ਤਾਜਾ ਖ਼ਬਰਾਂ


ਦੱਖਣੀ ਅਫਰੀਕਾ ਨੇ ਦੂਜਾ ਵਨਡੇ ਸੱਤ ਵਿਕਟਾਂ ਨਾਲ ਜਿੱਤਿਆ, ਭਾਰਤ ਸੀਰੀਜ਼ ਹਾਰਿਆ
. . .  about 1 hour ago
4 ਆਈ.ਏ.ਐੱਸ. ਤੇ 3 ਪੀ.ਸੀ.ਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ
. . .  about 4 hours ago
ਚੰਡੀਗੜ੍ਹ, 21 ਜਨਵਰੀ- 4 ਆਈ.ਏ.ਐੱਸ. ਤੇ 3 ਪੀ.ਸੀ.ਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ...
ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, ਭਾਰਤ ਵਿਰੋਧੀ 35 ਯੂ-ਟਿਊਬ ਚੈਨਲਾਂ ਨੂੰ ਕੀਤਾ ਬੈਨ
. . .  about 4 hours ago
ਨਵੀਂ ਦਿੱਲੀ, 21 ਜਨਵਰੀ- ਕੇਂਦਰ ਸਰਕਾਰ ਨੇ ਭਾਰਤ ਵਿਰੋਧੀ ਯੂ-ਟਿਊਬ ਚੈਨਲਾਂ 'ਤੇ ਵੱਡੀ ਕਾਰਵਾਈ ਕੀਤੀ ਹੈ। ਸਰਕਾਰ ਨੇ ਅਜਿਹੇ 35ਯੂ-ਟਿਊਬ ਚੈਨਲਾਂ ਨੂੰ ਬੈਨ ਕਰ ਦਿੱਤਾ ਹੈ। ਇਸ ਤੋਂ ਇਲਾਵਾ 2 ਵੈੱਬਸਾਈਟਾਂ, 1 ਟਵਿਟਰ..
ਸੰਭਾਵੀ ਅੱਤਵਾਦੀ ਹਮਲੇ ਨੂੰ ਨਾਕਾਮ ਕਰਦਿਆਂ ਪੰਜਾਬ ਪੁਲਿਸ ਵਲੋਂ ਗਰਨੇਡ ਲਾਂਚਰ, ਆਰ.ਡੀ.ਐਕਸ. ਬਰਾਮਦ
. . .  about 4 hours ago
ਗੁਰਦਾਸਪੁਰ, 21 ਜਨਵਰੀ- ਗਣਤੰਤਰ ਦਿਵਸ ਦੇ ਨੇੜੇ ਸੰਭਾਵੀ ਅੱਤਵਾਦੀ ਹਮਲੇ ਨੂੰ ਨਾਕਾਮ ਕਰਦਿਆਂ ਪੰਜਾਬ ਪੁਲਿਸ ਨੇ ਗੁਰਦਾਸਪੁਰ ਤੋਂ ਦੋ 40 ਐੱਮ ਐੱਮ ਕੰਪੈਟੀਬਲ ਗ੍ਰਨੇਡਜ਼ ਸਣੇ 40 ਐੱਮ.ਐੱਮ ਅੰਡਰ ਬੈਰਲ ਗ੍ਰੇਨੇਡ ਲਾਂਚਰ (ਯੂਬੀਜੀਐਲ), 3.79...
ਮਨੋਹਰ ਲਾਲ ਪਾਰੀਕਰ ਦੇ ਪੁੱਤਰ ਉਤਪਾਲ ਪਾਰੀਕਰ ਲੜਨਗੇ ਆਜ਼ਾਦ ਉਮੀਦਵਾਰ ਵਜੋਂ ਚੋਣ
. . .  about 4 hours ago
ਪਣਜੀ, 21 ਜਨਵਰੀ- ਮਰਹੂਮ ਸਾਬਕਾ ਮੁੱਖ ਮੰਤਰੀ ਮਨੋਹਰ ਪਾਰੀਕਰ ਦੇ ਪੁੱਤਰ ਉਤਪਾਲ ਪਾਰੀਕਰ ਦਾ ਕਹਿਣਾ ਹੈ ਕਿ ਉਹ ਪਣਜੀ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ...
ਮੁੱਖ ਮੰਤਰੀ ਚੰਨੀ ਨੇ ਭ੍ਰਿਸ਼ਟਾਚਾਰ ਰਾਹੀਂ ਸੈਂਕੜੇ ਕਰੋੜ ਰੁਪਏ ਦੀ ਲੁੱਟ ਕੀਤੀ- ਸੁਖਬੀਰ ਸਿੰਘ ਬਾਦਲ
. . .  about 5 hours ago
ਗਿੱਦੜਬਾਹਾ, 21 ਜਨਵਰੀ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਦੇ ਘਰੋਂ 11 ਕਰੋੜ ਰੁਪਏ ਬਰਾਮਦ ਹੋਣਾ ਮਾਮਲੇ ਦਾ ਸਿਰਫ਼ ਰੱਤੀ ਭਰ ਹੈ ਤੇ ਚੰਨੀ ਨੇ ...
ਪੰਜਾਬ ਵਿਧਾਨ ਸਭਾ ਚੋਣਾਂ: 'ਆਪ' ਵਲੋਂ 4 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ
. . .  about 5 hours ago
ਚੰਡੀਗੜ੍ਹ, 21 ਜਨਵਰੀ- ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਉਮੀਦਵਾਰਾਂ ਦੀ 12ਵੀਂ ਸੂਚੀ ਦਾ ਐਲਾਨ ਕਰ ਦਿੱਤਾ ਹੈ। ਇਸ ਸੂਚੀ 'ਚ 4 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਜਿਸ 'ਚ ਸੁਜਾਨਪੁਰ ਤੋਂ ਅਮਿਤਾ ਸਿੰਘ ਮੱਟੋ, ਖਡੂਰ...
ਜੋਖ਼ਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਸਿਹਤ ਮੰਤਰਾਲੇ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ
. . .  about 5 hours ago
ਨਵੀਂ ਦਿੱਲੀ, 21 ਜਨਵਰੀ- ਸਿਹਤ ਮੰਤਰਾਲੇ ਵਲੋਂ ਕਿਹਾ ਗਿਆ ਹੈ ਕਿ ਜੋਖ਼ਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਹੁਣ ਆਈਸੋਲੇਸ਼ਨ ਦੀ ਸਹੂਲਤ ਲਾਜ਼ਮੀ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹੈ ਕਿ ਜੇਕਰ ਟੈਸਟ ...
ਭਾਜਪਾ ਵਲੋਂ ਪ੍ਰੈੱਸ ਵਾਰਤਾ ਕਰ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ
. . .  about 5 hours ago
ਨਵੀਂ ਦਿੱਲੀ, 21 ਜਨਵਰੀ - ਭਾਜਪਾ ਵਲੋਂ ਪ੍ਰੈੱਸ ਵਾਰਤਾ ਦੌਰਾਨ ਕਿਹਾ ਗਿਆ ਕਿ 12 ਕਿਸਾਨ ਪਰਿਵਾਰ ਨਾਲ ਸੰਬੰਧਿਤ ਲੋਕਾਂ ਨੂੰ ਟਿਕਟ ਦਿੱਤੀ ਗਈ ਹੈ | ਇਸ ਦੇ ਨਾਲ ਹੀ ਕਿਹਾ ਕਿ 8 ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਟਿਕਟ ਦਿੱਤੀ ਹੈ | 13 ਸਿੱਖ ਚਿਹਰਿਆਂ ਨੂੰ ਟਿਕਟ....
ਭਾਜਪਾ ਵਲੋਂ ਜਲੰਧਰ 'ਚ ਇਨ੍ਹਾਂ ਤਿੰਨ ਉਮੀਦਵਾਰਾਂ ਦਾ ਐਲਾਨ
. . .  about 5 hours ago
ਨਵੀਂ ਦਿੱਲੀ, 21 ਜਨਵਰੀ - ਭਾਜਪਾ ਵਲੋਂ ਪ੍ਰੈੱਸ ਵਾਰਤਾ ਦੌਰਾਨ ਕਿਹਾ ਗਿਆ ਕਿ ਜਲੰਧਰ ਵੈਸਟ ਤੋਂ ਮਹਿੰਦਰਪਾਲ ਭਗਤ ਨੂੰ ਟਿਕਟ ਦਿੱਤੀ ਗਈ ਹੈ | ਇਸ ਦੇ ਨਾਲ ਹੀ ਜਲੰਧਰ ਸੈਂਟਰਲ ਤੋਂ ਮਨੋਰੰਜਨ ਕਾਲੀਆ ਅਤੇ ਜਲੰਧਰ ਨਾਰਥ ਤੋਂ ਕ੍ਰਿਸ਼ਨ ਦੇਵ ਭੰਡਾਰੀ ਨੂੰ...
ਸਾਢੇ ਪੰਜ ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਇਕ ਕਾਬੂ
. . .  about 6 hours ago
ਲੁਧਿਆਣਾ, 21 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਐੱਸ.ਟੀ.ਐੱਫ. ਦੀ ਪੁਲਿਸ ਨੇ ਲੁਧਿਆਣਾ ਰੇਂਜ ਦੇ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ 'ਚੋਂ ਸਾਢੇ ਪੰਜ...
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, ਐਲਾਨੇ 12 ਉਮੀਦਵਾਰ
. . .  about 5 hours ago
ਚੰਡੀਗੜ੍ਹ, 21 ਜਨਵਰੀ- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਦੇ ਦਸਤਖ਼ਤਾਂ ਹੇਠ ਜਾਰੀ ਪਹਿਲੀ ਸੂਚੀ...
ਭਾਜਪਾ ਵਲੋਂ ਪੰਜਾਬ ਦੀਆਂ 34 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ
. . .  about 6 hours ago
ਨਵੀਂ ਦਿੱਲੀ, 21 ਜਨਵਰੀ - ਭਾਜਪਾ ਵਲੋਂ ਪੰਜਾਬ ਦੀਆਂ 34 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ...
ਮਨੀਲਾ 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
. . .  about 6 hours ago
ਕੋਟ ਈਸੇ ਖਾਂ, 21 ਜਨਵਰੀ (ਗੁਰਮੀਤ ਸਿੰਘ ਖ਼ਾਲਸਾ)-ਜ਼ਿਲ੍ਹਾ ਮੋਗਾ ਦੇ ਕਸਬਾ ਕੋਟ ਈਸੇ ਖਾਂ ਨੇੜਲੇ ਪਿੰਡ ਘਲੋਟੀ ਨਾਲ ਸੰਬੰਧਿਤ ਫਿਲਪਾਈਨ ਦੇ ਮਨੀਲਾ ਵਿਖੇ ਫਾਈਨਾਂਸ ਦਾ ਕੰਮ ਕਰਦੇ ਨੌਜਵਾਨ ਪਰਮਿੰਦਰ ਸਿੰਘ ਦੀ ਸਵੇਰ...
ਵਿਕਰਮ ਦੇਵ ਦੱਤ ਬਣੇ ਏਅਰ ਇੰਡੀਆ ਲਿਮਟਿਡ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ
. . .  about 6 hours ago
ਨਵੀਂ ਦਿੱਲੀ, 21 ਜਨਵਰੀ - ਵਿਕਰਮ ਦੇਵ ਦੱਤ ਐਲ.ਏ.ਐੱਸ. ਨੇ ਏਅਰ ਇੰਡੀਆ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ ਰਾਜੀਵ ਬਾਂਸਲ ਤੋਂ..
ਓਠੀਆਂ ਵਿਖੇ ਪੁਲਿਸ ਅਤੇ ਪੈਰਾ ਮਿਲਟਰੀ ਵਲੋਂ ਕੱਢਿਆ ਗਿਆ ਫ਼ਲੈਗ ਮਾਰਚ
. . .  about 7 hours ago
ਓਠੀਆਂ, 21 ਜਨਵਰੀ (ਗੁਰਵਿੰਦਰ ਸਿੰਘ ਛੀਨਾ)- ਪੰਜਾਬ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਸੁਚਾਰੂ ਢੰਗ ਨਾਲ ਸ਼ਾਂਤਮਈ ਕਰਾਉਣ ਲਈ ਪੈਰਾ ਮਿਲਟਰੀ ਦੀ ਫੋਰਸ ਅਤੇ ਪੰਜਾਬ ਪੁਲਿਸ ਵਲੋਂ ਓਠੀਆਂ ਵਿਖੇ ਫਲੈਗ ਮਾਰਚ ਕੱਢਿਆ ਗਿਆ। ਥਾਣਾ ਰਾਜਾਸਾਂਸੀ...
ਪੰਜਾਬ ਲੋਕ ਕਾਂਗਰਸ ਵਲੋਂ ਗੋਰਾ ਗਿੱਲ ਪਾਰਟੀ ਦਾ ਬੁਲਾਰਾ ਨਿਯੁਕਤ
. . .  about 7 hours ago
ਭੁਲੱਥ, 21 ਜਨਵਰੀ (ਸੁਖਜਿੰਦਰ ਸਿੰਘ ਮੁਲਤਾਨੀ)- ਪੰਜਾਬ ਲੋਕ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਇੱਕ ਪੱਤਰ ਜਾਰੀ ਕਰਕੇ ਅਮਨਦੀਪ ਸਿੰਘ ਗੋਰਾ ਗਿੱਲ ਨੂੰ ਪਾਰਟੀ ਦਾ ਬੁਲਾਰਾ ਨਿਯੁਕਤ ਕੀਤਾ। ਅਮਨਦੀਪ ਸਿੰਘ ਗੋਰਾ ਗਿੱਲ...
'ਅਮਰ ਜਵਾਨ ਜੋਤੀ' ਦੀ ਲਾਟ ਕੌਮੀ ਜੰਗੀ ਯਾਦਗਾਰ 'ਚ ਹੋਈ ਲੀਨ
. . .  about 7 hours ago
ਨਵੀਂ ਦਿੱਲੀ, 21 ਜਨਵਰੀ - ਇੰਡੀਆ ਗੇਟ 'ਤੇ ਅਮਰ ਜਵਾਨ ਜੋਤੀ ਦੀ ਲਾਟ ਕੌਮੀ ਜੰਗੀ ਯਾਦਗਾਰ 'ਚ ਲੀਨ ਹੋ ਗਈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਇੰਡੀਆ ਗੇਟ 'ਤੇ ਸ਼ਹੀਦਾਂ ਦੇ ਸਨਮਾਨ 'ਚ ਹਮੇਸ਼ਾ ਬਲਦੀ ਰਹਿਣ ਵਾਲੀ 'ਅਮਰ ਜਵਾਨ ਜੋਤੀ' ਨੂੰ ਅੱਜ ਨਵੇਂ ਬਣੇ ਨੈਸ਼ਨਲ ਵਾਰ ਮੈਮੋਰੀਅਲ 'ਚ...
'ਆਪ' ਆਗੂ ਅਨਮੋਲ ਗਗਨਮਾਨ ਨੇ ਈ.ਡੀ. ਦੀ ਰੇਡ ਨੂੰ ਲੈ ਕੇ ਕਾਂਗਰਸ ਸਰਕਾਰ 'ਤੇ ਸਾਧਿਆ ਨਿਸ਼ਾਨਾ
. . .  about 7 hours ago
ਚੰਡੀਗੜ੍ਹ, 21 ਜਨਵਰੀ- 'ਆਪ' ਆਗੂ ਅਨਮੋਲ ਗਗਨਮਾਨ ਨੇ ਈ.ਡੀ. ਦੀ ਰੇਡ ਨੂੰ ਲੈ ਕੇ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਇਸ ਦੌਰਾਨ ਅਨਮੋਲ ਗਗਨਮਾਨ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਆਪਣੇ ਰਿਸ਼ਤੇਦਾਰਾਂ ਤੋਂ ਭ੍ਰਿਸ਼ਟਾਚਾਰ ...
ਯੁੱਧ ਸਮਾਰਕ ਜਾ ਰਹੀ ਹੈ ਅਮਰ ਜਵਾਨ ਜੋਤੀ
. . .  about 7 hours ago
ਨਵੀਂ ਦਿੱਲੀ, 21 ਜਨਵਰੀ- ਇੰਡੀਆ ਗੇਟ 'ਤੇ ਅਮਰ ਜਵਾਨ ਜੋਤੀ ਦੀ ਜੋਤ ਨੂੰ ਰਾਸ਼ਟਰੀ ਜੰਗੀ ਯਾਦਗਾਰ 'ਚ ਜੋਤ ਨਾਲ ਮਿਲਾਣ ਦੀ ਰਸਮ ਚੱਲ ਰਹੀ ..
ਨਵਜੋਤ ਸਿੰਘ ਸਿੱਧੂ ਵਲੋਂ ਵੱਖ-ਵੱਖ ਅਹੁਦੇਦਾਰਾਂ ਦੇ ਨਾਵਾਂ ਨੂੰ ਦਿੱਤੀ ਗਈ ਪ੍ਰਵਾਨਗੀ
. . .  about 8 hours ago
ਚੰਡੀਗੜ੍ਹ, 21 ਜਨਵਰੀ-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਕਾਨੂੰਨੀ ਮਨੁੱਖੀ ਅਧਿਕਾਰ ਅਤੇ ਆਰ.ਟੀ.ਆਈ. ਵਿਭਾਗ ਦੇ ਹੇਠਲੇ ਅਹੁਦੇਦਾਰਾਂ ਦੇ ਨਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।...
ਐੱਸ.ਐੱਸ.ਐਮ. ਵਲੋਂ ਕਾ. ਜਗਜੀਤ ਸਿੰਘ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਐਲਾਨੇ
. . .  about 8 hours ago
ਕਲਾਨੌਰ, 21 ਜਨਵਰੀ (ਪੁਰੇਵਾਲ) - ਸੰਯੁਕਤ ਸਮਾਜ ਮੋਰਚੇ ਵਲੋਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਪੰਜਾਬ 'ਚ ਆਪਣੇ ਉਮੀਦਵਾਰਾਂ ਦੀ ਜਾਰੀ ਕੀਤੀ ਗਈ ਲਿਸਟ 'ਚ ਇਤਿਹਾਸਕ ਕਸਬਾ ਕਲਾਨੌਰ ਦੇ ਅਗਾਂਹਵਧੂ ਕਿਸਾਨ ਅਤੇ ਸੰਘਰਸ਼ੀ ਯੋਧੇ ਕਾਮਰੇਡ ਜਗਜੀਤ ਸਿੰਘ ਗੋਰਾਇਆ ਨੂੰ...
ਸੰਗਰੂਰ 'ਚ ਅਕਾਲੀ ਦਲ ਨੂੰ ਝਟਕਾ, ਸ਼ਹਿਰੀ ਪ੍ਰਧਾਨ ਨੇ ਦਿੱਤਾ ਅਸਤੀਫ਼ਾ
. . .  about 8 hours ago
ਸੰਗਰੂਰ, 21 ਜਨਵਰੀ (ਧੀਰਜ ਪਸ਼ੋਰੀਆ,ਦਮਨਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬ) ਨੂੰ ਅੱਜ ਹਲਕਾ ਸੰਗਰੂਰ ਵਿਚ ਅੱਜ ਵੱਡਾ ਝਟਕਾ ਲੱਗਾ ਹੈ। ਅਕਾਲੀ ਦਲ (ਬ) ਦੇ ਸ਼ਹਿਰੀ ਪ੍ਰਧਾਨ ਰਮਨਦੀਪ ਸਿੰਘ ਢਿੱਲੋਂ ਨੇ ਅੱਜ ਪਾਰਟੀ ਨੂੰ ਆਪਣਾ ਅਸਤੀਫ਼ਾ ਦਿੰਦਿਆਂ..
ਯੂ.ਪੀ. ਚੋਣਾਂ 'ਚ ਮੁੱਖ ਮੰਤਰੀ ਦਾ ਚਿਹਰਾ ਪੁੱਛਣ 'ਤੇ ਪ੍ਰਿਅੰਕਾ ਗਾਂਧੀ ਨੇ ਦਿੱਤਾ ਵੱਡਾ ਬਿਆਨ
. . .  about 9 hours ago
ਨਵੀਂ ਦਿੱਲੀ, 21 ਜਨਵਰੀ-ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਜਦੋਂ ਪੱਤਰਕਾਰਾਂ ਵਲੋਂ ਆਉਣ ਵਾਲੀਆਂ ਯੂ.ਪੀ. ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਕੀ ਤੁਹਾਨੂੰ ਉੱਤਰ ਪ੍ਰਦੇਸ਼ ਵਿਚ ਕਾਂਗਰਸ...
ਕੇਜਰੀਵਾਲ ਸਰਕਾਰ ਨੇ ਦਿੱਲੀ 'ਚ ਵੀਕੈਂਡ ਕਰਫ਼ਿਊ ਹਟਾਉਣ ਦਾ ਕੀਤਾ ਐਲਾਨ
. . .  about 9 hours ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ਵਿਚ ਕੋਵਿਡ ਦੇ ਮਾਮਲੇ ਘਟੇ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੁਝ ਫ਼ੈਸਲੇ ਲਏ ਹਨ। ਹੁਣ ਵੀਕੈਂਡ ਕਰਫ਼ਿਊ ਹਟਾ ਦਿੱਤਾ ਜਾਵੇਗਾ। ਪ੍ਰਾਈਵੇਟ ਸੈਕਟਰ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 14 ਮੱਘਰ ਸੰਮਤ 553
ਵਿਚਾਰ ਪ੍ਰਵਾਹ: ਕੰਮ ਕਰਨ ਤੋਂ ਪਹਿਲਾਂ ਸੋਚਣਾ ਬੁੱਧੀਮਾਨੀ ਹੈ, ਕੰਮ ਕਰਦੇ ਸਮੇਂ ਸੋਚਣਾ ਚਤੁਰਾਈ ਹੈ, ਕੰਮ ਤੋਂ ਬਾਅਦ ਸੋਚਣਾ ਮੂਰਖਤਾ ਹੈ। -ਜਾਰਜ ਬਰਨਾਰਡ ਸ਼ਾਅ

ਕਿਤਾਬਾਂ

28-11-2021

ਦਾਸਤਾਨ-ਇ-ਪੰਜਾਬ
(ਪੰਜਾਬ ਦੇ ਸ਼ਹਿਰ ਤੇ ਪਿੰਡ)
ਲੇਖਕ : ਕਿਰਪਾਲ ਸਿੰਘ ਦਰਦੀ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 595 ਰੁਪਏ, ਸਫ਼ੇ : 298
ਸੰਪਰਕ : 98140-74901.


ਬਕੌਲ ਇਤਿਹਾਸਕਾਰ ਤਾਰਾ ਚੰਦ, 'ਜਦੋਂ ਪੰਜਾਬ ਨੂੰ ਤਹਿਸ-ਨਹਿਸ ਕੀਤਾ ਜਾਂਦਾ ਹੁੰਦਾ ਤਾਂ ਬਾਕੀ ਦੇਸ਼ ਵਿਚ ਅਮਨ-ਚੈਨ ਹੁੰਦਾ, ਜਿਵੇਂ ਨਾਦਰਸ਼ਾਹ ਅਤੇ ਅਹਿਮਦਸ਼ਾਹ ਅਬਦਾਲੀ ਦੇ ਹਮਲਿਆਂ ਦੌਰਾਨ ਹੋਇਆ।' ਪਰ ਕੀ, ਇਨ੍ਹਾਂ ਤੋਂ ਪਹਿਲਾਂ ਜਾਂ ਮਗਰੋਂ, ਪੰਜਾਬ ਵਿਦੇਸ਼ੀਆਂ ਨੇ ਹੀ ਤਹਿਸ-ਨਹਿਸ ਕੀਤਾ? ਨਹੀਂ, ਮਗਰੋਂ ਵੀ ਆਪਣੇ ਮੁਫ਼ਾਦਾਂ ਖ਼ਾਤਰ ਆਪਣਿਆਂ ਵੀ ਕੀਤਾ। ਗੱਲ, ਹੋਰ ਪਾਸੇ ਨਾ ਤੁਰ ਪਵੇ, ਭਾਵੇਂ ਇਸ ਪੁਸਤਕ ਵਿਚ ਇਨ੍ਹਾਂ ਗੱਲਾਂ ਨੂੰ ਵੀ ਅੰਸ਼ਕ ਛੋਹਿਆ ਗਿਆ ਹੈ, ਅਸੀਂ ਟਿੱਪਣੀ ਪੁਸਤਕ ਦੀ ਬੇਹੱਦ ਸੰਖੇਪ ਸਮੀਖਿਆ ਤੱਕ ਹੀ ਸੀਮਤ ਰੱਖਾਂਗੇ। ਬੇਸ਼ੱਕ ਦੋਵਾਂ ਪੰਜਾਬਾਂ ਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੇ ਸੰਭਵ-ਪ੍ਰਾਪਤ ਇਤਿਹਾਸ ਰਾਹੀਂ ਇਨ੍ਹਾਂ ਦੀ ਉਗਮਣ ਗਾਥਾ ਸਮੇਤ, ਇਨ੍ਹਾਂ ਦੇ ਗੌਰਵ ਦੀ ਬਾਤ ਪਾਉਣ ਵਾਲੀ ਹਥਲੀ ਪੁਸਤਕ, 'ਉਨ੍ਹਾਂ ਦਸ ਲੱਖ ਪੰਜਾਬੀਆਂ ਦੇ ਨਾਂਅ ਜਿਨ੍ਹਾਂ ਦੇਸ਼ ਦੀ ਵੰਡ ਵੇਲੇ ਆਪਣੀਆਂ ਜਾਨਾਂ ਗੁਆਉਣ ਤੋਂ ਇਲਾਵਾ ਆਪਣੇ ਪਿਆਰੇ ਪੰਜਾਬ ਦੇ ਦੋ ਟੁਕੜੇ ਹੁੰਦੇ ਵੇਖੇ।' ਨੂੰ ਸਮਰਪਿਤ ਕੀਤੀ ਗਈ ਹੈ, ਜਿਹੜੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਜ਼ਰੂਰ ਹੀ, ਇਹ ਹੈ ਵੀ ਸਹੀ, ਇਸ ਵਿਚ ਲਹਿੰਦੇ ਪੰਜਾਬ ਦੀਆਂ ਆਬਾਦੀਆਂ ਅਤੇ ਤਵਾਰੀਖ ਦਾ ਵੀ ਜ਼ਿਕਰ ਹੋਵੇਗਾ। ਇਤਿਹਾਸਵੇਤਾ ਤਾਰਾ ਚੰਦ ਦੇ ਕਥਨ ਤੋਂ ਮਗਰਲੀ ਗੱਲ, ਜਿਹੜੀ ਮੈਂ ਕਹੀ ਹੈ (ਅਰਥਾਤ; ਪੰਜਾਬ ਦੀ ਏਹੀ-ਤੇਹੀ ਆਪਣਿਆਂ ਵੀ ਚਾੜ੍ਹੀ ਹੈ।) ਦਾ ਸਿੱਟਾ ਇਹ ਨਿਕਲਿਆ ਕਿ ਪੁਸਤਕ ਮੁਤਾਬਿਕ, 'ਪੰਜਾਬ ਹੁਣ ਛੋਟਾ ਜਿਹਾ ਪ੍ਰਾਂਤ ਹੈ ਜਿਹੜਾ ਆਪਣਾ ਗੌਰਵ ਗੁਆ ਬੈਠਾ ਹੈ। ਹੁਣ ਇਸ ਨੂੰ 'ਪੰਜਾਬ' ਕਹਿਣਾ ਹੀ ਇਸ ਨਾਲ ਮਜ਼ਾਕ ਹੈ। ਪ੍ਰੰਤੂ ਦਰਦੀ ਜੀ ਦਾ ਛਲਕਦਾ ਮੋਹ ਵੇਖੋ ਕਿ ਉਹ ਪ੍ਰਾਚੀਨ ਪੰਜਾਬ ਦੀ ਹੀ ਬਾਤ ਇਸ ਕਿਤਾਬ ਵਿਚ, ਇਹ ਕਹਿੰਦਿਆਂ ਪਾਉਂਦਾ ਹੈ, 'ਆਪਣੇ ਜਜ਼ਬਾਤਾਂ ਨਾਲ ਜੁੜੇ ਹੋਏ ਮੈਂ ਪੁਰਾਣੇ ਪੰਜਾਬ ਬਾਰੇ (ਇਸ ਦੀਆਂ ਆਬਾਦੀਆਂ) ਲਿਖਣਾ ਚਾਹਿਆ ਹੈ ਅਤੇ ਕੁਝ ਸ਼ਹਿਰ ਤੇ ਪਿੰਡ ਚੁਣੇ ਹਨ ਜਿਨ੍ਹਾਂ ਦਾ ਸੰਖੇਪ ਇਤਿਹਾਸ ਇਸ ਪੁਸਤਕ ਵਿਚ ਸ਼ਾਮਿਲ ਕਰ ਰਿਹਾ ਹਾਂ। ਪੰਜਾਬ ਦੇ ਖੇਤਰਾਂ, ਬਾਰਾਂ, ਦੋਆਬਿਆਂ, ਰਿਆਸਤਾ ਬਾਰੇ ਵੀ ਸੰਖੇਪ ਵਿਚ ਲਿਖਿਆ ਹੈ।'
ਇਹ ਪੁਸਤਕ, ਜਿਸ ਵਿਚ ਸਤਹੀ ਤੌਰ 'ਤੇ ਸਮੁੱਚੇ ਪੰਜਾਬ ਬਾਰੇ ਤੇ ਜਥਾ-ਸੰਭਵ, ਇਸੇ ਵਿਸ਼ਾਲ ਪੰਜਾਬ ਦੇ ਕੁਝ ਕਸਬਿਆਂ-ਸ਼ਹਿਰਾਂ ਬਾਰੇ ਅਤੇ ਫਿਰ ਪੁਰਾਣੇ ਪੰਜਾਬ ਦੇ ਥੋੜ੍ਹੇ ਜਿਹੇ ਪਿੰਡਾਂ ਦਾ ਜਿੰਨਾ ਕੁ, ਜਿਵੇਂ ਵੀ, ਜਿਥੋਂ ਵੀ, ਜਿਹਾ ਕੁਝ ਵੀ ਲੇਖ਼ਕ ਨੂੰ ਇਸ ਪੁਸਤਕ ਦੇ ਵਿਸ਼ਾ-ਵਰਨਣ ਨਾਲ ਰਲਦਾ-ਮਿਲਦਾ ਜਾਂ ਸੰਬੰਧਿਤ ਜਾਪਦਾ ਸੀਫ਼ ਹੈ, (ਖੇਤਰੀ ਭ੍ਰਮਣ ਤੋਂ ਬਿਨਾਂ ਹੀ), ਉਹ ਆਪਣੀ ਪੰਹੁਚ ਜਾਂ ਵੇਲੇ ਦੀ ਸਮਰੱਥਾ ਮੁਤਾਬਿਕ, ਕੱਠਾ-ਕੁੱਠਾ ਕਰਕੇ ਲੇਖਕ ਨੇ ਪੰਜਾਬ ਦੇ ਸ਼ਹਿਰਾਂ-ਕਸਬਿਆਂ ਅਤੇ ਪਿੰਡਾਂ ਦੀ ਤਵਾਰੀਖ ਲਿਖਣ ਦੀ ਸੁਹਿਰਦ ਕੋਸ਼ਿਸ਼ ਕੀਤੀ ਹੈ। ਦਾਦ ਦੇਣੀ ਅਤੇ ਧੰਨਵਾਦ ਕਰਨਾ ਤਾਂ ਬਣਦਾ ਹੀ ਹੈ। ਪਰ, ਮੈਂ ਸੰਬੰਧਿਤ ਪਾਠਕਾਂ, ਖ਼ਾਸ ਕਰਕੇ ਇਸ ਵਿਸ਼ੇ ਦੇ ਖੋਜੀਆਂ ਨੂੰ ਵੀ ਇਹ ਕਿਤਾਬ ਜ਼ਰੂਰ ਵਾਚ ਲੈਣ ਦੀ ਤਾਕੀਦ ਕਰਨੋਂ ਨਹੀਂ ਉੱਕਾਂਗਾ।


ਵਿਜੈ ਬੰਬੇਲੀ
ਮੋ: 94634 39075
c c c


ਹਾਊ ਟੂ ਵਿਨ ਫ਼ਰੈਂਡਜ਼ ਐਂਡ ਇੰਫਲੂਐਂਸ ਪੀਪਲ
ਲੇਖਕ : ਡੇਲ ਕਾਰਨੇਗੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 255
ਸੰਪਰਕ : 01679-233244.


ਇਕ ਅੱਡਰੇ ਵਿਸ਼ੇ ਬਾਰੇ ਇਹ ਪੁਸਤਕ ਅਮਰੀਕਾ ਦੇ ਪ੍ਰਸਿੱਧ ਲੇਖਕ ਡੇਲ ਕਾਰਨੇਗੀ ਨੇ ਲਿਖੀ ਹੈ। ਬੜੀ ਮਿਹਨਤ ਨਾਲ ਲਿਖੀ ਕਾਰਨੇਗੀ ਦੀ ਇਹ ਪੁਸਤਕ ਦੁਨੀਆ ਦੇ ਅਣਗਿਣਤ ਲੋਕਾਂ ਲਈ ਪ੍ਰੇਰਨਾ ਸ੍ਰੋਤ ਬਣੀ। ਇਸ ਪੁਸਤਕ ਦੇ ਮੁੱਖ ਤੌਰ 'ਤੇ ਚਾਰ ਭਾਗ ਹਨ। ਪਹਿਲੇ ਭਾਗ ਵਿਚ ਤਿੰਨ, ਦੂਜੇ ਭਾਗ ਵਿਚ 6, ਤੀਜੇ ਵਿਚ 12 ਅਤੇ ਅੰਤਲੇ ਭਾਗ ਵਿਚ 9 ਲੇਖ ਹਨ। ਇਨ੍ਹਾਂ ਲੇਖਾਂ ਰਾਹੀਂ ਸਫਲ ਅਤੇ ਸ਼ਾਂਤਮਈ ਜੀਵਨ ਜਿਊਣ ਬਾਰੇ ਬੇਸ਼ਕੀਮਤੀ ਜਾਣਕਾਰੀ ਦਿੱਤੀ ਗਈ ਹੈ। ਲੇਖਕ ਅਨੁਸਾਰ ਇਸ ਪੁਸਤਕ ਦੀ ਰਚਨਾ ਦਾ ਮਕਸਦ ਲੋਕਾਈ ਨੂੰ ਉਨ੍ਹਾਂ ਸ਼ਕਤੀਆਂ ਦੀ ਤਲਾਸ਼ ਕਰਨ ਲਈ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ਵਿਕਸਿਤ ਕਰਨਾ ਹੈ ਜਿਨ੍ਹਾਂ ਵੱਲ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ। ਪੁਸਤਕ ਦੇ ਹਰੇਕ ਲੇਖ ਵਿਚ ਕਿਸੇ ਨਾ ਕਿਸੇ ਘਟਨਾ, ਦੁਰਘਟਨਾ ਦਾ ਬਿਰਤਾਂਤ ਹੈ, ਜਿਸ ਤੋਂ ਆਪਣੇ ਜੀਵਨ ਲਈ ਸੇਧ ਹਾਸਲ ਕੀਤੀ ਜਾ ਸਕਦੀ ਹੈ। ਹਰੇਕ ਲੇਖ ਦੇ ਅੰਤ 'ਤੇ ਇਕ ਸਿਧਾਂਤ ਦਿੱਤਾ ਗਿਆ ਹੈ, ਜਿਸ 'ਤੇ ਅਮਲ ਕਰਨਾ ਹੈ। ਜਿਵੇਂ : 'ਆਲੋਚਨਾ, ਨਿੰਦਾ ਅਤੇ ਸ਼ਿਕਾਇਤ ਨਾ ਕਰੋ। (ਪੰਨਾ 39) ਲੋਕਾਂ ਨਾਲ ਵਿਵਹਾਰ ਕਰਨ ਵਾਲੇ ਲੇਖ ਦਾ ਸਿਧਾਂਤ, ਤੱਤਸਾਰ ਹੈ 'ਇਮਾਨਦਾਰੀ ਅਤੇ ਸਚਾਈ ਨਾਲ ਤਾਰੀਫ਼ ਕਰੋ।' (ਪੰਨਾ 51) 'ਦੂਸਰੇ ਇਨਸਾਨ ਅੰਦਰ ਤੀਬਰ ਇੱਛਾ ਜਗਾਓ।' (ਪੰਨਾ 67)
ਪੁਸਤਕ ਦਾ ਦੂਜਾ ਭਾਗ ਹੈ 6 ਸਿਧਾਂਤ 'ਲੋਕਾਂ ਪ੍ਰਤੀ ਸੱਚੀ ਦਿਲਚਸਪੀ ਰੱਖੋ'। 'ਮੁਸਕਰਾਓ'। 'ਯਾਦ ਰੱਖੋ ਕਿ ਕਿਸੇ ਇਨਸਾਨ ਦਾ ਨਾਂਅ ਉਸ ਦੇ ਵਾਸਤੇ ਕਿਸੇ ਵੀ ਭਾਸ਼ਾ ਵਿਚ ਸਭ ਤੋਂ ਮਿੱਠੀ ਅਤੇ ਜ਼ਰੂਰੀ ਆਵਾਜ਼ ਹੈ'। ਸਾਹਮਣੇ ਵਾਲੇ ਇਨਸਾਨ ਨੂੰ ਮਹੱਤਵਪੂਰਨ ਮਹਿਸੂਸ ਕਰਾਓ ਅਤੇ ਇਹ ਕੰਮ ਸੱਚੇ ਮਨੋਂ ਕਰੋ।' (ਪੰਨਾ 124)
ਭਾਗ ਤੀਜੇ ਵਿਚ 'ਲੋਕਾਂ ਨੂੰ ਆਪਣੀ ਸੋਚ ਵੱਲ ਕਿਵੇਂ ਮੋੜੀਏ' ਦੇ ਗੁਰ ਸੁੰਦਰ ਉਦਾਹਰਨਾਂ ਦੇ ਕੇ ਸਮਝਾਏ ਗਏ ਹਨ। ਅੰਤਿਮ ਅਤੇ ਚੌਥੇ ਅਧਿਆਏ ਦੇ ਨੌਂ ਲੇਖਾਂ ਵਿਚ ਇਹ ਸਮਝਾਉਣ ਦਾ ਯਤਨ ਕੀਤਾ ਗਿਆ ਹੈ ਕਿ 'ਲੋਕਾਂ ਨੂੰ ਅਪਮਾਨਤ ਕੀਤੇ ਜਾਂ ਕੁੜੱਤਣ ਜਗਾਏ ਬਿਨਾਂ ਕਿਵੇਂ ਬਦਲੀਏ।' ਇਸ ਭਾਗ ਵਿਚਲੇ ਮੂਲ-ਭੂਤ ਸਿਧਾਂਤ ਹਨ 'ਤਾਰੀਫ਼ ਅਤੇ ਦਿੱਲੀ ਪ੍ਰਸੰਸਾ ਤੋਂ ਸ਼ੁਰੂ ਕਰੋ।' 'ਸਿੱਧੇ ਹੁਕਮ ਦੇਣ ਦੀ ਬਜਾਏ ਸਵਾਲ ਪੁੱਛੋ।' 'ਦੂਸਰੇ ਇਨਸਾਨ ਨੂੰ ਇੱਜ਼ਤ ਬਚਾਉਣ ਦਿਓ।' 'ਤੁਸੀਂ ਜੋ ਕੰਮ ਕਰਨਾ ਚਾਹੁੰਦੇ ਹੋ, ਉਸ ਦੇ ਬਾਰੇ ਇਨਸਾਨ ਨੂੰ ਚੰਗਾ ਮਹਿਸੂਸ ਕਰਾਓ।' ਆਦਿ। (ਪੰਨਾ 244)
ਡੇਲ ਕਾਰਨੇਗੀ ਸੱਚੇ ਕਰਮਯੋਗੀ ਸਨ। ਉਨ੍ਹਾਂ ਨੇ ਵਿਹਾਰਕ ਹੋ ਕੇ ਸਿਖਲਾਈ ਦਾ ਇਕ ਅਜਿਹਾ ਸਿਸਟਮ ਵਿਕਸਿਤ ਕੀਤਾ, ਜਿਸ ਵਿਚ ਬਹੁਪੱਖੀ ਤਾਲਮੇਲ ਸੀ। ਉਨ੍ਹਾਂ ਨੇ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਉਨ੍ਹਾਂ ਦੀਆਂ ਲੁਕੀਆਂ ਸਮਰਥਾਵਾਂ ਦਾ ਵਿਕਾਸ ਕਰਨ ਵਿਚ ਮਦਦ ਕਰਕੇ, ਬਾਲਗ ਸਿੱਖਿਆ ਵਿਚ ਇਕ ਸਭ ਤੋਂ ਮਹੱਤਵਪੂਰਨ ਅਭਿਆਸ ਸ਼ੁਰੂ ਕੀਤਾ, ਜਿਸ ਨਾਲ ਉਹ ਆਪਣੀ 90 ਫ਼ੀਸਦੀ ਲੁਕੀ ਹੋਈ ਪ੍ਰਤਿਭਾ ਦੀ ਵਰਤੋਂ ਕਰਕੇ ਬੁਲੰਦੀਆਂ 'ਤੇ ਪੁੱਜੇ।


ਤੀਰਥ ਸਿੰਘ ਢਿੱਲੋਂ
ਮੋ: 98154-61710


ਕਾਇਨਾਤ

ਕਵੀ : ਬਚਨ ਸਿੰਘ ਗੁਰਮ
ਪ੍ਰਕਾਸ਼ਕ : ਜ਼ੋਹਰਾ ਪਬਲੀਕੇਸ਼ਨ, ਪਟਿਆਲਾ
ਮੁੱਲ : 220 ਰੁਪਏ, ਸਫ਼ੇ : 118
ਸੰਪਰਕ : 88472-12593.


ਹਥਲੇ ਕਾਵਿ ਸੰਗ੍ਰਹਿ ਵਿਚ ਕੁੱਲ 70 ਕੁ ਕਵਿਤਾਵਾਂ 118 ਸਫ਼ਿਆਂ ਵਿਚ ਅੰਕਿਤ ਹਨ। ਇਨ੍ਹਾਂ ਕਵਿਤਾਵਾਂ ਦਾ ਸਰੂਪ ਕੁਝ ਤਾਂ ਵਾਰਤਕੀ ਹੈ ਪਰ ਕੁਝ ਗ਼ਜ਼ਲਨੁਮਾ ਤਰਤੀਬ ਵਿਚ ਹਨ। ਗੁਰਮ ਸਖ਼ਤ ਬਿਆਨਾਂ ਦਾ ਕਵੀ ਹੈ। ਇਕ ਪਾਸੇ ਤਾਂ ਉਹ ਰਾਜ ਸੱਤਾ 'ਤੇ ਕਾਬਜ਼ ਹਾਕਮਾਂ ਦੀ ਤਾਨਾਸ਼ਾਹੀ ਅਤੇ ਆਪਹੁਦਰੀਆਂ ਦਾ ਨੋਟਿਸ ਲੈਂਦਾ ਹੈ ਅਤੇ ਦੂਜੇ ਪਾਸੇ ਲੋਕਾਂ ਨੂੰ ਰਾਜਾਸ਼ਾਹੀ ਵਿਰੁੱਧ ਚੇਤੰਨ ਵੀ ਕਰਦਾ ਹੈ। ਧਾਰਮਿਕ ਧੁੰਦੂਕਾਰਿਆਂ ਨੂੰ ਉਹ ਨਿੰਦਦਾ ਹੈ। ਉਹ ਪਰਜੀਵੀ ਕਿਸਮ ਦੇ ਲੋਕਾਂ ਨੂੰ ਦੁਰਕਾਰਦਾ ਕਹਿੰਦਾ ਹੈ : 'ਕੁੱਤਿਆਂ ਦਾ ਕੀ ਹੁੰਦੈ/ਦਿਸਿਆ ਜਿੱਧਰ ਵੀ/ਟੁਕੜਾ ਰੋਟੀ ਦਾ/ਓਧਰ ਹੀ ਤੁਰ ਪਏ/ਕੰਮ ਇਨ੍ਹਾਂ ਦਾ ਨਹੀਂ/ਗਲੀ ਮੁਹੱਲੇ ਦੀ ਰਾਖੀ ਕਰਨਾ/ਭੌਂਕਣਾ ਹੁੰਦਾ ਹੈ ਇਨ੍ਹਾਂ ਨੇ ਤਾਂ ਬਸ/ਕਿਸੇ ਨੂੰ ਵੱਢ ਖਾਣ ਲਈ...' ਕਵੀ ਇਤਿਹਾਸ-ਮਿਥਿਹਾਸ ਅਤੇ ਵਰਤਮਾਨ ਵਿਚ ਵਿਚਰਦੇ ਗੱਦਾਰ ਕਿਸਮ ਦੇ ਲੋਕਾਂ ਨੂੰ ਇਵੇਂ ਸੰਬੋਧਨ ਹੁੰਦਾ ਹੈ : 'ਯਾਦ ਰੱਖੋ/ਸ਼ੀਸ਼ੇ ਦੇ ਜਿੰਨੇ ਵੀ ਟੁਕੜੇ ਕਰੋਗੇ/ਓਨੀ ਵਾਰ ਹੀ ਦੇਖੋਗੇ/ਆਪਣਾ ਮੱਕਾਰ ਚਿਹਰਾ/ਤੇ ਸੱਚ ਬੋਲੇਗਾ ਸ਼ੀਸ਼ਾ ਓਨੀ ਹੀ ਵਾਰੀ...' ਕਵੀ ਬੰਦਿਆਂ ਦੀ ਨਸਲ ਵਿਚ ਖਲੋ ਕੇ ਕਹਿੰਦਾ ਹੈ : 'ਹੇ ਕੁਦਰਤ/ਅਸੀਂ ਮਾਨਵ/ਅਸਾਵੀਂ ਸੋਚ ਦੇ ਮਾਲਕ/ਪਹਿਲਾਂ ਹੀ ਸੀ/ਬੜੇ ਗ਼ਮਜ਼ਦਾ... ਤੈਨੂੰ/ਤੇ ਤੇਰੀਆਂ ਹੋਰ ਨਸਲਾਂ ਨੂੰ ਕਰ ਦਿੱਤਾ ਸੀ ਅਸੀਂ/ਆਪਣੇ ਚੇਤਿਆਂ 'ਚੋਂ ਜਲਾਵਤਨ' 'ਅਣਕਿਆਸੇ' ਕਵਿਤਾ ਵਿਚ ਕਵੀ ਦੁਖਦਾ ਜਿਗਰ ਵਿਖਾਲਦਾ ਹੈ, 'ਵਕਤ ਇਹ/ਦੇਖਣੇ ਸਨ ਅਸੀਂ/ਕਿ/ਮਨੁੱਖ ਦੀ ਅਰਥੀ ਨੂੰ/ਦੇਣ ਲਈ ਮੋਢਾ/ਨਹੀਂ ਲੱਭਦੇ ਚਾਰ ਬੰਦੇ/ਤੇ/ਹੋ ਗਏ ਨੇ ਬੰਦ/ਸ਼ਮਸ਼ਾਨਘਾਟ ਵੀ ਉਨ੍ਹਾਂ ਲਈ...ਜੀਣ ਦੀ ਲਾਲਸਾ/ਤੇ/ਮੌਤ ਦੇ ਖੌਫ਼ ਨੇ/ਕਰ ਛੱਡਿਆ ਹੈ/ਇਸ ਕਦਰ ਅਪਾਹਜ ਸਾਨੂੰ/ਹੋ ਗਿਐ ਸਫ਼ੈਦ/ਸਾਡਾ ਖੂਨ ਜਿਵੇਂ...'
ਕਵੀ ਦੇ ਕੁਝ ਸ਼ਿਅਰ ਹਾਜ਼ਰ ਹਨ :
ਭੁੱਲ ਭੁਲੱਈਆ 'ਚ ਨਾ ਤੂੰ ਫਸਾ ਹਾਕਿਮ!
ਅਸਲ ਮੁੱਦੇ 'ਤੇ ਤੂੰ ਆ ਹਾਕਿਮ!
ਸ਼ੁਕਰਾਨਾ ਕੋਈ ਨਹੀਂ ਬਸ ਗਿਲਾ ਹੀ ਗਿਲਾ
ਹੋ ਗਿਆ ਹੈ ਸ਼ੁਰੂ ਯਾਰੋ ਇਹ ਕੈਸਾ ਸਿਲਸਿਲਾ?
ਲਿਤਾੜ ਕੇ ਕਿਸੇ ਨੂੰ ਜੇ ਅੱਗੇ ਵਧੋਗੇ
ਮੰਨਿਉਂ ਯਕੀਨ ਨਾ ਖੁਸ਼ ਰਹਿ ਸਕੋਗੇ।
ਰਹੇ ਖਾਮੋਸ਼ ਦੇਰ ਤੱਕ ਕੁਝ ਨਾ ਕਹਿ ਸਕੇ
ਚੁੱਕੀ ਉਨ੍ਹਾਂ ਅੱਤ ਤਾਂ ਚੁੱਪ ਨਾ ਰਹਿ ਸਕੇ।
ਕਵੀ ਕੋਲ ਬੇਕਦਰੇ, ਆਪਹੁਦਰੇ ਅਤੇ ਚਿਮਚੇ ਲੋਕਾਂ ਪ੍ਰਤੀ ਖਿਝ ਹੈ ਜੋ ਕਵਿਤਾਵਾਂ/ਸ਼ਿਅਰਾਂ ਵਿਚ ਵੀ ਪ੍ਰਗਟ ਹੁੰਦੀ ਹੈ।


ਸੁਲੱਖਣ ਸਰਹੱਦੀ
ਮੋ: 94174-84337.


ਹੱਕ ਸੱਚ ਦੀ ਆਵਾਜ਼ : ਕਿਸਾਨ ਅੰਦੋਲਨ
ਲੇਖਿਕਾ : ਪ੍ਰਭਜੋਤ ਕੌਰ ਢਿੱਲੋਂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 124
ਸੰਪਰਕ : 98150-30221.


ਪ੍ਰਭਜੋਤ ਕੌਰ ਢਿੱਲੋਂ ਦੀ ਇਸ ਪੁਸਤਕ ਦੇ ਅੱਧਿਉਂ ਵੱਧ ਲੇਖ ਕਿਸਾਨ ਅੰਦੋਲਨ ਨੂੰ ਸਮਰਪਿਤ ਹਨ। ਇਸ ਪੁਸਤਕ ਬਾਰੇ ਅਮਰਜੀਤ ਸਿੰਘ ਵੜੈਚ ਦਾ ਕਹਿਣਾ ਹੈ, 'ਇਹ ਕਿਤਾਬ ਸਰਲ ਸ਼ਬਦਾਵਲੀ ਵਿਚ ਮਹੱਤਵਪੂਰਨ ਵਿਸ਼ਿਆਂ ਉੱਪਰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਦਾ ਇਕ ਮਾਡਲ ਹੈ। ਵਿਸ਼ਿਆਂ ਦੀ ਸਰਲਤਾ ਨਿੱਕੇ-ਨਿੱਕੇ ਵਾਕ, ਸਰਲ ਸ਼ਬਦ, ਸ਼ਬਦਾਂ ਦੀ ਵੰਨਗੀ, ਗੱਲ ਕਹਿਣ ਦੀ ਸ਼ੈਲੀ ਅਤੇ ਪਾਠਕ ਦੀ ਰੁਚੀ ਬਣਾਈ ਰੱਖਣ ਦਾ ਹੁਨਰ ਇਸ ਪੁਸਤਕ ਦੀ ਪ੍ਰਾਪਤੀ ਹੈ।'
ਲੇਖਿਕਾ ਨੇ ਇਸ ਕਿਤਾਬ ਦੇ ਬਹੁਤੇ ਲੇਖ ਕਿਸਾਨ ਅੰਦੋਲਨ ਬਾਰੇ ਲਿਖੇ ਹੀ ਨਹੀਂ ਸਗੋਂ ਪੂਰੇ ਸਿਦਕ, ਸਹਿਜਤਾ ਅਤੇ ਤਰਕ ਸਹਿਤ ਉਸ ਅੰਦੋਲਨ ਦੀ ਪਰਖ-ਪੜਚੋਲ ਵੀ ਕੀਤੀ ਹੈ। ਉਸ ਦੀ ਸ਼ੈਲੀ ਭਾਵੇਂ ਭਾਵੁਕਤਾ ਪ੍ਰਧਾਨ ਹੈ ਪਰ ਇਸ ਅੰਦੋਲਨ ਵਿਚੋਂ ਨਿਕਲੀਆਂ ਕਈ ਅਹਿਮ ਗੱਲਾਂ ਇਸ ਅੰਦੋਲਨ ਦੀ ਪ੍ਰਾਪਤੀ ਵੀ ਹਨ। ਮਜ਼ਦੂਰ-ਕਿਸਾਨ ਏਕਾ, ਕੁਰਬਾਨੀ ਦਾ ਜਜ਼ਬਾ, ਕਿਸਾਨ ਲੀਡਰਾਂ ਦੀ ਸਿਆਣਪ, ਜੂਝਣ ਦੀ ਤਾਕਤ, ਸਮੂਹ ਵਰਗਾਂ ਵਲੋਂ ਸਮਰਥਨ, ਜੋਸ਼ ਅਤੇ ਹੋਸ਼, ਯੋਗ ਸ਼ਾਂਤਮਈ ਅਗਵਾਈ, ਲੰਗਰ ਪ੍ਰਥਾ ਅਤੇ ਸਦਭਾਵਨਾ ਇਸ ਅੰਦੋਲਨ ਦੀਆਂ ਕੁਝ ਪ੍ਰਾਪਤੀਆਂ ਹਨ, ਜਿਨ੍ਹਾਂ ਬਾਰੇ ਲੇਖਿਕਾ ਨੇ ਨਿੱਠ ਕੇ ਲਿਖਿਆ ਹੈ। ਕਿਸਾਨ ਅੰਦੋਲਨ ਤੋਂ ਇਲਾਵਾ ਹੋਰ ਵੀ ਅਨੇਕਾਂ ਸਮਾਜਿਕ ਮਸਲੇ ਹਨ, ਜਿਨ੍ਹਾਂ 'ਤੇ ਲੇਖਿਕਾ ਨੇ ਆਪਣੀ ਕਲਮ ਚਲਾਈ ਹੈ। ਦਾਜ ਦੀ ਸਮੱਸਿਆ, ਧੀਆਂ-ਨੂੰਹਾਂ ਦੇ ਜਾਇਦਾਦੀ ਮਸਲੇ, ਪਰਿਵਾਰਕ ਰਿਸ਼ਤਿਆਂ ਦੀ ਟੁੱਟ-ਭੱਜ, ਚੰਗੇ ਨਾਗਰਿਕਾਂ ਦੇ ਗੁਣ, ਅਧਿਕਾਰਾਂ, ਕਰਤੱਵਾਂ ਅਤੇ ਹੱਕਾਂ ਦੀ ਪੁਣਛਾਣ, ਸਿੱਖਿਆ ਪ੍ਰਣਾਲੀ, ਸਮਾਜ ਵਿਚ ਬਜ਼ੁਰਗਾਂ ਦੀ ਬੇਹੁਰਮਤੀ ਆਦਿ ਅਜਿਹੀਆਂ ਸਮੱਸਿਆਵਾਂ 'ਤੇ ਵੀ ਲੇਖਿਕਾ ਨੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਗੱਲ ਕਹਿਣ ਦੀ ਜੁਰਅਤ ਕੀਤੀ ਹੈ। ਲੇਖਿਕਾ ਸਾਡੇ ਨੇਤਾਵਾਂ ਅਤੇ ਹੋਛੇ ਲੀਡਰਾਂ ਦੇ ਹੀਜ-ਪਿਆਜ਼ ਨੂੰ ਵੀ ਨੰਗਾ ਕਰਨ ਤੋਂ ਪ੍ਰਹੇਜ਼ ਨਹੀਂ ਕਰਦੀ। ਮਹਿੰਗਾਈ, ਬੇਰੁਜ਼ਗਾਰੀ, ਰਿਸ਼ਵਤਖੋਰੀ ਆਦਿ ਅਜਿਹੀਆਂ ਸਮੱਸਿਆਵਾਂ ਹਨ ਜੋ ਘੁਣ ਵਾਂਗ ਸਮਾਜ ਨੂੰ ਖੋਰਾ ਲਾਈ ਜਾ ਰਹੀਆਂ ਹਨ। ਲੇਖਿਕਾ ਤਰਕ ਰਾਹੀਂ ਕੱਚ ਦਾ ਸੱਚ ਜ਼ਾਹਰ ਤਾਂ ਕਰਦੀ ਹੀ ਹੈ, ਝੂਠ ਦਾ ਮੁਲੰਮਾ ਵੀ ਲਾਹ ਦਿੰਦੀ ਹੈ। ਉਹ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣੋਂ ਪ੍ਰਹੇਜ਼ ਨਹੀਂ ਕਰਦੀ। ਲੇਖ ਪੜ੍ਹਨ ਤੇ ਵਾਚਣਯੋਗ ਹਨ।


ਕੇ. ਐਲ. ਗਰਗ
ਮੋ: 94635-37050.


ਪਰਤਾਪ ਸਿੰਘ ਕੈਰੋਂ
(ਦੂਰਦਰਸ਼ੀ ਸਿਆਸਤਦਾਨ)
ਅਨੁ: ਪ੍ਰੋ: ਪੀ.ਐਸ. ਭੋਗਲ, ਡਾ. ਸੰਦੀਪ ਕੌਰ ਸੇਖੋਂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 595 ਰੁਪਏ, ਸਫ਼ੇ : 316
ਸੰਪਰਕ : 95011-45039.


ਮੂਲ ਰੂਪ ਵਿਚ ਇਸ ਵਿਸਤ੍ਰਿਤ ਜੀਵਨੀ ਵਿਚ ਪਰਤਾਪ ਸਿੰਘ ਕੈਰੋਂ ਦੇ ਛੋਟੇ ਸਪੁੱਤਰ ਗੁਰਿੰਦਰ ਸਿੰਘ ਕੈਰੋਂ, ਮੀਤਾ ਰਾਜੀਵ ਲੋਚਨ ਅਤੇ ਐਮ. ਰਾਜੀਵ ਲੋਚਨ ਦਾ ਅਹਿਮ ਯੋਗਦਾਨ ਹੈ। ਇਹ ਰਚਨਾ ਇਸ ਦੇ ਨਾਇਕ ਦੇ ਜਨਮ 1 ਅਕਤੂਬਰ, 1901 ਤੋਂ ਲੈ ਕੇ ਉਸ ਦੇ ਰਾਜਨੀਤਕ ਕਤਲ 6 ਫਰਵਰੀ, 1965 ਤੱਕ ਦੀਆਂ ਘਟਨਾਵਾਂ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ। ਪਰਤਾਪ ਸਿੰਘ ਕੈਰੋਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੀ.ਏ. ਕਰਨ ਉਪਰੰਤ ਐਮ.ਏ. ਪੱਧਰ ਦੀਆਂ ਦੋ ਡਿਗਰੀਆਂ (ਯੂਨੀਵਰਸਿਟੀ ਆਫ ਕੈਲੀਫੋਰਨੀਆ, ਬਰਕਲੇ ਤੋਂ ਐਮ.ਏ. ਇਕਨਾਮਿਕਸ ਅਤੇ ਯੂਨੀਵਰਸਿਟੀ ਆਫ ਮਿਸ਼ੀਗਨ (ਐਨ ਅਰਬਰ) ਤੋਂ ਐਮ.ਏ. ਰਾਜਨੀਤੀ ਸ਼ਾਸਤਰ) ਪ੍ਰਾਪਤ ਕੀਤੀਆਂ। 1937 ਵਿਚ ਉਹ ਵਿਧਾਨ ਸਭਾ ਦਾ ਮੈਂਬਰ ਬਣਿਆ। ਉਸ ਨੇ ਸੁਤੰਤਰਤਾ ਸੰਗਰਾਮ ਦੌਰਾਨ ਤਿੰਨ ਸਾਲ ਦੀ ਕੈਦ ਵੀ ਕੱਟੀ। 9 ਅਪ੍ਰੈਲ, 1957 ਨੂੰ ਉਸ ਨੇ ਪਹਿਲੀ ਵਾਰ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ। 12 ਮਾਰਚ, 1962 ਨੂੰ ਤੀਜੀ ਵਾਰ ਮੁੱਖ ਮੰਤਰੀ ਬਣਿਆ। 27 ਮਈ, 1964 ਨੂੰ ਨਹਿਰੂ ਦੀ ਮੌਤ ਤੋਂ ਤਿੰਨ ਹਫ਼ਤੇ ਬਾਅਦ ਲਾਲ ਬਹਾਦਰ ਸ਼ਾਸਤਰੀ ਨੂੰ ਅਸਤੀਫ਼ਾ ਪ੍ਰਵਾਨ ਕਰਨ ਲਈ ਕਹਿ ਦਿੱਤਾ।
ਪਰਤਾਪ ਸਿੰਘ ਕੈਰੋਂ ਨੇ ਆਪਣੇ ਮੁੱਖ ਮੰਤਰੀ ਵਜੋਂ ਕਾਰਜ ਕਾਲ ਵਿਚ ਪੰਜਾਬ ਦੀ ਉੱਨਤੀ ਲਈ ਜਿਹੜੇ ਅਹਿਮ ਕਾਰਜ ਕੀਤੇ, ਉਨ੍ਹਾਂ ਵਿਚੋਂ ਕੁਝ ਇਕ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਮਸਲਨ ਪੰਜਾਬ ਦੀ ਅਨਾਜ ਦੀ 'ਖੇਤੀ' ਅਤੇ 'ਦਸਤਕਾਰੀ' ਨੂੰ ਹੁਲਾਰਾ ਦੇਣਾ, ਲੈਂਡ ਸੀਲਿੰਗ ਐਕਟ, ਮੁਰੱਬੇਬੰਦੀ, ਡੇਅਰੀ ਯੋਜਨਾ, ਦੁਧਾਰੂ ਪਸ਼ੂਆਂ ਦੀ ਨਸਲ ਵਧਾਉਣ ਲਈ ਵੀਰਜ ਕੇਂਦਰ, ਕਰਨਾਲ ਵਿਚ ਡੇਅਰੀ ਫਾਰਮ, ਰੈਫਰੀਜਰਨੇਸ਼ਨਾਂ ਅਤੇ ਮੈਸੀ ਫਰਗੂਸਨ ਟਰੈਕਟਰ ਕਾਰਖਾਨੇ ਫਰੀਦਾਬਾਦ, ਥਾਪਰ ਕਾਲਜ ਪਟਿਆਲਾ, ਐਚ.ਐਮ.ਟੀ. ਕਾਰਖਾਨਾ, ਪੀ.ਜੀ.ਆਈ. ਚੰਡੀਗੜ੍ਹ, ਕੁਰੂਕਸ਼ੇਤਰਾ ਯੂਨੀਵਰਸਿਟੀ, ਗਾਰਡਨ ਕਾਲੋਨੀ, ਖੂਹਾਂ-ਨਹਿਰਾਂ ਦੀ ਖੁਦਵਾਈ, ਹੜ੍ਹਾਂ ਦੀ ਰੋਕਥਾਮ ਲਈ ਨਿਕਾਸ ਪ੍ਰਬੰਧ, ਭ੍ਰਿਸ਼ਟਾਚਾਰ ਰੋਕਣ ਲਈ ਉਡਣ-ਦਸਤੇ, ਸਿੱਖਿਆ ਵੱਲ ਧਿਆਨ ਆਦਿ। ਭਾਖੜਾ ਡੈਮ ਦੀ ਉਸਾਰੀ ਵੀ ਕੈਰੋਂ ਦੇ ਸਮੇਂ ਹੀ ਹੋਈ। ਯਾਦ ਰਹੇ ਕਿ ਉਦੋਂ ਹਰਿਆਣਾ, ਹਿਮਾਚਲ, ਪੰਜਾਬ ਦੇ ਅੰਗ ਸਨ। ਪੈਰੀਂ ਤੁਰ ਕੇ ਸਾਦੇ ਲਿਬਾਸ ਵਿਚ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਸਨ। ਦਲਿਤਾਂ ਲਈ ਮਕਾਨਾਂ ਦੀ ਉਸਾਰੀ ਆਰੰਭੀ। ਦਲਿਤ ਨੇਤਾਵਾਂ ਦੇ ਘਰ ਖਾਣਾ ਖਾ ਲੈਂਦੇ ਸਨ। ਪੇਂਡੂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਦੇ ਸਨ। ਸਾਫ਼-ਸੁਥਰਾ ਪ੍ਰਸ਼ਾਸਨ, ਕਾਨੂੰਨ ਅਤੇ ਵਿਵਸਥਾ, ਦਸਵੀਂ ਤੱਕ ਮੁਫ਼ਤ ਸਿੱਖਿਆ ਅਤੇ ਅੱਠਵੀਂ ਤੱਕ ਲਾਜ਼ਮੀ, ਮਜ਼ਦੂਰ ਵਰਗ ਤੇ ਪਛੜੇ ਇਲਾਕਿਆਂ ਦੇ ਵਿਕਾਸ ਲਈ ਯਤਨ, ਸਥਾਨਕ ਸਰਕਾਰਾਂ ਦੀ ਸਥਾਪਨਾ ਕੈਰੋਂ ਦੇ ਦਸ ਨੁਕਾਤੀ ਵਿਕਾਸ ਪ੍ਰੋਗਰਾਮ ਵਿਚ ਸ਼ਾਮਿਲ ਸਨ। ਟਾਈਮਜ਼ ਆਫ ਇੰਡੀਆ ਬੰਬਈ ਨੇ ਲਿਖਿਆ ਸੀ : 'ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਕੈਰੋਂ ਵਿਚ ਇਕ ਪਰਉਪਕਾਰੀ ਅਤੇ ਪ੍ਰਗਤੀਸ਼ੀਲ ਸਿੱਖ ਪਰਿਵਾਰ ਵਿਚ ਜਨਮੇ ਇਸ ਕਮਜ਼ੋਰ ਸੱਠ ਸਾਲਾ ਸਿਆਸਤਦਾਨ ਨੇ ਕਈ ਤੂਫ਼ਾਨ ਹੰਢਾਏ ਹਨ ਪਰ ਉਹ ਔਕੜਾਂ ਤੋਂ ਕਦੇ ਨਹੀਂ ਸੀ ਘਬਰਾਇਆ। ਹਰ ਤੂਫ਼ਾਨ ਮਗਰੋਂ ਵਧੇਰੇ ਮਜ਼ਬੂਤ ਹੋ ਕੇ ਨਿਕਲਦਾ ਹੈ।' ਪੰ. 228
ਵਿਧਾਨ ਸਭਾ ਵਿਚ ਪੇਸ਼ ਹੋਈ 'ਦਾਸ ਕਮਿਸ਼ਨ' ਦੀ ਰਿਪੋਰਟ ਵਿਚ ਉਸ ਦੇ ਖਿਲਾਫ਼ ਕੁਝ ਵੀ ਨਹੀਂ ਸੀ। ਅਜਿਹੀ ਵਿਲੱਖਣ ਸ਼ਖ਼ਸੀਅਤ ਨੂੰ 6 ਫਰਵਰੀ, 1965 ਨੂੰ ਅਣਪਛਾਤੇ ਹਮਲਾਵਰਾਂ ਨੇ ਦਿੱਲੀ ਦੀ ਹੱਦ ਦੇ ਬਾਹਰਵਾਰ ਰਸੋਈ ਪਿੰਡ ਨੇੜੇ ਉਸ ਦੇ ਸਾਥੀਆਂ ਸਮੇਤ ਕਤਲ ਕਰ ਦਿੱਤਾ। ਭਾਵੇਂ ਸ਼ੱਕੀ ਅਪਰਾਧੀਆਂ ਨੂੰ ਫਾਂਸੀ ਦੀ ਸਜ਼ਾ ਵੀ ਸੁਣਾਈ ਗਈ ਤਾਂ ਵੀ
'ਅੱਜ ਇਹ ਸਵਾਲ ਬਰਕਰਾਰ ਹੈ, ਕੈਰੋਂ ਦਾ ਅਸਲੀ ਕਾਤਲ ਕੌਣ ਸੀ, ਕਿਉਂ ਉਨ੍ਹਾਂ ਦੀ ਕਤਲ ਦੀ ਤਫ਼ਤੀਸ਼ ਦੌਰਾਨ ਰਾਜਨੀਤਕ ਸਾਜਿਸ਼ ਦੇ ਜ਼ਾਵੀਏ ਨੂੰ ਗੌਲਿਆ ਨਹੀਂ ਗਿਆ? ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੇ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਕਿਉਂ ਕੈਰੋਂ ਕਤਲ ਕਾਂਡ ਦੀ ਤਫ਼ਤੀਸ਼ ਕੇਂਦਰੀ ਤਫ਼ਤੀਸ਼ ਬਿਊਰੋ (ਸੀ.ਬੀ.ਆਈ.) ਤੋਂ ਨਹੀਂ ਕਰਾਈ ਗਈ? ਵਿਦਵਾਨਾਂ ਦਾ ਮਤ ਹੈ ਕਿ ਜੇ ਉਸ ਨੂੰ ਕੁਝ ਸਮਾਂ ਹੋਰ ਮਿਲ ਗਿਆ ਹੁੰਦਾ ਤਾਂ ਇਸ ਖਿੱਤੇ ਦਾ ਇਤਿਹਾਸ ਕੁਝ ਹੋਰ ਹੀ ਹੁੰਦਾ।


ਡਾ. ਧਰਮ ਚੰਦ ਵਾਤਿਸ਼
vatish.dharamchand@gmail.com


ਪੇਇੰਗ ਗੈਸਟ ਅਤੇ ਹੋਰ ਨਾਟਕ
ਲੇਖਕ : ਸ਼ਰਨਜੀਤ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 180 ਰੁਪਏ, ਸਫ਼ੇ : 120
ਸੰਪਰਕ : 98150-86855.ਚਰਚਾ ਅਧੀਨ ਪੁਸਤਕ ਵਿਚ ਪੇਇੰਗ ਗੈਸਟ ਤੋਂ ਇਲਾਵਾ ਟੋਪੀਬਾਜ਼, ਸ਼ਰੀਕ ਅਤੇ ਉਡੀਕ ਨਾਟਕ ਸ਼ਾਮਿਲ ਹਨ। ਬੜੀ ਕਮਾਲ ਦੀ ਪਾਤਰ ਉਸਾਰੀ ਦੇਖਣ ਨੂੰ ਮਿਲੀ ਹੈ ਕਿ ਕਿਵੇਂ ਪੇਇੰਗ ਗੈਸਟ ਬਣ ਕੇ ਆਏ ਮਾਸੜ ਅਤੇ ਕਾਕਾ ਗੁੱਡੀ ਦੀ ਮਾਸੀ ਅਤੇ ਗੁੱਡੀ ਨਾਲ ਰਿਸ਼ਤਿਆਂ ਵਿਚ ਬੱਝ ਜਾਂਦੇ ਹਨ। 'ਟੋਪੀਬਾਜ਼' ਦੇ ਪਾਤਰ ਬੀਰ੍ਹੀ ਅਤੇ ਜੀਤੀ ਨੇ ਪਹਿਲੀ ਟੋਪੀ ਮਾਲਕ ਮਕਾਨ ਗੁਪਤਾ ਨੂੰ ਆਪਣੀਆਂ ਕਾਮੁਕ ਅਦਾਵਾਂ ਨਾਲ ਅਜਿਹੀ ਪਾਈ ਕਿ ਉਹ ਕਰਿਆਨੇ ਵਾਲੇ ਨੂੰ ਦੇਣ ਲਈ ਬਾਰਾਂ ਸੌ ਰੁਪਏ ਵੀ ਉਨ੍ਹਾਂ ਨੂੰ ਦੇ ਕੇ ਛੁੱਟਿਆ। ਫਿਰ ਉਹ ਬਾਹਰ ਬੰਦੇ ਭੇਜਣ ਦੇ ਚੱਕਰ ਵਿਚ ਕਰਿਆਨੇ ਵਾਲੇ ਖੁਰਾਨੇ ਨੂੰ ਉਲਝਾਉਂਦੇ ਹਨ। ਉਸ ਤੋਂ ਲਏ ਅਗੇਤੇ ਤਿੰਨ ਲੱਖ ਰੁਪਏ ਦੀ ਠੱਗੀ ਮਾਰ ਕੇ ਉੱਥੋਂ ਭੱਜ ਨਿਕਲਦੇ ਹਨ। ਫਿਰ ਇਕ ਪਿੰਡ ਦਾ ਸਰਪੰਚ, ਸਿਲਾਈ ਮਸ਼ੀਨਾਂ ਖ਼ਰੀਦਣ ਲਈ ਉਨ੍ਹਾਂ ਨੂੰ ਡਰਾਈਵਰ ਨਾਲ ਗੱਡੀ 'ਤੇ ਲੁਧਿਆਣੇ ਭੇਜਦਾ ਹੈ। ਪਰ ਉਹ ਪੈਸੇ ਲੈ ਕੇ ਭੱਜ ਜਾਂਦੇ ਹਨ। ਫਿਰ ਇਕ ਥਾਂ ਗਹਿਣੇ ਲੈ ਕੇ ਦੌੜ ਜਾਂਦੇ ਹਨ। ਆਖਿਰ ਵਿਚ ਅਤਿ ਦਾ ਆਤਮ-ਵਿਸ਼ਵਾਸ ਉਨ੍ਹਾਂ ਨੂੰ ਲੈ ਡੁੱਬਦਾ ਹੈ। ਉਹ ਥਾਣੇਦਾਰ ਦਾ ਮੁੰਡਾ ਸਿੰਗਾਪੁਰ ਭੇਜਣ ਦਾ ਜੁਗਾੜ ਬਣਾਉਂਦੇ, ਵਿਸਕੀ ਪੀਂਦੇ, ਪੁਲਿਸ ਅਫ਼ਸਰ ਦੇ ਧੱਕੇ ਚੜ੍ਹ ਜੇਲ੍ਹ ਵਿਚ ਡੱਕੇ ਜਾਂਦੇ ਹਨ। ਨਾਟਕ ਸੁਨੇਹਾ ਦਿੰਦਾ ਹੈ ਕਿ ਪੜ੍ਹ-ਲਿਖ ਕੇ ਜਦੋਂ ਰੁਜ਼ਗਾਰ ਨਹੀਂ ਮਿਲਦਾ ਤਾਂ ਭਟਕੇ ਅਤੇ ਮਜਬੂਰ ਨੌਜਵਾਨ ਗ਼ਲਤ ਰਸਤੇ ਪੈ ਜਾਂਦੇ ਹਨ। ਇਸ ਲਈ ਸਾਡਾ ਸਮਾਜਿਕ ਢਾਂਚਾ ਜ਼ਿੰਮੇਵਾਰ ਹੈ। ਸ਼ਰੀਕ ਨਾਟਕ ਕਿਸਾਨੀ ਪਰਿਵਾਰਾਂ ਵਿਚ ਜ਼ਮੀਨ ਖ਼ਾਤਰ ਚਿਰ ਤੋਂ ਚਲਦੀ ਆ ਰਹੀ ਸ਼ਰੀਕੇਬਾਜ਼ੀ ਦੀ ਕਹਾਣੀ ਹੈ, ਜਦੋਂ ਜ਼ਮੀਨ ਦੀ ਵੰਡ ਦੇ ਡਰੇ ਭਾਈ ਆਪਣੇ ਭਾਈਆਂ ਦੇ ਵਿਆਹ ਨਹੀਂ ਸੀ ਹੋਣ ਦਿੰਦੇ। ਸੱਜਣ ਸਿੰਘ ਦੀਪੋ ਨੂੰ ਵਿਆਹਿਆ ਹੋਇਆ ਹੈ। ਮੱਖਣ ਸਿੰਘ ਤੇ ਲਾਲੀ ਉਸ ਦੇ ਕੁਆਰੇ ਭਰਾ ਹਨ। ਦੀਪੋ ਮੱਖਣ ਸਿੰਘ ਨੂੰ ਪਹਿਲਾਂ ਵਿਆਹ ਦਾ ਲਾਰਾ ਲਾਈ ਰੱਖਦੀ ਹੈ। ਜਦ ਨੂੰ ਉਸ ਦੀ ਉਮਰ ਟੱਪ ਜਾਂਦੀ ਹੈ। ਲਾਲੀ ਨੂੰ ਉਹ ਕੈਨੇਡਾ ਭੇਜਣ ਦੀ ਵਿਉਂਤ ਬਣਾ ਰਹੇ ਹਨ। ਉਨ੍ਹਾਂ ਨੂੰ ਡਰ ਹੈ ਕਿ ਉਹ ਕੋਈ ਪੂਰਬਣ ਪਤਨੀ ਪੈਸੇ ਦੇ ਕੇ ਨਾ ਖ਼ਰੀਦ ਲਿਆਵੇ। ਫਿਰ ਉਹ ਮੱਖਣ ਸਿੰਘ 'ਤੇ ਹਰ ਗ਼ਲਤ ਠੀਕ ਹਰਬਾ ਜ਼ਰਬਾ ਵਰਤਦੇ ਹਨ ਤਾਂ ਜੋ ਉਹ ਵਿਆਹਿਆ ਨਾ ਜਾ ਸਕੇ। ਆਖਿਰ ਪੁਲਿਸ ਵਾਲੀ ਕੁੜੀ ਦੀ ਮਦਦ 'ਤੇ ਆਉਂਦੀ ਹੈ ਅਤੇ ਰਾਮੂ ਭਈਏ ਦਾ ਜ਼ਨਾਨੀਆਂ ਵੇਚਣ, ਨਸ਼ੇ ਵੇਚਣ ਦਾ ਪਰਦਾ ਫਾਸ਼ ਕਰਦੀ ਹੈ। ਉਡੀਕ ਇਕ ਛੋਟਾ ਜਿਹਾ ਨਾਟਕ ਹੈ, ਜੋ ਇਸ਼ਕ ਵਿਚ ਬਲੈਕਮੇਲਿੰਗ ਕਰਦਾ ਹੈ। ਲੜਕੀ ਦਾ ਦੂਜਾ ਪ੍ਰੇਮੀ ਉਸ ਦੀ ਸਹਾਇਤਾ ਕਰਕੇ ਉਸ 'ਤੇ ਆਪਣਾ ਹੱਕ ਜਤਾਉਂਦਾ ਹੈ। ਵਿਚ-ਵਿਚਾਲੇ ਲੇਖਕ ਨੂੰ ਜਸਬੀਰ ਸਿੰਘ ਦੀ ਲਿਖੀ ਅੰਗਰੇਜ਼ੀ ਵਿਚ ਚਿੱਠੀ ਪੰਨਾ 110-111 'ਤੇ ਸ਼ਾਮਿਲ ਕਰਨ ਦਾ ਉਦੇਸ਼ ਕੁਝ ਸਮਝ ਨਹੀਂ ਪਿਆ। ਸ਼ਰਨਜੀਤ ਸਿੰਘ ਕੋਈ ਦੋ ਦਹਾਕਿਆਂ ਤੋਂ ਰੰਗ-ਮੰਚ ਨਾਲ ਜੁੜਿਆ ਹੋਇਆ ਹੈ। ਉਸ ਨੇ ਨਾਟਕਾਂ ਤੋਂ ਇਲਾਵਾ ਪੰਜਾਬੀ ਫ਼ਿਲਮਾਂ ਵਿਚ ਵੀ ਆਪਣੀ ਅਦਾਕਾਰੀ ਅਤੇ ਸਟਿਲ ਫੋਟੋਗ੍ਰਾਫੀ ਵਿਚ ਨਵੀਆਂ ਪੈੜਾਂ ਪਾਈਆਂ ਹਨ। ਉਸ ਤੋਂ ਭਵਿੱਖ ਵਿਚ ਹੋਰ ਗੁੰਝਲਦਾਰ ਸਮਾਜਿਕ ਵਿਸ਼ਿਆਂ 'ਤੇ ਸਸ਼ਕਤ ਨਾਟਕ ਲਿਖੇ ਜਾਣ ਦੀਆਂ ਸੰਭਾਵਨਾਵਾਂ ਬਣਦੀਆਂ ਹਨ। ਪੰਜਾਬੀ ਸਾਹਿਤ ਜਗਤ ਵਿਚ ਮੈਂ ਇਸ ਪੁਸਤਕ ਦਾ ਹਾਰਦਿਕ ਸਵਾਗਤ ਕਰਦਾ ਹਾਂ।


ਪ੍ਰਿੰ: ਹਰੀ ਕ੍ਰਿਸ਼ਨ ਮਾਇਰ
ਮੋ: 97806-67686.

27-11-2021

 ਚਾਰ ਨਾਵਲ
ਲੇਖਕ : ਓਮ ਪ੍ਰਕਾਸ਼ ਗਾਸੋ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਸੰਪਰਕ : 94635-61123.

ਸ੍ਰੀ ਓਮ ਪ੍ਰਕਾਸ਼ ਗਾਸੋ ਇਕ ਜਨਵਾਦੀ ਲੇਖਕ ਹੈ। ਉਹ ਭਾਰਤ ਦੀ ਅਧਿਆਤਮਿਕ ਪਰੰਪਰਾ ਨੂੰ ਨਵ-ਵਿਸਤਾਰ ਦੇ ਕੇ ਇਕ ਕ੍ਰਾਂਤੀਕਾਰੀ ਮੁਹਾਵਰਾ ਪ੍ਰਦਾਨ ਕਰਨ ਲਈ ਪ੍ਰਯਤਨਸ਼ੀਲ ਹੈ। ਪੌਰਾਣਿਕ ਯੋਧੇ ਬਾਬਾ ਪਰਸ਼ੂਰਾਮ ਵਾਂਗ ਉਹ ਧੱਕੇਸ਼ਾਹੀ ਅਤੇ ਅਨਾਚਾਰ ਦੇ ਵਿਰੁੱਧ ਆਪਣਾ ਕਲਮ ਰੂਪੀ ਹਥਿਆਰ ਉਲਾਰੀ ਰੱਖਦਾ ਹੈ। ਉਸ ਦੇ ਨਾਵਲ ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਵਿਚ ਆਏ ਉਲਾਰਾਂ-ਵਿਕਾਰਾਂ ਨੂੰ ਖਦੇੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ।
1. ਘਰਕੀਣ (ਮੁੱਲ : 100 ਰੁਪਏ, ਸਫ਼ੇ : 92) ਦਾ ਪ੍ਰਥਮ ਸੰਸਕਰਣ 1982 ਈ: ਵਿਚ ਪ੍ਰਕਾਸ਼ਿਤ ਹੋਇਆ ਸੀ ਅਤੇ ਹੁਣ ਤੱਕ ਇਸ ਦੇ ਪੰਜ ਸੰਸਕਰਣ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਨਾਵਲ ਵਿਚ ਲੇਖਕ ਨੇ ਪੰਜਾਬੀ ਔਰਤ ਦੇ ਵਜੂਦ ਅਤੇ ਹੋਣੀ ਨੂੰ ਨਾਵਲ ਦਾ ਪ੍ਰਮੁੱਖ ਪੈਰਾਡਾਈਮ ਬਣਾਇਆ ਹੈ। ਪੰਜਾਬੀ ਔਰਤ ਚਾਹੇ ਪੜ੍ਹੀ-ਲਿਖੀ ਹੋਵੇ, ਚਾਹੇ ਅਨਪੜ੍ਹ, ਹਰ ਕੋਈ ਇਕੋ ਜਿਹਾ ਸੰਤਾਪ ਭੋਗਦੀ ਹੈ। ਪੰਜਾਬੀ ਲੋਕ, ਦਿਖਾਵਾ ਜੋ ਮਰਜ਼ੀ ਕਰੀ ਜਾਣ, ਇਹ ਔਰਤ ਨੂੰ 'ਪੈਰ ਦੀ ਜੁੱਤੀ' ਹੀ ਸਮਝਦੇ ਹਨ। ਇਨ੍ਹਾਂ ਦਾ ਵਿਚਾਰ ਹੈ ਕਿ ਨਾਰੀ ਭੋਗ-ਵਿਲਾਸ ਦੀ ਸਮੱਗਰੀ ਮਾਤਰ ਹੀ ਹੈ। ਰਾਜਨ, ਨੀਨਾ (ਪੜ੍ਹੀਆਂ-ਲਿਖੀਆਂ) ਅਤੇ ਸ਼ਰਬਤੀ (ਅਨਪੜ੍ਹ), ਸਭ ਨਾਲ ਇਕੋ ਜਿਹਾ ਦੁਰਵਿਹਾਰ ਹੁੰਦਾ ਹੈ। ਨਾਰੀ ਉਤਪੀੜਨ ਦੇ ਵਿਰੁੱਧ ਆਪਣੀ ਸੰਵੇਦਨਾ ਅਤੇ ਸਹਾਨੁਭੂਤੀ ਵਿਅਕਤ ਕਰਕੇ ਸ੍ਰੀ ਗਾਸੋ ਨੇ ਇਕ ਬਹੁਤ ਮਹੱਤਵਪੂਰਨ ਸਰੋਕਾਰ ਨੂੰ ਰੂਪਮਾਨ ਕੀਤਾ ਹੈ।
2. ਮੌਤ ਦਰ ਮੌਤ (ਮੁੱਲ : 125 ਰੁਪਏ, ਸਫ਼ੇ : 136)
ਇਸ ਨਾਵਲ ਵਿਚ ਲੇਖਕ ਨੇ ਸੰਪਰਦਾਇਕ ਸੋਚ ਦੇ ਜ਼ਹਿਰ ਬਾਰੇ ਆਪਣੇ ਉਦਗਾਰ ਪ੍ਰਗਟ ਕੀਤੇ ਹਨ। ਲੇਖਕ ਨੂੰ ਇਸ ਦਾ ਸਿਹਰਾ ਜਾਂਦਾ ਹੈ ਕਿ ਉਹ ਨਿਮਾਣਿਆਂ ਅਤੇ ਦੱਬੇ-ਕੁਚਲੇ ਵਿਅਕਤੀਆਂ ਉੱਪਰ ਨਾਇਕਤਵ ਦੀ ਜ਼ਿੰਮੇਵਾਰੀ ਲੱਦ ਦਿੰਦਾ ਹੈ। ਅਜਿਹੇ ਨਿਮਰ ਅਤੇ ਸੰਵੇਦਨਸ਼ੀਲ ਵਿਅਕਤੀ ਜਦੋਂ ਆਹਤ ਹੁੰਦੇ ਹਨ ਤਾਂ ਪਾਠਕਾਂ ਦੀ ਕਰੁਣਾ ਦ੍ਰਵੀਭੂਤ ਹੋ ਕੇ ਡੁੱਲ੍ਹਣ ਲੱਗ ਪੈਂਦੀ ਹੈ। ਇਸ ਨਾਵਲ ਦਾ ਨਾਇਕ ਮਾਸਟਰ ਨੀਲੇ ਖਾਂ ਮਿਰਾਸੀਆਂ ਦਾ ਮੁੰਡਾ ਹੈ। ਪਾਕਿਸਤਾਨ ਬਣਨ ਵੇਲੇ ਉਹ ਆਪਣੀ ਮਾਂ ਜੈਦੀ ਦੇ ਗਰਭ ਵਿਚ ਸੀ। ਜਦੋਂ ਇਕ ਦੰਗਈ ਉਸ ਦੀ ਮਾਂ ਦੇ ਪੇਟ ਵਿਚ ਆਪਣਾ ਬਰਛਾ ਖੋਭਣ ਲੱਗਾ ਸੀ ਤਾਂ ਪਿੰਡ ਦੇ ਜਥੇਦਾਰ ਸ: ਦਿੱਤ ਸਿੰਘ ਨੇ ਉਸ ਦੰਗਈ ਨੂੰ ਲਲਕਾਰ ਕੇ ਉਸ ਦੀ ਮਾਂ ਨੂੰ ਬਚਾਇਆ ਸੀ। ਦਿੱਤ ਸਿੰਘ ਨੇ ਜੈਦੀ ਨੂੰ ਇਧਰ ਭਾਰਤੀ ਪੰਜਾਬ ਵਿਚ ਸੁਰੱਖਿਆ ਦੇ ਕੇ ਰੱਖ ਲਿਆ ਸੀ। ਉਸੇ ਵਾਂਗ ਪਿੰਡ ਦੇ ਮੁਸਲਮਾਨ ਪਟਵਾਰੀ ਫਤਹਿਦੀਨ ਨੂੰ ਵੀ ਉਸ ਨੇ ਆਪਣੇ ਪਿੰਡ ਵਿਚ ਪੂਰਾ ਇੱਜ਼ਤ-ਮਾਣ ਦੇਈ ਰੱਖਿਆ ਸੀ।
1947 ਦੇ ਕਾਲੇ ਦਿਨਾਂ ਤੋਂ ਸ਼ੁਰੂ ਹੋਇਆ ਇਹ ਨਾਵਲ 1984 ਦੇ ਅੱਤਵਾਦ ਤੱਕ ਜਾ ਪੰਹੁਚਦਾ ਹੈ। ਨੀਲੇ ਖਾਂ ਦੀ ਮਾਂ ਜੈਦੀ ਉੱਪਰ ਪਿੰਡ ਦਾ ਇਕ ਪਹਿਲਵਾਨ ਰਾਧੇ ਚੰਦ ਚਾਦਰ ਪਾ ਕੇ ਉਸ ਨੂੰ ਆਪਣੇ ਘਰੇ ਰੱਖ ਲੈਂਦਾ ਹੈ। ਨੀਲਾ ਪੜ੍ਹ-ਲਿਖ ਕੇ ਅਧਿਆਪਕ ਬਣ ਜਾਂਦਾ ਹੈ। ਪਰ ਉਹ ਦੇਖਦਾ ਹੈ ਕਿ ਸਕੂਲ ਦੇ ਕਈ ਅਧਿਆਪਕ ਉਸ ਦੇ ਮੂੰਹ ਉੱਪਰ ਵੀ ਅਸੱਭਿਆ ਅਤੇ ਜਾਤੀਸੂਚਕ ਸ਼ਬਦ ਵਰਤਦੇ ਰਹਿੰਦੇ ਹਨ। ਅੱਤਵਾਦ ਦੇ ਦਿਨਾਂ ਵਿਚ ਇਹੀ ਅਸੱਭਿਆ ਅਤੇ ਉਜੱਡ ਅਧਿਆਪਕ ਆਪਣੇ ਦਾੜ੍ਹਿਆਂ ਨੂੰ ਪ੍ਰਕਾਸ਼ ਕਰਕੇ ਗਾਤਰੇ ਸਜਾ ਲੈਂਦੇ ਹਨ ਅਤੇ ਹਿੰਦੂਆਂ ਜਾਂ ਸੈਕੂਲਰ ਸੋਚ ਵਾਲਿਆਂ ਨੂੰ ਸੋਧਣ ਦੀਆਂ ਚਿਤਾਵਨੀਆਂ ਦਿੰਦੇ ਰਹਿੰਦੇ ਹਨ। ਇਹ ਕਥਿਤ ਪੜ੍ਹੇ-ਲਿਖੇ ਲੋਕ ਪੰਜਾਬ ਦੇ ਪਵਿੱਤਰ ਵਾਤਾਵਰਨ ਨੂੰ ਵਿਸ਼ੈਲਾ ਬਣਾ ਦਿੰਦੇ ਹਨ।
3. ਰੱਤਾ ਥੇਹ (ਮੁੱਲ : 80 ਰੁਪਏ, ਸਫ਼ੇ : 52) ਪਹਿਲੀ ਵਾਰ 2001 ਵਿਚ ਪ੍ਰਕਾਸ਼ਿਤ ਹੋਇਆ ਸੀ। ਇਸ ਨਾਵਲ ਦੇ 4 ਸੰਸਕਰਨ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਨਾਵਲ ਦੀ ਕਹਾਣੀ ਇਕ ਪਿੰਡ 'ਰੱਤਾ ਥੇਹ' ਦੇ ਇਤਿਹਾਸ ਨਾਲ ਸੰਬੰਧਿਤ ਹੈ। 'ਰੱਤਾ ਥੇਹ' ਦੀ ਕਹਾਣੀ ਇਤਿਹਾਸ ਦੇ ਉਸ ਦੌਰ ਤੋਂ ਸ਼ੁਰੂ ਹੁੰਦੀ ਹੈ, ਜਦੋਂ ਪੰਜਾਬ ਦੇ ਕਿਸਾਨਾਂ ਵਿਚ ਸਖ਼ਤ ਮਿਹਨਤ ਕਰਨ ਦਾ ਜਜ਼ਬਾ ਸੀ। ਫਤਹਿ ਸਿੰਘ ਵਰਗੇ ਗੱਭਰੂ ਹਲ ਵਾਹੁੰਦੇ ਹੋਏ ਜਦੋਂ ਹੇਕਾਂ ਲਾਉਂਦੇ ਸਨ ਤਾਂ ਉਨ੍ਹਾਂ ਦੇ ਬੋਲ ਕਈ-ਕਈ ਮੀਲਾਂ ਤੱਕ ਸੁਣੇ ਜਾਂਦੇ ਸਨ। ਇਹ ਗੱਭਰੂ ਛੰਨੇ ਭਰ-ਭਰ ਕੇ ਖੁਰਾਕਾਂ ਖਾਂਦੇ ਸਨ, ਗ਼ਰੀਬ-ਗੁਰਬੇ ਦੀ ਮਦਦ ਕਰਦੇ ਸਨ, ਸਾਧੂ-ਸੰਤਾਂ ਦੇ ਉਪਦੇਸ਼ਾਂ ਉੱਪਰ ਚਲਦੇ ਸਨ ਅਤੇ ਸਾਂਝੀਆਂ-ਸੀਰੀਆਂ ਨੂੰ ਆਪਣੇ ਭਰਾਵਾਂ ਜਾਂ ਚਾਚੇ-ਤਾਇਆਂ ਤੁਲ ਸਤਿਕਾਰ ਦਿੰਦੇ ਸਨ। ਗ਼ਰੀਬ ਬੰਦੇ ਵੀ ਕਿਸੇ ਲੋੜਵੰਦ ਦੀ ਗਰਜ਼ ਨੂੰ ਪੂਰਾ ਕਰਨ ਸਮੇਂ ਝਿਜਕਦੇ ਨਹੀਂ ਸਨ ਪਰ ਜਿਵੇਂ ਹੀ ਹਰੀ ਕ੍ਰਾਂਤੀ ਆਈ, ਪਿੰਡਾਂ ਵਿਚ ਪੂੰਜੀਵਾਦ ਨੇ ਪੈਰ ਪਸਾਰੇ ਤੇ ਮਸ਼ੀਨਰੀ ਘਰ-ਘਰ ਪਹੁੰਚ ਗਈ ਤਾਂ ਸਭ ਕੁਝ ਬਦਲ ਗਿਆ। ਮਨੁੱਖੀ ਰਿਸ਼ਤਿਆਂ ਦਾ ਅਵਮੂਲਨ ਹੋ ਗਿਆ। 'ਰੱਤਾ ਥੇਹ' ਵਿਚ ਇਸੇ ਅਵਮੂਲਨ ਦਾ ਬਿਰਤਾਂਤ ਅੰਕਿਤ ਹੋਇਆ ਹੈ।
4. ਤੂੰ ਕੌਣ ਸੀ (ਮੁੱਲ : 100 ਰੁਪਏ, ਸਫ਼ੇ : 86) ਨਾਵਲੈੱਟ ਦਾ ਇਹ ਦੂਜਾ ਸੰਸਕਰਨ ਹੈ। ਪਹਿਲਾ ਸੰਸਕਰਨ 2011 ਈ: ਵਿਚ ਪ੍ਰਕਾਸ਼ਿਤ ਹੋਇਆ ਸੀ। ਇਹ ਰਚਨਾ ਇਕ ਸੰਗੀਤ ਅਧਿਆਪਕ ਦੀਪੂ ਦਾ ਜੀਵਨ-ਬਿਰਤਾਂਤ ਪੇਸ਼ ਕਰਦੀ ਹੈ, ਜੋ ਪੰਜਾਬ ਦੀ ਇਕ ਛੋਟੀ ਜਿਹੀ ਮੰਡੀ ਦੇ ਗ਼ਰੀਬ ਕਾਰੋਬਾਰੀ ਧਾਨੇ ਅਤੇ ਉਸ ਦੀ ਪਤਨੀ ਦਾਨੀ ਦੇ ਇਕਲੌਤੇ ਪੁੱਤਰ ਦੇ ਵਿਕਾਸ ਅਤੇ ਚਰਿੱਤਰ ਦੀ ਪੇਸ਼ਕਾਰੀ ਕਰਦਾ ਹੈ। ਗਾਸੋ ਦੇ ਬਹੁਤੇ ਨਾਵਲਾਂ ਵਾਂਗ ਦੀਪੂ ਵੀ ਇਕ ਅਨਾਥ ਅਤੇ ਯਤੀਮ ਮੁੰਡਾ ਸੀ, ਜਿਸ ਦੇ ਮਾਤਾ-ਪਿਤਾ ਬਚਪਨ ਵਿਚ ਹੀ ਚਲਾਣਾ ਕਰ ਗਏ ਸਨ। ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਦੀਪੂ ਆਪਣੀ ਵਿਆਹੁਤਾ ਭੈਣ ਕੋਲ ਚਲਾ ਗਿਆ ਪਰ ਉਥੇ ਵੀ ਉਸ ਨਾਲ ਚੰਗਾ ਸਲੂਕ ਨਾ ਹੋਇਆ, ਜਿਸ ਕਾਰਨ ਉਹ ਆਪਣੇ ਕੁਝ ਵਾਕਫ਼ ਕੀਰਤਨੀਏ ਸਿੰਘਾਂ ਕੋਲ ਪਹੁੰਚ ਗਿਆ, ਜਿਨ੍ਹਾਂ ਨੇ ਉਸ ਨੂੰ ਯੂਨੀਵਰਸਿਟੀ ਪੱਧਰ ਤੱਕ ਸੰਗੀਤ ਦੀ ਸਿੱਖਿਆ ਦਿਵਾਈ ਅਤੇ ਆਖਿਰ ਉਹ ਇਕ ਕਾਲਜ ਦਾ ਸੰਗੀਤ ਪ੍ਰੋਫ਼ੈਸਰ ਬਣ ਗਿਆ। ਵਿਆਹ ਵੀ ਹੋ ਗਿਆ ਪਰ ਉਸ ਦੀ ਆਪਣੀ ਸ਼ਹਿਰੀ ਪਤਨੀ ਨਾਲ ਨਾ ਬਣੀ। ਤਲਾਕ ਹੋਣ ਉਪਰੰਤ ਉਹ ਆਪਣੇ ਜੱਦੀ ਘਰ ਪਰਤ ਆਇਆ ਅਤੇ ਉਥੋਂ ਦੇ ਕਾਲਜ ਵਿਚ ਪ੍ਰੋਫ਼ੈਸਰ ਨਿਯੁਕਤ ਹੋ ਗਿਆ। ਦੀਪੂ ਦਾ ਚਾਚਾ ਖੇਤ ਰਾਮ ਅਜੇ ਜਿਊਂਦਾ ਸੀ। ਉਹ ਦੀਪੂ ਦੇ ਘਰ ਨੂੰ ਸਾਫ਼-ਸੁਥਰਾ ਕਰਵਾ ਦਿੰਦਾ ਹੈ। ਦੀਪੂ ਦੇ ਘਰ ਦੇ ਚੁੱਲ੍ਹੇ-ਚੌਂਕੇ ਲਈ ਸ਼ਾਮੋ ਨਾਂਅ ਦੀ ਇਕ ਅੱਧਖੜ ਔਰਤ ਨੂੰ ਭੇਜ ਦਿੰਦਾ ਹੈ। ਦੀਪੂ ਇਸ ਔਰਤ ਨੂੰ ਸਹਾਰਾ ਦਿੰਦਾ ਹੈ, ਉਸ ਦੇ ਬੱਚਿਆਂ ਦੀ ਵੀ ਮਦਦ ਕਰਦਾ ਰਹਿੰਦਾ ਹੈ ਅਤੇ ਆਖਿਰ ਆਪਣਾ ਪੂਰਾ ਘਰ-ਬਾਰ ਸ਼ਾਮੋ ਦੇ ਹਵਾਲੇ ਕਰ ਕੇ ਆਪ ਤੀਰਥ ਯਾਤਰਾ ਉੱਪਰ ਚਲਾ ਜਾਂਦਾ ਹੈ।
ਸ੍ਰੀ ਓਮ ਪ੍ਰਕਾਸ਼ ਗਾਸੋ ਇਕ ਦਾਰਸ਼ਨਿਕ ਅਤੇ ਦਰਵੇਸ਼ ਪੁਰਖ ਹੈ। ਉਹ ਅਜਿਹੀ ਭਾਵਗੁੱਧੀ ਸਨਾਤਨੀ ਪੰਜਾਬੀ ਭਾਸ਼ਾ ਦਾ ਪ੍ਰਯੋਗ ਕਰਦਾ ਹੈ, ਜਿਸ ਦੀ ਆਭਾ ਅਤੇ ਸੁਗੰਧ ਪਾਠਕ ਨੂੰ ਅਧਿਆਤਮਿਕ ਮੰਡਲਾਂ ਵਿਚ ਲੈ ਜਾਂਦੀ ਹੈ। ਮੈਨੂੰ ਖੁਸ਼ੀ ਹੈ ਕਿ ਲੇਖਕ ਕਰਮ-ਕਾਂਡੀ ਤੇ ਪ੍ਰਤੀਗਾਮੀ ਜੀਵਨ-ਦ੍ਰਿਸ਼ਟੀ ਦੀ ਥਾਂ ਲੋਕ-ਪੱਖੀ ਤੇ ਯੁਗ ਅਨੁਕੂਲ ਸੋਚ ਨੂੰ ਉਤਸ਼ਾਹਿਤ ਕਰਦਾ ਰਿਹਾ ਹੈ। ਉਸ ਦਾ ਨਿੱਜੀ ਜੀਵਨ ਵੀ ਪੁਰਸ਼ਾਰਥ, ਕਰਮਸ਼ੀਲਤਾ ਅਤੇ ਜਨਸੇਵਾ ਦੀ ਇਕ ਜਵਲੰਤ ਉਦਾਹਰਨ ਹੈ। ਉਸ ਦੇ ਮਨ ਵਿਚ ਕਿਸੇ ਲਈ ਸਾੜਾ ਜਾਂ ਕੀਨਾ ਨਹੀਂ ਦਿਸਦਾ। ਪਰ ਉਹ ਡੇਰਿਆਂ, ਧਰਮ-ਕਰਮ ਦੇ ਵਪਾਰੀਆਂ, ਭ੍ਰਿਸ਼ਟ ਮੰਤਰੀਆਂ ਅਤੇ ਉਨ੍ਹਾਂ ਦੇ ਮੁਸਾਹਬਿਆਂ ਨੂੰ ਨਹੀਂ ਬਖਸ਼ਦਾ। ਉਹ ਪਰਿਵਰਤਨ ਅਤੇ ਅਧਿਆਤਮਿਕ ਕ੍ਰਾਂਤੀ ਦਾ ਪੈਗ਼ੰਬਰ (ਪੈਗ਼ਾਮ+ਬਰ) ਹੈ। ਇਹ ਚਾਰੇ ਨਾਵਲੈੱਟ ਉਸ ਦੀ ਸਵਸਥ ਸੋਚ ਦੇ ਪਰਿਚਾਇਕ ਹਨ। ਸਵਾਗਤ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਪੰਜਾਬੀ ਅਤੇ ਹਰਿਆਣਵੀ ਲੋਕ ਨਾਚ ਸੱਭਿਆਚਾਰਕ ਪਰਿਪੇਖ
ਲੇਖਿਕਾ : ਡਾ. ਵੀਨਾ ਕੁਮਾਰੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 144
ਸੰਪਰਕ : 89686-37658.

ਨੱਚਣਾ ਤੇ ਗਾਉਣਾ ਸਾਡੇ ਸੁਭਾਵਿਕ ਸ਼ੌਕ ਹਨ। ਲੋਕ ਨਾਚ ਸਾਡੇ ਲਹੂ-ਮਾਸ ਵਿਚ ਰਚੇ ਹੋਏ ਹਨ। ਜੰਮਣ, ਵਿਆਹ-ਸ਼ਾਦੀਆਂ, ਮੇਲਿਆਂ, ਦਿਨ-ਤਿਉਹਾਰਾਂ ਆਦਿ 'ਤੇ ਖੁਸ਼ੀ ਵਿਚ ਝੂਮਦੇ ਹੋਏ ਲੋਕ ਨੱਚਣ-ਗਾਉਣ ਲਗਦੇ ਹਨ। ਲੇਖਿਕਾ ਨੇ ਇਸ ਪੁਸਤਕ ਵਿਚ ਲੋਕ ਨਾਚਾਂ ਦੀ ਪਰਿਭਾਸ਼ਾ, ਉਤਪਤੀ, ਵਿਕਾਸ, ਵਰਗੀਕਰਨ, ਸੱਭਿਆਚਾਰਕ ਮਹੱਤਤਾ 'ਤੇ ਚਾਨਣ ਪਾਉਂਦਿਆਂ ਪੰਜਾਬੀ ਅਤੇ ਹਰਿਆਣਵੀ ਲੋਕ ਨਾਚਾਂ ਦੇ ਅੰਤਰ-ਸੰਬੰਧਾਂ 'ਤੇ ਝਾਤ ਪੁਆਈ ਹੈ। ਪੰਜਾਬ ਦੇ ਨਾਰੀ ਲੋਕ ਨਾਚਾਂ ਵਿਚ ਗਿੱਧਾ, ਲੁੱਡੀ, ਘੁੰਗਰੂ, ਧਮਾਲ, ਫੜੂਹਾ, ਸਪੇਰੇ ਅਤੇ ਕਿੱਕਲੀ ਆਦਿ ਆਉਂਦੇ ਹਨ ਜਦ ਕਿ ਮਰਦਾਵੇਂ ਲੋਕ ਨਾਚ ਵਿਚੋਂ ਭੰਗੜਾ, ਝੂੰਮਰ, ਲੁੱਡੀ, ਧਮਾਲ, ਗਤਕਾ, ਹੀਬੋ, ਭਲਵਾਨੀ, ਕੂਕਾ ਨਾਚ, ਗੁੱਗਾ ਨਾਚ ਅਤੇ ਭਗਤ ਨਾਚ ਮਸ਼ਹੂਰ ਹਨ। ਪੰਜਾਬ ਦੇ ਲੋਕ ਨਾਚਾਂ ਵਿਚ ਸਿਰਫ ਮਨੋਰੰਜਨ ਹੀ ਨਹੀਂ, ਪੰਜਾਬੀਆਂ ਦੀ ਅਣਖ, ਗ਼ੈਰਤ, ਬੀਰਤਾ, ਵਿਸ਼ਾਲ ਦਿਲੀ ਅਤੇ ਅਲਬੇਲਾਪਣ ਵੀ ਝਲਕਦਾ ਹੈ। ਹਰਿਆਣੇ ਦੇ ਪ੍ਰਮੁੱਖ ਲੋਕ ਨਾਚਾਂ ਵਿਚ ਫਾਗ, ਧਮਾਲ, ਰਾਸ, ਬੀਨ ਬਾਂਸਰੀ ਨਾਚ, ਖੋਰੀਆ ਨਾਚ, ਖੇੜਾ ਨਾਚ, ਗਣਗੌਰ ਪੂਜਾ ਨਾਚ, ਲਹੂਰ ਨਾਚ, ਗੁੱਗਾ ਨਾਚ, ਤੀਜ ਨਾਚ, ਸਾਂਗ ਨਾਚ, ਘੁਮਰ, ਚੌਪਾਲੀਆ, ਦੀਪਕ ਅਤੇ ਗਿੱਧਾ ਆਦਿ ਸ਼ਾਮਿਲ ਹਨ। ਆਮ ਲੋਕ ਆਪਣੀਆਂ ਖੁਸ਼ੀਆਂ, ਸਧਰਾਂ, ਭਾਵਨਾਵਾਂ, ਜਜ਼ਬਿਆਂ ਅਤੇ ਵਲਵਲਿਆਂ ਨੂੰ ਨੱਚ-ਗਾ ਕੇ ਪ੍ਰਗਟ ਕਰਦੇ ਹਨ। ਲੋਕ ਨਾਚਾਂ ਵਿਚ ਲੋਕਾਂ ਦਾ ਸੱਭਿਆਚਾਰ, ਰਿਹਾਇਸ਼, ਖਾਣ-ਪੀਣ, ਹਾਰ-ਸ਼ਿੰਗਾਰ ਸਮੋਇਆ ਹੁੰਦਾ ਹੈ। ਪੰਜਾਬੀ ਅਤੇ ਹਰਿਆਣਵੀ ਸੱਭਿਆਚਾਰ ਦੀ ਇਤਿਹਾਸਕ ਸਾਂਝ ਹੈ, ਕਿਉਂਕਿ ਪਹਿਲਾਂ ਹਰਿਆਣਾ ਵੀ ਪੰਜਾਬ ਦਾ ਹੀ ਹਿੱਸਾ ਸੀ। ਭਾਵੇਂ ਦੋਵਾਂ ਰਾਜਾਂ ਵਿਚ ਵੱਖੋ-ਵੱਖ ਸੰਸਕ੍ਰਿਤੀਆਂ ਹਨ ਪਰ ਮਨੁੱਖੀ ਜਜ਼ਬਿਆਂ ਦੀ ਸਾਂਝ, ਬਹਾਦਰੀ, ਮਿਹਨਤ, ਸੰਗੀਤ, ਸ਼ੋਖੀ, ਚੰਚਲਤਾ ਅਤੇ ਸੁਹਜ ਦੋਵਾਂ ਵਿਚ ਝਲਕਦਾ ਹੈ। ਲੇਖਿਕਾ ਨੇ ਬੜੀ ਮਿਹਨਤ ਨਾਲ ਦੋਵਾਂ ਰਾਜਾਂ ਦੇ ਲੋਕ ਨਾਚਾਂ ਦਾ ਮੁਲਾਂਕਣ ਕੀਤਾ ਹੈ। ਇਸ ਪੁਸਤਕ ਦਾ ਭਰਪੂਰ ਸਵਾਗਤ ਹੈ।

ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

c c c

ਅਦਬੀ ਗੱਲਾਂ
ਲੇਖਕ : ਹਰਮੀਤ ਸਿੰਘ ਅਟਵਾਲ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼ ਦਿੱਲੀ/ਜ਼ੀਰਕਪੁਰ
ਮੁੱਲ : 250 ਰੁਪਏ, ਸਫ਼ੇ : 128
ਸੰਪਰਕ : 98155-05287.

ਪੁਸਤਕ ਲੇਖਕ ਪ੍ਰਸਿੱਧ ਸਾਹਿਤਕਾਰ ਤੇ ਕਾਲਮਨਵੀਸ ਹੈ। ਇਸ ਕਿਤਾਬ ਵਿਚ ਹਾਸਰਸੀ ਮਿੰਨੀ ਨਿਬੰਧ ਹਨ। ਨਿਬੰਧਾਂ ਦੀ ਵਿਅੰਗਮਈ ਸੰਵਾਦ ਸ਼ੈਲੀ ਹੈ। ਜਿਸ ਕਰਕੇ ਲੇਖਕ ਨੇ ਰਚਨਾਵਾਂ ਨੂੰ ਅਦਬੀ ਗੱਲਾਂ ਕਿਹਾ ਹੈ। ਇਹ ਗੱਲਾਂ ਪੀੜ੍ਹੀ-ਦਰ-ਪੀੜ੍ਹੀ ਵੀ ਚਲਦੀਆਂ ਹਨ। ਰਚਨਾਵਾਂ ਵਿਚ ਸਾਡੇ ਸਮਾਜ ਵਿਚ ਨਿਤਾਪ੍ਰਤੀ ਜੀਵਨ ਦੀਆਂ ਸਾਧਾਰਨ ਘਟਨਾਵਾਂ ਹਨ। ਵਿਸ਼ੇਸ਼ਤਾ ਇਹ ਹੈ ਕਿ ਸਾਧਾਰਨਤਾ ਵਿਚ ਵੀ ਜ਼ਿੰਦਗੀ ਦਾ ਅਦਬ ਛੁਪਿਆ ਹੋਇਆ ਹੈ। ਲੇਖਕ ਦਾ ਕਥਨ ਹੈ ਕਿ ਅਦਬ (ਸਾਹਿਤ) ਸਮਾਜ ਦਾ ਸ਼ੀਸ਼ਾ ਹੈ। ਜੋ ਸਾਡੇ ਆਲੇ-ਦੁਆਲੇ ਵਾਪਰ ਰਿਹਾ ਹੈ ਉਸ ਦੀ ਅਦਬੀ ਪੇਸ਼ਕਾਰੀ ਪੁਸਤਕ ਦੀਆਂ ਰਚਨਾਵਾਂ ਵਿਚ ਹੈ। ਹਾਸਰਸੀ ਰਚਨਾਵਾਂ ਦੇ ਪਾਤਰ ਵਿਭਿੰਨ ਕਿਸਮ ਦੇ ਹਨ। ਇਨ੍ਹਾਂ ਵਿਚ ਜੰਗਲ ਦੇ ਜਾਨਵਰ ਆਪਣੀ ਮਜਲਸ ਲਾਉਂਦੇ ਹਨ। ਬੱਸਾਂ ਦੇ ਕੰਡਕਟਰ, ਡਰਾਈਵਰ, ਸਾਧਾਰਨ ਸਵਾਰੀਆਂ, ਪੇਂਡੂ ਸੱਥਾਂ ਦੇ ਅਮਲੀ, ਛੜੇ, ਨਸ਼ੇਖੋਰ, ਸ਼ਰਾਬੀ ਪਾਤਰਾਂ ਦੇ ਪਾਰਦਰਸ਼ੀ ਬੋਲ, ਪਿੰਡਾਂ ਸ਼ਹਿਰਾਂ ਦੀਆਂ ਬੀਬੀਆਂ ਦਾ ਨਾਰੀ ਸੰਸਾਰ, ਨੂੰਹ ਸੱਸ ਦੇ ਝਮੇਲੇ, ਅਖੌਤੀ ਪਖੰਡੀ ਬਾਬੇ, ਸ਼ਰਧਾਲੂ ਬੀਬੀਆਂ, ਸਾਹਿਤਕਾਰ, ਆਲੋਚਕ, ਸਵੈ ਸਜੇ ਸ਼ਾਇਰ, ਧੱਕੇ ਦੇ ਕਵੀ, ਰੌਣਕਾਂ ਲਾਉਂਦੇ, ਗਾਇਕ, ਪਰਵਾਸੀ ਲੋਕ ਤੇ ਹੋਰ ਬਹੁਤ ਸਾਰੇ ਪਾਤਰ ਹਨ। ਕਈ ਵਾਰੀ ਦੂਸਰੇ ਦਾ ਭਲਾ ਸੋਚਦੇ ਪਾਤਰ ਆਪਣਾ ਨੁਕਸਾਨ ਕਰਾ ਬਹਿੰਦੇ ਹਨ (ਭਲੇ ਦਾ ਨੁਕਸਾਨ) ਰਚਨਾਵਾਂ ਦੇ ਸ਼ੁਰੂ ਵਿਚ ਲੇਖਕ ਅਦਬੀ ਗੱਲ ਦਾ ਤੁਆਰਫ਼ ਕਰਾਉਂਦਾ ਹੈ। ਇਹ ਬਹੁਤ ਦਿਲਚਸਪ ਸ਼ੈਲੀ ਹੈ। ਕੁਝ ਖ਼ਾਸ ਰਚਨਾਵਾਂ ਪਾਠਕ ਨੂੰ ਕੀਲ ਲੈਣ ਦੇ ਸਮਰੱਥ ਹਨ। ਪੜ੍ਹਦੇ ਹੋਏ ਮੱਲੋ ਮੱਲੀ ਹਾਸਾ ਆ ਜਾਂਦਾ ਹੈ। 'ਭਿੰਦੇ ਦਾ ਭਾਪਾ' ਦੀ ਬੀਬੀ ਆਪਣੇ ਪਤੀ ਨਿਰੰਜਨ ਦਾ ਨਾਂਅ ਲੈਣ ਦੀ ਥਾਂ ਭਿੰਦੇ ਦਾ ਭਾਪਾ ਕਹਿ ਕੇ ਧਾਰਨਾ ਬਣਾ ਲੈਂਦੀ ਹੈ। ਕੈਨੇਡੀਅਨ ਸਰਪੰਚ ਦਾ ਸਰਪੰਚ ਕੈਨੇਡਾ ਵਿਚ ਜਾ ਕੇ ਬੇਰਾਂ ਦੀ ਟੋਕਰੀ ਢੋਂਦਾ ਹੈ ਤੇ ਮਾਣ ਨਾਲ ਸਰਪੰਚ ਸਾਹਿਬ ਤੋਂ ਕੈਨੇਡੀਅਨ ਸਰਪੰਚ ਬਣ ਜਾਂਦਾ ਹੈ। ਨੱਥੂ ਫੱਤੂ, ਰਾਵਣ ਦੀ ਲੰਕਾ, ਭੇਤ ਦੀ ਗੱਲ, ਵਰਤਾਰਾ, ਸਿਆਣਾ ਵਿਦਿਆਰਥੀ, ਇਲਤੀ, ਦਾਰੂ ਦਾ ਕਮਾਲ, ਮਹਾਂਦਾਨੀ, ਫੁਰਤੀ, ਕਰਨੀ ਦਾ ਫਲ, ਸੁਪਨਾ ਤੇ ਸੱਚ, ਨਹਿਲੇ 'ਤੇ ਦਹਿਲਾ, ਸ਼ੁਗਲ ਮੇਲਾ, ਸਾਡੀ ਬਿੱਲੀ ਸਾਨੂੰ ਮਿਆਊਂ ਪੜ੍ਹਨ ਵਾਲੀਆਂ ਰਚਨਾਵਾਂ ਹਨ। ਇਕ ਰਚਨਾ ਵਿਚ ਲੇਖਕ ਨੇ ਵਿਛੜੇ ਸਾਹਿਤਕਾਰ ਸੰਤੋਖ ਸਿੰਘ ਧੀਰ, ਰਾਮ ਸਰੂਪ ਅਣਖੀ, ਜੰਗ ਬਹਾਦਰ ਸਿੰਘ ਘੁੰਮਣ, ਨਰਿੰਦਰ ਮਾਨਵ, ਡੀ.ਆਰ. ਧਵਨ ਤੇ ਜਗਜੀਤ ਕੋਮਲ ਨੂੰ ਯਾਦ ਕੀਤਾ ਹੈ। ਅਖੌਤੀ ਸਾਹਿਤਕਾਰ ਨਾਲ ਮੁਲਾਕਾਤ ਦਾ ਵੱਖਰਾ ਹੀ ਪਿਆਰਾ ਜਿਹਾ ਰੰਗ ਹੈ।

ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160

ਮਨ ਦੇ ਸਫ਼ੇ ਤੋਂ
ਲੇਖਿਕਾ : ਹਰਦੀਪ ਬਾਵਾ
ਪ੍ਰਕਾਸ਼ਕ : ਤਾਲਿਫ਼ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 81465-90488.

'ਮਨ ਦੇ ਸਫ਼ੇ ਤੋਂ' ਕਾਵਿ-ਸੰਗ੍ਰਹਿ ਰਾਹੀਂ ਹਰਦੀਪ ਬਾਵਾ ਨੇ ਅਜੋਕੇ ਕਾਵਿ-ਜਗਤ 'ਚ ਆਪਣੀ ਪਲੇਠੀ ਕਾਵਿ-ਦਸਤਕ ਦਿੱਤੀ ਹੈ। ਇਹ ਕਾਵਿ ਪੁਸਤਕ ਉਸ ਨੇ ਮਾਤਾ ਸ੍ਰੀਮਤੀ ਗੁਰਦੀਪ ਕੌਰ ਅਤੇ ਪਿਤਾ ਡਾ. ਚਰਨਜੀਤ ਸਿੰਘ ਦੇ ਨਾਂਅ....... ਕਰਦਿਆਂ.... ਇਨ੍ਹਾਂ ਬਿੰਦੂਆਂ ਦੇ ਪਿੱਛੇ ਲੁਕੇ ਮਰਮ/ਦਰਦ ਨੂੰ ਸਮਝਣ ਦੀ ਕਾਵਿ-ਪਾਠਕ ਨੂੰ ਤਾਕੀਦ ਕੀਤੀ ਹੈ। ਇਸ ਕਾਵਿ-ਸੰਗ੍ਰਹਿ ਵਿਚਲੀਆਂ 'ਸੂਹੇ ਲਾਲ ਗੁਲਾਬ' ਤੋਂ ਲੈ ਕੇ 'ਨਾ ਸਮਝ' ਤੱਕ 93 ਕਵਿਤਾਵਾਂ 'ਮਨ ਦੇ ਸਫ਼ੇ ਤੋਂ' 'ਤੇ... ਉਕਰੀਆਂ ਤਿਉੜੀਆਂ ਦੇ ਪ੍ਰਸੰਗ ਅਤੇ ਵਿਆਖਿਆਵਾਂ ਦੀ ਗਾਥਾ ਬਿਆਨ ਕਰਦੀਆਂ ਹਨ। 'ਪੀੜ' ਕਵਿਤਾ ਵਿਚ ਕਵਿੱਤਰੀ ਪੀੜ ਸ਼ਬਦ ਨੂੰ ਸੰਪੂਰਨਤਾ ਦਾ ਲਕਬ ਦੇ, ਪੀੜ ਦੇ ਅਨੇਕਾਂ ਪਾਸਾਰਾਂ ਦੇ ਦਰ ਖੋਲ੍ਹਦੀ ਹੈ। ਇਹ ਪੀੜ ਔਰਤ ਦੀ ਵੀ ਹੋ ਸਕਦੀ ਹੈ, ਇਹ ਪੀੜ ਇਨਸਾਨ ਨੂੰ ਖਾਨਿਆਂ 'ਚ ਵੰਡ ਕੇ, ਨਫ਼ਰਤੀ ਜ਼ਹਿਰ ਦੀ ਭੱਠੀ 'ਚ ਤਪਦੀ ਹੈਵਾਨੀਅਤ ਦੀ ਵੀ ਹੋ ਸਕਦੀ ਹੈ। ਪ੍ਰੰਤੂ ਜਦੋਂ ਇਹ ਪੀੜ ਦੀ ਵੇਦਨਾ, ਸੰਵੇਦਨਾ 'ਚ ਵਟ, ਸੋਝੀ ਦੀ ਪੁੱਠ 'ਤੇ ਚੜ੍ਹੀ, ਪੀੜਾਂ ਦੇ ਕਾਰਨਾਂ ਦੀ ਤਲਾਸ਼ ਕਰਦਿਆਂ ਪ੍ਰਸਥਿਤੀਆਂ ਨੂੰ ਬਦਲਣ ਦਾ ਰਾਹ ਤਲਾਸ਼ਦੀ ਹੈ ਤਾਂ ਫਿਰ ਅਸੰਭਵ ਨਹੀਂ ਕਿ ਰਸਤਾ ਤੈਅ ਨਾ ਹੋ ਸਕੇ, ਮੰਜ਼ਿਲ 'ਤੇ ਨਾ ਪਹੁੰਚਿਆ ਜਾ ਸਕੇ। ਇਤਿਹਾਸਕ, ਮਿਥਿਹਾਸਕ ਪ੍ਰਸੰਗਾਂ ਨੂੰ ਟੇਢੀ ਨਜ਼ਰ ਨਾਲ ਤੱਕਦਿਆਂ ਉਨ੍ਹਾਂ ਦੇ ਪ੍ਰਚੱਲਿਤ ਪ੍ਰਸੰਗਾਂ ਨੂੰ ਬਦਲਣਾ ਵੀ ਇਕ ਕਲਾ ਹੈ। ਕਵਿੱਤਰੀ ਅਨੁਸਾਰ ਰਾਮ, ਭਗਵਾਨ ਦੀ ਥਾਂ ਇਕ ਮਰਦ ਹੀ ਹੈ ਜੋ ਪਤੀ ਵਾਂਗ ਆਪਣਾ ਫ਼ਰਜ਼ ਹੀ ਨਹੀਂ ਨਿਭਾਅ ਸਕਿਆ। ਕਵਿੱਤਰੀ ਕਿਉਂਕਿ ਇਕ ਔਰਤ ਹੈ, ਇਸ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਔਰਤਾਂ ਦੀ ਵੇਦਨਾ ਨੂੰ ਪੇਸ਼ ਕਰਦੀਆਂ ਹਨ ਪ੍ਰੰਤੂ ਇਹ ਸਮਾਜਿਕ, ਆਰਥਿਕ, ਧਾਰਮਿਕ, ਰਾਜਨੀਤਕ ਅਤੇ ਸੱਭਿਆਚਾਰਕ ਪ੍ਰਸੰਗਾਂ ਨੂੰ ਵੀ ਅੱਖੋਂ-ਪਰੋਖੇ ਨਹੀਂ ਕਰਦੀਆਂ। 'ਸੀਰੀ' ਕਵਿਤਾ 'ਚ ਜਿਥੇ ਮੀਂਹ ਜ਼ਿਮੀਂਦਾਰ ਦੀਆਂ ਮੁੱਛਾਂ ਨੂੰ ਤਾਅ ਦੁਆਉਂਦਾ ਹੈ, ਉਥੇ ਸੀਰੀ ਦਾ ਫ਼ਿਕਰ ਵੀ ਵਧਾਉਂਦਾ ਹੈ :
ਉਥੇ
ਉਸ ਦੇ ਸੀਰੀ ਨੂੰ
ਡਾਢੇ ਮੀਂਹ ਵਿਚ
ਆਪਣੇ ਘਰ ਦੀ ਛੱਤ ਦਾ
ਫ਼ਿਕਰ ਸਤਾ ਰਿਹਾ ਸੀ।
ਉਪਰੋਕਤ ਪ੍ਰਸੰਗਾਂ/ਵਿਆਖਿਆਵਾਂ ਨੂੰ ਹਰਦੀਪ ਬਾਵਾ ਨੇ 'ਸੂਹੇ ਲਾਲ ਗੁਲਾਬ', 'ਕੈਦਣ', 'ਕਿਸਾਨ', 'ਬੰਜਰ ਜ਼ਮੀਨ', 'ਔਰਤ ਦਾ ਦਰਦ', 'ਤੇਜ਼ਾਬ', 'ਉਡੀਕ', 'ਗੱਡੀਆਂ ਵਾਲੇ', 'ਮਾਂ ਤੇ ਕਵਿਤਾ', 'ਆ ਕਵਿਤਾ', 'ਔਰਤ', 'ਸੁਪਨੇ ਦੀਆਂ ਤਿਤਲੀਆਂ', 'ਅਗਨੀ ਪ੍ਰੀਖਿਆ' ਆਦਿ ਕਵਿਤਾਵਾਂ ਵਿਚ ਪ੍ਰਸ਼ਨਾਂ ਦੇ ਰੂਪ 'ਚ ਬਿਆਨਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ। ਆਸ ਕਰਦਾ ਹਾਂ ਕਿ ਕਵਿੱਤਰੀ ਅਗਾਂਹ ਵੀ ਆਪਣੀ ਇਸ ਯਾਤਰਾ 'ਤੇ ਤੁਰਦੀ ਰਹੇਗੀ, ਮੰਜ਼ਿਲ ਦਾ ਸਿਰਨਾਵਾਂ ਲੱਭ ਲਵੇਗੀ। ਆਮੀਨ!

ਸੰਧੂ ਵਰਿਆਣਵੀ (ਪ੍ਰੋ:)
ਮੋ: 98786-14096

c c c

ਸਿਦਕ
ਲੇਖਕ : ਜਸਵਿੰਦਰ ਜਸ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 100 ਰੁਪਏ, ਸਫ਼ੇ : 72
ਸੰਪਰਕ : 0172-5027427.

ਸਿਦਕ (ਨਾਵਲ) ਜਸਵਿੰਦਰ ਜਸ ਦਾ ਲਿਖਿਆ ਹੋਇਆ ਹੈ। ਇਸ ਤੋਂ ਪਹਿਲਾਂ ਵੀ ਇਨ੍ਹਾਂ ਨੇ ਦੋ ਨਾਵਲ ਪੰਜਾਬੀ ਮਾਂ-ਬੋਲੀ ਦੀ ਝੋਲੀ ਵਿਚ ਪਾਏ ਹਨ। ਲੇਖਕ ਨੇ ਆਪਣੇ ਨਾਵਲਾਂ ਵਿਚ ਸਮੇਂ ਦੇ ਅਨੁਸਾਰ ਚਲੰਤ ਵਿਸ਼ਿਆਂ ਨੂੰ ਛੂਹ ਕੇ ਆਪਣੇ ਦਿਲ ਦੇ ਵਲਵਲਿਆਂ ਨੂੰ ਪਾਠਕਾਂ ਦੇ ਨਾਲ ਸਾਂਝਾ ਕਰਕੇ ਉਨ੍ਹਾਂ ਨੂੰ ਨਾਲ ਜੋੜਨ ਦੀ ਅਣਥੱਕ ਕੋਸ਼ਿਸ਼ ਕੀਤੀ ਹੈ। ਇਸ ਨਾਵਲ ਵਿਚ ਲੇਖਕ ਨੇ ਪਿੰਡਾਂ ਵਿਚ ਰਹਿਣ ਵਾਲੇ ਖੇਤ ਮਜ਼ਦੂਰਾਂ ਦੀਆਂ ਸਮੱਸਿਆਵਾਂ, ਉਲਝਣਾਂ, ਮੁਸ਼ਕਿਲਾਂ, ਬੇਵਸੀ, ਜ਼ਿਆਦਤੀ, ਧੱਕਾ, ਬੇਰਹਿਮੀ, ਗ਼ਰੀਬੀ ਆਦਿ ਦਾ ਵਿਸਥਾਰ ਨਾਲ ਜ਼ਿਕਰ ਕਰਕੇ ਆਪਣੀ ਅੰਦਰਲੀ ਆਵਾਜ਼ ਨੂੰ ਇਨ੍ਹਾਂ ਨਾਲ ਇਕਸੁਰ ਕਰਕੇ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਹੈ, ਜਿਸ ਕਰਕੇ ਪਾਠਕਾਂ ਨੂੰ ਵੀ ਨਾਵਲ ਵਿਚਲੇ ਪਾਤਰਾਂ ਦੇ ਨਾਲ ਡੂੰਘੀ ਹਮਦਰਦੀ ਹੋ ਜਾਂਦੀ ਹੈ। ਲੇਖਕ ਨੇ ਬੜੀ ਹੀ ਵਿਉਂਤ ਤੇ ਯੋਜਨਾ ਨਾਲ ਨਾਵਲ ਵਿਚਲੀਆਂ ਸਾਰੀਆਂ ਘਟਨਾਵਾਂ ਨੂੰ ਇਕ ਮਾਲਾ ਦੀ ਤਰ੍ਹਾਂ ਪਰੋ ਕੇ ਚੰਗੀ ਪੇਸ਼ਕਾਰੀ ਕਰਕੇ ਆਪਣੀ ਲੇਖਣੀ ਦਾ ਪ੍ਰਮਾਣ ਦਿੱਤਾ ਹੈ। ਲੇਖਕ ਨੇ ਇਸ ਨਾਵਲ ਵਿਚ ਮਜ਼ਦੂਰਾਂ ਵਲੋਂ ਕੀਤੇ ਜਾਂਦੇ ਸੰਘਰਸ਼ ਵਿਚ ਔਰਤਾਂ ਦੀ ਵੀ ਸ਼ਮੂਲੀਅਤ ਕਰਕੇ ਉਨ੍ਹਾਂ ਨੂੰ ਦਲੇਰ ਬਣਾਉਣ ਨਾਲ ਉਨ੍ਹਾਂ ਦੀ ਹਮਾਇਤ ਦਾ ਜ਼ਿਕਰ ਕੀਤਾ ਹੈ। ਨਾਵਲ ਵਿਚ ਪਾਤਰਾਂ ਦੀ ਭੀੜ ਇਕੱਠੀ ਨਾ ਕਰਕੇ ਲੋੜੀਂਦੇ ਪਾਤਰਾਂ ਨੂੰ ਹੀ ਸਾਹਮਣੇ ਲਿਆਂਦਾ ਹੈ ਜੋ ਕਿ ਇਕ ਲੇਖਕ ਤੇ ਨਾਵਲਕਾਰ ਦੇ ਗੁਣ ਹਨ। ਲੇਖਕ ਕਿਸਾਨ, ਮਜ਼ਦੂਰ ਦੇ ਮੁੜ੍ਹਕੇ ਦੀ ਗੱਲ ਕਰਕੇ ਉਨ੍ਹਾਂ ਦੇ ਹੱਕ ਨੂੰ ਵੀ ਜਤਾਉਂਦਾ ਹੈ ਅਤੇ ਸੰਘਰਸ਼ ਕਰਨ ਵਾਲਿਆਂ ਵਿਚ ਜੋਸ਼ ਭਰਨ ਦੀ ਵੀ ਕਸਰ ਨਹੀਂ ਛੱਡਦਾ। ਨਾਲ ਹੀ ਅਫ਼ਸਰਸ਼ਾਹੀ ਦੇ ਹੁਕਮਾਂ ਦਾ ਜ਼ਿਕਰ ਕਰਦੇ ਹੋਏ ਪੁਲਿਸ ਦੇ ਨਾਲ ਤਕਰਾਰ ਤੇ ਜ਼ਿਆਦਤੀ ਨੂੰ ਵੀ ਦਰਸਾਉਂਦਾ ਹੈ। ਨਾਵਲ ਵਿਚ ਗਾਥਾ ਨੂੰ ਲੜੀਵਾਰ ਚਾਲੂ ਰੱਖਦੇ ਹੋਏ ਲੇਖਕ ਨੇ ਮੌਕੇ ਅਨੁਸਾਰ ਉਨ੍ਹਾਂ ਹਾਲਤਾਂ ਨੂੰ ਬੜੇ ਸੋਹਣੇ ਢੰਗ ਨਾਲ ਬਿਆਨ ਕਰਕੇ ਪਾਤਰਾਂ ਦੇ ਨਾਲ ਇਨਸਾਫ਼ ਕੀਤਾ ਹੈ। ਸਮੁੱਚੇ ਤੌਰ 'ਤੇ ਨਾਵਲ ਪੜ੍ਹਨਯੋਗ ਹੈ।

ਬਲਵਿੰਦਰ ਸਿੰਘ ਸੋਢੀ ਮੀਰਹੇੜੀ

21-11-2021

 ਮਨੁੱਖਤਾ ਦਾ ਵਾਰਸ
ਗੁਰੂ ਤੇਗ ਬਹਾਦਰ

ਲੇਖਕ : ਪ੍ਰਿੰ: ਇੰਦਰਜੀਤ ਸਿੰਘ 'ਵਾਸੂ'
ਪ੍ਰਕਾਸ਼ਕ : ਵਾਸੂ ਪ੍ਰਕਾਸ਼ਨ, ਫਗਵਾੜਾ
ਮੁੱਲ : 300 ਰੁਪਏ, ਸਫ਼ੇ : 280
ਸੰਪਰਕ : 90563-60763.


ਪ੍ਰਸਿੱਧ ਸਿੱਖ ਚਿੰਤਕ ਪ੍ਰਿੰ: ਇੰਦਰਜੀਤ ਸਿੰਘ 'ਵਾਸੂ' ਦੀ ਇਹ 11ਵੀਂ ਪੁਸਤਕ ਹੈ। ਉਨ੍ਹਾਂ ਨੇ ਵੱਖ-ਵੱਖ ਧਾਰਮਿਕ ਨੁਕਤਿਆਂ/ਵਿਸ਼ਿਆਂ ਬਾਰੇ ਬੜੀ ਬਾਰੀਕਬੀਨੀ ਨਾਲ ਖੋਜ ਕਰਕੇ ਆਪਣੇ ਵਿਚਾਰ ਇਨ੍ਹਾਂ ਪੁਸਤਕਾਂ ਰਾਹੀਂ ਪਾਠਕਾਂ ਨਾਲ ਸਾਂਝੇ ਕੀਤੇ ਹਨ।
ਵਿਚਾਰ ਗੋਚਰੀ ਵੱਡ-ਆਕਾਰੀ ਪੁਸਤਕ ਦੇ 16 ਅਧਿਆਏ ਹਨ। ਇਨ੍ਹਾਂ ਵਿਚ ਕੁੱਲ 116 ਨਾਯਾਬ ਲੇਖ, ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਦਰਸ਼ਨ, ਬਾਣੀ ਅਤੇ ਲਾਸਾਨੀ ਕੁਰਬਾਨੀ ਬਾਰੇ ਵਡਮੁੱਲੀ ਜਾਣਕਾਰੀ ਪ੍ਰਦਾਨ ਕਰਦੇ ਹਨ। ਪਹਿਲੇ ਭਾਗ ਵਿਚ ਗੁਰੂ ਸਾਹਿਬ ਦੇ ਮੁਢਲੇ ਜੀਵਨ ਤੋਂ ਆਰੰਭ ਹੋ ਕੇ ਪੰਜਾਬ ਵਾਪਸੀ ਤੱਕ ਦਾ ਵਰਨਣ ਕੀਤਾ ਗਿਆ ਹੈ। ਦੂਜਾ ਭਾਗ ਉਨ੍ਹਾਂ ਦੀ ਅਜ਼ੀਮ ਸ਼ਹਾਦਤ ਸੰਬੰਧੀ ਹੈ। ਤੀਜੇ ਅਧਿਆਏ ਵਿਚ ਗੁਰੂ ਜੀ ਦੀ ਸ਼ਹੀਦੀ ਦੇ ਪ੍ਰਭਾਵਾਂ ਨੂੰ ਵੱਖੋ-ਵੱਖਰੇ ਨੁਕਤਾ ਨਿਗਾਹ ਤੋਂ ਵਿਚਾਰਿਆ ਗਿਆ ਹੈ। ਵਿਦਵਾਨ ਲੇਖਕ ਦਾ ਵਿਚਾਰ ਹੈ ਕਿ ਗੁਰੂ ਸਾਹਿਬ ਦੀ ਸ਼ਹਾਦਤ, ਸਹੀ ਲੋਕਤੰਤਰ ਲਈ ਪ੍ਰੇਰਕ ਸ਼ਕਤੀ ਹੈ। (ਪੰਨਾ 59)
ਪੁਸਤਕ ਦਾ ਚੌਥਾ ਅਧਿਆਏ ਅਜੋਕੇ ਯੁੱਗ ਵਿਚ ਸ਼ਹੀਦੀ ਦੀ ਪ੍ਰਸੰਗਿਕਤਾ ਬਾਰੇ ਹੈ। 'ਗੁਰੂ ਤੇਗ ਬਹਾਦਰ ਬੋਲਿਆ' ਸਿਰਲੇਖ ਹੇਠਲੇ ਪੰਜਵੇਂ ਭਾਗ ਵਿਚ ਮੁਕਤਲਿਫ਼ ਮੁੱਦਿਆਂ ਬਾਰੇ ਗੁਰੂ ਜੀ ਦੀ ਬਾਣੀ ਤੋਂ ਮਿਲਦੀ ਸੇਧ ਸੰਬੰਧੀ ਚਰਚਾ ਹੈ। ਅਗਲੇ ਅਧਿਆਇ ਵਿਚ ਗੁਰੀ ਜੀ ਦੀ ਕਾਵਿ-ਸ਼ੈਲੀ ਦਾ 13 ਲੇਖਾਂ ਰਾਹੀਂ ਨਿਰੂਪਣ ਹੈ। ਇਕ ਪੂਰੇ ਅਧਿਆਇ ਵਿਚਲੇ ਨੌਂ ਲੇਖ, ਗੁਰੂ ਸਾਹਿਬ ਦੀ ਬਾਣੀ ਅਤੇ ਜੀਵਨ ਵਿਚ ਧਰਮ ਦੇ ਸੰਕਲਪ ਬਾਰੇ ਹਨ। ਅੱਠਵਾਂ ਭਾਗ 'ਗੁਰੂ ਸਾਹਿਬ ਦੀ ਬਾਣੀ ਵਿਚ ਮਨ ਦਾ ਬਹੁਪੱਖੀ ਅਧਿਐਨ' ਸਿਰਲੇਖ ਹੇਠ ਹੈ, 'ਮਨੁੱਖੀ ਪ੍ਰਕਿਰਤੀ ਦਾ ਦੈਵੀਕਰਨ', 'ਮਨੁੱਖ ਦਾ ਪਰਿਵਰਨ', 'ਮਨੁੱਖੀ ਜੀਵਨ ਦਾ ਮਨੋਰਥ', 'ਗੁਰੂ ਜੀ ਦੀ ਬਾਣੀ ਵਿਚ ਮਨੁੱਖ ਦਾ ਸੰਕਲਪ', 'ਮਾਨਵਵਾਦ', 'ਉੱਤਮ ਸੱਭਿਆਚਾਰ ਦੀ ਸਿਰਜਣਾ', 'ਗੁਰੂ ਸਾਹਿਬ-ਸੰਸਾਰ ਅਮਨ ਦੇ ਪੈਗ਼ੰਬਰ' ਅਤੇ ਅੰਤਿਕਾ ਭਾਗ 'ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੀ ਅਜੋਕੇ ਯੁੱਗ ਵਿਚ ਪ੍ਰਸੰਗਿਕਤਾ' ਹਨ।
ਪੁਸਤਕ ਦੇ ਸਾਰੇ ਲੇਖਾਂ ਵਿਚ ਗੁਰੂ ਸਾਹਿਬ ਜੀ ਬਾਣੀ ਦੇ ਢੁਕਵੇਂ ਪ੍ਰਮਾਣ, ਇਤਿਹਾਸਕ ਹਵਾਲੇ (ਪੰਜਾਬੀ, ਹਿੰਦੀ, ਮੈਗਜ਼ੀਨਾਂ ਦੇ ਲੇਖਾਂ ਅਤੇ ਅੰਗਰੇਜ਼ੀ ਪੁਸਤਕਾਂ) ਪੁਸਤਕ ਨੂੰ ਹੋਰ ਵੀ ਪ੍ਰਸੰਗਿਕ ਅਤੇ ਪੁਖਤਾ ਬਣਾਉਂਦੇ ਹਨ। ਗੁਰੂ ਸਾਹਿਬ ਜੀ ਦੇ ਚਾਰ ਸੌ ਸਾਲਾ ਗੁਰਪੁਰਬ ਨੂੰ ਸਮਰਪਿਤ ਇਹ ਪੁਸਤਕ ਮਨਚਿੱਤ ਲਾ ਕੇ ਪੜ੍ਹਨਯੋਗ, ਉੱਤਮ ਰਚਨਾ ਹੈ।


ਤੀਰਥ ਸਿੰਘ ਢਿੱਲੋਂ
ਮੋ: 98154-61710


ਭੀਸ਼ਮ ਸਾਹਨੀ ਦੀਆਂ ਚੋਣਵੀਆਂ ਕਹਾਣੀਆਂ

ਅਨੁ: ਤੇ ਸੰਪਾ : ਡਾ. ਅਕਵਿੰਦਰ ਕੌਰ ਤਨਵੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 164
ਸੰਪਰਕ : 94638-36591.


ਰੀਵਿਊ ਅਧੀਨ ਕਿਤਾਬ ਵਿਚ ਡਾ. ਤਨਵੀ ਨੇ ਭੀਸ਼ਮ ਸਾਹਨੀ ਦੀਆਂ 12 ਕਹਾਣੀਆਂ ਦਾ ਅਨੁਵਾਦ ਕੀਤਾ ਹੈ, ਜਿਨ੍ਹਾਂ ਵਿਚੋਂ ਬਹੁਤੀਆਂ ਪਹਿਲਾਂ ਹੋਰ ਵੀ ਅਨੁਵਾਦਕਾਂ ਵਲੋਂ ਪੰਜਾਬੀ ਵਿਚ ਅਨੁਵਾਦ ਕੀਤੀਆਂ ਜਾ ਚੁੱਕੀਆਂ ਹਨ। ਇਹ ਕਹਾਣੀਆਂ ਅਨੁਵਾਦਕ ਦੀ ਆਪਣੀ ਪਸੰਦ ਦੀਆਂ ਹਨ। 'ਚੀਫ ਦੀ ਦਾਅਵਤ' ਵਿਚ ਬਜ਼ੁਰਗ ਮਾਂ ਦੀ ਤ੍ਰਾਸਦੀ ਵਿਖਾਈ ਗਈ ਹੈ ਅਤੇ ਯੁਵਾ ਪੀੜ੍ਹੀ ਦੇ ਸੁਆਰਥ ਨੂੰ ਵਿਅੰਗਾਤਮਿਕ ਢੰਗ ਨਾਲ ਪੇਸ਼ ਕੀਤਾ ਗਿਆ ਹੈ। 'ਅੰਮ੍ਰਿਤਸਰ ਆ ਗਿਆ ਹੈ' 1947 ਦੀ ਦੇਸ਼-ਵੰਡ ਨਾਲ ਸੰਬੰਧਿਤ ਇਕ ਮਾਰਮਿਕ ਗਾਥਾ ਹੈ। 'ਸਰਦਾਰਨੀ' ਵਿਚ ਆਜ਼ਾਦੀ ਤੋਂ ਬਾਅਦ ਹੋਣ ਵਾਲੇ ਫ਼ਿਰਕੂ ਦੰਗਿਆਂ ਨੂੰ ਪ੍ਰਸਤੁਤ ਕੀਤਾ ਗਿਆ ਹੈ। 'ਵਾਂਗਚੂ' (ਚੀਨੀ ਨਾਂਅ) ਰਾਹੀਂ ਇਹ ਦੱਸਣ ਦਾ ਯਤਨ ਕੀਤਾ ਗਿਆ ਹੈ ਕਿ ਆਮ ਲੋਕਾਂ ਲਈ ਸਰਹੱਦਾਂ ਦਾ ਕੋਈ ਅਰਥ ਨਹੀਂ, ਇਹ ਤਾਂ ਰਾਜਨੀਤਕ ਲੋਕਾਂ ਦੀਆਂ ਚਾਲਾਂ ਹਨ। 'ਗੰਗੂ ਦਾ ਜਾਇਆ' ਵਿਚ ਮਹਾਂਨਗਰੀ ਜ਼ਿੰਦਗੀ ਵਿਚ ਅਮੀਰ-ਗ਼ਰੀਬ ਦੇ ਫ਼ਰਕ ਨੂੰ ਰੇਖਾਂਕਿਤ ਕੀਤਾ ਗਿਆ ਹੈ। 'ਲੀਲਾ ਨੰਦ ਲਾਲ ਕੀ' ਇਨਸਾਫ਼ ਲਈ ਉਡੀਕਦੇ ਆਮ ਵਿਅਕਤੀ ਦੀ ਗਾਥਾ ਹੈ, ਜਿਸ ਵਿਚ ਸਾਡੀ ਨਿਆਂਪਾਲਿਕਾ 'ਤੇ ਪੈਨਾ ਵਿਅੰਗ ਹੈ। 'ਸਿਫ਼ਾਰਸ਼ੀ ਚਿੱਠੀ' ਵਿਚ ਦਫ਼ਤਰਾਂ ਵਿਚ ਕਾਰਜਸ਼ੀਲ ਬਾਬੂਆਂ ਦੀ ਜ਼ਿੰਦਗੀ ਦਾ ਬਿਆਨ ਹੈ। 'ਸਾਗ-ਮੀਟ' ਵਿਚ ਸ਼ਹਿਰੀ ਮੱਧ ਸ਼੍ਰੇਣੀ ਦੀ ਜ਼ਿੰਦਗੀ ਦਾ ਕੌੜਾ ਸੱਚ ਪੇਸ਼ ਕੀਤਾ ਗਿਆ ਹੈ। 'ਮਾਤਾ-ਵਿਮਾਤਾ' ਮਾਂ ਦੀ ਮਮਤਾ ਦੀ ਸੰਵੇਦਨਸ਼ੀਲ ਕਹਾਣੀ ਹੈ। 'ਖਿਡੌਣੇ' ਵਿਚ ਖਿਡੌਣਾ ਰੂਪਕ ਵਜੋਂ ਵਰਤਿਆ ਗਿਆ ਹੈ ਤੇ ਮਨੁੱਖ ਨੂੰ ਖਿਡੌਣੇ ਵਾਂਗ ਭੱਜ-ਦੌੜ ਕਰਦਾ ਵਿਖਾਇਆ ਗਿਆ ਹੈ। 'ਕਿਸਮਤ ਦੀ ਰੇਖਾ' ਵਿਚ ਬੇਰੁਜ਼ਗਾਰੀ, ਗ਼ਰੀਬੀ ਤੇ ਮਜ਼ਦੂਰੀ ਦੇ ਵਿਸ਼ੇ ਨੂੰ ਯਥਾਰਥਕ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। 'ਸਮਾਧ ਭਾਈ ਰਾਮ ਸਿੰਘ' ਵਿਚ ਢੌਂਗੀਆਂ, ਪਾਖੰਡੀਆਂ, ਭੇਖੀਆਂ, ਬਾਬਿਆਂ ਦੀ ਪੂਜਾ ਕਰਦੇ ਆਮ ਲੋਕਾਂ ਦੀ ਮਾਨਸਿਕਤਾ ਨੂੰ ਪੇਸ਼ ਕੀਤਾ ਗਿਆ ਹੈ। ਇਉਂ ਇਹ ਸਾਰੀਆਂ ਹੀ ਕਹਾਣੀਆਂ ਸਾਡੇ ਆਸਪਾਸ ਵਾਪਰਦੀਆਂ ਘਟਨਾਵਾਂ ਨੂੰ ਸਾਹਿਤਕ ਤੇ ਕਲਾਤਮਿਕ ਨਜ਼ਰੀਏ ਤੋਂ ਪੇਸ਼ ਕਰਦੀਆਂ ਹਨ। ਡਾ. ਤਨਵੀ ਨੇ ਪੰਜਾਬੀ ਪਾਠਕਾਂ ਲਈ ਇਕ ਸੁਪਰਿਚਿਤ ਹਿੰਦੀ ਲੇਖਕ ਦੀਆਂ ਚਰਚਿਤ ਕਹਾਣੀਆਂ ਨੂੰ ਪੰਜਾਬੀ ਵਿਚ ਅਨੁਵਾਦ ਕਰਕੇ ਇਕ ਸਲਾਹੁਣਯੋਗ ਉਪਰਾਲਾ ਕੀਤਾ ਹੈ।


ਪ੍ਰੋ. ਨਵ ਸੰਗੀਤ ਸਿੰਘ
ਮੋ: 94176-92015.


ਬੱਸ! ... ਹੁਣ ਬੱਸ

ਕਹਾਣੀਕਾਰ : ਮੀਨੂੰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 92169-19002.


ਹਥਲਾ ਕਹਾਣੀ ਸੰਗ੍ਰਹਿ 'ਬੱਸ! ਹੁਣ ਬੱਸ' ਵਿਚ ਕੁੱਲ ਪੰਜ ਕਹਾਣੀਆਂ ਹਨ। ਬਾਬੇ ਦੀ ਫੁੱਲ ਕਿਰਪਾ, ਬੱਸ! ਹੁਣ ਬੱਸ, ਮਾਇਆ, ਸਿਆਹੀ ਚੂਸ ਅਤੇ ਲੂਡੋ। ਮੀਨੂੰ ਲੰਮੀਆਂ ਕਹਾਣੀਆਂ ਦੀ ਲੇਖਿਕਾ ਹੈ। ਨਾਵਲ ਲਿਖਣ ਦੀ ਅਭਿਆਸੀ ਹੋਣ ਕਰਕੇ ਉਸ ਦੀ ਕਲਮ ਤੋਂ ਲੰਮੀਆਂ ਕਹਾਣੀਆਂ ਜਨਮ ਲੈਣੀਆਂ ਸੁਭਾਵਿਕ ਹਨ। 'ਬੱਸ, ਹੁਣ ਬੱਸ' ਦੇ ਪ੍ਰਮੁੱਖ ਪਾਤਰ ਹਨ ਅਮਰਜੀਤ, ਐਨੀ ਅਤੇ ਸਿਮਰਿਤਾ। ਇਹ ਸਾਰੇ ਪਾਤਰ ਉੱਚ ਮੱਧ ਵਰਗੀ ਕਲਾਸ ਦੇ ਹਨ। ਹਰ ਸੁੱਖ, ਐਸ਼-ਆਰਾਮ ਤੇ ਸੁਖਾਲੇ ਜੀਵਨ ਤੋਂ ਅੱਕੇ-ਥੱਕੇ। ਸੈਰ ਸਪਾਟੇ ਨੂੰ ਨਿਕਲੇ ਦੋਸਤਾਂ ਨੂੰ ਫ਼ਿਲਮੀ ਡਰਾਮਾਈ ਅੰਦਾਜ਼ ਵਿਚ ਅਗਵਾ ਹੋਈ ਐਨੀ ਦਾ ਮਿਲਣਾ, ਇੰਜ ਹੀ ਘਰੋਂ ਨਿਕਲੇ ਅਮਰ ਨੂੰ ਬੱਸ ਵਿਚ ਘਰੋਂ ਭੱਜੀ ਸਿਮਰਿਤਾ ਦਾ ਮਿਲਣਾ, ਬੱਸ ਦਾ ਟਾਇਰ ਫਟਣਾ, ਫਿਰ ਪਹਾੜੀ ਸਫ਼ਰ ਦੌਰਾਨ ਬੱਸ ਦਾ ਡੂੰਘੀ ਖਾਈ 'ਚ ਡਿਗਣਾ, ਅਮਰ ਵਲੋਂ ਨਾ ਸਿਰਫ ਸਿਮਰਿਤਾ ਸਗੋਂ ਬਹੁਤ ਸਾਰੀਆਂ ਸਵਾਰੀਆਂ ਨੂੰ ਬਚਾ ਲੈਣਾ ਸਭ ਮੌਕਾ-ਮੇਲ ਅਤੇ ਸੁਖਦ ਸੰਯੋਗ ਹੀ ਹੈ। ਪਰ ਕਹਾਣੀ 'ਚੋਂ ਅਮਰ ਵਰਗੇ ਜ਼ਿੰਦਾ-ਦਿਲ, ਦਲੇਰ, ਪਰੋਪਕਾਰੀ, ਚਰਿੱਤਰ ਦਾ ਉਘਾੜਨਾ, ਇਸ ਕਹਾਣੀ ਦੀ ਪ੍ਰਾਪਤੀ ਕਿਹਾ ਜਾ ਸਕਦਾ ਹੈ। ਚਲਦੀ ਬੱਸ ਵਿਚ ਅਣਗਿਣਤ ਪਾਤਰ ਅਤੇ ਬਦਲਦੀਆਂ ਥਾਵਾਂ, ਬਦਲਦੇ ਦ੍ਰਿਸ਼ ਤੇ ਬਦਲਦੇ ਸਰੋਕਾਰਾਂ ਨੂੰ ਕਹਾਣੀਕਾਰਾ ਨੇ ਬੜੀ ਸੂਖਮਤਾ ਅਤੇ ਰੌਚਕ ਢੰਗ ਨਾਲ ਕਥਾਨਕ 'ਚ ਬੁਣਿਆ ਹੈ। 'ਬਾਬੇ ਦੀ ਫੁੱਲ ਕਿਰਪਾ' ਕਹਾਣੀ ਵੀ ਜ਼ਿੰਦਗੀ ਤੋਂ ਲਾਚਾਰ ਤੇ ਬੇਜਾਰ ਪਾਤਰ ਜੋ ਖ਼ੁਦਕੁਸ਼ੀ ਦੇ ਰਾਹ ਪਿਆ ਹੈ ਪਰ ਉਸ 'ਤੇ ਬਾਬਿਆਂ ਦੀ ਕਿਰਪਾ ਹੋਣ ਤੇ ਉਸ ਦੀ ਜ਼ਿੰਦਗੀ ਦਾ ਮਕਸਦ ਹੀ ਬਦਲ ਜਾਣਾ, ਇਸ ਕਹਾਣੀ ਰਾਹੀਂ ਇਨ੍ਹਾਂ ਬਾਬਿਆਂ ਦੇ ਚਰਿੱਤਰ ਦੀ ਪੋਲ ਖੋਲ੍ਹਣ ਵਿਚ ਕਹਾਣੀਕਾਰਾ ਕਾਮਯਾਬ ਹੋਈ ਹੈ। ਸਾਰੀ ਦੀ ਸਾਰੀ ਪੱਤਰ ਸ਼ੈਲੀ ਵਿਚ ਲਿਖੀ ਕਹਾਣੀ 'ਲੂਡੋ' ਦੇ ਗੋਪਾਲ, ਅਰਜੁਨ ਦੇ ਪੱਤਰ ਸੰਬੋਧਨ ਰਾਹੀਂ ਸਮਾਜ ਵੱਖੋ-ਵੱਖਰੇ ਨੈਤਿਕ, ਆਰਥਿਕ, ਸਿਆਸੀ ਤੇ ਪ੍ਰਬੰਧਕੀ ਸਰੋਕਾਰਾਂ ਦੇ ਪਾਜ ਉਘੇੜਦੀ ਜਾਂਦੀ ਹੈ। 'ਮਾਇਆ' ਕਹਾਣੀ ਵੀ ਸ਼ੈਰੀ, ਇੰਦੂ, ਨੀਲਾ ਪੰਡਿਤ ਜੀ, ਉਰਮਿਲ ਤੇ ਮਾਇਆ ਆਦਿ ਪਾਤਰਾਂ ਰਾਹੀਂ ਦਿਲਚਸਪ ਤੇ ਜ਼ਿੰਦਗੀ ਦੇ ਯਥਾਰਥ ਦੇ ਰੂਬਰੂ ਕਰਾਉਣ ਵਾਲਾ ਕਥਾਨਕ ਬੁਣਿਆ ਹੋਇਆ ਹੈ। ਸਾਰੀਆਂ ਕਹਾਣੀਆਂ, ਲੰਮੀਆਂ ਹੋਣ ਦੇ ਬਾਵਜੂਦ ਗੁੰਦਵੇਂ ਕਥਾਨਕ, ਰੌਚਕ ਸ਼ੈਲੀ, ਚੁਸਤ ਸੰਵਾਦ, ਪਾਤਰਾਂ ਮੁਤਾਬਿਕ ਢੁਕਵੀਂ ਬੋਲੀ ਅਤੇ ਜ਼ਿੰਦਗੀ ਦੇ ਗੂੜ੍ਹੇ ਰਹੱਸਾਂ ਨੂੰ ਸਰਲਤਾ ਤੇ ਸਹਿਜਤਾ ਨਾਲ ਖੋਲ੍ਹਣ ਕਰਕੇ ਪੜ੍ਹਨਯੋਗ ਹਨ।


ਡਾ. ਧਰਮਪਾਲ ਸਾਹਿਲ
ਮੋ: 98761-56964.
c c c


ਮੈਂ ਤੇ ਉਹ

ਲੇਖਕ : ਸਾਧੂ ਸਿੰਘ ਬਰਾੜ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 98158-24814.


ਮਾਨਵਤਾਵਾਦੀ ਕਵੀ ਸਾਧੂ ਸਿੰਘ ਬਰਾੜ ਵਿਸ਼ਵ ਭਰ ਵਿਚ ਅਮਨ-ਸ਼ਾਂਤੀ ਦੀ ਵਿਚਾਰਧਾਰਾ ਦੇ ਧਾਰਨੀ ਹਨ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਦੁਨੀਆ ਵਿਚੋਂ ਯੁੱਧ, ਈਰਖਾ, ਬੇਈਮਾਨੀ, ਭ੍ਰਿਸ਼ਟਾਚਾਰ, ਨਫ਼ਰਤ, ਹਉਮੈ, ਹੰਕਾਰ ਜਾਂ ਲੋਭ ਦਾ ਬੀਜ ਨਾਸ਼ ਹੋ ਜਾਵੇ ਅਤੇ ਸਾਰੀ ਮਨੁੱਖਤਾ ਹੀ ਇਕ ਪਰਿਵਾਰ ਬਣ ਕੇ ਵਿਚਰਦੀ ਨਜ਼ਰ ਆਵੇ। ਆਪਣੇ ਪਲੇਠੇ ਕਾਵਿ-ਸੰਗ੍ਰਹਿ 'ਮੈਂ ਤੇ ਉਹ' ਵਿਚ ਸਮਾਜਿਕ ਰਿਸ਼ਤਿਆਂ-ਨਾਤਿਆਂ ਵਿਚੋਂ ਮਨਫ਼ੀ ਹੋ ਰਹੀ ਅਪਣੱਤ ਦੀ ਭਾਵਨਾ ਦਾ ਪ੍ਰਗਟਾਵਾ ਉਹ ਇੰਜ ਕਰਦੇ ਹਨ:
ਉਹਦੀ ਬੇਰੁਖ਼ੀ ਨੇ ਪਾਇਆ ਸਾਡੇ ਵਿਹੜੇ ਵਿਚ ਸੋਗ।
ਜਿਹੜੇ ਸਮਝੇ ਹਕੀਮ ਉਹੀ ਲਾ ਗਏ ਸਾਨੂੰ ਰੋਗ।
ਉਨ੍ਹਾਂ ਦਾ ਮੰਨਣਾ ਹੈ ਕਿ ਨਰੋਏ ਸਮਾਜ ਦੀ ਸਿਰਜਣਾ ਲਈ ਨਰੋਏ ਵਾਤਾਵਰਨ ਦਾ ਹੋਣਾ ਬੇਹੱਦ ਜ਼ਰੂਰੀ ਹੈ। ਰੁੱਖਾਂ ਦੀ ਕੀਤੀ ਜਾ ਰਹੀ ਅੰਨ੍ਹੇਵਾਹ ਕਟਾਈ, ਪ੍ਰਦੂਸ਼ਣ ਕਾਰਨ ਦਿਨ-ਬ-ਦਿਨ ਗੰਧਲਾ ਹੋ ਰਿਹਾ ਪੌਣ-ਪਾਣੀ ਅਤੇ ਪੁੱਤਾਂ ਦੀ ਲਾਲਸਾ ਅਧੀਨ ਕੀਤਾ ਜਾ ਰਿਹਾ ਧੀਆਂ ਦਾ ਕਤਲ, ਕੁਦਰਤ ਦੇ ਸੰਤੁਲਨ ਨੂੰ ਤਹਿਸ-ਨਹਿਸ ਕਰ ਰਿਹਾ ਹੈ। ਆਪਸੀ ਪਿਆਰ ਦੇ ਨਾਲ-ਨਾਲ ਉਹ ਕੁਦਰਤੀ ਸਾਧਨਾਂ ਅਤੇ ਸਰੋਤਾਂ ਨਾਲ ਤਾਲਮੇਲ ਬਿਠਾਉਣ ਲਈ ਵੀ ਯਤਨਸ਼ੀਲ ਦਿਖਾਈ ਦਿੰਦੇ ਹਨ:
ਐ ਬੰਦਿਆ ਤੂੰ ਕੁਦਰਤ ਵਿਚ ਸਮਤੋਲ ਰੱਖੀਂ,
ਰੁੱਖ, ਪਾਣੀ ਤੇ ਧੀਆਂ ਦੀ ਰਾਖੀ ਕਰਿਆ ਕਰ।
ਸਰੀਰਕ ਸਿੱਖਿਆ ਦੇ ਲੈਕਚਰਾਰ ਵਜੋਂ ਸੇਵਾਵਾਂ ਨਿਭਾਅ ਰਹੇ ਸਾਧੂ ਸਿੰਘ ਬਰਾੜ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ ਕਿਉਂਕਿ ਉਨ੍ਹਾਂ ਨੇ ਕਬੱਡੀ ਦੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ ਅਤੇ ਉਨ੍ਹਾਂ ਦੇ ਅਜਿਹੇ ਉਸਾਰੂ ਕੰਮਾਂ ਕਰਕੇ ਉਨ੍ਹਾਂ ਨੂੰ ਰਾਜ ਪੱਧਰੀ ਪੁਰਸਕਾਰ ਵੀ ਮਿਲ ਚੁੱਕਿਆ ਹੈ। ਜੇਕਰ ਉਹ ਤੋਲ-ਤੁਕਾਂਤ ਵਾਲੇ ਪਾਸੇ ਥੋੜ੍ਹਾ ਜਿਹਾ ਧਿਆਨ ਦੇਣ ਦੀ ਕੋਸ਼ਿਸ਼ ਕਰਨ ਤਾਂ ਉਹ ਸਾਹਿਤਕ ਖੇਤਰ ਵਿਚ ਵੱਡੀਆਂ ਮੱਲਾਂ ਮਾਰਨ ਦੇ ਸਮਰੱਥ ਹੋ ਸਕਦੇ ਹਨ। ਹੋਰ ਵਧੀਆ ਸਾਹਿਤਕ ਸਿਰਜਣਾ ਦੀ ਉਮੀਦ ਨਾਲ ਉਨ੍ਹਾਂ ਦੇ ਇਸ ਵਡਮੁੱਲੇ ਕਾਰਜ ਦਾ ਹਾਰਦਿਕ ਸਵਾਗਤ ਕਰਨਾ ਚਾਹੀਦਾ ਹੈ।


ਕਰਮ ਸਿੰਘ ਜ਼ਖ਼ਮੀ
ਮੋ: 98146-28027
c c c


ਜਾਗ
ਲੇਖਕ : ਡਾ. ਆਰ.ਡੀ.ਐਸ. ਮਹਿਤਾਬ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 119
ਸੰਪਰਕ : 95011-45039.


ਮਨੁੱਖੀ ਜ਼ਿੰਦਗੀ ਵਿਚ ਕਈ ਵਾਰ ਅਜਿਹੇ ਇਨਸਾਨ ਆਉਂਦੇ ਹਨ ਜਿਨ੍ਹਾਂ ਦੀ ਜੀਵਨ-ਸ਼ੈਲੀ ਦੀ ਛਾਪ ਮਨੁੱਖ ਦੀ ਜ਼ਿੰਦਗੀ 'ਤੇ ਬਣੀ ਰਹਿੰਦੀ ਹੈ। ਅਜਿਹੇ ਮਨੁੱਖਾਂ ਦੀ ਜ਼ਿੰਦਗੀ ਦੂਜਿਆਂ ਲਈ ਪ੍ਰੇਰਨਾ ਦਾ ਸਰੋਤ ਬਣਦੀ ਹੈ, ਉਥੇ ਉਹ ਚਾਨਣ-ਮੁਨਾਰੇ ਦਾ ਕੰਮ ਵੀ ਕਰਦੀ ਹੈ। 'ਜਾਗ' ਡਾ. ਆਰ.ਡੀ.ਐਸ. ਮਹਿਤਾਬ ਦੀ ਅਜਿਹੀ ਹੀ ਪੁੁਸਤਕ ਹੈ, ਜਿਸ ਵਿਚ ਉਸ ਨੇ ਆਪਣੀ ਜ਼ਿੰਦਗੀ ਦੇ ਰਾਹ ਦਸੇਰੇ ਆਪਣੇ ਪਰਮ ਮਿੱਤਰ ਪ੍ਰਾਣ ਨਾਥ ਅਵਸਥੀ ਜੋ ਫ਼ੌਜ ਦੇ ਸਿਹਤ ਮਹਿਕਮੇ ਵਿਚ ਉੱਚ ਅਹੁਦੇ 'ਤੇ ਤਾਇਨਾਤ ਸਨ, ਦੀ ਸ਼ਖ਼ਸੀਅਤ ਅਤੇ ਉਸ ਨਾਲ ਆਪਣੀ ਨਿੱਜੀ ਸਾਂਝ ਦਾ ਜ਼ਿਕਰ ਬੜੇ ਭਾਵਪੂਰਤ ਰੂਪ ਵਿਚ ਕੀਤਾ ਹੈ। ਜਿਥੇ ਲੇਖਕ ਨੇ ਡਾ. ਅਵਸਥੀ ਨਾਲ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਚ ਆਪਣੀ ਮੁਲਾਕਾਤ ਦਾ ਜ਼ਿਕਰ ਕੀਤਾ ਹੈ, ਉਥੇ ਉਨ੍ਹਾਂ ਨਾਲ ਲੇਖਕ ਦੇ ਪਰਿਵਾਰਕ ਸੰਬੰਧਾਂ ਦਾ ਜ਼ਿਕਰ ਵੀ ਪੂਰੇ ਸਤਿਕਾਰ ਸਹਿਤ ਕੀਤਾ ਹੈ। ਇਥੇ ਦੋਵਾਂ ਦੀ ਮੁਲਾਕਾਤ ਟੈਲੀਫੋਨ ਦੇ ਜ਼ਰੀਏ ਹੁੰਦੀ ਹੈ। ਲੇਖਕ ਆਪਣੀ ਇਸ ਪੁਸਤਕ ਵਿਚ ਸਵੈ-ਕਥਨੀ ਸ਼ੈਲੀ ਵਿਚ ਲਗਾਤਾਰ ਇਕ ਤੋਂ ਬਾਅਦ ਦੂਜੀ ਯਾਦ ਦਾ ਜ਼ਿਕਰ ਕਰਦਾ ਹੈ। ਇਹ ਵੇਰਵੇ ਜਿਵੇਂ ਕਿ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਸਵੈ-ਕਥਨੀ ਸ਼ੈਲੀ ਵਿਚ ਹਨ ਭਾਵ ਉੱਤਮ ਪੁਰਖੀ ਬਿਰਤਾਂਤ ਵਿਚ ਢਲੇ ਹੋਏ ਹਨ ਪਰ ਲੇਖਕ ਦਾ ਬਿਆਨ ਅਨਯ-ਪੁਰਖੀ ਸ਼ੈਲੀ ਵਿਚ ਵੀ ਵੇਖਣ ਨੂੰ ਮਿਲਦਾ ਹੈ। ਲੇਖਕ ਆਪਣੇ ਲਈ 'ਮੈਂ' ਅਤੇ ਡਾ. ਅਵਸਥੀ ਲਈ 'ਉਹ' ਸ਼ਬਦ ਦੀ ਵਰਤੋਂ ਕਰਦਾ ਹੈ। ਲੋੜ ਅਨੁਸਾਰ ਅੰਗਰੇਜ਼ੀ ਭਾਸ਼ਾ ਦੇ ਸ਼ਬਦਾਂ ਦੀ ਵਰਤੋਂ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੀਤੀ ਗਈ ਹੈ। 'ਜਾਗ' ਸ਼ਬਦ ਜਾਗ੍ਰਿਤੀ ਦਾ ਪ੍ਰਤੀਕ ਹੈ ਜੋ ਪੁਸਤਕ ਦੇ ਪੂਰੇ ਵੇਰਵਿਆਂ ਵਿਚ ਆਰ-ਪਾਰ ਫੈਲਿਆ ਹੋਇਆ ਹੈ, ਇਥੋਂ ਤੱਕ ਕਿ ਵਿਦਿਆਰਥੀਆਂ ਨੂੰ ਮਿਹਨਤ ਦੀ ਜਾਗ ਲਾਉਣ ਦਾ ਵੀ ਜ਼ਿਕਰ ਹੈ। ਲੇਖਕ ਨੇ ਭਾਵੇਂ ਇਸ ਪੁਸਤਕ ਨੂੰ 'ਨਾਵਲ' ਕਹਿ ਕੇ ਸੰਬੋਧਨ ਕੀਤਾ ਹੈ ਪਰ ਵਿਧਾਗਤ ਸੀਮਾਵਾਂ ਵੀ ਸੰਵਾਦ ਦੀ ਮੰਗ ਕਰਦੀਆਂ ਹਨ।


ਡਾ. ਸਰਦੂਲ ਸਿੰਘ ਔਜਲਾ
ਮੋ: 98141-68611


ਕਠਪੁਤਲੀ ਦੀ ਪਰਵਾਜ਼

ਲੇਖਿਕਾ : ਰਮਾ ਰਾਮੇਸ਼ਵਰੀ
ਪ੍ਰਕਾਸ਼ਕ : ਕੈਫ਼ੇ ਵਰਲਡ ਪਬਲੀਕੇਸ਼ਨ (ਪੰਜਾਬ)
ਮੁੱਲ : 180 ਰੁਪਏ, ਸਫ਼ੇ : 120
ਸੰਪਰਕ : 94636-15890.


'ਕਠਪੁਤਲੀ ਦੀ ਪਰਵਾਜ਼' ਕਾਵਿ-ਸੰਗ੍ਰਹਿ ਰਮਾ ਰਾਮੇਸ਼ਵਰੀ ਦਾ ਚੌਥਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਨੇ 'ਸੱਚ ਦੀ ਲੋਅ', ਦੂਸਰਾ ਕਾਵਿ-ਸੰਗ੍ਰਹਿ 2016 ਵਿਚ ਪ੍ਰਕਾਸ਼ਿਤ ਕਰਵਾਇਆ ਸੀ। ਉਂਜ 'ਕਲਮ ਸ਼ਕਤੀ' ਅਤੇ 'ਕਾਵਿ-ਲਕੀਰਾਂ' ਸਾਂਝੇ ਕਾਵਿ-ਸੰਗ੍ਰਹਿਆਂ ਵਿਚ ਉਸ ਦੀਆਂ ਕਵਿਤਾਵਾਂ ਸ਼ਾਮਿਲ ਹਨ। ਹਥਲੇ ਕਾਵਿ-ਸੰਗ੍ਰਹਿ ਨੂੰ ਉਸ ਨੇ ਨਿਰਭੈਆ, ਆਸਿਫ਼ਾਂ ਵਰਗੀਆਂ ਅਨੇਕਾਂ ਹਵਸ ਦੀ ਬਲੀ ਚੜ੍ਹੀਆਂ ਧੀਆਂ ਅਤੇ ਹਰ ਬੇਜ਼ਬਾਨੇ, ਪੀੜਤ ਮਨੁੱਖ ਨੂੰ ਸਮਰਪਿਤ ਕਰਦਿਆਂ ਇਨ੍ਹਾਂ ਕਵਿਤਾਵਾਂ ਦੇ ਵਿਸ਼ਿਆਂ ਨੂੰ ਭਲੀਭਾਂਤ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਲੁੱਟੇ-ਪੁੱਟੇ, ਲਿਤਾੜੇ ਅਤੇ ਜ਼ੁਲਮ ਸਹਿੰਦੇ ਲੋਕਾਂ ਦੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਲਈ ਯਤਨਸ਼ੀਲ ਹੈ। ਇਸ ਕਾਵਿ-ਸੰਗ੍ਰਹਿ ਵਿਚ 'ਜ਼ਿੰਦਗੀ ਦਾ ਵਰਕਾ' ਤੋਂ ਲੈ ਕੇ 'ਪਰਵਾਸ' ਤੱਕ 86 ਕਵਿਤਾਵਾਂ ਸ਼ਾਮਿਲ ਹਨ। ਇਹ ਕਵਿਤਾਵਾਂ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ ਅਤੇ ਸੱਭਿਆਚਾਰਕ ਵਰਤਾਰਿਆਂ ਨਾਲ ਸੰਬੰਧਿਤ ਹਨ। ਲੇਖਕ/ਸਾਹਿਤਕਾਰ ਦਾ ਪ੍ਰਮੁੱਖ ਕੰਮ ਸ਼ਬਦਾਂ ਰਾਹੀਂ ਆਵਾਮ ਦੀ ਆਵਾਜ਼ ਬਣਨਾ ਹੁੰਦਾ ਹੈ, ਰਮਾ ਰਾਮੇਸ਼ਵਰੀ ਆਪਣੀਆਂ ਕਵਿਤਾਵਾਂ ਰਾਹੀਂ ਇਹ ਕਾਰਜ ਬਾਖੂਬੀ ਨਿਭਾਅ ਰਹੀ ਹੈ। 'ਕਠਪੁਤਲੀ' ਦੀ ਡੋਰ ਬਿਗਾਨੇ ਹੱਥ ਹੁੰਦੀ ਹੈ। ਇੰਜ ਆਵਾਮ ਦੀ ਕਿਸਮਤ ਦਾ ਦਾਰੋ-ਮਦਾਰ ਵੀ ਹਾਕਮ ਧਿਰ ਕੋਲ ਹੁੰਦਾ ਹੈ। ਉਸ ਦੇ ਜ਼ੁਲਮ ਦੇ ਖਿਲਾਫ਼ ਵਿਦਰੋਹ ਦੀ ਚਿਣਗ ਬਾਲਣਾ ਹੀ ਕਠਪੁਤਲੀ ਦੇ ਕਿਰਦਾਰ ਨਿਭਾਉਣ ਤੋਂ ਇਨਕਾਰ ਕਰਨਾ ਹੀ ਕਠਪੁਤਲੀ ਦਾ ਪਰਵਾਜ਼ ਭਰਨ ਦਾ ਸੰਦੇਸ਼ ਆਸ਼ਾਵਾਦੀ ਨਜ਼ਰੀਏ ਦੀ ਪੇਸ਼ਕਾਰੀ ਕਰਦਾ ਹੈ। ਇਸ ਲਈ ਕਾਵਿ-ਸੰਗ੍ਰਹਿ ਦਾ ਨਾਂਅ ਢੁਕਵਾਂ ਅਤੇ ਫੱਬਵਾਂ ਹੈ। ਅਜੋਕੇ ਸਮੇਂ 'ਚ ਵਾਪਰ ਰਹੇ ਅਨਾਚਾਰ ਨੂੰ ਉਸ ਨੇ 'ਪੰਜਾਬ ਨੂੰ ਸੰਭਾਲ', 'ਕੰਮੀਆਂ ਦੇ ਵਿਹੜੇ', 'ਚੁੱਲ੍ਹੇ ਦੇ ਰੋਟੀ', 'ਦਿਲ ਦੇ ਵਿਹੜੇ ਜੇ ਰੱਬ ਵੱਸਦਾ', 'ਫੁੱਟਪਾਥਾਂ ਦੇ ਜਾਏ', 'ਕੁਦਰਤ ਦੀ ਸੰਭਾਲ', 'ਅੰਨਦਾਤਾ', 'ਦੇਸ਼ ਦੇ ਜਵਾਨ', 'ਜਸ਼ਨ-ਏ-ਆਜ਼ਾਦੀ' ਕਵਿਤਾਵਾਂ 'ਚ ਪੇਸ਼ ਕੀਤਾ ਹੈ। 'ਰੌਸ਼ਨੀ ਦੀ ਤਲਾਸ਼' ਕਵਿਤਾ 'ਚ ਉਹ ਅਜਿਹੇ ਵਰਤਾਰਿਆਂ ਪ੍ਰਤੀ ਸੰਘਰਸ਼ੀ ਪਿੜ 'ਚ ਕੁੱਦਣ ਦਾ ਅਹਿਸਾਸ ਤਾਂ ਕਰਵਾਉਂਦੀ ਹੈ ਪਰ ਜਿਸ ਨੂੰ ਉਹ ਰਹਿਬਰ ਸਮਝਦੀ ਹੈ, ਉਹ ਅਜਿਹਾ ਹੈ ਹੀ ਨਹੀਂ। ਇਸ ਲਈ ਦੰਭ ਤੋਂ ਸੁਚੇਤ ਹੋਣ ਲਈ ਵੀ ਪ੍ਰੇਰਦੀ ਹੈ :
ਸੂਰਜ ਹੋਣ ਲਈ ਜਲਣਾ ਪੈਂਦਾ ਹੈ
ਨਿਰਸਵਾਰਥ ਆਪਾ ਵੰਡਣਾ ਪੈਂਦਾ ਹੈ
ਜੋ ਹਰ ਕੋਈ ਨਹੀਂ ਕਰ ਸਕਦਾ
ਭੁਲੇਖਾ ਪਾਉਂਦੀ ਫ਼ਰਜ਼ੀ
ਸੂਰਜ ਤਾਂ ਬਿਲਕੁਲ ਨਹੀਂ।
ਕਈ ਥਾਈਂ ਕਾਵਿ-ਬੰਦ ਵਾਰਤਕਨੁਮਾ ਹੋ ਜਾਂਦੇ ਹਨ ਪ੍ਰੰਤੂ ਅਹਿਸਾਸ ਦੀ ਸ਼ਿੱਦਤ ਦੀ ਤੀਬਰਤਾ ਉਸ ਦੇ ਔਗੁਣ ਨੂੰ ਗੁਣ 'ਚ ਤਬਦੀਲ ਕਰ ਦਿੰਦੀ ਹੈ। ਉਮੀਦ ਹੈ ਕਵਿੱਤਰੀ ਕਾਵਿਕ ਲੈਅ ਕਾਇਮ ਰੱਖਦਿਆਂ ਭਵਿੱਖ 'ਚ ਸੰਭਾਵਨਾਵਾਂ ਸ਼ਾਇਰੀ ਸੰਗ ਪਾਠਕਾਂ ਸਾਹਵੇਂ ਪੇਸ਼ ਹੋਵੇਗੀ। ਆਮੀਨ।


ਸੰਧੂ ਵਰਿਆਣਵੀ (ਪ੍ਰੋ:)
ਮੋ: 98786-14096.
c c c


ਧਰਮ ਦੇ ਪੁਜਾਰੀ

ਲੇਖਿਕਾ : ਮੀਨੂੰ ਮੁਸਕਾਨ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 87278-34850.


ਹਥਲੇ ਨਾਵਲਿਟ ਦੀ ਲੇਖਿਕਾ ਨੇ ਜੋ ਇਸ ਦਾ ਵਿਸ਼ਾ ਚੁਣਿਆ ਹੈ ਉਹ ਬਾਕਮਾਲ ਹੈ। ਇਹ ਬਿਲਕੁਲ ਠੀਕ ਹੈ ਕਿ ਬਦਲਦੇ ਹਾਲਾਤ 'ਚ ਧਰਮ ਦੇ ਨਾਂਅ 'ਤੇ ਕੁਝ ਪਾਖੰਡੀ ਬਾਬਿਆਂ ਦੀ ਅਸਲੀਅਤ ਤੋਂ ਪਰਦਾ ਚੁੱਕਣ ਦੀ ਮੁਹਾਰਤ ਹਾਸਲ ਕੀਤੀ ਹੈ।
ਨਾਵਲਿਟ ਦੇ ਪਾਤਰ ਹਰਨਾਮ ਕੌਰ ਦੀ ਰਹੱਸਮਈ ਮੌਤ ਜਿਸ ਦੇ ਪੇਟ 'ਚ ਦੋ ਮਹੀਨਿਆਂ ਦਾ ਬੱਚਾ ਵੀ ਪਲ ਰਿਹਾ ਹੈ ਤੇ ਉਸ ਦੀ ਤਫ਼ਤੀਸ਼ ਕਰਦਿਆਂ ਬਾਹਰ ਡੇਰੇ 'ਤੇ ਰਹਿ ਰਿਹਾ ਬਾਬਾ ਤੇ ਉਸ ਦਾ ਪਤੀ ਹੀ ਕਾਤਲ ਨਿਕਲਦੇ ਹਨ। ਹੀਰਾ ਸਿੰਘ ਇਸ ਨਾਵਲਿਟ ਦੀ ਪਾਤਰ ਅਮਰੋ 'ਤੇ ਚਾਦਰ ਪਾਉਣੀ ਚਾਹੁੰਦਾ ਹੈ ਪਰ ਉਹ ਸੋਚ-ਸਮਝ ਕੇ ਗੁਰਮੇਲ ਸਿੰਘ ਦੀ ਹੋ ਜਾਂਦੀ ਹੈ।
ਨਾਵਲਿਟ ਦੀ ਮੁੱਖ ਪਾਤਰ ਅਮਰੋ ਬਹੁਤ ਖੂਬਸੂਰਤ ਦਿਖਾਈ ਹੈ ਜਿਸ ਦਾ ਘਰ ਵਾਲਾ ਫ਼ੌਜ 'ਚ ਨਹੀਂ ਮਰਿਆ ਹੁੰਦਾ ਬਲਕਿ ਮਾਰਿਆ ਗਿਆ ਹੁੰਦਾ ਹੈ। ਉਸ ਦੀ ਜ਼ਬਾਨੀ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਉਂ ਅਸੀਂ ਪਰਮਾਤਮਾ ਨੂੰ ਭੁੱਲ ਕੇ ਧਰਮ ਦੇ ਪੁਜਾਰੀਆਂ ਪਿੱਛੇ ਭੱਜੇ ਫਿਰਦੇ ਹਾਂ। ਨਾਵਲ ਪੜ੍ਹਦਿਆਂ-ਪੜ੍ਹਦਿਆਂ ਇਹ ਨਾਵਲਿਟ ਨਾ ਹੋ ਕੇ ਨਾਟਕ ਦਾ ਭੁਲੇਖਾ ਪੈਂਦਾ ਹੈ। ਉਮੀਦ ਕਰਦੇ ਹਾਂ ਕਿ ਲੇਖਿਕਾ ਅੱਗੇ ਤੋਂ ਪੱਕੇ ਪੈਰੀਂ ਨਾਵਲ ਦੇ ਖੇਤਰ 'ਚ ਪੈਰ ਜਮਾਏਗੀ।
ਲੇਖਿਕਾ ਦੀ ਇਹ ਤਾਰੀਫ਼ ਕਰਨੀ ਬਣਦੀ ਹੈ ਕਿ ਉਸ ਨੇ ਜਿੰਨਾ ਵਧੀਆ ਵਿਸ਼ਾ ਚੁਣਿਆ ਹੈ, ਓਨੀ ਹੀ ਰੌਚਿਕਤਾ ਵੀ ਭਰੀ ਹੈ ਜੋ ਪਾਠਕ ਨੂੰ ਅੰਤ ਤੱਕ ਜੋੜੀ ਰੱਖਦੀ ਹੈ। ਇਸ ਲਈ ਉਹ ਪੂਰੀ ਕਾਮਯਾਬ ਰਹੀ ਹੈ।


ਡੀ. ਆਰ. ਬੰਦਨਾ
ਮੋ: 94173-89003.


ਕਿਸਾਨੀ ਇਬਾਰਤ

ਲੇਖਿਕਾ : ਦਿਉਲ ਪਰਮਜੀਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 152
ਸੰਪਰਕ : 98152-98459.


ਸ਼ਾਇਰਾ ਦਿਉਲ ਪਰਮਜੀਤ ਹਥਲੇ ਕਾਵਿ-ਸੰਗ੍ਰਹਿ 'ਕਿਸਾਨੀ ਇਬਾਰਤ' ਤੋਂ ਪਹਿਲਾਂ ਤਿੰਨ ਕਾਵਿ-ਸੰਗ੍ਰਹਿ 'ਸਾਹਾਂ ਦੀ ਪੱਤਰੀ', 'ਮੈਂ ਇਕ ਰਿਸ਼ਮ' ਤੇ 'ਤੂੰ ਕੱਤ ਬਿਰਹਾ' ਰਾਹੀਂ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕੀ ਹੈ। ਸ਼ਾਇਰਾ ਟੋਰਾਂਟੋ (ਕੈਨੇਡਾ) ਦੀ ਪੱਕੀ ਵਸਨੀਕ ਹੈ, ਜਿਸ ਨੇ ਬੜੇ ਉੱਦਮ ਤੇ ਸਿਰੜ ਨਾਲ ਸੱਤ ਸਮੁੰਦਰੋਂ ਪਾਰ ਬੈਠ ਕੇ ਸ਼ਾਇਰੀ ਦੀ ਧੂਣੀ ਧੁਖਾ ਰਹੀਆਂ ਕਵਿੱਤਰੀਆਂ ਵਲੋਂ ਚੱਲ ਰਹੇ ਕਿਸਾਨ ਅੰਦੋਲਨ ਨੂੰ ਬੜੀ ਖੁਰਦਬੀਨੀ ਅੱਖ ਨਾਲ ਸਕੈਨਿੰਗ ਕਰਕੇ ਇਸ ਅੰਦੋਲਨ ਵਿਚ ਆਪਣਾ ਹਿੱਸਾ ਕਵਿਤਾਵਾਂ ਲਿਖ ਕੇ ਪਾਇਆ ਹੈ ਤੇ ਦਿਉਲ ਪਰਮਜੀਤ ਨੇ ਇਨ੍ਹਾਂ ਕਵਿੱਤਰੀਆਂ ਦੀਆਂ ਫੇਸਬੁੱਕ ਤੋਂ ਕਵਿਤਾਵਾਂ ਇਕੱਤਰ ਕਰਕੇ ਇਸ ਕਾਵਿਕ ਪਰਾਗੇ ਨੂੰ ਕਿਤਾਬੀ ਰੂਪ ਦਿੱਤਾ ਹੈ।
ਇਨ੍ਹਾਂ ਕਵਿੱਤਰੀਆਂ ਨੇ ਆਪਣੀਆਂ ਨਜ਼ਮਾਂ ਰਾਹੀਂ ਸਮਝ ਲਿਆ ਹੈ ਕਿ ਮੋਦੀ ਸਰਕਾਰ ਦੇ ਭਗਵੇਂ ਬ੍ਰਿਗੇਡ ਨੇ ਬਹੁਮਤ ਦੀ ਆੜ ਵਿਚ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਪਾਸ ਕਰਕੇ ਕਾਰਪੋਰੇਟ ਜਗਤ ਦੀ ਕਠਪੁਤਲੀ ਬਣ ਕੇ ਕਿਸਾਨਾਂ ਨੂੰ ਉਨ੍ਹਾਂ ਦੇ ਹੀ ਖੇਤਾਂ ਵਿਚ ਮਜ਼ਦੂਰ ਤੇ ਘਸਿਆਰੇ ਬਣਾਉਣ ਦੇ ਰਾਹ ਪੈ ਰਹੀ ਹੈ। ਇਨ੍ਹਾਂ ਕਵਿੱਤਰੀਆਂ ਨੂੰ ਪੂਰਨ ਆਸ ਤੇ ਵਿਸ਼ਵਾਸ ਹੈ ਕਿ ਕਿਸਾਨੀ ਰੋਹ ਅੱਗੇ ਮੌਜੂਦਾ ਹਾਕਮਾਂ ਨੂੰ ਦੰਦਲ ਪੈ ਜਾਏਗੀ ਤੇ ਕਿਰਸਾਨ ਜਿੱਤ ਦੇ ਪਰਚਮ ਲਹਿਰਾਉਂਦੇ ਆਪਣੇ ਘਰਾਂ ਨੂੰ ਪਰਤਣਗੇ। ਸ਼ਾਇਰਾ ਸੁਰਜੀਤ ਕੌਰ ਸੈਕਰਾਮੈਂਟੋ (ਕੈਨੇਡਾ) ਲਿਖਦੀ ਹੈ, 'ਮੱਥਾ ਜਿਨ੍ਹਾਂ ਨਾਲ ਤੂੰ ਲਾਇਆ, ਇਹ ਡਾਢੇ ਬਲਵਾਨ ਵੇ ਮੋਦੀ, ਆਪਣਾ ਹੱਕ ਜਾਣਦੇ ਲੈਣਾ ਭਾਰਤ ਦੇ ਕਿਰਸਾਨ ਵੇ ਮੋਦੀ'। ਡਾ. ਗੁਰਮਿੰਦਰ ਸਿੱਧੂ ਵੈਨਕੂਵਰ (ਕੈਨੇਡਾ) ਲਿਖਦੀ ਹੈ, 'ਤੂੰ ਜ਼ੋਰ ਲਿਆ ਅਜ਼ਮਾ ਦਿੱਲੀਏ, ਤੂੰ ਰੋਕ ਸਾਰੇ ਰਾਹ ਦਿੱਲੀਏ, ਅਸੀਂ ਪਰਬਤ ਟੱਪਣ ਵਾਲੇ ਹਾਂ ਕਦ ਪਿੱਛੇ ਤੱਕਣ ਵਾਲੇ ਹਾਂ।'
ਜੀਤ ਸੁਰਜੀਤ (ਬੈਲਜ਼ੀਅਮ) ਆਖਦੀ ਹੈ, 'ਤੇਰੇ ਸਿਤਮ ਨੂੰ ਸਹਿ ਕੇ ਜੋ ਅਸਾਂ ਤਕਰੀਰ ਕਰਨੀ ਆ, ਮੈਂ ਲੂਣੇ ਪਾਣੀਆਂ ਦੇ ਨਾਲ ਹੀ ਜ਼ਖ਼ਮਾਂ ਨੂੰ ਸੀ ਧੋਇਆ, ਸ਼ਗੂਫ਼ੇ ਘੜੇ ਸਿਆਸਤ ਦੇ ਤੂੰ ਮਨ ਕੀ ਬਾਤ ਨਾ ਛੱਡੀ, ਤੇ ਸਿਦਕੀ ਸੂਰਬੀਰਾਂ ਦਾ ਕਦੇ ਇਤਿਹਾਸ ਨਾ ਟੋਹਿਆ'। ਨੀਲੂ (ਜਰਮਨੀ) ਆਖਦਾ ਹੈ, 'ਸ਼ਿਵ ਦੇ ਸੀ ਪਰਛਾਵੇਂ ਲਿਖਦੀ ਪਾਸ਼ ਦੇ ਹੁਣ ਅਹਿਸਾਸ ਲਿਖੇਗੀ, ਕਲਮ ਮੇਰੀ ਸਿੰਘੂ ਬਾਰਡਰ 'ਤੇ ਹੱਕਾਂ ਦੀ ਜੰਗ ਖ਼ਾਸ ਲਿਖੇਗੀ।' ਨਵਪ੍ਰੀਤ ਕੈਲਗਿਰੀ (ਕੈਨੇਡਾ) ਆਪਣੇ ਕਲਾਮ ਵਿਚ ਇੰਜ ਆਖਦੀ ਹੈ :
'ਨਿਕਲ ਆਏ ਨੇ ਦੀਵਾਨੇ, ਮਸ਼ਾਲਾਂ ਬਾਲ ਕੇ ਫਿਰ ਤੋਂ
ਤੂੰ ਆਪਣਾ ਤਖਤ ਰੱਖੀਂ ਹਾਕਮਾ ਸੰਭਾਲ ਕੇ ਫਿਰ ਤੋਂ
ਜ਼ਮੀਨਾਂ ਤੇ ਜ਼ਮੀਰਾਂ ਵੇਚੀਏ ਨਾ ਮੁੱਢ ਕਦੀਮਾਂ ਤੋਂ
ਓ ਰਾਜੇ ਦੇਖ ਲੈ ਇਤਿਹਾਸ ਨੂੰ ਖੰਘਾਲ ਕੇ ਫਿਰ ਤੋਂ।'


ਭਗਵਾਨ ਢਿੱਲੋਂ
ਮੋ: 98143-78254.


ਅਧਵਾਟੇ ਸਫ਼ਰ ਦੀ ਸਿਰਜਣਾ ਮਨਮੀਤ ਅਲੀਸ਼ੇਰ

ਸੰਪਾਦਕ : ਸਤਪਾਲ ਭੀਖੀ, ਡਾ. ਸੁਮੀਤ ਸ਼ੰਮੀ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ।
ਮੁੱਲ : 400 ਰੁਪਏ, ਸਫ਼ੇ : 292
ਸੰਪਰਕ : 98761-55530


ਮਨਮੀਤ ਅਲੀਸ਼ੇਰ ਸਾਹਿਤਕ, ਸੱਭਿਆਚਾਰਕ ਅਤੇ ਸਮਾਜ ਸੇਵੀ ਵਜੋਂ ਬੜੀ ਜਲਦੀ ਚਰਚਾ 'ਚ ਆਇਆ ਹੋਣਹਾਰ ਨੌਜਵਾਨ ਸੀ, ਜਿਸ ਨੇ ਜ਼ਿੰਦਗੀ 'ਚ ਅਜੇ ਬਹੁਤ ਲੰਮੇਰੀਆਂ ਪਰਵਾਜ਼ਾਂ ਭਰਨੀਆਂ ਸਨ ਪ੍ਰੰਤੂ 28 ਅਕਤੂਬਰ 2016 ਨੂੰ ਬ੍ਰਿਸਬੇਨ (ਆਸਟ੍ਰੇਲੀਆ) ਵਿਖੇ ਵਾਪਰੀ ਇਕ ਦਰਦਨਾਕ ਘਟਨਾ 'ਚ ਨਸਲੀ ਹਮਲੇ ਦਾ ਸ਼ਿਕਾਰ ਇਹ ਨੌਜਵਾਨ ਮਹਿਜ਼ 28-29 ਸਾਲ ਦੀ ਭਰ ਜਵਾਨੀ ਉਮਰੇ ਇਸ ਦੁਨੀਆ ਤੋਂ ਸਦਾ ਲਈ ਰੁਖ਼ਸਤ ਹੋ ਗਿਆ। ਇਸ ਹੋਣਹਾਰ ਨੌਜਵਾਨ ਦੀਆਂ ਲਿਖਤਾਂ ਅਤੇ ਯਾਦਾਂ ਨੂੰ ਇਸ ਪੁਸਤਕ ਰਾਹੀਂ ਸੰਭਾਲਣ ਦਾ ਵਡੇਰਾ ਉੱਦਮ ਕੀਤਾ ਹੈ।
ਇਸ ਪੁਸਤਕ ਨੂੰ 5 ਭਾਗਾਂ 'ਚ ਵੰਡਿਆ ਗਿਆ ਹੈ। ਪਹਿਲੇ ਭਾਗ ਭੂਮਿਕਾ 'ਚ ਡਾ. ਸੁਰਜੀਤ ਪਾਤਰ ਅਤੇ ਡਾ. ਧਰਮਿੰਦਰ ਸਿੰਘ ਉੱਭਾ ਨੇ ਜਿੱਥੇ ਮਨਮੀਤ ਨੂੰ ਯਾਦ ਕਰਦਿਆਂ ਲਫ਼ਜ਼ਾਂ ਦੇ ਅੱਥਰੂ ਕੇਰੇ ਹਨ, ਉਥੇ ਮਨਮੀਤ ਦੇ ਦੋਸਤ ਵਿਨਰਜੀਤ ਗੋਲਡੀ ਨੇ ਮਨਮੀਤ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ ਹੈ। ਇਸੇ ਭਾਗ 'ਚ ਮਨਮੀਤ ਅਲੀਸ਼ੇਰ ਦੀਆਂ ਸਾਹਿਤਕ ਰਚਨਾਵਾਂ ਬਾਰੇ ਸੰਪਾਦਕੀ ਲੇਖ 'ਮਨਮੀਤ ਅਲੀਸ਼ੇਰ : ਸਾਹਿਤਕ ਸਿਰਜਣਾ ਦੇ ਨਵੀਨਤਮ ਸਰੋਕਾਰ' ਰਾਹੀਂ ਸਤਪਾਲ ਭੀਖੀ ਅਤੇ ਡਾ. ਸੁਮੀਤ ਸ਼ੰਮੀ ਨੇ ਬੜਾ ਭਾਵਪੂਰਤ ਚਾਨਣਾ ਪਾਇਆ ਹੈ।
ਭਾਗ 'ਅ' ਵਿਚ ਮਨਮੀਤ ਅਲੀਸ਼ੇਰ ਦੀ ਸਾਹਿਤ ਸਿਰਜਣਾ ਤਹਿਤ ਉਸ ਦੀਆਂ ਸਾਹਿਤਕ ਲਿਖਤਾਂ ਕਵਿਤਾਵਾਂ, ਗੀਤ, ਕਹਾਣੀਆਂ, ਮਿੰਨੀ ਕਹਾਣੀਆਂ, ਲਘੂ ਫ਼ਿਲਮਾਂ, ਮੁਲਾਕਾਤ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ। ਮਨਮੀਤ ਦੀਆਂ ਸਾਹਿਤਕ ਕ੍ਰਿਤਾਂ 'ਚ ਸਾਡੇ ਸਮਾਜ ਨੂੰ ਹੋਰ ਬਿਹਤਰ ਅਤੇ ਖ਼ੂਬਸੂਰਤ ਬਣਾਉਣ ਦਾ ਸੰਕਲਪ ਹੈ :
ਮਰ ਰਹੇ ਨੇ ਸੁਪਨੇ ਜੋ, ਹੇਠ ਆ ਕੇ ਗ਼ਰੀਬੀ ਦੇ,
ਕੁਝ ਮਾਰੇ ਮਜਬੂਰੀ ਨੇ ਤੇ, ਕੁਝ ਮਾਰੇ ਬਦਨਸੀਬੀ ਦੇ।
ਉਨਾਂ ਮੱਥੇ ਦੀਆਂ ਲਕੀਰਾਂ ਨੂੰ ਕੁਝ ਮੁਕਾਮ ਦੇਣਾ ਚਾਹੁੰਦਾ ਹਾਂ।
ਮੈਂ ਕੁਝ ਅਧੂਰੇ ਕੰਮਾਂ ਨੂੰ ਅੰਜਾਮ ਦੇਣਾ ਚਾਹੁੰਦਾ ਹਾਂ।
ਇਸ ਪੁਸਤਕ ਦੇ ਭਾਗ 'ੲ' ਵਿਚ ਮਨਮੀਤ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੋਂ ਇਲਾਵਾ ਦੋਸਤਾਂ ਦੇ ਮਨਮੀਤ ਨਾਲ ਗੂੜ੍ਹੀਆਂ ਸਾਂਝਾਂ ਅਤੇ ਯਾਦਾਂ ਨੂੰ ਤਾਜ਼ਾ ਕਰਵਾਉਂਦੇ ਲੇਖ ਸ਼ਾਮਿਲ ਕੀਤੇ ਗਏ ਹਨ। ਭਾਗ 'ਸ' ਸ਼ਰਧਾਂਜਲੀ ਕਾਵਿ 'ਚ ਮਨਮੀਤ ਅਲੀਸ਼ੇਰ ਦੇ ਬੇਵਕਤੀ ਵਿਛੋੜੇ ਸੰਬੰਧੀ ਸ਼ਰਧਾਂਜਲੀ ਦੇ ਰੂਪ 'ਚ ਉਸ ਦੇ ਦੋਸਤਾਂ-ਮਿੱਤਰਾਂ, ਸਨੇਹੀਆਂ ਦੀਆਂ ਕਾਵਿ ਰਚਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਭਾਗ 'ੲ' 'ਤਸਵੀਰਾਂ 'ਚੋਂ ਝਲਕਦਾ ਮਨਮੀਤ ਅਲੀਸ਼ੇਰ' ਵਿਚ ਮਨਮੀਤ ਦੀਆਂ ਕੁਝ ਅਹਿਮ ਤਸਵੀਰਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ।
ਮਨਮੀਤ ਅਲੀਸ਼ੇਰ ਦੇ ਜੀਵਨ, ਸੰਘਰਸ਼ ਅਤੇ ਸਾਹਿਤ ਸਿਰਜਣਾ ਦੀ ਨਿਸ਼ਾਨਦੇਹੀ ਕਰਦੀ ਇਹ ਪੁਸਤਕ ਪੜ੍ਹਨਯੋਗ ਵੀ ਹੈ ਅਤੇ ਸਾਂਭਣਯੋਗ ਵੀ।


ਮਨਜੀਤ ਸਿੰਘ ਘੜੈਲੀ
ਮੋ: 98153-91625
c c c


ਖ਼ਬਰ ਖ਼ਤਮ
ਲੇਖਕ ਸਿੱਧੂ ਦਮਦਮੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 300 ਰੁਪਏ, ਸਫ਼ੇ : 140
ਸੰਪਰਕ : 94170-13869


ਸਿੱਧੂ ਦਮਦਮੀ ਪ੍ਰਸਿੱਧ ਪੱਤਰਕਾਰ ਹਨ, ਜਿਨ੍ਹਾਂ ਨੂੰ ਰੇਡੀਓ, ਟੈਲੀਵਿਜ਼ਨ ਤੇ ਅਖ਼ਬਾਰੀ ਪੱਤਰਕਾਰੀ ਦਾ ਲੰਬਾ ਤਜਰਬਾ ਹੈ। ਉਨ੍ਹਾਂ ਸਰਕਾਰੀ ਨੌਕਰੀ ਵੀ ਪੱਤਰਕਾਰੀ ਨਾਲ ਸੰਬੰਧਿਤ ਹੀ ਕੀਤੀ ਹੈ। ਉਹ ਇਕ ਧੜੱਲੇਦਾਰ ਅਤੇ ਇਮਾਨਦਾਰ ਪੱਤਰਕਾਰ ਵਜੋਂ ਜਾਣੇ ਜਾਂਦੇ ਹਨ। ਖ਼ਬਰ ਖ਼ਤਮ ਪੁਸਤਕ ਉਨ੍ਹਾਂ ਦੀਆਂ ਪੱਤਰਕਾਰੀ ਜੀਵਨ ਸਮੇਂ ਦੀਆਂ ਖੱਟੀਆਂ, ਮਿੱਠੀਆਂ ਤੇ ਕੌੜੀਆਂ ਯਾਦਾਂ 'ਤੇ ਆਧਾਰਿਤ ਹੈ। ਉਨ੍ਹਾਂ ਆਪਣੀ ਪੁਸਤਕ ਨੂੰ ਗੱਪ ਸੱਚ ਦਾ ਸੰਸਾਰ, ਟੀਵੀਕਾਰੀ, ਮੀਡੀਆ ਦੀਆਂ ਮੋਰੀਆਂ, ਤੱਥ ਤੇ ਵੱਥ, ਪਹਿਲੇ ਪਹਿਲ, ਦਾਗਦਾਰੀਆਂ ਅਤੇ ਰਹਾਉ ਤੋਂ ਉਪਰੰਤ ਭਾਗਾਂ ਵਿਚ ਵੰਡਿਆ ਹੈ।
ਗੱਪ ਸੱਚ ਦਾ ਸੰਸਾਰ ਵਿਚ ਉਨ੍ਹਾਂ ਕੁਝ ਸੱਚੀਆਂ ਘਟਨਾਵਾਂ ਦੀ ਚਰਚਾ ਕੀਤੀ ਹੈ ਜਦੋਂ ਕਿ ਟੀਵੀਕਾਰੀ ਵਿਚ ਇਕ ਟੀ.ਵੀ. ਚੈਨਲ ਲਈ ਕੁਝ ਪ੍ਰਸਿੱਧ ਵਿਅਕਤੀਆਂ ਨਾਲ ਕੀਤੀਆਂ ਮੁਲਾਕਾਤਾਂ ਦਰਜ ਹਨ। ਇਨ੍ਹਾਂ ਵਿਚ ਜਥੇਦਾਰ ਟੌਹੜਾ, ਕਾਮਰੇਡ ਸੁਰਜੀਤ ਤੇ ਕੁਲਦੀਪ ਮਾਣਕ ਸ਼ਮਿਲ ਹਨ। ਮੀਡੀਆ ਦੀਆਂ ਮੋਰੀਆਂ ਵਿਚ ਉਨ੍ਹਾਂ ਚਾਰ ਅਜਿਹੀਆਂ ਘਟਨਾਵਾਂ ਦੀ ਚਰਚਾ ਕੀਤੀ ਹੈ ਜਿਨ੍ਹਾਂ ਤੋਂ ਪਤਾ ਚਲਦਾ ਹੈ ਕਿ ਮੀਡੀਆ ਕਰਮੀ ਵੀ ਦੁੱਧ ਧੋਤੇ ਨਹੀਂ ਹੁੰਦੇ, ਉਨ੍ਹਾਂ ਦੀਆਂ ਵੀ ਕਈ ਮਜਬੂਰੀਆਂ ਹੁੰਦੀਆਂ ਹਨ। ਜਿਨ੍ਹਾਂ ਕਰਕੇ ਉਨ੍ਹਾਂ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਕਈ ਵਾਰ ਗ਼ਲਤ ਫ਼ੈਸਲੇ ਲੈਣੇ ਪੈਂਦੇ ਹਨ। ਤੱਥ ਤੇ ਵੱਥ ਵਿਚ ਹਿੰਦ-ਪਾਕਿ ਹਾਕੀ ਮੈਚ ਅਤੇ ਆਪਣੇ ਪੁਰਸਕਾਰ ਬਾਰੇ ਸੱਚੋ-ਸੱਚ ਬਿਆਨ ਕੀਤਾ ਗਿਆ ਹੈ। ਪਹਿਲੇ ਪਹਿਲ ਵਿਚ ਉਨ੍ਹਾਂ ਤਾਰਾ ਟੀ.ਵੀ. ਕੀਤੇ ਆਪਣੇ ਪਹਿਲੇ ਟਾਕ ਸ਼ੋਅ ਬਾਰੇ ਜਾਣਕਾਰੀ ਦਿੱਤੀ ਹੈ। ਇਸ ਵਿਚ ਉਨ੍ਹਾਂ ਇੰਦਰ ਕੁਮਾਰ ਗੁਜਰਾਲ ਨਾਲ ਮੁਲਾਕਾਤ ਕੀਤੀ ਸੀ। ਦਾਗਦਾਰੀਆਂ ਵਿਚ ਚਾਰ ਆਪਣੀਆਂ ਲਾਚਾਰੀਆਂ ਦਾ ਜ਼ਿਕਰ ਕੀਤਾ ਹੈ। ਉਹ ਇਨ੍ਹਾਂ ਵਿਅਕਤੀਆਂ ਦੀ ਮਦਦ ਕਰਨਾ ਚਾਹੁੰਦੇ ਸਨ ਪਰ ਨਹੀਂ ਕਰ ਸਕੇ। ਜਿਸ ਦੀ ਮਦਦ ਕੀਤੀ ਉਸ ਉਤੇ ਸਾਥੀਆਂ ਨੇ ਸਵਾਲੀਆ ਨਿਸ਼ਾਨ ਲਗਾ ਦਿੱਤਾ।
ਅਖੀਰਲੇ ਭਾਗ ਵਿਚ ਗਾਰਗੀ ਦੀ ਬਠਿੰਡਾ ਗੇੜੀ ਤੇ ਉਸ ਦੇ ਇਸ ਇਲਾਕੇ ਨਾਲ ਲਗਾਓ ਦੀ ਚਰਚਾ ਹੈ। ਅੰਮ੍ਰਿਤਾ ਪ੍ਰੀਤਮ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਨਿਵੇਕਲੀ ਜਾਣਕਾਰੀ ਅੰਮ੍ਰਿਤਾ ਦੇ ਮਲਵਈ ਲੇਖ ਵਿਚ ਦੱਸੀ ਗਈ ਹੈ। ਡੁੱਲ੍ਹ ਗਈ ਸੋਨੇ ਦੀ ਸਿਆਹੀ ਵਿਚ ਦਮਦਮਾ ਸਾਹਿਬ ਵਿਖੇ ਕਦੇ ਹੁੰਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੁੰਦਰ ਹੱਥ ਲਿਖਾਈ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਭਾਵੇਂ ਕਿ ਸਾਰੀ ਪੁਸਤਕ ਨਿੱਜੀ ਅਨੁਭਵਾਂ ਆਧਾਰਿਤ ਹੈ ਪਰ ਇਸ ਦੀ ਰੌਚਿਕਤਾ ਤੇ ਪ੍ਰਾਪਤ ਹੋਣ ਵਾਲੀ ਜਾਣਕਾਰੀ ਦੇ ਆਧਾਰਿਤ ਇਸ ਨੂੰ ਪੰਜਾਬੀ ਵਾਰਤਕ ਦੀ ਵਧੀਆ ਪੇਸ਼ਕਾਰੀ ਆਖਿਆ ਜਾ ਸਕਦਾ ਹੈ। ਜਦੋਂ ਇਹ ਪੁਸਤਕ ਮੇਰੇ ਕੋਲ ਆਈ ਤਾਂ ਮੈਂ ਇਸ 'ਤੇ ਸਰਸਰੀ ਨਜ਼ਰ ਮਾਰਨ ਦੇ ਮਨਸ਼ੇ ਨਾਲ ਵਰਕੇ ਫਰੋਲਣ ਲੱਗਾ ਸਾਂ ਪਰ ਅਜਿਹਾ ਰੁੱਝਿਆ ਕਿ ਸਾਰੀ ਪੁਸਤਕ ਪੜ੍ਹ ਕੇ ਉਠ ਸਕਿਆਂ। ਮੈਨੂੰ ਸਿੱਧੂ ਨੂੰ ਮਿਲਣ ਦਾ ਮੌਕਾ ਮਿਲਿਆ ਹੈ, ਜਿਸ ਕਰਕੇ ਉਨ੍ਹਾਂ ਵਲੋਂ ਬਿਆਨੇ ਸੱਚ ਨੂੰ ਕਬੂਲ ਕਰਨ ਵਿਚ ਕੋਈ ਝਿਜਕ ਮਹਿਸੂਸ ਨਹੀਂ ਹੋਈ। ਪੰਜਾਬੀ ਪਾਠਕਾਂ ਵਿਸ਼ੇਸ਼ ਕਰਕੇ ਪੱਤਰਕਾਰੀ ਨਾਲ ਜੁੜੇ ਹੋਇਆਂ ਲਈ ਇਹ ਪੁਸਤਕ ਇਕ ਵਧੀਆ ਸੁਗਾਤ ਹੈ।


ਡਾ. ਰਣਜੀਤ ਸਿੰਘ


ਹਨੇਰੇ ਵਿਚ ਅੰਬੇਡਕਰੀ ਕਿਰਨਾਂ

ਲੇਖਕ : ਕੇ.ਸੀ. ਸੁਲੇਖ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਸਫ਼ੇ : 142
ਸੰਪਰਕ : 98149-16503.


ਇਸ ਪੁਸਤਕ ਵਿਚ ਬਾਬਾ ਅੰਬੇਡਕਰ ਦੇ ਜੀਵਨ, ਫਲਸਫ਼ੇ ਅਤੇ ਵਿਚਾਰਾਂ ਨਾਲ ਸੰਬੰਧਿਤ 19 ਸੁਲੇਖ ਹਨ। ਬਾਬਾ ਸਾਹਿਬ ਅੰਬੇਡਕਰ ਆਪਣੇ ਸਮੇਂ ਦੇ ਉਚੇਰੇ ਸੁਚੇਰੇ ਚਰਿੱਤਰ ਦੇ ਮਾਲਕ, ਮਹਾਨ ਸਿਧਾਂਤਕਾਰ, ਦਲਿਤ ਸਮਾਜ ਦੇ ਮਸੀਹੇ, ਲੋਕ-ਮਾਨਸ ਦੀ ਗੁਲਾਮੀ ਅਤੇ ਸਮਾਜਿਕ ਵਿਤਕਰਿਆਂ ਨੂੰ ਖ਼ਤਮ ਕਰਵਾਉਣ ਵਾਲੇ ਨਿਡਰ ਨੇਤਾ ਹੀ ਨਹੀਂ ਸਨ, ਬਲਕਿ ਆਪ ਭਾਰਤੀ ਸੰਵਿਧਾਨ ਦੇ ਕਰਤਾ, ਪਛੜੇ ਵਰਗ ਦੇ ਮੁਕਤੀਦਾਤਾ, ਅਜਿਹੇ ਬੁੱਧੀਮਾਨ ਨੇਤਾ ਹੋਏ ਹਨ, ਜਿਨ੍ਹਾਂ ਨੇ ਭਾਰਤੀ ਸਮਾਜ ਅੰਦਰ ਦਲਿਤ ਵਰਗ ਲਈ ਹਨੇਰੇ ਅੰਦਰ ਗਿਆਨ ਸੰਵਿਧਾਨ ਉਸਾਰਨ ਲਈ ਆਪਣੇ ਜੀਵਨ ਦੀਆਂ ਸਮੁੱਚੀਆਂ ਆਤਮ-ਅਨਾਤਮ ਸ਼ਕਤੀਆਂ ਦੀ ਸੁਵਰਤੋਂ ਕੀਤੀ ਸੀ।
ਜਨਾਬ ਕੇ. ਸੀ. ਸੁਲੇਖ ਦਲਿਤ ਵਰਗ ਦੇ ਉਥਾਨ ਅਤੇ ਪੁਨਰਵਾਸ ਲਈ ਪਿਛਲੇ ਕਈ ਦਹਾਕਿਆਂ ਤੋਂ ਅਜਿਹੇ ਲੇਖ ਲਿਖ ਰਹੇ ਹਨ, ਜਿਨ੍ਹਾਂ ਰਾਹੀਂ ਗਿਆਨ, ਵਿਗਿਆਨ, ਸੰਵਿਧਾਨ ਅਤੇ ਡਾ. ਅੰਬੇਡਕਰ ਦੀ ਵਿਚਾਰਧਾਰਾ ਦੀਆਂ ਚੇਤਨ-ਕਿਰਨਾਂ ਦਾ ਪ੍ਰਕਾਸ਼ ਹੁੰਦਾ ਹੈ। ਪੁਸਤਕ ਵਿਚ 19 ਲੇਖ ਅਸਲ ਵਿਚ ਦਲਿਤ ਕ੍ਰਾਂਤੀਕਾਰ ਡਾ. ਅੰਬੇਡਕਰ ਦੀਆਂ ਵੱਖ-ਵੱਖ ਸਮਿਆਂ ਦੀਆਂ ਵਿਚਾਰਧਾਰਾਈ ਲਿਖਤਾਂ, ਭਾਸ਼ਨਾਂ ਅਥਵਾ ਕਥਨਾਂ ਦੇ ਗਿਆਨ ਸੰਚਾਰ ਦੇ ਸ਼ਬਦਾਂ ਦੇ ਸਾਰਤੱਤ ਹੁੰਦੇ ਹਨ। ਇਸ ਪੁਸਤਕ ਵਿਚ ਆਪ ਦੇ ਮੁੱਖ ਲੇਖ ਅਜਿਹੇ ਹਨ ਜਿਨ੍ਹਾਂ ਵਿਚ ਬਾਬਾ ਸਾਹਿਬ ਦੇ ਬਚਪਨ ਦੀਆਂ ਘਟਨਾਵਾਂ ਦਾ ਉਲੇਖ ਵਰਨਣ ਹੈ। ਚਿੱਠੀਆਂ ਦੇ ਵਸਤੂ ਵੇਰਵੇ ਅੰਕਿਤ ਹਨ। ਪੂਨਾ ਪੈਕਟ ਦੇ ਮੁੱਖ ਤੱਤ ਹਨ। ਮਹਾਨ ਸਿਧਾਂਤਾਂ ਦਾ ਉਲੇਖ ਹੈ। ਮਾਨਸਿਕ ਗੁਲਾਮੀ, ਸਰੀਰਕ ਗੁਲਾਮੀ ਅਤੇ ਸਮਾਜਿਕ ਗੁਲਾਮੀ ਸੰਬੰਧੀ ਗਿਆਨ, ਵਿਗਿਆਨ ਹੈ। ਕ੍ਰਾਂਤੀ ਅਤੇ ਉਲਟ ਕ੍ਰਾਂਤੀ ਦੇ ਪੁੜਾਂ ਵਿਚ ਦਲਿਤ ਸਮਾਜ ਸੰਬੰਧੀ ਗਿਆਨ ਚਰਚਾ ਹੈ। ਇਸੇ ਸੰਬੰਧ ਵਿਚ 'ਹਿੰਦੂ ਸ਼ਕਤੀ ਦਾ ਰਾਜ ਮੁਸਲਿਮ ਨਫ਼ਰਤ' ਸੰਬੰਧੀ ਸਪੱਸ਼ਟ ਫ਼ੈਸਲੇ ਲਏ ਗਏ ਹਨ। ਇਹ ਸਪੱਸ਼ਟ ਕੀਤਾ ਗਿਆ ਹੈ ਕਿ ਨਿਆਂ ਸੰਵਿਧਾਨ ਤੋਂ ਉੱਤੇ ਹੈ।'
ਚਰਚਾ ਬਹਿਸ, ਗਾਂ ਬਨਾਮ ਇਨਸਾਨ ਸੰਬੰਧੀ ਲੇਖਕ ਸਪੱਸ਼ਟ ਹੈ, ਪੜ੍ਹਨਯੋਗ ਹਨ। ਅਗਲੇ ਲੇਖ ਡਾ. ਅੰਬੇਡਕਰ ਅਤੇ ਕਾਂਗਰਸ ਅਥਵਾ ਨਾਰੀ ਤੋਂ ਹਿੰਦੂ ਧਰਮ ਸ਼ਾਸਤਰ ਸੰਬੰਧੀ ਸਪੱਸ਼ਟ ਰਾਏ ਹੈ। ਆਖ਼ਰ ਵਿਚ ਨਿਡਰ ਹੋ ਕੇ ਦੱਸਿਆ ਹੈ ਕਿ 'ਇੰਡੀਅਨ ਸਾਇੰਸ ਕਾਂਗਰਸ-ਵਿਗਿਆਨ ਸੰਸਥਾ ਹੈ ਕਿ ਜਾਨਵਰਾਂ ਦੀ ਸਰਕਸ ਹੈ? ਆਦਿ ਵਿਚਾਰਾਂ ਨੂੰ ਲੈ ਕੇ ਨਿਰਣੇ ਲੈਂਦੇ ਜਨਾਬ ਕੇ.ਸੀ. ਸੁਲੇਖ ਦੇ ਇਹ ਲੇਖ ਸੱਚਮੁੱਚ ਪੜ੍ਹਨ-ਪੜ੍ਹਾਉਣ ਵਾਲੇ ਹੀ ਨਹੀਂ, ਸਗੋਂ ਚਿੰਤਨ ਕਰਕੇ ਚੇਤਨਾ ਵੰਡਣ ਵਾਲੇ ਸੁਲੇਖ ਹਨ।


ਡਾ. ਅਮਰ ਕੋਮਲ
ਮੋ: 084378-73565.


ਉੱਠੋ ਓਏ ਧਰਤੀ ਦੇ ਜਾਇਓ
ਲੇਖਕ : ਪਾਠਕ ਭਰਾ ਧਨੌਲੇ ਵਾਲੇ ਅਤੇ ਦਰਸ਼ਨ ਸਿੰਘ ਧਨੌਲਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 94174-29133.


ਹਥਲੀ ਪੁੁਸਤਕ ਦੀ ਸਿਰਜਣਾ ਕਿਸਾਨੀ ਸੰਘਰਸ਼ ਦੀ ਉਪਜ ਹੈ। ਲੇਖਕਾਂ ਵਲੋਂ ਕਿਸਾਨਾਂ, ਮਜ਼ਦੂਰਾਂ ਅਤੇ ਸਮਾਜ ਦੇ ਹੋਰਨਾਂ ਮਿਹਨਤਕਸ਼ ਕਾਮਿਆਂ ਨੂੰ ਜਾਗਰੂਕ ਕਰਨ ਦਾ ਯਤਨ ਬੜੇ ਹੀ ਸਹਿਜ ਤਰੀਕੇ ਨਾਲ ਕੀਤਾ ਗਿਆ ਹੈ। ਪੁਸਤਕ ਵਿਚਲੀਆਂ ਰਚਨਾਵਾਂ ਲੋਕਾਂ ਨੂੰ ਆਪਣੇੇ ਹੱਕਾਂ ਦੀ ਪ੍ਰਾਪਤੀ ਲਈ ਜਥੇਬੰਦ ਹੋਣ ਦੀ ਪ੍ਰੇਰਨਾ ਦਿੰਦੀਆਂ ਹਨ। ਨਾਲ ਹੀ ਸਾਡੇ ਮਾੜੇ, ਭ੍ਰਿਸ਼ਟ ਰਾਜਸੀ ਪ੍ਰਬੰਧ 'ਤੇ ਵੀ ਤਿੱਖਾ ਕਟਾਖ਼ਸ਼ ਕਰਦੀਆਂ ਹਨ। ਇਹ ਪਾਠਕ ਦੀ ਜ਼ਮੀਰ ਨੂੰ ਹਲੂਣਾ ਦਿੰਦੀਆਂ ਹਨ ਅਤੇ ਕਈ ਪੱਖਾਂ ਪ੍ਰਤੀ ਚੇਤਨਾ ਪੈਦਾ ਕਰਨ ਦੇ ਸਮਰੱਥ ਹਨ। ਰਚਨਾਤਮਿਕ ਪੱਖ ਤੋਂ ਜੇਕਰ ਵਾਚੀਏ ਤਾਂ ਰਚਨਾਵਾਂ 'ਚ ਰਵਾਨਗੀ, ਤੁਕਾਂਤ ਮੇਲ ਦਾ ਨਿਭਾਅ ਪੁਖ਼ਤਾ ਢੰਗ ਨਾਲ ਹੋਇਆ ਹੈ। ਹਰ ਰਚਨਾ ਦਾ ਉਦੇਸ਼ ਪੜ੍ਹਦਿਆਂ ਸਾਰ ਸਪੱਸ਼ਟ ਹੋ ਜਾਂਦਾ ਹੈ। ਕਈ ਰਚਨਾਵਾਂ ਸਿੱਧੇ ਤੌਰ 'ਤੇ ਹਾਕਮ ਜਮਾਤ, ਦਿੱਲੀ ਅਤੇ ਦਿੱਲੀ ਦੇ ਤਖ਼ਤ 'ਤੇ ਬੈਠ ਕੇ ਦੇਸ਼ ਦਾ ਸ਼ਾਸਨ ਚਲਾਉਣ ਵਾਲਿਆਂ ਨੂੰ ਸੰਬੋਧਨ ਕਰਕੇ ਰਚੀਆਂ ਗਈਆਂ ਹਨ, ਜਿਵੇਂ :
* ਸਮਝੀ ਨਾ ਸਾਨੂੰ ਕਸ਼ਮੀਰ ਦਿੱਲੀਏ,
ਦੇਵਾਂਗੇ ਵਿਚਾਲਿਓਂ ਤੈਨੂੰ ਚੀਰ ਦਿੱਲੀਏ
* ਰੋਲ ਦਿਆਂਗੇ ਰੁਤਬਾ ਤੇਰੀਆਂ ਫੋਕੀਆਂ ਸ਼ਾਨਾਂ ਦਾ
ਠਾਠਾਂ ਮਾਰਦੇ ਦੇਖ ਦਿੱਲੀਏ, 'ਕੱਠ ਕਿਸਾਨਾਂ ਦਾ
ਇਵੇਂ ਹੀ ਖ਼ੁੁਸ਼ਹਾਲ ਪੰਜਾਬ ਦੇ ਨਿਵਾਸੀਆਂ ਨੂੰ ਰਾਜਸੀ ਤੌਰ 'ਤੇ ਸੁਚੇਤ ਕਰਦਿਆਂ ਕਿਹਾ ਹੈ :
ਵੋਟਾਂ ਵਾਲੇ ਦਿਨ ਜਦ ਨੇੜੇ ਆਉਣਗੇ, ਦੇਖਿਓ ਪਾਖੰਡੀ ਫ਼ਿਰ ਗੇੜੇ ਲਾਉਣਗੇ।
ਸਾਰਿਆਂ ਨੂੰ ਗੱਲ ਸਮਝਾ ਕੇ ਰੱੱਖਿਓ, ਠੱਗਾਂ ਤੋਂ ਜ਼ਮੀਰਾਂ ਨੂੰ ਬਚਾ ਕੇ ਰੱਖਿਓ।
ਲੇਖਕਾਂ ਨੇ ਪੰਜਾਬੀਆਂ ਦੀ ਬਹਾਦਰੀ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਇਨ੍ਹਾਂ ਨੂੰ 'ਅੱਤਵਾਦੀ' ਕਹਿਣ ਦੀ ਆਲੋਚਨਾ ਕੀਤੀ ਹੈ। ਦਿਨ-ਬ-ਦਿਨ ਘਟਦੀਆਂ ਜ਼ਮੀਨਾਂ, ਬੇਰੁੁਜ਼ਗਾਰੀ, ਵਧਦੀ ਮਹਿੰਗਾਈ, ਧਰਤੀ ਹੇਠਲਾ ਪਾਣੀ ਨੀਵਾਂ ਹੋਣ, ਨਸ਼ਾਖ਼ੋਰੀ, ਭ੍ਰਿਸ਼ਟਾਚਾਰ, ਵਾਤਾਵਰਨ ਪ੍ਰਦੂਸ਼ਣ ਅਤੇ ਮਾੜੇ ਰਾਜਸੀ ਪ੍ਰਬੰਧ ਜਿਹੇ ਅਜੋਕੇ ਭਖ਼ਦੇ ਵਿਸ਼ਿਆਂ ਨੂੰ ਵੀ ਰਚਨਾਵਾਂ ਦਾ ਵਿਸ਼ਾ-ਵਸਤੂ ਬਣਾਇਆ ਗਿਆ ਹੈ। ਪੁਸਤਕ 'ਚ ਵੱਖ-ਵੱਖ ਸਿਰਲੇਖਾਂ ਹੇਠ 48 ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਇਹ ਪੁਸਤਕ ਆਮ ਪਾਠਕ ਨੂੰ ਵੀ ਕਈ ਪੱਖਾਂ ਤੋਂ ਚੰਗਾ ਸੁਨੇਹਾ ਦੇਣ ਦੇ ਸਮਰੱਥ ਹੈ। ਪੁਸਤਕ ਦੀ ਬਾਹਰੀ ਦਿੱਖ ਵੀ ਆਕਰਸ਼ਕ ਹੈ। ਪੁਸਤਕ ਲੋਕ ਸੰਘਰਸ਼ਾਂ ਲਈ ਅਵਾਮ ਨੂੰ ਜਥੇਬੰਦ ਕਰਨ ਅਤੇ ਉਤਸ਼ਾਹ ਭਰਨ ਲਈ ਚੰਗਾ ਜ਼ਰੀਆ ਸਾਬਤ ਹੁੰਦੀ ਹੈ।


ਮੋਹਰ ਗਿੱਲ ਸਿਰਸੜੀ
ਮੋ: 98156-59110


ਖੇਤੀ ਕਾਨੂੰਨ, ਸੰਘਰਸ਼ ਅਤੇ ਵਿਗਿਆਨਕ ਚੇਤਨਾ

ਸੰਪਾਦਕ : ਬਲਬੀਰ ਲੌਂਗੋਵਾਲ
ਪ੍ਰਕਾਸ਼ਨ : ਤਰਕਸ਼ੀਲ ਪ੍ਰਕਾਸ਼ਨ, ਬਰਨਾਲਾ
ਮੁੱਲ : 50 ਰੁਪਏ, ਸਫ਼ੇ : 112
ਸੰਪਰਕ : 98769-53561.


ਹਥਲੀ ਪੁਸਤਕ ਬਲਬੀਰ ਲੌਂਗੋਵਾਲ ਲੇਖਕ ਦੁਆਰਾ ਸੰਪਾਦਤ ਕੀਤੀ ਗਈ ਹੈ, ਜਿਸ ਦੇ ਦੋ ਭਾਗ ਹਨ। ਪਹਿਲੇ ਭਾਗ ਵਿਚ ਸੱਤ ਅਧਿਆਏ ਹਨ ਅਤੇ ਦੂਜੇ ਵਿਚ ਨੌਂ ਅਧਿਆਏ ਹਨ। ਇਹ ਪੁਸਤਕ ਕਿਸਾਨੀ ਸੰਘਰਸ਼ ਵਿਚ ਸ਼ਾਮਿਲ ਲੋਕਾਂ ਤੱਕ ਵਿਗਿਆਨਕ ਸਾਹਿਤ ਪਹੁੰਚਾਉਣ ਨੂੰ ਹੱਲਾਸ਼ੇਰੀ ਦਿੰਦੇ ਹੋਏ ਆਰਥਿਕ ਸਹਾਇਤਾ ਪ੍ਰਦਾਨ ਕਰਨ ਦੇ ਭਰੋਸੇ ਦੇ ਸੰਦਰਭ ਵਿਚ ਲਿਖੀ ਗਈ ਹੈ। ਪਹਿਲੇ ਭਾਗ ਵਿਚ ਖੇਤੀ ਕਾਨੂੰਨਾਂ ਦੇ ਵੱਖ-ਵੱਖ ਪਹਿਲੂਆਂ ਅਤੇ ਮੌਜੂਦਾ ਲੋਕ ਸੰਘਰਸ਼ ਨਾਲ ਸੰਬੰਧਿਤ ਲੇਖ ਹਨ ਤੇ ਦੂਜੇ ਭਾਗ ਵਿਚ ਵਿਗਿਆਨਕ ਸਮਝ ਨਾਲ ਸੰਬੰਧਿਤ ਲੇਖ ਹਨ, ਜਿਸ ਵਿਚ ਦੇਸ਼ ਭਗਤਾਂ ਨੂੰ ਵੀ ਯਾਦ ਕੀਤਾ ਗਿਆ ਹੈ। ਪੂਰੀ ਕਿਤਾਬ ਹੀ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੀਤੀ ਗਈ ਹੈ।
ਡਾ. ਰਜਿੰਦਰਪਾਲ ਸਿੰਘ ਦੁਆਰਾ ਲਿਖੇ ਗਏ ਲੇਖ 'ਕਾਰਪੋਰੇਟ ਕੀ ਹਨ?' ਵਿਚ ਦੱਸਿਆ ਗਿਆ ਹੈ ਕਿ ਕਿਵੇਂ ਕਾਰਪੋਰੇਟ ਲੋਕਾਂ ਨੂੰ ਆਪਣੀ ਚਕਾਚੌਂਧ ਨਾਲ ਮਗਰ ਲਗਾ ਲੈਂਦੇ ਹਨ। ਦੂਜੇ ਅਧਿਆਏ ਵਿਚ ਦੱਸਿਆ ਗਿਆ ਹੈ ਕਿ ਫ਼ਸਲਾਂ ਦੀ ਖ਼ਰੀਦਦਾਰੀ ਨਹੀਂ ਹੋਣੀ, ਐਮ.ਐਸ.ਪੀ. ਦਾ ਭੋਗ ਪੈ ਜਾਣਾ ਹੈ!, ਅੰਨ ਦਾ ਸਰਕਾਰੀ ਭੰਡਾਰ ਵੀ ਨਹੀਂ ਹੋਣਾ ਅਤੇ ਸਬਸਿਡੀਆਂ ਵੀ ਬੰਦ ਹੋ ਜਾਣਗੀਆਂ। ਮੁੱਕਦੀ ਗੱਲ ਇਹ ਹੈ ਕਿ ਕਾਨੂੰਨ ਲੋਕ ਉਜਾੜੂ ਹਨ, ਰੱਦ ਹੋਣੇ ਚਾਹੀਦੇ ਹਨ ਤੇ ਕਿਸਾਨੀ ਅੰਦੋਲਨ ਵਿਚ ਸਮੁੱਚੀ ਮਨੁੱਖਤਾ ਦੇ ਦੁੱਖ-ਦਰਦ, ਸਿਦਕ, ਸਿਰੜ ਅਤੇ ਜ਼ੇਰੇ ਦਾ ਸੇਕ ਵੀ ਹੈ, ਅੰਬਾਨੀ ਤੇ ਅਡਾਨੀ ਦੇ ਫਾਇਦੇ ਦੀ ਗੱਲ ਹੋ ਰਹੀ ਹੈ। ਅਗਲਾ ਅਧਿਆਏ ਜੋ ਕਿ ਨਵਸ਼ਰਨ ਕੌਰ ਦੁਆਰਾ ਲਿਖਿਆ ਗਿਆ ਹੈ, ਵਿਚ ਵੀ ਦੱਸਿਆ ਗਿਆ ਹੈ ਕਿ ਕਿਸਾਨਾਂ ਦੀ ਹੋਂਦ ਦਾ ਸਵਾਲ ਹੈ ਅਤੇ ਨਵੀਂ ਆਸ ਜਗਾਉਣ ਨੂੰ ਤਰਜੀਹ ਦਿੱਤੀ ਗਈ ਹੈ।
ਅਗਲੇ ਨਿਬੰਧ 'ਜੋਤਿਸ਼ ਅਤੇ ਵਿਗਿਆਨ' ਵਿਚ ਜੋ ਕਿ ਡਾ. ਸੁਰਿੰਦਰ ਅਜਨਾਤ ਨੇ ਲਿਖਿਆ ਹੈ, ਵਿਚ ਗ੍ਰਹਿਆਂ ਦੇ ਪ੍ਰਭਾਵ ਦੇ ਝੂਠ ਬਾਰੇ ਦੱਸਿਆ ਗਿਆ ਹੈ। 'ਮੈਂ ਨਾਸਤਿਕ ਕਿਉਂ ਹਾਂ' ਭਗਤ ਸਿੰਘ ਦਾ ਲੇਖ ਹੈ, ਜਿਸ ਵਿਚ ਭਗਤ ਸਿੰਘ ਨੇ ਆਪਣੇ ਅਨੁਭਵ ਸਾਂਝੇ ਕੀਤੇ ਹਨ। ਰਾਮਸਵਰਨ ਲੱਖੇਵਾਲੀ ਨੇ ਇਸ ਪੁਸਤਕ ਦੇ ਅਖੀਰ ਵਿਚ ਕੁਝ ਅਹਿਮ ਸ਼ਹੀਦਾਂ ਦੀਆਂ ਯਾਦਾਂ ਨੂੰ ਸਮੋਣ ਦੀ ਪੇਸ਼ਕਾਰੀ ਕੀਤੀ ਹੈ, ਜਿਨ੍ਹਾਂ ਵਿਚ ਗਦਰੀ ਜਰਨੈਲ, ਸ਼ਹੀਦ ਭਗਤ ਸਿੰਘ, ਸਰਾਭਾ, ਭਕਨਾ, ਦੁਰਗਾਵਤੀ, ਆਦਿ ਦੀਆਂ ਤਸਵੀਰਾਂ ਦਿੱਤੀਆਂ ਗਈਆਂ ਹਨ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਇਸ ਪੁਸਤਕ ਵਿਚ ਕਿਸਾਨੀ ਸੰਘਰਸ਼ ਦੇ ਸੰਤਾਪ ਦੀ ਗੱਲ ਹੀ ਕੀਤੀ ਗਈ ਹੈ ਕਿ ਕਿਵੇਂ ਕੇਂਦਰ ਸਰਕਾਰ ਕਿਸਾਨਾਂ 'ਤੇ ਕਾਨੂੰਨ ਥੋਪ ਕੇ ਉਨ੍ਹਾਂ ਦੀ ਖੇਤੀ ਦਾ ਘਾਣ ਕਰ ਰਹੀ ਹੈ।


ਡਾ. ਗੁਰਬਿੰਦਰ ਕੌਰ ਬਰਾੜ
ਮੋ: 098553-95161

20-11-2021

 ਇਕਨਾ ਏਹੋ ਲਿਖਿਆ
ਲੇਖਕ : ਬਲਵਿੰਦਰ ਗਰੇਵਾਲ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 80546-10060.

ਵਿਚਾਰ ਗੋਚਰੀ ਪੁਸਤਕ ਦਾ ਸਿਰਲੇਖ ਗੁਰਬਾਣੀ ਦੀ ਇਕ ਪਾਵਨ ਤੁਕ ਹੈ, ਜਿਸ ਦਾ ਭਾਵ ਹੈ ਕਿ ਕਈ ਪ੍ਰਾਣੀ ਅਜਿਹੇ ਹੁੰਦੇ ਹਨ ਜਿਹੜੇ ਸਾਰੀ ਉਮਰ ਦੁੱਖ ਹੀ ਭੋਗਦੇ ਹਨ ਅਤੇ ਆਪਣੇ ਵਰਗਿਆਂ ਨਾਲ ਮਿਲ ਕੇ ਦੁੱਖਾਂ ਦੀ ਦਾਸਤਾਨ ਸਾਂਝੀ ਕਰਕੇ ਮਨ ਹੌਲਾ ਕਰ ਲੈਂਦੇ ਹਨ। ਇਹ ਨਾਟਕ ਆਮ ਨਾਟਕਾਂ ਨਾਲੋਂ ਹਟ ਕੇ ਵੱਖਰੀ ਕਿਸਮ ਦਾ ਹੈ। ਲੇਖਕ ਨੇ ਨਾਟਕ ਨੂੰ ਵਾਰਤਾਲਾਪ ਦੇ ਨਾਲ-ਨਾਲ ਕਿੱਸਾ ਕਾਵਿ ਸ਼ੈਲੀ, ਗੀਤਾਂ, ਗ਼ਜ਼ਲਾਂ, ਬੈਂਤਾਂ (ਕਾਵਿ-ਵੰਨਗੀ) ਨਾਲ ਸਜਾਇਆ ਹੈ। ਇਸ ਨਾਲ ਨਾਟਕ ਵਧੇਰੇ ਦਮਦਾਰ ਅਤੇ ਪ੍ਰਭਾਵਸ਼ਾਲੀ ਰੂਪ ਵਿਚ ਆਪਣਾ ਸੁਨੇਹਾ ਪਾਠਕਾਂ/ਦਰਸ਼ਕਾਂ ਤੱਕ ਪੁੱਜਦਾ ਕਰਨ ਦੇ ਸਮਰੱਥ ਹੋ ਗਿਆ ਹੈ। ਮੁੱਖ ਤੌਰ 'ਤੇ ਕੇਂਦਰੀ ਪਾਠਕ ਕੇਹਰੂ ਸਮੇਤ 16 ਪਾਤਰ ਹਨ। ਸਥਾਨ ਕੇਹਰੂ ਦਾ ਪਿੰਡ ਕੰਗਣਵਾਨ ਤੇ ਉਹਦੇ ਭਣੇਵਿਆਂ ਦਾ ਪਿੰਡ ਸਰਾਂ ਹਨ।
ਨਾਟਕ ਦਾ ਕੇਂਦਰ ਬਿੰਦੂ ਨਿਮਨ ਕਿਸਾਨੀ ਵਰਗ ਦੀ ਆਰਥਿਕ, ਸਮਾਜਿਕ ਅਤੇ ਮਾਨਸਿਕ ਦੀਨ-ਦਸ਼ਾ ਹੈ, ਜਿਸ ਦੀ ਆੜ ਹੇਠ ਕੁਝ ਚਾਲਬਾਜ਼ ਤੇ ਫਰੇਬੀ ਲੋਕ ਅਜਿਹੇ ਭੋਲੇ ਅਤੇ ਸਿੱਧ-ਪੱਧਰੇ ਕਿਰਤੀਆਂ/ਕਿਸਾਨਾਂ ਦੀ ਲੁੱਟ-ਖਸੁੱਟ ਕਰਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਹੋਰ ਕਸ਼ਟਦਾਇਕ ਬਣਾ ਦਿੰਦੇ ਹਨ। ਧਿਆਨ ਸਿੰਘ ਅਜਿਹਾ ਹੀ ਮੱਕਾਰ ਪਾਤਰ ਹੈ ਜੋ ਛੜੇ ਕੇਹਰੂ ਨੂੰ ਵਿਆਹ ਦੇ ਝਾਂਸੇ ਦੇ ਕੇ ਲੁੱਟਦਾ ਰਹਿੰਦਾ ਹੈ। ਲਾਰਿਆਂ-ਲੱਪਿਆਂ ਵਿਚ ਕੇਹਰੂ ਦੀ ਵਿਆਹ ਦੀ ਉਮਰ ਲੰਘ ਜਾਂਦੀ ਹੈ। ਹੁਣ ਉਹ ਬਜ਼ੁਰਗੀ ਦੀ ਅਵਸਥਾ ਵਿਚ ਕੁਝ ਨਜ਼ਦੀਕੀਆਂ ਅਤੇ ਮੋਹ-ਵਿਹੂਣੇ ਰਿਸ਼ਤੇਦਾਰਾਂ ਦੇ ਰਹਿਮੋ-ਕਰਮ 'ਤੇ ਬੁਢਾਪੇ ਦੇ ਦਿਨ ਕੱਟਦਾ ਓੜਕ ਨੂੰ ਆਪਣੀਆਂ ਇੱਛਾਵਾਂ ਦਿਲ ਵਿਚ ਲੈ ਕੇ ਇਸ ਫਾਨੀ ਸੰਸਾਰ ਤੋਂ ਕੂਚ ਕਰ ਜਾਂਦਾ ਹੈ। ਇੰਜ ਨਾਟਕ ਦੁਖਾਂਤਕ ਅੰਤ ਨਾਲ ਪਾਠਕਾਂ ਨੂੰ ਭਾਵੁਕ ਕਰਨ ਦੇ ਸਮਰੱਥ ਹੈ। ਪਾਠਕਾਂ ਦੀ ਹਮਦਰਦੀ, ਕੇਹਰੂ (ਵਿਚਾਰੇ) ਨਾਲ ਹੈ। ਨਾਟਕਕਾਰ ਗਰੇਵਾਲ ਦੀ ਕਾਵਿਕ-ਵਿਧੀ ਦਾ ਇਕ ਨਮੂਨਾ ਪੇਸ਼ ਹੈ :
ਟੁੱਟ ਗਏ ਸੁਪਨੇ ਬੰਦਿਆਂ ਉਏ,
ਗੱਲ ਮੁੱਕ ਗਈ ਓ ਯਾਰ। (ਪੰਨਾ 106)
ਛੱਡ ਗਏ ਸਾਥੀ, ਤੇਰੇ ਉਏ,
ਤੈਨੂੰ ਅੱਧ-ਵਿਚਕਾਰ।
ਨਾਟਕ ਦੀ ਵਾਰਤਾਲਾਪ ਦੀ ਬੋਲੀ ਠੇਠ ਪੇਂਡੂ ਮਲਵਈ ਅਤੇ ਦਮਦਾਰ ਬੋਲੀ ਹੈ। ਮਸਲਨ ਸਾਸਰੀ ਕਾਲ (ਸਤਿ ਸ੍ਰੀ ਅਕਾਲ), ਢੁੱਪੇ (ਧੁੱਪੇ)
(ਬਾਬਾ ਲਿਆ ਤੇਰੀਆਂ ਲੱਤਾਂ ਘੁੱਟ ਦੇਮਾਂ)
'ਇਨ੍ਹਾਂ ਕੀ ਲਾਜ ਕਰਾਉਣਾ ਏਹਦਾ?' (ਪੰਨਾ 105)
ਲੇਖਕ ਵਲੋਂ ਆਪਣੀ ਪ੍ਰੇਰਨਾ-ਸਰੋਤ ਭੈਣ ਬਲਜਿੰਦ ਕੌਰ ਦੇ ਨਾਂਅ ਲਿਖਿਆ ਖ਼ਤ, ਅਟੱਲ ਸਚਾਈਆਂ ਦਾ ਪ੍ਰਤੀਬਿੰਬ ਹੈ। ਏਨਾ ਬਾ-ਕਮਾਲ ਨਾਟਕ ਸਿਰਜਣ 'ਤੇ ਗਰੇਵਾਲ ਨੂੰ ਸ਼ਾਬਾਸ਼!!

ਤੀਰਥ ਸਿੰਘ ਢਿੱਲੋਂ
ਮੋ: 98154-61710

c c c

ਜੱਟੀ ਗਈ ਅਮਰੀਕਾ
ਲੇਖਕ : ਰਾਜਬੀਰ ਰੰਧਾਵਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 130
ਸੰਪਰਕ : 95019-80201.

ਪੁਸਤਕ 'ਜੱਟੀ ਗਈ ਅਮਰੀਕਾ' ਇਕ ਸਫ਼ਰਨਾਮਾ ਹੈ, ਜਿਸ ਨੂੰ ਰਾਜਬੀਰ ਨੇ ਲਿਖਿਆ ਹੈ। ਇਹ ਸਫ਼ਰਨਾਮਾ ਲੇਖਿਕਾ ਨੇ ਆਪਣੀ ਬੇਟੀ ਡਾ. ਨਵਰੀਤ ਕੌਰ ਨੂੰ ਸਮਰਪਿਤ ਕੀਤਾ ਹੈ। ਰਾਜਬੀਰ ਰੰਧਾਵਾ ਨੇ ਕਵਿਤਾਵਾਂ, ਕਹਾਣੀਆਂ, ਨਾਵਲ, ਸਵੈ-ਜੀਵਨੀ ਲਿਖਣ 'ਤੇ ਵੀ ਹੱਥ ਅਜ਼ਮਾਇਆ ਹੈ। ਇਨ੍ਹਾਂ ਦੀਆਂ 17 ਪੁਸਤਕਾਂ ਹੁਣ ਤੱਕ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਹ ਸਫ਼ਰਨਾਮਾ 12 ਨਵੰਬਰ, 2012 ਤੋਂ ਸ਼ੁਰੂ ਹੁੰਦਾ ਹੈ। ਇਸ ਵਿਚ ਲੇਖਕ ਨੇ ਖੁੱਲ੍ਹੀਆਂ ਗੱਲਾਂ ਕੀਤੀਆਂ ਹਨ ਅਤੇ ਆਪਣੀ ਕਮਜ਼ੋਰੀ ਨੂੰ ਬਿਲਕੁਲ ਵੀ ਛਿਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਬਲਕਿ ਜੱਗ ਜ਼ਾਹਰ ਕੀਤੀ ਹੈ। ਅਕਸਰ ਸਫ਼ਰਨਾਮੇ ਵਿਚ ਕੁਝ ਲੋਕ ਆਪਣੀ ਕਮਜ਼ੋਰੀ ਜਾਂ ਮਜਬੂਰੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਹਨ ਪ੍ਰੰਤੂ ਇਸ ਸਫ਼ਰਨਾਮੇ ਵਿਚ ਰਾਜਬੀਰ ਰੰਧਾਵਾ ਨੇ ਹੂਬਹੂ ਤਸਵੀਰ ਪੇਸ਼ ਕਰਕੇ ਆਪਣੇ ਨਾਲ ਪੂਰੀ ਤਰ੍ਹਾਂ ਨਾਲ ਸੱਚ ਬੋਲ ਕੇ ਇਨਸਾਫ਼ ਕੀਤਾ ਹੈ।
ਉਸ ਨੇ ਹਰ ਗੱਲ, ਘਟਨਾ, ਦ੍ਰਿਸ਼, ਵਾਰਤਾਲਾਪ ਨੂੰ ਬੜੀ ਸਾਦਗੀ ਤੇ ਸਰਲਤਾ ਵਿਚ ਪੇਸ਼ ਕਰਕੇ ਕੁਝ ਵੀ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਪਦੀ ਅਤੇ ਜਿਨ੍ਹਾਂ ਗੱਲਾਂ ਦੀ ਉਨ੍ਹਾਂ ਨੂੰ ਵਾਕਫੀ ਨਹੀਂ ਸੀ, ਉਹ ਵੀ ਉਸੇ ਤਰ੍ਹਾਂ ਬਿਆਨ ਕਰ ਦਿੱਤੀਆਂ ਹਨ। ਸਫ਼ਰਨਾਮੇ ਵਿਚ ਉਨ੍ਹਾਂ ਨੇ ਜ਼ਿਕਰ ਕੀਤਾ ਹੈ ਕਿ ਜਹਾਜ਼ ਚੜ੍ਹਨ ਤੋਂ ਪਹਿਲਾਂ ਹਵਾਈ ਅੱਡੇ ਦੇ ਅੰਦਰ ਜਾ ਕੇ ਕਾਗਜ਼ੀ ਕਾਰਵਾਈ ਕਰਨ ਲਈ ਪੁੱਛਗਿੱਛ ਕਰਨੀ ਤੇ ਜਹਾਜ਼ ਚੜ੍ਹਨ ਦੇ ਡਰ ਨੂੰ ਵੀ ਦੱਸਿਆ ਹੈ। ਜਹਾਜ਼ ਵਿਚ ਬੈਠਣ ਦਾ ਦ੍ਰਿਸ਼ ਤੇ ਡਰ ਨੂੰ ਵੀ ਬਿਆਨ ਕੀਤਾ ਹੈ। ਇਕ ਪਾਸੇ ਯਾਤਰਾ ਕਰਨ ਦਾ ਡਰ ਦੂਜੇ ਪਾਸੇ ਆਪਣਾ ਹੀ ਧਰਵਾਸ ਰੱਖਣਾ ਬਹੁਤ ਵੱਡੀ ਗੱਲ ਹੁੰਦੀ ਹੈ, ਜਿਸ ਵਿਚ ਰਾਜਬੀਰ ਸਫਲ ਰਹੀ ਹੈ। ਉਸ ਨੇ ਅਮਰੀਕਾ ਵਿਚ ਜਾ ਕੇ ਜੋ ਵੇਖਿਆ, ਉਸ ਦਾ ਵੀ ਇਸ ਸਫ਼ਰਨਾਮੇ ਵਿਚ ਵਿਸਥਾਰ ਨਾਲ ਜ਼ਿਕਰ ਕੀਤਾ ਹੈ ਅਤੇ ਆਪਣੀ ਬੇਟੀ ਦੇ ਨਾਲ ਹੋਈਆਂ ਗੱਲਾਂ ਨੂੰ ਵੀ ਬਿਆਨਿਆ ਹੈ। ਆਪਣੀ ਸੂਝ-ਬੂਝ ਦੇ ਨਾਲ ਵਿਦੇਸ਼ੀ ਯਾਤਰਾ ਕਰਕੇ ਵਾਪਸੀ ਦਾ ਵੀ ਇਸ ਸਫ਼ਰਨਾਮੇ ਵਿਚ ਜ਼ਿਕਰ ਕੀਤਾ ਹੈ। ਇਸ ਸਫ਼ਰਨਾਮੇ ਨੂੰ ਪੜ੍ਹਦਿਆਂ ਉਕਸੁਕਤਾ ਵਧਣਾ ਅਤੇ ਸਫ਼ਰਨਾਮਾ ਲਗਾਤਾਰ ਪੜ੍ਹੀ ਜਾਣਾ ਵੀ ਲੇਖਿਕਾ ਦੀ ਲਿਖਤ ਦੀ ਖੂਬੀ ਹੈ।

ਬਲਵਿੰਦਰ ਸਿੰਘ ਸੋਢੀ ਮੀਰਹੇੜੀ
ਮੋ: 92105-88990

ਭਾਰਤੀ ਸਵੈ-ਜੀਵਨੀ ਸਮਾਜਿਕ ਅੰਤਰ-ਵਿਰੋਧ
ਲੇਖਕ : ਡਾ. ਸੰਜੀਵ ਕੁਮਾਰ
ਪ੍ਰਕਾਸ਼ਕ : ਯੂਨੀਸਟਾਰ ਪਬਲੀਕੇਸ਼ਨ, ਮੁਹਾਲੀ
ਮੁੱਲ : 400 ਰੁਪਏ, ਸਫ਼ੇ : 208
ਸੰਪਰਕ : 0172-5027429.

ਹਥਲੀ ਪੁਸਤਕ ਵਿਚ ਚਾਰ ਸਵੈ-ਜੀਵਨੀਆਂ ਦਾ ਸਮਾਜ ਸ਼ਾਸਤਰੀ ਅਧਿਐਨ ਖੋਜ-ਪੱਧਤੀ ਦੇ ਅਨੁਸ਼ਾਸਨੀ ਸਰੋਕਾਰਾਂ ਜ਼ਰੀਏ ਕੀਤਾ ਗਿਆ ਹੈ। ਪੁਸਤਕ ਦੇ ਪਹਿਲੇ ਦੋ ਅਧਿਆਇ ਸਵੈ-ਜੀਵਨੀ ਦੇ ਸਿਧਾਂਤਕ ਸਰੂਪ ਨੂੰ ਪ੍ਰਗਟ ਕਰਨ ਦੇ ਨਾਲ-ਨਾਲ ਭਾਰਤੀ ਸਮਾਜ ਅਤੇ ਇਸ ਦੇ ਅੰਤਰ-ਸੰਬੰਧਾਂ ਅਤੇ ਵਿਰੋਧਾਂ ਦੇ ਪਹਿਲੂਆਂ ਨੂੰ ਦਰਸਾਉਂਦੇ ਹਨ। ਇਨ੍ਹਾਂ ਸਿਧਾਂਤਕ ਪਹਿਲੂਆਂ ਦੇ ਆਧਾਰ 'ਤੇ ਹੀ ਚਾਰ ਚੋਣਵੀਆਂ ਸਵੈ-ਜੀਵਨੀਆਂ ਨੂੰ ਪੜਚੋਲ ਵਿਧੀ ਰਾਹੀਂ ਖੋਜ ਦਾ ਆਧਾਰ ਬਣਾਇਆ ਗਿਆ ਹੈ। ਚਰਚਾ ਆਧੀਨ ਪਹਿਲੀ ਸਵੈ-ਜੀਵਨੀ ਓਮ ਪ੍ਰਕਾਸ਼ ਵਾਲਮੀਕੀ ਰਚਿਤ ਹਿੰਦੀ ਭਾਸ਼ਾ ਵਿਚ 'ਜੂਠਨ' ਨੂੰ ਦਵਾਰਕਾ ਭਾਰਤੀ ਨੇ 'ਜੂਠ' ਦੇ ਸਿਰਲੇਖ ਅਧੀਨ ਪੰਜਾਬੀ ਪਾਠਕਾਂ ਸਾਹਮਣੇ ਲਿਆਂਦਾ ਹੈ। ਇਹ ਸਵੈ-ਜੀਵਨੀ ਦਲਿਤ ਚਿੰਤਨਧਾਰਾ ਵਿਚ ਵਿਸ਼ੇਸ਼ ਸਥਾਨ ਰੱਖਦੀ ਹੈ। ਕਥਿਤ ਉੱਚ ਸ਼੍ਰੇਣੀਆਂ ਵਲੋਂ ਕਥਿਤ ਨੀਵੀਆਂ ਜਾਤਾਂ ਪ੍ਰਤੀ ਵਿਅਕਤੀਗਤ ਅਤੇ ਸਮਾਜਿਕ ਸਥਾਪਤ ਹੋ ਚੁੱਕੇ ਵਿਤਕਰਿਆਂ ਦਾ ਇਸ ਵਿਚ ਵਿਸ਼ੇਸ਼ ਭਾਂਤ ਜ਼ਿਕਰ ਹੈ। ਸਾਧਨ ਵਿਹੂਣੇ ਕਿਰਤੀਆਂ ਕਾਮਿਆਂ ਦੀ ਅਤੇ ਲੇਖਕ ਦੁਆਰਾ ਝੱਲੀਆਂ ਗਈਆਂ ਅਨੇਕਾਂ ਵਿਸੰਗਤੀਆਂ ਦਾ ਇਸ ਵਿਚ ਜ਼ਿਕਰ ਦਰਸਾਇਆ ਗਿਆ ਹੈ। ਦੂਸਰੀ ਸਵੈ-ਜੀਵਨੀ ਮਲਿਆਲਮ ਲੇਖਕਾ ਨਲਿਨੀ ਜ਼ਮੀਲਾ ਦੀ ਹੈ ਜੋ ਹਿੰਦੀ ਤੋਂ ਪੰਜਾਬੀ ਰੂਪ ਵਿਚ ਪਾਠਕਾਂ ਦੇ ਸਨਮੁਖ ਹੋਈ ਹੈ।
ਇਹ ਲੇਖਿਕਾ ਬੇਬਾਕ ਹੋ ਕੇ ਸੈਕਸ ਕਰਨ ਨੂੰ ਕਿਰਤ ਮੰਨਦੀ ਹੈ। ਔਰਤ ਦੀਆਂ ਲੋੜਾਂ ਥੁੜਾਂ ਅਤੇ ਮਰਦ ਜਾਤੀ ਦੇ ਅੱਯਾਸ਼ੀ ਵਾਲੇ ਸਮਾਜਿਕ ਅਤੇ ਵਿਅਕਤੀਗਤ ਅੰਤਰ-ਸੰਬੰਧਾਂ ਦਾ ਨਿਡਰ ਹੋ ਕੇ ਸਵੈ ਵਰਨਣ ਕਰਦੀ ਹੈ। ਇਸ ਤਰ੍ਹਾਂ ਇਹ ਸਵੈ-ਜੀਵਨੀ ਸੈਕਸ ਵਰਕਰ ਦੀ ਉਹ ਆਤਮਕਥਾ ਹੈ ਜੋ ਕਰੂਰ ਯਥਾਰਥ ਦਾ ਪ੍ਰਗਟਾਵਾ ਹੈ। ਡਾ. ਸੰਜੀਵ ਕੁਮਾਰ ਨੇ ਚਰਚਾ ਹਿਤ ਤੀਸਰੀ ਸਵੈ-ਜੀਵਨੀ ਹਿੰਦੀ ਦੀ ਪ੍ਰਸਿੱਧ ਲੇਖਿਕਾ ਪ੍ਰਭਾ ਖੈਤਾਨ ਰਚਿਤ 'ਆਮ ਤੋਂ ਖ਼ਾਸ' ਚੁਣੀ ਹੈ। ਇਹ ਸਵੈ-ਜੀਵਨੀ ਔਰਤ ਜਾਤੀ ਦੀ ਮੁਕਤੀ ਵਾਸਤੇ ਆਰਥਿਕ ਸੁਤੰਤਰਤਾ, ਪਿਤਰੀ ਸਤਾ ਅਤੇ ਮਰਦ ਪ੍ਰਧਾਨ ਰੁਚੀਆਂ ਦਾ ਵਿਸ਼ਲੇਸ਼ਣ ਕਰਦੀ ਹੈ। ਪੁਸਤਕ ਵਿਚ ਅੰਕਿਤ ਚੌਥੀ ਸਵੈ-ਜੀਵਨੀ ਗਿਆਨੀ ਜ਼ੈਲ ਸਿੰਘ ਦੀ ਆਤਮਕਥਾ ਜੋ ਅੰਗਰੇਜ਼ੀ ਵਿਚ ਲਿਖੀਆਂ ਯਾਦਾਂ ਤੋਂ ਪੰਜਾਬੀ ਵਿਚ ਆਈ, ਦਾ ਵਿਸ਼ਲੇਸ਼ਣਾਤਮਿਕ ਅਧਿਐਨ ਹੈ। ਇਸ ਸਵੈ-ਜੀਵਨੀ ਵਿਚੋਂ ਗਿਆਨੀ ਜ਼ੈਲ ਸਿੰਘ ਦੇ ਇਕ ਸਾਧਾਰਨ ਵਿਅਕਤੀ ਤੋਂ ਪੰਜਾਬ ਦੇ ਮੁੱਖ ਮੰਤਰੀ, ਭਾਰਤ ਦੇ ਗ੍ਰਹਿ ਮੰਤਰੀ ਅਤੇ ਰਾਸ਼ਟਰਪਤੀ ਬਣਨ ਤੱਕ ਦੇ ਰਾਜਨੀਤਕ ਜੀਵਨ ਸਫ਼ਰ ਨੂੰ ਪਛਾਣਿਆ ਗਿਆ ਹੈ। ਇਨ੍ਹਾਂ ਸਭਨਾਂ ਸਵੈ-ਜੀਵਨੀਆਂ ਵਿਚਲੇ ਵਿਲੱਖਣ ਪੱਖਾਂ ਨੂੰ ਪੁਸਤਕ ਦੇ ਲੇਖਕ ਨੇ ਬੜੀ ਨੀਝ ਨਾਲ ਪਛਾਣ ਕੇ ਹਵਾਲਿਆਂ ਸਮੇਤ ਪਾਠਕਾਂ ਦੇ ਸਨਮੁਖ ਕੀਤਾ ਹੈ।

ਡਾ. ਜਗੀਰ ਸਿੰਘ ਨੂਰ
ਮੋ: 98142-09732

ਸੋਲਡ
ਲੇਖਕ : ਐਸ. ਸਾਕੀ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਕ, ਦਿੱਲੀ
ਮੁੱਲ : 295 ਰੁਪਏ, ਸਫ਼ੇ : 120
ਸੰਪਰਕ : 01145555610.

ਐਸ. ਸਾਕੀ ਪੰਜਾਬੀ ਦਾ ਲਗਾਤਾਰ ਲਿਖਦੇ ਰਹਿਣ ਵਾਲਾ ਪਿਆਰਾ ਅਤੇ ਪ੍ਰਵਾਨਿਤ ਗਲਪਕਾਰ ਹੈ। 'ਸੋਲਡ' ਉਸ ਦਾ ਹਾਲ ਹੀ ਵਿਚ ਛਪਿਆ ਨਵਾਂ ਕਹਾਣੀ-ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਕੁੱਲ੍ਹ 16 ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਇਸ ਸੰਗ੍ਰਹਿ ਦੀਆਂ ਪਹਿਲੀਆਂ ਤਿੰਨ ਕਹਾਣੀਆਂ ਆਸਟ੍ਰੇਲੀਆ ਦੇ ਮਾਹੌਲ ਅਤੇ ਵਰਤਾਰੇ ਬਾਰੇ ਲਿਖੀਆਂ ਹੋਈਆਂ ਹਨ। 'ਗੁੰਗੇ' ਕਹਾਣੀ ਅਜਿਹੇ ਬਜ਼ੁਰਗਾਂ ਦੀ ਹਾਲਤ ਬਿਆਨ ਕਰਦੀ ਹੈ ਜੋ ਉਸ ਮੁਲਕ ਦੀ ਭਾਸ਼ਾ ਨਾ ਸਮਝਣ ਕਾਰਨ ਗੁੰਗਿਆਂ ਵਾਂਗ ਵਿਹਾਰ ਕਰਦੇ ਹਨ। ਨਾ ਉਹ ਆਪਣੀ ਗੱਲ ਦੱਸ ਸਕਦੇ ਹਨ ਤੇ ਨਾ ਕਿਸੇ ਦੂਸਰੇ ਦੀ ਗੱਲ ਸਮਝ ਸਕਦੇ ਹਨ। 'ਸੋਲਡ' ਕਹਾਣੀ ਅਜਿਹੇ ਬਜ਼ੁਰਗ ਦੀ ਹੈ ਜੋ ਜਿਊਂਦੇ-ਜੀਅ ਆਪਣੇ ਘਰ ਨੂੰ ਚੰਗੀ ਤਰ੍ਹਾਂ ਸੰਭਾਲਦਾ ਤੇ ਦੇਖਭਾਲ ਕਰਦਾ ਹੈ ਪਰ ਉਸ ਦੇ ਮਰਦੇ ਹੀ ਝੱਟ ਉਸ ਦਾ ਪਿਆਰਾ ਘਰ ਵਾਰਿਸਾਂ ਵਲੋਂ ਝੱਟ-ਪੱਟ ਹੀ ਵੇਚ-ਵੱਟ ਲਿਆ ਜਾਂਦਾ ਹੈ।
'ਸਨ ਹੈਲਪ ਮੀ' ਇਕ ਅਜਿਹੇ ਪਛਤਾਵੇ ਭਰੇ ਬੰਦੇ ਦੀ ਕਹਾਣੀ ਹੈ ਜੋ ਲੋੜ ਪੈਣ 'ਤੇ ਆਪਣੇ ਮਾਪਿਆਂ ਦੀ ਮਦਦ ਨਹੀਂ ਕਰਦਾ ਤੇ ਮੁੜ ਪਛਤਾਵੇ ਦੀ ਅੱਗ 'ਚ ਸੜਦਾ ਰਹਿੰਦਾ ਹੈ। 'ਗਲੀ ਦੇ ਮੋੜ 'ਤੇ' ਇਕ ਅਜਿਹੇ ਜੋੜੇ ਦੀ ਕਹਾਣੀ ਹੈ ਜੋ ਜਿਊਂਦੇ-ਜੀਅ ਆਪਣੇ ਸਸਕਾਰ ਦਾ ਖ਼ਰਚਾ ਪੂਰਾ ਕਰਨ ਲਈ ਆਪਣੀਆਂ ਖੁਸ਼ੀਆਂ ਤੱਕ ਕੁਰਬਾਨ ਕਰ ਦਿੰਦੇ ਹਨ।
'ਉਲਟਾ ਪੁਲਟਾ' ਇਕ ਹਾਸਰਸੀ ਕਹਾਣੀ ਹੈ, ਜਿਸ ਵਿਚ ਇਕ ਨੀਮ-ਹਕੀਮ ਕਿਸਮ ਦਾ ਬ੍ਰਾਹਮਣ ਵਿਆਹ 'ਚ ਗ਼ਲਤੀ ਨਾਲ ਕਿਰਿਆ ਕਰਮ ਵਾਲੇ ਮੰਤਰ ਪੜ੍ਹ ਕੇ ਚੰਗੀ ਕੁੱਟ ਖਾਂਦਾ ਹੈ। 'ਜਿਊਂਦਾ ਰਹਿ' ਇਕ ਅਜਿਹੇ ਪੁੱਤ ਦੀ ਕਹਾਣੀ ਹੈ ਜੋ ਆਪਣੇ ਟੱਬਰ ਦੀ ਆਰਥਿਕ ਹਾਲਤ ਸੁਧਾਰਨ ਲਈ ਅੱਤਵਾਦੀ ਬਣ ਜਾਂਦਾ ਹੈ। 'ਸੱਪ' ਲਾਲਚੀ ਜਵਾਈਆਂ ਦਾ ਕਿਰਦਾਰ ਪੇਸ਼ ਕਰਦੀ ਕਹਾਣੀ ਹੈ ਜੋ ਪੈਸੇ ਲਈ ਆਪਣੇ ਸਹੁਰੇ ਨੂੰ ਜਲਦੀ ਮਰਿਆ ਭਾਲਦੇ ਹਨ। 'ਛੋਟੇ ਕੱਦ ਦਾ ਲੰਬਾ ਆਦਮੀ' ਇਕ ਅਜਿਹੇ ਪਰਉਪਕਾਰੀ ਡਾਕਟਰ ਦੀ ਕਹਾਣੀ ਹੈ ਜੋ ਇਕ ਅਨਾਥ ਕੁੜੀ ਨੂੰ ਧੀ ਵਾਂਗ ਪਾਲਦਾ ਹੈ। 'ਕਿਹੀ ਜਾਤ' ਇਕ ਅਜਿਹੇ ਸਰਦਾਰ ਦੀ ਕਹਾਣੀ ਹੈ ਜੋ ਗ਼ਰੀਬ ਗ਼ੁਰਬਿਆਂ ਦੀਆਂ ਧੀਆਂ-ਭੈਣਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਹੈ। ਇਸੇ ਤਰ੍ਹਾਂ 'ਬੰਦ ਮੁੱਠੀਆਂ ਖੁੱਲ੍ਹੀਆਂ ਮੁੱਠੀਆਂ', 'ਪਰਸਾ', 'ਭਗਤੀ ਦੇ ਰੂਪ' ਵੀ ਛੋਟੇ-ਵੱਡੇ ਮਨੁੱਖੀ ਅਹਿਸਾਸਾਂ ਦੀ ਪੇਸ਼ਕਾਰੀ ਕਰਦੀਆਂ ਹਨ। ਐਸ. ਸਾਕੀ ਮਾਨਵਵਾਦੀ ਗਲਪਕਾਰ ਹੈ। ਉਹ ਕਹਾਣੀਆਂ 'ਚ ਮਨੁੱਖੀ ਕਿਰਦਾਰ ਅਤੇ ਚਰਿੱਤਰ ਦੇ ਅਜਿਹੇ ਪੱਖ ਪੇਸ਼ ਕਰਦਾ ਹੈ ਜੋ ਮਨੁੱਖ ਦੀਆਂ ਸਤਿਯੁਗੀ ਖਸਲਤਾਂ ਪੇਸ਼ ਕਰਦੇ ਹੋਣ।

ਕੇ.ਐਲ. ਗਰਗ
ਮੋ: 94635-37050.

ਕੂੰਜ ਉਡਾਰੀ
ਕਵੀ : ਸੁਰਜੀਤ ਸਿੰਘ ਭੁੱਲਰ
ਪ੍ਰਕਾਸ਼ਕ : ਪ੍ਰਤੀਕ ਪਬਲਿਸ਼ਰਜ਼, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 98773-58869.

ਸੁਰਜੀਤ ਸਿੰਘ ਭੁੱਲਰ ਦੀ ਹਥਲੀ ਪੁਸਤਕ ਉਸ ਵਲੋਂ ਸਿਰਜੀਆਂ ਵਾਰਤਕ ਜਾਂ ਛੰਦ-ਮੁਕਤ ਕਵਿਤਾਵਾਂ ਦਾ ਮਜ਼ਮੂਆ ਹੈ। ਕੁੱਲ 71 ਖੁੱਲ੍ਹੀਆਂ ਕਵਿਤਾਵਾਂ ਹਨ। ਪੁਸਤਕ ਉੱਤੇ ਦਰਜ ਇਬਾਰਤ ਅਨੁਸਾਰ ਭੁੱਲਰ ਇਸ ਪੁਸਤਕ ਤੋਂ ਪੂਰਵ 7 ਨਜ਼ਮਾਂ ਦੀਆਂ ਪੁਸਤਕਾਂ ਪ੍ਰਕਾਸ਼ਿਤ ਕਰਵਾ ਚੁੱਕਾ ਹੈ। ਕਵੀ ਦਾ ਜੀਵਨ ਵਿਚ ਲੰਮਾ ਤਜਰਬਾ ਹੈ। ਇਸੇ ਲਈ ਉਸ ਦੇ ਖਿਆਲਾਂ ਵਿਚ ਪਕਿਆਈ ਹੈ। ਉਸ ਨੇ ਆਪਣੀਆਂ ਕਵਿਤਾਵਾਂ ਵਿਚ ਪੰਜਾਬੀ ਸੱਭਿਆਚਾਰ ਨੂੰ ਦਿਲ ਨਾਲ ਲਿਖਿਆ ਹੈ। ਉਸ ਦੀ ਪਹਿਲੀ ਕਵਿਤਾ 'ਸਵਾਲ ਬਨਾਮ ਜਵਾਬ' ਪੇਸ਼ ਹੈ : 'ਮੇਰੇ ਲਈ ਤੇਰਾ ਸਰੂਪ/ਦੋ ਤਰ੍ਹਾਂ ਦਾ ਸੁਪਨਾ ਹੈ/ਅੱਗ ਵਿਚ ਬਲਣਾ/ਜਾਂ ਬਰਫ਼ 'ਤੇ ਚੱਲਣਾ/ਵਿਚਕਾਰ ਕੁਝ ਨਹੀਂ/ਤੇ ਫਿਰ ਵਸਲ ਕਿਵੇਂ?/ਮੈਂ ਦੀ ਮੈਂ ਦਾ ਮਾਰਨਾ'
ਕਵੀ ਫੇਸਬੁੱਕੀ ਦੋਸਤਾਂ ਨੂੰ ਵੀ ਸੰਬੋਧਿਤ ਹੈ :
'ਕਈ ਅਭਿਮਾਨੀ ਮਿੱਤਰ ਸਮਝਦੇ ਨੇ/ਕਿ ਫੇਸ ਬੁੱਕ ਦੇ ਮੰਚ ਨੂੰ/ਉਨ੍ਹਾਂ ਦੀ ਰਚਨਾ ਚਮਕਾਉਂਦੀ ਹੈ/ਕਿਉਂਕਿ ਉਨ੍ਹਾਂ ਦੇ ਪੱਲੇ/ਸੈਂਕੜੇ ਲਾਇਕ ਪੈ ਜਾਂਦੇ ਨੇ/...ਅਜਿਹੀ ਹਾਲਤ ਵਿਚ ਲੇਖਕ ਮਨ/ਜਦ ਕਾਲਪਨਿਕ ਸੰਸਾਰ ਦੀ ਉਡਾਣ ਭਰਦਾ ਹੈ/ਤਾਂ ਅੰਤਰ ਗਿਆਨ ਦੀ ਸਹਿਜ ਯੁਕਤੀ ਨਾਲ/ਸ਼ਬਦਾਂ ਦੁਆਰਾ ਦ੍ਰਿਸ਼ਟਮਾਨ ਕਰਦਿਆਂ/ਵਿਚਾਰਾਂ ਦੇ ਪੈਟਰਨ ਬੁਣ ਲੈਂਦਾ ਹੈ...' ਇਹ ਕਵਿਤਾਵਾਂ ਪੜ੍ਹਦਿਆਂ ਇਵੇਂ ਲਗਦਾ ਹੈ ਕਿ ਵਾਰਤਕ ਪੜ੍ਹ ਰਹੇ ਹਾਂ। ਕਵਿਤਾ ਜਿਹਾ ਜਜ਼ਬਾ ਕਲਪਨਾ ਉਡਾਉਣ ਅਤੇ ਸ਼ਬਦਾਂ ਨੂੰ ਗੁੰਦਣ ਤੇ ਗੂੰਜਣ ਇਸ ਵਿਚ ਕੁਝ ਵੀ ਨਹੀਂ।
ਕਵਿਤਾ ਵਾਪਸੀ ਵਿਚ ਉਹ ਆਪਣੀ ਪ੍ਰੇਮਿਕਾ ਨੂੰ ਸੰਬੋਧਿਤ ਹੈ : 'ਪਿਛਲੇ ਸਾਲ ਤੂੰ ਮੈਨੂੰ/ਪਤਝੜ ਦੇ ਹਵਾਲੇ ਕਰਕੇ/ਚਲੀ ਗਈ ਸੀ/ਕਿ ਛੇਤੀ ਪਰਤਾਂਗੀ/ਸਾਲ ਅੰਦਰ ਹੀ ਮੇਰੀ ਦੇਹ ਦੀ/ਕੰਧ ਢਹਿ ਢੇਰੀ ਹੋ ਗਈ ਏ' ਕਵੀ ਦੀ 'ਨੂਰ ਤੇ ਹਨੇਰ' ਕਵਿਤਾ ਵੀ ਅਜੀਬ ਪੈਰਾਡਾਈਮ ਪੇਸ਼ ਕਰਦੀ ਹੈ :
'ਹਨੇਰ 'ਚੋਂ ਉਪਜੇ ਨੂਰ,
ਨੂਰ 'ਚੋਂ ਉਪਜੇ ਹਨੇਰ।
ਰਾਤ 'ਚੋਂ ਉਗਮੇ ਸਵੇਰ,
ਸਵੇਰ 'ਚੋਂ ਉਗਮੇ ਹਨੇਰ
ਦੱਸ ਮਿੱਟੀ ਦੇ ਬਾਵਿਆ
ਕੀ ਹੈ ਤੇਰਾ ਵਿਚਾਰ...'
ਅਜਿਹੀਆਂ ਕਵਿਤਾਵਾਂ ਬਾਰੇ ਤਾਂ ਕੋਈ ਮਿੱਟੀ ਦਾ ਬਾਵਾ ਹੀ ਵਿਚਾਰ ਦੇ ਸਕਦਾ ਹੈ। ਉਂਜ ਕਾਵਿ ਪੁਸਤਕ ਪੜ੍ਹਨ ਲਈ ਵਧੀਆ ਹੈ।

ਸੁਲੱਖਣ ਸਰਹੱਦੀ
ਮੋ: 94174-84337.

14-11-2021

ਦੱਰਿਆਂ ਅਤੇ ਦਰਿਆਵਾਂ ਸੰਗ
(ਸਫ਼ਰਨਾਮਾ)

ਲੇਖਕ : ਪ੍ਰੀਤਮ ਰੁਪਾਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 87
ਸੰਪਰਕ : 94171-92623.


ਪ੍ਰੀਤਮ ਰੁਪਾਲ ਨੇ ਹੁਣ ਤੱਕ ਨੌਂ ਕਿਤਾਬਾਂ ਦੀ ਰਚਨਾ ਕੀਤੀ ਹੈ, ਜਿਨ੍ਹਾਂ ਵਿਚ ਤਿੰਨ ਸਫ਼ਰਨਾਮੇ, ਦੋ ਖੋਜ-ਕਾਰਜ, ਇਕ-ਇਕ ਜੀਵਨੀ ਤੇ ਸੰਪਾਦਨ, ਦੋ ਅਨੁਵਾਦ ਦੀਆਂ ਕਿਤਾਬਾਂ ਸ਼ਾਮਿਲ ਹਨ।
ਹਥਲੀ ਕਿਤਾਬ ਪਹਾੜੀ ਖੇਤਰ ਦਾ ਸਫ਼ਰਨਾਮਾ ਹੈ, ਜਿਸ ਵਿਚ ਜੰਮੂ-ਕਸ਼ਮੀਰ, ਕਾਰਗਿਲ, ਲੱਦਾਖ ਦਾ ਰੋਮਾਂਚਿਕ ਬਿਰਤਾਂਤ ਹੈ। ਇਸ ਪੁਸਤਕ ਦੇ 18 ਅਧਿਆਏ ਹਨ। ਇਹ ਸਫ਼ਰ ਉਸ ਦੀ ਚੰਡੀਗੜ੍ਹ ਪ੍ਰੈੱਸ ਕਲੱਬ ਦੀ ਐਡਵੈਂਚਰ ਕਮੇਟੀ ਦੀ ਸੋਲ਼ਾਂ ਮੈਂਬਰੀ ਟੀਮ ਨਾਲ ਸੰਬੰਧਿਤ ਹੈ, ਜਿਸ ਵਿਚ ਕਈ ਪੱਤਰਕਾਰ ਨਰਿੰਦਰ ਸਿੰਘ, ਸੁਖਬੀਰ ਸਿੰਘ, ਪੰਕਜ ਵਾਸੂਦੇਵ, ਪ੍ਰਦੀਪ ਧੁੱਲ, ਪੰਕਜ ਸ਼ਰਮਾ, ਦੀਪਕ, ਅਰੁਣ ਨਥਾਨੀ, ਰੋਹਿਤ ਅਵਸਥੀ, ਡਾ. ਜੋਗਿੰਦਰ ਸਿੰਘ, ਵਿਸ਼ਾਲ ਗੁਲਾਟੀ, ਉਮੇਸ਼ ਘਰੇੜਾ, ਪਰਮਬੀਰ ਬੈਂਸ, ਤੇਜਿੰਦਰ ਸਹਿਗਲ, ਸਵਦੇਸ਼ ਤਲਵਾੜ, ਮਨਮੋਹਨ ਸਿੰਘ ਦੇ ਨਾਲ-ਨਾਲ ਕਿਤਾਬ ਦਾ ਲੇਖਕ ਪ੍ਰੀਤਮ ਰੁਪਾਲ ਸ਼ਾਮਿਲ ਹੈ। ਇਸ ਅਡਵੈਂਚਰ ਕਮੇਟੀ ਦਾ ਚੇਅਰਮੈਨ ਸੁਖਬੀਰ ਸਿੰਘ ਅਤੇ ਕਨਵੀਨਰ ਪ੍ਰੀਤਮ ਰੁਪਾਲ ਸੀ। ਇਹ ਦਸ-ਰੋਜ਼ਾ ਸਫ਼ਰ 5 ਜੁਲਾਈ, 2005 ਨੂੰ ਸ਼ੁਰੂ ਹੋਇਆ ਸੀ, ਜੋ ਉਨ੍ਹਾਂ ਨੇ ਤਿੰਨ ਮਹਿੰਦਰਾ ਸਕਾਰਪੀਓ ਜੀਪਾਂ 'ਤੇ ਕੀਤਾ।
ਸਫ਼ਰ ਦੀ ਸ਼ੁਰੂਆਤ ਵਿਚ ਜ਼ੋਰਦਾਰ ਮੀਂਹ ਪੈਣ ਕਰਕੇ ਤੇ ਫਿਰ ਬਿਆਸ ਦਰਿਆ ਵਿਚ ਹੜ੍ਹ ਆਉਣ ਕਰਕੇ ਇਕ ਵਾਰ ਤਾਂ ਵਾਪਸ ਮੁੜਨ ਦਾ ਫ਼ੈਸਲਾ ਕਰ ਲਿਆ ਗਿਆ ਸੀ। ਪਰ ਫਿਰ ਲੇਖਕ ਦੀ ਮੰਗ 'ਤੇ ਇਹ ਸਫ਼ਰ ਜਾਰੀ ਰੱਖਿਆ ਗਿਆ। ਇਹ ਟੀਮ ਕੀਰਤਪੁਰ, ਮੰਡੀ, ਮਨਾਲੀ, ਕੁੱਲੂ, ਰੋਹਤਾਂਗ, ਕੇਲਾਂਗ, ਪਾਂਗ, ਤੰਗਲੰਗ, ਪੈਂਗੌਂਗ, ਲੇਹ, ਸਿੰਧ ਵਾਦੀ, ਕਾਰਗਿਲ, ਦਰਾਸ, ਕਸ਼ਮੀਰ, ਸ੍ਰੀਨਗਰ, ਪਤਨੀਟਾਪ, ਕਠੂਆ ਹੁੰਦੀ ਹੋਈ ਵਾਪਸ ਮੁਕੇਰੀਆਂ ਰਾਹੀਂ ਚੰਡੀਗੜ੍ਹ ਪਹੁੰਚੀ।
ਇਹ ਸਫ਼ਰਨਾਮਾ ਬਹੁਤ ਹੀ ਜੋਖ਼ਮ ਭਰਿਆ, ਸੁਆਦਲਾ, ਰੋਮਾਂਚਕ ਅਤੇ ਦਿਲਚਸਪ ਹੈ, ਜਿਸ ਨੂੰ ਪ੍ਰੀਤਮ ਰੁਪਾਲ ਨੇ ਬਹੁਤ ਹੀ ਖ਼ੂਬਸੂਰਤੀ ਨਾਲ ਕਲਮਬੱਧ ਕੀਤਾ ਹੈ। ਪੜ੍ਹਦੇ ਸਮੇਂ ਪਾਠਕ ਖ਼ੁਦ ਨੂੰ ਸਫ਼ਰ ਵਿਚ ਮਹਿਸੂਸ ਕਰਦਾ ਹੈ। ਔਖੇ-ਔਝੜ ਰਾਹਵਾਂ, ਹਸੀਨ ਵਾਦੀਆਂ, ਪ੍ਰਕਿਰਤੀ ਦੇ ਅਦਭੁਤ ਨਜ਼ਾਰਿਆਂ ਨਾਲ ਭਰਪੂਰ ਇਹ ਸਫ਼ਰਨਾਮਾ ਪਾਠਕਾਂ ਨੂੰ ਆਪਣੇ ਨਾਲ-ਨਾਲ ਤੋਰੀ ਰੱਖਦਾ ਹੈ। ਇਸ ਦੀ ਵਰਨਣ-ਸ਼ੈਲੀ ਤੇ ਪੇਸ਼ਕਾਰੀ ਏਨੀ ਸਹਿਜ ਤੇ ਰਵਾਨਗੀ ਭਰੀ ਹੈ ਕਿ ਪਾਠਕ ਕਿਤੇ ਵੀ ਅਕੇਵਾਂ ਜਾਂ ਰੁਕਾਵਟ ਮਹਿਸੂਸ ਨਹੀਂ ਕਰਦਾ। ਪੰਜਾਬੀ ਦੇ ਸਫ਼ਰਨਾਮਾ-ਸਾਹਿਤ ਵਿਚ ਦੱਰਿਆਂ ਅਤੇ ਦਰਿਆਵਾਂ ਦੇ ਸਫ਼ਰਨਾਮੇ ਬਹੁਤ ਘੱਟ ਲਿਖੇ ਗਏ ਹਨ, ਜਿਸ ਕਰਕੇ ਪ੍ਰੀਤਮ ਰੁਪਾਲ ਦੇ ਇਸ ਸਫ਼ਰਨਾਮੇ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਇਸ ਸਫ਼ਰਨਾਮੇ ਨੂੰ ਪੜ੍ਹ ਕੇ ਪਾਠਕ ਦੇ ਮਨ ਵਿਚ ਵੀ ਯਾਤਰਾ ਕਰਨ ਦੀ ਤਾਂਘ ਪੈਦਾ ਹੁੰਦੀ ਹੈ ਇਹੋ ਇਸ ਸਫ਼ਰਨਾਮੇ ਦੀ ਸਫਲਤਾ ਦਾ ਰਾਜ਼ ਹੈ!


ਪ੍ਰੋ: ਨਵ ਸੰਗੀਤ ਸਿੰਘ
ਮੋ: 94176-92015
c c c


ਮਨਮੋਹਨ ਸਿੰਘ ਦਾਊਂ ਦੀ ਸਾਹਿਤਕ ਡਾਇਰੀ
ਮੁੱਖ ਸੰਪਾਦਕ : ਡਾ. ਬਲਜੀਤ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲੀਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 132
ਸੰਪਰਕ : 98551-08977.


ਮਨਮੋਹਨ ਸਿੰਘ ਦਾਊਂ ਪੰਜਾਬੀ ਸਾਹਿਤ ਖੇਤਰ ਵਿਚ ਇਕ ਜਾਣਿਆ-ਪਛਾਣਿਆ ਨਾਂਅ ਹੈ। ਵਿਚਾਰ ਅਧੀਨ ਪੁਸਤਕ ਮਨਮੋਹਨ ਸਿੰਘ ਦਾਊਂ ਦੀ ਸਾਹਿਤਕ ਡਾਇਰੀ, ਡਾ. ਬਲਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਸੰਪਾਦਤ ਕੀਤੀ ਗਈ ਹੈ। ਜਿਵੇਂ ਕਿ ਇਸ ਪੁਸਤਕ ਦੇ ਨਾਂਅ ਤੋਂ ਹੀ ਸਪੱਸ਼ਟ ਹੁੰਦਾ ਹੈ, ਇਸ ਵਿਚ ਮਨਮੋਹਨ ਸਿੰਘ ਦਾਊਂ ਦੀਆਂ ਸਾਹਿਤਕ ਯਾਦਾਂ, ਟਿੱਪਣੀਆਂ ਅਤੇ ਤਜਰਬੇ ਇਤਿਹਾਸਕ, ਸੱਭਿਆਚਾਰਕ ਅਤੇ ਸਾਹਿਤਕ ਪਰਿਪੇਖ ਵਿਚ ਕਲਮਬੱਧ ਕੀਤੇ ਗਏ ਹਨ। ਸਾਹਿਤਕ ਡਾਇਰੀ ਨੂੰ ਪੰਜ ਖੰਡਾਂ ਵਿਚ ਵੰਡਿਆ ਗਿਆ ਹੈ।
ਪਹਿਲਾ ਖੰਡ, ਜੀਵਨ ਤਜਰਬੇ 'ਚੋਂ ਕਥਨ-ਪ੍ਰਵਚਨ, ਵਿਚ ਲੇਖਕ ਦੇ ਜੀਵਨ-ਤਜਰਬੇ ਆਧਾਰਿਤ ਕਥਨਾਂ ਨੂੰ ਪੇਸ਼ ਕੀਤਾ ਗਿਆ ਹੈ। ਵਿਸ਼ਾਗਤ ਪੱਖ ਤੋਂ ਇਹ ਕਥਨ ਲੇਖਕ ਦੀ ਸਮਾਜਿਕ, ਮਨੋਵਿਗਿਆਨਕ ਅਤੇ ਧਾਰਮਿਕ ਸੋਚ ਦਾ ਸਮੱਗਰ ਪ੍ਰਗਟਾਵਾ ਕਰਦੇ ਹਨ। ਦੂਜੇ ਖੰਡ ਦਾ ਉਪ-ਸਿਰਲੇਖ ਪ੍ਰਕਿਰਤੀ ਨਾਲ ਗੱਲਾਂ ਹੈ। ਸਿੰਬਲ ਦੇ ਰੁੱਖ ਦੀ ਖੂਬਸੂਰਤੀ, ਸਰਕੜਿਆਂ ਦੇ ਝੂਮਦੇ ਫੁੱਲ, ਖੇਤਾਂ ਦੀ ਹਿਚਕੀ ਅਤੇ ਪਿੰਡ ਦੇ ਬਿੰਬ ਰਾਹੀਂ ਪ੍ਰਕਿਰਤੀ ਦੀ ਖੂਬਸੂਰਤੀ ਨੂੰ ਚਿਤਰਿਆ ਗਿਆ ਹੈ। ਤੀਜੇ ਖੰਡ ਦਾ ਉਪ-ਸਿਰਲੇਖ ਸਮਿਆਂ ਦੇ ਨਾਇਕ ਵਿਚ ਰਾਸ਼ਟਰੀ/ਅੰਤਰਰਾਸ਼ਟਰੀ ਕਵੀਆਂ, ਲੇਖਕਾਂ, ਸ਼ਾਇਰਾਂ, ਚਿਤਰਕਾਰਾਂ, ਚਿੰਤਕਾਂ ਅਤੇ ਨੇਤਾਵਾਂ 'ਤੇ ਸਾਹਿਤਕ ਅੰਦਾਜ਼ ਵਿਚ ਟਿੱਪਣੀਆਂ (ਜਿਵੇਂ ਲੇਖਕ ਨੇ ਉਨ੍ਹਾਂ ਨੂੰ ਪੜ੍ਹਿਆ/ਜਾਣਿਆ) ਦਰਜ ਕੀਤੀਆਂ ਗਈਆਂ ਹਨ। ਚੌਥਾ ਖੰਡ, ਪੁਸਤਕਾਂ ਦਾ ਸੰਗ-ਸਾਥ, ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਸੰਖੇਪ ਜਾਣਕਾਰੀ ਨਾਲ ਸ਼ੁਰੂ ਹੁੰਦਾ ਹੈ। ਇੰਜ ਜਾਪਦਾ ਹੈ ਕਿ ਲੇਖਕ ਵਲੋਂ ਪੰਜਾਬੀ ਦੇ ਚਰਚਿਤ ਨਾਵਲਕਾਰਾਂ, ਕਹਾਣੀਕਾਰਾਂ ਅਤੇ ਕਵੀਆਂ ਦੇ ਨਾਵਲ/ਕਹਾਣੀਆਂ/ਕਵਿਤਾਵਾਂ ਦੀ ਪੜ੍ਹਤ ਤੋਂ ਬਾਅਦ ਦੀ ਪਹਿਲੀ ਪ੍ਰਤੀਕਿਰਿਆ ਦਰਜ ਹੈ। ਡਾਇਰੀ ਦਾ ਅੰਤਿਮ (ਪੰਜਵਾਂ) ਖੰਡ, ਕਥਾ ਵਰਗੇ ਪ੍ਰਸੰਗ ਰਾਹੀਂ ਲੇਖਕ ਦੀ ਸਮਾਜਿਕ ਸਰੋਕਾਰਾਂ ਪ੍ਰਤੀ ਮਾਨਵਵਾਦੀ ਪਹੁੰਚ ਦਾ ਪ੍ਰਗਟਾਵਾ ਮਿਲਦਾ ਹੈ। ਛੋਟੇ-ਛੋਟੇ ਕਥਾ ਪ੍ਰਸੰਗਾਂ ਦੀ ਸ਼ੈਲੀ ਪਾਠਕ ਦੇ ਮਾਨਸਿਕ ਵਲਵਲਿਆਂ ਨੂੰ ਨਾ ਸਿਰਫ ਝੰਜੋੜਦੀ ਹੀ ਹੈ ਸਗੋਂ ਪ੍ਰਵਾਨਿਤ ਸਮਾਜਿਕ ਮਾਨਤਾਵਾਂ ਨੂੰ ਨਵੇਂ ਪ੍ਰਸੰਗਾਂ ਵਿਚ ਪ੍ਰਸਤੁਤ ਵੀ ਕਰਦੀ ਹੈ।
ਪੁਸਤਕ ਆਪਣੀ ਦਿੱਖ ਅਤੇ ਪ੍ਰਸਤੁਤੀ ਦੇ ਲਹਿਜੇ ਤੋਂ ਵੀ ਵੱਖਰੀ ਹੈ। ਮਨਮੋਹਨ ਸਿੰਘ ਦੀ ਸਾਹਿਤਕ ਡਾਇਰੀ ਦੀ ਵਿਉਂਤਬੰਦੀ ਅਤੇ ਖੰਡਾਂ ਅਨੁਸਾਰ ਸਾਹਿਤਕ ਟਿੱਪਣੀਆਂ/ਪ੍ਰਸੰਗਾਂ ਦੀ ਚੋਣ ਵਿਚੋਂ ਸੰਪਾਦਕੀ ਮੰਡਲ ਦੀ ਮਿਹਨਤ ਝਲਕਦੀ ਹੈ।


ਡਾ. ਪ੍ਰਦੀਪ ਕੌੜਾ
ਮੋ: 95011-15200


ਸਵਰਾਜਬੀਰ ਦੇ ਨਾਟਕ ਇਤਿਹਾਸ ਅਤੇ ਮਿਥਿਹਾਸ ਚੇਤਨਾ

ਲੇਖਿਕਾ : ਡਾ. ਮਨਪ੍ਰੀਤ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 127
ਸੰਪਰਕ : 97799-92332.


ਹਥਲੀ ਪੁਸਤਕ ਪੰਜਾਬੀ ਨਾਟ-ਸਾਹਿਤ ਅਤੇ ਇਸ ਦੀ ਪੇਸ਼ਕਾਰੀ ਨੂੰ ਨਵ-ਦ੍ਰਿਸ਼ਟੀ ਪ੍ਰਦਾਨ ਕਰਨ ਵਾਲੇ ਰਚਨਾਕਾਰ ਸਵਰਾਜਬੀਰ ਦੇ ਪੰਜ ਨਾਟਕਾਂ ਧਰਮ ਗੁਰੂ, ਕ੍ਰਿਸ਼ਨ, ਮੇਦਨੀ, ਸ਼ਾਇਰੀ ਅਤੇ ਅਗਨੀ ਕੁੰਡ ਦਾ ਆਲੋਚਨਾਤਮਿਕ ਅਧਿਐਨ ਇਤਿਹਾਸਕ ਅਤੇ ਮਿਥਿਹਾਸਕ ਨੁਕਤਿਆਂ ਦੀਆਂ ਬਾਰੀਕੀਆਂ ਨੂੰ ਸਮਝ ਕੇ ਪਾਠਕਾਂ ਦੇ ਸਨਮੁੱਖ ਪੇਸ਼ ਕਰਦੀ ਹੈ। ਪੁਸਤਕ ਨੂੰ ਵਿਧੀਵਤ ਰੂਪ ਦੇਣ ਲਈ ਲੇਖਿਕਾ ਨੇ ਸਭ ਤੋਂ ਪਹਿਲਾਂ ਇਤਿਹਾਸਕ ਚੇਤਨਾ ਅਤੇ ਚਿੰਤਨ, ਫਿਰ ਮਿਥਿਹਾਸਕ ਚੇਤਨਾ ਅਤੇ ਚਿੰਤਨ ਦੇ ਸਿਧਾਂਤਕ ਅਤੇ ਵਿਹਾਰਕ ਪਹਿਲੂਆਂ ਦੀ ਖੋਜਪਰਕ ਜਾਣਕਾਰੀ ਦਿੱਤੀ ਹੈ। ਇਸ ਉਪਰੰਤ ਇਤਿਹਾਸ ਮਿਥਿਹਾਸ ਨੂੰ ਜਿਸ ਪ੍ਰਸੰਗਤਾ ਦੇ ਅੰਤਰਗਤ ਸਾਹਿਤ ਵਿਚ ਸਥਾਪਤ ਕੀਤਾ ਗਿਆ ਜਾਂ ਇਸ ਦੇ ਬਦਲਵੇਂ ਸਰੂਪ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਸਮਝਣ ਦੀ ਕੋਸ਼ਿਸ਼ ਕੀਤੀ ਗਈ, ਦਾ ਭਾਵਪੂਰਤ ਵਰਨਣ ਹੈ। ਪੁਸਤਕ ਦੇ ਅਗਲੇ ਤਿੰਨ ਕਾਂਡ ਸਵਰਾਜ ਬੀਰ ਰਚਿਤ ਉਕਤ ਨਾਟਕਾਂ ਦੇ ਵਿਵਹਾਰਕ ਸਰੂਪ ਦਾ ਪ੍ਰਗਟਾਵਾ ਹਨ। ਇਨ੍ਹਾਂ ਵਿਚ ਸਵਰਾਜਬੀਰ ਦੀ ਨਾਟਕੀ ਚੇਤਨਾ ਮਿੱਥ ਨੂੰ ਕਿਵੇਂ ਤੋੜਦੀ ਹੈ, ਮਿੱਥ ਅਤੇ ਯਥਾਰਥਕ ਸਮਕਾਲੀਨ ਹਾਲਾਤ ਕੀ ਹਨ? ਅਤੇ ਇਸ ਵਰਤਾਰੇ ਵਿਚ ਜੀਵਨ ਦੀ ਟੁੱਟ-ਭੱਜ, ਰਜਵਾੜਾਸ਼ਾਹੀ ਦੀ ਲੁੱਟ-ਖੋਹ, ਗ਼ਰੀਬ ਜਾਤੀ ਦੇ ਲੋਕਾਂ ਦੀ ਕਤਲੋਗਾਰਤ, ਨਾਰੀ ਜਾਤੀ ਦੇ ਪ੍ਰਤੀ ਅਪਮਾਨਜਨਕ ਵਤੀਰੇ ਆਦਿ ਦਾ ਵਿਸ਼ੇਸ਼ ਵਰਨਣ ਹੈ। ਇਤਿਹਾਸਕ ਪ੍ਰਸੰਗਤਾ ਵਿਚ ਕੁਲੀਨ ਵਰਗ ਗ਼ਰੀਬ, ਦਲਿਤ ਅਤੇ ਕਥਿਤ ਨੀਵੀਆਂ ਜਾਤੀਆਂ ਲਈ ਕਿਸ ਤਰ੍ਹਾਂ ਘਾਤਕ ਕਾਰਵਾਈਆਂ ਕਰਦਾ ਹੈ ਅਤੇ ਵਾਰ-ਵਾਰ ਉਨ੍ਹਾਂ ਨੂੰ ਅਗਨੀ ਕੁੰਡ ਵਿਚ ਉਬਾਲਦਾ ਹੈ ਆਦਿ ਦਾ ਵਰਣਨ ਵੀ ਬਾਖੂਬੀ ਕੀਤਾ ਹੈ। ਧਰਤੀ ਮਾਂ ਜਾਂ ਦੁਨਿਆਵੀ ਮਾਂ ਜੋ ਜੀਵਾਂ ਦੀ ਪਾਲਕ ਹੈ ਜਾਂ ਸੰਤਾਨ ਦੀ ਰੱਖਿਅਕ ਹੈ ਕਿਸ ਤਰ੍ਹਾਂ ਘਿਨੌਣੀ ਹੱਦ ਤੱਕ ਪਹੁੰਚ ਜਾਂਦੀ ਹੈ ਆਦਿ ਦਾ ਵੀ ਖੂਬ ਵਰਨਣ ਹੈ। ਵਿਦਵਾਨ ਲੇਖਿਕਾ ਨੇ ਆਧੁਨਿਕ ਖੋਜ ਪੱਧਤੀਆਂ ਦੀ ਧਾਰਕ ਹੋ ਕੇ ਸਵਰਾਜਬੀਰ ਦੇ ਨਾਟਕਾਂ ਵਿਚ ਪ੍ਰਗਟ ਕਾਰਪੋਰੇਟ ਸੈਕਟਰ, ਪਦਾਰਥਵਾਦੀ ਰੁਚੀਆਂ, ਸਮਾਜਿਕ ਵਰਤਾਰੇ ਵਿਚ ਵਿਤਕਰਿਆਂ ਅਤੇ ਰਾਜਨੀਤਕ ਪ੍ਰਬੰਧਨ ਵਿਚ ਪਸਰੇ ਭ੍ਰਿਸ਼ਟਾਚਾਰਕ ਵਰਤਾਰੇ ਨੂੰ ਵੀ ਪਰਤ-ਦਰ-ਪਰਤ ਪਛਾਣਿਆ ਹੈ। ਨਿਰਸੰਦੇਹ, ਇਹ ਪੁਸਤਕ ਖੋਜਾਰਥੀਆਂ ਲਈ ਲਾਭਕਾਰੀ ਸਾਬਤ ਹੋਵੇਗੀ।


ਡਾ. ਜਗੀਰ ਸਿੰਘ ਨੂਰ
ਮੋ: 98142-09732


ਕਿੱਟੀ ਦੀ ਖੀਰ

ਲੇਖਿਕਾ : ਮਨਦੀਪ ਰਿੰਪੀ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 150 ਰੁਪਏ, ਸਫ਼ੇ : 48
ਸੰਪਰਕ : 98143 85918.


ਹਥਲੀ ਪੁਸਤਕ 'ਕਿੱਟੀ ਦੀ ਖੀਰ' ਮਨਦੀਪ ਰਿੰਪੀ ਦੀ ਪੰਦਰਾਂ ਬਾਲ ਕਹਾਣੀਆਂ ਦੀ ਬਹੁਤ ਹੀ ਪਿਆਰੀ ਅਤੇ ਨਿਆਰੀ ਪੁਸਤਕ ਹੈ। ਬੱਚੇ ਪੰਛੀਆਂ ਅਤੇ ਜਾਨਵਰਾਂ ਨੂੰ ਬੜੀ ਘੋਖਵੀਂ ਨਜ਼ਰ ਨਾਲ ਵੇਖਦੇ ਹਨ ਅਤੇ ਬਹੁਤ ਪਿਆਰ ਵੀ ਕਰਦੇ ਹਨ, ਸ਼ਾਇਦ ਇਸੇ ਕਰਕੇ ਹੀ ਮਨਦੀਪ ਨੇ ਕਹਾਣੀਆਂ ਦੇ ਜ਼ਿਆਦਾ ਪਾਤਰ ਇਨ੍ਹਾਂ ਵਿਚੋਂ ਹੀ ਲਏ ਹਨ। ਜਿਵੇਂ : 'ਕਿੱਟੀ ਦੀ ਖੀਰ' ਕਹਾਣੀ ਇਕ ਕਿੱਟੀ ਨਾਂਅ ਦੀ ਬਲੂੰਗੜੀ ਹੈ, ਬਾਂਦਰ ਦਾ ਬੱਚਾ ਚਿੰਪੂ ਹੈ ਅਤੇ ਇਕ ਹਿਰਨ ਦਾ ਬੱਚਾ ਹੈ ਗੂਗਲ। ਕਿਵੇਂ ਬੱਚੇ ਸ਼ਰਾਰਤਾਂ ਕਰਦੇ ਹਨ, ਬਾਅਦ ਵਿਚ ਉਨ੍ਹਾਂ ਦੀਆਂ ਮੰਮੀਆਂ ਆਪਸ ਵਿਚ ਲੜਦੀਆਂ ਹਨ, ਫਿਰ ਕਿਵੇਂ ਬੱਚੇ ਗ਼ਲਤੀ ਮੰਨ ਕੇ ਮੰਮੀਆਂ ਦੇ ਆਪਸ ਵਿਚ ਸਮਝੌਤੇ ਕਰਵਾਉਂਦੇ ਹਨ, ਇਵੇਂ ਹੀ 'ਨਿੱਕੂ ਫਿਰੌਗੀ' ਕਹਾਣੀ ਡੱਡੂ ਪਰਿਵਾਰ ਨਾਲ ਸੰਬੰਧਿਤ ਹੈ। ਉਨ੍ਹਾਂ ਦਾ ਬੱਚਾ ਨਿੱਕੂ ਆਮ ਬੱਚਿਆਂ ਵਾਂਗ ਬਹੁਤ ਸ਼ਰਾਰਤੀ ਹੈ। ਜਦੋਂ ਉਸ ਨੂੰ ਸ਼ਰਾਰਤ ਮਹਿੰਗੀ ਪੈਂਦੀ ਹੈ ਤਾਂ ਉਹ ਸ਼ਰਾਰਤਾਂ ਤੋਂ ਤੌਬਾ ਕਰ ਲੈਂਦਾ ਹੈ। ਇਸੇ ਤਰ੍ਹਾਂ ਹੀ 'ਬਹਾਨੇਬਾਜ਼ ਰੋਜ਼ੀ' ਕਹਾਣੀ ਜੋ ਕਿ ਪੜ੍ਹਾਈ ਤੋਂ ਕੰਨੀ ਕਤਰਾਉਂਦੀ ਹੈ, ਉਸ ਦੀ ਬਹੁਤ ਪਿਆਰੀ ਅਤੇ ਸਿਆਣੀ ਸਹੇਲੀ ਰਜਨੀ ਉਸ ਨੂੰ ਪੜ੍ਹਾਈ ਦੇ ਲਾਭ ਅਤੇ ਝੂਠੇ ਬਹਾਨਿਆਂ ਦੇ ਨੁਕਸਾਨ ਦੱਸ ਕੇ ਉਸ ਦੀ ਜ਼ਿੰਦਗੀ ਵਿਚ ਕਿੱਡਾ ਵੱਡਾ ਮੋੜ ਲੈ ਆਉਂਦੀ ਹੈ। ਕਹਾਣੀ 'ਕਿਤਾਬਾਂ ਦੀ ਦੁਨੀਆ' ਵਿਚ ਕਿਵੇਂ ਇਕ ਬੱਚੀ ਸਾਰਾ ਦਿਨ ਮੋਬਾਈਲ ਦਾ ਖਹਿੜਾ ਨਹੀਂ ਛੱਡਦੀ ਸੀ। ਉਸ ਦੀ ਬਹੁਤ ਹੀ ਸਿਆਣੀ ਮੰਮੀ ਨੇ ਬੱਚੀ ਨੂੰ ਕਿਵੇਂ ਸਾਹਿਤਕ ਕਿਤਾਬਾਂ ਪੜ੍ਹਨ ਵੱਲ ਮੋੜਿਆ ਬਹੁਤ ਹੀ ਪਿਆਰੀ ਕਹਾਣੀ ਹੈ। ਇਵੇਂ ਹੀ 'ਹੁਣ ਮੈਂ ਸਕੂਲ ਜਾਵਾਂਗਾ' ਕਹਾਣੀ ਵਿਚ ਇਕ ਬਾਪ ਆਪਣੇ ਪੜ੍ਹਾਈ ਤੋਂ ਕੰਨੀ ਕਤਰਾਉਣ ਵਾਲੇ ਬੱਚੇ ਨੂੰ ਬਹੁਤ ਹੀ ਨਾਟਕੀ ਢੰਗ ਨਾਲ ਪੜ੍ਹਾਈ ਪ੍ਰਤੀ ਰੁਚੀ ਪੈਦਾ ਕਰਦਾ ਹੈ। ਇਵੇਂ ਸਾਰੀਆਂ ਹੀ ਕਹਾਣੀਆਂ ਜਿਥੇ ਬਹੁਤ ਹੀ ਰੌਚਕ ਹਨ, ਉਥੇ ਸੁਭਾਵਿਕ ਹੀ ਬਾਲਾਂ ਨੂੰ ਬਹੁਤ ਵੱਡੀ ਨੈਤਿਕ ਸਿੱਖਿਆ ਵੀ ਦਿੰਦੀਆਂ ਹਨ। ਮਨਦੀਪ ਨੇ ਭਾਸ਼ਾ ਸਰਲ, ਠੇਠ ਅਤੇ ਬਾਲਾਂ ਦੇ ਹਾਣ ਦੀ ਵਰਤੀ ਹੈ। ਸਾਰੀਆਂ ਕਹਾਣੀਆਂ ਨਾਲ ਬਹੁਤ ਹੀ ਸੁੰਦਰ ਢੁਕਦੀਆਂ ਤਸਵੀਰਾਂ ਵੀ ਬਣੀਆਂ ਹੋਈਆਂ ਹਨ। ਇਸ ਸ਼ਾਨਦਰ ਪੁਸਤਕ ਦਾ ਜਿੱਥੇ ਮੈਂ ਸਵਾਗਤ ਕਰਦਾ ਹਾਂ, ਉਥੇ ਦਾਅਵੇ, ਵਾਅਦੇ ਅਤੇ ਵਿਸ਼ਵਾਸ ਨਾਲ ਆਖ ਸਕਦਾ ਹਾਂ ਕਿ ਬੱਚੇ ਇਸ ਪੁਸਤਕ ਤੋਂ ਬਹੁਤ ਜ਼ਿਆਦਾ ਲਾਭ ਉਠਾਉਣਗੇ।


ਅਮਰੀਕ ਸਿੰਘ ਤਲਵੰਡੀ ਕਲਾਂ
ਮੋ: 94635-42896.


ਪਾਪਾ ਮੈਂ ਲੜਾਂਗੀ

ਲੇਖਕ : ਮਨਦੀਪ ਕੁੰਦੀ ਤਖ਼ਤੂਪੁਰਾ
ਪ੍ਰਕਾਸ਼ਕ : ਸੂਰਜਾਂ ਦੇ ਵਾਰਿਸ ਪ੍ਰਕਾਸ਼ਨ, ਪਟਿਆਲਾ
ਮੁੱਲ : 160 ਰੁਪਏ, ਸਫ਼ੇ : 96
ਸੰਪਰਕ : 98140-68614.


'ਮੁਸੀਬਤ ਮਾਰਿਆ ਰੱਬ' ਤੋਂ ਬਾਅਦ 'ਪਾਪਾ ਮੈਂ ਲੜਾਂਗੀ' ਕਹਾਣੀ ਲੇਖਕ ਮਨਦੀਪ ਕੁੰਦੀ ਤਖ਼ਤੂਪੁਰਾ ਦਾ ਦੂਸਰਾ ਕਥਾ ਸੰਗ੍ਰਹਿ ਹੈ, ਜਿਸ ਵਿਚ ਕੁੱਲ 14 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ।
ਇਸ ਕਹਾਣੀ ਸੰਗ੍ਰਹਿ ਦੀ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਦੋ ਕਹਾਣੀਆਂ 'ਮਾਂ' ਅਤੇ 'ਕਲਯੁਗੀ ਬਾਬਾ' ਨੂੰ ਛੱਡ ਕੇ ਬਾਕੀ ਸਾਰੀਆਂ ਕਹਾਣੀਆਂ ਹੀ ਚੱਲ ਰਹੇ ਕਿਸਾਨੀ ਅੰਦੋਲਨ ਬਾਰੇ ਪੇਸ਼ ਕੀਤੀਆਂ ਗਈਆਂ ਹਨ। 'ਮੁਣਸ਼ੀ ਮਲੰਗ' ਵੀ ਵੰਡ ਦੇ ਦੁਖਾਂਤ ਨੂੰ ਪੇਸ਼ ਕਰਨ ਵਾਲੀ ਕਹਾਣੀ ਹੈ। ਇਹ ਕਹਾਣੀਆਂ ਪੰਜਾਬੀਆਂ ਦੀ ਜੁਝਾਰੂ ਬਿਰਤੀ, ਹੱਕਾਂ ਦੀ ਲੜਾਈ ਲੜਨ ਦਾ ਜਜ਼ਬਾ ਅਤੇ ਲੋਕਾਂ ਕੰਮ ਆਉਣ ਜਿਹੇ ਖੁੱਲ੍ਹੇ-ਖੁਲਾਸੇ ਕਾਰਜ ਨੂੰ ਹੀ ਪੇਸ਼ ਕਰਦੀਆਂ ਹਨ।
ਇਨ੍ਹਾਂ ਕਹਾਣੀਆਂ ਦੇ ਕੁਝ ਕਿਰਦਾਰ ਆਪਣੇ ਬਜ਼ੁਰਗਾਂ ਦੀ ਕੁਰਬਾਨੀ ਦੀ ਰੀਤ ਨੂੰ ਅਗਾਂਹ ਵਧਾਉਣ ਲਈ ਝੰਡੇ ਚੁੱਕਦੇ ਦਿਖਾਈ ਦਿੰਦੇ ਹਨ। 'ਧਰਤੀ ਪੁੱਤਰ' ਦਾ ਧਰਮਾ ਆਪਣੇ ਬਾਪੂ ਦਲੀਪ ਸਿੰਘ ਦੀ ਮੌਤ ਤੋਂ ਬਾਅਦ ਟਰੈਕਟਰ ਸਟਾਰਟ ਕਰਕੇ ਉਸੇ ਰਾਹ 'ਤੇ ਅਗਾਂਹ ਵਧਣ ਲਗਦਾ ਹੈ। 'ਮਦਰ ਇੰਡੀਆ' ਦੀ ਦਾਦੀ ਵੀ ਮੋਰਚੇ 'ਚ ਜਾਣ ਲਈ ਉਤਸ਼ਾਹ ਜ਼ਾਹਰ ਕਰਦੀ ਪ੍ਰਤੀਤ ਹੁੰਦੀ ਹੈ। 'ਪਾਪਾ ਮੈਂ ਲੜਾਂਗੀ' ਦੀ ਰਵਨੀਤ ਆਪਣੇ ਬਾਪੂ ਦਿਲਬਾਗ ਦੀ ਮੌਤ ਤੋਂ ਬਾਅਦ ਵੱਡਾ ਅਫ਼ਸਰ ਬਣ ਕੇ ਕਿਸਾਨਾਂ ਦੇ ਮੋਰਚੇ ਦੀ ਹਮਾਇਤ ਕਰਨਾ ਲੋਚਦੀ ਹੈ।
ਕੁਝ ਕਹਾਣੀਆਂ ਮੋਰਚੇ ਲੜ ਰਹੇ ਕਿਸਾਨਾਂ ਦੇ ਜਜ਼ਬਿਆਂ ਦੀ ਤਰਜਮਾਨੀ ਕਰਦੀਆਂ ਹਨ। 'ਫ਼ਰਿਸ਼ਤੇ' ਦੇ ਪੰਜਾਬੀ ਮੁੰਡੇ ਗ਼ਰੀਬਾਂ ਦੀ ਮਦਦ ਲਈ ਸਾਹਮਣੇ ਆਉਂਦੇ ਹਨ। 'ਲੰਗਰ' ਕਹਾਣੀ ਲੰਗਰ ਪ੍ਰਥਾ ਦੀ ਉਸਤਤਿ ਪੇਸ਼ ਕਰਨ ਵਾਲੀ ਕਹਾਣੀ ਹੈ। 'ਹੰਝੂ ਜਦੋਂ ਬੋਲਦੇ ਨੇ' ਟਿਕੈਤ ਦੇ ਰੋਣ ਵਾਲਾ ਦ੍ਰਿਸ਼ ਪੇਸ਼ ਕਰਨ ਵਾਲੀ ਕਹਾਣੀ ਹੈ। ਲੇਖਕ ਇਨ੍ਹਾਂ ਕਹਾਣੀਆਂ ਵਿਚ ਸਰਕਾਰਾਂ, ਲੀਡਰਾਂ ਤੇ ਕਾਰਪੋਰੇਟ ਘਰਾਣਿਆਂ ਦੇ ਪਾਜ ਵੀ ਉਘਾੜਦਾ ਹੈ। ਇਹ ਕਹਾਣੀਆਂ ਕਿਸਾਨੀ ਅੰਦੋਲਨ ਤੇ ਜਜ਼ਬੇ ਦੀ ਸਹੀ ਤਸਵੀਰ ਪੇਸ਼ ਕਰਨ ਵਿਚ ਕਾਮਯਾਬ ਦਿਸਦੀਆਂ ਹਨ। ਕਹਾਣੀਆਂ ਦੇ ਕਲਾ ਪੱਖ ਲਈ ਲੇਖਕ ਨੂੰ ਹਾਲੇ ਹੋਰ ਮਿਹਨਤ ਦੀ ਲੋੜ ਪਵੇਗੀ। ਕਹਾਣੀਆਂ ਕਿਸਾਨ ਅੰਦੋਲਨ ਨੂੰ ਸਮਝਣ 'ਚ ਸਹਾਈ ਹਨ।


ਕੇ.ਐਲ. ਗਰਗ
ਮੋ: 94635-37050


ਰੇਤਲਾ ਸ਼ਹਿਰ
ਲੇਖਕ : ਸੁਰਿੰਦਰਜੀਤ ਚੌਹਾਨ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98141-01312.


ਅੱਧੀ ਦਰਜਨ ਸਾਂਝੇ ਕਾਵਿ-ਸੰਗ੍ਰਹਿਆਂ ਦੀ ਸੰਪਾਦਨਾ ਤੋਂ ਬਾਅਦ ਸੁਰਿੰਦਰਜੀਤ ਚੌਹਾਨ ਨੇ ਆਪਣਾ ਪਲੇਠਾ ਕਾਵਿ-ਸੰਗ੍ਰਹਿ 'ਰੇਤਲਾ ਸ਼ਹਿਰ' ਪਾਠਕਾਂ ਦੀ ਕਚਹਿਰੀ ਵਿਚ ਲਿਆਂਦਾ ਹੈ। ਪੁਸਤਕ ਦਾ ਪਾਠ ਕਰਦਿਆਂ ਇਸ ਗੱਲ ਦੀ ਤਸੱਲੀ ਹੁੰਦੀ ਹੈ ਕਿ ਉਹ ਲੋਕ ਸਰੋਕਾਰਾਂ ਨੂੰ ਪ੍ਰਣਾਏ ਹੋਏ ਪ੍ਰਤੀਬੱਧ ਕਵੀ ਹਨ। ਉਨ੍ਹਾਂ ਦੀ ਕਵਿਤਾ ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ ਨਾਲ ਜੂਝਦੇ ਲੋਕਾਂ ਨੂੰ ਸਿਰਫ਼ ਢਾਰਸ ਹੀ ਨਹੀਂ ਦਿੰਦੀ ਬਲਕਿ ਉਨ੍ਹਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਦਾ ਵਿਰੋਧ ਵੀ ਕਰਦੀ ਹੈ:
ਹੱਕ ਸੱਚ ਦਾ ਕੋਈ ਏਥੇ
ਬਹੁਤਾ ਵਾਲੀ-ਵਾਰਸ ਨਹੀਂ,
ਉੱਚੀ ਆਵਾਜ਼ੇ ਪਾਇਆ ਰੌਲਾ
ਢੂਹੀ ਛਿੱਲਦੇ ਡੰਡੇ ਨੇ।
ਉਨ੍ਹਾਂ ਦਾ ਮੰਨਣਾ ਹੈ ਕਿ ਦੁਨੀਆ ਨੂੰ ਹੋਰ ਖ਼ੂਬਸੂਰਤ ਬਣਾਉਣ ਲਈ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ ਹੈ ਪਰ ਕਿਉਂਕਿ ਜ਼ਿੰਦਗੀ ਵਿਚ ਬੜਾ ਕੁਝ ਸਾਡੀ ਮਰਜ਼ੀ ਮੁਤਾਬਿਕ ਨਹੀਂ ਹੁੰਦਾ, ਇਸ ਲਈ ਬਹੁਤਾ ਪ੍ਰੇਸ਼ਾਨ ਨਹੀਂ ਹੋਣਾ ਚਾਹੀਦਾ। ਕਿਸੇ ਦੀ ਧਾਰਨਾ ਹੈ ਕਿ ਜੋ ਕੁਝ ਹੋਣਾ ਹੈ, ਉਹ ਪਹਿਲਾਂ ਹੀ ਤੈਅ ਕਰ ਦਿੱਤਾ ਗਿਆ ਹੈ ਅਤੇ ਕਿਸੇ ਦਾ ਵਿਚਾਰ ਹੋ ਸਕਦਾ ਹੈ ਕਿ ਜੋ ਕੁਝ ਵਾਪਰਦਾ ਹੈ, ਉਹ ਹਾਲਾਤ ਮੁਤਾਬਿਕ ਹੁੰਦਾ ਹੈ। ਇਨ੍ਹਾਂ ਦੋਵਾਂ ਹਾਲਤਾਂ ਵਿਚ ਹੀ ਮਨੁੱਖ ਦੇ ਹੱਥ-ਵੱਸ ਕੁਝ ਨਹੀਂ ਬਚਦਾ:
ਇਹਦੀ ਆਪਣੀ ਕਚਹਿਰੀ,
ਇਹਦੇ ਆਪਣੇ ਗਵਾਹ,
ਸਾਡੇ ਤਾਂ ਐਵੇਂ ਹੀ ਬਿਆਨ ਲੈਂਦੀ ਜ਼ਿੰਦਗੀ।
ਸੁਰਿੰਦਰਜੀਤ ਚੌਹਾਨ ਦੀ ਕਵਿਤਾ ਤੰਗੀਆਂ-ਤੁਰਸ਼ੀਆਂ ਅਤੇ ਦੁਸ਼ਵਾਰੀਆਂ ਨਾਲ ਜੂਝਦੇ ਆਮ ਆਦਮੀ ਨੂੰ ਕੇਂਦਰ ਵਿਚ ਰੱਖ ਕੇ ਤੁਰਦੀ ਹੈ। ਸਮਾਜਿਕ ਤਾਣੇ-ਬਾਣੇ ਵਿਚੋਂ ਖ਼ਤਮ ਹੋ ਰਹੀ ਨੈਤਿਕਤਾ ਅਤੇ ਵਿਸ਼ਵ ਮੰਡੀ ਦੀ ਬਲੀ ਚੜ੍ਹ ਰਹੇ ਰਿਸ਼ਤਿਆਂ ਦੇ ਵਰਤਾਰੇ ਤੋਂ ਉਹ ਬੇਹੱਦ ਫ਼ਿਕਰਮੰਦ ਹਨ। ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਦੀਆਂ ਗੱਲਾਂ ਕਰਦੀ ਉਨ੍ਹਾਂ ਦੀ ਜੁਝਾਰਵਾਦੀ ਕਵਿਤਾ ਕੁਰਾਹੇ ਪਏ ਪੈਰਾਂ ਨੂੰ ਸਿੱਧਾ ਅਤੇ ਸਰਲ ਰਾਹ ਦਿਖਾਉਂਦੀ ਹੈ। ਮਿਹਨਤਕਸ਼ ਲੋਕਾਂ ਦੇ ਸੁਨਹਿਰੇ ਭਵਿੱਖ ਲਈ ਯਤਨਸ਼ੀਲ ਰੇਤਲੇ ਸ਼ਹਿਰ ਦੇ ਇਸ ਅਲਬੇਲੇ ਰਾਹੀ ਨੂੰ ਪੁਰਜ਼ੋਰ ਸਮਰਥਨ ਮਿਲਣ ਦੀ ਸੰਭਾਵਨਾ ਹੈ।


ਕਰਮ ਸਿੰਘ ਜ਼ਖ਼ਮੀ
ਮੋ: 98146-28027.


ਮੋਮਬੱਤੀਆਂ ਨਹੀਂ ਜਗਾਵਾਂਗੇ

ਲੇਖਕ : ਮਦਨ ਲਾਲ
ਪ੍ਰਕਾਸ਼ਕ : ਕਾਜਲ ਪਬਲਿਸ਼ਰਜ਼, ਦਸੂਹਾ, ਹੁਸ਼ਿਆਰਪੁਰ
ਮੁੱਲ : 150 ਰੁਪਏ, ਸਫ਼ੇ : 87
ਸੰਪਰਕ : 94785-27469.


ਚਰਚਾ ਅਧੀਨ ਪੁਸਤਕ ਇਕ ਕਾਵਿ ਸੰਗ੍ਰਹਿ ਹੈ, ਜਿਸ ਵਿਚ 64 ਕਵਿਤਾਵਾਂ ਸ਼ਾਮਿਲ ਹਨ। ਇਹ ਲੇਖਕ ਦੀ ਪਲੇਠੀ ਪੁਸਤਕ ਹੈ। ਪੁਸਤਕ ਵਿਚਲੀਆਂ ਕਵਿਤਾਵਾਂ ਦੇ ਵਿਸ਼ੇ ਪ੍ਰਕਿਰਤੀ, ਰੁੱਖ, ਧਰਤੀ, ਪਾਣੀ, ਪਸ਼ੂ-ਪੰਛੀ, ਕੋਰੋਨਾ ਮਹਾਂਮਾਰੀ, ਖੇਤ, ਫ਼ਸਲਾਂ, ਕਿਸਾਨ ਮੋਰਚਾ, ਖੇਤੀ ਕਾਨੂੰਨ, ਨਿੱਜੀ ਪਿਆਰ-ਮੁਹੱਬਤ, ਗਿਲੇ-ਸ਼ਿਕਵੇ ਅਤੇ ਲੋਕ-ਸਿਆਣਪਾਂ ਆਦਿ ਹਨ। ਆਓ ਇਸ ਸੰਦਰਭ ਵਿਚ ਕੁਝ ਟੂਕਾਂ ਦੇਖੀਏ:
* ਖੇਤਾਂ ਦਾ ਪੁਜਾਰੀ ਸੂਲੀ ਉੱਤੇ ਟੰਗਤਾ
ਅੱਜ ਅੰਨਦਾਤਾ ਸੜਕਾਂ 'ਤੇ ਹੱਕ ਮੰਗਦਾ
* ਜੋ ਸਾਂਭ ਲੈਂਦਾ ਦੁੱਧ ਦਾ ਉਬਾਲਾ ਮਿੱਤਰੋ
ਓਹੀ ਤਾਂ ਹੁੰਦਾ ਅਕਲ ਵਾਲਾ ਮਿੱਤਰੋ
* ਸੱਚੀਂ ਮੁੱਚੀਂ ਵੱਡੇ ਵੱਡੇ ਰੁੱਖ ਤਬਾਹ ਕੀਤੇ
ਝੂਠੀ ਮੂਠੀ ਤਾਂ ਬੀਜੇ ਲੱਖ ਵਾਰੀ ਆ
* ਅੰਬ ਦਾ ਨਹੀਂ ਹੈ ਕਤਲ ਇਹ ਤਾਂ ਬਾਬੇ ਦਾ
ਗੁਨਾਹਗਾਰ ਹੋਵੇਂਗਾ ਤੂੰ ਮਦਨ ਦੁਆਬੇ ਦਾ
* ਰਾਜਾ ਕਦੇ ਏਦਾਂ ਨਹੀਂ ਕਰਦਾ
ਜੋ ਪਰਜਾ ਨੂੰ ਦੇਖੇ ਮਰਦਾ
ਉਸ ਦੀਆਂ ਕਈ ਕਵਿਤਾਵਾਂ ਸਵੈ ਨਾਲ ਸੰਵਾਦ ਰਚਾਉਂਦੀਆਂ, ਅੰਦਰੋਂ ਅੰਦਰੀਂ ਦਰਦ ਹੰਢਾਉਂਦੀਆਂ ਅਤੇ ਲੋਕਾਂ ਦੀ ਗੱਲ ਕਰਦੀਆਂ ਹਨ। ਉਸ ਦੀਆਂ ਕਵਿਤਾਵਾਂ ਕਿਤੇ-ਕਿਤੇ ਤੁਕਬੰਦੀ ਪੱਖੋਂ ਢਿੱਲੀਆਂ ਪੈ ਜਾਂਦੀਆਂ ਪ੍ਰਤੀਤ ਹੁੰਦੀਆਂ ਹਨ। ਸ਼ਬਦਾਂ ਨੂੰ ਕਿਤੇ-ਕਿਤੇ ਜਬਰੀ ਜੋੜਿਆ ਜਾਪਦਾ ਹੈ। ਵਿਸ਼ੇ ਨੂੰ ਨਿਭਾਉਣ, ਸਪੱਸ਼ਟਤਾ ਪ੍ਰਦਾਨ ਕਰਨ, ਢੁਕਵੇਂ ਸ਼ਬਦਾਂ ਨੂੰ ਚੁਣਨ ਲਈ, ਅਜੇ ਕਾਵਿ ਸਿਰਜਣਾ ਹੋਰ ਮਿਹਨਤ ਮੰਗਦੀ ਹੈ। ਅਗਲੇ ਐਡੀਸ਼ਨ ਵਿਚ ਕਈ ਸ਼ਾਬਦਿਕ ਗ਼ਲਤੀਆਂ ਨੂੰ ਵੀ ਸੋਧ ਲਿਆ ਜਾਣਾ ਬਣਦਾ ਹੈ। ਹੋਰ ਅਨੁਭਵ ਭਵਿੱਖ ਵਿਚ ਮਦਨ ਲਾਲ ਹੋਰਾਂ ਦੀ ਕਾਵਿ ਰਚਨਾ ਨੂੰ ਹੋਰ ਨਿਖਾਰੇਗਾ, ਅਜਿਹੀ ਮੈਨੂੰ ਪੂਰੀ ਉਮੀਦ ਹੈ।
ਲੇਖਕ ਦੀ ਪਲੇਠੀ ਪੁਸਤਕ 'ਮੋਮਬੱਤੀਆਂ ਨਹੀਂ ਜਗਾਵਾਂਗੇ' ਦਾ ਪੰਜਾਬੀ ਸਾਹਿਤ ਵਿਚ ਹਾਰਦਿਕ ਸਵਾਗਤ ਹੈ। ਤੁਸੀਂ ਵੀ ਇਸ ਪੁਸਤਕ ਨੂੰ ਜ਼ਰੂਰ ਪੜ੍ਹਿਓ।


ਪ੍ਰਿੰ: ਹਰੀ ਕ੍ਰਿਸ਼ਨ ਮਾਇਰ
ਮੋ: 97806-67686

13-11-2021

 ਮੌਸਮ ਬਦਲ ਗਿਆ
ਕਵੀ : ਸੁਭਾਸ਼ ਦੀਵਾਨਾ
ਪ੍ਰਕਾਸ਼ਕ : ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ
ਮੁੱਲ : 100 ਰੁਪਏ, ਸਫ਼ੇ : 101
ਸੰਪਰਕ : 98888-29666.

'ਮੌਸਮ ਬਦਲ ਗਿਆ' ਕਾਵਿ ਸੰਗ੍ਰਹਿ ਸ਼ਾਇਰ ਸੁਭਾਸ਼ ਦੀਵਾਨਾ ਦਾ 9ਵਾਂ ਕਾਵਿ ਸੰਗ੍ਰਹ ਹੈ। ਇਸ ਕਾਵਿ ਸੰਗ੍ਰਹਿ 'ਚ ਉਸ ਦੀਆਂ 101 ਕਾਵਿ ਰਚਨਾਵਾਂ ਸ਼ਾਮਿਲ ਹਨ। ਕਵੀ ਸਮੇਂ ਦੇ ਹਾਕਮਾਂ ਦੀ ਤਾਲੀਆਂ ਅਤੇ ਥਾਲੀਆਂ ਦੀ ਰਾਜਨੀਤੀ ਨੂੰ ਹਾਸੋਹੀਣੀ ਗਰਦਾਨਦਾ ਅਖੌਤੀ ਵਿਕਾਸ ਦੇ ਬਖੀਏ ਉਧੇੜਦਾ ਜਾਪਦਾ ਹੈ। ਪਾਖੰਡੀ ਬਾਬਿਆਂ ਦੇ ਦਰਾਂ 'ਤੇ ਜੁੜ ਰਹੀਆਂ ਭੀੜਾਂ, ਗਿਰਗਿਟ ਵਾਂਗ ਰੰਗ ਬਦਲਦੇ ਮਨੁੱਖਾਂ ਤੋਂ ਉਹ ਡਾਢਾ ਚਿੰਤਾਵਾਨ ਹੈ। ਸੁਭਾਸ਼ ਦੀਵਾਨਾ ਦੀਆਂ ਕਾਵਿ ਰਚਨਾਵਾਂ 'ਚ ਸਮਾਜਿਕ ਕੁਰੀਤੀਆਂ, ਧਾਰਮਿਕ ਪਾਖੰਡਵਾਦ, ਡੇਰਾਵਾਦ, ਵੋਟ-ਵਟੋਰੂ ਰਾਜਨੀਤਕ ਜਮਾਤਾਂ, ਸਿਆਸਤ ਦੇ ਹੋ ਰਹੇ ਅਪਰਾਧੀਕਰਨ ਖਿਲਾਫ਼ ਵਿਦਰੋਹ ਉਮੜਦਾ ਹੈ :
ਲਓ ਸਿਆਸਤ ਦਾ ਅਸਾਂ ਨੇ,
ਕਰ ਲਿਐ ਅਪਰਾਧੀਕਰਨ।
ਇਸ ਤੋਂ ਵੱਧ ਅਪਰਾਧੀਆਂ ਦਾ,
ਹੋ ਗਿਆ ਹੈ ਸਿਆਸੀਕਰਨ।
ਲੋਕ ਰਾਜੀ ਸੰਸਥਾਵਾਂ,
ਮਾਰ ਸੁੱਟੀਆਂ ਹਨ ਅਸਾਂ,
ਗੁੰਡਾਗਰਦੀ ਦਾ ਅਸਾਂ ਨੇ,
ਕਰ ਲਿਆ ਹੈ ਕੌਮੀਕਰਨ। (ਪੰਨਾ ਨੰ: 46)
ਮਨੁੱਖਤਾ 'ਚੋਂ ਮਰ ਰਹੇ ਇਖ਼ਲਾਕ ਅਤੇ ਕਿਰਦਾਰ ਤੋਂ ਕਵੀ ਚਿੰਤਾਵਾਨ ਜਾਪਦਾ ਹੈ। ਲੁਟੇਰੀਆਂ ਜਮਾਤਾਂ ਵਲੋਂ ਕਿਰਤੀ ਲੋਕਾਂ ਦੇ ਕੀਤੇ ਜਾ ਰਹੇ ਸ਼ੋਸ਼ਣ ਤੋਂ ਉਹ ਡਾਢਾ ਖਫ਼ਾ ਹੈ। ਸ਼ਾਇਰ ਸੁਭਾਸ਼ ਦੀਵਾਨਾ ਨੂੰ ਮਾਨਵੀ ਜੀਵਨ ਦੇ ਦੁੱਖਾਂ-ਸੁੱਖਾਂ, ਭਟਕਣਾ, ਲੋੜਾਂ-ਥੋੜਾਂ ਆਦਿ ਸਮਾਜਿਕ ਵਰਤਾਰਿਆਂ ਦੀ ਡੂੰਘੀ ਸਮਝ ਹੋਣ ਕਰਕੇ ਆਪਣੇ ਸ਼ਿਅਰਾਂ ਵਿਚ ਬਾਖ਼ੂਬੀ ਢਾਲਣ ਦਾ ਬਾ-ਕਮਾਲ ਹੁਨਰ ਹੈ ਜੋ ਕਿ ਉਸ ਦੀਆਂ ਗ਼ਜ਼ਲਾਂ ਨੂੰ ਹੋਰ ਖ਼ੂਬਸੂਰਤੀ ਪ੍ਰਦਾਨ ਕਰਦੇ ਹਨ।
ਉਦਾਹਰਨ ਵਜੋਂ ਕੁਝ ਸ਼ਿਅਰ ਵੇਖੋਂ :
ਮਨੁੱਖ ਮਸ਼ੀਨੀ ਦੌਰ ਦਾ,
ਭਟਕ ਰਿਹਾ ਹੈ ਦਰ-ਬ-ਦਰ,
ਘੜੀ ਤਾਂ ਪਾਸ ਹੈ ਇਦ੍ਹੇ,
ਸਮਾਂ ਨਾ ਪਾਸ ਹੈ ਮਗਰ।
.. ..
ਕਿਰਦਾਰ ਤੱਕ ਕੇ ਲੋਕਾਂ ਦਾ,
ਯਾਦ ਆਉਣ ਗਿਰਗਿਟਾਂ,
ਖ਼ੁਦ ਨੂੰ ਦਿਖਾਉਣ ਝੱਟ ਉਹ,
ਚੁਗਿਰਦੇ 'ਚ ਢਾਲ ਕੇ।
.. ..
ਕਵੀ ਸੁਭਾਸ਼ ਦੀਵਾਨਾ ਦੇ ਇਸ ਹਥਲੇ ਕਾਵਿ ਸੰਗ੍ਰਹਿ ਦੀਆਂ ਰਚਨਾਵਾਂ ਅਰਥ ਭਰਪੂਰ ਹੋਣ ਦੇ ਨਾਲ-ਨਾਲ ਇਨ੍ਹਾਂ ਕਾਵਿ ਰਚਨਾਵਾਂ 'ਚ ਰਵਾਨਗੀ ਵੀ ਕਾਬਲੇ-ਜ਼ਿਕਰ ਹੈ ਅਤੇ ਕਈ ਸ਼ਿਅਰਾਂ 'ਚ ਵਿਅੰਗਮਈ ਕਟਾਖ਼ਸ ਉਸ ਦੀ ਸ਼ਾਇਰੀ ਨੂੰ ਹੋਰ ਸ਼ਿੰਗਾਰਦਾ ਪ੍ਰਤੀਤ ਹੁੰਦਾ ਹੈ। ਕਵੀ ਦੀਵਾਨਾ ਦੀ ਖ਼ੂਬਸੂਰਤ ਸ਼ਿਅਰਾਂ ਨਾਲ ਲਬਰੇਜ਼ ਇਸ ਕਾਵਿ ਪੁਸਤਕ ਨੂੰ ਜੀ ਆਇਆ ਕਹਿਣਾ ਬਣਦਾ ਹੈ।

ਮਨਜੀਤ ਸਿੰਘ ਘੜੈਲੀ
ਮੋ: 98153-91625

ਖੇਤੀ ਸੰਕਟ ਅਤੇ ਸੰਸਾਰ ਵਪਾਰ ਸੰਗਠਨ
ਲੇਖਕ : ਸਰਦਾਰਾ ਸਿੰਘ ਮਾਹਿਲ
ਪ੍ਰਕਾਸ਼ਕ : ਚਿੰਤਨ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 268
ਸੰਪਰਕ : 98152-11079
.

ਇਹ ਪੁਸਤਕ 2005 ਈ: ਵਿਚ ਪ੍ਰਕਾਸ਼ਿਤ ਹੋਈ 'ਵਿਸ਼ਵ ਵਪਾਰ ਸੰਗਠਨ ਅਤੇ ਜ਼ਰੱਈ ਸੰਕਟ' ਦਾ ਦੂਜਾ ਸੰਸਕਰਨ ਹੈ। ਮਾਹਿਲ ਹੁਰਾਂ ਨੇ ਇਸ ਪੁਸਤਕ ਵਿਚੋਂ ਅਪ੍ਰਾਸੰਗਿਕ ਹੋ ਚੁੱਕੇ ਕੁਝ ਵੇਰਵੇ (ਅਧਿਆਇ) ਘਟਾ ਦਿੱਤੇ ਹਨ ਅਤੇ ਉਰਦੂਨੁਮਾ ਬੋਲੀ (ਜਿਵੇਂ ਜ਼ਰੱਈ ਸੰਕਟ) ਨੂੰ ਵੀ ਮੌਜੂਦਾ ਸਮੇਂ ਦੀ ਬੋਲ-ਬਾਣੀ ਅਨੁਸਾਰ ਬਦਲ ਦਿੱਤਾ ਹੈ। ਹਥਲੀ ਪੁਸਤਕ ਦੇ ਲੇਖਾਂ ਨੂੰ ਕੇਵਲ ਦੋ ਭਾਗਾਂ ਵਿਚ ਤਰਤੀਬ ਦਿੱਤੀ ਗਈ ਹੈ।
ਪਹਿਲੇ ਭਾਗ ਵਿਚ ਕਿਸਾਨੀ ਸੰਕਟ ਨੂੰ ਐਡਰੈੱਸ ਕਰਨ ਵਾਲੇ 9 ਲੇਖ ਹਨ, ਜਿਵੇਂ ਕਰਜ਼ਦਾਰੀ ਦੀ ਸਮੱਸਿਆ, ਕਿਸਾਨਾਂ ਨੂੰ ਬੇਜ਼ਮੀਨੇ ਕਰਨ ਦਾ ਵਰਤਾਰਾ, ਮੰਡੀਕਰਨ ਦਾ ਸੰਕਟ, ਫ਼ਸਲੀ ਵਿਭਿੰਨਤਾ... ਆਦਿ। ਇਨ੍ਹਾਂ ਲੇਖਾਂ ਵਿਚ ਬੁੱਧੀਮਾਨ ਲੇਖਕ ਦਰਸਾਉਂਦਾ ਹੈ ਕਿ ਕਿਸਾਨੀ ਸੰਕਟ ਦੀ ਜੜ੍ਹ ਸਾਮਰਾਜੀ ਵਿਕਾਸ ਮਾਡਲ ਵਿਚ ਢੂੰਡੀ ਜਾ ਸਕਦੀ ਹੈ (ਪੰਨੇ 78-105)। ਲੇਖਕ ਮਨਮੋਹਨ ਸਿੰਘ (ਸਾਬਕਾ ਪ੍ਰਧਾਨ ਮੰਤਰੀ) ਅਤੇ ਸ.ਸ. ਜੌਹਲ ਦੀਆਂ ਆਰਥਿਕ ਨੀਤੀਆਂ ਨੂੰ ਵੀ ਅਪ੍ਰਾਸੰਗਿਕ ਸਿੱਧ ਕਰਦਾ ਹੈ ਕਿਉਂਕਿ ਇਹ ਪੂੰਜੀਵਾਦੀ ਅਰਥ-ਸ਼ਾਸਤਰ ਦੀਆਂ ਧਾਰਨਾਵਾਂ ਉੱਪਰ ਸਹਿਮਤੀ ਦੀ ਮੋਹਰ ਲਗਾਉਂਦੀਆਂ ਹਨ (ਪੰਨੇ 104-116)।
ਦੂਜੇ ਭਾਗ ਵਿਚ ਸਰਮਾਏਦਾਰੀ ਨਿਜ਼ਾਮ ਵਿਚ ਪਨਪ ਰਹੀਆਂ ਬਹੁਕੌਮੀ ਕੰਪਨੀਆਂ ਦੇ ਮਨਸੂਬਿਆਂ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਭਾਗ ਦੇ ਕੁਝ ਲੇਖਾਂ ਦੀ ਰੂਪ-ਰੇਖਾ ਵੇਖੋ : ਨਵੀਂ ਆਰਥਿਕ ਨੀਤੀ : ਦੇਸੀ-ਵਿਦੇਸ਼ੀ ਸਰਮਾਏਦਾਰਾਂ ਨੂੰ ਗੱਫ਼ੇ, ਡੰਕਲ ਖਰੜਾ : ਪੁਨਰ-ਬਸਤੀਵਾਦ ਦੀ ਸਾਜਿਸ਼, ਗੈਟ ਸਮਝੌਤਾ ਅਤੇ ਪੇਂਡੂ ਮਜ਼ਦੂਰ, ਵਿਸ਼ਵ ਵਪਾਰ ਸੰਗਠਨ, ਸਿਆਟਲ, ਦੋਹਾ ਤੇ ਕੈਨਕੁਨ ਕਾਨਫ਼ਰੰਸਾਂ ਦੀ ਅਸਫਲਤਾ... ਆਦਿ। ਲੇਖਕ ਅਨੁਸਾਰ ਕਿਸਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਕਥਿਤ 'ਹਰਾ ਇਨਕਲਾਬ' ਵਿਚ ਹੀ ਹੈ। ਪੁਸਤਕ ਦੇ ਕਈ ਲੇਖਾਂ ਵਿਚ ਵਰਤਮਾਨ ਕਿਸਾਨ ਅੰਦੋਲਨ ਦੇ ਮਹੱਤਵ ਦਾ ਵੀ ਉਲੇਖ ਹੁੰਦਾ ਰਿਹਾ ਹੈ। ਇਹ ਰਚਨਾ ਇਕ ਹਵਾਲਾ-ਪੁਸਤਕ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਪ੍ਰਕਿਰਤੀ ਦੇ ਰੰਗ ਹਜ਼ਾਰ
ਲੇਖਕ : ਮਨਮੋਹਨ ਬਾਵਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 275 ਰੁਪਏ, ਸਫ਼ੇ : 176
ਸੰਪਰਕ : 081307-82551.

ਇਸ ਨਾਵਲ ਦਾ ਲੇਖਕ ਘੁੰਮਣ-ਫਿਰਨ ਦਾ ਸ਼ੌਕੀਨ ਹੈ। ਅਨੋਖੀਆਂ ਥਾਵਾਂ ਦੀ ਯਾਤਰਾ ਕਰਦਾ ਹੈ। ਔਖੇ ਪੈਂਡੇ ਤੈਅ ਕਰਦਾ ਹੈ। ਇਹ ਨਾਵਲ ਵੀ ਉਸ ਦੀ ਘੁੰਮਣ ਬਿਰਤੀ ਦਾ ਪ੍ਰਤੀਫਲ ਹੈ। ਇਸ ਨਾਵਲ ਦੀ ਵੰਨਗੀ ਵੀ ਵੱਖਰੀ ਹੈ। ਇਸ ਨਾਵਲ ਨੂੰ ਸਵੈਜੀਵਨਾਤਮਿਕ/ਸੰਸਮਰਣੀ ਨਾਵਲ ਕਿਹਾ ਜਾ ਸਕਦਾ ਹੈ। ਨਾਵਲ ਦਾ ਮੁੱਖ ਨਾਇਕ ਜਿਸ ਦੇ ਦੁਆਲੇ ਸਾਰਾ ਨਾਵਲ ਪਰਿਕਰਮਾ ਕਰਦਾ ਹੈ, ਉਹ ਕੋਈ ਹੋਰ ਨਹੀਂ, ਲੇਖਕ ਦਾ ਰੂਪਾਂਤਰਨ ਨਾਂਅ 'ਅਮਰ ਸਿੰਘ' ਹੈ। ਇਹੋ ਨਾਇਕ ਆਪਣੀ ਡਾਇਰੀ ਵਿਚ ਸੰਸਮਰਣਾਂ ਦਾ ਸੰਗ੍ਰਹਿ ਕਰਕੇ ਗਲਪੀਕਰਨ ਰੂਪ ਵਿਚ ਪ੍ਰਸਤੁਤ ਕਰਦਾ ਹੈ। ਉਹ ਦਿੱਲੀ ਦਾ ਘੁੱਟਵਾਂ ਵਾਤਾਵਰਨ ਤਿਆਗ ਕੇ, ਸਰਵਿਸ ਤੋਂ ਤਿਆਗ ਪੱਤਰ ਦੇ ਕੇ, ਆਪਣੇ ਬੈਂਕ ਖਾਤੇ 'ਚੋਂ ਬਕਾਏ ਕੱਢਵਾ ਕੇ, ਆਪਣੇ ਰੁਕਸੈਕ (ਵੱਡੇ ਥੈਲੇ) ਵਿਚ ਪੇਂਟਿੰਗ ਦਾ ਸਾਮਾਨ (ਰੰਗ-ਬੁਰਸ਼) ਅਤੇ ਕੈਮਰਾ ਲੈ ਕੇ, ਪਹਾੜਾਂ ਵਿਚ ਇਕ ਮਿੱਤਰ ਦੇ ਸੇਬਾਂ ਦੇ ਮਾਲਕ ਦੇ ਬਾਗ ਦਾ ਰਖਵਾਲਾ ਬਣ ਜਾਂਦਾ ਹੈ ਕਿਉਂਕਿ ਪਤਨੀ ਦੇ ਵਿਵਹਾਰ ਤੋਂ ਤੰਗ ਰਹਿੰਦਾ ਹੈ। ਪਹਾੜ ਦੀਆਂ ਯਾਤਰਾਵਾਂ ਕਰਦਾ ਹੋਇਆ ਉਹ ਕੁਦਰਤ ਦੇ ਵਿਭਿੰਨ ਰੰਗਾਂ ਤੋਂ ਪ੍ਰਭਾਵਿਤ ਹੋ ਕੇ ਪ੍ਰਕ੍ਰਿਤਕ ਦ੍ਰਿਸ਼ਾਂ ਨੂੰ ਆਪਣੇ ਕੈਮਰੇ ਵਿਚ ਕੈਦ ਕਰਦਾ ਹੈ ਅਤੇ ਮਨਭਾਉਂਦੇ ਦ੍ਰਿਸ਼ਾਂ ਦੀ ਪੇਂਟਿੰਗ ਕਰਦਾ ਹੈ। ਅਜਿਹਾ ਕਰਦਿਆਂ ਆਪਾ ਭੁੱਲ ਕੇ ਪ੍ਰਕਿਰਤੀ ਨਾਲ ਇਕਮਿਕ ਹੋ ਜਾਂਦਾ ਹੈ। ਵੱਖ-ਵੱਖ ਥਾਵਾਂ 'ਤੇ ਉਸ ਦਾ ਮਿਲਾਪ ਗੱਦੀ ਅਤੇ ਗੁੱਜਰ ਪਰਿਵਾਰਾਂ ਨਾਲ ਹੁੰਦਾ ਹੈ। ਉਹ ਉਨ੍ਹਾਂ ਦੇ ਸੱਭਿਆਚਾਰ, ਰਹਿਣੀ-ਬਹਿਣੀ, ਧਾਰਮਿਕਤਾ, ਆਰਥਿਕਤਾ, ਪ੍ਰਾਹੁਣਚਾਰੀ, ਮੰਦਰਾਂ, ਮੇਲਿਆਂ, ਰਸਮੋ-ਰਿਵਾਜਾਂ (ਨਵਾਲਾ-ਗ੍ਰਹਿ ਪ੍ਰਵੇਸ਼, ਧਾਗਾ ਮੰਗਣਾ ਲੜਕੀ ਦੀ ਮੰਗਣੀ, ਪਿੱਠ-ਚੁੱਕ ਲੜਕੀ ਦਾ ਘਰੋਂ ਕਿਸੇ ਨਾਲ ਭੱਜਣਾ ਆਦਿ) ਬਾਰੇ ਭਰਪੂਰ ਜਾਣਕਾਰੀ ਦਿੰਦਾ ਹੈ। ਉਸ ਦੇ ਇਸ ਇਲਾਕੇ ਵਿਚ ਵਿਚਰਦਿਆਂ ਕੁਝ ਅਹਿਮ ਘਟਨਾਵਾਂ ਵਾਪਰਦੀਆਂ ਹਨ, ਜਿਵੇਂ : ਕਿਲਾੜ/ਪਾਂਗ ਤੋਂ ਮਨਾਲੀ ਨੂੰ ਜਾਣ ਵਾਲੀ ਸੜਕ ਦੀ ਉਸਾਰੀ, ਸਿਉਂ ਦੇ ਬਾਗ ਨੂੰ ਉਜਾੜ ਕੇ ਡੈਮ ਦੀ ਉਸਾਰੀ ਆਦਿ। ਪਤਾ ਲਗਦਾ ਹੈ ਕਿ ਗੱਦੀ ਲੋਕਾਂ ਦੇ ਜਿਹੜੇ ਬੱਚੇ ਪੜ੍ਹ ਜਾਂਦੇ ਹਨ, ਉਹ ਭੇਡਾਂ ਚਾਰਨਾ ਪਸੰਦ ਨਹੀਂ ਕਰਦੇ ਬਲਕਿ ਸਰਕਾਰੀ ਨੌਕਰੀ 'ਪੀਅਨ' ਨੂੰ ਪਹਿਲ ਦਿੰਦੇ ਹਨ। ਨਾਇਕ ਦਾ ਅਨੇਕਾਂ ਮਰਦਾਂ, ਔਰਤਾਂ, ਮੁਟਿਆਰਾਂ ਨਾਲ ਵਾਹ ਪੈਂਦਾ ਹੈ, ਜੋ ਪਾਤਰ ਬਣ ਕੇ ਨਾਵਲ ਦੇ ਕਥਾਨਕ ਵਿਚ ਯੋਗਦਾਨ ਪਾਉਂਦੇ ਹਨ। ਨਾਵਲ ਦੇ ਅੰਤ 'ਤੇ ਆਪਣੀ ਮਨਬਚਨੀ ਵਿਚ ਸੁਜਾਤਾ ਬਾਰੇ ਇੰਜ ਕਹਿੰਦਾ ਹੈ, 'ਕੀ ਸੋਚ ਰਿਹਾ ਏਂ ਅਮਰ ਸਿਆਂ? ਤੈਨੂੰ ਪ੍ਰਕਿਰਤੀ ਨਾਲ ਪਿਆਰ। ਪ੍ਰਕਿਰਤੀ ਦੇ ਰੰਗ ਹਜ਼ਾਰ। ਪ੍ਰਕਿਰਤੀ 'ਚ ਕੇਵਲ ਖੂਬਸੂਰਤ ਆਬਸਾਰਾਂ, ਗਗਨ ਚੁੰਭੀ ਪਰਬਤ, ਨਦੀਆਂ, ਚੰਦ ਤਾਰਿਆਂ ਭਰਿਆ ਆਕਾਸ਼ ਤੇ ਠੰਢੀਆਂ ਹਵਾਵਾਂ ਹੀ ਨਹੀਂ ਹੁੰਦੀਆਂ। ਚਟਾਨਾਂ, ਹੜ੍ਹ, ਬਰਫ਼ਾਨੀ ਤੂਫ਼ਾਨ ਅਤੇ ਹਨੇਰੀਆਂ ਰਾਤਾਂ ਵੀ ਹੁੰਦੀਆਂ ਹਨ...। ਇਹ ਸੁਜਾਤਾ ਕੇਵਲ ਸੁਜਾਤਾ ਹੀ ਨਹੀਂ ਪ੍ਰਕਿਰਤੀ ਹੀ ਹੈ...। ...ਸੁਜਾਤਾ, ਸੁਜਾਤਾ! ਹੁਣ ਤੂੰ ਕਿਤੇ ਨਹੀਂ ਜਾਵੇਂਗੀ...।' ਪੰ. 176 'ਤੇ ਸੁਜਾਤਾ ਦੇ ਹੇਠ ਲਿਖੇ ਬੋਲਾਂ ਨਾਲ ਸਮਾਪਤ ਹੁੰਦਾ ਨਾਵਲ ਸਮਾਪਤ ਹੋ ਕੇ 'ਓਪਨਟੈਕਸਟ' ਦੀ ਸ਼੍ਰੇਣੀ ਵਿਚ ਸ਼ਾਮਿਲ ਹੋ ਜਾਂਦਾ ਹੈ। ਇਹ ਬੋਲ ਹਨ : 'ਮੈਂ ਕਈ ਚਿਰਾਂ ਤੋਂ ਨਹੀਂ ਸੁੱਤੀ। ਬੱਸ ਮੈਨੂੰ ਸੌਂ ਜਾਣ ਦਿਓ, ਸੌਂ ਜਾਣ ਦਿਓ...।'

ਡਾ. ਧਰਮ ਚੰਦ ਵਾਤਿਸ਼
vatish.dharamchand@gmail.com


ਚਿੱਟਾ ਪਰਬਤ
ਲੇਖਕ : ਸੁਰਜੀਤ ਬਰਾੜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350, ਸਫ਼ੇ : 232
ਸੰਪਰਕ : 98553-71313.

ਹਥਲਾ ਨਾਵਲ, ਚਿੱਟਾ ਪਰਬਤ, ਪੰਜਾਬ ਦੇ ਦਿਹਾਤੀ ਤੇ ਸ਼ਹਿਰੀ ਜੀਵਨ ਦਾ ਵਿਚਾਰਧਾਰਾਈ ਵਿਸ਼ਲੇਸ਼ਣਾਤਮਿਕ ਅਧਿਐਨ ਹੈ। ਨਾਵਲ ਨੂੰ 39 ਕਾਡਾਂ ਵਿਚ ਸੂਝਵਾਨ ਲੇਖਕ ਨੇ ਵੰਡਿਆ ਹੈ। ਨਾਵਲਕਾਰ ਆਪਣੇ ਕਾਰਜ ਵਿਚ ਸਫਲ ਤੇ ਪਾਠਕ ਨੂੰ ਅਖੀਰ ਤੱਕ ਇਧਰ-ਉਧਰ ਹਿੱਲਣ ਨਹੀਂ ਦਿੰਦਾ। ਉਸ ਨੇ ਤਿੰਨ ਕਹਾਣੀ ਸੰਗ੍ਰਹਿ, ਉੱਚੀਆਂ ਇਮਾਰਤਾਂ, ਉੱਚੇ ਪੁਲਾਂ ਦਾ ਪਾਣੀ, ਤੇ ਕਾਲੀ ਗੁਫ਼ਾ ਪੰਜਾਬੀ ਸਾਹਿਤ ਨੂੰ ਦਿੱਤੇ ਹਨ, ਤਿੰਨ ਹੀ ਕਾਵਿ ਸੰਗ੍ਰਹਿ ਲਹੂ ਬੋਲਦਾ ਹੈ, ਧਰਤੀ ਹੇਠਲੇ ਲਾਵੇ ਅਤੇ ਤੂਫ਼ਾਨਾਂ ਦੇ ਅੰਗ ਸੰਗ, ਅਲੋਚਨਾ ਤੇ ਵੀ ਲੇਖਕ ਦਾ ਚੰਗਾ ਕੰਮ ਹੈ। ਨਾਵਲ ਚਿੱਟਾ ਪਰਬਤ ਦੇ ਹਰ ਕਾਂਡ ਵਿਚ ਨਵੇਂ ਪਾਤਰਾਂ ਦੀ ਉਸਾਰੀ ਆ ਰਲਦੀ ਹੈ। ਪੂੰਜੀਵਾਦੀ ਸਿਸਟਮ ਹੀ ਸਾਡੇ ਸਮਾਜ ਨੂੰ ਨਿਗਲਦਾ ਜਾ ਰਿਹਾ ਹੈ। ਲੇਖਕ ਨੇ ਕਿਰਸਾਨੀ ਜੀਵਨ ਨੂੰ ਬਾਖੂਬੀ ਚਿਤਰਿਆ ਹੈ। ਹਥਲੇ ਨਾਵਲ ਵਿਚ ਪੰਜਾਬ ਜਿਸ ਤਰ੍ਹਾਂ ਦੇ ਹਾਲਾਤ ਵਿਚੋਂ ਦੀ ਲੰਘ ਰਿਹਾ ਹੈ; ਕਿਰਸਾਨੀ, ਜਵਾਨੀ ਕਿਵੇਂ ਚਿੱਟੇ ਪਰਬਤ ਦੇ ਥੱਲੇ ਤਬਾਹ ਹੋ ਰਹੀ ਹੈ, ਦੀਆਂ ਪ੍ਰਸਥਿਤੀਆਂ ਦੀ ਗਾਥਾ ਹੈ। ਇਹ ਨਾਵਲ ਦੀ ਇਕ ਘਟਨਾ: ਸਵੇਰੇ ਜਦ ਲੋਕ ਸੈਰ ਕਰਨ ਆਏ ਤਾਂ ਉਨ੍ਹਾਂ ਦੇਖਿਆ ਇਕ ਆਦਮੀ ਬੇਹੋਸ਼ ਪਿਆ ਹੈ, ਇਕ ਬੰਦੇ ਨੇ ਉਸ ਨੂੰ ਪਾਣੀ ਪਿਆਉਣ ਦੀ ਕੋਸ਼ਿਸ਼ ਕੀਤੀ, ਪਰ ਪਾਣੀ ਸੰਘੋਂ ਅੰਦਰ ਨਾ ਜਾਵੇ। ਦੂਜੇ ਨੇ ਵੇਖਿਆ ਕਿ ਉਹ ਸਾਹ ਲੈ ਰਿਹਾ ਹੈ। ਪਲਾਂ ਵਿਚ ਹੀ ਪਿੰਡ ਵਿਚ ਹਾਹਾਕਾਰ ਮੱਚ ਗਈ, ਰੌਲਾ ਜਿਹਾ ਪੈ ਗਿਆ। ਕੁਝ ਨੌਜਵਾਨ ਆਏ, ਉਨ੍ਹਾਂ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਹੇਠਾਂ ਲਿਖ ਦਿੱਤਾ, 'ਝਿੜੀ 'ਚ ਇਕ ਬੰਦਾ ਬੇਹੋਸ਼ੀ ਦੀ ਹਾਲਤ ਵਿਚ ਪਿਆ ਹੋਇਆ, ਉਹ ਮਰਿਆ ਨਹੀਂ ਅਜੇ ਜਿਊਂਦਾ ਹੈ', ਇਹ ਵੀਡੀਓ ਹਜ਼ਾਰਾਂ ਬੰਦਿਆਂ ਨੇ ਦੇਖੀ, ਕਈਆਂ ਨੇ ਆਪੋ ਆਪਣੇ ਢੰਗ ਨਾਲ ਕੁਮੈਂਟ ਕੀਤੇ। ਮੁਲਕ ਦੇ ਪਿੰਡੋਂ ਕਾਮਰੇਡ ਜਤਿੰਦਰ ਦਾ ਵੀ ਕੁਮੈਂਟ ਆ ਗਿਆ। ਇਹ ਪਿੰਡ ਦਾਤੇਵਾਲ ਦਾ ਵਿਅਕਤੀ ਐ। ਇਹ ਛੜਾ ਹੈ, ਅੱਜਕਲ੍ਹ ਇਸ ਕੋਲ ਕੁਝ ਵੀ ਨਹੀਂ ਹੈ, ਰੋਟੀ ਇਕ ਡੇਰੇ ਤੋਂ ਖਾਂਦਾ ਹੈ। ਦੋ-ਤਿੰਨ ਕਿੱਲੇ ਜ਼ਮੀਨ ਸੀ ਉਹ ਵਿਕ ਚੁੱਕੀ ਹੈ। ਇਸ ਦਾ ਅੱਗੇ-ਪਿੱਛੇ ਕੋਈ ਨਹੀਂ, ਇਸ ਨੂੰ ਆਪਣੀਆਂ ਗ਼ਲਤੀਆਂ ਦਾ ਨਤੀਜਾ ਭੁਗਤਣਾ ਪੈ ਰਿਹਾ ਹੈ, ਇਸ ਦਾ ਨਾਂਅ ਗੁਰਦੀਪ ਸਿੰਘ ਹੈ ਅਤੇ ਇਸ ਦੇ ਇਹ ਹਾਲਾਤ ਸਾਡੇ ਪੂੰਜੀਵਾਦੀ ਸਿਸਟਮ ਦੀ ਦੇਣ ਹੈ। ਇਹ ਸਿਸਟਮ ਇਸ ਤਰ੍ਹਾਂ ਦੇ ਹੀ ਬੰਦੇ ਘੜ ਰਿਹਾ ਹੈ। ਜਦ ਇਸ ਕੁਮੈਂਟ ਨੂੰ ਸ਼ਹਿਰ ਦੀ ਇਕ ਸਵੈਸੇਵੀ ਸੁਸਾਇਟੀ ਪੜ੍ਹਦੀ ਵੇਖਦੀ ਹੈ, ਉਸ ਦੇ ਨੌਜਵਾਨ ਐਂਬੂਲੈਂਸ ਲੈ ਕੇ ਉਸ ਝਿੜੀ ਵਿਚੋਂ ਬੇਹੋਸ਼ ਪਏ ਮੁਲਕ ਨੂੰ ਲੱਦ ਕੇ ਹਸਪਤਾਲ ਲੈ ਜਾਂਦੇ ਹਨ।' ਚਿੱਟਾ ਪਰਬਤ ਨਾਂਅ ਤੋਂ ਹੀ ਸਪੱਸ਼ਟ ਹੈ ਕਿ ਮੌਜੂਦਾ ਮਹਾਂਮਾਰੀ 'ਚ ਗ੍ਰਸਤ ਸਮਾਜ ਦੀ ਅਸਲ ਅਧੋਗਤੀ ਨੂੰ ਨਸ਼ੇ ਕਿਵੇਂ ਹਮਲਾਖੋਰ ਹੋ ਰਹੇ ਹਨ ਇਨ੍ਹਾਂ ਪਿੱਛੇ ਕਿਹੜੇ ਲੋਕ ਕੰਮ ਕਰ ਰਹੇ ਹਨ। ਸੁਰਜੀਤ ਬਰਾੜ ਦੀ ਪਾਤਰ ਉਸਾਰੀ, ਕਹਾਣੀ ਬਿੰਬ 'ਤੇ ਚੰਗੀ ਪਕੜ ਹੈ। ਇਹੀ ਕਾਰਨ ਕਿ ਨਾਵਲ ਵਿਚ ਜਿਸ ਵਿਧੀ ਨੂੰ ਉਸ ਹੱਥ ਪਾਇਆ ਪਕੜ ਪੀਡੀ ਹੀ ਕਰਦਾ ਗਿਆ।

ਦਿਲਜੀਤ ਸਿੰਘ ਬੇਦੀ
ਮੋ: 98148-98570

ਇਕੱਲੀ ਦਾ ਕਾਫ਼ਲਾ
ਡਾ. ਜਸਪਾਲ ਕੌਰ ਕਾਂਗ
ਸੰਪਾਦਕ : ਡਾ. ਗੁਰਪ੍ਰੀਤ ਕੌਰ, ਡਾ. ਅਮਰਦੀਪ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 840 ਰੁਪਏ, ਸਫ਼ੇ : 276
ਸੰਪਰਕ : 94638-36591.

ਡਾ. ਜਸਪਾਲ ਕੌਰ ਕਾਂਗ ਵਿੱਦਿਅਕ ਅਤੇ ਸਾਹਿਤਕ ਖੇਤਰ ਦਾ ਇਕ ਮਾਣਮੱਤਾ ਨਾਂਅ ਹੈ। ਉਸ ਨੇ ਸਾਰੀ ਉਮਰ ਧੜਿਆਂ, ਜਥੇਬੰਦੀਆਂ ਜਾਂ ਗਰੁੱਪਾਂ ਤੋਂ ਉੱਪਰ ਉੱਠ ਕੇ ਤਨਦੇਹੀ ਨਾਲ ਫ਼ਰਜ਼ ਨਿਭਾਉਂਦਿਆਂ ਇਕੱਲਿਆਂ ਹੀ ਕਾਫ਼ਲਾ ਬਣਾਉਣ ਦੀ ਕਲਾ ਦਿਖਾਈ ਹੈ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਦੇ ਪ੍ਰੋਫੈਸਰ ਅਤੇ ਚੇਅਰਪਰਸਨ ਵਜੋਂ ਉਸ ਦੀ ਸੇਵਾ-ਮੁਕਤੀ 'ਤੇ ਉਸ ਦੇ ਵਿਦਿਆਰਥੀਆਂ ਵਲੋਂ ਇਹ ਪੁਸਤਕ ਇਕ 'ਸ਼ਬਦ ਸੁਗਾਤ' ਅਤੇ 'ਸਨਮਾਨ ਗ੍ਰੰਥ' ਦੇ ਰੂਪ ਵਿਚ ਭੇਟ ਕੀਤੀ ਗਈ ਹੈ। ਪੁਸਤਕ ਨੂੰ ਛੇ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ ਬੀਬੀ ਜਗੀਰ ਕੌਰ, ਪ੍ਰੋ: ਰਾਜ ਕੁਮਾਰ, ਪ੍ਰੋ: ਕੇ. ਐਨ. ਪਾਠਕ, ਪ੍ਰੋ: ਆਰ. ਸੀ. ਸੋਬਤੀ, ਪ੍ਰੋ: ਅਰੁਣ ਕੁਮਾਰ ਗਰੋਵਰ, ਪ੍ਰੋ: ਜਸਪਾਲ ਸਿੰਘ, ਪ੍ਰੋ: ਐਸ.ਪੀ. ਸਿੰਘ, ਪ੍ਰੋ: ਸਤਿੰਦਰ ਸਿੰਘ, ਪ੍ਰੋ: ਸ਼ਵਿੰਦਰ ਸਿੰਘ, ਪ੍ਰੋ: ਗੁਪਤਾ, ਪ੍ਰੋ: ਘੁੰਮਣ, ਡਾ. ਆਹਲੂਵਾਲੀਆ ਵਰਗੀਆਂ ਜ਼ਹੀਨ ਸ਼ਖ਼ਸੀਅਤਾਂ ਵਲੋਂ ਅਸੀਸਾਂ, ਦੁਆਵਾਂ ਅਤੇ ਸੰਦੇਸ਼ ਦਿੱਤੇ ਗਏ ਹਨ। ਦੂਜੇ ਭਾਗ ਵਿਚ ਪਰਿਵਾਰਕ ਮੈਂਬਰਾਂ ਦੀਆਂ ਭਾਵਨਾਵਾਂ, ਤੀਜੇ ਭਾਗ ਵਿਚ ਸ਼ਖ਼ਸੀਅਤ ਦੇ ਪਾਸਾਰ, ਚੌਥੇ ਭਾਗ ਵਿਚ ਸਿਰਜਣਾ, ਸਨਮਾਨ, ਸਮੀਖਿਆ ਅਤੇ ਪੰਜਵੇਂ ਭਾਗ ਵਿਚ ਖੋਜਾਰਥੀਆਂ ਦਾ ਸਨੇਹ ਬਿਆਨ ਕੀਤਾ ਗਿਆ ਹੈ। ਛੇਵੇਂ ਭਾਗ ਵਿਚ ਰਚਨਾਤਮਿਕ ਪਲਾਂ ਦੇ ਦਸਤਾਵੇਜ਼ ਗੁੰਦੇ ਹੋਏ ਹਨ। ਇਸ ਵਿਚ ਡਾ. ਜਸਪਾਲ ਕੌਰ ਕਾਂਗ ਦੁਆਰਾ ਸਿਰਜੀਆਂ ਕੁਝ ਕਵਿਤਾਵਾਂ ਅਤੇ ਨੌਵੇਂ ਪਾਤਸ਼ਾਹ ਜੀ ਦੇ ਮਹਾਨ ਜੀਵਨ ਬ੍ਰਿਤਾਂਤ ਸ਼ਾਮਿਲ ਹਨ। ਡਾ. ਕਾਂਗ ਦੁਆਰਾ ਰਚਿਤ ਕੁਝ ਪੁਸਤਕਾਂ, ਸੰਪਾਦਿਤ ਕੀਤੇ ਖੋਜ ਰਸਾਲਿਆਂ ਦੀਆਂ ਤਸਵੀਰਾਂ, ਨਿਗਰਾਨ ਵਜੋਂ ਖੋਜ ਕਾਰਜਾਂ ਦਾ ਵੇਰਵਾ, ਜੀਵਨ ਤੇ ਸੰਖੇਪ ਰਚਨਾ ਬਿਊਰਾ, ਇੰਟਰਵਿਊ ਸਨਮਾਨ ਚਿੰਨ੍ਹਾਂ ਅਤੇ ਅਖ਼ਬਾਰੀ ਸੁਰਖੀਆਂ ਦਰਜ ਕੀਤੀਆਂ ਗਈਆਂ ਹਨ। ਰੰਗਦਾਰ ਤਸਵੀਰਾਂ ਪੁਸਤਕ ਦੀ ਸ਼ੋਭਾ ਵਧਾਉਂਦੀਆਂ ਹਨ। ਇਸ ਪੁਸਤਕ ਦਾ ਸਵਾਗਤ ਹੈ।

ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਰਿਸ਼ਮਾਂ ਦੀ ਰਿਮ-ਝਿਮ
ਨਾਵਲਕਾਰ : ਹਰਨਾਮ ਸਿੰਘ 'ਹਰਲਾਜ'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 425 ਰੁਪਏ, ਸਫ਼ੇ : 336
ਸੰਪਰਕ : 98728-10244.

'ਰਿਸ਼ਮਾਂ ਦੀ ਰਿਮ-ਝਿਮ' ਹਰਨਾਮ ਸਿੰਘ 'ਹਰਲਾਜ' ਦੁਆਰਾ ਲਿਖਿਆ ਹੋਇਆ ਵੱਡ-ਆਕਾਰੀ ਨਾਵਲ ਹੈ, ਜਿਸ ਵਿਚ ਉਸ ਨੇ ਮਾਨਵੀ ਨਜ਼ਰੀਏ ਤੋਂ ਸਾਡੇ ਸਮਾਜ ਵਿਚ ਪੈਦਾ ਹੋਈਆਂ ਸਮੱਸਿਆਵਾਂ ਨਜਿੱਠਣ ਦਾ ਸੁਨੇਹਾ ਦਿੱਤਾ ਹੈ। ਸ਼ਾਇਦ ਇਸੇ ਕਰਕੇ ਹੀ ਨਾਵਲੀ ਅੰਤ ਸੁਖਾਂਤਕ ਵਾਤਾਵਰਨ ਦੀ ਨਿਸ਼ਾਨਦੇਹੀ ਕਰਦਿਆਂ ਹੋਇਆਂ ਸੰਪੰਨ ਹੁੰਦਾ ਹੈ। ਨਾਵਲਕਾਰ ਨੇ ਨਾਵਲੀ ਬਿਰਤਾਂਤ ਨੂੰ 1947 ਦੀ ਦੇਸ਼ ਵੰਡ ਤੋਂ ਆਰੰਭ ਕਰਦਿਆਂ ਸ਼ਰਨਾਰਥੀਆਂ ਦੇ ਵਸੇਬੇ ਅਤੇ ਆਪਣੀ ਮਿਹਨਤ ਨਾਲ ਦੁਬਾਰਾ ਆਪਣੇ ਪੈਰਾਂ ਸਿਰ ਹੋਣ ਦੀ ਗਾਥਾ ਤੋਂ ਸ਼ੁਰੂ ਹੋ ਕੇ ਸਮਾਜਿਕ ਜੀਵਨ ਯਥਾਰਥ ਦੀਆਂ ਉਲਝੀਆਂ ਤੰਦਾਂ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ। ਇਸ ਨਾਵਲ ਵਿਚ ਸਰਗਰਮ ਪਾਤਰ ਧੀਰਜ ਅਤੇ ਸੁਰੱਸਤੀ ਆਪਣੀ ਸਿਆਣਪ ਅਤੇ ਸਮਾਜਿਕ ਅੰਤਰ-ਵਿਰੋਧਾਂ ਦੀ ਸੂਝ ਰੱਖਣ ਕਰਕੇ ਇਨ੍ਹਾਂ ਤੰਦਾਂ ਨੂੰ ਸੁਲਝਾਉਣ ਦਾ ਯਤਨ ਕਰਦੇ ਹਨ। ਰੇਲਵੇ ਦਾ ਅਧਿਕਾਰੀ ਹੋਣ ਦੇ ਨਾਲ-ਨਾਲ ਧੀਰਜ ਯੂਨੀਅਨ ਦੇ ਕੰਮਾਂ ਵਿਚ ਵੀ ਸਰਗਰਮ ਹੈ ਅਤੇ ਸੁਰੱਸਤੀ ਔਰਤ ਭਲਾਈ ਵਿਭਾਗ ਨਾਲ ਸੰਬੰਧਿਤ ਹੋਣ ਕਰਕੇ ਔਰਤਾਂ ਦੇ ਸ਼ੋਸ਼ਣ ਨੂੰ ਰੋਕਣ ਲਈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੂਝ-ਬੂਝ ਨਾਲ ਸੁਲਝਾਉਣ ਲਈ ਤਤਪਰ ਰਹਿੰਦੀ ਹੈ। ਨਾਵਲ ਵਿਚ ਜਾਤ-ਪਾਤ ਦਾ ਮਸਲਾ, ਭ੍ਰਿਸ਼ਟਾਚਾਰੀ ਤੰਤਰ ਖੱਬੇ-ਪੱਖੀ ਲਹਿਰ ਦੀਆਂ ਗਤੀਵਿਧੀਆਂ ਅਤੇ ਅੰਤਰ-ਵਿਰੋਧਾਂ ਨੂੰ ਵੀ ਨਾਵਲ ਦੇ ਬਿਰਤਾਂਤਕ ਚੌਖਟੇ ਵਿਚ ਪੇਸ਼ ਕੀਤਾ ਗਿਆ ਹੈ। ਸਾਹਿਤ ਸਾਡੀ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ, ਸਾਹਿਤ ਸਭਾਵਾਂ ਦੀ ਕਾਰਜਸ਼ੈਲੀ ਬਾਰੇ ਵੀ ਨਾਵਲ ਵਿਚ ਵੱਖਰੇ-ਵੱਖਰੇ ਦ੍ਰਿਸ਼ਟੀਕੋਣ ਤੋਂ ਵੇਰਵੇ ਪੇਸ਼ ਕੀਤੇ ਗਏ ਹਨ। ਨਾਵਲ ਵਿਚ ਪੰਜਾਬੀਆਂ ਦੇ ਸੁਭਾਅ ਜਾਗੀਰਦਾਰਾਨਾ ਸੋਚ ਆਦਿ ਦੇ ਵੀ ਦ੍ਰਿਸ਼ ਚਿੱਤਰ ਸਿਰਜੇ ਗਏ ਹਨ। ਨਾਵਲ ਵਿਚ ਪਿਛਲਝਾਤ, ਨਾਟਕੀ, ਵਰਨਣਾਤਮਿਕ ਆਦਿ ਜੁਗਤਾਂ ਦੀ ਵਰਤੋਂ ਕਰਦਿਆਂ ਪਾਤਰਾਂ ਦੀ ਸਥਿਤੀ ਮੁਤਾਬਿਕ ਭਾਸ਼ਾਈ ਵਾਤਾਵਰਨ ਉਸਾਰਿਆ ਗਿਆ ਹੈ।

ਡਾ. ਸਰਦੂਲ ਸਿੰਘ ਔਜਲਾ
ਮੋ: 98141-68611.

07-11-2021

 ਜ਼ਖ਼ਮੀ ਪੈਰ
ਲੇਖਿਕਾ : ਰੁਪਿੰਦਰ ਕੌਰ ਭੰਦੋਹਲ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 98141-01312.


'ਜ਼ਖ਼ਮੀ ਪੈਰ' ਕਾਵਿ-ਸੰਗ੍ਰਹਿ ਕਵਿੱਤਰੀ ਰੁਪਿੰਦਰ ਕੌਰ ਭੰਦੋਹਲ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਸ ਕਾਵਿ-ਸੰਗ੍ਰਹਿ ਵਿਚ ਉਸ ਨੇ 'ਜ਼ਖ਼ਮੀ ਪੈਰ' ਤੋਂ ਲੈ ਕੇ 'ਨਵਾਂ ਇਤਿਹਾਸ' ਤੱਕ 58 ਕਵਿਤਾਵਾਂ ਨੂੰ ਸ਼ਾਮਿਲ ਕੀਤਾ ਹੈ। ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਦੇ ਕੇਂਦਰੀ ਸੁਰ 'ਸਫ਼ਰ' ਅਤੇ 'ਮੁਸਾਫ਼ਿਰਾਂ' (ਸਹਿਯੋਗੀ) ਦੀ ਹੋਂਦ ਨੂੰ ਸਵੀਕਾਰਦਿਆਂ, ਸਫ਼ਰ ਦੀਆਂ ਦੁਸ਼ਵਾਰੀਆਂ/ਅੜਚਣਾਂ ਨੂੰ ਪਾਠਕਾਂ ਸਾਹਮਣੇ ਪ੍ਰਸਤੁਤ ਕਰਨ ਦਾ ਭਰਪੂਰ ਉਪਰਾਲਾ ਕੀਤਾ ਹੈ। ਦਾਬੇ ਦੀ ਫ਼ਿਤਰਤ ਮਨੁੱਖ ਦੀ ਅਜ਼ਲੀ ਹੈ। ਇਹੀ ਫ਼ਿਤਰਤ ਅਗਾਂਹ 'ਸੱਤਾ' 'ਚ ਤਬਦੀਲ ਹੁੰਦੀ-ਹੁੰਦੀ ਨਿਜ਼ਾਮ ਦੀ ਸਥਾਪਤੀ ਤੱਕ ਦਾ ਪੈਂਡਾ ਤੈਅ ਕਰਦੀ, ਮਨੁੱਖ ਹਿਤੈਸ਼ੀ ਹੋਣ ਦੀ ਥਾਵੇਂ ਮਨੁੱਖ ਵਿਰੋਧੀ ਹੋ ਗਈ ਅਤੇ ਮਨੁੱਖ ਦੀ ਹੋਂਦ 'ਤੇ ਹੀ ਪ੍ਰਸ਼ਨ-ਚਿੰਨ੍ਹ ਲਾ ਗਈ। ਮਨੁੱਖ ਅਹਿਸਾਸਾਂ ਦੀ ਗਠੜੀ ਦੀ ਥਾਵੇਂ ਵਰਗ-ਵੰਡ ਦੇ ਖਾਨਿਆਂ 'ਚ ਤਬਦੀਲ ਹੋ ਗਿਆ। ਮਨੁੱਖ ਤੋਂ ਪਹਿਲਾਂ ਉਹ ਔਰਤ-ਮਰਦ 'ਚ ਤਬਦੀਲ ਹੋਇਆ। ਫਿਰ ਅਗਾਂਹ ਧਰਮਾਂ, ਮਜ਼ਹਬਾਂ, ਜਾਤਾਂ, ਜਮਾਤਾਂ, ਫ਼ਿਰਕਿਆਂ, ਕਬੀਲਿਆਂ 'ਚ ਵੰਡਿਆ ਗਿਆ ਹੈ। ਮਨੁੱਖ ਦਾ ਸਫ਼ਰ ਤਾਂ ਸਾਵੀਂ-ਪੱਧਰੀ, ਸਾਦ-ਮੁਰਾਦੀ ਜ਼ਿੰਦਗੀ ਜਿਊਣ ਦੇ ਸਫ਼ਰ ਦਾ ਸੀ ਪਰ ਵਿਵਸਥਾ ਨੇ ਉਸ ਦੇ ਰਾਹਾਂ 'ਚ ਅਨੇਕਾਂ ਪ੍ਰਕਾਰ ਦੇ ਕੰਡੇ ਬੀਜ, ਉਸ ਦੇ ਪੈਰਾਂ ਨੂੰ ਲਹੂ-ਲੁਹਾਨ ਕਰ ਦਿੱਤਾ। ਇਸ ਸੰਗ੍ਰਹਿ ਵਿਚਲੀਆਂ 'ਖ਼ੁਦ ਦੀ ਭਾਲ', 'ਕਿੱਥੇ ਸਵੇਰਾ', 'ਮਾਹੌਲ', 'ਨਾ ਮਰੀਂ ਜ਼ਮੀਰੋਂ', 'ਇਨਸਾਨ', 'ਉਹ ਲੋਕ', 'ਸੋਚ ਬੰਦੇ ਦੀ', 'ਮਸਲਾ', 'ਜਾ ਰਹੇ ਨੇ', 'ਨਹੀਂ ਵੇਖੇ', 'ਰਿਸ਼ਤਾ', 'ਕਿਸਾਨ', 'ਕਿਸਾਨ ਏਕਤਾ', 'ਮਿੱਟੀ ਤੇ ਬਚਪਨ', 'ਜ਼ਖ਼ਮੀ ਪਰਿੰਦੇ', 'ਇਨਸਾਨੀਅਤ' ਅਤੇ ਹੋਰ ਅਨੇਕਾਂ ਕਵਿਤਾਵਾਂ 'ਚ ਉਕਤ ਵਰਣਿਤ ਮਸਲਿਆਂ ਨੂੰ ਪ੍ਰਸ਼ਨਿਕ ਰੂਪ 'ਚ ਕਾਵਿ-ਪਾਠ ਸਾਹਵੇਂ ਪੇਸ਼ ਹੁੰਦੀਆਂ ਹਨ। 'ਬੰਦਾ ਤੇ ਕਾਇਨਾਤ' ਕਵਿਤਾ ਦਾ ਕਾਵਿਕ ਪ੍ਰਸੰਗ ਉਪਰੋਕਤ ਵਾਰਤਾ ਨੂੰ ਵਧੇਰੇ ਸਪੱਸ਼ਟਤਾ ਪ੍ਰਦਾਨ ਕਰਦਾ ਹੈ :
ਤੂੰ ਦੇਵੇਂ ਨਿਆਮਤਾਂ
ਇਹ ਦਿੰਦਾ ਹੈ ਦੁੱਖ।
ਕਤਲ ਕਰਦਾ ਹੈ,
ਕਦੇ ਕੁੱਖ-ਕਦੇ ਰੁੱਖ।
ਨਵੇਂ ਸਵੇਰੇ ਦੀ ਉਡੀਕ ਕਵਿੱਤਰੀ ਦੀ ਆਸ਼ਾਵਾਦੀ ਸੋਚ ਦਾ ਪ੍ਰਤੀਕ ਹੈ। ਉਸ ਦੀ ਸ਼ਾਇਰੀ ਜਿਥੇ ਲੈਅਬੱਧ ਹੈ, ਉਥੇ ਉਹ ਸੰਗੀਤਕ ਵੀ ਹੈ ਅਤੇ ਤੁਕਾਂਤਕ ਵੀ। ਇਸ ਲਈ ਉਹ ਨਵਾਂ ਇਤਿਹਾਸ ਸਿਰਜਣ ਦਾ, ਮਨੁੱਖ ਦੀ ਹੋਂਦ ਦਾ ਪ੍ਰਸ਼ਨ ਪੈਦਾ ਕਰ, ਮਨੁੱਖ ਨੂੰ ਸੰਘਰਸ਼ ਅਤੇ ਏਕੇ ਦੇ ਰਾਹ ਵੱਲ ਜਾਣ ਦੀ ਉਤਸ਼ਾਹੀ ਪ੍ਰੇਰਨਾ ਆਪਣੀਆਂ ਕਵਿਤਾਵਾਂ 'ਚ ਪੇਸ਼ ਕਰਦੀ ਹੈ। ਪੈਰ ਜ਼ਖ਼ਮੀ ਬੇਸ਼ੱਕ ਹਨ ਪਰ ਹੰਭੇ ਨਹੀਂ, ਨਾ ਹੀ ਹੰਭਣਗੇ, ਇਹੀ ਤਵੱਕੋਂ ਮੈਂ ਭਵਿੱਖੀ ਸੰਭਾਵਨਾ ਭਰਪੂਰ ਕਵਿੱਤਰੀ ਦੀ ਆਸ਼ਾਵਾਦੀ ਸੋਚ ਨੂੰ ਸਲਾਮ ਕਰਦਿਆਂ ਰੱਖਦਾ ਹਾਂ ਕਿਉਂਕਿ ਭਵਿੱਖ ਨੌਜਵਾਨਾਂ 'ਤੇ ਹੀ ਟਿਕਿਆ ਹੋਇਆ ਹੈ। ਆਮੀਨ!


ਸੰਧੂ ਵਰਿਆਣਵੀ (ਪ੍ਰੋ:)
ਮੋ: 98786-14096.
c c c


ਸ਼ਬਦਾਂ ਵਿਚ ਪਰੋਏ ਜਜ਼ਬਾਤ

ਕਵਿੱਤਰੀ : ਰਛਪਾਲ ਕੌਰ ਗਿੱਲ
ਪ੍ਰਕਾਸ਼ਕ : ਕਾਜਲ ਪਬਲਿਸ਼ਰਜ਼, ਦਸੂਹਾ (ਹੁਸ਼ਿਆਰਪੁਰ)
ਮੁੱਲ : 200 ਰੁਪਏ, ਸਫ਼ੇ : 102
ਸੰਪਰਕ : 95012-94431.


ਹਥਲਾ ਕਾਵਿ ਸੰਗ੍ਰਹਿ ਕੈਨੇਡਾ ਵਸਦੀ ਪੰਜਾਬੀ ਕਵਿੱਤਰੀ ਦਾ ਪਹਿਲਾ ਕਾਵਿ ਸੰਗ੍ਰਹਿ ਅਤੇ ਦੂਜੀ ਸਾਹਿਤਕ ਪੁਸਤਕ ਹੈ। ਇਸ ਤੋਂ ਪਹਿਲਾਂ ਰਛਪਾਲ ਕੌਰ ਗਿੱਲ ਇਕ ਕਹਾਣੀ ਸੰਗ੍ਰਹਿ 'ਟਾਹਣੀਓਂ ਟੁੱਟੇ' ਪੰਜਾਬੀ ਮਾਂ ਬੋਲੀ ਨੂੰ ਅਰਪਣ ਕਰ ਚੁੱਕੀ ਹੈ। ਪੁਸਤਕ ਪੜ੍ਹਦਿਆਂ ਇਕ ਗੱਲ ਸਾਬਤ ਹੁੰਦੀ ਹੈ ਕਿ ਕਵਿੱਤਰੀ ਦੇ ਜਜ਼ਬਾਤ ਜ਼ਿਆਦਾਤਰ ਨਾਰੀ ਦੀ ਹੋਂਦ-ਪ੍ਰਕਿਰਤੀ ਬਾਰੇ ਹਨ। ਔਰਤ ਦੀ ਹਰ ਹੋਣੀ ਬਾਰੇ ਉਹ ਫ਼ਿਕਰਮੰਦ ਹੈ। ਉਸ ਦੀਆਂ ਕਵਿਤਾਵਾਂ ਦੇ ਨਾਮਕਰਨ ਤੋਂ ਵੀ ਇਹੀ ਜ਼ਾਹਰ ਹੋ ਜਾਂਦਾ ਹੈ ਜਿਵੇਂ ਔਰਤ ਦੀ ਹੋਂਦ ਤੇ ਹੋਣੀ, ਮਾਂ ਦਿਵਸ, ਮਾਂ ਦੇ ਰੂਪ, ਮੇਰੀ ਮਾਂ, ਅਮੜੀ ਦੇ ਜਾਏ, ਔਰਤਾਂ ਦਾ ਅੰਤਰਰਾਸ਼ਟਰੀ ਦਿਵਸ, ਪੀੜਤ ਔਰਤ, ਪਰਦੇਸਣ, ਬਾਬਲ ਦਾ ਵਿਹੜਾ ਆਦਿ ਉਸ ਦੀਆਂ ਕਵਿਤਾਵਾਂ ਦੇ ਚਿਹਨ ਔਰਤ ਦੀ ਹਮਦਰਦੀ ਦੇ ਹੀ ਪ੍ਰਗਟ ਹੁੰਦੇ ਹਨ ਜਿਵੇਂ :
-ਸੁਣ ਅਣਜੰਮੀ ਧੀ ਦੀ ਪੁਕਾਰ ਨੀ ਮਾਏ
ਮੈਨੂੰ ਕੁੱਖ ਵਿਚ ਨਾ ਤੂੰ ਮਾਰ ਨੀ ਮਾਏ
-ਸਭ ਮਾਵਾਂ ਨੂੰ ਮਾਵਾਂ ਦਾ ਦਿਨ ਮੁਬਾਰਕ ਹੋਵੇ
ਮਾਂ ਤੇਰੇ ਬਾਝੋਂ ਅੱਜ ਇਹ ਦਿਨ ਕਿਵੇਂ ਮਨਾਵਾਂ
- ਹਰ ਕੋਈ ਮਾਣਨਾ ਚਾਹੇ ਮਾਂ ਜਿਹੀ ਠੰਢੀ ਛਾਂ
ਹਰ ਆਫ਼ਤ 'ਚੋਂ ਜੋ ਬਚਾਵੇ ਮਾਂ ਫ਼ਰਜ਼ਾਂ ਦਾ ਦੂਜਾ ਨਾਂਅ
-ਮੇਰੀ ਪਿਆਰੀ ਨਿਆਰੀ ਮਾਂ
ਤੇਰੀ ਘਾਲਣਾ ਤੋਂ ਮੈਂ ਸਦਕੇ ਜਾਂ
-ਧੀਆਂ ਹਿੱਸੇ ਕਿਉਂ ਆਈ ਅੰਮੀਏਂ ਇੱਜ਼ਤਾਂ ਦੀ ਫੁਲਕਾਰੀ
ਡੱਬ ਖੜੱਬੀ ਕਰ ਦਿੰਦੇ ਕਈ ਧੋਖੇਬਾਜ਼ ਲਲਾਰੀ
-ਕਰਦੀਆਂ ਰਹਿਣ ਦੁਆਵਾਂ ਭੈਣਾਂ
ਜੁਗ ਜੁਗ ਜੀਣ ਅਮੜੀ ਦੇ ਜਾਏ।
ਉਸ ਦੀ ਪੁਸਤਕ ਪੜ੍ਹਦਿਆਂ ਮਨ ਲਰਜ ਜਾਂਦਾ ਹੈ। ਔਰਤ ਦੇ ਦੁਖੜੇ ਅਤੇ ਮਾਵਾਂ ਦੀ ਆਰਤੀ ਇਸ ਕਵਿਤਾ ਦਾ ਕੇਂਦਰੀ ਭਾਵ ਹੈ। ਉਸ ਦੀ ਕਵਿਤਾ ਅਬਲਾ ਤੋਂ ਸਬਲਾ ਵਿਚ ਸ਼ਾਨਦਾਰ ਪੇਸ਼ਕਾਰੀ ਹੈ ਕਿ ਔਰਤ ਦੇ ਵਿਚਾਰੇਪਨ ਤੇ ਉਹ ਲੋਕ ਵੀ ਹੱਸਦੇ ਹਨ ਜਿਨ੍ਹਾਂ ਉਸ ਨੂੰ ਸਮਾਜ ਵਿਚ ਦੁਜੈਲ ਅਵਸਥੀ ਅਤੇ 'ਵਿਚਾਰੀ' ਬਣਾ ਦਿੱਤਾ ਹੈ। ਔਰਤਾਂ ਦਾ ਅੰਤਰਰਾਸ਼ਟਰੀ ਦਿਨ ਵਿਚ ਰਛਪਾਲ ਪੁੱਛਦੀ ਹੈ :
'ਔਰਤ ਦੀ ਕੁੱਖ ਵਿਚੋਂ ਉਗਮੀ, ਔਰਤ ਨੂੰ ਕੁੱਖ ਵਿਚ ਮਾਰ ਮੁਕਾਇਆ ਜਾ ਰਿਹਾ ਕਿ ਔਰਤ ਹੱਥੋਂ ਹੀ ਔਰਤ ਦਾ ਕਤਲ ਕਰਾਇਆ ਜਾ ਰਿਹਾ....। ਕਿਤਾਬ ਨੂੰ ਜੀ ਆਇਆ ਹੈ।


ਸੁਲੱਖਣ ਸਰਹੱਦੀ
ਮੋ: 94174-84337.


ਗ਼ਦਰ ਪਾਰਟੀ ਦਾ ਬਾਨੀ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ

ਸੰਪਾਦਕ : ਪ੍ਰੋ: ਮਲਵਿੰਦਰ ਜੀਤ ਸਿੰਘ ਵੜੈਚ
ਸਹਿ ਸੰਪਾਦਕ : ਅਮੋਲਕ ਸਿੰਘ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 40 ਰੁਪਏ, ਸਫ਼ੇ : 168
ਸੰਪਰਕ: 0172-2556314.


ਵਿਚਾਰ ਅਧੀਨ ਪੁਸਤਕ ਵਿਚ ਬਾਬਾ ਸੋਹਨ ਸਿੰਘ ਭਕਨਾ ਦੇ ਜੀਵਨ ਸੰਗਰਾਮ ਅਤੇ ਚੋਣਵੀਆਂ ਲਿਖਤਾਂ ਨੂੰ ਸੰਪਾਦਿਤ ਕੀਤਾ ਗਿਆ ਹੈ। ਬਾਬਾ ਜੀ ਦੀ 150ਵੀਂ ਜਨਮ ਵਰ੍ਹੇਗੰਢ 'ਤੇ ਇਸ ਪੁਸਤਕ ਦਾ ਸੱਤਵਾਂ ਸੰਸਕਰਨ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਦਾ ਪਹਿਲਾ ਸੰਸਕਰਨ ਸੰਨ 1967 'ਚ ਪ੍ਰਕਾਸ਼ਿਤ ਹੋਇਆ ਸੀ। ਪੁਸਤਕ ਦਾ ਸ਼ੁਰੂਆਤੀ ਪਾਠ, ਜੀਵਨ ਸੰਗਰਾਮ (ਭਾਗ ਪਹਿਲਾ) ਵਿਚ ਬਾਬਾ ਜੀ ਦੇ ਜਨਮ ਤੇ ਬਚਪਨ, ਬਾਬਾ ਕੇਸਰ ਸਿੰਘ ਦੀ ਸੰਗਤ ਕਾਰਨ ਨਾਮਧਾਰੀ ਲਹਿਰ ਦਾ ਪ੍ਰਭਾਵ, ਰੋਟੀ ਦੀ ਭਾਲ ਵਿਚ ਅਮਰੀਕਾ ਚਲੇ ਜਾਣਾ, ਲੱਕੜੀ ਦੇ ਕਾਰਖ਼ਾਨੇ ਵਿਚ ਕੰਮ ਕਰਨਾ, ਅਮਰੀਕਾ ਵਿਚ ਵਿਦੇਸ਼ੀ ਮਜ਼ਦੂਰਾਂ 'ਤੇ ਹਮਲੇ, ਹਿੰਦੀ ਐਸੋਸੀਏਸ਼ਨ ਦਾ ਬਣਨਾ, ਗ਼ਦਰ ਅਖ਼ਬਾਰ ਦਾ ਛਪਣਾ, ਕਾਮਾਗਾਟਾ ਮਾਰੂ ਦਾ ਵੈਨਕੂਵਰ ਨੂੰ ਜਾਣਾ, ਗ੍ਰਿਫ਼ਤਾਰੀ ਆਦਿ ਮਜ਼ਮੂਨ ਸ਼ਾਮਿਲ ਕੀਤੇ ਗਏ ਹਨ। ਜੀਵਨ ਸੰਗਰਾਮ (ਭਾਗ- ਦੂਜਾ) ਵਿਚ ਜੇਲ੍ਹ ਸੰਗਰਾਮ, ਮੁਕੱਦਮਾ ਲਾਹੌਰ ਸਾਜਿਸ਼ ਕੇਸ, ਅੰਡੇਮਾਨ ਸੈਲੂਲਰ ਜੇਲ੍ਹ ਵਿਚ, ਰਾਜਸੀ ਕੈਦੀਆਂ ਦੀ ਵਾਪਸੀ, ਸ਼ਹੀਦ ਭਗਤ ਸਿੰਘ ਨਾਲ ਮੁਲਾਕਾਤ, ਰਿਹਾਈ, ਪਿੰਡ ਵਾਪਸੀ ਅਤੇ ਜ਼ਮੀਨ ਦਾ ਕਲੇਸ਼, ਕਿਰਤੀ ਕਿਸਾਨ ਆਸ਼ਰਮ ਦੀ ਸਥਾਪਨਾ, ਕਿਸਾਨ ਲਹਿਰਾਂ ਵਿਚ ਕੰਮ, ਦੇਵਲੀ ਕੈਂਪ, ਸੁਤੰਤਰਤਾ ਦਿਵਸ, ਕੌਮੀ ਹਕੂਮਤ ਦੀ ਦੇਣ, ਦੇਸ਼ ਭਗਤ ਯਾਦਗਾਰ ਹਾਲ ਆਦਿ ਮਜ਼ਮੂਨ ਸ਼ਾਮਿਲ ਕੀਤੇ ਗਏ ਹਨ। ਤੀਜਾ ਭਾਗ ਬਾਬਾ ਜੀ ਦੀ ਕਲਮ ਤੋਂ ਸਿਰਜੀਆਂ ਲਿਖਤਾਂ ਦਾ ਹੈ। ਇਸ ਵਿਚ ਦੁੱਖ, ਜੀਵਨ ਕਰਤੱਬ, ਮੇਰਾ ਜਰਨੈਲ ਕਰਤਾਰ ਸਿੰਘ ਸਰਾਭਾ, ਇਨਕਲਾਬੀ ਲਹਿਰ, ਗਰੀਬੀ, ਭਾਰਤ ਵਿਚ ਇਸਤਰੀ ਜਾਤੀ, ਨੌਜਵਾਨਾਂ ਨਾਲ ਸਵਾਲ-ਜਵਾਬ, ਨਾਸ਼ਤਾ ਤੇ ਆਸਤਕ/ਮਾਦਾ ਪ੍ਰਸਤੀ ਅਤੇ ਰੱਬ ਪ੍ਰਸਤੀ ਲਿਖਤਾਂ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਪੁਸਤਕ ਵਿਚ ਬਾਬਾ ਜੀ ਦੇ ਜੀਵਨ ਸੰਘਰਸ਼ ਦੇ ਨਾਲ-ਨਾਲ ਹਰ ਮੁੱਦੇ 'ਤੇ ਬਾਬਾ ਜੀ ਦੇ ਵਿਚਾਰ ਪੁਸਤਕ ਵਿਚ ਥਾਂ-ਥਾਂ ਸਪੱਸ਼ਟ ਨਜ਼ਰੀਂ ਪੈਂਦੇ ਹਨ। ਆਓ ਉਨ੍ਹਾਂ ਦੀ ਸਪੱਸ਼ਟ ਅਤੇ ਸੁਲਝੀ ਹੋਈ ਵਿਚਾਰਧਾਰਾ ਨਾਲ ਸਾਂਝ ਪਾਈਏ :
* ਭੁੱਖੀ ਜਨਤਾ ਰੋਜ਼ ਜਲੂਸ ਕੱਢਦੀ ਹੈ। ਵਿਦਿਆਰਥੀ ਆਪਣਾ ਭਵਿੱਖ ਹਨੇਰੇ ਵਿਚ ਦੇਖ ਕੇ ਜਨਤਾ ਨਾਲ ਮਿਲ ਕੇ ਹਕੂਮਤ ਸਾਹਮਣੇ ਚਿਲਾਉਂਦੇ ਹਨ। ਜਿਵੇਂ ਕਿ ਮਾਂ-ਬਾਪ ਅੱਗੇ ਬੱਚਾ ਚਿਲਾਉਂਦਾ ਹੋਵੇ। ਪਰ ਉਨ੍ਹਾਂ 'ਤੇ ਪੁਲਿਸ ਲਾਠੀਆਂ ਤੇ ਗੋਲੀਆਂ ਵਰ੍ਹਾਉਂਦੀ ਹੈ। ਅੰਗਰੇਜ਼ਾਂ ਪਿੱਛੋਂ ਰਾਜਸੀ ਪਾਰਟੀਆਂ ਇਹ ਕੰਮ ਕਰ ਰਹੀਆਂ ਹਨ। (ਪੰਨਾ-96-97) * ਜਦ ਤੱਕ ਆਰਥਿਕਤਾ ਠੀਕ ਲੀਹਾਂ 'ਤੇ ਨਹੀਂ ਲਿਆਂਦੀ ਜਾਂਦੀ, ਲੋਕਾਂ ਤੋਂ ਮਨੁੱਖੀ ਆਦਰਸ਼ਾਂ 'ਤੇ ਚੱਲਣ ਦੀ ਆਸ ਰੱਖਣਾ ਸ਼ੇਖਚਿਲੀ ਦੇ ਸਵਰਗੀ ਸੁਪਨੇ ਦੇਖਣ ਤੋਂ ਸਿਵਾਏ ਹੋਰ ਕੁਝ ਵੀ ਨਹੀਂ। * ਕੌਮੀ ਇਤਿਹਾਸ ਹੀ ਗ਼ਲਤ ਤਰੀਕੇ ਨਾਲ ਆਉਣ ਵਾਲੀਆਂ ਨਸਲਾਂ ਅੱਗੇ ਰੱਖਿਆ ਜਾ ਰਿਹਾ ਹੈ। ਇਤਿਹਾਸ ਵਿਚੋਂ ਇਨਕਲਾਬੀ ਦੇਸ਼ ਭਗਤਾਂ ਨੂੰ ਅਣਗੌਲਿਆਂ ਕੀਤਾ ਗਿਆ ਹੈ। ਜਦਕਿ ਉਹ ਆਜ਼ਾਦੀ ਖ਼ਾਤਰ ਫਾਂਸੀ ਦੇ ਰੱਸਿਆਂ 'ਤੇ ਲਟਕ ਗਏ। ਇਸ ਪੁਸਤਕ ਵਿਚ ਬੜਾ ਕੁਝ ਪੜ੍ਹਨ ਅਤੇ ਸਿੱਖਣ ਲਈ ਮੌਜੂਦ ਹੈ। ਪੰਜਾਬੀ ਅਗਾਂਹਵਧੂ ਸਾਹਿਤ ਵਿਚ ਇਸ ਪੁਸਤਕ ਦੇ ਸੱਤਵੇਂ ਐਡੀਸ਼ਨ ਦਾ ਭਰਪੂਰ ਸਵਾਗਤ ਹੈ। ਪਾਠਕ ਇਸ ਪੁਸਤਕ ਨੂੰ ਜ਼ਰੂਰ ਪੜ੍ਹਨ। ਕਈ ਭੁਲੇਖੇ ਦੂਰ ਹੋ ਜਾਣਗੇ। ਕੀਮਤ ਵੀ ਵਾਜਬ ਹੈ।


ਪ੍ਰਿੰ: ਹਰੀ ਕ੍ਰਿਸ਼ਨ ਮਾਇਰ
ਮੋ: 97806-67686


ਡੱਡੂਆਂ ਦੀ ਬਰਾਤ
(ਨਰਸਰੀ ਗੀਤ)
ਲੇਖਕ : ਅਵਤਾਰ ਸਿੰਘ ਸੰਧੂ
ਪ੍ਰਕਾਸ਼ਕ : ਦੋਆਬਾ ਸਾਹਿਤ ਸਭਾ (ਰਜਿ:) ਗੜ੍ਹਸ਼ੰਕਰ
ਮੁੱਲ : 120 ਰੁਪਏ, ਸਫ਼ੇ : 40
ਸੰਪਰਕ : 99151-82971.


ਉੱਘੇ ਬਾਲ ਸਾਹਿਤਕਾਰ ਅਵਤਾਰ ਸਿੰਘ ਸੰਧੂ ਦੀ ਹਥਲੀ ਪੁਸਤਕ 'ਡੱਡੂਆਂ ਦੀ ਬਰਾਤ' ਬਹੁਤ ਹੀ ਪਿਆਰੀ ਅਤੇ ਨਿਆਰੀ ਨਰਸਰੀ ਕਵਿਤਾਵਾਂ ਦੀ ਬਹੁਤ ਹੀ ਸੁੰਦਰ ਪੁਸਤਕ ਹੈ, ਜਿਸ ਵਿਚ 21 ਬਾਲ ਕਵਿਤਾਵਾਂ ਹਨ। ਸਭੇ ਕਵਿਤਾਵਾਂ ਦੇ ਨਾਲ-ਨਾਲ ਬਹੁਤ ਹੀ ਪਿਆਰੀਆਂ ਸ਼ਾਨਦਾਰ ਢੁੱਕਵੀਆਂ ਤਸਵੀਰਾਂ ਵੀ ਬਣੀਆਂ ਹੋਈਆਂ ਹਨ ਜੋ ਰਚਨਾਵਾਂ ਨੂੰ ਚਾਰ ਚੰਨ ਲਾ ਰਹੀਆਂ ਹਨ। ਕਵਿਤਾਵਾਂ ਸਿੱਖਿਆਦਾਇਕ ਹੋਣ ਦੇ ਨਾਲ-ਨਾਲ ਬਹੁਤ ਹੀ ਰੌਚਿਕ ਵੀ ਹਨ।
ਜਿਵੇਂ : 'ਮਿੱਠੇ ਗੀਤ' ਕਵਿਤਾ ਕਮਾਲ ਦੀ ਹੈ:-
-ਸਰਘੀ ਵੇਲੇ ਚਿੜੀਆਂ ਆ ਕੇ,
ਮਿੱਠੇ ਗੀਤ ਸੁਣਾਵਣ,
ਸਤਰੰਗੀ ਜਦ ਕਿਰਨਾਂ ਚਮਕਣ,
ਤੋਤੇ ਵੀ ਆ ਜਾਵਣ।
ਕਾਵਾਂ ਰੌਲ਼ੀ ਕਾਵਾਂ ਪਾਈ,
ਸਭ ਨੂੰ ਗੁੱਸਾ ਚੜ੍ਹਿਆ,
ਹੱਟੀ ਵਾਲਾ ਲਾਲਾ ਡੰਡਾ ਲੈ,
ਕੋਠੇ ਉੱਤੇ ਚੜ੍ਹਿਆ।
ਮਿੱਠੇ ਗੀਤ ਤੇ ਮਿੱਠੀਆਂ ਗੱਲਾਂ ਹਰ ਕੋਈ ਸੁਣਨਾ ਚਾਹਵੇ,
ਏਸੇ ਲਈ ਮਿੱਠੂ ਪਿੰਜਰੇ ਵਿਚ ਬੈਠਾ ਚੂਰੀ ਖਾਵੇ।
ਸੁਭਾਵਿਕ ਹੀ ਮਿੱਠਾ ਬੋਲਣ ਦਾ ਸੁਨੇਹਾ ਛੋਟੀ ਜਿਹੀ ਕਵਿਤਾ ਵਿਚ ਦੇ ਗਏ ਹਨ।
ਏਸੇ ਤਰ੍ਹਾਂ ਹੀ 'ਮਾਣੋ ਦੀ ਸੋਚ' ਕਵਿਤਾ ਵੀ ਬਹੁਤ ਖੂਬ ਹੈ:-
-ਸਾਰੇ ਝਗੜੇ ਛੱਡ ਮਾਣੋ ਨੇ, ਕੀਤੀ ਸੁਲ੍ਹਾ ਸਫ਼ਾਈ,
ਡਿਨਰ ਖਾਣ ਲਈ ਚੂਹੇ ਦੇ ਘਰ ਬਣ ਠਣ ਕੇ ਉਹ ਆਈ।
ਕੜੀ, ਰਾਜਮਾਂਹ, ਕਾਲੇ ਛੋਲੇ, ਮੱਖਣ ਦੇ ਨਾਲ ਮਲਾਈ,
ਸਤਰੰਗਾ ਸਲਾਦ ਕੱਟਿਆ, ਕੀਤੀ ਦਾਲ ਫਰਾਈ।
ਪਰ ਹੁਣ ਨਾਲੇ ਸੋਚੀ ਜਾਵੇ, ਕੀ ਛੱਡੇ ਕੀ ਖਾਵੇ।
ਮਰ ਜਾਣਾ ਮੈਂ ਚੂਹਾ ਖਾਣਾ, ਕੌਣ ਇਹਨੂੰ ਸਮਝਾਵੇ।
ਇਸੇ ਤਰ੍ਹਾਂ ਹੀ 'ਨਵਾਂ ਜ਼ਮਾਨਾ' ਕਵਿਤਾ ਵੇਖੋ ਬਹੁਤ ਹੀ ਪਿਆਰੀ ਹੈ।
-ਕਾਂ ਹੁਣ ਕੋਕਾ ਕੋਲਾ ਪੀਵੇ, ਘੁੱਗੀ ਨੂਡਲ ਖਾਵੇ,
ਬਾਂਦਰ ਫੜ ਕੇ ਚਿੱਪਸ ਦਾ ਪੈਕਟ, ਰੁੱਖ ਉਤੇ ਚੜ੍ਹ ਜਾਵੇ।
ਚਿੜੀ ਦੇ ਘਰ ਹੁਣ ਮੈਗੀ ਬਣਦੀ, ਤੋਤਾ ਪੀਜ਼ਾ ਖਾਵੇ,
ਮੈਨੂੰ ਬਰਗਰ ਚੰਗਾ ਲਗਦਾ, ਸਭ ਨੂੰ ਇੱਲ ਸਮਝਾਵੇ।
ਸਾਰੇ ਦੇਸੀ ਖਾਣੇ ਭੁੱਲ ਗਏ, ਨਵਾਂ ਜ਼ਮਾਨਾ ਆਇਆ,
ਫਾਸਟ ਫੂੁਡ ਨੇ ਸਭ ਦੇ ਉਤੇ, ਆਪਣਾ ਰੰਗ ਜਮਾਇਆ।
ਇਸੇ ਤਰ੍ਹਾਂ ਹੀ ਮਾਣੋ ਦਾ ਸਬਕ, ਸਹੀ ਫ਼ੈਸਲਾ, ਡੱਡੂਆਂ ਦੀ ਬਰਾਤ, ਚੂਹਿਆਂ ਦੀ ਰੇਲ, ਨਿੰਬੂ ਕੇਲੇ ਦੀ ਲੜਾਈ, ਕੁੜਮਾਈ, ਜਿੰਮ ਵਿਚ ਜਾਣਾ ਅਤੇ ਸੋਚਣ ਵਾਲੀ ਗੱਲ ਆਦਿ ਸਭੇ ਕਵਿਤਾਵਾਂ ਬਹੁਤ ਹੀ ਦਿਲਚਸਪ ਅਤੇ ਸਿੱਖਿਆਦਾਇਕ ਹਨ। ਉਂਜ ਤਾਂ ਹਰ ਸਾਹਿਤਕਾਰ ਦਾ ਹੀ ਮਨੋਵਿਗਿਆਨੀ ਹੋਣਾ ਜ਼ਰੂਰੀ ਹੈ ਪਰ ਬਾਲਾਂ ਦੇ ਲੇਖਕ ਦਾ ਮਨੋਵਿਗਿਆਨੀ ਹੋਣਾ ਤਾਂ ਬੇਹੱਦ ਹੀ ਜ਼ਰੂਰੀ ਹੈ। ਸੰਧੂ ਸਾਹਿਬ ਵਿਚ ਇਹ ਸਾਰੇ ਗੁਣ ਮੌਜੂਦ ਹਨ। ਸੇਵਾ-ਮੁਕਤ ਅਧਿਆਪਕ ਹੋਣ ਕਰਕੇ ਢੇਰ ਸਾਰਾ ਤਜਰਬਾ ਹੈ। ਬਾਲਾਂ ਦੀਆਂ ਲੋੜਾਂ ਅਤੇ ਰੁਚੀਆਂ ਨੂੰ ਉਹ ਬਹੁਤ ਹੀ ਬਾਰੀਕੀ ਨਾਲ ਸਮਝਦੇ ਹਨ। ਸ਼ਬਦ ਸਰਲ, ਠੇਠ ਅਤੇ ਬਾਲਾਂ ਦੇ ਹਾਣ ਦੇ ਵਰਤ ਰਹੇ ਹਨ। ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਬਾਲਾਂ ਲਈ ਬਹੁਤ ਹੀ ਸ਼ਾਨਦਾਰ ਪੁਸਤਕ ਪਾਉਣ 'ਤੇ ਅਵਤਾਰ ਸਿੰਘ ਸੰਧੂ ਨੂੰ ਮੁਬਾਰਕਵਾਦ ਦਿੰਦਾ ਹਾਂ।


ਅਮਰੀਕ ਸਿੰਘ ਤਲਵੰਡੀ ਕਲਾਂ
ਮੋ: 94635-42896.


ਸਾਹਿਤ ਦੀ ਸਰਗਮ
ਲੇਖਕ : ਸਤੀਸ਼ ਕੁਮਾਰ ਵਰਮਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 99
ਸੰਪਰਕ : 99157-06407.


ਸਤੀਸ਼ ਕੁਮਾਰ ਵਰਮਾ ਦੀ ਵਿਚਾਰ-ਅਧੀਨ ਪੁਸਤਕ ਇਕ ਵਾਰਤਕ ਦੀ ਕਿਤਾਬ ਹੈ। ਜਿਵੇਂ ਕਿ ਨਾਂਅ ਤੋਂ ਹੀ ਸਪੱਸ਼ਟ ਹੈ ਇਸ ਵਿਚ ਉਸ ਨੇ ਸੱਤ ਪੰਜਾਬੀ ਸਾਹਿਤਕਾਰਾਂ ਦੇ ਯੋਗਦਾਨ ਨੂੰ ਉਲੀਕਿਆ ਹੈ। ਇਹ ਸਾਹਿਤਕਾਰ ਹਨ ਹਰਚਰਨ ਸਿੰਘ, ਦੇਵਿੰਦਰ ਸਤਿਆਰਥੀ, ਦਲੀਪ ਕੌਰ ਟਿਵਾਣਾ, ਬਲਵੰਤ ਗਾਰਗੀ, ਬਲਰਾਜ ਸਾਹਨੀ, ਵਣਜਾਰਾ ਬੇਦੀ ਅਤੇ ਬਰਜਿੰਦਰ ਸਿੰਘ ਹਮਦਰਦ। ਇਨ੍ਹਾਂ ਨੂੰ ਉਸ ਨੇ ਕ੍ਰਮ ਅਨੁਸਾਰ ਵਿਸ਼ੇਸ਼ ਸਿਰਲੇਖਾਂ ਹੇਠ ਪ੍ਰਸਤੁਤ ਕੀਤਾ ਹੈ ਜਿਵੇਂ ਕਿ ਪੰਜਾਬੀ ਨਾਟ-ਮੰਚ ਦੀ ਬੱਲੇ ਬੱਲੇ; ਹਾਰੀ ਸਾਰੀ ਦੇ ਵੱਸ ਨਹੀਂ ਸਤਿਆਰਥੀ ਹੋਣਾ; ਨਾਰੀ ਆਵਾਜ਼ ਦੀ ਨੀਲਾਂਬਰੀ ਪਰਵਾਜ਼; ਪਸੰਦਗੀ ਅਤੇ ਨਾਪਸੰਦਗੀ ਦਾ ਤਣਾਓ; ਦ੍ਰਿਸ਼, ਦ੍ਰਿਸ਼ਟੀ ਤੇ ਦ੍ਰਿਸ਼ਟੀਕੋਣ; ਲੋਕਧਾਰਾ ਦਾ ਵਣਜਾਰਾ; ਮੇਰੇ ਹਿੱਸੇ ਦਾ ਬਰਜਿੰਦਰ। ਇਹ ਸਾਰੇ ਹੀ ਸਾਹਿਤਕਾਰ ਕਿਤੇ ਨਾ ਕਿਤੇ ਲੇਖਕ ਦੇ ਸੰਪਰਕ ਵਿਚ ਆਏ ਹਨ। ਹਰਚਰਨ ਸਿੰਘ ਨਾਲ ਸੰਬੰਧਿਤ ਅਧਿਆਏ ਵਿਚ ਉਸ ਦੀਆਂ ਪੰਜ ਪਹਿਲਕਦਮੀਆਂ (ਆਪਣੀ ਪਤਨੀ ਨੂੰ ਪਹਿਲੀ ਵਾਰ ਨਾਰੀ ਪਾਤਰ ਦਾ ਰੋਲ ਦੇਣਾ, ਚੰਡੀਗੜ੍ਹ ਵਿਚ ਸਭ ਤੋਂ ਪਹਿਲਾਂ ਪੰਜਾਬੀ ਨਾਟਕ ਖੇਡਣਾ, ਪੰਜਾਬੀ ਰੰਗਮੰਚ ਦੇ ਇਤਿਹਾਸ ਵਿਚ ਪਹਿਲਾ ਲੋਕ ਨਾਟ ਗਰੁੱਪ ਸਥਾਪਤ ਕਰਨਾ, ਪਹਿਲਾ ਰੋਮਾਂਚਕ ਸੁਖਾਂਤ ਨਾਟਕ ਲਿਖਣਾ, ਪਹਿਲਾ ਪੰਜਾਬੀ ਇਤਿਹਾਸਕ ਨਾਟਕ ਲਿਖਣਾ) ਦੱਸ ਕੇ ਉਸ ਦੀ ਨਾਟਕ ਕਲਾ ਦਾ ਭਰਪੂਰ ਤੇ ਵਿਸਤ੍ਰਿਤ ਉਲੇਖ ਕੀਤਾ ਹੈ। ਪੁਸਤਕ ਵਿਚ ਇਹ ਸਭ ਤੋਂ ਲੰਮਾ (25 ਪੰਨੇ) ਲੇਖ ਹੈ।
95-ਸਾਲਾ ਸਤਿਆਰਥੀ ਦੇ ਰੇਖਾ ਚਿੱਤਰ ਵਿਚ ਉਸ ਦੇ ਜੀਵਨ ਦੀਆਂ ਬਹੁਪਰਤੀ ਛੋਹਾਂ, ਸ਼ਖ਼ਸੀਅਤ ਅਤੇ ਸਾਹਿਤਕਾਰੀ ਨੂੰ ਰੇਖਾਂਕਿਤ ਕਰ ਕੇ ਉਸ ਦੇ ਕੁਝ ਨਿਵੇਕਲੇ ਤੇ ਅਸਲੋਂ ਨਵੇਂ ਰੂਪ ਦੇ ਦੀਦਾਰ ਕਰਵਾਏ ਗਏ ਹਨ।
ਦਲੀਪ ਕੌਰ ਟਿਵਾਣਾ ਦੇ ਰੇਖਾ-ਚਿੱਤਰ ਵਿਚ ਉਸ ਦੇ ਅਧਿਆਪਕ ਤੋਂ ਦੀਦੀ ਹੋਣ ਦੀਆਂ ਭਾਵੁਕ ਸਾਂਝਾਂ ਨੂੰ ਉਲੀਕਿਆ ਗਿਆ ਹੈ। ਗਾਰਗੀ ਦੀਆਂ ਪਸੰਦੀਆਂ ਤੇ ਨਾਪਸੰਦੀਆਂ ਨੂੰ ਪੇਸ਼ ਕਰਕੇ ਲੇਖਕ ਨੇ ਉਸ ਨਾਲ ਕੀਤੀਆਂ ਕੁਝ ਅੱਧੀਆਂ-ਅਧੂਰੀਆਂ ਮੁਲਾਕਾਤਾਂ ਨੂੰ ਸਾਹਮਣੇ ਲਿਆਂਦਾ ਹੈ।
ਬਲਰਾਜ ਸਾਹਨੀ ਵਾਲੇ ਲੇਖ ਵਿਚ ਦ੍ਰਿਸ਼, ਦ੍ਰਿਸ਼ਟੀ ਤੇ ਦ੍ਰਿਸ਼ਟੀਕੋਣ ਨੂੰ ਰੇਖਾਂਕਿਤ ਕਰਦਿਆਂ ਉਸ ਨੂੰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਸ਼ੁਦਾਈ ਗਰਦਾਨਿਆ ਹੈ।
ਵਣਜਾਰਾ ਬੇਦੀ ਬਾਰੇ ਲੇਖ ਵਿਚ ਉਸ ਦੇ ਲਿਖੇ ਲੋਕਧਾਰਾ ਵਿਸ਼ਵਕੋਸ਼ ਨੂੰ ਮਹਾਨਤਮ ਦਰਜਾ ਦਿੰਦਿਆਂ ਉਸ ਦੀ ਸ਼ਖ਼ਸੀਅਤ ਵਿਚ ਇਮਾਨਦਾਰੀ ਤੇ ਹੋਰ ਸਦਗੁਣਾਂ ਨੂੰ ਸਾਹਮਣੇ ਲਿਆਂਦਾ ਗਿਆ ਹੈ।
ਪੁਸਤਕ ਦਾ ਆਖ਼ਰੀ ਲੇਖ ਅਜਿਹੀ ਸ਼ਖ਼ਸੀਅਤ ਬਾਰੇ ਹੈ, ਜੋ ਇਨ੍ਹਾਂ ਸਭਨਾਂ ਤੋਂ ਨਿਵੇਕਲੀ, ਵਿਲੱਖਣ ਤੇ ਨਿਆਰੀ ਹੈ। ਅਸਲ ਵਿਚ ਪਹਿਲੇ ਛੇ ਲੇਖਕ ਹੁਣ ਇਸ ਧਰਤ ਦੇ ਵਾਸੀ ਨਹੀਂ ਰਹੇ। ਜਿਊਂਦੇ ਬੰਦੇ ਲਿਖਣਾ ਵਾਕਈ ਬੜਾ ਮੁਸ਼ਕਿਲ ਹੁੰਦਾ ਹੈ। ਲੇਖਕ ਨੇ ਬਰਜਿੰਦਰ ਸਿੰਘ ਹਮਦਰਦ ਬਾਰੇ ਬਹੁਤ ਸਾਰੀਆਂ 'ਰਾਜ਼ਦਾਰਾਨਾ' ਗੱਲਾਂ ਸਾਂਝੀਆਂ ਕੀਤੀਆਂ ਹਨ। ਕਿਤਾਬ ਦੇ ਸਾਰੇ ਲੇਖਾਂ/ਰੇਖਾ-ਚਿੱਤਰਾਂ ਵਿਚੋਂ ਮੈਨੂੰ ਇਹੋ ਰੇਖਾ-ਚਿੱਤਰ ਸਿਰਮੌਰ ਲੱਗਿਆ ਹੈ, ਜਿਸ ਵਿਚ ਨਿਸ਼ੰਗਤਾ ਬਰਕਰਾਰ ਹੈ।


ਨਵ ਸੰਗੀਤ ਸਿੰਘ
ਮੋ: 94176-92015
c c c


ਕਿਵੇਂ ਲੱਗਾ ਸੰਸਦ 'ਚ
ਭਗਤ ਸਿੰਘ ਦਾ ਬੁੱਤ

ਲੇਖਕ : ਮਨੋਹਰ ਸਿੰਘ ਗਿੱਲ
ਅਨੁਵਾਦਕ : ਪਵਨ ਗੁਲਾਟੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 72
ਸੰਪਰਕ : 95010-26551.


ਪੁਸਤਕ ਦੇ ਲੇਖਕ ਪਦਮ ਵਿਭੂਸ਼ਨ ਡਾ. ਮਨੋਹਰ ਸਿੰਘ ਗਿੱਲ ਸਾਬਕਾ ਸਕੱਤਰ ਭਾਰਤ ਸਰਕਾਰ, ਸਾਬਕਾ ਮੁੱਖ ਚੋਣ ਕਮਿਸ਼ਨਰ ਅਤੇ ਸਾਬਕਾ ਕੇਂਦਰੀ ਖੇਡ ਮੰਤਰੀ ਨੇ ਇਹ ਪੁਸਤਕ ਮੂਲ ਰੂਪ ਵਿਚ ਅੰਗਰੇਜ਼ੀ ਵਿਚ ਲਿਖੀ ਹੈ, ਜਿਸ ਦਾ ਪਵਨ ਗੁਲਾਟੀ ਨੇ ਪੰਜਾਬੀ ਭਾਸ਼ਾ ਵਿਚ ਤਰਜਮਾ ਕੀਤਾ ਹੈ। ਲੇਖਕ ਨੇ ਭਾਰਤੀ ਸੰਸਦ ਵਿਚ ਸ਼ਹੀਦ ਭਗਤ ਸਿੰਘ ਦਾ ਬੁੱਤ ਲਗਾਉਣ ਲਈ ਖ਼ੁਦ ਵਲੋਂ ਕੀਤੇ ਸੰਘਰਸ਼ ਦੀ ਦਾਸਤਾਨ ਨੂੰ ਤਿੱਖੇ ਜਜ਼ਬੇ ਅਧੀਨ ਪੂਰੀ ਤਰ੍ਹਾਂ ਭਿੱਜ ਕੇ, ਖੁੱਭ ਕੇ ਬਿਆਨ ਕੀਤਾ ਹੈ। ਇਸੇ ਤਰ੍ਹਾਂ ਪੁਸਤਕ ਵਿਚੋਂ ਲੇਖਕ ਗਿੱਲ ਦੀ ਸ਼ਹੀਦਾਂ ਪ੍ਰਤੀ ਆਤਮਿਕ ਕਦਰ ਅਤੇ ਦੇਸ਼ ਭਗਤੀ ਦਾ ਜਜ਼ਬਾ ਸਿਖ਼ਰ ਛੂੰਹਦਾ ਨਜ਼ਰੀਂ ਪੈਂਦਾ ਹੈ। ਬੁੱਤ ਸਥਾਪਤ ਕਰਨ ਹਿਤ ਪੂਰਾ ਖ਼ਰਚਾ ਖ਼ੁਦ ਕਰਕੇ ਉਨ੍ਹਾਂ ਪਾਠਕਾਂ ਨੂੰ ਸੱਚੀ ਦੇਸ਼ ਭਗਤੀ ਦੀ ਪਰਿਭਾਸ਼ਾ ਸਮਝਾਈ ਹੈ।
ਇਸ ਦਸਤਾਵੇਜ਼ੀ ਪੁਸਤਕ ਵਿਚ ਬੁੱਤ ਸਥਾਪਤੀ ਲਈ ਕੀਤੀ ਗਈ ਖਤੋ-ਖਿਤਾਬਤ ਨੂੰ ਵੀ ਇੰਨ-ਬਿੰਨ ਛਾਪਿਆ ਗਿਆ ਜੋ ਪਾਠਕ ਨੂੰ ਸੰਘਰਸ਼ ਦਾ ਸੱਚ ਸਮਝਾਉਣ ਲਈ ਕਾਫੀ ਹੈ। ਪੰਜਾਬੀ ਵਾਰਤਕ ਵਿਧਾ ਦੀ ਇਹ ਪੁਸਤਕ ਇਕ ਸਾਂਭਣਯੋਗ ਪੁਸਤਕ ਹੈ, ਜੋ ਕਿ ਦੇਸ਼ ਦੇ ਹਰੇਕ ਸੂਬੇ ਦੀ ਭਾਸ਼ਾ ਵਿਚ ਤਰਜਮਾ ਹੋ ਕੇ ਦੇਸ਼ ਦੇ ਹਰੇਕ ਸਕੂਲ-ਕਾਲਜ ਦੀ ਲਾਇਬ੍ਰੇਰੀ ਵਿਚ ਪਹੁੰਚਾਈ ਜਾਵੇ। ਲੇਖਕ ਗਿੱਲ ਆਪਣੀ ਇਹ ਘਾਲਣਾ ਲਈ ਸ਼ਲਾਘਾ ਅਤੇ ਵਧਾਈ ਦੇ ਪਾਤਰ ਹਨ।


ਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.


ਵਿਸ਼ਵ ਪ੍ਰਸਿੱਧ ਲੋਕ ਕਹਾਣੀਆਂ

ਸੰਪਾਦਕ : ਸੁਖਦੇਵ ਮਾਦਪੁਰੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 151
ਸੰਪਰਕ : 0172-5027427.


ਪੰਜਾਬੀ ਸੱਭਿਆਚਾਰ ਦੀਆਂ ਵਿਭਿੰਨ ਵੰਨਗੀਆਂ ਵਿਚ ਲਿਖੀਆਂ 30 ਪੁਸਤਕਾਂ ਦੇ ਰਚੇਤਾ ਦੀ ਇਹ ਪੁਸਤਕ ਵਿਸ਼ਵ ਦੀਆਂ ਲੋਕ ਕਹਾਣੀਆਂ ਦੀ ਸੰਪਾਦਿਤ ਪੁਸਤਕ ਹੈ। ਵਿਸ਼ਵ ਦੇ ਕਈ ਦੇਸ਼ਾਂ ਤੇ ਭਾਰਤ ਦੇ ਕੁਝ ਸੂਬਿਆਂ ਦੀਆਂ 43 ਲੋਕ ਕਥਾਵਾਂ ਪੁਸਤਕ ਵਿਚ ਹਨ। ਭਾਰਤੀ ਪਰੰਪਰਾ ਵਿਚ ਲੋਕ ਕਹਾਣੀਆਂ ਦਾ ਪੁਰਾਣਾ ਇਤਿਹਾਸ ਹੈ। ਇਸ ਇਤਿਹਾਸ ਦੀ ਉਮਰ ਵੀ ਮਨੁੱਖ ਦੀ ਆਪਣੀ ਉਮਰ ਦੇ ਬਰਾਬਰ ਹੀ ਹੈ। ਕਿਉਂਕਿ ਜਦੋਂ ਤੋਂ ਮੱਨੁਖ ਨੇ ਭਾਸ਼ਾ ਦੀ ਖੋਜ ਕੀਤੀ, ਉਸ ਨੇ ਆਪਣੀਆਂ ਗਤੀਵਿਧੀਆਂ ਤੇ ਰੋਜ਼ਾਨਾ ਜ਼ਿੰਦਗੀ ਨੂੰ ਆਪਣੀ ਗੱਲਬਾਤ ਦਾ ਵਿਸ਼ਾ ਬਣਾਇਆ। ਸਹਿਜੇ-ਸਹਿਜੇ ਇਹ ਕਥਾ ਕਹਾਣੀਆਂ ਬਣਦੀਆਂ ਗਈਆਂ। ਮਨੁੱਖ ਦੇ ਕੀਤੇ ਕੰਮਾਂ ਤੇ ਉਸ ਦੇ ਰਹਿਣ-ਸਹਿਣ ਬਾਰੇ ਚਰਚਾ ਹੋਣ ਲੱਗੀ। ਇਸ ਤਰ੍ਹਾਂ ਇਹ ਲੋਕ ਕਹਾਣੀਆਂ ਕਿਸੇ ਇਕ ਬੰਦੇ ਦੀ ਕਾਢ ਨਹੀਂ ਹੈ ਸਗੋਂ ਲੋਕ ਸਮੂਹ ਦੀ ਦੇਣ ਹੈ। ਇਹ ਪੁਰਾਤਨ ਲੋਕ ਵਿਰਸਾ ਹੈ, ਜਿਸ ਵਿਚ ਮਨੁੱਖ ਦਾ ਅੰਧਵਿਸ਼ਵਾਸ, ਰਾਜੇ ਰਾਣੀਆਂ, ਪਰੀਆਂ, ਦੇਵਤੇ, ਦਿਓ, ਸਾਧ ਸੰਤ, ਫਕੀਰ ਲੋਕ, ਜੰਗਲੀ ਜਨੌਰ, ਪਹਾੜ, ਨਦੀਆਂ, ਸਮੁੰਦਰ, ਸੂਰਜ, ਚੰਨ, ਤਾਰੇ, ਪਾਣੀ, ਫੁੱਲ ਫਲ਼, ਬੂਟੇ ਤੇ ਹੋਰ ਵੀ ਬਹੁਤ ਕੁਝ ਹੈ । ਇਹ ਸਭ ਕੁਝ ਇਨ੍ਹਾਂ ਕਹਾਣੀਆਂ ਵਿਚ ਸ਼ਾਮਿਲ ਹੈ। ਕਹਾਣੀਆਂ ਦਿਲਚਸਪ ਹਨ। ਮਨੁੱਖ ਦੀ ਬੁੱਧੀ ਨੂੰ ਟੁੰਬਦੀਆਂ ਹਨ। ਸਿੱਖਿਆਦਾਇਕ ਹਨ। ਦ੍ਰਿਸ਼ਾਂ ਦੀ ਐਨੀ ਭਰਮਾਰ ਹੈ ਕਿ ਮਿੰਟਾਂ ਸਕਿੰਟਾਂ ਵਿਚ ਕਰਾਮਾਤਾਂ ਨਾਲ ਕਈ ਕੁਝ ਵਾਪਰ ਜਾਂਦਾ ਹੈ। ਬੰਦਾ ਕਈ ਰੂਪ ਬਦਲ ਜਾਂਦਾ ਹੈ। ਚੰਨ, ਸੂਰਜ, ਧਰਤੀ 'ਤੇ ਉਤਰ ਆਉਂਦੇ ਹਨ। ਮੌਸਮ ਬਦਲ ਜਾਂਦੇ ਹਨ। ਬੱਚਿਆਂ ਲਈ ਖ਼ਾਸ ਤੌਰ 'ਤੇ ਇਹ ਕਹਾਣੀਆਂ ਕਲਪਨਾ ਦਾ ਸੋਮਾ ਹਨ। ਕਿਸੇ ਵੇਲੇ ਪੰਜਾਬ ਵਿਚ ਬਜ਼ੁਰਗਾਂ ਕੋਲੋਂ ਬੱਚੇ ਰਾਤ ਸੋਣ ਵੇਲੇ ਕਹਾਣੀਆਂ ਸੁਣਿਆ ਕਰਦੇ ਸਨ। ਹੁਣ ਦਾ ਸਮਾਂ ਤਾਂ ਬਹੁਤ ਬਦਲ ਚੁੱਕਾ ਹੈ। ਪੁਸਤਕ ਵਿਚ ਲੁੱਕ ਦਾ ਆਦਮੀ (ਅਮਰੀਕਨ), ਦਰਿਆ (ਇਟਲੀ), ਜਾਦੂ ਦਾ ਸ਼ੀਸ਼ਾ (ਤੁਰਕੀ), ਕਾਂ ਨੂੰ ਸਜ਼ਾ (ਤਿੱਬਤ), ਉਰਸ਼ੀਮਾ (ਜਾਪਾਨ), ਲੁਹਾਰ ਦੀ ਕੁੜੀ (ਕਸ਼ਮੀਰ), ਮੁਫ਼ਤ ਦੀ ਰੋਟੀ (ਰੂਸ), ਧੀਰੋ ਤੇ ਚੁਗਲਖੋਰ (ਪੰਜਾਬੀ), ਬੁਧੀਨਾਥ (ਹਿਮਾਚਲ), ਏਕੇ ਦੀ ਤਾਕਤ (ਹਰਿਆਣਾ), ਕੰਜੂਸੀ (ਗੁਜਰਾਤ), ਅਦੁਤੀ ਕੁਰਬਾਨੀ (ਉੜੀਸਾ), ਮੱਝ ਮੁਰਗਾ ਬਣੀ (ਮਹਾਰਾਸ਼ਟਰ) ਤੋਂ ਇਲਾਵਾ ਆਂਧਰਾ ਪ੍ਰਦੇਸ਼, ਬੰਗਾਲ, ਨਾਗਾਲੈਂਡ, ਮਨੀਪੁਰ, ਤ੍ਰਿਪੁਰਾ ਦੀਆਂ ਲੋਕ ਕਹਾਣੀਆਂ ਹਨ। ਕੁਝ ਕਥਾਵਾਂ ਪੰਚਤੰਤਰ ਦੀਆਂ ਹਨ। ਪ੍ਰੇਰਕ ਪ੍ਰੰਸਗ ਹਨ। ਲੋਕ ਕਹਾਣੀਆਂ ਪੜ੍ਹ ਕੇ ਅਜੋਕਾ ਮਨੁੱਖ ਵੀ ਜੀਵਨ ਜਾਚ ਬਾਰੇ ਕੁਝ ਸਿੱਖ ਸਕਦਾ ਹੈ। ਬਾਲ ਮਨ ਦੀ ਸੋਚ ਉਡਾਰੀ ਤੇ ਕਲਪਨਾ ਵਿਚ ਵਾਧਾ ਹੁੰਦਾ ਹੈ। ਪੁਸਤਕ ਲੋਕ ਵਿਰਸੇ ਦਾ ਖਜ਼ਾਨਾ ਹੈ।


ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160


ਕਿਤੇ ਨਾ ਤੇਰੀ ਵਾਟ ਮੁੱਕਣੀ
ਲੇਖਕ : ਹਰਪ੍ਰੀਤ ਸਿੰਘ ਚੰਨੂ
ਪ੍ਰਕਾਸ਼ਕ : ਸਪਤਰਿਸ਼ੀ ਪਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 132
ਸੰਪਰਕ : 95308-07786.


ਵਿਚਾਰ ਅਧੀਨ ਪੁਸਤਕ ਤਿੰਨ ਨਾਵਲੈਟਾਂ 'ਸਮੇਂ ਦਾ ਗੇੜ', 'ਅਉਧ' ਅਤੇ 'ਕਿਤੇ ਨਾ ਤੇਰੀ ਵਾਟ ਮੁੱਕਣੀ' ਦਾ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਲੇਖਕ ਇਕ ਕਹਾਣੀ ਸੰਗ੍ਰਹਿ ਵੀ ਪਾਠਕਾਂ ਦੇ ਰੂ-ਬਰੂ ਕਰ ਚੁੱਕਾ ਹੈ। ਪੁਸਤਕ ਦੇ ਪਹਿਲੇ ਭਾਗ ਵਿਚ ਨਾਵਲੈਟ 'ਸਮੇਂ ਦੇ ਗੇੜ' ਵਿਚ ਜਿਥੇ ਆ ਕੇ ਲੋਕਾਂ ਦੇ ਜੀਵਨ ਵਿਚ ਬਦਲਾਅ ਆਇਆ ਹੈ, ਉਥੇ ਮਿਹਨਤਕਸ਼ ਲੋਕਾਂ ਨੇ ਬੀਤੇ 5-6 ਦਹਾਕਿਆਂ ਵਿਚ ਖੂਨ-ਪਸੀਨੇ ਨੂੰ ਇਕ ਕਰਕੇ ਸਖ਼ਤ ਘਾਲਣਾ ਨਾਲ ਆਪਣੀ ਜ਼ਿੰਦਗੀ ਦੀ ਰੌਂਅ ਬਦਲਣ ਲਈ ਪੂਰਾ ਤਾਣ ਲਾਇਆ ਹੈ। ਮਿਹਨਤਕਸ਼ ਦੀ ਕਮਾਈ ਸੰਬੰਧੀ 'ਸਮੇਂ ਦੇ ਗੇੜ' ਦੀ ਇਕ ਸਤਰ ਵਿਚ ਲੇਖਕ ਇਕ ਪਾਤਰ ਦੇ ਬੋਲਾਂ ਨੂੰ ਸੁਖੈਨ ਭਾਸ਼ਾ ਵਿਚ ਬਿਆਨ ਕਰ ਰਿਹਾ ਹੈ 'ਇਹ ਤਰੱਕੀ ਥੋਡੀ ਨਿਰੋਲ ਅਣਥੱਕ ਤੇ ਹੱਡ ਭੰਨਵੀਂ ਮਿਹਨਤ ਦੀ ਕਮਾਈ ਹੈ, ਕਿਸੇ ਠੱਗੀ ਠੋਰੀ ਦੀ ਨਹੀਂ' ਇਸ ਤੋਂ ਅੱਗੇ ਪਾਤਰ ਦੇ ਬੋਲਾਂ ਵਿਚ ਲਾਚਾਰੀ ਦੀ ਸਾਫ਼ ਝਲਕ ਪੈਂਦੀ ਹੈ। 'ਬਾਈ ਜੀ, ਬਣੀ-ਬਣਾਈ ਮਿਲੀ ਜਾਇਦਾਤ ਖੁਰਨ ਦਾ ਓਨਾ ਦੁੱਖ ਨੀਂ ਹੁੰਦਾ, ਪਰ ਆਹ ਵਿਆਈਆਂ ਪਾਟੇ ਹੱਥਾਂ ਨਾਲ ਜੋੜ ਕੇ ਬਣਾਈ ਜਦੋਂ ਖੁਰਦੀ ਹੈ ਨਾ, ਫਿਰ ਕਾਲਜੇ ਸੱਲ ਪੈਂਦਾ ਐ। ਹੋਰ ਤਾਂ ਕੀ ਕਰ ਸਕਦੇ ਹਾਂ ਹੁਣ।' ਇਸੇ ਪੁਸਤਕ ਦੇ ਦੂਜੇ ਨਾਵਲਟ 'ਅਉਧ' ਦੇ ਮੁਢਲੇ ਸ਼ਬਦਾਂ ਵਿਚ ਗਾਥਾ ਨੂੰ ਬਿਆਨ ਕਰਦਿਆਂ ਲੇਖਕ ਦੇ ਬੋਲ ਨੇ, 'ਇਸ ਸਾਰੀ ਕਥਾ ਵਾਰਤਾ ਲਿਖਣ ਦਾ ਸਬੱਬ ਵੀ ਅਚਨਚੇਤੀ ਆਏ ਕੋਰੋਨਾ ਵਾਇਰਸ ਦੇ ਵਾਵਰੋਲੇ ਵਾਂਗ ਬਣਿਆ। ਅਖ਼ਬਾਰਾਂ 'ਚ ਟੀ.ਵੀ. ਉੱਤੇ ਅਤੇ ਸੋਸ਼ਲ ਮੀਡੀਆ 'ਤੇ ਚੀਨ 'ਚ ਵਾਪਰ ਰਹੇ ਭਿਆਨਕ ਦ੍ਰਿਸ਼ਾਂ ਦਾ ਬੋਲਬਾਲਾ ਰਿਹਾ।' ਇੰਜ ਨਾਵਲੈਟ ਵਿਚ ਇਕ ਪਾਤਰ ਦੇ ਬੋਲ ਨੇ 'ਸਹੀ ਗੱਲ ਹੈ ਬਾਂਸਲ ਸਾਹਿਬ, ਹੁਣ ਆਪਾਂ ਕਿੱਥੇ ਕਿੱਥੇ ਨਿਗਰਾਨੀ ਰੱਖ ਸਕਦੇ ਹਾਂ? ਕਿਹੜੀ-ਕਿਹੜੀ ਚੀਜ਼ ਨੂੰ ਹੱਥ ਲਾਏ ਬਗੈਰ ਰਹਿ ਸਕਦੇ ਹਾਂ। ਕਿੰਨੇ ਕੁ ਵਾਰੀ ਸੈਲੇਪਾਜ਼ਿ ਕਰ ਸਕਦੇ ਹਾਂ, ਸਮਝੋ ਬਾਹਰ ਹੈ।' ਇਕ ਹੋਰ ਪਾਤਰ ਰਾਹੀਂ ਅਸਲੀਅਤ ਤੋਂ ਪਰਦਾ ਚੁੱਕਦਾ ਕਹਿੰਦਾ ਹੈ। 'ਯਾਰ ਆਂਹਦੇ ਐਨੀ ਆਬਾਦੀ ਵਧਗੀ, ਖਲਕਤ ਵਧਗੀ, ਫੇਅ ਪਿੰਡ ਦੀ ਰੌਣਕ ਕਿੱਧਰ ਗਈ? ਨਾ ਛੱਪੜ 'ਤੇ, ਨਾ ਖੂਹ 'ਤੇ, ਨਾ ਬੋਹੜਾਂ ਥੱਲੇ ਤਾਸ਼ ਖੇਡਣ ਵਾਲੇ, ਕਿੱਥੇ ਲੋਪ ਹੋ ਗਏ।' ਲੇਖਕ ਨੇ ਇਕ ਨਾਵਲੈਟ ਨੂੰ ਵੀ ਕਲਾ ਦੀ ਚਾਸਨੀ ਦੇ ਕੇ ਬਾਖੂਬੀ ਨਿਭਾਇਆ ਹੈ।
ਇਸ ਪੁਸਤਕ ਦੇ ਤੀਜੇ ਤੇ ਆਖਰੀ ਨਾਵਲੈਟ ਨੂੰ ਮਿਆਰੀ ਤੇ ਪ੍ਰਾਕ੍ਰਿਤਕ ਢੰਗ ਨਾਲ ਬਿਆਨ ਕਰਦਿਆਂ ਨਾਵਲੈਟ ਦੇ ਸਿਰਲੇਖ 'ਕਿਤੇ ਨਾ ਤੇਰੀ ਵਾਟ ਮੁੱਕਣੀ' ਮੁਤਾਬਿਕ ਆਪਣੀ ਗਾਥਾ ਨੂੰ ਭਾਵਪੂਰਤ ਸ਼ਬਦਾਂ ਵਿਚ ਬਿਆਨ ਕੀਤਾ ਹੈ। ਇਨਸਾਨ ਦੇ ਲੰਮੇ ਸਫ਼ਰ ਅਤੇ ਨਾ ਮੁੱਕਣ ਵਾਲੀ ਵਾਟ ਦਾ ਬਿਆਨ ਕਰਦਿਆਂ ਪਾਤਰ ਦੇ ਬੋਲ ਕਿੰਨੇ ਰੂਹ ਦੀ ਗਹਿਰਾਈਆਂ ਨੂੰ ਟੁੰਬਦੇ ਹਨ, 'ਕੀ ਦੱਸੀਏ ਪੁੱਤਰਾਂ, ਦੋ ਪਿੰਡ ਪਹਿਲਾਂ ਵਸਾ ਕੇ ਤੀਜੇ ਥਾਂ ਆ ਮੋਹੜੀ ਗੱਡੀ ਸੀ। ਦੋ ਪੀੜ੍ਹੀਆਂ ਦੇ ਹੱਡਾਂ ਦੀ ਅਣਥੱਕਵੀਂ ਤੇ ਅਣ-ਅੱਕਵੀਂ ਮੁਸ਼ੱਕਤ ਬਾਅਦ ਹੁਣ ਜਾ ਕੇ ਕਿਤੇ ਪੈਲੀ ਵਲੋਂ ਵੀ ਤੇ ਔਲਾਦ ਵਲੋਂ ਵੀ ਸੁੱਖ ਦਾ ਸਾਹ ਆਇਆ ਹੈ। ਫ਼ਸਲ ਵੀ ਚੰਗੀ ਹੋਣ ਲੱਗ ਪਈ ਐ ਤੇ ਸਾਰਾ ਟੱਬਰ ਵੀ ਸੁੱਖ ਨਾਲ ਪੜ੍ਹ-ਲਿਖ ਕੇ ਆਪਣੇ ਕੰਮੀਂ ਧੰਦੀ ਲੱਗਾ ਹੋਇਆ ਹੈ। ਮੌਜ ਕਰਦੇ ਹਨ। ਪਰ ਵੇਖੋ, ਹੁਣ 'ਵੱਡੇ' ਡਾਕਟਰ ਦਾ ਪਰਿਵਾਰ ਗਾਂਹ ਕੈਨੇਡਾ ਜਾਣ ਦੀ ਤਿਆਰੀ ਬੰਨ੍ਹੀ ਬੈਠਾ ਹੈ। ਬੱਚਿਆਂ ਨੂੰ ਆਈਲਟਸ ਕਰਵਾਈ ਜਾਂਦੇ ਹਨ। ਤਿੰਨੋਂ ਨਾਵਲੈਟ ਕਲਾਤਮਿਕ ਪੱਖੋਂ ਲੇਖਕ ਦੀ ਵਿਸ਼ੇ ਦੀ ਚੋਣ ਅਨੁਸਾਰ ਪਾਠਕ ਨੂੰ ਮੰਨੇ ਹੋਏ ਨਾਵਲਕਾਰ ਵਾਂਗ ਆਖਿਰ ਤੱਕ ਸਿਖਰ ਨੂੰ ਛੋਹਣ ਦੀ ਜਗਿਆਸਾ ਨੂੰ ਬਣਾਈ ਰੱਖਦੇ ਹਨ। ਜਾਪਦਾ ਹੈ ਸੁਹਿਰਦ ਪਾਠਕ ਲੇਖਕ ਦੀ ਭਰਪੂਰ ਹੌਸਲਾ ਅਫ਼ਜ਼ਾਈ ਕਰਨਗੇ।


ਭਗਵਾਨ ਸਿੰਘ ਜੌਹਲ
ਮੋ: 98143-24040
c c c


ਲੋਕ ਸਿਆਣਪਾਂ
ਪੰਜਾਬੀ ਮੁਹਾਵਰੇ ਤੇ ਅਖਾਣ

ਲੇਖਕ : ਡਾ. ਮਨਪ੍ਰੀਤ ਕੌਰ
ਮੁੱਲ : 180 ਰੁਪਏ, ਸਫ਼ੇ : 112
ਸੰਪਰਕ : 97799-92332.


ਪੰਜਾਬ ਵਿਚ ਖੇਤੀ ਦਾ ਮੁਕੰਮਲ ਮਸ਼ੀਨੀਕਰਨ ਹੋ ਚੁੱਕਾ ਹੈ। ਲੋਕਾਂ ਦੇ ਰਹਿਣ-ਸਹਿਣ ਦੇ ਢੰਗ ਵੀ ਬਦਲ ਗਏ ਹਨ। ਅੰਗਰੇਜ਼ੀ ਸਕੂਲਾਂ ਵਿਚ ਬੱਚਿਆਂ ਨੂੰ ਪੜ੍ਹਾਉਣ ਦੀ ਰੀਸ ਨੇ ਬਹੁਤੇ ਬੱਚੇ ਮਾਂ-ਬੋਲੀ ਪੰਜਾਬੀ ਤੋਂ ਦੂਰ ਕਰ ਦਿੱਤੇ ਹਨ। ਇਨ੍ਹਾਂ ਕਾਰਨਾਂ ਕਰਕੇ ਪੰਜਾਬੀ ਦੇ ਚੋਖੇ ਸ਼ਬਦ, ਮੁਹਾਵਰੇ ਤੇ ਅਖਾਣ ਵਰਤੋਂ ਵਿਚ ਨਾ ਆਉਣ ਕਰਕੇ ਅਲੋਪ ਹੋ ਰਹੇ ਹਨ। ਪੰਜਾਬ ਦੀ ਨਵੀਂ ਪੀੜ੍ਹੀ ਕੇਵਲ ਆਪਣੀ ਮਾਂ-ਬੋਲੀ ਤੋਂ ਹੀ ਦੂਰ ਨਹੀਂ ਸਗੋਂ ਆਪਣੇ ਸੱਭਿਆਚਾਰ, ਇਤਿਹਾਸ ਤੇ ਸਾਹਿਤ ਤੋਂ ਵੀ ਟੁੱਟ ਰਹੀ ਹੈ। ਜਿਥੇ ਪੰਜਾਬੀਆਂ ਨੂੰ ਆਪਣੀ ਮਾਂ-ਬੋਲੀ ਨਾਲ ਜੋੜਨ ਦੀ ਲੋੜ ਹੈ, ਉਥੇ ਅਲੋਪ ਹੋ ਰਹੇ ਸ਼ਬਦਾਂ, ਮੁਹਾਵਰਿਆਂ ਅਤੇ ਅਖਾਣਾਂ ਦੀ ਸਾਂਭ-ਸੰਭਾਲ ਕਰਨੀ ਵੀ ਜ਼ਰੂਰੀ ਹੈ।
ਡਾ. ਮਨਪ੍ਰੀਤ ਕੌਰ ਦੀ ਪੁਸਤਕ 'ਲੋਕ ਸਿਆਣਪਾਂ-ਪੰਜਾਬੀ ਮੁਹਾਵਰੇ ਤੇ ਅਖਾਣ' ਇਸ ਪਾਸੇ ਕੀਤਾ ਗਿਆ ਇਕ ਜ਼ਰੂਰੀ ਅਤੇ ਵਧੀਆ ਕਰਮ ਹੈ। ਉਸ ਦੇ ਕਹਿਣ ਮੁਤਾਬਿਕ ਇਸ ਪੁਸਤਕ ਦਾ ਮਨੋਰਥ ਪੰਜਾਬ ਦੀ ਨਵੀਂ ਪੀੜ੍ਹੀ ਤੇ ਪਾੜ੍ਹਿਆਂ ਨੂੰ ਪੰਜਾਬੀ ਭਾਸ਼ਾ ਦੇ ਮੁਹਾਵਰੇ, ਅਖਾਣ, ਉਸ ਦੀ ਸੱਭਿਆਚਾਰਕ ਰੰਗਤ ਤੇ ਠੇਠ ਸਥਾਨਕ ਮਿਜਾਜ਼ ਤੋਂ ਜਾਣੂ ਕਰਵਾਉਣਾ ਹੈ। ਪੁਸਤਕ ਦੇ 112 ਪੰਨੇ ਹਨ ਤੇ ਇਸ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ ਮੁਹਾਵਰੇ ਤੇ ਦੂਜੇ ਭਾਗ ਵਿਚ ਅਖਾਣ ਸ਼ਾਮਿਲ ਕੀਤੇ ਗਏ ਹਨ। ਪੁਸਤਕ ਦੀ ਸਮੱਗਰੀ ਇਕੱਠੀ ਕਰਨ ਵਿਚ ਲੇਖਿਕਾ ਵਲੋਂ ਚੋਖੀ ਮਿਹਨਤ ਕੀਤੀ ਗਈ ਹੈ। ਇਸ ਵਿਚ ਅੰਕਿਤ ਬਹੁਤ ਸਾਰੇ ਮੁਹਾਵਰੇ ਤੇ ਅਖਾਣ ਅਜਿਹੇ ਹਨ ਜਿਹੜੇ ਆਮ ਗੱਲਬਾਤ ਵਿਚੋਂ ਅਲੋਪ ਹੋ ਗਏ ਹਨ। ਹਰੇਕ ਮੁਹਾਵਰੇ ਅਤੇ ਅਖਾਣ ਦੇ ਅਰਥਾਂ ਦੇ ਨਾਲ ਹੀ ਉਸ ਦੀ ਵਿਆਖਿਆ ਇਕ ਵਾਕ ਵਿਚ ਵਰਤੋਂ ਕਰਕੇ ਕੀਤੀ ਗਈ ਹੈ। ਇਨ੍ਹਾਂ ਦੀ ਤਰਤੀਬ ਗੁਰਮੁਖੀ ਲਿਪੀ ਦੀ ਵਰਣਮਾਲਾ ਅਨੁਸਾਰ ਕੀਤੀ ਗਈ ਹੈ ਜਿਸ ਨਾਲ ਇਨ੍ਹਾਂ ਦੀ ਭਾਲ ਸਹਿਜ ਹੋ ਗਈ ਹੈ। ਅੱਧਿਉਂ ਵੱਧ ਮੁਹਾਵਰੇ ਤੇ ਅਖਾਣ ਅਜਿਹੇ ਹਨ, ਜਿਨ੍ਹਾਂ ਨੂੰ ਨਵੀਂ ਪੀੜ੍ਹੀ ਸ਼ਾਇਦ ਸਮਝ ਹੀ ਨਾ ਸਕਦੀ ਹੋਵੇ। ਉਸਲਵੱਟੇ ਲੈਣਾ, ਉਂਗਲਾਂ ਚੱਟਣਾ, ਹੱਡ ਸੁਜਾਉਣਾ, ਸੁੰਨ ਮਸਾਣ ਵਰਤਣਾ, ਖਾਕ ਛਾਨਣਾ, ਖੈਰ ਪਾਉਣੀ, ਚੱਕ ਬੰਨ੍ਹਣਾ, ਤੱਤਾ ਹੋਣਾ, ਤਾਉਣੀ ਲਾਉਣਾ, ਦਿਲ ਹੌਲਾ ਕਰਨਾ ਬਹੁਤ ਸਾਰੇ ਅਜਿਹੇ ਮੁਹਾਵਰੇ ਹਨ ਜਿਹੜੇ ਆਮ ਬੋਲੀ ਵਿਚੋਂ ਅਲੋਪ ਹੋ ਰਹੇ ਹਨ। ਇਸੇ ਤਰ੍ਹਾਂ ਅੱਗੇ ਸੱਪ ਤੇ ਪਿੱਛੇ ਸੀਂਹ, ਸਾਰੀ ਰਾਤ ਭੰਨੀ ਤੇ ਕੁੜੀ ਜੰਮੀ ਅੰਨ੍ਹੀ, ਕੱਟਾ ਕਿੱਲੇ 'ਤੇ ਤੀਂਘੜਦਾ ਹੈ, ਢੱਕੀ ਰਿੱਝੇ ਕੋਈ ਨਾ ਬੁੱਝੇ, ਧੋਤੇ ਮੂੰਹ ਚਪੇੜ ਆਦਿ ਅਲੋਪ ਹੋ ਰਹੇ ਅਖਾਣ ਹਨ। ਲੇਖਿਕਾ ਦਾ ਇਹ ਯਤਨ ਬਹੁਤ ਹੀ ਸ਼ਲਾਘਾਯੋਗ ਹੈ। ਇਸ ਪੁਸਤਕ ਨੂੰ ਹਰੇਕ ਸਕੂਲ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਨਾ ਚਾਹੀਦਾ ਹੈ।


ਡਾ. ਰਣਜੀਤ ਸਿੰਘ
ਮੋ: 94170-87328
c c c


ਮਿਟ ਰਹੀ ਕਲਾ
ਲੇਖਕ : ਡਾ. ਕੰਵਰਜੀਤ ਸਿੰਘ ਕੰਗ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 111
ਸੰਪਰਕ : 94638-36591.


ਰੀਵਿਊ ਅਧੀਨ ਵਡਮੁੱਲੀ ਪੁਸਤਕ 'ਮਿਟ ਰਹੀ ਕਲਾ' ਤੋਂ ਪਹਿਲਾਂ ਡਾ. ਕੰਵਰਜੀਤ ਸਿੰਘ ਕੰਗ ਦੀਆਂ ਰਚਨਾਵਾਂ ਕੋਮਲ ਕਲਾ, ਡਰਾਇੰਗ ਅਤੇ ਚਿੱਤਰਕਾਰੀ, ਪੰਜਾਬੀ ਦੇ ਕੰਧ ਚਿੱਤਰ, ਮਿੱਟੀ ਆਪੋ ਆਪਣੀ, ਲੋਕ-ਕਲਾ, ਪੰਜਾਬ ਦੇ ਸਮਕਾਲੀਨ ਚਿੱਤਰਕਾਰ (ਅਨੁ.) ਪੰਜਾਬੀ ਮਾਂ-ਬੋਲੀ 'ਚ ਛਪ ਚੁੱਕੀਆਂ ਹਨ। ਡਾ. ਕੰਗ ਕੰਧ-ਚਿੱਤਰਾਂ ਨੂੰ ਪਿਆਰ ਕਰਨ ਵਾਲਾ ਅਜਾਇਬ ਘਰ ਹੈ। ਉਸ ਦਾ ਕੈਮਰਾ ਤੇ ਉਸ ਦੇ ਸ਼ਬਦ ਖੋਜ-ਕੋਸ਼ਕਾਰੀ ਬਣ ਗਏ ਹਨ। 'ਮਿਟ ਰਹੀ ਕਲਾ' 'ਚ 101 ਕਲਾ-ਕਿਰਤਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਹੈ। ਇਨ੍ਹਾਂ ਕੰਧ ਚਿੱਤਰਾਂ ਰਾਹੀਂ ਭਾਰਤ ਤੇ ਵਿਸ਼ੇਸ਼ ਕਰਕੇ ਪੰਜਾਬ ਦੇ ਇਤਿਹਾਸ ਨੂੰ ਪੜ੍ਹਿਆ ਜਾ ਸਕਦਾ ਹੈ। ਸਿੱਖ ਗੁਰੂ ਸਾਹਿਬਾਨ ਨਾਲ ਸੰਬੰਧਿਤ ਕੰਧ-ਚਿੱਤਰਾਂ ਵਿਚ ਗੁਰੂ ਨਾਨਕ ਦੇਵ, ਬਾਲਾ, ਮਰਦਾਨਾ, ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਤੇਗ ਬਹਾਦਰ, ਗੁਰੂ ਅਰਜਨ ਦੇਵ, ਗੁਰੂ ਗੋਬਿੰਦ ਸਿੰਘ, ਬਾਬਾ ਸ੍ਰੀ ਚੰਦ, ਭਾਈ ਗੁਰਦਾਸ, ਪੰਜ ਪਿਆਰੇ, ਸਾਹਿਬਜ਼ਾਦੇ ਆਦਿ ਸ਼ਾਮਿਲ ਹਨ। ਭਗਤ ਕਬੀਰ, ਸੁਦਾਮਾ ਜੀ, ਭਗਵਾਨ ਕ੍ਰਿਸ਼ਨ, ਸ੍ਰੀ ਰਾਮ ਚੰਦਰ, ਰਾਵਣ, ਧਰੂ ਭਗਤ, ਹਨੂੰਮਾਨ ਜੀ, ਰਾਧਾ-ਕ੍ਰਿਸ਼ਨ, ਦਰੋਪਤੀ ਚੀਰ ਹਰਨ, ਸੀਤਾ ਸਵੰਬਰ ਭਾਵ ਹਿੰਦੂ ਦੇਵੀ ਦੇਵਤਿਆਂ ਦੇ ਕੰਧ ਚਿੱਤਰ ਵੀ ਸ਼ਾਮਿਲ ਹਨ। ਪੰਜਾਬ ਦੇ ਰਾਜੇ-ਮਹਾਰਾਜਿਆਂ ਤੇ ਯੋਧਿਆਂ ਦੇ ਕੰਧ ਚਿੱਤਰ ਵੀ ਹਨ ਜਿਵੇਂ ਮਹਾਰਾਜਾ ਰਣਜੀਤ ਸਿੰਘ, ਬਾਬਾ ਮਹਾਰਾਜ ਸਿੰਘ, ਬਾਬਾ ਮੋਹਰ ਸਿੰਘ, ਮਹਾਰਾਣੀ ਜਿੰਦਾਂ, ਹਰੀ ਸਿੰਘ ਨਲੂਆ, ਸ: ਬਘੇਲ ਸਿੰਘ ਤੇ ਬਾਬਾ ਖ਼ੁਦਾ ਸਿੰਘ ਦੇ ਵਡਮੁੱਲੇ ਚਿੱਤਰ ਸ਼ੋਭਨੀਕ ਹਨ। ਪੰਜਾਬ ਦੇ ਸੱਭਿਆਚਾਰ ਨੂੰ ਰੂਪਮਾਨ ਕਰਦੇ ਚਿੱਤਰ ਖਿਡੌਣੇ, ਓਟਾ, ਸੰਦੂਕ, ਹਾਰਾ, ਕੱਤਣੀ, ਫੁਲਕਾਰੀ, ਬੋਹੀਏ, ਮੋਰ, ਝੁੱਲ, ਘੱਗਰਾ, ਇੰਨੂ ਆਦਿ ਨੂੰ ਵੀ ਸ਼ਾਮਿਲ ਕਰਕੇ ਮਿੱਟੀ, ਦਸਤਕਾਰੀ, ਲੱਕੜ-ਕਲਾ, ਸ਼ੀਸ਼ੇ ਦੀ ਕਲਾ ਦੇ ਵੀ ਦਰਸ਼ਨ ਕਰਵਾਏ ਹਨ। ਅੰਗਰੇਜ਼-ਕਾਲ ਨਾਲ ਸੰਬੰਧਿਤ ਚਿੱਤਰ ਵੀ ਹਨ। ਡਾ. ਕੰਗ ਨੇ ਸ੍ਰੀ ਅਕਾਲ ਤਖ਼ਤ ਦੇ ਕੰਧ-ਚਿੱਤਰ ਸਾਕਾ ਨੀਲਾ-ਤਾਰਾ ਤੋਂ ਪਹਿਲਾਂ 1971 'ਚ ਫੋਟੋਗ੍ਰਾਫ਼ੀ ਕਰਕੇ ਅਦੁੱਤੀ ਕੰਮ ਕੀਤਾ ਹੈ, ਜਿਹੜੇ ਦੁਰਲਭ ਹਨ। ਇਸ ਕਾਰਜ ਲਈ ਡਾ. ਕੰਗ ਨੇ ਥਾਂ-ਥਾਂ ਦਾ ਭ੍ਰਮਣ ਕੀਤਾ। ਇਸ ਕਠਿਨ ਖੋਜ ਨੂੰ ਸਫਲਤਾ ਦੇਣੀ ਡਾ. ਕੰਗ ਦੇ ਹਿੱਸੇ ਹੀ ਆਇਆ ਹੈ। ਪਿੰਡਾਂ ਦੀ ਪਰੰਪਰਾਵਾਦੀ ਲੋਕ ਕਲਾ ਨੂੰ ਵੀ ਇਸ ਪੁਸਤਕ 'ਚ ਥਾਂ ਦਿੱਤੀ ਗਈ ਹੈ। ਸਭ ਤੋਂ ਖੂਬਸੂਰਤ ਗੱਲ ਇਨ੍ਹਾਂ ਚਿੱਤਰਾਂ ਬਾਰੇ ਇਹ ਹੈ ਕਿ ਲੇਖਕ ਨੇ ਪੂਰਾ ਇਤਿਹਾਸਕ ਪਿਛੋਕੜ ਬੜੀ ਖੋਜ ਕਰਕੇ ਪੇਸ਼ ਕੀਤਾ ਹੈ। ਕੰਧ-ਚਿੱਤਰ ਦੀ ਫੋਟੋਗ੍ਰਾਫ਼ੀ ਕਦੋਂ ਤੇ ਕਿੱਥੇ ਕੀਤੀ, ਉਸ ਦਾ ਪੂਰਾ ਵੇਰਵਾ ਦਿੱਤਾ ਗਿਆ ਹੈ। ਭਾਸ਼ਾ ਸਪੱਸ਼ਟ ਤੇ ਸਰਲ ਹੈ। ਹੁਨਰਵੰਦ ਕੰਧ-ਚਿੱਤਰਾਂ ਦੇ ਕਾਰੀਗਰਾਂ ਨੂੰ ਸਿਜਦਾ ਕਰਕੇ ਡਾ. ਕੰਗ ਨੇ ਅਤੀਤ ਨੂੰ ਪੁਨਰ ਸੁਰਜੀਤ ਕਰ ਦਿੱਤਾ। ਲੇਖਕ ਤੇ ਪ੍ਰਕਾਸ਼ਕ ਵਧਾਈ ਦੇ ਹੱਕਦਾਰ ਹਨ।


ਮਨਮੋਹਨ ਸਿੰਘ ਦਾਊਂ
ਮੋ: 98151-23900


ਮਹਾਸ਼ਵੇਤਾ ਦੇਵੀ ਦੀਆਂ ਚੋਣਵੀਆਂ ਕਹਾਣੀਆਂ

ਅਨੁਵਾਦਕ : ਕਰਮ ਸਿੰਘ ਜ਼ਖ਼ਮੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 176
ਸੰਪਰਕ : 98146-28027.


ਮਹਾਸ਼ਵੇਤਾ ਦੇਵੀ (ਜਨਵਰੀ 1926-28 ਜੁਲਾਈ, 2016) ਬੰਗਾਲੀ ਭਾਸ਼ਾ ਦੀ ਸੰਸਾਰ ਪ੍ਰਸਿੱਧ ਲੇਖਿਕਾ ਹੋਈ ਹੈ, ਜਿਹੜੀ ਸਨਾਤਨੀ ਪਰਿਵਾਰ ਵਿਚ ਜਨਮ ਲੈ ਕੇ ਖਾਂਦੇ-ਪੀਂਦੇ ਪਰਿਵਾਰ ਦੀ ਧੀ ਬਣ ਕੇ ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਲਿਖਦੀ ਰਹੀ ਹੈ, ਜਿਹੜੇ ਜੰਗਲੀ ਜੀਵਨ ਬਤੀਤ ਕਰਦੇ ਪਸ਼ੂਆਂ ਵਰਗੀ ਜੂਨ ਹੰਢਾਉਂਦੇ ਰਹਿੰਦੇ ਕਬਾਇਲੀ ਲੋਕ ਹਨ। ਆਪ ਵਧੇਰੇ ਇਨ੍ਹਾਂ ਲੋਕਾਂ ਦੇ ਹੱਕਾਂ ਲਈ ਜੂਝਦੇ ਵੀ ਰਹੇ ਅਤੇ ਇਨ੍ਹਾਂ ਦੇ ਕਲਿਆਣ ਲਈ ਯਥਾਰਥਕ ਸ਼ੈਲੀ ਵਿਚ ਕਹਾਣੀਆਂ ਵੀ ਰਚਦੇ ਰਹੇ ਸਨ। ਭਾਰਤੀ ਸਾਹਿਤਕ ਹਲਕਿਆਂ ਵਿਚ ਮਹਾਸ਼ਵੇਤਾ ਦਾ ਨਾਂਅ ਇਸ ਲਈ ਵੀ ਪ੍ਰਸਿੱਧ ਹੈ ਕਿ ਆਪ ਨੇ ਭਾਰਤੀ ਸਰਕਾਰ ਦੇ ਸਨਮਾਨ ਪੱਤਰ, ਪਦਮਸ੍ਰੀ, ਪਦਮ ਵਿਭੂਸ਼ਣ ਹੀ ਪ੍ਰਾਪਤ ਨਹੀਂ ਕੀਤੇ, ਸਗੋਂ ਭਾਰਤੀ ਸਰਕਾਰ ਦੇ ਸਾਹਿਤ ਅਕਾਦਮੀ ਅਤੇ ਗਿਆਨ ਪੀਠ ਐਵਾਰਡ ਵੀ ਪ੍ਰਾਪਤ ਕੀਤੇ ਸਨ।
ਆਪ ਦੀਆਂ ਹਿੰਦੀ ਪ੍ਰਕਾਸ਼ਨ 'ਮਹਾਸ਼ਵੇਤਾ ਦੇਵੀ ਕੀ ਸ੍ਰੇਸ਼ਟ ਕਹਾਣੀਆਂ' ਪੁਸਤਕਾਂ ਦਾ ਪੰਜਾਬੀ ਅਨੁਵਾਦ ਕਰਮ ਸਿੰਘ ਜ਼ਖ਼ਮੀ ਨੇ ਕੀਤਾ ਹੈ। ਇਸ ਪੰਜਾਬੀ ਸੰਗ੍ਰਹਿ ਵਿਚ ਆਪ ਦੀਆਂ ਕੇਵਲ ਚੋਣਵੀਆਂ 8 ਕਹਾਣੀਆਂ ਹਨ। ਇਨ੍ਹਾਂ ਕਹਾਣੀਆਂ ਦਾ ਪੰਜਾਬੀ ਅਨੁਵਾਦ ਪੜ੍ਹਦਿਆਂ, ਅਸੀਂ ਪੰਜਾਬੀ ਪਾਠਕ, ਵੱਖਰੀ, ਨਵੀਂ, ਬੰਗਾਲੀ ਸੱਭਿਆਚਾਰ ਦੀ ਪਰਿਵਾਰਕ, ਸਮਾਜਿਕ, ਆਰਥਿਕ, ਸੱਭਿਆਚਾਰਕ ਜੀਵਨ-ਸ਼ੈਲੀ ਤੋਂ ਹੀ ਜਾਣੂ ਨਹੀਂ ਹੁੰਦੇ, ਸਗੋਂ ਉਸ ਸਮਾਜ ਦੇ ਰਸਮੋ-ਰਿਵਾਜ, ਤਿੱਥ-ਤਿਉਹਾਰ, ਪੂਜ-ਵਿਧੀਆਂ ਅਤੇ ਉਨ੍ਹਾਂ ਲੋਕਾਂ ਦੀਆਂ ਮਾਨਸਿਕ ਭਾਵੁਕ ਅਤੇ ਕਲਾਤਮਿਕ ਸੁਹਜਾਤਮਿਕ ਵਿਰਤੀਆਂ ਪ੍ਰਵਿਰਤੀਆਂ ਨੂੰ ਵੀ ਜਾਣ ਲੈਂਦੇ ਹਾਂ। ਲੋਕਾਂ ਦੇ ਤਿੱਥ ਤਿਉਹਾਰ ਹੀ ਨਹੀਂ, ਬੋਲੀ, ਰਹਿਣੀ, ਸਹਿਣੀ, ਗੱਲਬਾਤ ਕਰਨ ਦਾ ਤਹਿਜ਼ ਅਮਲ ਵੀ ਵੱਖਰਾ ਹੈ। ਸਮੁੱਚੀਆਂ ਕਹਾਣੀਆਂ ਦੀ ਕਥਨ ਅਤੇ ਵਾਰਤਾਲਾਪੀ ਸ਼ੈਲੀ, ਭਾਸ਼ਾ, ਨਾਵਾਂ-ਥਾਵਾਂ, ਤਿੱਥਾਂ ਤਿਉਹਾਰਾਂ ਦੀਆਂ ਮੰਨਤ-ਮਨਾਉਤਾਂ, ਰਸਮ-ਰਿਵਾਜ ਵੱਖਰੇ ਜਾਪਦੇ ਹਨ, ਜਿਨ੍ਹਾਂ ਦਾ ਪਾਠ ਕਰਕੇ ਅਸੀਂ ਆਪਣੇ-ਆਪ ਨਵੇਂ ਸਮਾਜ, ਨਵੀਂ ਭਾਸ਼ਾ ਸ਼ੈਲੀ, ਨਵੇਂ ਰਸਮੋ-ਰਿਵਾਜ ਸਾਡੀ ਜਾਣ-ਪਛਾਣ ਦਾ ਅੰਗ ਬਣਦੇ ਹਨ। ਅਨੁਵਾਦਕ ਕਰਮ ਸਿੰਘ ਜ਼ਖ਼ਮੀ ਦਾ ਪੰਜਾਬੀ ਅਨੁਵਾਦ ਸਰਲ, ਸਾਰਥਕ ਅਤੇ ਢੁਕਵੇਂ ਅਰਥ ਸੰਚਾਰਨ ਵਿਚ ਸਫਲ ਹੈ। ਅਸੀਂ ਉਸ ਦੀ ਚੋਣ, ਅਨੁਵਾਦ ਕਰਨ ਦੀ ਸੂਝ-ਸਮਝ ਦਾ ਅਭਿਨੰਦਨ ਕਰਦੇ ਹਾਂ। ਪੁਸਤਕ ਪੜ੍ਹਨ, ਸਮਝਣ ਅਤੇ ਮਾਣਨਯੋਗ ਹੈ।


ਡਾ. ਅਮਰ ਕੋਮਲ
ਮੋ: 084378-73565.


ਬੂੰਦਾਂ ਬਣਨ ਸਮੁੰਦਰ
ਲੇਖਿਕਾ : ਪ੍ਰੋ: ਕੁਲਜੀਤ ਕੌਰ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 225 ਰੁਪਏ, ਸਫੇ : 104
ਸੰਪਰਕ : 94173-11919.


ਪ੍ਰੋ: ਕੁਲਜੀਤ ਕੌਰ ਦੇ ਲੇਖ-ਸੰਗ੍ਰਹਿ ਬੂੰਦਾਂ ਬਣਨ ਸਮੁੰਦਰ ਵਿਚ ਤੀਹ ਲੇਖ ਦਰਜ ਹਨ, ਜਿਨ੍ਹਾਂ ਦੇ ਵਿਸ਼ੇ ਰੋਜ਼ਮਰ੍ਹਾ ਦੀ ਮਾਨਵੀ ਜ਼ਿੰਦਗੀ ਵਿਚ ਕਾਰਜਸ਼ੀਲ ਮਸਲਿਆਂ ਨੂੰ ਵੱਖੋ-ਵੱਖਰੇ ਦ੍ਰਿਸ਼ਟੀਕੋਣ ਤੋਂ ਮਨੋਵਿਗਿਆਨਕ ਜ਼ਾਵੀਏ ਤੋਂ ਰੂਪਮਾਨ ਕਰਦੇ ਹਨ। ਵਿਸ਼ਲੇਸ਼ਣ ਦੀ ਦ੍ਰਿਸ਼ਟੀ ਤੋਂ ਪੁਸਤਕ ਵਿਚ ਦਰਜ ਲੇਖ ਚਾਰ ਭਾਗਾਂ: ਬਾਲ ਮਨਾਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਸਮਾਧਾਨ, ਔਰਤ ਜਾਤੀ ਦੇ ਸਮਾਜਿਕ ਮਸਲੇ ਅਤੇ ਆਰਥਿਕ ਨਿਰਭਰਤਾ, ਰੋਜ਼ਮਰ੍ਹਾ ਦੀਆਂ ਸਮੱਸਿਆਵਾਂ ਅਤੇ ਸਦਾਚਾਰਕ ਪਹੁੰਚ ਅਤੇ ਮਾਪਿਆਂ ਦੀ ਧੀਆਂ-ਪੁੱਤਰਾਂ ਪ੍ਰਤੀ ਭਾਵਨਾਤਮਿਕ ਪਹੁੰਚ ਦਾ ਮਨੋਵਿਗਿਆਨਕ ਅਧਿਐਨ ਪੇਸ਼ ਕਰਦੇ ਹਨ। ਪੁਸਤਕ ਦੇ ਪਹਿਲੇ 14 ਲੇਖਾਂ ਦੇ ਵਿਸ਼ੇ ਬਚਪਨ ਜਾਂ ਬਾਲ-ਮਨ ਨਾਲ ਸੰਬੰਧਿਤ ਸਮੱਸਿਆਵਾਂ ਦਾ ਨਾ ਸਿਰਫ ਮਨੋਵਿਗਿਆਨਕ ਅਧਿਐਨ ਹੀ ਪ੍ਰਸਤੁਤ ਕਰਦੇ ਹਨ, ਸਗੋਂ ਇਨ੍ਹਾਂ ਦੇ ਠੋੋਸ ਹੱਲ ਵੀ ਸੁਝਾਉਂਦੇ ਹਨ ਕਿ ਮਾਪਿਆਂ ਨੂੰ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਕਿਵੇਂ ਨਜਿੱਠਣਾ ਚਾਹੀਦਾ ਹੈ। ਲੇਖ ਨੰਬਰ 15 ਤੋਂ 20 ਤੱਕ ਦੇ ਲੇਖਾਂ : ਨਾਰੀ ਨੂੰ ਦਰਪੇਸ਼ ਮਸਲੇ, ਸਾਰੀਆਂ ਉਮੀਦਾਂ ਨਾਰੀ ਤੋਂ ਹੀ, ਘਰੇਲੂ ਔਰਤਾਂ ਵੀ ਬਣ ਸਕਦੀਆਂ ਹਨ ਸਵੈ-ਨਿਰਭਰ, ਔਰਤਾਂ ਅਤੇ ਤਣਾਅ, ਔਰਤਾਂ ਹੁੰਦੀਆਂ ਨੇ ਵਧੇਰੇ ਭਾਵੁਕ ਅਤੇ ਪਤਨੀ ਦੀ ਸਫਲਤਾ ਵਿਚ ਪਤੀ ਦਾ ਯੋਗਦਾਨ ਆਦਿ ਵਿਚ ਨਾਰੀ-ਸਮਾਜ ਦੇ ਮਸਲੇ ਆਦਿ ਰਾਹੀਂ ਨਾਰੀ ਦਾ ਆਦਰਸ਼ਵਾਦੀ ਬਿੰਬ, ਆਰਥਿਕ ਨਿਰਭਰਤਾ, ਨੌਕਰੀ-ਪੇਸ਼ਾ ਅਤੇ ਘਰੇਲੂ ਕੰਮਕਾਜੀ ਔਰਤਾਂ ਵਿਚ ਮਾਨਸਿਕ ਤਣਾਅ ਕਾਰਨ ਅਤੇ ਔਰਤ-ਮਰਦ ਨੂੰ ਇਕ-ਦੂਜੇ ਦੇ ਪੂਰਕ ਵਜੋਂ ਪ੍ਰਸਤੁਤ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਲੇਖਾਂ ਵਿਚ ਇਸਤਰੀ-ਵਰਗ ਨਾਲ ਜੁੜੇ ਅਹਿਮ ਪ੍ਰੰਤੂ ਅਣਗੌਲੇ ਰਹਿ ਜਾਣ ਵਾਲੇ ਪੱਖਾਂ ਦੀ ਵੀ ਨਿਸ਼ਾਨਦੇਹੀ ਕੀਤੀ ਗਈ ਹੈ। ਲੇਖ ਨੰਬਰ 21 ਤੋਂ 26 ਤੱਕ ਦੇ ਲੇਖਾਂ ਵਿਚ ਸਮਾਜਿਕ ਪ੍ਰਬੰਧਾਂ ਤਹਿਤ ਸਦਾਚਾਰਕਤਾ ਨਾਲ ਸੰਬੰਧਿਤ ਆਯਾਮਾਂ ਨੂੰ ਅੰਧ-ਵਿਸ਼ਵਾਸਾਂ ਤੋਂ ਲੈ ਕੇ, ਉਮਰ ਦੇ ਵੱਖ-ਵੱਖ ਪੜਾਵਾਂ ਅਤੇ ਸੁਖੀ ਜੀਵਨ ਜਿਊਣ ਲਈ ਸੋਚਣ-ਸਮਝਣ ਦਾ ਅੰਦਾਜ਼ ਬਦਲਣ 'ਤੇ ਬਲ ਦਿੱਤਾ ਗਿਆ ਹੈ। ਅੰਤਿਮ ਚਾਰ ਲੇਖਾਂ ਵਿਚ ਜਿੱਥੇ ਰਿਸ਼ਤਿਆਂ-ਨਾਤਿਆਂ ਦੀਆਂ ਸੱਭਿਆਚਾਰਕ ਤੰਦਾਂ ਦੀ ਭਾਵਪੂਰਤ ਪ੍ਰਸਤੁਤੀ ਹੈ, ਉੱਥੇ ਬੱਚਿਆਂ ਵਿਚ ਚੰਗੀਆਂ ਨੈਤਿਕ ਕਦਰਾਂ-ਕੀਮਤਾਂ ਦੇ ਸੰਚਾਰ ਲਈ ਮਾਂ-ਬਾਪ ਦੀ ਭੂਮਿਕਾ ਵੀ ਨਿਸਚਿਤ ਕੀਤੀ ਗਈ ਹੈ। ਲੇਖਿਕਾ ਅਧਿਆਪਨ ਦੇ ਕਿੱਤੇ ਨਾਲ ਜੁੜੀ ਹੋਣ ਕਾਰਨ ਸਮੁੱਚੇ ਲੇਖਾਂ ਦੀ ਸ਼ੈਲੀ ਉਪਦੇਸ਼ਾਤਮਿਕ ਅਤੇ ਪਹੁੰਚ ਸਮਾਜ-ਸੁਧਾਰਕ ਵਾਲੀ ਹੈ। ਭਾਵੇਂ ਕਿ ਸੰਗ੍ਰਹਿ ਵਿਚ ਦਰਜ ਲੇਖ 'ਅਜੀਤ' ਅਖ਼ਬਾਰ ਵਿਚ ਛਪ ਪਹਿਲਾਂ ਚੁੱਕੇ ਹਨ ਪ੍ਰੰਤੂ ਇਨ੍ਹਾਂ ਸਾਰੇ ਲੇਖਾਂ ਨੂੰ ਇਕ ਥਾਂ 'ਤੇ ਇਕੱਠੇ ਅਤੇ ਇਕ ਤਰਤੀਬ ਵਿਚ ਪੜ੍ਹਨ ਤੋਂ ਵੱਖਰੇ ਹੀ ਅਨੰਦ ਦਾ ਅਨੁਭਵ ਹੁੰਦਾ ਹੈ।


ਡਾ. ਪ੍ਰਦੀਪ ਕੌੜਾ
ਮੋ: 95011-15200

06-11-2021

 ਮੇਦਨੀ
ਨਾਟਕਕਾਰ : ਸਵਰਾਜ ਬੀਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 111
ਸੰਪਰਕ : 95011-45039.

ਨਾਟਕਕਾਰ ਤੇ ਕਵੀ ਸਵਰਾਜ ਬੀਰ ਦੇ ਨੌਂ ਨਾਟਕਾਂ 'ਚੋਂ 'ਮੇਦਨੀ' ਦਾ ਇਹ ਚੌਥਾ ਐਡੀਸ਼ਨ ਹੈ। ਇਹ ਨਾਟਕ ਪ੍ਰਸਿੱਧ ਮੰਚ ਨਿਰਦੇਸ਼ਕ ਕੇਵਲ ਧਾਲੀਵਾਲ ਵਲੋਂ ਮੰਚਿਤ ਵੀ ਕੀਤਾ ਗਿਆ ਹੈ। ਇਕ ਚੇਅਰਮੈਨ ਤੇ ਡੇਰੇ ਦੀ ਮੁਖੀ ਸੁਰਜੀਤ ਕੌਰ ਆਪਣੀ ਧੀ ਮਨਦੀਪ ਦੇ ਲੜਕੇ ਹਰਮੀਤ ਨਾਲ ਸੰਬੰਧਾਂ ਅਤੇ ਇਨ੍ਹਾਂ ਸੰਬੰਧਾਂ ਤੋਂ ਉਪਜੀ ਸੰਤਾਨ ਨੂੰ ਕੁੱਖ ਵਿਚ ਮਰਵਾ ਕੇ ਫਿਰ ਮਨਦੀਪ ਵਲੋਂ ਖ਼ੁਦਕੁਸ਼ੀ ਕਰਨ ਦੀ ਕਥਾ ਹੈ, ਜਿਸ ਵਿਚ ਸੁਰਜੀਤ ਕੌਰ ਦੀ ਭੈਣ ਬਚਿੰਤ ਕੌਰ ਤੇ ਅਮੋਲਕ ਜਿਹੇ ਹੋਰ ਵਿਅਕਤੀ ਸਹਾਇਕ ਹੁੰਦੇ ਹਨ। ਏਨੇ ਕੁ ਕਥਾਨਕ ਦੀ ਮੰਚ 'ਤੇ ਕਲਾਤਮਿਕ ਪੇਸ਼ਕਾਰੀ ਨੂੰ ਖ਼ੁਦ ਸਵਰਾਜ ਬੀਰ ਨੇ 'ਮੇਦਨੀ', ਨਾਲਿ ਮੇਰੇ ਕੋਈ ਚੱਲੇ, ਮੇਦਨੀ ਦੀ ਨਾਟਕੀ ਜੁਗਤ, ਡਾ. ਪਰਮਿੰਦਰ ਸਿੰਘ ਵਲੋਂ ਲਗਭਗ 20 ਸਫ਼ੇ ਦਾ ਲੰਮਾ ਲੇਖ, ਮੇਦਨੀ ਦਾ ਸਮੱਸਿਆਕਾਰ, ਜਗਜੀਤ ਸਿੰਘ ਅਨੰਦ ਵਲੋਂ 'ਮੇਦਨੀ : ਜੋ ਸਮਾਜ ਦੇ ਜੀਵੰਤ ਨੂੰ ਪੇਸ਼ ਕਰਦੀ ਹੈ, ਡਾ. ਸਤਿੰਦਰ ਨੂਰ 'ਅਗੇਰੇ ਤੁਰਦਾ ਨਾਟਕਕਾਰ : ਸਵਰਾਜ ਬੀਰ ਅਤੇ ਗੁਰਸ਼ਰਨ ਸਿੰਘ ਵਲੋਂ 'ਮੇਦਨੀ : ਇਕ ਯਾਦਗਾਰ ਪੇਸ਼ਕਾਰੀ' ਲਿਖੇ ਗਏ ਹਨ। 'ਮੇਦਨੀ' ਧਰਤੀ ਦਾ ਸੰਬੋਧਨ ਹੈ ਅਤੇ ਮਨਦੀਪ ਉਸ ਦਾ ਪ੍ਰਤੀਕ (ਮੈਟਾਫਰ)। ਨਾਟਕਕਾਰ ਨੇ ਮਨਦੀਪ ਵਲੋਂ ਕੀਤੀ ਗਈ ਖ਼ੁਦਕੁਸ਼ੀ ਨੂੰ ਸਮਾਜਿਕ ਕਤਲ ਸਾਬਤ ਕਰਨ ਦਾ ਸਾਹਿਤਕ ਉਪਰਾਲਾ ਕੀਤਾ ਹੈ। ਨਾਟਕ ਵਿਚ ਕੁੱਖ 'ਚ ਪਲ ਰਹੇ ਬੱਚੇ ਨੂੰ ਰੂਪੀ ਨਾਂਅ ਦੇ ਕੇ ਮੁੰਡਾ ਜਾਂ ਕੁੜੀ ਕੋਈ ਵੀ ਹੋਣਾ ਦੱਸਿਆ ਗਿਆ ਹੈ। ਨਾਟਕ ਦੇ ਦੋ ਅੰਕ ਹਨ। ਪਹਿਲੇ ਅੰਕ ਵਿਚ ਆਪਣੀ ਮੜ੍ਹੀ ਤੋਂ ਪੁਨਰ ਜੀਵਤ ਹੋਈ ਮਨਦੀਪ ਆਪਣੇ ਪ੍ਰੇਮ ਬਿਰਤਾਂਤ ਅਤੇ ਮਾਂ ਸੁਰਜੀਤ ਕੌਰ ਵਲੋਂ ਇਸ ਪ੍ਰੇਮ ਨੂੰ ਵਿਆਹ 'ਚ ਬਦਲਣ ਦੇ ਵਿਰੋਧ ਨੂੰ ਪ੍ਰਗਟ ਕਰਦੀ ਹੈ। ਦੂਸਰੇ ਅੰਕ ਵਿਚ ਮਨਦੀਪ ਤੋਂ ਹੀ ਮਾਂ ਤੇ ਮਾਮੀ ਵਲੋਂ ਮਿਲ ਕੇ ਉਸ ਦੇ ਬੱਚੇ ਦਾ ਕੁੱਖ ਵਿਚ ਕਤਲ ਅਤੇ ਮਗਰੋਂ ਮਨਦੀਪ ਵਲੋਂ ਖ਼ੁਦਕੁਸ਼ੀ ਦਾ ਬਿਰਤਾਂਤ ਪੇਸ਼ ਕੀਤਾ ਗਿਆ ਹੈ। ਥਾਂ-ਥਾਂ 'ਤੇ ਪਾਤਰਾਂ ਮੂੰਹੋਂ ਗੁਰਬਾਣੀ ਦੇ ਸਲੋਕਾਂ ਦੀ ਵਰਤੋਂ ਰਾਹੀਂ ਹਾਲਾਤ ਨੂੰ ਗੰਭੀਰਤਾ ਵੀ ਪ੍ਰਦਾਨ ਕੀਤੀ ਗਈ ਹੈ ਅਤੇ ਤਨਜ਼ ਵੀ ਕੱਸੇ ਗਏ ਹਨ। ਨਾਟਕ ਮੇਦਨੀ ਦੀ ਕਥਾ ਵਿਚ ਪਾਤਰ ਵਲੋਂ ਆਪਣੀ ਮੜ੍ਹੀ ਤੋਂ ਦੋ ਵਾਰ ਪੁਨਰ ਜੀਵਤ ਹੋ ਕੇ ਕਥਾ ਤੋਂ ਬਾਹਰ ਆਉਣ ਨੂੰ ਨਾਟਕਕਾਰ ਇਕ ਚੁਣੌਤੀ ਵੀ ਮੰਨਦਾ ਹੈ ਅਤੇ ਪ੍ਰਤੀਕ ਵੀ। ਉਸ ਦੇ ਆਪਣੇ ਸ਼ਬਦਾਂ 'ਚ ਇਹ ਸਾਹਿਤ ਅਤੇ ਲੋਕਮਨ ਵਿਚ ਆ ਚੁੱਕੀ ਕਥਾ ਦਾ ਵਿਸਥਾਪਨ ਹੈ ਅਤੇ ਉਸ ਦਾ ਪੁਨਰ ਸਿਰਜਣ ਵੀ। ਇਸ ਤਰ੍ਹਾਂ ਦਾ ਪ੍ਰਸੰਗ ਨਾਟਕ ਦੇ ਇਤਿਹਾਸ ਵਿਚ ਸ਼ਾਇਦ ਪਹਿਲੀ ਵਾਰ ਪੇਸ਼ ਹੋਇਆ ਹੈ। ਮੇਦਨੀ ਦਾ ਪਰਿਵੇਸ਼, ਵਾਤਾਵਰਨ ਪ੍ਰਭਾਵਸ਼ਾਲੀ ਹੈ। ਸੰਵਾਦ ਚੁਸਤ ਤੇ ਤਿੱਖੇ ਹਨ। ਕਲਾਤਮਿਕ ਪੇਸ਼ਕਾਰੀ ਉੱਤਮ ਦਰਜੇ ਦੀ ਹੈ। ਕੋਰਸ, ਲੋਰੀਆਂ, ਗੀਤਾਂ ਆਦਿ ਰਾਹੀਂ ਨਾਟਕ ਨੂੰ ਕਾਵਿਆਤਮਿਕਤਾ ਪ੍ਰਦਾਨ ਕੀਤੀ ਗਈ ਹੈ। ਸਮਾਜਿਕ ਕੂੜ, ਧਾਰਮਿਕ ਪਖੰਡਾਂ ਦਾ ਪਰਦਾਫਾਸ਼ ਕਰਦਾ ਅਤੇ ਧੀਆਂ ਧਿਆਣੀਆਂ ਨੂੰ ਝੂਠੀ ਹਉਮੈ ਹੇਠ ਦਰੜਨ-ਮਧੋਲਣ ਦੇ ਦੁਖਾਂਤ ਦੀ ਪੁਖਤਾ ਪੇਸ਼ਕਾਰੀ ਨਾਟਕ ਦਾ ਹਾਸਲ ਹੈ।

ਡਾ. ਧਰਮਪਾਲ ਸਾਹਿਲ
ਮੋ: 98761-56964.

ਰੂਹ ਦੀ ਕੋਈ ਜੂਹ ਨਹੀਂ ਹੁੰਦੀ
ਸੰਪਾਦਕ : ਅੰਜਨਾ ਸ਼ਿਵਦੀਪ, ਅਨੇਮਨ ਸਿੰਘ
ਪ੍ਰਕਾਸ਼ਕ : ਸੀਗਲ ਕ੍ਰੀਏਟਿਵ ਬੁਕਸ, ਪਟਿਆਲਾ
ਮੁੱਲ : 450 ਰੁਪਏ, ਸਫ਼ੇ : 272
ਸੰਪਰਕ : 98148-20939.

ਸੱਭਿਆ ਮਾਨਵੀ ਸਮਾਜ ਵਿਚ 'ਹੇਟਰੋਸੈਕਸੂਅਲ ਰਿਸ਼ਤਿਆਂ' ਨੂੰ ਹੀ ਸੁਭਾਵਿਕ, ਕੁਦਰਤੀ ਅਤੇ ਉਚਿਤ ਮੰਨਿਆ ਜਾਂਦਾ ਹੈ, ਜਦੋਂ ਕਿ ਹੋਮੋਸੈਕਸੂਅਲ (ਸਮਲਿੰਗੀ) ਵਿਅਕਤੀਆਂ ਦਾ ਤ੍ਰਿਸਕਾਰ ਅਤੇ ਉਪਹਾਸ ਉਡਾਇਆ ਜਾਂਦਾ ਹੈ।
ਸਾਡੇ ਦੋ ਸਥਾਪਤ ਕਥਾਕਾਰਾਂ ਅਨੇਮਨ ਸਿੰਘ ਅਤੇ ਅੰਜਨਾ ਸ਼ਿਵਦੀਪ ਨੇ ਹਥਲੇ ਸੰਗ੍ਰਹਿ ਵਿਚ 26 ਅਜਿਹੀਆਂ ਕਹਾਣੀਆਂ ਚੁਣੀਆਂ ਹਨ, ਜਿਨ੍ਹਾਂ ਵਿਚ ਸਮਲਿੰਗੀ (ਲੈਸਬੀਅਨ/ਗੇਅ) ਰਿਸ਼ਤਿਆਂ ਦੇ ਸੱਚ ਨੂੰ ਰੂਪਮਾਨ ਕੀਤਾ ਹੈ। ਬਹੁਤੀਆਂ ਕਹਾਣੀਆਂ ਲੈਸਬੀਅਨ ਜੋੜਿਆਂ ਦਾ ਬਿਰਤਾਂਤ ਪੇਸ਼ ਕਰਦੀਆਂ ਹਨ। ਹੋਸਟਲ ਵਿਚ ਰਹਿਣ ਵਾਲੀਆਂ ਦੱਬੂ ਮੁਟਿਆਰਾਂ ਅਕਸਰ ਅਜਿਹੇ ਵਿਵਹਾਰ ਦੀਆਂ ਧਾਰਨੀ ਬਣ ਜਾਂਦੀਆਂ ਹਨ। ਪੁਰਸ਼ਾਂ ਵਿਚ ਘਰਾਂ ਦੇ ਮਰਯਾਦਾਬੱਧ ਅਤੇ ਕਠੋਰ ਵਾਤਾਵਰਨ ਵਿਚ ਰਹਿਣ ਵਾਲੇ ਕਿਸ਼ੋਰ ਉਮਰ ਦੇ ਮੁੰਡੇ ਇਸ ਪ੍ਰਕਾਰ ਦੇ ਰਿਸ਼ਤਿਆਂ ਵਿਚ ਫਸ ਜਾਂਦੇ ਹਨ ਅਤੇ ਫਿਰ ਉਨ੍ਹਾਂ ਦੀ ਆਦਤ ਪੱਕ ਜਾਂਦੀ ਹੈ, ਉਹ ਇਨ੍ਹਾਂ ਰਿਸ਼ਤਿਆਂ ਵਿਚੋਂ ਬਾਹਰ ਨਹੀਂ ਨਿਕਲ ਪਾਉਂਦੇ।
ਹੁਣ ਪੰਜਾਬੀ ਕਹਾਣੀ ਸਤਹੀ ਯਥਾਰਥ ਨੂੰ ਛੱਡ ਕੇ ਡੂੰਘੇ ਯਥਾਰਥ ਦੀ ਪਰਿਕਰਮਾ ਕਰਨ ਲੱਗੀ ਹੈ। ਇਹ ਭੱਦਰ ਲੋਕਾਂ ਦੇ ਆਚਾਰ-ਵਿਹਾਰ ਤੱਕ ਹੀ ਸੀਮਤ ਨਹੀਂ ਰਹੀ। ਅਜਿਹੀਆਂ ਕਹਾਣੀਆਂ ਦੇ ਲੇਖਕਾਂ ਵਿਚ ਸੰਪਾਦਕਾਂ ਤੋਂ ਛੁੱਟ ਸੁਕੀਰਤ, ਅਰਵਿੰਦਰ ਧਾਲੀਵਾਲ, ਸ਼ਿਵਦੀਪ, ਗੁਰਪ੍ਰੀਤ ਸਹਿਜੀ, ਗੋਵਰਧਨ ਗੱਬੀ, ਪਰਵੇਜ਼ ਸੰਧੂ, ਵੀਨਾ ਵਰਮਾ, ਸਰਘੀ, ਬਲਬੀਰ ਪਰਵਾਨਾ ਅਤੇ ਸਰਬਜੀਤ ਆਦਿ ਨਾਂਅ ਉਲੇਖਯੋਗ ਹਨ। ਅਸਲ ਵਿਚ ਵਸਤੂ-ਸਮੱਗਰੀ ਅਤੇ ਬਿਰਤਾਂਤ-ਜੁਗਤਾਂ ਦੇ ਪੱਖੋਂ ਹਰ ਕਹਾਣੀ ਇਕ ਮਾਡਲ ਅਤੇ ਪੜ੍ਹਨ/ਲਿਖਣ ਯੋਗ ਰਚਨਾ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਕਿਸ ਨੂੰ ਆਖਾਂ
(ਕਾਵਿ-ਸੰਗ੍ਰਹਿ)
ਲੇਖਿਕਾ : ਰਮਿੰਦਰ ਰਮੀ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼, ਦਿੱਲੀ
ਮੁੱਲ : 400 ਰੁਪਏ, ਸਫ਼ੇ : 199
ਸੰਪਰਕ :raminderwalia213@gmail.com

ਰਮਿੰਦਰ ਵਾਲੀਆ ਨੂੰ ਸਾਹਿਤਕ ਅਤੇ ਧਾਰਮਿਕ ਮਾਹੌਲ ਵਿਰਸੇ ਵਿਚ ਮਿਲਿਆ ਹੈ। ਬੀ.ਏ. ਕਰਦਿਆਂ ਸ਼ਾਦੀ ਹੋਣ ਕਰਕੇ ਕਬੀਲਦਾਰੀ ਦੇ ਝੰਜਟਾਂ ਵਿਚ ਪੈ ਗਈ। 2007 ਵਿਚ ਬੱਚਿਆਂ ਦੇ ਕੈਨੇਡਾ ਜਾਣ ਕਾਰਨ, ਨਾਲ ਹੀ ਬਰੈਂਪਟਨ ਪਹੁੰਚ ਗਈ। ਇਕ ਸਹੇਲੀ ਦੀ ਪ੍ਰੇਰਨਾ ਨਾਲ ਉਥੋਂ ਦੀਆਂ ਸਾਹਿਤ ਸਭਾਵਾਂ ਵਿਚ ਸ਼ਿਰਕਤ ਕਰਨ ਲੱਗੀ। ਉਥੇ ਹੀ ਕਿਸੇ ਨੇ ਤਾਹਨਾ ਮਾਰਿਆ 'ਜਦ ਤੂੰ ਲਿਖਦੀ ਨਹੀਂ, ਇਥੇ ਕੀ ਕਰਨ ਆਉਂਦੀ ਹੈ?' ਉਸ ਨੇ ਇਸ ਤਾਹਨੇ ਉਪਰੰਤ ਦ੍ਰਿੜ੍ਹ ਇਰਾਦਾ ਕਰ ਲਿਆ, 'ਹੁਣ ਮੈਂ ਲਿਖਾਂਗੀ।' ਫਲਸਰੂਪ ਇਕੋ ਸਾਲ (2017) ਵਿਚ 65 ਕਵਿਤਾਵਾਂ ਲਿਖ ਦਿੱਤੀਆਂ, ਜੋ ਕਿ ਇਸ ਸੰਗ੍ਰਹਿ ਵਿਚ ਸ਼ਾਮਿਲ ਹਨ। ਇਨ੍ਹਾਂ ਕਵਿਤਾਵਾਂ ਵਿਚ ਵਿਕੋਲਿਤਰੇ ਵਿਸ਼ਿਆਂ ਦੀ ਪੇਸ਼ਕਾਰੀ ਹੋਈ ਹੈ। ਇਨ੍ਹਾਂ ਵਿਸ਼ਿਆਂ ਬਾਰੇ ਸ਼ਬਦ-ਕਲੋਲ ਕਰਦਿਆਂ ਅੰਤਲੀ ਇਕ ਕਵਿਤਾ ਵਿਚ ਇੰਜ ਜਾਣਕਾਰੀ ਦਿੱਤੀ ਹੈ। ਇਹ ਕਵਿਤਾ 'ਕਲਮ' ਨਾਲ ਸੰਵਾਦ ਹੈ। ਕਲਮ ਦਾ ਜਵਾਬ ਪੇਸ਼ ਹੈ :
ਮੈਂ ਤਾਂ ਉਹ ਸਭ ਕੁਝ ਲਿਖਿਆ
ਜੋ ਤੂੰ ਕਿਹਾ ਉਹ ਸਭ ਮੈਂ ਲਿਖਦੀ
ਤੇਰੇ ਦੁੱਖਾਂ, ਤੇਰੇ ਪਿਆਰ ਨੂੰ
ਤੂੰ ਦੋਸਤੀਆਂ ਕਰਦੀ ਉਹ ਮੈਂ ਲਿਖਦੀ
ਤੂੰ ਮੁਹੱਬਤਾਂ ਵੰਡਦੀ ਉਹ ਮੈਂ ਲਿਖਦੀ
ਤੂੰ ਸਰਬੱਤ ਦਾ ਭਲਾ ਮੰਗਦੀ ਮੈਂ ਲਿਖਦੀ
ਰੱਬ ਨਾਲ ਗੱਲਾਂ ਕਰਦੀ ਮੈਂ ਲਿਖਦੀ
ਇਨਸਾਨੀ ਬਘਿਆੜਾਂ ਦਾ ਜ਼ੁਲਮ ਸਹਿੰਦੀ
ਤਨਹਾਈਆਂ ਨਾਲ ਗੱਲਾਂ ਕਰਦੀ ਮੈਂ ਲਿਖਦੀ
ਆਪਣੇ ਦੁੱਖ ਸਾਂਝੇ ਕਰਦੀ
ਤੂੰ ਭੁੱਬੀ ਰੋਂਦੀ ਮੈਂ ਸਭ ਲਿਖਦੀ...
(ਸੁਣ ਨੀਂ ਕਲਮੇਂ ਮੇਰੀਏ ਪੰ. 189)
ਇੰਜ ਕਵਿੱਤਰੀ ਨੇ ਆਪਣੇ ਕਾਵਿਕ ਵਿਸ਼ਿਆਂ ਬਾਰੇ ਕਲਾਤਮਿਕ ਪੇਸ਼ਕਾਰੀ ਕਰ ਵਿਖਾਈ ਹੈ।
ਕਵਿੱਤਰੀ ਦੀ ਸ਼ੈਲੀ ਸੰਬੋਧਨੀ ਹੈ। ਜਿਵੇਂ ਕਿ ਸੱਜਣਾ ਵੇ! ਸੱਜਣਾ ਵੇ! ਅਨੇਕਾਂ ਕਵਿਤਾਵਾਂ ਨੂੰ ਆਵ੍ਰਿਤੀ ਦੇ ਵਾਕ (ਸੱਚ ਤਾਂ ਇਹ ਹੈ, ਮੋਹ ਦੇ ਦੀਵੇ ਜਗਾਈਏ, ਕਦੇ ਕਦੇ ਜੀਅ ਕਰਦਾ ਹੈ, ਗੁਣ ਨੈਤਿਕਤਾ ਦੇ ਅਪਣਾਈਏ, ਸੁਣ ਨੀਂ ਜਿੰਦੇ ਮੇਰੀਏ, ਕਿੰਨਾ ਔਖਾ ਹੁੰਦਾ ਹੈ) ਆਦਿ ਗਤੀ ਪ੍ਰਦਾਨ ਕਰਦੇ ਵੇਖੇ ਜਾ ਸਕਦੇ ਹਨ। ਕਵਿੱਤਰੀ ਖ਼ੁਦ-ਕਲਾਮੀ ਕਰਦੀ, ਮਨੋਵਿਗਿਆਨਕ ਤੌਰ 'ਤੇ ਧੁਰ ਅਚੇਤ ਮਨ ਤੱਕ ਉਤਰ ਜਾਂਦੀ ਹੈ। ਅੰਤਰਮੁਖਤਾ ਉਸ ਦੇ ਕਾਵਿ ਦੀ ਸ਼ਕਤੀ ਹੈ। ਕਵਿਤਾਵਾਂ ਵਿਚ ਕਲਪਨਾ ਅਤੇ ਭਾਵਾਂ ਦਾ ਸੁਮੇਲ ਹੈ। ਸਿਰਜਣਾ ਦੀ ਦ੍ਰਿਸ਼ਟੀ ਤੋਂ ਰਮਿੰਦਰ ਰੌਂ (ਮੂਡ) ਦੀ ਕਵਿੱਤਰੀ ਜਾਪਦੀ ਹੈ। ਕਵਿਤਾਵਾਂ 'ਚੋਂ ਕਵਿਤਾਵਾਂ ਜਨਮ ਲੈਂਦੀਆਂ ਦਾ ਸਿਧਾਂਤ ਵੀ ਉਸ ਦੀ ਕਵਿਤਾ 'ਤੇ ਲਾਗੂ ਹੁੰਦਾ ਹੈ। 'ਇਕ ਤੂੰ ਹੋਵੇ ਇਕ ਮੈਂ ਹੋਵਾਂ' ਕਵਿਤਾ ਪੜ੍ਹ ਕੇ ਧਨੀ ਰਾਮ ਚਾਤ੍ਰਿਕ ਦੀ (ਕਾਫ਼ੀ ਭੀਮ) ਯਾਦ ਆਉਂਦੀ ਹੈ। ਰਮੀ ਤਾਂ ਆਪਣੇ ਦੋਸਤ ਨੂੰ ਹਿਰਦੇਵੇਧਕ ਕਵਿਤਾ ਲਿਖਣ ਲਈ ਪ੍ਰੇਰਦੀ ਹੈ :
'ਤੂੰ ਮੈਨੂੰ ਬਹੁਤ ਯਾਦ ਕਰੇਂਗਾ
ਆਪ ਹੀ ਕਵਿਤਾ ਪੜ੍ਹੇਂਗਾ
ਪੜ੍ਹੇਂਗਾ ਨਾਲੇ ਰੋਵੇਂਗਾ
ਪਰ ਮੈਂ ਨਹੀਂ ਰੋਵਾਂਗੀ।
(ਪੰ. 143)
ਭਾਵੁਕਤਾ ਦੀ ਸਿਖ਼ਰ ਹੈ।
ਇਹ ਤਾਂ 'ਰਮੀ' ਦਾ ਪਹਿਲਾ ਕਾਵਿ-ਸੰਗ੍ਰਹਿ ਹੈ। ਸ਼ਾਲਾ! ਇਹ ਕਲਮ ਹਮੇਸ਼ਾ ਵਗਦੀ ਰਹੇ।

ਡਾ. ਧਰਮ ਚੰਦ ਵਾਤਿਸ਼
vatish.dharamchand@gmail.com

c c c

ਜ਼ਿੰਦਗੀ ਜ਼ਿੰਦਾਬਾਦ
ਲੇਖਕ : ਰਾਣਾ ਰਣਬੀਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੁੱਲ : 50 ਰੁਪਏ, ਸਫ਼ੇ : 32
ਸੰਪਰਕ : 99889-24300.

ਪੰਜਾਬੀ ਦਾ ਪ੍ਰਸਿੱਧ ਰੰਗਮੰਚੀ ਅਤੇ ਫ਼ਿਲਮੀ ਅਦਾਕਾਰ ਰਾਣਾ ਰਣਬੀਰ ਪੰਜਾਬੀ ਸਾਹਿਤ ਨਾਲ ਵਿਸ਼ੇਸ਼ ਮੱਸ ਰੱਖਣ ਵਾਲਾ ਕਲਮਕਾਰ ਹੈ, ਜਿਸ ਦੀਆਂ ਇਸ ਵਾਰਤਕ ਪੁਸਤਕ ਭਾਵ 'ਜ਼ਿੰਦਗੀ ਜ਼ਿੰਦਾਬਾਦ' ਤੋਂ ਪਹਿਲਾਂ ਵੀ ਤਿੰਨ ਪੁਸਤਕਾਂ ਮੰਜ਼ਰ-ਇ-ਆਮ 'ਤੇ ਆ ਚੁੱਕੀਆਂ ਹਨ। ਹੁਣ ਉਸ ਦੀ ਹਥਲੀ ਪੁਸਤਕ ਪਾਠਕਾਂ ਦੇ ਸਨਮੁੱਖ ਹੈ।
ਇਸ ਪੁਸਤਕ ਦੀ ਸਿਰਜਣਾ ਪਿੱਛੇ ਲੇਖਕ ਦਾ ਬੁਨਿਆਦੀ ਮਕਸਦ ਇਹ ਹੈ ਕਿ ਉਹ ਪਾਠਕ ਨੂੰ ਉਸਾਰੂ ਅਤੇ ਤਾਰਕਿਕ ਦ੍ਰਿਸ਼ਟੀਕੋਣ ਨਾਲ ਅਜਿਹੇ ਜੀਵਨ-ਮੁੱਲਾਂ ਦੀ ਸੋਝੀ ਕਰਵਾਵੇ ਜਿਸ ਨਾਲ ਇਕ ਨਵਾਂ ਨਰੋਆ ਸਮਾਜ ਸਥਾਪਤ ਹੋ ਸਕੇ। ਲੇਖਕ ਨੇ ਇਸ ਪੁਸਤਕ ਨੂੰ ਰਸਮੀ ਅਧਿਆਇਆਂ ਜਾਂ ਭਾਗਾਂ ਵਿਚ ਵਰਗੀਕ੍ਰਿਤ ਨਾ ਕਰਕੇ ਪਾਠਕ ਨਾਲ ਇਸ ਤਰ੍ਹਾਂ ਸੰਵਾਦ ਰਚਾਇਆ ਹੈ ਜਿਵੇਂ ਇਕ ਵਿਅਕਤੀ ਦੂਜੇ ਨਾਲ ਸਹਿਜ ਸੁਭਾਵਿਕ ਢੰਗ ਨਾਲ ਬੈਠਾ ਆਮ ਗੱਲਾਂਬਾਤਾਂ ਨਿਰੰਤਰ ਕਰ ਰਿਹਾ ਹੋਵੇ। ਇਸ ਪੁਸਤਕ ਵਿਚ ਲੇਖਕ ਕਿਧਰੇ ਗੁਰਬਾਣੀ, ਰਾਮਾਇਣ, ਮਹਾਂਭਾਰਤ ਆਦਿ ਧਾਰਮਿਕ ਸ੍ਰੋਤਾਂ ਤੋਂ ਇਲਾਵਾ ਭਗਤ ਸਿੰਘ, ਰਸੂਲ ਹਮਜ਼ਾਤੋਵ, ਪਾਸ਼ ਆਦਿ ਲਿਖਾਰੀਆਂ ਦੀਆਂ ਢੁੱਕਵੀਆਂ ਧਾਰਨਾਵਾਂ ਜਾਂ ਸਥਾਪਨਾਵਾਂ ਦੀਆਂ ਮਿਸਾਲਾਂ ਦੇ ਕੇ ਵਾਤਾਵਰਨ ਵਿਚ ਪਰਿਵਰਤਨ ਲਿਆਉਣ ਦੀ ਗੱਲ ਕਰਦਾ ਹੈ ਅਤੇ ਕਿਧਰੇ ਆਪਣੇ ਨਿੱਜੀ ਜੀਵਨ ਦੇ ਹਵਾਲੇ ਦੇ ਕੇ ਕਿਤਾਬਾਂ ਦਾ ਮਹੱਤਵ ਦਰਸਾਉਂਦਾ ਹੈ ਕਿ ਸ਼ਬਦ ਕਦੇ ਵੀ ਨਹੀਂ ਮਰਦੇ ਸਗੋਂ ਇਨ੍ਹਾਂ ਵਿਚ ਜੀਵਨ ਰੂਪੀ ਖ਼ਾਲੀ ਵਰਕਿਆਂ ਦਾ ਕਿਰਦਾਰ ਬਦਲਣ ਦੀ ਭਰਪੂਰ ਊਰਜਾ ਸਮੋਈ ਹੁੰਦੀ ਹੈ। ਲੇਖਕ ਦਾ ਮੰਨਣਾ ਹੈ ਕਿ ਜ਼ਿੰਦਗੀ ਦੀ ਪਾਠਸ਼ਾਲਾ ਵਿਚ ਕਿਤਾਬਾਂ ਹੀ ਉਸਤਾਦ ਬਣਦੀਆਂ ਹਨ ਜਿਨ੍ਹਾਂ ਨਾਲ ਦਿਮਾਗ਼ ਰੌਸ਼ਨ ਹੁੰਦੇ ਹਨ। ਇਉਂ ਇਹ ਪੁਸਤਕ ਪਾਠਕ ਨੂੰ ਜ਼ਿੰਦਗੀ ਦੀ ਪਾਠਸ਼ਾਲਾ ਦੇ ਚੰਗੇ ਵਿਦਿਆਰਥੀ ਬਣਨ ਦੀ ਪ੍ਰੇਰਨਾ ਦਿੰਦਾ ਹੈ। ਦੂਜੇ ਪਾਸੇ ਲੇਖਕ ਧਰਮਾਂ ਦੇ ਸੁਨੇਹਿਆਂ ਨੂੰ ਸਹੀ ਅਰਥਾਂ ਵਿਚ ਸਮਝਣ ਦੀ ਪ੍ਰੇਰਨਾ ਵੀ ਦਿੰਦਾ ਹੈ। ਉਸ ਦੀ ਇਹ ਪੁਸਤਕ ਪਾਠਕ ਨੂੰ ਹਲੂਣਦੀ ਹੈ ਕਿ ਮਨੁੱਖ ਨੂੰ 'ਮੈਂ ਕੀ ਲੈਣਾ ਹੈ' ਵਰਗੀ ਨਾਂਹਵਾਚੀ ਅਤੇ ਦਕੀਆਨੂਸੀ ਸੋਚ ਤੋਂ ਕਿਨਾਰਾਕਸ਼ੀ ਕਰਨੀ ਚਾਹੀਦੀ ਹੈ। ਲੋਕ-ਪੱਖੀ ਅਤੇ ਸ਼ੁੱਭ ਗੁਣਾਂ ਨੂੰ ਅਮਲ ਵਿਚ ਲਿਆ ਕੇ ਹੀ ਲੋਕਾਈ ਦਾ ਭਲਾ ਹੋ ਸਕਦਾ ਹੈ। ਅਜਿਹੀਆਂ ਖ਼ੂਬਸੂਰਤ ਟਿੱਪਣੀਆਂ ਅਤੇ ਦ੍ਰਿਸ਼ਟੀਕੋਣਾਂ ਨਾਲ ਲਬਰੇਜ਼ ਇਹ ਪੁਸਤਕ ਪੰਜਾਬੀ ਵਾਰਤਕ ਖੇਤਰ ਵਿਚ ਇਕ ਠੋਸ ਪ੍ਰਾਪਤੀ ਕਹੀ ਜਾ ਸਕਦੀ ਹੈ।
ਕਲਾ ਪੱਖ ਦੀ ਦ੍ਰਿਸ਼ਟੀ ਤੋਂ ਵੀ ਰਾਣਾ ਰਣਬੀਰ ਨੇ ਏਨੀ ਸਾਧਾਰਨ ਭਾਸ਼ਾ ਅਤੇ ਅੰਦਾਜ਼-ਇ-ਬਿਆਂ ਦੀ ਵਰਤੋਂ ਕੀਤੀ ਹੈ ਕਿ ਪਾਠਕ ਆਦਿ ਤੋਂ ਲੈ ਕੇ ਅੰਤ ਤੱਕ ਇਸ ਦੇ ਅਧਿਐਨ ਵਿਚ ਜੁਟਿਆ ਰਹਿੰਦਾ ਹੈ। ਇਹੀ ਇਕ ਸਫ਼ਲ ਪੁਸਤਕ ਦੀ ਪਛਾਣ ਹੁੰਦੀ ਹੈ।
ਮੈਂ ਨਵੀਂ ਪੀੜ੍ਹੀ ਨੂੰ ਇਹ ਪੁਸਤਕ ਜ਼ਰੂਰ ਪੜ੍ਹਨ ਦੀ ਸਿਫ਼ਾਰਸ਼ ਕਰਦਾ ਹਾਂ।

ਦਰਸ਼ਨ ਸਿੰਘ 'ਆਸ਼ਟ' (ਡਾ.)
ਮੋ: 98144-23703

ਆਦਿਵਾਸੀ ਕਵੀ-ਦਾਰਸ਼ਨਿਕ ਭੀਮ ਭੋਈ
ਲੇਖਕ : ਭਾਗੀਰਥੀ ਨੇਪਾਕ
ਅਨੁਵਾਦਕਾ : ਡਾ. ਜਗਦੀਸ਼ ਕੌਰ ਵਾਡੀਆ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 126
ਸੰਪਰਕ : 94638-36591.

ਭਾਗੀਰਥੀ ਨੇਪਾਕ ਦੁਆਰਾ ਲਿਖੀ ਅਤੇ ਡਾ. ਜਗਦੀਸ਼ ਕੌਰ ਵਾਡੀਆ ਦੁਆਰਾ ਅਨੁਵਾਦਤ ਕੀਤੀ ਪੁਸਤਕ 'ਆਦਿਵਾਸੀ ਕਵੀ-ਦਾਰਸ਼ਨਿਕ ਭੀਮ ਭੋਈ' ਵਿਚ ਓਡੀਸ਼ਾ ਵਿਚ ਇਕ ਸੰਪਰਦਾਇ ਮਹਿਮਾ ਸੰਪਰਦਾ ਦੇ ਇਕ ਵਿਸ਼ੇਸ਼ ਪੈਰੋਕਾਰ ਸੰਤ ਭੀਮ ਭੋਈ ਸੰਬੰਧੀ ਜਾਣਕਾਰੀ ਹੈ, ਜਿਸ ਦਾ ਜਨਮ 1850 ਵਿਚ ਹੋਇਆ। 19ਵੀਂ ਸਦੀ ਦੇ ਦੂਜੇ ਅੱਧ ਵਿਚ ਈਸਾਈ ਮਤ ਵਿਚ ਧਰਮ ਪਰਿਵਰਤਨ ਦੇ ਰੁਝਾਨ ਨੂੰ ਰੋਕਣ ਲਈ ਇਸ ਸੰਪਰਦਾਇ ਦਾ ਜਨਮ ਹੋਇਆ ਸੀ। ਇਸ ਸੰਤ ਬਾਰੇ ਲਿਖੀ ਇਸ ਪੁਸਤਕ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ ਤੇ ਅੰਤਿਕਾ ਅਤੇ ਪੁਸਤਕ ਸੂਚੀ ਵੀ ਦਿੱਤੀ ਗਈ ਹੈ। ਪਹਿਲੇ ਭਾਗ ਵਿਚ 9 ਅਧਿਆਇ ਦਿੱਤੇ ਗਏ ਹਨ। ਪਹਿਲੇ ਅਧਿਆਇ ਵਿਚ ਭੀਮ ਭੋਈ ਦੇ ਜਨਮ ਤੋਂ ਪਹਿਲਾਂ ਸੋਨੇਪੁਰ ਦੇ ਰਾਜਸੀ ਹਾਲਤਾਂ ਬਾਰੇ ਜਾਣਕਾਰੀ ਦਿੱਤੀ, ਜਿੱਥੇ ਉਸ ਸਮੇਂ ਦੌਰਾਨ ਚੌਹਾਨ ਰਾਜਿਆਂ ਦਾ ਰਾਜ ਸੀ। ਦੂਸਰੇ ਅਧਿਆਇ ਵਿਚ ਭੀਮ ਭੋਈ ਦੇ ਜਨਮ ਬਾਰੇ ਜਾਣਕਾਰੀ ਦਿੱਤੀ ਹੈ ਜੋ ਕਬੀਲਾ ਵੰਸ਼ ਦੇ ਅਜਿਹੇ ਕੋਂਧ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਜਿਥੇ ਹਲਦੀ ਦੀ ਪੈਦਾਵਾਰ ਵਧਾਉਣ ਲਈ ਮਨੁੱਖੀ ਕੁਰਬਾਨੀਆਂ ਦਿੱਤੀਆਂ ਜਾਂਦੀਆਂ ਸਨ। ਬਰਤਾਨੀਆ ਸਰਕਾਰ ਵਲੋਂ ਇਸ ਪ੍ਰਥਾ ਨੂੰ ਖ਼ਤਮ ਕਰਨ ਲਈ ਕਦਮ ਚੁੱਕੇ ਗਏ ਤੇ ਨਵੇਂ ਕਾਨੂੰਨ ਬਣਾਏ ਗਏ ਸਨ। ਅਧਿਆਇ ਤਿੰਨ ਅਤੇ ਚਾਰ ਵਿਚ ਭੀਮ ਭੋਈ ਦੇ ਸਮੇਂ ਸਮਾਜਿਕ ਅਤੇ ਧਾਰਮਿਕ ਹਾਲਤਾਂ ਦਾ ਅਧਿਐਨ ਕਰਕੇ ਉਸ ਦੇ ਅਸਲ ਫ਼ਲਸਫ਼ੇ ਨੂੰ ਸਮਝਣ ਦਾ ਉਪਰਾਲਾ ਕੀਤਾ ਗਿਆ ਹੈ। ਇਸ ਵਿਚ ਉਸ ਦੁਆਰਾ ਮਹਿਮਾ ਗੋਸੈਨ ਤੋਂ ਪ੍ਰੇਰਿਤ ਹੋਣ ਦੀ ਪੌਰਾਣਿਕ ਕਥਾ ਵੀ ਸ਼ਾਮਿਲ ਕੀਤੀ ਗਈ ਹੈ ਅਤੇ ਮਹਿਮਾ ਗੋਸੈਨ ਅਤੇ ਭੀਮ ਭੋਈ ਦੇ ਜੀਵਨ ਬਿਰਤਾਂਤਾਂ ਦਾ ਵੱਖੋ-ਵੱਖ ਅਧਿਐਨ ਕਰਕੇ ਸੰਬੰਧਾਂ ਦਾ ਅਧਿਐਨ ਵੀ ਕੀਤਾ ਗਿਆ ਹੈ। ਪਹਿਲੇ ਭਾਗ ਦੇ ਅੰਤਿਮ ਅਧਿਆਇ ਵਿਚ ਵੀ ਭੀਮ ਭੋਈ ਤੋਂ ਬਾਅਦ ਮਹਿਮਾ ਸੰਪ੍ਰਦਾਇ ਦੇ ਫ਼ਲਸਫ਼ਿਆਂ ਦਾ ਅਧਿਐਨ ਕੀਤਾ ਗਿਆ ਹੈ।
ਪੁਸਤਕ ਦੇ ਦੂਜੇ ਭਾਗ ਵਿਚ ਭੀਮ ਭੋਈ ਦੀਆਂ ਰਚਨਾਵਾਂ ਦਾ ਅਧਿਐਨ ਕੀਤਾ ਗਿਆ ਹੈ। ਉਸ ਦੀਆਂ 11 ਪੁਸਤਕਾਂ ਜੋ ਉਸ ਦੀ ਮੌਤ ਉਪਰੰਤ ਛਪੀਆਂ ਸਨ, ਦਾ ਵਿਸਥਾਰਤ ਵੇਰਵਾ ਦਿੱਤਾ ਗਿਆ ਹੈ, ਜਿਨ੍ਹਾਂ ਵਿਚੋਂ ਸਤੁਤੀ ਚਿੰਤਾਮਨੀ, ਆਸਤਕ ਬਿਹਾਰੀ ਗੀਤਾ, ਭਜਨ ਮਾਲਾ, ਪਦਮ ਕਲਪ, ਆਦਿ ਅੰਤ ਗੀਤਾ ਅਤੇ ਨਿਰਬੇਦ ਸਾਧਨਾ ਪ੍ਰਮੁੱਖ ਹਨ। ਪੁਸਤਕ ਤੇ ਤੀਜੇ ਭਾਗ ਵਿਚ ਭੀਮ ਭੋਈ ਦੇ ਫ਼ਲਸਫ਼ਿਆਂ ਦਾ ਇਕ ਕਵੀ ਵਜੋਂ ਅਧਿਐਨ ਕੀਤਾ ਗਿਆ ਹੈ। ਡਾ. ਜਗਦੀਸ਼ ਕੌਰ ਵਾਡੀਆ ਦੁਆਰਾ ਇਸ ਮਹਾਨ ਪੁਸਤਕ ਦਾ ਪੰਜਾਬੀ ਤਰਜਮਾ ਕਰਕੇ ਪੰਜਾਬੀ ਪਾਠਕਾਂ ਨੂੰ ਲਾਮਿਸਾਲ ਤੋਹਫ਼ਾ ਦਿੱਤਾ ਗਿਆ ਹੈ।

ਡਾ. ਸੰਦੀਪ ਰਾਣਾ
ਮੋ: 98728-87551

c c c

ਤੁਮ ਕਿਉਂ ਉਦਾਸ ਹੋ?
ਕਹਾਣੀਕਾਰ : ਕੁਲਬੀਰ ਬਡੇਸਰੋਂ
ਪ੍ਰਕਾਸ਼ਕ : ਆਰਸੀ ਪਬਲਿਸ਼ਰ, ਨਵੀਂ ਦਿੱਲੀ
ਮੁੱਲ : 295 ਰੁਪਏ, ਸਫ਼ੇ : 136
ਸੰਪਰਕ : 098190-70617.

ਕੁਲਬੀਰ ਬਡੇਸਰੋਂ ਅਭਿਨੈ ਕਲਾ ਨਾਲ ਜੁੜੀ ਹੋਈ ਹੈ। ਇਸ ਕਹਾਣੀ ਸੰਗ੍ਰਹਿ ਵਿਚਲੀਆਂ 11 ਕਹਾਣੀਆਂ ਵਿਚੋਂ ਬਹੁਤੀਆਂ ਕਹਾਣੀਆਂ ਥੀਏਟਰ, ਫ਼ਿਲਮਾਂ ਅਤੇ ਇਨ੍ਹਾਂ ਵਿਚ ਕੰਮ ਕਰਦੇ ਕਿਰਦਾਰਾਂ ਦੁਆਲੇ ਘੁੰਮਦੀਆਂ ਹਨ। ਹੋਰਨਾਂ ਪਾਤਰਾਂ ਦੇ ਨਾਲ ਲੇਖਿਕਾ ਦੇ ਆਪੇ ਦੀਆਂ ਝਲਕਾਂ ਵੀ ਮਿਲਦੀਆਂ ਹਨ। ਇਹ ਕਹਾਣੀਆਂ ਮਨੁੱਖੀ ਮਾਨਸਿਕਤਾ, ਤਿੜਕੇ ਰਿਸ਼ਤਿਆਂ, ਟੁੱਟਦੇ ਘਰਾਂ ਅਤੇ ਬਿਖਰਦੇ ਹੋਏ ਜਜ਼ਬਿਆਂ ਦੀ ਬਾਤ ਪਾਉਂਦੀਆਂ ਹਨ। ਬਾਹਰਲੀ ਚਕਾਚੌਂਧ ਅੰਦਰਲੇ ਹਨੇਰਿਆਂ ਨੂੰ ਨਹੀਂ ਮਿਟਾ ਸਕਦੀ। ਪਿਆਰ ਨਸੀਬਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ। ਧੋਖਾਧੜੀਆਂ, ਵਿਸ਼ਵਾਸਘਾਤਾਂ, ਜੱਦੋ-ਜਹਿਦਾਂ ਅਤੇ ਇਕਲਾਪਿਆਂ ਦਾ ਮਾਰਿਆ ਮਨੁੱਖ ਉਦਾਸ ਦੌਰ ਵਿਚੋਂ ਲੰਘ ਰਿਹਾ ਹੈ। ਲੇਖਿਕਾ ਨੇ ਬਹੁਤ ਭਾਵਨਾ, ਸੰਵੇਦਨਾ ਅਤੇ ਬੇਬਾਕੀ ਨਾਲ ਮਨੁੱਖੀ ਮਨ ਦੀਆਂ ਗੁੰਝਲਾਂ ਨੂੰ ਦ੍ਰਿਸ਼ਟੀਗੋਚਰ ਕੀਤਾ ਹੈ। ਪਤੀਆਂ ਹੱਥੋਂ ਸਤਾਈਆਂ, ਬੱਚਿਆਂ ਨੂੰ ਜਫਰ ਜਾਲ ਕੇ ਪਾਲ ਰਹੀਆਂ ਇਕੱਲੀਆਂ ਮਾਵਾਂ ਦੀ ਬੇਵਸੀ ਬਾਰੇ ਉਹ ਕਿੰਨੇ ਭਾਵਪੂਰਤ ਅੱਖਰ ਲਿਖਦੀ ਹੈ ਮਾਂ ਨੀ, ਤੈਨੂੰ ਏਨੀ ਉਦਾਸ ਵੇਖ ਕੇ ਮੈਂ ਵੀ ਉਦਾਸ ਹੋ ਜਾਂਦੀ ਹਾਂ। ਉਦਾਸ, ਉਜਾੜ, ਬੀਆਬਾਨ ਜੰਗਲ ਵਾਂਗ ਤੇਰਾ ਚਿਹਰਾ ਲਗਦਾ ਹੈ, ਜਿਸ ਦੇ ਸਾਰੇ ਰੰਗ ਉਤਰ ਗਏ ਹੋਣ, ਘਸਮੈਲਾ ਜਿਹਾ, ਫੇਡਿਡ ਜਿਹਾ ਕੋਈ ਇਕ ਹੀ ਪੂੰਝਾ ਫਿਰਿਆ ਹੋਵੇ ਜਿਵੇਂ ਸਾਰੇ ਮੁੱਖ ਤੇ ਬੁੱਲਾਂ ਤੇ-ਤੇ ਅੱਖਾਂ ਤਾਂ ਕਿਵੇਂ ਕਿਤੇ ਡੂੰਘੀਆਂ ਲੱਥ ਗਈਆਂ ਹੋਣ, ਘਨਘੋਰ ਪ੍ਰਛਾਈਆਂ 'ਚ ਜਿੱਥੇ ਕਦੇ ਕੋਈ ਸੁਫ਼ਨਾ ਨਹੀਂ ਉੱਗਦਾ, ਕੋਈ ਉਮੀਦ ਨਹੀਂ ਬੱਝਦੀ, ਕੋਈ ਤਾਰਾ ਨਹੀਂ ਜਗਮਗਾਉਂਦਾ।...
ਸਾਰੀਆਂ ਕਹਾਣੀਆਂ ਵਿਚ ਅੰਤਰਮਨ ਦੀ ਡੂੰਘੀ ਚੀਸ ਹੈ, ਬੇਵਫ਼ਾਈਆਂ ਦੀ ਕਸਕ ਹੈ ਅਤੇ ਹੰਢਾਈਆਂ ਪੀੜਾਂ ਦੀ ਹੂਕ ਹੈ। ਲਿਖਣ ਸ਼ੈਲੀ ਬਹੁਤ ਰੌਚਕ, ਸਰਲ ਅਤੇ ਪ੍ਰਭਾਵਸ਼ਾਲੀ ਹੈ। ਇਹ ਕਹਾਣੀਆਂ ਸਾਡੇ ਚਿੰਤਨ ਅਤੇ ਚੇਤਨਾ ਨੂੰ ਹਲੂਣਦੀਆਂ ਹਨ। ਇਨ੍ਹਾਂ ਦਾ ਭਰਪੂਰ ਸਵਾਗਤ ਹੈ।

ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

31-10-2021

ਦਸ ਗੁਰੂ ਦਰਪਨ
(ਸਵਾਲ-ਜਵਾਬ)
ਲੇਖਕ : ਨਿਰਮਲ ਸਿੰਘ ਟਪਿਆਲਾ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੋ, ਅੰਮ੍ਰਿਤਸਰ
ਮੁੱਲ : 350 ਰੁਪਏ, ਸਫ਼ੇ : 336
ਸੰਪਰਕ : 94631-70369.


ਦਸ ਗੁਰੂ ਦਰਪਨ (ਸਵਾਲ-ਜਵਾਬ) ਪੁਸਤਕ ਸਿੱਖ ਧਰਮ ਪ੍ਰਤੀ ਮਨ ਵਿਚ ਉੱਠਦੇ ਸਵਾਲਾਂ ਨੂੰ ਨਿਵਰਤ ਕਰਨ ਦਾ ਇਕ ਵੱਡਾ ਐਨਸਾਈਕਲੋਪੀਡੀਆ (ਗਿਆਨ ਵਰਧਕ ਸੋਮਾ) ਹੈ । ਯਾਨੀ ਕਿ ਇਹ ਪੁਸਤਕ ਧਾਰਮਿਕ ਗਿਆਨ ਭਰਪੂਰ ਇਕ ਅਮੀਰ ਖਜ਼ਾਨਾ ਹੈ ਜੋ ਲੇਖਕ ਨਿਰਮਲ ਸਿੰਘ ਟਪਿਆਲਾ ਦੀ ਸਖ਼ਤ ਘਾਲਣਾ ਦਾ ਹੀ ਨਤੀਜਾ ਹੈ।
ਲੇਖਕ ਦਾ ਮੰਨਣਾ ਹੈ ਕਿ ਇਸ ਪੁਸਤਕ 'ਦਸ ਗੁਰੂ ਦਰਪਨ (ਸਵਾਲ-ਜਵਾਬ)' ਦੀ ਸਿਰਜਣਾ ਕਰਨ ਲਈ ਉਸ ਨੇ ਦੋ ਦਰਜਨ ਦੇ ਕਰੀਬ ਸਿੱਖ ਇਤਿਹਾਸ ਦੇ ਵਿਦਵਾਨਾਂ ਦੀਆਂ ਖੋਜ ਭਰਪੂਰ ਪੁਸਤਕਾਂ ਨੂੰ ਪੜ੍ਹਿਆ, ਵਾਚਿਆ, ਵਿਚਾਰਿਆ ਤੇ ਜ਼ਿਹਨ ਵਿਚ ਉਤਪੰਨ ਹੋਏ ਸਵਾਲਾਂ ਦੇ ਜਵਾਬ ਲੱਭ ਕੇ ਪਾਠਕਾਂ ਦੇ ਰੂਬਰੂ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਇਸ ਪੁਸਤਕ ਵਿਚ ਦਸ ਗੁਰੂ ਸਾਹਿਬਾਨਾਂ ਦੇ ਜੀਵਨ, ਗੁਰਬਾਣੀ ਵਿਚ ਸਿੱਖੀ ਜੀਵਨ ਜਾਂਚ, ਸਿੱਖੀ ਸੇਵਕਾਂ ਦੀ ਸ਼ਰਧਾ, ਮਨ ਦੀ ਸ਼ਾਂਤੀ, ਸਬਰ ਸੰਤੋਖ, ਉਦਮ ਹਿੰਮਤ, ਅਤੇ ਈਰਖਾਲੂਆਂ ਦੀ ਈਰਖਾ ਤੇ ਵਿਰੋਧ ਕਾਰਨ ਛੇੜੀਆਂ ਜੰਗਾਂ ਵਿਚ ਜੂਝਣ ਤੇ ਸ਼ਹੀਦੀ ਆਦਿ ਬਾਰੇ ਸਵਾਲਾਂ ਦੇ ਜਵਾਬ ਬੜੇ ਭਾਵਪੂਰਤ ਸ਼ਬਦਾਂ ਵਿਚ ਪੜ੍ਹਨ ਨੂੰ ਮਿਲਦੇ ਹਨ। ਜੋ ਲੇਖਕ ਦੀ ਵਿਦਵਤਾ, ਸਿਰੜ ਤੇ ਸਖ਼ਤ ਮਿਹਨਤ ਦਾ ਸਬੂਤ ਹਨ।
ਦਸਾਂ ਗੁਰੂਆਂ ਦੇ ਜੀਵਨ ਦੇ ਆਧਾਰਿਤ 'ਤੇਇਸ ਪੁਸਤਕ ਦੀ ਵੰਡ ਕਰਕੇ ਹੀ ਕਰੀਬ ਢਾਈ ਹਜ਼ਾਰ ਸਵਾਲ ਜਵਾਬਾਂ ਨੂੰ ਬਹੁਤ ਹੀ ਢੰਗ ਤੇ ਤਰਤੀਬ ਨਾਲ ਬਰੀਕੀ ਤੇ ਡੂੰਘਾਈ ਵਿਚ ਪੇਸ਼ ਕੀਤਾ ਗਿਆ ਹੈ। ਪਰ ਇਹ ਸਭ ਸਰਲ ਭਾਸ਼ਾ ਵਿਚ ਹੋਣ ਕਰਕੇ ਪਾਠਕ ਸਹਿਜ ਵਿਚ ਹੀ ਗੁਰੂ ਸਾਹਿਬ ਦੇ ਜੀਵਨ 'ਤੇ ਝਾਤ ਮਾਰ ਸਕਦਾ ਹੈ ਤੇ ਬਗੈਰ ਕਿਸੇ ਟਪਲੇ ਦੇ ਜਾਣਕਾਰੀ ਲੈ ਸਕਦਾ ਹੈ।
ਇਸ ਪੁਸਤਕ ਦੇ ਅੰਤ ਵਿਚ ਦਿੱਤਾ ਗਿਆ 'ਜੀਵਨ ਬਿਉਰਾ ਗੁਰੂ ਸਾਹਿਬਾਨ' ਵੀ ਇਸ ਪੁਸਤਕ ਦੀ ਇਕ ਵੱਡੀ ਪ੍ਰਾਪਤੀ ਹੈ। ਸੋ ਇਹ ਪੁਸਤਕ ਪੜ੍ਹਨਯੋਗ ਵਿਚਾਰਨਯੋਗ ਤੇ ਸੰਭਾਲਣਯੋਗ ਹੈ ਤਾਂ ਕਿ ਆਉਣ ਵਾਲੀਆਂ ਪੀੜੀਆਂ ਵੀ ਸਿੱਖ ਇਤਿਹਾਸ ਬਾਰੇ ਜਾਣਕਾਰੀ ਲੈਂਦੀਆਂ ਰਹਿਣ। ਸੋ ਸਵਾਲਾਂ ਵਿਚੋਂ ਉਪਜਦੇ ਹੋਰ ਸਵਾਲ ਤੇ ਉਨ੍ਹਾਂ ਦੇ ਜਵਾਬ ਦਾ ਦਰਪਣ ਇਸ ਪੁਸਤਕ ਦੇ ਰਚੇਤਾ ਨਿਰਮਲ ਸਿੰਘ ਟਪਿਆਲਾ ਵਧਾਈ ਦਾ ਪਾਤਰ ਹੈ ਜਿਸ ਨੇ ਗਿਆਨ ਭਰਪੂਰ ਧਾਰਮਿਕ ਪੁਸਤਕ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਉਣ ਦਾ ਨਾਮਣਾ ਖੱਟਿਆ ਹੈ। ਆਸ ਹੈ ਕਿ ਧਾਰਮਿਕ ਗਿਆਨ ਦੇ ਇਸ ਅਮੀਰ ਖ਼ਜ਼ਾਨੇ ਵਿਚੋਂ ਪਾਠਕ ਗਿਆਨ ਦੇ ਭਰ ਭਰ ਬੁੱਕ ਲੈ ਸਕਣਗੇ।


ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858.
c c c


ਖੱਬੀਖਾਨ

(ਹਾਸ-ਵਿਅੰਗ ਲੇਖਕਾਂ ਨਾਲ ਮੁਲਾਕਾਤਾਂ)
ਲੇਖਕ : ਜਗਦੀਸ਼ ਰਾਏ ਕੁਲਰੀਆਂ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 195 ਰੁਪਏ, ਸਫ਼ੇ : 128.
ਸੰਪਰਕ : 95018-77033.


ਇਸ ਪੁਸਤਕ ਵਿਚ ਸਤਾਰਾਂ ਉੱਘੇ ਹਾਸ-ਵਿਅੰਗ ਲੇਖਕਾਂ ਨਾਲ ਕੀਤੀਆਂ ਗਈਆਂ ਮੁਲਾਕਾਤਾਂ ਅੰਕਿਤ ਹਨ। ਜਿਨ੍ਹਾਂ ਲੇਖਕਾਂ ਨਾਲ ਮੁਲਾਕਾਤਾਂ ਕੀਤੀਆਂ ਗਈਆਂ ਹਨ ਉਹ ਪੰਜਾਬੀ ਸਾਹਿਤ ਦੇ ਵਿਭਿੰਨ ਰੂਪਾਕਾਰਾਂ ਦੇ ਮਾਹਿਰ ਹਨ। ਸਭ ਤੋਂ ਪਹਿਲਾਂ ਕੇ. ਐਲ. ਗਰਗ ਫਿਰ ਰਾਜਿੰਦਰ ਸਿੰਘ ਆਤਿਸ਼, ਬਲਦੇਵ ਸਿੰਘ ਆਜ਼ਾਦ, ਅਸ਼ਵਨੀ ਗੁਪਤਾ, ਬਿਪਨ ਗੋਇਲ, ਡਾ. ਪਰਮਜੀਤ ਸਿੰਘ ਢੀਂਗਰਾ, ਪ੍ਰੋ: ਜਸਵੰਤ ਸਿੰਘ ਕੈਲਵੀ, ਇੰਦਰਜੀਤ ਸਿੰਘ ਜੀਤ, ਡਾ. ਮੋਨੋਜੀਤ, ਹਰੀ, ਮੰਗਤ ਕੁਲਜਿੰਦ, ਐਮ. ਕੇ. ਰਾਹੀ, ਡਾ. ਸਾਧੂ ਰਾਮ ਲੰਗੇਆਣਾ, ਭਗਵਾਨ ਸਿੰਘ ਤੱਗੜ, ਡਾ. ਫਕੀਰ ਚੰਦ ਸ਼ੁਕਲਾ ਅਤੇ ਸਵਰਨ ਸਿੰਘ ਪਤੰਗ ਨਾਲ ਗੰਭੀਰ ਚਿੰਤਨ ਦੇ ਆਧਾਰ ਤੇ ਮੁਲਾਕਾਤਾਂ ਕਰਕੇ ਪਾਠਕਾਂ ਦੇ ਸਨਮੁੱਖ ਲਿਆਂਦੀਆਂ ਹਨ। ਇਸ ਉਪਰੰਤ ਅੰਤਿਕਾ ਦੀ ਥਾਂ ਮੰਗਤ ਕੁਲਜਿੰਦ ਦੁਆਰਾ ਜਗਦੀਸ਼ ਰਾਏ ਕੁਲਰੀਆਂ ਨਾਲ ਕੀਤੀ ਮੁਲਾਕਾਤ ਪੇਸ਼ ਹੈ। ਇਹ ਸੱਚ ਹੈ ਕਿ ਲੋਕਾਈ ਨੂੰ ਸੁਚੇਤ ਕਰਨ ਵਾਲੇ ਵਿਅੰਗਕਾਰ ਹੀ ਅਸਲ ਵਿਚ ਸਮਾਜਿਕ ਚੇਤਨਾ ਜਗਾਉਣ ਵਾਲੇ ਪਹਿਰੇਦਾਰ ਹਨ। ਮੁਲਾਕਾਤਾਂ ਕਰਨੀਆਂ, ਪ੍ਰਸ਼ਨ ਉਭਾਰਨੇ ਅਤੇ ਉੱਤਰ ਦੇਣ ਵਾਲੇ ਦੀ ਨਿਡਰਤਾ, ਬੇਬਾਕਪੁਣਾ ਅਤੇ ਵਿਅੰਗ ਸਿਰਜਣਾ ਕੋਈ ਸੌਖਾ ਕੰਮ ਨਹੀਂ ਹੁੰਦਾ। ਇਸ ਜ਼ੋਖ਼ਮ ਭਰੇ ਕਾਰਜ ਨੂੰ ਕਰਕੇ ਉਕਤ ਲੇਖਕਾਂ ਨੇ ਆਪਣੀ ਧੌਂਸ ਜਮਾਈ ਅਤੇ ਲੇਖਕ ਦੇ ਕਹਿਣ ਅਨੁਸਾਰ ਇਹ ਲੇਖਕ ਖੱਬੀਖਾਨ ਹਨ। ਮੁਲਾਕਾਤਾਂ ਕਰਨ ਦੀ ਜਗਦੀਸ਼ ਰਾਏ ਕੁਲਰੀਆਂ ਦੀ ਵਿਧੀ ਭਾਵ-ਪੂਰਨ ਹੈ। ਉਹ ਲੇਖਕਾਂ ਤੋਂ ਆਪਣੇ ਘਰ, ਪਰਿਵਾਰ, ਸਮਾਜਿਕ ਵਰਤਾਰੇ ਆਦਿ ਦੀ ਜਾਣਕਾਰੀ ਤਾਂ ਲੈਂਦਾ ਹੀ ਹੈ ਇਸ ਤੋਂ ਮਹੱਤਵਪੂਰਨ ਲੇਖਕਾਂ ਦੁਆਰਾ ਰਚਨਾਵਾਂ ਦੀ ਸਿਰਜਣ ਪ੍ਰਕਿਰਿਆ ਬਾਬਤ ਵੀ ਪ੍ਰਸ਼ਨ ਕਰਕੇ ਸਾਰਥਕ ਉੱਤਰਾਂ ਨੂੰ ਪਾਠਕਾਂ ਦੇ ਸਾਹਮਣੇ ਲਿਆਉਂਦਾ ਹੈ। ਕੋਈ ਸਾਹਿਤਕਾਰ ਇਕ ਸਾਹਿਤਕ ਵਿਧਾ ਤੋਂ ਦੂਸਰੀ ਸਾਹਿਤਕ ਵਿਧਾ ਵਲ ਪ੍ਰਵੇਸ਼ ਕਰਕੇ ਜੋ ਨਾਮਣਾ ਖਟਦਾ ਹੈ ਉਸ ਦਾ ਜ਼ਿਕਰ ਵੀ ਇਨ੍ਹਾਂ ਮੁਲਾਕਾਤਾਂ ਵਿਚ ਹੈ। ਹਾਸ-ਵਿਅੰਗ ਦੀ ਵਿਧੀ ਰਾਹੀਂ ਉਹ ਗੱਲ ਕਹਿਣੀ ਜੋ ਕਿਸੇ ਦੇ ਗੋਡੇ ਗਿੱਟੇ ਵੀ ਲੱਗੇ ਅਤੇ ਸਮਾਜ ਨੂੰ ਚੇਤਨਤਾ ਦਾ ਪੈਗ਼ਾਮ ਵੀ ਦੇ ਦੇਵੇ, ਅਜਿਹੇ ਉੱਤਰ ਵੀ ਇਸ ਪੁਸਤਕ ਵਿਚੋਂ ਬੜੀ ਸਰਲ ਭਾਸ਼ਾ ਰਾਹੀਂ ਪ੍ਰਾਪਤ ਹੋਏ ਪ੍ਰਤੀਤ ਹੁੰਦੇ ਹਨ। ਇਨ੍ਹਾਂ ਹਾਸ-ਵਿਅੰਗ ਲੇਖਕਾਂ ਦੀਆਂ ਵੱਖ-ਵੱਖ ਰਚਨਾਵਾਂ ਸਮੇਂ ਸਮੇਂ ਵੱਖ-ਵੱਖ ਮੈਗਜ਼ੀਨਾਂ ਅਤੇ ਅਖ਼ਬਾਰਾਂ ਵਿਚ ਵੀ ਛਪਦੀਆਂ ਰਹੀਆਂ ਅਤੇ ਕਈ ਫ਼ਿਲਮਾਂ ਵਿਚ ਵੀ ਡਾਇਲਾਗ ਬਣਦੀਆਂ ਰਹੀਆਂ ਹਨ। ਸੱਚਮੁੱਚ ਇਹ ਮੁਲਾਕਾਤਾਂ ਪੰਜਾਬੀ ਸਾਹਿਤ ਪ੍ਰੇਮੀਆਂ ਵਾਸਤੇ ਪ੍ਰੇਰਨਾ ਦਾ ਸਰੋਤ ਹਨ।


ਡਾ. ਜਗੀਰ ਸਿੰਘ ਨੂਰ
ਮੋ: 98142-09732


ਤਿਲਕ ਜੰਞੂ ਰਾਖਾ ਪ੍ਰਭ ਤਾ ਕਾ

(ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ)
ਲੇਖਿਕਾ : ਸੁਖਦੇਵ ਕੌਰ ਚਮਕ
ਪ੍ਰਕਾਸ਼ਕ : ਨਿਸ਼ਕਾਮ ਸੇਵਾ ਸੁਸਾਇਟੀ ਰਜਿ: ਦਸੂਹਾ
ਮੁੱਲ : 165 ਰੁਪਏ, ਸਫ਼ੇ : 142
ਸੰਪਰਕ : 94640-65934.


ਹਥਲੀ ਪੁਸਤਕ ਦੀ ਲੇਖਿਕਾ ਧਾਰਮਿਕ ਰੁਚੀਆਂ ਦੀ ਮਾਲਕ ਹੈ। ਪੁਸਤਕ ਦੇ ਆਰੰਭ ਵਿਚ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਗੁਰੂ ਸਾਹਿਬ ਦੀ ਮਹਾਨ ਹਸਤੀ ਸੰਬੰਧੀ ਵੱਖ-ਵੱਖ ਸਮੇਂ ਦਿੱਤੇ ਪ੍ਰਵਚਨ ਪੇਸ਼ ਕੀਤੇ ਗਏ ਹਨ। ਸੱਤਾ ਦੇ ਨਸ਼ੇ ਵਿਚ ਗਲਤਾਨ ਸਮੇਂ ਦੀ ਮੁਗਲ ਹਕੂਮਤ ਨਾਲ ਨੌਵੇਂ ਪਾਤਸ਼ਾਹ ਨੇ ਜਬਰ ਦਾ ਮੁਕਾਬਲਾ ਸਬਰ ਨਾਲ ਕੀਤਾ, ਇਸ ਦਾ ਜ਼ਿਕਰ ਲੇਖਿਕਾ ਵਲੋਂ ਪੁਸਤਕ ਨੂੰ ਵੱਖ-ਵੱਖ ਸਿਰਲੇਖਾਂ ਅਧੀਨ ਵੰਡ ਕੇ ਇਤਿਹਾਸਕ ਵਿਚਾਰ ਨੂੰ ਸੰਪੂਰਨਤਾ ਦਿੱਤੀ ਹੈ। ਨੌਵੇਂ ਪਾਤਸ਼ਾਹ ਦੇ ਆਗਮਨ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਆਰੰਭ ਕਰਕੇ ਸ੍ਰੀ ਅਨੰਦਪੁਰ ਸਾਹਿਬ ਨਾਲ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਤਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਦਾਤਾ ਬੰਦੀ ਛੋੜ, ਰਾਗ ਜੈ ਜੈਵੰਤੀ ਦਾ ਜ਼ਿਕਰ, ਬੱਚਿਆਂ ਲਈ ਪ੍ਰਸ਼ਨ-ਉੱਤਰ, 400 ਸਾਲਾਂ ਨਾਲ ਸੰਬੰਧਿਤ ਸਮਾਗਮਾਂ ਦਾ ਵੇਰਵਾ, ਬਾਬਾ ਬਕਾਲਾ ਸਾਹਿਬ ਤੇ ਭਾਈ ਮੱਖਣ ਸ਼ਾਹ ਲੁਬਾਣਾ, ਗੁ: ਦਮਦਮਾ ਸਾਹਿਬ ਧੂਬੜੀ (ਆਸਾਮ) ਪ੍ਰਯਾਗਰਾਜ ਪਹੁੰਚਣ ਦਾ ਵਰਨਣ, ਭਾਈ ਫੱਗੂ ਦੀ ਸ਼ਰਧਾ ਦੀ ਗਾਥਾ, ਪਟਨਾ ਸਾਹਿਬ ਨਾਲ ਸੰਬੰਧ, ਮਾਮਾ ਕ੍ਰਿਪਾਲ ਚੰਦ ਵਲੋਂ ਫ਼ਰਜ਼ਾਂ ਦੀ ਪੂਰਤੀ, ਗੁਰੂ ਸਾਹਿਬ ਪ੍ਰਚਾਰ ਦੌਰੇ, ਢਾਕਾ ਪਹੁੰਚਣਾ, ਰਾਜਾ ਰਾਮ ਰਾਏ ਨੂੰ ਬਖ਼ਸ਼ਿਸ਼, ਪਟਨਾ ਸਾਹਿਬ ਦੀ ਸੰਗਤ ਦੇ ਨਾਂਅ 'ਤੇ ਹੁਕਮਨਾਮੇ, ਦਸਮ ਪਾਤਸ਼ਾਹ ਦਾ ਪ੍ਰਕਾਸ਼ ਤੋਂ ਬਾਅਦ ਵਿਚ ਸੇਠ ਜੈਤਾ ਮੱਲ ਦਾ ਉਧਾਰ ਕਰਨਾ, ਗੁਰੂ ਸਾਹਿਬ ਨੂੰ ਹਵੇਲੀ ਭੇਟ ਕਰਨਾ, ਪੀਰ ਭੀਖਣ ਸ਼ਾਹ, ਗੁ: ਮਾਈ ਥਾਨ ਆਗਰਾ, ਸ਼ਹਾਦਤ, ਖ਼ਾਲਸੇ ਦੀ ਸਾਜਨਾ ਅਤੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਉਪਕਾਰੀ ਜੀਵਨ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਨੌਵੇਂ ਪਾਤਸ਼ਾਹ ਵਲੋਂ ਉਚਾਰਨ ਕੀਤੇ ਨੌਵੇਂ ਮਹੱਲੇ ਦੇ ਸਲੋਕਾਂ ਨੂੰ ਵੀ ਸਤਿਕਾਰ ਨਾਲ ਥਾਂ ਦਿੱਤੀ ਗਈ ਹੈ। ਥਾਂ ਪੁਰ ਥਾਂ ਸਮੇਂ ਨਾਲ ਸੰਬੰਧਿਤ ਤਸਵੀਰਾਂ ਵੀ ਸੁਸ਼ੋਭਿਤ ਕੀਤੀਆਂ ਗਈਆਂ। ਜੇਕਰ ਇਹ ਤਸਵੀਰਾਂ ਰੰਗਦਾਰ ਹੁੰਦੀਆਂ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਨਿੱਬੜਣੀ ਸੀ। ਲੇਖਿਕਾ ਨੇ ਸ਼ਰਧਾ ਵਿਚ ਭਿੱਜ ਕੇ ਸਾਧਾਰਨ ਪਾਠਕਾਂ ਨੂੰ ਪੁਸਤਕ ਭੇਟ ਕਰਕੇ ਗੁਰੂ ਸਾਹਿਬ ਦੇ 400 ਸਾਲਾ ਆਗਮਨ ਪੁਰਬ ਸਮੇਂ ਸਫਲ ਉਪਰਾਲਾ ਕੀਤਾ ਹੈ।


ਭਗਵਾਨ ਸਿੰਘ ਜੌਹਲ
ਮੋ: 98143-24040.


ਮਨ ਦੀ ਪ੍ਰਿਜ਼ਮ
ਲੇਖਕ : ਸੁਰਜੀਤ ਸਿੰਘ ਭੁੱਲਰ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨ, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ 98773-58869.


ਸ਼ਾਇਰ ਸੁਰਜੀਤ ਸਿੰਘ ਭੁੱਲਰ ਪੰਜਾਬੀ ਸਾਹਿਤਕ ਸੱਥਾਂ ਦਾ ਮਾਣਯੋਗ ਹਸਤਾਖ਼ਰ ਹੈ ਜਿਸ ਨੇ ਹਥਲੀ ਕਾਵਿ ਕਿਤਾਬ 'ਮਨ ਦੀ ਪ੍ਰਿਜ਼ਮ' ਤੋਂ ਪਹਿਲਾਂ ਗਿਆਰਾਂ ਕਿਤਾਬਾਂ ਰਾਹੀਂ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਡੇਅਰੀ ਵਿਭਾਗ ਵਿਚ ਉੱਚ ਅਧਿਕਾਰੀ ਰਿਹਾ ਹੈ ਤੇ ਹੁਣ ਸੇਵਾ-ਮੁਕਤੀ ਤੋਂ ਬਾਅਦ ਕੁੱਲ ਵਕਤੀ ਸ਼ਾਇਰ ਬਣ ਗਿਆ। ਡੇਅਰੀ ਵਿਭਾਗ ਵਿਚ ਸੇਵਾਵਾਂ ਨਿਭਾਉਂਦਿਆਂ ਉਨ੍ਹਾਂ ਦਾ ਵਾਹ ਦੁੱਧ ਦੀ ਗੁਣਵੱਤਾ ਵਧਾਉਣ ਵਿਚ ਰਿਹਾ ਹੈ ਤੇ ਇਸ ਦਾ ਲਾਹਾ ਸ਼ਾਇਰੀ ਵਿਚ ਵੀ ਮਿਲਿਆ ਹੈ। ਉਹ ਸ਼ਾਇਰੀ ਵਿਚ ਖੋਟ ਨਹੀਂ ਪੈਣ ਦਿੰਦਾ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਦਾ ਨਿਤਾਰਾ ਕਰਦਿਆਂ ਸ਼ਾਇਰੀ ਦੀ ਸੁੱਚਮਤਾ 'ਤੇ ਜ਼ੋਰ ਦਿੰਦਿਆਂ ਸੱਤਿਅਮ, ਸ਼ਿਵਮ, ਸੁੰਦਰਮ ਦਾ ਅਹਿਦ ਨਿਭਾਉਂਦਿਆਂ ਕਾਵਿ ਧਰਮ ਨਿਭਾਅ ਰਿਹਾ ਹੈ। ਆਪਣੀ ਮਿੱਟੀ ਤੋਂ ਦੂਰ ਜਾ ਕੇ ਬੇਗਾਨੀ ਧਰਤੀ 'ਤੇ ਜੜ੍ਹਾਂ ਪੱਕੀਆਂ ਕਰਨ ਦੇ ਤਰੱਦਦ ਨੂੰ ਤਾਰਕਿਕ ਦ੍ਰਿਸ਼ਟੀ ਨਾਲ ਦੇਖਦਾ ਹੈ। ਭਾਵੇਂ ਵਿਦੇਸ਼ਾਂ ਵਿਚ ਪਦਾਰਥਕ ਅਮੀਰੀ ਤਾਂ ਹੈ ਪਰ ਰੂਹ ਦਾ ਕੰਵਲ ਉਸ ਵੇਲੇ ਮੁਰਝਾ ਜਾਂਦਾ ਹੈ ਜਦੋਂ ਪੱਬ ਵਿਚ ਬੈਠੇ ਗੋਰੇ ਗੋਰੀਆਂ 'ਕੰਮ ਆਨ ਟਿਮੀਗਰਾਂਟ' ਕਹਿ ਕੇ ਬੁਲਾਉਂਦੇ ਹਨ। ਨਸਲੀ ਵਿਤਕਰੇ ਥਾਂ-ਥਾਂ ਹੁੰਦੇ ਹਨ। ਹਾਲ ਹੀ ਵਿਚ ਜਾਰਜ ਫਲਾਇਡ ਦਾ ਕਤਲ ਇਸ ਦੀ ਤਾਜ਼ਾ ਮਿਸਾਲ ਹੈ। ਸ਼ਾਇਰ ਰਾਤ ਨੂੰ ਕੁੱਤਿਆਂ ਦੇ ਰੋਣ ਨਾਲ ਜੁੜੀ ਮਿੱਥ ਕਿ ਕੁੱਤਿਆਂ ਨੂੰ ਯਮਦੂਤ ਦਿਖਾਈ ਦਿੰਦੇ ਹਨ ਤੇ ਕੋਈ ਮਾੜੀ ਘਟਨਾ ਘਟਣ ਦੇ ਸੰਕੇਤ ਹਨ। ਪਰ ਸ਼ਾਇਰ ਸਮਕਾਲ ਵਿਚ ਦੇਹਧਾਰੀ ਬੰਦਿਆਂ ਨੂੰ ਵੀ ਰੋ ਰਹੇ ਕੁੱਤਿਆਂ ਦੇ ਬਰਾਬਰ ਮੰਨਦਾ ਹੈ। ਸ਼ਾਇਰ ਸੰਵਿਧਾਨ ਦਾ ਘਾਣ ਕਰਨ ਵਾਲੇ ਮੌਜੂਦਾ ਸਿਕੰਦਰਾਂ ਦੇ ਦੰਭ ਦੇ ਵੀ ਬਖੀਏ ਉਧੇੜਦਾ ਹੈ। ਆਪਣੇ ਮਾਤਾ-ਪਿਤਾ ਦੀ ਸੇਵਾ-ਸੰਭਾਲ ਨਾ ਕਰਨ ਵਾਲੇ ਪੁੱਤਰਾਂ ਨੂੰ ਉਹ ਕਾਂਗਿਆਰੀ ਦੀ ਸੰਗਿਆ ਦਾ ਨਾਂਅ ਦਿੰਦਾ ਹੈ ਤੇ ਰਿਸ਼ਤਿਆਂ ਦੀ ਵਿਗੜ ਰਹੀ ਵਿਆਕਰਨ 'ਤੇ ਹੰਝੂ ਕੇਰਦਾ ਹੈ ਤੇ ਮੁਹੱਬਤ ਦੀ ਸੁੱਚਮਤਾ ਲਈ ਅਗਾਊਂ ਜਾਗਰੂਕ ਕਰਦਾ ਹੈ। ਕਿਤੇ-ਕਿਤੇ ਕਵਿਤਾ ਜਦ ਕਵਿਤਾ ਤੇ ਵਾਰਤਕ ਦਾ ਅੰਤਰ ਮੇਟ ਦਿੰਦੀ ਹੈ ਤਾਂ ਕਾਵਿ-ਸ਼ਿਲਪ ਝੋਲ ਮਾਰਦਾ ਦਿਖਾਈ ਦਿੰਦਾ ਹੈ। ਆਪਣੀ ਉਮਰ ਦੀਆਂ 87 ਬਹਾਰਾਂ ਮਾਣਨ ਵਾਲੇ ਇਸ ਸ਼ਾਇਰ ਲਈ ਮੇਰੀ ਤਾਂ ਇਹੀ ਦੁਆ ਹੈ ਕਿ ਇਹ ਸ਼ਾਇਰ ਉਮਰ ਦੀ ਸੈਂਚਰੀ ਪਾਰ ਕਰ ਜਾਏ। ਆਮੀਨ!


ਭਗਵਾਨ ਢਿੱਲੋਂ
ਮੋ: 98143-78254.


ਕਹਾਣੀਕਾਰ ਲਾਲ ਸਿੰਘ
ਵਿਚਾਰਧਾਰਾ ਤੇ ਬਿਰਤਾਂਤ

ਸੰਪਾਦਕ : ਡਾ. ਕਰਮਜੀਤ ਸਿੰਘ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 400 ਰੁਪਏ, ਸਫ਼ੇ : 320
ਸੰਪਰਕ : 98763-23862.


ਇਸ ਪੁਸਤਕ ਨੂੰ ਗਹਿਨ ਅਧਿਐਨ ਵਜੋਂ ਗ੍ਰਹਿਣ ਕਰਦਿਆਂ ਜਿਹੜੀ ਮੁੱਖ ਗੱਲ ਪੱਲੇ ਪੈਂਦੀ ਹੈ ਕਿ ਕਹਾਣੀਕਾਰ ਲਾਲ ਸਿੰਘ ਮਾਰਕਸਵਾਦੀ ਚਿੰਤਨ ਨੂੰ ਪ੍ਰਗਤੀਵਾਦ ਦਾ ਆਧਾਰ ਮੰਨਦਾ ਹੈ। ਉਹ ਪ੍ਰਗਤੀਸ਼ੀਲਤਾ ਅਤੇ ਪ੍ਰਗਤੀਵਾਦ ਦਾ ਧੁਰ ਅੰਦਰੋਂ ਸਮਰਥਕ ਹੈ। ਪਰ ਮਾਰਕਸਵਾਦ ਨੂੰ ਯਾਂਤ੍ਰਿਕ ਤੌਰ 'ਤੇ ਲਾਗੂ ਕਰਨ ਦੀ ਥਾਂ ਸਿਰਜਣਾਤਮਕ ਪੱਧਰ 'ਤੇ ਲਾਗੂ ਕਰਕੇ ਵਿਖਾਇਆ ਜਾਵੇ। ਮੁਲਾਂਕਣ ਕੀਤੀਆਂ ਰਚਨਾਵਾਂ ਤੋਂ ਸਵੈ-ਸਿੱਧ ਹੋ ਜਾਂਦਾ ਕਿ ਲਾਲ ਸਿੰਘ ਦੀਆਂ ਕਹਾਣੀਆਂ ਦੀ ਡੂੰਘੀ ਸਟਰੱਕਚਰ ਨੂੰ ਸਮਝਣ ਹਿਤ ਦਵੰਦਾਤਮਕ ਵਿਧੀ ਦੀ ਵਰਤੋਂ ਹੀ ਵਧੇਰੇ ਕਾਰਗਰ ਸਿੱਧ ਹੋ ਸਕਦੀ ਹੈ। ਦਾਰਸ਼ਨਿਕ ਆਧਾਰ ਤੋਂ ਕੋਰੇ ਵਿਦਵਾਨ, ਮੌਲਿਕਤਾ ਦਾ ਪ੍ਰਦਰਸ਼ਨ ਕਰਦੇ-ਕਰਦੇ ਕਹਾਣੀਆਂ ਦੇ ਅੰਤਰੀਵ ਨੂੰ ਸਮਝਣ ਸਮੇਂ ਟਪਲਾ ਖਾ ਸਕਦੇ ਹਨ। ਕਹਿਣ ਦਾ ਭਾਵ ਹੈ ਕਿ ਲਾਲ ਸਿੰਘ ਨੇ ਆਪਣੀਆਂ ਕਹਾਣੀਆਂ ਦੀ ਬਿਰਤਾਂਤਕਤਾ ਨੂੰ ਸਿਰਜਣਾਤਮਕ ਪੱਧਰ 'ਤੇ ਮਾਰਕਸਵਾਦੀ ਨਜ਼ਰੀਏ ਅਨੁਸਾਰ ਪ੍ਰਸਤੁਤ ਕਰਨ ਦਾ ਹਰ ਸੰਭਵ ਯਤਨ ਕੀਤਾ ਹੈ। ਆਮ ਲੇਖਕ ਸਮਝਦੇ ਹਨ ਕਿ ਮੌਬ (ਜਨ-ਸਮੂਹ) ਦਾ ਕੋਈ ਅਸਤਿਤਵ ਨਹੀਂ ਹੁੰਦਾ ਪਰ ਲਾਲ ਸਿੰਘ ਜਨਸਮੂਹ ਨੂੰ ਲੇਬਰ ਪਾਵਰ ਮੰਨਦਾ ਹੈ ਜਦੋਂ ਕਿ ਕੁਰਸੀ ਵਾਲੀਆਂ ਸਰਕਾਰਾਂ ਇਸ ਸ਼ਕਤੀ ਨੂੰ ਭਟਕਾ ਕੇ, ਸ਼ਾਸਨਹੀਣਤਾ ਵਿਚ ਰੂਪਾਂਤਰਿਤ ਕਰਕੇ ਆਪਣੇ ਹੱਕ ਵਿਚ ਭੁਗਤਾ ਲੈਂਦੀਆਂ ਹਨ। ਇਸ ਪਹਿਲੂ ਦਾ ਦੁਖਾਂਤ ਇਹ ਵੀ ਹੈ ਕਿਸਾਨ ਕਿਰਤੀਆਂ ਨਾਲ ਨੇੜਲੀ ਸਾਂਝ ਤੋਂ ਝਿਜਕਦਾ ਹੈ। ਲਾਲ ਸਿੰਘ ਦਾ ਵਿਚਾਰ ਹੈ ਕਿ ਗਲੋਬਲਾਈਜੇਸ਼ਨ ਨੇ ਮਾਨਵਤਾ ਤੋਂ ਹਿਊਮਨ ਵੈਲਿਊਜ਼ ਖੋਹ ਲਈਆਂ ਹਨ। ਮਾਨਵੀ ਮੁੱਲ ਨੀਵੀਂ ਪੱਧਰ 'ਤੇ ਲੈ ਆਂਦੇ ਹਨ। ਲਾਲ ਸਿੰਘ ਦੀ ਵਿਚਾਰਧਾਰਾ ਤੇ ਬਿਰਤਾਂਤ ਦੀ ਸਹੀ ਸਮਝ ਲਈ ਡਾ. ਕਰਮਜੀਤ ਸਿੰਘ ਨੇ ਵੱਡਾ ਉਪਰਾਲਾ ਕੀਤਾ ਹੈ। ਉਸ ਨੇ ਹਥਲੇ ਸੰਪਾਦਨ ਨੂੰ ਅਨੇਕਾਂ ਭਾਗਾਂ ਵਿਚ ਵੰਡਿਆ ਹੈ। ਇਹ ਵੰਡ ਵਿਚਾਰਧਾਰਾ ੱਤੇ ਕਹਾਣੀ ਸੰਗ੍ਰਹਿਆਂ ਅਨੁਸਾਰ ਕੀਤੀ ਹੈਾ। ਮਸਲਨ : ਵਿਚਾਰਧਾਰਾਈ ਦ੍ਰਿਸ਼ਟੀ, ਸਵੈ-ਕਥਨ, ਮੁਲਾਕਾਤਾਂ, ਸਮੁੱਚੀ ਦੇਣ ਤੋਂ ਬਿਨਾਂ ਕਹਾਣੀ ਸੰਗ੍ਰਹਿ ਮਾਰਖੋਰੇ, ਬਲੌਰ, ਧੁੱਪ-ਛਾਂ, ਕਾਲੀ ਮਿੱਟੀ, ਅੱਧੇ-ਅਧੂਰੇ, ਗੜ੍ਹੀ ਬਖ਼ਸ਼ ਸਿੰਘ, ਸੰਸਾਰ, ਆਦਿ। ਬੇਸਮਝੀਆਂ ਤਾਂ ਲਾਲ ਸਿੰਘ ਦੀ ਸਵੈਜੀਵਨੀ ਹੈ ਜਿਸ ਵਿਚ ਲੇਖਕ ਪ੍ਰਤੀਕਾਂ ਰਾਹੀਂ ਆਪਣਾ ਸਵੈ-ਪ੍ਰਗਟਾਵਾ ਕਰਦਾ ਹੈ। ਕਹਾਣੀਆਂ ਦੀਆਂ ਵੱਖ-ਵੱਖ ਕਿਤਾਬਾਂ ਬਾਰੇ ਲਗਭਗ 40 ਵਿਦਵਾਨਾਂ ਨੇ ਆਪੋ-ਆਪਣੀ ਦ੍ਰਿਸ਼ਟੀ ਤੋਂ ਮੁਲਾਂਕਣ ਕੀਤਾ ਹੈ। ਇੰਜ ਇਸ ਪੁਸਤਕ ਦਾ ਅਧਿਐਨ ਕਰਦਾ ਪਾਠਕ ਕਹਾਣੀਕਾਰ ਲਾਲ ਸਿੰਘ ਦੇ ਸਿਧਾਂਤਕ ਚਿੰਤਨ ਅਤੇ ਬਿਰਤਾਂਤਕਤਾ ਬਾਰੇ ਬੜੀ ਮੁੱਲਵਾਨ ਜਾਣਕਾਰੀ ਹਾਸਲ ਕਰ ਸਕਦਾ ਹੈ।


ਡਾ. ਧਰਮ ਚੰਦ ਵਾਤਿਸ਼
vatish.dharamchand@gmail.com


ਪਰਬਤੋਂ ਭਾਰੀ ਮੌਤ

ਮੂਲ ਮਰਾਠੀ : ਅਨਿਲ ਬਰਵੇ
ਪੰਜਾਬੀ ਰੂਪ : ਅਮਰਜੀਤ ਚੰਦਨ
ਪ੍ਰਕਾਸ਼ਨ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 60 ਰੁਪਏ, ਸਫ਼ੇ : 64
ਸੰਪਰਕ : 01679-241744.


ਹਥਲਾ ਨਾਵਲ ਮਰਾਠੀ ਤੋਂ ਪੰਜਾਬੀ 'ਚ ਅਨੁਵਾਦ ਕੀਤਾ ਹੋਇਆ ਨਾਵਲ ਹੈ। ਇਸ ਨਾਵਲ ਵਿਚ ਦੋ ਕਿਰਦਾਰਾਂ ਦਾ ਆਪਸੀ ਟਕਰਾਅ ਹੈ। ਪਹਿਲਾ ਐਂਗਲੋ ਇੰਡੀਅਨ ਜੇਲ੍ਹਰ ਮਿਸਟਰ ਗਲਾਡ ਤੇ ਦੂਸਰਾ ਹੈ ਵੀਰ ਭੂਸ਼ਣ ਪਟਨਾਇਕ ਕਮਿਊਨਿਸਟ ਇਨਕਲਾਬੀ ਨਕਸਲੀ। ਪੂਰੇ ਨਾਵਲ 'ਚ ਇਨ੍ਹਾਂ ਦੋਵਾਂ ਦੀ ਹੱਦੋਂ ਵੱਧ ਘ੍ਰਿਣਾ ਦਿਖਾਈ ਗਈ ਹੈ। ਫਿਰ ਅਚਾਨਕ ਨਾਵਲ 'ਚ ਦੋ ਪਾਤਰਾਂ ਦਾ ਅਜਿਹਾ ਪ੍ਰਵੇਸ਼ ਹੁੰਦਾ ਹੈ ਜਿਸ ਨਾਲ ਪੱਥਰ ਦਿਲ ਮਿਸਟਰ ਗਲਾਡ ਦਾ ਰਵੱਈਆ ਹੀ ਬਦਲ ਜਾਂਦਾ ਹੈ। ਇਕ ਤਾਂ ਨਕਸਲੀ ਦੀ ਪਤਨੀ ਜੋ ਸੌ ਕੋਹ ਪੈਂਡਾ ਗਾਹ ਕੇ ਛੋਟਾ ਜਿਹਾ ਬੱਚਾ ਚੁੱਕੀ ਆਪਣੇ ਪਤੀ ਨੂੰ ਮਿਲਣ ਆਉਂਦੀ ਹੈ। ਗਲਾਡ ਨੂੰ ਉਸ ਦੀ ਹਾਲਤ 'ਤੇ ਏਨਾ ਤਰਸ ਆਉਂਦਾ ਹੈ ਕਿ ਉਸ ਨੂੰ ਜਾਣ ਲੱਗੀ ਨੂੰ ਕੁਝ ਪੈਸੇ ਵੀ ਦਿੰਦਾ ਹੈ। ਨਕਸਲੀ ਫਾਹੇ ਲੱਗਣ ਤੋਂ ਪਹਿਲਾਂ ਰਾਸ਼ਟਰਪਤੀ ਦੇ ਨਾਂਅ 'ਵੈਲ' ਕਰਦਾ ਹੈ ਤੇ ਜਿਸ ਵਿਚ ਕਿਹਾ ਗਿਆ ਹੈ ਕਿ ਉਸ ਦੇ ਮਰਨ ਤੋਂ ਬਾਅਦ ਉਸ ਦਾ ਸਰੀਰ ਗ਼ਰੀਬਾਂ 'ਤੇ ਮਿਹਨਤਕਸ਼ਾਂ ਨੂੰ ਲੋੜ ਅਨੁਸਾਰ ਦਾਨ ਕਰ ਦਿੱਤਾ ਜਾਏ। ...ਗਲਾਡ ਦੀ ਬੇਟੀ ਨਕਸਲੀ ਦੇ ਵਿਚਾਰਾਂ 'ਤੇ ਕਾਇਲ ਹੋ ਕੇ ਉਸ ਨੂੰ ਪਿਆਰ ਕਰਨ ਲਗਦੀ ਹੈ। ਪਰ ਕੁਝ ਦਿਨਾਂ ਬਾਅਦ ਉਹ ਜਣੇਪਾ ਕੱਟਣ ਆਈ ਦੇ ਬੱਚਾ ਹੋਣ ਲਗਦਾ ਹੈ ਤਾਂ ਨਕਸਲੀ ਉਸ ਦੀ ਮਦਦ ਕਰਦਾ ਹੈ। ਉਸੇ ਸਮੇਂ ਗਲਾਡ ਉਸ ਦੇ ਸੀਨੇ 'ਚ ਗੋਲੀ ਮਾਰਦਾ ਹੈ ਤੇ ਫਾਂਸੀ ਤੋਂ ਬਚਾ ਲੈਂਦਾ ਹੈ।


ਡੀ. ਆਰ. ਬੰਦਨਾ
ਮੋ: 94173-89003.


ਭਾਰਤ ਦੇ ਗੌਰਵ

ਲੇਖਕ : ਡਾ. ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 220 ਰੁਪਏ, ਸਫ਼ੇ : 136
ਸੰਪਰਕ : 099588-31357.


ਡਾ. ਬਲਦੇਵ ਸਿੰਘ ਬੱਦਨ ਚਿਰ-ਪਰਿਚਿਤ ਲੇਖਕ, ਅਨੁਵਾਦਕ, ਕੋਸ਼ਕਾਰ, ਸੰਪਾਦਕ ਤੇ ਵਿਭਿੰਨ ਸੰਸਥਾਵਾਂ ਵਲੋਂ ਸਨਮਾਨਿਤ ਸ਼ਖ਼ਸੀਅਤ ਹੈ। ਉਸ ਵਿਚ ਇਕੋ ਹੀ ਸਮੇਂ ਏਨੀਆਂ ਵਿਧਾਵਾਂ ਦਾ ਸਮਾਵੇਸ਼ ਵੇਖ ਕੇ ਹੈਰਾਨੀ ਹੁੰਦੀ ਹੈ। ਗੜ੍ਹਦੀਵਾਲਾ (ਹੁਸ਼ਿਆਰਪੁਰ) ਦੇ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਐੱਮ.ਫਿਲ, ਪੀ.ਐੱਚ.ਡੀ. ਕਰਨੀ ਅਤੇ ਦੇਸ਼ ਦੀ ਰਾਜਧਾਨੀ ਵਿਚ ਭਾਰਤ ਸਰਕਾਰ ਦੀ ਸੰਸਥਾ ਨੈਸ਼ਨਲ ਬੁੱਕ ਟਰੱਸਟ ਇੰਡੀਆ ਵਿਚ ਸਹਾਇਕ ਸੰਪਾਦਕ ਤੋਂ ਸੰਯੁਕਤ ਨਿਰਦੇਸ਼ਕ ਦੇ ਅਹੁਦੇ ਤੱਕ ਪਹੁੰਚਣਾ ਵਾਕਈ ਮਿਹਨਤ ਤੇ ਘਾਲਣਾ ਦਾ ਕਾਰਜ ਹੈ। ਜੇ ਉਸ ਦੀਆਂ ਲਿਖਤਾਂ ਦੀ ਗੱਲ ਕਰੀਏ, ਤਾਂ ਉਹ ਵੀ ਅਣਗਿਣਤ ਹੈ। ਸੇਵਾ-ਮੁਕਤੀ ਤੋਂ ਪਿੱਛੋਂ ਵੀ ਉਹ ਵਿਹਲਾ ਹੋ ਕੇ ਨਹੀਂ ਬੈਠਾ, ਸਗੋਂ ਨਿਰੰਤਰ ਸਾਹਿਤ, ਸਾਹਿਤਕਾਰਾਂ ਤੇ ਲੇਖਨ ਨਾਲ ਜੁੜਿਆ ਹੋਇਆ ਹੈ। ਪਿਛਲੇ ਦਿਨੀਂ ਮੇਵਾ ਸਿੰਘ ਤੁੰਗ ਅਤੇ ਡਾ. ਅਮਰ ਕੋਮਲ ਬਾਰੇ ਉਸ ਦੀਆਂ ਨਵ-ਪ੍ਰਕਾਸ਼ਿਤ ਪੁਸਤਕਾਂ ਮੇਰੀ ਨਜ਼ਰੀਂ ਪਈਆਂ ਹਨ।
ਰੀਵਿਊ ਅਧੀਨ ਪੁਸਤਕ ਵਿਚ ਨੌਂ ਤੋਂ ਸੋਲ਼ਾਂ ਸਾਲ ਤੱਕ ਦੇ ਬੱਚਿਆਂ ਲਈ ਲਿਖੀਆਂ ਦਸ ਜੀਵਨੀਆਂ ਹਨ, ਜਿਸ ਵਿਚ ਸ਼ਾਮਿਲ ਸ਼ਖ਼ਸੀਅਤਾਂ ਨੇ ਆਪੋ-ਆਪਣੇ ਖੇਤਰ ਵਿਚ ਮਹਾਨ ਪੈੜਾਂ ਪਾਈਆਂ ਅਤੇ ਰਾਸ਼ਟਰ ਦੀ ਪ੍ਰਗਤੀ ਵਿਚ ਮਹੱਤਵਪੂਰਨ ਹਿੱਸਾ ਪਾਇਆ। ਜੀਜਾਬਾਈ ਨੇ ਸ਼ਿਵਾਜੀ ਮਰਾਠਾ ਦੇ ਚਰਿੱਤਰ ਨਿਰਮਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ; ਮਹਾਤਮਾ ਜੋਤੀਬਾ ਰਾਓ ਫੂਲੇ ਨੇ ਅਛੂਤਾਂ ਨੂੰ ਉੱਚਾ ਉਠਾਉਣ ਲਈ ਸਮਾਜ ਸੁਧਾਰਕ ਵਜੋਂ ਕਾਰਜ ਕੀਤਾ; ਸਾਵਿੱਤਰੀ ਬਾਈ ਫੂਲੇ ਨੇ ਦਲਿਤ ਔਰਤਾਂ ਨੂੰ ਸੁਸਿੱਖਿਅਤ ਕਰਨ ਲਈ ਪ੍ਰਭਾਵਸ਼ਾਲੀ ਯੋਗਦਾਨ ਦਿੱਤਾ; ਆਦਿਵਾਸੀ ਭੈਣਾਂ ਫੂਲੋ ਤੇ ਝਾਨੋ ਨੇ ਸੰਥਾਲ ਜਨਜਾਤੀ ਵਲੋਂ ਭਾਰਤ ਦੀ ਆਜ਼ਾਦੀ ਲਈ ਜਾਨ ਕੁਰਬਾਨ ਕਰ ਦਿੱਤੀ; ਮਦਨ ਲਾਲ ਢੀਂਗਰਾ ਅਤੇ ਸ਼ਹੀਦ ਭਗਤ ਸਿੰਘ ਨੇ ਦੇਸ਼ ਦੇ ਸੁਤੰਤਰਤਾ ਸੰਗਰਾਮ ਲਈ ਬੇਮਿਸਾਲ ਸ਼ਹਾਦਤ ਦਿੱਤੀ; ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਵਲੋਂ ਹਿੰਦੂ-ਮੁਸਲਿਮ ਏਕਤਾ ਅਤੇ ਬੁਨਿਆਦੀ ਸਿੱਖਿਆ ਦੀ ਹਮਾਇਤ ਕੀਤੀ ਗਈ; ਪੰਜਾਬੀ ਦੇ ਪ੍ਰਸਿੱਧ ਕਵੀ ਡਾ. ਦੀਵਾਨ ਸਿੰਘ ਕਾਲੇਪਾਣੀ ਨੂੰ ਦੇਸ਼-ਸੇਵਾ ਬਦਲੇ ਅੰਗਰੇਜ਼ ਸਰਕਾਰ ਨੇ ਕਾਲੇਪਾਣੀ ਦੀ ਸਜ਼ਾ ਦਿੱਤੀ; ਗ਼ਰੀਬੀ ਤੋਂ ਉੱਠ ਕੇ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਲਾਲ ਬਹਾਦਰ ਸ਼ਾਸਤਰੀ ਨੇ 'ਜੈ ਜਵਾਨ, ਜੈ ਕਿਸਾਨ' ਦਾ ਨਾਅਰਾ ਦਿੱਤਾ; ਡਾ. ਏ.ਪੀ.ਜੇ. ਅਬਦੁਲ ਕਲਾਮ ਨੇ ਪਰਮਾਣੂ ਖੇਤਰ ਵਿਚ ਭਾਰਤ ਦਾ ਨਾਂਅ ਰੌਸ਼ਨ ਕੀਤਾ ਅਤੇ ਦੇਸ਼ ਦੇ ਗਿਆਰ੍ਹਵੇਂ ਰਾਸ਼ਟਰਪਤੀ ਬਣੇ। ਇਨ੍ਹਾਂ ਜੀਵਨੀਆਂ ਦੇ ਅੰਤ ਵਿਚ ਪਰਿਸ਼ਿਸ਼ਟ ਵਜੋਂ ਡਾ. ਬਲਦੇਵ ਸਿੰਘ ਬੱਦਨ ਬਾਰੇ ਸੰਖੇਪ ਜਾਣਕਾਰੀ ਹੈ, ਜੋ 12 ਪੰਨਿਆਂ ( 125 ਤੋਂ 136) ਤੱਕ ਫੈਲੀ ਹੋਈ ਹੈ। ਬਾਲ-ਸਾਹਿਤ ਵਿਚ ਅਜਿਹੀਆਂ ਜੀਵਨੀਆਂ ਦੀ ਬਹੁਤ ਸਾਰਥਿਕਤਾ ਹੈ, ਜਿਸ ਲਈ ਡਾ. ਬੱਦਨ ਦਾ ਕਾਰਜ ਸ਼ਲਾਘਾਯੋਗ ਹੈ।


ਪ੍ਰੋ: ਨਵ ਸੰਗੀਤ ਸਿੰਘ
ਮੋ: 94176-92015.

30-10-2021

 ਬੇਬੇ, ਤੂੰ ਭੁੱਲਦੀ ਨੀ
ਲੇਖਕ : ਕਮਲਜੀਤ ਸਿੰਘ ਬਨਵੈਤ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੁੱਲ 200 ਰੁਪਏ, ਸਫ਼ੇ : 88
ਸੰਪਰਕ : 98147-34035.

ਕਮਲਜੀਤ ਸਿੰਘ ਬਨਵੈਤ ਪੰਜਾਬੀ ਪੱਤਰਕਾਰੀ ਅਤੇ ਸਾਹਿਤ ਦੇ ਖਿੱਤੇ ਦਾ ਇਕ ਜਾਣਿਆ-ਪਛਾਣਿਆ ਅਤੇ ਸਨਮਾਨਿਤ ਰੁਕਨ ਹੈ। ਉਸ ਦੀ ਇਸ ਤਾਜ਼ਾਤਰੀਨ ਪੁਸਤਕ 'ਬੇਬੇ, ਤੂੰ ਭੁੱਲਦੀ ਨੀ' ਤੋਂ ਪਹਿਲਾਂ ਉਸ ਦੀਆਂ ਕਹਾਣੀ, ਖੋਜ ਅਤੇ ਵਾਰਤਕ ਨਾਲ ਸੰਬੰਧਿਤ ਸੱਤ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
'ਬੇਬੇ, ਤੂੰ ਭੁੱਲਦੀ ਨੀ' ਪੁਸਤਕ ਵਿਚਲੀਆਂ ਲਿਖਤਾਂ ਦਾ ਮਿਸ਼ਰਤ-ਵੰਨਗੀਆਂ ਦੀ ਕੋਟੀ ਵਿਚ ਸ਼ੁਮਾਰ ਕੀਤਾ ਜਾ ਸਕਦਾ ਹੈ। ਇਕ ਪਾਸੇ ਇਹ ਲਘੂ ਲੇਖ ਹਨ, ਦੂਜੇ ਪਾਸੇਸਵੈ-ਜੀਵਨੀ ਦੇ ਅੰਸ਼, ਤੀਜਾ ਅਨੁਭਵਾਂ ਦੀ ਮਿੱਸ ਵਾਲੀਆਂ ਕਹਾਣੀਆਂ ਅਤੇ ਚੌਥਾ ਸੰਖਿਪਤ ਰੇਖਾ-ਚਿੱਤਰ।
ਇਸ ਪੁਸਤਕ ਵਿਚਲੇ ਕੁਝ ਨਿਬੰਧ ਜਿਵੇਂ 'ਮੈਚ ਫਿਕਸਿੰਗ', 'ਬੇਹੁਰਮਤੀ', 'ਗੋਲਕ ਟੈਕਸ', 'ਗੁੰਡਾ ਟੈਕਸ ਬਨਾਮ ਵਸੂਲੀ', 'ਚੰਡੀਗੜ੍ਹ ਸ਼ਹਿਰ ਪੱਥਰਾਂ ਦਾ', 'ਮੈਥੋਂ ਨਾ ਹੋਈ ਪੱਤਰਕਾਰੀ', 'ਕੰਟਰੈਕਟ ਮੈਰਿਜ', 'ਪਾਸ ਹੋਣ ਦੀ ਗਾਰੰਟੀ' ਅਤੇ 'ਸੂਰਜ ਦੀ ਰੌਸ਼ਨੀ ਵਾਲੀ ਸਵੇਰ ਦੀ ਤਾਂਘ' ਆਦਿ ਲਿਖਤਾਂ ਵਿਚੋਂ ਖ਼ਤਮ ਹੋ ਰਹੀ ਇਨਸਾਨੀਅਤ, ਭ੍ਰਿਸ਼ਟ-ਨਿਜ਼ਾਮ,ਪਦਾਰਥਵਾਦੀ ਰੁਚੀਆਂ ਦੀ ਲਾਲਸਾ ਆਦਿ ਪ੍ਰਵਿਰਤੀਆਂ ਉੱਭਰਦੀਆਂ ਵਿਖਾਈ ਦਿੰਦੀਆਂ ਹਨ। ਇਨ੍ਹਾਂ ਲੇਖਾਂ ਵਿਚ ਭਿੰਨ-ਭਿੰਨ ਤਰ੍ਹਾਂ ਦਾ ਕਾਬਜ਼ ਹੁੰਦਾ ਮਾਫ਼ੀਆ, ਨੀਤੀਆਂ ਦਾ ਘਾਣ ਕਰਦੇ ਅਦਾਰਿਆਂ ਅਤੇ ਹਰ ਹਰਬਾ ਵਰਤ ਕੇ ਆਪਣੇ ਸਕੇ-ਸੰਬੰਧੀਆਂ ਨੂੰ ਬਾਹਰ ਭੇਜਣ ਦੀ ਹੋੜ ਨੂੰ ਵੀ ਬਿਆਨਿਆ ਹੈ। ਇਸ ਪੁਸਤਕ ਵਿਚਲੀਆਂ ਉਸ ਦੀਆਂ ਲਿਖਤਾਂ 'ਬੇਬੇ, ਤੂੰ ਭੁੱਲਦੀ ਨੀ', 'ਬੇਬੇ ਦਲੇਰ ਕੌਰ', 'ਸੱਸ', 'ਸਰਵਣ ਪੁੱਤ ਰੱਜੀ', 'ਬਾਪੂ ਤੂੰ ਹਾਰਿਆ ਨਹੀਂ', 'ਬਾਜਰੇ ਦੀ ਰੋਟੀ' ਵੱਖ ਵੱਖ ਪਾਤਰਾਂ ਦੇ ਰੇਖਾ ਚਿੱਤਰਾਂ ਦੀਆਂ ਸੁੰਦਰ ਮਿਸਾਲਾਂ ਹਨ, ਜਿਨ੍ਹਾਂ ਵਿਚ ਵੱਖ-ਵੱਖ ਪਾਤਰਾਂ ਦੇ ਵਿਵਹਾਰ ਅਤੇ ਮੁਹਾਵਰੇ ਨੂੰ ਹਕੀਕਤ ਨਾਲ ਬਿਆਨਣ ਦਾ ਸਾਰਥਕ ਉੱਦਮ ਕੀਤਾ ਹੈ।
ਇਸ ਪੁਸਤਕ ਨੂੰ ਪੜ੍ਹਦਿਆਂ ਸਭ ਤੋਂ ਪਹਿਲਾਂ ਪਾਠਕ 'ਬਨਵੈਤ' ਦੀ ਵਿਸ਼ੇ ਉੱਪਰ ਪਕੜ ਅਤੇ ਉਸ ਦੇ ਖ਼ੂਬਸੂਰਤ ਨਿਭਾਓ ਦਾ ਕਾਇਲ ਹੁੰਦਾ ਹੈ। ਇਹ ਉਸ ਦੀ ਲੇਖਣੀ ਦਾ ਖ਼ਾਸਾ ਹੈ ਕਿ ਉਹ ਪਾਠਕ ਨੂੰ ਆਪਣੀ ਲਿਖਤ ਦੇ ਆਰੰਭ ਵਿਚ ਹੀ ਮਿਕਨਾਤੀਸੀ ਪ੍ਰਭਾਵ ਨਾਲ ਜੋੜ ਲੈਂਦਾ ਹੈ। ਪੁਸਤਕ ਵਿਚ ਕਿਤੇ ਕਿਤੇ ਉਕਾਈ ਵੀ ਰਹਿ ਗਈ ਹੈ ਜਿਵੇਂ ਤਤਕਰੇ ਵਿਚ ਅੰਕਿਤ ਲਿਖਤ 'ਨਵੀਂ ਸੋਚ ਦੀ ਵੱਡੀ ਪੁਲਾਂਘ' ਦਾ 'ਨਵੀਂ ਸੋਚ ਨੂੰ ਬੂਰ ਦੇ ਸਿਰਲੇਖ' ਹੇਠ ਛਪਣਾ ਅਤੇ ਕੁਝ ਸ਼ਾਬਦਿਕ ਉਕਾਈਆਂ ਦਾ ਰਹਿ ਜਾਣਾ ਪ੍ਰੰਤੂ ਇਸ ਦੇ ਬਾਵਜੂਦ ਇਹ ਪੁਸਤਕ ਨਾ ਕੇਵਲ ਪੜ੍ਹਨਯੋਗ ਹੈ ਸਗੋਂ ਇਕ ਸਾਂਭਣਯੋਗ ਸੁਗਾਤ ਵੀ ਹੈ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਇਹ ਪੁਸਤਕ ਜਿੱਥੇ ਇਕ ਪਾਸੇ ਸਰਕਾਰੀ, ਗ਼ੈਰ-ਸਰਕਾਰੀ ਜਾਂ ਨਿੱਜੀ ਸਿਸਟਮ ਦੀਆਂ ਕਮਜ਼ੋਰੀਆਂ ਦਾ ਪਰਦਾਫ਼ਾਸ਼ ਕਰਦੀ ਹੈ, ਉਥੇ ਇਕ ਸਾਫ਼-ਸੁਥਰਾ, ਉਸਾਰੂ ਅਤੇ ਖ਼ੁਸ਼ਹਾਲ ਵਾਤਾਵਰਨ ਸਥਾਪਤ ਕਰਨ ਦੀ ਲੋੜ ਉੱਪਰ ਵੀ ਬਲ ਦਿੰਦੀ ਹੈ ਤਾਂ ਜੋ ਇਨਸਾਨੀਅਤ ਜ਼ਿੰਦਾ ਰਹਿ ਸਕੇ।

ਦਰਸ਼ਨ ਸਿੰਘ 'ਆਸ਼ਟ' (ਡਾ.)
ਮੋ: 98144-23703

ਅਭਿਨੰਦਨ ਗ੍ਰੰਥ
ਹਰਬੀਰ ਸਿੰਘ ਭੰਵਰ
ਸੰਪਾਦਕ : ਦਵਿੰਦਰ ਸਿੰਘ ਸੇਖਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 395 ਰੁਪਏ, ਸਫ਼ੇ : 200
ਸੰਪਰਕ : 98140-70581.

ਸ. ਹਰਬੀਰ ਸਿੰਘ ਭੰਵਰ ਇਕ ਬਹੁਪਾਸਾਰੀ ਅਤੇ ਅਨੁਭਵੀ ਵਿਅਕਤੀ ਹੈ। ਪੰਜਾਬ ਦੇ ਸੁਪ੍ਰਸਿੱਧ ਚਿੱਤਰਕਾਰ ਸਰਦਾਰ ਸੋਭਾ ਸਿੰਘ ਦੀ ਬੇਟੀ ਬੀਬੀ ਗੁਰਚਰਨ ਕੌਰ ਨਾਲ ਸ਼ਾਦੀ ਹੋਣ ਕਾਰਨ ਭੰਵਰ ਦਾ ਸ਼ੋਭਾ-ਮੰਡਲ ਹੋਰ ਵੀ ਰੌਸ਼ਨ ਹੋ ਗਿਆ ਸੀ ਪਰ ਜਿਨ੍ਹਾਂ ਲੇਖਕਾਂ ਨੇ ਹਰਬੀਰ ਭੰਵਰ ਦੀ ਜੀਵਨ ਰੂਪੀ ਟੈਕਸਟ ਦਾ ਨਿੱਠ ਕੇ ਪਾਠ ਕੀਤਾ ਹੈ, ਉਹ ਇਸ ਸੱਚ ਦੀ ਗਵਾਹੀ ਦੇ ਸਕਦੇ ਹਨ ਕਿ ਹਰਬੀਰ ਨੇ ਆਪਣੀ ਸ਼ਨਾਖ਼ਤ ਨਿੱਜੀ ਪੁਰਸ਼ਾਰਥ, ਦਲੇਰੀ ਅਤੇ ਦ੍ਰਿੜ੍ਹਤਾ ਦੇ ਨਾਲ ਬਣਾਈ ਹੈ।
ਸ: ਹਰਬੀਰ ਸਿੰਘ (ਭੰਵਰਾ, ਉਸ ਦਾ ਗੋਤ ਹੈ) 27 ਅਗਸਤ, 1938 ਨੂੰ ਪਿੰਡ ਪੱਖੋਵਾਲ (ਲੁਧਿਆਣਾ) ਵਿਖੇ ਪੈਦਾ ਹੋਇਆ ਸੀ। ਉਸ ਨੇ ਐਮ.ਏ. ਪੰਜਾਬੀ ਅਤੇ ਜਰਨਲਿਜ਼ਮ ਵਿਚ ਡਿਗਰੀ ਪ੍ਰਾਪਤ ਕੀਤੀ ਹੋਈ ਹੈ। ਪਹਿਲਾਂ ਉਹ ਲਗਭਗ ਇਕ-ਡੇਢ ਦਹਾਕਾ ਸਕੂਲ ਅਧਿਆਪਨ ਕਰਦਾ ਰਿਹਾ ਅਤੇ ਫਿਰ ਅਸਤੀਫ਼ਾ ਦੇ ਕੇ ਪੱਤਰਕਾਰੀ ਦੇ ਚੁਣੌਤੀ ਭਰਪੂਰ ਕਾਰਜ ਵਿਚ ਪੈ ਗਿਆ। ਉਸ ਨੇ ਸਮਾਚਾਰ ਭਾਰਤੀ, ਇੰਡੀਅਨ ਐਕਸਪ੍ਰੈੱਸ, ਅੰਗਰੇਜ਼ੀ ਟ੍ਰਿਬਿਊਨ, ਦੈਨਿਕ ਜਾਗਰਣ, ਫਾਸਟਵੇਅ ਟੀ.ਵੀ. ਚੈਨਲ ਅਤੇ ਹੋਰ ਕਈ ਪ੍ਰਮੁੱਖ ਅਦਾਰਿਆਂ ਲਈ ਕੰਮ ਕੀਤਾ। ਖੋਜਭਰਪੂਰੀ ਪੱਤਰਕਾਰੀ ਦੇ ਖੇਤਰ ਵਿਚ ਉਹ ਦਸ-ਬਾਰ੍ਹਾਂ ਪੁਸਤਕਾਂ ਦਾ ਲੇਖਕ ਵੀ ਬਣਿਆ। ਉਸ ਨੂੰ ਕੁਝ ਇਕ ਇਨਾਮ-ਸਨਮਾਨ ਵੀ ਮਿਲੇ ਹਨ। ਸਾਕਾ ਬਲਿਊ ਸਟਾਰ ਬਾਰੇ ਕੀਤੀ ਉਸ ਦੀ ਨਿਰਭੈ ਅਤੇ ਨਿਰਪੱਖ ਪੱਤਰਕਾਰੀ ਅਜੇ ਤੱਕ ਵੀ ਹਵਾਲਿਆਂ ਵਜੋਂ ਵਰਤੀ ਜਾਂਦੀ ਹੈ।
ਹਥਲੇ ਗ੍ਰੰਧ ਵਿਚ ਉਸ ਦੀਆਂ ਕੁਝ ਯਾਦਗਾਰੀ, ਪਰਿਵਾਰਕ ਅਤੇ ਸਮਾਜਿਕ-ਸੱਭਿਆਚਾਰਕ ਤਸਵੀਰਾਂ ਵੀ ਦਿੱਤੀਆਂ ਗਈਆਂ ਹਨ। ਉਸ ਬਾਰੇ ਲਿਖਣ ਵਾਲੇ ਪ੍ਰਮੁੱਖ ਲੇਖਕਾਂ ਵਿਚ ਗੁਰਬਚਨ ਸਿੰਘ ਭੁੱਲਰ, ਤੇਜਵੰਤ ਮਾਨ, ਕੇ.ਐਲ. ਗਰਗ, ਕਰਮਜੀਤ ਸਿੰਘ ਔਜਲਾ, ਨਰਿੰਦਰ ਸਿੰਘ ਕਪੂਰ, ਵਰਿੰਦਰ ਵਾਲੀਆ, ਹਰਜਿੰਦਰ ਵਾਲੀਆ, ਜਤਿੰਦਰ ਪਨੂੰ, ਡਾ. ਗੁਲਜ਼ਾਰ ਪੰਧੇਰ, ਹਰਭਜਨ ਸਿੰਘ ਬਾਜਵਾ ਅਤੇ ਪੀ.ਪੀ.ਐਸ. ਗਿੱਲ ਦੇ ਨਾਂਅ ਉਲੇਖਯੋਗ ਹਨ। ਇਹ ਗ੍ਰੰਥ ਦਰਸਾਉਂਦਾ ਹੈ ਕਿ ਕਿਸੇ ਮਿਸ਼ਨ ਦੀ ਪੂਰਤੀ ਲਈ ਕੰਮ ਕਰਨ ਵਾਲੇ ਲੇਖਕਾਂ-ਪੱਤਰਕਾਰਾਂ ਨੂੰ ਲੋਕ ਯਾਦ ਰੱਖਦੇ ਹ ਨ। ਇਹ ਅਭਿਨੰਦਨ-ਗ੍ਰੰਥ ਇਕ ਸਾਂਭਣਯੋਗ ਪੁਸਤਕ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਸਿਰ ਦਾ ਤਾਜ
ਲੇਖਕ : ਰਘਬੀਰ ਸਿੰਘ ਮਹਿਮੀ
ਪ੍ਰਕਾਸ਼ਕ : ਟਵੈਂਟੀਫਸਟ ਸੈਂਚਰੀ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 70
ਸੰਪਰਕ : 96460-24321.

ਮਿੰਨੀ ਕਹਾਣੀ, ਪੰਜਾਬੀ ਸਾਹਿਤ ਵਿਚ ਵੱਖਰੀ ਵਿਧਾ ਕਾਰਨ ਆਪਣੇ ਪੈਰ ਜਮਾ ਚੁੱਕੀ ਹੈ। ਪੰਜਾਬੀ ਰਸਾਲਿਆਂ ਤੇ ਅਖ਼ਬਾਰਾਂ ਵਿਚ ਮਿੰਨੀ ਕਹਾਣੀਆਂ ਪੜ੍ਹੀਆਂ ਜਾ ਸਕਦੀਆਂ ਹਨ। ਵਿਚਾਰ ਦੀ ਕਸ਼ੀਦਗੀ, ਸ਼ੈਲੀ-ਟੁੰਬਵੀਂ, ਤੀਖਣ ਸੰਵੇਦਨਾ ਤੇ ਸੰਜਮੀ ਵਾਰਤਕ ਮਿੰਨੀ ਕਹਾਣੀ ਦੇ ਲੱਛਣ ਹਨ। ਤੇਜ਼ ਰਫ਼ਤਾਰ ਜੀਵਨ ਵਿਚ ਮਿੰਨੀ ਕਹਾਣੀ ਪੜ੍ਹਨਾ ਅਨੰਦ ਦੇਣ ਦਾ ਗੁਣ ਵੀ ਕਿਹਾ ਜਾ ਸਕਦਾ ਹੈ। ਸਾਹਿਤ ਵਿਚ ਨਵੀਆਂ-ਨਵੀਆਂ ਵਿਧਾਵਾਂ ਦਾ ਉਤਪੰਨ ਹੋਣਾ, ਕਿਸੇ ਭਾਸ਼ਾ ਦੀ ਉੱਨਤੀ ਦਾ ਪ੍ਰਤੀਕ ਵੀ ਹੈ। ਕਹਾਣੀ ਤੋਂ ਅਗਲਾ ਸੰਖੇਪ ਰੂਪ ਮਿੰਨੀ ਕਹਾਣੀ ਹੈ।
'ਸਿਰ ਦਾ ਤਾਜ' ਰਘਬੀਰ ਸਿੰਘ ਮਹਿਮੀ ਦਾ ਸੱਤਵਾਂ ਮਿੰਨੀ ਕਹਾਣੀ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਗਗਨ ਮੈ ਥਾਲੁ, ਚੰਗੇਰ, ਤਿੜਕ, ਤੇਰੀਆਂ ਮੇਰੀਆਂ ਬਾਤਾਂ, ਤੇੇਰੇ ਜਾਣ ਤੋਂ ਬਾਅਦ ਅਤੇ ਬੂਹਾ ਨਹੀਂ ਖੁੱਲ੍ਹੇਗਾ। ਮਿੰਨੀ ਕਹਾਣੀ-ਸੰਗ੍ਰਹਿ ਛਪ ਚੁੱਕੇ ਹਨ। ਹਥਲੀ ਪੁਸਤਕ ਬਾਬਾ ਬੰਦਾ ਸਿੰਘ ਬਹਾਦਰ, ਬੀਬੀ ਸੁਸ਼ੀਲ ਕੌਰ (ਸੁਪਤਨੀ ਬਾਬਾ ਬੰਦਾ ਸਿੰਘ ਬਹਾਦਰ) ਅਤੇ ਮਲਾਲਾ ਯੂਸਫ਼ਜ਼ਈ ਨੂੰ ਸਮਰਪਿਤ ਕੀਤੀ ਗਈ ਹੈ। ਕੁੱਲ 70 ਕਹਾਣੀਆਂ ਹਨ। ਲੇਖਕ ਸਪੱਸ਼ਟ ਕਰਦਾ ਹੈ ਕਿ ਕੁੱਜੇ ਵਿਚ ਸਮੁੰਦਰ ਬੰਦ ਕਰਨ ਦੀ ਕਲਾ ਹੈ, ਮਿੰਨੀ ਕਹਾਣੀ। ਨਾ ਚੁਟਕਲਾ, ਹਾਸਾ-ਮਜ਼ਾਕ ਤੇ ਨਿਰ੍ਹਾ-ਵਿਅੰਗ ਹੁੰਦੀ ਹੈ, ਮਿੰਨੀ ਕਹਾਣੀ।
ਇਸ ਪੁਸਤਕ ਵਿਚ ਬਹੁ-ਪਾਸਾਰੀ ਵਿਸ਼ਿਆਂ ਨੂੰ ਲਿਆ ਗਿਆ ਹੈ। ਵਿਭਿੰਨ ਵਿਸ਼ੇ ਹਨ : ਮਮਤਾ, ਮਾਂ-ਪੁੱਤ ਪ੍ਰੇਮ, ਦਾਜ, ਵਹਿਮ ਭਰਮ, ਨਾਰੀ ਦਾ ਸ਼ਕਤੀ ਰੂਪ, ਦਿਖਾਵਾ, ਆਤਮ-ਹੱਤਿਆ, ਮਾਨਸਿਕ ਬੇਚੈਨੀ, ਮਨੁੱਖੀ ਪਿਆਰ, ਸਿੱਖਿਆ ਦਾ ਨਿਘਾਰ ਤੇ ਨੈਤਿਕ ਕਦਰਾਂ ਦੀ ਅਧੋਗਤੀ। ਪੁਸਤਕ ਦੇ ਨਾਮਕਰਨ ਵਾਲੀ ਕਹਾਣੀ ਵਿਚ ਮੁੱਖ ਪਾਤਰ (ਮੈਂ) ਆਪਣੀ ਪਤਨੀ ਨੂੰ ਸਾਰੀ ਉਮਰ ਭੰਡਦਾ ਰਿਹਾ ਪ੍ਰੰਤੂ ਅੰਤਿਮ-ਵੇਲਾ ਆਉਣ 'ਤੇ ਪਤਨੀ ਦੀ ਸੇਵਾ ਨੂੰ ਵੇਖ ਕੇ 'ਸਿਰ ਦਾ ਤਾਜ' ਮੰਨਦਾ ਹੈ। ਵਿਅਕਤੀ ਦੇ ਕਿਰਦਾਰ ਦੀ ਪਛਾਣ ਕਰਦੀਆਂ ਕਹਾਣੀਆਂ ਕੋਹਿਨੂਰ, ਜਿਹੋ ਜਿਹੀ ਕੋਕੋ, ਦਰਵਾਜ਼ਾ ਬੰਦ, ਦੋਸਤੀ, ਨੇਕਨੀਤੀ, ਨਜ਼ਰੀਆ, ਪੋਲ, ਮਰਗਤ ਤੇ ਬਰੀ ਮਹੱਤਵਪੂਰਨ ਹੈ। ਮਾਂ ਕਹਾਣੀ ਸਿਕੰਦਰ ਮਹਾਨ ਦੇ ਅੰਤਿਮ ਬੋਲਾਂ ਨੂੰ ਯਾਦ ਕਰਾਉਂਦੀ ਹੈ। ਇਨਸਾਨ ਕਹਾਣੀ ਧਰਮ ਦੇ ਅਸਲੀ ਅਰਥਾਂ ਦੀ ਪ੍ਰੌੜ੍ਹਤਾ ਕਰਦੀ ਹੈ। ਸ਼ੁੱਭ-ਕਾਰਜ ਜਾਇਦਾਦ ਦੇ ਲੋਭ ਵੱਲ ਉਂਗਲ ਕਰਦੀ ਹੈ। ਮਹਿਮੀ ਦੀ ਇਹ ਪੁਸਤਕ ਮਿੰਨੀ ਕਹਾਣੀ ਵਿਧਾ ਵਿਚ ਉਤਸ਼ਾਹਜਨਕ ਵਾਧਾ ਕਰਦੀ ਹੈ।

ਮਨਮੋਹਨ ਸਿੰਘ ਦਾਊਂ
ਮੋ: 98151-23900.

ਬੈਰਾਗ
ਕਵਿੱਤਰੀ : ਨੀਲੂ ਜਰਮਨੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 95011-45039.

'ਬੈਰਾਗ' ਕਾਵਿ ਸੰਗ੍ਰਹਿ ਪੰਜਾਬੀ ਕਵਿੱਤਰੀ ਜੋ ਕਿ ਯੂਰਪੀ ਦੇਸ਼ ਜਰਮਨੀ ਵਿਚ ਵਸਦੀ ਹੈ, ਦਾ ਪ੍ਰਥਮ ਕਾਵਿ ਸੰਗ੍ਰਹਿ ਹੈ। ਜਿਨ੍ਹਾਂ ਕਵਿੱਤਰੀਆਂ ਨੇ ਪਰਵਾਸ ਵਿਚ ਰਹਿੰਦਿਆਂ ਵੀ ਪੰਜਾਬੀ ਕਵਿਤਾ ਵਿਚ ਉੱਘਾ ਸਥਾਨ ਪ੍ਰਾਪਤ ਕੀਤਾ ਹੈ, ਉਨ੍ਹਾਂ ਵਿਚ ਨੀਲੂ ਦਾ ਨਾਂਅ ਕਾਫੀ ਉੱਪਰ ਦੇ ਨਾਵਾਂ ਵਿਚ ਹੈ। ਨੀਲੂ ਨੇ ਬੜੀ ਤੇਜ਼ ਗਤੀ ਨਾਲ ਆਪਣੀ ਨਿਵੇਕਲੀ ਕਾਵਿ ਸ਼ੈਲੀ ਅਤੇ ਵਿਲੱਖਣ ਕਾਵਿ ਕਾਰੀਗਰੀ ਨਾਲ ਸਾਬਤ ਕੀਤਾ ਹੈ ਕਿ ਉਹ ਇਤਿਹਾਸ, ਮਿਥਿਹਾਸ, ਵਰਤਮਾਨ ਅਤੇ ਵਿਖਮ ਵਿਗੋਚਰ ਨੂੰ ਆਪਣੀਆਂ ਕਵਿਤਾਵਾਂ ਵਿਚ ਇਸ ਤਰ੍ਹਾਂ ਸਮੂਰਤ ਕਰਦੀ ਹੈ ਕਿ ਜਿਵੇਂ ਅੰਗੂਠੀ ਦਾ ਨਗ ਹੋਵੇ। ਉਸ ਦੀਆਂ ਕਵਿਤਾਵਾਂ ਵਿਚ ਅਤੇ ਗ਼ਜ਼ਲਾਂ ਵਿਚ ਬਿੰਬਾਵਲੀ, ਪ੍ਰਤੀਬਿੰਬਤ ਦ੍ਰਿਸ਼ਟਾਂਤ ਅਤੇ ਚਿਹਨਕਾਰੀ ਉਸ ਦੀ ਭਾਵਬੋਧ ਸ਼ੈਲੀ ਨੂੰ ਸਮੂਰਤ ਕਰਦੀ ਹੈ। ਉਸ ਦੀ ਵਤਨ ਹੁੱਬ ਉਸ ਦੇ ਬੈਰਾਗ ਵਿਚ ਘੁਲ ਕੇ ਪੇਸ਼ ਹੁੰਦੀ ਹੈ। ਉਸ ਦੇ ਦਰਦ-ਬ੍ਰਿਹੜੇ ਉਸ ਦੇ ਕਾਵਿ ਦ੍ਰਿਸ਼ਾਂ ਵਿਚ ਕਾਵਿ ਗੁਣ ਬਣ ਕੇ ਪੇਸ਼ ਹੁੰਦੇ ਹਨ। ਉਸ ਦੀ ਨਵੀਨ ਬਿੰਬਾਵਲੀ ਉਸ ਦੇ ਕਾਵਿ ਨੂੰ ਅਤਿ ਆਧੁਨਿਕ ਕਵਿਤਾ ਬਣਾਉਂਦੀ ਹੈ। ਨੀਲੂ ਵਿਚਲੀ ਕਾਵਿ ਊਰਜਾ ਮੁਖਰ ਜਾਂ ਲਾਊਡ ਨਾ ਹੋ ਕੇ ਗੰਭੀਰ ਪ੍ਰਵਚਨ ਹੋ ਨਿੱਬੜਦੀ ਹੈ। ਨੀਲੂ ਭਾਵੇਂ ਜਰਮਨੀ ਜਾ ਵਸੀ ਪਰ ਉਸ ਦੇ ਚੇਤਿਆਂ ਵਿਚੋਂ ਉਸ ਦਾ ਪੰਜਾਬੀ ਪਿੰਡ ਕਦੇ ਨਹੀਂ ਵਿਸਰਦਾ ਤੇ ਇਸ ਅਣਵਿਸਰੀਆਂ ਯਾਦਾਂ ਨੂੰ ਉਹ ਕਵਿਤਾ ਬਣਾ ਕੇ ਹੌਲੀ-ਹੌਲੀ ਪ੍ਰਤੀਤ ਕਰਦੀ ਹੈ :
ਬਾਬਲੇ ਦੇ ਖੇਤ ਵਿਚ
ਟਾਹਲੀਆਂ ਦੇ ਹੇਠ ਮਾਏਂ
ਦੱਸ ਕੀਹਦੀ ਬੋਤਲੀ ਨੀ ਚਰੇ?
ਰੰਗ ਹਾਏ ਸੰਧੂਰੀ ਜੀਹਦੇ ਮੁਖੜੇ ਤੋਂ ਝਰਦਾ
ਰਾਜਾ ਮਾਏ ਦੱਸ ਕਿਹੜੇ ਦੇਸ ਦਾ...।
ਨੀਲੂ ਦੀ ਬਿੰਬਾਵਲੀ ਵਿਚ ਪੰਜਾਬੀ ਰਹਿਤਲ ਦਾ ਰੰਗ ਠਾਠਾਂ ਮਾਰਦਾ ਹੈ ਜਿਵੇਂ : ਸੰਦੂਕ, ਸਨੁੱਕੜਾ, ਪੱਖੀਆਂ-ਦਰੀਆਂ ਦੇ ਤੋਤੇ ਮੋਰ ਘੁੱਗੀਆਂ, ਪੱਕੀਆਂ 'ਤੇ ਘੁੰਮਦੇ ਬੋਤੇ :
ਪੱਖੀਆਂ ਦੀ ਝਾਲਰ ਲੇੜ੍ਹਦੀਆਂ
ਉਤੇ ਚਰਦੇ ਨੇ ਵੱਗ ਗਾਵਾਂ ਦੇ...
ਖੇਸੀਂ ਪਉਣੇ ਪਰਚੇ ਨਾਵਾਂ ਦੇ...
ਨੀਲੂ ਦਾ ਬੈਰਾਗ ਉਸ ਦੇ ਬ੍ਰਿਹੇ ਦੀ ਆਰਤੀ ਹੈ। ਉਸ ਦੀ ਕਵਿਤਾ ਬਾਰੇ ਪਾਤਰ ਲਿਖਦਾ ਹੈ ਕਿ ਨੀਲੂ ਕਵਿਤਾ ਵਿਚ ਸਾਹ ਲੈਂਦੀ ਹੈ। ਨੀਲੂ ਨੇ ਗੀਤ ਵੀ ਲਿਖੇ ਹਨ ਨਜ਼ਮਾਂ ਵੀ। ਪਰ ਖੁਸ਼ੀ ਦੀ ਗੱਲ ਇਹ ਹੈ ਕਿ ਨੀਲੂ ਦੀਆਂ ਗ਼ਜ਼ਲਾਂ ਵਿਚ ਉਹ ਸਾਰੇ ਗੁਣ ਹਨ ਜੋ ਕਿ ਇਕ ਨਵ-ਭਾਵਬੋਧ ਦੀਆਂ ਗ਼ਜ਼ਲਾਂ ਵਿਚ ਹੋਣੇ ਲੋੜੀਂਦੇ ਹਨ। ਹਥਲੀ ਪੁਸਤਕ ਬਾਰੇ ਕੇਵਲ ਰੀਵਿਊ ਜਾਂ ਲੇਖ ਕਾਫੀ ਨਹੀਂ ਸਗੋਂ ਵਿਸਤਾਰ ਨਾਲ ਉਸ ਦੀ ਕਵਿਤਾ ਦਾ ਮੁਕੱਦਮਾ ਲੜਿਆ ਜਾਵੇਗਾ। ਇਹ ਗੱਲ ਨੀਲੂ ਵੀ ਬੜੇ ਵਿਸ਼ਵਾਸ ਨਾਲ ਕਹਿੰਦੀ ਹੈ : 'ਮੇਰੀ ਕਵਿਤਾ ਤੇਰੇ ਹੀ ਖੇਤਾਂ ਵਿਚ ਉੱਗੀ ਸੀ/ਤੂੰ ਹੀ ਬੀਜੀ ਸੀ/ਤੂੰ ਹੀ ਸਿੰਜੀ ਸੀ... ਮੇਰੀ ਕਵਿਤਾ ਤੇਰਾ ਮੁਕੱਦਮਾ ਲੜੇਗੀ। ਉਸ ਦੀ ਗ਼ਜ਼ਲ ਦਾ ਇਕ ਸ਼ਿਅਰ ਦੇ ਕੇ ਇਸ ਪੁਸਤਕ ਨੂੰ ਜੀ ਆਇਆਂ :
'ਸੂਰਜ ਦਾ ਮੈਂ ਤਖ਼ਤ ਹੰਢਾਵਾਂ ਧੁੱਪ ਦੇ ਬੈਠ ਬਨੇਰੇ
ਸੁਪਨਾ ਤੇਰੇ ਰੰਗ ਦਾ ਸੰਦਲੀ ਉੱਡੇ ਨੈਣੀਂ ਮੇਰੇ'।

ਸੁਲੱਖਣ ਸਰਹੱਦੀ
ਮੋ: 94174-84337.

ਪੰਜੇਬਾਂ
ਲੇਖਕ : ਮੇਹਰ ਮਲਿਕ
ਪ੍ਰਕਾਸ਼ਕ : ਬਿਮਲ ਕ੍ਰਇਏਸ਼ਨ, ਜਲੰਧਰ
ਮੁੱਲ : 170 ਰੁਪਏ, ਸਫ਼ੇ : 96
ਸੰਪਰਕ : 97813-31153.

ਮੇਹਰ ਮਲਿਕ ਨੂੰ ਇਸ ਪੁਸਤਕ ਦੀ ਭੂਮਿਕਾ ਵਿਚ ਸਮਾਜਿਕ ਕੁਰੀਤੀਆਂ ਦੇ ਪਾਜ ਉਘਾੜਨ ਵਾਲੇ ਲੇਖਕ ਵਜੋਂ ਉਭਾਰਿਆ ਗਿਆ ਹੈ। ਉਸ ਨੇ ਆਪਣੀਆਂ ਕਹਾਣੀਆਂ ਵਿਚ ਆਪਣੀ ਇਸੇ ਖਾਸੀਅਤ ਨੂੰ ਪੇਸ਼ ਕਰਦੀਆਂ ਕਹਾਣੀਆਂ ਨੂੰ ਪੇਸ਼ ਕੀਤਾ ਹੈ। 7 ਕਹਾਣੀਆਂ ਵਾਲੇ ਇਸ ਕਹਾਣੀ ਸੰਗ੍ਰਹਿ ਵਿਚ ਸਾਧਾਰਨ ਵਿਸ਼ਾ-ਵਸਤੂ ਵਾਲੀਆਂ, ਸਾਦਾ ਬਣਤਰ ਵਾਲੀਆਂ ਕਹਾਣੀਆਂ ਹਨ, ਜਿਨ੍ਹਾਂ ਵਿਚ ਮੂਲ ਸੁਰ ਸਮਾਜਿਕ ਕੁਰੀਤੀਆਂ ਖਿਲਾਫ਼ ਹੈ। ਕਹਾਣੀਆਂ ਵਿਚ ਇਨ੍ਹਾਂ ਨੂੰ ਦੂਰ ਕਰਨ ਲਈ ਕੀਤੇ ਯਤਨ ਕਿਤੇ ਅਧੂਰੇ ਅਤੇ ਕਿਤੇ ਪੂਰੇ ਨਜ਼ਰ ਆਉਂਦੇ ਹਨ। ਪੰਜੇਬਾਂ ਅੱਲ੍ਹੜ ਉਮਰੇ ਜਜ਼ਬਾਤਾਂ ਦੀ ਕਹਾਣੀ ਹੈ ਜਿਹੜੇ ਆਪਣੇ ਸੁਪਨਿਆਂ ਦੀ ਪੂਰਤੀ ਲਈ ਇਕ-ਦੂਜੇ ਦਾ ਸਾਥ ਲੋਚਦੇ ਹਨ ਪਰ ਸਮਾਜਿਕ ਬੰਧਨ ਉਨ੍ਹਾਂ ਨੂੰ ਵੱਖ-ਵੱਖ ਰਾਹਾਂ 'ਤੇ ਤੋੋਰ ਦਿੰਦੇ ਹਨ। ਵਿਚੋਲਣ ਭਾਬੀ ਵਿਦੇਸ਼ ਜਾਣ ਦੇ ਨਾਂਅ 'ਤੇ ਕੀਤੀਆਂ ਜਾਣ ਵਾਲੀਆਂ ਜਾਅਲਸਾਜ਼ੀਆਂ ਦੀ ਦਾਸਤਾਨ ਹੈ, ਜਿਸ ਵਿਚ ਸਾਰੇ ਪਾਤਰ ਆਪੋ-ਆਪਣੀ ਥਾਂ ਇਕ-ਦੂਜੇ ਨੂੰ ਲੁੱਟਣ ਦੇ ਚੱਕਰਾਂ ਵਿਚ ਰਹਿੰਦੇ ਹਨ। ਮੁੰਦਰੀਆਂ ਦਾ ਲਾਲਚ ਉਨ੍ਹਾਂ ਨੂੰ ਜਾਇਜ਼-ਨਾਜਾਇਜ਼ ਤਰੀਕਿਆਂ ਰਾਹੀਂ ਵਿਦੇਸ਼ ਜਾਣ ਦੇ ਚੱਕਰ ਵਿਚ ਜੇਲ੍ਹ ਪਹੁੰਚਾ ਦਿੰਦਾ ਹੈ। ਉਡੀਕ ਇਕ ਵੱਖਰੇ ਵਿਸ਼ੇ ਵਾਲੀ ਕਹਾਣੀ ਹੈ, ਜਿਸ ਵਿਚ ਆਪਣਿਆਂ ਤੋਂ ਵਧ ਕੇ ਬਿਗਾਨਿਆਂ ਦਾ ਅਪਾਣਾਪਣ ਕਿਸੇ ਦੀ ਬੇਰੰਗ ਜ਼ਿੰਦਗੀ ਵਿਚ ਰੰਗ ਭਰ ਦਿੰਦਾ ਹੈ। ਮੁਖਤਾਰਾਂ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦੇ ਆਪਣੇ ਉਸ ਨਾਲ ਨਹੀਂ ਖੜ੍ਹਦੇ ਪਰ ਸਰਦਾਰ ਪਰਿਵਾਰ ਦਾ ਉਸ ਨੂੰ ਅਤੇ ਉਸ ਦੇ ਬੱਚਿਆਂ ਨੂੰ ਅਪਣਾ ਲੈਣਾ ਉਸ ਦੀ ਖੁਸ਼ੀਆਂ ਦੀ ਉਡੀਕ ਨੂੰ ਖ਼ਤਮ ਕਰ ਦਿੰਦਾ ਹੈ। ਮਹਾਂਮਾਰੀ ਕੋਰੋਨਾ ਦੌਰਾਨ ਇਨਸਾਨ ਅਤੇ ਇਨਸਾਨੀਅਤ ਦੇ ਨਵੇਂ ਰੰਗ ਸਾਹਮਣੇ ਆਏ। ਫੁਕਰੇ ਇਕ ਅਜਿਹੀ ਹੀ ਕਹਾਣੀ ਹੈ ਜਿਸ ਵਿਚ ਕੋਰੋਨਾ ਕਾਲ ਦੌਰਾਨ ਵਾਪਰੀਆਂ ਘਟਨਾਵਾਂ ਅਤੇ ਲੋਕਾਂ ਦੁਆਰਾ ਮਚਾਈ ਲੁੱਟ ਅਤੇ ਮਦਦ ਦੇ ਨਾਂਅ 'ਤੇ ਕੀਤੀ ਜਾਂਦੀ ਧੋਖਾਧੜੀ ਦਾ ਜ਼ਿਕਰ ਬਾਖੂਬੀ ਕੀਤਾ ਗਿਆ ਹੈ। ਚਿੱਟੇ ਚਿਹਰੇ ਕਾਲੇ ਦਿਲ ਸਮਾਜ ਵਿਚ ਫੈਲੇ ਵਹਿਮਾਂ-ਭਰਮਾਂ ਦਾ ਪਰਦਾਫਾਸ਼ ਕਰਨ ਵਾਲੀ ਕਹਾਣੀ ਹੈ, ਜਿਸ ਵਿਚ ਅੰਧ-ਵਿਸ਼ਵਾਸਾਂ ਵਿਚ ਫਸੇ ਲੋਕ ਆਪਣੇ ਸੁਪਨਿਆਂ ਦੀ ਪੂਰਤੀ ਲਈ ਪਾਖੰਡੀ ਲੋਕਾਂ ਦੇ ਧੱਕੇ ਚੜ੍ਹ ਜਾਂਦੇ ਹਨ ਪਰ ਅੰਤ ਸਾਰੇ ਪਾਖੰਡੀ ਸਲਾਖਾਂ ਦੇ ਪਿੱਛੇ ਨਜ਼ਰ ਆਉਂਦੇ ਹਨ। ਪੇਂਡੂ ਲਹਿਜੇ ਵਾਲੀ ਭਾਸ਼ਾ ਵਾਲੀਆਂ ਇਨ੍ਹਾਂ ਸਾਰੀਆਂ ਕਹਾਣੀਆਂ ਦੀ ਸੁਰ ਆਦਰਸ਼ਵਾਦੀ ਅਤੇ ਸੁਧਾਰਵਾਦੀ ਨਜ਼ਰ ਆਉਂਦੀ ਹੈ।

ਡਾ. ਸੁਖਪਾਲ ਕੌਰ ਸਮਰਾਲਾ
ਮੋ: 83606-83823.

ਸਮਕਾਲੀ ਪੰਜਾਬੀ ਕਹਾਣੀ
ਆਲੋਚਨਾਤਮਕ ਵਿਸ਼ਲੇਸ਼ਣ
ਲੇਖਿਕਾ : ਡਾ. ਅਮਨਦੀਪ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ : 112
ਸੰਪਰਕ : 97811-94141.

ਕਹਾਣੀ ਸਾਹਿਤ ਦੀ ਹਰਮਨ-ਪਿਆਰੀ ਵੰਨਗੀ ਹੈ। ਕਹਾਣੀ ਦਾ ਜਨਮ ਮਨੁੱਖ ਦੇ ਜਨਮ ਦੇ ਨਾਲ ਹੀ ਹੋਇਆ ਮੰਨਿਆ ਜਾਂਦਾ ਹੈ। ਇਸ ਪੁਸਤਕ ਦੇ ਪੰਜ ਅਧਿਆਇ ਕਹਾਣੀ ਦੇ ਇਤਿਹਾਸ, ਵਿਸ਼ੇ ਅਤੇ ਸੰਚਾਰ ਸਾਧਨਾਂ ਦੀ ਗੱਲ ਕਰਦੇ ਹਨ। ਕਹਾਣੀ ਸਾਡੇ ਜੀਵਨ ਵਿਚ ਸਮੋਈ ਹੋਈ ਹੈ। ਬਾਤਾਂ ਪਾਉਣੀਆਂ, ਪੰਚਤੰਤਰ, ਪਰੀ ਕਹਾਣੀਆਂ ਆਦਿ ਸਾਡੇ ਸੱਭਿਆਚਾਰ ਦਾ ਹਿੱਸਾ ਹਨ। ਕਹਾਣੀ ਦਾ ਵਰਤਮਾਨ ਰੂਪ ਜੀਵਨ ਦੀਆਂ ਸਮੱਸਿਆਵਾਂ ਅਤੇ ਗੁੰਝਲਾਂ ਨਾਲ ਭਰਿਆ ਹੋਇਆ ਹੈ। ਰਿਸ਼ਤਿਆਂ ਦੀ ਅਰਥਹੀਣਤਾ, ਸੰਘਰਸ਼ਾਂ ਅਤੇ ਦੁਚਿੱਤੀਆਂ ਨੇ ਜੀਵਨ ਡਾਵਾਂਡੋਲ ਕਰ ਦਿੱਤਾ ਹੈ। ਹੁਣ ਪਹਿਲਾਂ ਵਰਗੀਆਂ ਸਮਾਜਿਕ ਅਤੇ ਇਖ਼ਲਾਕੀ ਕਦਰਾਂ-ਕਮਤਾਂ ਨਹੀਂ ਰਹੀਆਂ।
ਪਹਿਲੀਆਂ ਕਹਾਣੀਆਂ ਵਿਚ ਕੋਈ ਅਰਥ, ਸੇਧ ਜਾਂ ਸਿੱਖਿਆ ਹੁੰਦੀ ਸੀ। ਹੁਣ ਦੀਆਂ ਕਹਾਣੀਆਂ ਮਨੁੱਖ ਦੇ ਮਨ ਵਾਂਗ ਖਿੰਡੀਆਂ ਹੋਈਆਂ ਅਤੇ ਗੁੰਝਲਦਾਰ ਹਨ। ਨੈਤਿਕਤਾ ਦਾ ਪਤਨ, ਦੇੇਹ ਵਪਾਰ ਦਾ ਮੰਡੀਕਰਨ, ਖ਼ਾਹਿਸ਼ਾਂ ਦੀ ਅੱਗ, ਸਰੀਰਕ ਅਤੇ ਮਾਨਸਿਕ ਸ਼ੋਸ਼ਣ ਅਤੇ ਮਾਂ-ਬਾਪ ਤੇ ਸੰਤਾਨ ਵਿਚ ਵਧ ਰਹੀਆਂ ਦੂਰੀਆਂ ਹੀ ਅੱਜ ਦੀਆਂ ਕਹਾਣੀਆਂ ਦੇ ਮੂਲ ਵਿਸ਼ੇ ਹਨ। ਪੱਛਮੀਕਰਨ, ਵਿਸ਼ਵੀਕਰਨ ਅਤੇ ਸਰਮਾਏਦਾਰੀ ਨੇ ਸਾਡਾ ਮਹਾਨ ਵਿਰਸਾ ਸਾਥੋਂ ਖੋਹ ਲਿਆ ਹੈ। ਹੁਣ ਦੀਆਂ ਕਹਾਣੀਆਂ ਵਿਚ ਨਿਊਜ਼ ਚੈਨਲਾਂ, ਅਖ਼ਬਾਰਾਂ, ਮੋਬਾਈਲਾਂ, ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੀ ਮੁਨਾਫ਼ੇਖੋਰ ਬਿਰਤੀ ਵੱਲ ਸੰਕੇਤ ਕੀਤਾ ਗਿਆ ਹੈ। ਅੱਜ ਦੇ ਮਨੁੱਖ ਦੀ ਮਾਨਸਿਕ ਕਸ਼ਮਕਸ਼, ਤਣਾਓ, ਦਵੰਦ ਅਤੇ ਦੁਬਿਧਾ ਨੂੰ ਕਹਾਣੀਆਂ ਦੇ ਮਾਧਿਅਮ ਰਾਹੀਂ ਪੇਸ਼ ਕੀਤਾ ਗਿਆ ਹੈ। ਇਹ ਪੁਸਤਕ ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਲਾਭਦਾਇਕ ਹੋ ਸਕਦੀ ਹੈ। ਇਸ ਦਾ ਸਵਾਗਤ ਹੈ।

ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

24-10-2021

 ਫ਼ਰਿਸ਼ਤਾ
ਲੇਖਕ : ਡਾ. ਸਨੋਬਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 094191-27228.


ਡਾ. ਸਨੋਬਰ ਪ੍ਰਸਿੱਧ ਪੰਜਾਬੀ ਕਵੀ ਕੰਵਰ ਇਮਤਿਆਜ਼ ਅਤੇ ਉਸ ਦੀ ਜੀਵਨ-ਸਾਥਣ ਫ਼ਰੀਦਾ ਬੇਗ਼ਮ ਦੀ ਹੋਣਹਾਰ ਸਪੁੱਤਰੀ ਹੈ। ਉਸ ਨੂੰ ਕਾਵਿਕ ਮਾਹੌਲ ਅਤੇ ਪੰਜਾਬੀ ਪਿਆਰ ਵਿਰਸੇ ਤੋਂ ਹੀ ਪ੍ਰਾਪਤ ਹੋਇਆ ਹੈ। ਉਹ ਐਮ.ਏ. ਪੰਜਾਬੀ ਪੀ.ਐਚ.ਡੀ. ਕਰਕੇ ਅਜੋਕੇ ਸਮੇਂ ਜੰਮੂ ਦੇ ਇਕ ਸਰਕਾਰੀ ਕਾਲਜ ਵਿਚ ਅਸਿਸਟੈਂਟ ਪ੍ਰੋਫੈਸਰ ਹੈ। ਉਸ ਦੇ ਮਨ ਵਿਚ ਜਜ਼ਬਾਤਾਂ ਦਾ ਦਰਿਆ ਜਦੋਂ ਕੰਢੇ ਤੋੜ ਕੇ ਵਹਿੰਦਾ ਹੈ ਤਾਂ ਉਹ ਉਸ ਨੂੰ ਸ਼ਾਂਤ ਕਰਨ ਲਈ ਆਪ-ਮੁਹਾਰੇ ਕਲਮ ਚੁੱਕਣ ਲਈ ਬੇਵਸ ਹੋ ਜਾਂਦੀ ਹੈ। ਉਹ ਆਪਣੀ ਕਵਿਤਾ ਨਾਲ ਅਭੇਦ ਹੋ ਜਾਂਦੀ ਹੈ। 'ਫ਼ਰਿਸ਼ਤਾ' ਉਸ ਦਾ ਪਹਿਰਾ ਕਾਵਿ-ਸੰਗ੍ਰਹਿ ਹੈ। ਉਸ ਨੇ ਇਸ ਵਿਚ ਵਿਭਿੰਨ ਵਿਸ਼ਿਆਂ ਨੂੰ ਬਾਖੂਬੀ ਕਵਿਤਾਇਆ ਹੈ। ਪਹਿਲੀ ਹੀ ਕਵਿਤਾ ਉਸ ਨੇ ਆਪਣੇ 'ਅੱਬਾ ਜੀ' ਨੂੰ ਸਮਰਪਿਤ ਕੀਤੀ ਹੈ। ਮਾਂ ਨੂੰ ਤਾਂ ਉਹ 'ਰਹਿਮਤਾਂ ਦੀ ਠੰਢੀ ਛਾਂ' ਮੰਨਦੀ ਹੈ। ਸੇਖ਼ ਫ਼ਰੀਦ, ਬਾਬਾ ਨਾਨਕ, ਅੰਮ੍ਰਿਤਾ ਪ੍ਰੀਤਮ ਨੂੰ ਯਾਦ ਕਰਦੀ ਹੈ। ਨਾਰੀ ਸੰਵੇਦਨਾ ਵੱਖ-ਵੱਖ ਰੂਪਾਂ ਵਿਚ ਉਦੇ ਹੁੰਦੀ ਹੈ। ਉਹ ਮੰਨਦੀ ਹੈ ਕਿ ਅਜੋਕੀ ਨਾਰੀ ਅਬਲਾ ਨਹੀਂ ਹੈ ਪਰ ਤਾਂ ਵੀ ਇਸ ਸੱਚ ਨੂੰ ਪ੍ਰਵਾਨ ਕਰਦੀ ਹੈ ਕਿ ਅਜੇ ਵੀ ਨਾਰੀ ਤੀਹਰੀ (ਪਿਤਾ, ਪਤੀ, ਪੁੱਤਰ) ਗੁਲਾਮੀ ਸਹਿਣ ਕਰਦੀ ਹੈ। ਉਹ ਨਾਰੀ ਨੂੰ ਆਪਣੀ ਹੋਂਦ ਬੁਲੰਦ ਕਰਨ ਲਈ ਪ੍ਰੇਰਿਤ ਕਰਦੀ ਹੈ। ਉਸ ਦੇ ਕਾਵਿ ਦਾ ਦ੍ਰਿਸ਼-ਚਿਤਰਨ ਕਮਾਲ ਹੈ। ਮਸਲਨ : ਨਿੱਕੇ ਬਾਲ ਦਾ ਰੇਤੇ ਵਿਚ ਘਰ ਬਣਾਉਣਾ, ਬਾਲੜੀ ਦਾ ਗੁੱਡੀ ਨਾਲ ਖੇਡਣਾ (ਸਪਨ ਸਿਰਜਣਾ), ਭੇਡਾਂ ਚਾਰਨ ਵਾਲਾ ਬੰਦਾ, ਕਿਸਾਨ ਦੇ ਰੋਜ਼ਾਨਾ ਕੰਮ ਧੰਦੇ, ਪਿੰਡ, ਸਾਵਣ-ਮਾਂਹ ਦੇ ਨਜ਼ਾਰੇ ਅਤੇ ਕਸ਼ਮੀਰ ਦੀ ਸੁੰਦਰਤਾ ਦੇ ਦ੍ਰਿਸ਼ ਵੇਖੇ ਜਾ ਸਕਦੇ ਹਨ। ਕਸ਼ਮੀਰ ਦਾ ਖੂਬਸੂਰਤ ਦ੍ਰਿਸ਼ ਵੇਖੋ :
ਚਿਨਾਰ ਤੇ ਦੇਵਦਾਰ ਦੇ ਬਿਰਖ
ਰਲ ਮਿਲ ਸੰਵਾਦ ਰਚਾਵਣ
...ਜ਼ਿਹਲਮ ਦੀਆਂ ਲਹਿਰਾਂ
ਵੈਰੀ ਨਾਗ ਬਣ ਜਾਵਣ
ਚਸ਼ਮੇ ਤੇ ਝੀਲਾਂ
ਵਿਚ ਇਹਦੇ ਸਮਾਉਣ ਲਈ....
(ਪੰਨਾ 121)
ਕੋਰੋਨਾ ਵਾਇਰਸ ਮਹਾਂਮਾਰੀ ਦੇ ਸਮੇਂ ਦਾ ਦ੍ਰਿਸ਼ ਵੇਖੋ:
ਹਰ ਪਾਸੇ ਸੰਨਾਟਾ ਪਸਰਿਆ
ਲੋਕਾਂ ਦਾ ਕਾਫ਼ਲਾ ਨੱਸਿਆ
ਕੀ ਹੋਇਆ ਖ਼ਾਮੋਸ਼ੀ ਕਿਉਂ ਹੈ
ਆਲਮ 'ਚ ਏਨੀ ਦਹਿਸ਼ਤ ਕਿਉਂ ਹੈ।
(ਪੰ. 58)
ਅਨੇਕਾਂ ਕਵਿਤਾਵਾਂ 'ਚ ਬਿਰਹਾ ਵਰਨਣ ਸਮੋਇਆ ਹੈ। ਕੁੱਲ ਮਿਲਾ ਕੇ ਇਹ ਅਤਿ ਖ਼ੂਬਸੂਰਤ 'ਵਾਕੰਸ਼ੀ-ਕਾਵਿ' ਹੈ। ਇਹ ਪਲੇਠਾ ਕਾਵਿ ਸੰਗ੍ਰਹਿ ਡਾ. ਸਨੋਬਰ ਦੀ ਕਲਮ ਦੇ ਇਕ ਦਿਨ ਸਿਖ਼ਰਾਂ ਛੋਹਣ ਦੀ ਭਵਿੱਖਬਾਣੀ ਕਰਦਾ ਹੈ।


ਡਾ. ਧਰਮ ਚੰਦ ਵਾਤਿਸ਼
vatish.dharamchand@gmail.com


ਆਓ ਵਧੀਆ ਪੰਜਾਬੀ ਲਿਖੀਏ

ਲੇਖਕ : ਸੁਰਜੀਤ ਖੁਰਸ਼ੀਦੀ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਪਟਿਆਲਾ
ਮੁੱਲ : 70 ਰੁਪਏ, ਸਫ਼ੇ : 40
ਸੰਪਰਕ : 95016-60416.


ਹਥਲੀ ਪੁਸਤਕ 'ਆਓ ਵਧੀਆ ਪੰਜਾਬੀ ਲਿਖੀਏ' ਸੁਰਜੀਤ ਖੁਰਸ਼ੀਦੀ ਨੇ ਇਹ ਪੁਸਤਕ ਲਿਖ ਕੇ ਬਾਕੀ ਲੇਖਕਾਂ ਨਾਲੋਂ ਬਿਲਕੁਲ ਨਿਵੇਕਲਾ ਕਾਰਜ ਕਰ ਵਿਖਾਇਆ ਹੈ, ਜਿਸ ਦੀ ਅੱਜ ਦੇ ਸਮੇਂ ਦੀ ਵੱਡੀ ਮੰਗ ਅਤੇ ਲੋੜ ਸੀ। ਇਹ ਸੱਚ ਹੈ ਕਿ ਅਸੀਂ ਪੰਜਾਬੀ ਹੁੰਦੇ ਹੋਏ ਵੀ ਬਹੁਤ ਵਾਰੀ ਪੰਜਾਬੀ ਗ਼ਲਤ ਲਿਖੀ ਜਾਂਦੇ ਹਾਂ। ਇਨ੍ਹਾਂ ਨੇ ਇਸ ਪੁਸਤਕ ਵਿਚ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿਵੇਂ ਛੋਟੇ-ਛੋਟੇ, ਪਿਆਰੇ- ਪਿਆਰੇ, ਸੁੰਦਰ ਅਤੇ ਸਰਲ ਵਾਕ ਸ਼ੁੱਧ ਪੰਜਾਬੀ ਵਿਚ ਲਿਖੀਏ। ਉਦਾਹਰਨ ਵਜੋਂ ਲਿਖ ਕੇ ਵੀ ਦੱਸੇ ਹਨ ਜਿਵੇਂ ਅਸੀਂ ਲਿਖਦੇ ਹਾਂ 'ਤੂੰ ਘਰੋਂ ਕੱਲ੍ਹ ਕੀ ਗਈ ਕਿ ਘਰ ਦੀ ਰੌਣਕ ਹੀ ਚਲੀ ਗਈ'। ਵਾਕ ਦਾ ਅਰਥ ਸੰਚਾਰ ਸਪੱਸ਼ਟ ਹੈ ਪਰ ਬਿਆਨ ਦੀ ਖੁਬਸੂਰਤੀ ਕਿੱਥੇ ਹੈ ਇਹ ਇੰਝ ਵੀ ਲਿਖ ਸਕਦੇ ਸਾਂ: 'ਘਰ ਦੀ ਰੌਣਕ ਤੇਰੇ ਨਾਲ ਹੀ ਚਲੀ ਗਈ' ਅਸੀਂ ਕੁਝ ਸ਼ਬਦ ਬੇਲੋੜੇ ਵਰਤ ਲੈਂਦੇ ਹਾਂ। ਜਿਵੇਂ: 'ਸੁਖਜੀਤ ਗਿਆ ਤਾਂ ਹੈ ਪਰ ਦੇਖੋ ਕੀ ਬਣਦਾ ਹੈ'। ਇਸ ਨੂੰ ਬੇਲੋੜੇ 'ਪਰ' ਤੋਂ ਬਿਨਾਂ ਵੀ ਲਿਖਿਆ ਜਾ ਸਕਦਾ ਸੀ ਜਿਵੇਂ:-'ਸੁਖਜੀਤ ਗਿਆ ਤਾਂ ਹੈ, ਦੇਖੋ ਕੀ ਬਣਦਾ ਹੈ'। ਇਕ ਇਨ੍ਹਾਂ ਨੇ 'ਲੱਲੇ' ਪੈਰ ਬਿੰਦੀ ਲਾਉਣ ਬਾਰੇ ਵੀ ਦੱਸਿਆ ਹੈ ਕਿ ਜਿਹੜੀ ਕਿ ਅਕਸਰ ਹੀ ਆਪਣੇ ਆਪ ਨੂੰ ਵੱਡੇ ਵਿਦਵਾਨ ਅਖਵਾਉਣ ਵਾਲੇ ਵੀ ਅਕਸਰ ਕੁਤਾਹੀ ਕਰ ਜਾਂਦੇ ਹਨ। ਇਨ੍ਹਾਂ ਨੇ ਸ਼ਾਨਦਾਰ ਉਦਾਹਰਨਾਂ ਦੇ ਕੇ 'ਲੱਲੇ' ਪੈਰ ਬਿੰਦੀ ਦਾ ਮਹੱਤਵ ਬਹੁਤ ਹੀ ਸੁੰਦਰ ਢੰਗ ਨਾਲ ਦੱਸਿਆ ਹੈ ਜਿਵੇਂ: 'ਲਾਲ' ਇਕ ਰੰਗ ਦਾ ਨਾਂਅ ਹੈ। 'ਲਾਲ਼' ਮੂੰਹ 'ਚੋਂ ਡਿਗਣ ਵਾਲੀ ਤਰਲ ਧਾਰ ਹੈ, ਇਸੇ ਤਰ੍ਹਾਂ 'ਖੱਲ' ਚਮੜੀ ਹੈ 'ਖਲ਼' ਪਸ਼ੂਆਂ ਦੀ ਖੁਰਾਕ ਹੈ ਇਵੇਂ ਹੀ 'ਜਲ' ਪਾਣੀ ਹੈ 'ਜਲ਼' ਸੜਨਾ ਹੈ ਇਵੇਂ ਹੀ 'ਗੱਲ' ਗੱਲ ਬਾਤ ਹੈ 'ਗਲ਼' ਗਲਣਾ ਹੁੰਦਾ ਹੈ। ਸੁਰਜੀਤ ਖੁਰਸ਼ੀਦੀ ਨੂੰ ਇਕੋ ਸਮੇਂ ਬਹੁਤ ਸਾਰੀਆਂ ਭਾਸ਼ਾਵਾਂ ਦਾ ਵਿਸ਼ਾਲ ਗਿਆਨ ਹੈ। ਇਹ ਪੁਸਤਕ ਬਾਲਾਂ ਲਈ ਹੀ ਨਹੀਂ ਇਹ ਹਰ ਲੇਖਕ ਲਈ ਵੀ ਪੜ੍ਹਨੀ ਜ਼ਰੂਰੀ ਹੈ ਖ਼ਾਸ ਕਰਕੇ ਨਵੇਂ ਲੇਖਕ ਇਸ ਪੁਸਤਕ ਤੋਂ ਬਹੁਤ ਜ਼ਿਆਦਾ ਲਾਹਾ ਲੈ ਸਕਦੇ ਹਨ। ਸੁਰਜੀਤ ਖੁਰਸ਼ੀਦੀ ਦੀ ਇਸ ਨਿਵੇਕਲੀ ਪੁਸਤਕ ਦੀ ਮੈਂ ਭਰਪੂਰ ਪ੍ਰਸੰਸਾ ਕਰਦਾ ਹਾਂ।


ਅਮਰੀਕ ਸਿੰਘ ਤਲਵੰਡੀ ਕਲਾਂ
ਮੋ: 94635-42896.


ਧੁੱਪਾਂ ਤੇ ਛਤਰੀਆਂ

ਲੇਖਿਕਾ : ਪਰਮਜੀਤ ਪਰਮ
ਪ੍ਰਕਾਸ਼ਕ : ਤਰਲੋਚਨ ਪਲਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 128 ਰੁਪਏ
ਸੰਪਰਕ : 98782-49641.


ਚਰਚਾ ਅਧੀਨ ਪੁਸਤਕ ਲੇਖਿਕਾ ਦੀ 32 ਅਲੱਗ-ਅਲੱਗ ਭਾਗਾਂ ਵਿਚ ਲਿਖੀ ਸਵੈ-ਜੀਵਨੀ ਹੈ। ਲੇਖਿਕਾ ਸਪੱਸ਼ਟ ਕਰਦੀ ਹੈ ਕਿ ਪਰਮਾਤਮਾ ਨੇ ਕੜਕਦੀ ਧੁੱਪ ਦਾ ਸਫ਼ਰ ਉਸ ਦੇ ਮੁਕੱਦਰ ਵਿਚ ਤਾਂ ਲਿਖ ਦਿੱਤਾ ਸੀ, ਪਰ ਧੁੱਪ ਤੋਂ ਬਚਣ ਲਈ ਉਸ ਨੇ ਕਿੰਨੀਆਂ ਹੀ ਛੋਟੀਆਂ ਵੱਡੀਆਂ ਛਤਰੀਆਂ ਵੀ ਉਸ ਨੂੰ ਦੇ ਦਿੱਤੀਆਂ ਸਨ। ਉਸ ਦੇ ਸਵੈ ਦੀ ਕਹਾਣੀ ਖੇਡਣ ਦੇ ਵਿਹੜੇ ਤੋਂ ਤੁਰਦੀ ਹੈ। ਤਰਨ ਤਾਰਨ ਤੋਂ ਅੰਮ੍ਰਿਤਸਰ ਜਾਣ ਵਾਲੀ ਸੜਕ ਤੇ ਸ਼ਹਿਰ ਤੋਂ ਦੋ ਕੁ ਕਿੱਲੋਮੀਟਰ ਬਾਹਰ ਵੱਲ ਬਿਜਲੀ ਘਰ ਦੇ ਸਾਹਮਣੇ ਚਾਰ ਵੱਡੀਆਂ ਕੋਠੀਆਂ ਵਿਚੋਂ ਇਕ ਕੋਠੀ ਉਸ ਦੇ ਪਿਤਾ ਦੀ ਸੀ। ਬਗ਼ੀਚਿਆਂ ਵਾਲੇ ਵਿਹੜੇ ਦੀਆਂ ਉਸ ਕੋਲ ਕਿੰਨੀਆਂ ਹੀ ਅਭੁੱਲ ਯਾਦਾਂ ਹਨ। ਉਸ ਦੇ ਸਾਹਸ ਅਤੇ ਹਿੰਮਤ ਦਾ ਸੰਕੇਤ ਉਦੋਂ ਹੀ ਮਿਲ ਗਿਆ ਸੀ ਜਦੋਂ ਉਹ ਤਰਨ ਤਾਰਨ ਦਰਬਾਰ ਸਾਹਿਬ ਤੋਂ ਪੈਦਲ ਤੁਰ ਕੇ ਘਰ ਪਹੁੰਚ ਗਈ ਸੀ। ਉਸ ਦਾ ਬਚਪਨ ਦਿਲਚਸਪ ਸ਼ਰਾਰਤਾਂ ਅਤੇ ਭੋਲੇਪਣ ਨਾਲ ਭਰਿਆ ਹੋਇਆ ਹੈ। ਸਖ਼ਤ ਸੁਭਾਅ ਦੇ ਪਤੀ ਨਾਲ ਉਸ ਨੇ ਸਾਰਾ ਜੀਵਨ ਬਿਤਾਇਆ। ਉਸ ਦੀ ਇਕ ਮਜਬੂਰੀ ਇਹ ਵੀ ਰਹੀ ਕਿ ਉਸ ਨੂੰ ਸਕੂਟਰ ਜਾਂ ਕਾਰ ਨਹੀਂ ਸੀ ਚਲਾਉਣੀ ਆਉਂਦੀ। ਉਸ ਦੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ ਕਿ ਉਸ ਨੇ ਰਿਕਸ਼ੇ, ਟੈਂਪੂਆਂ ਤੇ ਸਫ਼ਰ ਕਰਕੇ ਮੁਲਾਕਾਤਾਂ ਦੀ ਪੁਸਤਕ 'ਚੰਡੀਗੜ੍ਹ ਦੇ ਬੇਸ਼ ਕੀਮਤੀ ਹੀਰੇ' ਪੰਜਾਬੀ ਸਾਹਿਤ ਦੀ ਝੋਲੀ ਪਾਈ। ਵਿਆਹੁਤਾ ਜੀਵਨ ਵਿਚ ਉਸ ਨਾਲ ਹੋਈਆਂ ਵਧੀਕੀਆਂ ਨੂੰ ਉਸ ਦਾ ਸਿਆਣਪ ਨਾਲ ਸਹਿਣ ਕਰਨਾ ਉਸ ਦੇ ਸੰਸਕਾਰੀ ਸੁਭਾਅ ਦੀ ਗਵਾਹੀ ਭਰਦਾ ਹੈ। ਗੱਡੀ ਚੜ੍ਹਦੇ ਬੀ.ਈ.ਓ. ਕੋਲੋਂ ਉਸ ਦੇ ਪਤੀ ਦਾ ਬਾਂਹ ਫੜ ਕੇ ਛੁੱਟੀ 'ਤੇ ਦਸਤਖ਼ਤ ਕਰਾਉਣਾ ਬੜਾ ਦਿਲਚਸਪ ਕਿੱਸਾ ਹੈ। 'ਵਸਣਾ ਫ਼ੌਜੀ ਦੇ ਭਾਵੇਂ ਬੂਟ ਸਣੇ ਲੱਤ ਮਾਰੇ' ਅਤੇ 'ਕੰਧ 'ਤੇ ਟੰਗਿਆ ਝੂਠ' ਉਸ ਦੇ ਵਿਆਹੁਤਾ ਜੀਵਨ ਦੀ ਹਕੀਕਤ 'ਤੇ ਅੰਤਰ ਝਾਤ ਪੁਆਉਂਦੇ ਹਨ।
ਉਸ ਦੀ ਜ਼ਿੰਦਗੀ ਉਦੋਂ ਬੜਾ ਖ਼ਤਰਨਾਕ ਮੋੜ ਕੱਟ ਗਈ, ਜਦੋਂ ਉਸ ਦੇ ਭਰ ਜੁਆਨ ਪੁੱਤਰ ਦਾ ਸਿਰ ਇਕ ਮਨਹੂਸ ਰਾਤ ਨੂੰ ਗੱਡੀ ਥੱਲੇ ਆ ਗਿਆ ਸੀ। ਉਸ ਦੀ ਰੀੜ੍ਹ ਦੀ ਹੱਡੀ ਜ਼ਖ਼ਮੀ ਹੋ ਗਈ ਸੀ, 482 ਦਿਨਾਂ ਦਾ ਦਰਦ ਲੇਖਿਕਾ ਦੇ ਪੁੱਤਰ ਦੇ ਇਲਾਜ ਕਰਾਉਣ ਤੋਂ ਲੈ ਕੇ ਉਸ ਦੇ ਵਿਛੜ ਜਾਣ ਤੱਕ ਦੇ ਸੰਘਰਸ਼ ਦੀ ਕਹਾਣੀ ਹੈ। ਇਸ ਜੱਦੋ-ਜਹਿਦ ਦੌਰਾਨ ਲੇਖਿਕਾ ਦੇ ਕਰੀਬੀ ਰਵੀ ਗੌਤਮ, ਪਵਨ ਅਰੋੜਾ, ਪਰਮਿੰਦਰ ਤੇ ਕੰਵਲ, ਜਗਦੀਸ਼ ਤੇ ਨਿਰਮਲ ਸਿੰਘ, ਮਨਜੀਤ ਤੇ ਓਮ ਪ੍ਰਕਾਸ਼ ਚਾਵਲਾ ਉਸ ਦੇ ਮਦਦਗਾਰ ਬਣੇ। ਰੀਟਾ ਭਾਗਲਪੁਰ ਅਤੇ ਮਿਅੰਕ ਸ੍ਰੀਵਾਸਤਵ ਦੀ ਮੁਲਾਕਾਤ ਯਾਦਗਾਰੀ ਬਣ ਗਈ ਸੀ। ਪੁੱਤਰ ਦੀ ਮੌਤ ਪਿੱਛੋਂ ਆਰਥਿਕ ਦੁਸ਼ਵਾਰੀਆਂ, ਮਕਾਨ ਦਾ ਕਰਜ਼ਾ ਆਦਿ ਦੀਆਂ ਦੇਣਦਾਰੀਆਂ ਨੂੰ ਉਸ ਨੇ ਹਿੰਮਤ ਨਾਲ ਸਿਰੇ ਚੜ੍ਹਾਇਆ ਸੀ। ਬੇਟੇ ਦੇ ਫੋਨ ਗੁੰਮਣ ਤੋਂ ਮੁੜ ਖ਼ਰੀਦਣ ਅਤੇ ਸਕਰੀਨ ਬਦਲਵਾਉਣ ਤੱਕ ਉਸ ਦੀ ਮਮਤਾ ਦਾ ਕੋਈ ਜਵਾਬ ਨਹੀਂ। ਸੀ.ਬੀ.ਐਸ.ਈ. ਤੋਂ ਬੇਟੇ ਦੇ ਗ਼ਲਤ ਐਲਾਨੇ ਨਤੀਜੇ ਨੂੰ ਸੋਧ ਕਰਾ ਕੇ ਉਸੇ ਦਿਨ ਲੈ ਕੇ ਆਉਣਾ ਕੋਈ ਚਮਤਕਾਰ ਤੋਂ ਘੱਟ ਨਹੀਂ ਸੀ। ਉਸ ਦੇ ਮਨ ਦੀਆਂ ਨੁੱਕਰਾਂ ਵਿਚ ਦੱਬੇ ਪਏ ਸੁਪਨੇ ਜਿਵੇਂ ਤਲਬ ਇਕ ਕਮਰੇ ਦੀ, 'ਲੰਘ ਗਈ ਪੈੜ ਦੱਬ ਕੇ' ਜੇਹੇ ਬੋਲਾਂ ਵਿਚ ਸਕੂਨ, ਮਨੋ ਮਨ ਬਣੇ ਇਕਪਾਸੜ ਰਿਸ਼ਤੇ, ਉਸ ਦੀ ਵਿਲੱਖਣਤਾ ਦੀ ਬਾਤ ਪਾਉਂਦੇ ਹਨ। ਘਰ ਦੇ ਇਕ ਇਕ ਜੀਅ ਦਾ ਤੁਆਰਫ਼ ਕਰਵਾ ਕੇ ਉਸ ਨੇ ਸਵੈ-ਜੀਵਨੀ ਨੂੰ ਜੜ੍ਹਾਂ ਤੋਂ ਲੈ ਕੇ, ਟਾਹਣੀਆਂ, ਪੱਤਿਆਂ, ਫੁੱਲ, ਫਲ਼ਾਂ ਨੂੰ ਮਾਨਤਾ ਦੇ ਕੇ ਸਵੈ-ਜੀਵਨੀ ਨੂੰ ਪਰਿਵਾਰ ਨਾਲ ਜੋੜਨ ਅਤੇ ਸੰਪੂਰਨਤਾ ਵੱਲ ਲੈ ਕੇ ਜਾਣ ਵੱਲ ਇਕ ਸਾਰਥਕ ਕਦਮ ਉਠਾਇਆ ਹੈ। ਮੈਂ ਨਿੱਜੀ ਤੌਰ 'ਤੇ ਉਸ ਦੇ ਸਿਦਕ ਨੂੰ ਸਲਾਮ ਕਹਿੰਦਾ ਹਾਂ।


ਪ੍ਰਿੰ: ਹਰੀ ਕ੍ਰਿਸ਼ਨ ਮਾਇਰ
ਮੋ: 97806-67686


ਦ ਡਾਇਰੀ ਆਫ਼ ਏ ਯੰਗ ਗਰਲ
ਮੂਲ : ਐਨੀ ਫ਼ਰੈਂਕ
ਅਨੁਵਾਦਕ : ਸੁਖਪਾਲ ਸਿੰਘ ਹੁੰਦਲ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੁੱਲ : 250 ਰੁਪਏ, ਸਫ਼ੇ : 312
ਸੰਪਰਕ : 99151-29747.


ਪੰਜਾਬੀ ਵਿਚ ਅਨੁਵਾਦਿਤ ਸਾਹਿਤ ਦਾ ਵਿਸ਼ੇਸ਼ ਮਹੱਤਵ ਹੈ। ਇਸ ਮਾਧਿਅਮ ਦੁਆਰਾ ਵਿਸ਼ਵ ਦੇ ਸਮੂਹ ਦੇਸ਼ਾਂ ਨੂੰ ਇਕ ਦੂਜੇ ਦੇ ਸਾਹਿਤਕ, ਭਾਸ਼ਾਈ, ਰਾਜਨੀਤਕ, ਸਮਾਜਿਕ, ਸੱਭਿਆਚਾਰਕ ਅਤੇ ਭੂਗੋਲਿਕ ਮਸਲਿਆਂ ਨੂੰ ਸਮਝਣ ਦਾ ਅਵਸਰ ਮਿਲਦਾ ਰਹਿੰਦਾ ਹੈ। ਇਸ ਸੰਦਰਭ ਵਿਚ ਹੁਣੇ-ਹੁਣੇ ਅਨੁਵਾਦਿਤ ਰੂਪ ਵਿਚ ਸਾਹਮਣੇ ਆਈ ਪੁਸਤਕ ਦ ਡਾਇਰੀ ਆਫ਼ ਏ ਯੰਗ ਗਰਲ' ਜ਼ਿਕਰਯੋਗ ਹੈ ਜਿਸ ਨੂੰ ਮੂਲ ਰੂਪ ਵਿਚ ਐਨੀ ਫ਼ਰੈਂਕ ਨੇ ਲਿਖਿਆ ਹੈ ਅਤੇ ਪੰਜਾਬੀ ਵਿਚ ਸੁਖਪਾਲ ਸਿੰਘ ਹੁੰਦਲ ਨੇ ਅਨੁਵਾਦ ਕੀਤਾ ਹੈ।
ਨੀਦਰਲੈਂਡ ਦੀ ਤੇਰਾਂ ਚੌਦਾਂ ਵਰ੍ਹਿਆਂ ਦੀ ਇਕ ਯਹੂਦੀ ਲੜਕੀ ਨੂੰ ਜਨਮ ਦਿਨ 'ਤੇ ਮਿਲੀ ਡਾਇਰੀ ਸਮਾਜ ਲਈ ਇਤਿਹਾਸਕ ਅਤੇ ਪ੍ਰਮਾਣਿਕ ਦਸਤਾਵੇਜ਼ ਹੋ ਨਿੱਬੜਦੀ ਹੈ। ਲੇਖਿਕਾ ਆਪਣੀ ਇਸ ਡਾਇਰੀ ਦਾ ਆਰੰਭ 12 ਜੂਨ, 1942 ਤੋਂ ਕਰਦੀ ਹੈ ਅਤੇ 1 ਅਗਸਤ, 1944 ਨੂੰ ਇਸ ਨੂੰ ਅੰਜਾਮ ਦਿੰਦੀ ਹੈ। ਇਸ ਡਾਇਰੀ ਦੇ ਆਰੰਭਿਕ ਪੜਾਅ ਵਿਚ ਲੇਖਿਕਾ ਆਪਣੇ ਜਨਮ ਦਿਨ ਅਤੇ ਜਨਮ ਦਿਨ 'ਤੇ ਮਿਲੇ ਵੰਨ-ਸੁਵੰਨੇ ਤੋਹਫ਼ਿਆਂ ਦੇ ਨਾਲ-ਨਾਲ ਆਪਣੇ ਸਹਿਪਾਠੀਆਂ ਅਤੇ ਪ੍ਰਸੰਸਕਾਂ ਦੇ ਵਿਵਹਾਰ ਬਾਰੇ ਤਫ਼ਸੀਲ ਨਾਲ ਚਰਚਾ ਕਰਦੀ ਹੈ। ਉਪਰੰਤ ਉਹ ਉਨ੍ਹਾਂ ਜਟਿਲ ਪ੍ਰਸਥਿਤੀਆਂ ਅਤੇ ਤਨ 'ਤੇ ਹੰਢਾਏ ਅਨੁਭਵਾਂ ਬਾਰੇ ਖੋਲ੍ਹ ਕੇ ਦੱਸਦੀ ਹੈ। ਯੂਰਪ ਮਹਾਂਦੀਪ ਵਿਚ ਜਦੋਂ ਐਡੋਲਫ਼ ਹਿਟਲਰ ਯਹੂਦੀਆਂ ਵਿਰੁੱਧ ਆਰੰਭੇ ਹਮਲਾਵਰ ਅਭਿਆਨ ਦੌਰਾਨ ਜਰਮਨੀ ਨੀਦਰਲੈਂਡ ਵਿਚ ਪ੍ਰਵੇਸ਼ ਕਰਦਾ ਹੈ ਤਾਂ ਕਿਸ਼ੋਰ ਅਵਸਥਾ ਵਿਚ ਦਾਖ਼ਲ ਹੋਣ ਵਾਲੀ ਇਹ ਯਹੂਦੀ ਲੜਕੀ, ਇਕ ਲੱਕੜ ਦੀ ਅਲਮਾਰੀ ਪਿੱਛੇ ਛਿਪੇ ਹੋਏ ਇਕ ਸੀਲਬੰਦ ਕਮਰੇ ਵਿਚ ਅਗਿਆਤ ਸਥਾਨ 'ਤੇ ਚਲੀ ਜਾਂਦੀ ਹੈ ਜਿਸ ਨੂੰ ਜਰਮਨ ਫ਼ੌਜੀ ਇਕ ਅਜਿਹੇ ਤਸੀਹਾ ਕੇਂਦਰ ਵਿਚ ਭੇਜ ਦਿੰਦੇ ਹਨ ਜਿੱਥੇ ਅੰਤਾਂ ਦੀ ਠੰਢ ਨਾਲ ਜੁੜ ਕੇ ਇਸ ਬਾਲੜੀ ਦੀ ਜੀਵਨ ਲੀਲ੍ਹਾ ਸਮਾਪਤ ਹੋ ਜਾਂਦੀ ਹੈ। ਆਪਣੇ ਗੁਪਤਵਾਸ ਦੇ ਇਨ੍ਹਾਂ ਦੋ ਸਾਲਾਂ ਦੌਰਾਨ ਐਨੀ ਫ਼ਰੈਂਕ ਦੂਜੇ ਵਿਸ਼ਵ ਯੁੱਧ ਨੂੰ ਸਮਝਣ ਲਈ ਡਾਇਰੀ ਦੇ ਰੂਪ ਵਿਚ ਅਜਿਹਾ ਪ੍ਰਮਾਣਿਕ ਦਸਤਾਵੇਜ਼ ਛੱਡ ਜਾਂਦੀ ਹੈ ਜਿਸ ਨਾਲ ਤਤਕਾਲੀ ਰਾਜਨੀਤਕ, ਸੱਭਿਆਚਾਰਕ, ਆਰਥਿਕ ਅਤੇ ਸਮਾਜਿਕ ਪ੍ਰਸਥਿਤੀਆਂ ਨੂੰ ਸਮਝਣ ਵਿਚ ਮਦਦ ਮਿਲਦੀ ਹੈ।
ਇਸ ਪ੍ਰਕਾਰ ਇਹ ਡਾਇਰੀ ਲੇਖਿਕਾ ਵਲੋਂ ਬਹੁਤ ਨੇੜਿਉਂ ਤੱਕੇ ਹਾਲਾਤ ਦੀ ਇਤਿਹਾਸਕ ਤਸਵੀਰ ਸਿੱਧ ਹੁੰਦੀ ਹੈ। ਜੇਕਰ ਇਹ ਹਕੀਕਤ ਸਾਹਮਣੇ ਨਾ ਆਉਂਦੀ ਤਾਂ ਪਤਾ ਨਹੀਂ ਅੱਤਿਆਚਾਰ ਦੇ ਸ਼ਿਕਾਰ ਕਿੰਨੇ ਹੀ ਲੋਕ ਗੁੰਮਨਾਮੀ ਦੀ ਦਲਦਲ ਵਿਚ ਸਦੀਵੀ ਤੌਰ 'ਤੇ ਧਸ ਕੇ ਰਹਿ ਜਾਂਦੇ।
ਅਨੁਵਾਦਕ ਨੇ ਵਾਸਤਵਿਕਤਾ ਦੇ ਨੇੜੇ ਰਹਿ ਕੇ ਸੋਹਣੇ ਢੰਗ ਨਾਲ ਐਨੀ ਫ਼ਰੈਂਕ ਦੀਆਂ ਭਾਵਨਾਵਾਂ ਨੂੰ ਪਾਠਕ ਵਰਗ ਤੱਕ ਪਹੁੰਚਾਉਣ ਦਾ ਸਾਰਥਕ ਉੱਦਮ ਕੀਤਾ ਹੈ। ਇਸ ਪੁਸਤਕ ਦੀ ਛਪਾਈ ਬਹੁਤ ਸੁੰਦਰ ਹੈ ਅਤੇ ਗੈਟਅੱਪ ਪਾਠਕਾਂ ਨੂੰ ਪਹਿਲੀ ਨਜ਼ਰੇ ਹੀ ਆਪਣੇ ਵੱਲ ਖਿੱਚਣ ਦੀ ਸਮਰੱਥਾ ਰੱਖਦੀ ਹੈ।
ਪੰਜਾਬੀ ਅਨੁਵਾਦ ਸਾਹਿਤ ਵਿਚ ਇਹ ਪੁਸਤਕ ਇਕ ਮਿਆਰੀ ਪ੍ਰਾਪਤੀ ਹੈ।


ਦਰਸ਼ਨ ਸਿੰਘ 'ਆਸ਼ਟ' (ਡਾ.)
ਮੋ: 98144-23703


ਸਚੁ ਸੁਣਾਇਸੀ
ਲੇਖਕ : ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
ਪ੍ਰਕਾਸ਼ਕ : ਕੁਕਨੁਸ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 98721-65741.


'ਕਾਨੂੰਨੀ ਨੁਕਤੇ ਤੇ ਆਮ ਆਦਮੀ' ਪੁਸਤਕ ਤੋਂ ਬਾਅਦ 'ਸਚੁ ਸੁਣਾਇਸੀ' ਸ੍ਰੀ ਸ਼ੁਗਲੀ ਦੀ ਦੂਜੀ ਪੁਸਤਕ ਹੈ, ਜਿਸ ਵਿਚ 40 ਮਘਦੇ ਵਿਸ਼ਿਆਂ 'ਤੇ ਲੇਖਕ ਨੇ ਬੜੀ ਦਲੇਰੀ ਤੇ ਚਿੰਤਕ-ਦ੍ਰਿਸ਼ਟੀ ਨਾਲ ਆਪਣੇ ਵਿਚਾਰ ਪੇਸ਼ ਕੀਤੇ ਹਨ। ਐਡਵੋਕੇਟ ਕਿੱਤੇ ਨਾਲ ਸੰਬੰਧਿਤ ਹੋਣ ਕਾਰਨ ਲੇਖਕ ਦੀ ਅੰਤਰ-ਬੁੱਧ ਅਤੇ ਜੇਰਾ ਬਹੁਤ ਸਪੱਸ਼ਟ ਸ਼ੈਲੀ ਵਿਚ ਝਲਕਦਾ ਹੈ। ਬਾਬਾ ਨਾਨਕ ਦੇ ਬਾਣੀ ਕਥਨ ਨੂੰ ਯਾਦ ਕਰਾਉਂਦੀ : 'ਸਚੁ ਸੁਣਾਇਸੀ ਸਚੁ ਕੀ ਬੇਲਾ॥' ਸਮਕਾਲ ਬਾਰੇ ਫ਼ਿਕਰਮੰਦੀ ਦਾ ਪ੍ਰਗਟਾਵਾ ਹੈ। ਲੇਖਕ ਦੇ ਸੱਚੇ-ਸੁੱਚੇ ਕਰਤਵ ਪਾਲਣ ਲਈ, ਇਹ ਲਿਖਤ ਹੋਕਾ ਦੇਣ ਦਾ ਕਾਰਜ ਵੀ ਕਰਦੀ ਹੈ। ਪੰਜਾਬ ਦੇ ਹਰ ਖੇਤਰ ਵਿਚ ਅਧੋਗਤੀ ਦੀ ਹਾਲਤ 'ਤੇ ਉਂਗਲ ਧਰਦੀ ਇਹ ਰਚਨਾ ਸੁਚਾਰੂ ਢੰਗ ਨਾਲ ਕੁਝ ਉਪਾਅ ਅਤੇ ਇਲਾਜ ਲਈ ਵੀ ਸੰਦੇਸ਼ ਦਿੰਦੀ ਹੈ। ਜਤਿੰਦਰ ਪੰਨੂੰ ਇਸ ਪੁਸਤਕ ਬਾਰੇ ਦੋ ਸ਼ਬਦ ਲਿਖਦਿਆਂ ਕਹਿੰਦਾ ਹੈ : 'ਇਸ ਕਿਤਾਬ ਵਿਚਲੇ ਲੇਖ ਸਮੇਂ ਦੀ ਤੋਰ ਦੇ ਨਾਲ-ਨਾਲ ਲਿਖੇ ਹੋਣ ਕਾਰਨ ਇਕ ਤਰ੍ਹਾਂ ਦਾ ਇਕ ਦੌਰ ਦਾ ਚੇਤਾ ਰੱਖਣ ਲਈ ਦਸਤਾਵੇਜ਼ ਦਾ ਕੰਮ ਕਰ ਸਕਦੇ ਹਨ।' ਮਿਤੀਬੱਧ ਲਿਖੇ ਲੇਖ 3 ਜਨਵਰੀ, 2016 ਤੋਂ ਪ੍ਰਾਰੰਭ 5 ਅਪ੍ਰੈਲ, 2019 ਦੇ ਸਮੇਂ ਨੂੰ ਨਿਰੂਪਣ ਕਰਦੇ ਹਨ। ਇਨ੍ਹਾਂ ਲੇਖਾਂ ਵਿਚਲੀ ਰਾਜਨੀਤਕ ਚੇਤਨਾ, ਨਿਰਪੱਖ ਬਿਆਨਬਾਜ਼ੀ, ਕਾਨੂੰਨੀ ਨਜ਼ਰੀਆ ਅਤੇ ਉਸਾਰੂ ਤੇ ਸੁਚਾਰੂ ਦ੍ਰਿਸ਼ਟੀ ਪਾਠਕ ਨੂੰ ਟੁੰਬਦੀ ਹੈ। ਪੁਸਤਕ 'ਚ ਸ਼ਾਮਿਲ ਲੇਖਾਂ 'ਚੋਂ ਟਿੱਪਣੀਆਂ 'ਤੇ ਝਾਤ ਮਾਰਨੀ ਚੰਗੀ ਰਹੇਗੀ। ਰਾਜਨੀਤਕ ਪਾਰਟੀਆਂ ਜੋੜ ਮੇਲਿਆਂ 'ਤੇ ਕੀਤੇ ਇਕੱਠ ਠਾਠਾਂ ਮਾਰਦਾ ਇਕੱਠ ਵਾਲੀ ਸੁਰਖੀ ਤਾਂ ਬਣਾ ਸਕਦੇ ਹਨ ਪਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਸਹੀ ਭਲਾ ਨਹੀਂ ਕਰ ਸਕਦੇ। ਜਾਤ ਦੇ ਮੁੱਦੇ ਨੇ ਬਹੁਤ ਵਾਰ ਸਰਕਾਰਾਂ ਬਣਾਉਣ ਤੇ ਤੁੜਵਾਉਣ ਦਾ ਕੰਮ ਕੀਤਾ ਹੈ। ਭਾਰਤ 'ਚ ਗਊ ਦੇ ਮੁੱਦੇ 'ਤੇ ਜਿਹੜੀ ਰਾਜਨੀਤੀ ਹੋ ਰਹੀ ਹੈ, ਮੰਦਭਾਗੀ ਹੈ। ਗਰੁੱਪ ਬਣਾ ਕੇ ਅਵਾਰਾ ਕੁੱਤੇ ਦਹਿਸ਼ਤ ਫੈਲਾਉਂਦੇ ਫਿਰਦੇ ਹਨ। ਪਾਣੀ ਬਿਨਾਂ ਜੀਵਨ ਸੰਭਵ ਨਹੀਂ ਪਰ ਇਸ ਬਿਨਾਂ ਪੰਜਾਬ ਦੀ ਰਾਜਨੀਤੀ ਵੀ ਸੰਭਵ ਨਹੀਂ। ਜੁੱਤੀ ਦੇ ਜਰਨੈਲ, ਰਾਵਣਾਂ ਦੀ ਰਾਵਣ ਨਾਲ ਜੰਗ ਤੇ ਵਾਅਦਿਆਂ ਦੀ ਅਧੂਰੀ ਖੇਤੀ ਲੇਖ ਵਿਅੰਗਮਈ ਰਚਨਾ ਦਾ ਕਮਾਲ ਹਨ। 'ਲਾਸ਼ਾਂ ਦੀ ਰਾਜਨੀਤੀ' ਪੰਜਾਬ ਦੀ ਸਥਿਤੀ ਨੂੰ ਸ਼ਰਮਸਾਰ ਕਰਦੀ ਹੈ। ਪੰਜਾਬ ਦੀ ਕਿਸਾਨੀ ਨਾਲ ਸੰਬੰਧਿਤ ਵਿਸ਼ੇ ਗ਼ੌਰ ਕਰਨ ਯੋਗ ਹਨ। ਪੰਜਾਬੀ ਜਵਾਨੀ ਤੇ ਪੰਜਾਬ ਦੀ ਕਿਸਾਨੀ ਬਚਾਉਣ ਲਈ ਲੇਖਕ ਨੇ ਉੱਚੀ ਆਵਾਜ਼ ਨਾਲ ਸੱਚ ਸੁਣਾਇਆ। ਪੰਜਾਬ ਦੀ ਹਰ ਰਾਜਸੀ ਪਾਰਟੀ ਦੀ ਕਾਰਜਸ਼ੈਲੀ 'ਤੇ ਲੇਖਕ ਨੇ ਤਨਜ਼ ਕੱਸਿਆ ਹੈ।


ਮਨਮੋਹਨ ਸਿੰਘ ਦਾਊਂ
ਮੋ: 98151-23900.


ਪੰਜਾਬ ਸਿਆਂ

ਲੇਖਕ : ਡਾ. ਦੀਪ
ਪ੍ਰਕਾਸ਼ਕ : ਰਹਾਓ ਪਬਲੀਕੇਸ਼ਨ ਨਿਹਾਲ ਸਿੰਘ ਵਾਲਾ (ਮੋਗਾ)
ਮੁੱਲ : 150 ਰੁਪਏ, ਸਫ਼ੇ : 94
ਸੰਪਰਕ : 98885-09978.


ਸ਼ਾਇਰ ਡਾ. ਦੀਪ ਆਪਣੇ ਪਲੇਠੇ ਕਾਵਿ-ਪਰਾਗ 'ਪੰਜਾਬ ਸਿਆਂ' ਰਾਹੀਂ ਪੰਜਾਬੀ ਅਦਬ ਦੇ ਦਰ-ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ। ਸ਼ਾਇਰ ਭਾਵੇਂ ਅਮਰੀਕਾ ਵਿਚ ਰਹਿੰਦਾ ਹੈ ਪਰ ਫਿਰ ਵੀ ਉਸ ਦਾ ਦਿਲ ਪੰਜਾਬ ਲਈ ਧੜਕਦਾ ਰਹਿੰਦਾ ਹੈ ਤੇ ਪੰਜਾਬ ਅੰਦਰ ਚੱਲ ਰਹੇ ਕਿਸਾਨੀ ਅੰਦੋਲਨ 'ਤੇ ਖੁੁਰਦਬੀਨੀ ਤੇ ਪੜਚੋਲਵੀਂ ਅੱਖ ਰੱਖਦਾ ਹੈ। ਉਹ ਦੱਸਦਾ ਹੈ ਕਿ ਭਗਵੇਂ ਬ੍ਰਿਗੇਡ ਦੀ ਮੋਦੀ ਸਰਕਾਰ ਕਾਰਪੋਰੇਟਰਾਂ ਦੀ ਕਠਪੁਤਲੀ ਬਣ ਕੇ ਬਹੁਸੰਮਤੀ ਦੀ ਆੜ ਵਿਚ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਪਾਸ ਕਰਕੇ ਕਿਵੇਂ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਅੱਖ ਰੱਖ ਕੇ ਉਨ੍ਹਾਂ ਦੇ ਹੀ ਖੇਤਾਂ ਵਿਚ ਕਿਸਾਨਾਂ ਨੂੰ ਮਜ਼ਦੂਰ ਤੇ ਘਸਿਆਰੇ ਬਣਾਉਣ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ।
ਕਿਸਾਨ ਅੰਦੋਲਨ ਦੌਰਾਨ ਦਿੱਲੀ ਘੇਰੀ ਬੈਠੇ ਕਿਸਾਨਾਂ ਦੇ ਹੌਸਲੇ ਦੀ ਦਾਦ ਦਿੰਦਿਆਂ ਦੱਸਦਾ ਹੈ ਕਿ ਕਿਵੇਂ ਕਕਰੀਲੀਆਂ ਯੱਖ ਠੰਢੀਆਂ ਰਾਤਾਂ ਵਿਚ ਵੀ ਕਿਸਾਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਡਟੇ ਹੋਏ ਹਨ। ਉਹ ਕਿਸਾਨਾਂ ਦੇ ਟਰੈਕਟਰਾਂ ਦੀ ਤੁਲਨਾ ਨੁਕਰੇ ਘੋੜਿਆਂ ਨਾਲ ਕਰਦਿਆਂ ਸਪੱਸ਼ਟ ਕਰਦਾ ਹੈ ਕਿ ਕਿਸਾਨਾਂ ਨੂੰ ਹੁਣ ਅਸਲੀ ਦੁਸ਼ਮਣ ਦੀ ਪਛਾਣ ਹੋ ਗਈ ਹੈ ਤੇ ਅੱਜ ਨਹੀਂ ਤਾਂ ਕੱਲ੍ਹ ਉਹ ਜੈਕਾਰੇ ਛੱਡਦੇ ਕਾਲੇ ਕਾਨੂੰਨ ਰੱਦ ਕਰਾ ਕੇ ਹੀ ਘਰਾਂ ਨੂੰ ਪਰਤਣਗੇ। ਉਹ ਅਗਾਊਂ ਜਾਗਰੂਕ ਕਰਦਾ ਹੈ ਕਿ ਕੁਝ ਪਿੰਜਰੇ ਦੇ ਤੋਤੇ ਸਰਕਾਰ ਦੀ ਬੋਲੀ ਬੋਲ ਰਹੇ ਹਨ ਤੇ ਉਨ੍ਹਾਂ ਦੀਆਂ ਜ਼ਮੀਰਾਂ 'ਤੇ ਲਾਹਣਤਾਂ ਦੀ ਵਾਛੜ ਮਾਰਦਾ ਹੈ। ਅੱਗੋਂ ਚੱਲ ਕੇ ਦੱਸਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਨੂੰ ਡੋਗਰਿਆਂ ਨੇ ਖੇਰੂੰ-ਖੇਰੂੰ ਕਰਕੇ ਲਹੂ ਦੀ ਹੋਲੀ ਖੇਡੀ ਸੀ ਤੇ ਅੱਜ ਵੀ ਨਵੀਂ ਕਿਸਮ ਦੇ ਡੋਗਰੇ ਅੰਦੋਲਨ ਵਿਚ ਘੁਸਪੈਠ ਕਰਕੇ ਅੰਦੋਲਨ ਨੂੰ ਢਾਹ ਲਾਉਣ ਦੀ ਤਾਕ ਵਿਚ ਹਨ ਤੇ ਇਨ੍ਹਾਂ ਨੂੰ ਪਛਾਣਨ ਦੀ ਲੋੜ ਹੈ। ਉਹ ਸਿਆਸਤਦਾਨਾਂ 'ਤੇ ਲਾਹਣਤਾਂ ਦੀ ਵਾਛੜ ਮਾਰਦਾ ਹੈ ਜਿਨ੍ਹਾਂ ਨੇ ਕੰਡਿਆਲੀ ਤਾਰ ਨਾਲ ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ ਵੰਡ ਦਿੱਤਾ ਹੈ ਪਰ ਦਿਲ ਨਹੀਂ ਵੰਡੇ ਗਏ ਤੇ ਅੱਜ ਵੀ ਲੋਕ ਇਸ ਵੰਡ ਦਾ ਖਮਿਆਜ਼ਾ ਭੁਗਤ ਰਹੇ ਹਨ। ਇਹ ਕਹਿੰਦਾ ਹੈ :
'ਏਧਰ ਹੈ ਜਲੰਧਰ, ਓਧਰ ਹੈ ਪਸ਼ੌਰ
ਏਧਰ ਅੰਬਰਸਰ ਤੇ ਓਧਰ ਹੈ ਲਾਹੌਰ
ਦੋਹਾਂ ਪਾਸੇ ਵਸਦੇ ਨੇ ਪੰਜਾਬੀ
ਇਕੋ ਜੇਹੇ ਨੈਣ ਨਕਸ਼ ਇਕੋ ਜੇਹੀ ਤੋਰ।'


ਭਗਵਾਨ ਢਿੱਲੋਂ
ਮੋ: 98143-78254.


ਜਨਮ ਭੋਇੰ ਟਾਂਡੀ
ਲੇਖਕ : ਅਸ਼ੋਕ ਟਾਂਡੀ
ਪ੍ਰਕਾਸ਼ਕ : ਲੇਖਕ ਆਪ
ਸਫ਼ੇ : 193
ਸੰਪਰਕ : 98550-53839.


ਆਪਣੀ ਜਨਮ ਭੂਮੀ ਨੂੰ ਆਪਣੇ ਚੇਤਿਆਂ ਵਿਚ ਵਸਾਈ ਰੱਖਣਾ ਮਨੁੱਖ ਦਾ ਮੁਢਲਾ ਫ਼ਰਜ਼ ਹੈ ਕਿਉਂਕਿ ਉਹ ਤਰੱਕੀ ਕਰਦਾ ਭਾਵੇਂ ਕਿਸੇ ਵੀ ਮੁਕਾਮ ਉੱਤੇ ਪਹੁੰਚ ਜਾਵੇ ਪਰ ਉਸ ਦੀ ਜਨਮ ਭੂਮੀ ਦੇ ਯੋਗਦਾਨ ਨੂੰ ਕਦੇ ਵੀ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਇਸ ਵਿਚਾਰ ਅਧੀਨ ਪੁਸਤਕ 'ਜਨਮ ਭੋਇੰ ਟਾਂਡੀ' ਦੇ ਲੇਖਕ ਅਸ਼ੋਕ ਟਾਂਡੀ ਨੇ ਵੀ ਇਸ ਪੁਸਤਕ ਦੁਆਰਾ ਆਪਣੇ ਪਿੰਡ ਟਾਂਡੀ ਦੀ ਜਨਮ ਭੂਮੀ ਨੂੰ ਨਮਨ ਕਰਨ ਦਾ ਯਤਨ ਕੀਤਾ ਹੈ। ਇਸ ਪੁਸਤਕ ਵਿਚ ਲੇਖਕ ਨੇ ਆਪਣੇ ਪਿੰਡ ਟਾਂਡੀ ਦੇ ਇਤਿਹਾਸਕ ਪਿਛੋਕੜ ਬਾਰੇ ਜ਼ਿਕਰ ਕਰਦਿਆਂ ਬਹੁਤ ਸਾਰੇ ਇਤਿਹਾਸਕ ਵੇਰਵਿਆਂ ਨੂੰ ਵੀ ਦਰਜ ਕੀਤਾ ਹੈ। ਪਿੰਡ ਦੀ ਭੂਗੋੋਲਿਕ ਸਥਿਤੀ ਪਿੰਡ ਵਿਚ ਵਸਦੇ ਲੋਕਾਂ, ਉਨ੍ਹਾਂ ਦੇ ਰਹਿਣ-ਸਹਿਣ ਨੂੰ ਪੇਸ਼ ਕਰਨ ਦੇ ਨਾਲ-ਨਾਲ ਪਿੰਡ ਦੇ ਬਹੁਤ ਸਾਰੇ ਖ਼ਾਨਦਾਨਾਂ ਦੇ ਪਰਿਵਾਰਕ ਪਿਛੋਕੜ ਬਾਰੇ ਵੀ ਕਾਫੀ ਮਹੱਤਵਪੂਰਨ ਜਾਣਕਾਰੀ ਉਪਲਬਧ ਕਰਵਾਈ ਗਈ ਹੈ। ਇਸ ਦੇ ਨਾਲ ਹੀ ਪਿੰਡ ਦੀਆਂ ਵੱਖ-ਵੱਖ ਖੇਤਰਾਂ ਵਿਚ ਪ੍ਰਸਿੱਧੀ ਪ੍ਰਾਪਤ ਕਰਨ ਜਾਂ ਉੱਚ ਅਹੁਦਿਆਂ 'ਤੇ ਬਿਰਾਜਮਾਨ ਹੋਣ ਵਾਲੀਆਂ ਸ਼ਖ਼ਸੀਅਤਾਂ ਦੇ ਜੀਵਨ ਅਤੇ ਪ੍ਰਾਪਤੀਆਂ ਨੂੰ ਉਨ੍ਹਾਂ ਦੀਆਂ ਤਸਵੀਰਾਂ ਸਮੇਤ ਅੰਕਿਤ ਕੀਤਾ ਗਿਆ ਹੈ। ਪਿੰਡ ਦੀ ਆਰਥਿਕਤਾ ਦਾ ਭਾਵੇਂ ਮੁੱਖ ਸਾਧਨ ਖੇਤੀਬਾੜੀ ਹੀ ਹੈ ਪਰ ਆਪਣੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰਨ ਲਈ ਲੋਕਾਂ ਦੁਆਰਾ ਹੋਰ ਕਿੱਤਿਆਂ ਨੂੰ ਅਪਣਾਉਣ ਬਾਰੇ ਵੀ ਕਾਫੀ ਭਾਵਪੂਰਤ ਜਾਣਕਾਰੀ ਪੁਸਤਕ ਵਿਚੋਂ ਪ੍ਰਾਪਤ ਹੁੰਦੀ ਹੈ। ਲੋਕਾਂ ਦਾ ਰਹਿਣ-ਸਹਿਣ, ਮਨੋਰੰਜਨ, ਖੇਡਾਂ ਆਦਿ ਬਾਰੇ ਵੀ ਲੇਖਕ ਨੇ ਬਾਰੀਕੀ ਨਾਲ ਵੇਰਵੇ ਪੇਸ਼ ਕੀਤੇ ਹਨ। ਪਿੰਡ ਦੀ ਜ਼ਮੀਨ ਦੀਆਂ ਕਿਸਮਾਂ ਬਾਰੇ ਜਾਣਕਾਰੀ ਭਾਵੇਂ ਨਵੀਂ ਨਹੀਂ ਪਰ ਅੱਜ ਦੇ ਪਾਠਕਾਂ ਲਈ ਜ਼ਰੂਰ ਮਹੱਤਵਪੂਰਨ ਹੈ ਜਿਵੇਂ ਨਿਆਈਂ ਜ਼ਮੀਨ, ਛੰਭ, ਥੇਹ, ਰੋਹੀ ਆਦਿ ਬਾਰੇ ਵੀ ਲੇਖਕ ਨੇ ਜ਼ਿਕਰ ਛੇੜਿਆ ਹੈ। ਪੁਸਤਕ ਵਿਚ ਪਿੰਡ ਦੀ ਤਾਸੀਰ ਨੂੰ ਪੇਸ਼ ਕਰਦੀਆਂ ਕਾਵਿ-ਰਚਨਾਵਾਂ ਵੀ ਸ਼ਾਮਿਲ ਹਨ। ਇਹ ਪੁਸਤਕ ਕੋਰੋਨਾ ਕਾਲ ਦੀ ਹੀ ਉਪਜ ਹੈ ਕਿਉਂਕਿ ਆਸਟ੍ਰੇਲੀਆ ਵਿਚ ਤਾਲਾਬੰਦੀ ਦੌਰਾਨ ਪਿੰਡ ਦੀ ਯਾਦ ਨੇ ਲੇਖਕ ਨੂੰ ਪੁਸਤਕ ਲਿਖਣ ਲਈ ਪ੍ਰੇਰਿਤ ਕੀਤਾ।


ਡਾ. ਸਰਦੂਲ ਸਿੰਘ ਔਜਲਾ
ਮੋ: 98141-68611.


ਨਾਰਕੋ ਟੈਸਟ

ਲੇਖਕ : ਦਵਿੰਦਰ ਸਿੰਘ ਗਿੱਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 98550-73018.


ਦਵਿੰਦਰ ਸਿੰਘ ਗਿੱਲ ਪੰਜਾਬੀ ਹਾਸ-ਵਿਅੰਗ ਦੇ ਖੇਤਰ ਵਿਚ ਆਇਆ ਸਿੱਕੇਬੰਦ ਵਿਅੰਗ ਲੇਖਕ ਹੈ, ਜਿਸ ਨੇ ਆਪਣੀਆਂ ਕਲਾਤਮਿਕ ਲਿਖਤਾਂ ਨਾਲ ਪੰਜਾਬੀ ਪਾਠਕਾਂ ਦਾ ਦਿਲ ਬਹੁਤ ਥੋੜ੍ਹੇ ਸਮੇਂ ਵਿਚ ਹੀ ਜਿੱਤ ਲਿਆ ਹੈ। 'ਮਿਰਜ਼ਾ ਸਾਹਿਬਾਂ ਇਨ ਟਵੰਟੀ ਫਸਟ ਸੈਂਚਰੀ' (ਹਾਸ-ਰਸੀ ਕਵਿਤਾ) ਅਤੇ 'ਇਸ਼ਕ ਰੀਮਿਕਸ' ਨਾਟਕਾਂ ਰਾਹੀਂ ਉਸ ਨੇ ਆਪਣੀ ਕਲਾ ਦਾ ਨਮੂਨਾ ਪੇਸ਼ ਕਰਕੇ ਖੂਬ ਵਡਿਆਈ ਖੱਟੀ ਹੈ।
'ਨਾਰਕੋ ਟੈਸਟ' ਅਪਰਾਧੀਆਂ ਦਾ ਝੂਠ ਫੜਨ ਦਾ ਇਕ ਟੈਸਟ ਹੁੰਦਾ ਹੈ ਜਿਸ ਦੀ ਵਰਤੋਂ ਪੁਲਿਸ ਦੇ ਉੱਚ ਜਾਂਚ ਅਧਿਕਾਰੀ ਔਖੇ ਤੇ ਫਸੇ ਹੋਏ ਮਾਮਲਿਆਂ ਵਿਚ ਆਮ ਕਰਦੇ ਹਨ। ਵਿਅੰਗ ਲੇਖਕ ਦੀਆਂ ਆਪਣੀਆਂ ਵਿਅੰਗ ਲਿਖਤਾਂ ਵੀ ਨਾਰਕੋ ਟੈਸਟ ਜਿਹੀਆਂ ਹੀ ਹੁੰਦੀਆਂ ਹਨ ਜੋ ਸਮਾਜ ਦੇ ਦੰਭ, ਦਿਖਾਵੇ, ਹੋਛੇਪਨ, ਵਿਸੰਗਤੀ ਅਤੇ ਝੂਠ ਨੂੰ ਬੇਪਰਦ ਕਰਨ ਲਈ ਹੀ ਲਿਖੀਆਂ ਜਾਂਦੀਆਂ ਹਨ। ਵਿਅੰਗ ਲੇਖਕ ਆਪਣੇ ਤਿੱਖੇ ਵਿਅੰਗਾਂ ਰਾਹੀਂ ਇਨ੍ਹਾਂ ਲੋਕਾਂ ਦੇ ਮਖੌਟੇ ਲਾਹ ਕੇ ਉਨ੍ਹਾਂ ਦੇ ਝੂਠ ਨੂੰ ਬੇਨਕਾਬ ਕਰਦਾ ਹੈ। ਲੇਖਕ ਨੇ ਜੁਗਾੜੂ ਲੇਖਕਾਂ, ਅਖੌਤੀ ਸੱਭਿਆਚਾਰਕ ਸੰਸਥਾਵਾਂ, ਲਾਲਚੀ ਡਾਕਟਰਾਂ, ਅੰਨਦਾਤਿਆਂ, ਬੇਸੁਰੇ ਗਾਇਕਾਂ, ਆਪੇ ਬਣੇ ਟੀ.ਵੀ. ਪੱਤਰਕਾਰਾਂ, ਨਾਲਾਇਕ ਅਧਿਆਪਕਾਂ ਦੇ ਨਾਰਕੋ ਟੈਸਟ ਪੇਸ਼ ਕੀਤੇ ਹਨ, ਉਹ ਉਨ੍ਹਾਂ ਨੂੰ ਅਜਿਹੇ ਡੂੰਘੇ ਸਵਾਲ ਕਰਦਾ ਹੈ ਕਿ ਉਨ੍ਹਾਂ ਦਾ ਸਾਰਾ ਹੀਲ-ਪਿਆਜ਼ ਨੰਗਾ ਹੋ ਜਾਂਦਾ ਹੈ। ਉਹ ਸੱਚ-ਸੱਚ ਦੱਸਣ ਲਈ ਮਜਬੂਰ ਹੋ ਜਾਂਦੇ ਹਨ।
ਕੋਰੋਨਾ ਬਿਮਾਰੀ ਤਾਲਾਬੰਦੀ ਤੇ ਕਰਫ਼ਿਊ ਜਿਹੀਆਂ ਸਥਿਤੀਆਂ ਪੈਦਾ ਕਰਨ ਲਈ ਜ਼ਿੰਮੇਵਾਰ ਆਖੀ ਜਾ ਸਕਦੀ ਹੈ। ਪਰ ਗਿੱਲ ਨੇ ਇਨ੍ਹਾਂ ਸਥਿਤੀਆਂ ਤੇ ਹਾਲਤ ਵਿਚ ਵੀ ਅਜਿਹੀਆਂ ਸਥਿਤੀਆਂ ਲੱਭ ਲਈਆਂ ਹਨ ਜੋ ਹਾਸਾ ਪੈਦਾ ਕਰਦੀਆਂ ਹਨ। ਇਨ੍ਹਾਂ ਲੇਖਾਂ ਵਿਚਲੇ ਕਿਰਦਾਰ ਆਪਣੇ ਹੰਝੂਆਂ ਵਿਚ ਵੀ ਮੁਸਕਰਾਉਂਦੇ ਪ੍ਰਤੀਤ ਹੁੰਦੇ ਹਨ। 'ਅਸੀਂ ਵੀ ਸਨਮਾਨ ਵਾਪਸ ਕੀਤਾ', ਕਵੀ ਜੀ ਨੇ ਘਰ ਦਾ ਬਜਟ ਬਣਾਇਆ, ਅਸੀਂ ਯੋਗਾ ਦਿਵਸ ਮਨਾਇਆ, ਜਿਹੇ ਰਵਾਇਤੀ ਹਾਸ-ਵਿਅੰਗ ਲੇਖਾਂ ਨੂੰ ਵੀ ਉਸ ਨੇ ਪ੍ਰਵੀਨਤਾ ਦੀ ਪਾਨ ਚੜ੍ਹਾ ਕੇ ਨਵੀਂ ਹਾਸ-ਰਸੀ ਸ਼ੈਲੀ ਦਾ ਉਦਘਾਟਨ ਕੀਤਾ ਹੈ। ਰਿੱਛ ਅਤੇ ਆਦਮੀ, ਮੋਗੇ ਦੀਆਂ ਸਰਵਿਸ ਲੇਨਾਂ, ਗੁਰੂ ਸਿੱਖ ਦਾ ਸੰਵਾਦ ਲੇਖ ਪੜ੍ਹ ਕੇ ਪਾਠਕ ਬੌਧਿਕ ਹੁਲਾਰੇ ਵੀ ਲੈਂਦਾ ਹੈ। ਪੁਸਤਕ ਪੜ੍ਹਨ ਦੀ ਸਿਫ਼ਾਰਸ਼ ਕਰਦਾ ਹਾਂ।


ਕੇ. ਐਲ. ਗਰਗ
ਮੋ: 94635-37050.


ਮਘਦਾ ਰਹੀਂ ਵੇ ਸੂਰਜਾ

ਸੰਪਾਦਕ : ਰਾਜਿੰਦਰ ਸਿੰਘ ਰਾਹੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 98157-51332.


ਸਰਹੱਦੀ ਖਿੱਤਾ ਹੋਣ ਕਰਕੇ ਪੰਜਾਬ ਦੀ ਧਰਤੀ ਦੇਸ਼ ਉੱਤੇ ਹਮਲਾਵਰ ਵਿਦੇਸ਼ੀ ਧਾੜਵੀਆਂ ਨੂੰ ਸਬਕ ਸਿਖਾਉਣ ਵਾਲੇ ਯੋਧਿਆਂ ਦੀ ਜ਼ਰਖ਼ੇਜ਼ ਜ਼ਮੀਨ ਮੰਨੀ ਗਈ ਹੈ। ਜੰਗਾਂ-ਯੁੱਧਾਂ ਵਾਲੇ ਨਿੱਤ ਦੇ ਵਰਤਾਰਿਆਂ ਨੇ ਪੰਜਾਬੀਆਂ ਨੂੰ ਸੂਰਬੀਰ ਬਣਾ ਦਿੱਤਾ ਅਤੇ ਇਸੇ ਕਰਕੇ ਇੱਥੋਂ ਦਾ ਬਹੁਤਾ ਸਾਹਿਤ ਬੀਰ ਰਸ ਨਾਲ ਹੀ ਲਬਰੇਜ਼ ਹੈ। ਸੱਤਰਵਿਆਂ ਦੌਰਾਨ ਪੰਜਾਬ ਦੀ ਇਸੇ ਜੁਝਾਰੂ ਮਿੱਟੀ ਨੇ ਨਕਸਲਬਾੜੀ ਲਹਿਰ ਨੂੰ ਪ੍ਰਚੰਡ ਕੀਤਾ, ਜਿਸ ਵਿਚੋਂ ਲੋਕ ਕਵੀ ਸੰਤ ਰਾਮ ਉਦਾਸੀ ਦੇ ਅਜਿਹੇ ਜੋਸ਼ੀਲੇ ਗੀਤਾਂ ਨੇ ਜਨਮ ਲਿਆ :
ਉੱਠ ਕਿਰਤੀਆ ਉੱਠ ਵੇ ਉੱਠਣ ਦਾ ਵੇਲਾ।
ਜੜ੍ਹ ਵੈਰੀ ਦੀ ਪੁੱਟ ਵੇ ਪੁੱਟਣ ਦਾ ਵੇਲਾ।
ਲੋਕ ਕਵੀ ਸੰਤ ਰਾਮ ਉਦਾਸੀ ਇਸ ਚਿੱਟੇ ਦਿਨ ਵਰਗੀ ਸੱਚਾਈ ਨੂੰ ਭਲੀਭਾਂਤ ਸਮਝਦੇ ਸਨ ਕਿ ਪੰਜਾਬੀਆਂ ਦੀ ਸੂਰਬੀਰਤਾ ਅਤੇ ਬਹਾਦਰੀ ਦੇ ਪਿੱਛੇ ਗੁਰੂ ਗੋਬਿੰਦ ਸਿੰਘ ਵਲੋਂ ਸਾਜੇ-ਨਿਵਾਜੇ ਖ਼ਾਲਸੇ ਦਾ ਸੰਘਰਸ਼ਮਈ ਇਤਿਹਾਸ ਹੈ। ਉਨ੍ਹਾਂ ਕਵਿਤਾ ਵਿਚ ਗੁਰੂ ਸਾਹਿਬਾਨ ਅਤੇ ਸਿੱਖ ਕੌਮ ਵਲੋਂ ਕੀਤੇ ਗਏ ਯੁੱਗ ਪਲਟਾਊ ਕਾਰਨਾਮਿਆਂ ਦਾ ਜ਼ਿਕਰ ਬੜੇ ਮਾਣ ਨਾਲ ਕੀਤਾ ਹੈ :
ਦਿੱਲੀਏ ਦਿਆਲਾ ਦੇਖ ਦੇਗ 'ਚ ਉੱਬਲਦਾ ਨੀਂ,
ਅਜੇ ਤੇਰਾ ਚਿੱਤਾ ਨਾ ਠਰੇ।
ਮਤੀਦਾਸ ਤਾਈਂ ਚੀਰ ਆਰੇ ਵਾਂਗੂੰ ਜੀਭ ਤੇਰੀ,
ਅਜੇ ਮਨਮੱਤੀਆਂ ਕਰੇ।
ਲੋਕ ਕਵੀ ਸੰਤ ਰਾਮ ਉਦਾਸੀ ਦੇ ਚੋਣਵੇਂ ਗੀਤਾਂ ਦੀ ਇਸ ਪੁਸਤਕ 'ਮਘਦਾ ਰਹੀਂ ਵੇ ਸੂਰਜਾ' ਦੇ ਸੰਪਾਦਕ ਰਾਜਿੰਦਰ ਸਿੰਘ ਰਾਹੀ ਖ਼ੁਦ ਵੀ ਇਨਕਲਾਬੀ ਵਿਚਾਰਧਾਰਾ ਦੇ ਧਾਰਨੀ ਹਨ। ਉਨ੍ਹਾਂ ਨੇ ਲੰਮਾ ਸਮਾਂ ਲੋਕ ਲਹਿਰਾਂ ਵਿਚ ਕੰਮ ਕੀਤਾ ਹੈ ਅਤੇ ਸਾਹਿਤਕ ਖੇਤਰ ਵਿਚ ਵੀ ਉਨ੍ਹਾਂ ਨੇ ਬੜਾ ਜ਼ਿਕਰਯੋਗ ਯੋਗਦਾਨ ਪਾਇਆ ਹੈ। ਪੁਸਤਕ ਵਿਚਲੇ ਗੀਤਾਂ ਦੀ ਚੋਣ ਅਤੇ ਤਰਤੀਬ ਵੀ ਬੜੀ ਤਸੱਲੀਬਖ਼ਸ਼ ਹੈ। ਉਮੀਦ ਹੈ ਕਿ ਪਾਠਕ ਕੰਮੀਆਂ ਦੇ ਵਿਹੜੇ ਦੇ ਇਸ ਮਹਾਨ ਨਾਇਕ ਦੀ ਇਨਕਲਾਬੀ ਯਾਦ ਨੂੰ ਤਾਜ਼ਾ ਕਰਨ ਵਾਲੇ ਉਨ੍ਹਾਂ ਦੇ ਇਸ ਬੇਹੱਦ ਸ਼ਲਾਘਾਯੋਗ ਉਪਰਾਲੇ ਦਾ ਭਰਪੂਰ ਸਮਰਥਨ ਕਰਨਗੇ।


ਕਰਮ ਸਿੰਘ ਜ਼ਖ਼ਮੀ
ਮੋ: 98146-28027


ਸੋਚ ਨੂੰ ਸਿਜਦਾ-2020
ਲੇਖਕ : ਸੋਹਣ ਸਹਿਜਲ
ਪ੍ਰਕਾਸ਼ਕ : ਲੇਖਕ ਆਪ
ਮੁੱਲ : 150 ਰੁਪਏ, ਸਫ਼ੇ : 136
ਸੰਪਰਕ : 91151-75174.


ਡਾ. ਭੀਮ ਰਾਓ ਅੰਬੇਡਕਰ ਦੀ ਮਾਨਵਤਾਵਾਦੀ ਵਿਚਾਰਧਾਰਾ 'ਤੇ ਆਧਾਰਿਤ ਸੋਹਣ ਸਹਿਜਲ ਦਾ ਕਾਵਿ-ਸੰਗ੍ਰਹਿ 'ਸੋਚ ਨੂੰ ਸਿਜਦਾ-2020' ਇਸ ਕਾਵਿ-ਲੜੀ ਦੀ ਤੀਜੀ ਪੁਸਤਕ ਹੈ। ਇਸ ਲੜੀ ਦੀਆਂ ਪਹਿਲੀਆਂ ਦੋ ਪੁਸਤਕਾਂ 2014 ਤੇ 2019 ਵਿਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਵੀ ਇਸ ਲੇਖਕ ਦੀਆਂ ਕਰੀਬ ਦੋ ਦਰਜਨ ਪੁਸਤਕਾਂ ਸੰਬੰਧਿਤ ਵਿਸ਼ਿਆਂ ਵਿਚ ਪ੍ਰਕਾਸ਼ਿਤ ਕਰਵਾਈਆਂ ਜਾ ਚੁੱਕੀਆਂ ਹਨ। ਇਸ ਵਿਸ਼ੇ ਅਤੇ ਵਿਚਾਰਧਾਰਾ ਨਾਲ ਸੰਬੰਧਿਤ ਸਾਹਿਤ ਦਾ ਇਕੋ-ਇਕ ਮਕਸਦ ਦੇਸ਼ ਵਿਚ ਆਰਥਿਕ ਬਰਾਬਰੀ ਤੇ ਸਮਾਜਿਕ ਨਿਆਂ ਦੀ ਸਥਾਪਤੀ ਹੈ। ਇਸ ਕਾਵਿ-ਸੰਗ੍ਰਹਿ ਵਿਚ ਸੋਹਣ ਸਹਿਜਲ ਦੁਆਰਾ ਇਸ ਗੱਲ ਨੂੰ ਸਿੱਧ ਕੀਤਾ ਹੈ ਕਿ ਭਗਤ ਕਬੀਰ, ਗੁਰੂ ਰਵਿਦਾਸ, ਮਹਾਤਮਾ ਬੁੱਧ ਦੀ ਵਿਚਾਰਧਾਰਾ ਤੇ ਸੋਚ ਨੂੰ ਅਪਣਾ ਕੇ ਹੀ ਦੇਸ਼ ਵਿਚ ਇਸ ਬਦਲਾਅ ਲਈ ਜਾਗ੍ਰਿਤੀ ਪੈਦਾ ਕੀਤੀ ਜਾ ਸਕਦੀ ਹੈ। ਇਸ ਸੰਗ੍ਰਹਿ ਵਿਚ ਲਗਭਗ ਚਾਰ ਦਰਜਨ ਕਵਿਤਾਵਾਂ ਸ਼ਾਮਿਲ ਹਨ ਜਿਨ੍ਹਾਂ ਦੇ ਵਿਸ਼ੇ ਵਿਲੱਖਣ ਹੁੰਦੇ ਹੋਏ ਵੀ ਇਨ੍ਹਾਂ ਦੀ ਸੁਰ ਇਕ ਹੀ ਹੈ। ਆਰਥਿਕਤਾ, ਸਮਾਜਿਕਤਾ ਅਤੇ ਅੰਧਵਿਸ਼ਵਾਸ ਨਾਲ ਸੰਬੰਧਿਤ ਕਈ ਵਿਸ਼ਿਆਂ ਬਾਰੇ ਲਿਖਦੇ ਹੋਏ ਉਹ ਬਾਬਾ ਸਾਹਿਬ ਦੀ ਵਿਚਾਰਧਾਰਾ ਦੇ ਨਾਲ-ਨਾਲ ਬੇਗਮਪੁਰਾ, ਅਸ਼ੋਕ ਮਹਾਨ, ਚਰਨਦਾਸ, ਫੂਲਨ ਦੇਵੀ, ਸੰਤ ਗਾਡਗੇ ਬਾਬਾ, ਨੈਲਸਨ ਮੰਡੇਲਾ, ਸਵਾਮੀ ਨਾਰਾਇਣਾ ਜੀ ਅਤੇ ਦੀਨਾ ਭਾਨਾ ਜੀ ਦੀਆਂ ਜੀਵਨ ਸੰਬੰਧੀ ਸੋਚ ਨੂੰ ਇਨਕਲਾਬੀ ਤਰਕ ਸੋਚ ਵਿਚ ਇਕ-ਮਿੱਕ ਕੀਤਾ ਹੈ। ਇਸ ਸੋਚ ਨੂੰ ਕਵੀ ਇਸ ਦੇਸ਼ ਵਿਚ ਸਮਾਨਤਾਵਾਦ ਲਿਆਉਣ ਲਈ ਵਰਤਣਾ ਚਾਹੁੰਦਾ ਹੈ। ਇਹ ਬਦਲਾਅ ਸਮਕਾਲੀ ਸਮੇਂ ਨਾਲ ਅਜੋਕੇ ਸਮੇਂ ਦੇ ਸੰਕਟਾਂ ਦਾ ਹੱਲ ਵੀ ਬਣ ਸਕਦਾ ਹੈ ਜੋ ਇਸ ਦੇਸ਼ ਦੇ ਆਮ ਨਾਗਰਿਕ ਦੇ ਹੱਕਾਂ ਲਈ ਜ਼ਰੂਰੀ ਹੈ। ਕਿਸੇ ਧਰਮ ਮਨੁੱਖ ਜਾਂ ਜਾਤ ਦੇ ਨਾਲ, ਸਾਡਾ ਝਗੜਾ ਕੋਈ ਲੜਾਈ ਨਹੀਂ ਹੈ।
ਬੰਦਾ, ਬੰਦੇ ਦੇ ਨਾਲ ਕਿਉਂ ਕਰੇ ਨਫ਼ਰਤ, ਸਾਡੀ ਸਮਝ ਵਿਚ ਇਹ ਗੱਲ ਆਈ ਨਹੀਂ ਹੈ।
ਨਹੀਂ ਚਾਹੀਦੀ ਉਹ ਵਿਚਾਰਧਾਰਾ, ਜੋ ਊਚ-ਨੀਚ, ਰੰਗ ਭੇਦ ਦਾ ਫ਼ਰਕ ਕਰਦੀ।
ਸਹਿਜਲ ਭਾਵਨਾ ਗ਼ੈਰ-ਬਰਾਬਰੀ ਦੀ, ਲੋਕਤੰਤਰ ਦਾ ਬੇੜਾ ਗਰਕ ਕਰਦੀ।


ਡਾ. ਸੰਦੀਪ ਰਾਣਾ
ਮੋ: 9872887551


ਇਕ ਕਦਮ ਮੰਜ਼ਿਲ ਵੱਲ
ਲੇਖਕ : ਸੰਦੀਪ ਰਾਣੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 70092-07717.


ਲੇਖਿਕਾ ਸੰਦੀਪ ਰਾਣੀ ਅਜੋਕੀ ਨਵੀਂ ਪੀੜ੍ਹੀ ਦੀ ਅਗਾਂਹਵਧੂ ਵਿਚਾਰਾਂ ਵਾਲੀ ਸ਼ਾਇਰਾ ਹੈ। ਉਹ ਆਪਣੇ ਜੀਵਨ ਨੂੰ ਜਿਵੇਂ ਵੇਖਦੀ, ਹੰਢਾਉਂਦੀ ਅਤੇ ਮਹਿਸੂਸ ਕਰਦੀ ਹੈ, ਬੱਸ ਇਹੀ ਉਸ ਦੀ ਰਚਨਾ ਦਾ ਵਿਸ਼ਾ ਵਸਤੂ ਬਣ ਜਾਂਦਾ ਹੈ। ਉਹ ਸਮਾਜ ਅੰਦਰ ਵਾਪਰਦੀਆਂ ਘਟਨਾਵਾਂ ਨੂੰ ਬਹੁਤ ਸੰਜੀਦਾ ਹੋ ਕੇ ਵੇਖਦੀ ਹੈ। ਸਮਾਜ ਅੰਦਰ ਫ਼ੈਲੀਆਂ ਹੋਈਆਂ ਕੁਰੀਤੀਆਂ ਦੀ ਨਿਸ਼ਾਨਦੇਹੀ ਕਰਦੀ ਹੈ ਅਤੇ ਉਨ੍ਹਾਂ ਦਾ ਹੱਲ ਦੱਸਣ ਦਾ ਯਤਨ ਵੀ ਕਰਦੀ ਹੈ। ਉਸ ਦੀ ਸੰਵੇਦਨਾ ਬਹੁਪੱਖੀ ਹੈ। ਉਸ ਨੂੰ ਪੰਜਾਬ ਦੀ ਜਵਾਨੀ ਦਾ ਫ਼ਿਕਰ ਹੈ। ਉਹ ਉਨ੍ਹਾਂ ਦਾ ਸੁਨਿਹਰਾ ਭਵਿੱਖ ਆਪਣੇ ਮੁਲਕ 'ਚ ਹੀ ਚੰਗਾ ਹੋਣਾ ਲੋਚਦੀ ਹੈ। ਉਹ ਖ਼ਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਹਲੂਣਦੀ ਹੈ ਅਤੇ ਇਕ ਆਦਰਸ਼ਵਾਦੀ ਸਮਾਜ ਦੀ ਸਿਰਜਣਾ ਕਰਨਾ ਉਸ ਦਾ ਸੁਪਨਾ ਹੈ। ਉਹ ਰਸਾਤਲ ਵੱਲ ਨੂੰ ਜਾ ਰਹੀ ਰਾਜਨੀਤੀ, ਬੇਲੋੜੀਆਂ ਸਮਾਜਿਕ ਰਸਮਾਂ, ਨਸ਼ੇ, ਭਰੂਣ ਹੱਤਿਆ, ਪ੍ਰਦੂਸ਼ਣ ਅਤੇ ਹੋਰਨਾਂ ਭਖਦੀਆਂ ਸਮੱਸਿਆਵਾਂ ਪ੍ਰਤੀ ਚੇਤੰਨ ਹੋਣ ਕਰਕੇ ਚਿੰਤਾ ਵਿਅਕਤ ਕਰਦੀ ਹੈ। ਉਹ ਖ਼ੁਦ ਲਿਖਦੀ ਹੈ, 'ਮੈਂ ਅਤੇ ਮੇਰੀ ਕਵਿਤਾ ਜਿਸ ਰਸਤੇ 'ਚੋਂ ਲੰਘੇ ਹਾਂ। ਉਸ ਰਸਤੇ 'ਚੋਂ ਹਿੰਮਤ ਅਤੇ ਹੌਂਸਲੇ ਉਪਜੇ ਹਨ। ਬੰਜਰ ਜ਼ਮੀਨ 'ਚੋਂ ਲਹਿ-ਲਹਾਉਂਦੀਆਂ ਫ਼ਸਲਾਂ, ਸੋਕੇ ਦੀ ਰੁੱਤ 'ਚ ਪਾਣੀ ਦੇ ਝਰਨੇ, ਗੂੰਗੇ ਦੇ ਮੁੱਖ 'ਚੋਂ ਸੁਰੀਲੇ ਗੀਤ ਉਪਜੇ ਹਨ। ਮੇਰੀ ਕਵਿਤਾ ਦੀ ਸ਼ਬਦਾਵਲੀ ਪੰਜਾਬੀ ਘਰਾਂ 'ਚ ਬੋਲੀ ਜਾਣ ਵਾਲੀ ਆਮ ਬੋਲਚਾਲ ਵਾਲੀ ਮਾਂ ਬੋਲੀ ਹੁੰਦੀ ਹੈ'। ਉਹ ਕੁੱਖਾਂ, ਰੁੱਖਾਂ ਅਤੇ ਪਾਣੀ ਦਾ ਫ਼ਿਕਰ ਕਰਦੀ ਹੋਈ ਲਿਖਦੀ ਹੈ :
ਜੇ ਖ਼ਤਮ ਹੋ ਗਿਆ ਪਾਣੀ
ਧਰਤੀ ਨੂੰ ਵਸਦਾ ਨਾ ਜਾਣੀ
ਜੇ ਕੁਦਰਤ ਸੰਗ ਕਰਾਂਗੇ ਧੋਖਾ
ਸਾਹ ਲੈੇਣਾ ਵੀ ਹੋ ਜਾਊ ਔਖਾ
ਸਮਾਜ ਅੰਦਰ ਔਰਤ ਦੀ ਸੁਤੰਤਰਤਾ ਅਤੇ ਸਨਮਾਨ ਸੰਬੰਧੀ ਉਸ ਦੀ ਹੋਂਦ ਨੂੰ ਇਉਂ ਪ੍ਰਗਟ ਕੀਤਾ ਹੈ :
ਮੈਂ ਨੱਚ ਸਕਦੀ ਹਾਂ ਤਲਵਾਰਾਂ ਤੇ
ਤੁਰ ਸਕਦੀ ਹਾਂ ਅੰਗਿਆਰਾਂ ਤੇ।
ਰਚਨਾਤਮਿਕ ਪੱਖੋਂ ਲੇਖਿਕਾ ਦੀਆਂ ਰਚਨਾਵਾਂ 'ਚ ਰਵਾਨਗੀ, ਖਿਆਲ ਉਡਾਰੀ, ਸੰਦੇਸ਼, ਪੇਸ਼ਕਾਰੀ, ਜਜ਼ਬਾਤ, ਸੰਵੇਦਨਾ, ਵਿਚਾਰ ਅਤੇ ਹੋਰ ਸਾਹਿਤਕ ਵੰਨਗੀਆਂ ਸ਼ਾਮਿਲ ਹਨ। ਪੁਸਤਕ ਵਿਚਲਾ ਸੁਨੇਹਾ ਘਰ-ਘਰ ਤੱਕ ਜਾਣਾ ਚਾਹੀਦਾ ਹੈ ਅਤੇ ਲੇਖਿਕਾ ਤੋਂ ਭਵਿੱਖ 'ਚ ਹੋਰ ਚੰਗਾ ਲਿਖੇ ਜਾਣ ਦੀ ਉਮੀਦ ਰੱਖਦੇ ਹਾਂ।


ਮੋਹਰ ਗਿੱਲ ਸਿਰਸੜੀ
ਮੋ: 98156-59110


ਹਨੇਰੇ ਪੰਧਾਂ ਦੀ ਲੋਅ

ਲੇਖਿਕਾ : ਜਸਵੰਤ ਕੌਰ ਬੈਂਸ
ਪ੍ਰਕਾਸ਼ਕ : ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ, ਮਾਹਿਲਪੁਰ
ਮੁੱਲ : 250 ਰੁਪਏ, ਸਫ਼ੇ : 126
ਸੰਪਰਕ : 98150-18947.


ਹਨੇਰੇ ਪੰਧਾਂ ਦੀ ਲੋਅ ਕਾਵਿ ਸੰਗ੍ਰਹਿ ਜਸਵੰਤ ਕੌਰ ਬੈਂਸ ਦਾ ਦੂਸਰਾ ਕਾਵਿ ਸੰਗ੍ਰਹਿ ਹੈ। ਇਸ ਦੇ ਸਿਰਲੇਖ ਵਾਲੀ ਪਹਿਲੀ ਕਵਿਤਾ ਹੀ ਕੁੜੀਆਂ ਨੂੰ ਸੰਬੋਧਿਤ ਹੈ। ਨਾਰੀ ਜਾਤੀ ਦੇ ਸਮੁੱਚੇ ਜੀਵਨ ਉੱਪਰ ਝਾਤ ਪਾਉਂਦੀ ਇਸ ਕਵਿਤਾ ਰਾਹੀਂ ਸ਼ਾਇਰਾ ਨੇ ਉਸ ਨੇ ਹਨੇਰੇ ਪੰਧਾਂ ਦੀ ਲੋਅ ਆਖਿਆ ਹੈ :
ਆਪਣੇ ਪਰਿਵਾਰ ਨੂੰ ਆਖਰੀ ਸਾਹਾਂ ਤੱਕ
ਚੰਗੇ ਮਾੜੇ ਵਕਤਾਂ ਵਿਚ ਵੀ ਚਿਰਾਗਾਂ ਨਾਲ
ਦਿੰਦੀ ਹੈ ਹਨੇਰੇ ਪੰਧਾਂ ਦੀ ਲੋਅ।
ਉਸ ਦੀਆਂ ਸਭ ਕਵਿਤਾਵਾਂ ਵੱਖੋ-ਵੱਖਰੇ ਵਿਸ਼ਿਆਂ ਦੀ ਪੇਸ਼ਕਾਰੀ ਕਰਦੀਆਂ ਹਨ। 'ਕੁਦਰਤ' ਕਵਿਤਾ ਰਾਹੀਂ ਉਸ ਨੇ ਮਨੁੱਖ ਦੁਆਰਾ ਪ੍ਰਕਿਰਤੀ ਨਾਲ ਕੀਤੇ ਜਾਂਦੇ ਖਿਲਵਾੜ ਬਾਰੇ ਗੱਲ ਕੀਤੀ ਹੈ। ਉਹ ਉਸ ਸਰਬ ਵਿਆਪਕ ਪਰਮਾਤਮਾ ਦੀ ਤਾਰੀਫ਼ ਕਰਦੀ ਹੈ। 'ਅਨਮੋਲ ਜ਼ਿੰਦਗੀ' ਕਵਿਤਾ ਇਸ ਸੰਬੰਧ ਵਿਚ ਵੇਖੀ ਜਾ ਸਕਦੀ ਹੈ। ਉਹ ਇਕ ਅਜਿਹੇ ਸਮਾਜ ਦੀ ਕਲਪਨਾ ਕਰਦੀ ਹੈ, ਜਿਥੇ ਮਨੁੱਖ ਜਾਤਾਂ-ਪਾਤਾਂ, ਧਰਮਾਂ ਦੇ ਬੰਧਨਾਂ ਤੋਂ ਮੁਕਤ ਹੋ ਕੇ ਆਜ਼ਾਦ ਫਿਜ਼ਾ ਵਿਚ ਸਾਹ ਲੈ ਸਕੇ। ਉਹ ਮਾਂ ਬੋਲੀ ਦੀ ਪ੍ਰਸੰਸਾ ਕਰਦੀ ਹੋਈ ਇਸ ਦੀ ਮਧੁਰਤਾ ਰਾਗਾਤਮਿਕਤਾ ਤੇ ਇਤਿਹਾਸ ਬਾਰੇ ਜਾਣੂ ਕਰਵਾਉਂਦੀ ਹੈ। ਪਰਵਾਸ ਹੰਢਾਅ ਰਹੇ ਪੰਜਾਬੀਆਂ ਦੀ ਇਕੱਲਤਾ, ਉਦਾਸੀ ਬਾਰੇ ਵੀ 'ਆਪਣਾ ਪਿੰਡ ਅਤੇ ਖੇਤ' ਕਵਿਤਾ ਵੇਖੀ ਜਾ ਸਕਦੀ ਹੈ।
ਬਲਜਿੰਦਰ ਮਾਨ ਨੇ ਇਸ ਪੁਸਤਕ ਦੀ ਭੂਮਿਕਾ ਵਿਚ ਲਿਖਿਆ ਹੈ ਕਿ ਜਸਵੰਤ ਕੌਰ ਬੈਂਸ ਜਿਥੇ ਅਮੀਰ ਵਿਰਾਸਤੀ ਕਦਰਾਂ-ਕੀਮਤਾਂ ਦਾ ਵਿਸ਼ਾਲ ਭੰਡਾਰਾ ਹੈ, ਉਥੇ ਅਜੋਕੇ ਜੀਵਨ ਦੀਆਂ ਤ੍ਰਾਸਦੀਆਂ ਦਾ ਵੀ ਗਹਿਰਾ ਤਜਰਬਾ ਹੈ। ਉਸ ਦੀਆਂ ਕਵਿਤਾਵਾਂ ਵਿਚ ਵਿਸ਼ਿਆਂ ਦੀ ਵੰਨ-ਸੁਵੰਨਤਾ ਹੈ। ਵਿਦੇਸ਼ ਜਾਣ ਦੀ ਲਾਲਸਾ ਲਈ ਫ਼ਰਜ਼ੀ ਏਜੰਟਾਂ ਵਲੋਂ ਹੁੰਦੇ ਧੋਖੇ, ਬਚਪਨ ਦੀਆਂ ਯਾਦਾਂ ਦਾ ਕਾਵਿਮਈ ਉਲੇਖ, ਭਾਰਤੀ ਸਿਸਟਮ ਵਿਚ ਸਰਕਾਰੀ ਕੰਮਾਂ ਵਿਚ ਹੁੰਦੀ ਦੇਰੀ, ਸੈਨਿਕਾਂ ਪ੍ਰਤੀ ਸਤਿਕਾਰ ਭਾਵਨਾ, ਵਿਰਸੇ ਦੀ ਸੰਭਾਲ, ਰਿਸ਼ਤਿਆਂ ਦਾ ਮਹੱਤਵ ਆਦਿ ਵਿਸ਼ਿਆਂ ਨੂੰ ਪ੍ਰਗਟਾਇਆ ਗਿਆ ਹੈ। ਪਰਵਾਸੀ ਜੀਵਨ ਹੰਢਾਉਂਦਿਆਂ ਜੋ ਅਨੁਭਵ, ਸੰਵੇਦਨਾ ਅਤੇ ਮਨੋਭਾਵ ਉਹ ਮਹਿਸੂਸ ਕਰਦੀ ਹੈ, ਉਹ ਵੀ ਕਾਵਿ ਵਿਸ਼ੇ ਬਣੇ ਹਨ।
ਪਹਿਰ ਦੇ ਤੜਕੇ, ਹੁੰਦਾ ਏ ਉਹ, ਕਰੜੀ ਅਜ਼ਮਾਇਸ਼ ਦਾ ਮੌਕਾ
ਜਦੋਂ ਉੱਦਮ ਕਰਕੇ ਆਪਣੇ ਪਿੰਡ ਅਤੇ ਰਿਸ਼ਤਿਆਂ ਤੋਂ
ਜਾਣਾ ਪੈਂਦਾ ਏ ਦੂਰ, ਕਰਕੇ ਸੱਤ ਸਮੁੰਦਰ ਪਾਰ....।
ਨਾਰੀ ਮਨ ਦੇ ਕਈ ਵਲਵਲੇ ਅਤੇ ਚਾਅ ਉਸ ਦੀਆਂ ਰਚਨਾਵਾਂ ਵਿਚ ਆਪਮੁਹਾਰੇ ਹੀ ਆ ਗਏ ਹਨ। ਵਿਸ਼ਾਲ ਰਿਸ਼ਤੇ, ਆਖਰੀ ਪਹਿਰ, ਰਸਮਾਂ ਰੀਤਾਂ, ਨੂਰ, ਪ੍ਰਕਾਸ਼ ਥੰਮ੍ਹ, ਮੱਧਮ ਰਿਸ਼ਤੇ, ਹਵਾ ਮਹਿਲ, ਅੰਗਿਆਰ, ਜੰਗਲ ਆਦਿ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਪ੍ਰਕਿਰਤੀ ਨਾਲ ਮਨੁੱਖ ਵਲੋਂ ਕੀਤੇ ਜਾਂਦੇ ਖਿਲਵਾੜ, ਪ੍ਰਕਿਰਤੀ ਦਾ ਕੋਰੋਨਾ ਵਾਇਰਸ ਦੇ ਰੂਪ ਵਿਚ ਪ੍ਰਕੋਪ ਮਹਿਸੂਸ ਕਰਦੀ ਕਵਿੱਤਰੀ ਮਨੁੱਖ ਨੂੰ ਪ੍ਰਕਿਰਤਕ, ਵਸੀਲਿਆਂ ਦੀ ਸਾਂਭ-ਸੰਭਾਲ ਕਰਨ ਲਈ ਪ੍ਰੇਰਦੀ ਹੈ। ਸਮੁੱਚੇ ਤੌਰ 'ਤੇ ਜਸਵੰਤ ਕੌਰ ਬੈਂਸ ਦਾ ਇਹ ਕਾਵਿ ਸੰਗ੍ਰਹਿ ਰੂਪ ਅਤੇ ਵਿਸ਼ੇ ਪੱਖੋਂ ਵੰਨ-ਸੁਵੰਨਤਾ ਨਾਲ ਭਰਪੂਰ ਹੈ ਜੋ ਪਾਠਕਾਂ ਨੂੰ ਪ੍ਰਭਾਵਿਤ ਕਰਦਾ ਹੈ।


ਪ੍ਰੋ: ਕੁਲਜੀਤ ਕੌਰ


ਇਮਾਨਦਾਰੀ ਦੀ ਇਬਾਰਤ
ਲੇਖਕ : ਮਾ: ਬੋਹੜ ਸਿੰਘ ਮੱਲਣ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 350 ਰੁਪਏ, ਸਫ਼ੇ : 287
ਸੰਪਰਕ : 96461-41243.


ਲੇਖਕ ਨੇ ਆਪਣੀ ਇਹ ਆਪ-ਬੀਤੀ ਕੁਦਰਤੀ ਸ਼ੈਲੀ ਵਿਚ ਰਚੀ ਹੈ। ਪਾਠਕ ਇੰਜ ਮਹਿਸੂਸ ਕਰਦਾ ਜਿਵੇਂ ਲੇਖਕ ਠੇਠ ਮਾਂ ਬੋਲੀ ਪੰਜਾਬੀ ਵਿਚ ਆਪਣੀ ਜੀਵਨ-ਬਾਤ ਉਸ ਦੇ ਕੰਨ 'ਚ ਸੁਣਾ ਰਿਹਾ। ਪੰਜਾਬੀ ਦੇ ਚੋਟੀ ਦੇ ਲੇਖਕ ਓਮ ਪ੍ਰਕਾਸ਼ ਗਾਸੋ ਨੇ ਇਸ ਸਵੈ-ਜੀਵਨੀ ਲੇਖਕ ਨੂੰ ਅਲਮਸਤ ਫ਼ਕੀਰੀ ਵਾਲੀ ਸ਼ਖ਼ਸੀਅਤ ਕਿਹੈ। ਸੱਚਮੁੱਚ ਇਹ ਪੁਸਤਕ ਪੜ੍ਹਦਿਆਂ ਇਹ ਸੱਚ ਤੱਥਾਂ ਸਮੇਤ ਸਿੱਧ ਹੋ ਜਾਂਦਾ ਹੈ। ਲੇਖਕ ਮਾ: ਬੋਹੜ ਸਿੰਘ ਮੱਲਣ ਨੇ ਆਪਣੀ ਜੀਵਨ ਗਾਥਾ ਨੂੰ ਆਪਣੀ ਜ਼ਬਾਨੀ ਕਹਿਣ ਦੇ ਨਾਲ-ਨਾਲ ਆਪਣੇ ਪਿੰਡ ਮੱਲਣ ਦਾ ਇਤਿਹਾਸ ਵੀ ਸੰਖੇਪ ਪਰ ਪ੍ਰਭਾਵਸ਼ਾਲੀ ਸ਼ਬਦਾਂ ਵਿਚ ਬਿਆਨ ਕੀਤਾ ਹੈ। ਆਪਣੇ ਜੀਵਨ-ਵੇਰਵਿਆਂ ਨੂੰ ਉਸ ਨੇ ਬੜੇ ਸਲੀਕੇ ਨਾਲ ਬਣਾ-ਸੰਵਾਰ ਕੇ ਪੇਸ਼ ਕੀਤਾ ਹੈ। ਆਪਣੇ ਜਨਮ, ਸਕੂਲੀ ਪੜ੍ਹਾਈ ਦੀ ਵਿਥਿਆ ਕਹਿੰਦਿਆਂ ਉਸ ਨੇ ਬਤੌਰ ਕਵੀਸ਼ਰ ਤੇ ਕਵੀਸ਼ਰੀ ਲੇਖਕ ਵਜੋਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਹੈ। ਇਸ ਦੇ ਨਾਲ ਹੀ ਉਸ ਵਲੋਂ ਉਪਜੀਵਕਾ ਹਿਤ ਅਪਣਾਏ ਅਧਿਆਪਨ ਕਿੱਤੇ ਬਾਰੇ ਬੜੀ ਬਰੀਕੀ ਨਾਲ ਲਿਖਿਆ ਹੈ। ਆਪਣੀ ਪਤਨੀ ਮਹਿੰਦਰ ਕੌਰ ਨਾਲ ਹੋਏ ਵਿਆਹ ਤੋਂ ਲੈ ਕੇ ਉਸ ਦੇ ਬਤੌਰ ਅਧਿਆਪਕਾ ਆਪਣਾ ਕੈਰੀਅਰ ਸ਼ੁਰੂ ਕਰਨ ਦੀ ਗੱਲ ਕਰਦਿਆਂ ਪੁਸਤਕ ਦੇ ਅੰਤ ਤੱਕ ਉਸ ਨੇ ਆਪਣੀ ਪਤਨੀ ਨਾਲ ਕੀਤੇ ਮਿਸਾਲੀ ਪਿਆਰ ਨੂੰ ਸਾਧਾਰਨ ਪਰ ਠੋਸ ਸ਼ਬਦਾਂ 'ਚ ਬਿਆਨ ਕੀਤਾ ਹੈ। ਇਹ ਵੱਡ-ਆਕਾਰੀ ਸਵੈ-ਜੀਵਨੀ ਪੁਸਤਕ ਵਿਲੱਖਣ ਪ੍ਰਭਾਵ ਸਿਰਜਦੀ ਹੈ। ਪੰਜਾਬੀ ਸਾਹਿਤ ਦੀ ਨਿਰਾਲੀ ਤੇ ਗਲਪੀ ਗੁਣਾਂ ਵਾਲੀ ਸਾਹਿਤ-ਵੰਨਗੀ 'ਸਵੈ-ਜੀਵਨੀ' ਦੀ ਇਹ ਪੁਸਤਕ ਸ਼ਾਨ ਕਹਾਉਣ ਦਾ ਦਮ ਰੱਖਦੀ ਹੈ। ਮਾ: ਬੋਹੜ ਸਿੰਘ ਮੱਲਣ ਦੇ ਕਹਿਣ ਅਨੁਸਾਰ ਉਹ ਪੰਜਾਬੀ ਸਾਹਿਤਕਾਰਾਂ ਦੀ ਪਾਲ ਵਿਚ ਪੱਛੜ ਕੇ ਰਲੇ ਹਨ। ਇਸ ਸੱਚ ਦੇ ਬਾਵਜੂਦ ਇਹ ਸਵੈ-ਜੀਵਨੀ ਉਸ ਅੰਦਰ ਵਸਦੇ ਪ੍ਰਭਾਵਸ਼ਾਲੀ ਪੰਜਾਬੀ ਲੇਖਕ ਦੇ ਨਿੱਠ ਕੇ ਦਰਸ਼ਨ ਕਰਵਾਉਂਦੀ ਹੈ।


ਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.

23-10-2021

 ਕਿੱਸਾ ਪੂਰਨ ਭਗਤ
ਲੇਖਕ : ਮਾਸਟਰ ਲਛਮਣ ਸਿੰਘ ਰਠੌਰ
ਪ੍ਰਕਾਸ਼ਕ : ਸਿੱਖ ਲਿਟਰੇਰੀ ਐਂਡ ਕਲਚਰਲ ਸਟਾਰ, ਯੂ.ਕੇ.
ਮੁੱਲ : 250 ਰੁਪਏ, ਸਫ਼ੇ : 100
ਸੰਪਰਕ : is.rathaur@rediffmail.com


ਕਿੱਸਾ ਪੂਰਨ ਭਗਤ ਦਾ ਵਿਸ਼ਾ-ਵਸਤੂ ਹਰ ਪੀੜ੍ਹੀ ਦੇ ਕਵੀਆਂ ਨੂੰ ਟੁੰਬਦਾ ਰਿਹਾ ਹੈ। ਇਸ ਕਿੱਸੇ ਦਾ ਪਹਿਲਾ ਸਿਰਜਕ ਕਾਦਰ ਯਾਰ ਸੀ। ਉਸ ਦੇ ਮਨ ਵਿਚ ਮਤ੍ਰੇਈ ਮਾਂ ਦੇ ਕਿਰਦਾਰ ਬਾਰੇ ਇਹੋ ਜਿਹਾ ਫੁਰਨਾ ਕਿਵੇਂ ਫੁਰਿਆ, ਇਹ ਤਾਂ ਫਰਾਇਡ ਜਾਂ ਲਾਗਾਂ ਵਰਗਾ ਕੋਈ ਮਨੋਵਿਗਿਆਨੀ ਹੀ ਦੱਸ ਸਕਦਾ ਹੈ। ਫਰਾਇਡ ਨੇ 'ਈਡਿਪਸ ਕੰਪਲੈਕਸ' ਦੇ ਸਿਧਾਂਤ ਦੁਆਰਾ ਇਸ ਗੁੱਥੀ ਨੂੰ ਸੁਲਝਾਇਆ ਤਾਂ ਜ਼ਰੂਰ ਪਰ ਅਜੇ ਵੀ ਭੱਦਰ-ਪੁਰਸ਼ਾਂ ਦੇ ਇਹ ਗੱਲ ਸਮਝ ਵਿਚ ਨਹੀਂ ਆਉਂਦੀ। ਇਸ ਵਿਸ਼ਾ-ਵਸਤੂ ਦੇ ਸੰਮੋਹਨ ਵਿਚੋਂ ਨਿਕਲਣ ਲਈ ਪ੍ਰੋ: ਪੂਰਨ ਸਿੰਘ, ਸ਼ਿਵ ਕੁਮਾਰ ਅਤੇ (ਹੁਣ) ਮਾਸਟਰ ਲਛਮਣ ਸਿੰਘ ਰਠੌਰ, ਕੈਲੀਫੋਰਨੀਆ ਨੇ ਇਸ ਕਥਾ ਦਾ ਪੁਨਰ-ਲੇਖਣ ਕੀਤਾ ਹੈ।
ਮਾਸਟਰ ਰਠੌਰ ਨੂੰ ਕਾਦਰ ਯਾਰ ਦੀ ਕਹਾਣੀ ਦੇ ਕਈ ਪੱਖਾਂ ਉੱਪਰ ਇਤਰਾਜ਼ ਰਿਹਾ ਹੈ। ਇਸ ਕਾਰਨ ਆਪਣੇ ਕਿੱਸੇ ਵਿਚ ਉਸ ਨੇ ਕੁਝ ਘਟਨਾਵਾਂ ਨਵੀਆਂ ਪਾ ਦਿੱਤੀਆਂ ਹਨ ਅਤੇ ਕੁਝ ਨੂੰ ਸੋਧ ਦਿੱਤਾ ਹੈ। ਪਹਿਲੀ ਤਬਦੀਲੀ ਤਾਂ ਉਸ ਨੇ ਇਹ ਕੀਤੀ ਕਿ ਪੂਰਨ ਨੂੰ ਸਲਵਾਨ ਹੱਥੋਂ ਸਜ਼ਾ ਨਹੀਂ ਹੋਣ ਦਿੱਤੀ, ਗੁਰੂ ਗੋਰਖ ਨਾਥ ਰਾਜੇ ਦੇ ਦਰਬਾਰ ਵਿਚ ਹਾਜ਼ਰ ਹੋ ਕੇ ਪੂਰਨ ਨੂੰ ਬਚਾ ਲੈਂਦਾ ਹੈ। ਦੂਜੀ ਗੱਲ ਇਹ ਕਿ ਪੂਰਨ ਨੂੰ ਭਰਮਾਉਣ ਲਈ ਲੂਣਾ ਆਪਣੀ ਇਕ ਬਾਂਦੀ ਮੇਨਕਾ ਦਾ ਸਹਾਰਾ ਲੈਂਦੀ ਹੈ ਅਤੇ ਉਸ ਰਾਹੀਂ ਪੂਰਨ ਨੂੰ ਪ੍ਰੇਮ-ਪੱਤਰ ਭੇਜਦੀ ਰਹਿੰਦੀ ਹੈ। ਤੀਜੀ ਵੱਡੀ ਤਬਦੀਲੀ ਇਹ ਕਿ ਗੋਰਖ ਨਾਥ ਸਲਵਾਨ ਨੂੰ ਸੇਵਾਮੁਕਤ (ਰਿਟਾਇਰ) ਕਰਕੇ ਰਾਜ-ਭਾਗ, ਪੂਰਨ ਨੂੰ ਦਿਵਾ ਦਿੰਦਾ ਹੈ ਅਤੇ ਪੂਰਨ ਦੀ ਸੁੰਦਰਾਂ ਨਾਲ ਸ਼ਾਦੀ ਕਰਵਾ ਦਿੰਦਾ ਹੈ। ਰਾਠੌਰ ਸਾਹਿਬ ਨੂੰ ਆਪਣੀ ਕਹਾਣੀ ਵਧੇਰੇ ਸੰਭਵ (probab&e) ਅਤੇ ਮੰਨਣਯੋਗ ਲਗਦੀ ਹੈ।
ਕਵੀ ਨੇ ਆਪਣਾ ਇਹ ਕਿੱਸਾ 372 ਬੰਦਾਂ ਵਿਚ ਮੁਕੰਮਲ ਕੀਤਾ ਹੈ ਹਰ ਬੰਦ ਵਿਚ ਛੇ-ਛੇ ਪੰਕਤੀਆਂ (ਮਿਸਰੇ) ਹਨ। ਮੱਧਕਾਲੀ ਕਵੀਆਂ ਵਾਂਗ ਸ: ਰਠੌਰ ਹਰ ਬੰਦ ਦੇ ਅੰਤਿਮ ਮਿਸਰੇ ਵਿਚ ਆਪਣਾ ਉਪਨਾਮ (ਰਾਠੌਰ) ਜ਼ਰੂਰ ਅੰਕਿਤ ਕਰਦਾ ਹੈ। ਦੇਖੋ : ਜਿੰਨੀ ਬੁਧਿ ਬਖ਼ਸ਼ੀ ਸੱਚੇ ਪਾਤਸ਼ਾਹ ਨੇ, ਉਹਾ ਕਲਮ ਦੇ ਰਾਹੀਂ ਸੁਣਾਇਆ ਏ। ਮੀਰਪੁਰ ਜੱਟਾਂ ਦਾ ਰਠੌਰ ਰਾਜਪੂਤ ਹਾਂ ਮੈਂ, ਹਰ ਇਕ ਬੰਦ ਦੇ ਪਿੱਛੇ ਜਣਾਇਆ ਏ (ਬੰਦ 372, ਪੰਨਾ 99)। ਇਹ ਪੁਸਤਕ ਵੱਡੇ ਸਾਈਜ਼ ਵਿਚ ਅਤੇ ਮੋਟੇ ਫੌਂਟ ਵਿਚ ਪੁਰਾਣੇ ਕਿੱਸਿਆਂ ਵਾਂਗ ਹੀ ਛਪੀ ਹੈ। ਮੈਂ ਲੇਖਕ ਦੇ ਸਿਦਕ ਅਤੇ ਸਾਧਨਾਂ ਦੀ ਵਡਿਆਈ ਕਰਦਾ ਹਾਂ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਸਪਲੀਮੈਂਟਰੀ ਬੈਚ
ਲੇਖਕ : ਸਚਿਨ ਸ਼ਰਮਾ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 98729-21121.

ਇਸ ਨਾਵਲ ਦੀ ਵਿਲੱਖਣਤਾ ਇਹ ਹੈ ਕਿ ਇਸ ਦਾ ਵਿਸ਼ਾ ਵੀ ਨਵਾਂ ਨਰੋਆ ਅਤੇ ਸਮੇਂ ਦੀ ਲੋੜ ਅਨੁਸਾਰ ਹੈ। ਇਸ ਦਾ ਲੇਖਕ ਵੀ ਨਵਾਂ ਸਮਾਂ ਸਮਾਜ ਅਤੇ ਲੋਕਾਂ ਦੀ ਰਹਿਣੀ-ਬਹਿਣੀ ਅਤੇ ਜੀਵਨਸ਼ੈਲੀ ਦਾ ਮਾਹਰ ਹੈ। ਨਾਵਲ ਪੜ੍ਹਦਿਆਂ ਇੰਜ ਜਾਪਦੈ, ਜਿਵੇਂ ਨਾਵਲਕਾਰ ਖ਼ੁਦ ਇਸ ਨਾਵਲ ਦਾ ਮੁੱਖ ਪਾਤਰ ਆਪਣੀ ਆਪਬੀਤੀ ਦੀ ਗਾਥਾ ਆਪ ਹੀ ਸੁਣਾ ਰਿਹਾ ਹੈ। ਸਪਲੀਮੈਂਟਰੀ ਬੈਚ ਨਾਵਲ ਦਾ ਨਾਂਅ ਹੈ। ਜਿਹੜੇ ਵਿਦਿਆਰਥੀ ਇਕ ਤੋਂ ਵੱਧ ਵਿਸ਼ਿਆਂ ਵਿਚ ਫੇਲ੍ਹ ਹੋ ਜਾਂਦੇ ਹਨ, ਉਹ ਅਗਲੀ ਸ਼੍ਰੇਣੀ ਵਿਚ ਬੈਠ ਕੇ ਪੜ੍ਹਾਈ ਨਹੀਂ ਕਰ ਸਕਦੇ। ਉਹ ਅੱਧਾ ਸਾਲ ਜੂਨੀਅਰ ਵਿਦਿਆਰਥੀਆਂ ਨਾਲ ਪੜ੍ਹਦੇ ਹਨ, ਅੱਧਾ ਸਾਲ ਆਪਣੀ ਜਮਾਤ ਨਾਲ ਅਜਿਹੇ ਵਿਦਿਆਰਥੀਆਂ ਦਾ ਇਕ ਵੱਖਰਾ ਬੈਚ ਬਣ ਜਾਂਦਾ ਹੈ, ਇਸ ਨੂੰ ਸਪਲੀਮੈਂਟਰੀ ਬੈਚ ਕਿਹਾ ਜਾਂਦਾ ਹੈ। ਇਹ ਨਾਵਲ ਇਸ ਕਿਸਮ ਦੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ, ਉਲਝਣਾਂ, ਲੜਾਈ-ਝਗੜਿਆਂ ਅਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦੇ ਆਲੇ-ਦੁਆਲੇ ਘੁੰਮਦਾ ਹੈ। ਇਨ੍ਹਾਂ ਪ੍ਰਾਈਵੇਟ (ਜਾਂ ਸਰਕਾਰੀ) ਕਾਲਜਾਂ ਵਿਚ ਵੀ ਵੱਖ-ਵੱਖ ਸਮੱਸਿਆਵਾਂ ਉਪਜਦੀਆਂ ਰਹਿੰਦੀਆਂ ਹਨ, ਜਿਵੇਂ ਰੈਗਿੰਗ (ਨਵੇਂ ਵਿਦਿਆਰਥੀਆਂ ਨੂੰ ਪੁਰਾਣੇ ਵਿਦਿਆਰਥੀ ਮਰਯਾਦਾਵਾਂ ਸਿਖਾਉਣ ਦੇ ਬਹਾਨੇ ਬੁਰੇ ਦੀ ਹੱਦ ਤੱਕ ਜ਼ਲੀਲ ਕਰਦੇ ਹਨ। ਜਾਂ ਉਨ੍ਹਾਂ ਵਿਦਿਆਰਥੀਆਂ ਨੂੰ ਮਾਪੇ ਦਾਖ਼ਲ ਕਰਵਾ ਦਿੰਦੇ ਹਨ, ਜਿਹੜੇ ਮਨ ਬੁੱਧੀ ਤੋਂ ਇਸ ਪੇਸ਼ੇ ਨੂੰ ਪਸੰਦ ਹੀ ਨਹੀਂ ਕਰਦੇ, ਇੰਜ ਵਿਦਿਆਰਥੀ ਮਨੋਰੋਗੀ ਨਿਰਾਸ਼ਾਵਾਦੀ ਬਣ ਜਾਂਦੇ ਹਨ। ਇਨ੍ਹਾਂ ਕਾਲਜਾਂ ਦਾ ਪ੍ਰਬੰਧ ਜਰਜਰਾ ਅਤੇ ਪੈਸੇ ਬਣਾਉਣ ਅਤੇ ਕਮਾਉਣ ਵਾਲਾ ਹੁੰਦਾ ਹੈ। ਇਨ੍ਹਾਂ ਕਾਲਜਾਂ ਵਿਚ ਪੜ੍ਹਦੇ ਨੌਜਵਾਨ ਮੁੰਡੇ-ਕੁੜੀਆਂ ਉਪ ਭਾਵਕੀ ਪਿਆਰ ਵਿਚ ਫਸ ਕੇ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਲੈਂਦੇ ਹਨ।
ਨਾਵਲ ਕਹਾਣੀ ਪਾਤਰਾਂ, ਘਟਨਾਵਾਂ ਅਤੇ ਸਥਿਤੀਆਂ ਪ੍ਰਸਥਿਤੀਆਂ ਪੱਖੋਂ ਭਰਪੂਰ ਹੈ ਅਤੇ ਨਾਵਲ ਕਥਾਨਕ ਨੂੰ ਸਫਲ ਬਣਾਉਂਦਾ ਹੈ। ਪੜ੍ਹਨ ਸਮੇਂ ਅੱਗੋਂ ਹੋਰ ਜਾਣਨ ਦੀ ਰੁਚੀ ਪ੍ਰਬਲ ਰਹਿੰਦੀ ਹੈ। ਘਟਨਾਵਾਂ, ਵਸਤੂ ਵੇਰਵੇ, ਪ੍ਰਾਧਿਆਪਕਾਂ, ਅਥਵਾ ਸਮੁੱਚੇ ਸਟਾਫ ਦੇ ਵਸਤੂ-ਵੇਰਵੇ ਰੌਚਿਕ ਅਤੇ ਢੁਕਵੇਂ ਹਨ। ਫੋਕੇ ਪਿਆਰ ਕਰਨ ਵਾਲੇ ਵਿਦਿਆਰਥੀ ਜੋੜਿਆਂ ਦੀਆਂ ਕਹਾਣੀਆਂ ਰੌਚਿਕ ਹਨ।
ਨਾਵਲਕਾਰ ਦਾ ਪਹਿਲਾ ਨਾਵਲ ਨਵੇਂ ਵਿਸ਼ੇ ਨੂੰ ਰੌਚਿਕ ਵਿਧੀ ਨਾਲ ਪੇਸ਼ ਕਰਨ ਦੀ ਤਕਨੀਕ ਸੱਚੇ ਅਰਥਾਂ ਵਿਚ ਇਕ ਨਵੀਂ ਸਮੱਸਿਆ ਨੂੰ ਸਾਡੇ ਸਾਹਮਣੇ ਪੇਸ਼ ਹੈ। ਸਾਨੂੰ ਇਸ ਵਿਸ਼ੇ ਵਿਚੋਂ ਪੇਸ਼ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

ਅਮਰ ਕੋਮਲ
ਮੋ: 088376-84173

ਪੰਜਾਬ ਦੇ ਵਾਰਸੋ
ਲੇਖਕ : ਮਨਜਿੰਦਰ ਗੋਲ੍ਹੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 98156-41312.

'ਪੰਜਾਬ ਦੇ ਵਾਰਸੋ' ਕਾਵਿ-ਸੰਗ੍ਰਹਿ ਮਨਜਿੰਦਰ ਗੋਲ੍ਹੀ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਉਹ ਪੁਲਿਸ ਅਧਿਕਾਰੀ ਹੋਣ ਦੇ ਨਾਲ-ਨਾਲ ਕਾਵਿਕ ਦਿਲ ਵੀ ਰੱਖਦਾ ਹੈ। ਇਹ ਸੰਗ੍ਰਹਿ ਉਸ ਦੀ ਇਸ ਫ਼ਿਤਰਤ ਦੀ ਸ਼ਾਹਦੀ ਭਰਦਾ ਹੈ। ਇਸ ਕਾਵਿ-ਸੰਗ੍ਰਹਿ ਵਿਚ ਉਸ ਨੇ 'ਦੇਸ਼ ਦੇ ਆਗੂ ਤੋਂ ਲੈ ਕੇ ਮਨਾ ਕਰ ਖੋਜ' ਤੱਕ 46 ਕਵਿਤਾਵਾਂ, 20 ਗ਼ਜ਼ਲਾਂ, 30 ਗੀਤ, 5 ਰੁਬਾਈਆਂ ਅਤੇ ਕੁਝ ਫੁਟਕਲ ਸ਼ਿਅਰ ਸ਼ਾਮਿਲ ਕੀਤੇ ਹਨ। ਇਹ ਕਾਵਿ-ਸੰਗ੍ਰਹਿ 'ਗੁਰੂਆਂ, ਪੀਰਾਂ, ਫ਼ਕੀਰਾਂ, ਬਲੀਆਂ, ਦਾਤਿਆਂ, ਗੱਭਰੂਆਂ, ਮੁਟਿਆਰਾਂ, ਭਲਵਾਨਾਂ, ਅਣਖੀ ਯੋਧਿਆਂ ਦੀ ਵਿਰਾਸਤ ਦੇ ਮਾਲਕ ਅਜੋਕੇ ਪੰਜਾਬ ਦੇ ਵਾਰਸਾਂ ਨੂੰ ਜਗਾਉਣ ਦਾ ਸੰਦੇਸ਼ ਦਿੰਦਾ ਹੈ। ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ, ਗ਼ਜ਼ਲਾਂ, ਗੀਤ, ਰੁਬਾਈਆਂ ਨੂੰ ਪੜ੍ਹਦਿਆਂ ਕਾਵਿ-ਪਾਠਕ ਅਜੋਕੇ ਸਮੇਂ 'ਚ ਸਮਾਜ 'ਚ ਵਾਪਰਦੀਆਂ ਵਿਸੰਗਤੀਆਂ : ਆਪਾਧਾਪੀ, ਬੇਰੁਜ਼ਗਾਰੀ, ਨਸ਼ਾਖੋਰੀ, ਭ੍ਰਿਸ਼ਟਾਚਾਰੀ ਰੁਚੀਆਂ, ਕਿਰਦਾਰ ਤੋਂ ਗਿਰੀਆਂ ਹਰਕਤਾਂ, ਜਬਰ ਜਨਾਹੀ ਮੰਜ਼ਰ, ਕਿਰਤ ਦੀ ਲੁੱਟ, ਧਾਰਮਿਕ ਪਾਖੰਡਵਾਦ, ਭਰੂਣ ਹੱਤਿਆ ਆਦਿ ਦੇ ਸਨਮੁੱਖ ਹੁੰਦਾ ਮਹਿਸੂਸ ਕਰਦਾ ਹੈ। ਅਜੋਕੀ ਤਾਨਾਸ਼ਾਹੀ ਲੋਕਤੰਤਰ ਕੇਂਦਰੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਉੱਠੇ ਵਿਦਰੋਹ ਦੀ ਗਾਥਾ ਵੀ ਬਿਆਨਦੀ ਹੈ। ਭਾਵ ਹੈ ਕਿ ਸਰਲ, ਸਪੱਸ਼ਟ ਅਤੇ ਸਾਧਾਰਨ ਬੋਲਚਾਲ ਦੀ ਭਾਸ਼ਾ ਰਾਹੀਂ ਮਨਜਿੰਦਰ ਗੋਲ੍ਹੀ ਨੇ ਅਵਾਮ ਦੇ ਬੁਨਿਆਦੀ ਮਸਲਿਆਂ ਪ੍ਰਤੀ ਕਾਵਿ-ਪਾਠਕਾਂ ਨੂੰ ਜਾਗਰੂਕ ਕੀਤਾ ਹੈ। ਸਮਾਜਿਕ ਅਤੇ ਸੱਭਿਆਚਾਰਕ ਜੀਵਨ ਵਿਚ ਰਹੁ-ਰੀਤਾਂ, ਮਾਨਤਾਵਾਂ ਦੀ ਆਪਣੀ ਵਿਸ਼ੇਸ਼ ਅਹਿਮੀਅਤ ਹੁੰਦੀ ਹੈ। ਇਸੇ ਲਈ 'ਇਕੋ ਮਾਂ ਦੇ ਜਾਏ', 'ਕਰੋ ਦੁਆਵਾਂ', 'ਬਣ ਇਨਸਾਨ', 'ਅੰਨਦਾਤਾ' ਆਦਿ ਕਵਿਤਾਵਾਂ ਵਿਚ ਕਿਰਤੀ ਦੀ ਲੁੱਟ ਦਾ ਜ਼ਿਕਰ ਕਰਦਾ ਹੈ। 'ਅੰਬਰ ਫਟਿਆ' ਕਵਿਤਾ ਵਿਚ ਉਹ ਕਿਰਤ ਅਤੇ ਇਨਸਾਨੀਅਤ ਨੂੰ ਪਿਆਰ ਕਰਨ ਦੀ ਗੱਲ ਕਰਦਾ ਹੈ :
ਕਿਰਤੀ ਵਿਚ ਵੀ ਰੱਬ ਵੱਸਦਾ ਏ
ਭਈਆ ਕਹਿ ਕੇ ਮੂਰਖ ਹੱਸਦਾ ਏ
ਕਿਧਰ ਗਈ ਇਨਸਾਨੀਅਤ ਤੇਰੀ
ਜਿਊਂਦਾ ਏਂ ਜਾਂ ਦੱਸ ਤੂੰ ਮੋਇਆ?
ਮਨਜਿੰਦਰ ਗੋਲ੍ਹੀ ਦੇ ਗੀਤ ਵੀ ਸਮਾਜਿਕ ਸਮੱਸਿਆਵਾਂ ਦੀ ਬਾਖੂਬੀ ਪੇਸ਼ਕਾਰੀ ਕਰਦੇ ਹਨ। ਉਸ ਦੇ ਬਹੁਤੇ ਗੀਤ ਨਾਮਵਰ ਗਾਇਕਾਂ ਵਲੋਂ ਗਾਏ ਗਏ ਹਨ। ਮੈਂ ਇਸ ਕਵਿ-ਸੰਗ੍ਰਹਿ ਨੂੰ ਜੀ ਆਇਆਂ ਕਹਿੰਦਿਆਂ ਖੁਸ਼ੀ ਮਹਿਸੂਸ ਕਰਦਾ ਹਾਂ। ਆਸ ਕਰਦਾ ਹਾਂ ਕਿ ਪੰਜਾਬੀ ਕਾਵਿ-ਪਾਠਕ ਵੀ ਇਸ ਕਾਵਿ-ਸੰਗ੍ਰਹਿ ਦਾ ਭਰਵਾਂ ਸਵਾਗਤ ਕਰਨਗੇ।

ਸੰਧੂ ਵਰਿਆਣਵੀ (ਪ੍ਰੋ:)
ਮੋ: 98786-14096

17-10-2021

ਸਾਡੇ ਕੌਮੀ ਹੀਰੇ ਸਿੱਖ ਜਰਨੈਲ
ਲੇਖਕ : ਪ੍ਰੋ: ਕਿਰਪਾਲ ਸਿੰਘ ਬਡੂੰਗਰ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 400 ਰੁਪਏ, ਸਫ਼ੇ : 288
ਸੰਪਰਕ : 98158-05100.


ਇਸ ਨਾਯਾਬ ਪੁਸਤਕ ਦੇ ਲੇਖਕ ਹਨ ਸ਼੍ਰੋਮਣੀ ਕਮੇਟੀ ਦੇ ਸਾਬਕਾ ਸੁਯੋਗ ਪ੍ਰਧਾਨ, ਉੱਘੇ ਸਿੱਖ ਚਿੰਤਕ ਅਤੇ ਖੋਜੀ। ਪ੍ਰੋ: ਸਾਹਿਬ ਦੀ ਪੁਰਜ਼ੋਰ ਕਲਮ ਇਸ ਵਿਚਾਰ-ਗੋਸ਼ਟੀ ਪੁਸਤਕ ਤੋਂ ਪੇਸ਼ਤਰ, ਛੇ ਬੇਸ਼ਕੀਮਤੀ ਪੁਸਤਕਾਂ ਪੰਜਾਬੀ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ।
ਇਸ ਸੱਜਰੀ ਪੁਸਤਕ ਵਿਚ ਸਿੱਖ ਕੌਮ ਉਨ੍ਹਾਂ ਸਤਾਰਾਂ ਲਾਮਿਸਾਲ ਜਰਨੈਲਾਂ ਅਤੇ ਬੇਜੋੜ ਸੂਰਮਿਆਂ ਬਾਰੇ ਵਡਮੁੱਲੀ ਜਾਣਕਾਰੀ ਹੈ, ਜਿਨ੍ਹਾਂ ਦੇ ਕਾਬਿਲੇ-ਫ਼ਖ਼ਰ ਕਾਰਨਾਮਿਆਂ ਨੇ ਸਮੁੱਚੀ ਸਿੱਖ ਕੌਮ ਦਾ ਨਾਂਅ ਪੂਰੇ ਵਿਸ਼ਵ ਵਿਚ ਰੌਸ਼ਨ ਕੀਤਾ ਹੈ। ਪੁਸਤਕ ਦੇ ਲੇਖਾਂ ਵਿਚ ਕੌਮੀ ਸ਼ਹੀਦਾਂ ਦੀਆਂ ਜੀਵਨ ਘਾਲਣਾਵਾਂ ਅਤੇ ਲਾਸਾਨੀ ਕੁਰਬਾਨੀਆਂ ਦਾ ਨਾਲ-ਨਾਲ ਉਨ੍ਹਾਂ ਦੇ ਬੇਮਿਸਾਲ ਹੌਸਲੇ, ਸਿਰੜ ਪਰਉਪਕਾਰੀ ਸੋਚ ਤੇ ਜਜ਼ਬੇ ਬਾਰੇ ਵਡਮੁੱਲੀ ਜਾਣਕਾਰੀ ਦਿੰਦੀ ਹੈ ਤਾਂ ਕਿ ਪਾਠਕ ਇਸ ਤੋਂ ਸੇਧ ਲੈ ਕੇ ਇਨ੍ਹਾਂ ਸ਼ੁੱਭ ਗੁਣਾਂ ਦੇ ਧਾਰਨੀ ਹੋ ਸਕਣ।
ਪੁਸਤਕ ਵਿਚ ਪੰਥ ਦੇ 17 ਮਹਾਨ ਸੂਰਬੀਰ ਅਤੇ ਮਾਣਮੱਤੇ ਜਰਨੈਲਾਂ ਬਾਰੇ ਲੇਖ ਸ਼ਾਮਿਲ ਹਨ। ਪਹਿਲਾ ਲੇਖ ਪਹਿਲੇ ਖ਼ਾਲਸਾ ਰਾਜ ਦੇ ਬਾਨੀ ਅਜੀਮੋ-ਸ਼ਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਹੈ। ਬੰਦਾ ਸਿੰਘ ਬਹਾਦਰ ਨੇ ਬੇਜ਼ਮੀਨੇ ਹਲ ਵਾਹਕਾਂ ਨੂੰ ਜ਼ਮੀਨਾਂ ਦੀ ਮਾਲਕੀ ਦੇ ਹਕੂਕ ਦਿੱਤੇ। ਵਿਦਵਾਨ ਲੇਖਕ ਦੀ ਚਾਹਨਾ ਹੈ ਕਿ ਅਜੋਕੇ ਦੌਰ ਵਿਚ ਅੱਜ ਫਿਰ ਬਾਬਾ ਬੰਦਾ ਸਿੰਘ ਬਹਾਦਰ ਵਰਗੀ ਨਿਸ਼ਕਾਮ ਸ਼ਖ਼ਸੀਅਤ ਦੀ ਲੋੜ ਹੈ।
ਦੂਜਾ ਲੇਖ ਮਹਾਨ ਯੋਧੇ, ਸੇਵਾ ਤੇ ਸਿਮਰਨ ਦੇ ਮੁਜੱਸਮੇ ਨਵਾਬ ਕਪੂਰ ਸਿੰਘ ਦੀਆਂ ਮਹਾਨ ਪੰਥਕ ਘਾਲਣਾਵਾਂ ਬਾਰੇ ਹੈ। ਨਵਾਬੀ ਦੀ ਪਦਵੀ ਪ੍ਰਾਪਤ ਕਰਨ ਦੇ ਬਾਵਜੂਦ ਉਨ੍ਹਾਂ ਗੁਰੂ ਖ਼ਾਲਸੇ ਨੂੰ ਅਤੀ ਬਿਖੜੇ ਸਮੇਂ ਜਿਹੜੀ ਸੁਚੱਜੀ ਅਗਵਾਈ ਪ੍ਰਦਾਨ ਕੀਤੀ ਅਤੇ 'ਸੇਵਾ' ਨੂੰ ਵੀ ਬਾਦਸਤੂਰ ਜਾਰੀ ਰੱਖਿਆ, ਉਹ ਇਤਿਹਾਸ ਦੇ ਸੁਨਹਿਰੀ ਪੰਨੇ ਹਨ।
ਤੀਸਰਾ ਲੇਖ ਸੁਲਤਾਨ-ਉਲ-ਕੌਮ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਜ਼ੀਮ ਦੇਣ ਸੰਬੰਧੀ ਹੈ। ਉਹ ਕਪੂਰਥਲਾ ਰਿਆਸਤ ਦੇ ਬਾਨੀ ਸਨ। ਨਵਾਬ ਕਪੂਰ ਸਿੰਘ ਦੇ ਗੁਰਪੁਰੀ ਪਿਆਨਾ ਕਰਨ ਤੋਂ ਬਾਅਦ ਪੰਥ ਦੀ ਜਥੇਦਾਰੀ ਦੀ ਪੱਗ ਸ: ਜੱਸਾ ਸਿੰਘ ਆਹਲੂਵਾਲੀਏ ਨੂੰ ਬੰਨ੍ਹਾਈ ਗਈ ਸੀ। ਉਨ੍ਹਾਂ 60 ਸਾਲ ਕੌਮ ਦੀ ਅਗਵਾਈ ਕੀਤੀ।
ਚੌਥਾ ਲੇਖ ਪੰਥ ਦੀ ਸ਼ਾਨ ਕਹੇ ਜਾਂਦੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਏ ਬਾਰੇ ਹੈ। ਉਹ ਰਾਮਗੜ੍ਹੀਆ ਮਿਸਲ ਦੇ ਮੁਖੀ ਸਨ। ਉਨ੍ਹਾਂ ਦੇ ਖ਼ਾਨਦਾਨ ਨੇ ਇਕ ਸਦੀ ਤੱਕ ਪੰਥ ਦੀ ਸੇਵਾ ਕੀਤੀ।
ਅਗਲਾ ਲੇਖ ਧਰਮ ਅਤੇ ਸੂਰਬੀਰਤਾ ਦੀ ਮੂਰਤ ਬਾਬਾ ਬਘੇਲ ਸਿੰਘ ਬਾਰੇ ਹੈ। ਜਥੇਦਾਰ ਬਘੇਲ ਸਿੰਘ ਨੇ ਦਿੱਲੀ ਫ਼ਤਹਿ ਕਰਨ ਤੋਂ ਬਾਅਦ ਉਥੇ ਰਹਿ ਕੇ 7 ਇਤਿਹਾਸਕ ਗੁਰਧਾਮਾਂ ਦੀ ਉਸਾਰੀ ਕਰਵਾਈ। ਉਨ੍ਹਾਂ ਬੜੀ ਸੰਤੁਲਿਤ ਪਹੁੰਚ ਨਾਲ ਕੌਮੀ ਸੇਵਾਵਾਂ ਨੂੰ ਸਰਅੰਜਾਮ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਨਿਭਾਉਣ ਦੇ ਨਾਲ-ਨਾਲ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਜੰਗਾਂ-ਯੁੱਧਾਂ ਵਿਚ ਬਹੁਤ ਮਦਦ ਕੀਤੀ। ਉਨ੍ਹਾਂ ਰਣ-ਤੱਤੇ ਵਿਚ ਜੂਝਦਿਆਂ ਹੀ ਸ਼ਹਾਦਤ ਪ੍ਰਾਪਤ ਕੀਤੀ।
ਜਰਨੈਲ ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਸਿਰਮੌਰ ਜਰਨੈਲ ਸਨ। ਉਹ ਰਿਆਸਤ ਕਸ਼ਮੀਰ ਦੇ ਗਵਰਨਰ ਵੀ ਰਹੇ। ਖ਼ਾਲਸਾ ਰਾਜ ਦੇ ਪਸਾਰ ਵਿਚ ਉਨ੍ਹਾਂ ਦਾ ਮਹਾਨ ਯੋਗਦਾਨ ਹੈ।
ਅਗਲਾ ਲੇਖ ਤਿੱਬਤ ਦੀ ਜੰਗ ਦੇ ਨਾਇਕ ਜਨਰਲ ਜ਼ੋਰਾਵਰ ਸਿੰਘ ਬਾਰੇ ਹੈ। ਉਹ 1711 ਵਿਚ ਲੇਹ ਲੱਦਾਖ ਦੀ ਜੰਗ ਦੇ ਜੇਤੂ ਨਾਇਕ ਸਨ। ਉਨ੍ਹਾਂ ਬਾਰੇ ਸ: ਇੰਦਰਜੀਤ ਸਿੰਘ ਦੀ ਅੰਗਰੇਜ਼ੀ ਨਜ਼ਮ ਦਾ ਪੰਜਾਬੀ ਤਰਜਮਾ ਕਾਬਿਲੇ-ਜ਼ਿਕਰ ਹੈ।
ਜਥੇਦਾਰ ਸ਼ਾਮ ਸਿੰਘ ਅਟਾਰੀ ਨੇ ਸਿੱਖ ਰਾਜ ਦੇ ਪਤਨ ਮਗਰੋਂ ਕਾਬਜ਼ ਫਿਰੰਗੀ ਫ਼ੌਜਾਂ ਨੂੰ ਸਭਰਾਉਂ ਦੀ ਜੰਗ ਵਿਚ ਦਿਨੇ ਤਾਰੇ ਵਿਖਾ ਦਿੱਤੇ। 'ਜੰਗੇ-ਆਜ਼ਾਦੀ ਦੇ ਪਹਿਲੇ ਸ਼ਹੀਦ ਬਾਬਾ ਮਹਾਰਾਜ ਸਿੰਘ' ਬਾਰੇ ਲੇਖ ਬਾਕਮਾਲ ਤੇ ਦੁਰਲੱਭ ਜਾਣਕਾਰੀ ਨਾਲ ਭਰਪੂਰ ਹੈ। ਇਸੇ ਤਰ੍ਹਾਂ ਸਾਰਾਗੜ੍ਹੀ ਜੰਗ ਦੇ ਹੀਰੋ ਹੌਲਦਾਰ ਈਸ਼ਰ ਸਿੰਘ ਆਈ.ਐਮ.ਓ. ਬਾਰੇ ਲੇਖ ਬਹੁਤ ਅਸਾਵੀਂ ਜੰਗ ਵਿਚ 36 ਸਿੱਖ ਪਲਟਨ ਦੇ 21 ਸਿੱਖ ਸੈਨਿਕਾਂ ਵਲੋਂ 10 ਹਜ਼ਾਰ ਕਬਾਇਲੀ ਹਮਲਾਵਰਾਂ ਦੇ ਦ੍ਰਿੜ੍ਹਤਾ ਨਾਲ ਮੂੰਹ ਤੋੜਨ ਦਾ ਵੇਰਵਾ ਲੂੰ-ਕੰਡੇ ਖੜ੍ਹੇ ਕਰਨ ਵਾਲਾ ਹੈ। ਦੁਨੀਆ ਦੇ ਕਈ ਦੇਸ਼ਾਂ ਦੇ ਸਕੂਲੀ ਪਾਠਕ੍ਰਮ ਵਿਚ ਇਸ ਅਦੁੱਤੀ ਜੰਗ ਬਾਰੇ ਗਾਥਾ ਪੜ੍ਹਾਈ ਜਾਂਦੀ ਹੈ ਪਰ ਅਫ਼ਸੋਸ ਸਾਡੇ ਦੇਸ਼ ਦੇ ਆਵਾਮ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ।
ਏਅਰ ਕਮਾਂਡਰ ਮੇਹਰ ਸਿੰਘ ਬਾਬਾ, ਏਅਰ ਫੋਰਸ ਦੇ ਉਤਕ੍ਰਿਸ਼ਟ ਅਫ਼ਸਰ ਸਨ। 6 ਡਕੋਟਾ ਜਹਾਜ਼ਾਂ ਦੀ ਫਲੀਟ ਨੂੰ ਲੀਡ ਕਰਦਿਆਂ ਲੇਹ ਲੱਦਾਖ ਵਿਖੇ ਲੈਂਡ ਕਰਨ ਵਾਲਾ ਉਹ ਪਹਿਲਾ ਸਿੱਖ ਪਾਇਲਟ ਸੀ। ਉਨ੍ਹਾਂ ਨੂੰ ਨੇਕਾਂ ਉੱਚ ਪੁਰਸਕਾਰ ਮਿਲੇ।
ਅਗਲਾ ਲੇਖ ਹੈ 1965 ਦੀ ਜੰਗ ਦੇ ਹੀਰੋ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਦੀ ਲਾਸਾਨੀ ਦੇਣ ਬਾਰੇ ਹੈ ਜਿਨ੍ਹਾਂ ਦੀ ਦ੍ਰਿੜ੍ਹਤਾ, ਦੂਰ-ਅੰਦੇਸ਼ੀ ਸੋਚ ਤੇ ਤੁਰਤ ਫ਼ੈਸਲਾ ਲੈਣ ਦੇ ਗੁਣਾਂ ਕਾਰਨ, ਅੱਧਾ ਭਾਰਤ, ਪਾਕਿਸਤਾਨ ਹੱਥ ਜਾਣ ਤੋਂ ਬਚ ਗਿਆ। ਉਨ੍ਹਾਂ ਨਾਲ ਕੀਤੀ ਗਈ ਇਕ ਭੇਟ-ਵਾਰਤਾ, ਪੜ੍ਹਨ ਵਾਲੀ ਹੈ।
1971 ਦੀ ਹਿੰਦ-ਪਾਕਿ ਜੰਗ ਦੇ ਹੀਰੋ ਜਨਰਲ ਜਗਜੀਤ ਸਿੰਘ ਅਰੋੜਾ, ਮੂਹਰੇ ਪਾਕਿਸਤਾਨੀ ਫ਼ੌਜ ਦੇ 93 ਹਜ਼ਾਰ ਤੋਂ ਵੱਧ ਅਫ਼ਸਰਾਂ/ਜਵਾਨਾਂ ਸਣੇ ਆਤਮ-ਸਮਰਪਣ ਕੀਤਾ। ਇਸੇ ਜੰਗ ਦੇ ਹੀਰੋ ਏਅਰ ਫੋਰਸ ਦੇ ਫਲਾਇੰਗ ਅਫ਼ਸਰ ਨਿਰਮਜੀਤ ਸਿੰਘ ਸੇਖੋਂ, ਲੱਦਾਖ ਜੰਗ ਦੇ ਹੀਰੋ ਜਨਰਲ ਬਿਕਰਮ ਸਿੰਘ ਅਤੇ ਏਅਰ ਚੀਫ ਮਾਰਸ਼ਲ ਅਰਜਨ ਸਿੰਘ ਬਾਰੇ ਸਾਰੇ ਲੇਖ ਧਿਆਨ ਨਾਲ ਪੜ੍ਹਨ ਵਾਲੇ ਹਨ। ਅਰਜਨ ਸਿੰਘ ਵਿਸ਼ਵ ਪੱਧਰ ਦੇ ਏਅਰ ਚੀਫ਼ ਸਨ।
ਪ੍ਰੋ: ਬਡੂੰਗਰ ਨੇ ਪੁਸਤਕ ਵਿਚ ਗੁਰਬਾਣੀ ਦੇ ਅਨੇਕਾਂ ਢੁਕਵੇਂ ਪ੍ਰਮਾਣ ਉਰਦੂ-ਫ਼ਾਰਸੀ ਦੇ ਸ਼ਿਅਰ, ਇਤਿਹਾਸਕਾਰਾਂ ਦੇ ਹਵਾਲੇ, ਕਾਵਿਕ-ਟੋਟੇ ਬਤੌਰ ਹਵਾਲਾ ਦੇਣ ਦੇ ਨਾਲ-ਨਾਲ ਪੁਖ਼ਤਾ ਸੁਝਾਅ ਵੀ ਦਿੱਤੇ ਹਨ ਜਿਵੇਂ ਸਿੱਖਾਂ ਦੀ ਲਾਸਾਨੀ ਜੰਗੀ ਦੇਣ ਦੇ ਮੱਦੇਨਜ਼ਰ ਫ਼ੌਜ ਵਿਚ ਉਨ੍ਹਾਂ ਦੀ ਨਫ਼ਰੀ ਵਧਾਈ ਜਾਵੇ, ਸੈਨਿਕ ਪਰਿਵਾਰਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇ। ਹਰ ਘਟਨਾ ਦੀਆਂ ਸਹੀ ਤਰੀਕਾਂ, ਸਥਾਨ ਤੇ ਵੇਰਵੇ ਪੁਸਤਕ ਨੂੰ ਸ਼ਾਹਕਾਰ ਰਚਨਾ ਬਣਾਉਂਦੇ ਹਨ। ਟਾਈਟਲ ਸਫ਼ੇ 'ਤੇ ਸਾਰੇ ਸਿੱਖ ਜਰਨੈਲਾਂ ਦੀਆਂ ਪੁਸਤਕ ਨੂੰ ਸ਼ਾਨਦਾਰ ਦਿੱਖ ਪ੍ਰਦਾਨ ਕਰਦੀਆਂ ਹਨ।
ਹਰੇਕ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ। ਪ੍ਰੋ: ਸਾਹਿਬ ਦੀ ਪੁਰਜ਼ੋਰ ਕਲਮ ਨੂੰ ਸਲਾਮ।


ਤੀਰਥ ਸਿੰਘ ਢਿੱਲੋਂ
ਮੋ: 98154-61710


ਜਦੋਂ ਸੋਚ ਬਦਲੇਗੀ

ਲੇਖਕ : ਕੇਵਲ ਧਰਮਪੁਰਾ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98788-01561.


'ਜਦੋਂ ਸੋਚ ਬਦਲੇਗੀ' ਕਾਵਿ-ਸੰਗ੍ਰਹਿ ਰਾਹੀਂ ਕੇਵਲ ਧਰਮਪੁਰਾ ਨੇ ਪੰਜਾਬੀ ਕਾਵਿ-ਜਗਤ 'ਚ ਪਲੇਠੀ ਹਾਜ਼ਰੀ ਲਗਾਈ ਹੈ। ਹਥਲੇ ਕਾਵਿ-ਸੰਗ੍ਰਹਿ ਵਿਚ ਉਸ ਨੇ 'ਸ਼ਬਦਾਂ ਦੇ ਗਲ਼ ਸੰਗਲ' ਤੋਂ ਲੈ ਕੇ 'ਫਸਲੀ ਬਟੇਰੇ' ਤੱਕ 32 ਕਵਿਤਾਵਾਂ ਨੂੰ ਸ਼ਾਮਿਲ ਕੀਤਾ ਹੈ। ਪੁਸਤਕ ਦਾ ਸਮਰਪਣ ਹੀ ਉਨ੍ਹਾਂ ਅਧਿਆਪਕਾਂ ਦੇ ਨਾਂਅ ਕੀਤਾ ਹੈ, ਜਿਨ੍ਹਾਂ ਨੇ ਉਸ ਨੂੰ ਤਾਲੀਮ ਦਿੱਤੀ। ਕਵਿਤਾ ਦੇ ਲਿਖਣ ਦੇ ਮਨੋਰਥ ਪ੍ਰਤੀ ਕੇਵਲ ਧਰਮਪੁਰਾ ਦੀ ਸੋਚ ਬਿਲਕੁਲ ਸਪੱਸ਼ਟ ਹੈ ਕਿ ਕਵਿਤਾ ਰਾਹੀਂ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ ਅਤੇ ਸੱਭਿਆਚਾਰਕ ਤਬਦੀਲੀ ਕਿਵੇਂ ਲਿਆਉਣੀ ਹੈ। ਅਜਿਹਾ ਤਾਂ ਹੀ ਸੰਭਵ ਹੈ ਜੇਕਰ ਅਸੀਂ ਹਰ ਖੇਤਰ ਵਿਚ ਵਾਪਰਦੇ ਵਰਤਾਰੇ ਪ੍ਰਤੀ ਸਜੱਗ ਹੋਵਾਂਗੇ। ਕਵਿਤਾ ਰਾਹੀਂ ਉਨ੍ਹਾਂ ਮੁੱਦਿਆਂ ਨੂੰ ਉਭਾਰਨਾ ਹੈ, ਜਿਨ੍ਹਾਂ ਸਦਕਾ ਮਨੁੱਖ ਦੀ ਸੋਚ ਤਾਰਕਿਕ ਹੋਵੇ। ਇਸੇ ਲਈ ਉਹ ਅੰਧ-ਵਿਸ਼ਵਾਸੀ, ਨਫ਼ਰਤਾਂ ਭਰੀ, ਵਿਤਕਰਿਆਂ ਭਰੀ ਹੈਵਾਨੀ ਫ਼ਿਤਰਤ ਦੇ ਖਿਲਾਫ਼ ਮਨੁੱਖਤਾਵਾਦੀ ਸੋਚ ਦਾ ਪਰਚਮ ਬੁਲੰਦ ਕਰਕੇ ਜੁਗਨੂੰ ਬਣ ਕੇ ਕਵਿਤਾ ਰਾਹੀਂ ਗਿਆਨ ਰੂਪੀ ਚਾਨਣ ਦਾ ਛੱਟਾ ਦੇਣ ਦੀ ਗੱਲ ਦਾ ਅਹਿਦ ਕਰਦਾ ਹੈ :
ਇਹ ਸ਼ਬਦਾਂ ਅੰਦਰ/ਮੈਂ ਸੰਘਰਸ਼ ਭਰਿਆ ਹੈ
ਮੈਂ ਆਪਣੀ ਰੂਹ ਵਿਲੀਨ ਕੀਤੀ ਹੈ/ਮੈਂ ਹਿਰਦੇ ਦੇ ਖ਼ੂਨ ਨਾਲ ਉੱਕਰੀ ਹੈ
ਇਸ ਦੀ ਹਰ ਸਤਰ/ਜਦੋਂ ਸੋਚ ਬਦਲੇਗੀ।
ਕੇਵਲ ਧਰਮਪੁਰਾ ਅਜੋਕੀ ਅਖੌਤੀ ਆਧੁਨਿਕਤਾ, ਨਿੱਜਤਾ, ਉਦਾਰਤਾ, ਵਿਸ਼ਾਲਤਾ ਵਾਲੀ ਤਰਜ਼-ਏ-ਜ਼ਿੰਦਗੀ ਦੀਆਂ ਵਿਕਰਾਲ ਦਿੱਕਤਾਂ ਪੇਸ਼ ਕਰਦਿਆਂ ਸਾਵੀ ਪੱਧਰੀ ਮਨੁੱਖੀ ਜ਼ਿੰਦਗੀ ਜਿਊਣ ਦਾ ਹਮਾਇਤੀ ਹੈ। ਅਜਿਹੀਆਂ ਧਾਰਨਾਵਾਂ ਦੀ ਪੁਸ਼ਟੀ ਉਹ 'ਕਲਮ ਦਾ ਸਫ਼ਰ', 'ਸੁਫ਼ਨੇ', 'ਅਣਜੰਮੀ ਧੀ ਦੀ ਦਾਸਤਾਂ', 'ਮੈਂ ਕੀ ਲਿਖਾਂ', 'ਸਾਡੀ ਪ੍ਰਗਤੀ', 'ਜਦੋਂ ਸੋਚ ਬਦਲੇਗੀ', 'ਮੰਗਲ', 'ਬੁੱਧ', 'ਕਾਲੀ ਦੇਵੀ', 'ਫ਼ਸਲੀ ਬਟੇਰੇ' ਆਦਿ ਕਵਿਤਾਵਾਂ ਵਿਚ ਕਰਦਾ ਹੈ। ਉਸ ਦੀ ਕਵਿਤਾ ਮਨੁੱਖੀ ਜ਼ਿਹਨ 'ਚ ਪ੍ਰਸ਼ਨ ਪੈਦਾ ਕਰਦੀ ਹੈ। ਪ੍ਰਸ਼ਨਾਂ ਅਤੇ ਸੁਪਨਿਆਂ ਦੀ ਆਂਤਰਿਕ ਸਾਂਝ ਸੰਬੰਧੀ ਪੂਰੀ ਤਰ੍ਹਾਂ ਸੁਚੇਤ ਹੈ ਤਾਂ ਹੀ ਉਸ ਦੀਆਂ ਇਹ ਸਤਰਾਂ ਕਾਵਿ-ਪਾਠਕ ਦਾ ਧਿਆਨ ਆਕਰਸ਼ਿਤ ਕਰਦੀਆਂ ਹਨ :
ਸੁਪਨੇ ਜੇ ਮਰ ਗਏ ਤਾਂ ਸਮਝੋ/ਜ਼ਿੰਦਗੀ ਹੀ ਮਰ ਗਈ।
ਮਨੁੱਖੀ ਜ਼ਿੰਦਗੀ ਨਾਲ ਸੰਵਾਦ ਰਚਾਉਂਦੀ ਸ਼ਾਇਰੀ ਨੂੰ ਜੀ ਆਇਆਂ ਕਹਿੰਦਿਆਂ ਖੁਸ਼ੀ ਮਹਿਸੂਸ ਕਰਦਾ ਹਾਂ। ਆਮੀਨ।


ਸੰਧੂ ਵਰਿਆਣਵੀ (ਪ੍ਰੋ:)
ਮੋ: 98786-14096.


ਕੋਠਾ ਨੰ: 64
ਲੇਖਕ : ਰਾਕੇਸ਼ ਸ਼ੰਕਰ ਭਾਰਤੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 220 ਰੁਪਏ, ਸਫ਼ੇ : 192
ਸੰਪਰਕ : 01679-233244.


ਇਸ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਜੀ ਬੀ ਰੋਡ ਦੇ ਉਨ੍ਹਾਂ ਕੋਠਿਆਂ ਦੇ ਅੰਦਰਲੇ ਹਨੇਰਿਆਂ ਦੀ ਦਾਸਤਾਨ ਹਨ ਜੋ ਬਾਹਰੋਂ ਬੜੇ ਰੌਸ਼ਨ ਨਜ਼ਰ ਆਉਂਦੇ ਹਨ। ਹਾਸਿਆਂ ਦੇ ਪਿੱਛੇ ਛੁਪੇ ਦਰਦ, ਮੇਕਅੱਪ ਦੀਆਂ ਪਰਤਾਂ ਥੱਲੇ ਲੁਕੇ ਦੁੱਖਾਂ ਦੀਆਂ ਚਿਹਰੇ ਤੇ ਪਈਆਂ ਲਕੀਰਾਂ ਅਤੇ ਆਪਣੀ ਜ਼ਿੰਦਗੀ ਦੇ ਬੀਤੇ ਨੂੰ ਯਾਦ ਕਰਦੀਆਂ ਇਨ੍ਹਾਂ ਸੈਕਸ ਵਰਕਰਾਂ ਦੀਆਂ ਮਜਬੂਰੀਆਂ, ਦੁਸ਼ਵਾਰੀਆਂ, ਭਾਵਨਾਵਾਂ ਅਤੇ ਭਵਿੱਖ ਵੱਲ ਦੀ ਆਸ ਇਹ ਸਭ ਦਾ ਵਰਨਣ ਇਨ੍ਹਾਂ ਕਹਾਣੀਆਂ ਵਿਚ ਬਾਖੂਬੀ ਨਜ਼ਰ ਆੳਂਦਾ ਹੈ। ਹਰੇਕ ਕਹਾਣੀ ਦੇ ਪਿੱਛੇ ਛੁਪੀ ਕਹਾਣੀ ਨੂੰ ਕਹਾਣੀਕਾਰ ਨੇ ਆਪਣੇ ਮਖ਼ਸੂਸ ਅੰਦਾਜ਼ ਵਿਚ ਪੇਸ਼ ਕੀਤਾ ਹੈ ਜਿਸ ਤੋਂ ਪਾਠਕ ਇਨ੍ਹਾਂ ਦੀ ਜੀਵਨ ਕਹਾਣੀ ਤੋਂ ਜਾਣੂ ਹੁੰਦਾ ਹੈ ਕਿ ਕਿਸ ਤਰ੍ਹਾਂ ਇਹ ਲੜਕੀਆਂ ਇਸ ਧੰਦੇ ਵਿਚ ਸ਼ਾਮਿਲ ਹੁੰਦੀਆਂ ਹਨ। ਜ਼ਿੰਦਗੀ ਕਿਵੇਂ ਉਨ੍ਹਾਂ ਨਾਲ ਖੇਡ ਖੇਡਦੀ ਹੈ। ਪਿਆਰ ਦੀ ਆੜ ਵਿਚ, ਵਿਆਹ ਦਾ ਝਾਂਸਾ, ਚੰਗੇ ਭਵਿੱਖ ਦੀ ਕਾਮਨਾ ਅਤੇ ਪਰਿਵਾਰ ਦੀ ਗ਼ਰੀਬੀ ਨੂੰ ਦੂਰ ਕਰਨ ਦੇ ਸੁਪਨੇ, ਸੁਪਨੇ ਲੱਦੀਆਂ ਇਹ ਅੱਖਾਂ ਕਦੋਂ ਉਨੀਂਦਰੇ ਦਾ ਸ਼ਿਕਾਰ ਹੋ ਜਾਂਦੀਆਂ ਹਨ, ਇਸ ਸਾਰੇ ਸਫ਼ਰ ਦੀ ਦਾਸਤਾਨ ਇਹ ਕਹਾਣੀਆਂ ਹਨ। 14 ਕਹਾਣੀਆਂ ਵਾਲੀ ਇਹ ਕਿਤਾਬ ਦੀਆਂ ਕਹਾਣੀਆਂ ਪੜ੍ਹਦਿਆਂ ਇਨ੍ਹਾਂ ਵਿਚਲੇ ਪਿਆਰ ਦੀ ਖੂਬਸੂਰਤੀ ਨਜ਼ਰ ਆਉਂਦੀ ਹੈ। ਦੱਲਾ, ਰਿਕਸ਼ੇ ਵਾਲਾ ਮਹਿਬੂਬ, ਪ੍ਰੇਮ ਨਗਰ ਤੋਂ ਕਿਤੇ ਦੂਰ ਅਤੇ ਮੈਂ ਚੂੜੀਆਂ ਤੋੜ ਦਿੱਤੀਆਂ ਉਹ ਕਹਾਣੀਆਂ ਹਨ ਜਿਨਾਂ ਵਿਚ ਸਿਰਫ ਆਪਣੇ ਪਿਆਰੇ ਲਈ ਪਿਆਰ ਹੈ, ਉਸ ਦਾ ਸਤਿਕਾਰ ਹੈ, ਮਰ ਮਿਟਣ ਦੀ ਭਾਵਨਾ ਹੈ, ਇਸ ਅਹਿਸਾਸ ਤੋਂ ਕਿਤੇ ਪਰ੍ਹੇ ਹੈ ਕਿ ਉਹ ਕਿਸ ਪੇਸ਼ੇ ਨਾਲ ਸੰਬੰਧਿਤ ਹਨ। ਜ਼ਿੰਦਗੀ ਇਕ ਖੂਬਸੂਰਤ ਇਤਫ਼ਾਕ ਹੈ ਕਹਾਣੀ ਜ਼ਿੰਦਗੀ ਦੇ ਉਨ੍ਹਾਂ ਇਤਫ਼ਾਕ ਨਾਲ ਰੂਬਰੂ ਕਰਾੳਂਦੀ ਹੈ ਜੋ ਇਨਸਾਨ ਦੀ ਜ਼ਿੰਦਗੀ ਵਿਚ ਆਉਣ ਵਾਲੇ ਰਾਹ ਰਸਤਿਆਂ ਨੂੰ ਪੂਰੀ ਤਰਾਂ ਬਦਲ ਕੇ ਰੱਖ ਦਿੰਦੀ ਹੈ। ਕੋਠਾ ਨੰ: 64 ਢਲਦੀ ਉਮਰ ਦੀਆਂ ਸੈਕਸ ਵਰਕਰਾਂ ਦੀ ਦਾਸਤਾਨ ਹੈ ਜਿਹੜੀਆਂ ਆਪਣੀ ਪੂਰੀ ਜਵਾਨੀ ਇਸ ਕੋਠੇ ਵਿਚ ਗੁਜ਼ਾਰ ਦਿੰਦੀਆਂ ਹਨ ਪਰ ਅੰਤ ਕਿਸੇ ਬੇਜਾਨ ਵਸਤ ਵਾਂਗ ਇਕ ਪਾਸੇ ਸੁੱਟ ਦਿੱਤੀਆਂ ਜਾਂਦੀਆਂ ਹਨ। ਇਹੀ ਕਹਾਣੀਕਾਰ ਦੀ ਖੂਬੀ ਹੈ ਕਿ ਉਸ ਦੀਆਂ ਇਹ ਕਹਾਣੀਆਂ ਇਸ ਵਿਸ਼ੇ 'ਤੇ ਲਿਖੀਆਂ ਕਹਾਣੀਆਂ ਨਾਲੋਂ ਥੋੜ੍ਹੇ ਵੱਖਰੇ ਲਹਿਜੇ ਨਾਲ ਪੇਸ਼ ਕੀਤੀਆਂ ਗਈਆਂ ਹਨ।


ਡਾ. ਸੁਖਪਾਲ ਕੌਰ ਸਮਰਾਲਾ
ਮੋ: 83606-83823


ਅੰਧਕਾਰ ਯੁੱਗ : ਭਾਰਤ ਵਿਚ ਬਰਤਾਨਵੀ ਸਾਮਰਾਜ
ਲੇਖਕ : ਸ਼ਸ਼ੀ ਥਰੂਰ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 500 ਰੁਪਏ, ਸਫ਼ੇ : 28+311
ਸੰਪਰਕ : 0161-2740738.


'ਅੰਧਕਾਰ ਯੁੱਗ' ਲੇਖਕ ਸ਼ਸ਼ੀ ਥਰੂਰ ਦੀ ਅੰਗਰੇਜ਼ੀ ਭਾਸ਼ਾ ਵਿਚ ਛਪੀ ਕਿਤਾਬ 'ਐਨ ਏਰਾ ਆਫ ਡਾਰਕਨੈੱਸ : ਦਾ ਬ੍ਰਿਟਿਸ਼ ਐਮਪਾਇਰ ਇਨ ਇੰਡੀਆ' ਦੀ ਪੰਜਾਬੀ ਭਾਸ਼ਾ ਵਿਚ ਅਨੁਵਾਦਤ ਕਿਤਾਬ ਹੈ। ਅੰਗਰੇਜ਼ੀ ਭਾਸ਼ਾ ਵਿਚ ਐਲਫ ਬੁੱਕ ਕੰਪਨੀ ਵਲੋਂ ਇੰਗਲੈਂਡ ਵਿਚ 2016 ਦੌਰਾਨ ਪਹਿਲਾ ਸੰਸਕਰਣ ਪ੍ਰਕਾਸ਼ਿਤ ਕੀਤਾ ਗਿਆ ਸੀ। ਭਾਰਤੀ ਸਾਹਿਤ ਅਕਾਦਮੀ, ਨਵੀਂ ਦਿੱਲੀ ਵਲੋਂ 2019 ਦੀ ਸਾਹਿਤ ਅਕਾਦਮੀ ਐਵਾਰਡ ਪ੍ਰਾਪਤ ਇਸ ਕਿਤਾਬ ਦਾ ਪੰਜਾਬੀ ਭਾਸ਼ਾ ਵਿਚ ਅਨੁਵਾਦ ਦੀਪ ਜਗਦੀਪ ਵਲੋਂ ਕੀਤਾ ਗਿਆ ਹੈ।
ਸ਼ਸ਼ੀ ਥਰੂਰ ਮੌਜੂਦਾ ਸਮੇਂ ਕੇਰਲਾ ਤੋਂ ਭਾਰਤੀ ਲੋਕ ਸਭਾ ਦਾ ਮੈਂਬਰ ਹੈ ਤੇ ਮੰਤਰੀ ਰਹਿ ਚੁੱਕੇ ਹਨ। ਉਸ ਦਾ ਜਨਮ ਇੰਗਲੈਂਡ ਵਿਚ ਹੋਇਆ। ਉਹ ਇਕ ਸਫ਼ਲ ਇਤਿਹਾਸਕਾਰ, ਭਾਰਤੀ ਰਾਜਨੀਤੀਵਾਨ ਅਤੇ ਸਾਬਕਾ ਅੰਤਰਰਾਸ਼ਟਰੀ ਰਾਜਦੂਤ ਹੈ। ਯੂ.ਐਨ.ਓ. ਵਿਚ ਅੰਡਰ-ਸੈਕਟਰੀ ਜਨਰਲ ਦੇ ਵੱਕਾਰੀ ਅਹੁਦੇ 'ਤੇ ਕਾਰਜ ਕਰ ਚੁੱਕਾ ਹੈ।
ਅਕਾਦਮਿਕਤਾ ਤੇ ਖੋਜ ਵਿਸ਼ੇਸ਼ ਕਰਕੇ ਇਤਿਹਾਸ, ਧਰਮ, ਭਾਰਤੀ ਵਿਰਾਸਤ, ਰਾਜਨੀਤੀ, ਵਿਦੇਸ਼ੀ ਨੀਤੀ ਅਤੇ ਲਲਿਤ ਕਲਾਵਾਂ ਦੇ ਇਤਿਹਾਸ ਵਿਚ ਸ਼ਸ਼ੀ ਥਰੂਰ ਦੀ ਵਿਸ਼ੇਸ਼ ਰੁਚੀ ਹੈ। ਉਨ੍ਹਾਂ ਦੇ ਲੇਖ ਦੇਸ਼-ਵਿਦੇਸ਼ ਦੀਆਂ ਪ੍ਰਸਿੱਧ ਅਖ਼ਬਾਰਾਂ 'ਚ ਛਪਦੇ ਰਹਿੰਦੇ ਹਨ।
ਅੰਧਕਾਰ ਯੁੱਗ : ਭਾਰਤ ਵਿਚ ਬਰਤਾਨਵੀ ਸਾਮਰਾਜ ਕਿਤਾਬ ਦੇ ਕੁੱਲ ਅੱਠ ਅਧਿਆਇ ਕ੍ਰਮਵਾਰ ਭਾਰਤ ਦੀ ਲੁੱਟ; ਕੀ ਅੰਗਰੇਜ਼ਾਂ ਨੇ ਭਾਰਤ ਦਾ ਸਿਆਸੀ ਏਕੀਕਰਨ ਕੀਤਾ; ਲੋਕਤੰਤਰ, ਪੱਤਰਕਾਰੀ, ਸੰਸਦੀ ਪ੍ਰਣਾਲੀ ਅਤੇ ਕਾਨੂੰਨ ਦਾ ਰਾਜ; ਗਿਆਨਵਾਨ ਤਾਨਾਸ਼ਾਹੀ ਦੀ ਮਿੱਥ; ਡਾਵਾਂਡੋਲ ਬਹੀ-ਖ਼ਾਤਾ; ਸਮਾਪਤੀ ਟਿੱਪਣੀ ਅਤੇ ਬਸਤੀਵਾਦ ਤੋਂ ਬਾਅਦ ਦੀ ਉਲਝੀ ਹੋਈ ਜ਼ਿੰਦਗੀ ਹਨ। ਲੇਖਕ ਵਲੋਂ ਇਕ ਪ੍ਰਬੰਧ ਇਤਿਹਾਸਕਾਰ ਵਜੋਂ ਕਿਤਾਬ ਦੇ ਮੁੱਢ ਵਿਚ ਭਾਰਤ ਵਿਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ, ਮੁਗ਼ਲ ਸਾਮਰਾਜ ਦੇ ਪਤਨ, ਅੰਗਰੇਜ਼ਾਂ, ਫਰਾਂਸੀਸੀਆਂ ਅਤੇ ਜਰਮਨਾਂ ਦਾ ਆਉਣਾ, ਅੰਗਰੇਜ਼ਾਂ ਵਲੋਂ ਵੱਖ-ਵੱਖ ਭਾਰਤੀ ਇਲਾਕਿਆਂ ਵਿਚ ਆਪਣਾ ਅਧਿਕਾਰ ਜਮਾਉਣ, ਭਾਰਤ ਵਿਚ ਸੰਵਿਧਾਨਕ ਵਿਕਾਸ ਦੀ ਸ਼ੁਰੂਆਤ ਅਤੇ ਆਜ਼ਾਦੀ ਸੰਗਰਾਮ ਨਾਲ ਜੁੜੀਆਂ ਕੁਝ ਮਹੱਤਵਪੂਰਨ ਘਟਨਾਵਾਂ, ਲੜਾਈਆਂ, ਸੰਧੀਆਂ, ਨੇਤਾਵਾਂ ਦੇ ਜਨਮ, ਧਾਰਮਿਕ ਉਤਸਵਾਂ ਆਦਿ ਨਾਲ ਸੰਬੰਧਿਤ ਸਾਲਾਂ ਦੀ ਤਰਤੀਬ ਦਿੱਤੀ ਗਈ ਹੈ।
ਕਿਤਾਬ ਦੀ ਸ਼ੁਰੂਆਤ ਲੇਖਕ ਵਲੋਂ ਕੁਝ ਵੱਖਰੇ ਤਰੀਕੇ ਨਾਲ ਉਸ ਵਲੋਂ ਆਕਸਫੋਰਡ ਯੂਨੀਵਰਸਿਟੀ ਵਿਚ ਮਈ 2015 ਦੌਰਾਨ ਦਿੱਤੇ ਗਏ ਭਾਸ਼ਨ 'ਭਾਰਤੀ ਪ੍ਰਤਿਕਿਰਿਆ-ਆਲੋਚਨਾ' ਤੇ ਵਿਚਾਰ ਇਤਿਹਾਸ ਨਾ ਬਹਾਨਿਆ ਲਈ ਹੁੰਦਾ ਹੈ ਨਾ ਹੀ ਬਦਲੇ ਲਈ, ਤੋਂ ਕੀਤੀ ਗਈ ਹੈ। ਸ਼ਸ਼ੀ ਥਰੂਰ ਅਨੁਸਾਰ ਮੁਗ਼ਲ ਬਾਦਸ਼ਾਹ ਮੋਈਊਦਦੀਨ ਮੁਹੰਮਦ ਔਰੰਗਜੇਬ ਦੇ ਕਾਲ ਦੌਰਾਨ ਭਾਰਤ ਦੀ ਸੰਸਾਰ ਦੇ ਕੁੱਲ ਅਰਥਚਾਰੇ ਵਿਚ 27 ਫ਼ੀਸਦੀ ਹਿੱਸੇਦਾਰੀ ਸੀ। ਕਿਤਾਬ ਦੀ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਭਾਰਤ ਦੇ ਬਸਤੀਵਾਦ ਬਾਰੇ ਅਨੁਭਵਾਂ ਨਾਲ ਸੰਬੰਧਿਤ ਹੈ।
ਸਮੁੱਚੇ ਰੂਪ ਵਿਚ ਕਿਤਾਬ ਦਾ ਹਰ ਅਧਿਆਇ ਪੜ੍ਹਨ ਤੋਂ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਈਸਟ ਇੰਡੀਆ ਕੰਪਨੀ ਅਤੇ ਬਰਤਾਨਵੀ ਰਾਜ ਦੌਰਾਨ ਹਰ ਸਕੀਮ ਅੰਗਰੇਜ਼ ਅਫ਼ਸਰਾਂ ਵਲੋਂ ਅਜਿਹੇ ਤਰੀਕੇ ਨਾਲ ਬਣਾਈ ਤੇ ਅਪਣਾਈ ਜਾਂਦੀ ਸੀ ਕਿ ਭਾਰਤ ਦੀ ਆਰਥਿਕ ਲੁੱਟ-ਖਸੁੱਟ ਨੂੰ ਜਾਇਜ਼ ਤਰੀਕੇ ਨਾਲ ਨਿਰੰਤਰ ਰੂਪ ਵਿਚ ਜਾਰੀ ਰੱਖਿਆ ਜਾ ਸਕੇ। ਸ਼ਸ਼ੀ ਥਰੂਰ ਅਨੁਸਾਰ ਇਸ ਕਿਤਾਬ ਦਾ ਮੰਤਵ ਆਪਣੀ ਵਿਰਾਸਤ ਦਾ ਪੁਨਰ ਮੁਲਾਂਕਣ ਕਰਨਾ ਅਤੇ ਆਲੋਚਨਾਤਮਿਕ ਢੰਗ ਨਾਲ ਘਟਨਾਵਾਂ ਅਤੇ ਤੱਥਾਂ ਦੀ ਪੁਣ-ਛਾਣ ਕਰਨਾ ਹੈ। ਲੇਖਕ ਅਨੁਸਾਰ ਭਾਵੇਂ ਆਜ਼ਾਦੀ ਪ੍ਰਾਪਤੀ ਹੋਈ ਨੂੰ ਲਗਭਗ 74 ਸਾਲ ਹੋ ਚੁੱਕੇ ਹਨ ਪ੍ਰੰਤੂ ਅਜੇ ਵੀ ਲੋੜ ਹੈ ਭਾਰਤੀ ਆਜ਼ਾਦੀ ਸੰਗਰਾਮ ਦੌਰਾਨ ਅਸਫਲਤਾ, ਬਰਤਾਨਵੀ ਆਰਥਿਕ ਲੁੱਟ-ਖਸੁੱਟ ਅਤੇ ਆਜ਼ਾਦੀ ਉਪਰੰਤ ਬਣੀਆਂ ਰਾਸ਼ਟਰੀ ਸਰਕਾਰਾਂ ਦੇ ਕੰਮਾਂ ਕਾਜਾਂ ਦੇ ਪੁਨਰ ਮੁਲਾਂਕਣ ਕਰਨ ਦੀ।
ਸੰਖੇਪ ਵਿਚ ਕਿਤਾਬ ਦੀ ਅਹਿਮੀਅਤ ਬਾਰੇ ਬਿਜ਼ਨਸ ਸਟੈਂਡਰਡ ਵਿਚ ਛਪੀ ਸੰਖੇਪ ਟਿੱਪਣੀ ਬੰਨ੍ਹ ਕੇ ਬਿਠਾ ਦੇਣ ਵਾਲੀ ਕਿਤਾਬ। ਉਸ ਦੀ ਆਪਣੇ ਅੰਦਾਜ਼ ਵਾਲੀ ਹਾਜ਼ਰ ਜੁਆਬੀ, ਚੋਭਵਾਂ ਵਿਅੰਗ ਅਤੇ ਗੁਣਵੰਤੀ ਲੇਖਣੀ, ਉਸ ਨੇ ਧੜਾਧੜ ਵਿਕਣ ਵਾਲੀ ਅਜਿਹੀ ਕਿਤਾਬ ਲਿਖੀ ਹੈ, ਜਿਹੜੀ ਇਸ 'ਅੰਧਕਾਰ ਯੁੱਗ' ਬਾਰੇ ਚਿੰਤਨ ਅਤੇ ਚਰਚਾ ਨੂੰ ਮੁੜ ਤੋਂ ਚਾਨਣ ਦੇ ਰਾਹ ਤੋਰੇਗੀ।
ਅੰਤ ਵਿਚ ਇਸ ਕਿਤਾਬ ਦਾ ਪੰਜਾਬੀ ਅਨੁਵਾਦ ਦੀਪ ਜਗਦੀਪ ਵਲੋਂ ਤੱਥਾਂ ਅਤੇ ਘਟਨਾਵਾਂ ਦੀ ਅਹਿਮੀਅਤ ਅਨੁਸਾਰ ਬਾਖੂਬੀ ਅਸਲੀਅਤ ਦੇ ਨੇੜੇ ਕੀਤਾ ਗਿਆ ਹੈ। ਪੰਜਾਬੀ ਭਾਸ਼ਾ ਵਿਚ ਇਸ ਕਿਤਾਬ ਦਾ ਕਿਸਾਨ ਅੰਦੋਲਨ ਦੇ ਸਮੇਂ ਦੌਰਾਨ ਆਉਣਾ ਹੋਰ ਵੀ ਅਹਿਮੀਅਤ ਰੱਖਦਾ ਹੈ ਕਿਉਂਕਿ ਇਸ ਨੂੰ ਪੜ੍ਹਨ ਨਾਲ ਭਾਰਤੀਆਂ ਦੀ ਲੁੱਟ-ਖਸੁੱਟ ਦੇ ਇਤਿਹਾਸਕ ਵੇਰਵਿਆਂ ਦੀ ਜਾਣਕਾਰੀ ਮੁਢਲੇ ਸ੍ਰੋਤਾਂ 'ਤੇ ਆਧਾਰਿਤ ਪਾਠਕਾਂ ਨੂੰ ਪ੍ਰਾਪਤ ਹੋਵੇਗੀ ਜੋ ਅੱਜ ਸਮੁੱਚੇ ਪੰਜਾਬੀ ਭਾਈਚਾਰੇ ਅਤੇ ਭਾਰਤੀਆਂ ਲਈ ਸਖ਼ਤ ਲੋੜ ਹੈ।


ਡਾ. ਮੁਹੰਮਦ ਇਦਰੀਸ


ਅੱਖੀਆਂ
ਲੇਖਕ : ਗੁਰਚਰਨ ਸਿੰਘ ਜ਼ਿਲੇਦਾਰ
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨਜ਼, ਮਾਨਸਾ
ਮੁੱਲ : 170 ਰੁਪਏ, ਸਫ਼ੇ : 96
ਸੰਪਰਕ : 085588-50143.


'ਅੱਖੀਆਂ' ਗੁਰਚਰਨ ਸਿੰਘ ਜ਼ਿਲੇਦਾਰ ਦੀ ਸੱਤਵੀਂ ਪੁਸਤਕ ਹੈ। ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਕਵਿਤਾਵਾਂ, ਗੀਤ, ਦੋਗਾਣੇ ਇਸ ਪੁਸਤਕ ਵਿਚ ਸ਼ਾਮਿਲ ਹਨ। ਲੇਖਕ ਨੇ ਸਮਾਜਿਕ ਸਮੱਸਿਆਵਾਂ ਰਿਸ਼ਤਿਆਂ ਦੇ ਅਨੁਭਵ ਅਤੇ ਕੁਝ ਇਤਿਹਾਸਕ ਪਲਾਂ ਦਾ ਵਰਨਣ ਵੀ ਆਪਣੇ ਗੀਤਾਂ ਰਾਹੀਂ ਕੀਤਾ ਹੈ। ਇਸ ਸੰਗ੍ਰਹਿ ਵਿਚ 60 ਕਾਵਿ ਰਚਨਾਵਾਂ ਸ਼ਾਮਿਲ ਹਨ, ਜਿਨ੍ਹਾਂ ਨੂੰ ਲੇਖਕ ਨੇ ਲੋਕ ਜੀਵਨ ਦੇ ਕਈ ਰੰਗਾਂ ਵਿਚ ਢਾਲ ਕੇ ਪੇਸ਼ ਕੀਤਾ ਹੈ। ਛੰਦ ਪਰਾਗੇ ਵਰਗਾ ਲੋਕ ਕਾਵਿ ਰੂਪ ਵੀ ਪ੍ਰਯੋਗ ਕੀਤਾ ਹੈ। ਪ੍ਰੇਰਨਾਤਮਿਕ ਕਵਿਤਾਵਾਂ ਜਿਵੇਂ ਤਮਾ, ਪਛਤਾਵਾ, ਸ਼ਰਾਬੀ, ਤੱਕੀਏ ਨਾ ਮਾੜਾ, ਕੰਮ ਹੀ ਪੂਜਾ ਹੈ, ਆਦਿ ਬਹੁਤ ਸਲਾਹੁਣਯੋਗ ਹਨ ਜੋ ਪਾਠਕਾਂ ਨੂੰ ਪ੍ਰੇਰਨਾ ਵੀ ਪ੍ਰਦਾਨ ਕਰਦੀਆਂ ਹਨ। ਕਵੀ ਰਿਸ਼ਤਿਆਂ ਦੀ ਸੰਵੇਦਨਾ ਨੂੰ ਮਹਿਸੂਸ ਕਰਦਾ ਹੋਇਆ ਜੀਵਨ ਸਾਥੀ ਦੇ ਰਿਸ਼ਤੇ ਦੀ ਉੱਤਮਤਾ ਅਤੇ ਸਨੇਹ ਪਿਆਰ ਬਾਰੇ ਜ਼ਿਕਰ ਕਰਦਾ ਹੈ :
ਵਿਛੜੇ ਨਾ ਜੀਵਨ ਸਾਥੀ
ਕਰੇ ਜੋ ਪਲ ਪਲ ਰਾਖੀ
ਕੰਧਾਂ ਵੱਢ ਖਾਂਦੀਆਂ
ਛਾ ਜਾਏ ਉਦਾਸੀ
ਮਸਲੇ ਨਾ ਹੱਲ ਹੁੰਦੇ ਲੜ ਕੇ,
ਲੜ ਲਓ ਭਾਵੇਂ ਡਾਂਗਾਂ ਫੜ ਕੇ।
ਸਮਾਜਿਕ ਮਸਲੇ ਜਿਵੇਂ ਸ਼ਰਾਬ, ਜੂਆ, ਨਸ਼ੇ ਆਦਿ ਬਾਰੇ ਆਮ ਪਾਠਕਾਂ ਨੂੰ ਸੁਚੇਤ ਕਰਨਾ ਵੀ ਕਵੀ ਨੇ ਆਪਣਾ ਫ਼ਰਜ਼ ਸਮਝਿਆ ਹੈ। ਕਵੀ ਆਪਣੀਆਂ ਕਾਵਿ ਰਚਨਾਵਾਂ ਰਾਹੀਂ ਮਹਿਸੂਸ ਕਰਦਾ ਹੈ ਕਿ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸੰਸਥਾਵਾਂ ਦੇ ਬਹੁਤ ਸਾਰੇ ਮੁਖੀ ਅਤੇ ਸਰਪ੍ਰਸਤ ਵੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦੇ ਹਨ। ਵਿਧਵਾ ਔਰਤ ਦੀ ਸਮਾਜਿਕ ਸਥਿਤੀ, ਸਾਰੇ ਪਾਸੇ ਜੱਟ-ਜੱਟ ਹੋਈ ਪਈ ਆ ਵਿਚ ਜੱਟ ਕੌਮ ਦੇ ਫੋਕੇ ਵਿਖਾਵਿਆਂ ਤੋਂ ਵੀ ਲੇਖਕ ਚਿੰਤਤ ਹੈ। ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ, ਖਾਲਸਾ ਪੰਥ ਦੀ ਸਾਜਨਾ ਵੇਲੇ ਗੁਰੂ ਗੋਬਿੰਦ ਸਿੰਘ ਜੀ ਦਾ ਜਲੌਅ ਦਾ ਪ੍ਰਗਟਾਵਾ :
ਜਿਧਰ ਖ਼ਾਲਸਾ ਜਾਂਵਦਾ,
ਜੱਗ ਕਰੇ ਸਲਾਮਾਂ
ਜਿਥੇ ਖ਼ਾਲਸਾ ਜਾਂਵਦਾ
ਵੱਜੇ ਗਗਨ ਦਮਾਮਾ
ਇਹ ਧਨ ਕਮਾਈਆਂ ਤੇਰੀਆਂ
ਗੋਬਿੰਦ ਦਾਤਾ।
ਸਮੁੱਚੇ ਤੌਰ 'ਤੇ ਗੁਰਚਰਨ ਸਿੰਘ ਜ਼ਿਲੇਦਾਰ ਦੀਆਂ ਸਾਰੀਆਂ ਕਾਵਿ ਰਚਨਾਵਾਂ ਸਮਾਜ ਦੀਆਂ ਕਈ ਪਰਤਾਂ ਦਾ ਸੰਵੇਦਨਾ ਭਰਪੂਰ ਪ੍ਰਗਟਾਵਾ ਹਨ। ਆਮ ਪਾਠਕਾਂ ਦੀ ਭਾਸ਼ਾ ਵਿਚ ਰਚੀ ਇਹ ਪੁਸਤਕ ਪ੍ਰਭਾਵਸ਼ਾਲੀ ਅਤੇ ਜਨ-ਸਾਧਾਰਨ ਦੇ ਪੜ੍ਹਨਯੋਗ ਹੈ। ਹਰ ਤਰ੍ਹਾਂ ਦੀਆਂ ਸਮਾਜਿਕ ਚੁਣੌਤੀਆਂ ਸੰਬੰਧੀ ਰਚੀਆਂ ਕਾਵਿ ਰਚਨਾਵਾਂ ਪਾਠਕਾਂ ਲਈ ਪ੍ਰੇਰਨਾਦਾਇਕ ਹਨ।


ਪ੍ਰੋ: ਕੁਲਜੀਤ ਕੌਰ

16-10-2021

 ਲੰਘਣ ਖੁਸ਼ੀਆਂ ਵਿਚ ਦਿਹਾੜੇ
ਲੇਖਕ : ਸੁਰਜੀਤ ਸਿੰਘ ਬਲਾੜ੍ਹੀ ਕਲਾਂ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 64
ਸੰਪਰਕ : 95015 03315.

ਹਥਲੀ ਪੁਸਤਕ 'ਲੰਘਣ ਖੁਸ਼ੀਆਂ ਵਿਚ ਦਿਹਾੜੇ' ਸੁਰਜੀਤ ਬਲਾੜ੍ਹੀ ਕਲਾਂ ਦੀ ਦੂਸਰੀ ਬਾਲ ਪੁਸਤਕ ਹੈ, ਜਿਸ ਵਿਚ 25 ਬਾਲ ਕਵਿਤਾਵਾਂ ਸ਼ਾਮਿਲ ਹਨ ਜੋ ਕਿ ਬਹੁਤ ਹੀ ਸ਼ਾਨਦਾਰ ਢੁਕਵੀਆਂ ਤਸਵੀਰਾਂ ਅਤੇ ਰੰਗਾਂ ਨਾਲ ਸ਼ਿੰਗਾਰੀਆਂ ਹੋਈਆਂ ਹਨ। ਸਭੇ ਰਚਨਾਵਾਂ ਸਰਲ, ਠੇਠ ਅਤੇ ਬਾਲਾਂ ਦੇ ਮਾਨਸਿਕ ਪੱਧਰ ਦੀਆਂ ਹਨ। ਸਾਰੀਆਂ ਰਚਨਾਵਾਂ ਜਿੱਥੇ ਬਾਲਾਂ ਦਾ ਭਰਪੂਰ ਮਨੋਰੰਜਨ ਕਰਦੀਆਂ ਹਨ, ਉਥੇ ਸੁਭਾਵਿਕ ਹੀ ਬਾਲਾਂ ਨੂੰ ਸਿੱਖਿਆ ਵੀ ਦਿੰਦੀਆਂ ਹਨ।
ਜਿਵੇਂ : 'ਮੰਨ ਲਓ ਮੇਰਾ ਕਹਿਣਾ' ਕਵਿਤਾ ਵਿਚ ਬਾਲਾਂ ਨੂੰ ਤੰਦਰੁਸਤ ਰਹਿਣ ਦਾ ਰਾਜ਼ ਸਮਝਾਉਂਦੇ ਹੋਏ ਲਿਖਦੇ ਹਨ :
ਜੇ ਤੰਦਰੁਸਤ ਰਹਿਣਾ ਬੱਚਿਓ।
ਮੰਨ ਲਓ ਮੇਰਾ ਕਹਿਣਾ ਬੱਚਿਓ।
ਡੋਸੇ, ਨਿਊਡਲਜ਼, ਬਰਗਰ, ਮਿੱਠਾ,
ਇਨ੍ਹਾਂ ਜਿਹਾ ਨਾ ਦੁਸ਼ਮਣ ਡਿੱਠਾ।
ਦੰਦਾਂ ਦੀ ਇਹ ਉਮਰ ਘਟਾਉਂਦੇ,
ਪੇਟ ਦੇ ਭੈੜੇ ਰੋਗ ਨੇ ਲਗਾਉਂਦੇ ।
ਦੁੱਖ ਪੈਣਾ ਫਿਰ ਸਹਿਣਾ ਬੱਚਿਓ,
ਜੇ ਤੰਦਰੁਸਤ ਹੈ ਰਹਿਣਾ ਬੱਚਿਓ।
ਖਾਂਦੇ ਰਹਿਣ ਜਿਹੜੇ ਬਾਲਕ,
ਗਾਜਰ, ਖੀਰਾ, ਮੂਲੀ, ਪਾਲਕ।
ਹੋਣ ਉਗਾਏ ਖੇਤ ਜਾਂ ਵਿਹੜੇ,
ਮੂੰਹ 'ਤੇ ਆਉਂਦੇ ਖੁਸ਼ੀਆਂ ਖੇੜੇ।
ਤੰਦਰੁਸਤੀ ਚੰਗਾ ਗਹਿਣਾ ਬੱਚਿਓ,
ਜੇ ਤੰਦਰੁਸਤ ਹੈ ਰਹਿਣਾ ਬੱਚਿਓ।
ਇਵੇਂ ਹੀ 'ਲੰਘਣ ਖੁਸ਼ੀਆਂ ਵਿਚ ਦਿਹਾੜੇ' ਕਵਿਤਾ ਵਿਚ ਬਚਪਨ ਦੇ ਸੁੰਦਰ ਦਿਨਾਂ ਦੀ ਗੱਲ ਬੜੇ ਹੀ ਪਿਆਰੇ ਢੰਗ ਨਾਲ ਕੀਤੀ ਗਈ ਹੈ :
ਸਾਲ ਮਹੀਨੇ ਪੰਦਰ-ਵਾੜੇ।
ਹੁੰਦੇ ਨਾ ਬਚਪਨ ਦੇ ਦਿਨ ਮਾੜੇ।
ਲੰਘਣ ਖੁਸ਼ੀਆਂ ਵਿਚ ਦਿਹਾੜੇ।
ਖੇਡਣਾ ਮਿੱਟੀ ਰੇਤਿਆਂ ਦੇ ਨਾਲ।
ਬਚਪਨ ਦੇ ਦਿਨ ਹੋਣ ਕਮਾਲ।
ਹਰ ਕਿਸੇ ਲਈ ਬੀਬੇ ਨੇ ਬਾਲ।
ਘਰਾਂ ਅੰਦਰ ਨਾ ਰਹੀਏ ਤਾੜੇ।
ਲੰਘਣ ਖੁਸ਼ੀਆਂ ਵਿਚ ਦਿਹਾੜੇ।
ਇਸੇ ਤਰ੍ਹਾਂ ਹੀ ਰੁੱਤ ਪੜ੍ਹਨੇ ਦੀ, ਸਾਡੀ ਬਗੀਚੀ, ਮੇਰੀਆਂ ਕਿਤਾਬਾਂ, ਪਿਆਰੇ ਪੰਛੀ, ਜਾਦੂਗਰ, ਮੇਰਾ ਪਿੰਡ ਅਤੇ ਮੋਰ ਆਦਿ ਸਭੇ ਬਾਲ ਰਚਨਾਵਾਂ ਬਹੁਤ ਹੀ ਪਿਆਰੀਆਂ ਅਤੇ ਨਿਆਰੀਆਂ ਹਨ। ਅੰਤ ਵਿਚ ਬਾਲਾਂ ਅਤੇ ਵੱਡਿਆਂ ਦੀ ਜਾਣਕਾਰੀ ਲਈ ਹੁਣ ਤੱਕ ਦੇ ਸਾਰੇ ਮੁੱਖ ਮੰਤਰੀਆਂ ਦੇ ਨਾਂਅ ਅਤੇ ਸਮਾਂ ਲਿਖਿਆ ਹੋਇਆ ਹੈ। ਇਹ ਪਿਆਰੀ ਅਤੇ ਨਿਆਰੀ ਪੁਸਤਕ ਬਾਲਾਂ ਦੇ ਗਿਆਨ ਵਿਚ ਜ਼ਰੂਰ ਵਾਧਾ ਕਰੇਗੀ।

ਅਮਰੀਕ ਸਿੰਘ ਤਲਵੰਡੀ ਕਲਾਂ
ਮੋ: 94635-42896.

ਕੰਡਿਆਲੇ ਸਾਕ
ਲੇਖਕ : ਜਸਵਿੰਦਰ ਰੱਤੀਆਂ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ, ਭਿੱਖੀ, ਮਾਨਸਾ
ਮੁੱਲ : 250 ਰੁਪਏ, ਸਫ਼ੇ : 208
ਸੰਪਰਕ : 99889-13155.

ਜਸਵਿੰਦਰ ਰੱਤੀਆਂ ਇਕ ਅਨੁਭਵੀ ਨਾਵਲਕਾਰ ਹੈ। 'ਕੰਡਿਆਲੇ ਸਾਕ' ਤੋਂ ਪਹਿਲਾਂ ਵੀ ਤਿੰਨ ਨਾਵਲਾਂ ਦੀ ਰਚਨਾ ਕਰ ਚੁੱਕਾ ਹੋਣ ਕਾਰਨ ਉਹ ਨਾਵਲੀ-ਬਿਰਤਾਂਤ ਦੇ ਕਲਾਤਮਿਕ ਪੱਖਾਂ ਤੋਂ ਸੁਪਰਿਚਿਤ ਹੈ। ਹਥਲੇ ਨਾਵਲ ਦਾ ਕੈਨਵਸ ਕਾਫੀ ਵੱਡਾ ਹੈ ਪਰ ਨਾਵਲਕਾਰ ਨੇ ਬੜੀ ਨਿਪੁੰਨਤਾ ਨਾਲ ਇਸ ਰਚਨਾ ਦੇ ਸਾਰੇ ਪਾਸਾਰਾਂ-ਵਿਸਤਾਰਾਂ ਨੂੰ ਚੰਗੀ ਤਰ੍ਹਾਂ ਸਰੰਜਾਮ ਤੱਕ ਪਹੁੰਚਾ ਦਿੱਤਾ ਹੈ। ਇਹ ਨਾਵਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇ ਪੰਜਾਬ ਦੀ ਉਲਝੀ ਕਹਾਣੀ ਨੂੰ ਬਿਆਨ ਕਰਦਾ ਹੈ।
ਨਾਵਲ ਦਾ ਆਰੰਭ ਖੇਤੇ ਦੇ ਪਰਿਵਾਰ ਦੀ ਕਹਾਣੀ ਤੋਂ ਸ਼ੁਰੂ ਹੁੰਦਾ ਹੈ। ਉਸ ਦਾ ਵੱਡਾ ਪੁੱਤਰ ਸਰਬਣ ਸੂਬੇਦਾਰ ਦਲੀਪ ਸਿੰਘ ਦੀ ਧੀ ਅਮਰੋ ਨਾਲ ਵਿਆਹਿਆ ਹੋਇਆ ਸੀ ਪਰ ਅਮਰੋ ਦੀ ਕੈਂਸਰ ਵਰਗੀ ਕਿਸੇ ਬਿਮਾਰੀ ਨਾਲ ਮੌਤ ਹੋ ਜਾਂਦੀ ਹੈ। ਅਮਰੋ ਦੇ ਦੋ ਬੱਚੇ ਵੀ ਸਨ : ਬੰਸਾ ਤੇ ਮਾੜੂ। ਇਨ੍ਹਾਂ ਬੱਚਿਆਂ ਦੀ ਪਾਲਣਾ-ਪੋਸਣਾ ਦੇ ਕਾਰਨ ਦਲੀਪ ਸਿੰਘ ਆਪਣੀ ਦੂਸਰੀ ਲੜਕੀ ਬਲਬੀਰੋ ਨੂੰ ਸਰਬਣ ਨਾਲ ਵਿਆਹ ਦਿੰਦਾ ਹੈ। ਅਮਰੋ ਦੀ ਅਚਾਨਕ ਮੌਤ ਤੋਂ ਪਹਿਲਾਂ ਬਲਬੀਰੋ ਦਾ ਵਿਆਹ ਸਰਬਣ ਦੇ ਛੋਟੇ ਭਰਾ ਅਰਜਨ ਨਾਲ ਕਰਨ ਦੀ ਵਿਉਂਤ ਸੀ ਪਰ ਉਹ ਸਿਰੇ ਨਾ ਚੜ੍ਹ ਸਕੀ, ਜਿਸ ਕਾਰਨ ਪਰਿਵਾਰ ਵਿਚ ਸਦਾ ਇਕ ਉਥਲ-ਪੁਥਲ ਹੁੰਦੀ ਰਹੀ। ਬਲਬੀਰੋ ਉੱਪਰ ਕਦੇ ਅਰਜਨ ਕਬਜ਼ਾ ਕਰ ਲੈਂਦਾ ਅਤੇ ਕਦੇ ਉਹ ਵਾਪਸ ਸਰਬਣ ਪਾਸ ਪਰਤ ਜਾਂਦੀ। ਇਸ ਪ੍ਰਕਿਰਿਆ ਵਿਚ ਬਲਬੀਰੋ ਦੇ ਛੇ ਬੱਚੇ ਪੈਦਾ ਹੋ ਗਏ, ਕੁਝ ਸਰਬਣ ਦੇ, ਕੁਝ ਅਰਜਨ ਦੇ। ਸਾਰਾ ਨਾਵਲ ਇਨ੍ਹਾਂ ਬੱਚਿਆਂ ਦੇ ਜੀਵਨ ਦੁਆਲੇ ਘੁੰਮਦਾ ਹੈ।
ਲੇਖਕ ਨੂੰ ਕਿਸਾਨੀ ਪਰਿਵਾਰਾਂ ਦੇ ਸੰਗਠਨ ਅਤੇ ਪ੍ਰਕਿਰਤੀ ਬਾਰੇ ਭਰਪੂਰ ਜਾਣਕਾਰੀ ਹੈ। ਕਿਸਾਨ ਲੋਕ ਔਰਤਾਂ ਨੂੰ ਜ਼ਮੀਨ ਵਾਂਗ ਸਮਝਦੇ ਹਨ। ਪੁਰਸ਼ ਨੂੰ ਹਰ ਪ੍ਰਕਾਰ ਦੀ ਆਜ਼ਾਦੀ ਹੈ ਪਰ ਇਸਤਰੀ ਉੱਪਰ ਜਾਤ-ਗੋਤ ਦੇ ਬੰਧਨ ਲੱਗੇ ਰਹਿੰਦੇ ਹਨ। ਨਾਵਲ ਵਿਚ ਖਾਲਿਸਤਾਨੀ ਲਹਿਰ ਦਾ ਵੀ ਭਰਪੂਰ ਵਰਨਣ ਹੋਇਆ ਹੈ। ਅਰਜਨ ਅਤੇ ਸੀਬੇ ਵਰਗੇ ਵੈਲੀ ਪੁਰਸ਼ ਆਪਣੀਆਂ ਰੰਜਿਸ਼ਾਂ ਕੱਢਣ ਲਈ ਖਾਲਿਸਤਾਨੀ ਬਣ ਜਾਂਦੇ ਹਨ। ਗੁਰਮੀਤ ਸਿੰਘ, ਬੋਹੜ ਸਿੰਘ ਅਤੇ ਕਸ਼ਮੀਰ ਸਿੰਘ ਪ੍ਰਗਤੀਸ਼ੀਲ ਪਾਤਰ ਹਨ। ਉਹ ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਨ। ਇਹ ਨਾਵਲ ਵੀਹਵੀਂ ਸਦੀ ਦੇ ਦੂਜੇ ਅੱਧ ਵਿਚ ਪੰਜਾਬੀ ਰਹਿਤਲ ਦੀ ਇਕ ਤ੍ਰਾਸਦਿਕ ਝਾਕੀ ਪੇਸ਼ ਕਰਦਾ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਮੁਰਗ਼ਾਬੀਆਂ
ਲੇਖਕ: ਗੁਰਮੀਤ ਪਨਾਗ
ਪ੍ਰਕਾਸ਼ਕ : ਯੂਨੀਸਟਾਰ ਬੁਕਸ ਪ੍ਰਾ. ਲਿ. ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 136
ਸੰਪਰਕ : 0172-5027427.

ਗੁਰਮੀਤ ਪਨਾਗ ਇਕ ਪਰਵਾਸੀ ਕਹਾਕਾਰ ਹੈ, ਜੋ ਕੈਨੇਡਾ ਵਿਚ ਰਹਿੰਦੀ ਹੋਈ ਉੱਥੋਂ ਦੇ ਜੀਵਨ-ਵਿਵਹਾਰ ਨੂੰ ਨੇੜੇ ਤੋਂ ਵੇਖਣ ਦੀ ਕੋਸ਼ਿਸ਼ ਵਿਚ ਹੈ। 'ਢਾਹਾਂ ਪੁਰਸਕਾਰ' (2019) ਲਈ ਨਾਮਜ਼ਦ ਪਨਾਗ ਦੇ ਰੀਵਿਊ ਅਧੀਨ ਕਹਾਣੀ ਸੰਗ੍ਰਹਿ 'ਮੁਰਗ਼ਾਬੀਆਂ' ਵਿਚ ਕੁੱਲ ਦਸ ਕਹਾਣੀਆਂ ਹਨ, ਜੋ ਉੱਥੋਂ ਦੇ ਨੇਟਿਵ ਤੇ ਪਰਵਾਸੀਆਂ ਦੀ ਹੋਂਦ ਤੇ ਹੋਣੀ ਨਾਲ ਵਾਬਸਤਾ ਹਨ। ਸੰਗ੍ਰਹਿ ਦੀ ਸ਼ੀਰਸ਼ਕ ਕਹਾਣੀ ਇਕ ਪ੍ਰਤੀਕਾਤਮਕ ਹੈ। ਜਿਵੇਂ ਮੁਰਗ਼ਾਬੀਆਂ ਦੇ ਖੰਭ ਲਾਹ ਦਿੱਤੇ ਜਾਣ ਅਤੇ ਉਹ ਉੱਡਣ ਅਤੇ ਤੈਰਨ ਤੋਂ ਅਸਮਰੱਥ ਹੋ ਜਾਣ, ਉਸੇ ਤਰ੍ਹਾਂ ਕੈਨੇਡਾ ਦੇ ਮੂਲ ਵਾਸੀਆਂ ਦਾ ਹਾਲ ਹੈ।
ਮਨੁੱਖੀ ਜਟਿਲਤਾਵਾਂ ਅਤੇ ਗੰਭੀਰ ਸਮੱਸਿਆਵਾਂ ਨੂੰ ਗੁਰਮੀਤ ਨੇ ਇਨ੍ਹਾਂ ਕਹਾਣੀਆਂ ਦਾ ਵਿਸ਼ਾ ਬਣਾਇਆ ਹੈ। ਔਰਤ ਦੇ ਅਸਤਿਤਵ, ਵਿਦੇਸ਼ੀ ਧਰਤੀ 'ਤੇ ਪਰਵਾਸੀਆਂ ਨਾਲ ਹੁੰਦੇ ਵਿਤਕਰੇ, ਸ਼ੋਸ਼ਣ ਅਤੇ ਸੁਪਨਿਆਂ ਦੀ ਮੌਤ ਇਨ੍ਹਾਂ ਕਹਾਣੀਆਂ ਵਿਚ ਬੜੀ ਸੰਜੀਦਗੀ ਨਾਲ ਪ੍ਰਸਤੁਤ ਹੋਏ ਹਨ।
ਅਖੌਤੀ ਕਦਰਾਂ-ਕੀਮਤਾਂ ਵਿਰੁੱਧ ਗੁੱਸਾ ('ਇੰਡੀਅਨ ਮਾਂ-ਬਾਪ ਬੱਚਿਆਂ ਨੂੰ ਵੱਡੇ ਨਹੀਂ ਹੋਣ ਦਿੰਦੇ। ਸਾਰੀ ਉਮਰ ਸਪੂਨ ਫੀਡਿੰਗ ਕਰੀ ਜਾਣਗੇ। ਮੈਂ ਤਾਂ ਉਨ੍ਹਾਂ ਨੂੰ ਹੈਲੀਕਾਪਟਰ ਪੇਰੈਂਟਸ ਆਖਦੀ ਹਾਂ ਜੋ ਉਨ੍ਹਾਂ ਉੱਪਰ ਮੰਡਰਾਉਂਦੇ ਰਹਿੰਦੇ ਨੇ...', 'ਮਾਈ ਲਾਈਫ ਮਾਈ ਵੇਅ', ਪੰਨਾ 36), ਪਰਵਾਸੀਆਂ ਨਾਲ ਹੁੰਦਾ ਦੁੁਰ-ਵਿਵਹਾਰ ('ਅਖੇ ਬਹੁਤ ਸ਼ਾਂਤਮਈ ਤੇ ਵਧੀਆ ਮੁਲਕ ਏ। ਸਿਸਟਮ ਚਮੜੀ ਦੇ ਰੰਗ ਦਾ ਕੋਈ ਭੇਦਭਾਵ ਨਹੀਂ ਕਰਦਾ... ਮਾਈ ਫੁੱਟ! ਇੱਥੇ ਤਾਂ ਇਨਸਾਨੀਅਤ ਦਾ ਘਾਣ ਹੋ ਰਿਹਾ ਹੈ...' 'ਗੋਰੀ ਅੱਖ ਦਾ ਟੀਰ', ਪੰਨਾ 74), ਵਤਨ ਦਾ ਉਦਰੇਵਾਂ ('ਯਾਦ ਹੈ ਲਾਰੈਂਸ ਰੋਡ ਅੰਮ੍ਰਿਤਸਰ ਦਾ ਡਾਊਨ ਟਾਊਨ? ਨਾਲੇ ਨਾਵਲਟੀ ਦੀ ਮਟਕੇ ਵਾਲੀ ਕੁਲਫ਼ੀ... ਕੇਸਰ ਦੇ ਢਾਬੇ ਦੇ ਲੱਛੇਦਾਰ ਪਰੌਂਠੇ ਤੇ ਹਾਲ ਗੇਟ ਕੋਲ ਮਿਲਦੇ ਮੱਛੀ ਦੇ ਅੰਬਰਸਰੀ ਪਕੌੜੇ...', 'ਕਾਸ਼ਨੀ ਸੁਪਨੇ', ਪੰਨਾ 108), ਧੀ ਦੀ ਪੜ੍ਹਾਈ ਵਿਚੇ ਰੋਕ ਕੇ ਤੁਰੰਤ ਵਿਦੇਸ਼ੀ ਮੁੰਡੇ ਨਾਲ ਵਿਆਹੁਣਾ ('ਪੜ੍ਹ ਕੇ ਤੂੰ ਵਕੀਲ ਬਣਨੈ? ਅਗਲਿਆਂ ਦੀ ਕੋਈ ਮੰਗ ਨਹੀਂ। ਲੋਕ ਤਾਂ ਮੱਖੀਆਂ ਆਂਗੂ ਭਿਣਕਦੇ ਨੇ ਉਨ੍ਹਾਂ ਦੇ ਘਰ... 'ਜਿਨ੍ਹਾਂ ਦੇ ਰੂਪ ਨੇ ਸੋਹਣੇ', ਪੰਨਾ 67), ਡਰੱਗ ਤੇ ਸੈਕਸ ਦਾ ਖੁੱਲ੍ਹਾ ਵਪਾਰ, ਐੱਲਐੱਸਡੀ, ਵੀਡ, ਮੈਰੀਊਆਨਾ, ਆਕਸੀਟੋਸਿਨ, ਸਮੈਕ, ਕੋਕੀਨ ਦੇ ਕਾਰੋਬਾਰ ਵਿਚ ਭਾਰਤੀ ਕੁੜੀਆਂ ਦਾ ਮਾਸੂਮੀਅਤ ਵਿਚ ਫਸਣਾ ਤੇ ਫਿਰ ਇਸ ਦਲਦਲ 'ਚੋਂ ਨਾ ਨਿਕਲ ਸਕਣਾ, ('ਨਾਈਟ ਲਾਈਫ') ਜਿਹੇ ਵਿਸ਼ੇ ਵੀ ਇਨ੍ਹਾਂ ਕਹਾਣੀਆਂ ਵਿਚ ਵੇਖੇ ਜਾ ਸਕਦੇ ਹਨ।ਇਨ੍ਹਾਂ ਕਹਾਣੀਆਂ ਨੂੰ ਮਹਿਜ਼ ਕਲਪਨਾ ਦੇ ਆਧਾਰ 'ਤੇ ਨਹੀਂ ਸਿਰਜਿਆ ਗਿਆ, ਸਗੋਂ ਗੁਰਮੀਤ ਬਾਕਾਇਦਾ ਇਸ ਅਨੁਭਵ ਵਿੱਚੋਂ ਗੁਜ਼ਰੀ ਹੈ 'ਮੇਰਾ ਮੰਨਣਾ ਹੈ ਕਿ ਲੇਖਕ ਜਦੋਂ ਆਪ ਕਿਸੇ ਅਨੁਭਵ ਚੋਂ ਲੰਘਿਆ ਹੋਵੇ ਤਾਂ ਪ੍ਰਗਟਾਵੇ ਸਮੇਂ ਉਹ ਲਿਖਤ ਨਾਲ ਬਿਹਤਰ ਇਨਸਾਫ਼ ਕਰ ਸਕਦਾ ਹੈ।... ਕੈਨੇਡਾ ਦੀ ਧਰਤੀ ਨੇ ਬਹੁਤ ਕੁਝ ਦਿੱਤਾ ਹੈ। ਇਸ ਦੀ ਬਰਫ਼ ਵਾਲੀ ਨਿੱਘੀ ਬੁੱਕਲ 'ਚ ਮੈਂ ਖੁਸ਼ ਹਾਂ, ਸੰਤੁਸ਼ਟ ਹਾਂ। ਫਿਰ ਵੀ ਆਲੇ-ਦੁਆਲੇ ਦੀਆਂ ਦੁਸ਼ਵਾਰੀਆਂ ਅਤੇ ਬੇਤਰਤੀਬੀਆਂ ਮੈਨੂੰ ਲਿਖਣ ਲਈ ਚੋਭ ਲਾਉਂਦੀਆਂ ਰਹਿੰਦੀਆਂ ਹਨ।' (ਪੰਨਾ 10)
ਬਾਹਰੀ ਵਿਖਾਵੇ ਅਤੇ ਅੰਦਰੂਨੀ ਯਥਾਰਥ ਨੂੰ ਬਿਆਨ ਕਰਦੀਆਂ ਗੁਰਮੀਤ ਪਨਾਗ ਦੀਆਂ ਇਹ ਕਹਾਣੀਆਂ ਸਿਰਫ਼ ਪੜ੍ਹਨ ਵਾਲੀਆਂ ਹੀ ਨਹੀਂ, ਸਗੋਂ ਇਨ੍ਹਾਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ।

ਪ੍ਰੋ. ਨਵ ਸੰਗੀਤ ਸਿੰਘ
ਮੋ: 94176-92015

c c c

ਟ੍ਰਾਫ਼ੀ ਵਾਈਫ਼
ਲੇਖਿਕਾ : ਜੱਸੀ ਧਾਲੀਵਾਲ
ਪ੍ਰਕਾਸ਼ਕ : ਭਾਈ ਚਤਰ ਸਿੰਘ ਜੀਵਨ ਸਿੰਘ, ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ
ਮੁੱਲ : 350 ਰੁਪਏ, ਸਫ਼ੇ : 224
ਸੰਪਰਕ : 0183-5011003.

'ਟ੍ਰਾਫ਼ੀ ਵਾਈਫ਼' ਆਸਟ੍ਰੇਲੀਆ ਵਸਦੀ ਕਹਾਣੀ-ਲੇਖਿਕਾ ਜੱਸੀ ਧਾਲੀਵਾਲ ਦੀ ਤੀਸਰੀ ਕਥਾ ਪੁਸਤਕ ਹੈ। ਇਸ ਤੋਂ ਪਹਿਲਾਂ ਉਹ 'ਦੇਸਣ' ਅਤੇ 'ਬਾਕੀ ਸਭ ਸੁੱਖ ਸਾਂਦ ਹੈ' ਕਹਾਣੀ ਪੁਸਤਕਾਂ ਰਾਹੀਂ ਪੰਜਾਬੀ ਪਾਠਕਾਂ ਅਤੇ ਆਲੋਚਕਾਂ ਨਾਲ ਚੰਗਾ ਰਾਬਤਾ ਬਣਾ ਚੁੱਕੀ ਹੈ। ਧਾਲੀਵਾਲ ਦੂਰ-ਦੁਰੇਡੇ ਮੁਲਕ ਆਸਟ੍ਰੇਲੀਆ ਵਿਚ ਪੰਜਾਬੀ ਕਥਾ-ਸਾਹਿਤ ਦੀ ਧਾਰਾ ਵਗਾਉਣ ਵਾਲੀ ਕਾਰਜਸ਼ੀਲ ਲੇਖਿਕਾ ਹੈ। ਇਸ ਸੰਗ੍ਰਹਿ ਵਿਚ ਉਸ ਨੇ ਕੁੱਲ 84 ਨਿੱਕੀਆਂ ਤੇ ਵੱਡੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਜੱਸੀ ਧਾਲੀਵਾਲ ਸਾਹਿਤ ਦੇ ਕਲਿਆਣਕਾਰੀ ਰੁਝਾਨ ਵਾਲੀ ਲੇਖਿਕਾ ਹੈ। ਉਹ ਸਾਹਿਤ ਨੂੰ ਸਮਾਜ ਦਾ ਸ਼ੀਸ਼ਾ ਆਖਦੀ ਹੈ। ਉਸ ਦੀਆਂ ਕਹਾਣੀਆਂ ਦਾ ਟੀਚਾ ਮਨੁੱਖ ਦੀਆਂ ਜਾਤੀ ਵਡਿਆਈਆਂ ਨੂੰ ਵੱਡਾ ਕਰਕੇ ਦਿਖਾਉਣਾ ਹੈ। ਉਹ ਮਨੁੱਖ ਦੇ ਇਖ਼ਲਾਕੀ ਤੇ ਰੂਹਾਨੀ ਕਿਰਦਾਰ ਦੀ ਥਾਹ ਪਾਉਣ ਵਾਲੀ ਲੇਖਿਕਾ ਹੈ। ਉਸ ਦੀਆਂ ਕਹਾਣੀਆਂ ਦੇ ਕਿਰਦਾਰ ਮਨੁੱਖੀ ਜੀਵਨ ਅਤੇ ਸਮਾਜ ਦੇ ਉਦੈਕਾਰੀ ਰੁਝਾਨ ਨਾਲ ਜੁੜੇ ਹੋਏ ਹਨ। ਉਹ ਅਜਿਹੀਆਂ ਕਹਾਣੀਆਂ ਸਿਰਜਦੀ ਹੈ ਜੋ ਮਨੁੱਖੀ ਜੀਵਨ ਦਾ ਸੁਨਹਿਰੀ ਪੱਖ ਉਜਾਗਰ ਕਰਦੀਆਂ ਹੋਣ। ਕਹਾਣੀ ਭਾਵੇਂ 'ਆਤਮ-ਸਨਮਾਨ' ਹੋਵੇ, 'ਮਾੜੀ ਧੀ', 'ਚਿੱਤਰਕਾਰ', 'ਡੱਬਾ', 'ਬਦਨਾਮ ਔਰਤ', 'ਮਾੜਾ ਢੱਗਾ ਛੱਤੀ ਰੋਗ' ਹੋਵੇ, ਇਹ ਸਭ ਕਹਾਣੀਆਂ ਮਨੁੱਖ ਦੀ ਹੋਣੀ ਦੇ ਆਦਰਸ਼ ਰੂਪ ਨੂੰ ਹੀ ਚਿਤਰਦੀਆਂ ਪ੍ਰਤੀਤ ਹੁੰਦੀਆਂ ਹਨ। ਕਹਾਣੀਆਂ 'ਸਾਧੂ', 'ਪਛਤਾਵਾ' ਅਤੇ 'ਟ੍ਰਾਫ਼ੀ ਵਾਈਫ਼' ਵੀ ਮਨੁੱਖੀ ਕਿਰਦਾਰ ਦੇ ਉੱਜਲ ਰਾਹ ਵੱਲ ਸੰਕੇਤ ਕਰਦੀਆਂ ਹਨ। ਜੱਸੀ ਧਾਲੀਵਾਲ ਕਹਾਣੀ ਨਹੀਂ ਲਿਖਦੀ, ਸੁਚੱਜੀ ਜੀਵਨ-ਜਾਚ ਜਿਊਣ ਦੇ ਪ੍ਰਵਚਨ ਕਰਦੀ ਪ੍ਰਤੀਤ ਹੁੰਦੀ ਹੈ। ਹਰੇਕ ਕਹਾਣੀ ਦੇ ਅੰਤ ਵਿਚ ਉਹ ਚੰਗੇਰੇ ਅਤੇ ਸੁਚੱਜੀ ਜੀਵਨ ਵਿਉਂਤ ਲਈ ਪਾਠਕਾਂ ਨੂੰ ਪ੍ਰੇਰਿਤ ਕਰਦੀ ਹੈ। ਇਸੇ ਲਈ ਉਸ ਦੀਆਂ ਕਹਾਣੀਆਂ ਨੂੰ 'ਕਲਾ ਸਮਾਜ ਲਈ' ਦੇ ਖਾਨੇ ਵਿਚ ਰੱਖ ਕੇ ਹੀ ਪੜ੍ਹਿਆ, ਪਰਖਿਆ ਤੇ ਪੜਚੋਲਿਆ ਜਾ ਸਕਦਾ ਹੈ। ਇਹ ਕਹਾਣੀਆਂ ਲੇਖਿਕਾ ਦੇ ਇਕ ਤਰ੍ਹਾਂ ਨਾਲ ਪ੍ਰਵਚਨ ਹੀ ਤਾਂ ਹਨ, ਜੋ ਰੌਚਿਕ ਵੀ ਹਨ ਤੇ ਉਪਦੇਸ਼ਾਤਮਕ ਵੀ। 'ਲਾਕ ਡਾਊਨ' ਲੇਖਿਕਾ ਦੇ ਸਾਹਿਤ ਰਚਨਾ ਲਈ ਰਾਸ ਆ ਗਿਆ ਜਾਪਦਾ ਹੈ।

ਕੇ. ਐਲ. ਗਰਗ
ਮੋ: 94635-37050.

ਟੀਸੀ ਦਾ ਬੇਰ
ਸੰਪਾਦਕ : ਬੇਅੰਤ ਬਾਜਵਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 98881-00874.

ਇਹ ਪੁਸਤਕ ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ ਦਾ ਉਪਰਾਲਾ ਹੈ। ਇਸ ਵਿਚ ਸ਼੍ਰੋਮਣੀ ਨਾਵਲਕਾਰ ਰਾਮ ਸਰੂਪ ਅਣਖੀ ਦੀਆਂ 28 ਚੋਣਵੀਆਂ ਕਹਾਣੀਆਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਕਹਾਣੀਆਂ ਦੇ ਵਿਸ਼ੇ ਸਮਾਜਿਕ ਅਤੇ ਮਨੋਵਿਗਿਆਨਕ ਹਨ। ਇਨ੍ਹਾਂ ਵਿਚ ਮਲਵਈ ਸੱਭਿਆਚਾਰ ਦੀ ਝਲਕ ਹੈ। ਬੋਲੀ ਠੁੱਕਦਾਰ ਅਤੇ ਮੁਹਾਵਰੇਦਾਰ ਹੈ। ਆਓ ਕੁਝ ਝਲਕਾਂ ਦੇਖੀਏ
-ਦੁਨੀਆ ਦੇ ਸਾਰੇ ਰਿਸ਼ਤੇ ਤੇਰੇ ਵਿਚ ਆ ਕੇ ਇਕੱਠੇ ਹੋ ਗਏ ਸਨ। ਤੂੰ ਪਿਆਰ ਦਾ ਇਕ ਮੁਜੱਸਮਾ ਹੀ ਤਾਂ ਸੀ। ਤੂੰ ਮੇਰੀ ਮਾਂ ਸੀ, ਭੈਣ ਵੀ, ਦੋਸਤ ਵੀ ਅਤੇ ਪ੍ਰੇਮਿਕਾ ਤਾਂ ਸੀ ਹੀ।
-ਪਹਿਲੇ ਦਿਨੋਂ ਸਤਜੁਗੀ ਬੰਦਾ ਸੀ ਥੰਮਣ ਤਾਂ। ਦੇਖ ਲੌ, ਨਿੱਕੀ ਜਿੰਨੀ ਗੱਲ 'ਤੇ ਜਾਨ ਦੇ ਤੀ। ਨਹੀਂ ਤਾਂ ਕੀ ਨੀ ਹੁੰਦਾ ਏਸ ਸੰਸਾਰ ਤੇ।
-ਗਾਂਧੀ, ਪਤੈ, ਬੱਕਰੀ ਦਾ ਦੁੱਧ ਪੀਂਦਾ ਹੁੰਦਾ ਸੀ। ਬੱਕਰੀ ਦੇ ਦੁੱਧ 'ਚ ਸਾਰੇ ਵਿਟਾਮਿਨ ਹੁੰਦੇ ਨੇ। ਛੱਤੀ ਪਦਾਰਥ ਹੁੰਦੇ ਨੇ ਬੱਕਰੀ ਦੇ ਦੁੱਧ 'ਚ।
-ਬੱਸ ਬੱਸ, ਇਹੀ ਜ਼ਿੰਦਗੀ ਐ, ਅਸਲੀ ਜ਼ਿੰਦਗੀ। ਤੂੰ ਜਿਹੜੇ ਪਹਿਲਾਂ ਨਾਵਲ ਪੜ੍ਹਦਾ ਰਿਹੈਂ ਨਾ, ਉਹ ਤਾਂ ਹਵਾਈ ਕਿਲ੍ਹੇ ਹੁੰਦੇ ਨੇ। ਜ਼ਿੰਦਗੀ ਤੋਂ ਦੂਰ ਦੀ ਚੀਜ਼, ਬੱਸਾਂ ਗੱਡੀਆਂ ਵਿਚ ਸਫ਼ਰ-ਕਟੀ ਦਾ ਸਸਤਾ ਮਨੋਰੰਜਨ।
-ਮਾਂ, ਜੇ ਤੇਰਾ ਮੁਖੜਾ ਉਦਾਸ ਹੋ ਜਾਏ, ਤਾਂ ਮੈਂ ਅੱਥਰੂਆਂ ਵਿਚ ਡੁੱਬ ਜਾਂਦਾ ਹਾਂ। ਤੇ ਹੁਣ ਏਸੇ ਮੱਘਰ ਦੀ ਰੁੱਤ ਵਿਚ ਸਾਰਾ ਬੰਗਾਲ ਅੱਥਰੂਆਂ ਵਿਚ ਡੁੱਬਿਆ ਹੋਇਆ ਸੀ। ਮੁਕਤੀ ਵਾਹਿਨੀ ਤੇ ਭਾਰਤੀ ਫ਼ੌਜ ਹੀ ਇਕ ਆਸ ਸਨ।
-ਜ਼ਮਾਨਾ ਕਿੰਨਾ ਅਗਾਂਹ ਜਾ ਖਲੋਤਾ ਹੈ। ਫੈਸ਼ਨ ਸਿਖਰ 'ਤੇ ਹੈ। ਅੱਜਕਲ੍ਹ ਅਨਪੜ੍ਹ ਤੀਵੀਆਂ ਵੀ ਪੜ੍ਹੀਆਂ ਲਿਖੀਆਂ ਲਗਦੀਆਂ ਹਨ। ਬੋਲ ਚਾਲ ਚੁਸਤ, ਕੱਪੜੇ ਚੁਸਤ ਤੇ ਨਖ਼ਰਾ ਚੁਸਤ। ਹੋਰ ਕੀ ਪੜ੍ਹੀਆਂ ਲਿਖੀਆਂ ਦੇ ਸਿੰਗ ਹੁੰਦੇ ਨੇ?
ਸਮੁੱਚੇ ਤੌਰ 'ਤੇ ਇਹ ਕਹਾਣੀ ਸੰਗ੍ਰਹਿ ਦਿਲਚਸਪ ਅਤੇ ਸਾਰਥਕ ਹੈ। ਇਸ ਦਾ ਸਵਾਗਤ ਹੈ।

ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367

ਸ਼ਿਕਾਰਗਾਹ
ਨਾਵਲਕਾਰਾ : ਸੁਰਿੰਦਰ ਨੀਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 275 ਰੁਪਏ, ਸਫ਼ੇ : 280
ਸੰਪਰਕ : 096220-06304.

ਕਸ਼ਮੀਰ ਦੀ ਪੰਜਾਬੀ ਨਾਵਲਕਾਰਾ ਦੁਆਰਾ ਖੂਬਸੂਰਤ ਨਾਵਲੀ ਯੁਗਤਾਂ ਨਾਲ ਘੜਿਆ-ਰਚਿਆ ਇਹ ਇਕ ਵਿਲੱਖਣ ਨਾਵਲ ਹੈ। ਜੋ ਸਮੁੱਚੇ ਪੰਜਾਬੀ ਨਾਵਲ ਦੀ ਦਸ਼ਾ ਅਤੇ ਦਿਸ਼ਾ ਬਦਲਣ ਦੀ ਸਮਰੱਥਾ ਰੱਖਦਾ ਤੱਕਿਆ ਜਾ ਸਕਦਾ ਹੈ। ਕਸ਼ਮੀਰੀ ਪੰਜਾਬੀਆਂ ਦੇ ਸੱਭਿਆਚਾਰ ਅਤੇ ਰਾਜਨੀਤਕ ਜੀਵਨ ਨੂੰ ਬੇਹੱਦ ਬਾਰੀਕਬੀਨੀ ਨਾਲ ਪੇਸ਼ ਕਰਦਿਆਂ ਨਾਵਲਕਾਰਾ ਨੇ ਕਸ਼ਮੀਰੀ ਸਮਾਜ ਦੀਆਂ ਬਹੁਪਰਤੀ ਗੁੰਝਲਾਂ ਨੂੰ ਪੇਸ਼ ਕੀਤਾ ਹੈ। ਨਾਵਲ ਦੀ ਭੂਮਿਕਾ ਵਿਚ ਅਮਰਜੀਤ ਸਿੰਘ ਗਰੇਵਾਲ ਲਿਖਦੇ ਹਨ, 'ਸੁਰਿੰਦਰ ਨੀਰ ਨੇ ਇਸ ਨਾਵਲ ਰਾਹੀਂ ਪੰਜਾਬੀ ਕਸ਼ਮੀਰ ਦੀ ਵਿਲੱਖਣ ਪਛਾਣ ਨੂੰ ਬਰਾਬਰੀ ਦੇ ਆਧਾਰ 'ਤੇ, ਵਿਸ਼ਵ ਪੰਜਾਬੀ ਭਾਈਚਾਰੇ ਦੀ ਸਮਾਨਾਂਤਰ ਧਾਰਾ ਵਜੋਂ ਸਥਾਪਤ ਕਰਕੇ ਵਿਸ਼ਾਲ ਪੰਜਾਬ ਦੇ ਨਿਰਮਾਣ ਦੀ ਜੋ ਸੰਭਾਵਨਾ ਪੈਦਾ ਕੀਤੀ ਹੈ, ਉਹ ਯਥਾਰਥ ਤੋਂ ਦੂਰ ਨਹੀਂ।'
ਇਸ ਨਾਵਲ ਦੀ ਕਹਾਣੀ ਦੀਆਂ ਜੜ੍ਹਾਂ ਵਿਚ ਕਸ਼ਮੀਰ ਸਮੱਸਿਆ ਨੂੰ ਤੱਕ ਕੇ ਦਹਿਸ਼ਤਵਾਦ ਕਾਰਨ ਉਸ ਸਮਾਜ ਦਾ ਹੋਇਆ ਜਾਂ ਹੋ ਰਿਹਾ ਨੁਕਸਾਨ ਗਹਿਰਾਈ ਨਾਲ ਸੋਚਣ ਲਈ ਮਜਬੂਰ ਕਰਦਾ ਹੈ। ਅਸਲ ਵਿਚ ਨਾਵਲ ਅੱਤਵਾਦ ਅਤੇ ਕਸ਼ਮੀਰੀ ਭਾਈਚਾਰੇ ਦੀ ਲੜਾਈ ਪੇਸ਼ ਕਰਦਾ ਹੋਇਆ ਮੁਸਲਮਾਨ, ਸਿੱਖ ਅਤੇ ਹਿੰਦੂ ਨਾਗਰਿਕਾਂ ਦੀ ਏਕਤਾ 'ਤੇ ਕੇਂਦਰਿਤ ਹੁੰਦਾ ਨਜ਼ਰ ਆਉਂਦਾ ਹੈ। ਤਿੰਨਾਂ ਭਾਈਚਾਰਿਆਂ ਦੀ ਸਾਂਝ ਦਿਖਾ ਕੇ ਲੇਖਿਕਾ ਸਿੱਧ ਕਰਦੀ ਹੈ ਕਿ ਸੌੜੀ ਸੋਚ ਵਾਲੇ ਲੋਕਾਂ ਨੇ ਆਪਣੇ ਸਵਾਰਥ ਲਈ ਕਸ਼ਮੀਰੀ ਪੰਜਾਬ ਨੂੰ ਦਹਿਸ਼ਤ ਦਾ ਅੱਡਾ ਬਣਾਇਆ ਹੋਇਆ ਹੈ। ਬਿੱਦੋ, ਨਿੱਕੀ ਵਰਗੇ ਔਰਤ ਪਾਤਰਾਂ ਸਮੇਤ ਰਾਜਬੀਰ ਸਿੰਘ ਵਰਗੇ ਪਾਤਰ 'ਅੱਤਵਾਦ' ਨੂੰ ਵੰਗਾਰਦੇ ਨਜ਼ਰ ਆਉਂਦੇ ਹਨ। ਤਕਨੀਕੀ ਤੌਰ 'ਤੇ ਨਾਵਲਕਾਰਾ ਸੁਰਿੰਦਰ ਨੀਰ ਨੇ ਇਕ ਮਿਸਾਲੀ ਰਚਨਾ ਪੰਜਾਬੀ ਨਾਵਲ ਸਾਹਿਤ ਦੀ ਝੋਲੀ ਪਾਈ ਹੈ। ਇਸ ਨਾਵਲ ਦੀ ਨਿਰਖ-ਪਰਖ ਅਤੇ ਪੜਚੋਲ ਹੋਣੀ ਚਾਹੀਦੀ ਹੈ, ਤਾਂ ਜੋ ਨਾਵਲਕਾਰਾ ਦੀ ਘਾਲਣਾ ਥਾਏਂ ਪੈ ਸਕੇ।

ਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX