ਤਾਜਾ ਖ਼ਬਰਾਂ


ਜੰਮੂ ਕਸ਼ਮੀਰ ‘ਚ ਪੁਲਿਸ ਅਤੇ ਸੈਨਾ ਦੇ ਸਾਂਝੇ ਅਭਿਆਨ ‘ਚ ਹਥਿਆਰ ਬਰਾਮਦ , ਇੱਕ ਗ੍ਰਿਫਤਾਰ
. . .  1 day ago
ਨਵੀਂ ਦਿੱਲੀ, 5 ਮਾਰਚ- ਜੰਮੂ-ਕਸ਼ਮੀਰ ‘ਚ ਪੁਲਿਸ ਅਤੇ ਭਾਰਤੀ ਫੌਜ ਦੇ ਸਾਂਝੇ ਸਰਚ ਅਭਿਆਨ ਵਿੱਚ ਅੱਜ ਇੱਕ ਵਿਅਕਤੀ ਰਿਆਜ਼ ਅਹਿਮਦ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਨੇ ਖੁਲਾਸਾ ਕੀਤਾ ਕਿ ਉਸ ਨੇ ਇੱਕ ਲੁਕਵੀਂ ਜਗ੍ਹਾ ਵਿੱਚ ਹਥਿਆਰ ...
ਕੋਚ ਡਾ. ਨਿਕੋਲਾਇ ਸਨਸਰੇਵ ਦਾ ਪਟਿਆਲੇ ‘ਚ ਅਚਾਨਕ ਦੇਹਾਂਤ
. . .  1 day ago
ਬਿਹਾਰ: ਗੋਪਾਲਗੰਜ ਜ਼ਹਿਰੀਲੀ ਸ਼ਰਾਬ ਮਾਮਲੇ ਚ 9 ਨੂੰ ਫਾਂਸੀ ਅਤੇ 4 ਔਰਤਾਂ ਨੂੰ ਉਮਰ ਕੈਦ
. . .  1 day ago
ਨਵੀਂ ਦਿੱਲੀ, 5 ਮਾਰਚ - ਬਿਹਾਰ ਦੇ ਗੋਪਾਲਗੰਜ ਦੇ ਮਸ਼ਹੂਰ ਖਜੂਰਬਾਣੀ ਸ਼ਰਾਬ ਮਾਮਲੇ ਵਿੱਚ ਗੋਪਾਲਗੰਜ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਲਵਕੁਸ਼ ਕੁਮਾਰ ਦੀ ਵਿਸ਼ੇਸ਼ ਅਦਾਲਤ ਨੇ 13 ਦੋਸ਼ੀ ਪਾਏ ਅਤੇ 9 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਜਦਕਿ ...
ਦਿੱਲੀ ਗੁਰਦੁਆਰਾ ਕਮੇਟੀ ਨੇ ਕਿਸਾਨਾਂ ਖਿਲਾਫ ਨਫ਼ਰਤ ਫੈਲਾਉਣ ਲਈ ਕੰਗਣਾ ਰਣੌਤ ਖਿਲਾਫ ਪਟਿਆਲਾ ਹਾਊਸ ਕੋਰਟ ‘ਚ ਕੇਸ ਕੀਤਾ ਦਾਇਰ
. . .  1 day ago
ਨਵੀਂ ਦਿੱਲੀ, 5 ਮਾਰਚ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਟਿਆਲਾ ਹਾਊਸ ਕੋਰਟ ਵਿਚ ਫਿਲਮ ਅਦਾਕਾਰਾ ਕੰਗਣਾ ਰਣੌਤ ਦੇ ਖਿਲਾਫ ਕੇਸ ਦਾਇਰ ਕੀਤਾ ਹੈ। ਇਹ ਕੇਸ ਉਸ ਵੱਲੋਂ ਕਿਸਾਨਾਂ ਖਿਲਾਫ ਕੀਤੇ ਗਏ ਟਵੀਟ ਨੂੰ ਲੈ ਕੇ ਦਾਇਰ ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਸਿੱਧ ਪੰਜਾਬੀ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ
. . .  1 day ago
ਅੰਮ੍ਰਿਤਸਰ, 5 ਮਾਰਚ (ਜੱਸ)-ਪ੍ਰਸਿੱਧ ਪੰਜਾਬੀ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ ਯੂ. ਕੇ. ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ। ਇਸ ਮੌਕੇ ਉਨ੍ਹਾਂ ਪਰਿਵਾਰਕ ਸੁੱਖ ਸ਼ਾਂਤੀ ਅਤੇ ਦੁਨੀਆਂ ਨੂੰ ਕੋਰੋਨਾ ਸੰਕਟ ਤੋਂ ਰਾਹਤ ...
ਹੌਲਦਾਰ ਨਾਇਕ ਗੁਰਜੰਟ ਸਿੰਘ ਚਾਇਨਾ ਬਾਰਡਰ ‘ਤੇ ਹੋਏ ਸ਼ਹੀਦ
. . .  1 day ago
ਫਤਹਿਗੜ੍ਹ ਸਾਹਿਬ 5 ਮਾਰਚ -(ਜਤਿੰਦਰ ਸਿੰਘ ਰਾਠੌਰ) -ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਰਾਏਪੁਰ ਅਰਾਇਆ ਹਲਕਾ ਅਮਲੋਹ ਤੋਂ ਹੌਲਦਾਰ ਨਾਇਕ ਗੁਰਜੰਟ ਸਿੰਘ ਚਾਇਨਾ ਬਾਰਡਰ ਤੇ ਸ਼ਹੀਦ ਹੋ ...
ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰੋਂ ਮਿਲੀ ਸ਼ੱਕੀ ਕਾਰ ਦੇ ਮਾਲਕ ਦੀ ਮੌਤ
. . .  1 day ago
ਮੁੰਬਈ, 5 ਮਾਰਚ- ਕੁਝ ਦਿਨ ਪਹਿਲਾਂ ਦੇਸ਼ ਦੇ ਸਭ ਤੋਂ ਅਮੀਰ ਉਦਯੋਗਪਤੀ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਘਰ 'ਐਂਟਲੀਆ' ਬਾਹਰ ਦੇ ਇਕ ਕਾਰ ਮਿਲੀ ਸੀ, ਜਿਸ 'ਚ ਵਿਸਫੋਟਕ ਪਦਾਰਥ...
ਰਈਆ ਵਿਖੇ ਕਲਯੁਗੀ ਪੁੱਤਰ ਵਲੋਂ ਘੋਟਣਾ ਮਾਰ ਕੇ ਮਾਂ ਦਾ ਕਤਲ
. . .  1 day ago
ਰਈਆ (ਅੰਮ੍ਰਿਤਸਰ), 5 ਮਾਰਚ (ਸ਼ਰਨਬੀਰ ਸਿੰਘ ਕੰਗ)- ਅੱਜ ਸਥਾਨਕ ਕਸਬੇ ਅੰਦਰ ਜੀ. ਟੀ. ਰੋਡ 'ਤੇ ਚੀਮਾਬਾਠ ਮੋੜ ਦੇ ਸਾਹਮਣੇ ਇਕ ਘਰ 'ਚ ਇਕ ਕਲਯੁਗੀ ਪੁੱਤਰ ਵਲੋਂ ਆਪਣੀ ਹੀ ਮਾਂ ਦੇ...
ਫ਼ਿਰੋਜ਼ਪੁਰ 'ਚ ਦੋ ਕਿਲੋ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ
. . .  1 day ago
ਫ਼ਿਰੋਜ਼ਪੁਰ, 5 ਮਾਰਚ (ਤਪਿੰਦਰ ਸਿੰਘ, ਗੁਰਿੰਦਰ ਸਿੰਘ)- ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਸੀ. ਆਈ. ਏ. ਸਟਾਫ਼ ਫ਼ਿਰੋਜ਼ਪੁਰ ਨੇ ਬੀ. ਐਸ. ਐਫ.ઠਨਾਲ ਚਲਾਏ ਸਾਂਝੇ ਆਪਰੇਸ਼ਨ...
ਐਸ. ਸੀ. ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਵਾਲਮੀਕਿ ਤੀਰਥ ਵਿਖੇ ਹੋਏ ਨਤਮਸਤਕ, ਕਿਸਾਨਾਂ ਨੇ ਕੀਤਾ ਜ਼ਬਰਦਸਤ ਵਿਰੋਧ
. . .  1 day ago
ਰਾਮ ਤੀਰਥ, 5 ਮਾਰਚ (ਧਰਵਿੰਦਰ ਸਿੰਘ ਔਲਖ)- ਐਸ. ਸੀ. ਦੇ ਨਵੇਂ ਬਣੇ ਚੇਅਰਮੈਨ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਅੱਜ ਵਾਲਮੀਕਿ ਤੀਰਥ ਵਿਖੇ ਨਤਮਸਤਕ ਹੋਣ ਲਈ ਪਹੁੰਚੇ, ਜਿੱਥੇ ਭਾਜਪਾ ਜ਼ਿਲ੍ਹਾ ਦਿਹਾਤੀ...
ਗੁਲਜ਼ਾਰ ਸਿੰਘ ਰਾਣੀਕੇ ਵਲੋਂ ਐਸ. ਸੀ. ਵਿੰਗ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ
. . .  1 day ago
ਚੰਡੀਗੜ੍ਹ, 5 ਮਾਰਚ- ਸ਼੍ਰੋਮਣੀ ਅਕਾਲੀ ਦਲ ਦੇ ਐਸ. ਸੀ. ਵਿੰਗ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਾਣੀਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ...
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਨਾਲ 2 ਮਰੀਜ਼ਾਂ ਦੀ ਮੌਤ
. . .  1 day ago
ਸ੍ਰੀ ਮੁਕਤਸਰ ਸਾਹਿਬ, 5 ਮਾਰਚ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਨਾਲ 2 ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚੋਂ 1 ਮਰੀਜ਼ ਪਿੰਡ ਆਲਮਵਾਲਾ ਅਤੇ 1 ਮਰੀਜ਼...
ਗੋਲਡਨ ਗੇਟ ਨਿਊ ਅੰਮ੍ਰਿਤਸਰ ਤੋਂ ਕਿਸਾਨਾਂ-ਮਜ਼ਦੂਰਾਂ ਦਾ ਜਥਾ ਦਿੱਲੀ ਮੋਰਚੇ ਲਈ ਰਵਾਨਾ
. . .  1 day ago
ਸੁਲਤਾਨਵਿੰਡ, 5 ਮਾਰਚ (ਗੁਰਨਾਮ ਸਿੰਘ ਬੁੱਟਰ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਦਾ ਇਕ ਵੱਡਾ ਜਥਾ ਅੱਜ ਜਥੇਬੰਦੀ ਦੇ ਸੂਬਾ...
ਕੈਪਟਨ ਵਲੋਂ ਇਕ ਸੀਨੀਅਰ ਪੁਲਿਸ ਅਧਿਕਾਰੀ ਦੀ ਕਮਾਨ ਹੇਠ ਇਨਫੋਰਸਮੈਂਟ ਡਾਇਰੈਕਟੋਰੇਟ ਮਾਈਨਿੰਗ ਦੇ ਗਠਨ ਦਾ ਐਲਾਨ
. . .  1 day ago
ਚੰਡੀਗੜ੍ਹ, 5 ਮਾਰਚ (ਵਿਕਰਮਜੀਤ ਸਿੰਘ ਮਾਨ)- ਪੰਜਾਬ ਤੋਂ ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਵਾਅਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਕ ਸੀਨੀਅਰ ਪੁਲਿਸ...
ਕੈਪਟਨ ਨੇ ਮੁਹਾਲੀ ਦੇ ਸਿਵਲ ਹਸਪਤਾਲ 'ਚ ਲਵਾਇਆ ਕੋਰੋਨਾ ਦਾ ਟੀਕਾ
. . .  1 day ago
ਮੁਹਾਲੀ, 5 ਮਾਰਚ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁਹਾਲੀ ਦੇ ਸਿਵਲ ਹਸਪਤਾਲ 'ਚ ਕੋਰੋਨਾ ਵੈਕਸੀਨ ਦੀ ਪਹਿਲੀ ਖ਼ੁਰਾਕ ਲਈ। ਟੀਕਾ ਲਵਾਉਣ ਤੋਂ ਬਾਅਦ ਮੁੱਖ ਮੰਤਰੀ...
ਪੰਜਾਬ 'ਚ ਕਿਸਾਨਾਂ ਲਈ ਜਾਰੀ ਰਹੇਗੀ ਮੁਫ਼ਤ ਬਿਜਲੀ ਸਪਲਾਈ- ਕੈਪਟਨ
. . .  1 day ago
ਚੰਡੀਗੜ੍ਹ, 5 ਮਾਰਚ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਧਾਨ ਸਭਾ 'ਚ ਐਲਾਨ ਕੀਤਾ ਕਿ ਪੰਜਾਬ 'ਚ ਕਿਸਾਨਾਂ ਲਈ ਮੁਫ਼ਤ ਅਤੇ ਉਦਯੋਗਾਂ ਨੂੰ ਸਬਸਿਡੀ ਵਾਲੀ...
ਗਲਵਾਨ ਘਾਟੀ 'ਚ ਸ਼ਹੀਦ ਹੋਏ ਜਵਾਨਾਂ ਵਾਂਗ ਹੀ ਪੰਜਾਬੀ ਕਿਸਾਨ ਦੇਸ਼ ਭਗਤ - ਕੈਪਟਨ
. . .  1 day ago
ਚੰਡੀਗੜ੍ਹ, 5 ਮਾਰਚ (ਵਿਕਰਮਜੀਤ ਸਿੰਘ ਮਾਨ) - ਰਾਜਪਾਲ ਦੇ ਸੰਬੋਧਨ 'ਤੇ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਲੀਡਰਾਂ ਵਲੋਂ ਕਿਸਾਨਾਂ 'ਤੇ ਕੀਤੀਆਂ ਗਈਆਂ ਟਿੱਪਣੀਆਂ 'ਤੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਕਿਸਾਨ ਦੇਸ਼ ਵਿਰੋਧੀ ਨਹੀਂ ਹਨ...
ਅੰਮ੍ਰਿਤਸਰ 'ਚ ਕਿਸਾਨਾਂ ਵਲੋਂ ਸ਼ਵੇਤ ਮਲਿਕ ਅਤੇ ਵਿਜੇ ਸਾਂਪਲਾ ਦਾ ਕੀਤਾ ਗਿਆ ਵਿਰੋਧ
. . .  1 day ago
ਅੰਮ੍ਰਿਤਸਰ, 5 ਮਾਰਚ (ਰਾਜੇਸ਼ ਸ਼ਰਮਾ)- ਅੱਜ ਕਿਸਾਨਾਂ ਵਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਪਹੁੰਚੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਖੇਤੀ ਕਾਨੂੰਨਾਂ ਨੂੰ ਲੈ ਕੇ ਜ਼ਬਰਦਸਤ ਵਿਰੋਧ ਕੀਤਾ ਗਿਆ। ਇਸ ਮੌਕੇ ਕਿਸਾਨ...
ਬਜਟ ਇਜਲਾਸ : ਸਦਨ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੰਬੋਧਨ ਜਾਰੀ, ਡਰੱਗ ਅਤੇ ਨਸ਼ਿਆਂ ਦੇ ਮੁੱਦੇ 'ਤੇ ਦੱਸ ਰਹੇ ਹਨ ਸਰਕਾਰ ਦੀ ਪ੍ਰਾਪਤੀ
. . .  1 day ago
ਟਾਈਮ ਮੈਗਜ਼ੀਨ ਦੇ ਕਵਰ ਪੇਜ 'ਤੇ ਨਜ਼ਰ ਆਈਆਂ ਕਿਸਾਨ ਅੰਦੋਲਨ 'ਚ ਸ਼ਾਮਿਲ ਔਰਤਾਂ
. . .  1 day ago
ਨਵੀਂ ਦਿੱਲੀ, 5 ਮਾਰਚ- ਅਮਰੀਕਾ ਦੀ ਟਾਈਮ ਮੈਗਜ਼ੀਨ ਨੇ ਆਪਣੇ ਮਾਰਚ ਦੇ ਐਡੀਸ਼ਨ 'ਚ ਕਵਰ ਪੇਜ 'ਤੇ ਉਨ੍ਹਾਂ ਭਾਰਤੀ ਮਹਿਲਾਵਾਂ ਨੂੰ ਥਾਂ ਦਿੱਤੀ ਹੈ, ਜਿਹੜੀਆਂ ਕਿਸਾਨਾਂ ਅੰਦੋਲਨ 'ਚ ਸ਼ਾਮਿਲ ਹੋਈਆਂ ਸਨ। ਮੈਗਜ਼ੀਨ...
ਬਜਟ ਇਜਲਾਸ : ਖੇਤੀ ਕਾਨੂੰਨਾਂ ਅਤੇ ਕਿਸਾਨ ਅੰਦੋਲਨ ਨੂੰ ਲੈ ਕੇ ਕੈਪਟਨ ਨੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ 'ਤੇ ਸਾਧੇ ਤਿੱਖੇ ਨਿਸ਼ਾਨੇ
. . .  1 day ago
ਬਜਟ ਇਜਲਾਸ : ਕਿਸਾਨਾਂ ਅੰਦੋਲਨ ਦੌਰਾਨ ਹੋਈਆਂ ਮੌਤਾਂ ਨੂੰ ਲੈ ਕੇ ਹਰਿਆਣਾ ਦੇ ਖੇਤੀ ਮੰਤਰੀ ਵਲੋਂ ਦਿੱਤੇ ਬਿਆਨ ਦੀ ਕੈਪਟਨ ਵਲੋਂ ਨਿਖੇਧੀ
. . .  1 day ago
ਬਜਟ ਇਜਲਾਸ : ਮੁੜ ਸ਼ੁਰੂ ਹੋਇਆ ਕੈਪਟਨ ਦਾ ਸੰਬੋਧਨ
. . .  1 day ago
ਸੈਨਾ ਹਵਾਲਦਾਰ ਵਲੋਂ ਫਾਹਾ ਲੈ ਕੇ ਖੁਦਕੁਸ਼ੀ
. . .  1 day ago
ਪਠਾਨਕੋਟ, 5 ਮਾਰਚ (ਚੌਹਾਨ) - ਮਾਮੂਨ ਮਿਲਟਰੀ ਸਟੇਸ਼ਨ ਵਿਖੇ ਸੈਨਾ ਦੇ ਇੱਕ ਹਵਾਲਦਾਰ ਵੱਲੋਂ ਫੈਮਲੀ ਕੁਆਟਰ ਵਿਖੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ...
ਬਜਟ ਇਜਲਾਸ : ਪੰਜਾਬ ਵਿਧਾਨ ਸਭਾ 'ਚੋਂ ਬਾਹਰ ਆਏ ਅਕਾਲੀ ਵਿਧਾਇਕ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 16 ਅੱਸੂ ਸੰਮਤ 552
ਵਿਚਾਰ ਪ੍ਰਵਾਹ: ਨਿਰਪੱਖ ਰਹਿ ਕੇ ਨਿਆਂ ਕਰਨ ਦਾ ਹਰ ਸੰਭਵ ਯਤਨ ਹਰ ਇਕ ਨੂੰ ਕਰਨਾ ਚਾਹੀਦਾ ਹੈ। -ਅਗਿਆਤ

ਤੁਹਾਡੇ ਖ਼ਤ

1-10-2020

 ਬਹਾਦਰੀ ਨੂੰ ਸਲਾਮ

ਪਿਛਲੇ ਦਿਨੀਂ ਅਖ਼ਬਾਰ ਵਿਚ ਇਕ ਵੱਖਰੀ ਖ਼ਬਰ ਪੜ੍ਹਨ ਨੂੰ ਮਿਲੀ। ਐਡੀਲੇਡ ਸ਼ਹਿਰ ਦੇ ਪੂਰਬੀ ਇਲਾਕੇ ਵਿਚ ਟ੍ਰਿਨਿਟੀ ਗਾਰਡਨਜ਼ ਵਿਚ ਬਰਗ ਨਾਮਕ ਵਿਅਕਤੀ ਦੇ ਘਰ ਨੂੰ ਕਿਸੇ ਕਾਰਨ ਅੱਗ ਲੱਗ ਗਈ। ਕਿਸੇ ਤਰ੍ਹਾਂ ਘਰ ਦਾ ਮਾਲਕ ਇਨ੍ਹਾਂ ਅੱਗ ਦੀਆਂ ਲਪਟਾਂ ਵਿਚੋਂ ਨਿਕਲਣ ਵਿਚ ਕਾਮਯਾਬ ਹੋ ਗਿਆ। ਪਰ ਉਸ ਦੀ ਪਤਨੀ ਤੇਜ਼ ਅੱਗ ਦੀਆਂ ਲਪਟਾਂ ਵਿਚ ਘਰ ਦੇ ਅੰਦਰ ਹੀ ਫਸ ਗਈ। ਲੋਕ ਉਸ ਨੂੰ ਬਚਾਉਣ ਲਈ ਕੋਸ਼ਿਸ਼ ਕਰਨ ਲੱਗੇ। ਏਨੇ ਵਿਚ ਉਸੇ ਘਰ ਦੇ ਗੁਆਂਢ ਵਿਚ ਰਹਿੰਦੇ ਇਕ ਸ਼ਖ਼ਸ ਨੇ ਆਪਣੀ ਜਾਨ ਜੋਖ਼ਮ ਵਿਚ ਪਾਉਂਦਿਆਂ ਕਿਸੇ ਗੱਲ ਦੀ ਪ੍ਰਵਾਹ ਕੀਤਿਆਂ ਬਗੈਰ ਅੱਗ ਵਿਚ ਬੁਰੀ ਤਰ੍ਹਾਂ ਫਸੀ ਔਰਤ ਨੂੰ ਬਚਾਉਣ ਲਈ ਦਲੇਰੀ ਦਿਖਾਉਂਦਿਆਂ ਘਰ ਦੇ ਅੰਦਰ ਦਾਖ਼ਲ ਹੋ ਗਿਆ ਅਤੇ ਉਸ ਔਰਤ ਨੂੰ ਸੁਰੱਖਿਅਤ ਬਾਹਰ ਕੱਢ ਲਿਆਇਆ। ਉਸ ਨੇ ਮੁਸ਼ਕਿਲ ਵਿਚ ਫਸੀ ਔਰਤ ਦੀ ਜਾਨ ਬਚਾ ਕੇ ਬਹਾਦਰੀ ਦੀ ਅਨੋਖੀ ਮਿਸਾਲ ਕਾਇਮ ਕੀਤੀ। ਬਾਅਦ ਵਿਚ ਪੂਰਾ ਘਰ ਅੱਗ ਨਾਲ ਸੜ ਕੇ ਸੁਆਹ ਹੋ ਗਿਆ, ਜਿਸ ਨਾਲ ਮਕਾਨ ਮਾਲਕ ਨੂੰ ਲੱਖਾਂ ਡਾਲਰ ਦਾ ਨੁਕਸਾਨ ਹੋਇਆ।

-ਬਲਤੇਜ ਸੰਧੂ 'ਬੁਰਜ ਲੱਧਾ'
ਪਿੰਡ ਬੁਰਜ ਲੱਧਾ, ਜ਼ਿਲ੍ਹਾ ਬਠਿੰਡਾ।

ਪੁਲਿਸ ਜੁਆਬਦੇਹੀ

ਦੇਸ਼ ਵਿਚ ਪੁਲਿਸ ਦੀ ਬੇਰਹਿਮੀ ਦਾ ਮੁੱਦਾ ਆਜ਼ਾਦੀ ਤੋਂ ਪਹਿਲਾਂ ਦੇ ਦੌਰ ਤੋਂ ਹੀ ਪ੍ਰਚੱਲਿਤ ਹੈ। 1919 ਦਾ ਜਲ੍ਹਿਆਂਵਾਲਾ ਬਾਗ ਕਤਲੇਆਮ ਹੋਵੇ ਜਾਂ ਇਸ ਸਾਲ ਜੂਨ ਵਿਚ ਟੂਟੀਕੋਰਿਨ ਕੇਸ, ਉੱਤਰ-ਪੂਰਬੀ ਦਿੱਲੀ ਦੰਗਿਆਂ ਜਾਂ ਕਸ਼ਮੀਰ, ਪੁਲਿਸ ਦੀ ਹਿੰਸਕ ਤਾਕਤ ਨੂੰ, ਅਸਹਿਮਤੀ ਨੂੰ ਰੋਕਣ ਲਈ ਇਕ ਰਾਜਨੀਤਕ ਹਥਿਆਰ ਵਜੋਂ ਵਰਤਿਆ ਗਿਆ ਹੈ। ਹਾਲਾਂਕਿ ਫਿਲਸਤੀਨ ਵਿਚ 'ਬਲੈਕ ਲਾਈਵਜ਼ ਮੈਟਰਜ਼' 'ਤੇ ਵਿਰੋਧ ਅਤੇ ਹਿੰਸਾ ਨੇ ਇਸ ਮੁੱਦੇ ਬਾਰੇ ਵਿਸ਼ਵਵਿਆਪੀ ਚਿੰਤਾ ਜ਼ਾਹਰ ਕੀਤੀ ਹੈ, ਫਿਰ ਵੀ ਇਹ ਬਿਨਾਂ ਕਿਸੇ ਮਹੱਤਵਪੂਰਨ ਤਬਦੀਲੀ ਦੇ ਕਾਇਮ ਹੈ। ਇਹ ਸਿਰਫ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੀ ਨਹੀਂ ਬਲਕਿ ਪੁਲਿਸ ਬਲਾਂ ਦੀ ਜੁਆਬਦੇਹੀ ਦੀ ਘਾਟ ਅਤੇ ਇਕ ਦੇਸ਼ ਹੋਣ ਦੇ ਨਾਤੇ ਅਸੀਂ ਕਿੰਨੇ ਲੋਕਤੰਤਰੀ ਹਾਂ, ਨੂੰ ਪ੍ਰਕਾਸ਼ ਵਿਚ ਲਿਆਉਂਦੇ ਹਾਂ।

-ਨੇਹਾ ਜਮਾਲ, ਮੁਹਾਲੀ।

ਅਪਣੱਤ ਦੀ ਭਾਵਨਾ

ਤੇਜ਼ੀ ਦੇ ਇਸ ਯੁੱਗ ਵਿਚ ਇਨਸਾਨ ਵਲੋਂ ਬੇਜਾਨ ਚੀਜ਼ਾਂ ਖ਼ਰੀਦਣ ਦੀ ਹੋੜ ਲੱਗੀ ਹੋਈ ਹੈ। ਜ਼ਿਆਦਾਤਰ ਚੀਜ਼ਾਂ ਆਪਣੀ ਲੋੜ ਅਨੁਸਾਰ ਨਹੀਂ ਬਲਕਿ ਇਸ ਲਈ ਖ਼ਰੀਦਿਆਂ ਜਾ ਰਹੀਆਂ ਹਨ ਕਿਉਂਕਿ ਸਾਡੇ ਨਾਲ ਦੇ ਲੋਕਾਂ ਕੋਲ ਉਹ ਚੀਜ਼ਾਂ ਹਨ। ਅਜਿਹੇ ਕਰਦੇ ਵਕਤ ਇਨਸਾਨ ਆਪਣੀ ਆਰਥਿਕ ਸਥਿਤੀ ਨਾ ਦੇਖਦੇ ਹੋਏ ਵੀ ਉਨ੍ਹਾਂ ਚੀਜ਼ਾਂ ਨੂੰ ਖ਼ਰੀਦਣ ਲਈ ਤਤਪਰ ਰਹਿੰਦਾ ਹੈ। ਪਦਾਰਥਵਾਦੀ ਵਸਤਾਂ ਦੀ ਪ੍ਰਾਪਤੀ ਤੋਂ ਬਾਅਦ ਇਨਸਾਨ ਇਹ ਸੋਚਦਾ ਹੈ ਕਿ ਮੈਨੂੰ ਕਿਸੇ ਦੀ ਕੀ ਲੋੜ ਹੈ, ਇਸੇ ਭਰਮ ਵਿਚ ਇਨਸਾਨ ਆਪਣੇ ਅਤੇ ਪਰਿਵਾਰ ਤੱਕ ਸੀਮਤ ਰਹਿਣਾ ਸ਼ੁਰੂ ਕਰ ਦਿੰਦਾ ਹੈ। ਇਹ ਸਚਾਈ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਕਿਸੇ ਨਾਲ ਕੋਈ ਪਿਆਰ ਨਹੀਂ ਹੈ। ਰੁਝੇਵਿਆਂ ਭਰੀ ਜ਼ਿੰਦਗੀ 'ਚੋਂ ਕੁਝ ਸਮਾਂ ਆਪਣਿਆਂ ਲਈ ਜ਼ਰੂਰ ਕੱਢਣਾ ਚਾਹੀਦਾ ਹੈ ਅਤੇ ਆਪਣੇ ਇਨਸਾਨ ਹੋਣ ਦਾ ਫ਼ਰਜ਼ ਨਿਭਾਉਣਾ ਚਾਹੀਦਾ ਹੈ।

-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।

ਮਾਹਿਰ ਦੇਣ ਜਾਣਕਾਰੀ

\ਕੇਂਦਰ ਦੀ ਮੋਦੀ ਸਰਕਾਰ ਵਲੋਂ ਕੁਝ ਦਿਨ ਪਹਿਲਾਂ ਸੰਸਦ ਵਿਚ ਪਾਸ ਕੀਤੇ ਖੇਤੀ ਬਿੱਲ ਦੇ ਖਿਲਾਫ਼ ਜਿਥੇ ਸਮੁੱਚੇ ਪੰਜਾਬ ਦੇ ਕਿਸਾਨ ਸੜਕਾਂ 'ਤੇ ਆਏ, ਉਥੇ ਹੀ ਹਰਿਆਣਾ ਦੇ ਕਿਸਾਨਾਂ ਨੇ ਵੀ ਤਿੱਖਾ ਸੰਘਰਸ਼ ਵਿੱਢਿਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਬਹੁਤ ਸਾਰੇ ਕਲਾਕਾਰ ਵੀ ਇਸ ਬਿੱਲ ਦੇ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰਦਿਆਂ ਕਿਸਾਨਾਂ ਦੇ ਹੱਕ ਵਿਚ ਨਿੱਤਰੇ ਹਨ। ਪਰ ਦੇਖਿਆ ਜਾਵੇ ਤਾਂ ਕਈ ਨੌਜਵਾਨਾਂ ਨੂੰ ਇਸ ਬਿੱਲ ਦੀ ਕੋਈ ਜਾਣਕਾਰੀ ਨਹੀਂ ਹੈ। ਸਿਆਣੇ ਆਖਦੇ ਹਨ ਇਕੱਲੇ ਜੋਸ਼ ਦੇ ਨਾਲ-ਨਾਲ ਦਿਮਾਗ ਵੀ ਲਾਉਣੇ ਪੈਂਦੇ। ਸੋ, ਜਿਥੇ ਨੌਜਵਾਨਾਂ ਨੂੰ ਆਪਣੇ ਬਜ਼ੁਰਗਾਂ ਜਾਂ ਕਿਸਾਨ ਆਗੂਆਂ ਮਗਰ ਲੱਗ ਕੇ ਇਹ ਲੜਾਈ ਲੜਨੀ ਚਾਹੀਦੀ ਹੈ, ਉਥੇ ਹੀ ਇਨ੍ਹਾਂ ਵਿਸ਼ਿਆਂ 'ਚ ਪੜ੍ਹਦੇ ਵਿਦਿਆਰਥੀਆਂ, ਯੂਨੀਵਰਸਿਟੀਆਂ 'ਚ ਪੜ੍ਹਾਉਂਦੇ ਪ੍ਰੋਫੈਸਰਾਂ ਅਤੇ ਬੁੱਧੀਜੀਵੀਆਂ ਨੂੰ ਇਨ੍ਹਾਂ ਬਿੱਲਾਂ ਦੀ ਡੂੰਘਾਈ 'ਚ ਜਾ ਕੇ ਬਾਰੀਕੀ ਨਾਲ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਨੌਜਵਾਨ ਇਸ ਨੂੰ ਸਮਝ ਕੇ ਅਗਲਾ ਕਦਮ ਚੁੱਕਣ।

-ਸ਼ੰਕਰ
ਮੋਗਾ।

ਰਾਹੋਂ ਨਾ ਭਟਕੇ ਕਿਸਾਨ ਅੰਦੋਲਨ

ਪੰਜਾਬੀ ਕਿਸਾਨਾਂ ਦੇ ਹੌਸਲੇ, ਹਿੰਮਤ, ਮਿਹਨਤ ਤੇ ਦਲੇਰੀ ਵਿਚ ਕੋਈ ਸ਼ੱਕ ਨਹੀਂ ਹੈ। ਪਰ ਇਤਿਹਾਸ ਗਵਾਹ ਹੈ ਜਦੋਂ ਵੀ ਪੰਜਾਬੀ ਹਾਰੇ ਹਨ ਤਾਂ ਚੁਸਤ-ਚਲਾਕੀਆਂ ਨਾਲ ਹੀ ਹਾਰੇ ਹਨ। ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀਬਾੜੀ ਵਿਰੋਧੀ ਕਾਨੂੰਨਾਂ ਵਿਚ ਅੱਜ ਫਿਰ ਪੰਜਾਬੀ ਕਿਸਾਨ ਖੜ੍ਹਾ ਹੋ ਗਿਆ ਹੈ। ਪਰ ਕਿਸਾਨਾਂ ਦੀ ਹਿੰਮਤ ਤੇ ਦਲੇਰੀ ਨੂੰ ਸਹੀ ਸੇਧ ਦੇਣ ਦੀ ਬਜਾਏ ਰਾਜਨੀਤਕ ਪਾਰਟੀਆਂ ਆਪਣੇ-ਆਪਣੇ ਵੋਟ ਬੈਂਕ ਦੇ ਫਾਇਦੇ ਵਿਚ ਲੱਗ ਗਈਆਂ ਹਨ। ਪਾਰਟੀਆਂ ਦੇ ਝੰਡੇ ਕਾਰਨ ਪੰਜਾਬੀ ਕਿਸਾਨਾਂ ਨੂੰ ਇਕੱਠੇ ਨਹੀਂ ਹੋਣ ਦਿੱਤਾ ਜਾਵੇਗਾ। ਇਕ ਵਾਰ ਫਿਰ ਪੰਜਾਬੀ ਕਿਸਾਨਾਂ ਦਾ ਅੰਦੋਲਨ ਰਾਜਨੀਤਕ ਰੰਗ ਫੜ ਲਵੇਗਾ ਤੇ ਬਿਨਾਂ ਨਤੀਜਾ ਖ਼ਤਮ ਹੋ ਜਾਵੇਗਾ। ਉਂਜ ਕਦੇ ਵੀ ਕੇਂਦਰ ਸਰਕਾਰ ਨੇ ਪੰਜਾਬ ਲਈ ਕੁਝ ਨਹੀਂ ਸੋਚਿਆ ਪਰ ਮੇਰੇ ਪੰਜਾਬੀ ਆਗੂ ਤਾਂ ਸੋਚਣ। ਇਹ ਤਾਂ ਸਭ ਨੂੰ ਹੀ ਪਤਾ ਹੈ ਕਿ ਦਿੱਲੀ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਹੈ ਪਰ ਆਪਣੀ ਗੱਲ ਪਹੁੰਚਾਉਣ ਲਈ ਹੋਰ ਹੱਲ ਵੀ ਕਰਨੇ ਹੋਣਗੇ। ਕਿਸਾਨਾਂ ਨੂੰ ਜੋਸ਼ ਦੇ ਨਾਲ-ਨਾਲ ਹੋਸ਼ ਤੋਂ ਵੀ ਕੰਮ ਲੈਣਾ ਪਵੇਗਾ ਕਿਉਂਕਿ ਇਹ ਅੰਦੋਲਨ ਕਾਫੀ ਲੰਮਾ ਸਮਾਂ ਵੀ ਚੱਲ ਸਕਦਾ। ਕਿਉਂਕਿ ਜੇ ਪੰਜਾਬ ਹੈ ਤਾਂ ਹੀ ਪਾਰਟੀਆਂ ਨੇ। ਕਿਸਾਨ ਯੂਨੀਅਨਾਂ ਪਿੰਡਾਂ ਵਿਚੋਂ ਕਿਸਾਨ ਤੇ ਮਜ਼ਦੂਰਾਂ ਦੀਆਂ ਕਮੇਟੀਆਂ ਬਣਾ ਕੇ ਅੰਦੋਲਨ ਨੂੰ ਅੱਗੇ ਲੈ ਕੇ ਜਾਣ ਅਤੇ ਹਰੇਕ ਤਰ੍ਹਾਂ ਦੇ ਇਲਜ਼ਾਮਾਂ ਤੋਂ ਬਚ ਕੇ ਸ਼ਾਂਤਮਈ ਢੰਗ ਨਾਲ ਜਿੱਤ ਹਾਸਲ ਕਰਨ।

-ਬਲਵੀਰ ਸਿੰਘ ਚੀਮਾ
ਅਕਬਰ ਪੁਰ ਛੰਨਾ, ਸੰਗਰੂਰ।

ਮਾਪਿਆਂ ਲਈ ਗੰਭੀਰ ਮਾਮਲਾ

ਇਸ ਵਿਚ ਕੋਈ ਸ਼ੱਕ ਨਹੀਂ ਕਿ ਅਜੋਕਾ ਸਮਾਂ ਤੇਜ਼ ਰਫ਼ਤਾਰੀ ਵਾਲਾ ਹੈ। ਪਰ ਆਪਣੇ ਬੱਚਿਆਂ ਨੂੰ ਛੋਟੀ ਉਮਰੇ ਦੋ ਪਹੀਆ ਵਾਹਨ ਦੇਣਾ ਇਕ ਗੰਭੀਰ ਗੱਲ ਹੋ ਸਕਦੀ ਹੈ। ਉਹ ਵੀ ਉਦੋਂ ਜਦੋਂ ਕਿ ਉਸ ਬੱਚੇ ਦੇ ਹੱਥ ਤੇ ਪੈਰ ਵੀ ਏਨੇ ਕਾਬਲ ਨਹੀਂ ਹੁੰਦੇ ਕਿ ਉਹ ਉਸ ਨੂੰ ਆਸਾਨੀ ਨਾਲ ਸੰਭਾਲ ਸਕੇ। ਅਜਿਹੇ ਸਮੇਂ ਵਿਚ ਉਹ ਸ਼ਾਇਦ ਅਚਾਨਕ ਸਾਹਮਣੇ ਆਏ ਕਿਸੇ ਇਨਸਾਨ ਜਾਂ ਜਾਨਵਰ ਕਰਕੇ ਦੁਰਘਟਨਾ ਦਾ ਸ਼ਿਕਾਰ ਹੋ ਸਕਦੇ ਹਨ। ਸੋ, ਮਾਪਿਆਂ ਨੂੰ ਚਾਹੀਦਾ ਹੈ ਕਿ ਜਦੋਂ ਤੱਕ ਬੱਚਾ ਇਸ ਨੂੰ ਸੰਭਾਲਣ ਦੇ ਕਾਬਲ ਨਹੀਂ ਹੋ ਜਾਂਦਾ, ਉਦੋਂ ਤੱਕ ਉਸ ਨੂੰ ਦੋ ਪਹੀਆ ਵਾਹਨ ਦੇਣ ਤੋਂ ਗੁਰੇਜ਼ ਕੀਤਾ ਜਾਵੇ। ਇਸ ਤਰ੍ਹਾਂ ਮਾਪੇ ਆਪਣੇ ਬੱਚਿਆਂ ਨੂੰ ਦੁਰਘਟਨਾਵਾਂ ਤੋਂ ਬਚਾ ਸਕਦੇ ਹਨ।

-ਅਰਵਿੰਦਰ ਮਠਾਰੂ।

30-09-2020

 ਰਾਸ਼ਨ ਕਾਰਡ ਅਤੇ ਪੰਜਾਬ ਸਰਕਾਰ
ਪਿਛਲੀ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਚੋਣ ਮੈਨੀਫੈਸਟੋ 'ਚ 2 ਰੁਪਏ ਕਿਲੋ ਕਣਕ ਅਤੇ 20 ਰੁਪਏ ਕਿਲੋ ਦਾਲ ਦੇਣ ਦੇ ਕੀਤੇ ਵਾਅਦੇ ਅਨੁਸਾਰ ਨੀਲੇ ਕਾਰਡ ਆਪਣੀ ਫੋਟੋ ਸਮੇਤ ਪੰਜਾਬ ਵਾਸੀਆਂ ਲਈ ਜਾਰੀ ਕੀਤੇ। ਉਦੋਂ ਤੋਂ ਹੀ ਲੈ ਕੇ ਅੱਜ ਤੱਕ ਪੰਜਾਬ ਵਿਚ ਲਗਪਗ 35 ਲੱਖ 54 ਹਜ਼ਾਰ ਦੇ ਕਰੀਬ ਲਾਭਪਾਤਰੀ ਇਸ ਆਟਾ-ਦਾਲ ਸਕੀਮ ਦਾ ਲਾਭ ਲੈ ਰਹੇ ਹਨ। ਅੱਜ ਸਾਢੇ ਤਿੰਨਾਂ ਸਾਲਾਂ ਬਾਅਦ 'ਸਮਾਰਟ ਰਾਸ਼ਨ ਕਾਰਡ' ਸਕੀਮ ਲੈ ਆਂਦੀ ਹੈ, ਜਿਸ ਉੱਪਰ ਕੈਪਟਨ ਸਾਹਿਬ ਦੀ ਫੋਟੋ ਲੱਗੀ ਹੈ। ਨੀਲਾ ਕਾਰਡ ਰੱਦ ਕਰਕੇ ਇਹ ਨਵੇਂ ਕਾਰਡ ਬਣਾਉਣ ਤੇ ਸਰਕਾਰੀ ਖਜ਼ਾਨੇ ਦੀ ਪ੍ਰਵਾਹ ਨਾ ਕਰਦਿਆਂ ਪੰਜਾਬ ਦੀ ਜਨਤਾ ਦਾ ਕਰੋੜਾਂ ਰੁਪਿਆ ਆਪਣੀ ਰਾਜਸੀ ਹਊਮੈ ਲਈ ਰੋੜ੍ਹ ਦਿੱਤਾ ਗਿਆ ਹੈ। ਸਗੋਂ ਚਾਹੀਦਾ ਤਾਂ ਇਹ ਸੀ ਕਿ ਕੈਪਟਨ ਸਾਹਿਬ ਬਿਨਾਂ ਆਪਣੀ ਤਸਵੀਰ ਲਾਏ ਪੰਜਾਬ ਸਰਕਾਰ ਦੇ ਨਾਂਅ ਹੇਠ ਸਿੱਧਾ ਲਾਭਪਾਤਰੀ ਲਈ ਰਾਸ਼ਨ ਕਾਰਡ ਜਾਰੀ ਕਰਦੇ ਜੋ ਭਵਿੱਖ ਵਿਚ ਆਉਣ ਵਾਲੀਆਂ ਪੰਜਾਬ ਸਰਕਾਰਾਂ ਦੇ ਸਮੇਂ ਵੀ ਚਲਦਾ ਰਹਿੰਦਾ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ (ਤਰਨ ਤਾਰਨ)।

ਪਿੰਡਾਂ ਦਾ ਭਾਈਚਾਰਾ
ਪਿੰਡ ਇਕ ਵਧੀਆ ਲੋਕਾਂ ਦਾ ਸਮੂਹ ਕਿਹਾ ਜਾਂਦਾ ਸੀ ਜਾਂ ਬਹੁਤੀ ਥਾਵੇਂ ਅੱਜ ਵੀ ਪਿੰਡ ਪਿੰਡਾਂ ਵਰਗੇ ਹਨ ਭਾਵ ਭਾਈਚਾਰਕ ਸਾਂਝ ਤੇ ਭਾਈਚਾਰਾ ਅੱਜ ਵੀ ਬਰਕਰਾਰ ਰੱਖਿਆ ਹੋਇਆ ਹੈ। ਹੁਣ ਪਿੰਡ ਪਹਿਲਾਂ ਵਰਗੇ ਨਹੀਂ ਰਹੇ ਜਾਂ ਪਿੰਡਾਂ ਦੇ ਲੋਕ ਹੀ ਪਹਿਲਾਂ ਵਰਗੇ ਨਹੀਂ ਰਹੇ, ਬਹੁਤ ਕੁਝ ਬਦਲ ਗਿਆ ਹੈ। ਇਹ ਕਿਉਂ ਬਦਲਿਆ ਤੇ ਕਿਵੇਂ ਬਦਲਿਆ, ਸੋਚਣ ਲਈ ਮਜਬੂਰ ਕਰਦਾ ਹੈ। ਪੰਜਾਬ ਦੀ ਜੇਕਰ ਰੂਹ ਵਸਦੀ ਸੀ ਉਹ ਸੀ ਪਿੰਡ, ਪੰਜਾਬ ਵਿਚ ਭਾਈਚਾਰੇ ਦੀ ਮਿਸਾਲ ਵੇਖਣ ਨੂੰ ਮਿਲਦੀ ਸੀ ਉਹ ਸੀ ਪਿੰਡ, ਪਰ ਅੱਜਕਲ੍ਹ ਸਿਆਸੀ ਲੋਕਾਂ ਨੇ ਪਿੰਡਾਂ ਵਿਚ ਧੜੇ ਬਣਾ ਕੇ ਰੱਖ ਦਿੱਤੇ, ਪਿੰਡਾਂ ਦੇ ਲੋਕ ਆਪਣੇ ਭਾਈਚਾਰੇ ਨਾਲੋਂ ਵਧ ਕੇ ਅੱਜ ਸਿਆਸਤ ਤੇ ਸਿਆਸੀ ਪਾਰਟੀ ਵਿਚ ਆਪਣੀ ਰੁਚੀ ਜ਼ਿਆਦਾ ਵਿਖਾਉਂਦੇ ਹਨ।
ਸਾਰੇ ਹੀ ਪਿੰਡਾਂ ਵਾਲੇ ਸੋਚਣ ਕੀ ਪਿੰਡਾਂ ਵਿਚ ਸਿਆਸਤ ਕਰਨੀ ਜ਼ਰੂਰੀ ਹੈ, ਪਿੰਡਾਂ ਦੇ ਆਪਣੇ ਹੀ ਲੋਕਾਂ ਨੂੰ ਮੂਰਖ ਬਣਾਈ ਜਾਣਾ ਚੰਗੀ ਗੱਲ ਹੈ, ਆਪਣੇ ਹੀ ਪਿੰਡਾਂ ਵਿਚ ਲੜਾਈਆਂ ਝਗੜੇ ਕਰਵਾਈ ਜਾਣੇ, ਕੀ ਸਿਆਣਪ ਦਾ ਸਬੂਤ ਹੈ? ਹੁਣ ਬਹੁਤ ਲੋਕਾਂ ਦਾ ਖਿਆਲ ਹੈ ਕਿ ਪਿੰਡ ਨਾਲੋਂ ਸ਼ਹਿਰ ਵਿਚ ਹੀ ਠੀਕ ਹਾਂ, ਆਖਰ ਕਿਉਂ ਪਿੰਡਾਂ ਵਾਲੇ ਲੋਕ ਸ਼ਹਿਰ ਨੂੰ ਜਾਣ ਨੂੰ ਪਹਿਲ ਦੇਣ ਲੱਗੇ। ਉਂਜ ਭਾਵੇਂ ਪਿੰਡਾਂ ਵਿਚ ਬਹੁਤ ਸਾਰੀਆਂ ਸਹੂਲਤਾਂ ਹੋ ਗਈਆਂ ਹਨ ਪਰ ਭਾਈਚਾਰੇ ਦੀ ਸਾਂਝ ਗੁੰਮ ਹੋ ਗਈ ਹੈ। ਸਾਡੀ ਪਿੰਡਾਂ ਵਾਲਿਆਂ ਦੀ ਸਭ ਤੋਂ ਵੱਡੀ ਸਹੂਲਤ ਤਾਂ ਸਾਡਾ ਸਭ ਦਾ ਪਿਆਰ ਹੈ, ਸਾਡੀ ਸਹੂਲਤ ਭਾਈਚਾਰਕ ਏਕਤਾ ਹੈ। ਇਸ ਲਈ ਪਿੰਡਾਂ ਨੂੰ ਵੀ ਸਹੂਲਤਾਂ ਪੱਖੋਂ ਮੋਹਰੀ ਤੇ ਉੱਨਤੀ ਵਾਲੇ ਬਣਾਉਣ ਲਈ ਸਾਰੇ ਹੀ ਪਿੰਡਾਂ ਦਾ ਏਕਾ ਹੋਣਾ ਜ਼ਰੂਰੀ ਹੈ। ਭਾਈਚਾਰਕ ਸਾਂਝ ਹੋਣੀ ਜ਼ਰੂਰੀ ਹੈ। ਸੋ ਕ੍ਰਿਪਾ ਕਰਕੇ ਪਿੰਡਾਂ ਵਿਚ ਸਿਆਸਤ ਨਾ ਕਰਿਆ ਕਰੋ। ਸਿਆਸੀ ਗੱਲਾਂ ਤੋਂ ਗੁਰੇਜ਼ ਕਰਿਆ ਕਰੋ। ਅਸੀਂ ਸਾਰੇ ਪਿੰਡਾਂ ਨੂੰ ਏਕਤਾ ਦਾ ਪ੍ਰਤੀਕ ਬਣਾਈਏ, ਕਿਸੇ ਸਿਆਸਤ ਦੇ ਅਖਾੜੇ ਨਾ ਬਣਾਈਏ।

-ਗੁਰਪ੍ਰੀਤ ਸਿੰਘ ਜਖਵਾਲੀ।

ਰੰਗਲੇ ਪੰਜਾਬ ਦੀ ਹਾਲਤ
ਪਿਛਲੇ ਦਿਨੀਂ 'ਅਜੀਤ' 'ਚ ਸੁਖਰਾਜ ਸਿੰਘ ਧਨੌਲਾ ਹੁਰਾਂ ਦਾ ਲੇਖ 'ਪੰਜਾਬ ਬਚਾਉਣ ਦੇ ਨਾਂਅ 'ਤੇ ਸਿਆਸੀ ਪਾਰੀਆਂ ਖੇਡ ਰਹੇ ਹਨ ਰਾਜਨੇਤਾ' ਪੰਜਾਬ ਦੇ ਅਜੋਕੇ ਹਾਕਮਾਂ ਦੀ ਬਦਨੀਅਤ ਦੇ ਪਰਦੇ ਖੋਲ੍ਹ ਗਿਆ। ਗੁਰਾਂ ਦੇ ਨਾਂਅ 'ਤੇ ਵਸਣ ਵਾਲਾ ਅੱਜ ਪੰਜਾਬ ਕਿਹੜੇ ਬੁਰੇ ਵਹਿਣਾਂ ਅੰਦਰ ਵਹਿ ਤੁਰਿਆ ਹੈ। ਕੀ ਪੰਜਾਬ ਦੇ ਲੋਕਾਂ ਨੇ ਮਿਹਨਤ ਛੱਡ ਦਿੱਤੀ? ਕੀ ਪੰਜਾਬ ਦੀ ਜ਼ਰਖੇਜ਼ ਮਿੱਟੀ ਅੰਨ ਉਗਾਉਣਾ ਭੁੱਲ ਗਈ? ਸਭ ਕੁਝ ਹੋ ਰਿਹਾ ਹੈ। ਪੰਜਾਬ ਦੀ ਜਵਾਨੀ, ਕਿਸਾਨੀ ਤੇ ਮਜ਼ਦੂਰ ਜਮਾਤ ਬਦਨੀਅਤ ਹਾਕਮਾਂ ਦੀ ਭੇਟ ਚੜ੍ਹ ਗਈ ਹੈ। ਗੰਧਲੀ ਰਾਜਨੀਤੀ ਦੇ ਨੇਤਾਵਾਂ ਨੂੰ ਸੱਤਾ ਤੋਂ ਲਾਂਭੇ ਲੋਕਾਂ ਨੇ ਹੀ ਕਰਨਾ ਹੈ ਤਾਂ ਹੀ ਲੋਕਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਦਾ ਸਹੀ ਹੱਲ ਹੋ ਸਕੇਗਾ। 'ਪੰਜਾਬ ਬਚਾਓ' ਮੁਹਿੰਮ ਨੂੰ ਨੇਪਰੇ ਲੋਕਾਂ ਨੇ ਹੀ ਚਾੜ੍ਹਨਾ ਹੈ ਨਹੀਂ ਤਾਂ ਪੰਜਾਬ ਦਾ ਤਾਂ ਰੱਬ ਹੀ ਰਾਖਾ ਹੈ। ਫ਼ਿਕਰਮੰਦ ਲੋਕ ਇਕਜੁੱਟ ਹੋਣ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਕਿਸਾਨਾਂ ਦਾ ਪੱਖ ਤੇ ਕੇਂਦਰ ਸਰਕਾਰ
ਸੰਸਦ ਵਿਚ ਖੇਤੀ ਬਿੱਲ ਪਾਸ ਹੋਣ 'ਤੇ ਕਿਸਾਨੀ ਗਰਮਾ ਗਈ ਹੈ। ਦਿਨੋ-ਦਿਨ ਕਿਸਾਨ ਅੰਦੋਲਨ ਜ਼ੋਰ ਫੜ ਗਿਆ ਹੈ। ਹਾਲਾਂ ਕਿ 25 ਸਤੰਬਰ ਨੂੰ ਪੰਜਾਬ ਬੰਦ ਤੇ ਰੇਲ ਚੱਕਾ ਜਾਮ ਦਾ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਵਿਆਪਕ ਹੁੰਗਾਰਾ ਮਿਲਿਆ ਹੈ। ਸਰਕਾਰਾਂ ਦਾ ਸਾਫ਼ ਕਹਿਣਾ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਹਿਤ ਵਿਚ ਹਨ। ਜੇ ਇਹ ਬਿੱਲ ਕਿਸਾਨਾਂ ਦੇ ਹੱਕ ਵਿਚ ਹਨ ਤਾਂ ਕਿਉਂ ਅੱਜ ਦੇਸ਼ ਦਾ ਕਿਸਾਨ ਸੜਕਾਂ 'ਤੇ ਆ ਗਿਆ ਹੈ? ਆਖਰ ਕਿਉਂ ਕਿਸਾਨਾਂ ਨੂੰ ਇਸ ਗੱਲ ਦਾ ਡਰ ਹੈ ਕਿ ਇਹ ਬਿੱਲ ਉਨ੍ਹਾਂ ਦਾ ਭਵਿੱਖ ਬਰਬਾਦ ਕਰ ਦੇਣਗੇ?
ਕਿਸਾਨਾਂ ਦਾ ਕਹਿਣਾ ਹੈ ਕਿ ਕਿਉਂ ਮੱਕੀ 800 ਰੁਪਏ ਕੁਇੰਟਲ ਵਿਕ ਰਹੀ ਹੈ? ਜਦੋਂ ਕਿ ਸਮਰਥਨ ਮੁੱਲ 1850 ਰੁਪਏ ਪ੍ਰਤੀ ਕੁਇੰਟਲ ਹੈ। ਮਾਲਵਾ ਦੀਆਂ ਮੰਡੀਆਂ ਵਿਚ ਇਹੀ ਹਾਲ ਅੱਜ ਨਰਮੇ ਦਾ ਹੋ ਰਿਹਾ ਹੈ। ਸਰਕਾਰ ਨੇ ਜਮਹੂਰੀਅਤ ਦਾ ਘਾਣ ਕਰਕੇ ਅੰਨਦਾਤਾ ਨਾਲ ਧੋਖਾ ਕੀਤਾ ਹੈ।

-ਸੰਜੀਵ ਸਿੰਘ ਸੈਣੀ
ਮੁਹਾਲੀ।

ਪੰਜਾਬੀਏ ਜ਼ਬਾਨੇ
ਜੰਮੂ-ਕਸ਼ਮੀਰ ਵਿਚ ਬੋਲੀਆਂ ਜਾਂਦੀਆਂ ਦੂਜੀਆਂ ਭਾਸ਼ਾਵਾਂ ਦੇ ਨਾਲ-ਨਾਲ ਪੰਜਾਬੀ ਨੂੰ ਵੀ ਸੰਵਿਧਾਨ ਵਿਚ ਅਧਿਕਾਰਤ ਭਾਸ਼ਾ ਦਾ ਦਰਜਾ ਮਿਲਿਆ ਹੋਇਆ ਸੀ, ਜੋ ਕਿ ਹੁਣ ਇਕ ਬਿੱਲ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਚੱਲੀ ਆ ਰਹੀ ਪੰਜਾਬੀ ਭਾਸ਼ਾ ਨੂੰ ਦਰਕਿਨਾਰ ਕਰ ਦਿੱਤਾ ਗਿਆ ਹੈ, ਜਿਹੜਾ ਕਿ ਬਹੁਤ ਹੀ ਨਿਖੇਧੀਯੋਗ ਹੈ। ਜਿਥੇ ਮੌਜੂਦਾ ਕੇਂਦਰ ਸਰਕਾਰ ਨੇ ਪੰਜਾਬੀ ਨਾਲ ਧ੍ਰੋਹ ਕਮਾਇਆ ਹੈ, ਉਥੇ ਹੀ ਪੰਜਾਬੀ ਭਾਈਚਾਰੇ ਨਾਲ, ਉਨ੍ਹਾਂ ਦੀ ਸੱਭਿਆਚਾਰਕ ਵਿਰਾਸਤ ਨਾਲ ਵੀ ਵੱਡਾ ਖਿਲਵਾੜ ਹੋਇਆ ਹੈ। ਭਾਵੇਂ ਕੇਂਦਰ ਸਰਕਾਰ ਨੇ ਖਿੱਤੇ ਵਿਚ ਪੰਜਾਬੀ ਨੂੰ ਉਤਸ਼ਾਹਿਤ ਕਰਨ ਬਾਰੇ ਕਿਹਾ ਹੈ ਪਰ ਜੰਮੂ-ਕਸ਼ਮੀਰ ਦੀਆਂ ਸਰਕਾਰੀ ਭਾਸ਼ਾਵਾਂ ਵਿਚੋਂ ਇਕ ਵਾਰ ਤਾਂ ਪੰਜਾਬੀ ਨੂੰ ਵਿਸਾਰ ਦਿੱਤਾ ਗਿਆ ਹੈ ਜੋ ਕਿ ਬਹੁਤ ਮੰਦਭਾਗੀ ਗੱਲ ਹੈ। ਜੰਮੂ-ਕਸ਼ਮੀਰ 'ਚ ਪੰਜਾਬੀ ਬੋਲਦੇ ਲੋਕਾਂ ਨੂੰ ਪੰਜਾਬ ਵਿਚ ਪੰਜਾਬੀ ਹਿਤੈਸ਼ੀਆਂ, ਪੰਜਾਬੀ ਪ੍ਰੇਮੀਆਂ ਅਤੇ ਪੰਜਾਬੀ ਦਰਦੀਆਂ ਨੂੰ ਜੰਮੂ-ਕਸ਼ਮੀਰ ਵਿਚ ਪੰਜਾਬੀ ਨੂੰ ਬਣਦਾ ਹੱਕ ਦਿਵਾਉਣ ਲਈ ਸਿਰਤੋੜ ਯਤਨ ਕਰਨੇ ਚਾਹੀਦੇ ਹਨ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।

29-09-2020

 ਸਿੱਖਣ ਦੀ ਜ਼ਰੂਰਤ

ਪਿਛਲੇ ਦਿਨੀਂ 'ਅਜੀਤ' ਵਿਚ ਲੇਖਕ ਯਾਦਵਿੰਦਰ ਸਿੰਘ ਸਤਕੋਹਾ ਦਾ ਲੇਖ 'ਸਮਾਜ ਸੇਵੀਆਂ ਤੋਂ ਪ੍ਰਵਾਸੀ ਪੰਜਾਬੀ ਕੀ ਚਾਹੁੰਦੇ ਹਨ' ਪੜ੍ਹਿਆ, ਜਿਸ ਤੋਂ ਕਿ ਸਾਡੇ ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਵਾਸੀਆਂ ਨੂੰ ਸਿੱਖਣ ਦੀ ਜ਼ਰੂਰਤ ਹੈ। ਲੇਖਕ ਦੁਆਰਾ ਸੋਸ਼ਲ ਮੀਡੀਆ ਤੇ ਸਮਾਜ ਸੇਵੀ ਸੰਗਠਨਾਂ ਦੀ ਕਸ਼ਮਕਸ਼, ਸੇਵਾ ਦੀ ਰਾਸ਼ੀ ਪੂਰੀ ਨਾ ਖਰਚਣ, ਠਾਠ-ਬਾਠ ਨਾਲ ਰਹਿਣ, ਕੋਈ ਸਮਾਨ ਦੇ ਕੇ ਸੋਸ਼ਲ ਮੀਡੀਆ 'ਤੇ ਫੋਕੀ ਸ਼ੋਹਰਤ ਖੱਟਣ ਦੀ ਗੱਲ ਕਹੀ ਗਈ ਹੈ ਜੋ ਕਿ ਸਾਡੀਆਂ ਕੁਝ ਸਮਾਜ ਸੇਵੀ ਸੰਸਥਾਵਾਂ ਇਸੇ ਤਰ੍ਹਾਂ ਹੀ ਕਰ ਰਹੀਆਂ ਹਨ। ਇਸ ਤੋਂ ਸਮਾਜ ਸੇਵਕਾਂ ਨੂੰ ਪ੍ਰਹੇਜ਼ ਕਰਨਾ ਚਾਹੀਦਾ ਹੈ ਅਤੇ ਲੇਖਕ ਦੁਆਰਾ ਦੱਸੇ ਭਗਤ ਪੂਰਨ ਸਿੰਘ ਜੀ ਦੇ ਸਾਦੇ ਜੀਵਨ ਨੂੰ ਅਪਣਾ ਕੇ ਸੇਵਾ ਕਰਨੀ ਚਾਹੀਦੀ ਹੈ।

-ਲਵਪ੍ਰੀਤ ਸਿੰਘ ਨਰਕਟ
ਵਿਦਿਆਰਥੀ, ਬੀ.ਐੱਡ. ਕਾਲਜ ਦਿਆਲਪੁਰ।

ਗ਼ੈਰ-ਸੰਚਾਲਿਤ ਸੀ.ਸੀ.ਟੀ.ਵੀ.

ਸੁਪਰੀਮ ਕੋਰਟ ਨੇ ਪਿਛਲੇ ਦਿਨੀਂ ਸਾਰੇ ਥਾਣਿਆਂ ਵਿਚ ਸੀ.ਸੀ.ਟੀ.ਵੀ. ਲਗਾਉਣ ਦੀ ਸਥਿਤੀ ਦੀ ਮੰਗ ਕੀਤੀ ਸੀ। ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਦੇਸ਼ ਭਰ ਦੇ ਸਾਰੇ 16,000 ਥਾਣਿਆਂ ਦੀ ਜਾਣਕਾਰੀ ਦੋ ਮਹੀਨਿਆਂ ਦੇ ਅੰਦਰ ਦੇਣ ਦੀ ਹਦਾਇਤ ਕੀਤੀ ਗਈ ਹੈ। ਇਹ ਚਿੰਤਾ ਦਾ ਵਿਸ਼ਾ ਹੈ ਕਿ ਪਹਿਲਾਂ ਤੋਂ ਹੀ ਸਥਾਪਤ ਹੋਣ ਦੇ ਬਾਵਜੂਦ ਸੀ.ਸੀ.ਟੀ.ਵੀ. ਜਾਣਬੁੱਝ ਕੇ ਕਈ ਥਾਣਿਆਂ ਵਿਚ ਗ਼ੈਰ-ਸੰਚਾਲਿਤ ਰੱਖਿਆ ਜਾਂਦਾ ਹੈ। ਇਹ ਕਿਸੇ ਵੀ ਪੁਲਿਸ ਅੱਤਿਆਚਾਰ ਨੂੰ ਸਾਹਮਣੇ ਆਉਣ ਤੋਂ ਰੋਕਣ ਵਿਚ ਸਹਾਇਤਾ ਕਰਦਾ ਹੈ। ਧਿਆਨ ਇਹ ਵੀ ਬਣਾਉਣਾ ਹੈ ਕਿ ਹਰ ਥਾਣਾ ਬੁਨਿਆਦੀ ਸਹੂਲਤਾਂ ਨਾਲ ਲੈਸ ਹੈ। ਲੋਕ ਹਿਤੈਸ਼ੀ ਥਾਣਿਆਂ ਦਾ ਇਹ ਮੰਤਰ ਕਾਫੀ ਹੱਦ ਤੱਕ ਸਿਰਫ ਕਾਗਜ਼ਾਂ 'ਤੇ ਹੀ ਰਿਹਾ ਹੈ।

-ਨੇਹਾ ਜਮਾਲ
ਮੁਹਾਲੀ।

ਹੈਰਾਨੀਜਨਕ ਅੰਕੜੇ

ਹਾਲ ਹੀ ਵਿਚ ਕੇਂਦਰ ਸਰਕਾਰ ਰਾਹੀਂ ਵਿਕਾਸ ਦਰ ਦੇ ਜੋ ਅੰਕੜੇ ਪੇਸ਼ ਕੀਤੇ ਗਏ ਹਨ, ਬੁਹਤ ਜ਼ਿਆਦਾ ਚਿੰਤਾਜਨਕ ਹਨ। ਜੀ.ਡੀ.ਪੀ. ਵਿਚ 23.9 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। 2019-20 ਵਿਚ ਭਾਰਤ ਪਹਿਲੇ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਸੀ। ਹੁਣ ਤਿੰਨ ਮਹੀਨੇ ਤਾਲਾਬੰਦੀ ਦੌਰਾਨ ਅਰਥ-ਵਿਵਸਥਾ ਹੋਰ ਵੀ ਜ਼ਿਆਦਾ ਪ੍ਰਭਾਵਿਤ ਹੋਈ ਹੈ। ਫਲ, ਦਾਲਾਂ, ਸਬਜ਼ੀਆਂ ਤੇ ਹੋਰ ਉਤਪਾਦਾਂ ਦੇ ਰੇਟ ਅਸਮਾਨੀ ਛੂਹ ਰਹੇ ਹਨ। ਲੋਕਾਂ ਸਾਹਮਣੇ ਬਹੁਤ ਵੱਡੀਆਂ-ਵੱਡੀਆਂ ਚੁਣੌਤੀਆਂ ਖੜ੍ਹੀਆਂ ਹੋ ਰਹੀਆਂ ਹਨ। ਕੇਂਦਰ ਸਰਕਾਰ ਵਲੋਂ 20 ਲੱਖ ਕਰੋੜ ਰੁਪਏ ਦਾ ਰਾਹਤ ਪੈਕੇਜ ਘੋਸ਼ਿਤ ਕੀਤਾ ਹੈ, ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਅਰਥ-ਵਿਵਸਥਾ ਮੁੜ ਲੀਹ ਤੇ ਕਿੰਨੇ ਸਮੇਂ ਵਿਚ ਆ ਜਾਵੇਗੀ, ਅਜਿਹੇ ਵਿਚ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਜੋ ਜ਼ਰੂਰੀ ਵਸਤਾਂ ਹਨ, ਉਹ ਆਮ ਆਦਮੀ ਦੇ ਬਜਟ ਵਿਚ ਲਿਆਂਦੀਆਂ ਜਾਣ।

-ਸੰਜੀਵ ਸਿੰਘ ਸੈਣੀ, ਮੋਹਾਲੀ।

ਘਰ-ਘਰ ਰੁਜ਼ਗਾਰ

ਪੰਜਾਬ ਦੀ ਕੈਪਟਨ ਸਰਕਾਰ ਦੇ ਘਰ-ਘਰ ਰੁਜ਼ਗਾਰ ਦਾ ਸੱਚ। ਕੈਪਟਨ ਅਮਰਿੰਦਰ ਸਿੰਘ ਜਦੋਂ 2017 ਤੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ, ਉਦੋਂ ਤੋਂ ਹੀ ਆਪਣੇ ਵਲੋਂ ਚੁੱਕੀ ਗੁਟਕਾ ਸਾਹਿਬ ਦੀ ਸਹੁੰ ਅਤੇ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦਿਆਂ ਕਾਰਨ ਹਮੇਸ਼ਾ ਹੀ ਵਿਰੋਧੀ ਪਾਰਟੀਆਂ ਅਤੇ ਜਨਤਾ ਦੀ ਆਲੋਚਨਾ ਦਾ ਸਾਹਮਣਾ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼, ਚਾਰ ਹਫ਼ਤਿਆਂ ਵਿਚ ਪੰਜਾਬ ਵਿਚ ਨਸ਼ਿਆਂ ਦਾ ਖਾਤਮਾ, ਨੌਜਵਾਨਾਂ ਨੂੰ ਸਮਾਰਟ ਫੋਨ, ਬਜ਼ੁਰਗਾਂ ਨੂੰ 2000 ਰੁਪਏ ਬੁਢਾਪਾ ਪੈਨਸ਼ਨ, ਬੇਰੁਜ਼ਗਾਰ ਨੌਜਵਾਨਾਂ ਨੂੰ 2500 ਰੁਪਏ ਰੁਜ਼ਗਾਰ ਭੱਤਾ, ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ, ਮਾਫੀਆ ਰਾਜ ਦਾ ਖਾਤਮਾ ਵਰਗੇ ਵਾਅਦਿਆਂ ਕਰਕੇ ਸੱਤਾ 'ਚ ਆਏ। ਕਾਂਗਰਸ ਨੇ 2017 ਵਿਚ ਵਿਧਾਨ ਸਭਾ ਚੋਣਾਂ ਜਿੱਤ ਕੇ ਸੱਤਾ ਤਾਂ ਹਾਸਲ ਕਰ ਲਈ ਪਰ ਘਰ-ਘਰ ਰੁਜ਼ਗਾਰ ਦੇ ਨਾਅਰੇ ਦਾ ਕੋਈ ਹਕੀਕੀ ਅਸਰ ਪਿਛਲੇ ਪੌਣੇ ਚਾਰ ਸਾਲਾਂ ਵਿਚ ਦਿਖਾਈ ਨਹੀਂ ਦਿੱਤਾ। ਪੰਜਾਬਦੇ ਨਿੱਜੀ ਕਾਲਜਾਂ ਵਿਚ ਲਗਾਏ ਜਾਣ ਵਾਲੇ ਨੌਕਰੀ ਮੇਲਿਆਂ 'ਚ ਨੌਜਵਾਨਾਂ ਨੂੰ ਦਿੱਤੇ ਨਿਯੁਕਤੀ ਪੱਤਰਾਂ ਦੇ ਅੰਕੜਿਆਂ ਸਹਾਰੇ ਬੇਰੁਜ਼ਗਾਰੀ ਨੂੰ ਠੱਲ੍ਹਣ ਦਾ ਭਰਮ ਪਾਇਆ ਜਾ ਰਿਹਾ ਹੈ।

-ਪ੍ਰੋ: ਤੇਜਿੰਦਰ ਬਰਨਾਲਾ
tajindersharma82@gmail.com

28-09-2020

 ਵਿਕਾਊ ਮੀਡੀਆ

ਅਜਿਹਾ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਇਸ ਵਾਰੀ ਦਾ ਕਿਸਾਨਾਂ ਦਾ ਸੰਘਰਸ਼ ਪੰਜਾਬ ਦੀ ਸਭ ਤੋਂ ਵੱਡੀ ਲਹਿਰ ਬਣਦਾ ਜਾ ਰਿਹਾ ਹੈ ਜੋ ਕਿ ਸਿਰਫ਼ ਕਿਸਾਨਾਂ ਤੱਕ ਸੀਮਤ ਨਾ ਰਹਿ ਕੇ ਆਮ ਲੋਕਾਂ ਦੀ ਸਮੂਲੀਅਤ ਨਾਲ ਇਕ ਲੋਕ ਲਹਿਰ ਬਣ ਚੁੱਕੀ ਹੈ। ਪਹਿਲਾਂ ਤਾਂ ਸਿਰਫ਼ ਕਿਸਾਨਾਂ ਦੀ ਫ਼ਸਲ ਸੜਕਾਂ 'ਤੇ ਰੁਲਦੀ ਸੀ ਪਰ ਹੁਣ ਕਿਸਾਨ ਆਪ ਆਪਣੇ ਹੱਕ ਲੈਣ ਲਈ ਸੜਕਾਂ 'ਤੇ ਹਨ। ਪੰਜਾਬ ਵਿਚ 200 ਤੋਂ ਵੱਧ ਵੱਖ-ਵੱਖ ਥਾਵਾਂ 'ਤੇ ਲੋਕਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ। ਪੂਰਾ ਪੰਜਾਬ ਇਸ ਵੇਲੇ ਪੱਬਾਂ ਭਾਰ ਹੈ, ਮਗਰ ਨੈਸ਼ਨਲ ਮੀਡੀਆ ਦੇ ਕਿਸੇ ਵੀ ਚੈਨਲ ਉਤੇ ਇਹ ਨਹੀਂ ਦਿਖਾਇਆ ਗਿਆ ਬਲਕਿ ਪਿਛਲੇ ਹਫਤੇ ਤੋਂ ਦੀਪਿਕਾ ਤੇ ਐਨ.ਸੀ.ਬੀ. ਬਾਰੇ ਹੀ ਦਿਖਿਆ ਜਾ ਰਿਹਾ ਹੈ ਤੋਂ ਜਿਸ ਦਾ ਆਮ ਇਨਸਾਨ ਨਾਲ ਕੋਈ ਲੈਣਾ-ਦੇਣਾ ਨਹੀਂ। ਨੈਸ਼ਨਲ ਮੀਡੀਆ ਦਾ ਇਹ ਵਰਾਤਰਾ ਸੱਚੀਓਂ ਨਿੰਦਣਯੋਗ ਹੈ ਤੇ ਇਹ ਦਰਸਾਉਂਦਾ ਹੈ ਕਿ ਮੀਡੀਆ ਸਿਰਫ਼ ਹੁਣ ਟੀ.ਆਰ.ਪੀ. ਤੇ ਕਈ ਮੁੱਖ ਲੀਡਰਾਂ, ਅਧਿਕਾਰੀਆਂ ਜਾਂ ਸਿਆਸੀ ਧੜਿਆਂ ਦੀ ਚਾਕਰੀ ਤੱਕ ਸੀਮਤ ਰਹਿ ਗਿਆ ਹੈ।

-ਉਂਕਾਰ ਸਿੰਘ ਗਿੱਲ
ਵਿਦਿਆਰਥੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੇਤੀ ਬਿੱਲ

ਅੱਜ ਉੱਤਰੀ ਭਾਰਤ ਵਿਚ ਉਥਲ-ਪੁਥਲ ਮਚੀ ਹੋਈ ਹੈ ਤੇ ਕਿਸਾਨ ਸੰਘਰਸ਼ 'ਤੇ ਉੱਤਰ ਆਇਆ ਹੈ, ਇਹ ਸਰਕਾਰ ਦੁਆਰਾ ਸਮਾਜ ਵਿਰੋਧੀ ਤੱਤਾਂ ਦਾ ਸਾਥ ਦੇਣ ਦਾ ਹੀ ਨਤੀਜਾ ਹੈ। ਖੇਤੀ ਬਿੱਲਾਂ ਮੁਤਾਬਿਕ ਕੋਈ ਵੀ ਪ੍ਰਾਈਵੇਟ ਕੰਪਨੀ ਐਮ.ਐਸ.ਪੀ. ਦੇ ਰੇਟ ਤੋਂ ਹਟ ਕੇ ਵੀ ਕਿਸਾਨਾਂ ਤੋਂ ਸਿੱਧੇ ਤੌਰ 'ਤੇ ਫਸਲ ਖਰੀਦ ਸਕਦੀ ਹੈ। ਪਰ ਇਸ ਉਤੇ ਕੋਈ ਵੀ ਗਾਰੰਟੀ ਨਹੀਂ ਦਿੱਤੀ ਗਈ ਹੈ, ਉਨ੍ਹਾਂ ਦੁਆਰਾ ਤੈਅ ਕੀਤਾ ਰੇਟ ਐਮ.ਐਸ.ਪੀ. ਤੋਂ ਜ਼ਿਆਦਾ ਹੋਵੇ। ਯਾਨੀ ਕਿ ਹੋ ਸਕਦਾ ਹੈ ਕਿ ਸਾਰੀਆਂ ਪ੍ਰਾਈਵੇਟ ਕੰਪਨੀਆਂ ਏਨਾ ਘੱਟ ਰੇਟ ਤੈਅ ਕਰ ਦੇਣ ਜਿਸ ਨਾਲ ਕਿਸਾਨ ਦਾ ਗੁਜ਼ਾਰਾ ਹੀ ਨਾ ਹੋਵੇ। ਅਜਿਹੇ ਹਾਲਾਤ ਵਿਚ ਵਿਚਾਰੇ ਕਿਸਾਨ ਕੋਲ ਕੋਈ ਬਦਲ ਹੀ ਨਹੀਂ ਬਚੇਗਾ ਅਤੇ ਉਹ ਆਪਣੀ ਫਸਲ ਘੱਟ ਰੇਟ 'ਤੇ ਵੇਚਣ ਨੂੰ ਮਜਬੂਰ ਹੋ ਜਾਵੇਗਾ। ਅਮੀਰਜ਼ਾਦੇ ਸਿਆਸੀ ਦਲਾਂ ਨੂੰ ਫੰਡਿੰਗ ਕਰਦੇ ਹਨ ਇਸ ਕਾਰਨ ਅਜੇ ਤੱਕ ਕੋਈ ਸਿਆਸੀ ਮਾਹਰ ਕਿਸਾਨਾਂ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹੋਇਆ ਅਤੇ ਕੁਝ ਕੁ ਲੀਡਰ ਆਪਣੇ ਲੋਕ ਹਿਤ ਕਾਰਨ ਪਾਰਟੀ ਛੱਡ ਰਹੇ ਹਨ। ਜਦ ਕਿ ਕੁਝ ਅਜੇ ਵੀ ਇਸ ਚੋਰ ਬਾਜ਼ਾਰੀ ਨੂੰ ਸਹੀ ਦੱਸ ਰਹੇ ਹਨ। ਹੁਣ ਇਹ ਤੁਸੀਂ ਸੋਚਣਾ ਹੈ ਕਿ ਕਿਸਾਨ ਸਹੀ ਹਨ ਜਾਂ ਇਹ ਚੋਰ ਬਾਜ਼ਾਰੀ ਕਰਨ ਵਾਲੇ।

-ਜਸਪਿੰਦਰ ਸਿੰਘ
jaspindersingh3012@gmail.com

ਟੈਂਟ ਕਾਰੋਬਾਰੀਆਂ ਦੀ ਵੀ ਸੁਣੋ

ਪੰਜਾਬ ਦੇ ਪਿੰਡਾਂ, ਸ਼ਹਿਰਾਂ 'ਚ ਅਨੇਕਾਂ ਲੋਕ ਟੈਂਟ ਦੇ ਕਾਰੋਬਾਰ ਦੁਆਰਾ ਆਪਣੇ ਪਰਿਵਾਰਾਂ ਦਾ ਪੇਟ ਪਾਲਦੇ ਹਨ। ਪ੍ਰੰਤੂ ਪਿਛਲੇ ਦੋ-ਢਾਈ ਦਹਾਕਿਆਂ ਤੋਂ ਜਿਥੇ ਪੈਲੇਸ ਸੱਭਿਆਚਾਰ ਇਸ ਕਾਰੋਬਾਰ ਨੂੰ ਵੱਡੀ ਢਾਅ ਲਾਉਂਦਾ ਆ ਰਿਹਾ ਹੈ। ਉਥੇ ਹੁਣ ਕੋਰੋਨਾ ਮਹਾਂਮਾਰੀ ਦਾ ਦੈਂਤ ਇਸ ਕਾਰੋਬਾਰ ਨੂੰ ਨਿਗਲਦਾ ਜਾ ਰਿਹਾ ਹੈ। ਕੋਰੋਨਾ ਕਾਰਨ ਸਰਕਾਰ ਦੀ ਸਖ਼ਤੀ ਅਤੇ ਬਿਮਾਰੀ ਦੇ ਡਰੋਂ ਲੋਕ ਵਿਆਹ-ਸ਼ਾਦੀਆਂ ਜਾਂ ਹੋਰ ਖ਼ੁਸ਼ੀ-ਗ਼ਮੀ ਦੇ ਸਮਾਗਮਾਂ 'ਚ ਇਕੱਠ ਕਰਨ ਤੋਂ ਕੰਨੀ ਕਤਰਾਉਂਦੇ ਹਨ, ਜਿਸ ਸਦਕਾ ਟੈਂਟ ਦੀਆਂ ਦੁਕਾਨਾਂ ਵਾਲੇ ਕੰਮ ਪੱਖੋਂ ਇਕਦਮ ਵਿਹਲੇ ਹੋ ਚੁੱਕੇ ਹਨ ਤੇ ਡਾਢੀ ਆਰਥਿਕ ਮੰਦਹਾਲੀ ਦੇ ਦੌਰ 'ਚੋਂ ਗੁਜ਼ਰ ਰਹੇ ਹਨ। ਅਸੀਂ ਸੂਬਾ ਸਰਕਾਰ ਨੂੰ ਪੁਰਜ਼ੋਰ ਬੇਨਤੀ ਕਰਦੇ ਹਾਂ ਕਿ ਟੈਂਟ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਗੁਰਬਤ ਦੀ ਦਲਦਲ 'ਚੋਂ ਕੱਢਣ ਲਈ ਕੋਈ ਠੋਸ ਉਪਰਾਲੇ ਕੀਤੇ ਜਾਣ।

-ਯਸ਼ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

ਚੀਨ 'ਤੇ ਭਰੋਸਾ ਨਹੀਂ

ਐਲ.ਏ.ਸੀ. 'ਤੇ ਹਮਲਾਵਰ ਗਤੀਵਿਧੀਆਂ ਵਿਚ ਚੀਨ ਦਾ ਨਿਯਮਤ ਤੌਰ 'ਤੇ ਸ਼ਾਮਿਲ ਹੋਣਾ ਇਸ ਦੇ ਅਲਟੀਰੀਅਰ ਮਨੋਰਥਾਂ ਦਾ ਸੰਕੇਤ ਹੈ। ਇਹ ਸ਼ਲਾਘਾਯੋਗ ਹੈ ਕਿ ਭਾਰਤੀ ਫ਼ੌਜ ਨੇ ਤਣਾਅ ਦੇ ਹੋਰ ਤੇਜ਼ੀ ਤੋਂ ਬਚਣ ਲਈ ਗੰਭੀਰ ਉਕਸਾਵੇ ਦੇ ਬਾਵਜੂਦ ਸੰਜਮ ਦਾ ਇਸਤੇਮਾਲ ਕੀਤਾ। ਚੀਨ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਇਹ ਹਮਲੇ ਤੋਂ ਲਗਦਾ ਹੈ ਕਿ ਕਦੇ ਗਲਵਾਨ ਹਮਲੇ ਨੂੰ ਨਾ ਦੁਹਰਾ ਦੇਵੇ। ਭਾਰਤ ਨੂੰ ਬਹੁਤ ਚੌਕਸ ਰਹਿਣਾ ਚਾਹੀਦਾ ਹੈ।

-ਨੇਹਾ ਯਮਾਲ, ਮੁਹਾਲੀ।

ਕਿਸਾਨ ਵੀਰਾਂ ਨੂੰ ਬੇਨਤੀ

ਕੋਵਿਡ-19 ਮਹਾਂਮਾਰੀ ਦੇ ਦੌਰਾਨ ਆਪਣੀਆਂ ਮੰਗਾਂ ਅਤੇ ਬਿੱਲਾਂ ਖਿਲਾਫ਼ ਵਿਰੋਧ ਲਈ ਇਨਸਾਫ਼ ਮੰਗਣ ਲਈ ਘਰਾਂ ਵਿਚ ਮਜਬੂਰ ਹੋ ਕੇ ਰੈਲੀ ਅਤੇ ਧਰਨੇ ਵਿਚ ਸ਼ਾਮਿਲ ਹੋਣ ਲਈ ਨਿਕਲੇ ਮਜ਼ਦੂਰ, ਕਿਸਾਨ ਵੀਰਾਂ ਅਤੇ ਭੈਣਾਂ ਨੂੰ ਬੇਨਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਹਿੰਸਾ ਅਤੇ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਵੀ ਆਪਣਾ ਬਚਾਅ ਰੱਖਣ। ਆਪਣੀਆਂ ਮੰਗਾਂ ਲਈ ਇਨਸਾਫ਼ ਮੰਗਦੇ ਸਮੇਂ ਮੂੰਹ ਉਪਰ ਮਾਸਕ ਪਾ ਕੇ ਰੱਖਣ ਅਤੇ ਦੂਰੀ ਬਣਾ ਕੇ ਰੱਖਣ ਤਾਂ ਕਿ ਆਉਣ ਵਾਲੇ ਸਮੇਂ ਵਿਚ ਇਹ ਬਿਮਾਰੀ ਉਨ੍ਹਾਂ ਦੇ ਪਰਿਵਾਰਾਂ ਅਤੇ ਸਮੂਹ ਜਨਤਾ ਲਈ ਭਾਰੂ ਨਾ ਪੈ ਜਾਵੇ। ਜੋਸ਼ ਵਿਚ ਹੋਸ਼ ਨਾ ਖੋ ਜਾਵੇ। ਜੈ ਜੈਵਾਨ ਜੈ ਕਿਸਾਨ।

\-ਬਬੀਤਾ ਘਈ
babitaghai1@gmail.com

26-09-2020

ਕੀ ਕਿਸਾਨ ਖ਼ੁਸ਼ੀ ਨਾਲ ਸੰਘਰਸ਼ ਦੇ ਰਾਹ ਪਏ ਹਨ?

ਝੋਨੇ ਦੀ ਫ਼ਸਲ ਪੱਕ ਕੇ ਤਿਆਰ ਹੋ ਚੁੱਕੀ ਹੈ। ਬਾਸਮਤੀ ਦੀਆਂ ਕੁਝ ਕੁ ਕਿਸਮਾਂ ਜੋ ਘੱਟ ਸਮੇਂ ਵਿਚ ਤਿਆਰ ਹੁੰਦੀਆਂ ਹਨ, ਉਹ ਮੰਡੀਆਂ ਵਿਚ ਪਹੁੰਚ ਵੀ ਚੁੱਕੀਆਂ ਹਨ। ਪਰ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਉਸ ਦਾ ਭਾਅ ਬਹੁਤ ਹੀ ਘੱਟ ਹੈ। ਕਿਸਾਨੀਤੇ ਜੋ ਨਾਦਰਸ਼ਾਹੀ ਫੁਰਮਾਨ ਸੁਣਾਏ ਜਾ ਚੁੱਕੇ ਹਨ, ਉਨ੍ਹਾਂ ਦਾ ਅਸਰ ਹੁਣ ਤੋਂ ਦਿਸਣਾ ਸ਼ੁਰੂ ਹੋ ਗਿਆ ਹੈ। ਬਾਸਮਤੀ ਦਾ ਐਮ ਐਸ ਪੀ ਕੋਈ ਫਿਕਸ ਨਹੀਂ ਕੀਤਾ ਗਿਆ। ਜਿਸ ਕਰਕੇ ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ ਕੀਮਤ ਨਹੀਂ ਮਿਲ ਰਹੀ। ਸਬਜ਼ੀਆਂ ਲਾਉਣ ਵਾਲੇ ਤਾਂ ਬਿਲਕੁਲ ਹੀ ਖ਼ਤਮ ਹੋ ਚੁੱਕੇ ਹਨ। ਜਦੋਂ ਇਹੋ ਜਿਹੀਆਂ ਕੋਝੀਆਂ ਹਰਕਤਾਂ ਕਿਸਾਨ ਵੇਖਦੇ ਹਨ ਤਾਂ ਗੁੱਸਾ ਆ ਆਉਣਾ ਸੁਭਾਵਿਕ ਹੈ। ਦੁੱਧ ਦਾ ਕਾਰੋਬਾਰ ਬਿਲਕੁਲ ਖ਼ਤਮ ਹੋ ਗਿਆ ਏ ਲਾਗਤ ਤੋਂ ਘੱਟ ਮੁਨਾਫ਼ਾ ਮਿਲਣ ਕਰਕੇ। ਖਰਚਿਆਂ ਵਿਚ ਕਮੀ ਦੀ ਬਜਾਏ ਵਾਧਾ ਹੋ ਰਿਹਾ ਹੈ। ਡੀਜ਼ਲ ਅਸਮਾਨ 'ਤੇ ਪਹੁੰਚ ਗਿਆ ਹੈ। ਖਾਦਾਂ ਸਪਰੇਆਂ ਦੀ ਕੋਈ ਕੀਮਤ ਫਿਕਸ ਨਹੀਂ। ਕੋਈ ਪਾਰਦਰਸ਼ੀ ਨਹੀਂ ਨਜ਼ਰ ਨਹੀਂ ਆ ਰਹੀ। ਕੰਪਨੀਆਂ ਆਪਣੀ ਆਪਣੀ ਮਰਜ਼ੀ ਅਨੁਸਾਰ ਭਾਅ ਲਾਉਂਦੀਆਂ ਹਨ। ਪਰ ਜਦੋਂ ਕਿਸਾਨ ਦੀ ਫ਼ਸਲ ਮੰਡੀ ਪਹੁੰਚਦੀ ਹੈ। ਉਸ ਸਮੇਂ ਫ਼ਸਲ ਦਾ ਭਾਅ ਵੀ ਕੋਈ ਤੈਅ ਨਹੀਂ ਹੁੰਦਾ। ਮੈਨੀਫੈਸਟੋ ਵਿਚ ਕੀਤੇ ਵਾਅਦੇ ਭੁੱਲ ਗਏ। ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਦੀ ਬਜਾਏ ਉਸ ਨੂੰ ਠੰਢੇ ਬਸਤੇ ਵਿਚ ਪਾ ਦਿੱਤਾ ਗਿਆ ਹੈ। ਵਪਾਰੀਕਰਨ ਭਾਰੂ ਹੁੰਦਾ ਜਾ ਰਿਹਾ ਹੈ। ਕਿਸਾਨਾਂ ਨੇ ਸੋਚਿਆ ਕਿ ਖ਼ੁਦਕਸ਼ੀ ਕਰਨ ਨਾਲੋਂ ਸੜਕਾਂ 'ਤੇ ਮੋਰਚਾ ਲਾਉਣਾ ਹੀ ਠੀਕ ਹੈ। ਅਗਰ ਸਰਕਾਰ ਕਿਸਾਨਾਂ ਦੇ ਹਿੱਤ ਦੀ ਹੈ ਤਾਂ ਕਿਉਂਪਹਿਲਾਂ ਕਿਸਾਨਾਂ ਤੋਂ ਰਾਇ ਨਹੀਂ ਲਈ ਗਈ। ਕਿਸਾਨਾਂ ਦਾ ਅਗਰ ਸਮਰਥਨ ਹਾਸਲ ਹੁੰਦਾ ਤਾਂ ਫਿਰ ਜ਼ਰੂਰ ਕਾਨੂੰਨ ਪਾਸ ਕਰ ਦਿੰਦੇ। ਜੋ ਅੱਜ ਜਗ੍ਹਾ-ਜਗ੍ਹਾ 'ਤੇ ਕਿਸਾਨ ਸੜਕਾਂ 'ਤੇ ਭੁੱਖੇ ਢਿੱਡ ਬੈਠੇ ਹਨ। ਉਨ੍ਹਾਂ ਦਾ ਇਹ ਸ਼ੌਕ ਹੈ ਨਹੀਂ ਸਗੋਂ ਮਜਬੂਰੀ ਬਣ ਗਈ ਹੈ। ਇਹ ਕੋਈ ਲੋਕਤੰਤਰ ਵਾਲੀ ਗੱਲ ਨਜ਼ਰ ਨਹੀਂ ਆ ਰਹੀ। ਕਿਸਾਨਾਂ ਨੂੰ ਜੇਲ੍ਹਾਂ ਵਿਚ ਜਾਣ ਦਾ ਕੋਈ ਸ਼ੌਕ ਨਹੀਂ ਹੈ, ਨਾ ਹੀ ਸੜਕਾਂ 'ਤੇ ਧੱਕੇ ਖਾਣ ਦਾ। ਇਨ੍ਹਾਂ ਦੀ ਗੱਲ ਸਰਕਾਰ ਇਕ ਵਾਰ ਜ਼ਰੂਰ ਸੁਣੇ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ, ਫ਼ਿਰੋਜ਼ਪੁਰ।

25-09-2020

 ਨੌਜਵਾਨ ਜਥੇਬੰਦੀਆਂ ਨੂੰ ਕਿਸਾਨਾਂ ਨਾਲ ਤੁਰਨ ਦੀ ਲੋੜ

ਖੇਤੀ ਆਰਡੀਨੈਂਸਾਂ ਉੱਪਰ ਵੱਖ-ਵੱਖ ਕਿਸਾਨਾਂ ਦੀਆਂ ਜਥੇਬੰਦੀਆਂ ਧਰਨੇ ਲਾ ਰਹੀਆਂ ਹਨ। ਪੰਜਾਬ ਦੇ ਨੌਜਵਾਨਾਂ ਨੂੰ ਕਿਸਾਨੀ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਦਾ ਡਟ ਕੇ ਵਿਰੋਧ ਹੋ ਰਿਹਾ ਹੈ। ਪੰਜਾਬੀ ਨੌਜਵਾਨਾਂ ਨੇ ਹਰ ਇਕ ਲਹਿਰ ਜਾਂ ਆਜ਼ਾਦੀ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ ਹੈ। ਸੋ ਅੱਜ ਦੀਆਂ ਨੌਜਵਾਨ ਜਥੇਬੰਦੀਆਂ ਨੂੰ ਪੰਜਾਬ ਦੇ ਕਿਸਾਨਾਂ ਨਾਲ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਤੁਰਨ ਦੀ ਲੋੜ ਹੈ। ਇਨ੍ਹਾਂ ਜਥੇਬੰਦੀਆਂ ਨੂੰ ਕੇਂਦਰ ਦੀ ਸਰਕਾਰ ਵਿਰੁੱਧ ਪੱਕਾ ਮੋਰਚਾ ਲਾਉਣ ਦੀ ਲੋੜ ਹੈ, ਜਿਸ ਵਿਚ ਇਨ੍ਹਾਂ ਨੌਜਵਾਨ ਜਥੇਬੰਦੀਆਂ ਨੂੰ ਕਾਲੇ ਬਿੱਲ ਵਾਪਸ ਕਰਵਾਉਣ ਲਈ ਆਖ਼ਰ ਤੱਕ ਲੜਾਈ ਲੜਨ ਦੀ ਲੋੜ ਹੈ। ਕਿਸਾਨ ਧਰਨਿਆਂ ਉੱਪਰ ਬੈਠ ਕੇ ਖ਼ੁਦਕੁਸ਼ੀਆਂ ਕਰ ਰਿਹਾ ਹੈ, ਇਹ ਸਾਡੇ ਸਾਰਿਆਂ ਲਈ ਸੋਚਣ ਦਾ ਵਿਸ਼ਾ ਹੈ ਕਿ ਕਿਸਾਨ ਭਰਾਵਾਂ ਨੂੰ ਬਚਾਉਣ ਲਈ ਹੁਣ ਸਾਰਿਆਂ ਨੂੰ ਇਕਜੁੱਟ ਹੋ ਕੇ ਖੜ੍ਹਨ ਦੀ ਲੋੜ ਹੈ।

-ਪ੍ਰੋ: ਬਿਕਰਮਜੀਤ ਸਿੰਘ ਪੁਰਬਾ
ਐਸ.ਐਸ.ਡੀ. ਕਾਲਜ ਬਰਨਾਲਾ।

ਗਾਇਕਾਂ ਦਾ ਫ਼ਰਜ਼

ਪੰਜਾਬ ਵਿਚ ਜਿਨ੍ਹਾਂ ਗਾਇਕਾਂ ਲਈ ਸਾਡੇ ਨੌਜਵਾਨ ਪਹਿਲਾਂ ਇਕ-ਦੂਜੇ ਗਰੁੱਪਾਂ ਨਾਲ ਲੜ ਰਹੇ ਸੀ, ਅੱਜ ਉਹੀ ਵੱਡੇ ਗਾਇਕ ਸਾਡੇ ਕਿਸਾਨਾਂ ਦੇ ਪੁੱਤਾਂ ਦੇ ਹੱਕਾਂ ਲਈ ਧਰਨਿਆਂ ਵਿਚ ਸ਼ਾਮਿਲ ਵੀ ਨਹੀਂ ਹੋ ਰਹੇ। ਅੱਜ ਸਭ ਗਾਇਕਾਂ ਨੂੰ ਪਤਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਸ਼ਰ੍ਹੇਆਮ ਧੱਕਾ ਕਰ ਰਹੀ ਹੈ, ਜਿਸ ਨਾਲ ਪੰਜਾਬ ਦੀ ਕਿਸਾਨੀ ਬਿਲਕੁਲ ਬਰਬਾਦ ਹੋ ਜਾਵੇਗੀ। ਫਿਰ ਗਾਇਕਾਂ ਦੇ ਪਹਿਲਾਂ ਦੀ ਤਰ੍ਹਾਂ ਵਿਆਹਾਂ ਵਿਚ ਅਖਾੜੇ ਵੀ ਨਹੀਂ ਲੱਗਣੇ। ਸਾਡੇ ਪੰਜਾਬ ਦੇ ਦੋ-ਤਿੰਨ ਗਾਇਕਾਂ ਨੂੰ ਛੱਡ ਕੇ ਬਾਕੀ ਚੁੱਪ ਹਨ।
ਸਾਡੇ ਪੰਜਾਬ ਦੇ ਵੱਡੇ ਕਲਾਕਾਰਾਂ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦਾ ਸਾਥ ਦੇਣ। ਤੁਸੀਂ ਹੁਣ ਸਰਕਾਰੀ ਗਾਇਕ ਨਾ ਬਣੋ। ਕਿਸਾਨਾਂ ਦੇ ਹੱਥੋਂ ਜੇ ਖੇਤੀ ਚਲੀ ਗਈ ਫਿਰ ਪਿੱਛੇ ਕੁਝ ਵੀ ਬਚਣਾ ਨਹੀਂ ਹੈ। ਪੰਜਾਬ ਦੇ ਕਿਸਾਨ ਅੱਜ ਆਪਣੇ-ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਕੁਝ ਗਾਇਕਾਂ ਤੋਂ ਬਿਨਾਂ ਬਾਕੀ ਸਭ ਗਾਇਕ ਕਿਸਾਨਾਂ ਦੀ ਹੋ ਰਹੀ ਤਬਾਹ ਵੱਲ ਵੇਖ ਰਹੇ ਹਨ। ਪਰ ਕਿਸਾਨਾਂ ਨਾਲ ਦਿਲੋਂ ਹਮਦਰਦੀ ਰੱਖਣ ਲਈ ਕਿਸਾਨਾਂ ਦਾ ਸਾਥ ਦੇਣ ਵਾਲੇ ਅੱਜ ਵੱਡੇ ਕਲਾਕਾਰ ਏ.ਸੀ. ਕਮਰਿਆਂ ਵਿਚ ਬੈਠੇ ਹਨ। ਅੱਜ ਸਭ ਧਿਰਾਂ ਨੂੰ ਕਿਸਾਨਾਂ ਦਾ ਸਾਥ ਦੇਣ ਦੀ ਲੋੜ ਹੈ। ਜੇ ਇਸ ਕਿਸਾਨ ਵਿਰੋਧੀ ਬਿੱਲ ਦਾ ਡਟ ਕੇ ਵਿਰੋਧ ਨਾ ਹੋਇਆ ਤਾਂ ਆਏ ਦਿਨ ਕਿਸਾਨ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਜਾਣਗੇ। ਆਓ ਸਾਰੇ ਰਲ ਕੇ ਕਿਸਾਨੀ ਬਚਾ ਲਓ।

-ਸੁਖਦੇਵ ਸਿੰਘ ਕੁਸਲਾ
ਤਹਿ: ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ।

ਪੰਜਾਬੀਆਂ ਦੀ ਪੁਕਾਰ ਸੁਣੋ

ਭਾਵੇਂ ਸੰਸਦ ਵਲੋਂ ਖੇਤੀ ਸਬੰਧੀ ਕਿਸਾਨ ਮਾਰੂ ਤਿੰਨ ਬਿੱਲ ਪਾਸ ਕਰ ਦਿੱਤੇ ਗਏ ਹਨ ਪਰ ਇਸ ਦਾ ਵਿਰੋਧ ਪੂਰੇ ਪੰਜਾਬ ਵਿਚ ਸਮੂਹ ਰਾਜਨੀਤਕ ਪਾਰਟੀਆਂ ਅਤੇ ਤਮਾਮ ਲੋਕਾਂ ਵਲੋਂ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਦਾ ਸਿੱਧਾ ਅਸਰ ਕਿਸਾਨ, ਮਜ਼ਦੂਰ, ਆੜ੍ਹਤੀਆਂ, ਟਰਾਂਸਪੋਰਟਰਾਂ, ਛੋਟੇ ਦੁਕਾਨਦਾਰਾਂ ਅਤੇ ਖੇਤੀਬਾੜੀ ਨਾਲ ਜੁੜੇ ਧੰਦੇ ਦੇ ਲੋਕਾਂ 'ਤੇ ਪਵੇਗਾ। ਪੰਜਾਬ ਬਹੁਤ ਵਿਸ਼ਾਲ ਅਤੇ ਖੁਸ਼ਹਾਲ ਸੂਬਾ ਰਿਹਾ ਹੈ। ਸਰਹੱਦੀ ਸੂਬਾ ਹੋਣ ਦੇ ਬਾਵਜੂਦ ਇਥੋਂ ਦੇ ਲੋਕਾਂ ਨੇ ਤੰਗੀਆਂ-ਤੁਰਸ਼ੀਆਂ ਸਹਿਣ ਕਰਕੇ ਵੀ ਪੰਜਾਬ ਨੇ ਕੇਂਦਰੀ ਅੰਨ ਭੰਡਾਰ ਵਿਚ ਹਰੀ ਕ੍ਰਾਂਤੀ, ਚਿੱਟੀ ਕ੍ਰਾਂਤੀ, ਨੀਲੀ ਕ੍ਰਾਂਤੀ ਦੇ ਰੂਪ ਵਿਚ ਵੱਡਾ ਯੋਗਦਾਨ ਪਾਇਆ ਹੈ। ਪਰ ਹੁਣ ਪੰਜਾਬ ਨੂੰ ਵੱਡੇ ਵਪਾਰੀਆਂ ਦੇ ਰਹਿਮੋ-ਕਰਮ 'ਤੇ ਛੱਡ ਦੇਣਾ, ਪੰਜਾਬ ਤੇ ਪੰਜਾਬ ਦੇ ਲੋਕਾਂ ਨਾਲ ਵੱਡੀ ਬੇਇਨਸਾਫ਼ੀ ਹੈ। ਕੇਂਦਰ ਸਰਕਾਰ ਨੂੰ ਪੰਜਾਬੀਆਂ ਦੀ ਦਿਲੋਂ ਉੱਠ ਰਹੀ ਹੂਕ ਅਤੇ ਪੰਜਾਬ ਵਿਚੋਂ ਉੱਠ ਰਹੇ ਵੱਡੇ ਰੋਹ ਨੂੰ ਸੰਤੁਸ਼ਟੀਕਰਨ ਤਰੀਕੇ ਨਾਲ ਹੱਲ ਕਰਨਾ ਚਾਹੀਦਾ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।

ਕਿਸਾਨਾਂ ਦਾ ਦਰਦ

ਅੱਜ ਸਾਡੀ ਸਰਕਾਰਾਂ ਸਮੇਂ-ਸਮੇਂ 'ਤੇ ਅਜਿਹੇ ਖੇਤੀ ਆਰਡੀਨੈਂਸਾਂ ਲੈ ਕੇ ਆਉਂਦੀ ਹੈ, ਜਿਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਖੇਤਾਂ ਵਿਚ ਘੱਟ ਅਤੇ ਸੜਕਾਂ 'ਤੇ ਉਤਰਨ ਲਈ ਜ਼ਿਆਦਾ ਮਜਬੂਰ ਹੋਣਾ ਪੈਂਦਾ ਹੈ। ਸਰਕਾਰ ਜਿਹੜੀ ਮਰਜ਼ੀ ਬਣ ਜਾਵੇ, ਕਦੇ ਵੀ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਮਿਲਦਾ।
ਸਾਡੇ ਵਰਗਾ ਸ਼ਹਿਰ ਵਿਚ ਜੰਮਿਆ ਪਲਿਆ ਵਿਅਕਤੀ ਜਦ ਵੀ ਕਿਸਾਨਾਂ ਦੇ ਧਰਨੇ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਪੜ੍ਹਦਾ ਹੈ ਤਾਂ ਕੋਸਦਾ ਹੈ ਕਿ 'ਇਹ ਵਿਹਲੇ ਨੇ ਜੋ ਦੂਜੇ ਦਿਨ ਧਰਨਾ ਲਾ ਕੇ ਬੈਠ ਜਾਂਦੇ ਹਨ।' ਪਰ ਅਸੀਂ ਕਦੇ ਇਹ ਨਹੀਂ ਸੋਚਦੇ ਕਿ ਕਿਸਾਨ ਕਿਸ ਮਜਬੂਰੀ ਕਰਕੇ ਏਨੀ ਜ਼ਿਆਦਾ ਗਰਮੀ, ਸਰਦੀ ਜਾਂ ਬਾਰਿਸ਼ ਦਾ ਮੌਸਮ ਹੋਣ ਦੇ ਬਾਵਜੂਦ ਸੜਕਾਂ 'ਤੇ ਬੈਠਾ ਹੈ। ਸਾਡੇ ਵਰਗੇ ਲੋਕ ਬੋਲਣ ਤੋਂ ਪਹਿਲਾਂ ਇਕ ਵਾਰ ਵੀ ਨਹੀਂ ਸੋਚਦੇ ਕਿ ਜੋ ਅਸੀਂ ਭੋਜਨ ਛਕ ਰਹੇ ਹਾਂ, ਉਹ ਕਿਸੇ ਕਿਸਾਨ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ। ਇਸੇ ਤਰ੍ਹਾਂ ਕਿਸਾਨ ਨੂੰ ਧਰਨੇ ਦੌਰਾਨ ਲਾਠੀ ਮਾਰਨ ਵਾਲਾ ਪੁਲਿਸ ਵਾਲਾ ਵੀ ਇਹ ਨਹੀਂ ਸੋਚਦਾ ਕਿ ਉਹ ਜਾਂ ਉਸ ਦਾ ਪਰਿਵਾਰ ਜੋ ਭੋਜਨ ਛਕਦਾ ਹੈ, ਉਹ ਇਕ ਕਿਸਾਨ ਦੇ ਖੇਤਾਂ ਵਿਚੋਂ ਆਉਂਦਾ ਹੈ ਪਰ ਇਕ ਕਿਸਾਨ ਦਾ ਦਰਦ ਸਿਰਫ ਇਕ ਕਿਸਾਨ ਹੀ ਸਮਝ ਸਕਦਾ ਹੈ।

-ਜਸ ਢੋਲੇਵਾਲ
ਬਾਨੀ ਅਤੇ ਮੁਖੀ, ਜ਼ਿੰਦਾਬਾਦ-ਏ-ਜ਼ਿੰਦਗੀ।

ਏਨੀ ਜ਼ਿਦ ਵੀ ਚੰਗੀ ਨਹੀਂ ਹੁੰਦੀ...

ਕਿਰਤੀ ਕਿਸਾਨਾਂ ਮਜ਼ਦੂਰਾਂ ਦੇ ਅੱਜ ਜੋ ਹਾਲਾਤ ਹਨ, ਕਿਸੇ ਤੋਂ ਵੀ ਛੁਪੇ ਨਹੀਂ ਹਨ। ਸੜਕਾਂ 'ਤੇ ਆਪਣੇ ਹੱਕਾਂ ਲਈ ਲੜਦੇ ਕਿਸਾਨਾਂ ਦਾ ਰੋਹ ਵਧ ਰਿਹਾ ਹੈ। ਅੱਖਾਂ ਅਤੇ ਕੰਨ ਹੁੰਦੇ ਹੋਏ ਵੀ ਕਿਸਾਨਾਂ ਦੀ ਦਸ਼ਾ ਕਿਸੇ ਨੂੰ ਦਿਸਦੀ ਨਹੀਂ ਅਤੇ ਆਵਾਜ਼ ਸੁਣਾਈ ਨਹੀਂ ਦਿੰਦੀ। ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਕਿਸਾਨ ਵਿਰੋਧੀ ਬਿੱਲਾਂ ਦਾ ਪਾਸ ਹੋਣਾ ਸਰਕਾਰ ਦੇ ਅੰਨ੍ਹੇੇ ਬੋਲੇ ਹੋਣ ਦਾ ਸਬੂਤ ਹੈ। ਜਨਤਾ ਦੀ ਆਵਾਜ਼ ਨਾ ਸੁਣਨਾ ਕਿਸੇ ਵੀ ਸਰਕਾਰ ਲਈ ਪਤਨ ਦਾ ਕਾਰਨ ਬਣਦੇ ਹਨ। ਜਿਸ ਅੰਨਦਾਤੇ ਦੇ ਉਗਾਏ ਅੰਨ ਨਾਲ ਪੇਟ ਭਰੇ ਜਾਂਦੇ ਹਨ, ਉਸੇ ਦੇ ਹੱਕਾਂ 'ਤੇ ਡਾਕਾ ਮਾਰਿਆ ਜਾ ਰਿਹਾ ਹੈ ਅਤੇ ਉਸ ਨੂੰ ਖ਼ੁਦਕੁਸ਼ੀ ਲਈ ਮਜਬੂਰ ਕੀਤਾ ਜਾ ਰਿਹਾ ਹੈ, ਕਿਸਾਨ ਦਾ ਲੱਕ ਤਾਂ ਪਹਿਲਾਂ ਹੀ ਟੁੱਟਿਆ ਹੋਇਆ ਹੈ, ਪਰ ਹੁਣ ਸਬਰ ਦਾ ਬੰਨ੍ਹ ਟੁੱਟਣ ਨਾਲ ਪਤਾ ਨਹੀਂ ਕਿੰਨੀਆਂ ਕੁ ਕੁਰਸੀਆਂ ਮੂਧੀਆਂ ਹੋਣਗੀਆਂ। ਲੋਕਤੰਤਰ ਲੋਕਾਂ ਦਾ ਰਾਜ ਹੈ। ਲੋਕਾਂ ਦੀ ਅਣਦੇਖੀ ਬੜੀ ਮਹਿੰਗੀ ਪੈ ਜਾਂਦੀ ਹੈ। ਲੋਕਾਂ ਖਿਲਾਫ਼ ਜਾਣ ਦੀ ਬਹੁਤ ਜ਼ਿਦ ਵੀ ਚੰਗੀ ਨਹੀਂ ਹੁੰਦੀ।

-ਅੰਮ੍ਰਿਤ ਕੌਰ (ਬਡਰੁੱਖਾਂ)
ਸੰਗਰੂਰ।

24-09-2020

 ਕਿਸਾਨ ਵਿਰੋਧੀ ਬਿੱਲ

ਕੇਂਦਰ ਦੀ ਸਰਕਾਰ ਵਲੋਂ ਜੋ ਆਰਡੀਨੈਂਸ ਲਾਗੂ ਕੀਤਾ ਗਿਆ, ਉਹ ਸਾਡੇ ਕਿਸਾਨਾਂ ਦਾ ਵਿਰੋਧੀ ਹੈ, ਜਿਸ ਨਾਲ ਪੰਜਾਬ ਦੇ ਕਿਸਾਨਾਂ ਦੀ ਖੇਤੀ ਤਬਾਹ ਹੋ ਜਾਵੇਗੀ ਤੇ ਕਿਸਾਨ ਆਰਥਿਕ ਪੱਖੋਂ ਬਿਲਕੁਲ ਕਮਜ਼ੋਰ ਹੋ ਜਾਣਗੇ ਜਿਸ ਕਰਕੇ ਪੰਜਾਬ ਦੇ ਕਿਸਾਨ ਤੇ ਬੁੱਧੀਜੀਵੀ ਵੀ ਚਿੰਤਤ ਹਨ। ਪਰ ਅਫ਼ਸੋਸ ਸਾਡੇ ਬਹੁਤੇ ਪਿੰਡਾਂ ਵਿਚ ਕਿਸਾਨ ਅਜੇ ਵੀ ਸਿਆਸੀ ਪਾਰਟੀ ਨਾਲ ਜੁੜੇ ਹੋਣ ਕਰਕੇ ਆਪਣੀ ਸਰਕਾਰ ਵਿਰੁੱਧ ਆਪਣੇ ਖੋਹੇ ਜਾ ਰਹੇ ਹੱਕਾਂ ਵਿਰੁੱਧ ਆਵਾਜ਼ ਉਠਾਉਣ ਲਈ ਧਰਨਿਆਂ 'ਤੇ ਨਹੀਂ ਜਾ ਰਹੇ, ਜੋ ਗ਼ਲਤ ਹੈ। ਪਿੰਡਾਂ ਦੇ ਸਾਰੇ ਕਿਸਾਨਾਂ ਨੂੰ ਆਪਣੇ ਹੱਕਾਂ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੜਨ ਦੀ ਲੋੜ ਹੈ। ਚਮਚਾਗਿਰੀ ਕਰਨ ਵਾਲੇ ਅੱਜ ਆਪਣੇ ਹੱਕਾਂ ਲਈ ਚੁੱਪ ਬੈਠੇ ਹਨ। ਇਨ੍ਹਾਂ ਨੇਤਾਵਾਂ ਨੇ ਕਿਸੇ ਨੂੰ ਕੁਝ ਨਹੀਂ ਦੇਣਾ। ਫਿਰ ਲੰਘਿਆ ਸਮਾਂ ਮੁੜ ਕਦੇ ਹੱਥ ਨਹੀਂ ਆਉਣਾ। ਹੁਣ ਸਾਡੇ ਪਿੰਡਾਂ ਦੇ ਲੋਕਾਂ ਨੂੰ ਆਪਣੇ ਹੱਕਾਂ ਲਈ ਇਕੱਠ ਹੋਣ ਦੀ ਬਹੁਤ ਲੋੜ ਹੈ। ਇਨ੍ਹਾਂ ਨੇਤਾਵਾਂ ਨੂੰ ਸਿਰਫ ਆਪਣੀਆਂ ਵੋਟਾਂ ਤੱਕ ਮਕਸਦ ਹੈ ਪਰ ਸਾਡੇ ਕਿਸਾਨ ਭਰਾਵਾਂ ਦਾ ਕੋਈ ਫ਼ਿਕਰ ਨਹੀਂ ਹੈ। ਇਹ ਸਭ ਸਿਆਸੀ ਲਾਹਾ ਲੈਣ ਲਈ ਡਰਾਮੇਬਾਜ਼ੀ ਕਰਦੇ ਹਨ। ਇਸ ਕਰਕੇ ਕਿਸਾਨ ਆਰਡੀਨੈਂਸ ਵਿਰੁੱਧ ਆਵਾਜ਼ ਦੇਣ ਲਈ ਏਕਤਾ ਬਣਾਉਣ, ਨਹੀਂ ਤਾਂ ਫਿਰ ਕਿਸਾਨੀ ਬਰਬਾਦ ਹੋ ਜਾਵੇਗੀ।

-ਸੁਖਦੇਵ ਸਿੱਧੂ ਕੁਸਲਾ
ਤਹਿ: ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ।

ਪੰਜਾਬ ਦੀ ਸਿੱਖਿਆ

ਪੰਜਾਬ ਵਿਚ ਸਿੱਖਿਆ ਦਾ ਹਾਲ ਡੁਬਦੇ ਸੂਰਜ ਵਰਗਾ ਹੋਇਆ ਪਿਆ ਹੈ। ਪਿਛਲੇ ਤਿੰਨ ਸਾਲ ਤੋਂ ਸਰਕਾਰੀ ਸਕੂਲਾਂ ਵਿਚ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਪ੍ਰੋਗਰਾਮ ਤਹਿਤ ਹਜ਼ਾਰਾਂ ਅਧਿਆਪਕ ਸਕੂਲਾਂ ਤੋਂ ਬਾਹਰ ਹੋ ਕੇ ਬਾਬੂ ਬਣੇ ਹੋਏ ਹਨ, ਜੋ ਵਿਹਲੇ ਸਰਕਾਰੀ ਤਨਖ਼ਾਹਾਂ ਲੈ ਕੇ ਅਨੰਦ ਮਾਣ ਰਹੇ ਹਨ। ਜਦੋਂ ਕਿ ਅਧਿਆਪਕ ਦਾ ਕੰਮ ਸਕੂਲ ਵਿਚ ਪੜ੍ਹਾਉਣਾ ਹੈ ਪਰ ਪਤਾ ਨਹੀਂ ਕਾਂਗਰਸ ਸਰਕਾਰ ਕਿਉਂ ਚੁੱਪ ਵੱਟੀ ਬੈਠੀ ਹੈ। ਹਜ਼ਾਰਾਂ ਬੇਰੁਜ਼ਗਾਰ ਨੌਕਰੀਆਂ ਲਈ ਤਰਲੇ ਪਾ ਰਹੇ ਹਨ। ਸਿੱਖਿਆ ਵਿਭਾਗ ਦੀ ਨਿਕੰਮੀ ਕਾਰਗੁਜ਼ਾਰੀ ਕਾਰਨ ਪੰਜਾਬ ਭਾਰਤ ਵਿਚ 17ਵੇਂ ਨੰਬਰ 'ਤੇ ਆਇਆ ਹੈ। ਸਰਕਾਰ ਜ਼ਰੂਰ ਇਸ ਵੱਲ ਧਿਆਨ ਦੇਵੇ ਕਿਉਂ ਜੋ ਗ਼ਰੀਬਾਂ ਦੇ ਬੱਚਿਆਂ ਦਾ ਭਵਿੱਖ ਸੰਵਰ ਸਕੇ।

-ਰਘਵੀਰ ਸਿੰਘ
ਪਿੰਡ ਮਾਜਰੀ, ਲੁਧਿਆਣਾ।

ਡਰਾਈਵਰਾਂ ਦੀ ਪੁਕਾਰ ਸੁਣੋ

ਟੈਕਸੀ ਡਰਾਈਵਰ ਸਾਡੇ ਸਮਾਜ ਦਾ ਅਹਿਮ ਅੰਗ ਹਨ। ਇਨ੍ਹਾਂ ਦੀ ਅਣਹੋਂਦ 'ਚ ਕੋਈ ਵੀ ਵਿਆਹ-ਸ਼ਾਦੀ ਜਾਂ ਖੁਸ਼ੀ ਗ਼ਮੀ ਦਾ ਸਮਾਗਮ ਨੇਪਰੇ ਚਾੜ੍ਹਨਾ ਲਗਪਗ ਅਸੰਭਵ ਹੀ ਹੈ। ਕਿਉਂਕਿ ਸਾਡੇ ਸਮਾਜ ਵਿਚ ਹਰ ਕਿਸੇ ਕੋਲ ਨਿੱਜੀ ਵਾਹਨ ਉਪਲਬਧ ਨਹੀਂ ਹੁੰਦੇ ਹਨ. ਪਰ ਅੱਜ ਦੇ ਸਮੇਂ 'ਚ ਕੋਰੋਨਾ ਮਹਾਂਮਾਰੀ ਦੇ ਕਹਿਰ ਨੇ ਜਿਥੇ ਸਾਡੇ ਸਮਾਜ ਦੇ ਹੋਰ ਵਰਗਾਂ ਨੂੰ ਆਰਥਿਕ ਤੌਰ 'ਤੇ ਅਸਹਿ ਨੁਕਸਾਨ ਪਹੁੰਚਾਇਆ ਹੈ, ਉਥੇ ਡਰਾਈਵਰੀ ਕਿੱਤੇ ਨਾਲ ਜੁੜੇ ਲੋਕਾਂ ਦੀ ਆਰਥਿਕ ਸਥਿਤੀ ਵੀ ਪਾਣੀਓਂ ਪਤਲੀ ਕਰਕੇ ਰੱਖ ਦਿੱਤੀ ਹੈ।
ਵੱਖ-ਵੱਖ ਬੈਂਕਾਂ ਜਾਂ ਫਾਈਨਾਂਸ ਕੰਪਨੀਆਂ ਤੋਂ ਕਰਜ਼ੇ 'ਤੇ ਗੱਡੀਆਂ ਲੈ ਕੇ ਆਪਣੇ ਪਰਿਵਾਰਾਂ ਲਈ ਰੋਜ਼ੀ-ਰੋਟੀ ਦਾ ਜੁਗਾੜ ਚਲਾ ਰਹੇ ਡਰਾਈਵਰ ਭਰਾਵਾਂ ਦਾ ਕੰਮਕਾਰ ਕੋਰੋਨਾ ਮਹਾਂਮਾਰੀ ਕਾਰਨ ਚੌਪਟ ਹੋ ਚੁੱਕਾ ਹੈ। ਅਸੀਂ ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗ ਨੂੰ ਅਪੀਲ ਕਰਦੇ ਹਾਂ ਕਿ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਗੱਡੀਆਂ ਦੀਆਂ ਕਿਸ਼ਤਾਂ ਮੋੜਨ ਦੀ ਘੱਟ ਤੋਂ ਘੱਟ ਦਸੰਬਰ 2021 ਤੱਕ ਛੋਟ ਦਿੱਤੀ ਜਾਵੇ ਅਤੇ ਟੈਕਸ, ਬੀਮਾ, ਪਾਸਿੰਗ ਲਾਇਸੰਸ, ਜੁਰਮਾਨੇ ਅਤੇ ਪੁਲਿਸ ਵਲੋਂ ਬਿਨਾਂ ਵਜ੍ਹਾ ਧੜਾਧੜ ਚਲਾਣ ਕੱਟਣ ਦੇ ਰੁਝਾਨ ਨੂੰ ਵੀ ਤੁਰੰਤ ਠੱਲ੍ਹਿਆ ਜਾਵੇ ਤਾਂ ਜੋ ਆਰਥਿਕ ਪੱਖੋਂ ਡਾਵਾਂਡੋਲ ਹੋ ਚੁੱਕੇ ਡਰਾਈਵਰ ਭਾਈਚਾਰੇ ਦੇ ਲੋਕਾਂ ਨੂੰ ਆਰਥਿਕ ਅਤੇ ਮਾਨਸਿਕ ਤੌਰ 'ਤੇ ਕੁਝ ਰਾਹਤ ਮਿਲ ਸਕੇ।

-ਯਸ਼ ਕੁਮਾਰ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

ਪ੍ਰਦੂਸ਼ਣ ਨੂੰ ਨੱਥ ਪਾਉਣ ਦੀ ਲੋੜ

ਓਜੋਨ ਪਰਤ ਬਾਰੇ ਜੋ ਅਸੀਂ ਪੜ੍ਹਦੇ ਆ ਰਹੇ ਹਾਂ, ਧਰਤੀ ਦੁਆਲੇ ਗਿਲਾਫ ਦੀ ਤਰ੍ਹਾਂ ਮੋਟੀ ਪਰਤ ਸ਼ਾਇਦ ਪ੍ਰਦੂਸ਼ਣ ਵਧਮ ਨਾਲ ਓਜੋਨ ਪਰਤ ਵਿਚ ਛੇਕ ਹੋ ਗਏ ਹਨ। ਇਸ ਦਾ ਕੁਝ ਹੱਦ ਤੱਕ ਜ਼ਿੰਮੇਵਾਰ ਖ਼ੁਦ ਮਨੁੱਖ ਹੈ, ਜੋ ਪ੍ਰਦੂਸਣ ਪੈਦਾ ਕਰ ਰਿਹਾ ਹੈ। ਸੂਰਜ ਦੀਆਂ ਹਾਨੀਕਾਰਕ ਪਰਾਵੈਂਗਨੀ ਕਿਰਨਾਂ ਸਿੱਧੀਆਂ ਛੇਕਾਂ ਵਿਚੋਂ ਧਰਤੀ ਉੱਪਰ ਪਹੁੰਚ ਕੇ, ਮਨੁੱਖ ਉੱਪਰ ਹਮਲਾ ਕਰਕੇ ਬਿਮਾਰੀਆਂ ਵਿਚ ਵਾਧਾ ਕਰਕੇ, ਬਨਸਪਤੀ, ਕੁਦਰਤੀ ਰੁੱਖ, ਪੌਦਿਆਂ, ਫ਼ਸਲਾਂ ਨੂੰ ਨੁਕਸਾਨ ਪਹੁੰਚਾ ਕੇ ਕੁਝ ਦਹਾਕਿਆਂ ਤੱਕ ਮਨੁੱਖੀ ਜਲ ਜੀਵਨ ਨੂੰ ਹੀ ਤਬਾਹ ਕਰ ਦੇਣਗੀਆਂ। ਓਜ਼ੋਨ ਪਰਤ ਨੂੰ ਬਚਾਉਣ ਲਈ ਪ੍ਰਦੂਸ਼ਣ, ਧਰਤੀ ਪ੍ਰਦੂਸ਼ਣ, ਹਵਾ ਪ੍ਰਦੂਸ਼ਣ, ਪਾਣੀ ਪ੍ਰਦੂਸ਼ਣ ਆਦਿ ਵਧਣ ਤੇ ਰੋਕਣ ਲਈ ਕਾਬੂ ਪਾਉਣਾ ਚਾਹੀਦਾ ਹੈ। ਰੁੱਖ ਲਗਾ ਕੇ ਮਿੱਟੀ ਕਟਾਵ, ਹੜ੍ਹਾਂ ਨੂੰ ਰੋਕਣ ਵਿਚ ਵੀ ਮਦਦ ਮਿਲੇਗੀ ਅਤੇ ਪ੍ਰਦੂਸ਼ਣ ਕੰਟਰੋਲ ਕਰਕੇ ਓਜੋਨ ਪਰਤ ਨੂੰ ਵੀ ਖ਼ਰਾਬ ਹੋਣ 'ਤੇ ਸੰਭਾਲਿਆ ਜਾਵੇਗਾ।
ਕੁਦਰਤੀ ਠੰਢੀਆਂ ਮਨ ਨੂੰ ਸ਼ਾਂਤ ਕਰਨ ਵਾਲੀਆਂ ਆਕਸੀਜਨ ਗੈਸ ਦੇਣ ਵਾਲਾ ਵਡਮੁੱਲਾ ਤੋਹਫ਼ਾ ਬੋਹੜ ਮੈਂ ਵੀ ਆਪਣੇ ਘਰ ਦੇ ਬਾਹਰ ਇਕ ਪਾਸੇ ਲਾਇਆ ਹੋਇਆ ਹੈ। ਲੋੜ ਹੈ ਸਮੂਹ ਮਨੁੱਖ ਸਾਥ ਦੇਵੇ ਅਤੇ ਇਕ-ਇਕ ਪੇੜ-ਪੌਦਾ ਜ਼ਰੂਰ ਲਗਾਓ। ਓਜ਼ੋਨ ਪਰਤ ਨੂੰ ਬਚਾਓ।

-ਬਬੀਤਾ ਘਈ
ਗੁਰੂ ਹਰਗੋਬਿੰਦ ਨਗਰ, ਮਿੰਨੀ ਛਪਾਰ, ਜ਼ਿਲ੍ਹਾ ਲੁਧਿਆਣਾ।

ਪੜ੍ਹਨ ਵਾਲਿਆਂ ਦੀ ਘਾਟ

ਬੱਚੇ ਨੂੰ ਜਨਮ ਵੇਲੇ ਹੀ ਉਂਗਲ ਨੂੰ ਸ਼ਹਿਦ ਲਾ ਕੇ ਤੇ ਪੁਸਤਕ ਨੂੰ ਛੁਹਾ ਕੇ ਗੁੜ੍ਹਤੀ ਦੇਣੀ ਚਾਹੀਦੀ ਹੈ। ਇਸ ਨਾਲ ਬੱਚੇ ਨੂੰ ਮੁੱਢ ਤੋਂ ਹੀ ਪੜ੍ਹਨ ਦੀ ਚੰਗੀ ਆਦਤ ਪੈ ਜਾਵੇ, ਚੰਗੀਆਂ ਪੁਸਤਕਾਂ ਮਨੁੱਖ ਨੂੰ ਜਿਊਣਾ ਤੇ ਜ਼ਿੰਦਗੀ ਮਾਨਣ ਦਾ ਚੱਜ ਦੱਸਦੀਆਂ ਹਨ। ਕਿਉਂਕਿ ਭਾਰਤ ਵਿਚ ਆਜ਼ਾਦੀ ਵੇਲੇ ਲਿਖਣ ਪੜ੍ਹਨ ਵਾਲਿਆਂ ਦੀ ਗਿਣਤੀ 4 ਕਰੋੜ ਸੀ, ਅੱਜ ਇਹ ਗਿਣਤੀ 50 ਕਰੋੜ ਹੈ। ਸੰਸਾਰ ਦੀ 82 ਕਰੋੜ 40 ਲੱਖ ਅਨਪੜ੍ਹ ਜਨਸੰਖਿਆ ਵਿਚ 42 ਕਰੋੜ 40 ਲੱਖ ਭਾਰਤੀ ਹਨ। ਮਤਲਬ ਸੰਸਾਰ ਦੀ 50 ਫ਼ੀਸਦੀ ਅਨਪੜ੍ਹ ਵਸੋਂ ਇਕੱਲੇ ਭਾਰਤ ਵਿਚ ਹੈ। ਸਾਨੂੰ ਹੁਣ ਤੋਂ ਹੀ ਡੂੰਘਾ ਸੋਚਣਾ ਹੋਵੇਗਾ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਜਿਸ ਤਰ੍ਹਾਂ ਪਾਣੀ ਦੀ ਘਾਟ ਸ਼ੁੱਧ ਵਾਤਾਵਰਨ ਦੀ ਘਾਟ ਉਸੇ ਤਰ੍ਹਾਂ ਪੜ੍ਹਨ ਵਾਲਿਆਂ ਦੀ ਘਾਟ ਵੀ ਹੋਣੀ ਲਾਜ਼ਮੀ ਹੋ ਜਾਵੇਗੀ।

-ਗੁਰਪ੍ਰੀਤ ਸਿੰਘ 'ਸੋਨੂੰ'
ਪਿੰਡ ਪ੍ਰੀਤ ਨਗਰ, ਅੰਮ੍ਰਿਤਸਰ।

ਕਿਤਾਬਾਂ

ਕਿਤਾਬਾਂ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਹਨ। ਇਨ੍ਹਾਂ ਦੀ ਸਾਡੇ ਰੋਜ਼ਾਨਾ ਜੀਵਨ ਵਿਚ ਬੜੀ ਵੱਡੀ ਮਹੱਤਤਾ ਹੈ। ਜਿਸ ਤਰ੍ਹਾਂ ਮਨੁੱਖ ਨੂੰ ਜੀਵਤ ਰਹਿਣ ਲਈ ਭੋਜਨ ਦੀ ਜ਼ਰੂਰਤ ਹੁੰਦੀ ਹੈ, ਠੀਕ ਉਸੇ ਤਰ੍ਹਾਂ ਹੀ ਮਨੁੱਖ ਨੂੰ ਉਸਾਰੂ ਜੀਵਨ ਜਿਊਣ ਲਈ ਚੰਗੇ ਵਿਚਾਰਾਂ ਦੀ ਜ਼ਰੂਰਤ ਹੁੰਦੀ ਹੈ। ਉਹ ਚੰਗੇ ਵਿਚਾਰ ਤਾਂ ਫਿਰ ਕਿਤਾਬਾਂ ਹੀ ਪ੍ਰਦਾਨ ਕਰਦੀਆਂ ਹਨ। ਕਿਤਾਬਾਂ ਦੇ ਇਤਿਹਾਸ ਨੂੰ ਅਤੇ ਇਨ੍ਹਾਂ ਦੇ ਮਹੱਤਵ ਨੂੰ ਜ਼ਰੂਰ ਸਮਝ ਲੈਣਾ ਚਾਹੀਦਾ ਹੈ। ਜੇਕਰ ਦੇਖਿਆ ਜਾਵੇ ਤਾਂ ਕਿਤਾਬਾਂ ਮਨੁੱਖ ਦੀਆਂ ਪੱਕੀਆਂ ਮਿੱਤਰ ਹਨ। ਕਿਤਾਬਾਂ ਹੀ ਚੰਗੇ ਮਿੱਤਰਾਂ ਦੀ ਤਰ੍ਹਾਂ ਸਾਡਾ ਉਤਸ਼ਾਹ ਅਤੇ ਆਤਮ-ਵਿਸ਼ਵਾਸ ਵਧਾਉਂਦੀਆਂ ਹਨ। ਇਹ ਸਾਡੇ ਗਿਆਨ ਵਿਚ ਵਾਧਾ ਕਰਦੀਆਂ ਹਨ। ਚੰਗੀਆਂ ਕਿਤਾਬਾਂ ਹੀ ਪਿਆਰ, ਸਦਭਾਵਨਾ ਅਤੇ ਗਿਆਨ ਫੈਲਾਉਂਦੀਆਂ ਹਨ। ਇਹ ਇਨਸਾਨ ਨੂੰ ਬੁੱਧੀਮਾਨ ਬਣਾ ਦਿੰਦੀਆਂ ਹਨ। ਕਿਤਾਬਾਂ ਦੁਆਰਾ ਪ੍ਰਾਪਤ ਕੀਤਾ ਗਿਆ ਗਿਆਨ ਹੀ ਮਨੁੱਖ ਨੂੰ ਸਰਬਉੱਤਮ ਬਣਾਉਂਦਾ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਦੁਨੀਆ ਦੇ ਵੱਡੇ-ਵੱਡੇ ਵਿਦਵਾਨ, ਅਗਾਂਹਵਧੂ ਦਾਰਸ਼ਨਿਕ ਅਤੇ ਚਤੁਰ ਰਾਜਨੀਤੀਵਾਨ ਕਿਤਾਬਾਂ ਦੀ ਹੀ ਤਾਂ ਦੇਣ ਹਨ। ਇਸ ਲਈ ਕਿਤਾਬਾਂ ਦੀ ਸੰਗਤ ਇਕ ਪਾਰਸ ਦੀ ਸੰਗਤ ਹੈ।

-ਰਾਮ ਕਿਸ਼ਨ (ਪ੍ਰਿੰਸੀਪਲ ਰਿਟਾ:)
ਪਿੰਡ ਤੇ ਡਾਕ: ਭੁੱਲਾਰਾਈ, ਤਹਿ: ਫਗਵਾੜਾ, ਜ਼ਿਲ੍ਹਾ ਕਪੂਰਥਲਾ।

23-09-2020

 ਇਹ ਖ਼ੁਦਕੁਸ਼ੀ ਨਹੀਂ
ਪਿਛਲੇ ਦਿਨੀਂ 'ਅਜੀਤ' ਵਿਚ ਪਿੰਡ ਬਾਦਲ 'ਚ ਧਰਨੇ 'ਤੇ ਬੈਠੇ 'ਪ੍ਰੀਤਮ ਸਿੰਘ' ਨਾਂਅ ਦੇ ਇਕ ਕਿਸਾਨ ਵਲੋਂ ਸਲਫਾਸ ਦੀ ਗੋਲੀ ਖਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਣ ਦੀ ਖ਼ਬਰ ਪੜ੍ਹੀ ਤਾਂ ਮਨ ਇਕਦਮ ਕੁਰਲਾ ਉੱਠਿਆ। ਇਸ ਬੇਵੱਸ ਤੇ ਮਜਬੂਰ ਕਿਸਾਨ ਨੇ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਫ਼ੈਸਲਿਆਂ ਤੋਂ ਅੱਕ ਕੇ ਇਹ ਮੰਦਭਾਗਾ ਕਦਮ ਉਠਾਇਆ ਹੈ। ਇਸ ਨੂੰ ਖ਼ੁਦਕੁਸ਼ੀ ਨਹੀਂ ਸਗੋਂ ਮੋਦੀ ਸਰਕਾਰ ਦੁਆਰਾ ਇਕ ਕਿਸਾਨ ਦਾ ਕੀਤਾ ਗਿਆ ਕਤਲ ਸਮਝਣਾ ਚਾਹੀਦਾ ਹੈ। ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਦੇਸ਼ ਦੇ ਅੰਨਦਾਤੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦਿਆਂ ਇਸ ਨੂੰ ਉਜਾੜਨ ਦੇ ਰਾਹ ਨਾ ਪਾਵੇ। ਇਸ ਲਈ ਕਿਸਾਨ ਡੋਬੂ ਫ਼ੈਸਲੇ ਲੈਣੇ ਤੁਰੰਤ ਬੰਦ ਕਰੇ।

-ਦਰਸ਼ਨ ਬਾਈ ਪੱਤੋ
ਪਿੰਡ ਤੇ ਡਾਕ ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।

ਕੇਂਦਰ ਸਰਕਾਰ ਦੁਬਾਰਾ ਗੌਰ ਕਰੇ
ਜੂਨ ਮਹੀਨੇ 'ਚ ਕੇਂਦਰ ਸਰਕਾਰ ਨੇ ਸੰਸਦ ਵਿਚ ਕਈ ਆਰਡੀਨੈਂਸ ਲਿਆਂਦੇ ਸਨ, ਜਿਸ ਵਿਚ ਤਿੰਨ ਆਰਡੀਨੈਂਸ ਖੇਤੀ ਖੇਤਰ ਨਾਲ ਸਬੰਧਿਤ ਸਨ, ਜਿਨ੍ਹਾਂ ਨੂੰ ਉਸ ਸਮੇਂ ਲਿਆਂਦਾ ਗਿਆ ਜਦੋਂ ਕੋਰੋਨਾ ਵਾਇਰਸ ਦਾ ਪ੍ਰਕੋਪ ਸਿਖ਼ਰਾਂ ਉੱਤੇ ਸੀ। ਸੱਤਾਧਾਰੀ ਪਾਰਟੀ ਨੇ ਉਸ ਵਕਤ ਨਾ ਤਾਂ ਵਿਰੋਧੀ ਧਿਰ ਨੂੰ ਅਤੇ ਨਾ ਹੀ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਭਰੋਸੇ ਵਿਚ ਲਿਆ ਸੀ। ਨਾ ਹੀ ਸੰਸਦ ਵਿਚ ਕੋਈ ਚਰਚਾ ਹੋਈ ਸੀ। ਹੁਣ ਜਦੋਂ ਪਾਰਲੀਮੈਂਟ ਦਾ ਮੌਨਸੂਨ ਇਜਲਾਸ ਚੱਲ ਰਿਹਾ ਹੈ ਤਾਂ ਲੋਕ ਸਭਾ ਅਤੇ ਰਾਜ ਸਭਾ ਵਿਚ ਇਹ ਬਿੱਲ ਪਾਸ ਕਰਵਾ ਲਏ ਗਏ ਹਨ। ਰਾਸ਼ਟਰਪਤੀ ਦੀ ਮਨਜ਼ੂਰੀ ਪਿੱਛੋਂ ਇਹ ਕਾਨੂੰਨ ਬਣ ਜਾਏਗਾ। ਇਸ ਦਾ ਸਿੱਧਾ ਅਸਰ ਮੰਡੀਕਰਨ ਨਾਲ ਸਬੰਧਿਤ ਆੜ੍ਹਤੀਆ, ਮਜ਼ਦੂਰ ਵਰਗ ਤੇ ਢੋਆ-ਢੁਆਈ ਵਿਚ ਲੱਗੀ ਟਰਾਂਸਪੋਰਟ ਆਦਿ ਉੱਪਰ ਪਏਗਾ। ਕਿਉਂਕਿ ਵੱਡੇ ਵਪਾਰੀ ਤੇ ਕਾਰਪੋਰੇਟ ਜਗਤ ਬਿਨਾਂ ਕਿਸੇ ਵਿਚੋਲੇ ਜਾਂ ਸਰਕਾਰੀ ਖ਼ਰੀਦ ਏਜੰਸੀਆਂ ਦੇ ਕਿਸਾਨ ਦੀ ਫ਼ਸਲ ਸਿੱਧੀ ਖ਼ਰੀਦ ਸਕਣਗੇ। ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਪ੍ਰਾਂਤ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ। ਕੇਂਦਰ ਸਰਕਾਰ ਨੂੰ ਲੋਕਾਂ ਦੇ ਰੋਸ ਨੂੰ ਦੇਖਦਿਆਂ ਆਪਣੇ ਫ਼ੈਸਲੇ 'ਤੇ ਦੁਬਾਰਾ ਗ਼ੌਰ ਕਰਨੀ ਚਾਹੀਦੀ ਹੈ।

-ਮੰਗਲ ਮੀਤ
ਪਿੰਡ ਤੇ ਡਾਕ ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।

ਲਾਇਬ੍ਰੇਰੀਆਂ
ਸਾਨੂੰ ਲਾਇਬ੍ਰੇਰੀਆਂ ਦੇ ਬਹੁਤ ਲਾਭ ਹਨ। ਲਾਇਬ੍ਰੇਰੀਆਂ ਵਿਚ ਬੁੱਧੀਵਾਨ ਵਰਗ ਇਕੱਠਾ ਹੁੰਦਾ ਹੈ। ਇਥੇ ਮਨੁੱਖ ਕਿਤਾਬਾਂ ਪੜ੍ਹ ਕੇ ਗਿਆਨ ਵਿਚ ਵਾਧਾ ਕਰ ਸਕਦਾ ਹੈ। ਪਰ ਅਸੀਂ ਲਾਇਬ੍ਰੇਰੀ ਤੋਂ ਮਤਲਬ ਕਿਤਾਬਾਂ ਦੀਆਂ ਲਾਇਬ੍ਰੇਰੀਆਂ ਨੂੰ ਸਮਝਦੇ ਹਾਂ। ਪਰ ਨਵੇਂ-ਪੁਰਾਣੇ ਅਖ਼ਬਾਰਾਂ ਨੂੰ ਲਾਇਬ੍ਰੇਰੀਆਂ ਵਿਚ ਥਾਂ ਦੇਣੀ ਚਾਹੀਦੀ ਹੈ। ਫਿਲਾਸਫਰਾਂ, ਬੁੱਧੀਜੀਵੀਆਂ, ਵਿਗਿਆਨੀਆਂ ਦੀ ਰੂਹ ਵਸਦੀ ਹੈ। ਇਸ ਲਈ ਸਾਰੀਆਂ ਹੀ ਲਾਇਬ੍ਰੇਰੀਆਂ ਵਿਚ ਨਵੇਂ ਅਤੇ ਪੁਰਾਣੇ ਅਖ਼ਬਾਰ ਜ਼ਰੂਰ ਹੋਣੇ ਚਾਹੀਦੇ ਹਨ ਤਾਂ ਕਿ ਲੋੜਵੰਦ ਪਾਠਕ ਵੀ ਲਾਹਾ ਲੈ ਸਕਣ।

-ਡਾ: ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਮੁਕਤਸਰ ਸਾਹਿਬ।

ਪੰਜਾਬੀ ਭਾਸ਼ਾ ਨਾਲ ਵਿਤਕਰਾ ਕਿਉਂ?
ਪੰਜਾਬੀ ਭਾਸ਼ਾ ਨਾਲ ਵਿਤਕਰਾ ਲਗਾਤਾਰ ਜਾਰੀ ਹੈ। ਕੁਝ ਦਿਨ ਪਹਿਲਾਂ ਜੰਮੂ-ਕਸ਼ਮੀਰ 'ਚ ਭਾਸ਼ਾ ਸਬੰਧੀ ਬਿੱਲ ਵਿਚੋਂ ਪੰਜਾਬੀ ਭਾਸ਼ਾ ਨੂੰ ਬਾਹਰ ਕਰ ਦਿੱਤਾ ਗਿਆ, ਜੋ ਕਿ ਕੇਂਦਰ ਸਰਕਾਰ ਦਾ ਮੰਦਭਾਗਾ ਫੈਸਲਾ ਸੀ ਅਤੇ ਹੁਣ ਰਾਜਸਥਾਨ ਸਰਕਾਰ ਨੇ ਵੀ ਪੰਜਾਬੀ ਭਾਸ਼ਾ ਨੂੰ ਤੀਜੀ ਭਾਸ਼ਾ ਵਜੋਂ ਮਾਨਤਾ ਜਾਰੀ ਨਾ ਰੱਖਣ ਦੇ ਆਦੇਸ਼ ਦੇ ਦਿੱਤੇ ਹਨ ਜੋ ਕਿ ਪੰਜਾਬੀ ਭਾਸ਼ਾ ਨਾਲ ਬਹੁਤ ਵੱਡਾ ਵਿਤਕਰਾ ਹੈ, ਜਿਥੇ ਕਿ ਵਿਦੇਸ਼ਾਂ 'ਚ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਰਜਾ ਦਿੱਤਾ ਜਾ ਰਿਹਾ ਹੈ, ਜਿਵੇਂ ਕਿ ਕੈਨੇਡਾ ਪਰ ਆਪਣੇ ਹੀ ਮੁਲਕ ਭਾਰਤ ਵਿਚ ਪੰਜਾਬੀ ਭਾਸ਼ਾ ਨਾਲ ਲਗਾਤਾਰ ਬੇਇਨਸਾਫੀ ਹੋ ਰਹੀ ਹੈ।

-ਪ੍ਰਭਜੋਤ ਸਿੰਘ ਮਦਾਨ
ਤਾਜਪੁਰ ਰੋਡ, ਲੁਧਿਆਣਾ।

ਮਾਨਸਿਕ ਤਣਾਅ ਨੂੰ ਮਾਤ
ਕੋਰੋਨਾ ਮਹਾਂਮਾਰੀ ਦੇ ਚਲਦਿਆਂ ਅੱਜ ਕਈ ਲੋਕ ਆਪਣੀਆਂ ਨੌਕਰੀਆਂ ਗਵਾ ਚੁੱਕੇ ਹਨ ਤੇ ਕਈਆਂ ਦੇ ਕਾਰੋਬਾਰ ਬੰਦ ਹੋ ਚੁੱਕੇ ਹਨ। ਇਨ੍ਹਾਂ ਹਾਲਾਤਾਂ ਦੇ ਚਲਦਿਆਂ ਬਹੁਤ ਸਾਰੇ ਲੋਕ ਮਾਨਸਿਕ ਤਣਾਅ ਦਾ ਸ਼ਿਕਾਰ ਹੁੰਦੇ ਹਨ ਜਾ ਰਹੇ ਹਨ ਅਤੇ ਦੇਖਿਆ ਜਾਵੇ ਤਾਂ ਇਹ ਤਣਾਅ ਘਰੇਲੂ ਹਿੰਸਾ ਦਾ ਕਾਰਨ ਬਣਦਾ ਜਾ ਰਿਹਾ ਹੈ। ਇਸ ਲਈ ਜ਼ਰੂਰੀ ਹੈ ਕਿ ਪਰਿਵਾਰਕ ਜੀਆਂ ਨੂੰ ਆਪਸ ਵਿਚ ਖੁੱਲ੍ਹ ਕੇ ਆਪਣੀਆਂ ਭਾਵਨਾਵਾਂ ਦੱਸਣ ਦੀ ਲੋੜ ਹੈ ਤਾਂ ਕਿ ਸਾਰੇ ਜਣੇ ਮਿਲ ਕੇ ਇਕ-ਦੂਜੇ ਦਾ ਹੌਸਲਾ ਵਧਾਉਣ। ਪਰਿਵਾਰਕ ਏਕਤਾ ਨਾਲ ਹੀ ਇਹ ਜੰਗ ਜਿੱਤਣੀ ਸੰਭਵ ਹੈ।

-ਅਰਵਿੰਦਰ ਰਾਏਕੋਟ

ਇਨਸਾਫ਼ ਜ਼ਰੂਰੀ ਹੈ...
'ਜੈ ਜਵਾਨ, ਜੈ ਕਿਸਾਨ' ਸਾਡੇ ਭਾਰਤ ਦੇਸ਼ ਵਿਚ ਇਹ ਨਾਅਰਾ ਲਗਾਇਆ ਜਾਂਦਾ ਹੈ। ਜਿਥੇ ਸਾਡੇ ਦੇਸ਼ ਦੇ ਜਵਾਨ ਸਰਹੱਦਾਂ 'ਤੇ ਦਿਨ-ਰਾਤ ਗਰਮੀ-ਸਰਦੀ ਨੂੰ ਸਹਾਰਦੇ ਹੋਏ ਪਹਿਰਾ ਦਿੰਦੇ ਹਨ ਤਾਂ ਕਿ ਸਾਡੇ ਦੇਸ਼ ਦੀ ਜਨਤਾ ਆਪਣੇ ਘਰਾਂ ਵਿਚ ਆਰਾਮ ਨਾਲ ਰਹਿ ਸਕਣ, ਉਥੇ ਹੀ ਸਾਡੇ ਦੇਸ਼ ਦੇ ਕਿਸਾਨ ਹੱਡ ਭੰਨਵੀਂ ਮਿਹਨਤ ਨਾਲ ਦਿਨ-ਰਾਤ ਖੇਤਾਂ ਵਿਚ ਕੰਮ ਕਰਦੇ ਹਨ, ਸਾਰੇ ਦੇਸ਼ ਦਾ ਢਿੱਡ ਭਰਦੇ ਹਨ।
ਅੱਜ ਸਾਡੇ ਦੇਸ਼ ਦਾ ਕਿਸਾਨ ਪ੍ਰੇਸ਼ਾਨ ਹੈ, ਉਸ ਦੇ ਨਾਲ ਧੱਕਾ ਹੋ ਰਿਹਾ ਹੈ। ਸਰਕਾਰ ਨੇ ਨਵੇਂ ਬਿੱਲ ਲੈ ਆਂਦੇ ਹਨ ਜਿਸ ਨਾਲ ਕਿਸਾਨਾਂ ਦੀ ਹਾਲਤ ਹੋਰ ਖ਼ਰਾਬ ਹੋ ਜਾਵੇਗੀ। ਇਨ੍ਹਾਂ ਦੇ ਨਾਲ-ਨਾਲ ਆੜ੍ਹਤੀਆਂ ਦੀ ਅਤੇ ਮਜ਼ਦੂਰਾਂ ਦੀ ਆਰਥਿਕ ਸਥਿਤੀ 'ਤੇ ਵੀ ਅਸਰ ਪਵੇਗਾ। ਇਥੇ ਹੀ ਬੱਸ ਨਹੀਂ, ਦੇਸ਼ ਦੀ ਆਮ ਜਨਤਾ ਨੂੰ ਵੀ ਮਹਿੰਗਾਈ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਵਪਾਰੀ ਆਪਣੀ ਮਰਜ਼ੀ ਨਾਲ ਫ਼ਸਲ ਦੀ ਖ਼ਰੀਦ ਕਰਨਗੇ। ਕਿਸਾਨਾਂ ਤੋਂ ਘੱਟ ਰੇਟ 'ਤੇ ਫ਼ਸਲ ਖ਼ਰੀਦ ਕੇ ਮਹਿੰਗੇ ਭਾਅ ਵਿਚ ਵੇਚਣਗੇ। ਇਸ ਲਈ ਸਾਨੂੰ ਸਾਰਿਆਂ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ। ਜੇਕਰ ਸਾਡੇ ਦੇਸ਼ ਦਾ ਕਿਸਾਨ ਖੁਸ਼ਹਾਲ ਹੈ ਤਾਂ ਅਸੀਂ ਵੀ ਸਭ ਖੁਸ਼ਹਾਲ ਹਾਂ।

-ਅਰਸ਼ਦੀਪ ਸਿੰਘ ਢੋਟੀਆਂ
ਨਿਸ਼ਾਨ-ਏ-ਸਿੱਖੀ ਖਡੂਰ ਸਾਹਿਬ।

22-09-2020

 ਕਿਸਾਨਾਂ ਦਾ ਉਜਾੜਾ
ਜਿਵੇਂ ਪਹਿਲਾਂ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਲੋਕ ਸਭਾ ਅਤੇ ਰਾਜ ਸਭਾ ਵਿਚ ਕਿਸਾਨ ਵਿਰੋਧੀ ਬਿੱਲ ਕਿਸਾਨਾਂ ਨੂੰ ਬਿਨਾਂ ਕਿਸੇ ਭਰੋਸੇ ਵਿਚ ਲਏ ਅਤੇ ਪੰਜਾਬ ਸੰਸਦ ਮੈਂਬਰਾਂ ਦੇ ਜ਼ੋਰਦਾਰ ਵਿਰੋਧ ਦੇ ਬਾਅਦ ਵੀ ਪਾਸ ਕਰ ਦਿੱਤੇ ਗਏ ਹਨ। ਹਰਸਿਮਰਤ ਕੌਰ ਬਾਦਲ ਨੇ ਮੰਤਰੀ ਮੰਡਲ 'ਚੋਂ ਅਸਤੀਫ਼ਾ ਦੇ ਦਿੱਤਾ। 73 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਇਆਂ ਨੂੰ। ਪੰਜਾਬੀਆਂ ਨਾਲ ਹਮੇਸ਼ਾ ਧੱਕਾ ਹੀ ਹੁੰਦਾ ਰਿਹਾ। ਚਾਹੇ ਸਰਕਾਰ ਕਾਂਗਰਸ ਦੀ ਹੋਵੇ ਚਾਹੇ ਅਕਾਲੀ ਭਾਜਪਾ ਦੀ ਹੋਵੇ, ਅਜੇ ਤੱਕ ਪੰਜਾਬੀ ਬੋਲਦੇ ਇਲਾਕੇ, ਪਾਣੀ ਵਾਲੇ ਮਸਲੇ, ਚੰਡੀਗੜ੍ਹ ਦਾ ਮਸਲਾ, ਚਾਹੇ 1984 ਦਾ ਦੁਖਾਂਤ ਹੋਵੇ। ਮੋਦੀ ਆਪਣੇ ਗੁਜਰਾਤ ਵਿਚ ਪੰਜਾਬੀ ਕਿਸਾਨਾਂ ਦਾ ਉਜਾੜਾ, ਮੇਘਾਲਿਆ ਵਿਚ ਪੰਜਾਬੀਆਂ ਨਾਲ ਵਿਤਕਰਾ, ਜੰਮੂ ਕਸ਼ਮੀਰ ਵਿਚੋਂ ਪੰਜਾਬੀ ਭਾਸ਼ਾ ਦਾ ਖ਼ਾਤਮਾ, ਇਹ ਸਾਰਾ ਸਾਡੇ ਪੰਜਾਬੀਆਂ ਨਾਲ ਬਹੁਤ ਵੱਡਾ ਧੱਕਾ ਹੈ। ਅਜੇ ਬੇਅਦਬੀ ਦੇ ਮਸਲੇ ਹੱਲ ਨਹੀਂ ਹੋਏ, ਨੌਜਵਾਨ ਬੇਰੁਜ਼ਗਾਰ ਫਿਰਦੇ ਹਨ, ਇਸ ਖੇਤੀ ਬਿੱਲਾਂ ਕਰਕੇ ਕਿਸਾਨ ਆਪਣੀ ਜ਼ਮੀਨਾਂ ਤੋਂ ਹੱਥ ਧੋ ਬੈਠਣਗੇ। ਆੜ੍ਹਤੀਏ, ਨੌਕਰੀ ਪੇਸ਼ਾ ਲੋਕ, ਮਜ਼ਦੂਰ, ਖੇਤੀਬਾੜੀ ਦੇ ਸੰਦ ਬਣਾਉਣ ਵਾਲੇ ਬੂਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਨਿੱਜੀਕਰਨ ਕਿਸੇ ਵੀ ਦੇਸ਼ ਵਿਚ ਕਾਮਯਾਬ ਨਹੀਂ ਹੋਇਆ ਹੈ। 17 ਸਤੰਬਰ ਦਾ ਦਿਨ ਪੰਜਾਬ ਦੇ ਇਤਿਹਾਸ ਦਾ ਕਾਲਾ ਦਿਨ ਗਿਣਿਆ ਜਾਵੇਗਾ। ਅਕਾਲੀ ਦਲ ਨੂੰ ਭਾਜਪਾ ਨਾਲੋ ਤੋੜ-ਵਿਛੋੜਾ ਕਰਨਾ ਪਵੇਗਾ।

-ਡਾ: ਨਰਿੰਦਰ ਭੱਪਰ ਝਬੇਲਵਾਲੀ
ਪਿੰਡੇ ਤੇ ਡਾਕਾਖਾਨਾ ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਸਰਕਾਰ ਦੀ ਬੇਰੁਖ਼ੀ
ਅੱਜ ਜੋ ਫ਼ੈਸਲਾ ਸਰਕਾਰ ਨੇ ਕਿਸਾਨਾਂ ਲਈ ਲਿਆ ਹੈ, ਕੀ ਉਹ ਕਿਸਾਨਾਂ ਲਈ ਲਾਭਦਾਇਕ ਸਾਬਤ ਹੋ ਸਕੇਗਾ? ਉਂਜ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਸਾਡਾ ਕਿਸਾਨ, ਅੰਨਦਾਤਾ ਹੀ ਕੋਹਲੂ ਦੇ ਬੈਲ ਵਾਂਗ ਮਿਹਨਤ ਕਰਕੇ ਆਪਣੀ ਸੋਨੇ ਵਰਗੀ ਫ਼ਸਲ ਨੂੰ ਰੁਲਦਾ ਵੇਖ ਭਰੇ ਮਨ ਨਾਲ ਘਰ ਪਰਤੇਗਾ ਤਾਂ ਉਸ ਨਾਲ ਕੀ ਵਾਪਰੇਗੀ? ਕਿਉਂਕਿ ਪਹਿਲਾਂ ਤਾਂ ਫ਼ਸਲ ਦੀ ਲਵਾਈ, ਕਟਾਈ, ਛਡਾਈ ਦੇ ਕੰਮਾਂ ਵਿਚ ਮਹਿੰਗੇ ਮੁੱਲ ਦੀ ਲੇਬਰ ਪਈ ਹੈ ਅਤੇ ਹੁਣ ਜੇਕਰ ਫ਼ਸਲ ਵਿਕਣ ਦੀ ਵਾਰੀ ਆਉਣੀ ਹੈ ਤਾਂ ਸਰਕਾਰਾਂ ਨਵੇਂ ਕਾਨੂੰਨ ਬਣਾ ਕਿਸਾਨਾਂ ਨੂੰ ਸਤਾ ਰਹੀਆਂ ਹਨ। ਜੇਕਰ ਅੰਨਦਾਤਾ ਹੀ ਨਾ ਰਿਹਾ ਤਾਂ ਕਿਸੇ ਦੇ ਘਰ ਵਿਚ ਰੋਟੀ ਨਹੀਂ ਪੱਕਣੀ, ਦੁੱਧ ਦਾ ਘੁੱਟ ਨਹੀਂ ਮਿਲਣਾ, ਹੋਰ ਤਾਂ ਹੋਰ ਕਿਸਾਨਾਂ ਤੋਂ ਸਸਤੀ ਮੱਕੀ, ਬਾਜਰਾ, ਜੌ ਅਤੇ ਸਬਜ਼ੀਆਂ ਸਸਤੇ ਮੁੱਲ ਖ਼ਰੀਦ ਕੇ ਜਿਹੜੇ ਚਾਰ ਕੁ ਦਾਣੇ ਮੱਕੀ ਦੇ ਪੌਪਕੋਨ ਕਹਿ ਕੇ ਮਹਿੰਗੇ ਮੁੱਲ ਵੇਚਦੇ ਹੋ, ਅਜਿਹੀ ਚੀਜ਼ ਵੀ ਨਹੀਂ ਮਿਲਣੀ। ਸੋ, ਸਰਕਾਰਾਂ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀ ਫ਼ਸਲ ਦਾ ਸਹੀ ਸਮੇਂ, ਸਹੀ ਰੇਟ ਲਗਾ ਕੇ ਬਣਦਾ ਹੱਕ ਦਿੱਤਾ ਜਾਵੇ ਅਤੇ ਹਰ ਫ਼ੈਸਲਾ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖ ਕੇ ਕਿਸਾਨਾ ਦੇ ਫਾਇਦੇ ਵਾਲਾ ਲਿਆ ਜਾਵੇ ਤਾਂ ਜੋ ਕਿਸਾਨ ਆਪਣੇ ਪੈਰਾ ਸਿਰ ਖੜ੍ਹਾ ਹੋ ਸਕੇ ਅਤੇ ਆਪਣੇ ਪਰਿਵਾਰ ਪਾਲ ਸਕੇ।

-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।

ਬਹਿਸ ਅਤੇ ਜ਼ਿਦ
15 ਸਤੰਬਰ ਦਿਨ ਮੰਗਲਵਾਰ ਨੂੰ ਸੰਪਾਦਕ ਦੇ ਨਾਂਅ 'ਚ ਇਕ ਪਾਠਕ ਗੁਰਪ੍ਰੀਤ ਸਿੰਘ ਜਖਵਾਲੀ ਨੇ ਆਪਣੇ ਖ਼ਤ 'ਚ ਲਿਖਿਆ ਹੈ ਕਿ ਬਹਿਸ ਅਤੇ ਜ਼ਿਦ ਨਹੀਂ ਕਰਨੀ ਚਾਹੀਦੀ। ਪਾਠਕ ਦੇ ਮੁਤਾਬਿਕ ਬਹਿਸ ਅਤੇ ਜ਼ਿਦ ਨਾਲ ਮਸਲੇ ਵਿਗੜ ਜਾਂਦੇ ਹਨ। ਮੈਂ ਬਿਲਕੁਲ ਸਹਿਮਤ ਨਹੀਂ ਹਾਂ। ਇਥੇ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਿਸਾਲ ਦੇ ਸਕਦਾ ਹਾਂ। ਉਨ੍ਹਾਂ ਨੇ ਆਪਣੇ ਜੀਵਨ ਵਿਚ ਬਹੁਤ ਵਾਰ ਕਈ ਬਹਿਸਾਂ ਵਿਚ ਹਿੱਸਾ ਲਿਆ ਸੀ ਅਤੇ ਗਿਆਨ ਸਦਕਾ ਆਪਣੀ ਗੱਲ ਨੂੰ ਦੂਜਿਆਂ ਨੂੰ ਮੰਨਣ ਲਈ ਝੁਕਾ ਦਿੱਤਾ ਸੀ। ਹਾਂ, ਕਿਸੇ ਮੂਰਖ ਅਤੇ ਅਗਿਆਨੀ ਨਾਲ ਬਹਿਸ ਕਰਨੀ ਸਿਆਣੇ ਬੰਦੇ ਲਈ ਮੂਰਖਤਾ ਵਾਲੀ ਗੱਲ ਹੈ। ਦੂਸਰਾ ਜ਼ਿਦ ਬਾਰੇ ਵੀ ਪਾਠਕ ਦੇ ਵਿਚਾਰ ਗ਼ਲਤ ਹਨ। ਇਥੇ ਪਿਛਲੇ ਦਿਨੀਂ ਦਿੱਲੀ ਤੋਂ ਰਾਂਚੀ ਜਾ ਰਹੀ ਇਕ ਕਾਨੂੰਨ ਦੀ ਵਿਦਿਆਰਥਣ ਦੀ ਯਾਦ ਕਰਵਾਉਂਦਾ ਹਾਂ ਜੋ ਕਿ ਦਿੱਲੀ ਤੋਂ ਰਾਂਚੀ ਰਾਜਧਾਨੀ ਐਕਸਪ੍ਰੈੱਸ ਰਾਹੀਂ ਸਫ਼ਰ ਕਰ ਰਹੀ ਸੀ। ਪਰ ਗੱਡੀ ਦੇ ਮੁਕਾਮ 'ਤੇ ਪਹੁੰਚਣ ਤੋਂ ਪਹਿਲਾਂ ਧਰਨਾ ਲੱਗੇ ਹੋਣ ਕਾਰਨ ਗੱਡੀ ਨੂੰ 200 ਕਿਲੋਮੀਟਰ ਡਮਟਾਲ ਗੰਜ ਸਟੇਸ਼ਨ 'ਤੇ ਸਵਾਰੀਆਂ ਨੂੰ ਉਤਰਨ ਲਈ ਆਖ ਦਿੱਤਾ ਗਿਆ। ਤਕਰੀਬਨ 900 ਦੇ ਕਰੀਬ ਯਾਤਰੀ ਉਤਰ ਕੇ ਬੱਸਾਂ ਰਾਹੀਂ ਰਾਂਚੀ ਪਹੁੰਚੇ ਸੀ। ਪਰ ਉਸ ਵਿਦਿਆਰਥਣ ਨੇ ਗੱਡੀ ਤੋਂ ਉਤਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਰਾਜਧਾਨੀ ਰਾਹੀਂ ਹੀ ਰਾਂਚੀ ਜਾਣ ਦੀ ਆਪਣੀ ਜ਼ਿਦ 'ਤੇ ਅੜੀ ਰਹੀ। ਉਸ ਦੀ ਜ਼ਿਦ ਅੱਗੇ ਰੇਲ ਮਹਿਕਮੇ ਨੂੰ ਹਾਰ ਮੰਨਣੀ ਪਈ ਸੀ ਅਤੇ ਇਕੱਲੀ ਲੜਕੀ ਅਨੰਨਿਆ ਚੌਧਰੀ ਨੂੰ 100 ਕਿਲੋਮੀਟਰ ਦੇ ਵਲੇਵੇਂ ਦਾ ਵੱਧ ਸਫ਼ਰ ਕਰਵਾ ਕੇ ਰਾਂਚੀ ਪਹੁੰਚਾਇਆ ਸੀ।

-ਪ੍ਰਵੀਨ ਧਵਨ
ਵਾਰਡ ਨੰ: 14, ਜਗਰਾਉਂ।

ਕੋਰੋਨਾ ਦੀ ਆੜ ਵਿਚ ਖੇਤੀ ਆਰਡੀਨੈਂਸ
ਕੋਰੋਨਾ ਸੰਕਟ ਪੂਰੇ ਵਿਸ਼ਵ ਵਿਚ ਮੰਡਰਾ ਰਿਹਾ ਹੈ, ਉਥੇ ਕੋਰੋਨਾ ਦੀ ਆੜ ਵਿਚ ਕੇਂਦਰ ਅਤੇ ਰਾਜ ਸਰਕਾਰਾਂ ਦੀ ਮਿਲੀ ਭੁਗਤ ਨਾਲ ਸਰਕਾਰ ਖੇਤੀ ਆਰਡੀਨੈਂਸ ਲੈ ਕੇ ਆਈ ਜਿਸ ਦੀ ਭਿਣਕ ਲੋਕਾਂ ਨੂੰ ਨਹੀਂ ਲੱਗਣ ਦਿੱਤੀ। ਇਹ ਖੇਤੀ ਆਰਡੀਨੈਂਸ ਪੰਜਾਬ ਦੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ। ਦੇਸ਼ ਦੀਆਂ ਵੱਖਵੱਖ ਪਾਰਟੀਆਂ ਅਤੇ ਉਨ੍ਹਾਂ ਦੇ ਆਗੂ ਰਾਜਨੀਤਕ ਰੋਟੀਆਂ ਸੇਕ ਰਹੇ ਹਨ। ਵਪਾਰ ਤੇ ਪੂੰਜੀਵਾਦ ਮਾਡਲ ਨੇ ਸਾਡੇ ਜੀਵਨ ਯਥਾਰਥ ਵਿਚ ਅਨੇਕਾਂ ਤਰ੍ਹਾਂ ਦੀਆਂ ਤਬਦੀਲੀਆਂ ਪੈਦਾ ਕੀਤੀਆਂ। ਦੇਸ਼ ਦਾ ਕਿਸਾਨ ਜਿਹੜਾ ਪੂਰੇ ਮੁਲਕ ਦਾ ਢਿੱਡ ਭਰਨ ਵਿਚ ਮੋਹਰੀ ਭੂਮਿਕਾ ਨਿਭਾਉਂਦਾ ਰਿਹਾ ਹੈ, ਅੱਜ ਉਸ ਦੀ ਹਾਲਤ ਹੀ ਤਰਸਯੋਗ ਹੋ ਗਈ ਹੈ। ਕਿਸਾਨ ਦੇਸ਼ ਦਾ ਅੰਨਦਾਤਾ ਹੈ, ਦੇਸ਼ ਦੇ ਅਰਥਚਾਰੇ ਵਿਚ ਕਿਸਾਨੀ ਦਾ ਵੱਡਾ ਹਿੱਸਾ ਹੈ। ਅੱਜ ਜਦੋਂ ਕਿਸਾਨਾਂ ਦੇ ਹੱਕਾਂ ਲਈ ਦੇਸ਼ ਦੇ ਵਿਚ ਧਰਨੇ ਲੱਗ ਰਹੇ ਹਨ। ਸਰਕਾਰ ਵੀ ਇਨ੍ਹਾਂ ਨੂੰ ਰੱਬ ਆਸਰੇ ਛੱਡ ਕੇ ਪਾਸਾ ਵੱਟ ਰਹੀ ਹੈ ਅਤੇ ਕੋਈ ਵੀ ਰਾਜਨੀਤਕ ਪਾਰਟੀਆਂ ਕਿਸਾਨਾਂ ਦਾ ਸਾਥ ਨਹੀਂ ਦੇ ਰਹੀਆਂ ਹਨ। ਖੇਤੀ ਆਰਡੀਨੈਂਸਾਂ ਉੱਪਰ ਵੱਖ-ਵੱਖ ਕਿਸਾਨਾਂ ਦੀਆਂ ਜਥੇਬੰਦੀਆਂ ਧਰਨੇ ਲਾ ਰਹੀਆਂ ਹਨ। ਕੇਂਦਰ ਸਰਕਾਰ ਦਾ ਡੱਟ ਕੇ ਵਿਰੋਧ ਹੋ ਰਿਹਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਵਿਚ ਜਾਣ ਲਈ ਉਤਾਵਲੀ ਹੋਈ ਬੈਠੀ ਹੈ। ਪੰਜਾਬੀ ਨੌਜਵਾਨਾਂ ਨੂੰ ਕਿਸਾਨਾਂ ਦੀਆਂ ਜਥੇਬੰਦੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਦੀ ਲੋੜ ਹੈ।

-ਪ੍ਰੋ: ਬਿਕਰਮਜੀਤ ਸਿੰਘ
ਪੰਜਾਬੀ ਵਿਭਾਗ, ਐਸ ਐਸ ਡੀ ਕਾਲਜ, ਬਰਨਾਲਾ।

ਮੀਡੀਆ ਦਾ ਫ਼ਰਜ਼
ਇਸ ਧਰਤੀ ਦੀ ਸਰਬਉੱਚ ਅਦਾਲਤ ਨੇ ਸੀ.ਬੀ.ਆਈ. ਨੂੰ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਕਰਨ ਲਈ ਅੱਗੇ ਤੋਰ ਦਿੱਤਾ ਸੀ ਤੇ ਸਾਰੀਆਂ ਏਜੰਸੀਆਂ ਆਪਣਾ ਕੰਮ ਵੀ ਕਰ ਰਹੀਆਂ ਹਨ। ਅੱਜ ਮੀਡੀਆ ਵਿਚ ਸਿਰਫ ਰੀਆ ਚੱਕਰਵਰਤੀ ਦੀਆਂ ਖ਼ਬਰਾਂ ਹੀ ਦਿਖ ਰਹੀਆਂ ਹਨ ਤੇ ਸਾਰੇ ਚੈਨਲਾਂ ਨੇ ਸਿਰਫ ਇਸ ਖ਼ਬਰ ਨੂੰ ਹੀ ਪਹਿਲ ਦਿੱਤੀ ਹੋਈ ਹੈ। ਆਮ ਆਦਮੀ, ਜੋ ਬਦਕਿਸਮਤੀ ਨਾਲ ਮਹਾਂਮਾਰੀ ਦੇ ਕਾਰਨ ਜਿਸ ਦੀ ਨੌਕਰੀ ਜਾ ਚੁੱਕੀ ਹੈ, ਉਹ ਲੋਕ ਜੋ ਹੜ੍ਹ ਤੋਂ ਪੀੜਤ ਹਨ ਤੇ ਹੋਰ ਵੀ ਕਈ ਮੁੱਦੇ ਹਨ। ਉਹ ਗ਼ਰੀਬ ਲੋਕ ਜਿਨ੍ਹਾਂ ਕੋਲ ਇਕ ਵਕਤ ਦੀ ਰੋਟੀ ਵੀ ਨਹੀਂ ਖਾਣ ਨੂੰ ਤੇ ਮੀਡੀਆ ਉਸ ਪਿੱਛੇ ਹੈ ਜਿਸ ਦਾ ਕੰਮ ਕਾਨੂੰਨ ਕਰ ਰਹੀ ਹੈ। ਸੁਪਰੀਮ ਕੋਰਟ ਆਪਣਾ ਕੰਮ ਕਰ ਰਹੀ ਹੈ। ਮੈਂ ਮੀਡੀਆ ਨੂੰ ਇਹੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਉਹ ਇਨ੍ਹਾਂ ਖ਼ਬਰਾਂ ਨੂੰ ਛੱਡ ਕੇ ਕੋਈ ਹੋਰ ਦੇਸ਼ ਦੀ ਖ਼ਬਰ ਨੂੰ ਵੀ ਚਲਾ ਸਕਦੇ ਹਨ ਜਾਂ ਹੋਰ ਕਿਸਮ ਦੀ ਸਮੱਗਰੀ ਪ੍ਰਸਾਰਿਤ ਕਰ ਸਕਦੇ ਹਨ।

-ਨੇਹਾ ਜਮਾਲ, ਮੁਹਾਲੀ।

21-09-2020

 ਕਿਸਾਨੀ ਦਾ ਦਰਦ
ਇਹ ਬਹੁਤ ਦੁੱਖ ਵਾਲੀ ਗੱਲ ਹੈ ਕਿ ਕੇ ਕਿਸਾਨ ਨੂੰ ਅੰਨਦਾਤਾ ਕਹਿਣ ਵਾਲੀ ਸਾਡੀ ਚੁਣੀ ਸਰਕਾਰ ਤੇ ਉਸ ਦੇ ਨੁਮਾਇੰਦੇ ਅੱਜ ਉਸੇ ਅੰਨਦਾਤਾ ਦੇ ਵਿਰੋਧ ਕਾਨੂੰਨ ਲਿਆ ਕੇ ਕਿਸਾਨ ਅਤੇ ਕਿਸਾਨੀ ਦਾ ਲੱਕ ਤੋੜਨ ਅਤੇ ਵੱਡੇ ਸਰਮਾਏਦਾਰਾਂ ਤੇ ਕਾਰਪੋਰੇਟ ਘਰਾਣਿਆਂ ਦੇ ਘਰ ਭਰਨ ਵਿਚ ਰੁੱਝੀ ਹੋਈ ਹੈ। ਇਹ ਇਕ ਬਹੁਤ ਵੱਡੀ ਤਰਾਸਦੀ ਹੈ, ਸਾਡੇ ਮੁਲਕ ਦੀ ਜਿਥੇ ਕਿਸਾਨੀ ਲਈ ਕਾਨੂੰਨ ਉਹ ਲੋਕ ਬਣਾ ਰਹੇ ਹਨ, ਜਿਨ੍ਹਾਂ ਆਪ ਕਦੇ ਖੇਤਾਂ 'ਚ ਪੈਰ ਨਹੀਂ ਧਰਿਆ। ਇਹ ਨਾ ਸੋਚਿਆ ਜਾਵੇ ਕਿ ਇਹ ਸਿਰਫ਼ ਕਿਸਾਨਾਂ ਦਾ ਮਸਲਾ ਹੈ ਕਿਉਂਕਿ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ, ਜਿਸ ਦੀ ਕਮਾਈ ਦਾ ਵੱਡਾ ਹਿੱਸਾ ਖੇਤੀ 'ਚੋਂ ਹੁੰਦਾ ਹੈ ਤੇ ਜੇ ਕਿਸਾਨੀ ਖਤਮ ਹੋਣ ਦੇ ਰਾਹੇ ਤੁਰਦੀ ਹੈ ਤਾਂ ਲਗਪਗ ਢਾਈ ਲੱਖ ਕਰੋੜ ਦੇ ਕਰਜ਼ੇ ਹੇਠ ਦੱਬੇ ਸਾਡੇ ਪੰਜਾਬ ਸੂਬੇ ਲਈ ਇਸ ਵਿੱਤੀ ਸੰਕਟ ਤੋਂ ਨਿਕਲਣਾ ਲਗਪਗ ਅਸੰਭਵ ਹੋ ਜਾਵੇਗਾ। ਕਿਸਾਨੀ ਨੂੰ ਵੱਡੇ ਸਰਮਾਏਦਾਰਾਂ ਦੇ ਹੱਥ ਵਿਚ ਜਾਣ ਤੋਂ ਬਚਾਉਣ ਦੀ ਜ਼ਰੂਰਤ ਹੈ।

-ਉਂਕਾਰ ਸਿੰਘ ਗਿੱਲ
ਵਿਦਿਆਰਥੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਾਕਮ ਕੰਨਾਂ 'ਚ ਰੂੰ
ਇਸ ਵੇਲੇ ਪੰਜਾਬ ਦੀਆਂ ਹਵਾਵਾਂ ਵਿਚ ਬੇਚੈਨੀ ਤੇ ਪਾਣੀਆਂ ਵਿਚ ਉਬਾਲ ਦੀ ਸਥਿਤੀ ਬਣੀ ਹੋਈ ਹੈ। ਹਰ ਪਿੰਡ-ਪਿੰਡ, ਗਲੀ-ਗਲੀ ਵਿਰੋਧ ਦੇ ਸੁਰ ਤੇਜ਼ ਹੋ ਚੁੱਕੇ ਹਨ। ਸਿਰ ਧੜ ਦੀ ਬਾਜ਼ੀ ਲਾਉਣ ਲਈ ਕਿਸਾਨ ਮਜ਼ਦੂਰ ਸੜਕ 'ਤੇ ਆ ਗਏ ਹਨ। ਫਿਰ ਵੀ ਦਿੱਲੀ ਦੇ ਹਾਕਮ ਕੰਨਾਂ ਵਿਚ ਰੂੰ ਦੇ ਕੇ ਸੁੱਤੇ ਪਏ ਹਨ। ਸ਼ਾਇਦ ਪ੍ਰਚੰਡ ਬਹੁਮਤ ਦਾ ਨਸ਼ਾ ਸਿਰ ਚੜ੍ਹ ਕੇ ਬੋਲ ਰਿਹਾ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਇਥੋਂ ਦਾ ਕਿਸਾਨ ਅਤੇ ਜਵਾਨ ਦੇਸ਼ ਲਈ ਕੁਰਬਾਨ ਹੋਣ ਲਈ ਸਦਾ ਅੱਗੇ ਰਹਿੰਦਾ ਹੈ। ਦੰਗੇ ਆਜ਼ਾਦੀ ਹੋਵੇ, ਚਾਹੇ ਪਗੜੀ ਸੰਭਾਲ ਜੱਟਾ ਲਹਿਰ ਜਾਂ ਫਿਰ ਗ਼ਦਰੀ ਬਾਬਿਆਂ ਦਾ ਗ਼ਦਰ ਪੰਜਾਬੀ ਲੋਕਾਂ ਨੇ ਵਧ ਚੜ੍ਹ ਕੇ ਭਾਗ ਲਿਆ ਹੈ। ਉਸ ਦਾ ਪ੍ਰਤੀਫਲ ਇਹ ਮਿਲਿਆ ਪੰਜਾਬ ਦੋ ਟੋਟੇ ਕਰ ਦਿੱਤਾ। ਪਾਣੀ ਵੰਡ 'ਤਾ, ਭਾਸ਼ਾ ਦਾ ਘਾਣ ਕੀਤਾ, ਰੁਜ਼ਗਾਰ ਦੇ ਮੌਕੇ ਬੰਦ ਕਰ ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਧੱਕਿਆ। ਪਰ ਪੰਜਾਬ ਫਿਰ ਵੀ ਵਸਦਾ ਰਿਹਾ। ਸ਼ਾਇਦ ਇਹੀ ਹੁਣ ਦਿੱਲੀ ਦੀ ਕੇਂਦਰੀ ਸਰਕਾਰ ਨੂੰ ਚੁੱਭਦਾ ਹੈ, ਜਿਸ ਕਰਕੇ ਇਸ ਦੀ ਕਿਸਾਨੀ ਨੂੰ ਤਬਾਹ ਕਰਨ ਹਿਤ ਖੇਤੀਬਾੜੀ ਐਕਟ ਪਾਸ ਕੀਤੇ ਗਏ ਹਨ, ਜਿਸ ਨਾਲ ਬਣਿਆ ਬਣਾਇਆ ਖੇਤੀ 'ਤੇ ਮੰਡੀ ਦਾ ਖਾਤਮਾ ਕਰ ਕਾਰਪੋਰੇਟ ਮਾਡਲ ਲਾਗੂ ਕੀਤਾ ਜਾਵੇਗਾ। ਜੋ ਕਿਸੇ ਤਰ੍ਹਾਂ ਵੀ ਕਿਸਾਨ ਤੇ ਖੇਤੀ ਦੇ ਹਿੱਤ ਵਿਚ ਨਹੀਂ। ਇਸ ਸਮੇਂ ਕਿਸਾਨ ਅਤੇ ਲੋਕ ਆਰ-ਪਾਰ ਦੀ ਲੜਾਈ ਦੇ ਮੂਡ ਵਿਚ ਹਨ। ਦਿੱਲੀ ਦਰਬਾਰ ਨਾਲ ਹੁਣ ਸਖਤ ਟੱਕਰ ਹੋਵੇਗੀ।

-ਵਿਵੇਕ
ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ।

ਮੈਂ ਕਿਸਾਨ ਹਾਂ
ਕਿਸਾਨਾਂ ਦੇ ਹੱਕ ਵਿਚ ਜਿਹੜਾ ਵੀ ਬੋਲੇਗਾ, ਉਹੀ ਕਿਸਾਨਾਂ ਦੀਆਂ ਨਜ਼ਰਾਂ ਵਿਚ ਸਹੀ ਨੇਤਾ ਹੋਵੇਗਾ। ਅੱਜਕਲ੍ਹ ਕਿਸਾਨਾਂ ਵਲੋਂ ਚਲਾਈ ਜਾ ਰਹੀ ਲਹਿਰ ਸਿਖਰਾਂ 'ਤੇ ਪਹੁੰਚ ਚੁੱਕੀ ਹੈ। ਅੰਨਦਾਤੇ ਆਰ-ਪਾਰ ਦੀ ਲੜਾਈ ਲੜਨ ਲਈ ਇਕਮੁੱਠ ਤੇ ਇਕ ਮੰਚ 'ਤੇ ਇਕੱਠੇ ਹੋ ਰਹੇ ਹਨ। ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਜੋ ਤਿੰਨ ਆਰਡੀਨੈਂਸ ਪਾਸ ਕੀਤੇ ਗਏ ਹਨ, ਉਨ੍ਹਾਂ ਨੂੰ ਕਿਸੇ ਵੀ ਕੀਮਤ'ਤੇ ਲਾਗੂ ਨਹੀਂ ਕੀਤਾ ਜਾਵੇਗਾ। ਸੜਕਾਂ 'ਤੇ ਕਿਸਾਨ ਤੇ ਸੰਸਦ ਵਿਚ ਮੈਂਬਰ ਆਵਾਜ਼ ਉਠਾਉਣ ਦੀ ਕੋਸ਼ਿਸ ਕਰ ਰਹੇ ਹਨ। 15 ਫ਼ੀਸਦੀ ਨੂੰ ਗਲੇ ਲਗਾ ਕੇ 85 ਫ਼ੀਸਦੀ ਨੂੰ ਅੱਖੋਂ ਪਰੋਖੇ ਕਰਨਾ ਗਲਤ ਗੱਲ ਹੈ। ਕਿਸਾਨਾਂ ਦੀ ਗੱਲ ਜ਼ਰੂਰ ਸੁਣਨੀ ਚਾਹੀਦੀ ਹੈ। ਅੰਨਦਾਤਿਆਂ ਨੂੰ ਪਹਿਲਾਂ ਹੀ ਕੁਦਰਤ ਦੀ ਬਹੁਤ ਮਾਰ ਪੈ ਚੁੱਕੀ ਹੈ। ਹੁਣ ਇਹ ਆਰਡੀਨੈਂਸਾਂ ਦੀ ਹੋਰ ਮਾਰ ਨਹੀਂ ਝੱਲ ਸਕਣਗੇ। ਜ਼ਰਾ ਇਨ੍ਹਾਂ ਬਾਰੇ ਜ਼ਰੂਰ ਸੋਚੋ ਜਿਹੜੇ ਰੁਲਦੇ ਫਿਰਦੇ ਨੇ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ, ਫ਼ਿਰੋਜ਼ਪੁਰ।

ਵਿੱਦਿਅਕ ਅਤੇ ਧਾਰਮਿਕ ਘੁਟਾਲੇ
ਪਿਛਲੇ ਦਿਨੀਂ 'ਅਜੀਤ' ਵਿਚ ਵਿਦਿਅਕ ਅਤੇ ਧਾਰਮਿਕ ਸੰਸਥਾਵਾਂ 'ਚ ਹੋਏ ਘੁਟਾਲਿਆਂ ਸਬੰਧੀ ਪੜ੍ਹਿਆ। ਐਡੀਸ਼ਨਲ ਚੀਫ਼ ਸੈਕਟਰੀ ਕਿਰਪਾ ਸ਼ੰਕਰ ਸਰੋਜ ਵਲੋਂ ਸੌਂਪੀ ਰਿਪੋਰਟ ਮੁਤਾਬਿਕ ਐਸ.ਸੀ./ਬੀ.ਸੀ. ਘੱਟ-ਗਿਣਤੀਆਂ ਅਤੇ ਗਰੀਬ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਵਜ਼ੀਫਾ ਸਕੀਮ ਵਿਚ ਮੁਢਲੇ ਤੌਰ'ਤੇ 63.91 ਕਰੋੜ ਦਾ ਘੁਟਾਲਾ ਹੋਇਆ ਹੈ। ਇਸੇ ਤਰ੍ਹਾਂ ਹੀ ਸ਼੍ਰੋਮਣੀ ਕਮੇਟੀ ਵਲੋਂ ਚਰਚਿਤ ਲਾਪਤਾ ਲਗਪਗ 328 ਪਾਵਨ ਸਰੂਪਾਂ ਸਬੰਧੀ ਬਣਾਈ ਪੜਤਾਲੀਆ ਕਮੇਟੀ ਨੇ ਵੀ ਸ਼੍ਰੋਮਣੀ ਕਮੇਟੀ ਦੇ ਦਰਜਨ ਤੋਂ ਵੱਧ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦੋਸ਼ੀ ਪਾਇਆ ਹੈ। ਉਪਰੋਕਤ ਦੋਵਾਂ ਸੰਸਥਾਵਾਂ ਵਿਚ ਹੋਏ ਘੁਟਾਲਿਆਂ ਸਬੰਧੀ ਡੂੰਘਾਈ ਤੱਕ ਛਾਣਬੀਣ ਦੀ ਜ਼ਰੂਰਤ ਹੈ ਤਾਂ ਕਿ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ।

-ਰਛਪਾਲ ਸਿੰਘ ਚੱਨੂੰਵਾਲਾ
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।

ਖੇਤੀ ਆਰਡੀਨੈਂਸ
ਜਿਥੇ ਲੋਕ ਸਭਾ ਵਿਚ ਖੇਤੀ ਨਾਲ ਸਬੰਧਿਤ ਆਰਡੀਨੈਂਸ ਆਉਣ ਨਾਲ ਕਿਸਾਨ ਪ੍ਰੇਸ਼ਾਨ ਹਨ, ਉਥੇ ਹੀ ਕਿਸਾਨਾਂ, ਮਜ਼ਦੂਰ ਜਥੇਬੰਦੀਆਂ ਵਲੋਂ ਇਸ ਦੇ ਵਿਰੋਧ ਵਿਚ ਥਾਂ-ਥਾਂ ਧਰਨੇ, ਮੁਜ਼ਾਹਰੇ ਅਤੇ ਆਵਾਜਾਈ ਠੱਪ ਕੀਤੀ ਜਾ ਰਹੀ ਹੈ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਯੂ.ਪੀ. ਵਿਚ ਵੀ ਕਈ ਦਹਾਕਿਆਂ ਤੋਂ ਕਣਕ, ਝੋਨੇ ਦੀ ਵਿਕਰੀ ਮੰਡੀਆਂ ਵਿਚ ਹੁੰਦੀ ਰਹੀ ਹੈ ਅਤੇ ਹਰ ਫਸਲ ਦਾ ਘੱਟੋ-ਘੱਟ ਸਮਰਥਨ ਮੁੱਲ ਕੇਂਦਰ ਸਰਕਾਰ ਨਿਸ਼ਚਿਤ ਕਰਦੀ ਰਹੀ ਹੈ ਅਤੇ ਸਾਰੀ ਫਸਲ ਦੀ ਚੁੱਕਣ ਦੀ ਜ਼ਿੰਮੇਵਾਰੀ ਵੀ ਸਰਕਾਰ ਦੀ ਹੁੰਦੀ ਹੈ ਪ੍ਰੰਤੂ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਭਾਵੇਂ ਕੇਂਦਰ ਸਰਕਾਰ ਵਲੋਂ ਘੱਟੋ-ਘੱਟ ਮੁੱਲ ਤਾਂ ਨਿਸਚਿਤ ਕਰ ਦਿੱਤਾ ਜਾਵੇਗਾ ਪਰ ਜਿਣਸ ਚੁੱਕਣ ਦੀ ਜ਼ਿੰਮੇਵਾਰੀ ਸਰਕਾਰ ਦੀ ਨਹੀਂ ਹੋਵੇਗੀ, ਜਿਸ ਨਾਲ ਕਿਸਾਨਾਂ 'ਤੇ ਮਾਰੂ ਅਸਰ ਪੈ ਸਕਦਾ ਹੈ ਕਿਉਂਕਿ ਪ੍ਰਾਈਵੇਟ ਏਜੰਸੀਆਂ ਆਪਣੀ ਮਨਮਰਜ਼ੀ ਕਰਨਗੀਆਂ। ਖੇਤੀ ਆਰਡੀਨੈਂਸਾਂ ਸਬੰਧੀ ਸਰਕਾਰ ਨੂੰ ਕਿਸਾਨਾਂ ਦੇ ਸ਼ੰਕੇ ਨਵਿਰਤ ਕਰਨੇ ਚਾਹੀਦੇ ਹਨ ਕਿਉਂਕਿ ਕਿਸਾਨ ਪਹਿਲਾਂ ਹੀ ਕਰਜ਼ੇ ਥੱਲੇ ਦੱਬਿਆ ਪਿਆ ਹੈ ਤੇ ਖੁਦਕੁਸ਼ੀਆਂ ਕਰ ਰਿਹਾ ਹੈ। ਸਰਕਾਰ ਨੂੰ ਕਿਸਾਨ, ਕਿਸਾਨੀ ਬਚਾਉਣ ਲਈ ਕਿਸਾਨਾਂ ਦੇ ਹੱਕ ਵਿਚ ਫ਼ੈਸਲੇ ਕਰਨੇ ਚਾਹੀਦੇ ਹਨ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।

18-09-2020

 ਕੁਸਮ ਦੀ ਦਲੇਰੀ ਅਤੇ ਬਹਾਦਰੀ ਨੂੰ ਸਲਾਮ
ਪਿਛਲੇ ਦਿਨੀਂ ਜਲੰਧਰ ਦੇ ਇਕ ਨਗਰ ਵਿਚ ਕੁਸਮ ਕੁਮਾਰੀ ਨਾਂਅ ਦੀ ਲੜਕੀ ਵਲੋਂ ਆਪਣਾ ਗੁੱਟ ਕੱਟੇ ਜਾਣ ਦੇ ਬਾਵਜੂਦ ਦੋ ਲੁਟੇਰਿਆਂ ਦਾ ਬਹੁਤ ਹੀ ਦਲੇਰੀ ਅਤੇ ਬਹਾਦਰੀ ਨਾਲ ਸਾਹਮਣਾ ਕਰਕੇ ਇਕ ਨੂੰ ਦਬੋਚ ਕੇ ਪੁਲਿਸ ਹਵਾਲੇ ਕਰਵਾਇਆ। ਲੜਕੀ ਦੇ ਇਸ ਦਲੇਰੀ ਅਤੇ ਬਹਾਦਰੀ ਭਰੇ ਕੰਮ ਨੂੰ ਅਸੀਂ ਦਿਲੋਂ ਸਲਾਮ ਕਰਦੇ ਹਾਂ। ਇਸ ਤੋਂ ਬਾਕੀ ਲੜਕੀਆਂ ਨੂੰ ਵੀ ਪ੍ਰੇਰਨਾ ਲੈਣ ਦੀ ਲੋੜ ਹੈ ਜੋ ਥੋੜ੍ਹੀ ਜਿਹੀ ਗੱਲ ਪਿੱਛੇ ਦਿਲ ਛੱਡ ਜਾਂਦੀਆਂ ਹਨ। ਅਸੀਂ ਸੂਬਾ ਅਤੇ ਕੇਂਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਇਸ ਬੱਚੀ ਨੂੰ ਬਹਾਦਰੀ ਪੁਰਸਕਾਰ ਨਾਲ ਨਿਵਾਜਿਆ ਜਾਵੇ ਤਾਂ ਜੋ ਭਵਿੱਖ ਵਿਚ ਔਰਤਾਂ ਦਾ ਹੌਸਲਾ ਅਤੇ ਮਨੋਬਲ ਵਧੇ।

-ਲਵਪ੍ਰੀਤ ਸਿੰਘ
ਪਿੰਡ ਨਰਕਟ, ਜ਼ਿਲ੍ਹਾ ਕਪੂਰਥਲਾ।

ਸਰਬੱਤ ਦੇ ਭਲੇ ਦੀ ਭਾਵਨਾ
ਅਜੋਕੇ ਸਮੇਂ ਭਾਰਤ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਕੋਰੋਨਾ ਮਹਾਂਮਾਰੀ ਨੇ ਵੱਡੀ ਤਾਦਾਦ ਵਿਚ ਲੋਕਾਂ ਨੂੰ ਆਪਣੀ ਗ੍ਰਿਫ਼ਤ ਵਿਚ ਲੈ ਰੱਖਿਆ ਹੈ। ਸੈਂਕੜੇ-ਹਜ਼ਾਰਾਂ ਨਹੀਂ ਬਲਕਿ ਲੱਖਾਂ ਦੀ ਗਿਣਤੀ ਵਿਚ ਲੋਕ ਆਪਣੀਆਂ ਕੀਮਤੀ ਜਾਨਾਂ ਤੋਂ ਇਸ ਬਿਮਾਰੀ ਕਾਰਨ ਹੱਥ ਧੋ ਬੈਠੇ ਹਨ ਅਤੇ ਹੋਰ ਬਹੁਤ ਸਾਰੇ ਲੋਕ ਜ਼ੇਰ-ਏ-ਇਲਾਜ ਹਨ ਅਤੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ, ਜੋ ਇਹ ਸਿਲਸਿਲਾ ਬਾਦਸਤੂਰ ਜਾਰੀ ਹੈ। ਲੋਕ ਮਨਾਂ ਵਿਚ ਡਰ ਅਤੇ ਦਹਿਸ਼ਤ ਪਾਏ ਜਾ ਰਹੇ ਹਨ। ਅਜਿਹੇ ਹਾਲਾਤ ਦੇ ਬਾਵਜੂਦ ਬਹੁਤ ਸਾਰੀਆਂ ਸਮਾਜਿਕ ਸਵੈ-ਸੇਵੀ ਜਥੇਬੰਦੀਆਂ ਅਤੇ ਧਾਰਮਿਕ ਸੰਸਥਾਵਾਂ ਵਲੋਂ ਬੇਖੌਫ਼ ਹੋ ਕੇ ਲੋਕਾਂ ਦੀ ਜਿਸ ਕਦਰ ਹਰ ਪੱਖੋਂ ਮਦਦ ਕੀਤੀ ਗਈ ਹੈ ਅਤੇ ਕੀਤੀ ਜਾ ਰਹੀ ਹੈ, ਉਹ ਬਿਨਾਂ ਸ਼ੱਕ ਇਕ ਸ਼ਲਾਘਾਯੋਗ ਅਤੇ ਵਧੀਆ ਕਦਮ ਹੈ। ਸਭ ਦੇ ਮਿਲਵੇਂ ਯਤਨ ਹੀ ਕੋਰੋਨਾ ਵਰਗੀ ਮਹਾਂਮਾਰੀ ਉੱਪਰ ਜਿੱਤ ਹਾਸਲ ਕਰਨ ਵਿਚ ਸਹਾਈ ਹੋ ਸਕਦੇ ਹਨ। ਅਜਿਹਾ ਕਰਨਾ ਸਮੇਂ ਦੀ ਮੰਗ ਹੀ ਨਹੀਂ, ਬਲਕਿ ਵੱਡੀ ਲੋੜ ਵੀ ਹੈ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

ਬੋਲਾਂ ਦੀ ਅਹਿਮੀਅਤ
ਜ਼ਬਾਨ ਸਾਡੀ ਅਨਮੋਲ ਤੋਹਫ਼ਾ ਹੈ, ਜਿਸ ਨਾਲ ਅਸੀਂ ਆਪਣੇ ਵਿਚਾਰ ਦੂਜੇ ਸਾਹਮਣੇ ਰੱਖਦੇ ਹਾਂ। ਬਿਨਾਂ ਸੋਚੇ ਸਮਝੇ ਕਈ ਵਾਰ ਅਸੀਂ ਏਨਾ ਮਾੜਾ ਬੋਲ ਦਿੰਦੇ ਹਾਂ ਕਿ ਸਾਡੇ ਮਹੱਤਵਪੂਰਨ ਰਿਸ਼ਤੇ ਟੁੱਟਣ ਦੀ ਕਗਾਰ 'ਤੇ ਆ ਜਾਂਦੇ ਹਨ। ਇਕ ਕਹਾਵਤ ਵੀ ਹੈ 'ਬੋਲਿਆਂ ਨੇ ਬੋਲ ਵਿਗਾੜੇ ਮਿੰਨੀਆਂ ਨੇ ਘਰ ਉਜਾੜੇ'। ਸਾਨੂੰ ਕ੍ਰੋਧ ਵਿਚ ਸਹਿਣਸ਼ੀਲ ਹੋਣਾ ਚਾਹੀਦਾ ਹੈ। ਸਿਆਣੇ ਅਕਸਰ ਕਹਿੰਦੇ ਹਨ ਕਿ 'ਸੌ ਵਾਰ ਸੋਚ ਕੇ ਬੋਲੋ ਜਾਂ ਪਹਿਲਾਂ ਤੋਲੋ ਫਿਰ ਬੋਲੋ'। ਕਈ ਵਾਰ ਅਸੀਂ ਦੇਖਦੇ ਹਾਂ ਕਿ ਜੋ ਵਿਅਕਤੀ ਜ਼ਿਆਦਾ ਬੋਲਦਾ ਹੈ, ਘਰ ਵਿਚ ਅਕਸਰ ਉਹ ਲੜਾਈ ਝਗੜਾ ਵੀ ਕਰਦਾ ਹੈ। ਅਜਿਹੇ ਇਨਸਾਨ ਦੇ ਤਾਂ ਕੋਈ ਕੋਲ ਵੀ ਨਹੀਂ ਖੜ੍ਹਦਾ। ਕਈ ਲੋਕ ਦੇਖਣ ਨੂੰ ਬਹੁਤ ਵਧੀਆ ਹੁੰਦੇ ਹਨ ਤੇ ਪਹਿਰਾਵਾ ਵੀ ਬਹੁਤ ਆਕਰਸ਼ਕ ਹੁੰਦਾ ਹੈ। ਪਰ ਜ਼ਬਾਨ ਏਨੀ ਕੜਵੀ ਹੁੰਦੀ ਹੈ ਕਿ ਗੱਲ ਕਰਨ ਨੂੰ ਦਿਲ ਨਹੀਂ ਕਰਦਾ। ਕਿਸੇ ਨੇ ਸਹੀ ਕਿਹਾ ਹੈ ਇਹੀ ਜ਼ਬਾਨ ਅਰਸ਼ ਤੋਂ ਫਰਸ਼ ਅਤੇ ਫਰਸ਼ ਤੋਂ ਅਰਸ਼ ਤੱਕ ਲੈ ਜਾਂਦੀ ਹੈ। ਕਈ ਲੋਕ ਤਾਂ ਬਿਲਕੁਲ ਹੀ ਘੱਟ ਬੋਲਦੇ ਹਨ। ਅਜਿਹੇ ਲੋਕਾਂ ਦੀਆਂ ਅੱਖਾਂ ਹੀ ਬਹੁਤ ਕੁਝ ਕਹਿ ਜਾਂਦੀਆਂ ਹਨ। ਅਜਿਹੇ ਲੋਕਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਦੋਸਤ, ਕਰੀਬੀ ਰਿਸ਼ਤੇਦਾਰ ਤੁਹਾਡੀ ਕਦਰ ਕਰਨ ਤਾਂ ਹਲੀਮੀ ਨਾਲ ਬੋਲੋ ਤਾਂ ਹੀ ਜ਼ਿੰਦਗੀ ਨੂੰ ਖੁਸ਼ਹਾਲ ਤਰੀਕੇ ਨਾਲ ਜੀਅ ਸਕਦੇ ਹੋ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਬੱਚਿਆਂ ਦਾ ਭਵਿੱਖ
ਬੱਚਿਆਂ ਦਾ ਅੱਜ ਦੇ ਸਮੇਂ ਵਿਚ ਮਨਪਸੰਦ ਮਨੋਰੰਜਨ ਦਾ ਸਾਧਨ ਕਾਰਟੂਨਸ ਹੋ ਗਿਆ ਹੈ। ਬੱਚਿਆਂ ਦੀਆਂ ਮੋਬਾਈਲਾਂ 'ਤੇ ਖੇਡੀਆਂ ਜਾਣ ਵਾਲੀਆਂ ਖੇਡਾਂ ਵਿਚ ਜ਼ਿਆਦਾਤਰ ਕਾਰਟੂਨਸ ਹੁੰਦੇ ਹਨ। ਇਸ ਨਾਲ ਸਾਡੇ ਬੱਚਿਆਂ ਦਾ ਭਵਿੱਖ ਕਿੱਥੇ ਜਾ ਰਿਹਾ ਹੈ? ਟੀ.ਵੀ. ਜਗਤ ਦੇ ਲੋਕਾਂ ਨੇ ਤਾਂ ਪੈਸਾ ਕਮਾਉਣ ਲਈ ਇਸ ਦਾ ਧੰਦਾ ਹੀ ਬਣਾ ਲਿਆ। ਜੇਕਰ ਕਾਰਟੂਨ ਕੋਈ ਹਫ਼ਤੇ ਵਿਚ ਇਕ ਜਾਂ ਦੋ ਦਿਨ ਆਉਂਦਾ ਹੋਵੇ ਤਾਂ ਵੀ ਬੱਚਾ ਆਪਣੇ ਮਨੋਰੰਜਨ ਲਈ ਦੇਖੇ ਮਾੜਾ ਨਹੀਂ, ਪਰ ਇਸ ਦਾ ਅੰਤ ਹੀ ਨਹੀਂ ਹੁੰਦਾ। ਮੋਬਾਈਲ 'ਤੇ ਦੇਖ ਲਓ, ਇਕ ਲੱਭਣ 'ਤੇ ਹਜ਼ਾਰਾਂ ਲੱਭ ਜਾਂਦੇ ਹਨ। ਪਰ ਇਸ ਦਾ ਵੀ ਕੋਈ ਲਾਭ ਨਹੀਂ ਬੱਚਿਆਂ ਨੂੰ, ਉਲਟਾ ਵਿਗਾੜਨ ਵਾਲੀ ਗੱਲ ਹੀ ਹੈ। ਉਲਟੀਆਂ ਸਿੱਧੀਆਂ ਹਰਕਤਾਂ ਕਰਨਾ, ਪੁੱਠੇ ਸਿੱਧੇ ਬਾਲ ਰੱਖਣਾ, ਕਈ ਕਾਰਟੂਨਸ ਦੀ ਭਾਸ਼ਾ ਵਿਚ ਤਾਂ ਬੱਚੇ ਗੱਲਾਂ ਹੀ ਕਰਨ ਲੱਗ ਜਾਂਦੇ ਹਨ। ਉਨ੍ਹਾਂ ਦਾ ਖਾਣਾ ਖਾਣਾ, ਪੜ੍ਹਾਈ ਕਰਨਾ ਜਾਂ ਫਿਰ ਖੇਡਣਾ ਤਾਂ ਭੁੱਲ ਹੀ ਗਿਆ। ਉਹ ਉਨ੍ਹਾਂ ਦੀ ਤਰ੍ਹਾਂ ਕੋਠੇ ਤੋਂ ਛਲਾਂਗ ਲਗਾਉਣਾ ਤਾਂ ਸੋਚਦੇ ਨੇ ਕਿ ਅਸੀਂ ਵੀ ਉਸੇ ਤਰ੍ਹਾਂ ਬਣ ਜਾਵਾਂਗੇ। ਬੱਚਿਆਂ ਦੀ ਪੜ੍ਹਾਈ 'ਚ ਕੁਝ ਸਿਖਾਉਣ ਵਾਲੀਆਂ ਗੱਲਾਂ ਹੋਣ, ਚੰਗੀਆਂ ਕਹਾਣੀਆਂ ਹੋਣ ਤਾਂ ਕਿ ਬੱਚੇ ਦਾ ਭਵਿੱਖ ਗ਼ਲਤ ਪਾਸੇ ਨਾ ਜਾਵੇ ਤੇ ਨਾ ਕੋਈ ਹਾਦਸਾ ਹੋਵੇ।

-ਨਿਧੀ ਬਨਕਰ
ਤਲਵਾੜਾ, ਜ਼ਿਲ੍ਹਾ ਹੁਸ਼ਿਆਰਪੁਰ।

ਪਾਣੀ ਦੀ ਸੰਭਾਲ
ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੋ ਰਿਹਾ ਹੈ। ਅਜੋਕੇ ਸਮੇਂ ਪਾਣੀ ਦੀ ਸੰਭਾਲ ਕਰਨੀ ਸਮੇਂ ਦੀ ਲੋੜ ਹੈ ਕਿਉਂਕਿ ਅਸੀਂ ਕੁਦਰਤੀ ਸੋਮਿਆਂ ਦੀ ਦੁਰਵਰਤੋਂ ਕਰ ਰਹੇ ਹਾਂ। ਪਾਣੀ ਕੁਦਰਤ ਦੀ ਅਨਮੋਲ ਦਾਤ ਹੈ। ਇਸ ਦੀ ਸੰਭਾਲ ਸਾਨੂੰ ਆਪਣੇ ਘਰ ਤੋਂ ਸ਼ੁਰੂ ਕਰਨੀ ਚਾਹੀਦੀ ਹੈ। ਘਰ ਵਿਚ ਟੂਟੀਆਂ ਨੂੰ ਵਰਤੋਂ ਤੋਂ ਬਾਅਦ ਬੰਦ ਕਰਨਾ ਚਾਹੀਦਾ ਹੈ, ਪਾਣੀ ਨਾਲੀਆਂ ਵਿਚ ਅਜਾਈਂ ਨਹੀਂ ਜਾਣ ਦੇਣਾ ਚਾਹੀਦਾ। ਪਾਣੀ ਨਾਲ ਹੀ ਸਾਰੀ ਬਨਸਪਤੀ ਹਰੀ ਭਰੀ ਹੈ। ਆਉਣ ਵਾਲੀ ਪੀੜ੍ਹੀ ਲਈ ਦਿੱਕਤਾਂ ਖੜ੍ਹੀਆਂ ਨਾ ਕਰੀਏ।

-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿ: ਪਟਿਆਲਾ।

ਰੁੱਖਾਂ ਦੀ ਘਾਟ
ਅਜੋਕੇ ਸਮੇਂ ਵਿਚ ਰੁੱਖਾਂ ਦੀ ਘਾਟ ਪੰਜਾਬ ਦੇ ਹਰ ਇਕ ਪਿੰਡ ਤੇ ਸ਼ਹਿਰ ਵਿਚ ਵੇਖੀ ਜਾ ਰਹੀ ਹੈ। ਅੱਜ ਇਨ੍ਹਾਂ ਵੱਡੇ-ਵੱਡੇ ਰੁੱਖਾਂ ਦੀ ਥਾਂ ਵੱਡੀਆਂ-ਵੱਡੀਆਂ ਕੋਠੀਆਂ ਨੇ ਲੈ ਲਈ ਹੈ। ਪਹਿਲਾਂ ਜਿਥੇ ਇਨ੍ਹਾਂ ਰੁੱਖਾਂ ਦੀ ਛਾਂ ਹੇਠ ਸਿਖਰ ਦੁਪਹਿਰੇ ਨਿਕਲਦੇ ਸੀ ਹੁਣ ਉਹੀ ਰੁੱਖ ਕੋਠੀਆਂ ਦੇ ਅੰਦਰ ਚੁਗਾਠਾਂ ਦੇ ਰੂਪ ਵਿਚ ਬੰਦ ਹਨ। ਬੇਸ਼ੱਕ ਹਰ ਕਿਸੇ ਨੂੰ ਰਹਿਣ ਲਈ ਛੱਤ ਦੀ ਲੋੜ ਹੁੰਦੀ ਹੈ ਪਰ ਅੱਜ ਜੇਕਰ ਹਰ ਇਕ ਜਣਾ ਇਕ ਬੂਟਾ ਲਾਵੇ ਤਾਂ ਕਿੰਨਾ ਵਧੀਆ ਹੋਵੇ। ਇਹ ਰੁੱਖ ਵੀ ਸਾਡੇ ਜੀਵਨ ਦਾ ਸੋਮਾ ਹਨ ਅਤੇ ਵਾਤਾਵਰਨ ਨੂੰ ਸਾਫ਼ ਰੱਖਣ ਵਿਚ ਵੀ ਇਨ੍ਹਾਂ ਰੁੱਖਾਂ ਦੀ ਬਹੁਤ ਵੱਡੀ ਭੂਮਿਕਾ ਹੈ। ਸੋ, ਆਓ ਸਾਰੇ ਇਕ-ਇਕ ਬੂਟਾ ਲਾਈਏ ਤੇ ਇਸ ਦੂਸ਼ਿਤ ਵਾਤਾਵਰਨ ਨੂੰ ਸ਼ੁੱਧ ਬਣਾਈਏ।

-ਅਰਵਿੰਦਰ ਰਾਏਕੋਟ।

ਨਸ਼ੇ ਦੀ ਓਵਰਡੋਜ਼
ਸਾਡਾ ਸਮਾਜ ਅੱਜ ਇਹ ਕਹੀ ਜਾ ਰਿਹਾ ਹੈ ਕਿ ਮੁੰਡੇ ਕੁੜੀਆਂ ਬਰਾਬਰ ਹਨ, ਜਿਸ ਦਾ ਨਾਜਾਇਜ਼ ਫਾਇਦਾ ਕੁਝ ਕੁ ਕੁੜੀਆਂ ਲੈ ਰਹੀਆਂ ਹਨ। ਹੋਰ ਕਿਸੇ ਮੁਕਾਬਲੇ ਵਿਚ ਭਾਵੇਂ ਪਿੱਛੇ ਰਹਿ ਜਾਣ ਪਰ ਨਸ਼ੇ ਦੇ ਮੁਕਾਬਲੇ ਵਿਚ ਬਰਾਬਰ ਹੀ ਰਹਿਣਾ ਚਾਹੁੰਦੀਆਂ ਹਨ, ਜਿਸ ਦੀ ਮਿਸਾਲ ਬਠਿੰਡੇ ਜ਼ਿਲ੍ਹੇ ਵਿਚ ਇਕ ਆਰਕੈਸਟਰਾ ਕੁੜੀ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਸਾਹਮਣੇ ਆਈ ਹੈ। ਪੰਜਾਬ ਵਿਚ ਅੱਜ ਕੁੜੀਆਂ ਵੀ ਨਸ਼ੇ ਦੀ ਦਲਦਲ ਵਿਚ ਫਸੀਆਂ ਪਈਆਂ ਹਨ। ਇਕੱਲੀ ਸਰਕਾਰ ਵੀ ਕੁਝ ਨਹੀਂ ਕਰ ਸਕਦੀ ਤੇ ਇਕੱਲੇ ਮਾਪੇ ਵੀ। ਸਮੱਗਲਰ ਕੋਈ ਅਸਮਾਨੋਂ ਉਤਰ ਕੇ ਥੱਲੇ ਸਿੱਧੇ ਨਹੀਂ ਆਉਂਦੇ। ਉਹ ਵੀ ਸਾਡੇ ਵਿਚ ਹੀ ਰਹਿੰਦੇ ਹਨ। ਬਸ ਅਸੀਂ ਕਬੂਤਰ ਵਾਂਗ ਅੱਖਾਂ ਮੀਟੀ ਬੈਠੇ ਹਾਂ। ਜੇਕਰ ਨਸ਼ੇ ਦੀ ਲਾਹਨਤ ਨੂੰ ਜੜ੍ਹੋਂ ਉਖਾੜਨਾ ਹੈ ਤਾਂ ਫਿਰ ਇਕਜੁਟ ਹੋ ਕੇ ਇਸ ਪ੍ਰਤੀ ਆਵਾਜ਼ ਉਠਾਉਣੀ ਪਵੇਗੀ। ਸਿਆਣੇ ਕਹਿੰਦੇ ਹਨ ਜਦੋਂ ਘਰ ਨੂੰ ਅੱਗ ਲੱਗੀ ਹੋਵੇ ਤਾਂ ਕੋਠੇ ਚੜ੍ਹ ਕੇ ਰੌਲਾ ਪਾਉਣਾ ਚਾਹੀਦਾ ਹੈ। ਆਪਣੇ ਤਾਂ ਸਾਰੇ ਸਮਾਜ ਨੂੰ ਨਸ਼ੇ ਦੀ ਅੱਗ ਨੇ ਸਾੜਨ ਦਾ ਠੇਕਾ ਲੈ ਲਿਆ ਹੈ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ, ਮਮਦੋਟ (ਫਿਰੋਜ਼ਪੁਰ)।

17-09-2020

 ਨਾਨਕ ਨਾਮ ਲੇਵਾ ਸੰਗਤ
ਦੁਨੀਆ ਦਾ ਸਭ ਤੋਂ ਨਵਾਂ ਅਤੇ ਵਿਗਿਆਨਕ ਧਰਮ ਸਿੱਖ ਧਰਮ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਦੀਆਂ ਪ੍ਰਚੱਲਿਤ ਬ੍ਰਾਹਮਣਵਾਦੀ ਕਦਰਾਂ-ਕੀਮਤਾਂ ਦਾ ਖੰਡਨ ਕਰਕੇ ਸਮੁੱਚੀ ਲੋਕਾਈ ਨੂੰ ਬ੍ਰਹਿਮੰਡੀ ਨਿਯਮਾਂ ਨਾਲ ਜੋੜਿਆ। ਸਿੱਖ ਧਰਮ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਸਥਾਪਤ ਹੈ, ਜਿਸ ਵਿਚ ਫ਼ਕੀਰਾਂ, ਗੁਰੂਆਂ ਤੇ ਭਗਤਾਂ ਦੇ ਉਪਦੇਸ਼ਾਂ ਨੇ ਇਕ ਆਦਰਸ਼ਕ ਮਨੁੱਖ ਦੀ ਸਥਾਪਤੀ ਦਾ ਮਾਡਲ ਸਮਾਜ ਸਾਹਮਣੇ ਰੱਖਿਆ ਪਰ ਜਿਵੇਂ ਇਸਾਈਆਂ ਵਿਚ ਕੈਥੋਲਿਕ ਅਤੇ ਪਰੋਟੈਸਟੈਂਟ ਵਿਚਾਰਧਾਰਾ ਪ੍ਰਚੱਲਿਤ ਹੋਈਆਂ, ਅੱਜ ਲਗਦਾ ਹੈ ਕਿ ਨਾਨਕ ਨਾਮ ਲੇਵਾ ਸੰਗਤ ਸਾਹਮਣੇ ਵੀ ਇਕ ਅਜਿਹਾ ਸੰਕਟ ਪੈਦਾ ਹੁੰਦਾ ਜਾ ਰਿਹਾ ਹੈ। ਵੱਖ-ਵੱਖ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਨਿਯਮ ਅਪਣਾਏ ਜਾ ਰਹੇ ਹਨ। ਸਿੱਖ ਧਰਮ ਵਿਚ ਆਦਿ ਪ੍ਰਚੱਲਿਤ ਹੋਰ ਗ੍ਰੰਥਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਉੱਚਾ ਸਥਾਨ ਦਿੱਤਾ ਜਾ ਰਿਹਾ ਹੈ। ਇਸ ਭੰਬਲਭੂਸੇ ਵਿਚ ਸਿੱਖ ਸੰਗਤ ਅਕਾਲ ਤਖ਼ਤ ਜਾਂ ਸ਼੍ਰੋਮਣੀ ਕਮੇਟੀ ਵੱਲ ਦੇਖ ਰਹੀ ਹੈ ਪਰ ਉਨ੍ਹਾਂ ਦੁਆਰਾ ਦਿੱਤੇ ਜਾ ਫ਼ੈਸਲੇ ਸਿੱਖ ਸੰਗਤਾਂ ਨੂੰ ਹੋਰ ਵੀ ਵਧੇਰੇ ਦੁਬਿਧਾ ਵਿਚ ਪਾ ਰਹੇ ਹਨ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਭੁੱਲਦੇ ਜਾ ਰਹੇ ਹਨ।

-ਪ੍ਰੋ: ਜਗਦੀਪ
ਸਰਕਾਰੀ ਬ੍ਰਜਿੰਦਰਾ ਕਾਲਜ (ਫ਼ਰੀਦਕੋਟ)।

ਕੋਰੋਨਾ ਅਤੇ ਪੰਜਾਬੀ ਰੰਗਮੰਚ
'ਅਜੀਤ' ਵਿਚ ਨਿਰਮਲ ਜੌੜਾ ਦਾ ਲੇਖ ਪੜ੍ਹਿਆ ਕਿ ਤਾਲਾਬੰਦੀ ਦੌਰਾਨ ਪੰਜਾਬੀ ਰੰਗਮੰਚ ਉਦਾਸ ਨਹੀਂ ਹੈ, ਸਗੋਂ ਨਵੇਂ ਦੌਰ ਵਿਚ ਆਪਣੇ ਪਾਸਾਰ ਲਈ ਨਵੇਂ ਰਾਹ ਸਿਰਜਣ ਵਿਚ ਕਾਮਯਾਬ ਹੋਇਆ ਹੈ। ਉਨ੍ਹਾਂ ਲਿਖਿਆ ਰੰਗਮੰਚ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਰੰਗਕਰਮੀਆਂ ਨੇ ਚੜ੍ਹਦੀ ਕਲਾ ਵਿਚ ਹੋਣ ਦਾ ਸਬੂਤ ਦਿੱਤਾ ਹੈ। ਕੋਰੋਨਾ ਦੀ ਦਹਿਸ਼ਤ ਨੇ ਹਰ ਵਰਗ ਨੂੰ ਪ੍ਰਭਾਵਿਤ ਕੀਤਾ ਹੈ, ਖ਼ਾਸ ਕਰਕੇ ਮਿਹਨਤਕਸ਼ ਲੋਕਾਂ ਨੂੰ ਭਵਿੱਖ ਦੇ ਮਾੜੇ ਸੁਪਨੇ ਨਜ਼ਰ ਆਉਣ ਲੱਗ ਪਏ ਹਨ। ਕਈਆਂ ਲਈ ਰੰਗਮੰਚ ਰੁਜ਼ਗਾਰ ਦਾ ਸਾਧਨ ਵੀ ਸੀ। ਉਹ ਵੀ ਅੱਜ ਉਦਾਸ ਘਰੀਂ ਬੈਠੇ ਹਨ। ਪਰ ਕਈ ਹਿੰਮਤੀਆਂ ਵਲੋਂ ਆਪਣੇ ਬਲਬੂਤੇ ਲਘੂ ਫ਼ਿਲਮਾਂ, ਨਾਟਕ, ਨਾਟ ਗੀਤ ਬਿਜਲਈ ਮੀਡੀਏ ਰਾਹੀਂ ਪੇਸ਼ ਕੀਤਾ ਗਿਆ। ਬਾਕੀ ਬਹੁਤ ਸਾਰੇ ਵਟਸਐਪ ਗਰੁੱਪਾਂ ਰਾਹੀਂ ਵੀ ਲੇਖਕ ਹਰ ਰੋਜ਼ ਆਪਸ ਵਿਚ ਸਾਹਿਤਕ ਮਾਹੌਲ ਬਣਾਈ ਰੱਖਦੇ ਹਨ। ਸਾਹਿਤ ਨੂੰ ਜਿਊਂਦਾ ਰੱਖਣ ਲਈ ਇਹ ਵਧੀਆ ਉਪਰਾਲਾ ਹੈ।

-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।

ਅਧਿਆਪਕ ਦਾ ਸਨਮਾਨ
ਅਧਿਆਪਕ ਕੌਮ ਦਾ ਨਿਰਮਾਤਾ ਹੈ। ਅਧਿਆਪਕ ਪ੍ਰਕਾਸ਼ ਦਾ ਚਿਰਾਗ ਹੈ, ਜੋ ਆਪਣੇ ਸਿਖਿਆਰਥੀਆਂ ਨੂੰ ਸਿੱਖਿਆ ਰੂਪੀ ਪ੍ਰਕਾਸ਼ ਨਾਲ ਪ੍ਰਕਾਸ਼ਵਾਨ ਕਰਦਾ ਹੈ। ਮਾਤਾ-ਪਿਤਾ ਤੋਂ ਬਾਅਦ ਗੁਰੂ ਨੂੰ ਜੀਵਨ ਦੇ ਔਖੇ ਰਸਤਿਆਂ ਦਾ ਦਸੇਰਾ ਕਿਹਾ ਜਾਂਦਾ ਹੈ। ਸਾਨੂੰ ਅਧਿਆਪਕ ਦਾ ਸਨਮਾਨ ਕਰਨਾ ਚਾਹੀਦਾ ਹੈ ਕਿਉਂਕਿ ਅਧਿਆਪਕ ਦਾ ਕਾਰਜ ਸਮਰਪਿਤ ਭਾਵਨਾ ਵਾਲਾ ਹੁੰਦਾ ਹੈ। ਅਜੋਕੇ ਸਮੇਂ ਹੋਰ ਚੇਤੰਨ, ਸਿਰਜਣਾਤਮਿਕ ਅਧਿਆਪਕਾਂ ਦੀ ਲੋੜ ਹੈ। ਸਰਕਾਰਾਂ ਨੂੰ ਅਧਿਆਪਕਾਂ ਦੀਆਂ ਮੰਗਾਂ ਪਹਿਲ ਦੇ ਆਧਾਰ 'ਤੇ ਹੱਲ ਕਰਨੀਆਂ ਚਾਹੀਦੀਆਂ ਹਨ।

-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿ: ਪਟਿਆਲਾ।

ਪੰਜਾਬੀ ਭਾਸ਼ਾ ਨਾਲ ਵਿਤਕਰਾ ਕਿਉਂ?
ਜੰਮੂ-ਕਸ਼ਮੀਰ ਭਾਸ਼ਾ ਬਿੱਲ 2020 ਸਬੰਧੀ ਐਲਾਨ ਕਰਦਿਆਂ ਕੇਂਦਰ ਸਰਕਾਰ ਵਲੋਂ ਪੰਜ ਭਾਸ਼ਾਵਾਂ ਉਰਦੂ, ਕਸ਼ਮੀਰੀ, ਹਿੰਦੀ, ਡੋਗਰੀ ਅਤੇ ਅੰਗਰੇਜ਼ੀ ਨੂੰ ਇਥੋਂ ਦੀਆਂ ਰਾਜ ਭਾਸ਼ਾਵਾਂ ਦਾ ਦਰਜਾ ਦੇ ਕੇ ਪੰਜਾਬੀ ਭਾਸ਼ਾ ਨੂੰ ਵਿਸਾਰ ਦਿੱਤਾ ਗਿਆ ਹੈ। ਸਿੱਟੇ ਵਜੋਂ ਦੁਨੀਆ ਵਿਚ ਵਸਦੇ ਸਮੁੱਚੇ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਜੰਮੂ-ਕਸ਼ਮੀਰ ਵਿਚ ਪੰਜਾਬੀ ਨੂੰ ਵਿਸ਼ੇਸ਼ ਸੰਵਿਧਾਨਕ ਦਰਜਾ ਪ੍ਰਾਪਤ ਸੀ। ਅੱਜ ਦੇ ਸਮੇਂ ਵਿਚ ਜਦੋਂ ਇੰਗਲੈਂਡ ਅਤੇ ਕੈਨੇਡਾ ਵਰਗੇ ਦੇਸ਼ਾਂ 'ਚ ਪੰਜਾਬੀ ਬੋਲੀ ਨੂੰ ਮਾਨਯੋਗ ਦਰਜਾ ਪ੍ਰਾਪਤ ਹੋ ਚੁੱਕਾ ਹੈ, ਉਥੇ ਅਜਿਹੇ ਸਮੇਂ ਜਿਸ ਰਾਜ ਵਿਚ ਲੱਖਾਂ ਹੀ ਪੰਜਾਬੀ ਵਸਦੇ ਹੋਣ, ਇਸ ਬੋਲੀ ਨੂੰ ਦਰਕਿਨਾਰ ਕਰਨਾ ਬੇਹੱਦ ਮਾੜੀ ਗੱਲ ਹੈ। ਜੰਮੂ-ਕਸ਼ਮੀਰ 27 ਸਾਲ ਸਿੱਖ ਰਾਜ ਦਾ ਹਿੱਸਾ ਰਿਹਾ ਹੈ ਅਤੇ ਬੋਲੀ ਜਾਣ ਵਾਲੀ ਭਾਸ਼ਾ ਡੋਗਰੀ ਪੰਜਾਬੀ ਬੋਲੀ ਦੀ ਉਪ-ਭਾਸ਼ਾ ਹੈ। ਸੋ, ਕੇਂਦਰ ਸਰਕਾਰ ਇਸ ਵੱਡੀ ਘਾਟ ਨੂੰ ਤੁਰੰਤ ਪੂਰਾ ਕਰੇ ਤਾਂ ਜੋ ਦੇਸ਼ ਵਿਚ ਘੱਟ-ਗਿਣਤੀਆਂ ਦੇ ਦਿਲਾਂ ਵਿਚ ਦਿਨੋ-ਦਿਨ ਵਧ ਰਹੀਆਂ ਬੇਗਾਨਗੀ ਦੀਆਂ ਭਾਵਨਾਵਾਂ ਨੂੰ ਦੂਰ ਕੀਤਾ ਜਾ ਸਕੇ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ।

ਕਾਂਗਰਸ ਦੀ ਵਿਅਰਥ ਕਸਰਤ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸਿਰਫ ਸੰਸਥਾਗਤ ਤਬਦੀਲੀਆਂ ਨੂੰ ਪ੍ਰਭਾਵਿਤ ਕਰਨ ਦੀ ਵਿਅਰਥ ਕਸਰਤ ਕੀਤੀ ਹੈ। ਪ੍ਰਤੀਤ ਨਹੀਂ ਹੁੰਦਾ ਕਿ ਉਸ ਨੇ 23 ਸੀਨੀਅਰ ਆਗੂਆਂ ਵਲੋਂ ਲਿਖੇ ਪੱਤਰ ਨੂੰ ਚੰਗੀ ਭਾਵਨਾ ਨਾਲ ਲਿਆ ਹੈ। ਇਸ ਦੀ ਬਜਾਏ ਉਸ ਨੇ ਗੁਲਾਮ ਨਬੀ ਆਜ਼ਾਦ, ਮਲਿਕ ਅਰਜੁਨ ਖੜਗੇ, ਕਪਿਲ ਸਿੱਬਲ, ਸ਼ਸ਼ੀ ਥਰੂਰ ਅਤੇ ਹੋਰਾਂ ਨੂੰ ਛੱਡ ਦਿੱਤਾ ਹੈ। ਸੱਟ ਲੱਗਣ 'ਤੇ ਅਪਮਾਨ ਵਧਾਉਂਦਿਆਂ ਉਸ ਨੇ ਰਾਹੁਲ ਗਾਂਧੀ ਦੇ ਨੇੜਲੇ ਨੌਜਵਾਨਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਹਨ। ਹੁਣ ਸਮਾਂ ਆ ਗਿਆ ਹੈ ਕਿ ਕਾਂਗਰਸ ਪ੍ਰਧਾਨ ਅਜਿਹੀਆਂ ਅਣਚਾਹੀਆਂ ਚਾਲਾਂ ਤੋਂ ਪਰਹੇਜ਼ ਕਰਨ ਅਤੇ ਲੋਕਤੰਤਰੀ ਢੰਗ ਨਾਲ ਲੀਡਰਸ਼ਿਪ ਦੀ ਤਬਦੀਲੀ ਲਿਆਉਣ ਦਾ ਰਾਹ ਪੱਧਰਾ ਕਰਨ। ਜੇਕਰ ਪਾਰਟੀ ਆਪਣੀ ਗੁੰਮਸ਼ੁਦਗੀ ਨਹੀਂ ਚਾਹੁੰਦੀ ਤਾਂ ਆਪਣਾ ਗਵਾਚਿਆ ਮੈਦਾਨ ਮੁੜ ਪ੍ਰਾਪਤ ਕਰੇ।

-ਨੇਹਾ ਜਮਾਲ, ਮੁਹਾਲੀ।

ਪ੍ਰੇਰਨਾ ਅਤੇ ਪਿਆਰ
ਅਜੋਕੇ ਸਮੇਂ ਸਮਾਜ ਦੇ ਹਰ ਖੇਤਰ ਅਤੇ ਵਰਗ ਵਿਚ ਪ੍ਰੇਰਨਾ ਅਤੇ ਪਿਆਰ ਦੀ ਸਖ਼ਤ ਘਾਟ ਪਾਈ ਜਾ ਰਹੀ ਹੈ। ਇਸ ਦੀ ਥਾਵੇਂ ਜ਼ੋਰ-ਜਬਰੀ ਅਤੇ ਨਫ਼ਰਤ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਨਫ਼ਰਤ ਤਾਂ ਨਫ਼ਰਤ ਨੂੰ ਹੀ ਜਨਮ ਦੇ ਸਕਦੀ ਹੈ, ਪਿਆਰ-ਮੁਹੱਬਤ ਨੂੰ ਨਹੀਂ। ਜਿਹੜਾ ਕੰਮ ਕਿਸੇ ਪਾਸੋਂ ਅਸੀਂ ਪ੍ਰੇਰਨਾ ਅਤੇ ਪਿਆਰ ਨਾਲ ਕਰਵਾ ਸਕਦੇ ਹਾਂ, ਉਹ ਧੱਕੇ ਅਤੇ ਨਫ਼ਰਤ ਨਾਲ ਨਹੀਂ ਕਰਵਾ ਸਕਦੇ। ਜੇ ਨਫ਼ਰਤ ਅੱਗ ਵਾਂਗ ਹੈ ਤਾਂ ਪਿਆਰ ਪਾਣੀ ਦੀ ਤਰ੍ਹਾਂ ਹੈ। ਜਿਥੇ ਪਿਆਰ ਹੋਵੇਗਾ, ਉਥੇ ਨਫ਼ਰਤ ਨਹੀਂ ਅਤੇ ਜਿਥੇ ਨਫ਼ਰਤ ਹੈ, ਉਥੇ ਪਿਆਰ ਨਹੀਂ ਟਿਕ ਸਕਦਾ। ਕਿਸੇ ਵਿਅਕਤੀ ਦੀ ਸੋਚ ਉਸਾਰੂ ਅਤੇ ਸੰਤੁਲਿਤ ਬਣਾਉਣ ਲਈ ਪ੍ਰੇਰਨਾ ਅਤੇ ਪਿਆਰ ਇਕ ਵਧੀਆ ਅਤੇ ਕਾਰਗਰ ਹਥਿਆਰ ਹੈ। ਸੋ, ਸਮਾਜ ਦੇ ਹਰ ਵਰਗ ਅਤੇ ਖੇਤਰ ਵਿਚ ਸਾਨੂੰ ਧੱਕਾ, ਬੇਇਨਸਾਫ਼ੀ ਅਤੇ ਨਫ਼ਰਤ ਤੋਂ ਆਪਣੇ-ਆਪ ਨੂੰ ਬਚਾ ਕੇ ਪਿਆਰ ਅਤੇ ਪ੍ਰੇਰਨਾ ਦਾ ਰਸਤਾ ਅਖ਼ਤਿਆਰ ਕਰਨਾ ਚਾਹੀਦਾ ਹੈ। ਅਜਿਹਾ ਕਰਕੇ ਹੀ ਅਸੀਂ ਇਕ ਸੱਭਿਅਕ ਅਤੇ ਨਰੋਏ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

ਪੰਜਾਬੀ ਬੋਲੀ ਨਾਲ ਵਿਤਕਰਾ
ਬੀਤੇ ਦਿਨੀਂ ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ ਦੀ ਸਰਕਾਰੀ ਭਾਸ਼ਾ ਸਬੰਧੀ ਲਿਆਂਦੇ ਜਾ ਰਹੇ ਬਿੱਲ 'ਚੋਂ ਪੰਜਾਬੀ ਭਾਸ਼ਾ ਨੂੰ ਬਾਹਰ ਰੱਖਣਾ ਅਤਿ ਨਿੰਦਣਯੋਗ ਹੈ। ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨਾਲ ਜੰਮੂ-ਕਸ਼ਮੀਰ ਅਤੇ ਦੇਸ਼-ਵਿਦੇਸ਼ ਵਿਚ ਵਸਦੇ ਪੰਜਾਬੀ ਬੋਲਣ ਵਾਲੇ ਅਤੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਲੋਕਾਂ ਅਤੇ ਸਿੱਖ ਭਾਈਚਾਰੇ ਦੇ ਮਨਾਂ ਨੂੰ ਠੇਸ ਪਹੁੰਚੀ ਹੈ, ਕਿਉਂਕਿ ਪੰਜਾਬੀ ਭਾਸ਼ਾ ਜੰਮੂ-ਕਸ਼ਮੀਰ 'ਚੋਂ ਧਾਰਾ 370 ਖਤਮ ਕਰਨ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਸੰਵਿਧਾਨ ਦਾ ਹਿੱਸਾ ਰਹੀ ਹੈ। ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ ਵਿਚ ਅੱਜ ਵੀ ਲੱਖਾਂ ਲੋਕ ਪੰਜਾਬੀ ਭਾਸ਼ਾ ਬੋਲਦੇ ਹਨ। ਕੇਂਦਰ ਸਰਕਾਰ ਇਸ ਫ਼ੈਸਲੇ 'ਤੇ ਮੁੜ ਵਿਚਾਰ ਕਰੇ ਅਤੇ ਪੰਜਾਬੀ ਭਾਸ਼ਾ ਨੂੰ ਸੂਬੇ ਦੇ ਸੰਵਿਧਾਨ ਦਾ ਹਿੱਸਾ ਬਣਿਆ ਰਹਿਣ ਦੇਵੇ।

-ਪ੍ਰਭਜੋਤ ਸਿੰਘ ਮਦਾਨ
ਤਾਜਪੁਰ ਰੋਡ, ਲੁਧਿਆਣਾ।

16-09-2020

 ਪੁੱਛੀ ਨਾ ਜਿਨ੍ਹਾਂ ਨੇ ਬਾਤ ਮੇਰੀ...
ਪੰਜਾਬੀ ਭਾਸ਼ਾ ਨਾਲ ਜੋ ਵਿਤਕਰਾ ਕੇਂਦਰ ਸਰਕਾਰ ਦਾ ਪਿਛਲੇ ਦਿਨੀਂ ਜੰਮੂ-ਕਸ਼ਮੀਰ ਭਾਸ਼ਾ ਬਿੱਲ 'ਚੋਂ ਪੰਜਾਬੀ ਨੂੰ ਬਾਹਰ ਰੱਖਣ ਸਮੇਂ ਸਾਹਮਣੇ ਆਇਆ ਹੈ, ਉਹ ਅਸਹਿਣਯੋਗ ਹੈ। ਕਿਉਂਕਿ ਅੱਜ ਦੁਨੀਆ ਭਰ 'ਚ ਸਭ ਤੋਂ ਵੱਧ ਬੋਲਣ ਵਾਲੀਆਂ 10 ਭਾਸ਼ਾਵਾਂ ਵਿਚ ਪੰਜਾਬੀ ਨੂੰ ਵੱਡਾ ਮਾਣ ਹਾਸਲ ਹੈ। ਕੈਨੇਡਾ ਵਿਚ ਤੀਜੀ ਭਾਸ਼ਾ ਦਾ ਦਰਜਾ ਹਾਸਲ ਹੈ। ਪਰ ਇਸ ਦੇ ਉਲਟ ਸਾਡੇ ਆਪਣੇ ਦੇਸ਼ ਵਿਚ ਪੰਜਾਬੀ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਪੰਜਾਬ ਦੇ ਨਿੱਜੀ ਸਕੂਲਾਂ 'ਚ ਪੰਜਾਬੀ 'ਚ ਗੱਲ ਕਰਨ 'ਤੇ ਮਨਾਹੀ ਹੈ। ਬਹੁਤੇ ਅਖੌਤੀ ਪੰਜਾਬੀ ਲੇਖਕ ਰੂ-ਬਰੂ ਹੋਣ ਸਮੇਂ ਪੰਜਾਬੀ ਨਾਲੋਂ ਅੰਗਰੇਜ਼ੀ 'ਚ ਜ਼ਿਆਦਾ ਗੱਲ ਕਰਨ ਨੂੰ ਤਰਜੀਹ ਦੇ ਕੇ ਆਪਣੇ-ਆਪ ਨੂੰ ਬਹੁਤ ਪੜ੍ਹਿਆ-ਲਿਖਿਆ ਹੋਣ ਦਾ ਭਰਮ ਪਾਲੀ ਰੱਖਦੇ ਹਨ। ਹੁਣ ਤੱਕ ਦੀਆਂ ਪੰਜਾਬ ਸਰਕਾਰਾਂ ਨੇ ਵੀ ਹਰ ਵਾਰ ਵਿਧਾਨ ਸਭਾ ਦੀ ਕਾਰਵਾਈ ਅੰਗਰੇਜ਼ੀ 'ਚ ਹੀ ਚਲਾਈ। ਸਰਕਾਰੀ ਤੇ ਗ਼ੈਰ-ਸਰਕਾਰੀ ਮਹਿਕਮਾ ਵੀ ਪੰਜਾਬੀ ਨਾਲ ਦਵੈਤ-ਭਾਵ ਰੱਖਦਾ ਆ ਰਿਹਾ ਹੈ। 'ਪੰਜਾਬ ਰਾਜ ਭਾਸ਼ਾ ਐਕਟ 2008' ਵੀ ਪੰਜਾਬੀ ਭਾਸ਼ਾ ਨੂੰ ਸਤਿਕਾਰ ਨਹੀਂ ਦਿਵਾ ਸਕਿਆ। ਪੰਜਾਬੀ ਨਾਲ ਜੋ ਸਲੂਕ ਘਰ 'ਚ ਹੋ ਰਿਹਾ ਹੈ, ਉਹ ਸਭ ਜਾਣਦੇ ਹਨ। ਪੰਜਾਬੀ ਭਾਸ਼ਾ ਤੇ ਜੋ ਸੰਕਟ ਅੱਜ ਬਣੇ ਹੋਏ ਹਨ। ਉਸ ਤੋਂ ਸ਼ਰਫ਼ ਸਾਹਿਬ ਦੀਆਂ ਸਤਰਾਂ ਯਾਦ ਆ ਰਹੀਆਂ ਹਨ, ਜੋ ਇਹ ਹਨ : 'ਪੁੱਛੀ ਸ਼ਰਫ਼ ਨਾ ਜਿਨ੍ਹਾਂ ਨੇ ਬਾਤ ਮੇਰੀ ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ।'

-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਮੈਨੂੰ ਮਾਂ ਚਾਹੀਦੀ, ਮਾਸੀ ਨਹੀਂ
ਜੀ ਹਾਂ, ਤੁਸੀਂ ਸਹੀ ਪੜ੍ਹਿਆ, ਮੈਨੂੰ ਮਾਂ ਚਾਹੀਦੀ ਹੈ, ਮਾਸੀ ਨਹੀਂ ਪਰ ਅੱਜ ਸਾਡੇ ਨਾਲ ਧੱਕਾ ਹੋ ਰਿਹਾ ਹੈ, ਸਾਡੇ ਕੋਲੋਂ ਸਾਡੀ ਮਾਂ ਖੋਹ ਕੇ ਸਾਡੀ ਮਾਸੀ ਨੂੰ ਸਾਡੀ ਮਾਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਗੱਲ ਆਪਣੀ ਦੁਨੀਆਵੀ ਮਾਂ ਦੀ ਨਹੀਂ ਕਰ ਰਿਹਾ, ਮੈਂ ਗੱਲ ਕਰ ਰਿਹਾ ਹਾਂ, ਸਾਡੀ ਪੰਜਾਬੀ ਭਾਸ਼ਾ ਦੀ, ਜਿਸ ਨੂੰ ਕਿ ਸਾਡੇ ਦੇਸ਼ ਦੀ ਸਰਕਾਰ ਸਾਡੇ ਤੋਂ ਖੋਹ ਕੇ ਦੂਸਰੀਆਂ ਭਾਸ਼ਾਵਾਂ ਸਾਡੇ ਉੱਪਰ ਥੋਪ ਰਹੀ ਹੈ। ਅਸੀਂ ਇਹ ਧੱਕਾ ਬਰਦਾਸ਼ਤ ਨਹੀਂ ਕਰਾਂਗੇ। ਪੰਜਾਬ ਦੇ ਹਰ ਸਰਕਾਰੀ ਅਦਾਰੇ ਦਾ ਨਾਂਅ, ਦਿਸ਼ਾ-ਸੂਚਕ ਬੋਰਡ ਅੰਗਰੇਜ਼ੀ ਜਾਂ ਹਿੰਦੀ ਵਿਚ ਲਿਖਣਾ ਸ਼ੁਰੂ ਕਰ ਦਿੱਤਾ, ਅਸੀਂ ਹੁਣ ਹੋਰ ਧੱਕਾ ਬਰਦਾਸ਼ਤ ਨਹੀਂ ਕਰ ਸਕਦੇ। ਦੁਨੀਆ ਭਰ ਵਿਚ ਆਪਣੀ ਚੜ੍ਹਦੀ ਕਲਾ ਦਾ ਲੋਹਾ ਮੰਨਵਾਉਣ ਵਾਲੀ ਕੌਮ ਆਪਣੀ ਪੰਜਾਬੀ ਭਾਸ਼ਾ ਤੋਂ ਵਿਛੜਦੀ ਜਾ ਰਹੀ ਹੈ। ਬਹੁਤ ਹੀ ਸ਼ਰਮ ਦੀ ਗੱਲ ਹੈ ਉਨ੍ਹਾਂ ਮਾਪਿਆਂ ਲਈ, ਜੋ ਆਪਣੇ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਰੋਕਦੇ ਹਨ ਅਤੇ ਹਿੰਦੀ ਜਾਂ ਅੰਗਰੇਜ਼ੀ ਭਾਸ਼ਾ ਨੂੰ ਤਰਜੀਹ ਦਿੰਦੇ ਹਨ। ਮੈਂ ਨਹੀਂ ਕਹਿੰਦਾ ਕਿ ਸਾਨੂੰ ਅੰਗਰੇਜ਼ੀ ਜਾਂ ਹਿੰਦੀ ਭਾਸ਼ਾ ਪੜ੍ਹਨੀ, ਲਿਖਣੀ ਜਾਂ ਬੋਲਣੀ ਨਹੀਂ ਆਉਣੀ ਚਾਹੀਦੀ, ਦੂਸਰੀਆਂ ਭਾਸ਼ਾਵਾਂ ਸਿੱਖੋ, ਪਰ ਜੋ ਤੁਹਾਡੀ ਆਪਣੀ ਹੈ, ਉਸ ਨੂੰ ਵਿਸਾਰੋ ਨਾ। ਇਤਿਹਾਸ ਗਵਾਹ ਹੈ ਜੋ ਕੌਮ ਆਪਣੀ ਮਾਂ-ਭਾਸ਼ਾ ਨੂੰ ਵਿਸਾਰ ਦਿੰਦੀ ਹੈ, ਉਹ ਕੌਮ ਬਹੁਤਾ ਸਮਾਂ ਨਹੀਂ ਰਹਿੰਦੀ। ਮਾਸੀ ਦਾ ਸਤਿਕਾਰ ਕਰੋ, ਪਰ ਮਾਂ ਨੂੰ ਸੰਭਾਲ ਕੇ ਰੱਖੋ, ਉਸ ਨਾਲ ਪਿਆਰ ਕਰੋ। ਕਿਉਂਕਿ ਲੱਖ ਚਾਚੀਆਂ, ਤਾਈਆਂ, ਮਾਸੀਆਂ, ਮਾਮੀਆਂ ਹੋਣ ਪਰ ਮਾਂ ਤਾਂ ਮਾਂ ਹੀ ਹੁੰਦੀ ਹੈ, ਇਸ ਲਈ ਮੈਂ ਕਹਿੰਦਾ ਹਾਂ, ਮੈਨੂੰ ਮਾਂ ਚਾਹੀਦੀ ਹੈ, ਮਾਸੀ ਨਹੀਂ।

-ਜਸ ਢੋਲੇਵਾਲ
ਬਾਨੀ ਅਤੇ ਮੁਖੀ, ਜ਼ਿੰਦਾਬਾਦ-ਏ-ਜ਼ਿੰਦਗੀ।

ਚਿੰਤਾ ਦਾ ਵਿਸ਼ਾ
ਜਿਹੜੀ ਭਾਸ਼ਾ ਬੱਚਾ ਜਨਮ ਤੋਂ, ਮਾਂ ਦੇ ਦੁੱਧ ਤੋਂ, ਮਾਂ ਦੀ ਗੋਦੀ ਵਿਚ ਸਿੱਖਦਾ ਹੈ, ਉਸ ਭਾਸ਼ਾ ਨੂੰ ਮਾਂ-ਬੋਲੀ ਦਾ ਨਾਂਅ ਦਿੱਤਾ ਜਾਂਦਾ ਹੈ। ਸਾਡੀ ਮਾਂ-ਬੋਲੀ ਪੰਜਾਬੀ ਹੈ। ਪੰਜਾਬੀ ਭਾਸ਼ਾ ਪੰਜਾਬੀਆਂ ਵਿਚ ਬੜੇ ਮਾਣ ਵਾਲੀ ਗੱਲ ਹੈ। ਪੰਜਾਬੀ ਮਾਂ-ਬੋਲੀ ਭਾਸ਼ਾ ਨੂੰ ਵਿਦੇਸ਼ਾਂ ਵਿਚ ਵੀ ਉਥੇ ਦੇ ਲੋਕ ਤੇ ਗੋਰੇ ਵੀ ਸੁਣਨਾ ਅਤੇ ਬੋਲਣਾ ਪਸੰਦ ਕਰਦੇ ਹਨ, ਜਿਸ ਦੀ ਮਿਸਾਲ ਹੁਣ ਕਈ ਹਿੰਦੀ ਫ਼ਿਲਮਾਂ ਵਿਚ ਚੱਲ ਰਹੇ ਪੰਜਾਬੀ ਗੀਤਾਂ ਤੋਂ ਲਈ ਜਾ ਸਕਦੀ ਹੈ। ਪਰ ਬੜੇ ਦੁੱਖ ਦੀ ਗੱਲ ਇਹ ਹੈ ਕਿ ਅੱਜ ਪੰਜਾਬੀ ਮਾਂ-ਬੋਲੀ ਨੂੰ ਆਪਣਿਆਂ ਵਲੋਂ ਵਿਸਾਰਿਆ ਜਾ ਰਿਹਾ ਹੈ। ਪੰਜਾਬੀ ਭਾਸ਼ਾ ਨੂੰ ਪੰਜਾਬ ਵਿਚ ਸਰਕਾਰੀ ਦਫ਼ਤਰਾਂ ਦੇ ਕੰਮ ਪੰਜਾਬੀ ਭਾਸ਼ਾ ਵਿਚ ਯਕੀਨੀ ਬਣਾਉਣ ਲਈ ਸਰਕਾਰ ਨੂੰ ਵੀ ਇਸ ਪਾਸੇ ਵਧੇਰੇ ਧਿਆਨ ਦੇ ਕੇ ਸਕੂਲਾਂ, ਕਾਲਜਾਂ ਵਿਚ ਵੀ ਪੰਜਾਬੀ ਭਾਸ਼ਾ ਨੂੰ ਮਾਧਿਅਮ ਬਣਾਉਣਾ ਚਾਹੀਦਾ ਹੈ।

-ਬਬੀਤਾ ਘਈ
ਗੁਰੂ ਹਰਗੋਬਿੰਦ ਨਗਰ, ਮਿੰਨੀ ਛਪਾਰ, ਜ਼ਿਲ੍ਹਾ ਲੁਧਿਆਣਾ।

ਮੋਦੀ ਦਾ ਬਿਆਨ
ਪਿਛਲੇ ਦਿਨੀਂ 'ਅਜੀਤ' 'ਚ ਲੱਗੀ ਖ਼ਬਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ 6 ਸਾਲਾਂ 'ਚ ਗ਼ਰੀਬਾਂ ਲਈ ਜਿੰਨਾ ਕੰਮ ਹੋਇਆ, ਓਨਾ ਪਹਿਲਾਂ ਕਦੇ ਨਹੀਂ ਹੋਇਆ। ਭਾਵ ਉਨ੍ਹਾਂ ਦੇ ਰਾਜ 'ਚ ਹੀ ਦੇਸ਼ ਦੇ ਗ਼ਰੀਬ-ਗੁਰਬੇ ਦੀ ਸਭ ਤੋਂ ਵੱਧ ਕਾਇਆ ਕਲਪ ਹੋਈ ਹੈ। ਜਦ ਕਿ ਹਕੀਕਤ ਇਹ ਹੈ ਕਿ ਮੁਲਕ ਦੀ ਆਜ਼ਾਦੀ ਤੋਂ ਬਾਅਦ ਹੁਣ ਤੱਕ ਦੇਸ਼ 'ਚ ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਚੰਦ ਕੁ ਸਿਆਸੀ ਨੇਤਾਵਾਂ ਨੂੰ ਛੱਡ ਕੇ ਬਾਕੀ ਸਭ ਨੇ ਦੇਸ਼ 'ਚੋਂ ਗ਼ਰੀਬੀ ਦੂਰ ਕਰਨ ਦੇ ਨਾਂਅ 'ਤੇ ਸਿਰਫ ਸਿਆਸਤ ਹੀ ਕੀਤੀ ਹੈ। ਸੋ, ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਉਹ ਅਖ਼ਬਾਰਾਂ 'ਚ ਹਾਸੋਹੀਣੇ ਤੇ ਪੇਤਲੇ ਜਿਹੇ ਬਿਆਨ ਦਾਗਣ ਦੀ ਬਜਾਏ ਸੱਚੇ ਦਿਲੋਂ ਦੇਸ਼ 'ਚੋਂ ਗ਼ਰੀਬੀ, ਭੁੱਖਮਰੀ ਤੇ ਹੋਰ ਮਾਰੂ ਅਲਾਮਤਾਂ ਦਾ ਕੋਹੜ ਦੂਰ ਕਰਨ ਦੇ ਯਤਨ ਕਰਨ।

-ਯਸ਼ ਕੁਮਾਰ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

15-09-2020

 ਪੰਜਾਬੀ ਭਾਸ਼ਾ ਨਾਲ ਵਿਤਕਰਾ ਕਿਉਂ?

ਜੰਮੂ-ਕਸ਼ਮੀਰ ਭਾਸ਼ਾ ਬਿੱਲ 2020 ਸਬੰਧੀ ਐਲਾਨ ਕਰਦਿਆਂ ਕੇਂਦਰ ਸਰਕਾਰ ਵਲੋਂ ਪੰਜ ਭਾਸ਼ਾਵਾਂ ਉਰਦੂ, ਕਸ਼ਮੀਰੀ, ਹਿੰਦੀ, ਡੋਗਰੀ ਅਤੇ ਅੰਗਰੇਜ਼ੀ ਨੂੰ ਇਥੋਂ ਦੀਆਂ ਰਾਜ ਭਾਸ਼ਾਵਾਂ ਦਾ ਦਰਜਾ ਦੇ ਕੇ ਪੰਜਾਬੀ ਭਾਸ਼ਾ ਨੂੰ ਵਿਸਾਰ ਦਿੱਤਾ ਗਿਆ ਹੈ। ਸਿੱਟੇ ਵਜੋਂ ਦੁਨੀਆ ਵਿਚ ਵਸਦੇ ਸਮੁੱਚੇ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਜੰਮੂ-ਕਸ਼ਮੀਰ ਵਿਚ ਪੰਜਾਬੀ ਨੂੰ ਵਿਸ਼ੇਸ਼ ਸੰਵਿਧਾਨਕ ਦਰਜਾ ਪ੍ਰਾਪਤ ਸੀ।
ਅੱਜ ਦੇ ਸਮੇਂ ਵਿਚ ਜਦੋਂ ਇੰਗਲੈਂਡ ਅਤੇ ਕੈਨੇਡਾ ਵਰਗੇ ਦੇਸ਼ਾਂ 'ਚ ਪੰਜਾਬੀ ਬੋਲੀ ਨੂੰ ਮਾਨਯੋਗ ਦਰਜਾ ਪ੍ਰਾਪਤ ਹੋ ਚੁੱਕਾ ਹੈ, ਉਥੇ ਅਜਿਹੇ ਸਮੇਂ ਜਿਸ ਰਾਜ ਵਿਚ ਲੱਖਾਂ ਹੀ ਪੰਜਾਬੀ ਵਸਦੇ ਹੋਣ, ਇਸ ਬੋਲੀ ਨੂੰ ਦਰਕਿਨਾਰ ਕਰਨਾ ਬੇਹੱਦ ਮਾੜੀ ਗੱਲ ਹੈ। ਜੰਮੂ-ਕਸ਼ਮੀਰ 27 ਸਾਲ ਸਿੱਖ ਰਾਜ ਦਾ ਹਿੱਸਾ ਰਿਹਾ ਹੈ ਅਤੇ ਬੋਲੀ ਜਾਣ ਵਾਲੀ ਭਾਸ਼ਾ ਡੋਗਰੀ ਪੰਜਾਬੀ ਬੋਲੀ ਦੀ ਉਪ-ਭਾਸ਼ਾ ਹੈ। ਸੋ, ਕੇਂਦਰ ਸਰਕਾਰ ਇਸ ਵੱਡੀ ਘਾਟ ਨੂੰ ਤੁਰੰਤ ਪੂਰਾ ਕਰੇ ਤਾਂ ਜੋ ਦੇਸ਼ ਵਿਚ ਘੱਟ-ਗਿਣਤੀਆਂ ਦੇ ਦਿਲਾਂ ਵਿਚ ਦਿਨੋ-ਦਿਨ ਵਧ ਰਹੀਆਂ ਬੇਗਾਨਗੀ ਦੀਆਂ ਭਾਵਨਾਵਾਂ ਨੂੰ ਦੂਰ ਕੀਤਾ ਜਾ ਸਕੇ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ।

ਸਰੂਪਾਂ ਦੀ ਚੋਰੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ, ਜੋ ਸਿੱਖਾਂ ਦੀ ਅਗਵਾਈ ਕਰਦੀ ਹੈ ਤੇ ਇਤਿਹਾਸਿਕ ਗੁਰਧਾਮਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਵੀ ਇਸ ਸੰਸਥਾ ਦੀ ਹੈ। ਪਰ ਦੇਸ਼ ਦੀ ਗੰਦੀ ਰਾਜਨੀਤੀ ਦੇ ਗੰਦੇ ਪੰਜਿਆਂ ਨੇ ਇੱਥੇ ਕੰਮ ਕਰਦਿਆਂ ਮੁਲਾਜ਼ਮਾਂ ਨੂੰ ਆਪਣੇ ਲਾਲਚੀ ਪੰਜਿਆਂ ਵਿਚ ਫਸਾ ਲਿਆ। ਜਿਸ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਚੋਰੀ ਦੀ ਮੰਦਭਾਗੀ ਘਟਨਾ ਇੱਥੇ ਕੰਮ ਕਰਦੇ ਮੁਲਾਜ਼ਮਾਂ ਤੇ ਜ਼ਿੰਮੇਵਾਰ ਵਿਅਕਤੀਆਂ ਦੀ ਸ਼ਹਿ ਤੋਂ ਬਿਨਾਂ ਨਹੀਂ ਹੋ ਸਕਦੀ। ਅਜਿਹੇ ਵਿਅਕਤੀ ਸਿੱਖ ਕੌਮ ਲਈ ਗੱਦਾਰ ਹਨ। ਜਿਨ੍ਹਾਂ ਅਹੁਦੇਦਾਰਾਂ ਦੀ ਡਿਊਟੀ ਸਮੇਂ ਪਾਵਨ ਸਰੂਪਾਂ ਦੀ ਚੋਰੀ ਹੋਈ ਹੈ, ਉਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਲਾਏ ਅਕਾਲ ਤਖਤ ਸਾਹਿਬ ਦੇ ਸਨਮੁਖ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੋਂ ਤੋਂ ਕੋਈ ਵੀ ਮੁਲਾਜ਼ਮ ਅਜਿਹੀ ਬੱਜਰ ਗ਼ਲਤੀ ਨਾ ਕਰ ਸਕੇ।

-ਜਸਦੀਪ ਸਿੰਘ ਖ਼ਾਲਸਾ
ਖੰਨਾ।

ਕਿਰਾਏਦਾਰਾਂ ਦੀ ਸੂਚਨਾ

ਰੋਜ਼ੀ-ਰੋਟੀ ਕਮਾਉਣ ਲਈ ਬਹੁਤ ਸਾਰੇ ਮੁਲਾਜ਼ਮਾਂ ਨੂੰ ਨੌਕਰੀ ਲਈ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਘਰ ਤੋਂ ਦੂਰ ਸ਼ਹਿਰਾਂ ਵਿਚ ਕਿਰਾਏ 'ਤੇ ਮਕਾਨ, ਪੀ.ਜੀ. ਆਦਿ ਲੈ ਕੇ ਰਹਿਣਾ ਪੈਂਦਾ ਹੈ। ਇਸ ਤੋਂ ਇਲਾਵਾ ਮਾਲਕਾਂ ਵਲੋਂ ਖਾਲੀ ਪਲਾਟਾਂ ਵਿਚ ਕਮਰੇ, ਮਕਾਨ ਆਦਿ ਬਣਾ ਕੇ ਆਪਣੀ ਸੰਪਤੀ ਦੀ ਸਾਂਭ-ਸੰਭਾਲ ਤੇ ਰਖਵਾਲੀ ਲਈ ਜਿਥੇ ਕਿਰਾਏ ਆਦਿ 'ਤੇ ਪ੍ਰਵਾਸੀ ਮਜ਼ਦੂਰ ਰੱਖੇ ਹੁੰਦੇ ਹਨ, ਉਥੇ ਆਮ ਪੰਜਾਬੀ ਵੀ ਰਹਿੰਦੇ ਹਨ। ਮੁਲਾਜ਼ਮ ਵਰਗ ਮਾਲਕਾਂ ਨੂੰ ਕਿਰਾਇਆ ਦੇ ਕੇ ਆਪਣੇ ਵਿਭਾਗ ਤੋਂ ਇਨਕਮ ਟੈਕਸ ਛੋਟ ਪ੍ਰਾਪਤ ਕਰ ਲੈਂਦਾ ਹੋਵੇਗਾ ਪਰ ਹੋ ਸਕਦਾ ਹੈ ਕਈ ਮਕਾਨ ਮਾਲਕਾਂ ਵਲੋਂ ਕਿਰਾਏ ਆਦਿ ਤੋਂ ਹੋਈ ਆਮਦਨ ਆਪਣੀ ਇਨਕਮ ਵਿਚ ਨਾ ਜੋੜੀ ਜਾਂਦੀ ਹੋਵੇ। ਲੋਕਾਂ ਨੂੰ ਇਸ ਪ੍ਰਤੀ ਸੁਚੇਤ ਹੁੰਦੇ ਹੋਏ ਕਿਰਾਏਦਰਾਂ, ਪੀ.ਜੀ. ਵਾਲਿਆਂ, ਸੰਪਤੀ ਦੀ ਸਾਂਭ-ਸੰਭਾਲ, ਰਖਵਾਲੀ ਕਰਨ ਵਾਲਿਆਂ ਦੀ ਸੂਚਨਾ ਸਬੰਧਿਤ ਥਾਣਿਆਂ ਵਿਚ ਦੇਣੀ ਚਾਹੀਦੀ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।

ਬਹਿਸ ਤੇ ਜ਼ਿਦ

ਬਹਿਸ ਭਾਵ ਜ਼ਿਦ ਭਾਵੇਂ ਦੋ ਸ਼ਬਦ ਹਨ ਪਰ ਇਨਸਾਨ ਤੇ ਇਨਸਾਨੀਅਤ ਲਈ ਇਹ ਕਈ ਵਾਰ ਘਾਤਕ ਸਿੱਧ ਹੁੰਦੇ ਹਨ। ਬਹਿਸ ਜਾਂ ਜ਼ਿਦ ਕਰਨਾ ਸਾਡੀ ਜ਼ਿੰਦਗੀ ਦਾ ਉਹ ਇਕ ਪਲ ਹੈ ਜੋ ਕਈ ਵਾਰੀ ਇਨ੍ਹਾਂ ਵਿਚ ਉਲਝ ਕੇ ਇਨਸਾਨ ਆਪਣਾ ਕਈ ਥਾਵਾਂ ਤੋਂ ਨੁਕਸਾਨ ਕਰਵਾ ਕੇ ਬੈਠ ਜਾਂਦਾ ਹੈ। ਇਕ ਗੀਤ ਵਿਚ ਤਾਂ ਜਨਾਬ ਸਰਦੂਲ ਸਿਕੰਦਰ ਨੇ ਵੀ ਬਹੁਤ ਸੋਹਣਾ ਆਖਿਆ ਹੈ ਕਿ 'ਜ਼ਿੱਦ ਨਾਲ ਮਸਲੇ ਵਿਗੜ ਜਾਂਦੇ ਨੇ, ਰਜ਼ਾਮੰਦੀ ਕਰਲੋ ਨਿੱਬੜ ਜਾਂਦੇ ਨੇ' ਵਾਕਿਆ ਹੀ ਅੱਜ ਇਨ੍ਹਾਂ ਸਤਰਾਂ ਨੂੰ ਲਿਖਣਾ ਬਹੁਤ ਹੀ ਜ਼ਰੂਰੀ ਹੋ ਗਿਆ ਹੈ। ਜ਼ਿਦ ਹੋਏ, ਚਾਹੇ ਬਹਿਸ ਇਨਸਾਨ ਲਈ ਦੋਵੇਂ ਹੀ ਘਾਤਕ ਤੇ ਖ਼ਤਰਨਾਕ ਹਨ। ਕਈ ਵਾਰ ਇਹੋ ਸਾਡੀ ਜ਼ਿਦ ਤੇ ਬਹਿਸ ਸਾਨੂੰ ਸਾਹਮਣੇ ਵਾਲੇ ਦੀਆਂ ਨਜ਼ਰਾਂ ਵਿਚ ਬੁਰਾ ਬਣਾ ਦਿੰਦੀ ਹੈ ਜਾਂ ਸਾਡਾ ਪਿਆਰ ਉਹਦੇ ਦਿਲ ਵਿਚੋਂ ਘਟਾ ਦਿੰਦੀ ਹੈ। ਬਹਿਸ ਤੇ ਜ਼ਿਦ ਕਈ ਵਾਰ ਚੰਗੇ ਭਲੇ ਆਦਮੀ ਨੂੰ ਜੁਰਮ ਵੱਲ ਵੀ ਮੋੜ ਦਿੰਦੇ ਹਨ। ਇਨਸਾਨੀਅਤ ਦੇ ਦੁਸ਼ਮਣ ਬਣ ਜਾਂਦੇ ਹਨ। ਕਈ ਥਾਵੇਂ ਤਾਂ ਜ਼ਿਦ ਤੇ ਬਹਿਸ ਤਾਂ ਖੂਨੀ ਰੂਪ ਵੀ ਧਾਰ ਲੈਂਦੇ ਹਨ। ਸੋ, ਇਸ ਬਹਿਸ ਤੇ ਜ਼ਿਦ ਤੋਂ ਸਮੇਂ ਅਨੁਸਾਰ ਬਚਣਾ ਚਾਹੀਦਾ ਹੈ। ਜਿਥੇ ਲੱਗੇ ਕਿ ਸਾਹਮਣੇ ਵਾਲਾ ਸਮਝਣ ਨੂੰ ਤਿਆਰ ਨਹੀਂ ਤਾਂ ਪਾਸਾ ਵੱਟ ਲੈਣਾ ਹੀ ਸਮਝਦਾਰੀ ਹੈ। ਉਂਜ ਬਹਿਸ ਤੇ ਜ਼ਿਦ ਕਰਨ ਨਾਲ ਅੱਜ ਤੱਕ ਕੋਈ ਮਹਾਨ ਨਹੀਂ ਬਣਿਆ, ਫਿਰ ਅਸੀਂ ਤੁਸੀਂ ਬਹਿਸ ਕਿਉਂ ਕਰੀਏ।

-ਗੁਰਪ੍ਰੀਤ ਸਿੰਘ ਜਖਵਾਲੀ।

ਰੁੱਖ ਬਨਾਮ ਮਨੁੱਖ

ਸਦੀਆਂ ਤੋਂ ਮਨੁੱਖੀ ਜੀਵਨ ਨੂੰ ਚਲਾਉਣ ਅਤੇ ਚੌਗਿਰਦੇ ਅੰਦਰ ਸ਼ੁੱਧ ਹਵਾ ਪੈਦਾ ਕਰਨ ਵਿਚ ਰੁੱਖ ਨੇ ਆਪਣਾ ਅਹਿਮ ਰੋਲ ਅਦਾ ਕੀਤਾ ਹੈ। ਅਜੋਕੇ ਸਮੇਂ ਵਿਚ ਮਨੁੱਖ ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਰੁੱਖਾਂ ਨੂੰ ਕੱਟਣ ਵਿਚ ਸਭ ਤੋਂ ਅੱਗੇ ਹੈ ਤੇ ਰੁੱਖਾਂ ਨੂੰ ਲਗਾਉਣ ਅਤੇ ਵਾਤਾਵਰਨ ਨੂੰ ਬਚਾਉਣ ਵਿਚ ਸਭ ਤੋਂ ਪਿੱਛੇ। ਇਕ ਰੁੱਖ ਨੂੰ ਪਾਲ ਪਲੋਸਕੇ ਵੱਡਾ ਕਰਨ ਅਤੇ ਉਸ ਦੀ ਛਾਂ ਦਾ ਆਨੰਦ ਮਾਨਣ ਲਈ ਲੰਮੇ ਸਮੇਂ ਦੀ ਉਡੀਕ ਕਰਨੀ ਪੈਂਦੀ ਹੈ। ਮਨੁੱਖ ਏਨਾ ਜ਼ਿਆਦਾ ਸੁਆਰਥੀ ਹੋ ਗਿਆ ਹੈ ਕਿ ਆਪਣੇ ਸਮੇਂ ਨੂੰ ਗੁਜ਼ਾਰਨ ਜੋਗਾ ਹੀ ਕੰਮ ਕਰਦਾ ਹੈ। ਜੇਕਰ ਇਸ ਦੇ ਦੂਸਰੇ ਪਾਸੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਜੇਕਰ ਸਾਡੀਆਂ ਪਿਛਲੀਆਂ ਪੀੜ੍ਹੀਆਂ ਇਸ ਤਰ੍ਹਾਂ ਦੀ ਸੋਚ ਰੱਖਦੀਆਂ ਤਾਂ ਸਾਡਾ ਧਰਤੀ ਉੱਪਰ ਜੀਵਨ ਸੰਭਵ ਨਹੀਂ ਹੋਣਾ ਸੀ। ਜੇਕਰ ਮਨੁੱਖ, ਰੁੱਖ ਦੇ ਵਲੋਂ ਮਨੁੱਖ ਨੂੰ ਬਚਾਉਣ ਲਈ ਕੀਤੇ ਅਹਿਸਾਨ ਦੀ ਕਦਰ ਕਰ ਲਵੇ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਲਈ ਰੁੱਖਾਂ ਦੀ ਬਹੁਤਾਤ ਮਨੁੱਖਤਾ ਨੂੰ ਬਚਾਅ ਲਵੇਗੀ।

-ਰਵਿੰਦਰ ਸਿੰਘ ਰੇਸ਼ਮ,
ਪਿੰਡ ਉਮਰਪੁਰਾ (ਨੱਥੂ ਮਾਜਰਾ), ਜ਼ਿਲ੍ਹਾ ਸੰਗਰੂਰ।

ਬੇਕਾਬੂ ਹੋਇਆ ਕੋਰੋਨਾ

ਕੋਰੋਨਾ ਭਾਰਤ ਵਿਚ ਤੇਜ਼ੀ ਨਾਲ ਪੈਰ ਪਸਾਰਦਾ ਬੇਕਾਬੂ ਹੁੰਦਾ ਜਾ ਰਿਹਾ ਹੈ। ਅਮਰੀਕਾ ਤੋਂ ਬਾਅਦ ਪ੍ਰਭਾਵਿਤ ਮੁਲਕਾਂ 'ਚ ਭਾਰਤ ਦੂਜੇ ਨੰਬਰ 'ਤੇ ਪੁੱਜ ਗਿਆ ਹੈ। ਜੇਕਰ ਇਹੀ ਹਾਲਾਤ ਰਹੇ ਤਾਂ ਜਲਦੀ ਹੀ ਪਹਿਲੇ ਨੰਬਰ 'ਤੇ ਵੀ ਆ ਸਕਦਾ ਹੈ। ਹਰ ਰੋਜ਼ ਮਰਨ ਤੇ ਪਾਜ਼ੀਟਿਵ ਕੇਸਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਕਾਰਨ ਸਪੱਸ਼ਟ ਹੈ ਕਿ ਲੋਕਾਂ ਨੇ ਦੁਨੀਆ ਦੇ ਵਿਕਸਿਤ ਮੁਲਕਾਂ 'ਚ ਜਾਨਾਂ ਦੀ ਹੋਈ ਤਬਾਹੀ ਤੋਂ ਦੇਖ ਕੇ ਵੀ ਸਬਕ ਨਹੀਂ ਲਿਆ। ਬੇਖੌਫ਼ ਤੇ ਅਣਗਹਿਲੀ 'ਚ ਆਪਣੀ ਤੇ ਦੂਜਿਆਂ ਦੀ ਜ਼ਿੰਦਗੀ ਨੂੰ ਖ਼ਤਰੇ 'ਚ ਪਾ ਕੇ ਸਰਕਾਰੀ ਹੁਕਮਾਂ ਤੋਂ ਬੇਪਰਵਾਹ ਭੀੜ-ਭੜੱਕੇ ਵਾਲੀਆਂ ਥਾਵਾਂ 'ਚ ਵਿਚਰ ਰਹੇ ਹਨ।
ਕਈ ਜਗ੍ਹਾ ਤਾਂ ਡਾਕਟਰਾਂ ਦੀਆਂ ਟੈਸਟ ਕਰਨ ਗਈਆਂ ਟੀਮਾਂ ਨੂੰ ਲੋਕਾਂ ਦੇ ਵਿਰੋਧ ਕਾਰਨ ਵਾਪਸ ਮੁੜਨਾ ਪਿਆ। ਸਮੇਂ ਦੀ ਗੰਭੀਰਤਾ ਨੂੰ ਸਮਝਦਿਆਂ ਸਰਕਾਰ ਵਲੋਂ ਝੂਠੀਆਂ ਵੀਡੀਓ ਫੈਲਾਉਣ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ। ਮੁੱਖ ਮੰਤਰੀ ਪੰਜਾਬ ਲੋਕਾਂ ਨੂੰ ਅਫ਼ਵਾਹਾਂ ਤੋਂ ਦੂਰ ਰਹਿ ਕੇ ਸਰਕਾਰ ਦਾ ਸਾਥ ਦੇਣ ਅਤੇ ਸਮੇਂ ਸਿਰ ਟੈਸਟ ਕਰਾਉਣ ਦੀ ਅਪੀਲ ਕਰ ਰਹੇ ਹਨ।

-ਪਰਮ ਪਿਆਰ ਸਿੰਘ
ਨਕੋਦਰ।

14-09-2020

 ਭਾਸ਼ਾ ਬਿੱਲ

ਪਿਛਲੇ ਦਿਨੀਂ ਕੇਂਦਰ ਸਰਕਾਰ ਵਲੋਂ ਪੰਜਾਬੀ ਭਾਸ਼ਾ ਨੂੰ ਜੰਮੂ ਕਸ਼ਮੀਰ ਭਾਸ਼ਾ ਬਿੱਲ 'ਚੋਂ ਬਾਹਰ ਰੱਖਣ ਦਾ ਜੋ ਫੈਸਲਾ ਲਿਆ ਗਿਆ ਹੈ, ਉਹ ਬੇਹੱਦ ਮੰਦਭਾਗਾ ਹੈ। ਪੰਜਾਬੀ ਭਾਸ਼ਾ ਪ੍ਰਤੀ ਜੋ ਇਹ ਦੁਰੈਤ ਭਰਿਆ ਨਜ਼ਰੀਆ ਅਪਣਾਇਆ ਗਿਆ ਹੈ। ਉਸ ਨਾਲ ਸਮੂਹ ਪੰਜਾਬੀਆਂ ਨੂੰ ਵੱਡਾ ਝਟਕਾ ਲੱਗਿਆ ਹੈ। ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਫ਼ੈਸਲੇ 'ਤੇ ਮੁੜ ਗੌਰ ਕਰਦਿਆਂ ਜੰਮੂ-ਕਸ਼ਮੀਰ ਭਾਸ਼ਾ ਬਿੱਲ ਵਿਚ ਪੰਜਾਬੀ ਭਾਸ਼ਾ ਨੂੰ ਸਨਮਾਨ ਨਾਲ ਮੁੜ ਸ਼ਾਮਿਲ ਕਰੇ।

-ਬੰਤ ਸਿੰਘ ਘੁਡਾਣੀ
ਜਨਰਲ ਸਕੱਤਰ, ਲਿਖਾਰੀ ਸਭਾ ਪਾਇਲ, ਲੁਧਿਆਣਾ।

ਪਿੰਡਾਂ ਵਿਚ ਸੀਵਰੇਜ

ਵਕਤ ਦੇ ਬਦਲਦੇ ਹਾਲਾਤ ਦੇ ਨਾਲ-ਨਾਲ ਸ਼ਹਿਰੀ ਰਹਿਣ-ਸਹਿਣ ਅਤੇ ਆਧੁਨਿਕ ਤਕਨੀਕ ਨੂੰ ਪਿੰਡਾਂ ਵਿਚ ਅਪਣਾਉਣ ਲਈ ਪਿੰਡਾਂ ਵਲੋਂ ਜ਼ੋਰ ਅਜ਼ਮਾਈ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਸ਼ਹਿਰੀ ਮਾਡਲ ਨੂੰ ਦੇਖਦਿਆਂ ਪਿੰਡਾਂ ਵਿਚ ਧੜਾਧੜ ਸੀਵਰੇਜ ਪਾ ਕੇ ਪਿੰਡਾਂ ਵਿਚ ਸਾਫ-ਸੁਥਰੇ ਵਾਤਾਵਰਨ ਨੂੰ ਪੈਦਾ ਕੀਤਾ ਜਾ ਰਿਹਾ ਹੈ। ਪਿੰਡਾਂ ਵਿਚ ਜ਼ਿਆਦਾਤਰ ਲੋਕ ਪਸ਼ੂ-ਪਾਲਣ ਦਾ ਧੰਦਾ ਕਰਨ ਅਤੇ ਧਰਤੀ ਦਾ ਜ਼ਿਆਦਾ ਰਕਬਾ ਕੱਚਾ ਹੋਣ ਕਾਰਨ ਪਾਈਪਾਂ ਵਿਚ ਗਾਰ ਜਮ੍ਹਾਂ ਹੋ ਜਾਂਦੀ ਹੈ, ਜਿਸ ਨੂੰ ਸਾਫ਼ ਕਰਨ ਲਈ ਹਰ ਵਿਅਕਤੀ ਇਕ-ਦੂਜੇ ਦੇ ਮੂੰਹਾਂ ਵੱਲ ਤੱਕਦੇ ਰਹਿੰਦੇ ਹਨ ਕਿ ਕੋਈ ਸਾਫ਼ ਕਰੇਗਾ, ਪ੍ਰੰਤੂ ਕਰਦਾ ਕੋਈ ਨਹੀਂ। ਇਹ ਸਮੱਸਿਆ ਪਿੰਡਾਂ ਵਿਚ ਦਿਨ-ਬਦਿਨ ਵਧਦੀ ਜਾ ਰਹੀ ਹੈ। ਹੁਣ ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਪਿੰਡਾਂ ਨੂੰ ਆਧੁਨਿਕ ਤਕਨੀਕ ਨਾਲ ਜੋੜਿਆ ਜਾਂਦਾ ਹੈ ਤਾਂ ਉਸ ਦੀ ਸਾਂਭ-ਸੰਭਾਲ ਲਈ ਢੁਕਵੇਂ ਯਤਨ ਕਿਉਂ ਨਹੀਂ ਕੀਤੇ ਜਾਂਦੇ? ਇਸ ਨਾਲ ਜੁੜੇ ਸਬੰਧਿਤ ਵਿਭਾਗ ਨੂੰ ਚਾਹੀਦਾ ਹੈ ਕਿ ਇਸ ਸਮੱਸਿਆ ਦਾ ਹੱਲ ਕਿਸੇ ਯੋਗ ਤਰੀਕੇ ਨਾਲ ਕੱਢਿਆ ਜਾਵੇ, ਜਿਸ ਨਾਲ ਪਿੰਡਾਂ ਦੇ ਸੀਵਰੇਜ ਬੰਦ ਨਾ ਹੋ ਕੇ ਹਮੇਸ਼ਾ ਚਲਦੇ ਰਹਿਣ। ਪਿੰਡਾਂ ਦੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਪਿੰਡਾਂ ਦੇ ਸੁੰਦਰ ਵਾਤਾਵਰਨ ਲਈ ਇਸ ਪ੍ਰਤੀ ਬਣਦੀ ਨੈਤਿਕ ਜ਼ਿੰਮੇਵਾਰੀ ਨੂੰ ਨਿਭਾਉਣ।

-ਰਵਿੰਦਰ ਸਿੰਘ ਰੇਸ਼ਮ
ਪਿੰਡ ਉਮਰਪੁਰਾ (ਨੱਥਾਮਾਜਰਾ), ਜ਼ਿਲ੍ਹਾ ਸੰਗਰੂਰ।

ਵਿਸ਼ਵ ਸ਼ਾਂਤੀ ਪੁਰਸਕਾਰ

ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਵਿਅਕਤੀਆਂ ਦੀ ਸੂਚੀ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਾਂਅ ਦੇਖਣਾ ਹੈਰਾਨ ਕਰਨ ਵਾਲਾ ਹੈ। ਵਿਸ਼ਵ ਸ਼ਾਂਤੀ ਅਤੇ ਸ਼ਾਂਤੀ ਬਣਾਈ ਰੱਖਣ ਲਈ ਉਸ ਨੇ ਕੀ ਕੀਤਾ ਹੈ? ਉਸ ਦੇ ਹੁਕਮ ਅਧੀਨ ਕੁਝ ਹਾਂ-ਪੱਖੀ ਕਦੇ ਨਹੀਂ ਹੋਇਆ ਹੈ ਅਤੇ ਉਹ ਭੜਕਾਊ ਭਾਸ਼ਨ ਲਈ ਬਦਨਾਮ ਵੀ ਹਨ।

-ਨੇਹਾ ਜਮਾਲ, ਮੁਹਾਲੀ।

ਨਸ਼ਾ ਹਟਾਓ ਪੰਜਾਬ ਬਚਾਓ

ਨਸ਼ਾ ਹੁਣ ਕਈ ਲੋਕਾਂ ਲਈ ਆਪਣੀ ਜਾਨ ਤੋਂ ਵੱਧ ਕੀਮਤੀ ਹੁੰਦਾ ਜਾ ਰਿਹਾ ਹੈ। ਆਮ ਮਨੁੱਖ ਜਿਊਣ ਲਈ ਭੋਜਨ ਨੂੰ ਆਧਾਰ ਬਣਾਉਂਦਾ ਹੈ ਪਰ ਨਸ਼ੇ ਦਾ ਆਦੀ ਮਨੁੱਖ ਨਸ਼ੇ ਸਹਾਰੇ ਹੀ ਜਿਊਂਦਾ ਹੈ। ਨਸ਼ੇ ਨਾਲ ਬਰਬਾਦੀ ਦੀਆਂ ਕਈ ਉਦਾਹਰਨਾਂ ਹੁੰਦੇ ਹੋਏ ਵੀ ਕਈ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ। ਮਿਸਾਲ ਦੇ ਤੌਰ 'ਤੇ ਬੀਤੇ ਦਿਨਾਂ ਵਿਚ ਨਕਲੀ ਸ਼ਰਾਬ ਦੀ ਤਸਕਰੀ ਕਾਰਨ ਕਈ ਅਣਆਈਆਂ ਮੌਤਾਂ ਹੋਈਆਂ ਹਨ। ਇੱਥੇ ਇਹ ਕਹਿਣਾ ਕੋਈ ਗ਼ਲਤ ਨਹੀਂ ਹੋਵੇਗਾ ਕਿ ਜਿੱਥੇ ਇਸ ਪਿੱਛੇ ਕਸੂਰ ਅਸੀਂ ਸਰਕਾਰ, ਕਾਨੂੰਨ ਵਿਵਸਥਾ ਦਾ ਮੰਨਦੇ ਹਾਂ ਉੱਥੇ ਕਮੀ ਸਾਡੀ ਚੇਤਨਤਾ ਵਿਚ ਵੀ ਹੈ। ਇਹ ਬਰਬਾਦੀ ਸਿਰਫ਼ ਪੰਜਾਬ ਨਹੀਂ ਬਲਕਿ ਪੂਰੇ ਸੰਸਾਰ ਲਈ ਵਿਨਾਸ਼ਕਾਰੀ ਹੈ। ਲੋੜ ਹੈ ਸਭ ਸੰਸਥਾਵਾਂ ਅਤੇ ਨੌਜਵਾਨਾਂ ਦਾ ਸਹਿਯੋਗ ਤੇ ਇੱਕਜੁਟ ਹੋਣ ਦੀ ਤਾਂ ਜੋ ਲੋਕਾਂ ਨੂੰ ਖਾਸਕਰ ਨੌਜਵਾਨਾਂ ਨੂੰ ਇਸ ਦੇ ਜਾਨ-ਲੇਵਾ ਸਿੱਟਿਆਂ ਤੋਂ ਜਾਣੂ ਕਰਾਇਆ ਜਾਵੇ। ਕਿਉਂਕਿ ਆਉਂਦੇ ਸਮੇਂ ਪੰਜਾਬ ਨਵੀਂ ਪੀੜ੍ਹੀ ਦੇ ਹੱਥਾਂ ਵਿਚ ਹੋਣਾ ਹੈ ਜੇਕਰ ਇਹ ਨਸ਼ਿਆਂ ਦੀ ਲਾਗ ਤੋਂ ਬਚੇ ਰਹੇ ਤਾਂ ਅਸੀਂ ਨਸ਼ਾ ਮੁਕਤ ਪੰਜਾਬ ਦੀ ਆਸ ਰੱਖ ਸਕਦੇ ਹਾਂ।

-ਅਰਸ਼ਦੀਪ ਸਿੰਘ ਢੋਟੀਆਂ
ਨਿਸ਼ਾਨ-ਏ-ਸਿੱਖੀ, ਖਡੂਰ ਸਾਹਿਬ।

ਅਣਸੁਖਾਵੀਆਂ ਘਟਨਾਵਾਂ

ਪੰਜਾਬ ਵਿਚ ਦਿਨ-ਬਦਿਨ ਹਥਿਆਰਾਂ ਦਾ ਬੋਲਬਾਲਾ ਹੋਣ ਨਾਲ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਹਰ ਰੋਜ਼ ਵਧ ਰਹੇ ਕਤਲ, ਲੁੱਟਾਂ-ਖੋਹਾਂ ਸਮਾਜਿਕ ਚਿੰਤਾ ਦਾ ਵਿਸ਼ਾ ਹਨ। ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਵਾਰਦਾਤਾਂ ਵਿਚ ਬੇਹੱਦ ਇਜ਼ਾਫਾ ਹੋਇਆ ਹੈ ਜੋ ਕਿ ਪੰਜਾਬ ਦੇ ਮਾਹੌਲ ਨੂੰ ਖਰਾਬ ਕਰ ਰਿਹਾ ਹੈ। ਹਥਿਆਰਬੰਦ ਲੁਟੇਰੇ ਸੜਕਾਂ 'ਤੇ ਬੇਖੌਫ਼ ਘੁੰਮ ਰਹੇ ਹਨ। ਪ੍ਰਸ਼ਾਸਨ ਦੀ ਨਾਲਾਇਕੀ ਸਦਕਾ ਇਹ ਲੁਟੇਰੇ ਕਦੇ ਵੀ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਤਾਕ ਵਿਚ ਰਹਿੰਦੇ ਹਨ। ਪੰਜਾਬ ਦੀ ਅਜੋਕੀ ਲੱਚਰ ਗਾਇਕੀ ਨੇ ਵੀ ਹਥਿਆਰਾਂ ਨੂੰ ਉਤਸ਼ਾਹਿਤ ਕਰਕੇ ਨੌਜਵਾਨਾਂ ਦਾ ਜੀਵਨ ਕੁਰਾਹੇ ਪਾਉਣ 'ਚ ਵੱਡਾ ਯੋਗਦਾਨ ਪਾਇਆ ਹੈ। ਪੰਜਾਬ 'ਚ ਵਧ ਰਹੀ ਹਿੰਸਾ ਇਸੇ ਲੱਚਰ ਗਾਇਕੀ ਦੀ ਦੇਣ ਹੈ। ਅਜਿਹੇ ਮਾਰੂ ਸਿੱਟਿਆਂ ਤੋਂ ਬਚਣ ਲਈ ਪ੍ਰਸ਼ਾਸਨ ਨੂੰ ਹਥਿਆਰਾਂ ਸਬੰਧੀ ਸਖਤ ਕਦਮ ਚੁੱਕਣ ਦੀ ਜ਼ਰੂਰਤ ਹੈ।

-ਗੁਰਜੀਤ ਕੌਰ, ਮੋਗਾ।

ਬਜ਼ੁਰਗਾਂ ਦਾ ਮਾਣ-ਸਤਿਕਾਰ

ਧੀਆਂ-ਪੁੱਤਾਂ ਵਲੋਂ ਆਪਣੇ ਬਜ਼ੁਰਗ ਮਾਪਿਆਂ ਦੀ ਸੇਵਾ ਸੰਭਾਲ ਦੀ ਥਾਂ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਕੇ ਸੜਕਾਂ 'ਤੇ ਉਨ੍ਹਾਂ ਦਾ ਬੁਢਾਪਾ ਰੋਲਿਆ ਜਾ ਰਿਹਾ ਹੈ। ਰੋਜ਼-ਰੋਜ਼ ਅਜਿਹੀਆਂ ਖ਼ਬਰਾਂ ਪੜ੍ਹ-ਸੁਣ ਅਤੇ ਦੇਖ ਕੇ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ। ਮਾਪੇ ਚਾਹੇ ਆਰਥਿਕ ਪੱਖੋਂ ਕਮਜ਼ੋਰ ਹੋਣ ਜਾਂ ਸਮਰੱਥ, ਆਪਣੇ ਬੱਚਿਆਂ ਦੀ ਭਲਾਈ ਲਈ ਜ਼ਿੰਦਗੀ ਲਗਾ ਦਿੰਦੇ ਹਨ। ਉਨ੍ਹਾਂ ਦੇ ਪਾਲਣ-ਪੋਸ਼ਣ ਵਿਚ ਕੋਈ ਕਸਰ ਨਹੀਂ ਛੱਡਦੇ। ਉਹ ਉਨ੍ਹਾਂ ਨੂੰ ਆਪਣੀ ਸਮਰੱਥਾ ਅਨੁਸਾਰ ਪੜ੍ਹਾ-ਲਿਖਾ ਕੇ ਸਮਾਜ ਵਿਚ ਵਿਚਰਨ ਦੇ ਯੋਗ ਬਣਾਉਂਦੇ ਹਨ। ਜਦੋਂ ਮਾਂ-ਬਾਪ ਬੁੱਢੇ ਅਤੇ ਲਾਚਾਰ ਹੋ ਜਾਂਦੇ ਹਨ ਤਾਂ ਇਹੀ ਬੱਚੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਤੋਂ ਪਾਸਾ ਵੱਟ ਜਾਂਦੇ ਹਨ। ਜਾਇਦਾਦ ਦੇ ਨਾਲ-ਨਾਲ ਮਾਪੇ ਵੀ ਵੰਡੇ ਜਾਂਦੇ ਹਨ। ਮਾਂ ਨੂੰ ਉਸ ਦੇ ਪਤੀ ਤੋਂ ਅਲੱਗ ਕਰ ਦਿੱਤਾ ਜਾਂਦਾ ਹੈ। ਸਰਕਾਰ ਨੂੰ ਵੀ ਅਜਿਹੇ ਬਜ਼ੁਰਗਾਂ ਦੀ ਭਲਾਈ ਲਈ ਯੋਗ ਪ੍ਰਬੰਧ ਕਰਨ ਦੀ ਲੋੜ ਹੈ। ਸੀਨੀਅਰ ਸਿਟੀਜਨਜ਼ ਦੀ ਸੁਰੱਖਿਆ ਲਈ ਬਣਾਏ ਗਏ ਕਾਨੂੰਨ ਤਹਿਤ ਦੋਸ਼ੀ ਪਾਈ ਜਾਂਦੀ ਔਲਾਦ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸਮਾਜ ਵਿਚ ਬਜ਼ੁਰਗਾਂ ਨੂੰ ਬਣਦਾ ਮਾਣ-ਸਤਿਕਾਰ ਮਿਲ ਸਕੇ। ਘਰ ਪਰਿਵਾਰ ਤੇ ਸਮਾਜ ਵਿਚ ਅਜਿਹਾ ਮਾਹੌਲ ਜ਼ਰੂਰੀ ਹੈ, ਜਿਸ ਵਿਚ ਸਹੀ ਨੂੰ ਸਹੀ ਤੇ ਗ਼ਲਤ ਨੂੰ ਗ਼ਲਤ ਕਿਹਾ ਜਾਵੇ। ਮਾੜਾ ਕੰਮ ਕਰਨ ਵਾਲਿਆਂ ਨੂੰ ਖਾਸ ਤੌਰ 'ਤੇ ਬਜ਼ੁਰਗਾਂ ਦਾ ਨਿਰਾਦਰ ਕਰਨ ਵਾਲਿਆਂ ਨੂੰ ਨਿਰਉਤਸ਼ਾਹਤ ਕੀਤਾ ਜਾਵੇ।

-ਵਿਜੈ ਗਰਗ, ਮਲੋਟ।

ਵੱਡਾ ਚੋਣ ਇਮਤਿਹਾਨ

ਪਿਛਲੇ ਦਿਨੀਂ (11 ਸਤੰਬਰ) 'ਅਜੀਤ' ਵਿਚ ਡਾ: ਬਰਜਿੰਦਰ ਸਿੰਘ ਹਮਦਰਦ ਵਲੋਂ ਲਿਖਿਆ 'ਵੱਡਾ ਚੋਣ ਇਮਤਿਹਾਨ' ਕਾਫੀ ਪ੍ਰਭਾਵਿਤ ਲਿਖਤ ਜਾਪੀ। ਇਸ ਵਿਚ ਟਰੰਪ ਦੇ ਭਾਰਤ ਨਾਲ ਵਧੀਆ ਸਬੰਧ ਬਣੇ ਰਹਿਣ ਦਾ ਜ਼ਿਕਰ ਸਾਡੇ ਦੇਸ਼ ਦੇ ਵਿਕਾਸ ਲਈ ਲਾਹੇਵੰਦ ਹੈ। ਟਰੰਪ ਨੇ ਕੋਰੋਨਾ ਵਾਇਰਸ ਬਿਮਾਰੀ ਨਾਲ ਨਜਿੱਠਣ ਤੇ ਘਟਾਉਣ ਲਈ ਚੋਣ ਤੋਂ ਕੁਝ ਦਿਨ ਪਹਿਲਾਂ ਪ੍ਰਭਾਵਸ਼ਾਲੀ ਵੈਕਸੀਨ ਤਿਆਰ ਕਰਨ ਦਾ ਜੋ ਦਾਅਵਾ ਕੀਤਾ ਹੈ, ਮਹਾਂਮਾਰੀ ਕੋਵਿਡ-19 ਨਾਲ ਨਜਿੱਠਣ ਕੇਵਲ ਵੈਕਸੀਨ ਨਾਲ ਖਤਮ ਕਰਨ ਦਾ ਲੋਕਾਂ ਦੇ ਹਿਤ ਵਿਚ ਲੋਕ ਭਲਾਈ ਕੰਮ ਹੈ। ਦੂਸਰੇ ਪਾਸੇ ਔਰਤ ਨੂੰ ਸਨਮਾਨ ਨਾਲ ਉੱਚਾ ਰੁਤਬਾ ਦਿੰਦੇ ਹੋਏ ਕਮਲਾ ਹੈਰਿਸ ਭਾਰਤੀ ਮੂਲ ਦੀ ਔਰਤ ਹੈ, ਅਮਰੀਕਾ ਚੋਣ ਵਿਚ ਪੈਦਾ ਹੋਏ ਨਸਲਵਾਦ ਦੇ ਮਾਹੌਲ ਵਿਚ ਕਮਲਾ ਹੈਰਿਸ ਨੂੰ ਯੋਗ ਮੰਨ ਕੇ ਔਰਤ ਦਾ ਰੁਤਬਾ ਉੱਚਾ ਚੁੱਕਣ ਲਈ ਲਾਹੇਵੰਦ ਸਿੱਧ ਹੋਵੇਗੀ। ਇਸ ਲਈ ਇਸ ਵੱਡੇ ਚੋਣ ਇਮਤਿਹਾਨ ਵਿਚ ਇਹ ਸਾਹਮਣੇ ਆਵੇਗਾ, ਕੌਣ ਆਪਣੀ-ਆਪਣੀ ਜਗ੍ਹਾ ਦੇਸ਼ ਦੇ ਭਵਿੱਖ ਲਈ ਕਿੰਨਾ ਖਰਾ ਉਤਰੇਗਾ। ਕੌਣ ਸਫਲ ਅਤੇ ਕੌਮ ਅਸਫਲ ਹੋਵੇਗਾ।

-ਬਬੀਤਾ ਘਈ
-ਗੁਰੂ ਹਰਿਗੋਬਿੰਦ ਨਗਰ, ਮਿੰਨੀ ਛਪਾਰ, ਜ਼ਿਲ੍ਹਾ ਲੁਧਿਆਣਾ।

ਨੌਜਵਾਨ ਪੀੜ੍ਹੀ ਅਤੇ ਬਜ਼ੁਰਗ

ਸਾਨੂੰ ਇਹ ਸੋਹਣਾ ਸੰਸਾਰ ਦਿਖਾਉਣ ਵਿਚ ਮਾਂ-ਬਾਪ ਦਾ ਅਹਿਮ ਰੋਲ ਹੁੰਦਾ ਹੈ। ਮਾਂ-ਬਾਪ ਨੂੰ ਬੱਚਿਆਂ ਤੋਂ ਬਹੁਤ ਆਸਾਂ ਹੁੰਦੀਆਂ ਹਨ ਕਿ ਸਾਡੇ ਬੱਚੇ ਲਾਇਕ ਬਣਨ, ਸਾਡਾ ਸਮਾਜ ਵਿਚ ਮਾਣ ਵਧੇਗਾ ਤੇ ਬੁਢਾਪੇ ਵੇਲੇ ਸਾਡੀ ਸੇਵਾ ਕਰਨਗੇ। ਜ਼ਿੰਦਗੀ ਏਨੀ ਜ਼ਿਆਦਾ ਸੰਘਰਸ਼ਸ਼ੀਲ ਹੋ ਚੁੱਕੀ ਹੈਕਿ ਮਾਂ-ਬਾਪ ਨੂੰ ਬਿਲਕੁਲ ਵੀ ਸਮਾਂ ਨਹੀਂ ਦਿੱਤਾ ਜਾਂਦਾ। ਹਰ ਇਨਸਾਨ ਅੱਜ ਪੈਸੇ ਦੀ ਦੌੜ ਵਿਚ ਲੱਗਾ ਹੋਇਆ ਹੈ ਕਿ ਮੈਂ ਉਸ ਬੰਦੇ ਤੋਂ ਮੂਹਰੇ ਨਿਕਲ ਜਾਵਾਂ। ਘਰਾਂ ਵਿਚ ਬਜ਼ੁਰਗਾਂ ਤੇ ਬੱਚਿਆਂ ਦੇ ਰਿਸ਼ਤਿਆਂ ਵਿਚ ਕੁੜੱਤਣ ਬਹੁਤ ਜ਼ਿਆਦਾ ਪੈਦਾ ਹੋ ਚੁੱਕੀ ਹੈ। ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਬਜ਼ੁਰਗਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ, ਜਿਸ ਕਾਰਨ ਬਜ਼ੁਰਗਾਂ ਨੂੰ ਇਹ ਵੀ ਨਹੀਂ ਲੱਗੇਗਾ ਕਿ ਘਰ ਵਿਚ ਉਨ੍ਹਾਂ ਦੀ ਪੁੱਛ ਗਿੱਛ ਬਿਲਕੁਲ ਵੀ ਨਹੀਂ ਹੈ। ਇਸ ਨਾਲ ਘਰ ਵੀ ਸਵਰਗ ਬਣ ਜਾਵੇਗਾ।

-ਸੰਜੀਵ ਸਿੰਘ ਸੈਣੀ, ਮੋਹਾਲੀ

10-09-2020

 ਰਾਜਨੀਤੀ ਦਾ ਵਪਾਰੀਕਰਨ

ਪਿਛਲੇ ਦਿਨੀਂ ਡਾ: ਰਣਜੀਤ ਸਿੰਘ ਹੁਰਾਂ ਦਾ ਲੇਖ 'ਲੋਕ ਰਾਜ ਲਈ ਖ਼ਤਰਾ ਰਾਜਨੀਤੀ ਦਾ ਵਪਾਰੀਕਰਨ' ਫ਼ਿਕਰਮੰਦੀ ਪੈਦਾ ਕਰਦਾ ਹੈ। ਜਦੋਂ ਵੀ ਦੇਸ਼ ਦੇ ਨਾਗਰਿਕਾਂ 'ਤੇ ਕੋਈ ਮੁਸੀਬਤ ਜਾਂ ਸਮੱਸਿਆ ਆਉਂਦੀ ਹੈ ਤਾਂ ਦੇਸ਼ ਦੇ ਲੋਕ ਸਰਕਾਰ ਵੱਲ ਵੇਖਦੇ ਹਨ। ਉਹ ਸਰਕਾਰ ਤੋਂ ਮੁਸੀਬਤ ਜਾਂ ਸਮੱਸਿਆ ਦਾ ਹੱਲ ਚਾਹੁੰਦੇ ਹਨ ਪਰ ਜਦੋਂ ਸਰਕਾਰ ਹੀ ਲੋਕਾਂ ਤੋਂ ਅੱਖਾਂ ਫੇਰ ਲਵੇ ਤਾਂ ਲੋਕਾਂ ਦੀ ਬਾਂਹ ਕੌਣ ਫੜੇ। ਦੇਸ਼ ਵਿਚ ਚੱਲ ਰਹੀ ਮਹਾਂਮਾਰੀ ਸਮੇਂ ਜੋ ਲੋਕਾਂ ਦੀ ਦੁਰਦਸ਼ਾ ਹੋਈ, ਉਹ ਸਭ ਦੇ ਸਾਹਮਣੇ ਹੈ।
ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਢਹਿ-ਢੇਰੀ ਪਿਆ ਹੈ। ਮੁਸੀਬਤ ਤੋਂ ਪਿੱਠ ਮੋੜ ਮੰਦਰਾਂ ਦੀ ਉਸਾਰੀ ਸਰਕਾਰ ਦੀ ਨੀਤ ਉਜਾਗਰ ਕਰ ਰਹੀ ਹੈ। ਮਰ ਰਹੇ ਜਾਂ ਭੁੱਖ ਨਾਲ ਲੜ ਰਹੇ ਲੋਕਾਂ ਦਾ ਫ਼ਿਕਰ ਨਹੀਂ, ਚੋਣਾਂ ਕਰਾਉਣ ਜਾਂ ਚੋਣਾਂ ਜਿੱਤਣ ਦਾ ਫ਼ਿਕਰ ਹੈ। ਲੋਕ ਕਿੱਧਰ ਜਾਣ? ਗੰਭੀਰ ਵਿਚਾਰਾਂ ਕੌਣ ਕਰੇ? ਲੋਕਾਂ ਦੀਆਂ ਸਮੱਸਿਆਵਾਂ ਕੌਣ ਹੱਲ ਕਰੇ? ਕਿਥੇ ਹੈ ਦੇਸ਼ ਦਾ ਵਿਕਾਸ? ਸਿਵਾਏ ਵਿਨਾਸ਼ ਤੋਂ ਹੋਰ ਕੁਝ ਵੀ ਵਿਖਾਈ ਨਹੀਂ ਦੇ ਰਿਹਾ। ਜੇ ਲੋਕ ਹੀ ਨਾ ਬਚੇ ਤਾਂ ਰਾਜ ਕਿਸ 'ਤੇ ਕਰੋਗੇ? ਨੇਤਾਵਾਂ ਤੇ ਸਰਕਾਰੀ ਤੰਤਰ ਨੂੰ ਸੋਚਣਾ ਪਵੇਗਾ। ਦੇਰ ਹੋ ਰਹੀ ਹੈ। ਲੋਕਾਂ ਨੂੰ ਹਿਸਾਬ ਤਾਂ ਦੇਣਾ ਹੀ ਪਵੇਗਾ। ਅਜਿਹੇ ਲੇਖ ਛਾਪਣ ਲਈ 'ਅਜੀਤ' ਅਦਾਰੇ ਦਾ ਧੰਨਵਾਦ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਬਾਦਲ ਪਰਿਵਾਰ ਦੀ ਖਾਮੋਸ਼ੀ

ਸੰਨ 2014 ਤੋਂ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੈ। ਉਦੋਂ ਤੋਂ ਕੇਂਦਰ ਵਲੋਂ ਪੰਜਾਬ ਅਤੇ ਪੰਜਾਬੀਆਂ ਦੇ ਵਿਰੁੱਧ ਫ਼ੈਸਲੇ ਆ ਰਹੇ ਹਨ। ਤਾਜ਼ਾ ਮਾਮਲਾ ਕੇਂਦਰ ਵਲੋਂ ਜੰਮੂ-ਕਸ਼ਮੀਰ ਵਿਚ ਪੰਜਾਬੀ ਬੋਲੀ ਨਾਲ ਬੇਇਨਸਾਫ਼ੀ ਕਰਨ ਦਾ ਹੈ। ਕੇਂਦਰ ਦੇ ਇਸ ਘਿਨਾਉਣੇ ਫ਼ੈਸਲੇ ਦੀ ਚੁਫੇਰਿਉਂ ਨਿੰਦਾ ਹੀ ਨਹੀਂ ਹੋ ਰਹੀ, ਸਗੋਂ ਵਿਰੋਧ ਪ੍ਰਦਰਸ਼ਨ ਵੀ ਹੋ ਰਹੇ ਹਨ। ਪਰ ਸ਼੍ਰੋਮਣੀ ਅਕਾਲੀ ਦਲ 'ਤੇ ਕਾਬਜ਼ ਬਾਦਲ ਪਰਿਵਾਰ ਚੁੱਪ ਧਾਰ ਬੈਠਾ ਹੈ। ਬਾਦਲ ਪਰਿਵਾਰ ਦੀ ਇਸ ਖਾਮੋਸ਼ੀ ਨੇ ਹੁਣ ਤੱਕ ਪੰਜਾਬ ਅਤੇ ਕੌਮ ਦਾ ਨਾਕਾਬਲੇ ਬਰਦਾਸ਼ਤ ਨੁਕਸਾਨ ਕੀਤਾ ਹੈ। ਕੀ ਬਾਦਲ ਸਾਹਿਬ ਉਦੋਂ ਹੀ ਬੋਲਣਗੇ, ਜਦੋਂ ਅਗਲਿਆਂ ਨੇ ਮੱਖਣ ਵਿਚੋਂ ਵਾਲ ਵਾਂਗ ਬਾਹਰ ਕੱਢ ਕੇ ਸੁੱਟ ਦਿੱਤਾ?

-ਜਸਵੀਰ ਸਿੰਘ ਭਲੂਰੀਆ
ਪਿੰਡ ਤੇ ਡਾਕ: ਭਲੂਰ (ਮੋਗਾ)।

ਮੇਜਰ ਧਿਆਨ ਚੰਦ ਦੇ ਜਨਮ ਦਿਨ ਮੌਕੇ..

ਪਿਛਲੇ ਦਿਨੀਂ 'ਅਜੀਤ' ਅਖ਼ਬਾਰ ਦੇ ਖੇਡ ਅੰਕ ਵਿਚ ਪ੍ਰੋ: ਪਰਮਜੀਤ ਸਿੰਘ ਰੰਧਾਵਾ ਦਾ ਲੇਖ 'ਆਓ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਮੌਕੇ ਹਾਕੀ ਕ੍ਰਾਂਤੀ ਦਾ ਪ੍ਰਣ ਕਰੀਏ' ਥੋੜ੍ਹੇ ਸ਼ਬਦਾਂ ਵਿਚ ਲਿਖਿਆ ਗਿਆ ਇਕ ਅਤਿ ਪ੍ਰਭਾਵਸ਼ਾਲੀ ਲੇਖ ਸੀ ਜਿਸ ਨਾਲ ਹਾਕੀ ਖਿਡਾਰੀਆਂ ਤੇ ਹਾਕੀ ਪ੍ਰਬੰਧਕਾਂ ਨੇ ਆਪਣੇ ਅੰਦਰ ਮੇਜਰ ਧਿਆਨ ਚੰਦ ਵਰਗੀ ਖਿੱਚ ਪੈਦਾ ਕਰਨ ਲਈ ਲਹੂਣਾ ਦਿੱਤਾ ਸੀ। ਜਤਿੰਦਰ ਸਾਬੀ ਵਲੋਂ 'ਰਾਸ਼ਟਰੀ ਖੇਡ ਪੁਰਸਕਾਰਾਂ ਦਾ ਮਿਆਰ ਕਾਇਮ ਰੱਖਣ ਦੀ ਲੋੜ' ਲੇਖ ਦੇਸ਼ ਵਿਚ ਖਿਡਾਰੀਆਂ ਨੂੰ ਮਿਲਣ ਵਾਲੇ ਪੁਰਸਕਾਰਾਂ ਵਿਚ ਸਿਆਸੀ ਦਖ਼ਲਅੰਦਾਜ਼ੀ ਪ੍ਰਬੰਧਕਾਂ ਦੀ ਲਾਪਰਵਾਹੀ ਬਾਰੇ ਵਿਸਥਾਰ ਸਹਿਤ ਚਾਨਣਾ ਪਾਉਂਦਾ ਬਹੁਤ ਵਧੀਆ ਲੇਖ ਸੀ। ਜਗਮੋਹਣ ਸਿੰਘ ਲੱਕੀ ਵਲੋਂ ਲਿਖਿਆ ਲੇਖ 'ਭਾਰਤ ਦਾ ਇਕ ਸਦੀ ਦਾ ਸਫ਼ਰ ਹੋਵੇਗਾ ਟੋਕੀਓ ਉਲੰਪਿਕ 'ਚ ਪੂਰਾ' ਖੇਡ ਪ੍ਰੇਮੀਆਂ ਲਈ ਜਾਣਕਾਰੀ ਭਰਪੂਰ ਲੇਖ ਸੀ। ਕੁੱਲ ਮਿਲਾ ਕੇ ਖੇਡ ਅੰਕ ਸਾਂਭਣਯੋਗ ਸੀ। ਖੇਡਾਂ ਬਾਰੇ ਭਰਪੂਰ ਜਾਣਕਾਰੀ ਦੇਣ ਲਈ ਹਰਮਨ-ਪਿਆਰੇ 'ਅਜੀਤ' ਦਾ ਬਹੁਤ-ਬਹੁਤ ਧੰਨਵਾਦ।

-ਲਖਵੀਰ ਸਿੰਘ ਕੋਮਲ
ਆਲਮਵਾਲਾ ਕਲਾਂ (ਮੋਗਾ)।

ਗਾਇਕਾਂ ਪਿੱਛੇ ਲੜਦੇ ਨੌਜਵਾਨ

ਅੱਜਕਲ੍ਹ ਨੌਜਵਾਨ ਵਰਗ 'ਚ ਇਕ ਬੜਾ ਹੀ ਹਾਸੋਹੀਣਾ ਜਿਹਾ ਤੇ ਅਤਿ ਚਿੰਤਾਜਨਕ ਰਿਵਾਜ ਚੱਲਿਆ ਹੋਇਆ ਹੈ। ਦੇਖਣ ਵਿਚ ਆਇਆ ਹੈ ਕਿ ਕਈ ਨੌਜਵਾਨ ਲੜਕੇ ਕੁਝ ਗਾਇਕਾਂ ਦੇ ਇਸ ਕਦਰ ਦੀਵਾਨੇ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਆਪਣੀ ਪਸੰਦ ਦੇ ਗਾਇਕ ਦੇ ਖਿਲਾਫ਼ ਇਕ ਸ਼ਬਦ ਵੀ ਸੁਣਨਾ ਗਵਾਰਾ ਨਹੀਂ ਹੈ। ਇਹ ਵਰਤਾਰਾ ਅਜੋਕੀ ਨੌਜਵਾਨ ਪੀੜ੍ਹੀ ਦੀ ਬਿਮਾਰ ਮਾਨਸਿਕਤਾ ਦਾ ਸਿਖਰ ਹੀ ਕਿਹਾ ਜਾ ਸਕਦਾ ਹੈ। ਗਾਇਕਾਂ ਖਾਤਰ ਆਪਸ ਵਿਚ ਲੜਨ ਵਾਲੇ ਅਜਿਹੇ ਮੁੰਡਿਆਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਜਿਨ੍ਹਾਂ ਗਾਇਕਾਂ ਦੀ ਖਾਤਰ ਉਹ ਇਕ-ਦੂਜੇ ਨਾਲ ਝਗੜਾ ਕਰਦੇ ਹਨ, ਉਨ੍ਹਾਂ ਗਾਇਕਾਂ ਨੇ ਇਨ੍ਹਾਂ ਨੂੰ ਕੁਝ ਵੀ ਨਹੀਂ ਦੇਣਾ ਹੈ। ਆਪਣੀ ਮਨਪਸੰਦ ਦੇ ਗਾਇਕ ਨੂੰ ਸੁਣਨਾ ਤੁਹਾਡਾ ਹੱਕ ਹੈ ਪਰ ਕਿਸੇ ਗਾਇਕ ਕਲਾਕਾਰ ਦੀ ਖਾਤਰ ਲੜਾਈ-ਝਗੜਾ ਜਾਂ ਬਹਿਸ ਕਰਨਾ ਸਿਰੇ ਦੀ ਮੂਰਖਤਾ ਹੈ। ਅਸੀਂ ਇਨ੍ਹਾਂ ਮੁੰਡਿਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਲੜਨਾ ਹੀ ਹੈ ਤਾਂ ਬੇਰੁਜ਼ਗਾਰੀ, ਰਿਸ਼ਵਤਖੋਰੀ, ਲੁੱਟ-ਘਸੁੱਟ, ਮਹਿੰਗਾਈ, ਗ਼ਰੀਬੀ ਤੇ ਬੇਇਨਸਾਫ਼ੀ ਆਦਿ ਸਮਾਜਿਕ ਸਮੱਸਿਆਵਾਂ ਵਿਰੁੱਧ ਲੜੋ ਤਾਂ ਜੋ ਸਮਾਜ ਦੇ ਲੋਕ ਤੁਹਾਡੇ ਉੱਪਰ ਮਾਣ ਕਰ ਸਕਣ।

-ਯਸ਼ ਕੁਮਾਰ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

ਤਾਲਾਬੰਦੀ ਤੋਂ ਲੋਕ ਸਨ ਖਫ਼ਾ ਪਰ ਹੁਣ ਖੁਸ਼

ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਹਰ ਪ੍ਰਕਾਰ ਦੀਆਂ ਸਾਵਧਾਨੀਆਂ ਜ਼ਰੂਰੀ ਹਨ। ਜਿਵੇਂ ਕਿ ਇਕੱਠ ਵਿਚ ਨਾ ਜਾਣਾ, ਬਾਜ਼ਾਰੀ ਬਣੀਆਂ ਹੋਈਆਂ ਵਸਤਾਂ ਦੇ ਖਾਣ ਤੋਂ ਪ੍ਰਹੇਜ਼, ਸਾਫ਼ ਕੱਪੜੇ ਨਾਲ ਆਪਣੇ ਮੂੰਹ ਅਤੇ ਨੱਕ ਨੂੰ ਢਕ ਕੇ ਰੱਖਣਾ ਅਤੇ ਭੀੜ ਵਾਲੀਆਂ ਥਾਵਾਂ ਤੋਂ ਦੂਰੀ ਬਣਾਈ ਰੱਖਣਾ ਆਦਿ ਅਤੇ ਇਹ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਚੰਗੇ ਨਾਗਰਿਕ ਬਣ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕਰੀਏ।
ਪਰ ਜਿਨ੍ਹਾਂ ਲੋਕਾਂ ਨੇ ਆਪਣੀਆਂ ਦੁਕਾਨਾਂ ਜਾਂ ਰੇਹੜੀਆਂ ਫੜ੍ਹੀਆਂ ਲਗਾ ਕੇ ਰੋਜ਼ਮਰ੍ਹਾ ਦੀ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨੀਆਂ ਹੁੰਦੀਆਂ ਹਨ, ਉਹ ਕੀ ਕਰਨ, ਤਾਲਾਬੰਦੀ ਦੌਰਾਨ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਕਿੱਥੋਂ ਪੂਰਾ ਕਰਨ ਇਹ ਵੀ ਤਾਂ ਸੋਚੋ। ਹਫ਼ਤੇ ਦੇ ਬਾਕੀ ਦਿਨ ਤਾਂ ਕੋਰੋਨਾ ਲੋਕਾਂ ਤੋਂ ਦੂਰ ਰਹਿੰਦਾ ਕੀ ਸਨਿਚਰਵਾਰ, ਐਤਵਾਰ ਲੋਕਾਂ ਨੂੰ ਦੂਰੋਂ ਹੀ ਭੱਜ ਕੇ ਚਿੰਬੜ ਜਾਂਦਾ। ਅਤੇ ਸੋਚਣ ਵਾਲੀ ਗੱਲ ਇਹ ਵੀ ਹੈ ਜੀ ਸ਼ਰਾਬ ਦੇ ਠੇਕੇ ਤੇ ਕੋਰੋਨਾ ਨੂੰ ਵੜਨ 'ਤੇ ਬੈਨ ਸੀ ਜਿਹੜੇ 24 ਘੰਟੇ ਖੋਲ੍ਹਣ ਦੀ ਛੋਟ ਦੇ ਰੱਖੀ ਸੀ। ਪਰ ਹੁਣ ਜਦੋਂ ਸਾਡੀ ਸਰਕਾਰ ਨੇ ਸਨਿਚਰਵਾਰ ਦੀ ਤਾਲਾਬੰਦੀ ਖ਼ਤਮ ਕਰ ਦਿੱਤੀ ਤਾਂ ਸਾਰੇ ਖੁਸ਼ ਹਨ।
ਸੋ ਕੈਪਟਨ ਸਾਹਿਬ ਤੁਹਾਡੇ ਇਸ ਫ਼ੈਸਲੇ ਦਾ ਸਵਾਗਤ ਹੈ। ਕ੍ਰਿਪਾ ਕਰਕੇ ਧਿਆਨ ਦਿਉ ਤੇ ਲੋਕ ਹਿਤ ਵਿਚ ਹੀ ਆਪਣੇ ਫ਼ੈਸਲੇ ਸੁਣਾਇਆ ਕਰੋ ਤਾਂ ਜੋ ਲੋਕ ਦੋ ਟਾਈਮ ਦੀ ਰੋਟੀ ਤਾਂ ਕੰਮ ਕਰਕੇ ਕਮਾ ਕੇ ਖਾ ਸਕਣ।

-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।


ਇਟਲੀ ਪੁਲਿਸ 'ਚ ਪੰਜਾਬਣ ਦੀ ਨਿਯੁਕਤੀ

'ਅਜੀਤ' ਅਖ਼ਬਾਰ 'ਚ ਖ਼ਬਰ ਪੜ੍ਹੀ। ਇਟਲੀ ਪੁਲਿਸ 'ਚ ਭਰਤੀ ਹੋਈ ਸਰੇਨਾ ਮੱਲ੍ਹਣ ਨੇ ਪਹਿਲੀ ਪੰਜਾਬਣ ਹੋਣ ਦਾ ਮਾਣ ਕੀਤਾ ਹਾਸਲ। ਇਸ ਤੋਂ ਪਹਿਲਾਂ ਸਿੱਖ ਬੀਬੀ ਨੌਨਹੀਨ ਸਿੰਘ ਯੂ.ਐਸ. ਏਅਰ ਫੋਰਸ 'ਚ ਸੈਕਿੰਡ ਲੈਫਟੀਨੈਂਟ ਹੋਈ ਸੀ ਨਿਯੁਕਤ। ਇਹ ਸਿੱਖ ਕੌਮ ਤੇ ਪੰਜਾਬੀਆਂ ਵਾਸਤੇ ਪੂਰੇ ਮਾਣ ਵਾਲੀ ਗੱਲ ਹੈ। ਇਸ ਤੋਂ ਪਹਿਲਾਂ ਗੁਰਸੋਚ ਕੌਰ ਪੁਲਿਸ ਵਿਚ ਤੇ ਦੋ ਹੋਰ ਸਿੱਖ ਕੁੜੀਆਂ ਇਟਲੀ ਵਿਚ ਵਕੀਲ ਬਣੀਆਂ ਸਨ। ਇਸ ਨਾਲ ਜੋ ਸਿੱਖ ਬੱਚੇ ਬੱਚੀਆਂ ਭਰਤੀ ਹੋਣ ਨਾਲ ਬਾਹਰਲੇ ਮੁਲਕਾਂ ਵਿਚ ਸਿੱਖ ਦੀ ਪਰਿਭਾਸ਼ਾ ਸਮਝ ਨਾ ਆਉਣ ਕਾਰਨ ਨਸਲੀ ਘਟਨਾਵਾਂ ਹੁੰਦੀਆਂ ਸਨ, ਉਸ ਵਿਚ ਕਾਫੀ ਹੱਦ ਤੱਕ ਠੱਲ੍ਹ ਪਈ ਹੈ। ਇਸ ਨਾਲ ਸਿੱਖ ਬੱਚੇ-ਬੱਚੀਆਂ ਦਾ ਮਨੋਬਲ ਵਧੇਗਾ ਤੇ ਉਨ੍ਹਾਂ ਵਿਚ ਨੌਨਹੀਨ ਤੇ ਦੂਜੀਆਂ ਬੀਬੀਆਂ ਵਾਂਗ ਭਰਤੀ ਹੋਣ ਲਈ ਪ੍ਰੇਰਨਾ ਪੈਦਾ ਹੋਵੇਗੀ। ਹੋਰ ਵੀ ਸਿੱਖ ਭਾਈਚਾਰੇ ਦੇ ਲੋਕ ਜਿਨ੍ਹਾਂ ਨੇ ਪਗੜੀ ਵਾਸਤੇ ਕਾਫੀ ਸੰਘਰਸ਼ ਕੀਤਾ ਤੇ ਕਾਮਯਾਬੀ ਹਾਸਲ ਕੀਤੀ ਤੇ ਬਾਹਰ ਆਪਣਾ ਨਾਂਅ ਰੌਸ਼ਨ ਕੀਤਾ, ਜਿਸ ਦੀ ਜ਼ਿੰਦਾ ਮਿਸਾਲ ਪੱਗ ਬੰਨ੍ਹਣ 'ਤੇ ਕਾਲਜ 'ਚੋਂ ਕੱਢਿਆ ਜਾਣ ਵਾਲਾ ਨੌਜਵਾਨ ਰਣਜੀਤ ਸਿੰਘ ਗੋਰਾਇਆ ਫਰਾਂਸ 'ਚ ਬਣਿਆ ਡਿਪਟੀ ਮੇਅਰ। ਪੱਗ ਵਾਲਾ ਮੁੰਡਾ ਹਜ਼ਾਰਾਂ ਲੋਕਾਂ ਵਿਚੋਂ ਪਛਾਣਿਆ ਜਾਂਦਾ ਹੈ। ਪੱਗਾਂ ਨੇ ਕਈ ਜਾਨਾਂ ਵੀ ਬਚਾਈਆਂ ਹਨ। ਸਿੱਖਾਂ ਦੇ ਬੱਚਿਆਂ ਨੂੰ ਇਨ੍ਹਾਂ ਪੰਜਾਬਣ ਸਿੱਖ ਬੀਬੀਆਂ ਤੇ ਰਣਜੀਤ ਸਿੰਘ ਤੋਂ ਸੇਧ ਲੈ ਕੇ ਸਿੱਖੀ ਸਰੂਪ ਨੂੰ ਕਾਇਮ ਕਰਨ ਲਈ ਸੰਕਲਪ ਲੈਣਾ ਚਾਹੀਦਾ ਹੈ

-ਗੁਰਮੀਤ ਸਿੰਘ ਵੇਰਕਾ।

09-09-2020

ਸਾਡੀ ਮਾਂ-ਬੋਲੀ ਪੰਜਾਬੀ ਨਾਲ ਵਿਤਕਰਾ ਕਿਉਂ?

 * ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ ਦੀ ਸਰਕਾਰੀ ਭਾਸ਼ਾ ਸਬੰਧੀ ਸੰਸਦ 'ਚ ਲਿਆਂਦੇ ਜਾ ਰਹੇ ਪ੍ਰਸਤਾਵਿਤ ਬਿੱਲ ਵਿਚੋਂ ਪੰਜਾਬੀ ਭਾਸ਼ਾ ਨੂੰ ਦਰਕਿਨਾਰ ਕਰ ਦੇਣਾ ਬਹੁਤ ਮੰਦਭਾਗੀ ਗੱਲ ਹੈ। ਆਖਿਰਕਾਰ ਸਾਡੇ ਹੀ ਦੇਸ਼ ਵਿਚ ਪੰਜਾਬੀਆਂ ਦੀ ਮਾਂ-ਬੋਲੀ ਪੰਜਾਬੀ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ? ਜਦਕਿ ਹੋਰ ਦੇਸ਼ਾਂ ਕੈਨੇਡਾ ਅਤੇ ਇੰਗਲੈਂਡ ਆਦਿ ਵਿਚ ਪੰਜਾਬੀ ਭਾਸ਼ਾ ਨੂੰ ਮਾਨਤਾ ਦੇ ਰਹੇ ਹਨ। ਇਸ ਨਾਲ ਸਮੂਹ ਪੰਜਾਬ, ਪੰਜਾਬੀਆਂ ਅਤੇ ਦੁਨੀਆ ਭਰ ਵਿਚ ਵੱਸਦੇ ਸਿੱਖਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਮੈਂ ਸਮਝਦਾ ਹਾਂ ਕਿ ਸਰਕਾਰ ਨੂੰ ਇਸ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਸਾਡੀ ਪੰਜਾਬ ਸਰਕਾਰ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ, ਅਕਾਲੀ ਦਲ ਅਤੇ ਹੋਰ ਅਗਾਂਹਵਧੂ ਜਥੇਬੰਦੀਆਂ ਨੂੰ ਵੀ ਕੇਂਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਨੀ ਚਾਹੀਦੀ ਹੈ ਕਿ ਉਹ ਜੰਮੂ-ਕਸ਼ਮੀਰ ਭਾਸ਼ਾ ਬਿੱਲ 'ਤੇ ਦੁਬਾਰਾ ਨਜ਼ਰਸਾਨੀ ਕਰੇ ਅਤੇ ਪੰਜਾਬੀ ਭਾਸ਼ਾ ਨੂੰ ਲਾਗੂ ਕਰੇ।

-ਲਵਪ੍ਰੀਤ ਸਿੰਘ ਨਰਕਟ

* ਪਿਛਲੇ ਦਿਨੀਂ ਸੰਪਾਦਕੀ ਪੜ੍ਹਦਿਆਂ ਮਨ 'ਚ ਖਿਆਲ ਆਉਂਦਾ ਹੈ ਕਿ ਡਾ: ਬਰਜਿੰਦਰ ਸਿੰਘ ਹਮਦਰਦ ਕਿੰਨੀ ਦ੍ਰਿੜ੍ਹਤਾ ਨਾਲ ਲੋਕ ਹਿਤੂ ਮਸਲਿਆਂ ਨੂੰ ਬੜੀ ਸੁਹਿਰਦਤਾ ਤੇ ਗੰਭੀਰਤਾ ਨਾਲ ਸਮੇਂ-ਸਮੇਂ 'ਤੇ ਸਾਡੀਆਂ ਸਰਕਾਰਾਂ ਦੇ ਧਿਆਨ ਗੋਚਰ ਕਰਦੇ ਰਹਿਣ ਦੇ ਬਾਵਜੂਦ ਵੀ ਸਰਕਾਰਾਂ ਵਲੋਂ ਲੋਕ ਭਾਵਨਾਵਾਂ ਵੱਲ ਬਹੁਤੀ ਤਵੱਜੋਂ ਨਹੀਂ ਦਿੱਤੀ ਜਾਂਦੀ। ਜਿਵੇਂ ਕਿ ਪੰਜਾਬੀ ਭਾਸ਼ਾ ਨਾਲ ਹਰ ਵਾਰ ਦੀ ਤਰ੍ਹਾਂ ਹੁਣ ਵੀ ਜੰਮੂ-ਕਸ਼ਮੀਰ ਭਾਸ਼ਾ ਬਿੱਲ 2020 ਸਬੰਧੀ ਐਲਾਨ ਕਰਦਿਆਂ ਪੰਜਾਬੀ ਬੋਲੀ ਨੂੰ ਬਿਲਕੁਲ ਹੀ ਵਿਸਾਰਿਆ ਗਿਆ ਹੈ। ਜਦੋਂ ਕਿ ਧਾਰਾ 370 ਦੇ ਖਾਤਮੇ ਤੋਂ ਪਹਿਲਾਂ ਤੇ ਹੁਣ ਵੀ ਪੰਜਾਬੀ ਬੋਲਣ ਵਾਲੇ ਲੱਖਾਂ ਦੀ ਤਦਾਦ ਵਿਚ ਉਥੇ ਵਸਦੇ ਹਨ। ਕੈਨੇਡਾ, ਅਮਰੀਕਾ ਤੇ ਇੰਗਲੈਂਡ ਆਦਿ ਦੇਸ਼ਾਂ ਦੀਆਂ ਸਰਕਾਰਾਂ ਤਾਂ ਸਾਡੀ ਮਾਂ-ਬੋਲੀ ਪੰਜਾਬੀ ਨੂੰ ਬਹੁਤ ਪਿਆਰ ਤੇ ਸਤਿਕਾਰ ਦਿੰਦੀਆਂ ਹਨ। ਜਦਕਿ ਸਾਡੇ ਦੇਸ਼ 'ਚ ਸਾਡੀਆਂ ਹੀ ਹਕੂਮਤਾਂ ਵਲੋਂ ਸਾਡੀ ਜ਼ਬਾਨ ਦਾ ਬੀਜ ਨਾਸ਼ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਹੈ ਕਿ ਲੋਕ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਤਾਜਾ ਐਲਾਨੇ ਗਏ ਜੰਮੂ-ਕਸ਼ਮੀਰ ਭਾਸ਼ਾ ਬਿੱਲ ਤੇ ਦੁਬਾਰਾ ਨਜ਼ਰਸਾਨੀ ਕੀਤੀ ਜਾਵੇ।

-ਮੰਗਲ ਮੀਤ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।

* ਪਿਛਲੇ ਦਿਨੀਂ 'ਅਜੀਤ' 'ਚ ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ 'ਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਬਿੱਲ 'ਚੋਂ ਬਾਹਰ ਕਰ ਦੇਣ ਦੀ ਮੰਦਭਾਗੀ ਖ਼ਬਰ ਪੜ੍ਹ ਕੇ ਮਨ ਨੂੰ ਡਾਢੀ ਠੇਸ ਪਹੁੰਚੀ। ਜੇਕਰ ਪਿਛਲਾ ਇਤਿਹਾਸ ਫਰੋਲੀਏ ਤਾਂ ਪਤਾ ਲਗਦਾ ਹੈ ਕਿ ਸਮੇਂ-ਸਮੇਂ 'ਤੇ ਵਿਦੇਸ਼ੀਆਂ ਵਲੋਂ ਕੀਤੇ ਹਮਲਿਆਂ ਅਤੇ ਅੰਗਰੇਜ਼ੀ ਹਕੂਮਤ ਦੀ ਗੁਲਾਮੀ 'ਚੋਂ ਭਾਰਤ ਦੇਸ਼ ਨੂੰ ਕੱਢਣ ਲਈ ਸਭ ਤੋਂ ਵੱਧ ਪੰਜਾਬੀਆਂ ਨੇ ਕੁਰਬਾਨੀਆਂ ਕੀਤੀਆਂ ਸਨ। ਪਰ ਅੱਜ ਆਜ਼ਾਦੀ ਦਾ ਆਨੰਦ ਮਾਣ ਰਹੇ ਕੇਂਦਰ ਸਰਕਾਰ ਦੇ ਵਜ਼ੀਰ ਸਾਡੇ ਪੰਜਾਬੀ ਸੂਰਬੀਰਾਂ ਦੀਆਂ ਸਭ ਕੁਰਬਾਨੀਆਂ ਨੂੰ ਅੱਖੋਂ ਪਰੋਖੇ ਕਰ ਕੇ ਸਾਡੀ ਮਾਂ-ਬੋਲੀ ਦੀ ਹੋਂਦ ਨੂੰ ਹੀ ਖਤਮ ਕਰਨ ਲਈ ਤੁਲੇ ਪਏ ਹਨ। ਅਸੀਂ ਕੇਂਦਰ ਸਰਕਾਰ ਦੇ ਇਸ ਬੇਇਨਸਾਫੀ ਭਰੇ ਰਵੱਈਏ ਦੀ ਕਰੜੇ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ।

-ਯਸ਼ ਕੁਮਾਰ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।

* ਜਦ ਆਜ਼ਾਦੀ ਮਿਲੀ ਤਦ ਸਾਰਾ ਦੇਸ਼ ਜਸ਼ਨ ਮਨਾ ਰਿਹਾ ਸੀ ਪਰ ਪੰਜਾਬ ਨੂੰ ਵੰਡ ਦਾ ਦਰਦ ਮਿਲਿਆ, ਜਿਸ ਨਾਲ ਪੰਜਾਬੀਅਤ ਅਤੇ ਪੰਜਾਬੀ ਭਾਸ਼ਾ ਦੋ ਫਾੜ ਹੋ ਗਈ। ਇਹ ਉਜਾੜਾ ਅਜੇ ਭੁੱਲਿਆ ਨਹੀਂ ਸੀ, ਫਿਰ ਭਾਸ਼ਾ ਦੇ ਆਧਾਰ 'ਤੇ ਵੰਡ ਦਿੱਤਾ ਗਿਆ। ਜਿਹੜੀ ਪੰਜਾਬੀ ਭਾਸ਼ਾ ਰਾਜਸਥਾਨ ਦੇ ਇਲਾਕੇ ਤੋਂ ਲੈ ਉੱਚੇ ਬਰਫੀਲੇ ਪਹਾੜਾਂ ਤੱਕ ਤੋਂ ਲੈ ਕੇ ਦਿੱਲੀ ਯਮਨਾ ਤੱਕ ਬੋਲੀ ਜਾਂਦੀ ਸੀ, ਉਹ ਹੁਣ ਛੋਟੇ ਜਿਹੇ ਖਿੱਤੇ ਵਿਚ ਸੀਮਤ ਹੋ ਗਈ ਹੈ। ਇਸ ਦੇ ਜੋ ਪੰਜਾਬੀ ਬੋਲੀ ਬੋਲਦੇ ਇਲਾਕੇ ਰਾਜਧਾਨੀ ਚੰਡੀਗੜ੍ਹ ਅਤੇ ਇਸ ਦੇ ਦਰਿਆਵਾਂ ਤੱਕ ਨਾਲ ਧੱਕੇਸ਼ਾਹੀ ਕੀਤੀ ਗਈ। ਗੰਧਲੀ ਰਾਜਨੀਤੀ ਹਰ ਵਾਰ ਪੰਜਾਬੀ ਭਾਸ਼ਾ ਨਾਲ ਧੱਕਾ ਕਰਦੀ ਹੈ ਤੇ ਕਰ ਰਹੀ ਹੈ। ਹੁਣ ਜੰਮੂ-ਕਸ਼ਮੀਰ ਜਿਹੜਾ ਕਦੇ ਖਾਲਸਾ ਰਾਜ ਦਾ ਹੀ ਅੰਗ ਸੀ, ਵਿਚੋਂ ਇਕ ਸਰਕਾਰੀ ਅਧਿਸੂਚਨਾ ਅਨੁਸਾਰ ਭਾਸ਼ਾ ਦੀ ਮਾਨਤਾਵਾਂ ਦੀ ਸੂਚੀ ਵਿਚੋਂ ਕੱਢ ਦਿੱਤਾ ਹੈ। ਇਹ ਪੰਜਾਬੀ ਭਾਈਚਾਰੇ ਨਾਲ ਅਤੇ ਪੰਜਾਬੀ ਭਾਸ਼ਾ ਨਾਲ ਤਸ਼ੱਦਦ ਹੈ। ਇਹੀ ਪੰਜਾਬੀ ਅੱਜ ਵਿਦੇਸ਼ਾਂ ਵਿਚ ਮਾਨਤਾ ਪ੍ਰਾਪਤ ਕਰ ਰਹੀ ਹੈ। ਉਥੇ ਦੇਸ਼ ਵਿਚ ਇਸ ਨਾਲ ਪੈਰ ਪੈਰ 'ਤੇ ਧੋਖਾ ਹੋ ਰਿਹਾ ਹੈ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬੀ ਭਾਸ਼ਾ ਜਿਸ ਨਾਲ ਬਹੁਤ ਬੇਇਨਸਾਫ਼ੀ ਹੋਈ ਹੈ, ਹੁਣ ਹੋਰ ਧੱਕੇਸ਼ਾਹੀ ਨਾ ਕਰੇ। ਜੰਮੂ-ਕਸ਼ਮੀਰ ਵਿਚ ਇਸ ਦਾ ਮਾਣ-ਸਨਮਾਨ ਬਹਾਲ ਕੀਤਾ ਜਾਵੇ।

-ਵਿਵੇਕ, ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ।

09-09-2020

 ਪਬਜੀ 'ਤੇ ਪਾਬੰਦੀ

\ਭਾਰਤ ਸਰਕਾਰ ਵਲੋਂ ਪਬਜੀ ਗੇਮ ਸਮੇਤ 118 ਚੀਨੀ ਐਪਾਂ 'ਤੇ ਪਾਬੰਦੀ ਲਗਾਈ ਗਈ ਹੈ ਪਰ ਜ਼ਿਆਦਾ ਮਾਪਿਆਂ ਨੂੰ 'ਪਬਜੀ' ਗੇਮ 'ਤੇ ਲੱਗੀ ਪਾਬੰਦੀ ਦੀ ਖ਼ਬਰ ਨੇ ਰਾਹਤ ਦਿੱਤੀ ਹੈ। ਪਬਜੀ ਗੇਮ ਨੇ ਸਾਡੇ ਬੱਚਿਆਂ ਤੇ ਨੌਜਵਾਨਾਂ ਦੇ ਮਨਾਂ ਵਿਚ ਅਜਿਹਾ ਘਰ ਕਰ ਲਿਆ ਸੀ ਕਿ ਜਿਸ ਵਿਚੋਂ ਨਿਕਲਣਾ ਅਤਿਅੰਤ ਮੁਸ਼ਕਿਲ ਹੈ। ਪਬਜੀ 'ਤੇ ਪਾਬੰਦੀ ਨਾਲ ਮਾਪਿਆਂ ਨੇ ਸੁੱਖ ਦਾ ਸਾਹ ਲਿਆ ਹੈ। ਅਕਸਰ ਦੇਖਣ ਵਿਚ ਆਉਂਦਾ ਸੀ ਕਿ ਬੱਚੇ ਪੜ੍ਹਾਈ-ਲਿਖਾਈ ਨੂੰ ਛੱਡ, ਮਾਪਿਆਂ ਨਾਲ ਲੜ-ਝਗੜ ਕੇ ਇਸ ਗੇਮ ਵਿਚ ਹੀ ਮਗਨ ਰਹਿੰਦੇ ਸਨ, ਜਿਸ ਤੋਂ ਮਾਪੇ ਡਾਢੇ ਚਿੰਤਤ ਸਨ। ਹੁਣ ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਅਜਿਹੀਆਂ ਹਾਨੀਕਾਰਕ ਮੋਬਾਈਲ ਗੇਮਾਂ ਦਾ ਮੋਹ ਛੱਡ ਕੇ ਆਪਣੀ ਪੜ੍ਹਾਈ ਵੱਲ ਤਵੱਜੋ ਦੇਣ। ਵਿਹਲੇ ਸਮੇਂ ਵਿਚ ਸਰੀਰਕ ਖੇਡਾਂ ਖੇਡਣ, ਜਿਨ੍ਹਾਂ ਨਾਲ ਮਨੋਰੰਜਨ ਹੋਣ ਦੇ ਨਾਲ-ਨਾਲ ਸਰੀਰ ਵੀ ਤਾਕਤਵਰ ਬਣੇਗਾ।

-ਮਾ: ਕੁਲਦੀਪ ਸਿੰਘ ਲਵਲੀ
ਪਿੰਡ ਕੁੱਪ ਖੁਰਦ, ਜ਼ਿਲ੍ਹਾ ਸੰਗਰੂਰ।

ਧਾਰਮਿਕ ਦਿਵਸ ਤੇ ਫਜ਼ੂਲ ਖ਼ਰਚੇ

ਸਾਡੇ ਦੇਸ਼ ਵਿਚ ਸਾਰਾ ਸਾਲ ਹੀ ਕੋਈ ਨਾ ਕੋਈ ਧਾਰਮਿਕ ਸਮਾਗਮ ਚਲਦਾ ਰਹਿੰਦਾ ਹੈ। ਜਿਵੇਂ ਕਿ ਕਿਸੇ ਮਹਾਨ ਸ਼ਖ਼ਸੀਅਤ ਦਾ ਜਨਮ ਦਿਹਾੜਾ, ਬਰਸੀ ਆਦਿ। ਇਨ੍ਹਾਂ ਧਾਰਮਿਕ ਸਮਾਗਮਾਂ 'ਤੇ ਅਸੀਂ ਲੱਖਾਂ-ਕਰੋੜਾਂ ਰੁਪਏ ਫੁੱਲਾਂ ਦੀ ਸਜਾਵਟ, ਆਤਿਸ਼ਬਾਜ਼ੀ ਆਦਿ 'ਤੇ ਖ਼ਰਚ ਦਿੰਦੇ ਹਾਂ। ਕੀ ਇਨ੍ਹਾਂ ਪੈਸਿਆਂ ਨਾਲ ਕਿਸੇ ਗ਼ਰੀਬ ਹੋਣਹਾਰ ਬੱਚੇ ਦੀ ਪੜ੍ਹਾਈ ਦਾ ਖ਼ਰਚਾ ਜਾਂ ਕਿਸੇ ਗ਼ਰੀਬ ਬਿਮਾਰ ਦਾ ਇਲਾਜ ਕਰਾਉਣਾ ਜ਼ਿਆਦਾ ਵਧੀਆ ਨਹੀਂ ਹੋਵੇਗਾ। ਅੱਜ ਦੇ ਸਮੇਂ ਕਿਸੇ ਉੱਚ ਅਹੁਦੇ 'ਤੇ ਪਹੁੰਚਣ ਲਈ ਬੱਚਿਆਂ ਨੂੰ ਮਹਿੰਗੇ ਵਿੱਦਿਅਕ ਅਦਾਰਿਆਂ ਤੋਂ ਕੋਚਿੰਗ ਲੈਣੀ ਪੈਂਦੀ ਹੈ, ਜੋ ਕਿ ਜ਼ਰੂਰੀ ਹੋ ਗਿਆ ਹੈ। ਇਸ ਕੋਚਿੰਗ 'ਤੇ ਲੱਖਾਂ ਰੁਪਏ ਖਰਚ ਆਉਂਦਾ ਹੈ ਜੋ ਕਿ ਹਰ ਹੋਣਹਾਰ ਵਿਦਿਆਰਥੀ ਲਈ ਖਰਚਣੇ ਸੰਭਵ ਨਹੀਂ। ਕਿਉਂ ਨਾ ਇਨ੍ਹਾਂ ਪੈਸਿਆਂ ਨਾਲ ਇਸ ਤਰ੍ਹਾਂ ਦੇ ਕੋਚਿੰਗ ਸੈਂਟਰ ਖੋਲ੍ਹੇ ਜਾਣ ਜੋ ਕਿ ਗ਼ਰੀਬ ਹੋਣਹਾਰ ਬੱਚਿਆਂ ਨੂੰ ਮੁਫ਼ਤ ਕੋਚਿੰਗ ਦੇ ਸਕਣ।

-ਗੁਰਿੰਦਰ ਕਲੇਰ
ਪਿੰਡ ਤੇ ਡਾਕ: ਕਲੇਰ ਕਲਾਂ (ਗੁਰਦਾਸਪੁਰ)।

08-09-2020

 ਹਰ ਮਸਲੇ ਦਾ ਹੱਲ ਖ਼ੁਦਕੁਸ਼ੀ ਨਹੀਂ ਹੁੰਦੀ
ਜ਼ਿੰਦਗੀ ਪਰਮਾਤਮਾ ਦਾ ਦਿੱਤਾ ਹੋਇਆ ਖੂਬਸੂਰਤ ਤੋਹਫ਼ਾ ਹੈ। ਇਸ ਤੋਹਫ਼ੇ ਨੂੰ ਕਿਸ ਤਰ੍ਹਾਂ ਸ਼ਿੰਗਾਰਨਾ ਹੈ, ਉਸ ਦੀ ਕਲਮ ਸਾਡੇ ਹੱਥ ਦੇ ਦਿੱਤੀ ਹੈ। ਦੁੱਖ-ਸੁੱਖ ਜ਼ਿੰਦਗੀ ਵਿਚ ਨਿਰੰਤਰ ਪਾਣੀ ਦੀ ਤਰ੍ਹਾਂ ਚਲਦੇ ਰਹਿੰਦੇ ਹਨ। ਪਰ ਕੁਝ ਲੋਕਾਂ ਨੂੰ ਲਗਦਾ ਹੈ ਕਿ ਦੁੱਖਾਂ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਆਪਣਾ ਘਰ ਬਣਾ ਲਿਆ ਹੈ। ਮਿਹਨਤ ਜਜ਼ਬਾ ਅਤੇ ਸਾਕਾਰਾਤਮਿਕ ਸੋਚ ਸਭ ਕੁਝ ਬਦਲ ਸਕਦੀ ਹੈ। ਦੁਨੀਆ ਦਾ ਕਿਹੜਾ ਇਨਸਾਨ ਜੋ ਫੇਲ੍ਹ ਨਹੀਂ ਹੁੰਦਾ, ਅਸਫਲ ਹੋ ਕੇ ਹੀ ਸਫਲਤਾ ਦੀ ਪੌੜੀ ਚੜ੍ਹਿਆ ਜਾਂਦਾ ਹੈ। ਜਿਸ ਕਾਰਨ ਫੇਲ੍ਹ ਹੋਏ ਹੋ, ਉਨ੍ਹਾਂ ਕਾਰਨਾਂ ਨੂੰ ਖੋਜੋ, ਮਿਹਨਤ ਕਰਨ ਦਾ ਸਮਾਂ ਵਧਾ ਦਿਓ। ਕਰਜ਼ਾ ਚੜ੍ਹਿਆ ਹੈ ਤਾਂ ਉਤਰ ਵੀ ਜਾਵੇਗਾ, ਆਪਣੇ ਵਾਧੂ ਦੇ ਖ਼ਰਚੇ ਬੰਦ ਕਰ ਲਉ, ਦਿਮਾਗ ਵਿਚ ਬਿਠਾਓ ਕਿ ਕੋਈ ਵੀ ਕੰਮ ਵੱਡਾ ਛੋਟਾ ਨਹੀਂ ਹੁੰਦਾ। ਫਿਰ ਚਾਹੇ ਨੌਕਰੀ ਸਰਕਾਰੀ ਹੋਵੇ ਜਾਂ ਪ੍ਰਾਈਵੇਟ, ਜੇਕਰ ਤੁਸੀਂ ਆਪਣੇ ਕੰਮ ਵਿਚ ਮਾਹਰ ਹੋ ਤਾਂ ਇਕ ਦਿਨ ਦੁਨੀਆ ਦੇ ਵੱਖਰੇ ਮੁਕਾਮ 'ਤੇ ਜ਼ਰੂਰ ਪਹੁੰਚ ਜਾਵੋਗੇ। ਜ਼ਿੰਦਗੀ ਦੇ ਇਮਤਿਹਾਨਾਂ ਤੋਂ ਭੱਜ ਕੇ ਕਦੇ ਖ਼ੁਦਕੁਸ਼ੀ ਨਾ ਕਰੋ, ਇਨ੍ਹਾਂ ਇਮਤਿਹਾਨਾਂ ਵਿਚ ਖ਼ੁਦ ਨੂੰ ਤਰਾਸ਼ੋ। ਜਿਵੇਂ ਜ਼ਿਆਦਾ ਮਿੱਠਾ ਖਾਣ ਨਾਲ ਸ਼ੂਗਰ ਹੋ ਜਾਂਦੀ ਹੈ, ਉਸੇ ਤਰ੍ਹਾਂ ਜ਼ਿੰਦਗੀ ਵਿਚ ਜੇ ਕੇਵਲ ਸੁੱਖ ਹੋਣ ਤਾਂ ਮਿਹਨਤ ਕੀ ਹੁੰਦੀ ਹੈ? ਦਰਦ ਕੀ ਹੁੰਦਾ ਹੈ? ਦੂਸਰੇ ਇਨਸਾਨਾਂ ਦੀ ਸਾਡੀ ਜ਼ਿੰਦਗੀ ਵਿਚ ਕੀ ਅਹਿਮੀਅਤ ਹੈ, ਕਿੱਦਾਂ ਸਮਝਾਂਗੇ। ਖੁਸ਼ ਰਹੋ, ਜ਼ਿੰਦਾਦਿਲੀ ਨਾਲ ਜ਼ਿੰਦਗੀ ਜੀਓ ਤਾਂ ਜੋ ਤੁਹਾਡੇ ਜੀਣ ਦੇ ਹੁਨਰ ਨੂੰ ਦੇਖ ਕੇ ਹੋਰਨਾਂ ਦਾ ਵੀ ਜ਼ਿੰਦਗੀ ਜਿਊਣ ਨੂੰ ਦਿਲ ਕਰੇ।

-ਗੁਰ ਚਾਹਲ।

ਫ਼ੈਸਲਾ ਜੋਖ਼ਮ ਭਰਿਆ
ਮੈਟਰੋ ਰੇਲਵੇ ਖੋਲ੍ਹਣ ਦਾ ਫ਼ੈਸਲਾ ਕੇਂਦਰ ਸਰਕਾਰ ਦਾ ਜੋਖ਼ਮ ਨਾਲ ਭਰਿਆ ਹੋਇਆ ਹੈ ਕਿਉਂਕਿ ਸਰੀਰਕ ਦੂਰੀਆਂ ਨਾਲ ਸਬੰਧਿਤ ਪਾਬੰਦੀਆਂ ਦਾ ਪਾਲਣ ਕਰਨਾ ਬਹੁਤ ਮੁਸ਼ਕਿਲ ਹੈ ਕਿਉਂਕਿ ਮੈਟਰੋ ਪਹਿਲਾਂ ਹੀ ਭਾਰੀ ਭੀੜ ਵਾਲੀ ਥਾਂ ਹੈ। ਦੂਰੀ ਬਣਾਉਣਾ, ਯਾਤਰੀਆਂ ਨੂੰ ਮਾਸਕ ਪਾਉਣ ਵਰਗੇ ਨਿਯਮਾਂ ਦਾ ਪਾਲਣ ਕਰਨਾ ਬਹੁਤ ਮੁਸ਼ਕਿਲ ਹੋਵੇਗਾ। ਪਹਿਲਾਂ ਹੀ ਪਿਛਲੇ ਪੰਜ ਮਹੀਨਿਆਂ ਵਿਚ ਕੋਰੋਨਾ ਦਾ ਕਹਿਰ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਕੇਸ ਦਿਨੋ-ਦਿਨ ਵਧਦੇ ਜਾ ਰਹੇ ਹਨ। ਕੇਂਦਰੀ ਅਤੇ ਰਾਜ ਸਰਕਾਰਾਂ ਦੀ ਉਲੰਘਣਾ ਦੀ ਜਾਂਚ ਦੇ ਮਾਮਲਿਆਂ ਵਿਚ ਹੁਣ ਤੱਕ ਮਾੜਾ ਰਿਕਾਰਡ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਵੱਖ-ਵੱਖ ਅਧਿਕਾਰੀ ਸਖ਼ਤੀ ਨਾਲ ਕੰਮ ਕਰਨਗੇ ਤਾਂ ਕਿ ਕੋਰੋਨਾ ਦੀ ਇਸ ਜਿੱਤ ਨੂੰ ਹਾਸਲ ਕਰ ਸਕਣਗੇ। ਫ਼ਿਲਮਾਂ, ਮਨੋਰੰਜਨ ਪਾਰਕ, ਥੀਏਟਰ, ਪਾਰਟੀ ਹਾਲ, ਸਵੀਮਿੰਗ ਪੂਲ ਆਦਿ ਹਾਲੇ ਜੇ ਬੰਦ ਰਹਿਣ ਦਿੱਤੇ ਜਾਣ ਤਾਂ ਬਹੁਤ ਵਧੀਆ ਹੋਵੇਗਾ।

-ਨੇਹਾ ਜਮਾਲ
ਮੁਹਾਲੀ।

ਡਿਗਦਾ ਬਿਜਲਈ ਮੀਡੀਆ ਦਾ ਮਿਆਰ
ਬੀਤੇ ਦਿਨੀਂ 'ਅਜੀਤ' ਵਿਚ 'ਦਿਨੋ-ਦਿਨ ਡਿਗਦਾ ਜਾ ਰਿਹਾ ਹੈ ਬਿਜਲਈ ਮੀਡੀਆ ਦਾ ਮਿਆਰ' ਪੜ੍ਹਿਆ। ਅਭੈ ਕੁਮਾਰ ਦੂਬੇ ਨੇ ਠੀਕ ਲਿਖਿਆ ਹੈ। ਭਾਰਤੀ ਬਿਜਲਈ ਮੀਡੀਆ 'ਤੇ ਸਾਰਾ ਦਿਨ ਖ਼ਬਰ ਚੈਨਲਾਂ 'ਤੇ ਨਫ਼ਰਤ ਭਰੀ ਬਹਿਸ ਚੱਲ ਰਹੀ ਹੁੰਦੀ ਹੈ। ਐਂਕਰ ਉੱਚੀ-ਉੱਚੀ ਪ੍ਰੋਗਰਾਮਾਂ ਵਿਚ ਇਵੇਂ ਚੀਕਦਾ ਹੈ, ਜਿਵੇਂ ਲੜਾਈ ਕਰਨੀ ਹੋਵੇ। ਸੰਜਮ, ਸਲੀਕੇ ਤੇ ਸੰਜੀਦਗੀ ਨਾਂਅ ਦੀ ਚੀਜ਼ ਨਹੀਂ ਰਹੀ। ਤਰ੍ਹਾਂ-ਤਰ੍ਹਾਂ ਦੀਆਂ ਬਹਿਸਾਂ ਚਲਦੀਆਂ ਰਹਿੰਦੀਆਂ ਹਨ ਜੋ ਕਿ ਸਮਾਜ ਵਿਚ ਤਣਾਅ ਜਾਂ ਉਕਸਾਹਟ ਪੈਦਾ ਕਰਦੀਆਂ ਹਨ। ਭਖਦੇ ਮਸਲਿਆਂ ਨੂੰ ਜਾਣਬੁੱਝ ਕੇ ਅੱਖੋਂ ਓਹਲੇ ਕੀਤਾ ਜਾਂਦਾ ਹੈ। ਬੁਨਿਆਦੀ ਸਮੱਸਿਆਵਾਂ ਮਨਫ਼ੀ ਹੋ ਜਾਂਦੀਆਂ ਹਨ। ਛੋਟੀ ਘਟਨਾ ਨੂੰ ਸਨਸਨੀਖੇਜ਼ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਇਸ ਰਵੱਈਏ ਦੇ ਕਾਰਨ ਬਿਜਲੀ ਮੀਡੀਏ ਦੀ ਸਾਖ ਦਿਨੋ-ਦਿਨ ਡਿਗ ਰਹੀ ਹੈ। ਸਮਝ ਕੇ ਹੀ ਦਰਸ਼ਕਾਂ ਜਾਂ ਸਰੋਤਿਆਂ ਨੂੰ ਸੁਣਨਾ ਚਾਹੀਦਾ ਹੈ।

-ਡਾ: ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਅਵਾਰਾ ਕੁੱਤਿਆਂ ਦੀ ਸਮੱਸਿਆ
ਆਏ ਦਿਨ ਅਖ਼ਬਾਰਾਂ ਵਿਚ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਕਿ ਅਵਾਰਾ ਕੁੱਤਿਆਂ ਨੇ ਲੋਕਾਂ ਨੂੰ ਵੱਢ ਲਿਆ। ਪ੍ਰਸ਼ਾਸਨ ਕੁੰਭਕਰਨੀ ਨੀਂਦ ਸੌਂ ਰਿਹਾ ਹੈ। ਪਿੱਛੇ ਜਿਹੇ ਖੰਨਾ ਸ਼ਹਿਰ ਵਿਚ ਦੋ ਸਾਲਾਂ ਦੇ ਬੱਚੇ ਨੂੰ ਕੁੱਤਿਆਂ ਨੇ ਨੋਚ ਲਿਆ। ਹਾਲ ਹੀ ਵਿਚ ਅੰਮ੍ਰਿਤਸਰ ਵਿਖੇ ਅਵਾਰਾ ਕੁੱਤਿਆਂ ਨੇ ਦੋ ਸਾਲਾ ਮਾਸੂਮ ਨੂੰ ਚੁੱਕਿਆ ਤੇ ਕਿਤੇ ਦੂਰ ਲੈ ਗਏ ਤੇ ਉਥੇ ਨੋਚ-ਨੋਚ ਕੇ ਮਾਰ ਦਿੱਤਾ। ਕੁੱਤਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਝੁੰਡ ਦੇ ਝੁੰਡ ਬਣਾ ਕੇ ਇਹ ਅਵਾਰਾ ਕੁੱਤੇ ਗਲੀਆਂ, ਸ਼ਹਿਰਾਂ ਵਿਚ ਘੁੰਮਦੇ ਹਨ। ਪਾਰਕਾਂ ਵਿਚ ਤਾਂ ਲੋਕਾਂ ਦਾ ਸੈਰ ਕਰਨਾ ਮੁਸ਼ਕਿਲ ਹੋ ਗਿਆ ਹੈ।
ਕਈ ਸਾਲਾਂ ਤੋਂ ਕੁੱਤਿਆਂ ਦੇ ਵੱਢਣ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਹਾਲਾਂਕਿ ਅਵਾਰਾ ਕੁੱਤਿਆਂ ਨੂੰ ਮਾਰਨ 'ਤੇ ਪਾਬੰਦੀ ਹੈ। ਆਖਰ ਕਦੋਂ ਤੱਕ ਲੋਕਾਂ ਨੂੰ ਅਵਾਰਾ ਕੁੱਤੇ ਵੱਢਦੇ ਰਹਿਣਗੇ। ਚਲੋ ਕੁੱਤਿਆਂ ਨੂੰ ਮਾਰ ਨਹੀਂ ਸਕਦੇ, ਪਰ ਇਨ੍ਹਾਂ ਦੀ ਨਸਬੰਦੀ ਤਾਂ ਕਰਵਾ ਹੀ ਸਕਦੇ ਹਾਂ ਤਾਂ ਕਿ ਇਨ੍ਹਾਂ ਦੀ ਜਨਸੰਖਿਆ ਹੋਰ ਨਾ ਵਧ ਸਕੇ। ਸੂਬਾ ਸਰਕਾਰਾਂ ਨੂੰ ਕੇਂਦਰ ਸਰਕਾਰਾਂ ਨਾਲ ਮਿਲ ਕੇ ਕੋਈ ਠੋਸ ਨੀਤੀ ਲਿਆਉਣ ਦੀ ਜ਼ਰੂਰਤ ਹੈ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਵਿਸ਼ਵ ਸ਼ਾਂਤੀ ਅਤੇ ਖੁਸ਼ਹਾਲੀ
ਹੁਣ ਮਨੁੱਖੀ ਅਧਿਕਾਰਾਂ ਦੀ ਵਰਤੋਂ ਵਿਸ਼ਵ ਪੱਧਰ 'ਤੇ ਹੋ ਗਈ ਹੈ ਅਤੇ ਸਭ ਸਾਂਝੀਵਾਲ ਬਣ ਗਏ ਹਨ। ਭਾਵੇਂ ਕਿ ਹਰ ਦੇਸ਼ ਦੇ ਮਾਮਲੇ ਅਲੱਗ-ਅਲੱਗ ਹਨ, ਵਾਤਾਵਰਨ, ਰਹਿਣ ਸਹਿਣ ਅਲੱਗ-ਅਲੱਗ ਹੈ ਅਤੇ ਕੁਦਰਤੀ ਆਫਤਾਂ ਵੀ ਅਲੱਗ-ਅਲੱਗ ਹਨ ਜਿਵੇਂ ਕਿ ਕਿਤੇ ਸੁਨਾਮੀ ਲਹਿਰਾਂ, ਬਾਰਿਸ਼ਾਂ, ਬਰਫ਼ਾਂ, ਤੂਫ਼ਾਨਾਂ, ਭੁਚਾਲਾਂ ਅਤੇ ਹੋਰ ਅਜਿਹੀਆਂ ਦਰਦਨਾਕ ਘਟਨਾਵਾਂ ਅਤੇ ਕੋਰੋਨਾ ਵਰਗੀਆਂ ਆਫ਼ਤਾਂ ਆਦਿ ਜਿਨ੍ਹਾਂ ਲਈ ਇਕ-ਦੂਜੇ ਦੀ ਸਹਾਇਤਾ ਦੀ ਲੋੜ ਜ਼ਰੂਰੀ ਪੈ ਜਾਂਦੀ ਹੈ। ਇਸ ਦੇ ਹੱਲ ਲਈ ਸਭ ਤੋਂ ਪਹਿਲਾਂ ਸਾਰੇ ਦੇਸ਼ਾਂ ਨੂੰ ਆਪਣੇ-ਆਪਣੇ ਦੇਸ਼ ਵਿਚ ਅਮਨ-ਸ਼ਾਂਤੀ ਲਈ ਵੈਰ, ਵਿਰੋਧ, ਈਰਖਾ, ਝਗੜੇ, ਬਦਲੇ ਦੀ ਭਾਵਨਾ, ਤਬਾਹੀ ਅਤੇ ਹੋਰ ਸਾਰੀਆਂ ਬੁਰਾਈਆਂ ਨੂੰ ਦੂਰ ਕਰਕੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦਾ ਪਾਲਣ ਕਰਨਾ ਹੋਵੇਗਾ।

-ਰਘੁਵੀਰ ਸਿੰਘ ਬੈਂਸ
ਸੁਪਰਡੈਂਟ (ਰਿਟਾ:), ਮੈਂਬਰ ਮਨੁੱੱਖੀ ਅਧਿਕਾਰ ਪੰਚ।

ਬੱਚਿਆਂ ਨੂੰ ਸਮਝਣ ਦੀ ਲੋੜ
ਸਮੇਂ ਦੇ ਹੋ ਰਹੇ ਬਦਲਾਅ ਦੀ ਲਪੇਟ ਵਿਚ ਅਸੀਂ ਸਭ ਆ ਰਹੇ ਹਾਂ। ਪਰ ਸਾਰੇ ਹੀ ਇਕ-ਦੂਜੇ ਵੱਲ ਵੇਖ ਕੇ ਅੱਜ ਦੇ ਚੈਨਲਾਂ, ਫ਼ਿਲਮਾਂ ਆਦਿ ਦੀ ਆਲੋਚਨਾ ਕਰਕੇ ਹੀ ਚੁੱਪ ਹੋ ਜਾਂਦੇ ਹਾਂ। ਜੇਕਰ ਮਾਪੇ ਚਾਹੁੰਦੇ ਹਨ ਸਾਡੀ ਸੱਭਿਅਤਾ ਬਚੀ ਰਹੀ ਤੇ ਬੱਚੇ ਸੁਚੱਜੇ ਅਤੇ ਸੂਝਵਾਨ ਤੇ ਅਨੁਸ਼ਾਸਿਤ ਰਹਿਣ ਤਾਂ ਇਸ ਲਈ ਸਾਨੂੰ ਥੋੜ੍ਹਾ ਜਿਹਾ ਸਮਾਂ ਆਪਣੇ ਬੱਚਿਆਂ ਲਈ ਕੱਢਣਾ ਪਵੇਗਾ। ਵਿਗਿਆਨ ਦੀ ਹੋਈ ਤਰੱਕੀ ਨੇ ਲੋਕਾਂ ਦੀ ਜ਼ਿੰਦਗੀ ਨੂੰ ਸੁਵਿਧਾਜਨਕ ਤਾਂ ਬਣਾ ਦਿੱਤਾ ਪਰ ਆਪਣਿਆਂ ਅਤੇ ਕੁਦਰਤ ਤੋਂ ਦੂਰ ਕਰ ਦਿੱਤਾ। ਬੱਚੇ ਆਪੋ-ਆਪਣੇ ਕਮਰਿਆਂ ਵਿਚ ਅਤੇ ਮਾਪੇ ਆਪਣੇ ਕਮਰਿਆਂ ਵਿਚ ਤੜੇ ਰਹਿੰਦੇ ਹਨ। ਕਿਸੇ ਕੋਲੋਂ ਇਕ-ਦੂਜੇ ਕੋਲ ਬੈਠਣ ਦਾ ਸਮਾਂ ਨਹੀਂ ਹੈ। ਅਕਸਰ ਮਾਤਾ-ਪਿਤਾ ਦੀ ਸ਼ਿਕਾਇਤ ਹੁੰਦੀ ਹੈ ਕਿ ਬੱਚੇ ਸਾਡੇ ਕਹਿਣੇ ਤੋਂ ਬਾਹਰ ਹਨ ਪਰ ਕਦੇ ਇਹ ਨਹੀਂ ਸੋਚਿਆ ਕਿ ਬੱਚੇ ਕਹਿਣੇ ਤੋਂ ਬਾਹਰ ਹੋਣ ਅਜਿਹੀ ਨੌਬਤ ਆਈ ਕਿਉਂ। ਬਹੁਤ ਸਾਰੇ ਮਾਪੇ ਬੱਚਿਆਂ 'ਤੇ ਔਖੇ ਵਿਸ਼ਿਆਂ ਦਾ ਬੋਝ ਪਾ ਦਿੰਦੇ ਹਨ, ਜਿਸ ਬੋਝ ਹੇਠਾਂ ਆ ਕੇ ਵਿਦਿਆਰਥੀ ਗ਼ਲਤ ਸੰਗਤ ਵੱਲ ਦੌੜਦੇ ਹਨ ਜਾਂ ਫਿਰ ਚਿੰਤਾ ਰੋਗ, ਮਾਨਸਿਕ ਤਣਾਅ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ। ਪਾਲਣ-ਪੋਸ਼ਣ ਦੀ ਵੱਡੀ ਜ਼ਿੰਮੇਵਾਰੀ ਹੈ। ਸਾਰੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਰੁਚੀਆਂ ਅਤੇ ਸੁਪਨਿਆਂ ਨੂੰ ਜਾਣ ਕੇ ਹਕੀਕਤ ਵਿਚ ਬਦਲਣ ਲਈ ਬੱਚਿਆਂ ਦੇ ਮਾਰਗਦਰਸ਼ਕ ਬਣਨ ਅਤੇ ਹਰ ਯੋਗ ਕਾਰਵਾਈ ਕਰਨ ਤਾਂ ਜੋ ਬੱਚੇ ਕੌਮ ਅਤੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕਰ ਸਕਣ।

-ਹਰਕੀਰਤ ਕੌਰ ਸਭਰਾ।

07-09-2020

 ਕੇਂਦਰ ਸਰਕਾਰ ਦੀ ਬੇਇਨਸਾਫੀ
ਪਿਛਲੇ ਦਿਨੀਂ ਡਾ: ਬਰਜਿੰਦਰ ਸਿੰਘ ਹਮਦਰਦ ਹੋਰਾਂ ਦਾ ਸੰਪਾਦਕੀ 'ਕੇਂਦਰ ਸਰਕਾਰ ਦੀ ਜ਼ਿਆਦਤੀ' ਪੜ੍ਹਿਆ, ਜਿਸ ਬਾਰੇ ਉਨ੍ਹਾਂ ਨੇ ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ ਬਾਰੇ ਭਾਸ਼ਾ ਬਿੱਲ ਪਾਸ ਕਰਨ ਬਾਰੇ ਵਿਸਥਾਰ ਨਾਲ ਲਿਖ ਕੇਂਦਰ ਸਰਕਾਰ ਦੀ ਮਾਂ-ਬੋਲੀ ਪੰਜਾਬੀ ਨਾਲ ਜ਼ਿਆਦਤੀ ਦਾ ਜ਼ਿਕਰ ਕੀਤਾ ਹੈ। ਦੁਨੀਆ ਵਿਚ ਸਭ ਤੋਂ ਜ਼ਿਆਦਾ ਬੋਲਣ ਵਾਲੀਆਂ 10 ਭਾਸ਼ਾਵਾਂ ਵਿਚ ਪੰਜਾਬੀ ਭਾਸ਼ਾ ਨੂੰ ਕੇਂਦਰ ਵਲੋਂ ਜੰਮੂ-ਕਸ਼ਮੀਰ ਦੀਆਂ ਸਰਕਾਰੀ ਭਾਸ਼ਾਵਾਂ ਵਿਚੋਂ ਕੱਢਣਾ, ਦੁਨੀਆ ਵਿਚ ਬੈਠੇ ਹਰ ਪੰਜਾਬੀ ਨਾਲ ਨਾਇਨਸਾਫੀ ਵਾਲਾ ਫੈਸਲਾ ਹੈ। ਇਸ ਦੀ ਜਿੰਨੀ ਨਿੰਦਿਆਤੇ ਵਿਰੋਧਤਾ ਕੀਤੀ ਜਾਵੇ, ਥੋੜ੍ਹੀ ਹੈ। ਅਕਾਲੀ ਦਲ ਨੇ ਪੰਜਾਬ ਦੇ ਹਿਤ ਵਿਚ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਪਾਸ ਕਰ ਕੇ ਮੋਰਚਾ ਲਾਇਆ ਸੀ। ਅਕਾਲੀ ਦਲ ਨੇ ਭਾਜਪਾ ਨਾਲ ਭਾਈਵਾਲ ਪਾਰਟੀ ਹੁੰਦੇ ਹੋਏ ਪੰਜਾਬੀ ਬੋਲਦੇ ਇਲਾਕੇ ਤਾਂ ਕੀ ਲੈਣੇ ਹਨ, ਕੇਂਦਰ ਵਿਚ ਸਰਕਾਰ ਦਾ ਭਾਈਵਾਲ ਪਾਰਟੀ ਹੁੰਦੇ ਹੋਏ ਉਲਟਾ ਪੰਜਾਬ ਦੇ ਗੁਆਂਢੀ ਸੂਬੇ ਜੰਮੂ-ਕਸ਼ਮੀਰ ਵਿਚੋਂ ਕੇਂਦਰ ਵਲੋਂ ਪੰਜਾਬੀ ਭਾਸ਼ਾ ਨੂੰ ਹਟਾ ਦਿੱਤਾ ਹੈ। ਅਕਾਲੀ ਦਲ ਨੇ ਇਸ 'ਤੇ ਚੁੱਪ ਵੱਟੀ ਹੈ, ਜਦੋਂਕਿ ਬਾਹਰ ਕੈਨੇਡਾ ਵਿਚ ਪੰਜਾਬੀ ਨੂੰ ਤੀਜੀ ਭਾਸ਼ਾ ਦਾ ਦਰਜਾ ਹਾਸਲ ਹੈ। ਪੰਜਾਬੀ ਨਾਲ ਆਪਣੇ ਹੀ ਮੁਲਕ ਵਿਚ ਮਤਰੇਈ ਮਾਂ ਵਾਲਾ ਸਲੂਕ ਹੋ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕੇਂਦਰ ਸਰਕਾਰ 'ਤੇ ਜ਼ੋਰ ਪਾ ਕੇ ਜੰਮੂ-ਕਸ਼ਮੀਰ ਵਿਚ ਪੰਜਾਬੀ ਨੂੰ ਬਣਦਾ ਦਰਜਾ ਦਿਵਾਉਣਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ ਇੰਸਪੈਕਟਰ ਪੁਲਿਸ।

ਪੰਜਾਬੀ ਭਾਸ਼ਾ
ਇਹ ਗੱਲ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਪੰਜਾਬੀ ਭਾਸ਼ਾ ਨਾਲ ਸ਼ੁਰੂ ਤੋਂ ਹੀ ਕਾਣੀ ਵੰਡ ਹੁੰਦੀ ਆ ਰਹੀ ਹੈ ਤੇ ਇਸ ਦੀ ਇਕ ਹੋਰ ਉਦਾਹਰਨ ਜੰਮੂ-ਕਸ਼ਮੀਰ ਵਿਚ ਵੇਖਣ ਨੂੰ ਮਿਲੀ ਹੈ। ਜਿਥੇ ਪੰਜਾਬੀ ਭਾਸ਼ਾ ਦੀ ਮਾਨਤਾ ਰੱਦ ਕਰ ਦਿੱਤੀ ਹੈ ਪਰ ਇਸ ਵਿਚ ਸਰਕਾਰ ਦਾ ਕੋਈ ਦੋਸ਼ ਨਹੀਂ ਦੋਸ਼ ਸਿਰਫ਼ ਪੰਜਾਬ ਦੇ ਉਨ੍ਹਾਂ ਲੋਕਾਂ ਦਾ ਹੈ ਜੋ ਪੰਜਾਬ ਵਿਚ ਰਹਿ ਕੇ ਪੰਜਾਬੀ ਬੋਲਣ ਤੇ ਸ਼ਰਮ ਮਹਿਸੂਸ ਕਰਦੇ ਹਨ, ਦੋਸ਼ ਪੰਜਾਬ ਦੇ ਉਨ੍ਹਾਂ ਸਕੂਲਾਂ, ਕਾਲਜਾਂ ਦਾ ਹੈ ਜੋ ਆਪਣੇ ਵਿਦਿਆਰਥੀਆਂ ਨੂੰ ਪੰਜਾਬੀ ਨਹੀਂ ਬੋਲਣ ਦਿੰਦੇ। ਦੋਸਤੋ ਸਿੱਧੀ ਜਿਹੀ ਗੱਲ ਐ ਜੇ ਆਪਾਂ ਆਪਣੀ ਬੋਲੀ ਦਾ ਸਤਿਕਾਰ ਨਹੀਂ ਕਰਾਂਗੇ ਤਾਂ ਹੋਰ ਕਿਸੇ ਨੇ ਵੀ ਨਹੀਂ ਕਰਨਾ। ਸਾਡੇ ਸਮਾਜ ਵਿਚ ਪੰਜਾਬੀ ਬੋਲਣ ਵਾਲੇ ਨੂੰ ਪੇਂਡੂ, ਅਨਪੜ੍ਹ ਜਾਂ ਗਵਾਰ ਸਮਝਿਆ ਜਾਂਦਾ ਹੈ ਜਦਕਿ ਉਹ ਲੋਕ ਵਫਾਦਾਰ ਹੁੰਦੇ ਹਨ ਜੋ ਆਪਣੀ ਮਾਂ-ਬੋਲੀ ਵਿਚ ਗੱਲ ਕਰਨ ਲੱਗੇ ਸ਼ਰਮ ਨਹੀਂ ਮੰਨਦੇ ਤੇ ਆਪਣੀ ਬੋਲੀ ਦਾ ਸਤਿਕਾਰ ਕਰਦੇ ਹਨ। ਅੱਜ ਲੋੜ ਹੈ ਪੰਜਾਬ ਦੇ ਸਕੂਲਾਂ, ਕਾਲਜਾਂ ਵਿਚ ਪੰਜਾਬੀ ਨੂੰ ਲਾਜ਼ਮੀ ਕਰਨ ਦੀ ਤੇ ਮਾਂ-ਬੋਲੀ ਪੰਜਾਬੀ ਨੂੰ ਬਣਦਾ ਸਤਿਕਾਰ ਦੇਣ ਦੀ।

-ਅਕਾਸ਼ਦੀਪ ਸੀਰਵਾਲੀ

ਪੰਜਾਬੀ ਭਾਸ਼ਾ ਨਾਲ ਵਿਤਕਰਾ
ਭਾਵੇਂ ਲਹਿੰਦੇ ਪੰਜਾਬ ਵਿਚ ਕਈ ਜ਼ਿਲ੍ਹਿਆਂ ਵਿਚ ਪੰਜਾਬੀ ਭਾਸ਼ਾ ਨੂੰ ਪੂਰਾ ਮਾਣ-ਸਤਿਕਾਰ ਹਾਸਲ ਹੈ ਅਤੇ ਇਹ ਪੂਰੀ ਤਰ੍ਹਾਂ ਠੇਠ ਪੰਜਾਬੀ ਬੋਲੀ ਤੇ ਲਿਖੀ ਜਾਂਦੀ ਹੈ ਪ੍ਰੰਤੂ ਚੜ੍ਹਦੇ ਪੰਜਾਬ ਵਿਚ ਰਾਜ ਭਾਸ਼ਾ ਐਕਟ ਬਣਨ ਦੇ ਬਾਵਜੂਦ ਵੀ ਇਸ ਨਾਲ ਧ੍ਰੋਹ ਕਮਾਇਆ ਜਾ ਰਿਹਾ ਹੈ ਅਤੇ ਬਿਨਾਂ ਸਖ਼ਤੀ ਦੇ ਪੰਜਾਬੀ ਭਾਸ਼ਾ ਲਾਗੂ ਨਹੀਂ ਹੋ ਰਹੀ, ਉਥੇ ਹੀ ਹੁਣ ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ ਵਿਚ ਬੋਲੀਆਂ ਜਾਂਦੀਆਂ ਭਾਸ਼ਾਵਾਂ ਵਿਚੋਂ ਪੰਜਾਬੀ ਨੂੰ ਬਿਲ 'ਚੋਂ ਬਾਹਰ ਕਰ ਦਿੱਤਾ ਗਿਆ ਹੈ। ਪੰਜਾਬੀ ਨੂੰ ਇਸ ਬਿੱਲ ਵਿਚੋਂ ਦਰ-ਕਿਨਾਰ ਕਰਕੇ ਇਸ ਫੈਸਲੇ ਨੇ ਇਸ ਭਾਸ਼ਾ ਨਾਲ ਜੁੜੇ ਲੋਕਾਂ ਵਿਸ਼ੇਸ਼ ਕਰਕੇ ਘੱਟ-ਗਿਣਤੀ ਸਿੱਖ ਭਾਈਚਾਰੇ ਨਾਲ ਬਹੁਤ ਵੱਡੀ ਬੇਇਨਸਾਫ਼ੀ ਕੀਤੀ ਹੈ। ਪੰਜਾਬੀ ਜੰਮੂ-ਕਸ਼ਮੀਰ ਵਿਚ ਬੋਲੀਆਂ ਜਾਂਦੀਆਂ ਪੰਜਾਬੀਆਂ ਪ੍ਰਸਿੱਧ ਬੋਲੀਆਂ 'ਚੋਂ ਆਪਣਾ ਵਿਲੱਖਣ ਸਥਾਨ ਰੱਖਦੀ ਹੈ। ਜੰਮੂ-ਕਸ਼ਮੀਰ ਵਿਚ ਪੰਜਾਬ ਨਾਲ ਕੀਤਾ ਗਿਆ ਵਿਤਕਰਾ ਬਰਦਾਸ਼ਤਯੋਗ ਨਹੀਂ ਹੈ। ਸੋ, ਜਿਥੇ ਪੰਜਾਬੀ ਹਿਤੈਸ਼ੀਆਂ ਨੂੰ, ਪੰਜਾਬ ਸਰਕਾਰ ਨੂੰ ਅਤੇ ਅਕਾਲੀ ਦਲ ਨੂੰ ਇਸ ਸਬੰਧੀ ਜ਼ੋਰਦਾਰ ਆਵਾਜ਼ ਉਠਾਉਣੀ ਚਾਹੀਦੀ ਹੈ, ਉਥੇ ਹੀ ਕੇਂਦਰ ਸਰਕਾਰ ਨੂੰ ਵੀ ਇਸ ਫੈਸਲੇ 'ਤੇ ਮੁੜ ਨਜ਼ਰਸਾਨੀ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬੀ ਭਾਸ਼ਾ ਨੂੰ ਆਪਣਾ ਬਣਦਾ ਹੱਕ ਤੇ ਸਥਾਨ ਮਿਲ ਸਕੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।

ਜੰਮੂ ਵਿਚ ਪੰਜਾਬੀ ਭਾਸ਼ਾ ਦਰਕਿਨਾਰੀ
ਜੰਮੂ ਅਤੇ ਕਸ਼ਮੀਰ ਰਾਜ ਜੋ ਕਿ ਧਾਰਾ 370 ਦੇ ਹਟਣ ਤੋਂ ਬਾਅਦ ਜਿਸ ਦਾ ਕੰਟਰੋਲ ਇਸ ਵਕਤ ਕੇਂਦਰ ਸਰਕਾਰ ਦੇ ਅਧੀਨ ਹੈ, ਉਸ ਰਾਜ ਵਿਚੋਂ ਕੇਂਦਰੀ ਕੈਬਨਿਟ ਨੇ ਇਕ ਮਤਾ ਪਾਸ ਕਰ ਕੇ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਵਿਚੋਂ ਬਾਹਰ ਰੱਖਣ ਦਾ ਮਤਾ ਪਾਸ ਕੀਤਾ ਹੈ, ਜੋ ਬਹੁਤ ਹੀ ਨਿੰਦਣਯੋਗ ਕੰਮ ਹੈ, ਉਹ ਰਾਜ ਜੋ ਲੰਮੇ ਸਮੇਂ ਤੱਕ ਸਿੱਖ ਰਾਜ ਦਾ ਹਿੱਸਾ ਰਿਹਾ ਹੋਵੇ ਅਤੇ ਜਿਸ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਜਾਨਣ ਅਤੇ ਸਮਝਣ ਵਾਲੇ ਲੋਕ ਵਸਦੇ ਹੋਣ, ਉਸ ਰਾਜ ਦੇ ਲੋਕਾਂ ਨਾਲ ਇਹ ਸਰਾਸਰ ਧੱਕਾ ਹੈ, ਇਸ ਧੱਕੇ ਦੇ ਵਿਰੋਧ ਵਿਚ ਦੁੱਖ ਹੋਰ ਵੀ ਹੁੰਦਾ ਹੈ ਕਿ ਇਸ ਵੇਲੇ ਪੰਜਾਬ ਦੀ ਇਕ ਪੰਥਕ ਤੇ ਪੰਜਾਬੀ ਆਗੂ ਅਖਵਾਉਂਦੇ ਪਰਿਵਾਰ ਦੀ ਨੂੰਹ ਇਸ ਕੈਬਨਿਟ ਦਾ ਹਿੱਸਾ ਹੈ ਜਿਸ ਨੇ ਵੀ ਪੰਜਾਬੀ ਭਾਸ਼ਾ ਦੇ ਸਨਮਾਨ ਲਈ ਕੋਈ ਉਪਰਾਲਾ ਨਹੀਂ ਕੀਤਾ।

-ਬਲਰਾਜ ਸਿੰਘ ਸੰਧੂ
ਪਿੰਡ ਤੇ ਡਾਕ: ਮਮਦੋਟ, ਜ਼ਿਲ੍ਹਾ ਫਿਰੋਜ਼ਪੁਰ।

ਪੰਜਾਬੀ ਭਾਸ਼ਾ ਨੂੰ ਜੰਮੂ-ਕਸ਼ਮੀਰ 'ਚੋਂ...
ਭਾਰਤ-ਪਾਕਿ ਵੰਡ ਤੋਂ ਪਹਿਲਾਂ ਬਹੁਤ ਸਾਰੇ ਇਲਾਕੇ ਪੰਜਾਬੀ ਬੋਲਦੇ ਸਨ। ਜਿਥੇ-ਜਿਥੇ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਰਾਜ ਸਥਾਪਿਤ ਕੀਤਾ ਸੀ। ਉਥੇ-ਉਥੇ ਪੰਜਾਬੀ ਬੋਲੀ ਤੇ ਪੰਜਾਬੀ ਭਾਸ਼ਾ ਨੂੰ ਵੀ ਜਗ੍ਹਾ ਮਿਲੀ ਸੀ। ਵੰਡ ਸਮੇਂ ਪੰਜਾਬ ਦੇ ਦੋ ਹਿੱਸੇ ਹੋ ਗਏ, ਇਕ ਲਹਿੰਦਾ ਪੰਜਾਬ ਅਖਵਾਉਣ ਲੱਗ ਪਿਆ ਤੇ ਦੂਜਾ ਚੜ੍ਹਦਾ ਪੰਜਾਬ। ਜ਼ਮੀਨੀ ਵੰਡ ਵੀ ਹੋ ਗਈ ਪਰ ਪੰਜਾਬੀ ਬੋਲੀ ਨੂੰ ਵੰਡ ਨਹੀਂ ਸਕੇ। ਜੰਮੂ-ਕਸ਼ਮੀਰ ਵਿਚ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਪੂਰਨ ਰਾਜ ਸੀ। ਫਿਰ ਭਾਰਤ ਦਾ ਜੰਮੂ ਕਸ਼ਮੀਰ ਅਭਿੰਨ ਅੰਗ ਹੈ। ਉਥੋਂ ਦੇ ਬਹੁਤ ਸਾਰੇ ਇਲਾਕੇ ਤੇ ਖਿੱਤੇ ਪੰਜਾਬੀ ਬੋਲਦੇ ਤੇ ਲਿਖਦੇ ਹਨ। ਉਨ੍ਹਾਂ ਉਤੇ ਸਰਕਾਰੀ ਭਾਸ਼ਾ ਹਿੰਦੀ ਨੂੰ ਥੋਪਿਆ ਜਾ ਰਿਹਾ ਹੈ। ਕੋਈ ਗੱਲ ਨਹੀਂ ਹਿੰਦੀ ਜ਼ਰੂਰ ਲਾਗੂ ਕਰੋ। ਪਰ ਕਸ਼ਮੀਰੀ, ਡੋਗਰੀ, ਉਰਦੂ ਤੇ ਪੰਜਾਬੀ ਜੋ ਪਹਿਲਾਂ ਤੋਂ ਚਲ ਰਹੀ ਹੈ। ਉਹਨਾਂ ਵਿਚੋਂ ਇੱਕਲੀ ਪੰਜਾਬੀ ਨੂੰ ਹੀ ਕਿਉਂ ਬਾਹਰ ਕੱਢਿਆ ਜਾ ਰਿਹਾ ਹੈ। ਕੀ ਇਹ ਹੁਣ ਤੁਗਲਕੀ ਫੁਰਮਾਨ ਨਹੀਂ ਹੈ। ਜੋ ਕੇਂਦਰ ਸਰਕਾਰ ਨੇ ਸੁਣਾਇਆ ਹੈ। ਬੇਸ਼ਕ ਦੁਨੀਆ ਵਿਚ ਬਹੁਤ ਹੀ ਭਾਸ਼ਾਵਾਂ ਤੇ ਉਪ ਭਾਸ਼ਾਵਾਂ ਹਨ। ਹਰ ਇਕ ਨਾਗਰਿਕ ਨੂੰ ਆਜ਼ਾਦੀ ਹੈ ਕਿ ਉਹ ਕੋਈ ਵੀ ਭਾਸ਼ਾ ਬੋਲ ਸਕਦਾ ਹੈ। ਪਰ ਭਾਸ਼ਾ ਪ੍ਰਤੀਜ਼ਬਰਦਸਤੀ ਨਹੀਂ ਹੋਣੀ ਚਾਹੀਦੀ। ਰਹੀ ਗੱਲ ਜੰਮੂ ਕਸ਼ਮੀਰ ਦੀ ਜਿਸ ਦੀ ਹੱਦ ਹੀ ਪੰਜਾਬ ਨਾਲ ਲਗਦੀ ਹੈ। ਇਥੋਂ ਦੇ ਜ਼ਿਆਦਾਤਰ ਲੋਕ ਪੰਜਾਬੀ ਹੀ ਬੋਲਦੇ ਹਨ। ਜੇ ਇਸ ਤੋਂ ਥੋੜ੍ਹੀ ਜਿਹੀ ਅੱਗੇ ਦੀ ਗੱਲ ਕਰੀਏ ਤਾਂ ਵੰਡ ਤੋਂ ਪਹਿਲਾਂ ਜੰਮੂ ਦੇ ਨਾਲ ਅਗਲੇ ਪਾਸੇ ਸਿਆਲਕੋਟ ਹੈ। ਉਥੇ ਅੱਜ ਵੀ ਠੇਠ ਪੰਜਾਬੀ ਬੋਲੀ ਜਾਂਦੀ ਹੈ। ਇਲਾਕਾ ਤਾਂ ਇਹ ਵੀ ਉਹੀ ਹੀ ਹੈ। ਪੰਜਾਬੀ ਕੋਈ ਧਾਰਾ 370 ਨਾਲ ਥੋੜ੍ਹੀ ਜੁੜੀ ਸੀ। ਜਿਹੜੀ ਉਸ ਦੇ ਨਾਲ ਇਸ ਨੂੰ ਵੀ ਹਟਾ ਦਿਉ। ਜੇਕਰ ਪੰਜਾਬੀ ਨੂੰ ਜੰਮੂ-ਕਸ਼ਮੀਰ ਵਿਚ ਜਿਊਂਦਾ ਰੱਖਣਾ ਹੈ ਤਾਂ ਸਮੂਹ ਪੰਜਾਬੀਆਂ ਨੂੰ ਇਸ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨੀ ਪਵੇਗੀ। ਜਿਵੇਂ ਸੱਤ ਸਮੁੰਦਰ ਪਾਰ ਜਾ ਕੇ ਪੰਜਾਬੀਆਂ ਨੇ ਮੱਲ ਮਾਰੀ ਹੈ। ਉਥੋਂ ਵੀ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੂੰ ਖਾਸ ਕਰਕੇ ਇਸ ਮਸਲੇ ਵਾਸਤੇ ਅੱਗੇ ਆਉਣਾ ਚਾਹੀਦਾ ਹੈ। ਕਿਉਂਕਿ ਇਸ ਸਮੇਂ ਕੇਂਦਰ ਵਿਚ ਅਕਾਲੀ ਦਲ ਭਾਈਵਾਲ ਹੈ। ਸੰਸਦ ਵਿਚ ਪੰਜਾਬੀ ਨੂੰ ਜੰਮੂ ਕਸ਼ਮੀਰ ਵਿਚ ਲਾਗੂ ਕਰਨ ਵਾਸਤੇ ਮੌਨਸੂਨ ਇਜਲਾਸ ਵਿਚ ਆਵਾਜ਼ ਉਠਾਉਣੀ ਚਾਹੀਦੀ ਹੈ। ਸਾਰੇ ਬੁੱਧੀਜੀਵੀ ਵੀ ਹਟਾਈ ਜਾ ਰਹੀ ਪੰਜਾਬੀ ਨੂੰ ਨਾ ਹਟਾਉਣ ਦੀ ਵਕਾਲਤ ਕਰਨ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)

04-09-2020

 ਆਰਥਿਕ ਮੰਦੀ ਅਤੇ ਕੋਰੋਨਾ
ਤਾਜ਼ਾ ਅਖ਼ਬਾਰੀ ਖ਼ਬਰਾਂ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਆਰਥਿਕ ਮੰਦੀ ਸਿਖਰ 'ਤੇ ਹੈ। ਭਾਵੇਂ ਆਰਥਿਕ ਮੰਦੀ ਵਿਸ਼ਵਵਿਆਪੀ ਹੈ ਪਰ ਭਾਰਤ ਵਿਚ ਇਸ ਵਿਸ਼ੇ ਉੱਤੇ ਗੰਭੀਰ ਚਿੰਤਨ ਦੀ ਲੋੜ ਹੈ। ਪਿਛਲੀ ਤਿਮਾਹੀ ਅਨੁਸਾਰ ਖਪਤਕਾਰ ਨੇ ਪਹਿਲਾਂ ਨਾਲੋਂ 56 ਫ਼ੀਸਦੀ ਘੱਟ ਖ਼ਰਚ ਕੀਤਾ। ਇਹ ਅੰਕੜਾ ਆਰਥਿਕਤਾ ਲਈ ਮੰਦਭਾਗਾ ਹੈ। ਇਥੋਂ ਪਤਾ ਚਲਦਾ ਹੈ ਕਿ ਸਾਡੀ ਅਰਥਵਿਵਸਥਾ ਨੂੰ ਵੀ ਕੋਰੋਨਾ ਹੋ ਗਿਆ ਹੈ। ਇਕ ਹੋਰ ਅੰਕੜੇ 2017-2018 ਨੂੰ ਘੋਖਿਆ ਜਾਵੇ ਤਾਂ ਪਿਛਲੇ 45 ਸਾਲਾਂ ਨਾਲੋਂ ਬੇਰੁਜ਼ਗਾਰੀ ਦੀ ਦਰ ਸਭ ਤੋਂ ਵੱਧ ਰਹੀ। ਆਰਥਿਕ ਮੰਦੀ ਨੂੰ ਗ੍ਰਹਿਣ ਕੋਰੋਨਾ ਤੋਂ ਪਹਿਲਾਂ ਹੀ ਲੱਗ ਗਿਆ ਸੀ। ਭਾਵੇਂ ਸਰਕਾਰੀ ਉੱਦਮ ਆਰਥਿਕ ਮੰਦੀ ਨੂੰ ਹਟਾਉਣ ਲਈ ਜਾਰੀ ਹਨ ਪਰ ਵਧਦੀ ਆਬਾਦੀ ਤੇ ਬੇਰੁਜ਼ਗਾਰੀ ਨੇ ਉਸ ਦੇ ਪੈਰ ਬੰਨ੍ਹ ਲਏ ਹਨ। ਆਬਾਦੀ ਕਾਬੂ ਹੇਠ ਕਰਨਾ, ਰੁਜ਼ਗਾਰ ਦੇ ਵੱਧ ਸਾਧਨ ਪੈਦਾ ਕਰਨਾ ਗ਼ਰੀਬ ਅਤੇ ਮੱਧਵਰਗ ਨੂੰ ਖ਼ਾਸ ਰਿਆਇਤਾਂ ਦੇਣ ਨਾਲ ਇਸ ਸੰਕਟ ਵਿਚੋਂ ਨਿਕਲਣ ਨਾਲ ਲਾਹੇਵੰਦ ਰਹੇਗਾ। ਗ਼ਰੀਬੀ ਅਤੇ ਬੇਰੁਜ਼ਗਾਰੀ ਨੂੰ ਵੀ ਥੰਮ੍ਹਿਆ ਜਾ ਸਕੇਗਾ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

ਕੁਸਮ ਦੀ ਬਹਾਦਰੀ
ਬੀਤੇ ਦਿਨੀਂ ਸਤੰਬਰ ਦੇ 'ਅਜੀਤ' ਵਿਚ ਜਲੰਧਰ ਦੀ 15 ਕੁ ਸਾਲ ਦੀ ਕੁਸਮ ਨਾਂਅ ਦੀ ਇਕ ਕੁੜੀ ਵਲੋਂ ਗੁੱਟ ਕੱਟੇ ਜਾਣ ਦੇ ਬਾਵਜੂਦ ਬੜੀ ਦਲੇਰੀ ਨਾਲ ਦੋ ਲੁਟੇਰਿਆਂ 'ਚੋਂ ਇਕ ਨੂੰ ਦਬੋਚ ਲੈਣ ਦੀ ਖ਼ਬਰ ਪੜ੍ਹੀ। ਇਸ ਬੱਚੀ ਨੇ ਵਾਕਿਆ ਹੀ ਬੜਾ ਬਹਾਦਰੀ ਵਾਲਾ ਕੰਮ ਕਰ ਦਿਖਾਇਆ ਹੈ। ਅਸੀਂ ਉਕਤ ਲੜਕੀ ਨੂੰ ਸ਼ਾਬਾਸ਼ੀ ਦਿੰਦੇ ਹੋਏ ਉਸ ਦੀ ਖੂਬ ਪ੍ਰਸੰਸਾ ਕਰਦੇ ਹਾਂ ਤਾਂ ਜੋ ਪੰਜਾਬ ਦੀਆਂ ਹੋਰ ਬੇਟੀਆਂ ਦਾ ਮਨੋਬਲ ਵੀ ਵਧ ਸਕੇ।

-ਯਸ਼ ਕੁਮਾਰ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।

ਬਿਜਲਈ ਮੀਡੀਆ ਦਾ ਮਿਆਰ
ਬੀਤੇ ਦਿਨੀਂ 'ਅਜੀਤ' ਦੇ ਸੰਪਾਦਕੀ ਸਫ਼ੇ 'ਤੇ ਅਭੈ ਕੁਮਾਰ ਦੂਬੇ ਦਾ ਬਿਜਲਈ ਮੀਡੀਆ ਬਾਰੇ ਲਿਖਿਆ ਲੇਖ ਪੜ੍ਹਿਆ ਕਿ ਬਿਜਲਈ ਮੀਡੀਆ ਆਪਣਾ ਵਿਸ਼ਵਾਸ ਹੌਲੀ-ਹੌਲੀ ਗੁਆਉਂਦਾ ਜਾ ਰਿਹਾ ਹੈ। ਇਹ ਇਕ ਕੌੜੀ ਸਚਾਈ ਹੈ। ਬਿਜਲਈ ਮੀਡੀਆ ਬਾਰੇ ਜਿਸ ਤਰ੍ਹਾਂ ਸੋਸ਼ਲ ਮੀਡੀਆ 'ਤੇ ਤਨਜ਼ ਕੱਸੇ ਜਾ ਰਹੇ ਹਨ, ਉਹ ਲੋਕਾਂ ਦੀ ਇਕ ਤਰ੍ਹਾਂ ਨਾਲ ਇਸ ਪਾਸੇ ਦੀ ਸੋਚ ਦਰਸਾ ਰਹੇ ਹਨ। ਬਿਜਲਈ ਮੀਡੀਆ ਦੇ ਮਿਆਰ ਡਿਗਣ ਦੀ ਸ਼ੁਰੂਆਤ 2013 ਤੋਂ ਹੋਈ ਹੈ।
ਉਸ ਤੋਂ ਬਾਅਦ 2014 ਤੋਂ ਜਦੋਂ ਤੋਂ ਕੇਂਦਰ ਵਿਚ ਸੱਤਾ ਪਰਿਵਰਤਨ ਹੋਇਆ ਹੈ, ਇਸ ਕੰਮ ਨੇ ਤੇਜ਼ੀ ਨਾਲ ਰਫ਼ਤਾਰ ਫੜੀ ਹੈ ਅਤੇ ਜ਼ਿਆਦਾਤਰ ਚੈਨਲ ਸਿਰਫ ਇਕਤਰਫਾ ਹੀ ਗੁਣਗਾਨ ਕਰ ਰਹੇ ਹਨ। ਅਖ਼ਬਾਰਾਂ ਦੀ ਸਥਿਤੀ ਇਸ ਤੋਂ ਕੁਝ ਵੱਖਰੀ ਹੈ। ਲੋਕ ਕਿਤੇ ਨਾ ਕਿਤੇ ਅਖ਼ਬਾਰਾਂ 'ਤੇ ਭਰੋਸਾ ਕਰ ਕੇ ਚਲਦੇ ਹਨ ਅਤੇ ਅਖ਼ਬਾਰਾਂ ਨੂੰ ਵੀ ਚਾਹੀਦਾ ਹੈ ਕਿ ਲੋਕਾਂ ਦਾ ਇਹ ਵਿਸ਼ਵਾਸ ਕਾਇਮ ਰੱਖਣ ਭਾਵੇਂ ਕਿ ਪ੍ਰਿੰਟ ਮੀਡੀਆ ਵਿਚ ਵੀ ਥੋੜ੍ਹਾ ਇਕਤਰਫਾ ਲਿਖਣ ਦਾ ਰੁਝਾਨ ਹੈ ਪਰ ਹੈ ਬਿਜਲਈ ਮੀਡੀਆ ਦੀ ਤੁਲਨਾ ਵਿਚ ਬਹੁਤ ਜ਼ਿਆਦਾ ਘੱਟ।

-ਬਲਰਾਜ ਸਿੰਘ ਸੰਧੂ
ਪਿੰਡ ਤੇ ਡਾਕ: ਮਮਦੋਟ, ਜ਼ਿਲ੍ਹਾ ਫਿਰੋਜ਼ਪੁਰ।

ਪੰਜਾਬ ਦੇ ਨੇਤਾ
ਅਜੋਕੇ ਪੰਜਾਬ ਬਣੇ ਨੂੰ ਕਰੀਬ 54 ਸਾਲ ਹੋ ਗਏ ਹਨ। ਪਰ ਇਨ੍ਹਾਂ 54 ਸਾਲਾਂ ਵਿਚ ਪੰਜਾਬ ਦੇ ਹਾਲਾਤ ਵਿਚ ਕੋਈ ਬਹੁਤਾ ਬਦਲਾਅ ਨਹੀਂ ਆਇਆ। ਦੇਸ਼ ਆਜ਼ਾਦੀ ਤੋਂ ਪਹਿਲਾਂ ਅਸੀਂ ਬਾਹਰਲੇ ਲੋਕਾਂ ਦੇ ਗੁਲਾਮ ਸੀ ਤੇ ਹੁਣ ਆਪਣਿਆਂ ਦੇ ਗੁਲਾਮ ਹਾਂ। ਜੋ ਪੰਥਕ ਪਾਰਟੀ ਸਾਡੇ ਆਪਣੇ ਲੋਕਾਂ ਦੁਆਰਾ ਬਣਾਈ ਗਈ ਸੀ, ਅੱਜ ਉਹ ਹੀ ਆਪਣੇ ਸੰਵਿਧਾਨ ਤੋਂ ਭਟਕੀ ਪਈ ਹੈ, ਦੂਸਰਿਆਂ ਨੂੰ ਤਾਂ ਕਹਿਣਾ ਹੀ ਕੀ ਹੈ। ਹੁਣ ਪੰਜਾਬ ਦਾ ਹਾਲ ਇਹ ਹੋ ਚੁੱਕਾ ਹੈ ਕਿ ਜਿਹੜੀ ਮਰਜ਼ੀ ਪਾਰਟੀ ਦੀ ਸਰਕਾਰ ਬਣੇ, ਹਾਲਾਤ ਉਹੀ ਰਹਿਣੇ ਹਨ, ਨਾ ਹੀ ਕੋਈ ਸਰਕਾਰ ਨਸ਼ਾ ਖ਼ਤਮ ਕਰਨਾ ਚਾਹੁੰਦੀ ਹੈ, ਨਾ ਹੀ ਪੰਜਾਬ ਦੇ ਪਾਣੀ ਦਾ ਹੱਕ ਪੰਜਾਬ ਨੂੰ ਦੇਣਾ ਚਾਹੁੰਦੀ, ਨਾ ਹੀ ਇਹ ਬੇਰੁਜ਼ਗਾਰੀ, ਮਹਿੰਗਾਈ ਵਰਗੇ ਮੁੱਦਿਆਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਸਰਕਾਰਾਂ ਨੂੰ ਮਤਲਬ ਸਿਰਫ ਵੋਟਾਂ ਤੱਕ ਹੈ। ਪੰਜਾਬ ਨੂੰ ਅਜੋਕੇ ਸਮੇਂ ਵਿਚ ਇਕ ਚੰਗੇ ਨੇਤਾ ਅਤੇ ਇਕ ਚੰਗੀ ਪਾਰਟੀ ਦੀ ਜ਼ਰੂਰਤ ਹੈ।

-ਜਸ ਢੋਲੇਵਾਲ
ਬਾਨੀ ਅਤੇ ਮੁਖੀ ਜ਼ਿੰਦਾਬਾਦ-ਏ-ਜ਼ਿੰਦਗੀ।

ਕੈਸਾ ਸ਼ੌਕ ਜਵਾਨੀ ਦਾ
ਨੌਜਵਾਨਾਂ ਵਲੋਂ ਮੋਟਰ ਸਾਈਕਲਾਂ ਉੱਤੇ ਪਿੰਡਾਂ ਅਤੇ ਸ਼ਹਿਰਾਂ ਵਿਚ ਹੂਟਰ ਮਾਰਨੇ ਅਤੇ ਸਲੰਸਰਾਂ ਦੀਆਂ ਭੈੜੀਆਂ ਆਵਾਜ਼ਾਂ ਅਤੇ ਪਟਾਕੇ ਮਾਰਨੇ ਆਦਿ ਲਈ ਪ੍ਰਸ਼ਾਸਨ ਵਲੋਂ ਬਹੁਤ ਸਖ਼ਤੀ ਕਰਨ 'ਤੇ ਵੀ ਅਜੇ ਨੌਜਵਾਨਾਂ ਦਾ ਸ਼ੌਕ ਚੱਲ ਰਿਹਾ ਹੈ। ਇਕ ਵਾਰ ਸੜਕ 'ਤੇ ਸਾਈਕਲ ਸਵਾਰ ਪਿੱਛੇ ਜਨਾਨੀ ਬੱਚੇ ਨੂੰ ਗੋਦੀ ਚੁੱਕੀ ਜਾ ਰਹੀ ਸੀ। ਉਸ ਕੋਲ ਜਵਾਨ ਨੇ ਮੋਟਰ ਸਾਈਕਲ ਦਾ ਪਟਾਕਾ ਵਜਾਇਆ ਤੇ ਜਨਾਨੀ ਐਸੀ ਘਬਰਾਈ ਕਿ ਉਸ ਕੋਲੋਂ ਬੱਚਾ ਥੱਲੇ ਡਿਗ ਗਿਆ ਤੇ ਮੋਟਰ ਸਾਈਕਲ ਵਾਲੇ ਨੇ ਪਿੱਛੇ ਮੁੜ ਕੇ ਵੀ ਵੇਖਿਆ ਪਰ ਹੱਸਦਾ ਹੋਇਆ ਅੱਗੇ ਲੰਘ ਗਿਆ। ਉਸ ਦੇ ਨਾਲ ਹੋਰ ਵੀ ਮੋਟਰਸਾਈਕਲ ਸਵਾਰ ਸੀ। ਇਹ ਦੂਸਰਿਆਂ ਨੂੰ ਦੁੱਖ ਦੇ ਕੇ ਆਪਣਾ ਹਾਸਾ ਮਖੌਲ ਅਤੇ ਸ਼ੌਕ ਪੂਰਾ ਕਰਨ ਦਾ ਕਿਹੋ ਜਿਹਾ ਸ਼ੌਕ ਹੈ। ਅਜਿਹੇ ਸ਼ੌਕੀਨਾਂ ਨੂੰ ਪਿਆਰ ਨਾਲ ਪੁਚਕਾਰ ਕੇ ਹਮਦਰਦੀ ਨਾਲ ਸਮਝਾਇਆ ਜਾਵੇ ਅਤੇ ਉਨ੍ਹਾਂ ਸ਼ਰਾਰਤੀਆਂ ਨੂੰ ਸਮਾਜ ਦੀਆ ਬੁਰਾਈਆਂ ਵਿਚ ਪੈਣ ਨਾਲੋਂ ਭਲੇਮਾਣਸ ਬਣਨ ਲਈ ਪ੍ਰੇਰਿਆ ਜਾਵੇ ਜੀ।

-ਰਘਵੀਰ ਸਿੰਘ ਬੈਂਸ
ਸੇਵਾ-ਮੁਕਤ ਸੁਪਰਡੈਂਟ ਅਤੇ ਮੈਂਬਰ ਮਨੁੱਖੀ ਅਧਿਕਾਰ ਮੰਚ।

ਨਵੀਂ ਰਾਸ਼ਟਰੀ ਸਿੱਖਿਆ ਨੀਤੀ
ਪਿਛਲੇ ਦਿਨੀਂ ਡਾ: ਮਹਿਲ ਸਿੰਘ ਪ੍ਰਿੰਸੀਪਲ, ਖਾਲਸਾ ਕਾਲਜ, ਅੰਮ੍ਰਿਤਸਰ ਨੇ 'ਅਜੀਤ' ਵਿਚ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਸਬੰਧ ਵਿਚ 'ਨਵੀਂ ਸਿੱਖਿਆ ਨੀਤੀ : ਵਿਉਂਤ ਤੇ ਚੁਣੌਤੀਆਂ' ਸਿਰਲੇਖ ਅਧੀਨ ਬਾਰੀਕੀ ਨਾਲ ਜਾਣਕਾਰੀ ਦਿੱਤੀ ਹੈ। ਹਰੇਕ ਮਦ ਚੰਗੀ ਤਰ੍ਹਾਂ ਸਮਝਾਈ ਹੈ। ਹਰੇਕ ਜ਼ਿਲ੍ਹੇ ਵਿਚ ਵਰਲਡ ਕਲਾਸ ਇਕ ਸੰਸਥਾ ਬਣਾਉਣੀ। ਵਿੱਦਿਅਕ ਸੰਸਥਾਵਾਂ ਨੂੰ ਗਲੋਬਲੀ ਮਿਆਰਾਂ ਮੁਤਾਬਿਕ ਚਲਾਉਣਾ। 2035 ਤੱਕ ਕਾਲਜ ਦੀ ਖ਼ੁਦਮੁਖਤਿਆਰੀ ਦੀ ਰੂਪ-ਰੇਖਾ ਹੇਠ ਕਾਲਜ ਆਪਣੀ ਡਿਗਰੀ ਆਪ ਦੇ ਸਕਣਗੇ। ਰਾਜ ਵਿਚ ਰਾਸ਼ਟਰੀ ਸਿੱਖਿਆ ਕਮਿਸ਼ਨ ਬਣਨਗੇ। ਇਨ੍ਹਾਂ ਸਾਰੀਆਂ ਮੱਦਾਂ ਬਾਰੇ ਚਾਨਣਾ ਪਾਇਆ ਗਿਆ ਹੈ। ਅਖੀਰ ਵਿਚ ਉਨ੍ਹਾਂ ਨਿੱਜੀ ਸੰਸਥਾਵਾਂ ਦੀ ਮੁਨਾਫ਼ਡਾਖੋਰੀ ਵਧਣ ਦੀ ਸੰਭਾਵਨਾ ਬਾਰੇ ਚਿੰਤਾ ਜ਼ਾਹਰ ਕੀਤੀ ਹੈ। ਅਖੀਰ ਵਿਚ ਡਾ: ਸਾਹਿਬ ਨੂੰ ਗੁਜ਼ਾਰਿਸ਼ ਹੈ ਕਿ ਸਮੇਂ-ਸਮੇਂ ਸਿਰ ਸਿੱਖਿਆ ਨੀਤੀ ਬਾਰੇ ਹੋਰ ਜਾਣਕਾਰੀ ਦਿੰਦੇ ਰਹਿਣ।

-ਅਮਰਜੀਤ ਸਿੰਘ ਸਿੱਧੂ
ਸੇਵਾ-ਮੁਕਤ ਪ੍ਰਿੰਸੀਪਲ, ਦਿਆਲਪੁਰਾ ਮਿਰਜ਼ਾ (ਬਠਿੰਡਾ)।

ਮੋਦੀ ਸਰਕਾਰ ਕਿਸਾਨ ਵਿਰੋਧੀ ਫ਼ੈਸਲੇ ਵਾਪਸ ਲਵੇ
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਖੇਤੀਬਾੜੀ ਵਿਚ ਸੁਧਾਰ ਦੇ ਨਾਂਅ 'ਤੇ ਲਿਆਂਦੇ ਗਏ 3 ਆਰਡੀਨੈਂਸਾਂ ਖਿਲਾਫ਼ ਇਨ੍ਹੀਂ ਦਿਨੀਂ ਪੰਜਾਬ ਸਮੇਤ ਸਮੁੱਚੇ ਦੇਸ਼ ਵਿਚ ਮਾਹੌਲ ਭਖਿਆ ਹੋਇਆ ਹੈ ਅਤੇ ਕਿਸਾਨਾਂ ਵਲੋਂ ਥਾਂ-ਥਾਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕਿਸਾਨ ਸਾਡੇ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਆਜ਼ਾਦੀ ਤੋਂ ਬਾਅਦ ਸੱਤਾ ਵਿਚ ਆਈ ਕਿਸੇ ਵੀ ਸਰਕਾਰ ਨੇ ਇਨ੍ਹਾਂ ਦੀ ਸਾਰ ਨਹੀਂ ਲਈ। ਸਰਕਾਰੀ ਅਣਦੇਖੀ ਕਾਰਨ ਦੇਸ਼ ਦਾ ਅੰਨਦਾਤਾ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੈ। ਮੋਦੀ ਸਰਕਾਰ ਨੇ ਚੋਣਾਂ ਦੌਰਾਨ ਕਿਸਾਨਾਂ ਨਾਲ ਫ਼ਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਦੇਣ ਦਾ ਵਾਅਦਾ ਕੀਤਾ ਸੀ ਪਰ ਸੱਤਾ ਵਿਚ ਆਉਣ ਤੋਂ ਬਾਅਦ ਆਪਣਾ ਇਹ ਵਾਅਦਾ ਤਾਂ ਕੀ ਪੂਰਾ ਕਰਨਾ ਸੀ, ਸਗੋਂ ਨਵੇਂ ਆਰਡੀਨੈਂਸਾਂ ਰਾਹੀਂ ਪਹਿਲਾਂ ਤੋਂ ਚੱਲ ਰਹੇ ਮੰਡੀਕਰਨ ਦੇ ਪ੍ਰਬੰਧ ਦਾ ਵੀ ਭੋਗ ਪਾਉਣ ਲਈ ਰਾਹ ਪੱਧਰ ਕਰ ਦਿੱਤਾ ਹੈ। ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਵਿਧਾਨ ਸਭਾ ਵਿਚ ਮਤਾ ਪਾਸ ਕਰਕੇ ਉਕਤ ਤਿੰਨ ਆਰਡੀਨੈਂਸਾਂ ਨੂੰ ਰੱਦ ਕਰਨਾ ਸ਼ਲਾਘਾਯੋਗ ਫ਼ੈਸਲਾ ਹੈ। ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਭਾਵਨਾ ਨੂੰ ਸਮਝਦੇ ਹੋਏ ਆਪਣੇ ਫ਼ੈਸਲੇ 'ਤੇ ਮੁੜ ਨਜ਼ਰਸਾਨੀ ਕਰੇ ਅਤੇ ਦੇਸ਼ ਵਿਚ ਪਹਿਲਾਂ ਚੱਲ ਰਿਹਾ ਮੰਡੀਕਰਨ ਸਿਸਟਮ ਬਹਾਲ ਰੱਖੇ। ਇਸ ਵਿਚ ਹੀ ਸਾਰੇ ਦੇਸ਼ ਦੀ ਭਲਾਈ ਹੈ।

-ਰਾਜਿੰਦਰ ਸਿੰਘ ਮਰਾਹੜ
ਪਿੰਡ ਤੇ ਡਾਕ: ਕੋਠਾ ਗੁਰੂ, ਤਹਿ: ਫੂਲ, ਜ਼ਿਲ੍ਹਾ ਬਠਿੰਡਾ।

03-09-2020

 ਕੋਰੋਨਾ ਯੋਧੇ ਜਾਂ ਕਿਡਨੀ ਚੋਰ?
ਕੋਰੋਨਾ ਮਹਾਂਮਾਰੀ ਕਾਰਨ ਤਾਲਾਬੰਦੀ ਹੋਣ ਪਿੱਛੋਂ ਤੇਜ਼ ਰਫ਼ਤਾਰ ਦੌੜ ਰਹੀ ਜ਼ਿੰਦਗੀ ਜਿਵੇਂ ਥੰਮ੍ਹ ਜਿਹੀ ਗਈ। ਸੜਕਾਂ 'ਤੇ ਬਾਹਰ ਸਿਰਫ ਪੁਲਿਸ, ਸਿਹਤ ਅਤੇ ਸਫ਼ਾਈ ਮੁਲਾਜ਼ਮ ਹੀ ਨਜ਼ਰ ਆਉਂਦੇ ਸਨ। ਪਰ ਸਿਹਤ ਵਿਭਾਗ ਦੇ ਕਰਮਚਾਰੀ ਜਾਨ ਜੋਖਮ ਵਿਚ ਪਾ ਕੇ ਆਪਣਾ ਫ਼ਰਜ਼ ਨਿਭਾਉਂਦੇ ਰਹੇ। 24-24 ਘੰਟੇ ਡਿਊਟੀ ਕੋਈ ਐਤਵਾਰ ਕੋਈ ਗਜ਼ਟਿਡ ਛੁੱਟੀ ਨਹੀਂ ਲਈ। ਉਸ ਸਮੇਂ ਲੋਕਾਂ ਨੇ ਵੀ ਬੜਾ ਸਨਮਾਨ ਦਿੱਤਾ। ਥਾਂ-ਥਾਂ 'ਤੇ ਫੁੱਲਾਂ ਦੀ ਵਰਖਾ ਅਤੇ ਕੋਰੋਨਾ ਯੋਧੇ ਨਾਂਅ ਨਾਲ ਸਨਮਾਨਿਆ ਗਿਆ। ਪਰ ਪਿਛਲੇ ਕੁਝ ਦਿਨਾਂ ਤੋਂ ਵਾਅ ਉਲਟੀ ਵਗਣ ਲੱਗੀ ਹੈ। ਪਿਛਲੇ ਦਿਨੀਂ ਮਾਨਸਾ ਜ਼ਿਲ੍ਹੇ ਦੇ ਪਿੰਡ ਬਛੋਆਣਾ ਵਿਖੇ ਜਦੋਂ ਸਿਹਤ ਮੁਲਾਜ਼ਮਾਂ ਦੀ ਟੀਮ ਕੋਰੋਨਾ ਪਾਜ਼ੀਟਿਵ ਮਰੀਜ਼ ਨੂੰ ਇਕਾਂਤਵਾਸ ਵਾਰਡ ਵਿਚ ਸ਼ਿਫਟ ਕਰਵਾਉਣ ਲਈ ਪਹੁੰਚੀ ਤਾਂ ਪਿੰਡ ਵਾਸੀਆਂ ਵਲੋਂ ਮਰੀਜ਼ ਨੂੰ ਭੇਜਣ ਤੋਂ ਇਨਕਾਰ ਕਰ ਦਿੱਤਾ ਗਿਆ। ਏਨਾ ਹੀ ਨਹੀਂ, ਸਿਹਤ ਮੁਲਾਜ਼ਮਾਂ ਨੂੰ ਐਂਬੂਲੈਂਸ ਸਮੇਤ ਘੇਰ ਲਿਆ ਅਤੇ ਚਾਬੀ ਕੱਢ ਲਈ। ਪਿੰਡ ਵਾਸੀਆਂ ਦਾ ਇਹ ਤਰਕ ਹੈ ਕਿ ਡਾਕਟਰ ਮਰੀਜ਼ਾਂ ਨੂੰ ਲਿਜਾ ਕੇ ਕਿਡਨੀਆਂ ਅਤੇ ਹੋਰ ਅੰਗ ਕੱਢ ਲੈਂਦੇ ਹਨ।
ਹਰ ਕਿੱਤੇ ਵਿਚ ਸਾਰੇ ਬੰਦੇ ਚੰਗੇ ਨਹੀਂ ਕੁਝ ਲੋਕ ਤਾਂ ਮਾੜੇ ਹੁੰਦੇ ਹਨ ਪਰ ਉਨ੍ਹਾਂ ਕੁਝ ਲੋਕਾਂ ਕਰਕੇ ਸਾਰਿਆਂ ਦਾ ਵਿਰੋਧ ਜਾਂ ਘਿਰਾਓ ਕਰਨਾ ਕੋਈ ਚੰਗੀ ਗੱਲ ਨਹੀਂ ਹੈ। ਸਰਕਾਰ ਨੂੰ ਵੀ ਉਕਤ ਘਟਨਾਵਾਂ ਸਬੰਧੀ ਸਾਰਥਕ ਕਾਰਵਾਈ ਕਰਕੇ ਲੋਕਾਂ ਵਿਚ ਵਿਸ਼ਵਾਸ ਪੈਦਾ ਕਰਨਾ ਚਾਹੀਦਾ ਹੈ।

-ਚਾਨਣ ਦੀਪ ਸਿੰਘ ਔਲਖ।

ਰੁੱਖ ਤੇ ਮਨੁੱਖ
ਰੁੱਖ ਤੇ ਮਨੁੱਖ ਦਾ ਰਿਸ਼ਤਾ ਸਦੀਆਂ ਪੁਰਾਣਾ ਹੈ। ਮਨੁੱਖ ਦੀ ਸਿਹਤ ਅਤੇ ਆਲੇ-ਦੁਆਲੇ ਦੀ ਖੁਸ਼ਹਾਲੀ ਰੁੱਖਾਂ ਨਾਲ ਜੁੜੀ ਹੋਈ ਹੈ। ਧਰਤੀ ਮਾਂ ਦੀ ਸਿਹਤ ਰੁੱਖਾਂ ਦੀ ਘਾਟ ਕਾਰਨ ਵਿਗੜ ਰਹੀ ਹੈ। ਸਿਆਣਿਆਂ ਦਾ ਕਥਨ ਵੀ ਹੈ 'ਇਕ ਰੁੱਖ ਸੌ ਸੁੱਖ'। ਮਨੁੱਖ ਦੇ ਜਨਮ ਤੋਂ ਲੈ ਕੇ ਮੌਤ ਤੱਕ ਦੇ ਸਫ਼ਰ ਵਿਚ ਰੁੱਖਾਂ ਦਾ ਅਹਿਮ ਸਥਾਨ ਹੈ ਅਤੇ ਜੀਵਨ ਦਾ ਅਨਿੱਖੜਵਾਂ ਅੰਗ ਹਨ। ਰੁੱਖਾਂ ਨੂੰ ਜੀਵਨ ਦੇ ਵੱਖ-ਵੱਖ ਸਮਾਗਮਾਂ ਜਿਵੇਂ ਜਨਮ ਦਿਨ ਮੌਕਿਆਂ 'ਤੇ ਰੁੱਖਾਂ ਨੂੰ ਲਗਾ ਕੇ ਮਨਾਉਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਮੁਸ਼ਕਿਲਾਂ ਵਾਲਾ ਨਾ ਹੋਵੇ।

-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿ: ਪਟਿਆਲਾ।

ਸਰਕਾਰ ਦੀ ਜ਼ਿੰਮੇਵਾਰੀ
ਕੋਵਿਡ-19 ਪੂਰੇ ਦੇਸ਼ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਇਸ ਨੇ ਅਸੰਗਠਿਤ ਸੈਕਟਰ ਦੇ ਇਕ ਵੱਡੇ ਹਿੱਸੇ 'ਤੇ ਰੋਜ਼ਾਨਾ ਤਨਖਾਹ ਵਾਲੇ ਮਜ਼ਦੂਰਾਂ, ਨਿਰਮਾਣ ਮਜ਼ਦੂਰਾਂ, ਕਿਸਾਨਾਂ ਅਤੇ ਹੋਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਤਰ੍ਹਾਂ ਦੇ ਲੋਕ ਰੋਜ਼ਮਰ੍ਹਾ ਦੀ ਤਨਖਾਹ 'ਤੇ ਨਿਰਭਰ ਰਹਿੰਦੇ ਹਨ। ਲੋਕਾਂ ਦੇ ਰੁਜ਼ਗਾਰ ਖ਼ਤਮ ਹੋ ਗਏ ਹਨ। ਲੱਖਾਂ ਵਿਦਿਆਰਥੀ ਦੁਪਹਿਰ ਦੇ ਖਾਣੇ 'ਤੇ ਨਿਰਭਰ ਰਹਿੰਦੇ ਸਨ ਜੋ ਕਿ ਸਾਰੇ ਸਕੂਲ ਬੰਦ ਹੋਣ ਤੋਂ ਬਾਅਦ ਉਹ ਭੋਜਨ ਵੀ ਲੋੜਵੰਦਾਂ ਕੋਲ ਨਹੀਂ ਪਹੁੰਚ ਰਿਹਾ। ਸਰਕਾਰ ਉਨ੍ਹਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਲਈ ਯਤਨ ਕਰ ਰਹੀ ਹੈ ਪਰ ਇਹ ਬਹੁਤ ਸੀਮਤ ਅਤੇ ਨਾਕਾਫੀ ਹੈ ਕਿਉਂਕਿ ਵਿਚਾਲੇ ਬੈਠੇ ਲੋਕ ਲੋੜਵੰਦ ਲੋਕਾਂ ਕੋਲ ਇਹ ਰਾਸ਼ਨ ਪਹੁੰਚਣ ਹੀ ਨਹੀਂ ਦੇ ਰਹੇ। ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਨ੍ਹਾਂ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਪ੍ਰਾਪਤ ਕਰਨ ਲਈ ਇਹ ਯਕੀਨੀ ਬਣਾਵੇ ਅਤੇ ਪੂਰੀ ਜਾਂਚ-ਪੜਤਾਲ ਕਰਨ ਕਿ ਇਹ ਰਾਸ਼ਨ ਲੋੜਵੰਦ ਲੋਕਾਂ ਤੱਕ ਪਹੁੰਚ ਰਿਹਾ ਹੈ ਜਾਂ ਨਹੀਂ। ਇਸ ਨੂੰ ਗ਼ਰੀਬਾਂ ਅਤੇ ਲੋੜਵੰਦ ਲੋਕਾਂ ਦੀ ਸੇਵਾ ਅਤੇ ਸਹਾਇਤਾ ਕਰਨ ਦੇ ਇਕ ਵਧੀਆ ਮੌਕੇ ਵਜੋਂ ਲੈਣਾ ਚਾਹੀਦਾ ਹੈ।

-ਨੇਹਾ ਜਮਾਲ, ਮੁਹਾਲੀ।

ਨਫ਼ਰਤ ਦੀਆਂ ਵਲਗਣਾਂ 'ਚੋਂ ਨਿਕਲੀਏ
ਪਿਛਲੇ ਦਿਨੀਂ 'ਅਜੀਤ' 'ਚ ਰਾਸ਼ਟਰੀ-ਅੰਤਰਰਾਸ਼ਟਰੀ ਪੰਨੇ 'ਤੇ ਇਕ ਖ਼ਬਰ ਸੀ, 'ਯੂ.ਕੇ. ਵਿਚ ਭਾਰਤ ਅਤੇ ਪਾਕਿ ਦੇ ਆਜ਼ਾਦੀ ਦਿਵਸ ਮੌਕੇ ਸਾਂਝੇ ਝੰਡੇ ਲਹਿਰਾਏ'। ਪੰਜਾਬੀ ਪਿਆਰਿਆਂ ਅਤੇ ਅਮਨ-ਪਸੰਦ ਲੋਕਾਂ ਲਈ ਕਿੱਡਾ ਵੱਡਾ ਸੁਨੇਹਾ ਹੈ। 73 ਸਾਲ ਲੰਘ ਗਏ, ਅਸੀਂ ਆਪਣੇ ਮਨਾਂ 'ਚ ਨਫਰਤਾਂ ਪਾਲੀ ਬੈਠੇ ਹਾਂ। ਜੇ ਵੇਖਿਆ ਜਾਵੇ ਤਾਂ ਇਹ ਨਫ਼ਰਤਾਂ ਆਮ ਲੋਕਾਂ 'ਚ ਨਹੀਂ। ਦੋਵਾਂ ਦੇਸ਼ਾਂ ਦੇ ਅਮਨ-ਪਸੰਦ ਲੋਕ ਇਕ-ਦੂਜੇ ਨੂੰ ਵੇਖਣ 'ਤੇ ਗਲੇ ਮਿਲਣ ਲਈ ਅੱਖਾਂ 'ਚੋਂ ਹੰਝੂ ਤੇ ਦਿਲਾਂ 'ਚੋਂ ਹਉਕੇ ਭਰਦੇ ਰਹਿੰਦੇ ਹਨ ਪਰ ਦੂਸ਼ਿਤ ਰਾਜਨੀਤੀ ਕਿਸੇ ਪਾਸੇ ਨਹੀਂ ਲੱਗਣ ਦਿੰਦੀ। ਅਸੀਂ ਦੋਵਾਂ ਦੇਸ਼ਾਂ ਦੇ ਲੋਕ ਆਪਣੇ ਰਾਜਜਨੀਤੀਵਾਨਾਂ ਨੂੰ ਆਪਸੀ ਨਫ਼ਰਤਾਂ ਦੂਰ ਕਰਨ ਲਈ ਕਿਉਂ ਨਹੀਂ ਮਜਬੂਰ ਕਰਦੇ। ਨਵੀਂ ਪੀੜ੍ਹੀ ਨੂੰ ਆਪਸੀ ਨਫ਼ਰਤਾਂ ਤੋਂ ਬਚਾਈਏ। ਆਓ! ਇਕ-ਦੂਜੇ ਨੂੰ ਵੀ ਗਲੇ ਲਗਾਈਏ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਆਨਲਾਈਨ ਠੱਗੀਆਂ
ਪਿਛਲੇ ਸਮੇਂ ਤੋਂ ਪਿੰਡਾਂ ਦੇ ਲੋਕ ਅਕਸਰ ਆਨਲਾਈਨ ਠੱਗੀਆਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਅਜਿਹਾ ਇਸ ਕਰਕੇ ਹੋ ਰਿਹਾ ਹੈ, ਕਿਉਂਕਿ ਪਿੰਡਾਂ ਦੇ ਲੋਕਾਂ ਨੂੰ ਬਹੁਤਾ ਕਰਕੇ ਭੋਲੇ-ਭਾਲੇ ਲੋਕ ਹੀ ਮੰਨਿਆ ਜਾ ਰਿਹਾ ਹੈ। ਪੇਂਡੂ ਲੋਕਾਂ ਬਾਰੇ ਅਜਿਹਾ ਮੰਨਣਾ ਕਾਫੀ ਹੱਦ ਤੱਕ ਸਹੀ ਵੀ ਹੈ ਕਿਉਂਕਿ ਕੁਝ ਸ਼ਾਤਰ ਦਿਮਾਗ ਲੋਕ ਅਕਸਰ ਪਿੰਡਾਂ 'ਚ ਆ ਕੇ ਅਖੌਤੀ ਸਰਕਾਰੀ ਸਕੀਮਾਂ ਬਾਰੇ ਧਾਰਮਿਕ ਅਸਥਾਨਾਂ ਤੋਂ ਐਲਾਨ ਕਰਵਾਉਂਦੇ ਰਹਿੰਦੇ ਹਨ। ਸਬਜ਼ਬਾਗਾਂ ਦੀ ਭੇਟ ਚੜ੍ਹੇ ਲੋਕ ਬਿਨਾਂ ਸੋਚੇ-ਵਿਚਾਰੇ ਸਰਟੀਫਿਕੇਟਾਂ ਦੇ ਨਾਲ-ਨਾਲ ਬੈਂਕ ਖਾਤੇ ਵੀ ਦੇ ਦਿੰਦੇ ਹਨ। ਇਸ ਤੋਂ ਬਾਅਦ ਆਨਲਾਈਨ ਠੱਗੀਆਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਪਿੰਡਾਂ ਦੀਆਂ ਪੰਚਾਇਤਾਂ ਇਹ ਯਕੀਨੀ ਬਣਾਉਣ ਕਿ ਲੋਕਾਂ ਨਾਲ ਠੱਗੀ ਦਾ ਕਾਰਨ ਬਣਦੇ ਐਲਾਨ ਪੰਚਾਇਤ ਦੀ ਆਗਿਆ ਤੋਂ ਬਗੈਰ ਨਾ ਹੋਣ। ਅਜਿਹਾ ਹੋਣ ਨਾਲ ਆਮ ਲੋਕਾਂ ਨੂੰ ਠੱਗੀਆਂ ਤੋਂ ਕਾਫੀ ਹੱਦ ਤੱਕ ਬਚਾਇਆ ਜਾ ਸਕਦਾ ਹੈ।

-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਦੁਕਾਨਦਾਰਾਂ ਨੂੰ ਪੈ ਰਹੀ ਦੋਹਰੀ ਮਾਰ
ਪੰਜਾਬ ਵਿਚ ਕੋਰੋਨਾ ਮਹਾਂਮਾਰੀ ਕਰਕੇ ਦੁਕਾਨਦਾਰ ਇਕ ਤਾਂ ਪਹਿਲਾਂ ਹੀ ਮੰਦੀ ਦੀ ਮਾਰ ਝੱਲ ਰਹੇ ਹਨ ਅਤੇ ਦੂਸਰਾ ਪੰਜਾਬ ਸਰਕਾਰ ਵਲੋਂ ਪੂਰੇ ਪੰਜਾਬ ਵਿਚ ਸਨਿਚਰਵਾਰ ਅਤੇ ਐਤਵਾਰ ਦੀ ਤਾਲਾਬੰਦੀ ਲਗਾ ਦਿੱਤੀ ਗਈ ਅਤੇ ਫਿਰ ਜੋ ਪਹਿਲਾਂ ਦੁਕਾਨਾਂ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ ਦਾ ਸੀ, ਨੂੰ ਘਟਾ ਕੇ ਸਵੇਰ 7 ਵਜੇ ਤੋਂ ਸ਼ਾਮ 6.30 ਵਜੇ ਤੱਕ ਕਰ ਦਿੱਤਾ ਗਿਆ। ਦੁਕਾਨਦਾਰ ਦੁਕਾਨਾਂ ਦੇ ਕਿਰਾਏ ਅਤੇ ਬਿਜਲੀ ਬਿੱਲ ਅਤੇ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਚਲਾਉਣਗੇ, ਸਰਕਾਰ ਇਸ 'ਤੇ ਮੁੜ ਤੋਂ ਵਿਚਾਰ ਕਰੇ ਤਾਂ ਜੋ ਦੁਕਾਨਦਾਰ ਮੁਸ਼ਕਿਲ ਘੜੀ ਵਿਚੋਂ ਨਿਕਲ ਸਕਣ।

-ਪ੍ਰਭਜੋਤ ਸਿੰਘ ਮਦਾਨ
ਤਾਜਪੁਰ ਰੋਡ, ਲੁਧਿਆਣਾ।

02-09-2020

ਨਸ਼ਿਆਂ ਦਾ ਮੁੱਦਾ
ਬੀਤੇ ਦਿਨੀਂ ਮਾਝੇ ਦੇ ਕੁਝ ਜ਼ਿਲ੍ਹਿਆਂ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਕਰੀਬ ਸਵਾ ਸੌ ਮੌਤਾਂ ਦਾ ਹੋ ਜਾਣਾ ਬੇਹੱਦ ਦੁਖਦਾਈ ਵਰਤਾਰਾ ਹੈ। ਗੁਰੂਆਂ ਦੀ ਧਰਤੀ ਪੰਜਾਬ 'ਚ ਵਾਪਰੀ ਇਸ ਦਰਦਨਾਕ ਘਟਨਾ ਨੇ ਸਮੁੱਚੇ ਪੰਜਾਬੀਆਂ ਨੂੰ ਪੂਰੀ ਦੁਨੀਆ ਵਿਚ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ। ਇਹ ਘਟਨਾ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ, ਵਿਰੋਧੀ ਪਾਰਟੀਆਂ ਅਤੇ ਇਥੋਂ ਦੇ ਲੋਕਾਂ ਸਾਹਮਣੇ ਬੜੇ ਗੰਭੀਰ ਸਵਾਲ ਛੱਡ ਗਈ ਹੈ। ਜਿਸ ਬਾਰੇ ਸਾਰੀਆਂ ਧਿਰਾਂ ਨੂੰ ਸੁਹਿਰਦਤਾ ਨਾਲ ਸੋਚਣ ਦੀ ਲੋੜ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਹੁੰ ਖਾ ਕੇ ਸੂਬੇ ਵਿਚ ਨਸ਼ੇ ਖ਼ਤਮ ਕਰਨ ਦੀ ਗੱਲ ਕਹੀ ਸੀ। ਪਰ ਉਨ੍ਹਾਂ ਦੀ ਸਰਕਾਰ ਨਸ਼ੇ ਖ਼ਤਮ ਕਰਨ ਵਿਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਤਾਜ਼ਾ ਵਾਪਰੀ ਘਟਨਾ ਨੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਕ-ਦੂਜੇ 'ਤੇ ਦੋਸ਼ ਲਗਾ ਕੇ ਪੰਜਾਬ ਵਿਚੋਂ ਨਸ਼ਾ ਖ਼ਤਮ ਨਹੀਂ ਹੋਣਾ। ਸੋ ਸਾਰੀਆਂ ਧਿਰਾਂ ਨੂੰ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ।

-ਰਾਜਿੰਦਰ ਸਿੰਘ ਮਰਾਹੜ
ਪਿੰਡ ਤੇ ਡਾਕ: ਕੋਠਾ ਗੁਰੂ, ਤਹਿ: ਫੂਲ, ਜ਼ਿਲ੍ਹਾ ਬਠਿੰਡਾ।

ਠੱਗਾਂ ਤੋਂ ਬਚੋ
ਪੰਜਾਬ ਵਿਚ ਨੌਜਵਾਨ ਵਰਗ ਬੇਰੁਜ਼ਗਾਰੀ ਦੀ ਬੁਰੀ ਤਰ੍ਹਾਂ ਮਾਰ ਝੱਲ ਰਿਹਾ ਹੈ। ਨੌਜਵਾਨ ਵੱਡੀਆਂ-ਵੱਡੀਆਂ ਡਿਗਰੀਆਂ ਹਾਸਲ ਕਰਕੇ ਚਪੜਾਸੀ ਦੀ ਨੌਕਰੀ ਲੈਣ ਦੇ ਵੀ ਚਾਹਵਾਨ ਹਨ। ਕਦੇ ਕੋਈ ਏਅਰ ਫੋਰਸ ਦੀ ਭਰਤੀ ਕਰਵਾਉਣ ਲਈ ਨੌਜਵਾਨਾਂ ਤੋਂ ਪੈਸੇ ਠੱਗ ਲੈਂਦਾ ਹੈ। ਕੋਈ ਫ਼ੌਜ ਦਾ ਕਰਨਲ ਹੀ ਬਣਿਆ ਫਿਰਦਾ ਹੈ। ਲੱਖਾਂ ਰੁਪਏ ਠੱਗ ਕੇ ਫਰਾਰ ਹੋ ਜਾਂਦੇ ਨੇ। ਕਿਧਰੇ ਜਾਅਲੀ ਏਜੰਟ ਬਾਹਰਲੇ ਦੇਸ਼ਾਂ ਵਿਚ ਨੌਕਰੀ ਦਵਾਉਣ ਦੇ ਝਾਂਸੇ ਦੇ ਕੇ ਲੋਕਾਂ ਨੂੰ ਠੱਗ ਰਹੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਠੱਗਾਂ 'ਤੇ ਕਾਨੂੰਨੀ ਸ਼ਿਕੰਜਾ ਪੂਰੀ ਤਰ੍ਹਾਂ ਨਾਲ ਨਹੀਂ ਕੱਸਿਆ ਜਾਂਦਾ। ਅਗਰ ਕਾਨੂੰਨ ਇਨ੍ਹਾਂ ਠੱਗਾਂ ਨੂੰ ਜੇਲ੍ਹਾਂ ਦੀਆਂ ਨੂੰ ਸੀਖਾਂ ਪਿੱਛੇਸੜਨ ਲਈ ਪੱਕੇ ਤੌਰ 'ਤੇ ਸੁੱਟ ਦੇਵੇ ਤਾਂ ਹੋਰ ਲੋਕਾਂ ਨੂੰ ਕੰਨ ਹੋ ਜਾਣ। ਨੌਜਵਾਨਾਂ ਦੇਹੋ ਰਹੇਧੁੰਦਲੇ ਭਵਿੱਖ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ। ਬਸ ਆਪਣੀਆਂ ਰੋਟੀਆਂ ਸੇਕਣ ਦੀ ਹੀ ਸਿਆਸਤ ਹੋ ਰਹੀ। ਠੱਗ ਭਾਵੇਂ ਵਰਦੀਧਾਰੀ ਹੋਣ ਜਾਂ ਬਿਨਾਂ ਵਰਦੀ ਤੋਂ, ਬਸ ਉਹ ਦਿਨ-ਰਾਤ ਠੱਗਣ 'ਤੇ ਹੀ ਬੈਠੇ ਹਨ। ਹੁਣ ਬਚਣਾ ਆਪਾਂ ਆਪ ਹੈ, ਇਸ ਲਈ ਸਾਨੂੰ ਆਪਣੀ ਸੋਚ ਬਦਲਣੀ ਪਵੇਗੀ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)।

ਪਛੜ ਜਾਣ ਦਾ ਖਦਸ਼ਾ
ਕੋਰੋਨਾ ਬਿਮਾਰੀ ਕਾਰਨ ਸਾਡੇ ਦੇਸ਼ ਦੇ ਭਵਿੱਖ ਜਾਂ ਸਾਡਾ ਵਿਦਿਆਰਥੀ ਵਰਗ ਬਹੁਤ ਪਛੜ ਜਾਵੇਗਾ। ਖ਼ਾਸ ਕਰਕੇ ਪੇਂਡੂ ਖੇਤਰ ਦੇ ਵਿਦਿਆਰਥੀਆਂ ਦਾ ਬਹੁਤਾ ਨੁਕਸਾਨ ਹੋਣ ਦਾ ਖ਼ਤਰਾ ਹੈ। ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬੜਾ ਕੁਝ ਸਿਰਫ ਅਧਿਆਪਕ ਕੇਂਦਰਿਤ ਹੁੰਦਾ ਹੈ। ਮਾਪੇ ਅਨਪੜ੍ਹ ਹੁੰਦੇ ਹਨ। ਉਨ੍ਹਾਂ ਕੋਲ ਆਧੁਨਿਕ ਫੋਨ ਜੇਕਰ ਹਨ ਤਾਂ ਇਸਤੇਮਾਲ ਕਰਨ ਦੀ ਸਮੱਸਿਆ ਹੈ।
ਬਹੁਤੇ ਲੋਕਾਂ ਕੋਲ ਤਾਂ ਸਾਧਾਰਨ ਫੋਨ ਵੀ ਨਹੀਂ ਹਨ। ਸ਼ਹਿਰੀ ਖੇਤਰ ਦੇ ਬੱਚੇ ਫਿਰ ਵੀ ਅਗਾਂਹ ਹੀ ਰਹਿਣਗੇ ਕਿਉਂਕਿ ਉਨ੍ਹਾਂ ਦੇ ਮਾਪੇ ਪੜ੍ਹੇ-ਲਿਖੇ ਹੁੰਦੇ ਹਨ ਤੇ ਪੜ੍ਹਾਈ ਦੀ ਮਹੱਤਤਾ ਨੂੰ ਸਮਝਦੇ ਹਨ। ਅਜੋਕਾ ਅਧਿਆਪਕ ਚਾਹੇ ਉਹ ਸਰਕਾਰੀ ਹੈ ਤੇ ਭਾਵੇਂ ਪ੍ਰਾਈਵੇਟ ਪਰ ਉਹ ਪੂਰੀ ਤਨਦੇਹੀ ਨਾਲ ਆਨਲਾਈਨ ਸਿੱਖਿਆ ਪ੍ਰਦਾਨ ਕਰ ਰਹੇ ਹਨ। ਪਰ ਵਿਦਿਆਰਥੀ ਇਸ ਪ੍ਰਕਿਰਿਆ ਨੂੰ ਸਹਿਜਤਾ ਨਾਲ ਨਹੀਂ ਅਪਣਾ ਰਹੇ। ਵਿਦਿਆਰਥੀ ਵਰਗ ਪੜ੍ਹਾਈ ਦੇ ਬਹਾਨੇ ਸੋਸ਼ਲ ਮੀਡੀਆ ਅਤੇ ਗੇਮਾਂ ਖੇਡਣ ਵੱਲ ਵਧੇਰੇ ਰੁਚਿਤ ਹੋ ਗਿਆ ਹੈ। ਬੌਧਿਕ ਪੱਧਰ ਦਿਨੋ-ਦਿਨ ਨੀਵਾਂ ਹੁੰਦਾ ਜਾ ਰਿਹਾ ਹੈ।

-ਹੀਰਾ ਸਿੰਘ ਤੂਤ
ਜ਼ਿਲ੍ਹਾ ਫ਼ਿਰੋਜ਼ਪੁਰ।

ਕੁਦਰਤ ਅਤੇ ਇਨਸਾਨ
ਕੁਦਰਤ ਬਹੁਤ ਹੀ ਹੁਸੀਨ ਸ਼ਬਦ ਹੈ ਅਤੇ ਜੇਕਰ ਕੁਦਰਤ ਦੀ ਖੂਬਸੂਰਤੀ ਦੀ ਕਲਪਨਾ ਕਰੀਏ ਤਾਂ ਪੇੜ-ਪੌਦੇ, ਜਲ, ਫੁੱਲ-ਫਲ, ਸਾਫ਼-ਸ਼ੁੱਧ ਵਾਤਾਵਰਨ ਜਿਥੇ ਸਕੂਨ ਹੈ, ਲੋਕਾਂ ਦੇ ਹਿਸਾਬ ਨਾਲ ਕਰੀਏ ਤਾਂ ਰੱਬ ਨੇ ਜਾਂ ਕਹੀਏ ਕੁਦਰਤ ਨੇ ਆਪਣਾ ਆਪ ਇਸ ਸੁਚੱਜੇ ਢੰਗ ਨਾਲ ਸੰਭਾਲਿਆ ਜੋ ਕਿ ਬੇਹੱਦ ਵਧੀਆ ਸੀ ਪਰ ਸਿਰਫ਼ ਉਦੋਂ ਤੱਕ ਜਦੋਂ ਤੱਕ ਇਨਸਾਨ ਬਾਂਦਰ ਦੇ ਰੂਪ ਵਿਚ ਸੀ, ਜਿਵੇਂ ਜਿਵੇਂ ਇਨਸਾਨ ਬੁੱਧੀ ਸੰਭਾਲਦਾ ਗਿਆ, ਕੁਦਰਤ ਨੂੰ ਤਹਿਸ-ਨਹਿਸ ਕਰਦਾ ਗਿਆ। ਸ਼ਾਇਦ ਆਪਣੇ ਆਪ ਨੂੰ ਮਹਾਨ ਅਤੇ ਅਨੋਖਾ ਦੱਸਣ ਵਾਲਾ ਇਨਸਾਨ ਇਕ ਦੁਸ਼ਟ ਜੀਵ ਹੈ ਜੋ ਕਿ ਆਪਣੇ ਮਤਲਬ ਲਈ ਕੁਦਰਤ ਅਤੇ ਕਰੋੜਾਂ ਜੀਵ-ਜੰਤੂਆਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਪਰ ਸ਼ਾਇਦ ਕੁਦਰਤ ਵੀ ਆਪਣੇ-ਆਪ ਨੂੰ ਬਚਾਉਣ ਲਈ ਕੋਸ਼ਿਸ਼ ਕਰਦੀ ਹੈ ਜਿਵੇਂ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਤਾਲਾਬੰਦੀ ਦੌਰਾਨ ਇਨਸਾਨ ਘਰਾਂ ਵਿਚ ਬੰਦ ਹੋ ਕੇ ਰਹੇ ਸੀ ਅਤੇ ਕੁਦਰਤ ਨੇ ਫੇਰ ਆਪਣੇ ਰੰਗ ਬਿਖੇਰਨੇ ਸ਼ੁਰੂ ਕਰ ਦਿੱਤੇ ਸੀ। ਸ਼ਾਇਦ ਕੁਦਰਤ ਹੀ ਆਪਣੇ-ਆਪ ਵਿਚ ਕੋਈ ਹੱਲ ਲੱਭ ਕੇ ਇਨਸਾਨ ਨੂੰ ਸੁਧਾਰ ਲਵੇ ਜਾਂ ਆਪਣੇ-ਆਪ ਬਚਾ ਲਵੇ ਪਰ ਇਨਸਾਨ ਦੀ ਜ਼ਿੱਦ ਨੇ ਬਰਬਾਦੀ ਦੇ ਰਾਹਾਂ ਉਤੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ।

-ਪੁਸ਼ਪਿੰਦਰਜੀਤ ਸਿੰਘ ਭਲੂਰੀਆ
ਕੋਟਕਪੂਰਾ।

ਕੋਰੋਨਾ ਦਾ ਭਿਅੰਕਰ ਰੂਪ
ਕੋਰੋਨਾ ਦਿਨੋ-ਦਿਨ ਭਿਅੰਕਰ ਹੁੰਦਾ ਜਾ ਰਿਹਾ ਹੈ। ਸਾਡੇ ਦੇਸ਼ ਵਿਚ ਕੋਰੋਨਾ ਕਾਰਨ ਹੁਣ ਤੱਕ 62 ਹਜ਼ਾਰ ਤੋਂ ਵੱਧ ਮੌਤਾਂ ਹੋ ਗਈਆਂ ਹਨ ਅਤੇ ਦਿਨ ਪ੍ਰਤੀ ਦਿਨ ਇਸ ਬਿਮਾਰੀ ਕਰਕੇ ਕੇਸ ਲਗਾਤਾਰ ਵਧ ਰਹੇ ਹਨ ਅਤੇ ਸਾਡੇ ਸੂਬੇ ਪੰਜਾਬ ਵਿਚ ਵੀ ਕੋਰੋਨਾ ਮਹਾਂਮਾਰੀ ਪੈਰ ਪਸਾਰਦੀ ਜਾ ਰਹੀ ਹੈ ਅਤੇ ਜਿਸ ਵਿਚ ਲੁਧਿਆਣਾ ਜ਼ਿਲ੍ਹੇ ਵਿਚ ਸਭ ਤੋਂ ਵੱਧ ਕੇਸ ਆ ਰਹੇ ਹਨ। ਸਾਨੂੰ ਇਸ ਪ੍ਰਤੀ ਗੰਭੀਰ ਹੋਣਾ ਚਾਹੀਦਾ ਹੈ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ ਹੈ ਜਿਵੇਂ ਕਿ ਸਮਾਜਿਕ ਦੂਰੀ ਬਣਾ ਕੇ ਰੱਖੋ, ਮਾਸਕ ਦਾ ਇਸਤੇਮਾਲ ਕਰਨਾ, ਨੱਕ ਅਤੇ ਮੂੰਹ ਢਕ ਕੇ ਰੱਖੀਏ ਅਤੇ ਆਪਣੇ ਹੱਥਾਂ ਦੀ ਸਫਾਈ ਵੱਲ ਧਿਆਨ ਦੇਈਏ।

-ਪ੍ਰਭਜੋਤ ਸਿੰਘ ਮਦਾਨ
ਤਾਜਪੁਰ ਰੋਡ, ਲੁਧਿਆਣਾ।

ਬਹੁਤ ਵਧੀਆ ਲੇਖ
ਪਿਛਲੇ ਦਿਨੀਂ ਬੁੱਧਵਾਰ 26 ਤਰੀਕ ਨੂੰ ਮਨਦੀਪ ਕੁੰਦੀ ਤਖਤੂਪੁਰਾ ਦਾ ਲੇਖ 'ਬੱਚਿਆਂ 'ਚ ਕੰਮ ਸੱਭਿਆਚਾਰ ਪੈਦਾ ਕਰਨਾ ਸਮੇਂ ਦੀ ਮੁੱਖ ਲੋੜ' ਬਹੁਤ ਹੀ ਵਧੀਆ ਲੱਗਿਆ। ਅਜਿਹੇ ਲੇਖ ਮੌਜੂਦਾ ਸਮੇਂ ਜਿਥੇ ਸਮੇਂ ਦੀ ਕਸਵੱਟੀ 'ਤੇ ਪੂਰੇ ਉੱਤਰਦੇ ਹਨ, ਉਥੇ ਸਾਡੇ ਬੱਚਿਆਂ ਦੀ ਸਹੀ ਰਹਿਨੁਮਾਈ ਵੀ ਕਰਦੇ ਹਨ। ਬਹੁਤ ਥੋੜ੍ਹੇ ਸ਼ਬਦਾਂ ਭਾਵ ਗਾਗਰ ਵਿਚ ਸਾਗਰ ਬੰਦ ਕਰਨਾ ਕੁੰਦੀ ਸਾਹਿਬ ਦੀ ਉੱਚੀ-ਸੁੱਚੀ ਸੋਚ ਤੇ ਮਿਆਰੀ ਲਿਖਤ ਦਾ ਸਬੂਤ ਹੈ। ਵਾਹਿਗੁਰੂ ਉਨ੍ਹਾਂ ਦੀ ਕਲਮ ਨੂੰ ਹੋਰ ਤਰੱਕੀ ਬਖ਼ਸ਼ੇ।

-ਜਗਜੀਤ ਸਿੰਘ ਆਦਮਪੁਰਾ।

01-09-2020

 ਮੁੱਦਿਆਂ ਤੋਂ ਭਟਕੀ ਸਰਕਾਰ
ਕੋਰੋਨਾ ਦੀ ਆੜ ਵਿਚ ਲਗਦਾ ਹੈ ਸਰਕਾਰ ਆਪਣੇ ਮੁੱਦਿਆਂ ਤੋਂ ਭਟਕ ਚੁੱਕੀ ਹੈ। ਅੱਜ ਤੋਂ ਲਗਪਗ ਤਿੰਨ ਸਾਲ ਪਹਿਲਾਂ ਜੋ ਸਰਕਾਰ ਵਲੋਂ ਵਾਅਦੇ ਕੀਤੇ ਗਏ ਸੀ, ਉਨ੍ਹਾਂ ਤੋਂ ਪਿੱਛੋਂ ਹਟਦੀ ਦਿਖਾਈ ਦੇ ਰਹੀ ਹੈ। ਹੁਣ ਤਾਂ ਲੋਕਾਂ ਅੰਦਰ ਕੋਰੋਨਾ ਦਾ ਹਊਆ ਏਨਾ ਜ਼ਿਆਦਾ ਹਾਵੀ ਹੋ ਚੁੱਕਾ ਹੈ ਕਿ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਡਰਦੇ ਹਨ, ਜੇਕਰ ਤਾਲਾਬੰਦੀ ਦੀ ਗੱਲ ਕੀਤੀ ਜਾਵੇ ਤਾਂ ਸਨਿਚਰਵਾਰ ਅਤੇ ਐਤਵਾਰ ਦੀ ਤਾਲਾਬੰਦੀ ਕਰਕੇ ਸਰਕਾਰ ਨੇ ਪਤਾ ਨਹੀਂ ਕੀ ਸੋਚ ਲਿਆ ਹੈ। ਜਦੋਂ ਮਾਰਚ-ਅਪ੍ਰੈਲ ਮਹੀਨੇ ਕੋਰੋਨਾ ਦਾ ਰੌਲਾ ਸੀ, ਉਦੋਂ ਤਾਂ ਪੂਰੀ ਤਾਲਾਬੰਦੀ ਕੀਤੀ ਗਈ ਸੀ। ਉਸ ਸਮੇਂ ਕੇਸ ਵੀ ਏਨੇ ਨਹੀਂ ਆ ਰਹੇ ਸਨ। ਤਾਲਾਬੰਦੀ ਸਨਿਚਰਵਾਰ ਅਤੇ ਐਤਵਾਰ ਹੋ ਰਹੀ ਹੈ ਪਰ ਸ਼ਰਾਬ ਦੇ ਠੇਕਿਆਂ ਬਾਰੇ ਪਹਿਲਾਂ ਸੋਚਦੀ ਸਰਕਾਰ। ਮਾੜੀ ਸ਼ਰਾਬ ਪੀਣ ਨਾਲ ਲੋਕ ਮਰ ਗਏ, ਉਸ ਦਾ ਕੋਈ ਇਨਸਾਫ਼ ਨਹੀਂ ਮਿਲਿਆ। ਇਸ ਲਈ ਸਰਕਾਰ ਅੱਗੇ ਬੇਨਤੀ ਹੈ ਕਿ ਲੋਕਾਂ ਨੂੰ ਸਹੀ ਇਨਸਾਫ਼ ਦੇਵੋ ਜੋ ਵਾਅਦੇ ਕੀਤੇ ਸੀ, ਉਨ੍ਹਾਂ ਨੂੰ ਪੂਰਾ ਕਰੇ। ਕੋਰੋਨਾ ਦੀ ਆੜ ਵਿਚ ਲੋਕਾਂ ਨੂੰ ਪ੍ਰੇਸ਼ਾਨ ਨਾ ਕਰੋ, ਲੋਕ ਤਾਂ ਅੱਗੇ ਹੀ ਆਰਥਿਕ ਤੌਰ 'ਤੇ ਬਹੁਤ ਜ਼ਿਆਦਾ ਤੰਗੀ ਝੱਲ ਰਹੇ ਹਨ। ਆਮ ਜਨਤਾ ਨਾਲ ਜੋ ਇਹ ਖਿਲਵਾੜ ਹੋ ਰਿਹਾ ਹੈ, ਇਸ ਸਮੱਸਿਆ ਦਾ ਸਰਕਾਰ ਹੱਲ ਕਰੇ ਕਿਉਂਕਿ ਅੱਜ ਦੇ ਪੜ੍ਹੇ-ਲਿਖੇ ਲੋਕ ਸਾਰਾ ਕੁਝ ਭਲੀ-ਭਾਂਤ ਜਾਣਦੇ ਹਨ ਜੇ ਕੋਰੋਨਾ ਦਾ ਜ਼ਿਆਦਾ ਹੀ ਡਰ ਹੈ ਤਾਂ ਪੂਰਨ ਤਾਲਾਬੰਦੀ ਕੀਤੀ ਜਾਵੇ।

-ਗੁਰਪ੍ਰੀਤ ਸਿੰਘ ਸਹੋਤਾ
ਪਿੰਡ ਤੇ ਡਾਕ: ਡੱਫਰ, ਤਹਿ: ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ।

ਭਾਰਤ-ਪਾਕਿ ਰਿਸ਼ਤੇ
ਪਿਛਲੇ ਦਿਨੀਂ ਸੰਪਾਦਕੀ ਸਫ਼ੇ 'ਤੇ ਡਾ: ਅਮਰਜੀਤ ਸਿੰਘ ਹੇਅਰ ਦਾ ਲਿਖਿਆ ਲੇਖ ਭਾਰਤ-ਪਾਕਿ ਦੇ ਬਿਹਤਰ ਰਿਸ਼ਤੇ ਸਮੇਂ ਦੀ ਲੋੜ ਪੜ੍ਹਿਆ। ਲੇਖਕ ਨੇ ਬੜੇ ਸੋਹਣੇ ਸ਼ਬਦਾਂ ਰਾਹੀਂ ਦੋਵੇਂ ਦੇਸ਼ਾਂ ਨੂੰ ਆਪਸੀ ਕੜਵਾਹਟ ਦੂਰ ਕਰਕੇ ਮਿੱਤਰਤਾ ਭਰੇ ਸਬੰਧ ਬਣਾਉਣ 'ਤੇ ਜ਼ੋਰ ਦਿੱਤਾ। ਬਿਨਾਂ ਸ਼ੱਕ 1947 ਤੋਂ ਲੈ ਕੇ ਟਕਰਾਅ ਵਾਲੇ ਸਬੰਧ ਹੋਣ ਕਾਰਨ ਦੋਵੇਂ ਦੇਸ਼ਾਂ ਨੂੰ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ। ਦੋਵੇਂ ਧਿਰਾਂ ਵਿਚ ਵੱਧ ਤੋਂ ਵੱਧ ਹਥਿਆਰ ਇਕੱਠੇ ਕਰਨ ਦੀ ਅੰਨ੍ਹੀ ਦੌੜ੍ਹ ਲੱਗੀ ਹੋਈ ਹੈ। ਆਪਸੀ ਵਪਾਰ ਬਹਾਲ ਹੋਣ ਨਾਲ ਭਾਰਤ-ਪਾਕਿ ਦੇ ਲੋਕ ਖੁਸ਼ਹਾਲ ਹੋ ਸਕਦੇ ਹਨ। ਇਨ੍ਹਾਂ ਦੇ ਆਪਸੀ ਸਬੰਧ ਨਾ ਸੁਧਰਨ ਵਿਚ ਦੋਵੇਂ ਪਾਸੇ ਦੀਆਂ ਸਰਕਾਰਾਂ ਤੇ ਰਾਜਨੀਤਕ ਪਾਰਟੀਆਂ ਜ਼ਿੰਮੇਵਾਰ ਹਨ ਜੋ ਕਿ ਆਪਣੇ-ਆਪਣੇ ਲੋਕਾਂ ਵਿਚ ਦੇਸ਼ ਭਗਤੀ ਦੀ ਭਾਵਨਾ ਦਾ ਅਖੌਤੀ ਨਾਅਰਾ ਦੇ ਕੇ ਸੱਤਾ ਪ੍ਰਾਪਤੀ ਲਈ ਤਰਲੋਮੱਛੀ ਹੁੰਦੀਆਂ ਰਹਿੰਦੀਆਂ ਹਨ। ਸੋ, ਬੀਤੇ ਸਮੇਂ ਦੀਆਂ ਮਾੜੀਆਂ ਘਟਨਾਵਾਂ ਤੋਂ ਸਬਕ ਸਿੱਖਦਿਆਂ ਦੋਵੇਂ ਦੇਸ਼ਾਂ ਨੂੰ ਆਪਸੀ ਸਬੰਧ ਸੁਧਾਰਨ ਲਈ ਯਤਨ ਕਰਨੇ ਚਾਹੀਦੇ ਹਨ।

-ਰਾਜਿੰਦਰ ਸਿੰਘ ਮਰਾਹੜ
ਪਿੰਡ ਤੇ ਡਾਕ: ਕੋਠਾ ਗੁਰੂ, ਤਹਿ: ਫੂਲ, ਜ਼ਿਲ੍ਹਾ ਬਠਿੰਡਾ।

ਪੰਜਾਬ ਦੇ ਪੱਖ ਦੀ ਸਹੀ ਪੇਸ਼ਕਾਰੀ
ਕੇਂਦਰੀ ਜਲ ਸ੍ਰੋਤ ਮੰਤਰੀ ਦੀ ਹਾਜ਼ਰੀ ਵਿਚ ਪੰਜਾਬ ਅਤੇ ਹਰਿਆਣਾ ਸਰਕਾਰ ਦੇ ਮੁੱਖ ਮੰਤਰੀਆਂ ਦੀ ਵੀਡੀਓ ਕਾਨਫ਼ਰੰਸਿੰਗ ਰਾਹੀਂ ਹੋਈ ਮੀਟਿੰਗ ਇਸ ਮੁੱਦੇ 'ਤੇ ਹੋਈਆਂ ਹੁਣ ਤੱਕ ਦੀਆਂ ਸਾਰੀਆਂ ਮੀਟਿੰਗਾਂ ਨਾਲੋਂ ਨਿਵੇਕਲੀ ਹੋ ਨਿਬੜੀ। ਜਿਸ ਤਰੀਕੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦਾ ਪੱਖ ਤਰਕ ਸੰਗਤ ਢੰਗ ਨਾਲ ਰੱਖਿਆ ਹੈ, ਇਸ ਤੋਂ ਪਹਿਲਾਂ ਕਿਸੇ ਵੀ ਮੀਟਿੰਗ ਜਾਂ ਕੋਰਟ ਵਿਚ ਨਹੀਂ ਰੱਖਿਆ ਗਿਆ। ਪੰਜਾਬ ਦੇ ਮੁੱਖ ਮੰਤਰੀ ਵਲੋਂ ਯਮੁਨਾ ਦਰਿਆ ਦੇ ਪਾਣੀ ਉੱਪਰ ਪੰਜਾਬ ਦਾ ਹੱਕ ਜਤਾਉਣਾ, ਪੰਜਾਬ ਵਿਚਲੇ ਦਰਿਆਵਾਂ ਦੇ ਪਾਣੀਆਂ ਦੀ ਮੁੜ ਤੋਂ ਸਮੀਖਿਆ ਲਈ ਟ੍ਰਿਬਿਊਨਲ ਦੀ ਮੰਗ, ਰਾਜਸਥਾਨ ਸਰਕਾਰ ਨੂੰ ਵੀ ਗੱਲਬਾਤ ਵਿਚ ਸ਼ਾਮਿਲ ਕਰਨ ਦੀ ਮੰਗ ਅਤੇ ਮੌਜੂਦਾ ਪਾਣੀ ਦੇ ਬੇਲੋੜੇ ਵਹਿਣ ਨੂੰ ਰੋਕਣ ਦੇ ਪਾਏਦਾਰ ਸੁਝਾਵਾਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਕੱਦ ਹੋਰ ਵੀ ਉੱਚਾ ਕਰ ਦਿੱਤਾ ਹੈ।

-ਡਾ: ਜੋਗਿੰਦਰ ਸਿੰਘ ਚੀਮਾ।

ਕਲਾਕਾਰਾਂ ਦੀਆਂ ਫੋਟੋਆਂ
ਅੱਜ ਪੰਜਾਬ ਦੀਆਂ ਬਹੁਤੀਆਂ ਰੈਡੀਮੇਡ ਕੱਪੜਿਆਂ ਦੀਆਂ ਦੁਕਾਨਾਂ ਅੱਗੇ ਟੰਗੀਆਂ ਟੀ-ਸ਼ਰਟਾਂ 'ਤੇ ਪੰਜਾਬੀ ਗਾਇਕ ਕਲਾਕਾਰਾਂ ਦੀਆਂ ਫੋਟੋਆਂ ਲੱਗੀਆਂ ਦੇਖਣ ਨੂੰ ਮਿਲ ਰਹੀਆਂ ਹਨ। ਇਨ੍ਹਾਂ ਫੋਟੋਆਂ ਵਾਲੇ ਕਲਾਕਾਰਾਂ 'ਚੋਂ ਬਹੁਤੇ ਕਲਾਕਾਰ ਉਹ ਹਨ ਜਿਨ੍ਹਾਂ ਨੇ ਪਿਛਲੇ ਸਮੇਂ ਤੋਂ ਪੰਜਾਬ 'ਚ ਲੱਚਰਤਾ ਤੇ ਮਾਰਧਾੜ ਨੂੰ ਬੜ੍ਹਾਵਾ ਦੇਣ 'ਚ ਕੋਈ ਕਸਰ ਨਹੀਂ ਛੱਡੀ। ਹੋਣਾ ਤਾਂ ਇਹ ਚਾਹੀਦਾ ਹੈ ਕਿ ਟੀ-ਸ਼ਰਟਾਂ 'ਤੇ ਜੇ ਫੋਟੋਆਂ ਲਾਉਣੀਆਂ ਹੀ ਹਨ ਤਾਂ ਸਾਡੇ ਆਜ਼ਾਦੀ ਪ੍ਰਵਾਨਿਆਂ ਦੀਆਂ ਲਾਈਆਂ ਜਾਣ, ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ।

-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਸ਼ਾਹ ਨਹਿਰ 'ਤੇ ਹੁੰਦੇ ਹਾਦਸੇ
ਜ਼ਿਲ੍ਹਾ ਹੁਸ਼ਿਆਰਪੁਰ ਦੇ ਤਲਵਾੜਾ ਵਿਚ ਜੋ ਸ਼ਾਹ ਨਹਿਰ ਵਗਦੀ ਹੈ, ਉਸ ਦੀ ਡੂੰਘਾਈ 1,070 ਫੁੱਟ ਹੈ। ਇਸ ਨਹਿਰ ਵਿਚ ਅੱਜ ਵੀ ਛੋਟੀਆਂ-ਛੋਟੀਆਂ ਗ਼ਲਤੀਆਂ ਕਾਰਨ ਹਾਦਸੇ ਹੁੰਦੇ ਰਹੇ ਤੇ ਹੋ ਰਹੇ। ਇਸ ਦੇ ਕਿਨਾਰੇ 'ਤੇ ਨਾ ਕੋਈ ਪੱਟੀ, ਨਾ ਕੋਈ ਸੀਮੈਂਟ ਦੀ ਕੰਧ ਤੇ ਨਾ ਕੋਈ ਸਰੀਆ ਲਗਾ ਕੇ ਰੋਕਣ ਲਈ ਕੋਈ ਬੰਦੋਬਸਤ ਹੈ। ਹਨੇਰੇ ਵਿਚ ਨਾ ਪਤਾ ਚੱਲੇ ਤਾਂ ਹਾਦਸਾ ਹੋਣ ਦਾ ਡਰ ਰਹਿੰਦਾ ਹੈ। ਕੋਈ ਨਵਾਂ ਰਾਹਗੀਰ ਹੋਵੇ ਤਾਂ ਗੱਡੀ ਮੋੜਨਾ ਹਨੇਰਾ ਹੋਣ 'ਤੇ ਪਿੱਛੇ ਨਾ ਪਤਾ ਚੱਲੇ ਤਾਂ ਨਹਿਰ ਵਿਚ ਡਿਗਣ 'ਤੇ ਕਈ ਹਾਦਸੇ ਸਾਹਮਣੇ ਆਏ। ਜਾਨਵਰਾਂ ਨੂੰ ਵੀ ਕਈ ਵਾਰ ਨਹੀਂ ਪਤਾ ਲਗਦਾ ਤੇ ਪਾਣੀ ਵਿਚ ਡਿਗ ਜਾਂਦੇ ਹਨ। ਸਾਡੀ ਸਰਕਾਰ ਨੂੰ ਇਸ ਦੇ ਕਿਨਾਰਿਆਂ 'ਤੇ ਰੋਕ ਲਗਾਉਣ ਲਈ ਕੁਝ ਕਰਨਾ ਚਾਹੀਦਾ ਹੈ।

-ਨਿਧੀ ਬਨਕਰ
ਤਲਵਾੜਾ, ਜ਼ਿਲ੍ਹਾ ਹੁਸ਼ਿਆਰਪੁਰ।

ਕੋਰੋਨਾ ਮਹਾਂਮਾਰੀ ਦੀ ਗੰਭੀਰਤਾ
ਅੱਜ ਦੁਨੀਆ ਵਿਚ ਹਰ ਪਾਸੇ ਕੋਰੋਨਾ ਨੇ ਆਪਣਾ ਜਾਲ ਵਿਛਾ ਰੱਖਿਆ ਹੈ। ਲੱਖਾਂ ਹੀ ਲੋਕ ਆਪਣੀ ਜਾਨ ਗੁਆ ਬੈਠੇ ਹਨ ਤੇ ਲੱਖਾਂ ਹੀ ਲੋਕ ਲਗਾਤਾਰ ਇਸ ਬਿਮਾਰੀ ਨਾਲ ਜੂਝ ਰਹੇ ਹਨ। ਪੂਰੀ ਦੁਨੀਆ ਵਿਚ ਡਾਕਟਰਜ਼, ਪੈਰਾ ਮੈਡੀਕਲ ਅਮਲਾ, ਪੁਲਿਸ, ਪ੍ਰਸ਼ਾਸਨ ਤੇ ਵਿਗਿਆਨੀ ਇਸ ਬਿਮਾਰੀ ਦੇ ਨਾਲ ਨਜਿੱਠਣ ਲਈ ਦਿਨ-ਰਾਤ ਇਕ ਕਰ ਰਹੇ ਹਨ ਪਰ ਜੇ ਅਸੀਂ ਆਪਣੀ ਗੱਲ ਕਰੀਏ ਤਾਂ ਜ਼ਿਆਦਾਤਰ ਅਸੀਂ ਲੋਕ ਕੋਰੋਨਾ ਬਿਮਾਰੀ ਨੂੰ ਹਲਕੇ 'ਚ ਲੈ ਰਹੇ ਹਾਂ। ਭਾਵੇਂ ਕਿ ਪੰਜਾਬ ਵਿਚ ਹੁਣ ਹਫ਼ਤਾਵਾਰੀ ਤਾਲਾਬੰਦੀ ਲੱਗੀ ਹੈ ਪਰ ਬਾਕੀ ਦੇ ਪੰਜ ਦਿਨ ਅਸੀਂ ਅਣਗਹਿਲੀ ਕਰਨੋਂ ਨਹੀਂ ਹਟਦੇ। ਇਕੱਲਾ ਪ੍ਰਸ਼ਾਸਨ ਵੀ ਕੀ ਕਰੇਗਾ। ਇਹ ਗੱਲ ਸਾਨੂੰ ਸਭ ਨੂੰ ਸਮਝਣੀ ਚਾਹੀਦੀ ਹੈ। ਅਸੀਂ ਸਾਰੇ ਇਸ ਮਹਾਂਮਾਰੀ ਨਾਲ ਲੜ ਸਕਦੇ ਹਾਂ। ਆਓ ਸਾਰੇ ਮਿਲ ਕੇ ਪੰਜਾਬ ਨੂੰ ਕੋਰੋਨਾ ਮੁਕਤ ਬਣਾਈਏ।

-ਅਰਵਿੰਦਰ ਰਾਏਕੋਟ।

ਇਕ ਵਿਦਿਆਰਥੀ ਦੀ ਸੋਚ
ਅੱਜ ਸਾਰੀ ਦੁਨੀਆ ਕੋਰੋਨਾ ਵਾਇ੍ਰਸ ਨਾਲ ਜੂਝ ਰਹੀ ਹੈ। ਮੈਂ ਸਕੂਲ ਜਾਣ ਲਈ ਬਹੁਤ ਜ਼ਿਆਦਾ ਉਤਸੁਕ ਹਾਂ। ਸਾਡੇ ਅਧਿਆਪਕ ਘਰ ਬੈਠ ਕੇ ਸਾਨੂੰ ਆਨਲਾਈਨ ਪੜ੍ਹਾਈ ਕਰਵਾ ਰਹੇ ਹਨ। ਉਹ ਬਹੁਤ ਜ਼ਿਆਦਾ ਮਿਹਨਤ ਕਰਦੇ ਹਨ। ਇਸ ਤਰ੍ਹਾਂ ਪੜ੍ਹਾਈ ਕਰਨੀ ਬਹੁਤ ਵਧੀਆ ਅਤੇ ਪ੍ਰਭਾਵਸ਼ਾਲੀ ਹੁੰਦੀ ਹੈ। ਸਾਡਾ ਸਾਰੇ ਵਿਦਿਆਰਥੀਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਅਧਿਆਪਕਾਂ ਦੇ ਦੱਸੇ ਹੋਏ ਰਾਹ ਉੱਤੇ ਚੱਲੀਏ। ਸਾਨੂੰ ਵੀ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ। ਸਾਨੂੰ ਬਿਨਾਂ ਲੋੜ ਤੋਂ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਜੇ ਬਹੁਤ ਜ਼ਿਆਦਾ ਜ਼ਰੂਰੀ ਹੋਵੇ ਤਾਂ ਬਾਹਰ ਨਿਕਲਣ ਲੱਗੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੂੰਹ ਢਕ ਕੇ ਰੱਖਣਾ ਚਾਹੀਦਾ ਹੈ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਸਾਨੂੰ ਡਾਕਟਰਾਂ ਦਾ ਅਤੇ ਪੁਲਿਸ ਵਿਭਾਗ ਦਾ ਬਹੁਤ ਦਿਲੋਂ ਧੰਨਵਾਦ ਕਰਨਾ ਚਾਹੀਦਾ ਹੈ ਜਿਹੜੇ ਕਿ ਇਸ ਸਮੇਂ ਸਾਡੇ ਲਈ ਡਿਊਟੀ ਦੇ ਰਹੇ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਕ ਦਿਨ ਇਹ ਕੋਰੋਨਾ ਮਹਾਂਮਾਰੀ ਬਿਲਕੁਲ ਖ਼ਤਮ ਹੋ ਜਾਵੇਗੀ ਤੇ ਮੁੜ ਸਾਰਾ ਕੁਝ ਉਵੇਂ ਹੀ ਹੋ ਜਾਵੇਗਾ, ਜਿਵੇਂ ਪਹਿਲਾਂ ਤੋਂ ਸੀ।

-ਮਮਤਾ ਰਾਣੀ ਸ਼ਰਮਾ
ਸਰਹਿੰਦ, ਫ਼ਤਹਿਗੜ੍ਹ ਸਾਹਿਬ।

31-08-2020

 ਕੋਰੋਨਾ ਦਾ ਭਿਅੰਕਰ ਰੂਪ
ਕੋਰੋਨਾ ਦਿਨੋ-ਦਿਨ ਭਿਅੰਕਰ ਹੁੰਦਾ ਜਾ ਰਿਹਾ ਹੈ। ਸਾਡੇ ਦੇਸ਼ ਵਿਚ ਕੋਰੋਨਾ ਕਾਰਨ ਹੁਣ ਤੱਕ 62 ਹਜ਼ਾਰ ਤੋਂ ਵੱਧ ਮੌਤਾਂ ਹੋ ਗਈਆਂ ਹਨ ਅਤੇ ਦਿਨ ਪ੍ਰਤੀ ਦਿਨ ਇਸ ਬਿਮਾਰੀ ਕਰਕੇ ਕੇਸ ਲਗਾਤਾਰ ਵਧ ਰਹੇ ਹਨ ਅਤੇ ਸਾਡੇ ਸੂਬੇ ਪੰਜਾਬ ਵਿਚ ਵੀ ਕੋਰੋਨਾ ਮਹਾਂਮਾਰੀ ਪੈਰ ਪਸਾਰਦੀ ਜਾ ਰਹੀ ਹੈ ਅਤੇ ਜਿਸ ਵਿਚ ਲੁਧਿਆਣਾ ਜ਼ਿਲ੍ਹੇ ਵਿਚ ਸਭ ਤੋਂ ਵੱਧ ਕੇਸ ਆ ਰਹੇ ਹਨ। ਸਾਨੂੰ ਇਸ ਪ੍ਰਤੀ ਗੰਭੀਰ ਹੋਣਾ ਚਾਹੀਦਾ ਹੈ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ ਹੈ ਜਿਵੇਂ ਕਿ ਸਮਾਜਿਕ ਦੂਰੀ ਬਣਾ ਕੇ ਰੱਖੋ, ਮਾਸਕ ਦਾ ਇਸਤੇਮਾਲ ਕਰਨਾ, ਨੱਕ ਅਤੇ ਮੂੰਹ ਢਕ ਕੇ ਰੱਖੀਏ ਅਤੇ ਆਪਣੇ ਹੱਥਾਂ ਦੀ ਸਫਾਈ ਵੱਲ ਧਿਆਨ ਦੇਈਏ।

-ਪ੍ਰਭਜੋਤ ਸਿੰਘ ਮਦਾਨ
ਤਾਜਪੁਰ ਰੋਡ, ਲੁਧਿਆਣਾ।

ਬਿਰਧ ਅਵਸਥਾ
ਬਜ਼ੁਰਗ ਘਰ ਦਾ ਸਰਮਾਇਆ ਹੁੰਦੇ ਹਨ ਅਤੇ ਜਿਨ੍ਹਾਂ ਨੂੰ ਇਹ ਸਰਮਾਇਆ ਮਿਲਿਆ ਹੁੰਦਾ, ਉਹ ਇਸ ਦੀ ਪ੍ਰਵਾਹ ਨਹੀਂ ਕਰਦੇ ਅਤੇ ਜਿਨ੍ਹਾਂ ਕੋਲ ਨਹੀਂ ਹੁੰਦਾ, ਉਹ ਸਾਰੀ ਉਮਰ ਮਾਪਿਆਂ ਨੂੰ ਤਰਸਦੇ ਰਹਿੰਦੇ ਹਨ। ਇਹ ਅਕਸਰ ਹੀ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਕਈ ਲੋਕ ਬਜ਼ੁਰਗਾਂ ਨੂੰ ਜਾਂ ਤਾਂ ਬਿਰਧ ਆਸ਼ਰਮਾਂ ਵਿਚ ਛੱਡ ਆਉਂਦੇ ਹਨ ਜਾਂ ਫਿਰ ਉਨ੍ਹਾਂ ਨੂੰ ਸੜਕਾਂ ਆਦਿ 'ਤੇ ਰੁਲਣ ਲਈ ਛੱਡ ਦਿੰਦੇ ਹਨ ਜੋ ਕਿ ਉਨ੍ਹਾਂ ਵਾਸਤੇ ਬਹੁਤ ਮਾੜੀ ਗੱਲ ਹੈ। ਕਈ ਸਮਾਜ ਸੇਵੀ ਸੰਸਥਾਵਾਂ ਅਜਿਹੇ ਬਜ਼ੁਰਗਾਂ ਦੀ ਦੇਖਭਾਲ ਵੀ ਕਰਦੀਆਂ ਹਨ। ਬਿਰਧ ਅਵਸਥਾ ਵਿਚ ਸਿਹਤ ਸਹੂਲਤਾਂ, ਦੇਖ-ਭਾਲ, ਆਰਥਿਕ ਸਥਿਤੀ ਮਜ਼ਬੂਤ ਹੋਣੀ ਚਾਹੀਦੀ ਹੈ, ਨਹੀਂ ਤਾਂ ਬੁਢਾਪਾ ਇਕ ਸਰਾਪ ਬਣ ਜਾਂਦਾ ਹੈ। ਬਜ਼ੁਰਗਾਂ ਨੂੰ ਆਪਣੇ ਬਚਪਨ ਦੇ ਸਾਥੀਆਂ, ਜਵਾਨ ਉਮਰ ਦੇ ਬੱਚਿਆਂ ਨਾਲ ਬੈਠਣਾ ਚਾਹੀਦਾ ਹੈ ਅਤੇ ਆਪਣੇ ਜਵਾਨੀ ਦੇ ਸਾਥੀਆਂ ਨਾਲ, ਪਰਿਵਾਰ ਨਾਲ ਸਮਾਂ ਗੁਜ਼ਾਰਨਾ ਚਾਹੀਦਾ ਹੈ। ਨੌਜਵਾਨ ਬੱਚਿਆਂ ਨੂੰ ਚਾਹੀਦਾ ਹੈ ਕਿ ਬਜ਼ੁਰਗਾਂ ਦੇ ਹੱਥਾਂ ਤੇ ਮੱਥੇ 'ਤੇ ਪਈਆਂ ਝੁਰੜੀਆਂ ਦਾ ਮਤਲਬ ਸਮਝਣ ਕਿ ਇਥੇ ਵੀ ਕਦੇ ਮੁਸਕਾਨ ਰਹੀ ਹੋਵੇਗੀ। ਪਰਿਵਾਰ ਵਾਲਿਆਂ ਨੂੰ ਬਜ਼ੁਰਗਾਂ ਨੂੰ ਬੋਝ ਨਹੀਂ ਸਮਝਣਾ ਚਾਹੀਦਾ ਹੈ ਕਿਉਂਕਿ ਕਦੀ ਨਾ ਕਦੀ ਉਨ੍ਹਾਂ 'ਤੇ ਵੀ ਬੁਢਾਪਾ ਆਉਣਾ ਹੈ, ਫਿਰ ਬਾਅਦ 'ਚ ਪਛਤਾਵਾ ਕੀਤੇ ਦਾ ਕੀ ਫਾਇਦਾ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।

ਖਿਡਾਰੀਆਂ ਨਾਲ ਬੇਇਨਸਾਫ਼ੀ ਕਿਉਂ?
ਇਕ ਖਿਡਾਰੀ ਨੂੰ ਆਪਣੀ ਟੀਮ, ਦੇਸ਼ ਲਈ ਤਗਮਾ ਜਿੱਤਣ ਲਈ ਦਿਨ ਵਿਚ ਅੱਠ-ਦਸ ਘੰਟੇ ਅਭਿਆਸ ਕਰਨਾ ਪੈਂਦਾ ਹੈ। ਜੇਕਰ ਇਨ੍ਹਾਂ ਖਿਡਾਰੀਆਂ ਲਈ ਰੁਜ਼ਗਾਰ ਦੀ ਗੱਲ ਕਰੀਏ ਤਾਂ ਜਿਹੜੇ ਖਿਡਾਰੀ ਇੰਟਰਨੈਸ਼ਨਲ ਲੈਵਲ ਦੇ ਜੇਤੂ ਹੁੰਦੇ ਹਨ, ਉਨ੍ਹਾਂ ਨੂੰ ਬਿਨਾਂ ਕੋਈ ਲਿਖਤੀ ਟੈਸਟ ਦੇ ਸਰਕਾਰ ਵਲੋਂ ਪਹਿਲੇ ਤੇ ਦੂਸਰੇ ਦਰਜੇ ਦੀਆਂ ਨੌਕਰੀਆਂ ਦੇ ਦਿੱਤੀਆਂ ਜਾਂਦੀਆਂ ਹਨ। ਪ੍ਰਾਈਵੇਟ ਕੰਪਨੀਆਂ ਵਲੋਂ ਆਪਣੇ ਸਾਮਾਨ ਦੀ ਮਸ਼ਹੂਰੀ ਲਈ ਲੱਖਾਂ-ਕਰੋੜਾਂ ਰੁਪਏ ਇਨ੍ਹਾਂ ਖਿਡਾਰੀਆਂ ਨੂੰ ਦਿੱਤੇ ਜਾਂਦੇ ਹਨ। ਪਰ ਜਿਹੜੇ ਖਿਡਾਰੀ ਜ਼ਿਲ੍ਹਾ ਪੱਧਰ, ਨੈਸ਼ਨਲ ਪੱਧਰ ਆਦਿ ਤੱਕ ਖੇਡੇ ਹੁੰਦੇ ਹਨ ਭਾਵੇਂ ਜੇਤੂ ਹੀ ਹੋਣ, ਉਨ੍ਹਾਂ ਨੂੰ ਇਕ ਤੀਸਰੇ ਦਰਜੇ ਦੀ ਨੌਕਰੀ ਲੈਣ ਲਈ ਵੀ ਲਿਖਤੀ ਟੈਸਟ ਦੇਣਾ ਪੈਂਦਾ ਹੈ। ਇਹ ਇਨ੍ਹਾਂ ਖਿਡਾਰੀਆਂ ਨਾਲ ਇਕ ਵੱਡੀ ਬੇਇਨਸਾਫ਼ੀ ਹੈ। ਕਿਉਂਕਿ ਇਹ ਖਿਡਾਰੀ ਮਹੀਨਿਆਂ ਬੱਧੀ ਨੈਸ਼ਨਲ, ਇੰਟਰਨੈਸ਼ਨਲ, ਇੰਟਰ ਵਰਸਿਟੀ ਆਦਿ ਦੇ ਕੈਂਪਾਂ ਵਿਚ ਰੁੱਝੇ ਰਹਿੰਦੇ ਹਨ ਅਤੇ ਆਪਣੀ ਪੜ੍ਹਾਈ ਨੂੰ ਪੂਰਾ ਸਮਾਂ ਨਹੀਂ ਦੇ ਪਾਉਂਦੇ। ਸਾਡੀ ਸੂਬਾ ਸਰਕਾਰ ਤੇ ਦੇਸ਼ ਦੀ ਸਰਕਾਰ ਨੂੰ ਖਿਡਾਰੀਆਂ ਦੇ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

-ਗੁਰਿੰਦਰ ਕਲੇਰ (ਗੁਰਦਾਸਪੁਰ)।

ਕਿਸਾਨ ਹਿਤੂ ਫ਼ੈਸਲਾ
ਪਿਛਲੇ ਦਿਨੀਂ ਵਿਧਾਨ ਸਭ ਵਿਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਆਪਣੀ ਪਾਰਟੀ, ਲੋਕ ਇਨਸਾਫ਼ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਸਮਰਥਨ ਨਾਲ ਕੇਂਦਰ ਦੀ ਮੋਦੀ ਸਰਕਾਰ ਵਲੋਂ ਦੇਸ਼ ਦੇ ਅੰਨਦਾਤੇ ਉਤੇ ਜਬਰੀ ਥੋਪੇ ਖੇਤੀ ਸਬੰਧੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਕੇ ਬਹੁਤ ਸ਼ਲਾਘਾਯੋਗ ਤੇ ਨੇਕ ਕਦਮ ਉਠਾਇਆ ਹੈ ਕਿਉਂਕਿ ਇਹ ਆਰਡੀਨੈਂਸ ਕਿਸੇ ਵੀ ਪੱਖੋਂ ਕਿਸਾਨਾਂ ਦੇ ਹੱਕ ਵਿਚ ਨਹੀਂ ਹੈ। ਅਸੀਂ ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸਾਨ ਹਿਤੂ ਫੈਸਲਾ ਲੈਣ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।

-ਹਰੀ ਸਿੰਘ ਖਾਈ
ਨਿਹਾਲ ਸਿੰਘ ਵਾਲਾ (ਮੋਗਾ)।

ਹੱਸਣਾ ਇਕ ਕਲਾ
ਅੱਜ ਦਾ ਸਮਾਂ ਭੱਜ ਦੌੜ ਦਾ ਸਮਾਂ ਹੈ। ਇਸੇ ਭੱਜ-ਦੌੜ ਕਰਕੇ ਇਨਸਾਨੀ ਜੀਵਨ ਬਹੁਤ ਤਣਾਅ ਪੂਰਨ ਹੋ ਗਿਆ ਹੈ। ਅੱਜ ਤਣਾਅ ਸਭ ਉੱਤੇ ਹੈ ਪਰ ਅਸੀਂ ਇਸ ਨੂੰ ਕਾਫੀ ਹੱਦ ਤੱਕ ਘਟਾ ਕੇ ਆਪਣੇ ਜੀਵਨ ਨੂੰ ਖੁਸ਼ਹਾਲ ਬਣਾ ਸਕਦੇ ਹਾਂ। ਤਣਾਅ ਤੋਂ ਮੁਕਤੀ ਪ੍ਰਾਪਤ ਕਰਨ ਲਈ ਹੱਸਣਾ ਇਕ ਵਧੀਆ ਦਵਾਈ ਸਾਬਤ ਹੋ ਸਕਦਾ ਹੈ। ਹੱਸਣਾ ਇਕ ਕਲਾ ਹੈ ਜੋ ਕਿ ਸਿਰਫ਼ ਇਨਸਾਨ ਦੇ ਹਿੱਸੇ ਆਇਆ ਹੈ। ਇਹ ਪਰਮਾਤਮਾ ਵਲੋਂ ਦਿੱਤਾ ਗਿਆ ਇਕ ਵਰਦਾਨ ਹੈ। ਕਿਸੇ ਵੀ ਮੁਸ਼ਕਿਲ ਦੇ ਸਮੇਂ ਵਿਚ ਹੱਸਣ ਨਾਲ ਇਨਸਾਨ ਤਕਲੀਫ਼ ਨੂੰ ਘਟਾ ਲੈਂਦਾ ਹੈ। ਹੱਸਣ ਦੀ ਅਹਿਮੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜ਼ਿਆਦਾ ਪ੍ਰੇਸ਼ਾਨੀ ਦੇ ਆਲਮ ਵਿਚ ਡਾਕਟਰ ਵੀ ਖੁਸ਼ ਰਹਿਣ ਦੀ ਸਲਾਹ ਦਿੰਦੇ ਹਨ। ਉਨ੍ਹਾਂ ਅਨੁਸਾਰ ਹੱਸਣਾ ਇਕ ਰਾਮ ਬਾਣ ਇਲਾਜ ਹੈ ਜੋ ਕਿ ਗੰਭੀਰ ਤੋਂ ਗੰਭੀਰ ਬਿਮਾਰੀ ਨੂੰ ਠੀਕ ਕਰ ਸਕਦਾ ਹੈ। ਹੱਸਣਾ ਇਕ ਕੁਦਰਤੀ ਦਵਾਈ ਵੀ ਹੈ ਜੋ ਕਿ ਵਰਤਣ ਵਾਲੇ ਇਨਸਾਨ ਨੂੰ ਸਦਾ ਖੁਸ਼ ਰੱਖਦੀ ਹੈ। ਆਓ ਸਾਰੇ ਤਣਾਅ ਮੁਕਤ ਜੀਵਨ ਲਈ ਇਸ ਦੀ ਵਰਤੋਂ ਕਰਕੇ ਜੀਵਨ ਨੂੰ ਖੁਸ਼ਹਾਲ ਬਣਾਈਏ।

-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।

ਪ੍ਰੀਖਿਆਵਾਂ
ਸੁਪਰੀਮ ਕੋਰਟ ਨੂੰ ਜੇ.ਈ.ਈ. ਅਤੇ ਨੀਟ ਦੀਆਂ ਪ੍ਰੀਖਿਆਵਾਂ 'ਤੇ ਜਲਦੀ ਫੈਸਲਾ ਲੈਣਾ ਚਾਹੀਦਾ ਹੈ ਕਿਉਂਕਿ ਕਰੋੜਾਂ ਦੀ ਗਿਣਤੀ ਵਿਚ ਵਿਦਿਆਰਥੀ ਸੁਪਰੀਮ ਕੋਰਟ ਦਾ ਕਿਹੜਾ ਫੈਸਲਾ ਆਉਣਾ ਇਸ ਬਾਰੇ ਇੰਤਜ਼ਾਰ ਕਰ ਰਹੇ ਹਨ। ਸਰਕਾਰ ਨੇ ਜੇ.ਈ.ਈ. ਅਤੇ ਨੀਟ ਦੀ ਪ੍ਰੀਖਿਆ ਲੈਣ ਦਾ ਫੈਸਲਾ ਸੁਣਾਇਆ ਹੈ। ਪਰ ਇਹ ਮਾਮਲਾ ਅਜੇ ਵੀ ਸੁਪਰੀਮ ਕੋਰਟ 'ਤੇ ਹੀ ਅਟਕਿਆ ਹੋਇਆ ਹੈ। ਕੀ ਸਰਕਾਰ ਨੇ ਇਨ੍ਹਾਂ ਪ੍ਰੀਖਿਆਵਾਂ ਲਈ ਪੂਰੀ ਤਿਆਰੀ ਕੀਤੀ ਹੋਈ ਹੈ? ਕਿਉਂਕਿ ਕੋਰੋਨਾ ਦੇ ਕੇਸ ਹਰ ਦਿਨ ਵਧ ਰਹੇ ਹਨ। ਇਸ ਸਥਿਤੀ ਵਿਚ ਪ੍ਰੀਖਿਆ ਕਰਵਾਉਣਾ ਬਹੁਤ ਮਹਿੰਗਾ ਪੈ ਸਕਦਾ ਹੈ। ਜੇ ਪ੍ਰੀਖਿਆਵਾਂ ਨਹੀਂ ਕਰਵਾਈਆਂ ਜਾਂਦੀਆਂ ਹਨ ਤਾਂ ਦਾਖਲੇ ਸਮੇਂ ਬਹੁਤ ਜ਼ਿਆਦਾ ਭ੍ਰਿਸ਼ਟਾਚਾਰ ਹੋਵੇਗਾ ਤੇ ਸੁਪਰੀਮ ਕੋਰਟ ਨੂੰ ਇਕ ਹੋਰ ਹੱਲ ਲੱਭਣਾ ਪੈਣਾ ਅਤੇ ਦੇਖੇ ਕਿ ਵਿਦਿਆਰਥੀਆਂ ਲਈ ਕੀ ਸਹੀ ਹੋਵੇਗਾ।

-ਨੇਹਾ ਜਮਾਲ, ਮੁਹਾਲੀ।

ਨੇਤਾ ਆਪਣੇ ਫ਼ਰਜ਼ ਪਹਿਚਾਨਣ
ਦੇਸ਼ ਦੇ ਵਰਤਮਾਨ ਬਹੁਤੇ ਸਿਆਸੀ ਲੀਡਰਾਂ ਦੇ ਉਚਾਰ, ਵਿਹਾਰ ਤੇ ਕਾਰੋਬਾਰ ਵੇਖ ਕੇ ਤਤਕਾਲੀਨ ਨੇਤਾਵਾਂ ਦੀ ਯਾਦ ਆਉਂਦੀ ਹੈ, ਜਿਨ੍ਹਾਂ ਦੇ ਮਨਾਂ ਵਿਚ ਦੇਸ਼ ਭਗਤੀ, ਲੋਕ ਪ੍ਰੇਮ ਦਾ ਦਰਿਆ ਵਗਦਾ ਸੀ। ਜਿਹੜੇ ਫਟੇਪੁਰਾਣੇ ਕੱਪੜਿਆਂ ਨਾਲ, ਪੈਦਲ ਜਾਂ ਸਾਈਕਲ ਉੱਪਰ ਹੀ ਸੱਚੀ ਸੁੱਚੀ ਲੋਕ ਸੇਵਾ ਭਾਵਨਾ ਨਾਲ ਪਿੰਡੋ-ਪਿੰਡ ਘੁੰਮਿਆ ਕਰਦੇ ਸਨ। ਅਜੋਕੇ ਆਗੂਆਂ ਨੇ ਅਸੰਬਲੀ, ਪਾਰਲੀਮੈਂਟ ਆਦਿ ਨੂੰ ਆਪਣੇ ਗੈਸਲ ਬੋਲਾਂ ਨਾਲ ਲੜਾਈ ਦਾ ਅਖਾੜਾ ਬਣਾ ਦਿੱਤਾ ਹੈ। ਮੌਜੂਦਾ ਸਥਿਤੀ ਇਹ ਦੱਸਦੀ ਹੈ ਕਿ ਲੋਕ ਸੇਵਾ ਇਨ੍ਹਾਂ ਆਗੂਆਂ ਦੇ ਮਨਾਂ ਵਿਚੋਂ ਖੰਭ ਲਾ ਕੇ ਉੱਡ ਗਈ ਹੈ। ਹੁਣ ਸਿਆਸਤ ਵਿਚ ਹੋਣ ਦਾ ਮਕਸਦ ਸਿਰਫ਼ ਜਨਤਾ ਵਲੋਂ ਦਿੱਤੇ ਹੋਏ ਟੈਕਸਾਂ ਨਾਲ ਨਿੱਜੀ ਕਾਰੋਬਾਰ ਚਮਕਾਉਣੇ ਤੇ ਐਸ਼ਪ੍ਰਸਤ ਜੀਵਨ ਬਤੀਤ ਕਰਨਾ ਹੀ ਰਹਿ ਗਿਆ ਹੈ। ਲੋੜ ਹੈ ਕਿ ਜਿਥੇ ਲੀਡਰਾਂ ਨੂੰ ਆਪਣੇ ਫਰਜ਼ ਪਹਿਚਾਨਣੇ ਚਾਹੀਦੇ ਹਨ, ਉਥੇ ਜਨਤਾ ਨੂੰ ਨਿਡਰ ਹੋ ਕੇ ਤੇ ਬਿਨਾਂ ਕਿਸੇ ਲਾਲਚ ਦੇ ਚੰਗੇ ਕਿਰਦਾਰ ਵਾਲੇ ਨੇਤਾਵਾਂ ਦੀ ਚੋਣ ਕਰਨੀ ਚਾਹੀਦੀ ਹੈ। ਇਸੇ ਵਿਚ ਹੀ ਦੇਸ਼ ਤੇ ਲੋਕਾਈ ਦਾ ਹਿਤ ਹੈ।

-ਮੰਗਲ ਮੀਤ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।

ਵੱਧ ਅੰਕ ਯੋਗਤਾ
ਬੀਤੇ ਦਿਨੀਂ 'ਅਜੀਤ' ਵਿਚ ਸਿੱਖਿਆ ਸ਼ਾਸਤਰੀ ਪ੍ਰਿੰਸੀਪਲ ਵਿਜੈ ਕੁਮਾਰ ਨੇ ਪ੍ਰੀਖਿਆਵਾਂ ਵਿਚ ਵੱਧ ਅੰਕ ਲੈਣ ਵਾਲੇ ਬੱਚਿਆਂ ਦੀ ਪ੍ਰਾਪਤੀ ਨੂੰ ਨਕਾਰਿਆ ਹੈ, ਇਹ ਬੱਚੇ ਯੋਗਤਾ ਟੈਸਟਾਂ ਨੂੰ ਪਾਸ ਨਾ ਕਰ ਸਕੇ। ਅਸਲ ਵਿਚ ਨਿੱਜੀ ਸਕੂਲਾਂ ਵਿਚ ਨੱਬੇ ਫ਼ੀਸਦੀ ਤੋਂ ਘੱਟ ਅੰਕ ਲੈਣ ਵਾਲੇ ਬੱਚਿਆਂ ਨੂੰ ਹੁਸ਼ਿਆਰ ਨਹੀਂ ਸਮਝਿਆ ਜਾਂਦਾ। ਅਸਲ ਵਿਚ ਮੌਲਿਕਤਾ ਗਾਇਬ ਹੈ। ਇਸ ਸਾਡੀ ਸਿੱਖਿਆ ਦਾ ਵੱਡਾ ਸੰਕਟ ਹੈ। ਪੰਜਾਹ ਕੁ ਸਾਲ ਪਹਿਲਾਂ ਸਾਡਾ ਸਮਾਂ ਹੁੰਦਾ ਸੀ ਕਿ 60 ਫ਼ੀਸਦੀ ਅੰਕ ਲੈਣ ਵਾਲਾ ਬੱਚਾ ਹੁਸ਼ਿਆਰ ਮੰਨਿਆ ਜਾਂਦਾ ਸੀ।

-ਪ੍ਰਿੰ: ਗੁਰਮੀਤ ਸਿੰਘ
3/1751, ਕੈਲਾਸ਼ ਨਗਰ, ਫਾਜ਼ਿਲਕਾ (ਪੰਜਾਬ)।

ਬਾਂਹ ਫੜਨ, ਨਾ ਕਿ ਬਾਂਹ ਮਰੋੜਨ
ਕੌਮਾਂਤਰੀ ਕਿਰਤ ਅਦਾਰੇ ਅਤੇ ਏਸ਼ਿਆਈ ਵਿਕਾਸ ਬੈਂਕ ਦੀ ਸਾਂਝੀ ਰਿਪੋਰਟ ਅਨੁਸਾਰ ਕੋਵਿਡ-19 ਤਾਲਾਬੰਦੀ ਕਾਰਨ ਦੇਸ਼ ਅੰਦਰ 41 ਲੱਖ ਤੋਂ ਵੱਧ ਲੋਕ ਬੇਰੁਜ਼ਗਾਰ ਹੋ ਗਏ ਹਨ। ਇਹ ਰਿਪੋਰਟ ਅਨੁਸਾਰ ਸ਼ਹਿਰੀ ਪ੍ਰਾਈਵੇਟ ਸੈਕਟਰ ਨਾਲ ਸਬੰਧਿਤ ਹੈ। ਪੇਂਡੂ ਖੇਤਰ ਦੀ ਬਦਤਰ ਹਾਲਤ ਇਸ ਵਿਚ ਨਹੀਂ ਹੈ। ਭਾਰਤੀ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਆਰਥਿਕ ਸਮੱਸਿਆਵਾਂ ਹੋਰ ਵਧ ਸਕਦੀਆਂ ਹਨ। ਸੂਬਿਆਂ ਨੂੰ ਕੇਂਦਰ ਤੋਂ ਕੋਈ ਮੁਆਵਜ਼ਾ ਤਾਂ ਕੀ ਆਪਣੇ ਜੀ.ਐਸ.ਟੀ. ਦਾ ਹਿੱਸਾ ਵੀ ਨਹੀਂ ਮਿਲ ਰਿਹਾ। ਅਜਿਹੀ ਮੰਦਹਾਲੀ ਸਥਿਤੀ ਵਿਚ ਜਨਤਾ ਦੀ ਜੇਬ ਵਿਚੋਂ ਘਾਟੇ ਪੂਰੇ ਕਰਨ ਦੀ ਵਿਉਂਤਬੰਦੀ ਦੇ ਅਮਲ ਸਿਖਰ 'ਤੇ ਹਨ। ਮਾਸਕ ਦੇ ਬਹਾਨੇ ਮੁਸਾਫਿਰਾਂ ਦੇ ਹੀ ਧੜਾਧੜ ਚਲਾਨ ਕੱਟੇ ਜਾ ਰਹੇ ਹਨ, ਹੋਰ ਕੋਈ ਪਹਿਨੇ ਜਾਂ ਨਾ ਪਹਿਨੇ। ਕਰੋੜਾਂ ਰੁਪਏ ਖਜ਼ਾਨੇ ਵਿਚ ਜਮ੍ਹਾਂ ਕਰਵਾਉਣ ਲਈ ਪੰਜਾਬ ਪੁਲਿਸ ਆਪਣੀ ਪਿੱਠ ਥਪਥਪਾ ਰਹੀ ਹੈ। ਨਗਰ ਨਿਗਮਾਂ ਨੂੰ ਵੀ ਹੁਣੇ ਹੀ ਚੇਤਾ ਆਇਆ ਹੈ ਕਿ ਅਵਿਕਸਤ ਕਾਲੋਨੀਆਂ ਵਿਚ ਪਾਣੀ ਅਤੇ ਸੀਵਰੇਜ ਦੇ ਕੁਨੈਕਸ਼ਨ ਨਿਯਮਤ ਕਰਦਿਆਂ ਹਰਜ਼ਾਨੇ ਭਰਾਏ ਜਾਣ। ਲੋਕਾਂ ਦੀ ਚੁਣੀ ਸਰਕਾਰ ਨੂੰ ਇਸ ਦੁੱਖ-ਭੁੱਖ ਤੇ ਖੌਫ਼ ਦੀ ਘੜੀ ਵਿਚ ਕਾਨੂੰਨ ਵਿਵਸਥਾ ਦੇ ਨਾਲ-ਨਾਲ ਲੋਕਾਂ ਦੀ ਬਾਂਹ ਫੜਨ ਲਈ ਪਹਿਲ ਕਰਨੀ ਚਾਹੀਦੀ ਹੈ, ਨਾ ਕਿ ਬਾਂਹ ਮਰੋੜਨ ਲਈ।

-ਰਸ਼ਪਾਲ ਸਿੰਘ
ਐਸ.ਜੇ.ਐਸ. ਨਗਰ, ਹੁਸ਼ਿਆਰਪੁਰ।

29-08-2020

 ਸਾਹਿਤਕ ਅਸੀਸਾਂ
ਸੰਪਾਦਕ : ਪ੍ਰਿੰ: ਬਹਾਦਰ ਸਿੰਘ ਗੋਸਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98764-52223

ਇਹ ਪੁਸਤਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੈ। ਪ੍ਰਿੰ: ਬਹਾਦਰ ਸਿੰਘ ਗੋਸਲ ਨੇ ਬਹੁਤ ਸਾਰੀਆਂ ਪੁਸਤਕਾਂ ਦੀ ਰਚਨਾ ਕੀਤੀ ਹੈ, ਜਿਨ੍ਹਾਂ ਬਾਬਤ ਸਾਹਿਤਕਾਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਲੇਖਕ ਨੇ ਇਨ੍ਹਾਂ ਨੂੰ ਸਾਹਿਤਕ ਅਸੀਸਾਂ ਸਮਝ ਕੇ ਸਦਾ ਲਈ ਸਾਂਭਣ ਵਾਸਤੇ ਇਹ ਪੁਸਤਕ ਸੰਪਾਦਿਤ ਕੀਤੀ ਹੈ। ਇਸ ਤਰ੍ਹਾਂ ਇਸ ਪੁਸਤਕ ਵਿਚੋਂ ਲੇਖਕ ਦੀਆਂ ਸਾਰੀਆਂ ਰਚਨਾਵਾਂ ਦੀਆਂ ਝਲਕਾਂ ਮਿਲ ਜਾਂਦੀਆਂ ਹਨ ਜੋ ਉਸ ਦੇ ਪ੍ਰਸੰਸਕ ਲੇਖਕਾਂ ਨੇ ਅੱਖਰਾਂ ਵਿਚ ਗੁੰਦ ਕੇ ਪੇਸ਼ ਕੀਤੀਆਂ ਹਨ।
ਡਾ: ਬਲਜੀਤ ਸਿੰਘ ਨੇ ਉਸ ਦੀ ਪਛਾਣ ਇਕ ਆਦਰਸ਼ ਅਧਿਆਪਕ ਦੇ ਤੌਰ 'ਤੇ ਕਰਵਾਈ ਹੈ। ਪਰਸਰਾਮ, ਪ੍ਰੇਮ ਗੋਰਖੀ, ਮਨਜੀਤ ਕੌਰ ਮੁਹਾਲੀ, ਹਰਮਿੰਦਰ ਕੌਰ, ਬਲਵਿੰਦਰ ਕੌਰ, ਓਮ ਪ੍ਰਕਾਸ਼, ਸੁਨੀਤਾ ਅਰੋੜਾ, ਡਾ: ਸ਼ਰਨਜੀਤ ਕੌਰ, ਗੁਰਜਿੰਦਰ ਸਿੰਘ, ਸੇਵੀ ਰਾਇਤ, ਗੁਰਦੀਪ ਸਿੰਘ ਸੱਗੂ, ਡਾ: ਦਰਸ਼ਨ ਸਿੰਘ ਆਸ਼ਟ, ਡਾ: ਅਮਨਦੀਪ ਕੌਰ, ਡਾ: ਵਿਜੈ ਕੁਮਾਰ, ਮਨਮੋਹਨ ਸਿੰਘ ਦਾਊਂ, ਦਲਜੀਤ ਕੌਰ ਦਾਊਂ, ਪ੍ਰੀਤਮ ਲੁਧਿਆਣਵੀ, ਅਮਰਜੀਤ ਬਠਲਾਣਾ, ਬਲਵਿੰਦਰ ਕੌਰ, ਕਸ਼ਮੀਰ ਕੌਰ ਸੰਧੂ, ਅਵਤਾਰ ਸਿੰਘ ਮਹਿਤਪੁਰੀ, ਜਗਤਾਰ ਸਿੰਘ, ਡਾ: ਪਲਵਿੰਦਰ ਕੌਰ, ਹਰਸਿਮਰਨ ਕੌਰ, ਤਰਲੋਚਨ ਸਿੰਘ, ਭਿੰਦਰ, ਪ੍ਰੋ: ਐਚ.ਐਸ. ਦਿਲਗੀਰ, ਮਨਪ੍ਰੀਤ ਕੌਰ, ਡਾ: ਵਿਜੈ ਕੁਮਾਰ, ਡਾ: ਸੁਖਜਿੰਦਰ ਕੌਰ, ਡਾ: ਸਵਰਨ ਸਿੰਘ, ਪ੍ਰੋ: ਬਲਜੀਤ ਕੌਰ, ਜਸਲੀਨ ਕੌਰ, ਪਰਮਜੀਤ ਪਰਮ, ਭਗਤ ਰਾਮ, ਸ਼ਮਸ਼ੇਰ ਕੌਰ, ਅਮਰ ਸਿੰਘ ਚੌਧਰੀ, ਦਰਸ਼ਨ ਤਿਉਣਾ, ਡਾ: ਸੰਦੀਪ ਕੌਰ ਅਤੇ ਨਵਰੂਪ ਕੌਰ ਨੇ ਲੇਖਕ ਨੂੰ ਵਧਾਈ ਦਿੰਦਿਆਂ ਹੋਇਆਂ ਉਸ ਦੀ ਸ਼ਖਸੀਅਤ ਅਤੇ ਸਿਰਜਣਾ 'ਤੇ ਚਾਨਣਾ ਪਾਇਆ ਹੈ।
ਲੇਖਕ ਦੀਆਂ ਸਮੁੱਚੀਆਂ ਰਚਨਾਵਾਂ ਗਿਣਾਤਮਕ ਅਤੇ ਗੁਣਾਤਮਕ ਪੱਖੋਂ ਜਿਥੇ ਵਿਸ਼ੇਸ਼ ਸਥਨ ਰੱਖਦੀਆਂ ਹਨ, ਉਥੇ ਹੀ ਸਮਾਜ ਨੂੰ ਸਾਰਥਕ ਸੇਧ ਵੀ ਦਿੰਦੀਆਂ ਹਨ। ਇਨ੍ਹਾਂ ਵਿਚੋਂ ਨੈਤਿਕਤਾ, ਇਤਿਹਾਸ, ਵਿਰਸੇ ਅਤੇ ਸਮਾਜਿਕ ਯਥਾਰਥ ਦੇ ਦਰਸ਼ਨ ਹੁੰਦੇ ਹਨ। ਉਸ ਨੇ ਆਪਣੀ ਕਵਿਤਾ ਅਤੇ ਵਾਰਤਕ ਰਾਹੀਂ ਪੰਜਾਬੀ ਸਾਹਿਤ ਨੂੰ ਅਮੀਰ ਕੀਤਾ ਹੈ। ਇਸ ਪੁਸਤਕ ਦਾ ਸਵਾਗਤ ਹੈ।

ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

c c c

ਇਤਫ਼ਾਕ
ਨਾਵਲਕਾਰ : ਓਮ ਪ੍ਰਕਾਸ਼ ਗਾਸੋ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 176
ਸੰਪਰਕ : 94635-61123.

'ਇਤਫ਼ਾਕ' ਮਾਲਵੇ ਦੇ ਪ੍ਰਮੁੱਖ ਨਾਵਲਕਾਰ ਸ੍ਰੀ ਓਮ ਪ੍ਰਕਾਸ਼ ਗਾਸੋ ਦਾ 25ਵਾਂ ਨਾਵਲ ਹੈ। ਇਸ ਨਾਵਲ ਦੀ ਕਥਾ ਦੇਸ਼ ਆਜ਼ਾਦ ਹੋਣ ਤੋਂ ਕੁਝ ਵਰਫੇ ਪਹਿਲਾਂ 1940 ਈ: ਦੇ ਆਸ-ਪਾਸ ਸ਼ੁਰੂ ਹੁੰਦੀ ਹੈ। ਬਾਬੇ ਫੂਹੜ ਮੱਲ ਦਾ ਪੋਤਾ ਭਾਗ ਮੱਲ ਇਸ ਨਾਵਲ ਦਾ ਨਾਇਕ ਹੈ ਅਤੇ ਉਸ ਦੀ ਪਤਨੀ ਕ੍ਰਿਸ਼ਨਾ ਨੂੰ ਅਸੀਂ ਨਾਇਕਾ ਦਾ ਨਾਂਅ ਦੇ ਸਕਦੇ ਹਾਂ ਪਰ ਨਾਵਲ ਦੇ ਬਿਲਕੁਲ ਅੰਤਿਮ ਪੰਨਿਆਂ ਵਿਚ ਉਜਾਗਰ ਹੋਈ ਦਲਬੀਰ ਕੌਰ ਅਤੇ ਉਸ ਦਾ ਪਤੀ ਨਰੋਤਮ, ਦੋਵਾਂ ਤੋਂ ਨਾਇਕ-ਨਾਇਕਾ ਦੀ ਪਦਵੀ ਖੋਹ ਲੈਂਦੇ ਪ੍ਰਤੀਤ ਹੁੰਦੇ ਹਨ। ਅਸੀਂ ਇਨ੍ਹਾਂ ਦੋਵਾਂ ਨੂੰ ਸਹਿ-ਨਾਇਕ ਅਤੇ ਸਹਿ-ਨਾਇਕਾ ਵੀ ਕਹਿ ਸਕਦੇ ਹਾਂ। ਭਾਗ ਮੱਲ ਦਾ ਦਾਦਾ ਸ਼ਾਹੂਕਾਰੇ ਦਾ ਕੰਮ ਕਰਦਾ ਸੀ ਅਤੇ ਗ਼ਰੀਬਾਂ ਤੇ ਲੋੜਵੰਦਾਂ ਦੀ ਖੂਬ ਲੁੱਟ-ਖਸੁੱਟ ਕਰਦਾ ਸੀ। ਉਸ ਦਾ ਇਕਲੌਤਾ ਪੁੱਤਰ ਰੱਖਾ ਮੱਲ ਦਿਮਾਗੀ ਤੌਰ 'ਤੇ ਅਵਿਕਸਿਤ ਆਦਮੀ ਸੀ। ਫੂਹੜ ਮੱਲ ਦੀ ਅਮੀਰੀ ਦੇ ਕਾਰਨ ਰੱਖਾ ਮੱਲ ਦਾ ਵਿਆਹ ਲੱਛਮੀ ਨਾਂਅ ਦੀ ਇਕ ਬਣਦੀ-ਫਬਦੀ ਮੁਟਿਆਰ ਨਾਲ ਹੋ ਜਾਂਦਾ ਹੈ। ਇਸੇ ਵਿਆਹ ਵਿਚੋਂ ਭਾਗ ਮੱਲ ਪੈਦਾ ਹੁੰਦਾ ਹੈ। ਭਾਗ ਮੱਲ ਦਸਵੀਂ ਵਿਚੋਂ ਦੋ-ਤਿੰਨ ਵਾਰ ਫੇਲ੍ਹ ਹੋ ਕੇ ਪੜ੍ਹਾਈ ਛੱਡ ਦਿੰਦਾ ਹੈ। ਦਾਦੇ ਦੇ ਮਰਨ ਉਪਰੰਤ ਉਹ ਸ਼ਾਹੂਕਾਰੇ ਵਾਲੀ ਦੁਕਾਨ ਵੀ ਬੰਦ ਕਰ ਦਿੰਦਾ ਹੈ ਅਤੇ ਖੇਤੀਬਾੜੀ ਕਰਕੇ ਆਪਣੀ ਉਪਜੀਵਕਾ ਕਰਦਾ ਹੈ। ਇਸ ਦੌਰਾਨ ਇਕ ਸਕੂਲ ਅਧਿਆਪਕ ਕ੍ਰਿਸ਼ਨਾ ਨਾਲ ਉਸ ਦੀ ਸ਼ਾਦੀ ਹੋ ਜਾਂਦੀ ਹੈ। ਦੋਵੇਂ ਹਮਖਿਆਲ ਬਣ ਜਾਂਦੇ ਹਨ। ਜ਼ਿੰਦਗੀ ਨੂੰ ਕਲਿਆਣਕਾਰੀ ਬਣਾਉਣ ਲਈ ਉਹ ਨਿਰੰਤਰ ਉਪਰਾਲੇ ਕਰਦੇ ਰਹਿੰਦੇ ਹਨ। ਉਨ੍ਹਾਂ ਦਾ ਇਕਲੌਤਾ ਪੁੱਤਰ ਪੁਸ਼ਕਰ ਸਕੂਲੀ ਪੜ੍ਹਾਈ ਖ਼ਤਮ ਕਰਕੇ ਆਪਣੇ ਮਾਮਿਆਂ ਪਾਸ ਦਿੱਲੀ ਚਲਾ ਜਾਂਦਾ ਹੈ ਅਤੇ ਆਈ.ਏ.ਐਸ. ਅਫ਼ਸਰ ਬਣ ਜਾਂਦਾ ਹੈ ਪਰ ਉਹ ਆਪਣੇ ਮਾਪਿਆਂ ਨਾਲ ਕੋਈ ਵਾਹ-ਵਾਸਤਾ ਨਹੀਂ ਰੱਖਦਾ। ਓਮ ਪ੍ਰਕਾਸ਼ ਗਾਸੋ ਇਕ ਸੱਚਾ-ਸੁੱਚਾ ਪੰਜਾਬੀ ਹੈ। ਉਹ ਪੰਜਾਬੀਆਂ ਵਾਂਗ ਉਦਾਰ, ਖੁਸ਼ ਰਹਿਣਾ, ਲੋਕਾਂ ਦੇ ਕੰਮ ਆਉਣ ਵਾਲਾ ਅਤੇ ਹਰ ਪ੍ਰਕਾਰ ਦੇ ਦਿਮਾਗੀ ਹਠਾਂ ਜਾਂ ਪੂਰਵਾਗ੍ਰਹਿਆਂ ਤੋਂ ਮੁਕਤ ਹੈ। ਉਹ ਚਾਹੁੰਦਾ ਹੈ ਕਿ ਸਾਡੇ ਲੋਕਾਂ ਦੇ ਵਿਆਹ ਅਤੇ ਹੋਰ ਸਮਾਗਮ ਸਾਦੇ ਹੋਣ। ਇਥੇ ਭ੍ਰਿਸ਼ਟਾਚਾਰ ਨਾ ਰਹੇ। ਭੇਖੀ ਸਾਧਾਂ-ਸੰਤਾਂ ਦੇ ਤਕੀਏ ਵਲ੍ਹੇਟੇ ਜਾਣ, ਹਰ ਕੋਈ ਇਕ-ਦੂਜੇ ਦੇ ਦੋਸਤ ਅਤੇ ਹਮਰਾਜ ਰਹਿਣ ਅਤੇ ਪੰਜਾਬੀ ਸਹਿਜ-ਭਾਵ ਨਾਲ ਸਿਰ ਉਠਾ ਕੇ ਜਿਊਣ। ਯੁਵਾ ਪੀੜ੍ਹੀ ਲਈ ਸ੍ਰੀ ਗਾਸੋ ਦੇ ਨਾਵਲ ਮਾਰਗ-ਦਰਸ਼ਕ ਬਣ ਸਕਦੇ ਹਨ। ਇਨ੍ਹਾਂ ਨੂੰ ਸਕੂਲਾਂ-ਕਾਲਜਾਂ ਦੇ ਪਾਠਕ੍ਰਮ ਵਿਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਤੇਰੀ ਉਡੀਕ ਰਹੇਗੀ
ਕਹਾਣੀਕਾਰ : ਗੁਰਦੇਵ ਸਿੰਘ ਘਾਰੂ
ਪ੍ਰਕਾਸ਼ਕ : ਸ਼ਹੀਦ ਭਗਤ ਸਿੰਘ ਪ੍ਰਕਾਸ਼ਨ, ਫ਼ਰੀਦਕੋਟ
ਮੁੱਲ : 150 ਰੁਪਏ, ਸਫ਼ੇ : 114
ਸੰਪਰਕ : 98885-26276.

ਨਾਵਲਕਾਰ, ਗੀਤਕਾਰ ਅਤੇ ਕਹਾਣੀਕਾਰ ਗੁਰਦੇਵ ਸਿੰਘ ਘਾਰੂ ਦਾ 'ਵਾਪਸੀ' ਮਗਰੋਂ ਦੂਸਰਾ ਕਹਾਣੀ ਸੰਗ੍ਰਹਿ ਹੈ 'ਤੇਰੀ ਉਡੀਕ ਰਹੇਗੀ'। ਇਸ ਵਿਚ ਸ਼ਾਮਿਲ 18 ਛੋਟੀਆਂ-ਵੱਡੀਆਂ ਕਹਾਣੀਆਂ ਸਾਧਾਰਨ ਮਨੁੱਖੀ ਜੀਵਨ ਦੀਆਂ ਕਹਾਣੀਆਂ ਹਨ। ਇਨ੍ਹਾਂ ਵਿਚ ਆਮ ਮਨੁੱਖੀ ਵਰਤਾਰੇ ਜਿਵੇਂ ਮਰਦ-ਔਰਤ ਰਿਸ਼ਤੇ, ਵਿਵਸਥਾ ਵਿਚਲਾ ਭ੍ਰਿਸ਼ਟਾਚਾਰ, ਕੁਰੀਤੀਆਂ, ਕਮਜ਼ੋਰਾਂ ਦਾ ਸ਼ੋਸ਼ਣ ਤੇ ਅੱਤਿਆਚਾਰ, ਕੁਦਰਤ ਦਾ ਘਾਣ, ਸਿਰੇ ਦਾ ਸਵਾਰਥਪਣ, ਪਦਾਰਥਵਾਦੀ ਸੋਚ, ਅਪਰਾਧਕ ਸੰਸਾਰ ਨਾਲ ਜੁੜੀਆਂ ਘਟਨਾਵਾਂ ਵਿਸ਼ਾ ਬਣੀਆਂ ਹਨ। ਇਨ੍ਹਾਂ ਕਹਾਣੀਆਂ ਦੇ ਕਥਾਨਕ ਯਥਾਰਥਮਈ ਹਨ, ਉਥੇ ਕਹਾਣੀਆਂ ਦੇ ਪਾਤਰ ਵੀ ਸਾਡੇ ਆਲੇ-ਦੁਆਲੇ ਵਿਚਰਦੇ ਸਮਾਜ ਵਿਚੋਂ ਹੀ ਲਏ ਗਏ ਹਨ। ਇਹ ਕਿਰਦਾਰ ਬੇਸ਼ੱਕ ਹਾਲਾਤ ਦੇ ਝੰਬੇ ਹੋਏ ਹਨ ਪਰ ਇਨ੍ਹਾਂ ਅੰਦਰ ਕਿਧਰੇ ਨਾ ਕਿਧਰੇ ਮਨੁੱਖਤਾ ਧੜਕਦੀ ਹੈ। ਉਨ੍ਹਾਂ ਦੇ ਸੰਵੇਦਨਾ ਦੇ ਸੋਮੇ ਪੂਰੀ ਤਰ੍ਹਾਂ ਸੁੱਕੇ ਨਹੀਂ ਹਨ। ਚਾਹੇ 'ਤੇਰੀ ਉਡੀਕ ਰਹੇਗੀ' ਦਾ ਸੱਸੀ ਤੇ ਅਮਰਦੀਪ ਹੋਵੇ। ਬਾਹਰਲਿਆਂ ਦੀ ਪੱਗ ਦੀ ਗੁਰਮੀਤ ਤੇ ਸਯੋਗ ਪਾਤਰ ਹੋਵੇ। 'ਮੁਰਦਾ ਜਾਗ ਪਿਆ' ਦਾ ਕਲਾਸ ਫੋਰ ਸ਼ਿੰਦਰਪਾਲ ਹੋਵੇ ਅਤੇ ਹੋਰ। ਇਹ ਜਾਗਦੀਆਂ ਜ਼ਮੀਰਾਂ ਵਾਲੇ, ਦੂਸਰਿਆਂ ਨੂੰ ਵੀ ਝੰਜੋੜਨ ਦਾ ਮਾਦਾ ਰੱਖਦੇ ਹਨ। ਗੁਰਦੇਵ ਘਾਰੂ ਦੀਆਂ ਕਹਾਣੀਆਂ ਦੀ ਖੂਬੀ ਹੈ ਕਿ ਉਸ ਦੇ ਤਿੱਖੇ ਚੁਸਤ ਸੰਵਾਦ ਜੋ ਕਿਧਰੇ-ਕਿਧਰੇ ਬਲਵੰਤ ਗਾਰਗੀ ਦੀ ਸੰਵਾਦ ਕਲਾ ਚੇਤੇ ਕਰਾ ਦਿੰਦੇ ਹਨ। ਜਿਵੇਂ-ਮੈਂ ਫੋਕੇ ਸੱਦਿਆਂ 'ਚ ਐਵੇਂ ਕਾਹਨੂੰ ਤੇਲ ਬਾਲਦਾ ਫਿਰਾਂ। ਜਾਂ ਅੱਡੀਆਂ ਚੁੱਕ ਕੇ ਫਾਹਾ ਨਾ ਲਉ। 'ਬਾਹਰਲਿਆਂ ਦੀ ਪੱਗ', 'ਤੈਨੂੰ ਭੈਣ ਬਣਾ ਕੇ ਅੱਧੇ ਹਸਪਤਾਲ ਨੂੰ ਭਣੌਈਆ ਕੌਣ ਬਣਾਉ?', 'ਮੁਰਦਾ ਜਾਗ ਪਿਆ'। ਇੰਜ ਹੀ ਹਮ ਨਹੀਂ ਸੁਧਰੇਂਗੇ, ਕਹਾਣੀ ਦਾ ਚਿਹਰਾ, ਨਿਉਂਦਾ, ਉ ਮੈਂ ਜੱਟ ਬੇਲੀਓ, ਕੈਨੇਡਾ ਦਾ ਨਕਸ਼ਾ, ਦੱਬੇ ਕੁਚਲੇ ਸੱਚ ਆਦਿ ਕਹਾਣੀਆਂ ਆਪਣੀ ਵਿਅੰਗਮਈ ਸ਼ੈਲੀ ਕਰਕੇ ਰੌਚਕ ਹਨ। ਗੁਰਦੇਵ ਘਾਰੂ ਨੂੰ ਸ਼ਬਦਾਂ ਰਾਹੀਂ ਪਾਤਰਾਂ ਦਾ ਕਿਰਦਾਰ ਘੜਨਾ ਆਉਂਦਾ ਹੈ ਜੋ ਪਾਠਕਾਂ 'ਤੇ ਮਨਭਾਉਂਦਾ ਪ੍ਰਭਾਵ ਛੱਡਦਾ ਹੋਇਆ ਆਪਣਾ ਸੰਦੇਸ਼ ਵੀ ਸਹਿਜਤਾ ਨਾਲ ਪੁਚਾ ਦਿੰਦਾ ਹੈ।

ਡਾ: ਧਰਮਪਾਲ ਸਾਹਿਲ
ਮੋ: 98761-56964.

c c c

ਜਾਣਾ ਅੱਗੇ ਹੋਰ
ਲੇਖਕ : ਜਸਬੀਰ ਝੱਜ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 87
ਸੰਪਰਕ : 98778-00417.

'ਜਾਣਾ ਅੱਗੇ ਹੋਰ' ਗੀਤ ਸੰਗ੍ਰਹਿ ਵਿਚ ਜਸਬੀਰ ਝੱਜ ਨੇ ਸਮਾਜਿਕ ਵਿਸ਼ਿਆਂ ਉੱਪਰ ਬਹੁਤ ਹੀ ਸਾਧਾਰਨ ਤੇ ਲੋਕ ਭਾਸ਼ਾ ਵਿਚ ਗੀਤ ਰਚਨਾ ਕੀਤੀ ਹੈ। ਉਹ ਸਮਾਜ ਦੇ ਉਨ੍ਹਾਂ ਵਿਸ਼ਿਆਂ ਅਤੇ ਪਾਤਰਾਂ ਸਬੰਧੀ ਗੀਤ ਰਚਨਾ ਕਰਦਾ ਹੈ ਜੋ ਧਰਤੀ ਨਾਲ ਬਹੁਤ ਨੇੜਿਓਂ ਜੁੜੇ ਹਨ। ਕਿਸਾਨੀ ਸੰਕਟ ਦੇ ਹਰ ਪੱਖ ਤੋਂ ਜਾਣੂ ਕਵੀ ਕਿਸਾਨ ਦੀਆਂ ਆਰਥਿਕ ਮਜਬੂਰੀਆਂ ਬਾਰੇ ਗੀਤ ਰਚਨਾ ਕਰਦਾ ਲਿਖਦਾ ਹੈ :
ਫੁੱਟ ਨਰਮੇ ਦੇ ਚਿੱਟੇ ਚਿੱਟੇ
ਝੋਨੇ ਕਣਕ ਦੇ ਗਿੱਠ ਗਿੱਠ ਛਿੱਟੇ
ਤਨ ਢਕਣ ਨਾ ਗਲ ਜੋ ਲੀਰਾਂ
ਨੰਗੇ ਪੈਰੀਂ ਭਿੜਦੇ ਗਿੱਟੇ
ਦੱਬ ਕੇ ਵਾਹ ਕੇ ਰੱਜ ਨਾ ਖਾਵੇ
ਫ਼ਸਲਾਂ ਚੁੱਕ ਲੈ ਗੇ ਧਨਵਾਨ।
ਬੇਰੁਜ਼ਗਾਰੀ, ਰਿਸ਼ਵਤਖੋਰੀ, ਔਰਤ ਦੀ ਸਮਾਜਿਕ ਸਥਿਤੀ, ਨਸ਼ਿਆਂ ਦਾ ਕਾਰੋਬਾਰ, ਆਰਥਿਕ ਨਾਬਰਾਬਰੀ ਵਰਗੇ ਵਿਸ਼ਿਆਂ ਉੱਪਰ ਗੀਤ ਰਚਨਾ ਕਰਦਾ ਕਵੀ ਇਨ੍ਹਾਂ ਸਮੱਸਿਆਵਾਂ ਨਾਲ ਜੂਝ ਰਹੇ ਸਮਾਜ ਦੀ ਤਸਵੀਰ ਸਾਕਾਰ ਕਰਦਾ ਹੈ। ਜਸਵੀਰ ਝੱਜ ਨੇ ਸਮਾਜ ਦੀਆਂ ਸੰਪਰਦਾਇਕ ਤਾਕਤਾਂ, ਸਿਆਸੀ ਚਾਲਾਂ ਅਤੇ ਵਿਦੇਸ਼ ਜਾਂ ਰਹੇ ਨੌਜਵਾਨਾਂ ਦੀਆਂ ਮਜਬੂਰੀਆਂ ਅਤੇ ਸੁਪਨਿਆਂ ਬਾਰੇ ਵੀ ਗੀਤ ਰਚਨਾ ਕੀਤੀ ਹੈ :
ਕੱਲਾ ਰੋਏਂਗਾ ਵਿਦੇਸ਼ਾਂ ਵਿਚ ਜਾ ਕੇ,
ਨਾ ਛੱਡ ਵਤਨਾਂ ਨੂੰ
ਜਿਹੜਾ ਤੁਰੇਗਾ ਲੱਭੇਗਾ ਫਿਰ ਆ ਕੇ,
ਨਾ ਛੱਡ ਵਤਨਾਂ ਨੂੰ।
ਭਾਵੇਂ ਕਵੀ ਨੇ ਬਹੁਤ ਸਾਰੀਆਂ ਨਿਰਾਸ਼ਾਜਨਕ ਸਥਿਤੀਆਂ ਸਬੰਧੀ ਗੀਤ ਰਚਨਾ ਕੀਤੀ ਹੈ ਪਰ ਉਹ ਭਵਿੱਖ ਲਈ ਆਸਵੰਦ ਵੀ ਹੈ। ਉਸ ਨੂੰ ਪੰਜਾਬ ਦੇ ਲੋਕਾਂ ਅਤੇ ਪੰਜਾਬ ਦੀ ਧਰਤੀ ਉੱਪਰ ਮਾਣ ਹੈ ਜੋ ਬਹੁਤ ਸਾਰੇ ਬਦਲਾਵਾਂ 'ਚੋਂ ਨਿਕਲ ਕੇ ਮੁਸ਼ਕਿਲਾਂ ਸਹਿ ਕੇ ਵੀ ਵਿਕਸਿਤ ਹੁੰਦੀ ਰਹੀ ਹੈ।
ਵਾਟ ਹੈ ਲੰਮੇਰੀ ਸੋਚ ਹੈ ਉਚੇਰੀ
ਰੁਕਣੀ ਨਹੀਂ ਜੇੜ੍ਹੀ ਸਾਡੀ ਮੱਠੀ ਮੱਠੀ ਤੋਰ
ਅਸੀਂ ਜਾਣਾ ਅੱਗੇ ਹੋਰ,
ਅਸੀਂ ਜਾਣਾ ਅੱਗੇ ਹੋਰ।
ਕਵੀ ਨੇ ਬੜੀ ਬੇਬਾਕੀ ਅਤੇ ਸ਼ਾਨ ਨਾਲ ਆਪਣੇ ਮਨੋਭਾਵਾਂ ਦਾ ਬਿਆਨ ਕਰਦਿਆਂ ਲੋਕ ਗੀਤਾਂ ਵਾਲੀ ਸੁਰ ਵਿਚ ਸਾਜ ਦੇ ਕਈ ਦੁੱਖਾਂ-ਸਮੱਸਿਆਵਾਂ ਨੂੰ ਪਾਠਕਾਂ ਦੇ ਸਨਮੁੱਖ ਰੱਖਿਆ ਹੈ। ਕਵੀ ਨੇ ਰੁਮਾਂਟਿਕ ਰੰਗਤ ਵਿਚ ਵੀ ਕੁਝ ਗੀਤ ਲਿਖੇ ਹਨ :
ਤੇਰੇ ਚਲੇ ਜਾਣ ਬਾਅਦ
ਤੇਰੀ ਯਾਦ ਆਊਗੀ
ਚਿਤ ਹੋਵੇਗਾ ਉਦਾਸ..........
ਮੱਤ ਫਿਰ ਦਿਲ ਨੂੰ ਏਹ ਸਮਝਾਊਗੀ
ਕਵੀ ਆਪਣੇ ਗੀਤਾਂ ਰਾਹੀਂ ਸਿੱਖਿਆ ਅਤੇ ਪ੍ਰਚਾਰ ਵੀ ਕਰਦਾ ਹੈ। ਕਿਸਾਨਾਂ ਨੂੰ ਸੰਬੋਧਨ ਕਰਦਾ ਉਹ ਲਿਖਦਾ ਹੈ :
ਜੇ ਚਾਹੁੰਨੇ ਕੁਝ ਤੂੰ ਖੱਟਣਾ
ਰਵਾਇਤੀ ਖੇਤੀ ਨੂੰ ਛੱਡ ਦੇ
ਬੀਜ ਲਾਹੇਵੰਦ ਫ਼ਸਲਾਂ
ਘਰੋਂ ਕੰਗਾਲੀ ਨੂੰ ਕੱਢ ਦੇ।
ਆਪ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜੀਵਨ ਆਦਰਸ਼ ਬਣਾਉਣ ਦੀ ਪ੍ਰੇਰਨਾ ਦਿੰਦਿਆਂ ਚੰਗੀ ਜੀਵਨ-ਜਾਚ ਦਾ ਵੀ ਪ੍ਰਚਾਰ ਕੀਤਾ ਹੈ। ਕਵੀ ਨੇ ਸਮਾਜ ਵਿਚ ਇਨਸਾਨੀ ਕਦਰਾਂ-ਕੀਮਤਾਂ ਨੂੰ ਲੱਗ ਰਹੀ ਢਾਹ ਅਤੇ ਸਿਆਸੀ ਚਾਲਾਂ ਨਾਲ ਆਮ ਮਨੁੱਖ ਦੀਆਂ ਭਾਵਨਾਵਾਂ ਨਾਲ ਹੁੰਦੇ ਖਿਲਵਾੜ ਬਾਰੇ ਵੀ ਗੀਤ ਰਚਨਾ ਕੀਤੀ ਹੈ। ਸਮੁੱਚੇ ਤੌਰ 'ਤੇ ਇਹ ਗੀਤ ਸੰਗ੍ਰਹਿ ਇਕ ਚੰਗੇ ਸਮਾਜ ਦੀ ਸਿਰਜਣਾ ਲਈ ਯਤਨਸ਼ੀਲ ਹੋਣ ਲਈ ਪ੍ਰੇਰਨਾ ਦਿੰਦਾ ਹੈ।

ਪ੍ਰੋ: ਕੁਲਜੀਤ ਕੌਰ ਅਠਵਾਲ

c c c

ਪੱਛਮੀ ਆਲੋਚਨਾ
ਸਿਧਾਂਤਕਾਰ ਅਤੇ ਵਾਦ
ਲੇਖਕ : ਡਾ: ਧਰਮ ਚੰਦ ਵਾਤਿਸ਼
ਪ੍ਰਕਾਸ਼ਕ : ਅਜ਼ੀਜ਼ ਬੁੱਕ ਹਾਊਸ, ਬਠਿੰਡਾ
ਮੁੱਲ : 145 ਰੁਪਏ, ਸਫ਼ੇ : 160
ਸੰਪਰਕ : 98144-46007.

ਡਾ: ਧਰਮ ਚੰਦ ਵਾਤਿਸ਼ ਪੰਜਾਬੀ ਦਾ ਗਹਿਰ ਗੰਭੀਰ ਸਾਹਿਤ ਸਾਧਕ ਹੈ। ਮਲੇਰਕੋਟਲੇ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਰਿਟਾਇਰ ਹੋਣ ਤੋਂ ਡੇਢ ਦਹਾਕਾ ਪਿੱਛੋਂ ਵੀ ਉਹ ਸਾਹਿਤ ਸਿਧਾਂਤਾਂ ਦੀ ਬਾਰੀਕ ਬੀਨ ਸਮਝ ਅਤੇ ਵਿਆਖਿਆ ਦੇ ਨਾਲ-ਨਾਲ ਮੌਲਿਕ ਕਾਵਿ-ਸਿਰਜਣਾ ਵਿਚ ਜਿਸ ਸਿਰੜ ਨਾਲ ਲੱਗਾ ਹੋਇਆ ਹੈ, ਉਹ ਕਿਸੇ ਤਪੱਸਵੀ ਤੋਂ ਘੱਟ ਨਹੀਂ। ਉਸ ਵਰਗੇ ਵਿਦਵਾਨ ਤੇ ਪ੍ਰਤੀਬੱਧ ਅਧਿਆਪਕ ਪੰਜਾਬੀ ਸਾਹਿਤ ਦੇ ਵਧੀਆ ਭਵਿੱਖ ਦੇ ਜ਼ਾਮਨ ਹਨ।
ਪੱਛਮੀ ਆਲੋਚਨਾ, ਸਿਧਾਂਤਕਾਰ ਅਤੇ ਵਾਦ ਵਿਚ ਡਾ: ਵਾਤਿਸ਼ ਨੇ ਉਪਰੋਕਤ ਤਿੰਨਾਂ ਖੇਤਰਾਂ ਦੇ ਉਹ ਸਾਰੇ ਵਿਸ਼ੇ/ਨੁਕਤੇ ਛੋਹੇ ਹਨ, ਜਿਨ੍ਹਾਂ ਨਾਲ ਪੋਸਟ-ਗ੍ਰੈਜੂਏਟ ਪੱਧਰ ਦੇ ਪੰਜਾਬੀ ਵਿਦਿਆਰਥੀਆਂ ਦਾ ਵਾਹ ਕਦਮ ਕਦਮ ਉੱਤੇ ਪੈਂਦਾ ਹੈ। ਸਾਹਿਤ ਦੇ ਅਧਿਐਨ ਤੇ ਮੁਲਾਂਕਣ ਲਈ ਇਨ੍ਹਾਂ ਦੀ ਜਿੰਨੀ ਸਟੀਕ ਜਾਣਕਾਰੀ ਉਨ੍ਹਾਂ ਨੂੰ ਹੋਵੇ, ਓਨੀ ਥੋੜ੍ਹੀ ਹੈ। ਮੁਸ਼ਕਿਲ ਇਹ ਹੈ ਕਿ ਪੰਜਾਬੀ ਜਗਤ ਵਿਚ ਪੱਛਮੀ ਸਾਹਿਤ ਸਿਧਾਂਤ ਦਾ ਚਿੰਤਨ ਇਕ ਅਫ਼ਵਾਹ ਵਾਂਗ ਹੀ ਆ ਵੜਿਆ ਹੈ ਅਤੇ ਸਾਡੇ ਵਿਦਿਆਰਥੀ ਅਤੇ ਅਧਿਆਪਕ ਇਸੇ ਆਸਰੇ ਗੁਜ਼ਰ ਬਸਰ ਕਰੀ ਜਾ ਰਹੇ ਹਨ। ਇਨ੍ਹਾਂ ਸਿਧਾਂਤਾਂ ਦੀ ਵਿਆਖਿਆ ਕਰਨ ਵਾਲਿਆਂ ਨੇ ਉਲਝੇ ਹੋਏ ਸ਼ਬਦ ਜਾਲ ਵਾਲੇ ਜਟਿਲ ਸ਼ਾਬਦਿਕ ਅਨੁਵਾਦ ਤੋਂ ਪਾਰ ਜਾਣ ਦੀ ਗੱਲ ਘੱਟ ਹੀ ਸੋਚੀ ਹੈ। ਇਸ ਕਿਤਾਬ ਵਿਚ ਡਾ: ਵਾਤਿਸ਼ ਨੇ ਸਰਲ ਸ਼ਬਦਾਂ ਵਿਚ ਉਹੀ ਤੇ ਓਨਾ ਕੁਝ ਹੀ ਲਿਖਿਆ ਹੈ ਜਿਸ ਦੀ ਉਸ ਨੂੰ ਸਮਝ ਹੈ ਤੇ ਜੋ ਪਾਠਕਾਂ ਨੂੰ ਵੀ ਸਮਝ ਆ ਜਾਵੇ।
ਕੀ ਹੈ ਕਿਤਾਬ ਵਿਚ? ਜ਼ਰਾ ਵੇਖੋ। ਸਾਰਤਰ, ਪਲੈਟੋ, ਅਰਸਤੂ, ਲੌਨਜਾਈਨਸ, ਹੋਰੇਸ, ਡਰਾਈਡਨ, ਵਰਡਜ਼ਵਰਥ, ਕਾਲਰਿਜ, ਏਲੀਅਟ, ਕਲੀਨਥ ਬਰੁਕਸ, ਜੇ.ਸੀ. ਰੈਨਸਮ, ਵਿਲੀਅਮ ਐਂਪਸਨ, ਐਲਨ ਟੇਟ, ਆਰ.ਪੀ. ਬਲੈਕਮੁਰ, ਰੋਲਾਂ ਬਾਰਥ, ਫਰਾਇਡ, ਯੁੰਗ, ਟੈਰੀ ਈਗਲਟਨ, ਮਾਇਤਰੀ ਸਪਿਵਾਕ ਬਾਰੇ ਨਿੱਕੇ-ਨਿੱਕੇ ਨੋਟ, ਉਨ੍ਹਾਂ ਦੇ ਚਿੰਤਨ ਦੇ ਮੁੱਖ ਬਿੰਦੂ, ਮਨੋਵਿਸ਼ਲੇਸ਼ਣ, ਅਸਤਿੱਤਵਵਾਦ, ਸੰਰਚਨਾਵਾਦ, ਆਧੁਨਿਕਤਾ, ਡੀਕੰਸਟ੍ਰਕਸ਼ਨ, ਉੱਤਰ-ਆਧੁਨਿਕਤਾ, ਅਨੁਕਰਣ ਸਿਧਾਂਤ, ਮਾਰਕਸਵਾਦ ਦਾ ਸਿਧਾਂਤਕ ਵਖਰੇਵਾਂ, ਲੇਖਕ ਦੀ ਮੌਤ, ਪਾਠ ਦੇ ਅਰਥ, ਪਾਠਕ ਦਾ ਮਹੱਤਵ, ਨਾਰੀਵਾਦ, ਪਾਠਾਂ ਦਾ ਨਿਕਟ ਅਧਿਐਨ, ਏਨੇ ਸਾਰੇ ਵਿਸ਼ਿਆਂ ਬਾਰੇ ਬੜੀਆਂ ਮੁੱਲਵਾਨ ਗੱਲਾਂ ਹਨ ਕਿਤਾਬ ਵਿਚ।

ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਪਰਿੰਦੇ ਸਤਲੁਜ ਦੇ
ਸੰਪਾਦਕ : ਬਲਦੇਵ ਸਿੰਘ ਕੋਰੇ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 94175-83141.

ਹਥਲਾ ਕਾਵਿ-ਸੰਗ੍ਰਹਿ 'ਪਰਿੰਦੇ ਸਤਲੁਜ ਦੇ' ਜ਼ਿਲ੍ਹਾ ਲਿਖਾਰੀ ਸਭਾ (ਰਜਿ:) ਰੂਪਨਗਰ ਦੇ ਪ੍ਰਧਾਨ ਬਲਦੇਵ ਸਿੰਘ ਕੋਰੇ ਵਲੋਂ ਸੰਪਾਦਿਤ ਕੀਤੀ ਗਈ ਪੁਸਤਕ ਹੈ, ਜਿਸ ਵਿਚ ਸਭਾ ਨਾਲ ਜੁੜੇ 26 ਕਵੀਆਂ ਦਾ ਇਹ ਕਾਵਿ ਪਰਾਗਾ ਹੈ। ਪ੍ਰਕਾਸ਼ਕਾਂ ਦੀ ਮਾਰ ਨਾ ਝੱਲਣ ਕਾਰਨ ਇਕੱਲਾ-ਇਕੱਲਾ ਕਵੀ ਤਾਂ ਕਿਤਾਬ ਪ੍ਰਕਾਸ਼ਿਤ ਨਹੀਂ ਕਰ ਸਕਦਾ। ਇਸ ਕਰਕੇ ਅਜਿਹੇ ਕਵੀਆਂ ਦੀ ਸਾਂਝੀ ਪੁਸਤਕ ਪ੍ਰਕਾਸ਼ਿਤ ਕਰਾਉਣਾ ਜ਼ਿਲ੍ਹਾ ਲਿਖਾਰੀ ਸਭਾ ਰੂਪਨਗਰ ਦਾ ਇਹ ਸਾਰਥਕ ਯਤਨ ਹੈ। ਕਿਤਾਬ ਦੇ ਨਾਂਅ 'ਪਰਿੰਦੇ ਸਤਲੁਜ ਦੇ' ਤੋਂ ਇਹ ਭਲੀਭਾਂਤ ਪਤਾ ਚੱਲ ਜਾਂਦਾ ਹੈ ਕਿ ਕੁਝ ਕਾਵਿ ਪਰਿੰਦੇ ਅਜੇ ਆਲ੍ਹਣੇ 'ਚੋਂ ਬਾਹਰ ਆਏ ਹਨ, ਕੁਝ ਦੇ ਪਰ ਨਿਕਲ ਰਹੇ ਹਨ, ਕੁਝ ਉਡਾਨ ਭਰ ਰਹੇ ਹਨ ਅਤੇ ਕੁਝ ਉਕਾਬ ਬਣਨ ਦਾ ਅਭਿਆਸੀ ਪ੍ਰਯਤਨ ਕਰ ਰਹੇ ਹਨ। ਹਰੇਕ ਸਮਿਲਤ ਕਵੀ ਨੇ ਆਪਣੇ ਤਖੱਯਲ ਦੀ ਸੀਮਾ ਅਨੁਸਾਰ ਕਾਵਿ ਰਚਨਾ ਕੀਤੀ ਹੈ। ਸ਼ਾਇਰ ਆਦਰਸ਼ਵਾਦ ਦੀ ਪੌੜੀ ਤੋਂ ਉਤਾਂਹ ਸਮਕਾਲ ਦਾ ਹਾਣੀ ਹੋਣ ਲਈ ਇਹ ਪਰਿੰਦੇ ਆਪਣੇ ਪਰ ਤੋਲ ਰਹੇ ਹਨ, ਕਿਤਾਬ ਵਿਚ ਪ੍ਰਚੱਲਿਤ ਵਿਸ਼ਿਆਂ ਭਰੂਣ ਹੱਤਿਆ, ਭੈਣਾਂ ਨੂੰ ਡੋਲੀ ਤੋਰਨਾ, ਪ੍ਰਦੇਸੀਂ ਗਏ ਪੁੱਤਾਂ ਲਈ ਮਾਵਾਂ ਦੀ ਤੜਪ ਅਤੇ ਬਿਰਹਨ ਪਤਨੀਆਂ ਦੇ ਹਉਕੇ ਹਾਵਿਆਂ ਤੋਂ ਇਲਾਵਾ ਜੰਗ ਵਿਚ ਤੋਪਾਂ ਦਾ ਚਾਰਾ ਬਣਨ ਵਾਲੇ ਫ਼ੌਜੀ ਯੋਧਿਆਂ ਦਾ ਮਾਰਮਿਕ ਚਿਤਰਨ ਹੈ। ਭਾਵ ਡਾ: ਜਸਵੰਤ ਕੌਰ ਸੈਣੀ, ਗੁਰਨਾਮ ਬਿਜਲੀ, ਸੂਬਾ ਸੁਰਿੰਦਰ ਕੌਰ ਖਰਲ, ਹਰਦੀਪ ਗਿੱਲ, ਨੀਰੂ ਅਰਸ਼ ਤੇ ਪ੍ਰੋ: ਕੁਲਵਿੰਦਰ ਸਿੰਘ ਬੱਬੂ ਦੇ ਕਲਾਮ ਵੀ ਧਿਆਨ ਖਿੱਚਦੇ ਹਨ ਪਰ ਸ਼ਾਇਰ ਸੁਰਜੀਤ ਸਿੰਘ ਜੀਤ ਦੀ ਵੰਨਗੀ ਤਾਂ ਕਮਾਲ ਦੀ ਹੈ। ਇਸ ਵੰਨਗੀ ਦਾ ਤੁਸੀਂ ਵੀ ਅਨੰਦ ਮਾਣੋ :
'ਐਸੀ ਫਿਰ ਸਰਕਾਰ ਨਾ ਦੋਵੇ,
ਬਾਂਦਰ ਹੱਥ ਤਲਵਾਰ ਨਾ ਦੇਵੋ।
ਜੋ ਸਿਰ ਨੂੰ ਸਿਰ ਰਹਿਣ ਨਾ ਦੇਵੇ,
ਐਸੀ ਵੀ ਦਸਤਾਰ ਨਾ ਦੇਵੋ।
ਇਕ ਹੱਥ ਵਿਚ ਅਮਨ ਦੀ ਘੁੱਗੀ,
ਦੂਜੇ ਹੱਥ ਹਥਿਆਰ ਨਾ ਦੇਵੋ।'

ਭਗਵਾਨ ਢਿੱਲੋਂ
ਮੋ: 98143-78254.

c c c

28-08-2020

 ਪਾਣੀ ਦੀ ਦੁਰਵਰਤੋਂ
ਪੰਜ ਪਾਣੀਆਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਪੰਜਾਬ ਅੱਜ ਖ਼ੁਦ ਪਿਆਸਾ ਹੁੰਦਾ ਨਜ਼ਰ ਆ ਰਿਹਾ ਹੈ। ਆਏ ਸਾਲ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਹੁੰਦਾ ਜਾ ਰਿਹਾ ਹੈ। ਅਸੀਂ ਭਲੀ-ਭਾਂਤ ਜਾਣਦੇ ਹਾਂ ਕਿ ਪਾਣੀ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਪਰ ਇਹ ਸਭ ਜਾਣਦੇ ਹੋਏ ਵੀ ਅਸੀਂ ਸਭ ਇਸ ਅਣਮੁੱਲੀ ਵਸਤੂ ਦੀ ਦੁਰਵਰਤੋਂ ਕਰਨ 'ਤੇ ਤੁਲੇ ਹੋਏ ਹਾਂ। ਸਮਾਂ ਰਹਿੰਦੇ ਜੇਕਰ ਅਸੀਂ ਇਸ ਗੰਭੀਰ ਮਸਲੇ ਪ੍ਰਤੀ ਸੁਚੇਤ ਨਾ ਹੋਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਸ ਦੀ ਘਾਟ ਕਾਰਨ ਅਸੀਂ ਅਨੇਕਾਂ ਮੁਸ਼ਕਿਲਾਂ ਵਿਚ ਘਿਰ ਜਾਵਾਂਗੇ। ਸੋ ਸਰਕਾਰਾਂ ਦੇ ਨਾਲ-ਨਾਲ ਸਾਨੂੰ ਸਭ ਨੂੰ ਇਸ ਪ੍ਰਤੀ ਸੋਚਣ ਦੀ ਅਹਿਮ ਲੋੜ ਹੈ।

-ਰਾਜਾ ਗਿੱਲ (ਚੜਿੱਕ), ਪਿੰਡ ਤੇ ਡਾਕ: ਚੜਿੱਕ (ਮੋਗਾ)।

ਲਾਇਬ੍ਰੇਰੀ ਸੱਭਿਆਚਾਰ
ਅਜੋਕੇ ਸਮਾਜ ਦਾ ਬੜਾ ਦੁਖਦਾਈ ਪਹਿਲੂ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਲਾਇਬ੍ਰੇਰੀ ਅਤੇ ਕਿਤਾਬੀ ਸੱਭਿਆਚਾਰ ਤੋਂ ਕੋਹਾਂ ਦੂਰ ਜਾ ਚੁੱਕੀ ਹੈ। ਨਵੀਂ ਪੀੜ੍ਹੀ ਵਿਚੋਂ ਟਾਵੇਂ ਹੀ ਬੱਚੇ ਹਨ ਜੋ ਕਿਤਾਬਾਂ ਪੜ੍ਹਦੇ ਹਨ। ਉਨ੍ਹਾਂ ਵਿਚ ਅਖ਼ਬਾਰ ਪੜ੍ਹਨ ਦੀ ਰੁਚੀ ਵੀ ਨਾਂਹ ਦੇ ਬਰਾਬਰ ਹੈ। ਮੋਬਾਈਲ ਤੇ ਇੰਟਰਨੈੱਟ ਨੇ ਵੀ ਨੌਜਵਾਨ ਪੀੜ੍ਹੀ ਨੂੰ ਕਿਤਾਬੀ ਅਤੇ ਲਾਇਬ੍ਰੇਰੀ ਸੱਭਿਆਚਾਰ ਤੋਂ ਦੂਰ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਹੈ। ਅੱਜ ਟਾਵੇਂ-ਟਾਵੇਂ ਪਿੰਡਾਂ ਵਿਚ ਹੀ ਲਾਇਬ੍ਰੇਰੀਆਂ ਦੇਖਣ ਨੂੰ ਮਿਲਦੀਆਂ ਹਨ ਪਰ ਉਥੇ ਵੀ ਪਾਠਕਾਂ ਦੀ ਵੱਡੀ ਘਾਟ ਹੈ। ਸਰਕਾਰ ਅਤੇ ਅਗਾਂਹਵਧੂ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਕੂਲ ਵਿਚਲੀਆਂ ਲਾਇਬ੍ਰੇਰੀਆਂ ਵੱਲ ਧਿਆਨ ਦੇਣ। ਕਿਤਾਬਾਂ ਨਾਲ ਸਾਂਝ ਪਾਉਣੀ ਸਾਡੇ ਸਾਰਿਆਂ ਲਈ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਅਸੀਂ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਜਾਵਾਂਗੇ ਅਤੇ ਜੜ੍ਹਾਂ ਤੋਂ ਟੁੱਟੇ ਦਰੱਖਤ ਦਾ ਕੀ ਹਾਲ ਹੈ, ਇਹ ਅਸੀਂ ਸਭ ਚੰਗੀ ਤਰ੍ਹਾਂ ਜਾਣਦੇ ਹੀ ਹਾਂ।

-ਰਾਜਿੰਦਰ ਸਿੰਘ ਮਰਾਹੜ
ਪਿੰਡ ਕੋਠਾ ਗੁਰੂ, ਤਹਿ: ਫੂਲ, ਜ਼ਿਲ੍ਹਾ ਬਠਿੰਡਾ।

ਕੋਵਿਡ ਦੇ ਵਧਦੇ ਕੇਸ
ਦੇਸ਼ ਭਰ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਕੋਰੋਨਾ ਦੇ ਕੇਸਾਂ ਦੀ ਅਤੇ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਪਰ ਇਸ ਬਿਮਾਰੀ 'ਤੇ ਫ਼ਤਹਿ ਪਾਉਣ ਲਈ ਐਨਾ ਕਾਫੀ ਨਹੀਂ ਹੈ। ਲੋੜ ਹੈ ਸਾਨੂੰ ਸਭ ਨੂੰ ਸਾਵਧਾਨੀ ਵਰਤਣ ਦੀ। ਮੁੜ ਤਾਲਾਬੰਦੀ ਦੇ ਹਾਲਾਤ ਬਣਦੇ ਜਾ ਰਹੇ ਹਨ। ਵਧਦੇ ਕੇਸ ਮਾੜੇ ਸਮੇਂ ਦੀ ਦਸਤਕ ਦਾ ਸੰਕੇਤ ਦੇ ਰਹੇ ਹਨ। ਪਹਿਲਾਂ ਹੀ ਦੇਸ਼ ਗ਼ਰੀਬੀ, ਭੁੱਖਮਰੀ ਅਤੇ ਬੇਰੁਜ਼ਗਾਰੀ ਆਦਿ ਦੀ ਮਾਰ ਹੇਠ ਹੈ। ਕੋਰੋਨਾ ਦੀ ਮਾਰ ਦੇਸ਼ ਨੂੰ ਹੋਰ ਢਾਹ ਲਾਏਗੀ। ਜਦ ਤੱਕ ਕੋਰੋਨਾ ਦੀ ਕੋਈ ਪ੍ਰਮਾਣਿਤ ਵੈਕਸੀਨ ਨਹੀਂ ਆ ਜਾਂਦੀ, ਤਦ ਤੱਕ ਇਸ ਜਾਨਲੇਵਾ ਬਿਮਾਰੀ ਦਾ ਟਾਕਰਾ ਕਰਨਾ ਸਾਡੇ ਸਭ ਲਈ ਇਕ ਗੰਭੀਰ ਚਣੌਤੀ ਹੈ। ਲੋੜ ਹੈ ਸਾਨੂੰ ਸਭ ਨੂੰ ਸਾਵਧਾਨੀ ਵਰਤਣ ਦੀ ਅਤੇ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ, ਤਾਂ ਕਿ ਅਸੀਂ ਇਸ ਬਿਮਾਰੀ ਤੋਂ ਖ਼ੁਦ ਅਤੇ ਸਮਾਜ ਨੂੰ ਬਚਾਅ ਸਕੀਏ।

-ਹਰਪ੍ਰੀਤ ਸਿੰਘ, ਨਾਭਾ ਕੈਂਟ।

ਡੀ.ਡੀ. ਪੰਜਾਬੀ ਚੈਨਲ 'ਤੇ ਪੜ੍ਹਾਈ
ਸਿੱਖਿਆ ਵਿਭਾਗ ਪੰਜਾਬ ਵਲੋਂ ਡੀ.ਡੀ. ਪੰਜਾਬੀ ਚੈਨਲ 'ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪੜ੍ਹਾਈ ਨਾਲ ਸਬੰਧਿਤ ਵੱਖ-ਵੱਖ ਜਮਾਤਾਂ ਦੇ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ। ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸਰਕਾਰ ਵਲੋਂ ਸਕੂਲਾਂ, ਕਾਲਜਾਂ ਨੂੰ ਬੰਦ ਕੀਤਾ ਗਿਆ ਹੈ। ਇਸ ਦੌਰਾਨ ਬੱਚਿਆਂ ਦੀ ਪੜ੍ਹਾਈ ਆਨਲਾਈਨ ਮੋਬਾਈਲਾਂ ਉੱਤੇ ਜਾਂ ਟੀ.ਵੀ. ਉੱਤੇ ਨਿਰਭਰ ਹੋ ਗਈ ਹੈ। ਅਧਿਆਪਕਾਂ ਦੁਆਰਾ ਬੱਚਿਆਂ ਨੂੰ ਲਗਾਤਾਰ ਆਨਲਾਈਨ ਕੰਮ ਕਰਵਾਇਆ ਜਾ ਰਿਹਾ ਹੈ। ਤਾਲਾਬੰਦੀ ਦੌਰਾਨ ਬੱਚਿਆਂ ਦਾ ਪੜ੍ਹਨ ਵਿਚ ਆਨਲਾਈਨ ਰੁਝਾਨ ਇਕ ਨਵਾਂ ਉਪਰਾਲਾ ਸਾਹਮਣੇ ਆਇਆ ਹੈ। ਡੀ.ਡੀ. ਪੰਜਾਬੀ ਚੈਨਲ ਦਾ ਟੀ.ਵੀ. ਉੱਤੇ ਪੜ੍ਹਾਈ ਨਾਲ ਸਬੰਧਿਤ ਪ੍ਰੋਗਰਾਮ ਪੇਸ਼ ਕਰਨਾ ਇਕ ਚੰਗਾ ਤੇ ਸ਼ਲਾਘਾਯੋਗ ਉਪਰਾਲਾ ਹੈ, ਜੋ ਕਿ ਨਿਰੰਤਰ ਚਲਦਾ ਰਹਿਣਾ ਚਾਹੀਦਾ ਹੈ।

-ਮਹਿੰਦਰ ਸਿੰਘ, ਰਾਏਕੋਟ, ਜ਼ਿਲ੍ਹਾ ਲੁਧਿਆਣਾ।

ਕੇਂਦਰ ਸਰਕਾਰ ਮਹਿੰਗਾਈ ਭੱਤਾ ਬਹਾਲ ਕਰੇ
ਕੋਵਿਡ-19 ਦੇ ਵਿਸ਼ਵ ਵਿਆਪੀ ਪ੍ਰਕੋਪ ਦਾ ਪਹਿਲਾ ਝਟਕਾ ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਡੀ.ਏ. ਰੋਕ ਕੇ ਦੇ ਦਿੱਤਾ ਹੈ, ਉਹ ਵੀ 30 ਜੂਨ, 2021 ਤੱਕ। ਏਨੇ ਲੰਮੇ ਸਮੇਂ ਤੱਕ ਜੋ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਕਿਹਾ ਜਾ ਸਕਦਾ ਹੈ। ਮਹਿੰਗਾਈ ਤਾਂ ਰੋਜ਼ ਵਧ ਰਹੀ ਹੈ। ਪੰਜਾਬ ਨੂੰ ਹੀ ਲੈ ਲਓ, ਸਰਕਾਰ ਪੈਸੇ-ਪੈਸੇ ਦੀ ਤੰਗੀ ਲਈ ਜੂਝ ਰਹੀ ਹੈ। ਸਾਡਾ ਪੰਜਾਬੀਆਂ ਦਾ ਘੱਟੋ-ਘੱਟ ਪੰਜ ਹਜ਼ਾਰ ਕਰੋੜ ਤਾਂ ਸਰਕਾਰ ਨੇ ਆਪਣੀਆਂ ਗ਼ਲਤੀਆਂ 'ਤੇ ਪਰਦਾ ਪਾਉਣ ਲਈ ਵਰਤ ਲਿਆ ਹੈ। ਜੇਕਰ ਇਹ ਪੈਸਾ ਸਹੀ ਵੰਡ ਕਰਕੇ ਸੂਬਿਆਂ ਨੂੰ ਦਿੱਤਾ ਹੁੰਦਾ ਤਾਂ ਹੀ ਇਸ ਦਾ ਅਸਲੀ ਮਨੋਰਥ ਪੂਰਾ ਹੋ ਸਕਦਾ ਸੀ। ਚਾਹੀਦਾ ਤਾਂ ਇਹ ਸੀ ਸਰਕਾਰ ਮਹਿੰਗਾਈ ਭੱਤਾ ਕੱਟਣ ਦੀ ਬਜਾਏ ਪੰਜ ਸੱਤ ਸੌ ਰੁਪਿਆ ਮਹੀਨਾ ਲਾਜ਼ਮੀ ਫੰਡ ਲੈ ਲੈਂਦੀ। ਅਫ਼ਸੋਸ! ਕਿਸੇ ਪਾਰਟੀ ਜਾਂ ਸੰਗਠਨ ਨੇ ਇਸ ਵਿਰੁੱਧ ਆਵਾਜ਼ ਵੀ ਨਹੀਂ ਚੁੱਕੀ। ਇਹ ਗੱਲ ਤਾਂ ਪੱਕੀ ਹੈ ਕਿ ਜੁਲਾਈ 2021 ਤੱਕ ਮਹਿੰਗਾਈ ਭੱਤਾ 17 ਫ਼ੀਸਦੀ ਹੀ ਰਹੇਗਾ ਜਿਹੜਾ ਉਦੋਂ ਤੱਕ 32 ਫ਼ੀਸਦੀ ਹੋਣ ਦੀ ਉਮੀਦ ਕੀਤੀ ਜਾ ਸਕਦੀ ਸੀ ਅਤੇ ਇਹ ਪਾੜਾ ਅਗਲੇ ਤਨਖ਼ਾਹ ਕਮਿਸ਼ਨ ਤੱਕ ਬਰਕਰਾਰ ਰਹੇਗਾ।

-ਰਿਟਾ: ਸੂਬੇਦਾਰ ਹਰਭਜਨ ਸਿੰਘ
ਪਿੰਡ ਤੇ ਡਾਕ: ਸਹੂੰਗੜਾ, ਤਹਿ: ਬਲਾਚੌਰ (ਨਵਾਂਸ਼ਹਿਰ)।

ਡਿਗ ਰਿਹਾ ਪਾਣੀ ਦਾ ਪੱਧਰ
ਪਾਣੀ ਹਰ ਤਰ੍ਹਾਂ ਦੀ ਜ਼ਿੰਦਗੀ ਲਈ ਬਹੁਤ ਜ਼ਰੂਰੀ ਤੱਤ ਹੈ ਜਿਸ ਤੋਂ ਬਿਨਾਂ ਜਿਊਂਦੇ ਰਹਿਣਾ ਅਸੰਭਵ ਹੈ। ਧਰਤੀ 'ਤੇ ਅਸੀਂ ਜਲ ਸ੍ਰੋਤਾਂ ਨੂੰ ਦੋ ਭਾਗਾਂ ਵਿਚ ਵੇਖਦੇ ਹਾਂਵਹਿੰਦੇ ਪਾਣੀ ਦੇ ਸ੍ਰੋਤ ਤੇ ਖੜ੍ਹੇ ਪਾਣੀ ਦੇ ਸ੍ਰੋਤ। ਵਿਗਿਆਨ ਅਨੁਸਾਰ ਜੇਕਰ ਪਦਾਰਥ ਪੁੰਜ ਸੁਰੱਖਿਅਣ ਦੀ ਗੱਲ ਕਰੀਏ ਤਾਂ ਕਿਸੇ ਵੀ ਪਦਾਰਥ ਦਾ ਪੁੰਜ ਨਾ ਹੀ ਨਸ਼ਟ ਕੀਤਾ ਜਾ ਸਕਦਾ ਹੈ ਨਾ ਹੀ ਪੈਦਾ ਕੀਤਾ ਜਾ ਸਕਦਾ ਹੈ। ਇਹ ਕੇਵਲ ਇਕ ਰੂਪ ਤੋਂ ਦੂਜੇ ਰੂਪ ਵਿਚ ਪਰਵਰਤਿਤ ਹੁੰਦਾ ਰਹਿੰਦਾ ਹੈ। ਇਹੀ ਨਿਯਮ ਪਾਣੀ 'ਤੇ ਵੀ ਲਾਗੂ ਹੁੰਦਾ ਹੈ। ਧਰਤੀ ਹੇਠ ਪਾਣੀ ਦੀ ਮੌਜੂਦਗੀ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਕਿੰਨਾ ਪਾਣੀ ਧਰਤੀ ਅੰਦਰੋਂ ਬਾਹਰ ਕੱਢਿਆ ਜਾ ਰਿਹਾ ਹੈ ਤੇ ਕਿੰਨਾ ਰਿਸ ਕੇ ਧਰਤੀ ਅੰਦਰ ਜਾ ਰਿਹਾ ਹੈ। ਜੇਕਰ ਦੋਵਾਂ ਦਾ ਸੰਤੁਲਨ ਬਣਿਆ ਰਹੇ ਤਾਂ ਜਲ ਪੱਧਰ ਬਣਿਆ ਰਹੇਗਾ। ਪਰ ਇਹ ਸੰਤੁਲਨ ਵਿਗੜ ਚੁੱਕਾ ਹੈ। ਕੱਚੀਆਂ ਥਾਵਾਂ ਦਿਨ-ਪ੍ਰਤੀਦਿਨ ਘਟ ਰਹੀਆਂ ਹਨ, ਜਿਸ ਕਾਰਨ ਪਾਣੀ ਰਿਸਣ ਦੀ ਮਾਤਰਾ ਵੀ ਘਟ ਗਈ ਹੈ। ਇਸ ਲਈ ਅਜੋੋਕਾ ਖੇਤੀ ਸਿਸਟਮ ਤੇ ਉਦਯੋਗੀਕਰਨ ਮੁੱਖ ਤੌਰ 'ਤੇ ਜ਼ਿੰਮੇਵਾਰ ਹਨ। ਧਰਤੀ ਹੇਠਲਾ ਪਾਣੀ ਦਾ ਜਲ ਪੱਧਰ ਵਧਾਉਣ ਲਈ ਜ਼ਰੂਰੀ ਹੈ ਕਿ ਮੀਂਹ ਦੇ ਪਾਣੀ ਨੂੰ ਵੱਧ ਤੋਂ ਵੱਧ ਧਰਤੀ ਹੇਠ ਭੇਜਿਆ ਜਾ ਸਕੇ। ਇਸ ਲਈ ਛੱਪੜ ਤੇ ਵਰਖਾ ਦੇ ਪਾਣੀ ਦੀ ਸੰਭਾਲ ਮੁੱਖ ਤੌਰ 'ਤੇ ਭੁਮਿਕਾ ਨਿਭਾਅ ਸਕਦੇ ਹਨ ਤੇ ਮੌਜੂਦਾ ਸਰਕਾਰਾਂ ਨੂੰ ਇਸ ਸਬੰਧੀ ਵਿਸ਼ੇਸ਼ ਤੌਰ 'ਤੇ ਧਿਆਨ ਦੇਣ ਦੀ ਲੋੜ ਹੈ।

-ਪ੍ਰੇਮ ਕੁਮਾਰ ਸ.ਸ ਮਾਸਟਰ (ਰੂਪਨਗਰ)।

27-08-2020

 ਨਵੀਂ ਰਾਸ਼ਟਰੀ ਸਿੱਖਿਆ ਨੀਤੀ
ਦੁਨੀਆ ਦੇ ਅਗਾਂਹਵਧੂ ਦੇਸ਼ਾਂ ਦੀ ਤਰੱਕੀ ਅਤੇ ਵਿਕਾਸ ਦਾ ਇਕੋ-ਇਕ ਪ੍ਰਮੁੱਖ ਰਾਜ ਹੈ ਕਿ ਉਨ੍ਹਾਂ ਦੇਸ਼ਾਂ ਨੇ ਸਿੱਖਿਆ ਨੀਤੀ ਅਜਿਹੀ ਘੜੀ ਜੋ ਲੋਕਾਂ ਦੀ ਸਮਾਜ ਦੀ ਅਤੇ ਰਾਸ਼ਟਰ ਦੀ ਲੋੜ ਸੀ। ਭਵਿੱਖ ਦੀ ਸਿਰਜਣਾ ਲਈ ਸਕੂਲੀ ਸਿੱਖਿਆ ਨੂੰ ਅਹਿਮ ਕਰਾਰ ਦਿੱਤਾ ਗਿਆ। ਮੋਦੀ ਸਰਕਾਰ ਦੀ ਅਗਵਾਈ ਅਤੇ ਤਿੱਖੀ ਨਿਗਰਾਨੀ ਹੇਠ ਤਿਆਰ ਹੋਈ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਨੂੰ ਸੰਸਦ ਵਿਚ ਬਿਨਾਂ ਚਰਚਾ ਤੋਂ ਹੀ ਕੇਂਦਰੀ ਕੈਬਨਿਟ ਨੇ ਪਾਸ ਕਰ ਦਿੱਤਾ ਹੈ। ਭਾਰਤ ਦੇ ਚੋਟੀ ਦੇ ਵਿਦਵਾਨ ਅਤੇ ਸਿੱਖਿਆ ਸ਼ਾਸਤਰੀ ਤਾਂ ਇਹ ਕਹਿ ਰਹੇ ਕਿ ਇਹ ਭਾਰਤ ਸਰਕਾਰ ਦੀ ਸਿੱਖਿਆ ਨੀਤੀ ਹੈ ਨਾ ਕਿ ਰਾਸ਼ਟਰ ਦੀ ਸਿੱਖਿਆ ਨੀਤੀ। ਹੁਣ ਸਮਾਂ ਆਉਣ 'ਤੇ ਹੀ ਇਹ ਸਿੱਟਾ ਕੱਢਿਆ ਜਾਵੇਗਾ ਕਿ ਜੋ ਸੁਪਨਾ ਲਿਆ ਗਿਆ ਹੈ, ਕੀ ਉਹ ਹਕੀਕੀ ਰੂਪ ਵਿਚ ਸਾਕਾਰ ਹੁੰਦਾ ਹੈ ਜਾਂ ਨਹੀਂ? ਆਓ ਉਮੀਦ ਕਰੀਏ ਕਿ ਸਿੱਖਿਆ, ਸਿੱਖਿਆ ਹੀ ਰਹੇ, ਵਹਿਮ-ਭਰਮ, ਜੋਤਿਸ਼ ਆਦਿ ਤੋਂ ਦੂਰ ਹੀ ਰਹੇ। ਰਾਸ਼ਟਰਵਾਦ ਦੇ ਨਾਂਅ 'ਤੇ ਬੱਚਿਆਂ ਦੇ ਦਿਮਾਗਾਂ ਵਿਚ ਫ਼ਿਰਕੂ ਜ਼ਹਿਰ ਨਾ ਭਰਿਆ ਜਾਵੇ ਤਾਂ ਕਿ ਬੱਚੇ ਦੇਸ਼ ਦੇ ਸੱਚੇ-ਸੁੱਚੇ ਨਾਗਰਿਕ ਬਣ ਸਕਣ।

-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।

ਮਾਂ-ਬੋਲੀ ਵਲੋਂ ਅਵੇਸਲਾਪਣ!
ਅਕਸਰ ਵੇਖਣ ਵਿਚ ਆਇਆ ਹੈ ਕਿ ਅਸੀਂ ਬਿਨਾਂ ਸੋਚੇ ਹੀ ਆਪਣੇ ਘਰਾਂ ਅੱਗੇ ਨਾਂਅ ਦੀਆਂ ਤਖ਼ਤੀਆਂ ਮਾਂ-ਬੋਲੀ ਪੰਜਾਬੀ ਵਿਚ ਲਿਖਣ ਦੀ ਥਾਂ ਅੰਗਰੇਜ਼ੀ ਵਿਚ ਲਿਖਣ ਵਿਚ ਟਾਹੁਰ ਸਮਝਦੇ ਹਾਂ। ਇਸੇ ਤਰ੍ਹਾਂ ਹੀ ਨਵੀਆਂ ਵੱਸ ਰਹੀਆਂ ਬਸਤੀਆਂ ਦੇ ਨਾਂਅ ਵੀ ਅੰਗਰੇਜ਼ੀ ਵਿਚ ਹਨ ਜਿਵੇਂ ਗਰੀਨ ਐਵੀਨਿਊ, ਪਾਰਕ ਐਵੀਨਿਊ ਆਦਿ। ਮੇਰੇ ਖਿਆਲ ਵਿਚ ਬਹੁਗਿਣਤੀ ਨੂੰ 'ਐਵੀਨਿਊ' ਸ਼ਬਦ ਦੇ ਸਹੀ ਅਰਥ ਨਹੀਂ ਆਉਂਦੇ। ਮੇਰੀ ਜਾਚੇ ਇਹ ਸਭ ਕੁਝ ਰੀਸੋ-ਰੀਸ ਹੋ ਰਿਹਾ ਹੈ। ਸਾਨੂੰ ਆਪਣੀ ਮਾਂ-ਬੋਲੀ ਬਾਰੇ ਗੰਭੀਰ ਹੋਣ ਦੀ ਭਾਰੀ ਲੋੜ ਹੈ।

-ਨਵਰਾਹੀ ਘੁਗਿਆਣਵੀ
ਸਰਪ੍ਰਸਤ, ਪੰਜਾਬੀ ਸਾਹਿਤ ਸਭਾ, ਫ਼ਰੀਦਕੋਟ।

ਨਾਂਅ ਬਦਲਣ ਦੀ ਰਾਜਨੀਤੀ
ਉੱਤਰ ਪ੍ਰਦੇਸ਼ ਸਰਕਾਰ ਨੇ ਹੁਣ ਮੰਡੂਵਾੜੀਹ ਸਟੇਸ਼ਨ ਦਾ ਨਾਂਅ ਬਦਲ ਕੇ ਹੁਣ ਬਨਾਰਸ ਜੰਕਸ਼ਨ ਕਰ ਦਿੱਤਾ ਹੈ ਅਤੇ ਰਾਸ਼ਟਰਪਤੀ ਹਾਊਸ ਦੇ ਮੁਗਲ ਗਾਰਡਨ ਦਾ ਨਾਂਅ ਰਾਜਿੰਦਰ ਪ੍ਰਸਾਦ ਗਾਰਡਨ ਰੱਖਿਆ ਗਿਆ ਹੈ। ਉੱਤਰ ਪ੍ਰਦੇਸ਼ ਦੇ ਮੁਗਲਸਰਾਏ ਅਤੇ ਅਲਾਹਾਬਾਦ ਜੰਕਸ਼ਨ ਰੇਲਵੇ ਸਟੇਸ਼ਨਾਂ ਦੇ ਨਾਂਅ ਵੀ ਬਦਲੇ ਗਏ ਸਨ। ਨਾਂਅ ਬਦਲਣ ਬਾਰੇ ਵੀ ਕਾਫੀ ਰਾਜਨੀਤੀ ਹੋਈ ਸੀ। ਸਰਕਾਰ ਨੂੰ ਰੁਜ਼ਗਾਰ ਅਤੇ ਆਰਥਿਕਤਾ 'ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਕੋਰੋਨਾ ਮਹਾਂਮਾਰੀ ਦੇ ਦੌਰਾਨ ਬਹੁਤ ਸਾਰੇ ਲੋਕ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ। ਇਸ ਲਈ ਸਰਕਾਰ ਨੂੰ ਰੁਜ਼ਗਾਰ, ਸਿੱਖਿਆ ਅਤੇ ਆਰਥਿਕਤਾ ਵਰਗੇ ਵਿਭਾਗਾਂ ਵਿਚ ਵਧੇਰੇ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਨਾਂਅ ਬਦਲਣ 'ਤੇ ਵਧੇਰੇ ਧਿਆਨ ਦੇਣਾ।

-ਨੇਹਾ ਜਮਾਲ
ਮੁਹਾਲੀ।

ਬੇਰੁਜ਼ਗਾਰੀ
ਬੇਰੁਜ਼ਗਾਰੀ ਦੀ ਸਮੱਸਿਆ ਦਿਨੋ-ਦਿਨ ਕੋਹੜ ਦੀ ਤਰ੍ਹਾਂ ਸਮਾਜ ਨੂੰ ਅੰਦਰੋ-ਅੰਦਰੀ ਖੋਖਲਾ ਕਰਦੀ ਜਾ ਰਹੀ ਹੈ। ਆਧੁਨਿਕ ਸਿੱਖਿਆ ਪ੍ਰਣਾਲੀ ਬੇਰੁਜ਼ਗਾਰੀ ਦਾ ਅਹਿਮ ਹਿੱਸਾ ਹੈ। ਅੱਜ ਦਾ ਵਿਦਿਆਰਥੀ ਜੋ ਕੱਲ੍ਹ ਦਾ ਭਵਿੱਖ ਹੈ, ਨੂੰ ਉੱਚੀਆਂ ਡਿਗਰੀਆਂ ਲੈਣ ਦੇ ਬਾਵਜੂਦ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਪ੍ਰਾਈਵੇਟ ਅਦਾਰੇ ਇਨ੍ਹਾਂ ਪੜ੍ਹੇ-ਲਿਖੇ ਨੌਜਵਾਨਾਂ ਦਾ ਰੱਜ ਕੇ ਸ਼ੋਸ਼ਣ ਕਰਦੇ ਹਨ। ਇਥੋਂ ਤੱਕ ਕਿ ਅਨਪੜ੍ਹ ਮਜ਼ਦੂਰ ਵੀ ਪੜ੍ਹੇ-ਲਿਖੇ ਨਾਗਰਿਕ ਨਾਲੋਂ ਜ਼ਿਆਦਾ ਕਮਾਈ ਕਰ ਲੈਂਦਾ ਹੈ। ਨੌਜਵਾਨ ਨਸ਼ੇ, ਡਕੈਤੀਆਂ, ਚੋਰੀਆਂ ਆਦਿ ਬੁਰਾਈਆਂ ਵੱਲ ਰੁਖ਼ ਕਰ ਲੈਂਦੇ ਹਨ। ਨੌਕਰੀ ਦੀ ਉਡੀਕ ਕਰਦਿਆਂ-ਕਰਦਿਆਂ ਮੇਰੀ ਵੀ ਨੌਕਰੀ ਦੀ ਉਮਰ ਹੱਦ ਟੱਪ ਗਈ ਹੈ। ਸਰਕਾਰ ਨੂੰ ਵੋਕੇਸ਼ਨਲ ਸਿੱਖਿਆ ਪ੍ਰਣਾਲੀ ਖੋਲ੍ਹ ਕੇ ਨੌਜਵਾਨਾਂ ਦਾ ਭਵਿੱਖ ਉੱਜਵਲ ਬਣਾਉਣਾ ਚਾਹੀਦਾ ਹੈ।

-ਨਿਸ਼ੂ ਬਾਲਾ, ਸ਼ੇਰਪੁਰ।

ਗੰਭੀਰ ਬਿਮਾਰੀ ਕੋਰੋਨਾ
ਦੋਸਤੋ ਕੋਰੋਨਾ ਬਹੁਤ ਹੀ ਗੰਭੀਰ ਬਿਮਾਰੀ ਹੈ, ਜਿਸ ਦਾ ਪ੍ਰਕੋਪ ਪੰਜਾਬ ਵਿਚ ਮਹਾਂਮਾਰੀ ਦਾ ਰੂਪ ਧਾਰਨ ਕਰ ਰਿਹਾ ਹੈ ਅਤੇ ਸੂਬੇ ਵਿਚ ਇਸ ਬਿਮਾਰੀ ਨਾਲ ਹਰ ਰੋਜ਼ ਮਰਨ ਵਾਲਿਆਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ ਹੈ। ਪੰਜਾਬ ਦੇ ਕਈ ਸਿਆਸੀ ਨੇਤਾ, ਮੰਤਰੀ ਅਤੇ ਹੋਰ ਵੀ ਕਈ ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ। ਨਾ ਹੀ ਸਰਕਾਰ ਅਤੇ ਨਾ ਹੀ ਆਮ ਲੋਕ ਇਸ ਪ੍ਰਤੀ ਸੰਜੀਦਾ ਹਨ। ਇਕ-ਦੂਜੇ ਤੋਂ ਘੱਟੋ-ਘੱਟ ਦੋ ਗਜ ਦੀ ਦੂਰੀ ਬਣਾ ਕੇ ਰੱਖਣ, ਵਾਰ-ਵਾਰ ਸਾਬਣ ਨਾਲ ਹੱਥ ਧੋਣ ਅਤੇ ਭੀੜ-ਭੜੱਕੇ ਵਾਲੀ ਥਾਂ ਜਾਣ ਤੋਂ ਗੁਰੇਜ਼ ਕਰਨ, ਇਲਾਜ ਨਾ ਹੋਣ ਕਾਰਨ ਪ੍ਰਹੇਜ਼ ਹੀ ਇਸ ਬਿਮਾਰੀ ਤੋਂ ਬਚਣ ਦਾ ਇਕੋ-ਇਕ ਇਲਾਜ ਹੈ। ਆਓ, ਆਪਾ ਇਸ ਬਿਮਾਰੀ ਤੋਂ ਬਚਣ ਲਈ ਆਪ ਜਾਗਰੂਕ ਹੋਈਏ ਅਤੇ ਹੋਰਾਂ ਨੂੰ ਵੀ ਜਾਗਰੂਕ ਕਰਕੇ ਸਮਾਜ ਦੀ ਭਲਾਈ ਵਿਚ ਆਪਣਾ ਬਣਦਾ ਹਿੱਸਾ ਪਾਈਏ।

-ਅਮਰਜੀਤ ਸਿੰਘ ਫ਼ੌਜੀ
ਪਿੰਡ ਦੀਨਾ ਸਾਹਿਬ, ਜ਼ਿਲ੍ਹਾ ਮੋਗਾ।

ਅਮਲ ਕਰਨ ਦੀ ਲੋੜ
ਸਾਡੇ ਦੇਸ਼ ਵਿਚ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਹਰ ਪਾਸੇ ਤਿਰੰਗੇ ਝੰਡੇ ਲਹਿਰਾਏ ਗਏ ਤੇ ਮੌਜੂਦਾ ਹਾਕਮਾਂ ਵਲੋਂ ਦੇਸ਼ ਖ਼ਾਤਰ ਕੁਰਬਾਨੀਆਂ ਦੇਣ ਵਾਲਿਆਂ ਸ਼ਹੀਦਾਂ ਨੂੰ ਕੁਝ ਮਿੰਟਾਂ ਦੇ ਭਾਸ਼ਨ ਵਿਚ ਉਨ੍ਹਾਂ ਨੂੰ ਯਾਦ ਕੀਤਾ ਗਿਆ ਪਰ ਉਨ੍ਹਾਂ ਸ਼ਹੀਦਾਂ ਦੀਆਂ ਗੱਲਾਂ 'ਤੇ ਇਨ੍ਹਾਂ ਹਾਕਮਾਂ ਨੇ ਕਦੇ ਕੋਈ ਅਮਲ ਨਹੀਂ ਕੀਤਾ। ਹੱਕ ਮੰਗਦੇ ਲੋਕਾਂ 'ਤੇ ਡਾਂਗਾਂ ਵਰ੍ਹਾਈਆਂ ਜਾਂਦੀਆਂ ਹਨ। ਅੱਜ ਸਾਡੇ ਦੇਸ਼ ਵਿਚ ਧੱਕੇਸ਼ਾਹੀ ਤੇ ਜ਼ੁਲਮ ਹੁਣ ਵੀ ਆਮ ਹੋ ਰਹੇ ਹਨ। ਕੁਰਬਾਨੀ ਦੇ ਕੇ ਵੀ ਪੂਰਨ ਤੌਰ 'ਤੇ ਸਾਡੇ ਲੋਕਾਂ ਨੂੰ ਆਜ਼ਾਦੀ ਨਹੀਂ ਮਿਲੀ। ਆਜ਼ਾਦੀ ਦਿਵਸ ਮੌਕੇ ਲੀਡਰਾਂ ਵਲੋਂ ਫੋਕੀ ਬਿਆਨਬਾਜ਼ੀ ਕੀਤੀ ਜਾਂਦੀ ਹੈ। ਪਰ ਆਜ਼ਾਦੀ ਦਾ ਹੱਕ ਸਾਡੇ ਲੀਡਰਾਂ ਵਲੋਂ ਲੋਕਾਂ ਨੂੰ ਨਹੀਂ ਦਿੱਤਾ ਜਾ ਰਿਹਾ ਹੈ। ਸਾਡੇ ਲੋਕ ਅੱਜ ਵੀ ਗੁਲਾਮ ਹਨ। ਆਜ਼ਾਦੀ ਸ਼ਹੀਦਾਂ ਦੇ ਸੁਪਨਿਆਂ ਤੋਂ ਅਜੇ ਕੋਹਾਂ ਦੂਰ ਹੈ।

-ਸੁਖਦੇਵ ਸਿੱਧੂ ਕੁਸਲਾ
ਤਹਿ: ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ।

26-08-2020

 ਕਿੱਤਾਮੁਖੀ ਸਿੱਖਿਆ ਸਮੇਂ ਦੀ ਲੋੜ
ਵਰਤਮਾਨ ਸਿੱਖਿਆ ਪ੍ਰਣਾਲੀ ਵਿਸ਼ਾ ਅਤੇ ਸੀਮਤ ਸਿਲੇਬਸ ਆਧਾਰਿਤ ਹੈ। ਬਹੁਤ ਸਾਰੇ ਵਿਦਿਆਰਥੀਆਂ ਦਾ ਰੁਝਾਨ ਇਨ੍ਹਾਂ ਵਿਸ਼ਿਆਂ ਤੱਕ ਹੀ ਸੀਮਤ ਹੈ। ਪਰ ਕਿੱਤਾਮੁਖੀ ਸਿੱਖਿਆ ਅੱਜ ਦੇ ਸਮੇਂ ਦੀ ਪ੍ਰਮੁੱਖ ਲੋੜ ਹੈ। ਕਿੱਤਾ-ਮੁਖੀ ਕੋਰਸਾਂ ਦਾ ਉਦੇਸ਼ ਵਿਦਿਆਰਥੀ ਨੂੰ ਹੱਥੀਂ ਕਿਰਤ ਕਰਨ ਲਈ ਲੋੜੀਂਦੀ ਸੇਧ ਅਤੇ ਜਾਣਕਾਰੀ ਦੇਣਾ ਹੈ ਤਾਂ ਜੋ ਵਿਦਿਆਰਥੀ ਪੜ੍ਹਾਈ ਤੋਂ ਬਾਅਦ ਸਵੈ-ਰੁਜ਼ਗਾਰ ਚਲਾ ਸਕੇ ਜਾਂ ਇਸ ਦੇ ਕਾਬਲ ਹੋ ਸਕੇ ਵਰਤਮਾਨ ਯੁੱਗ ਕੰਪਿਊਟਰ ਦਾ ਯੁੱਗ ਹੈ ਇਸ ਲਈ ਅਜੋਕੇ ਸਮੇਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਿੱਤਾਮੁਖੀ ਸਿੱਖਿਆ ਦਾ ਹੋਣਾ ਲਾਜ਼ਮੀ ਹੈ।
ਲੋੜ ਹੈ ਕਿੱਤਾਮੁਖੀ ਸਿੱਖਿਆ ਨੂੰ ਸਕੂਲ ਪੱਧਰ ਤੋਂ ਹੀ ਲਾਗੂ ਕੀਤਾ ਜਾਏ ਅਤੇ ਵਰਤਮਾਨ ਸਿੱਖਿਆ ਪ੍ਰਣਾਲੀ ਦਾ ਹਿੱਸਾ ਬਣਾਇਆ ਜਾਏ। ਸਿੱਖਿਆ-ਪ੍ਰਣਾਲੀ ਨੂੰ ਸਿਰਫ ਸਿੱਖਿਆ-ਪ੍ਰਣਾਲੀ ਨਾ ਬਣਾ ਕੇ ਕਿੱਤਾ-ਮੁਖੀ ਪ੍ਰਣਾਲੀ ਬਣਾਇਆ ਜਾਏ ਤਾਂ ਜੋ ਦੇਸ਼ ਦਾ ਹਰ ਨੌਜਵਾਨ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕੇ ਅਤੇ ਭਾਰਤ ਅਸਲ ਵਿਚ ਆਤਮ-ਨਿਰਭਰ ਬਣ ਸਕੇ।

-ਹਰਪ੍ਰੀਤ ਸਿੰਘ
ਨਾਭਾ ਕੈਂਟ।

ਹੁਣ ਟੀਕਿਆਂ ਦਾ ਰੰਗਲਾ ਪੰਜਾਬ ਹੋ ਗਿਆ
ਕਹਿੰਦੇ ਹਨ ਪੁਰਾਣੇ ਜ਼ਮਾਨੇ ਵਿਚ ਸਾਡੇ ਬਜ਼ੁਰਗਾਂ ਨੂੰ ਬੁਖਾਰ ਹੋ ਜਾਂਦਾ ਤਾਂ ਉਹ ਧੁੱਪੇ ਬੈਠ ਜਾਇਆ ਕਰਦੇ ਸਨ ਤੇ ਬੁਖਾਰ ਠੀਕ ਹੋ ਜਾਂਦਾ ਸੀ ਮਤਲਬ ਉਹ ਜ਼ਹਿਰ ਨੂੰ ਜ਼ਹਿਰ ਮਾਰਦਾ ਵਾਲਾ ਫਾਰਮੂਲਾ ਵਰਤਦੇ ਸਨ ਕਿਉਂਕਿ ਉਸ ਵੇਲੇ ਪੱਥਰੀ, ਹਾਰਟ ਅਟੈਕ, ਨਜ਼ਰ ਕਮਜ਼ੋਰ, ਹੈਪੇਟਾਇਟਿਸ ਜਾਂ ਕੈਂਸਰ ਵਰਗੀਆਂ ਬਿਮਾਰੀਆਂ ਨਹੀਂ ਸਨ ਕਿਉਂਕਿ ਉਸ ਸਮੇਂ ਕੁਦਰਤ ਨਾਲ ਛੇੜ-ਛਾੜ ਨਹੀਂ ਸੀ ਕੀਤੀ ਜਾਂਦੀ ਦਾਲਾਂ, ਸਬਜ਼ੀਆਂ, ਮੂੰਗੀ, ਬਾਜਰਾ, ਮੱਕੀ, ਕਣਕਾਂ ਆਦਿ ਨੂੰ ਕੋਈ ਯੂਰੀਆ, ਕੀਟਨਾਸ਼ਕ ਸਪਰੇਆਂ ਜਾਂ ਹੋਰ ਕਿਸੇ ਕਿਸਮ ਦੇ ਨਸ਼ੇ ਦਿੱਤੇ ਬਿਨਾਂ ਉਗਾਇਆ ਜਾਂਦਾ ਸੀ ਲੋਕ ਹੱਥੀਂ ਕੰਮ ਕਰਦੇ ਸਨ। ਹਰੀ ਕ੍ਰਾਂਤੀ ਵਲੋਂ ਤੋਹਫ਼ੇ ਵਜੋਂ ਦਿੱਤੀਆਂ ਮਨੁੱਖੀ ਬਿਮਾਰੀਆਂ ਦੀਆਂ ਦਵਾਈਆਂ ਲਈ ਹਸਪਤਾਲਾਂ ਅਤੇ ਕਲੀਨਿਕਾਂ ਦੀ ਗਿਣਤੀ ਵਧ ਗਈ ਫ਼ਿਰ ਇਨ੍ਹਾਂ ਨਾਲ ਨਵੇਂ-ਨਵੇਂ ਤਜਰਬੇ ਸ਼ੁਰੂ ਹੋਏ, ਖੰਘ ਦੀ ਦਵਾਈ ਤੰਦਰੁਸਤ ਨੌਜਵਾਨਾਂ ਦੀਆਂ ਜੇਬਾਂ ਵਿਚੋਂ ਲੱਭਣ ਲੱਗੀ ਹੋਰ ਬਿਮਾਰੀਆਂ ਦੇ ਕੈਪਸੂਲ ਵੀ ਇਸੇ ਤਰ੍ਹਾਂ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਕੋਲੋਂ ਆਮ ਮਿਲਣ ਲੱਗੇ ਹਨ ਛੋਟੇ ਹੁੰਦੇ ਟੀਕਿਆਂ ਤੋਂ ਡਰਨ ਵਾਲੇ ਬੱਚਿਆਂ ਨੇ ਜਵਾਨੀ 'ਚ ਉਹੀ ਟੀਕੇ ਆਪਣੇ ਹੱਥੀਂ ਚੁੱਕ ਕੇ ਪੈਰ ਦੇ ਅੰਗੂਠੇ ਤੋਂ ਲੈ ਕੇ ਹੱਥਾਂ ਦੇ ਅੰਗੂਠਿਆਂ ਤੱਕ ਪਤਾ ਨਹੀਂ ਕਿਹੜੀਆਂ-ਕਿਹੜੀਆਂ ਨਾੜਾਂ ਨਸ਼ੇ ਦੇ ਟੀਕਿਆਂ ਨਾਲ ਵਿੰਨ੍ਹ ਲਈਆਂ ਇੱਥੇ ਮੈਂ ਇਹ ਵੀ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗੀ ਕਿ ਸਾਡੀਆਂ ਸਰਕਾਰਾਂ ਦੀ ਮਿਲੀ ਭੁਗਤ ਹੀ ਇਸ ਸਭ ਲਈ ਜ਼ਿੰਮੇਵਾਰ ਹੈ ਜ਼ਰੂਰਤ ਹੈ ਸਰਕਾਰਾਂ, ਮਾਪਿਆਂ, ਅਧਿਆਪਕਾਂ, ਸਕੂਲਾਂ, ਕਾਲਜਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਦੀ ਜੇਕਰ ਅਸੀਂ ਆਪਣੇ ਦੇਸ਼ ਦੀ ਜਵਾਨੀ ਸਾਂਭ ਲਈ ਤਾਂ ਦੇਸ਼ ਦੇ ਸੁਨਹਿਰੀ ਭਵਿੱਖ ਦੀ ਆਸ ਰੱਖੀ ਜਾ ਸਕਦੀ ਹੈ ਕਿਸੇ ਦੇਸ਼ ਦਾ ਲੱਕ ਤੋੜਨਾ ਹੋਵੇ ਤਾਂ ਉੱਥੋਂ ਦੀ ਜਵਾਨੀ ਸਭ ਤੋਂ ਵੱਡੀ ਕਮਜ਼ੋਰੀ ਬਣ ਸਕਦੀ ਹੈ ਅਤੇ ਪੰਜਾਬ ਦਾ ਲੱਕ ਤੋੜਨ ਵਾਲੇ ਤੇ ਉਜਾੜਨ ਵਾਲੇ ਬਹੁਤ ਨੇ, ਪਰ ਹਾਲੇ ਵੀ ਸਮਾਂ ਹੈ ਕਿ ਅਸੀਂ ਆਪਣੀ ਨੌਜਵਾਨੀ ਨੂੰ ਆਪਣੀ ਕਮਜ਼ੋਰੀ ਬਣਨ ਤੋਂ ਪਹਿਲਾਂ ਸਾਂਭ ਕੇ ਆਪਣੇ ਪੰਜਾਬ ਦੀ ਤਾਕਤ ਬਣਾ ਲਈਏ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਇਹ ਲਾਈਨਾਂ ਪੂਰੀ ਤਰ੍ਹਾਂ ਢੁਕਣਗੀਆਂ:
ਹੱਥੀ ਮਿਹਨਤਾਂ ਤੋਂ ਉੱਕਾ ਹੀ ਜਵਾਬ ਹੋ ਗਿਆ
ਹੁਣ ਟੀਕਿਆਂ ਦਾ ਰੰਗਲਾ ਪੰਜਾਬ ਹੋ ਗਿਆ

-ਹਰਕੀਰਤ ਕੌਰ ਸਭਰਾ

ਗੋਲੀਆਂ ਹੀ ਗੋਲੀਆਂ
ਪੰਜਾਬ ਵਿਚ ਜਦੋਂ ਦੇ ਜ਼ਹਿਰੀਲੀ ਸ਼ਰਾਬ ਨਾਲ ਲੋਕ ਮਰੇ ਹਨ। ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਲੱਖਾਂ ਲੀਟਰ ਸ਼ਰਾਬ ਤੇ ਲਾਹਣ ਫੜਨ ਵਿਚ ਕਾਮਯਾਬੀ ਹਾਸਿਲ ਕੀਤੀ ਹੈ। ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀ ਕੱਚੀ ਸ਼ਰਾਬ ਤੇ ਸ਼ਰਾਬ ਵਿਚ ਪੈਣ ਵਾਲਾ ਅਲਕੋਹਲ ਵੀ ਫੜਿਆ ਹੈ। ਕੈਪਟਨ ਸਰਕਾਰ ਨੇ ਤਾਂ ਸਪਿਰਿਟ ਲਿਆਉਣ ਵਾਲੀਆਂ ਗੱਡੀਆਂ ਵੀ ਜੀ ਪੀ ਐੱਸ ਵਾਲੀਆਂ ਲਗਾ ਦਿੱਤੀਆਂ ਹਨ। ਸਮੱਗਲਰ ਚੁਕੰਨੇ ਹੋ ਗਏ ਹਨ। ਉਨ੍ਹਾਂ ਆਪਣਾ ਰਸਤਾ ਬਦਲ ਲਿਆ ਹੈ। ਉਹ ਕਈ ਗੁਣਾਂ ਪੁਲਿਸ ਦੀ ਸੋਚ ਤੋਂ ਅੱਗੇ ਚਲਦੇ ਹਨ। ਜਿਥੇ ਪੁਲਿਸ ਸੋਚਣਾ ਛੱਡਦੀ ਹੈ ਉਹ ਉਸ ਤੋਂ ਅੱਗੇ ਤੁਰਨਾ ਸ਼ੁਰੂ ਕਰਦੇ ਹਨ। ਫਿਰ ਸ਼ਰਾਬ ਦਾ ਦੌਰ ਚਲਾ ਦਿੱਤਾ ਤੇ ਹੁਣ ਉਨ੍ਹਾਂ ਆਪਣੇ ਗਾਹਕਾਂ ਨੂੰ ਗੋਲੀਆਂ ਦੇ ਗੱਫੇ ਵੰਡਣੇ ਸ਼ੁਰੂ ਕਰ ਦਿੱਤੇ ਹਨ। ਜਿਹੜੇ ਸ਼ਰਾਬੀ ਮਹਿੰਗੀ ਸ਼ਰਾਬ ਨਹੀਂ ਖਰੀਦ ਸਕਦੇ ਉਨ੍ਹਾਂ ਵਾਸਤੇ ਉਹ ਗੋਲੀਆਂ ਦਾ ਪ੍ਰਬੰਧ ਕਰਨ ਲੱਗ ਪਏ ਹਨ। ਸਮੱਗਲਰਾਂ ਦਾ ਸਾਥ ਗੈਂਗਸਟਰ ਵੀ ਦੇ ਰਹੇ ਹਨ। ਹੁਣ ਸਰਕਾਰ ਅਸਲੇ ਦਾ ਲਾਇਸੈਂਸ ਬਣਾਉਣ ਵਾਲਿਆਂ ਨੂੰ ਪੌਦੇ ਲਗਾਉਣ ਵਾਸਤੇ ਕਹਿ ਰਹੀ ਹੈ। ਉਹ ਕਿਹੋ ਜਿਹੇ ਬੂਟੇ ਲਗਾਉਣਗੇ ਤੇ ਉਹ ਬੂਟੇ ਕਿਹੋ ਜਿਹਾ ਫਲ ਦੇਣਗੇ। ਇਸ ਦਾ ਤਾਂ ਪਤਾ ਲਗਦਾ ਹੀ ਪਿਆ ਹੈ। ਨਸ਼ਾ ਕਦੋਂ ਪੰਜਾਬ ਦੀ ਜਾਨ ਛੱਡੇਗਾ ਇਸ ਬਾਰੇ ਲੋਕ ਲਗਾਤਾਰ ਸੋਚ ਰਹੇ ਹਨ। ਪਰ ਸਿਆਸੀ ਲੋਕ ਜ਼ਰੂਰ ਇਸ ਦਾ ਲਾਹਾ ਲੈ ਰਹੇ ਹਨ। ਜੋ ਕਿ ਪੰਜਾਬ ਤੇ ਪੰਜਾਬੀ ਲੋਕਾਂ ਦੇ ਹਿੱਤ ਵਿਚ ਸਹੀ ਫੈਸਲਾ ਨਹੀਂ ਹੈ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)।

ਜੋ ਗ਼ਲਤ, ਸੋ ਗ਼ਲਤ
ਅਕਸਰ ਦੇਖਿਆ ਜਾਂਦਾ ਹੈ ਜੋ ਵਿਅਕਤੀ ਸੱਚ ਬੋਲਦਾ ਹੋਵੇ, ਉਸ ਨੂੰ ਚੁੱਪ ਕਰਵਾ ਦਿੱਤਾ ਜਾਂਦਾ ਹੈ, ਕਿਉਂਕਿ ਸੱਚ ਦੀ ਖੁਰਾਕ ਹੀ ਅਜਿਹੀ ਹੈ ਜੋ ਹਰ ਕਿਸੇ ਨੂੰ ਹਜ਼ਮ ਨਹੀਂ ਹੁੰਦੀ। ਜ਼ਿਆਦਾਤਰ ਲੋਕਾਂ ਨੂੰ ਸੱਚ ਸੁਣ ਕੇ ਗੁੱਸਾ ਆ ਜਾਂਦਾ ਹੈ ਪਰ ਜਿਸ ਵਿਅਕਤੀ ਵਿਚ ਸੱਚ ਬੋਲਣ ਦਾ ਅਣਮੁੱਲਾ ਗੁਣ ਹੁੰਦਾ ਹੈ, ਉਸ ਨੂੰ ਇਹ ਗੁਣ ਕਿਸੇ ਅਜਿਹੇ ਵਿਅਕਤੀ ਕਰਕੇ ਨਹੀਂ ਛੱਡਣਾ ਚਾਹੀਦਾ, ਜਿਸ ਨੂੰ ਸੱਚ ਸੁਣਾ ਕੇ ਤਕਲੀਫ਼ ਹੁੰਦੀ ਹੋਵੇ। ਜ਼ਿੰਦਗੀ ਵਿਚ ਇਸ ਗੱਲ ਨੂੰ ਪੱਕਾ ਬਣਾ ਲਉ, ਜੇ ਤਾਂ ਸਚਾਈ ਦੇ ਰਸਤੇ ਚੱਲਣਾ ਹੈ ਤਾਂ ਜੋ ਸਹੀ ਹੈ, ਉਸ ਨੂੰ ਸਹੀ ਕਹੋ, ਜੋ ਗ਼ਲਤ ਹੈ, ਉਸ ਨੂੰ ਗ਼ਲਤ ਕਹੋ, ਭਾਵੇਂ ਗ਼ਲਤ ਵਿਅਕਤੀ ਸਾਡਾ ਪਿਤਾ-ਮਾਤਾ, ਭੈਣ-ਭਰਾ ਜਾਂ ਦੋਸਤ ਕਿਉਂ ਨਾ ਹੋਵੇ ਅਤੇ ਸਹੀ ਵਿਅਕਤੀ ਉਹ ਕਿਉਂ ਨਾ ਹੋਵੇ, ਜਿਸ ਨੂੰ ਅਸੀਂ ਪਸੰਦ ਨਹੀਂ ਕਰਦੇ। ਸਿਰਫ ਸਚਾਈ ਦਾ ਸਾਥ ਦਿਉ। ਗ਼ਲਤ ਨੂੰ ਹਮੇਸ਼ਾ ਗ਼ਲਤ ਕਹੋ, ਕਿਉਂਕਿ ਜੋ ਗ਼ਲਤ, ਸੋ ਗ਼ਲਤ।

-ਜਸ ਢੋਲੇਵਾਲ
ਬਾਨੀ ਅਤੇ ਮੁਖੀ, ਜ਼ਿੰਦਾਬਾਦ-ਏ-ਜ਼ਿੰਦਗੀ।

ਕੋਰੋਨਾ
ਨਵਾਂ ਵਰ੍ਹਾ 2020 ਦੀ ਸ਼ੁਰੂਆਤ ਤੋਂ ਪੂਰਾ ਸੰਸਾਰ ਕੋਵਿਡ-19 ਦੀ ਮਹਾਂਮਾਰੀ ਨਾਲ ਲੜ ਰਿਹਾ ਹੈ। ਵੱਡੀਆਂ-ਵੱਡੀਆਂ ਮਹਾਂਸ਼ਕਤੀਆਂ ਵੀ ਇਸ ਆਫ਼ਤ ਅੱਗੇ ਗੋਡੇ ਟੇਕਣ ਲਈ ਮਜਬੂਰ ਹੋ ਗਈਆਂ। ਸ਼ੁਰੂਆਤੀ ਪੰਜਾਹ ਦਿਨ ਦੀ ਤਾਲਾਬੰਦੀ ਨੇ ਹੀ ਜਨਤਾ ਦੇ ਨੱਕ ਵਿਚ ਦਮ ਕਰ ਦਿੱਤਾ। ਅੱਜ ਜੋ ਹਾਲਾਤ ਸਾਡੇ ਦੇਸ਼ ਦੇ ਹਨ, ਸਭਨਾਂ ਲਈ ਹੀ ਖਤਰੇ ਦੀ ਘੰਟੀ ਵਰਗੇ ਹਨ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਬਿਨਾਂ ਕੰਮ ਤੋਂ ਆਪਣੇ ਘਰ ਤੋਂ ਬਾਹਰ ਨਾ ਜਾਈਏ ਅਤੇ ਜੇਕਰ ਕਿਸੇ ਜ਼ਰੂਰੀ ਕੰਮ ਲਈ ਘਰ ਤੋਂ ਬਾਹਰ ਜਾਣਾ ਪਵੇ ਤਾਂ ਮਾਸਕ ਵਗੈਰਾ ਪਾ ਕੇ ਆਪਣੇ ਨੱਕ ਅਤੇ ਮੂੰਹ ਨੂੰ ਢਕ ਕੇ ਜਾਈਏ।

-ਜਗਦੇਵ ਸਿੰਘ ਕਲਸੀ, ਰਾਏਕੋਟ, ਜ਼ਿਲ੍ਹਾ ਲੁਧਿਆਣਾ।

25-08-2020

 ਨਵੀਂ ਸਿੱਖਿਆ ਨੀਤੀ
ਭਾਰਤ ਵੱਖ-ਵੱਖ ਭਾਸ਼ਾਵਾਂ, ਸੱਭਿਆਚਾਰਾਂ, ਬੋਲੀਆਂ, ਧਰਮ, ਜਾਤਾਂ, ਵਰਗਾਂ ਦਾ ਬਹੁਰੰਗਾ ਦੇਸ਼ ਹੈ। ਦੇਸ਼ ਦਾ ਸੰਵਿਧਾਨ ਵੀ ਵੱਖ-ਵੱਖ ਭਾਸ਼ਾਵਾਂ, ਧਾਰਮਿਕ ਨਿਰਪੱਖਤਾ ਅਤੇ ਬਰਾਬਰਤਾ ਦੀ ਗੱਲ ਕਰਦਾ ਹੈ। ਪਰ ਹੁਣ ਨਵੀਂ ਸਿੱਖਿਆ ਨੀਤੀ 2020 ਬਣਾਈ ਗਈ ਹੈ ਜੋ ਸਿੱਖਿਆ ਦੇ ਹੋਰ ਵਪਾਰੀਕਰਨ ਅਤੇ ਨਿੱਜੀਕਰਨ ਨੂੰ ਉਤਸ਼ਾਹਿਤ ਕਰਨ, ਕਾਰਪੋਰੇਟ ਨੂੰ ਹੋਰ ਆਰਥਿਕ ਮੁਨਾਫ਼ਾ ਦੇਣ ਹਿਤ ਦੀ ਗੱਲ ਕਰਦੀ ਹੈ। ਸਕੂਲ, ਕਾਲਜਾਂ ਦੀ ਗਿਣਤੀ ਘਟਾ ਕੇ ਬਹੁਮੰਤਵੀ ਸਕੂਲ ਬਣਾਏ ਜਾ ਰਹੇ ਹਨ। ਆਨਲਾਈਨ ਸਿੱਖਿਆ ਦੇਣ ਦਾ ਤਜਰਬਾ ਕੀਤਾ ਜਾ ਰਿਹਾ ਹੈ, ਜੋ ਬੱਚਿਆਂ ਨੂੰ ਵਿੱਦਿਅਕ ਸਹਿ-ਕਿਰਿਆਵਾਂ ਅਤੇ ਹੋਰ ਗਤੀਵਿਧੀਆਂ ਤੋਂ ਵਾਂਝਾ ਕਰ ਦੇਵੇਗੀ, ਜਿਸ ਨਾਲ ਬੱਚਿਆਂ 'ਚ ਮਾਨਸਿਕ ਵਿਗਾੜ ਆਵੇਗਾ। ਸਰਕਾਰ ਨੂੰ ਨਵੀਂ ਸਿੱਖਿਆ ਨੀਤੀ 'ਤੇ ਦੁਬਾਰਾ ਗ਼ੌਰ ਕਰਨੀ ਚਾਹੀਦੀ ਹੈ।

-ਰਣਜੀਤ ਸਿੰਘ ਟੱਲੇਵਾਲ, ਬਰਨਾਲਾ।

ਸਾਰਥਕ ਕਦਮ ਚੁੱਕਣ ਦੀ ਲੋੜ
ਨਵੀਂ ਸਿੱਖਿਆ ਨੀਤੀ ਤਹਿਤ ਕਾਫੀ ਤੌਰ-ਤਰੀਕੇ ਬਦਲ ਦਿੱਤੇ ਗਏ ਹਨ। ਇਹ ਹਦਾਇਤ ਕਰਨਾ ਕਿ ਸਾਰੇ ਸਕੂਲਾਂ 'ਚ ਮੁਢਲੀ ਪ੍ਰਾਇਮਰੀ ਸਿੱਖਿਆ ਪੰਜਵੀਂ ਜਮਾਤ ਤੱਕ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ਵਿਚ ਹੀ ਦਿੱਤੀ ਜਾਵੇਗੀ, ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਪਰ ਨਿੱਜੀ ਸਕੂਲਾਂ ਵਿਚ ਪ੍ਰਾਇਮਰੀ ਪੱਧਰ ਤੱਕ ਇਹ ਨੀਤੀ ਕਿਵੇਂ ਲਾਗੂ ਹੋਵੇਗੀ, ਉਨ੍ਹਾਂ 'ਤੇ ਨਿਯਮ ਲਾਗੂ ਕਰਨੇ ਸ਼ਾਇਦ ਬਹੁਤ ਟੇਢੀ ਖੀਰ ਸਾਬਤ ਹੋਵੇਗੀ। ਦੂਸਰੀ ਗੱਲ, ਕਾਰਪੋਰੇਟ ਘਰਾਣੇ ਸਿੱਖਿਆ ਦੇ ਨਾਂਅ 'ਤੇ ਜ਼ਿਆਦਾ ਲੁੱਟ-ਖਸੁੱਟ ਕਰਨਗੇ, ਗ਼ਰੀਬ ਤੇ ਅਮੀਰ ਦਾ ਪਾੜਾ ਹੋਰ ਵਧ ਜਾਵੇਗਾ। ਨੈਤਿਕ ਕਦਰਾਂ-ਕੀਮਤਾਂ ਸਿਖਾਉਣ ਵਾਲੀ ਪੜ੍ਹਾਈ ਦੇ ਪੱਧਰ ਦਾ ਵੀ ਕੋਈ ਠੋਸ ਪੇਸ਼ ਨਹੀਂ ਕੀਤੀ ਗਈ, ਸਹੀ ਵਿਉਂਤਬੰਦੀ ਦੀ ਘਾਟ ਵਿਚ ਇਹ ਸਹੀ ਨਤੀਜੇ ਪੇਸ਼ ਨਹੀਂ ਕਰ ਸਕੇਗੀ। ਲੋੜ ਹੈ, ਅਤਿ ਸਿੱਖਿਅਤ, ਸਿੱਖਿਆ ਪ੍ਰਬੰਧਨ ਨਾਲ ਜੁੜੇ ਵਿਅਕਤੀ ਅਤੇ ਭਾਸ਼ਾ ਮਾਹਿਰਾਂ ਦੀ ਇਕ ਹੋਰ ਕਮੇਟੀ ਬਣਾ ਕੇ ਇਸ ਦੀ ਪੜਚੋਲ ਅਤੇ ਸੋਧ ਕਰਕੇ ਇਸ ਨੂੰ ਸੁਚਾਰੂ ਢੰਗ ਨਾਲ ਹੀ ਲਾਗੂ ਕੀਤਾ ਜਾਵੇ। ਪੂਰੀ ਤਿਆਰੀ ਅਤੇ ਯੋਗ ਪ੍ਰਬੰਧਨ ਤੋਂ ਬਿਨਾਂ ਲਾਗੂ ਕੀਤੀ ਕੋਈ ਵੀ ਨੀਤੀ ਇੱਛਤ ਨਤੀਜੇ ਨਹੀਂ ਦੇ ਸਕਦੀ।

-ਅਮਰੀਕ ਸਿੰਘ ਪਾਹਵਾ
ਪਿੰਡ ਤੇ ਡਾਕ: ਰਾਹੋਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ।

ਨਸ਼ੇ ਗੰਭੀਰ ਸਮੱਸਿਆ
ਨਸ਼ੇ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਰਾਜਨੀਤਕ ਦਲਾਂ ਨੂੰ ਸੱਤਾ ਦੇ ਮੋਹ ਨੇ ਗ੍ਰਸਤ ਕਰ ਰੱਖਿਆ ਹੈ। ਸਰਕਾਰਾਂ ਕੋਲ ਇਸ ਤਰ੍ਹਾਂ ਦੀ ਗੰਭੀਰ ਸਮੱਸਿਆ ਪ੍ਰਤੀ ਸਮਾਂ ਬਚਦਾ ਹੀ ਨਹੀਂ। ਨਸ਼ੇ ਦੀ ਦਲਦਲ ਵਿਚ ਫਸੇ ਨੌਜਵਾਨਾਂ ਦੇ ਮਾਪੇ ਆਪਣੀ ਮਜਬੂਰੀ ਜ਼ਾਹਰ ਕਰਨ ਤੋਂ ਇਲਾਵਾ ਕੁਝ ਵੀ ਨਹੀਂ ਕਰ ਸਕਦੇ। ਓਵਰਡੋਜ਼ ਨਸ਼ੇ ਨਾਲ ਰੋਜ਼ਾਨਾ ਕਈ ਮੌਤਾਂ ਹੋ ਰਹੀਆਂ ਹਨ। ਇਸ ਤਰ੍ਹਾਂ ਦੀ ਸਮੱਸਿਆ ਤੋਂ ਨਜ਼ਰ ਫੇਰਨ ਨਾਲ ਇਹ ਘਟਦੀ ਨਹੀਂ, ਸਗੋਂ ਵਧ ਰਹੀ ਹੈ। ਇਸ ਦਾ ਖਮਿਆਜ਼ਾ ਸਮਾਜ ਵਿਚ ਪਰਿਵਾਰਾਂ ਨੂੰ ਭੁਗਤਣਾ ਪੈ ਰਿਹਾ ਹੈ। ਸਰਕਾਰ ਰਾਜਸੀ ਆਗੂਆਂ, ਪੁਲਿਸ ਤੰਤਰ, ਪ੍ਰਸ਼ਾਸਨ ਅਤੇ ਸਮਾਜ ਦੇ ਪਤਵੰਤਿਆਂ ਨੂੰ ਨਸ਼ਿਆਂ ਨੂੰ ਰੋਕਣ ਲਈ ਇਮਾਨਦਾਰੀ ਨਾਲ ਹੋਰ ਸਾਰਥਕ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ।

-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿ: ਪਟਿਆਲਾ।

ਬੇਹਿਸਾਬੇ ਆ ਰਹੇ ਬਿਜਲੀ ਬਿੱਲ
ਪੰਜਾਬ ਵਿਚ ਬਿਜਲੀ ਦੇ ਬੇਹਿਸਾਬੇ ਬਿੱਲਾਂ ਦਾ ਮਸਲਾ ਵਧਦਾ ਜਾ ਰਿਹਾ ਹੈ। ਬਿਜਲੀ ਖਪਤਕਾਰਾਂ ਦਾ ਕਹਿਣਾ ਹੈ ਕਿ ਪੰਜਾਬ ਰਾਜ ਬਿਜਲੀ ਬੋਰਡ ਵਲੋਂ ਭੇਜੇ ਗਏ ਬਿੱਲਾਂ ਵਿਚ ਖਪਤ ਕੀਤੀਆਂ ਯੂਨਿਟਾਂ ਦੇ ਹਿਸਾਬ ਤੋਂ ਦੁੱਗਣੇ ਬਿਜਲੀ ਬਿੱਲ ਭੇਜੇ ਜਾ ਰਹੇ ਹਨ। ਪੰਜਾਬ 'ਚ ਪਹਿਲਾਂ ਹੀ ਆਪਣੇ ਗੁਆਂਢੀ ਸੂਬਿਆਂ ਤੋਂ ਬਿਜਲੀ ਮਹਿੰਗੀ ਹੈ। ਪੰਜਾਬ ਸਰਕਾਰ ਫੌਰੀ ਕਾਰਵਾਈ ਕਰਕੇ ਪੰਜਾਬ ਰਾਜ ਬਿਜਲੀ ਬੋਰਡ ਇਨ੍ਹਾਂ ਬਿਜਲੀ ਬਿੱਲਾਂ ਵਿਚ ਸੋਧ ਕਰੇ ਤੇ ਆਮ ਜਨਤਾ ਦਾ ਇਹ ਮਸਲਾ ਹੱਲ ਕੀਤਾ ਜਾਵੇ।

-ਪ੍ਰਭਜੋਤ ਸਿੰਘ ਮਦਾਨ, ਲੁਧਿਆਣਾ।

ਵਿਦੇਸ਼ਾਂ ਵਿਚ ਵਧ ਰਿਹਾ ਸਿੱਖੀ ਦਾ ਪ੍ਰਸਾਰ
ਪਿੱਛੇ ਜਿਹੇ ਮੈਨੂੰ ਆਸਟ੍ਰੇਲੀਆ ਆਪਣੇ ਬੱਚਿਆਂ ਕੋਲ ਜਾਣ ਦਾ ਮੌਕਾ ਮਿਲਿਆ। ਮੈਂ ਅਕਸਰ ਜਦੋਂ ਬਾਹਰ ਘੁੰਮਣ ਜਾਂਦਾ ਸੀ, ਸਿਰ ਦੇ ਉੱਪਰ ਪੱਗ ਅਤੇ ਪੰਜਾਬੀ ਪਹਿਰਾਵੇ 'ਚ ਜਾਂਦਾ ਸੀ। ਉਥੋਂ ਦੇ ਗੋਰੇ ਲੋਕ ਸਰਦਾਰ ਨੂੰ ਦੇਖ ਬੜੇ ਖੁਸ਼ ਹੁੰਦੇ ਸਨ। ਮੈਨੂੰ ਸਿੱਖੀ 'ਤੇ ਬਹੁਤ ਮਾਣ ਮਹਿਸੂਸ ਹੁੰਦਾ ਸੀ। ਹੁਣ ਜੋ ਬੱਚੇ ਪਹਿਲੋਂ ਵਿਦੇਸ਼ ਜਾ ਕੇ ਵਾਲ ਕਟਵਾ ਲੈਂਦੇ ਸਨ, ਮੈਨੂੰ ਉਥੇ ਰਹਿ ਕੇ ਇਹ ਮਹਿਸੂਸ ਅਤੇ ਅਨੁਭਵ ਹੋਇਆ, ਉਨ੍ਹਾਂ ਦਾ ਝੁਕਾਅ ਹੁਣ ਸਿੱਖੀ ਸਰੂਪ ਵੱਲ ਵਧ ਰਿਹਾ ਹੈ। ਹਰ ਸ਼ਹਿਰ ਵਿਚ ਗੁਰਦੁਆਰੇ ਦੇਖੇ ਜਾ ਰਹੇ ਹਨ। ਜਿਥੇ ਵਿਦੇਸ਼ਾਂ ਵਿਚ ਸਿੱਖੀ ਦਾ ਪ੍ਰਸਾਰ ਹੋ ਰਿਹਾ ਹੈ, ਉਥੇ ਪੰਜਾਬ 'ਚ ਨੌਜਵਾਨ ਵਾਲ ਕਟਵਾ ਕੇ ਮੁੱਲਾਂ ਫੈਸ਼ਨ ਅਖ਼ਤਿਆਰ ਕਰ ਰਹੇ ਹਨ। ਵਿਦੇਸ਼ਾਂ ਵਿਚ ਪੰਜਾਬੀ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਦੇ ਨਾਲ ਗੁਰਦੁਆਰਿਆਂ ਵਿਚ ਪੰਜਾਬੀ ਪੜ੍ਹਾ ਰਹੇ ਹਨ। ਸਿੱਖ ਬੀਬੀਆਂ ਹਰ ਖੇਤਰ ਵਿਚ ਇਥੋਂ ਤੱਕ ਕੇ ਮਿਲਟਰੀ, ਪੁਲਿਸ ਵਿਚ ਭਰਤੀ ਹੋ ਬਾਜ਼ ਮਾਰ ਰਹੀਆਂ ਹਨ, ਵਕੀਲ ਤੇ ਜੱਜ ਤੇ ਮੰਤਰੀ ਬਣ ਰਹੀਆਂ ਹਨ, ਜੋ ਸਿੱਖ ਕੌਮ ਵਾਸਤੇ ਫ਼ਖ਼ਰ ਵਾਲੀ ਗੱਲ ਹੈ। ਪੰਜਾਬੋਂ ਬਾਹਰ ਪੰਜਾਬੀਆਂ ਨੂੰ ਪੰਜਾਬੀ ਲਿਖਣੀ ਤਾਂ ਕੀ ਬੋਲਣੀ ਵੀ ਨਹੀਂੰ ਆਉਂਦੀ। ਪੰਜਾਬ ਵਿਚ ਹੀ ਏਨਾ ਬੁਰਾ ਹਾਲ ਹੈ ਸਰਕਾਰੀ ਦਫ਼ਤਰਾਂ, ਪ੍ਰਾਈਵੇਟ ਦਫ਼ਤਰਾਂ, ਕਚਹਿਰੀਆਂ ਵਿਚ ਪੰਜਾਬੀ ਦੀ ਜਗ੍ਹਾ ਅੰਗਰੇਜ਼ੀ 'ਚ ਕੰਮ ਹੁੰਦਾ ਹੈ। ਪੰਜਾਬ ਦੇ ਨੇਤਾ ਲੋਕ ਅੰਗਰੇਜ਼ੀ ਵਿਚ ਸਹੁੰ ਚੁੱਕਣ ਨੂੰ ਤਰਜੀਹ ਦਿੰਦੇ ਹਨ। ਅਮੀਰ ਲੋਕ ਬੱਚਿਆਂ ਨਾਲ ਹਿੰਦੀ ਅੰਗਰੇਜ਼ੀ 'ਚ ਗੱਲ ਕਰ ਉਨ੍ਹਾਂ ਨੂੰ ਅੰਗਰੇਜ਼ੀ ਸਕੂਲਾਂ 'ਚ ਪੜ੍ਹਾ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਇਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਠੋਸ ਉਪਰਾਲੇ ਕਰਨੇ ਚਾਹੀਦੇ ਹਨ।

-ਗੁੁਰਮੀਤ ਸਿੰਘ ਵੇਰਕਾ।

ਰੁੱਖਾਂ ਨੂੰ ਬਣਾਓ ਜ਼ਿੰਦਗੀ ਦਾ ਆਧਾਰ
ਰੁੱਖਾਂ ਤੋਂ ਬਗੈਰ ਮਨੁੱਖ ਦੀ ਜ਼ਿੰਦਗੀ ਅਧੂਰੀ ਹੈ। ਰੁੱਖ ਵਾਤਾਵਰਨ ਨੂੰ ਸਾਫ਼ ਰੱਖਦੇ ਹਨ। ਮੀਂਹ ਲਿਆਉਣ ਵਿਚ ਰੁੱਖ ਸਹਾਈ ਹੁੰਦੇ ਹਨ। ਅੱਜ ਆਬਾਦੀ ਦੇ ਵਧਣ ਨਾਲ ਲਗਾਤਾਰ ਜੰਗਲਾਂ ਦੀ ਕਟਾਈ ਹੋ ਰਹੀ ਹੈ, ਜਿਸ ਕਾਰਨ ਪ੍ਰਦੂਸ਼ਣ ਵੀ ਵਧ ਗਿਆ ਹੈ। ਪ੍ਰਦੂਸ਼ਣ ਦੇ ਵਧਣ ਨਾਲ ਲੋਕ ਕੈਂਸਰ ਵਰਗੀ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਜਦੋਂ ਵੀ ਮਨੁੱਖ ਨੇ ਕੁਦਰਤ ਨਾਲ ਛੇੜਛਾੜ ਕੀਤੀ, ਉਸ ਦਾ ਖਮਿਆਜ਼ਾ ਉਸ ਨੂੰ ਭੁਗਤਣਾ ਪਿਆ। ਜੰਗਲਾਂ ਦੀ ਕਟਾਈ ਕਾਰਨ ਪੰਛੀ ਵੀ ਬੇਘਰ ਹੋ ਗਏ ਹਨ। ਜੰਗਲ ਨਾ ਰਹਿਣ ਕਾਰਨ ਅੱਜ ਪੰਛੀਆਂ ਦੀਆਂ ਕਈ ਪ੍ਰਜਾਤੀਆਂ ਵੀ ਲੁਪਤ ਹੋ ਚੁੱਕੀਆਂ ਹਨ। ਪੰਜਾਬ ਅਧੀਨ ਜੰਗਲਾਤ ਰਕਬਾ ਦਿਨੋ-ਦਿਨ ਘਟਦਾ ਜਾ ਰਿਹਾ ਹੈ। ਆਓ, ਅਸੀਂ ਸਾਰੇ ਪ੍ਰਣ ਕਰੀਏ ਕਿ ਅਸੀਂ ਰੁੱਖਾਂ ਦੀ ਹੋਂਦ ਨੂੰ ਬਰਕਰਾਰ ਰੱਖੀਏ ਤਾਂ ਕਿ ਆਉਣ ਵਾਲੀਆਂ ਪੁਸ਼ਤਾਂ ਇਸ ਹਰੇ ਭਰੇ ਵਾਤਾਵਰਨ ਦਾ ਅਨੰਦ ਮਾਣ ਸਕਣ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਨਵੇਂ ਖੇਤੀ ਆਰਡੀਨੈਂਸ ਕਿਸਾਨ ਵਿਰੋਧੀ
ਜੂਨ ਦੇ ਪਹਿਲੇ ਹਫ਼ਤੇ ਕੇਂਦਰੀ ਸਰਕਾਰ ਨੇ ਜ਼ਰੂਰੀ ਵਸਤਾਂ ਸਬੰਧੀ ਆਰਡੀਨੈਂਸ ਪਾਸ ਕਰਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ। ਇਸ ਆਰਡੀਨੈਂਸ ਮੁਤਾਬਿਕ ਪੰਜਾਬ, ਹਰਿਆਣਾ ਵਿਚੋਂ ਮੰਡੀ ਢਾਂਚਾ ਤੋੜ ਕੇ ਕਿਸਾਨ ਆੜ੍ਹਤੀਆਂ, ਮਜ਼ਦੂਰਾਂ ਤੇ ਹੋਰ ਕਿਰਤੀਆਂ ਨੂੰ ਬੇਰੁਜ਼ਗਾਰ ਕਰਕੇ ਖੇਤੀ ਪੈਦਾਵਾਰਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਮੰਡੀ ਢਾਂਚਾ ਟੁੱਟਣ ਨਾਲ ਸਰਕਾਰਾਂ ਤੇ ਖ਼ਰੀਦ ਏਜੰਸੀਆਂ ਖ਼ਰੀਦਦਾਰੀ ਤੋਂ ਲਾਂਭੇ ਹੋ ਜਾਣਗੀਆਂ ਤੇ ਆਨਲਾਈਨ ਵਪਾਰੀ ਆਪਣੇ ਕਰਿੰਦੇ ਤੋਂ ਕਿਸੇ ਖ਼ਾਸ ਪਿੰਡ ਦੇ ਖ਼ਾਸ ਕਿਸਾਨਾਂ ਤੋਂ ਜਿਣਸਾਂ ਖ਼ਰੀਦੇਗਾ ਤਾਂ ਬਾਕੀ ਕਿਸਾਨ ਆਪਣੀਆਂ ਜਿਣਸਾਂ ਕਿਹੜੇ ਖੂਹ ਵਿਚ ਸੁੱਟਣਗੇ? ਜਾਂ ਤਰਲੇ ਲੈ ਕੇ ਅੱਧੀ ਪੌਣੀ ਕੀਮਤ 'ਤੇ ਵੇਚਣ ਲਈ ਮਜਬੂਰ ਹੋਣਗੇ। ਖੇਤੀ ਦੇ ਖਰਚੇ ਵੱਧ ਅਤੇ ਆਮਦਨ ਘੱਟ ਕਾਰਪੋਰੇਟ ਘਰਾਣੇ, ਵਪਾਰੀ ਮੌਜਾਂ ਉਡਾਉਣਗੇ। ਇਸ ਕਰਕੇ ਕਿਸਾਨ ਭਰਾ ਸੁਚੇਤ ਹੋਣ ਤੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਕੇਂਦਰ 'ਤੇ ਦਬਾਅ ਬਣਾਉਣ। ਇਹ ਫ਼ੈਸਲਾ ਕਿਸਾਨ ਮਾਰੂ ਵੀ ਹੈ ਤੇ ਦੇਸ਼ ਮਾਰੂ ਵੀ। ਜੇ ਭਾਰਤੀ ਕਿਸਾਨ ਨਾ ਰਿਹਾ ਤਾਂ ਦੇਸ਼ ਵਿਚ ਅੰਨ ਦੀ ਬਹੁਤਾਤ ਅਤੇ ਨਿਰਭਰਤਾ ਬਹੁਤ ਛੇਤੀ ਖ਼ਤਮ ਹੋ ਜਾਵੇਗੀ।

-ਮਾ: ਜਸਵੰਤ ਸਿੰਘ, ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ, ਗੁਰਦਾਸਪੁਰ।Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX