ਤਾਜਾ ਖ਼ਬਰਾਂ


ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  18 minutes ago
ਰੋਪੜ, 25 ਜਨਵਰੀ - ਸਵਰਨ ਸਿੰਘ (61) ਪੁੱਤਰ ਅਮਰ ਸਿੰਘ ਪਿੰਡ ਖੈਰਾਬਾਦ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਆਤਮ ਹੱਤਿਆ ਕਰ ਲਈ ਹੈ। ਸਵੇਰੇ 8.30 ਵਜੇ ਦੇ ਕਰੀਬ ਸਵਰਨ ਸਿੰਘ ਵਲੋਂ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕੀਤੀ ਗਈ...
ਕਾਲੀ ਮਾਤਾ ਮੰਦਰ 'ਚ ਕਥਿਤ ਬੇਅਦਬੀ ਦੀ ਕੋਸ਼ਿਸ਼ 'ਤੇ ਪਰਨੀਤ ਕੌਰ ਦਾ ਵੱਡਾ ਬਿਆਨ
. . .  56 minutes ago
ਪਟਿਆਲਾ, 25 ਜਨਵਰੀ- ਕਾਲੀ ਮਾਤਾ ਦੇ ਮੰਦਰ ਵਿਚ ਕਥਿਤ ਬੇਅਦਬੀ ਦੀ ਕੋਸ਼ਿਸ਼ 'ਤੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਦਾ ਕਹਿਣਾ ਹੈ ਕਿ ਅਸੀਂ ਇਸ ਘਟਨਾ ਦੀ ਨਿੰਦਾ ਕਰਦੇ ਹਾਂ। ਅਸੀਂ ਕਿਸੇ ਨੂੰ ਵੀ ਸੂਬੇ ਦਾ ਮਾਹੌਲ ਖ਼ਰਾਬ ਨਹੀਂ ਕਰਨ ਦੇਵਾਂਗੇ...
ਪਟਿਆਲਾ ਘਟਨਾ 'ਤੇ ਭਗਵੰਤ ਮਾਨ ਦਾ ਬਿਆਨ, 'ਮਾਸਟਰ ਮਾਈਂਡ ਕੋਈ ਹੋਰ ਹੈ'
. . .  about 1 hour ago
ਮੁਹਾਲੀ, 25 ਜਨਵਰੀ-ਬੀਤੇ ਦਿਨ ਪਟਿਆਲਾ ਦੇ ਕਾਲੀ ਮਾਤਾ ਮੰਦਰ 'ਚ ਵਾਪਰੀ ਬੇਅਦਬੀ ਦੀ ਘਟਨਾ 'ਤੇ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਟਿਆਲਾ ਘਟਨਾ ਪਿੱਛੇ ਮਾਸਟਰ ਮਾਈਂਡ ਕੋਈ ਹੋਰ ਹੈ...
ਰਾਸ਼ਟਰੀ ਵੋਟਰ ਦਿਵਸ 'ਤੇ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਦਿੱਤਾ ਇਹ ਬਿਆਨ
. . .  about 1 hour ago
ਨਵੀਂ ਦਿੱਲੀ, 25 ਜਨਵਰੀ - ਰਾਸ਼ਟਰੀ ਵੋਟਰ ਦਿਵਸ 'ਤੇ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਦਾ ਕਹਿਣਾ ਹੈ ਕਿ ਵੋਟ ਦਾ ਅਧਿਕਾਰ ਭਾਰਤ ਦੇ ਹਰ ਬਾਲਗ ਨਾਗਰਿਕ ਨੂੰ ਉਸੇ ਸਮੇਂ ਦਿੱਤਾ ਗਿਆ ਸੀ ਜਦੋਂ ਭਾਰਤ ਨੇ ਆਪਣੀ ਆਜ਼ਾਦੀ...
ਆਰ.ਪੀ.ਐਨ. ਸਿੰਘ ਨੇ ਕਾਂਗਰਸ ਪਾਰਟੀ ਤੋਂ ਦਿੱਤਾ ਅਸਤੀਫ਼ਾ
. . .  about 1 hour ago
ਨਵੀਂ ਦਿੱਲੀ, 25 ਜਨਵਰੀ- ਕਾਂਗਰਸ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਆਰ.ਪੀ.ਐਨ. ਸਿੰਘ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ...
ਤਹਿਸੀਲ ਕੰਪਲੈਕਸ ਤਪਾ ਵਿਖੇ ਨਾਮਜ਼ਦਗੀਆਂ ਕਾਰਨ ਆਈ.ਟੀ.ਬੀ.ਪੀ. ਫੋਰਸ ਅਤੇ ਪੰਜਾਬ ਪੁਲਿਸ ਦਾ ਲੱਗਿਆ ਪਹਿਰਾ
. . .  about 1 hour ago
ਤਪਾ ਮੰਡੀ, 25 ਜਨਵਰੀ (ਪ੍ਰਵੀਨ ਗਰਗ)- ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅਮਲ ਅੱਜ ਸ਼ੁਰੂ ਹੋ ਗਿਆ ਹੈ, ਜਿਸ ਸੰਬੰਧੀ ਤਹਿਸੀਲ ਕੰਪਲੈਕਸ ਵਿਖੇ ਪੁਲਿਸ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰ ਦਿੱਤੇ ਗਏ ਹਨ। ਜਦ ਪੱਤਰਕਾਰਾਂ ਦੀ...
ਸ਼੍ਰੋਮਣੀ ਅਕਾਲੀ ਦਲ ਬਸਪਾ ਚੋਣਾਂ ਵਿਚ ਬਹੁਮਤ ਹਾਸਲ ਕਰੇਗਾ -ਸੁਖਬੀਰ ਸਿੰਘ ਬਾਦਲ
. . .  about 2 hours ago
ਲੁਧਿਆਣਾ, 25 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅੱਜ ਸੂਬੇ ਭਰ ਵਿਚ ਅਕਾਲੀ ਬਸਪਾ ਗੱਠਜੋੜ ਦੀ ਲਹਿਰ ਹੈ ਅਤੇ ਗੱਠਜੋੜ 80 ਤੋਂ ਵੱਧ ਸੀਟਾਂ ਲੈ ਕੇ ਸਰਕਾਰ ਬਣਾਏਗਾ...
27 ਜਨਵਰੀ ਨੂੰ ਜਲੰਧਰ ਆਉਣਗੇ ਰਾਹੁਲ ਗਾਂਧੀ
. . .  about 2 hours ago
ਜਲੰਧਰ, 25 ਜਨਵਰੀ (ਵਿਕਰਮਜੀਤ ਸਿੰਘ ਮਾਨ)-ਕਾਂਗਰਸੀ ਆਗੂ ਰਾਹੁਲ ਗਾਂਧੀ 27 ਜਨਵਰੀ ਨੂੰ ਜਲੰਧਰ ਆਉਣਗੇ ਅਤੇ ਉੱਥੇ ਹੀ ਵਰਕਰਾਂ ਨੂੰ ਵਰਚੂਅਲ ਤਰੀਕੇ ਰਾਹੀਂ ਸੰਬੋਧਨ...
ਬਲਬੀਰ ਸਿੰਘ ਰਾਜੇਵਾਲ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਸਮਰਥਕਾਂ ਨੂੰ ਬਣਾ ਰਹੇ ਹਨ ਉਮੀਦਵਾਰ - ਸਾਂਝਾ ਪੰਜਾਬ ਮੋਰਚਾ
. . .  about 2 hours ago
ਚੰਡੀਗੜ੍ਹ, 25 ਜਨਵਰੀ - ਚੰਡੀਗੜ੍ਹ ਪ੍ਰੈੱਸ ਕਲੱਬ 'ਚ ਜਾਣਕਾਰੀ ਦਿੰਦਿਆਂ 'ਸਾਂਝਾ ਪੰਜਾਬ ਮੋਰਚਾ' ਦੇ ਪ੍ਰਧਾਨ ਕੁਲਦੀਪ ਸਿੰਘ ਈਸਾਪੁਰੀ, ਰੇਸ਼ਮ ਸਿੰਘ ਕਾਹਲੋਂ ਅਤੇ ਕਰਮਵੀਰ ਸਿੰਘ ਲਾਲੀ ਨੇ ਦੱਸਿਆ ਕਿ ਬਲਬੀਰ ਸਿੰਘ ਰਾਜੇਵਾਲ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ...
ਪੰਜਾਬ ਵਿਧਾਨ ਸਭਾ ਚੋਣਾਂ ਲਈ ਨੋਟੀਫ਼ਿਕੇਸ਼ਨ ਹੋਇਆ ਜਾਰੀ
. . .  about 2 hours ago
ਅਜਨਾਲਾ, 25 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਵਿਧਾਨ ਸਭਾ ਦੀਆਂ 20 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਨੋਟੀਫ਼ਿਕੇਸ਼ਨ ਜਾਰੀ ਹੋ ਚੁੱਕਾ ਹੈ, ਜਿਸ ਤੋਂ ਤੁਰੰਤ ਬਾਅਦ ਪੰਜਾਬ ਅੰਦਰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਸ਼ੁਰੂ...
ਸਾਡੀ ਚੋਣ ਕਮਿਸ਼ਨ ਅਤੇ ਚੋਣ ਪ੍ਰਕਿਰਿਆ ਨੇ ਵੱਖ-ਵੱਖ ਦੇਸ਼ਾਂ ਲਈ ਇਕ ਮਾਪਦੰਡ ਕੀਤਾ ਹੈ ਤੈਅ - ਪ੍ਰਧਾਨ ਮੰਤਰੀ ਮੋਦੀ
. . .  about 2 hours ago
ਨਵੀਂ ਦਿੱਲੀ, 25 ਜਨਵਰੀ - ਨਮੋ ਐਪ ਰਾਹੀਂ ਗੁਜਰਾਤ ਤੋਂ ਪੇਜ ਸੰਮਤੀ ਦੇ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਸੀ ਕਿ ਭਾਰਤ ਉਨ੍ਹਾਂ ਦੇਸ਼ਾਂ ਵਿਚੋਂ ਇਕ ਹੈ ਜਿੱਥੇ ਚੋਣ ਕਮਿਸ਼ਨ ਲੋਕਾਂ ਨੂੰ ਨੋਟਿਸ ਜਾਰੀ ਕਰ ਸਕਦਾ ਹੈ
ਸੁਪਰੀਮ ਕੋਰਟ ਨੇ ਕੇਂਦਰ ਅਤੇ ਭਾਰਤ ਦੇ ਚੋਣ ਕਮਿਸ਼ਨ ਨੂੰ ਨੋਟਿਸ ਕੀਤਾ ਜਾਰੀ
. . .  about 2 hours ago
ਨਵੀਂ ਦਿੱਲੀ, 25 ਜਨਵਰੀ - ਸੁਪਰੀਮ ਕੋਰਟ ਨੇ ਕੇਂਦਰ ਅਤੇ ਭਾਰਤ ਦੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰਕੇ ਚੋਣ ਨਿਸ਼ਾਨ ਜ਼ਬਤ ਕਰਨ ਅਤੇ ਜਨਤਕ ਫ਼ੰਡਾਂ ਤੋਂ ਗੈਰ ਤਰਕਹੀਣ ਮੁਫ਼ਤ ਵੰਡਣ ਦਾ ਵਾਅਦਾ ਕਰਨ ਵਾਲੀਆਂ ਰਾਜਨੀਤਿਕ ...
ਜੇ.ਪੀ. ਨੱਡਾ ਅਤੇ ਹੋਰ ਭਾਜਪਾ ਆਗੂ ਸੀ.ਈ.ਸੀ. ਦੀ ਬੈਠਕ ਲਈ ਪਹੁੰਚੇ ਪਾਰਟੀ ਹੈੱਡਕੁਆਰਟਰ
. . .  about 3 hours ago
ਨਵੀਂ ਦਿੱਲੀ, 25 ਜਨਵਰੀ - ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਅਤੇ ਹੋਰ ਭਾਜਪਾ ਆਗੂ ਸੀ.ਈ.ਸੀ. ਦੀ ਮੀਟਿੰਗ ਲਈ ਪਾਰਟੀ ਹੈੱਡਕੁਆਰਟਰ ਪੁੱਜੇ ...
ਬਿਕਰਮ ਸਿੰਘ ਮਜੀਠੀਆ ਦੇ ਅੰਮ੍ਰਿਤਸਰ ਸਥਿਤ ਘਰ ਵਿਖੇ ਪੁਲਿਸ ਨੇ ਕੀਤੀ ਰੇਡ
. . .  about 3 hours ago
ਅੰਮ੍ਰਿਤਸਰ, 25 ਜਨਵਰੀ - ਜ਼ਮਾਨਤ ਅਰਜ਼ੀ ਖ਼ਾਰਜ ਹੋਣ ਤੋਂ ਬਾਅਦ ਪੰਜਾਬ ਪੁਲਿਸ ਵਲੋਂ ਬਿਕਰਮ ਸਿੰਘ ਮਜੀਠੀਆ ਦੇ ਅੰਮ੍ਰਿਤਸਰ ਸਥਿਤ ਘਰ ਵਿਖੇ ਰੇਡ...
ਪਟਿਆਲਾ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਨਿੰਦਣਯੋਗ - ਨਵਜੋਤ ਸਿੱਧੂ
. . .  about 3 hours ago
ਚੰਡੀਗੜ੍ਹ, 25 ਜਨਵਰੀ - ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਉਹ ਮੈਨੀਫੈਸਟੋ 'ਤੇ ਚਰਚਾ ਲਈ ਜਲੰਧਰ ਵਿਖੇ ਪ੍ਰਤਾਪ ਬਾਜਵਾ, ਜੈਵੀਰ ਸ਼ੇਰਗਿੱਲ ਅਤੇ ਹੋਰਾਂ ਨੂੰ ਮਿਲਣਗੇ ਅਤੇ ਪੰਜਾਬ ਮਾਡਲ ਬਾਰੇ ਚਰਚਾ ...
ਭਾਰੀ ਧੁੰਦ ਅਤੇ ਠੰਢ ਨੇ ਲੋਕਾਂ ਦਾ ਕੀਤਾ ਬੁਰਾ ਹਾਲ
. . .  about 4 hours ago
ਓਠੀਆਂ, 25 ਜਨਵਰੀ(ਗੁਰਵਿੰਦਰ ਸਿੰਘ ਛੀਨਾ) ਪੰਜਾਬ ਵਿਚ ਅੱਜ ਪਈ ਭਾਰੀ ਧੁੰਦ ਅਤੇ ਠੰਢ ਕਾਰਨ ਰੋਜ਼ ਤਰਾਂ ਕੰਮਾਂ 'ਤੇ ਜਾਣ ਵਾਲੇ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ । ਭਾਰੀ ਧੁੰਦ ਕਾਰਨ ਕਿਸੇ ਦੁਰਘਟਨਾ ਦੇ ਬਚਾਅ ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 2,55,874 ਨਵੇਂ ਮਾਮਲੇ, 614 ਮੌਤਾਂ
. . .  about 5 hours ago
ਨਵੀਂ ਦਿੱਲੀ, 25 ਜਨਵਰੀ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 2,55,874 ਨਵੇਂ ਮਾਮਲੇ....
ਮਹਾਰਾਸ਼ਟਰ: ਪੁਲ ਤੋਂ ਕਾਰ ਡਿੱਗਣ ਕਾਰਨ ਭਾਜਪਾ ਵਿਧਾਇਕ ਦੇ ਪੁੱਤਰ ਸਮੇਤ 7 ਵਿਦਿਆਰਥੀਆਂ ਦੀ ਮੌਤ
. . .  about 4 hours ago
ਮਹਾਰਾਸ਼ਟਰ, 25 ਜਨਵਰੀ - ਬੀਤੀ ਰਾਤ 11.30 ਵਜੇ ਦੇ ਕਰੀਬ ਸੇਲਸੁਰਾ ਨੇੜੇ ਪੁਲ ਤੋਂ ਕਾਰ ਡਿੱਗਣ ਕਾਰਨ ਭਾਜਪਾ ਵਿਧਾਇਕ ਵਿਜੇ ਰਿਹਾਂਗਦਾਲੇ ਦੇ ਪੁੱਤਰ ਅਵਿਸ਼ਕਾਰ ...
ਅੱਜ 11 ਵਜੇ ਪ੍ਰਧਾਨ ਮੰਤਰੀ ਮੋਦੀ ਨਮੋ ਐਪ 'ਤੇ ਭਾਜਪਾ ਵਰਕਰਾਂ ਨਾਲ ਗੱਲਬਾਤ ਕਰਨਗੇ
. . .  about 5 hours ago
ਨਵੀਂ ਦਿੱਲੀ, 25 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਨਮੋ ਐਪ 'ਤੇ ਦੇਸ਼ ਭਰ ਦੇ ਭਾਜਪਾ ਵਰਕਰਾਂ ਨਾਲ...
ਨਾਸਾ ਦਾ ਜੇਮਜ਼ ਵੈੱਬ ਸਪੇਸ ਟੈਲੀਸਕੋਪ ਧਰਤੀ ਤੋਂ 1 ਮਿਲੀਅਨ ਮੀਲ ਦੂਰ ਆਪਣੀ ਅੰਤਿਮ ਮੰਜ਼ਿਲ 'ਤੇ ਪਹੁੰਚਿਆ
. . .  about 5 hours ago
ਵਾਸ਼ਿੰਗਟਨ, 25 ਜਨਵਰੀ - ਨਾਸਾ ਦਾ ਜੇਮਜ਼ ਵੈੱਬ ਸਪੇਸ ਟੈਲੀਸਕੋਪ ਧਰਤੀ ਤੋਂ 1 ਮਿਲੀਅਨ ਮੀਲ ਦੂਰ ਆਪਣੀ ਅੰਤਿਮ ਮੰਜ਼ਿਲ....
20 ਫਰਵਰੀ ਨੂੰ ਹੋਣ ਵਾਲੀਆਂ ਵੋਟਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਅੱਜ ਤੋਂ ਹੋਵੇਗੀ ਸ਼ੁਰੂ
. . .  about 5 hours ago
ਅਜਨਾਲਾ,25 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ )-ਭਾਰਤ ਦੇ ਮੁੱਖ ਚੋਣ ਕਮਿਸ਼ਨ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਲੀਕੇ ਪ੍ਰੋਗਰਾਮ ਤਹਿਤ ਅੱਜ ਨੋਟੀਫ਼ਿਕੇਸ਼ਨ ਜਾਰੀ....
ਉੱਘੇ ਪੰਜਾਬੀ ਗੀਤਕਾਰ ਦੇਵ ਥਰੀਕਿਆਂ ਵਾਲੇ ਨਹੀਂ ਰਹੇ, ਅੰਤਿਮ ਸੰਸਕਾਰ ਪਿੰਡ ਥਰੀਕੇ ਵਿਖੇ ਦੁਪਹਿਰ 2 ਵਜੇ ਕੀਤਾ ਜਾਵੇਗਾ
. . .  about 4 hours ago
ਇਯਾਲੀ/ਥਰੀਕੇ, 25 ਜਨਵਰੀ (ਮਨਜੀਤ ਸਿੰਘ ਥਰੀਕੇ)- ਉੱਘੇ ਪੰਜਾਬੀ ਗੀਤਕਾਰ ਦੇਵ ਥਰੀਕਿਆਂ ਵਾਲੇ ਦਾ ਅੱਜ ਤੜਕੇ 2:30 ਵਜੇ ਦਿਹਾਂਤ ਹੋ ਗਿਆ।....
⭐ਮਾਣਕ - ਮੋਤੀ⭐
. . .  about 6 hours ago
⭐ਮਾਣਕ - ਮੋਤੀ⭐
ਪਾਕਿਸਤਾਨ ਸਰਕਾਰ ਨੇ ਭਾਰਤੀ 20 ਮਛੇਰੇ ਕੀਤੇ ਰਿਹਾਅ
. . .  1 day ago
ਅਟਾਰੀ ,24 ਜਨਵਰੀ ( ਗੁਰਦੀਪ ਸਿੰਘ ਅਟਾਰੀ )-ਪਾਕਿਸਤਾਨ ਸਰਕਾਰ ਨੇ 20 ਭਾਰਤੀ ਮਛੇਰਿਆਂ ਨੂੰ ਦੇਰ ਸ਼ਾਮ ਰਿਹਾਅ ਕਰ ਦਿੱਤਾ ਹੈ । ਮਛੇਰੇ ਗੁਜਰਾਤ ਨਾਲ ਸਬੰਧਤ ਹਨ ਅਤੇ ਉਹ ਮੱਛੀਆਂ ਫੜਦੇ ਸਮੇਂ ਪਾਕਿਸਤਾਨ ...
ਸ. ਪ੍ਰਕਾਸ਼ ਸਿੰਘ ਬਾਦਲ ਨੂੰ ਹਸਪਤਾਲ ਵਿਚੋਂ ਛੁੱਟੀ ਮਿਲੀ
. . .  1 day ago
ਲੁਧਿਆਣਾ ,24 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਅੱਜ ਪੰਜ ਦਿਨ ਬਾਅਦ ਦਿਆਨੰਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 1 ਮਾਘ ਸੰਮਤ 553
ਵਿਚਾਰ ਪ੍ਰਵਾਹ: ਜਮਹੂਰੀਅਤ ਦਾ ਅਰਥ ਸੰਵਾਦ ਰਾਹੀਂ ਸਰਕਾਰ ਚਲਾਉਣਾ ਹੈ ਪਰ ਇਹ ਤਾਂ ਹੀ ਅਸਰਦਾਰ ਹੋ ਸਕਦੀ ਹੈ ਜੇ ਸ਼ੋਰ-ਸ਼ਰਾਬਾ ਨਾ ਹੋਵੇ। -ਕਲੇਮੈਂਟ ਐਟਲੇ

ਤੁਹਾਡੇ ਖ਼ਤ

14-01-2022

 ਮੁਫ਼ਤ ਦੀਆਂ ਸਕੀਮਾਂ

ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਤਿਉਂ-ਤਿਉਂ ਸਿਆਸੀ ਪਾਰਟੀਆਂ ਵਲੋਂ ਇਕ-ਦੂਜੇ ਤੋਂ ਵਧ-ਚੜ੍ਹ ਕੇ ਮੁਫ਼ਤ ਦੀਆਂ ਸਕੀਮਾਂ ਅਤੇ ਕਈ ਕਿਸਮ ਦੇ ਐਲਾਨ ਕੀਤੇ ਜਾ ਰਹੇ ਹਨ, ਜਿਵੇਂ ਕਿ ਪੰਜਾਬ ਦੀ ਲਾਟਰੀ ਨਿਕਲੀ ਹੋਵੇ, ਜਦੋਂ ਕਿ ਸੂਬਾ ਪਹਿਲਾਂ ਹੀ ਕਰੋੜਾਂ ਦੇ ਕਰਜ਼ੇ ਹੇਠਾਂ ਦੱਬਿਆ ਪਿਆ ਹੈ ਪਰ ਇਹ ਪਾਰਟੀਆਂ ਕਿਸੇ ਤਰ੍ਹਾਂ ਲੋਕਾਂ ਨੂੰ ਭਰਮ-ਭੁਲੇਖੇ 'ਚ ਪਾ ਕੇ ਸੱਤਾ ਹਥਿਆਉਣਾ ਚਾਹੁੰਦੀਆਂ ਹਨ ਫਿਰ ਪੰਜਾਬ ਭਾਵੇਂ ਗਹਿਣੇ ਪਿਆ ਰਹੇ ਅਤੇ ਨੌਜਵਾਨ ਬੇਸ਼ੱਕ ਬੇਰੁਜ਼ਗਾਰ ਫਿਰਨ। ਅਣਖੀ ਤੇ ਗ਼ੈਰਤਮੰਦ ਪੰਜਾਬੀ ਮੁਫ਼ਤ ਦੀਆਂ ਸਕੀਮਾਂ ਲੈ ਕੇ ਖੁਸ਼ ਨਹੀਂ ਹੁੰਦਾ। ਮੁਫ਼ਤਖੋਰੀ ਨਾਲ ਲੋਕ ਮਜ਼ਬੂਤ ਨਹੀਂ ਸਗੋਂ ਮਜਬੂਰ ਤੇ ਕਮਜ਼ੋਰ ਬਣਦੇ ਹਨ। ਰਾਜਨੀਤਕ ਲੋਕਾਂ ਨੂੰ ਪੰਜਾਬ ਦੀ ਤਰਸਯੋਗ ਆਰਥਿਕ ਹਾਲਤ ਨੂੰ ਵੇਖਦੇ ਹੋਏ ਮੁਫਤ ਦੀਆਂ ਸਕੀਮਾਂ ਦੇ ਐਲਾਨ ਕਰਨ ਨਾਲੋਂ ਪੜ੍ਹੇ-ਲਿਖੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ, ਨਸ਼ਿਆਂ ਨੂੰ ਠੱਲ੍ਹ ਪਾਉਣ, ਚੋਰੀਆਂ-ਡਕੈਤੀਆਂ 'ਤੇ ਸ਼ਿਕੰਜਾ ਕੱਸਣ, ਮਹਿੰਗਾਈ 'ਤੇ ਕਾਬੂ ਪਾਉਣ, ਬਿਹਤਰ ਸਿਹਤ, ਸਿੱਖਿਆ ਸਹੂਲਤਾਂ ਦੇਣ, ਸਕੂਲਾਂ ਦੀ ਹਾਲਤ ਤੇ ਹਸਪਤਾਲਾਂ ਦੀ ਹਾਲਤ ਸੁਧਾਰਨ ਆਦਿ ਦੇ ਵਾੱਦੇ ਕਰਕੇ ਪੂਰੇ ਕਰਨੇ ਚਾਹੀਦੇ ਹਨ।

-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ, ਜਲੰਧਰ।

ਚੀਨੀ ਡੋਰ ਦਾ ਕਹਿਰ

ਅੱਜ ਲਗਭਗ ਚੀਨੀ ਡੋਰ ਹਰ ਘਰ ਵਿਚ ਹੈ, ਜੋ ਇਨਸਾਨ ਤੋਂ ਲੈ ਕੇ ਜਾਨਵਰਾਂ ਤੱਕ ਨੂੰ ਨੁਕਸਾਨ ਪਹੁੰਚਾ ਰਹੀ ਹੈ। ਸ਼ਹਿਰ ਦੇ ਕੁਝ ਨਾਮਵਰ ਦੁਕਾਨਦਾਰ ਧੜੱਲੇ ਨਾਲ ਡੋਰ ਵੇਚ ਰਹੇ ਹਨ, ਜੋ ਕਿ ਪ੍ਰਸ਼ਾਸਨ ਦੇ ਹੁਕਮਾਂ ਦੀ ਉਲੰਘਣਾ ਹੈ। ਰਾਜਸੀ ਪਹੁੰਚ ਹੋਣ ਕਰਕੇ ਕੋਈ ਇਨ੍ਹਾਂ 'ਤੇ ਕਾਰਵਾਈ ਨਹੀਂ ਕਰਦਾ। ਜਿਥੇ ਦੁਕਾਨਾਂ ਵਾਲੇ ਕਸੂਰਵਾਰ ਹਨ ਉਥੇ ਸਾਡੇ ਸਮਾਜ, ਸਾਡੇ ਆਲੇ-ਦੁਆਲੇ ਰਹਿਣ ਵਾਲੇ ਲੋਕ ਵੀ ਕਸੂਰਵਾਰ ਹਨ ਜੋ ਆਪ ਆਪਣੇ ਘਰਾਂ ਵਿਚ ਡੋਰ ਲਿਆ ਕੇ ਬੱਚਿਆਂ ਨੂੰ ਦਿੰਦੇ ਹਨ। ਜਦੋਂ ਕੋਈ ਘਟਨਾ ਵਾਪਰਦੀ ਹੈ, ਫਿਰ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਰਹਿੰਦਾ। ਪ੍ਰਸ਼ਾਸਨ ਨੂੰ ਚੀਨੀ ਡੋਰ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।

-ਨਵਨੀਤ ਸਿੰਘ ਭੁੰਬਲੀ, ਜ਼ਿਲ੍ਹਾ ਗੁਰਦਾਸਪੁਰ।

ਇੰਜੀਨੀਅਰ ਵਰਗ ਵਿਚ ਰੋਸ

ਵੱਖ-ਵੱਖ ਵਿਭਾਗਾਂ ਦੇ ਅੰਦਰ ਕੰਮ ਕਰਦੇ ਇੰਜੀਨੀਅਰਜ਼ ਜਿਨ੍ਹਾਂ ਨੂੰ ਸੂਬੇ ਦੀ ਵਿਕਾਸ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਹੈ ਅਤੇ ਜਿਨ੍ਹਾਂ ਰਾਹੀਂ ਸਰਕਾਰ ਸੜਕਾਂ, ਪੁਲਾਂ, ਨਹਿਰਾਂ, ਬਿਜਲੀ, ਗਲੀਆਂ, ਨਾਲੀਆਂ, ਪੀਣ ਵਾਲਾ ਸਾਫ਼ ਪਾਣੀ, ਸੀਵਰੇਜ ਆਦਿ ਮਹੱਤਵਪੂਰਨ ਅਤੇ ਅਹਿਮ ਵਿਕਾਸ ਦੇ ਕਾਰਜਾਂ ਨੂੰ ਪੂਰਾ ਕੀਤਾ ਜਾਂਦਾ ਹੈ ਅੱਜ 6ਵੇਂ ਪੇ-ਕਮਿਸ਼ਨ ਦੀਆਂ ਤਰੁਟੀਆਂ ਨੂੰ ਦੂਰ ਕਰਵਾਉਣ ਲਈ ਧਰਨੇ ਲਗਾਉਣ ਅਤੇ ਰੈਲੀਆਂ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜੂਨੀਅਰ ਇੰਜੀਨੀਅਰਜ਼, ਸਹਾਇਕ ਇੰਜੀਨੀਅਰਜ਼ ਅਤੇ ਪਦਉਨਤ ਹੋਏ ਉਪ-ਮੰਡਲ ਇੰਜੀਨੀਅਰਜ਼ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਭਾਰੀ ਨਿਰਾਸ਼ਤਾ ਵਿਚੋਂ ਲੰਘ ਰਹੇ ਹਨ। ਇਨ੍ਹਾਂ ਇੰਜੀਨੀਅਰਾਂ ਵਲੋਂ ਲਗਾਤਾਰ ਵੱਖ-ਵੱਖ ਵਿਕਾਸ ਕਾਰਜਾਂ ਨੂੰ ਪੂਰੀ ਤਨਦੇਹੀ ਨਾਲ ਪੂਰਾ ਕੀਤਾ ਜਾ ਰਿਹਾ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਸੁਣ ਕੇ ਪੂਰਾ ਕਰਨ।

-ਇੰਜ. ਤੀਰਥ ਸਿੰਘ ਸਰਲੀ, ਅੰਮ੍ਰਿਤਸਰ।

ਕਿਹੜੀ ਸਾਡੀ ਥਾਂ ਵੇ ਰੱਬਾ

ਅਵਾਰਾ ਗਾਵਾਂ ਦੇ ਵਸੇਬੇ ਲਈ ਸਰਕਾਰ ਵਲੋਂ ਕੋਈ ਪ੍ਰਭਾਵੀ ਹੱਲ ਨਹੀਂ ਕੱਢਿਆ ਗਿਆ, ਜਿਸ ਕਰਕੇ ਇਹ ਗਾਵਾਂ ਥਾਂ-ਥਾਂ ਠੋਕਰਾਂ ਖਾ ਰਹੀਆਂ ਹਨ। ਫ਼ਸਲਾਂ ਦਾ ਉਜਾੜਾ ਕਰ ਰਹੀਆਂ ਹਨ। ਰਾਹਗੀਰਾਂ ਲਈ ਦੁਰਘਟਨਾਵਾਂ ਦਾ ਕਾਰਨ ਬਣ ਰਹੀਆਂ ਹਨ। ਇਹ ਅਵਾਰਾ ਗਾਵਾਂ ਹੁਣ ਤੱਕ ਜਿਥੇ ਸੈਂਕੜੇ ਮਨੁੱਖੀ ਜਾਨਾਂ ਲੈ ਚੁੱਕੀਆਂ ਹਨ, ਉਥੇ ਇਹ ਖ਼ੁਦ ਵੀ ਜ਼ਖ਼ਮੀ ਹੋ ਜਾਂਦੀਆਂ ਹਨ ਜਾਂ ਮੌਤ ਦੇ ਮੂੰਹ ਜਾ ਪੈਂਦੀਆਂ ਹਨ। ਥਾਂ-ਥਾਂ ਖੜ੍ਹੀਆਂ ਇਨ੍ਹਾਂ ਗਾਵਾਂ ਨੂੰ ਹਰ ਕੋਈ ਸੋਟੀ ਮਾਰ ਕੇ ਅੱਗੇ ਕਰ ਦਿੰਦਾ ਹੈ। ਇਸ ਤੋਂ ਅੱਗੇ ਅਵਾਰਾ ਕੁੱਤੇ ਇਨ੍ਹਾਂ ਨੂੰ ਦਿਨ-ਰਾਤ ਭਜਾਈ ਰੱਖਦੇ ਹਨ। ਅਜਿਹਾ ਵਰਤਾਰਾ ਇਨ੍ਹਾਂ ਨਾਲ ਪਲ-ਪਲ ਵਾਪਰ ਰਿਹਾ ਹੈ। ਬੇਵੱਸ ਹੋਈਆਂ ਗਾਵਾਂ ਜਿਵੇਂ ਰੱਬ ਅੱਗੇ ਤਰਲੇ ਪਾ ਪਾ ਕੇ ਕਹਿ ਰਹੀਆਂ ਹੋਣ, ਸਾਨੂੰ ਇਹ ਤਾਂ ਦੱਸਦੇ ਆਖਿਰ ਸਾਡੀ ਥਾਂ ਕਿਹੜੀ ਹੈ। ਸਰਕਾਰ ਹੁਣ ਘੂਕ ਨੀਂਦ 'ਚੋਂ ਜਾਗੇ। ਇਨ੍ਹਾਂ ਅਵਾਰਾ ਗਾਵਾਂ ਦੇ ਢੁਕਵੇਂ ਹੱਲ ਲਈ ਗੰਭੀਰ ਹੋਵੇ।

-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ. ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।

ਲਾਰਿਆਂ ਅਤੇ ਵਾਅਦਿਆਂ ਦੀ ਰੁੱਤ

ਅਜੋਕੇ ਸਮੇਂ ਸਾਡੇ ਪੰਜਾਬ ਅੰਦਰ ਵੱਖ-ਵੱਖ ਰਾਜਸੀ ਪਾਰਟੀ ਨੇਤਾਵਾਂ ਵਲੋਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਦੀਆਂ ਵੋਟਾਂ ਵਟੋਰਨ ਅਤੇ ਆਪੋ-ਆਪਣੀ ਪਾਰਟੀ ਨੂੰ ਚੋਣਾਂ ਵਿਚ ਜਿੱਤ ਦਿਵਾਉਣ ਲਈ ਆਏ ਦਿਨ ਵੱਡੇ-ਵੱਡੇ ਲਾਰੇ ਅਤੇ ਵਾਅਦੇ ਕੀਤੇ ਜਾ ਰਹੇ ਹਨ। ਕੀ ਰਾਜਸੀ ਨੇਤਾਵਾਂ ਦੇ ਇਹ ਲਾਰੇ ਅਤੇ ਵਾਅਦੇ ਪੂਰੇ ਵੀ ਹੋਣਗੇ ਕਿ ਨਹੀਂ? ਇਹ ਸਵਾਲ ਲੋਕਾਂ ਦੇ ਜ਼ਿਹਨ ਅਤੇ ਜ਼ਬਾਨ 'ਤੇ ਅਕਸਰ ਆਉਂਦਾ ਹੈ। ਜੇਕਰ ਪਿਛੋਕੜ (ਬੀਤੇ ਸਮੇਂ) ਵੱਲ ਝਾਤ ਮਾਰੀਏ ਤਾਂ ਇਨ੍ਹਾਂ ਲੋਕਾਂ ਵਲੋਂ ਕੀਤੇ ਵਾਅਦੇ ਵਫ਼ਾ ਨਹੀਂ ਹੋਏ। ਇਨ੍ਹਾਂ ਲੋਕਾਂ (ਰਾਜਸੀ ਨੇਤਾਵਾਂ) ਵਲੋਂ ਕੀਤੇ ਵਾਅਦੇ ਪੂਰੇ ਕਰਨੇ ਤਾਂ ਇਕ ਪਾਸੇ ਰਹੇ, ਚੋਣਾਂ ਜਿੱਤਣ ਉਪਰੰਤ ਆਮ ਲੋਕਾਂ ਨੂੰ ਮਿਲਣਾ ਵੀ ਉਚਿਤ ਨਹੀਂ ਸਮਝਿਆ ਜਾਂਦਾ। ਜੇਕਰ ਕੋਈ ਮਿਲ ਵੀ ਪਵੇ ਤਾਂ ਉਹ ਜਨਤਾ ਨਾਲ ਟਾਲਮਟੋਲ ਨੀਤੀ 'ਤੇ ਹੀ ਚਲਦੇ ਹਨ। ਕੀ ਇਹ ਜਨਤਾ ਨਾਲ ਧੱਕਾ ਅਤੇ ਬੇਇਨਸਾਫ਼ੀ ਨਹੀਂ? ਕੀ ਇਹ ਜਨਤਾ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੀ ਗੱਲ ਨਹੀਂ? ਸੋ, ਸਮਾਜ ਦੇ ਜਾਗਰੂਕ ਲੋਕਾਂ ਅਤੇ ਸਰਕਾਰ ਨੂੰ ਇਸ ਸੰਬੰਧੀ ਯੋਗ ਅਤੇ ਢੁਕਵੇਂ ਕਦਮ ਉਠਾਉਣੇ ਚਾਹੀਦੇ ਹਨ ਤਾਂ ਕਿ ਇਹ ਸਿਆਸੀ ਨੇਤਾ ਵਾਅਦਾ-ਖਿਲਾਫ਼ੀ ਨਾ ਕਰ ਸਕਣ ਤੇ ਨਾ ਹੀ ਉਹ ਜਨਤਾ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਸਕਣ। ਅਜਿਹਾ ਕਰਨਾ ਸਮੇਂ ਦੀ ਮੰਗ ਹੀ ਨਹੀਂ ਬਲਕਿ ਵੱਡੀ ਲੋੜ ਵੀ ਹੈ।

-ਜਗਤਾਰ ਸਿੰਘ ਝੋਜੜ, ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

13-01-2022

 ਧੀਆਂ ਦੀ ਲੋਹੜੀ

ਪੁਰਾਤਨ ਸਮਿਆਂ ਤੋਂ ਲੋਹੜੀ ਦਾ ਤਿਉਹਾਰ ਮੁੰਡੇ ਦੇ ਜੰਮਣ ਅਤੇ ਉਸ ਦੇ ਵਿਆਹ ਦੀ ਖ਼ੁਸ਼ੀ ਵਿਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਪਰ ਅਜੋਕੇ ਸਮੇਂ ਵਿਚ ਧੀਆਂ ਵੀ ਪੁੱਤਰਾਂ ਨਾਲੋਂ ਘੱਟ ਨਹੀਂ ਹਨ। ਜਦੋਂ ਅਸੀਂ ਘਰਾਂ ਵਿਚ ਧੀਆਂ ਦਾ ਜਨਮ ਦਿਨ ਮਨਾਉਂਦੇ ਹਾਂ, ਉਨ੍ਹਾਂ ਦੀ ਹਰ ਖਾਹਸ਼ ਪੂਰੀ ਕਰਦੇ ਹਾਂ। ਉਨ੍ਹਾਂ ਨੂੰ ਪੜ੍ਹਾ-ਲਿਖਾ ਕੇ ਪੈਰਾ ਸਿਰ ਖੜ੍ਹੇ ਕਰਨ ਦਾ ਯਤਨ ਕਰਦੇ ਹਾਂ ਤਾਂ ਉਨ੍ਹਾਂ ਦੇ ਜਨਮ ਦੀ ਲੋਹੜੀ ਕਿਉਂ ਨਹੀਂ ਮਨਾਉਂਦੇ? ਸਮਾਜਿਕ ਤਾਣੇ-ਬਾਣੇ ਵਿਚ ਉਲਝਿਆ ਬੰਦਾ ਇਹੀ ਸੋਚ ਕੇ ਅੱਗੇ ਨਹੀਂ ਵਧਦਾ ਕਿ ਲੋਕ ਕੀ ਕਹਿਣਗੇ? ਸਾਨੂੰ ਧੀਆਂ ਦੀ ਲੋਹੜੀ ਮਨਾ ਕੇ ਸਮਾਜ ਨੂੰ ਨਵੀਂ ਸੇਧ ਦੇਣੀ ਚਾਹੀਦੀ ਹੈ। ਸਦੀਆਂ ਤੋਂ ਧੀ-ਪੁੱਤ ਦੇ ਵਿਤਕਰੇ ਵਾਲਾ ਕੋਹੜ ਵੱਢਣ ਲਈ ਰੂੜ੍ਹੀਵਾਦੀ ਸੋਚ ਤੋਂ ਉੱਪਰ ਉੱਠ ਕੇ ਅਗਾਂਹਵਧੂ ਸੋਚ ਦੇ ਧਾਰਨੀ ਬਣਨਾ ਪਵੇਗਾ। ਲੋਹੜੀ ਵਰਗੇ ਮੌਕੇ ਸਾਨੂੰ ਅਜਾਈਂ ਨਹੀਂ ਗੁਆਣੇ ਚਾਹੀਦੇ ਸਗੋਂ ਧੀਆਂ ਦੀ ਲੋਹੜੀ ਮਨਾ ਕੇ ਧੀ-ਪੁੱਤਰ ਬਰਾਬਰ ਦਾ ਸੁਨੇਹਾ ਸਮਾਜ ਨੂੰ ਦੇਣਾ ਚਾਹੀਦਾ ਹੈ ਤਾਂ ਜੋ ਧੀਆਂ ਵੀ ਆਪਣੇ ਮਾਪਿਆਂ 'ਤੇ ਫਖ਼ਰ ਮਹਿਸੂਸ ਕਰਨ ਤੇ ਆਪਣੇ-ਆਪ ਨੂੰ ਮੁੰਡਿਆਂ ਤੋਂ ਘੱਟ ਨਾ ਸਮਝਣ।

-ਗੁਰਜੀਤ ਕੌਰ, ਮੋਗਾ।

ਚਾਇਨਾ ਡੋਰ 'ਤੇ ਲੱਗੇ ਪਾਬੰਦੀ

ਲਗਭਗ ਪੰਜ ਦਹਾਕੇ ਪਹਿਲਾਂ ਅਸੀਂ ਆਪਣੇ ਪਿੰਡ ਵਿਚ ਹੀ ਲੋਹੜੀ ਤੇ ਬਸੰਤ ਵਾਲੇ ਦਿਨ ਕੱਟ ਕੇ ਆਈਆਂ ਪਤੰਗਾਂ ਨੂੰ ਲੁੱਟਦੇ ਸੀ ਅਤੇ ਅਗਲੇ ਦਿਨ ਇਹ ਲੁੱਟੀਆਂ ਪਤੰਗਾਂ ਉਡਾਉਂਦੇ ਸੀ। ਕਿਉਂਕਿ ਲੁੱਟੀ ਹੋਈ ਪਤੰਗ ਨੂੰ ਉਡਾਉਣ ਦਾ ਆਪਣਾ ਹੀ ਮਜ਼ਾ ਹੁੰਦਾ ਹੈ ਅਤੇ ਇਹ ਡੋਰ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਸੀ ਕਰਦੀ ਜਾਂ ਫਿਰ ਸਾਦਾ ਧਾਗਾ ਲੈ ਕੇ ਉਸ 'ਤੇ ਮਾਝਾ ਲਗਾ ਕੇ ਡੋਰ ਤਿਆਰ ਕਰਕੇ ਗੁੱਡੀਆਂ ਉਡਾਉਂਦੇ ਸੀ। ਪਰ ਹੁਣ ਜਿਉਂ-ਜਿਉਂ ਸਮਾਂ ਬੀਤਿਆ, ਇਸ ਡੋਰ ਨੇ ਹੁਣ 'ਚਾਇਨਾ ਡੋਰ' ਦਾ ਰੂਪ ਧਾਰ ਲਿਆ ਹੈ ਅਤੇ ਇਹ ਡੋਰ ਜਦੋਂ ਕੱਟੀ ਜਾਂਦੀ ਹੈ, ਤਾਂ ਜਿਥੇ ਇਹ ਪਤੰਗ ਲੁੱਟਣ ਵਾਲੇ ਦਾ ਨੁਕਸਾਨ ਕਰਦੀ ਹੈ, ਉਥੇ ਹੀ ਇਹ ਖ਼ਾਸ ਕਰਕੇ ਦੋ ਪਹੀਆ ਵਾਹਨਾਂ ਨੂੰ ਚਲਾਉਣ ਵਾਲਿਆਂ ਦਾ ਜਾਨੀ ਨੁਕਸਾਨ ਕਰਨ ਦੇ ਨਾਲ-ਨਾਲ ਕਈ ਵਾਰ ਪੰਛੀ ਇਸ ਦੀ ਪਕੜ 'ਚ ਆ ਜਾਣ ਕਾਰਨ ਜ਼ਖ਼ਮੀ ਹੁੰਦੇ ਹਨ ਜਾਂ ਮਰ ਜਾਂਦੇ ਹਨ। ਭਾਵੇਂ ਸਰਕਾਰ, ਗ੍ਰੀਨ ਟ੍ਰਿਬਿਊਨਲ ਨੇ ਇਸ ਖੂਨੀ ਡੋਰ 'ਤੇ ਪਾਬੰਦੀ ਲਗਾਈ ਹੋਈ ਹੈ ਅਤੇ ਗਾਹੇ-ਬਗਾਹੇ ਇਸ ਦੀ ਰੋਕਥਾਮ ਲਈ ਛਾਪੇ ਵੀ ਮਾਰੇ ਜਾਂਦੇ ਹਨ ਪਰ ਫਿਰ ਵੀ ਇਹ ਡੋਰ ਚੋਰੀ-ਛਿਪੇ ਵਿਕ ਰਹੀ ਹੈ। ਪ੍ਰਸ਼ਾਸਨ, ਸਰਕਾਰ ਨੂੰ ਸਖ਼ਤੀ ਨਾਲ ਇਹ ਡੋਰ ਖ਼ਰੀਦਣ ਤੇ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ, ਉਥੇ ਹੀ ਆਮ ਲੋਕਾਂ ਨੂੰ ਵੀ ਇਸ ਡੋਰ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਤਾਂ ਜੋ ਇਹ ਖ਼ੁਸ਼ੀ ਵਾਲੇ ਤਿਉਹਾਰ ਗ਼ਮੀ ਵਿਚ ਨਾ ਬਦਲ ਜਾਣ।

-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ, ਜਲੰਧਰ।

ਲਖੀਮਪੁਰ ਖੀਰੀ ਦੁਖਾਂਤ

ਇਸ ਵਿਚ ਕੋਈ ਸ਼ੱਕ ਨਹੀਂ ਕਿ ਲਖੀਮਪੁਰ ਖੀਰੀ ਦੀ ਸ਼ਰਮਨਾਕ ਘਟਨਾ ਦੇ ਮਾਮਲੇ 'ਚ ਉੱਤਰ ਪ੍ਰਦੇਸ਼ ਅਤੇ ਕੇਂਦਰ ਸਰਕਾਰ ਨੇ ਘਟਨਾ ਦੇ ਅਸਲ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪਰ ਦੇਸ਼ ਦੀ ਸਰਬਉੱਚ ਅਦਾਲਤ ਵਲੋਂ ਸਮੇਂ ਸਿਰ ਕੀਤੀ ਗਈ ਦਖ਼ਲਅੰਦਾਜ਼ੀ ਤੋਂ ਬਾਅਦ ਘਟਨਾ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਉਣ ਲਈ ਸਰਕਾਰ ਨੂੰ ਮਜਬੂਰ ਹੋਣਾ ਪਿਆ, ਜਿਸ ਦੀ ਜਾਂਚ ਰਿਪੋਰਟ ਨੇ ਸਾਬਤ ਕਰ ਦਿੱਤਾ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਵਲੋਂ ਕਰਵਾਏ ਜਾ ਰਹੇ ਸਮਾਗਮ ਦਾ ਵਿਰੋਧ ਕਰਦੇ ਕਿਸਾਨਾਂ ਨੂੰ ਇਕ ਸਾਜਿਸ਼ ਤਹਿਤ ਗੱਡੀਆਂ ਦੇ ਕਾਫਲੇ ਨੇ ਦਰੜਿਆ, ਜਿਸ ਵਿਚ ਚਾਰ ਕਿਸਾਨਾਂ ਅਤੇ ਇਕ ਪੱਤਰਕਾਰ ਸਮੇਤ ਪੰਜ ਦੀ ਜਾਨ ਚਲੀ ਗਈ ਅਤੇ ਭੜਕੀ ਭੀੜ ਦੀ ਕੁੱਟਮਾਰ 'ਚ ਇਕ ਭਾਜਪਾ ਵਰਕਰ ਅਤੇ ਡਰਾਈਵਰ ਦੀ ਮੌਤ ਹੋ ਗਈ। ਜਿਥੇ ਸਰਕਾਰ ਨੂੰ ਪਹਿਲਾਂ ਹੀ ਇਸ ਘਟਨਾ ਦੀ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਸੀ, ਉਥੇ ਕੇਂਦਰ ਸਰਕਾਰ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖ਼ਾਸਤ ਕਰਨਾ ਚਾਹੀਦਾ ਸੀ ਪਰ ਨਾ ਹੀ ਕੇਂਦਰ ਸਰਕਾਰ ਨੇ ਕੇਂਦਰੀ ਮੰਤਰੀ ਨੂੰ ਬਰਾਖ਼ਸਤ ਕੀਤਾ ਅਤੇ ਨਾ ਹੀ ਕੇਂਦਰੀ ਮੰਤਰੀ ਨੇ ਘਟਨਾ ਲਈ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਆਪਣਾ ਅਸਤੀਫ਼ਾ ਦਿੱਤਾ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਘਟਨਾ ਦੇ ਪੀੜਤਾਂ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਕੇਂਦਰੀ ਮੰਤਰੀ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕਰੇ ਤਾਂ ਕਿ ਘਟਨਾ ਸੰਬੰਧੀ ਅਗਲੇਰੀ ਜਾਂਚ ਨੂੰ ਪ੍ਰਭਾਵਿਤ ਹੋਣ ਦੇ ਖਦਸ਼ਿਆਂ ਨੂੰ ਟਾਲਿਆ ਜਾ ਸਕੇ।

-ਮਨੋਹਰ ਸਿੰਘ ਸੱਗੂ
ਧੂਰੀ, ਸੰਗਰੂਰ।

ਚਾਇਨਾ ਡੋਰ ਦਾ ਕਹਿਰ

ਚਾਈਨਾ ਡੋਰ ਨਾਲ ਹਰ ਸਾਲ ਸੈਂਕੜੇ ਮੌਤਾਂ ਹੁੰਦੀਆਂ ਹਨ ਅਤੇ ਵੱਡੀ ਤਾਦਾਦ 'ਚ ਹਾਦਸੇ ਵੀ ਵਾਪਰਦੇ ਹਨ। ਪਿੰਡਾਂ, ਸ਼ਹਿਰਾਂ, ਕਸਬਿਆਂ ਵਿਚ ਪਤੰਗਬਾਜ਼ੀ ਦਾ ਲੁਤਫ਼ ਉਠਾਉਣ ਲਈ ਸ਼ਰ੍ਹੇਆਮ ਲੋਕ ਚਾਇਨਾ ਡੋਰ ਦੀ ਵਰਤੋਂ ਕਰਦੇ ਹਨ। ਰਾਜ ਸਰਕਾਰ ਵਲੋਂ ਪਾਬੰਦੀ ਲਗਾਉਣ ਦੇ ਬਾਵਜੂਦ ਦੁਕਾਨਾਂ ਵਿਚ ਚਾਇਨਾ ਡੋਰ ਦੀ ਵਿਕਰੀ ਧੜੱਲੇ ਨਾਲ ਜਾਰੀ ਹੈ। ਆਏ ਦਿਨ ਵਾਹਨ ਚਾਲਕ 'ਚਾਇਨਾ ਡੋਰ' ਦੀ ਲਪੇਟ ਹੇਠਾਂ ਆ ਕੇ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਇਸ ਜਾਨਲੇਵਾ ਡੋਰ ਦੀ ਧੜਾਧੜ ਸਪਲਾਈ ਪਿੱਛੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਵੀ ਢਿੱਲ ਹੈ। ਕਈ ਥਾਵਾਂ 'ਤੇ ਪੁਲਿਸ ਕਰਮਚਾਰੀ ਵੀ 'ਚਾਇਨਾ ਡੋਰ' ਦੀ ਸਪਲਾਈ ਵਿਚੋਂ ਕਮਿਸ਼ਨ ਕਮਾਉਂਦੇ ਹਨ। ਸਰਕਾਰ ਤਾਂ ਪਾਬੰਦੀ ਲਗਾਉਂਦੀ ਹੈ ਪਰ ਲੋੜ ਹੈ ਪੁਲਿਸ ਪ੍ਰਸ਼ਾਸਨ ਨੂੰ ਆਪਣੇ ਖੇਤਰ ਵਿਚ ਸਖ਼ਤੀ ਵਰਤਣ ਦੀ। ਲੋਕਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਪੁਰਾਤਨ ਡੋਰ ਨਾਲ ਪਤੰਗਬਾਜ਼ੀ ਦਾ ਲੁਤਫ਼ ਉਠਾਉਣਾ ਚਾਹੀਦਾ ਹੈ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

ਬੇਰੁਜ਼ਗਾਰਾਂ ਦੇ ਮਸਲੇ

ਪੰਜਾਬ ਦੇ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਰੁਜ਼ਗਾਰ ਖਾਤਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਬੇਰੁਜ਼ਗਾਰੀ ਦਾ ਸੰਘਰਸ਼ ਲੜ ਰਹੇ ਹਨ। ਉਹ ਆਪਣੀਆਂ ਮੰਗਾਂ ਅਤੇ ਮਸਲਿਆਂ ਨੂੰ ਹੱਲ ਕਰਾਉਣ ਲਈ ਸਰਕਾਰ ਖਿਲਾਫ਼ ਧਰਨੇ ਮੁਜ਼ਾਹਰੇ ਕਰਦੇ ਹਰੇਕ ਤਰ੍ਹਾਂ ਦੀਆਂ ਚੋਣ ਰੈਲੀਆਂ ਵਿਚ ਨਜ਼ਰ ਆਉਂਦੇ ਹਨ। ਪਰ ਪੰਜਾਬ ਸਰਕਾਰ ਉਨ੍ਹਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਉਨ੍ਹਾਂ ਨੂੰ ਅਣਗੌਲਿਆਂ ਕਰ ਰਹੀ ਹੈ। ਉਨ੍ਹਾਂ ਦੇ ਸੰਘਰਸ਼ ਨੂੰ ਦਬਾਉਣ ਲਈ ਉਨ੍ਹਾਂ ਉਤੇ ਬੇਰਹਿਮੀ ਨਾਲ ਲਾਠੀਚਾਰਜ ਕੀਤੇ ਜਾਂਦੇ ਹਨ। ਜੇ ਇਨ੍ਹਾਂ ਬੇਰੁਜ਼ਗਾਰਾਂ ਦਾ ਸਮੇਂ ਰਹਿੰਦੇ ਜਾਂ ਚੋਣਾਂ ਤੋਂ ਪਹਿਲਾਂ ਕੋਈ ਮਸਲਾ ਹੱਲ ਨਾ ਹੋਇਆ ਤਾਂ ਆਉਣ ਵਾਲਾ ਭਵਿੱਖ, ਸਾਡੇ ਬੱਚਿਆਂ 'ਤੇ ਇਸ ਦਾ ਕੀ ਪ੍ਰਭਾਵ ਪਵੇਗਾ? ਕੀ ਉਹ ਅਧਿਆਪਕਾਂ ਦਾ ਸਤਿਕਾਰ ਕਰਨਗੇ? ਕੀ ਉਹ ਪੜ੍ਹਨ ਵੱਲ ਪ੍ਰੇਰਿਤ ਹੋਣਗੇ ਅਤੇ ਕੀ ਉਹ ਪੜ੍ਹ-ਲਿਖ ਕੇ ਰੁਜ਼ਗਾਰ ਦੀ ਆਸ ਰੱਖਣਗੇ? ਲੋੜ ਹੈ ਅੱਜ ਸਰਕਾਰ ਨੂੰ ਜ਼ਿੰਮੇਵਾਰ ਬਣਨ ਦੀ ਅਤੇ ਬੇਰੁਜ਼ਗਾਰਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ।

ਗੁਰਸੇਵਕ ਰੰਧਾਵਾ
ਪਟਿਆਲਾ।

12-01-2022

 ਪੈਨਸ਼ਨ ਸਕੀਮ ਦੀ ਬਹਾਲੀ

ਪਿਛਲੇ ਦਿਨੀਂ ਅਖ਼ਬਾਰ ਵਿਚ ਲੇਖਕ ਪ੍ਰਭਜੀਤ ਸਿੰਘ ਰਸੂਲਪੁਰ ਹੁਰਾਂ ਦਾ ਲੇਖ 'ਪੈਨਸ਼ਨਰਜ਼ ਦਿਵਸ' ਨੂੰ ਸਮਰਪਿਤ 'ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਲਾਮਬੰਦ ਹੋਣ ਦੀ ਲੋੜ' ਪੜ੍ਹਿਆ, ਵਧੀਆ ਲੱਗਾ। ਇਸ ਵਿਸ਼ੇਸ਼ ਦਿਨ ਦੀ ਮਹੱਤਤਾ ਤੋਂ ਜਾਣੂ ਕਰਾਇਆ। 17 ਦਸੰਬਰ, 1982 ਨੂੰ ਸਰਬਉੱਚ ਅਦਾਲਤ ਨੇ ਇਸ ਮਹੱਤਵਪੂਰਨ ਕੇਸ ਦਾ ਨਿਪਟਾਰਾ ਕਰਕੇ ਸੇਵਾ-ਮੁਕਤ ਮੁਲਾਜ਼ਮਾਂ ਦੇ ਹੱਕ 'ਚ ਫ਼ੈਸਲਾ ਕੀਤਾ ਅਤੇ ਸਰਕਾਰਾਂ ਨੂੰ ਸਮੇਂ-ਸਮੇਂ ਯਕੀਨੀ ਬਣਾਇਆ ਭਾਵ 17 ਦਸੰਬਰ, 1982 ਤੋਂ ਪੈਨਸ਼ਨ ਸਕੀਮ ਲਾਗੂ ਹੋਣ 'ਤੇ ਉਸ ਵਕਤ ਲਗਭਗ 50 ਲੱਖ ਤੋਂ ਵਧੇਰੇ ਵਿਅਕਤੀਆਂ ਨੂੰ ਲਾਭ ਦੇ ਕੇ ਦੁਨੀਆ 'ਤੇ ਬਹੁਤ ਵੱਡਾ ਨਾਮਣਾ ਖੱਟਿਆ। ਸੁਪਰੀਮ ਕੋਰਟ ਦੇ ਮੁੱਖ ਜੱਜ ਸਾਹਿਬ ਨੇ ਇਥੋਂ ਤੱਕ ਕਿਹਾ ਕਿ ਸੇਵਾ-ਮੁਕਤ ਕਰਮਚਾਰੀਆਂ ਨੂੰ ਪੈਨਸ਼ਨ ਦੇਣਾ ਕੋਈ ਖੈਰਾਤ ਜਾਂ ਕੋਈ ਬਖਸ਼ਿਸ਼ ਨਹੀਂ, ਸਗੋਂ ਉਨ੍ਹਾਂ ਦਾ ਹੱਕ ਹੈ। ਉਨ੍ਹਾਂ ਸਾਰੀ ਜ਼ਿੰਦਗੀ ਦਾ ਸੁਨਹਿਰੀ ਸਮਾਂ ਨੌਕਰੀ ਤੇ ਸੇਵਾਵਾਂ ਦੇ ਕੇ ਵਧੀਆ ਕਾਰਜ ਕੀਤਾ ਹੁੰਦਾ ਹੈ ਜਦਕਿ ਬੁਢਾਪੇ ਵਿਚ ਉਹ ਕਿਸੇ ਅੱਗੇ ਹੱਥ ਅੱਡਦੇ ਹਨ, ਜੋ ਸਹੀ ਨਹੀਂ।
ਸੇਵਾ-ਮੁਕਤ ਉਪਰੰਤ ਉਹ ਸਨਮਾਨਯੋਗ ਢੰਗ ਨਾਲ ਬਾਕੀ ਜ਼ਿੰਦਗੀ ਗੁਜ਼ਾਰਨ, ਇਸ ਲਈ ਪੈਨਸ਼ਨ ਜ਼ਰੂਰੀ ਹੈ। ਪਰ ਅਫ਼ਸੋਸ ਮੌਜੂਦਾ ਹਾਲਾਤ ਵਿਚ ਸਰਕਾਰਾਂ ਨੇ 2004 ਤੋਂ ਬਾਅਦ ਦੇ ਮੁਲਾਜ਼ਮਾਂ ਨੂੰ ਪੈਨਸ਼ਨ ਸਕੀਮ ਤੋਂ ਵਾਂਝਾ ਕਰ ਦਿੱਤਾ, ਜੋ ਅਤੀ ਨਿੰਦਣਯੋਗ ਹੈ। ਜਦਕਿ ਦੂਸਰੇ ਦੇਸ਼ਾਂ ਵਿਚ ਹਰੇਕ ਸੀਨੀਅਰ ਸਿਟੀਜ਼ਨ ਨੂੰ ਸਾਰੀਆਂ ਸਹੂਲਤਾਂ ਮਿਲਦੀਆਂ ਹਨ। ਕੁੱਲ ਮਿਲਾ ਕੇ ਨਵੇਂ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਸਕੀਮ ਨੂੰ ਮੁੜ ਬਹਾਲ ਕਰਨ ਲਈ ਸਭ ਨੂੰ ਲਾਮਬੰਦ ਹੋਣਾ ਬਹੁਤ ਜ਼ਰੂਰੀ ਹੈ ਵਰਨਾ ਸਰਕਾਰ ਸੁਹਿਰਦ ਨਹੀਂ। ਬਦਕਿਸਮਤੀ ਹੈ ਨੇਤਾ ਲੋਕ ਆਪ ਵੱਡੀਆਂ-ਵੱਡੀਆਂ ਇਕ ਤੋਂ ਵਧੇਰੇ ਪੈਨਸ਼ਨਾਂ ਲੈ ਰਹੇ ਹਨ ਪਰ ਆਪਣੇ ਕਰਮਚਾਰੀਆਂ ਨੂੰ ਦੇਣ ਦੀ ਬਜਾਏ ਖੋਹ ਰਹੇ ਹਨ।

-ਮਾ: ਦੇਵਰਾਜ ਖੁੰਡਾ
ਗੁਰਦਾਸਪੁਰ।

ਐਲਾਨਾਂ ਦੀਆਂ ਝੜੀਆਂ

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨੇੜੇ ਆਉਂਦਿਆਂ ਹੀ ਸੂਬੇ ਦੀਆਂ ਸਿਆਸੀ ਪਾਰਟੀਆਂ ਜਿਥੇ ਪੂਰੀ ਤਰ੍ਹਾਂ ਨਾਲ ਸਰਗਰਮ ਹੋ ਗਈਆਂ ਹਨ, ਉਥੇ ਹੀ ਇਨ੍ਹਾਂ ਪਾਰਟੀਆਂ ਦੇ ਆਗੂਆਂ ਵਲੋਂ ਲੋਕਾਂ ਨੂੰ ਭਰਮਾਉਣ ਲਈ ਐਲਾਨਾਂ ਦੀਆਂ ਝੜੀਆਂ ਲਾਉਣੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਿਥੋਂ ਤੱਕ ਸਿਆਸੀ ਐਲਾਨਾਂ ਦਾ ਸੰਬੰਧ ਹੈ, ਇਹ ਨਹੀਂ ਕਿਹਾ ਜਾ ਸਕਦਾ। ਇਹ ਐਲਾਨ ਲੋਕਾਂ 'ਤੇ ਅਸਰ ਨਹੀਂ ਕਰਨਗੇ। ਇਨ੍ਹਾਂ ਐਲਾਨਾਂ ਦਾ ਅਸਰ ਲੋਕਾਂ 'ਤੇ ਜ਼ਰੂਰ ਹੁੰਦਾ ਹੈ। ਇਸ ਨਾਲ ਸਹਿਮਤ ਹੋਣ ਲਈ ਪਿਛਲੇ ਸਮੇਂ 'ਚ ਹੋਈਆਂ ਚੋਣਾਂ 'ਤੇ ਨਿਗ੍ਹਾ ਮਾਰਨੀ ਪਵੇਗੀ। ਪਰ ਅੱਜ ਪੰਜਾਬੀਆਂ ਦੀ ਵੱਡੀ ਗਿਣਤੀ ਚਾਹੁੰਦੀ ਹੈ ਕਿ ਸੂਬੇ ਨੂੰ ਇਕ ਮਜ਼ਬੂਤ ਸਰਕਾਰ ਮਿਲੇ ਜਿਹੜਾ ਸੂ


-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।

ਕੋਰੋਨਾ ਯੋਧਿਆਂ ਦੀ ਸਾਰ ਲਈ ਜਾਵੇ

ਕੋਵਿਡ-19 ਤਹਿਤ ਵਿਸ਼ਵ ਵਿਆਪੀ ਫੈਲੀ ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਗਰਮੀ-ਸਰਦੀ ਦੀ ਪ੍ਰਵਾਹ ਨਾ ਕਰਦੇ ਹੋਏ ਤਨਦੇਹੀ ਨਾਲ ਕੰਮ ਕਰ ਰਹੇ ਸਿਹਤ ਵਿਭਾਗ 'ਚ ਮੂਹਰਲੀ ਕਤਾਰ 'ਚ ਤਾਇਨਾਤ ਕੋਰੋਨਾ ਯੋਧਿਆਂ ਦਾ ਸਮੁੱਚੇ ਦੇਸ਼ 'ਚ ਵਡਮੁੱਲਾ ਯੋਗਦਾਨ ਰਿਹਾ ਹੈ। ਪਰ ਸਮੇਂ ਦੀ ਸਰਕਾਰ ਨੇ ਪ੍ਰਸੰਸਾ ਤੋਂ ਬਿਨਾਂ ਕੌਡੀ ਤਾਂ ਕੀ ਦੇਣੀ ਸੀ, ਸਗੋਂ 6ਵੇਂ ਪੇ-ਕਮਿਸ਼ਨ ਦੀ ਆੜ 'ਚ ਤਕਰੀਬਨ 25 ਸਾਲਾਂ ਤੋਂ ਮਿਲਦੇ ਲਗਭਗ 40 ਭੱਤੇ ਕੱਟਣ ਕਰਕੇ ਜੋ ਮੂਰਖਤਾ ਦਿਖਾਈ ਹੈ, ਇਸ ਮਜਬੂਰੀ ਕਰਕੇ ਮਨੁੱਖਤਾ ਦੀ ਸੇਵਾ ਵਾਲਾ ਕਾਰਜ ਛੱਡ ਕੇ ਸਮੁੱਚੇ ਦੇਸ਼ ਦੇ ਕੋਰੋਨਾ ਯੋਧੇ ਨਿਰਾਸ਼ਾ ਦੇ ਆਲਮ 'ਚ ਕਈ ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਇਸ ਨਿਕੰਮੀ ਸਰਕਾਰ ਦਾ ਪਿੱਟ-ਸਿਆਪਾ ਕਰਕੇ ਨਾਅਰੇਬਾਜ਼ੀ ਕਰ ਰਹੇ ਹਨ। ਜਿਸ ਦਾ ਖਮਿਆਜ਼ਾ ਮੌਜੂਦਾ ਸਰਕਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਭੁਗਤਣਾ ਪੈ ਸਕਦਾ ਹੈ। ਆਮ ਲੋਕਾਂ ਦੀ ਖਜਲ-ਖੁਆਰੀ ਤੇ ਕੋਰੋਨਾ ਦੀ ਤੀਜੀ ਲਹਿਰ ਓਮੀਕਰੋਨ ਨੂੰ ਦੇਖਦਿਆਂ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਸਾਡੇ ਨਾਲ ਦਿਨ-ਰਾਤ ਖੜ੍ਹਨ ਵਾਲੇ ਇਨ੍ਹਾਂ ਕੋਰੋਨਾ ਯੋਧਿਆਂ ਦੀ ਸਾਰ ਲਈ ਜਾਵੇ ਤੇ ਜਲਦ ਤੋਂ ਜਲਦ ਇਨ੍ਹਾਂ ਦੇ ਕੱਟੇ ਹੋਏ ਭੱਤੇ ਬਹਾਲ ਕੀਤੇ ਜਾਣ ਤਾਂ ਜੋ ਆਮ ਲੋਕਾਂ ਨੂੰ ਪਹਿਲਾਂ ਦੀ ਤਰ੍ਹਾਂ ਸਿਹਤ ਸੇਵਾਵਾਂ ਮੁਹੱਈਆ ਹੋ ਸਕਣ।

-ਤਰਸੇਮ ਮਹਿਤੋ
ਸੀ.ਐਚ.ਸੀ., ਸਿਧਵਾਂ ਬੇਟ, ਲੁਧਿਆਣਾ।

ਸਿਆਸੀ ਰੈਲੀਆਂ ਬਨਾਮ ਕੋਰੋਨਾ

ਪੰਜਾਬ ਸਰਕਾਰ ਵਲੋਂ ਕੋਵਿਡ-19 ਦੀਆਂ ਹਦਾਇਤਾਂ ਨੂੰ ਇਕ ਵਾਰ ਫਿਰ ਤੋਂ ਲਾਗੂ ਕਰਦਿਆਂ ਹੋਇਆਂ ਸਕੂਲ, ਕਾਲਜ, ਸਿਨੇਮਾ ਹਾਲ, ਜਿਮਨਾਸਟਿਕ ਹਾਲ, ਜਿੰਮ ਅਤੇ ਹੋਰ ਕਈ ਅਦਾਰੇ ਬੰਦ ਕਰਨ ਅਤੇ ਰਾਤ ਦੇ ਕਰਫ਼ਿਊ ਦੇ ਆਦੇਸ਼ ਜਾਰੀ ਕੀਤੇ ਗਏ ਹਨ, ਇਸ ਦੇ ਆਉਣ ਵਾਲੇ ਦਿਨਾਂ 'ਚ ਰਾਜਨੀਤਕ ਰੈਲੀਆਂ ਜਿਉਂ ਦੀਆਂ ਤਿਉਂ ਹੀ ਚੱਲਣਗੀਆਂ।
ਇਨ੍ਹਾਂ ਰੈਲੀਆਂ ਵਿਚ ਭੀੜ ਜੁਟਾਉਣ ਲਈ ਵੱਖ-ਵੱਖ ਪਾਰਟੀਆਂ ਵਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਕੀ ਇਨ੍ਹਾਂ ਰੈਲੀਆਂ ਤੋਂ ਕੋਰੋਨਾ ਫੈਲਣ ਦਾ ਕੋਈ ਡਰ ਨਹੀਂ ਹੈ। ਇਕ ਪਾਸੇ ਤਾਂ ਸਰਕਾਰਾਂ ਭੀੜ ਇਕੱਠੀ ਨਾ ਕਰਨ ਦੀ ਅਪੀਲ ਕਰਦੀਆਂ ਹਨ। ਇੰਜ ਲਗਦਾ ਹੈ ਇਨ੍ਹਾਂ ਗਰੀਬ ਵਰਗ ਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਤਬਾਹ ਕਰਨ ਦੀ ਸੋਚੀ ਹੋਈ ਹੈ। ਸਾਨੂੰ ਸਾਰਿਆਂ ਨੂੰ ਇਨ੍ਹਾਂ ਰਾਜਨੀਤਕ ਪਾਰਟੀਆਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਤਾਂ ਹੀ ਇਹ ਲੋਕ ਸਾਡੇ ਬਾਰੇ ਸੋਚਣਾ ਸ਼ੁਰੂ ਕਰਨਗੇ ਜਦ ਤੱਕ ਅਸੀਂ ਇਨ੍ਹਾਂ ਦੇ ਮਗਰ-ਮਗਰ ਫਿਰਦੇ ਰਹਾਂਗੇ ਤਦ ਤੱਕ ਇਹ ਸਾਨੂੰ ਪਿੱਛੇ-ਪਿੱਛੇ ਘੁਮਾਉਂਦੇ ਰਹਿਣਗੇ।

-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।

ਵਾਤਾਵਰਨ ਰੋਗੀ, ਅਸੀਂ ਕਿਵੇਂ ਨਿਰੋਗੀ

ਜੇ ਸਾਡਾ ਆਲਾ-ਦੁਆਲਾ ਸਾਫ਼, ਪ੍ਰਦੂਸ਼ਣ ਰਹਿਤ ਹੋਵੇਗਾ ਤਾਂ ਹੀ ਅਸੀਂ ਅਰੋਗੀ ਰਹਿ ਸਕਦੇ ਹਾਂ। ਅਸੀਂ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ 'ਤੇ ਅਮਲ ਨਹੀਂ ਕੀਤਾ, ਪੜ੍ਹਦੇ ਤਾਂ ਗੁਰਬਾਣੀ ਹਰ ਰੋਜ਼ ਹਾਂ, ਜਿਸ ਵਿਚ ਪਵਣੁ ਨੂੰ ਗੁਰੂ, ਪਾਣੀ ਨੂੰ ਪਿਤਾ, ਧਰਤਿ ਨੂੰ ਮਾਤਾ ਕਿਹਾ ਗਿਆ ਹੈ। ਇਨ੍ਹਾਂ ਲਈ ਖਿਆਲ ਤੇ ਧਿਆਨ ਕਿੰਨੇ ਰੱਖਦੇ ਹਾਂ। ਇਸ ਲਈ ਆਪਣੇ ਤੋਂ ਹੀ ਸ਼ੁਰੂ ਕਰਨ ਦੀ ਸਮੇਂ ਦੀ ਲੋੜ ਹੈ, ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ ਕਿਉਂਕਿ ਅਸੀਂ ਤਿੰਨਾਂ ਨੂੰ ਦੂਸ਼ਿਤ ਕਰ ਰਹੇ ਹਾਂ, ਤਾਂ ਹੀ ਅਜੋਕੇ ਸਮੇਂ ਵਿਚ ਅਸੀਂ ਬਹੁਤ ਭਿਆਨਕ ਬਿਮਾਰੀਆਂ ਦੀ ਗ੍ਰਿਫ਼ਤ ਵਿਚ ਆ ਰਹੇ ਹਾਂ। ਆਉਣ ਵਾਲੀਆਂ ਪੀੜ੍ਹੀਆਂ ਲਈ ਬੜੇ ਫਿਕਰਮੰਦ ਹੋਣ ਦੀ ਲੋੜ ਹੈ, ਇਕੱਲੇ ਹਸਪਤਾਲ ਬਣਾਉਣ ਨਾਲ ਗੱਲ ਨਹੀਂ ਬਣਨੀ, ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਹਰੇਕ ਨੂੰ ਸਾਰਥਿਕ ਯਤਨ ਕਰਨ ਦੀ ਲੋੜ ਹੈ। ਵਿਖਾਵੇ ਵਾਲੀ ਬਿਰਤੀ ਛੱਡ ਕੇ ਕੁਦਰਤੀ ਸੋਮਿਆਂ ਨੂੰ ਆਪਣੇ ਘਰ ਤੇ ਕੰਮ ਵਾਲੇ ਪੱਧਰ 'ਤੇ ਸੰਭਾਲ ਕਹੀਏ ਕਿਉਂਕਿ ਕੁਦਰਤ ਨੇ ਸਾਨੂੰ ਸਭ ਨੂੰ ਬਰਾਬਰ ਦਿੱਤਾ ਹੋਇਆ, ਇਸ ਦੀ ਸੰਭਾਲ ਲਈ ਸੁਚੇਤ ਹੋਈਏ। ਸਰਕਾਰਾਂ ਨੂੰ ਵੀ ਸਾਰਥਿਕ ਉਪਰਾਲੇ ਕਰਨੇ ਚਾਹੀਦੇ ਹਨ।

-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਪਟਿਆਲਾ।

11-01-2022

 ਪੰਜਾਬ ਦਾ ਦਿਲ ਮਾਝਾ

ਮਾਝਾ (ਅਪਰ ਬਾਰੀ ਦੁਆਬ) ਨੂੰ ਪੰਜਾਬ ਦਾ ਦਿਲ ਕਿਹਾ ਜਾਂਦਾ ਹੈ। ਇਹ ਖੇਤਰ 4 ਜ਼ਿਲ੍ਹਿਆਂ ਵਿਚ ਫੈਲਿਆ ਹੋਇਆ ਹੈ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ ਅਤੇ ਤਰਨ ਤਾਰਨ। ਇਸ ਦੇ ਪੱਛਮ ਵਿਚ ਰਾਵੀ, ਪੂਰਬ ਵਿਚ ਬਿਆਸ ਅਤੇ ਦੱਖਣ ਵਿਚ ਸਤਲੁਜ ਦਰਿਆ ਵਗਦੇ ਹਨ। ਮਾਝੇ ਖੇਤਰ ਦੇ ਚਾਰੇ ਹੀ ਜ਼ਿਲ੍ਹੇ ਇਤਿਹਾਸਕ ਪੱਖ ਤੋਂ ਬਹੁਤ ਹੀ ਮਹੱਤਵਪੂਰਨ ਹਨ। ਗੁਰਦਾਸਪੁਰ ਸ਼ਹਿਰ ਨੂੰ 17ਵੀਂ ਸਦੀ ਵਿਚ ਗੁਰੀਆ ਜੀ ਨੇ ਵਸਾਇਆ ਸੀ। ਸ਼ਹਿਰ ਬਹਿਰਾਮਪੁਰ ਇਥੋਂ ਕਰੀਬ 10 ਕਿਲੋਮੀਟਰ ਦੀ ਦੂਰੀ 'ਤੇ ਹੈ ਜਿਥੇ ਬਹਿਰਾਮ ਖਾਨ ਦਾ ਮਕਬਰਾ ਸਥਿਤ ਹੈ। ਦੀਨਾਨਗਰ ਸ਼ਹਿਰ ਜੋ ਕਿ ਪਹਿਲਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਰਿਹਾ ਕਰਦੀ ਸੀ, ਗੁਰਦਾਸਪੁਰ ਤੋਂ 13 ਕਿਲੋਮੀਟਰ ਦੀ ਦੂਰੀ 'ਤੇ ਹੈ। ਵਿਸ਼ਵ ਪੱਧਰੀ ਅਹਿਮਦੀਆ ਮੁਸਲਿਮ ਜਾਤੀ ਦਾ 127ਵਾਂ ਸਾਲਾਨਾ ਸੰਮੇਲਨ ਜ਼ਿਲ੍ਹਾ ਗੁਰਦਾਸਪੁਰ ਵਿਚ ਕਾਦੀਆਂ ਵਿਖੇ ਸੰਪੂਰਨ ਹੋਇਆ।
ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਨੂੰ ਵੀ ਗੁਰੂ ਨਾਨਕ ਦੇਵ ਜੀ ਨੇ ਭਾਗ ਲਗਾਏ ਹਨ। ਇਥੇ ਹੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਮਾਤਾ ਸੁਲੱਖਣੀ ਜੀ ਨਾਲ ਹੋਇਆ। ਗੁਰੂ ਕੀ ਨਗਰੀ ਸ਼ਹਿਰ ਅੰਮ੍ਰਿਤਸਰ ਨੂੰ ਕੌਣ ਨਹੀਂ ਜਾਣਦਾ ਹੋਵੇਗਾ। ਅੰਮ੍ਰਿਤਸਰ ਨੂੰ ਸਿੱਖਾਂ ਦਾ ਮੱਕਾ ਆਖਿਆ ਜਾਂਦਾ ਹੈ। ਰੋਜ਼ਾਨਾ ਲਗਭਗ 1,00,000 ਤੋਂ ਵੱਧ ਲੋਕ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਲਈ ਆਉਂਦੇ ਹਨ। ਜ਼ਿਲ੍ਹਾ ਗੁਰਦਾਸਪੁਰ ਦੇ ਕਸਬੇ ਘੁਮਾਣ ਦੀ ਵੀ ਇਤਿਹਾਸਕ ਪੱਖ ਤੋਂ ਵਿਸ਼ੇਸ਼ ਮਹੱਤਤਾ ਹੈ। ਘੁਮਾਣ ਦਾ ਸੰਬੰਧ ਬਾਬਾ ਨਾਮਦੇਵ ਨਾਲ ਹੈ। ਬਾਬਾ ਨਾਮਦੇਵ ਇਸ ਨਗਰ ਦੇ ਮੋਢੀ ਸਨ ਅਤੇ ਉਨ੍ਹਾਂ ਨੇ ਇਥੇ 17 ਸਾਲ ਤਪੱਸਿਆ ਕੀਤੀ। ਮਾਝਾ ਖੇਤਰ ਨੂੰ 'ਦੇਸ਼ ਦੀ ਤਲਵਾਰ ਬਾਂਹ' ਕਿਹਾ ਜਾਂਦਾ ਹੈ ਕਿਉਂਕਿ ਇਹ ਭਾਰਤ ਅਤੇ ਪਾਕਿਸਤਾਨ ਦੋਵਾਂ ਦੀਆਂ ਫ਼ੌਜਾਂ ਦੇ ਅਫ਼ਸਰਾਂ ਦੇ ਨਾਲ-ਨਾਲ ਆਰਡਰਲੀ ਰੈਂਕਾਂ ਵਿਚ ਅਸਾਧਾਰਨ ਯੋਗਦਾਨ ਪਾਉਂਦਾ ਹੈ। ਮਾਣ ਹੈ ਪੰਜਾਬ ਦੇ ਦਿਲ ਮਾਝੇ ਖੇਤਰ 'ਤੇ।\

-ਸਿਮਰਨਦੀਪ ਕੌਰ ਬੇਦੀ
ਬਾਬਾ ਨਾਮਦੇਵ ਨਗਰ, ਘੁਮਾਣ (ਗੁਰਦਾਸਪੁਰ)।

ਸ਼ੋਰ ਪ੍ਰਦੂਸ਼ਣ ਦੀ ਸਮੱਸਿਆ

ਅੱਜ ਲਾਊਡ ਸਪੀਕਰਾਂ ਦੀਆਂ ਕੰਨ ਪਾੜਵੀਆਂ ਆਵਾਜ਼ਾਂ ਨਾਲ ਸ਼ੋਰ ਪ੍ਰਦੂਸ਼ਣ ਬਹੁਤ ਵਧ ਚੁੱਕਿਆ ਹੈ। ਪੰਛੀਆਂ, ਚਲਦੇ ਪਾਣੀ, ਹਵਾ, ਸਮੁੰਦਰੀ ਲਹਿਰਾਂ, ਰੁੱਖਾਂ ਦੇ ਪੱਤਿਆਂ ਦੀ ਖੜਖੜਾਹਟ ਦੀ ਆਵਾਜ਼ ਸ਼ੋਰ ਪ੍ਰਦੂਸ਼ਣ ਦੇ ਹੇਠਾਂ ਦੱਬ ਕੇ ਰਹਿ ਗਈ ਹੈ। ਸ਼ੋਰ ਪ੍ਰਦੂਸ਼ਣ ਨਾਲ ਸਾਡੀ ਸਿਹਤ ਅਤੇ ਗਰਭ ਵਿਚਲੇ ਬੱਚੇ ਦੀ ਸਿਹਤ 'ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਮੋਟਰ ਗੱਡੀਆਂ, ਉਦਯੋਗਾਂ, ਮੰਦਰਾਂ, ਗੁਰਦੁਆਰਿਆਂ, ਮੈਰਿਜ ਪੈਲੇਸਾਂ, ਧਾਰਮਿਕ ਤੇ ਸਮਾਜਿਕ ਸਮਾਗਮਾਂ ਵਿਚ ਅਤੇ ਤਿਉਹਾਰਾਂ ਵਿਚ ਲੱਗੇ ਲਾਊਡ ਸਪੀਕਰਾਂ ਦੇ ਸ਼ੋਰ ਵਿਚ ਸਾਨੂੰ ਕੋਈ ਵੀ ਸੁਣਾਈ ਨਹੀਂ ਦਿੰਦਾ। ਸ਼ੋਰ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਸ਼ੋਰ ਦੇ ਪਸਾਰ ਨੂੰ ਰੋਕਣਾ ਚਾਹੀਦਾ ਹੈ। ਧਾਰਮਿਕ ਸਥਾਨਾਂ ਵਾਲਿਆਂ ਨੂੰ ਆਵਾਜ਼ ਦਾ ਦਾਇਰਾ ਸੀਮਤ ਰੱਖਣਾ ਚਾਹੀਦਾ ਹੈ।

-ਡਾ. ਨਰਿੰਦਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਮਹਿੰਗਾਈ

ਖਾਣ-ਪੀਣ ਵਾਲੀਆਂ ਵਸਤਾਂ, ਕੱਚੇ ਤੇਲ, ਖਣਿਜ ਪਦਾਰਥ ਅਤੇ ਹੋਰ ਵਸਤਾਂ ਦੀਆਂ ਕੀਮਤਾਂ ਵਿਚ ਹੋਣ ਵਾਲੇ ਵਾਧੇ ਨੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਕੋਰੋਨਾ ਮਹਾਂਮਾਰੀ ਕਾਰਨ ਬੇਰੁਜ਼ਗਾਰੀ ਵਿਚ ਵਾਧਾ ਹੋਣ ਕਰਕੇ ਮੱਧ ਵਰਗ ਪਹਿਲਾਂ ਹੀ ਆਪਣੀਆਂ ਲੋੜਾਂ ਪੂਰੀਆਂ ਕਰਨ ਵਿਚ ਅਸਮਰੱਥ ਜਾਪਦਾ ਸੀ ਪਰ ਤਾਜ਼ੇ ਅੰਕੜਿਆਂ ਅਨੁਸਾਰ ਥੋਕ ਮਹਿੰਗਾਈ ਦਰ ਨਵੰਬਰ ਵਿਚ 14.23 ਫ਼ੀਸਦੀ 'ਤੇ ਪਹੁੰਚ ਚੁੱਕੀ ਹੈ ਜਿਸ ਨੇ ਪਿਛਲੇ 12 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਆਮ ਲੋਕ ਰੁਜ਼ਗਾਰ ਦੀ ਕਮੀ ਅਤੇ ਵਧੀਆ ਕੀਮਤਾਂ ਕਰਕੇ ਦਿਨੋ-ਦਿਨ ਮਹਿੰਗਾਈ ਦੀ ਦਲਦਲ ਵਿਚ ਧੱਸਦੇ ਜਾ ਰਹੇ ਹਨ। ਸਰਕਾਰ ਦੀਆਂ ਮਹਿੰਗਾਈ ਨੂੰ ਕੰਟਰੋਲ ਅਤੇ ਘੱਟ ਕਰਨ ਲਈ ਕਾਗਜ਼ਾਂ ਵਿਚ ਚਲਾਈਆਂ ਜਾਂਦੀਆਂ ਸਕੀਮਾਂ ਅਤੇ ਯੋਜਨਾਵਾਂ ਵੀ ਜ਼ਮੀਨੀ ਹਕੀਕਤ ਦਾ ਰੂਪ ਲੈਣ ਵਿਚ ਨਾਕਾਮ ਰਹੀਆਂ ਹਨ। ਸਰਕਾਰ, ਜਿਸ ਵਿਚ ਲੋਕਾਂ ਦੇ ਚੁਣੇ ਨੁਮਾਇੰਦੇ ਸ਼ਾਮਿਲ ਹਨ, ਉਨ੍ਹਾਂ ਦਾ ਇਹ ਨੈਤਿਕ ਫ਼ਰਜ਼ ਬਣਦਾ ਹੈ ਕਿ ਉਹ ਰੁਜ਼ਗਾਰ ਪੈਦਾ ਕਰਨ ਦੇ ਨਾਲ-ਨਾਲ ਅਜਿਹੀਆਂ ਯੋਜਨਾਵਾਂ ਬਣਾਉਣ ਅਤੇ ਪਾਰਦਰਸ਼ੀ ਢੰਗ ਨਾਲ ਉਨ੍ਹਾਂ ਦੀ ਹੇਠਲੇ ਪੱਧਰ ਤੱਕ ਪਹੁੰਚ ਕਰਵਾਉਣ ਤਾਂ ਜੋ ਕੋਈ ਵੀ ਵਰਗ ਆਪਣੀਆਂ ਬੁਨਿਆਦੀ ਲੋੜ ਤੋਂ ਵਾਂਝਾ ਨਾ ਰਹੇ।

-ਰਜਵਿੰਦਰ ਪਾਲ
ਪਿੰਡ ਕਾਲਝਰਾਣੀ, ਡਾਕ: ਚੱਕ ਅਤਰ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ।

ਚੌਕਸੀ ਵਰਤਣ ਲੋਕ

ਪੰਜਾਬ ਵਿਚ ਕੋਰੋਨਾ ਦੀ ਗਿਣਤੀ ਖਾਸ ਕਰਕੇ ਪਟਿਆਲੇ ਵਿਚ ਕੋਰੋਨਾ ਰੋਗੀਆਂ ਦੀ ਗਿਣਤੀ ਵਧਣ ਨਾਲ ਹਸਪਤਾਲ ਭਰੇ ਹੋਏ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਇਹ ਲੋਕਾਂ ਦੀ ਲਾਪ੍ਰਵਾਹੀ ਤੇ ਰਾਜਨੀਤਕ ਪਾਰਟੀਆਂ ਵਲੋਂ ਵੋਟਾਂ ਦੇ ਮੱਦੇਨਜ਼ਰ ਭੀੜ ਇਕੱਠੀ ਕਰਨ ਦਾ ਹੀ ਨਤੀਜਾ ਹੈ। ਲੋਕ ਲਾਪ੍ਰਵਾਹ ਹੋ ਚੁੱਕੇ ਹਨ, ਕੋਈ ਮਾਸਕ ਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਿਹਾ। ਧਾਰਮਿਕ ਸਥਾਨਾਂ, ਰੈਸਟੋਰੈਂਟਾਂ, ਪੈਲੇਸਾਂ ਵਿਚ ਆਮ ਭੀੜ ਦੇਖੀ ਜਾ ਰਹੀ ਹੈ। ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਕੋਰੋਨਾ ਦੀ ਤੀਸਰੀ ਲਹਿਰ ਦੇ ਨਾਲ ਵੱਖਰੀ ਕਿਸਮ ਦਾ ਕੋਰੋਨਾ ਓਮੀਕਰੋਨ ਵੀ ਅਫਰੀਕੀ ਦੇਸ਼ਾਂ ਵਿਚੋਂ ਆ ਰਿਹਾ ਹੈ। ਕੋਰੋਨਾ ਮੌਤ ਦਾ ਵਾਰੰਟ ਲੈ ਕੇ ਘੁੰਮ ਰਿਹਾ ਹੈ। ਉਸ ਦੇ ਡੱਸਣ ਤੋਂ ਪਹਿਲਾਂ ਤੁਸੀਂ ਚੌਕਸੀ ਵਰਤ ਪ੍ਰਸ਼ਾਸਨ ਦਾ ਸਾਥ ਦਿਓ। ਇਸ ਵਿਚ ਤੁਹਾਡੀ ਤੇ ਹੋਰਾਂ ਦੀ ਭਲਾਈ ਹੈ। ਜੋ 18 ਸਾਲ ਤੋਂ ਘੱਟ ਬੱਚਿਆਂ ਨੂੰ ਟੀਕਾ ਲੱਗ ਰਿਹਾ ਹੈ। ਲੋਕ ਪ੍ਰਸ਼ਾਸਨ ਦਾ ਸਾਥ ਦੇ ਕੇ ਟੀਕਾ ਜ਼ਰੂਰ ਲਗਵਾਉਣ।

-ਗੁਰਮੀਤ ਸਿੰਘ ਵੇਰਕਾ
ਸੇਵਾ ਮੁਕਤ ਇੰਸਪੈਕਟਰ ਪੁਲਿਸ।

ਨੌਜਵਾਨਾਂ ਦਾ ਭਵਿੱਖ

ਪਿਛਲੇ 5 ਸਾਲਾਂ ਤੋਂ ਨੌਕਰੀਆਂ ਦੀ ਝਾਕ ਵਿਚ ਬੈਠੇ ਹੋਏ ਵਿਦਿਆਰਥੀਆਂ ਦਾ ਇੰਤਜ਼ਾਰ 2021 ਵਿਚ ਖਤਮ ਹੋਣ ਲੱਗਾ ਜਦੋਂ ਕਾਂਗਰਸ ਸਰਕਾਰ ਨੇ ਲੱਖਾਂ ਨੌਕਰੀਆਂ ਕੱਢਣੀਆਂ ਸ਼ੁਰੂ ਕੀਤੀਆਂ, ਪਰ ਇਹ ਨੌਕਰੀਆਂ ਸਿਰੇ ਨਹੀਂ ਚੜ੍ਹਾਈਆਂ ਗਈਆਂ। ਇਨ੍ਹਾਂ ਨੌਕਰੀਆਂ ਲਈ ਨੌਜਵਾਨਾਂ ਤੋਂ ਫੀਸਾਂ ਵਸੂਲੀਆਂ ਗਈਆਂ ਪਰ ਪ੍ਰੀਖਿਆਵਾਂ ਨਹੀਂ ਲਈਆਂ ਗਈਆਂ। ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਨੌਜਵਾਨਾਂ ਲਈ ਵੱਡੇ ਐਲਾਨ ਕੀਤੇ ਜਿਸ ਵਿਚ ਪੰਜਾਬ ਦੇ 1.50 ਲੱਖ ਨੌਜਵਾਨਾਂ ਨੂੰ ਰਹਿੰਦੇ ਚਾਰ ਮਹੀਨਿਆਂ ਵਿਚ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਪਰ ਇਹ ਵੀ ਸਿਰਫ਼ ਐਲਾਨ ਹੀ ਸਾਬਤ ਹੋਏ ਜਦਕਿ ਵਿਦਿਆਰਥੀ ਕਈ ਸਾਲਾਂ ਦੀ ਮਿਹਨਤ ਨਾਲ ਪ੍ਰੀਖਿਆ ਦੇ ਕੇ ਮਹੀਨਾ-ਮਹੀਨਾ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਹਨ। ਪਹਿਲਾਂ ਤਾਂ ਪ੍ਰੀਖਿਆ ਲਈ ਨਹੀਂ ਜਾਂਦੀ ਜੇ ਪ੍ਰੀਖਿਆ ਹੋ ਜਾਂਦੀ ਹੈ ਤਾਂ ਵਿਦਿਆਰਥੀਆਂ ਨੂੰ ਲੰਬੇ ਸਮੇਂ ਤੱਕ ਨਤੀਜਿਆਂ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਨੌਕਰੀਆਂ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਿਚ ਵੀ ਪੰਜਾਬ ਸਰਕਾਰ ਨਾਕਾਮਯਾਬ ਰਹੀ ਹੈ। ਨੌਜਵਾਨਾਂ ਵਿਚ ਆਸ ਦੀ ਕਿਰਨ ਉਸ ਵੇਲੇ ਬੁਝੀ ਜਦੋਂ ਸਰਕਾਰ ਦੁਆਰਾ 25 ਸਾਲਾਂ ਬਾਅਦ ਅਸਿਸਟੈਂਟ ਪ੍ਰੋਫੈਸਰਾਂ ਦੀਆਂ 1158 ਅਸਾਮੀਆਂ ਲਈ ਪ੍ਰੀਖਿਆ ਲਈ ਪਰ ਨਤੀਜਿਆਂ ਦੇ ਆਉਣ ਤੋਂ ਬਾਅਦ ਇਸ ਭਰਤੀ ਨੂੰ ਹਾਈਕੋਰਟ ਵਲੋਂ ਸੀਲ ਕਰ ਦਿੱਤਾ ਗਿਆ, ਜਿਸ ਕਾਰਨ ਅੱਜ ਵੀ ਇਹ ਭਰਤੀ ਵਿਚਕਾਰ ਰੁਕੀ ਹੋਈ ਹੈ। ਸੋ, ਨੌਜਵਾਨਾਂ ਦੀ ਮਿਹਨਤ ਦੇ ਬਾਵਜੂਦ ਉਨ੍ਹਾਂ ਦਾ ਭਵਿੱਖ ਅੱਧ-ਵਿਚਕਾਰ ਲਟਕ ਰਿਹਾ ਹੈ।

-ਅਮਨਪ੍ਰੀਤ ਕੌਰ, ਬਠਿੰਡਾ।

ਸਰਕਾਰਾਂ ਦੇ ਵਾਅਦੇ

ਮੌਜੂਦਾ ਕੇਂਦਰ ਸਰਕਾਰ ਨੇ 2014 'ਚ ਸੱਤਾ ਵਿਚ ਆਉਣ ਤੋਂ ਪਹਿਲਾਂ ਨੌਜਵਾਨਾਂ ਨਾਲ ਵਾਅਦਾ ਵੀ ਕੀਤਾ ਸੀ ਕਿ ਉਹ ਹਰ ਸਾਲ ਨੌਜਵਾਨਾਂ ਨੂੰ 2 ਕਰੋੜ ਨੌਕਰੀਆਂ ਦੇਣਗੇ। ਪੰਜਾਬ ਸਰਕਾਰ ਵਲੋਂ ਵੀ ਘਰ-ਘਰ ਨੌਕਰੀ ਦਾ ਵਾਅਦਾ ਕੀਤਾ ਗਿਆ ਸੀ। ਹਾਲ ਹੀ ਵਿਚ ਇਕ ਤਾਜ਼ਾ ਰਿਪੋਰਟ ਵੀ ਸਾਹਮਣੇ ਆਈ ਹੈ ਕਿ ਪਿਛਲੇ ਦੋ ਸਾਲਾਂ ਵਿਚ ਸਭ ਤੋਂ ਵੱਧ ਬੇਰੁਜ਼ਗਾਰੀ ਪੈਦਾ ਹੋਈ ਹੈ। ਕੇਂਦਰ ਸਰਕਾਰ ਵਲੋਂ ਕਈ ਅਹਿਮ ਵਿਭਾਗਾਂ ਦਾ ਨਿੱਜੀਕਰਨ ਵੀ ਕਰ ਦਿੱਤਾ ਗਿਆ ਹੈ। ਰੁਜ਼ਗਾਰ ਨਾ ਮਿਲਣ ਕਾਰਨ ਕਈ ਵਾਰ ਨੌਜਵਾਨ ਨਸ਼ਿਆਂ ਨੂੰ ਤਰਜੀਹ ਦੇਣ ਲੱਗ ਜਾਂਦੇ ਹਨ। ਵਿਦੇਸ਼ ਜਾਣ ਦਾ ਰੁਝਾਨ ਦਿਨ ਪ੍ਰਤੀ ਦਿਨ ਵਧ ਰਿਹਾ ਹੈ। ਪੰਜਾਬ 'ਚੋਂ ਹਰ ਸਾਲ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਲਈ ਨੌਜਵਾਨ 27 ਹਜ਼ਾਰ ਕਰੋੜ ਰੁਪਏ ਖਰਚ ਰਹੇ ਹਨ। ਮਾਂ-ਬਾਪ ਕਰਜ਼ਾਈ ਹੋ ਕੇ ਨੌਜਵਾਨ ਪੀੜ੍ਹੀ ਨੂੰ ਵਿਦੇਸ਼ ਭੇਜ ਰਹੇ ਹਨ। ਅੱਜ ਜੇਕਰ ਕੋਈ ਚਪੜਾਸੀ ਦੀ ਅਸਾਮੀ ਨਿਕਲਦੀ ਹੈ, ਉਥੇ ਪੀ.ਐਚ.ਡੀ. ਐਮ. ਫਿਲ ਕਰ ਚੁੱਕੇ ਬੰਦੇ ਆਪਣੀ ਅਰਜ਼ੀ ਭਰਦੇ ਹਨ। ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਪੰਜਾਬ 'ਚ ਹੀ ਵਧੀਆ ਸਨਅਤੀ ਨੀਤੀ ਬਣਾਉਣੀ ਚਾਹੀਦੀ ਹੈ, ਤਾਂ ਜੋ ਨੌਜਵਾਨਾਂ ਨੂੰ ਆਪਣੀ ਯੋਗਤਾ ਮੁਤਾਬਿਕ ਰੁਜ਼ਗਾਰ ਮਿਲ ਸਕੇ। ਚੋਣਾਂ ਤੋਂ ਪਹਿਲੇ ਤਾਂ ਸਰਕਾਰਾਂ ਕਈ ਤਰ੍ਹਾਂ ਦੇ ਵਾਅਦੇ ਕਰਦੀਆਂ ਹਨ। ਪਰ ਸਮਝ ਨਹੀਂ ਆਉਂਦੀ ਕਿ ਸੱਤਾ ਵਿਚ ਆਉਣ ਤੋਂ ਬਾਅਦ ਸਰਕਾਰਾਂ ਆਪਣੇ ਵਾਅਦੇ ਕਿਉਂ ਭੁੱਲ ਜਾਂਦੀਆਂ ਹਨ?

-ਸੰਜੀਵ ਸਿੰਘ ਸੈਣੀ, ਮੁਹਾਲੀ।

10-01-2022

 ਵਧਦੇ ਕੋਰੋਨਾ ਦੇ ਮਾਮਲੇ
ਜਦੋਂ ਹੀ ਕੋਰੋਨਾ ਦੇ ਮਾਮਲੇ ਵਧਦੇ ਹਨ ਤਾਂ ਸਭ ਤੋਂ ਪਹਿਲਾਂ ਗਾਜ਼ ਸਕੂਲਾਂ, ਕਾਲਜਾਂ 'ਤੇ ਡਿਗਦੀ ਹੈ, ਜਦੋਂ ਕਿ ਰਾਜਨੀਤਕ ਪਾਰਟੀਆਂ ਵਲੋਂ ਰੋਜ਼ਾਨਾ ਕੀਤੀਆਂ ਜਾਂਦੀਆਂ ਰੈਲੀਆਂ ਵਿਚ ਲੱਖਾਂ ਦੀ ਗਿਣਤੀ ਵਿਚ ਇਕੱਠ ਕੀਤਾ ਜਾਂਦਾ ਹੈ, ਉਥੇ ਕੋਈ ਰੋਕ ਨਹੀਂ ਲਗਾਈ ਜਾਂਦੀ। ਦੇਸ਼ ਦਾ ਭਵਿੱਖ ਖਾਸ ਕਰਕੇ ਛੋਟੇ ਬੱਚਿਆਂ 'ਤੇ ਟਿਕਿਆ ਹੁੰਦਾ ਹੈ ਅਤੇ ਜਦੋਂ ਨੀਂਹ ਹੀ ਕਮਜ਼ੋਰ ਹੋਵੇਗੀ ਤਾਂ ਉਸ ਦੇਸ਼ ਦਾ ਭਵਿੱਖ ਕੀ ਹੋਵੇਗਾ? ਭਾਵੇਂ ਸਕੂਲਾਂ ਵਲੋਂ ਆਨਲਾਈਨ ਪੜ੍ਹਾਈ ਕਰਵਾਈ ਜਾਂਦੀ ਹੈ ਪਰ ਛੋਟੇ ਬੱਚੇ ਨਹੀਂ ਕੋਈ ਪ੍ਰਵਾਹ ਕਰਦੇ, ਪ੍ਰੰਤੂ ਸਕੂਲ ਜਾਣ ਉਨ੍ਹਾਂ 'ਤੇ ਸਕੂਲ ਅਧਿਆਪਕਾਂ ਦਾ ਇਕ ਪ੍ਰਭਾਵ ਹੋਣ। ਕਾਰਨ ਉਹ ਸਵੇਰੇ ਚਲਦੀ ਉਠਕੇ ਤਿਆਰ ਹੋ ਕੇ ਸਕੂਲ ਜਾ ਕੇ ਪੜ੍ਹਾਈ ਕਰਦੇ ਹਨ ਅਤੇ ਮਾਪਿਆਂ ਕੋਲ ਉਹ ਨਹੀਂ ਪੜ੍ਹਦੇ, ਜਿਸ ਨਾਲ ਜਿਥੇ ਬੱਚੇ ਲਾਪ੍ਰਵਾਹ, ਸ਼ਰਾਰਤੀ ਹੋਣ ਨਾਲ ਵਿਗੜ ਰਹੇ ਹਨ ਅਤੇ ਪੜ੍ਹਾਈ ਵਿਚ ਵੀ ਕਮਜ਼ੋਰ ਹੋ ਰਹੇ ਹਨ। ਸੋ, ਸਰਕਾਰ ਨੂੰ ਸਕੂਲਾਂ ਨੂੰ ਬੰਦ ਕਰਨ ਨਾਲੋਂ ਹਦਾਇਤਾਂ ਦੀ ਪਾਲਣਾ ਕਰਵਾਉਣੀ ਚਾਹੀਦੀ ਹੈ, ਉਥੇ ਹੀ ਭੀੜ 'ਤੇ ਕੰਟਰੋਲ ਕਰਨ, ਵੱਖ-ਵੱਖ ਪਾਬੰਦੀਆਂ ਲਗਾਉਣ ਦੀ ਥਾਂ, ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਕੋਰੋਨਾ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣੀ ਚਾਹੀਦੀ ਹੈ ਤਾਂ ਜੋ ਲੋਕਾਂ ਦੇ ਕਾਰੋਬਾਰ ਵੀ ਪ੍ਰਭਾਵਿਤ ਨਾ ਹੋਣ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਡਾ. ਸਾਧੂ ਸਿੰਘ ਹਮਦਰਦ ਨੂੰ ਯਾਦ ਕਰਦਿਆਂ
ਡਾਕਟਰ ਸਾਹਿਬ ਇਕ ਵਿਅਕਤੀ ਨਾ ਹੋ ਕੇ ਇਕ ਸੰਸਥਾ ਸਨ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ, ਸਮਰੱਥ ਪੰਜਾਬੀ ਪੱਤਰਕਾਰ, ਪ੍ਰਸਿੱਧ ਸਾਹਿਤਕਾਰ, ਮਾਂ-ਬੋਲੀ ਲਈ ਮਾਨਯੋਗ ਸਥਾਨ ਦਿਵਾਉਣ ਵਾਲੇ ਚਿੰਤਕ, ਪੰਜਾਬ ਦੀ ਆਰਥਿਕਤਾ, ਸਿੱਖਿਆ, ਮਾਣ-ਮਰਿਆਦਾ, ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਪੰਜਾਬੀ ਸੂਬਾ, ਪੰਜਾਬ ਦੇ ਦਰਿਆਵਾਂ ਦੇ ਮਸਲਿਆਂ ਦੇ ਨਾਲ-ਨਾਲ ਅਦਾਰਾ 'ਅਜੀਤ' ਨੂੰ ਸਿਖਰਾਂ ਤੱਕ ਲੈ ਜਾਣਾ ਇਕ ਆਮ ਇਨਸਾਨ ਦੇ ਵੱਸ ਦੀ ਗੱਲ ਨਹੀਂ ਸੀ। ਉਨ੍ਹਾਂ ਦੇ ਜਾਣ ਮਗਰੋਂ 'ਅਜੀਤ' ਪ੍ਰਕਾਸ਼ਨ ਦੀ ਜ਼ਿੰਮੇਵਾਰੀ ਡਾ. ਬਰਜਿੰਦਰ ਸਿੰਘ ਹਮਦਰਦ ਨੇ ਬਾਖੂਬੀ ਨਿਭਾਈ। ਪਰ ਉਪਰੋਕਤ ਮਸਲੇ ਜਿਉਂ ਦੇ ਤਿਉਂ ਹੀ ਹਨ। ਇਨ੍ਹਾਂ ਮਸਲਿਆਂ ਪ੍ਰਤੀ ਗੰਭੀਰ ਹੋਣਾ ਅਤੇ ਹੱਲ ਕਰਵਾਉਣ ਦਾ ਯਤਨ ਕਰਨਾ ਹੀ ਡਾ. ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।


-ਜਗਰੂਪ ਸਿੰਘ
ਥੇਹ ਕਲੰਦਰ, ਫਾਜ਼ਿਲਕਾ।


ਅੰਗੀਠੀ ਦੀ ਗੈਸ ਦਾ ਕਹਿਰ
ਪਿਛਲੇ ਦਿਨੀਂ (30 ਦਸੰਬਰ) ਅਬੋਹਰ ਦੇ ਨੇੜਲੇ ਇਕ ਪਿੰਡ ਦੇ ਪੋਲਟਰੀ ਫਾਰਮ 'ਚ ਰਹਿ ਰਹੇ ਇਕ ਪ੍ਰਵਾਸੀ ਮਜ਼ਦੂਰ ਪਰਿਵਾਰ ਦੇ ਤਿੰਨ ਮਾਸੂਮ ਬੱਚਿਆਂ ਦੀ ਅੰਗੀਠੀ ਦੇ ਜ਼ਹਿਰੀਲੇ ਧੂੰਏਂ ਕਾਰਨ ਦਰਦਨਾਕ ਮੌਤ ਹੋਣ ਤੇ ਉਨ੍ਹਾਂ ਦੇ ਮਾਂ-ਬਾਪ ਦੇ ਬੇਹੋਸ਼ ਹੋ ਜਾਣ ਦੀ ਮੰਦਭਾਗੀ ਖ਼ਬਰ ਪੜ੍ਹਨ ਨੂੰ ਮਿਲੀ। ਖ਼ਬਰ ਪੜ੍ਹ ਕੇ ਮਨ ਨੂੰ ਬਹੁਤ ਦੁੱਖ ਹੋਇਆ ਕਿ ਇਕ ਹੱਸਦਾ-ਵਸਦਾ ਪਰਿਵਾਰ ਪਲਾਂ 'ਚ ਹੀ ਮੌਤ ਦੇ ਕੁਲਹਿਣੇ ਦੈਂਤ ਨੇ ਉਜਾੜ ਕੇ ਰੱਖ ਦਿੱਤਾ ਹੈ। ਪ੍ਰੰਤੂ ਇਹ ਭਾਣਾ ਸਾਡੇ ਸਮਾਜ ਵਿਚ ਕੋਈ ਪਹਿਲੀ ਵਾਰ ਨਹੀਂ ਵਰਤਿਆ। ਪਹਿਲਾਂ ਵੀ ਅਜਿਹੀਆਂ ਬੁਰੀਆਂ ਖ਼ਬਰਾਂ ਅਖ਼ਬਾਰਾਂ 'ਚ ਕਈ ਵਾਰ ਪੜ੍ਹਦੇ ਰਹੇ ਹਾਂ। ਸਰਦੀ ਦੇ ਮੌਸਮ ਵਿਚ ਠੰਢ ਦੇ ਕਹਿਰ ਤੋਂ ਬਚਣ ਲਈ ਹਰ ਇਨਸਾਨ ਆਪਣੇ ਵਿਤ ਅਨੁਸਾਰ ਓਹੜ-ਪੋਹੜ ਕਰਦਾ ਹੈ। ਬਹੁਤ ਸਾਰੇ ਗ਼ਰੀਬ ਪਰਿਵਾਰ ਅਕਸਰ ਅੰਗੀਠੀ ਦਾ ਸਹਾਰਾ ਲੈਂਦੇ ਹਨ। ਪ੍ਰੰਤੂ ਖਾਸ ਕਰਕੇ ਰਾਤ ਨੂੰ ਆਪਣੀ ਸਹੂਲਤ ਲਈ ਬਾਲੀ ਗਈ ਅੰਗੀਠੀ ਉਦੋਂ ਵਿਕਰਾਲ ਰੂਪ ਧਾਰ ਲੈਂਦੀ ਹੈ, ਜਦੋਂ ਸਾਰੇ ਬੂਹੇ-ਬਾਰੀਆਂ ਬੰਦ ਕਰ ਦਿੱਤੇ ਜਾਂਦੇ ਹਨ। ਅਜਿਹਾ ਕਰਨ ਨਾਲ ਕਮਰੇ 'ਚੋਂ ਆਕਸੀਜਨ ਦੀ ਕਮੀ ਹੋ ਜਾਂਦੀ ਹੈਤੇ ਜਾਨਲੇਵਾ ਜ਼ਹਿਰੀਲੀ ਗੈਸ ਦੀ ਮਾਤਰਾ ਵਧ ਜਾਂਦੀ ਹੈ।
ਸਿੱਟੇ ਵਜੋਂ ਕਮਰੇ ਅੰਦਰਲੇ ਜਨ ਸੁੱਤੇ ਹੋਣ ਕਰਕੇ ਆਪਣਾ ਬਚਾਅ ਕਰਨ ਤੋਂ ਅਸਮਰੱਥ ਹੋ ਜਾਂਦੇ ਹਨ ਤੇ ਬੇਹੋਸ਼ੀ ਦੀ ਹਾਲਤ ਵਿਚ ਮੌਤ ਦੇ ਮੂੰਹ 'ਚ ਚਲੇ ਜਾਂਦੇ ਹਨ। ਸਾਡਾ ਮੰਨਣਾ ਹੈ ਕਿ ਸਾਡੀਆਂ ਸਰਕਾਰਾਂ ਅਤੇ ਸਿਹਤ ਵਿਭਾਗ ਦੇ ਨਾਲ-ਨਾਲ ਸਾਡੀਆਂ ਸਮਾਜ ਸੇਵੀ ਕਲੱਬਾਂ, ਸੰਸਥਾਵਾਂ ਅਤੇ ਹੋਰ ਜਾਗਰੂਕ ਲੋਕਾਂ ਨੂੰ ਸਰਦੀਆਂ ਦੇ ਦਿਨਾਂ 'ਚ ਇਸ ਪਾਸੇ ਵਿਸ਼ੇਸ਼ ਤਵੱਜੋਂ ਦਿੰਦਿਆਂ ਸਾਡੇ ਪਿੰਡਾਂ ਸ਼ਹਿਰਾਂ 'ਚ ਵਸਦੇ ਲੋਕਾਂ ਨੂੰ ਅੰਗੀਠੀ ਬਾਲਣ ਸਮੇਂ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ, ਬਾਰੇ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਾਡੇ ਆਲੇ-ਦੁਆਲੇ ਉਪਰੋਕਤ ਜਿਹਾ ਕੋਈ ਦਰਦਨਾਕ ਹਾਦਸਾ ਨਾ ਵਾਪਰੇ।


-ਯਸ਼ ਅਭਿਸ਼ੇਕ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)


ਨਵੇਂ ਵਰ੍ਹੇ ਭਗਦੜ ਕਾਰਨ ਮੌਤਾਂ
ਹਰ ਸਾਲ ਨਵੇਂ ਵਰ੍ਹੇ ਵਾਲੇ ਦਿਨ ਲੋਕ ਆਪਣੀ-ਆਪਣੀ ਸ਼ਰਧਾ ਤੇ ਆਸਥਾ ਅਨੁਸਾਰ ਧਾਰਮਿਕ ਸਥਾਨਾਂ 'ਤੇ ਜਾਂਦੇ ਹਨ। ਇਸ ਵਾਰ ਨਵੇਂ ਸਾਲ ਵਾਲੇ ਦਿਨ ਮਾਤਾ ਵੈਸ਼ਨੋ ਦੇਵੀ ਦੇ ਗੇਟ ਨੰਬਰ ਤਿੰਨ 'ਤੇ ਤੜਕੇ ਲੋਕਾਂ ਦੀ ਇਕ-ਦੂਜੇ ਤੋਂ ਅੱਗੇ ਨਿਕਲਣ ਲਈ ਹੋਈ ਹੱਥੋ-ਪਾਈ ਕਾਰਨ ਮਚੀ ਭਗਦੜ ਕਾਰਨ 12 ਦੀ ਮੌਤ ਤੇ 15 ਜ਼ਖ਼ਮੀ ਹੋ ਗਏ। ਚੜ੍ਹਦੇ ਸਾਲ ਅਜਿਹੀ ਦੁਖਦਾਈ ਘਟਨਾ ਮੰਦਭਾਗੀ ਹੈ। ਦੁੱਖ ਹੁੰਦਾ ਹੈ ਕਿ ਘਰੋਂ ਅਸੀਂ ਬੜੀ ਸ਼ਰਧਾ ਨਾਲ ਧਾਰਮਿਕ ਸਥਾਨਾਂ 'ਤੇ ਮੱਥਾ ਟੇਕਣ ਜਾਂਦੇ ਹਾਂ ਪਰ ਉਥੇ ਜਾ ਕੇ ਸਬਰ-ਸੰਤੋਖ ਤੋਂ ਕੰਮ ਨਹੀਂ ਲੈਂਦੇ ਤੇ ਛੋਟੀ-ਛੋਟੀ ਗੱਲ 'ਤੇ ਆਪਾ ਗੁਆ ਲੈਂਦੇ ਹਾਂ। ਅਨੁਸ਼ਾਸਨ ਦਾ ਪਾਲਣ ਨਹੀਂ ਕਰਦੇ। ਅਜਿਹੀ ਜਲਦੀ ਕਿਸ ਕੰਮ? ਜਿਸ ਨਾਲ ਜਾਨ ਤੋਂ ਹੱਥ ਧੋਣੇ ਪੈਣ। ਜਿਸ ਤਰ੍ਹਾਂ ਆਮ ਹੁੰਦਾ ਹੈ, ਹੁਣ ਉਚ ਪੱਧਰੀ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ। ਰਿਪੋਰਟ ਕੁਝ ਵੀ ਹੋਵੇ ਪਰ ਅਜਿਹੀ ਮੰਦਭਾਗੀ ਘਟਨਾ ਤੋਂ ਸਬਕ ਸਿੱਖਣਾ ਚਾਹੀਦਾ ਹੈ ਕਿ ਕਿਸੇ ਵੀ ਜਨਤਕ ਭੀੜ-ਭੜੱਕੇ ਵਾਲੀ ਥਾਂ 'ਤੇ ਅਨੁਸ਼ਾਸਨ ਦਾ ਪਾਲਣ ਕਰੀਏ। ਜ਼ਿੰਦਗੀ ਅਨਮੋਲ ਹੈ, ਇਸ ਨੂੰ ਅਜਾਈਂ ਨਾ ਗੁਆਈਏ।


-ਕੈਲਾਸ਼ ਠਾਕੁਰ
ਪਿੰਡ ਬਰਮਲਾ, ਨੰਗਲ ਟਾਊਨਸ਼ਿਪ।

07-01-2022

 ਸਿਆਸਤਦਾਨਾਂ ਤੋਂ ਡਰਿਆ ਕੋਰੋਨਾ

ਸਰਕਾਰਾਂ ਨੇ ਕੋਰੋਨਾ ਦੇ ਡਰ ਤੋਂ ਵਿੱਦਿਅਕ ਅਦਾਰੇ ਤਾਂ ਬੰਦ ਕਰ ਦਿੱਤੇ ਹਨ ਪਰ ਸਿਆਸਤਦਾਨਾਂ ਦੀ ਕਿਸੇ ਰੈਲੀ ਦੀ ਕੋਈ ਰੋਕ ਨਹੀਂ ਲਗਾਈ ਗਈ। ਇੰਜ ਲਗਦਾ ਹੈ ਕਿ ਜਿਵੇਂ ਸਿਆਸਤਦਾਨ ਕਹਿੰਦੇ ਹਨ ਕਿ ਸਾਡੇ ਤੋਂ ਥਾਣੇਦਾਰ ਡਰਦੇ ਹਨ, ਉਸੇ ਤਰ੍ਹਾਂ ਹੀ ਕੋਰੋਨਾ ਵੀ ਡਰਨ ਲੱਗ ਗਿਆ ਹੈ ਜਾਂ ਫਿਰ ਇੰਜ ਲਗਦਾ ਹੈ ਕਿ ਸਰਕਾਰ ਲਈ ਵਿੱਦਿਅਕ ਅਦਾਰਿਆਂ ਤੋਂ ਜ਼ਰੂਰੀ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਹਨ। ਸਰਕਾਰ ਨੇ ਕੋਰੋਨਾ ਨਾਲ ਮੀਟਿੰਗ ਕਰ ਲਈ ਲਗਦੀ ਹੈ ਕਿ ਸਿਆਸੀ ਰੈਲੀਆਂ ਵਿਚ ਨਾ ਆਵੇ ਇਹ ਬਹੁਤ ਜ਼ਰੂਰੀ ਹਨ, ਵਿੱਦਿਅਕ ਸੰਸਥਾਵਾਂ ਜ਼ਰੂਰੀ ਨਹੀਂ, ਉਥੇ ਚਲਾ ਜਾਵੇ। ਵੱਡੇ ਪੱਧਰ 'ਤੇ ਚੋਣ ਰੈਲੀਆਂ ਹੋ ਰਹੀਆਂ ਹਨ ਪਰ ਸਕੂਲ ਤੇ ਕਾਲਜ ਬੰਦ ਹਨ, ਸਰਕਾਰ ਨੂੰ ਲਗਦਾ ਹੈ ਕਿ ਵਿਦਿਆਰਥੀਆਂ ਲਈ ਨੇਤਾਵਾਂ ਦੇ ਭਾਸ਼ਨ ਸੁਣਨੇ ਜ਼ਿਆਦਾ ਜ਼ਰੂਰੀ ਹਨ, ਨਾ ਕਿ ਵਿਦਿਆਰਥੀਆਂ ਦਾ ਪੜ੍ਹਨਾ। ਸਰਕਾਰ ਵਿਦਿਆਰਥੀਆਂ ਨੂੰ ਇਸ ਲਈ ਨਹੀਂ ਪੜ੍ਹਨ ਦੇ ਰਹੀ, ਫਿਰ ਉਹ ਨੌਕਰੀਆਂ ਮੰੰਗਣਗੇ। ਮੰਤਰੀਆਂ ਨੇ ਨੌਕਰੀਆਂ ਦੇਣੀਆਂ ਤਾਂ ਸਿਰਫ ਆਪਣੇ ਰਿਸ਼ਤੇਦਾਰਾਂ ਨੂੰ ਹੀ ਹਨ, ਭਾਵੇਂ ਉਹ ਉਸ ਨੌਕਰੀ ਦੇ ਯੋਗ ਨਾ ਵੀ ਹੋਣ।

-ਸੁਖਮਨ ਚੀਮਾ, ਖੰਨਾ।

ਸੋਸ਼ਲ ਮੀਡੀਆ ਦਾ ਪ੍ਰਭਾਵ

ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ ਜਿਥੇ ਲੋਕਾਂ ਨੂੰ ਆਪਣੇ ਹੁਨਰ ਨੂੰ ਬਾਹਰ ਲੈ ਕੇ ਆਉਣਾ ਤੇ ਇਕ ਸੱਚੀ ਖ਼ਬਰ ਨੂੰ ਦਰਸ਼ਕਾਂ ਤੱਕ ਪਹੁੰਚਾਉਣਾ। ਪਰ ਕੀ ਲੋਕੀਂ ਇਸ ਸੋਸ਼ਲ ਮੀਡੀਆ ਦਾ ਸਹੀ ਉਪਯੋਗ ਕਰ ਰਹੇ ਹਨ? ਪਰ ਮੈਨੂੰ ਲਗਦਾ ਹੈ ਕਿ ਸੋਸ਼ਲ ਮੀਡੀਆ ਨੂੰ 'ਸੋਸ਼ਲ ਮੀਡੀਆ' ਨਹੀਂ ਇਕ 'ਜਾਅਲੀ ਮੀਡੀਆ' ਕਹਿਣਾ ਚਾਹੀਦਾ ਹੈ। ਕਿਉਂਕਿ ਅਕਸਰ ਵੇਖਦੇ ਹਾਂ ਕਿ ਹੱਦ ਨਾਲੋਂ ਵੱਧ ਲੋਕ ਉਹ ਚੀਜ਼ਾਂ ਸਾਹਮਣੇ ਲੈ ਕੇ ਆਉਂਦੇ ਨੇ ਜੋ ਜਾਅਲੀ ਤੇ ਜੋ ਲੋਕਾਂ ਵਿਚ ਅਫ਼ਵਾਹਾਂ ਫੈਲਾਉਂਦੀਆਂ ਹਨ।
ਜੇ ਖ਼ਬਰਾਂ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ 'ਤੇ ਲੋਕ ਇਕ ਖ਼ਬਰ ਨੂੰ ਇਸ ਤਰੀਕੇ ਨਾਲ ਸਾਹਮਣੇ ਲੈ ਕੇ ਆਉਂਦੇ ਹਨ ਕਿ ਜੋ ਖ਼ਬਰ ਵਿਚ ਵਾਪਰਿਆ ਵੀ ਨਹੀਂ ਹੁੰਦਾ, ਉਹ ਦਰਸ਼ਕਾਂ ਨੂੰ ਦਿਖਾਉਂਦੇ ਹਨ। ਸੋ, ਸਭ ਨੂੰ ਚਾਹੀਦਾ ਹੈ ਕਿ ਜਿਵੇਂ ਇਕ ਸੋਸ਼ਲ ਮੀਡੀਆ ਦੀ ਵਰਤੋਂ ਹੋਣੀ ਚਾਹੀਦੀ ਹੈ, ਉਸ ਤਰੀਕੇ ਨਾਲ ਕਰਨ ਤੇ ਉਹ ਤਰੀਕਾ ਹੈ ਸਚਾਈ ਨੂੰ ਸਾਹਮਣੇ ਲੈ ਕੇ ਆਉਣਾ।

-ਹਰੀਤ
ਪਿੰਡ ਕੰਦੋਲਾ ਕਲਾਂ, ਨੂਰਮਹਿਲ।

ਦਿਖਾਵਾ ਤੇ ਰੀਸ ਕਰਨ ਤੋਂ ਬਚੋ

ਅੱਜ ਦੀ ਨੌਜਵਾਨ ਪੀੜ੍ਹੀ ਪੁਰਾਣੀ ਤੋਂ ਕੁਝ ਵੱਖਰੀ ਨਜ਼ਰ ਆ ਰਹੀ ਹੈ ਜਿਸ ਵਿਚ ਦਿਖਾਵਾ ਵੱਧ ਤੇ ਅਸਲੀਅਤ ਨਾ ਮਾਤਰ ਹੀ ਰਹਿ ਗਈ ਹੈ। ਭਾਵੇਂ ਹਰ ਕੋਈ ਇਹ ਗੱਲ ਕਹਿੰਦਾ ਹੈ ਕਿ ਮੈਂ ਕਦੇ ਦਿਖਾਵਾ ਜਾਂ ਰੀਸ ਨਹੀਂ ਕਰਦਾ ਪਰ ਕੀ ਕਹਿਣ ਵਾਲੇ ਸ਼ਖ਼ਸ ਨੇ ਆਪਣੇ ਅੰਦਰ ਕਦੀ ਝਾਤੀ ਮਾਰ ਕੇ ਦੇਖੀ ਹੋਵੇ ਤਾਂ ਅੰਦਰੋਂ ਆਵਾਜ਼ ਸਾਫ਼ ਸੁਣਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਜੇ ਕੁਝ ਕੁ ਲੋਕ ਇਸ ਬੁਰੀ ਆਦਤ ਦੀ ਪਕੜ ਤੋਂ ਬਾਹਰ ਹਨ, ਪਰ ਉਹ ਦਾਲ ਵਿਚ ਕੋਕੜੂ ਦੇ ਸਾਮਾਨ ਹਨ। ਰੀਸ ਨੇ ਤਾਂ ਕਈ ਲੋਕਾਂ ਨੂੰ ਐਨਾ ਕਰਜ਼ਾਈ ਕਰ ਦਿੱਤਾ ਹੈ ਕਿ ਲੋਕ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਚੁੱਕੇ ਹਨ। ਘਰਾਂ ਵਿਚ ਅਸੀਂ ਬੇਲੋੜਾ ਸਾਮਾਨ ਖ਼ਰੀਦ ਲੈਂਦੇ ਹਾਂ। ਇਸ ਤੋਂ ਇਲਾਵਾ ਕੱਪੜੇ ਅਤੇ ਵਿਆਹ 'ਤੇ ਲੋੜ ਤੋਂ ਜ਼ਿਆਦਾ ਖਰਚ ਕਰ ਦਿੰਦੇ ਹਾਂ। ਸਾਨੂੰ ਆਪਣੀ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ। ਇਸ ਕਹਾਵਤ ਨੂੰ ਅੱਜ ਤੱਕ ਕੋਈ ਗ਼ਲਤ ਸਿੱਧ ਨਹੀਂ ਕਰ ਸਕਿਆ। ਕਦੇ ਵੀ ਆਂਢ-ਗੁਆਂਢ, ਦੋਸਤ-ਮਿੱਤਰ ਜਾਂ ਰਿਸ਼ਤੇਦਾਰ ਦੀ ਰੀਸ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਨਹੀਂ ਤਾਂ ਬੇਲੋੜੇ ਖਰਚੇ ਕਰਕੇ ਅਸੀਂ ਆਪਣੀ ਜ਼ਿੰਦਗੀ ਨੂੰ ਤਣਾਅ ਭਰਪੂਰ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਾਗੇ ਤੇ ਹੌਲੀ-ਹੌਲੀ ਤਣਾਅ ਦੇ ਨਾਲ ਹੋਰ ਕਈ ਬਿਮਾਰੀਆਂ ਨੂੰ ਸਹੇੜ ਲਵਾਂਗੇ।

-ਕੰਵਰਦੀਪ ਸਿੰਘ ਭੱਲਾ (ਪਿੱਪਲਾਂਵਾਲਾ)
ਰਿਕਵਰੀ ਅਫ਼ਸਰ ਸਹਿਕਾਰੀ ਬੈਂਕ, ਹੁਸ਼ਿਆਰਪੁਰ।

ਧੁੰਦ ਬਨਾਮ ਸੜਕ ਹਾਦਸੇ

ਸਰਦੀ ਦੇ ਮੌਸਮ 'ਚ ਧੁੰਦ ਪੈਣੀ ਸ਼ੁਰੂ ਹੋਣ ਕਰਕੇ ਸੜਕ ਹਾਦਸਿਆਂ ਵਿਚ ਵਾਧਾ ਹੋਇਆ ਹੈ, ਜਿਸ ਕਾਰਨ ਕਈ ਵਡਮੁੱਲੀਆਂ ਅਤੇ ਅਨਮੋਲ ਜਾਨਾਂ ਚਲੀਆਂ ਜਾਂਦੀਆਂ ਹਨ। ਧੁੰਦ ਪੈਣੀ ਸ਼ੁਰੂ ਹੋਣ ਕਰਕੇ ਸੜਕ ਹਾਦਸੇ ਤੋਂ ਬਚਣ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਦੂਜਿਆਂ ਨੂੰ ਵੀ ਟ੍ਰੈਫਿਕ ਅਤੇ ਸੜਕ ਸੁਰੱਖਿਆ ਦੇ ਨਿਯਮਾਂ ਪ੍ਰਤੀ ਜਾਗਰੂਕ ਕਰਨਾ ਹੋਵੇਗਾ ਤਾਂ ਜੋ ਅਸੀਂ ਆਪਣੀ ਜਾਨ ਦੇ ਨਾਲ-ਨਾਲ ਦੂਜਿਆਂ ਦੀ ਵੀ ਕੀਮਤੀ ਜਾਨ ਬਚਾ ਸਕੀਏ।

-ਰਜਵਿੰਦਰ ਪਾਲ
ਪਿੰਡ ਕਾਲਝਰਾਣੀ, ਡਾਕ: ਚੱਕ ਅਤਰ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ।

ਕਿਸਾਨ ਜਥੇਬੰਦੀਆਂ ਬਨਾਮ ਰਾਜਨੀਤੀ

ਕੇਂਦਰ ਸਰਕਾਰ ਵਲੋਂ ਬਣਾਏ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵਲੋਂ ਦੁਨੀਆ ਭਰ ਦੇ ਹੱਕ-ਸੱਚ 'ਤੇ ਪਹਿਰਾ ਦੇਣ ਵਾਲੇ ਲੋਕਾਂ ਦੇ ਵੱਡੇ ਸਹਿਯੋਗ ਸਦਕਾ ਸਾਲ ਭਰ ਤੋਂ ਉੱਪਰ ਦਿੱਲੀ ਵਿਚ ਸ਼ਾਂਤਮਈ ਅੰਦੋਲਨ ਚਲਾ ਕੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਕਰਵਾਇਆ ਗਿਆ ਹੈ। ਇਥੇ ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੀ ਖਾਸੀਅਤ ਇਹ ਸੀ ਕਿ ਇਸ ਨੂੰ ਰਾਜਨੀਤਕ ਲੀਡਰਾਂ ਤੋਂ ਦੂਰ ਰੱਖਿਆ ਗਿਆ ਤੇ ਵੱਡੇ ਕਿਸਾਨ ਲੀਡਰਾਂ ਨੇ ਇਹ ਕਿਹਾ ਸੀ ਕਿ ਇਹ ਮੋਰਚਾ ਸਰਕਾਰਾਂ ਦੇ ਗ਼ਲਤ ਫ਼ੈਸਲੇ ਵਿਰੁੱਧ ਹਮੇਸ਼ਾ 'ਪ੍ਰੈਸ਼ਰ ਗਰੁੱਪ' ਦਾ ਕੰਮ ਕਰੇਗਾ ਪਰ ਹੁਣ ਇਸ ਮੋਰਚੇ ਦੀਆਂ ਦੋ ਦਰਜਨ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ (ਰਾਜਸੀ) ਸੰਯੁਕਤ ਸਮਾਜ ਮੋਰਚਾ ਬਣਾ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਪੰਜਾਬ ਵਿਚ ਲੜਨ ਦਾ ਫ਼ੈਸਲਾ ਕਰ ਲਿਆ ਹੈ, ਜਿਸ ਦੇ ਪੱਖ ਵਿਚ ਘੱਟ ਅਤੇ ਵਿਰੋਧ ਵਿਚ ਵੱਡੀਆਂ ਆਵਾਜ਼ਾਂ ਉੱਠ ਰਹੀਆਂ ਹਨ। ਇਨ੍ਹਾਂ ਜਥੇਬੰਦੀਆਂ ਵਲੋਂ ਚੋਣਾਂ ਲੜਨ ਨਾਲ ਪੰਜਾਬ ਦਾ ਕੁਝ ਭਾਵੇਂ ਸੰਵਰੇ ਜਾਂ ਨਾ ਸੰਵਰੇ ਪਰ ਇਸ ਨਾਲ ਭਾਜਪਾ ਨੂੰ ਜ਼ਰੂਰ ਫਾਇਦਾ ਹੋਵੇਗਾ। ਜਥੇਬੰਦੀਆਂ ਆਪਸ ਵਿਚ ਵੰਡੀਆਂ ਜਾਣਗੀਆਂ। ਚੋਣਾਂ ਲੜ ਰਹੀਆਂ ਜਥੇਬੰਦੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਰਕਾਰ ਚਲਾਉਣ ਅਤੇ ਜਥੇਬੰਦੀ ਚਲਾਉਣ ਵਿਚ ਵੱਡਾ ਫ਼ਰਕ ਹੁੰਦਾ ਹੈ। ਕਿਸਾਨ ਜਥੇਬੰਦੀਆਂ ਦਾ ਚੋਣਾਂ ਲੜਨ ਦਾ ਫ਼ੈਸਲਾ ਭਵਿੱਖ ਵਿਚ ਉਨ੍ਹਾਂ ਨੂੰ ਹੀਰੋ ਤੋਂ ਜ਼ੀਰੋ ਵੀ ਬਣਾ ਸਕਦਾ ਹੈ। ਸੋ, ਸਮਾਂ ਰਹਿੰਦਿਆਂ ਇਨ੍ਹਾਂ ਨੂੰ ਆਪਣੇ ਫ਼ੈਸਲੇ 'ਤੇ ਵਿਚਾਰ ਕਰ ਲੈਣਾ ਚਾਹੀਦਾ ਹੈ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਤਰਨ ਤਾਰਨ।

06-01-2022

 ਰੇਲ ਰੋਕੂ ਮੋਰਚਾ ਖ਼ਤਮ ਹੋਵੇ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਸਭ ਤੋਂ ਵੱਡੀ ਕਿਸਾਨ ਯੂਨੀਅਨ ਹੈ ਅਤੇ ਉਸ ਵਲੋਂ ਦਿੱਲੀ ਟਿਕਰੀ ਮੋਰਚੇ ਤੋਂ ਬਾਅਦ ਟੋਲ ਪਲਾਜ਼ਿਆਂ ਦੇ ਰੇਟ ਘੱਟ ਕਰਵਾਉਣ, ਮੁਆਵਜ਼ਾ ਅਤੇ ਹੋਰ ਕਿਸਾਨੀ ਮੰਗਾਂ ਦੀ ਪੂਰਤੀ ਲਈ ਪੰਜਾਬ ਵਿਚ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਬਾਹਰ ਆਪਣੇ ਪੱਧਰ 'ਤੇ ਪੱਕੇ ਧਰਨੇ ਲਾਏ ਗਏ ਹਨ ਪਰ ਉਸ ਨੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਪ੍ਰੋਗਰਾਮਾਂ ਨੂੰ ਹੁਣ ਤੱਕ ਪੂਰੇ ਜ਼ਾਬਤੇ ਵਿਚ ਰਹਿ ਕੇ ਲਾਗੂ ਕੀਤਾ ਹੈ। ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ 32 ਕਿਸਾਨ ਜਥੇਬੰਦੀਆਂ ਦੇ ਪ੍ਰੋਗਰਾਮ ਦੀ ਉਲੰਘਣਾ ਕਰ ਕੇ ਇਕ ਵਾਰ ਫਿਰ ਪੰਜਾਬ ਵਿਚ ਜੰਡਿਆਲਾ ਸਮੇਤ ਚਾਰ ਰੇਲ ਮਾਰਗਾਂ ਉਤੇ ਰੇਲ ਰੋਕੋ ਮੋਰਚਾ ਲਾਇਆ ਗਿਆ ਹੈ। ਉਸ ਨਾਲ ਜਿਥੇ ਆਮ ਲੋਕਾਂ ਨੂੰ ਬੜਾ ਵੱਡਾ ਨੁਕਸਾਨ ਅਤੇ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ, ਉਥੇ ਹੀ ਆਮ ਲੋਕ ਕਿਸਾਨਾਂ ਦੀ ਆਲੋਚਨਾ ਵੀ ਕਰ ਰਹੇ ਹਨ ਕਿਉਂਕਿ ਆਮ ਲੋਕਾਂ ਕੋਲ ਸਿਰਫ ਰੇਲ ਹੀ ਇਕ ਸਸਤਾ ਸਾਧਨ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸਾਨ ਜਥੇਬੰਦੀ ਅਜਿਹਾ ਕਰਕੇ ਟਰਾਂਸਪੋਰਟ ਮਾਫ਼ੀਏ ਦੇ ਹੱਕ ਵਿਚ ਭੁਗਤ ਰਹੀ ਹੈ। ਮੋਦੀ ਸਰਕਾਰ ਤਾਂ ਪਹਿਲਾਂ ਹੀ ਰੇਲ ਗੱਡੀਆਂ, ਰੇਲਵੇ ਸਟੇਸ਼ਨਾਂ, ਰੇਲ ਕਾਰਖਾਨਿਆਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦੇ ਪ੍ਰੋਜੈਕਟ ਨੂੰ ਤੇਜ਼ੀ ਨਾਲ ਲਾਗੂ ਕਰ ਰਹੀ ਹੈ। ਇਸ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਪਿਛਲੀਆਂ ਗ਼ਲਤੀਆਂ ਤੋਂ ਸਬਕ ਸਿੱਖ ਕੇ, ਕਿਸਾਨਾਂ ਅਤੇ ਆਮ ਲੋਕਾਂ ਦੇ ਹਿਤਾਂ ਨੂੰ ਮੁੱਖ ਰੱਖਦੇ ਹੋਏ ਰੇਲ ਰੋਕੋ ਮੋਰਚੇ ਨੂੰ ਤੁਰੰਤ ਖ਼ਤਮ ਕਰਨਾ ਚਾਹੀਦਾ ਹੈ ਅਤੇ ਬਾਕੀ ਰਹਿ ਗਈਆਂ ਕਿਸਾਨੀ ਮੰਗਾਂ ਮੰਨਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਜਮਹੂਰੀ ਪ੍ਰੋਗਰਾਮਾਂ ਨੂੰ ਹੀ ਲਾਗੂ ਕਰਨਾ ਚਾਹੀਦਾ ਹੈ। ਸਮੂਹ ਕਿਸਾਨ ਜਥੇਬੰਦੀਆਂ ਨੂੰ ਕਿਸਾਨੀ ਮੰਗਾਂ ਦੇ ਮੁੱਦੇ ਉੱਤੇ ਆਪਸੀ ਏਕਤਾ ਅਤੇ ਪੂਰਨ ਸਹਿਮਤੀ ਬਣਾਉਣ ਦੀ ਬੇਹੱਦ ਲੋੜ ਹੈ।


-ਸੁਮੀਤ ਸਿੰਘ
ਮੋਹਣੀ ਪਾਰਕ, ਅੰਮ੍ਰਿਤਸਰ।


ਪੰਜਾਬ ਸਰਕਾਰ ਦੇ ਧਿਆਨ ਹਿਤ
ਵੱਖ-ਵੱਖ ਵਿਭਾਗਾਂ ਦੇ ਅੰਦਰ ਕੰਮ ਕਰਦੇ ਇੰਜੀਨੀਅਰ ਜਿਨ੍ਹਾਂ ਨੂੰ ਸੂਬੇ ਦੀ ਵਿਕਾਸ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਹੈ, ਜਿਨ੍ਹਾਂ ਰਾਹੀਂ ਸਰਕਾਰ ਸੜਕਾਂ, ਪੁਲਾਂ, ਨਹਿਰਾਂ, ਬਿਜਲੀ, ਗਲੀਆਂ-ਨਾਲੀਆਂ, ਪੀਣ ਵਾਲਾ ਸਾਫ਼ ਪਾਣੀ, ਸੀਵਰੇਜ ਆਦਿ ਮਹੱਤਵਪੂਰਨ ਅਤੇ ਅਹਿਮ ਵਿਕਾਸ ਦੇ ਕਾਰਜਾਂ ਨੂੰ ਪੂਰਾ ਕੀਤਾ ਜਾਂਦਾ ਹੈ। ਪਰ ਇਸ ਵਕਤ ਸੂਬੇ ਵਿਚ ਕੰਮ ਕਰਦੇ ਜੂਨੀਅਰ ਇੰਜੀਨੀਅਰ, ਸਹਾਇਕ ਇੰਜੀਨੀਅਰਜ਼ ਅਤੇ ਪਦਉੱਨਤ ਹੋਏ ਉਪ-ਮੰਡਲ ਇੰਜੀਨੀਅਰਜ਼ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਭਾਰੀ ਨਿਰਾਸ਼ਤਾ ਵਿਚੋਂ ਲੰਘ ਰਹੇ ਹਨ। ਇਸ ਇੰਜੀਨੀਅਰਜ਼ ਵਰਗ ਵਲੋਂ ਸਰਕਾਰ ਤੱਕ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਆਵਾਜ਼ ਵੱਖ-ਵੱਖ ਤਰੀਕੇ ਨਾਲ ਰੱਖੀ ਗਈ ਪਰ ਕੋਈ ਸਾਰਥਕ ਫਾਇਦਾ ਨਹੀਂ ਹੋਇਆ। ਇਨ੍ਹਾਂ ਇੰਜੀਨੀਅਰਜ਼ ਵਲੋਂ ਲਗਾਤਾਰ ਵੱਖ-ਵੱਖ ਵਿਕਾਸ ਕਾਰਜਾਂ ਨੂੰ ਪੂਰੀ ਤਨਦੇਹੀ ਨਾਲ ਪੂਰਾ ਕੀਤਾ ਜਾ ਰਿਹਾ ਹੈ। ਇਸ ਲਈ ਮੇਰੀ ਸਰਕਾਰ ਨੂੰ ਪੁਰਜ਼ੋਰ ਅਪੀਲ ਹੈ ਕਿ ਉਹ ਵੀ ਵੱਡਾ ਦਿਲ ਕਰਕੇ ਇਨ੍ਹਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਸੁਣ ਕੇ ਪੂਰਾ ਕਰੇ ਅਤੇ ਮੈਨੂੰ ਵਿਸ਼ਵਾਸ ਹੈ ਕਿ ਪੰਜਾਬ ਸਰਕਾਰ ਵਲੋਂ ਜਾਰੀ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਵਿਚ ਇੰਜੀਨੀਅਰਜ਼ ਵਲੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ।


-ਇੰਜ. ਤੀਰਥ ਸਿੰਘ ਸਰਲੀ, ਅੰਮ੍ਰਿਤਸਰ।


ਮੁੱਖ ਮੰਤਰੀ ਦੇ ਧਿਆਨ ਹਿਤ
ਸਤਿਕਾਰਯੋਗ ਮੁੱਖ ਮੰਤਰੀ ਜੀ, ਤੁਸੀਂ ਤਨਖਾਹ ਕਮਿਸ਼ਨ ਲਾਗੂ ਕਰਨ ਲਈ ਨੋਟੀਫਿਕੇਸ਼ਨ ਤਾਂ ਜਾਰੀ ਕਰ ਦਿੱਤਾ ਹੈ ਪਰ ਇਸ ਵਿਚ ਪਿਛਲੇ ਸਮੇਂ ਦੇ ਬਕਾਏ ਬਾਰੇ ਕੁਝ ਨਹੀਂ ਲਿਖਿਆ। ਕਿਰਪਾ ਕਰਕੇ ਸੰਬੰਧਿਤ ਮਹਿਕਮੇ ਨੂੰ ਹੁਕਮ ਜਾਰੀ ਕੀਤੇ ਜਾਣ। ਵਰਨਣਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਨੇ ਸੇਵਾ-ਮੁਕਤ ਕਰਮਚਾਰੀਆਂ ਨੂੰ ਇਕੋ ਕਿਸ਼ਤ ਵਿਚ ਬਕਾਇਆ ਦੇਣ ਦਾ ਇਸ਼ਤਿਹਾਰ ਵੀ ਜਾਰੀ ਕੀਤਾ ਹੈ।


-ਸਰਬਜੀਤ ਸਿੰਘ ਹੇਰਾਂ
ਗਰੀਨ ਸਿਟੀ, ਜਗਰਾਉਂ।


ਪੰਜਾਬੀ ਮਾਂ-ਬੋਲੀ ਸਾਡੀ ਸ਼ਾਨ
ਬੇਸ਼ੱਕ ਸਰਕਾਰੀ ਕਰਮਚਾਰੀ ਅਰਧ-ਸਰਕਾਰੀ ਦਫ਼ਤਰਾਂ, ਸਕੂਲਾਂ-ਕਾਲਜਾਂ ਵਿਚ ਪੰਜਾਬੀ ਭਾਸ਼ਾ ਲਾਗੂ ਕਰਨ ਦਾ ਆਦੇਸ਼ ਹੈ ਪਰ ਅਸਲ 'ਚ ਇਹ ਆਦੇਸ਼ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਹੈ। ਦਫ਼ਤਰ 'ਚ ਅੱਜ ਵੀ ਪੰਜਾਬੀ ਮਾਂ-ਬੋਲੀ ਨੂੰ ਧੱਕੇ ਵੱਜ ਰਹੇ ਹਨ। ਅਰਧ-ਸਰਕਾਰੀ ਤੇ ਕਾਨਵੈਂਟ ਸਕੂਲਾਂ ਅੰਦਰ ਪੰਜਾਬੀ ਬਿਲਕੁਲ ਨਹੀਂ ਲਾਗੂ, ਇਥੋਂ ਤੱਕ ਕਿ ਨਰਸਰੀ ਤੋਂ ਲੈ ਕੇ ਦਸਵੀਂ ਕਲਾਸ ਦੇ ਬੱਚੇ ਨੂੰ ਪੰਜਾਬੀ ਵਿਚ ਆਪਣੇ ਸਕੂਲ, ਆਪਣੇ ਮਾਪਿਆਂ, ਆਪਣੇ ਜ਼ਿਲ੍ਹੇ ਦਾ ਨਾਂਅ ਤੱਕ ਨਹੀਂ ਲਿਖਣਾ ਆਉਂਦਾ। ਅਸੀਂ ਸਾਰਾ ਭਾਂਡਾ ਸਕੂਲਾਂ ਜਾਂ ਕਾਲਜਾਂ 'ਤੇ ਨਹੀਂ ਭੰਨ ਸਕਦੇ। ਕਿਤੇ ਨਾ ਕਿਤੇ ਕਸੂਰਵਾਰ ਮਾਪੇ ਹਨ, ਅਸੀਂ ਸਿਰਫ ਮਹੀਨੇ ਬਾਅਦ ਸਕੂਲ ਮਾਪੇ ਮਿਲਣੀ 'ਤੇ ਜ਼ਰੂਰ ਜਾਂਦੇ ਹਾਂ ਪਰ ਕਦੇ ਕਿਸੇ ਮਾਪੇ ਨੇ ਪੁੱਛਿਆ ਅਧਿਆਪਕਾਂ ਨੂੰ ਸਾਡਾ ਬੱਚਾ ਪੰਜਾਬੀ ਲਿਖਣ-ਪੜ੍ਹਨ ਵਿਚ ਕਿਵੇਂ ਦਾ ਹੈ, ਨਹੀਂ ਪੁੱਛਿਆ ਹੋਵੇਗਾ। ਕੋਈ ਵੀ ਭਾਸ਼ਾ ਸਿੱਖਣੀ ਮਾੜੀ ਨਹੀਂ ਹੁੰਦੀ ਪਰ ਆਪਣੀ ਮਾਂ ਨੂੰ ਛੱਡ ਬੇਗਾਨੀ ਭਾਸ਼ਾ ਨੂੰ ਪਹਿਲ ਦੇਣੀ ਇਹ ਵੀ ਠੀਕ ਨਹੀਂ। ਅਜੇ ਵੀ ਸਮਾਂ ਹੈ ਜੇਕਰ ਪੰਜਾਬੀ ਮਾਂ-ਬੋਲੀ ਦੀ ਹੋਂਦ ਬਚਾਉਣੀ ਹੈ ਤਾਂ ਆਪਣੇ ਬੱਚਿਆਂ ਨੂੰ ਪਹਿਲ ਦੇ ਆਧਾਰ 'ਤੇ ਪੰਜਾਬੀ ਪੜ੍ਹਾਓ, ਪੰਜਾਬੀ ਲਿਖਣ ਨੂੰ ਪਹਿਲ ਦਿਓ ਤਾਂ ਜੋ ਮਾਣ ਨਾਲ ਆਖ ਸਕੀਏ ਦਿਲ ਆਪਣਾ ਪੰਜਾਬੀ, ਪੰਜਾਬੀ ਮਾਂ-ਬੋਲੀ ਸਾਡੀ ਸ਼ਾਨ ਹੈ।


-ਨਵਨੀਤ ਸਿੰਘ ਭੁੰਬਲੀ
ਜ਼ਿਲ੍ਹਾ ਗੁਰਦਾਸਪੁਰ।


ਵੋਟਾਂ 'ਚ ਨਸ਼ੇ ਦੀ ਵਰਤੋਂ
ਜਿਵੇਂ-ਜਿਵੇਂ ਵੋਟਾਂ ਨੇੜੇ ਆ ਰਹੀਆਂ ਹਨ, ਪਿੰਡਾਂ ਵਿਚ ਸ਼ਰਾਬ, ਭੁੱਕੀ, ਪੋਸਤ, ਅਫੀਮ ਅਤੇ ਹੋਰ ਨਸ਼ਿਆਂ ਨੂੰ ਵੀ ਵੰਡਿਆ ਜਾਵੇਗਾ। ਨੌਜਵਾਨਾਂ ਨੂੰ ਵੋਟਾਂ ਦਾ ਲਾਲਚ ਦੇ ਕੇ ਇਹ ਨਸ਼ੇ ਘਰ ਬੈਠੇ ਮੁਹੱਈਆ ਕਰਾਏ ਜਾਣਗੇ। ਘਰ-ਘਰ ਨਸ਼ੇ ਪਹੁੰਚਾਏ ਜਾਣਗੇ। ਮੇਰੀ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਉਹ ਨਸ਼ੇ ਵੰਡਣ ਵਾਲੀ ਪਾਰਟੀ ਦੇ ਲੀਡਰਾਂ ਜਾਂ ਉਨ੍ਹਾਂ ਦੇ ਕਰਿੰਦਿਆਂ ਦੇ ਲਾਲਚ ਵਿਚ ਨਾ ਫਸਣ। ਜੇਕਰ ਤੁਸੀਂ ਇਕ ਵਾਰੀ ਕਿਸੇ ਨਸ਼ੇ 'ਤੇ ਲੱਗ ਗਏ ਹੋ ਤਾਂ ਬਾਅਦ 'ਚ ਤੁਹਾਨੂੰ ਮਿਲਣਾ ਔਖਾ ਹੋ ਜਾਊਗਾ। ਨਸ਼ੇਬਾਜ਼ਾਂ ਨੂੰ ਨਾ ਸਿਰਫ ਨਵੇਂ ਗਾਹਕ ਬਣਾਉਣ ਲਈ ਉਨ੍ਹਾਂ ਨੂੰ ਪਹਿਲੀਆਂ ਕੁਝ ਖੁਰਾਕਾਂ ਮੁਫ਼ਤ ਦਿੰਦੇ ਹਨ ਤੇ ਫਿਰ ਬੱਸ ਉਸ ਦੇ ਮਗਰੋਂ ਬੰਦਾ ਨਸ਼ੇ ਦੀ ਇਹੋ ਜਿਹੀ ਪਕੜ ਵਿਚ ਆਉਂਦਾ ਹੈ ਕਿ ਉਸ ਲਈ ਖਹਿੜਾ ਛੁਡਾਉਣਾ ਔਖਾ ਹੋ ਜਾਂਦਾ ਹੈ। ਸਰਕਾਰ ਨੂੰ ਨੌਜਵਾਨਾਂ ਨੂੰ ਉੱਜੜਨ ਤੋਂ ਰੋਕਣਾ ਚਾਹੀਦਾ ਹੈ ਅਤੇ ਨਸ਼ਾ ਵੰਡਣ ਵਾਲੇ ਉਮੀਦਵਾਰਾਂ ਦਾ ਵੋਟਰਾਂ ਨੂੰ ਬਾਈਕਾਟ ਕਰਨਾ ਚਾਹੀਦਾ ਹੈ।


-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

05-01-2022

 ਚੋਣਾਂ ਤੇ ਸਿਆਸਤ

ਚੋਣਾਂ ਨਜ਼ਦੀਕ ਆਉਂਦੇ ਹੀ ਥਾਂ-ਥਾਂ ਧਾਰਮਿਕ ਅਸਥਾਨਾਂ ਵਿਚ ਬੇਅਦਬੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। 2017 ਦੀਆਂ ਚੋਣਾਂ ਸਮੇਂ ਬਰਗਾੜੀ ਵਿਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ ਨੂੰ ਜ਼ੋਰਾਂ-ਸ਼ੋਰਾਂ ਨਾਲ ਚੁੱਕਿਆ ਗਿਆ। ਇਸ ਤਰ੍ਹਾਂ ਦੇ ਨਿੰਦਣਯੋਗ ਕੰਮ ਚੋਣਾਂ ਤੋਂ ਪਹਿਲਾਂ ਸਰਕਾਰਾਂ ਜ਼ਰੂਰ ਕਰਵਾਉਂਦੀਆਂ ਹਨ ਤਾਂ ਕਿ ਲੋਕ ਅਸਲ ਮੁੱਦਿਆਂ ਤੋਂ ਭਟਕ ਜਾਣ। 2017 ਦੀਆਂ ਚੋਣਾਂ ਸਮੇਂ ਧਰਮ ਦੇ ਨਾਂਅ 'ਤੇ ਰਾਜਨੀਤੀ ਹੋਈ। ਸਰਕਾਰਾਂ ਨਹੀਂ ਚਾਹੁੰਦੀਆਂ ਕਿ ਆਮ ਜਨਤਾ ਆਪਣੇ ਹੱਕ ਮੰਗ ਸਕੇ। ਪੰਜਾਬ ਵਿਚ ਨਿੱਤ ਹਰ ਮਹਿਕਮੇ ਦੇ ਕਰਮਚਾਰੀ ਧਰਨਿਆਂ ਉੱਪਰ ਰਹਿੰਦੇ ਹਨ। ਪੰਜਾਬ ਵਿਚ ਚੋਣਾਂ ਨਜ਼ਦੀਕ ਆ ਰਹੀਆਂ ਹਨ, ਸਰਕਾਰਾਂ ਜਨਤਾ ਨੂੰ ਉਨ੍ਹਾਂ ਦੇ ਅਸਲ ਮੁੱਦਿਆਂ ਤੋਂ ਭਟਕਾਉਣਾ ਚਾਹੁੰਦੀਆਂ ਹਨ, ਹੁਣ ਪੰਜਾਬ ਵਿਚ ਆਏ ਦਿਨ ਧਾਰਮਿਕ ਅਸਥਾਨਾਂ ਵਿਚ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ। ਫਿਰ ਇਹ ਕਹਿ ਭੋਲੀ-ਭਾਲੀ ਜਨਤਾ ਤੋਂ ਵੋਟਾਂ ਬਟੋਰ ਲਈਆਂ ਜਾਂਦੀਆਂ ਹਨ ਕਿ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ ਪਰ ਉਹ ਕਦੇ ਸਰਕਾਰਾਂ ਦਿੰਦੀਆਂ ਹੀ ਨਹੀਂ, ਕਿਉਂਕਿ ਬੇਅਦਬੀ ਕਰਵਾਉਣ ਵਿਚ ਤਾਂ ਹੱਥ ਸਰਕਾਰਾਂ ਦਾ ਹੀ ਹੁੰਦਾ ਹੈ ਤਾਂ ਕਿ ਧਰਮ ਦੇ ਨਾਂਅ 'ਤੇ ਰਾਜਨੀਤੀ ਕਰ ਸਕਣ।

-ਸੁਖਮਨ ਚੀਮਾ, ਖੰਨਾ।

ਕਬੱਡੀ ਦੀਆਂ ਧੁੰਮਾਂ

ਪੰਜਾਬੀਆਂ ਦੀ ਹਰਮਨ-ਪਿਆਰੀ ਖੇਡ ਕਬੱਡੀ ਅੱਜ ਦੇਸ਼ ਦੀਆਂ ਸਾਰੀਆਂ ਖੇਡਾਂ ਨਾਲੋਂ ਵਧ ਕੇ ਹਰਮਨ-ਪਿਆਰੀ ਬਣਦੀ ਜਾ ਰਹੀ ਹੈ। ਕਬੱਡੀ ਭਾਵੇਂ ਕਿ ਦੋ-ਤਿੰਨ ਤਰੀਕਿਆਂ ਨਾਲ ਖੇਡੀ ਜਾਂਦੀ ਹੈ ਪਰ ਅੱਜਕਲ੍ਹ ਪੰਜਾਬ ਵਿਚ ਕਰਵਾਏ ਜਾਂਦੇ ਖੇਡ ਮੇਲਿਆਂ 'ਤ ਸਰਕਲ ਸਟਾਈਲ ਕਬੱਡੀ ਦੀਆਂ ਧੁੰਮਾਂ ਸਾਰੀ ਦੁਨੀਆ ਵਿਚ ਪਈਆਂ ਹੋਈਆਂ ਹਨ। ਅੱਜ ਇਹ ਖੇਡ ਲੱਖਾਂ ਤੋਂ ਕਰੋੜਾਂ ਤੱਕ ਪਹੁੰਚ ਗਈ ਹੈ। ਦੇਸ਼ ਅਤੇ ਵਿਦੇਸ਼ਾਂ ਦੇ ਖੇਡ ਪ੍ਰੇਮੀਆਂ ਵਲੋਂ ਪਾਏ ਜਾ ਰਹੇ ਦਿਲ ਖੋਲ੍ਹ ਕੇ ਯੋਗਦਾਨ ਸਦਕਾ ਨਾਮਵਰ ਕਬੱਡੀ ਅਕੈਡਮੀਆਂ ਦੇ ਮੁਕਾਬਲੇ ਮੋਟਰਸਾਈਕਲਾਂ, ਕਾਰਾਂ, ਜੀਪਾਂ, ਟਰੈਕਟਰਾਂ ਤੋਂ ਇਲਾਵਾ ਸੋਨੇ ਦੇ ਕੈਂਠੇ ਮੁੰਦਰੀਆਂ ਤੇ ਵੱਡੇ-ਵੱਡੇ ਸਨਮਾਨ ਚਿੰਨ੍ਹਾ ਨਾਲ ਸਿਰੇ ਚੜ੍ਹਦੇ ਹਨ ਪਰ ਏਨੇ ਵੱਡੇ ਪੱਧਰ 'ਤੇ ਕੀਤੇ ਜਾਂਦੇ ਪ੍ਰਬੰਧ ਅਤੇ ਖਰਚ ਕੀਤਾ ਪੈਸਾ ਉਦੋਂ ਸੋਚਣ ਲਈ ਮਜਬੂਰ ਕਰਦਾ ਹੈ ਕਿ ਇਹ ਮੈਚ ਹਰ ਖੇਡ ਮੇਲੇ ਵਿਚ ਲਗਭਗ ਦੁਪਹਿਰ ਤੋਂ ਬਾਅਦ ਹੀ ਕਿਉਂ ਸ਼ੁਰੂ ਕੀਤੇ ਜਾਂਦੇ ਹਨ, ਜਦਕਿ ਕਬੱਡੀ ਦੇ ਖੇਡ ਮੇਲੇ ਜ਼ਿਆਦਾਤਰ ਸਰਦੀਆਂ ਵਿਚ ਕਰਵਾਏ ਜਾਂਦੇ ਹਨ ਬਹੁਤ ਖੇਡ ਮੇਲਿਆਂ ਵਿਚ ਫਾਈਨਲ ਮੈਚ ਤਾਰਿਆਂ ਦੀ ਛਾਵੇਂ ਹੀ ਹੁੰਦੇ ਹਨ, ਉਦੋਂ ਤੱਕ ਵੱਡੀ ਗਿਣਤੀ ਵਿਚ ਦਰਸ਼ਕ ਘਰਾਂ ਨੂੰ ਚਲੇ ਜਾਂਦੇ ਹਨ। ਇਸ ਕਰਕੇ ਸਾਰੀਆਂ ਕਬੱਡੀ ਅਕੈਡਮੀਆਂ ਅਤੇ ਖੇਡ ਮੇਲਿਆਂ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਇਹ ਮੈਚ ਦਿਨੇ ਲਗਭਗ 9 ਵਜੇ ਚਾਲੂ ਹੋ ਜਾਣੇ ਚਾਹੀਦੇ ਹਨ ਤਾਂ ਜੋ ਸੂਰਜ ਛਿਪਣ ਤੱਕ ਸਮਾਪਤ ਹੋ ਜਾਣ।

-ਮਾ. ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ. ਪੱਟੀ, ਜ਼ਿਲ੍ਹਾ ਤਰਨ ਤਾਰਨ।

ਲੱਛੇਦਾਰ ਭਾਸ਼ਨ

ਸਿਆਸੀ ਲੋਕਾਂ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਲੱਛੇਦਾਰ ਭਾਸ਼ਨਾਂ ਨਾਲ ਲੋਕਾਂ ਨੂੰ ਭਰਮਾਉਣਾ ਸ਼ੁਰੂ ਕਰ ਦਿੱਤਾ ਹੈ। ਪੂਰੇ ਚਾਰ-ਸਵਾ ਚਾਰ ਸਾਲ ਕੱਛਾਂ 'ਚ ਹੱਥ ਦੇ ਕੇ ਬੈਠਣ ਵਾਲਿਓ ਨਿਰਾਪੁਰਾ ਭਾਸ਼ਨਾਂ ਨਾਲ ਹੀ ਲੋਕਾਂ ਦਾ ਢਿੱਡ ਨਹੀਂ ਭਰਿਆ ਜਾ ਸਕਦਾ। ਨਾ ਹੀ ਲੋਕਾਂ ਦੀਆਂ ਮੁਢਲੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਭਾਸ਼ਨ ਤਾਂ ਇਸ ਤਰ੍ਹਾਂ ਦਿੱਤੇ ਜਾ ਰਹੇ ਹਨ, ਜਿਵੇਂ ਲੋਕ ਸਿਰਫ ਭਾਸ਼ਨ ਸੁਣ ਕੇ ਹੀ ਵੋਟ ਦੇ ਦੇਣਗੇ। ਪਿਛਲੇ ਦਿਨੀਂ ਇਕ ਆਗੂ ਦਾ ਬਿਆਨ ਆਇਆ ਕਿ ਉਹ ਪਾਰਟੀ ਨੂੰ ਜਿਤਾਉਣ ਲਈ 'ਸ਼ੋਅ ਪੀਸ' ਨਹੀਂ ਬਣੇਗਾ। ਅਸਲ 'ਚ ਸਿਆਸੀ ਆਗੂ ਪਾਰਟੀਆਂ ਲਈ 'ਸ਼ੋਅ ਪੀਸ' ਹੀ ਹੁੰਦੇ ਹਨ ਕਿਉਂਕਿ ਜਿਵੇਂ 'ਸ਼ੋਅ ਪੀਸ' ਬਾਹਰੋਂ ਚਮਕ ਰਿਹਾ ਹੁੰਦਾ ਹੈ। ਦੇਖਣ ਵਾਲਿਆਂ ਨੂੰ ਪ੍ਰਭਾਵਿਤ ਕਰਦਾ ਹੈ ਪਰ ਅੰਦਰੋਂ ਤਾਂ ਖੋਖਲਾ ਹੀ ਹੁੰਦਾ ਹੈ। ਠੀਕ ਇਸੇ ਤਰ੍ਹਾਂ ਤੁਹਾਡਾ ਭਾਸ਼ਨ ਸੁਣਨ ਵਾਲਿਆਂ ਨੂੰ ਪ੍ਰਭਾਵਿਤ ਕਰਨ ਵਾਲਾ ਤਾਂ ਹੁੰਦਾ ਹੈ ਪਰ ਸਚਾਈ ਤੋਂ ਕੋਹਾਂ ਦੂਰ ਹੁੰਦਾ ਹੈ। ਚੋਣਾਂ ਤੋਂ ਬਾਅਦ ਜਿੱਤਣ ਵਾਲੀ ਪਾਰਟੀ ਤੇ ਵਿਰੋਧੀ ਧਿਰਾਂ ਦੇ ਆਗੂ ਇਕ ਤਰ੍ਹਾਂ ਨਾਲ ਚੁੱਪ ਹੋ ਕੇ ਰਹਿ ਜਾਂਦੇ ਹਨ। ਦੁਬਾਰਾ ਚੋਣਾਂ ਆਉਣ 'ਤੇ ਮੁੜ ਸਰਗਰਮ ਹੋ ਕੇ ਪਹਿਲੀਆਂ ਚੋਣਾਂ 'ਚ ਕੀਤੇ ਵਾਅਦੇ-ਦਾਅਵੇ ਕਰਨੇ ਸ਼ੁਰੂ ਕਰ ਦਿੰਦੇ ਹਨ। ਪਰ ਹੁਣ ਲੋਕ ਸਿਆਣੇ ਹੋ ਗਏ ਹਨ। ਕਹਿਣੀ ਤੇ ਕਰਨੀ 'ਚ ਫ਼ਰਕ ਸਮਝਣ ਲੱਗ ਪਏ ਹਨ। ਨੇਤਾ ਜੀ ਹੁਣ ਤੁਸੀਂ ਵੀ ਸਿਆਣੇ ਹੋ ਜਾਵੋ।

-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਕੇਵਲ ਕਿਤਾਬੀ ਪੜ੍ਹਾਈ ਹੀ ਕਾਫੀ ਨਹੀਂ

ਕਹਿੰਦੇ ਹਨ ਕਿ ਕਿਤਾਬਾਂ ਪੜ੍ਹਨ ਦਾ ਕੋਈ ਨਿਸਚਿਤ ਸਮਾਂ ਅਤੇ ਉਮਰ ਨਹੀਂ ਹੁੰਦੀ ਪਰ ਅਜੋਕੇ ਸਮੇਂ ਵਿਚ ਵਿਦਿਆਰਥੀਆਂ ਨੇ ਆਪਣੇ-ਆਪ ਨੂੰ ਕਿਤਾਬਾਂ ਤੱਕ ਹੀ ਸੀਮਤ ਕਰ ਲਿਆ ਹੈ। ਸਮਕਾਲੀ ਮਾਹੌਲ ਵਿਚ ਵਿਦਿਆਰਥੀ ਸਮਾਜ ਨਾਲੋਂ ਟੁੱਟਦੇ ਜਾ ਰਹੇ ਹਨ। ਵਧੇਰੇ ਵਿਦਿਆਰਥੀ ਕਿਤਾਬੀ ਕੀੜਾ ਬਣਦੇ ਜਾ ਰਹੇ ਹਨ, ਜਿਸ ਕਾਰਨ ਉਹ ਸਮਾਜ ਵਿਚ ਵਿਚਰ ਨਹੀਂ ਪਾਉਂਦੇ। ਕਿਤਾਬਾਂ ਤੱਕ ਸੀਮਤ ਰਹਿਣ ਕਾਰਨ, ਅਜੋਕੀ ਪੀੜ੍ਹੀ ਦੇ ਸਰੀਰਕ ਵਿਕਾਸ ਵਿਚ ਕਾਫੀ ਕਮੀ ਵੇਖਣ ਨੂੰ ਮਿਲ ਰਹੀ ਹੈ। ਕੇਵਲ ਵਧੇਰੇ ਅੰਕ ਪ੍ਰਾਪਤ ਕਰਨਾ ਅਤੇ ਡਿਗਰੀਆਂ ਹਾਸਲ ਕਰਨਾ ਹੀ ਵਿਦਿਆਰਥੀਆਂ ਦਾ ਟੀਚਾ ਨਹੀਂ ਹੋਣਾ ਚਾਹੀਦਾ ਬਲਕਿ ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਅਧਿਆਪਕਾਂ ਦਾ ਫ਼ਰਜ਼ ਬਣਦਾ ਹੈ ਕਿ ਵਿਦਿਆਰਥੀਆਂ ਅੰਦਰ ਨੈਤਿਕਤਾ ਦਾ ਵਿਕਾਸ ਕਰਨ ਅਤੇ ਸਮਾਜਿਕ ਕਦਰਾਂ-ਕੀਮਤਾਂ ਸਿਖਾਉਣ। ਅਜੋਕੀ ਪੀੜ੍ਹੀ ਅੰਦਰ ਨੈਤਿਕਤਾ ਪੱਖੋਂ ਕਾਫੀ ਗਿਰਾਵਟ ਆਈ ਹੈ, ਜੋ ਗੁਣ ਵਿਦਿਆਰਥੀ ਕਿਤਾਬਾਂ ਤੋਂ ਸਿੱਖਣ ਵਿਚ ਅਸਫਲ ਰਹੇ ਹਨ। ਸ਼ਾਇਦ ਉਹ ਨੈਤਿਕ ਕਦਰਾਂ-ਕੀਮਤਾਂ ਵਾਲੇ ਗੁਣ ਅਧਿਆਪਕ/ਮਾਪੇ ਸਮਾਜ ਵਿਚ ਰਹਿ ਕੇ ਸਿਖਾਉਣ ਵਿਚ ਸਫਲ ਹੋ ਜਾਣ।

-ਸਿਮਰਨਦੀਪ ਕੌਰ ਬੇਦੀ
ਬਾਬਾ ਨਾਮਦੇਵ ਨਗਰ, ਘੁਮਾਣ।

ਰਾਸ਼ਨ ਕਾਰਡ

ਅੱਜਕਲ੍ਹ ਨੀਲੇ, ਪੀਲੇ ਕਾਰਡ ਅਤੇ ਆਧਾਰ ਕਾਰਡ ਦਾ ਜ਼ਮਾਨਾ ਹੋ ਗਿਆ ਹੈ, ਜਿਸ ਨਾਲ ਸਮਾਜਿਕ ਵੰਡੀਆਂ ਪੈ ਗਈਆਂ ਹਨ। ਪਾਰਟੀ ਅਨੁਸਾਰ ਇਸ ਦੀ ਹੋਂਦ ਨਾਲ ਲੋੜਵੰਦ ਲਾਭ ਤੋਂ ਵਾਂਝੇ ਰਹਿ ਜਾਂਦੇ ਹਨ। ਪੁਰਾਣੇ ਜ਼ਮਾਨੇ ਵਿਚ ਇਕੋ ਇਕ ਰਾਸ਼ਨ ਕਾਰਡ ਹੁੰਦਾ ਸੀ ਜੋ ਕਿ ਪਰਿਵਾਰਾਂ ਅਨੁਸਾਰ ਸਭ ਅਮੀਰ-ਗਰੀਬ ਬਣਾ ਲੈਂਦੇ ਸਨ। ਇਸ ਰਾਸ਼ਨ ਕਾਰਡ ਨਾਲ ਖੰਡ, ਤੇਲ ਅਤੇ ਅਨਾਜ ਆਦਿ ਸਭ ਨੂੰ ਰਿਆਇਤ ਦੇ ਆਧਾਰ 'ਤੇ ਮਿਲਦਾ ਸੀ ਤੇ ਗ਼ਰੀਬ-ਅਮੀਰ ਦਾ ਕੋਈ ਫ਼ਰਕ ਨਹੀਂ ਸੀ ਰੱਖਿਆ ਜਾਂਦਾ। ਜਿਸ ਪਰਿਵਾਰ ਨੇ ਮਹੀਨਾਵਾਰ ਰਾਸ਼ਨ ਕਾਰਡ 'ਤੇ ਲੋੜੀਂਦਾ ਸਾਮਾਨ ਨਾ ਲੈਣਾ ਹੁੰਦਾ, ਉਹ ਆਪਣੇ ਦੋਸਤ ਜਾਂ ਗ਼ਰੀਬ ਲੋੜਵੰਦ ਦੀ ਮਦਦ ਲਈ ਦੇ ਦਿੰਦਾ ਸੀ। ਵਿਆਹ-ਸ਼ਾਦੀਆਂ ਅਤੇ ਹੋਰ ਪ੍ਰੋਗਰਾਮਾਂ ਲਈ ਇਹ ਲੋੜੀਂਦੀਆਂ ਵਸਤਾਂ ਲਈ ਇਕ-ਦੂਜੇ ਦੀ ਮਦਦ ਕਰਨਾ ਆਪਣਾ ਮਾਣ ਸਮਝਦੇ ਸਨ ਅਤੇ ਸਮਾਜਿਕ ਸਾਂਝ ਨਾਲ ਭਾਈਬੰਦੀ ਵਧਦੀ ਸੀ ਅਤੇ ਦੁਸ਼ਮਣੀ ਖ਼ਤਮ ਹੁੰਦੀ ਸੀ। ਸੋ, ਅਜਿਹੇ ਕਾਰਜ ਸਮਾਜ ਸੇਵਾ ਵਿਚ ਸਰਕਾਰਾਂ ਦੇ ਚੰਗੇ ਕੰਮ ਮੰਨੇ ਜਾਂਦੇ ਸਨ। ਜੇਕਰ ਸਰਕਾਰਾਂ ਹੁਣ ਵੀ ਅਜਿਹੀ ਸਕੀਮ ਨੂੰ ਲਾਗੂ ਕਰਨ ਤਾਂ ਇਹ ਸਮਾਜ ਭਲਾਈ ਕੰਮ ਸਰਕਾਰਾਂ ਦਾ ਸ਼ਲਾਘਾਯੋਗ ਉਦਮ ਹੋਵੇਗਾ।

-ਰਘਬੀਰ ਸਿੰਘ ਬੈਂਸ, ਸੁਪਰਡੈਂਟ (ਰਿਟਾ.), ਮੈਂਬਰ ਮਨੁੱਖੀ ਅਧਿਕਾਰ ਮੰਚ।

04-01-2022

 ਸਿਆਸੀ ਪਾਰਾ

ਜਿਉਂ-ਜਿਉਂ ਸਰਦੀ ਵਧ ਰਹੀ ਹੈ, ਪੰਜਾਬ 'ਚ ਤਿਉਂ-ਤਿਉਂ ਸਿਆਸੀ ਪਾਰਾ ਚੜ੍ਹਦਾ ਜਾ ਰਿਹਾ ਹੈ। ਸਿਆਸੀ ਲੋਕ ਪ੍ਰਚਾਰ ਦਾ ਕੋਈ ਵੀ ਮੌਕਾ ਖੁੰਝਣ ਨਹੀਂ ਦਿੰਦੇ। ਬੇਸ਼ੱਕ 2017 ਵਿਚ ਵੀ ਤਿਕੋਣਾ ਮੁਕਾਬਲਾ ਸੀ ਪਰ ਲੋਕ-ਫ਼ਤਵਾ ਰਵਾਇਤੀ ਪਾਰਟੀ ਕਾਂਗਰਸ ਦੇ ਹੱਕ ਵਿਚ ਗਿਆ ਸੀ। ਭਾਵੇਂ ਕੈਪਟਨ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਕਿਤੇ ਨਾ ਕਿਤੇ ਮੁਨਕਰ ਹੋਈ ਪਰ ਇਸ ਵਾਰ ਫਿਰ ਆਪਣਾ ਸਿਆਸੀ ਭਵਿੱਖ ਅਜ਼ਮਾਉਣ ਲਈ ਪੱਬਾਂ ਭਾਰ ਹੈ। ਕਿਤੇ ਨਾ ਕਿਤੇ ਵਿਧਾਨ ਸਭਾ ਚੋਣਾਂ ਤੇ ਕਿਸਾਨੀ ਸੰਘਰਸ਼ ਦਾ ਪ੍ਰਛਾਵਾਂ ਵੀ ਪਏਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ, ਫਿਲਹਾਲ ਤਿੰਨੇ ਪਾਰਟੀਆਂ ਪੂਰੇ ਜੋਸ਼ ਨਾਲ ਮੈਦਾਨ ਵਿਚ ਉਤਰੀਆਂ ਹਨ। 'ਆਪ' ਇਸ ਵਾਰ ਫਿਰ ਆਪਣੇ ਬਹੁਤ ਸਾਰੇ ਪੁਰਾਣੇ ਮੈਂਬਰਾਂ 'ਤੇ ਵਿਸ਼ਵਾਸ ਜਤਾ ਕੇ ਸਿਆਸੀ ਦਾਅ ਖੇਡ ਰਹੀ ਹੈ ਪਰ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਣਾ ਪਿਛਲੀ ਵਾਰ ਵਾਲੀ ਗ਼ਲਤੀ ਹੀ ਦੁਬਾਰਾ ਦੁਹਰਾਈ ਜਾ ਰਹੀ ਹੈ, ਜਿਸ ਦਾ ਖਮਿਆਜ਼ਾ ਇਸ ਵਾਰ ਵੀ ਭੁਗਤਣਾ ਪੈ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ (ਬ) ਆਪਣੀ ਗੁਆਚੀ ਹੋਈ ਸ਼ਾਖ਼ ਨੂੰ ਮੁੜ ਲੱਭਣਾ ਚਾਹੁੰਦਾ ਹੈ, ਜਿਸ ਲਈ ਕਾਫ਼ੀ ਮਿਹਨਤ ਦੀ ਲੋੜ ਹੈ। ਯਾਦ ਰਹੇ ਅਕਾਲੀ ਦਲ ਦੇ ਕਈ ਦਿੱਗਜ਼ ਨੇਤਾ ਪਾਰਟੀ ਦਾ ਪੱਲਾ ਛੱਡ ਚੁੱਕੇ ਹਨ ਤੇ ਕਈ ਵਾਪਸ ਆ ਰਹੇ ਹਨ। ਕਾਂਗਰਸ ਵਿਚ ਕੈਪਟਨ ਸਾਹਿਬ ਦਾ ਅਸਤੀਫ਼ਾ ਕਾਂਗਰਸ ਲਈ ਕਾਫੀ ਮਹਿੰਗਾ ਸਾਬਤ ਹੋਵੇਗਾ ਕਿਉਂਕਿ ਵਾਅਦੇ ਵਫ਼ਾ ਨਹੀਂ ਹੋਏ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ. ਦੱਧਾਹੂਰ, ਤਹਿ. ਰਾਏਕੋਟ, ਜ਼ਿਲ੍ਹਾ ਲੁਧਿਆਣਾ।

ਓਮੀਕਰੋਨ ਦਾ ਵਧਦਾ ਖ਼ਤਰਾ

ਪੂਰੀ ਦੁਨੀਆ ਲਗਭਗ ਦੋ ਸਾਲਾਂ ਤੋਂ ਕੋਵਿਡ-19 ਮਹਾਂਮਾਰੀ ਨੂੰ ਝੱਲ ਰਹੀ ਹੈ, ਜਿਸ ਨੇ ਪੂਰੀ ਦੁਨੀਆ ਵਿਚ ਤਹਿਲਕਾ ਮਚਾਇਆ ਹੋਇਆ ਹੈ। ਇਸ ਦੌਰਾਨ ਮੌਜੂਦਾ ਸਮੇਂ ਓਮੀਕਰੋਨ ਵੈਰੀਏਂਟ ਦਾ ਦੁਨੀਆ ਦੇ ਜ਼ਿਆਦਾਤਰ ਹਿੱਸਿਆਂ ਵਿਚ ਫੈਲਣਾ ਜ਼ਰੂਰ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਕੋਰੋਨਾ ਦਾ ਇਹ ਰੂਪ ਕਈ ਗੁਣਾ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ ਤੇ ਭਿਆਨਕ ਤਬਾਹੀ ਮਚਾ ਰਿਹਾ ਹੈ। ਸਾਨੂੰ ਸਭ ਨੂੰ ਹੀ ਪਹਿਲਾਂ ਵਾਂਗ ਪੂਰੀ ਸਾਵਧਾਨੀ ਵਰਤਣ ਦੀ ਲੋੜ ਹੈ ਤਾਂ ਜੋ ਇਸ ਵੈਰੀਏਂਟ ਤੋਂ ਬਚਿਆ ਜਾ ਸਕੇ। ਇਸ ਲਈ ਸਾਨੂੰ ਮਾਸਕ, ਉਚਿਤ ਦੂਰੀ ਤੇ ਸਾਫ਼-ਸਫ਼ਾਈ ਦਾ ਜ਼ਿਆਦਾ ਧਿਆਨ ਰੱਖਣਾ ਪਵੇਗਾ ਤਾਂ ਜੋ ਇਸ ਦੇ ਬੁਰੇ ਪ੍ਰਭਾਵ ਤੋਂ ਸਾਡੀ ਰੱਖਿਆ ਹੋ ਸਕੇ।

-ਅਰਵਿੰਦਰ ਸਿੰਘ ਰਾਏਕੋਟ

ਅਣਅਧਿਕਾਰਤ ਥਾਵਾਂ 'ਤੇ ਬੱਸਾਂ ਖੜ੍ਹੀਆਂ ਕਰਨ ਬਾਰੇ

ਬੱਸਾਂ ਅਤੇ ਹੋਰ ਵਾਹਨਾਂ ਦੇ ਡਰਾਈਵਰ ਆਮ ਤੌਰ 'ਤੇ ਨਿਰਧਾਰਤ ਥਾਵਾਂ ਤੋਂ ਬਿਨਾਂ ਹੋਰ ਥਾਵਾਂ 'ਤੇ ਬੱਸਾਂ ਖੜ੍ਹੀਆਂ ਕਰ ਦਿੰਦੇ ਨੇ ਜੋ ਕਿ ਹੋਰਨਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਜਾਂਦਾ ਹੈ। ਜਿਥੇ ਵੀ ਸਵਾਰੀ ਖੜ੍ਹੀ ਹੋਵੇ, ਉਥੇ ਹੀ ਬੱਸਾਂ ਰੋਕ ਕੇ ਸਵਾਰੀਆਂ ਚੜ੍ਹਾਉਣਾ ਆਮ ਹੀ ਗੱਲ ਹੈ। ਇਸ ਦੀ ਪ੍ਰਮੁੱਖ ਉਦਾਹਰਨ ਮੇਰਾ ਆਪਣਾ ਸ਼ਹਿਰ ਮੋਗਾ ਹੈ। ਮੋਗੇ ਦੇ ਮੁੱਖ ਬੱਸ ਅੱਡੇ ਤੋਂ ਸਿਰਫ਼ 30 ਮੀਟਰ ਦੀ ਦੂਰੀ 'ਤੇ ਪਾਰਕਿੰਗ ਨੂੰ ਜਾਂਦੇ ਰਸਤੇ 'ਤੇ ਬੱਸਾਂ ਦਾ ਜਮਾਵੜਾ ਲੱਗਿਆ ਰਹਿੰਦਾ ਹੈ ਅਤੇ ਸਵਾਰੀਆਂ ਵੀ ਖੜ੍ਹੀਆਂ ਰਹਿੰਦੀਆਂ ਹਨ। ਕਾਰ/ਬਾਈਕ ਵਾਲਿਆਂ ਨੂੰ ਰਸਤਾ ਨਹੀਂ ਦਿੱਤਾ ਜਾਂਦਾ ਅਤੇ ਹਾਰਨ 'ਤੇ ਹਾਰਨ ਵਜਾਉਣ 'ਤੇ ਵੀ ਕੋਈ ਅਸਰ ਨਹੀਂ ਹੁੰਦਾ। ਲੜਾਈ-ਝਗੜੇ ਦੀ ਨੌਬਤ ਵੀ ਆ ਜਾਂਦੀ ਹੈ। ਇਥੋਂ ਤੱਕ ਕਿ ਨਾਕੇ 'ਤੇ ਖੜ੍ਹੀ ਪੁਲਿਸ ਵੀ ਮੂਕ ਦਰਸ਼ਕ ਬਣੀ ਰਹਿੰਦੀ ਹੈ। ਸੋ, ਟਰਾਂਸਪੋਰਟ ਮੰਤਰੀ, ਪ੍ਰਸ਼ਾਸਨ ਅੱਗੇ ਮੇਰਾ ਸੁਝਾਅ ਹੈ ਕਿ ਬੱਸਾਂ ਸਿਰਫ਼ ਬੱਸ ਸਟੈਂਡ ਤੋਂ ਹੀ ਸਵਾਰੀਆਂ ਚੁੱਕਣ ਅਤੇ ਸਖ਼ਤੀ ਨਾਲ ਇਸ ਗ਼ਲਤ ਵਰਤਾਰੇ ਨੂੰ ਰੋਕਿਆ ਜਾਵੇ।

-ਅਸ਼ੋਕ ਚਟਾਨੀ
ਡਿਪਟੀ ਇਕਨਾਮਿਕ ਐਡਵਾਈਜ਼ਰ (ਰਿਟਾ.), ਮੋਗਾ।

ਰੋਟੀ, ਕੱਪੜਾ ਅਤੇ ਮਕਾਨ

ਸਾਨੂੰ ਆਪਣੇ ਜੀਵਨ ਵਿਚ ਰੋਟੀ, ਕੱਪੜੇ ਅਤੇ ਮਕਾਨ ਦੀ ਮੁੱਖ ਲੋੜ ਹੁੰਦੀ ਹੈ। ਪਰ ਅੱਜ ਦੇ ਸਮੇਂ ਵਿਚ ਇਨ੍ਹਾਂ ਤੋਂ ਇਲਾਵਾ ਦੋ ਹੋਰ ਚੀਜ਼ਾਂ ਵੀ ਇਸ ਵਿਚ ਸ਼ਾਮਿਲ ਕਰ ਲਈਆਂ ਜਾਣ ਤਾਂ ਉਸ ਨੂੰ ਕੋਈ ਵੀ ਗ਼ਲਤ ਨਹੀਂ ਕਹੇਗਾ, ਕਿਉਂਕਿ ਜੀਵਨ ਵਿਚ ਜਿੰਨੀ ਲੋੜ ਰੋਟੀ, ਕੱਪੜੇ ਅਤੇ ਮਕਾਨ ਦੀ ਹੈ, ਓਨੀ ਲੋੜ ਸਾਨੂੰ ਚੰਗੀ ਸਿਹਤ ਅਤੇ ਚੰਗੀ ਸਿੱਖਿਆ ਦੀ ਵੀ ਹੈ। ਜੇਕਰ ਅਸੀਂ ਆਪਣੀ ਜ਼ਿੰਦਗੀ ਵਿਚੋਂ ਇਹ ਚੀਜ਼ਾਂ ਮਨਫ਼ੀ ਕਰ ਦਿੰਦੇ ਹਾਂ ਤਾਂ ਅਸੀਂ ਕਦੇ ਵੀ ਵਧੀਆ ਭਵਿੱਖ ਬਾਰੇ ਨਹੀਂ ਸੋਚ ਸਕਦੇ, ਪਰ ਸਾਡੀਆਂ ਸਰਕਾਰਾਂ ਇਨ੍ਹਾਂ ਦੋਵਾਂ ਦੇ ਭਵਿੱਖ ਬਾਰੇ ਨਹੀਂ ਸੋਚ ਰਹੀਆਂ, ਇਸ ਕਰਕੇ ਹੀ ਅੱਜ ਅਧਿਆਪਕ ਤੇ ਸਿਹਤ ਵਰਕਰ ਸੜਕਾਂ 'ਤੇ ਬੈਠ ਕੇ ਆਪਣੇ ਵਧੀਆ ਭਵਿੱਖ ਲਈ ਸਰਕਾਰਾਂ ਦੇ ਹਾੜੇ ਕੱਢ ਰਹੇ ਹਨ। ਸਰਕਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਇਲਾਵਾ ਕੁਝ ਵੀ ਦਿਖਾਈ ਨਹੀਂ ਦੇ ਰਿਹਾ। ਜੇਕਰ ਇਨ੍ਹਾਂ ਮਹਿਕਮਿਆਂ ਵਿਚ ਸੁਧਾਰ ਨਹੀਂ ਹੁੰਦਾ ਤਾਂ ਪੰਜਾਬ ਕਦੇ ਵੀ ਤਰੱਕੀ ਦੀ ਰਾਹ ਦਾ ਸੁਪਨਾ ਨਾ ਵੇਖੇ। ਇਨ੍ਹਾਂ ਦੇ ਮਹਿਕਮਿਆਂ ਨੇ ਹੀ ਚੰਗਾ ਭਵਿੱਖ ਸਿਰਜਣਾ ਹੁੰਦਾ ਹੈ।

-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।

03-01-2022

 ਬੇਸਹਾਰਿਆਂ 'ਤੇ ਠੰਢ ਦਾ ਕਹਿਰ
ਠੰਢ ਦਾ ਮੌਸਮ ਆਉਂਦੇ ਹੀ ਆਪਾਂ ਸਾਰੇ ਗਰਮ ਕੱਪੜੇ, ਕੰਬਲ, ਰਜਾਈਆਂ ਆਦਿ ਕੱਢ ਲੈਂਦੇ ਹਾਂ ਪਰ ਆਪਾਂ ਅਕਸਰ ਹੀ ਸੜਕਾਂ ਕਿਨਾਰੇ ਸੁੱਤੇ ਬੇਸਹਾਰਾ ਬਜ਼ੁਰਗਾਂ ਅਤੇ ਬੱਚਿਆਂ ਨੂੰ ਵੇਖਦੇ ਹਾਂ ਜਾਂ ਤਾਂ ਉਹ ਗ਼ਰੀਬੀ ਦੀ ਮਾਰ ਕਾਰਨ ਸੜਕਾਂ 'ਤੇ ਸੌਣ ਲਈ ਮਜਬੂਰ ਹੁੰਦੇ ਹਨ ਜਾਂ ਪਰਿਵਾਰ ਵਲੋਂ ਉਨ੍ਹਾਂ ਨੂੰ ਨਕਾਰਿਆ ਹੋਣ ਕਾਰਨ ਉਹ ਸੜਕਾਂ 'ਤੇ ਜ਼ਿੰਦਗੀ ਜਿਊਣ ਲਈ ਮਜਬੂਰ ਹੁੰਦੇ ਹਨ ਅਤੇ ਕਈ ਵਾਰ ਇਨ੍ਹਾਂ ਕੋਲ ਘਰ ਤਾਂ ਹੁੰਦਾ ਪਰ ਲੋੜੀਂਦਾ ਸਾਮਾਨ ਨਹੀਂ ਹੁੰਦਾ। ਕੁਝ ਲੋਕ ਤਾਂ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਆਪਣੀ ਪਹੁੰਚ ਕਰਕੇ ਮਦਦ ਮੰਗ ਲੈਂਦੇ ਹਨ, ਪਰ ਕੁਝ ਲੋਕ ਇਸ ਗੱਲੋਂ ਵੀ ਅਸਮਰੱਥ ਹੁੰਦੇ ਹਨ ਕਿ ਮਦਦ ਦੀ ਗੁਹਾਰ ਲਗਾ ਸਕਣ, ਇਸ ਲਈ ਆਪਾਂ ਨੂੰ ਇਸ ਵਰਗ ਦੇ ਲੋਕਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਮਦਦ ਕੀਤੀ ਜਾ ਸਕੇ। ਵਾਧੂ ਦੇ ਲੰਗਰ ਲਾ ਲਾ ਕੇ ਆਪਾਂ ਰੱਜਿਆਂ ਨੂੰ ਤਾਂ ਰਜਾਈ ਜਾ ਰਹੇ ਹਾਂ ਪਰ ਭੁੱਖਿਆਂ ਵੱਲ ਵੀ ਧਿਆਨ ਦੇਈਏ ਅਤੇ ਵਿੱਤ ਅਨੁਸਾਰ ਮਦਦ ਜ਼ਰੂਰ ਕਰੀਏ ਤਾਂ ਜੋ ਸਮਾਜ ਦਾ ਪਛੜਿਆ ਗ਼ਰੀਬ ਵਰਗ ਵੀ ਰਾਹਤ ਮਹਿਸੂਸ ਕਰ ਸਕੇ।


-ਅਮਨਦੀਪ ਕੌਰ
ਹਾਕਮ ਸਿੰਘ ਵਾਲਾ, ਬਠਿੰਡਾ।


ਸੁਚੇਤ ਹੋਣ ਦੀ ਲੋੜ
ਫਰਵਰੀ, 2022 ਵਿਚ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ, ਜਿਸ ਦੀ ਤਿਆਰੀ ਲਈ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਕਮਰ ਕੱਸ ਲਈ ਹੈ। ਸਾਰੀਆਂ ਪਾਰਟੀਆਂ ਆਪੋ-ਆਪਣੇ ਢੰਗ-ਤਰੀਕੇ ਨਾਲ ਲੋਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਵਿਚ ਲੱਗੀਆਂ ਹੋਈਆਂ ਹਨ। ਹਰੇਕ ਪਾਰਟੀ ਵਲੋਂ ਲੋਕਾਂ ਨੂੰ ਸਹੂਲਤਾਂ ਦੇਣ ਲਈ ਵੱਖੋ-ਵੱਖ ਐਲਾਨ ਕੀਤੇ ਜਾ ਰਹੇ ਹਨ। ਪਰ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਹਰ ਵਾਰ ਚੋਣਾਂ ਦੇ ਦਿਨਾਂ ਵਿਚ ਵੋਟਰਾਂ ਨੂੰ ਚੋਗਾ ਪਾਉਣ ਦਾ ਕੰਮ ਸ਼ੁਰੂ ਕੀਤਾ ਜਾਂਦਾ ਹੈ ਅਤੇ ਵੋਟਾਂ ਤੋਂ ਬਾਅਦ ਆਮ ਲੋਕ ਆਪਣੇ-ਆਪ ਨੂੰ ਠੱਗਿਆ ਮਹਿਸੂਸ ਕਰਨ ਲੱਗ ਜਾਂਦੇ ਹਨ ਕਿਉਂਕਿ ਜਿੱਤਣ ਤੋਂ ਬਾਅਦ ਰਾਜਨੀਤਕ ਨੁਮਾਇੰਦੇ ਆਮ ਵੋਟਰਾਂ ਨੂੰ ਭੁੱਲ ਜਾਂਦੇ ਹਨ ਅਤੇ ਆਪਣੇ ਖਾਸ ਬੰਦਿਆਂ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੇ ਹਨ। ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕੋਈ ਵੀ ਨਹੀਂ ਕਰਦਾ। ਫਿਰ ਦੁਖੀ ਹੋ ਕੇ ਲੋਕ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਧਰਨੇ ਮੁਜ਼ਾਹਰੇ ਕਰਦੇ ਹਨ। ਲਗਾਤਾਰ ਇਕ ਸਾਲ ਚੱਲਿਆ ਕਿਸਾਨੀ ਸੰਘਰਸ਼ ਇਸ ਗੱਲ ਦੀ ਗਵਾਹੀ ਭਰਦਾ ਹੈ। ਇਸ ਕਰਕੇ ਇਸ ਵਾਰ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਲੋਕਾਂ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਇਕ ਅਜਿਹੀ ਚੰਗੀ ਸਰਕਾਰ ਚੁਣਨ ਦੀ ਲੋੜ ਹੈ ਜੋ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਵਿਚ ਸਮਰੱਥ ਹੋਵੇ।


-ਹਰਪ੍ਰੀਤ ਸਿੰਘ ਸਿਹੌੜਾ
ਪਿੰਡ ਤੇ ਡਾਕ: ਸਿਹੌੜਾ, ਤਹਿ. ਪਾਇਲ, ਜ਼ਿਲ੍ਹਾ ਲੁਧਿਆਣਾ।


ਨਵੇਂ ਸਾਲ ਦੀ ਆਮਦ
ਹਰ ਵਰਗ ਦੇ ਪ੍ਰਾਣੀ ਲਈ ਨਵੇਂ ਸਾਲ ਦੀ ਆਮਦ ਸਰਬੱਤ ਦਾ ਭਲਾ, ਖੁਸ਼ੀਆਂ ਭਰਿਆ ਸੰਦੇਸ਼, ਉਨ੍ਹਾਂ ਦੀ ਚੜ੍ਹਦੀ ਕਲਾ ਲੈ ਕੇ ਆਵੇ ਮੈਂ ਪਰਮਾਤਮਾ ਅੱਗੇ ਇਹ ਹੀ ਅਰਦਾਸ ਕਰਦਾ ਹਾਂ। ਮਨੁੱਖੀ ਜੀਵ ਨੇ ਪਿਛਲੇ ਸਾਲ ਜ਼ਹਿਰੀਲੇ ਹੋ ਚੁੱਕੇ ਪੰਜ-ਆਬ ਨੂੰ ਸ਼ੁੱਧ ਕਰਨ ਦੀ ਬਜਾਏ ਪੌਣ ਪਾਣੀ ਧਰਤੀ ਮਾਂ ਨੂੰ ਪਲੀਤ ਕਰਨ ਦੀ ਕੋਈ ਕਸਰ ਨਹੀਂ ਛੱਡੀ। ਪਿਛਲੇ ਸਾਲ ਜੋ ਘਟਨਾਵਾਂ ਵਾਪਰੀਆਂ ਜਿਵੇਂ ਦਰਬਾਰ ਸਾਹਿਬ ਦੀ ਬੇਅਦਬੀ, ਲੁਧਿਆਣਾ ਬੰਬ ਬਲਾਸਟ, ਕੋਰੋਨਾ ਮਹਾਂਮਾਰੀ, ਖੇਤੀ ਬਿੱਲ, ਕਿਸਾਨ ਸੰਘਰਸ਼ ਨਾਲ ਮੌਤਾਂ, ਕਿਸਾਨਾਂ ਦੀਆਂ ਖੁਦਕੁਸ਼ੀਆਂ, ਨਸ਼ਿਆਂ ਨਾਲ ਹੋਈਆਂ ਨੌਜਵਾਨਾਂ ਦੀਆਂ ਮੌਤਾਂ, ਹਵਾ ਪਾਣੀ ਪ੍ਰਦੂਸ਼ਤ, ਮਿਲਾਵਟਖੋਰੀ, ਅੰਨ੍ਹੇਵਾਹ ਦਰੱਖਤਾਂ ਦੀ ਕਟਾਈ, ਜ਼ਹਿਰੀਲੀਆਂ ਦਵਾਈਆਂ ਦੇ ਛਿੜਕਾਅ ਨਾਲ ਮਨੁੱਖੀ ਜੀਵ ਨੂੰ ਕਿੰਨਾ ਨੁਕਸਾਨ ਝੱਲਣਾ ਪਿਆ, ਬਲਾਤਕਾਰ ਦੀਆਂ ਅਨੇਕਾਂ ਘਟਨਾਵਾਂ, ਹੱਤਿਆਵਾਂ। ਸੋ, ਪਰਮਾਤਮਾ ਕਰੇ ਨਵੇਂ ਸਾਲ ਦੀ ਆਮਦ 'ਤੇ ਇਨ੍ਹਾਂ ਅਲਾਮਤਾਂ ਤੋਂ ਬਚਾਏ। ਹਰ ਇਕਨੂੰ ਰਹਿਣ ਲਈ ਕੁੱਲੀ, ਗੁੱਲੀ, ਜੁੱਲੀ ਜ਼ਰੂਰ ਨਸੀਬ ਹੋਵੇ, ਸੋਨੇ ਦੀ ਚਿੜੀ ਵਾਲੇ ਦੇਸ਼, ਪੰਜਾਬ ਵਿਚ ਹਰ ਪਾਸੇ ਵਿਕਾਸ ਹੋਵੇ, ਪੰਜਾਬ ਵਿਚ ਫਿਰ ਨਵੀਂ ਕ੍ਰਾਂਤੀ, ਰੌਣਕ, ਪਰਤ ਆਵੇ, ਕੋਰੋਨਾ ਖਤਮ ਹੋ ਜਾਵੇ।


-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ, ਇੰਸਪੈਕਟਰ ਪੁਲਿਸ।


ਚੰਡੀਗੜ੍ਹ ਨਗਰ ਨਿਗਮ ਚੋਣਾਂ
ਬੀਤੇ ਦਿਨ ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਆਏ ਨਤੀਜਿਆਂ ਤੋਂ ਪਤਾ ਚਲਦਾ ਹੈ ਕਿ ਚੰਡੀਗੜ੍ਹ ਦੇ ਨਾਲ-ਨਾਲ ਪੂਰੇ ਭਾਰਤ ਦੇ ਲੋਕ ਹੁਣ ਰਵਾਇਤੀ ਪਾਰਟੀਆਂ ਦੇ ਚੋਣ ਜੁਮਲਿਆਂ ਤੋਂ ਅੱਕ ਚੁੱਕੇ ਹਨ ਅਤੇ ਬਦਲਾਅ ਦੀ ਭਾਲ ਵਿਚ ਹਨ। ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲਣਾ ਵੀ ਕਸ਼ਮਕਸ਼ ਪੈਦਾ ਕਰ ਰਿਹਾ ਹੈ। ਆਜ਼ਾਦੀ ਦੇ 75 ਸਾਲ ਬਾਅਦ ਵੀ ਲੋਕ ਆਪਣੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਤੋਂ ਅਸਮਰੱਥ ਜਾਪਦੇ ਹਨ। ਮਹਿੰਗਾਈ ਅਤੇ ਬੇਰੁਜ਼ਗਾਰੀ ਨੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਪੰਜਾਬ ਦੇ ਨਾਲ-ਨਾਲ ਗੋਆ, ਉੱਤਰ ਪ੍ਰਦੇਸ਼, ਮਨੀਪੁਰ ਅਤੇ ਉੱਤਰਾਖੰਡ ਵਿਚ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ, ਦਲ ਬਦਲੂਆਂ ਅਤੇ ਝੂਠੇ ਵਾਅਦਿਆਂ ਦੀ ਝੜੀ ਲੱਗੀ ਹੋਈ ਹੈ, ਇਨ੍ਹਾਂ ਚੋਣਾਂ ਵਿਚ ਲੋਕਮਤ ਕੀ ਰੰਗ ਦਿਖਾਏਗਾ, ਇਹ ਵੀ ਦੇਖਣ ਵਾਲਾ ਹੋਵੇਗਾ।


-ਰਜਵਿੰਦਰ ਪਾਲ
ਪਿੰਡ ਕਾਲਝਰਾਣੀ, ਡਾਕ. ਚੱਕ ਅਤਰ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ।


ਬੇਖੌਫ਼ ਲੁਟੇਰੇ
ਆਏ ਦਿਨ ਪੰਜਾਬ ਅੰਦਰ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਨੇ ਆਮ ਲੋਕਾਂ ਦਾ ਜਿਊਣਾ ਬੇਹਾਲ ਕੀਤਾ ਹੋਇਆ ਹੈ ਪਰ ਹੁਣ ਤਾਂ ਸਭ ਹੱਦਾਂ ਪਾਰ ਹੋ ਗਈਆਂ ਹਨ, ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਦਫਤਰ ਵਿਚੋਂ ਲੁਟੇਰਿਆਂ ਵਲੋਂ ਨਗਦ ਤੇ ਹੋਰ ਚੋਰੀ ਕੀਤੇ ਸਮਾਨ ਤੋਂ ਸਾਬਤ ਹੁੰਦਾ ਹੈ ਕਿ ਜੇਕਰ ਵੀ.ਆਈ.ਪੀ ਲੋਕ ਹੀ ਸੁਰੱਖਿਅਤ ਨਹੀਂ ਤਾਂ ਆਮ ਆਦਮੀ ਦਾ ਤਾਂ ਰੱਬ ਹੀ ਰਾਖਾ ਹੈ। ਇਸ ਵਾਰਦਾਤ ਨੇ ਮੌਜੂਦਾ ਸਰਕਾਰ ਦੀਆਂ ਬਹੁਤ ਸਾਰੀਆਂ ਪੋਲਾਂ ਖੋਲ੍ਹੀਆਂ ਹਨ। ਲੁਟੇਰਿਆਂ ਦੇ ਹੌਸਲੇ ਏਨੇ ਵਧੇ ਹੋਏ ਹਨ ਕਿ ਉਹ ਬਿਨਾਂ ਕਿਸੇ ਡਰ ਖੌਫ਼ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।


-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।

31-12-2021

 ਬੇਅਦਬੀ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ

ਬੇਅਦਬੀ ਦੀਆਂ ਘਟਨਾਵਾਂ 'ਚ ਹੋ ਰਿਹਾ ਵਾਧਾ ਜਿਥੇ ਸਿੱਖ ਸਮਾਜ ਲਈ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ, ਉਥੇ ਬੇਅਦਬੀ ਦੇ ਨਾਂਅ 'ਤੇ ਹੋ ਰਹੀ ਸਿਆਸਤ ਅਤਿ ਨਿੰਦਣਯੋਗ ਵਰਤਾਰਾ ਆਖਿਆ ਜਾ ਸਕਦਾ ਹੈ। ਪੰਜ ਸਿੰਘ ਸਾਹਿਬਾਨ ਦੀ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਇਕੱਤਰਤਾ 'ਚ ਵੀ ਬੇਅਦਬੀ ਦੀਆਂ ਘਟਨਾਵਾਂ 'ਤੇ ਜਿਥੇ ਚਿੰਤਾ ਪ੍ਰਗਟ ਕੀਤੀ ਗਈ, ਉਥੇ ਘਟਨਾਵਾਂ ਪ੍ਰਤੀ ਸਰਕਾਰੀ ਨੀਤੀ 'ਤੇ ਸ਼ੱਕ ਜ਼ਾਹਰ ਕਰਦਿਆਂ ਅਜਿਹੀਆਂ ਘਟਨਾਵਾਂ ਦੇ ਪਿੱਛੇ ਕੰਮ ਕਰਦੀਆਂ ਸਿੱਖ ਵਿਰੋਧੀ ਤਾਕਤਾਂ ਨੂੰ ਬੇਨਕਾਬ ਕਰਨ ਦੀ ਮੰਗ ਕਰਦਿਆਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ ਹੈ ਤਾਂ ਕਿ ਭਵਿੱਖ 'ਚ ਕੋਈ ਹੋਰ ਅਜਿਹੀ ਘਿਣਾਉਣੀ ਹਰਕਤ ਨਾ ਕਰ ਸਕੇ। ਉਂਜ ਬੇਅਦਬੀ ਦੀਆਂ ਤਾਜ਼ਾ ਘਟਨਾਵਾਂ ਕਿਸਾਨੀ ਸੰਘਰਸ਼ ਦੌਰਾਨ ਬਣੀ ਆਪਸੀ ਸਦਭਾਵਨਾ ਨੂੰ ਸੱਟ ਮਾਰਨ ਦੀ ਸਾਜਿਸ਼ ਦਾ ਹਿੱਸਾ ਵੀ ਹੋ ਸਕਦੀਆਂ ਹਨ। ਪਰ ਸਰਕਾਰਾਂ ਦਾ ਇਖ਼ਲਾਕੀ ਫ਼ਰਜ਼ ਬਣਦਾ ਹੈ ਕਿ ਸਮਾਜ ਅੰਦਰ ਨਫ਼ਰਤ ਫੈਲਾਉਣ ਅਤੇ ਭਾਈਚਾਰਕ ਸਾਂਝ ਨੂੰ ਤੋੜਨ ਵਾਲੀਆਂ ਤਾਕਤਾਂ ਦੀ ਸਾਜਿਸ਼ ਨੂੰ ਬੇਨਕਾਬ ਕਰਕੇ ਘਟਨਾਵਾਂ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾਵਾਂ ਦਵਾਏ। ਦੂਜੇ ਪਾਸੇ ਅਜਿਹੀਆਂ ਘਟਨਾਵਾਂ ਪ੍ਰਤੀ ਸਿੱਖ ਸਮਾਜ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ ਅਤੇ ਗੁਰੂ ਘਰਾਂ ਅਤੇ ਧਾਰਮਿਕ ਅਸਥਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਚਾਹੀਦਾ ਹੈ ਕਿ ਅਸਥਾਨਾਂ ਦੀ ਸੁਰੱਖਿਆ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ, ਕਿਉਂਕਿ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਿੰਦੂ, ਸਿੱਖਾਂ 'ਚ ਪਾੜਾ ਪਾਉਣ ਅਤੇ ਆਪਸੀ ਸਦਭਾਵਨਾ ਤੋਂ ਭਾਈਚਾਰਕ ਸਾਂਝ ਨੂੰ ਤੋੜਨ ਵਾਲੀਆਂ ਤਾਕਤਾਂ ਵਲੋਂ ਅਜਿਹੀਆਂ ਘਟਨਾਵਾਂ ਨੂੰ ਵੱਡੇ ਪੱਧਰ 'ਤੇ ਅੰਜਾਮ ਦੇਣ ਦੀ ਸਾਜਿਸ਼ ਰਚੀ ਜਾ ਸਕਦੀ ਹੈ।

-ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)।

ਕੋਵਿਡ-19 ਮੈਡੀਕਲ ਵਲੰਟੀਅਰਾਂ ਦੀ ਮੰਗ

ਵਿਡ-19 ਦੀ ਬਿਮਾਰੀ ਦੀ ਦਹਿਸ਼ਤ ਤੋਂ ਅਸੀਂ ਸਾਰੇ ਜਾਣੂ ਹਾਂ ਕਿ ਕਿਵੇਂ ਕੋਵਿਡ-19 ਨੇ ਪੂਰੇ ਵਿਸ਼ਵ ਨੂੰ ਚਿੰਤਾ ਵਿਚ ਪਾਇਆ ਤੇ ਹਰੇਕ ਦੇਸ਼ ਦੇ ਸਿਹਤ ਮਾਹਰਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਜਿਸ ਦੇ ਚਲਦਿਆਂ ਸਰਕਾਰ ਨੇ ਉਸ ਵੇਲੇ ਵੱਖ-ਵੱਖ ਵਿਭਾਗਾਂ 'ਚ ਵਲੰਟੀਅਰ ਭਰਤੀ ਕੀਤੇ ਜਿਸ ਵਿਚ ਮੈਡੀਕਲ ਵਲੰਟੀਅਰ ਤੇ ਪੁਲਿਸ ਵਲੰਟੀਅਰ ਸ਼ਾਮਿਲ ਸਨ। ਮੈਡੀਕਲ ਵਲੰਟੀਅਰ ਦੀ ਭਰਤੀ ਉਪਰੰਤ ਉਨ੍ਹਾਂ ਦੀ ਵਿਸ਼ੇਸ਼ ਡਿਊਟੀ ਕੋਰੋਨਾ ਵਾਰਡਾਂ 'ਚ ਲਗਾਈ ਗਈ। ਇਨ੍ਹਾਂ ਮੈਡੀਕਲ ਵਲੰਟੀਅਰਾਂ ਨੇ ਦਿਨ-ਰਾਤ ਇਕ ਕਰਕੇ ਬਹੁਤ ਹੀ ਸੁਚੱਜੇ ਢੰਗ ਨਾਲ ਆਪਣੀ ਜਾਨ ਜੋਖ਼ਮ 'ਚ ਪਾ ਕੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਦੇਖਭਾਲ ਕੀਤੀ ਤੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਣ ਤੱਕ ਆਪਣਾ ਫ਼ਰਜ਼ ਨਿਭਾਇਆ। ਪਰ ਅਚਾਨਕ ਜਦੋਂ ਕੋਵਿਡ ਦੀ ਬਿਮਾਰੀ ਘਟੀ ਤਾਂ ਇਨ੍ਹਾਂ ਯੋਧਿਆਂ ਨੂੰ ਨੌਕਰੀਆਂ ਤੋਂ ਹਟਾ ਦਿੱਤਾ ਗਿਆ। ਹੁਣ ਸਰਕਾਰ ਨੂੰ ਇਨ੍ਹਾਂ ਯੋਧਿਆਂ ਦੀ ਪੁਰਜ਼ੋਰ ਮੰਗ ਹੈ ਕਿ ਇਨ੍ਹਾਂ ਮੈਡੀਕਲ ਵਲੰਟੀਅਰਾਂ ਨੂੰ ਦੁਬਾਰਾ ਭਰਤੀ ਕੀਤਾ ਜਾਵੇ ਕਿਉਂਕਿ ਸਿਹਤ ਮਾਹਰਾਂ ਨੇ ਤੀਜੀ ਲਹਿਰ ਦੀ ਵੀ ਪੁਸ਼ਟੀ ਕੀਤੀ ਹੈ। ਇਸ ਕਰਕੇ ਸਿਹਤ ਵਿਭਾਗਾਂ ਦੀਆਂ ਖਾਲੀ ਅਸਾਮੀਆਂ 'ਤੇ ਇਨ੍ਹਾਂ ਦੀ ਭਰਤੀ ਕਰਕੇ ਇਨ੍ਹਾਂ ਨੂੰ ਦੁਬਾਰਾ ਰੁਜ਼ਗਾਰ ਦਿੱਤਾ ਜਾਵੇ।

-ਡਾ. ਮਨਪ੍ਰੀਤ ਸੂਦ ਆਲੋਵਾਲ
ਸ਼ਹੀਦ ਭਗਤ ਸਿੰਘ ਨਗਰ।

ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ

ਜੋ ਆਪਣੀਆਂ ਜਾਨਾਂ ਦੇ ਕੇ ਹੋਰਨਾਂ ਦੀਆਂ ਜਾਨਾਂ ਬਚਾ ਗਏ, ਆਪਣਾ ਸਾਰਾ ਸਰਬੰਸ ਵਾਰਨ ਵਾਲੇ ਦਸਵੇਂ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਬਾਰੇ ਇਤਿਹਾਸ ਗਵਾਹ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਿਸ਼ਵ ਦੇ ਇਤਿਹਾਸ ਵਿਚ ਕਿਤੇ ਹੋਰ ਨਹੀਂ ਮਿਲਦੀ। ਇਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ। ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾਵਾਂ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ। ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿਚ ਸ਼ਹੀਦ ਹੋ ਗਏ ਅਤੇ ਛੋਟੇ ਸਾਹਿਬਜ਼ਾਦੇ ਸੂਬਾ ਸਰਹੰਦ ਦੀ ਕੈਦ ਵਿਚ ਸ਼ਹੀਦ ਕਰ ਦਿੱਤੇ ਗਏ। ਅੱਜ ਸੰਕਲਪ ਲੈ ਕੇ ਜੇਕਰ ਸਰਕਾਰਾਂ ਸਕੂਲ, ਕਾਲਜ ਪੱਧਰ 'ਤੇ ਸਾਹਿਬਜ਼ਾਦਿਆਂ ਦੇ ਇਤਿਹਾਸ ਸ਼ਹੀਦਾਂ, ਸੂਰਬੀਰਾਂ ਦੀਆਂ ਕੁਰਬਾਨੀਆਂ ਬਾਰੇ ਬੱਚਿਆਂ, ਨੌਜਵਾਨਾਂ ਨੂੰ ਜਾਣਕਾਰੀ ਦਿੰਦੀ ਹੈ ਤੇ ਜੋ ਸਾਡੀ ਨਵੀਂ ਨੌਜਵਾਨ ਪੀੜ੍ਹੀ ਜੋ ਨਸ਼ਿਆਂ 'ਚ ਗਲਤਾਨ ਹੋ ਕੇ ਆਪਣੀਆਂ ਜਾਨਾਂ ਗਵਾ ਰਹੀ ਹੈ, ਉਨ੍ਹਾਂ ਉੱਪਰ ਰੋਕ ਲੱਗ ਸਕਦੀ ਹੈ।

-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ ਪੁਲਿਸ।

ਸੜਕ ਦੁਰਘਟਨਾਵਾਂ ਵਿਚ ਹੁੰਦਾ ਵਾਧਾ

ਹਰ ਰੋਜ਼ ਸੜਕੀ ਦੁਰਘਟਨਾਵਾਂ ਵਿਚ ਹੋ ਰਹੇ ਨਿਰੰਤਰ ਵਾਧੇ ਦਾ ਕਾਰਨ ਧੁੰਦ ਅਤੇ ਦੂਸਰੀ ਸਾਡੀ ਲਾਪਰਵਾਹੀ ਹੈ। ਆਮ ਦੇਖਣ ਵਿਚ ਆਉਂਦਾ ਹੈ ਕਿ ਜਦੋਂ ਲੋਕ ਸਵੇਰ ਨੂੰ ਕੰਮਾਂ-ਕਾਰਾਂ 'ਤੇ ਜਾਂਦੇ ਹਨ, ਕਈ ਵਾਰ ਉਨ੍ਹਾਂ ਨੂੰ ਦੇਰ ਹੋ ਜਾਂਦੀ ਹੈ, ਉਹ ਸਮੇਂ 'ਤੇ ਪਹੁੰਚਣ ਲਈ ਆਪਣੇ ਵਾਹਨ ਦੀ ਸਪੀਡ ਨੂੰ ਵਧਾ ਦਿੰਦੇ ਹਨ, ਜਿਸ ਨਾਲ ਉਨ੍ਹਾਂ ਦਾ ਵਾਹਨ 'ਤੇ ਕੰਟਰੋਲ ਨਹੀਂ ਰਹਿੰਦਾ ਤੇ ਦੁਰਘਟਨਾ ਹੋ ਜਾਂਦੀ ਹੈ। ਭਾਵੇਂ ਇਸ ਵਿਚ ਕਿਤੇ ਨਾ ਕਿਤੇ ਸੜਕਾਂ ਵਿਚ ਪਏ ਟੋਏ ਤੋਂ ਇਲਾਵਾ ਬਰੇਕ ਦਾ ਫੇਲ੍ਹ ਹੋਣਾ, ਅਚਾਨਕ ਕਿਸੇ ਇਨਸਾਨ ਜਾਂ ਜਾਨਵਰ ਦਾ ਅੱਗੇ ਆ ਜਾਣਾ ਜਾਂ ਟਾਇਰ ਦਾ ਪੈਂਚਰ ਹੋਣਾ ਵੀ ਇਕ ਕਾਰਨ ਹੋ ਸਕਦਾ ਹੈ। ਪ੍ਰੰਤੂ ਸਾਨੂੰ ਸਾਰਿਆਂ ਨੂੰ ਆਪਣੇ ਵਾਹਨ ਦੀ ਰਫ਼ਤਾਰ 'ਤੇ ਕੰਟਰੋਲ ਕਰਨਾ ਚਾਹੀਦਾ ਹੈ। ਸਾਡੀ ਨੌਜਵਾਨੀ ਵੀ ਮੋਬਾਈਲ ਨੂੰ ਆਪਣੇ ਚਲਦੇ ਵਾਹਨ 'ਤੇ ਸੁਣਨ ਦੇ ਚੱਕਰ ਵਿਚ ਆਪਣੀ ਜ਼ਿੰਦਗੀ ਤੋਂ ਕਈ ਵਾਰ ਹੱਥ ਧੋ ਬੈਠਦੀ ਹੈ, ਜਿਸ ਨਾਲ ਕਈ ਘਰਾਂ ਦੇ ਹੁਣ ਤੱਕ ਚਿਰਾਗ ਬੁਝ ਚੁੱਕੇ ਹਨ। ਪ੍ਰਸ਼ਾਸਨ ਅਤੇ ਜਨਤਾ ਦੀ ਸਮੁੱਚੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਸਾਰੇ ਆਪਣੇ ਫ਼ਰਜ਼ਾਂ ਦੀ ਪਛਾਣ ਕਰੀਏ, ਹਮੇਸ਼ਾ ਸੜਕ ਨੂੰ ਪਾਰ ਕਰਨ ਅਤੇ ਵਾਹਨ ਨੂੰ ਚਲਾਉਣ ਲਈ ਸੰਜਮ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ ਤਾਂ ਜੋ ਦੁਰਘਟਨਾਵਾਂ ਨੂੰ ਵਿਰਾਮ ਲਗਾਉਣ ਵਿਚ ਕਾਮਯਾਬ ਹੋ ਸਕੀਏ। ਇਸ ਤਰ੍ਹਾਂ ਅਸੀਂ ਆਪਣੀ ਹੀ ਨਹੀਂ, ਦੂਸਰਿਆਂ ਦੀ ਜ਼ਿੰਦਗੀ ਨੂੰ ਵੀ ਅਜਾਈਂ ਜਾਣ ਤੋਂ ਬਚਾ ਸਕਦੇ ਹਾਂ। ਸਾਡੀ ਨੌਜਵਾਨੀ ਨੂੰ ਪਾਠਸ਼ਾਲਾ ਰਾਹੀਂ ਇਸ ਦੀ ਜਾਣਕਾਰੀ ਦੇਣ ਲਈ ਇਕ ਵਧੀਆ ਉਪਰਾਲਾ ਸ਼ੁਰੂ ਹੋ ਸਕਦਾ ਹੈ। ਜੇਕਰ ਵਿਦੇਸ਼ਾਂ ਵਿਚ ਜਾ ਕੇ ਸਾਡੇ ਪੰਜਾਬੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰ ਸਕਦੇ ਹਨ, ਤਾਂ ਇੱਥੇ ਕਿਉਂ ਨਹੀਂ?

-ਕੰਵਰਦੀਪ ਸਿੰਘ ਭੱਲਾ (ਪਿੱਪਲਾਂਵਾਲਾ)
ਰਿਕਵਰੀ ਅਫ਼ਸਰ ਸਹਿਕਾਰੀ ਬੈਂਕ, ਹੁਸ਼ਿਆਰਪੁਰ।

30-12-2021

 ਮਾਸਕ ਦੇ ਨਾਂਅ 'ਤੇ ਲੁੱਟ

ਮੈਂ ਆਪ ਜੀ ਦੇ ਅਖ਼ਬਾਰ 'ਅਜੀਤ' ਰਾਹੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਸ਼ਾਸਨ ਅਤੇ ਅਟਾਰੀ ਸਰਹੱਦ ਤੇ ਤਾਇਨਾਤ ਬੀ.ਐਸ.ਐਫ. ਦੇ ਅਧਿਕਾਰੀਆਂ ਦਾ ਧਿਆਨ ਅਟਾਰੀ ਸਰਹੱਦ 'ਤੇ ਝੰਡਾ ਉਤਾਰਨ ਦੀ ਸੈਰੇਮਨੀ ਦੇਖਣ ਆਉਣ ਵਾਲੇ ਯਾਤਰੂਆਂ ਦੀ ਮਾਸਕ ਖ਼ਰੀਦਣ ਦੇ ਨਾਂਅ 'ਤੇ ਹੋਣ ਵਾਲੀ ਲੁੱਟ ਵੱਲ ਦਿਵਾਉਣਾ ਚਾਹੁੰਦਾ ਹਾਂ। ਅਟਾਰੀ ਸਰਹੱਦ 'ਤੇ ਝੰਡਾ ਉਤਾਰਨ ਦੀ ਰਸਮ ਦੇਖਣ ਹਜ਼ਾਰਾਂ ਯਾਤਰੂ ਰੋਜ਼ਾਨਾ ਆਉਂਦੇ ਹਨ। ਪਰੇਡ ਮੈਦਾਨ ਵਿਚ ਪਹੁੰਚਣ ਤੋਂ ਪਹਿਲਾਂ ਯਾਤਰੂਆਂ ਨੂੰ ਸਿਕਿਉਰਿਟੀ ਚੈੱਕ ਵਿਚ ਦੀ ਲੰਘਣ ਲਈ ਲੰਬੀਆਂ ਕਤਾਰਾਂ ਵਿਚ ਲੱਗਣਾ ਪੈਂਦਾ ਹੈ। ਇਸੇ ਦੌਰਾਨ ਮਾਸਕ ਵੇਚਣ ਵਾਲਿਆਂ ਵਲੋਂ ਇਕ ਪਹਿਲਾਂ ਤੋਂ ਰਿਕਾਰਡਡ ਟੇਪ ਚਲਾਈ ਜਾਂਦੀ ਹੈ, ਜਿਸ ਦੀ ਮੂਲ ਸ਼ਬਦਾਵਲੀ ਹੁੰਦੀ ਹੈ, ਆਪ ਜੀ ਦੀ ਚੈਕਿੰਗ ਚੱਲ ਰਹੀ ਹੈ, ਮਾਸਕ ਪਾਉਣਾ ਜ਼ਰੂਰੀ ਹੈ, ਬਿਨਾਂ ਮਾਸਕ ਵਾਲੇ ਬਾਹਰ ਕੀਤੇ ਜਾਣਗੇ। ਇਹ ਰਿਕਾਰਡਿੰਗ ਏਦਾਂ ਪ੍ਰਤੀਤ ਹੁੰਦੀ ਹੈ ਕਿ ਕੋਈ ਬੀ.ਐਸ.ਐਫ. ਦੇ ਅਧਿਕਾਰੀ ਵਲੋਂ ਘੋਸ਼ਣਾ ਕੀਤੀ ਜਾ ਰਹੀ ਹੈ ਜਦੋਂ ਕਿ ਇਸ ਤਰ੍ਹਾਂ ਕੁਝ ਵੀ ਨਹੀਂ ਹੈ। ਮਾਸਕ ਵੇਚਣ ਵਾਲੇ 5 ਜਾਂ 10 ਰੁਪਏ ਵਾਲਾ ਮਾਸਕ 30 ਤੋਂ 50 ਰੁਪਏ ਵਿਚ ਵੇਚ ਰਹੇ ਹਨ। ਹੜਬੜਾਹਟ ਵਿਚ ਆ ਕੇ ਯਾਤਰੂ ਇਹ ਖ਼ਰੀਦਣ ਲਈ ਮਜਬੂਰ ਹੋ ਰਹੇ ਹਨ। ਜਦ ਕਿ ਏਦਾਂ ਦੀ ਕੋਈ ਪਾਬੰਦੀ ਨਹੀਂ ਹੈ। ਮੈਂ ਏਨਾ ਕਹਿਣਾ ਚਾਹੁੰਦਾ ਹਾਂ ਕਿ ਯਾਤਰੂਆਂ ਨੂੰ ਖ਼ੁਦ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿ ਕੋਰੋਨਾ ਫਿਲਹਾਲ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ ਹੈ, ਉਹ ਖ਼ੁਦ ਆਪਣਾ ਖਿਆਲ ਰੱਖਣ, ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਯਾਤਰੂਆਂ ਨੂੰ ਮਾਸਕ ਵਿਕਰੇਤਾਵਾਂ ਵਲੋਂ ਕੀਤੀ ਜਾ ਰਹੀ ਲੁੱਟ ਤੋਂ ਬਚਾਉਣ।

-ਇੰਜ. ਅਸ਼ੋਕ ਗਰੋਵਰ
ਪਰਮਵੀਰ ਹਾਊਸ, ਗਲੀ ਨੰ: 8, ਡਾਕ: ਐਨ.ਐਫ.ਐਲ. ਟਾਊਨਸ਼ਿਪ, ਆਦਰਸ਼ ਨਗਰ, ਬਠਿੰਡਾ।

'ਸਟੈਪਲਰ' ਦੀ ਬੇਲੋੜੀ ਵਰਤੋਂ

ਸਾਡੇ ਸਮਾਜ ਵਿਚ ਕਾਗਜ਼ਾਂ ਨੂੰ ਆਪਸ ਵਿਚ ਬੰਨ੍ਹਣ ਲਈ 'ਸਟੈਪਲਰ' ਦੀ ਵਰਤੋਂ ਅੱਜਕਲ੍ਹ ਆਮ ਹੀ ਹੋਣ ਲੱਗ ਪਈ ਹੈ ਜਿਸ ਦੇ ਲਾਭ ਘੱਟ ਤੇ ਨੁਕਸਾਨ ਜ਼ਿਆਦਾ ਹਨ। ਬਹੁਤੇ ਸਕੂਲਾਂ, ਕਾਲਜਾਂ ਅਤੇ ਦਫ਼ਤਰਾਂ ਵਿਚ ਆਮ ਹੀ ਵੇਖਣ ਵਿਚ ਆਉਂਦਾ ਹੈ ਕਿ ਲਕੀਰ ਦੇ ਫ਼ਕੀਰ ਲੋਕ ਅਸਲ ਸਰਟੀਫਿਕੇਟ ਅਤੇ ਹੋਰ ਵੀ ਬੇਸ਼ਕੀਮਤੀ ਸਰਟੀਫਿਕੇਟਾਂ ਨੂੰ ਆਪਸ ਵਿਚ ਜੋੜਨ ਲਈ ਵੱਡੀਆਂ ਪਿੰਨਾਂ ਵਾਲੇ 'ਸਟੈਪਲਰ' ਦੀ ਵਾਰ-ਵਾਰ ਵਰਤੋਂ ਕਰਕੇ ਸਰਟੀਫਿਕੇਟਾਂ ਦੀ ਹਾਲਤ ਬਹੁਤ ਹੀ ਤਰਸਯੋਗ ਬਣਾ ਦਿੰਦੇ ਹਨ, ਜਿਸ ਨਾਲ ਸਾਲਾਂ ਦੀ ਮਿਹਨਤ ਕਰਕੇ ਪ੍ਰਾਪਤ ਕੀਤੇ ਸਰਟੀਫਿਕੇਟ ਦੀ ਜਦੋਂ ਕੋਈ ਅਜਿਹੀ ਤਰਸਯੋਗ ਹਾਲਤ ਵੇਖਦਾ ਹੈ ਤਾਂ ਹਰ ਕਿਸੇ ਦੇ ਦਿਲ ਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ। ਕਈ ਵਾਰ ਤਾਂ ਸਰਟੀਫਿਕੇਟ ਨੂੰ ਦੂਜਿਆਂ ਤੋਂ ਅਲੱਗ ਕਰਨ ਲਈ ਸਿੱਧਾ ਹੀ ਜ਼ੋਰ ਨਾਲ ਖਿੱਚ ਦਿੰਦੇ ਹਨ, ਜਿਸ ਨਾਲ ਸਰਟੀਫਿਕੇਟ ਵਿਚ ਮੋਟੀ ਮੋਰੀ ਵੀ ਹੋ ਜਾਂਦੀ ਹੈ ਅਤੇ ਸਰਟੀਫਿਕੇਟ ਸਦਾ ਲਈ ਦਾਗੀ ਹੋ ਜਾਂਦਾ ਹੈ। ਸੋ, ਸਾਨੂੰ ਸਭ ਨੂੰ ਅਸਲ ਸਰਟੀਫਿਕੇਟ ਲਈ 'ਸਟੈਪਲਰ' ਦੀ ਵਰਤੋਂ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ।

-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ: ਕੋਟ ਗੁਰੂ, ਤਹਿ: ਜ਼ਿਲ੍ਹਾ ਬਠਿੰਡਾ।

ਤਰਸ ਦੇ ਪਾਤਰ ਹਨ ਪੰਜਾਬ ਬਾਸ਼ਿੰਦੇ

ਸੰਪਾਦਕੀ ਲੇਖ 'ਤਰਸ ਦੇ ਪਾਤਰ ਹਨ ਪੰਜਾਬ ਦੇ ਬਾਸ਼ਿੰਦੇ' ਵਿਚ ਕਿਸਾਨ ਜਥੇਬੰਦੀਆਂ ਦੀ ਮੌਜੂਦਗੀ ਕਾਰਗੁਜ਼ਾਰੀ ਦੀ ਤਸਵੀਰ ਸਾਫ਼ ਜ਼ਾਹਰ ਕਰਦੀ ਹੈ ਕਿ ਵੱਖ-ਵੱਖ ਜਥੇਬੰਦੀਆਂ ਦੇ ਆਗੂ ਆਪਣੀ-ਆਪਣੀ ਬੋਲੀ ਬੋਲਣ ਲੱਗ ਪਏ ਹਨ ਜੋ ਕਿ ਪੰਜਾਬ ਦੇ ਲੋਕਾਂ ਅਤੇ ਪੰਜਾਬ ਦੀ ਆਰਥਿਕਤਾ ਲਈ ਘਾਤਕ ਸਿੱਧ ਹੋ ਰਹੇ ਹਨ। ਪੰਜਾਬ ਦੀ ਮੌਜੂਦਾ ਸਰਕਾਰ ਵੀ ਬੇਵੱਸ ਹੋਈ ਜਾਪਦੀ ਹੈ। ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਰਲਮਿਲ ਕੇ ਕੋਈ ਉਸਾਰੂ ਉਪਰਾਲਾ ਕਰਨਾ ਚਾਹੀਦਾ ਹੈ ਨਾ ਕਿ ਆਮ ਜਨਤਾ ਲਈ ਸਿਰਦਰਦੀ।

-ਜਗਰੂਪ ਸਿੰਘ
ਥੇਹ ਕਲੰਦਰ, ਫਾਜ਼ਿਲਕਾ।

ਆਰਮੀ ਸਕੂਲ ਅਤੇ ਪੰਜਾਬੀ ਭਾਸ਼ਾ

ਨਵੀਂ ਸਿੱਖਿਆ ਨੀਤੀ (2020) ਦੇ ਅਨੁਸਾਰ ਦੇਸ਼ ਭਰ ਦੇ ਸਕੂਲਾਂ ਵਿਚ ਖੇਤਰੀ ਭਾਸ਼ਾਵਾਂ ਦੀ ਪੜ੍ਹਾਈ ਦਾ ਮਸਲਾ ਲਗਾਤਾਰ ਇਕ ਰਹੱਸ ਬਣਿਆ ਹੋਇਆ ਹੈ। ਸੀ.ਬੀ.ਐਸ.ਈ. ਬੋਰਡ ਨਾਲ ਸੰਬੰਧਿਤ ਆਰਮੀ ਸਕੂਲਾਂ ਦਾ ਪ੍ਰਬੰਧ ਚਲਾਉਣ ਵਾਲੀ ਸੰਸਥਾ ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਵਲੋਂ ਦੇਸ਼ ਭਰ ਦੇ ਸਕੂਲਾਂ ਨੂੰ ਪਿਛਲੇ ਦਿਨੀਂ ਜਾਰੀ ਕੀਤੇ ਹੁਕਮਾਂ ਅਨੁਸਾਰ ਕਿਸੇ ਵੀ ਆਰਮੀ ਸਕੂਲ ਵਿਚ ਖੇਤਰੀ ਭਾਸ਼ਾ ਦੀ ਪੜ੍ਹਾਈ ਨਹੀਂ ਕਰਵਾਈ ਜਾਵੇਗੀ ਤੇ ਸਿਰਫ ਅੰਗਰੇਜ਼ੀ, ਹਿੰਦੀ ਤੇ ਸੰਸਕ੍ਰਿਤ ਦੀ ਪੜ੍ਹਾਈ ਹੀ ਹੋਵੇਗੀ। ਦੇਸ਼ ਭਰ ਵਿਚ 137 ਆਰਮੀ ਸਕੂਲ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਆਰਮੀ ਸਕੂਲ ਪੰਜਾਬ ਦੀ ਧਰਤੀ 'ਤੇ ਚੱਲ ਰਹੇ ਹਨ ਜਿਸ ਸਦਕਾ ਇਨ੍ਹਾਂ ਸਕੂਲਾਂ ਵਿਚ ਹੁਣ ਪੰਜਾਬ ਦੇ ਵਿਦਿਆਰਥੀ ਆਪਣੀ ਮਾਤ ਭਾਸ਼ਾ ਨਹੀਂ ਪੜ੍ਹ ਸਕਣਗੇ। ਇਹ ਸਭ ਕੁਝ ਉਦੋਂ ਹੋ ਰਿਹਾ ਹੈ ਜਦੋਂ ਕੇਂਦਰੀ ਸਰਕਾਰ ਲੋਕ ਸਭਾ ਵਿਚ ਨਵੀਂ ਸਿੱਖਿਆ ਨੀਤੀ ਦੀ ਵਿਆਖਿਆ ਖੇਤਰੀ ਭਾਸ਼ਾਵਾਂ ਦੇ ਹੱਕ ਵਿਚ ਕਰ ਰਹੀ ਹੈ ਅਤੇ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦਾ ਮਾਣ ਮਹਿਸੂਸ ਕਰ ਰਹੀ ਹੈ। ਸੋ, ਸਮੂਹ ਪੰਜਾਬੀਆਂ ਨੂੰ ਭਵਿੱਖ ਵਿਚ ਪੰਜਾਬੀ ਭਾਸ਼ਾ ਨੂੰ ਜਿਊਂਦਾ ਰੱਖਣ ਲਈ ਵੱਡੇ ਸੰਘਰਸ਼ ਲਈ ਕਮਰਕੱਸੇ ਕਰਨੇ ਪੈਣਗੇ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਤਰਨ ਤਾਰਨ।

ਦੋਸਤੀ ਦਾ ਰਿਸ਼ਤਾ

ਇਸ ਪਦਾਰਥਵਾਦੀ ਯੁੱਗ ਵਿਚ ਸੱਚੇ ਦੋਸਤ ਹੁਣ ਬਹੁਤ ਘੱਟ ਹੀ ਮਿਲਦੇ ਹਨ। ਜ਼ਿਆਦਾਤਰ ਹੁਣ ਲੋਕ ਸਿਰਫ ਆਪਣੇ ਮਤਲਬ ਤੱਕ ਹੀ ਦੋਸਤ ਰੱਖਦੇ ਹਨ। ਸੱਚੀ ਦੋਸਤੀ ਹੁਣ ਲੱਭੀ ਵੀ ਨਹੀਂ ਮਿਲਦੀ ਪਰ ਜੇ ਸੱਚੀ ਦੋਸਤੀ ਹੋਵੇ ਤਾਂ ਉਸ ਵਰਗੀ ਮੌਜ ਵੀ ਕਿਤੇ ਨਹੀਂ ਕਿਉਂਕਿ ਜਦੋਂ ਵੀ ਵਿਅਕਤੀ ਦਾ ਮਨ ਉਦਾਸ ਹੁੰਦਾ, ਉਹ ਬੇਝਿਜਕ ਹੋ ਕੇ ਆਪਣੇ ਸੱਚੇ ਦੋਸਤ ਨਾਲ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਸਾਂਝੀਆਂ ਕਰਦਾ ਹੈ, ਜਿਸ ਨਾਲ ਬਾਅਦ ਵਿਚ ਉਸ ਦਾ ਮਨ ਹਲਕਾ ਹੋ ਜਾਂਦਾ ਹੈ। ਪਰ ਅਫ਼ਸੋਸ ਕਿ ਸੱਚੀ ਦੋਸਤੀ ਦੀ ਹੁਣ ਪਰਖ ਕਰਨੀ ਬਹੁਤ ਔਖੀ ਹੋ ਗਈ ਹੈ। ਹਰੇਕ ਇਨਸਾਨ ਦੇ ਉਂਜ ਦੋਸਤ ਤਾਂ ਬਹੁਤ ਹੁੰਦੇ ਹਨ ਪਰ ਉਨ੍ਹਾਂ ਵਿਚੋਂ ਸੱਚਾ ਕੋਈ ਹੀ ਹੋਵੇਗਾ, ਜਿਹੜਾ ਤੁਹਾਨੂੰ ਸੱਚੇ ਦੋਸਤ ਹੋਣ ਦਾ ਅਹਿਸਾਸ ਕਰਵਾ ਸਕੇ। ਪਰ ਹੁਣ ਲੋਕ ਜ਼ਿਆਦਾਤਰ ਮਤਲਬ ਤੱਕ ਹੀ ਦੋਸਤ ਬਣਾਉਂਦੇ ਹਨ ਤੇ ਆਪਣੇ ਮਤਲਬ ਵੇਲੇ ਹੀ ਫੋਨ ਕਰਦੇ ਹਨ। ਜ਼ਿਆਦਾਤਰ ਤਾਂ ਕਈ ਲੋਕ ਆਪਣਾ ਮਤਲਬ ਨਿਕਲ ਜਾਣ 'ਤੇ ਆਪਣੇ ਦੋਸਤ ਦਾ ਫੋਨ ਵੀ ਨਹੀਂ ਚੁੱਕਦੇ। ਇਸ ਕਰਕੇ ਇੰਜ ਕਦੇ ਵੀ ਨਹੀਂ ਕਰਨਾ ਚਾਹੀਦਾ। ਜੇਕਰ ਤੁਹਾਨੂੰ ਕੋਈ ਦੋਸਤ ਆਪਣਾ ਸੱਚਾ ਦੋਸਤ ਹੋਣ ਦੀ ਕਦਰ ਕਰਦਾ ਹੈ ਤਾਂ ਉਸ ਦੀ ਸਾਨੂੰ ਕਦਰ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਸੱਚੀ ਦੋਸਤੀ ਦਾ ਰਿਸ਼ਤਾ ਕਾਇਮ ਰਹਿ ਸਕੇ।

-ਸੁਖਦੇਵ ਸਿੱਧੂ ਕੁਸਲਾ
ਤਹਿ: ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ।

29-12-2021

 ਗੁਰੂ ਸਾਹਿਬਾਨ ਦੀ ਲਾਸਾਨੀ ਸ਼ਹਾਦਤ

ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਕੌਮ ਦੇ ਲੇਖੇ ਲਗਾ ਦਿੱਤਾ ਪਰ ਅਫ਼ਸੋਸ ਅਜੋਕੇ ਸਮੇਂ ਵਿਚ ਸਾਡੀ ਕੌਮ ਗੁਰੂ ਸਾਹਿਬਾਨ ਦੀ ਲਾਸਾਨੀ ਸ਼ਹਾਦਤ ਨੂੰ ਵਿਸਾਰੀ ਬੈਠੀ ਹੈ। ਵਿਦੇਸ਼ੀ ਸੱਭਿਆਚਾਰ ਦੇ ਪ੍ਰਭਾਵ ਹੇਠ ਅਜੋਕੀ ਪੀੜ੍ਹੀ ਨੇ ਆਪਣਾ ਰਵਾਇਤੀ ਖਾਣ-ਪਾਣ ਤਾਂ ਵਿਸਾਰਿਆ ਹੀ ਹੈ ਪਰ ਉਥੇ ਹੀ ਆਪਣਾ ਇਤਿਹਾਸ ਵੀ ਵਿਸਾਰ ਦਿੱਤਾ ਹੈ। ਅਸੀਂ ਆਪਣੇ ਬੱਚਿਆਂ ਨੂੰ ਫੁੱਲਾਂ ਦੀ ਸੇਜ 'ਤੇ ਬਿਠਾ ਕੇ ਰੱਖਦੇ ਹਾਂ ਪਰ ਕੀ ਕਦੇ ਅਜੋਕੇ ਮਾਪਿਆਂ ਨੇ ਆਪਣੇ ਬੱਚਿਆਂ ਨਾਲ ਗੋਬਿੰਦ ਦੇ ਲਾਲਾਂ ਦਾ ਜ਼ਿਕਰ ਕੀਤਾ। ਇਤਿਹਾਸ ਨੂੰ ਵਿਸਾਰਨਾ ਹੀ ਸੱਭਿਆਚਾਰ ਦੇ ਅਲੋਪ ਹੋਣ ਦਾ ਵੱਡਾ ਕਾਰਨ ਹੈ। ਸਕੂਲਾਂ, ਕਾਲਜਾਂ ਵਿਚ ਕ੍ਰਿਸਮਸ ਦਾ ਤਿਉਹਾਰ ਤਾਂ ਮਨਾਇਆ ਜਾਂਦਾ ਹੈ ਪਰ ਪੋਹ ਦੇ ਮਹੀਨੇ ਵਿਚ ਗੋਬਿੰਦ ਦੇ ਲਾਲਾਂ ਦੀਆਂ ਦਿੱਤੀਆਂ ਕੁਰਬਾਨੀਆਂ ਦਾ ਮਹੱਤਵ ਵਿਦਿਆਰਥੀਆਂ ਨੂੰ ਕਿਉਂ ਨਹੀਂ ਸਮਝਾਇਆ ਜਾਂਦਾ? ਪੰਜ ਪਿਆਰਿਆਂ ਨੂੰ ਇਕ ਹੀ ਬਾਟੇ ਵਿਚ ਅੰਮ੍ਰਿਤ ਛਕਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ-ਪਾਤ ਦੇ ਭੇਦਭਾਵ ਨੂੰ ਖ਼ਤਮ ਕੀਤਾ ਸੀ ਪਰ 21ਵੀਂ ਸਦੀ ਵਿਚ ਲੋਕ ਅਜੇ ਵੀ ਜਾਤ-ਪਾਤ, ਧਰਮ ਪਿੱਛੇ ਲੜ ਰਹੇ ਹਨ। ਆਓ, ਸਾਰੀ ਕੌਮ ਰਲ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਹੋਏ ਭਾਈਚਾਰਕ ਮਾਰਗ 'ਤੇ ਚੱਲੀਏ ਅਤੇ ਚਾਰ ਸਾਹਿਬਜ਼ਾਦਿਆਂ ਵਾਂਗ ਆਪਣੇ ਹੌਸਲੇ ਬੁਲੰਦ ਕਰੀਏ।

-ਸਿਮਰਨਦੀਪ ਕੌਰ ਬੇਦੀ
ਬਾਬਾ ਨਾਮਦੇਵ ਨਗਰ, ਘੁਮਾਣ।

ਪਾਕਿ ਵਿਚ ਮੰਦਰਾਂ ਦੀ ਭੰਨਤੋੜ

ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਇਕ ਮੰਦਰ ਵਿਚ ਸ਼ਰ੍ਹੇਆਮ ਹਥੌੜੀਆਂ ਨਾਲ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੋੜ ਦਿੱਤੀਆਂ ਗਈਆਂ। ਮੌਕੇ 'ਤੇ ਮੌਜੂਦ ਸ਼ਰਧਾਲੂਆਂ ਨੇ ਇਕ ਦੋਸ਼ੀ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ, ਦੂਸਰਾ ਦੋਸ਼ੀ ਫ਼ਰਾਰ ਹੋ ਗਿਆ। ਇਹ ਕੋਈ ਮੰਦਰ ਦੇ ਹਮਲੇ ਦੀ ਪਹਿਲੀ ਘਟਨਾ ਨਹੀਂ ਹੈ, 22 ਮਹੀਨਿਆਂ ਵਿਚ ਇਹ 9ਵਾਂ ਹਮਲਾ ਹੈ। ਇਸ ਤੋਂ ਪਹਿਲਾਂ ਵੀ ਜਬਰੀ ਧਰਮ ਪਰਿਵਰਤਨ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ, ਜੋ ਘੱਟ-ਗਿਣਤੀ ਹਿੰਦੂ ਤੇ ਸਿੱਖਾਂ 'ਤੇ ਅਕਸਰ ਇਹ ਹਮਲੇ ਤੇ ਅੱਤਿਆਚਾਰ ਹੁੰਦੇ ਰਹਿੰਦੇ ਹਨ। ਇਸ ਦੀ ਜਿੰਨੀ ਨਿੰਦਾ ਤੇ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ। ਮੋਦੀ ਸਰਕਾਰ ਨੂੰ ਘੱਟ-ਗਿਣਤੀਆਂ ਦੀ ਸੁਰੱਖਿਆ ਵਾਸਤੇ ਪਾਕਿ ਨੂੰ ਤਾੜਨਾ ਕਰ ਇਹ ਹਮਲੇ ਰੋਕਣ ਲਈ ਬਾਜ ਆਉਣ ਲਈ ਕਹਿਣਾ ਚਾਹੀਦਾ ਹੈ। ਜਿਹੜਾ ਦੋਸ਼ੀ ਫੜਿਆ ਹੈ, ਉਸ ਕੋਲੋਂ ਪੂਰੀ ਪੜਤਾਲ ਕਰ ਇਸ ਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਹਨ, ਯੂ.ਐਨ.ਓ. ਵਿਚ ਭਾਰਤ ਨੂੰ ਗੱਲ ਰੱਖ ਪਾਕਿਸਤਾਨ 'ਤੇ ਦਬਾਅ ਬਣਾਉਣਾ ਚਾਹੀਦਾ ਹੈ। ਪਾਕਿਸਤਾਨ ਨੂੰ ਵੀ ਇਹੋ ਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ ਆਉਣਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ

ਨਵੇਂ ਸਾਲ ਦੀ ਆਮਦ

ਅਸੀਂ ਸਾਲ 2021 ਦੇ ਆਖਰੀ ਦਿਨਾਂ ਵਿਚੋਂ ਗੁਜ਼ਰ ਰਹੇ ਹਾਂ। ਸਾਲ ਵਿਚ ਜਾਣੇ-ਅਣਜਾਣੇ ਵਿਚ ਸਾਡੇ ਕੋਲੋਂ ਬਹੁਤ ਗ਼ਲਤੀਆਂ ਹੁੰਦੀਆਂ ਹਨ। ਕਈ ਵਾਰ ਅਸੀਂ ਅਜਿਹੇ ਸ਼ਬਦਾਂ ਦੀ ਵਰਤੋਂ ਕਰਦੇ ਹਾਂ ਜੋ ਕਿਸੇ ਦਾ ਤਨ ਮਨ ਫੂਕ ਦਿੰਦੇ ਹਨ। ਵਿਚਾਰੀਏ ਕਿ ਸਾਡੀ ਕਿਹੜੀ ਅਜਿਹੀ ਗ਼ਲਤੀ ਸੀ ਜਿਸ ਕਾਰਨ ਅਜਿਹੇ ਕਰੀਬੀ ਸੱਜਣ ਸਾਡੇ ਕੋਲੋਂ ਦੂਰ ਹੁੰਦੇ ਚਲੇ ਗਏ। ਅਕਸਰ ਬੱਚੇ ਵੀ ਬਹੁਤ ਗ਼ਲਤੀਆਂ ਕਰ ਜਾਂਦੇ ਹਨ। ਉਹ ਮਾਂ ਬਾਪ ਤੇ ਮਾਸਟਰਾਂ ਨਾਲ ਵੀ ਝੂਠ ਬੋਲ ਜਾਂਦੇ ਹਨ। ਛੋਟੇ ਬੱਚੇ ਵੀ ਪ੍ਰਣ ਕਰਨ ਕਿ ਨਵੇਂ ਵਰ੍ਹੇ 'ਚ ਬਿਲਕੁਲ ਵੀ ਝੂਠ ਨਹੀਂ ਬੋਲਣਾ, ਜਿਸ ਕਾਰਨ ਸਾਡੇ ਮਾਂ-ਬਾਪ ਸਾਡੇ ਨਾਲੋਂ ਗੁੱਸੇ ਹੋ ਜਾਣ। ਅਕਸਰ ਕਈ ਘਰਾਂ ਵਿਚ ਆਮ ਦੇਖਣ ਨੂੰ ਆਉਂਦਾ ਹੈ ਕਿ ਘਰ ਵਿਚ ਨੂੰਹ-ਸੱਸ ਆਪਸ ਵਿਚ ਕਈ ਵਰ੍ਹਿਆਂ ਤੋਂ ਨਹੀਂ ਬੋਲੀਆਂ ਜਾਂ ਨਣਾਨ ਭਰਜਾਈ ਦੀ ਆਪਸ ਵਿਚ ਨਹੀਂ ਬਣਦੀ। ਨਵਾਂ ਸਾਲ ਚੜ੍ਹਨ ਤੋਂ ਪਹਿਲਾਂ ਜੋ ਆਪਸੀ ਮਤਭੇਦ ਹਨ, ਉਨ੍ਹਾਂ ਨੂੰ ਭੁਲਾ ਦੇਵੋ। ਜ਼ਮੀਨੀ ਝਗੜੇ ਨੂੰ ਲੈ ਕੇ ਜੇ ਭਰਾ-ਭਰਾ ਵਿਚ ਤਕਰਾਰ ਹੈ ਤਾਂ ਉਸ ਨੂੰ ਪਿਆਰ ਨਾਲ ਸੁਲਝਾਓ। ਫਿਰ ਪਛਤਾਉਣ ਦਾ ਕੋਈ ਫਾਇਦਾ ਨਹੀਂ ਰਹਿੰਦਾ। ਜੋ ਪਾਣੀ ਪੁਲਾਂ ਤੋਂ ਇਕ ਵਾਰੀ ਲੰਘ ਜਾਂਦਾ ਹੈ, ਉਹ ਵਾਪਸ ਮੁੜ ਕੇ ਨਹੀਂ ਆਉਂਦਾ। ਜਦੋਂ ਪਰਿਵਾਰਾਂ ਵਿਚ ਤਕਰਾਰ ਹੁੰਦਾ ਹੈ ਤਾਂ ਬਾਹਰਲੇ ਬੰਦੇ ਇਸ ਦਾ ਫਾਇਦਾ ਉਠਾਉਂਦੇ ਹਨ। ਸਾਡਾ ਕਿਸੇ ਗੱਲ ਕਰਕੇ ਆਂਢ-ਗੁਆਂਢ ਵਿਚ ਤਕਰਾਰ ਹੈ ਤਾਂ ਮੁਆਫ਼ੀ ਮੰਗ ਲਵੋ। ਗ਼ਲਤੀ ਕਰਨ ਨਾਲੋਂ ਮੁਆਫ਼ ਕਰਨ ਵਾਲਾ ਵੱਡਾ ਹੁੰਦਾ ਹੈ। ਕੋਈ ਵੀ ਰਿਸ਼ਤਾ ਹੈ ਉਸ ਦੀ ਸਮਾਂ ਰਹਿੰਦਿਆਂ ਕਦਰ ਕਰੀਏ। ਸਾਫ਼-ਸੁਥਰੀ ਬੋਲੀ ਵਰਤੀਏ। ਜੇ ਅਸੀਂ ਵਧੀਆ ਸ਼ਬਦਾਂ ਦੀ ਵਰਤੋਂ ਕਰਾਂਗੇ ਤਾਂ ਸਾਡੇ ਰਿਸ਼ਤੇ ਬਹੁਤ ਚਮਕਣਗੇ। ਨਵਾਂ ਸਾਲ ਸਭਨਾਂ ਲਈ ਖੁਸ਼ੀਆਂ ਖੇੜੇ ਲੈ ਕੇ ਆਏ।

-ਸੰਜੀਵ ਸਿੰਘ ਸੈਣੀ
ਮੁਹਾਲੀ।

ਬੇਅਦਬੀ ਦੀਆਂ ਘਟਨਾਵਾਂ ਨਿੰਦਣਯੋਗ

ਇਕ ਧਰਮ-ਨਿਰਪੱਖ ਸਮਾਜ ਵਿਚ ਕਿਸੇ ਵੀ ਧਰਮ ਦੀਆਂ ਮਾਨਤਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਬੇਅਦਬੀ ਦੀ ਹਰਕਤ ਨਿੰਦਣਯੋਗ ਹੈ। ਇਸ ਲਈ ਹਾਲ ਹੀ ਦੇ ਦਿਨਾਂ ਵਿਚ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਅਤੇ ਇਸ ਤੋਂ ਅਗਲੇ ਹੀ ਦਿਨ ਕਪੂਰਥਲਾ ਦੇ ਇਕ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਅਤਿਅੰਤ ਦੁਖਦਾਈ ਅਤੇ ਨਿੰਦਣਯੋਗ ਹਨ ਅਤੇ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਇਕ ਆਵਾਜ਼ ਵਿਚ ਇਨ੍ਹਾਂ ਦੀ ਨਿੰਦਾ ਕਰਨੀ ਚਾਹੀਦੀ ਹੈ। ਆਉਣ ਵਾਲੀਆਂ ਚੋਣਾਂ ਦੀ ਗੰਭੀਰਤਾ ਦੇ ਮੱਦੇਨਜ਼ਰ ਇਹ ਉਮੀਦ ਜਤਾਈ ਜਾਂਦੀ ਹੈ ਕਿ ਕੇਂਦਰ ਅਤੇ ਰਾਜ ਦੀਆਂ ਵਿਭਿੰਨ ਖੁਫ਼ੀਆ ਅਤੇ ਜਾਂਚ ਏਜੰਸੀਆਂ ਜੰਗੀ ਪੱਧਰ 'ਤੇ ਪੂਰਨ ਜ਼ਿੰਮੇਵਾਰੀ ਨਾਲ ਜਲਦੀ ਤੋਂ ਜਲਦੀ ਇਨ੍ਹਾਂ ਮੰਦਭਾਗੀਆਂ ਘਟਨਾਵਾਂ ਦੀ ਤਹਿ ਤੱਕ ਜਾ ਕੇ ਸਚਾਈ ਲੱਭਣਗੀਆਂ ਤਾਂ ਜੋ ਸਾਡੇ ਪੰਜਾਬ ਦਾ ਮਾਹੌਲ ਸਦਭਾਵਨਾਪੂਰਨ ਭਾਵ ਕਿ ਸੁਹਿਰਦ ਬਣਿਆ ਰਹੇ। ਅੱਜ ਇਥੇ ਸਾਰੇ ਰਾਜਨੀਤਕ ਨੇਤਾਵਾਂ ਦੀ ਵੀ ਅਹਿਮ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਨਤਕ ਰੈਲੀਆਂ, ਸਭਾਵਾਂ ਅਤੇ ਸਥਾਨਾਂ 'ਤੇ ਇਸ ਤਰ੍ਹਾਂ ਦੇ ਭੜਕਾਊ ਭਾਸ਼ਨ ਜਾਂ ਬਿਆਨ ਨਾ ਦੇਣ ਤਾਂ ਜੋ ਪੰਜਾਬ ਦੇ ਭੋਲੇ-ਭਾਲੇ ਲੋਕ ਗ਼ਲਤ ਰਾਹੇ ਨਾ ਪੈ ਜਾਣ।

-ਕ੍ਰਿਸ਼ਨ ਕਾਂਤ ਸੂਦ
ਨੰਗਲ (ਪੰਜਾਬ)।

28-12-2021

 ਵਿਕਾਸ ਦਾ ਅਰਥ

ਸਰਪੰਚ ਸਿਰਫ ਗਲੀਆਂ-ਨਾਲੀਆਂ ਤੱਕ ਦੀ ਮੁਰੰਮਤ ਕਰਵਾ ਕੇ ਕਹਿੰਦੇ ਹਨ ਕਿ ਅਸੀਂ ਪਿੰਡ ਦਾ ਬਹੁਤ ਵਿਕਾਸ ਕਰਵਾ ਦਿੱਤਾ ਪਰ ਵਿਕਾਸ ਦਾ ਅਰਥ ਇਹ ਨਹੀਂ। ਹੁਣ ਇਹ ਵਿਕਾਸ ਇਥੋਂ ਤੱਕ ਹੀ ਸੀਮਤ ਨਹੀਂ ਰਿਹਾ। ਹੁਣ ਵਿਕਾਸ ਵਿਚ ਹੈਲਥ ਕਲੱਬ, ਵਧੀਆ ਪਾਰਕਿੰਗ, ਬੱਚਿਆਂ ਨੂੰ ਵਧੀਆ ਸਿੱਖਿਆ ਦਿਵਾਉਣ ਲਈ ਸਮੇਂ ਅਨੁਸਾਰ ਯੋਗ ਪ੍ਰਬੰਧ ਕਰਕੇ ਸਕੂਲ ਸਟਾਫ ਦਾ ਸਹਿਯੋਗ ਕਰਨਾ, ਨੌਜਵਾਨ ਬੱਚਿਆਂ ਲਈ ਖੇਡ ਗਰਾਊਂਡਾਂ ਤੇ ਖੇਡਾਂ ਦਾ ਸਾਮਾਨ ਮੁਹੱਈਆ ਕਰਵਾਉਣਾ, ਪਿੰਡਾਂ ਵਿਚ ਖੇਤੀਬਾੜੀ ਮਹਿਕਮਿਆਂ ਦੇ ਸਹਿਯੋਗ ਸਦਕਾ ਸੈਮੀਨਾਰ ਕਰਵਾਉਣੇ, ਪਿੰਡ ਦੇ ਆਲੇ-ਦੁਆਲੇ ਵਧੀਆ ਬੂਟੇ ਲਗਵਾਉਣੇ ਤਾਂ ਜੋ ਬਾਹਰੋਂ ਆਉਣ ਵਾਲਿਆਂ ਨੂੰ ਵੇਖਦਿਆਂ ਹੀ ਪਿੰਡ ਦੀ ਤਰੱਕੀ ਦਾ ਪਤਾ ਲੱਗੇ, ਬੱਚਿਆਂ ਨੂੰ ਸੇਧ ਦੇਣ ਵਾਲੇ ਕੰਧਾਂ 'ਤੇ ਬੋਰਡ ਬਣਵਾਉਣੇ ਤਾਂ ਜੋ ਨੌਜਵਾਨ ਇਨ੍ਹਾਂ ਤੋਂ ਸੇਧ ਲੈ ਕੇ ਸਹੀ ਰਸਤੇ 'ਤੇ ਚੱਲਣ, ਹੋ ਸਕੇ ਲਾਇਬ੍ਰੇਰੀ ਆਦਿ ਦਾ ਪ੍ਰਬੰਧ ਕੀਤਾ ਜਾਵੇ, ਆਪਸੀ ਰੰਜਿਸ਼ ਖ਼ਤਮ ਕਰਨ ਲਈ ਪਿੰਡ ਦੇ ਬਜ਼ੁਰਗਾਂ ਦੀ ਇਕ ਟੀਮ ਬਣਾਈ ਜਾਵੇ ਤਾਂ ਜੋ ਦੋਵੇਂ ਧਿਰਾਂ ਨੂੰ ਸਮਝਾ ਕੇ ਇਕ ਕੀਤਾ ਜਾ ਸਕੇ। ਪਿੰਡ ਦੇ ਵਿਕਾਸ ਲਈ ਪਿੰਡ ਦਾ ਏਕਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਜਿਥੇ ਵੀ ਧੜੇਬੰਦੀਆਂ ਹੋਣਗੀਆਂ, ਉਥੇ ਵਿਕਾਸ ਕਰਨਾ ਤੇ ਕਰਵਾਉਣਾ ਹੁੰਦਾ ਹੈ।

-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।

ਇਨਸਾਫ਼ ਦੀ ਉਮੀਦ

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਦਰਦਨਾਕ ਹਾਦਸੇ ਦੀ ਹੋ ਰਹੀ ਜਾਂਚ ਵਿਚ ਐਸ.ਆਈ.ਟੀ. (ਸਪੈਸ਼ਲ ਜਾਂਚ ਏਜੰਸੀ) ਨੇ ਆਪਣੀ ਰਿਪੋਰਟ ਵਿਚ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਸਾਰਾ ਹਾਦਸਾ ਇਕ ਸੋਚੀ-ਸਮਝੀ ਸਾਜਿਸ਼ ਤਹਿਤ ਵਾਪਰਿਆ ਸੀ, ਧਾਰਾ 370 ਦੇ ਤਹਿਤ ਮੁਕੱਦਮਾ ਕਤਲ ਦੇ ਮੌਤ ਦੇ ਤਹਿਤ ਦਰਜ ਕਰ ਲਿਆ ਗਿਆ ਹੈ। ਇਸ ਹਾਦਸੇ ਵਿਚ ਭਾਜਪਾ ਦੇ ਇਕ ਵੱਡੇ ਲੀਡਰ ਦੇ ਬੇਟੇ ਦਾ ਨਾਂਅ ਸਾਹਮਣੇ ਆ ਰਿਹਾ ਹੈ। ਭਾਜਪਾ ਜੋ ਕਿ ਕੇਂਦਰ ਵਿਚ ਹੈ ਅਤੇ ਅਮਨ-ਕਾਨੂੰਨ ਅਤੇ ਸ਼ਾਂਤੀ ਦਾ ਰਾਗ ਅਲਾਪਦੀ ਰਹਿੰਦੀ ਹੈ, ਇਸ ਘਟਨਾ ਵਿਚ ਉਸ ਦਾ ਪੱਖ ਕੀ ਰਹੇਗਾ, ਇਹ ਦੇਖਣ ਵਾਲਾ ਹੋਵੇਗਾ। ਸਾਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਜਾਂਚ ਪੂਰੀ ਹੋਣ ਤੋਂ ਬਾਅਦ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ ਤਾਂ ਜੋ ਬੇਕਸੂਰ ਲੋਕਾਂ ਨੂੰ ਇਨਸਾਫ਼ ਮਿਲਣ ਦੇ ਨਾਲ-ਨਾਲ ਭਵਿੱਖ ਵਿਚ ਵੀ ਇਨਸਾਫ਼ ਦੀ ਉਮੀਦ ਬੱਝ ਸਕੇ।\

-ਰਜਵਿੰਦਰ ਪਾਲ
ਪਿੰਡ ਕਾਲਝਰਾਣੀ, ਡਾਕ: ਚੱਕ ਅਤਰ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ।

ਪਾਣੀ

ਪਾਣੀ ਕੁਦਰਤ ਦੀ ਅਨਮੋਲ ਦਾਤ ਹੈ। ਪਾਣੀ ਬਿਨਾਂ ਮਨੁੱਖ ਜਿਊਂਦਾ ਨਹੀਂ ਰਹਿ ਸਕਦਾ। ਮਨੁੱਖੀ ਸਰੀਰ ਵਿਚ 70 ਫ਼ੀਸਦੀ ਪਾਣੀ ਹੈ। ਪਾਣੀ ਘਰ ਵਿਚ ਵਰਤੀ ਜਾਣ ਵਾਲੀ ਸਭ ਤੋਂ ਜ਼ਰੂਰੀ ਵਸਤੂ ਹੈ। ਸਾਨੂੰ ਪਾਣੀ ਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ। ਸਾਨੂੰ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ। ਘਰ ਵਿਚ ਪਾਣੀ ਦੀ ਵਰਤੋਂ ਕਰਨ ਤੋਂ ਬਾਅਦ ਟੂਟੀ ਨੂੰ ਚੰਗੀ ਤਰ੍ਹਾਂ ਬੰਦ ਕਰਨਾ ਚਾਹੀਦਾ ਹੈ। ਮੀਂਹ ਦਾ ਪਾਣੀ ਇਕੱਠਾ ਕਰਕੇ ਉਸ ਨੂੰ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ। ਪੰਜਾਬ ਵਿਚ ਪਾਣੀ ਦਾ ਪੱਧਰ ਬਹੁਤ ਥੱਲੇ ਜਾ ਚੁੱਕਾ ਹੈ। ਸਭ ਤੋਂ ਵੱਧ ਪਾਣੀ ਝੋਨੇ ਦੀ ਫਸਲ ਨੂੰ ਲਗਦਾ ਹੈ। ਜੇਕਰ ਝੋਨਾ ਲਗਾਉਣਾ ਬੰਦ ਕਰ ਦਿੱਤਾ ਜਾਵੇ ਤਾਂ ਪਾਣੀ ਨੂੰ ਖਤਮ ਹੋਣ ਤੋਂ ਬਚਾਇਆ ਜਾ ਸਕਦਾ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ ਪਾਣੀ ਨੂੰ ਬਚਾਉਣਾ ਚਾਹੀਦਾ ਹੈ।

-ਪ੍ਰਭਨੂਰ ਸਿੰਘ
ਪਿੰਡ ਤੇ ਡਾਕ: ਸਿਹੌੜਾ, ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ।

ਨਸ਼ੇ ਦਾ ਦੈਂਤ

ਪੰਜਾਬ ਨੇ ਬੇਸ਼ੱਕ ਇਕ ਬਹੁਤ ਵੱਡੀ ਜੰਗ ਖੇਤੀ ਕਾਨੂੰਨਾਂ ਵਾਲੀ ਜਿੱਤ ਲਈ ਹੈ। ਜੁਝਾਰੂ ਕਿਸਾਨ ਮਜ਼ਦੂਰ ਜਥੇਬੰਦੀਆਂ ਘਰਾਂ ਨੂੰ ਪਰਤ ਆਈਆਂ ਹਨ। ਪਰ ਇਹ ਆਰਾਮ ਨਾਲ ਬੈਠਣ ਦਾ ਸਮਾਂ ਨਹੀਂ ਹੈ। ਇਸ ਏਕੇ ਦੀ ਤਾਕਤ ਨਾਲ ਅਸੀਂ ਹਾਲੇ ਹੋਰ ਵੀ ਬਹੁਤ ਮੁਹਿੰਮਾਂ ਫ਼ਤਹਿ ਕਰਨੀਆਂ ਹਨ, ਜਿਨ੍ਹਾਂ ਵਿਚ ਇਸ ਸਮੇਂ ਸਭ ਤੋਂ ਵੱਡੀ ਮੁਹਿੰਮ ਹੈ ਨਸ਼ੇ ਦੇ ਦੈਂਤ ਨੂੰ ਨੱਥ ਪਾਉਣੀ। ਜੇਕਰ ਸਾਡੇ ਕਿਸਾਨ ਮਜ਼ਦੂਰ ਆਪਣੇ ਏੇਕੇ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਦੇ ਹੋਏ ਨਸ਼ੇ ਵਿਰੁੱਧ ਵੀ ਲਾਮਬੱਧ ਹੋ ਕੇ ਆਪਣੇ-ਆਪਣੇ ਪਿੰਡਾਂ ਵਿਚੋਂ ਨਸ਼ੇ ਦੇ ਖ਼ਾਤਮੇ ਲਈ ਜ਼ਰੂਰੀ ਕਦਮ ਚੁੱਕਣ ਤੇ ਤਕੜਾ ਹੰਭਲਾ ਮਾਰਨ ਤਾਂ ਇਹ ਨਸ਼ੇ ਦਾ ਦੈਂਤ ਕਦੇ ਵੀ ਅਗਲੀ ਪੀੜ੍ਹੀ ਨੂੰ ਖੋਰਾ ਨਹੀਂ ਲਾ ਸਕਦਾ। ਮੇਰੀ ਕਿਸਾਨ ਆਗੂਆਂ ਅੱਗੇ ਵੀ ਇਹੋ ਬੇਨਤੀ ਹੈ ਕਿ ਹੁਣ ਇਕ-ਇਕ ਕਰਕੇ ਪੰਜਾਬ ਦੀਆਂ ਸਭ ਦਰਪੇਸ਼ ਵੰਗਾਰਾਂ ਨਾਲ ਨਜਿੱਠਿਆਂ ਜਾਵੇ ਤਾਂ ਕਿ ਸਾਡਾ ਪੰਜਾਬ ਫਿਰ ਤੋਂ ਸੋਨੇ ਦੀ ਚਿੜੀ ਬਣ ਜਾਵੇ ਅਤੇ ਨਸ਼ੇ ਤੋਂ ਡਰਦੇ ਮਾਰੇ ਮਾਪੇ ਆਪਣੇ ਪੁੱਤਰਾਂ ਨੂੰ ਵਿਦੇਸ਼ ਤੋਰ ਕੇ ਵਿਛੋੜੇ ਨਾ ਸਹਿਣ। ਸਾਨੂੰ ਉਮੀਦ ਹੈ ਕਿ ਮੇਰੀ ਇਹ ਬੇਨਤੀ ਸਾਡੇ ਸੂਝਵਾਨ ਕਿਸਾਨ ਮਜ਼ਦੂਰ ਆਗੂਆਂ ਤੱਕ ਜ਼ਰੂਰ ਪਹੁੰਚੇਗੀ।

-ਰਮਨਦੀਪ ਕੌਰ

ਮਹਿੰਗਾਈ ਦੀ ਮਾਰ

ਭਾਵੇਂ ਕਿ ਹੁਣ ਗੈਸ, ਡੀਜ਼ਲ, ਪੈਟਰੋਲ ਦੀਆਂ ਕੀਮਤਾਂ ਵਧਣ ਵਿਚ ਕਈ ਦਿਨਾਂ ਤੋਂ ਖੜੋਤ ਆਈ ਹੈ ਪਰ ਪਿਛਲੇ ਕੁਝ ਸਮੇਂ ਤੋਂ ਇਨ੍ਹਾਂ ਦੀਆਂ ਕੀਮਤਾਂ ਲਗਾਤਾਰ ਵਧਣ ਕਾਰਨ ਮਹਿੰਗਾਈ ਵਿਚ ਬੇਤਹਾਸ਼ਾ ਵਾਧਾ ਹੋ ਗਿਆ ਹੈ, ਜਿਸ ਕਾਰਨ ਹਰੇਕ ਨੂੰ ਹੀ ਮਹਿੰਗਾਈ ਦੀ ਮਾਰ ਸਹਿਣ ਕਰਨੀ ਪੈ ਰਹੀ ਹੈ ਪ੍ਰੰਤੂ ਆਮ ਆਦਮੀ, ਦਿਹਾੜੀਦਾਰ ਮਹਿੰਗਾਈ ਦੀ ਚੱਕੀ ਵਿਚ ਪੂਰੀ ਤਰ੍ਹਾਂ ਪਿਸ ਰਿਹਾ ਹੈ ਅਤੇ ਉਸ ਨੂੰ ਆਪਣੇ ਪਰਿਵਾਰ ਨੂੰ ਦੋ ਵਕਤ ਦੀ ਰੋਟੀ ਖਵਾਉਣੀ ਵੀ ਔਖੀ ਹੋਈ ਪਈ ਹੈ ਅਤੇ ਉੱਪਰੋਂ ਜੇਕਰ ਪਰਿਵਾਰ ਵਿਚ ਕੋਈ ਬਿਮਾਰ ਹੋ ਜਾਵੇ ਤਾਂ ਹੋਰ ਵੀ ਮੁਸ਼ਕਿਲ ਖੜ੍ਹੀ ਹੋ ਜਾਂਦੀ ਹੈ। ਅਕਸਰ ਵੇਖਿਆ ਗਿਆ ਹੈ ਕਿ ਵੱਡੇ-ਵੱਡੇ ਮਾਲਾਂ, ਸਟੋਰਾਂ ਵਿਚ ਖਾਣ ਵਾਲੀਆਂ ਵਸਤਾਂ ਪੈਕਟਾਂ ਵਿਚ ਬੰਦ ਹੁੰਦੀਆਂ ਹਨ ਤੇ ਉੱਪਰ ਰੇਟ ਵੀ ਲਿਖੇ ਹੁੰਦੇ ਹਨ, ਜਦੋਂ ਕਿ ਪ੍ਰਚੂਨ ਦੀਆਂ ਦੁਕਾਨਾਂ ਵਿਚ ਅਜਿਹਾ ਨਹੀਂ ਹੁੰਦਾ, ਜਿਸ ਕਾਰਨ ਦੋਵਾਂ ਦੇ ਰੇਟਾਂ ਵਿਚ ਫ਼ਰਕ ਹੁੰਦਾ ਹੈ ਅਤੇ ਇਸੇ ਤਰ੍ਹਾਂ ਹੀ ਸਬਜ਼ੀ, ਫਲਾਂ ਦੇ ਰੇਹੜੀ, ਫੜ੍ਹੀ ਵਾਲਿਆਂ ਨੇ ਵੀ ਆਪੋ-ਆਪਣੇ ਰੇਟ ਲਗਾਏ ਹੁੰਦੇ ਹਨ। ਭਾਵ ਇਕ-ਦੂਜੇ ਦੇ ਰੇਟਾਂ ਵਿਚ ਅੰਤਰ ਹੁੰਦਾ ਹੈ। ਸੋ, ਜਿਥੇ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ, ਉਥੇ ਹੀ ਰਾਜਨੀਤਕ ਲੋਕਾਂ ਨੂੰ ਵੋਟਾਂ ਦੇ ਨਾਲ-ਨਾਲ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਸਰਕਾਰ ਕੋਲ ਆਵਾਜ਼ ਉਠਾਉਣੀ ਚਾਹੀਦੀ ਹੈ ਤਾਂ ਜੋ ਲਗਾਤਾਰ ਵਧ ਰਹੀ ਮਹਿੰਗਾਈ 'ਤੇ ਕਾਬੂ ਪਾਇਆ ਜਾ ਸਕੇ ਤੇ ਲੋਕਾਂ ਦਾ ਸਾਹ ਕੁਝ ਸੌਖਾ ਹੋਵੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

27-12-2021

 ਬਿਰਧ ਆਸ਼ਰਮ
ਭਾਰਤ ਵਿਚ ਅਨੇਕਾਂ ਹੀ ਜਾਤਾਂ, ਪਾਤਾਂ, ਧਰਮਾਂ ਦੇ ਲੋਕ ਰਹਿ ਰਹੇ ਹਨ। ਇਨ੍ਹਾਂ ਸਭ ਧਰਮਾਂ ਦੇ ਧਾਰਮਿਕ ਗ੍ਰੰਥਾਂ ਵਿਚ ਮਾਤਾ-ਪਿਤਾ ਦੀ ਸੇਵਾ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਗਿਆ ਹੈ ਤੇ ਮਾਂ ਨੂੰ ਪਰਮਾਤਮਾ ਦਾ ਰੂਪ ਦੱਸਿਆ ਗਿਆ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਭਾਰਤ ਵਿਚ ਧਾਰਮਿਕ ਗ੍ਰੰਥਾਂ ਦਾ ਬਹੁਤ ਸਾਰਾ ਪ੍ਰਚਾਰ ਹੋਣ ਦੇ ਬਾਵਜੂਦ ਵੀ ਹਰੇਕ ਸ਼ਹਿਰ ਵਿਚ ਬਿਰਧ ਆਸ਼ਰਮ ਵੇਖਣ ਨੂੰ ਮਿਲਦੇ ਹਨ, ਜੋ ਕਿ ਸਾਡੇ ਲਈ ਸ਼ਰਮ ਵਾਲੀ ਗੱਲ ਤੇ ਸਾਡੀ ਗਿਰ ਚੁੱਕੀ ਸੋਚ 'ਤੇ ਸਵਾਲ ਖੜ੍ਹੇ ਕਰਦੇ ਹਨ।
ਇਨ੍ਹਾਂ ਬਿਰਧ ਆਸ਼ਰਮਾਂ ਵਿਚ ਰਹਿਣ ਵਾਲੇ ਬਜ਼ੁਰਗਾਂ ਦੇ ਬੱਚੇ ਪੈਸੇ ਦੀ ਲਾਲਸਾ ਵਿਚ ਮਾਪਿਆਂ ਦੇ ਪਿਆਰ ਨੂੰ ਭੁੱਲ ਕੇ ਆਪਣੇ ਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਵਧੀਆ ਬਣਾਉਣ ਵਿਚ ਲੱਗੇ ਹੋਏ ਹਨ ਪਰ ਉਹ ਇਹ ਨਹੀਂ ਸੋਚਦੇ ਹਨ ਕਿ ਅਸੀਂ ਵੀ ਇਕ ਦਿਨ ਆਪਣੇ ਮਾਪਿਆਂ ਦੀ ਤਰ੍ਹਾਂ ਇਸ ਉਮਰ ਵਿਚ ਆਵਾਂਗੇ ਤੇ ਜੇਕਰ ਸਾਡੇ ਬੱਚੇ ਸਾਡੇ ਨਾਲ ਇੰਜ ਕਰਨਗੇ, ਫਿਰ ਕੀ ਹੋਵੇਗਾ? ਸੋ, ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਦਗੀ ਜਿਊਣ ਦੇ ਨਾਲ-ਨਾਲ ਆਪਣੇ ਮਾਪਿਆਂ ਦਾ ਖਿਆਲ ਰੱਖਣ ਲਈ ਹਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਬਿਰਧ ਆਸ਼ਰਮਾਂ ਵਿਚ ਭਾਵੇਂ ਲੱਖ ਸਹੂਲਤਾਂ ਹੋਣ ਪਰ ਜੋ ਖੁਸ਼ੀ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਰਹਿ ਕੇ ਮਿਲਦੀ ਹੈ, ਉਹ ਖ਼ੁਸ਼ੀ ਕਦੇ ਖਰੀਦੀ ਨਹੀਂ ਜਾ ਸਕਦੀ।


-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।


ਚੌਕਸ ਰਹਿਣ ਦੀ ਲੋੜ
ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸਰਵਨਜਕ ਸਥਾਨਾਂ 'ਤੇ ਮਿਲਦੀਆਂ ਅਣਜਾਣ ਵਸਤੂਆਂ, ਸਰਹੱਦੀ ਖੇਤਰਾਂ ਵਿਚ ਡਰੋਨਾਂ ਦੀ ਹਲਚਲ ਅਤੇ ਟਿਫਨ ਬੰਬ ਦਾ ਮਿਲਣਾ ਸ਼ਾਂਤੀ ਅਤੇ ਸੁਰੱਖਿਆ ਨੂੰ ਖਤਰੇ ਦਾ ਸੰਕੇਤ ਹੈ। ਸਮਾਜ ਵਿਰੋਧੀ ਅਤੇ ਦੇਸ਼ ਵਿਰੋਧੀ ਤਾਕਤਾਂ ਦੀ ਇਹ ਲਗਾਤਾਰ ਕੋਸ਼ਿਸ਼ ਰਹੀ ਹੈ ਕਿ ਉਹ ਸਮਾਜ ਦਾ ਮਾਹੌਲ ਖਰਾਬ ਕਰ ਸਕਣ ਪਰ ਉਨ੍ਹਾਂ ਦੇ ਇਹ ਗ਼ਲਤ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਏ। ਭਾਰਤ ਸ਼ਾਂਤੀ ਦਾ ਪ੍ਰਤੀਕ ਹੈ ਪਰ ਲੋੜ ਪੈਣ 'ਤੇ ਇਸ ਨੇ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ ਹਨ। ਅੱਜ ਜਦੋਂ ਅਸੀਂ ਵਿਜੈ ਦਿਵਸ ਦੇ ਰੂਪ ਵਿਚ ਬੰਗਲਾਦੇਸ਼ ਦੇ ਬਣਨ ਦੀ ਪੰਜਾਹਵੀਂ ਵਰ੍ਹੇਗੰਢ ਮਨਾ ਰਹੇ ਹਾਂ ਜੋ ਭਾਰਤੀ ਫੌਜ ਦੀ ਬਹਾਦਰੀ, ਹਿੰਮਤ ਅਤੇ ਹੌਸਲੇ ਦੀ ਪ੍ਰਤੀਕ ਹੈ, ਉਸ ਸਮੇਂ ਸਾਨੂੰ ਸਾਰਿਆਂ ਨੂੰ ਖੇਤਰੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਇਨ੍ਹਾਂ ਸਮਾਜ ਵਿਰੋਧੀ ਕਾਰਕੁਨਾਂ ਖਿਲਾਫ਼ ਇਕਜੁੱਟ ਹੋਣਦੇ ਨਾਲ-ਨਾਲ ਚੌਕਸ ਰਹਿਣਾ ਹੋਵੇਗਾ ਤਾਂ ਜੋ ਸਾਡੇ ਦੇਸ਼ ਦੀ ਸ਼ਾਂਤੀ ਅਤੇ ਸੁਰੱਖਿਆ ਬਰਕਰਾਰ ਰਹਿ ਸਕੇ।


-ਰਜਵਿੰਦਰ ਪਾਲ
ਪਿੰਡ ਕਾਲਝਰਾਣੀ, ਜ਼ਿਲ੍ਹਾ ਬਠਿੰਡਾ।


ਮਾਣ ਹੈ ਬਟਾਲੇ ਨੂੰ
ਜਗਤ ਗੁਰੂ ਬਾਬੇ ਨਾਨਕ ਦਾ ਵਿਆਹ ਬਟਾਲਾ 'ਚ ਹੋ ਜਾਣ ਨਾਲ ਜਿਥੇ ਬਟਾਲੇ ਨੂੰ ਭਾਗ ਲੱਗੇ, ਉਥੇ ਹੀ ਵਿਆਹ ਦੀ ਯਾਦ 'ਚ ਗੁਰਦੁਆਰਾ ਕੰਧ ਸਾਹਿਬ ਬਟਾਲੇ ਵਿਚ ਸੁਸ਼ੋਭਿਤ ਹੈ। ਕਿਸੇ ਵੇਲੇ ਬਟਾਲਾ ਦੀ ਸਨਅਤ ਦੀ ਵੀ ਦੁਨੀਆ ਭਰ ਵਿਚ ਤੂਤੀ ਬੋਲਦੀ ਸੀ। ਨਾਮਵਰ ਕਵੀ ਸਵਰਗੀ ਸ਼ਿਵ ਕੁਮਾਰ ਬਟਾਲਵੀ ਦਾ ਸੰਬੰਧ ਵੀ ਬਟਾਲੇ ਨਾਲ ਹੋਣ ਦੇ ਨਾਲ-ਨਾਲ ਸਤਿੰਦਰ ਸੱਤੀ, ਜਸਪਿੰਦਰ ਚੀਮਾ, ਨਿਮਰਤ ਖਹਿਰਾ, ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਆਦਿ ਜੋ ਕਿ ਬਟਾਲੇ ਦੇ ਹਨ, ਨੇ ਵੀ ਆਪਣੇ-ਆਪਣੇ ਖੇਤਰ ਵਿਚ ਜੌਹਰ ਵਿਖਾ ਕੇ ਬਟਾਲੇ ਦੀ ਦੁਨੀਆ ਭਰ ਵਿਚ ਪ੍ਰਸਿੱਧੀ ਨੂੰ ਚਾਰ ਚੰਨ ਲਗਾਏ ਹਨ। ਜਿਥੇ ਪ੍ਰਭਜੋਤ ਸਿੰਘ ਹਾਕੀ ਉਲੰਪੀਅਨ ਵੀ ਬਟਾਲੇ ਦੇ ਹਨ, ਉਥੇ ਹੀ ਸਵਰਗੀ ਸੁਰਜੀਤ ਸਿੰਘ ਹਾਕੀ ਉਲੰਪੀਅਨ ਵੀ ਬਟਾਲੇ ਨਾਲ ਸੰਬੰਧਿਤ ਸਨ, ਜਿਨ੍ਹਾਂ ਨੇ ਹਾਕੀ ਖੇਤਰ ਵਿਚ ਦੁਨੀਆ ਭਰ ਵਿਚ ਆਪਣਾ ਲੋਹਾ ਮਨਵਾਇਆ ਅਤੇ ਬਟਾਲੇ ਦਾ ਨਾਂਅ ਰੌਸ਼ਨ ਕੀਤਾ, ਉਨ੍ਹਾਂ ਦੀ ਯਾਦ ਵਿਚ ਜਲੰਧਰ ਵਿਖੇ ਸੁਰਜੀਤ ਹਾਕੀ ਅਕੈਡਮੀ ਚੱਲ ਰਹੀ ਹੈ। ਪਿੰਡ ਸ਼ਾਹਬਾਦ ਬਟਾਲੇ ਵਿਚ ਹੀ ਚੀਮਾ ਹਾਕੀ ਅਕੈਡਮੀ ਚੱਲ ਰਹੀ ਹੈ, ਜਿਥੋਂ ਕਿ ਮੁਢਲੀ ਕੋਚਿੰਗ ਲੈ ਕੇ ਹਾਕੀ ਖਿਡਾਰੀ ਸਿਮਰਨਜੀਤ ਸਿੰਘ ਤੇ ਗੁਰਜੰਟ ਸਿੰਘ ਨੇ ਉਲੰਪਿਕ ਤੱਕ ਦਾ ਸਫ਼ਰ ਤੈਅ ਕੀਤਾ ਅਤੇ ਤਗਮਾ ਹਾਸਲ ਕਰਕੇ ਦੇਸ਼ ਦਾ ਝੰਡਾ ਬੁਲੰਦ ਕੀਤਾ। ਜਿਥੇ ਹਰਨਾਜ ਸੰਧੂ ਨੇ ਮਿਸ ਯੂਨੀਵਰਸ ਬਣ ਕੇ ਬਟਾਲੇ ਦਾ ਨਾਂਅ ਰੌਸ਼ਨ ਕੀਤਾ, ਉਥੇ ਹੀ ਬਟਾਲੇ ਨੂੰ ਵੀ ਦੁਨੀਆ ਭਰ ਵਿਚ ਮਾਣ ਦਿਵਾਇਆ ਕਿਉਂਕਿ ਉਸ ਦਾ ਵੀ ਪਿੰਡ ਕੋਹਾਲੀ ਬਟਾਲੇ ਵਿਚ ਹੈ। ਪਰਮਾਤਮਾ ਕਰਕੇ ਇਸੇ ਤਰ੍ਹਾਂ ਹੀ ਬਟਾਲੇ ਦਾ ਨਾਂਅ ਪੂਰੀ ਦੁਨੀਆ ਵਿਚ ਚਮਕਦਾ ਰਹੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਪਾਰਟੀਆਂ ਬਦਲਣਾ
ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ। ਪੰਜਾਬ ਨੇਤਾ ਰਾਜਨੀਤਕ ਪਾਰਟੀਆਂ ਇਸ ਤਰ੍ਹਾਂ ਬਦਲ ਰਹੇ ਹਨ ਕਿ ਜਿਵੇਂ ਕੋਈ ਵਿਅਕਤੀ ਕੱਪੜੇ ਬਦਲ ਰਿਹਾ ਹੋਵੇ, ਸਵੇਰੇ ਹੋਰ ਤੇ ਸ਼ਾਮ ਨੂੰ ਹੋਰ ਪਾਰਟੀ ਹੁੰਦੀ ਹੈ। ਐਨੀ ਜਲਦੀ ਤਾਂ ਗ਼ਰੀਬ ਵਿਅਕਤੀ ਕੱਪੜੇ ਨਹੀਂ ਬਦਲਦਾ, ਜਿੰਨੀ ਜਲਦ ਲੀਡਰ ਪਾਰਟੀ ਬਦਲ ਲੈਂਦੇ ਹਨ। ਪਾਰਟੀ ਛੱਡ ਕੇ ਫਿਰ ਇਲਜ਼ਾਮ ਲਗਾਉਂਦੇ ਹਨ, ਉਨ੍ਹਾਂ ਨੂੰ ਪੁੱਛੇ ਕਿ ਹੁਣ ਤੱਕ ਤੁਸੀਂ ਵੀ ਤਾਂ ਨਾਲ ਹੀ ਸੀ ਫਿਰ ਤਾਂ ਉਨ੍ਹਾਂ ਇਲਜ਼ਾਮਾਂ ਦੇ ਤੁਸੀਂ ਵੀ ਦੋਸ਼ੀ ਹੋਏ। ਕੁਝ ਸਮੇਂ ਪਹਿਲਾਂ ਲੀਡਰ ਕਿਸੇ ਪਾਰਟੀ 'ਤੇ ਇਲਜ਼ਾਮ ਲਗਾਉਂਦੇ ਹਨ, ਕੁਝ ਸਮੇਂ ਬਾਅਦ ਹੀ ਉਸ ਪਾਰਟੀ ਵਿਚ ਸ਼ਾਮਿਲ ਹੋ ਕੇ ਉਸ ਪਾਰਟੀ ਦੀਆਂ ਤਾਰੀਫਾਂ ਕਰਨ ਲੱਗ ਜਾਂਦੇ ਹਨ। ਇੰਜ ਲਗਦਾ ਹੈ ਕਿ ਨੇਤਾ ਦੂਸਰੀਆਂ ਪਾਰਟੀਆਂ 'ਤੇ ਇਲਜ਼ਾਮ ਲਗਾ ਕੇ ਰਾਜਨੀਤਕ ਸਟੰਟ ਖੇਡ ਰਹੇ ਹਨ। ਪੰਜਾਬ ਦੇ ਅਸਲ ਮੁੱਦਿਆਂ ਦੀ ਗੱਲ ਕਰਨ ਦੀ ਬਜਾਏ ਲੀਡਰ ਇਲਜਾਮਬਾਜ਼ੀ ਕਰ ਰਹੇ ਹਨ, ਕਿਉਂਕਿ ਜੇਕਰ ਇਲਜ਼ਾਮ ਲਗਾਉਂਦੇ ਹੋ ਤਾਂ ਉਸ ਉੱਪਰ ਕਾਇਮ ਰਹੋ। ਲੀਡਰਾਂ ਦਾ ਕੋਈ ਸਟੈਂਡ ਹੀ ਨੀ ਰਿਹਾ, ਜਿਨ੍ਹਾਂ ਦਾ ਆਪਣਾ ਸਟੈਂਡ ਨਹੀਂ, ਉਨ੍ਹਾਂ ਨੇ ਪੰਜਾਬ ਲਈ ਕੀ ਸਟੈਂਡ ਲੈਣਾ?


-ਸੁਖਮਨ ਚੀਮਾ,
ਖੰਨਾ।

24-12-2021

 ਮਿਲਾਵਟ ਖੋਰੀ

ਅੱਜ ਸਿਹਤ ਦੇ ਪੱਖ ਨਾਲ ਖਿਲਵਾੜ ਹੋਣ ਲਈ ਮਿਲਾਵਟ ਖੋਰੀ ਸਭ ਤੋਂ ਅੱਗੇ ਹੈ। ਕਾਰਨ ਸਪੱਸ਼ਟ ਹੈ ਕਿ ਮਿਲੀਭੁਗਤ ਅਤੇ ਢਿੱਲੀ ਕਾਰਗੁਜ਼ਾਰੀ ਇਸ ਧੰਦੇ ਨੂੰ ਉਤਸ਼ਾਹਿਤ ਕਰਦੇ ਹਨ। ਇਸ ਵਿਚੋਂ ਭ੍ਰਿਸ਼ਟਾਚਾਰ ਦੀ ਬਦਬੂ ਆਉਂਦੀ ਹੈ। ਮਿਲਾਵਟ ਖੋਰੀ ਨਾਲ ਮਨੁੱਖੀ ਜੀਵਨ ਖ਼ਤਰਿਆਂ 'ਚ ਘਿਰਿਆ ਰਹਿੰਦਾ ਹੈ ਪਰ ਪੁਖਤਾ ਇੰਤਜ਼ਾਮ ਜ਼ੀਰੋ ਹਨ।
ਬਾਜ਼ਾਰ ਵਿਚ ਦਵਾਈਆਂ ਨਾਲ ਪੱਕੇ ਫਲ-ਸਬਜ਼ੀਆਂ ਜ਼ਹਿਰਾਂ ਵਰਤਾ ਰਹੀਆਂ ਹਨ। ਬੇਮੌਸਮੀ ਚੀਜ਼ਾਂ ਦੀ ਭਰਮਾਰ ਵੀ ਰਹਿੰਦੀ ਹੈ। ਇਸ ਲਈ ਵੀ ਮਿਲਾਵਟ ਖੋਰੀ ਜ਼ਿੰਮੇਵਾਰ ਹੁੰਦੀ ਹੈ। ਲੋਕਾਂ ਦੀ ਜਾਨ ਲਈ ਵੇਲਾ ਬੀਤਣ ਤੋਂ ਬਾਅਦ ਜਾਗਣ ਦਾ ਸੁਭਾਅ ਤਿਆਗਣਾ ਪਵੇਗਾ। ਇਸ ਮਿਲਾਵਟ ਖੋਰੀ ਦੈਂਤ ਨਾਲ ਕਿਸੇ ਕਿਸਮ ਦਾ ਸਮਝੌਤਾ ਨਹੀਂ ਚਾਹੀਦਾ। ਇਸ ਖੇਤਰ ਵਿਚ ਜ਼ੀਰੋ ਪ੍ਰਤੀਸ਼ਤ ਸਹਿਣਸ਼ੀਲਤਾ ਵੀ ਨਹੀਂ ਹੋਣੀ ਚਾਹੀਦੀ। ਮਿਲਾਵਟ ਖੋਰੀ ਦੇ ਦੋਸ਼ੀਆਂ ਨੂੰ ਮਿਸਾਲੀ ਅਤੇ ਤੁਰੰਤ ਸਜ਼ਾ ਦਾ ਉਪਬੰਧ ਹੋਣਾ ਚਾਹੀਦਾ ਹੈ, ਤਾਂ ਜੋ ਇਸ ਘਾਤਕ ਮਰਜ਼ ਤੋਂ ਲੋਕਾਂ ਨੂੰ ਨਿਜਾਤ ਮਿਲ ਸਕੇ। ਇਸ ਖੇਤਰ ਵਿਚ ਸਰਕਾਰ ਵਲੋਂ ਕੀਤੀ ਤੁਰੰਤ ਪਹਿਲ ਕਿਸੇ ਪੁੰਨ ਤੋਂ ਘੱਟ ਨਹੀਂ ਹੋਵੇਗੀ। ਜਦੋਂ ਮਿਲਾਵਟ ਖੋਰੀ ਦੀਆਂ ਮਿਸਾਲਾਂ ਬਿਨਾਂ ਰੋਕ-ਟੋਕ ਤੋਂ ਮਿਲਦੀਆਂ ਹਨ ਤਾਂ ਸਾਡੀ ਵਿਵਸਥਾ ਦਾ ਮੂੰਹ ਚਿੜਾਉਂਦੀਆਂ ਹਨ। ਅੱਜ ਭਖਦਾ ਮਸਲਾ ਹੈ ਕਿ ਮਿਲਾਵਟ ਖੋਰੀ ਨੂੰ ਰੋਕਣ ਲਈ ਸਖ਼ਤ ਅਤੇ ਛੇਤੀ ਕਦਮ ਪੁੱਟੇ ਜਾਣ, ਦੇਰ ਪਹਿਲਾਂ ਹੀ ਬਹੁਤ ਹੋ ਚੁੱਕੀ ਹੈ। ਇਸ ਦੈਂਤ ਨੂੰ ਨੱਥ ਪੈਣ ਨਾਲ ਸਰਕਾਰ ਲੋਕ-ਵਿਸ਼ਵਾਸ ਜਿੱਤ ਕੇ ਨਵਾਂ ਅਧਿਆਇ ਸ਼ੁਰੂ ਕਰ ਸਕਦੀ ਹੈ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

ਨਸ਼ੇ ਬਦਲੇ ਵੋਟਾਂ ਨਾ ਪਾਓ

ਅਖ਼ਬਾਰੀ ਖ਼ਬਰਾਂ ਮੁਤਾਬਿਕ ਇਸ ਵਾਰ ਸਰਕਾਰ ਆਬਕਾਰੀ ਮਹਿਕਮੇ ਤੋਂ ਸੱਤ ਹਜ਼ਾਰ ਕਰੋੜ ਰੁਪਿਆ ਇਕੱਠਾ ਕਰੇਗੀ। ਪੰਜਾਬੀਆਂ ਨੂੰ ਜੋ ਕਿ ਪਹਿਲਾਂ ਹੀ ਚਿੱਟੇ, ਹੈਰੋਇਨ, ਚਰਸ, ਅਫ਼ੀਮ, ਪੋਸਤ ਆਦਿ ਦੀ ਲਪੇਟ ਵਿਚ ਆ ਚੁੱਕੇ ਹਨ, ਬੁਰੀ ਤਰ੍ਹਾਂ ਜਕੜ ਚੁੱਕੇ ਹਨ, ਉਨ੍ਹਾਂ ਲਈ ਸਰਕਾਰ ਨੇ ਸ਼ਰਾਬ ਦਾ ਕੋਟਾ ਵਧਾ ਦਿੱਤਾ ਹੈ। ਸਾਡੇ ਮੰਤਰੀ ਬੜਾ ਖ਼ੁਸ਼ ਹੋ ਕੇ ਦੱਸਦੇ ਹਨ ਕਿ ਇਸ ਵਾਰੀ ਸਾਨੂੰ ਸ਼ਰਾਬ ਤੋਂ ਸੱਤ ਹਜ਼ਾਰ ਕਰੋੜ ਰੁਪਏ ਦੀ ਆਮਦਨ ਹੋਵੇਗੀ। ਇਕ ਪਾਸੇ ਪਿੰਡਾਂ ਵਿਚ ਸਕੂਲਾਂ ਦਾ ਬੁਰਾ ਹਾਲ ਹੈ, ਦੂਜੇ ਪਾਸੇ ਹਰ ਪਿੰਡ ਵਿਚ ਸਕੂਲ ਨਹੀਂ ਤਾਂ ਠੇਕਾ ਤਾਂ ਜ਼ਰੂਰ ਮਿਲ ਜਾਂਦਾ ਹੈ। ਸਰਕਾਰ ਕਿਸੇ ਵੀ ਤਰ੍ਹਾਂ ਨਾਲ ਪੰਜਾਬੀਆਂ ਨੂੰ ਨਸ਼ਈ ਬਣਾਉਣਾ ਚਾਹੁੰਦੀ ਹੈ ਅਤੇ ਆਰਥਿਕ ਪੱਖੋਂ ਕੰਗਾਲ ਕਰਨਾ ਚਾਹੁੰਦੀ ਹੈ। ਹੁਣ ਵੋਟਾਂ ਦਾ ਬਿਗਲ ਵੱਜ ਚੁੱਕਾ ਹੈ।
ਵੱਖ-ਵੱਖ ਥਾਵਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਹੁਤ ਥਾਵਾਂ ਤੋਂ ਨਕਲੀ ਸ਼ਰਾਬ ਲਾਹਣ ਫੜੀ ਗਈ ਹੈ ਜੋ ਕਿ ਨੇਤਾਵਾਂ ਦੀ ਮਿਲੀਭੁਗਤ ਤੋਂ ਬਿਨਾਂ ਨਹੀਂ ਚੱਲ ਸਕਦੀ। ਮੇਰੀ ਵੋਟਰਾਂ ਨੂੰ ਅਪੀਲ ਹੈ ਕਿ ਉਹ ਲੀਡਰਾਂ ਦੇ ਫਰੇਬ ਵਿਚ ਨਾ ਆ ਕੇ ਆਪ ਦੀ ਜਵਾਨੀ ਨੂੰ ਭੰਗ ਦੇ ਭਾਣੇ ਨਾ ਗਵਾਉਣ ਅਤੇ ਕਿਸੇ ਤੋਂ ਵੀ ਨਸ਼ਾ ਆਦਿ ਲੈ ਕੇ ਵੋਟ ਨਾ ਪਾਉਣ। ਸਰਕਾਰ ਨੂੰ ਸ਼ਰਾਬ ਤੋਂ ਆਮਦਨ ਵਧਾਉਣ ਦੀ ਬਜਾਏ ਹੋਰ ਸਾਧਨਾਂ ਤੋਂ ਮਾਲੀ ਮਦਦ ਵੀ ਮਿਲ ਸਕਦੀ ਹੈ। ਸੋ, ਕਿਰਪਾ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਮਨੁੱਖ ਦੀਆਂ ਤਿੰਨ ਮੁਢਲੀਆਂ ਲੋੜਾਂ ਕੁੱਲੀ, ਗੁੱਲੀ ਅਤੇ ਜੁੱਲੀ ਦੀ ਪੂਰਤੀ ਕਰੇ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਰੁੱਤ ਰੰਗ ਬਦਲਣ ਦੀ ਆਈ

ਜਿਵੇਂ ਹੀ ਪੰਜਾਬ ਦਾ ਚੋਣਾਵੀ ਮਾਹੌਲ ਗਰਮਾ ਰਹੀਆਂ ਹਨ, ਉਵੇਂ ਹੀ ਸਿਆਸੀ ਲੋਕਾਂ ਦਾ ਸਾਹ ਤੇਜ਼ ਹੋ ਰਿਹਾ ਹੈ। ਕਿਉਂਕਿ ਸਿਆਸੀ ਲੋਕਾਂ ਲਈ ਪੰਜ ਸਾਲ ਬਹੁਤ ਔਖੇ ਲੰਘਦੇ ਹਨ ਜੋ ਸਿਆਸਤ ਦੀ ਪੌੜੀ ਚੜ੍ਹਨ ਲਈ ਆਸ ਲਾਈ ਬੈਠੇ ਹਨ। ਹਰ ਕੋਈ ਆਪਣੀ ਪਾਰਟੀ ਵਿਚ ਸਿਆਸੀ ਗੋਟੀਆਂ ਫਿੱਟ ਨਾ ਹੋਣ ਕਾਰਨ ਆਪਣੇ ਪਾਲੇ ਬਦਲ ਰਹੇ ਹਨ ਅਤੇ ਕਈ ਪਾਲੇ ਬਦਲਣ ਦੀ ਤਾਕ ਵਿਚ ਹਨ। ਪੁਰਾਣੀ ਪਾਰਟੀ ਵਿਚ ਦਮ ਘੁਟਣ ਦੀ ਗੱਲ ਆਖਦੇ ਹਨ। ਨਵੀਂ ਪਾਰਟੀ ਨੂੰ ਦੁੱਧ ਧੋਤੀ ਅਤੇ ਦੇਸ਼ ਭਗਤੀ ਦਾ ਖਿਤਾਬ ਦਿੰਦੇ ਹਨ। ਜੇਕਰ ਇਸ ਸਾਰੇ ਵਰਤਾਰੇ ਪਿੱਛੇ ਗੌਰ ਨਾਲ ਵੇਖਿਆ ਜਾਵੇ ਤਾਂ ਅੱਜ ਦੇ ਜ਼ਮਾਨੇ ਵਿਚ ਸਿਆਸੀ ਨੇਤਾਵਾਂ ਦਾ ਮਕਸਦ ਲੋਕ ਸੇਵਾ ਘੱਟ ਚੌਧਰ ਦੀ ਭੁੱਖ ਵੱਧ ਜਾਪਦੀ ਹੈ ਜੋ ਸਿਆਸੀ ਸਿਹਤਮੰਦੀ ਦਾ ਰੁਝਾਨ ਨਹੀਂ।

-ਸੁਰਜੀਤ ਸਿੰਘ ਰਾਜੋਮਾਜਰਾ
ਪਿੰਡ ਰਾਜੋਮਾਚਰਾ (ਬਨੂੰੜ)।

ਉਮੀਦਵਾਰ ਦੀ ਚੋਣ

2022 ਵਿਚ ਪੰਜਾਬ ਦੇ ਨਾਲ ਚਾਰ ਰਾਜਾਂ ਦੀਆਂ ਵੋਟਾਂ ਆ ਰਹੀਆਂ ਹਨ। ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਸੁਪਰੀਮ ਕੋਰਟ ਵਲੋਂ ਲਏ ਫ਼ੈਸਲੇ ਅਤੇ ਉਸ ਦੀ ਚਿੰਤਾ, ਬੇਚੈਨੀ 'ਤੇ ਗ਼ੌਰ ਕਰਕੇ ਅਪਰਾਧੀਆਂ ਨੂੰ ਰਾਜਨੀਤੀ ਤੋਂ ਦੂਰ ਰੱਖਣ ਲਈ ਸੰਸਦ ਵਿਚ ਕਾਨੂੰਨ ਪਾਸ ਕਰਕੇ ਅਪਰਾਧੀ ਕਿਸਮ ਦੇ ਲੋਕ ਜਿਨ੍ਹਾਂ 'ਤੇ ਅਪਰਾਧੀ ਮੁਕੱੱਦਮੇ ਦਰਜ ਹਨ ਜਾਂ ਸਜ਼ਾ-ਜ਼ਾਬਤਾ ਹਨ, ਚੋਣ ਲੜਨ 'ਤੇ ਪਾਬੰਦੀ ਲਾਉਣੀ ਚਾਹੀਦੀ ਹੈ ਅਤੇ ਦਾਗੀ ਸਿਆਸਤਦਾਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ। ਜਿਸ ਤਰ੍ਹਾਂ ਆਈ.ਏ.ਐਸ. ਜਾਂ ਆਈ.ਪੀ.ਐਸ. ਬਣਨ ਲਈ ਉਨ੍ਹਾਂ ਦੀ ਵਿੱਦਿਅਕ ਯੋਗਤਾ ਉਨ੍ਹਾਂ ਦਾ ਅਪਰਾਧ ਰਿਕਾਰਡ ਦੇਖ ਕੇ ਤੈਅ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਚੋਣ ਲੜ ਰਹੇ ਸਿਆਸਤਦਾਨ ਦੀ ਵੀ ਵਿੱਦਿਅਕ ਯੋਗਤਾ ਤੈਅ ਕਰਕੇ ਉਸ ਦਾ ਅਪਰਾਧੀ ਰਿਕਾਰਡ ਦੇਖਣਾ ਚਾਹੀਦਾ ਹੈ। ਜਿਸ ਉਮੀਦਵਾਰ ਨੇ ਚੋਣ ਜਿੱਤ ਕੇ ਪੂਰੇ ਦੇਸ਼ ਦੀ ਅਗਵਾਈ ਕਰਨੀ ਹੈ, ਉਹ ਘੱਟੋ-ਘੱਟ ਪੜ੍ਹਿਆ-ਲਿਖਿਆ, ਆਪਣੇ ਕੰਮਕਾਰ ਤੋਂ ਵਾਕਫ਼ ਅਤੇ ਬੇਦਾਗ਼, ਇਮਾਨਦਾਰ ਅਕਸ ਵਾਲਾ ਹੋਣਾ ਚਾਹੀਦਾ ਹੈ। ਦੇਸ਼ ਦੇ ਨੇਤਾਵਾਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਰਾਜਨੀਤੀ ਤੇ ਅਪਰਾਧੀਕਰਨ ਦੇ ਮਾਮਲੇ 'ਚ ਖ਼ੁਦ 'ਤੇ ਕੀਤੇ ਜਾ ਰਹੇ ਸ਼ੰਕਿਆਂ ਨੂੰ ਦੂਰ ਕਰਨਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ ਪੁਲਿਸ।

23-12-2021

 ਸਾਨੂੰ ਪੱਕਾ ਰੁਜ਼ਗਾਰ ਦਿਓ

ਜਨਤਾ ਦੇ ਮਸੀਹੇ ਬਣਨ ਦਾ ਹਰ ਕੋਈ ਨਾਟਕ ਕਰਦਾ ਹੈ। ਇਹ ਗੱਲ ਕੋਈ ਨਵੀਂ ਨਹੀਂ। ਇਸ ਤਰ੍ਹਾਂ ਹੀ ਪੰਜਾਬ ਵਿਚ ਹੋ ਰਿਹਾ ਹੈ। ਕੋਈ ਝੂਠੀ ਜਾਂ ਕੋਲੋਂ ਜੋੜ ਕੇ ਨਹੀਂ ਕਹਿ ਰਿਹਾ। ਗੱਲਾਂ ਦੇ ਕੜਾਹ ਤੋਂ ਬਿਨਾਂ ਕੁਝ ਨਹੀਂ। ਰੁਜ਼ਗਾਰ ਦੇ ਨਾਂਅ 'ਤੇ ਸਾਰੇ ਨੇਤਾਵਾਂ ਨੂੰ ਸੱਪ ਛੂਹ ਜਾਂਦਾ ਹੈ। ਨਿੱਤ ਨਵੇਂ ਦਿਨ ਨਵੇਂ ਪਲ ਨਾਲ ਵੇਖਦੇ ਹਾਂ ਕਿ ਹੱਕ ਮੰਗ ਰਹੇ ਬੇਰੁਜ਼ਗਾਰਾਂ ਨੂੰ ਕਿਵੇਂ ਪਸ਼ੂਆਂ ਵਾਂਗ ਕੁੱਟਿਆ ਜਾਂਦਾ ਹੈ। ਉਹ ਕੋਈ ਨਸ਼ੇੜੀ ਨਹੀਂ ਤਸਕਰ, ਠੱਗ, ਚੋਰ ਜਾਂ ਅੱਤਵਾਦੀ ਨਹੀਂ। ਜਿਨ੍ਹਾਂ ਉਤੇ ਐਨੇ ਜ਼ੁਲਮ ਕੀਤੇ ਜਾਂਦੇ ਹਨ। ਉਹ ਆਪਣੇ ਹੱਕਾਂ ਲਈ ਲੜ ਰਹੇ ਹਨ। ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਨੂੰ ਪਸ਼ੂਆਂ ਵਾਂਗ ਨਾ ਕੁੱਟੋ। ਅਸੀਂ ਐਨੀ ਕੁੱਟ ਬਰਦਾਸ਼ਤ ਨਹੀਂ ਕਰ ਸਕਦੇ। ਹੋ ਸਕੇ ਤਾਂ ਸਾਨੂੰ ਪੱਕਾ ਰੁਜ਼ਗਾਰ ਦਿਓ।

-ਮੱਖਣ ਸ਼ੇਰੋਂਵਾਲਾ
ਪਿੰਡ ਤੇ ਡਾਕ: ਸ਼ੇਰੋਂ, ਤਹਿ: ਸੁਨਾਮ, ਜ਼ਿਲ੍ਹਾ ਸੰਗਰੂਰ।

ਆਲੋਚਨਾ

ਮਾਪੇ ਆਪਣੇ ਬੱਚਿਆਂ ਦੇ ਭਵਿੱਖ ਲਈ ਦਿਨ-ਰਾਤ ਇਕ ਕਰਦੇ ਨੇ। ਇਕ ਕਾਮਯਾਬ ਇਨਸਾਨ ਦੀ ਕਾਮਯਾਬੀ ਪਿਛੇ ਕੀ ਦੁੱਖ ਤਕਲੀਫ਼ ਜਾਂ ਮਿਹਨਤ ਕੀ ਹੁੰਦੀ ਹੈ, ਇਹ ਕੋਈ ਨਹੀਂ ਵੇਖਦਾ ਜਿਵੇਂ ਹੀ ਪੰਜਾਬ ਦੀ ਧੀ ਹਰਨਾਜ਼ ਸੰਧੂ ਦੇ ਸਿਰ ਮਿਸ ਯੂਨੀਵਰਸ ਦਾ ਤਾਜ ਸੱਜਿਆ ਉਥੇ ਹੀ ਆਲੋਚਨਾ ਸ਼ੁਰੂ ਹੋ ਗਈ ਸੀ। ਕਿਸੇ ਨੇ ਹਰਨਾਜ਼ ਦੇ ਕੱਪੜਿਆਂ ਨੂੰ ਲੈ ਸੋਸ਼ਲ ਮੀਡੀਆ 'ਤੇ ਭੱਦੇ ਕੁਮੈਂਟ ਕਰਨੇ ਸ਼ੁਰੂ ਕੀਤੇ, ਕਿਸੇ ਨੇ ਧਰਮ ਨਾਲ ਜੋੜ ਦਿੱਤਾ। ਬੇਸ਼ੱਕ ਪੰਜਾਬ ਦਾ ਸੱਭਿਆਚਾਰ ਅਲੱਗ ਹੈ ਪਰ ਜਿਵੇਂ-ਜਿਵੇ ਇਨਸਾਨ ਪੌੜੀ ਚੜ੍ਹਦਾ ਜਾਂਦਾ ਹੈ, ਉਸ ਦੇਸ਼ ਦੀ ਭਾਸ਼ਾ ਪਹਿਰਾਵਾ ਸਭ ਬਦਲਦਾ ਜਾਂਦਾ, ਸ਼ਾਇਦ ਮੰਜਲ ਪਾਉਣ ਲਈ ਜੈਸਾ ਦੇਸ਼ ਵੈਸਾ ਭੇਸ ਰੱਖਣਾ ਪੈਂਦਾ ਹੈ। ਜਿਥੇ ਪੂਰੇ ਦੇਸ਼ ਨੂੰ ਪੰਜਾਬ ਨੂੰ ਮਾਣ ਹੈ, ਉਥੇ ਆਲੋਚਨਾ ਕਰਨ ਵਾਲੇ ਵੀ ਪਿੱਛੇ ਨਹੀਂ ਰਹੇ। ਸ਼ਾਇਦ ਇਸ ਧੀ ਸਿਰ ਸਜਿਆ ਤਾਜ ਉਨ੍ਹਾਂ ਦੇ ਮੂੰਹ 'ਤੇ ਚਪੇੜ ਹੈ, ਜਿਹੜੇ ਧੀਆਂ ਨੂੰ ਅੱਗੇ ਨਹੀਂ ਆਉਣ ਦਿੰਦੇ ਜਾਂ ਫਿਰ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਦੇ ਹਨ।

-ਨਵਨੀਤ ਸਿੰਘ
ਭੁੰਬਲੀ, ਜ਼ਿਲ੍ਹਾ ਗੁਰਦਾਸਪੁਰ।

ਉੱਚ ਅਦਾਲਤ ਦੀ ਸਰਗਰਮੀ

ਪਿਛਲੇ ਦਿਨੀਂ 'ਅਜੀਤ' ਦਾ ਸੰਪਾਦਕੀ ਲੇਖ ਉੱਚ ਅਦਾਲਤ ਦੀ ਸਰਗਰਮੀ ਪੜ੍ਹਿਆ। ਸਰਬਉੱਚ ਅਦਾਲਤ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਪ੍ਰਾਂਤਕ ਸਰਕਾਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ, ਪੁਲਿਸ ਅਧਿਕਾਰੀਆਂ ਅਤੇ ਵਿਗੜੇ ਹੋਏ ਰਾਜਨੀਤਕ ਲੋਕਾਂ ਨੂੰ ਕਰੜੇ ਹੱਥੀਂ ਲਿਆ। ਇਸ ਨਾਲ ਆਮ ਲੋਕਾਂ ਵਿਚ ਜਿਥੇ ਅਦਾਲਤ ਪ੍ਰਤੀ ਵਿਸ਼ਵਾਸ ਵਧਿਆ ਹੈ, ਉਥੇ ਹੀ ਰਾਜਨੀਤਕ ਗੁੰਡਾਗਰਦੀ ਨੂੰ ਵੀ ਠੱਲ੍ਹ ਪਵੇਗੀ। ਪੀੜਤ ਲੋਕਾਂ ਨੂੰ ਜਲਦ ਅਤੇ ਸਹੀ ਇਨਸਾਫ਼ ਮਿਲਣ ਦੀ ਆਸ ਬੱਝੀ ਹੈ।

-ਜਗਰੂਪ ਸਿੰਘ
ਥੇਹ ਕਲੰਦਰ, ਫਾਜ਼ਿਲਕਾ।

ਪੰਜਾਬ ਦੀ ਸ਼ਾਨ ਹਰਨਾਜ਼ ਕੌਰ ਸੰਧੂ

ਪਿਛਲੇ ਦਿਨੀਂ ਜ਼ਿਲ੍ਹਾ ਗੁਰਦਾਸਪੁਰ ਦੇ ਜੱਦੀ ਪਿੰਡ ਕੁਹਾਲੀ ਦੀ ਹਰਨਾਜ਼ ਕੌਰ ਸੰਧੂ ਨੇ ਪੰਜਾਬ ਦੇ ਨਾਲ-ਨਾਲ ਪੂਰੇ ਭਾਰਤ ਦਾ ਮਾਣ ਚੋਟੀ 'ਤੇ ਪਹੁੰਚਾ ਦਿੱਤਾ ਹੈ। 21 ਵਰ੍ਹਿਆਂ ਦੀ ਹਰਨਾਜ਼ ਕੌਰ ਸੰਧੂ ਨੇ 79 ਦੇਸ਼ਾਂ ਦੀਆਂ ਸੁੰਦਰੀਆਂ ਨੂੰ ਪਛਾੜ ਕੇ 'ਮਿਸ ਯੂਨੀਵਰਸ' ਦਾ ਖਿਤਾਬ ਭਾਰਤ ਦੀ ਝੋਲੀ ਪਾਇਆ ਹੈ। ਪੰਜਾਬ ਦੀ ਇਸ ਸ਼ੇਰਨੀ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਮਨੁੱਖ ਅੰਦਰ ਕੁਝ ਕਰਨ ਦਾ ਜਜ਼ਬਾ ਹੈ ਅਤੇ ਦ੍ਰਿੜ੍ਹ ਇਰਾਦਾ ਹੈ ਤਾਂ ਦੁਨੀਆ ਦੀ ਕੋਈ ਵੀ ਤਾਕਤ ਉਸ ਨੂੰ ਸਫਲ ਹੋਣ ਤੋਂ ਰੋਕ ਨਹੀਂ ਸਕਦੀ। ਆਤਮ-ਵਿਸ਼ਵਾਸ ਸਫਲਤਾ ਦੀ ਸਭ ਤੋਂ ਵੱਡੀ ਕੁੰਜੀ ਹੈ। ਸਾਧਾਰਨ ਪਰਿਵਾਰ ਵਿਚ ਜਨਮੀ ਧੀ ਜੋ ਹੁਣ ਅਸਾਧਾਰਨ ਬਣ ਚੁੱਕੀ ਹੈ, ਅੱਜ ਉਨ੍ਹਾਂ ਲੋਕਾਂ ਲਈ ਉਦਾਹਰਨ ਬਣੀ ਹੈ ਜੋ ਧੀਆਂ ਨੂੰ ਜੰਮਣ ਤੋਂ ਡਰਦੇ ਹਨ ਅਤੇ ਉਨ੍ਹਾਂ ਨੂੰ ਕੁੱਖ ਵਿਚ ਹੀ ਮਾਰ-ਮੁਕਾਉਂਦੇ ਹਨ। ਧੀਆਂ ਚਾਹੁਣ ਤਾਂ ਕੀ ਨਹੀਂ ਕਰ ਸਕਦੀਆਂ? ਅਜੋਕੇ ਸਮੇਂ ਵਿਚ ਕੁੜੀਆਂ ਮੁੰਡਿਆਂ ਦੇ ਮੁਕਾਬਲੇ ਹਰ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ। ਕੇਵਲ ਲੋੜ ਹੈ ਸਾਨੂੰ ਆਪਣੇ ਅੰਦਰ ਦਾ ਹੁਨਰ ਪਛਾਣਨ ਦੀ ਅਤੇ ਉਸ ਉੱਪਰ ਸਖ਼ਤ ਮਿਹਨਤ ਕਰਨ ਦੀ ਕਿਉਂਕਿ ਅਸੀਂ ਆਪਣੀ ਮੰਜ਼ਲ ਖ਼ੁਦ ਹੀ ਚੁਣਨੀ ਹੈ।

-ਸਿਮਰਨਦੀਪ ਕੌਰ ਬੇਦੀ
ਬਾਬਾ ਨਾਮਦੇਵ ਨਗਰ, ਘੁਮਾਣ (ਗੁਰਦਾਸਪੁਰ)।

ਬੱਚੇ ਤੇ ਜੰਕ ਫੂਡ

ਅੱਜਕਲ੍ਹ ਦੇ ਬੱਚਿਆਂ ਦੀ ਦਿਲਚਸਪੀ ਦਿਨੋ-ਦਿਨ ਜੰਕ ਫੂਡ ਵੱਲ ਵਧਦੀ ਜਾ ਰਹੀ ਹੈ। ਜੰਕ ਫੂਡ ਨਾ ਕੇਵਲ ਪੈਸੇ ਦੀ ਫਜ਼ੂਲ ਖ਼ਰਚੀ ਹੈ, ਸਗੋਂ ਇਹ ਬਹੁਤ ਸਾਰੀਆਂ ਬਿਮਾਰੀਆਂ ਨੂੰ ਵੀ ਜਨਮ ਦਿੰਦਾ ਹੈ। ਜੰਕ ਫੂਡ ਖਾਣ ਕਰਕੇ ਛੋਟੇ-ਛੋਟੇ ਬੱਚਿਆਂ ਨੂੰ ਪੇਟ ਤੇ ਮੋਟਾਪਾ ਆਦਿ ਦੀਆਂ ਸਮੱਸਿਆਵਾਂ ਹੁੰਦੀਆਂ ਜਾ ਰਹੀਆਂ ਹਨ ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਬੱਚਿਆਂ ਦੇ ਨਾਲ-ਨਾਲ ਹੀ ਮਾਤਾ-ਪਿਤਾ ਵੀ ਇਸ ਦੇ ਸ਼ਿਕਾਰ ਹੁੰਦੇ ਜਾ ਰਹੇ ਹਨ। ਜੰਕ ਫੂਡ ਖਾਣ ਕਰਕੇ ਬੱਚਿਆਂ ਦੀ ਸਿਹਤ ਖ਼ਰਾਬ ਹੁੰਦੀ ਜਾ ਰਹੀ ਹੈ। ਇਸ ਸਮੱਸਿਆ ਸੰਬੰਧੀ ਬੱਚਿਆਂ ਦੇ ਮਾਂ-ਬਾਪ ਦੇ ਨਾਲ-ਨਾਲ ਸਮਾਜ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ। ਇਸ ਦੇ ਨਾਲ ਹੀ ਸਰਕਾਰ ਨੂੰ ਵੀ ਇਸ ਸਮੱਸਿਆ ਲਈ ਖ਼ਾਸ ਕਦਮ ਚੁੱਕਣ ਦੀ ਲੋੜ ਹੈ।

-ਸਾਕਸ਼ੀ ਸ਼ਰਮਾ
ਕੇ.ਐਮ.ਵੀ. ਕਾਲਜ, ਜਲੰਧਰ।

ਸਬਰ ਅਤੇ ਸ਼ੁਕਰਾਨਾ

ਸਬਰ ਅਤੇ ਸ਼ੁਕਰਾਨਾ, ਬੋਲਣ ਅਤੇ ਲਿਖਣ ਵਿਚ ਭਾਵੇਂ ਇਹ ਸਿਰਫ ਦੋ ਸ਼ਬਦ ਹੀ ਹਨ ਪਰ ਇਨ੍ਹਾਂ ਦੋ ਸ਼ਬਦਾਂ ਵਿਚ ਜ਼ਿੰਦਗੀ ਦਾ ਅਸਲੀ ਫ਼ਲਸਫ਼ਾ ਛੁਪਿਆ ਹੋਇਆ ਹੈ। ਅੱਜ ਦੇ ਦੌਰ ਅੰਦਰ ਜਿਸ ਇਨਸਾਨ ਵਿਚ ਸਬਰ ਹੈ ਅਤੇ ਜਿਸ ਨੂੰ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਆਉਂਦਾ ਹੈ, ਉਸ ਤੋਂ ਵੱਧ ਖੁਸ਼ਨਸੀਬ ਇਨਸਾਨ ਹੋਰ ਕੋਈ ਨਹੀਂ ਹੋ ਸਕਦਾ। ਅੱਜ ਸਾਡੇ ਕੋਲ ਸਾਰੀਆਂ ਸੁੱਖ ਸੁਵਿਧਾਵਾਂ ਹੋਣ ਦੇ ਬਾਵਜੂਦ ਅਸੀਂ ਦੁਖੀ ਹਾਂ, ਕਿਉਂਕਿ ਸਾਡੇ ਅੰਦਰ ਸਬਰ ਨਹੀਂ ਹੈ। ਸਾਨੂੰ ਸਿਰਫ ਸ਼ਿਕਾਇਤਾਂ ਕਰਨੀਆਂ ਆਉਂਦੀਆਂ ਹਨ ਪਰਮਾਤਮਾ ਦਾ ਸ਼ੁਕਰਾਨਾ ਨਹੀਂ। ਜਿਸ ਇਨਸਾਨ ਅੰਦਰ ਸਬਰ ਆ ਜਾਵੇ ਸ਼ੁਕਰਾਨਾ ਕਰਨਾ ਉਸ ਨੂੰ ਆਪਣੇ ਆਪ ਆ ਜਾਂਦਾ ਹੈ। ਜਿਸ ਇਨਸਾਨ ਅੰਦਰ ਸਬਰ ਹੈ, ਉਹ ਝੁੱਗੀ ਝੌਂਪੜੀ ਵਿਚ ਰਹਿ, ਰੁੱਖੀ ਮਿੱਸੀ ਖਾ ਕੇ ਵੀ ਪਰਮਾਤਮਾ ਦਾ ਸ਼ੁਕਰਾਨਾ ਕਰੇਗਾ ਪਰ ਜਿਸ ਇਨਸਾਨ ਅੰਦਰ ਸਬਰ ਨਹੀਂ, ਉਸ ਨੂੰ ਮਹਿਲਾਂ ਵਿਚ ਵੀ ਸਕੂਨ ਨਹੀਂ ਮਿਲਦਾ। ਪਰਮਾਤਮਾ ਪ੍ਰਤੀ ਅਟੁੱਟ ਵਿਸ਼ਵਾਸ ਸਾਡੇ ਸਬਰ ਨੂੰ ਮਜ਼ਬੂਤ ਬਣਾ ਦਿੰਦਾ ਹੈ। ਦੁੱਖ ਸੁੱਖ ਸਾਡੀ ਜ਼ਿੰਦਗੀ ਦਾ ਹਿੱਸਾ ਹਨ। ਹਰ ਰਾਤ ਤੋਂ ਬਾਅਦ ਸਵੇਰਾ ਹੋਣਾ ਲਾਜ਼ਮੀ ਹੈ। ਜੇ ਅੱਜ ਦੁੱਖਾਂ ਭਰੀ ਰਾਤ ਹੈ ਤਾਂ ਕੱਲ੍ਹ ਸੁੱਖਾਂ ਭਰੀ ਸਵੇਰ ਵੀ ਆਵੇਗੀ। ਬੱਸ ਲੋੜ ਹੈ ਸਬਰ ਦਾ ਪੱਲਾ ਫੜ ਕੇ ਰੱਖਣ ਦੀ, ਕਿਉਂਕਿ ਸਬਰ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ।

-ਜਸਪ੍ਰੀਤ ਕੌਰ ਸੰਘਾ
ਹੁਸ਼ਿਆਰਪੁਰ।

22-12-2021

 ਪੰਜਾਬੀਅਤ ਦੀ ਲੋਅ

ਪੰਜਾਬੀਅਤ ਦੀ ਲੋਅ ਨੂੰ ਧੁੰਦਲਾ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਹੋਣੀ ਚਾਹੀਦੀ। ਕਿੰਨੇ ਦੁੱਖ ਦੀ ਗੱਲ ਹੈ ਕਿ ਪੰਜਾਬ ਵਿਚ ਹੀ ਪੰਜਾਬੀ ਭਾਸ਼ਾ ਦੀ ਹੋਂਦ ਨੂੰ ਖ਼ਤਰਾ ਮੂੰਹ ਅੱਡੀ ਖੜ੍ਹਾ ਹੈ। ਪੰਜਾਬੀ ਭਾਸ਼ਾ ਨੂੰ ਬਣਦਾ ਹੱਕ ਦਿਵਾਉਣ ਲਈ ਪਹਿਲਾਂ ਵੀ ਜ਼ੋਰ ਅਜ਼ਮਾਈ ਹੁੰਦੀ ਰਹੀ ਹੈ। ਭਾਸ਼ਾ ਐਕਟ 2008 ਵਿਧਾਨ ਸਭਾ 'ਚ ਪਾਸ ਹੋਏ ਪਰ ਕੁਝ ਨਹੀਂ ਬਣਿਆ। ਅੱਜ ਮੁੜ ਪੰਜਾਬੀ ਭਾਸ਼ਾ ਨੂੰ ਬਣਦਾ ਹੱਕ ਦੇਣ ਲਈ ਪੰਜਾਬ ਸਰਕਾਰ ਖ਼ਾਸ ਕਰਕੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਸ. ਪਰਗਟ ਸਿੰਘ ਵਲੋਂ ਹੰਭਲਾ ਮਾਰਿਆ ਜਾ ਰਿਹਾ ਹੈ। ਅਜਿਹੇ ਹੰਭਲੇ ਦੀ ਉਨ੍ਹਾਂ ਤੋਂ ਉਮੀਦ ਵੀ ਕਰਨੀ ਬਣਦੀ ਹੈ। ਪਰ ਅਸੀਂ ਪਰਗਟ ਸਿੰਘ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਿਵੇਂ ਪਹਿਲਾਂ ਪੰਜਾਬੀ ਭਾਸ਼ਾ ਵਿਰੁੱਧ ਅਫ਼ਸਰਸ਼ਾਹੀ ਅੜਿੱਕੇ ਖੜ੍ਹੇ ਕਰਦੀ ਰਹੀ ਹੈ। ਹੁਣ ਵੀ ਅਜਿਹਾ ਹੋ ਸਕਦਾ ਹੈ। ਤੁਸੀਂ ਚੁਕੰਨੇ ਹੋਵੋ। ਨਿੱਜੀ ਸਕੂਲ ਜੋ ਸ਼ੁਰੂ ਤੋਂ ਪੰਜਾਬੀ ਭਾਸ਼ਾ ਦੇ ਵਿਰੋਧੀ ਰਹੇ ਹਨ, ਉੱਪਰ ਸਖ਼ਤੀ ਨਾਲ ਕਾਨੂੰਨ ਲਾਗੂ ਕਰਵਾਏ ਜਾਣ। ਜੇਕਰ ਪੰਜਾਬ ਸਰਕਾਰ ਦਿਲੋਂ ਪੰਜਾਬੀ ਭਾਸ਼ਾ ਨੂੰ ਬਣਦਾ ਹੱਕ ਦੇਣਾ ਜਾਂ ਦਿਵਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਪੂਰੀ ਗੰਭੀਰਤਾ ਤੇ ਸਖ਼ਤਾਈ ਨਾਲ ਪੇਸ਼ ਆਉਣਾ ਪਵੇਗਾ।

-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਸਫ਼ਾਈ ਕਰਮਚਾਰੀਆਂ ਦੀ ਘਾਟ

ਪੰਜਾਬ ਦੇ ਬਹੁਤ ਸਾਰੇ ਸਰਕਾਰੀ ਸਕੂਲਾਂ ਵਿਚ ਸਫ਼ਾਈ ਕਰਮਚਾਰੀਆਂ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਸਫ਼ਾਈ ਦਾ ਸਹੀ ਪ੍ਰਬੰਧ ਕਰਨ ਵਿਚ ਸਕੂਲ ਮੁਖੀਆਂ ਨੂੰ ਮੁਸ਼ਕਿਲਾਂ ਆ ਰਹੀਆਂ ਹਨ। ਜੇ ਪੱਕਾ ਸਫ਼ਾਈ ਕਰਮਚਾਰੀ ਹਰ ਸਕੂਲ ਵਿਚ ਹੋਵੇਗਾ ਤਾਂ ਸਫ਼ਾਈ ਵਧੀਆ ਢੰਗ ਨਾਲ ਹੋ ਸਕਦੀ ਹੈ। ਵਿਦਿਆਰਥੀਆਂ ਦੀ ਸਿਹਤ ਨਾਲ ਜੁੜੇ ਇਸ ਮਸਲੇ ਵੱਲ ਫੌਰੀ ਧਿਆਨ ਦੇਣ ਦੀ ਲੋੜ ਹੈ। ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ ਹੈ। ਛੋਟੇ-ਛੋਟੇ ਬੱਚੇ-ਬੱਚੀਆਂ (ਵਿਦਿਆਰਥੀ ਜੇ ਬਾਥਰੂਮਾਂ ਦੀ ਗੰਦਗੀ ਕਾਰਨ ਬਿਮਾਰ ਰਹਿਣਗੇ ਤਾਂ ਇਸ ਨਾਲ ਸਾਡਾ ਭਵਿੱਖ ਕਿਹੋ ਜਿਹਾ ਹੋਵੇਗਾ। ਪੰਜਾਬ ਦੇ ਸਿੱਖਿਆ ਮੰਤਰੀ ਸ. ਪਰਗਟ ਸਿੰਘ ਨੂੰ ਅਪੀਲ ਹੈ ਕਿ ਸਕੂਲਾਂ ਦੀਆਂ ਬਾਕੀ ਖਾਲੀ ਅਸਾਮੀਆਂ ਭਰਨ ਦੇ ਨਾਲ-ਨਾਲ ਸਫ਼ਾਈ ਕਰਮਚਾਰੀਆਂ ਦੀ ਘਾਟ ਵੀ ਪੂਰੀ ਕੀਤੀ ਜਾਵੇ ਕਿਉਂਕਿ ਇਹ ਮਸਲਾ ਵਿਦਿਆਰਥੀਆਂ ਦੀ ਸਿਹਤ ਨਾਲ ਜੁੜਿਆ ਹੈ ਜੋ ਫੌਰੀ ਹੱਲ ਦੀ ਮੰਗ ਕਰਦਾ ਹੈ।

-ਮਨਪ੍ਰੀਤ ਸਿੰਘ
ਇੰਦਰਾ ਪਾਰਕ, ਗਰੀਨ ਮਾਡਲ ਟਾਊਨ, ਜਲੰਧਰ।

ਆਓ, ਔਰਤਾਂ ਪ੍ਰਤੀ ਸੋਚ ਬਦਲੀਏ

ਤਾਜ਼ਾ ਰਿਪੋਰਟਾਂ ਅਨੁਸਾਰ ਨੈਸ਼ਨਲ ਕ੍ਰਾਈਮ ਬਿਊਰੋ ਮੁਤਾਬਿਕ ,ਭਾਰਤ ਵਿਚ ਸਾਲ 2018 ਵਿਚ ਪੁਲਿਸ ਨੇ 33977 ਮਾਮਲੇ ਜਬਰ ਜਨਾਹ ਦੇ ਦਰਜ ਕੀਤੇ ਗਏ ਸਨ। ਇਹ ਅੰਕੜਾ ਹੋਰ ਵੀ ਵੱਧ ਹੋ ਸਕਦਾ ਹੈ ਕਿਉਂਕਿ ਸ਼ਰਮ ਦੇ ਮਾਰੇ ਕਈ ਲੋਕ ਚੁੱਪ ਹੋ ਜਾਂਦੇ ਹਨ ਜੋ ਕਿ ਗ਼ਲਤ ਧਾਰਨਾ ਹੈ। ਅੰਕੜੇ ਮੁਤਾਬਿਕ ਹਰ 15 ਮਿੰਟ ਬਾਅਦ ਇਕ ਔਰਤ ਜਬਰ ਜਨਾਹ ਦੀ ਘਟਨਾ ਦਾ ਸ਼ਿਕਾਰ ਹੁੰਦੀ ਹੈ। ਇਹ ਸਮਾਜਿਕ ਬੁਰਾਈ ਕਿਉਂ ਹੁੰਦੀ ਹੈ? ਇਸ ਉੱਤੇ ਬਹੁਤ ਗਹਿਰੇ ਅਧਿਐਨ ਦੀ ਲੋੜ ਹੈ। ਭਾਰਤ ਮਾਤਾ ਖ਼ਾਸਕਰ ਪੰਜਾਬ ਦੀ ਅਮੀਰ ਸੱਭਿਅਤਾ ਹੈ ਫਿਰ ਵੀ ਇਹ ਘਟਨਾਵਾਂ ਰੁਕ ਨਹੀਂ ਰਹੀਆਂ। ਇਸ ਉੱਤੇ ਮਾਨਸਿਕਤਾ ਬਦਲਣ ਦੀ ਖ਼ਾਸ ਜ਼ਰੂਰਤ ਹੈ। ਇਸ ਵਿਸ਼ੇ 'ਤੇ ਸਮਾਜਿਕ ਅਤੇ ਧਾਰਮਿਕ ਤੌਰ 'ਤੇ ਇਕ ਲੋਕ ਲਹਿਰ ਪੈਦਾ ਕਰਨ ਦੀ ਲੋੜ ਹੈ ਤਾਂ ਜੋ ਹਰ ਇਕ ਧੀ ਭੈਣ ਸੁਰੱਖਿਅਤ ਰਹੇ। ਜੇ ਕਿਸੇ ਦੇ ਧੀ ਭੈਣ ਨਹੀਂ ਤਾਂ ਉਹ ਕਿਸੇ ਦੀ ਧੀ ਦੀ ਕੁੱਖ ਤੋਂ ਜ਼ਰੂਰ ਜਨਮਿਆ ਹੈ। ਆਓ ਸੋਚ ਬਦਲੀਏ ਸਭ ਦੀ ਧੀ ਭੈਣ ਨੂੰ ਆਪਣੀ ਧੀ ਭੈਣ ਸਮਝੀਏ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

ਨਵੇਂ ਪ੍ਰਧਾਨ ਤੋਂ ਆਸਾਂ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਮਿੰਨੀ ਪਾਰਲੀਮੈਂਟ ਦੇ ਨਾਂਅ ਨਾਲ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨਾ ਜਿਥੇ ਦੇਸ਼-ਵਿਦੇਸ਼ ਦੇ ਸਮੂਹ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ, ਉਥੇ ਉਨ੍ਹਾਂ ਦੇ ਜੱਦੀ ਪਿੰਡ ਪਿੱਪਲਾਂਵਾਲਾ ਦੇ ਵਾਸੀਆਂ ਨੂੰ ਵੀ ਇਸ ਦੇ ਮਾਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਾਨੂੰ ਆਸ ਹੈ ਕਿ ਇਹ ਬਤੌਰ ਪ੍ਰਧਾਨ ਸਿੱਖ ਕੌਮ ਲਈ ਕੋਈ ਨਿਵੇਕਲਾ ਕੰਮ ਕਰਨਗੇ, ਜਿਸ ਨਾਲ ਦੇਸ਼-ਵਿਦੇਸ਼ ਵਿਚ ਵਸਦੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਹੋਵੇਗਾ। ਇਸ ਤੋਂ ਇਲਾਵਾ ਸਿੱਖ ਕੌਮ ਚਾਹੁੰਦੀ ਹੈ ਕਿ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਦਿਹਾੜੇ ਦੀ ਇਕ ਤਰੀਕ ਮੁਕੱਰਰ ਕੀਤੀ ਜਾਵੇ ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਨ ਵਾਲੀਆਂ ਕੌਮਾਂ 'ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਤਰੀਕਾਂ ਯਾਦ ਰਹਿਣ ਵਿਚ ਕੋਈ ਕਠਿਨਾਈ ਨਾ ਹੋਵੇ। ਭਾਵੇਂ ਕੁਝ ਸਮਾਂ ਪਹਿਲਾਂ ਥੋੜ੍ਹੇ ਸਮੇਂ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ 5 ਜਨਵਰੀ ਤਰੀਕ ਮੁਕੱਰਰ ਕੀਤੀ ਗਈ ਸੀ ਜਿਸ ਨਾਲ ਹਰ ਪਾਸੇ ਖੁਸ਼ੀ ਦੀ ਲਹਿਰ ਸੀ ਪਰ ਇਹ ਬਹੁਤਾ ਸਮਾਂ ਸਥਿਰ ਨਹੀਂ ਰਹਿ ਸਕੀ। ਸਾਨੂੰ ਆਸ ਹੈ ਕਿ ਆਮ ਲੋਕਾਂ ਵਿਚ ਵਿਚਰਨ ਵਾਲੇ ਧਾਮੀ ਸਾਹਿਬ ਇਸ ਵਿਸ਼ੇ ਵੱਲ ਜ਼ਰੂਰ ਧਿਆਨ ਦੇਣਗੇ ਤੇ ਸਿੱਖ ਕੌਮ ਲਈ ਪ੍ਰਧਾਨਗੀ ਦੇ ਅਹੁਦੇ 'ਤੇ ਰਹਿ ਕੇ ਕੁਝ ਵਿਲੱਖਣ ਕੰਮ ਕਰਕੇ ਦਿਖਾਉਣਗੇ।

-ਕੰਵਰਦੀਪ ਸਿੰਘ ਭੱਲਾ
ਰਿਕਵਰੀ ਅਫ਼ਸਰ ਸਹਿਕਾਰੀ ਬੈਂਕ, ਹੁਸ਼ਿਆਰਪੁਰ।

20-12-2021

 ਟਿੱਪਣੀ : ਅਭੀ ਉਡਤਾ ਨਹੀਂ-ਪੜ੍ਹਤਾ ਹੈ ਪੰਜਾਬ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਲੱਗੇ ਪੰਜ ਰੋਜ਼ਾ ਪੁਸਤਕ ਮੇਲੇ ਵਿਚ 90 ਸਟਾਲਾਂ ਤੋਂ ਸਵਾ ਕਰੋੜ ਦੀਆਂ ਕਿਤਾਬਾਂ ਦੀ ਵਿਕਰੀ ਹੋਣ ਦੀ ਸਕੂਨ ਵਾਲੀ ਖ਼ਬਰ ਆਈ ਹੈ। ਪਿਛਲੇ ਸਮੇਂ ਦੌਰਾਨ ਪੰਜਾਬ ਅੰਦਰ ਚਿੱਟੇ ਦੇ ਨਸ਼ੇ ਉਪਰ ਕਈ ਫ਼ਿਲਮਾਂ ਬਣੀਆਂ। ਜਿਸ ਨੂੰ ਦੇਖਣ ਤੋਂ ਬਾਅਦ ਇਕ ਤਰ੍ਹਾਂ ਦੀ ਨਿਰਾਸ਼ਤਾ ਪੰਜਾਬੀ ਚਿੰਤਕਾਂ ਵਿਚ ਵਿਖਾਈ ਦਿੱਤੀ ਸੀ। ਸਾਹਿਤਕ ਪੱਖ ਤੋਂ ਲਗਾਤਾਰ ਕਿਤਾਬਾਂ ਨਾਲੋਂ ਨੌਜਵਾਨ ਪੀੜ੍ਹੀ ਤੋਂ ਦੂਰ ਹੋਣਾ ਵੀ ਦਿਨੋਂ ਦਿਨ ਪੰਜਾਬੀ ਸਮਾਜ ਅੰਦਰ ਚਿੰਤਾ ਦਾ ਵਿਸ਼ਾ ਸੀ। ਜਿਸ 'ਤੇ ਹਰ ਸਮਾਗਮ ਅੰਦਰ ਚਰਚਾ ਹੁੰਦੀ ਹੈ। ਚਰਚਾ ਹੋਣੀ ਵੀ ਸੁਭਾਵਿਕ ਸੀ, ਕਿਉਂੁਕਿ ਚੰਗੇ ਅਤੇ ਨਿਰੋਏ ਸਮਾਜ ਦੀ ਨੀਂਹ ਸਾਹਿਤ ਦੇ ਸਿਰ ਹੀ ਟਿੱਕ ਦੀ ਹੈ। ਪੰਜਾਬੀ ਸਾਹਿਤ ਸਿਰਜਣਾ ਦਾ ਧੁਰਾ ਹੀ ਸਾਡੀ ਹੋਂਦ ਅਤੇ ਮੂਲ ਨਾਲ ਜੁੜਿਆ ਹੋਇਆ ਹੈ। ਫਿਰ ਇਸ ਤੋਂ ਅਜੋਕੀ ਪੀੜ੍ਹੀ ਦਾ ਦੂਰ ਹੋਣ ਮਨਾਂ ਅੰਦਰ ਅਨੇਕਾਂ ਸੁਆਲ ਤਾਂ ਖੜ੍ਹੇ ਕਰਦਾ ਹੀ ਹੈ। ਪਰ 11 ਦਸੰਬਰ ਨੂੰ ਸਮਾਪਤ ਹੋਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੁਸਤਕ ਮੇਲੇ 'ਤੇ ਕਿਤਾਬਾਂ ਦੀ ਇਸ ਵਾਰ ਹੋਈ ਵਿਕਰੀ ਨੇ ਇਕ ਰਿਕਾਰਡ ਕਾਇਮ ਕੀਤਾ ਹੈ ਅਤੇ ਸਾਡੇ ਮਨਾਂ ਵਿਚੋਂ ਇਹ ਭੁਲੇਖਾ ਵੀ ਦੂਰ ਕੀਤਾ ਹੈ ਕਿ ਅਜੋਕੀ ਨੌਜਵਾਨ ਪੀੜ੍ਹੀ ਸਾਹਿਤ ਵੱਲ ਝੁਕਾਅ ਕਰ ਰਹੀ ਹੈ। ਜਿਸ 'ਤੇ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ 'ਅਭੀ ਉਡਤਾ ਨਹੀਂ, ਪੜ੍ਹਤਾ ਹੈ ਪੰਜਾਬ।'

-ਬੇਅੰਤ ਸਿੰਘ ਬਾਜਵਾ, ਨਾਵਲਕਾਰ

ਮੁੱਖ ਮੰਤਰੀ ਅਤੇ ਰਾਜ ਮੰਤਰੀ ਦੇ ਧਿਆਨ ਹਿਤ

ਖਾਨਾ ਕਾਸ਼ਤ ਵਿਚ ਖਰੀਦੀਆਂ ਜ਼ਮੀਨਾਂ ਨੂੰ ਖਾਨਾ ਮਾਲਕੀ ਵਿਚ ਤਬਦੀਲ ਕਰਨ ਸੰਬੰਧੀ ਬੇਨਤੀ। ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ 1980 ਤੋਂ ਪਹਿਲਾਂ ਖੇਤੀ ਵਾਲੀਆਂ ਜਮੀਨਾਂ ਦੀ ਖਰੀਦੋ-ਫਰੋਖਤ ਖਾਨਾ ਕਾਸ਼ਤ ਵਿਚ ਹੋ ਜਾਂਦੀ ਸੀ। ਬਾਅਦ ਵਿਚ ਇਸ ਤਰ੍ਹਾਂ ਖਰੀਦ ਕਰਨ 'ਤੇ ਰੋਕ ਲਗਾ ਦਿੱਤੀ ਗਈ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਉਹ ਸਾਰੇ ਕਿਸਾਨ ਜਿਨ੍ਹਾਂ ਨੇ ਆਪਣੀਆਂ ਜ਼ਮੀਨਾਂ ਖਾਨਾ ਕਾਸ਼ਤ ਵਿਚ ਖਰੀਦੀਆਂ ਸਨ, ਉਹ ਹੁਣ ਤੱਕ ਉਸੇ ਤਰ੍ਹਾਂ ਹੀ ਖਾਨਾ ਕਾਸ਼ਤ ਵਿਚ ਤੁਰੇ ਆ ਰਹੇ ਹਨ। ਇਸ ਸੰਬੰਧੀ ਮਾਨਯੋਗ ਮੁੱਖ ਮੰਤਰੀ ਸਾਹਿਬ ਅਤੇ ਮਾਲ ਮੰਤਰੀ ਸਾਹਿਬ ਦਾ ਧਿਆਨ ਇਸ ਪਾਸੇ ਵੱਲ ਦੁਆਇਅ ਜਾਂਦਾ ਹੈ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਹੋਰ ਬਹੁਤ ਸਾਰੇ ਸੁਧਾਰ ਕਰ ਰਹੀ ਹੈ, ਉਸੇ ਤਰ੍ਹਾਂ ਪੰਜਾਬ ਦੇ ਕਿਸਾਨਾਂ ਦਾ ਇਕ ਬਹੁਤ ਵੱਡਾ ਹਿੱਸਾ ਤੁਹਾਡੇ ਕੋਲੋਂ ਮੰਗ ਕਰ ਰਿਹਾ ਹੈ ਕਿ ਖਾਨਾ ਕਾਸ਼ਤ ਵਿਚ ਖਰੀਦੀਆਂ ਸਾਰੀਆਂ ਜ਼ਮੀਨਾਂ ਨੂੰ ਖਾਨਾ ਮਾਲਕੀ ਵਿਚ ਤਬਦੀਲ ਕਰਨ ਦੀ ਪ੍ਰਕਿਰਿਆ ਚਾਲੂ ਕੀਤੀ ਜਾਵੇ, ਜਿਸ ਨਾਲ ਪੰਜਾਬ ਦੇ ਖਜ਼ਾਨੇ 'ਤੇ ਵੀ ਕੋਈ ਅਸਰ ਨਹੀਂ ਪਵੇਗਾ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਆਵੇਗੀ। ਇਸ ਤਰ੍ਹਾਂ ਕਰਨ ਨਾਲ ਪੰਜਾਬ ਦਾ ਕਿਸਾਨ ਤੁਹਾਡਾ ਅਹਿਸਾਨਮੰਦ ਰਹੇਗਾ।

-ਗੁਰਦੇਵ ਸਿੰਘ
ਈਸਰ ਬੁੱਚਾ, ਭੁਲੱਥ।

ਘਿਉ ਦੀਆਂ ਦੁਕਾਨਾਂ

1945 ਦੇ ਸਾਲ ਖ਼ਬਰ ਸੁਣੀ ਕਿ ਆਉਂਦੇ ਐਤਵਾਰ ਲਾਹੌਰ ਵਿਚ ਭਾਰੀ ਜਲਸਾ ਹੋਵੇਗਾ। ਸਾਰੇ ਤਾਂ ਜਾ ਨਹੀਂ ਸਕਦੇ ਹੁੰਦੇ, ਧੰਨਾ ਸਿੰਘ ਰਹਿ ਨਹੀਂ ਸਕਦਾ। ਸੁਵਖਤੇ ਰੇਲ ਚੜ੍ਹ ਕੇ ਲਾਹੌਰ ਜਾ ਪੁੱਜਾ। ਤਕਰੀਰਾਂ ਸੁਣ ਕੇ ਸ਼ਾਮੀ ਪਿੰਡ ਵਾਪਸ ਆ ਗਿਆ। ਕੀ ਕੀ ਹੋਇਆ, ਜਾਣਨ ਵਾਸਤੇ ਉਸ ਦੁਆਲੇ 15-20 ਜਣੇ ਇਕੱਠੇ ਹੋ ਗਏ, ਪੁੱਛਣ ਲੱਗੇ ਕੌਣ-ਕੌਣ ਆਇਆ, ਕੀ-ਕੀ ਗੱਲ ਕੀਤੀ। ਧੰਨਾ-ਕਹਿੰਦਾ ਸਾਰੇ ਈ ਆਏ ਸਨ, ਗਾਂਧੀ, ਨਹਿਰੂ, ਮਾਸਟਰ ਤਾਰਾ ਸਿੰਘ, ਜਿਨਾਹ ਸਭ। ਆਂਹਦੇ ਸਨ ਅੰਗਰੇਜ਼ ਤਕੜੇ, ਅਸੀਂ ਕਮਜ਼ੋਰ ਇਆਂ। ਲੜਾਈ ਤਦ ਜਿੱਤ ਸਕਾਂਗੇ ਜੇ ਅਸੀਂ ਤਕੜੇ ਹੋਵਾਂਗੇ। ਤਕੜੇ ਹੋਣ ਲਈ ਘਿਉਣ ਖਾਣਾ ਪਵੇਗਾ। ਹਰੇਕ ਲੀਡਰ ਆਖਦਾ ਸੀ ਪਈ ਮੇਰੀ ਦੁਕਾਨ ਦਾ ਘਿਓ ਸਭ ਤੋਂ ਵਧੀਐ। ਇਥੋਂ ਈ ਖ਼ਰੀਦੋ। ਇਹੋ ਸੀ ਅੱਜ ਦਾ ਇਕੱਠ ਤਾਂ।

-ਡਾ. ਹਰਪਾਲ ਸਿੰਘ ਪੰਨੂੰ, ਪਟਿਆਲਾ।

ਛੋਟੇ ਕਾਰੋਬਾਰੀਆਂ ਬਾਰੇ ਵੀ ਸੋਚੇ ਸਰਕਾਰ

ਪੰਜਾਬ ਸਰਕਾਰ ਜੀ ਸਾਡੇ ਛੋਟੇ ਕਾਰੋਬਾਰੀਆਂ ਦਾ ਭਲਾ ਵੀ ਕਰ ਦਿਓ, ਪਿੰਡਾਂ ਵਿਚ ਛੋਟੀਆਂ ਦੁਕਾਨਾਂ ਚਲਾਉਂਦੇ ਹਾਂ ਅਸੀਂ। ਕਾਰੋਬਾਰ ਲਈ ਕੋਆਪ੍ਰੇਟਿਵ ਬੈਂਕਾਂ ਤੋਂ ਮਾਮੂਲੀ ਪੱਚੀ ਹਜ਼ਾਰ ਦੇ ਕਰਜ਼ੇ ਲਏ ਹਨ। ਇਸ ਦੀ ਵਿਆਜ਼ ਬਦਲੇ ਮੂਲ ਤੋਂ ਜ਼ਿਆਦਾ ਬੈਂਕ ਨੂੰ ਜਮ੍ਹਾਂ ਕਰਵਾ ਚੁੱਕੇ ਹਾਂ ਪਰ ਫਿਰ ਵੀ ਬੰਦੇ ਡਿਫਾਲਟਰ ਹੋ ਚੁੱਕੇ ਹਾਂ। ਬੈਂਕ ਦੇ ਨੋਟਿਸ ਵਿਚ ਸਾਡੇ ਵੱਲ ਡਬਲ ਪੰਜਾਹ ਹਜ਼ਾਰ ਦਾ ਬਕਾਇਆ ਹੈ। ਸਾਡੇ ਖਿਲਾਫ਼ ਬੈਂਕ ਕਿਸੇ ਵਕਤ ਵੀ ਅਦਾਲਤੀ ਕਾਰਵਾਈ ਕਰ ਸਕਦਾ ਹੈ। ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਕੁਝ ਸਾਡਾ ਵੀ ਭਲਾ ਕਰ ਦਿਓ, ਸਾਡੇ ਕਰਜ਼ੇ ਵੀ ਮੁਆਫ਼ ਕਰ ਦਿਓ। ਅਸੀਂ ਬੈਂਕ ਦੇ ਕਰਜ਼ੇ ਚੁਕਾਉਣ ਤੋਂ ਅਸਮਰੱਥ ਹਾਂ। ਕੋਰੋਨਾ ਦੀ ਮਹਾਂਮਾਰੀ ਨੇ ਸਾਡੇ ਕੰਮ-ਧੰਦੇ ਤਬਾਹ ਕਰ ਦਿੱਤੇ ਹਨ। ਅਸੀਂ ਪੰਜਾਬ ਸਰਕਾਰ ਦੇ ਧੰਨਵਾਦੀ ਹੋਵਾਂਗੇ।

-ਪੁਸ਼ਵਿੰਦਰ ਕੁਮਾਰ ਮਨਚੰਦਾ
ਪਿੰਡ ਖਾਈ ਫੇਮੇ ਕੀ, ਤਹਿ. ਤੇ ਜ਼ਿਲ੍ਹਾ ਫਿਰੋਜ਼ਪੁਰ।

ਬੇਖੌਫ਼ ਲੁਟੇਰੇ

ਸਾਨੂੰ ਸਭ ਨੂੰ ਪਤਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਲੁਟੇਰਿਆਂ ਦੇ ਹੌਸਲੇ ਬਹੁਤ ਬੁਲੰਦ ਹੋ ਗਏ ਹਨ। ਸਾਨੂੰ ਰੋਜ਼ ਅਖ਼ਬਾਰਾਂ ਵਿਚ ਲੁੱਟ-ਖੋਹ ਚੋਰ-ਚਕੋਰੀਆਂ ਤੇ ਕਤਲ ਆਦਿ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ। ਪੰਜਾਬ ਵਿਚ ਬੈਂਕ ਲੁੱਟਣ ਦਾ ਕੰਮ ਤਾਂ ਜ਼ੋਰਾਂ-ਸ਼ੋਰਾਂ 'ਤੇ ਲੱਗਾ ਹੋਇਆ ਹੈ ਜਦੋਂ ਦੇਖੋ ਰੋਜ਼ਅਖ਼ਬਾਰਾਂ ਵਿਚ 2-3 ਬੈਂਕ ਲੁੱਟਣ ਦੀਆਂ ਘਟਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ ਜੋ ਕਿ ਬਹੁਤ ਹੈਰਾਨੀ ਵਾਲੀ ਗੱਲ ਹੈ। ਅੱਜਕਲ੍ਹ ਮੋਬਾਈਲ ਲੁੱਟਣ ਦੀਆਂ ਘਟਨਾਵਾਂ ਵੀ ਬਹੁਤ ਵਧਦੀਆਂ ਜਾ ਰਹੀਆਂ ਹਨ। ਇਨ੍ਹਾਂ ਘਟਨਾਵਾਂ ਦਾ ਸਭ ਤੋਂ ਵੱਡਾ ਕਾਰਨ ਪੁਲਿਸ ਦੀ ਨਰਮੀ ਹੈ, ਪੁਲਿਸ ਇਨ੍ਹਾਂ ਲੁਟੇਰਿਆਂ ਖਿਲਾਫ਼ ਕੋਈ ਵੀ ਸਖ਼ਤ ਕਾਰਵਾਈ ਨਹੀਂ ਕਰਦੀ ਜਿਸ ਕਾਰਨ ਇਨ੍ਹਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਣ ਤੇ ਇਸ ਸਮੱਸਿਆ ਦਾ ਕੋਈ ਪੱਕਾ ਹੱਲ ਕਰਨ।

-ਸਾਕਸ਼ੀ ਸ਼ਰਮਾ, ਜਲੰਧਰ।

ਗਲ ਪਿਆ ਢੋਲ

ਛੋਟੀ ਉਮਰੇ ਜਦੋਂ ਸਿਆਣਿਆਂ ਕੋਲ ਬੈਠੇ ਗੱਲਾਂ ਸੁਣਿਆ ਕਰਦੇ ਸੀ ਤਾਂ ਉਹ ਅਕਸਰ ਹੀ ਇਕ-ਦੂਸਰੇ ਨੂੰ ਕਹਿੰਦੇ ਹੁੰਦੇ ਸਨ ਕਿ ਕੀ ਕਰੀਏ ਗਲ ਪਿਆ ਢੋਲ ਤਾਂ ਵਜਾਉਣਾ ਹੀ ਪਵੇਗਾ, ਤਾਂ ਉਸ ਸਮੇਂ ਮਨ ਵਿਚ ਆਉਂਦਾ ਸੀ ਕਿ ਸਾਨੂੰ ਤਾਂ ਕਿਸੇ ਨੇ ਢੋਲ ਵਜਾਉਣਾ ਹੀ ਨਹੀਂ ਦੱਸਿਆ। ਅਸੀਂ ਇਹ ਢੋਲ ਕਿਵੇਂ ਵਜਾਵਾਂਗੇ। ਪਰ ਜਿਵੇਂ-ਜਿਵੇਂ ਜ਼ਿੰਦਗੀ ਦੇ ਸਫਰ ਵਿਚ ਅੱਗੇ ਵਧਦੇ ਰਹੇ ਤਾਂ ਆਪਣੇ-ਆਪ ਹੀ ਪਤਾ ਲੱਗ ਗਿਆ ਕਿ ਢੋਲ ਕਿਵੇਂ ਵਜਾਇਆ ਜਾਂਦਾ ਹੈ। ਬਹੁਤ ਕੁਝ ਹੁੰਦਾ ਹੈ, ਜੋ ਸਾਨੂੰ ਉਮਰ ਦੇ ਹਿਸਾਬ ਨਾਲ ਸਿੱਖਣ ਨੂੰ ਮਿਲਦਾ ਹੈ। ਇਸੇ ਲਈ ਕਹਿੰਦੇ ਹਨ ਕਿ ਹਮੇਸ਼ਾ ਬਜ਼ੁਰਗਾਂ ਕੋਲ ਬੈਠ ਕੇ ਉਨ੍ਹਾਂ ਤੋਂ ਜ਼ਿੰਦਗੀ ਦੇ ਤਜਰਬੇ ਸਿੱਖੇ ਜਾਣ, ਕਿਉਂਕਿ ਜ਼ਿੰਦਗੀ ਵਿਚ ਬਜ਼ੁਰਗਾਂ ਤੋਂ ਸਿੱਖੀਆਂ ਗੱਲਾਂ ਸਾਡੇ ਬਹੁਤ ਕੰਮ ਆਉਂਦੀਆਂ ਹਨ।

-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।

20-12-2021

 ਧਰਨਿਆਂ ਦਾ ਹੱਲ
ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਸਰਕਾਰੀ ਮਹਿਕਮਿਆਂ ਦੇ ਕਰਮਚਾਰੀਆਂ ਵਲੋਂ ਲਗਾਤਾਰ ਹੜਤਾਲਾਂ ਕਰਕੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਰ ਸਰਕਾਰ ਇਨ੍ਹਾਂ ਦੀਆਂ ਮੰਗਾਂ ਨੂੰ ਹੱਲ ਕਰਨ ਦੀ ਬਜਾਏ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਤੇ ਮਾਰ ਕੁਟਾਈ ਕਰਕੇ ਇਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਵਿਚ ਲੱਗੀ ਹੋਈ ਹੈ। ਹਾਲ ਹੀ ਵਿਚ ਅਧਿਆਪਕਾਂ 'ਤੇ ਹੋਏ ਲਾਠੀਚਾਰਜ ਨੇ ਤਾਂ ਸਭ ਹੱਦਾਂ ਪਾਰ ਕਰ ਦਿੱਤੀਆਂ ਹਨ। ਜਿਨ੍ਹਾਂ ਨੇ ਭਵਿੱਖ ਤਿਆਰ ਕਰਨ ਵਿਚ ਸਰਕਾਰਾਂ ਦਾ ਸਹਿਯੋਗ ਕਰਨਾ ਹੁੰਦਾ ਹੈ, ਸਰਕਾਰ ਉਨ੍ਹਾਂ ਨੂੰ ਅੱਖੋਂ-ਪਰੋਖੇ ਕਰਕੇ ਉਨ੍ਹਾਂ ਨੂੰ ਬੇਇੱਜ਼ਤ ਕਰਨ ਵਿਚ ਲੱਗੀ ਹੋਈ ਹੈ। ਸਰਕਾਰ ਨੂੰ ਅਧਿਆਪਕ ਸਾਹਿਬਾਨ ਦੀਆਂ ਮੁਸ਼ਕਿਲਾਂ ਸੁਣਨ ਅਤੇ ਉਨ੍ਹਾਂ ਦਾ ਹੱਲ ਕਰਨ ਲਈ ਪਹਿਲ ਕਦਮੀ 'ਤੇ ਕੰਮ ਕਰਨ ਦੀ ਲੋੜ ਤੇ ਫ਼ਰਜ਼ ਹੈ ਤਾਂ ਹੀ ਅਸੀਂ ਆਪਣੇ ਭਵਿੱਖ ਨੂੰ ਵਧੀਆ ਬਣਾ ਸਕਦੇ ਹਾਂ।


-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।


ਸਿਆਸੀ ਅਖਾੜਾ ਬਣਿਆ ਪੰਜਾਬ
ਭਾਵੇਂ ਕਿ ਅਜੇ ਚੋਣਾਂ ਦਾ ਐਲਾਨ ਨਹੀਂ ਹੋਇਆ ਤੇ ਨਾ ਹੀ ਚੋਣ ਜ਼ਾਬਤਾ ਲੱਗਾ ਹੈ ਪਰ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਲੋਕਾਂ ਨੂੰ ਇਕ ਵਾਰ ਫਿਰ ਭਰਮਾਉਣ ਤੇ ਕਈ ਕਿਸਮ ਦੇ ਲਾਲਚ ਦੇ ਕੇ ਕਿਸੇ ਨਾ ਕਿਸੇ ਤਰ੍ਹਾਂ ਸੱਤਾ ਹਥਿਆਉਣ ਲਈ ਵੱਖ-ਵੱਖ ਹਥਕੰਡੇ ਵਰਤੇ ਜਾ ਰਹੇ ਹਨ। ਅੱਗੇ ਸਿਰਫ ਵੱਡੀਆਂ ਦੋ ਹੀ ਅਕਾਲੀ ਤੇ ਕਾਂਗਰਸ ਪਾਰਟੀਆਂ ਦੇ ਹੱਥ ਹੀ ਪੰਜਾਬ ਦੀ ਸੱਤਾ ਆਉਂਦੀ ਰਹੀ ਹੈ ਪਰ ਹੁਣ ਕਈ ਰਾਜਨੀਤਕ ਪਾਰਟੀਆਂ ਬਣ ਗਈਆਂ ਹਨ ਜੋ ਕਿ ਇਕ-ਦੂਜੇ ਦੀਆਂ ਗ਼ਲਤੀਆਂ, ਕਮੀਆਂ, ਔਗੁਣਾਂ ਨੂੰ ਉਛਾਲਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ, ਜਿਸ ਤੋਂ ਜਾਪਦਾ ਹੈ ਕਿ ਪੰਜਾਬ ਦੇ ਲੋਕਾਂ ਦੇ ਇਹੋ ਹੀ ਮੁੱਦੇ ਹਨ ਜਦੋਂ ਕਿ ਪੰਜਾਬ ਦੇ ਅਸਲੀ ਮੁੱਦਿਆਂ ਦਾ ਕੋਈ ਜ਼ਿਕਰ ਹੀ ਨਹੀਂ ਕਰ ਰਿਹਾ। ਜਿਥੋਂ ਲੋਕਾਂ ਨੂੰ ਇਨ੍ਹਾਂ ਲਾਲਚਾਂ ਤੋਂ ਦੂਰ ਰਹਿ ਕੇ ਆਪਣੀ ਜ਼ਮੀਰ ਅਨੁਸਾਰ ਉਮੀਦਵਾਰਾਂ ਦੀ ਚੋਣ ਕਰਨੀ ਚਾਹੀਦੀ ਹੈ, ਉਥੇ ਹੀ ਰਾਜਨੀਤਕ ਪਾਰਟੀਆਂ ਨੂੰ ਆਮ ਲੋਕਾਂ ਨੂੰ ਭਰਮਾਉਣ ਅਤੇ ਲਾਲਚ ਦੇਣ ਦੀ ਬਜਾਏ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਪੁਖਤਾ ਪ੍ਰਬੰਧ ਕਰਨ, ਸਿਹਤ, ਸਿੱਖਿਆ, ਵਾਤਾਵਰਨ, ਪਾਣੀ, ਹਵਾ ਅਤੇ ਧਰਤੀ ਨੂੰ ਬਚਾਉਣ ਅਤੇ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਆਦਿ ਅਹਿਮ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਵਿਕਾਸ ਦੀ ਜਗ੍ਹਾ ਸਿਆਸੀ ਅਖਾੜਾ ਹੀ ਬਣ ਕੇ ਨਾ ਰਹਿ ਜਾਵੇ।


-ਅਮਰੀਕ ਸਿੰਘ ਚੀਮਾ, ਜਲੰਧਰ।


ਦਾਜ ਦੀ ਸਮੱਸਿਆ
ਦਾਜ ਦੀ ਸਮੱਸਿਆ ਵੀ ਬਾਕੀ ਸਮੱਸਿਆਵਾਂ ਵਾਂਗ ਇਕ ਗੰਭੀਰ ਸਮੱਸਿਆ ਬਣੀ ਹੋਈ ਹੈ। ਬੀਤੇ ਦਿਨ ਹਰਿਆਣਾ ਦੇ ਕਰਨਾਲ ਵਿਚ ਲਾੜੇ ਦੇ ਪਰਿਵਾਰ ਨੇ ਦਾਜ ਨਾ ਦੇਣ ਕਰਕੇ ਵਿਆਹ ਕਰਨ ਤੋਂ ਮਨ੍ਹਾਂ ਕਰ ਦਿੱਤਾ। ਲੜਕਾ ਇਕ ਵਿਗਿਆਨੀ ਹੈ ਜਦ ਕਿ ਲੜਕੀ ਕਾਨੂੰਨ ਦੀ ਪੜ੍ਹਾਈ ਵਿਚ ਡਾਕਟਰੇਟ ਕਰ ਰਹੀ ਹੈ। ਇਸ ਘਟਨਾ ਨੇ ਲੜਕੀ ਵਾਲਿਆਂ ਦੇ ਪਰਿਵਾਰ ਦੇ ਨਾਲ-ਨਾਲ ਹਰ ਇਕ ਵਿਅਕਤੀ ਨੂੰ ਪਸੀਜ ਕੇ ਰੱਖ ਦਿੱਤਾ। ਇਹ ਕੋਈ ਇਕੱਲੀ ਘਟਨਾ ਨਹੀਂ ਅਸੀਂ ਹਰ ਰੋਜ਼ ਦਾਜ ਦੇ ਕਾਰਨ ਰਿਸ਼ਤੇ ਟੁੱਟਦੇ ਦੇਖਦੇ ਹਾਂ। ਸਿੱਖਿਆ ਦੇ ਪ੍ਰਸਾਰ ਅਤੇ ਕਾਨੂੰਨ ਦੀ ਸਖ਼ਤੀ ਦੇ ਬਾਵਜੂਦ ਦਾਜ ਦੀ ਸਮੱਸਿਆ ਨੂੰ ਠੱਲ੍ਹ ਨਹੀਂ ਪੈ ਸਕੀ। ਦਾਜ ਰੋਕੂ ਕਾਨੂੰਨ ਦੀਆਂ ਵੀ ਲੋਕ ਧੱਜੀਆਂ ਉਡਾਉਂਦੇ ਨਜ਼ਰ ਆਉਂਦੇ ਹਨ। ਕਾਨੂੰਨ ਦੀ ਕਾਰਗੁਜ਼ਾਰੀ ਵਿਚ ਸੁਧਾਰ ਦੇ ਨਾਲ-ਨਾਲ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਇਸ ਸਮੱਸਿਆ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਕੋਈ ਹੋਰ ਲੜਕੀ ਦਾਜ ਦੀ ਬਲੀ ਨਾ ਚੜ੍ਹ ਸਕੇ।


-ਰਜਵਿੰਦਰ ਪਾਲ
ਪਿੰਡ ਕਾਲਝਰਾਣੀ, ਡਾਕ: ਚੱਕ ਅਤਰ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ।


ਸ਼ਲਾਘਾਯੋਗ ਕਦਮ
ਸਨਿਚਰਵਾਰ ਨੂੰ 'ਅਜੀਤ' ਦਾ ਸੰਪਾਦਕੀ ਲੇਖ ਇਕ ਹੋਰ ਚੰਗਾ ਕਦਮ ਪੜ੍ਹਿਆ। ਜਿਸ ਬਾਰੇ ਲੇਖਕ ਨੇ ਸੰਸਦ ਵਲੋਂ ਲੜਕੀਆਂ ਦੀ ਵਿਆਹ ਦੀ ਉਮਰ 21 ਸਾਲ ਕਰਨ ਬਾਰੇ ਆਪਣੀ ਪ੍ਰਤੀਕਿਰਿਆ ਲਿਖ ਚੰਗੇ ਕਦਮ ਦੀ ਸ਼ਲਾਘਾ ਕੀਤੀ ਹੈ, ਕਾਬਲ-ਏ-ਗੌਰ ਸੀ। ਇਸ ਦਾ ਫਾਇਦਾ ਇਹ ਹੋਵੇਗਾ ਕਿ ਲੜਕੀਆਂ ਵਿਆਹ ਦੀ ਉਮਰ 21 ਸਾਲ ਤੱਕ ਆਪਣੀ ਉੱਚ ਤਾਲੀਮ ਪੂਰੀ ਕਰ ਸਕਦੀਆਂ ਹਨ। ਉਸ ਦੀ ਮਾਂ ਬਣਨ ਦੀ ਸਮਝਦਾਰੀ ਵੀ ਸਰੀਰਕ ਤੌਰ 'ਤੇ ਪੂਰੀ ਹੋ ਜਾਵੇਗੀ। ਨੌਕਰੀ ਪੇਸ਼ਾ ਵੀ ਪ੍ਰਾਪਤ ਕਰ ਸਕਦੀਆਂ ਤੇ ਆਪਣੇ ਬਰਾਬਰ ਦਾ ਜੀਵਨ ਸਾਥੀ ਚੁਣ ਸਕਦੀਆਂ ਹਨ।


-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ ਇੰਸਪੈਕਟਰ, ਪੁਲਿਸ।


ਵਿੱਦਿਆ ਦੀ ਮਹੱਤਤਾ
ਵਿੱਦਿਆ ਸਾਡੀ ਜ਼ਿੰਦਗੀ ਵਿਚ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ। ਹਰ ਵਿਅਕਤੀ ਨੂੰ ਵਿੱਦਿਆ ਪ੍ਰਾਪਤ ਕਰਨ ਦਾ ਅਧਿਕਾਰ ਹੈ, ਚਾਹੇ ਉਹ ਅਮੀਰ ਹੋਵੇੇ ਜਾਂ ਗਰੀਬ ਪਰ ਸਾਡੇ ਦੇਸ਼ ਵਿਚ ਕੁਝ ਅਜਿਹੇ ਲੋਕ ਵੀ ਹਨ, ਜੋ ਪੜ੍ਹਨਾ-ਲਿਖਣਾ ਚਾਹੁੰਦੇ ਨੇ ਪਰ ਉਨ੍ਹਾਂ ਨੂੰ ਵਿੱਦਿਆ ਦੇ ਅਧਿਕਾਰ ਬਾਰੇ ਪਤਾ ਨਹੀਂ। ਪੁਰਾਣੇ ਸਮੇਂ ਵਿਚ ਲੋਕ ਪੜ੍ਹਨਾ-ਲਿਖਣਾ ਚਾਹੁੰਦੇ ਸਨ। ਪਰ ਪੜ੍ਹਾਈ ਮਹਿੰਗੀ ਹੋਣ ਕਰਕੇ ਪੜ੍ਹ ਨਹੀਂ ਸਨ ਪਾਉਂਦੇ, ਪਰ ਹੁਣ ਤਾਂ ਭਾਰਤ ਸਰਕਾਰ ਨੇ 6 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਾ ਅਧਿਕਾਰ ਦਿੱਤਾ ਹੈ। ਦੁਨੀਆ ਵਿਚ ਹਰ ਕੋਈ ਸਾਡੇ ਤੋਂ ਕੁਝ ਵੀ ਚੋਰੀ ਕਰ ਸਕਦਾ ਹੈ ਪਰ ਪੜ੍ਹਾਈ ਇਕ ਅਜਿਹਾ ਗਹਿਣਾ ਹੈ ਜੋ ਤੁਹਾਡੇ ਤੋਂ ਕੋਈ ਵੀ ਚੋਰੀ ਨਹੀਂ ਕਰ ਸਕਦਾ। ਇਸ ਲਈ ਹਰ ਕਿਸੇ ਨੂੰ ਵਿੱਦਿਆ ਪ੍ਰਾਪਤ ਕਰਨੀ ਚਾਹੀਦੀ ਹੈ।


-ਸਾਕਸ਼ੀ ਸ਼ਰਮਾ, ਜਲੰਧਰ।


ਮੋਬਾਈਲ ਫੋਨ ਦੀ ਸਹੀ ਵਰਤੋਂ
ਅਜੋਕੇ ਸਮੇਂ ਮੋਬਾਈਲ ਫੋਨਾਂ ਨੇ ਪਰਿਵਾਰਾਂ ਦੀ ਏਕਤਾ ਤੋੜਨ ਵਿਚ ਖਾਸ ਭੂਮਿਕਾ ਨਿਭਾਈ ਹੈ। ਪੁਰਾਣੇ ਸਮਿਆਂ ਵਿਚ ਕਈ-ਕਈ ਪਰਿਵਾਰ ਇਕੱਠੇ ਰਹਿੰਦੇ ਸਨ ਤੇ ਉਨ੍ਹਾਂ ਵਿਚ ਆਪਸੀ ਗੱਲਬਾਤ ਵੀ ਭਰਪੂਰ ਹੁੰਦੀ ਸੀ। ਪਰ ਹੁਣ ਇਹ ਸਮਾਂ ਅਕਸਰ ਸੋਸ਼ਲ ਮੀਡੀਆ 'ਤੇ ਬਿਤਾਇਆ ਜਾ ਰਿਹਾ ਹੈ। ਮੋਬਾਈਲ 'ਤੇ ਖੇਡੀਆਂ ਜਾਣ ਵਾਲੀਆਂ ਖੇਡਾਂ ਕਰਕੇ ਬੱਚੇ ਹਿੰਸਕ ਹੋ ਰਹੇ ਹਨ ਤੇ ਆਰਥਿਕ ਤੌਰ 'ਤੇ ਮਾਪਿਆਂ ਦਾ ਨੁਕਸਾਨ ਕਰ ਰਹੇ ਹਨ। ਸਾਡੀ ਸਾਰਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਮੋਬਾਈਲ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰੀਏ ਤਾਂ ਜੋ ਪਰਿਵਾਰਾਂ ਵਿਚ ਆਪਸੀ ਗੱਲਬਾਤ ਹੋ ਸਕੇ ਜਿਸ ਨਾਲ ਅਸੀਂ ਪਰਿਵਾਰਕ ਸਮੱਸਿਆਵਾਂ ਦਾ ਮਿਲ ਕੇ ਸਾਹਮਣਾ ਕਰ ਸਕਦੇ ਹਾਂ।


-ਅਰਵਿੰਦਰ ਸਿੰਘ ਰਾਏਕੋਟ

17-12-2021

 ਜਿੱਤ ਦਾ ਸਿਹਰਾ
ਕੁਝ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਵਲੋਂ ਖੇਤੀ ਕਾਨੂੰਨ ਵਾਪਸ ਲੈਣ ਲਈ ਐਲਾਨ ਕੀਤਾ ਗਿਆ ਸੀ ਅਤੇ ਹੁਣ ਇਹ ਰੱਦ ਵੀ ਹੋ ਚੁੱਕੇ ਹਨ ਅਤੇ ਲੰਮੇ ਸਮੇਂ ਤੋਂ ਸੰਘਰਸ਼ ਵਿੱਢੀ ਬੈਠੇ ਕਿਸਾਨ ਖੁਸ਼ੀ-ਖੁਸ਼ੀ ਘਰ ਵੀ ਪਰਤ ਚੁੱਕੇ ਹਨ। ਇਸ ਸੰਘਰਸ਼ ਦੌਰਾਨ ਕਿੰਨੀਆਂ ਹੀ ਕੁਰਬਾਨੀਆਂ ਹੋਈਆਂ। ਬੱਚੇ, ਬਜ਼ੁਰਗ, ਜਵਾਨ ਅਤੇ ਔਰਤਾਂ ਇਸ ਦੀ ਭੇਟ ਚੜ੍ਹ ਗਈਆਂ। ਪਿਛਲੇ ਇਕ ਸਾਲ ਦੇ ਸੰਘਰਸ਼ ਦੌਰਾਨ ਕਿਸਾਨਾਂ ਨੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕੀਤਾ। ਗਰਮੀ, ਸਰਦੀ, ਮੀਂਹ-ਹਨੇਰੀਆਂ। ਸਭ ਝੱਲਿਆ ਅਤੇ ਬੇਕਸੂਰਾਂ 'ਤੇ ਨਾਜਾਇਜ਼ ਪਰਚੇ ਵੀ ਹੋਏ। ਬਜ਼ੁਰਗਾਂ ਨੇ ਆਪਣੇ ਬੁੱਢੇ ਹੱਡਾਂ 'ਤੇ ਡਾਂਗਾਂ ਵੀ ਸਹੀਆਂ। ਬਹੁਤ ਹੀ ਦੁਖਦਾਈ ਸੀ। ਇਹ ਸੰਘਰਸ਼ ਵਾਲਾ ਸਾਲ ਅਤੇ ਇਸ ਦੀ ਜਿੱਤ ਦਾ ਸਿਹਰਾ ਸਿਰਫ ਤੇ ਸਿਰਫ ਕਿਰਤੀ ਕਿਸਾਨਾਂ ਦੀ ਅਣਥੱਕ ਮਿਹਨਤ ਅਤੇ ਸਬਰ ਨੂੰ ਜਾਂਦਾ ਹੈ ਪਰ ਕੁਝ ਸਿਆਸੀ ਪਾਰਟੀਆਂ ਜੋ ਪਹਿਲਾਂ ਕਿਤੇ ਅਲੋਪ ਹੋ ਗਈਆਂ ਸੀ, ਹੁਣ ਕਿਸਾਨਾਂ ਦੇ ਆਸ-ਪਾਸ ਮੰਡਰਾ ਰਹੀਆਂ ਹਨ ਅਤੇ ਦਾਅਵੇ ਕਰ ਰਹੀਆਂ ਹਨ ਕੀ ਜਿੱਤ ਸਾਡੇ ਕਰਕੇ ਹੋਈ ਹੈ, ਜਦ ਕਿ ਜਿੱਤ ਸਿਰਫ ਕਿਰਤੀ ਕਿਸਾਨਾਂ ਦੇ ਅਡੋਲ ਬੈਠੇ ਰਹਿਣ ਕਰਕੇ ਹੋਈ ਹੈ। ਲੋਕਾਂ ਨੂੰ ਇਨ੍ਹਾਂ ਦਲ ਬਦਲੂ ਸਿਆਸੀ ਭਰਿੰਡਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ।


-ਅਮਨਦੀਪ ਕੌਰ ਹਾਕਮ ਸਿੰਘ ਵਾਲਾ
ਬਠਿੰਡਾ।


ਨੈਤਿਕਤਾ ਵਿਚ ਗਿਰਾਵਟ
ਬੇਸ਼ੱਕ ਤਕਨਾਲੋਜੀ ਵਿਚ ਵਾਧਾ ਹੋਣ ਕਾਰਨ ਸਮਾਜ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ ਪਰ ਅਫ਼ਸੋਸ ਉਥੇ ਹੀ ਮਨੁੱਖ ਦੀ ਨੈਤਿਕਤਾ ਵਿਚ ਵੀ ਗਿਰਾਵਟ ਆਈ ਹੈ। ਮਨੁੱਖ ਲੋਭੀ, ਦੰਭੀ ਅਤੇ ਪਦਾਰਥਵਾਦੀ ਬਣ ਗਿਆ ਹੈ। ਲੋਕਾਂ ਦਾ ਖੂਨ ਸਫ਼ੈਦ ਹੁੰਦਾ ਜਾ ਰਿਹਾ ਹੈ। ਪ੍ਰਸ਼ਾਸਨ ਤੋਂ ਨਿਆਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਸਮਾਜਿਕ ਪ੍ਰਾਣੀ ਨੈਤਿਕਤਾ ਪੱਖੋਂ ਖੋਖਲਾ ਹੁੰਦਾ ਦਿਖਾਈ ਦੇ ਰਿਹਾ ਹੈ। ਰਾਜਨੀਤਕ ਲੀਡਰ ਧਰਮ ਦੀ ਰਾਜਨੀਤੀ ਖੇਡ ਕੇ ਜਨਤਾ ਨੂੰ ਮੂਰਖ ਬਣਾ ਰਹੇ ਹਨ। ਅੱਜ ਤੋਂ 4000 ਸਾਲ ਪਹਿਲਾਂ ਸਿੰਧ ਘਾਟੀ ਸੱਭਿਅਤਾ ਦਾ ਪ੍ਰਸ਼ਾਸਨਿਕ ਢਾਂਚਾ ਅਜੋਕੇ ਸਮੇਂ ਦੇ ਮੁਕਾਬਲੇ ਵਧੇਰੇ ਚੰਗਾ ਸੀ। ਪੁਰਾਤਨ ਸੱਭਿਅਤਾ, ਅਜੋਕੀ 21ਵੀਂ ਸਦੀ ਵਰਗੀਆਂ ਕੁਰੀਤੀਆਂ ਤੋਂ ਰਹਿਤ ਸੀ ਪਰ ਅਜੋਕੇ ਸਮੇਂ ਵਿਚ ਤਾਂ ਮਨੁੱਖ ਹੀ ਮਨੁੱਖ ਦਾ ਦੁਸ਼ਮਣ ਬਣਿਆ ਹੋਇਆ ਹੈ। ਚੰਦਰ ਗੁਪਤ ਮੌਰਿਆ ਦੇ ਸ਼ਾਸਨ ਦੌਰਾਨ ਭਾਰਤ ਵਿਚ ਸੁਨਹਿਰੀ ਯੁੱਗ ਆਇਆ ਸੀ। ਅਜੋਕੇ ਸਮੇਂ ਵਿਚ ਰਾਜਨੀਤਕ ਲੀਡਰ ਦੇਸ਼ ਨੂੰ ਕਿਸ ਯੁੱਗ ਵਿਚ ਬਦਲਣਗੇ? ਆਓ, ਸਾਰੇ ਰਲ ਕੇ ਸਮਾਜ ਨੂੰ ਤਰੱਕੀ ਦੀ ਰਾਹ 'ਤੇ ਲਿਆਉਣ ਦੇ ਨਾਲ-ਨਾਲ ਆਪਣੇ ਨੈਤਿਕ ਗੁਣਾਂ ਅਤੇ ਆਚਰਨ ਨੂੰ ਵੀ ਵਿਕਸਿਤ ਕਰੀਏ।


-ਸਿਮਰਨ ਬੇਦੀ
ਬਾਬਾ ਨਾਮਦੇਵ ਨਗਰ, ਘੁਮਾਣ।


ਉੱਤਮ ਸੰਸਥਾ ਹੈ ਸੰਸਦ
ਦੇਸ਼ ਦੀ ਸੰਸਦ ਨੂੰ ਦੇਸ਼ ਵਾਸੀਆਂ ਤੇ ਸਮੁੱਚੇ ਦੇਸ਼ ਦੀ ਪ੍ਰਤੀਨਿਧਤਾ ਕਰਨ ਦਾ ਪੂਰਾ ਅਧਿਕਾਰ ਹੈ। ਇਥੇ ਜਦ ਵੀ ਇਜਲਾਸ ਸੱਦਿਆ ਜਾਂਦਾ ਹੈ ਤਾਂ ਦੇਸ਼ ਵਾਸੀਆਂ ਦੀਆਂ ਨਜ਼ਰਾਂ ਆਪ-ਮੁਹਾਰੇ ਇਸ ਵੱਲ ਲੱਗ ਜਾਂਦੀਆਂ ਹਨ ਕਿਉਂਕਿ ਸੰਸਦ ਵਲੋਂ ਬਣਾਏ ਗਏ ਕਾਨੂੰਨ ਹੀ ਦੇਸ਼ ਵਿਚ ਲਾਗੂ ਹੁੰਦੇ ਹਨ। ਬਹੁਤੇ ਕਾਨੂੰਨ ਜੋ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਬਣਾਏ ਤੇ ਲਾਗੂ ਕੀਤੇ ਜਾਂਦੇ ਹਨ, ਨਿਰਸੰਦੇਹ ਅਜਿਹੇ ਕਾਨੂੰਨ ਸੰਸਦ ਦੀ ਮਾਣ-ਮਰਿਆਦਾ ਨੂੰ ਬੜ੍ਹਾਵਾ ਦਿੰਦੇ ਹਨ ਪਰ ਕੁਝ ਕਾਨੂੰਨ ਅਜਿਹੇ ਵੀ ਬਣ ਜਾਂਦੇ ਹਨ ਜੋ ਦੇਸ਼ ਵਾਸੀਆਂ ਲਈ ਸਮੱਸਿਆ ਦਾ ਕਾਰਨ ਬਣ ਕੇ ਸੰਸਦ ਦੀ ਮਾਣ-ਸਨਮਾਨ ਵਾਲੀ ਰੌਸ਼ਨੀ ਦੀ ਲੋਅ ਨੂੰ ਧੁੰਦਲਾ ਕਰਕੇ ਰੱਖ ਦਿੰਦੇ ਹਨ। ਅਜਿਹੇ ਵਿਚ ਸਾਰੀਆਂ ਧਿਰਾਂ ਦੀ ਇਹ ਅਹਿਮ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਅਜਿਹਾ ਕੁਝ ਨਾ ਕਰਨ ਜਿਸ ਨਾਲ ਸੰਸਦ ਦੇ ਮਾਣ-ਸਨਮਾਨ ਨੂੰ ਢਾਅ ਲਗਦੀ ਹੋਵੇ।


-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ : ਘੁਡਾਣੀ ਕਲਾਂ, ਲੁਧਿਆਣਾ।


ਸ਼ਰਧਾਂਜਲੀ
ਚਾਰ ਦਹਾਕਿਆਂ ਤੋਂ ਵੱਧ ਆਪਣੇ ਫ਼ੌਜੀ ਕਰੀਅਰ ਵਿਚ ਬ੍ਰਿਗੇਡ ਕਮਾਂਡਰ ਜਨਰਲ ਅਫ਼ਸਰ ਕਮਾਂਡਿੰਗ ਚੀਫ਼, ਦੱਖਣੀ ਕਮਾਂਡ, ਮਿਲਟਰੀ ਆਪ੍ਰੇਸ਼ਨ ਡਾਇਰੈਕਟਰ ਵਿਚ ਜਨਰਲ ਸਟਾਫ ਅਫ਼ਸਰ ਗ੍ਰੇਡ ਵਰਗੇ ਮਹੱਤਵਪੂਰਨ ਅਹੁਦਿਆਂ 'ਤੇ ਕੰਮ ਕਰਨ ਵਾਲੇ 27ਵੇਂ ਥਲ ਸੈਨਾ ਦੇ ਮੁਖੀ ਅਤੇ ਪਹਿਲੇ ਚੀਫ਼ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਅਤੇ 13 ਹੋਰ ਫ਼ੌਜੀ ਅਫ਼ਸਰਾਂ ਦੀ ਹੈਲੀਕਾਪਟਰ ਹਾਦਸੇ ਵਿਚ ਹੋਈ ਬੇਵਕਤੀ ਮੌਤ 'ਤੇ ਪੂਰਾ ਦੇਸ਼ ਸੋਗ ਪ੍ਰਗਟ ਕਰਦਾ ਹੈ। ਇਹ ਸਾਡੇ ਦੇਸ਼ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਅੱਜ ਅਸੀਂ ਆਪਣੇ ਘਰਾਂ ਵਿਚ ਸੁਰੱਖਿਅਤ ਹਾਂ, ਅਜਿਹਾ ਉਨ੍ਹਾਂ ਬਹਾਦਰ ਪੁੱਤਰਾਂ ਦੀ ਬਦੌਲਤ ਹੈ ਜੋ ਦੇਸ਼ ਦੀ ਰੱਖਿਆ ਲਈ 24 ਘੰਟੇ ਮੁਸ਼ਕਿਲ ਹਾਲਤਾਂ ਵਿਚ ਵੀ ਸਰਹੱਦ 'ਤੇ ਰਹਿੰਦੇ ਹਨ, ਅੱਜ ਅਸੀਂ ਸਾਰੇ ਦੇਸ਼ ਵਾਸੀ ਨਮ ਅੱਖਾਂ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ।


-ਇੰਜੀ: ਅਸ਼ੋਕ ਗਰੋਵਰ
ਪਰਮਵੀਰ ਹਾਊਸ, ਆਦਰਸ਼ ਨਗਰ, ਗਲੀ ਨੰ: 8, ਡਾਕ: ਐਨ.ਐਫ.ਐਲ. ਟਾਊਨਸ਼ਿਪ, ਬਠਿੰਡਾ।


ਲੋਕਾਂ ਦੀ ਆਵਾਜ਼ ਕੌਣ ਸੁਣੇਗਾ?
ਪਿਛਲੇ ਦਿਨੀਂ ਇੰਸਪੈਕਟਰ ਜਨਰਲ ਪੁਲਿਸ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਪੰਜਾਬ, ਚੰਡੀਗੜ੍ਹ ਵਲੋਂ ਇਕ ਪੱਤਰ ਸਮੂਹ ਡਿਪਟੀ ਕਮਿਸ਼ਨਰ, ਕਮਿਸ਼ਨਰ ਪੁਲਿਸ ਅਤੇ ਸਮੂਹ ਐਸ.ਐਸ.ਪੀ. ਸਾਹਿਬਾਨ ਪੰਜਾਬ ਨੂੰ ਜਾਰੀ ਕੀਤਾ ਗਿਆ ਹੈ, ਜਿਸ ਵਿਚ ਮਹਿਕਮੇ ਨੂੰ ਹਦਾਇਤ ਕੀਤੀ ਗਈ ਹੈ ਕਿ ਜਿਥੇ ਵੀ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਦੀ ਆਮਦ ਦੌਰਾਨ ਵੱਖ-ਵੱਖ ਜਥੇਬੰਦੀਆਂ, ਸੰਗਠਨਾਂ ਵਲੋਂ ਉੱਚੀ-ਉੱਚੀ ਆਵਾਜ਼ ਵਿਚ ਨਾਅਰੇ ਲਗਾਏ ਜਾਂਦੇ ਹਨ ਜਾਂ ਆਪਣੀਆਂ ਮੰਗਾਂ ਸੰਬੰਧੀ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੁੰਦਾ ਹੈ, ਉਸ ਜਗ੍ਹਾ 'ਤੇ ਡੀ.ਜੇ. ਲਗਾ ਦਿੱਤਾ ਜਾਵੇ, ਜਿਸ ਵਿਚ ਗੁਰਬਾਣੀ ਸ਼ਬਦ, ਧਾਰਮਿਕ ਗੀਤ ਚਲਾਏ ਜਾਣ ਤਾਂ ਜੋ ਪ੍ਰਦਰਸ਼ਨਕਾਰੀਆਂ ਦੀ ਆਵਾਜ਼ ਸੁਣਾਈ ਨਾ ਦੇ ਸਕੇ। ਇਥੋਂ ਇਹ ਸਿੱਧ ਹੁੰਦਾ ਹੈ ਕਿ ਸਰਕਾਰ ਲੋਕਾਂ ਦੀ ਕੋਈ ਗੱਲ ਨਹੀਂ ਸੁਣਨਾ ਚਾਹੁੰਦੀ। ਜੇਕਰ ਸਰਕਾਰ ਇਨ੍ਹਾਂ ਦੀ ਆਵਾਜ਼ ਨਹੀਂ ਸੁਣੇਗੀ ਤਾਂ ਇਨ੍ਹਾਂ ਦੀ ਆਵਾਜ਼ ਕੌਣ ਸੁਣੇਗਾ? ਅਸੀਂ ਆਮ ਲੋਕਾਂ ਨੇ ਤੁਹਾਨੂੰ ਆਪਣੀਆਂ ਮੁਸ਼ਕਿਲਾਂ ਹੱਲ ਕਰਨ ਲਈ ਹੀ ਚੁਣਿਆ ਸੀ। ਜੇਕਰ ਲੀਡਰਾਂ ਨੂੰ ਲੋਕਾਂ ਦੀ ਆਵਾਜ਼ ਤੋਂ ਏਨੀ ਹੀ ਪ੍ਰੇਸ਼ਾਨੀ ਹੁੰਦੀ ਹੈ ਤਾਂ ਵੋਟਾਂ ਵੇਲੇ ਲੋਕਾਂ ਨੂੰ ਇਹ ਕਹਿਣ ਦੀ ਕੀ ਲੋੜ ਹੈ ਕਿ ਅਸੀਂ ਰਾਜ ਨਹੀਂ ਸੇਵਾ ਕਰਨ ਲਈ ਰਾਜਨੀਤੀ ਵਿਚ ਆਏ ਹਾਂ। ਸਾਨੂੰ ਸੇਵਾ ਦਾ ਇਕ ਮੌਕਾ ਦਿਓ ਤੇ ਭੋਲੇ-ਭਾਲੇ ਲੋਕ ਜਦੋਂ ਮੌਕਾ ਦਿੰਦੇ ਹਨ ਤਾਂ ਇਹ ਲੀਡਰ ਫਿਰ ਸੇਵਾਦਾਰ ਦੀ ਜਗ੍ਹਾ ਰਾਜੇ ਬਣ ਕੇ ਦੱਸਦੇ ਹਨ। ਹੁਣ ਲੋਕ ਲੀਡਰ ਸੋਚ-ਸਮਝ ਕੇ ਚੁਣਨ ਕਿ ਆਵਾਜ਼ ਸੁਣਨ ਵਾਲਿਆਂ ਨੂੰ ਵੋਟ ਕਰਨੀ ਹੈ ਜਾਂ ਆਵਾਜ਼ ਦਬਾਉਣ ਵਾਲਿਆਂ ਨੂੰ।


-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।

16-12-2021

 ਕਿਸਾਨਾਂ ਦੀ ਘਰ ਵਾਪਸੀ

ਦੱਸਦੇ ਹਨ ਕਿ ਜਦੋਂ ਭਾਰਤ 'ਤੇ ਅੰਗਰੇਜ਼ ਰਾਜ ਕਰਦੇ ਸਨ, ਉਦੋਂ ਵੀ ਖੇਤੀ ਸੰਬੰਧੀ ਕਾਨੂੰਨ ਬਣੇ ਸਨ, ਜੋ ਕਿ ਕਿਸਾਨੀ ਵਿਦਰੋਹ ਕਾਰਨ ਅੰਗਰੇਜ਼ਾਂ ਨੂੰ ਵਾਪਸ ਲੈਣੇ ਪਏ ਪਰ ਹੁਣ ਤਾਂ ਆਜ਼ਾਦ ਭਾਰਤ ਵਿਚ ਇਹ ਖੇਤੀ ਕਾਨੂੰਨ ਬਣਾਏ ਗਏ ਹਨ। ਇਨ੍ਹਾਂ ਖੇਤੀ ਕਾਨੂੰਨਾਂ ਦਾ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ, ਵਪਾਰੀਆਂ ਆਦਿ ਵਲੋਂ ਵੱਡੀ ਪੱਧਰ 'ਤੇ ਵਿਦਰੋਹ ਹੋਇਆ ਅਤੇ ਇਨ੍ਹਾਂ ਕਾਨੂੰਨਾਂ ਦੀ ਵਾਪਸੀ ਲਈ ਦਿੱਲੀ ਦੀ ਬਰੂਹਾਂ 'ਤੇ ਪੱਕੇ ਮੋਰਚੇ ਲਗਾ ਦਿੱਤੇ ਅਤੇ ਇਹ ਅੰਦੋਲਨ ਲਗਭਗ ਸਵਾ ਸਾਲ ਚਲਿਆ, ਜਿਸ ਵਿਚ ਸਮਾਜ ਸੇਵੀ ਸੰਸਥਾਵਾਂ, ਗਾਇਕਾਂ, ਲੇਖਕਾਂ, ਬੁੱਧੀਜੀਵੀਆਂ, ਧਾਰਮਿਕ ਸ਼ਖ਼ਸੀਅਤਾਂ ਆਦਿ ਨੇ ਆਪਣੇ-ਆਪਣੇ ਢੰਗ-ਤਰੀਕਿਆਂ ਨਾਲ ਯੋਗਦਾਨ ਪਾਇਆ ਅਤੇ ਸਰਕਾਰ ਨੇ ਇਸ ਮੋਰਚੇ ਨੂੰ ਤਿਤਰ-ਬਿਤਰ ਕਰਨ ਲਈ ਵੀ ਕਈ ਹੱਥਕੰਡੇ ਅਪਣਾਏ ਪਰ ਉਹ ਸਫਲ ਨਹੀਂ ਹੋਈ। ਅਖੀਰ ਦੇਸ਼ ਦੇ ਪ੍ਰਧਾਨ ਮੰਤਰੀ ਨੇ 19 ਨਵੰਬਰ ਨੂੰ ਇਤਿਹਾਸਕ ਦਿਨ ਤੇ ਕਾਨੂੰਨ ਵਾਪਸ ਲੈਣ ਦਾ ਰਸਮੀ ਤੌਰ 'ਤੇ ਐਲਾਨ ਕਰ ਦਿੱਤਾ। ਇਸ ਦੀ ਦੇਸ਼, ਵਿਦੇਸ਼ਾਂ ਵਿਚ ਸ਼ਲਾਘਾ ਹੋਈ, ਉਥੇ ਹੀ ਕਿਸਾਨਾਂ ਆਦਿ ਵਿਚ ਵੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਸੋ, ਸਰਕਾਰਾਂ ਨੂੰ ਪਰਜਾਤੰਤਰ ਵਿਚ ਲੋਕਾਂ ਦੇ ਹਿਤ ਵਿਚ ਫ਼ੈਸਲੇ ਲੈਣੇ ਚਾਹੀਦੇ ਹਨ ਤਾਂ ਜੋ ਦੇਸ਼ ਵਿਚ ਅਰਾਜਕਤਾ ਦਾ ਮਾਹੌਲ ਨਾ ਬਣੇ ਅਤੇ ਦੇਸ਼ ਵਿਚ ਸਥਿਰਤਾ ਵਾਲਾ ਮਾਹੌਲ ਸਦਾ ਕਾਇਮ ਰਹੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਜਾਤ-ਪਾਤ ਮੁਕਤ ਭਾਰਤ

ਬੀਤੇ ਦਿਨੀਂ ਅਖ਼ਬਾਰ ਵਿਚ ਬਹੁਤ ਹੀ ਸ਼ਲਾਘਾਯੋਗ ਸੰਪਾਦਕੀ ਲੇਖ 'ਦੇਸ਼ ਵਿਚ ਵਧਦੀ ਜਾਤ-ਪਾਤ ਆਧਾਰਿਤ ਹਿੰਸਾ' ਵਿਚਾਰ ਕਰਨ ਲਈ ਮਜਬੂਰ ਕਰਦਾ ਹੈ। ਸੱਚ-ਮੁੱਚ ਬੜਾ ਦੁੱਖ ਹੁੰਦਾ ਹੈ ਜਦੋਂ ਅਸੀਂ ਦੇਸ਼ ਵਿਚ ਜਾਤ-ਪਾਤ ਆਧਾਰਿਤ ਹੱਤਿਆਵਾਂ ਬਾਰੇ ਪੜ੍ਹਦੇ ਹਾਂ। ਵਿਗਿਆਨ ਦੀ ਤਰੱਕੀ ਨਾਲ ਭਾਰਤ ਡਿਜੀਟਲ ਇੰਡੀਆ ਬਣਨ ਜਾ ਰਿਹਾ ਹੈ ਤੇ ਦੂਜੇ ਪਾਸੇ ਅਸੀਂ ਜਾਤ-ਪਾਤ ਤੇ ਫ਼ਿਰਕਾਪ੍ਰਸਤੀ ਵਿਚ ਡੂੰਘੇ ਫਸੇ ਹੋਏ ਹਾਂ। ਪੜ੍ਹ-ਲਿਖ ਕੇ ਵੀ ਲੋਕਾਂ ਦੇ ਦਿਮਾਗ ਵਿਚੋਂ ਜਾਤ-ਪਾਤ ਦਾ ਭੂਤ ਬਾਹਰ ਨਹੀਂ ਨਿਕਲਿਆ। ਜੇਕਰ ਕੋਈ ਇਨਸਾਨ ਇਸ ਜਾਤ-ਪਾਤ ਵਿਚੋਂ ਬਾਹਰ ਨਿਕਲਣਾ ਵੀ ਚਾਹੁੰਦਾ ਹੈ ਪਰ ਸਾਡੀ ਕੋਝੀ ਸਿਆਸਤ, ਆਪਣੀ ਸੱਤਾ ਪ੍ਰਾਪਤੀ ਲਈ ਇਸ ਨੂੰ ਸਮੇਂ-ਸਮੇਂ 'ਤੇ ਹੋਰ ਪੀਡਾ ਕਰਦੀ ਰਹਿੰਦੀ ਹੈ। ਖ਼ਾਸ ਤੌਰ 'ਤੇ ਚੋਣਾਂ ਦੇ ਦਿਨਾਂ ਵਿਚ ਤਾਂ ਇਹ ਜਾਤ-ਪਾਤ, ਫ਼ਿਰਕਾਪ੍ਰਸਤੀ ਹੋਰ ਪ੍ਰਚੰਡ ਰੂਪ ਧਾਰ ਲੈਂਦੀ ਹੈ। ਲੇਖਕਾਂ, ਬੁੱਧੀਜੀਵੀਆਂ, ਸਮਾਜ ਸੇਵਕਾਂ ਨੂੰ ਅੱਗੇ ਜਾ ਕੇ ਇਕ ਕੁਪ੍ਰਥਾ ਨੂੰ ਤੋੜਨ ਲਈ ਪਹਿਲ ਤੇ ਯਤਨ ਕਰਨੇ ਚਾਹੀਦੇ ਹਨ। ਇਨਸਾਨ ਦੀ ਕਾਬਲੀਅਤ ਨੂੰ ਜਾਤ ਆਧਾਰਿਤ ਕਸਵੱਟੀ 'ਤੇ ਨਾ ਪਰਖੋ। ਆਓ, ਰਲ ਕੇ ਹੰਭਲਾ ਮਾਰੀਏ।

-ਕੈਲਾਸ਼ ਠਾਕੁਰ
ਪਿੰਡ ਬਰਮਾਲਾ, ਨੰਗਲ ਟਾਊਨਸ਼ਿਪ।

ਅਣਖ ਦੀ ਖ਼ਾਤਰ ਕਤਲ

ਸੰਪਾਦਕੀ ਦੇਸ਼ ਵਿਚ ਵਧਦੀ ਜਾਤ-ਆਧਾਰਿਤ ਹਿੰਸਾ ਪੜ੍ਹੀ, ਜਿਸ ਬਾਰੇ ਲੇਖਕ ਨੇ ਦੇਸ਼ ਵਿਚ ਹੋ ਰਹੀਆਂ ਜਾਤ ਆਧਾਰਿਤ ਤੇ ਅਣਖ ਦੀ ਖਾਤਰ ਹਿੰਸਾ ਬਾਰੇ ਵਿਸਥਾਰ ਨਾਲ ਲਿਖ ਮਾਣਯੋਗ ਸੁਪਰੀਮ ਕੋਰਟ ਵਲੋਂ ਚਿੰਤਾ ਜਤਾਉਣ ਬਾਰੇ ਬਿਆਨ ਕੀਤਾ ਹੈ। ਕਾਬਲੇਗ਼ੌਰ ਸੀ। ਸਾਡੇ ਮੁਲਕ ਨੇ ਤਰੱਕੀ ਭਾਵੇਂ ਬਹੁਤ ਕੀਤੀ ਹੈ ਪਰ ਲੜਕੀਆਂ ਪ੍ਰਤੀ ਉਸ ਦੀ ਸੋਚ ਅਜੇ ਵੀ ਨਹੀਂ ਬਦਲੀ, ਰੋਜ਼ਾਨਾ ਹੀ ਗ਼ੈਰ-ਜਾਤ ਵਿਚ ਵਿਆਹ ਕਰਨ ਦੇ ਅਣਖ ਦੀ ਖਾਤਰ ਕਤਲ ਕਰਨ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਸਾਡੇ ਗੁਰੂਆਂ ਨੇ ਜਾਤ-ਪਾਤ ਦਾ ਖ਼ਾਤਮਾ ਕੀਤਾ ਸੀ। ਅਜੇ ਵੀ ਮਨੁੱਖੀ ਜੀਵ ਇਸ ਨੂੰ ਸਵੀਕਾਰ ਨਹੀਂ ਕਰ ਰਿਹਾ। ਵੋਟਾਂ ਵਿਚ ਵੀ ਦਲਿਤ ਪੱਤਾ ਖੇਡਿਆ ਜਾ ਰਿਹਾ ਹੈ। ਸੋ, ਲੋੜ ਹੈ ਸਿਆਸਤਦਾਨ ਵੀ ਜਾਤਾਂ 'ਤੇ ਵੰਡੀਆਂ ਨਾ ਪਾਉਣ ਅਤੇ ਲੋਕਾਂ ਨੂੰ ਵੀ ਅਜਿਹੇ ਕੰਮ ਨਾ ਕਰਨ ਲਈ ਵੱਧ ਤੋਂ ਵੱਧ ਜਾਗਰੂਕ ਕਰਨ।

-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ ਪੁਲਿਸ।

ਜਾਣਕਾਰੀ ਭਰਪੂਰ ਲੇਖ

ਪਿਛਲੇ ਦਿਨੀਂ ਸੰਪਾਦਕੀ ਸਫ਼ੇ 'ਤੇ ਗੁਲਜ਼ਾਰ ਸਿੰਘ ਸੰਧੂ ਨੇ ਆਪਣੇ ਕਾਲਮ 'ਨਿੱਕ-ਸੁੱਕ' ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਨਕੇ ਪਿੰਡ ਮੋਰਾਂਵਾਲੀ (ਹੁਸ਼ਿਆਰਪੁਰ) ਬਾਰੇ ਕਾਫੀ ਚੰਗੀ ਜਾਣਕਾਰੀ ਦਿੱਤੀ। ਹੁਣ ਤੱਕ ਜ਼ਿਆਦਾਤਰ ਜਾਣਕਾਰੀ ਭਗਤ ਸਿੰਘ ਦੇ ਦਾਦਕੇ ਪਰਿਵਾਰ ਨਾਲ ਸੰਬੰਧਿਤ ਹੀ ਸੀ। ਇਸ ਵਿਚ ਹੀ ਉਨ੍ਹਾਂ ਨੇ ਭਗਤ ਸਿੰਘ ਦੇ ਪਿਤਾ ਸ. ਕਿਸ਼ਨ ਸਿੰਘ ਤੇ ਮਾਤਾ ਵਿੱਦਿਆਵਤੀ ਦੇ ਵਿਆਹ ਤੋਂ ਬਾਅਦ ਵਿੱਦਿਆਵਤੀ ਦਾ ਨਾਂਅ ਸਿੱਖੀ ਪਿਛੋਕੜ 'ਚ ਇੰਦ ਕੌਰ ਰੱਖਣ ਬਾਰੇ ਦੱਸਿਆ। ਉਨ੍ਹਾਂ ਦੇ ਕਹਿਣ ਅਨੁਸਾਰ ਕਈ ਵਾਰ ਅਸੀਂ ਆਪਣੇ ਕੰਮਕਾਜੀ ਰੁਝੇਵਿਆਂ ਕਾਰਨ ਰਿਹਾਇਸ਼ ਦੇ ਨੇੜੇ ਪੈਂਦੇ ਇਤਿਹਾਸਕ ਪਿੰਡਾਂ ਵਿਚ ਵੀ ਜਾਣ ਦੀ ਘੋਲ ਕਰ ਜਾਂਦੇ ਹਾਂ ਪਰ ਇਹੋ ਜਿਹੀ ਘੋਲ ਨਹੀਂ ਕਰਨੀ ਚਾਹੀਦੀ, ਕਿਉਂਕਿ ਜੇਕਰ ਅਸੀਂ ਆਪਣੇ ਆਲੇ-ਦੁਆਲੇ ਦੇ ਇਤਿਹਾਸ, ਪਿਛੋਕੜ ਬਾਰੇ ਨਹੀਂ ਜਾਣਦੇ ਹੋਵਾਂਗੇ ਤਾਂ ਅਸੀਂ ਆਪਣੇ ਬੱਚਿਆਂ ਨੂੰ ਵੀ ਨਹੀਂ ਦੱਸ ਸਕਾਂਗੇ। ਜੇਕਰ ਅੱਜ ਦਿੱਲੀ ਦੀਆਂ ਸਰਹੱਦਾਂ 'ਤੇ ਚੱਲੇ ਕਿਸਾਨ-ਮਜ਼ਦੂਰ ਸੰਘਰਸ਼ ਦੀ 378 ਦਿਨਾਂ ਦੇ ਲੰਮੇ ਅਰਸੇ ਤੋਂ ਬਾਅਦ ਜਿੱਤ ਹੋਈ ਹੈ ਤਾਂ ਉਹ ਸਾਡੇ ਬਾਪੂਆਂ ਦੁਆਰਾ ਨੌਜਵਾਨੀ ਨੂੰ ਗੁਰੂਆਂ ਦੇ ਦੱਸੇ ਸਬਰ, ਸਿਦਕ, ਸਿਰੜ, ਸੰਤੋਖ ਆਦਿ ਦੇ ਮਾਰਗ 'ਤੇ ਚੱਲਣ ਦੇ ਇਤਿਹਾਸ ਸਦਕਾ ਹੋਈ ਹੈ। ਸੋ, ਗੁਲਜ਼ਾਰ ਸਿੰਘ ਸੰਧੂ ਦਾ ਕਾਲਮ ਕਾਫੀ ਜਾਣਕਾਰੀ ਭਰਪੂਰ ਸੀ। ਪ੍ਰਸਿੱਧ ਪੰਜਾਬੀ ਕਥਾਕਾਰ ਗੁਰਦੇਵ ਰੁਪਾਣਾ ਦਾ ਵਿਛੋੜਾ ਵੀ ਪੰਜਾਬੀ ਸਾਹਿਤ ਲਈ ਬਹੁਤ ਵੱਡਾ ਘਾਟਾ ਹੈ।

-ਬਲਵੀਰ ਸਿੰਘ ਬਾਸੀਆਂ
ਪਿੰਡ ਤੇ ਡਾਕ: ਬਾਸੀਆਂ ਬੇਟ (ਲੁਧਿਆਣਾ)।

ਨਾਜਾਇਜ਼ ਕਬਜ਼ੇ ਹਟਾਏ ਜਾਣ

ਸੂਬੇ ਦੀਆਂ ਸੜਕਾਂ 'ਤੇ ਨਾਜਾਇਜ਼ ਕਬਜ਼ੇ ਤਾਂ ਚਰਚਾ ਵਿਚ ਰਹਿੰਦੇ ਹੀ ਹਨ ਪਰ ਗਲੀਆਂ ਵਿਚ ਵੀ ਕਬਜ਼ਿਆਂ ਦੀ ਭਰਮਾਰ ਹੈ ਜੋ ਕਿ ਸੜਕਾਂ ਨਾਲੋਂ ਵੀ ਵੱਧ ਖ਼ਤਰਨਾਕ ਸਾਬਤ ਹੋ ਰਹੇ ਹਨ। ਮੁਹੱਲਿਆਂ ਵਿਚ ਇਕ ਤਾਂ ਆਮ ਕਰਕੇ ਗਲੀਆਂ ਬਹੁਤ ਹੀ ਤੰਗ ਹੁੰਦੀਆਂ ਹਨ, ਮਤਲਬ 8-9 ਫੁੱਟ ਤੱਕ ਹੀ ਹੁੰਦੀਆਂ ਹਨ ਦੂਜਾ ਗਲੀਆਂ ਦੇ ਦੋਵੇਂ ਪਾਸੇ 2-2 ਫੁੱਟ ਦੀਆਂ ਥੜ੍ਹੀਆਂ ਬਣਾਈਆਂ ਹੁੰਦੀਆਂ ਹਨ। ਵੱਡੀਆਂ 15-20 ਫੁੱਟ ਕਾਲੋਨੀਆਂ ਦੀਆਂ ਸੜਕਾਂ ਦੇ ਦੋਵੇਂ ਪਾਸੇ 4-5 ਫੁੱਟ ਦੀਆਂ ਥੜ੍ਹੀਆਂ ਬਣਾਈਆਂ ਹੁੰਦੀਆਂ ਹਨ ਜੋ ਕਿ ਸੜਕਾਂ/ਗਲੀਆਂ ਨੂੰ ਬਹੁਤ ਹੀ ਤੰਗ ਕਰ ਦਿੰਦੀਆਂ ਹਨ ਜਿਸ ਕਾਰਨ ਕਾਰਾਂ/ਟੈਂਪੂਆਂ ਵਰਗੇ ਵਾਹਨਾਂ ਦਾ ਲੰਘਣਾ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ। ਇਥੋਂ ਤੱਕ ਕਿ ਲਗਾਤਾਰ ਹਾਰਨ ਦੇਣ 'ਤੇ ਵੀ ਗਲੀਆਂ 'ਚ ਖੜ੍ਹੇ ਸਕੂਟਰ, ਬਾਈਕ ਲੋਕੀਂ ਪਾਸੇ ਨਹੀਂ ਕਰਦੇ। ਫਲਸਰੂਪ ਲੜਾਈ-ਝਗੜੇ ਦੀ ਨੌਬਤ ਆਮ ਕਰਕੇ ਹੀ ਆ ਜਾਂਦੀ ਹੈ। ਇਸ ਤੋਂ ਇਲਾਵਾ ਬੱਚੇ ਸਾਈਕਲ, ਸਕੂਟਰ ਵੀ ਚਲਾਉਂਦੇ ਰਹਿੰਦੇ ਹਨ ਅਤੇ ਦੁਰਘਟਨਾ ਦਾ ਵੀ ਖਦਸ਼ਾ ਬਣਿਆ ਰਹਿੰਦਾ ਹੈ। ਪ੍ਰਸ਼ਾਸਨ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਸੋ ਸੁਝਾਅ ਹੈ ਕਿ ਸੰਬੰਧਿਤ ਨਗਰ ਕੌਂਸਲਾਂ, ਪੰਚਾਇਤਾਂ, ਕਾਰਪੋਰੇਸ਼ਨਾਂ ਨਾਜਾਇਜ਼ ਉਸਾਰੀਆਂ ਜਿਵੇਂ ਥੜ੍ਹੀਆਂ ਆਦਿ ਨੂੰ ਹਟਾਉਣ ਦੀ ਖੇਚਲ ਕਰਨ ਤਾਂ ਜੋ ਅਣਸੁਖਾਵੀਆਂ ਘਟਨਾਵਾਂ ਨਾ ਵਾਪਰਨ ਅਤੇ ਲੜਾਈ-ਝਗੜੇ ਨਾ ਹੋਣ।

-ਅਸ਼ੋਕ ਚਟਾਨੀ
ਡਿਪਟੀ ਇਕਨਾਮਿਕ ਐਡਵਾਈਜ਼ਰ (ਰਿਟਾ.), ਮੋਗਾ।

15-12-2021

 ਕਿਸਾਨੀ ਸੰਘਰਸ਼

ਦਿੱਲੀ ਦੀਆਂ ਸਰਹੱਦਾਂ 'ਤੇ ਬੈਠਿਆਂ ਕਿਸਾਨ ਜਥੇਬੰਦੀਆਂ ਨੂੰ ਇਕ ਸਾਲ ਤੋਂ ਜ਼ਿਆਦਾ ਸਮੇਂ ਮਗਰੋਂ ਜਿੱਤ ਹਾਸਲ ਹੋਈ ਹੈ। ਇਹ ਧਰਨਾ ਦੁਨੀਆ ਦਾ ਸਭ ਤੋਂ ਵੱਡਾ ਧਰਨਾ ਹੋਵੇਗਾ ਜੋ ਏਨੀ ਵੱਡੀ ਗਿਣਤੀ ਅਤੇ ਏਨਾ ਲੰਮਾ ਤੇ ਸ਼ਾਂਤਮਈ ਤਰੀਕੇ ਨਾਲ ਚੱਲਿਆ ਹੈ। ਪਰ ਇਸ ਧਰਨੇ ਵਿਚ ਪ੍ਰਦਰਸ਼ਨਕਾਰੀਆਂ ਨੂੰ ਸ਼ੁਰੂ ਵਿਚ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ। ਇਸ ਧਰਨੇ ਵਿਚ ਪ੍ਰਦਰਸ਼ਨਕਾਰੀਆਂ ਦਾ ਹਰੇਕ ਵਰਗ ਨੇ ਵੱਧ-ਚੜ੍ਹ ਕੇ ਸਹਿਯੋਗ ਦਿੱਤਾ। ਬੇਸ਼ੱਕ ਸਰਕਾਰਾਂ ਨੇ ਇਸ ਧਰਨੇ ਨੂੰ ਨਾਕਾਮ ਕਰਨ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਉਨ੍ਹਾਂ ਦੀਆਂ ਇਹ ਕੋਸ਼ਿਸ਼ਾਂ ਦਾ ਪ੍ਰਦਰਸ਼ਨਕਾਰੀਆਂ 'ਤੇ ਭੌਰਾ ਵੀ ਅਸਰ ਨਹੀਂ ਹੋਇਆ। ਇਸ ਧਰਨੇ ਨੇ ਸਾਬਤ ਕਰ ਵਿਖਾਇਆ ਕਿ ਏਕਤਾ ਵਿਚ ਕਿੰਨੀ ਤਾਕਤ ਹੁੰਦੀ ਹੈ। ਲੋਕਾਂ ਨੂੰ ਇਸ ਧਰਨੇ ਤੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਕਿ ਜਦੋਂ ਆਮ ਲੋਕਾਂ ਦਾ ਏਕਾ ਹੋ ਜਾਵੇ ਤਾਂ ਲੀਡਰਾਂ ਦੀ ਤਾਕਤ ਸਿਫ਼ਰ ਹੋ ਜਾਂਦੀ ਹੈ।ਅੱਜ ਲੋੜ ਹੈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਆਪਣੇ-ਆਪ ਨੂੰ ਬਚਾਉਣ ਦੀ ਤੇ ਬਣਦੇ ਹੱਕ ਲੈਣ ਲਈ ਜਾਗਰੂਕ ਹੋਣ ਦੀ। ਅਸੀਂ ਇਸ ਧਰਨੇ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ, ਜਿਨ੍ਹਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਇਸ ਧਰਨੇ ਨੂੰ ਸਿਖ਼ਰਾਂ ਤੱਕ ਪਹੁੰਚਾਇਆ।

-ਪਰਮਜੀਤ ਸੰਧੂ
ਥੇਹ ਤਿੱਖਾ (ਗੁਰਦਾਸਪੁਰ)।

ਵੇਲਾ ਮੌਕਾਪ੍ਰਸਤਾਂ ਦਾ

ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਤਿਵੇਂ-ਤਿਵੇਂ ਹੀ ਮੌਕਾਪ੍ਰਸਤਾਂ ਦਾ ਵੇਲਾ ਵੀ ਨੇੜੇ ਆਉਂਦਾ ਜਾ ਰਿਹਾ ਹੈ। ਹਰ ਚੜ੍ਹਦੇ ਦਿਨ ਇਕ ਪਾਰਟੀ 'ਚੋਂ ਦੂਜੀ ਪਾਰਟੀ 'ਚ ਜਾਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਜਦੋਂ ਕਦੇ ਮੀਡੀਆ ਦਾ ਕੋਈ ਅੰਗ ਇਕ ਪਾਰਟੀ 'ਚੋਂ ਦੂਜੀ ਪਾਰਟੀ 'ਚ ਜਾਣ ਵਾਲਿਆਂ ਨੂੰ ਸਵਾਲ ਕਰਦਾ ਹੈ ਤਾਂ ਅੱਗੋਂ ਜਵਾਬ ਮਿਲਦਾ ਹੈ। ਮੈਂ ਇਹ ਸਭ ਪੰਜਾਬ ਦੇ ਭਲੇ ਲਈ ਕੀਤਾ ਹੈ। ਪਰ ਸਚਾਈ ਇਹ ਹੈ ਕਿ ਇਹ ਸਭ ਨਿੱਜੀ ਹਿਤ ਤੇ ਆਪਣੀ ਰਾਜਨੀਤਕ ਹੋਂਦ ਬਚਾਉਣ ਲਈ ਅਜਿਹਾ ਕਰ ਰਹੇ ਹਨ ਨਾ ਕਿ ਪੰਜਾਬ ਦੇ ਹਿਤਾਂ ਲਈ। ਜੇਕਰ ਪੰਜਾਬ ਦੇ ਹਿਤਾਂ ਲਈ ਅਜਿਹੇ ਅਖੌਤੀ ਆਗੂਆਂ ਨੇ ਕੁਝ ਕੀਤਾ ਹੁੰਦਾ ਤਾਂ ਪੰਜਾਬ ਦੇ ਭਖਦੇ ਮਸਲੇ ਕਦੋਂ ਦੇ ਹੱਲ ਹੋ ਗਏ ਹੁੰਦੇ। ਭਾਵ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਕਦੋਂ ਦੀ ਪੰਜਾਬ ਨੂੰ ਮਿਲ ਗਈ ਹੁੰਦੀ। ਪੰਜਾਬ ਦੀ ਨੌਜਵਾਨੀ ਰੁਜ਼ਗਾਰ ਦੀ ਖਾਤਰ ਵਿਦੇਸ਼ਾਂ ਨੂੰ ਨਾ ਭੱਜਦੀ। ਪੰਜਾਬ ਦੇ ਪਾਣੀਆਂ 'ਤੇ ਡਾਕਾ ਨਾ ਵੱਜਿਆ ਹੁੰਦਾ ਆਦਿ। ਪੰਜਾਬ ਦੀ ਕਿਹੜੀ-ਕਿਹੜੀ ਦੁਖਦੀ ਰਗ ਦੀ ਗੱਲ ਕੀਤੀ ਜਾਵੇ। ਹੁਣ ਵੇਲਾ ਤਾਂ ਪੰਜਾਬੀਆਂ ਨੂੰ ਸੁਚੇਤ ਹੋਣ ਦਾ ਹੈ ਨਾ ਕਿ ਮੌਕਾਪ੍ਰਸਤਾਂ ਦੇ ਪਿੱਛੇ ਲੱਗਣ ਦਾ।

-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਪੈਟਰੋਲ-ਡੀਜ਼ਲ ਲਿਆਓ ਜੀ.ਐਸ.ਟੀ. ਦੇ ਘੇਰੇ 'ਚ

ਤਕਰੀਬਨ ਇਕ ਮਹੀਨੇ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੇਂਦਰ ਸਰਕਾਰ ਰਾਹੀਂ ਥੋੜ੍ਹੀ ਬਹੁਤ ਛੋਟ ਦਿੱਤੀ ਗਈ ਹੈ। ਗੁਆਂਢੀ ਦੇਸ਼ ਜੋ ਭਾਰਤ ਤੋਂ ਹੀ ਤੇਲ ਖ਼ਰੀਦਦੇ ਹਨ, ਉਨ੍ਹਾਂ ਮੁਲਕਾਂ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਬਹੁਤ ਘੱਟ ਹਨ। ਟੈਕਸਾਂ ਦੇ ਆਧਾਰ 'ਤੇ ਵੱਖ-ਵੱਖ ਸੂਬਿਆਂ ਵਿਚ ਤੇਲ ਦੀਆਂ ਕੀਮਤਾਂ ਵੱਖਰੀਆਂ-ਵੱਖਰੀਆਂ ਹਨ। ਤਕਰੀਬਨ ਪਿਛਲੇ ਕਈ ਵਰ੍ਹਿਆਂ ਤੋਂ ਪੈਟਰੋਲ ਅਤੇ ਡੀਜ਼ਲ ਨੂੰ ਜੀ.ਐਸ.ਟੀ. ਦੇ ਅਧੀਨ ਲਿਆਉਣ ਲਈ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵਲੋਂ ਭਾਰਤ ਸਰਕਾਰ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ। ਪਿਛਲੇ ਮਹੀਨੇ ਜੀ.ਐਸ.ਟੀ. ਕੌਂਸਲ ਦੀ ਮੀਟਿੰਗ ਵਿਚ ਇਹ ਮੁੱਦਾ ਫਿਰ ਦੁਹਰਾਇਆ ਗਿਆ ਪਰ ਇਸ ਨੂੰ ਕੁਝ ਕਾਰਨਾਂ ਕਰਕੇ ਅੱਗੇ ਪਾ ਦਿੱਤਾ ਗਿਆ। ਸੂਬਾ ਸਰਕਾਰਾਂ ਨੂੰ ਆਪਸੀ ਤਾਲਮੇਲ ਕਰਕੇ ਇਹ ਮੁੱਦਾ ਕੇਂਦਰ ਸਰਕਾਰ ਕੋਲ ਬਹੁਤ ਹੀ ਗੰਭੀਰਤਾ ਨਾਲ ਉਠਾਉਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਏਨੀ ਮਹਿੰਗਾਈ ਵਿਚ ਕੁਝ ਨਿਜਾਤ ਮਿਲ ਸਕੇ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਸਿਆਸਤ

ਸਿਆਸਤ ਅੰਦਰ ਸ਼ਾਮਿਲ ਹਰ ਸ਼ਖ਼ਸ ਇਕ-ਦੂਜੇ ਨੂੰ ਜਾਂ ਤਾਂ ਹੱਦੋਂ ਵੱਧ ਸਲਾਹੁਣ ਦਾ ਕੰਮ ਕਰਦਾ ਹੈ ਜਾਂ ਹੱਦ ਤੱਕ ਬਦਨਾਮ ਕਰਨ ਦਾ ਗੰਭੀਰ ਮੁੱਦਿਆਂ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ, ਜਦੋਂ ਵੀ ਦੇਸ਼ 'ਤੇ ਕੋਈ ਬਿਪਤਾ ਆਉਂਦੀ ਹੈ ਤਾਂ ਲੋੜੀਂਦੇ ਹੱਲ ਲੱਭਣ ਦੀ ਬਜਾਏ ਵੱਖੋ-ਵੱਖ ਪਾਰਟੀਆਂ ਦੇ ਨੁਮਾਇੰਦੇ ਆਪਣੀਆਂ ਨਿੱਜੀ ਲੜਾਈਆਂ ਦਾ ਹੀ ਝੱਜੂ ਪਾ ਲੈਂਦੇ ਹਨ ਅਤੇ ਅਸਲ ਮੁੱਦੇ ਤੋਂ ਹਟ ਕੇ ਬੇਵਜ੍ਹਾ ਗੱਲਾਂ 'ਤੇ ਬੋਲ-ਕਬੋਲ ਕਰਨ ਤੋਂ ਬਾਜ਼ ਨਹੀਂ ਆਉਂਦੇ। ਜੇਕਰ ਇਹ ਸਿੱਧੀ ਸਾਫ਼ ਨੀਤੀ ਨਾਲ ਕੰਮ ਕਰਨ ਤਾਂ ਗੰਭੀਰ ਸਥਿਤੀਆਂ ਨਾਲ ਜਲਦ ਨਿਪਟਿਆ ਜਾ ਸਕਦਾ ਹੈ। ਹੱਲ ਕੱਢਣ ਦੀ ਬਜਾਏ ਇਕ-ਦੂਜੇ ਵਿਚ ਦੋਸ਼ ਕੱਢਣ 'ਤੇ ਵਧੇਰੇ ਧਿਆਨ ਦਿੰਦੇ ਹਨ। ਬਸ ਇਹੋ ਕੰਮ ਹੈ ਇਨ੍ਹਾਂ ਦਾ, ਕੋਈ ਕੰਮ ਦੀ ਗੱਲ ਨਹੀਂ ਕਰਦੇ ਨਾ ਕੋਈ ਚੰਗਾ ਸੁਨੇਹਾ ਦਿੰਦੇ ਹਨ। ਸੋ, ਲੋੜ ਹੈ ਹਰ ਮੁੱਦੇ 'ਤੇ ਸਿਆਸਤ ਕਰਨ ਦੀ ਬਜਾਏ ਲੋਕ ਮੁੱਦਿਆਂ ਨੂੰ ਹੱਲ ਕਰਨ ਦੇ ਯਤਨ ਕਰਨ ਦੀ। ਉਮੀਦ ਹੈ ਪਾਰਟੀਆਂ ਇਨ੍ਹਾਂ ਗੱਲਾਂ ਵੱਲ ਧਿਆਨ ਦੇਣਗੀਆਂ।

-ਅਮਨਦੀਪ ਕੌਰ
ਹਾਕਮ ਸਿੰਘ ਵਾਲਾ।

ਓਮੀਕਰੋਨ ਤੋਂ ਕਿੰਨਾ ਖ਼ਤਰਾ

ਹਰ ਰੋਜ਼ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਰਾਹੀਂ ਨਵੇਂ ਵੇਰੀਐਂਟ ਓਮੀਕਰੋਨ ਤੋਂ ਹੋ ਰਹੇ ਖ਼ਤਰੇ ਬਾਰੇ ਸੁਚੇਤ ਕੀਤਾ ਜਾ ਰਿਹਾ ਹੈ ਕਿ ਸਾਨੂੰ ਉਮੀਕ੍ਰੋਨ ਤੋਂ ਬਹੁਤ ਜ਼ਿਆਦਾ ਖ਼ਤਰਾ ਹੈ ਜਿਸ ਤੋਂ ਬਚਣ ਦੀ ਬਹੁਤ ਜ਼ਰੂਰਤ ਹੈ। ਭਾਰਤ ਅਤੇ ਪੰਜਾਬ ਸਰਕਾਰ ਨੂੰ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਰਾਹੀਂ ਲੋਕਾਂ ਨੂੰ ਸਮੇਂ ਸਿਰ ਜਾਗਰੂਕ ਕਰਨ ਤੋਂ ਇਲਾਵਾ ਇਸ ਦੇ ਬਚਾਅ ਲਈ ਕੀ-ਕੀ ਸਾਵਧਾਨੀਆਂ ਵਰਤਣੀਆਂ ਹਨ? ਉਸ ਬਾਰੇ ਸਮੂਹ ਸਰਕਾਰੀ ਅਤੇ ਅਰਧ-ਸਰਕਾਰੀ ਮਹਿਕਮੇ, ਸਕੂਲਾਂ, ਕਾਲਜਾਂ, ਬੈਕਾਂ, ਪੁਲਿਸ ਕਰਮੀਆਂ, ਸਿਹਤ ਕਰਮਚਾਰੀਆਂ, ਫੈਕਟਰੀਆਂ ਦੇ ਕਰਮਚਾਰੀਆਂ, ਧਾਰਮਿਕ ਸੰਸਥਾਵਾਂ ਅਤੇ ਐਨ.ਜੀ.ਓ. ਰਾਹੀਂ ਭਰਪੂਰ ਜਾਣਕਾਰੀ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਨਵੇਂ ਵੇਰੀਐਂਟ ਓਮੀਕਰੋਨ ਤੋਂ ਬਚਿਆ ਜਾ ਸਕੇ।

-ਕੰਵਰਦੀਪ ਸਿੰਘ ਭੱਲਾ
ਰਿਕਵਰੀ ਅਫਸਰ ਸਹਿਕਾਰੀ ਬੈਂਕ, ਹੁਸ਼ਿਆਰਪੁਰ।

ਸੰਸਦ ਦੀ ਮਰਿਆਦਾ

ਮੌਜੂਦਾ ਚੱਲ ਰਹੇ ਸੈਸ਼ਨ ਦੌਰਾਨ ਰਾਜ ਸਭਾ ਦੇ 12 ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਮੁਅੱਤਲ ਮੈਂਬਰਾਂ ਦੀ ਬਹਾਲੀ ਲਈ ਵਿਰੋਧੀ ਧਿਰ ਵਲੋਂ ਵਾਕਆਊਟ ਕੀਤਾ ਜਾ ਰਿਹਾ ਹੈ ਜਿਸ ਕਰਕੇ ਸੰਸਦ ਦੇ ਕੰਮਕਾਜ ਵਿਚ ਵਿਘਨ ਪੈਂਦਾ ਹੈ। ਸੰਸਦ ਨੂੰ ਲੋਕਤੰਤਰ ਦਾ ਮੰਦਰ ਕਿਹਾ ਜਾਂਦਾ ਹੈ। ਇਸ ਵਿਚ ਲੋਕ ਪੱਖ ਅਤੇ ਸਰਬਪੱਖੀ ਵਿਕਾਸ ਦੇ ਨਿਰਣੇ ਅਤੇ ਕਾਨੂੰਨ ਘੜੇ ਜਾਂਦੇ ਹਨ। ਸੈਸ਼ਨ ਦੌਰਾਨ ਸਮੇਂ ਅਤੇ ਪੈਸੇ ਦੀ ਬਹੁਤ ਜ਼ਿਆਦਾ ਖਪਤ ਹੁੰਦੀ ਹੈ ਜਿਸ ਦਾ ਬੋਝ ਟੈਕਸ ਦੇ ਰੂਪ ਵਿਚ ਆਮ ਜਨਤਾ ਨੂੰ ਵੀ ਭੁਗਤਣਾ ਪੈਂਦਾ ਹੈ। ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਅਤੇ ਪ੍ਰਤੀਨਿਧਾਂ ਤੋਂ ਇਹ ਉਮੀਦ ਕਰਦੇ ਹਾਂ ਕਿ ਭਵਿੱਖ ਵਿਚ ਉਹ ਸੰਸਦ ਦੀ ਮਰਿਆਦਾ ਬਣਾਈ ਰੱਖਣਾ ਵਿਚ ਆਪਣਾ ਯੋਗਦਾਨ ਦੇਣਗੇ ਤਾਂ ਜੋ ਲੋਕ ਭਲਾਈ ਦੇ ਕੰਮਾਂ ਵਿਚ ਤੇਜ਼ੀ ਆ ਸਕੇ।

-ਰਜਵਿੰਦਰ ਪਾਲ
ਪਿੰਡ ਕਾਲਝਰਾਣੀ, ਡਾਕ: ਚੱਕ ਅਤਰ ਸਿੰਘ ਵਾਲਾ, ਬਠਿੰਡਾ।

14-12-2021

ਇਤਿਹਾਸਕ ਜਿੱਤ

ਕਿਸਾਨਾਂ ਦੀ ਇਤਿਹਾਸਕ ਜਿੱਤ ਹੈ। ਇਹ ਮਿਹਨਤਕਸ਼ ਯੋਧਿਆਂ ਤੇ ਕਿਰਤੀਆਂ ਦੀ ਜਿੱਤ ਹੈ। ਇਹ ਕਿਸਾਨਾਂ ਦੇ ਸਬਰ, ਦ੍ਰਿੜ੍ਹਤਾ ਤੇ ਸਿਰੜ ਦਾ ਨਤੀਜਾ ਹੈ। ਇਸ ਸੰਘਰਸ਼ ਨੇ ਨਵੀਆਂ ਪੈੜਾਂ ਉਲੀਕਦਿਆਂ ਨੈਤਿਕਤਾ, ਸਾਂਝੀਵਾਲਤਾ ਤੇ ਆਪਸੀ ਭਾਈਚਾਰੇ ਦੇ ਏਜੰਡੇ ਨੂੰ ਮੁੜ ਤੋਂ ਸੁਰਜੀਤ ਕਰਕੇ ਸਾਨੂੰ ਇਨਸਾਨ ਹੋਣ ਦੇ ਅਸਲੀ ਮਾਅਨੇ ਸਿਖਾਏ ਹਨ। ਇਕ ਸਾਲ ਤੋਂ ਵੱਧ ਸਰਕਾਰਾਂ ਦੀਆਂ ਵਧੀਕੀਆਂ ਦਾ ਸਾਹਮਣਾ ਕਰਕੇ ਗਰਮੀ, ਸਰਦੀ, ਝੱਖੜਾਂ ਨੂੰ ਪਿੰਡੇ 'ਤੇ ਹੰਢਾਉਂਦੇ ਹਰ ਉਸ ਸ਼ਖ਼ਸ ਨੂੰ ਸਲਾਮ ਹੈ ਜੋ ਇਸ ਸੰਘਰਸ਼ ਦਾ ਹਿੱਸਾ ਬਣਿਆ। ਸੰਘਰਸ਼ ਦੌਰਾਨ ਸੱਤ ਸੌ ਤੋਂ ਵੱਧ ਜਾਨਾਂ ਗਈਆਂ। ਲਖੀਮਪੁਰ ਖੀਰੀ ਦੁਖਾਂਤ ਵਾਪਰਿਆ ਉਸ ਦੇ ਬਾਵਜੂਦ ਵੀ ਧੀਰਜ ਤੋਂ ਕੰਮ ਲੈਂਦਿਆਂ ਕਿਸਾਨਾਂ ਨੇ ਅੰਦੋਲਨ ਨੂੰ ਸ਼ਾਂਤਮਈ ਰੱਖਿਆ। ਯੋਗ ਆਗੂਆਂ ਦੀ ਅਗਵਾਈ ਸਦਕਾ ਹੀ ਅੰਦੋਲਨ ਏਨਾ ਪ੍ਰਫੁਲਿਤ ਹੋਇਆ ਤੇ ਇਸ ਵਿਚ ਸਮਾਜ ਦੇ ਹਰ ਵਰਗ ਨੇ ਯੋਗਦਾਨ ਪਾਇਆ। ਸਰਕਾਰਾਂ ਦੀਆਂ ਅਨੇਕਾਂ ਵਧੀਕੀਆਂ ਦਾ ਸਾਹਮਣਾ ਕਰਕੇ ਵੀ ਅੰਦੋਲਨਕਾਰੀ ਅਡੋਲ ਰਹੇ। ਪਾਣੀ ਦੀਆਂ ਬੁਛਾੜਾਂ ਸਹਿੰਦਿਆਂ, ਪੁੱਟੀਆਂ ਸੜਕਾਂ ਤੇ ਕਿੱਲ ਗੱਡੇ ਰਸਤਿਆਂ ਦਾ ਸਾਹਮਣਾ ਕਰਦਿਆਂ ਵੀ ਕਿਸਾਨਾਂ ਦਾ ਜੋਸ਼ ਮੱਠਾ ਨਹੀਂ ਪਿਆ ਅਤੇ ਨਾ ਹੀ ਉਨ੍ਹਾਂ ਸਿਦਕ ਤੇ ਸਿਰੜ ਦਾ ਪੱਲਾ ਛੱਡਿਆ। ਦੁਨੀਆ ਭਰ ਵਿਚ ਚਰਚਿਤ ਸੰਘਰਸ਼ ਨੇ ਸਿੱਧ ਕਰ ਦਿੱਤਾ ਹੈ ਕਿ ਅਨਿਆਂ ਵਿਰੁੱਧ ਆਵਾਜ਼ ਲਾਮਬੰਦ ਕਰਨ ਲਈ ਸਮਾਜਿਕ ਏਕਤਾ ਜ਼ਰੂਰੀ ਹੈ। ਕਿਸਾਨ ਵਿਰੋਧੀ ਤਾਕਤਾਂ ਨੇ ਸੰਘਰਸ਼ ਨੂੰ ਖ਼ਰਾਬ ਕਰਨ ਲਈ ਹਰ ਕੋਝੀ ਚਾਲ ਚੱਲੀ ਪਰ ਕਿਸਾਨਾਂ ਨੇ ਧੀਰਜ ਤੇ ਸੰਜਮ ਨਾਲ ਹਰ ਚੁਣੌਤੀ ਦਾ ਸਾਹਮਣਾ ਕੀਤਾ। ਇਹ ਬੇਮਿਸਾਲ ਜਿੱਤ ਹਮੇਸ਼ਾ ਆਪਣੇ ਚੇਤਿਆਂ ਵਿਚ ਰਹੇਗੀ। ਕਿਸਾਨ ਸੰਘਰਸ਼ ਦੇ ਵਧਦੇ ਪ੍ਰਭਾਵ ਸਦਕਾ ਹੀ ਸਰਕਾਰ ਨੂੰ ਆਪਣਾ ਹਠ ਛੱਡਣਾ ਪਿਆ। ਇਥੇ ਹੰਕਾਰ ਦੀ ਹਾਰ ਤੇ ਸਚਾਈ ਦੀ ਜਿੱਤ ਹੋਈ ਹੈ।

-ਗੁਰਜੀਤ ਕੌਰ ਮੋਗਾ

ਓਮੀਕਰੋਨ ਤੋਂ ਬਚ ਕੇ

ਪਿਛਲੇ ਦਿਨਾਂ ਵਿਚ ਯੂ.ਕੇ. ਤੇ ਦੱਖਣੀ ਅਫਰੀਕਾ ਵਿਚ ਨਵੇਂ ਕੋਰੋਨਾ ਵੇਰੀਐਂਟ 'ਓਮੀਕਰੋਨ' ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂੁ ਹੋਏ ਸਨ ਤੇ ਹੁਣ ਕੋਰੋਨਾ ਵੇਰੀਐਂਟ 'ਓਮੀਕਰੋਨ' ਨੇ ਭਾਰਤ ਵਿਚ ਦਸਤਕ ਦੇ ਦਿੱਤੀ ਹੈ। ਦੱਖਣੀ ਅਫ਼ਰੀਕਾ ਤੋਂ ਕਰਨਾਟਕ ਪਹੁੰਚੇ ਦੋ ਯਾਤਰੀ ਇਸ ਦੇ ਰੋਗੀ ਪਾਏ ਗਏ ਹਨ। ਫਿਲਹਾਲ ਦੋਵਾਂ ਮਰੀਜ਼ਾਂ ਨੂੰ ਇਕਾਂਤਵਾਸ ਵਿਚ ਰੱਖਿਆ ਗਿਆ ਹੈ। 'ਓਮੀਕਰੋਨ' ਵੇਰੀਐਂਟ ਕੋਰੋਨਾ ਨਾਲੋਂ 5 ਗੁਣਾ ਜ਼ਿਆਦਾ ਖ਼ਤਰਨਾਕ ਦੱਸਿਆ ਜਾ ਰਿਹਾ ਹੈ। ਜਨਤਾ ਨੂੰ ਇਸ ਔਖੇ ਸਮੇਂ ਵਿਚ ਸਮਝਦਾਰੀ ਨਾਲ ਕੰਮ ਲੈਣਾ ਚਾਹੀਦਾ ਹੈ ਤੇ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਝੂਠੀਆਂ ਅਫ਼ਵਾਹਾਂ 'ਤੇ ਯਕੀਨ ਨਹੀਂ ਕਰਨਾ ਚਾਹੀਦਾ ਹੈ। ਸਰਕਾਰ ਨੂੰ ਵੀ ਇਸ ਸਮੇਂ ਵਿਚ ਆਪਣੇ ਪ੍ਰਬੰਧ ਵਿਚ ਤੇਜ਼ੀ ਨਾਲ ਸੁਧਾਰ ਕਰਨ ਦੀ ਜ਼ਰੂਰਤ ਹੈ।

-ਸਾਕਸ਼ੀ ਸ਼ਰਮਾ,
ਜਲੰਧਰ।

ਲੋਕਤੰਤਰ ਬਨਾਮ 'ਲਾਠੀਚਾਰਜ'

ਪੰਜਾਬ ਦੀ ਕਾਂਗਰਸ ਪਾਰਟੀ ਨੂੰ 2017 ਵਿਚ ਲੋਕਾਂ ਨੇ ਭਾਰੀ ਬਹੁਮਤ ਨਾਲ ਜਿਤਾਇਆ। ਕਿਉਂਕਿ ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਚੋਣ ਵਾਅਦੇ ਹੀ ਕਾਫੀ ਵੱਡੇ ਕੀਤੇ। ਗੁਟਕਾ ਸਾਹਿਬ ਹੱਥ ਵਿਚ ਫੜ ਕੇ ਸਹੁੰ ਖਾ ਕੇ ਲੋਕਾਂ ਨੂੰ ਧਾਰਮਿਕ ਪੱਧਰ 'ਤੇ ਕਾਂਗਰਸੀ ਲੀਡਰਾਂ ਵਲੋਂ ਗਾਰੰਟੀ ਦਿੱਤੀ ਗਈ। ਕਿੰਨੇ ਕੁ ਵਾਅਦੇ ਹਕੀਕੀ ਹੋਏ ਹਨ, ਉਹ ਕਿਸੇ ਤੋਂ ਨਹੀਂ ਛਿਪੇ। ਵੱਡੀ ਤਾਦਾਦ ਵਿਚ ਪੰਜਾਬ ਦਾ ਨੌਜਵਾਨ ਵਰਗ ਪੜ੍ਹਿਆ-ਲਿਖਿਆ ਹੋਇਆ ਹੈ ਤੇ ਆਪਣੇ ਹੱਥਾਂ ਵਿਚ ਡਿਗਰੀਆਂ ਲੈ ਕੇ ਸਰਕਾਰ ਤੋਂ ਰੁਜ਼ਗਾਰ ਦੀ ਮੰਗ ਕਰ ਰਿਹਾ ਹੈ। ਪਰ ਬੜੇ ਅਫ਼ਸੋਸ ਦੀ ਗੱਲ ਕਿ ਬੇਰੁਜ਼ਗਾਰਾਂ ਨੂੰ ਡੰਡਿਆਂ ਨਾਲ ਕੁੱਟਿਆ ਜਾ ਰਿਹਾ ਹੈ। ਧੀਆਂ-ਭੈਣਾਂ ਦੀਆਂ ਚੁੰਨੀਆਂ ਰੋਲੀਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਇਸ ਤਰ੍ਹਾਂ ਕੁੱਟਿਆ ਜਾ ਰਿਹਾ ਹੈ ਜਿਵੇਂ ਉਹ ਕੋਈ ਅਪਰਾਧੀ ਹੋਣ। ਅੱਜ ਤਾਂ ਮਾਪੇ ਵੀ ਪੰਜਾਬ ਸਰਕਾਰ ਨੂੰ ਕੋਸ ਰਹੇ ਹਨ ਕਿ ਅਸੀਂ ਆਪਣੇ ਬੱਚਿਆਂ ਨੂੰ ਲਾਠੀਆਂ ਖਾਣ ਲਈ ਨਹੀਂ ਪੜ੍ਹਾਇਆ। ਸਰਕਾਰ ਜੀ ਸਾਡੇ ਬੱਚਿਆਂ ਨੂੰ ਰੁਜ਼ਗਾਰ ਦਿਓ।

-ਜਸਦੀਪ ਸਿੰਘ ਖ਼ਾਲਸਾ,
ਖੰਨਾ।

ਹੜਤਾਲਾਂ, ਧਰਨੇ ਤੇ ਰੋਸ ਮੁਜ਼ਾਹਰੇ

ਪੰਜਾਬ ਵਿਚ ਬੇਰੁਜ਼ਗਾਰੀ ਇਸ ਕਦਰ ਵਧ ਗਈ ਹੈ ਕਿ ਅੱਜ ਪੰਜਾਬ ਦਾ ਹਰ ਤਰ੍ਹਾਂ ਮੁਲਾਜ਼ਮ ਵਰਗ, ਪੜ੍ਹੇ-ਲਿਖੇ ਬੇਰੁਜ਼ਗਾਰ ਆਪੋ-ਆਪਣੀਆਂ ਮੰਗਾਂ ਮੰਨਵਾਉਣ ਲਈ ਸੜਕਾਂ 'ਤੇ ਧਰਨੇ, ਮੁਜ਼ਾਹਰੇ ਅਤੇ ਦਫ਼ਤਰਾਂ 'ਚੋਂ ਨਿਕਲ ਕੇ ਹੜਤਾਲਾਂ ਕਰ ਰਿਹਾ ਹੈ। ਪ੍ਰਦਰਸ਼ਨਕਾਰੀ ਸੜਕਾਂ, ਚੌਕਾਂ ਤੇ ਟ੍ਰੈਫਿਕ ਜਾਮ ਕਰ ਦਿੰਦੇ ਹਨ, ਜਿਸ ਕਾਰਨ ਕਈ-ਕਈ ਕਿਲੋਮੀਟਰ ਦੇ ਜਾਮ ਲੱਗ ਜਾਣ ਕਾਰਨ ਹਰੇਕ ਕਿਸਮ ਦੇ ਛੋਟੇ-ਵੱਡੇ ਵਾਹਨਾਂ ਵਿਚ ਸਫ਼ਰ ਕਰ ਰਹੇ ਮੁਸਾਫ਼ਿਰ, ਮਰੀਜ਼, ਸਕੂਲੀ ਬੱਚੇ ਬੇਹੱਦ ਪ੍ਰੇਸ਼ਾਨ ਤੇ ਖੱਜਲ-ਖੁਆਰ ਹੋ ਰਹੇ ਹਨ। ਇਸ ਦਾ ਵੱਡਾ ਕਾਰਨ ਰਾਜਨੀਤਕ ਪਾਰਟੀਆਂ ਵਲੋਂ ਲੋਕਾਂ ਨੂੰ ਭਰਮਾਉਣ ਲਈ ਚੋਣਾਂ ਸਮੇਂ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ ਅਤੇ ਜਦੋਂ ਇਹ ਪੂਰੇ ਨਹੀਂ ਹੁੰਦੇ ਤਾਂ ਲੋਕ ਧਰਨੇ ਲਗਾਉਣ ਲਈ ਮਜਬੂਰ ਹੋ ਜਾਂਦੇ ਹਨ। ਸੋ, ਪੰਜਾਬ ਸਰਕਾਰ ਨੂੰ ਜਿਥੇ ਆਮਦਨ ਦੇ ਸਾਧਨ ਜੁਟਾਉਣ ਵਿਚ ਪ੍ਰਵੀਨਤਾ ਲਿਆਉਣੀ ਚਾਹੀਦੀ ਹੈ, ਉਥੇ ਹੀ ਮੁਲਾਜ਼ਮ ਵਰਗ ਅਤੇ ਬੇਰੁਜ਼ਗਾਰਾਂ ਨੂੰ ਬਣਦੇ ਹੱਕ ਦੇ ਕੇ ਸੰਤੁਸ਼ਟ ਕਰਨਾ ਚਾਹੀਦਾ ਹੈ ਤਾਂ ਜੋ ਇਸ ਦਾ ਖਮਿਆਜ਼ਾ ਆਮ ਬੰਦੇ ਨੂੰ ਨਾ ਭੁਗਤਣਾ ਪਵੇ ਅਤੇ ਰਾਜਨੀਤਕ ਪਾਰਟੀਆਂ ਨੂੰ ਚੋਣਾਂ ਦੌਰਾਨ ਨਾ ਪੂਰੇ ਹੋਣ ਵਾਲੇ ਵਾਅਦੇ ਨਹੀਂ ਕਰਨੇ ਚਾਹੀਦੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਸੰਸਦ ਦਾ ਹਰ ਸੈਸ਼ਨ ਕੀਮਤੀ

ਪਿਛਲੇ ਕਈ ਸਾਲਾਂ ਦੌਰਾਨ ਇਹ ਦੇਖਿਆ ਗਿਆ ਹੈ ਕਿ ਲੋਕ ਸਭਾ ਅਤੇ ਰਾਜ ਸਭਾ ਦੇ ਲਗਭਗ ਹਰ ਸੈਸ਼ਨ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਸੰਸਦ ਮੈਂਬਰਾਂ ਵਲੋਂ ਕਿਸੇ ਨਾ ਕਿਸੇ ਮੁੱਦੇ 'ਤੇ ਬਹਾਨਾ ਬਣਾ ਕੇ ਸਿਸ਼ਟਾਚਾਰ ਅਤੇ ਮਰਿਆਦਾ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਸਦਨ ਦੇ ਬਾਹਰ ਅਤੇ ਅੰਦਰ ਇਸ ਤਰ੍ਹਾਂ ਦਾ ਵਿਰੋਧ ਕੀਤਾ ਜਾਂਦਾ ਹੈ। ਅਜਿਹੀ ਗੁੰਝਲਦਾਰ ਸਥਿਤੀ ਦੇ ਮੱਦੇਨਜ਼ਰ ਸੰਸਦ ਦੇ ਸੈਸ਼ਨ ਦਾ ਚੱਲਣਾ ਅਸੰਭਵ ਅਜਿਹਾ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿਚ ਦੇਸ਼ ਦੇ ਨਾਗਰਿਕ ਬਨਾਮ ਵੋਟਰ, ਜੋ ਸੰਸਦ ਦੇ ਸੈਸ਼ਨ ਦੌਰਾਨ ਲੋਕ ਅਤੇ ਦੇਸ਼ ਹਿਤ ਦੇ ਮੁੱਦਿਆਂ 'ਤੇ ਚਰਚਾ ਵਿਚ ਆਪਣੇ ਸਤਿਕਾਰਤ ਸੰਸਦ ਮੈਂਬਰਾਂ ਦੇ ਵਿਚਾਰ ਸੁਣਨ ਲਈ ਉਤਾਵਲੇ ਰਹਿੰਦੇ ਹਨ, ਨਿਰਸੰਦੇਹ ਨਿਰਾਸ਼ ਹੁੰਦੇ ਹਨ। ਇਸ ਦੇ ਨਾਲ ਹੀ ਸੰਸਦ ਦੇ ਹਰ ਸੈਸ਼ਨ ਦੇ ਆਯੋਜਨ ਵਿਚ ਖਰਚ ਕੀਤੀ ਜਾਣ ਵਾਲੀ ਲੱਖਾਂ ਕਰੋੜਾਂ ਦੀ ਧਨ ਰਾਸ਼ੀ ਦਾ ਵੀ ਕੋਈ ਲਾਭ ਨਾ ਹੋ ਕੇ ਵਿਅਰਥ ਹੀ ਖਰਚ ਹੋ ਜਾਂਦੀ ਹੈ। ਇਸ ਲਈ ਸ਼ਾਇਦ ਸਮੇਂ ਦੀ ਇਹ ਜ਼ਰੂਰਤ ਹੋ ਗਈ ਹੈ ਕਿ ਸਾਰੇ ਸਤਿਕਾਰਯੋਗ ਸੰਸਦ ਮੈਂਬਰ ਆਪਣੇ ਅਤਿ ਕਰਨ ਤੋਂ ਵਿਚਾਰ ਕਰਨ ਅਤੇ ਸੰਸਦ ਦੇ ਹਰੇਕ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਮੈਂਬਰ ਵਜੋਂ ਅਹੁਦਾ ਸੰਭਾਲਣ ਮੌਕੇ ਚੁੱਕੀ ਗਈ ਸਹੁੰ ਅਤੇ ਵਚਨ ਨੂੰ ਯਾਦ ਕਰਦੇ ਹੋਏ ਮੁੜ ਤੋਂ ਦੁਹਰਾਉਣ।

-ਇੰਜ. ਕ੍ਰਿਸ਼ਨ ਕਾਂਤ ਸੂਦ
ਨੰਗਲ (ਪੰਜਾਬ)।

13-12-2021

 ਹੱਥ ਕੰਗਣ ਨੂੰ ਆਰਸੀ ਕੀ?
ਪੰਜਾਬੀਆਂ ਬਾਰੇ ਬਹੁਤ ਸਾਰਾ ਪੜ੍ਹਿਆ-ਲਿਖਿਆ ਅਤੇ ਸੁਣਿਆ ਬਹੁਤ ਵਾਰੀ ਗਿਆ। ਪਰ ਅੱਖੀਂ ਦੇਖਣ ਦਾ ਸਵਾਦ ਹੀ ਵੱਖਰਾ ਹੁੰਦਾ ਹੈ। ਪੰਜਾਬੀਆਂ ਬਾਰੇ ਸੁਣਦੇ ਸੀ ਕਿ ਇਨ੍ਹਾਂ ਨੇ ਗਜ਼ਨੀ ਭਜਾਇਆ, ਅਬਦਾਲੀ ਭਜਾਇਆ, ਸਿਕੰਦਰ ਨੂੰ ਮੋੜਿਆ ਅਤੇ ਕਾਬਲ ਕੰਧਾਰ ਫ਼ਤਹਿ ਕੀਤਾ। ਪੰਜਾਬੀਆਂ ਨੇ ਹਮੇਸ਼ਾ ਜ਼ੁਲਮ ਵਿਰੁੱਧ ਆਵਾਜ਼ ਉਠਾਈ ਅਤੇ ਇੱਜ਼ਤਾਂ ਦੀ ਰਾਖੀ ਕੀਤੀ। ਅੱਜ ਦੇ ਸਮੇਂ ਚੱਲੇ ਕਿਸਾਨ ਅੰਦੋਲਨ ਨੇ ਸਾਲ ਬਾਅਦ ਜਿੱਤ ਪ੍ਰਾਪਤ ਕਰਕੇ 'ਪਗੜੀ ਸੰਭਾਲ ਓ ਜੱਟਾ' ਲਹਿਰ ਤੋਂ ਉੱਪਰ ਆਪਣਾ ਨਾਂਅ ਦਰਜ ਕਰਵਾ ਲਿਆ ਹੈ। ਪੰਜਾਬ ਨੇ ਪਿਛਲੇ ਸਾਲ ਬੀਂਡੀ ਜੁੜ ਕੇ ਕਿਸਾਨ ਅੰਦੋਲਨ ਆਰੰਭ ਕੀਤਾ ਜੋ ਇਕ ਸਾਲ ਬਾਅਦ ਫਤਹਿ ਹਾਸਿਲ ਕਰ ਸਕਿਆ। ਹਾਂ ਇਕ ਗੱਲ ਪੱਕੀ ਹੈ ਕਿ ਜੇ ਪੰਜਾਬ ਬੀਂਡੀ ਨਾ ਜੁੜ੍ਹਦਾ ਤਾਂ ਅੰਦੋਲਨ ਸ਼ੁਰੂ ਨਾ ਹੁੰਦਾ ਤੇ ਨਾ ਹੀ ਜਿੱਤਿਆ ਜਾਂਦਾ। ਇਸ ਜਿੱਤ ਨੇ 'ਪੰਜਾਬ ਦੇ ਜੰਮਿਆ ਨੂੰ ਨਿੱਤ ਮੁਹਿੰਮਾਂ' ਦਾ ਅਗਲਾ ਵਰਕਾ ਖੋਲ੍ਹ ਕੇ ਅੱਜ ਦੇ ਜ਼ਮਾਨੇ ਵਿਚ ਪ੍ਰਤੱਖ ਨੂੰ ਪ੍ਰਮਾਣ ਕਰ ਦਿੱਤਾ ਹੈ। ਇਕ ਗੱਲ ਹੋਰ ਜੇ ਪੰਜਾਬੀ ਕਿਸਾਨ ਜਥੇਬੰਦੀਆਂ ਆਰਡੀਨੈਂਸ ਜਾਰੀ ਹੋਣ ਤੋਂ ਪਹਿਲਾਂ ਮੀਟਿੰਗ ਵਿਚ ਇਸ ਦਾ ਵਿਰੋਧ ਨਾ ਕਰਦੀਆਂ ਤਾਂ ਵੀ ਅਸੀਂ ਸੁੱਤੇ ਰਹਿਣਾ ਸੀ। ਇਹ ਅੰਦੋਲਨ ਬਹੁਤ ਹਿੰਮਤ ਨਾਲ 'ਹਾਸ਼ਿਮ ਫ਼ਤਹਿ ਨਸੀਬ ਤਿਨਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ ਹੂ' ਪੰਜਾਬੀਆਂ ਨੇ ਫ਼ਤਹਿ ਕਰਾਇਆ ਅਤੇ ਸੁਣਦੇ-ਪੜ੍ਹਦੇ ਪੰਜਾਬੀਆਂ ਦੇ ਇਤਿਹਾਸ ਨੂੰ 'ਪ੍ਰਤੱਖ ਨੂੰ ਪ੍ਰਮਾਣ ਕੀ? ਹੱਥ ਕੰਗਣ ਨੂੰ ਆਰਸੀ ਕੀ' ਵਾਲਾ ਸਿਧਾਂਤ ਅਜੋਕੇ ਜ਼ਮਾਨੇ ਵਿਚ ਪੇਸ਼ ਕਰਕੇ ਆਪਣਾ ਇਤਿਹਾਸ ਦੁਹਰਾ ਦਿੱਤਾ ਹੈ।


-ਸੁਖਪਾਲ ਸਿੰਘ ਗਿੱਲ,
ਅਬਿਆਣਾ


ਚੋਣਾਵੀ ਵਾਅਦੇ
ਪੰਜਾਬ ਸਰਕਾਰ ਵਲੋਂ ਨਿੱਤ ਹੀ ਆਪਣੇ ਵੋਟਰਾਂ ਨਾਲ ਨਵੇਂ-ਨਵੇਂ ਚੁਣਾਵੀ ਵਾਅਦੇ ਕੀਤੇ ਜਾ ਰਹੇ ਹਨ। ਹਰੇਕ ਪਾਰਟੀ ਦਾ ਕੰਮ ਹੁੰਦਾ ਹੈ ਕਿ ਉਹ ਆਪਣੇ ਵੋਟਰਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿਵਾਏ ਇਸ ਦੇ ਨਾਲ ਹੀ ਰਾਜਨੀਤਕ ਪਾਰਟੀਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਜੋ ਵੀ ਵਾਅਦੇ ਆਪਣੇ ਵੋਟਰਾਂ ਨਾਲ ਕਰਦੀਆਂ ਹਨ। ਉਹ ਵਾਅਦੇ ਪੂਰੇ ਵੀ ਕੀਤੇ ਜਾਣ ਤਾਂ ਕਿ ਵੋਟਰ ਆਪਣੇ-ਆਪ ਨੂੰ ਲੁੱਟਿਆ-ਲੁੱਟਿਆ ਮਹਿਸੂਸ ਨਾ ਕਰਨ। ਅੱਜ ਦੀ ਮੌਜੂਦਾ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਨਵਿਆਂ ਵਾਅਦਿਆਂ ਦੇ ਨਾਲ-ਨਾਲ ਪੁਰਾਣੇ ਵਾਅਦਿਆਂ ਨੂੰ ਯਾਦ ਰੱਖਦਿਆਂ ਹੋਇਆਂ ਨਾਕਿਆਂ, ਬੇਅਦਬੀਆਂ, ਮਹਿੰਗਾਈ ਅਤੇ ਗੈਂਗਸਟਰ ਕਲਚਰ ਆਦਿ ਮੁੱਦਿਆਂ 'ਤੇ ਵੀ ਗੌਰ ਕਰੇ ਕਿਉਂਕਿ ਜੇਕਰ ਪਹਿਲਾਂ ਕੀਤੇ ਵਾਅਦੇ ਪੂਰੇ ਨਹੀਂ ਹੁੰਦੇ ਤਾਂ ਨਵਿਆਂ ਵਾਅਦਿਆਂ 'ਤੇ ਭਰੋਸਾ ਕਰਨਾ ਆਮ ਜਨਤਾ ਲਈ ਔਖਾ ਹੋਵੇਗਾ। ਅੱਜ ਦਾ ਵੋਟਰ ਬਹੁਤ ਹੀ ਜਾਗਰੂਕ ਹੈ। ਮੀਡੀਆ ਦਾ ਯੁੱਗ ਹੋਣ ਕਰਕੇ ਸਾਨੂੰ ਹਰ ਇਕ ਰਾਜਨੀਤਕ ਪਾਰਟੀ ਦੇ ਕੰਮਕਾਜ ਦੀ ਜਾਣਕਾਰੀ ਹਰੇਕ ਦਿਨ ਵੇਖਣ-ਸੁਣਨ ਨੂੰ ਮਿਲਦੀ ਰਹਿੰਦੀ ਹੈ। ਇਸ ਲਈ ਇਨ੍ਹਾਂ ਨੂੰ ਹੁਣ ਪਹਿਲਾਂ ਦੀ ਤਰ੍ਹਾਂ ਬੇਵਕੂਫ਼ ਨਹੀਂ ਬਣਾਇਆ ਜਾ ਸਕਦਾ।


-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।


ਟਿਫਨ ਬੰਬ ਮਿਲਣਾ ਚਿੰਤਾ ਦਾ ਵਿਸ਼ਾ
ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿਚ ਟਿਫਨ ਬੰਬ ਮਿਲਣ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋਇਆ ਹੈ, ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ। ਪਹਿਲੀ ਦਸੰਬਰ ਨੂੰ ਪੰਜਾਬ ਪੁਲਿਸ ਨੇ 900 ਗ੍ਰਾਮ ਆਰ.ਡੀ.ਐਕਸ. ਅਤੇ 3 ਡੈਟੋਨੇਟਰ ਪਿੰਡ ਦਬੁਰਜੀ (ਗੁਰਦਾਸਪੁਰ) ਤੋਂ ਬਰਾਮਦ ਕੀਤੇ ਸੀ ਤੇ ਇਕ ਦਿਨ ਬਾਅਦ ਹੀ ਪਿੰਡ ਸਲੇਮਪੁਰ ਤੋਂ ਪੁਲਿਸ ਨੇ। ਇਕ ਟਿਫਨ ਬੰਬ ਤੇ 4 ਹੱਥ ਗੋਲੇ ਬਰਾਮਦ ਕੀਤੇ। ਇਸ ਤੋਂ ਇਲਾਵਾ ਹੋਰ ਵੀ ਥਾਵਾਂ 'ਤੇ ਛਾਪੇਮਾਰੀ ਕਰਕੇ ਪੁਲਿਸ ਨੇ ਅੱਤਵਾਦੀ ਹਮਲਿਆਂ ਵਿਚ ਕੰਮ ਆਉਣ ਵਾਲੇ ਹਥਿਆਰ ਤੇ ਸਾਮਾਨ ਬਰਾਮਦ ਕੀਤਾ ਹੈ। ਇਹ ਘਟਨਾਵਾਂ ਪੰਜਾਬ ਸਮੇਤ ਪੂਰੇ ਭਾਰਤ ਲਈ ਖ਼ਤਰਨਾਕ ਸਾਬਤ ਹੋ ਸਕਦੀਆਂ ਹਨ। ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਤਲਾਸ਼ ਮੁਹਿੰਮ ਚਲਾਉਣ ਤੇ ਸਮਝਦਾਰੀ ਨਾਲ ਇਸ ਸਮੱਸਿਆ ਦੇ ਹੱਲ ਵੱਲ ਧਿਆਨ ਦੇਣ।


-ਸਾਕਸ਼ੀ ਸ਼ਰਮਾ, ਜਲੰਧਰ।


ਇਕ ਦੂਜੇ ਨੂੰ ਪਛਾੜਨ ਦੇ ਜੁਮਲੇ
ਚੋਣਾਂ ਸਿਰ 'ਤੇ ਹਨ, ਵਾਅਦਿਆਂ ਦਾ ਬਾਜ਼ਾਰ ਪੂਰਾ ਗਰਮ ਹੈ। ਪੰਜ ਸਾਲ ਸੁੱਤੇ ਰਹੇ, ਉੱਠ ਖੜ੍ਹੇ ਨੇ। ਪੰਜਾਬ ਦੀ ਰਾਜਨੀਤੀ ਵਿਚ ਭੁਚਾਲ ਆ ਗਿਆ ਹੈ। ਵਾਅਦਿਆਂ ਵਿਚ ਸਾਰੇ ਰਾਜਨੀਤੀਵਾਨ ਇਕ-ਦੂਜੇ ਨੂੰ ਪਛਾੜਨ 'ਤੇ ਲੱਗੇ ਹੋਏ ਹਨ। ਚਾਲਾਕ ਰਾਜਨੀਤੀਵਾਨਾਂ ਨੇ ਵੀ ਆਮ ਲੋਕਾਂ ਦੀ ਨਬਜ਼ ਪਛਾਣ ਲਈ ਹੈ। ਲੋਕ ਵੀ ਹੁਣ ਕੰਮ ਕਰਕੇ ਨਹੀਂ, ਸਭ ਕੁਝ ਮੁਫ਼ਤ ਭਾਲਦੇ ਹਨ। ਇਹ ਸਾਰਾ ਅਡੰਬਰ ਵੇਖ ਕੇ ਕੁਝ ਸੂਝਵਾਨ ਲੋਕ ਅਵਾਜ਼ਾਰ ਨੇ, ਸੱਤਾਧਾਰੀ ਪਾਰਟੀ ਤੋਂ ਲੈ ਕੇ ਸਾਰੀਆਂ ਹੀ ਪਾਰਟੀਆਂ ਆਮ ਲੋਕਾਂ ਦੇ ਮਸਲਿਆਂ ਪ੍ਰਤੀ ਗੰਭੀਰ ਨਹੀਂ ਦਿਸਦੀਆਂ। ਕੋਈ ਵੀਹ ਸੂਤਰੀ ਲੈ ਕੇ ਤੁਰ ਪਿਆ ਹੈ ਤੇ ਕੋਈ ਤੀਹ ਸੂਤਰੀ ਪਰ ਲੋਕਾਂ ਦੇ ਅਸਲ ਸੂਤਰ ਦਾ ਕੋਈ ਫ਼ਿਕਰ ਨਹੀਂ ਰਹਿ ਗਿਆ। ਕਦੀ ਸਮਾਂ ਸੀ ਜਦੋਂ ਪੰਜਾਬ ਦੇ ਲੋਕਾਂ ਦੀ ਆਮਦਨ ਹੋਰ ਸੂਬਿਆਂ ਤੋਂ ਉਤੇ ਸੀ ਪਰ ਅੱਜ ਹਾਲਾਤ ਬਦਤਰ ਹੋਏ ਪਏ ਹਨ। ਹੱਕੀ ਮੰਗਾਂ ਨੂੰ ਪਾਸੇ ਕਰਕੇ ਮੁਫ਼ਤ ਸਹੂਲਤਾਂ ਦੇਣ 'ਤੇ ਲੋਕਾਂ ਨੂੰ ਗਿਝਾਇਆ ਜਾ ਰਿਹਾ ਹੈ। ਅੱਜ ਤੱਕ ਕਿਸੇ ਵੀ ਸਰਕਾਰ ਦੇ ਵਾਅਦੇ ਵਫਾ ਨਹੀਂ ਹੋਏ, ਚਾਹੇ ਕੇਂਦਰ ਹੋਵੇ ਜਾਂ ਸਥਾਨਕ। ਲੋਕ ਜਾਗਰੂਕ ਹੋਣ। ਵਾਅਦਿਆਂ-ਦਾਅਵਿਆਂ 'ਚੋਂ ਬਾਹਰ ਨਿਕਲ ਕੇ ਵੋਟਾਂ ਮੰਗਣ ਆਉਣ ਵਾਲਿਆਂ ਨੂੰ ਸਵਾਲ ਕਰਨ। ਮੁਫ਼ਤ ਦੀਆਂ ਸਹੂਲਤਾਂ ਛੱਡ, ਆਪਣੀਆਂ ਹੱਕੀ ਮੰਗਾਂ ਦੀ ਗੱਲ ਕਰਨ। ਅਪਾਹਜ ਬਣਿਆਂ ਗੱਲ ਨਹੀਂ ਬਣਨੀ। ਪੰਜਾਬ ਦੀ ਰਾਜਨੀਤੀ ਨੂੰ ਇਨਕਲਾਬ ਦੀ ਜ਼ਰੂਰਤ ਹੈ ਤੇ ਇਹ ਇਨਕਲਾਬ ਸਾਰੇ ਪੰਜਾਬ ਦੇ ਲੋਕ ਮਿਲ ਕੇ ਹੀ ਲਿਆ ਸਕਦੇ ਹਨ। ਆਓ, ਮੁਫ਼ਤ ਦੀਆਂ ਚੀਜ਼ਾਂ ਛੱਡ, ਹੱਥੀਂ ਕਿਰਤ ਦੀ ਗੱਲ ਅਜੋਕੇ ਨੇਤਾਵਾਂ ਨੂੰ ਸਮਝਾਈਏ ਕਿ ਅਮਲ ਦੀ ਗੱਲ ਕਰੋ, ਵਾਅਦਿਆਂ 'ਚ ਨਾ ਉਲਝਾਓ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਫੈਸ਼ਨਪ੍ਰਸਤੀ
ਅੱਜਕਲ੍ਹ ਮੁੰਡੇ-ਕੁੜੀਆਂ ਵਿਚ ਫੈਸ਼ਨਪ੍ਰਸਤੀ ਬਹੁਤ ਵਧਦੀ ਜਾ ਰਹੀ ਹੈ। ਫੈਸ਼ਨਪ੍ਰਸਤ ਆਦਮੀ ਦੀ ਆਪਣੀ ਦਲੀਲ ਕੋਈ ਨਹੀਂ ਹੁੰਦੀ। ਉਹ ਜਿਵੇਂ ਹੋਰਨਾਂ ਨੂੰ ਕਰਦਾ, ਸੁਣਦਾ ਵੇਖਦਾ ਉਵੇਂ ਕਰਨ ਲੱਗ ਜਾਂਦਾ ਹੈ। ਫੈਸ਼ਨ ਦੇ ਚੱਕਰ ਵਿਚ ਉਹ ਸਾਰੇ ਹੱਦਾਂ-ਬੰਨੇ ਟੱਪ ਜਾਂਦਾ ਹੈ। ਸਾਨੂੰ ਆਪਣਾ ਅਮੀਰ ਪੰਜਾਬੀ ਸੱਭਿਆਚਾਰ ਨਹੀਂ ਛੱਡਣਾ ਚਾਹੀਦਾ।


-ਡਾ. ਨਰਿੰਦਰ ਝਬੇਲਵਾਲੀ
ਪਿੰਡ ਤੇ ਡਾ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

10-12-2021

 ਜ਼ਹਿਰੀਲੀਆਂ ਹਵਾਵਾਂ

ਦੇਸ਼ ਵਿਚ ਪਿਛਲੇ ਲੰਮੇ ਸਮੇਂ ਤੋਂ ਚਲਦੀਆਂ ਜ਼ਹਿਰੀਲੀਆਂ ਹਵਾਵਾਂ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਸਾਹ ਅਤੇ ਅੱਖਾਂ ਦੇ ਮਰੀਜ਼ਾਂ ਦਾ ਹਾਲ ਬਿਆਨ ਕਰਨਾ ਔਖਾ ਹੈ। ਪਿਛਲੇ ਦਿਨੀਂ ਦੇਸ਼ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਪੜ੍ਹਨ ਨੂੰ ਮਿਲੀ, ਜੋ ਹੈਰਾਨ-ਪ੍ਰੇਸ਼ਾਨ ਕਰਨ ਵਾਲੀ ਹੈ। ਇਸ ਤੋਂ ਬਾਅਦ ਦੇਸ਼ ਦੀ ਸਰਬਉੱਚ ਅਦਾਲਤ ਵਲੋਂ ਪ੍ਰਦੂਸ਼ਣ ਨੂੰ ਲੈ ਕੇ ਟਿੱਪਣੀ ਕਰਦਿਆਂ ਕੇਂਦਰ ਸਰਕਾਰ ਨੂੰ ਝਾੜ ਪਾਈ ਗਈ ਹੈ ਪਰ ਕੇਂਦਰ ਹਰ ਵਾਰ ਦੀ ਤਰ੍ਹਾਂ ਪ੍ਰਦੂਸ਼ਣ ਨੂੰ ਗੰਭੀਰਤਾ ਨਾਲ ਲੈਣ ਦੀ ਥਾਂ ਆਪਣੀ ਅਖੌਤੀ ਕਾਰਵਾਈ ਦੇ ਅੰਕੜੇ ਪੇਸ਼ ਕਰਕੇ ਬਣਦੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਲੈਂਦੀ ਹੈ। ਜਦੋਂ ਤੱਕ ਕੇਂਦਰ ਸਰਕਾਰ ਪ੍ਰਦੂਸ਼ਣ ਦੀ ਰੋਕਥਾਮ ਲਈ ਵਿਗਿਆਨਕ ਢੰਗ-ਤਰੀਕੇ ਅਪਣਾਉਣ ਲਈ ਗੰਭੀਰ ਨਹੀਂ ਹੁੰਦੀ, ਸ਼ਾਇਦ ਦੇਸ਼ ਵਾਸੀਆਂ ਨੂੰ ਉਦੋਂ ਤੱਕ ਪ੍ਰਦੂਸ਼ਣ ਤੋਂ ਰਾਹਤ ਨਾ ਮਿਲੇ। ਸਰਕਾਰ ਫੈਲ ਚੁੱਕੇ ਪ੍ਰਦੂਸ਼ਣ ਦੀ ਭਿਆਨਕਤਾ ਨੂੰ ਸਮਝੇ। ਜਾਣਬੁੱਝ ਕੇ ਨਜ਼ਰ ਅੰਦਾਜ਼ ਨਾ ਕਰੇ।

-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਸ਼ਲਾਘਾਯੋਗ ਲੇਖ

ਅਪੰਗ ਹੋਣ ਦਾ ਅਹਿਸਾਸ ਗੁਰਿੰਦਰ ਕਲੇਰ ਦੀ ਰਚਨਾ 'ਵਿਕਲਾਂਗ ਵਿਅਕਤੀਆਂ ਪ੍ਰਤੀ ਸਮਾਜ ਆਪਣਾ ਵਤੀਰਾ ਬਦਲੇ' ਪੜ੍ਹੀ। ਕਾਬਲੇਗ਼ੌਰ ਸੀ। ਅਜਿਹੇ ਕਈ ਅਪੰਗ ਵਿਅਕਤੀਆਂ ਦੀਆਂ ਉਦਾਹਰਨਾਂ ਹਨ, ਜਿਨ੍ਹਾਂ ਨੇ ਆਪਣੀ ਦੂਰਅੰਦੇਸ਼ੀ ਸੋਚ ਨਾਲ ਪੈਰਾ ਉਲੰਪਿਕ ਖੇਡਾਂ ਅਤੇ ਹੋਰ ਕਈ ਖੇਤਰਾਂ ਵਿਚ ਬਾਜ਼ੀ ਮਾਰ ਕੇ ਦੇਸ਼ ਦਾ ਨਾਂਅ ਚਮਕਾਇਆ ਹੈ। ਉਨ੍ਹਾਂ ਨੇ ਆਪਣੇ-ਆਪ ਨੂੰ ਕਦੀ ਵੀ ਜਿਹੜੇ ਲੋਕ ਉਨ੍ਹਾਂ ਅਪੰਗ ਸਮਝ ਕੇ ਸਹਾਰਾ ਦਿੰਦੇ ਹਨ, ਹਾਵੀ ਨਹੀਂ ਹੋਣ ਦਿੱਤਾ। ਛੋਟੀ ਸੋਚ ਵਾਲਾ ਅਪੰਗ ਵਿਅਕਤੀ ਸਦਾ ਮੰਗਤਾ ਬਣ ਕੇ ਰਹਿ ਜਾਂਦਾ ਹੈ। ਸੰਸਾਰ ਅੰਗਹੀਣ ਦਿਵਸ 'ਤੇ ਲੋਕਾਂ ਨੂੰ ਵੀ ਇਨ੍ਹਾਂ ਲੋਕਾਂ ਦਾ ਸਮਰਥਨ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ ਜੋ ਲੋਕ ਇਨ੍ਹਾਂ ਨੂੰ ਅਪੰਗ ਸਮਝ ਕੇ ਉਨ੍ਹਾਂ ਨੂੰ ਅਪੰਗ ਹੋਣ ਦਾ ਅਹਿਸਾਸ ਕਰਵਾਉਂਦੇ ਹਨ। ਲੋਕਾਂ ਨੂੰ ਅਪੰਗ ਵਿਅਕਤੀ ਦਾ ਮਨੋਬਲ ਕਾਇਮ ਰੱਖਣਾ ਚਾਹੀਦਾ ਹੈ ਤੇ ਉਸ ਨੂੰ ਖ਼ੁਦ ਵੀ ਆਪਣਾ ਮਨੋਬਲ ਕਾਇਮ ਰੱਖਣ ਦੀ ਜ਼ਰੂਰਤ ਹੈ।

-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ ਪੁਲਿਸ।

ਸਿੱਧੂ ਮੂਸੇਵਾਲਾ ਬਨਾਮ ਰਾਜਨੀਤੀ

ਸਿੱਧੂ ਮੂਸੇਵਾਲੇ ਵਲੋਂ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣਾ ਉਨ੍ਹਾਂ ਦਾ ਨਿੱਜੀ ਫ਼ੈਸਲਾ ਤੇ ਅਧਿਕਾਰ ਹੈ ਪਰ ਖੁੱਲ੍ਹ ਕੇ ਸਰਕਾਰ ਖਿਲਾਫ਼ ਬੋਲਣ ਵਾਲੇ ਇਸ ਗਾਇਕ ਦੀ ਖ਼ਬਰ ਸੁਣਦਿਆਂ ਹੀ ਲੋਕ ਇਕ ਵਾਰ ਹੈਰਾਨ ਤਾਂ ਹੋਏ ਹੀ ਸਨ ਨਾਲ ਹੀ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਇਨ੍ਹਾਂ ਖਿਲਾਫ਼ ਬਹੁਤ ਸਾਰੇ ਪ੍ਰਤੀਕਰਮ ਵੀ ਦਿੱਤੇ ਹਨ, ਜਿਨ੍ਹਾਂ ਤੋਂ ਲਗਦਾ ਹੈ ਕਿ ਲੋਕਾਂ ਨੂੰ ਸਿੱਧੂ ਦਾ ਇਹ ਫ਼ੈਸਲਾ ਜ਼ਿਆਦਾ ਪਸੰਦ ਨਹੀਂ ਆਇਆ। ਸਿਆਣੇ ਕਹਿੰਦੇ ਹਨ ਕਿ ਹਥਿਆਰਾਂ ਦਾ ਨਾਂਅ ਵੀ ਮਾੜਾ ਹੁੰਦਾ। ਹੁਣ ਲਗਦਾ ਕਿ ਸਿੱਧੂ ਨੂੰ ਇਹ ਹਥਿਆਰ ਕਿਤੇ ਨਾ ਕਿਤੇ ਮਹਿੰਗੇ ਪੈ ਗਏ ਹਨ। ਸਿੱਧੂ ਇਕ ਆਜ਼ਾਦ ਸੋਚ ਦਾ ਮਾਲਕ ਸੀ ਤੇ ਬਿਨਾਂ ਕਿਸੇ ਡਰ ਤੋਂ ਸਰਕਾਰ ਖਿਲਾਫ਼ ਤੇ ਸੱਚ ਬੋਲਦਾ ਸੀ। ਇਹੀ ਵੱਡਾ ਕਾਰਨ ਸੀ ਉਸ ਦੀ ਤਰੱਕੀ ਦਾ ਪਰ ਰਾਜਨੀਤਕ ਪਾਰਟੀਆਂ ਵਿਚ ਖੁੱਲ੍ਹ ਕੇ ਬੋਲਣ ਦੀ ਆਜ਼ਾਦੀ ਖ਼ਤਮ ਹੋ ਜਾਂਦੀ ਹੈ। ਲੋਕਾਂ ਦੇ ਪ੍ਰਤੀਕਰਮ ਤੋਂ ਲਗਦਾ ਹੈ ਕਿ ਮੂਸੇਵਾਲਾ ਦਬਿਆ ਨਹੀਂ ਸੀ ਪਰ ਮੂਸੇਵਾਲਾ ਨੂੰ ਕਿਸੇ ਨਾ ਕਿਸੇ ਤਰੀਕੇ ਦਬਾਇਆ ਜ਼ਰੂਰ ਗਿਆ ਹੈ। ਹੁਣ ਤੱਕ ਲੋਕਾਂ ਨੇ ਸਿੱਧੂ ਨੂੰ ਅਥਾਹ ਪਿਆਰ ਬਖਸ਼ਿਆ ਹੋਇਆ ਹੈ। ਆਉਣ ਵਾਲੇ ਦਿਨਾਂ ਵਿਚ ਵੇਖੋ ਲੋਕ ਸਿੱਧੂ ਨੂੰ ਕਿਸ ਨਜ਼ਰੀਏ ਤੋਂ ਵੇਖਦੇ ਹਨ ਤੇ ਸਿੱਧੂ ਦਾ ਕਿੰਨਾ ਕੁ ਸਾਥ ਦਿੰਦੇ ਹਨ।

-ਪਰਮਜੀਤ ਸੰਧੂ ਥੇਹ ਤਿੱਖਾ
ਗੁਰਦਾਸਪੁਰ।

ਦੂਰਦਰਸ਼ਨ ਜਲੰਧਰ ਦੇ ਧਿਆਨ ਹਿਤ

ਦੂਰਦਰਸ਼ਨ ਜਲੰਧਰ ਜਿਹੜਾ ਇਕ ਅਜਿਹਾ ਚੈਨਲ ਹੈ ਜਿਸ ਦੀ ਹੋਂਦ ਸਦਾ ਹੀ ਵਧੀਆ ਪ੍ਰੋਗਰਾਮਾਂ ਕਰਕੇ ਬਰਕਰਾਰ ਹੈ। ਪੰਜਾਬੀ ਦੇ ਬਹੁਤ ਸਾਰੇ ਚੈਨਲ ਹੋਰ ਵੀ ਹਨ ਪਰ ਇਸ ਦਾ ਆਪਣਾ ਨਾਂਅ ਹੈ। ਲੋਕ ਇਸ ਨੂੰ ਦੇਖਣਾ ਪਸੰਦ ਕਰਦੇ ਹਨ। ਜਲੰਧਰ ਦੂਰਦਰਸ਼ਨ ਪੰਜਾਬੀਆਂ ਦਾ ਖ਼ਾਸ ਚਹੇਤਾ ਹੈ ਪਰ ਕਈ ਵਾਰ ਇਸ ਵਲੋਂ ਪੰਜਾਬੀ ਪ੍ਰੋਗਰਾਮਾਂ ਦੀ ਥਾਂ ਹੋਰਨਾਂ ਰਾਜਾਂ ਦੇ ਪ੍ਰੋਗਰਾਮ ਦਿਖਾਏ ਜਾਂਦੇ ਹਨ, ਜਿਸ ਦੀ ਭਾਸ਼ਾ ਵੀ ਸਮਝ ਨਹੀਂ ਆਉਂਦੀ ਪਰ ਉਹ ਦਰਸ਼ਕਾਂ ਉੱਪਰ ਥੋਪੇ ਜਾਂਦੇ ਹਨ। ਜਿਸ ਦੀ ਸਮਝ ਹੀ ਨਹੀਂ ਆਉਂਦੀ, ਉਹ ਪ੍ਰੋਗਰਾਮ ਦਿਖਾਉਣ ਦੀ ਆਖਰ ਕੀ ਇਸ ਕੇਂਦਰ ਦੀ ਮਜਬੂਰੀ ਹੈ। ਖ਼ਬਰਾਂ ਸਵੇਰ ਸਮੇਂ ਪਤਾ ਨਹੀਂ ਕਿਹੜੀ ਬੋਲੀ 'ਚ ਆਉਂਦੀਆਂ, ਇਹ ਪੰਜਾਬ 'ਚ ਦਿਖਾਉਣ ਦਾ ਮਤਲਬ ਕੀ ਹੈ? ਪੰਜਾਬੀ ਦਾ ਚੈਨਲ ਹੋਵੇ ਅਤੇ ਦਿਖਾਇਆ ਜਾ ਰਿਹਾ ਹੋਵੇ ਹੋਰ ਭਾਸ਼ਾ ਦਾ ਪ੍ਰੋਗਰਾਮ ਤਾਂ ਕੀ ਲੋਕ ਪਸੰਦ ਕਰਨਗੇ। ਪੰਜਾਬੀ ਨਾਲ ਉਹ ਵੀ ਧੱਕਾ ਹੀ ਹੈ। ਜੇਕਰ ਅਜਿਹੇ ਹੋਰਨਾਂ ਭਾਸ਼ਾਵਾਂ ਦੇ ਪ੍ਰੋਗਰਾਮ ਦਿਖਾਉਣੇ ਹਨ ਤਾਂ ਉਸ ਦਾ ਪੰਜਾਬੀ 'ਚ ਤਰਜਮਾ ਵੀ ਕਰੋ। ਸਾਡੇ ਉੱਪਰ ਧੱਕੇ ਨਾਲ ਅਜਿਹਾ ਨਾ ਥੋਪਿਆ ਜਾਵੇ। ਪੰਜਾਬ 'ਚ ਪੰਜਾਬੀ ਹੀ ਹੋਣੀ ਚਾਹੀਦੀ ਹੈ। ਆਸ ਕਰਦੇ ਹਾਂ ਕਿ ਦੂਰਦਰਸ਼ਨ ਜਲੰਧਰ ਦੇ ਡਾਇਰੈਕਟਰ ਸਾਹਿਬ ਇਸ ਵੱਲ ਤਵੱਜੋ ਦੇਣਗੇ ਅਤੇ ਪੰਜਾਬ 'ਚ ਪੰਜਾਬੀ ਪ੍ਰੋਗਰਾਮ ਹੀ ਦਿਖਾਉਣ ਦੀ ਬੇਨਤੀ ਪ੍ਰਵਾਨ ਕਰਨਗੇ।

-ਧੌਲ ਸੰਧਾਵਾਲੀਆ, ਅੰਮ੍ਰਿਤਸਰ।

ਹਰ ਦਿਨ ਤੋਂ ਨਵੀਂ ਸ਼ੁਰੂਆਤ ਕਰੀਏ

ਜ਼ਿੰਦਗੀ ਬਹੁਤ ਖੂਬਸੂਰਤ ਹੈ। ਸਾਡੀ ਜ਼ਿੰਦਗੀ ਵਿਚ ਬਹੁਤ ਉਤਰਾਅ-ਚੜ੍ਹਾਅ ਆਉਂਦੇ ਹਨ। ਇਹ ਉਤਰਾ-ਚੜਾਅ ਸਾਨੂੰ ਜ਼ਿੰਦਗੀ ਨੂੰ ਹੋਰ ਵਧੀਆ ਜਿਊਣ ਲਈ ਪ੍ਰੇਰਿਤ ਕਰਦੇ ਹਨ। ਜੋ ਇਨਸਾਨ ਅਜਿਹੀਆਂ ਮੁਸੀਬਤਾਂ ਦਾ ਡਟ ਕੇ ਸਾਹਮਣਾ ਕਰਦਾ ਹੈ, ਉਹ ਆਪਣੀ ਮੰਜ਼ਿਲ ਨੂੰ ਸਰ ਕਰ ਲੈਂਦਾ ਹੈ। ਕਦੇ ਵੀ ਉਦਾਸ ਨਾ ਬੈਠੋ। ਕਦੇ ਵੀ ਇਹ ਨਾ ਸੋਚੋ ਕਿ ਮੇਰੀ ਕਿਸਮਤ ਬਹੁਤ ਮਾੜੀ ਹੈ। ਜੇ ਜ਼ਿੰਦਗੀ ਵਿਚ ਕਿਸੇ ਮੁਕਾਮ 'ਤੇ ਸਫਲਤਾ ਨਹੀਂ ਮਿਲਦੀ ਤਾਂ ਉਸ 'ਤੇ ਵਿਚਾਰ ਕਰੋ। ਸਾਡੀ ਕਿਹੜੀ ਅਜਿਹੀ ਕਮੀ ਰਹਿ ਗਈ ਕਿ ਸਾਨੂੰ ਉਹ ਟੀਚਾ ਹਾਸਲ ਨਾ ਹੋ ਸਕਿਆ। ਆਪਣੇ-ਆਪ ਨੂੰ ਹੋਰ ਮਜ਼ਬੂਤ ਕਰੋ। ਗ਼ਲਤੀਆਂ ਤੋਂ ਸਿੱਖੋ। ਆਪਣੇ ਅੰਦਰ ਅਜਿਹਾ ਜਨੂੰਨ ਪੈਦਾ ਕਰੋ ਕਿ ਮੈਂ ਇਹ ਟੀਚਾ ਹਾਸਲ ਕਰ ਸਕਦਾ ਹਾਂ। ਮੈਂ ਇਹ ਮੰਜ਼ਿਲ ਸਰ ਕਰ ਸਕਦਾ ਹਾਂ। ਵੱਡਾ ਟੀਚਾ ਹਾਸਲ ਕਰਨ ਲਈ ਸਾਨੂੰ ਬਹੁਤ ਮਿਹਨਤ ਦੀ ਜ਼ਰੂਰਤ ਹੁੰਦੀ ਹੈ। ਇਸ ਮੰਜ਼ਿਲ ਵੱਲ ਵਧਦੇ ਹੋਏ ਤੁਹਾਨੂੰ ਨਕਾਰਾਤਮਿਕ ਸੋਚ ਵਾਲੇ ਬੰਦੇ ਵੀ ਮਿਲਣਗੇ। ਉਹ ਤੁਹਾਨੂੰ ਕਈ ਵਾਰ ਇਹ ਗੱਲ ਵੀ ਕਹਿਣਗੇ, ਛੱਡ ਪਰ੍ਹੇ! ਤੂੰ ਇਹ ਟੀਚੇ ਨਹੀਂ ਹਾਸਲ ਕਰ ਸਕਦਾ, ਤੁਹਾਡੇ ਅੰਦਰ ਨਕਾਰਾਤਮਿਕ ਊਰਜਾ ਪੈਦਾ ਕਰ ਦੇਣਗੇ। ਹਰ ਇਕ ਦਿਨ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲੈ ਕੇ ਆਉਂਦਾ ਹੈ। ਅਜਿਹੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਅਸੀਂ ਆਪਣਾ ਹਰ ਦਿਨ ਵਧੀਆ ਗੁਜ਼ਾਰ ਸਕਦੇ ਹਾਂ।

-ਸੰਜੀਵ ਸਿੰਘ ਸੈਣੀ, ਮੁਹਾਲੀ।

09-12-2021

 ਸਾਨੂੰ ਰੁਜ਼ਗਾਰ ਦਿਓ

ਪੰਜਾਬ ਦਿਨੋ-ਦਿਨ ਗ਼ਰੀਬ ਵਾਂਗ ਗ਼ਰੀਬ ਹੁੰਦਾ ਜਾ ਰਿਹਾ ਹੈ। ਇਸ ਨੂੰ ਪਹਿਲਾਂ ਬਾਹਰੀ ਰਾਜੇ ਲੁੱਟਣ ਲਈ ਆਏ। ਪਰ ਹੁਣ ਸਾਡੇ ਆਪਣੇ ਹੀ ਲੁੱਟ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਪਿੱਛੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ। ਵੇਖਣ ਸੁਣਨ 'ਚ ਆਇਆ ਕਿ ਚੰਨੀ ਸਾਬ੍ਹ ਬਹੁਤ ਭਲੇਮਾਣਸ ਇਨਸਾਨ ਹਨ। ਉਮੀਦ ਕੀਤੀ ਕਿ ਇਹ ਜ਼ਰੂਰ ਪੰਜਾਬ ਦਾ ਵਿਕਾਸ ਕਰਨਗੇ। ਜਿਵੇਂ ਦੀਆਂ ਗੱਲਾਂ ਕੀਤੀਆਂ। ਪਰ ਉਹ ਬਸ ਗੱਲਾਂ ਹੀ ਰਹਿ ਗਈਆਂ। ਬੇਰੁਜ਼ਗਾਰ ਪਿਛਲੇ ਲੰਮੇ ਸਮੇਂ ਤੋਂ ਸੜਕਾਂ 'ਤੇ ਰੁਲ ਰਹੇ ਹਨ। ਅੱਜ ਵੀ ਰੁਲਦੇ ਹਨ। ਪਰ ਇਨ੍ਹਾਂ ਦਾ ਵਤੀਰਾ ਵੀ ਪਹਿਲਾਂ ਦੇ ਹਾਕਮਾਂ ਵਰਗਾਂ ਹੀ ਹੈ। ਆਪਣੇ ਹੱਕ ਮੰਗ ਰਹੇ ਬੇਰੁਜ਼ਗਾਰਾਂ ਤੇ ਕੱਚੇ ਮੁਲਾਜ਼ਮਾਂ ਨੂੰ ਘਸੀਟ-ਘਸੀਟ ਕੇ ਕੁੱਟਿਆ ਜਾ ਰਿਹਾ ਹੈ। ਚੰਨੀ ਸਾਬ੍ਹ ਐਲਾਨ 'ਤੇ ਐਲਾਨ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹੋ। ਬਹੁਤ ਹੋ ਗਿਆ ਪੰਜਾਬ ਨਾਲ ਮਖੌਲ। ਸਾਨੂੰ ਥੋੜ੍ਹੀ ਸੇਵਾ ਨਹੀਂ ਚਾਹੀਦੀ। ਮੁਫ਼ਤ ਦੀਆਂ ਚੀਜ਼ਾਂ ਦੇ ਕੇ ਮੂਰਖ ਬਣਾਉਣਾ ਬੰਦ ਕਰੋ। ਸਾਨੂੰ ਰੁਜ਼ਗਾਰ ਦਿਉ। ਅਸੀਂ ਸ਼ਾਨੋ-ਸ਼ੌਕਤ ਨਾਲ ਹਰ ਇਕ ਚੀਜ਼ ਖ਼ੁਦ ਖ਼ਰੀਦ ਲਵਾਂਗੇ।

-ਮੱਖਣ ਸ਼ੇਰੋਂ ਵਾਲਾ।

ਲਾਰਿਆਂ ਦੀ ਰੁੱਤ

ਅੱਗੇ ਤਾਂ ਸਿਰਫ ਨਵੇਂ ਸਾਲ ਦਾ ਹੀ ਚਾਅ ਹੁੰਦਾ ਹੈ ਪਰ ਇਸ ਵਾਰ ਅਗਾਊਂ 2022 ਵਿਧਾਨ ਸਭਾ ਪੰਜਾਬ ਚੋਣਾਂ ਦੀ ਵੀ ਉਡੀਕ ਖ਼ਤਮ ਹੁੰਦੀ ਜਾ ਰਹੀ ਹੈ। ਖੇਤੀ ਸੰਬੰਧੀ ਕਾਨੂੰਨਾਂ ਦੇ ਰੱਦ ਹੋਣ ਨਾਲ ਹੀ ਵੱਖ-ਵੱਖ ਨੇਤਾਵਾਂ ਦੇ ਪਿੰਡਾਂ ਵਿਚ ਜਾਣ ਦੇ ਰਾਹ ਪੱਧਰੇ ਹੋ ਗਏ, ਕਿਉਂਕਿ ਵੱਖ-ਵੱਖ ਪਿੰਡਾਂ ਨੇ ਲੀਡਰਾਂ ਦੇ ਪਿੰਡਾਂ ਵਿਚ ਨਾ ਵੜਨ ਸੰਬੰਧੀ ਵੱਡੇ-ਵੱਡੇ ਹੋਰਡਿੰਗ ਲਾਏ ਹੋਏ ਸਨ ਪਰ ਹੁਣ ਵੱਡੇ-ਵੱਡੇ 'ਸਬਜ਼ਬਾਗ' ਇਕ ਵਾਰ ਫਿਰ ਤੋਂ ਵੇਖਣ ਸੁਣਨ ਨੂੰ ਮਿਲ ਰਹੇ ਹਨ। ਵੱਖ-ਵੱਖ ਪਾਰਟੀਆਂ ਆਪਣਾ-ਆਪਣਾ ਰਾਗ ਅਲਾਪਣ ਦੇ ਰਾਹ ਤੁਰੀਆਂ ਹੋਈਆਂ ਹਨ। 'ਲਾਰਿਆਂ ਦੀ ਰੁੱਤ' ਵਿਚ ਸਭ ਕੁਝ ਜਾਇਜ਼ ਹੈ। ਕੋਈ ਆਪਣੀ ਭੰਗ ਕੀਤੀ ਪੁਰਾਤਨ ਪਾਰਟੀ ਨੂੰ ਮੁੜ ਸੁਰਜੀਤ ਕਰਨ ਲੱਗਾ ਹੈ, ਕੋਈ ਆਪਣੇ ਫਰਜੰਦ ਨੂੰ 'ਸਿਆਸੀ ਮੈਦਾਨ' 'ਚ ਉਤਾਰ ਸੱਤਾ ਕੁਰਸੀ 'ਤੇ ਬੈਠਾ ਵੇਖਣਾ ਲੋਚਦਾ ਹੈ। ਨੇਤਾ ਜਿੱਤ ਕੇ ਆਵਾਮ ਦਾ ਕੁਝ ਸੰਵਾਰਨ ਭਾਵੇਂ ਨਾ ਪਰ ਆਪਣਾ ਜ਼ਰੂਰ ਦੋ ਪੀੜ੍ਹੀਆਂ ਦਾ ਭਵਿੱਖ ਸੇਫ਼ ਕਰ ਲੈਂਦੇ ਹਨ। ਯਾਦ ਰਹੇ ਪੰਜਾਬ ਦੋਵੇਂ ਰਵਾਇਤੀ ਪਾਰਟੀਆਂ ਤੋਂ ਅੱਕਿਆ ਤੀਜੇ ਬਦਲ ਦੀ ਤਲਾਸ਼ ਵਿਚ ਸੀ ਅਤੇ ਸਦਾ ਰਹੇਗਾ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਲੁਧਿਆਣਾ।

ਅਧਿਆਪਕ ਤੇ ਵਿਦਿਆਰਥੀ

ਚਾਹੇ ਅਧਿਆਤਮਿਕਤਾ ਦਾ ਮਾਰਗ ਹੋਵੇ ਜਾਂ ਸੰਸਾਰ ਵਿਚ ਰਸਤਾ ਦਿਖਾਉਣ ਵਾਲਾ ਕੇਵਲ ਅਧਿਆਪਕ ਹੀ ਹੁੰਦਾ ਹੈ। ਇਹ ਰਿਸ਼ਤਾ ਸੱਚਾ-ਸੁੱਚਾ ਪਾਕ-ਪਵਿੱਤਰ ਹੁੰਦਾ ਹੈ। ਜਿਥੇ ਬੱਚੇ ਦੇ ਜੀਵਨ ਦੀ ਭੂਮਿਕਾ ਬੱਝਦੀ ਹੈ। ਫਿਰ ਸਾਰੀ ਉਮਰ ਬਚਪਨ ਦੀਆਂ ਯਾਦਾਂ ਅਭੁੱਲ ਯਾਦ ਬਣ ਜਾਂਦੀਆਂ ਹਨ। ਕਿਸੇ ਨੇ ਕਿੰਨੀ ਵੀ ਤਰੱਕੀ ਕੀਤੀ ਹੈ ਉਸ ਵਿਚੋਂ ਸਭ ਤੋਂ ਵੱਧ ਰੋਲ ਅਧਿਆਪਕ ਦਾ ਹੀ ਹੋਇਆ ਕਰਦਾ। ਜੋ ਵੀ ਮੁਲਕ ਤਰੱਕੀ ਕਰਦੇ ਹਨ, ਉਹ ਚੰਗੇ ਅਧਿਆਪਕ ਦੀ ਹੀ ਦੇਣ ਹੁੰਦੀ ਹੈ ਜੋ ਸੰਸਾਰ ਵਿਚ ਤੀਜਾ ਨੇਤਰ ਵਿੱਦਿਆ ਦਾ ਦਾਨ ਦੇ ਕੇ ਬੱਚੇ ਨੂੰ ਆਪਣਾ ਹੀ ਰੂਪ ਬਖਸ਼ ਦਿੰਦੇ ਹਨ, ਭਾਵ ਆਪੇ ਦੀ ਪਛਾਣ ਕਰਵਾਉਂਦਾ ਹੈ। ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਉਣ। ਜੇ ਉਹ ਸਰਕਾਰੀ ਅਧਿਆਪਕ ਹਨ ਤਾਂ ਉਹ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ ਤਾਂ ਕਿ ਇਹ ਸਕੂਲ ਵਿੱਦਿਆ ਪੱਖੋਂ ਹੋਰ ਵੀ ਬਿਹਤਰ ਬਣ ਜਾਣ ਤੇ ਹੋਰ ਬੱਚਿਆਂ ਦਾ ਵੀ ਭਵਿੱਖ ਉੱਜਲਾ ਹੋਵੇ। ਇਹ ਬੇਨਤੀ ਅਧਿਆਪਕ ਸਾਹਿਬਾਨਾਂ ਨੂੰ ਵੀ ਮੰਨ ਲੈਣੀ ਚਾਹੀਦੀ ਹੈ, ਉਥੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਵਿੱਦਿਆ ਨੂੰ ਪਹਿਲ ਦੇਣ ਹਰ ਇਕ ਸਹੂਲਤ ਬੱਚਿਆਂ ਨੂੰ ਅਧਿਆਪਕਾਂ ਨੂੰ ਦਿੱਤੀ ਜਾਵੇ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਚੰਗੇ ਅਧਿਆਪਕਾਂ ਨੂੰ ਬਣਦਾ ਮਾਣ-ਸਨਮਾਨ ਦੇਵੇ ਤਾਂ ਕਿ ਉਨ੍ਹਾਂ ਅੰਦਰ ਉਤਸ਼ਾਹ ਪੈਦਾ ਹੋਵੇ ਤੇ ਆਪਣਾ ਯੋਗਦਾਨ ਦੇ ਕੇ ਦੇਸ਼ ਦੇ ਭਵਿੱਖ ਨੂੰ ਵਧੀਆ ਬਣਾਉਣ।

-ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ (ਮੋਗਾ)।

ਜੇ ਮਾਂ-ਬੋਲੀ ਬਚਾਉਣੀ ਹੈ ਤਾਂ...

ਜੇ ਮਾਂ-ਬੋਲੀ ਬਚਾਉਣੀ ਹੈ ਤਾਂ ਬੀ.ਐਸ.ਸੀ., ਨਾਨ-ਮੈਡੀਕਲ, ਮੈਡੀਕਲ, ਪੈਰਾਮੈਡੀਕਲ ਕੋਰਸ, ਡਿਪਲੋਮਾ ਕੋਰਸ ਤੇ ਲਾਅ ਦੀ ਡਿਗਰੀ ਆਦਿ ਦੀ ਪੜ੍ਹਾਈ ਦਾ ਪੰਜਾਬੀ ਮਾਧਿਅਮ ਇਕ ਬਦਲ ਦੇਣਾ, ਲਾਗੂ ਕਰਨਾ ਚਾਹੀਦਾ ਹੈ। 2017 ਦੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ 'edunet' 'ਤੇ ਈ ਬੁਕਸ ਪਈਆਂ ਹਨ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੇ ਵਿਗਿਆਨ ਦੇ ਵਿਸ਼ਿਆਂ ਦੀਆਂ। ਇਨ੍ਹਾਂ ਨੂੰ ਛਪਵਾ ਕੇ ਵਿਦਿਆਰਥੀਆਂ ਨੂੰ ਵਿਹਾਰਕ ਵਰਤੋਂ ਲਈ ਦਿੱਤਾ ਜਾਵੇ। ਇਸ ਨਾਲ ਪੰਜਾਬ ਬੋਰਡ ਦੇ ਪੰਜਾਬੀ ਮੀਡੀਅਮ ਵਿਚ ਪੜ੍ਹਦੇ ਬੱਚੇ ਦਸਵੀਂ ਤੋਂ ਬਾਅਦ ਸਾਇੰਸ ਤੋਂ ਬਾਅਦ ਨਹੀਂ ਛੱਡਣਗੇ, ਉਚੇਰੀ ਪੜ੍ਹਾਈ ਵਿਚ ਪੰਜਾਬੀ ਮਾਧਿਅਮ ਲਾਗੂ ਕਰਨ ਨਾਲ ਦੂਰਗਾਮੀ ਤੇ ਵਧੇਰੇ ਸਾਰਥਕ ਸਿੱਟੇ ਨਿਕਲਣਗੇ। ਸਾਡੇ ਪਿੰਡਾਂ ਦੇ ਹੁਸ਼ਿਆਰ ਬੱਚੇ ਵਿਗਿਆਨ ਨੂੰ ਤਿਲਾਂਜਲੀ ਨਹੀਂ ਦੇਣਗੇ। ਉਮੀਦ ਹੈ ਸਿੱਖਿਆ ਮੰਤਰੀ ਪੰਜਾਬ ਸ: ਪਰਗਟ ਸਿੰਘ ਅਤੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਇਸ ਪਾਸੇ ਧਿਆਨ ਦੇਣਗੇ।

-ਰਿਪਨਜੋਤ ਕੌਰ ਸੋਨੀ ਬੱਗਾ।

ਨਕਲ 'ਤੇ ਰੋਕ

ਸੈਕੰਡਰੀ ਬੋਰਡ ਆਫ ਐਜੂਕੇਸ਼ਨ ਅਤੇ ਪੰਜਾਬ ਬੋਰਡ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਆਉਣ ਦੇ ਨਾਲ ਜਿਥੇ ਵਿਦਿਆਰਥੀ ਪ੍ਰੀਖਿਆਵਾਂ ਦੀ ਤਿਆਰੀ ਵਿਚ ਜੁਟ ਗਏ ਹਨ, ਉਥੇ ਨਕਲ ਦੀ ਸਮੱਸਿਆ ਵੀ ਬਣੀ ਹੋਈ ਹੈ। ਪਿਛਲੇ ਲੰਮੇ ਸਮੇਂ ਤੋਂ ਬੋਰਡ ਦੇ ਨਕਲ ਰੋਕਣ ਦੇ ਕੀਤੇ ਯਤਨ ਵੀ ਪੂਰੀ ਤਰ੍ਹਾਂ ਸਫਲ ਨਹੀਂ ਹੋਏ। ਨਕਲ ਅਜਿਹਾ ਕੋਹੜ ਹੈ, ਜਿਸ ਨੇ ਸਾਡੇ ਬੱਚਿਆਂ ਨੂੰ ਬੌਧਿਕ ਪੱਧਰ 'ਤੇ ਕਮਜ਼ੋਰ ਕਰਕੇ ਉਨ੍ਹਾਂ ਦਾ ਭਵਿੱਖ ਧੁੰਦਲਾ ਕਰ ਦਿੱਤਾ ਹੈ। ਨਕਲ ਕਰਕੇ ਇਮਤਿਹਾਨ ਤਾਂ ਪਾਸ ਕੀਤਾ ਜਾ ਸਕਦਾ ਹੈ ਪਰ ਜ਼ਿੰਦਗੀ ਵਿਚ ਸਫਲਤਾ ਨਹੀਂ ਹਾਸਲ ਕੀਤੀ ਜਾ ਸਕਦੀ। ਮਿਹਨਤ ਦਾ ਕੋਈ ਬਦਲ ਨਹੀਂ ਹੈ। ਨਕਲ ਨੂੰ ਰੋਕਣ ਲਈ ਜਿਥੇ ਮਾਤਾ-ਪਿਤਾ ਨੂੰ ਅੱਗੇ ਆਉਣਾ ਹੋਵੇਗਾ, ਉਥੇ ਬੋਰਡ ਦੁਆਰਾ ਕੀਤੇ ਜਾਂਦੇ ਯਤਨਾਂ ਵਿਚ ਵੀ ਸੁਧਾਰ ਲਿਆਉਣਾ ਹੋਵੇਗਾ ਤਾਂ ਜੋ ਸਾਡੇ ਬੱਚੇ ਇਸ ਬੁਰਾਈ ਨੂੰ ਤਿਆਗ ਕੇ ਮਿਹਨਤ ਦਾ ਪੱਲਾ ਫੜ ਕੇ ਸਫਲ ਹੋ ਸਕਣ।

-ਰਜਵਿੰਦਰ ਪਾਲ
ਪਿੰਡ ਕਾਲਝਰਾਣੀ, ਡਾਕ: ਚਕ ਅਤਰ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ।

ਧੁੰਦ ਕਾਰਨ ਸੜਕ ਹਾਦਸੇ

ਸਰਦੀਆਂ ਦੇ ਦਿਨਾਂ ਵਿਚ ਧੁੰਦ ਕਾਰਨ ਸਾਨੂੰ ਸਭ ਨੂੰ ਬਹੁਤ ਸਾਰੇ ਸੜਕ ਹਾਦਸੇ ਦੇਖਣ ਨੂੰ ਮਿਲਦੇ ਹਨ। ਸਰਦੀਆਂ ਵਿਚ ਸੜਕ ਦੁਰਘਟਨਾਵਾਂ ਦਾ ਸਭ ਤੋਂ ਵੱਡਾ ਕਾਰਨ ਧੁੰਦ ਹੈ, ਇਸ ਲਈ ਸਾਨੂੰ ਕਦੇ ਵੀ ਸਰਦੀਆਂ ਵਿਚ ਜਲਦੀ ਨਹੀਂ ਕਰਨੀ ਚਾਹੀਦੀ ਹੈ ਤੇ ਇਨ੍ਹਾਂ ਦਿਨਾਂ ਵਿਚ ਸਾਨੂੰ ਸੜਕ 'ਤੇ ਬਹੁਤ ਸੁਚੇਤ ਰਹਿਣਾ ਚਾਹੀਦਾ ਹੈ। ਸਾਨੂੰ ਆਪਣੇ ਵਾਹਨਾਂ ਦੀ ਸਪੀਡ 'ਤੇ ਕਾਬੂ ਰੱਖਣਾ ਚਾਹੀਦਾ ਹੈ ਤੇ ਕਾਨੂੰਨ ਸਰਦੀਆਂ ਵਿਚ ਸੜਕਾਂ 'ਤੇ ਇਕ-ਦੂਜੇ ਵਾਹਨ ਤੋਂ ਦੂਰੀ ਬਣਾ ਕੇ ਚਲਣਾ ਚਾਹੀਦਾ ਹੈ।

-ਸਾਕਸ਼ੀ ਸ਼ਰਮਾ, ਜਲੰਧਰ।

08-12-2021

 ਰੁੱਖ ਤੇ ਮਨੁੱਖ ਦਾ ਰਿਸ਼ਤਾ

'ਅਜੀਤ' ਵਿਚ ਡਾ. ਮੁਹੰਮਦ ਇਦਰੀਸ ਦਾ ਲੇਖ ਪੰਜਾਬ ਦੇ ਇਤਿਹਾਸ ਵਿਚ ਦਰੱਖਤਾਂ ਦਾ ਮਹੱਤਵ ਇਕ ਖੋਜ ਭਰਪੂਰ ਵਧੀਆ ਲੇਖ ਸੀ। ਆਦਿ ਕਾਲ ਤੋਂ ਹਰ ਧਰਮ ਦੀ ਵੱਖ-ਵੱਖ ਦਰੱਖਤਾਂ ਨਾਲ ਗੂੜ੍ਹੀ ਸਾਂਝ ਰਹੀ ਹੈ ਮਨੁੱਖ ਤੇ ਰੁੱਖ ਦੀ ਸਾਂਝ ਪੁਰਾਤਨ ਕਾਲ ਤੋਂ ਚਲੀ ਆ ਰਹੀ ਹੈ। ਇਸੇ ਕਰਕੇ ਪੰਜਾਬ ਦੇ ਕਈ ਪਿੰਡਾਂ, ਮਨੁੱਖਾਂ ਤੇ ਧਾਰਮਿਕ ਅਸਥਾਨਾਂ ਦੇ ਨਾਂਅ ਸਾਨੂੰ ਇਨ੍ਹਾਂ ਰੁੱਖਾਂ ਨਾਲ ਮੇਲ ਖਾਂਦੇ ਹੋਏ ਮਿਲਦੇ ਹਨ। ਪੰਜਾਬੀ ਸੱਭਿਆਚਾਰ, ਸਾਹਿਤ, ਗੀਤਾਂ, ਲੋਕ ਗੀਤਾਂ ਅਤੇ ਲੋਕ ਕਥਾਵਾਂ ਵਿਚੋਂ ਇਨ੍ਹਾਂ ਰੁੱਖਾਂ ਦੀ ਝਲਕ ਮਿਲਦੀ ਹੈ। ਦਰੱਖਤ ਜਿਥੇ ਆਰਥਿਕਤਾ ਦਾ ਵੱਡਾ ਸਾਧਨ ਹਨ, ਉਥੇ ਕੁਦਰਤੀ ਸੰਤੁਲਨ ਨੂੰ ਬਣਾਈ ਰੱਖਣ, ਆਤਮਿਕ ਸ਼ਾਂਤੀ, ਜੀਵ ਜੰਤੂਆਂ ਦੀ ਰੱਖਿਆ, ਵਾਤਾਵਰਨ ਦੀ ਸੰਭਾਲ, ਖੇਤੀਬਾੜੀ ਸੰਤੁਲਨ, ਪਹਾੜਾਂ ਦਾ ਸੰਤੁਲਨ, ਹੜ੍ਹਾਂ ਦੀ ਰੋਕਥਾਮ, ਜ਼ਮੀਨੀ ਉਪਜਾਊ ਸ਼ਕਤੀ ਦਾ ਸਾਧਨ, ਸ਼ੁੱਧ ਜੜ੍ਹੀਆਂ ਬੂਟੀਆਂ ਅਤੇ ਗਰਮੀ ਤੋਂ ਬਚਾਉਣ ਦਾ ਸਾਧਨ ਹਨ। ਇਸੇ ਕਰਕੇ ਦਰੱਖਤਾਂ ਨੂੰ ਪੌਦਿਆਂ ਦੇ ਸਿਰਤਾਜ ਕਿਹਾ ਜਾਂਦਾ ਹੈ। ਆਦਿ ਕਾਲ ਤੋਂ ਕੁਝ ਬੇਹੱਦ ਮਹੱਤਵਪੂਰਨ ਦਰੱਖਤਾਂ ਨੂੰ ਤਾਹੀਉਂ ਪੂਜਿਆ ਜਾਂਦਾ ਰਿਹਾ ਹੈ ਪਰ ਕਈ ਅੰਧ-ਵਿਸ਼ਵਾਸੀ ਲੋਕਾਂ ਵਲੋਂ ਇਨ੍ਹਾਂ ਦਰੱਖਤਾਂ ਦੀਆਂ ਜੜ੍ਹਾਂ ਤੇ ਸਰ੍ਹੋਂ ਦਾ ਤੇਲ ਪਾਉਣ ਨਾਲ ਇਹ ਰੁੱਖ ਸੁੱਕ ਜਾਂਦੇ ਹਨ ਜੋ ਬੇਹੱਦ ਮਾੜੀ ਗੱਲ ਹੈ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਤਰਨ ਤਾਰਨ।

ਸਮੇਂ ਦੀ ਕਦਰ ਕਰੋ

ਸਾਡੇ ਜੀਵਨ ਵਿਚ ਸਮਾਂ ਬਹੁਤ ਕੀਮਤੀ ਹੈ। ਇਕ ਵਾਰੀ ਬੀਤਿਆ ਹੋਇਆ ਸਮਾਂ ਸਾਡੇ ਜੀਵਨ ਵਿਚ ਕਦੇ ਵਾਪਸ ਨਹੀਂ ਆਉਂਦਾ ਪਰ ਅੱਜਕਲ੍ਹ ਦੇ ਲੋਕਾਂ ਵਿਚ ਇਹ ਗੱਲ ਆਮ ਹੈ ਕਿ ਉਹ ਸਮੇਂ ਦੀ ਕਦਰ ਨਹੀਂ ਕਰਦੇ। ਸਮਾਂ ਕਦੇ ਵੀ ਕਿਸੇ ਦੀ ਉਡੀਕ ਨਹੀਂ ਕਰਦਾ ਹੈ, ਉਹ ਆਪਣੇ ਅਨੁਸਾਰ ਵਧਦਾ ਰਹਿੰਦਾ ਹੈ, ਇਸ ਲਈ ਸਾਨੂੰ ਹਰ ਕੰਮ ਸਮੇਂ ਸਿਰ ਕਰਨਾ ਚਾਹੀਦਾ ਹੈ। ਸਮੇਂ ਸਿਰ ਕੰਮ ਕਰਨ ਨਾਲ ਹਰ ਕੰਮ ਸਹੀ ਤਰ੍ਹਾਂ ਨਾਲ ਹੁੰਦਾ ਹੈ। ਜੋ ਲੋਕ ਸਮੇਂ ਸਿਰ ਕੰਮ ਨਹੀਂ ਕਰਦੇ, ਉਨ੍ਹਾਂ ਨੂੰ ਆਪਣੇ ਜੀਵਨ ਵਿਚ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਮੇਂ ਦੀ ਦੁਰਵਰਤੋਂ ਜੀਵਨ ਨੂੰ ਤਬਾਹ ਕਰ ਦਿੰਦੀ ਹੈ। ਇਸ ਲਈ ਸਾਨੂੰ ਸਮੇਂ ਦਾ ਸਦਉਪਯੋਗ ਕਰਨਾ ਚਾਹੀਦਾ ਹੈ।

-ਸਾਕਸ਼ੀ ਸ਼ਰਮਾ, ਜਲੰਧਰ।

ਪੰਜਾਬੀ ਨਾਲ ਵਿਤਕਰਾ

ਬੀਤੇ ਦਿਨੀਂ ਮੈਂ ਆਪਣੇ ਨਜ਼ਦੀਕੀ ਸ਼ਹਿਰ ਦੇ ਵੱਡੇ ਰੇਲਵੇ ਸਟੇਸ਼ਨ 'ਤੇ ਗਿਆ। ਉਥੇ 25 ਪਿੰਡਾਂ ਦੇ ਸਟੇਸ਼ਨਾਂ ਦੇ ਨਾਂਅ ਵਿਚੋਂ 23 ਪਿੰਡਾਂ ਦੇ ਨਾਂਅ ਪੰਜਾਬੀ ਵਿਚ ਗ਼ਲਤ ਲਿਖੇ ਹੋਏ ਸਨ। ਅੰਗਰੇਜ਼ੀ ਅਤੇ ਹਿੰਦੀ ਵਿਚ ਸਾਰੇ ਪਿੰਡਾਂ ਦੇ ਸਟੇਸ਼ਨਾਂ ਦੇ ਨਾਂਅ ਸਹੀ ਲਿਖੇ ਹੋਏ ਸਨ। ਇਹ ਪੰਜਾਬੀ ਮਾਂ-ਬੋਲੀ ਨਾਲ ਬਹੁਤ ਵੱਡਾ ਵਿਤਕਰਾ ਹੈ। ਹੋਰ ਤਾਂ ਹੋਰ ਪਹਿਲੇ ਸਟੇਸ਼ਨ ਦਾ ਨਾਂਅ ਅੰਗਰੇਜ਼ੀ ਵਿਚ ਫਿਰ ਹਿੰਦੀ ਵਿਚ ਉਸ ਤੋਂ ਬਾਅਦ ਤੀਜੇ ਨੰਬਰ 'ਤੇ ਪੰਜਾਬੀ ਵਿਚ ਲਿਖਿਆ ਗਿਆ। ਉਹ ਵੀ ਗ਼ਲਤ। ਮੰਨਿਆ ਕਿ ਰੇਲਵੇ ਕੇਂਦਰ ਸਰਕਾਰ ਦੇ ਅਧੀਨ ਹੈ ਪਰ ਸਟੇਸ਼ਨਾਂ ਦੇ ਨਾਂਅ ਪੰਜਾਬੀ ਭਾਸ਼ਾ ਵਿਚ ਸ਼ੁੱਧ ਲਿਖੇ ਜਾਣੇ ਚਾਹੀਦੇ ਹਨ, ਜਿਸ ਨਾਲ ਆਮ ਪਿੰਡਾਂ ਦੇ ਲੋਕ ਆਪਣੀ ਪੰਜਾਬੀ ਭਾਸ਼ਾ ਵਿਚ ਆਪਣੇ ਪਿੰਡ ਸਟੇਸ਼ਨ ਦਾ ਨਾਂਅ ਸਹੀ ਪੜ੍ਹ ਸਕਣ। ਪੰਜਾਬੀ ਭਾਸ਼ਾ ਵਿਚ ਸ਼ਬਦ ਜੋੜ ਸਹੀ ਲਿਖਿਆ ਜਾਣਾ ਚਾਹੀਦਾ ਹੈ ਤਾਂ ਹੀ ਪੰਜਾਬੀ ਮਾਂ ਤਰੱਕੀ ਕਰੇਗੀ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਖਸਤਾ ਹਾਲ ਸਰਕਾਰੀ ਬੱਸਾਂ

ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਵੜਿੰਗ ਨੇ ਮਹਿਕਮੇ 'ਚ ਕਾਫੀ ਸੁਧਾਰ ਕੀਤੇ ਹਨ। ਉਹ ਖ਼ੁਦ ਬੱਸ ਅੱਡਿਆਂ ਦੀ ਚੈਕਿੰਗ ਕਰਕੇ ਸਫ਼ਾਈ ਸਹੂਲਤਾਂ, ਟਾਈਮ ਟੇਬਲ ਆਦਿ ਵੱਲ ਨਿੱਜੀ ਤੌਰ 'ਤੇ ਧਿਆਨ ਦੇ ਕੇ ਕਾਫੀ ਵਧੀਆ ਕੰਮ ਕਰ ਰਹੇ ਹਨ। ਨਾਜਾਇਜ਼ ਬੱਸਾਂ 'ਤੇ ਵੀ ਕਾਰਵਾਈ ਕਰਕੇ ਉਨ੍ਹਾਂ ਦੇ ਟੈਕਸ ਭਰਵਾ ਕੇ ਸਰਕਾਰ ਦੀ ਆਮਦਨ ਵਿਚ ਵਾਧਾ ਕੀਤਾ ਜਾ ਰਿਹਾ ਹੈ। ਪਰ ਅਜੇ ਵੀ ਬਹੁਤ ਕੁਝ ਕਰਨਾ ਬਾਕੀ ਹੈ। ਇਹ ਦੇਖਿਆ ਜਾ ਰਿਹਾ ਹੈ ਕਿ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਦੀ ਹਾਲਤ ਆਮ ਤੌਰ 'ਤੇ ਬਹੁਤ ਖਸਤਾ ਹੈ ਭਾਵ ਸੜਕਾਂ 'ਤੇ ਚੱਲਣਯੋਗ ਹਾਲਤ ਵਿਚ ਨਹੀਂ ਹਨ। ਇੰਜਣ ਦੀ ਤਾਂ ਗੱਲ ਛੱਡੋ ਬੱਸਾਂ ਦੀਆਂ ਸੀਟਾਂ, ਚੈਸੀਆਂ ਅਤੇ ਬਾਰੀਆਂ ਵੀ ਬਹੁਤ ਖ਼ਰਾਬ ਹਾਲਤ ਵਿਚ ਹੁੰਦੀਆਂ ਹਨ। ਸੀਟਾਂ ਤਾਂ ਬੈਠਣਯੋਗ ਵੀ ਨਹੀਂ ਹੁੰਦੀਆਂ ਹਨ। ਉਨ੍ਹਾਂ ਵਿਚ ਕਿੱਲ ਆਦਿ ਲੱਗੇ ਹੋਣ ਕਰਕੇ ਸਵਾਰੀਆਂ ਦੇ ਕੱਪੜੇ ਫਟਣ ਅਤੇ ਸੱਟ ਫੇਟ ਲੱਗਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਮੁਕਾਬਲਤਨ ਪ੍ਰਾਈਵੇਟ ਬੱਸਾਂ ਦੀ ਲਿਸ਼ਕ-ਪੁਸ਼ਕ ਹੋਣ ਕਾਰਨ ਸਵਾਰੀਆਂ ਉਨ੍ਹਾਂ ਵਿਚ ਸਫ਼ਰ ਕਰਨ ਨੂੰ ਪਹਿਲ ਦਿੰਦੀਆਂ ਹਨ। ਸੋ, ਟਰਾਂਸਪੋਰਟ ਮੰਤਰੀ ਅਤੇ ਵਿਭਾਗ ਨੂੰ ਬੇਨਤੀ ਹੈ ਕਿ ਪੁਰਾਣੀਆਂ ਬੱਸਾਂ ਦੀ ਯੋਗ ਮੁਰੰਮਤ ਕਰਕੇ ਇਨ੍ਹਾਂ 'ਚ ਸੁਧਾਰ ਕੀਤਾ ਜਾਵੇ।

-ਅਸ਼ੋਕ ਚਟਾਨੀ
ਡਿਪਟੀ ਇਕਨਾਮਿਕ ਐਡਵਾਈਜ਼ਰ (ਰਿਟਾ:) ਮੋਗਾ।

ਜਾਗਣ ਦਾ ਵੇਲਾ

ਫਰਵਰੀ 2022 ਵਿਚ ਪੰਜ ਰਾਜਾਂ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ 'ਤੇ ਹਨ। ਅੱਜਕਲ੍ਹ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਮੁਫ਼ਤ ਸਹੂਲਤਾਂ ਦੀਆਂ ਬੁਛਾੜਾਂ ਹੋ ਰਹੀਆਂ ਹਨ। ਜਿਵੇਂ ਤਿਉਹਾਰਾਂ ਦੇ ਦਿਨਾਂ ਵਿਚ ਸੇਲ! ਸੇਲ! ਸੇਲ! ਦੀਆਂ ਆਵਾਜ਼ਾਂ ਕੰਨਾਂ ਵਿਚ ਪੈਂਦੀਆਂ ਹਨ। ਜਿਵੇਂ ਸਭ ਚੀਜ਼ਾਂ ਦੀ ਸੇਲ ਤੋਂ ਬਾਅਦ ਸੇਲ ਵਾਲਾ ਭਾਈ ਨਹੀਂ ਲੱਭਦਾ। ਉਹੀ ਹਾਲ ਅੱਜਕਲ੍ਹ ਰਾਜਨੀਤੀ ਦਾ ਹੈ। ਵੋਟਾਂ ਲੈਣ ਲਈ ਕਈ ਤਰ੍ਹਾਂ ਦੇ ਮੁਫ਼ਤ ਸਹੂਲਤਾਂ ਦੇ ਗੱਫਿਆਂ ਨਾਲ ਵੋਟਰਾਂ ਨੂੰ ਭਰਮਾਇਆ ਜਾ ਰਿਹਾ ਹੈ। ਮੈਨੀਫੈਸਟੋ ਵਿਚ ਕਈ ਤਰ੍ਹਾਂ ਦੇ ਸਬਜ਼ਬਾਗ ਦਿਖਾਏ ਜਾਣਗੇ। ਧਰਮ, ਜਾਤ ਪਾਤ ਫ਼ਿਰਕਾਪ੍ਰਸਤੀ ਨੂੰ ਹਵਾ ਦਿੱਤੀ ਜਾਵੇਗੀ। ਜਿੱਤਣ ਤੋਂ ਬਾਅਦ ਨੇਤਾ ਜੀ ਫਿਰ ਚਾਰ ਸਾਲ ਤੱਕ ਅਖ਼ਬਾਰਾਂ ਵਿਚ ਤਸਵੀਰਾਂ ਰਾਹੀਂ ਹੀ ਦਿਖਾਈ ਦਿੰਦੇ ਹਨ। ਬਹੁਤ ਹੋ ਗਿਆ ਜੇਕਰ ਅਸੀਂ ਹੁਣ ਵੀ ਸੂਝਵਾਨ ਵੋਟਰ ਨਾ ਬਣੇ ਤਾਂ ਰੱਬ ਹੀ ਰਾਖਾ। ਸਾਰੇ ਵੋਟਰਾਂ ਨੂੰ ਮੂੰਹ ਮੁਲਾਹਜ਼ਾ ਤਿਆਗ ਕੇ ਜ਼ਮੀਨੀ ਹਕੀਕਤਾਂ ਨੂੰ ਵੇਖਦੇ ਹੋਏ ਫ਼ੈਸਲਾ ਕਰਨ ਦਾ ਸਮਾਂ ਹੈ। ਮੁਫ਼ਤ ਦੇ ਲਾਲਚ ਵਿਚ ਪੈ ਕੇ ਆਉਣ ਵਾਲਾ ਸਮਾਂ ਖੂਹ ਵਿਚ ਨਾ ਸੁੱਟੋ। ਜਾਗੋ ਜਾਗਣ ਦਾ ਵੇਲਾ ਹੈ। ਉਮੀਦਵਾਰ ਚੁਣਨ ਤੋਂ ਪਹਿਲਾਂ ਜ਼ਰੂਰ ਸੋਚੋ।-

ਕੈਲਾਸ਼ ਠਾਕੁਰ
ਪਿੰਡ ਬਰਮਲਾ।

ਪ੍ਰਸ਼ਾਸਨ ਧਿਆਨ ਦੇਵੇ

ਸਰਦੀ ਤੇ ਧੁੰਦ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਮਹੀਨੇ ਸ਼ਹੀਦੀ ਜੋੜ ਮੇਲ ਵੀ ਸ਼ੁਰੂ ਹੋਣ ਵਾਲਾ ਹੈ। ਸੰਗਤਾਂ, ਸ਼ਰਧਾਲੂ ਜੋ ਕਿ ਜ਼ਿਆਦਾਤਰ ਪਿੰਡਾਂ ਵਿਚੋਂ ਟਰਾਲੀਆਂ, ਟੈਂਪੂਆਂ, ਟਰੱਕਾਂ ਆਦਿ 'ਤੇ ਦਰਸ਼ਨਾਂ ਨੂੰ ਆਉਂਦੀਆਂ ਹਨ ਅਤੇ ਅਕਸਰ ਹੀ ਵੇਖਿਆ ਗਿਆ ਹੈ ਕਿ ਪੰਜਾਬ ਦੇ ਕਈ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਨੂੰ ਜਾਣ ਵਾਲੀਆਂ ਕਈ ਸੜਕਾਂ ਦੇ ਦੋਵੇਂ ਕਿਨਾਰੇ ਚਿੱਟੀ ਲਕੀਰ ਨਹੀਂ ਵੱਜੀ ਹੁੰਦੀ, ਜਿਸ ਕਾਰਨ ਰਾਤ ਦੇ ਹਨੇਰੇ ਖ਼ਾਸ ਕਰਕੇ ਧੁੰਦ ਵਿਚ ਸੜਕ ਦੇ ਕਿਨਾਰਿਆਂ ਦਾ ਪਤਾ ਨਹੀਂ ਲਗਦਾ ਜੋ ਕਿ ਕਈ ਵਾਰ ਹਾਦਸਿਆਂ ਦਾ ਕਾਰਨ ਬਣਦੇ ਹਨ। ਜਿਵੇਂ ਕਿ ਜਲੰਧਰ ਸਮਾਰਟ ਸਿਟੀ ਵਿਚ ਆ ਜਾਣ ਕਾਰਨ ਜਲੰਧਰ ਸ਼ਹਿਰ ਦੀ ਪ੍ਰਸ਼ਾਸਨ ਵਲੋਂ ਜ਼ੋਰ-ਸ਼ੋਰ ਨਾਲ ਕਾਇਆ-ਕਲਪ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਜੇਕਰ ਹੋ ਸਕੇ ਤਾਂ ਇਸ ਦੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੇ ਛੋਟੇ ਕਸਬਿਆਂ ਆਦਮਪੁਰ, ਫਿਲੌਰ, ਨਕੋਦਰ, ਨਡਾਲਾ, ਭੁਲੱਥ, ਕਰਤਾਰਪੁਰ ਤੋਂ ਪਿੰਡਾਂ ਨੂੰ ਜਾਣ ਵਾਲੀਆਂ ਲਿੰਕ ਸੜਕਾਂ ਦੇ ਦੋਵੇਂ ਪਾਸੇ ਚਿੱਟੀਆਂ ਲਕੀਰਾਂ ਜੇਕਰ ਨਹੀਂ ਹਨ ਤਾਂ ਲਗਾ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਜਲੰਧਰ ਹਰ ਪਾਸਿਉਂ ਸੁੰਦਰ ਦਿਸਣ ਦੇ ਨਾਲ-ਨਾਲ ਸਰਦੀ ਵਿਚ ਪੈਣ ਵਾਲੀ ਧੁੰਦ ਸਮੇਂ ਵਾਪਰਨ ਵਾਲੇ ਹਾਦਸਿਆਂ ਤੋਂ ਬਚਾਅ ਹੋ ਸਕੇ। ਰਾਜਨੀਤਕ ਲੋਕਾਂ ਨੂੰ ਅਜਿਹੇ ਲੋਕ ਭਲਾਈ ਦੇ ਕੰਮ ਕਰਾਉਣੇ ਚਾਹੀਦੇ ਹਨ ਤਾਂ ਜੋ ਲੋਕ ਉਨ੍ਹਾਂ ਦੇ ਕੰਮ ਨੂੰ ਵੇਖ ਕੇ ਆਪਣੇ-ਆਪ ਹੀ ਵੋਟਾਂ ਪਾਉਣ।

-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ, ਜਲੰਧਰ।

07-12-2021

 ਮਨੁੱਖੀ ਜ਼ਿੰਦਗੀ ਦਾ ਘਾਣ

ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ। ਕੋਈ ਦਿਨ ਅਜਿਹਾ ਨਹੀਂ ਹੋਣਾ ਜਦੋਂ ਅਖ਼ਬਾਰ ਵਿਚ ਇਹ ਖ਼ਬਰ ਨਾ ਛਪੀ ਹੋਵੇ ਕਿ ਅੱਜ ਫਲਾਂ ਨੌਜਵਾਨ ਚਿੱਟੇ ਦੀ ਭੇਟ ਚੜ੍ਹਿਆ। ਪਿਛਲੇ ਦਿਨੀਂ ਅੰਮ੍ਰਿਤਸਰ ਦੇ ਨਾਲ ਲਗਦੇ ਸਰਹੱਦੀ ਜ਼ਿਲ੍ਹਿਆਂ ਵਿਚ ਸ਼ਰਾਬ ਨੇ ਕਹਿਰ ਢਾਹਿਆ। ਨਸ਼ਿਆਂ ਦਾ ਵੱਡਾ ਕਾਰਨ ਬੇਰੁਜ਼ਗਾਰੀ ਵੀ ਹੈ। ਮਾਂ-ਪਿਓ ਦੇ ਬਹੁਤ ਅਰਮਾਨ ਹੁੰਦੇ ਹਨ। ਡਿਗਰੀਆਂ ਹੱਥਾਂ ਵਿਚ ਫੜੀ, ਨੌਕਰੀ ਦੀ ਪ੍ਰੇਸ਼ਾਨੀ ਮਾਪਿਆਂ ਦੀਆਂ ਉਮੀਦਾਂ 'ਤੇ ਖਰਾ ਨਾ ਉਤਰਨਾ ਨਸ਼ੇ ਦਾ ਬਹੁਤ ਵੱਡਾ ਕਾਰਨ ਹੈ। ਨਸ਼ੇੜੀ ਨੌਜਵਾਨ ਆਪਣੇ ਮਾਂ-ਬਾਪ ਨੂੰ ਵੀ ਨਹੀਂ ਬਖ਼ਸ਼ਦੇ। ਨਸ਼ਿਆਂ ਦੀ ਭਰਪਾਈ ਲਈ ਤਾਂ ਨੌਜਵਾਨਾਂ ਨੇ ਆਪਣੀ ਜ਼ਮੀਨ ਗਹਿਣੇ ਤੱਕ ਰੱਖ ਦਿੱਤੀ ਹੈ।
ਮਾਂ-ਬਾਪ ਏਨੇ ਪ੍ਰੇਸ਼ਾਨ ਹੋ ਜਾਂਦੇ ਹਨ ਕਿ ਉਹ ਫਿਰ ਦੁਖੀ ਹੋ ਕੇ ਇਹੀ ਕਹਿੰਦੇ ਹਨ ਕਿ ਚੰਗਾ ਹੁੰਦਾ ਜੇ ਤੂੰੰ ਜੰਮਣ ਤੋਂ ਪਹਿਲੇ ਹੀ ਮਰ ਜਾਂਦਾ। ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰ ਜ਼ਿੰਦਗੀ ਤੋਂ ਹਾਰ ਗਏ ਮਾਂ-ਬਾਪ ਦੀ ਚੰਗੀ ਲੁੱਟ-ਖਸੁੱਟ ਕਰਦੇ ਹਨ। ਨਸ਼ੇ ਦੀ ਓਵਰਡੋਜ਼ ਕਾਰਨ ਕਈ ਨੌਜਵਾਨਾਂ ਦੀਆਂ ਮੌਤਾਂ ਹੋਈਆਂ। ਹਾਲਾਂਕਿ ਸੂਬਾ ਸਰਕਾਰਾਂ ਨੇ ਕੁਝ ਹੱਦ ਤੱਕ ਨਸ਼ਾ ਸੌਦਾਗਰਾਂ ਨੂੰ ਕਾਬੂ ਵੀ ਕੀਤਾ ਹੈ। ਕਈ ਸੌਦਾਗਰ ਜੇਲ੍ਹਾਂ ਵਿਚ ਵੀ ਡੱਕੇ ਹਨ। ਪੁਲਿਸ ਪ੍ਰਸ਼ਾਸਨ ਨੂੰ ਵੀ ਸਰਕਾਰਾਂ ਦਾ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ। ਨਸ਼ਾ ਇਕ ਕੋਹੜ ਵਰਗੀ ਬਿਮਾਰੀ ਹੈ, ਜੋ ਭਵਿੱਖ ਨੂੰ ਤਬਾਹ ਕਰ ਰਹੀ ਹੈ। ਇਸ ਲਈ ਇਸ 'ਤੇ ਤੇਜ਼ੀ ਨਾਲ ਕਾਬੂ ਪਾਉਣਾ ਬਹੁਤ ਜ਼ਰੂਰੀ ਹੈ।

-ਸੰਜੀਵ ਸਿੰਘ ਸੈਣੀ, ਡੇਰਾ ਬੱਸੀ।

ਕਿਸਾਨ ਸੰਘਰਸ਼

ਪਿਛਲੇ ਇਕ ਸਾਲ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਹਰ ਖਰਾਬ ਮੌਸਮ ਅਤੇ ਮੁਸ਼ਕਿਲ ਦਾ ਟਾਕਰਾ ਕਰਦੇ ਲੱਖਾਂ ਕਿਸਾਨ, ਮਜ਼ਦੂਰ, ਔਰਤਾਂ, ਬਜ਼ੁਰਗ ਨੌਜਵਾਨ ਅਤੇ ਹੋਰਨਾਂ ਵਰਗਾਂ ਦੇ ਲੋਕ ਆਪਣੇ ਸਿਰੜੀ ਸੰਘਰਸ਼ ਨਾਲ ਫਾਸ਼ੀਵਾਦੀ ਮੋਦੀ ਸਰਕਾਰ ਤੋਂ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਵਧਾਈ ਦੇ ਪਾਤਰ ਹਨ। ਪਰ ਅਜੇ ਇਹ ਅਧੂਰੀ ਜਿੱਤ ਹੈ ਅਤੇ ਕਿਸਾਨ ਸੰਘਰਸ਼ ਨਾਲ ਸੰਬੰਧਿਤ ਕਈ ਹੋਰ ਅਹਿਮ ਮੰਗਾਂ ਦੀ ਪੂਰਤੀ ਕਰਵਾਉਣੀ ਹੈ। ਜਿਸ ਨੂੰ ਮੋਦੀ ਸਰਕਾਰ ਦੇ ਮਹਿਜ਼ ਲਿਖਤੀ ਭਰੋਸਿਆਂ ਅਤੇ ਕਮੇਟੀਆਂ ਦੇ ਆਸਰੇ ਨਹੀਂ ਛੱਡਿਆ ਜਾ ਸਕਦਾ। ਮੋਦੀ ਸਰਕਾਰ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਦੀ ਨਮੋਸ਼ੀ ਕਰਕੇ ਬਾਕੀ ਕਿਸਾਨੀ ਮੰਗਾਂ ਸੰਬੰਧੀ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਗੱਲਬਾਤ ਨਹੀਂ ਕਰ ਰਹੀ ਅਤੇ ਸਿਰਫ਼ ਇਕਪਾਸੜ ਐਲਾਨ ਕਰਕੇ ਕਿਸਾਨ ਸੰਘਰਸ਼ ਨੂੰ ਖ਼ਤਮ ਕਰਨਾ ਚਾਹੁੰਦੀ ਹੈ।
ਇਹ ਸੰਘਰਸ਼ ਫ਼ਸਲਾਂ ਦੀ ਐਮ.ਐਸ.ਪੀ. ਅਤੇ ਖਰੀਦ ਦੀ ਕਾਨੂੰਨੀ ਗਾਰੰਟੀ, ਪੁਲਿਸ ਕੇਸਾਂ ਦੀ ਵਾਪਸੀ ਅਤੇ ਸ਼ਹੀਦ ਕਿਸਾਨਾਂ ਦਾ ਮੁਆਵਜ਼ਾ ਮਿਲਣ ਤੱਕ ਜ਼ਰੂਰ ਜਾਰੀ ਰਹਿਣਾ ਚਾਹੀਦਾ ਹੈ।

-ਸੁਮੀਤ ਸਿੰਘ
ਮੋਹਣੀ ਪਾਰਕ, ਅੰਮ੍ਰਿਤਸਰ।

ਕੁਦਰਤੀ ਸਰੋਤ ਬਚਾਓ

ਸਾਡੇ ਕੁਦਰਤੀ ਸਰੋਤ ਕਈ ਕਾਰਨਾਂ ਕਰਕੇ ਖ਼ਤਮ ਹੁੰਦੇ ਜਾ ਰਹੇ ਹਨ, ਜਿਨ੍ਹਾਂ ਵਿਚੋਂ ਸਭ ਤੋਂ ਵੱਡਾ ਕਾਰਨ ਪ੍ਰਦੂਸ਼ਣ ਹੈ। ਪ੍ਰਦੂਸ਼ਣ ਕਾਰਨ ਸਾਡੇ ਕੁਦਰਤੀ ਸਰੋਤ ਗੰਦਗੀ ਨਾਲ ਭਰਦੇ ਜਾ ਰਹੇ ਹਨ। ਅੱਜ ਦੇ ਸਮੇਂ ਵਿਚ ਪ੍ਰਦੂਸ਼ਣ ਕਾਰਨ ਜਿਹੜੇ ਕੁਦਰਤੀ ਸਰੋਤ ਖਰਾਬ ਹੋ ਰਹੇ ਹਨ, ਉਨ੍ਹਾਂ ਨੂੰ ਬਣਨ ਵਿਚ ਲੱਖਾਂ ਸਾਲ ਲਗਦੇ ਹਨ, ਇਸ ਲਈ ਸਾਨੂੰ ਆਪਣੇ ਕੁਦਰਤੀ ਸਰੋਤਾਂ ਦੀ ਵਰਤੋਂ ਸੋਚ-ਸਮਝ ਕੇ ਕਰਨੀ ਚਾਹੀਦੀ ਹੈ।

-ਸਾਕਸ਼ੀ ਸ਼ਰਮਾ,
ਜਲੰਧਰ।

ਦੇਰ ਆਏ, ਦਰੁਸਤ ਆਏ

ਕਈ ਵਾਰੀ ਕੋਈ ਵੀ ਕੰਮ ਜੇ ਦੇਰ ਨਾਲ ਵੀ ਠੀਕ ਹੋ ਜਾਵੇ ਤਾਂ ਅਸੀਂ ਕਹਿੰਦੇ ਹਾਂ ਭਾਵੇਂ ਇਹ ਕੰਮ ਜਾਂ ਮਸਲਾ ਭਾਵੇਂ ਦੇਰ ਨਾਲ ਹੀ ਹੱਲ ਹੋਇਆ ਹੈ, ਠੀਕ ਹੀ ਹੋਇਆ ਹੈ ਦੇਰ ਆਏ ਦਰੁਸਤ ਆਏ। ਇਸੇ ਤਰ੍ਹਾਂ ਜੋ ਫ਼ੈਸਲਾ ਸਾਡੇ ਪ੍ਰਧਾਨ ਮੰਤਰੀ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਨਾਲ ਕੀਤਾ ਹੈ, ਉਹ ਅਤਿ ਸ਼ਲਾਘਾਯੋਗ ਫ਼ੈਸਲਾ ਹੈ। ਕਿਸਾਨ ਜਿਹੜੇ ਇਕ ਸਾਲ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਇਨ੍ਹਾਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਰਕਾਰ ਵਿਰੁੱਧ ਸੰਘਰਸ਼ ਕਰ ਰਹੇ ਸਨ ਪਰ ਉਦੋਂ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀਂ ਸੀ ਹੋਈ। ਪ੍ਰੰਤੂ ਹੁਣ ਪ੍ਰਧਾਨ ਮੰਤਰੀ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਤਿੰਨੇ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਕੇ ਜਿਥੇ ਕਿਸਾਨਾਂ ਨੂੰ ਤੋਹਫ਼ਾ ਦਿੱਤਾ ਹੈ, ਉਥੇ ਹੀ ਐਮ.ਐਸ.ਪੀ. ਲਈ ਇਕ ਕਮੇਟੀ ਬਣਾਉਣ ਦਾ ਐਲਾਨ ਵੀ ਕੀਤਾ ਹੈ। ਉਮੀਦ ਹੈ ਕਿ ਇਸ ਨਾਲ ਕਿਸਾਨੀ ਮਸਲਾ ਹੱਲ ਹੋਵੇਗਾ।

-ਸੁਖਚੈਨ ਸਿੰਘ ਢਿੱਲੋਂ
ਖਿੱਪਾਂ ਵਾਲੀ (ਫਾਜ਼ਿਲਕਾ)।

ਅਸ਼ਲੀਲਤਾ ਫੈਲਾਉਂਦੇ ਟੀ.ਵੀ.

ਪਹਿਲਾਂ ਕਿਹਾ ਜਾਂਦਾ ਹੈ ਕਿ ਬੱਚਿਆਂ 'ਤੇ ਮਾਂ ਦਾ ਪ੍ਰਭਾਵ ਪੈਂਦਾ ਹੈ ਪਰ ਅੱਜਕਲ੍ਹ ਬੱਚਾ ਮਾਂ ਤੋਂ ਘੱਟ ਮੀਡੀਆ ਤੋਂ ਬਹੁਤਾ ਪ੍ਰਭਾਵਿਤ ਹੋ ਰਿਹਾ ਹੈ। ਕੱਲ੍ਹ ਤੱਕ ਕਿਹਾ ਜਾਂਦਾ ਸੀ ਕਿ ਬੱਚਾ ਆਪਣੀ ਮਾਂ 'ਤੇ ਗਿਆ ਹੈ ਜਾਂ ਆਪਣੇ ਬਾਪ 'ਤੇ ਗਿਆ ਹੈ। ਪਰ ਅੱਜ ਜਿਸ ਤਰ੍ਹਾਂ ਨਾਲ ਦੇਸੀ-ਵਿਦੇਸ਼ੀ ਚੈਨਲ ਹਿੰਸਾ ਅਤੇ ਅਸ਼ਲੀਲਤਾ ਪਰੋਸ ਰਹੇ ਹਨ, ਉਸ ਨੂੰ ਵੇਖ ਕੇ ਜਾਪਦਾ ਹੈ ਕਿ ਕੱਲ੍ਹ ਨੂੰ ਇਹ ਕਿਹਾ ਜਾਵੇਗਾ ਕਿ ਇਹ ਬੱਚਾ ਟੀ.ਵੀ. 'ਤੇ ਗਿਆ ਹੈ ਅਤੇ ਜਿਹੜੀ ਕੁੜੀ ਨਖੱਟੂ ਹੈ ਡਾਂਸ ਕਰਦੀ ਹੈ ਉਹ ਤਾਂ ਪੂਰੀ ਫੈਸ਼ਨ ਟੀ.ਵੀ. 'ਤੇ ਗਈ ਹੈ। ਅੱਜਕਲ੍ਹ ਵੱਖ-ਵੱਖ ਚੈਨਲਾਂ ਵਲੋਂ ਦੇਸ਼ 'ਤੇ ਜਿਹੜੇ ਸੱਭਿਆਚਾਰਕ ਹਮਲੇ ਹੋ ਰਹੇ ਹਨ, ਉਹ ਓਸਾਮਾ ਬਿਨ ਲਾਦੇਨ ਵਰਗੇ ਅੱਤਵਾਦੀਆਂ ਦੇ ਹਮਲਿਆਂ ਨਾਲੋਂ ਵੀ ਖ਼ਤਰਨਾਕ ਹਨ। ਇਨ੍ਹਾਂ 'ਤੇ ਵੀ ਲਗਾਮ ਲਾਉਣ ਦੀ ਲੋੜ ਹੈ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਲੋਕਤੰਤਰ ਜਾਂ ਰਾਜਤੰਤਰ?

ਭਾਰਤ ਦੇ ਨੇਤਾਵਾਂ ਦੇ ਮਨਾਂ ਵਿਚ ਆਪਣਾ ਨਾਂਅ ਚਮਕਾਉਣ ਦੀ ਲਾਲਸਾ ਤੋਂ ਸਾਰਾ ਜੱਗ ਜਾਣੂ ਹੈ। ਅੱਜਕਲ੍ਹ ਰਾਜਨੀਤਕ ਸੰਗਠਨ ਤੋਂ ਪਹਿਲਾਂ ਰਾਜ ਨੇਤਾ ਦਾ ਨਾਂਅ ਆਉਂਦਾ ਹੈ। ਸਾਰੀ ਪਾਰਟੀ ਇਕ ਇਕ ਵਿਅਕਤੀ ਦਾ ਹੁਕਮ ਮੰਨਣ ਲਈ ਮਜਬੂਰ ਹੈ ਜਦ ਕਿ ਪਾਰਟੀ ਸਿਰਫ ਇਕ ਵਿਅਕਤੀ ਦੀ ਨਹੀਂ ਹੁੰਦੀ। ਉਦਾਹਰਨ ਵਜੋਂ ਸੱਤਾਧਾਰੀ ਪਾਰਟੀ ਤੋਂ ਬਾਅਦ ਹੁਣ ਗ਼ੈਰ-ਸੱਤਾਧਾਰੀ ਪਾਰਟੀ ਵਿਚ ਵੀ ਇਹ ਗੱਲ ਸਾਹਮਣੇ ਆ ਰਹੀ ਹੈ। ਮੰਤਰੀ ਮੰਡਲ ਦੀ ਅਹਿਮੀਅਤ ਨੂੰ ਬੜੇ ਗੁੱਝੇ ਢੰਗ ਨਾਲ ਖ਼ਤਮ ਕੀਤਾ ਜਾ ਰਿਹਾ ਹੈ। ਅੱਜ ਮੰਤਰੀ ਮੰਡਲ ਦੇ ਵਜ਼ੀਰ ਆਪਣੇ ਲੋਕਾਂ ਦੇ ਮੁੱਦੇ ਚੁੱਕਣ ਦੀ ਬਜਾਏ ਬਸ ਰਾਜੇ ਦੀ ਹਾਂ 'ਚ ਹਾਂ ਮਿਲਾਉਣ ਜੋਗੇ ਰਹਿ ਗਏ ਹਨ। ਅੱਜ ਦੇ ਰਾਜਨੀਤਕ ਢਾਂਚੇ ਨੂੰ ਲੋਕਤੰਤਰ ਦੀ ਜਗ੍ਹਾ ਰਾਜਤੰਤਰ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ, ਕਿਉਂਕਿ ਹਰ ਇਕ ਰਾਜਨੀਤਕ ਲੀਡਰ ਸਮਾਜ ਸੇਵੀ ਬਣਨ ਦੀ ਥਾਂ ਸਮਾਰਟ ਬਣਨ ਦੀ ਝਾਕ ਕਰਦਾ ਹੈ ਜੋ ਕਿ ਦੇਸ਼ ਲਈ ਤੇ ਦੇਸ਼ ਦੇ ਲੋਕਾਂ ਲਈ ਕੋਈ ਚੰਗੇ ਸੰਕੇਤ ਨਹੀਂ ਹਨ।

-ਅਕਾਸ਼ਦੀਪ ਸੀਰਵਾਲੀ
ਬੀ.ਏ. ਪੰਜਾਬ ਯੂਨੀਵਰਸਿਟੀ।

06-12-2021

 ਰੇਤਾ ਅਜੇ ਵੀ ਮਹਿੰਗੀ
ਥੋੜ੍ਹੇ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਵਲੋਂ ਪ੍ਰੈੱਸ ਕਾਨਫਰੰਸ ਕਰਕੇ ਰੇਤਾ ਦੇ ਰੇਟ ਸਾਢੇ ਪੰਜ ਰੁਪਏ ਫੁੱਟ ਤੈਅ ਕੀਤਾ ਸੀ, ਜਿਸ ਵਿਚ ਭਰਾਈ ਵੀ ਸ਼ਾਮਿਲ ਸੀ। ਇਹ ਐਲਾਨ ਕਰਦੇ ਸਮੇਂ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦੇ ਨਾਲ ਬੈਠੇ ਸਨ, ਜੋ ਇਕ ਚੰਗਾ ਫ਼ੈਸਲਾ ਸੀ। ਆਮ ਜਨਤਾ ਨੇ ਬਹੁਤ ਵੱਡੀ ਰਾਹਤ ਸਮਝੀ ਸੀ, ਕਿਉਂਕਿ ਰੇਤਾ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਸੀ। ਪਰ ਪ੍ਰਿੰਟ ਮੀਡੀਆ ਦੀਆਂ ਰਿਪੋਰਟਾਂ ਮੁਤਾਬਿਕ ਅਜੇ ਵੀ ਰੇਤਾ 25 ਰੁਪਏ ਪ੍ਰਤੀ ਫੁੱਟ ਵੇਚੀ ਜਾ ਰਹੀ ਹੈ, ਜੋ ਆਉਣ ਵਾਲੇ ਦਿਨਾਂ ਵਿਚ ਸ਼ਾਇਦ ਇਸ ਤੋਂ ਵੀ ਮਹਿੰਗੀ ਮਿਲੇ। ਸੋ, ਸਰਕਾਰ ਨੂੰ ਬੇਨਤੀ ਹੈ ਕਿ ਉਹ ਰੇਤ ਦੇ ਭਾਅ ਬਾਰੇ ਸਥਿਤੀ ਸਪੱਸ਼ਟ ਕਰੇ।


-ਸੁਰਜੀਤ ਸਿੰਘ ਰਾਜੋਮਾਜਰਾ
ਪਿੰਡ ਰਾਜੋਮਾਜਰਾ (ਬਨੂੜ)


ਸ਼ਲਾਘਾਯੋਗ ਲੇਖ
ਕੁਝ ਦਿਨ ਪਹਿਲਾਂ 'ਅਜੀਤ' ਵਿਚ ਸੰਪਾਦਕੀ ਲੇਖ 'ਚੰਗੇ ਸੰਕੇਤ' ਪੜ੍ਹਿਆ, ਬਹੁਤ ਵਧੀਆ ਲੱਗਾ। ਹੈਲਥ ਸਰਵੇ ਅਨੁਸਾਰ ਦੇਸ਼ ਵਿਚ ਔਰਤਾਂ ਦੀ ਗਿਣਤੀ ਵਿਚ ਵਾਧਾ ਸੰਤੋਸ਼ਜਨਕ ਸਥਾਨ 'ਤੇ ਪਹੁੰਚ ਚੁੱਕਾ ਹੈ। ਪੰਜਾਬ ਵਿਚ ਅੱਗੇ ਨਾਲੋਂ ਤਾਂ ਔਰਤਾਂ ਦੀ ਗਿਣਤੀ ਕੁਝ ਵਧੀ ਹੈ ਪਰ ਦੂਸਰੇ ਸੂਬਿਆਂ ਨਾਲੋਂ ਪਿਛੇ ਹੈ। ਪੰਜਾਬ ਵਿਚ 1000 ਮਰਦਾਂ ਪਿਛੇ ਔਰਤਾਂ 938 ਹਨ, ਇਸ ਦੇ ਨਾਲ ਆਬਾਦੀ 'ਤੇ ਵੀ ਕੰਟਰੋਲ ਹੁੰਦਾ ਨਜ਼ਰ ਆ ਰਿਹਾ ਹੈ। ਕਿਤੇ ਨਾ ਕਿਤੇ ਸਰਕਾਰਾਂ ਵਲੋਂ ਚਲਾਈ ਜਾ ਰਹੀ ਪਰਿਵਾਰ ਨਿਯੋਜਨ ਮੁਹਿੰਮ ਅਤੇ ਸਾਡੀ ਸਿੱਖਿਆ ਪ੍ਰਣਾਲੀ ਨੂੰ ਬੂਰ ਪੈਂਦਾ ਲੱਗ ਰਿਹਾ ਹੈ। ਇਸ ਤੋਂ ਇਲਾਵਾ ਮੁਖਤਾਰ ਗਿੱਲ ਦਾ ਲੇਖ 'ਦਿੱਲੀ ਦੀ ਆਬੋ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੀ ਜ਼ਰੂਰਤ' ਵੀ ਭਰਪੂਰ ਜਾਣਕਾਰੀ ਵਾਲਾ ਸੀ। ਦੋਵੇਂ ਲੇਖ ਸ਼ਲਾਘਾਯੋਗ ਹਨ।


-ਕੰਵਰਦੀਪ ਸਿੰਘ ਭੱਲਾ
ਪਿੱਪਲਾਂ ਵਾਲਾ, ਰਿਕਵਰੀ ਅਫ਼ਸਰ, ਸਹਿਕਾਰੀ ਬੈਂਕ, ਹੁਸ਼ਿਆਰਪੁਰ।


ਵਿਸ਼ਾਲ ਤੇ ਖੁਸ਼ਹਾਲ ਪੰਜਾਬ
ਜਦੋਂ ਕਦੀ ਅਣਵੰਡਿਆ ਵਿਸ਼ਾਲ ਪੰਜਾਬ, ਪੰਜ ਦਰਿਆਵਾਂ ਦੀ ਧਰਤੀ ਹੁੰਦਾ ਸੀ, ਉਸ ਵਕਤ ਦੇ ਨਾਮਵਰ ਕਵੀ ਧਨੀ ਰਾਮ ਚਾਤ੍ਰਿਕ ਨੇ ਪੰਜਾਬ ਦੇ ਪੌਣ-ਪਾਣੀ, ਹਰਿਆਲੀ, ਦਰਿਆ, ਪਰਬਤ, ਮੈਦਾਨਾਂ ਦੀ ਕਵਿਤਾ ਦੇ ਰੂਪ ਵਿਚ ਪੰਜਾਬ ਦੀ ਖ਼ੁਸ਼ਹਾਲੀ ਤੇ ਪੰਜਾਬੀਆਂ ਦੀ ਬੀਰਤਾ ਆਦਿ ਵਿਚ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਸੀ ਅਤੇ ਹੁਣ ਸਿਰਫ਼ ਢਾਈ ਕੁ ਦਰਿਆਵਾਂ ਦਾ ਛੋਟਾ ਜਿਹਾ ਪੰਜਾਬ ਹੀ ਰਹਿ ਗਿਆ ਹੈ। ਥਾਂ-ਥਾਂ ਕੂੜੇ ਕਰਕਟ ਤੇ ਗੰਦ ਦੇ ਢੇਰ ਲੱਗੇ ਹੋਏ ਹਨ, ਖਾਣ-ਪੀਣ ਵਾਲੀਆਂ ਚੀਜ਼ਾਂ ਵਿਚ ਮਿਲਾਵਟ, ਹਵਾ ਤੇ ਪਾਣੀ ਪ੍ਰਦੂਸ਼ਿਤ ਹੋਏ ਹਨ, ਧੂੰਏਂ ਦੇ ਗੁਬਾਰ ਨੇ ਪਸਾਰਾ ਪਾਇਆ ਹੋਇਆ ਹੈ। ਰਿਸ਼ਵਤਖੋਰੀ, ਨਸ਼ਿਆਂ, ਲੁੱਟਾਂ-ਖਸੁੱਟਾਂ ਦਾ ਬੋਲਬਾਲਾ ਹੈ, ਨੌਜਵਾਨਾਂ ਲਈ ਬੇਰੁਜ਼ਗਾਰੀ, ਸਿਰਦਰਦੀ ਬਣੀ ਹੋਈ ਹੈ ਅਤੇ ਉਹ ਆਪਣੀ ਜਨਮ ਭੂਮੀ ਛੱਡਣ ਲਈ ਕਾਹਲੇ ਹਨ ਤੇ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਰਹੇ ਹਨ। ਖੇਤੀਬਾੜੀ ਦੀ ਮਾੜੀ ਹਾਲਤ ਹੈ ਅਤੇ ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਹੈ, ਜਿਹੜੀ ਪੰਜਾਬ ਦੀ ਧਰਤੀ ਕਦੀ ਧਨੀ ਰਾਮ ਚਾਤ੍ਰਿਕ ਨੂੰ ਸਵਰਗ ਨਜ਼ਰ ਆਉਂਦੀ ਸੀ, ਹੁਣ ਉਹ ਬੇਰੁਜ਼ਗਾਰ ਨੌਜਵਾਨਾਂ ਲਈ ਨਰਕੀ ਨਜ਼ਾਰਾ ਪੇਸ਼ ਕਰਦੀ ਹੈ। ਹੁਣ ਪੰਜਾਬ ਦੀਆਂ ਸਿਫ਼ਤਾਂ ਕਰਨ ਵਾਲੇ ਕਵੀ ਅਤੇ ਸਿਫ਼ਤੀ ਪੰਜਾਬ ਵੀ ਖੰਭ ਲਗਾ ਕੇ ਉੱਡ ਗਏ ਜਾਪਦੇ ਹਨ। ਵਿਸ਼ਾਲ ਤੇ ਖੁਸ਼ਹਾਲ ਪੰਜਾਬ ਇਕ ਸੁਪਨਾ ਬਣ ਕੇ ਰਹਿ ਗਿਆ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਓਮੀਕਰੋਨ ਦਾ ਖ਼ਤਰਾ
ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਸਾਹਮਣੇ ਆਉਣ ਤੋਂ ਬਾਅਦ ਵਿਸ਼ਵ ਭਰ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਹਾਲ ਦੇ ਦਿਨਾਂ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਲੋਕਾਂ ਨੇ ਵੱਡੀ ਗਿਣਤੀ ਵਿਚ ਟੀਕਾਕਰਨ ਕਰਵਾ ਲਿਆ ਹੈ। ਸਾਰਿਆਂ ਨੂੰ ਹੀ ਲੱਗ ਰਿਹਾ ਸੀ ਕਿ ਹੁਣ ਇਹ ਜਲਦੀ ਨਾਮੁਰਾਦ ਬਿਮਾਰੀ ਖ਼ਤਮ ਹੋ ਜਾਵੇਗੀ। ਪਰ ਹੁਣ ਜੋ ਇਹ ਨਵਾਂ ਵੇਰੀਐਂਟ ਸਾਹਮਣੇ ਆਇਆ ਹੈ, ਇਹ ਪਹਿਲੀ ਤੇ ਦੂਜੀ ਲਹਿਰ ਤੋਂ ਵੀ ਜ਼ਿਆਦਾ ਘਾਤਕ ਹੈ। ਇਸ ਦਾ ਪਹਿਲਾ ਮਾਮਲਾ ਦੱਖਣੀ ਅਫਰੀਕਾ ਵਿਚ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਸਾਰੇ ਮੁਲਕਾਂ ਨੇ ਦੱਖਣੀ ਅਫ਼ਰੀਕੀ, ਬ੍ਰਾਜ਼ੀਲ, ਚੀਨ, ਨਿਊਜ਼ੀਲੈਂਡ ਸਣੇ ਦੇਸ਼ਾਂ ਨੂੰ ਲੈ ਕੇ ਯਾਤਰਾ 'ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਭਾਰਤ ਸਰਕਾਰ ਨੇ ਓਮੀਕਰੋਨ ਦੇ ਸੰਭਾਵੀ ਖ਼ਤਰੇ ਤੋਂ ਰਾਜਾਂ ਨੂੰ ਚੌਕਸ ਕਰ ਦਿੱਤਾ ਹੈ। ਸਿਹਤ ਮੰਤਰਾਲੇ ਵਲੋਂ ਵਿਦੇਸ਼ਾਂ ਤੋੋਂ ਆਉਣ ਵਾਲੇ ਮੁਸਾਫਿਰਾਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਹਤਿਆਤ ਵਜੋਂ ਦੇਸ਼ ਵਿਚ 31 ਦਸੰਬਰ ਤੱਕ ਕੋਰੋਨਾ ਕੰਟੇਨਮੈਂਟ ਪਾਬੰਦੀਆਂ ਵਿਚ ਵਾਧਾ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਸੂਬਿਆਂ ਨੂੰ ਸਾਵਧਾਨੀ ਵਰਤਣ, ਮਾਸਕ ਪਾਉਣ, ਸਫ਼ਾਈ ਰੱਖਣ, ਟੈਸਟਿੰਗ ਵਧਾਉਣ, ਟੀਕਾਕਰਨ ਦੀ ਗਤੀ ਨੂੰ ਤੇਜ਼ ਕਰਨ ਲਈ ਕਿਹਾ ਹੈ। ਉਧਰ ਡਬਲਿਊ.ਐਚ.ਓ. ਵਲੋਂ ਓਮੀਕਰੋਨ ਨੂੰ ਬਹੁਤ ਖ਼ਤਰਨਾਕ ਕਰਾਰ ਦਿੱਤਾ ਗਿਆ ਹੈ। ਪਰ ਲੋਕ ਅਜੇ ਵੀ ਸਾਵਧਾਨ ਨਹੀਂ ਹੋਏ ਹਨ। ਆਲਮੀ ਸੰਸਥਾ ਵਲੋਂ ਜੋ ਵੀ ਦਿਸ਼ਾ-ਨਿਰਦੇਸ਼ ਜਾਰੀ ਹੋ ਰਹੇ ਹਨ, ਸਾਨੂੰ ਉਨ੍ਹਾਂ ਨੂੰ ਅਮਲੀ ਰੂਪ ਵਿਚ ਲਿਆਉਣਾ ਚਾਹੀਦਾ ਹੈ।


-ਸੰਜੀਵ ਸਿੰਘ ਸੈਣੀ, ਮੋਹਾਲੀ।


ਹੜਤਾਲਾਂ ਕਾਰਨ ਲੋਕ ਖੱਜਲ-ਖੁਆਰ
ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਵਲੋਂ ਲਗਾਤਾਰ ਹੜਤਾਲ 'ਤੇ ਬੈਠਣ 'ਤੇ ਸਿੱਧ ਹੋ ਰਿਹਾ ਹੈ ਕਿ ਸਰਕਾਰੀ ਕਰਮਚਾਰੀ ਹਾਲੇ ਵੀ ਸਰਕਾਰ ਤੋਂ ਖੁਸ਼ ਨਹੀਂ ਹਨ। ਇਨ੍ਹਾਂ ਵਿਭਾਗਾਂ ਵਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਕੀਤੀ ਹੜਤਾਲ ਕਰਕੇ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦੇ ਨਾਲ-ਨਾਲ ਖੱਜਲ ਖੁਆਰੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੇ ਸਾਰੇ ਤਹਿਸੀਲਦਾਰ ਸਮੂਹਿਕ ਛੁੱਟੀ 'ਤੇ ਹੋਣ ਕਰਕੇ ਜਿਹੜੇ ਵਿਦਿਆਰਥੀਆਂ ਨੇ ਹਾਲੇ ਸਰਕਾਰੀ ਵਜ਼ੀਫੇ ਅਪਲਾਈ ਕਰਨੇ ਹਨ, ਉਨ੍ਹਾਂ ਨੂੰ ਆਪਣੇ ਕਾਗਜ਼ਾਤ ਬਣਾਉਣ ਵਿਚ ਪ੍ਰੇਸ਼ਾਨੀ ਹੋ ਰਹੀ ਹੈ। ਵਿਦਿਆਰਥੀਆਂ ਨੂੰ ਡਰ ਹੈ ਕਿ ਇਨ੍ਹਾਂ ਧਰਨਿਆਂ ਕਰਕੇ ਉਨ੍ਹਾਂ ਦੇ ਵਜ਼ੀਫੇ ਦੀਆਂ ਤਰੀਕਾਂ ਨਾ ਨਿਕਲ ਜਾਣ ਸਰਕਾਰ ਨੂੰ ਵਿਦਿਆਰਥੀਆਂ ਅਤੇ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਨੂੰ ਜਲਦ ਤੋਂ ਜਲਦ ਹੱਲ ਕਰਨਾ ਚਾਹੀਦਾ ਹੈ, ਤਾਂ ਕਿ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।


-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX