂ 'ਚ ਤੂੜੇ ਇਹ ਲੋਕ ਦੁੱਖ ਭੋਗਦੇ ਦਿਖਾਈ ਪੈਂਦੇ ਹਨ। ਕਰਫ਼ਿਊ ਦੀ ਭਿਆਨਕਤਾ, ਭੈਅ, ਸੰਸਾ ਅਤੇ ਸ਼ੱਕ ਇਸ ਲਘੂ ਨਾਵਲ ਵਿਚ ਉੱਭਰਵੇਂ ਰੂਪ ਵਿਚ ਪੇਸ਼ ਹੋਇਆ ਹੈ। ਗ਼ਰੀਬ ਦੁੱਖ ਭੋਗਦੇ ਹਨ, ਪੁਲਿਸ ਅਤੇ ਅਭਿਜਾਤ ਵਰਗ ਦੀ ਐਸ਼ਪ੍ਰਸਤੀ ਵਿਚ ਕੋਈ ਫ਼ਰਕ ਨਹੀਂ ਪੈਂਦਾ। ਕਰਫ਼ਿਊ ਦੌਰਾਨ ਭੁੱਖ, ਤੇਹ, ਮੌਤ, ਜਬਰ ਜਨਾਹ ਜਿਹੀਆਂ ਪੀੜਾਦਾਇਕ ਹੋਣੀਆਂ ਵਾਪਰਦੀਆਂ ਹਨ। ਜਬਰ ਜਨਾਹ ਨੂੰ ਸੰਕੇਤ ਵਜੋਂ ਪੇਸ਼ ਕੀਤਾ ਗਿਆ ਹੈ। ਪ੍ਰੋ: ਹਰਬੰਸ ਸਿੰਘ ਧੀਮਾਨ ਦੁਆਰਾ ਕੀਤਾ ਅਨੁਵਾਦ ਸਰਲ ਤੇ ਰਵਾਨੀ ਵਾਲਾ ਹੈ। ਆਮ ਬੰਦਾ ਦੁੱਖਾਂ ਦੀ ਚੱਕੀ ਵਿਚ ਪਿਸਦਾ ਪ੍ਰਤੀਤ ਹੁੰਦਾ ਹੈ।

ਕੇ.ਐਲ. ਗਰਗ
ਮੋ: 94635-37050

1-08-2020

 ਪਲੀਤ ਹੋਇਆ ਚੌਗਿਰਦਾ
ਕ੍ਰਿਤ : ਡਾ: ਬਰਜਿੰਦਰ ਸਿੰਘ ਹਮਦਰਦ
ਸੰਕਲਨ : ਕੁਲਬੀਰ ਸਿੰਘ ਸੂਰੀ
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ। ਮੁੱਲ : 350 ਰੁਪਏ, ਸਫ਼ੇ : 216
ਸੰਪਰਕ : 98889-24664.

ਮੌਜੂਦਾ ਦੌਰ ਕੁਢਰ ਅਰਥ-ਵਿਵਸਥਾ ਅਤੇ ਬੇ-ਲਗਾਮ ਢਾਂਚਾਗਤ ਵਿਕਾਸ ਦੇ ਪਾਗਲਪਨ ਦਾ ਹੈ, ਜਿਸ ਨੇ ਮਿੱਟੀ, ਜੰਗਲ, ਜਲ-ਸੋਮੇ, ਜੈਵ-ਵਿਭਿੰਨਤਾ, ਸਮੁੰਦਰ, ਵਾਤਾਵਰਨ ਅਤੇ ਖਣਿਜਾਂ ਨਾਲ ਲਬਰੇਜ਼ ਧਰਤੀ ਨੂੰ ਬੇਦਰਦੀ ਨਾਲ ਦੂਸ਼ਿਤ ਅਤੇ ਬਰਬਾਦ ਕੀਤਾ ਹੈ। ਜੇ ਅਸੀਂ ਨਾ ਸੰਭਲੇ ਤਾਂ ਕੁਦਰਤ 'ਚ ਲਾਲਸਾਗਤ ਦਖ਼ਲਅੰਦਾਜ਼ੀ ਸਾਨੂੰ ਸਭ ਨੂੰ ਲੈ ਬੈਠੇਗੀ। ਮਨੁੱਖ ਨੂੰ ਹੀ ਨਹੀਂ, ਸਮੁੱਚੀ ਕਾਇਨਾਤ ਨੂੰ ਵੀ। ਇਹੀ ਉਹ ਗੱਲ ਹੈ ਜਿਹੜੀ 'ਅਜੀਤ ਪ੍ਰਕਾਸ਼ਨ ਸਮੂਹ' ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਵਲੋਂ 'ਅਜੀਤ' ਅਖ਼ਬਾਰ ਵਿਚ ਲਿਖੀਆਂ ਗਈਆਂ ਸੰਪਾਦਕੀਆਂ 'ਤੇ ਆਧਾਰਿਤ ਪੁਸਤਕ 'ਪਲੀਤ ਹੋਇਆ ਚੌਗਿਰਦਾ' ਵਿਚੋਂ ਪ੍ਰਭਾਵੀ ਢੰਗ ਨਾਲ ਉੱਭਰਦੀ ਹੈ।
91 ਲੇਖ, ਹਰ ਲੇਖ 2 ਕੁ ਸਫ਼ੇ ਦਾ, ਕਲਾਵੇ 'ਚ ਲਈ ਬੈਠੀ ਇਹ ਪੁਸਤਕ 216 ਪੰਨਿਆਂ 'ਤੇ ਫੈਲੀ ਹੋਈ ਹੈ। ਹੋਰ ਜ਼ਰੂਰੀ ਜਾਣਕਾਰੀਆਂ ਵਾਲੇ ਪਹਿਲੇ 6 ਸਫ਼ੇ ਜੇ ਛੱਡ ਵੀ ਦੇਈਏ ਤਾਂ ਅਗਲੇ 4 ਪੰਨੇ ਤਤਕਰੇ ਵਾਲੇ ਅਤੇ ਅਗਲੇਰੇ ਤਿੰਨ ਪੰਨਿਆਂ ਵਿਚ ਲੇਖਕ ਬਾਰੇ ਅਤੇ ਪਤੇ ਸਮੇਤ, ਬਹੁ-ਪਰਤੀ ਸ਼ਖ਼ਸੀ ਜਾਣਕਾਰੀ ਦਰਜ ਹੈ। ਉਪਰੰਤ ਸਫ਼ਾ ਨੰ: 15 ਤੋਂ 18 ਤੱਕ ਕੁੱਲ ਚਾਰ ਪੰਨਿਆਂ 'ਤੇ ਉੱਘੇ ਵਿਦਵਾਨ ਡਾ: ਲਖਵਿੰਦਰ ਜੌਹਲ ਵਲੋਂ ਲਿਖੀ ਭਾਵਪੂਰਤ ਭੂਮਿਕਾ ਹੈ, ਜਿਹੜੀ ਇਸ ਕਿਤਾਬ ਦੀ ਮਹੱਤਤਾ ਉਭਾਰਦੀ ਹੈ।
ਸੰਨ 1993 ਦੇ ਕਰੀਬ ਆਖ਼ਰੀ ਮਾਹ ਤੋਂ 2019 ਦੇ ਅੱਧ ਤੱਕ ਸਾਢੇ 25 ਸਾਲਾਂ ਦੇ ਵਕਫ਼ੇ ਵਿਚ ਲਿਖੀਆਂ, ਵਾਤਾਵਰਨ ਅਤੇ ਕੁਦਰਤੀ ਸੋਮਿਆਂ ਦੀ ਮਹੱਤਤਾ ਅਤੇ ਨਿਘਾਰ ਦੇ ਕਾਰਨਾਂ ਨੂੰ ਬੁੱਝਦੀਆਂ, ਖ਼ਬਰਦਾਰ ਕਰਦੀਆਂ ਅਤੇ ਹੱਲ ਸੁਝਾਉਂਦੀਆਂ ਇਨ੍ਹਾਂ ਸੰਪਾਦਕੀਆਂ ਨੂੰ ਜਿਉਂ ਹੀ ਸ਼ੁਰੂ ਤੋਂ ਅਗਲੀਆਂ-ਅਗਲੇਰੀਆਂ, ਪੜਾਅਵਾਰ ਅਖੀਰ ਤੱਕ ਫਰੋਲਦੇ ਹਾਂ ਤਦ ਭਲੀਭਾਂਤ ਪਤਾ ਚਲਦਾ ਹੈ ਕਿ ਸਾਲ-ਦਰ-ਸਾਲ ਸਥਿਤੀ ਕਿਵੇਂ ਬਦ ਤੋਂ ਬਦਤਰ ਹੁੰਦੀ ਗਈ। ਮਨੁੱਖ ਅਤੇ ਵਿਸ਼ੇਸ਼ ਕਰਕੇ ਮੌਜੂਦਾ ਨਿਜ਼ਾਮ, ਜੇ ਇਸੇ ਤਰਜ਼ 'ਤੇ ਚਲਦੇ ਰਹੇ ਤਾਂ ਭਾਵੀ ਨੂੰ ਕੋਈ ਨਹੀਂ ਰੋਕ ਸਕੇਗਾ। ਪੁਸਤਕ ਚਿਤਾਵਨੀ ਦਿੰਦੀ ਹੈ, 'ਨਫ਼ੇ ਲਈ, ਦੌਲਤ ਲਈ ਅਤੇ ਹੋਰ ਦੌਲਤ ਹਥਿਆਉਣ ਲਈ, ਫਿਰ ਦੂਜਿਆਂ ਉੱਪਰ ਇਸੇ ਦੌਲਤ ਨਾਲ ਸੱਤਾ ਕਾਇਮ ਰੱਖਣ ਦੀ ਭੁੱਖ ਸਰਬੱਤ ਦੇ ਭਲੇ ਵਾਲੀਆਂ ਸਪੱਸ਼ਟ ਧਾਰਨਾਵਾਂ ਨੂੰ ਧੁੰਦਲਾ ਦਿੰਦੀ ਹੈ।'
ਹਾਲਾਤ ਅੱਗੇ ਤੋਂ ਅੱਗੇ ਵਿਗੜਦੇ ਰਹਿਣ ਕਾਰਨ ਹੀ ਸੰਪਾਦਕੀਆਂ ਦੀ ਸਮਾਂ-ਸੀਮਾ ਘਟਦੀ ਰਹੀ ਅਤੇ ਗਿਣਤੀ ਵਧਦੀ ਰਹੀ ਅਤੇ ਸੰਪਾਦਕੀਆਂ/ਲੇਖਾਂ ਵਿਚ ਵੀ ਤੱਥ ਆਧਾਰਿਤ ਨਿਖਾਰ ਆਉਂਦਾ ਰਿਹਾ। ਸੁਝਾਅ ਵੀ ਸਮੇਂ ਦੇ ਹਾਣ ਦੇ ਦਿੱਤੇ ਜਾਣ ਲੱਗੇ, ਕੁਝ ਕਰ ਗੁਜ਼ਰਨ ਅਤੇ ਚੇਤੰਨ ਹੋ ਜਾਣ ਦੇ ਹੋਕੇ ਸਮੇਤ ਕਾਰਜਸ਼ੀਲ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਵਡਿਆਇਆ ਵੀ ਗਿਆ। ਕੁਦਰਤ ਅਤੇ ਵਾਤਾਵਰਣੀ ਸਥਿਤੀ ਨੂੰ ਲਗਾਤਾਰ ਵਿਗਾੜਨ ਉਪਰੰਤ ਨਿਕਲਣ ਵਾਲੇ ਭੈੜੇ ਸਿੱਟਿਆਂ ਪ੍ਰਤੀ ਚਿਤਾਵਨੀਆਂ ਵਧਣ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪਹਿਲੇ ਸਾਢੇ 6 ਵਰ੍ਹਿਆਂ (11/1993 6/2000) ਵਿਚ ਸਿਰਫ 5, ਅਗਲੇ 10 ਵਰ੍ਹਿਆਂ (11/2001 11/2010) ਵਿਚ 27 ਅਤੇ ਅਗਲੇ 8 ਸਾਲਾਂ (4/2011 6/2019) ਵਿਚ 59 ਸੰਪਾਦਕੀਆਂ ਇਸ ਅਹਿਮ ਵਿਸ਼ੇ 'ਤੇ ਲਿਖੀਆਂ ਗਈਆਂ, ਜੋ ਕਨਸੋਆ ਦਿੰਦੀਆਂ ਹਨ ਕਿ ਪਿਛਲੇ ਦੋ ਦਹਾਕਿਆਂ, ਖ਼ਾਸ ਕਰਕੇ ਮਗਰਲੇ ਇਕ ਦਹਾਕੇ ਵਿਚ ਸਥਿਤੀ ਕਿੰਨੀ ਵਿਗੜੀ ਜਾਂ ਵਿਗਾੜੀ ਗਈ ਹੈ। ਜੇ ਨਾ ਸੰਭਲੇ ਤਾਂ ਕੀ ਭਾਣਾ ਵਾਪਰ ਸਕਦਾ ਹੈ? ਕੀ ਲੇਖਕ ਸਿਰਫ ਬਦਤਰ ਸਥਿਤੀ 'ਚੋਂ ਹੀ ਜਾਣੂ ਕਰਵਾਉਂਦਾ ਹੈ? ਨਹੀਂ, ਉਹ ਸੁਝਾਅ ਵੀ ਦਿੰਦਾ ਹੈ ਅਤੇ ਜੋ ਕੁਝ ਚੰਗਾ ਕਰ ਰਹੇ ਹਨ, ਉਨ੍ਹਾਂ ਨੂੰ ਵਡਿਆਉਂਦਾ ਵੀ ਹੈ। ਪਰ ਸਰਕਾਰਾਂ ਅਤੇ ਲੋਕ-ਸਮੂਹ ਕਿਉਂ ਨਹੀਂ ਉੱਠਦੇ, ਇਹ ਬੇਹੱਦ ਫ਼ਿਕਰਮੰਦੀ ਦਾ ਵਿਸ਼ਾ ਹੈ। ਦਰ-ਹਕੀਕਤ; 'ਸਾਡਾ ਭਵਿੱਖ ਪਦਾਰਥੀ ਸਹੂਲਤਾਂ ਅਤੇ ਰਾਜਨੀਤੀ ਦੇ ਤੱਕੜ ਵਿਚ ਨਹੀਂ ਸਗੋਂ ਭੌਤਿਕ ਤੱਕੜ ਵਿਚ ਲਟਕਦਾ ਹੈ ਅਤੇ ਚੌਗਿਰਦੇ ਨਾਲ ਜੁੜਿਆ ਹੋਇਆ ਹੈ। ਆਉਣ ਵਾਲੇ ਸਮੇਂ ਵਿਚ ਕੀ ਹੋਵੇਗਾ? ਇਸ ਦਾ ਨਿਤਾਰਾ ਇਸ ਗੱਲ ਉੱਪਰ ਆਧਾਰਿਤ ਹੈ ਕਿ ਅਸੀਂ ਕੁਦਰਤ ਦੀ ਸੰਭਾਲ ਕਿੰਨੀ ਕੁ ਕੀਤੀ ਹੈ।' ਇਹੀ ਉਹ ਚਿਤਾਵਨੀ ਹੈ, ਜੋ ਇਹ ਪੁਸਤਕ ਸਾਨੂੰ ਦਿੰਦੀ ਹੈ।
ਮਿੱਟੀ, ਪਾਣੀ, ਰੁੱਖਾਂ, ਹਵਾ, ਜੰਗਲਾਂ, ਜਲ-ਸੋਮਿਆਂ, ਗੱਲ ਕੀ ਕੁਦਰਤ ਦੇ ਹਰ ਪਹਿਲੂ ਨਾਲ ਮੋਹ ਦਿਖਾਉਂਦੀ ਇਹ ਕਿਤਾਬ, ਜਲ-ਥਲ-ਆਕਾਸ਼ ਦੇ ਪ੍ਰਦੂਸ਼ਣ ਅਤੇ ਘਾਣ ਪ੍ਰਤੀ ਬੇਹੱਦ ਫ਼ਿਕਰਮੰਦੀ ਜ਼ਾਹਰ ਕਰਦਿਆਂ ਬਹੁਤਾ ਭਾਵੇਂ ਮੌਜੂਦਾ ਪੰਜਾਬ ਦੇ ਹੱਦ-ਖੇਤਰ ਵਿਚ ਹੀ ਰਹਿੰਦੀ ਹੈ ਪਰ ਇਸ ਦੀ ਮਹੱਤਤਾ ਭਾਰਤੀ ਉਪ-ਮਹਾਂਦੀਪ ਦੀਆਂ ਹੱਦਾਂ ਉਲੰਘ ਕੇ ਸਮੁੱਚੇ ਵਿਸ਼ਵ ਦੇ ਪ੍ਰਸੰਗ ਵਿਚ ਵੀ ਹੈ। ਕਿਉਂ? ਕਿਉਂਕਿ ਧਰਤੀ ਹੇਠਲੇ ਪਾਣੀਆਂ, ਸਮੁੰਦਰਾਂ, ਹਵਾ, ਪੰਖੇਰੂਆਂ, ਗੱਲ ਕੀ ਕੁਦਰਤ ਦੀ ਗੱਲ ਕਿਸੇ ਇਕੋ ਦੇਸ-ਦੇਸਾਂਤਰ ਤੱਕ ਸੀਮਤ ਨਹੀਂ ਹੁੰਦੀ। ਸਭ ਪ੍ਰਭਾਵਿਤ ਹੋਣਗੇ। ਕਦੇ ਕੁਦਰਤੀ ਨਿਆਮਤਾਂ ਨਾਲ ਲਬਰੇਜ਼ ਪੰਜਾਬ, ਜਿਹੜਾ ਕਦੇ ਸਪਤ-ਸਿੰਧੂ, ਸੱਤ ਦਰਿਆਵਾਂ ਦੀ ਧਰਤੀ ਸੀ। ਫਿਰ ਪੰਜ-ਆਬ ਤੇ ਮਗਰੋਂ ਢਾਈ ਦਰਿਆਵਾਂ ਦੀ ਧਰਤੀ ਰਹਿ ਗਈ, ਅਸੀਂ ਉਹ ਵੀ ਗੰਧਲੇ ਕਰ ਛੱਡੇ ਹਨ। ਇਸ ਦੇ ਜਲ-ਸੋਮੇ ਮਰ ਮੁੱਕ ਰਹੇ ਹਨ। ਮਿੱਟੀ ਬਾਂਝ ਹੋ ਰਹੀ ਹੈ। ਖੇਤਾਂ ਵਿਚ ਹੁਣ ਮੌਤ ਉੱਗਦੀ ਹੈ, ਇਸ ਤਰ੍ਹਾਂ ਦੀਆਂ ਸਖ਼ਤ ਚਿਤਾਵਨੀਆਂ ਨਾਲ ਲਬਾਲਬ ਇਹ ਕਿਤਾਬ ਸਾਂਵੀਂ-ਸੁਥਰੀ ਜ਼ਿੰਦਗੀ ਜੀਣ ਲਈ ਪਾਣੀ, ਰੁੱਖਾਂ ਅਤੇ ਕੁੱਖਾਂ ਦਾ ਵਾਸਤਾ ਪਾਉਂਦੀ ਹੈ।
ਅਰਥਾਤ;
ਜੇ ਮਿੱਟੀ ਅਤੇ ਪਾਣੀ ਹੈ,
ਤਦ ਹੀ ਜੰਗਲ (ਬਨਸਪਤੀ) ਹੈ।
ਜੰਗਲ; ਜੋ ਵਰਖਾ ਦੇ ਸਾਖਸ਼ੀ ਹਨ,
ਵਰਖਾ; ਪਾਣੀ ਦਾ ਮੁਢਲਾ ਸੋਮਾ ਹੈ,
ਪਾਣੀ-ਮਿੱਟੀ; ਜੀਵਨ ਦੇ ਆਧਾਰ ਹਨ।
ਇਹੀ ਨਹੀਂ, ਹੋਰ ਵੀ ਬੜਾ ਕੁਝ ਸਮੇਟੀ ਬੈਠੀ ਹੈ ਇਹ ਪੁਸਤਕ, ਜਿਹੜੀ ਸਾਨੂੰ ਸਭ ਨੂੰ ਪੜ੍ਹਨੀ ਚਾਹੀਦੀ ਹੈ। ਪੜ੍ਹਨੀ ਹੀ ਨਹੀਂ, ਸਾਂਵੀਂ-ਸੁਥਰੀ ਜ਼ਿੰਦਗੀ ਦਾ ਅਨੰਦ ਮਾਣਨ ਲਈ ਸੁਹਜਮਈ ਕੁਝ ਕਰਨਾ ਵੀ ਪੈਣਾ ਹੈ। ਪੁਸਤਕ ਮੁਤਾਬਿਕ;
ਵੇਲਾ ਹੈ, ਆਓ ਹੁਣ :
ਬਿਰਖਾਂ ਦੀ ਗੱਲ ਕਰੀਏ,
ਦਰਿਆਵਾਂ ਦੀ ਬਾਂਹ ਫੜੀਏ,
ਧਰਤੀ ਦਾ ਅਦਬ ਕਰੀਏ।
ਕੁਝ ਤਾਂ ਕਰੋ ਯਾਰੋ, ਜਿੰਨਾ ਵੀ ਅਤੇ ਜਿਵੇਂ ਵੀ ਸੰਭਵ ਹੋਵੇ, ਆਖਰ ਬੂੰਦ-ਬੂੰਦ ਨਾਲ ਵੀ ਤਾਂ ਘੜਾ ਭਰ ਜਾਂਦਾ ਹੈ। ਇਹ ਸੁਨੇਹਾ ਵੀ ਇਸੇ ਕਿਤਾਬ ਵਿਚੋਂ ਹੈ।

ਵਿਜੈ ਬੰਬੇਲੀ
ਮੋ: 94634-39075

ਰੱਬ ਦੇ ਡਾਕੀਏ
ਲੇਖਕ : ਪਰਮਿੰਦਰ ਸੋਢੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 180 ਰੁਪਏ, ਸਫ਼ੇ : 136
ਸੰਪਰਕ : 98152-98459.

ਪਰਮਿੰਦਰ ਸੋਢੀ ਲੰਮੇ ਸਮੇਂ ਤੋਂ ਜਾਪਾਨ ਵਿਚ ਸਫ਼ਲ ਕਾਰੋਬਾਰੀ ਜੀਵਨ ਜੀਅ ਰਿਹਾ ਪੰਜਾਬੀ ਸਾਹਿਤਕਾਰ ਹੈ। ਕਵਿਤਾ ਤੇ ਵਾਰਤਕ ਦੋਵੇਂ ਵਿਧਾਵਾਂ ਵਿਚ ਉਸ ਨੇ ਜੋ ਕੁਝ ਵੀ ਲਿਖਿਆ ਹੈ, ਉਸ 'ਤੇ ਜਾਪਾਨੀ ਸਾਹਿਤਕ ਸੱਭਿਆਚਾਰਕ ਪਰੰਪਰਾਵਾਂ ਦੇ ਪ੍ਰਭਾਵ ਉਸ ਦੀਆਂ ਲਿਖਤਾਂ ਨੂੰ ਵੱਖਰਾ ਰੰਗ ਦਿੰਦੇ ਹਨ। ਉਸ ਨੇ ਹੀ ਪੰਜਾਬੀ ਵਿਚ ਜਾਪਾਨੀ ਹਾਈਕੂ ਦੀ ਗੱਲ ਛੇੜੀ। ਜਾਪਾਨ ਦੇ ਜੈਨ ਬੋਧੀ ਚਿੰਤਕ ਤਾਓ, ਕਨਫਿਊਸ਼ੀਅਸ ਦਾ ਜ਼ਿਕਰ ਉਸ ਦੀ ਵਾਰਤਕ ਵਿਚ ਥਾਂ-ਥਾਂ ਹੈ। ਜਾਪਾਨੀ/ਚੀਨੀ ਕਹਾਵਤਾਂ, ਚਿੰਤਕਾਂ ਦੇ ਵੇਰਵੇ ਹਨ। ਇਹ ਸਾਰਾ ਕੁਝ ਉਸ ਦੀ ਵਾਰਤਕ ਵਿਚ ਉਸ ਦੇ ਨਿੱਜ ਨਾਲ ਘੁਲ-ਮਿਲ ਕੇ ਪੇਸ਼ ਹੁੰਦਾ ਹੈ। 'ਰੱਬ ਦੇ ਡਾਕੀਏ' ਉਸ ਦੀ ਇਸ ਨਿਵੇਕਲੀ ਵਾਰਤਕ ਸ਼ੈਲੀ ਵਾਲੀ ਕਿਤਾਬ ਹੈ, ਜਿਸ ਵਿਚ ਵਾਰਤਕ, ਕਵਿਤਾ ਤੇ ਕਾਵਿਕਤਾ ਵਾਰ-ਵਾਰ ਇਕ-ਦੂਜੇ ਦੀਆਂ ਹੱਦਾਂ ਉਲੰਘਦੇ ਹਨ।
136 ਸਫ਼ੇ ਵਿਚ 25 ਨਿੱਕੇ-ਨਿੱਕੇ ਨਿਬੰਧਾਂ ਦਾ ਸੰਗ੍ਰਹਿ ਹੈ ਇਹ ਕਿਤਾਬ। ਇਹ ਨਿਬੰਧ ਵਿਭਿੰਨ ਵਿਸ਼ਿਆਂ ਉੱਤੇ ਲੇਖਕ ਦੇ ਕਲਪਨਾਸ਼ੀਲ ਸੁਤੰਤਰ ਚਿੰਤਨ ਦੀ ਉਪਜ ਹਨ। ਸਬੰਧਿਤ ਵਿਸ਼ੇ 'ਤੇ ਲੇਖਕ ਦੇ ਨਿੱਜੀ ਅਨੁਭਵ, ਦ੍ਰਿਸ਼ਟੀ, ਆਲੇ-ਦੁਆਲੇ, ਜਾਪਾਨੀ/ਬੋਧੀ/ਚੀਨੀ ਚਿੰਤਕ ਅਤੇ ਚਿੰਤਕਾਂ ਦੀਆਂ ਟਿੱਪਣੀਆਂ ਅਤੇ ਦ੍ਰਿਸ਼ਟਾਂਤ, ਮੁੱਲਾਂ ਨਸੀਰੂਦੀਨ ਦੇ ਟੋਟਕੇ ਇਨ੍ਹਾਂ ਦੀ ਕੱਚੀ ਸਮੱਗਰੀ ਹਨ। ਇਨ੍ਹਾਂ ਦੇ ਸੁਮੇਲ ਨਾਲ ਸਿਰਜੀ ਵਾਰਤਕ ਵਿਚ ਬਹੁਤੇ ਹੱਦ ਤੱਕ ਰੌਚਿਕਤਾ, ਸਹਿਜ ਅਤੇ ਹਲਕਾ-ਫੁਲਕਾਪਣ ਬਣਿਆ ਰਹਿੰਦਾ ਹੈ। ਇਸ ਕਾਰਨ ਇਹ ਨਿਬੰਧ ਜੀਵਨ ਦੀਆਂ ਵਡੇਰੀਆਂ ਸਚਾਈਆਂ ਨੂੰ ਨਾ ਸਿਰਫ ਉਜਾਗਰ ਕਰਨ ਵਿਚ ਸਫ਼ਲ ਹਨ, ਸਗੋਂ ਉਨ੍ਹਾਂ ਨੂੰ ਜੀਵਨ ਦਾ ਮਾਰਗ ਦਰਸ਼ਕ ਆਧਾਰ ਬਣਾਉਣ ਦੇ ਪ੍ਰੇਰਕ ਬਣਨ ਦੇ ਸਮਰੱਥ ਹਨ। ਫਿਰ ਵੀ ਕਿਤੇ-ਕਿਤੇ ਜੈਨ ਬੋਧੀਆਂ ਦਾ ਜਟਿਲ ਫਲਸਫ਼ਾ ਇਨ੍ਹਾਂ ਉੱਤੇ ਭਾਰੂ ਹੋ ਜਾਂਦਾ ਹੈ। ਉਥੇ ਵੀ ਭਾਸ਼ਾ ਦਾ ਸੁਹਜ ਪਾਠਕ ਨੂੰ ਆਪਣੇ ਨਾਲ ਜੋੜੀ ਰੱਖਦਾ ਹੈ। ਜਾਪਾਨੀ ਹਾਈਕੂ ਤੇ ਲਘੂ ਕਵਿਤਾਵਾਂ ਪੰਜਾਬੀ ਪਾਠਕਾਂ ਨੂੰ ਓਨਾ ਪ੍ਰਭਾਵਿਤ ਨਹੀਂ ਕਰਦੇ, ਜਿੰਨਾ ਪੰਜਾਬੀ ਦੀ ਆਪਣੀ ਨਵੀਂ ਪੁਰਾਣੀ ਕਵਿਤਾ। ਇਹ ਤੱਥ ਪੰਜਾਬੀ ਵਿਚ ਹਾਈਕੂ ਕਾਵਿ ਦੀ ਪ੍ਰਯੋਗਾਂ ਨੂੰ ਮਿਲੇ ਹੁੰਗਾਰੇ ਤੋਂ ਵੀ ਹੁਣ ਤੱਕ ਸਪੱਸ਼ਟ ਹੋ ਚੁੱਕਾ ਹੈ। ਸੋਢੀ ਦੀ ਇਸ ਕਿਤਾਬ ਦੀ ਵਾਰਤਕ ਪਾਠਕਾਂ ਦੀ ਸੁਹਜ ਤ੍ਰਿਪਤੀ ਵੀ ਕਰਦੀ ਹੈ ਅਤੇ ਮਾਰਗ ਦਰਸ਼ਨ ਵੀ।

ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਯਾਦਾਂ ਦੇ ਪਿਛਵਾੜੇ
ਲੇਖਕ : ਅਮੀਨ ਮਲਿਕ
ਪ੍ਰਕਾਸ਼ਕ : ਤਾਲਿਫ਼ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 180
ਸੰਪਰਕ : 99884-40812.

'ਯਾਦਾਂ ਦੇ ਪਿਛਵਾੜੇ' ਪਾਕਿਸਤਾਨੀ ਪੰਜਾਬੀ ਲੇਖਕ ਅਮੀਨ ਮਲਿਕ ਦੇ ਜੀਵਨ ਵੇਰਵੇ ਹਨ। ਇਕ ਤਰ੍ਹਾਂ ਦੀ ਸਵੈਜੀਵਨੀ। ਜਿਸ ਨੂੰ ਉਸ ਨੇ ਗਹਿਰੀ ਸੰਵੇਦਨਸ਼ੀਲਤਾ ਨਾਲ ਕਲਮਬੱਧ ਕੀਤਾ ਹੈ। ਸਿਰਜਣਾਤਮਿਕ ਵਾਰਤਕ ਦਾ ਇਹ ਸੰਗ੍ਰਹਿ ਸਮਾਜ, ਸੱਭਿਆਚਾਰ ਅਤੇ ਜ਼ਿੰਦਗੀ ਨੂੰ ਸਮਝਣ ਅਤੇ ਪ੍ਰਗਟਾਉਣ ਦੀ ਗਾਥਾ ਹੈ। ਛਪਣ ਦੀ ਦ੍ਰਿਸ਼ਟੀ ਤੋਂ ਵੇਖੀਏ ਤਾਂ ਇਹ ਕਿਤਾਬ ਅਮੀਨ ਮਲਿਕ ਦੀ ਆਖਰੀ ਕਿਤਾਬ ਹੈ। ਪਿਛਲੇ ਮਹੀਨੇ ਹੀ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਉਸ ਦਾ ਜੀਵਨ ਅਤਿ ਰੌਮਾਂਚਿਕ ਅਤੇ ਜੋਖ਼ਮਾਂ ਭਰਿਆ ਸੀ। ਆਪਣੀ ਮਿੱਟੀ, ਆਪਣੀ ਭਾਸ਼ਾ, ਆਪਣੇ ਸੱਭਿਆਚਾਰ ਅਤੇ ਆਪਣੇ ਆਲੇ-ਦੁਆਲੇ ਨੂੰ ਪਿਆਰ ਕਰਨ ਦੇ ਜਜ਼ਬੇ ਨਾਲ ਭਰਪੂਰ ਅਮੀਨ ਮਲਿਕ ਨੇ ਜ਼ਿੰਦਗੀ ਨੂੰ ਆਪਣੀਆਂ ਹੀ ਸ਼ਰਤਾਂ 'ਤੇ ਜੀਵਿਆ ਸੀ। 1947 ਦੀ ਵੰਡ ਦੇ ਦਰਦ ਨੂੰ ਬਿਆਨ ਕਰਦੀਆਂ ਉਸ ਦੀਆਂ ਰਚਨਾਵਾਂ ਬੇਮਿਸਾਲ ਹਨ। ਦੋਸਤਾਂ ਦੀ ਬੇਵਫ਼ਾਈ, ਸਰਕਾਰਾਂ ਦੇ ਸਿਤਮ, ਸੰਸਥਾਵਾਂ ਦੇ ਖੋਖਲੇਪਨ ਤੋਂ ਲੈ ਕੇ ਸਿਆਸਤ ਦੀਆਂ ਬੇਰੁਖ਼ੀਆਂ ਤੱਕ ਫੈਲਿਆਂ ਇਸ ਪੁਸਤਕ ਦਾ ਕੈਨਵਸ ਨਾ ਸਿਰਫ ਰੌਚਿਕ ਹੈ ਸਗੋਂ ਦਿਲ ਕੰਬਾਊ ਵੀ ਹੈ। ਇਸ ਸਿਤਾਬ ਵਿਚ ਦੋ ਲੇਖ ਉਨ੍ਹਾਂ ਦੀ ਧਰਮ ਪਤਨੀ ਰਾਣੀ ਮਲਿਕ ਦੇ ਵੀ ਸ਼ਾਮਿਲ ਹਨ, ਜਿਹੜੇ ਅਮੀਨ ਮਲਿਕ ਦੀ ਸ਼ਖ਼ਸੀਅਤ ਦੇ ਗਹਿਰੇ ਰੰਗਾਂ ਨੂੰ ਉਘਾੜਦੇ ਹਨ 'ਮੈਨੂੰ ਇਕੋ ਮਾਣ ਹੈ ਕਿ ਮੈਂ ਇਕ ਅਜਿਹੇ ਪੰਜਾਬੀ ਦੀ ਬੀਵੀ ਹਾਂ, ਜਿਸ ਦੇ ਲਹੂ ਵਿਚ ਪੰਜ ਦਰਿਆ ਹਨ ਅਤੇ ਜੁੱਸੇ ਨੂੰ ਪੰਜਾਬ ਦੀ ਮਿੱਟੀ ਨਾਲ ਲਿਪਿਆ ਪੋਚਿਆ ਗਿਆ ਹੈ।' ਅਮੀਨ ਮਲਿਕ ਲਿਖਦਾ ਹੈ ਮੰਚ ਉੱਪਰ ਹਾਰ ਪਾ ਕੇ ਬੈਠਣਾ, ਸਨਮਾਨ ਦੀ ਸਸਤੀ ਜਿਹੀ ਖਾਹਿਸ਼ ਲਈ ਹਫ਼-ਹਫ਼ ਕੇ ਮਰਨਾ, ਯੂਨੀਵਰਸਿਟੀਆਂ ਵਿਚ ਕਿਤਾਬਾਂ ਲਗਵਾਉਣ ਲਈ ਥੱਲੇ ਲੱਗ ਜਾਣਾ, ....... ਮੈਂ ਇਹੀ ਆਖਾਂਗਾ ਕਿ ਪ੍ਰਾਪਤੀ ਦੀ ਪਰਵਾਹ ਨਾ ਕਰਨਾ ਹੀ ਪ੍ਰਾਪਤੀ ਹੈ।' ਪੁਸਤਕ ਵਿਚ ਸ਼ਾਮਿਲ 21 ਲੇਖਾਂ ਵਿਚੋਂ 19 ਉਸ ਦੇ ਆਪਣੇ ਹਨ ਅਤੇ 'ਯਾਰਾਂ ਦੀ ਮਸਤੀ ਵੱਖਰੀ' ਦੇ ਇਕੋ ਸਿਰਲੇਖ ਵਾਲੇ ਦੋ ਲੇਖ ਹਨ। ਸੰਤਾਲੀ ਦੇ ਦਰਦ ਨੂੰ ਜਿਨ੍ਹਾਂ ਸ਼ਬਦਾਂ ਵਿਚ ਅਮੀਨ ਨੇ ਦੱਸਿਆ ਹੈ, ਉਹ ਅਜਬ ਗਹਿਰਾਈ ਵਾਲੇ ਹਨ 'ਪਾਣੀ ਵਿਚ ਰੁੜ੍ਹਦੀ ਜਾਂਦੀ ਇਕ ਚਿੱਟੇ ਸਿਰ ਵਾਲੀ ਮਾਈ ਨੂੰ ਬਾਹਰ ਕੱਢ ਕੇ ਦੁਬਾਰਾ ਦਰਿਆ ਵਿਚ ਵਗਾਹ ਮਾਰਿਆ, ਕਿਉਂਕਿ ਉਹ ਪੰਜਾਬੀਆਂ ਦੀ ਮਾਂ ਇਕ ਸਿੱਖ ਔਰਤ ਸੀ।' ਅਮੀਨ ਮਲਿਕ ਦੇ ਦਿਲ ਦਾ ਦਰਦ ਇਸ ਪੁਸਤਕ ਦੇ ਸਫ਼ਿਆਂ 'ਤੇ ਉਕਰਿਆ ਗਿਆ ਹੈ। ਕਾਫ਼ਲਾ ਜਦੋਂ ਕਮਾਦਾਂ ਵਿਚੋਂ ਦੀ ਲੰਘ ਰਿਹਾ ਸੀ ਤਾਂ ਮੌਤ ਨੇ ਮੂੰਹ ਆ ਅੱਡਿਆ ਇਕ ਦੋ ਫਾਇਰ ਵੱਜੇ। ਆਪਾਧਾਪੀ ਪਈ ਤੇ ਕਮਾਦਾਂ ਵਿਚੋਂ ਬਰਛੀਆਂ, ਛਵੀਆਂ ਅਤੇ ਕਿਰਪਾਨਾਂ ਵਾਲੇ ਕੋਈ ਦੋਸ਼ ਦੱਸੇ ਬਿਨਾਂ ਉੱਜੜੇ ਜਾਂਦੇ ਗੁਆਂਢੀਆਂ ਨੂੰ ਮੌਤ ਦੀ ਸਜ਼ਾ ਦੇਣ ਲੱਗੇ'.......... ਮੌਤਾਂ ਦਾ ਹਿਸਾਬ ਵੀ ਕੋਈ ਨਾ ਕਰ ਸਕਿਆ ਖਲੋ ਕੇ......' ਅਮੀਨ ਆਪਣੀ ਇਸ ਕਿਤਾਬ ਰਾਹੀਂ ਪੰਜਾਬੀਆਂ ਲਈ ਅਨੇਕਾਂ ਸਵਾਲ ਛੱਡਦਾ ਹੈ, ਜੋ ਦੋਵਾਂ ਦੇਸ਼ਾਂ ਦੀ ਵਿਗੜ ਰਹੀ ਭਾਸ਼ਾ ਬਾਰੇ ਵੀ ਹਨ ਸੱਭਿਆਚਾਰ ਬਾਰੇ ਵੀ ਹਨ ਮਾਨਵੀ ਕਦਰਾਂ-ਕੀਮਤਾਂ ਬਾਰੇ ਵੀ ਹਨ ਪਰ ਸਭ ਤੋਂ ਵੱਡਾ ਸਵਾਲ ਉਸ ਨੇ ਇਹ ਪਾਇਆ ਹੈ 'ਪੰਜਾਬੀ ਕਦੇ ਅਕਲ ਦੀ ਵਰਤੋਂ ਵੀ ਕਰਨਗੇ ਜਾਂ ਜਜ਼ਬਾਤੀ ਹੀ ਬਣੇ ਰਹਿਣਗੇ?' ਪੰਜਾਬ ਦੀ ਸਾਂਝੀ ਵਿਰਾਸਤ ਅਤੇ ਸੱਭਿਆਚਾਰ ਦੀਆਂ ਰਹਿਤਲਾਂ ਨੂੰ ਸਮਝਣ ਲਈ ਇਹ ਕਿਤਾਬ ਪੜ੍ਹਨੀ ਬਹੁਤ ਜ਼ਰੂਰੀ ਹੈ।

ਡਾ: ਲਖਵਿੰਦਰ ਸਿੰਘ ਜੌਹਲ
ਮੋ: 94171-94812.

c c c

ਰੰਗ
ਕਵੀ : ਪਵਨ 'ਗਿੱਲਾਂਵਾਲਾ'
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 111
ਸੰਪਰਕ : 0172-5027427.

ਇਕੋ ਸਮੇਂ ਗੀਤਕਾਰ, ਨਾਵਲਕਾਰ ਅਤੇ ਕਵੀ ਪਵਨ 'ਗਿੱਲਾਂਵਾਲਾ' ਆਪਣੀ 11ਵੀਂ ਪੁਸਤਕ ਰੰਗ (ਕਾਵਿ ਸੰਗ੍ਰਹਿ) ਰਾਹੀਂ ਪਾਠਕਾਂ ਦੇ ਰੂਬਰੂ ਹੋਇਆ ਹੈ। ਹਥਲੀ ਪੁਸਤਕ ਵਿਚ 99 ਕਾਵਿ, ਗੀਤ ਦੀਆਂ ਵੰਨਗੀਆਂ ਦਰਜ ਹਨ। ਸੰਵੇਦਨਸ਼ੀਲ ਕਵੀ/ਗੀਤਕਾਰ ਨੇ 'ਰੰਗ' ਸਿਰਲੇਖ ਹੇਠ ਦਰਜ ਰਚਨਾਵਾਂ ਵਿਚ ਮਨੁੱਖ ਦੀ ਜ਼ਿੰਦਗੀ ਦੇ ਕਈ ਵੰਨ-ਸੁਵੰਨੇ ਰੰਗਾਂ ਦੀ ਗੱਲ ਕਰਦਿਆਂ ਉਨ੍ਹਾਂ ਦੀ ਮਹੱਤਤਾ ਨੂੰ ਕਾਵਿਕ ਬਿੰਬਾਂ ਰਾਹੀਂ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਕਿਧਰੇ ਉਹ ਕੁਦਰਤ ਵਿਚ ਪਸਰੇ ਪਹਾੜਾਂ, ਫੁੱਲਾਂ, ਬੂਟਿਆਂ, ਝਰਨਿਆਂ, ਚੰਨ-ਸੂਰਜ, ਦਰਿਆਵਾਂ ਰਾਹੀਂ ਰੰਗਾਂ ਅਤੇ ਉਨ੍ਹਾਂ ਦੇ ਮਨੁੱਖੀ ਮਨ 'ਤੇ ਪੈਂਦੇ ਪ੍ਰਭਾਵਾਂ ਦੀ ਕਲਾਮਈ ਢੰਗ ਨਾਲ ਗੱਲ ਕਰਦਾ ਹੈ
ਰੁੱਤਾਂ ਨੇ ਬਸ ਰੰਗ ਹੀ ਬਦਲੇ
ਨਾਲ ਸਮੇਂ ਦੇ ਆ ਕੇ
ਦਿਲ ਦਾ ਪੰਛੀ ਖੌਰੇ ਕਿਉਂ
ਰੁੱਖੋਂ-ਬੇਮੁੱਖ ਹੋਇਆ।'
ਕੁਦਰਤੀ ਰੰਗਾਂ ਦੀ ਬਾਤ ਪਾਉਂਦਾ ਕਵੀ/ਗੀਤਕਾਰ ਪਵਨ ਮਨੁੱਖੀ ਜ਼ਿੰਦਗੀ ਦੇ ਮੁੱਖ ਪੜਾਵਾਂ ਬਚਪਨ, ਜਵਾਨੀ ਤੇ ਬੁਢਾਪੇ ਦੇ ਰੰਗਾਂ ਦੀ ਗੱਲ ਕਰਦਾ ਹੈ ਤੇ ਉਮਰ ਮੁਤਾਬਿਕ ਹਰੇਕ ਰੰਗ ਦੀ ਖੂਬਸੂਰਤੀ ਨੂੰ ਬਿਆਨ ਕਰਦਾ ਹੈ। ਇਹ ਰੰਗ ਰਚਨਾ ਜ਼ਿੰਦਗੀ ਦੇ ਰੰਗ, ਰੀਝਾਂ ਸਧਰਾਂ, ਚੰਨ ਵਾਲੀ ਚਾਨਣੀ, ਸੁਪਨੇ ਅਧੂਰੇ, ਹੁਸਨ ਜਵਾਨੀ, ਪੀਂਘ, ਮਾਂ ਦੀਆਂ ਚਿੜੀਆਂ, ਰੁੱਤ ਬਹਾਰਾਂ ਦੀ, ਇਸ਼ਕ ਬੁਖਾਰ, ਨਾ ਸੋਚਾਂ ਨਾ ਮਧਰਾਂ, ਆਦਿ ਵਿਚ ਖਿਲਰੇ ਪਏ ਹਨ। ਹਰੇਕ ਰਚਨਾ ਹੀ ਇਨ੍ਹਾਂ ਰੰਗਾਂ ਰਾਹੀਂ ਜਿਥੇ ਜ਼ਿੰਦਗੀ ਦੀ ਨਿਸ਼ਾਨਦੇਹੀ ਕਰਦੀ ਹੈ, ਉਥੇ ਸਮਾਜ ਨੂੰ ਇਕ ਸਾਰਥਕ ਅਤੇ ਸਿਹਤਮੰਦ ਸੁਨੇਹਾ ਦੇਣ ਦਾ ਉਪਰਾਲਾ ਵੀ ਕਰਦੀ ਹੈ। ਲੇਖਕ ਆਪਣੇ ਦਿਲ ਦੇ ਵਲਵਲਿਆਂ, ਜਜ਼ਬਾਤਾਂ ਅਤੇ ਭਾਵਨਾਵਾਂ ਨੂੰ ਧਰਤੀ ਦੇ ਵੱਖੋ-ਵੱਖਰੇ ਪ੍ਰਤੀਕਾਂ/ਬਿੰਬਾਂ ਰਾਹੀਂ ਜ਼ਿੰਦਗੀ ਦੇ ਕੈਨਵਸ 'ਤੇ ਚਿਤਰਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਾਹਮਣੇ ਦਿੱਸਦੇ ਰੰਗਾਂ ਵਿਚੋਂ ਵੀ ਉਹ ਰੰਗ ਉੱਭਰ ਕੇ ਸਾਹਮਣੇ ਆਉਂਦੇ ਹਨ, ਜਿਹੜੇ ਭਾਵੇਂ ਸਪੱਸ਼ਟ ਵਿਖਾਈ ਨਹੀਂ ਦਿੰਦੇ ਪਰ ਜ਼ਿੰਦਗੀ ਨੂੰ ਨਿਵੇਕਲਾ, ਮੋਕਲਾ ਤੇ ਸਦਾਬਹਾਰ ਬਣਾਉਣ ਵਿਚ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਰੰਗਾਂ ਨਾਲ ਹੀ ਜ਼ਿੰਦਗੀ ਧੜਕਦੀ ਹੈ, ਰਿਸ਼ਤੇ ਜਿਊਂਦੇ ਹਨ ਅਤੇ ਸਮਾਜ ਨਵਾਂ-ਨਰੋਇਆ ਤੇ ਜ਼ਿੰਦਗੀ ਨਾਲ ਲਬਾਲਬ ਭਰਿਆ ਰਹਿੰਦਾ ਹੈ।

ਡਾ: ਧਰਮਪਾਲ ਸਾਹਿਲ
ਮੋ: 98761-56964.Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX