ਕਦੋਂ ਦਿਓਗੇ ਨਿਯੁਕਤੀ ਪੱਤਰ?
ਪੰਜਾਬ ਸਰਕਾਰ ਨੇ ਸਾਲ 2021-22 ਵਿਚ ਕਲਰਕ ਅਤੇ ਹੋਰ ਵੱਖ-ਵੱਖ ਅਹੁਦੇ ਦੀਆਂ ਅਸਾਮੀਆਂ ਕੱਢੀਆਂ ਸਨ, ਜਿਨ੍ਹਾਂ ਦੇ ਕੁਝ ਟੈਸਟ ਪਿਛਲੀ ਸਰਕਾਰ ਲੈ ਗਈ ਸੀ, ਬਾਕੀ ਰਹਿੰਦੀ ਕਾਰਵਾਈ ਮੌਕੇ ਦੀ ਪੰਜਾਬ ਸਰਕਾਰ ਨੇ ਪੂਰੀ ਕਰ ਲਈ ਹੈ। ਕੁਝ ਅਸਾਮੀਆਂ ਦੇ ਨਤੀਜੇ ਕੱਢਣ ਨੂੰ ਵੀ ਬਹੁਤ ਸਮਾਂ ਹੋ ਗਿਆ ਹੈ, ਸਟੇਸ਼ਨ ਵੀ ਆਨਲਾਈਨ ਅਲਾਟ ਕਰ ਦਿੱਤੇ ਹਨ। ਪਰ ਸੰਬੰਧਿਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਨਹੀਂ ਮਿਲ ਰਹੇ, ਕਿਉਂਕਿ ਬਹੁਤ ਸਮਾਂ ਬੀਤ ਜਾਣ ਤੋਂ ਬੇਰੁਜ਼ਗਾਰ ਨੌਜਵਾਨਾਂ ਵਿਚ ਬਹੁਤ ਜ਼ਿਆਦਾ ਰੋਸ ਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਕੁਝ ਅਸਾਮੀਆਂ ਦੇ ਟੈਸਟ ਦੀ ਤਾਰੀਖ ਵਾਰ-ਵਾਰ ਬਦਲ ਕੇ ਅੱਗੇ ਪਾਈ ਜਾ ਰਹੀ ਹੈ। ਇਸ ਤਰ੍ਹਾਂ ਕਰਨ ਨਾਲ ਵੀ ਕਾਫ਼ੀ ਨੌਜਵਾਨਾਂ ਨੂੰ ਨਿਰਾਸ਼ਾ ਦਿਖਾਈ ਦੇ ਰਹੀ ਹੈ।
ਸਾਰੇ ਬੇਰੁਜ਼ਗਾਰ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮੌਜੂਦਾ ਸਰਕਾਰ ਨੂੰ ਬੇਨਤੀ ਹੈ ਕਿ ਜਿਨ੍ਹਾਂ ਦੀ ਸਾਰੀ ਕਾਰਵਾਈ ਪੂਰੀ ਹੋ ਚੁੱਕੀ ਹੈ, ਉਨ੍ਹਾਂ ਨੂੰ ਜਲਦੀ ਤੋਂ ਜਲਦੀ ਨਿਯੁਕਤੀ ਪੱਤਰ ਦਿੱਤੇ ਜਾਣ। ਜਿਨ੍ਹਾਂ ਅਸਾਮੀਆਂ ਦੇ ਟੈਸਟ ਦੀ ਤਾਰੀਖ ਵਾਰ-ਵਾਰ ਬਦਲ ਕੇ ਅੱਗੇ ਪਾਈ ਜਾ ਰਹੀ ਹੈ, ਉਹ ਲਏ ਜਾਣ ਤਾਂ ਕਿ ਆਪਣੀ ਨੌਕਰੀ ਲਈ ਤਿਆਰੀ ਕਰਨ ਵਾਲੇ ਨੌਜਵਾਨਾਂ ਨੂੰ ਰੁਜ਼ਗਾਰ ਦਾ ਮੌਕਾ ਮਿਲ ਸਕੇ। ਨੌਕਰੀ ਲੈਣ ਵਾਲੇ ਨੌਜਵਾਨ ਆਪਣੀ ਨੌਕਰੀ ਹਾਸਲ ਕਰਕੇ ਸਾਡੇ ਪੰਜਾਬ ਦਾ ਨਾਂਅ ਰੌਸ਼ਨ ਕਰ ਸਕਣ।
-ਗੁਰਤੇਜ ਸਿੰਘ ਖੁਡਾਲ
ਗਲੀ ਨੰ: 11, ਭਾਗੂ ਰੋਡ, ਬਠਿੰਡਾ।
ਚਾਈਨਾ ਡੋਰ ਦਾ ਕਹਿਰ
ਚਾਈਨਾ ਡੋਰ ਦੀ ਲਗਾਤਾਰ ਧੜਾਧੜ ਹੋ ਰਹੀ ਵਿਕਰੀ ਅਤੇ ਵਾਪਰ ਰਹੇ ਹਾਦਸਿਆਂ ਨੇ ਪ੍ਰਸ਼ਾਸਨ ਦੀਆਂ ਸਖ਼ਤੀਆਂ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ। ਪਾਬੰਦੀਆਂ ਦੇ ਬਾਵਜੂਦ ਵੀ ਚਾਈਨਾ ਡੋਰ ਦੇ ਕਾਰਨ ਵਾਪਰਨ ਵਾਲੇ ਹਾਦਸਿਆਂ ਵਿਚ ਵਾਧਾ ਹੋਇਆ ਹੈ ਅਤੇ ਪ੍ਰਸ਼ਾਸਨ ਵਲੋਂ ਕੀਤੀਆਂ ਜਾ ਰਹੀਆਂ ਤਮਾਮ ਕੋਸ਼ਿਸ਼ਾਂ ਨੂੰ ਬੂਰ ਪਿਆ ਨਹੀਂ ਜਾਪ ਰਿਹਾ। ਬੀਤੇ ਦਿਨੀਂ ਹੀ ਚਹਿਲ ਕਲਾਂ ਪਿੰਡ ਵਿਚ ਇਕ ਪੰਜ ਸਾਲਾ ਬੱਚਾ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਨਾਲ ਜ਼ਖਮੀ ਹੋ ਗਿਆ ਜਿਸ ਦੇ ਮੂੰਹ 'ਤੇ 70 ਤੋਂ 80 ਟਾਂਕੇ ਲੱਗੇ ਹਨ। ਇਨ੍ਹਾਂ ਵਾਪਰ ਰਹੇ ਹਾਦਸਿਆਂ ਪ੍ਰਤੀ ਕੌਣ ਜ਼ਿੰਮੇਵਾਰ ਹੈ? ਕੀ ਇਹ ਇਸੇ ਤਰ੍ਹਾਂ ਹੀ ਜਾਰੀ ਰਹੇਗਾ? ਆਪਣੇ ਫਾਇਦਿਆਂ ਲਈ ਕੀ ਇਸ ਚਾਈਨਾ ਡੋਰ ਦਾ ਕਹਿਰ ਇਸੇ ਤਰ੍ਹਾਂ ਬਣਿਆ ਰਹੇਗਾ? ਚਾਈਨਾ ਡੋਰ ਦੀ ਵਿਕਰੀ ਨੂੰ ਲੱਗ ਰਹੀਆਂ ਪਾਬੰਦੀਆਂ ਸੰਤੁਸ਼ਟੀਜਨਕ ਨਤੀਜੇ ਲਿਆਉਣ ਵਿਚ ਨਾਕਾਮ ਸਿੱਧ ਹੋਈਆਂ ਹਨ। ਚਾਈਨਾ ਡੋਰ ਦੇ ਸੰਤਾਪ ਤੋਂ ਬਚਣ ਲਈ ਪ੍ਰਸ਼ਾਸਨਿਕ ਮਜ਼ਬੂਤੀ ਦੇ ਨਾਲ ਚਾਈਨਾ ਡੋਰ ਵਿਕਰੇਤਾਵਾਂ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਦੇ ਨਾਲ-ਨਾਲ ਇਸ ਦੀ ਵਰਤੋਂ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਜਾਗਰੂਕ ਕਰਕੇ ਹੀ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਤਾਂ ਜੋ ਵਾਪਰ ਰਹੇ ਭਿਆਨਕ ਹਾਦਸਿਆਂ ਨੂੰ ਰੋਕਦੇ ਹੋਏ ਅਨਮੋਲ ਜੀਵਨ ਬਚਾਇਆ ਜਾ ਸਕੇ।
-ਰਜਵਿੰਦਰ ਪਾਲ ਸ਼ਰਮਾ
ਨੌਕਰੀਆਂ ਦੀ ਘਾਟ
ਬੇਰੁਜ਼ਗਾਰੀ ਅੱਜਕਲ੍ਹ ਦਾ ਭਖਵਾਂ ਮੁੱਦਾ ਹੈ। ਸਾਡੇ ਧੀਆਂ-ਪੁੱਤ ਪੜ੍ਹਦੇ ਤਾਂ ਬਹੁਤ ਹਨ ਪਰ ਉਨ੍ਹਾਂ ਨੂੰ ਮਿਲੀਆਂ ਡਿਗਰੀਆਂ ਦੀ ਕਦਰ ਨਹੀਂ ਪੈ ਰਹੀ। ਪੜ੍ਹਾਈ ਦੀ ਬੇਕਦਰੀ ਦੇ ਮੱਦੇਨਜ਼ਰ ਨੌਜਵਾਨ ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਜਾਂਦੇ ਹਨ, ਜਿਸ ਕਾਰਨ ਉਹ ਨਸ਼ੇ ਆਦਿ ਕਰਨ ਲਗਦੇ ਹਨ ਜਾਂ ਘਰਦਿਆਂ ਨੂੰ ਮਜਬੂਰ ਕਰਦੇ ਹਨ ਕਿ ਉਨ੍ਹਾਂ ਨੂੰ ਵਿਦੇਸ਼ ਭੇਜਿਆ ਜਾਵੇ। ਇਹ ਬਹੁਤ ਚਿੰਤਾਜਨਕ ਸਥਿਤੀ ਹੈ। ਨੌਜਵਾਨਾਂ ਦੀਆਂ ਡਿਗਰੀਆਂ ਦਾ ਮੁੱਲ ਨਹੀਂ ਪਵੇਗਾ ਤਾਂ ਯਕੀਨਨ ਉਨ੍ਹਾਂ ਦੀ ਸਿਰਦਰਦੀ ਵਧੇਗੀ। ਉਹ ਉੱਥੇ ਜਾਣਾ ਚਾਹੁੰਣਗੇ ਜਿੱਥੇ ਡਿਗਰੀਆਂ ਦਾ ਮੁੱਲ ਪੈਂਦਾ ਹੈ। ਸਰਕਾਰਾਂ ਨੂੰ ਬੇਰੁਜ਼ਗਾਰੀ ਦੇ ਮੁੱਦੇ 'ਤੇ ਸੰਜੀਦਗੀ ਨਾਲ ਗ਼ੌਰ ਕਰਨਾ ਚਾਹੀਦਾ ਹੈ ਅਤੇ ਨੌਜਵਾਨ ਵਰਗ ਨੂੰ ਉਸ ਦੀ ਯੋਗਤਾ ਮੁਤਾਬਕ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ। ਜਦੋਂ ਉਨ੍ਹਾਂ ਨੂੰ ਇੱਥੇ ਹੀ ਕੰਮਕਾਰ ਮਿਲਣ ਲੱਗੇਗਾ ਤਾਂ ਉਹ ਭਲਾ ਵਿਦੇਸ਼ ਕਿਉਂ ਜਾਣਗੇ? ਨੌਜਵਾਨ ਵਰਗ ਨੂੰ ਵੀ ਚਾਹੀਦਾ ਹੈ ਕਿ ਉਹ ਵਿਦੇਸ਼ ਵੱਲ ਭੱਜਣ ਦੀ ਥਾਂ ਇੱਥੇ ਹੀ ਰਹਿ ਕੇ ਕਾਮਯਾਬ ਹੋਣ ਅਤੇ ਚੰਗੇ ਪੜ੍ਹੇ-ਲਿਖੇ ਤੇ ਨਸ਼ਾ-ਰਹਿਤ ਪੰਜਾਬ ਦਾ ਨਿਰਮਾਣ ਕਰਨ।
-ਮਨਪ੍ਰੀਤ ਕੌਰ,
ਐੱਚ.ਐੱਮ.ਵੀ. ਜਲੰਧਰ।
ਮਜ਼ਦੂਰ ਵਰਗ ਅਣਗੌਲਿਆ ਕਿਉਂ?
ਰੋਟੀ ਕੱਪੜਾ ਮਕਾਨ ਹਰ ਨਾਗਰਿਕ ਦੀ ਮੁਢਲੀ ਲੋੜ ਹੈ, ਜਿਸ ਨਾਗਰਿਕ ਕੋਲ ਇਹ ਤਿੰਨੇ ਚੀਜ਼ਾਂ ਨਾ ਹੋਣ ਸਮਝੋ ਉਸ ਨਾਗਰਿਕ ਦਾ ਦੁਨੀਆ 'ਤੇ ਆਉਣਾ ਨਾ ਆਉਣਾ ਇਕ ਬਰਾਬਰ ਹੈ। ਹਰ ਨਾਗਰਿਕ ਦਾ ਜੀਵਨ ਪੱਧਰ ਉੱਚਾ ਚੁੱਕਣਾ ਸਰਕਾਰ ਦਾ ਮੁਢਲਾ ਫਰਜ਼ ਹੁੰਦਾ ਹੈ। ਸਬਜ਼ਬਾਗ ਵਿਖਾਉਣੇ ਸੌਖੇ ਹਨ ਪਰ ਸੱਚਾਈ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਦੋ ਵਕਤ ਦੀ ਰੋਟੀ ਲਈ ਆਮ ਲੋਕ ਤਰਲੋ-ਮੱਛੀ ਹੁੰਦੇ ਵੇਖੇ ਜਾ ਸਕਦੇ ਹਨ। ਹੱਡਚੀਰਵੀਂ ਠੰਢ ਵਿਚ ਬਜ਼ੁਰਗ ਤੇ ਛੋਟੇ-ਛੋਟੇ ਬੱਚੇ ਆਮ ਕੱਪੜਿਆਂ ਵਿਚ ਸੜਕਾਂ 'ਤੇ ਪਏ ਦੇਖਣ ਨੂੰ ਮਿਲ ਰਹੇ ਹਨ। ਪਹਿਲਾਂ ਹੀ ਤੰਗੀਆਂ-ਤੁਰਸੀਆਂ ਨਾਲ ਜੂਝ ਰਿਹਾ ਮਜ਼ਦੂਰ ਵਰਗ ਕਈ ਮਾਰਾਂ ਝੱਲ ਰਿਹਾ ਹੈ। ਉਸਨੂੰ ਆਰਥਿਕ ਤੇ ਸਮਾਜਿਕ ਪੱਖ ਤੋਂ ਘਿਰਣਾ ਨਾਲ ਵੇਖਿਆ ਜਾ ਰਿਹਾ ਹੈ। ਆਮ ਨਾਗਰਿਕ ਖ਼ਾਸ ਕਰਕੇ ਮਜ਼ਦੂਰ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਰਕਾਰ ਨੂੰ ਮਜ਼ਦੂਰ ਪੱਖੀ ਨੀਤੀਆਂ ਬਣਾ ਕੇ ਅਮਲ 'ਚ ਲਿਆਉਣੀਆਂ ਚਾਹੀਦੀਆਂ ਹਨ। ਮਜ਼ਦੂਰ ਦੀ ਮਜ਼ਦੂਰੀ ਵਧਾਉਣੀ ਚਾਹੀਦੀ ਹੈ। ਉਸ ਦੀ ਖਰੀਦ ਸ਼ਕਤੀ ਵਧਾਉਣੀ ਚਾਹੀਦੀ ਹੈ ਤਾਂ ਕਿ ਮਜ਼ਦੂਰ ਵਰਗ ਵੀ ਖਾਂਦੇ-ਪੀਂਦੇ ਵਰਗਾਂ ਵਾਂਗ ਆਪਣਾ ਜੀਵਨ ਸਵੈਮਾਣ ਨਾਲ ਬਤੀਤ ਕਰ ਸਕੇ।
-ਬੰਤ ਸਿੰਘ ਘੁਡਾਣੀ, ਲੁਧਿਆਣਾ
ਬੇਰੁਜ਼ਗਾਰੀ
ਬੇਰੁਜ਼ਗਾਰੀ ਦੁਨੀਆ ਭਰ ਵਿਚ ਵਧ ਰਹੀ ਹੈ। ਇਸ ਦਾ ਜੋ ਭਿਆਨਕ ਰੂਪ ਵਰਤਮਾਨ ਸਮੇਂ ਵਿਖਾਈ ਦੇ ਰਿਹਾ ਹੈ। ਇਹੋ ਜਿਹਾ ਪਹਿਲਾਂ ਕਦੇ ਵੀ ਵੇਖਣ ਵਿਚ ਨਹੀਂ ਆਇਆ। ਪੜ੍ਹੇ-ਲਿਖੇ ਬੇਰੁਜ਼ਗਾਰਾਂ ਦੀ ਗਿਣਤੀ ਤਾਂ ਦਿਨੋ-ਦਿਨ ਵਧ ਰਹੀ ਹੈ। ਪੜ੍ਹੀ-ਲਿਖੀ ਮੱਧ ਸ਼੍ਰੇਣੀ ਦਾ ਦਿਨੋ-ਦਿਨ ਵਧਣਾ ਪਛੜਾਪਣ ਆਬਾਦੀ ਦਾ ਵਾਧਾ, ਦਫ਼ਤਰਾਂ ਦਾ ਕੰਪਿਊਟਰੀਕਰਨ, ਮੁਲਾਜ਼ਮਾਂ ਦੀ ਛਾਂਟੀ, ਸਰਕਾਰੀ ਅਦਾਰਿਆਂ ਨੂੰ ਨਿੱਜੀ ਹੱਥਾਂ ਵਿਚ ਦੇਣਾ, ਬੇਰੁਜ਼ਗਾਰੀ ਦੇ ਮੁੱਖ ਕਾਰਨ ਹਨ। ਅੱਜਕਲ੍ਹ ਬੇਰੁਜ਼ਗਾਰਾਂ ਦਾ ਪਾਣੀ ਵਾਲੀਆਂ ਟੈਂਕੀਆਂ 'ਤੇ ਚੜ੍ਹਨਾ, ਨਾਅਰੇਬਾਜ਼ੀ ਕਰਨਾ, ਬੈਰੀਕੇਡ ਤੋੜਨਾ, ਮਰਨ ਵਰਤ ਰੱਖਣਾ, ਖੁਦਕੁਸ਼ੀ ਕਰਨਾ ਆਮ ਜਿਹੀ ਗੱਲ ਹੈ। ਸਰਕਾਰ ਨੂੰ ਇਸ ਬੇਰੁਜ਼ਗਾਰੀ ਦਾ ਕੋਈ ਨਾ ਕੋਈ ਹੱਲ ਲੱਭਣਾ ਚਾਹੀਦਾ ਹੈ।
-ਨਰਿੰਦਰ ਭੱਪਰ ਝਬੇਲਵਾਲੀ।
ਜ਼ਿਲਾ ਸ੍ਰੀ ਮੁਕਤਸਰ ਸਾਹਿਬ।
ਨੌਜਵਾਨ ਅੱਗੇ ਆਉਣ
ਪਿਛਲੇ ਲੰਮੇ ਸਮੇਂ ਤੋਂ ਪਲਾਸਟਿਕ ਡੋਰ ਨੇ ਕਈ ਕੀਮਤੀ ਜਾਨਾਂ ਲੈ ਲਈਆਂ ਹਨ। ਹਰ ਸਾਲ ਸਰਕਾਰ ਤੇ ਪ੍ਰਸ਼ਾਸਨ ਵਲੋਂ ਪਲਾਸਟਿਕ ਡੋਰ ਵੇਚਣ ਵਾਲਿਆਂ ਨੂੰ ਵਰਜਿਆ ਜਾਂਦਾ ਹੈ। ਪਰ ਪਰਨਾਲਾ ਉਥੇ ਦਾ ਉਥੇ ਹੀ ਰਹਿੰਦਾ ਹੈ। ਭਾਵੇਂ ਮਾਨ ਸਰਕਾਰ ਇਸ ਖ਼ੂਨੀ ਡੋਰ ਨੂੰ ਰੋਕਣ ਲਈ ਗੰਭੀਰ ਦਿਸ ਰਹੀ ਹੈ ਪਰ ਫਿਰ ਵੀ ਪਤੰਗਬਾਜ਼ੀ ਦੇ ਸ਼ੌਕੀਨਾਂ ਦੇ ਹੱਥਾਂ 'ਚ ਉਪਰੋਕਤ ਡੋਰ ਦੇਖਣ ਨੂੰ ਮਿਲ ਰਹੀ ਹੈ। ਦੋਪਹੀਆ ਵਾਹਨ ਵਾਲੇ ਲੋਕ ਜ਼ਿਆਦਾ ਇਸ ਦਾ ਸ਼ਿਕਾਰ ਹੋ ਰਹੇ ਹਨ। ਪਤੰਗਬਾਜ਼ੀ ਦੇ ਦਿਨਾਂ 'ਚ ਦੋਪਹੀਆ ਵਾਹਨ ਵਾਲਿਆਂ ਦੇ ਮਨਾਂ 'ਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ। ਇਸ ਡਰ ਦੇ ਮਾਹੌਲ ਨੂੰ ਖ਼ਤਮ ਕਰਨ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਪਵੇਗਾ। ਪਲਾਸਟਿਕ ਡੋਰ ਵਰਤਣ ਵਾਲਿਓ ਇਸ ਦਾ ਸ਼ਿਕਾਰ ਤੁਸੀਂ ਵੀ ਹੋ ਸਕਦੇ ਹੋ। ਜਾਂ ਤੁਹਾਡਾ ਬੱਚਾ ਜਾਂ ਕੋਈ ਸਕਾ-ਸੰਬੰਧੀ। ਹਾਦਸਾ ਵਰਤ ਜਾਣ 'ਤੇ ਪੱਲੇ ਸਿਰਫ਼ ਰੋਣਾ-ਕੁਰਲਾਉਣਾ ਹੀ ਰਹਿ ਜਾਂਦਾ ਹੈ। ਸੂਝਵਾਨ ਨੌਜਵਾਨ ਅੱਗੇ ਆ ਕੇ ਪਿੰਡ ਪੱਧਰ 'ਤੇ ਗਰੁੱਪ ਬਣਾ ਕੇ ਹਰ ਦੁਕਾਨ ਦੀ ਚੈਕਿੰਗ ਕਰਨ। ਫੜੇ ਜਾਣ 'ਤੇ ਦੁਕਾਨਦਾਰ ਦਾ ਬਾਈਕਾਟ ਕੀਤਾ ਜਾਵੇ। ਜੁਰਮਾਨਾ ਤੱਕ ਵਸੂਲਿਆ ਜਾਵੇ। ਪਿੰਡ ਪੱਧਰ 'ਤੇ ਵਰਤੀ ਸਖ਼ਤਾਈ ਨਾਲ ਹੀ ਪਲਾਸਟਿਕ ਡੋਰ ਦੇ ਵਰਤਾਰੇ ਨੂੰ ਰੋਕਿਆ ਜਾ ਸਕਦਾ ਹੈ।
-ਬੰਤ ਸਿੰਘ ਘੁਡਾਣੀ,
ਲੁਧਿਆਣਾ
ਨੌਜਵਾਨਾਂ ਨੂੰ ਰੁਜ਼ਗਾਰ ਦਿਓ
ਇਸ ਗੱਲ ਤੋਂ ਹਰ ਕੋਈ ਵਾਕਿਫ਼ ਹੈ ਕਿ ਪੰਜਾਬ ਵਿਚ ਨਸ਼ਿਆਂ ਨੇ ਬਹੁਤ ਜ਼ੋਰ ਪਾਇਆ ਹੈ। ਅੱਜ-ਕੱਲ੍ਹ ਦੀ ਪੀੜ੍ਹੀ ਨਸ਼ਿਆਂ ਵਲ ਬਹੁਤ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਇਸ ਦਾ ਸਭ ਤੋਂ ਜ਼ਰੂਰੀ ਕਾਰਨ ਹੈ ਕਿ ਪੜ੍ਹੇ-ਲਿਖੇ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਪੜ੍ਹੇ-ਲਿਖੇ ਨੌਜਵਾਨ ਬੇਰੁਜ਼ਗਾਰ ਤੁਰੇ ਫਿਰਦੇ ਨੇ, ਉਨ੍ਹਾਂ ਵਿਚੋਂ ਬਹੁਤੇ ਨਸ਼ੇ ਦਾ ਸ਼ਿਕਾਰ ਹੋ ਜਾਂਦੇ ਨੇ। ਜੋ ਨਸ਼ਿਆਂ ਦੀ ਦਲਦਲ ਤੋਂ ਬਚ ਜਾਂਦਾ ਹੈ, ਉਹ ਵਿਦੇਸ਼ਾਂ ਵਿਚ ਜਾਣ ਲਈ ਕਾਹਲਾ ਹੈ। ਲੋਕ ਭਾਰਤ ਵਿਚ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਹੇ। ਨੌਕਰੀ ਨਾ ਮਿਲਣ ਕਾਰਨ ਨੌਜਵਾਨ ਤਣਾਅ ਵਿਚ ਹੀ ਚਲੇ ਜਾਂਦੇ ਹਨ। ਸਾਨੂੰ ਬਹੁਤ ਸਾਰੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਕਿ ਬੱਚਿਆਂ ਦੀ ਤਣਾਅ ਕਰਕੇ ਦਿਲ ਦੇ ਦੌਰੇ ਪੈਣ ਕਾਰਨ ਮੌਤ ਹੋ ਗਈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਤੇ ਨੌਕਰੀਆਂ ਦੇਵੇ ਤੇ ਬੱਚਿਆਂ ਨੂੰ ਜ਼ਿੰਦਗੀ ਵਿਚ ਅੱਗੇ ਵਧਣ ਲਈ ਪ੍ਰੇਰਿਤ ਕਰੇ।
-ਜਸਵੀਰ ਕੌਰ
ਵਧੀਆ ਰਚਨਾ
17 ਜਨਵਰੀ ਦੇ 'ਅਜੀਤ' ਅਖ਼ਬਾਰ ਵਿਚ ਜਨਾਬ ਮੁਹੰਮਦ ਹਨੀਫ਼ ਥਿੰਦ ਦੀ ਲਿਖੀ ਰਚਨਾ 'ਆਜ਼ਾਦੀ ਲਈ ਪਹਿਲਾਂ ਸੰਘਰਸ਼ ਸੀ ਨਾਮਧਾਰੀ ਅੰਦੋਲਨ' ਪੜ੍ਹ ਕੇ ਬਹੁਤ ਹੀ ਵਧੀਆ ਲੱਗਾ। ਲੇਖਕ ਨੇ ਇਤਿਹਾਸਕ ਰਚਨਾਵਾਂ ਵਿਚੋਂ ਹਵਾਲੇ ਦੇ ਕੇ ਸਿੱਧ ਕੀਤਾ ਹੈ ਕਿ ਭਾਰਤ ਵਾਸੀਆਂ ਨੂੰ ਆਜ਼ਾਦੀ ਦੀ ਲੜਾਈ ਦੀ ਸਭ ਤੋਂ ਪਹਿਲਾਂ ਜਾਗ ਲਾਉਣ ਵਾਲੇ ਨਾਮਧਾਰੀ ਸੰਪ੍ਰਦਾਇ ਨਾਲ ਜੁੜੇ ਹੋਏ ਸਿੰਘ ਸਨ। ਸਭ ਤੋਂ ਪਹਿਲਾਂ ਨਾਮਧਾਰੀਆਂ ਵਲੋਂ ਸਫ਼ੈਦ ਝੰਡਾ ਲਹਿਰਾ ਕੇ ਅੰਗਰੇਜ਼ੀ ਸਾਮਰਾਜ ਵਿਰੁੱਧ ਨਾਮਧਾਰੀ ਲਹਿਰ ਦੀ ਆਰੰਭਤਾ ਕਰ ਦਿੱਤੀ ਗਈ। ਉਨ੍ਹਾਂ ਨੇ ਅੰਗਰੇਜ਼ਾਂ ਖ਼ਿਲਾਫ਼ ਨਾ ਮਿਲਵਰਤਨ ਲਹਿਰ ਦਾ ਝੰਡਾ ਗੱਡ ਦਿੱਤਾ। ਇਸ ਪ੍ਰਕਾਰ ਅੰਗਰੇਜ਼ੀ ਸਾਮਰਾਜ ਵਿਰੁੱਧ ਆਜ਼ਾਦੀ ਦੀ ਲੜਾਈ ਦਾ ਮੁੱਢ ਨਾਮਧਾਰੀ ਸਿੰਘਾਂ ਵਲੋਂ ਬੱਝਿਆ। ਇਕ ਵਧੀਆ ਰਚਨਾ ਲਿਖਣ ਲਈ ਜਨਾਬ ਮੁਹੰਮਦ ਹਨੀਫ਼ ਥਿੰਦ ਵਧਾਈ ਦੇ ਪਾਤਰ ਹਨ।
-ਡਾ. ਇਕਬਾਲ ਸਿੰਘ ਸਕਰੌਦੀ ਸੰਗਰੂਰ।
ਬਸੰਤ ਬਨਾਮ ਚਾਈਨਾ ਡੋਰ
ਬਸੰਤ ਦਾ ਤਿਉਹਾਰ ਬਹੁਤ ਨਜ਼ਦੀਕ ਆ ਰਿਹਾ ਹੈ। ਬੱਚੇ ਬਸੰਤ ਦੀ ਬੜੀ ਹੀ ਬੇਸਬਰੀ ਨਾਲ ਉਡੀਕ ਕਰਦੇ ਹਨ, ਕਿਉਂਕਿ ਬੱਚੇ ਪੂਰਾ ਦਿਨ ਪਤੰਗ ਉਡਾ ਕੇ ਬਸੰਤ ਵਾਲੇ ਦਿਨ ਦਾ ਖੂਬ ਆਨੰਦ ਮਾਣਦੇ ਹਨ। ਇਸ ਦਿਨ ਸਭ ਤੋਂ ਜ਼ਿਆਦਾ ਧਿਆਨ ਦੇਣ ਵਾਲੀ ਜੋ ਸਭ ਤੋਂ ਅਹਿਮ ਗੱਲ ਇਹ ਹੈ ਕਿ ਅਸੀਂ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਬਿਲਕੁਲ ਨਾ ਕਰਨ ਦੇਈਏ। ਕਿਉਂਕਿ ਇਸ ਚਾਈਨਾ ਡੋਰ ਨੇ ਕਈ ਮਨੁੱਖੀ ਜਾਨਾਂ ਲੈ ਲਈਆਂ ਹਨ ਅਤੇ ਕਈ ਲੋਕਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਕੇ ਅਪਾਹਜ ਕਰ ਦਿੱਤਾ ਹੈ, ਜਿਸ ਬਾਰੇ ਅਸੀਂ ਹਰ ਰੋਜ਼ ਖ਼ਬਰਾਂ ਪੜ੍ਹਦੇ-ਸੁਣਦੇ ਹਾਂ। ਇਸ ਡੋਰ ਤੋਂ ਪੂਰੀ ਤਰ੍ਹਾਂ ਪਰਹੇਜ਼ ਕੀਤਾ ਜਾਵੇ। ਇਹ ਤਿਉਹਾਰ ਸਾਡੇ ਸਾਰਿਆਂ ਲਈ ਬਹੁਤ ਜ਼ਿਆਦਾ ਅਹਿਮੀਅਤ ਰੱਖਦਾ ਹੈ। ਅਸੀਂ ਸਾਰੇ ਰਲ ਕੇ ਬਸੰਤ ਨੂੰ ਮਨਾਈਏ ਪਰ ਉਪਰੋਕਤ ਗੱਲਾਂ ਦਾ ਧਿਆਨ ਰੱਖੀਏ। ਇਸ ਵਾਰ ਸਰਕਾਰ ਨੇ ਵੀ ਚਾਈਨਾ ਡੋਰ ਦੀ ਵਰਤੋਂ 'ਤੇ ਪੂਰੀ ਸਖ਼ਤੀ ਕੀਤੀ ਹੋਈ ਹੈ ਕਿ ਕੋਈ ਵੀ ਵਿਅਕਤੀ ਚਾਈਨਾ ਡੋਰ ਨਾ ਵੇਚੇ ਅਤੇ ਨਾ ਹੀ ਕੋਈ ਖਰੀਦੇ। ਜੇਕਰ ਕੋਈ ਇਸ ਦੀ ਅਣਦੇਖੀ ਕਰੇਗਾ ਤਾਂ ਉਸ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬੱਚਿਆਂ ਦੀ ਪੂਰੀ ਜ਼ਿੰਮੇਵਾਰੀ ਉਨ੍ਹਾਂ ਦੇ ਮਾਪਿਆਂ ਦੀ ਹੋਵੇਗੀ। ਸੋ, ਅਸੀਂ ਸਾਰੇ ਆਪਣਾ-ਆਪਣਾ ਫਰਜ਼ ਸਮਝਦੇ ਹੋਏ ਚਾਈਨਾ ਡੋਰ ਬਿਲੁਕਲ ਨਾ ਵਰਤੀਏ ਤੇ ਨਾ ਹੀ ਬੱਚਿਆਂ ਨੂੰ ਵਰਤਣ ਦੇਈਏ।
-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।
ਦਿਲਚਸਪ ਲੇਖ
8 ਜਨਵਰੀ, ਐਤਵਾਰ ਦੇ 'ਅਜੀਤ' ਦੇ ਮੈਗਜ਼ੀਨ ਪੰਨ੍ਹੇ 'ਤੇ ਬਲਰਾਜ ਸਿੰਘ ਸਿੱਧੂ ਕਮਾਂਡੈਂਟ ਵਲੋਂ ਆਪਣੀ ਲਿਖਤ - ''ਮੁੰਬਈ ਦੇ ਡੱਬੇਵਾਲੇ ਜੋ ਕਦੇ ਵੀ ਗਲਤੀ ਨਹੀਂ ਕਰਦੇ' ਰਾਹੀਂ ਮੁੰਬਈ 'ਚ ਵੱਖ-ਵੱਖ ਅਦਾਰਿਆਂ ਦੇ ਕਾਮਿਆਂ ਲਈ ਟਿਫ਼ਨ (ਖਾਣੇ ਵਾਲੇ ਡੱਬੇ) ਸਪਲਾਈ ਕਰਨ ਵਾਲੀ ਯੂਨੀਅਨ ਬਾਰੇ ਦਿੱਤੀ ਜਾਣਕਾਰੀ ਦਿਲਚਸਪ ਅਤੇ ਮਿਹਨਤੀ ਬੰਦਿਆਂ ਲਈ ਪ੍ਰੇਰਣਾਦਾਇਕ ਲੱਗੀ। ਯੂਨੀਅਨ 'ਚ ਕੰਮ ਕਰਦੇ ਹਜ਼ਾਰਾਂ ਵਰਕਰਾਂ ਵਲੋਂ ਇਕ ਖਾਸ ਵਰਦੀ ਅਤੇ ਅਨੁਸ਼ਾਸਨ 'ਚ ਕੰਮ ਕਰਦਿਆਂ ਮਹਾਂਨਗਰ 'ਚ ਢਾਈ-ਤਿੰਨ ਲੱਖ ਲੋਕਾਂ ਤੱਕ ਸਮੇਂ ਸਿਰ ਖਾਣਾ ਪਹੁੰਚਦਾ ਕਰਨਾ ਵਾਕਿਆ ਹੀ ਆਪਣੇ ਆਪ ਵਿਚ ਇਕ ਮਿਸਾਲ ਹੈ। ਸਭ ਤੋਂ ਚੰਗੀ ਗੱਲ ਸੰਨ 1890 ਈ: ਤੋਂ 100 ਬੰਦਿਆਂ ਨਾਲ ਸ਼ੁਰੂ ਹੋਣ ਤੋਂ ਇਹ ਯੂਨੀਅਨ ਕਰੀਬ 132 ਸਾਲਾਂ ਦਾ ਲੰਮਾ ਸਮਾਂ ਤੈਅ ਕਰਨ ਦੇ ਬਾਵਜੂਦ ਅੱਜ ਤਕ ਇਤਫ਼ਾਕ ਨਾਲ ਕੰਮ ਕਰ ਰਹੀ ਹੈ, ਜੋ ਮਿਹਨਤੀ ਲੋਕਾਂ ਨੂੰ ਇਕ-ਮਿੱਕ ਹੋ ਕੇ ਕੰਮ ਕਰਨ ਲਈ ਪ੍ਰੇਰਦੀ ਹੈ।
-ਮਨੋਹਰ ਸਿੰਘ ਸੱਗੂ ਧੂਰੀ (ਸੰਗਰੂਰ)
ਧਾਰਮਿਕ ਚਿੰਨ੍ਹਾਂ ਦੇ ਟੈਟੂ
ਪਿਛਲੇ ਕੁਝ ਸਮੇਂ ਤੋਂ ਟੈਟੂ ਬਣਵਾਉਣ ਦਾ ਰਿਵਾਜ਼ ਬਹੁਤ ਤੇਜ਼ੀ ਨਾਲ ਆਇਆ ਹੈ। ਅੱਜ-ਕੱਲ੍ਹ ਮੁੰਡੇ ਕੁੜੀਆਂ ਇਸ਼ ਦੀ ਗ੍ਰਿਫ਼ਤ ਵਿਚ ਆ ਗੇ ਹਨ। ਪੁਰਾਣੇ ਜ਼ਮਾਨੇ ਵਿਚ ਇਹ ਸਿਰਫ਼ ਚੰਦ ਤਾਰੇ ਤੇ ਵੱਧ ਤੋਂ ਵੱਧ ਮੋਰਨੀਆਂ ਆਦਿ ਪਾਉਣ ਤੱਕ ਹੀ ਸੀਮਤ ਸੀ। ਅੱਜ-ਕੱਲ੍ਹ ਕਲਾਕਾਰ, ਆਪਣੇ ਮਾਂ-ਪਿਉ ਇਥੋਂ ਤੱਕ ਕਿ ਆਪਣੇ ਧਾਰਮਿਕ ਚਿੰਨ੍ਹਾਂ ਦੇ ਟੈਟੂ ਬਣਵਾਉਣ ਲਗ ਪਏ ਹਨ। ਦੇਖਣ ਵਿਚ ਆਇਆ ਹੈ ਕਿ ਜਿਸ ਹੱਥ ਵਿਚ ਦਾਰੂ ਦਾ ਗਿਲਾਸ ਹੁੰਦਾ ਹੈ, ਉਸੇ ਹੱਥ ਜਾਂ ਬਾਂਹ 'ਤੇ ਧਾਰਮਿਕ ਚਿੰਨ੍ਹ ਉਕਰੇ ਹੁੰਦੇ ਹਨ ਜੋ ਕਿ ਬਹੁਤ ਗ਼ਲਤ ਲੱਗਦਾ ਹੈ। ਇਸ ਲਈ ਸਾਡੇ ਧਾਰਮਿਕ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੇ ਧਾਰਮਿਕ ਚਿੰਨ੍ਹਾਂ ਦੇ ਟੈਟੂ ਬਣਾਉਣ 'ਤੇ ਪਾਬੰਦੀ ਲਗਾਉਣ ਦੇ ਨਾਲ-ਨਾਲ ਲੋਕਾਂ ਵਿਚ ਇਸ ਸੰਬੰਧੀ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਤਾਂ ਜੋ ਸਾਡੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਨਾ ਹੋ ਸਕੇ। ਇਸ ਦੇ ਨਾਲ-ਨਾਲ ਸਾਡੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਕੰਮ ਤੋਂ ਵਰਜੀਏ।
-ਜਸਕਰਨ ਲੰਡੇ
ਪਿੰਡ ਤੇ ਡਾਕ. ਲੰਡੇ (ਮੋਗਾ)
ਵਾਤਾਵਰਨ ਪੱਖੀ ਫ਼ੈਸਲਾ
ਜ਼ਿਲ੍ਹਾ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਲਈ ਚਲ ਰਿਹਾ ਲੋਕ ਪੱਖੀ ਸੰਘਰਸ਼ ਨੂੰ ਬੂਰ ਪੈ ਗਿਆ ਹੈ। ਰਾਜ ਸਰਕਾਰ ਦੁਆਰਾ ਫੈਕਟਰੀ ਨੂੰ ਬੰਦ ਕਰਕੇ ਜਿਥੇ ਵਾਤਾਵਰਨ ਨੂੰ ਬਚਾਉਣ ਲਈ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ ਉਥੇ ਭਵਿੱਖ ਵਿਚ ਵਾਤਾਵਰਨ ਨੂੰ ਗੰਧਲਾ ਕਰਨ ਵਾਲੇ ਉਦਯੋਗਾਂ ਅਤੇ ਫੈਕਟਰੀਆਂ ਨੂੰ ਵੀ ਚਿਤਾਵਨੀ ਦਿੱਤੀ ਗਈ ਹੈ। ਫੈਕਟਰੀ ਨੂੰ ਮੁੜ ਚਾਲੂ ਕਰਨ ਲਈ ਪੂੰਜੀਵਾਦ ਦੁਆਰਾ ਕੀਤੀਆਂ ਗਈਆਂ ਧੱਕੇਸ਼ਾਹੀਆਂ ਅਤੇ ਜ਼ੋਰ ਅਜ਼ਮਾਇਸ਼ ਵਾਤਾਵਰਨ ਪ੍ਰੇਮੀਆਂ ਦੁਆਰਾ ਨਿਸ਼ਫਲ ਕਰ ਦਿੱਤੀਆਂ ਗਈਆਂ ਅਤੇ ਅੰਤ ਵਿਚ ਵਾਤਾਵਰਨ ਅਤੇ ਸਮਾਜਿਕ ਕਾਰਕੁਨਾਂ ਦੀ ਜਿੱਤ ਹੋਈ। ਸਵਸਥ ਜ਼ਿੰਦਗੀ ਜਿਉਣ ਲਈ ਸਾਫ਼ ਪੌਣ ਪਾਣੀ ਜ਼ਿੰਦਗੀ ਦਾ ਮੂਲ ਆਧਾਰ ਹਨ ਇਨ੍ਹਾਂ ਤੋਂ ਬਿਨਾ ਮਨੁੱਖ ਦੀ ਹੋਂਦ ਔਖੀ ਹੀ ਨਹੀਂ ਸਗੋਂ ਅਸੰਭਵ ਹੈ, ਇਹ ਗੱਲ ਸਰਮਾਏਦਾਰਾਂ ਅਤੇ ਵਾਤਾਵਰਨ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਸਮਝਣੀ ਪਵੇਗੀ ਤਾਂ ਜੋ ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਸ਼ੁੱਧ ਰੱਖਦੇ ਹੋਏ ਜੀਵਨ ਦੀ ਹੋਂਦ ਬਚਾਈ ਜਾ ਸਕੇ।
-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਅਤਰ ਸਿੰਘ ਵਾਲਾ, (ਬਠਿੰਡਾ)
ਮੁਫ਼ਤ ਸਹੂਲਤਾਂ ਬੰਦ ਹੋਣ
ਪੰਜਾਬ ਸਰਕਾਰ ਮੁਫ਼ਤ ਦੇ ਲਾਲਚ ਦੇ ਕੇ ਪੰਜਾਬ ਨੂੰ ਕਰਜ਼ੇ ਵੱਲ ਧੱਕ ਰਹੀ ਹੈ। ਉਹ ਭਾਵੇਂ ਆਟਾ ਦਾਲ ਸਕੀਮ ਹੋਵੇ ਜਾਂ ਮੁਫ਼ਤ ਬੱਸ ਸਫ਼ਰ। ਜੇਕਰ ਵੇਖਿਆ ਜਾਵੇ ਤਾਂ ਸੂਬਾ ਸਰਕਾਰ ਜ਼ੀਰੋ ਬਿੱਲ ਦੇ ਚੱਕਰ ਵਿਚ ਕਰੋੜਾਂ ਦੇ ਘਾਟੇ ਵਿਚ ਜਾ ਰਹੀ ਹੈ, ਜਿਸ ਦਾ ਨੁਕਸਾਨ ਆਮ ਜਨਤਾ ਨੂੰ ਟੈਕਸ ਦੇ ਰੂਪ ਵਿਚ ਦੇਣਾ ਪਵੇਗਾ। ਦੂਜੇ ਪਾਸੇ ਮੁਫ਼ਤ ਸਫ਼ਰ ਦੇ ਚੱਕਰ ਵਿਚ ਮੁਲਾਜ਼ਮਾਂ ਦੀਆਂ ਤਨਖਾਹਾਂ ਤੱਕ ਨਹੀਂ ਨਿਕਲ ਰਹੀਆਂ, ਜਿਸ ਕਾਰਨ ਸਰਕਾਰ ਨੂੰ ਸਿੱਧੇ-ਅਸਿੱਧੇ ਤੌਰ 'ਤੇ ਚੂਨਾ ਲੱਗ ਰਿਹਾ ਹੈ। ਸਰਕਾਰ ਆਮ ਵਰਗ ਲਈ ਸਹੂਲਤ ਰੱਖੇ। ਇਥੇ ਚੰਗੇ-ਭਲੇ ਲੋਕ ਮੁਫ਼ਤ ਸਹੂਲਤਾਂ ਦੇ ਆਨੰਦ ਮਾਣ ਰਹੇ ਹਨ। ਜੇਕਰ ਸੂਬਾ ਸਰਕਾਰ ਇਸ ਤਰ੍ਹਾਂ ਮੁਫ਼ਤ ਸਹੂਲਤਾਂ ਦੇ ਗੱਫ਼ੇ ਵੰਡਦੀ ਰਹੀ ਤਾਂ ਪੰਜਾਬ ਆਉਣ ਵਾਲੇ ਸਮੇਂ ਅੰਦਰ ਕਰਜ਼ਾਈ ਹੋ ਜਾਵੇਗਾ।
-ਨਵਨੀਤ ਸਿੰਘ ਭੁੰਬਲੀ
ਵਾਹਨਾਂ ਦੀ ਚੋਰੀ ਗੰਭੀਰ ਸਮੱਸਿਆ
ਅੱਜ ਕੱਲ੍ਹ ਸਾਡੇ ਸਾਰਿਆਂ ਲਈ ਮੋਟਰਸਾਈਕਲ, ਸਕੂਟਰ ਅਤੇ ਕਾਰ ਚੋਰ ਸਭ ਤੋਂ ਵੱਡੀ ਪ੍ਰੇਸ਼ਾਨੀ ਬਣੇ ਹੋਏ ਹਨ। ਇਹ ਕਿਸੇ ਇਕ ਸ਼ਹਿਰ ਦੀ ਸਮੱਸਿਆ ਨਹੀਂ ਹੈ, ਸਾਰਾ ਪੰਜਾਬ ਹੀ ਇਸ ਸਮੱਸਿਆ ਤੋਂ ਪੀੜਤ ਹੈ। ਹਰ ਰੋਜ਼ ਹੀ ਬਹੁਤ ਜ਼ਿਆਦਾ ਵਾਹਨ ਚੋਰੀ ਹੋ ਰਹੇ ਹਨ। ਬਹੁਤ ਘੱਟ ਵਾਹਨ ਹਨ, ਜੋ ਚੋਰਾਂ ਕੋਲੋਂ ਫੜੇ ਜਾਂਦੇ ਹਨ ਪਰ ਬਹੁਤ ਜ਼ਿਆਦਾ ਵਾਹਨਾਂ ਦਾ ਤਾਂ ਕੋਈ ਪਤਾ ਹੀ ਨਹੀਂ ਚੱਲਦਾ ਕਿ ਕਿਧਰ ਗਾਇਬ ਹੋ ਗਏ। ਇਹ ਚਲਾਕ ਚੋਰ ਜ਼ਿਆਦਾਤਰ ਜਨਤਕ ਥਾਵਾਂ 'ਤੇ ਖੜ੍ਹੇ ਵਾਹਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ, ਜਿਨ੍ਹਾਂ ਵਿਚ ਖਾਸ ਕਰਕੇ ਧਾਰਮਿਕ ਅਸਥਾਨ, ਬੱਸ ਸਟੈਂਡ, ਸਰਕਾਰੀ ਜਾਂ ਪ੍ਰਾਈਵੇਟ ਦਫ਼ਤਰ, ਸਕੂਲ, ਕਾਲਜ ਆਦਿ ਨੂੰ ਜਿਥੇ ਲੋਕਾਂ ਦਾ ਜ਼ਿਆਦਾ ਆਉਣਾ-ਜਾਣਾ ਹੁੰਦਾ ਹੈ। ਹਰ ਰੋਜ਼ ਇੰਨੀਆਂ ਚੋਰੀਆਂ ਹੋਮ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਬਿਲਕੁਲ ਫੇਲ੍ਹ ਹੈ। ਇਸ ਸਮੱਸਿਆ ਨੂੰ ਹੱਲ ਕਰਨ ਵਿਚ ਪੁਲਿਸ ਨੂੰ ਕੋਈ ਜ਼ਿਆਦਾ ਕਾਮਯਾਬੀ ਨਹੀਂ ਮਿਲ ਰਹੀ। ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਕਈ ਵਾਰ ਤਾਂ ਥਾਣੇ ਦੇ ਗੇਟ ਅੱਗਿਉਂ ਪੁਲਿਸ ਮੁਲਾਜ਼ਮਾਂ ਦੇ ਵਾਹਨ ਵੀ ਚੋਰੀ ਕਰਕੇ ਲੈ ਜਾਂਦੇ ਹਨ। ਸੋ, ਪੁਲਿਸ ਅਤੇ ਪ੍ਰਸ਼ਾਸਨ ਨੂੰ ਮਿਲ ਕੇ ਇਸ ਬਹੁਤ ਵੱਡੀ ਸਮੱਸਿਆ ਦਾ ਕੋਈ ਪੱਕਾ ਹੱਲ ਕਰਨਾ ਚਾਹੀਦਾ ਹੈ। ਸਾਡਾ ਸਭ ਦਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਜਾਗਰੂਕ ਹੋਈਏ। ਵਹੀਕਲ ਨੂੰ ਸੁਰੱਖਿਅਤ ਜਗ੍ਹਾ 'ਤੇ ਖੜਾ ਕਰੀਏ ਤੇ ਉਸ ਨੂੰ ਤਾਲਾ ਲਗਾ ਕੇ ਜਾਈਏ। ਸਾਵਧਾਨੀ ਰੱਖ ਕੇ ਹੀ ਅਸੀਂ ਇਸ ਸਮੱਸਿਆ ਤੋਂ ਕਾਫੀ ਹੱਦ ਤਕ ਬਚ ਸਕਦੇ ਹਾਂ।
-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ
ਈ.ਪੀ.ਐਫ. ਪੈਨਸ਼ਨ ਯੋਜਨਾ
ਸੁਪਰੀਮ ਕੋਰਟ ਵਲੋਂ ਈ.ਪੀ.ਐਫ. ਖਾਤਾ ਧਾਰਕਾਂ ਨੂੰ ਜਿਨ੍ਹਾਂ ਵਲੋਂ ਪੈਨਸ਼ਨ ਸਕੀਮ ਲਈ ਗਈ ਸੀ, ਨੂੰ ਪੈਨਸ਼ਨ ਵਧਾ ਕੇ ਦੇਣ ਦਾ ਜੋ ਫੈਸਲਾ ਕੀਤਾ ਹੈ ਬਹੁਤ ਸ਼ਲਾਘਾਯੋਗ ਹੈ। ਪਰੰਤੂ ਕਰਮਚਾਰੀ ਜੋ ਨੌਕਰੀ ਕਰ ਰਹੇ ਹਨ ਜਾਂ ਸੇਵਾ ਮੁਕਤ ਹੋ ਚੁੱਕੇ ਹਨ, ਨੂੰ ਸਮਝ ਨਹੀਂ ਆ ਰਹੀ ਕਿ ੳਨ੍ਹਾਂ ਵਲੋਂ ਪੈਨਸ਼ਨ ਲੈਣ ਲਈ ਕੀ ਕਰਨਾ ਹੈ? ਕਿਸ ਤਰ੍ਹਾਂ ਵਿਕਲਪ ਦੇਣਾ ਹੈ, ਇਸ ਦਾ ਕੀ ਫਾਰਮੂਲਾ ਹੈ? ਕੀ ਕੋਈ ਬਕਾਇਆ ਰਕਮ ਜਮ੍ਹਾਂ ਕਰਵਾਉਣੀ ਪਵੇਗੀ ਜਾਂ ਨਹੀਂ, ਇਸ ਬਾਰੇ ਕਰਮਚਾਰੀਆਂ ਵਿਚ ਅਜੇ ਤੱਕ ਭੰਬਲ-ਭੂਸੇ ਵਾਲੀ ਸਥਿਤੀ ਬਣੀ ਹੋਈ ਹੈ। ਹਰ ਕੋਈ ਇੱਕ-ਦੂਜੇ ਕੋਲੋ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਹੈ, ਕਿਸ ਤਰ੍ਹਾਂ ਉਨ੍ਹਾਂ ਨੂੰ ਪੈਨਸ਼ਨ ਦਾ ਪੂਰਨ ਲਾਭ ਮਿਲ ਸਕਦਾ, ਹਰ ਕਰਮਚਾਰੀ ਚਾਹੁੰਦਾ ਹੈ ਕਿ ਸੰਬੰਧਿਤ ਮਹਿਕਮੇ ਵਲੋਂ ਹਰ ਵਿਭਾਗ ਤੱਕ ਪੈਨਸ਼ਨ ਦੀ ਜਾਣਕਾਰੀ ਪਹੁੰਚਾਉਣ ਲਈ ਕੋਈ ਠੋਸ ਉਪਰਾਲਾ ਕੀਤਾ ਜਾਵੇ। ਕੋਈ ਐਸਾ ਫਾਰਮੂਲਾ ਜਿਸ ਨਾਲ ਆਮ ਕਰਮਚਾਰੀ ਵੀ ਆਪਣੀ ਪੈਨਸ਼ਨ ਦਾ ਜੋੜ-ਘਟਾਓ ਆਸਾਨੀ ਨਾਲ ਕਰ ਸਕੇ। 30-35ਸਾਲ ਦੀ ਨੌਕਰੀ ਕਰਨ ਤੋਂ ਬਾਅਦ ਸੇਵਾ ਮੁਕਤ ਕਰਮਚਾਰੀ ਕੋਲ ਆਮਦਨ ਦਾ ਪੈਨਸ਼ਨ ਹੀ ਇਕਲੌਤਾ ਸਾਧਨ ਹੁੰਦਾ ਹੈ, ਜਿਸ ਨੂੰ ਹਰੇਕ ਮਹੀਨੇ ਲੈਣ ਤੋਂ ਬਾਅਦ ਉਸ ਦੇ ਚਿਹਰੇ 'ਤੇ ਰੌਣਕ ਆ ਜਾਂਦੀ ਹੈ, ਜਿਸ ਨਾਲ ਉਸ ਨੇ ਆਪਣਾ ਬੁਢਾਪਾ ਕੱਢਣਾ ਹੁੰਦਾ ਹੈ। ਕਰਮਚਾਰੀਆਂ ਦੇ ਚਿਹਰੇ 'ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਆਇਆ ਨੂਰ ਕਿਤੇ ਮੁਰਝਾਵੇ ਨਾ, ਇਸ ਲਈ ਸਰਕਾਰ ਅਤੇ ਮਹਿਕਮੇ ਨੂੰ ਆਪਣਾ ਬਣਦਾ ਯੋਗਦਾਨ ਜਲਦੀ ਦੇਣਾ ਚਾਹੀਦਾ ਹੈ। ਤਾਂ ਜੋ ਸੇਵਾਮੁਕਤ ਹੋਣ ਤੋਂ ਬਾਅਦ ਈ.ਪੀ.ਐਫ. ਪੈਨਸ਼ਨ ਯੋਜਨਾ ਦੇ ਇਹ ਕਰਮਚਾਰੀ ਵੀ ਦੂਸਰੇ ਪ੍ਰਾਂਤਾ ਦੇ ਕਰਮਚਾਰੀਆਂ ਵਾਂਗ ਆਪਣੀ ਜ਼ਿੰਦਗੀ ਸੋਹਣੇ ਢੰਗ ਨਾਲ ਗੁਜ਼ਾਰ ਸਕਣ।
-ਕੰਵਰਦੀਪ ਸਿੰਘ ਭੱਲਾ (ਪਿੱਪਲਾਂ ਵਾਲਾ)
ਬ੍ਰਾਂਚ ਮੈਨੇਜਰ ਰਾਜਪੁਰ ਭਾਈਆਂ ਸਹਿਕਾਰੀ ਬੈਂਕ, ਹੁਸ਼ਿਆਰਪੁਰ।
ਪੰਜਾਬੀ ਨੌਜਵਾਨ ਪਛੜ ਗਏ
ਪੰਜਾਬ ਦੀ ਪੜੀ-ਲਿਖੀ ਨੌਜਵਾਨੀ ਵਿਦੇਸ਼ ਦੌੜਨ ਲਈ ਕਾਹਲੀ ਹੈ ਪਰ ਗੁਆਂਢੀ ਸੂਬੇ ਰਾਜਸਥਾਨ ਦੀ ਜਵਾਨੀ ਪੜ੍ਹ-ਲਿਖ ਕੇ ਭਾਰਤ ਦੇ ਉੱਚ ਅਧਿਕਾਰੀ ਬਣਨ ਲਈ ਕਾਹਲੀ ਹੈ ਅਤੇ ਉਨ੍ਹਾਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਸ ਕਾਰਜ ਨੂੰ ਸ਼ਿੱਦਤ ਨਾਲ ਨਿਭਾਇਆ ਹੈ। ਸਾਡੀ ਜਵਾਨੀ ਬੇਮਤਲਬ ਕੰਮਾਂ ਵਿਚ ਉੱਲਝ ਕੇ ਆਪਣੀ ਸਮਰੱਥਾ ਨੂੰ ਗਲਤ ਪਾਸੇ ਇਸਤੇਮਾਲ ਕਰ ਰਹੀ ਹੈ। ਇੱਥੇ ਕੋਈ ਵੀ ਬਾਹਰੋਂ ਆ ਕੇ ਵਿਸ਼ੇਸ਼ ਧਰਮ ਗ੍ਰਹਿਣ ਕਰ ਲੈਂਦਾ ਹੈ ਤਾਂ ਸਾਡੇ ਨੌਜਵਾਨ (ਸਾਰੇ ਨਹੀਂ) ਉਸ ਉੱਜੜ ਦੇ ਪਿਛਲੱਗ ਬਣ ਜਾਂਦੇ ਹਨ। ਆਓ, ਹੁਣ ਰਾਜਸਥਾਨ ਦੀ ਨੌਜਵਾਨੀ ਵੱਲ ਝਾਤ ਮਾਰੀਏ।
ਭਾਰਤ ਸਰਕਾਰ ਵਲੋਂ ਲਈ ਗਈ ਸਿਵਲ ਸਰਵਿਸਿਜ਼ ਪ੍ਰੀਖਿਆ 2021 ਵਿਚ ਕੁੱਲ 180 ਉਮੀਦਵਾਰ ਚੁਣੇ ਗਏ, ਜਿਨ੍ਹਾਂ ਵਿਚ 24 ਰਾਜਸਥਾਨ ਦੇ ਸਨ। ਪਹਿਲਾਂ ਉੱਤਰ ਪ੍ਰਦੇਸ਼ ਦੇ ਉਮੀਦਵਾਰ ਇਸ ਵਕਾਰੀ ਅਹੁਦੇ ਤੇ ਕਾਬਜ਼ ਹੁੰਦੇ ਸਨ ਪਰ ਰਾਜਸਥਾਨੀਆਂ ਨੇ ਉੱਤਰ ਪ੍ਰਦੇਸ਼ ਨੂੰ ਪਿੱਛੇ ਧੱਕ ਦਿੱਤਾ ਹੈ। ਪਿਛਲੇ ਚਾਰ ਸਾਲਾਂ ਤੋਂ ਰਾਜਸਥਾਨ ਦੇ 84 ਨੌਜਵਾਨ ਆਈ.ਏ.ਐਸ. ਪ੍ਰੀਖਿਆ ਪਾਸ ਕਰਨ ਉਪਰੰਤ ਡਿਪਟੀ ਕਮਿਸ਼ਨਰਾਂ ਅਤੇ ਆਈ. ਪੀ. ਐੱਸ. ਅਧਿਕਾਰੀ ਬਣੇ ਹਨ ਅਤੇ ਰਾਜਸਥਾਨੀਆਂ ਦੀ ਆਈ ਏ.ਐਸ. ਆਈ.ਪੀ.ਐੱਸ ਅਧਿਕਾਰੀ ਬਣਨ ਦੀ ਗਿਣਤੀ ਵਿਚ ਆਏ ਸਾਲ ਵਾਧਾ ਹੋ ਰਿਹਾ ਹੈ।
ਸਾਲ 2019 ਵਿਚ ਲਈ ਗਈ ਭਾਰਤੀ ਸਿਵਲ ਸੇਵਾਵਾਂ ਪ੍ਰੀਖਿਆ ਵਿਚ 16 ਰਾਜਸਥਾਨੀ ਆਈ ਏ ਐੱਸ, ਆਈ ਪੀ ਐਸ ਅਧਿਕਾਰੀ ਬਣੇ। 2020 ਵਿਚ 22 ਰਾਜਸਥਾਨੀ ਉਮੀਦਵਾਰ ਅਤੇ ਉੱਤਰ ਪ੍ਰਦੇਸ਼ ਦੇ 30 ਆਈ ਪੀ ਐੱਸ, ਆਈ ਏ ਐੱਸ ਅਧਿਕਾਰੀ ਚੁਣੇ ਗਏ। 2021 ਵਿਚ 24 ਰਾਜਸਥਾਨੀ ਸਾਰੇ ਭਾਰਤ ਵਿਚੋਂ ਪਹਿਲੇ 13 ਸਥਾਨਾਂ 'ਤੇ ਰਹੇ।
ਰਾਜਸਥਾਨ ਦੇ 2020 ਬੈਚ ਦੇ ਆਈ.ਏ.ਐਸ. ਅਧਿਕਾਰੀ ਨੇ ਦੱਸਿਆ ਕਿ ਰਾਜਸਥਾਨ ਵਿਚ 25 ਫ਼ੀਸਦੀ ਐੱਸ.ਸੀ.ਐੱਸ.ਟੀ. ਆਬਾਦੀ ਹੈ ਅਤੇ ਸਾਰੇ ਆਪਣੇ ਸਮਾਜਿਕ-ਆਰਥਿਕ ਸਥਿਤੀ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ। ਉਹ ਉੱਚ ਵਿੱਦਿਆ ਪ੍ਰਾਪਤ ਕਰਕੇ ਭਾਰਤੀ ਸਿਵਲ ਸੇਵਾਵਾਂ ਦੀ ਪ੍ਰੀਖਿਆ ਵਿਚ ਸ਼ਾਮਿਲ ਹੁੰਦੇ ਹਨ ਅਤੇ ਆਪਣੇ ਭਾਰਤ ਨਾਲ ਭਾਰਤ ਦੀ ਸਭ ਤੋਂ ਉੱਚੇ ਸਿਵਲ ਸੇਵਾ ਦੇ ਆਈ ਏ.ਐੱਸ. ਤੇ ਆਈ. ਪੀ.ਐੱਸ. ਅਧਿਕਾਰੀ ਬਣਦੇ ਹਨ। ਇਥੇ ਇਹ ਦੱਸਿਆ ਜਾਂਦਾ ਹੈ ਕਿ ਰਾਜਸਥਾਨ ਦੇ 1988 ਦੇ ਜਨਮੇ ਇਕ ਨੌਜਵਾਨ ਨੇ ਤਿੰਨ ਵਾਰ ਅਸਫ਼ਲ ਰਹਿਣ ਮਗਰੋਂ ਸਿਵਲ ਸੇਵਾਵਾਂ ਦੀ ਪ੍ਰੀਖਿਆ ਪਾਸ ਕੀਤੀ ਅਤੇ ਆਈ. ਪੀ. ਐੱਸ. ਅਧਿਕਾਰੀ ਬਣ ਕੇ ਐਸ.ਐਸ.ਪੀ. ਦੀ ਵਰਦੀ ਪਾ ਕੇ ਸਭ ਤੋਂ ਪਹਿਲੀ ਸਲਾਮੀ ਆਪਣੇ ਗ਼ਰੀਬ ਮਾਪਿਆਂ ਨੂੰ ਦਿੱਤੀ। ਇਹ ਨੌਜਵਾਨ ਅਤਿਅੰਤ ਗਰੀਬੀ ਵਿਚ ਜੰਮਿਆ- ਪਲਿਆ ਆਪਣੇ ਬਾਪ ਨਾਲ ਭੇਡਾਂ-ਬੱਕਰੀਆਂ ਚਾਰਨ ਵਿਚ ਮਦਦ ਕਰਦਾ ਅਤੇ ਭੇਡਾਂ-ਬੱਕਰੀਆਂ ਨੂੰ ਚਾਰਨ ਵੇਲੇ ਹੀ ਪੜ੍ਹਾਈ ਕਰਕੇ ਆਈ ਪੀ ਐਸ ਅਧਿਕਾਰੀ ਬਣ ਗਿਆ। ਅਜਿਹੇ ਮਿਹਨਤੀ ਅਤੇ ਉੱਦਮੀ ਨੌਜਵਾਨਾਂ ਨੂੰ ਸਲਾਮ!
-ਲਖਵਿੰਦਰ ਮੌੜ
ਟੀਚਰ ਕਾਲੋਨੀ, ਮੌੜ ਮੰਡੀ।
ਵਧ ਰਹੀ ਆਰਥਿਕ ਅਸਮਾਨਤਾ
ਐਕਸਫੈਮ ਦੁਆਰਾ ਦੁਨੀਆ ਦੇ ਅਮੀਰਾਂ ਦੀ ਤਾਜ਼ਾ ਰਿਪੋਰਟ ਨੇ ਇਕ ਵਾਰ ਫਿਰ ਵਿਸ਼ਵ ਦੇ ਸਾਹਮਣੇ ਚਿੰਤਾ ਪੈਦਾ ਕਰ ਦਿੱਤੀ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਅਮੀਰ ਹੋਰ ਅਮੀਰ ਹੁੰਦੇ ਜਾ ਰਹੇ ਹਨ ਅਤੇ ਗ਼ਰੀਬ ਹੋਰ ਗਰੀਬ ਹੁੰਦੇ ਜਾ ਰਹੇ ਹਨ। ਤਾਜ਼ਾ ਅੰਕੜਿਆਂ ਅਨੁਸਾਰ ਦੁਨੀਆ ਦੇ ਇਕ ਪ੍ਰਤੀਸ਼ਤ ਵਿਅਕਤੀਆਂ ਕੋਲ ਕੁੱਲ ਧਨ ਦਾ 40 ਪ੍ਰਤੀਸ਼ਤ ਹਿੱਸਾ ਹੈ ਅਤੇ ਦੂਜੇ ਪਾਸੇ 70 ਪ੍ਰਤੀਸ਼ਤ ਤੋਂ ਜ਼ਿਆਦਾ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਅਤੇ ਆਪਣੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਲਈ ਹੀ ਤਮਾਮ ਉਮਰ ਸੰਘਰਸ਼ ਕਰਨਾ ਪੈਂਦਾ ਹੈ। ਕੋਰੋਨਾ ਕਾਲ ਵਿਚ ਜਿਥੇ ਬੇਰੁਜ਼ਗਾਰੀ ਦੀ ਦਰ ਵਿਚ ਵਾਧਾ ਹੋਇਆ ਉਥੇ ਕੁਝ ਗਿਣੇ-ਚੁਣੇ ਅਮੀਰ ਵਿਅਕਤੀਆਂ ਦੀ ਦੌਲਤ ਵਿਚ ਬੇਸ਼ੁਮਾਰ ਵਾਧਾ ਹੋਇਆ। ਇਹ ਕਿਵੇਂ ਹੋਇਆ, ਇਸ ਬਾਰੇ ਅਜੇ ਤੱਕ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ। ਆਰਥਿਕਤਾ ਪਾੜੇ ਵਿਚ ਦਿਨੋਂ-ਦਿਨ ਹੋ ਰਿਹਾ ਵਾਧਾ ਵਿਸ਼ਵ ਵਿਚ ਸੰਕਟ ਪੈਦਾ ਕਰ ਸਕਦਾ ਹੈ ਜਿਸ ਦੀ ਤਾਜਾ ਉਦਾਹਰਨ ਗੁਆਂਢੀ ਮੁਲਕ ਦੀ ਦਿੱਤੀ ਜਾ ਸਕਦੀ ਹੈ ਜਿੱਥੇ ਲੋਕ ਦੋ ਵਕਤ ਦੀ ਰੋਟੀ ਲਈ ਵੀ ਤੜਫ਼ ਰਹੇ ਹਨ। ਇਹੀ ਦਸ਼ਾ ਪਹਿਲਾਂ ਵੀ ਅਸੀਂ ਸ੍ਰੀਲੰਕਾ ਵਿਚ ਦੇਖ ਚੁੱਕੇ ਹਾਂ। ਰੂਸ-ਯੂਕਰੇਨ ਵਿਚ ਚਲ ਰਿਹਾ ਯੁੱਧ ਅਤੇ ਵਧ ਰਿਹਾ ਆਰਥਿਕ ਪਾੜਾ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ। ਸਮੁੱਚੇ ਵਿਸ਼ਵ ਨੂੰ ਇਕ ਮੰਚ 'ਤੇ ਇਕੱਤਰ ਹੋ ਕੇ ਲੋੜੀਂਦੇ ਹੱਲ ਤਲਾਸ਼ਣੇ ਚਾਹੀਦੇ ਹਨ ਤਾਂ ਜੋ ਆਉਣ ਵਾਲੇ ਸੰਕਟਾਂ ਤੋਂ ਬਚਿਆ ਸਕੇ।
-ਰਜਵਿੰਦਰ ਪਾਲ ਸ਼ਰਮਾ
ਬਾਹਰ ਜਾਣ ਦਾ ਰੁਝਾਨ
ਸਾਡੇ ਬੱਚਿਆਂ ਦਾ ਆਪਣੇ ਰੁਜ਼ਗਾਰ ਦੀ ਭਾਲ ਲਈ ਬਾਹਰਲੇ ਦੇਸ਼ਾਂ ਵਿਚ ਜਾਣ ਦਾ ਰੁਝਾਨ ਬਹੁਤ ਜ਼ਿਆਦਾ ਹੋ ਗਿਆ ਹੈ ਜੋ ਕਰੀਬ ਹਰ ਘਰ ਵਿਚ ਬੱਚਾ ਬਾਹਰ ਗਿਆ ਹੈ ਜਾਂ ਬਾਹਰ ਜਾਣ ਦੀ ਤਿਆਰੀ ਵਿਚ ਹੈ। ਦੇਸ਼ ਛੱਡ ਕੇ ਹੋਰ ਦੇਸ਼ ਵਿਚ ਜਾਣਾ ਬੱਚਿਆਂ ਦਾ ਕੋਈ ਸ਼ੌਂਕ ਨਹੀਂ, ਬੱਚਿਆਂ ਨੂੰ ਇਥੇ ਆਪਣੇ ਲਈ ਕੋਈ ਵਧੀਆ ਨੌਕਰੀ, ਕਾਰੋਬਾਰ ਜਾਂ ਕੋਈ ਹੋਰ ਰੁਜ਼ਗਾਰ ਨਜ਼ਰ ਨਹੀਂ ਆ ਰਿਹਾ। ਬੱਚਿਆਂ ਨੂੰ ਆਪਣੇ ਮਾਤਾ-ਪਿਤਾ, ਹੋਰ ਰਿਸ਼ਤੇਦਾਰ ਅਤੇ ਆਪਣਾ ਦੇਸ਼ ਛੱਡਣਾ ਪੈਂਦਾ ਹੈ। ਬਾਹਰ ਜਾ ਕੇ ਬੱਚਿਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਬੱਚਿਆਂ, ਮਾਪਿਆਂ ਨੂੰ ਬਹੁਤ ਜ਼ਿਆਦਾ ਪੈਸੇ ਵੀ ਖ਼ਰਚ ਕਰਨੇ ਪੈ ਰਹੇ ਹਨ। ਕੋਈ ਆਪਣੀ ਜ਼ਮੀਨ ਵੇਚ ਰਿਹਾ ਹੈ, ਕੋਈ ਆਪਣੇ ਰਿਸ਼ਤੇਦਾਰ ਅਤੇ ਮਿਲਣ ਵਾਲਿਆਂ ਤੋਂ, ਅਤੇ ਕੁਝ ਬਹੁਤ ਜ਼ਿਆਦਾ ਵਿਆਜ 'ਤੇ ਪੈਸੇ ਫੜ ਕੇ ਆਪਣੇ ਬੱਚੇ ਬਾਹਰ ਭੇਜ ਰਹੇ ਹਨ ਜੋ ਉਨ੍ਹਾਂ ਨੂੰ ਲੱਗਦਾ ਹੈ ਕਿ ਸਾਡੇ ਬੱਚੇ ਬਹੁਤ ਜਲਦੀ ਬਾਹਰੋਂ ਬਹੁਤ ਜ਼ਿਆਦਾ ਪੈਸਾ ਭੇਜ ਦੇਣਗੇ। ਜੇਕਰ ਸਰਕਾਰਾਂ ਬੱਚਿਆਂ ਦੀ ਇਸ ਸਮੱਸਿਆ ਵੱਲ ਧਿਆਨ ਦਿੰਦੀਆਂ ਤਾਂ ਸ਼ਾਇਦ ਇਹ ਦਿਨ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਪੰਜਾਬ ਨੂੰ ਨਾ ਦੇਖਣੇ ਪੈਂਦੇ। ਪਿਛਲੀਆਂ ਸਰਕਾਰਾਂ ਨੇ ਵੀ ਬੱਚਿਆਂ ਦੇ ਭਵਿੱਖ ਵਲ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ। ਮੌਜੂਦਾ ਸਰਕਾਰ ਇਸ ਸਮੱਸਿਆ ਵੱਲ ਪੂਰਾ-ਪੂਰਾ ਧਿਆਨ ਦੇਵੇ, ਇਥੇ ਬੱਚਿਆਂ ਦੇ ਰੁਜ਼ਗਾਰ ਨੂੰ ਯਕੀਨੀ ਬਣਾਵੇ। ਇਸ ਨਾਲ ਸਾਡੇ ਦੇਸ਼ ਦਾ ਪੈਸਾ ਵੀ ਬਚੇਗਾ ਅਤੇ ਸਾਡੇ ਦੇਸ਼ ਦੇ ਹੋਣਹਾਰ ਬੱਚੇ ਵੀ ਸਾਡੇ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਣਗੇ।
-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ 11, ਭਾਗੂ ਰੋਡ, ਬਠਿੰਡਾ
ਕਿਤਾਬਾਂ ਨਾਲ ਪਿਆਰ
ਹਰ ਇਕ ਇਨਸਾਨ ਦਾ ਕਿਤਾਬਾਂ ਨਾਲ ਵਾਹ ਜ਼ਰੂਰ ਪੈਂਦਾ ਹੈ। ਟੀਚਾ ਪ੍ਰਾਪਤ ਕਰਨ ਲਈ ਪਤਾ ਨਹੀਂ ਮਨੁੱਖ ਨੂੰ ਕਿੰਨੀਆਂ ਹੀ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਹਨ। ਕਿਤਾਬਾਂ ਮਨੁੱਖ ਦੀਆਂ ਸੱਚੀ ਦੋਸਤ ਹੁੰਦੀਆਂ ਹਨ। ਚੋਰ ਚੋਰੀ ਕਰਕੇ ਚਾਹੇ ਸਾਰੇ ਘਰ ਦਾ ਸਾਮਾਨ ਲੈ ਜਾਵੇ ਪਰ ਕਿਤਾਬੀ ਗਿਆਨ ਚੋਰੀ ਨਹੀਂ ਕਰ ਸਕਦਾ। ਨੌਜਵਾਨ ਪੀੜ੍ਹੀ ਸਾਹਿਤ ਤੋਂ ਦੂਰ ਹੁੰਦੀ ਜਾ ਰਹੀ ਹੈ। ਨੌਜਵਾਨ ਪੀੜ੍ਹੀ ਨੂੰ ਸਾਹਿਤ ਨਾਲ ਜੋੜਨਾ ਬਹੁਤ ਹੀ ਜ਼ਰੂਰੀ ਹੈ। ਅਜੋਕੀ ਪੀੜ੍ਹੀ ਕਿਉਂ ਸਾਹਿਤ ਤੋਂ ਦੂਰ ਹੁੰਦੀ ਜਾ ਰਹੀ ਹੈ, ਇਹ ਵੀ ਚਿੰਤਾਜਨਕ ਵਿਸ਼ਾ ਹੈ। ਮਾਂ-ਬਾਪ ਦੀ ਵੀ ਅਹਿਮ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਨੌਜਵਾਨ ਪੀੜ੍ਹੀ ਨੂੰ ਸਾਹਿਤ ਨਾਲ ਜੋੜੇ। ਦੇਖਿਆ ਜਾਂਦਾ ਹੈ ਕਿ ਬੱਚੇ ਜੋ ਸਿਲੇਬਸ ਵਿਚ ਹੈ, ਉਹੀ ਕਿਤਾਬਾਂ ਪੜ੍ਹਦੇ ਹਨ। ਜਿਥੇ ਪੁਸਤਕ ਮੇਲੇ ਲੱਗਦੇ ਹਨ, ਮਾਂ-ਬਾਪ ਬੱਚਿਆਂ ਨੂੰ ਆਪ ਲੈ ਕੇ ਜਾਣ। ਬੱਚਿਆਂ ਨੂੰ ਲਾਇਬ੍ਰੇਰੀ ਵਿਚ ਜਾ ਕੇ ਸਾਹਿਤ ਪੜ੍ਹਨਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਦੇ ਗਿਆਨ ਵਿਚ ਵੀ ਵਾਧਾ ਹੋਵੇਗਾ। ਜਦੋਂ ਦਾ ਬੱਚਿਆਂ ਦੇ ਹੱਥਾਂ ਵਿਚ ਮੋਬਾਈਲ ਆਇਆ ਹੈ, ਬੱਚੇ ਮੋਬਾਈਲ ਦੇ ਜ਼ਿਆਦਾ ਸ਼ੌਕੀਨ ਹੋ ਚੁੱਕੇ ਹਨ। ਲਾਇਬ੍ਰੇਰੀ ਜਾਣ ਦਾ ਰੁਝਾਣ ਵੀ ਘੱਟ ਰਿਹਾ ਹੈ। ਪਰ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਗਿਆਨਵਾਨ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਉਨ੍ਹਾਂ ਵਿਚ ਪੜ੍ਹਨ ਦੀ ਖਾਹਿਸ਼ ਜਗਾਉਣੀ ਪਵੇਗੀ। ਇਸ ਲਈ ਆਓ, ਆਪਾਂ ਸਾਰੇ ਕਿਤਾਬਾਂ ਨਾਲ ਪਿਆਰ ਪਾਈਏ।
-ਸੰਜੀਵ ਸਿੰਘ ਸੈਣੀ
ਮੁਹਾਲੀ
ਰਿਸ਼ਵਤਖ਼ੋਰੀ ਬਨਾਮ ਆਮ ਆਦਮੀ
ਭ੍ਰਿਸ਼ਟਾਚਾਰ ਦਾ ਮਾਇਆ ਜਾਲ ਇਸ ਤਰ੍ਹਾਂ ਫੈਲਿਆ ਹੋਇਆ ਹੈ ਕਿ ਲੱਖਾਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਇਹ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ। ਇਨਸਾਨੀਅਤ ਉਦੋਂ ਬਿਲਕੁਲ ਸ਼ਰਮਸਾਰ ਹੋ ਜਾਂਦੀ ਹੈ ਜਦੋਂ ਅਫ਼ਸਰਸਾਹੀ ਸਹੀ ਕੰਮ ਕਰਨ ਲਈ ਵੀ ਵੱਢੀ ਖਾਣ ਦੀ ਗੱਲ ਕਰਦੀ ਹੈ। ਲੱਖ ਰੁਪਏ ਮਹੀਨਾ ਕਮਾਉਣ ਵਾਲਾ ਇਕ ਕਰਮਚਾਰੀ ਜੋ ਆਮ ਕਿਰਤੀ ਅਤੇ ਮਜ਼ਦੂਰ ਵਰਗ ਤੋਂ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਸ ਸਮੇਂ ਉਸ ਵਿਅਕਤੀ ਨੂੰ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਉਹੀ ਵਿਅਕਤੀ ਜਾਣਦਾ ਹੈ ਜਿਸ ਨਾਲ ਵਾਪਰ ਰਹੀ ਹੈ।
ਆਧਾਰ ਕਾਰਡ ਤੋਂ ਲੈ ਕੇ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਉਣ ਤੱਕ ਅਜਿਹਾ ਕੋਈ ਵੀ ਕੰਮ ਨਹੀਂ ਜਿਹੜਾ ਬਿਨਾਂ ਚਾਂਦੀ ਦੀ ਜੁੱਤੀ ਤੋਂ ਹੁੰਦਾ ਹੋਵੇ। ਜੇ ਕੋਈ ਵਿਅਕਤੀ ਇਮਾਨਦਾਰੀ ਨਾਲ ਆਪਣਾ ਕੰਮ ਕਰਨਾ ਵੀ ਚਾਹੇ ਤਾਂ ਉਸ ਨੂੰ ਕਰਨ ਨਹੀਂ ਦਿੱਤਾ ਜਾਂਦਾ ਅਤੇ ਝੂਠੇ ਕੇਸਾਂ ਵਿਚ ਫਸਾ ਕੇ ਆਪਣੇ ਰਸਤੇ ਤੋਂ ਪਾਸੇ ਕਰ ਦਿੱਤਾ ਜਾਂਦਾ ਹੈ।
ਰਿਸ਼ਵਤ ਲੈਣਾ ਕੋਈ ਮੌਲਿਕ ਅਧਿਕਾਰ ਨਹੀਂ ਹੈ ਜਿਹੜਾ ਸੰਵਿਧਾਨ ਵਿਚ ਦਿੱਤਾ ਹੋਵੇ, ਇਹ ਇਕ ਜ਼ੁਰਮ ਹੈ ਅਤੇ ਲੋੜੀਂਦੇ ਵਿਅਕਤੀਆਂ 'ਤੇ ਸ਼ਿਕੰਜਾ ਕੱਸਣਾ ਬਹੁਤ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਬਣਦੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਦੂਜਿਆਂ ਨੂੰ ਵੀ ਕੰਨ ਹੋ ਜਾਣ ਅਤੇ ਉਹ ਇਸ ਬੁਰੀ ਬਲਾ ਤੋਂ ਦੂਰ ਰਹਿਣ।
ਰਜਵਿੰਦਰ ਪਾਲ ਸ਼ਰਮਾ
ਨਿੰਦਣਯੋਗ ਫ਼ੈਸਲਾ
ਭਾਰਤ ਸਰਕਾਰ ਨੇ ਹੁਣੇ-ਹੁਣੇ ਇਕ ਹੁਕਮ ਸੁਣਾਇਆ ਹੈ ਕਿ ਜੋ ਸਿੱਖ ਸਰਦਾਰ ਫੌਜ ਵਿਚ ਅਫਸਰ ਅਤੇ ਜਵਾਨ ਆਪਣੀਆਂ ਸੇਵਾਵਾਂ ਦੇ ਰਹੇ ਹਨ, ਉਹ ਹੁਣ ਦਸਤਾਰ ਦੀ ਜਗ੍ਹਾ ਹੈਲਮੇਟ ਪਹਿਨਣਗੇ। ਇਹ ਫ਼ੈਸਲਾ ਬਹੁਤ ਗ਼ਲਤ ਤੇ ਨਿੰਦਣਯੋਗ ਹੈ। ਇਹ ਫੈਸਲੇ ਨਾਲ ਸਿੱਖਾਂ ਅਤੇ ਪੰਜਾਬੀਆਂ ਦੇ ਮਨ ਵਿਚ ਬਹੁਤ ਜ਼ਿਆਦਾ ਰੋਸ ਹੈ। ਕਿਉਂਕਿ ਦਸਤਾਰ ਉਨ੍ਹਾਂ ਦਾ ਧਾਰਮਿਕ ਮਸਲਾ ਹੈ। ਭਾਰਤ ਸਰਕਾਰ ਜ਼ਬਰਦਸਤੀ ਤੇ ਧੱਕੇ ਨਾਲ ਇਹ ਫ਼ੈਸਲਾ ਸਿੱਖ ਸਰਦਾਰ ਫੌਜੀ ਅਫਸਰਾਂ ਤੇ ਜਵਾਨਾਂ 'ਤੇ ਥੋਪ ਰਹੀ ਹੈ। ਇਸ ਕਿਸੇ ਵੀ ਹਾਲਤ ਵਿਚ ਸਵੀਕਾਰਯੋਗ ਨਹੀਂ ਹੈ।
ਦਸਤਾਰ ਤਾਂ ਸਿੱਖ ਸਰਦਾਰਾਂ ਲਈ ਸਭ ਤੋਂ ਪਹਿਲਾਂ ਹੈ ਜੋ ਸਾਡੇ ਗੁਰੂ ਸਾਹਿਬਾਨ ਨੇ ਬਹੁਤ ਜ਼ਿਆਦਾ ਕੁਰਬਾਨੀਆਂ ਤੋਂ ਬਾਅਦ ਸਾਨੂੰ ਦਿੱਤੀ ਹੈ।
ਇਸ ਨਾਲ ਕੋਈ ਵੀ ਛੇੜਛਾੜ ਬਿਲਕੁਲ ਵੀ ਬਰਦਾਸ਼ਤ ਯੋਗ ਨਹੀਂ ਹੈ। ਦਸਤਾਰ ਤਾਂ ਸਭ ਤੋਂ ਪਹਿਲਾਂ ਹੈ ਸਿੱਖਾਂ ਲਈ ਬਾਕੀ ਸਭ ਕੁਝ ਬਾਅਦ ਵਿਚ ਹੈ। ਇਸ ਫੈਸਲੇ 'ਤੇ ਭਾਰਤ ਸਰਕਾਰ ਨੂੰ ਮੁੜ ਵਿਚਾਰ ਕਰਨਾ ਚਾਹੀਦਾ ਹੈ ਤਾਂ ਕਿ ਸਿੱਖ ਜਵਾਨਾਂ ਵਿਚ ਅਤੇ ਸਿੱਖਾਂ ਵਿਚ ਪਾਈ ਜਾ ਰਹੀ ਬੇਚੈਨੀ ਅਤੇ ਫਾਲਤੂ ਦੀ ਬਹਿਸਬਾਜ਼ੀ ਖ਼ਤਮ ਹੋ ਸਕੇ। ਦੇਸ਼ ਵਿਚ ਜੋ ਡਰ ਤੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਇਹ ਬਿਲਕੁਲ ਗ਼ਲਤ ਹੈ।
-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ 11, ਭਾਗੂ ਰੋਡ, ਬਠਿੰਡਾ।
ਅਵਾਰਾ ਪਸ਼ੂਆਂ ਦੀ ਸਮੱਸਿਆ
ਪਿਛਲੇ ਕੁਝ ਅਰਸੇ ਤੋਂ ਸਮਾਜ ਅੰਦਰ ਇਹ ਗੱਲ ਬੜੀ ਹੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ ਕਿ ਅਵਾਰਾ ਘੁੰਮ ਰਹੀ ਡੰਗਰਾਂ ਅਤੇ ਕੁੱਤਿਆਂ ਦੀ ਸਮੱਸਿਆ ਦਾ ਕੋਈ ਹੱਲ ਹੋਵੇ, ਕਿਉਂਕਿ ਇਹ ਲੋਕਾਂ ਲਈ ਕਾਫੀ ਪ੍ਰੇਸ਼ਾਨੀਆਂ ਅਤੇ ਮੁਸ਼ਕਿਲਾਂ ਦਾ ਕਾਰਨ ਬਣ ਰਹੇ ਹਨ। ਇਨ੍ਹਾਂ ਕਰਕੇ ਜਿਥੇ ਅਕਸਰ ਸੜਕ ਹਾਦਸੇ ਹੁੰਦੇ ਹਨ ਅਤੇ ਲੋਕਾਂ ਦਾ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ, ਉਥੇ ਕੁੱਤਿਆਂ ਦੇ ਕੱਟਣ ਕਾਰਨ ਲੋਕਾਂ ਨੂੰ ਮਹਿੰਗੇ ਭਾਅ ਦੇ ਟੀਕੇ ਲਗਵਾਉਣੇ ਪੈਂਦੇ ਹਨ ਅਤੇ ਕਈ ਵਾਰ ਤਾਂ ਅਵਾਰਾ ਕੁੱਤਿਆਂ ਦੇ ਝੁੰਡ ਜ਼ਿੰਦਾ ਵਿਅਕਤੀ ਨੂੰ ਨੋਚ-ਨੋਚ ਕੇ ਹੀ ਖਾ ਜਾਂਦੇ ਹਨ।
ਅਜਿਹੀਆਂ ਖਬਰਾਂ ਜਿਥੇ ਅਕਸਰ ਅਖ਼ਬਾਰਾਂ ਵਿਚ ਛਪਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਅਵਾਰਾ ਡੰਗਰਾਂ ਦੇ ਝੁੰਡ ਜਿਥੇ ਅਕਸਰ ਆਵਾਜਾਈ ਵਿਚ ਵਿਘਨ ਪਾਉਂਦੀਆਂ ਹਨ, ਉਥੇ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਕਰਕੇ, ਉਨ੍ਹਾਂ ਦਾ ਭਾਰੀ ਫ਼ਸਲੀ/ਆਰਥਿਕ ਨੁਕਸਾਨ ਕਰਦੇ ਹਨ। ਬਿਨਾਂ ਸ਼ੱਕ ਇਹ ਇਕ ਅਹਿਮ ਲੋਕ ਸਮੱਸਿਆ ਹੈ ਅਤੇ ਇਸ ਦੇ ਹੱਲ ਲਈ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ 'ਤੇ ਯੋਗ ਅਤੇ ਢੁਕਵੇਂ ਕਦਮ ਉਠਾਉਣ ਦੀ ਫੌਰੀ ਲੋੜ ਹੈ।
ਅਜਿਹਾ ਕਰਕੇ ਹੀ ਅਸੀਂ ਲੋਕਾਂ ਨੂੰ ਦਰਪੇਸ਼ ਉਕਤ ਮੁਸ਼ਕਲਾਂ/ਪ੍ਰੇਸ਼ਾਨੀਆਂ ਤੋਂ ਜਿਥੇ ਨਿਜ਼ਾਤ ਦਿਵਾ ਸਕਦੇ ਹਾਂ, ਉਥੇ ਬਹੁਤ ਸਾਰੀਆਂ ਕੀਮਤੀ ਜਾਨਾਂ ਅਤੇ ਆਰਥਿਕ ਨੁਕਸਾਨ ਤੋਂ ਬਚਾਅ ਕਰਨ ਵਿਚ ਸਹਾਈ ਹੋ ਸਕਦੇ ਹਾਂ।
-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।
ਸ਼ਰਮਨਾਕ ਘਟਨਾ
ਬੀਤੇ ਦਿਨੀਂ ਇਕ ਖਬਰ ਪੜ੍ਹ ਕੇ ਮਨ ਬਹੁਤ ਹੀ ਦੁਖੀ ਹੋਇਆ ਅਤੇ ਬਹੁਤ ਹੀ ਬੁਰਾ ਲੱਗਿਆ ਕਿ ਇਕ ਪੰਜਾਬ ਦੀ ਕਿਸੇ ਯੂਨੀਵਰਸਿਟੀ ਦੀ ਮਹਿਲਾ ਪ੍ਰੋਫੈਸਰ ਨੂੰ ਪਾਕਿਸਤਾਨ ਤੋਂ ਕਿਸੇ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਸੱਦਾ ਪੱਤਰ ਆਇਆ ਸੀ, ਜਿਸ ਸੰਬੰਧੀ ਉਨ੍ਹਾਂ ਨੇ ਆਨਲਾਈਨ ਵੀਜ਼ਾ ਅਪਲਾਈ ਕੀਤਾ। ਜਦੋਂ ਉਨ੍ਹਾਂ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਦਫ਼ਤਰ ਦੇ ਅਧਿਕਾਰੀਆਂ ਨੇ ਵੀਜ਼ੇ ਸੰਬੰਧੀ ਆਪਣੇ ਦਫ਼ਤਰ ਬੁਲਾਇਆ ਤਾਂ ਉਨ੍ਹਾਂ ਅਧਿਕਾਰੀਆਂ ਨੇ ਉਸ ਮਹਿਲਾ ਪ੍ਰੋਫੈਸਰ ਨੂੰ ਇੰਟਰਵਿਊ ਦੇ ਨਾਂਅ 'ਤੇ ਬਹੁਤ ਜ਼ਿਆਦਾ ਜ਼ਲੀਲ ਕੀਤਾ। ਉਨ੍ਹਾਂ ਨਾਲ ਬਹੁਤ ਜ਼ਿਆਦਾ ਬਦਤਮੀਜ਼ੀ ਕੀਤੀ।
ਉਨ੍ਹਾਂ ਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਿੱਜੀ ਅਤੇ ਅਸ਼ਲੀਲ ਸਵਾਲ-ਜਵਾਬ ਪੁੱਛੇ ਗਏ। ਜੋ ਸਾਡੇ ਸਾਰੇ ਸਮਾਜ ਲਈ ਬਹੁਤ ਜ਼ਿਆਦਾ ਸ਼ਰਮਨਾਕ ਘਟਨਾ ਹੈ। ਸਾਡੇ ਭਾਰਤ ਦੇ ਵਿਦੇਸ਼ ਮੰਤਰੀ ਨੂੰ ਇਨ੍ਹਾਂ ਮੁਲਜ਼ਮਾਂ ਦੇ ਖ਼ਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਅੱਗੇ ਤੋਂ ਕਿਸੇ ਹੋਰ ਧੀ ਭੈਣ ਨਾਲ ਇਸ ਤਰ੍ਹਾਂ ਘਟੀਆ ਹਰਕਤ ਨਾ ਕਰ ਸਕਣ। ਜੇਕਰ ਸਾਡੇ ਦੇਸ਼ ਵਿਚ ਹੀ ਇਹ ਸ਼ਰਮਨਾਕ ਤੇ ਘਟੀਆ ਹਰਕਤ ਸਾਡੇ ਦੇਸ਼ ਦੀਆਂ ਬੇਟੀਆਂ ਨਾਲ ਹੋ ਰਹੀ ਹੈ, ਤਾਂ ਇਹ ਸਾਡੇ ਲਈ ਬਹੁਤ ਸ਼ਰਮ ਵਾਲੀ ਤੇ ਚਿੰਤਾ ਵਾਲੀ ਗੱਲ ਹੈ। ਆਓ, ਅਸੀਂ ਵੀ ਸਾਰੇ ਇਕੱਠੇ ਹੋ ਕੇ ਉਸ ਮਹਿਲਾ ਪ੍ਰੋਫੈਸਰ ਨੂੰ ਇਨਸਾਫ਼ ਦਿਵਾਉਣ ਲਈ ਉਨ੍ਹਾਂ ਦਾ ਸਾਥ ਦੇਈਏ।
-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ 11, ਭਾਗੂ ਰੋਡ, ਬਠਿੰਡਾ।
ਮਜ਼ਦੂਰਾਂ ਦਾ ਸ਼ੋਸ਼ਣ
ਕਾਰਲ ਮਾਰਕਸ ਵਲੋਂ ਦਿੱਤਾ ਗਿਆ ਵਾਧੂ ਮੁੱਲ ਦਾ ਸਿਧਾਂਤ ਸਮਾਜ ਵਿਚ ਅੱਜ ਵੀ ਕਾਇਮ ਹੈ। ਇਸ ਸਿਧਾਂਤ ਦੇ ਅਨੁਸਾਰ ਮਜ਼ਦੂਰ ਦੀ ਮਜ਼ਦੂਰੀ ਵਸਤੂ ਦੇ ਵੇਚ ਮੁੱਲ ਵਿਚ ਜੋ ਅੰਤਰ ਹੁੰਦਾ ਹੈ ਉਸ ਨੂੰ ਵਾਧੂ ਮੁੱਲ ਕਿਹਾ ਜਾਂਦਾ ਹੈ। ਮੰਨ ਲਓ ਕੋਈ ਵੀ ਫੈਕਟਰੀ ਮਾਲਕ ਵਸਤੂ ਨੂੰ ਸੋ ਰੁਪਏ 'ਚ ਖਰੀਦਦਾ ਹੈ। ਉਸ ਵਸਤੂ ਨੂੰ ਮਜ਼ਦੂਰ ਆਪਣੀ ਮਿਹਨਤ ਲਗਾ ਕੇ ਕੱਚੇ ਮਾਲ ਨੂੰ ਤਿਆਰ ਕਰਦਾ ਹੈ। ਫੈਕਟਰੀ ਮਾਲਕ ਤਿਆਰ ਕੀਤੀ ਇਸ ਵਸਤੂ ਨੂੰ ਇਕ ਹਜ਼ਾਰ ਰੁਪਏ ਵਿਚ ਵੇਚ ਦਿੰਦਾ ਹੈ। ਇਹ ਵਾਧੂ ਮੁੱਲ ਸਾਰਾ ਫੈਕਟਰੀ ਮਾਲਕ ਦੀ ਜੇਬ ਵਿਚ ਚਲਾ ਜਾਂਦਾ ਹੈ। ਪਰੰਤੂ ਮਜ਼ਦੂਰ ਜੋ ਸਾਰਾ ਦਿਨ ਮਿਹਨਤ ਕਰਕੇ ਮਜ਼ਦੂਰੀ ਕਰਦਾ ਹੈ, ਉਸ ਨੂੰ ਘੱਟ ਮਿਹਨਤਾਨਾ ਦਿੱਤਾ ਜਾਂਦਾ ਹੈ। ਇਸ ਸਿਧਾਂਤ ਦੇ ਅਨੁਸਾਰ ਦੇਖਿਆ ਜਾਵੇ ਮਜ਼ਦੂਰ ਵਰਗ ਦਾ ਦਿਨੋ-ਦਿਨ ਸ਼ੋਸ਼ਣ ਹੋ ਰਿਹਾ ਹੈ।
ਮਜ਼ਦੂਰ ਵਰਗ ਘੱਟ ਪੈਸਿਆਂ ਵਿਚ ਆਪਣਾ ਗੁਜ਼ਾਰਾ ਨਹੀਂ ਕਰ ਸਕਦਾ। ਘੱਟ ਆਮਦਨ ਹੋਣ ਕਰਕੇ ਮਜ਼ਦੂਰ ਦੀ ਸੋਚਣੀ ਆਪਣੀਆਂ ਲੋੜਾਂ ਦੁਆਲੇ ਘੁੰਮਦੀ ਹੈ। ਮਜ਼ਦੂਰ ਸਮਾਜ ਵਿਚ ਚੰਗੀ ਤਰ੍ਹਾਂ ਨਾਲ ਤਰੱਕੀ ਨਹੀਂ ਕਰ ਸਕਦਾ। ਸਰਕਾਰ ਦੁਆਰਾ ਮਜ਼ਦੂਰ ਦਾ ਵੱਧ ਤੋਂ ਵੱਧ ਮਿਹਨਤਾਨਾ ਨਿਸਚਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਮਜ਼ਦੂਰਾਂ ਦਾ ਭਵਿੱਖ ਵਿਚ ਸ਼ੋਸ਼ਣ ਨਾ ਹੋਵੇ।
-ਰਾਜਵੀਰ ਕੌਰ
ਪਿੰਡ ਰਾਜਪੁਰ ਭਾਈਆਂ, ਜ਼ਿਲ੍ਹਾ ਹੁਸ਼ਿਆਰਪੁਰ।
ਦਸਤਾਰ ਬਨਾਮ ਲੋਹ ਟੋਪ
ਪਿਛਲੇ ਦਿਨੀਂ ਭਾਰਤ ਦੇ ਰੱਖਿਆ ਮੰਤਰਾਲੇ ਵਲੋਂ ਭਾਰਤੀ ਫੌਜ ਦੇ ਸਿੱਖ ਜਵਾਨਾਂ ਲਈ ਵਿਸ਼ੇਸ਼ ਬਣਤਰ ਵਾਲੇ ਲੋਹ-ਟੋਪ ਖ਼ਰੀਦਣ ਦੀ ਤਜਵੀਜ਼ ਸਾਹਮਣੇ ਆਉਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਸਥਾਵਾਂ ਵਲੋਂ ਇਸ ਫ਼ੈਸਲੇ ਦੇ ਵਿਰੁੱਧ ਰੋਸ ਪ੍ਰਗਟ ਕੀਤੇ ਜਾ ਰਹੇ ਹਨ। ਇਸ ਤਜਵੀਜ਼ ਨੂੰ ਸਿੱਖ ਪਛਾਣ ਅਤੇ ਧਾਰਮਿਕ ਆਜ਼ਾਦੀ 'ਤੇ ਵੱਡਾ ਹਮਲਾ ਕਰਾਰ ਦਿੱਤਾ ਜਾ ਰਿਹਾ ਹੈ। ਭਾਰਤ ਸਰਕਾਰ ਨੂੰ ਸਿੱਖ ਫੌਜ ਦੇ ਇਤਿਹਾਸ ਨੂੰ ਸਾਹਮਣੇ ਰੱਖ ਕੇ ਇਹੋ ਜਿਹੇ ਫ਼ੈਸਲੇ ਲੈਣੇ ਚਾਹੀਦੇ ਹਨ।
ਇਸ ਤੋਂ ਪਹਿਲਾਂ ਵੀ 1853 ਤੋਂ ਲੈ ਕੇ 1859 ਤਕ ਬ੍ਰਿਟਿਸ਼ ਇੰਡੀਆ ਦੀ ਫੌਜ ਦਾ ਸਿੱਖ ਫੌਜੀ ਹਿੱਸਾ ਰਹੇ ਹਨ, ਜਿਥੇ ਸਿੱਖ ਫੌਜੀਆਂ ਤੋਂ ਬਗ਼ੈਰ ਬਾਕੀ ਸਾਰੀਆਂ ਹੀ ਦੇਸੀ ਰੈਜਮੈਂਟਾਂ ਸਿਰ 'ਤੇ ਟੋਪੀ ਪਾਉਂਦੀਆਂ ਸਨ।
ਦੂਜੀ ਸੰਸਾਰ ਜੰਗ ਦੌਰਾਨ ਵੀ ਸਿੱਖ ਫੌਜੀ ਲੋਹ ਟੋਪ ਤੋਂ ਬਗ਼ੈਰ ਦਸਤਾਰਾਂ ਸਮੇਤ ਲੜੇ ਸਨ। ਸਿੱਖ ਰਹਿਤਨਾਮਿਆਂ ਵਿਚ ਵੀ ਟੋਪੀ ਪਹਿਨਣ ਨੂੰ ਵੱਡਾ ਘ੍ਰਿਣਿਤ ਕਰਮ ਮੰਨਿਆ ਗਿਆ ਹੈ। ਆਜ਼ਾਦ ਭਾਰਤ ਵਿਚ ਸਿੱਖ ਫੌਜੀਆਂ ਨੇ 1948, 1962, 1965, 1971 ਅਤੇ 1999 ਦੀ ਕਾਰਗਿਲ ਜੰਗ ਦੌਰਾਨ ਸਿੱਖੀ ਜਜ਼ਬੇ ਅਤੇ ਰੂਹਾਨੀ ਭਰੋਸੇ ਦੇ ਨਾਲ ਬਗ਼ੈਰ ਲੋਹ ਟੋਪ ਤੋਂ ਅਹਿਮ ਭੂਮਿਕਾ ਨਿਭਾਈ ਹੈ।
ਕਸ਼ਮੀਰ ਵਿਚ 1990 ਦੌਰਾਨ ਜਦੋਂ ਫੌਜ ਅਤੇ ਕਸ਼ਮੀਰੀ ਲੜਾਕਿਆਂ ਦੇ ਆਹਮੋ-ਸਾਹਮਣੇ ਮੁਕਾਬਲੇ ਹੋਣ ਲੱਗੇ ਤਾਂ ਸਿੱਖ ਫੌਜੀਆਂ ਨੂੰ ਦਸਤਾਰ ਤੋਂ ਹੇਠਾਂ ਪਹਿਨਣ ਲਈ ਬੁਲਟ ਪਰੂਫ ਪਟਕੇ ਜ਼ਰੂਰ ਪਹਿਨਾਏ ਜਾਣ ਲੱਗੇ ਪਰ ਉਨ੍ਹਾਂ ਦੇ ਨਾਲ ਦਸਤਾਰ ਦੀ ਸ਼ਾਨ ਅਤੇ ਮਰਿਆਦਾ ਵਿਚ ਕੋਈ ਫ਼ਰਕ ਨਹੀਂ ਸੀ ਪੈਂਦਾ। ਸੋ ਕੇਂਦਰ ਸਰਕਾਰ ਨੂੰ ਕਾਹਲੀ ਵਿਚ ਜਾਂ ਜ਼ਬਰਦਸਤੀ ਕੋਈ ਫ਼ੈਸਲਾ ਨਹੀਂ ਠੋਸਣਾ ਚਾਹੀਦਾ।
-ਮਾ. ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਰਨ ਤਾਰਨ।
ਸ਼ਰਮਨਾਕ ਘਟਨਾ
ਬੀਤੇ ਦਿਨੀਂ ਇਕ ਖਬਰ ਪੜ੍ਹ ਕੇ ਮਨ ਬਹੁਤ ਹੀ ਦੁਖੀ ਹੋਇਆ ਅਤੇ ਬਹੁਤ ਹੀ ਬੁਰਾ ਲੱਗਿਆ ਕਿ ਇਕ ਪੰਜਾਬ ਦੀ ਕਿਸੇ ਯੂਨੀਵਰਸਿਟੀ ਦੀ ਮਹਿਲਾ ਪ੍ਰੋਫੈਸਰ ਨੂੰ ਪਾਕਿਸਤਾਨ ਤੋਂ ਕਿਸੇ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਸੱਦਾ ਪੱਤਰ ਆਇਆ ਸੀ, ਜਿਸ ਸੰਬੰਧੀ ਉਨ੍ਹਾਂ ਨੇ ਆਨਲਾਈਨ ਵੀਜ਼ਾ ਅਪਲਾਈ ਕੀਤਾ। ਜਦੋਂ ਉਨ੍ਹਾਂ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਦਫ਼ਤਰ ਦੇ ਅਧਿਕਾਰੀਆਂ ਨੇ ਵੀਜ਼ੇ ਸੰਬੰਧੀ ਆਪਣੇ ਦਫ਼ਤਰ ਬੁਲਾਇਆ ਤਾਂ ਉਨ੍ਹਾਂ ਅਧਿਕਾਰੀਆਂ ਨੇ ਉਸ ਮਹਿਲਾ ਪ੍ਰੋਫੈਸਰ ਨੂੰ ਇੰਟਰਵਿਊ ਦੇ ਨਾਂਅ 'ਤੇ ਬਹੁਤ ਜ਼ਿਆਦਾ ਜ਼ਲੀਲ ਕੀਤਾ। ਉਨ੍ਹਾਂ ਨਾਲ ਬਹੁਤ ਜ਼ਿਆਦਾ ਬਦਤਮੀਜ਼ੀ ਕੀਤੀ। ਉਨ੍ਹਾਂ ਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਿੱਜੀ ਅਤੇ ਅਸ਼ਲੀਲ ਸਵਾਲ-ਜਵਾਬ ਪੁੱਛੇ ਗਏ। ਜੋ ਸਾਡੇ ਸਾਰੇ ਸਮਾਜ ਲਈ ਬਹੁਤ ਜ਼ਿਆਦਾ ਸ਼ਰਮਨਾਕ ਘਟਨਾ ਹੈ। ਸਾਡੇ ਭਾਰਤ ਦੇ ਵਿਦੇਸ਼ ਮੰਤਰੀ ਨੂੰ ਇਨ੍ਹਾਂ ਮੁਲਜ਼ਮਾਂ ਦੇ ਖ਼ਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਅੱਗੇ ਤੋਂ ਕਿਸੇ ਹੋਰ ਧੀ ਭੈਣ ਨਾਲ ਇਸ ਤਰ੍ਹਾਂ ਘਟੀਆ ਹਰਕਤ ਨਾ ਕਰ ਸਕਣ। ਜੇਕਰ ਸਾਡੇ ਦੇਸ਼ ਵਿਚ ਹੀ ਇਹ ਸ਼ਰਮਨਾਕ ਤੇ ਘਟੀਆ ਹਰਕਤ ਸਾਡੇ ਦੇਸ਼ ਦੀਆਂ ਬੇਟੀਆਂ ਨਾਲ ਹੋ ਰਹੀ ਹੈ, ਤਾਂ ਇਹ ਸਾਡੇ ਲਈ ਬਹੁਤ ਸ਼ਰਮ ਵਾਲੀ ਤੇ ਚਿੰਤਾ ਵਾਲੀ ਗੱਲ ਹੈ। ਆਓ, ਅਸੀਂ ਵੀ ਸਾਰੇ ਇਕੱਠੇ ਹੋ ਕੇ ਉਸ ਮਹਿਲਾ ਪ੍ਰੋਫੈਸਰ ਨੂੰ ਇਨਸਾਫ਼ ਦਿਵਾਉਣ ਲਈ ਉਨ੍ਹਾਂ ਦਾ ਸਾਥ ਦੇਈਏ।
-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ 11, ਭਾਗੂ ਰੋਡ, ਬਠਿੰਡਾ।
ਚਾਈਨਾ ਡੋਰ ਦੇ ਨੁਕਸਾਨ
ਆਏ ਦਿਨ ਹੀ ਚਾਈਨਾ ਡੋਰ ਨਾਲ ਹੁੰਦੇ ਹਾਦਸਿਆਂ ਅਤੇ ਪ੍ਰਸ਼ਾਸਨ ਵਲੋਂ ਇਸ ਡੋਰ ਦੀ ਵਿਕਰੀ 'ਤੇ ਕਾਬੂ ਪਾਉਣ ਦੀਆਂ ਖਬਰਾਂ ਆਮ ਹੀ ਪੜ੍ਹਨ ਨੂੰ ਮਿਲਦੀਆਂ ਹਨ। ਇਸ ਦੇ ਬਾਵਜੂਦ ਇਹ ਡੋਰ ਨੌਜਵਾਨਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਇਸ ਡੋਰ ਦੀ ਵਿਕਰੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪ੍ਰਸ਼ਾਸਨ ਵਲੋਂ ਦਿੱਤੇ ਜਾਂਦੇ ਬਿਆਨ ਸਿਰਫ਼ ਤੇ ਸਿਰਫ਼ ਅਖ਼ਬਾਰਾਂ ਜਾਂ ਹੋਰ ਸੋਸ਼ਲ ਮੀਡੀਆ ਤੱਕ ਹੀ ਸੀਮਿਤ ਹਨ। ਕਿਸੇ ਵੀ ਬਾਜ਼ਾਰ ਚਲੇ ਜਾਓ, ਤੁਹਾਨੂੰ ਚਾਈਨਾ ਡੋਰ ਆਮ ਡੋਰ ਵਾਂਗ ਹੀ ਖ਼ਰੀਦਣ ਨੂੰ ਮਿਲ ਜਾਵੇਗੀ। ਸਰਕਾਰ ਨੂੰ ਬਿਆਨ ਘੱਟ ਤੇ ਕੰਮ ਵਧ ਕਰਕੇ ਦੱਸਣਾ ਚਾਹੀਦਾ ਹੈ ਕਿ ਅਸੀਂ ਜੋ ਕਹਿੰਦੇ ਹਾਂ ਉਹ ਕਰਦੇ ਹਾਂ। ਇਹ ਨਾ ਹੋਵੇ ਕਿ ਪਿਛਲੀਆਂ ਸਰਕਾਰਾਂ ਵਾਂਗ ਇਹੀ ਕਹਿ-ਕਹਿ ਸਮਾਂ ਲੰਘਾ ਦਿੱਤਾ ਜਾਵੇ ਕਿ ਅਸੀਂ ਜੋ ਕਿਹਾ ਉਹ ਕਰਕੇ ਵਿਖਾਇਆ। ਜੇਕਰ ਤੁਸੀਂ ਸੱਚਮੁੱਚ ਚੀਨੀ ਡੋਰ ਖ਼ਿਲਾਫ ਸਖ਼ਤੀ ਕੀਤੀ ਹੋਵੇ ਤਾਂ ਅਜਿਹੀਆਂ ਖਬਰਾਂ ਸੁਣਨ ਨੂੰ ਨਾ ਮਿਲਣ। ਇਸ ਦੇ ਨਾਲ ਹੀ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਸੁਰੱਖਿਆ ਦੇ ਨਾਲ ਦੂਸਰਿਆਂ ਦੇ ਬੱਚਿਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਦੇ ਨੁਕਸਾਨ ਬਾਰੇ ਦੱਸਣ, ਤਾਂ ਜੋ ਉਹ ਇਸ ਡੋਰ ਨੂੰ ਤਿਆਗ ਸਕਣ। ਅਜਿਹਾ ਕਰਕੇ ਹੀ ਉਹ ਆਪਣੀ ਤੇ ਪਸ਼ੂ-ਪੰਛੀਆਂ ਦੀਆਂ ਜਾਨਾਂ ਨੂੰ ਬਚਾਅ ਸਕਦੇ ਹਨ।
-ਪਰਮਜੀਤ ਸੰਧੂ,
ਥੇਹ ਤਿੱਖਾ, ਗੁਰਦਾਸਪੁਰ।
ਘਾਤਕ ਚਾਈਨਾ ਡੋਰ
ਹਰ ਸਾਲ ਬਸੰਤ ਰੁੱਤ ਦੇ ਆਸ-ਪਾਸ ਚਾਈਨਾ ਡੋਰ ਦੀ ਵਿਕਰੀ ਨੂੰ ਲੈ ਕੇ ਲੰਮੇ ਚੌੜੇ ਸਖ਼ਤ ਹੁਕਮ ਦਿੱਤੇ ਜਾਂਦੇ ਹਨ। ਪਰ ਇਹ ਹੁਕਮ ਹੀ ਰਹਿ ਜਾਂਦੇ ਹਨ। ਬਾਜ਼ਾਰਾਂ ਵਿਚ ਚਾਈਨਾ ਡੋਰ ਬੇਖੌਫ਼ ਤਰੀਕੇ ਨਾਲ ਵੇਚੀ ਜਾ ਰਹੀ ਹੈ। ਪਤੰਗਬਾਜ਼ੀ ਦੇ ਸ਼ੌਕੀਨ ਚਾਈਨਾ ਡੋਰ ਦੇ ਮਾਰੂ ਪ੍ਰਭਾਵਾਂ ਤੋਂ ਬੇਖਬਰ ਪਤੰਗਬਾਜ਼ੀ ਦਾ ਅਨੰਦ ਲੈਂਦੇ ਹਨ। ਚਾਈਨਾ ਡੋਰ ਪੰਛੀਆਂ ਤੇ ਇਨਸਾਨਾਂ ਲਈ ਬਹੁਤ ਵੱਡਾ ਖ਼ਤਰਾ ਹੈ। ਇਸ ਦੀ ਲਪੇਟ ਵਿਚ ਬਹੁਤ ਸਾਰੇ ਇਨਸਾਨ ਤੇ ਪੰਛੀ ਆ ਜਾਂਦੇ ਹਨ। ਜੋ ਬੁਰੀ ਤਰ੍ਹਾਂ ਜ਼ਖ਼ਮੀ ਹੋ ਜਾਂਦੇ ਹਨ। ਚਾਈਨਾ ਡੋਰ ਕਰਕੇ ਕਈ ਵਾਰ ਇਨਸਾਨਾਂ ਤੇ ਪੰਛੀਆਂ ਤੱਕ ਦੀ ਜਾਨ ਤੱਕ ਚਲੀ ਜਾਂਦੀ ਹੈ। ਚਾਈਨਾ ਡੋਰ ਪੰਛੀਆਂ ਤੇ ਇਨਸਾਨਾਂ ਲਈ ਘਾਤਕ ਸਿੱਧ ਹੋ ਰਹੀ ਹੈ। ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਚਾਈਨਾ ਡੋਰ ਦੀ ਵਿਕਰੀ 'ਤੇ ਸਖ਼ਤ ਪਾਬੰਦੀ ਲਗਾਈ ਜਾਵੇ।
-ਗੁਲਸ਼ੇਰ ਸਿੰਘ ਚੀਮਾ
ਮਾਰਕੀਟ ਕਮੇਟੀ, ਮਲੌਦ।
ਅਵਾਰਾ ਪਸ਼ੂਆਂ ਦੀ ਸਮੱਸਿਆ
ਪਿਛਲੇ ਕੁਝ ਅਰਸੇ ਤੋਂ ਸਮਾਜ ਅੰਦਰ ਇਹ ਗੱਲ ਬੜੀ ਹੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ ਕਿ ਅਵਾਰਾ ਘੁੰਮ ਰਹੀ ਡੰਗਰਾਂ ਅਤੇ ਕੁੱਤਿਆਂ ਦੀ ਸਮੱਸਿਆ ਦਾ ਕੋਈ ਹੱਲ ਹੋਵੇ, ਕਿਉਂਕਿ ਇਹ ਲੋਕਾਂ ਲਈ ਕਾਫੀ ਪ੍ਰੇਸ਼ਾਨੀਆਂ ਅਤੇ ਮੁਸ਼ਕਿਲਾਂ ਦਾ ਕਾਰਨ ਬਣ ਰਹੇ ਹਨ। ਇਨ੍ਹਾਂ ਕਰਕੇ ਜਿਥੇ ਅਕਸਰ ਸੜਕ ਹਾਦਸੇ ਹੁੰਦੇ ਹਨ ਅਤੇ ਲੋਕਾਂ ਦਾ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ, ਉਥੇ ਕੁੱਤਿਆਂ ਦੇ ਕੱਟਣ ਕਾਰਨ ਲੋਕਾਂ ਨੂੰ ਮਹਿੰਗੇ ਭਾਅ ਦੇ ਟੀਕੇ ਲਗਵਾਉਣੇ ਪੈਂਦੇ ਹਨ ਅਤੇ ਕਈ ਵਾਰ ਤਾਂ ਅਵਾਰਾ ਕੁੱਤਿਆਂ ਦੇ ਝੁੰਡ ਜ਼ਿੰਦਾ ਵਿਅਕਤੀ ਨੂੰ ਨੋਚ-ਨੋਚ ਕੇ ਹੀ ਖਾ ਜਾਂਦੇ ਹਨ। ਅਜਿਹੀਆਂ ਖਬਰਾਂ ਜਿਥੇ ਅਕਸਰ ਅਖ਼ਬਾਰਾਂ ਵਿਚ ਛਪਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਅਵਾਰਾ ਡੰਗਰਾਂ ਦੇ ਝੁੰਡ ਜਿਥੇ ਅਕਸਰ ਆਵਾਜਾਈ ਵਿਚ ਵਿਘਨ ਪਾਉਂਦੀਆਂ ਹਨ, ਉਥੇ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਕਰਕੇ, ਉਨ੍ਹਾਂ ਦਾ ਭਾਰੀ ਫ਼ਸਲੀ/ਆਰਥਿਕ ਨੁਕਸਾਨ ਕਰਦੇ ਹਨ। ਬਿਨਾਂ ਸ਼ੱਕ ਇਹ ਇਕ ਅਹਿਮ ਲੋਕ ਸਮੱਸਿਆ ਹੈ ਅਤੇ ਇਸ ਦੇ ਹੱਲ ਲਈ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ 'ਤੇ ਯੋਗ ਅਤੇ ਢੁਕਵੇਂ ਕਦਮ ਉਠਾਉਣ ਦੀ ਫੌਰੀ ਲੋੜ ਹੈ। ਅਜਿਹਾ ਕਰਕੇ ਹੀ ਅਸੀਂ ਲੋਕਾਂ ਨੂੰ ਦਰਪੇਸ਼ ਉਕਤ ਮੁਸ਼ਕਲਾਂ/ਪ੍ਰੇਸ਼ਾਨੀਆਂ ਤੋਂ ਜਿਥੇ ਨਿਜ਼ਾਤ ਦਿਵਾ ਸਕਦੇ ਹਾਂ, ਉਥੇ ਬਹੁਤ ਸਾਰੀਆਂ ਕੀਮਤੀ ਜਾਨਾਂ ਅਤੇ ਆਰਥਿਕ ਨੁਕਸਾਨ ਤੋਂ ਬਚਾਅ ਕਰਨ ਵਿਚ ਸਹਾਈ ਹੋ ਸਕਦੇ ਹਾਂ।
-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।
ਜਲਵਾਯੂ ਦੀ ਤਬਦੀਲੀ
ਜਲਵਾਯੂ ਦੀ ਤਬਦੀਲੀ ਕਾਰਨ ਮਨੁੱਖੀ ਅਤੇ ਉਸ ਦੀਆਂ ਸੰਬੰਧਿਤ ਪ੍ਰਕਿਰਿਆਵਾਂ ਨੂੰ ਨੁਕਸਾਨ ਵਲ ਧੱਕ ਦਿੱਤਾ ਹੈ। ਇਸ ਦੇ ਪਰਿਵਰਤਨ ਦੇ ਕਾਰਨ ਜ਼ਿਆਦਾ ਕੀਟ ਪਤੰਗਿਆਂ ਦੀ ਆਬਾਦੀ ਖ਼ਤਮ ਹੁੰਦੀ ਜਾਂਦੀ ਹੈ। ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨੇ ਆਪਣੇ ਅਧਿਐਨ ਵਿਚ ਪਤਾ ਕੀਤਾ ਹੈ ਕਿ ਮੌਸਮ ਦੀ ਤਬਦੀਲੀ ਕਾਰਨ 65 ਫੀਸਦੀ ਕੀੜੇ ਅਗਲੇ ਸਮੇਂ ਤਕ ਖ਼ਤਮ ਹੋ ਜਾਣਗੇ ਅਤੇ ਗਰਮੀ ਦਾ ਵਧਣਾ ਆਬਾਦੀ 'ਤੇ ਅਸਰ ਪਾ ਰਿਹਾ ਹੈ, ਜਿਸ ਨਾਲ ਵਿਨਾਸ਼ ਦਾ ਰਾਹ ਵਧੇਗਾ। ਦਿਨੋ-ਦਿਨ ਕੀਟ ਪ੍ਰਜਾਤੀਆਂ ਨੂੰ ਵਿਨਾਸ਼ ਦਾ ਸਾਹਮਣਾ ਕਰਨਾ ਪਵੇਗਾ ਅਤੇ ਪਤਾ ਲੱਗਾ ਹੈ ਕਿ ਠੰਢੇ ਖ਼ੂਨ ਵਾਲੇ ਕੀੜੇ ਇਸ ਦੀ ਮਾਰ ਜ਼ਿਆਦਾ ਝੱਲਣਗੇ, ਕਿਉਂਕਿ ਉਨ੍ਹਾਂ ਦਾ ਸਰੀਰ ਜ਼ਿਆਦਾ ਤਾਪਮਾਨ ਨਹੀਂ ਸਹਾਰਦਾ। ਇਕ ਹੋਰ ਰਿਪੋਰਟ ਤੋਂ ਵਿਗਿਆਨੀ ਚਿੰਤਤ ਹਨ ਕਿ 25 ਫੀਸਦੀ 50 ਸਾਲਾਂ ਵਿਚ ਤੇ 100 ਵਰ੍ਹਿਆਂ ਵਿਚ ਸਾਰੇ ਕੀੜੇ-ਮਕੌੜੇ ਧਰਤੀ 'ਤੋਂ ਪੂਰੀ ਤਰ੍ਹਾਂ ਅਲੋਪ ਹੋ ਜਾਣਗੇ। ਇਨ੍ਹਾਂ ਤੋਂ ਬਿਨਾਂ ਵਾਤਾਵਰਨ ਸਾਫ਼ ਰੱਖਣਾ ਬਹੁਤ ਮੁਸ਼ਕਲ ਹੈ। ਜੈਵ-ਵਿਭਿੰਨਤਾ ਦੇ ਲਿਹਾਜ਼ ਨਾਲ ਕੀੜਿਆਂ ਦਾ ਹੋਣਾ ਜ਼ਰੂਰੀ ਹੈ।
-ਜਗਜੀਤ ਸਿੰਘ ਝੱਤਰਾ
ਪ੍ਰਧਾਨ ਪੰਜਾਬੀ ਲਿਖਾਰੀ ਸਭਾ, ਝੱਤਰਾ।
ਕੁਦਰਤ ਨਾਲ ਛੇੜਛਾੜ
ਉੱਤਰਾਖੰਡ ਦੇ ਪ੍ਰਮੁੱਖ ਤੀਰਥ ਅਸਥਾਨ ਜੋਸ਼ੀਮੱਠ 'ਚ ਕਈ ਥਾਵਾਂ 'ਤੇ ਜ਼ਮੀਨ ਧਸਣਣ ਨਾਲ ਵੱਡੀ ਗਿਣਤੀ ਵਿਚ ਲੋਕਾਂ ਨੂੰ ਬੇਘਰ ਹੋਣਾ ਪਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਖੇਤਰ ਨੂੰ ਆਫ਼ਤ ਗ੍ਰਸਤ ਖੇਤਰ ਐਲਾਨਿਆ ਗਿਆ ਹੈ।
ਹੈਰਾਨੀਜਨਕ ਤਸਵੀਰਾਂ ਦੱਸ ਰਹੀਆਂ ਹਨ ਕਿ ਇਸ ਖੇਤਰ ਵਿਚ ਥਾਂ-ਥਾਂ 'ਤੇ ਜ਼ਮੀਨ ਵਿਚ ਦਰਾਰਾਂ ਪੈ ਗਈਆਂ ਹਨ। ਚੇਤੇ ਕਰਵਾ ਦਈਏ ਕਿ 2012 ਵਿਚ ਉੱਤਰਾਖੰਡ ਖੇਤਰ ਹੜ੍ਹਾਂ ਦੀ ਮਾਰ ਹੇਠ ਆਇਆ ਸੀ। ਮਨੁੱਖ ਦੀ ਦਖ਼ਲ-ਅੰਦਾਜ਼ੀ ਲਗਾਤਾਰ ਵਧਦੀ ਜਾ ਰਹੀ ਹੈ। ਨਿੱਜੀ ਸੁਆਰਥਾਂ ਖ਼ਾਤਰ ਪਹਾੜਾਂ ਅਤੇ ਦਰੱਖ਼ਤਾਂ ਦੀ ਕਟਾਈ ਤੇ ਲਗਾਤਾਰ ਉਸਾਰੇ ਜਾ ਰਹੇ ਵੱਡੇ ਹੋਟਲ, ਚੌੜੀਆਂ ਸੜਕਾਂ, ਰੇਲਵੇ ਲਾਈਨਾਂ ਦਾ ਵਿਸਥਾਰ ਜ਼ਮੀਨ ਧਸਣ ਦਾ ਪ੍ਰਮੁੱਖ ਕਾਰਨ ਹਨ।
ਸੀਵਰੇਜ਼ ਦਾ ਢੁਕਵਾਂ ਪ੍ਰਬੰਧ ਨਾ ਹੋਣ ਕਾਰਨ ਧਰਤੀ ਹੇਠਾਂ ਰਿਸਣ ਵਾਲੇ ਪਾਣੀ ਨੇ ਇਸ ਖੇਤਰ 'ਚ ਇਸ ਸਮੱਸਿਆ ਨੂੰ ਵਧਾਇਆ ਹੈ। ਦਿਨ-ਪ੍ਰਤੀਦਿਨ ਹਾਲਾਤ ਚਿੰਤਾ ਵਾਲੇ ਹੁੰਦੇ ਜਾ ਰਹੇ ਹਨ। ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਲੋਕਾਂ ਨੂੰ ਬਾਜ਼ਾਰ ਦੀ ਕੀਮਤ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ। ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਠਹਿਰਾਇਆ ਜਾ ਰਿਹਾ ਹੈ। ਕੁਝ ਹੀ ਦਿਨ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਮੈਕਲੋਡਗੰਜ ਵਿਚ ਵੀ ਕੁਝ ਹਿੱਸਾ ਖਿਸਕ ਗਿਆ ਸੀ। ਚੇਤੇ ਕਰਵਾ ਦੇਈਏ ਕਿ ਜਿੰਨੇ ਵੀ ਪਹਾੜੀ ਖੇਤਰ ਹਨ, ਵਿਚ ਵੱਡੇ ਪੈਮਾਨੇ 'ਤੇ ਨਾਜਾਇਜ਼ ਉਸਾਰੀਆਂ ਹੋ ਰਹੀਆਂ ਹਨ। ਭ੍ਰਿਸ਼ਟਾਚਾਰ ਦਾ ਬਹੁਤ ਜ਼ਿਆਦਾ ਬੋਲਬਾਲਾ ਹੈ। ਅਜੇ ਵੀ ਸੰਭਲਣ ਦਾ ਵੇਲਾ ਹੈ।
ਗਰਮੀਆਂ ਵਿਚ ਸੈਲਾਨੀ ਪਹਾੜੀ ਖੇਤਰਾਂ ਵਿਚ ਸੈਰ ਸਪਾਟੇ ਲਈ ਜਾਂਦੇ ਹਨ। ਸਰਕਾਰ ਦੀ ਅਹਿਮ ਜ਼ਿੰਮੇਵਾਰੀ ਬਣਦੀ ਹੈ ਕਿ ਕੁਦਰਤੀ ਸੋਮਿਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ, ਤਾਂ ਜੋ ਕੁਦਰਤ ਦੇ ਕਹਿਰ ਤੋਂ ਬਚਿਆ ਜਾ ਸਕੇ।
-ਸੰਜੀਵ ਸਿੰਘ ਸੈਣੀ
ਮੁਹਾਲੀ।
ਚਾਈਨਾ ਡੋਰ
ਅੱਜਕੱਲ੍ਹ ਹਰੇਕ ਪਿੰਡ-ਸ਼ਹਿਰ 'ਚ ਹਰ ਪਾਸੇ ਬੱਚਿਆਂ ਨੇ ਪਤੰਗ ਉਡਾਉਣ ਲਈ ਹਨੇਰੀ ਲਿਆ ਰੱਖੀ ਹੈ। ਇਹ ਕੋਈ ਮਾੜੀ ਗੱਲ ਨਹੀਂ ਪਰ ਹਰੇਕ ਪਿੰਡ, ਸ਼ਹਿਰ ਦੀਆਂ ਸਾਰੀਆਂ ਗਲੀਆਂ, ਮੈਦਾਨ ਤੇ ਸੜਕਾਂ 'ਤੇ ਖ਼ਤਰਨਾਕ ਚਾਈਨਾ ਡੋਰ ਬਹੁਤ ਵੱਡੀ ਮਾਤਰਾ 'ਚ ਖਿੱਲਰੀ ਪਈ ਹੈ। ਸਮੂਹ ਦੁਕਾਨਦਾਰ ਭਰਾਵਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਇਹ ਡੋਰ ਨਾ ਵੇਚਣ, ਇਹ ਬਹੁਤ ਹੀ ਖ਼ਤਰਨਾਕ ਤੇ ਜਾਨਲੇਵਾ ਹੈ। ਮਾਪੇ ਵੀ ਆਪਣੇ ਬੱਚਿਆਂ 'ਤੇ ਧਿਆਨ ਦੇਣ ਕਿ ਉਨ੍ਹਾਂ ਦੇ ਬੱਚੇ ਕਿਸੇ ਵੀ ਹਾਲਤ 'ਚ ਚਾਈਨਾ ਡੋਰ ਨਾਲ ਪਤੰਗ ਨਾ ਉਡਾਉਣ। ਸਰਕਾਰ ਨੂੰ ਵੀ ਸਖ਼ਤੀ ਵਰਤਣੀ ਚਾਹੀਦੀ ਹੈ, ਤਾਂ ਜੋ ਪਤੰਗ ਉਡਾਉਂਦੇ ਸਮੇਂ ਕੋਈ ਦੁਰਘਟਨਾ ਨਾ ਹੋ ਜਾਵੇ। ਕਈ ਵਾਰ ਰਾਹ ਜਾਂਦੇ ਲੋਕਾਂ ਨਾਲ ਵੀ ਦੁਰਘਟਨਾ ਹੋ ਜਾਂਦੀ ਹੈ। ਚਾਈਨਾ ਡੋਰ ਨੂੰ ਪੂਰਨ ਤੌਰ 'ਤੇ ਬੰਦ ਕਰਨਾ ਚਾਹੀਦਾ ਹੈ। ਥੋੜ੍ਹੀ ਮਹਿੰਗੀ ਡੋਰ ਖਰੀਦ ਲਓ। ਸਸਤੇ ਦੇ ਲਾਲਚ ਵਿਚ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰੋ। ਹਰ ਇਨਸਾਨ ਨੂੰ ਧਿਆਨ ਦੇਣਾ ਚਾਹੀਦਾ ਹੈ। ਚਾਈਨਾ ਡੋਰ ਵੇਚਣ ਵਾਲਿਆਂ ਨੂੰ ਸਜ਼ਾ ਤੇ ਜੁਰਮਾਨਾ ਵੀ ਹੋਣਾ ਚਾਹੀਦਾ ਹੈ।
-ਦਵਿੰਦਰ ਕੌਰ ਖ਼ੁਸ਼ ਧਾਲੀਵਾਲ
ਧੂਰਕੋਟ (ਮੋਗਾ)
ਕੁਦਰਤ ਨਾਲ ਖਿਲਵਾੜ
ਲੋੜਾਂ ਤਾਂ ਗ਼ਰੀਬ ਤੋਂ ਗ਼ਰੀਬ ਦੀਆਂ ਵੀ ਪੂਰੀਆਂ ਹੋ ਜਾਂਦੀਆਂ ਹਨ, ਪਰ ਇੱਛਾਵਾਂ ਧਨੀ ਤੋਂ ਧਨੀ ਦੀਆਂ ਵੀ ਪੂਰੀਆਂ ਨਹੀਂ ਹੋ ਸਕਦੀਆਂ। ਇਹ ਵਿਚਾਰ ਅਜੋਕੇ ਮਨੁੱਖ 'ਤੇ ਪੂਰੀ ਤਰ੍ਹਾਂ ਢੁਕਦਾ ਹੈ, ਜਿਸ ਨੇ ਆਪਣੇ ਨਿੱਜੀ ਫਾਇਦਿਆਂ ਅਤੇ ਵਿਕਾਸ ਦੇ ਨਾਂਅ 'ਤੇ ਕੀਤੀ ਅਖੌਤੀ ਤਰੱਕੀ ਨਾਲ ਪੌਣ-ਪਾਣੀ ਨੂੰ ਦੂਸ਼ਿਤ ਕਰਦੇ ਹੋਏ ਵਾਤਾਵਰਨ ਵਿਚ ਵਿਗਾੜ ਪੈਦਾ ਕਰ ਦਿੱਤਾ ਹੈ, ਜਿਸ ਦੇ ਨਤੀਜੇ ਵਜੋਂ ਪਹਾੜਾਂ ਦਾ ਖਿਸਕਣਾ, ਭੁਚਾਲ, ਸੁਨਾਮੀ ਅਤੇ ਹੋਰ ਕੁਦਰਤੀ ਆਫਤਾਂ ਵਿਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ। ਉੱਤਰਾਖੰਡ ਪਹਾੜੀ ਖੇਤਰ ਹੋਣ ਕਰਕੇ ਕੁਦਰਤੀ ਆਫਤਾਂ ਨਾਲ ਅਕਸਰ ਹੀ ਇਸ ਦਾ ਵਾਹ-ਵਾਸਤਾ ਪੈਂਦਾ ਰਹਿੰਦਾ ਹੈ। ਪਹਾੜਾਂ ਵਿਚ ਸੜਕਾਂ ਬਣਾਉਣ ਲਈ ਕੀਤੇ ਜਾਂਦੇ ਵਿਸਫੋਟ, ਦਰੱਖਤਾਂ ਦੀ ਧੜਾਧੜ ਹੋ ਰਹੀ ਕਟਾਈ, ਸੁਰੰਗਾਂ ਦੀ ਹੋ ਰਹੀ ਖੁਦਾਈ ਨੇ ਜੋਸ਼ੀਮੱਠ ਵਿਚ ਤਰੇੜਾਂ ਪੈਦਾ ਕਰ ਦਿੱਤੀਆਂ ਹਨ ਜਿਸ ਨਾਲ ਆਉਣ ਵਾਲੇ ਸਮੇਂ ਵਿਚ ਇਸ ਖੇਤਰ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਹੋ ਰਹੀ ਤ੍ਰਾਸਦੀ ਪਿੱਛੇ ਜਿਥੇ ਮਨੁੱਖੀ ਕਿਰਿਆਵਾਂ ਜ਼ਿੰਮੇਵਾਰ ਹਨ, ਉਥੇ ਹੱਥ 'ਤੇ ਹੱਥ ਧਰ ਕੇ ਬੈਠੇ ਲੋਕ ਨੁਮਾਇੰਦੇ ਵੀ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ ਅਤੇ ਜਦੋਂ ਅਚਾਨਕ ਕੋਈ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ, ਜਾਨ ਅਤੇ ਮਾਲ ਦਾ ਨੁਕਸਾਨ ਹੋ ਜਾਂਦਾ ਹੈ ਤਾਂ ਉਦੋਂ ਇਨ੍ਹਾਂ ਨੂੰ ਹੱਥਾਂ-ਪੈਰਾਂ ਦੀ ਪੈ ਜਾਂਦੀ ਹੈ। ਇਹ ਕੋਈ ਇਕੱਲੀ ਘਟਨਾ ਨਹੀਂ ਹੈ, ਸਮੇਂ-ਸਮੇਂ 'ਤੇ ਅਜਿਹੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ ਪਰ ਉਨ੍ਹਾਂ ਦੇ ਕੰਨਾਂ 'ਤੇ ਕਦੇ ਜੂੰ ਨਹੀਂ ਸਰਕਦੀ। ਜੰਗਲਾਂ ਦੀ ਕਟਾਈ ਰੋਕਣ ਦੇ ਨਾਲ-ਨਾਲ ਠੋਸ ਨੀਤੀ ਬਣਾਉਣਾ ਅਤੇ ਉਸ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਕੇ ਲੋੜੀਂਦੀ ਸਜ਼ਾ ਮੁਕੱਰਰ ਕਰਨਾ ਸਮੇਂ ਦੀ ਮੁੱਖ ਲੋੜ ਹੈ, ਤਾਂ ਜੋ ਕੁਦਰਤੀ ਆਫ਼ਤਾਂ ਨੂੰ ਰੋਕਦੇ ਹੋਏ ਭਾਰਤੀ ਸੰਸਕ੍ਰਿਤੀ ਅਤੇ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ।
ਰਜਵਿੰਦਰ ਪਾਲ ਸ਼ਰਮਾ
ਇਤਿਹਾਸ ਨਾ ਵਿਸਾਰੀਏ
ਪੰਜਾਬ ਦੇ ਮੇਲੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਮੇਲਿਆਂ-ਤਿਉਹਾਰਾਂ ਵਿਚੋਂ ਪੰਜਾਬੀ ਸੱਭਿਆਚਾਰ ਦੀਆਂ ਰਹੁ-ਰੀਤਾਂ ਉਜਾਗਰ ਹੁੰਦੀਆਂ ਹਨ। ਅਜੋਕੀ ਨੌਜਵਾਨ ਪੀੜ੍ਹੀ ਵਿਚ ਮੇਲਿਆਂ ਪ੍ਰਤੀ ਉਤਸ਼ਾਹ ਤਾਂ ਕਾਫੀ ਦੇਖਣ ਨੂੰ ਮਿਲਦਾ ਹੈ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਪੰਜਾਬ ਵਾਸੀ ਹੋਣ ਦੇ ਬਾਵਜੂਦ ਵੀ ਨੌਜਵਾਨ ਪੰਜਾਬ ਦੇ ਮੇਲਿਆਂ ਦੇ ਇਤਿਹਾਸ ਤੋਂ ਅਣਜਾਣ ਹਨ। ਭਗਤ ਨਾਮਦੇਵ ਨਗਰ ਘੁਮਾਣ ਦੀ ਨਗਰ ਨਿਵਾਸੀ ਹੋਣ ਦੇ ਨਾਤੇ ਮੈਂ ਮਹਿਸੂਸ ਕੀਤਾ ਕਿ ਹਰ ਵਰ੍ਹੇ ਮਾਘੀ ਦੇ ਮੇਲੇ 'ਤੇ ਦੂਰ-ਦੁਰਾਡੇ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਇਸ ਮੇਲੇ 'ਤੇ ਪੁੱਜਦੀਆਂ ਹਨ ਅਤੇ ਆਪਣੀ ਸ਼ਰਧਾ-ਭਾਵਨਾ ਅਨੁਸਾਰ ਸੇਵਾ ਕਰਦੀਆਂ ਹਨ, ਜਿਨ੍ਹਾਂ ਦਾ ਮੈਂ ਤਹਿ-ਦਿਲੋਂ ਸੁਆਗਤ ਕਰਦੀ ਹਾਂ ਪਰ ਅਫ਼ਸੋਸ ਇਸ ਨਗਰ ਦੇ ਨੌਜਵਾਨ ਹੀ ਇਸ ਮੇਲੇ ਦੇ ਇਤਿਹਾਸ ਤੋਂ ਅਣਜਾਣ ਹਨ। ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਵਿਖੇ ਮਾਘੀ ਦਾ ਮੇਲਾ ਭਗਤ ਨਾਮਦੇਵ ਜੀ ਦੇ ਪ੍ਰਲੋਕ ਗਮਨ ਦਿਵਸ 'ਤੇ ਲਗਦਾ ਹੈ। 13 ਤੋਂ 16 ਜਨਵਰੀ ਤਕ ਸੰਗਤਾਂ ਦਾ ਭਾਰੀ ਇਕੱਠ ਜੁੜਦਾ ਹੈ। ਭਗਤ ਨਾਮਦੇਵ ਜੀ ਨੇ ਆਪਣੀ ਜ਼ਿੰਦਗੀ ਦਾ ਆਖ਼ਰੀ ਸਮਾਂ ਲਗਭਗ 18 ਸਾਲ ਘੁਮਾਣ ਵਿਖੇ ਗੁਜ਼ਾਰੇ। ਇਥੇ ਹੀ ਭਗਤ ਨਾਮਦੇਵ ਜੀ 2 ਮਾਘ ਸੰਮਤ 1406 (1350) ਈਸਵੀ ਨੂੰ ਜੋਤੀ ਜੋਤਿ ਸਮਾਏ। ਜਿਸ ਜਗ੍ਹਾ ਭਗਤ ਜੀ ਤਪ ਕਰਦੇ ਸਨ, ਉਸ ਜਗ੍ਹਾ 'ਤੇ ਗੁਰਦੁਆਰਾ ਤਪਿਆਣਾ ਸਾਹਿਬ ਸੁਸ਼ੋਭਿਤ ਹੈ।
ਸੋ, ਇਸ ਪੱਤਰ ਰਾਹੀਂ ਮੇਰਾ ਮੰਤਵ ਘੁਮਾਣ ਵਿਖੇ ਆਯੋਜਿਤ ਭਗਤ ਨਾਮਦੇਵ ਜੀ ਦੀ ਯਾਦ ਵਿਚ ਮਾਘੀ ਦੇ ਮੇਲੇ ਦੇ ਇਤਿਹਾਸ ਬਾਰੇ ਜਾਣੂ ਕਰਵਾਉਣਾ ਹੈ। ਮਾਪਿਆਂ ਦਾ ਫ਼ਰਜ਼ ਬਣਦਾ ਹੈ ਕਿ ਬੱਚਿਆਂ ਨੂੰ ਮੇਲਾ ਦਿਖਆਉਣ ਦੇ ਨਾਲ-ਨਾਲ ਉਨ੍ਹਾਂ ਨੂੰ ਮੇਲੇ ਦੇ ਪਿਛੋਕੜ ਬਾਰੇ ਵੀ ਜਾਣੂ ਕਰਵਾਇਆ ਜਾਵੇ, ਤਾਂ ਜੋ ਆਪਣਾ ਇਤਿਹਾਸ ਨਾ ਵਿਸਾਰਣ ਅਤੇ ਸੱਭਿਆਚਾਰ ਨਾਲ ਜੁੜ ਸਕਣ।
-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ
ਮੁੱਖ ਮੰਤਰੀ ਦਾ ਮਾਂ ਬੋਲੀ ਨਾਲ ਪ੍ਰੇਮ
ਕੁਝ ਹਫ਼ਤੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੇ ਕੈਬਨਿਟ ਮੀਟਿੰਗ ਵਿਚ ਫ਼ੈਸਲਾ ਲਿਆ ਸੀ ਕਿ ਪੰਜਾਬ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿਚ ਸਾਈਨ ਬੋਰਡ ਪੰਜਾਬੀ ਵਿਚ ਲਿਖੇ ਜਾਣ, 21 ਫਰਵਰੀ ਤਕ ਦਾ ਨੋਟਿਸ ਦੇ ਦਿੱਤਾ ਗਿਆ ਕਿ ਜੇਕਰ ਕੋਈ ਹੁਕਮ ਦੀ ਉਲੰਘਣਾ ਕਰੇਗਾ ਤਾਂ ਜੁਰਮਾਨੇ ਦਾ ਭਾਗੀਦਾਰ ਹੋਵੇਗਾ। ਪੰਜਾਬ ਦੇ ਪੰਜਾਬੀ ਪ੍ਰੇਮੀਆਂ ਨੇ ਭਗਵੰਤ ਮਾਨ ਦੀ ਰੱਜ ਕੇ ਵਾਹ-ਵਾਹ ਕੀਤੀ। ਮੀਡੀਆ ਚੈਨਲਾਂ 'ਤੇ ਬਹਿਸ ਕਰਵਾਈ ਗਈ। ਆਮ ਆਦਮੀ ਪਾਰਟੀ ਦੇ ਬੁਲਾਰਿਆਂ ਨੇ ਜ਼ੋਰ-ਸ਼ੋਰ ਨਾਲ ਵਿਰੋਧੀਆਂ ਨੂੰ ਪੰਜਾਬ ਵਿਰੋਧੀ ਗਰਦਾਨਿਆ ਤੇ ਸਿਰਫ 'ਆਪ' ਨੂੰ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਅਸਲੀ ਮੁਦਈ ਦੱਸਣ ਦੀ ਕੋਸ਼ਿਸ਼ ਕੀਤੀ। ਪਰ ਬਾਅਦ ਵਿਚ ਲਗਾਤਾਰ ਅੰਗਰੇਜ਼ੀ ਭਾਸ਼ਾ ਦੀ ਸਰਕਾਰ ਵਲੋਂ ਵਰਤੋਂ, ਖ਼ਾਸ ਕਰਕੇ ਭਗਵੰਤ ਮਾਨ ਮੁੱਖ ਮੰਤਰੀ ਵਲੋਂ ਪੀ.ਸੀ.ਐਸ. ਅਫ਼ਸਰਾਂ ਨੂੰ ਅੰਗਰੇਜ਼ੀ ਵਿਚ ਤਾੜਨਾ-ਪੱਤਰ ਕਿ ਦੋ ਵਜੇ ਤੱਕ ਜੇਕਰ ਨੌਕਰੀ 'ਤੇ ਨਾ ਪਰਤੇ ਤਾਂ ਮੁਅੱਤਲੀ ਤੋਂ ਇਲਾਵਾ ਨੌਕਰੀ ਵਿਚ ਬ੍ਰੇਕ ਤੱਕ ਪਾਈ ਜਾ ਸਕਦੀ ਹੈ, ਸਮੇਤ ਅਨੇਕਾਂ ਸਰਕਾਰੀ ਪੱਤਰ ਅੰਗਰੇਜ਼ੀ ਵਿਚ ਨਿਕਲ ਰਹੇ ਹਨ।
ਹਰ ਰੋਜ਼ ਅਫ਼ਸਰਾਂ ਦੇ ਤਬਾਦਲਿਆਂ ਦੇ ਹੁਕਮ ਸਿਰਫ਼ ਅੰਗਰੇਜ਼ੀ ਭਾਸ਼ਾ ਵਿਚ ਹੀ ਜਾਰੀ ਹੁੰਦੇ ਹਨ। ਪੰਜਾਬ ਸਰਕਾਰ ਨੇ ਮਿਤੀ 14-01-2023 ਨੂੰ ਦਸ ਆਈ.ਏ.ਐਸ. ਅਤੇ ਤਿੰਨ ਪੀ.ਸੀ.ਐਸ. ਅਫ਼ਸਰਾਂ ਦੇ ਤਬਾਦਲਿਆਂ ਦੇ ਹੁਕਮ ਅੰਗਰੇਜ਼ੀ ਭਾਸ਼ਾ ਵਿਚ ਜਾਰੀ ਕੀਤੇ। ਆਮ ਆਦਮੀ ਪਾਰਟੀ ਕੋਲੋਂ ਨਾ ਤਾਂ ਸਹੀ ਢੰਗ ਨਾਲ ਸਰਕਾਰ ਚਲਦੀ ਹੈ, ਨਾ ਭ੍ਰਿਸ਼ਟਾਚਾਰ ਨੂੰ ਨਕੇਲ ਪਾਈ ਜਾ ਰਹੀ ਹੈ, ਬਸ ਚੌਕਸੀ ਵਿਭਾਗ ਜ਼ਰੂਰ ਕੰਮ ਕਰਦਾ ਨਜ਼ਰ ਆਉਂਦਾ ਹੈ। ਲੋਕਾਂ ਨੂੰ ਯਕੀਨ ਨਹੀਂ ਆ ਰਿਹਾ ਕਿ ਪੰਜਾਬ ਵਿਚ ਸੱਚਮੁੱਚ 'ਆਪ' ਦੀ ਸਰਕਾਰ ਹੈ। ਕਿਉਂਕਿ ਸਰਕਾਰ ਜਾਂ ਮੁੱਖ ਮੰਤਰੀ ਵਾਲੀ ਸੰਜੀਦਗੀ ਉਨ੍ਹਾਂ ਦੇ ਕੰਮ-ਕਾਰ 'ਚੋਂ ਨਹੀਂ ਝਲਕਦੀ। ਪਾਵਰ ਸੈਂਟਰ ਕਈ ਹਨ, ਵਾਅਦੇ ਪੂਰੇ ਨਹੀਂ ਕੀਤੇ, ਅਮਨ ਕਾਨੂੰਨ 'ਤੇ ਕੋਈ ਪਕੜ ਨਹੀਂ। ਫਿਰੌਤੀਆਂ ਆਮ ਹੋ ਗਈਆਂ ਹਨ, ਭ੍ਰਿਸ਼ਟਾਚਾਰ ਪਹਿਲਾਂ ਤੋਂ ਵੀ ਵੱਧ ਹੋ ਗਿਆ ਹੈ। ਰੇਤਾ, ਨਸ਼ੇ, ਸ਼ਰਾਬ ਜਾਂ ਕਿਸੇ ਵੀ ਲੋਕ ਹਿੱਤ ਲਈ ਅਜੇ ਤਕ ਨੀਤੀ ਬਣਾਉਣ ਵਿਚ ਅਸਫਲ ਰਹੀ ਹੈ। ਕੀ ਇਸੇ ਬਦਲਾਅ ਲਈ ਲੋਕਾਂ ਨੇ ਝਾੜੂ ਵਾਲੀ ਸਰਕਾਰ ਚੁਣੀ ਸੀ? ਰੱਬ ਖ਼ੈਰ ਕਰੇ।
-ਐਸ.ਆਰ. ਲੱਧੜ,
ਸਾਬਕਾ ਆਈ.ਏ.ਐਸ., ਮੁਹਾਲੀ
ਚਾਈਨਾ ਡੋਰ ਦੀ ਧੜਾਧੜ ਵਿਕਰੀ
ਹਰੇਕ ਵਰ੍ਹੇ ਪਤੰਗਬਾਜ਼ੀ ਦਾ ਲੁਤਫ਼ ਨਿਰਦੋਸ਼ ਜਾਨਾਂ ਲਈ ਮੌਤ ਦਾ ਖੂਹ ਸਾਬਤ ਹੁੰਦਾ ਹੈ। ਚਾਈਨਾ ਡੋਰ ਦੀ ਲਪੇਟ 'ਚ ਆ ਕੇ ਮਾਸੂਮ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਚਾਈਨਾ ਡੋਰ ਕੇਵਲ ਮਨੁੱਖ ਲਈ ਹੀ ਨਹੀਂ-ਬਲਕਿ ਜਾਨਵਰਾਂ, ਪੰਛੀਆਂ ਲਈ ਵੀ ਤਬਾਹੀ ਦਾ ਕਾਰਨ ਸਿੱਧ ਹੁੰਦੀ ਹੈ। ਪਾਬੰਦੀ ਦੇ ਬਾਵਜੂਦ ਵੀ ਚਾਈਨਾ ਡੋਰ ਦੀ ਸਪਲਾਈ ਹਰ ਵਰ੍ਹੇ ਧੜਾਧੜ ਹੁੰਦੀ ਹੈ। ਧੜਾਧੜ ਵਿਕਰੀ ਤੋਂ ਇਹ ਸਾਬਿਤ ਹੁੰਦਾ ਹੈ ਕਿ ਲੋਕਾਂ ਦੇ ਦਿਲ-ਦਿਮਾਗ ਵਿਚ ਕਾਨੂੰਨ ਦਾ ਕੋਈ ਵੀ ਖ਼ੌਫ਼ ਨਹੀਂ ਹੈ। ਜੇਕਰ ਅਵਾਮ ਨੂੰ ਜ਼ਰਾ ਵੀ ਕਾਨੂੰਨ ਦਾ ਖੌਫ਼ ਹੁੰਦਾ ਤਾਂ ਪਤੰਗਬਾਜ਼ੀ ਦੇ ਲੁਤਫ਼ ਦੀ ਆੜ ਹੇਠਾਂ ਹਰ ਵਰ੍ਹੇ ਚਾਈਨਾ ਡੋਰ ਨਿਰਦੋਸ਼ਾਂ ਦੀ ਮੌਤ ਦਾ ਕਾਰਨ ਨਾ ਬਣਦੀ।
ਪ੍ਰਸ਼ਨ ਇਹ ਉੱਠਦਾ ਹੈ ਕਿ ਕਾਨੂੰਨ ਦੀਆਂ ਧਾਰਾਵਾਂ ਕੇਵਲ ਲਿਖਤੀ ਰੂਪ ਤੱਕ ਹੀ ਸੀਮਤ ਰਹਿ ਗਈਆਂ ਹਨ? ਆਖ਼ਰ ਇਨ੍ਹਾਂ ਨੂੰ ਅਮਲੀ ਰੂਪ ਵਿਚ ਕਾਨੂੰਨ ਵਿਵਸਥਾ ਦੀ ਡਾਵਾਂਡੋਲ ਸਥਿਤੀ ਨੂੰ ਸਥਿਰ ਕਰਨ ਲਈ ਲਾਗੂ ਕਿਉਂ ਨਹੀਂ ਕੀਤਾ ਜਾਂਦਾ?
ਕਿਹਾ ਜਾਂਦਾ ਹੈ ਕਿ ਕਾਨੂੰਨ ਦੀਆਂ ਬਾਹਾਂ ਲੰਬੀਆਂ ਹੁੰਦੀਆਂ ਹਨ, ਜਿਸ ਤੋਂ ਕੁਝ ਵੀ ਲੁਕਿਆ ਨਹੀਂ ਰਹਿੰਦਾ ਪਰ ਇਥੇ ਤਾਂ ਸ਼ਰੇਆਮ ਗੈਰ ਕਾਨੂੰਨੀ ਸਰਗਰਮੀਆਂ ਦਾ ਨੰਗਾ ਨਾਚ ਹੋ ਰਿਹਾ ਹੈ, ਜਿਸ ਨੂੰ ਪ੍ਰਸ਼ਾਸਨ ਦੁਆਰਾ ਅਣਗੌਲਿਆਂ ਕੀਤਾ ਜਾ ਰਿਹਾ ਹੈ। ਲੋੜ ਹੈ ਪ੍ਰਸ਼ਾਸਨ ਨੂੰ ਰਿਸ਼ਵਤਖ਼ੋਰੀ ਦੀ ਆੜ ਤੋਂ ਬਾਹਰ ਨਿਕਲ ਕੇ ਠਰ੍ਹੰਮੇ ਦੀ ਬਜਾਇ ਸਖ਼ਤੀ ਨਾਲ ਪੇਸ਼ ਆਉਣ ਦੀ, ਕਿਉਂਕਿ ਜਿੰਨੀ ਦੇਰ ਤੱਕ ਅਵਾਮ ਦੇ ਦਿਲ-ਦਿਮਾਗ ਵਿਚ ਕਾਨੂੰਨ ਪ੍ਰਤੀ ਖ਼ੌਫ਼ ਪੈਦਾ ਨਹੀਂ ਹੁੰਦਾ, ਓਨੀ ਦੇਰ ਤੱਕ ਪਾਬੰਦੀ ਦੇ ਬਾਵਜੂਦ ਵੀ ਚਾਈਨਾ ਡੋਰ ਅਤੇ ਇਹੋ ਜਿਹੀਆਂ ਹੋਰ ਗੈਰ-ਕਾਨੂੰਨੀ ਸਰਗਰਮੀਆਂ ਵਾਪਰਦੀਆਂ ਰਹਿਣਗੀਆਂ।
-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।
ਹੀਟਰ, ਅੰਗੀਠੀ ਤੋਂ ਬਚੋ
ਠੰਢ ਦਾ ਕਹਿਰ ਲਗਾਤਾਰ ਜਾਰੀ ਹੈ। ਤਾਪਮਾਨ ਵਿਚ ਬਹੁਤ ਗਿਰਾਵਟ ਹੈ। ਆਮ ਤੌਰ 'ਤੇ ਲੋਕ ਸਾਰੀ ਰਾਤ ਕਮਰੇ ਵਿਚ ਹੀਟਰ, ਅੰਗੀਠੀ ਲਗਾ ਕੇ ਸੌ ਜਾਂਦੇ ਹਨ, ਜਿਸ ਕਾਰਨ ਕਮਰੇ ਵਿਚ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ। ਹਾਲ ਹੀ ਵਿਚ ਦਿੜ੍ਹਬਾ ਮੰਡੀ ਵਿਖੇ ਅੰਗੀਠੀ ਦਾ ਧੂੰਆਂ ਚੜ੍ਹਨ ਨਾਲ 5 ਮਜ਼ਦੂਰਾਂ ਦੀ ਮੌਤ ਹੋ ਗਈ। ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਨੇ ਸਰੀਰ ਨੂੰ ਸੋਹਲ ਬਣਾ ਲਿਆ ਹੈ। ਜਦੋਂ ਉਹ ਸਰੀਰ ਨੂੰ ਗਰਮ ਕਰ ਕੇ ਘਰਾਂ 'ਚੋਂ ਬਾਹਰ ਨਿਕਲਦੇ ਹਨ, ਤਾਂ ਸਾਡੇ ਸਰੀਰ ਨੂੰ ਹਵਾ ਲੱਗ ਜਾਂਦੀ ਹੈ, ਕਿਉਂਕਿ ਬਾਹਰ ਦਾ ਤਾਪਮਾਨ ਘੱਟ ਹੁੰਦਾ ਹੈ। ਹੀਟਰ ਦੀ ਜ਼ਿਆਦਾ ਵਰਤੋਂ ਕਰਨ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਅੱਖਾਂ ਦੀ ਨਮੀ ਨੂੰ ਖ਼ਤਰਾ ਹੋ ਜਾਂਦਾ ਹੈ, ਜਿਸ ਨਾਲ 'ਡਰਾਈ ਆਈਜ਼' ਦੀ ਸਮੱਸਿਆ ਦਾ ਸ਼ਿਕਾਰ ਹੋਣਾ ਪੈਂਦਾ ਹੈ। ਵੈਸੇ ਤਾਂ ਹੀਟਰਾਂ, ਬਲੋਅਰਾਂ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ਦੇ ਫਾਇਦੇ ਘੱਟ ਤੇ ਨੁਕਸਾਨ ਜ਼ਿਆਦਾ ਹੁੰਦੇ ਹਨ।
-ਸੰਜੀਵ ਸਿੰਘ ਸੈਣੀ
ਮੁਹਾਲੀ
ਆਓ ਚੰਗੇ ਇਨਸਾਨ ਬਣੀਏ
ਜ਼ਿੰਦਗੀ ਬਹੁਤ ਖ਼ੂਬਸੂਰਤ ਹੈ। ਅਸੀਂ ਤਕਰੀਬਨ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਣਦੇ ਹਾਂ। ਅਕਸਰ ਕਿਹਾ ਵੀ ਜਾਂਦਾ ਹੈ ਕਿ ਜਿਹੋ ਜਿਹੇ ਕਰਮ ਅਸੀਂ ਕਰਾਂਗੇ, ਵੈਸਾ ਹੀ ਫਲ ਸਾਨੂੰ ਮਿਲੇਗਾ। ਜੋ ਇਨਸਾਨ ਚੰਗੇ ਕਰਮ ਕਰਦਾ ਹੈ ਭਾਵ ਸਾਰੀਆਂ ਦੀ ਇੱਜ਼ਤ ਕਰਦਾ ਹੈ, ਕੁਦਰਤ ਦੇ ਕਾਨੂੰਨ ਅਨੁਸਾਰ ਜ਼ਿੰਦਗੀ ਜਿਊਂਦਾ ਹੈ, ਫਿਰ ਦਾਤਾ ਵੀ ਅਜਿਹੇ ਇਨਸਾਨ ਨੂੰ ਕੋਈ ਕਮੀ ਨਹੀਂ ਛੱਡਦਾ। ਅਜਿਹਾ ਇਨਸਾਨ ਸੁੱਖਾਂ ਨਾਲ ਮਾਲਾ-ਮਾਲ ਹੋ ਜਾਂਦਾ ਹੈ। ਅਕਸਰ ਜੋ ਇਨਸਾਨ ਗੁਰੂ ਮਰਿਆਦਾ ਅਨੁਸਾਰ ਜ਼ਿੰਦਗੀ ਜਿਊਂਦਾ ਹੈ, ਫਿਰ ਦਾਤਾ ਵੀ ਉਸ ਦੀ ਝੋਲੀ ਸੁੱਖਾਂ ਨਾਲ ਭਰ ਦਿੰਦਾ ਹੈ। ਅਜਿਹੇ ਇਨਸਾਨ ਦਾ ਕਿਰਦਾਰ ਆਪ ਹੀ ਝਲਕਦਾ ਹੈ। ਉਸ ਨੂੰ ਆਪਣੇ ਬਾਰੇ ਬਿਆਨ ਕਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ। ਅਜਿਹਾ ਇਨਸਾਨ ਕੁਦਰਤ ਦੇ ਦਾਇਰੇ ਵਿਚ ਰਹਿ ਕੇ ਜ਼ਿੰਦਗੀ ਗੁਜ਼ਾਰਦਾ ਹੈ। ਪ੍ਰੀਤ ਪਿਆਰ, ਸਹਿਣਸ਼ੀਲਤਾ, ਨਿਮਰਤਾ, ਮਨੁੱਖੀ ਜੀਵਨ ਦੇ ਗਹਿਣੇ ਹੁੰਦੇ ਹਨ। ਸਾਨੂੰ ਹਮੇਸ਼ਾ ਹੀ ਚੰਗੀ ਸੋਚ ਰੱਖਣੀ ਚਾਹੀਦੀ ਹੈ। ਚੰਗੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ। ਹਮੇਸ਼ਾਂ ਸਭ ਦੀ ਇੱਜ਼ਤ ਕਰਨੀ ਚਾਹੀਦੀ ਹੈ। ਅਕਸਰ ਕਈ ਲੋਕਾਂ ਨੂੰ ਪੈਸੇ ਦਾ ਬਹੁਤ ਘੁਮੰਡ ਹੁੰਦਾ ਹੈ, ਪੈਸੇ ਦੇ ਘੁਮੰਡ ਕਰਕੇ ਉਹ ਕਈ ਵਾਰ ਅਜਿਹੇ ਗਲਤ ਕਰਮ ਕਰ ਦਿੰਦੇ ਹਨ, ਜਿਸ ਕਰਕੇ ਸਮਾਜ ਵਿਚ ਉਨ੍ਹਾਂ ਨੂੰ ਕਈ ਵਾਰ ਨੀਵਾਂ ਵੀ ਹੋਣਾ ਪੈਂਦਾ ਹੈ। ਹਮੇਸ਼ਾ ਸੱਚ ਬੋਲੋ। ਕਦੇ ਵੀ ਕਿਸੇ ਇਨਸਾਨ ਦੀ ਬੁਰਾਈ ਨਾ ਦੇਖੋ। ਸੱਚ ਨੂੰ ਸੱਚ ਕਹੋ, ਚਾਹੇ ਤੁਹਾਡਾ ਉਹ ਦੁਸ਼ਮਣ ਕਿਉਂ ਨਾ ਹੋਵੇ। ਹਮੇਸ਼ਾ ਵੱਡਿਆਂ ਬਜ਼ੁਰਗਾਂ ਦਾ ਸਤਿਕਾਰ ਕਰੋ। ਛੋਟਿਆਂ ਨਾਲ ਪਿਆਰ ਕਰੋ। ਚੰਗੇ ਲੋਕਾਂ ਦੀ ਸੰਗਤ ਕਰੋ।
-ਸੰਜੀਵ ਸਿੰਘ ਸੈਣੀ, ਮੁਹਾਲੀ
ਗੱਡੀ ਹੌਲੀ ਚਲਾਓ
ਰੋਜ਼ਾਨਾ ਹੀ ਅਖ਼ਬਾਰਾਂ ਦੇ ਵਿਚ ਵਾਹਨ ਦੁਰਘਟਨਾ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਇਨ੍ਹਾਂ ਦੁਰਘਟਨਾਵਾਂ ਦੇ ਕਾਰਨ ਕਿੰਨੇ ਹੀ ਲੋਕ ਆਪਣੀਆਂ ਕੀਮਤੀ ਜਾਨਾਂ ਅਜਾਈਂ ਗੁਵਾ ਰਹੇ ਹਨ। ਕਈ ਵਾਰ ਤਾਂ ਪੂਰੇ ਦਾ ਪੂਰਾ ਪਰਿਵਾਰ ਹੀ ਦੁਰਘਟਨਾ ਕਰਕੇ ਆਪਣੀ ਕੀਮਤੀ ਜਾਨ ਗਵਾ ਬੈਠਦਾ ਹੈ। ਅਜਿਹੀ ਖ਼ਬਰ ਪੜ੍ਹ ਕੇ ਮਨ ਨੂੰ ਬੜੀ ਠੇਸ ਪੁੱਜਦੀ ਹੈ। ਜ਼ਿਆਦਾਤਰ ਦੇਖਣ ਵਿਚ ਆਉਂਦਾ ਹੈ ਕਿ ਕਈ ਲੋਕ ਤੇਜ਼ ਗਤੀ ਅਤੇ ਅਣਗਹਿਲੀ ਨਾਲ ਵਾਹਨ ਚਲਾਉਂਦੇ ਹਨ। ਅਜਿਹਾ ਕਰਕੇ ਜਿੱਥੇ ਉਹ ਖੁਦ ਲਈ ਖ਼ਤਰਾ ਮੁੱਲ ਲੈਂਦੇ ਹਨ, ਉਥੇ ਹੀ ਉਹ ਦੂਜਿਆਂ ਲਈ ਵੀ ਪਰੇਸ਼ਾਨੀ ਖੜ੍ਹੀ ਕਰਦੇ ਹਨ। ਅੱਜਕਲ ਦੇ ਧੁੰਦ ਵਾਲੇ ਮੌਸਮ ਵਿਚ ਵਾਹਨ ਨੂੰ ਚਲਾਉਣ ਵੇਲੇ ਖਾਸ ਸਾਵਧਾਨੀ ਵਰਤਣ ਦੀ ਲੋੜ ਹੈ। ਘਰ ਤੋਂ ਨਿਕਲਣ ਵੇਲੇ ਕੁਝ ਸਮਾਂ ਪਹਿਲਾਂ ਚੱਲਣਾ ਚਾਹੀਦਾ ਹੈ ਅਤੇ ਵਾਹਨ ਚਲਾਉਂਦੇ ਹੋਏ ਰਫ਼ਤਾਰ ਘੱਟ ਰੱਖਣੀ ਚਾਹੀਦੀ ਹੈ। ਵਾਹਨ ਦੀਆਂ ਅਗਲੀਆਂ ਲਾਈਟਾਂ ਲਗਾ ਕੇ ਚੱਲਣਾ ਅਤੇ ਵਾਹਨ ਦੇ ਪਿਛਲੇ ਪਾਸੇ ਰਿਫਲੈਕਟਰ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਜੋ ਸੜਕ ਉੱਤੇ ਆ ਰਹੇ ਦੂਜੇ ਵਾਹਨਾਂ ਨੂੰ ਅੰਦਾਜ਼ਾ ਹੋ ਸਕੇ। ਅਜਿਹੇ ਧੁੰਦ ਦੇ ਮੌਸਮ ਵਿਚ ਓਵਰਟੇਕ ਨਾ ਕਰਕੇ ਅਤੇ ਪੂਰੇ ਧਿਆਨ ਨਾਲ ਵਾਹਨ ਚਲਾ ਕੇ ਦੁਰਘਟਨਾ ਨੂੰ ਕਾਫ਼ੀ ਹੱਦ ਤਕ ਘਟਾਇਆ ਜਾ ਸਕਦਾ ਹੈ। ਵਾਹਨ ਚਲਾਉਂਦੇ ਸਮੇਂ ਕਿਸੇ ਵੀ ਪ੍ਰਕਾਰ ਦੀ ਅਣਗਹਿਲੀ ਨਾ ਕਰਕੇ ਅਸੀਂ ਆਪਣੀ ਅਤੇ ਦੂਜਿਆਂ ਦੀ ਕੀਮਤੀ ਜਾਨ ਬਚਾਅ ਸਕਦੇ ਹਾਂ।
-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।
ਨਹਿਰੀ ਪਾਣੀ ਦੀ ਮਹੱਤਤਾ
ਪਿਛਲੇ ਦਿਨੀਂ ਪ੍ਰੋ. ਗੁਰਵੀਰ ਸਿੰਘ ਸਰੌਦ ਅਤੇ 2 ਜਨਵਰੀ ਨੂੰ ਪ੍ਰੋ. ਰਣਜੀਤ ਸਿੰਘ ਧਨੋਆ ਹੁਰਾਂ ਦੇ ਨਹਿਰੀ ਪਾਣੀ ਦੀ ਮਹੱਤਤਾ ਅਤੇ ਲੋੜ ਬਾਰੇ ਵਿਸਥਾਰ ਨਾਲ ਲਿਖੇ ਆਰਟੀਕਲ ਪੜ੍ਹੇ। ਖੇਤੀ ਲਈ ਪਾਣੀ ਦੇ ਸਰੋਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਹਰੀ ਕ੍ਰਾਂਤੀ ਤੋਂ ਪਹਿਲਾਂ ਪੰਜਾਬ ਵਿਚ ਖੇਤੀ ਲਈ ਪਾਣੀ ਦੇ ਸਰੋਤ ਖੂਹ ਹੁੰਦੇ ਸਨ। ਜਿਥੋਂ ਨਹਿਰੀ ਪਾਣੀ ਪੈਂਦਾ ਸੀ ਉਥੇ ਭਰਪੂਰ ਫ਼ਸਲ ਹੁੰਦੀ ਸੀ। ਬਿਜਲੀ ਆਉਣ ਨਾਲ ਟਿਊਬਵੈੱਲ ਲੱਗਣ ਨਾਲ ਕਿਸਾਨਾਂ ਨੇ ਨਹਿਰੀ ਪਾਣੀ ਵਲੋਂ ਮੂੰਹ ਮੋੜਨਾ ਸ਼ੁਰੂ ਕਰ ਦਿੱਤਾ। ਧਰਤੀ ਹੇਠਲੇ ਪਾਣੀ ਦੀ ਜ਼ਿਾਦਾ ਖਿਚਾਈ ਹੋਣ ਕਰਕੇ ਧਰਤੀ ਹੇਠਲਾ ਪਾਣੀ ਖ਼ਤਰਨਾਕ ਤਹਿਆਂ ਤੱਕ ਪਹੁੰਚ ਗਿਆ। ਰਹਿੰਦੀ-ਖੂੰਹਦੀ ਕਸਰ ਮੁਫ਼ਤ ਮਿਲਦੀ ਬਿਜਲੀ ਨੇ ਪੂਰੀ ਕਰ ਦਿੱਤੀ।
ਝੋਨੇ ਵੱਲ ਵਧਦਾ ਰਕਬਾ ਅਤੇ ਹੋਰ ਖੇਤੀ ਉਪਜਾਂ ਤੋਂ ਮੁੱਖ ਮੋੜਨ ਦਾ ਇਲਜ਼ਾਮ ਅਸੀਂ ਕਿਸਾਨਾਂ ਸਿਰ ਨਹੀਂ ਮੜ੍ਹ ਸਕਦੇ, ਇਹਦੇ ਵਿਚ ਜ਼ਿਆਦਾ ਕਸੂਰ ਸਰਕਾਰਾਂ ਦਾ ਹੈ। ਸਰਕਾਰਾਂ ਨੇ ਹੋਰ ਫ਼ਸਲਾਂ 'ਤੇ ਘੱਟੋ-ਘਟ ਸਮਰਥਨ ਮੁੱਲ ਦੇਣ ਤੋਂ ਪੱਲਾ ਝਾੜ ਲਿਆ। ਨਹਿਰਾਂ, ਕੱਸੀਆਂ ਤੇ ਨਾਲਿਆਂ ਦੀ ਖਲਾਈ ਵੱਲ ਨਾ ਤਾਂ ਸਰਕਾਰਾਂ ਦਾ ਧਿਆਨ ਗਿਆ ਤੇ ਨਾ ਹੀ ਕਿਸਾਨਾਂ ਦਾ। ਅਜਿਹੇ ਸਮੇਂ ਜਦੋਂ ਹੁਣ ਧਰਤੀ ਹੇਠਲਾ ਪਾਣੀ ਖ਼ਤਰਨਾਕ ਹੱਦ ਤਕ ਪਹੁੰਚ ਗਿਆ ਹੈ, ਧਰਤੀ ਬੰਜਰ ਹੋਣ ਜਾ ਰਹੀ ਹੈ ਤਾਂ ਨਹਿਰੀ ਪਾਣੀ ਦੀ ਮਹੱਤਤਾ ਨੂੰ ਸਮਝਦਿਆਂ ਕਿਸਾਨਾਂ ਤੇ ਸਰਕਾਰਾਂ ਨੂੰ ਸੋਚਣਾ ਪਵੇਗਾ।
ਹਰਿਆਣਾ ਤੇ ਰਾਜਸਥਾਨ ਸੂਬੇ ਤਾਂ ਨਹਿਰੀ ਪਾਮੀ ਨੂੰ ਖੇਤੀ ਲਈ ਖੂਬ ਵਰਤ ਰਹੇ ਹਨ ਪਰ ਦੂਜੇ ਪਾਸੇ ਅਸੀਂ ਪੰਜਾਂ ਪਾਣੀਆਂ ਦੇ ਮਾਲਕ ਨਹਿਰੀ ਪਾਣੀ ਨੂੰ ਖੇਤੀ ਲਈ ਨਜਰ ਅੰਦਾਜ਼ ਕਰੀ ਬੈਠੇ ਹਾਂ। ਪੰਜਾਬ ਦੇ ਕਿਸਾਨ ਤੇ ਸਰਕਾਰ ਇਸ ਮੁੱਦੇ 'ਤੇ ਗੰਭੀਰਤਾ ਨਾਲ ਮਿਲ ਬੈਠ ਕੇ ਸੋਚਣ। ਪਾਣੀ ਹੈ ਤਾਂ ਧਰਤੀ ਹਰੀ-ਭਰੀ ਹੈ, ਫਸਲਾਂ ਹਨ, ਜੀਵਨ ਦਾ ਅਧਾਰ ਹੈ ਪਾਣੀ। ਇਸ ਕੀਮਤੀ ਖਜ਼ਾਨੇ ਨੂੰ ਫ਼ਸਲਾਂ ਲਈ ਮੋੜ ਲਿਆਈਏ। ਪ੍ਰੋ. ਧਨੋਆ ਅਤੇ ਪ੍ਰੋ. ਸਰੋਦ ਵਰਗੇ ਫ਼ਿਕਰਮੰਦ ਵਿਦਵਾਨਾਂ ਦਾ ਧੰਨਵਾਦ ਕਰਨਾ ਬਣਦਾ ਹੈ।
-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।
ਪੰਜਾਬ ਦੀਆਂ ਸਰਕਾਰੀ ਨੌਕਰੀਆਂ
ਭਾਵੇਂ ਸਰਕਾਰ ਵਲੋਂ ਪੰਜਾਬ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਹੋਇਆ ਹੈ ਅਤੇ ਕੁਝ ਹੱਦ ਤਕ ਨੌਕਰੀਆਂ ਦਿੱਤੀਆਂ ਵੀ ਗਈਆਂ ਹਨ, ਪਰੰਤੂ ਸਰਕਾਰੀ ਨੌਕਰੀਆਂ ਲਈ ਬਾਹਰੀ ਸੂਬਿਆਂ ਦੇ ਕਈ ਨੌਜਵਾਨਾਂ ਨੇ ਪੰਜਾਬੀਆਂ ਨੂੰ ਪਛਾੜਿਆ ਹੈ। ਮੈਰਿਟ ਆਦਿ ਸੂਚੀ ਵਿਚ ਵੀ ਬਾਹਰੀ ਸੂਬਿਆਂ ਦੇ ਉਮੀਦਵਾਰ ਪੰਜਾਬੀ ਨੌਜਵਾਨਾਂ ਨਾਲੋਂ ਅੱਗੇ ਦੱਸੇ ਜਾਂਦੇ ਹਨ। ਪੰਜਾਬ ਦੇ ਲੱਖਾਂ ਦੀ ਗਿਣਤੀ ਵਿਚ ਨੌਜਵਾਨ ਮੁੰਡੇ-ਕੁੜੀਆਂ ਬੇਰੁਜ਼ਗਾਰ ਫਿਰ ਰਹੇ ਹਨ ਅਤੇ ਗੁਆਂਢੀ ਸੂਬਿਆਂ ਦੇ ਲੋਕਾਂ ਵਲੋਂ ਪੰਜਾਬ ਵਿਚ ਪੈਰ ਜਮਾਉਣ ਕਾਰਨ ਉਹ ਵਿਦੇਸ਼ੀ ਧਰਤੀ 'ਤੇ ਜਾਣ ਲਈ ਮਜਬੂਰ ਹਨ।
ਭਾਵੇਂ ਕਈ ਸੂਬਿਆਂ ਵਲੋਂ ਆਪਣੇ ਮੂਲ ਬਸ਼ਿੰਦਿਆਂ ਨੂੰ ਹੀ ਨੌਕਰੀਆਂ ਦੇਣ ਦੀ ਠੋਸ ਨੀਤੀ ਬਣਾਈ ਹੋਈ ਹੈ, ਪਰੰਤੂ ਪੰਜਾਬ ਨੂੰ ਵੀ ਆਪਣੇ ਮੂਲ ਬਸ਼ਿੰਦਿਆਂ ਨੂੰ ਹੀ ਸਰਕਾਰੀ ਨੌਕਰੀਆਂ ਦੇਣ ਲਈ ਠੋਸ ਨੀਤੀ ਬਣਾਉਣੀ ਚਾਹੀਦੀ ਹੈ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਉਹ ਦਿਨ ਦੂਰ ਨਹੀਂ ਕਿ ਪੰਜਾਬ ਦੇ ਨੌਜਵਾਨ ਬੇਰੁਜ਼ਗਾਰ ਰਹਿ ਜਾਣਗੇ, ਉਥੇ ਹੀ ਪੰਜਾਬ ਦੇ ਵਡਮੁੱਲੇ ਪੰਜਾਬੀ ਕਲਚਰ ਦੀ ਹੋਂਦ ਵੀ ਖ਼ਤਰੇ ਵਿਚ ਪੈ ਜਾਵੇਗੀ ਕਿਉਂਕਿ ਪ੍ਰਵਾਸੀ ਭਾਈਚਾਰਾ ਵੀ ਪਹਿਲਾਂ ਹੀ ਦੂਜੇ ਸੂਬਿਆਂ ਵਿਚੋਂ ਆ ਕੇ ਪੰਜਾਬ ਵਿਚ ਸਥਾਪਤ ਹੋ ਚੁੱਕਾ ਹੈ।
-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।
ਮੰਦਭਾਗੀ ਘਟਨਾ
ਦਿੱਲੀ ਵਿਚ ਨਵੇਂ ਸਾਲ ਦੇ ਪਹਿਲੇ ਦਿਨ ਹੀ ਵਾਪਰੇ ਇਕ ਸੜਕ ਹਾਦਸੇ ਨੇ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਦੇ ਬੁਲੰਦ ਹੌਸਲੇ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਕਮੀਆਂ ਨੂੰ ਉਜਾਗਰ ਕਰ ਕੇ ਰੱਖ ਦਿੱਤਾ ਹੈ। ਨਸ਼ੇ ਵਿਚ ਧੁੱਤ ਚਾਰ ਕਾਰ ਸਵਾਰ ਨੌਜਵਾਨਾਂ ਵਲੋਂ ਇਕ ਐਕਟਿਵਾ ਸਵਾਰ ਲੜਕੀ ਨੂੰ ਟੱਕਰ ਮਾਰ ਕੇ ਉਸ ਨੂੰ ਕਈ ਕਿਲੋਮੀਟਰ ਤੱਕ ਘਸੀਟਦੇ ਹੋਏ ਲੈ ਕੇ ਜਾਣਾ ਜਿਥੇ ਟ੍ਰੈਫਿਕ ਨਿਯਮਾਂ ਵਿਚ ਕੀਤੀ ਕੁਤਾਹੀ ਨਜ਼ਰ ਆਉਂਦੀ ਹੈ ਉਥੇ ਨਵੇਂ ਸਾਲ ਨੂੰ ਮੁੱਖ ਰੱਖਦੇ ਹੋਏ ਪੁਲਿਸ ਵਲੋਂ ਕੀਤੇ ਜਾਂਦੇ ਸੁਰੱਖਿਆ ਪ੍ਰਬੰਧਾਂ ਦੀ ਦਸ਼ਾ ਵੀ ਪ੍ਰਗਟ ਹੁੰਦੀ ਹੈ। ਇਹ ਕੋਈ ਇਕੱਲੀ ਘਟਨਾ ਨਹੀਂ ਹਰ ਰੋਜ਼ ਨਸ਼ੇ ਵਿਚ ਧੁੱਤ ਸਵਾਰਾਂ ਵਲੋਂ ਕਿੰਨੇ ਹੀ ਸੜਕ ਹਾਦਸਿਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ, ਜਿਸ ਵਿਚ ਕਈ ਬੇਕਸੂਰ ਲੋਕਾਂ ਦੀਆਂ ਕੀਮਤੀ ਜਾਨਾਂ ਅਜਾਈਂ ਹੀ ਚਲੀਆਂ ਜਾਂਦੀਆਂ ਹਨ ਅਤੇ ਘਰਾਂ ਦੇ ਚਿਰਾਗ ਸਦਾ ਲਈ ਬੁੱਝ ਜਾਂਦੇ ਹਨ। ਪੁਲਿਸ ਥਾਣਿਆਂ ਵਿਚ ਪਹਿਲਾਂ ਤਾਂ ਕੇਸ ਦਰਜ ਨਹੀਂ ਕੀਤੇ ਜਾਂਦੇ ਅਤੇ ਜੇਕਰ ਦਰਜ ਕਰ ਵੀ ਲਏ ਜਾਣ ਤਾਂ ਉਹ ਵੱਢੀ ਖੋਰੀ ਜਾਂ ਪੁਲਿਸ ਅਤੇ ਨਿਆਂਪਾਲਿਕਾ ਦੀ ਢਿੱਲੀ ਕਾਰਗੁਜ਼ਾਰੀ ਦੀ ਭੇਟ ਚੜ੍ਹ ਜਾਂਦੇ ਹਨ ਅਤੇ ਵਿਅਕਤੀ ਇਨਸਾਫ਼ ਦੀ ਉਡੀਕ ਵਿਚ ਹੀ ਬੁੱਢਾ ਹੋ ਜਾਂਦਾ ਹੈ ਪਰ ਇਨਸਾਫ਼ ਫਿਰ ਵੀ ਨਹੀਂ ਮਿਲਦਾ। ਸੜਕ ਹਾਦਸਿਆਂ ਨੂੰ ਰੋਕਣ ਲਈ ਪ੍ਰਸ਼ਾਸਨਿਕ ਸਖ਼ਤੀ ਲਾਜ਼ਮੀ ਤੌਰ 'ਤੇ ਲਾਗੂ ਕਰਨੀ ਹੋਵੇਗੀ ਉਹ ਵੀ ਹਰ ਇਕ ਲਈ ਅਤੇ ਲੋੜੀਂਦੇ ਵਿਅਕਤੀਆਂ ਲਈ ਸਜ਼ਾ ਮੁਕੱਰਰ ਕਰਨੀ ਹੋਵੇਗੀ ਤਾਂ ਜੋ ਸੜਕ ਹਾਦਸਿਆਂ ਨੂੰ ਰੋਕਦੇ ਹੋਏ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।
-ਰਜਵਿੰਦਰ ਪਾਲ ਸ਼ਰਮਾ
ਸ਼ਰਾਬ ਜ਼ਰੂਰੀ ਜਾਂ ਪਾਣੀ?
ਪਿਛਲੇ ਦਿਨੀਂ 'ਅਜੀਤ' 'ਚ ਵਾਤਾਵਰਨ ਪ੍ਰੇਮੀ ਵਿਜੈ ਬੰਬੇਲੀ ਦਾ ਲੇਖ 'ਜ਼ੀਰੇ ਖਿੱਤੇ ਦੇ ਸੰਤਾਪ ਦੇ ਸਨਮੁੱਖ' ਪੜ੍ਹਿਆ। ਅੱਖਾਂ ਅੱਗੇ ਸਭ ਕੁਝ ਹੋ ਰਿਹਾ ਹੈ ਪਰ ਸਾਰੇ ਚੁੱਪ ਹਾਂ। ਕਿਸਾਨਾਂ ਦੀਆਂ ਅੱਖਾਂ ਵੀ ਉਦੋਂ ਖੁੱਲ੍ਹੀਆਂ ਜਦੋਂ ਬੰਬੀਆਂ ਦੀਆਂ ਧਾਰਾਂ ਲਾਹਣ ਬਣ ਕੇ ਵਗਣ ਲੱਗੀਆਂ। ਲੋਕ ਚਮੜੀ ਦੀਆਂ ਬਿਮਾਰੀਆਂ, ਕੈਂਸਰ ਆਦਿ ਨਾਲ ਪੀੜਤ ਹੋਣ ਲੱਗੇ। ਪਰ ਪ੍ਰਸ਼ਾਸਨ ਅਤੇ ਸਰਕਾਰ ਅਜੇ ਵੀ ਮੰਨਣ ਲਈ ਤਿਆਰ ਨਹੀਂ। ਅੱਜ ਸਾਨੂੰ ਪਾਣੀ ਬਚਾਉਣਾ ਚਾਹੀਦਾ ਹੈ ਕਿ ਸ਼ਰਾਬ ਰੂਪੀ ਜ਼ਹਿਰ ਦੀ ਜ਼ਿਆਦਾ ਜ਼ਰੂਰਤ ਹੈ? 10-20 ਲੀਟਰ ਪਾਣੀ ਬਰਬਾਦ ਕਰਕੇ ਇਕ ਲੀਟਰ ਸ਼ਰਾਬ (ਜ਼ਹਿਰ) ਪੈਦਾ ਕਰ ਰਹੇ ਹਾਂ, ਹੈ ਨਾ ਹੈਰਾਨੀ ਦੀ ਗੱਲ। ਅੱਜ ਸਰਮਾਏਦਾਰੀ ਪੈਸਾ ਇਕੱਠਾ ਕਰਨ ਲਈ ਕੁਦਰਤੀ ਵਸੀਲਿਆਂ ਨੂੰ ਬਰਬਾਦ ਕਰਕੇ ਤਜੌਰੀਆਂ ਭਰਨ ਲੱਗੀ ਹੋਈ ਹੈ। ਉਹ ਇਹ ਨਹੀਂ ਸੋਚਦੀ ਕਿ ਇਸ ਵਾਤਾਵਰਨ ਵਿਚ ਉਸ ਨੇ ਵੀ ਜੀਊਣਾ ਹੈ। ਮੈਂ ਫੋਕਲ ਪੁਆਇੰਟ ਵਿਚ ਨੌਕਰੀ ਕਰਦਾ ਹਾਂ। ਮੈਨੂੰ ਇਹ ਵੀ ਪਤਾ ਹੈ ਕਿ ਕਿੰਨੀਆਂ ਫੈਕਟਰੀਆਂ ਨੇ ਵਾਟਰ ਟਰੀਟਮੈਂਟ ਪਲਾਂਟ ਲਾਏ ਹਨ? ਬਸ ਸਾਰਾ ਕੁਝ ਵਿਖਾਵੇ ਲਈ ਹੀ ਹੈ। ਫੋਕਲ ਪੁਆਇੰਟ ਵਿਚਕਾਰ ਪੋਲੀਊਸ਼ਨ ਕੰਟਰੋਲ ਬੋਰਡ ਦਾ ਸ਼ਾਨਦਾਰ ਦਫ਼ਤਰ ਹੈ। ਕੋਈ ਵੀ ਦਫ਼ਤਰੋਂ ਬਾਹਰ ਨਿਕਲ ਕੇ ਕਿਸੇ ਫੈਕਟਰੀ ਵਿਚ ਝਾਤੀ ਨਹੀਂ ਮਾਰਦਾ। ਗੰਦੇ ਪਾਣੀ ਨਾਲ ਸੀਵਰੇਜ ਸਿਸਟਮ ਜਾਮ ਪਿਆ ਹੈ। ਜਦੋਂ ਬਰਸਾਤ ਹੁੰਦੀ ਹੈ, ਸੀਵਰੇਜ ਦਾ ਗੰਦਾ ਪਾਣੀ ਸਾਰੇ ਫੋਕਲ ਪੁਆਇੰਟ ਵਿਚ ਬੂ ਮਾਰਦਾ, ਮਜ਼ਦੂਰ ਲੋਕਾਂ ਲਈ ਬਿਮਾਰੀਆਂ ਦਾ ਕਾਰਨ ਬਣਦਾ ਹੈ। ਮਾਲਕ ਲੋਕ ਏ.ਸੀ. ਕਾਰਾਂ, ਏ.ਸੀ. ਦਫਤਰਾਂ ਵਿਚ ਬੈਠਦੇ ਨੇ। ਪ੍ਰਸ਼ਾਸਨ ਵਰ੍ਹੇ ਛਿਮਾਹੀ ਜਦੋਂ ਕੋਈ ਫੰਕਸ਼ਨ ਹੁੰਦਾ ਹੈ, ਥੋੜ੍ਹੇ ਚਿਰ ਲਈ ਆਉਂਦਾ ਹੈ। ਲੱਛੇਦਾਰ ਭਾਸ਼ਨ ਤੇ ਲਾਰੇ। ਆਖਿਰ ਕਦੋਂ ਤਕ ਇਹ ਧਰਤੀ ਆਪਣੇ ਪਿੰਡੇ 'ਤੇ ਸਿਤਮ ਜ਼ਰੇਗੀ? ਇਸ ਧਰਤੀ ਤੋਂ ਮਨੁੱਖਤਾ ਦਾ ਨਾਸ਼ ਨੇੜੇ ਜਾਪਣ ਲੱਗਾ ਹੈ। ਧਨ-ਕੁਬੇਰਾਂ ਦੀ ਭੁੱਖ ਕਦੋਂ ਮਿਟੇਗੀ? ਵਾਕਿਆ ਹੀ ਇਸ ਹਮਾਮ ਵਿਚ ਸਭ ਨੰਗੇ ਹਨ। ਸਿਆਸੀ ਆਗੂਆਂ ਅਤੇ ਪ੍ਰਸ਼ਾਸਨ ਨੂੰ ਜਾਗਣਾ ਪਵੇਗਾ। ਜੇ ਵਾਤਾਵਰਨ ਜਾਂ ਧਰਤੀ ਹੀ ਨਾ ਬਚੀ ਤਾਂ ਧਨ ਕਿਸ ਕੰਮ।
-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।
ਸ਼ਰਮਨਾਕ ਘਟਨਾ
ਹਾਲ ਹੀ ਦਿੱਲੀ ਵਿਚ 20 ਸਾਲਾ ਐਕਟਿਵਾ ਸਵਾਰ ਲੜਕੀ ਦੀ ਕਾਰ ਹੇਠ ਦਰੜੇ ਜਾਣ ਕਾਰਨ ਮੌਤ ਹੋ ਗਈ। ਹਾਲਾਂਕਿ ਚਾਹੇ ਕਾਰ ਸਵਾਰ ਪੰਜਾਂ ਮੁਲਜ਼ਮਾਂ ਨੂੰ ਫੜ ਲਿਆ ਗਿਆ ਹੈ। ਕਾਰ ਨਾਲ ਜਦੋਂ ਸਕੂਟੀ ਟਕਰਾਈ ਤਾਂ ਬੇਰਹਿਮੀਆਂ ਨੇ ਕਾਰ ਬਿਲਕੁਲ ਵੀ ਨਹੀਂ ਰੋਕੀ, ਉਲਟਾ 10 ਕਿਲੋਮੀਟਰ ਤੱਕ ਕਾਰ ਚਾਲਕ ਕੁੜੀ ਨੂੰ ਘੜੀਸਦੇ ਹੋਏ ਲੈ ਗਏ। ਉਧਰ ਦਿੱਲੀ ਦੇ ਉਪ ਰਾਜਪਾਲ, ਕੇਂਦਰੀ ਗ੍ਰਹਿ ਮੰਤਰੀ ਵਲੋਂ ਪੁਲਿਸ ਕਮਿਸ਼ਨਰ ਤੋਂ ਘਟਨਾ ਦੇ ਪੂਰੇ ਵੇਰਵੇ ਮੰਗੇ ਹੋਏ ਹਨ। ਉੱਧਰ ਪਰਿਵਾਰਕ ਮੈਂਬਰਾਂ ਨੇ ਆਪਣੀ ਧੀ ਨਾਲ ਕੁਝ ਗਲਤ ਹੋਣ ਦੇ ਸ਼ੰਕੇ ਵੀ ਜ਼ਾਹਿਰ ਕੀਤੇ ਹਨ ਤੇ ਦੋਸ਼ੀਆਂ ਖਿਲਾਫ ਫਾਂਸੀ ਦੀ ਮੰਗ ਵੀ ਕੀਤੀ ਹੈ। ਗਵਾਹਾਂ ਮੁਤਾਬਕ ਕਾਰ ਬਹੁਤ ਤੇਜ਼ ਸੀ। ਜਿਸ ਕਾਰਨ ਕੁੜੀ ਟਾਇਰਾਂ ਵਿਚ ਫਸ ਗਈ। ਵਿਚਾਰਨ ਵਾਲੀ ਗੱਲ ਹੈ ਕਿ ਹਾਦਸਾ ਹੁੰਦੇ ਸਾਰ ਹੀ ਗੱਡੀ ਨੂੰ ਰੋਕ ਕੇ ਮੁਲਜ਼ਮਾਂ ਵਲੋਂ ਕੁੜੀ ਨੂੰ ਹਸਪਤਾਲ ਪਹੁੰਚਾਉਣਾ ਚਾਹੀਦਾ ਸੀ। ਮੁਲਜ਼ਮਾਂ ਨੂੰ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੀਦਾ ਸੀ।
ਇਸ ਦਰਦਨਾਕ ਘਟਨਾ ਨੂੰ ਲੈ ਕੇ ਲੋਕਾਂ ਵਲੋਂ ਉਪ ਰਾਜਪਾਲ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ। ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅਕਸਰ ਜੋ ਸਾਫਟਵੇਅਰ ਕੰਪਨੀ ਵਿਚ ਨੌਕਰੀ ਕਰਦੇ ਹਨ ਉਨ੍ਹਾਂ ਦੀ ਸ਼ਿਫ਼ਟ ਅੱਧੀ ਰਾਤ ਨੂੰ ਖ਼ਤਮ ਹੁੰਦੀ ਹੈ। ਸੜਕਾਂ 'ਤੇ ਪੁਲਿਸ ਨੂੰ ਗਸ਼ਤ ਵਧਾਉਣੀ ਚਾਹੀਦੀ ਹੈ। ਸੀਸੀਟੀਵੀ ਕੈਮਰੇ ਦਰੁਸਤ ਹੋਣੇ ਚਾਹੀਦੇ ਹਨ, ਤਾਂ ਜੋ ਕੋਈ ਵਾਰਦਾਤ ਹੁੰਦੀ ਹੈ ਤਾਂ ਨਿਰਪੱਖ ਜਾਂਚ ਹੋ ਸਕੇ।
-ਸੰਜੀਵ ਸਿੰਘ ਸੈਣੀ ਮੁਹਾਲੀ
ਲੋਹੜੀ ਦੀ ਮਹੱਤਤਾ
ਪੁਰਾਤਨ ਸਮਿਆਂ 'ਚ ਸਾਡੇ ਪੁਰਖਿਆਂ ਦਾ ਖਾਣਾ-ਦਾਣਾ ਵੀ ਸ਼ੁੱਧ ਦੇਸੀ ਹੁੰਦਾ ਸੀ। ਅੱਜ ਦੇ ਸਮੇਂ ਵਾਂਗ ਲੋਹੜੀ ਮਨਾਉਣ ਲਈ ਭਾਂਤ-ਭਾਂਤ ਦੀਆਂ ਗੱਚਕਾਂ ਰਿਉੜੀਆਂ ਆਦਿ ਨਹੀਂ ਸਨ ਹੁੰਦੀਆਂ। ਉਨ੍ਹਾਂ ਵੇਲਿਆਂ 'ਚ ਘਰ 'ਚ ਬਣਿਆ ਗਜਰੇਲਾ, ਪਿੰਨੀਆਂ ਤੇ ਤਿਲ ਖੋਏ ਨੂੰ ਰਲਾ ਕੇ ਭੁਗਾ ਬਣਾਇਆ ਜਾਂਦਾ। ਪਾਥੀਆਂ, ਲੱਕੜਾਂ 'ਕੱਠੀਆਂ ਕਰ ਜਦੋਂ ਲੋਹੜੀ ਬਾਲੀ ਜਾਂਦੀ ਤਾਂ ਸਭ ਤੋਂ ਪਹਿਲਾਂ ਤਿਲ ਤੇ ਰੋੜੀ ਦਾ ਮੱਥਾ ਟੇਕਿਆ ਜਾਂਦਾ। ਪੰਜਾਬੀ ਭਾਸ਼ਾ 'ਚ ਗੁੜ ਦੀ ਛੋਟੀ ਡਲੀ ਨੂੰ ਰੋੜੀ ਵੀ ਕਿਹਾ ਜਾਂਦਾ ਹੈ। ਤਿਲ ਤੇ ਰੋੜੀ ਤੋਂ ਹੀ ਸ਼ਬਦ ਤਿਲੋੜੀ ਤੇ ਫੇਰ ਲੋਹੜੀ ਬਣਿਆ। ਕਈ ਥਾਵਾਂ 'ਤੇ ਲੋਹੜੀ ਨੂੰ ਲੋਹੀ ਵੀ ਕਿਹਾ ਜਾਂਦਾ ਹੈ।
-ਹਰਮਨਪ੍ਰੀਤ ਸਿੰਘ
ਸਰਹਿੰਦ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ।
ਚਾਈਨਾ ਡੋਰ 'ਤੇ ਲੱਗੇ ਪਾਬੰਦੀ
ਕੁਝ ਸਾਲ ਪਹਿਲਾਂ ਰਵਾਇਤੀ ਤੌਰ ਨਾਲ ਪਤੰਗਬਾਜ਼ੀ ਕੀਤੀ ਜਾਂਦੀ ਸੀ, ਜਿਸ ਨਾਲ ਕੋਈ ਹਾਦਸਾ ਜਾਂ ਜਾਨੀ ਨੁਕਸਾਨ ਨਹੀਂ ਹੁੰਦਾ ਸੀ। ਹੁਣ ਜਿਉਂ-ਜਿਉਂ ਸਮਾਂ ਲੰਘਿਆ ਹੈ। ਇਸ ਡੋਰ ਦੀ ਥਾਂ ਚਾਇਨਾ ਡੋਰ ਬਜ਼ਾਰ ਵਿਚ ਆ ਗਈ ਹੈ, ਜਿਸ ਨੂੰ ਪਤੰਗਬਾਜ਼ੀ ਦੇ ਮੁਕਾਬਲੇ ਵਿਚ ਕੱਟਣਾ ਮੁਸ਼ਕਲ ਹੋਣ ਦੇ ਨਾਲ ਪਤੰਗ ਚੜ੍ਹਾਉਣ ਵਾਲੇ ਬੱਚਿਆਂ ਦੇ ਹੱਥ ਵੀ ਕੱਟੇ ਜਾਂਦੇ ਹਨ। ਨੌਜਵਾਨ, ਬੱਚੇ ਪਤੰਗਾਂ ਉਡਾਉਣ ਲਈ ਚਾਇਨਾ ਡੋਰ ਖਰੀਦਦੇ ਹਨ, ਜਿਸ ਨਾਲ ਅਕਸਰ ਜਾਨੀ ਨੁਕਸਾਨ ਹੋ ਰਿਹਾ ਹੈ। ਭਾਵੇਂ ਪ੍ਰਸ਼ਾਸਨ, ਸਰਕਾਰ ਨੇ ਇਸ ਡੋਰ ਦੀ ਖਰੀਦ-ਵੇਚ 'ਤੇ ਮੁਕੰਮਲ ਪਾਬੰਦੀ ਲਗਾਈ ਹੋਈ ਹੈ, ਪਰ ਫਿਰ ਵੀ ਇਹ ਚੋਰੀ-ਛਿਪੇ ਵੇਚੀ ਖਰੀਦੀ ਜਾਂਦੀ ਹੈ। ਹੁਣ ਜਿਉਂ-ਜਿਉਂ ਲੋਹੜੀ, ਬਸੰਤ ਦੇ ਤਿਉਹਾਰ ਨੇੜੇ ਆ ਰਹੇ ਹਨ, ਤਿਉਂ-ਤਿਉਂ ਇਸ ਦੀ ਮੰਗ ਹੋਰ ਵਧ ਜਾਵੇਗੀ। ਜਿਥੇ ਆਮ ਲੋਕਾਂ, ਨੌਜਵਾਨਾਂ, ਬੱਚਿਆਂ ਨੂੰ ਚਾਇਨਾ ਡੋਰ ਦੀ ਖਰੀਦ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਉਥੇ ਹੀ ਪ੍ਰਸ਼ਾਸਨ ਨੂੰ ਚਾਇਨਾ ਡੋਰ ਦੀ ਖਰੀਦ ਕਰਨ ਤੇ ਵੇਚਣ ਵਾਲਿਆਂ 'ਤੇ ਹੋਰ ਸ਼ਿਕੰਜਾ ਕੱਸਣਾ ਚਾਹੀਦਾ ਹੈ। ਤਾਂ ਜੋ ਖੁਸ਼ੀ ਦੇ ਤਿਉਹਾਰ ਗ਼ਮੀ ਵਿਚ ਨਾ ਬਦਲ ਜਾਣ।
ਅਮਰੀਕ ਸਿੰਘ ਚੀਮਾ
-ਸ਼ਾਹਬਾਦੀਆ, ਜਲੰਧਰ।
ਸਾਕਾ ਸ਼ਹੀਦੀ ਸਪਤਾਹ-ਵਿਸ਼ੇਸ਼ ਅੰਕ
ਸਾਹਿਬੇ-ਕਮਾਲ, ਦਸ਼ਮੇਸ਼ ਪਿਤਾ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਅਤੇ ਪੂਜਨੀਕ ਮਾਤਾ ਗੁਜਰੀ/ਗੁਜਰ ਕੌਰ ਜੀ ਦੀਆਂ ਮਹਾਨ ਸ਼ਹਾਦਤਾਂ/ਸ਼ਹੀਦੀਆਂ ਨੂੰ ਸਮਰਪਿਤ 'ਸਾਕਾ ਸ਼ਹੀਦੀ ਸਪਤਾਹ-ਵਿਸ਼ੇਸ਼ ਅੰਕ ਮਿਤੀ 21 ਦਸੰਬਰ, 2022 ਕੱਢ ਕੇ ਸੰਗਤਾਂ ਦੇ ਰੂ-ਬ-ਰੂ ਕਰਨਾ 'ਅਜੀਤ' ਦਾ ਸ਼ਲਾਘਾਯੋਗ ਉਪਰਾਲਾ ਹੈ। ਇਸ ਵਿਸ਼ੇਸ਼ ਅੰਕ ਤਹਿਤ, ਡਾ. ਸਰਬਜੀਤ ਕੌਰ ਸੰਧਾਵਾਲੀਆ ਦਾ ਲੇਖ ਸ਼ਹਾਦਤ ਦੀਆਂ ਅਮਿਟ ਪੈੜਾਂ ਛੱਡਣ ਵਾਲੇ ਵੱਡੇ ਸਾਹਿਬਜ਼ਾਦੇ, ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਲੇਖ 'ਧਰਮ ਇਤਿਹਾਸ ਦਾ ਅਦੁੱਤੀ ਪੰਨਾ : ਸਾਕਾ ਸਰਹਿੰਦ' ਅਤੇ ਡਾ. ਰੂਪ ਸਿੰਘ ਹੋਰਾਂ ਦਾ ਲੇਖ ਸ਼ਹੀਦੀ ਸਪਤਾਹ ਦੀ ਦਾਸਤਾਨ ਛਪੇ, ਜਿਨ੍ਹਾਂ ਨੂੰ ਪੜ੍ਹ ਕੇ ਵਿਸ਼ੇਸ਼ ਅਤੇ ਵਡਮੁੱਲੀ ਜਾਣਕਾਰੀ ਹਾਸਿਲ ਹੋਈ। ਬਿਨਾਂ ਸ਼ੱਕ ਇਹ ਕੌਮੀ ਸ਼ਹੀਦਾਂ ਦੀਆਂ ਸ਼ਹੀਦੀਆਂ ਨਾਲ ਸੰਬੰਧਿਤ ਵਿਸ਼ੇਸ਼ ਅੰਕ ਇਕ ਸਾਂਭਣਯੋਗ ਦਸਤਾਵੇਜ਼ ਹੈ। 'ਅਜੀਤ' ਵਲੋਂ ਕੀਤੇ ਇਸ ਉੱਦਮ ਦੀ ਜਿੰਨੀ ਤਾਰੀਫ਼ ਕੀਤੀ ਜਾਏ, ਉਹ ਘੱਟ ਹੈ। ਅਸੀਂ ਕਾਮਨਾ ਕਰਦੇ ਹਾਂ ਕਿ 'ਅਜੀਤ' ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ।
-ਜਗਤਾਰ ਸਿੰਘ ਝੋਜੜ
ਜ਼ਿਲਾ ਕਚਿਹਰੀਆਂ, ਹੁਸ਼ਿਆਰਪੁਰ।
ਤਲਖ਼ੀਆਂ
ਹਰ ਬੰਦੇ ਦੀ ਜ਼ਿੰਦਗੀ ਦੇ ਅਰਥ ਵੱਖ-ਵੱਖ ਹੋਇਆ ਕਰਦੇ ਹਨ। ਬਚਪਨ ਹੰਢਾਉਣ ਦਾ ਸਮਾਂ ਸਭ ਨੂੰ ਨਸੀਬ ਹੁੰਦਾ ਹੈ। ਪਰ ਬਹੁਤੇ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਬਚਪਨ ਗੁਜਰ ਗਿਆ ਹੈ। ਅਜਿਹਾ ਵਰਤਾਰਾ ਇਨਸਾਨ ਦੀ ਜ਼ਿੰਦਗੀ ਦੇ ਹਾਲਾਤ ਪੈਦਾ ਕਰਦੇ ਹਨ। ਬਚਪਨ ਵਿਚ ਹਰ ਇਕ ਨੂੰ ਸਾਈਕਲ ਚਲਾਉਣਾ ਨਸੀਬ ਹੁੰਦਾ ਹੈ। ਸਮਾਂ ਪਾ ਕੇ ਕਈਆਂ ਨੂੰ ਗੱਡੀਆਂ ਨਸੀਬ ਹੋ ਜਾਂਦੀਆਂ ਹਨ ਤੇ ਕਈਆਂ ਦੇ ਹਿੱਸੇ ਲਾਲ ਬੱਤੀ ਵਾਲੀ ਗੱਡੀ ਵੀ ਆ ਜਾਂਦੀ ਹੈ। ਨਾਲ ਹੀ ਅਜਿਹੇ ਇਨਸਾਨ ਨੂੰ ਉੱਚੇ-ਸੁੱਚੇ ਵਿਚਾਰਾਂ ਵਾਲੇ ਜੀਵਨ ਸਾਥੀ ਦਾ ਸਾਥ ਮਿਲ ਜਾਣਾ ਵੀ ਰੁਤਬੇ ਦੀਆਂ ਉਚਾਈਆਂ ਵਧਾ ਦਿੰਦਾ ਹੈ। ਦੂਜੇ ਪਾਸੇ ਤੰਗੀਆਂ-ਤੁਰਸੀਆਂ ਨਾਲ ਵਾਅ ਵਾਸਤਾ ਰੱਖਣ ਵਾਲਾ ਤੇ ਜੀਵਨ ਸਾਥੀ ਦੇ ਛੋਟੇਪਨ ਦਾ ਸ਼ਿਕਾਰ ਹੋਣ ਵਾਲਾ ਇਨਸਾਨ ਜੇਕਰ ਖੁੱਲ੍ਹੀ ਤਬੀਅਤ ਦਾ ਮਾਲਕ ਹੈ, ਤਾਂ ਉਹ ਅਸਲ 'ਚ ਜ਼ਿੰਦਾ ਦਿਲ ਇਨਸਾਨ ਹੈ। ਬੁਹਤੇ ਇਨਸਾਨ ਆਪਣੀ ਸੂਝ-ਬੂਝ ਨਾਲ ਹਨ੍ਹੇਰੀ ਜ਼ਿੰਦਗੀ 'ਚ ਵੀ ਚਾਨਣ ਦੀ ਕਿਰਨ ਜਗਾਈ ਰੱਖਦੇ ਹਨ। ਔਖੇ ਤੋਂ ਔਖੇ ਸਮੇਂ ਵਿਚ ਵੀ ਰਿਸ਼ਤੇ ਨੂੰ ਬਣਾਈ ਰੱਖਣਾ ਵੱਡੀ ਪ੍ਰਾਪਤੀ ਹੈ। ਸਾਨੂੰ ਜ਼ਿੰਦਗੀ 'ਚ ਇਸ ਤਰ੍ਹਾਂ ਵਿਚਰਨਾ ਚਾਹੀਦਾ ਹੈ ਕਿ ਆਨੰਦ ਤੇ ਸਕੂਨ ਸਾਡੇ ਨੇੜੇ ਰਹੇ।
-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ. ਘੁਡਾਣੀ ਕਲਾਂ, ਲੁਧਿਆਣਾ।
ਪਰਉਪਕਾਰ ਦੇ ਕਾਰਜ
ਪੰਜਾਬ ਵਿਚ ਅਕਸਰ ਹੀ ਪਰਉਪਕਾਰ ਦੇ ਕਾਰਜ ਹੁੰਦੇ ਵੇਖਣ ਨੂੰ ਮਿਲਦੇ ਰਹਿੰਦੇ ਹਨ। ਪਰਉਪਕਾਰ ਦੇ ਇਨ੍ਹਾਂ ਕਾਰਜਾਂ ਵਿਚ ਖ਼ਾਸ ਤੌਰ 'ਤੇ ਦੰਦਾਂ-ਜਾੜ੍ਹਾਂ, ਅੱਖਾਂ ਦੇ ਰੋਗ ਤੇ ਹੋਰ ਸਰੀਰਕ ਬਿਮਾਰੀਆਂ ਦੇ ਸੰਬੰਧ 'ਚ ਪਿੰਡਾਂ-ਕਸਬਿਆਂ ਤੇ ਸ਼ਹਿਰਾਂ 'ਚ ਮੁਫ਼ਤ ਕੈਂਪ ਲੱਗ ਰਹੇ ਹਨ। ਉਪਰੋਕਤ ਬਹੁਤੇ ਕੈਂਪਾਂ ਵਿਚ ਇਲਾਜ ਬਿਲਕੁਲ ਮੁਫ਼ਤ ਹੋ ਰਹੇ ਹਨ। ਇਥੋਂ ਤੱਕ ਅੱਖਾਂ ਦੇ ਕੈਂਪਾਂ 'ਚ ਜਿਥੇ ਚੈੱਕਅਪ ਮੁਫ਼ਤ ਹੋ ਰਹੇ ਹਨ, ਉਥੇ ਦਵਾਈਆਂ ਤੋਂ ਇਲਾਵਾ ਅੱਖਾਂ ਦੇ ਲੈਂਜ਼ ਤੇ ਆਪ੍ਰੇਸ਼ਨ ਤੱਕ ਵੀ ਮੁਫ਼ਤ ਹੋ ਰਹੇ ਹਨ। ਕੈਂਪ ਲਾਉਣ ਵਾਲੀਆਂ ਸੰਸਥਾਵਾਂ ਦੇ ਆਗੂ ਮਰੀਜ਼ਾਂ ਲਈ ਲੰਗਰ ਵੀ ਲਾ ਰਹੇ ਹਨ। ਇਥੋਂ ਤੱਕ ਮਰੀਜ਼ਾਂ ਨੂੰ ਘਰਾਂ 'ਤੋਂ ਲੈ ਕੇ ਆਉਣ ਤੇ ਵਾਪਸ ਘਰ ਛੱਡਣ ਤੱਕ ਦੇ ਉਪਰਾਲੇ ਵੀ ਬਹੁਤੀਆਂ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਹਨ।
ਅਜਿਹੇ ਉੱਦਮ ਅੱਜ ਦੇ ਸਮੇਂ 'ਚ ਹੋਣਾ ਵੱਡੇ ਅਰਥ ਰੱਖਦਾ ਹੈ। ਗੁਰਬਾਣੀ ਵੀ ਸਾਨੂੰ ਇਹੀ ਸੰਦੇਸ਼ ਦਿੰਦੀ ਹੈ ਕਿ ਦੁਨਿਆਵੀ ਜੀਵਨ ਬਤੀਤ ਕਰਦੇ ਹੋਏ ਸਾਨੂੰ ਆਪਣੀਆਂ ਕਿਰਤ ਕਮਾਈਆਂ 'ਚੋਂ ਲੋੜਵੰਦਾਂ ਦੀ ਸਮੇਂ-ਸਮੇਂ 'ਤੇ ਮਦਦ ਕਰਦੇ ਰਹਿਣਾ ਚਾਹੀਦਾ ਹੈ। ਪਰਉਪਕਾਰ ਦੇ ਉਪਰੋਕਤ ਕਾਰਜ ਸਾਡੇ ਸਾਰਿਆਂ ਲਈ ਪ੍ਰੇਰਣਾ ਦਾ ਸ੍ਰੋਤ ਬਣੇ ਹੋਏ ਹਨ।
-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾ. ਘੁਡਾਣੀ ਕਲਾਂ, ਲੁਧਿਆਣਾ।
ਧਿਆਨ ਦੀ ਅਹਿਮੀਅਤ
ਦਿਲ ਅਤੇ ਦਿਮਾਗ ਦਾ ਸੰਤੁਲਿਤ ਬਣਾ ਕੇ ਚੱਲਣਾ ਅਤੇ ਦੂਸਰਿਆਂ ਦੀ ਗੱਲ ਨੂੰ ਗ਼ੌਰ ਨਾਲ ਸੁਣਨਾ 'ਧਿਆਨ' ਅਖਵਾਉਂਦਾ ਹੈ। ਚਾਹੇ ਖੇਤਰ ਰਾਜਨੀਤਿਕ ਹੋਵੇ, ਸਮਾਜਿਕ ਹੋਵੇ ਜਾਂ ਫਿਰ ਧਾਰਮਿਕ। ਹਰ ਖੇਤਰ ਵਿਚ ਧਿਆਨ ਦੀ ਆਪਣੀ ਹੀ ਅਹਿਮੀਅਤ ਹੁੰਦੀ ਹੈ। ਇਨ੍ਹਾਂ ਖੇਤਰਾਂ ਨਾਲ ਸੰਬੰਧਿਤ ਜਦੋਂ ਕੋਈ ਬੁਲਾਰਾ ਕਿਸੇ ਇਕੱਠ ਨੂੰ ਸੰਬੋਧਨ ਕਰਦਾ ਹੈ ਤਾਂ ਉਹ ਅਕਸਰ ਆਖਦਾ ਹੈ ਕਿ 'ਮੇਰੀ ਗੱਲ ਧਿਆਨ ਨਾਲ ਸੁਣੋ, ਜਾਂ ਮੇਰੀ ਗੱਲ ਵੱਲ ਧਿਆਨ ਦਿਉ।' ਉਸ ਦੇ ਅਜਿਹਾ ਕਹਿਣ ਤੋਂ ਭਾਵ ਹੁੰਦਾ ਹੈ ਕਿ ਸੁਣ ਰਹੇ ਲੋਕ/ਸੰਗਤ ਬੇਧਿਆਨੀ ਨਾ ਹੋਵੋ। ਜੇਕਰ ਅਸੀਂ ਕਿਸੇ ਗੱਡੀ ਨੂੰ ਚਲਾਉਂਦੇ ਹੋਏ ਰੋਡ 'ਤੇ ਜਾ ਰਹੇ ਹਾਂ ਤਾਂ ਸਾਨੂੰ ਆਪਣਾ ਧਿਆਨ ਡਰਾਈਵਿੰਗ ਵਿਚ ਕੇਂਦਰਿਤ ਕਰਕੇ ਰੱਖਣਾ ਪੈਂਦਾ ਹੈ। ਜਰ੍ਹਾ ਜਿੰਨੀ ਵੀ ਬੇਧਿਆਨੀ ਹੋਈ ਨਹੀਂ ਤਾਂ ਹਾਦਸਾ ਹੋਇਆ ਨਹੀਂ। ਸਿੱਟੇ ਵਜੋਂ ਸਾਡਾ ਜਾਨੀ-ਮਾਲੀ ਨੁਕਸਾਨ ਹੋ ਜਾਂਦਾ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਮਨੁੱਖੀ ਜ਼ਿੰਦਗੀ ਅੰਦਰ ਧਿਆਨ ਬਹੁਤ ਅਹਿਮੀਅਤ ਅਤੇ ਮਹੱਤਤਾ ਰੱਖਦਾ ਹੈ। ਸੋ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਜਿਹੜਾ ਵੀ ਕਾਰਜ ਅਸੀਂ ਕਰ ਰਹੇ ਹੋਈਏ, ਸਾਡਾ ਧਿਆਨ ਉਸੇ ਕੰਮ/ਕਾਗਜ਼ ਵੱਲ ਕੇਂਦਰਿਤ ਰਹਿਣਾ ਚਾਹੀਦਾ ਹੈ।
-ਜਗਤਾਰ ਸਿੰਘ ਝੋਜੜ
ਜ਼ਿਲਾ ਕਚਹਿਰੀਆਂ, ਹੁਸ਼ਿਆਰਪੁਰ।
ਕਿਸਾਨਾਂ ਦੀ ਦੁੱਗਣੀ ਆਮਦਨ
'ਅਜੀਤ' ਅਖ਼ਬਾਰ ਦੇ ਸੰਪਾਦਕੀ ਪੰਨੇ 'ਤੇ ਗੁਰਮੀਤ ਸਿੰਘ ਪਲਾਹੀ ਦਾ ਪ੍ਰਕਾਸ਼ਿਤ ਲੇਖ 'ਕਿੱਥੇ ਗਈ ਕਿਸਾਨਾਂ ਦੀ ਦੁੱਗਣੀ ਆਮਦਨ'? ਪੜ੍ਹਿਆ ਕਿ 2016 ਵਿਚ ਭਾਰਤ ਸਰਕਾਰ ਨੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋਣ ਲਈ ਕਿਹਾ ਸੀ, ਪਰ ਹਾਲਾਤ ਇਹ ਹਨ ਕਿ ਮਹਿੰਗਾਈ ਦੀ ਮਾਰ ਹੇਠ ਆ ਕੇ ਕਿਸਾਨ ਵਰਗ ਵਿਚਾਰਾ ਤ੍ਰਾਸਦੀ ਝੱਲਦਾ ਹੀ ਨਜ਼ਰ ਆਉਂਦਾ ਹੈ।
ਜਿਸ ਤਰ੍ਹਾਂ ਖੇਤੀ ਉਤਪਾਦਨ ਵਿਚ ਦਿਨ ਪ੍ਰਤੀ ਦਿਨ ਖ਼ਰਚਾ ਵਧਦਾ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਫ਼ਸਲਾਂ ਦਾ ਵਾਜਬ ਮੁੱਲ ਨਹੀਂ ਮਿਲ ਰਿਹਾ, ਇਸੇ ਕਰਕੇ ਕਿਸਾਨੀ ਵਰਗ ਦੀ ਆਰਥਿਕ ਸਥਿਤੀ ਕਮਜ਼ੋਰ ਹੁੰਦੀ ਜਾ ਰਹੀ ਹੈ। ਇਹ ਆਮ ਵੇਖਣ ਨੂੰ ਮਿਲਦਾ ਹੈ ਕਿ ਸਮੇਂ-ਸਮੇਂ 'ਤੇ ਸਰਕਾਰਾਂ ਅਤੇ ਖ਼ਾਸ ਕਰ ਕੇ ਚੋਣਾਂ ਮੌਕੇ ਰਾਜਨੀਤਿਕ ਪਾਰਟੀਆਂ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦੀਆਂ ਆਮ ਗੱਲਾਂ ਕਰਦੀਆਂ ਹਨ, ਪਰ ਉਨ੍ਹਾਂ ਨੂੰ ਅਮਲੀਜਾਮਾ ਨਹੀਂ ਪਹਿਨਾਇਆ ਜਾਂਦਾ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਦੇਸ਼ ਦੇ ਅੰਨਦਾਤਾ ਕਹਾਉਣ ਵਾਲੇ ਕਿਸਾਨਾ ਲਈ ਖਾਦ, ਬਿਜਲੀ, ਪਾਣੀ, ਡੀਜ਼ਲ ਦੇ ਰੇਟਾਂ ਵਿਚ ਸਬਸਿਡੀ ਦੇਵੇ ਤਾਂ ਜੋ ਕਿਸਾਨਾਂ ਲਈ ਬਿਜਾਈ ਦੇ ਖ਼ਰਚੇ ਘੱਟ ਸਕਣ ਅਤੇ ਉਨ੍ਹਾਂ ਨੂੰ ਵੱਡੀ ਰਾਹਤ ਮਿਲ ਸਕੇ।
-ਕ੍ਰਿਸ਼ਨ ਗਰਗ ਜ਼ੀਰਕਪੁਰ
ਮੁਹਾਲੀ
ਕੁਦਰਤੀ ਸੋਮੇ
2 ਜਨਵਰੀ ਨੂੰ ਪ੍ਰੋ. ਰਣਜੀਤ ਸਿੰਘ ਧਨੋਆ ਦਾ ਲੇਖ ਸੂਬੇ ਦੇ ਹਿੱਤ ਅਤੇ ਭਵਿੱਖ ਲਈ ਬੇਹੱਦ ਜ਼ਰੂਰੀ ਹੈ ਨਹਿਰੀ ਪਾਣੀ ਪੜ੍ਹਿਆ। ਜਿਸ ਵਿਚ ਪੰਜਾਬ ਅੰਦਰ ਚੱਲ ਰਹੇ ਪਾਣੀ ਦੇ ਮਸਲੇ ਨੂੰ ਬਰੀਕੀ ਨਾਲ ਵਿਚਾਰਿਆ ਗਿਆ ਹੈ। ਕੁਦਰਤ ਨੇ ਮਨੁੱਖ ਨੂੰ ਕੁਦਰਤੀ ਤੋਹਫ਼ੇ ਹਵਾ, ਪਾਣੀ, ਖਣਿਜ, ਸੂਰਜੀ ਊਰਜਾ, ਦਰੱਖ਼ਤ, ਬੂਟੇ, ਪਸ਼ੂ, ਸੂਖ਼ਮ ਜੀਵ ਆਦਿ ਦਿੱਤੇ ਹਨ। ਮਨੁੱਖ ਵਿਕਾਸ ਦੀ ਅੰਨ੍ਹੀ ਦੌੜ ਅਤੇ ਲਾਲਚ ਵਿਚ ਆ ਕੇ ਇਨ੍ਹਾਂ ਕੁਦਰਤੀ ਸੋਮਿਆਂ ਨੂੰ ਤਬਾਹ ਕਰ ਰਿਹਾ ਹੈ। ਇਨ੍ਹਾਂ ਕੁਦਰਤੀ ਸੋਮਿਆਂ ਵਿਚੋਂ ਸਭ ਤੋਂ ਗੰਭੀਰ ਮਸਲਾ ਪਾਣੀ ਦੀ ਸਾਂਭ ਸੰਭਾਲ ਦਾ ਹੈ। ਪਾਣੀ ਬਿਨਾਂ ਜੀਵਨ ਚੱਕਰ ਅਤੇ ਫ਼ਸਲੀ ਚੱਕਰ ਅਸੰਭਵ ਹੈ। ਪੰਜਾਬ ਦੇ ਹਿੱਸੇ ਦਾ ਪਾਣੀ ਬਾਹਰਲੇ ਸੂਬਿਆਂ ਨੂੰ ਜਾ ਰਿਹਾ ਹੈ ਇਹ ਮੁੱਦਾ ਬਹੁਤ ਹੀ ਗੰਭੀਰ ਹੈ ਕਿਉਂਕਿ ਪਾਣੀ ਨੂੰ ਅਸੀਂ ਕਿਸੇ ਵੀ ਫੈਕਟਰੀ ਵਿਚ ਕੈਮੀਕਲ ਪਾ ਕੇ ਤਿਆਰ ਨਹੀਂ ਕਰ ਸਕਦੇ। ਇਹ ਕੁਦਰਤ ਦੀ ਦਾਤ ਹੈ। ਦੇਸ਼ ਦੇ ਕੁਦਰਤੀ ਸੋਮੇ ਸਿਆਸਤਦਾਨਾਂ ਅਤੇ ਅਫ਼ਸਰਾਂ ਦੇ ਹੱਥੀਂ ਹੀ ਸੁਰੱਖਿਅਤ ਰਹਿ ਸਕਦੇ ਹਨ। ਸਾਡੀਆਂ ਸਰਕਾਰਾਂ ਦਾ ਫ਼ਰਜ਼ ਬਣਦਾ ਹੈ ਕਿ ਪੂਰੀ ਇਮਾਨਦਾਰੀ ਨਾਲ ਕੁਦਰਤੀ ਸੋਮਿਆਂ ਨੂੰ ਬਚਾਉਣ।
-ਕਮਲਜੀਤ ਕੌਰ ਗੁੰਮਟੀ
ਬਰਨਾਲਾ।
ਅਵਾਰਾ ਪਸ਼ੂਆਂ ਤੋਂ ਛੁਟਕਾਰਾ ਕਦੋਂ
ਪੰਜਾਬ ਦੇ ਹਰ ਸ਼ਹਿਰ, ਕਸਬਿਆਂ ਅਤੇ ਪਿੰਡਾਂ 'ਚ ਅਵਾਰਾ ਪਸ਼ੂਆਂ ਦੀ ਭਰਮਾਰ ਹੋਣ ਕਾਰਨ ਸਥਾਨਕ ਲੋਕਾਂ ਦੇ ਨਾਲ ਕਿਸਾਨ ਵੀ ਕਾਫੀ ਪ੍ਰੇਸ਼ਾਨ ਹਨ। ਸ਼ਹਿਰ ਦੀ ਹਰ ਮੁੱਖ ਸੜਕ 'ਤੇ ਅਵਾਰਾ ਪਸ਼ੂ ਆਮ ਫਿਰਦੇ ਰਹਿੰਦੇ ਹਨ, ਜਿਸ ਕਾਰਨ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਪੰਜਾਬ ਦੇ ਹਰ ਸ਼ਹਿਰ ਵਿਚ ਦੋ ਜਾਂ ਦੋ ਤੋਂ ਵੱਧ ਗਊਸ਼ਾਲਾਵਾਂ ਬਣੀਆਂ ਹੋਈਆਂ ਹਨ ਪ੍ਰੰਤੂ ਪ੍ਰਬੰਧਕਾਂ ਵਲੋਂ ਅਵਾਰਾ ਪਸ਼ੂਆਂ ਦੀ ਰੋਕਥਾਮ ਲਈ ਕੋਈ ਵੀ ਢੁੱਕਵੇਂ ਕਦਮ ਨਹੀਂ ਚੁੱਕੇ ਗਏ। ਸ਼ਹਿਰਾਂ ਦੇ ਨਜ਼ਦੀਕ ਪਿੰਡਾਂ ਦੇ ਕਿਸਾਨਾਂ ਲਈ ਅਵਾਰਾ ਪਸ਼ੂ ਮੁਸੀਬਤ ਬਣੇ ਹੋਏ ਹਨ। ਅਵਾਰਾ ਪਸ਼ੂ ਖੇਤਾਂ ਵਿਚ ਕਣਕਾਂ ਅਤੇ ਹਰਾ ਚਾਰਾ ਚਰ ਜਾਂਦੇ ਹਨ, ਜਿਸ ਕਾਰਨ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ। ਸਰਕਾਰ ਨੂੰ ਅਪੀਲ ਹੈ ਕਿ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨੂੰ ਹਦਾਇਤਾਂ ਦੇਣ ਦੇ ਨਾਲ ਨਾਲ ਉਨ੍ਹਾਂ ਨੂੰ ਫੰਡ ਵੀ ਮੁਹੱਈਆ ਕਰਵਾਏ ਜਾਣ ਤਾਂ ਜੋ ਲੋਕਾਂ ਨੂੰ ਆਵਾਰਾ ਪਸ਼ੂਆਂ ਤੋਂ ਹੁੰਦੇ ਨੁਕਸਾਨ ਤੋਂ ਛੁਟਕਾਰਾ ਮਿਲ ਸਕੇ।
-ਅਮਨ ਸ਼ਰਮਾ
ਪਿੰਡ ਬਾਹਮਣਵਾਲਾ, (ਕੋਟਕਪੂਰਾ)
ਆਰਥਿਕ ਸਥਿਤੀ ਸੁਧਾਰੇ ਸਰਕਾਰ
ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ 9 ਮਹੀਨੇ ਪੂਰੇ ਕਰ ਲਏ ਹਨ। ਪਹਿਲੀਆਂ ਦੋਵਾਂ ਪਾਰਟੀਆਂ ਦੀਆਂ? ਸਰਕਾਰਾਂ ਨਾਲੋਂ ਇਸ ਨੇ ਕਈ ਵੱਖਰੇ ਅਤੇ ਚੰਗੇ ਕੰਮ ਕੀਤੇ ਹਨ ਜਿਵੇਂ ਇਕ ਪੈਨਸ਼ਨ, ਨੌਕਰੀਆਂ ਦੇਣੀਆਂ, ਕੱਚੇ ਮੁਲਾਜ਼ਮ ਪੱਕੇ ਕਰਨੇ, ਪੁਰਾਣੀ ਪੈਨਸ਼ਨ ਬਹਾਲੀ, ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨੀਆਂ, ਮੁਹੱਲਾ ਕਲੀਨਿਕ, ਭ੍ਰਿਸ਼ਟਾਚਾਰ ਮੁਕਤ ਅਕਸ ਬਣਾਉਣਾ, ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਇਮਾਨਦਾਰ ਪਹੁੰਚ, ਰੇਤੇ-ਬਜਰੀ ਦੀ ਵਧਦੀਆਂ ਕੀਮਤਾਂ ਨੂੰ ਘੱਟ ਕਰਨ ਲਈ ਰੇਤਾ-ਬਜਰੀ ਵਿਕਰੀ ਕੇਂਦਰ ਖੋਲ੍ਹਣਾ ਅਤੇ ਨਾਲ ਹੀ ਸੂਬੇ ਦੇ ਹਰ ਜ਼ਿਲੇ ਵਿਚ ਅਜਿਹੇ ਰੇਤਾ-ਬਜਰੀ ਵਿਕਰੀ ਕੇਂਦਰ ਖੋਲ੍ਹਣ ਦੀ ਘੋਸ਼ਣਾ ਕਰਨਾ ਆਦਿ-ਆਦਿ। ਪਰੰਤੂ ਆਰਥਿਕ ਮੁਹਾਜ ਉੱਪਰ ਸਰਕਾਰ ਫੇਲ੍ਹ ਹੀ ਸਾਬਤ ਹੋਈ ਹੈ। ਕਈ ਹੋਰ ਭੱਖਦੇ ਮੁੱਦਿਆਂ ਦੇ ਨਾਲ ਸੂਬੇ ਦਾ ਆਰਥਿਕ ਸੰਕਟ ਬਰਕਰਾਰ ਹੈ। ਅਰਥ-ਸ਼ਾਸਤਰ ਵਿਚ ਦਿਲਚਸਪੀ ਹੋਣ ਕਰਕੇ ਅਤੇ ਪੰਜਾਬ ਪ੍ਰਤੀ ਸੁਹਿਰਦ ਹੋਣ ਕਰਕੇ ਮੇਰੀ ਬੇਨਤੀ ਹੈ ਕਿ ਪੰਜਾਬ ਸਰਕਾਰ 'ਆਰਥਿਕ ਸੰਕਟ' ਨੂੰ ਮਾਹਰਾਂ ਨਾਲ ਗੰਭੀਰ ਵਿਚਾਰ ਕਰ ਕੇ, ਲੰਮੇ ਸਮੇਂ ਦੀ ਯੋਜਨਾਬੰਦੀ ਕਰ ਕੇ ਹੱਲ ਕਰੇ, ਵਰਨਾ ਪੰਜਾਬ ਤਬਾਹ ਹੋ ਜਾਵੇਗਾ। ਹਰ ਤਰ੍ਹਾਂ ਦੀ ਮੁਫ਼ਤਖ਼ੋਰੀ ਬੰਦ ਕੀਤੀ ਜਾਵੇ। ਐਮਰਜੈਂਸੀ ਖਰਚਿਆਂ ਨੂੰ ਛੱਡ ਕੇ, ਬਾਕੀ ਸਾਰੇ ਖ਼ਰਚੇ ਪੂਰੀ ਤਰ੍ਹਾਂ ਬੰਦ ਕੀਤੇ ਜਾਣ। ਸੂਬੇ ਦੇ ਕਰਜ਼ੇ ਨੂੰ ਲੰਮੀ ਮਿਆਦ ਬਣਾ ਕੇ ਲਾਹੁਣਾ ਸ਼ੁਰੂ ਕੀਤਾ ਜਾਵੇ। ਧਹੋਰ ਕਰਜ਼ਾ ਨਾ ਲਿਆ ਜਾਵੇ। ਆਮਦਨ ਦੇ ਸਾਧਨ ਪੈਦਾ ਕੀਤੇ ਜਾਣ। ਆਮਦਨ ਵਧਾਉਣ, ਖਰਚ ਘਟਾਉਣ ਉੱਪਰ ਪੂਰਾ ਪਹਿਰਾ ਦਿੱਤਾ ਜਾਵੇ। ਸਾਰੀਆਂ ਸੇਵਾਵਾਂ (ਬਿਜਲੀ, ਪਾਣੀ, ਸੜਕ, ਸਿੱਖਿਆ, ਸਿਹਤ, ਟਰਾਂਸਪੋਰਟ ਆਦਿ ਨੂੰ) 'ਨਾ ਨਫ਼ਾ, ਨਾ-ਘਾਟਾ' ਆਧਾਰਿਤ ਕੀਤਾ ਜਾਵੇ। ਜੇਕਰ ਅਜਿਹਾ ਨਾ ਕੀਤਾ ਤਾਂ ਹੌਲੀ-ਹੌਲੀ ਤਨਖਾਹਾਂ-ਪੈਨਸ਼ਨਾਂ, ਬਕਾਏ, ਸਹੂਲਤਾਂ ਅਤੇ ਹੋਰ ਸਭ ਕੁਝ ਬੰਦ ਹੋ ਜਾਵੇਗਾ। ਪੰਜਾਬ ਵਿਰੋਧੀ ਸਰਕਾਰ ਤੋੜ ਦੇਣਗੇ।
-ਡਾ. ਸਰਵਜੀਤ ਸਿੰਘ ਕੁੰਡਲ
ਗਲੀ ਨੰ. 7, ਮਾਡਲ ਟਾਊਨ, ਅਬੋਹਰ।
ਜਾਣਕਾਰੀ ਭਰਪੂਰ ਲੇਖ
ਮੈਂ ਪਿਛਲੇ 18 ਸਾਲਾਂ ਤੋਂ 'ਅਜੀਤ' ਦਾ ਪਾਠਕ ਹਾਂ। ਪਹਿਲੀ ਵਾਰ ਮੈਂ ਆਪਣੇ ਨਿੱਕੇ ਜਿਹੇ ਪਿੰਡ ਵਿਚ ਆਪ ਪਾਠਕ ਲੱਭ ਕੇ ਅਖ਼ਬਾਰਾਂ ਵੰਡਣ ਵਾਲੇ ਬਾਈ ਨੂੰ ਲਗਾਇਆ। ਭਾਵੇਂ ਬਹੁਤ ਮਹਿੰਗਾ ਪੈਂਦਾ ਸੀ, ਪਰ ਹੁਣ ਲਗਾਤਾਰ ਮੇਰੇ ਪਿੰਡ ਅਖ਼ਬਾਰ ਵਾਲਾ ਭਾਈ ਆ ਰਿਹਾ ਹੈ, ਮਹਿੰਗਾ ਹੁਣ ਵੀ ਹੈ। ਪਿੰਡ ਵਿਚ ਮਸਾਂ ਕੁ 7-8, ਤੁਹਾਡੇ ਅਦਾਰੇ ਵਲੋਂ ਬਹੁਤ ਵਧੀਆ ਕਵਰੇਜ ਕੀਤੀ ਜਾਂਦੀ ਹੈ। ਮੈਂ ਹਮੇਸ਼ਾ ਸੰਪਾਦਕੀ ਪੰਨੇ ਨੂੰ ਹੀ ਪੜ੍ਹਨ ਦੇ ਪੂਰੇ ਯਤਨ ਕਰਦਾ ਹਾਂ। ਪਰ ਪਿਛਲੇ ਕੁਝ ਮਹੀਨਿਆਂ ਤੋਂ ਸਰਕਾਰੀ ਸੇਵਾ ਦੇ ਰੁਝੇਵਿਆਂ ਤੋਂ ਬਾਅਦ ਅਖ਼ਬਾਰ ਨੂੰ ਖੋਲ੍ਹਣ ਵਿਚ ਹੁਣ ਫੇਰ ਸਫ਼ਲ ਹੋਇਆ ਹਾਂ। ਅੱਜ ਸੰਪਾਦਕੀ ਵਿਚ ਆਪ ਜੀ ਦਾ 'ਮੁਫ਼ਤ ਅਨਾਜ ਯੋਜਨਾ' ਬਾਰੇ ਛਪਿਆ ਲੇਖ ਪੜ੍ਹਿਆ, ਬਹੁਤ ਹੀ ਜਾਣਕਾਰੀ ਭਰਪੂਰ ਰਿਹਾ। ਕੇਂਦਰ ਦੀ ਇਸ ਯੋਜਨਾ ਦਾ ਵਧੀਆ ਵਿਸਥਾਰ ਦੱਸਿਆ ਅਤੇ ਰਾਜਾਂ ਬਾਰੇ ਜਾਣਕਾਰੀ ਦਿੱਤੀ ਗਈ। ਦੂਜਾ ਵਿਜੈ ਬੰਬੇਲੀ ਦਾ 'ਜ਼ੀਰੇ ਖਿੱਤੇ ਦੇ ਸੰਤਾਪ ਦੇ ਸਨਮੁੱਖ' ਵਿਚ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ। ਪਾਣੀ ਬਾਰੇ, ਕੂੜੇ ਦੇ ਢੇਰ ਬਾਰੇ, ਸਨਅਤੀ ਵਿਕਾਸ ਅਤੇ ਸਰਕਾਰੀ ਨੁਮਾਇੰਦਿਆਂ ਬਾਰੇ। ਇਸੇ ਤਰ੍ਹਾਂ ਪੰਜਾਬੀਅਤ ਦੀ ਸੇਵਾ ਕਰਦੇ ਰਹੋ।
-ਦੇਵਕਰਨ ਸਿੰਘ (ਮੁੱਖ ਅਧਿਆਪਕ)
ਜ਼ਿਲਾ ਮੀਡੀਆ ਕੋਆਰਡੀਨੇਟਰ, ਮੁਹਾਲੀ।
ਸਕੂਲ ਸਿੱਖਿਆ ਬੋਰਡ, ਪੰਜਾਬ।
ਸੜਕਾਂ 'ਤੇ ਚਿੱਟੀ ਪੱਟੀ ਦੀ ਮਹੱਤਤਾ
ਸੰਘਣੀ ਧੁੰਦ ਦੇ ਕਹਿਰ ਨੇ ਪੂਰੇ ਸੂਬੇ ਨੂੰ ਘੇਰਿਆ ਹੋਇਆ ਹੈ। ਧੁੰਦ ਦੇ ਕਹਿਰ ਕਾਰਨ ਸੜਕਾਂ ਮੌਤ ਦਾ ਖੂਹ ਬਣੀਆਂ ਹੋਈਆਂ ਹਨ। ਧੁੰਦ ਦੇ ਦਿਨਾਂ ਵਿਚ ਸੜਕਾਂ 'ਤੇ ਅਵਾਰਾ ਘੁੰਮਣਾ ਬੇਵਕੂਫ਼ੀ ਹੈ। ਇਨ੍ਹਾਂ ਦਿਨਾਂ ਵਿਚ ਕੇਵਲ ਜ਼ਰੂਰਤ ਅਨੁਸਾਰ ਹੀ ਬਾਹਰ ਜਾਣਾ ਚਾਹੀਦਾ ਹੈ। ਭਾਵੇਂ ਜੇਠ-ਹਾੜ੍ਹ ਹੋਵੇ ਜਾਂ ਪੋਹ-ਮਾਘ, ਸਮਾਜਿਕ ਕੰਮ-ਕਾਜ ਨਿਰੰਤਰ ਚਾਲੂ ਹੀ ਰਹਿੰਦੇ ਹਨ।
ਪ੍ਰਸ਼ਾਸਨ ਨੂੰ ਅਪੀਲ ਹੈ ਕਿ ਸੰਘਣੀ ਧੁੰਦ ਅਤੇ ਆਵਾਜਾਈ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਸੂਬੇ ਦੀ ਹਰੇਕ ਸੜਕ ਉੱਤੇ ਚਿੱਟੀ ਪੱਟੀ ਅਤੇ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ, ਕਿਉਂਕਿ ਰਾਤ ਨੂੰ ਸੰਘਣੀ ਧੁੰਦ ਵਿਚ ਬੰਦੇ ਨੂੰ ਬੰਦਾ ਨਹੀਂ ਦਿਖਾਈ ਦਿੰਦਾ। ਸੋ, ਆਵਾਜਾਈ ਲਈ ਸੜਕ ਉੱਤੇ ਚਿੱਟੀ ਪੱਟੀ ਬੇਹੱਦ ਲਾਭਦਾਇਕ ਹੈ ਜੋ ਮੰਜ਼ਿਲ ਤੱਕ ਪਹੁੰਚਾਉਣ ਵਿਚ ਸਹਾਈ ਹੁੰਦੀ ਹੈ।
-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।
ਸਰਕਾਰਾਂ ਧਿਆਨ ਦੇਣ
ਨੌਕਰੀਆਂ ਦੇ ਮਾਮਲੇ 'ਚ ਜੇ ਘੋਖ ਕਰਦਿਆਂ ਪਿੱਛੇ ਨੂੰ ਨਿਗ੍ਹਾ ਮਾਰੀ ਜਾਵੇ ਤਾਂ ਬੜੀ ਸਹਿਜਤਾ ਦੇ ਨਾਲ ਇਹ ਸਪੱਸ਼ਟ ਹੋ ਰਿਹਾ ਹੈ ਕਿ ਸਰਕਾਰਾਂ ਨੇ ਪੜ੍ਹੇ-ਲਿਖੇ ਲੋਕਾਂ ਨੂੰ ਨੌਕਰੀਆਂ ਦੇਣ ਦੇ ਪ੍ਰਬੰਧ ਕਰਨੇ ਜਿਵੇਂ ਬੰਦ ਹੀ ਕਰ ਦਿੱਤੇ ਹੋਣ। ਸਭ ਜਾਣਦੇ ਹਨ ਕਿ ਬੇਰੁਜ਼ਗਾਰੀ ਢੇਰ ਸਾਰੀਆਂ ਬੁਰਾਈਆਂ ਨੂੰ ਜਨਮ ਦਿੰਦੀ ਹੈ। ਉਹ ਬੁਰਾਈਆਂ ਜੋ ਦੇਸ਼ ਨੂੰ ਆਰਥਿਕ ਪੱਖ ਤੋਂ ਖ਼ੋਰਾ ਲਾਉਣ ਦੇ ਨਾਲ-ਨਾਲ ਅਮਨ-ਸ਼ਾਂਤੀ ਨੂੰ ਵੀ ਭੰਗ ਕਰਦੀਆਂ ਹਨ। ਜਦੋਂ ਕਿ ਸਰਕਾਰਾਂ ਦਾ ਇਹ ਮੁਢਲਾ ਫ਼ਰਜ ਹੁੰਦਾ ਹੈ ਕਿ ਉਹ ਆਪਣੇ ਦੇਸ਼ ਦੇ ਨਾਗਰਿਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਮੇਂ-ਸਮੇਂ 'ਤੇ ਢੁੱਕਵੇਂ ਪ੍ਰਬੰਧ ਕਰਦੀਆਂ ਰਹਿਣ। ਜਦੋਂ ਕਿ ਹੋ ਇਸ ਦੇ ਉਲਟ ਰਿਹਾ ਹੈ। ਦੇਸ਼ ਦੇ ਬਹੁਤੇ ਜਨਤਕ ਅਦਾਰੇ ਜਿਵੇਂ ਕਿ ਸਿੱਖਿਆ, ਸਿਹਤ ਸਹੂਲਤਾਂ, ਪਾਣੀ, ਬਿਜਲੀ, ਆਵਾਜਾਈ ਦੇ ਸਾਧਨ, ਸੜਕਾਂ, ਬੈਂਕ ਤੇ ਸੰਚਾਰ ਸਾਧਨ ਆਦਿ ਸਭ ਨਿੱਜੀ ਹੱਥਾਂ 'ਚ ਘਿਰਦੇ ਜਾ ਰਹੇ ਹਨ। ਇਹੀ ਵਰਤਾਰਾ ਹੈ ਜੋ ਪੂੰਜੀਪਤੀਆਂ ਦੀ ਪੂੰਜੀ 'ਚ ਵਾਧਾ ਕਰਦਾ ਜਾ ਰਿਹਾ ਹੈ। ਜਦੋਂ ਕਿ ਦੇਸ਼ ਦੀ ਆਮ ਜਨਤਾ ਤੰਗੀਆਂ-ਤੁਰਸ਼ੀਆਂ ਨਾਲ ਜੂਝਦੀ-ਜੂਝਦੀ ਮਹਿੰਗਾਈ ਦੀ ਚੱਕੀ 'ਚ ਪਿਸਦੀ ਜਾ ਰਹੀ ਹੈ। ਅੱਜ ਦੇਸ਼ ਦੀ ਵੱਡੀ ਗਿਣਤੀ ਦੀ ਤਰਾਸਦੀ ਇਹ ਹੈ ਕਿ ਉਹ ਗੁਰਬਤ ਭਰਿਆ ਜੀਵਨ ਜਿਊਣ ਲਈ ਮਜਬੂਰ ਹੈ। ਇਸ ਪਾਸੇ ਵਿਸ਼ੇਸ਼ 'ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ।
-ਬੰਤ ਸਿੰਘ ਘੁਡਾਣੀ, ਲੁਧਿਆਣਾ।
ਸੜਕ ਬਣਾਵੇ ਸਰਕਾਰ
ਪੰਜਾਬ ਨੂੰ ਹਿਮਾਚਲ ਨਾਲ ਜੋੜਨ ਵਾਲੀ ਆਦਮਪੁਰ-ਹੁਸ਼ਿਆਰਪੁਰ ਸੜਕ ਦਾ ਕੰਮ ਪਿਛਲੇ ਕਾਫੀ ਸਾਲਾਂ ਤੋਂ ਰੁਕਿਆ ਹੋਇਆ ਹੈ। ਤਹਿਸੀਲ ਆਦਮਪੁਰ ਵਿਚ ਅੱਜ ਤੋਂ ਲਗਭਗ ਅੱਠ ਸਾਲ ਪਹਿਲਾਂ ਸਰਕਾਰ ਵਲੋਂ ਇਕ ਫਲਾਈ ਓਵਰ ਦਾ ਨਿਰਮਾਣ ਕਰਨਾ ਸੀ ਪਰ ਸਮੇਂ ਦੇ ਕਾਰਣਾਂ ਕਰ ਕੇ ਇਹ ਕੰਮ ਨਹੀਂ ਹੋ ਸਕਿਆ। ਇਹ ਸੜਕ ਪਿਛਲੇ ਅੱਠ ਸਾਲਾਂ ਤੋਂ ਆਦਮਪੁਰ ਵਾਸੀਆਂ ਲਈ ਜੀ ਦਾ ਜੰਜਾਲ ਬਣੀ ਹੋਈ ਹੈ। ਇਹ ਸੜਕ ਰਾਹੀਂ ਹਜ਼ਾਰਾਂ ਹੀ ਲੋਕ ਸਫ਼ਰ ਕਰਦੇ ਹਨ ਜਿਸ ਵਿਚ ਹੁਸ਼ਿਆਰਪੁਰ ਤੋਂ ਇਲਾਵਾ ਅਨੇਕਾ ਲੋਕ ਜੋ ਇਸ ਰਸਤੇ ਤੋਂ ਹਿਮਾਚਲ ਨੂੰ ਸਫ਼ਰ ਕਰਦੇ ਹਨ ਉਹ ਕਾਫੀ ਪਰੇਸ਼ਾਨ ਹੁੰਦੇ ਹਨ ਕਿਉਂਕਿ ਸੜਕ ਬਹੁਤ ਮਾੜੀ ਹਾਲਤ ਵਿਚ ਹੈ ਸਰਕਾਰ ਨੂੰ ਅਪੀਲ ਹੈ ਕਿ ਇਸ ਸੜਕ ਨੂੰ ਜਲਦੀ ਬਣਾਇਆ ਜਾਵੇ।
-ਅਸ਼ੀਸ਼ ਸ਼ਰਮਾ (ਜਲੰਧਰ)
ਚਾਈਨਾ ਡੋਰ 'ਤੇ ਪਾਬੰਦੀ
ਚਾਈਨਾ ਦੀ ਡੋਰ (ਗੱਟੂ ਡੋਰ) ਨੇ ਧਾਗਾ ਡੋਰ ਦਾ ਕਾਰੋਬਾਰ ਖ਼ਤਮ ਹੋਣ ਦੇ ਕਿਨਾਰੇ ਲਿਆਂਦਾ ਹੋਇਆ ਹੈ। ਇਸ ਨਾਲ ਧਾਗਾ ਡੋਰ ਤਿਆਰ ਕਰਨ ਵਾਲੇ ਪ੍ਰੇਸ਼ਾਨ ਹੋ ਗਏ ਹਨ। ਸਰਕਾਰ ਵਲੋਂ ਲਗਾਈ ਰੋਕ ਪਰ ਫਿਰ ਵੀ ਵਿਕਦੀ ਚਾਈਨਾ ਡੋਰ ਕਾਰਨ ਹੋਏ ਕਈ ਵਾਰ ਹਾਦਸੇ ਹੋ ਚੁੱਕੇ ਹਨ ਪਰ ਚਾਈਨਾ ਦੀ ਡੋਰ ਅਜੇ ਵੀ ਵਿਕ ਰਹੀ ਹੈ।
ਲੋਕ ਲੋਹੜੀ ਦੇ ਤਿਉਹਾਰ ਨੂੰ ਪਤੰਗਬਾਜ਼ੀ ਕਰਕੇ ਖੂਬ ਜੋਸ਼ੋ-ਖਰੋਸ਼ ਨਾਲ ਮਨਾਉਂਦੇ ਹਨ। ਪਤੰਗਬਾਜ਼ੀ ਦੇ ਸ਼ੌਕੀਨ ਇਸ ਦੀ ਤਿਆਰੀ ਕਈ ਦਿਨ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਹਨ। ਇਸ ਸਮੇਂ ਖ਼ਤਰਨਾਕ ਚਾਈਨਾ ਪਲਾਸਟਿਕ ਡੋਰ ਨੇ ਬਾਜ਼ਾਰ ਅੰਦਰ ਆਪਣਾ ਮੱਕੜ-ਜਾਲ ਇਸ ਕਦਰ ਵਿਛਾ ਰੱਖਿਆ ਹੈ, ਇਸ ਮੱਕੜ ਜਾਲ ਵਿਚ ਫਸ ਕੇ ਧਾਗਾ ਡੋਰ ਤਿਆਰ ਕਰਨ ਵਾਲਿਆਂ ਦਾ ਕਾਰੋਬਾਰ ਖ਼ਤਮ ਹੋਣ ਕਿਨਾਰੇ ਪਹੁੰਚ ਚੁੱਕਿਆ ਹੈ। ਬੇਸ਼ੱਕ ਸਰਕਾਰਾਂ ਵਲੋਂ ਚਾਈਨਾ ਦੀ ਬਣੀ ਇਸ ਪਲਾਸਟਿਕ ਡੋਰ ਜੋ ਕਿ ਬੇਹੱਦ ਖ਼ਤਰਨਾਕ ਹੈ, 'ਤੇ ਰੋਕ ਲਗਾ ਰੱਖੀ ਹੈ ਪਰ ਇਹ ਚਾਈਨਾ ਡੋਰ ਅਜੇ ਵੀ ਚੋਰੀ-ਛਿਪੇ ਬਜ਼ਾਰਾਂ ਅੰਦਰ ਵਿਕ ਰਹੀ ਹੈ। ਜੇਕਰ ਇਸ ਨੂੰ ਬੰਦ ਕਰਨਾ ਹੈ ਤਾਂ ਸਰਕਾਰਾਂ ਨੂੰ ਠੋਸ ਕਦਮ ਚੁੱਕਣੇ ਪੈਣਗੇ। ਜਿਥੋਂ ਇਸ ਦੀ ਸਪਲਾਈ ਹੁੰਦੀ ਹੈ ਉੱਥੇ ਹੀ ਰੋਕ ਲਗਾਉਣੀ ਪਵੇਗੀ। ਇਸ ਦੇ ਨਾਲ ਹੀ ਜੇਕਰ ਅਸੀਂ ਚਾਈਨਾ ਡੋਰ ਖਰੀਦਣੀ ਛੱਡ ਦਿਆਂਗੇ ਤਾਂ ਚਾਈਨਾ ਡੋਰ ਬਾਜ਼ਾਰ ਵਿਚ ਵਿਕਣੀ ਆਪਣੇ ਆਪ ਬੰਦ ਹੋ ਜਾਵੇਗੀ।
ਗੌਰਵ ਮੁੰਜਾਲ
ਲੈਕਚਰਾਰ, ਮੁਹਾਲੀ।
ਖ਼ਤਰਨਾਕ ਚਾਈਨਾ ਡੋਰ
ਚਾਈਨਾ ਡੋਰ ਖ਼ਿਲਾਫ਼ ਸੂਬਾ ਸਰਕਾਰ ਨੇ ਜੋ ਹਦਾਇਤਾਂ ਜਾਰੀ ਕੀਤੀਆਂ ਹਨ, ਉਸ ਦੇ ਚੰਗੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਪੁਲਿਸ ਦਾ ਵਧੀਆ ਫੈਸਲਾ ਕਿ ਉਹ ਘਰ-ਘਰ ਚੈਕ ਕਰਨਗੇ, ਜੇਕਰ ਕੋਈ ਪਤੰਗ ਚਾਈਨਾ ਦੀ ਡੋਰ ਨਾਲ ਉਡਾਉਂਦਾ ਹੈ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਸਵਾਗਤ ਕਰਦੇ ਹਾਂ ਅਜਿਹੇ ਫ਼ੈਸਲੇ ਦਾ ਜਿਵੇਂ ਹੀ ਦੁਕਾਨਦਾਰਾਂ ਨੂੰ ਭਾਜੜ ਪਈ ਹੈ, ਉਨ੍ਹਾਂ ਆਪਣੀਆਂ ਦੁਕਾਨਾਂ ਵਿਚੋਂ ਡੋਰ ਆਪਣੇ ਗੁਦਾਮਾਂ ਵਿਚ ਰੱਖ ਲਈ ਹੈ ਜੋ ਗੁਪਤ ਤੌਰ 'ਤੇ ਆਪਣੇ ਜਾਣ-ਪਹਿਚਾਣ ਵਾਲੇ ਨੂੰ ਹੀ ਡੋਰ ਵੇਚੀ ਜਾ ਸਕੇ। ਜੇਕਰ ਪ੍ਰਸ਼ਾਸਨ ਦੀ ਮਦਦ ਜਨਤਾ ਕਰੇ ਤਾਂ ਬਹੁਤ ਜਲਦ ਚਾਈਨਾ ਡੋਰ ਤੋਂ ਮੁਕਤੀ ਮਿਲ ਜਾਵੇਗੀ। ਫਿਰ ਦੁਬਾਰਾ ਉਨ੍ਹਾਂ ਕਾਰੀਗਰਾਂ ਦਾ ਕਾਰੋਬਾਰ ਚੱਲੇਗਾ, ਜੋ ਡੋਰ ਲਾਉਣ ਦੇ ਮਾਹਿਰ ਹਨ।
-ਨਵਨੀਤ ਸਿੰਘ ਭੁੰਬਲੀ
ਧਿਆਨ ਨਾਲ ਵਰਤੋ ਕੋਲੇ ਦੀ ਅੰਗੀਠੀ
ਅੱਜ-ਕੱਲ੍ਹ ਸਰਦੀ ਬਹੁਤ ਜ਼ਿਆਦਾ ਜ਼ੋਰਾਂ 'ਤੇ ਪੈ ਰਹੀ ਹੈ। ਅਸੀਂ ਸਰਦੀ ਤੋਂ ਬਚਣ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਾਂ, ਜਿਨ੍ਹਾਂ ਵਿਚ ਗਰਮ ਕੱਪੜੇ ਪਾ ਕੇ ਅਤੇ ਕੁੱਝ ਡਰਾਈ ਫਰੂਟ ਖਾ ਕੇ ਅਤੇ ਹੋਰ ਯੰਤਰਾਂ ਦੀ ਵਰਤੋਂ ਕਰਦੇ ਹਾਂ। ਜਿਨ੍ਹਾਂ ਵਿਚ ਕੁਝ ਬਿਜਲੀ ਦੇ ਨਾਲ ਚੱਲਣ ਵਾਲੇ ਯੰਤਰ ਵੀ ਸ਼ਾਮਿਲ ਹਨ। ਸਰਦੀ ਤੋਂ ਬਚਣ ਲਈ ਮੱਧਵਰਗੀ ਪਰਿਵਾਰ ਅਤੇ ਕੁੱਝ ਪ੍ਰਵਾਸੀ ਮਜ਼ਦੂਰ ਲਈ ਦੇਸੀ ਸਾਧਨ ਵਰਤਦੇ ਹਨ। ਜਿਨ੍ਹਾਂ ਵਿੱਚ ਧੂਣੀ ਬਾਲ ਕੇ, ਚੁੱਲਾ ਬਾਲ ਕੇ ਅਤੇ ਅੰਗੀਠੀ ਬਾਲ ਕੇ ਆਪਣੇ ਆਪ ਨੂੰ ਠੰਢ ਤੋਂ ਬਚਾਉਂਦੇ ਹਨ। ਇਨ੍ਹਾਂ ਵਿਚ ਲੱਕੜੀ ਅਤੇ ਕੋਲੇ ਦੀ ਵਰਤੋਂ ਕਰਦੇ ਹਨ।
ਕਈ ਵਾਰ ਲੋਕ ਇਸ ਅੰਗੀਠੀ ਨੂੰ ਬਾਲ ਕੇ ਆਪਣੇ ਬੰਦ ਕਮਰੇ ਵਿਚ ਰੱਖ ਲੈਂਦੇ ਹਨ। ਜੋ ਬਹੁਤ ਹੀ ਖ਼ਤਰਨਾਕ ਅਤੇ ਜਾਨਲੇਵਾ ਸਾਬਤ ਹੁੰਦਾ ਹੈ। ਇਸ ਤਰ੍ਹਾਂ ਕਰਨ ਨਾਲ ਬਹੁਤ ਸਾਰੇ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਕਈ ਵਾਰ ਤਾਂ ਪੂਰੇ-ਪੂਰੇ ਪਰਿਵਾਰ ਇਸ ਅੰਗੀਠੀ ਦਾ ਬੰਦ ਕਮਰੇ ਇਸਤੇਮਾਲ ਕਰਨ ਕਰਕੇ ਇਸ ਦੀ ਗੈਸ ਚੜ੍ਹਨ ਨਾਲ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਜੇਕਰ ਤੁਸੀਂ ਅੰਗੀਠੀ ਇਸਤੇਮਾਲ ਕਰਨਾ ਵੀ ਹੈ ਤਾਂ ਰਾਤ ਨੂੰ ਸੌਣ ਲੱਗੇ ਬੰਦ ਕਮਰੇ ਵਿਚ ਬਾਲ ਕੇ ਕਦੀ ਵੀ ਨਾ ਰੱਖੋ। ਇਸ ਤਰ੍ਹਾਂ ਕਰਨ ਨਾਲ ਇਹ ਜਾਨਲੇਵਾ ਸਾਬਤ ਹੋ ਸਕਦੀ ਹੈ।
-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।
ਸਮਾਰਟ ਫੋਨ ਦੀ ਦੁਰਵਰਤੋਂ
ਪੰਜਾਬ ਦੀ ਜਵਾਨੀ ਲਈ ਜਿੱਥੇ ਚਿੱਟੇ ਦਾ ਨਸ਼ਾ ਮਾਰੂ ਸਾਬਿਤ ਹੋ ਰਿਹਾ ਹੈ ਉਸ ਤੋਂ ਵੀ ਜ਼ਿਆਦਾ ਮਾਰੂ ਹੈ ਨਵੀਂ ਪੀੜ੍ਹੀ ਵਿਚ ਵਧ ਰਹੀ ਸਮਾਰਟ ਫੋਨ ਦੀ ਦੁਰਵਰਤੋਂ ਜੋ ਕਿ ਨਵੀਂ ਪੀੜ੍ਹੀ ਦੇ ਭਵਿੱਖ ਨੂੰ ਧੁੰਦਲਾ ਕਰ ਰਹੀ ਹੈ। ਹਰ ਪਿੰਡ, ਸ਼ਹਿਰ, ਗਲੀ-ਮੁਹੱਲੇ ਇਸ ਲਾ-ਇਲਾਜ ਬਿਮਾਰੀ ਦੇ ਮਰੀਜ਼ ਤੁਹਾਨੂੰ ਵੱਡੀ ਗਿਣਤੀ ਵਿਚ ਮਿਲ ਜਾਣਗੇ। ਸਮਾਰਟ ਫੋਨ ਦੀ ਵਰਤੋਂ ਦਾ ਰੁਝਾਨ 14 ਤੋਂ 22 ਸਾਲ ਤੱਕ ਦੇ ਨੌਜਵਾਨ ਮੁੰਡੇ ਕੁੜੀਆਂ ਵਿਚ ਐਨਾ ਜ਼ਿਆਦਾ ਵਧ ਗਿਆ ਹੈ ਕਿ ਉਨ੍ਹਾਂ ਕੋਲ ਆਪਣੀ ਸਿਹਤ, ਪਰਿਵਾਰ, ਪੜ੍ਹਾਈ ਲਈ ਸਮਾਂ ਕੱਢਣਾ ਔਖਾ ਲੱਗਦਾ ਹੈ। ਨਸ਼ੇ ਦੇ ਰੁਝਾਨ ਵਧਣ ਦੇ ਕਾਰਨ ਤੋਂ ਬਾਅਦ ਇਹ ਦੂਜਾ ਵੱਡਾ ਕਾਰਨ ਹੈ, ਜਿਸ ਦੇ ਕਾਰਨ ਪਿੰਡਾਂ ਤੇ ਸ਼ਹਿਰ ਦੀਆਂ ਗਰਾਊਂਡਾਂ ਵਿਚ ਲੱਗਣ ਵਾਲੀਆਂ ਰੌਣਕਾਂ ਬਿਲਕੁਲ ਅਲੋਪ ਹੋ ਚੁੱਕੀਆਂ ਹਨ। ਜੇ ਕਿਤੇ ਘਰ ਦੇ ਕਿਸੇ ਬੱਚੇ ਨੂੰ ਗਰਾਊਂਡ ਭੇਜ ਵੀ ਦੇਣ ਤਾਂ ਉਹ ਗਰਾਊਂਡ ਵਿਚ ਪਸੀਨਾ ਵਹਾਉਣ ਦੀ ਬਜਾਏ ਸੰਘਣੀ ਛਾਂ ਹੇਠ ਬੈਠ ਕੇ ਫੋਨ 'ਤੇ ਸਮਾਂ ਬਰਬਾਦ ਕਰ ਜਿਉਂ ਦਾ ਤਿਉਂ ਘਰ ਪਰਤ ਜਾਂਦਾ ਹੈ। ਸਮਾਰੋਟ ਫੋਨ ਦੇ ਆਉਣ ਨਾਲ ਇਸ ਲਾ-ਇਲਾਜ ਬਿਮਾਰੀ ਨੇ ਪੰਜਾਬ ਦੇ ਭਵਿੱਖ ਦੀਆਂ ਕਰੂਬਲਾਂ ਨੂੰ ਫੁੱਟਣ ਤੋਂ ਪਹਿਲਾਂ ਹੀ ਜਕੜ ਲਿਆ ਹੈ। ਫੋਨ 'ਤੇ ਆਈਆਂ ਗੇਮਾਂ, ਅਸ਼ਲੀਲ ਵੀਡੀਓ, ਮਨੋਰੰਜਨ ਵਾਲੇ ਸਾਫਟਵੇਅਰਾਂ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਪੂਰੀ ਤਰ੍ਹਾਂ ਆਪਣੀ ਗ੍ਰਿਫ਼ਤ ਵਿਚ ਲੈ ਲਿਆ ਹੈ। ਮਾਪਿਆਂ ਨੂੰ ਇਸ ਵੱਲ ਖ਼ਾਸ ਧਿਆਨ ਦੇ ਕੇ ਬੱਚਿਆਂ ਨੂੰ ਜ਼ਰੂਰਤ ਤੋਂ ਬਿਨਾਂ ਸਮਾਰਟ ਫੋਨਾਂ ਦੀ ਵਰਤੋਂ 'ਤੇ ਰੋਕ ਲਗਾਉਣੀ ਚਾਹੀਦੀ ਹੈ ਤਾਂ ਜੋ ਇਸ ਲਾ-ਇਲਾਜ ਬਿਮਾਰੀ ਦੀ ਚੁੰਗਲ ਵਿਚੋਂ ਪੰਜਾਬ ਦਾ ਭਵਿੱਖ ਉੱਭਰ ਕੇ ਬਾਹਰ ਆ ਸਕੇ।
-ਸੁਖਜਿੰਦਰ ਮੁਹਾਰ
ਪਿੰਡ : ਮੜਾਕ (ਫਰੀਦਕੋਟ)
ਧੁੰਦ ਕਾਰਨ ਵਧ ਰਹੀਆਂ ਦੁਰਘਟਨਾਵਾਂ
ਧੁੰਦ ਦੇ ਵਧਣ ਕਾਰਨ ਹਾਦਸਿਆਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਵਿਚ ਦਿਨੋ-ਦਿਨ ਵਾਧਾ ਹੋ ਰਿਹਾ ਹੈ। ਪਤਾ ਨਹੀਂ ਹਰ ਰੋਜ਼ ਕਿੰਨੇ ਘਰ ਉਜੜ ਰਹੇ ਹਨ। ਧੁੰਦ 'ਤੇ ਸਾਡਾ ਵੱਸ ਨਹੀਂ ਚਲਦਾ। ਪਰ ਸੜਕਾਂ 'ਤੇ ਹੁੰਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣਾ ਸਾਡੇ ਹੱਥ ਜ਼ਰੂਰ ਹੈ। ਲੋੜ ਪੈਣ 'ਤੇ ਹੀ ਘਰ ਤੋਂ ਬਾਹਰ ਨਿਕਲੋ। ਆਪਣੀ ਗੱਡੀਆਂ ਨੂੰ ਹੌਲੀ ਚਲਾਇਆ ਜਾਣਾ ਚਾਹੀਦਾ ਹੈ। ਥੋੜ੍ਹੀ ਜਿਹੀ ਗ਼ਲਤੀ ਨਾਲ ਹੀ ਪਤਾ ਨਹੀਂ ਕਿੰਨੇ ਲੋਕਾਂ ਦਾ ਨੁਕਸਾਨ ਹੋ ਜਾਵੇ। ਆਪਣੀ ਗੱਡੀਆਂ ਦੀਆਂ ਲਾਈਟਾਂ ਜਗਾ ਕੇ ਰੱਖੋ, ਗੱਡੀ ਚਲਾਉਣ ਵੇਲੇ ਮੋਬਾਈਲ ਦੀ ਵਰਤੋਂ ਨਾ ਕਰੋ। ਸਵੇਰੇ ਤੇ ਸ਼ਾਮ ਦੀ ਧੁੰਦ ਬਹੁਤ ਜ਼ਿਆਦਾ ਖ਼ਤਰਨਾਕ ਹੁੰਦੀ ਹੈ। ਕੋਸ਼ਿਸ਼ ਕਰੋ 10 ਤੋਂ 4 ਵਜੇ ਤੱਕ ਹੀ ਸਫ਼ਰ ਕੀਤਾ ਜਾਵੇ।
ਦੂਜੇ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਨਾ ਕਰੋ, ਅੱਗੇ ਨਿਕਲਣ ਦੀ ਕੋਸ਼ਿਸ਼ ਬਹੁਤ ਭਾਰੀ ਪੈ ਜਾਂਦੀ ਹੈ ਜਿਸ ਦਾ ਨੁਕਸਾਨ ਅਸੀਂ ਸਾਰੀ ਉਮਰ ਭੁਗਤਦੇ ਹਾਂ। ਦੇਰ ਚੰਗੀ ਹੈ, ਕਿਸੇ ਵੱਡੇ ਨੁਕਸਾਨ ਨਾਲੋਂ। ਬਾਹਰ ਨਿਕਲਦੇ ਵਕਤ ਆਪਣੇ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ। ਜੇ ਅਸੀਂ ਸਾਵਧਾਨੀ ਨਾਲ ਸੜਕਾਂ 'ਤੇ ਸਫ਼ਰ ਕਰਦੇ ਹਾਂ ਤਾਂ ਹੋਣ ਵਾਲੀਆਂ ਦੁਰਘਟਨਾਵਾਂ ਘਟ ਸਕਦੀਆਂ ਹਨ। ਆਪਣੇ ਵਾਹਨਾਂ 'ਤੇ ਪੀਲੀ ਲਾਈਟ ਜ਼ਰੂਰ ਲਗਾਓ, ਤਾਂ ਜੋ ਸਾਹਮਣੇ ਵਾਲੇ ਨੂੰ ਅੱਗੇ ਤੋਂ ਆਉਂਦਾ ਵਾਹਨ ਦਿਸ ਸਕੇ। ਸਫ਼ਰ ਵਿਚ ਸਾਵਧਾਨੀ ਜ਼ਰੂਰੀ ਹੈ। ਇਸ ਮੌਸਮ ਵਿਚ ਬੱਚਿਆਂ ਨੂੰ ਕੋਈ ਵੀ ਵਾਹਨ ਨਾ ਦੇਵੋ।
-ਦਵਿੰਦਰ ਕੌਰ ਖ਼ੁਸ਼ ਧਾਲੀਵਾਲ
ਅੰਗੀਠੀ ਦੀ ਵਰਤੋਂ
ਅੱਜਕਲ੍ਹ ਸਰਦੀ ਦੇ ਦਿਨ ਚੱਲ ਰਹੇ ਹਨ। ਆਦਮੀ ਠੰਢ ਤੋਂ ਬਚਣ ਲਈ ਤਰ੍ਹਾਂ-ਤਰ੍ਹਾਂ ਦੇ ਉਪਰਾਲੇ ਕਰਦਾ ਹੈ। ਕਈ ਲੋਕ ਠੰਢ ਤੋਂ ਬਚਣ ਲਈ ਆਪਣੇ ਕਮਰੇ ਵਿਚ ਕੋਲੇ ਵਾਲੀ ਅੰਗੀਠੀ ਬਾਲ ਲੈਂਦੇ ਹਨ, ਜੋ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ। ਕੋਲੇ ਵਾਲੀ ਅੰਗੀਠੀ ਵਿਚੋਂ ਕਾਰਬਨ ਮੋਨੋਆਕਸਾਈਡ ਜ਼ਹਿਰੀਲੀ ਗੈਸ ਨਿਕਲਦੀ ਹੈ। ਆਕਸੀਜਨ ਦੀ ਕਮੀ ਹੋ ਜਾਂਦੀ ਹੈ, ਜਿਸ ਨਾਲ ਸਾਡਾ ਦਮ ਘੁੱਟਣ ਲੱਗ ਪੈਂਦਾ ਹੈ। ਆਖਰ ਅਸੀਂ ਸੁੱਤੇ ਪਏ ਹੀ ਰਹਿ ਜਾਂਦੇ ਹਾਂ ਅਤੇ ਜਾਨ ਤੋਂ ਹੱਥ ਧੋ ਬੈਠਦੇ ਹਾਂ। ਸੋ, ਕੋਲੇ ਵਾਲੀ ਅੰਗੀਠੀ ਨਾ ਜਲਾਓ।
-ਡਾ. ਨਰਿੰਦਰ ਭੱਪਰ
ਝਬੇਲਵਾਲੀ, (ਮੁਕਤਸਰ ਸਾਹਿਬ)।
ਦਰਦਮਈ ਹੂਕ
ਪਿਛਲੇ ਲੰਮੇ ਸਮੇਂ ਤੋਂ ਨੌਜਵਾਨਾਂ ਦਾ ਪੰਜਾਬ 'ਚੋਂ ਪਰਵਾਸ ਜਿਸ ਕਦਰ ਹੋ ਰਿਹਾ ਹੈ, ਉਹ ਪਰਵਾਸ ਪੰਜਾਬ ਦੀ ਮਿੱਟੀ ਨੂੰ ਦਿਲੋਂ ਪਿਆਰ ਕਰਨ ਵਾਲਿਆਂ ਦੇ ਅੰਦਰ ਇਕ ਦਰਦਮਈ ਹੂਕ ਪੈਦਾ ਕਰ ਰਿਹਾ ਹੈ। ਅਜਿਹੇ ਹਾਲਾਤ ਕਿਉਂ ਪੈਦਾ ਹੋਏ ਜਿਹੜੇ ਪਿਛਲੇ ਸਮੇਂ ਤੋਂ ਨੌਜਵਾਨੀ ਨੂੰ ਪੰਜਾਬ 'ਚੋਂ ਪਰਵਾਸ ਕਰਨ ਲਈ ਮਜਬੂਰ ਕਰ ਰਹੇ ਹਨ। ਅੰਕੜੇ ਦੱਸਦੇ ਹਨ ਕਿ ਅੱਜ 77 ਲੱਖ ਤੋਂ ਵੀ ਵਧੇਰੇ ਪੰਜਾਬੀਆਂ ਕੋਲ ਪਾਸਪੋਰਟ ਹਨ। ਇਸ ਦੇ ਬਾਵਜੂਦ ਪਾਸਪੋਰਟ ਬਣਾਉਣ ਵਾਲੇ ਦਫ਼ਤਰਾਂ ਅੱਗੇ ਲੋਕਾਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਲੱਗੀਆਂ ਵੇਖਣ ਨੂੰ ਰੋਜ਼ਾਨਾ ਮਿਲ ਰਹੀਆਂ ਹਨ ਜੋ ਡੂੰਘੀ ਹੈਰਾਨਗੀ 'ਚ ਡੋਬ ਰਹੀਆਂ ਹਨ। ਬੇਰੁਜ਼ਗਾਰੀ ਦੇ ਸੰਤਾਪ ਨੂੰ ਜਿੱਥੇ ਬਹੁਤੀ ਨੌਜਵਾਨੀ ਨੂੰ ਕੁਰਾਹੇ ਪਾਇਆ ਹੋਇਆ ਹੈ ਉਥੇ ਪੰਜਾਬੀਆਂ ਖ਼ਾਸ ਕਰਕੇ ਬਹੁਤੇ ਨੌਜਵਾਨਾਂ ਵਲੋਂ ਕੀਤੇ ਜਾ ਰਹੇ ਪਰਵਾਸ ਨੇ ਪੰਜਾਬ ਦੀ ਹੋਂਦ ਨੂੰ ਖ਼ਤਰਾ ਪੈਦਾ ਕਰ ਦਿੱਤਾ ਹੈ। ਪੰਜਾਬ 'ਚ ਪਨਪੀ ਇਸ ਤਰਾਸ਼ਦੀ ਨੂੰ ਸਮਝਣਾ ਅੱਜ ਬੇਹੱਦ ਜ਼ਰੂਰੀ ਹੋ ਗਿਆ ਹੈ। ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਜ਼ਰੂਰੀ ਹੋ ਗਏ ਹਨ। ਪੰਜਾਬ 'ਚੋਂ ਪੰਜਾਬੀਆਂ ਦਾ ਪਰਵਾਸ ਰੋਕਣਾ ਅੱਜ ਪੰਜਾਬ ਲਈ ਗੰਭੀਰ ਮਸਲਾ ਬਣ ਗਿਆ ਹੈ ਜਿਸ 'ਤੇ ਤੁਰੰਤ ਧਿਆਨ ਦੇਮਾ ਬਣਦਾ ਹੈ।
-ਬੰਤ ਸਿੰਘ ਘੁਡਾਣੀ,
ਲੁਧਿਆਣਾ।
ਸਕੂਲਾਂ ਦੀ ਦੁਰਦਸ਼ਾ
ਮੈਂ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਵਿਚ ਨੌਕਰੀ ਕਰ ਰਿਹਾ ਹਾਂ। ਮੈਂ ਦੱਸਣਾ ਚਾਹੁੰਦਾ ਹਾਂ ਕਿ ਇਨ੍ਹਾਂ ਸਕੂਲਾਂ ਦੀ ਹਾਲਤ ਬਹੁਤ ਤਰਸਯੋਗ ਹੈ। ਪੰਜ ਮਹੀਨਿਆਂ ਤੋਂ ਤਨਖ਼ਾਹ ਦੀ ਗ੍ਰਾਂਟ ਜਾਰੀ ਨਹੀਂ ਹੋਈ। ਕਾਂਗਰਸ ਸਰਕਾਰ ਨੇ 6ਵੇਂ ਪੇਅ ਕਮਿਸ਼ਨ ਨਹੀਂ ਦਿੱਤਾ। ਆਸ ਸੀ ਕਿ 'ਆਪ' ਸਰਕਾਰ ਸਾਨੂੰ ਨਵੇਂ ਗਰੇਡ ਦੇ ਦੇਵੇਗੀ, ਪਰੰਤੂ ਲਗਪਗ ਦੋ ਮਹੀਨੇ ਬੀਤ ਜਾਣ ਮਗਰੋਂ ਵੀ ਇਹ ਨਾ ਹੋ ਸਕਿਆ। ਮੈਂ ਆਸ ਕਰਦਾ ਹਾਂ ਕਿ ਸਾਡੀ ਆਵਾਜ਼ ਮੁੱਖ ਮੰਤਰੀ ਸਾਬ ਤੱਕ ਪਹੁੰਚੇਗੀ ਤੇ ਸਾਨੂੰ ਇਨਸਾਫ਼ ਮਿਲ ਸਕੇਗਾ।
-ਪਰਦੀਪ ਸਿੰਘ
ਹੁਸ਼ਿਆਰਪੁਰ।
ਅਧਿਆਪਕ-ਮਾਪੇ ਮਿਲਣੀ
ਪੰਜਾਬ 'ਚ ਪਹਿਲੀ ਵਾਰੀ ਹੋਈ ਅਧਿਆਪਕ ਮਿਲਣੀ ਦੇ ਸੁਚਾਰੂ ਨਤੀਜੇ ਸਾਹਮਣੇ ਆਏ ਹਨ। ਸਿੱਖਿਆ ਘਰ ਤੋਂ ਆਰੰਭ ਹੁੰਦੀ ਹੈ, ਜਿਥੇ ਬੱਚਾ ਮਾਂ-ਪਿਉ ਤੋਂ ਸਿੱਖਦਾ ਹੈ ਫਿਰ ਉਹ ਸਕੂਲ ਦੇ ਅਧਿਆਪਕ ਤੋਂ ਸਿੱਖਦਾ ਹੈ।
ਇਸ ਤਰ੍ਹਾਂ ਅਧਿਆਪਕਾਂ ਤੇ ਮਾਪਿਆਂ ਦੇ ਰਿਸ਼ਤੇ ਵਿਚ ਨੇੜਤਾ ਹੁੰਦੀ ਹੈ। ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਅਧਿਆਪਕ-ਮਾਪੇ ਮਿਲਣੀ ਬਹੁਤ ਹੀ ਚੰਗਾ ਉਪਰਾਲਾ ਹੈ। ਇਸ ਨਾਲ ਮਾਪਿਆਂ ਨੂੰ ਆਪਣੇ ਬੱਚਿਆਂ ਬਾਰੇ ਅਹਿਮ ਜਾਣਕਾਰੀ ਮਿਲਦੀ ਰਹੇਗੀ। ਬੱਚੇ ਨੂੰ ਵੀ ਡਰ ਪੈਦਾ ਹੋਵੇਗਾ। ਉਹ ਪੂਰੀ ਲਗਨ ਨਾਲ ਪੜ੍ਹਾਈ ਕਰਨਗੇ। ਪਹਿਲਾਂ ਬੱਚੇ ਸਰਕਾਰੀ ਸਕੂਲਾਂ 'ਚ ਹੀ ਪੜ੍ਹ ਕੇ ਆਈ.ਏ.ਐਸ. ਤੇ ਆਈ.ਪੀ.ਐਸ. ਬਣੇ ਹਨ। ਸਰਕਾਰੀ ਸਕੂਲਾਂ ਵਿਚ ਡਿਪਲੋਮਾ ਪਾਸ ਤੇ ਖ਼ਾਸ ਵਿਸ਼ਿਆਂ ਵਾਲੇ ਤਜਰਬੇਕਾਰ ਅਧਿਆਪਕ ਮੌਜੂਦ ਹਨ। ਅਧਿਆਪਕਾਂ ਨੂੰ ਰੈਗੂਲਰ ਕਰ ਸਰਕਾਰ ਪੂਰੀਆਂ ਯੋਗਤਾ ਮੁਤਾਬਕ ਤਨਖ਼ਾਹ ਦੇਵੇ ਤਾਂ ਜੋ ਅਧਿਆਪਕ ਟਿਊਸ਼ਨਾਂ ਦਾ ਲਾਲਚ ਨਾ ਕਰ ਕੇ ਸਕੂਲ ਵਿਚ ਹੀ ਚੰਗੀ ਤਰ੍ਹਾਂ ਪੜ੍ਹਾਉਣ।
-ਗੁਰਮੀਤ ਸਿੰਘ ਵੇਰਕਾ
ਸੇਵਾ ਮੁਕਤ ਇੰਸਪੈਕਟਰ ਪੁਲਿਸ।
ਨਸ਼ਿਆਂ 'ਚ ਵਾਧਾ
ਬੀਤੇ ਦਿਨੀਂ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਦੇਸ਼ 'ਚੋਂ 10 ਤੋਂ 17 ਸਾਲ ਵਰਗ ਦੇ 1 ਕਰੋੜ, 58 ਲੱਖ ਬੱਚੇ ਵੀ ਨਸ਼ੀਲੇ ਪਦਾਰਥਾਂ ਦੇ ਆਦੀ ਹੋ ਚੁੱਕੇ ਹਨ। ਸ਼ਰਾਬ ਭਾਰਤੀਆਂ ਦੁਆਰਾ ਵਰਤਿਆ ਜਾਣ ਵਾਲਾ ਪ੍ਰਮੁੱਖ ਨਸ਼ਾ ਹੈ। ਉਸ ਤੋਂ ਬਾਅਦ ਹਸੀਸ, ਅਫੀਮ, ਤੰਬਾਕੂ, ਹੈਰੋਈਨ, ਭੰਗ, ਚਿੱਟਾ ਅਤੇ ਹੋਰ ਸਿੰਥੈਟਿਕ ਨਸ਼ੇ, ਨਸ਼ੀਲੀਆਂ ਗੋਲੀਆਂ, ਨਸ਼ੀਲੇ ਕੈਪਸੂਲ, ਨਸ਼ੀਲੇ ਟੀਕੇ, ਕਈ ਤਰ੍ਹਾਂ ਦੀਆਂ ਖੰਘ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ, ਕਿਰਲੀ ਮਾਰ ਕੇ, ਡੱਡੂ ਮਾਰ ਕੇ, ਉਨ੍ਹਾਂ ਨੂੰ ਵੀ ਨਸ਼ੇ ਦੀ ਖਾਤਰ ਵਰਤਿਆ ਜਾਂਦਾ ਹੈ। ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਰਾਜ ਸਰਕਾਰ ਨੂੰ ਕੋਈ ਯਤਨ ਕਰਨ ਦੀ ਲੋੜ ਹੈ। 40 ਦੇਸ਼ਾਂ ਵਿਚ ਸ਼ਰਾਬ ਦੇ ਸੇਵਨ ਸੰਬੰਧੀ ਕੀਤੇ ਗਏ ਸਰਵੇ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ ਵੀਹ ਸਾਲਾਂ ਦੌਰਾਨ ਭਾਰਤ ਵਿਚ ਸ਼ਰਾਬ ਦੀ ਵਰਤੋਂ ਵਿਚ 60 ਫ਼ੀਸਦੀ ਦਾ ਵਾਧਾ ਹੋਇਆ ਹੈ। ਇੰਡੀਅਨ ਕੌਂਸਲ ਮੈਡੀਕਲ ਰਿਸਰਚ ਵਲੋਂ ਕਰਾਏ ਗਏ ਸਰਵੇਖਣ ਅਨੁਸਾਰ ਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਨਸ਼ੇ ਦੀ ਪੂਰਤੀ ਲਈ ਹਰ ਰੋਜ਼ ਤਿੰਨ ਤੋਂ ਚਾਰ ਸੌ ਰੁਪਏ ਇਥੇ ਖ਼ਰਚ ਕੀਤੇ ਜਾ ਰਹੇ ਹਨ। ਹਰ ਸਾਲ ਕਈ ਤਰ੍ਹਾਂ ਦੇ ਨਸ਼ਿਆਂ ਦੀ ਖਪਤ ਵਧ ਰਹੀ ਹੈ। ਪੰਜਾਬ ਵਿਚ ਤਕਰੀਬਨ ਹਰ ਮਹੀਨੇ 120 ਦੇ ਲਗਭਗ ਮੁੰਡੇ ਆਪਣੇ ਜੀਵਨ ਤੋਂ ਹੱਥ ਧੋ ਲੈਂਦੇ ਹਨ। ਇਨ੍ਹਾਂ ਨਸ਼ਿਆਂ ਦੇ ਸੇਵਨ ਨਾਲ ਕਾਲਾ ਪੀਲੀਆ, ਏਡਜ਼, ਜਿਗਰ ਦਾ ਕੈਂਸਰ, ਮੂੰਹ ਦਾ ਕੈਂਸਰ, ਫੇਫੜਿਆਂ ਦਾ ਕੈਂਸਰ ਹੁੰਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਨਸ਼ਿਆਂ 'ਤੇ ਪਾਬੰਦੀ ਲਗਾ ਕੇ ਨੌਜਵਾਨੀ ਨੂੰ ਬਚਾਵੇ।
-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ : ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।
ਬਿਮਾਰੀਆਂ ਨੂੰ ਸੱਦਾ
ਅੱਜਕਲ੍ਹ ਲੋਕਾਂ ਦੇ ਖਾਣ-ਪੀਣ ਅਤੇ ਰਹਿਣ-ਸਹਿਣ ਦੇ ਢੰਗ-ਤਰੀਕੇ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਬਦਲ ਚੁੱਕੇ ਹਨ। ਪਹਿਲਾਂ ਲੋਕ ਘਰਾਂ ਵਿਚ ਬਣਿਆ ਹੋਇਆ ਸਾਦਾ ਭੋਜਨ ਖਾਣਾ ਜ਼ਿਆਦਾ ਪਸੰਦ ਕਰਦੇ ਸਨ ਅਤੇ ਬਿਮਾਰੀਆਂ ਤੋਂ ਕੋਹਾਂ ਦੂਰ ਰਹਿੰਦੇ ਸਨ। ਪਰ ਅੱਜ-ਕੱਲ੍ਹ ਲੋਕ ਘਰਾਂ ਨਾਲੋਂ ਵੱਧ ਬਾਹਰ ਦਾ ਬਣਿਆ ਹੋਇਆ ਖਾਣਾ ਜੰਕ ਫੂਡ, ਪੀਜ਼ੇ, ਬਰਗਰ ਅਤੇ ਹੋਰ ਤਲੀਆਂ ਚੀਜ਼ਾਂ ਖਾਣ ਦੇ ਸ਼ੌਕੀਨ ਬਣ ਗਏ ਹਨ। ਇਸੇ ਕਰਕੇ ਹੀ ਅੱਜ-ਕੱਲ੍ਹ ਡਾਕਟਰਾਂ ਦੀਆਂ ਦੁਕਾਨਾਂ 'ਤੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਹਰੇਕ ਘਰ ਦਾ ਮੈਂਬਰ ਕੋਈ ਨਾ ਕੋਈ ਬਿਮਾਰੀ ਤੋਂ ਪੀੜਤ ਹੈ ਅਤੇ ਦਵਾਈਆਂ ਖਾ ਰਿਹਾ ਹੈ। ਭਾਵੇਂ ਕਿ ਬਹੁਤ ਸਾਰੀਆਂ ਬਿਮਾਰੀਆਂ ਮਿਲਾਵਟ ਵਾਲੀਆਂ ਚੀਜ਼ਾਂ ਖਾਣ ਕਰਕੇ ਅਤੇ ਮੌਸਮ ਦੀ ਤਬਦੀਲੀ ਕਾਰਨ ਲੱਗਦੀਆਂ ਹਨ ਪਰ ਜਦੋਂ ਅਸੀਂ ਰੋਜ਼ਾਨਾ ਹੀ ਬਾਹਰ ਜਾ ਕੇ ਜੰਕ ਫੂਡ ਅਤੇ ਤਲੀਆਂ ਹੋਈਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਦੇ ਹਾਂ ਤਾਂ ਅਸੀਂ ਖ਼ੁਦ ਬਿਮਾਰੀਆਂ ਨੂੰ ਸੱਦਾ ਦੇ ਰਹੇ ਹੁੰਦੇ ਹਾਂ।
-ਹਰਪ੍ਰੀਤ ਸਿੰਘ ਸਿਹੋੜਾ,
ਪਿੰਡ ਤੇ ਡਾਕ. ਸਿਹੋੜਾ, ਪਾਇਲ (ਲੁਧਿਆਣਾ)
ਕਾਣੀ ਵੰਡ
2006 ਵਿਚ ਜ਼ਿਲ੍ਹਾ ਪ੍ਰੀਸ਼ਦ ਅਧੀਨ ਕਾਂਗਰਸ ਸਰਕਾਰ ਵਲੋਂ ਵੈਟਨਰੀ ਅਫ਼ਸਰ, ਵੈਟਰਨਰੀ ਫਾਰਮਾਸਿਸਟ ਤੇ ਸੇਵਾਦਾਰ ਦੀ ਪਸ਼ੂ ਪਾਲਣ ਵਿਭਾਗ ਵਿਚ ਨਿਰੋਲ ਠੇਕੇ 'ਤੇ ਭਰਤੀ ਕੀਤੀ ਗਈ ਸੀ। ਜਿਸ ਵਿਚੋਂ ਵੈਟਰਨਰੀ ਅਫ਼ਸਰ ਸਰਕਾਰ ਨੇ 2011 ਵਿਚ ਰੈਗੂਲਰ ਕਰ ਦਿੱਤੇ ਪਰ ਕਾਣੀ ਵੰਡ ਕਰਦਿਆਂ ਵੈਟਰਨਰੀ ਫਾਰਮਾਸਿਸਟਾਂ ਨੂੰ ਤਤਕਾਲੀ ਚਾਰ ਸਰਕਾਰਾਂ ਨੇ ਰੱਜ ਕੇ ਸ਼ੋਸ਼ਿਤ ਕੀਤਾ ਤੇ ਫੋਕੇ ਲਾਰਿਆਂ ਵਿਚ 16 ਸਾਲ ਲੰਘਾ ਦਿੱਤੇ। ਦਰਅਸਲ ਭਰਤੀ ਇਕ ਇਸ਼ਤਿਹਾਰ ਰਾਹੀਂ 2006 ਵਿਚ ਕੀਤੀ ਗਈ ਸੀ, ਜਿਸ ਵਿਚ ਬੰਦ ਪਏ 582 ਹਸਪਤਾਲਾਂ ਨੂੰ ਚਲਾਉਣ ਲਈ ਠੇਕੇ 'ਤੇ 582 ਵੈਟਨਰੀ ਅਫ਼ਸਰ, 582 ਫਾਰਮਾਸਿਸਟ ਅਤੇ ਬਰਾਬਰ ਸੇਵਾਦਾਰ ਭਰਤੀ ਕੀਤੇ ਗਏ ਸਨ। ਜਿਨ੍ਹਾਂ ਵਿਚੋਂ ਵੈਟਰਨਰੀ ਅਫਸਰ 2011 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਰੈਗੂਲਰ ਕਰ ਦਿੱਤੇ ਅਤੇ 2014 ਵਿਚ ਉਨ੍ਹਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਤੋਂ ਪਸ਼ੂ ਪਾਲਣ ਵਿਭਾਗ ਵਿਚ ਤਬਦੀਲ ਕਰ ਦਿੱਤਾ ਗਿਆ ਜਦੋਂ ਕਿ ਵੈਟਰਨਰੀ ਫਾਰਮਾਸਿਸਟ ਦਿਨ-ਰਾਤ ਪਿੰਡਾਂ ਵਿਚ ਰਹਿ ਕੇ ਕਿਸਾਨਾਂ ਦੇ ਪਸ਼ੂਆਂ ਦੀ ਹਿਫਾਜ਼ਤ ਕਰਦੇ ਆ ਰਹੇ ਹਨ, ਉਨ੍ਹਾਂ ਨਾਲ ਹੁਣ ਤੱਕ ਤਤਕਾਲੀ ਸਰਕਾਰਾਂ ਨੇ ਕਾਣੀ ਵੰਡ ਕੀਤੀ ਹੈ। ਵੈਟਰਨਰੀ ਫਾਰਮਾਸਿਸਟਾਂ ਤੇ ਸੇਵੇਦਾਰਾਂ ਨੂੰ ਪਸ਼ੂ ਪਾਲਣ ਵਿਭਾਗ ਵਿਚ ਮਰਜ ਤਾਂ ਕੀਤਾ ਗਿਆ ਪਰ ਨਾ ਤਾਂ ਉਨ੍ਹਾਂ ਨੂੰ ਰੈਗੂਲਰ ਕੀਤਾ ਤੇ ਨਾ ਕਿਸੇ ਸਰਕਾਰ ਨੇ ਉਨ੍ਹਾਂ ਦਾ ਮਿਹਨਤਾਨਾ ਵਧਾਉਣ ਦਾ ਯਤਨ ਕੀਤਾ ਗਿਆ। ਭਗਵੰਤ ਸਿੰਘ ਮਾਨ ਅਤੇ ਨਵੇਂ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਅਪੀਲ ਹੈ ਕਿ ਉਹ ਵੈਟਰਨਰੀ ਫਾਰਮਾਸਿਸਟਾਂ ਨਾਲ ਹਮਦਰਦੀ ਦੇ ਤੌਰ 'ਤੇ ਇਨਸਾਫ਼ ਕਰਨ।
-ਸਿਮਰਨਜੀਤ ਸਿੰਘ ਮਾਹਲ
ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ।
ਲਾਸਾਨੀ ਸ਼ਹਾਦਤ
ਕਲਗੀਧਰ ਦਸਮੇਸ਼ ਪਿਤਾ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਵਰਗੀ ਦੁਨੀਆ ਵਿਚ ਕੋਈ ਮਿਸਾਲ ਨਹੀਂ। ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਦੀਆਂ ਲਾਸਾਨੀ ਸ਼ਹਾਦਤਾਂ ਦਾ ਦੇਣ ਰਹਿੰਦੀ ਦੁਨੀਆ ਨਹੀਂ ਦੇ ਸਕਦੀ। ਪੋਹ ਦੇ ਮਹੀਨੇ ਕੜਾਕੇ ਦੀ ਠੰਢ ਵਿਚ ਅਸੀਂ ਆਪਣੇ ਬੱਚਿਆਂ ਨੂੰ ਠੰਢੀ ਸੀਤ ਨਹੀਂ ਲੱਗਣ ਦਿੰਦੇ ਅਤੇ ਰਜਾਈਆਂ ਵਿਚ ਘੁੱਟ ਕੇ ਰੱਖਦੇ ਹਾਂ ਅਤੇ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਉਨ੍ਹਾਂ ਦਿਨਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲਾਂ ਅਤੇ ਮਾਤਾ ਗੁਜਰ ਕੌਰ ਜੀ ਨੇ ਠੰਢੇ ਬੁਰਜ ਵਿਚ ਕਿਵੇਂ ਰਾਤਾਂ ਕੱਟੀਆਂ ਹੋਣਗੀਆਂ? ਅੱਜ ਸਾਰਾ ਵਿਸ਼ਵ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਵਰਗੇ ਵਿਕਾਰਾਂ ਵਿਚ ਫਸਿਆ ਪਿਆ ਹੈ। ਆਖ਼ਰੀ ਸਵਾਸਾਂ ਤੱਕ ਮਨੁੱਖ ਲਾਲਚ ਵਿਚ ਘਿਰਿਆ ਰਹਿੰਦਾ ਹੈ। ਨਾਜ਼ ਹੈ 6 ਅਤੇ 9 ਸਾਲ ਦੇ ਨਿਡਰ, ਬਹਾਦਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਦੀਆਂ ਲਾਸਾਨੀ ਕੁਰਬਾਨੀਆਂ 'ਤੇ ਜੋ ਬਾਲੜੀ ਉਮਰ ਵਿਚ ਹੀ ਯੋਧੇ ਬਣ ਕੇ ਕੌਮ ਲਈ ਸਿੱਖੀ ਦੀਆਂ ਨੀਹਾਂ ਖੜ੍ਹੀਆਂ ਕਰ ਗਏ। ਦਸਮੇਸ਼ ਪਿਤਾ ਦੇ ਅਣਭੋਲ ਲਾਲ ਅੰਧ ਵਿਸ਼ਵਾਸਾਂ ਤੋਂ ਪਰ੍ਹੇ ਸੀ, ਜਿਨ੍ਹਾਂ ਨੇ ਸੂਬੇ ਦੀ ਕਚਹਿਰੀ ਵਿਚ ਕਿਸੇ ਵੀ ਪ੍ਰਕਾਰ ਦਾ ਲਾਲਚ ਸਵੀਕਾਰ ਨਾ ਕੀਤਾ ਪਰ ਉੱਥੇ ਹੀ ਅਫ਼ਸੋਸ ਹੈ ਕਿ ਅੱਜ ਸਾਡੀ ਕੌਮ ਲਾਸਾਨੀ ਸ਼ਹਾਦਤਾਂ ਨੂੰ ਵਿਸਾਰ ਕੇ ਭੁੱਲੇ-ਭਟਕੇ ਰਾਹੀਂ ਅੰਧ-ਵਿਸ਼ਵਾਸਾਂ ਵਿਚ ਘਿਰੀ ਪਈ ਹੈ। ਅੱਜ ਅਸੀਂ ਕਲਗੀਧਰ ਦਸਮੇਸ਼ ਪਿਤਾ ਜੀ ਦੀਆਂ ਕੁਰਬਾਨੀਆਂ ਦਾ ਕਰਜ਼ਾ ਤਾਂ ਨਹੀਂ ਉਤਾਰ ਸਕਦੇ ਪਰ ਸਿੱਖੀ ਦੇ ਸਿਧਾਂਤਾਂ ਨੂੰ ਅਪਣਾ ਕੇ ਇਤਿਹਾਸ ਦਾ ਪ੍ਰਚਾਰ ਕਰ ਕੇ, ਭੁੱਲੇ-ਭਟਕਿਆਂ ਨੂੰ ਸਿੱਧੇ ਰਾਹੀਂ ਪਾ ਸਕਦੇ ਹਾਂ ਅਤੇ ਗੁਰੂ ਜੀ ਦੀਆਂ ਸਿੱਖਿਆਵਾਂ ਸਦਕਾ ਹਰ ਮੈਦਾਨ ਫ਼ਤਹਿ ਕਰ ਸਕਦੇ ਹਾਂ।
-ਸਿਮਰਨਦੀਪ ਕੌਰ ਬੇਦੀ ਘੁਮਾਣ।
ਗਿਆਨ ਭਰਪੂਰ ਲੇਖ
ਬੀਤੇ ਦਿਨੀਂ ਸੰਪਾਦਕੀ ਸਫ਼ੇ 'ਤੇ ਹਰਜਿੰਦਰ ਸਿੰਘ ਲਾਲ ਹੁਰਾਂ ਦਾ ਲੇਖ 'ਸਿੱਧੂ ਦੀ ਰਿਹਾਈ ਵਿਚ ਪੰਜਾਬ ਦਾ ਏਜੰਡਾ' ਵਿਚ ਪੰਜਾਬ ਦੀ ਡੁੱਬਦੀ ਬੇੜੀ ਦੇ ਚੰਗੇ ਨੁਕਤਿਆਂ ਦੀ ਗੱਲ, ਕਲਿਆਣੀ ਸ਼ੰਕਰ ਦਾ ਲੇਖ 'ਸਿਆਸੀ ਸਰਗਰਮੀਆਂ ਨਾਲ ਭਰਪੂਰ ਰਹੇਗਾ ਸੰਨ ਵੀਹ ਸੌ ਤੇਈ ਸਾਲ' ਅਤੇ ਖ਼ਾਸ ਕਰਕੇ ਸੰਪਾਦਕੀ 'ਈਰਾਨ-ਅਫ਼ਗਾਨਿਸਤਾਨ-ਔਰਤ ਦੀ ਹੋਣੀ' ਬਹੁਤ ਹੀ ਗਿਆਨ ਭਰਪੂਰ ਸਨ। ਦੋਵੇਂ ਲੇਖਕਾਂ ਦਾ ਅਤੇ ਹਮਦਰਦ ਸਾਹਿਬ ਜੀ ਦਾ ਅਤਿ ਧੰਨਵਾਦੀ ਹਾਂ ਜੋ ਸਮੇਂ-ਸਮੇਂ 'ਤੇ ਅਤਿਅੰਤ ਮਿਆਰੀ ਲਿਖਤਾਂ ਛਾਪ ਕੇ ਆਪਣੇ ਪਾਠਕਾਂ ਦੇ ਗਿਆਨ ਵਿਚ ਵਾਧੇ ਦੇ ਨਾਲ-ਨਾਲ ਹੋਰ ਪਾਠਕਾਂ ਨੂੰ ਵੀ ਇਸ ਅਖ਼ਬਾਰ ਨਾਲ ਜੋੜਨ ਵਿਚ ਵਾਧਾ ਕਰ ਰਹੇ ਹਨ, ਬੇਸ਼ੱਕ ਇੰਟਰਨੈੱਟ ਦੇ ਇਸ ਅਗਾਂਹਵਧੂ ਜ਼ਮਾਨੇ ਵਿਚ ਅਖ਼ਬਾਰਾਂ ਨਾਲੋਂ ਲੋਕ ਟੁੱਟ ਰਹੇ ਹਨ, ਪਰ 'ਅਜੀਤ' ਅਖ਼ਬਾਰ ਦੇ ਪਾਠਕ ਵਧ ਵੀ ਰਹੇ ਹਨ, ਕਿਉਂਕਿ ਨੈੱਟ 'ਤੇ ਉਹ ਚੀਜ਼ਾਂ ਪੜ੍ਹ ਕੇ ਐਨੀ ਗੱਲ ਨਹੀਂ ਬਣਦੀ ਜੋ ਅਖ਼ਬਾਰ ਪੜ੍ਹ ਕੇ ਗਿਆਨ ਵਿਚ ਵਾਧਾ ਹੁੰਦਾ ਹੈ। ਧੰਨਵਾਦੀ ਹਾਂ 'ਅਜੀਤ' ਅਖ਼ਬਾਰ ਦੇ ਅਤੇ ਸਾਰੇ ਮਿਹਨਤੀ ਸਟਾਫ਼ ਦੇ।
-ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ।
ਗੀਤਾਂ 'ਚ ਲੱਚਰਤਾ
ਗੀਤ ਕਿਸੇ ਖਿੱਤੇ ਦੇ ਸਮਾਜਿਕ ਸੱਭਿਆਚਾਰ ਦੇ ਨਕਸ਼-ਨੁਹਾਰ ਹੁੰਦੇ ਹਨ। ਗੀਤਾਂ ਵਿਚੋਂ ਹੀ ਉਸ ਸਮਾਜ ਦੀ ਝਲਕ ਨਜ਼ਰ ਆਉਂਦੀ ਹੈ ਪਰੰਤੂ ਅਜੋਕੀ ਪੰਜਾਬੀ ਗਾਇਕੀ ਲੱਚਰਤਾ ਨਾਲ ਪੰਜਾਬੀਅਤ ਨੂੰ ਦਾਗ਼ਦਾਰ ਕਰ ਰਹੀ ਹੈ। ਅਜੋਕੀ ਗਾਇਕੀ ਵਿਚ ਹਥਿਆਰ, ਨੰਗੇਜ਼ਵਾਦ, ਨਸ਼ਾ, ਮਹਿੰਗੀਆਂ ਤਲਵਾਰਾਂ, ਭੜਕਾਊ ਸ਼ਬਦਾਵਲੀ ਆਦਿ ਦਾ ਇਸਤੇਮਾਲ ਹੁੰਦਾ ਹੈ ਜੋ ਸਾਡੇ ਸਮਾਜ ਲਈ ਘਾਤਕ ਹੈ। ਇਸ ਕਰਕੇ ਅਣਮਨੁੱਖੀ ਘਟਨਾਵਾਂ ਸਾਡੇ ਸਮਾਜ ਵਿਚ ਨਿੱਤ ਵਾਪਰਦੀਆਂ ਹਨ। ਪੰਜਾਬੀ ਸੰਗੀਤ ਇੰਡਸਟਰੀ ਲਈ ਵੀ ਕੋਈ ਸੈਂਸਰ ਬੋਰਡ ਅਤੀ ਜ਼ਰੂਰੀ ਹੈ ਤਾਂ ਜੋ ਪੰਜਾਬੀਅਤ ਦਾ ਘਾਣ ਕਰਨ ਵਾਲੇ ਗੀਤਾਂ ਨੂੰ ਨੱਥ ਪਾਈ ਜਾ ਸਕੇ।
-ਗੁਲਸ਼ੇਰ ਸਿੰਘ ਚੀਮਾ ਮਾਰਕੀਟ ਕਮੇਟੀ, ਮਲੌਦ।
ਤੂੜੀ ਦੀਆਂ ਕੀਮਤਾਂ
ਇਕ ਪਾਸੇ ਤਾਂ ਕੰਮ ਸੱਭਿਆਚਾਰ ਘਟਣ ਅਤੇ ਸੰਯੁਕਤ ਪਰਿਵਾਰ ਨਾ ਰਹਿਣ ਕਰਕੇ ਉਂਜ ਹੀ ਘਰਾਂ ਵਿਚ ਦੁਧਾਰੂ ਪਸ਼ੂ ਰੱਖਣ ਦਾ ਰਿਵਾਜ ਘਟ ਗਿਆ। ਪਰੰਤੂ ਦੂਜੇ ਪਾਸੇ ਤੂੜੀ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਨੇ ਗਰੀਬ ਲੋਕਾਂ ਦਾ ਪਸ਼ੂ ਰੱਖਣਾ ਹੋਰ ਵੀ ਜ਼ਿਆਦਾ ਮੁਸ਼ਕਿਲ ਬਣਾ ਦਿੱਤਾ ਹੈ। ਤੂੜੀ ਦੇ ਅਸਮਾਨੀ ਚੜ੍ਹੇ ਭਾਅ ਕਰਕੇ ਹੁਣ ਹਰ ਕੋਈ ਪਸ਼ੂ ਰੱਖਣ ਤੋਂ ਗੁਰੇਜ਼ ਕਰਨ ਲੱਗ ਪਿਆ ਹੈ। ਜਿਸ ਦੇ ਸਿੱਟੇ ਵਜੋਂ ਨਕਲੀ ਦੁੱਧ ਅਤੇ ਨਕਲੀ ਦੁੱਧ ਤੋਂ ਬਣੇ ਪਦਾਰਥਾਂ ਦੀ ਹਰ ਪਾਸੇ ਭਰਮਾਰ ਹੋ ਗਈ ਹੈ। ਕੋਈ ਵੀ ਕਿਸਾਨ ਕਿਰਤੀ/ਮਜ਼ਦੂਰਾਂ ਤੋਂ ਵੀ ਤੂੜੀ ਦਾ ਭਾਅ ਠੋਕ ਵਜਾ ਕੇ ਵਸੂਲਦਾ ਹੈ, ਜਿਸ ਤੋਂ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਵੀ ਮਹਿਜ਼ ਡਰਾਮਾ ਹੀ ਜਾਪਦਾ ਹੈ। ਭੱਠਿਆਂ ਉੱਪਰ ਪਸ਼ੂਆਂ ਦਾ ਚਾਰਾ ਬਾਲਣ ਵਜੋਂ ਵਰਤਨਾ ਅਤੇ ਤੂੜੀ ਦਾ ਬਿਨਾਂ ਕਿਸੇ ਰੋਕ ਟੋਕ ਦੇ ਦੂਜੇ ਸੂਬਿਆਂ ਨੂੰ ਭੇਜਣਾ ਵੀ ਕੀਮਤਾਂ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪਸ਼ੂ ਪਾਲਕਾਂ ਦੀ ਇਸ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ, ਤਾਂ ਜੋ ਵੱਧ ਤੋਂ ਵੱਧ ਲੋਕ ਪਸ਼ੂ ਪਾਲਣ ਦੇ ਧੰਦੇ ਨਾਲ ਜੁੜੇ ਰਹਿਣ ਅਤੇ ਆਪਣੀ ਰੋਜ਼ੀ-ਰੋਟੀ ਕਮਾ ਸਕਣ।
-ਅੰਗਰੇਜ਼ ਸਿੰਘ ਵਿੱਕੀ
ਪਿੰਡ-ਡਾਕਛ ਕੋਟਗੁਰੂ (ਬਠਿੰਡਾ)
ਧੁੰਦ ਅਤੇ ਸੜਕ ਹਾਦਸੇ
ਪਿਛਲੇ ਦਿਨਾਂ ਤੋਂ ਉੱਤਰੀ ਭਾਰਤ ਵਿਚ ਪੈ ਰਹੀ ਧੁੰਦ ਨੇ ਜਿੱਥੇ ਤਾਪਮਾਨ ਵਿਚ ਗਿਰਾਵਟ ਲਿਆ ਕੇ ਸਰਦੀ ਦਾ ਅਹਿਸਾਸ ਕਰਵਾ ਦਿੱਤਾ ਹੈ ਉੱਥੇ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਵੱਲ ਵੀ ਧਿਆਨ ਕੇਂਦਰਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਸਭ ਤੋਂ ਪਹਿਲਾਂ ਵਾਤਾਵਰਨ ਵਿਚ ਮੌਜੂਦ ਪ੍ਰਦੂਸ਼ਣ ਧੁੰਧ ਨਾਲ ਮਿਲ ਕੇ ਧੁਆਂਖੀ ਧੁੰਦ ਦਾ ਰੂਪ ਧਾਰਨ ਕਰ ਲੈਂਦਾ ਹੈ, ਜਿਸ ਨਾਲ ਸੜਕ 'ਤੇ ਚੱਲਣ ਸਮੇਂ ਕੁਝ ਵੀ ਦਿਖਾਈ ਨਹੀਂ ਦਿੰਦਾ ਅਤੇ ਨਤੀਜੇ ਵਜੋਂ ਸੜਕ ਹਾਦਸੇ ਵਾਪਰਦੇ ਹਨ ਅਤੇ ਕਈ ਅਨਮੋਲ ਜਾਨਾਂ ਅਜਾਈਂ ਹੀ ਚਲੀਆਂ ਜਾਂਦੀਆਂ ਹਨ। ਸੜਕ ਹਾਦਸਿਆਂ ਤੋਂ ਬਚਣ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਸਭ ਤੋਂ ਜ਼ਰੂਰੀ ਹੈ, ਜਿਸ ਨਾਲ ਅਸੀਂ ਆਪਣੀ ਅਤੇ ਦੂਜਿਆਂ ਦੀ ਜ਼ਿੰਦਗੀ ਬਚਾਉਣ ਵਿਚ ਆਪਣਾ ਯੋਗਦਾਨ ਪਾ ਸਕਦੇ ਹਾਂ। ਸੜਕ ਹਾਦਸਿਆਂ ਨੂੰ ਰੋਕਣ ਲਈ ਸੰਚਾਰ ਦੇ ਸਾਧਨਾਂ ਦੇ ਨਾਲ-ਨਾਲ ਹਰ ਇਕ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਉਹ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਹੋਵੇ ਅਤੇ ਦੂਜਿਆਂ ਨੂੰ ਵੀ ਜਾਗਰੂਕ ਕਰੇ ਤਾਂ ਜੋ ਨਿਰੰਤਰ ਵਾਪਰ ਰਹੇ ਸੜਕ ਹਾਦਸਿਆਂ ਨੂੰ ਰੋਕ ਕੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।
-ਰਜਵਿੰਦਰ ਪਾਲ ਸ਼ਰਮਾ
ਪਾਣੀਆਂ ਦਾ ਮਸਲਾ
ਹਾਲ ਹੀ ਵਿਚ ਕੜਾਕੇ ਦੀ ਠੰਢ ਦੇ ਬਾਵਜੂਦ ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ਸਥਿਤ ਮਾਲਬਰੋਜ਼ ਸ਼ਰਾਬ ਫੈਕਟਰੀ ਦੇ ਬਾਹਰ ਵੱਡੀ ਗਿਣਤੀ ਵਿਚ ਕਿਸਾਨ ਪੁੱਜੇ। ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਧਰਨੇ ਵਿਚ ਸ਼ਾਮਿਲ ਹੋ ਗਏ। ਧਰਨਾਕਾਰੀਆਂ 'ਤੇ ਪੁਲਿਸ ਵਲੋਂ ਲਾਠੀਚਾਰਜ ਕੀਤਾ ਗਿਆ। ਤਕਰੀਬਨ ਪਿਛਲੇ ਪੰਜ ਮਹੀਨਿਆਂ ਤੋਂ ਸ਼ਰਾਬ ਫੈਕਟਰੀ ਦੇ ਬਾਹਰ ਪ੍ਰਦਰਸ਼ਨ ਚੱਲ ਰਿਹਾ ਹੈ। ਫੈਕਟਰੀ ਦੇ ਨੇੜਲੇ ਪਿੰਡਾਂ ਦੀ ਹਾਲਤ ਬਹੁਤ ਖ਼ਰਾਬ ਹੈ, ਕਿਉਂਕਿ ਫੈਕਟਰੀ ਵਲੋਂ ਜ਼ਹਿਰੀਲਾ ਪਾਣੀ ਛੱਡਿਆ ਜਾ ਰਿਹਾ ਹੈ। ਲੋਕ ਕੈਂਸਰ ਅਤੇ ਹੋਰ ਨਾਮੁਰਾਦ ਬਿਮਾਰੀਆਂ ਕਾਰਨ ਮਰ ਰਹੇ ਹਨ। ਸੁਣਨ ਵਿਚ ਵੀ ਆ ਰਿਹਾ ਹੈ ਕਿ ਜੋ ਰੇਲ ਗੱਡੀ ਬਠਿੰਡਾ ਤੋਂ ਗੰਗਾਨਗਰ ਲਈ ਚਲਦੀ ਹੈ, ਉਸ ਦਾ ਨਾਂਅ 'ਕੈਂਸਰ ਟਰੇਨ' ਰੱਖਿਆ ਹੋਇਆ ਹੈ। ਤਕਰੀਬਨ ਮਾਲਵਾ ਖੇਤਰ ਕੈਂਸਰ ਦੀ ਲਪੇਟ ਵਿਚ ਹੈ। ਤਕਰੀਬਨ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਹੈ। ਫੈਕਟਰੀਆਂ ਰਾਹੀਂ ਡੂੰਘੇ ਬੋਰ ਕਰਕੇ ਜ਼ਹਿਰੀਲਾ ਪਾਣੀ ਛੱਡਿਆ ਜਾ ਰਿਹਾ ਹੈ। ਧਰਨਾਕਾਰੀਆਂ ਦੀ ਮੰਗ ਹੈ ਕਿ ਇਸ ਸ਼ਰਾਬ ਫੈਕਟਰੀ ਨੂੰ ਬੰਦ ਕੀਤਾ ਜਾਵੇ। ਵਿਚਾਰਨ ਵਾਲੀ ਗੱਲ ਹੈ ਕਿ ਸਿਆਸੀ ਪਾਰਟੀਆਂ ਚੋਣਾਂ ਤੋਂ ਪਹਿਲਾਂ ਧਰਨਾਕਾਰੀਆਂ ਨਾਲ ਵਾਅਦਾ ਤਾਂ ਕਰਦੀਆਂ ਹਨ, ਪਰ ਸੱਤਾ ਵਿਚ ਆਉਣ ਤੋਂ ਬਾਅਦ ਉਹ ਆਪਣੇ ਵਾਅਦੇ ਭੁੱਲ ਜਾਂਦੀਆਂ ਹਨ। ਲੋਕ ਸਭਾ ਨੁਮਾਇੰਦਿਆਂ ਨੂੰ ਇਹ ਮੁੱਦਾ ਬਹੁਤ ਜ਼ੋਰ-ਸ਼ੋਰ ਨਾਲ ਚੁੱਕਣਾ ਚਾਹੀਦਾ ਹੈ। ਗੁਰੂਆਂ, ਪੀਰਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਪੰਜਾਬ ਅੱਜ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਵਾਤਾਵਰਨ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋ ਚੁੱਕਿਆ ਹੈ। ਅੱਜ ਪੰਜਾਬ ਸੂਬੇ ਦੇ ਸਿਆਸੀ ਆਗੂਆਂ ਨੂੰ ਪੰਜਾਬ ਲਈ ਪ੍ਰਤੀਬੱਧਤਾ ਦਿਖਾਉਣ ਦੀ ਜ਼ਰੂਰਤ ਹੈ।
-ਸੰਜੀਵ ਸਿੰਘ ਸੈਣੀ (ਮੁਹਾਲੀ)
ਆਨਲਾਈਨ ਧੋਖਾਧੜੀ ਤੋਂ ਬਚਾਅ
ਅੱਜ ਕੱਲ ਆਨਲਾਈਨ ਧੋਖਾਧੜੀ ਕਰਨ ਵਾਲਿਆਂ ਨੇ ਨਵਾਂ ਤਰੀਕਾ ਫੜਿਆ ਹੈ, ਜਿਸ ਕਾਰਨ ਕਈ ਸ਼ਰੀਫ਼ ਲੋਕ ਉਨ੍ਹਾਂ ਦੇ ਝਾਂਸੇ ਵਿਚ ਆ ਜਾਂਦੇ ਹਨ ਅਤੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਜਾਂ ਤਾਂ ਪੈਸੇ ਪਾ ਦਿੰਦੇ ਹਨ ਜਾਂ ਫਿਰ ਉਹ ਆਪਣਾ ਆਈ.ਡੀ. ਪਰੂਫ਼ ਉਨ੍ਹਾਂ ਦੇ ਹਵਾਲੇ ਕਰ ਦਿੰਦੇ ਹਨ, ਜਿਸ ਦਾ ਉਹ ਗਲਤ ਇਸਤੇਮਾਲ ਕਰ ਕੇ ਤੁਹਾਡੇ ਨਾਲ ਧੋਖਾਧੜੀ ਕਰ ਜਾਂਦੇ ਹਨ। ਇਨ੍ਹਾਂ ਦਾ ਇਕ ਨਵਾਂ ਤਰੀਕਾ ਇਹ ਹੈ ਕਿ ਪਹਿਲਾਂ ਤਾਂ ਤੁਹਾਨੂੰ ਕਿਸੇ ਬਾਹਰੀ ਦੇਸ਼ ਤੋਂ ਵਟਸਐਪ 'ਤੇ ਫੋਨ ਆਉਂਦਾ ਹੈ। ਫੋਨ ਚੁੱਕਣ 'ਤੇ ਸਾਹਮਣੇ ਵਾਲਾ ਬੰਦਾ ਇਹ ਕਹਿੰਦਾ ਹੈ ਕਿ ਮੈਨੂੰ ਪਛਾਣਿਆ, ਜੇਕਰ ਤੁਸੀਂ ਕੋਈ ਹਾਂ ਬੋਲ ਦਿੱਤਾ ਤਾਂ ਉਹ ਅੱਗੇ ਗੱਲ ਕਰਨੀ ਸ਼ੁਰੂ ਕਰ ਦਿੰਦੇ ਹਨ ਅਤੇ ਜੇਕਰ ਤੁਸੀਂ ਉਸ ਤੋਂ ਅਣਜਾਣ ਹੋਣ ਦੀ ਗੱਲ ਕਹਿੰਦੇ ਹੋ ਤਾਂ ਉਹ ਤੁਹਾਨੂੰ ਬੜੇ ਪਿਆਰ ਨਾਲ ਇਹ ਕਹਿੰਦਾ ਹੈ ਕਿ ਲੈ ਹੁਣ ਮੈਨੂੰ ਪਹਿਚਾਣਿਆ ਨਹੀਂ ਅਤੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪੈਂਦਾ ਹੈ ਫਿਰ ਤੁਹਾਨੂੰ ਝਾਂਸੇ ਵਿਚ ਲੈ ਕੇ ਤੁਹਾਨੂੰ ਆਪਣੇ ਵਲੋਂ ਪੈਸੇ ਭੇਜਣ ਦੀ ਗੱਲ ਕਰਦਾ ਹੈ ਅਤੇ ਤੁਹਾਡੇ ਕੋਲੋਂ ਆਈ.ਡੀ. ਪਰੂਫ ਜਿਵੇਂ ਬੈਂਕ ਖਾਤੇ ਦਾ ਨੰਬਰ ਤੇ ਹੋਰ ਜਾਣਕਾਰੀ ਦੇ ਨਾਲ ਤੁਹਾਡੀ ਤਸਵੀਰ ਦੀ ਮੰਗ ਕਰਦਾ ਹੈ। ਫਿਰ ਹੌਲੀ-ਹੌਲੀ ਆਪਣੇ ਖਾਤੇ ਵਿਚ ਤੁਹਾਡੇ ਵਲੋਂ ਪੈਸੇ ਪਾਉਣ ਲਈ ਕਹਿੰਦਾ ਹੈ। ਇਸੇ ਕਾਰਨ ਕਈ ਲੋਕ ਲੱਖਾਂ ਦੀਆਂ ਠਗੀਆਂ ਦਾ ਸ਼ਿਕਾਰ ਵੀ ਹੋ ਚੁੱਕੇ ਹਨ। ਪੰਜਾਬ ਵਿਚ ਇਹ ਕੰਮ ਵਧੇਰੇ ਹੈ, ਕਿਉਂਕਿ ਇਥੋਂ ਦੇ ਬਹੁਤ ਸਾਰੇ ਪਰਿਵਾਰਕ ਮੈਂਬਰ ਵਿਦੇਸ਼ਾਂ ਵਿਚ ਜਾ ਕੇ ਵਸੇ ਹੋਏ ਹਨ। ਉਹ ਇਨ੍ਹਾਂ ਦੀਆਂ ਗੱਲਾਂ ਵਿਚ ਆ ਕੇ ਠਗੇ ਵੀ ਜਾ ਚੁੱਕੇ ਹਨ। ਜੇਕਰ ਪੁਲਿਸ ਨੂੰ ਇਸ ਬਾਰੇ ਰਿਪੋਰਟ ਕੀਤੀ ਜਾਂਦੀ ਹੈ ਤਾਂ ਪੁਲਿਸ ਵੀ ਇਨ੍ਹਾਂ 'ਤੇ ਕਾਰਵਾਈ ਕਰਨ ਵਿਚ ਬੇਬੱਸ ਨਜ਼ਰ ਆਉਂਦੀ ਹੈ। ਇਸ ਵਾਸਤੇ ਤੁਹਾਨੂੰ ਆਪ ਨੂੰ ਇਸ ਬਾਰੇ ਜਾਗਰੂਕ ਹੋਣਾ ਪਵੇਗਾ ਅਤੇ ਕੋਈ ਵੀ ਇਹੋ ਜਿਹਾ ਫੋਨ ਜਿਹੜਾ ਤੁਹਾਡੇ ਤੋਂ ਆਪਣੀ ਪਹਿਚਾਣ ਪੁੱਛੇ ਤਾਂ ਉਸ ਫੋਨ ਨੂੰ ਕੱਟ ਦਿਉਂ। ਤੁਹਾਡਾ ਇਸ ਵਿਚ ਹੀ ਬਚਾਅ ਹੈ।
-ਅਸ਼ੀਸ਼ ਸ਼ਰਮਾ
ਮਹੱਲਾ ਸਰੀਹਾਂ, ਅਲਾਵਲਪੁਰ (ਜਲੰਧਰ)
ਅਵਾਰਾ ਕੁੱਤਿਆਂ ਦਾ ਕਹਿਰ
ਅੱਜ-ਕੱਲ ਹਰ ਗਲੀ-ਮੁਹੱਲੇ ਵਿਚ ਅਵਾਰਾ ਕੁੱਤਿਆਂ ਨੂੰ ਆਮ ਵੇਖਿਆ ਜਾ ਸਕਦਾ ਹੈ। ਇਨ੍ਹਾਂ ਕੁੱਤਿਆਂ ਕਾਰਣ ਕਈ ਵਾਰ ਬਾਈਕ ਸਵਾਰ ਟਕਰਾ ਕੇ ਡਿੱਗ ਕੇ ਗੰਭੀਰ ਰੂਪ ਨਾਲ ਜ਼ਖਮੀ ਵੀ ਹੋ ਜਾਂਦੇ ਹਨ ਅਤੇ ਕਈ ਵਾਰ ਇਨ੍ਹਾਂ ਕਾਰਨ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਵਧੇਰੇ ਡਰ ਇਨ੍ਹਾਂ ਕੁੱਤਿਆਂ ਤੋਂ ਛੋਟੇ ਬੱਚਿਆਂ ਦਾ ਹੁੰਦਾ ਹੈ। ਕੁਝ ਦਿਨ ਪਹਿਲਾਂ ਵੀ ਇਹ ਖ਼ਬਰ ਆਈ ਸੀ ਕਿ ਅਵਾਰਾ ਕੁੱਤਿਆਂ ਨੇ ਇਕ ਛੋਟੀ ਬੱਚੀ ਨੂੰ ਵੱਡ ਦਿੱਤਾ ਅਤੇ ਉਸ ਦੇ ਚਿਹਰੇ 'ਤੇ ਕਈ ਟਾਂਕੇ ਲਗਾਉਣੇ ਪਵੇ ਅਤੇ ਬੀਤੇ ਦਿਨੀ ਲੁਧਿਆਣਾ ਜ਼ਿਲੇ ਦੇ ਇਕ ਪਿੰਡ ਵਿਚ ਇਕ ਸੱਤ-ਅੱਠ ਸਾਲਾ ਬੱਚੇ ਨੂੰ ਇਨ੍ਹਾਂ ਕੁੱਤਿਆਂ ਦਾ ਕਹਿਰ ਝੱਲਣਾ ਪਿਆ। ਉਸ ਸਮੇਂ ਜੇਕਰ ਮੌਜੂਦਾ ਸਰਪੰਚ ਮੌਕੇ 'ਤੇ ਨਾ ਪਹੁੰਚਦਾ ਤਾਂ ਪਤਾ ਨਹੀਂ ਕੀ ਅਨਹੋਣੀ ਹੋ ਜਾਣੀ ਸੀ। ਉਸ ਸਰਪੰਚ ਵਲੋਂ ਹੀ ਇਸ ਮੁੰਡੇ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਸੋ ਸਰਕਾਰ ਨੂੰ ਬੇਨਤੀ ਹੈ ਕਿ ਇਨ੍ਹਾਂ ਆਵਾਰਾ ਕੁੱਤਿਆਂ ਦਾ ਛੇਤੀ ਤੋਂ ਛੇਤੀ ਕੋਈ ਹੱਲ ਕੱਢਿਆ ਜਾਣਾ ਚਾਹੀਦਾ ਹੈ।
-ਅਮਰਜੀਤ ਸ਼ਰਮਾ
ਕਮਾਲਪੁਰਾ, ਹੁਸ਼ਿਆਰਪੁਰ।
ਵਧ ਰਹੀਆਂ ਚੋਰੀਆਂ
ਅੱਜ-ਕਲ੍ਹ ਧੁੰਧਾਂ ਦੇ ਮੌਸਮ ਵਿਚ ਪਿੰਡਾਂ ਅਤੇ ਸ਼ਹਿਰਾਂ ਵਿਚ ਚੋਰੀਆਂ ਆਮ ਹੀ ਵਧ ਗਈਆਂ ਹਨ। ਇਸ ਠੰਢ ਦੇ ਮੌਸਮ ਵਿਚ ਧੁੰਦ ਪੈਣ ਕਾਰਣ ਕਈ ਬਾਜਾਰਾਂ ਅਤੇ ਗਲੀਆਂ ਵਿਚ ਰਾਤ ਨੂੰ ਆਮ ਆਵਾਜਾਹੀ ਬਹੁਤ ਘੱਟ ਹੁੰਦੀ ਹੈ ਇਸੇ ਮੌਕੇ ਦਾ ਫ਼ਾਇਦਾ ਚੁੱਕਦੇ ਹੋਏ ਚੋਰਾਂ ਵਲੋਂ ਬਹੁਤ ਸਾਰੀਆਂ ਦੁਕਾਨਾਂ ਦੇ ਸ਼ਟਰ ਤੋੜ ਕੇ ਅਤੇ ਸੁਨਸਾਨ ਘਰਾਂ ਵਿਚ ਬਹੁਤ ਵੱਡੇ ਪੱਧਰ 'ਤੇ ਚੋਰੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਕਾਰਣ ਦੁਕਾਨਦਾਰਾਂ ਅਤੇ ਆਮ ਘਰੇਲੂ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ ਕਿਉਂਕਿ ਉਨ੍ਹਾਂ ਦੀ ਮਿਹਨਤ ਦੀ ਕਮਾਈ ਚੋਰੀ ਹੋ ਗਈ ਹੁੰਦੀ ਹੈ। ਪਰ ਪੁਲਿਸ ਬਹੁਤ ਵਾਰ ਇਨ੍ਹਾਂ ਚੋਰੀਆਂ ਨੂੰ ਟ੍ਰੇਸ ਕਰਨ ਵਿਚ ਕਾਮਯਾਬ ਨਹੀਂ ਹੁੰਦੀ। ਜੇਕਰ ਕੋਈ ਚੋਰ ਫੜਿਆ ਵੀ ਜਾਂਦਾ ਹੈ ਤਾਂ ਉਸ 'ਤੇ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਜਾਂਦੀ ਜਿਸ ਕਾਰਨ ਇਨ੍ਹਾਂ ਚੋਰਾਂ ਦੇ ਹੌਂਸਲੇ ਬਹੁਤ ਬੁਲੰਦ ਹੋ ਚੁੱਕੇ ਹਨ। ਸਰਕਾਰ ਨੂੰ ਅਪੀਲ ਹੈ ਕਿ ਚੋਰਾਂ ਖਿਲਾਫ਼ ਸਖ਼ਤ ਕਾਨੂੰਨ ਬਣਾਏ ਜਾਣ ਤਾਂ ਜੋ ਲੋਕਾਂ ਦੇ ਹੋ ਰਹੇ ਇਨ੍ਹਾਂ ਵੱਡੇ ਨੁਕਸਾਨਾਂ ਨੂੰ ਰੋਕਿਆ ਜਾ ਸਕੇ।
-ਗਗਨਦੀਪ ਸਿੰਘ
ਜਲੰਧਰ
ਸੁਪਰੀਮ ਕੋਰਟ ਦੀ ਚਿੰਤਾ
ਮਨੁੱਖ ਇਕ ਸਮਾਜਿਕ ਪ੍ਰਾਣੀ ਹੈ, ਜੋ ਦੂਜੇ ਮਨੁੱਖ ਦੇ ਵਿਵਹਾਰ, ਭਾਸ਼ਾਵਾਂ, ਸੰਸਕ੍ਰਿਤੀ ਅਤੇ ਰੋਜ਼ਾਨਾ ਸਰਗਰਮੀਆਂ ਦੁਆਰਾ ਪ੍ਰਭਾਵਿਤ ਹੁੰਦਾ ਹੈ। ਜੰਗਲਾਂ ਵਿਚੋਂ ਨਿਕਲ ਕੇ ਅਜੋਕੇ ਰੂਪ ਵਿਚ ਆਏ ਮਨੁੱਖ ਦੀਆਂ ਲੋੜਾਂ ਕੋਈ ਜ਼ਿਆਦਾ ਨਹੀਂ ਹਨ। ਅੱਜ ਮਨੁੱਖ ਦੀਆਂ ਬੁਨਿਆਦੀ ਲੋੜਾਂ ਰੋਟੀ, ਕੱਪੜਾ ਅਤੇ ਮਕਾਨ ਹਨ ਅਤੇ ਉਸ ਤੋਂ ਬਾਅਦ ਇਸ ਵਿਚ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਵਧ ਰਹੀ ਬੇਰੁਜ਼ਗਾਰੀ ਅਤੇ ਰੁਪਏ ਵਿਚ ਲਗਾਤਾਰ ਆ ਰਹੇ ਨਿਘਾਰ ਨੇ ਰੋਜ਼ਾਨਾ ਜ਼ਰੂਰਤ ਦੀਆਂ ਵਸਤਾਂ ਦੀਆਂ ਕੀਮਤਾਂ ਨੂੰ ਅਸਮਾਨੀ ਪਹੁੰਚਾ ਦਿੱਤਾ ਹੈ, ਜਿਸ ਦੇ ਕਰਕੇ ਆਮ ਵਿਅਕਤੀ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਅਸਮਰੱਥ ਹੋ ਰਿਹਾ ਹੈ ਅਤੇ ਨਤੀਜੇ ਵਜੋਂ ਭੁੱਖਮਰੀ ਵਰਗੀ ਸਮੱਸਿਆ ਸਮਾਜ ਨੂੰ ਲਗਾਤਾਰ ਆਪਣੇ ਪੰਜੇ ਵਿਚ ਜਕੜ ਰਹੀ ਹੈ। ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਭੁੱਖਮਰੀ ਸੰਬੰਧੀ ਚਿੰਤਾ ਪ੍ਰਗਟ ਕਰਦੇ ਹੋਏ ਆਪਣੇ ਬਿਆਨ ਵਿਚ ਹਰ ਇਕ ਵਿਅਕਤੀ ਤੱਕ ਅੰਨ ਪਹੁੰਚਾਉਣ ਦੀ ਅਪੀਲ ਕੀਤੀ ਹੈ। ਸੁਪਰੀਮ ਕੋਰਟ ਦੀ ਇਹ ਚਿੰਤਾ ਜਾਇਜ਼ ਹੈ, ਜਦੋਂ ਸਮਾਜ ਦਾ ਇਕ ਵਰਗ ਤਾਂ ਪੂੰਜੀ 'ਤੇ ਕਬਜ਼ਾ ਕਰਦਾ ਹੋਇਆ ਪੈਸਾ ਪਾਣੀ ਦੀ ਤਰ੍ਹਾਂ ਵਹਾਅ ਰਿਹਾ ਹੈ ਅਤੇ ਦੂਜੇ ਪਾਸੇ ਇਕ ਵਰਗ ਉਹ ਵੀ ਹੈ ਜੋ ਦੋ ਵਕਤ ਦੀ ਰੋਟੀ ਲਈ ਵੀ ਸੰਘਰਸ਼ ਕਰ ਰਿਹਾ ਹੈ। ਘਰ-ਘਰ ਆਟਾ ਦਾਲ ਸਕੀਮ ਅਤੇ ਗਰੀਬ ਕਲਿਆਣ ਅੰਨ ਯੋਜਨਾ ਵਰਗੀਆਂ ਸਕੀਮਾਂ ਨੇ ਭੁੱਖਮਰੀ ਘਟਾਉਣ ਦੇ ਕੁਝ ਉਪਰਾਲੇ ਜ਼ਰੂਰ ਕੀਤੇ ਹਨ ਪਰ ਉਹ ਵੀ ਭ੍ਰਿਸ਼ਟਾਚਾਰ ਦੀ ਭੇਟ ਚੜ੍ਹਦੀਆਂ ਹੋਈਆਂ ਸੰਤੁਸ਼ਟੀਜਨਕ ਨਤੀਜੇ ਲਿਆਉਣ ਵਿਚ ਨਾਕਾਮ ਰਹੀਆਂ ਹਨ ਅਤੇ ਜਿਸ ਦਾ ਨਤੀਜਾ ਇਹ ਹੋਇਆ ਕਿ ਗਲੋਬਲ ਹੰਗਰ ਇੰਡੈਕਸ ਦੀ ਰਿਪੋਰਟ ਵਿਚ ਭਾਰਤ 121 ਦੇਸ਼ਾਂ ਦੀ ਸੂਚੀ ਵਿਚੋਂ 107 ਦੇ ਸਥਾਨ 'ਤੇ ਪਹੁੰਚ ਗਿਆ ਹੈ, ਜਦੋਂ ਕਿ ਉਸ ਦੇ ਗੁਆਂਢੀ ਦੇਸ਼ਾਂ ਦੀ ਹਾਲਤ ਵਿਚ ਸੁਧਾਰ ਹੋਇਆ ਹੈ। ਭੁੱਖਮਰੀ ਦੇ ਖ਼ਾਤਮੇ ਲਈ ਮਹਿੰਗਾਈ ਨੂੰ ਕੰਟਰੋਲ ਕਰਨ, ਰੁਜ਼ਗਾਰ ਦੇ ਹੋਰ ਮੌਕੇ ਪੈਦਾ ਕਰਨ ਦੇ ਨਾਲ-ਨਾਲ ਭੋਜਨ ਦੀ ਬਰਬਾਦੀ ਵੀ ਰੋਕਣੀ ਪਵੇਗੀ, ਤਾਂ ਜੋ ਕੋਈ ਵੀ ਵਿਅਕਤੀ ਅੰਨ ਤੋਂ ਵਾਂਝਾ ਨਾ ਰਹਿ ਸਕੇ।
-ਰਜਵਿੰਦਰ ਪਾਲ ਸ਼ਰਮਾ
ਮਾੜੀ ਆਦਤ
ਹਰ ਰੋਜ਼ ਆਮ ਹੀ ਵੇਖਿਆ ਜਾਂਦਾ ਹੈ ਕਿ ਬਹੁਤੇ ਲੋਕ ਅਖਬਾਰ ਪੜ੍ਹਦੇ ਸਮੇਂ ਅਤੇ ਨੋਟ ਗਿਣਦੇ ਵਕਤ ਵਾਰ-ਵਾਰ ਥੁੱਕ ਲਗਾਉਂਦੇ ਹਨ, ਜੋ ਬਹੁਤ ਹੀ ਮਾੜੀ/ਗੰਦੀ ਆਦਤ ਹੈ। ਇਸ ਤਰ੍ਹਾਂ ਕਰਨ ਨਾਲ ਜੇਕਰ ਕਿਸੇ ਇਕ ਆਦਮੀ ਨੂੰ ਕੋਈ ਗੰਭੀਰ ਬਿਮਾਰੀ ਹੋਵੇਗੀ ਤਾਂ ਦੂਜਿਆਂ ਨੂੰ ਵੀ ਅੱਗੇ ਲੱਗਣ ਦੀ ਸੰਭਾਵਨਾ ਬਣ ਜਾਂਦੀ ਹੈ। ਇਸ ਤੋਂ ਇਲਾਵਾ ਜੇਕਰ ਅਖ਼ਬਾਰ ਵਿਚ ਕੋਈ ਧਾਰਮਿਕ ਤਸਵੀਰ ਜਾਂ ਗੁਰਬਾਣੀ ਦੀ ਤੁੱਕ ਹੋਵੇ ਤਾਂ ਉਸ ਦੀ ਵੀ ਬੇਅਦਬੀ ਹੁੰਦੀ ਹੈ। ਲੋੜ ਹੈ ਅਜਿਹੇ ਲੋਕਾਂ ਨੂੰ ਆਪਣੀ ਇਸ ਭੈੜੀ/ਗੰਦੀ ਆਦਤ ਤੋਂ ਤੁਰੰਤ ਖਹਿੜਾ ਛੁਡਾਉਣ ਦੀ। ਅਜਿਹੇ ਲੋਕਾਂ ਨੂੰ ਸਾਨੂੰ ਖੁਦ ਵੀ ਵਰਜਣਾ ਚਾਹੀਦਾ ਹੈ।
-ਬਲਜੀਤ ਸਿੰਘ ਕੁਲਾਰ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)
ਨਿੰਦਣਯੋਗ ਕਾਰਵਾਈ
ਪਿਛਲੇ ਦਿਨੀਂ ਜ਼ੀਰਾ ਲਾਗਲੇ ਪਿੰਡ ਮਨਸੂਰਵਾਲ ਕਲਾਂ ਵਿਖੇ ਮਾਲਬਰੋਜ਼ ਸ਼ਰਾਬ ਫੈਕਟਰੀ ਖ਼ਿਲਾਫ਼ ਵਾਤਾਵਰਨ ਦੇ ਹੋ ਰਹੇ ਪ੍ਰਦੂਸ਼ਣ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਤੇ ਵਾਤਾਵਰਨ ਬਚਾਓ ਪ੍ਰੇਮੀਆਂ 'ਤੇ ਸਰਕਾਰੀ ਹੁਕਮਾਂ 'ਤੇ ਪੁਲਿਸ ਵਲੋਂ ਕੀਤਾ ਗਿਆ ਲਾਠੀਚਾਰਜ ਅਤਿ ਨਿੰਦਣਯੋਗ ਹੈ। ਪੁਲਿਸ ਵਲੋਂ ਧਰਨਾਕਾਰੀਆਂ ਦੇ ਟੈਂਟ ਉਖਾੜ ਦਿੱਤੇ ਗਏ, ਧਰਨੇ ਵਿਚ ਸ਼ਾਮਿਲ ਆਗੂਆਂ 'ਤੇ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਵਲੋਂ ਕਈ ਔਰਤਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ ਲਗਾਤਾਰ ਵਾਤਾਵਰਣ ਬਚਾਓ ਤੇ ਜਮਹੂਰੀ ਹੱਕਾਂ ਲਈ ਆਵਾਜ਼ ਉਠਾਉਣ ਵਾਲੇ ਉੱਘੇ ਸਾਹਿਤਕਾਰ ਤੇ ਕਾਲਮਨਵੀਸ ਗੁਰਚਰਨ ਸਿੰਘ ਨੂਰਪੁਰ 'ਤੇ ਵੀ ਪਰਚਾ ਦਰਜ ਕੀਤਾ ਗਿਆ। ਅਸੀਂ ਸਰਕਾਰ ਦੀ ਇਸ ਕਾਰਵਾਈ ਨੂੰ ਬੇਹੱਦ ਨਿੰਦਣਯੋਗ ਮੰਨਦੇ ਹਾਂ, ਕਿਉਂਕਿ ਸ਼ਾਂਤਮਈ ਸੰਘਰਸ਼ ਕਰ ਰਹੇ ਲੋਕਾਂ 'ਤੇ ਅੰਨ੍ਹੇਵਾਹ ਲਾਠੀਆਂ ਵਰਾਉਣੀਆਂ ਕਿਸੇ ਪੱਖੋਂ ਵੀ ਠੀਕ ਨਹੀਂ। ਆਪਣੇ ਹੱਕਾਂ ਲਈ ਸ਼ਾਂਤਮਈ ਪ੍ਰਦਰਸ਼ਨ ਸਾਡਾ ਸੰਵਿਧਾਨਕ ਹੱਕ ਹੈ। ਜਿਹੜੀ ਸਰਕਾਰ ਲੋਕ ਭਲਾਈ ਦਾ ਨਾਅਰਾ ਲਾ ਕੇ ਸੱਤਾ ਦੀ ਕੁਰਸੀ ਤੱਕ ਪਹੁੰਚੀ ਹੈ, ਉਸ ਦਾ ਲੋਕ ਵਿਰੋਧੀ ਚਿਹਰਾ ਅਜਿਹੀ ਕਾਰਵਾਈ ਤੋਂ ਸਾਫ਼ ਨਜ਼ਰ ਆਉਂਦਾ ਹੈ।
-ਹਰਨੰਦ ਸਿੰਘ ਬੱਲਿਆਂਵਾਲਾ,
ਪਿੰਡ ਬੱਲਿਆਂਵਾਲਾ (ਤਰਨ ਤਾਰਨ)
ਅੰਗੀਠੀ ਦੀ ਵਰਤੋਂ
ਅੱਜਕਲ੍ਹ ਸਰਦੀ ਦੇ ਦਿਨ ਚੱਲ ਰਹੇ ਹਨ। ਆਦਮੀ ਠੰਢ ਤੋਂ ਬਚਣ ਲਈ ਤਰ੍ਹਾਂ-ਤਰ੍ਹਾਂ ਦੇ ਉਪਰਾਲੇ ਕਰਦਾ ਹੈ। ਕਈ ਲੋਕ ਠੰਢ ਤੋਂ ਬਚਣ ਲਈ ਆਪਣੇ ਕਮਰੇ ਵਿਚ ਕੋਲੇ ਵਾਲੀ ਅੰਗੀਠੀ ਬਾਲ ਲੈਂਦੇ ਹਨ, ਜੋ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ। ਕੋਲੇ ਵਾਲੀ ਅੰਗੀਠੀ ਵਿਚੋਂ ਕਾਰਬਨ ਮੋਨੋਆਕਸਾਈਡ ਜ਼ਹਿਰੀਲੀ ਗੈਸ ਨਿਕਲਦੀ ਹੈ। ਆਕਸੀਜਨ ਦੀ ਕਮੀ ਹੋ ਜਾਂਦੀ ਹੈ, ਜਿਸ ਨਾਲ ਸਾਡਾ ਦਮ ਘੁੱਟਣ ਲੱਗ ਪੈਂਦਾ ਹੈ। ਆਖਰ ਅਸੀਂ ਸੁੱਤੇ ਪਏ ਹੀ ਰਹਿ ਜਾਂਦੇ ਹਾਂ ਅਤੇ ਜਾਨ ਤੋਂ ਹੱਥ ਧੋ ਬੈਠਦੇ ਹਾਂ। ਸੋ, ਕੋਲੇ ਵਾਲੀ ਅੰਗੀਠੀ ਨਾ ਜਲਾਓ।
-ਡਾ. ਨਰਿੰਦਰ ਭੱਪਰ
ਝਬੇਲਵਾਲੀ, (ਮੁਕਤਸਰ ਸਾਹਿਬ)।
ਧੁੰਦ ਕਾਰਨ ਵਾਪਰਦੇ ਹਾਦਸੇ
ਧੁੰਦ ਦੇ ਵਧਣ ਕਾਰਨ ਹਾਦਸਿਆਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਵਿਚ ਦਿਨੋ-ਦਿਨ ਵਾਧਾ ਹੋ ਰਿਹਾ ਹੈ। ਪਤਾ ਨਹੀਂ ਹਰ ਰੋਜ਼ ਕਿੰਨੇ ਘਰ ਉਜੜ ਰਹੇ ਹਨ। ਧੁੰਦ 'ਤੇ ਸਾਡਾ ਵੱਸ ਨਹੀਂ ਚਲਦਾ। ਪਰ ਸੜਕਾਂ 'ਤੇ ਹੁੰਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣਾ ਸਾਡੇ ਹੱਥ ਜ਼ਰੂਰ ਹੈ। ਲੋੜ ਪੈਣ 'ਤੇ ਹੀ ਘਰ ਤੋਂ ਬਾਹਰ ਨਿਕਲੋ।
ਆਪਣੀ ਗੱਡੀਆਂ ਨੂੰ ਹੌਲੀ ਚਲਾਇਆ ਜਾਣਾ ਚਾਹੀਦਾ ਹੈ। ਥੋੜ੍ਹੀ ਜਿਹੀ ਗ਼ਲਤੀ ਨਾਲ ਹੀ ਪਤਾ ਨਹੀਂ ਕਿੰਨੇ ਲੋਕਾਂ ਦਾ ਨੁਕਸਾਨ ਹੋ ਜਾਵੇ। ਆਪਣੀ ਗੱਡੀਆਂ ਦੀਆਂ ਲਾਈਟਾਂ ਜਗਾ ਕੇ ਰੱਖੋ, ਗੱਡੀ ਚਲਾਉਣ ਵੇਲੇ ਮੋਬਾਈਲ ਦੀ ਵਰਤੋਂ ਨਾ ਕਰੋ। ਸਵੇਰੇ ਤੇ ਸ਼ਾਮ ਦੀ ਧੁੰਦ ਬਹੁਤ ਜ਼ਿਆਦਾ ਖ਼ਤਰਨਾਕ ਹੁੰਦੀ ਹੈ। ਕੋਸ਼ਿਸ਼ ਕਰੋ 10 ਤੋਂ 4 ਵਜੇ ਤੱਕ ਹੀ ਸਫ਼ਰ ਕੀਤਾ ਜਾਵੇ। ਦੂਜੇ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਨਾ ਕਰੋ, ਅੱਗੇ ਨਿਕਲਣ ਦੀ ਕੋਸ਼ਿਸ਼ ਬਹੁਤ ਭਾਰੀ ਪੈ ਜਾਂਦੀ ਹੈ ਜਿਸ ਦਾ ਨੁਕਸਾਨ ਅਸੀਂ ਸਾਰੀ ਉਮਰ ਭੁਗਤਦੇ ਹਾਂ। ਦੇਰ ਚੰਗੀ ਹੈ, ਕਿਸੇ ਵੱਡੇ ਨੁਕਸਾਨ ਨਾਲੋਂ। ਬਾਹਰ ਨਿਕਲਦੇ ਵਕਤ ਆਪਣੇ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ। ਜੇ ਅਸੀਂ ਸਾਵਧਾਨੀ ਨਾਲ ਸੜਕਾਂ 'ਤੇ ਸਫ਼ਰ ਕਰਦੇ ਹਾਂ ਤਾਂ ਹੋਣ ਵਾਲੀਆਂ ਦੁਰਘਟਨਾਵਾਂ ਘਟ ਸਕਦੀਆਂ ਹਨ। ਆਪਣੇ ਵਾਹਨਾਂ 'ਤੇ ਪੀਲੀ ਲਾਈਟ ਜ਼ਰੂਰ ਲਗਾਓ, ਤਾਂ ਜੋ ਸਾਹਮਣੇ ਵਾਲੇ ਨੂੰ ਅੱਗੇ ਤੋਂ ਆਉਂਦਾ ਵਾਹਨ ਦਿਸ ਸਕੇ। ਸਫ਼ਰ ਵਿਚ ਸਾਵਧਾਨੀ ਜ਼ਰੂਰੀ ਹੈ। ਇਸ ਮੌਸਮ ਵਿਚ ਬੱਚਿਆਂ ਨੂੰ ਕੋਈ ਵੀ ਵਾਹਨ ਨਾ ਦੇਵੋ।
-ਦਵਿੰਦਰ ਕੌਰ ਖ਼ੁਸ਼ ਧਾਲੀਵਾਲ
ਤਲਾਕ, ਬੇਦਖ਼ਲੀਆਂ ਅਤੇ ਸਮਾਜ
ਅਜੋਕੇ ਸਮੇਂ ਸਾਡੇ ਸਮਾਜ ਵਿਚ ਜਿਸ ਤੇਜ਼ੀ ਨਾਲ ਤਲਾਕ ਅਤੇ ਬੇਦਖ਼ਲੀਆਂ ਦਾ ਸਿਲਸਿਲਾ ਵਧ ਰਿਹਾ ਹੈ, ਉਹ ਡਾਢੀ ਚਿੰਤਾ ਦਾ ਵਿਸ਼ਾ ਹੈ। ਉਂਜ ਤਾਂ ਅਰੇਂਜ ਮੈਰਿਜ ਵੀ ਵੱਡੀ ਗਿਣਤੀ ਵਿਚ ਟੁੱਟ ਰਹੇ ਹਨ, ਪਰ ਉਨ੍ਹਾਂ ਦੇ ਮੁਕਾਬਲੇ ਪ੍ਰੇਮ ਵਿਆਹ ਜ਼ਿਆਦਾ ਟੁੱਟ ਰਹੇ ਹਨ। ਪ੍ਰੇਮ ਵਿਆਹਾਂ ਵਿਚੋਂ ਬਹੁਤੇ ਵਿਆਹਾਂ ਦੀ ਉਮਰ ਮਸਾਂ 1 ਸਾਲ ਤੱਕ ਦੀ ਹੁੰਦੀ ਹੈ। ਕਈ ਵਾਰ ਤਾਂ ਇਹ ਵੀ ਦੇਖਣ-ਸੁਣਨ ਵਿਚ ਆਉਂਦਾ ਹੈ ਕਿ ਵਿਆਹੁਤਾ ਲੜਕੀ ਦੇ ਚੂੜੇ ਦਾ ਰੰਗ ਵੀ ਅਜੇ ਫਿੱਕਾ ਨਹੀਂ ਪਿਆ ਹੁੰਦਾ ਕਿ ਤਲਾਕ ਦੀ ਨੌਬਤ ਆ ਜਾਂਦੀ ਹੈ। ਤਲਾਕ ਆਮ ਤੌਰ 'ਤੇ ਦੁਵੱਲੇ ਦੀਆਂ ਪੰਚਾਇਤਾਂ/ ਪਤਵੰਤਿਆਂ ਰਾਹੀਂ ਹੁੰਦਾ ਹੈ ਜਾਂ ਫਿਰ ਅਦਾਲਤ ਰਾਹੀਂ ਸਾਂਝੀ ਪਟੀਸ਼ਨ ਪਾ ਕੇ ਲਿਆ ਜਾਂਦਾ ਹੈ। ਵਿਆਹ ਚਾਹੇ ਪ੍ਰੇਮ ਵਾਲਾ ਹੋਵੇ ਜਾਂ ਅਰੇਂਜ ਹੋਵੇ, ਦੋਨਾਂ ਦੀ ਸੂਰਤ ਵਿਚ ਪਤੀ-ਪਤਨੀ ਦੇ ਨਾਲ-ਨਾਲ ਉਨ੍ਹਾਂ ਦੇ ਬੱਚਿਆਂ ਦਾ ਵੱਡਾ ਨੁਕਸਾਨ ਹੁੰਦਾ ਹੈ ਅਤੇ ਕਈ ਵਾਰ ਬੱਚਿਆਂ ਦਾ ਭਵਿੱਖ ਹੀ ਧੁੰਦਲਾ ਹੋ ਜਾਂਦਾ ਹੈ। ਤਲਾਕ ਕਿਸੇ ਵੀ ਸਮਾਜ ਦੇ ਹਿੱਤ ਵਿਚ ਨਹੀਂ ਹੋ ਸਕਦਾ। ਸੋ, ਲੋੜ ਹੈ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ 'ਤੇ ਇਸ ਸੰਬੰਧੀ ਯੋਗ ਅਤੇ ਢੁਕਵੇਂ ਕਦਮ ਉਠਾਉਣ ਦੀ, ਤਾਂ ਕਿ ਅਜਿਹੇ ਸਿਲਸਿਲੇ ਨੂੰ ਰੋਕਿਆ ਜਾ ਸਕੇ।
-ਜਗਤਾਰ ਸਿੰਘ ਝੋਜੜ
ਜ਼ਿਲਾ ਕਚਹਿਰੀਆਂ, ਹੁਸ਼ਿਆਰਪੁਰ।
ਸਮਾਨਤਾ ਦਰਸਾਉਂਦਾ ਲੇਖ
15 ਦਸੰਬਰ ਦੇ ਨਾਰੀ ਸੰਸਾਰ ਵਿਚ ਗੁਰਮਿੰਦਰ ਕੌਰ ਪੰਜਾਬੀ ਅਧਿਆਪਕਾ, ਗੁਰੂ ਅਮਰ ਦਾਸ ਪਬਲਿਕ ਸਕੂਲ ਜਲੰਧਰ ਸ਼ਹਿਰ ਦਾ ਲੇਖ 'ਤਕੜੇ ਹੋ ਜਾਓ ਮੁੰਡਿਓ' ਸਮੇਂ ਦਾ ਹਾਣੀ ਅਤੇ ਮੁੰਡਿਆਂ ਅਤੇ ਕੁੜੀਆਂ ਵਿਚ ਸਹੀ ਮਾਅਨਿਆਂ ਵਿਚ ਸਮਾਨਤਾ ਦਰਸਾਉਂਦਾ ਹੈ।
ਮੁੰਡਿਆਂ ਨੂੰ ਪਰੌਂਠੇ ਅਤੇ ਕੁੜੀਆਂ ਨੂੰ ਕਰਾਟੇ ਜ਼ਰੂਰ ਸਿਖਾਓ। ਮੁੰਡਿਆਂ ਨੂੰ ਛੋਟੇ ਬੱਚੇ ਸੰਭਾਲਣ ਦੀ ਜਾਚ ਸਿਖਾਓ। ਮੁੰਡੇ ਆਪਣੀ ਮਰਦਾਂ ਵਾਲੀ ਹੈਂਕੜ ਛੱਡ ਕੇ ਘਰ ਦੇ ਕੰਮ ਵਿਚ ਹੱਥ ਵਟਾਉਣਾ ਸਿੱਖਣ ਤਾਂ ਹੀ ਅੱਛੇ ਪਤੀ ਬਣ ਸਕਦੇ ਹਨ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਮੁੰਡੇ ਅਤੇ ਕੁੜੀ ਵਿਚ ਕੋਈ ਵਿਤਕਰਾ ਨਾ ਸਮਝਣ।
-ਤਰਲੋਕ ਸਿੰਘ ਫਲੋਰਾ
ਪਿੰਡ ਹੀਉਂ (ਬੰਗਾ), ਸ਼ਹੀਦ ਭਗਤ ਸਿੰਘ ਨਗਰ
ਸਮੇਂ ਅਤੇ ਕਿਤਾਬਾਂ ਦੀ ਕਦਰ ਕਰੋ
ਜਿਸ ਨੇ ਕਿਤਾਬਾਂ ਅਤੇ ਸਮੇਂ ਦੀ ਕਦਰ ਕੀਤੀ ਬਹੁਤ ਕੁਝ ਪਾਇਆ ਅਤੇ ਅੱਗੇ ਹੋਰ ਵੀ ਨਿਰੰਤਰ ਪਾਉਂਦੇ ਹੀ ਰਹਿੰਦੇ ਹਨ। ਸਮਾਂ ਵੀ ਬੜਾ ਬਲਵਾਨ ਹੁੰਦਾ ਹੈ ਅਤੇ ਕਿਤਾਬਾਂ ਸਾਨੂੰ ਗਿਆਨ ਵੰਡਦੀਆਂ ਹਨ। ਕਿਤਾਬਾਂ ਸਾਡੀ ਜ਼ਿੰਦਗੀ ਵਿਚ ਗਿਆਨ ਦੇ ਵਾਧੇ ਵਿਚ ਬਹੁਤ ਵੱਡਾ ਯੋਗਦਾਨ ਪਾਉਂਦੀਆਂ ਹਨ।
ਜ਼ਰਾ ਸੋਚੋ ਜੇਕਰ ਸਾਡੇ ਕੋਲ ਗਿਆਨ ਹੀ ਨਹੀਂ ਹੋਵੇਗਾ ਤਾਂ ਦੇਸ਼-ਦੁਨੀਆ ਵਿਚ ਕਿਸੇ ਵੀ ਕੰਮ ਲਈ ਕਿਸੇ ਦੇ ਮੁਥਾਜ ਹੋ ਕੇ ਰਹਿਣਾ ਪਵੇਗਾ ਅਤੇ ਜੇਕਰ ਸਮੇਂ ਤੇ ਕਿਤਾਬਾਂ ਨਾਲ ਦੋਸਤੀ ਹੋਵੇਗੀ ਤਾਂ ਸਾਨੂੰ ਆਪਣੇ ਗਿਆਨ ਮੁਤਾਬਿਕ ਕੰਮ-ਕਾਜ ਕਰ ਕਾਮਯਾਬੀ ਦੇ ਨਾਲ-ਨਾਲ ਖੁਸ਼ੀ ਵੀ ਮਿਲੇਗੀ। ਸਭ ਤੋਂ ਵਧੀਆ ਹੋਵੇਗਾ ਜੇਕਰ ਆਪਣੇ ਕੰਮਾਂ ਤੋਂ ਵਿਹਲੇ ਹੋ ਕੇ ਕਿਤਾਬਾਂ ਪੜ੍ਹਨ ਵਿਚ ਸਮਾਂ ਲਗਾ ਦਿੱਤਾ ਜਾਵੇ। ਸੋ, ਜਿਥੇ ਕਿਤਾਬਾਂ ਅਤੇ ਸਮੇਂ ਦੀ ਕਦਰ ਹੈ, ਉੱਥੇ ਕਾਮਯਾਬੀ ਹੈ। ਸੋ, ਇਨ੍ਹਾਂ ਦੀ ਕਦਰ ਕਰੋ।
-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।
ਅਸੀਂ ਵੀ ਸਾਥ ਦੇਈਏ
'ਅਜੀਤ' ਅਖ਼ਬਾਰ ਸਾਡਾ ਸਾਰਿਆਂ ਦਾ ਹਰਮਨ ਪਿਆਰਾ ਅਖ਼ਬਾਰ ਹੈ। ਇਹ ਅਖ਼ਬਾਰ ਪਿੰਡਾਂ ਅਤੇ ਸ਼ਹਿਰਾਂ ਵਿਚ ਸਭ ਤੋ ਵੱਧ ਪਸੰਦ ਕੀਤਾ ਜਾਂਦਾ ਹੈ। ਇਸ ਸੱਚੇ-ਸੁੱਚੇ ਅਤੇ ਨਿਡਰ ਆਵਾਜ਼ ਦੇ ਮਾਲਕ ਅਖ਼ਬਾਰ ਨੂੰ ਪੜ੍ਹ ਕੇ ਹਰ ਇਕ ਇਨਸਾਨ ਮਾਣ ਮਹਿਸੂਸ ਕਰਦਾ ਹੈ। ਇਹ ਅਖ਼ਬਾਰ ਹਰ ਤਰਾਂ ਦੀ ਅੱਜ ਦੀ ਲੋੜ ਮੁਤਾਬਕ ਹਰ ਇਕ ਇਨਸਾਨ ਦੀ ਜਾਣਕਾਰੀ ਪੂਰੀ ਕਰਦਾ ਹੈ। ਇਹ ਅਖ਼ਬਾਰ ਬਿਨਾਂ ਕਿਸੇ ਪੱਖਪਾਤ ਦੇ ਆਪਣਾ ਕੰਮ ਕਰ ਰਿਹਾ ਹੈ। ਇਸ ਨਾਲ ਕਿਸੇ ਤਰ੍ਹਾਂ ਦੀ ਬੇਇਨਸਾਫੀ ਕਰਨੀ ਠੀਕ ਨਹੀਂ ਹੈ। ਇਸ ਤਰ੍ਹਾਂ ਬੇਇਨਸਾਫੀ ਕਰਨ ਨਾਲ ਹਰ ਇਕ ਪਾਠਕ ਦੇ ਮਨ ਨੂੰ ਠੇਸ ਪੁੱਜਦੀ ਹੈ। ਸੋ ਸਾਡੀ ਸਾਰਿਆਂ ਦੀ ਬੇਨਤੀ ਹੈ ਕਿ ਇਸ ਨਿਡਰ ਆਵਾਜ਼ ਦੇ ਮਾਲਕ ਅਖ਼ਬਾਰ ਨੂੰ ਆਪਣੀ ਆਜ਼ਾਦੀ ਨਾਲ ਕੰਮ ਕਰਨ ਦਿਓ।
-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ -11 ਭਾਗੂ ਰੋਡ ਬਠਿੰਡਾ
ਪੰਜਾਬੀਆਂ ਲਈ ਹੌਸਲਾ ਹੈ 'ਅਜੀਤ'
'ਜਦੋਂ ਵੀ, ਜਿੱਥੇ ਵੀ, ਕੋਈ ਵੀ' ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਗੱਲ ਛੇੜਦਾ ਹੈ ਤਾਂ 'ਅਜੀਤ' ਦਾ ਜ਼ਿਕਰ ਨਾ ਹੋਵੇ, ਇਹ ਹੋ ਨਹੀਂ ਸਕਦਾ। ਜਦੋਂ ਭੰਗੜਾ, ਗਿੱਧਾ, ਬੋਲੀਆਂ, ਕਵੀਸ਼ਰੀ, ਵਾਰਾਂ, ਕਵਿਤਾਵਾਂ ਤੇ ਗੀਤ-ਸੰਗੀਤ ਦੀ ਗੱਲ ਚਲਦੀ ਹੈ ਤਾਂ ਪਹਿਲਾਂ ਹੀ 'ਅਜੀਤ' ਦਾ ਨਾਂਅ ਇਨ੍ਹਾਂ ਸਰਗਰਮੀਆਂ ਨਾਲ ਜੁੜਿਆ ਮਿਲਦਾ ਹੈ। ਜਦੋਂ ਵੱਡੇ-ਵੱਡੇ ਕਲਾਕਾਰਾਂ ਵੱਲ ਨਿਗ੍ਹਾ ਜਾਂਦੀ ਹੈ ਤਾਂ ਬੁੱਲ੍ਹਾਂ 'ਤੇ ਸ਼ਬਦ ਆਉਂਦੇ ਨੇ ਕਿ ਇਸ ਸਖ਼ਸੀਅਤ ਪਿੱਛੇ 'ਅਜੀਤ' ਦਾ ਵੀ ਵੱਡਾ ਰੋਲ ਹੈ। ਕਲਾ ਖੇਤਰ ਵਿਚ ਵੱਡਾ ਨਾਮਣਾ ਖੱਟਣ ਵਾਲੀਆਂ ਵਿਲੱਖਣ ਹਸਤੀਆਂ 'ਚੋਂ 'ਅਜੀਤ' ਨੂੰ ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ। ਸ਼ਾਇਰ, ਗੀਤਕਾਰ, ਲੇਖਕ, ਵਿਦਵਾਨ, ਬੁੱਧੀਜੀਵੀ, ਕਹਾਣੀਕਾਰ, ਨਾਵਲਕਾਰ, ਬੁੱਤ-ਤਰਾਸ਼, ਚਿੱਤਰਕਾਰ, ਨਾਟਕਕਾਰ, ਵਿਅੰਗਕਾਰ, ਪੱਤਰਕਾਰ ਅਤੇ ਹੋਰ ਜਿੰਨੀਆਂ ਵੀ ਕਲਾਵਾਂ ਨਾਲ ਜੁੜੇ ਲੋਕ ਤੱਕਦੇ ਹਾਂ ਤਾਂ 'ਅਜੀਤ' ਦੀ ਤਸਵੀਰ ਨਿੱਖਰ ਕੇ ਸਾਹਮਣੇ ਆ ਖੜ੍ਹਦੀ ਹੈ। ਪਿਛਲੇ ਕਾਫੀ ਸਮੇਂ ਤੋਂ 'ਅਜੀਤ' ਇਕ ਪਰਿਵਾਰਕ ਅਖਬਾਰ ਬਣ ਗਿਆ ਹੈ। ਇਥੇ ਇਹ ਕਹਿਣਾ ਵੀ ਦਰੁਸਤ ਰਹੇਗਾ ਕਿ ਪਿੰਡਾਂ ਦੇ ਲੋਕਾਂ ਦਾ 'ਅਜੀਤ' ਇਕ ਪਰਿਵਾਰਕ ਮੈਂਬਰ ਹੀ ਹੈ। ਪੰਜਾਬ ਦੇ ਪਿੰਡਾਂ, ਸ਼ਹਿਰਾਂ ਤੋਂ ਦੂਰ-ਦੁਰਾਡੇ ਮੁਲਕਾਂ ਵਿਚ ਜਾ ਵਸੇ ਲੋਕ ਵੀ 'ਅਜੀਤ' ਦਾ ਮੋਹ ਤਿਆਗ ਨਹੀਂ ਸਕੇ। ਖੌਰੇ ਨਿੱਤ ਕਿੰਨੇ ਹੀ ਲੋਕਾਂ ਨੂੰ ਨਵੇਂ ਰਿਸ਼ਤਿਆਂ ਦੇ ਧਾਗਿਆਂ 'ਚ ਪਰੋਂਦਾ ਹੈ 'ਅਜੀਤ' । ਪੰਜਾਬ ਦੀਆਂ ਲੱਖਾਂ ਧੀਆਂ ਨੂੰ ਜਿਊਣ ਜੋਗੀਆਂ ਕਰਦਾ ਹੈ। ਅਜਿਹੇ ਅਦਾਰੇ ਨਾਲ ਪੰਜਾਬ ਸਰਕਾਰ ਵਲੋਂ ਧੱਕੇਸ਼ਾਹੀ ਕਰਨਾ ਉੱਚਿਤ ਨਹੀਂ ਹੈ। ਬਸ ਸਮੇਂ ਦੀ ਸਰਕਾਰ ਨੂੰ ਹੋਰ ਕੁਝ ਨਹੀਂ ਕਹਿਣਾ। ਬਾਕੀ ਕਦੇ ਫੇਰ।
-ਬੇਅੰਤ ਗਿੱਲ (ਭਲੂਰ)
ਮੀਡੀਆ ਨੂੰ ਦਬਾਉਣ ਦੀ ਕੋਸ਼ਿਸ਼
ਅਦਾਰਾ 'ਅਜੀਤ' ਦੇ ਇਸ਼ਤਿਹਾਰ ਬੰਦ ਕਰਕੇ ਸਰਕਾਰ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਪੁਰਾਣੇ ਸਮੇਂ ਤੋਂ 'ਅਜੀਤ' ਲੋਕਾਂ ਦਾ ਹਰਮਨ ਪਿਆਰਾ ਅਖ਼ਬਾਰ ਰਿਹਾ ਹੈ। ਇਸ ਅਦਾਰੇ ਨੇ ਲੋਕ ਮੁੱਦਿਆਂ ਦੀ ਆਵਾਜ਼ ਨੂੰ ਨਿਰਪੱਖਤਾ ਦੇ ਆਧਾਰ 'ਤੇ ਸਰਕਾਰ ਤੱਕ ਪਹੁੰਚਾਉਣ ਦੀ ਹਮੇਸ਼ਾ ਕੋਸ਼ਿਸ਼ ਕੀਤੀ ਹੈ। ਮੀਡੀਆ ਅਸਲ ਵਿਚ ਕਿਸੇ ਸਮਾਜ ਦੇ ਦਰਪਣ ਦੀ ਤਰ੍ਹਾਂ ਹੈ, ਜੋ ਉਨ੍ਹਾਂ ਨੂੰ ਸੱਚਾਈ ਦੇ ਰੂ-ਬ-ਰੂ ਕਰਦਾ ਹੈ। ਅਜੋਕੇ ਸਮੇਂ ਅਸੀਂ ਵੇਖਦੇ ਹਾਂ ਕਿ ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਵਿਚ ਗੁੰਮਰਾਹਕੁੰਨ ਪ੍ਰਚਾਰ ਦੁਆਰਾ ਲੋਕ ਮਾਨਸਿਕਤਾ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਪ੍ਰਿੰਟ ਮੀਡੀਆ ਹੀ ਭਰੋਸੇਯੋਗ ਸਾਧਨ ਹੈ, ਜਿਸ ਜ਼ਰੀਏ ਅਸੀਂ ਤੱਥਾਂ ਦੇ ਆਧਾਰ 'ਤੇ ਸਹੀ-ਗ਼ਲਤ ਦਾ ਫ਼ੈਸਲਾ ਕਰ ਸਕਦੇ ਹਾਂ। ਇਸ ਲਈ ਸਰਕਾਰ ਹੁਣ 'ਅਜੀਤ' ਵਰਗੇ ਅਦਾਰਿਆਂ ਨੂੰ ਦਬਾਉਣ ਲੱਗੀ ਹੈ। ਸਭ ਨੂੰ ਸਰਕਾਰ ਦੀ ਇਸ ਕਾਰਵਾਈ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
-ਹਰਨੰਦ ਸਿੰਘ ਬੱਲਿਆਂਵਾਲਾ,
ਪਿੰਡ ਬੱਲਿਆਂਵਾਲਾ (ਤਰਨ ਤਾਰਨ)
ਪਿਛਲੀਆਂ ਸਰਕਾਰਾਂ ਤੋਂ ਸਬਕ ਲਵੇ ਸਰਕਾਰ
ਸਮੇਂ ਦੀਆਂ ਸਰਕਾਰਾਂ ਪ੍ਰਤੀ ਤਿੱਖੀ ਵਿਅੰਗਮਈ ਕਾਮੇਡੀ ਕਰਕੇ ਉੱਭਰੇ ਨੇਤਾ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਮੇਸ਼ਾ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਅਲੰਬਰਦਾਰ ਕਿਹਾ ਜਾਂਦਾ ਰਿਹਾ ਹੈ ਅਤੇ ਕਿਸੇ ਹੱਦ ਤੱਕ ਪੰਜਾਬੀ ਜ਼ੁਬਾਨ ਅਤੇ ਪੰਜਾਬੀਅਤ ਪ੍ਰਤੀ ਉਸ ਦਾ ਮੋਹ ਨਜ਼ਰ ਵੀ ਆਉਂਦਾ ਹੈ। ਜਦੋਂ ਉਹ ਸੰਸਦ ਵਿਚ ਬੋਲਦੇ ਸਨ ਜਾਂ ਹੁਣ ਉਹ ਵਿਧਾਨ ਸਭਾ ਵਿਚ ਵੀ ਵਿਅੰਗਮਈ ਟਿੱਪਣੀ ਕਰਦੇ ਹਨ ਤਾਂ ਉਹਦਾ ਪੰਜਾਬੀ ਪ੍ਰੇਮੀਆਂ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਪਿਛਲੇ ਦਿਨੀਂ ਪੰਜਾਬ ਸਰਕਾਰ ਦੇ ਕਿਸੇ ਸਲਾਹਕਾਰ ਦੀ ਸਿਫ਼ਾਰਿਸ਼ 'ਤੇ ਵਪਾਰਕ ਅਦਾਰਿਆਂ, ਵਿੱਦਿਅਕ ਸੰਸਥਾਵਾਂ, ਦੁਕਾਨਾਂ ਅਤੇ ਹੋਰ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਦੇ ਬੋਰਡਾਂ 'ਤੇ ਪੰਜਾਬੀ ਵਿਚ ਜਾਣਕਾਰੀ ਲਿਖਣ ਨੂੰ ਪਹਿਲ ਦੇਣ ਸੰਬੰਧੀ ਸਰਕਾਰੀ ਫ਼ੈਸਲੇ ਦੀ ਚੁਫੇਰਿਓਂ ਪ੍ਰਸੰਸਾ ਵੀ ਹੋਈ ਹੈ। ਨਾਲ ਦੀ ਨਾਲ ਹੀ ਪੰਜਾਬ ਸਰਕਾਰ ਦੀ 'ਅਜੀਤ' ਦੇ ਸਰਕਾਰੀ ਇਸ਼ਤਿਹਾਰ ਬੰਦ ਕਰਨ ਦੀ ਅਤੇ ਇਕ ਤਰ੍ਹਾਂ ਨਾਲ ਡਰਾਉਣ ਦੀ ਨੀਤੀ ਦੀ ਪੰਜਾਬੀ ਪ੍ਰਿੰਟ ਅਤੇ ਬਿਜਲਈ ਮੀਡੀਆ ਵਿਚ ਡਾਹਢੀ ਆਲੋਚਨਾ ਵੀ ਵੇਖਣ ਨੂੰ ਮਿਲ ਰਹੀ ਹੈ । 'ਅਜੀਤ' ਦੇ ਇਸ਼ਤਿਹਾਰ ਬੰਦ ਕਰਨ ਸੰਬੰਧੀ ਫ਼ੈਸਲਾ, ਜਿਸ ਦਾ ਵੀ ਹੋਵੇ ਉਂਗਲ ਤਾਂ ਸਰਕਾਰ 'ਤੇ ਹੀ ਉੱਠੇਗੀ ਤੇ ਆਲੋਚਨਾ ਵੀ ਹੋਵੇਗੀ, ਖ਼ੈਰ ਪੱਤਰਕਾਰੀ ਵਿਚ ਵਿਚਰਦਿਆਂ ਮੈਂ ਅਦਾਰਾ 'ਅਜੀਤ' ਦੀ ਇਕ ਨੀਤੀ ਸਪੱਸ਼ਟ ਰੂਪ ਵਿਚ ਵੇਖੀ ਹੈ ਕਿ ਕਿਸੇ ਵੀ ਪੰਜਾਬੀ ਪੱਤਰਕਾਰ ਤੋਂ ਮੁਫ਼ਤ ਵਿਚ ਕੰਮ ਨਹੀਂ, ਕਰਾਉਣਾ (ਹਾਲਾਂਕਿ 90 ਫੀਸਦੀ ਪੰਜਾਬੀ ਅਖ਼ਬਾਰਾਂ ਮੁਫ਼ਤ ਵਿਚ ਹੀ ਕੰਮ ਕਰਾਉਂਦੀਆਂ ਹਨ) ਅਤੇ ਚੋਣਾਂ ਵਿਚ ਹਰ ਉਮੀਦਵਾਰ ਦੀ ਮੁਫ਼ਤ ਕਵਰੇਜ ਕੀਤੀ ਹੈ।ਇਸ ਦੀਆਂ ਗਵਾਹ ਤਾਂ ਸਭ ਰਾਜਨੀਤਕ ਪਾਰਟੀਆਂ ਵੀ ਹਨ। 'ਅਜੀਤ' ਦੇ ਕਿਸੇ ਛੋਟੇ ਸਟੇਸ਼ਨ ਦੇ ਪੱਤਰਕਾਰ ਦਾ ਗੁਜ਼ਾਰਾ ਵੀ ਮਿਹਨਤਾਨੇ ਅਤੇ ਇਸ਼ਤਿਹਾਰ ਤੋਂ ਚੱਲ ਜਾਂਦਾ ਹੈ। ਹਾਲਾਂਕਿ ਮੈਂ 'ਅਜੀਤ' ਦੀ ਕਦੀ ਪੱਤਰਕਾਰੀ ਨਹੀਂ ਕੀਤੀ ਪਰ ਅਦਾਰਾ ਪੰਜਾਬੀ ਪੱਤਰਕਾਰੀ ਵਿਚ ਰੁਜ਼ਗਾਰ ਦੇ ਰਿਹਾ ਹੈ ਅਤੇ ਜੇਕਰ ਇਹ ਕਿਹਾ ਜਾਵੇ ਕਿ ਪੰਜਾਬੀ ਮਾਂ ਬੋਲੀ ਵਿਚ ਪ੍ਰਿੰਟ ਮੀਡੀਆ ਦੀ ਲਾਜ ਕਿਸੇ ਨੇ ਰੱਖੀ ਹੈ ਤਾਂ ਇਹ ਅਦਾਰਾ 'ਅਜੀਤ' ਹੀ ਹੈ, ਇਸ ਵਿਚ ਕੋਈ ਅੱਤਕਥਨੀ ਨਹੀਂ ਹੋਵੇਗੀ ।
ਹੁਣ ਇਕ ਅਦਾਰਾ ਪਹਿਲਾਂ ਹੀ ਪੰਜਾਬੀ ਮਾਂ ਬੋਲੀ ਦੀ ਨਿਰਪੱਖ ਭਾਵ ਨਾਲ ਸੇਵਾ ਕਰ ਰਿਹਾ ਹੈ ਅਤੇ ਨਵੀਂ ਸਰਕਾਰ ਜੋ ਕਿ ਪੰਜਾਬੀ ਪ੍ਰੇਮੀ ਹੋਣ ਦਾ ਦਮ ਭਰਦੀ ਹੈ ਪੰਜਾਬੀ ਅਖਬਾਰ ਨਾਲ ਅਜਿਹਾ ਸਲੂਕ ਕਰ ਰਹੀ ਹੈ ਸਮਝ ਤੋਂ ਪਰ੍ਹੇ ਹੈ । ਇਸ ਸੰਬੰਧੀ ਪੰਜਾਬ ਸਰਕਾਰ ਨੂੰ ਪਹਿਲਾਂ ਦੀਆਂ ਦੋ ਇਕੋ ਪਾਰਟੀ ਦੀਆਂ ਸਰਕਾਰਾਂ ਤੋਂ ਸਬਕ ਲੈਣਾ ਚਾਹੀਦਾ ਹੈ ਕਿਉਂਕਿ ਉਸ ਸਮੇਂ ਵੀ ਪੰਜਾਬੀਆਂ ਦੇ ਦੇਸ਼-ਵਿਦੇਸ਼ ਤੋਂ ਪ੍ਰੇਮ ਸਦਕਾ ਸਰਕਾਰਾਂ ਨੂੰ ਕਦਮ ਪਿੱਛੇ ਖਿੱਚਣੇ ਪਏ ਸਨ।
ਗੱਲ ਸਰਕਾਰੀ ਇਸ਼ਤਿਹਾਰਾਂ ਦੀ ਕੀਤੀ ਜਾਵੇ ਤਾਂ ਅਦਾਰਾ 'ਅਜੀਤ' ਨੂੰ ਇਸ਼ਤਿਹਾਰ ਇਸ ਸਰਕਾਰ ਨੇ ਜਾ ਕਿਸੇ ਹੋਰ ਸਰਕਾਰ ਨੇ ਮੇਹਰਬਾਨੀ ਕਰਕੇ ਸ਼ੁਰੂ ਨਹੀਂ ਕੀਤੇ ਬਲਕਿ ਰੋਜ਼ਾਨਾ ਅਖ਼ਬਾਰ ਲਈ ਸਰਕਾਰ ਵਲੋਂ ਰੱਖੇ ਸਭ ਮਾਪਦੰਡ ਪੂਰੇ ਕਰਨ 'ਤੇ ਹੀ ਦਹਾਕੇ ਪਹਿਲਾਂ ਸ਼ੁਰੂ ਹੋਏ ਸਨ ਨਾ ਕਿ ਕੋਈ ਵੱਖਰੀ ਮਿਹਰਬਾਨੀ ਕਰਕੇ। 'ਅਜੀਤ' ਅਖ਼ਬਾਰ ਕਦੀ ਨਾ ਪੜ੍ਹੀਏ ਤਾਂ ਫਿੱਕਾ-ਫਿੱਕਾ ਜਿਹਾ ਜਾਪਦਾ ਹੈ। ਇਨ੍ਹਾਂ ਸਰਕਾਰੀ ਇਸ਼ਤਿਹਾਰ ਬੰਦ ਕਰਨ ਦਾ ਅਦਾਰਾ 'ਅਜੀਤ' ਨੂੰ ਕੋਈ ਫ਼ਰਕ ਨਹੀਂ ਪੈਣਾ ਇਹ ਵੀ ਪੱਕਾ ਹੈ ਕਿ ਸਰਕਾਰੀ ਧਿਰ ਦੀ ਖ਼ਬਰ ਲਾਉਣੀ ਵੀ ਕਦੀ ਅਦਾਰਾ ਬੰਦ ਨਹੀਂ ਕਰੇਗਾ, ਕਿਉਂਕਿ ਅਦਾਰਾ ਧੱਕੇ ਝੱਲ ਕੇ ਵੀ ਕਦੀ ਪੱਤਰਕਾਰੀ ਦੇ ਮੁਢਲੇ ਅਸੂਲਾਂ ਤੋਂ ਕਦੀ ਨਹੀਂ ਥਿੜਕਿਆ, ਇੰਨਾ ਜ਼ਰੂਰ ਅਖਾਂਗਾ ਕਿ ਮੀਡੀਆ ਨੂੰ ਆਪਣੇ ਢੰਗ ਨਾਲ ਚਲਾਉਣ ਦੀ ਨੀਤੀ ਵਿਚੋਂ ਤਾਨਾਸ਼ਾਹੀ ਦੀ ਬੋ ਜ਼ਰੂਰ ਆਉਣ ਲੱਗੀ ਹੈ ਅਤੇ ਦੱਬੀ ਜ਼ੁਬਾਨ ਵਿਚ ਸੱਥਾਂ ਵਿਚ ਜੋ ਬੀ ਟੀਮ ਦੀ ਗੱਲ ਚਲਦੀ ਹੈ ਉਸ 'ਤੇ ਵੀ ਮੋਹਰ ਲੱਗਦੀ ਜਾਪਦੀ ਹੈ । ਇੰਨਾ ਕਹਿੰਦੇ ਹੋਏ ਪੰਜਾਬੀ ਪ੍ਰਿੰਟ ਮੀਡੀਆ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਹਾਂ।
-ਸਰਬਜੀਤ ਸਿੰਘ ਸੂਫ਼ੀ
'ਅਜੀਤ' ਖ਼ਿਲਾਫ਼ ਬਦਲਾਲਊ ਭਾਵਨਾ ਨਾਲ ਕੰਮ ਕਰ ਰਹੀ ਹੈ ਸਰਕਾਰ
ਬੜੇ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਸਰਕਾਰ ਵਲੋਂ ਬਦਲਾ ਲਊ ਕਾਰਵਾਈ ਕਰਦਿਆਂ 'ਅਜੀਤ' ਅਖ਼ਬਾਰ ਨੂੰ ਦਬਾਉਣ ਲਈ ਉਸ ਦੇ ਇਸ਼ਤਿਹਾਰ ਬੰਦ ਕਰ ਦਿੱਤੇ ਗਏ ਹਨ। ਇਹ ਸਰਾਸਰ ਮੀਡੀਆ ਦੀ ਆਜ਼ਾਦੀ 'ਤੇ ਹਮਲਾ ਹੈ ਅਤੇ ਬਰਾਬਰੀ ਦੇ ਸੰਵਿਧਾਨਕ ਅਧਿਕਾਰ ਦੀ ਉਲੰਘਣਾ ਵੀ ਹੈ। ਇਹ ਵਾਕਈ ਸ਼ਰਮਨਾਕ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਆਪਣੇ ਸਿਆਸੀ ਹਿੱਤਾਂ ਲਈ ਗੁਜਰਾਤ ਅਤੇ ਹਿਮਾਚਲ ਦੀਆਂ ਚੋਣਾਂ ਦੌਰਾਨ ਦੂਜੇ ਰਾਜਾਂ ਦੀਆਂ ਅਖ਼ਬਾਰਾਂ ਅਤੇ ਕੌਮੀ ਟੀ.ਵੀ. ਚੈਨਲਾਂ 'ਤੇ ਪੰਜਾਬ ਦੀ ਜਨਤਾ ਦੇ ਟੈਕਸਾਂ ਦੇ ਕਰੋੜਾਂ ਰੁਪਏ ਦੀ ਇਸ਼ਤਿਹਾਰਬਾਜ਼ੀ ਦੀ ਫ਼ਜ਼ੂਲਖ਼ਰਚੀ ਕੀਤੀ ਗਈ ਹੈ ਪਰ ਆਪਣੇ ਸੂਬੇ ਦੀ ਮੁੱਖ ਅਖ਼ਬਾਰ 'ਅਜੀਤ' ਨੂੰ ਜਾਣ-ਬੁਝ ਕੇ ਸਰਕਾਰੀ ਇਸ਼ਤਿਹਾਰਾਂ ਤੋਂ ਵਾਂਝਿਆਂ ਕੀਤਾ ਗਿਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪਿਛਲੀਆਂ ਕਾਂਗਰਸੀ ਅਤੇ ਅਕਾਲੀ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਲੁੱਟਿਆ ਅਤੇ ਹੱਕ ਮੰਗਦੇ ਲੋਕਾਂ ਨੂੰ ਕੁੱਟਿਆ ਹੈ ਪਰ ਭਗਵੰਤ ਮਾਨ ਦੀ ਸਰਕਾਰ ਵੀ ਉਸੇ ਰਾਹ 'ਤੇ ਚੱਲ ਰਹੀ ਹੈ ਅਤੇ ਪੰਜਾਬ ਦੇ ਲੋਕਾਂ ਦਾ ਇਸ ਸਰਕਾਰ ਤੋਂ ਬਹੁਤ ਜਲਦੀ ਮੋਹ ਭੰਗ ਹੁੰਦਾ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਕੇਜਰੀਵਾਲ ਦੇ ਦਬਾਅ ਹੇਠ ਪੰਜਾਬ ਵਿਰੋਧੀ ਅਤੇ ਭਾਜਪਾ ਪੱਖੀ ਫੈਸਲੇ ਲਾਗੂ ਕੀਤੇ ਜਾ ਰਹੇ ਹਨ। ਜੇਕਰ 'ਅਜੀਤ' ਅਖ਼ਬਾਰ 'ਆਪ' ਸਰਕਾਰ ਦੀਆਂ ਕੁਝ ਗ਼ਲਤ ਨੀਤੀਆਂ ਅਤੇ ਫੈਸਲਿਆਂ ਦੀ ਸਕਾਰਾਤਮਕ ਆਲੋਚਨਾ ਕਰਕੇ ਆਪਣੀ ਮਿਆਰੀ ਪੱਤਰਕਾਰੀ ਦੀ ਜ਼ਿੰਮੇਵਾਰੀ ਨਿਭਾ ਰਹੀ ਹੈ ਤਾਂ ਇਸ ਵਿਚ ਕੁਝ ਵੀ ਗ਼ਲਤ ਨਹੀਂ ਹੈ। ਭਗਵੰਤ ਮਾਨ ਨੂੰ ਕੇਜਰੀਵਾਲ ਦੇ ਦਬਾਅ ਹੇਠ ਆਉਣ ਦੀ ਬਜਾਏ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਆਪਣਾ ਸਾਰਾ ਧਿਆਨ ਪੰਜਾਬ 'ਤੇ ਕੇਂਦਰਿਤ ਕਰਨਾ ਚਾਹੀਦਾ ਹੈ ਅਤੇ ਮੀਡੀਆ ਨਾਲ ਇਕਸਾਰ ਵਿਹਾਰ ਕਰਨਾ ਚਾਹੀਦਾ ਹੈ।
-ਸੁਮੀਤ ਸਿੰਘ ਮੋਹਣੀ ਪਾਰਕ, ਅੰਮ੍ਰਿਤਸਰ।
ਖੁੱਦਾਰੀ ਵਾਲਾ ਬਿਆਨ
ਪੰਜਾਬ ਸਰਕਾਰ ਵਲੋਂ 'ਅਜੀਤ' ਵਾਸਤੇ ਸਰਕਾਰੀ ਇਸ਼ਤਿਹਾਰ ਬੰਦ ਕਰਨ ਬਾਰੇ 22 ਦਸੰਬਰ ਦੇ 'ਅਜੀਤ' ਵਿਚ ਸ. ਬਰਜਿੰਦਰ ਸਿੰਘ ਵਲੋਂ 'ਅਜੀਤ' ਨੂੰ ਸਰਕਾਰੀ ਇਸ਼ਤਿਹਾਰਾਂ ਦੀ ਕੋਈ ਲੋੜ ਨਹੀਂ' ਸਿਰਲੇਖ ਹੇਠ ਖੁੱਦਾਰੀ ਨਾਲ ਦਿੱਤਾ ਗਿਆ ਬਿਆਨ ਪੜ੍ਹ ਕੇ ਖੁਸ਼ੀ ਹੋਈ ਹੈ। 'ਅਜੀਤ' ਨੂੰ ਪਤਾ ਨਹੀਂ ਕਿਹੜਾ ਸਬਕ ਸਿਖਾਉਣ ਵਾਲੀ ਪੰਜਾਬ ਸਰਕਾਰ ਸ਼ਾਇਦ ਨਹੀਂ ਜਾਣਦੀ ਕਿ ਧੁਖ ਧੁਖ ਕੇ ਕੇਵਲ ਪੰਜ ਸਾਲ ਜੀਉਣ ਵਾਲੀ ਸਰਕਾਰ ਦੇ ਮੁਕਾਬਲੇ 'ਅਜੀਤ' ਹਮੇਸ਼ਾ ਲਟ-ਲਟ ਬਲਦਾ ਰਹੇਗਾ ਤੇ ਆਪਣੀ ਕਲਿਆਣਕਾਰੀ ਰੌਸ਼ਨੀ ਵੰਡਦਾ ਰਹੇਗਾ। 'ਅਜੀਤ' ਦੇ ਲੇਖਕ ਤੇ ਪਾਠਕ ਇਸ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ਦਾ ਕੰਮ ਕਰਦੇ ਰਹਿਣਗੇ।
-ਮਹਿੰਦਰ ਸਿੰਘ ਦੋਸਾਂਝ ਜਗਤਪੁਰ (ਨਵਾਂਸ਼ਹਿਰ)
ਪੰਜਾਬ ਦੀ ਬੁਲੰਦ ਆਵਾਜ਼ ਹੈ 'ਅਜੀਤ'
ਪੰਜਾਬ ਦੀ ਆਵਾਜ਼ ਅਜੀਤ ਕਈ ਵਰ੍ਹਿਆਂ ਤੋਂ ਲੱਖਾਂ ਪੰਜਾਬੀਆਂ ਦੇ ਦਿਲਾਂ ਦੀ ਧੜਕਨ ਬਣੀ ਹੋਈ ਹੈ, ਜੋ ਨਿਰਪੱਖਤਾ ਸਹਿਤ ਸਮਾਜਿਕ ਸੱਚਾਈ ਨੂੰ ਲੋਕਾਂ ਸਾਹਮਣੇ ਪੇਸ਼ ਕਰ ਰਹੀ ਹੈ ਪਰ ਸਰਕਾਰ ਇਸ ਦੀ ਬੁਲੰਦ ਆਵਾਜ਼ ਨੂੰ ਦਬਾਉਣ ਦੇ ਯਤਨਾਂ ਵਿਚ ਜੁਟੀ ਹੋਈ ਹੈ। ਸਰਕਾਰ ਅਜਿਹੀਆਂ ਕਾਰਵਾਈਆਂ ਸਦਕਾ ਲੋਕਤੰਤਰ 'ਤੇ ਸ਼ਰੇਆਮ ਵਾਰ ਕਰ ਰਹੀ ਹੈ। ਸੰਵਿਧਾਨਿਕ ਤੌਰ 'ਤੇ ਧਾਰਾ-19 ਸਦਕਾ ਪ੍ਰੈੱਸ ਨੂੰ ਬਿਨਾਂ ਕਿਸੇ ਦਬਾਅ ਦੇ ਖੁੱਲ੍ਹ ਕੇ ਵਿਚਾਰ ਪ੍ਰਗਟਾਉਣ ਦੀ ਸੁਤੰਤਰਤਾ ਮਿਲੀ ਹੋਈ ਹੈ। 'ਅਜੀਤ' ਅਖ਼ਬਾਰ ਨਾਲ ਲੱਖਾਂ ਪਾਠਕਾਂ ਦਾ ਵਿਸ਼ਵਾਸ ਜੁੜਿਆ ਹੋਇਆ ਹੈ, ਜਿਸ ਰਾਹੀਂ ਪਾਠਕ ਆਪਣੇ ਵਿਚਾਰ ਬਿਨਾਂ ਕਿਸੇ ਡਰ ਤੋਂ ਸੁਤੰਤਰਤਾ ਸਹਿਤ ਪ੍ਰਗਟਾਅ ਸਕਦੇ ਹਨ। 'ਅਜੀਤ' ਦੇ ਸਰਕਾਰੀ ਇਸ਼ਤਿਹਾਰਾਂ 'ਤੇ ਪਾਬੰਦੀ ਲਗਾਉਣ ਨਾਲ ਸਰਕਾਰ ਇਸ ਦੀ ਬੁਲੰਦ ਆਵਾਜ਼ ਨੂੰ ਦਬਾ ਨਹੀਂ ਸਕਦੀ। ਅਜਿਹੀਆਂ ਕਾਰਵਾਈਆਂ ਸਦਕਾ ਸਰਕਾਰ ਦਾ ਤਾਨਾਸ਼ਾਹੀ ਰੂਪ ਲੋਕਾਂ ਸਾਹਮਣੇ ਆ ਰਿਹਾ ਹੈ, ਜੋ ਮੌਲਿਕ ਅਧਿਕਾਰਾਂ 'ਤੇ ਸ਼ਰੇਆਮ ਵਾਰ ਕਰ ਰਹੀ ਹੈ। ਲੋਕਾਂ ਦੀ ਹਰਮਨ ਪਿਆਰੀ ਅਖ਼ਬਾਰ 'ਅਜੀਤ' ਖਿਲਾਫ਼ ਅਜਿਹਾ ਵਿਤਕਰਾ ਜਨਤਾ ਬਰਦਾਸ਼ਤ ਨਹੀਂ ਕਰੇਗੀ। ਪਾਠਕਾਂ ਨੂੰ ਮਾਣ ਹੈ ਕਿ 'ਅਜੀਤ' ਅਦਾਰਾ ਸਰਕਾਰ ਦੀਆਂ ਬੇਤੁਕੀਆਂ ਧਮਕੀਆਂ ਅੱਗੇ ਝੁਕਣ ਵਾਲਾ ਨਹੀਂ। ਉਮੀਦ ਹੈ ਕਿ ਹਮੇਸ਼ਾ ਦੀ ਤਰ੍ਹਾਂ ਪਾਠਕਾਂ ਨੂੰ ਨਿਰਪੱਖ ਸੱਚਾਈ 'ਅਜੀਤ' ਰਾਹੀਂ ਮੁਹੱਈਆ ਹੁੰਦੀ ਰਹੇਗੀ।
-ਸਿਮਰਨਦੀਪ ਕੌਰ ਬੇਦੀ ਘੁਮਾਣ।
ਆਵਾਜ਼ ਦਬਾਉਣਾ ਚਾਹੁੰਦੀ ਹੈ ਸਰਕਾਰ
'ਅਜੀਤ' ਅਖਬਾਰ ਪੰਜਾਬ ਦਾ ਹਰਮਨ ਪਿਆਰਾ ਅਖਬਾਰ ਹੈ ਜੋ ਲੋਕਾਂ ਨੂੰ ਸਾਫ਼-ਸੁਥਰੀ ਜਾਣਕਾਰੀ ਦਿੰਦਾ ਹੈ ਤੇ ਸਭ ਤੋਂ ਵੱਧ ਪੰਜਾਬ ਦਾ ਵਿਕਣ ਵਾਲਾ ਅਖਬਾਰ ਹੈ, ਜਿਸ ਨੇ ਹਮੇਸ਼ਾ ਪੰਜਾਬ ਦੇ ਹਿਤਾਂ ਦੀ ਰਾਖੀ ਲਈ ਆਪਣੀ ਕਲਮ ਚਲਾਈ ਹੈ। ਸ਼ਾਇਦ ਸਰਕਾਰ ਆਪਣੀਆਂ ਕਮੀਆਂ ਨੂੰ ਲੁਕਾਉਣਾ ਚਾਹੁੰਦੀ ਹੈ ਏਸੇ ਲਈ ਜੋ ਅਖ਼ਬਾਰ ਨਿਰਪੱਖਤਾ ਨਾਲ ਕੰਮ ਕਰ ਰਹੇ ਹਨ ਉਨ੍ਹਾਂ ਦੇ ਇਸ਼ਤਿਹਾਰ ਬੰਦ ਕਰਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਜਦਕਿ ਅਜਿਹਾ ਕਰਨ ਨਾਲ ਸਰਕਾਰ ਦਾ ਸੱਚ ਲੁਕ ਨਹੀਂ ਸਕਦਾ। ਬਰਜਿੰਦਰ ਸਿੰਘ ਹਮਦਰਦ ਨੇ ਹਮੇਸ਼ਾ ਸਾਫ਼-ਸੁਥਰੀ ਪੱਤਰਕਾਰੀ ਕੀਤੀ ਹੈ ਤੇ ਲੋਕਾਂ ਸਾਹਮਣੇ ਸੱਚ ਉਜਾਗਰ ਕੀਤਾ ਹੈ। ਇਸ ਕਰਕੇ ਹੀ 'ਅਜੀਤ' ਸਭ ਦਾ ਹਰਮਨ ਪਿਆਰਾ ਅਖ਼ਬਾਰ ਹੈ।
-ਸੁਖਵਿੰਦਰ ਸਿੰਘ ਹੈਪੀ ਮੋਰਿੰਡਾ (ਰੂਪਨਗਰ)
ਸੁੱਕੇ ਦਰੱਖ਼ਤਾਂ ਦਾ ਹੱਲ ਕਰੋ
ਪੰਜਾਬ ਵਿਚ ਆਮ ਹੀ ਵੇਖਿਆ ਜਾ ਸਕਦਾ ਹੈ ਕਿ ਸੜਕਾਂ, ਨਹਿਰਾਂ ਕੰਢੇ ਅਤੇ ਸਰਕਾਰੀ ਅਦਾਰਿਆਂ ਵਿਚ ਅਨੇਕਾਂ ਹੀ ਦਰੱਖ਼ਤ ਕਾਫੀ ਸਮੇਂ ਤੋਂ ਖੜਸੁੱਕ/ਸੁੱਕੇ ਹੋਏ ਹੀ ਖੜ੍ਹੇ ਹਨ। ਜੋ ਕਿਸੇ ਸਮੇਂ ਵੀ ਅਚਾਨਕ ਕਿਸੇ ਦਾ ਜਾਨੀ/ਮਾਲੀ ਨੁਕਸਾਨ ਕਰ ਸਕਦੇ ਹਨ। ਪਰੰਤੂ ਕਦੇ ਵੀ ਕਿਸੇ ਨੇ ਇਸ ਦਾ ਹੱਲ ਕੱਢਣ ਵੱਲ ਉਚੇਚਾ ਧਿਆਨ ਹੀ ਨਹੀਂ ਦਿੱਤਾ। ਪਿਛਲੇ ਸਮੇਂ ਇਨ੍ਹਾਂ ਸੁੱਕੇ ਦਰੱਖ਼ਤਾਂ ਦੇ ਡਿਗਣ ਕਰਕੇ ਬਹੁਤੀ ਥਾਈ ਬਹੁਤ ਜ਼ਿਆਦਾ ਜਾਨੀ/ਮਾਲੀ ਨੁਕਸਾਨ ਹੋ ਵੀ ਚੁੱਕਿਆ ਹੈ। ਇਸ ਤੋਂ ਪਹਿਲਾਂ ਕਿ ਕੋਈ ਹੋਰ ਨੁਕਸਾਨ ਹੋਵੇ ਜਾਂ ਅਣਸੁਖਾਵੀਂ ਘਟਨਾ ਵਾਪਰੇ ਸਰਕਾਰ ਨੂੰ ਤੁਰੰਤ ਇਨ੍ਹਾਂ ਸੁੱਕੇ ਦਰੱਖਤਾਂ ਦਾ ਕੋਈ ਯੋਗ ਹੱਲ/ਨਿਪਟਾਰਾ ਜ਼ਰੂਰ ਕਰਨਾ ਚਾਹੀਦਾ ਹੈ।
-ਅੰਗਰੇਜ਼ ਸਿੰਘ ਵਿੱਕੀ
ਪਿੰਡ-ਡਾਕ. ਕੋਟਗੁਰੂ (ਬਠਿੰਡਾ)
ਤੇਜ਼ ਰਫ਼ਤਾਰੀ ਮੌਤ ਦੀ ਤਿਆਰੀ
ਸਫ਼ਰ ਕਰਦੇ ਸਮੇਂ ਅਕਸਰ ਸੜਕ 'ਤੇ ਲੱਗੇ ਹੋਏ ਬੋਰਡਾਂ ਤੇ ਇਹ ਸਲੋਗਨ ਪੜ੍ਹਨ ਨੂੰ ਮਿਲਦੇ ਹਨ 'ਤੇਜ਼ ਰਫ਼ਤਾਰੀ ਮੌਤ ਦੀ ਤਿਆਰੀ'। ਸਾਨੂੰ ਕਦੇ ਵੀ ਸਰਕਾਰ ਵਲੋਂ ਨਿਰਧਾਰਿਤ ਸੀਮਾ ਗਤੀ ਤੋਂ ਵਧੇਰੇ ਵਹੀਕਲ ਦੀ ਸਪੀਡ ਨਹੀਂ ਕਰਨੀ ਚਾਹੀਦੀ, ਕਿਉਂਕਿ ਇਸ ਹੱਦ ਤੋਂ ਵਧੇਰੇ ਗਤੀ ਵਾਲੇ ਵਾਹਨ ਅਕਸਰ ਬੇਕਾਬੂ ਹੋ ਕੇ ਹਾਦਸੇ ਦਾ ਸਿਕਾਰ ਬਣ ਜਾਂਦੇ ਹਨ। ਤੇਜ਼ੀ ਨਾਲ ਵਾਹਨ ਚਲਾਉਣ ਵਾਲਿਆਂ 'ਚੋਂ ਵਧੇਰੇ ਗਿਣਤੀ ਸਕੂਲਾਂ-ਕਾਲਜਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਜਾਂ 30 ਸਾਲ ਤੋਂ ਘੱਟ ਉਮਰ ਵਾਲੇ ਨੌਜਵਾਨਾਂ ਦੀ ਹੁੰਦੀ ਹੈ। ਸਭ ਤੋਂ ਵੱਡੀ ਲਾਪਰਵਾਹੀ ਦੀ ਗੱਲ ਇਹ ਵੇਖਣ ਨੂੰ ਮਿਲਦੀ ਹੈ ਕਿ ਅਕਸਰ ਜ਼ਿਆਦਾ ਗਤੀ 'ਤੇ ਵਾਹਨ ਚਲਾਉਣ ਵਾਲੇ ਨੌਜਵਾਨਾਂ ਕੋਲ ਡਰਾਈਵਿੰਗ ਲਾਇਸੈਂਸ ਵੀ ਨਹੀਂ ਹੁੰਦੇ, ਜਿਸ ਕਾਰਨ ਉਨ੍ਹਾਂ ਨੂੰ ਟ੍ਰੈਫਿਕ ਨਿਯਮਾਂ ਦੀ ਕੋਈ ਜਾਣਕਾਰੀ ਨਹੀਂ ਹੁੰਦੀ। ਸੂਬੇ ਦੇ ਕਿਸੇ ਵੀ ਹਿੱਸੇ ਵਿਚ ਚਲੇ ਜਾਓ, 90 ਫ਼ੀਸਦੀ ਵਿਦਿਆਰਥੀਆਂ ਕੋਲ ਲਾਇਸੈਂਸ ਨਹੀਂ ਹੁੰਦੇ। ਨੌਜਵਾਨ ਵੇਖੋ-ਵੇਖੀ ਇਕ-ਦੂਸਰੇ ਤੋਂ ਅੱਗੇ ਲੰਘਣ ਜਾਂ ਫਿਰ ਹੋਰ ਕਈ ਤਰ੍ਹਾਂ ਦੇ ਕਰਤਬ ਕਰਦੇ ਸਮੇਂ ਵੱਡੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਦਾ ਜਾਨੀ ਤੇ ਮਾਲੀ ਨੁਕਸਾਨ ਵੀ ਸਹਿਣ ਕਰਨਾ ਪੈਂਦਾ ਹੈ। ਹਾਦਸਿਆਂ ਤੋਂ ਬਚਣ ਲਈ ਮਾਪਿਆਂ ਨੂੰ ਕਦੇ ਵੀ ਘੱਟ ਉਮਰ 'ਚ ਆਪਣੇ ਬੱਚਿਆਂ ਨੂੰ ਵਹੀਕਲ ਨਹੀਂ ਦੇਣੇ ਚਾਹੀਦੇ। ਜੇ ਬਹੁਤ ਮਜਬੂਰੀ ਵਿਚ ਵਹੀਕਲ ਦੇਣਾ ਵੀ ਹੈ ਤਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਵਾਉਣ ਉਪਰੰਤ ਹੀ ਵਹੀਕਲ ਦੇਣਾ ਚਾਹੀਦਾ ਹੈ।
-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।
ਨਸ਼ੇ ਦੀ ਲਾਹਨਤ ਖ਼ਤਮ ਕਰੀਏ
ਨਸ਼ਾ ਇਕ ਬਹੁਤ ਵੱਡੀ ਲਾਹਨਤ ਅਤੇ ਘਾਤਕ ਆਦਤ ਹੈ। ਨਸ਼ਾ ਮਨ ਦੀ ਕਮਜ਼ੋਰੀ, ਸਰੀਰ ਦੀ ਕਮਜ਼ੋਰੀ ਦਿਮਾਗ਼ ਦੀ ਸੁਸਤੀ, ਜੇਬ ਦੀ ਬਰਬਾਦੀ, ਘਰ ਦੀ ਤਬਾਹੀ ਅਤੇ ਸਮਾਜਿਕ ਸਨਮਾਨ ਖ਼ਤਮ ਕਰਦਾ ਹੈ। ਔਸਤਨ ਹਰ ਦੇਸ਼ ਵਿਚ ਘੱਟ ਤੋਂ ਘੱਟ 1 ਫ਼ੀਸਦੀ ਤੋਂ 10 ਫ਼ੀਸਦੀ ਲੋਕ ਕਿਸੇ ਨਾ ਕਿਸੇ ਨਸ਼ੇ ਨਸ਼ੀਲੀ ਵਸਤੂ ਦਾ ਸੇਵਨ ਕਰਦੇ ਹਨ। ਸ਼ੁਰੂ-ਸ਼ੁਰੂ ਵਿਚ ਨਸ਼ੇ ਦਾ ਆਕਰਸ਼ਣ ਇਸ ਤੋਂ ਪ੍ਰਾਪਤ ਵਿਅਕਤੀ ਦਾ ਸ਼ੌਕ ਜਾਂ ਲਾਲਸਾ ਹੁੰਦੀ ਹੈ। ਖ਼ਾਸ ਕਰਕੇ ਖਾਂਦੇ-ਪੀਂਦੇ ਘਰਾਂ ਦੇ ਮੁੰਡੇ-ਕੁੜੀਆਂ ਬੱਚਿਆਂ ਵਿਚ ਇਹ ਸ਼ੌਕ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ। ਇਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਮੱਧ ਵਰਗ ਅਤੇ ਦਲਿਤ ਵਰਗ ਦੇ ਗ਼ਰੀਬ ਲੋਕ ਵੀ ਇਨ੍ਹਾਂ ਦੀ ਰੀਸ ਕਰਨ ਲੱਗੇ ਹਨ। ਗ਼ਰੀਬ ਵਰਗ ਦੇ ਲੋਕ ਬਹੁਤ ਜ਼ਿਆਦਾ ਇਸ ਦੇ ਚੁੰਗਲ ਵਿਚ ਫ਼ਸ ਗਏ ਹਨ। ਹਰ ਸਾਲ 25 ਲੱਖ ਮੌਤਾਂ ਨਸ਼ਿਆਂ ਨਾਲ ਹੁੰਦੀਆਂ ਹਨ ਅਤੇ ਸੜਕ ਹਾਦਸੇ ਨਸ਼ਿਆਂ ਕਾਰਨ ਹੋ ਰਹੇ ਹਨ। ਕਤਲ ਅਤੇ ਜੁਰਮਾਂ ਦਾ ਮੁੱਖ ਕਾਰਨ ਨਸ਼ਾ ਹੀ ਹੈ। ਆਓ ਨਸ਼ੇ ਦਾ ਕੋਹੜ ਖ਼ਤਮ ਕਰੀਏ। ਆਪਣੇ ਤੌਰ ਤਰੀਕਿਆਂ ਨਾਲ ਨਸ਼ਾ ਛੁਡਾਊ ਕਮੇਟੀਆਂ ਨੂੰ ਸਹਿਯੋਗ ਦੇਈਏ ਤੇ ਇਸ ਨਸ਼ੇ ਦੀ ਲਾਹਨਤ ਨੂੰ ਖ਼ਤਮ ਕਰੀਏ।
-ਡਾ. ਨਰਿੰਦਰ ਭੱਪਰ
ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
ਸੁਣੋ ਸਭ ਦੀ ਕਰੋ ਮਨ ਦੀ
ਅਕਸਰ ਇਹ ਗੱਲ ਆਮ ਕਹੀ ਜਾਂਦੀ ਹੈ ਕਿ ਸੁਣੋ ਸਭ ਦੀ, ਕਰੋ ਮਨ ਦੀ। ਸਮਾਜ ਵਿਚ ਵਿਚਰਦੇ ਹੋਏ ਅਸੀਂ ਕਈ ਵਾਰ ਕੋਈ ਅਜਿਹਾ ਕੰਮ ਸ਼ੁਰੂ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਦੋਸਤਾਂ, ਰਿਸ਼ਤੇਦਾਰਾਂ ਦੀ ਸਲਾਹ ਲੈਂਦੇ ਹਾਂ। ਫਿਰ ਉਹ ਅਸੀਂ ਕੰਮ ਕਰ ਵੀ ਲੈਂਦੇ ਹਾਂ ਪਰ ਕਈ ਵਾਰ ਉਹ ਕੰਮ ਸਿਰੇ ਨਹੀਂ ਚੜ੍ਹਦਾ। ਕਹਿਣ ਦਾ ਭਾਵ ਹੈ ਕਿ ਕੋਈ ਵੀ ਕੰਮ ਜੋ ਅਸੀਂ ਸ਼ੁਰੂ ਕਰਨਾ ਹੈ, ਲੋਕਾਂ ਦੀ ਸਲਾਹ ਜ਼ਰੂਰ ਲਵੋ ਪਰ ਆਪਣੇ ਮਨ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਅੱਜਕੱਲ੍ਹ ਜ਼ਮਾਨਾ ਬਦਲ ਗਿਆ ਹੈ। ਕਈ ਵਾਰ ਨੌਜਵਾਨ ਬੱਚੇ ਆਪਣੇ ਦੋਸਤਾਂ ਦੇ ਪਿੱਛੇ ਲੱਗ ਕੇ ਆਪਣਾ ਭਵਿੱਖ ਵੀ ਖਰਾਬ ਕਰ ਲੈਂਦੇ ਹਨ। ਜਦੋਂ ਅਸੀਂ ਕੋਈ ਚੰਗੇ ਜਾਂ ਮਾੜੇ ਕੰਮ ਲਈ ਆਪਣੇ ਦਿਲ ਦੀ ਸਲਾਹ ਲੈਂਦੇ ਹਾਂ ਤਾਂ ਸਾਡਾ ਦਿਲ ਗਵਾਹੀ ਭਰ ਦਿੰਦਾ ਹੈ ਕਿ ਇਸ ਕੰਮ ਨੂੰ ਕਰਨ ਨਾਲ ਇਹ ਫ਼ਾਇਦਾ ਹੋਵੇਗਾ। ਜਾਂ ਇਸ ਕੰਮ ਨੂੰ ਕਰਨ ਨਾਲ ਇਹ ਨੁਕਸਾਨ ਹੋਵੇਗਾ। ਸੋ, ਜ਼ਿੰਦਗੀ ਵਿਚ ਵਿਚਰਦੇ ਹੋਏ ਦੋਸਤਾਂ, ਮਿੱਤਰਾਂ ਦੇ ਨਾਲ-ਨਾਲ ਆਪਣੇ ਮਨ ਨਾਲ ਵੀ ਜ਼ਰੂਰ ਸਲਾਹ ਕਰ ਲੈਣੀ ਚਾਹੀਦੀ ਹੈ।
-ਸੰਜੀਵ ਸਿੰਘ ਸੈਣੀ
ਮੁਹਾਲੀ
ਇਹ ਲੜਾਈ ਸ਼ੋਭਾਜਨਕ ਨਹੀਂ
ਪੰਜਾਬ ਸਰਕਾਰ ਦੀ ਪੰਜਾਬ ਦੇ ਸਿਰਕੱਢ ਅਖ਼ਬਾਰ 'ਅਜੀਤ' ਨਾਲ ਲੜਾਈ ਨੂੰ ਕਿਸੇ ਪੱਖੋਂ ਵੀ ਜਾਇਜ਼ ਨਹੀਂ ਮੰਨਿਆ ਜਾ ਸਕਦਾ। 'ਅਜੀਤ' ਨੇ ਹਮੇਸ਼ਾ ਪੰਜਾਬ ਦੀ ਨਿਵੇਕਲੀ ਪਹਿਚਾਣ ਨੂੰ ਰੂਪਮਾਨ ਕੀਤਾ ਹੈ। ਪਾਕਿਸਤਾਨ ਦੀ ਅਣਉਚਿੱਤ ਮੰਗ ਦਾ ਵਿਰੋਧ ਕਰਕੇ ਸਿੱਖਾਂ ਦੇ ਪੰਜਾਬ ਵਿਚਲੇ ਮਹੱਤਵ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਸਾਹਮਣੇ ਲਿਆਂਦਾ ਪਰ ਜਦੋਂ ਦੇਸ਼ ਦੀ ਵੰਡ ਅਟੱਲ ਨਜ਼ਰ ਆਈ ਤਾਂ ਅਖ਼ਬਾਰ ਨੇ 'ਪੰਜਾਬ ਦੀ ਵੰਡ' 'ਤੇ ਜ਼ੋਰ ਦਿੱਤਾ ਤਾਂ ਜੋ ਪੂਰਾ ਪੰਜਾਬ ਹੀ ਪਾਕਿਸਤਾਨ ਦਾ ਹਿੱਸਾ ਨਾ ਬਣ ਜਾਵੇ। ਇਸ ਤੋਂ ਅਗੇ ਜੇਕਰ ਪੰਜਾਬੀ ਸੂਬੇ ਦੀ ਸਿਰਜਣਾ ਦੇ ਸੰਘਰਸ਼ ਵੱਲ ਝਾਤ ਮਾਰੀ ਜਾਵੇ ਤਾਂ ਸਿੱਟਾ ਇਹ ਵੀ ਨਿਕਲਦਾ ਹੈ ਕਿ ਪੰਜਾਬ ਦੀਆਂ ਵਰਤਮਾਨ ਹੱਦਾਂ ਦੇ ਉਲੀਕਰਣ ਵਿਚ ਵੀ 'ਅਜੀਤ' ਨੇ ਵਿੱਤੋਂ ਵਧ ਹਿੱਸਾ ਪਾਇਆ। ਸਾਧੂ ਸਿੰਘ ਹਮਦਰਦ 'ਅਜੀਤ' ਦੇ ਪਲੇਟਫਾਰਮ ਤੋਂ ਹੀ ਉਰਦੂ, ਪੰਜਾਬੀ ਅਤੇ ਅੰਗਰੇਜ਼ੀ ਦੇ ਪੱਤਰਕਾਰ ਬਣੇ। ਅਜੋਕਾ ਸਿਖਰਲਾ ਵਿਸ਼ਵ ਪ੍ਰਸਿੱਧ ਪੰਜਾਬੀ ਪੱਤਰਕਾਰ ਬਰਜਿੰਦਰ ਸਿੰਘ ਵੀ 'ਅਜੀਤ' ਦੀ ਦੇਣ ਹੈ। ਹੁਣ ਪੰਜਾਬੀ ਸਾਹਿਤ ਦੇ ਵਿਹੜੇ ਨੂੰ ਵਿਸ਼ਾਲ ਕਰਨ ਵਿਚ ਉਸ ਦੀ ਉਚੇਚੀ ਭੂਮਿਕਾ ਹੈ। ਪੰਜਾਬ ਦੀ ਨਿਵੇਕਲੀ ਭੂਗੋਲਿਕ ਵਿਲੱਖਣਤਾ ਨੂੰ ਬਰਜਿੰਦਰ ਸਿੰਘ ਨੇ ਨੇੜਿਓਂ ਵੇਖਿਆ ਅਤੇ ਪਰਖਿਆ ਹੈ। ਇਨ੍ਹਾਂ ਕਾਰਨਾਂ ਕਰਕੇ ਹੀ ਬਰਜਿੰਦਰ ਸਿੰਘ ਪੰਜਾਬ ਦੀ ਰਾਜਨੀਤੀ ਨੂੰ ਸਯੋਗ ਸੇਧ ਦੇਣ ਦੇ ਸਮਰਥ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪੱਤਰਕਾਰੀ ਦੇ ਖੇਤਰ ਵਿਚ ਵਿਚਰਦਿਆਂ ਉਸ ਦਾ ਵਿਸ਼ਾਲ ਤਜਰਬਾ ਬਾਰੀਕ ਵਿਸ਼ਲੇਸ਼ਣ ਦਾ ਪਾਤਰ ਬਣ ਚੁੱਕਾ ਹੈ। ਇਸ ਪੱਖੋਂ ਉਹ ਪੰਜਾਬ ਦਾ ਇਕੋ ਇਕ ਸਰਬ ਪੱਖੀ ਚੇਤੰਨ ਅਤੇ ਸੁਚੇਤ ਅਖ਼ਬਾਰ ਨਵੀਸ ਬਣ ਕੇ ਸਾਹਮਣੇ ਆਇਆ ਹੈ। ਅਜਿਹੇ ਅਦਾਰੇ ਨਾਲ ਸਰਕਾਰ ਨੂੰ ਲੜਾਈ ਸ਼ੋਭਦੀ ਨਹੀਂ। ਚੰਗਾ ਹੋਵੇ ਜੇ ਸਰਕਾਰ, ਇਸ ਬੇ-ਢੰਗੀ ਸੀਨਾਜ਼ੋਰੀ ਤੋਂ ਬਾਜ਼ ਹੀ ਰਹੇ।
-ਪ੍ਰਿਥੀਪਾਲ ਸਿੰਘ ਕਪੂਰ
ਮੋਬਾਈਲ : 98150-07300
ਕੇਂਦਰ ਬਨਾਮ ਨਿਆਂ ਪ੍ਰਣਾਲੀ
11 ਦਸੰਬਰ ਦੇ ਅੰਕ ਦੇ ਮੁੱਖ ਸਫ਼ੇ 'ਤੇ 'ਸਰਕਾਰ ਨੇ ਢਾਈ ਮਹੀਨੇ ਬਾਅਦ ਮੰਨੀ ਕਾਲਜੀਅਮ ਦੀ ਸਿਫਾਰਸ਼' ਖ਼ਬਰ ਪੜ੍ਹ ਕੇ ਬੇਹੱਦ ਅਫ਼ਸੋਸ ਹੋਇਆ। ਪਿਛਲੇ ਕੁਝ ਮਹੀਨਿਆਂ ਤੋਂ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਅਤੇ ਹੁਣ ਨਵੇਂ ਚੁਣੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਸੁਪਰੀਮ ਕੋਰਟ ਦੀ ਕਾਲਜੀਅਮ ਪ੍ਰਣਾਲੀ ਦੇ ਖਿਲਾਫ਼ ਲਗਾਤਾਰ ਬਿਆਨਬਾਜ਼ੀ ਕਰ ਰਹੇ ਹਨ ਅਤੇ ਉਸ ਨੂੰ ਲਛਮਣ ਰੇਖਾ ਪਾਰ ਨਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਇਸੇ ਕਰਕੇ ਮੋਦੀ ਸਰਕਾਰ ਵਲੋਂ ਸੁਪਰੀਮ ਕੋਰਟ ਦੀ ਕਾਲਜੀਅਮ ਵਲੋਂ ਸੰਵਿਧਾਨਿਕ ਅਦਾਲਤਾਂ 'ਚ ਜੱਜਾਂ ਦੀ ਨਿਯੁਕਤੀ ਲਈ ਸਿਫਾਰਿਸ਼ ਕੀਤੇ ਨਾਵਾਂ ਨੂੰ ਲੰਮੇ ਸਮੇਂ ਤਕ ਲਟਕਾ ਕੇ ਕਿਸੇ ਨਾ ਕਿਸੇ ਬਹਾਨੇ ਆਪਣੀ ਸਹਿਮਤੀ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਅਤੇ ਇਹ ਇਕ ਤਰਾਂ ਨਾਲ ਸੁਪਰੀਮ ਕੋਰਟ ਦੀ ਖੁਦਮੁਖਤਾਰੀ ਅਤੇ ਸੰਵਿਧਾਨਿਕ ਅਧਿਕਾਰਾਂ ਨੂੰ ਸਿੱਧੀ ਚੁਣੌਤੀ ਹੈ। ਇਹ ਤੱਥ ਹੁਣ ਕਿਸੇ ਤੋਂ ਲੁਕਿਆ ਨਹੀਂ ਕਿ ਇਸ ਵਕਤ ਕਾਲਜੀਅਮ ਪ੍ਰਣਾਲੀ ਹੋਣ ਦੇ ਬਾਵਜੂਦ ਮੋਦੀ ਸਰਕਾਰ ਕਾਰਜ ਪਾਲਿਕਾ, ਵਿਧਾਨ ਪਾਲਿਕਾ ਅਤੇ ਮੀਡੀਏ ਉਤੇ ਹਕੂਮਤੀ ਦਬਾਅ ਪਾ ਕੇ ਪਿਛਲੇ ਅੱਠ ਸਾਲਾਂ ਤੋਂ ਫ਼ਿਰਕੂ-ਫਾਸ਼ੀਵਾਦੀ ਨੀਤੀਆਂ ਅਤੇ ਕਾਲੇ ਕਾਨੂੰਨਾਂ ਰਾਹੀਂ ਜਮਹੂਰੀਅਤ, ਧਰਮ ਨਿਰਪੱਖਤਾ ਅਤੇ ਸੰਵਿਧਾਨਿਕ ਹੱਕਾਂ ਦੀਆਂ ਧੱਜੀਆਂ ਉਡਾ ਰਹੀ ਹੈ ਅਤੇ ਬੀਤੇ ਸਮੇਂ 'ਚ ਉਸ ਵਲੋਂ ਨਿਆਂਪਾਲਿਕਾ ਉਤੇ ਦਬਾਅ ਬਣਾ ਕੇ ਕੁਝ ਭਾਜਪਾ ਪੱਖੀ ਅਤੇ ਘੱਟ ਗਿਣਤੀਆਂ ਵਿਰੋਧੀ ਸਿਆਸੀ ਫੈਸਲੇ ਵੀ ਕਰਵਾਏ ਗਏ ਹਨ। ਅਸਲ ਫ਼ਿਕਰਮੰਦੀ ਇਹ ਹੈ ਕਿ ਜੇਕਰ ਹਾਈਕੋਰਟ ਅਤੇ ਸੁਪਰੀਮ ਕੋਰਟ ਦਾ ਸਮੁੱਚਾ ਕੰਟਰੋਲ ਅਤੇ ਖਾਸ ਕਰਕੇ ਆਪਣੀ ਮਨਮਰਜ਼ੀ ਦੇ ਜੱਜਾਂ ਦੀਆਂ ਨਿਯੁਕਤੀਆਂ, ਬਦਲੀਆਂ ਅਤੇ ਤਰੱਕੀਆਂ ਕੇਂਦਰ ਸਰਕਾਰ ਦੇ ਹੱਥ ਆ ਗਈਆਂ ਤਾਂ ਫਿਰ ਭਾਰਤ 'ਚੋਂ ਜਮਹੂਰੀਅਤ ਖ਼ਤਮ ਹੋਣ ਅਤੇ ਹਿੰਦੂ ਰਾਸ਼ਟਰ ਐਲਾਨਣ ਦੀ ਤਾਨਾਸ਼ਾਹੀ ਹੋਰ ਵਧ ਜਾਵੇਗੀ। ਨਤੀਜੇ ਵਜੋਂ ਆਮ ਮਿਹਨਤਕਸ਼ ਲੋਕਾਂ, ਜਮਹੂਰੀ ਸੰਸਥਾਵਾਂ ਅਤੇ ਖਾਸ ਕਰਕੇ ਹਰ ਤਰਾਂ ਦੀਆਂ ਘੱਟ ਗਿਣਤੀਆਂ, ਸਿਆਸੀ ਵਿਰੋਧੀਆਂ ਅਤੇ ਲੋਕਪੱਖੀ ਮੀਡੀਏ ਉਤੇ ਫਾਸ਼ੀਵਾਦੀ ਜਬਰ, ਫ਼ਿਰਕੂ ਹਮਲੇ, ਕਾਰਪੋਰੇਟ ਲੁੱਟ, ਸਮਾਜਿਕ ਅਨਿਆਂ ਅਤੇ ਨਾਬਰਾਬਰੀ ਹੋਰ ਵਧਣਗੇ। ਅਜਿਹੇ ਫ਼ਿਰਕੂ ਫਾਸ਼ੀਵਾਦ ਨੂੰ ਰੋਕਣ ਅਤੇ ਆਮ ਲੋਕਾਂ ਵਿਚ ਭਰੋਸਾ ਬਹਾਲ ਰੱਖਣ ਲਈ ਸੁਪਰੀਮ ਕੋਰਟ ਨੂੰ ਪੂਰੀ ਨਿਡਰਤਾ ਅਤੇ ਨਿਰਪੱਖਤਾ ਨਾਲ ਲੋਕ-ਪੱਖੀ ਫੈਸਲੇ ਕਰਨੇ ਚਾਹੀਦੇ ਹਨ।
-ਸੁਮੀਤ ਸਿੰਘ ਅੰਮ੍ਰਿਤਸਰ।
ਟੁੱਟੇ ਘਰਾਂ ਦੀ ਅਸਹਿ ਪੀੜਾ
ਘਰ ਉਹ ਥਾਂ ਹੈ ਜਿਥੇ ਮਨੁੱਖ ਦੇ ਪਿਆਰ ਦੀਆਂ ਸਾਰਾਂ ਪਲਦੀਆਂ ਹਨ, ਜਿਥੇ ਸਾਰੇ ਜਹਾਨ ਨੂੰ ਗਾਹ ਕੇ ਖੱਟੀ ਕਮਾਈ ਕਰਕੇ ਮੁੜਨ ਨੂੰ ਜੀਅ ਕਰਦਾ ਹੈ। ਜਿਥੇ ਜੀਵਨ ਦੇ ਝਮੇਲਿਆਂ ਤੋਂ ਮਿਲੀ ਵਿਹਲ ਨੂੰ ਅਰਾਮ ਨਾਲ ਕੱਟਣ ਨੂੰ ਜੀਅ ਕਰਦਾ ਹੈ। ਘਰ ਮਨੁੱਖ ਦੀ ਨਿੱਜੀ ਵਲਵਲਿਆਂ ਅਤੇ ਸਖ਼ਸੀ ਰਹਿਣੀ ਦਾ ਕੇਂਦਰ ਹੁੰਦਾ ਹੈ। ਇਨਸਾਨ ਦੇ ਰੀਝਾ ਅਤੇ ਸੁਪਨਿਆਂ ਨਾਲ ਬਣਾਏ ਇਸ ਘਰ ਨੂੰ ਜੇਕਰ ਕੋਈ ਅੱਖਾਂ ਦੇ ਸਾਹਮਣੇ ਧੱਕੇ ਨਾਲ ਬੁਲਡੋਜ਼ਰ ਫੇਰ ਕੇ ਚੂਰ-ਚੂਰ ਕਰ ਦੇਵੇ ਤਾਂ ਉਸ ਇਨਸਾਨ ਨੂੰ ਆਪਣੀ ਹਸਤੀ ਮਿਟ ਗਈ ਜਾਪਦੀ ਹੈ। ਉਸ ੍ਰਈ ਇਹ ਪੀੜਾ ਅਸਹਿ ਹੋ ਜਾਂਦੀ ਹੈ। ਪਿਛਲੇ ਦਿਨੀਂ ਜਲੰਧਰ-ਸ਼ਹਿਰ ਦੇ ਲਤੀਫਪੁਰਾ ਵਿਚ ਲੋਕਾਂ ਨਾਲ ਇਸੇ ਤਰ੍ਹਾਂ ਹੀ ਧੱਕੇਸ਼ਾਹੀ ਹੋਈ ਹੈ। ਪ੍ਰਸ਼ਾਸਨ ਵਲੋਂ 75-75 ਸਾਲ ਤੋਂ ਚਾਰ-ਚਾਰ ਪੀੜ੍ਹੀਆਂ ਤੋਂ ਰਹਿ ਰਹੇ ਲੋਕਾਂ ਦੇ ਘਰ ਮਸ਼ੀਨਾਂ ਫੇਰ ਚਕਨਾ ਚੂਰ ਕਰ ਦਿੱਤੇ ਗਏ ਹਨ। ਉਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਰਾਸ਼ਨ ਕਾਰਡ, ਆਧਾਰ ਕਾਰਡ ਤੇ ਵੋਟਰ ਕਾਰਡ ਇਨ੍ਹਾਂ ਘਰਾਂ ਵਿਚ ਰਹਿੰਦੇ ਹੀ ਸਰਕਾਰ ਵਲੋਂ ਬਣਾਏ ਗਏ ਹਨ। 80 ਦੇ ਕਰੀਬ ਘਰ ਢਹਿ-ਢੇਰੀ ਕਰ ਦਿੱਤੇ ਗਏ ਹਨ। ਪਰਿਵਾਰਾਂ ਦੇ ਪਰਿਵਾਰ ਬੇਘਰ ਹੋ ਗਏ ਹਨ, ਉਹ ਬਿਨਾਂ ਘਰ ਦੀ ਛੱਤ ਦੇ ਬਾਹਰ ਠੰਢ ਵਿਚ ਰਾਤਾਂ ਕੱਟ ਰਹੇ ਹਨ। ਉਨ੍ਹਾਂ ਨੂੰ ਸਾਮਾਨ ਚੁੱਕਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਰਸੋਈ ਦਾ ਸਾਰਾ ਸਾਮਾਨ ਫਰਨੀਚਰ ਸਭ ਕੁਝ ਘਰਾਂ ਦੇ ਅੰਦਰ ਹੀ ਰਹਿ ਗਿਆ। ਛੋਟੇ-ਛੋਟੇ ਬੱਚੇ ਰੋ ਰਹੇ ਹਨ। ਔਰਤਾਂ ਵਿਲਕ ਰਹੀਆਂ ਹਨ। ਘਰ ਦੇ ਬਜ਼ੁਰਗ ਪਰਿਵਾਰਾਂ ਦੀ ਇਹ ਹਾਲਤ ਦੇਖ ਕੇ ਤੜਫ ਰਹੇ ਹਨ। ਜੇਕਰ ਪ੍ਰਸ਼ਾਸਨ ਨੇ ਇਸ ਤਰ੍ਹਾਂ ਦਾ ਫੈਸਲਾ ਲੈਣਾ ਹੀ ਸੀ ਤਾਂ ਉਨ੍ਹਾਂ ਲੋਕਾਂ ਦੇ ਰਹਿਣ ਲਈ ਉਨ੍ਹਾਂ ਦੀ ਸਹਿਮਤੀ ਨਾਲ ਘਰਾਂ ਦਾ ਪ੍ਰਬੰਧ ਕਰਨਾ ਜ਼ਰੂਰੀ ਸੀ। ਇਨ੍ਹਾਂ ਬੇਘਰ ਹੋਏ ਲੋਕਾਂ ਦਾ ਓਟ ਆਸਰਾ ਪਤਾ ਨਹੀਂ ਕੌਣ ਬਣੇਗਾ? ਕੌਣ ਮਸੀਹਾ ਬਣ ਕੇ ਆਵੇਗਾ ਇਨ੍ਹਾਂ ਦੀ ਅਸਹਿ ਪੀੜਾ ਨੂੰ ਹਰ ਲੈ ਜਾਵੇਗਾ। ਖੁਦਾ ਖੈਰ ਕਰੇ।
-ਕਮਲਜੀਤ ਕੌਰ ਗੁੰਮਟੀ
ਕਾਨੂੰਨ ਨੂੰ ਸਖ਼ਤ ਕੀਤਾ ਜਾਵੇ
ਡਾ. ਬਰਜਿੰਦਰ ਸਿੰਘ ਹਮਦਰਦ ਹੁਰਾਂ ਦੀ ਰਚਨਾ ਅਣਕਿਆਸਿਆ ਦੁਖਾਂਤ ਪੜ੍ਹੀ, ਜਿਸ ਬਾਰੇ ਲੇਖਕ ਨੇ ਦਿੱਲੀ ਵਿਚ ਤੇਜ਼ਾਬ ਸੁੱਟਣ ਨਾਲ ਜ਼ਖ਼ਮੀ ਹੋਈ ਜਵਾਨ ਲੜਕੀ ਦੀ ਤ੍ਰਾਸਦੀ ਦੀ ਤਸਵੀਰ ਪੇਸ਼ ਕਰ ਚਿੰਤਾ ਜਤਾਈ ਹੈ। ਇਹ ਦੇਸ਼ ਵਿਚ ਪਹਿਲੀ ਘਟਨਾ ਨਹੀਂ ਹੈ। ਇਨ੍ਹਾਂ ਘਟਨਾਵਾਂ ਵਿਚ ਵਾਧਾ ਹੋਣ ਕਾਰਨ ਸੰਸਦ ਵਿਚ ਕਾਨੂੰਨ 'ਚ ਸੋਧ ਕਰ ਕੇ ਧਾਰਾ 326ਏ, 326ਬੀ ਦਾ ਵਾਧਾ ਕਰ ਸਖ਼ਤ ਸਜ਼ਾ ਬਣਾਈ ਗਈ ਹੈ, ਪਰ ਫਿਰ ਵੀ ਇਹ ਜੁਰਮ ਨਹੀਂ ਘਟ ਰਹੇ। ਇਸ ਲਈ ਸਰਕਾਰ ਨੂੰ ਸਪੈਸ਼ਲ ਅਦਾਲਤਾਂ ਦਾ ਗਠਨ ਕਰੇ ਤੇ ਚਲਾਨ ਸਮੇਂ ਦੀ ਸੀਮਾ 'ਚ ਦੇ ਕੇ ਅਦਾਲਤਾਂ ਵਿਚ ਜਲਦ ਤੋਂ ਜਲਦ ਫ਼ੈਸਲਾ ਕਰਨ ਦਾ ਕਾਨੂੰਨ ਪਾਸ ਕਰਨਾ ਚਾਹੀਦਾ ਹੈ। ਸਜ਼ਾਵਾਂ ਮਿਲਣ ਨਾਲ ਇਸ ਵਿਚ ਕਮੀ ਆਵੇਗੀ। ਲੋਕਾਂ ਵਿਚ ਕਾਨੂੰਨ ਦਾ ਡਰ ਪੈਦਾ ਹੋਵੇਗਾ।
-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ ਇੰਸਪੈਰਕਟਰ ਪੁਲਿਸ, ਅੰਮ੍ਰਿਤਸਰ
ਚੀਨੀ ਫੌਜ ਨੂੰ ਕਰਾਰਾ ਜਵਾਬ
ਪਿਛਲੇ ਦਿਨੀਂ ਅਸਲ ਕੰਟਰੋਲ ਰੇਖਾ (ਐਲਏਸੀ) 'ਤੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ 'ਚ ਚੀਨੀ ਸੈਨਿਕਾਂ ਨੂੰ ਆਪਣੀ ਹਮਲਾਵਰਤਾ ਦਾ ਕਰਾਰਾ ਜਵਾਬ ਮਿਲ ਗਿਆ, ਪਰ ਦੋਹਾਂ ਦੇਸ਼ਾਂ ਦੇ ਫੌਜੀ ਜਵਾਨਾਂ ਦਰਮਿਆਨ ਹੋਈ ਇਸ ਹਿੰਸਕ ਝੜਪ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਦਰਅਸਲ ਉਤਰਾਖੰਡ ਦੇ ਔਲੀ 'ਚ ਭਾਰਤ ਅਮਰੀਕਾ ਸਾਂਝੇ ਜੰਗੀ ਅਭਿਆਸ 'ਤੇ ਬੀਜਿੰਗ ਵਲੋਂ ਇਤਰਾਜ਼ ਦੇ ਕੁਝ ਦਿਨਾਂ ਬਾਅਦ ਐਲ.ਏ.ਸੀ. 'ਤੇ ਚੀਨੀ ਫੌਜੀਆਂ ਨੇ ਯੋਜਨਾ ਤਹਿਤ ਕੀਤੀ ਗਈ ਹਮਲਾਵਰਤਾ ਦਿਖਾਈ ਹੈ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਚੀਨ ਇਨ੍ਹਾਂ ਸਾਂਝੀਆਂ ਜੰਗੀ ਮਸ਼ਕਾਂ ਨੂੰ ਸਾਲ 1993 ਅਤੇ 1996 ਦੇ ਸਰਹੱਦੀ ਸਮਝੌਤੇ ਦੀ ਉਲੰਘਣਾ ਦੱਸ ਚੁੱਕਿਆ ਹੈ। ਇਹ ਝੜਪ ਉਦੋਂ ਹੋਈ ਜਦੋਂ ਤਕਰੀਬਨ 300 ਚੀਨੀ ਫੌਜੀਆਂ ਦਾ ਇਕ ਦਲ ਗਸ਼ਤ ਕਰਦੇ ਹੋਏ ਭਾਰਤੀ ਸਰਹੱਦ ਦੇ ਅੰਦਰ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਚੀਨੀ ਸੈਨਿਕਾਂ ਦੀ ਸਾਜਿਸ਼ ਇਕ ਭਾਰਤੀ ਚੌਂਕੀ 'ਤੇ ਕਬਜ਼ਾ ਕਰਨ ਦੀ ਸੀ। ਪਰ ਵੱਡੀ ਗਿਣਤੀ ਮੌਜੂਦ ਭਾਰਤੀ ਜਵਾਨਾਂ ਨੇ ਫੌਰੀ ਰੂਪ 'ਚ ਉਨ੍ਹਾਂ ਨੂੰ ਪਿਛੇ ਖਦੇੜ ਦਿੱਤਾ, ਜਿਸ ਵਿਚ ਦੋਹਾਂ ਪਾਸਿਉਂ ਜਵਾਨ ਜ਼ਖ਼ਮੀ ਵੀ ਹੋ ਗਏ। ਜ਼ਖਮੀਆਂ 'ਚ ਚੀਨੀ ਸੈਨਿਕਾਂ ਦੀ ਗਿਣਤੀ ਜ਼ਿਆਦਾ ਦੱਸੀ ਜਾ ਰਹੀ ਹੈ। ਸੰਸਦ 'ਚ ਸਰਕਾਰ ਇਹ ਜ਼ਰੂਰ ਦੱਸਿਆ ਕਿ ਕੋਈ ਵੀ ਭਾਰਤੀ ਜਵਾਨ ਗੰਭੀਰ ਰੂਪ 'ਚ ਜ਼ਖਮੀ ਨਹੀਂ ਹੋਇਆ। ਇਸ ਨਾਲ ਇਹ ਵੀ ਪਤਾ ਚੱਲਦਾ ਹੈ ਕਿ ਚੀਨ ਭਾਰਤ ਦੇ ਖਿਲਾਫ਼ ਭੜਕਾਊ ਸਰਗਰਮੀਆਂ ਕਿਸੇ ਨਾ ਕਿਸੇ ਰੂਪ 'ਚ ਜਾਰੀ ਰੱਖੇਗਾ। ਅਜਿਹੇ 'ਚ ਐਲ.ਏ.ਸੀ. 'ਤੇ ਪੂਰੀ ਚੌਕਸੀ ਦੇ ਨਾਲ-ਨਾਲ ਚੀਨ ਦੇ ਨਾਲ ਰਿਸ਼ਤੇ 'ਚ ਸਰਹੱਦੀ ਵਿਵਾਦ ਦੇ ਹੱਲ ਦੀ ਦਿਸ਼ਾ 'ਚ ਵੀ ਅੱਗੇ ਵਧਣਾ ਪਵੇਗਾ।
-ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ, ਬਠਿੰਡਾ।
ਸੁਣੋ ਸਭ ਦੀ, ਕਰੋ ਮਨ ਦੀ
ਇਹ ਗੱਲ ਆਮ ਕਹੀ ਜਾਂਦੀ ਹੈ ਕਿ ਸੁਣੋ ਸਭ ਦੀ, ਕਰੋ ਮਨ ਦੀ। ਸਮਾਜ ਵਿਚ ਵਿਚਰਦੇ ਹੋਏ ਅਸੀਂ ਕਈ ਵਾਰ ਕੋਈ ਅਜਿਹਾ ਕੰਮ ਸ਼ੁਰੂ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਦੋਸਤਾਂ, ਰਿਸ਼ਤੇਦਾਰਾਂ ਦੀ ਸਲਾਹ ਲੈਂਦੇ ਹਾਂ। ਫਿਰ ਉਹ ਅਸੀਂ ਕੰਮ ਕਰ ਵੀ ਲੈਂਦੇ ਹਾਂ, ਪਰ ਕਈ ਵਾਰ ਉਹ ਕੰਮ ਸਿਰੇ ਨਹੀਂ ਚੜ੍ਹਦਾ। ਕਹਿਣ ਦਾ ਭਾਵ ਹੈ ਕਿ ਕੋਈ ਵੀ ਕੰਮ ਜੋ ਅਸੀਂ ਸ਼ੁਰੂ ਕਰਨਾ ਹੈ, ਲੋਕਾਂ ਦੀ ਸਲਾਹ ਜ਼ਰੂਰ ਲਵੋ, ਪਰ ਆਪਣੇ ਮਨ ਦੀ ਸਲਾਹ ਵੀ ਜ਼ਰੂਰ ਲੈਣੀ ਚਾਹੀਦੀ ਹੈ। ਅੱਜਕਲ੍ਹ ਜ਼ਮਾਨਾ ਬਹੁਤ ਬਦਲ ਗਿਆ ਹੈ।
ਬੱਚੇ ਆਪਣੇ ਮਾਂ-ਬਾਪ ਤੋਂ ਬਿਨਾਂ ਸਲਾਹ ਮਸ਼ਵਰਾ ਕਰੇ ਆਪਣੀ ਜ਼ਿੰਦਗੀ ਦੇ ਅਹਿਮ ਫ਼ੈਸਲੇ ਲੈ ਲੈਂਦੇ ਹਨ। ਫਿਰ ਬਾਅਦ ਵਿਚ ਪਛਤਾਉਣਾ ਹੀ ਪੈਂਦਾ ਹੈ। ਲੋਕਾਂ ਨੇ ਤਾਂ ਰਾਏ ਦੇ ਦਿੱਤੀ, ਤੁਸੀਂ ਆਪਣੇ ਆਪ ਦੀ ਰਾਏ ਕਦੋਂ ਲਈ? ਵਿਚਾਰਨ ਵਾਲੀ ਗੱਲ ਹੈ। ਅਕਸਰ ਮਾਂ-ਬਾਪ ਬੱਚਿਆਂ ਨੂੰ ਕਹਿ ਦਿੰਦੇ ਹਨ ਕਿ ਤੂੰ ਦਸਵੀਂ ਤੋਂ ਬਾਅਦ ਸਾਇੰਸ ਵਿਚ ਜਾਣਾ ਹੈ, ਪਰ ਬੱਚਾ ਆਰਟਸ ਲੈਣਾ ਚਾਹੁੰਦਾ ਹੈ। ਬਾਅਦ 'ਚ ਨਤੀਜਾ ਇਹ ਨਿਕਲਦਾ ਹੈ ਕਿ ਬੱਚਾ ਸਫ਼ਲਤਾ ਨਹੀਂ ਹਾਸਲ ਕਰ ਪਾਉਂਦਾ। ਕਈ ਵਾਰ ਨੌਜਵਾਨ ਬੱਚੇ ਆਪਣੇ ਦੋਸਤਾਂ ਦੇ ਪਿੱਛੇ ਲੱਗ ਕੇ ਆਪਣਾ ਭਵਿੱਖ ਵੀ ਖਰਾਬ ਕਰ ਲੈਂਦੇ ਹਨ। ਸੋ, ਜ਼ਿੰਦਗੀ ਵਿਚ ਵਿਚਰਦੇ ਹੋਏ ਦੋਸਤਾਂ ਮਿੱਤਰਾਂ ਦੇ ਨਾਲ-ਨਾਲ ਆਪਣੇ ਮਨ ਨਾਲ ਵੀ ਜ਼ਰੂਰ ਸਲਾਹ ਕਰ ਲੈਣੀ ਚਾਹੀਦੀ ਹੈ।
-ਸੰਜੀਵ ਸਿੰਘ ਸੈਣੀ, ਮੁਹਾਲੀ।
ਵਧ ਰਹੀਆਂ ਅਪਰਾਧਿਕ ਘਟਨਾਵਾਂ
ਡਾ. ਸੁਖਦੇਵ ਸਿੰਘ ਦੀ ਰਚਨਾ ਪ੍ਰਤੀਕਰਮ ਵਜੋਂ ਵਧ ਰਹੀਆਂ ਹਨ ਜਬਰ ਜਨਾਹ ਤੇ ਹਿੰਸਾ ਦੀਆਂ ਘਟਨਾਵਾਂ, ਪੜ੍ਹੀ, ਜਿਸ ਵਿਚ ਲੇਖਕ ਨੇ ਵਿਸਥਾਰ ਨਾਲ ਇਨ੍ਹਾਂ ਘਟਨਾਵਾਂ ਬਾਰੇ ਲਿਖ ਕੇ ਚਿੰਤਾ ਜਤਾਈ ਹੈ। ਲੇਖ ਕਾਬਲੇ ਗ਼ੌਰ ਸੀ। ਟੈਲੀਵਿਜ਼ਨ ਦਾ ਮਧਿਅਮ ਸਿੱਖਿਆ ਤੇ ਗਿਆਨ ਵਧਾਉਂਦਾ ਹੈ। ਪਰ ਅਪਰਾਧਿਕ ਪ੍ਰਵਿਰਤੀ ਵਾਲੇ ਲੋਕ ਸੀਰੀਅਲ ਦੇਖ ਕੇ ਉਸ ਦੀ ਤਰਜ਼ 'ਤੇ ਲੁੱਟਾਂ, ਡਕੈਤੀਆਂ, ਕਤਲ, ਜਬਰ ਜਨਾਹ ਕਰ ਰਹੇ ਹਨ ਜੋ ਰੋਜ਼ਾਨਾ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਰਹੇ ਹਨ ਜਦੋਂ ਕਿ ਸੀਰੀਅਲਾਂ ਵਿਚ ਵੀ ਇਨ੍ਹਾਂ ਲੋਕਾਂ ਦਾ ਅੰਤ ਮਾੜਾ ਦੱਸ ਮਨੁੱਖੀ ਜੀਵ ਨੂੰ ਆਗਾਹ ਕੀਤਾ ਜਾਂਦਾ ਹੈ ਪਰ ਮਾੜੀ ਪ੍ਰਵਿਰਤੀ ਵਾਲੇ ਲੋਕ ਚੰਗਾ ਪੱਖ ਨਾ ਦੇਖ ਕੇ ਮਾੜੀ ਸੋਚ ਰੱਖਦੇ ਹਨ, ਜਦੋਂ ਕਿ ਇਨ੍ਹਾਂ ਨੂੰ ਭਲੀ-ਭਾਂਤ ਪਤਾ ਹੈ ਕਿ ਇਕ ਦਿਨ ਸਾਡਾ ਪਰਦਾਫਾਸ਼ ਹੋਵੇਗਾ, ਅਸੀਂ ਫੜੇ ਜਾਵਾਂਗੇ। ਸਰਕਾਰ ਨੂੰ ਸਖ਼ਤ ਕਾਨੂੰਨ ਬਣਾ ਕੇ ਸਪੈਸ਼ਲ ਅਦਾਲਤਾਂ ਰਾਹੀਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਇਨ੍ਹਾਂ ਲੋਕਾਂ 'ਚ ਡਰ ਪੈਦਾ ਹੋਵੇ।
-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ ਇੰਸਪੈਰਕਟਰ ਪੁਲਿਸ, ਅੰਮ੍ਰਿਤਸਰ
ਸ਼ਹੀਦੀਆਂ ਦਾ ਮਹੀਨਾ
ਪੋਹ ਦੇ ਮਹੀਨੇ ਨੂੰ ਸ਼ਹੀਦੀਆਂ ਦੇ ਮਹੀਨੇ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਇਸੇ ਮਹੀਨੇ ਵਿਚ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਅਤੇ ਅਨਿਆਂ ਦੇ ਖਿਲਾਫ਼ ਲੜਦੇ ਹੋਏ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸੀ। ਪੋਹ ਦੇ ਮਹੀਨੇ ਵਿਚ ਹੀ ਗੁਰੂ ਜੀ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ। ਪੋਹ ਦੀਆਂ ਠੰਢੀਆਂ ਹਵਾਵਾਂ ਵਿਚ ਸਰਸਾ ਨਦੀ 'ਤੇ ਪਰਿਵਾਰ ਵਿਛੋੜਾ ਹੋਇਆ। ਚਮਕੌਰ ਸਾਹਿਬ ਦੀ ਜੰਗ ਵਿਚ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋਏ। ਸਰਹਿੰਦ ਦੇ ਨਵਾਬ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਪੋਹ ਦੀਆਂ ਠੰਢੀਆਂ ਰਾਤਾਂ 'ਚ ਠੰਢੇ ਬੁਰਜ ਵਿਚ ਕੈਦ ਕਰਕੇ ਰੱਖਿਆ, ਪਰ ਛੋਟੇ ਸਾਹਿਬਜ਼ਾਦਿਆਂ ਨੇ ਸੂਬੇ ਦੀ ਈਨ ਨਹੀਂ ਮੰਨੀ।
ਸੂਬਾ ਸਰਹਿੰਦ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਊਂਦੇ ਹੀ ਨੀਹਾਂ ਵਿਚ ਚਿਣਵਾ ਦਿੱਤਾ। ਇਸ ਤਰ੍ਹਾਂ ਇਕ ਲਾਸਾਨੀ ਸ਼ਹਾਦਤ ਦੀ ਅਨੋਖੀ ਮਿਸਾਲ ਕਾਇਮ ਹੋਈ। ਗੁਰੂ ਜੀ ਨੇ ਮਾਛੀਵਾੜੇ ਦੇ ਜੰਗਲਾਂ ਵਿਚ ਟਿੰਡ ਦਾ ਸਰ੍ਹਾਣਾ ਲਾ ਕੇ ਆਪਣੇ ਮਿੱਤਰ ਪਿਆਰੇ ਪਰਮਾਤਮਾ ਲਈ ਸ਼ਬਦ ਉਚਾਰਨ ਕਰਕੇ ਦਿਲ ਦਾ ਹਾਲ ਸੁਣਾਇਆ। ਪੋਹ ਦੇ ਮਹੀਨੇ ਵਿਚ ਸ਼ਹੀਦ ਹੋਏ ਗੁਰੂ ਜੀ ਦੇ ਸਾਰੇ ਪਰਿਵਾਰ ਅਤੇ ਹੋਰ ਸਿੰਘਾਂ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਸਭ ਨੂੰ ਕੋਟਿ-ਕੋਟਿ ਪ੍ਰਣਾਮ ਕਰਨਾ ਬਣਦਾ ਹੈ।
-ਹਰਪ੍ਰੀਤ ਸਿੰਘ ਸਿਹੌੜਾ
ਪਿੰਡ ਤੇ ਡਾਕ: ਸਿਹੌੜਾ, ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ।
ਰਿਸ਼ਤਿਆਂ ਦੀ ਅਹਿਮੀਅਤ
ਮਨੁੱਖ ਇਕ ਸਮਾਜੀ ਜੀਵ ਹੈ, ਇਸ ਨੂੰ ਸਮਾਜ ਵਿਚ ਰਹਿੰਦਿਆਂ ਬਹੁਤ ਸਾਰੇ ਰਿਸ਼ਤੇ ਬਣਾਉਣੇ ਅਤੇ ਨਿਭਾਉਣੇ ਪੈਂਦੇ ਹਨ। ਸਿਆਣੇ ਆਖਦੇ ਹਨ ਕਿ ਰਿਸ਼ਤੇ ਬਣਾਉਣੇ ਤਾਂ ਸੌਖੇ ਹਨ ਪਰ ਨਿਭਾਉਣੇ ਔਖੇ ਹੁੰਦੇ ਹਨ। ਰਿਸ਼ਤਾ ਚਾਹੇ ਪਤੀ-ਪਤਨੀ ਦਾ ਹੋਵੇ, ਮਾਂ-ਧੀ ਦਾ ਹੋਵੇ, ਪਿਉ-ਪੁੱਤ ਦਾ ਹੋਵੇ, ਭੈਣ ਭਰਾ ਦਾ ਹੋਵੇ ਜਾਂ ਫਿਰ ਕੋਈ ਹੋਰ, ਉਸ ਵਿਚ ਪਿਆਰ-ਮੁਹੱਬਤ ਅਤੇ ਵਿਸਵਾਸ ਦਾ ਹੋਣਾ ਬੜਾ ਜ਼ਰੂਰੀ ਹੁੰਦਾ ਹੈ, ਅਰਥਾਤ ਹਰ ਰਿਸ਼ਤਾ ਵਿਸ਼ਵਾਸ ਉੱਪਰ ਹੀ ਖੜ੍ਹਾ ਹੁੰਦਾ ਹੈ। ਪਰ ਜਦੋਂ ਕਿਸੇ ਰਿਸ਼ਤੇ ਵਿਚ ਪਿਆਰ-ਮੁਹੱਬਤ ਦੀ ਜਗ੍ਹਾ ਨਫ਼ਰਤ ਅਤੇ ਵਿਸ਼ਵਾਸ ਦੀ ਜਗ੍ਹਾ ਬੇਭਰੋਸਗੀ ਜਾਂ ਸ਼ੱਕ ਆ ਜਾਵੇ ਤਾਂ ਉਹ ਰਿਸ਼ਤਾ ਅੱਜ ਵੀ ਗਿਆ ਅਤੇ ਕੱਲ੍ਹ ਵੀ ਗਿਆ। ਅਰਥਾਤ ਰਿਸ਼ਤਾ ਟੁੱਟਣ ਵਿਚ ਜ਼ਿਆਦਾ ਦੇਰੀ ਨਹੀਂ ਲਗਦੀ। ਅੱਜ ਦੇ ਪਦਾਰਥਵਾਦੀ ਦੌਰ ਅੰਦਰ ਉਂਜ ਤਾਂ ਮਨੁੱਖ ਰਿਸ਼ਤਿਆਂ ਦੀ ਅਹਿਮੀਅਤ ਨੂੰ ਨਜ਼ਰ-ਅੰਦਾਜ਼ ਹੀ ਕਰ ਰਿਹਾ ਹੈ ਅਤੇ ਪੈਸੇ ਨੂੰ ਹੀ ਪ੍ਰਮੁੱਖਤਾ ਦਿੰਦਾ ਹੈ। ਪੈਸਾ ਬਹੁਤ ਕੁਝ ਤਾਂ ਹੋ ਸਕਦਾ ਹੈ, ਪਰ ਸਭ ਕੁਝ ਨਹੀਂ ਹੁੰਦਾ। ਜਿਥੇ ਬੰਦੇ ਨੇ ਖੜ੍ਹਨਾ ਹੁੰਦਾ ਹੈ, ਉਥੇ ਪੈਸਾ ਨਹੀਂ ਖੜ੍ਹ ਸਕਦਾ ਅਰਥਾਤ ਪੈਸਾ ਆਪਣੀ ਜਗ੍ਹਾ ਅਹਿਮੀਅਤ ਰੱਖਦਾ ਹੈ, ਅਤੇ ਬੰਦਾ ਆਪਣੀ ਥਾਵੇਂ ਮਹੱਤਵ ਰੱਖਦਾ ਹੈ।
ਸੋ ਸਾਨੂੰ ਸਭ ਨੂੰ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਦੇ ਹੋਏ, ਇਨ੍ਹਾਂ ਵਿਚੋਂ ਪਿਆਰ-ਮੁਹੱਬਤ ਅਤੇ ਵਿਸ਼ਵਾਸ ਨੂੰ ਕਦੇ ਵੀ ਮਨਫੀ ਨਹੀਂ ਹੋਣ ਦੇਣਾ ਚਾਹੀਦਾ। ਅਜਿਹਾ ਕਰਕੇ ਹੀ ਅਸੀਂ ਰਿਸ਼ਤਿਆਂ ਦਾ ਨਿੱਘ ਅਤੇ ਮਿਠਾਸ ਦਾ ਆਨੰਦ ਮਾਣ ਸਕਦੇ ਹਾਂ ਅਤੇ ਇਨ੍ਹਾਂ ਨੂੰ ਸਦੀਵੀ (ਲੰਮੇਰੀ ਉਮਰ ਵਾਲੇ) ਬਣਾ ਸਕਦੇ ਹਾਂ।
-ਜਗਤਾਰ ਸਿੰਘ ਝੋਜੜ
ਜ਼ਿਲਾ ਕਚਹਿਰੀਆਂ, ਹੁਸ਼ਿਆਰਪੁਰ।
ਅਵਾਰਾ ਪਸ਼ੂਆਂ ਦੀ ਸਮੱਸਿਆ
ਅਵਾਰਾ ਪਸ਼ੂਆਂ ਦੀ ਸਮੱਸਿਆ ਅੱਜਕਲ੍ਹ ਬਹੁਤ ਜ਼ਿਆਦਾ ਵੱਡੀ ਤੇ ਗੰਭੀਰ ਸਮੱਸਿਆ ਬਣੀ ਹੋਈ ਹੈ। ਇਹ ਸਮੱਸਿਆ ਹਰ ਸ਼ਹਿਰ ਅਤੇ ਪਿੰਡ ਦੀ ਹੈ। ਅਵਾਰਾ ਪਸ਼ੂਆਂ ਕਰਕੇ ਹਰ ਰੋਜ਼ ਵੱਡੇ-ਵੱਡੇ ਸੜਕ ਹਾਦਸੇ ਵਾਪਰ ਰਹੇ ਹਨ। ਇਨ੍ਹਾਂ ਹਾਦਸਿਆਂ ਵਿਚ ਹਰ ਰੋਜ਼ ਬਹੁਤ ਸਾਰੇ ਲੋਕ ਜ਼ਖਮੀ ਹੋ ਰਹੇ ਹਨ, ਅਤੇ ਬਹੁਤ ਸਾਰੇ ਲੋਕ ਇਨ੍ਹਾਂ ਹਾਦਸਿਆਂ ਵਿਚ ਆਪਣੀਆਂ ਜਾਨਾਂ ਗਵਾ ਰਹੇ ਹਨ। ਜੋ ਬਹੁਤ ਹੀ ਮੰਦਭਾਗੀ ਗੱਲ ਹੈ। ਇਨ੍ਹਾਂ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਬਹੁਤ ਸਾਰੀਆਂ ਗਊਸ਼ਾਲਾ ਖੁੱਲ੍ਹੀਆਂ ਹੋਈਆਂ ਹਨ। ਪਰ ਅਵਾਰਾ ਪਸ਼ੂਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਗਊਸ਼ਾਲਾ ਵਾਲੇ ਜੋ ਪਸ਼ੂ ਦੁੱਧ ਦਿੰਦੇ ਨੇ ਉਨ੍ਹਾਂ ਨੂੰ ਰੱਖਣ ਵਿਚ ਜ਼ਿਆਦਾ ਧਿਆਨ ਰੱਖਦੇ ਹਨ ਅਤੇ ਨਕਾਰਾ ਪਸ਼ੂਆਂ ਨੂੰ ਗਊਸ਼ਾਲਾ ਵਾਲੇ ਵੀ ਘੱਟ ਹੀ ਰੱਖਦੇ ਹਨ। ਇਸ ਕਰਕੇ ਵੀ ਬਹੁਤ ਸਾਰੀਆਂ ਗਊਆਂ ਅਤੇ ਢੱਠੇ ਅਤੇ ਅਵਾਰਾ ਪਸ਼ੂ ਬਹੁਤ ਜ਼ਿਆਦਾ ਗਿਣਤੀ ਵਿਚ ਸੜਕਾਂ 'ਤੇ ਵੱਡੇ-ਵੱਢੇ ਕਾਫਲੇ ਦੇ ਰੂਪ ਵਿਚ ਸ਼ਹਿਰ ਦੇ ਕੋਨੇ-ਕੋਨੇ ਦੇਖੇ ਜਾ ਸਕਦੇ ਹਨ। ਜਿਸ ਕਾਰਨ ਕਈ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਜਾਂਦੇ ਹਨ ਅਤੇ ਕਈ ਲੋਕ ਆਪਣੀ ਜਾਨ ਗਵਾ ਲੈਂਦੇ ਹਨ ਪਰ ਇਸ ਮਸਲੇ ਦਾ ਹੱਲ ਕੱਢਣ ਲਈ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ। ਸਾਡਾ ਸਬ ਦਾ ਵੀ ਫਰਜ਼ ਬਣਦਾ ਹੈ ਕਿ ਇਨ੍ਹਾਂ ਬੇਜ਼ੁਬਾਨ ਅਵਾਰਾ ਪਸ਼ੂਆਂ ਲਈ ਆਵਾਜ਼ ਚੁੱਕੀਏ, ਤਾਂ ਕਿ ਸਰਕਾਰ ਇਨ੍ਹਾਂ ਦੀ ਦੇਖਭਾਲ ਅਤੇ ਰਹਿਣ ਤੇ ਖਾਣ-ਪੀਣ ਦਾ ਪੂਰਾ-ਪੂਰਾ ਪ੍ਰਬੰਧ ਕਰੇ।
-ਗੁਰਤੇਜ ਸਿੰਘ 'ਖੁਡਾਲ'
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ
ਪ੍ਰੇਰਣਾਦਾਇਕ ਲੇਖ
'ਅਜੀਤ' ਦੇ ਨਾਰੀ ਸੰਸਾਰ ਵਿਚ ਕਰਮਜੀਤ ਕੌਰ ਸੋਹੀ-ਨਾਨੋਵਾਲ, ਖਮਾਣੋਂ, ਫਤਹਿਗੜ੍ਹ ਸਾਹਿਬ ਦਾ ਲੇਖ 'ਮਾਤਾ-ਪਿਤਾ ਤੇ ਬੱਚਿਆਂ ਸੰਬੰਧੀ ਨਿਯਮ' ਵੱਡਿਆਂ ਲਈ ਬਹੁਤ ਹੀ ਪ੍ਰੇਰਣਾਦਾਇਕ ਹੈ। ਜਿਸ ਤਰ੍ਹਾਂ ਅਸੀਂ ਬੱਚੇ ਅੱਗੇ ਚੰਗਾ ਜਾਂ ਮੰਦਾ ਬੋਲਦੇ ਹਾਂ ਤਾਂ ਇਹ ਤਰੰਗਾਂ ਬੱਚੇ ਦੇ ਅੰਦਰ ਚਲੇ ਜਾਂਦੀਆਂ ਹਨ ਅਤੇ ਬੱਚਾ ਉਸੇ ਤਰ੍ਹਾਂ ਦਾ ਹੀ ਬਣ ਜਾਂਦਾ ਹੈ। ਬੱਚਾ ਇਕ ਕੋਰੀ ਸਲੇਟ ਹੈ। ਅਸੀਂ ਜੋ ਉਸ ਉੱਪਰ ਲਿਖ ਕੇ ਦੇਵਾਂਗੇ ਬੱਚਾ ਉਸੇ ਤਰ੍ਹਾਂ ਹੀ ਗ੍ਰਹਿਣ ਕਰ ਲਵੇਗਾ। ਬੱਚੇ ਦੇ ਸਵੈਮਾਣ ਨੂੰ ਠੇਸ ਨਾ ਲੱਗਣ ਦਿਉ। ਪਿਆਰ ਦਾ ਕਾਨੂੰਨ ਹੀ ਬੱਚੇ ਵਿਚ ਅਨੁਸ਼ਾਸਨ ਪੈਦਾ ਕਰ ਸਕਦਾ ਹੈ। ਬੱਚਾ ਗਿੱਲੀ ਮਿੱਟੀ ਹੈ, ਅਸੀਂ ਜਿਸ ਤਰ੍ਹਾਂ ਚਾਹਾਂਗੇ ਇਸ ਨੂੰ ਮੋੜ ਲਵਾਂਗੇ। ਘੁਮਿਆਰ ਜਦੋਂ ਚੱਕ 'ਤੇ ਮਿੱਟੀ ਦੇ ਭਾਂਡੇ ਘੜਦਾ ਹੈ, ਉਹ ਬਾਹਰੋਂ ਥਪੇੜੇ ਮਾਰਦਾ ਤੇ ਅੰਦਰੋਂ ਹੱਥ ਰੱਖਦਾ ਹੈ। ਚੰਗਾ ਸੋਚੋ।
-ਤਰੋਲਚਨ ਸਿੰਘ ਫਲੋਰਾ
ਸੇਵਾ ਮੁਕਤ ਲੈਕ. ਹੀਉਂ-ਬੰਗਾ
ਧਰਨਿਆਂ ਤੋਂ ਪਰੇਸ਼ਾਨ ਆਮ ਲੋਕ
ਪਿਛਲੇ ਸਾਲ ਕਿਸਾਨਾਂ ਦੇ ਅੰਦੋਲਨ ਨੂੰ ਸਮਾਜ ਦੇ ਹਰ ਵਰਗ ਨੇ ਕਿਸਾਨਾਂ ਦਾ ਸਾਥ ਦਿੱਤਾ। ਪਰ ਹੁਣ ਨਿਤ ਦੇ ਧਰਨਿਆਂ ਕਰਕੇ ਆਵਾਜਾਈ ਦੇ ਸਾਧਨਾਂ ਦੇ ਜਾਮਾਂ ਕਾਰਨ ਹੋ ਰਹੀ ਖੱਜਲ-ਖੁਆਰੀ ਤੋਂ ਆਮ ਲੋਕ ਬੇਹੱਦ ਦੁਖੀ ਹੋ ਚੁੱਕੇ ਹਨ ਤੇ ਮੀਡੀਆ ਦੇ ਜ਼ਰੀਏ ਆਪਣਾ ਗੁੱਸੇ ਦਾ ਇਜ਼ਹਾਰ ਕਰ ਰਹੇ ਹਨ। ਹਰ ਰੋਜ਼ ਕਿਸਾਨਾਂ ਵਲੋਂ ਕੀਤੀਆਂ ਧੱਕੇਸ਼ਾਹੀਆਂ ਦੇ ਨਵੇਂ-ਨਵੇਂ ਕਿੱਸੇ ਸੁਣਨ ਨੂੰ ਮਿਲ ਰਹੇ ਹਨ। ਬੀਤੇ ਦਿਨੀਂ ਕਿਸਾਨਾਂ ਨੇ ਉਸ ਸਮੇਂ ਹੱਦ ਹੀ ਕਰ ਦਿੱਤੀ ਜਦੋਂ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਗੱਡੀ ਦੇ ਏ.ਸੀ. ਡੱਬਿਆਂ ਵਿਚ ਆਮ ਲੋਕਾਂ ਦੀਆਂ ਬੁੱਕ ਕੀਤੀਆਂ ਸੀਟਾਂ 'ਤੇ ਕਿਸਾਨ ਧੱਕੇ ਨਾਲ ਹੀ ਬੈਠ ਗਏ। ਇਸ ਧੱਕੇਸ਼ਾਹੀ ਦਾ ਯਾਤਰੀਆਂ ਨੇ ਵਿਰੋਧ ਕੀਤਾ, ਜਿਸ ਦੇ ਨਤੀਜੇ ਵਜੋਂ ਰੇਲਵੇ-ਸਟਾਫ ਨੇ ਕਿਸਾਨਾਂ ਨੂੰ ਡੱਬੇ ਬਦਲਣ ਲਈ ਕਿਹਾ ਤਾਂ ਕਿਸਾਨਾਂ ਨੇ ਰੇਲਵੇ ਟਰੈਕ 'ਤੇ ਧਰਨਾ ਲਾ ਦਿੱਤਾ। ਕੀ ਕੋਈ ਕਿਸਾਨ ਯੂਨੀਅਨ ਇਹ ਦੱਸੇਗੀ ਕਿ ਆਮ ਲੋਕਾਂ ਨੂੰ ਅਜਿਹੇ ਧਰਨਿਆਂ ਦੌਰਾਨ ਹੁੰਦੀ ਪਰੇਸ਼ਾਨੀ ਤੋਂ ਕਦੋਂ ਛੁਟਕਾਰਾ ਮਿਲੇਗਾ।
-ਮਨਜੀਤ ਸਿੰਘ ਮਲੇਰਕੋਟਲਾ
ਕਮਿਸ਼ਨ ਖਾਣ ਵਾਲੇ ਦੈਂਤ
ਸਮਾਜ ਵਿਚ ਰਹਿਣ ਵਾਲੇ ਬਹੁਤੇ ਸਾਰੇ ਲੋਕ ਇਸ ਗੱਲੋਂ ਦੁਖੀ ਹਨ ਕਿ ਮੁਲਕ ਦਾ ਸੁਧਾਰ ਨਹੀਂ ਹੋ ਰਿਹਾ। ਪਰ ਬੜੇ ਹੀ ਅਫ਼ਸੋਸ/ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਹਰ ਕੋਈ ਖ਼ੁਦ ਤੋਂ ਸੁਧਾਰ ਨਹੀਂ ਕਰਦਾ। ਆਪਣੇ ਆਪ ਨੂੰ ਧਰਮੀ ਤੇ ਭੱਦਰ ਪੁਰਸ਼ ਅਖਵਾਉਣ ਵਾਲੇ ਅਨੇਕਾਂ ਲੋਕ ਆਪੋ ਆਪਣੇ ਕਿੱਤੇ ਮੁਤਾਬਿਕ ਵੱਡੇ ਪੱਧਰ 'ਤੇ ਕਮਿਸ਼ਨ ਲੈਣ/ਦੇਣ ਕਰਕੇ ਆਪਣਾ ਧੰਦਾ ਚਲਾ ਰਹੇ ਹਨ। ਇਸ ਕਮਿਸ਼ਨ ਦੇ ਲੈਣ/ਦੇਣ ਦੇ ਕਾਲੇ ਕਾਰੋਬਾਰ ਕਰਦੇ ਹਨ। ਅੱਜ-ਕੱਲ੍ਹ ਤਕਰੀਬਨ ਹਰ ਖੇਤਰ ਵਿਚ ਹੀ ਇਸ ਕਮਿਸ਼ਨ ਰੂਪੀ ਦੈਂਤ ਨੇ ਆਪਣੇ ਪੈਰ ਵਿਸਾਰ ਲਏ ਹਨ। ਪਰੰਤੂ ਇਸ ਕਮਿਸ਼ਨ ਦੀ ਚੱਕੀ ਵਿਚ ਆਮ ਗਰੀਬ ਤੇ ਸੱਚੇ-ਸੁੱਚੇ ਲੋਕ ਹੀ ਪਿਸਦੇ ਹਨ। ਕਮਿਸ਼ਨ ਦੇਣ/ਲੈਣ ਕਰਕੇ ਇਸ ਦਾ ਬੋਝ ਆਮ ਵਿਅਕਤੀ ਉੱਪਰ ਹੀ ਪੈਂਦਾ ਹੈ। ਸਰਕਾਰ ਨੂੰ ਤੁਰੰਤ ਇਸ ਕਾਲੇ ਧੰਦੇ ਨੂੰ ਨੱਥ ਪਾਉਣੀ ਚਾਹੀਦੀ ਹੈ। ਆਮ ਲੋਕਾਂ ਨੂੰ ਵੀ ਖੁਦ ਨੈਤਿਕਤਾ ਦੇ ਆਧਾਰ 'ਤੇ ਇਹ ਕਾਲਾ ਕਾਰੋਬਾਰ ਛੱਡ ਕੇ ਅਸਲ ਤੇ ਸੱਚੇ ਧਰਮੀ ਬਣਨਾ ਚਾਹੀਦਾ ਹੈ। ਕਿਉਂਕਿ ਅਸਲ ਵਿਚ ਇਨਸਾਨੀਅਤ/ ਮਨੁੱਖਤਾ ਦੀ ਸੇਵਾ ਹੀ ਅਸਲ ਧਰਮ ਹੈ ਤੇ ਇਸੇ ਵਿਚ ਹੀ ਦੇਸ਼ ਦੀ ਵੱਡੀ ਭਲਾਈ ਹੈ। ਇਹ ਕਾਲਾ ਕਾਰੋਬਾਰ ਕਰਨ ਵਾਲਿਆਂ ਨੂੰ ਦੈਂਤ ਹੀ ਕਹਿਣਾ ਚਾਹੀਦਾ ਹੈ।
ਅੰਗਰੇਜ਼ ਸਿੰਘ ਵਿੱਕੀ (ਬਠਿੰਡਾ)
ਸਹਿਕਾਰੀ ਅਦਾਰੇ ਬਚਾਓ
30 ਨਵੰਬਰ, 2022 ਦੇ ਇਸ ਅਖ਼ਬਾਰ ਵਿਚ ਡਾ. ਬਿਕਰਮ ਸਿੰਘ ਵਿਰਕ ਦਾ 'ਪੰਜਾਬ ਦਾ ਆਰਥਿਕ ਸੰਕਟ-9' ਸਿਰਲੇਖ ਅਧੀਨ ਸਹਿਕਾਰੀ ਅਦਾਰਿਆਂ ਦੀ ਹਾਲਤ ਸੰਬੰਧੀ ਲੇਖ ਪੜ੍ਹ ਕੇ ਅਸੀਂ ਉਨ੍ਹਾਂ ਦੀ ਖੋਜੀ ਬਿਰਤੀ ਅਤੇ ਦੂਰ-ਦ੍ਰਿਸ਼ਟੀ ਵਾਲੇ ਸੁਝਾਵਾਂ ਕਰਕੇ ਭਰਪੂਰ ਪ੍ਰਸੰਸਾ ਕਰਦੇ ਹਾਂ। ਵਿਸ਼ੇਸ਼ ਕਰਕੇ ਉਨ੍ਹਾਂ ਨੇ 'ਮਾਰਕਫੈੱਡ' ਸਹਿਕਾਰੀ ਅਦਾਰੇ ਦੇ ਜਾਣੇ-ਪਹਿਚਾਣੇ ਬ੍ਰਾਂਡ 'ਸੋਹਣਾ' ਦਾ ਸੋਹਣਾ ਉਲੇਖ ਕੀਤਾ ਹੈ। ਅਸੀਂ ਉਸ ਬ੍ਰਾਂਡ ਦੇ ਉਤਪ੍ਰੇਰਕ, ਸ. ਸੋਹਣ ਸਿੰਘ ਦੁਸਾਂਝ ਦੀ ਮਾਰਕਫੈੱਡ ਦੇ ਬਤੌਰ ਐਮ.ਡੀ. ਭੂਮਿਕਾ 'ਤੇ ਕੁਝ ਚਾਨਣ ਪਾਉਣਾ ਚਾਹੁੰਦੇ ਹਾਂ। ਜਦ ਉਹ 12 ਮਾਰਚ, 1993 ਨੂੰ ਦੁਸਾਂਝ ਕਲਾਂ ਵਿਖੇ ਇਕ ਇਤਿਹਾਸਕ ਸਮਾਗਮ ਦੀ ਸਿਰਕਰਦਗੀ ਕਰਨ ਪਧਾਰੇ ਸਨ ਤਦ ਅਸੀਂ ਉਨ੍ਹਾਂ ਨੂੰ ਪ੍ਰਸ਼ਨ ਕੀਤਾ ਸੀ ਕਿ ਤੁਸੀਂ ਮਾਰਕਫੈੱਡ ਨੂੰ ਪੱਕੇ ਪੈਰੀਂ ਕਰ ਕੇ ਜੋ ਮਾਅਰਕਾ ਮਾਰਿਆ ਹੈ, ਉਹ ਕਿਵੇਂ ਸੰਭਵ ਕੀਤਾ? ਉਨ੍ਹਾਂ ਨੇ ਪ੍ਰਗਟਾਵਾ ਕੀਤਾ, ''ਜਦ ਮੈਂ ਪੰਜਾਬ ਮਾਰਕਫੈੱਡ ਦੀ 1969 ਵਿਚ ਵਾਗਡੋਰ ਸੰਭਾਲੀ ਤਦ ਕੁੱਲ ਕਰਮਚਾਰੀ ਸਨ ਵੀਹ, ਲਾ-ਪਾ ਕੇ ਮਾਰਕਫੈੱਡ ਪਾਸ ਸਾਈਕਲ ਸੀ ਇਕ ਅਤੇ ਵਿਕਰੀ ਸੀ ਨਾਮਾਤਰ। ਜਦ ਮੈਂ ਇਹ ਵਾਗਡੋਰ 1972 ਵਿਚ ਛੱਡ ਕੇ ਨੈਸ਼ਨਲ ਮਾਰਕਫੈੱਡ ਦੇ ਐਮ.ਡੀ. ਦੀ ਜੁੰਮੇਵਾਰੀ ਸੰਭਾਲੀ ਤਦ ਕੁੱਲ ਕਰਮਚਾਰੀ ਸਨ ਦਸ ਹਜ਼ਾਰ, ਮਾਰਕਫੈੱਡ ਬਣ ਗਈ ਮਾਲਕ ਕਈ ਟਰੈਕਟਰਾਂ, ਕੰਬਾਈਨਾਂ, ਹਾਰਸਵੈੱਸਟਰਾਂ, ਕਾਰਖ਼ਾਨਿਆਂ ਅਤੇ ਫ਼ਸਲਾਂ ਉੱਪਰ ਨਦੀਨ ਨਾਸ਼ਕ ਦਵਾਈਆਂ ਛਿੜਕਣ ਵਾਲੇ ਹਵਾਈ ਜਹਾਜ਼ ਦੀ ਅਤੇ ਵਿੱਕਰੀ ਵੱਧ ਕੇ ਹੋ ਗਈ ਤਿੰਨ ਸੌ ਕਰੋੜ।'' ਹੁਣ ਡਾ. ਵਿਰਕ ਦੀ ਖੋਜ ਅਨੁਸਾਰ ਇਹ ਪ੍ਰਸ਼ਨ ਪੈਦਾ ਹੁੰਦਾ ਹੈ ਕਿ 2021-22 ਵਿਚ ਮਾਰਕਫੈੱਡ ਦਾ ਸਾਲਾਨਾ ਘਾਟਾ 92 ਕਰੋੜ ਰੁਪਏ ਦੇ ਕਰੀਬ ਕਿਵੇਂ ਹੋਇਆ? ਜ਼ਰੂਰ ਕੋਈ ਗੂੜ੍ਹੀ ਸਾਜ਼ਿਸ਼ ਹੈ। ਇਹ ਸਹਿਕਾਰੀ ਅਦਾਰਾ ਅਸਫ਼ਲ ਕਰ ਕੇ ਕਿਤੇ ਹੋਰ ਨਿੱਜੀ ਅਦਾਰੇ ਨੂੰ ਲਾਭ ਪਹੁੰਚਾਣ ਦੀ। ਇਕ ਉੱਚ ਪੱਧਰੀ ਕਮੇਟੀ ਬਣਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਜਲਦੀ ਪੜਤਾਲ ਕਰਾਵੇ ਅਤੇ ਡਾ. ਵਿਰਕ ਦੇ ਬਹੁਮੁੱਲੇ ਸੁਝਾਅ ਕਿ ਇਸ ਦੇ ਉੱਪਰਲੇ ਅਹੁਦੇ ਪੇਸ਼ੇਵਰ ਪ੍ਰਬੰਧਕਾਂ ਅਤੇ ਰਾਜਨੀਤਕ ਨੇਤਾਵਾਂ ਅਤੇ ਗ਼ੈਰ ਜ਼ਿੰਮੇਵਾਰ ਅਫ਼ਸਰਾਂ ਤੋਂ ਤੁਰੰਤ ਸੰਭਾਲ ਕੇ ਹੰਢੇ ਵਰਤੇ, ਤਜਰਬੇਕਾਰ ਅਤੇ ਸਮਰਪਿਤ ਅਧਿਕਾਰੀਆਂ ਹਵਾਲੇ ਕੀਤੇ ਜਾਣ ਨਹੀਂ ਤਾਂ ਇਨ੍ਹਾਂ ਸਹਿਕਾਰੀ ਅਦਾਰਿਆਂ ਦਾ ਭੋਗ ਪਾਉਣ ਵਿਚ ਸਰਕਾਰ ਵੀ ਭਾਗੀ ਬਣਨ ਤੋਂ ਬਚ ਨਹੀਂ ਸਕੇਗੀ।
-ਪ੍ਰਿੰਸੀਪਲ ਗਿਆਨ ਸਿੰਘ ਦੁਸਾਂਝ,
ਦੁਸਾਂਝ ਕਲਾਂ, (ਜਲੰਧਰ)
ਸੋਸ਼ਲ ਮੀਡੀਆ ਤੇ ਹਥਿਆਰ
ਪਿਛਲੇ ਦਿਨੀਂ ਸਰਕਾਰ ਨੇ ਸੋਸ਼ਲ ਮੀਡੀਆ ਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲਿਆਂ 'ਤੇ ਸਖ਼ਤੀ ਕਰਨ ਦਾ ਐਲਾਨ ਕੀਤਾ, ਜਿਸ ਦੀ ਸਮਾਂ ਮੰਗ ਵੀ ਕਰਦਾ ਸੀ। ਪਰ ਸਰਕਾਰ ਨੇ ਜਿਸ ਦੀ ਵੀ ਤਸਵੀਰ ਹਥਿਆਰਾਂ ਨਾਲ ਸੋਸ਼ਲ ਮੀਡੀਆ 'ਤੇ ਦੇਖੀ ਉਸ 'ਤੇ ਹੀ ਕੇਸ ਕਰਨਾ ਬਹੁਤ ਗ਼ਲਤ ਹੈ। ਪਹਿਲੀ ਗੱਲ ਤਾਂ ਇਹ ਕਿ ਫੇਸਬੁੱਕ 'ਤੇ ਜਿਸ ਦਾ ਜੀਅ ਚਾਹੇ ਅਕਾਊਂਟ ਬਣਾ ਲਵੇ, ਕੋਈ ਹਰਜ਼ ਨਹੀਂ ਹੈ। ਕੋਈ ਬਹੁਤੀ ਪੁੱਛ-ਗਿੱਛ ਵੀ ਨਹੀਂ ਹੈ। ਉਸ ਉੱਪਰ ਜੋ ਮਰਜ਼ੀ ਪਾਓ ਕੋਈ ਕਾਨੂੰਨ ਦਾ ਡੰਡਾ ਨਹੀਂ ਹੈ। ਜੇ ਕੋਈ ਸ਼ਰਾਰਤੀ ਆਦਮੀ ਕਿਸੇ ਦਾ ਅਕਾਊੰਟ ਬਣਾ ਕੇ ਉਸ 'ਤੇ ਅਜਿਹੀਆਂ ਤਸਵੀਰਾਂ ਪਾ ਦੇਵੇ ਤਾਂ ਕੋਈ ਮਹਾਤੜ ਨਿਹੱਥਾ ਹੀ ਫ਼ਸ ਸਕਦਾ ਹੈ। ਦੂਜਾ ਜਿਸ ਆਦਮੀ ਦਾ ਅਕਾਊਂਟ ਦਸ ਪੰਦਰਾਂ ਸਾਲ ਪੁਰਾਣਾ ਹੈ, ਉਸ ਕੋਲ ਪਾਸਵਰਡ ਨਹੀਂ ਜਾਂ ਉਹ ਪਾਸਵਰਡ ਭੁੱਲ ਚੁੱਕਾ ਹੈ। ਉਹ ਪੁਰਾਣੀਆਂ ਵੀਡੀਓ ਕਿਵੇਂ ਡਲੀਟ ਕਰ ਸਕਦਾ ਹੈ। ਸਰਕਾਰ ਨੇ ਤਾਂ ਪੁਰਾਣੀਆਂ ਵੀਡੀਓ ਦੇਖ ਕੇ ਵੀ ਕੇਸ ਕਰਨੇ ਸ਼ੁਰੂ ਕਰ ਦਿੱਤੇ ਹਨ। ਤੀਜਾ ਕੁਝ ਘੱਟ ਪੜ੍ਹੇ-ਲਿਖੇ ਲੋਕਾਂ ਨੇ ਅਕਾਊੰਟ ਕਿਸੇ ਤੋਂ ਬਣਾ ਲਏ ਉਸ ਨੂੰ ਸਿਰਫ਼ ਤਸਵੀਰ ਪਾਉਣੀ ਤੇ ਦੇਖਣੀ ਹੀ ਆਉਂਦੀ ਹੈ। ਉਹ ਬਹੁਤ ਕੁਝ ਸਿੱਖਿਆ ਹੀ ਨਹੀਂ। ਉਹ ਵਿਚਾਰਾ ਦੋ-ਚਾਰ ਸਾਲ ਪੁਰਾਣੀ ਤਸਵੀਰ ਨਹੀਂ ਹਟਾ ਸਕਦਾ। ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਕਾਨੂੰਨ ਵਿਚ ਕੁਝ ਨਰਮੀ ਕਰੇ ਜਾਂ ਇਹ ਐਲਾਨ ਕਰੇ ਕਿ ਅੱਜ ਤੋਂ ਬਾਅਦ ਅਜਿਹੀ ਤਸਵੀਰ ਜਾਂ ਵੀਡੀਓ ਆਦਿ ਪਾਉਣ ਵਾਲੇ 'ਤੇ ਕੇਸ ਬਣੇਗਾ। ਜਿਸ ਨਾਲ ਕੋਈ ਨਾਗਰਿਕ ਤੰਗ ਨਹੀਂ ਹੋਵੇਗਾ। ਸੋ ਸਰਕਾਰ ਨੂੰ ਅਜਿਹੀਆਂ ਗੱਲਾਂ 'ਤੇ ਧਿਆਨ ਕਰਕੇ ਕਾਨੂੰਨ ਲਾਗੂ ਕਰਨਾ ਚਾਹੀਦਾ ਹੈ ਤਾਂ ਕਿ ਆਮ ਨਾਗਰਿਕ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।
-ਜਸਕਰਨ ਲੰਡੇ (ਮੋਗਾ)
ਗੈਸ ਸਿਲੰਡਰ ਦੀ ਕੀਮਤ ਘਟਾਓ
ਰਸੋਈ ਵਿਚ ਵਰਤੇ ਜਾਣ ਵਾਲੇ ਗੈਸ ਸਿਲੰਡਰ ਦੀ ਕੀਮਤ ਬਹੁਤ ਜ਼ਿਆਦਾ ਹੋਣ ਕਰਕੇ ਗਰੀਬਾਂ ਨੂੰ ਦੋ ਡੰਗ ਦੀ ਰੋਟੀ ਬਣਾਉਣਾ ਵੀ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ ਹੈ। ਦੂਜੇ ਪਾਸੇ ਜ਼ਮੀਨਾਂ ਵਾਲੇ ਲੋਕਾਂ ਕੋਲ ਤਾਂ ਲੱਕੜ/ਬਾਲਣ ਦਾ ਪ੍ਰਬੰਧ ਹੁੰਦਾ ਹੈ, ਪਰੰਤੂ ਗਰੀਬਾਂ ਕੋਲ ਤਾਂ ਲੱਕੜ ਬਾਲਣ ਵੀ ਨਹੀਂ ਹੁੰਦਾ। ਸਰਕਾਰ ਨੂੰ ਬਿਨਾਂ ਕਿਸੇ ਹੋਰ ਦੇਰੀ ਕੀਤੇ ਰਸੋਈ ਵਿਚ ਵਰਤੇ ਜਾਣ ਵਾਲੇ ਗੈਸ ਸਿਲੰਡਰ ਦੀ ਕੀਮਤ ਗਰੀਬਾਂ ਲਈ ਘਟਾ ਕੇ ਰਾਹਤ ਦੇਣੀ ਚਾਹੀਦੀ ਹੈ। ਤਾਂ ਜੋ ਗਰੀਬ ਲੋਕ ਵੀ ਆਪਣਾ ਢਿੱਡ ਭਰ ਸਕਣ। ਮੌਕੇ ਦੀ ਹਕੂਮਤ ਦੇ ਨੁਮਾਇੰਦਿਆਂ ਨੂੰ ਵੀ ਇਸ ਮਸਲੇ ਵੱਲ ਖਾਸ ਧਿਆਨ ਦੇਣ ਦੀ ਸਖ਼ਤ ਜ਼ਰੂਰਤ ਹੈ, ਨਾ ਕਿ ਸਿਰਫ ਵੋਟਾਂ ਸਮਝਣ ਦੀ।
-ਅੰਗਰੇਜ਼ ਸਿੰਘ ਵਿੱਕੀ
ਪਿੰਡ-ਡਾਕ. ਕੋਟਗੁਰੂ (ਬਠਿੰਡਾ)
ਖੇਡਾਂ ਤੇ ਸੰਗੀਤ
ਸਰੀਰਕ ਸਿੱਖਿਆ ਅਤੇ ਸੰਗੀਤਕ ਸਿੱਖਿਆ ਨੂੰ ਬਹੁਤ ਪਹਿਲਾਂ ਵਿਦਿਆਰਥੀਆਂ ਦੇ ਪਾਠਕ੍ਰਮ ਵਿਚ ਇਹ ਸੋਚ ਕੇ ਸ਼ਾਮਲ ਕੀਤਾ ਗਿਆ ਸੀ ਕਿ ਖੇਡਾਂ ਵਿਦਿਆਰਥੀਆਂ ਦੇ ਸਰੀਰਕ ਵਾਅਦੇ ਅਤੇ ਦਿਮਾਗ ਨੂੰ ਤਰੋ-ਤਾਜ਼ਾ ਕਰਨਗੀਆਂ ਅਤੇ ਸੰਗੀਤ ਉਸ ਦੀ ਰੂਹ ਨੂੰ ਪਵਿੱਤਰ ਕਰੇਗਾ। ਸਕੂਲਾਂ/ਕਾਲਜਾਂ ਵਿਚ ਅੱਜ ਇਨ੍ਹਾਂ ਵਿਸ਼ਿਆਂ ਨੂੰ ਪੂਰੀ ਸ਼ਿੱਦਤ ਨਾਲ ਪੜ੍ਹਾਇਆ ਜਾ ਰਿਹਾ ਹੈ। ਜਿਸ ਨਾਲ ਬਹੁਤ ਸਾਰੇ ਵਿਦਿਆਰਥੀਆਂ ਦਾ ਸਰਬ-ਪੱਖੀ ਵਿਕਾਸ ਵੀ ਹੋਇਆ ਹੈ। ਇਸ ਕਥਨ ਵਿਚ ਕੋਈ ਸ਼ੱਕ ਨਹੀਂ ਕਿ ਆਮ ਘਰਾਂ, ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਤੋਂ ਉੱਠ ਕੇ ਖਿਡਾਰੀਆਂ ਅਤੇ ਗਾਇਕਾਂ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੱਕ ਸਫ਼ਲਤਾ ਦੀਆਂ ਟੀਸੀਆਂ ਨੂੰ ਛੋਹਿਆ ਹੈ ਜੋ ਆਪਣੇ ਆਪ ਵਿੱਚ ਬੇਮਿਸਾਲ ਹੈ। ਮੁਕਾਬਲੇ ਦਾ ਯੁੱਗ ਹੋਣ ਕਰਕੇ ਇਨ੍ਹਾਂ ਦੋਵਾਂ ਖੇਤਰਾਂ ਦੀ ਕਾਮਯਾਬੀ ਦਾ ਅਧਾਰ ਵੀ ਮੁਕਾਬਲਾ ਹੈ। ਕਿਸੇ ਵੀ ਖੇਤਰ ਵਿਚ ਵਿਕਾਸ ਲਈ ਮੁਕਾਬਲੇ ਦਾ ਹੋਣਾ ਅਤਿਅੰਤ ਜ਼ਰੂਰੀ ਹੈ ਪਰ ਅੱਜ ਮੁਕਾਬਲੇ ਵਾਲੇ ਦੌਰ ਵਿਚ ਇਸ ਦੀ ਪਰਿਭਾਸ਼ਾ ਬਦਲ ਗਈ ਹੈ। ਮੁਕਾਬਲਾ ਆਪਣੇ ਆਪ ਨੂੰ ਅੱਗੇ ਲੈ ਕੇ ਜਾਣ ਦੀ ਥਾਂ ਦੂਸਰੇ ਨੂੰ ਪਿੱਛੇ ਖਿੱਚ ਕੇ ਆਪਣੇ-ਆਪ ਨੂੰ ਅੱਗੇ ਕਰਨ ਦਾ ਹੋ ਗਿਆ ਹੈ। ਭਾਵੇਂ ਇਹ ਪਰਿਭਾਸ਼ਾ ਹਰ ਖੇਤਰ ਵਿਚ ਛਾ ਗਈ ਹੈ ਪਰ ਖੇਡ ਅਤੇ ਸੰਗੀਤ ਵਿਚ ਇਸ ਦਾ ਬਹੁਤ ਮਾਰੂ ਪ੍ਰਭਾਵ ਪਿਆ ਹੈ। ਜਿਸ ਨਾਲ ਅਨਮੋਲ ਜ਼ਿੰਦਗੀਆਂ ਅਤੇ ਬਹੁਮੁੱਲ ਕਲਾ ਅਤੇ ਹੁਨਰ ਖ਼ਤਮ ਹੋ ਰਿਹਾ ਹੈ। ਖੇਡ ਦੇ ਮੈਦਾਨ ਵਿਚ ਮਨੁੱਖ ਅਨੁਸ਼ਾਸਨ ਅਤੇ ਸਹਿਣਸ਼ੀਲਤਾ ਸਿੱਖਦਾ ਸੀ। ਉਸ ਵਿਚ ਸਹਿਯੋਗ, ਮਿਲਵਰਤਨ, ਆਪਸੀ ਸਾਂਝ ਅਤੇ ਏਕਤਾ ਆਦਿ ਵਰਗੇ ਨੈਤਿਕ ਗੁਣ ਪੈਦਾ ਹੋਣੇ ਚਾਹੀਦੇ ਸਨ ਪਰ ਇਸ ਦੀ ਥਾਂ ਗੁੱਸਾ, ਨਫ਼ਰਤ, ਈਰਖਾ, ਖਿੱਚੋਤਾਣ, ਮਾਰ-ਕੁੱਟ, ਵੈਰ-ਵਿਰੋਧ ਆਦਿ ਅਨੈਤਿਕ ਭਾਵਨਾਵਾਂ ਭਾਰੂ ਹੋ ਗਈਆਂ ਹਨ। ਜਿਸ ਦੇ ਸਿੱਟੇ ਹਰ ਰੋਜ਼ ਸਾਡੇ ਸਾਹਮਣੇ ਹੋ ਰਹੀ ਮਾਰਧਾੜ ਦੇ ਰੂਪ ਵਿਚ ਦਿਸ ਰਹੇ ਹਨ। ਸੰਗੀਤ ਰੂਹ ਨੂੰ ਤ੍ਰਿਪਤ ਕਰਨ ਦੀ ਥਾਂ ਲੜਾਈਆਂ, ਹਥਿਆਰਾਂ ਅਤੇ ਜ਼ਿੱਦੀਪਣ ਦਾ ਪ੍ਰਦਰਸ਼ਨ ਬਣ ਕੇ ਰਹਿ ਗਿਆ ਹੈ। ਕੁਲ ਮਿਲਾ ਕੇ ਜੇ ਦੇਖਿਆ ਜਾਏ ਤਾਂ ਦੋਵੇਂ ਹੀ ਵਿਸ਼ੇ ਸਮਾਜ ਵਿਚ ਆਪਣਾ ਅਸਲ ਮਕਸਦ ਗੁਆ ਚੁੱਕੇ ਹਨ। ਦੋਵਾਂ ਵਿਸ਼ਿਆਂ ਦੇ ਮੁੜ ਵਿਸ਼ਲੇਸ਼ਣ ਦੀ ਲੋੜ ਹੈ ਤਾਂ ਕਿ ਮਨੁੱਖੀ ਬਿਰਤੀ ਆਪਣੇ-ਆਪ ਨੂੰ ਅੱਗੇ ਚੱਲਣ ਲਈ ਪ੍ਰੇਰਿਤ ਕਰਕੇ ਨਾ ਕਿ ਕਿਸੇ ਦੂਸਰੇ ਨੂੰ ਪਿੱਛੇ ਖਿੱਚ ਕੇ ਆਪਣੇ-ਆਪ ਨੂੰ ਅੱਗੇ ਕੱਢਣ ਦੀ ਹੋਵੇ।
-ਬੀਰਪਾਲ ਕੌਰ (ਮੁਖੀ ਪੰਜਾਬੀ ਵਿਭਾਗ)
ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ, ਭਦੌੜ
ਸ਼੍ਰੋਮਣੀ ਕਮੇਟੀ ਦੀ ਭੂਮਿਕਾ
'ਧਰਮ ਅਤੇ ਵਿਰਸਾ' ਸਪਲੀਮੈਂਟ ਵਿਚ ਤਲਵਿੰਦਰ ਸਿੰਘ ਬੁੱਟਰ ਦਾ ਲੇਖ-ਸ਼੍ਰੋਮਣੀ ਕਮੇਟੀ ਦੀ ਭੂਮਿਕਾ ਕੀ ਹੋਵੇ? ਬਹੁਤ ਹੀ ਢੁੱਕਵਾਂ ਅਤੇ ਲੋੜੀਂਦਾ ਲੇਖ ਹੈ। ਸ਼੍ਰੋਮਣੀ ਕਮੇਟੀ ਮੈਂਬਰ ਸਿੱਖ ਧਰਮ ਵਿਚ ਆਈਆਂ ਊਣਤਾਈਆਂ ਨੂੰ ਦੂਰ ਕਰਨ ਵਲ ਘੱਟ ਧਿਆਨ ਦਿੰਦੇ ਹਨ ਤੇ ਆਪਣਾ ਨਿੱਜੀ ਸਨਮਾਨ ਕਰਵਾਉਣ ਵੱਲ ਜ਼ਿਆਦਾ ਰੁਚੀ ਰੱਖਦੇ ਹਨ। ਗਰੀਬਾਂ ਲਈ ਵਧੀਆ ਇਲਾਜ ਦੇ ਮੁਫ਼ਤ ਪ੍ਰਬੰਧ ਤਾਂ ਕੀ ਹੋਣੇ ਹਨ, ਮੁਫ਼ਤ ਵਿੱਦਿਆ ਦੇ ਪੂਰੇ ਪ੍ਰਬੰਧ ਨਹੀਂ ਹਨ। ਨਾਨਕ ਸ਼ਾਹੀ ਕੈਲੰਡਰ ਵੀ ਹਰ ਘਰ ਵਿਚ ਨਹੀਂ ਪਹੁੰਚਦਾ। ਪਿੰਡਾਂ ਦੇ ਗੁਰਦਵਾਰਿਆਂ ਦੇ ਭਾਈਆਂ ਦੇ ਸਾਲ ਵਿਚ ਇਕ ਵਾਰ ਮਰਿਯਾਦਾ ਸੰਬੰਧੀ ਤੇ ਹੋਰ ਗੁਰਮਤਿ ਗਿਆਨ ਪ੍ਰਾਪਤੀ ਸੰਬੰਧੀ ਸੈਮੀਨਾਰ ਹੋਣੇ ਜ਼ਰੂਰੀ ਹਨ। ਬੱਚਿਆਂ ਦੇ ਗੁਰਮਤਿ ਕੈਂਪ ਲਾਉਣ ਲਈ ਲੋੜੀਂਦਾ ਸਾਹਿਤ ਸਮੇਂ ਸਿਰ ਨਹੀਂ ਮਿਲਦਾ। ਬੱਚੇ ਵਿਦੇਸ਼ਾਂ ਵਲ ਨਾਂ ਤਾਂਘਣ, ਇਸ ਸੰਬੰਧੀ ਕੋਈ ਸੈਮੀਨਾਰ ਨਹੀਂ ਕਰਵਾਇਆ ਜਾਂਦਾ।
-ਤਰਲੋਕ ਸਿੰਘ ਫਲੋਰਾ
ਸੇਵਾ ਮੁਕਤ ਲੈਕਚਰਾਰ, ਹੀਉਂ (ਬੰਗਾ)
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX