ਤਾਜਾ ਖ਼ਬਰਾਂ


ਐਨ.ਸੀ.ਬੀ. ਅਧਿਕਾਰੀ ਸਮੀਰ ਵਾਨਖੇੜੇ ਦਿੱਲੀ ਪਹੁੰਚੇ, ਭਲਕੇ ਮਿਲ ਸਕਦੇ ਹਨ ਏਜੰਸੀ ਦੇ ਡੀ.ਜੀ. ਨੂੰ
. . .  1 day ago
ਮੰਤਰੀ ਨਰਿੰਦਰ ਮੋਦੀ 28 ਅਕਤੂਬਰ ਨੂੰ 18ਵੇਂ ਆਸੀਆਨ-ਭਾਰਤ ਸੰਮੇਲਨ ਵਿਚ ਲੈਣਗੇ ਹਿੱਸਾ
. . .  1 day ago
ਨਵੀਂ ਦਿੱਲੀ, 25 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਰੂਨੇਈ ਦੇ ਸੁਲਤਾਨ ਦੇ ਸੱਦੇ 'ਤੇ 28 ਅਕਤੂਬਰ ਨੂੰ ਹੋਣ ਵਾਲੇ 18ਵੇਂ ਆਸੀਆਨ -ਭਾਰਤ ਸੰਮੇਲਨ ਵਿਚ ਹਿੱਸਾ ਲੈਣਗੇ। ਇਸ ਸੰਮੇਲਨ ਦੌਰਾਨ ਆਸੀਆਨ ਦੇਸ਼ਾਂ ਦੇ ਰਾਜ ...
ਬੇਅਦਬੀ ਮਾਮਲੇ ’ਚ ਸੱਚਾ ਸੌਦਾ ਡੇਰਾ ਮੁਖੀ ਦੇ ਪ੍ਰੋਡਕਸ਼ਨ ਵਰੰਟ ਜਾਰੀ
. . .  1 day ago
ਫ਼ਰੀਦਕੋਟ, 25 ਅਕਤੂਬਰ (ਜਸਵੰਤ ਸਿੰਘ ਪੁਰਬਾ, ਸਰਜਬੀਤ ਸਿੰਘ) -ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਏ ਸਰੂਪ ਅਤੇ ਬੇਅਦਬੀ ਕਰਨ ਦੇ ਦੋਸ਼ਾਂ ਤਹਿਤ ਦਰਜ ਹੋਏ ...
ਮੁੰਬਈ ਐਨ.ਡੀ.ਪੀ.ਐਸ. ਅਦਾਲਤ ਨੇ ਕਰੂਜ਼ ਡਰੱਗਜ਼ ਕੇਸ ‘ਚ ਦਖਲਅੰਦਾਜ਼ੀ ਵਿਰੁੱਧ ਐਨ.ਸੀ.ਬੀ. ਦੀ ਪਟੀਸ਼ਨ 'ਤੇ ਹਾਈ ਕੋਰਟ ਜਾਣ ਲਈ ਕਿਹਾ
. . .  1 day ago
ਜੰਮੂ-ਕਸ਼ਮੀਰ: ਪੁਲਵਾਮਾ ਦੇ ਕਾਕਪੋਰਾ ਇਲਾਕੇ 'ਚ ਅੱਤਵਾਦੀਆਂ ਨੇ ਪੁਲਿਸ ਚੌਕੀ 'ਤੇ ਗ੍ਰੇਨੇਡ ਨਾਲ ਕੀਤਾ ਹਮਲਾ
. . .  1 day ago
ਚੰਡੀਗੜ੍ਹ : 8 ਉੱਚ ਪੁਲਿਸ ਅਧਿਕਾਰੀਆਂ ਦੇ ਤਬਾਦਲੇ
. . .  1 day ago
ਜੰਮੂ –ਕਸ਼ਮੀਰ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼੍ਰੀਨਗਰ ਦੀ ਡਲ ਝੀਲ ਵਿਖੇ ਸ਼ਿਕਾਰਾ ਉਤਸਵ 'ਚ ਲਿਆ ਹਿੱਸਾ
. . .  1 day ago
ਮਨੋਜ ਬਾਜਪਾਈ ਨੇ ਭੋਂਸਲੇ ਲਈ ਆਪਣਾ ਤੀਜਾ ਰਾਸ਼ਟਰੀ ਪੁਰਸਕਾਰ ਜਿੱਤਿਆ
. . .  1 day ago
ਨਵੀਂ ਦਿੱਲੀ , 25 ਅਕਤੂਬਰ-ਪਦਮ ਸ਼੍ਰੀ ਵਿਜੇਤਾ ਅਤੇ ਭਾਰਤੀ ਸਿਨੇਮਾ ਦੇ ਉੱਤਮ ਅਭਿਨੇਤਾ ਮਨੋਜ ਵਾਜਪਾਈ ਨੇ 67ਵੇਂ ਰਾਸ਼ਟਰੀ ਫਿਲਮ ਅਵਾਰਡਾਂ ਵਿਚ ਆਪਣਾ ਤੀਜਾ ਰਾਸ਼ਟਰੀ ਪੁਰਸਕਾਰ ਜਿੱਤਿਆ।ਅਭਿਨੇਤਾ ਮਨੋਜ ਬਾਜਪਾਈ ਨੂੰ ...
ਕਿਸਾਨ ਜਥੇਬੰਦੀਆਂ ਨੇ ਫ਼ਸਲਾਂ ਦੇ ਹੋਏ ਖ਼ਰਾਬੇ ਦਾ ਕੀਤਾ ਦੌਰਾ
. . .  1 day ago
ਮੰਡੀ ਲਾਧੂਕਾ, 25 ਅਕਤੂਬਰ ( ਮਨਪ੍ਰੀਤ ਸਿੰਘ ਸੈਣੀ) - ਕਿਸਾਨ ਜਥੇਬੰਦੀਆਂ ਵਲੋਂ ਅੱਜ ਵੱਖ-ਵੱਖ ਪਿੰਡਾਂ 'ਚ ਮੀਂਹ ਤੇ ਗੜੇਮਾਰੀ ਕਾਰਨ ਹੋਏ ਝੋਨੇ ਦੀ ਫ਼ਸਲ ਦੇ ਖ਼ਰਾਬੇ ਨੂੰ ਲੈ ਕੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਗਈ...
ਹੰਸ ਰਾਜ ਜੋਸਨ ਵਲੋਂ ਮੀਂਹ ਅਤੇ ਗੜੇਮਾਰੀ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ
. . .  1 day ago
ਮੰਡੀ ਲਾਧੂਕਾ, 25 ਅਕਤੂਬਰ (ਮਨਪ੍ਰੀਤ ਸਿੰਘ ਸੈਣੀ) - ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਮੰਤਰੀ ਹੰਸ ਰਾਜ ਜੋਸਨ ਵਲੋਂ ਮੰਡੀ ਲਾਧੂਕਾ ਦੇ ਨਾਲ ਲਗਦੇ ਪਿੰਡ ਜਮਾਲਕੇ, ਲੱਖੇ ਕੜਾਹੀਆ, ਧੁਨਕੀਆਂ, ਲਾਧੂਕਾ...
ਮਿਲਕ ਪਲਾਂਟ ਲੁਧਿਆਣਾ ਦੀ ਚੋਣ ਵਿਚ ਕਾਗਜ਼ ਰੱਦ ਹੋਣ ਦੇ ਕਾਰਨ ਅਕਾਲੀਆਂ ਨੇ ਲਗਾਇਆ ਧਰਨਾ
. . .  1 day ago
ਲੁਧਿਆਣਾ, 25 ਅਕਤੂਬਰ (ਪੁਨੀਤ ਬਾਵਾ) - ਵੇਰਕਾ ਮਿਲਕ ਪਲਾਂਟ ਲੁਧਿਆਣਾ ਦੀ ਚੋਣ ਲਈ ਅੱਜ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ, ਜਿਸ ਦੌਰਾਨ 6 ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਰੱਦ ਹੋਣ ਤੋਂ ਬਾਅਦ ਅਕਾਲੀਆਂ ਨੇ ਰੋਸ ਵਜੋਂ ਉਮੀਦਵਾਰਾਂ ਨਾਲ ਧਰਨਾ ਲਗਾ ਕੇ ਰੋਸ...
ਮਮਤਾ ਦੀ ਮੌਜੂਦਗੀ ਵਿਚ ਯੂ.ਪੀ. ਦੇ ਦੋ ਕਾਂਗਰਸੀ ਆਗੂ ਟੀ.ਐਮ.ਸੀ. ਵਿਚ ਹੋਏ ਸ਼ਾਮਿਲ
. . .  1 day ago
ਸਿਲੀਗੁੜੀ, 25 ਅਕਤੂਬਰ - ਉੱਤਰ ਪ੍ਰਦੇਸ਼ ਦੇ ਦੋ ਸੀਨੀਅਰ ਕਾਂਗਰਸੀ ਆਗੂ ਸੋਮਵਾਰ ਨੂੰ ਉੱਤਰੀ ਬੰਗਾਲ ਦੇ ਸਿਲੀਗੁੜੀ ਵਿਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਮੌਜੂਦਗੀ ਵਿਚ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਿਲ ਹੋ ਗਏ...
ਉੱਤਰਾਖੰਡ : ਮੀਂਹ ਦੌਰਾਨ ਰਾਜ ਵਿਚ ਸੈਲਾਨੀਆਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ - ਮੁੱਖ ਮੰਤਰੀ ਧਾਮੀ
. . .  1 day ago
ਦੇਹਰਾਦੂਨ, 25 ਅਕਤੂਬਰ - ਉੱਤਰਾਖੰਡ ਵਿਚ ਪਏ ਭਾਰੀ ਮੀਂਹ ਕਾਰਨ ਕਾਫੀ ਨੁਕਸਾਨ ਹੋਇਆ ਹੈ | ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਸਾਡੀਆਂ ਤੁਰੰਤ ਕਾਰਵਾਈਆਂ ਕਾਰਨ ਮੀਂਹ ਦੌਰਾਨ ਰਾਜ ਵਿਚ ਸੈਲਾਨੀਆਂ ਦਾ ...
ਸਪੈਸ਼ਲ ਸੈਸ਼ਨ ਬੁਲਾ ਕੇ ਦੋਬਾਰਾ ਖੇਤੀ ਕਾਨੂੰਨ ਰੱਦ ਕਰਾਂਗੇ - ਚੰਨੀ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਚੰਨੀ ਦਾ ਕਹਿਣਾ ਸੀ ਕਿ ਸਪੈਸ਼ਲ ਸੈਸ਼ਨ ਬੁਲਾ ਕੇ ਦੋਬਾਰਾ ਖੇਤੀ ...
ਪੰਜਾਬ ਦੇ ਹਿੱਤਾਂ ਲਈ ਸਾਰੇ ਅਹੁਦੇ ਕੁਰਬਾਨ - ਚੰਨੀ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਮੁੱਖ ਮੰਤਰੀ ਚੰਨੀ ਦਾ ਕਹਿਣਾ ਸੀ ਕਿ ਪੰਜਾਬ ਦੇ ਹਿੱਤਾਂ ਲਈ ਸਾਰੇ ...
ਕੇਂਦਰ ਦੇ ਬੀ.ਐੱਸ.ਐੱਫ. ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਵੀ ਜਾਵਾਂਗੇ - ਚੰਨੀ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਮੁੱਖ ਮੰਤਰੀ ਚੰਨੀ ਦਾ ਕਹਿਣਾ ਸੀ ਕਿ ਕੈਬਨਿਟ ਦੀ ਬੈਠਕ ਬੁਲਾ ਕੇ ਸਪੈਸ਼ਲ ਸੈਸ਼ਨ...
ਸੂਬੇ ਦੇ ਅੰਦਰ ਸੂਬਾ ਬਣਾਇਆ ਜਾ ਰਿਹਾ - ਸਿੱਧੂ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ...
ਕੌਣ ਕਹਿੰਦਾ ਹੈ ਰਾਸ਼ਟਰਪਤੀ ਸ਼ਾਸਨ ਨਹੀਂ ਲੱਗਿਆ - ਸਿੱਧੂ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਸੀ ਕੌਣ ਕਹਿੰਦਾ ਹੈ ਕਿ ਰਾਸ਼ਟਰਪਤੀ ਸ਼ਾਸਨ ਨਹੀਂ...
ਬੀ.ਐੱਸ.ਐੱਫ. ਦੀ ਪਰਿਭਾਸ਼ਾ ਬਦਲੀ ਜਾ ਰਹੀ - ਸਿੱਧੂ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਬੀ. ਐੱਸ. ਐੱਫ ਦੀ ਪਰਿਭਾਸ਼ਾ ਬਦਲੀ ਜਾ ਰਹੀ ਹੈ ...
ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਜਾਵੇਗਾ - ਚੰਨੀ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਮੁੱਖ ਮੰਤਰੀ ਚੰਨੀ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨੂੰ ਇਹ ਨੋਟੀਫਿਕੇਸ਼ਨ ਵਾਪਸ ...
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ
. . .  1 day ago
ਫ਼ਾਜ਼ਿਲਕਾ, 25 ਅਕਤੂਬਰ (ਪ੍ਰਦੀਪ ਕੁਮਾਰ) - ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨਾਂ ਵਲੋਂ ਸੜਕੀ ਆਵਾਜਾਈ ਰੋਕਦਿਆਂ ਧਰਨਾ ਸ਼ੁਰੂ ਕਰ...
ਪੰਜਾਬ ਦੀ ਤਰ੍ਹਾਂ ਅਸੀਂ ਵੀ ਬੀ.ਐਸ.ਐਫ.ਦੇ ਅਧਿਕਾਰ ਖੇਤਰ ਦਾ ਕਰ ਰਹੇ ਹਾਂ ਵਿਰੋਧ - ਮਮਤਾ ਬੈਨਰਜੀ
. . .  1 day ago
ਸਿਲੀਗੁੜੀ, 25 ਅਕਤੂਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਪੰਜਾਬ ਦੀ ਤਰ੍ਹਾਂ, ਅਸੀਂ ਵੀ ਬੀ.ਐਸ.ਐਫ. ਦੇ ਅਧਿਕਾਰ ਖੇਤਰ ਦਾ ਵਿਰੋਧ ਕਰ ਰਹੇ ਹਾਂ ਜੋ ਹਾਲ ਹੀ ਵਿਚ ਵਧਾਇਆ ਗਿਆ ਹੈ ...
ਸਰਬ ਪਾਰਟੀ ਮੀਟਿੰਗ ਖ਼ਤਮ
. . .  1 day ago
ਚੰਡੀਗੜ੍ਹ, 25 ਅਕਤੂਬਰ - ਚੰਡੀਗੜ੍ਹ ਵਿਚ ਚੱਲ ਰਹੀ ਸਰਬ ਪਾਰਟੀ ਮੀਟਿੰਗ ਖ਼ਤਮ...
ਸ਼੍ਰੋਮਣੀ ਕਮੇਟੀ ਵਲੋਂ ਨਵੰਬਰ ਮਹੀਨੇ ਚਲਾਈ ਜਾਏਗੀ ਅੰਮ੍ਰਿਤ ਸੰਚਾਰ ਲਹਿਰ - ਬੀਬੀ ਜਗੀਰ ਕੌਰ
. . .  1 day ago
ਅੰਮ੍ਰਿਤਸਰ, 25 ਅਕਤੂਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ, ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਵੰਬਰ ਮਹੀਨੇ ਅੰਮ੍ਰਿਤ ਸੰਚਾਰ ਲਹਿਰ ਚਲਾਈ ਜਾ ਰਹੀ ਹੈ, ਜਿਸ ਦੌਰਾਨ ਵੱਖ - ਵੱਖ ਥਾਵਾਂ 'ਤੇ ਅੰਮ੍ਰਿਤ ਸੰਚਾਰ ਸਮਾਗਮ ਕਰਵਾਏ ਜਾਣਗੇ ਤੇ ਸਿੰਘ ਸਾਹਿਬਾਨ ਵਲੋਂ ਹਜ਼ਾਰਾਂ ਅੰਮ੍ਰਿਤ ...
ਕੱਲ੍ਹ ਦੇ ਮੈਚ ਤੋਂ ਬਾਅਦ ਮੁਹੰਮਦ ਸ਼ ਮੀ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ - ਓਵੈਸੀ
. . .  1 day ago
ਹੈਦਰਾਬਾਦ, 25 ਅਕਤੂਬਰ - ਏ.ਆਈ.ਐਮ.ਆਈ.ਐਮ. ਦੇ ਮੁਖੀ ਅਸਦੁਦੀਨ ਓਵੈਸੀ ਦਾ ਕਹਿਣਾ ਹੈ ਕਿ ਕੱਲ੍ਹ ਦੇ ਭਾਰਤ ਅਤੇ ਪਾਕਿਸਤਾਨ ਦੇ ਹੋਏ ਮੈਚ ਤੋਂ ਬਾਅਦ ਮੁਹੰਮਦ ਸ਼ੰਮੀ ਨੂੰ ਸੋਸ਼ਲ ਮੀਡੀਆ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋ ਮੁਸਲਮਾਨਾਂ ਵਿਰੁੱਧ ....
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 1 ਅੱਸੂ ਸੰਮਤ 553
ਵਿਚਾਰ ਪ੍ਰਵਾਹ: ਅੱਤਵਾਦ ਨੂੰ ਸੁਰੱਖਿਆ ਅਤੇ ਸ਼ਹਿ ਦੇਣ ਵਾਲਾ ਦੇਸ਼ ਨਿਰਦੋਸ਼ਾਂ ਦੇ ਖੂਨ ਲਈ ਅਤੇ ਅੱਤਵਾਦ ਦੇ ਗੁਨਾਹਾਂ ਲਈ ਜ਼ਿੰਮੇਵਾਰ ਹੁੰਦਾ ਹੈ। -ਜਾਰਜ ਡਬਲਿਊ. ਬੁਸ਼

ਕਿਤਾਬਾਂ

12-09-2021

 ਮਮਤਾ
ਨਾਵਲਕਾਰ : ਪ੍ਰਿੰ: ਸ਼ਾਮ ਸੁੰਦਰ ਕਾਲੜਾ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 350 ਰੁਪਏ, ਸਫ਼ੇ : 160
ਸੰਪਰਕ : 94633-50706.


'ਮਮਤਾ' ਪ੍ਰਿੰ: ਸ਼ਾਮ ਸੁੰਦਰ ਕਾਲੜਾ ਦਾ ਤੀਜਾ ਨਾਵਲ ਹੈ। ਇਸ ਤੋਂ ਪਹਿਲਾਂ ਉਹ ਦੋ ਨਾਵਲ ਤੇ ਇਕ ਕਹਾਣੀ ਸੰਗ੍ਰਹਿ ਪੰਜਾਬੀ ਸਾਹਿਤ ਨੂੰ ਭੇਟ ਕਰ ਚੁੱਕਾ ਹੈ। 'ਮਮਤਾ' ਇਕ ਪਰਿਵਾਰਕ ਤੇ ਸਮਾਜਿਕ ਨਾਵਲ ਹੈ, ਜਿਸ ਦੀ ਕਹਾਣੀ ਕਾਮਿਨੀ ਉਰਫ ਬਬਲੀ ਦੁਆਲੇ ਘੁੰਮਦੀ ਹੈ। ਕਹਾਣੀ ਨੂੰ ਵਿਸਥਾਰ ਦੇਣ ਲਈ ਕੁਝ ਹੋਰ ਕਹਾਣੀਆਂ ਵੀ ਨਾਲ-ਨਾਲ ਘੁੰਮਦੀਆਂ ਹਨ। ਅਸਲ ਵਿਚ ਬਬਲੀ ਆਪਣੇ ਮਾਪਿਆਂ ਰਾਜ ਅਤੇ ਸ੍ਰੀਰਾਮ ਦੀ ਇਕਲੌਤੀ ਧੀ ਹੈ। ਉਸ ਦੀ ਮਾਂ ਦੀ ਕੈਂਸਰ ਨਾਲ ਮੌਤ ਹੋ ਜਾਣ 'ਤੇ ਪਿਤਾ ਸ੍ਰੀਰਾਮ ਇਕ ਹੋਰ ਔਰਤ, ਜੋ ਉਸ ਤੋਂ ਉਮਰ ਵਿਚ ਅੱਧੀ ਹੈ, ਕਰੁਣਾ ਨਾਲ ਸ਼ਾਦੀ ਕਰ ਲੈਂਦਾ ਹੈ। ਕਰੁਣਾ ਦੀ ਪਹਿਲਾਂ ਜਸ਼ਨ ਨਾਂਅ ਦੇ ਨਸ਼ੱਈ ਮੁੰਡੇ ਨਾਲ ਸ਼ਾਦੀ ਹੋ ਚੁੱਕੀ ਹੈ, ਪਰ ਜਸ਼ਨ ਦੀ ਨਸ਼ੇ ਨਾਲ ਮੌਤ ਹੋ ਜਾਣ 'ਤੇ ਉਸ ਦੇ ਮਾਪੇ ਸ੍ਰੀਰਾਮ ਨਾਲ ਉਸ ਦਾ ਦੁਬਾਰਾ ਵਿਆਹ ਕਰ ਦਿੰਦੇ ਹਨ।
ਬਬਲੀ ਨਾਲ ਉਸ ਦੇ ਜਮਾਤੀ ਸਤਵਿੰਦਰ ਦਾ ਇਕਪਾਸੜ ਪ੍ਰੇਮ ਕਹਾਣੀ ਨੂੰ ਰੁਮਾਂਟਿਕ ਬਣਾਉਣ ਲਈ ਪੇਸ਼ ਕੀਤਾ ਗਿਆ ਹੈ। ਬਬਲੀ ਦੀ ਸ਼ਾਦੀ ਸੁਦਰਸ਼ਨ ਨਾਲ ਹੋ ਜਾਂਦੀ ਹੈ ਤੇ ਉਨ੍ਹਾਂ ਦੇ ਘਰ ਇਕ ਮੁੰਡੇ ਦਾ ਜਨਮ ਹੁੰਦਾ ਹੈ। ਸੁਦਰਸ਼ਨ ਨੂੰ ਕੁਝ ਨਸ਼ੱਈ ਪੈਸੇ ਦੇ ਲਾਲਚ ਨਾਲ ਮਾਰ ਮੁਕਾਉਂਦੇ ਹਨ। ਬਬਲੀ ਆਪਣੇ ਇਕਲੌਤੇ ਮੁੰਡੇ ਮਹੇਸ਼ ਨੂੰ ਖੂਬ ਪੜ੍ਹਾਉਂਦੀ ਹੈ, ਜੋ ਇਕ ਮਹਾਂਨਗਰ ਪੂਨੇ ਵਿਚ ਨੌਕਰੀ ਕਰਨ ਲਗਦਾ ਹੈ ਤੇ ਆਪਣੇ ਦਫ਼ਤਰ ਦੀ ਉੜੀਆ ਲੜਕੀ ਨਿਧੀ ਨਾਲ ਵਿਆਹ ਕਰ ਲੈਂਦਾ ਹੈ। ਬਬਲੀ ਨੂੰ ਭਾਵੇਂ ਇਹ ਸ਼ਾਦੀ ਪਸੰਦ ਨਹੀਂ ਪਰ ਆਪਣੇ ਮੁੰਡੇ ਦੀ ਖ਼ਾਤਰ ਉਹ ਇਸ ਨੂੰ ਪ੍ਰਵਾਨ ਕਰ ਲੈਂਦੀ ਹੈ। ਮਹੇਸ਼-ਨਿਧੀ ਦੇ ਘਰ ਕਾਕੂ ਨਾਂਅ ਦਾ ਬੱਚਾ ਪੈਦਾ ਹੁੰਦਾ ਹੈ, ਜਿਸ ਦੀ ਦੇਖਭਾਲ ਦਾਦੀ (ਬਬਲੀ) ਬੜੇ ਪਿਆਰ ਨਾਲ ਕਰਦੀ ਹੈ। ਨਿਧੀ ਦੀ ਆਪਣੀ ਸੱਸ ਨਾਲ ਨਹੀਂ ਬਣਦੀ। ਨਿਧੀ ਨਾਲ ਅਣਬਣ ਹੋਣ ਕਰਕੇ ਬਬਲੀ ਵਾਪਸ ਆਪਣੇ ਪਿੰਡ ਆ ਜਾਂਦੀ ਹੈ, ਪਰ ਕਾਕੂ ਦੇ ਬਿਮਾਰ ਹੋਣ ਦੀ ਖ਼ਬਰ ਸੁਣ ਕੇ ਉਸ ਵਿਚਲੀ ਮਮਤਾ ਜਾਗ ਪੈਂਦੀ ਹੈ ਤੇ ਉਹ ਫਿਰ ਪੂਨੇ ਚਲੀ ਜਾਂਦੀ ਹੈ। ਨਿਧੀ ਦੇ ਜ਼ੋਰ ਦੇਣ 'ਤੇ ਬਬਲੀ ਫਿਰ ਉਨ੍ਹਾਂ ਦੇ ਕੋਲ ਰਹਿਣ ਲੱਗ ਪੈਂਦੀ ਹੈ। ਲੇਖਕ ਨੇ ਪੰਜਾਬ ਵਿਚ ਨਸ਼ਿਆਂ ਦੇ ਵਧਦੇ ਪ੍ਰਭਾਵ ਨੂੰ ਵਿਸ਼ੇਸ਼ ਤੌਰ 'ਤੇ ਪੇਸ਼ ਕੀਤਾ ਹੈ, ਜਿਸ ਨੂੰ ਲੀਡਰਾਂ ਅਤੇ ਮੰਤਰੀਆਂ ਦੀ ਸ਼ਹਿ ਪ੍ਰਾਪਤ ਹੈ। ਨਸ਼ਿਆਂ ਕਰਕੇ ਕਤਲ ਤੇ ਮੌਤਾਂ ਆਮ ਹੋ ਰਹੀਆਂ ਹਨ। 18 ਕਾਂਡਾਂ ਵਿਚ ਰਚੇ ਨਾਵਲ ਨੂੰ ਪ੍ਰਿੰ: ਕਾਲੜਾ ਨੇ ਸਮਕਾਲੀ ਪੰਜਾਬ ਵਿਚ ਵਾਪਰਦੀਆਂ ਯਥਾਰਥਕ ਘਟਨਾਵਾਂ ਦੇ ਸੁਚੱਜੇ ਸੁਮੇਲ ਨਾਲ ਚੰਗੀ ਤਰ੍ਹਾਂ ਵਿਉਂਤਿਆ ਹੈ।
ਮੁਹਾਵਰੇਦਾਰ, ਦਿਲਚਸਪ ਅਤੇ ਬੱਝਵੇਂ ਪ੍ਰਭਾਵ ਵਾਲੀ ਕਥਾ-ਸ਼ੈਲੀ ਦਾ ਇਹ ਨਾਵਲ ਇਕੋ ਬੈਠਕ ਵਿਚ ਪੜ੍ਹਿਆ ਜਾ ਸਕਦਾ ਹੈ। ਪੰਜਾਬੀ ਸਾਹਿਤ ਸਭਾ ਫ਼ਰੀਦਕੋਟ ਦੇ ਪ੍ਰਧਾਨ ਪ੍ਰਿੰ: ਕਾਲੜਾ ਨੇ ਇਕ ਚੰਗੇ ਸ਼ਿਲਪਕਾਰ ਵਾਂਗ ਇਸ ਨਾਵਲ ਨੂੰ ਖੂਬ ਮਾਂਜ-ਸੰਵਾਰ ਕੇ ਪਾਠਕਾਂ ਸਾਹਵੇਂ ਪ੍ਰਸਤੁਤ ਕੀਤਾ ਹੈ। ਸਾਡੇ ਸਮਾਜਿਕ, ਰਾਜਨੀਤਕ ਤੇ ਸਮਕਾਲੀ ਤਾਣੇ-ਬਾਣੇ ਨੂੰ ਸੁਹਿਰਦਤਾ ਨਾਲ ਬਿਆਨ ਕਰਨ ਵਿਚ ਇਹ ਨਾਵਲ ਕਾਫੀ ਹੱਦ ਤੱਕ ਸਫਲ ਹੈ।


ਪ੍ਰੋ: ਨਵ ਸੰਗੀਤ ਸਿੰਘ
ਮੋ: 94176-92015
c c c


ਪੁਲ ਦੇ ਪਾਰ

ਕਹਾਣੀਕਾਰ : ਡਾ. ਅਮਰਜੀਤ ਸਿੰਘ
ਪ੍ਰਕਾਸ਼ਕ : ਤ੍ਰਿਲੋਚਨ ਪਬਲਿਸ਼ਰ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 140
ਸੰਪਰਕ : 98146-73236.


14 ਕਹਾਣੀਆਂ ਵਾਲੇ ਇਸ ਕਹਾਣੀ ਸੰਗ੍ਰਹਿ ਵਿਚ ਕਹਾਣੀਕਾਰ ਨੇ ਆਪਣੇ ਨਿੱਜੀ ਅਨੁਭਵਾਂ ਅਤੇ ਯਾਦਾਂ ਦੇ ਸੰਸਮਰਣ ਕਹਾਣੀ ਦੇ ਰੂਪ ਵਿਚ ਪੇਸ਼ ਕੀਤੇ ਹਨ। ਰੋਜ਼ੀ-ਰੋਟੀ ਲਈ ਧਾਰਨ ਕੀਤੇ ਪ੍ਰਵਾਸ ਦੌਰਾਨ ਪ੍ਰਵਾਸੀ ਜੀਵਨ ਵਿਚ ਵਿਚਰਦਿਆਂ ਉਥੋਂ ਦੇ ਸਮਾਜਿਕ, ਸੱਭਿਆਚਾਰਕ ਪ੍ਰਬੰਧ ਨਾਲ ਇਕਸੁਰ ਹੁੰਦਿਆਂ ਗ੍ਰਹਿਣ ਕੀਤੇ ਅਨੁਭਵਾਂ ਨੂੰ ਉਸ ਨੇ ਆਪਣੇ ਬਿਰਤਾਂਤ ਵਿਚ ਪੇਸ਼ ਕੀਤਾ ਹੈ। ਪੁਸਤਕ ਦੇ ਸਿਰਲੇਖ ਵਾਲੀ ਕਹਾਣੀ ਪੁਲ ਦੇ ਪਾਰ ਸੰਗ੍ਰਹਿ ਦੀ ਖੂਬਸੂਰਤ ਕਹਾਣੀ ਕਹੀ ਜਾ ਸਕਦੀ ਹੈ, ਜਿਸ ਵਿਚ ਵਿਸ਼ਵੀਕਰਨ ਦੀ ਦੌੜ ਅਤੇ ਵਿਕਾਸ ਦੇ ਨਾਂਅ ਉੱਪਰ ਹੋ ਰਹੇ ਵਿਨਾਸ਼ ਦੀ ਦਾਸਤਾਨ ਨੂੰ ਬਿਆਨ ਕੀਤਾ ਗਿਆ ਹੈ। ਆਪਣੇ ਵਿਰਸੇ ਅਤੇ ਵਿਰਾਸਤ ਲਈ ਚਿੰਤਤ ਆਚੱਖ ਚਿੰਤਨ ਕਰਦਾ ਹੈ ਅਤੇ ਉਸ ਨੂੰ ਬਚਾਉਣ ਲਈ ਯਤਨਸ਼ੀਲ ਹੁੰਦਾ ਹੋਇਆ ਆਖ਼ਰ ਰੀਟਾ ਨਾਲ ਪੁਲ ਪਾਰ ਕਰਨ ਵਿਚ ਸਫਲ ਹੋ ਜਾਂਦਾ ਹੈ। ਕਹਾਣੀ ਸਰਕਾਰਾਂ, ਆਦਿਵਾਸੀਆਂ ਅਤੇ ਵਿਕਾਸ ਅਤੇ ਵਿਨਾਸ਼ ਦੇ ਅੰਤਰ ਸਬੰਧਾਂ ਨੂੰ ਬਾਖੂਬੀ ਪ੍ਰਗਟਾੳਂਦੀ ਹੈ। ਰਿਸ਼ਤੇ ਆਸਮਾਨ ਦੇ ਮੌਕੇ ਮੇਲ ਦੀ ਕਹਾਣੀ ਹੈ ਜਦ ਕਿ ਦੇਵਤਿਆਂ ਦੇ ਦੇਸ਼ ਕਹਾਣੀ ਪ੍ਰਵਾਸ ਵਿਚ ਆਪਣਿਆਂ ਦੇ ਕੰਮ ਆਉਣ ਦੀ ਗਾਥਾ ਹੈ। ਕਹਾਣੀ ਸੁਪਨਾ ਪੀੜ੍ਹੀ-ਦਰ-ਪੀੜ੍ਹੀ ਸੁਪਨਾ ਦੇਖਣ ਅਤੇ ਟੁੱਟਣ ਦੀ ਦਾਸਤਾਨ ਹੈ। ਕਹਾਣੀ ਸੰਗ੍ਰਹਿ ਦੀਆਂ ਪਿਛਲੀਆਂ ਕਹਾਣੀਆਂ ਉੱਤਮ ਪੁਰਖੀ ਬਿਰਤਾਂਤ ਵਿਚ ਹਨ, ਜਿਹੜੀਆਂ ਕਿ ਉਸ ਦੀਆਂ ਨਿੱਜੀ ਯਾਦਾਂ ਹਨ, ਜਿਨ੍ਹਾਂ ਵਿਚ ਉਸ ਨੇ ਆਪਣੇ ਸੰਘਰਸ਼ਸ਼ੀਲ ਦਿਨਾਂ, ਆਪਣੀ ਪਤਨੀ ਨਾਲ ਚਿੱਠੀਆਂ ਰਾਹੀਂ ਹੁੰਦੀ ਵਾਰਤਾਲਾਪ, ਆਪਣੇ ਪਿਤਾ ਦੀ ਪ੍ਰੇਰਨਾਮਈ ਸ਼ਖ਼ਸੀਅਤ ਅਤੇ ਉਸ ਨਾਲ ਜੁੜੇ ਪ੍ਰੇਰਨਾ ਪ੍ਰਸੰਗ ਬਿਆਨ ਕੀਤੇ ਹਨ। ਦੁਮੇਲ, ਦੁਵਿਧਾ ਸਾਧਾਰਨ ਪੱਧਰ ਦੀਆਂ ਕਹਾਣੀਆਂ ਹਨ। ਸਾਧਾਰਨ ਭਾਸ਼ਾ ਅਤੇ ਬਣਤਰ ਵਾਲੀਆਂ ਕਹਾਣੀਆਂ ਵਿਚ ਗੁੰਦਵੇਂ ਬਿਰਤਾਂਤ ਦੀ ਕਮੀ ਹੈ।


ਡਾ. ਸੁਖਪਾਲ ਕੌਰ ਸਮਰਾਲਾ
ਮੋ: 83606-83823


ਦਾਸਤਾਨ-ਏ-ਲੁਧਿਆਣਾ
ਲੇਖਕ : ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 395 ਰੁਪਏ, ਸਫ਼ੇ : 296
ਸੰਪਰਕ : 98155-90100.


ਜਨਾਬ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੀ ਪੁਸਤਕ ਦਾਸਤਾਨ-ਏ-ਲੁਧਿਆਣਾ ਇਕ ਤਵਾਰੀਖੀ ਦਸਤਾਵੇਜ਼ ਹੈ, ਜਿਸ ਵਿਚ ਲੁਧਿਆਣਾ ਸ਼ਹਿਰ ਦਾ ਬਹੁਪੱਖੀ ਇਤਿਹਾਸ ਅੰਕਿਤ ਹੋਇਆ ਹੈ। ਲੇਖਕ ਲੁਧਿਆਣੇ ਵਿਚ ਪੜ੍ਹ-ਲਿਖ ਕੇ ਵੱਡਾ ਹੋਇਆ ਹੈ, ਜਿਸ ਕਾਰਨ ਇਸ ਸ਼ਹਿਰ ਦੀ ਚਹਿਲ-ਪਹਿਲ, ਧਾਰਮਿਕ ਗਤੀਵਿਧੀਆਂ, ਵਪਾਰਕ ਸਰਗਰਮੀਆਂ ਅਤੇ ਮੁਹਤਬਰ ਸ਼ਖ਼ਸੀਅਤਾਂ ਦੇ ਨਾਲ-ਨਾਲ ਆਜ਼ਾਦੀ ਸੰਗਰਾਮੀਆਂ ਦੇ ਜੀਵਨ-ਵੇਰਵੇ ਅਤੇ ਹੁੱਬਲ-ਵਤਨੀ ਆਦਿ ਵਿਸ਼ੇ ਇਸ ਪੁਸਤਕ ਦਾ ਸ਼ਿੰਗਾਰ ਬਣੇ ਹਨ। ਲੇਖਕ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਨਾਲ-ਨਾਲ ਅਰਬੀ, ਫ਼ਾਰਸੀ ਅਤੇ ਉਰਦੂ ਆਦਿ ਭਾਸ਼ਾਵਾਂ ਦਾ ਵੀ ਇਕ ਅਧਿਕਾਰੀ ਵਿਦਵਾਨ ਹੈ ਅਤੇ ਪਿਛਲੇ ਦੋ ਦਹਾਕਿਆਂ ਤੋਂ ਲੁਧਿਆਣੇ ਦੀ ਜਾਮਾ ਮਸਜਿਦ ਦੇ ਨਾਇਬ-ਸ਼ਾਹੀ ਇਮਾਮ ਵਜੋਂ ਸੇਵਾ ਕਰ ਰਿਹਾ ਹੈ।
ਰਹਿਮਾਨੀ ਲੁਧਿਆਣਵੀ ਸਾਹਿਬ ਨੇ ਇਸ ਪੁਸਤਕ ਦੀ ਸਮੱਗਰੀ ਨੂੰ 222 ਭਾਗਾਂ ਵਿਚ ਤਰਤੀਬ ਦਿੱਤੀ ਹੈ। ਲੁਧਿਆਣੇ ਦਾ ਮੁੱਢ 1481 ਈ. ਵਿਚ ਸੁਲਤਾਨ ਸਿਕੰਦਰ ਲੋਧੀ ਦੇ ਜਰਨੈਲ ਯੂਸਫ਼ ਖ਼ਾਨ ਅਤੇ ਨਿਹੰਗ ਖ਼ਾਨ ਲੋਧੀ ਨੇ ਬੰਨ੍ਹਿਆ ਸੀ। ਨਿਹੰਗ ਖ਼ਾਨ ਦੇ ਪੁੱਤਰਾਂ ਖਿਜ਼ਰ ਖ਼ਾਨ ਅਤੇ ਆਹਲੂ ਖ਼ਾਨ ਨੇ ਇਸ ਸ਼ਹਿਰ ਦੀ ਤਾਮੀਰ ਕਰਵਾਈ ਅਤੇ ਇਥੇ ਇਕ ਕਿਲ੍ਹੇ ਦਾ ਨਿਰਮਾਣ ਕਰਵਾਇਆ, ਜਿਸ ਦੇ ਖੰਡਰ ਅੱਜ ਵੀ ਮੌਜੂਦ ਹਨ। ਇਸ ਸ਼ਹਿਰ ਦਾ ਬਹੁਪੱਖੀ ਵਿਕਾਸ ਅੰਗਰੇਜ਼ੀ ਹਕੂਮਤ ਦੇ ਸਮੇਂ ਹੋਇਆ। ਮਹਾਰਾਜਾ ਰਣਜੀਤ ਸਿੰਘ ਦੇ ਵਿਸ਼ਾਲ ਰਾਜ ਉੱਪਰ ਨਜ਼ਰ ਰੱਖਣ ਲਈ ਲੁਧਿਆਣਾ ਬਹੁਤ ਮੁਫੀਦ ਸਥਾਨ ਸੀ। ਲੁਧਿਆਣਾ ਵਿਚ ਹੀ ਪੰਜਾਬੀ ਦਾ ਪ੍ਰਿੰਟਿੰਗ ਪ੍ਰੈੱਸ ਸ਼ੁਰੂ ਹੋਇਆ ਸੀ। ਸੁਤੰਤਰਤਾ ਉਪਰੰਤ ਇਸ ਸ਼ਹਿਰ ਨੇ ਬੇਹੱਦ ਪ੍ਰਗਤੀ ਕੀਤੀ। ਰਹਿਮਾਨੀ ਸਾਹਿਬ ਨੇ ਏਨੀ ਮਹੱਤਵਪੂਰਨ ਸਰੋਤ ਪੁਸਤਕ ਲਿਖ ਕੇ ਮਾਂ-ਬੋਲੀ ਪੰਜਾਬੀ ਦਾ ਕਰਜ਼ ਉਤਾਰਿਆ ਹੈ। ਲੁਧਿਆਣੇ ਨਾਲ ਸਬੰਧਿਤ ਅਨੇਕ ਦੇਸ਼ ਭਗਤਾਂ, ਯੋਧਿਆਂ ਅਤੇ ਸ਼ਹੀਦਾਂ ਦਾ ਇਤਿਹਾਸ ਅੰਕਿਤ ਕਰਨ ਉਪਰੰਤ ਉਹ ਇਹ ਸਿੱਟਾ ਕੱਢਦਾ ਹੈ ਕਿ ਇਸ ਸ਼ਹਿਰ ਵਿਚ ਹਿੰਦੂ, ਮੁਸਲਮਾਨ ਅਤੇ ਸਿੱਖ ਸਾਰੇ ਪਰਸਪਰ ਸਦਭਾਵਨਾ ਨਾਲ ਰਹਿੰਦੇ ਸਨ ਅਤੇ ਇਥੇ ਕਦੇ ਵੀ ਫ਼ਿਰਕੂ ਤਣਾਅ ਪੈਦਾ ਨਹੀਂ ਹੋਇਆ। ਲੇਖਕ ਦੀ ਇਹ ਪੁਸਤਕ ਕੌਮੀ ਏਕਤਾ ਅਤੇ ਧਾਰਮਿਕ ਸਦਭਾਵਨਾ ਦੇ ਪ੍ਰਸੰਗ ਵਿਚ ਇਕ ਨਵਾਂ ਅਧਿਆਇ ਸ਼ੁਰੂ ਕਰੇਗੀ, ਇਸ ਵਿਸ਼ਵਾਸ ਨਾਲ ਮੈਂ ਰਹਿਮਾਨੀ ਸਾਹਿਬ ਦੇ ਪੁਰਸ਼ਾਰਥ ਦੀ ਪ੍ਰਸੰਸਾ ਕਰਦਾ ਹਾਂ।


ਬ੍ਰਹਮਜਗਦੀਸ਼ ਸਿੰਘ
ਮੋ: 98760-52136
c c c


ਘਰ ਘਰ ਤੇ ਘਰ
ਲੇਖਿਕਾ : ਅਰਤਿੰਦਰ ਸੰਧੂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 122
ਸੰਪਰਕ : 98153-02081


ਇਸ ਹਥਲੇ ਕਾਵਿ ਸੰਗ੍ਰਹਿ 'ਘਰ ਘਰ ਤੇ ਘਰ' ਵਿਚ ਲੇਖਿਕਾ ਅਰਤਿੰਦਰ ਸੰਧੂ ਵਲੋਂ ਘਰ ਬਾਰੇ ਆਪਣੀ ਜਗਿਆਸਾ, ਜਜ਼ਬਾਤੀ ਅਨੁਭਵਾਂ, ਲਗਾਅ ਦਾ ਖ਼ੂਬਸੂਰਤ ਪ੍ਰਗਟਾਅ ਹੈ ਜੋ ਕਿ ਪਾਠਕ ਨੂੰ ਅਥਾਹ ਗਹਿਰਾਈਆਂ ਦੀ ਡੁਬਕੀ ਲਗਾਉਂਦਾ ਪ੍ਰਤੀਤ ਹੁੰਦਾ ਹੈ। ਲੇਖਿਕਾ ਅਨੁਸਾਰ ਮਨੁੱਖ ਇਸ ਧਰਤੀ 'ਤੇ ਆਪਣੀ ਉਤਪਤੀ ਦੇ ਪਲਾਂ ਤੋਂ ਹੀ ਕਿਸੇ ਨਾ ਕਿਸੇ ਰੂਪ 'ਚ ਘਰ ਨਾਲ ਜੁੜਿਆ ਹੋਇਆ ਹੈ। ਘਰ ਉਸ ਵਾਸਤੇ ਹਮੇਸ਼ਾ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਹੀ ਨਹੀਂ ਸਗੋਂ ਇਕ ਧੁਰਾ ਹੈ, ਜਿਸ ਦੁਆਲੇ ਮਨੁੱਖ ਹਮੇਸ਼ਾ ਘੁੰਮਦਾ ਰਹਿੰਦਾ ਹੈ :
ਬ੍ਰਹਿਮੰਡ ਵਲੋਂ ਧਰਤੀ ਦੀ ਮੁੱਠੀ ਵਿਚ
ਰੱਖੀ ਗਈ ਪੁੜੀ ਖੁੱਲ੍ਹੀ
ਵਿਚੋਂ .... ਘਰ ਦੇ ਬੀਜ ਖਿੱਲਰੇ
ਪੁੰਗਰੇ ਤੇ ਫੈਲ ਗਏ
ਜੀਵਾਂ ਦੇ ਅੰਦਰ ਫੁੱਟੇ ....
ਘਰ ਦੀ ਲੋੜ ਬਣ ਕੇ
ਹਰੇਕ ਨੂੰ ਲੋੜੀਂਦਾ ਸੀ ਘਰ ਫਿਰ। (ਪੰਨਾ ਨੰ: 37)
ਲੇਖਿਕਾ ਦੀ ਨਜ਼ਰ 'ਚ ਘਰ ਦੀ ਲੋੜ ਮਨੁੱਖ ਦੇ ਧਰਤੀ 'ਤੇ ਪੈਦਾ ਹੋਣ ਤੋਂ ਵੀ ਪਹਿਲਾਂ ਮਹਿਸੂਸ ਕਰ ਲਈ ਗਈ ਸੀ ਕਿਉਂਕਿ ਜੀਵ-ਜੰਤੂ , ਜਾਨਵਰਾਂ ਨੇ ਵੀ ਆਪਣੀ ਲੋੜ ਅਨੁਸਾਰ ਘਰ ਦੀ ਬੁਣਤੀ ਬੁਣ ਲਈ ਸੀ। ਇਨ੍ਹਾਂ ਕਾਵਿ ਰਚਨਾਵਾਂ 'ਚ ਘਰ 'ਚੋਂ ਮੋਹ ਦੀ ਮਹਿਕ, ਪੂਰੀ ਖੁੱਲ੍ਹ ਅਤੇ ਆਜ਼ਾਦੀ ਦਾ ਸੁਹਾਵਣਾ ਅਹਿਸਾਸ ਵੀ ਝਲਕਦਾ ਹੈ :
ਇੱਛਾ ਸੀ ਏਨਾ ਕੁ ਵੱਡਾ ਘਰ ਹੋਵੇ
ਜਿੱਥੇ ਹਰ ਜੀਅ ਨੂੰ ਆਪਣੇ ਹਿੱਸੇ ਦਾ ਘਰ ਮਾਣ ਕੇ
ਮਰਜ਼ੀ ਨਾਲ ਜੀਣ ਦੀ ਪੂਰੀ ਖੁੱਲ੍ਹ, ਪੂਰੀ ਆਜ਼ਾਦੀ ਮਿਲੇ
ਤੇ ਘਰ ਲਿਪਟਿਆ ਹੋਵੇ ਮੋਹ ਦੇ ਲਿਬਾਸ ਵਿਚ।
ਇਸ ਸੰਗ੍ਰਹਿ ਦੀਆਂ ਸਮੁੱਚੀਆਂ ਕਾਵਿ ਰਚਨਾਵਾਂ ਇਕ ਵਿਸ਼ੇ ਦੁਆਲੇ ਕੇਂਦਰਿਤ ਹੋਣ ਦੇ ਬਾਵਜੂਦ 'ਘਰ' ਦੇ ਪਰਤ ਦਰ ਪਰਤ ਨਵੇਂ ਅਰਥ ਪ੍ਰਦਾਨ ਕਰਦੀਆਂ ਪਾਠਕ ਨੂੰ ਨਾਲੋ-ਨਾਲ ਤੋਰਦੀਆਂ ਹਨ। ਇਸ ਸੰਗ੍ਰਹਿ ਦੀਆਂ ਕਾਵਿ ਰਚਨਾਵਾਂ 'ਚ ਬੌਧਿਕ ਗਹਿਰਾਈ ਅਤੇ ਅਰਥ ਭਰਪੂਰ ਹੋਣ ਕਰਕੇ ਇਹ ਪੁਸਤਕ ਪੜ੍ਹਨ ਅਤੇ ਸਾਂਭਣਯੋਗ ਹੈ।


ਮਨਜੀਤ ਸਿੰਘ ਘੜੈਲੀ
ਮੋ: 98153-91625
c c c


ਤੂੰਬਾ ਜ਼ਿੰਦਗੀ ਦਾ
(ਪਹਿਲਾ ਭਾਗ)

ਲੇਖਕ : ਗੁਰਦਾਸ ਸਿੰਘ ਦਾਸ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 148
ਸੰਪਰਕ : 89014-35426.


ਤੂੰਬਾ ਜ਼ਿੰਦਗੀ ਦਾ (ਪਹਿਲਾ ਭਾਗ) ਦੇ ਲੇਖਕ ਗੁਰਦਾਸ ਸਿੰਘ ਦਾਸ ਹਨ, ਜਿਨ੍ਹਾਂ ਨੇ ਆਪਣੇ ਇਸ ਸੰਗ੍ਰਹਿ ਵਿਚ 17 ਕਹਾਣੀਆਂ ਅਤੇ 8 ਨਿਬੰਧ ਸ਼ਾਮਿਲ ਹਨ। ਲੇਖਕ ਕਈ ਵਿਧਾ ਦਾ ਮਾਲਕ ਹੈ ਅਤੇ ਉਨ੍ਹਾਂ ਇੰਜੀਨੀਅਰ ਹੁੰਦੇ ਹੋਏ ਵੀ ਸਾਹਿਤ ਦੇ ਪਿੜ ਵਿਚ ਕੁੱਦ ਕੇ ਆਪਣਾ ਯੋਗਦਾਨ ਪਾਇਆ। ਇਨ੍ਹਾਂ ਨੇ ਆਪਣੀਆਂ ਕਾਵਿ ਰਚਨਾਵਾਂ ਨੂੰ ਤੂੰਬੀ ਦੇ ਨਾਲ ਗਾ ਕੇ ਵੀ ਸਰੋਤਿਆਂ ਕੋਲੋਂ ਵਾਹ-ਵਾਹ ਖੱਟੀ ਹੈ। ਲੇਖਕ ਨੂੰ ਕੁਦਰਤ ਦੇ ਨਾਲ ਬਹੁਤ ਪਿਆਰ ਹੈ ਅਤੇ ਉਹ ਪਿਆਰ ਇਨ੍ਹਾਂ ਦੀਆਂ ਰਚਨਾਵਾਂ ਵਿਚੋਂ ਸਾਫ਼ ਝਲਕਦਾ ਦਿਖਾਈ ਦੇ ਰਿਹਾ ਹੈ। ਪੁਸਤਕ ਵਿਚਲੀਆਂ ਕਹਾਣੀਆਂ ਦੇ ਵਿਸ਼ੇ ਵੱਖੋ-ਵੱਖਰੇ ਹਨ ਅਤੇ ਸਮਾਜਿਕ ਦੁੱਖਾਂ ਨੂੰ ਲੇਖਕ ਨੇ ਦਿਲੋਂ ਮਹਿਸੂਸ ਕਰਕੇ ਉਨ੍ਹਾਂ ਨੂੰ ਜੋ ਸ਼ਬਦੀ ਰੂਪ ਦਿੱਤਾ ਹੈ, ਉਹ ਵਧੀਆ ਉਪਰਾਲਾ ਕਿਹਾ ਜਾ ਸਕਦਾ ਹੈ। ਪੁਸਤਕ ਵਿਚਲੀਆਂ ਕਹਾਣੀਆਂ ਕਿਰਾਏਦਾਰ, ਸਫ਼ਰ, ਦੋ ਟਿਕਟਾਂ, ਭਖਦੇ ਮਸਲੇ, ਸ਼ਿਕਾਰੀ ਚੰਗੀਆਂ ਕਹਾਣੀਆਂ ਕਹੀਆਂ ਜਾ ਸਕਦੀਆਂ ਹਨ। ਇਸ ਦੇ ਨਾਲ ਹੀ ਪੁਸਤਕ ਵਿਚਲੇ ਨਿਬੰਧ ਸ਼ਬਦ ਗੁਰੂ, ਵਹਿਮ ਕਿਉਂ, ਪਵਨ ਗੁਰੂ ਪਾਣੀ, ਰੱਬ ਦੇ ਸਫ਼ਾਈ ਕਰਮਚਾਰੀ, ਕੋਰੋਨਾ ਵਾਇਰਸ ਦਾ ਇਲਾਜ ਕਾਬਲੇ-ਤਾਰੀਫ਼ ਹਨ। ਨਿਬੰਧਾਂ ਵਿਚ ਇਕ-ਅੱਧਾ ਨਿਬੰਧ ਹਾਜ਼ਮੇ ਲਈ ਹਲਕਾ ਵੀ ਰੱਖਿਆ ਗਿਆ ਹੈ। ਨਿਬੰਧ ਪੜ੍ਹ ਕੇ ਕਾਫੀ ਜਾਣਕਾਰੀ ਮਿਲਦੀ ਹੈ। ਲੇਖਕ ਅਗਾਂਹਵਧੂ ਸੋਚ ਦਾ ਮਾਲਕ ਜਾਪਦਾ ਹੈ ਤੇ ਗਿਆਨ ਦਾ ਭੰਡਾਰ ਵੀ ਲਗਦਾ ਹੈ। ਲੇਖਕ ਗਾਇਕ, ਗੀਤਕਾਰ, ਕਵੀ, ਕਹਾਣੀਕਾਰ ਦਾ ਸੁਮੇਲ ਹੈ ਅਤੇ ਅਜਿਹੇ ਗੁਣ ਬਹੁਤ ਘੱਟ ਲੋਕਾਂ ਵਿਚ ਹੰਦੇ ਹਨ। ਸਟੇਜਾਂ 'ਤੇ ਆਪਣੀਆਂ ਰਚਨਾਵਾਂ ਗਾ ਕੇ ਪੇਸ਼ ਕਰਨਾ ਵੀ ਲੇਖਕ ਦਾ ਜੋ ਸ਼ੌਕ ਹੈ ਅਤੇ ਇਸ ਨਾਲ ਵੀ ਇਨ੍ਹਾਂ ਨੇ ਨਾਮਣਾ ਖੱਟਿਆ ਹੈ। ਲੇਖਕ ਨੂੰ ਪਾਠਕਾਂ ਤੇ ਸਰੋਤਿਆਂ ਵਲੋਂ ਜਿਸ ਤਰ੍ਹਾਂ ਥਾਪਨਾ ਮਿਲੀ ਹੈ, ਉਸ ਨੂੰ ਲੈ ਕੇ ਲੇਖਕ ਦੇ ਲਗਾਤਾਰ ਅੱਗੇ ਵਧਣ ਦਾ ਉਸ ਨੇ ਜ਼ਿਕਰ ਕੀਤਾ ਹੈ। ਲੇਖਕ ਨੇ ਐਚ.ਐਮ.ਟੀ. (ਪਿੰਜੌਰ) ਵਿਚ ਨੌਕਰੀ ਕੀਤੀ ਅਤੇ ਉਥੇ ਛਪਦੇ ਮੈਗਜ਼ੀਨ 'ਉਡਾਰੀ' ਦੇ ਸੰਪਾਦਕੀ ਮੰਡਲ ਦਾ ਪ੍ਰਮੁੱਖ ਵੀ ਰਿਹਾ ਹੈ।


ਬਲਵਿੰਦਰ ਸਿੰਘ ਸੋਢੀ, ਮੀਰਹੇੜੀ
ਮੋ: 92105-88990.


ਸਮਕਾਲੀ ਪੰਜਾਬੀ ਨਾਟਕ ਦੇ ਨਾਰੀ ਸਰੋਕਾਰ
ਲੇਖਿਕਾ : ਡਾ. ਗੁਰਜੀਤ ਕੌਰ ਗੁਰੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 171
ਸੰਪਰਕ : 96463-51980.


ਹਥਲੀ ਖੋਜ ਪਰਕ ਪੁਸਤਕ ਵਿਚ ਲੇਖਿਕਾ ਨੇ ਨਾਰੀ ਸਰੋਕਾਰਾਂ ਨੂੰ ਉਭਾਰਨ ਹਿਤ ਵਿਸ਼ੇਸ਼ ਤੌਰ 'ਤੇ 1990 ਤੋਂ ਹੁਣ ਤੱਕ ਦੇ ਪ੍ਰਮੁੱਖ ਪੰਜ ਨਾਟਕਾਰਾਂ ਦੀਆਂ ਨਾਟ-ਕਿਰਤਾਂ ਨੂੰ ਆਧਾਰ ਬਣਾਇਆ ਹੈ। ਸਭ ਤੋਂ ਪਹਿਲਾਂ ਮਨਜੀਤ ਪਾਲ ਕੌਰ ਰਚਿਤ ਸੁੰਦਰਾਂ, ਸਾਹਿਬਾਂ, ਬੰਧਨ ਤੇ ਸਰਾਪ, ਜਾਈਂ ਨਾ ਉਸ ਦਰੇ, ਸਬਾ ਅਤੇ ਨੋ ਸਪੇਸ ਜ਼ੋਨ ਆਦਿ ਨਾਟਕਾਂ ਨੂੰ ਆਧਾਰ ਬਣਾ ਕੇ ਨਾਰੀ ਜਾਤੀ ਦੇ ਚੇਤਨ ਅਵਚੇਤਨ ਨੂੰ ਨਾਰੀ ਵਲੋਂ ਹੀ ਸਮਝ ਕੇ ਨਾਰੀ ਦੇ ਅੰਤਰੀਵੀ ਭਾਵਾਂ ਦਾ ਨਿਰੂਪਣ ਕੀਤਾ ਹੈ।
ਇਸ ਤੋਂ ਅਗੇ ਸਤੀਸ਼ ਕੁਮਾਰ ਵਰਮਾ ਦੇ ਨਾਟਕਾਂ ਮਸਲਾ ਪੰਜਾਬ ਦਾ, ਦਾਇਰੇ, ਪਰਤ ਆਉਣ ਤੱਕ, ਲੋਕ ਮਨਾਂ ਦਾ ਰਾਜਾ, ਰੰਗ ਰੰਗ ਦੇ ਰੰਗ ਅਤੇ ਭਾਈਆਂ ਬਾਝ ਆਦਿ ਵਿਚੋਂ ਨਾਰੀ ਦੀ ਮਨੋਵਿਗਿਆਨਕ, ਸਮਾਜਿਕ, ਆਰਥਿਕ ਸੋਚ-ਦ੍ਰਿਸ਼ਟੀ ਅਤੇ ਹੰਢਾਈਆਂ ਜਾ ਰਹੀਆਂ ਦੁਸ਼ਵਾਰੀਆਂ ਦੀ ਖੂਬ ਪਛਾਣ ਕੀਤੀ ਹੈ। ਇਸੇ ਪ੍ਰਸੰਗਤਾ ਵਿਚ ਪਾਲੀ ਭੁਪਿੰਦਰ ਦੇ ਰਚਿਤ ਚੰਦਨ ਦੇ ਓਹਲੇ, ਘਰ-ਘਰ, ਰਾਤ-ਚਾਣਨੀ, ਉਸ ਨੂੰ ਕਹੀਂ...., ਘਰ ਗੁੰਮ ਹੈ, ਇਕ ਕੁੜੀ ਜ਼ਿੰਦਗੀ ਉਡੀਕਦੀ ਹੈ, ਲੀਰਾਂ ਦੀ ਗੁੱਡੀ, ਟੈਰਰਿਸਟ ਦੀ ਪ੍ਰੇਮਿਕਾ, ਤੁਹਾਨੂੰ ਕਿਹੜਾ ਰੰਗ ਪਸੰਦ ਹੈ, ਕੀ ਤੁਹਾਨੂੰ ਕੋਈ ਚੀਖ ਸੁਣਾਈ ਨਹੀਂ ਦੇ ਰਹੀ!, ਅਗਲੀ ਦਸਤਕ ਅਤੇ ਈਡੀਪਸ ਨਾਟਕਾਂ ਵਿਚ ਔਰਤ ਦੇ ਦਵੰਦਾਤਮਿਕ ਸਰੂਪ ਨੂੰ ਉਭਾਰਿਆ ਹੈ। ਦਵਿੰਦਰ ਕੁਮਾਰ ਦੇ ਵਿਹੜਾ ਆਪਣਾ ਧਰਤ ਪਰਾਈ, ਪਿੰਜਰੇ ਦੇ ਆਰ-ਪਾਰ, ਦਲਦਲ, ਪਰਚਮ, ਕਾਲੀ ਰਾਤ ਦਾ ਚੰਨ, ਨਵੀਂ ਜੰਗ, ਦਿਨ ਚੜ੍ਹਦੇ ਤਿਰਕਾਲਾਂ ਢਲੀਆਂ, ਨ੍ਰਿਤ ਤੋਂ ਤਾਂਡਵ ਤੱਕ ਆਦਿ ਨਾਟਕਾਂ ਵਿਚਲੀ ਔਰਤ ਦੀ ਹੋਂਦ-ਸਥਿਤੀ, ਘੁਟਣ ਅਤੇ ਆਜ਼ਾਦ ਹੋਣ ਦੀ ਬਿਰਤੀ ਨੂੰ ਖੂਬ ਪਛਾਣਿਆ ਹੈ। ਲੇਖਿਕਾ ਨੇ ਪੰਜਵਾਂ ਨਾਟਕਕਾਰ ਸਵਰਾਜਬੀਰ ਚੁਣਿਆ ਹੈ ਅਤੇ ਉਸ ਦੇ ਧਰਮ ਗੁਰੂ, ਕ੍ਰਿਸ਼ਨ, ਮੇਦਨੀ, ਅਗਨੀ ਕੁੰਡ, ਕੱਲਰ ਆਦਿ ਨਾਟਕਾਂ ਵਿਚੋਂ ਔਰਤ ਦੀ ਜੋ ਸਥਿਤੀ ਦਲਿਤ ਰੂਪ ਵਿਚ ਜਾਂ ਜਾਤੀ ਨਿਵਾਣ ਪੱਖ ਦੀ ਸਮਝੀ ਗਈ ਹੈ ਉਸ ਦੀ ਪਛਾਣ ਵੀ ਕਰਵਾਈ ਹੈ। ਲੇਖਿਕਾ ਨੇ ਉਕਤ ਨਾਟਕਕਾਰਾਂ ਦੀਆਂ ਰਚਨਾਵਾਂ ਚਾਹੇ ਉਹ ਪੂਰੇ ਨਾਟਕ, ਲਘੂ ਨਾਟਕ, ਕਾਵਿ-ਨਾਟ ਜਾਂ ਇਕਾਂਗੀ ਰੂਪਾਕਾਰ ਵਿਚ ਹਨ ਆਦਿ ਵਿਚਲੇ ਕਥਾਨਕ ਅਤੇ ਪਾਤਰਾਂ ਦੇ ਆਪਸੀ ਦਵੰਦਾਤਮਿਕ ਸੰਵਾਦਾਂ ਦੀ ਪਛਾਣ ਕਰਾਉਣ ਲਈ ਨਾਟਕਾਂ ਵਿਚ ਵਰਤੀਆਂ ਅਨੇਕ ਵਿਧੀਆਂ ਦੀ ਵਰਤੋਂ ਨੂੰ ਵੀ ਪਛਾਣਿਆ ਹੈ।


ਡਾ. ਜਗੀਰ ਸਿੰਘ ਨੂਰ
ਮੋ: 98142-09732
c c c


ਠਰੀ ਰੁੱਤ ਦਾ ਸੇਕ
ਲੇਖਿਕਾ : ਦੀਪਤੀ ਬਬੂਟਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 84
ਸੰਪਰਕ : 98146-70707.


ਸਾਹਿਤਕਾਰ ਤੇ ਪੱਤਰਕਾਰ ਦੀਪਤੀ ਬਬੂਟਾ ਦਾ ਨਾਂਅ ਕੋਈ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਪਹਿਲਾਂ ਉਸ ਦੇ ਕਾਵਿ ਸੰਗ੍ਰਹਿ, ਕਥਾ ਸੰਗ੍ਰਹਿ ਤੇ ਇਕਾਂਗੀ ਸੰਗ੍ਰਹਿ ਛਪ ਚੁੱਕੇ ਹਨ। ਉਹ ਰੰਗਮੰਚ ਨਾਲ ਵੀ ਜੁੜੀ ਹੋਈ ਹੈ। ਹਥਲਾ ਨਾਟਕ 'ਠਰੀ ਰੁੱਤ ਦਾ ਸੇਕ' ਬਾਕੀ ਪੁਸਤਕਾਂ ਵਾਂਗ ਕਾਬਲੇ-ਤਾਰੀਫ਼ ਹੈ। ਇਸ ਨਾਟਕ ਦੀ ਕਹਾਣੀ ਦਾ ਵਿਸ਼ਾ ਸਮਾਜਿਕ ਰਿਸ਼ਤਿਆਂ 'ਚੋਂ ਉਪਜੀ ਹੋਈ ਅਸਹਿ ਤੇ ਅਕਹਿ ਪੀੜਾ ਦਾ ਦਰਦ ਬਿਆਨ ਕਰਦੀ ਹੈ। ਨਾਲ ਹੀ ਇਕ ਸੁਨੇਹਾ ਹੈ ਜੋ ਬਿਰਧ ਆਸ਼ਰਮਾਂ 'ਚ ਨਾ ਸ਼ੁਕਰੀ ਔਲਾਦ ਦੇ ਰਹਿਮੋ-ਕਰਮ ਨਾ ਬਣਨ ਨੂੰ ਪ੍ਰੇਰਿਤ ਕਰਦੀ ਹੈ। ਘਰ ਦੀ ਚਾਰ-ਦੀਵਾਰੀ 'ਚ ਰਹਿੰਦੇ ਪਤੀ-ਪਤਨੀ ਜਦੋਂ ਬਿਰਧ ਮਾਂ-ਪਿਓ ਨੂੰ ਬਿਰਧ ਆਸ਼ਰਮ 'ਚ ਛੱਡਣ ਲਈ 'ਪਲਾਨ' ਬਣਾਉਂਦੇ ਹਨ ਤਾਂ ਇਨ੍ਹਾਂ ਦਾ ਆਪਾ ਜਾਗ ਪੈਂਦਾ ਹੈ ਤੇ ਉਲਟ ਇਹ ਉਨ੍ਹਾਂ ਨੂੰ ਘਰੋਂ ਕੱਢਣ ਲਈ ਮਜਬੂਰ ਕਰ ਦਿੰਦੇ ਹਨ। ਬਗ਼ਾਵਤੀ ਸੁਰ ਦਾ ਜ਼ਿਕਰ ਕਰਨਾ ਕਾਬਿਲੇ-ਤਾਰੀਫ਼ ਹੈ। ਨਾਟਕ 'ਚ ਨਾਰਾਇਣੀ ਇਕ ਪਾਤਰ ਜੋ ਗ਼ਲਤੀ ਨਾਲ ਆਪਣੀ ਸਾਰੀ ਜਾਇਦਾਦ ਮੁੰਡੇ ਨੂੰ ਦੇ ਦਿੰਦੀ ਹੈ ਤੇ ਇਹ ਉਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੰਦਾ ਹੈ। ਉਹ ਕਿਸੇ ਤਰ੍ਹਾਂ ਕਾਨੂੰਨ ਦਾ ਸਹਾਰਾ ਲੈ ਕੇ ਮਹੀਨੇ ਦਾ ਖ਼ਰਚ ਵੀ ਲੈਣਾ ਸ਼ੁਰੂ ਕਰ ਦਿੰਦੀ ਹੈ। ਨਾਟਕ 'ਚ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਔਰਤ ਮਾਨਸਿਕ ਪੀੜਾ ਨੂੰ ਝੱਲਦਿਆਂ ਆਪਣੇ ਹੱਥੀਂ ਆਪਣੇ ਜਜ਼ਬਿਆਂ ਦਾ ਕਤਲ ਕਰ ਦਿੰਦੀ ਹੈ। ਇਹ ਨਾਟਕ ਸਮੁੱਚੀ ਮਾਨਵਤਾ ਲਈ ਇਕ ਰਾਹ-ਦਸੇਰਾ ਦਾ ਕੰਮ ਕਰੇਗਾ।


ਡੀ.ਆਰ. ਬੰਦਨਾ
ਮੋ: 94173-89003.


ਕਿਸਾਨ ਯੁੱਧ

ਲੇਖਕ : ਸੁਖਿੰਦਰ, ਲਖਵਿੰਦਰ ਜੌਹਲ, ਮੋਹਨ ਤਿਆਗੀ
ਪ੍ਰਕਾਸ਼ਕ : ਕਾਵਿ ਲੋਕ ਪਬਲੀਕੇਸ਼ਨਜ਼, ਜਲੰਧਰ
ਮੁੱਲ : 100 ਰੁਪਏ, ਸਫ਼ੇ : 64
ਸੰਪਰਕ : 94171-94812.


'ਕਿਸਾਨ ਯੁੱਧ' ਕਾਵਿ ਸੰਗ੍ਰਹਿ ਪੰਜਾਬੀ ਕਾਵਿ ਜਗਤ ਦੇ ਸਥਾਪਤ ਹਸਤਾਖ਼ਰਾਂ : ਸੁਖਿੰਦਰ, ਲਖਵਿੰਦਰ ਜੌਹਲ ਅਤੇ ਮੋਹਨ ਤਿਆਗੀ ਦਾ ਸਾਂਝਾ ਕਾਵਿ ਸੰਗ੍ਰਹਿ ਹੈ। ਇਹ ਕਾਵਿ ਸੰਗ੍ਰਹਿ ਕਿਸਾਨ ਅੰਦੋਲਨ ਵਿਚ ਸ਼ਾਮਿਲ ਉਨ੍ਹਾਂ ਸਭਨਾਂ ਮਰਦਾਂ, ਔਰਤਾਂ, ਬਜ਼ੁਰਗਾਂ, ਬੱਚਿਆਂ ਨੂੰ ਸਮਰਪਿਤ ਕੀਤਾ ਗਿਆ ਹੈ ਜੋ ਆਪਣੇ ਖੁਸਦੇ ਹੱਕਾਂ ਦੀ ਰਾਖੀ ਲਈ ਦਿਨ-ਰਾਤ ਦਿੱਲੀ ਦੀਆਂ ਸਰਹੱਦਾਂ ਸਿੰਘੂ, ਟਿਕਰੀ, ਗਾਜੀਪੁਰ, ਪਲਵਲ 'ਤੇ ਡਟੇ ਹੋਏ ਗਰਮ-ਸਰਦ ਰਾਤਾਂ ਗੁਜ਼ਾਰ ਰਹੇ ਹਨ। ਸੁਖਿੰਦਰ ਦੀਆਂ 'ਕਿਸਾਨ ਯੁੱਧ', 'ਕਿਸਾਨ', 'ਲੋਕ ਯੁੱਧ', 'ਇਤਿਹਾਸ ਦੇ ਸਿਰਜਕ', 'ਕ੍ਰਾਂਤੀ ਦੀ ਭਾਸ਼ਾ', 'ਕਾਲੇ ਕਾਨੂੰਨ', 'ਗੱਲਬਾਤ', 'ਭਰਮ', 'ਹੁਕਮਰਾਨ', 'ਚਾਣਕਿਆ ਰਾਜਨੀਤੀ ਮੰਤਰ' 10 ਕਵਿਤਾਵਾਂ ਇਸ ਕਾਵਿ ਸੰਗ੍ਰਹਿ ਦਾ ਸ਼ਿੰਗਾਰ ਬਣੀਆਂ ਹਨ। 'ਜਦੋਂ ਖੇਤ ਜਾਗੇ', 'ਕਾਲ ਕਥਾ', 'ਗ਼ਜ਼ਲ', 'ਮੁਰਦਾਬਾਦ ਸਿਆਸਤ', 'ਦੇਸ਼ ਦੇ ਕਿਸਾਨ', 'ਟੀਸ', 'ਸਿੱਧੀ ਗੱਲ', 'ਕਕਰੀਲੀ ਰਾਤ', 'ਸੁਪਨਾ', 'ਗ਼ਜ਼ਲ' ਇਸ ਕਾਵਿ-ਸੰਗ੍ਰਹਿ ਦੀਆਂ ਜੀਨਤ ਹਨ। 'ਇਤਿਹਾਸ ਦਾ ਸਫ਼ਰ', 'ਧੂੰਆਂ', 'ਮਿੱਟੀ ਦੀ ਤਾਸੀਰ', 'ਸੰਗਰਾਮ', 'ਤੁਗ਼ਲਕ ਦਾ ਭੂਤ', 'ਵਕਤ ਦੀ ਆਵਾਜ਼', 'ਪਿੰਡ ਦਾ ਬੋਹੜ', 'ਮਾਜਰਾ', 'ਜੰਗ ਜਾਰੀ ਹੈ' ਅਤੇ 'ਭਗਤ ਸਿੰਘ' 10 ਕਵਿਤਾਵਾਂ ਅਣਮੋਲ ਖਜ਼ਾਨਾ ਹਨ। ਇਨ੍ਹਾਂ ਕਵਿਤਾਵਾਂ 'ਤੇ ਨਜ਼ਰ ਮਾਰਦਿਆਂ ਹੀ ਕਿਸਾਨਾਂ-ਕਿਰਤੀਆਂ ਦੇ ਰਾਹ ਰੋਕਦੀਆਂ ਧਾੜਾਂ ਦੀ ਲੋਕਤੰਤਰ ਦੇ ਨਾਂਅ 'ਤੇ ਵਾਪਰੀਆਂ ਬਰਬਰ ਘਟਨਾਵਾਂ ਦੇ ਸਾਕਾਰ ਚਿੱਤਰ ਕਾਵਿ-ਪਾਠਕਾਂ ਦੇ ਜ਼ਿਹਨ 'ਚ ਤੈਰਦੇ ਹਨ। ਭਾਵ ਰਾਜਾਂ ਦੀਆਂ ਸਰਹੱਦਾਂ ਪਾਰ ਕਰਦਿਆਂ ਠਾਠਾਂ ਮਾਰਦੇ ਰੋਹ 'ਤੇ ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸਾਂ ਦੇ ਗੋਲੇ, ਸੜਕਾਂ 'ਚ ਥਾਂ-ਥਾਂ ਪੁੱਟੇ ਡੂੰਘੇ ਟੋਏ, ਲਾਠੀਆਂ ਵਰਸਾਉਂਦੀਆਂ ਧਾੜਾਂ, ਪਰਜਾਤੰਤਰ ਦੇ ਨਾਂਅ 'ਤੇ ਹੰਕਾਰੀ ਮੁੱਖ ਸੇਵਕ ਅਤੇ ਸੇਵਕਾਂ ਦਾ ਫਾਸ਼ੀਵਾਦੀ ਚਿਹਰਾ ਬੇਨਕਾਬ ਹੁੰਦਾ ਹੈ। ਇਨ੍ਹਾਂ ਕਵਿਤਾਵਾਂ 'ਚ ਇਸ ਬਿਰਤਾਂਤ ਨੂੰ ਕਲਮਬੱਧ ਕੀਤਾ ਹੈ ਕਿ ਇਹ ਭੁੱਖ ਦੀ ਲੜਾਈ ਹੈ ਜੋ ਕਿ ਮਜ਼੍ਹਬਾਂ, ਧਰਮਾਂ, ਜਾਤਾਂ-ਪਾਤਾਂ, ਫ਼ਿਰਕਿਆਂ, ਕਬੀਲਿਆਂ, ਭਾਈਚਾਰਿਆਂ ਅਤੇ ਗੋਤਾਂ ਆਦਿ ਤੋਂ ਉੱਪਰ ਹੈ। ਇਕ ਪਾਸੇ ਹੰਕਾਰੀ ਹਾਕਮਾਂ ਦੀਆਂ ਕੁਟਲ ਨੀਤੀਆਂ ਅਤੇ ਦੂਜੇ ਪਾਸੇ ਜਬਰ ਸਹਿਣ ਤੋਂ ਨਾਬਰੀ ਕਰਦੀ ਆਵਾਮ ਦੇ ਦ੍ਰਿਸ਼। ਇਨ੍ਹਾਂ ਕਵਿਤਾਵਾਂ ਵਿਚ ਪੰਜਾਬ ਦੇ ਵਿਰਾਸਤੀ ਪਿਛੋਕੜ ਦੀ ਝਲਕ ਵੀ ਇਤਿਹਾਸਕ ਅਤੇ ਸੱਭਿਆਚਾਰਕ ਵੇਰਵਿਆਂ ਸਹਿਤ ਪੇਸ਼ ਹੋਈ ਹੈ। ਨਿੱਜੀਕਰਨ, ਵਿਸ਼ਵੀਕਰਨ, ਉਦਾਰੀਕਰਨ ਦੇ ਨਾਂਅ 'ਤੇ ਕਾਰਪੋਰੇਟਰਾਂ ਅਤੇ ਦੇਸੀ ਸਿਆਸਤ ਦੇ ਨਾਪਾਕ ਮਨਸੂਬਿਆਂ ਦਾ ਇਹ ਕਵਿਤਾਵਾਂ ਬਿਰਤਾਂਤ ਪੇਸ਼ ਕਰਦੀਆਂ ਹਨ। ਭਗਤ ਸਿੰਘ, ਊਧਮ, ਸਰਾਭੇ, ਗ਼ਦਰੀ ਬਾਬਿਆਂ, ਅਕਾਲੀ ਮੋਰਚਿਆਂ ਦੇ ਮੈਟਾਫ਼ਰ ਯੁੱਧ ਲੜਦੇ ਲੋਕਾਂ ਦੇ ਠਾਠਾਂ ਮਾਰਦੇ ਜਜ਼ਬੇ ਦੀ ਤਰਜਮਾਨੀ ਕਰਦੇ ਹਨ। ਕਿਸਾਨ ਯੁੱਧ ਦਾ ਸੰਬੰਧ 'ਜ਼ਮੀਰ ਤੇ ਜ਼ਮੀਰ', 'ਨਸਲਾਂ ਤੇ ਫ਼ਸਲਾਂ' ਬਚਾਉਣ ਨਾਲ ਸਬੰਧਿਤ ਹੈ। ਤਣੇ ਹੋਏ ਮੁੱਕਿਆਂ ਦੇ ਚਿੱਤਰ ਅਤੇ ਸਰਵਰਕ ਇਸ ਕਾਵਿ-ਸੰਗ੍ਰਹਿ 'ਕਿਸਾਨ ਯੁੱਧ' ਦੇ ਸਿਰਲੇਖ ਦੀ ਸਾਰਥਿਕਤਾ ਪੇਸ਼ ਕਰਦੇ ਹਨ :
ਆਓ ਕਿ ਤੁਹਾਨੂੰ
ਲਹੂ ਰੱਤਿਆ ਚਾਨਣ ਬੁਲਾਉਂਦਾ ਹੈ
ਆਓ ਕਿ ਤੁਹਾਨੂੰ ਭਗਤ ਸਿੰਘ
ਬੁਲਾਉਂਦਾ ਹੈ (ਮੋਹਨ ਤਿਆਗੀ)
ਉੱਜੜੇ ਖੇਤਾਂ 'ਚ ਦੀਵੇ ਬਾਲੀਏ
ਰਾਖ਼ ਸੁੱਚੀ ਕਿਰਤ ਦੀ ਸੰਭਾਲੀਏ
(ਲਖਵਿੰਦਰ ਜੌਹਲ)
ਜਿੰਨੀ ਮਰਜ਼ੀ ਰਾਤ ਹਨੇਰੀ/ਕਰ ਲਏ ਹਾਕਮ ਹੁਣ/ਤਾਰੇ, ਫਿਰ ਵੀ, ਚੜ੍ਹ ਆਉਂਦੇ ਨੇ/ਸੰਗਲ ਸਭ ਟੁੱਟ ਜਾਣੇ ਨੇ/ਆਖ਼ਰ, ਹਰ ਗੁਲਾਮੀ, ਸਭ ਰੋਕਾਂ ਦੇ (ਸੁਖਿੰਦਰ) ਮੈਨੂੰ ਪੂਰੀ ਆਸ ਹੈ ਕਿ ਪੰਜਾਬੀ ਕਾਵਿ-ਪਾਠਕ ਇਸ ਇਤਿਹਾਸਕ ਕਾਵਿ-ਸੰਗ੍ਰਹਿ ਨੂੰ ਖੁਸ਼ ਆਮਦੀਦ ਕਹੇਗਾ। ਆਮੀਨ!


ਸੰਧੂ ਵਰਿਆਣਵੀ (ਪ੍ਰੋ:)
ਮੋ: 98786-14096.
c c c


ਆਦਰਸ਼ ਸਿੱਖ ਨਾਰੀਆਂ

ਲੇਖਿਕਾ : ਜਗਦੀਸ਼ ਕੌਰ ਵਾਡੀਆ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 116
ਸੰਪਰਕ : 94638-36591.


ਹਥਲੀ ਪੁਸਤਕ ਦੀ ਲੇਖਿਕਾ ਨੇ ਆਦਰਸ਼ ਸਿੱਖ ਨਾਰੀਆਂ ਦੇ ਜੀਵਨ ਨੂੰ ਇਸ ਪੁਸਤਕ ਦਾ ਵਿਸ਼ਾ ਬਣਾ ਕੇ ਚਿਰ-ਸਥਾਈ ਕਾਰਜ ਕੀਤਾ ਹੈ। ਥੋੜ੍ਹੇ ਸਫ਼ਿਆਂ ਵਿਚ ਵਡਮੁੱਲੀ ਤੇ ਭਰਪੂਰ ਜਾਣਕਾਰੀ ਪਾਠਕਾਂ ਤੱਕ ਪਹੁੰਚਾਈ ਗਈ ਹੈ। ਇਹ ਆਦਰਸ਼ ਨਾਰੀਆਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਗ੍ਰਹਿਣ ਕਰਕੇ ਸਮੁੱਚੇ ਨਾਰੀ ਵਰਗ ਨੂੰ ਅਗਵਾਈ ਦੇ ਰਹੀਆਂ ਹਨ। ਇਨ੍ਹਾਂ ਪ੍ਰਤੀਨਿਧ ਨਾਰੀਆਂ ਵਿਚ ਗੁਰੂ ਮਹਿਲ, ਗੁਰੂ ਜਨਨੀਆਂ, ਗੁਰੂ ਪੁੱਤਰੀਆਂ, ਗੁਰੂ ਭੈਣਾਂ ਅਤੇ ਹੋਰ ਬਹਾਦਰ ਇਸਤਰੀਆਂ ਸ਼ਾਮਿਲ ਹਨ। ਇਹ ਸਾਰੀਆਂ ਨਾਰੀਆਂ ਇਕ ਬੇਮਿਸਾਲ ਤੇ ਅਦੁੱਤੀ ਇਕਸੁਰਤਾ ਨੂੰ ਰੂਪਮਾਨ ਕਰਦੀਆਂ ਹਨ। ਗੁਰੂ ਕਾਲ ਦੀ ਸਿੱਖ ਇਸਤਰੀ ਦੀ ਪਰੰਪਰਾ ਮਾਣਮੱਤੀ ਤੇ ਅਮੀਰ ਸੰਸਕਾਰਾਂ ਨੂੰ ਪੇਸ਼ ਕਰਦੀ ਹੈ। ਸਾਰੇ ਗੁਰੂ ਸਾਹਿਬਾਨ ਇਸ ਗੁਰਮਤਿ ਵਿਚਾਰਧਾਰਾ ਨੂੰ ਸੰਸਾਰ ਦੇ ਵੱਡੇ ਮੰਚ 'ਤੇ ਪੇਸ਼ ਕਰਨ ਲਈ ਕਾਰਜਸ਼ੀਲ ਸਨ ਅਤੇ ਗੁਰੂ ਘਰ ਦੀਆਂ ਇਹ ਮਹਾਨ ਨਾਰੀਆਂ ਸਿੱਖ ਸੰਸਕਾਰਾਂ ਦੇ ਉੱਤਮ ਤੇ ਬੇਮਿਸਾਲੀ ਸੇਵਾ ਵਿਚ ਯੋਗਦਾਨ ਪਾ ਕੇ ਗੁਰੂ ਸਾਹਿਬਾਨ ਦੇ ਅੰਗ-ਸੰਗ ਰਹੀਆਂ। ਪਾਵਨ ਗੁਰਬਾਣੀ ਦੇ ਆਦਰਸ਼ਾਂ ਤੇ ਅਚਾਰ-ਵਿਹਾਰ ਨੂੰ ਨਰੋਈ ਕਦਰਾਂ-ਕੀਮਤਾਂ ਵਾਲੀ ਜੀਵਨ ਸ਼ੈਲੀ ਰਾਹੀਂ ਇਨ੍ਹਾਂ ਨੇ ਮਹੱਤਵਪੂਰਨ ਯੋਗਦਾਨ ਪਾਇਆ। ਸੁਹਿਰਦ ਲੇਖਿਕਾ ਨੇ ਪੁਸਤਕ ਦੇ ਪਹਿਲੇ ਭਾਗ ਵਿਚ 'ਨਾਰੀ ਇਤਿਹਾਸ ਉੱਤੇ ਇਕ ਝਾਤ' ਅਤੇ ਗੁਰੂ ਮਾਤਾਵਾਂ ਸਿਰਲੇਖ ਅਧੀਨ 'ਮਾਤਾ ਤ੍ਰਿਪਤਾ ਜੀ', 'ਮਾਤਾ ਰਾਮੋ ਜੀ', 'ਮਾਤਾ ਸੁਲੱਖਣੀ', 'ਲਛਮੀ ਜੀ', 'ਮਾਤਾ ਦਇਆ ਕੌਰ ਜੀ' ਅਤੇ 'ਮਾਤਾ ਅਨੰਤੀ ਜੀ' ਦੇ ਆਦਰਸ਼ ਜੀਵਨ ਦਾ ਵਰਨਣ ਕੀਤਾ ਹੈ। ਪੁਸਤਕ ਦੇ ਦੂਜੇ ਹਿੱਸੇ ਵਿਚ 'ਗੁਰੂ ਮਹਿਲਾਂ ਦਾ ਗੁਰੂ ਸਾਹਿਬਾਨ ਦੇ ਜੀਵਨ ਵਿਚ ਯੋਗਦਾਨ' ਤੋਂ ਬਾਅਦ 'ਮਾਤਾ ਸੁਲੱਖਣੀ ਜੀ', 'ਮਾਤਾ ਖੀਵੀ ਜੀ', 'ਮਾਤਾ ਮਨਸਾ ਦੇਵੀ ਜੀ', 'ਮਾਤਾ ਭਾਨੀ ਜੀ', 'ਮਾਤਾ ਗੰਗਾ ਜੀ', 'ਮਾਤਾ ਦਮੋਦਰੀ ਜੀ', 'ਮਾਤਾ ਨਾਨਕੀ ਜੀ', 'ਮਾਤਾ ਮਹਾਂਦੇਵੀ ਜੀ', 'ਮਾਤਾ ਕਿਸ਼ਨ ਕੌਰ ਜੀ', 'ਮਾਤਾ ਗੁਜਰੀ ਜੀ', 'ਮਾਤਾ ਜੀਤੋ ਜੀ', 'ਮਾਤਾ ਸੁੰਦਰੀ ਜੀ', 'ਮਾਤਾ ਸਾਹਿਬ ਕੌਰ ਜੀ' ਦੇ ਉੱਚੇ-ਸੁੱਚੇ ਕਿਰਦਾਰੀ ਜੀਵਨ ਨੂੰ ਪੇਸ਼ ਕੀਤਾ ਗਿਆ ਹੈ। ਪੁਸਤਕ ਦੇ ਤੀਜੇ ਭਾਗ ਵਿਚ ਆਦਰਸ਼ ਸਿੱਖ ਬੀਬੀਆਂ 'ਬੇਬੇ ਨਾਨਕ ਜੀ', 'ਬੀਬੀ ਵੀਰੋ ਜੀ', 'ਮਾਤਾ ਭਿਰਾਈ ਜੀ' ਅਤੇ 'ਮਾਤਾ ਭਾਗ ਕੌਰ ਜੀ' ਵਲੋਂ ਸਿੱਖ ਫਿਲਾਸਫ਼ੀ ਅਤੇ ਇਤਿਹਾਸ ਵਿਚ ਪਾਏ ਵਡਮੁੱਲੇ ਯੋਗਦਾਨ ਨੂੰ ਪਾਠਕਾਂ ਦੇ ਸਨਮੁੱਖ ਪੇਸ਼ ਕੀਤਾ ਹੈ। ਪੁਸਤਕ ਦੇ ਅੰਤ ਵਿਚ ਲੇਖਿਕਾ ਨੇ ਆਪਣੇ ਜੀਵਨ ਬਿਊਰੇ ਵਿਚ ਉਸ ਵਲੋਂ ਕੀਤੇ ਗਏ ਕਾਰਜਾਂ ਵਿਚ 60 ਪੁਸਤਕਾਂ ਦਾ ਜ਼ਿਕਰ ਵੀ ਮਿਲਦਾ ਹੈ। ਪੁਸਤਕ ਦੇ ਆਰੰਭ ਵਿਚ 'ਆਦਰਸ਼ ਸਿੱਖ ਬੀਬੀਆਂ' ਸਿਰਲੇਖ ਅਧੀਨ ਉੱਘੇ ਇਤਿਹਾਸਕਾਰ ਤੇ ਲੇਖਕ ਨਿਰੰਜਨ ਸਿੰਘ ਸਾਥੀ ਨੇ ਲੇਖਿਕਾ ਵਲੋਂ ਕੀਤੀ ਮਿਹਨਤ ਦੀ ਸ਼ਲਾਘਾ ਕੀਤੀ ਹੈ। ਗੁਰਮਤਿ ਸਾਹਿਤ ਵਿਚ ਇਸ ਪੁਸਤਕ ਦੇ ਆਉਣ ਨਾਲ ਪ੍ਰਸੰਸਾਯੋਗ ਵਾਧਾ ਹੋਵੇਗਾ।


ਭਗਵਾਨ ਸਿੰਘ ਜੌਹਲ
ਮੋ: 98143-24040.
c c c


ਰੇਪ ਆਫ ਹਿਸਟਰੀ
ਲੇਖਕ : ਪ੍ਰੋ: ਕੇਵਲ ਕਲੋਟੀ
ਪ੍ਰਕਾਸ਼ਕ : ਆਸ਼ਨਾ ਪਬਲੀਕੇਸ਼ਨਜ਼, ਹੁਸ਼ਿਆਰਪੁਰ
ਮੁੱਲ : 900 ਰੁਪਏ, ਸਫ਼ੇ : 564
ਸੰਪਰਕ : 97795-54350.


ਰੇਪ ਆਫ ਹਿਸਟਰੀ (ਤੇ ਇਉਂ ਹੁੰਦਾ ਰਿਹਾ ਇਤਿਹਾਸ ਦਾ ਬਲਾਤਕਾਰ) ਕੇਵਲ ਕਲੋਟੀ ਦੀ ਦਸਵੀਂ ਕਿਤਾਬ ਹੈ। ਲੇਖਕ ਦੀਆਂ ਇਸ ਤੋਂ ਪਹਿਲਾਂ ਵੱਖ-ਵੱਖ ਵਿਧਾਵਾਂ ਵਿਚ ਨੌਂ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਕਿਤਾਬ ਦਾ ਵਿਸ਼ਾ ਇਤਿਹਾਸ ਨਾਲ ਸਬੰਧਿਤ ਇਕ ਵੱਖਰਾ ਤੇ ਨਿਵੇਕਲਾ ਵਿਸ਼ਾ ਹੈ। ਵਿਸ਼ਵ ਦੇ ਇਤਿਹਾਸ ਵਿਚ ਵੱਖ-ਵੱਖ ਦੇਸ਼ਾਂ ਦੀ ਆਰਥਿਕਤਾ 'ਤੇ ਕਬਜ਼ਾ ਕਰਨ ਲਈ ਕੀਤੇ ਗਏ ਅਣਉਚਿਤ ਕਾਰਜਾਂ ਅਤੇ ਘਟਨਾਵਾਂ ਦਾ ਵਰਨਣ ਲੇਖਕ ਵਲੋਂ ਬੜੇ ਸਰਲ ਤਰੀਕੇ ਨਾਲ ਕੀਤਾ ਗਿਆ ਹੈ।
ਇਤਿਹਾਸ ਲੇਖਣ ਕਲਾ ਵਿਚ ਮਾਹਰ ਕੇਵਲ ਕਲੋਟੀ ਦੀ ਵਿਧਾ ਦਾ ਮੁਢਲਾ ਆਧਾਰ ਸਾਹਿਤਕ ਰੂਪ ਵਿਚ ਰਚਨਾ ਹੈ। ਕਿਤਾਬ ਦੀ ਸ਼ੁਰੂਆਤ ਹਵਾਈ ਸਫ਼ਰ ਦੌਰਾਨ ਅਚਾਨਕ ਮਿਲਣੀ ਤੋਂ ਸ਼ੁਰੂ ਹੋ ਕੇ ਵੱਖ-ਵੱਖ ਦੇਸ਼ਾਂ ਦੀ ਆਰਥਿਕ ਵਿਵਸਥਾ ਨਾਲ ਜੁੜੇ ਗੰਭੀਰ ਮਸਲਿਆਂ ਤੱਕ ਪਹੁੰਚਦੀ ਹੈ। ਲੇਖਕ ਅਨੁਸਾਰ ਪਹਿਲਾ ਤੇ ਦੂਸਰਾ ਮਹਾਂਯੁੱਧ, ਲੀਗ ਆਫ ਨੇਸ਼ਨਜ਼ ਦੀ ਸਥਾਪਨਾ, ਆਰਥਿਕ ਮੰਦਾ (1929), ਯੂ.ਐਨ.ਓ. ਦੀ ਸਥਾਪਨਾ ਆਦਿ ਵਿਸ਼ਵ ਦੇ ਇਤਿਹਾਸ ਦੀ ਆਰਥਿਕਤਾ 'ਤੇ ਨਿੱਜੀ ਕਬਜ਼ੇ ਕਰਨ ਲਈ ਕੁਝ ਲੋਕਾਂ ਵਲੋਂ ਗਿਣੇ-ਮਿੱਥੇ ਢੰਗ ਨਾਲ ਕੀਤੇ ਗਏ ਪ੍ਰਮੁੱਖ ਕੰਮ ਸਨ।
ਦੁਨੀਆ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਧਨ-ਦੌਲਤ ਅਤੇ ਮਾਇਆ ਹੈ। ਧਨ ਦੌਲਤ ਅਤੇ ਮਾਇਆ ਦਾ ਵਰਤਮਾਨ ਸਰੂਪ 'ਮੁਦਰਾ ਪ੍ਰਣਾਲੀ' ਹੈ। ਵਿਸ਼ਵ ਦੇ ਹਰ ਦੇਸ਼ ਦੀ ਮੁਦਰਾ ਦਾ ਮੁਲਾਂਕਣ ਅਮਰੀਕੀ ਡਾਲਰ ਨਾਲ ਕੀਤਾ ਜਾਂਦਾ ਹੈ। ਅਮਰੀਕੀ ਡਾਲਰ ਫੈਡਰਲ ਰਿਜ਼ਰਵ ਬੈਂਕ ਵਲੋਂ ਜਾਰੀ ਕੀਤਾ ਜਾਂਦਾ ਹੈ ਜੋ ਕਿ 1913 ਵਿਚ ਅਮਰੀਕੀ ਸੰਸਦ ਵਲੋਂ ਪਾਸ ਕਾਨੂੰਨ ਅਨੁਸਾਰ ਰੌਥਸਚਾਈਲਡ ਟੱਬਰ ਦੀ ਨਿੱਜੀ ਸੰਪਤੀ ਹੈ। ਇਸ ਤਰ੍ਹਾਂ ਅਮਰੀਕਾ ਦੇ ਇਸ ਪਰਿਵਾਰ ਦੀ ਅਮਰੀਕੀ ਬੈਂਕ ਰਾਹੀਂ ਦੁਨੀਆ ਦੀ ਆਰਥਿਕਤਾ ਨੂੰ ਨਿੱਜੀ ਸੰਪਤੀ ਦੇ ਰੂਪ ਵਿਚ ਨਿਰੰਤਰ ਬਦਲਿਆ ਜਾ ਰਿਹਾ ਹੈ। ਜਿਸ ਨਾਲ ਦੁਨੀਆ ਦੀ ਹਰ ਵਸਤੂ ਸਿੱਧੇ ਜਾਂ ਅਸਿੱਧੇ ਢੰਗ ਨਾਲ ਲੇਖਕ ਅਨੁਸਾਰ ਰੌਥਸਚਾਈਲਡ ਟੱਬਰ ਦੀ ਨਿੱਜੀ ਸੰਪਤੀ ਬਣ ਜਾਵੇਗੀ। ਨਵ-ਸਾਮਰਾਜਵਾਦ ਦੇ ਯੁੱਗ ਵਿਚ ਵਿਸ਼ਵ ਆਰਥਿਕ ਸਾਧਨਾਂ ਉੱਪਰ ਕੁਝ ਨਿੱਜੀ ਘਰਾਣਿਆਂ ਦੇ ਕਬਜ਼ੇ ਨਾਲ ਉਨ੍ਹਾਂ ਦੀ ਆਰਥਿਕ ਤੌਰ 'ਤੇ ਨਿਰੰਕੁਸ਼ ਬਾਦਸ਼ਾਹਤ ਸਥਾਪਤ ਹੋਵੇਗੀ ਜੋ ਤੀਸਰੇ ਵਿਸ਼ਵ ਯੁੱਧ ਦਾ ਪ੍ਰਮੁੱਖ ਕਾਰਨ ਬਣੇਗੀ।
ਆਧੁਨਿਕ ਯੁੱਗ ਦੇ ਵੱਖ-ਵੱਖ ਦੇਸ਼ਾਂ ਅਫ਼ਗਾਨਿਸਤਾਨ, ਰੂਸ, ਇੰਗਲੈਂਡ, ਆਸਟਰੀਆ, ਜਰਮਨੀ ਆਦਿ ਤੋਂ ਇਲਾਵਾ ਹੋਰ ਦੇਸ਼ਾਂ ਵਿਚ ਕਾਰਜਸ਼ੀਲ ਗੁਪਤ ਰੂਪ ਨਾਲ ਅਨੈਤਿਕ ਕੰਮਾਂ ਵਿਚ ਕਾਰਜਸ਼ੀਲ ਸੰਸਥਾਵਾਂ, ਵਿਅਕਤੀਆਂ, ਬੈਂਕਾਂ ਅਤੇ ਹੋਰ ਅਦਾਰਿਆਂ ਬਾਰੇ ਵਰਨਣ ਬੜੇ ਸਰਲ ਢੰਗ ਨਾਲ ਤੱਥਾਂ ਅਤੇ ਮਿਤੀਆਂ ਸਮੇਤ ਵਰਨਣ ਕੀਤਾ ਗਿਆ ਹੈ।
ਸੰਖੇਪ ਰੂਪ ਵਿਚ ਇਹ ਕਿਤਾਬ ਸਾਹਿਤਕ ਵਿਧੀ ਨਾਲ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਦੀ ਆਰਥਿਕ ਵਿਵਸਥਾ ਨਾਲ ਜੁੜੇ ਅਤਿ ਸੰਵੇਦਨਸ਼ੀਲ ਵਿਸ਼ਿਆਂ ਬਾਰੇ ਪੰਜਾਬੀ ਪਾਠਕਾਂ ਨੂੰ ਜਾਗਰੂਕ ਕਰਨ ਦਾ ਸਫ਼ਲ ਯਤਨ ਹੈ। ਜੋ ਕਿ ਆਰਥਿਕ ਇਤਿਹਾਸ ਦੇ ਵਿਦਿਆਰਥੀਆਂ ਅਤੇ ਆਮ ਪਾਠਕਾਂ ਦੀ ਜਾਣਕਾਰੀ ਤੇ ਗਿਆਨ ਲਈ ਸ਼ਲਾਗਾਯੋਗ ਕਦਮ ਹੈ।


ਡਾ. ਮੁਹੰਮਦ ਇਦਰੀਸ
c c c


ਠੰਢਾ ਸੂਰਜ
ਕਵੀ : ਮਨਪ੍ਰੀਤ ਸਿੰਘ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 128
ਸੰਪਰਕ : 84275-60570.


ਨੌਜਵਾਨ ਕਵੀ ਮਨਪ੍ਰੀਤ ਸਿੰਘ ਦੀ 'ਠੰਢਾ ਸੂਰਜ' ਪਹਿਲੀ ਪ੍ਰਕਾਸ਼ਿਤ ਕਾਵਿ ਪੁਸਤਕ ਹੈ। ਇਸ ਪੁਸਤਕ ਵਿਚ ਕੁੱਲ 79 ਕਵਿਤਾਵਾਂ ਹਨ। ਨੈਤਿਕਤਾ ਅਤੇ ਧਰਮ ਕਰਮ ਦੀ ਜੀਵਨ-ਜਾਚ ਵਿਚ ਰੰਗੀਆਂ ਇਹ ਕਵਿਤਾਵਾਂ ਸਿੱਖਿਆਦਾਇਕ ਹਨ। ਉਸ ਦੀਆਂ ਕਵਿਤਾਵਾਂ ਦੇ ਸਿਰਲੇਖਾਂ ਤੋਂ ਵੀ ਕਾਵਿ ਵਿਸ਼ਿਆਂ ਦਾ ਪਤਾ ਲਗਦਾ ਹੈ ਜਿਵੇਂ : ਗੁਰੂ ਨਾਨਕ, ਗੁਰੂ ਨਾਨਕ ਆਗਮਨ, ਗੁਰੂ ਗੋਬਿੰਦ ਸਿੰਘ ਜੀ, ਬਾਲਕ ਹਰਗੋਬਿੰਦ ਨੂੰ, ਮੇਰਾ ਮੁਰਸ਼ਦ, ਭਾਈ ਮਰਦਾਨਾ, ਭਿੰਡਰਾਂਵਾਲੇ, ਸਿੱਖ ਇਤਿਹਾਸ, ਕੇਸ ਨਾ ਕਟਾਇਉ, ਸਿੱਖੀ ਮੁੱਕਦੀ ਜਾਂਦੀ, ਗੁਰਦੁਆਰੇ ਤੇ ਮੰਦਰ ਆਦਿ।
ਇਹ ਕਵਿਤਾਵਾਂ ਭਾਵੇਂ ਵਾਰਤਕ ਲਹਿਜੇ ਵਿਚ ਤਾਂ ਨਹੀਂ ਪਰ ਛੰਦ ਬਹਿਰ ਦੀਆਂ ਵੀ ਪੂਰੀ ਤਰ੍ਹਾਂ ਪਾਬੰਦ ਨਹੀਂ। ਇਹ ਕਵਿਤਾਵਾਂ ਲੈ ਯੁਕਤ ਹਨ ਜਿਵੇਂ :
ਬਹੁਤ ਪੜ੍ਹੀਆਂ ਇਲਮ ਕਿਤਾਬਾਂ ਅੱਜ ਪੜ੍ਹ ਆਪਣਾ ਇਤਿਹਾਸ ਸਿੰਘਾ
ਆਹ ਹੀਰ-ਹੂਰ ਕੀ ਆ ਸਾਡੇ ਸਾਹਵੇਂ, ਬੇਬੇ ਨਾਨਕੀ ਹੈ ਖ਼ਾਸ ਸਿੰਘਾ।
ਬੱਚੇ ਨੂੰ ਆਪਣਾ ਮੁਢਲਾ ਸਕੂਲ ਕਦੇ ਨਹੀਂ ਭੁੱਲਦਾ। ਕਵੀ ਲਿਖਦਾ ਹੈ :
ਸਕੂਲ ਮੇਰਾ ਮੈਨੂੰ ਵਾਂਗ ਮੇਰੀ ਮਾਂ ਜਾਪਦਾ
ਪੜ੍ਹਿਆ ਹਾਂ ਇਥੋਂ ਖੌਰੇ ਚੰਗਾ ਤਾਂ ਜਾਪਦਾ
ਧਾਰਮਿਕ ਕਵਿਤਾਵਾਂ ਤੋਂ ਹਟ ਕੇ ਵੀ ਕਵੀ ਨੇ ਕਵਿਤਾਵਾਂ ਸਿਰਜੀਆਂ ਹਨ ਜਿਵੇਂ :
ਇੰਜ ਲਗਦਾ ਏ ਰਿਸ਼ਤਾ ਆਪਣਾ,
ਜਿਵੇਂ ਹੁੰਦਾ ਏ ਕਾਫੀ ਪੁਰਾਣਾ ਜਿਹਾ,
ਤੂੰ ਕੁੜੀ ਏਂ ਕਵਿਤਾ ਵਰਗੀ ਨੀ,
ਤੇ ਮੈਂ ਸ਼ਾਇਰ ਹਾਂ ਨਿਮਾਣਾ ਜਿਹਾ
'ਧਰਮੀ ਲੁਟੇਰਾ' ਕਵਿਤਾ ਵਿਚ ਕਵੀ ਲੋਕਾਂ ਨੂੰ ਲੁੱਟਣ ਵਾਲਿਆਂ ਨੂੰ ਕਟਹਿਰੇ ਵਿਚ ਪੇਸ਼ ਕਰਦਾ ਹੈ :
ਧਰਮ ਦਾ ਪਾ ਕੇ ਬਾਣਾ ਬੰਦਾ
ਲੁੱਟਦਾ ਵੇਖਿਆ ਲੋਕਾਂ,
ਚੋਰੀ ਜਾਰੀ ਤੇ ਠੱਗੀ ਇਨ੍ਹਾਂ ਦੇ ਧੰਦੇ ਨੇ,
ਅੰਦਰੋਂ ਬਿਰਤੀ ਪਸ਼ੂਆਂ ਵਰਗੀ,
ਬਾਹਰੋਂ ਲਗਦੇ ਬੰਦੇ ਨੇ...।
'ਠੰਡਾ ਸੂਰਜ' ਕਵਿਤਾ ਵਿਚ ਕਵੀ ਲਿਖਦਾ ਹੈ :
ਥਾਂ ਥਾਂ ਵਿਕਦਾ ਪਾਖੰਡ ਵੇਖ ਲਉ,
ਜ਼ਹਿਰ ਵੇਚੀ ਜਾਂਦੇ ਕਹਿ ਕੇ ਖੰਡ ਵੇਖ ਲਉ
ਪਾਪੀਆਂ ਦੇ ਗਲੀਂ ਸਿਰਪਾਉ ਪੈਂਦੇ ਨੇ
ਧਰਮੀ ਨੂੰ ਦੇਈ ਜਾਂਦੇ ਦੰਡ ਵੇਖ ਲਓ...।
ਸੌਖੀ ਤੇ ਸਹਿਜ ਭਾਸ਼ਾ ਵਿਚ ਲਿਖੀ ਕਵਿਤਾ ਸਿੱਖਿਆਦਾਇਕ ਹੈ।


ਸੁਲੱਖਣ ਸਰਹੱਦੀ
ਮੋ: 94174-84337.


ਮੈਂ ਨਦੀਆਂ ਦਾ ਪਾਣੀ

ਲੇਖਕ : ਦੇਵਿੰਦਰ ਬਿਮਰਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 96
ਸੰਪਰਕ : 98141-18345.


ਪੇਸ਼ੇ ਪੱਖੋਂ ਡਾ. ਬਿਮਰਾ ਐਮ.ਬੀ.ਬੀ.ਐਸ. (ਐਮ.ਡੀ.) ਹੈ। ਜਿਥੇ ਉਹ ਬਿਮਾਰਾਂ ਦੀ ਸਰਜਰੀ ਲਈ ਨਸ਼ਤਰ ਚਲਾਉਂਦਾ ਹੈ, ਤੰਦਰੁਸਤੀ ਪ੍ਰਦਾਨ ਕਰਦਾ ਹੈ, ਉਥੇ ਉਸ ਨੇ ਹਥਲੇ ਕਾਵਿ-ਸੰਗ੍ਰਹਿ 'ਮੈਂ ਨਦੀਆਂ ਦਾ ਪਾਣੀ' ਵਿਚ ਰਾਜਨੀਤਕ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਆਪਣੀ ਤਿੱਖੀ ਨਸ਼ਤਰ ਚਲਾਈ ਹੈ। ਉਹ ਪੰਜਾਬੀ ਅਤੇ ਹਿੰਦੀ ਦੋਵਾਂ ਭਾਸ਼ਾਵਾਂ ਵਿਚ ਕਵਿਤਾਵਾਂ, ਕਹਾਣੀਆਂ ਲਿਖਣ ਦੇ ਸਮਰੱਥ ਹੈ। ਉਹ ਪੰਜਾਬ ਦੀ ਅਜੋਕੀ ਦਸ਼ਾ ਵੇਖ ਕੇ ਵਿਆਕੁਲ ਹੈ। ਦਰਅਸਲ 'ਅਸੰਤੁਸ਼ਟਤਾ' ਹੀ ਉਸ ਦਾ ਕਾਵਿ-ਪੈਰਾਡਾਇਮ ਹੈ। ਰਾਜਨੀਤਕ ਲੋਕ ਵੋਟਾਂ ਵੇਲੇ ਜੋ ਵਾਅਦੇ ਕਰਦੇ ਹਨ, ਉਹ ਉਨ੍ਹਾਂ 'ਤੇ ਖਰ੍ਹੇ ਨਹੀਂ ਉੱਤਰਦੇ। ਲੋਕ ਉਨ੍ਹਾਂ ਨੂੰ ਜਿਤਾ ਕੇ ਆਪ ਹਾਰ ਜਾਂਦੇ ਹਨ। ਹੱਡ ਭੰਨਵੀਂ ਕਾਰ ਕਰਨ ਵਾਲੇ ਕਿਰਤੀ ਨੂੰ ਉਸ ਦੀ ਮਿਹਨਤ ਦਾ ਮੁੱਲ ਨਹੀਂ ਮਿਲਦਾ। ਔਰਤਾਂ ਨਾਲ ਧੋਖੇ ਹੁੰਦੇ ਨੇ। ਬਿਰਖਾਂ 'ਤੇ ਕੁਹਾੜਾ ਚਲਦਾ ਹੈ। ਕਿਸਾਨ ਸੰਘਰਸ਼ ਲਈ ਮਜਬੂਰ ਨੇ, ਨਸ਼ਿਆਂ ਦਾ ਬੋਲਬਾਲਾ ਹੈ, ਮਾਪੇ ਪੁੱਤਰਾਂ ਦੀਆਂ ਸਧਰਾਂ ਪੂਰੀਆਂ ਕਰਨ ਤੋਂ ਅਸਮਰੱਥ ਨੇ, ਧਰਮ ਪਾਖੰਡ ਬਣ ਚੁੱਕਾ ਹੈ। ਅਮੀਰੀ ਤੇ ਗ਼ਰੀਬੀ ਵਿਚ ਪਾੜਾ ਹੈ। ਇਸ ਪਾੜੇ ਵਿਚੋਂ ਹੀ 'ਬਿਮਰਾ ਕਾਵਿ' ਜਨਮ ਲੈਂਦਾ ਹੈ। ਗੱਲ ਕੀ ਉਹ ਕਵਿਤਾ ਸਮਾਜ ਦੀ ਹਰੇਕ ਬੁਰਾਈ ਨੂੰ ਨੰਗਿਆਂ ਕਰਕੇ ਲੋਕਾਂ ਨੂੰ ਜਾਗਰੂਕ ਕਰਦੀ ਹੈ ਅਤੇ ਕ੍ਰਾਂਤੀ ਲਈ ਪ੍ਰੇਰਿਤ ਕਰਦੀ ਹੈ। ਅਜਿਹੀਆਂ ਸਭ ਕਵਿਤਾਵਾਂ ਵਿਚ ਕਵੀ ਯਥਾਰਥਵਾਦੀ ਹੈ ਪਰ ਉਹ ਰੁਮਾਂਸਵਾਦੀ ਵੀ ਹੈ। ਉਹ ਪ੍ਰੇਮਿਕਾ ਦੇ ਅਕਸ ਦੀ ਪਰਿਕਰਮਾ ਕਰਦਾ ਹੈ। ਪਿਆਰ ਨੂੰ ਪਰਿਭਾਸ਼ਤ ਕਰਦਾ ਹੈ। ਮਹਿਬੂਬਾ ਨੂੰ ਯਾਦ ਕਰਦਾ ਹੈ। ਇੰਜ ਕਵੀ ਰੁਮਾਂਸਵਾਦੀ-ਯਥਾਰਥਵਾਦੀ ਹੋ ਨਿੱਬੜਦਾ ਹੈ। ਕਲਾਤਮਿਕ ਪੱਖੋਂ ਇਸ ਸੰਗ੍ਰਹਿ ਦੀਆਂ ਜ਼ਿਆਦਾ ਕਵਿਤਾਵਾਂ ਬਿਰਤਾਂਤਕ ਰੂਪ ਵਿਚ ਹਨ। ਸੰਬੋਧਨੀ ਸੁਰ ਭਾਰੂ ਹੈ। ਕ੍ਰਾਂਤੀਕਾਰੀ ਕਵਿਤਾਵਾਂ ਦੀ 'ਉੱਚੀ ਸੁਰ' ਹੈ। ਕਵੀ ਕਵਿਤਾ ਲਿਖਦਾ ਲਿਖਦਾ ਕਵਿਤਾ ਹੀ ਹੋ ਜਾਂਦਾ ਹੈ। ਕਈ ਵਾਰ ਸਿਰਜਣਾ ਸਮੇਂ ਆਪਣੇ ਅਸਤਿੱਤਵ (ਹੋਂਦ) ਵਿਚ ਗੁਆਚ ਹੀ ਜਾਂਦਾ ਹੈ। ਵੇਖੋ :
ਮੈਂ ਗੋਤੇ ਖਾ ਖਾ
ਚਾਨਣੀ ਵਿਚ ਨਹਾਉਂਦਾ
ਡੁੱਬਣਾ ਚਾਹਾਂ
ਪਾਗਲ ਹੋ ਜਾਣਾ ਲੋਚਾਂ
ਮੈਨੂੰ ਰੋਕੇ ਨਾ ਕੋਈ (ਪੰ. 70)
ਉਸ ਦੀ ਸ਼ਖ਼ਸੀਅਤ ਬਾਰੇ ਲੋਕ ਵੱਖ-ਵੱਖ ਭਾਂਤ ਦੀਆਂ ਟਿੱਪਣੀਆਂ ਕਰਦੇ ਹਨ। ਉਸ ਨੇ ਖੁੱਲ੍ਹੀ ਕਵਿਤਾ ਤੋਂ ਬਿਨਾਂ 'ਹਾਇਕੂ' ਅਤੇ ਗ਼ਜ਼ਲਨੁਮਾ ਕਵਿਤਾਵਾਂ ਵੀ ਲਿਖੀਆਂ ਹਨ। ਅਨੇਕਾਂ ਕਵਿਤਾਵਾਂ ਦਿਨੇ ਵੇਖੇ ਸੁਪਨਿਆਂ ਵਾਂਗ ਹਨ। ਕਿਸੇ ਇਹੋ ਜਿਹੇ ਖਿਆਲੀ ਪੁਲਾਓ ਦੇ ਛਿਣ ਉਹ ਸਹਿਜ ਭਾਅ ਇੰਜ ਵੀ ਕਹਿ ਸਕਦਾ ਹੈ :
ਤੂੰ ਮੇਰਾ ਸਾਗਰ ਹੈਂ
ਤੇਰੇ ਵਿਚ ਸਮਾ ਰਹੀਆਂ
ਸਭ ਨਦੀਆਂ
ਮੈਂ ਨਦੀਆਂ ਦਾ ਪਾਣੀ (ਪੰ. 75)


ਡਾ. ਧਰਮ ਚੰਦ ਵਾਤਿਸ਼
vatish.dharamchand@gmail.com


ਕਿਰਨ ਪਾਤ

ਲੇਖਿਕਾ : ਸਵਿੰਦਰ ਸੰਧੂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 124
ਸੰਪਰਕ : 94639-60845.


ਸ਼ਾਇਰਾ ਸਵਿੰਦਰ ਸੰਧੂ ਹਥਲੀ ਕਾਵਿ-ਕਿਤਾਬ 'ਕਿਰਨ ਪਾਤ' ਤੋਂ ਪਹਿਲਾਂ ਵੀ ਦੋ ਕਾਵਿ-ਸੰਗ੍ਰਹਿ 'ਬੁੱਲਾ ਪੁਰੇ ਦੀ ਵਾ ਦਾ' ਅਤੇ 'ਸੁਪਨ ਬਲੌਰੀ' ਪੰਜਾਬੀ ਅਦਬ ਦੇ ਰੂ-ਬਰੂ ਕਰਾ ਚੁੱਕੀ ਹੈ। ਹਥਲੀ ਕਿਤਾਬ ਰੇਡੀਏਸ਼ਨ ਅਤੇ ਆਲਮੀ ਤਪਸ਼ ਕਾਰਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਦੀ ਨਿਸ਼ਾਨਦੇਹੀ ਕਰਦੀ ਹੋਈ ਅਗਾਊਂ ਜਾਗਰੂਕ ਵੀ ਕਰਦੀ ਹੈ। ਸ਼ਾਇਰਾ ਨੇ ਦੋ ਵਾਤਾਵਰਨ ਪ੍ਰੇਮੀ ਬੱਚੀਆਂ ਸਵੀਡਨ ਦੀ ਗ੍ਰੇਟਾ ਥਨਬਰਗ ਅਤੇ ਭਾਰਤ ਦੀ ਲਿਸਿਪ੍ਰਿਆ ਕੰਗੁਜਮ ਨੂੰ ਆਪਣੀ ਇਹ ਪੁਸਤਕ ਸਮਰਪਿਤ ਕੀਤੀ ਹੈ। ਉਹ ਕਹਿੰਦੀ ਹੈ ਕਿ ਜਦੋਂ ਅਸੀਂ ਕੁਦਰਤ ਨਾਲ ਖਿਲਵਾੜ ਕਰਦੇ ਹਾਂ ਤਾਂ ਕੁਦਰਤ ਵੀ ਸਾਡਾ ਲਿਹਾਜ਼ ਨਹੀਂ ਕਰਦੀ, ਜਿਸ ਕਾਰਨ ਗਲੇਸ਼ੀਅਰ ਪਿਘਲ ਰਹੇ ਹਨ ਤੇ ਜਿਸ ਕਾਰਨ ਅਸੀਂ ਖ਼ੁਦ ਜੰਗਲ, ਜ਼ਮੀਨ ਅਤੇ ਜਲ ਦੀ ਬਲੀ ਦੇ ਰਹੇ ਹਾਂ। ਇਹੀ ਪ੍ਰਦੂਸ਼ਣ ਫਿਰ ਹੋਰ ਰੂਪ ਧਾਰ ਕੇ ਸੱਤਾ ਦੇ ਗਲਿਆਰਿਆਂ ਤੱਕ ਜਾ ਪਹੁੰਚਦਾ ਹੈ ਜਿਥੇ ਭਗਵੇਂ ਬ੍ਰਿਗੇਡ ਦਾ ਜੁਮਲੇਬਾਜ਼ ਸਿਪਾਹਸਲਾਰ 'ਮਨ ਕੀ ਬਾਤ' ਅਤੇ 'ਅੱਛੇ ਦਿਨਾਂ' ਦੇ ਸਬਜ਼ਬਾਗ ਦਿਖਾ ਕੇ ਸਿਆਸੀ ਪ੍ਰਦੂਸ਼ਣ ਵਿਚ ਵੀ ਵਾਧਾ ਕਰ ਰਿਹਾ ਹੈ। ਇਹ ਪ੍ਰਦੂਸ਼ਣ ਅਹਿਸਾਸਾਂ ਦੀ ਰਾਖ ਦਾ ਦਾਜ ਮਨ ਦੇ ਬੋਝੇ 'ਚ ਪਾ ਸਹੁਰੇ ਘਰ ਦੀਆਂ ਬਰੂਹਾਂ ਤੱਕ ਜਾ ਪਹੁੰਚਦਾ ਹੈ। ਵਿਸ਼ਵ ਵਿਦਿਆਲਿਆਂ ਵਿਚ ਉੱਗੇ ਸਿਆਸੀ ਅੱਕ ਧਤੂਰੇ ਵਿੱਦਿਅਕ ਅਦਾਰਿਆਂ ਵਿਚ ਪ੍ਰਦੂਸ਼ਣ ਫੈਲਾਅ ਰਹੇ ਹਨ। ਸਿਆਸੀ ਪ੍ਰਦੂਸ਼ਣ ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ ਵੀ ਆਪਣੀ ਗ੍ਰਿਫ਼ਤ ਵਿਚ ਲੈ ਰਿਹਾ ਹੈ ਪਰ ਕਰਤਾਰਪੁਰ ਦਾ ਲਾਂਘਾ ਖੁੱਲ੍ਹਣ ਨਾਲ ਦੋਵਾਂ ਪੰਜਾਬਾਂ ਦੀ ਗਲਵਕੜੀ ਪਵਾਉਣ ਲਈ ਜ਼ਰੂਰ ਸਹਾਈ ਹੋਵੇਗਾ। ਸੱਤਾ 'ਤੇ ਕਾਬਜ਼ ਲੋਕ ਆਪਣੇ ਖਿਲਾਫ਼ ਉੱਠ ਰਹੀ ਕਲਮ ਨੂੰ ਦੇਸ਼ ਧ੍ਰੋਹ ਦੇ ਠੱਪੇ ਨਾਲ ਪ੍ਰਦੂਸ਼ਣ ਫੈਲਾਅ ਰਹੇ ਹਨ ਪਰ ਇਸ ਪ੍ਰਦੂਸ਼ਣ ਤੋਂ ਭੈ-ਮੁਕਤ ਹੋਣ ਲਈ ਸ਼ਾਇਰਾ ਨੇ ਮਹਾਂ ਕਵੀ ਰਾਬਿੰਦਰਨਾਥ ਟੈਗੋਰ ਦੀ ਨਜ਼ਮ 'Where the m}nd }s w}thout fear' ਦਾ ਪੰਜਾਬੀ ਤਰਜਮਾ ਕਰਕੇ ਉਸ ਦਾ ਪ੍ਰਤੀਉੱਤਰ ਵੀ ਦਿੱਤਾ ਹੈ। ਸ਼ਾਇਰਾ ਦਾ ਸ਼ਬਦ ਸ਼ਿਲਪ ਕਿਤੇ ਵੀ ਝੋਲ ਨਹੀਂ ਖਾਂਦਾ ਅਤੇ ਗ੍ਰਾਫ਼ ਉਤਾਂਹ ਵੱਲ ਹੀ ਜਾਂਦਾ ਹੈ। ਕਾਵਿ ਸ਼ਿਲਪ, ਕਾਵਿ ਧਰਮ ਅਤੇ ਆਧੁਨਿਕ ਭਾਵ ਬੋਧ ਦੀ ਤ੍ਰਿਵੈਣੀ ਹੈ, ਇਹ ਪੁਸਤਕ ਜਿਸ ਦੀ ਛਾਂ ਹੇਠ ਬੈਠ ਕੇ ਅਸੀਂ ਹਰ ਤਰ੍ਹਾਂ ਦੇ ਪ੍ਰਦੂਸ਼ਣ ਤੋਂ ਮੁਕਤ ਹੋਣ ਲਈ ਸਹਾਈ ਹੋਵਾਂਗੇ।


ਭਗਵਾਨ ਢਿੱਲੋਂ
ਮੋ: 98143-78254

11-09-2021

 ਅਨਮੋਲ ਰਤਨ
ਲੇਖਕ : ਦਰਸ਼ਨ ਸਿੰਘ ਪ੍ਰੀਤੀਮਾਨ
ਪ੍ਰਕਾਸ਼ਕ : ਚਾਨਣ ਦੀਪ, ਰਾਮਪੁਰਾ ਫੂਲ, ਬਠਿੰਡਾ
ਮੁੱਲ : 200 ਰੁਪਏ, ਸਫ਼ੇ : 164
ਸੰਪਰਕ : 97792-97682.


ਕਵਿਤਾ ਤੇ ਵਾਰਤਕ ਖੇਤਰ ਵਿਚ ਦਰਸ਼ਨ ਸਿੰਘ ਪ੍ਰੀਤੀਮਾਨ ਰਚਿਤ ਕਈ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। 'ਅਨਮੋਲ ਰਤਨ' ਉਸ ਦੀ ਨਵੀਂ ਰਚਨਾ ਹੈ ਜੋ ਉਸ ਨੇ ਇਕ ਨਿਵੇਕਲੇ ਕਾਵਿ-ਰੂਪ ਵਿਚ ਲਿਖੀ ਹੈ। 57 ਦੇਸ਼ ਭਗਤਾਂ, ਸਾਹਿਤਕਾਰਾਂ ਅਤੇ ਕਲਾਕਾਰਾਂ ਦੇ ਕਾਵਿ-ਰੇਖਾ ਚਿੱਤਰ ਇਸ ਪੁਸਤਕ ਵਿਚ ਅੰਕਿਤ ਕੀਤੇ ਗਏ ਹਨ। ਇਨ੍ਹਾਂ ਰੇਖਾ ਚਿੱਤਰਾਂ ਨੂੰ ਲੇਖਕ ਨੇ ਤਿੰਨ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਸ਼ਹੀਦ ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ ਆਦਿ ਅਮਰ ਦੇਸ਼ ਭਗਤਾਂ ਦੇ ਰੇਖਾ ਚਿੱਤਰਾਂ ਨੂੰ ਪਾਠਕਾਂ ਦੇ ਰੂ-ਬਰੂ ਕੀਤਾ ਹੈ। ਦੂਜੇ ਭਾਗ ਵਿਚ ਰਾਬਿੰਦਰ ਨਾਥ ਟੈਗੋਰ, ਭਾਈ ਵੀਰ ਸਿੰਘ, ਪ੍ਰੋ: ਪੂਰਨ ਸਿੰਘ, ਨਾਵਲਕਾਰ ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਅੰਮ੍ਰਿਤਾ ਪ੍ਰੀਤਮ, ਸੰਤ ਰਾਮ ਉਦਾਸੀ, ਸ਼ਿਵ ਕੁਮਾਰ ਬਟਾਲਵੀ, ਬਰਜਿੰਦਰ ਸਿੰਘ ਹਮਦਰਦ, ਸੁਰਜੀਤ ਪਾਤਰ ਆਦਿ ਪੁਰਾਤਨ ਤੇ ਅਜੋਕੇ ਸਾਹਿਤਕਾਰਾਂ ਦੇ ਕਾਵਿ ਰੇਖਾ ਚਿੱਤਰ ਪੇਸ਼ ਕੀਤੇ ਹਨ। ਤੀਜੇ ਭਾਗ ਵਿਚ ਲੇਖਕ ਨੇ ਬਾਬੂ ਰਜਤ ਅਲੀ, ਗੁਰਸ਼ਰਨ ਸਿੰਘ, ਕੁਲਦੀਪ ਮਾਣਕ, ਮੁਹੰਮਦ ਸਦੀਕ, ਗੁਰਦਾਸ ਮਾਨ, ਹਰਭਜਨ ਮਾਨ, ਭਗਵੰਤ ਮਾਨ, ਆਦਿ ਕਲਾਕਾਰਾਂ ਦੇ ਸੰਖੇਪ ਜੀਵਨ ਉੱਪਰ ਚਾਨਣਾ ਪਾਇਆ ਹੈ। ਇਨ੍ਹਾਂ ਮਹੱਤਵਪੂਰਨ ਸ਼ਖ਼ਸੀਅਤਾਂ ਦੇ ਕਾਵਿ-ਰੇਖਾ ਚਿੱਤਰਾਂ ਵਿਚੋਂ ਕੁਝ ਸਤਰਾਂ ਨਮੂਨੇ ਮਾਤਰ ਇਸ ਪ੍ਰਕਾਰ ਹਨ :
-ਕਰਤਾਰ ਸਿੰਘ ਸਰਾਭਾ
ਛੋਟੀ ਉਮਰ 19 ਸਾਲਾਂ ਦੀ ਵਿਚ,
ਦੇਸ਼ ਲਈ ਕਰ ਗਿਆ ਕੁਰਬਾਨੀ।
ਸਮੁੱਚੇ ਦੇਸ਼ ਵਾਸੀਆਂ ਤਾਈਂ,
ਸੁੱਤੇ ਜਗਾਇਆ, ਮਾਣ ਮੇਰੇ ਦੇਸ਼ ਦਾ।
-ਸ਼ਹੀਦ-ਏ-ਆਜ਼ਮ ਭਗਤ ਸਿੰਘ
ਜੇਲ੍ਹ ਕੋਠੜੀ ਵੱਲ ਜਾ ਰਹੇ ਯੋਧੇ,
ਬਾਹਵਾਂ ਵਿਚ ਬਾਹਵਾਂ ਪਾ ਕੇ।
ਰਾਜਗੁਰੂ ਸੱਜੇ, ਸੁਖਦੇਵ ਖੱਬੇ,
ਵਿਚਕਾਰ ਸਰਦਾਰ ਭਗਤ ਸਿੰਘ।
-ਕਲਪਨਾ ਚਾਵਲਾ
ਸਿਤਾਰਿਆਂ ਦੀਆਂ ਖੋਜਾਂ ਕਰਦੀ,
ਕੁਦਰਤ ਜਦ ਕਹਿਰਵਾਨ ਹੋਈ।
42 ਸਾਲ ਦੀ ਉਮਰ 'ਚ
ਧਰਤੀ ਤੇ ਵਾਯੂ ਮੰਡਲ ਵਿਚਕਾਰ ਮੋਈ।
-ਭਾਈ ਵੀਰ ਸਿੰਘ
ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ,
ਕਲਾ ਮਹਾਨ ਉਸ ਦੀ
ਰਚਣਹਾਰ ਦੀ ਪੜ੍ਹ ਕੇ ਰਚਨਾ,
ਕਰਦਾ ਸਿਫ਼ਤ ਜਹਾਨ,
ਭਾਈ ਵੀਰ ਸਿੰਘ।
ਇਸ ਪ੍ਰਕਾਰ ਪੰਜਾਬ ਦੇ ਸੰਘਰਸ਼ਸ਼ੀਲ ਨਾਇਕਾਂ ਨੂੰ ਲੇਖਕ ਨੇ ਪ੍ਰਭਾਵਸ਼ਾਲੀ ਸ਼ੈਲੀ, ਕਾਵਿ-ਰੇਖਾ ਚਿੱਤਰਾਂ ਰਾਹੀਂ ਪੇਸ਼ ਕੀਤਾ ਹੈ। ਉਮੀਦ ਹੈ ਪਾਠਕਾਂ, ਖ਼ਾਸ ਕਰਕੇ ਨਵੀਂ ਪੀੜ੍ਹੀ ਲਈ ਇਹ ਪੁਸਤਕ ਪ੍ਰੇਰਨਾ ਸਰੋਤ ਬਣੇਗੀ।


ਕੰਵਲਜੀਤ ਸਿੰਘ ਸੂਰੀ
ਮੋ: 93573-24241


ਕੁਕਨੂਸ ਭਗਤ ਸਿੰਘ
ਲੇਖਕ : ਕੇਵਲ ਧਾਲੀਵਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98142-99422.


ਹਥਲੀ ਪੁਸਤਕ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਲਾਸਾਨੀ ਵਿਚਾਰਧਾਰਾ ਨੂੰ ਪ੍ਰਗਟ ਕਰਦੀ ਹੈ। ਸਰਦਾਰ ਭਗਤ ਸਿੰਘ ਨੂੰ ਲੇਖਕ ਨੇ ਕੁਕਨੂਸ ਪੰਛੀ ਦੇ ਆਲੰਕਾਰ ਨਾਲ ਵਡਿਆਇਆ ਹੈ। ਇਹ ਉਹ ਪੰਛੀ ਹੁੰਦਾ ਹੈ ਜੋ ਆਪਣੀ ਰਾਖ ਵਿਚੋਂ ਮੁੜ ਸੁਰਜੀਤ ਹੋ ਕੇ ਵਾਤਾਵਰਨ ਵਿਚ ਮਹਿਕਾਂ ਖਿਲਾਰਦਾ ਹੈ। ਲੇਖਕ ਦਾ ਨਿਰਣਾ ਹੈ ਕਿ ਸਰਦਾਰ ਭਗਤ ਸਿੰਘ ਇਤਿਹਾਸਕ ਪਾਤਰ ਨਹੀਂ ਸਗੋਂ ਸਦੀਵੀ ਰਹਿਣ ਵਾਲੀ ਵਿਚਾਰਧਾਰਾ ਹੈ ਜੋ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਲਈ ਸਦਾ ਤਤਪਰ ਹੈ। ਅਨੇਕਾਂ ਵਾਰ ਲੇਖਕ ਵਲੋਂ ਖੇਡੇ ਗਏ ਇਸ ਨਾਟਕ ਦੀ ਸਕਰਿਪਟ ਨੂੰ ਸਮੇਂ-ਸਮੇਂ ਸੋਧਿਆ ਗਿਆ ਹੈ। ਇਹ ਸਾਰਾ ਨਾਟਕ ਛੱਬੀ ਦ੍ਰਿਸ਼ਾਂ ਵਿਚ ਸਾਡੇ ਸਨਮੁੱਖ ਹੈ।
ਭਗਤ ਸਿੰਘ ਦੇ ਜੀਵਨ ਦੇ ਬਚਪਨ ਤੋਂ ਲੈ ਕੇ ਸ਼ਹਾਦਤ ਪਾਉਣ ਤੱਕ ਦੇ ਕਾਰਨਾਮਿਆਂ ਨੂੰ ਅਤੇ ਉਸ ਦੁਆਰਾ ਸਥਾਪਤ ਪ੍ਰੌੜ੍ਹ ਵਿਚਾਰਧਾਰਾ ਨੂੰ ਵਿਭਿੰਨ ਪਾਤਰਾਂ ਜ਼ਰੀਏ ਪਾਠਕਾਂ ਤੇ ਦਰਸ਼ਕਾਂ ਦੇ ਸਾਹਮਣੇ ਲਿਆਂਦਾ ਗਿਆ ਹੈ। ਸੂਤਰਧਾਰ ਤੋਂ ਸ਼ੁਰੂ ਹੋ ਕੇ ਦਾਦਾ, ਪੰਡਿਤ, ਮਾਂ, ਹੋਰ ਰਿਸ਼ਤੇਦਾਰ, ਰਾਜਗੁਰੂ ਅਤੇ ਸੁਖਦੇਵ ਆਦਿ ਇਸ ਨਾਟਕ ਦੇ ਅਹਿਮ ਪਾਤਰ ਹਨ। ਭਗਤ ਸਿੰਘ ਮੁੱਖ ਨਾਇਕ ਵਜੋਂ ਉਭਾਰਿਆ ਗਿਆ ਹੈ। ਉਸ ਵਿਚ ਦੇਸ਼ ਭਗਤੀ ਦਾ ਸ਼ਿਰੋਮਣੀ ਜਜ਼ਬਾ ਹੈ, ਵਿਚਾਰਧਾਰਾ ਕ੍ਰਾਂਤੀਕਾਰੀ ਹੈ, ਠਰ੍ਹੰਮਾ ਹੈ, ਵਿਦੇਸ਼ੀ ਹਕੂਮਤ ਦੀਆਂ ਚਾਲਾਂ ਨੂੰ ਉਹ ਖੂਬ ਸਮਝਦਾ ਹੈ ਅਤੇ ਉਨ੍ਹਾਂ ਦੀਆਂ ਲੋਟੂ ਅਤੇ ਛਲੀਆ ਕਾਲੀਆਂ ਕਰਤੂਤਾਂ ਨੂੰ ਚੰਗੀ ਤਰ੍ਹਾਂ ਪਛਾਣਦਾ ਹੈ। ਉਸ ਦੀ ਚੇਤਨਾ ਪ੍ਰਵਾਹ ਸ਼ੈਲੀ ਪ੍ਰਬਲ ਰੂਪ ਵਿਚ ਅੰਗਰੇਜ਼ ਹਕੂਮਤ ਦੇ ਵਿਰੋਧ ਵਿਚ ਲੋਕ ਚੇਤਨਾ ਨੂੰ ਹਲੂਣ ਕੇ ਰੱਖ ਦਿੰਦੀ ਹੋਈ ਪ੍ਰਤੀਤ ਹੁੰਦੀ ਹੈ। ਇਹ ਨਾਟਕ ਸਾਬਤ ਕਰਦਾ ਹੈ ਕਿ ਅਜੋਕੇ ਕਿਸਾਨ ਅਤੇ ਮਜ਼ਦੂਰ ਸੰਕਟਕਾਲੀਨ ਹਾਲਾਤ ਵਿਚ ਜੀਵਨ ਬਸਰ ਕਰ ਰਹੇ ਹਨ। ਜੋ ਵਿੱਦਿਆ ਪਰਉਪਕਾਰੀ ਹੋਣੀ ਚਾਹੀਦੀ ਹੈ ਉਹ ਵਿਚਾਰੀ ਬਣ ਕੇ ਰਹਿ ਗਈ ਹੈ। ਇਸੇ ਤਰ੍ਹਾਂ ਵਰਤਮਾਨ ਕਾਲ-ਖੰਡ ਵਿਚ ਜੋ ਹਕੂਮਤ ਹੈ ਉਹ ਗੋਰਿਆਂ ਦੀ ਹਕੂਮਤ ਦਾ ਹੀ ਲੁਕਵਾਂ ਰੂਪ ਹੈ, ਜਿਸ ਵਿਚ ਨੌਜਵਾਨੀ ਰੁਲ-ਰੁਲ ਕੇ ਵਿਦੇਸ਼ਾਂ ਨੂੰ ਜਾ ਰਹੀ ਹੈ ਅਤੇ ਸਮਾਜਿਕ ਜੀਵਨ ਵਿਚ ਭਰੂਣ ਹੱਤਿਆ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਬੁੱਢਾ ਪਾਤਰ ਰਾਹੀਂ ਨਾਟਕ ਦੇ ਅੰਤ 'ਤੇ ਬੜਾ ਉੱਘੜਵਾਂ ਸੰਦੇਸ਼ ਹੈ ਕਿ ਜਿਸ ਦਿਨ ਇਸ ਧਰਤੀ 'ਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਹੋਵੇਗੀ, ਜਦੋਂ ਕਿਸਾਨ ਤੇ ਮਜ਼ਦੂਰ ਦਾ ਰਾਜ ਹੋਵੇਗਾ, ਸਾਡੇ ਸੁਪਨੇ ਉਦੋਂ ਪੂਰੇ ਹੋਣਗੇ ਅਤੇ ਬਸੰਤੀ ਚੋਲੇ ਦੇ ਗੀਤ ਗਾਏ ਜਾਣਗੇ, ਉਦੋਂ ਸਮਝਿਆ ਜਾਵੇਗਾ ਕਿ ਇਨਕਲਾਬ ਆਇਆ ਹੈ।


ਡਾ. ਜਗੀਰ ਸਿੰਘ ਨੂਰ
ਮੋ: 98142-09732


ਕੈਂਸਰ 'ਤੇ ਜਿੱਤ

ਮੂਲ ਲੇਖਕ : ਮਨੀਸ਼ਾ ਕੋਇਰਾਲਾ ਅਤੇ ਨੀਲਮ ਕੁਮਾਰ
ਅਨੁਵਾਦਕ : ਸਤਿੰਦਰ ਸਿੰਘ ਰੰਧਾਵਾ (ਡਾ.)
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 216
ਸੰਪਰਕ : 84377-00852.


ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਮਨੀਸ਼ਾ ਕੋਇਰਾਲਾ ਦਾ ਭਿਆਨਕ ਬਿਮਾਰੀ ਕੈਂਸਰ ਦਾ ਸ਼ਿਕਾਰ ਹੋਣਾ ਅਤੇ ਇਸ ਬਿਮਾਰੀ 'ਤੇ ਜਿੱਤ ਪ੍ਰਾਪਤ ਕਰਨ ਦੇ ਬਿਰਤਾਂਤ ਨੂੰ ਪੇਸ਼ ਕਰਦੀ ਹਥਲੀ ਪੁਸਤਕ 'ਕੈਂਸਰ 'ਤੇ ਜਿੱਤ' (ਕਿਵੇਂ ਕੈਂਸਰ ਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ) ਇਸ ਬਿਮਾਰੀ ਨਾਲ ਜੂਝ ਰਹੇ ਮਰੀਜ਼ਾਂ ਦੇ ਮਨੋਬਲ ਨੂੰ ਵਧਾਉਣ ਅਤੇ ਇਸ ਬਿਮਾਰੀ 'ਤੇ ਜਿੱਤ ਪ੍ਰਾਪਤ ਕਰਕੇ ਆਮ ਵਿਅਕਤੀ ਵਾਂਗ ਜ਼ਿੰਦਗੀ ਜਿਊਣ ਦੇ ਤਜਰਬੇ ਨੂੰ ਪੇਸ਼ ਕਰਦੀ ਪੁਸਤਕ ਹੈ।
ਇਹ ਪੁਸਤਕ ਬੇਸ਼ੱਕ ਮਨੀਸ਼ਾ ਕੋਇਰਾਲਾ ਦੁਆਰਾ ਆਪਣੇ ਨਿਰੋਗ ਹੋਣ ਦੀ ਕਹਾਣੀ ਨੂੰ ਬਿਆਨ ਕਰਦੀ ਹੈ ਪਰ ਇਸ ਸਾਰੀ ਪੁਸਤਕ ਨੂੰ ਲਿਖਤੀ ਰੂਪ ਦੇਣ ਲਈ ਉਸ ਦੀ ਸਹਿਯੋਗੀ ਨੀਲਮ ਕੁਮਾਰ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ। ਇਸ ਪੁਸਤਕ ਦਾ ਅਨੁਵਾਦ ਸਤਿੰਦਰ ਸਿੰਘ ਰੰਧਾਵਾ ਦੁਆਰਾ ਕੀਤਾ ਗਿਆ ਹੈ। ਨੀਲਮ ਕੁਮਾਰ ਨੇ ਖ਼ੁਦ ਇਸ ਬਿਮਾਰੀ ਨਾਲ ਲੜਨ ਦੇ ਤਜਰਬੇ ਵੀ ਸਾਂਝੇ ਕੀਤੇ ਹਨ ਜੋ ਸੰਖੇਪ ਹਨ। ਪੁਸਤਕ ਵਿਚ ਇਸ ਪ੍ਰਸਿੱਧ ਅਦਾਕਾਰਾ ਨੇ ਜੋ ਕਿ ਮੂਲ ਰੂੁਪ ਵਿਚ ਨਿਪਾਲ ਦੀ ਵਾਸੀ ਹੈ, ਆਪਣੇ ਕੈਂਸਰ ਦਾ ਸ਼ਿਕਾਰ ਹੋਣ ਬਾਰੇ ਪਤਾ ਲੱਗਣ ਅਤੇ ਭਿਆਨਕਤਾ ਬਾਰੇ ਦੱਸਦਿਆਂ ਨਿਪਾਲ ਤੋਂ ਮੁੰਬਈ ਅਤੇ ਮੁੰਬਈ ਤੋਂ ਇਲਾਜ ਲਈ ਅਮਰੀਕਾ ਤੱਕ ਦੇ ਸਫ਼ਰ ਨੂੰ ਬਹੁਤ ਹੀ ਬਾਰੀਕੀ ਨਾਲ ਪੇਸ਼ ਕੀਤਾ ਹੈ। ਵੱਖ-ਵੱਖ ਡਾਕਟਰਾਂ ਦੇ ਇਲਾਜ ਦੁਆਰਾ ਅਤੇ ਕੀਤੇ ਜਾਂਦੇ ਟੈਸਟਾਂ ਦੇ ਨਾਲ-ਨਾਲ ਜ਼ਿੰਦਗੀ ਪ੍ਰਤੀ ਆਸ਼ਾਵਾਦੀ ਦ੍ਰਿਸ਼ਟੀਕੋਣ ਸਦਕਾ ਹੀ ਉਹ ਇਸ ਭਿਆਨਕ ਬਿਮਾਰੀ ਤੋਂ ਬਿਲਕੁਲ ਮੁਕਤ ਹੋ ਚੁੱਕੀ ਹੈ। ਵਿਸ਼ੇਸ਼ ਕਰਕੇ ਕੀਮੀਓਥੈਰੇਪੀ ਦਾ ਜ਼ਿਕਰ ਵੀ ਪੁਸਤਕ ਵਿਚ ਹੋਇਆ ਹੈ।
ਇਸ ਤੋਂ ਬਾਅਦ ਉਸ ਨੇ ਆਪਣੀ ਨਿਤਾਪ੍ਰਤੀ ਜ਼ਿੰਦਗੀ ਦੀਆਂ ਕਿਰਿਆਵਾਂ ਬਾਰੇ ਵੀ ਤਜਰਬੇ ਸਾਂਝੇ ਕੀਤੇ ਹਨ। ਜੇਕਰ ਅਸੀਂ ਆਪਣੀ ਸਿਹਤ ਪ੍ਰਤੀ ਅਵੇਸਲਾਪਨ ਨਾ ਅਖ਼ਤਿਆਰ ਕਰੀਏ ਤਾਂ ਸਾਡੀ ਜ਼ਿੰਦਗੀ ਰੋਗਾਂ ਦੀ ਸ਼ਿਕਾਰ ਨਹੀਂ ਹੋਵੇਗੀ। ਇਸ ਤਰ੍ਹਾਂ ਦਾ ਸਿੱਟਾ ਇਸ ਪੁਸਤਕ ਨੂੰ ਪੜ੍ਹਦਿਆਂ ਸਾਹਮਣੇ ਆਉਂਦਾ ਹੈ। ਪੁਸਤਕ ਵਿਚ ਇਸ ਬਿਮਾਰੀ ਨਾਲ ਜੂਝਣ ਸਮੇਂ ਦੀਆਂ ਮਨੀਸ਼ਾ ਕੋਇਰਾਲਾ ਦੀਆਂ ਰੰਗਦਾਰ ਤਸਵੀਰਾਂ ਵੀ ਸ਼ਾਮਿਲ ਹਨ। ਪੁਸਤਕ ਦਾ ਅਨੁਵਾਦ ਖੂਬਸੂਰਤ ਹੈ ਜੋ ਮੌਲਿਕ ਪੁਸਤਕ ਵਰਗੀ ਛਾਪ ਹੀ ਪਾਠਕ ਦੇ ਮਨ 'ਤੇ ਛੱਡਦਾ ਹੈ।


ਡਾ. ਸਰਦੂਲ ਸਿੰਘ ਔਜਲਾ
ਮੋ: 98141-68611.


ਸਲੀਮ ਖਾਨ ਗਿੱਮੀ ਦੀਆਂ ਚੋਣਵੀਆਂ ਕਹਾਣੀਆਂ
ਸੰਪਾਦਕ : ਜਿੰਦਰ
ਲਿਪੀਆਂਤਰ : ਸੁਖਪਾਲ ਸਿੰਘ ਹੁੰਦਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ (ਪਟਿਆਲਾ)
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 98148-03254.


ਲਹਿੰਦੇ ਪੰਜਾਬ ਦੀਆਂ 24 ਵੰਨ ਸੁਵੰਨੀਆਂ ਕਹਾਣੀਆਂ ਦੇ ਇਸ ਸੰਗ੍ਰਹਿ ਦਾ ਲੇਖਕ ਦੇਸ਼ ਵੰਡ ਤੋਂ ਪਹਿਲਾਂ ਗੁਰਦਾਸਪੁਰ (ਪੰਜਾਬ) ਨਾਲ ਸਬੰਧਿਤ ਰਿਹਾ ਹੈ। ਸੰਪਾਦਕ ਨੇ ਪੰਜਾਬ ਦੇ ਆਪਣੇ ਬਚਪਨ ਦੇ ਸ਼ਹਿਰ ਨਕੋਦਰ ਲਈ ਕਿਤਾਬ ਸਮਰਪਿਤ ਕੀਤੀ ਹੈ। ਲੇਖਕ ਸਲੀਮ ਖਾਨ ਗਿੱਮੀ ਦੀਆਂ ਪੰਜਾਬੀ ਵਿਚ 8 ਕਿਤਾਬਾਂ ਹਨ। ਨਾਵਲ, ਅਫ਼ਸਾਨੇ, ਖੋਜ, ਸਫ਼ਰਨਾਮਾ ਤੇ ਕੁਝ ਉਰਦੂ ਕਿਤਾਬਾਂ ਹਨ। ਸੰਪਾਦਕ ਨੇ ਲੇਖਕ ਦਾ ਪੂਰਾ ਤੁਆਰਫ਼ ਪੁਸਤਕ ਵਿਚ ਉਸ ਦੀਆਂ ਕਹਾਣੀਆਂ ਦੇ ਸੰਦਰਭ ਵਿਚ ਕਰਾਇਆ ਹੈ। ਸੰਤਾਲੀ ਦੀ ਵੰਡ ਵੇਲੇ ਲੇਖਕ ਦੀ ਉਮਰ ਅਠਾਰਾਂ ਸਾਲ ਦੀ ਸੀ। ਜਵਾਨੀ ਸਮੇਂ ਪੰਜਾਬ ਦੀ ਟੁੱਟਦੀ ਸਾਂਝ ਦਾ ਦਰਦ ਉਸ ਨੇ ਆਪ ਹੱਡੀਂ ਹੰਢਾਇਆ ਸੀ। ਸਿੱਖ ਮੁਸਲਮਾਨ ਪਾਤਰ ਕਹਾਣੀਆਂ ਵਿਚ ਹਨ। ਮੰਗਲ ਬੁੱਧ ਕਹਾਣੀ ਦੇ ਦੋ ਭਰਾ ਹਨ। ਇਕ ਭਰਾ ਵਿਆਹ ਕਰਾਉਣ ਖ਼ਾਤਰ ਮੁਸਲਮਾਨ ਹੋ ਜਾਂਦਾ ਹੈ। ਸੰਤ ਕੌਰ ਸਿੱਖ ਤੋਂ ਮੁਸਲਮਾਨ ਹੋ ਕੇ ਸੁਨੀਲਾ ਬਣ ਜਾਂਦੀ ਹੈ। ਕਹਾਣੀਆਂ ਵਿਚ ਧਰਮ ਬਦਲੀ ਦੇ ਨਾਲ ਹੋਰ ਕਈ ਦ੍ਰਿਸ਼ ਹਨ ਜੋ ਪੜ੍ਹ ਕੇ ਪਾਠਕ ਹੈਰਾਨ ਰਹਿ ਜਾਂਦਾ ਹੈ। ਭਾਵੁਕਤਾ ਬਹੁਤ ਜ਼ਿਆਦਾ ਹੈ। ਲੇਖਕ ਦੀ ਬਿਆਨੀਆ ਸ਼ਕਤੀ ਕਮਾਲ ਦੀ ਹੈ। ਉਹ ਪਾਤਰਾਂ ਨਾਲ ਪਾਠਕ ਦੀ ਗਹਿਰੀ ਸਾਂਝ ਪੁਆਉਂਦਾ ਹੈ। ਪਾਤਰਾਂ ਦਾ ਸਾਰਾ ਅੱਗਾ-ਪਿੱਛਾ, ਰਹਿਣ-ਸਹਿਣ, ਪਹਿਰਾਵਾ, ਚਿਹਰੇ ਦੇ ਹਾਵ-ਭਾਵ, ਕੀਤੇ ਕੰਮਾਂ ਦੀ ਮਾਨਸਿਕਤਾ ਤੇ ਮਨੁੱਖੀ ਚਿਹਰਿਆਂ ਦੀ ਡੂੰਘੀ ਪਛਾਣ ਕਹਾਣੀਆਂ ਵਿਚ ਹੈ। ਲੇਖਕ ਪਾਤਰਾਂ ਨਾਲ ਪੂਰੀ ਇਕਸੁਰਤਾ ਬਣਾਉਂਦਾ ਹੈ। ਕਹਾਣੀਆਂ 'ਚ ਸਹਿਜਤਾ ਇਸ ਕਦਰ ਹੈ ਕਿ ਅਸਲੀਅਤ ਦਾ ਭੁਲੇਖਾ ਪੈਂਦਾ ਹੈ। ਪਾਤਰਾਂ ਦੀ ਬੋਲੀ ਵਿਚ ਮਿਠਾਸ ਹੈ। ਲਹਿਜਾ ਪੂਰੀ ਤਰ੍ਹਾਂ ਠੇਠ ਪੰਜਾਬੀ ਵਾਲਾ ਹੈ। ਲਹਿੰਦੇ ਪੰਜਾਬ ਦੀ ਪੰਜਾਬੀ ਪੂਰਬੀ ਪੰਜਾਬ ਨਾਲੋਂ ਜ਼ਿਆਦਾ ਮਿੱਠੀ ਤੇ ਠੇਠ ਹੈ। ਕਹਾਣੀਆਂ ਵਿਚ ਧਾਰਮਿਕ ਜਨੂੰਨ ਘੱਟ ਹੈ। ਜੀ ਹਜ਼ੂਰ, ਜਨਾਬ, ਹਯਾਤੀ ਜਿਹੇ ਸ਼ਬਦ ਬਹੁਤ ਪਿਆਰੇ ਲਗਦੇ ਹਨ। ਹੋ ਦੀ ਥਾ 'ਓ' ਹਾਂ ਦੀ ਥਾਂ 'ਵਾ' ਵਾਕਾਂ ਵਿਚ ਆਮ ਹਨ। ਪਾਤਰ ਮੋਹਖੋਰੇ ਡਾਕੂ, ਵੇਸਵਾਵਾਂ ਗਾਇਕ, ਕਲਾਕਾਰ ਆਦਿ ਹਨ (ਸ਼ਰੀਫਜ਼ਾਦੀ ਦੀ ਰੁਖਸਾਨਾ ਖਾਨ, ਮੰਗਲ ਬੁੱਧ ਦੀ ਬਸ਼ੀਰਾਂ, ਚੌਧਰੀ ਸਿੱਖ ਸਰਦਾਰ, ਮੌਲਵੀ), ਆਦਿ ਪਾਤਰ ਸਾਂਝੇ ਸੱਭਿਆਚਾਰ ਦੀ ਮਿਸਾਲ ਬਣਦੇ ਹਨ। ਕਹਾਣੀਆਂ ਮੈਡਮ, ਦੋ ਗੁੱਤਾਂ ਵਾਲੀ ਕੁੜੀ, ਪ੍ਰਾਹੁਣਾ, ਪੀਲੀ ਮਲਾਈ ਵਾਲਾ ਦੁੱਧ, ਕੱਕੀਆਂ ਮੁੱਛਾਂ, ਨਿਆਰੀਆਂ, ਠੰਢੀ ਰਾਤ ਦਾ ਆਖਰੀ ਗਾਹਕ, ਕੋਟੋ ਮੋਲੋ ਸਕੂਲ, ਬੂਹਾ ਖੁੱਲ੍ਹਾ ਰੱਖਣਾ, ਜ਼ੈਲਦਾਰ, ਹਾਤੋ ਆਦਿ ਕਹਾਣੀਆਂ ਪੜ੍ਹ ਕੇ ਸਾਂਝੀ ਪੰਜਾਬੀਅਤ ਦਾ ਅਨੰਦ ਮਾਣਿਆ ਜਾ ਸਕਦਾ ਹੈ। ਸੰਗ੍ਰਹਿ ਦਾ ਸਵਾਗਤ ਹੈ।


ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160


ਸ੍ਰੀ ਗੁਰੂ ਤੇਗ ਬਹਾਦਰ ਜੀ
(ਰਚਨਾ ਦੇ ਵਿਭਿੰਨ ਪੱਖ)
ਸੰਪਾਦਕ : ਡਾ. ਨੀਲਮ ਸ਼ਰਮਾ, ਡਾ. ਜਸਵਿੰਦਰ ਕੌਰ, ਡਾ. ਜਸਵੀਰ ਕੌਰ
ਪ੍ਰਕਾਸ਼ਕ : ਪਰਵਾਜ਼ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 200
ਸੰਪਰਕ : 98144-72782.


ਇਹ ਪੁਸਤਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ 'ਤੇ ਇਕ ਸ਼ਰਧਾਂਜਲੀ ਵਜੋਂ ਪ੍ਰਕਾਸ਼ਿਤ ਹੋਈ ਹੈ ਅਤੇ ਮਾਤਾ ਗੁਜਰੀ ਜੀ ਦੇ ਸਿਰੜ ਨੂੰ ਸਮਰਪਿਤ ਹੈ। ਗੁਰੂ ਮਹਾਰਾਜ ਜੀ ਦੀ ਵਿਸ਼ਾਲ ਸ਼ਖ਼ਸੀਅਤ ਦੇ ਬਹੁਤ ਸਾਰੇ ਪਹਿਲੂਆਂ 'ਤੇ ਚਾਨਣਾ ਪਾਇਆ ਗਿਆ ਹੈ ਜਿਵੇਂ ਗੁਰੂ ਸਾਹਿਬ ਜੀ ਦੀ ਜੀਵਨ ਗਾਥਾ, ਬਾਣੀ ਚਿੰਤਨ, ਕਾਵਿ ਕਲਾ ਅਤੇ ਸ਼ੈਲੀ, ਵਿਚਾਰਧਾਰਾ, ਮਾਨਵਤਾ ਨੂੰ ਉਪਦੇਸ਼, ਜੀਵਨ ਦਰਸ਼ਨ, ਅਮਰ ਸੰਦੇਸ਼, ਨਾਮ ਸਿਮਰਨ ਦਾ ਸਿਧਾਂਤ, ਸ਼ਹਾਦਤ ਅਤੇ ਇਸ ਦੇ ਪ੍ਰਭਾਵ ਆਦਿ। ਤਿੰਨ ਲੇਖ ਅੰਗਰੇਜ਼ੀ, ਦੋ ਲੇਖ ਹਿੰਦੀ ਅਤੇ 24 ਲੇਖ ਪੰਜਾਬੀ ਵਿਚ ਹਨ। ਵੱਖ-ਵੱਖ ਵਿਦਵਾਨਾਂ ਨੇ ਪੁਸਤਕ ਵਿਚ ਯੋਗਦਾਨ ਪਾਇਆ ਹੈ ਜਿਵੇਂ ਡਾ. ਨੀਲਮ ਸ਼ਰਮਾ, ਸ. ਪਰਮਜੀਤ ਸਿੰਘ ਖਾਲਸਾ, ਕਰਮ ਸਿੰਘ ਭੰਡਾਰੀ, ਡਾ. ਮਨਦੀਪ ਸਿੰਘ, ਡਾ. ਸੁਰਿੰਦਰਪਾਲ ਕੌਰ, ਡਾ. ਸੁਖਜਿੰਦਰ ਕੌਰ, ਜਸਵੀਰ ਸਿੰਘ, ਅਵਤਾਰ ਸਿੰਘ, ਬਿਮਲਾ ਦੇਵੀ, ਅਮਨਪ੍ਰੀਤ ਕੌਰ, ਡਾ. ਕਿਰਨਪਾਲ ਕੌਰ, ਡਾ. ਗਗਨਦੀਪ ਸਿੰਘ, ਡਾ. ਚਰਨਜੀਤ ਕੌਰ, ਹਰਦੀਪ ਕੌਰ, ਪ੍ਰੋ: ਅਰਚਨਾ, ਡਾ. ਤਰਸਪਾਲ ਕੌਰ, ਅਮਰਜੀਤ ਸਿੰਘ, ਡਾ. ਜਸਵਿੰਦਰ ਕੌਰ, ਵੀਰਪਾਲ ਕੌਰ, ਰਿੰਪੀ ਕੌਰ, ਸੁਮਨਜੀਤ ਕੌਰ, ਕੋਮਲਪ੍ਰੀਤ ਕੌੌਰ, ਹਰਪ੍ਰੀਤ ਸਿੰਘ, ਅਮਨਦੀਪ ਕੌਰ, ਦੀਪਿਕਾ, ਮਨੀਸ਼ਾ, ਡਾ. ਸੁਸ਼ੀਲ ਬਾਲਾ ਅਤੇ ਸੁਨੀਤਾ ਰਾਣੀ। ਨੌਵੇਂ ਪਾਤਸ਼ਾਹ ਜੀ ਦੇ ਮਹਾਨ ਜੀਵਨ ਸਿਧਾਂਤਾਂ ਨੂੰ ਪੁਸਤਕ ਰੂਪ ਵਿਚ ਛਪਵਾਉਣ ਲਈ ਸ੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਬਰਨਾਲਾ ਦੇ ਸਟਾਫ਼ ਅਤੇ ਪ੍ਰਿੰਸੀਪਲ ਨੇ ਰਚਨਾਵਾਂ ਰਾਹੀਂ ਯੋਗਦਾਨ ਪਾਇਆ ਹੈ।
ਭਾਵੇਂ ਗੁਰੂ ਮਹਾਰਾਜ ਜੀ ਦੀ ਮਹਿਮਾ ਅਗਾਧ ਬੋਧ ਹੈ ਅਤੇ ਆਪ ਜੀ ਦੇ ਮਹਾਨ ਪਰਉਪਕਾਰਾਂ ਦਾ ਮੁੱਲ ਪਾਇਆ ਨਹੀਂ ਜਾ ਸਕਦਾ, ਫਿਰ ਵੀ ਆਪੋ-ਆਪਣੇ ਭਾਵਾਂ, ਜਜ਼ਬਾਤਾਂ ਅਤੇ ਅੱਖਰਾਂ ਰਾਹੀਂ ਸਾਰੇ ਵਿਦਵਾਨ ਲੇਖਕਾਂ ਨੇ ਬਹੁਤ ਸੋਹਣਾ ਲਿਖਿਆ ਹੈ। ਇਹ ਪੁਸਤਕ ਵਿਦਿਆਰਥੀਆਂ, ਖੋਜਾਰਥੀਆਂ ਅਤੇ ਹਰ ਵਰਗ ਦੇ ਲੋਕਾਂ ਲਈ ਲਾਭਦਾਇਕ ਹੈ। ਗੁਰੂ ਸਾਹਿਬ ਜੀ ਪ੍ਰਤੀ ਪਿਆਰ, ਸ਼ਰਧਾ ਅਤੇ ਸਤਿਕਾਰ ਜਗਾਉਣ ਵਾਲੀ ਇਹ ਪੁਸਤਕ ਮਹੱਤਵਪੂਰਨ ਹੈ। ਇਸ ਦਾ ਭਰਪੂਰ ਸਵਾਗਤ ਹੈ।


ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.


ਸੁਰਤਾਲ

ਲੇਖਕ : ਗੁਰਭਜਨ ਗਿੱਲ
ਪ੍ਰਕਾਸ਼ਕ : ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 168
ਸੰਪਰਕ : 98726-31199.


ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਝੰਡਾਬਰਦਾਰ ਡਾ. ਗੁਰਭਜਨ ਸਿੰਘ ਪੰਜਾਬੀ ਸਾਹਿਤ ਦੇ ਨਿਰੰਤਰ ਲਿਖਣ ਵਾਲੇ ਸ਼ਾਹ ਅਸਵਾਰ ਕਵੀ ਹਨ। ਉਨ੍ਹਾਂ ਦੇ ਸ਼ਬਦਾਂ ਵਿਚ ਸੰਦਲੀ ਪੌਣਾਂ ਵਰਗੀ ਮਹਿਕ, ਦਰਿਆਵਾਂ ਵਰਗੀ ਰਵਾਨੀ ਅਤੇ ਸਮੁੰਦਰ ਵਰਗੀ ਸਹਿਜਤਾ ਹੈ। ਹਥਲੀ ਪੁਸਤਕ 'ਸੁਰਤਾਲ' ਦੇ ਇਸ ਸ਼ਿਅਰ ਵਿਚ, ਵਿਸ਼ਵ ਮੰਡੀ ਦੀ ਪਦਾਰਥਵਾਦੀ ਚਕਾਚੌਂਧ ਵਿਚ ਗੁਆਚੇ ਮਾਨਵ ਦੇ ਮਾਨਸਿਕ ਤਾਣੇ-ਬਾਣੇ ਦੀਆਂ ਪਰਤਾਂ ਨੂੰ ਫਰੋਲਦੇ ਹੋਏ ਉਹ ਲਿਖਦੇ ਹਨ:
ਇਸ ਤਰ੍ਹਾਂ ਦਾ ਕਹਿਰ ਅੱਜ ਤੱਕ, ਵੇਖਿਆ ਸੀ ਨਾ ਕਦੇ,
ਸਾਸਿਸ਼ੀ ਚਾਲਾਂ ਨੂੰ ਲੋਕੀਂ ਕਹਿਣ ਲੱਗ ਪਏ ਮਸ਼ਵਰੇ।
ਉਨ੍ਹਾਂ ਦੀ ਬਾਜ਼ ਅੱਖ ਤੋਂ ਇਹ ਅਣਦਿਸਦਾ ਯਥਾਰਥ ਵੀ ਲੁਕਿਆ ਹੋਇਆ ਨਹੀਂ ਹੈ ਕਿ ਕਿਸੇ ਸਮੇਂ ਸੋਨੇ ਦੀ ਚਿੜੀ ਕਿਹਾ ਜਾਣ ਵਾਲਾ ਭਾਰਤ ਹੁਣ ਅਜਿਹੀ ਘੁੰਮਣਘੇਰੀ ਵਿਚ ਬੁਰੀ ਤਰ੍ਹਾਂ ਉਲਝ ਚੁੱਕਿਆ ਹੈ, ਜਿੱਥੇ ਜ਼ਿੰਦਗੀ ਦੀਆਂ ਦੋ ਘੜੀਆਂ ਅਮਨ-ਚੈਨ ਨਾਲ ਗੁਜ਼ਾਰਨ ਲਈ ਤਰਸਦੀ ਪਰਜਾ ਨੂੰ, ਜਾਤਾਂ-ਧਰਮਾਂ ਦੀਆਂ ਵਲਗਣਾਂ ਵਿਚ ਵੰਡ ਕੇ ਕੁੱਕੜਾਂ ਵਾਂਗ ਲੜਾਇਆ ਜਾ ਰਿਹਾ ਹੈ ਅਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਆਲੋਚਨਾ ਕਰਨਾ ਦੇਸ਼-ਧ੍ਰੋਹ ਬਣ ਗਿਆ ਹੈ:
ਸਾਵਧਾਨ ਜੀ, ਵਤਨ ਪਿਆਰਾ 'ਨ੍ਹੇਰ ਗੁਫ਼ਾ ਵੱਲ ਤੁਰਿਆ ਜਾਵੇ,
ਬਹੁਤਾ ਚਿਰ ਇਹ ਪੁੱਗਣੀ ਨਹੀਂ ਜੇ, ਜੋ ਬੋਲੀ ਸੁਲਤਾਨ ਬੋਲਦਾ।
ਡਾ. ਗੁਰਭਜਨ ਸਿੰਘ ਨੇ ਆਪਣੀ ਲੋਕ ਹਿਤੈਸ਼ੀ ਕਲਮ ਤੋਂ ਦੋ ਦਰਜਨ ਦੇ ਕਰੀਬ ਪੁਸਤਕਾਂ ਦੀ ਸਿਰਜਣਾ ਕੀਤੀ, ਜਿਨ੍ਹਾਂ ਨੂੰ ਸਾਹਿਤਕ ਪਿੜ ਵਿਚ ਬੇਹੱਦ ਪ੍ਰਸਿੱਧੀ ਹਾਸਲ ਹੋਈ। ਉਨ੍ਹਾਂ ਦੀਆਂ ਗ਼ਜ਼ਲਾਂ ਦਾ ਇਕ-ਇਕ ਅੱਖਰ ਜੁਗਨੂੰ ਬਣ ਕੇ ਹਨੇਰੇ ਰਾਹਾਂ ਵਿਚ ਭਟਕਦੀ ਲੋਕਾਈ ਦੇ ਅੱਗੇ-ਅੱਗੇ ਹੋ ਤੁਰਦਾ ਹੈ। ਉਹ ਸਿਰਫ਼ ਬਾਹਰ ਦਿਖਾਈ ਦਿੰਦੇ ਵਿਰੋਧੀਆਂ ਨੂੰ ਹੀ ਨਹੀਂ ਵੰਗਾਰਦੇ ਬਲਕਿ ਮਨੁੱਖ ਦੇ ਅੰਦਰ ਬੈਠੇ ਦੁਸ਼ਮਣਾਂ ਨੂੰ ਵੀ ਸੁਰਤਾਲ ਵਿਚ ਕਰਦੇ ਹਨ। ਲੋਕ-ਮਨਾਂ ਵਿਚਲੇ ਸੁਹਜ ਨੂੰ ਸ਼ਿੰਗਾਰਨ ਅਤੇ ਨਿਖਾਰਨ ਦੇ ਸਮਰੱਥ ਉਨ੍ਹਾਂ ਦੇ ਇਸ ਬੇਹੱਦ ਖੂਬਸੂਰਤ ਗ਼ਜ਼ਲ-ਸੰਗ੍ਰਹਿ ਦਾ ਪੁਰਜ਼ੋਰ ਸਵਾਗਤ ਹੈ।


ਕਰਮ ਸਿੰਘ ਜ਼ਖ਼ਮੀ
ਮੋ: 98146-28027

05-09-2021

ਜਦੋਂ ਦਰਿਆ ਸੁਕਦੇ ਨੇ...
ਮੂਲ ਲੇਖਕ : ਫਰੈੱਡ ਪੀਅਰਸ
ਅਨੁਵਾਦ ਤੇ ਸੰਪਾਦਨ : ਗੁਰਰੀਤ ਬਰਾੜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 595 ਰੁਪਏ, ਸਫ਼ੇ : 380
ਸੰਪਰਕ : gurreetbrar@csufresno.edu
ਮੋ: 95011-45039.


(ਅਜਿਹੀ ਪੁਸਤਕ ਬੜੀ ਦੇਰ ਪਹਿਲਾਂ ਆ ਜਾਣੀ ਚਾਹੀਦੀ ਸੀ। ਦੇਰ ਨਾਲ ਹੀ ਸਹੀ, ਖੁਸ਼ਆਮਦੀਦ। ਆਓ! ਅਮਲ ਕਰੀਏ।)
ਦਰਿਆਵਾਂ ਦੇ ਦੋ ਸਰੋਤ ਹਨ, ਗਲੇਸ਼ੀਅਰ ਅਤੇ ਜੰਗਲ। ਹਥਲੀ ਪੁਸਤਕ ਤੱਥਾਂ ਸਹਿਤ ਦੱਸਦੀ ਹੈ ਕਿ ਮਨੁੱਖੀ ਆਪ-ਹੁਦਰੀਆਂ ਕਾਰਨ ਦੋਵੇਂ ਸਰੋਤ ਮਰ-ਮੁੱਕ ਰਹੇ ਹਨ, ਸਿੱਟੇ ਵਜੋਂ ਦਰਿਆ ਵੀ। ਦਰਿਆਵਾਂ ਦੇ ਮਰ-ਮੁੱਕਣ ਦੇ ਕਾਰਨ ਹੋਰ ਵੀ ਬਥੇਰੇ ਹਨ: ਵਾਤਾਵਰਨੀ ਵਿਗਾੜ, ਆਲਮੀ ਤਪਸ਼, ਜਲ-ਪ੍ਰਦੂਸ਼ਨ ਸਿੱਟੇ ਵਜੋਂ ਵਰਖਾ ਦਾ ਗੜਬੜਾਉਣਾ ਅਰਥਾਤ ਹੜ੍ਹ ਤੇ ਜਲ-ਸੰਕਟ ਅਤੇ ਜਲ-ਸਰੋਤਾਂ 'ਤੇ ਕਬਜ਼ਿਆਂ ਦੀ ਦੌੜ ਅਤੇ ਕੁਦਰਤੀ ਸਮਤੋਲ ਨੂੰ ਮੂਲੋਂ ਵਿਸਾਰ ਕੇ ਕੀਤੀ ਜਾ ਰਹੀ ਡੈਮਾਂ ਦੀ ਉਸਾਰੀ। ਪਰ ਕੀ, ਇਸ ਸਭ ਲਈ ਜ਼ਿੰਮੇਵਾਰ ਆਮ ਲੋਕ ਹਨ? ਨਹੀਂ; ਅਸਲ ਜ਼ਿੰਮੇਵਾਰ ਮੌਜੂਦਾ/ਭਾਰੂ ਸੰਸਾਰ ਪ੍ਰਬੰਧ ਹੈ। ਇਹੀ, ਉਹ ਗੱਲਾਂ ਹਨ ਜਿਨ੍ਹਾਂ ਬਾਰੇ ਇਸ ਵਿਚ ਪੀਡੀ ਨਿਸ਼ਾਨਦੇਹੀ ਕੀਤੀ ਗਈ ਹੈ।
ਜਲ-ਵਹਿਣਾਂ ਦਾ ਇਕ ਹੋਰ (ਮੌਸਮੀ) ਸਰੋਤ ਹੈ, ਵਰਖਾ। ਮੀਂਹ ਦਾ ਦਰਿਆਵਾਂ ਨਾਲ ਨਹੁੁੰ-ਮਾਸ ਦਾ ਰਿਸ਼ਤਾ ਹੈ। ਦਰ-ਹਕੀਕਤ; ਵਰਖਾ ਹੀ ਪਾਣੀ ਦਾ ਮੁਢਲਾ ਸੋਮਾ ਹੈ। ਦੂਸਰੇ; ਤਾ-ਸੋਮੇ, ਚਾਹੇ ਉੇਹ ਵਗਦਾ ਪਾਣੀ ਹੈ ਨਦੀਆਂ ਦੇ ਰੂਪ ਵਿਚ। ਭਾਵੇਂ, ਖੜ੍ਹਾ ਪਾਣੀ ਹੈ, ਜਲ-ਕੁੰਡਾਂ/ਝੀਲਾਂ ਦੇ ਰੂਪ ਵਿਚ ਜਾਂ ਜ਼ਮੀਨ-ਦੋਜ਼ ਪਾਣੀ ਹੈ ਜਲ-ਤੱਗੀਆਂ ਦੇ ਰੂਪ ਵਿਚ, ਇਹ ਸਾਰੇ ਦੇ ਸਾਰੇ ਪੂਰੀ ਤਰ੍ਹਾਂ ਵਰਖਾ 'ਤੇ ਮੁਨੱਸਰ ਹਨ। ਕੀ ਵਰਖਾ, ਕਿਸੇ ਗੈਬੀ ਸ਼ਕਤੀ ਦੁਆਰਾ ਵਰ੍ਹਾਈ ਜਾਂਦੀ ਹੈ। ਨਹੀਂ, ਸਾਵੀਂ-ਪੱਧਰੀ ਵਰਖਾ ਵਰ੍ਹਾਉਣ ਲਈ ਸਾਵੇਂ-ਵਾਤਾਵਰਨ, ਜੀਵ-ਜੰਤੂਆਂ, ਨਿਰਮਲ ਜਲ-ਕੁੰਡਾਂ, ਘਣੇ ਜੰਗਲਾਂ, ਸਰਸਬਜ਼-ਪਹਾੜਾਂ ਅਤੇ ਨਿਰੰਤਰ ਵਗਦੇ ਜਲ-ਵਹਿਣਾਂ ਦਾ ਹੋਣਾ ਜ਼ਰੂਰੀ ਹੈ। ਭਲਾ, ਗੜਬੜ ਚੌਥ ਕਿਉਂ ਹੈ? ਕਿਤਾਬ ਦੱਸੇਗੀ।
ਅਖੇ; ਤੀਜੀ ਆਲਮੀ-ਜੰਗ ਦਾ ਕਾਰਨ ਜਲ-ਸੰਕਟ ਅਤੇ ਜਲ-ਸੋਮਿਆਂ 'ਤੇ ਕੀਤੇ ਜਾ ਰਹੇ ਤੇ ਕੀਤੇ ਜਾਣ ਵਾਲੇ ਕਬਜ਼ੇ ਬਣਨਗੇ। ਹਾਂ, ਇਹ ਸੱਚ ਹੈ, ਕੌਣ ਮੁੱਕਰਦਾ। ਪਰ, ਕੀ ਜਲ-ਯੁੱਧ ਅਜੇ ਲੜਿਆ ਜਾਣਾ ਹੈ? ਨਹੀਂ, ਇਹ ਤਾਂ ਆਦਿ-ਯੁੱਗ ਤੋਂ ਨਿਰੰਤਰ ਚਲ ਰਿਹਾ ਹੈ, ਕਦੇ ਜ਼ਾਹਰਾ ਅਤੇ ਕਦੇ ਲੁੱਕਵਾਂ। ਤੁਹਾਨੂੰ ਨਹੀਂ ਪਤਾ ਤਾਂ ਫਰੋਲੋ ਕਿਤਾਬ। ਦੂਜਾ; ਇਸ ਪੁਸਤਕ ਵਿਚ ਦੁਨੀਆ ਭਰ ਦੀਆਂ ਨਦੀਆਂ ਦੀ ਹੋਣੀ ਦੀ ਬਾਤ ਵੀ ਪਾਈ ਗਈ ਹੈ, ਗੰਗਾ ਸਮੇਤ ਭਾਰਤੀ ਦਰਿਆਵਾਂ ਦੀ ਕਰ ਦਿੱਤੀ ਗਈ ਦੁਰਦਸ਼ਾ ਦੇ, ਜਿਹੜੇ ਸਾਡੇ ਹਾਕਮਾਂ ਦੇ 'ਸਬਜ਼ਬਾਗਾ' ਤੋਂ ਬੜੇ ਉਪਰਾਮ ਨੇ।
ਤੱਥਾਂ ਸਹਿਤ ਜਲ-ਸੰਕਟ ਵਿਸ਼ੇਸ਼ ਕਰਕੇ ਸੁੱਕ ਗਏ ਦਰਿਆਵਾਂ ਜਾਂ ਨੇੜ-ਭਵਿੱਖ ਵਿਚ ਸੁੱਕ ਜਾਣ ਵਾਲੇ/ਸੁੱਕ ਸਕਦੇ ਦਰਿਆਵਾਂ ਦਾ ਦਰਦ ਬਿਆਨਦੀ, ਗਿਆਰਾਂ ਖੰਡਾਂ ਤੋਂ ਬਿਨਾਂ ਹੋਰ ਅਹਿਮ ਪਾਠਾਂ ਨਾਲ ਲਬਰੇਜ਼, ਇਸ ਪੁਸਤਕ ਨੂੰ ਗੁਰਰੀਤ ਬਰਾੜ ਨੇ ਸਰਲ ਭਾਸ਼ਾ ਵਿਚ, ਬਹੁਤ ਸਾਰੇ ਵਿਸਾਰ ਦਿੱਤੇ ਗਏ ਸ਼ਬਦਾਂ ਨਾਲ ਓਤ-ਪੋਤ, ਅਨੁਵਾਦਿਆ ਹੈ। ਮੈਂ ਵਿਜੈ ਬੰਬੇਲੀ, ਗੁਰਰੀਤ ਦੇ ਇਨ੍ਹਾਂ ਸ਼ਬਦਾਂ ਦੀ ਜ਼ੋਰਦਾਰ ਪ੍ਰੋੜ੍ਹਤਾ ਕਰਦਾ ਹਾਂ, 'ਜਿੰਨੀ ਸ਼ਿੱਦਤ ਨਾਲ ਮੂਲ ਲੇਖਕ ਨੇ ਇਹ ਕਿਤਾਬ ਲਿਖੀ ਹੈ, ਮੈਂ ਓਨੀ ਸ਼ਿੱਦਤ ਨਾਲ ਹੀ ਇਸ ਦਾ ਤਰਜਮਾ ਕਰਨ ਦੀ ਕੋਸ਼ਿਸ਼ ਕੀਤੀ ਹੈ'।
ਅਖ਼ੀਰ, ਸਾਰਿਆਂ ਨੂੰ ਹੀ ਇਹ ਪੁਸਤਕ ਨਿੱਠ ਕੇ ਪੜ੍ਹਨ ਦੀ ਗੁਜ਼ਾਰਿਸ਼ ਕਰਦਾ ਹੋਇਆ ਪਾਠਕਾਂ ਤੋਂ ਆਸ ਇਹ ਵੀ ਕਰਦਾ ਹਾਂ ਕਿ ਮਗਰੋਂ ਉਹ ਇਸ ਕਿਤਾਬ ਨੂੰ ਘਰ ਦੀ ਅਜਿਹੀ ਗੁੱਠ ਵਿਚ ਅਜਿਹੇ ਢੰਗ ਨਾਲ ਟਿਕਾਉਣਗੇ ਕਿ ਹਰ ਕੋਈ ਇਸ ਨੂੰ ਪੜ੍ਹਨ ਲਈ ਓਹਲੇ, ਨਾ ਸਿਰਫ ਪੜ੍ਹੇ ਸਗੋਂ ਅਮਲ ਵੀ ਕਰੇ।
ਆਓ!
ਬ੍ਰਿਛਾਂ ਦੀ ਗੱਲ ਕਰੀਏ,
ਪਹਾੜਾਂ ਦੀ ਕਦਰ ਕਰੀਏ,
ਦਰਿਆਵਾਂ ਦੀ ਬਾਂਹ ਫੜੀਏ,
ਧਰਤੀ ਦਾ ਅਦਬ ਕਰੀਏ।
ਇਸੇ ਵਿਚ ਹੀ ਸਾਡਾ ਸਭ ਦਾ ਭਲਾ ਲੁਕਿਆ ਹੋਇਆ ਹੈ। ਦਰਿਆਵਾਂ ਨੂੰ ਵੀ ਜੀਣ ਦਾ ਹੱਕ ਹੈ।
ਇਹੀ ਉਹ ਗੱਲ ਹੈ ਜਿਹੜੀ ਸਾਨੂੰ-ਤੁਹਾਨੂੰ ਬਹੁਤਿਆਂ ਨੂੰ ਨਹੀਂ ਪਤਾ।


ਵਿਜੈ ਬੰਬੇਲੀ
ਮੋ: 94634-39075


ਗੁਰਮਤਿ ਪ੍ਰਤੀਯੋਗਤਾ ਦਰਪਣ
(ਪ੍ਰਸ਼ਨ-ਉੱਤਰ/ਭਾਗ ਦੂਜਾ)
ਲੇਖਕ : ਸੁਖਜੀਤ ਸਿੰਘ ਕਪੂਰਥਲਾ,
ਪ੍ਰੋ: ਦਲਬੀਰ ਸਿੰਘ
ਪ੍ਰਕਾਸ਼ਕ : ਬਿਮਲ ਕ੍ਰਇਏਸ਼ਨ, ਜਲੰਧਰ
ਭੇਟਾ : 100 ਰੁਪਏ, ਸਫ਼ੇ : 184
ਸੰਪਰਕ : 98720-76876.

 


ਅੱਜ ਦੀ ਪੀੜ੍ਹੀ ਨੂੰ ਸਿੱਖ ਧਰਮ ਅਤੇ ਸਿੱਖ ਇਤਿਹਾਸ ਬਾਰੇ ਬਹੁਤ ਘੱਟ ਗਿਆਨ ਹੈ। ਸਿੱਖ ਪਰਿਵਾਰਾਂ ਦੇ ਵਧੇਰੇ ਬੱਚੇ ਆਪਣੇ ਗੌਰਵਮਈ ਵਿਰਸੇ ਤੋਂ ਅਨਜਾਣ ਹਨ। ਅਜਿਹੇ ਨੌਜਵਾਨਾਂ ਨੂੰ ਗੁਰਬਾਣੀ, ਗੁਰਮਤਿ ਵਿਚਾਰਧਾਰਾ ਅਤੇ ਸਿੱਖ ਇਤਿਹਾਸ ਨਾਲ ਜੋੜਨ ਲਈ ਲੇਖਕਾਂ ਨੇ ਗੁਰਮਤਿ ਇਨਾਮੀ ਪ੍ਰਤੀਯੋਗਤਾ ਦੀ ਲੜੀ ਆਰੰਭ ਕੀਤੀ ਹੈ। ਗੁਰਮਤਿ ਪ੍ਰਚਾਰ ਦਾ ਇਹ ਉਪਰਾਲਾ ਆਨਲਾਈਨ ਪ੍ਰਸ਼ਨ-ਉੱਤਰਾਂ ਰਾਹੀਂ ਕੀਤਾ ਗਿਆ ਹੈ। ਸੁਖਜੀਤ ਸਿੰਘ ਕਪੂਰਥਲਾ ਅਤੇ ਪ੍ਰੋ: ਦਲਬੀਰ ਸਿੰਘ ਜਲੰਧਰ ਨੇ ਕੋਵਿਡ-19 ਤਾਲਾਬੰਦੀ ਦੌਰਾਨ ਸੋਸ਼ਲ ਮੀਡੀਆ ਦੀ ਸੁਚੱਜੀ ਵਰਤੋਂ ਕਰਦਿਆਂ ਗੁਰਮਤਿ ਪ੍ਰਚਾਰ ਦਾ ਸ਼ਲਾਘਾਯੋਗ ਉੱਦਮ ਕੀਤਾ ਹੈ। ਸਫਲ ਹੋਣ ਵਾਲੇ ਪ੍ਰਤੀਯੋਗੀਆਂ ਨੂੰ ਨਕਦ ਇਨਾਮ ਅਤੇ ਪ੍ਰਸੰਸਾ ਪੱਤਰ ਦਿੱਤੇ ਜਾਂਦੇ ਹਨ। ਗੁਰਮਤਿ ਸਿਧਾਂਤਾਂ ਦੀ ਮੁਢਲੀ ਜਾਣਕਾਰੀ ਇਸ ਮਾਰਗ ਦੇ ਪਾਂਧੀਆਂ ਨੂੰ ਦਿੱਤੀ ਜਾਂਦੀ ਹੈ। ਉਨ੍ਹਾਂ ਲਈ ਘਰ ਬੈਠਿਆਂ ਹੀ ਗੁਰਮਤਿ ਗਿਆਨ ਪ੍ਰਾਪਤ ਕਰਨ ਦਾ ਇਹ ਵਧੀਆ ਮੌਕਾ ਹੈ, ਪ੍ਰਸ਼ਨਾਂ ਦੇ ਉੱਤਰਾਂ ਵਿਚੋਂ ਚੋਣ ਕਰਕੇ ਸਹੀ ਆਪਸ਼ਨ ਦੇ ਨਾਲ ਸਹੀ ਜਵਾਬ ਦੇਣਾ ਹੁੰਦਾ ਹੈ। ਉੱਤਰਾਂ ਦੇ ਨਾਲ-ਨਾਲ ਹੀ ਲੇਖਕਾਂ ਵਲੋਂ ਦਿੱਤੀ ਗਈ ਟਿੱਪਣੀ ਦੁਆਰਾ ਸਬੰਧਿਤ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਬੜੀ ਰੌਚਕ ਵਿਧੀ ਰਾਹੀਂ ਸਿਖਿਆਰਥੀਆਂ ਦੇ ਗਿਆਨ ਵਿਚ ਵਾਧਾ ਹੁੰਦਾ ਹੈ। ਇਸ ਪ੍ਰਤੀਯੋਗਤਾ ਵਿਚ ਵਿਦੇਸ਼ਾਂ ਤੋਂ ਵੀ ਪ੍ਰਤੀਯੋਗੀ ਭਾਗ ਲੈਂਦੇ ਰਹੇ ਹਨ। ਇਹ ਪੁਸਤਕ ਇਸ ਲੜੀ ਦਾ ਦੂਜਾ ਭਾਗ ਹੈ।
ਪੁਸਤਕ ਦੇ ਸੰਯੋਗਕਾਂ ਨੇ ਇਸ ਪ੍ਰਕਾਰ ਇਕ ਪ੍ਰਸੰਸਾਯੋਗ ਕੰਮ ਕੀਤਾ ਹੈ।


ਕੰਵਲਜੀਤ ਸਿੰਘ ਸੂਰੀ
ਮੋ: 93573-24241


ਸਮਾਜਿਕ ਚੇਤਨਾ ਚਿੰਤਨ
ਸੰਪਾਦਕ : ਸਤਪਾਲ ਸਾਹਲੋਂ
ਪ੍ਰਕਾਸ਼ਕ : ਸੰਤ ਹਰੀਦਾਸ ਜੀ ਉਦਾਸੀਨ ਆਸ਼ਰਮ ਅੱਡਾ ਕਠਾਰ (ਜਲੰਧਰ)
ਮੁੱਲ : 100 ਰੁਪਏ, ਸਫ਼ੇ : 131
ਸੰਪਰਕ : 98156-55071.


ਹਥਲੀ ਪੁਸਤਕ 'ਸਮਾਜਿਕ ਚੇਤਨਾ-ਚਿੰਤਨ' ਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਵਿਚਾਰਧਾਰਾ ਨੂੰ ਸਮਰਪਿਤ ਲੇਖਾਂ ਨੂੰ ਪ੍ਰਸਿੱਧ ਸਾਹਿਤਕਾਰ ਤੇ ਸੰਪਾਦਕ ਸਤਪਾਲ ਸਾਹਲੋਂ ਵਲੋਂ ਸੰਪਾਦਿਤ ਕੀਤਾ ਗਿਆ ਹੈ। ਇਸ ਵਿਚ ਅੰਮ੍ਰਿਤਬਾਣੀ ਅਤੇ ਰਵਿਦਾਸੀਆ ਧਰਮ-ਸਿਰੀ ਰਾਮ ਅਰਸ਼, ਮਾਧੋ ਅਬਿਦਿਆ ਹਿਤ ਦੀਨ ਡਾ. ਹਰਨੇਕ ਸਿੰਘ ਕਲੇਰ, ਅੱਜ ਦੇ ਸਮੇਂ ਵਿਚ ਗੁਰੂ ਅਤੇ ਭਗਤ ਦੀ ਮਹੱਤਤਾ ਸਤਪਾਲ ਜੱਸੀ (ਪ੍ਰਿੰ:), ਸ੍ਰੀ ਗੁਰੂ ਰਵਿਦਾਸ ਬਾਣੀ ਦਾ ਰਾਜਨੀਤਕ ਅਤੇ ਸਮਾਜਿਕ ਸੰਦਰਭ ਡਾ. ਸੀਤਲ ਸਿੰਘ, ਸੱਤਾ ਪ੍ਰਾਪਤੀ ਅਤੇ ਰਵਿਦਾਸੀਆ ਸਮਾਜ ਮਨੋਜ ਦਈਆ, ਸਤਿਗੁਰੂ ਰਵਿਦਾਸ ਬਾਣੀ ਵਿਚਾਰ ਅਤੇ ਆਗਮਨ ਪੁਰਬ ਤੇ ਸਮਾਜ ਨੂੰ ਕੁਝ ਸੁਝਾਉ ਡਾ. ਜੀ.ਸੀ. ਕੌਲ, ਸ੍ਰੀ ਗੁਰੂ ਰਵਿਦਾਸ ਜੀ ਅਤੇ ਡਾ. ਅੰਬੇਡਕਰ ਦੀ ਵਿਚਾਰਧਾਰਾ ਵਿਚ ਇਕਸਾਰਤਾ ਡਾ. ਸੰਤੋਸ਼ ਕੁਮਾਰੀ, ਨਾਗਰਿਕਤਾ ਸੋਧ ਕਾਨੂੰਨ ਅਤੇ ਦਲਿਤਾਂ ਤੇ ਪ੍ਰਭਾਵ ਐਸ.ਆਰ. ਲੱਧੜ, ਮਾਨਵੀ ਵਿਕਾਸ ਦਾ ਰੋਲ ਮਾਡਲ, ਸ੍ਰੀ ਗੁਰੂ ਰਵਿਦਾਸ ਅੰਮ੍ਰਿਤਬਾਣੀ ਪ੍ਰੋ. ਲਾਲ ਬਹਾਦਰ, ਸਮਾਜ ਦੀ ਉੱਨਤੀ ਵਿਚ ਬੁੱਧੀਜੀਵੀ ਵਰਗ ਦੀ ਭੂਮਿਕਾ-ਡਾ. ਬਲਬੀਰ ਮੰਨਣ, ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕਰਨ ਦੀ ਸ਼ੁਰੂਆਤ ਸਤੀਸ਼ ਕੁਮਾਰ, ਪੁਰਾਤਨ ਪੈਗੰਬਰਾਂ ਦੀਆਂ ਸਿੱਖਿਆਵਾਂ ਨੂੰ ਸੰਜੋਈ ਰੱਖਣਾ ਗਿਆਨੀ ਉਂਕਾਰ ਸਿੰਘ, ਮਹਾਨ ਸਮਾਜ ਸੇਵਕ ਹਨ ਸੰਤ ਸੁਰਿੰਦਰ ਦਾਸ, ਗਿਆਨੀ ਪਰਮਜੀਤ ਸਿੰਘ ਆਦਿ ਵਲੋਂ ਲਿਖੇ ਗਏ ਗਿਆਨਵਰਧਕ ਅਤੇ ਗੁਰੂ ਰਵਿਦਾਸ ਜੀ ਦੇ ਸਮਾਜ ਤੇ ਲੋਕ ਕਲਿਆਣ ਹਿਤ ਦਿੱਤੇ ਗਏ ਸੰਦੇਸ਼ਾਂ-ਉਪਦੇਸ਼ਾਂ ਸੂਤਰਾਂ ਨੂੰ ਆਮ ਜਨ ਤੱਕ ਪਹੁੰਚਾਉਣ ਵਾਲੇ ਮਹੱਤਵਪੂਰਨ ਲੇਖ ਹਨ। ਇਨ੍ਹਾਂ ਰਾਹੀਂ ਗੁਰੂ ਜੀ ਦੀ ਅੰਮ੍ਰਿਤਬਾਣੀ ਦੇ ਨਾਲ-ਨਾਲ ਸੰਤ ਹਰੀਦਾਸ ਉਦਾਸੀਨ ਆਸ਼ਰਮ ਕੂਪੁਰ-ਢੇਪੁਰ (ਕਠਾਰ) ਬਾਰੇ ਮੁਢਲੀ ਅਤੇ ਵਿਸਤਾਰ ਸਾਹਿਤ ਜਾਣਕਾਰੀ ਪ੍ਰਾਪਤ ਹੁੰਦੀ ਹੈ। ਵਿਦਵਾਨ ਅਤੇ ਬੁੱਧੀਜੀਵੀ ਵਰਗ ਦੀ ਪ੍ਰਤੀਨਿਧਤਾ ਕਰਦੇ ਲੇਖਕਾਂ ਦੇ ਇਹ ਲੇਖ ਸੱਚਮੁੱਚ ਪੜ੍ਹਨ, ਮਾਣਨ ਅਤੇ ਸਾਂਭਣਯੋਗ ਹਨ। ਸਰਲ ਭਾਸ਼ਾ, ਸਪੱਸ਼ਟਤਾ, ਸੂਖਮਤਾ ਅਤੇ ਗੁਰੂ ਜੀ ਦੀ ਅੰਮ੍ਰਿਤ ਬਾਣੀ ਨਾਲ ਲਬਰੇਜ ਇਹ ਲੇਖ ਮਨੁੱਖੀ ਮਨਾਂ ਨੂੰ ਰੌਸ਼ਨ ਕਰਨ ਦੇ ਸਮੱਰਥ ਹਨ।


ਡਾ. ਧਰਮਪਾਲ ਸਾਹਿਲ
ਮੋ: 98761-56964.


ਮੇਰੀ ਡਾਇਰੀ ਦੇ ਪੰਨੇ

ਲੇਖਕ : ਡਾ. ਜਗੀਰ ਸਿੰਘ ਢੇਸਾ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 300 ਰੁਪਏ, ਸਫ਼ੇ : 184
ਸੰਪਰਕ : 94173-40724.


ਡਾਇਰੀ ਲਿਖਣਾ ਜਿਥੇ ਇਕ ਕਲਾ ਹੈ, ਉਥੇ ਇਸ ਦੀ ਸਾਹਿਤਕ ਮਹੱਤਤਾ ਵੀ ਬਹੁਤ ਜ਼ਿਆਦਾ ਹੁੰਦੀ ਹੈ। ਕੋਈ ਵੀ ਮਨੁੱਖ ਆਪਣੀਆਂ ਨਿੱਤਾਪ੍ਰਤੀ ਦੀਆਂ ਗਤੀਵਿਧੀਆਂ ਅਤੇ ਘਟਨਾਵਾਂ ਨੂੰ ਦੈਨਿਕ ਬਿਓਰੇ ਦੇ ਰੂਪ ਵਿਚ ਆਪਣੀ ਡਾਇਰੀ ਵਿਚ ਦਰਜ ਕਰਦਾ ਹੈ ਜਿਸ ਨਾਲ ਉਸ ਨੂੰ ਆਪਣੇ ਕੰਮਕਾਜ ਅਤੇ ਗਤੀਵਿਧੀਆਂ ਦੀ ਸਮੀਖਿਆ ਕਰਨੀ ਵੀ ਆਸਾਨ ਹੋ ਜਾਂਦੀ ਹੈ। ਆਪਣੀ ਸ਼ਖ਼ਸੀਅਤ ਨੂੰ ਨਿਖਾਰਨ ਦਾ ਮੌਕਾ ਵੀ ਮਿਲ ਜਾਂਦਾ ਹੈ। ਡਾਇਰੀ ਭਾਵੇਂ ਨਿੱਜੀ ਦਸਤਾਵੇਜ਼ ਹੀ ਹੁੰਦਾ ਹੈ ਪਰ ਮਨੁੱਖ ਜਿਹੜਾ ਡਾਇਰੀ ਲਿਖਦਾ ਹੈ, ਉਹ ਸਮਾਜ ਨਾਲ ਵੀ ਜੁੜਿਆ ਹੁੰਦਾ ਹੈ। ਇਸ ਕਰਕੇ ਸਮਾਜਿਕ, ਰਾਜਨੀਤਕ ਅਤੇ ਸੱਭਿਆਚਾਰਕ ਗਤੀਵਿਧੀਆਂ ਜਿਨ੍ਹਾਂ ਵਿਚ ਉਹ ਸੰਮਿਲਤ ਹੁੰਦਾ ਹੈ ਜਾਂ ਦੇਖਦਾ ਲਿਖਦਾ ਹੈ, ਉਨ੍ਹਾਂ ਤੋਂ ਤਤਕਾਲੀ ਸਮਾਜ ਬਾਰੇ ਵੀ ਭਰਪੂਰ ਅਤੇ ਭਾਵਪੂਰਤ ਜਾਣਕਾਰੀ ਮਿਲ ਜਾਂਦੀ ਹੈ।
'ਮੇਰੀ ਡਾਇਰੀ ਦੇ ਪੰਨੇ' ਡਾ. ਜਗੀਰ ਸਿੰਘ ਢੇਸਾ ਦੀ ਲਿਖੀ ਹੋਈ ਡਾਇਰੀ ਦਾ ਪ੍ਰਕਾਸ਼ਿਤ ਰੂਪ ਹੈ। ਡਾ. ਢੇਸਾ ਇਕ ਚੇਤੰਨ ਅਤੇ ਤਜਰਬੇਕਾਰ ਵਿਅਕਤੀ ਹੈ, ਜਿਸ ਨੇ ਆਪਣੇ ਸਮਕਾਲ ਵਿਚ ਵਰਤੇ ਹਰ ਵਰਤਾਰੇ ਨੂੰ ਬੜੀ ਰੀਝ ਨਾਲ ਦੇਖਿਆ ਅਤੇ ਆਪਣੀ ਡਾਇਰੀ ਵਿਚ ਦਰਜ ਕੀਤਾ ਪਰ ਖ਼ਾਸੀਅਤ ਇਹ ਹੈ ਕਿ ਉਸ ਨੇ ਡਾਇਰੀ ਨੂੰ ਵਿਸ਼ਲੇਸ਼ਣਾਤਮਕ ਰੂਪ ਵਿਚ ਪੇਸ਼ ਕੀਤਾ ਹੈ। ਭਾਵੇਂ ਕਿ ਪੁਸਤਕ ਵਿਚ ਮਿਤੀ ਦੀ ਤਰਤੀਬ ਅਨੁਸਾਰ ਸਮਾਜਿਕ ਅਤੇ ਰਾਜਨੀਤਕ ਵਰਤਾਰਿਆਂ ਬਾਰੇ ਲੇਖਕ ਦੇ ਪ੍ਰਤੀਕਰਮ ਪੇਸ਼ ਹੋਏ ਮਿਲਦੇ ਹਨ ਪਰ ਕਿਤੇ-ਕਿਤੇ ਲੇਖਕ ਦੇ ਸੰਪਰਕ ਵਿਚਲੇ ਵਿਸ਼ੇਸ਼ ਵਿਅਕਤੀਆਂ ਬਾਰੇ ਵੀ ਜਾਣਕਾਰੀ ਉਪਲਬਧ ਕਰਵਾਈ ਗਈ ਹੈ। ਇਸੇ ਤਰ੍ਹਾਂ ਦੇਸ਼ ਪਿਆਰ, ਪ੍ਰਾਂਤਕ ਗਤੀਵਿਧੀਆਂ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਸਲਿਆਂ ਬਾਰੇ ਵੀ ਲੇਖਕ ਨੇ ਆਪਣਾ ਦ੍ਰਿਸ਼ਟੀਕੋਣ ਪੇਸ਼ ਕੀਤਾ ਹੈ। ਆਪਣੇ ਨਿੱਜੀ ਜੀਵਨ ਦੀਆਂ ਪ੍ਰੇਰਨਾਰਥਕ ਗਤੀਵਿਧੀਆਂ ਨੂੰ ਵੀ ਲੇਖਕ ਨੇ ਇਸ ਪੁਸਤਕ ਵਿਚ ਦਰਜ ਕੀਤਾ ਹੈ। ਇਸ ਪੁਸਤਕ ਵਿਚ 1-9-2007 ਤੋਂ ਲੈ ਕੇ ਤਰਤੀਬਵਾਰ 31-3-2008 ਦੀ ਡਾਇਰੀ ਦੀਆਂ ਗਤੀਵਿਧੀਆਂ ਨੂੰ ਪੇਸ਼ ਕੀਤਾ ਗਿਆ ਹੈ। ਦਿਲਖਿੱਚਵੀਂ ਸ਼ੈਲੀ ਵਿਚ ਲਿਖੀ ਪੁਸਤਕ ਪ੍ਰਭਾਵਿਤ ਕਰਨਯੋਗ ਹੈ।


ਡਾ. ਸਰਦੂਲ ਸਿੰਘ ਔਜਲਾ
ਮੋ: 98141-68611.


ਸਿੰਘ ਸਜੇ ਮਿੱਤਲ ਭਾਈਚਾਰੇ ਦਾ ਇਤਿਹਾਸ

ਲੇਖਕ : ਪੀ.ਐਸ. ਮਿੱਤਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ 150 ਰੁਪਏ, ਸਫ਼ੇ : 88
ਸੰਪਰਕ : 98781-80944.


ਹਥਲੀ ਪੁਸਤਕ ਦੇ ਲੇਖਕ ਅਨੁਸਾਰ ਜਦੋਂ ਕਲਗੀਧਰ ਪਾਤਸ਼ਾਹ ਮਾਲਵੇ ਦੀ ਪਵਿੱਤਰ ਧਰਤੀ ਤਲਵੰਡੀ ਸਾਬੋ (ਤਖ਼ਤ ਸ੍ਰੀ ਦਮਦਮਾ ਸਾਹਿਬ) ਆਏ ਤਾਂ ਉਨ੍ਹਾਂ ਦੇ ਪੁਰਖਿਆਂ ਨੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਖੰਡੇ-ਬਾਟੇ ਦੀ ਦਾਤ ਪ੍ਰਾਪਤ ਕੀਤੀ ਸੀ। ਲੇਖਕ ਮੁਤਾਬਿਕ ਉਹ ਇਤਿਹਾਸਕਾਰ ਜਾਂ ਲੇਖਕ ਨਹੀਂ, ਸਗੋਂ ਉਸ ਨੇ ਆਪਣੇ ਭਾਈਚਾਰੇ ਦੇ ਪਿਛੋਕੜ ਨੂੰ ਜਾਣਨ ਦੀ ਪ੍ਰਬਲ ਇੱਛਾ-ਸ਼ਕਤੀ ਨਾਲ ਹੀ ਇਸ ਪੁਸਤਕ ਨੂੰ ਪਾਠਕਾਂ ਤੱਕ ਪਹੁੰਚਾਉਣ ਤੱਕ ਦਾ ਸਫ਼ਰ ਤੈਅ ਕੀਤਾ ਹੈ। ਲੇਖਕ ਨੇ ਪੁਸਤਕ ਨੂੰ ਮੌਜੂਦਾ ਰੂਪ ਦੇਣ ਤੋਂ ਪਹਿਲਾਂ ਆਪਣੇ ਵੱਡੇ-ਵਡੇਰਿਆਂ ਤੋਂ ਜਾਣਿਆ ਕਿ ਨੌਂਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭੀਖੀ ਤੇ ਤਲਵੰਡੀ ਸਾਬੋ ਚਰਨ ਪਾਏ ਸਨ। ਇਸ ਤੋਂ ਪਿੱਛੋਂ ਦਸਮ ਪਾਤਸ਼ਾਹ ਤਲਵੰਡੀ ਸਾਬੋ ਪੁੱਜੇ ਸਨ। ਲੇਖਕ ਨੇ ਭੀਖੀ, ਤਲਵੰਡੀ ਸਾਬੋ ਅਤੇ ਜੈਤੋ ਤੋਂ ਹੀ ਪੂਰਵਜ਼ਾਂ ਦੀ ਬੰਸਾਵਲੀ ਇਕੱਤਰ ਕੀਤੀ। ਅੱਜ ਵੀ ਅਨੇਕਾਂ ਮਿੱਤਲ ਪਰਿਵਾਰ ਸਿੱਖੀ ਸਰੂਪ ਵਿਚ ਮਿਲਦੇ ਹਨ, ਜਿਨ੍ਹਾਂ ਦਾ ਵਿਸ਼ਵਾਸ ਅਤੇ ਆਸਥਾ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਹੈ। ਮਿੱਤਲ ਪਰਿਵਾਰ ਅੱਜ ਵੀ ਸਮਾਜਿਕ ਰਸਮਾਂ ਸਿੱਖ ਧਰਮ ਦੀ ਮਰਿਆਦਾ ਮੁਤਾਬਿਕ ਕਰਦੇ ਹਨ। ਅਸਲ ਵਿਚ ਮਿੱਤਲ ਭਾਈਚਾਰਾ ਹਿੰਦੂ ਅਤੇ ਸਿੱਖਾਂ ਦਰਮਿਆਨ ਇਕ ਕੜੀ ਵਜੋਂ ਵਿਚਰਦਾ ਹੈ। ਉਸ ਵਲੋਂ ਨੇੜ ਭਵਿੱਖ ਦੀਆਂ ਆਪਣੀਆਂ ਨਸਲਾਂ ਨੂੰ ਆਪਣੀ ਸ਼ਾਨਦਾਰ ਵਿਰਾਸਤ ਸਬੰਧੀ ਸੁਚੇਤ ਕਰਨਾ ਹੈ। ਅਗਰਵਾਲ ਪਰਿਵਾਰ ਵੀ ਮਿੱਤਲ ਬਰਾਦਰੀ ਦਾ ਹੀ ਇਕ ਹਿੱਸਾ ਹਨ। ਅਸਲ ਵਿਚ ਲੇਖਕ ਮੁਤਾਬਿਕ ਇਹ ਸਾਰੇ ਤੱਥ ਆਪਣੇ ਬਜ਼ੁਰਗਾਂ ਤੋਂ ਸੀਨਾ-ਬ-ਸੀਨਾ ਸੁਣੀਆਂ ਘਟਨਾਵਾਂ ਹੀ ਹਨ। ਇਕ ਅਨੁਮਾਨ ਅਨੁਸਾਰ ਮਿੱਤਲ ਪਰਿਵਾਰਾਂ ਦੀ ਗਿਣਤੀ 10 ਤੋਂ 12 ਹਜ਼ਾਰਾਂ ਦੇ ਕਰੀਬ ਹੋਵੇਗੀ। ਜ਼ਿਆਦਾਤਰ ਇਹ ਪਰਿਵਾਰ ਤਲਵੰਡੀ ਸਾਬੋ, ਭੀਖੀ, ਮਾਨਸਾ ਅਤੇ ਬਠਿੰਡਾ ਦੇ ਵਸਨੀਕ ਹਨ।
ਲੇਖਕ ਮੁਤਾਬਿਕ ਆਪਣੀ ਮਿਹਨਤ ਤੇ ਲਿਆਕਤ ਸਦਕਾ ਉੱਚ ਅਹੁਦਿਆਂ 'ਤੇ ਸੇਵਾ ਨਿਭਾਅ ਰਹੇ ਹਨ ਜਾਂ ਨਿਭਾਅ ਚੁੱਕੇ ਹਨ। ਅਗਰਵਾਲ ਸਮਾਜ ਦਾ ਵਪਾਰੀ ਵਰਗ ਵਜੋਂ ਵੱਡਾ ਯੋਗਦਾਨ ਹੈ, ਜਿਨ੍ਹਾਂ ਵੱਡੇ ਮਾਣ-ਸਨਮਾਨ ਪ੍ਰਾਪਤ ਕੀਤੇ ਹਨ। ਲੇਖਕ ਨੇ ਇਸ ਪੁਸਤਕ ਨੂੰ 34 ਵੱਖ-ਵੱਖ ਵਿਸ਼ਿਆਂ ਵਿਚ ਵੰਡ ਕੇ ਜਾਣਕਾਰੀ ਪਾਠਕਾਂ ਦੇ ਸਨਮੁੱਖ ਪੇਸ਼ ਕੀਤੀ ਹੈ। ਪੁਸਤਕ ਦੇ ਆਰੰਭ ਵਿਚ ਜਾਣੇ-ਪਛਾਣੇ ਲੇਖਕ ਡਾ. ਅਮਰ ਕੋਮਲ ਵਲੋਂ ਦੋ ਸ਼ਬਦ ਅਤੇ ਡਾ. ਰਜਿੰਦਰ ਸਿੰਘ ਜਾਖੜ ਨੇ ਇਕ 'ਸ਼ਾਨਦਾਰ ਵਿਰਾਸਤ' ਵਜੋਂ ਸ਼ਾਮਿਲ ਲੇਖਾਂ ਨੇ ਲੇਖਕ ਦੀ ਹੌਸਲਾ ਅਫ਼ਜ਼ਾਈ ਕੀਤੀ ਹੈ। ਮਿੱਤਲ ਅਤੇ ਅਗਰਵਾਲ ਪਰਿਵਾਰਾਂ ਨੂੰ ਆਪਣੀ ਅਮੀਰ ਵਿਰਾਸਤ 'ਤੇ ਮਾਣ ਹੋਣਾ ਫ਼ਕਰ ਵਾਲੀ ਗੱਲ ਹੈ।


ਭਗਵਾਨ ਸਿੰਘ ਜੌਹਲ
ਮੋ: 98143-24040.


ਰੂਹ ਦੀ ਰੁੱਤ
ਲੇਖਕ : ਸੁਰਜੀਤ ਸਿੰਘ ਭੁੱਲਰ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 98773-58869.


ਧਰਮ ਜਦੋਂ ਸਰਬ-ਸਾਂਝੀਵਾਲਤਾ ਦੀ ਗੱਲ ਕਰਦਾ ਹੈ ਜਾਂ ਅੰਤਰਝਾਤ ਮਾਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦਾ ਹੈ ਤਾਂ ਲਗਦਾ ਹੈ ਕਿ ਇਹ ਇਕ ਚੰਗੇ ਮਨੁੱਖ ਦੀ ਸਿਰਜਣਾ ਲਈ ਸਹਾਇਕ ਸਾਬਤ ਹੋ ਸਕਦਾ ਹੈ ਪਰ ਮੌਕਾਪ੍ਰਸਤ ਸਿਆਸਤਦਾਨਾਂ ਦਾ ਹੱਥ ਠੋਕਾ ਬਣਿਆ ਧਰਮ ਮਨੁੱਖਤਾ ਦੇ ਘਾਣ ਦਾ ਕਾਰਨ ਵੀ ਬਣ ਜਾਂਦਾ ਹੈ। ਉੱਘੇ ਲੇਖਕ ਸੁਰਜੀਤ ਸਿੰਘ ਭੁੱਲਰ ਆਪਣੀ ਕਾਵਿ-ਪੁਸਤਕ 'ਰੂਹ ਦੀ ਰੁੱਤ' ਵਿਚਲੀ ਇਸ ਕਵਿਤਾ ਵਿਚ ਸ਼ਾਇਦ ਇਸੇ ਪੱਖ ਨੂੰ ਉਭਾਰਨ ਦੀ ਕੋਸ਼ਿਸ਼ ਕਰ ਰਹੇ ਹਨ :
ਮੈਨੂੰ ਲਗਦਾ-
ਜਦ ਕਿਤੇ ਕੋਈ ਧਰਮ-ਸਥਾਨ ਦਾ ਨਿਰਮਾਣ ਹੁੰਦਾ
ਤਾਂ ਧਰਤੀ 'ਤੇ ਇਕ ਨਵਾਂ ਸਕੂਲ
ਖੁੱਲ੍ਹਣ ਦੀ ਸੰਭਾਵਨਾ ਘਟ ਜਾਂਦੀ ਹੈ।
ਸਿਆਸਤਦਾਨਾਂ ਨਾਲ ਜਦੋਂ ਪੂੰਜੀਪਤੀਆਂ ਅਤੇ ਨੌਕਰਸ਼ਾਹਾਂ ਦਾ ਗੱਠਜੋੜ ਬਣ ਜਾਂਦਾ ਹੈ ਤਾਂ ਕਿਰਤ ਨੂੰ ਕਦੇ ਵੀ ਬੂਰ ਨਹੀਂ ਪੈਣ ਦਿੰਦਾ। ਇਨ੍ਹਾਂ ਸਥਿਤੀਆਂ ਵਿਚ ਗ਼ਰੀਬ ਹੋਰ ਗ਼ਰੀਬ ਹੁੰਦਾ ਰਹਿੰਦਾ ਹੈ ਅਤੇ ਅਮੀਰ ਹੋਰ ਅਮੀਰ। ਮਿਹਨਤਕਸ਼ ਲੋਕ ਖ਼ੁਦਕੁਸ਼ੀਆਂ ਦੇ ਰਾਹ ਪੈ ਜਾਂਦੇ ਹਨ ਅਤੇ ਸਰਮਾਇਆ ਕੁਝ ਕੁ ਹੱਥਾਂ ਵਿਚ ਸਿਮਟ ਕੇ ਰਹਿ ਜਾਂਦਾ ਹੈ। ਸੁਰਜੀਤ ਸਿੰਘ ਭੁੱਲਰ ਇਸ ਤਲਖ਼ ਹਕੀਕਤ ਨੂੰ ਬੜੇ ਬੇਬਾਕ ਢੰਗ ਨਾਲ ਕਹਿਣ ਦਾ ਸਾਹਸ ਕਰਦੇ ਹਨ:
ਬਹੁਤੇ ਪੂੰਜੀਪਤੀ ਤੇ ਰੱਜੇ ਨੌਕਰਸ਼ਾਹ
ਸ਼ਾਮ ਤੋਂ ਪਹੁ ਫੁਟਾਲੇ ਤੱਕ
ਗ਼ਰੀਬਾਂ ਦੀਆਂ ਹਸਰਤਾਂ ਦੀ ਰੱਤ
ਪੱਬਾਂ ਕਲੱਬਾਂ 'ਚ ਪੀਂਦੇ ਰਹਿੰਦੇ ਨੇ।
ਇਸ ਤੋਂ ਪਹਿਲਾਂ ਸੁਰਜੀਤ ਸਿੰਘ ਭੁੱਲਰ ਦੀ ਕਲਮ ਤੋਂ ਦਰਜਨ ਦੇ ਕਰੀਬ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਘਰ, ਪਰਿਵਾਰ, ਸਮਾਜ, ਮੁਹੱਬਤ, ਕੁਦਰਤ, ਸਿਆਸਤ ਆਦਿ ਜੀਵਨ ਦੇ ਸਾਰੇ ਰੰਗ ਉਨ੍ਹਾਂ ਦੀ ਕਵਿਤਾ ਵਿਚ ਵਿਆਪਕ ਹਨ ਅਤੇ ਸੱਭਿਆਚਾਰਕ ਬਿੰਬ ਆਪ-ਮੁਹਾਰੇ ਹੀ ਉਨ੍ਹਾਂ ਦੀ ਕਵਿਤਾ ਦਾ ਅੰਗ ਬਣ ਜਾਂਦੇ ਹਨ। ਤਸੱਲੀ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਕਵਿਤਾ ਵਿਸ਼ਵ ਪੱਧਰ 'ਤੇ ਲਿਖੀ ਜਾ ਰਹੀ ਕਵਿਤਾ ਨੂੰ ਚੁਣੌਤੀ ਦੇਣ ਦੇ ਪੂਰੀ ਤਰ੍ਹਾਂ ਸਮਰੱਥ ਹੈ।


ਕਰਮ ਸਿੰਘ ਜ਼ਖ਼ਮੀ
ਮੋ: 98146-28027.


ਲੇਬਰ ਚੌਂਕ ਦੀਆਂ ਅੱਖਾਂ
ਲੇਖਕ : ਸੁਖਮਿੰਦਰ ਸੇਖੋਂ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 98145-07693.


ਬਹੁਪੱਖੀ ਸਾਹਿਤਕਾਰ ਦੀ ਇਹ ਪੁਸਤਕ ਨਾਟ ਸੰਗ੍ਰਹਿ ਹੈ। ਸੁਖਮਿੰਦਰ ਸੇਖੋਂ ਨੇ ਇਸ ਤੋਂ ਪਹਿਲਾਂ ਪੰਦਰਾਂ ਕਿਤਾਬਾਂ ਲਿਖ ਕੇ ਨਾਮਵਰ ਸਾਹਿਤਕਾਰ ਵਜੋਂ ਨਿਵੇਕਲੀ ਪਛਾਣ ਬਣਾਈ ਹੈ। ਛਪ ਚੁਕੀਆਂ ਕਿਤਾਬਾਂ ਵਿਚ ਸੱਤ ਕਹਾਣੀ ਸੰਗ੍ਰਹਿ, ਤਿੰਨ ਨਾਵਲ, ਦੋ ਮਿੰਨੀ ਕਹਾਣੀ ਸੰਗ੍ਰਹਿ, ਵਿਅੰਗ ਪੁਸਤਕ ਖੁੱਲ੍ਹੀਆਂ ਗੱਲਾਂ ਹਨ। ਉਸ ਦਾ ਸਵੈ-ਕਥਨ ਹੈ ਕਿ ਬਚਪਨ ਤੋਂ ਕਿਤਾਬਾਂ ਦਾ ਸ਼ੌਕ ਪੈ ਗਿਆ ਸੀ। ਡਾ. ਹਰਚਰਨ ਸਿੰਘ ਨਾਟਕਕਾਰ ਤੇ ਬਲਵੰਤ ਗਾਰਗੀ ਦੇ ਨਾਟਕ ਖੇਡ ਕੇ ਤਾਂ ਉਸ ਨੂੰ ਚਾਅ ਚੜ੍ਹ ਜਾਂਦਾ ਸੀ। ਰੰਗਕਰਮੀਆਂ ਨਾਲ ਮੁਹੱਬਤ ਨੇ ਉਸ ਦਾ ਅੰਦਰਲਾ ਨਾਟਕਕਾਰ ਬਾਹਰ ਲੈ ਆਂਦਾ। ਜ਼ਿੰਦਗੀ ਇਕ ਨਾਟਕ ਦਾ ਰੂਪ ਲੱਗਣ ਲੱਗੀ। ਸੰਸਾਰ ਬੰਦੇ ਲਈ ਵੱਡਾ ਰੰਗਮੰਚ ਹੈ। ਹਰ ਕੋਈ ਆਪਣਾ ਕਿਰਦਾਰ ਨਿਭਾਅ ਰਿਹਾ ਹੈ। ਪੁਸਤਕ ਦਾ ਨਾਟਕ ਅਸੀਂ ਜੰਗਲ ਦੇ ਜਾਏ ਵਿਚ ਬੱਬਰ ਸ਼ੇਰ ਦੀ ਪ੍ਰਧਾਨਗੀ 'ਚ ਜੰਗਲ ਦਾ ਜਾਨਵਰ ਇਕੱਠੇ ਹੋਏ ਹਨ। ਮਸਲਾ ਹੈ ਮਨੁੱਖ ਵਲੋਂ ਜੰਗਲ ਕੱਟ ਕੇ ਜਾਨਵਰਾਂ ਦੀ ਜ਼ਿੰਦਗੀ ਖ਼ਤਮ ਕਰਨੀ। ਸ਼ੇਰ, ਲੂੰਬੜੀ, ਚੀਤਾ, ਰਿੱਛ ਹਿਰਨ, ਬਾਂਦਰ, ਹਾਥੀ, ਗਿੱਦੜ ਆਦਿ ਤਿੱਖੀ ਬਹਿਸ ਕਰਦੇ ਹਨ। ਕੋਈ ਲੜਨ ਲਈ ਕਹਿ ਰਿਹਾ ਹੈ। ਕੋਈ ਸ਼ਾਂਤੀ ਦੀ ਗੱਲ ਕਰਦਾ ਹੈ। ਕੋਈ ਸਮਝੌਤੇ ਦੀ। ਚੱਲ ਰਹੀ ਮਜਲਸ ਵਿਚ ਦੋ ਆਦਮੀ ਆ ਜਾਂਦੇ ਹਨ। ਬੱਬਰ ਸ਼ੇਰ ਉਨ੍ਹਾਂ ਨਾਲ ਗੱਲ ਕਰਦਾ ਹੈ, ਸਾਰੇ ਜੀਵ ਚੌਕਸ ਹੋ ਜਾਂਦੇ ਹਨ। ਅਖੀਰ ਬੱਬਰ ਸ਼ੇਰ ਜੰਗ ਦਾ ਐਲਾਨ ਕਰਦਾ ਹੈ। ਮਖੌਟੇ ਪਹਿਨ ਕੇ ਨਾਟਕ ਖੇਡਿਆ ਜਾ ਸਕਦਾ ਹੈ। ਅਸੀਂ ਜਿਊਂਦੇ ਅਸੀਂ ਜਾਗਦੇ ਵਿਚ 7 ਵੱਖਰੇ-ਵੱਖਰੇ ਦ੍ਰਿਸ਼ ਹਨ। ਜਿਨ੍ਹਾਂ ਵਿਚ ਛੇੜਛਾੜ, ਪੁਲਿਸ ਕਿਰਦਾਰ, ਲੇਖਕ ਵਲੋਂ ਨਾਟਕ ਦਾ ਨਾਂਅ ਰੱਖਣ ਦੀ ਬਹਿਸ, ਪਤੀ-ਪਤਨੀ ਝਗੜਾ, ਧਰਨੇ ਮੁਜ਼ਾਹਰੇ, ਸਾਹਿਤਕ ਸਮਾਗਮ ਵਿਚ ਕਵਿਤਾ ਪੜ੍ਹਨੀ ਤੇ ਕਹਾਣੀ ਲੰਡਰ ਕੁੱਤੇ ਦਾ ਪਾਠ ਪ੍ਰਭਾਵਸ਼ਾਲੀ ਦ੍ਰਿਸ਼ ਹਨ। ਸਿਰਲੇਖ ਵਾਲਾ ਨਾਟਕ ਸੰਜੀਦਾ ਹੈ। ਚੌਂਕ ਵਿਚ ਭੁੱਖੇ ਢਿੱਡ ਜ਼ਿੰਦਗੀ ਜਿਊਣ ਦਾ ਜੁਗਾੜ ਕਰਨ ਬਾਰੇ ਸੋਚ ਰਹੇ ਹਨ। ਰੁਜ਼ਗਾਰ ਦੀ ਤਲਾਸ਼ ਹੈ। ਨਾਟਕ ਕਈ ਸਵਾਲ ਖੜ੍ਹੇ ਕਰਦਾ ਹੈ। ਔਰਤਾਂ ਦੀ ਆਜ਼ਾਦੀ ਵਾਲੇ ਨਾਟਕ ਵਿਚ ਔਰਤਾਂ ਪਾਤਰ ਹਨ। ਤਿੱਖੀ ਚੁੰਝ ਚਰਚਾ ਹੁੰਦੀ ਹੈ। ਮਰਦਾਂ ਤੇ ਤੁਹਮਤਾਂ ਲਗਦੀਆਂ ਹਨ। ਮੱਛੀ ਮੰਡੀ ਵਰਗਾ ਨਜ਼ਾਰਾ ਹੈ। ਇਕ ਹੋਰ ਨਾਟਕ ਵਿਚ ਛੋਟੇ-ਛੋਟੇ ਦ੍ਰਿਸ਼ ਹਨ। ਕਹਾਣੀਕਾਰ ਨੂੰ ਕਹਾਣੀ ਲਈ ਵਿਸ਼ੇ ਦੀ ਤਲਾਸ਼ ਹੈ। ਪਾਤਰ ਜ਼ਿੰਦਗੀ ਦੇ ਕਈ ਮਸਲਿਆਂ ਬਾਰੇ ਸੰਵਾਦ ਕਰਦੇ ਹਨ। ਨਾਟਕ ਦੀ ਜੁਗਤ ਚੰਗੀ ਹੈ। ਪੁਸਤਕ ਦੇ ਨਾਟਕ ਸਟੇਜ 'ਤੇ ਖੇਡੇ ਜਾਣ ਤਾਂ ਹਜ਼ਾਰਾਂ ਦਰਸ਼ਕਾਂ ਦੀਆਂ ਤਾੜੀਆਂ ਬਟੋਰ ਸਕਦੇ ਹਨ।


ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160

04-09-2021

 ਸਵੈਜੀਵਨੀ : ਸਿਧਾਂਤ ਅਤੇ ਇਤਿਹਾਸ
ਲੇਖਕ : ਡਾ. ਸੰਜੀਵ ਕੁਮਾਰ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 350 ਰੁਪਏ, ਸਫ਼ੇ : 160
ਸੰਪਰਕ : 0172-5027427.

ਵਿਚਾਰ ਅਧੀਨ ਪੁਸਤਕ ਉਪਾਧੀ-ਸਾਪੇਖ ਖੋਜ ਕਾਰਜ ਪ੍ਰਤੀਤ ਹੁੰਦੀ ਹੈ। ਲੇਖਕ ਨੂੰ 'ਸਵੈਜੀਵਨੀ ਸ਼ਾਸਤਰ' ਦਾ ਅਬੂਰ ਹਾਸਲ ਹੈ। ਪੂਰਵ-ਅਧਿਐਨ ਦੀ ਇਕੱਤਰਤ ਸਮੱਗਰੀ ਨੂੰ ਵਰਤਣ ਦੀ ਹੁਨਰੀ ਤਕਨੀਕ ਦੀ ਮੁਹਾਰਤ ਪ੍ਰਾਪਤ ਹੈ। ਸਿਧਾਂਤਕ ਪਰਿਪੇਖ ਦੇ ਨਾਲ-ਨਾਲ ਪੱਛਮੀ, ਭਾਰਤੀ ਅਤੇ ਪੰਜਾਬੀ ਸਵੈਜੀਵਨੀਆਂ ਨਾਲ ਮੁਢਲੀ ਜਾਣ-ਪਛਾਣ ਕਰਵਾਈ ਹੈ। ਇਸ ਪੁਸਤਕ ਦੇ ਤੀਜੇ ਅਤੇ ਚੌਥੇ ਕਾਂਡ (ਸਾਹਿਤ ਤੇ ਸਮਾਜ : ਅੰਤਰ ਸਬੰਧਿਤਾ ਅਤੇ ਅੰਤਰ ਸੰਵਾਦ; ਭਾਰਤੀ ਸਮਾਜ ਦੀ ਸੰਸਥਾਈ ਬਣਤਰ) ਨੂੰ ਕਿਸੇ ਵੀ ਦਿਸ਼ਾ ਦੀ ਖੋਜ ਵਿਚ ਪ੍ਰਯੋਗ ਕੀਤਾ ਜਾ ਸਕਦਾ ਹੈ। ਲੇਖਕ ਨੇ ਦੋ ਰਚਨਾਵਾਂ (ਡਾ. ਐਸ. ਤਰਸੇਮ ਦੀ ਸਵੈਜੀਵਨੀ ਧ੍ਰਿਤਰਾਸ਼ਟਰ ਅਤੇ ਹਰਜੀਤ ਅਟਵਾਲ ਦੇ ਸਵੈਕਥਨ : ਦਸ ਦਰਵਾਜ਼ੇ) ਨੂੰ ਅਧਿਐਨ ਵਸਤੂ ਵਜੋਂ ਗ੍ਰਹਿਣ ਕਰਕੇ ਉਪਰੋਕਤ ਅੰਤਰ-ਸੰਵਾਦ ਸਿਧਾਂਤ ਦੀ ਦ੍ਰਿਸ਼ਟੀ ਤੋਂ ਮੁਲਾਂਕਣ ਕੀਤਾ ਹੈ।
ਦਰਹਕੀਕਤ ਪੰਜਾਬੀ ਵਿਚ ਨੇਤਰਹੀਣਾਂ ਦੀਆਂ ਦੋ ਸਵੈਜੀਵਨੀਆਂ ਹੀ ਉਪਲਬਧ ਹਨ। ਦੂਜੀ ਕਿਰਪਾਲ ਸਿੰਘ ਕਸੇਲ ਦੀ 'ਪੌਣੀ ਸਦੀ ਦਾ ਸਫ਼ਰ' ਹੈ। ਨੇਤਰਹੀਣ ਐਸ. ਤਰਸੇਮ ਦੀ ਹਥਲੀ ਖੋਜ ਅਧੀਨ ਸਵੈਜੀਵਨੀ ਪੰਜਾਬ ਦੇ ਵਿੱਦਿਅਕ ਅਦਾਰਿਆਂ ਦੀ ਦੋ ਦਹਾਕਿਆਂ ਦੀ ਦਸ਼ਾ ਨੂੰ ਰੂਪਮਾਨ ਕਰਦੀ ਹੈ। ਇਸ ਸਵੈਜੀਵਨੀ ਦਾ ਨਾਇਕ ਦੁਰਭਾਗ ਤੋਂ ਸੁਭਾਗ (ਉਦੋਂ ਤੋਂ ਹੁਣ) ਦੀ ਯਾਤਰਾ ਕਰਦਾ ਹੈ। ਇਸ ਆਤਮਕਥਾ ਨੂੰ ਵਿਰੋਧਾਂ ਤੇ ਹਮਦਰਦਾਂ ਦਾ ਕੋਲਾਜ ਕਹਿਣ ਵਿਚ ਕੋਈ ਅਤਿਕਥਨੀ ਨਹੀਂ। ਨਾਇਕ ਨੂੰ ਵਿਰੋਧੀ ਪ੍ਰਸਥਿਤੀਆਂ ਵਿਚ ਆਪਣੇ ਅਸਤਿੱਤਵ ਦੀ ਰੱਖਿਆ ਕਰਨ ਦੀ ਜਾਚ ਹੈ। ਇਸ ਖੋਜ ਕਾਰਜ ਦਾ ਅਧਿਐਨ ਕਰਦਿਆਂ ਪਤਾ ਚਲਦਾ ਹੈ ਕਿ ਜੀਵਨ-ਘਟਨਾਵਾਂ ਘਰ ਤੋਂ ਬਾਹਰ ਵੱਲ ਅਤੇ ਬਾਹਰ ਤੋਂ ਅੰਦਰ ਵੱਲ ਘੜੀ-ਮੁੜੀ ਯਾਤਰਾ ਕਰਦੀਆਂ ਹਨ। ਇਹ ਸਵੈਜੀਵਨੀ ਤਨੋ-ਮਾਨਸਿਕ ਵੀ ਹੈ, ਮਨੋ-ਸਰੀਰਕ ਵੀ।
ਦੂਜੀ ਰਚਨਾ ਹਰਜੀਤ ਅਟਵਾਲ ਦੇ ਸਵੈਕਥਨ 'ਦਸ ਦਰਵਾਜ਼ੇ' ਦਾ ਮੁਲਾਂਕਣ 'ਧ੍ਰਿਤਰਾਸ਼ਟਰ' ਦੇ ਮੁਕਾਬਲੇ ਸੰਖੇਪ ਹੈ। ਇਹ ਸਵੈਕਥਨ ਜੀਵਨ ਦੇ ਕੇਵਲ ਇਕ ਪੱਖ ਔਰਤ-ਮਰਦ ਦੇ ਜਿਨਸੀ ਸਬੰਧਾਂ ਨੂੰ ਵਿਭਿੰਨ ਦ੍ਰਿਸ਼ਟੀਆਂ ਤੋਂ ਪੇਸ਼ ਕਰਦਾ ਹੈ। ਇਨ੍ਹਾਂ ਕਥਨਾਂ ਵਿਚ ਪੰਜ ਭਾਰਤੀ ਅਤੇ ਪੰਜ ਵਿਦੇਸ਼ੀ ਔਰਤਾਂ ਨੂੰ ਆਦਰਸ਼ਹੀਣ ਪ੍ਰਸਥਿਤੀਆਂ ਵਿਚ ਪ੍ਰਸਤੁਤ ਕੀਤਾ ਗਿਆ।
ਇਸ ਖੋਜ ਕਾਰਜ ਦੀ ਵਿਸ਼ੇਸ਼ਤਾ ਇਹ ਹੈ ਕਿ ਸਵੈਜੀਵਨੀ ਸ਼ਾਸਤਰ ਦੇ ਨੇਮਾਂ ਦੀ ਸੇਧ ਨਾਲੋਂ ਵਿਅਕਤੀ ਅਤੇ ਸਮਾਜ ਦੇ ਅੰਤਰ-ਸਬੰਧਾਂ ਦੀ ਨਿਸ਼ਾਨਦੇਹੀ 'ਤੇ ਜ਼ਿਆਦਾ ਧਿਆਨ ਦਿੱਤਾ ਗਿਆ ਹੈ। ਇਸ ਖੋਜ ਕਾਰਜ ਦਾ ਰਾਹਬਰ ਪ੍ਰਸਿੱਧ ਵਿਦਵਾਨ ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਹੈ।

ਡਾ. ਧਰਮ ਚੰਦ ਵਾਤਿਸ਼
vatish.dharamchand@gmail.com

ਧੁੰਧੂਕਾਰਾ
ਲੇਖਕ : ਡਾ. ਜਗਜੀਤ ਸਿੰਘ ਕੋਮਲ
ਪ੍ਰਕਾਸ਼ਕ : ਗਰੇਸ਼ੀਅਸ ਬੁਕਸ, ਪਟਿਆਲਾ
ਮੁੱਲ : 600 ਰੁਪਏ, ਸਫ਼ੇ : 556

ਸੰਪਰਕ : 94635-10322.

ਇਸ ਵੱਡ ਆਕਾਰੀ ਨਾਵਲ ਵਿਚ ਡਾ. ਜਗਜੀਤ ਸਿੰਘ ਕੋਮਲ ਨੇ 1970ਵਿਆਂ ਵਿਚ ਪੰਜਾਬ ਅੰਦਰ ਪੈਦਾ ਹੋਈ ਨਕਸਲਵਾੜੀ ਲਹਿਰ ਦਾ ਮਾਰਮਿਕ ਬਿਰਤਾਂਤ ਪੇਸ਼ ਕੀਤਾ ਹੈ। ਆਜ਼ਾਦੀ ਮਿਲਣ ਤੋਂ ਦੋ-ਢਾਈ ਦਹਾਕਿਆਂ ਦੇ ਅੰਦਰ-ਅੰਦਰ ਹੀ ਦੇਸ਼ ਦੇ ਯੁਵਾ ਵਰਗ ਵਿਚ ਇਕ ਤਿੱਖਾ ਅਸੰਤੋਸ਼ ਅਤੇ ਆਕ੍ਰੋਸ਼ ਪੈਦਾ ਹੋ ਗਿਆ ਸੀ। ਦੇਸ਼ ਅੰਦਰ ਵਿਆਪਕ ਪੱਧਰ 'ਤੇ ਭ੍ਰਿਸ਼ਟਾਚਾਰ ਪੈਦਾ ਹੋ ਗਿਆ ਸੀ। ਸਰਕਾਰ ਧੱਕੇਸ਼ਾਹੀ ਤੋਂ ਕੰਮ ਲੈ ਰਹੀ ਸੀ। 1970-72 ਤੋਂ ਸ਼ੁਰੂ ਹੋਈਆਂ ਇਹ ਜਨਤਕ ਲਹਿਰਾਂ ਅਜੇ ਤੱਕ ਬਾਦਸਤੂਰ ਜਾਰੀ ਹਨ : ਕਦੇ ਨਕਸਲਬਾੜੀ, ਕਦੇ ਖਾਲਿਸਤਾਨੀ ਅਤੇ ਕਦੇ ਕਿਸਾਨ-ਅੰਦੋਲਨ। ਪਰ ਸਰਕਾਰ ਅਜੇ ਆਪਣੀ ਨੀਂਦ ਤੋਂ ਜਾਗੀ ਨਹੀਂ ਹੈ। ਡਾ. ਕੋਮਲ ਨੇ ਅਤਿਅੰਤ ਪਰਿਪੱਕਤਾ ਨਾਲ ਨਕਸਲਪੰਥੀ ਲਹਿਰ, ਪੰਜਾਬ ਦਾ ਬਿਰਤਾਂਤ ਤਿਆਰ ਕੀਤਾ ਹੈ।
ਨਕਸਲਵਾੜੀ ਲਹਿਰ ਵਿਚ ਨਿਮਨ ਕਿਸਾਨੀ ਦੇ ਨੌਜਵਾਨਾਂ ਤੋਂ ਬਿਨਾਂ ਨਰਦੇਵ ਵਰਗੇ ਦਲਿਤ ਨੌਜਵਾਨ ਵੀ ਪੂਰੀ ਸਿਦਕਦਿਲੀ ਨਾਲ ਸ਼ਾਮਿਲ ਸਨ। ਪਿੰਡਾਂ ਵਿਚ ਦਲਿਤਾਂ ਦੀਆਂ ਧੀਆਂ-ਭੈਣਾਂ ਨਾਲ ਜਬਰ ਜਨਾਹ ਕੀਤਾ ਜਾਂਦਾ ਸੀ। ਜੇ ਉਹ ਉਜ਼ਰ ਕਰਦੇ ਤਾਂ ਪੁਲਿਸ ਦੀ ਮੁੱਠੀ ਗਰਮ ਕਰਕੇ ਉਲਟਾ ਦਲਿਤਾਂ ਦੇ ਹੀ ਹੱਡ ਸੇਕ ਦਿੱਤੇ ਜਾਂਦੇ ਸਨ। ਆਜ਼ਾਦ ਮੁਲਕ ਵਿਚ ਪੁਲਿਸ ਵੀ ਆਪਮੁਹਾਰੀ ਹੋ ਗਈ ਸੀ। ਪੁਲਿਸ ਦੇ ਵੱਡੇ-ਵੱਡੇ ਅਧਿਕਾਰੀ ਧੀਆਂ-ਭੈਣਾਂ ਦੀ ਗਾਲ੍ਹ ਕੱਢਣ ਤੋਂ ਸੰਕੋਚ ਨਹੀਂ ਸੀ ਕਰਦੇ। ਇਹੋ ਜਿਹੇ ਦਮਘੋਟੂ ਮਾਹੌਲ ਵਿਚ ਦਲਿਤ ਨੌਜਵਾਨ ਜੇ ਬਾਗ਼ੀ ਨਾ ਹੁੰਦੇ ਤਾਂ ਕੀ ਕਰਦੇ? ਲੇਖਕ ਨੂੰ ਨਾਵਲੀ-ਬਿਰਤਾਂਤ ਸਿਰਜਣ ਵਿਚ ਪੂਰੀ ਨਿਪੁੰਨਤਾ ਹਾਸਲ ਹੈ। ਉਹ ਕਹਾਣੀ ਦੱਸਦਾ ਨਹੀਂ ਬਲਕਿ ਦ੍ਰਿਸ਼-ਸਿਰਜਣਾ ਦੁਆਰਾ ਕਹਾਣੀ ਨੂੰ ਵਾਪਰਦਿਆਂ ਦਿਖਾਉਂਦਾ ਹੈ। ਉਸ ਨੇ ਪੰਜਾਬੀ ਬੋਲੀ ਦੀ ਠੇਠਤਾ, ਖਰ੍ਹਵੇਪਣ ਅਤੇ ਸੁੱਚਮਤਾ ਨੂੰ ਬਰਕਰਾਰ ਰੱਖਿਆ ਹੈ। ਉਸ ਦੁਆਰਾ ਸਿਰਜਿਆ ਹਰ ਫਰੇਮ ਵਿਸ਼ਵਾਸਯੋਗ ਅਤੇ ਮਾਰਮਿਕ ਹੈ, ਪਾਠਕ ਦੇ ਰੋਂਗਟੇ ਖੜ੍ਹੇ ਹੋ ਜਾਂਦੇ ਹਨ। ਬਹੁਤ ਘੱਟ ਲੇਖਕਾਂ ਨੂੰ ਅਜਿਹੀ ਸਿੱਧਹਸਤਤਾ ਪ੍ਰਾਪਤ ਹੁੰਦੀ ਹੈ। ਏਨੀ ਪਰਿਪੱਕ ਰਚਨਾ ਲਈ ਮੈਂ ਡਾ. ਕੋਮਲ ਨੂੰ ਮੁਬਾਰਕਬਾਦ ਪੇਸ਼ ਕਰਦਾ ਹਾਂ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਆਥਣ ਵੇਲਾ
ਕਹਾਣੀਕਾਰ : ਮੁਖ਼ਤਾਰ ਗਿੱਲ
ਪ੍ਰਕਾਸ਼ਕ : ਕੁਕਨੁਸ ਪ੍ਰਕਾਸ਼ਨ, ਜਲੰਧਰ
ਮੁੱਲ : 125 ਰੁਪਏ, ਸਫੇ : 96
ਸੰਪਰਕ : 98140-82217.

ਮੁਖ਼ਤਾਰ ਗਿੱਲ ਦੇ ਕਹਾਣੀ ਸੰਗ੍ਰਹਿ ਆਥਣ ਵੇਲਾ ਵਿਚ ਦੀਆਂ ਸਾਰੀਆਂ ਕਹਾਣੀਆਂ, ਕਹਾਣੀਕਾਰ ਦੀ ਪ੍ਰੌੜ੍ਹ ਮਾਨਸਿਕਤਾ, ਅਨੁਭਵ ਅਤੇ ਸਮਾਜਿਕ ਮਸਲਿਆਂ ਪ੍ਰਤੀ ਚਿੰਤਨ ਅਤੇ ਚੇਤਨਾ ਦੀ ਤਰਜਮਾਨੀ ਕਰਦੀਆਂ ਹਨ। ਇਨ੍ਹਾਂ ਕਹਾਣੀਆਂ ਵਿਚ ਮਨੁੱਖੀ ਲਾਪਰਵਾਹੀ ਕਾਰਨ ਪੈਦਾ ਹੋਏ ਕੁਦਰਤੀ ਵਿਗਾੜਾਂ ਤੋਂ ਲੈ ਕੇ ਮਾਨਵੀ-ਸਮਾਜਿਕ ਸੰਕਟਾਂ ਅਤੇ ਸਾਡੇ ਗੰਧਲੇ ਅਤੇ ਭ੍ਰਿਸ਼ਟ ਸਮਾਜ-ਪ੍ਰਬੰਧ ਦੀ ਚਿੰਤਾ ਹੈ। ਕਹਾਣੀ ਮੋਰ ਘੁੱਗੀਆਂ ਦਾ ਮਾਤਮ, ਪੈਸਾ ਕਮਾਉਣ ਲਈ ਵਿਦੇਸ਼ਾਂ ਨੂੰ ਜਾ ਰਹੀ ਨੌਜਵਾਨ ਪੀੜ੍ਹੀ ਦੀ ਹੋਣੀ ਨੂੰ ਮਾਰਮਿਕ ਦ੍ਰਿਸ਼ਟੀ ਤੋਂ ਬਿਆਨ ਕਰਦੀ ਹੈ। ਤ੍ਰਿਕਾਲਾਂ ਦੇ ਸਿਆਹ ਰੰਗ ਕਹਾਣੀ ਦਾ ਵਿਸ਼ਾ ਵੀ ਬੱਚਿਆਂ ਵਲੋਂ ਵਿਦੇਸ਼ ਜਾਣ ਅਤੇ ਮਾੜੀ ਸੰਗਤ ਵਿਚ ਸ਼ਾਮਿਲ ਹੋ ਜਾਣ ਕਾਰਨ ਬੁਢਾਪੇ ਵੇਲੇ ਮਾਪਿਆਂ ਨੂੰ ਆਉਣ ਵਾਲੀਆਂ ਤਕਲੀਫ਼ਾਂ ਨਾਲ ਜੁੜਿਆ ਹੋਇਆ ਹੈ। ਇਸ ਪੁਸਤਕ ਦੀ ਸਿਰਲੇਖੀ ਕਹਾਣੀ ਆਥਣ ਵੇਲਾ, ਉਨ੍ਹਾਂ ਪੁੱਤਰਾਂ ਜਿਹੜੇ ਮਾਂ-ਬਾਪ ਨੂੰ ਪਿਛਲੀ ਉਮਰੇ ਇਕੱਲੇ ਛੱਡ ਕੇ ਵਿਦੇਸ਼ਾਂ ਨੂੰ ਚਲੇ ਜਾਂਦੇ ਹਨ, ਦੀ ਤੁਲਨਾ ਵਿਚ ਧੀਆਂ ਨੂੰ ਮਹੱਤਵ ਦਿੰਦੀ ਹੈ ਜਿਹੜੀਆਂ ਆਪ ਅਤੇ ਉਨ੍ਹਾਂ ਦੇ ਬੱਚੇ ਘਰ ਦੇ ਵੱਡੇ ਬਜ਼ੁਰਗਾਂ ਕੋਲ ਰਹਿ ਕੇ ਉਨ੍ਹਾਂ ਦੀ ਦੇਖਭਾਲ ਕਰਦੇ ਹਨ। ਕਹਾਣੀ ਮੋਹ ਮਮਤਾ ਦਾ ਰਿਣ, ਰਿਸ਼ਤਿਆਂ ਦੀ ਨਿਸਬਤ ਸਮਾਜ ਵਿਚ ਪੈਸੇ ਦੇ ਵਧਦੇ ਮਹੱਤਵ ਨੂੰ ਉਜਾਗਰ ਕਰਦੀ ਹੈ। ਅੰਨ੍ਹੇ ਖੂਹ ਵੱਲ ਕਦਮ ਕਹਾਣੀ, ਜ਼ਮੀਨਾਂ ਵੇਚ ਕੇ ਵਿਦੇਸ਼ਾਂ ਨੂੰ ਜਾ ਰਹੇ ਕਿਸਾਨਾਂ ਦੇ ਬੱਚਿਆਂ ਅਤੇ ਬਾਅਦ ਵਿਚ ਪਿੱਛੇ ਬਚੇ ਪਰਿਵਾਰਾਂ ਦੀ ਮਾੜੀ ਮਾਲੀ ਹਾਲਤ ਅਤੇ ਖੁਰਦੀ ਜਾ ਰਹੀ ਭਾਈਚਾਰਕ ਸਾਂਝ ਦੇ ਕਈ ਪ੍ਰੇਰਕ-ਪ੍ਰਸੰਗਾਂ ਵਿਚ ਪੇਸ਼ ਹੁੰਦੀ ਹੈ। ਇਸੇ ਪ੍ਰਕਾਰ ਕਹਾਣੀ ਸੰਗ੍ਰਹਿ ਦੀਆਂ ਬਾਕੀ ਕਹਾਣੀਆਂ ਸੁਨਹਿਰੇ ਸੁਪਨੇ, ਧੁਆਂਖੀ ਧੁੰਦ, ਬੇਗਾਨਾ ਪਿੰਡ, ਸਰਾਪੇ ਗਰਾਂ ਦੀ ਕਥਾ ਅਤੇ ਹੜ੍ਹਮਾਰ ਦੇ ਵਿਸ਼ੇ, ਸਾਡੀ ਨੌਜਵਾਨ ਪੀੜ੍ਹੀ ਵਿਚ ਵਧ ਰਹੇ ਨਸ਼ੇ, ਨੌਜਵਾਨ ਵਰਗ ਵਿਚ ਬਾਹਰ ਜਾਣ ਦੀ ਹੋੜ ਕਾਰਨ ਮਾਲੀ-ਸੰਕਟ ਅਤੇ ਇਕਲਾਪੇ ਦਾ ਸੰਤਾਪ ਭੋਗਦੇ ਬੁਢਾਪੇ ਦਾ ਦਰਦ, ਨਵੀਂ ਪੀੜ੍ਹੀ ਦਾ ਗ਼ਲਤ ਸੰਗਤ ਵਿਚ ਪੈ ਕੇ ਭਟਕ ਜਾਣਾ, ਮਾਂ-ਬਾਪ ਦੀ ਬੇਕਦਰੀ, ਆਪਣੀ ਮਿੱਟੀ ਦਾ ਮੋਹ, ਰਸਤਾ ਭਟਕ ਚੁੱਕੇ ਨੌਜਵਾਨ ਵਰਗ ਦੀ ਹੋਣੀ, ਪਿੰਡਾਂ ਵਿਚ ਟੁੱਟ ਰਹੀ ਸਾਂਝੀ ਪਰਿਵਾਰ-ਪ੍ਰਥਾ, ਫ਼ਿਰਕਾਪ੍ਰਸਤੀ, ਰਾਜਨੀਤਕ ਗੁੰਡਾਗਰਦੀ, ਵਾਤਾਵਰਨ ਵਿਚ ਵਿਗਾੜ, ਰੁੱਖਾਂ ਦੀ ਕਟਾਈ, ਪੰਛੀਆਂ ਦਾ ਅਲੋਪ ਹੋਣਾ ਆਦਿ, ਸਾਡੀ ਪੇਂਡੂ ਰਹਿਤਲ ਅਤੇ ਕਿਸਾਨੀ ਸੱਭਿਆਚਾਰ ਆਚਾਰ-ਵਿਹਾਰ ਨਾਲ ਜੁੜੇ ਹੋਏ ਹਨ, ਜਿਸ ਦੀ ਸਾਰੇ ਗੱਲ ਤਾਂ ਕਰਦੇ ਹਨ ਪਰ ਇਸ ਦੇ ਹੱਲ ਲਈ ਸੰਜੀਦਾ ਨਹੀਂ। ਅਖੌਤੀ ਤਰੱਕੀ ਅਤੇ ਨਸ਼ਿਆਂ ਵਿਚ ਗਰਕਦੀ ਜਾ ਰਹੀ ਜਵਾਨੀ ਪ੍ਰਤੀ ਕਹਾਣੀਕਾਰ ਦੀ ਤਨਜ਼ ਅਤੇ ਚਿੰਤਾ ਨੂੰ ਕਹਾਣੀ ਅੰਨ੍ਹੇ ਖੂਹ ਵੱਲ ਕਦਮ ਦੇ ਇਸ ਪ੍ਰਸੰਗ ਤੋਂ ਸਹਿਜੇ ਹੀ ਸਮਝਿਆ ਜਾ ਸਕਦਾ ਹੈ, 'ਖਾਦ ਬਿਨਾਂ ਕੀ ਹੋਣਾ, ਜ਼ਮੀਨਾਂ ਵੀ ਸਾਡੇ ਮੁੰਡਿਆਂ ਵਾਂਗ ਨਸ਼ੇ ਖਾਦਾਂ ਦੀਆਂ ਆਦੀ ਹੋ ਗਈਆਂ।' (ਪੰਨਾ: 46)
ਕਹਾਣੀਆਂ ਦੇ ਵਿਸ਼ਿਆਂ ਤੋਂ ਇਲਾਵਾ ਇਨਾਂ ਕਹਾਣੀਆਂ ਦੀ ਖੂਬਸੂਰਤੀ ਇਨ੍ਹਾਂ ਕਹਾਣੀਆਂ ਨੂੰ ਬਿਆਨ ਕਰਨ ਦੀ ਸਾਦ-ਮੁਰਾਦੀ ਸ਼ੈਲੀ ਹੈ। ਕਹਾਣੀ ਪੜ੍ਹਦੇ ਇੰਜ ਲਗਦਾ ਹੈ ਜਿਵੇਂ ਕਹਾਣੀਕਾਰ ਸਾਨੂੰ ਕਹਾਣੀ ਸੁਣਾ ਰਿਹਾ ਹੋਵੇ। ਬੇਸ਼ੱਕ ਕਹਾਣੀਕਾਰ ਦੀ ਕਹਾਣੀ ਕਹਿਣ ਦੀ ਕਲਾ, ਵਿਸ਼ਿਆਂ ਦੀ ਪੇਸ਼ਕਾਰੀ ਨੂੰ ਹੋਰ ਵੀ ਸੰਜੀਦਗੀ ਅਤੇ ਗੌਲਣਯੋਗ ਪ੍ਰਸੰਗਾਂ ਵਿਚ ਪੇਸ਼ ਕਰਦੀ ਹੈ।

ਡਾ. ਪ੍ਰਦੀਪ ਕੌੜਾ
ਮੋ: 95011-15200

c c c

ਨਿੱਕੇ ਨਿੱਕੇ ਈਸਾ
ਲੇਖਕ : ਜਸਬੀਰ ਢੰਡ
ਪ੍ਰਕਾਸ਼ਕ : ਮਿੰਨੀ ਕਹਾਣੀ ਲੇਖਕ ਮੰਚ, ਪੰਜਾਬ
ਮੁੱਲ : 30 ਰੁਪਏ, ਸਫ਼ੇ : 40
ਸੰਪਰਕ : 94172-87399.

'ਨਿੱਕੇ ਨਿੱਕੇ ਈਸਾ' ਮਿੰਨੀ ਕਹਾਣੀ-ਸੰਗ੍ਰਹਿ ਜਸਬੀਰ ਢੰਡ ਦਾ ਲਿਖਿਆ ਹੋਇਆ ਹੈ, ਜਿਸ ਵਿਚ ਉਸ ਨੇ ਕੁੱਲ 32 ਕਹਾਣੀਆਂ ਲਿਖੀਆਂ ਹਨ, ਜਿਨ੍ਹਾਂ ਵਿਚ ਘਰੇਲੂ ਮਸਲਿਆਂ ਅਤੇ ਬਜ਼ੁਰਗਾਂ ਦੀ ਹੁੰਦੀ ਬੇਕਦਰੀ ਬਾਰੇ ਦੱਸਿਆ ਗਿਆ ਹੈ ਜਿਵੇਂ 'ਹਾਜ਼ਰੀ' ਕਹਾਣੀ ਵਿਚ ਇਕ ਡਾਕਟਰ ਮਰੀਜ਼ਾਂ ਨੂੰ ਆਪਣੀ ਕਲੀਨਿਕ 'ਤੇ ਛੱਡ ਕੇ ਇਕ ਸਸਕਾਰ 'ਤੇ ਆਪਣੀ ਹਾਜ਼ਰੀ ਲਵਾਉਣ ਦੀ ਗੱਲ ਕਰਦਾ ਹੈ। ਇਸ ਕਹਾਣੀ ਵਿਚ ਅਜੋਕੇ ਸਮੇਂ ਵਿਚ ਵਿਹਲ ਦੀ ਘਾਟ ਨੂੰ ਦਰਸਾਇਆ ਗਿਆ ਹੈ। ਅਗਲੀ ਕਹਾਣੀ ''ਪਾਬੰਦੀ' ਵਿਚ ਮਾਂ-ਧੀ ਦੇ ਪਿਆਰ ਦੀ ਪੇਸ਼ਕਾਰੀ ਕੀਤੀ ਗਈ ਹੈ। 'ਨਿੱਕੇ-ਨਿੱਕੇ ਈਸਾ' ਕਹਾਣੀ ਵਿਚ ਦੱਸਿਆ ਗਿਆ ਹੈ ਕਿ ਆਪਣੇ ਤੋਂ ਛੋਟੀ ਉਮਰ ਦੇ ਬੱਚੇ ਕਿੰਨੀਆਂ ਵੱਡੀਆਂ ਜ਼ਿੰਮੇਵਾਰੀਆਂ ਸੰਭਾਲ ਰਹੇ ਹਨ, ਜਿਵੇਂ ਇਸ ਕਹਾਣੀ ਦੀ ਸ਼ਿੰਦਰੋ ਆਪਣੀ ਬੀਬੀ ਦੀ ਸਾਂਭ-ਸੰਭਾਲ ਕਰ ਰਹੀ ਹੁੰਦੀ ਹੈ।
ਅਗਲੀ ਕਹਾਣੀ 'ਰਿਸ਼ਤੇ' ਵਿਚ ਦੱਸਿਆ ਗਿਆ ਹੈ ਕਿ ਸਾਂਢੂਆਂ ਦੇ ਰਿਸ਼ਤੇ ਸਿਰਫ ਨਾਂਅ ਦੇ ਹੀ ਹੁੰਦੇ ਹਨ, ਦੋ ਸਾਂਢੂ ਆਪਣੇ ਤੀਜੇ ਸਾਂਢੂ ਦੇ ਸਸਕਾਰ ਦੀ ਉਡੀਕ ਵੀ ਨਹੀਂ ਕਰ ਸਕਦੇ ਤੇ ਸ਼ਹਿਰ ਬੀਅਰ ਪੀਣ ਚਲੇ ਜਾਂਦੇ ਜੋ ਕਾਫੀ ਹੱਦ ਤੱਕ ਡਿਗ ਚੁੱਕੇ ਹੁੰਦੇ ਹਨ, ਜਿਸ ਵਿਚ ਰਿਸ਼ਤਿਆਂ ਵਿਚ ਅਪਣੱਤ ਨਾ ਹੋਣ ਦੀ ਗਾਥਾ ਨੂੰ ਬਿਆਨ ਕਰਨ ਦਾ ਬਿਰਤਾਂਤ ਸਿਰਜਿਆ ਗਿਆ ਹੈ। 'ਭੋਗ 'ਤੇ ਜ਼ਰੂਰ ਆਉਣਾ' ਕਹਾਣੀ ਵਿਚ ਦੱਸਿਆ ਗਿਆ ਹੈ ਕਿ ਔਰਤ-ਮਰਦ ਦਾ ਰਿਸ਼ਤਾ ਏਨਾ ਅਪਣੱਤ ਭਰਿਆ ਹੁੰਦਾ ਹੈ ਕਿ ਜਦੋਂ ਕਿਸੇ ਵੀ ਮਰਦ ਦੀ ਜੀਵਨ-ਸਾਥਣ ਉਸ ਨੂੰ ਅਲਵਿਦਾ ਕਹਿ ਜਾਂਦੀ ਹੈ ਤਾਂ ਉਹ ਤੱਤੀ ਰੋਟੀ-ਸਬਜ਼ੀ ਖਾਣ ਨੂੰ ਵੀ ਤਰਸਦਾ ਰਹਿੰਦਾ ਹੈ, ਕਿਉਂਕਿ ਨੌਕਰੀਪੇਸ਼ਾ ਨੂੰਹ-ਪੁੱਤਰ ਦੇ ਜਾਣ ਪਿੱਛੋਂ ਉੇਸ ਨੂੰ ਠੰਢੀਆਂ ਰੋਟੀਆਂ ਖਾਣੀਆਂ ਪੈਂਦੀਆਂ ਹਨ ਜਿਸ ਕਰਕੇ ਉਹ ਸਟੇਸ਼ਨ 'ਤੇ ਲੱਗੇ ਲੰਗਰ ਵਿਚੋਂ ਜਦੋਂ ਰੋਟੀ ਖਾ ਲੈਂਦਾ ਹੈ ਤਾਂ ਉਸ ਦੇ ਨੂੰਹ-ਪੁੱਤਰ ਉਸ ਨੂੰ ਝਿੜਕਦੇ ਹਨ ਤਾਂ ਉਹ ਤ੍ਰਾਸਦਿਕ ਭਰੇ ਸ਼ਬਦਾਂ ਵਿਚ ਕਹਿੰਦਾ ਹੈ, 'ਮੇਰੇ ਮਰੇ 'ਤੇ ਜਲੇਬੀਆਂ ਪਕਾ ਪਕਾ ਕੇ ਖਵਾਉਣਗੇ ਸਾਰੇ ਸ਼ਹਿਰ ਨੂੰ, ਤੁਸੀਂ ਵੀ ਭੋਗ 'ਤੇ ਜ਼ਰੂਰ ਆਉਣਾ!' ਇਸ ਤਰ੍ਹਾਂ ਇਸ ਕਹਾਣੀ ਵਿਚ ਇਕ ਬਜ਼ੁਰਗ ਦੀ ਮਾਨਸਿਕ ਅਵਸਥਾ ਨੂੰ ਪੇਸ਼ ਕੀਤਾ ਗਿਆ ਹੈ।
ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਜਸਬੀਰ ਢੰਡ ਦੀਆਂ ਸਾਰੀਆਂ ਕਹਾਣੀਆਂ ਵਿਚ ਹੀ ਸਮਾਜ ਦੇ ਕਰੂਰ ਯਥਾਰਥ ਦੀ ਪੇਸ਼ਕਾਰੀ ਬਾਖੂਬੀ ਹੋਈ ਹੈ। ਲੇਖਕ ਨੂੰ ਮੁਬਾਰਕਬਾਦ।

ਡਾ. ਗੁਰਬਿੰਦਰ ਕੌਰ ਬਰਾੜ
ਮੋ. 098553-95161

ਜੂਲੀਅਸ ਸੀਜ਼ਰ ਅਤੇ ਹੋਰ ਕਹਾਣੀਆਂ
ਅਨੁਵਾਦਕ : ਕਮਲਜੀਤ
ਸੰਪਾਦਕ : ਅਮਿਤ ਮਿੱਤਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 176
ਸੰਪਰਕ : 01679-241744.

ਸੰਸਾਰ ਸਾਹਿਤ ਵਿਚ ਵਿਲੀਅਮ ਸ਼ੇਕਸਪੀਅਰ ਦਾ ਬਦਲ ਲੱਭਣਾ ਨਾਮੁਮਕਿਨ ਹੈ, ਇਹ ਗੱਲ ਉਸ ਦੀਆਂ ਕਹਾਣੀਆਂ ਦੀ ਇਹ ਪੁਸਤਕ ਪੜ੍ਹ ਕੇ ਸਹਿਜੇ ਹੀ ਸਮਝੀ ਜਾ ਸਕਦੀ ਹੈ। ਪੂਰੀ ਦੁਨੀਆ ਨੂੰ ਰੰਗਮੰਚ ਮੰਨਣ ਵਾਲੇ ਇਸ ਸੰਸਾਰ ਪ੍ਰਸਿੱਧ ਸਾਹਿਤਕਾਰ ਦੀਆਂ 16 ਕਹਾਣੀਆਂ ਦੇ ਅਨੁਵਾਦ ਵਾਲੀ ਇਸ ਪੁਸਤਕ ਵਿਚ ਨਾ ਸਿਰਫ ਉੱਚ ਪੱਧਰੀ ਕਹਾਣੀ ਕਲਾ ਦਿਖਾਈ ਦਿੰਦੀ ਹੈ ਸਗੋਂ ਜੀਵਨ ਦਰਸ਼ਨ ਨੂੰ ਵੀ ਬਾਖੂਬੀ ਪ੍ਰਗਟਾਇਆ ਗਿਆ ਹੈ। ਹਰ ਕਹਾਣੀ ਇਕ ਵੱਖਰਾ ਸੰਸਾਰ ਸਿਰਜਦੀ ਹੈ, ਜਿਸ ਨੂੰ ਪੜ੍ਹ ਕੇ ਪਾਠਕ ਇਹ ਵੱਖਰਤਾ ਅਨੁਭਵ ਕਰਦਾ ਹੈ। ਸਾਮੰਤਾਂ, ਰਾਜਿਆਂ ਦੇ ਰਾਜਾਂ ਦੇ ਸਮਾਜਿਕ, ਆਰਥਿਕ, ਰਾਜਨੀਤਕ ਜੀਵਨ ਦੇ ਕੱਚ-ਸੱਚ ਕਹਾਣੀਆਂ ਵਿਚ ਦਰਸਾਏ ਗਏ ਹਨ। ਜੂਲੀਅਸ ਸੀਜ਼ਰ, ਅੱਧੀ ਰਾਤ ਦਾ ਸੁਪਨਾ, ਕਿੰਗ ਲੀਅਰ, ਮਹਾਰਾਜਾ ਹੈਮਲੇਟ, ਕਿੰਗ ਹੈਨਰੀ ਦਾ ਏਥ ਕਹਾਣੀਆਂ ਵਿਚ ਕਹਾਣੀ ਕਲਾ ਦਾ ਸਿਖਰ ਦੇਖਣ ਨੂੰ ਮਿਲਦਾ ਹੈ। ਭਾਵੇਂ ਕਹਾਣੀਆਂ ਲੰਮੀਆਂ ਹਨ ਪਰ ਫਿਰ ਵੀ ਪੜ੍ਹਦਿਆਂ ਉਕਤਾਹਟ ਮਹਿਸੂਸ ਨਹੀਂ ਹੁੰਦੀ। ਇਹੀ ਸ਼ੇਕਸਪੀਅਰ ਦੀ ਕਹਾਣੀ ਕਲਾ ਦਾ ਜਾਦੂ ਹੈ ਕਿ ਉਹ ਲੰਮੀ ਕਹਾਣੀ ਵਿਚ ਵੀ ਪਾਠਕ ਨੂੰ ਆਪਣੇ ਨਾਲ ਤੋਰੀ ਰੱਖਦਾ ਹੈ। ਕਿੰਗ ਹੇਨਰੀ ਦਾ ਏਥ ਵਿਚਲੀਆਂ ਕਈ ਸਤਰਾਂ ਜੀਵਨ ਸੱਚ ਨੂੰ ਸਹਿਜੇ ਹੀ ਪ੍ਰਗਟ ਕਰਦੀਆਂ ਹਨ ਜਿਵੇਂ ਕਰੀਬੀ ਲੋਕਾਂ ਨਾਲ ਹਮੇਸ਼ਾ ਸਾਵਧਾਨੀ ਵਰਤਣੀ ਚਾਹੀਦੀ ਹੈ,ਆਦਮੀ ਦੀਆਂ ਅਕਾਂਖਿਆਵਾਂ ਹੌਲੀ-ਹੌਲੀ ਵਧਣ ਲਗਦੀਆਂ ਹਨ, ਸਫਲਤਾ ਦੀਆਂ ਪੌੜੀਆਂ ਰਾਹੀਂ ਉਹ ਉੱਪਰ ਤਾਂ ਅੱਪੜ ਜਾਂਦਾ ਹੈ ਪਰ ਅਚਾਨਕ ਝੱਖੜ ਦਾ ਅਜਿਹਾ ਵਾਵਰੋਲਾ ਆਉਂਦਾ ਹੈ ਕਿ ਉਹ ਮਿੱਟੀ ਵਿਚ ਮਿਲ ਜਾਂਦਾ ਹੈ, ਅਜਿਹੀਆਂ ਕਈ ਸਤਰਾਂ ਕਹਾਣੀ ਦਾ ਸ਼ਿੰਗਾਰ ਹਨ। ਸ਼ੇਕਸ਼ਪੀਅਰ ਨੂੰ ਪੰਜਾਬੀ ਵਿਚ ਪੜ੍ਹਨ ਦੇ ਚਾਹਵਾਨ ਪਾਠਕਾਂ ਲਈ ਪੁਸਤਕ ਇਕ ਤੋਹਫ਼ੇ ਵਾਂਗ ਹੈ। ਕਹਾਣੀ ਦੀ ਬਣਤਰ ਤੇ ਬਿਰਤਾਂਤ ਦੀ ਖੂਬਸੂਰਤੀ ਸ਼ੇਕਸਪੀਅਰ ਦਾ ਕਮਾਲ ਹੈ ਅਤੇ ਅਨੁਵਾਦਕ ਇਸ ਗੱਲ ਲਈ ਵਧਾਈ ਦਾ ਪਾਤਰ ਹੈ ਕਿ ਉਸ ਨੇ ਅਨੁਵਾਦ ਕਰਦਿਆਂ ਇਸ ਖੂਬਸੂਰਤੀ ਨੂੰ ਕਾਇਮ ਰੱਖਿਆ ਹੈ।

ਡਾ. ਸੁਖਪਾਲ ਕੌਰ ਸਮਰਾਲਾ
ਮੋ: 83606-83823

ਨਵੀਆਂ ਪੈੜਾਂ
ਲੇਖਿਕਾ : ਡਾ. ਸਤਿੰਦਰਜੀਤ ਕੌਰ ਬੁੱਟਰ
ਪ੍ਰਕਾਸ਼ਕ : ਅੰਕੁਰ ਪ੍ਰੈੱਸ, ਸਮਾਧ ਰੋਡ, ਬਟਾਲਾ
ਮੁੱਲ : 150 ਰੁਪਏ, ਸਫ਼ੇ : 101
ਸੰਪਰਕ : 81958-05111.

ਸ਼ਾਇਰਾ ਡਾ. ਸਤਿੰਦਰਜੀਤ ਕੌਰ ਬੁੱਟਰ ਹਥਲੀ ਕਾਵਿ ਕਿਤਾਬ 'ਨਵੀਆਂ ਪੈੜਾਂ' ਤੋਂ ਪਹਿਲਾਂ ਦੋ ਕਾਵਿ-ਸੰਗ੍ਰਹਿ 'ਜ਼ਖ਼ਮੀ ਰੂਹਾਂ', 'ਤਿੜਕੇ ਰਿਸ਼ਤੇ' ਤੋਂ ਇਲਾਵਾ ਤਿੰਨ ਵਾਰਤਕ ਸੰਗ੍ਰਹਿ 'ਧਰਤ ਪੰਜਾਬ ਦੀ', 'ਸਫ਼ਰ ਸੋਚਾਂ ਦਾ' ਤੇ 'ਸ਼ੀਸ਼ਾ ਬੋਲਦਾ ਹੈ' ਰਾਹੀਂ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕੀ ਹੈ। ਸ਼ਾਇਰਾ ਜਾਪਾਨੀ ਕਾਵਿ ਸਿਨਫ਼ 'ਸੇਦੋਕੇ' ਰਾਹੀਂ ਪੰਜਾਬੀ ਪਾਠਕਾਂ ਦੀ ਸਾਂਝ ਪਵਾ ਰਹੀ ਹੈ। ਸ਼ਾਇਰਾ ਦੱਸਦੀ ਹੈ ਕਿ ਇਹ ਵਾਰਤਕ ਛੰਦ ਹੈ ਅਤੇ ਇਸ ਛੇ ਸਤਰੀ ਕਾਵਿ ਟੋਟੇ ਤੇ ਵਰਣਾਂ ਦਾ ਜੋੜ 5-7-7 : 5-7-7 ਅਨੁਸਾਰ 38 ਹੋ ਜਾਂਦਾ ਹੈ। ਇਸ ਸਿਨਫ਼ ਵਿਚ ਅਖਾਣਾਂ, ਮੁਹਾਵਰਿਆਂ ਅਤੇ ਚੁਟਕਲਿਆਂ ਦੀ ਵਰਤੋਂ ਵਰਜਿਤ ਹੈ। ਪੈਰ ਵਿਚ ਹਾਹਾ, ਰਾਰਾ ਤੇ ਵਾਵਾ ਨੂੰ ਗਿਣਤੀ ਤੋਂ ਬਾਹਰ ਰੱਖਿਆ ਜਾਂਦਾ ਹੈ। ਵਿਸ਼ੇ ਦੀ ਚੋਣ ਸ਼ਾਇਰ ਦੀ ਬੁੱਧੀ ਤੇ ਵਿਵੇਕ 'ਤੇ ਨਿਰਭਰ ਹੈ ਪਰ ਜੇ ਕੁਦਰਤੀ ਵਰਤਾਰਿਆਂ ਨੂੰ ਵਿਸ਼ੇ ਹੇਠ ਲਿਆਇਆ ਜਾਵੇ ਤਾਂ ਕਲਾਤਮਿਕ ਪ੍ਰਗਟਾਵੇ ਝਠੀ ਬਿਹਤਰ ਰਹਿੰਦਾ ਹੈ। ਇਸ ਕਿਤਾਬ ਵਿਚ ਵਿਭਿੰਨ ਵਿਸ਼ਿਆਂ ਨਾਲ 101 ਛੇ ਸਤਰੀ ਸੇਦੋਕੇ ਹਨ। ਕਿਵੇਂ ਕਿੱਸਾ ਕਾਵਿ ਵਿਚ ਛੰਦ ਹਨ, ਉਸੇ ਤਰ੍ਹਾਂ ਗ਼ਜ਼ਲ ਵਿਚ ਵੀ ਪਿੰਗਲ ਆਰੂਜ ਤੇ ਬਹਿਰਾਂ ਦੀ ਬੰਦਨ ਜ਼ਰੂਰੀ ਹੈ। ਜਾਪਾਨ ਰਹਿੰਦੇ ਸ਼ਾਇਰ ਪਰਮਿੰਦਰ ਸੋਢੀ ਨੇ ਪੰਜਾਬੀ ਸ਼ਾਇਰੀ ਵਿਚ 'ਹਾਇਕੂ' ਕਾਵਿ-ਸਿਨਫ਼ ਰਾਹੀਂ ਜਾਪਾਨੀ ਕਾਵਿ ਸਿਨਫ਼ ਨਾਲ ਜਾਣ-ਪਛਾਣ ਕਰਾਈ ਹੈ ਤੇ ਹੁਣ ਡਾ. ਬੁੱਟਰ ਨੇ ਸੇਦੋਕੇ ਦੀ ਜਾਪਾਨੀ ਕਾਵਿ ਸਿਨਫ਼ ਨਾਲ ਜਾਣ-ਪਛਾਣ ਕਰਾ ਕੇ ਪੰਜਾਬੀ ਅਦਬ ਦਾ ਮਾਣ ਵਧਾਇਆ ਹੈ। ਸ਼ਾਇਰਾ ਨੇ ਕਾਦਰ ਤੇ ਕੁਦਰਤ ਦੇ ਸੁਮੇਲ ਤੋਂ ਇਲਾਵਾ ਵਿਭਿੰਨ ਸਰੋਕਾਰਾਂ ਨਾਲ ਖੁਰਦਬੀਨੀ ਅੱਖ ਨਾਲ ਦਸਤਪੰਜਾ ਲਿਆ ਹੈ ਪਰ ਪੰਜਾਬ ਅੰਦਰ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ, ਮਾਇਆ ਦੇ ਪਸਾਰੇ ਨਾਲ ਰਿਸ਼ਤਿਆਂ ਦੀ ਵਿਗੜ ਰਹੀ ਵਿਆਕਰਨ ਤੋਂ ਇਲਾਵਾ ਬਾਹਰਲੇ ਦੇਸ਼ਾਂ ਵਿਚ ਪਰਵਾਸ ਸਹੇੜ ਰਹੇ ਪੰਜਾਬੀਆਂ ਦੇ ਰੁਝਾਨ ਤੇ ਚਿੰਤਾ ਕਰਨ ਨਾਲ ਚਿੰਤਨ ਵੀ ਕੀਤਾ ਹੈ। ਪੰਜਾਬੀ ਅਦਬ ਇਸ ਸਿਨਫ਼ ਤੋਂ ਪੰਜਾਬੀ ਪਾਠਕਾਂ ਦੇ ਰੂਬਰੂ ਕਰਾਉਣ ਦਾ ਡਾ. ਸਤਿੰਦਰਜੀਤ ਕੌਰ ਬੁੱਟਰ ਦਾ ਧੰਨਵਾਦੀ ਰਹੇਗਾ।

ਭਗਵਾਨ ਢਿੱਲੋਂ
ਮੋ: 98143-78254.

29-08-2021

 ਸੱਭਿਆਚਾਰ ਅਤੇ ਲੋਕਧਾਰਾ
ਵਿਸ਼ਵ ਚਿੰਤਨ

ਸੰਪਾਦਕ : ਡਾ. ਗੁਰਮੀਤ ਸਿੰਘ ਅਤੇ ਡਾ. ਸੁਰਜੀਤ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 224
ਸੰਪਰਕ : 95011-45039.


ਹਥਲੀ ਪੁਸਤਕ ਵਿਸ਼ਵ ਪੱਧਰ ਦੇ ਸਿਧਾਂਤਕਾਰਾਂ ਦੁਆਰਾ ਪੇਸ਼ ਸੱਭਿਆਚਾਰ ਅਤੇ ਲੋਕਧਾਰਾ ਦੇ ਸਰੂਪ, ਪ੍ਰਕਿਰਤੀ ਅਤੇ ਪ੍ਰਕਾਰਜ ਨੂੰ ਗੰਭੀਰ ਚਿੰਤਨ ਦਾ ਨਿਰੂਪਣ ਦੋ ਭਾਗਾਂ ਵਿਚ ਵੰਡ ਕੇ ਪਾਠਕਾਂ ਦੇ ਸਨਮੁੱਖ ਪੇਸ਼ ਕਰਦੀ ਹੈ। ਪੁਸਤਕ ਦੇ ਪਹਿਲੇ ਭਾਗ ਵਿਚ ਅਮਰਜੀਤ ਗਰੇਵਾਲ ਨੇ ਅੰਤੋਨੀਓ ਗਰਾਮਸ਼ੀ ਦਾ ਸੱਭਿਆਚਾਰਕ ਦ੍ਰਿਸ਼ਟੀ ਦਾ ਚਿੰਤਨ, ਡਾ. ਜਗਜੀਵਨ ਸਿੰਘ ਨੇ ਹੈਨਰੀ ਰੇਮੰਡ ਵਿਲੀਅਮਜ਼ ਦਾ ਸੱਭਿਆਚਾਰ ਸ਼ਾਸਤਰ, ਡਾ. ਮਨਪ੍ਰੀਤ ਮਹਿਨਾਜ਼ ਨੇ ਟੈਰੀ ਈਗਲਟਨ ਦਾ ਸੱਭਿਆਚਾਰ ਚਿੰਤਨ ਪੇਸ਼ ਕੀਤਾ ਹੈ। ਇਸੇ ਤਰ੍ਹਾਂ ਡਾ. ਰਜਿੰਦਰਪਾਲ ਸਿੰਘ ਨੇ ਸਟੂਅਰਟ ਹਾਲ ਦੇ ਜੀਵਨ ਅਤੇ ਉਸ ਦੀ ਸਮੁੱਚੀ ਰਚਨਾ ਵਿਚੋਂ ਉੱਭਰਦੇ ਸੰਕਲਪਾਂ ਅਤੇ ਧਾਰਨਾਵਾਂ ਨੂੰ ਪੇਸ਼ ਕੀਤਾ ਹੈ। ਡਾ. ਮਨਮੋਹਨ ਨੇ ਫਰੈਡਰਿਕ ਜੇਮਸਨ ਦੇ ਰਚਨਾ ਸੰਸਾਰ ਵਿਚੋਂ ਉਸ ਦੇ ਸਾਹਿਤ, ਸੱਭਿਆਚਾਰ ਅਤੇ ਹੋਰ ਕਲਾਵਾਂ ਦੀ ਪੇਸ਼ਕਾਰੀ ਵਿਚੋਂ ਉੱਘੜਦੇ ਮਾਰਕਸਵਾਦੀ ਚਿੰਤਨ ਨੂੰ ਉਭਾਰਿਆ ਹੈ। ਇਸੇ ਪ੍ਰਸੰਗਤਾ ਵਿਚ ਡਾ. ਜਤਿੰਦਰ ਕੁਮਾਰ ਨੇ ਉੱਘੇ ਚਿੰਤਕ ਬੌਦਰੀਲਾ ਦੇ ਸੱਭਿਆਚਾਰਕ ਅਨੁਭਵਾਂ ਅਤੇ ਸਥਾਪਨਾਵਾਂ ਨੂੰ ਬਾਦਲੀਲ ਪੇਸ਼ ਕੀਤਾ ਹੈ।
ਪੁਸਤਕ ਦਾ ਦੂਸਰਾ ਭਾਗ ਲੋਕਧਾਰਾ ਦੇ ਵਿਸ਼ਵ ਚਿੰਤਨ ਦਾ ਪ੍ਰਗਟਾਵਾ ਕਰਦਾ ਹੈ। ਇਸ ਭਾਗ ਵਿਚ ਆਰ. ਸੀ. ਟੈਂਪਲ ਦੇ ਲੋਕਧਾਰਾਈ ਚਿੰਤਨ ਅਤੇ ਸ਼ਾਸਤਰ ਨੂੰ ਡਾ. ਕਰਮਜੀਤ ਸਿੰਘ, ਪ੍ਰਸਿੱਧ ਚਿੰਤਕ ਵਲਾਦੀਮੀਰ ਪਰੌਪ ਦੇ ਲੋਕ ਬ੍ਰਿਤਾਂਤ ਅਤੇ ਰੂਪ ਵਿਗਿਆਨਕ ਚਿੰਤਨ ਵਿਧੀ ਦਾ ਉਲੇਖ ਡਾ. ਜੁਗਿੰਦਰ ਸਿੰਘ ਕੈਰੋਂ ਨੇ ਬਾਰੀਕੀ ਨਾਲ ਪੇਸ਼ ਕੀਤਾ ਹੈ।
ਇਸੇ ਕੜੀ ਵਿਚ ਡਾ. ਸੁਰਜੀਤ ਸਿੰਘ ਨੇ ਰਿਚਰਡ ਡੌਰਸਨ ਦੇ ਲੋਕਧਾਰਾਈ ਚਿੰਤਨ ਨੂੰ ਅਤੇ ਡਾ. ਗੁਰਮੀਤ ਸਿੰਘ ਨੇ ਐਲਨ ਡੰਡੀਜ਼ ਦੀ ਸਮੁੱਚੀ ਲੋਕਧਾਰਾ ਨੂੰ ਦੇਣ ਦਾ ਉਦਾਹਰਨਾਂ ਸਹਿਤ ਵਿਖਿਆਨ ਪੇਸ਼ ਕੀਤਾ ਹੈ। ਡਾ. ਭੁਪਿੰਦਰ ਸਿੰਘ ਖਹਿਰਾ ਨੇ ਲੈਵੀ-ਸਤ੍ਰਾਸ ਦੇ ਸੰਰਚਨਾਤਮਕ ਮਿੱਥ ਚਿੰਤਨ ਨੂੰ ਪੇਸ਼ ਕਰਦਿਆਂ ਹੋਇਆਂ, ਉਸ ਦੁਆਰਾ ਉਭਾਰੇ ਨਵੇਂ ਸੰਕਲਪਾਂ ਨੂੰ ਪੇਸ਼ ਕੀਤਾ ਹੈ। ਪੁਸਤਕ ਦਾ ਅੰਤਿਮ ਕਾਂਡ ਗੰਭੀਰ ਚਿੰਤਕ ਸਾਈਮਨ ਜੇ ਬ੍ਰੋਨਰ ਦੁਆਰਾ ਸਥਾਪਤ ਲੋਕਧਾਰਾ ਦੇ ਨਵੀਨ ਪੱਖਾਂ ਨੂੰ ਡਾ.ਪਵਨ ਟਿੱਬਾ ਨੇ ਪ੍ਰਗਟ ਕੀਤਾ ਹੈ। ਪੁਸਤਕ ਦੇ ਸਮੁੱਚੇ ਅਧਿਐਨ ਤੋਂ ਭਲੀਭਾਂਤ ਸਪੱਸ਼ਟ ਹੋ ਜਾਂਦਾ ਹੈ ਕਿ ਡਾ. ਗੁਰਮੀਤ ਸਿੰਘ ਅਤੇ ਡਾ. ਸੁਰਜੀਤ ਸਿੰਘ ਨੇ ਨਿੱਜੀ ਯਤਨਾਂ ਅਤੇ ਮਿਹਨਤ ਨਾਲ ਵਿਸ਼ਵ ਦੇ ਪ੍ਰਸਿੱਧ ਚਿੰਤਕਾਂ ਬਾਬਤ ਦੁਰਲੱਭ ਜਾਣਕਾਰੀ ਪੇਸ਼ ਕੀਤੀ ਹੈ। ਨਿਰਸੰਦੇਹ, ਇਹ ਪੁਸਤਕ ਵਿਸ਼ਵ ਵਿਆਪੀ ਸਾਹਿਤ, ਸਮਾਜਿਕ ਅਤੇ ਸੱਭਿਆਚਾਰਕ ਬਣਤਰ-ਬੁਣਤਰ ਅਤੇ ਲੋਕ-ਧਾਰਾਈ ਸੰਕਲਪਾਂ ਨੂੰ ਸਮਝਣ ਵਾਸਤੇ ਵਿਸ਼ੇਸ਼ ਜਾਣਕਾਰੀ ਦਿੰਦੀ ਹੋਈ ਪ੍ਰਤੀਤ ਹੋਈ ਹੈ।


ਡਾ. ਜਗੀਰ ਸਿੰਘ ਨੂਰ
ਮੋ: 98142-09732
c c c


ਹਾਸ਼ੀਏ 'ਤੇ
ਲੇਖਕ : ਦਿਨੇਸ਼ ਨੰਦੀ
ਪ੍ਰਕਾਸ਼ਕ : ਗੋਲਡ ਮਾਈਨ ਪਬਲੀਕੇਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 94174-58831.

 

ਦਿਨੇਸ਼ ਨੰਦੀ ਪੰਜਾਬੀ ਸਾਹਿਤ ਦੇ ਬਹੁਤ ਹੀ ਸੁਲਝੇ ਹੋਏ ਨਾਮਵਰ ਹਸਤਾਖ਼ਰ ਹਨ। ਹਥਲੀ ਪੁਸਤਕ 'ਹਾਸ਼ੀਏ 'ਤੇ' ਤੋਂ ਪਹਿਲਾਂ ਉਨ੍ਹਾਂ ਦੋ-ਦੋ ਕਾਵਿ-ਸੰਗ੍ਰਹਿ 'ਕਿਰ ਰਹੀ ਰੇਤ' ਅਤੇ 'ਲਫ਼ਜ਼ਾਂ ਦੀ ਧਾਰ' ਪ੍ਰਕਾਸ਼ਿਤ ਹੋ ਚੁੱਕੇ ਹਨ। ਪੁਸਤਕ ਦਾ ਪਾਠ ਕਰਦਿਆਂ ਇਸ ਗੱਲ ਦੀ ਤਸੱਲੀ ਹੁੰਦੀ ਹੈ ਕਿ ਉਹ ਅਜੋਕੇ ਮਨੁੱਖ ਦੇ ਸਭ ਕੁਝ ਹੁੰਦਿਆਂ-ਸੁੰਦਿਆਂ ਵੀ ਦੁਖੀ ਰਹਿਣ ਦੇ ਅਸਲ ਕਾਰਨ ਨੂੰ ਫੜਨ ਦੀ ਕੋਸ਼ਿਸ਼ ਵਿਚ ਪੂਰੀ ਤਰ੍ਹਾਂ ਸਫਲ ਦਿਖਾਈ ਦਿੰਦੇ ਹਨ :
ਰਸਤੇ ਬੜੇ ਨੇ ਲੰਬੇ ਯਾਰੋ ਪੰਧ ਬੜਾ ਹੀ ਔਖਾ।
ਸੁੱਖ-ਸਹੂਲਤਾਂ ਕਿੰਨੀਆਂ, ਨਾ ਫਿਰ ਵੀ ਬੰਦਾ ਸੌਖਾ।
ਉਪਰੋਕਤ ਮੁੱਦੇ ਨੂੰ ਸਿਰਫ਼ ਉਠਾਉਂਦੇ ਹੀ ਨਹੀਂ ਬਲਕਿ ਇਕ ਕਦਮ ਹੋਰ ਅੱਗੇ ਵਧਦਿਆਂ ਉਹ ਇਸ ਨੂੰ ਹੱਲ ਕਰਨ ਦੀ ਜੁਗਤੀ ਵੀ ਦੱਸਦੇ ਹਨ। ਉਨ੍ਹਾਂ ਦੀ ਧਾਰਨਾ ਹੈ ਕਿ ਮਨੁੱਖ ਦੇ ਦੁੱਖ ਦਾ ਅਸਲੀ ਕਾਰਨ ਆਪਣੇ ਜੀਵਨ ਨੂੰ ਦਾਅ 'ਤੇ ਲਾ ਕੇ ਪਦਾਰਥਵਾਦ ਦੀ ਅੰਨ੍ਹੀ ਦੌੜ ਵਿਚ ਸ਼ਾਮਿਲ ਹੋਣਾ ਹੈ। ਆਪਣੀਆਂ ਲਾਲਸਾਵਾਂ ਨੂੰ ਪੂਰਾ ਕਰਨ ਲਈ ਉਹ ਜ਼ਿੰਦਗੀ ਨੂੰ ਜਿਊਣ ਦੇ ਇਸ ਮੰਤਰ ਨੂੰ ਹੀ ਭੁੱਲ ਗਿਆ ਹੈ ਕਿ ਹੋਰਨਾਂ ਨੂੰ ਸੁੱਖ ਦਿੱਤੇ ਬਿਨਾਂ ਕਦੇ ਸੁਖੀ ਨਹੀਂ ਰਿਹਾ ਜਾ ਸਕਦਾ :
ਅਨਾਜ ਦੇ ਭਰੇ ਭੰਡਾਰ ਨੇ ਤੇਰੇ ਸੋਹਣੇ ਕਾਰੋਬਾਰ।
ਹੂਕ ਤੂੰ ਸੁਣ ਗਰੀਬ ਦੀ ਘਰ ਤੋਂ ਨਿਕਲ ਬਾਹਰ।
ਦਿਨੇਸ਼ ਨੰਦੀ ਦੀ ਲੇਖਣੀ ਬਹੁ-ਭਾਂਤੀ ਵੀ ਹੈ ਅਤੇ ਬਹੁ-ਪਰਤੀ ਵੀ। ਬਹੁਤ ਹੀ ਸਰਲ ਸ਼ਬਦਾਵਲੀ ਵਿਚ ਸਹਿਜੇ ਹੀ ਉਹ ਬਹੁਤ ਵੱਡੀਆਂ-ਵੱਡੀਆਂ ਸਚਾਈਆਂ ਬਿਆਨ ਕਰ ਜਾਂਦੇ ਹਨ। ਉਨ੍ਹਾਂ ਦੀ ਸ਼ਾਇਰੀ ਦਾ ਇਹ ਹੁਨਰ ਉਨ੍ਹਾਂ ਦੀ ਲੰਮੀ ਸਾਧਨਾ ਦਾ ਨਤੀਜਾ ਹੈ। ਪੁਸਤਕ ਵਿਚ ਉਨ੍ਹਾਂ ਨੇ ਲਗਭਗ ਹਰ ਭਖਦੇ ਮਸਲੇ ਨੂੰ ਸੰਬੋਧਿਤ ਹੋਣ ਦੀ ਸੁਹਿਰਦ ਅਤੇ ਸੁਚੱਜੀ ਕੋਸ਼ਿਸ਼ ਕੀਤੀ ਹੈ। ਹਾਸ਼ੀਏ 'ਤੇ ਧੱਕੇ ਲੋਕਾਂ ਦੀ ਆਵਾਜ਼ ਬਣਨ ਦੇ ਸਮਰੱਥ, ਉਨ੍ਹਾਂ ਦੇ ਇਸ ਬੇਹੱਦ ਸ਼ਲਾਘਯੋਗ ਉਪਰਾਲੇ ਦਾ ਭਰਵਾਂ ਸਵਾਗਤ ਕਰਨਾ ਬਣਦਾ ਹੈ।


ਕਰਮ ਸਿੰਘ ਜ਼ਖ਼ਮੀ
ਮੋ: 98146-28027


ਉੱਭਲਚਿੱਤੀ

ਲੇਖਿਕਾ : ਡਾ. ਸਰਬਜੀਤ ਕੌਰ ਸੋਹਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 350 ਰੁਪਏ, ਸਫ਼ੇ : 139
ਸੰਪਰਕ : 98151-72073.


ਉੱਭਲਚਿੱਤੀ ਦਾ ਭਾਵ ਹੈ ਕਾਵਿ ਦਾ 'ਓਵਰ ਫਲੋਅ ਆਫ਼ ਪਾਵਰਫੁੱਲ ਫੀਲਿੰਗਜ਼'। ਇਸ ਕਾਵਿ ਸੰਗ੍ਰਹਿ ਦਾ ਕਾਵਿ ਪੈਰਾਡਾਇਮ 'ਮੁਹੱਬਤ' ਹੈ। ਇਸ ਵਿਚ ਕੁੱਲ 99 ਕਵਿਤਾਵਾਂ ਹਨ। 'ਮੁਹੱਬਤ ਵੀ ਤਾਂ 99 ਦਾ ਗੇੜ ਹੀ ਹੁੰਦੀ ਹੈ। ਕਾਵਿ-ਨਾਇਕਾ ਖਿੜੇ ਮੱਥੇ ਇਸੇ ਗੇੜ ਦੀ ਪ੍ਰਕਰਮਾ ਕਰਦੀ ਹੈ। ਪਹਿਲੀ ਕਵਿਤਾ 'ਤਹਈਆ' ਮੁਹੱਬਤ 'ਚ ਦ੍ਰਿੜ੍ਹਤਾ ਨਾਲ (ਆਪਾਂ ਕਿਹਾ ਸੀ/ਫਿਰ ਮਿਲਾਂਗੇ/ਮਿਲਦੇ ਰਹਾਂਗੇ) ਆਰੰਭ ਹੁੰਦੀ ਹੈ ਅਤੇ ਆਖਰੀ (99ਵੀਂ) ਕਾਵਿ-ਯਾਤਰਾ, 'ਆਈ ਮਿਸ ਯੂ' ਨਾਲ ਸਮਾਪਤ ਹੁੰਦੀ ਹੈ। ਵਿਚਕਾਰਲੀਆਂ ਨਜ਼ਮਾਂ ਆਸ਼ਾ/ਨਿਰਾਸ਼ਾ ਦੀ ਘੁੰਮਣਘੇਰੀ ਵਿਚ ਹਨ। ਦਰਹਕੀਕਤ ਰੁਮਾਂਸਵਾਦੀ ਕਵੀ ਜਦੋਂ ਕਾਵਿ ਸਿਰਜਦੇ ਹਨ, ਉਨ੍ਹਾਂ ਦਾ ਅਸਲੀ ਆਪਾ ਸਵੈ-ਕਾਬੂ ਤੋਂ ਬਾਹਰ ਹੋ ਕੇ ਆਪ-ਮੁਹਾਰਾ ਵਹਿਣ ਲਗਦਾ ਹੈ। ਅਜਿਹੇ ਆਪ-ਮੁਹਾਰੇਪਨ ਵਿਚ ਖੁੱਲ੍ਹੀਆਂ ਛੱਡੀਆਂ ਵਾਗਾਂ ਕਾਰਨ ਕਾਵਿ ਮਨ ਦਾ ਘੋੜਾ ਸਰਪੱਟ ਦੌੜਦਾ ਹੈ। ਇਸੇ ਲਈ ਤਾਂ ਕਾਵਿ-ਸੰਗ੍ਰਹਿ ਦੇ ਕਿਨਾਰੇ ਤੋੜ ਕੇ ਵਗਦਾ ਹੈ ਤੇ ਵਗਦਾ ਵੀ ਜ਼ਿਆਦਾਤਰ 'ਵਾਕੰਸ਼ਾਂ' ਵਿਚ ਹੈ। ਕਾਗਜ਼ ਦੇ ਪੰਨਿਆਂ 'ਤੇ ਸੱਪ ਵਾਂਗ ਮੇਲ੍ਹਦੀਆਂ ਸਤਰਾਂ ਹਨ। ਹਰ ਕਵਿਤਾ ਅਪ੍ਰਤੀਬਿੰਬਤ ਚੇਤਨਾ ਨਾਲ ਆਰੰਭ ਹੋ ਕੇ ਪ੍ਰਤੀਬਿੰਬ ਚੇਤਨਾ 'ਤੇ ਅੱਪੜਦੀ ਹੈ। ਕੁੱਲ ਮਿਲਾ ਕੇ ਨਜ਼ਮਾਂ ਓਪਨ-ਟੈਕਸਟ ਸਿਰਜਦੀਆਂ ਹਨ। ਵਿਸ਼ਾਗਤ ਸਮੱਗਰੀ ਮੁਹੱਬਤ ਦੀ ਚੇਤਨਾ ਨਾਲ ਲਬਰੇਜ਼ ਹੈ। ਮੁਹੱਬਤ ਖਿਲਾਅ ਵਿਚ ਨਹੀਂ ਹੋਇਆ ਕਰਦੀ। ਇਸ ਦੀਆਂ ਤੰਦਾਂ ਮਾਨਵੀ ਰਿਸ਼ਤਿਆਂ ਨਾਲ ਬੁਣੀਆਂ ਹੁੰਦੀਆਂ ਹਨ। ਸਭ ਤੋਂ ਨੇੜਲਾ ਮਾਨਵੀ ਰਿਸ਼ਤਾ 'ਪ੍ਰੇਮੀ' ਹੁੰਦਾ ਹੈ। ਵਰਜਿਤ ਕਾਮਨਾਵਾਂ ਭਾਰੂ ਹੋ ਸਕਦੀਆਂ ਹਨ। ਦੇਹੀ ਦਾ ਨਾਦ ਵੱਜ ਸਕਦਾ ਹੈ। ਸਮਝ-ਬੂਝ ਦਾ ਕੁੰਡਾ ਵੀ ਲੱਗ ਸਕਦਾ ਹੈ। ਅਜਿਹੀ ਸਥਿਤੀ ਵਿਚ ਸ਼ਿੱਦਤ ਨਾਲ ਮਹਿਸੂਸਿਆ ਜਾਂਦਾ ਹੈ। ਸ਼ਾਇਸਤਾ ਮੁਹੱਬਤ ਹੋ ਸਕਦੀ ਹੈ ਪਿਆਰ ਇਜਾਜ਼ਤ ਦੀ ਮੰਗ ਕਰ ਸਕਦਾ ਹੈ। ਰਿਸ਼ਤਿਆਂ ਵਿਚ ਤਰਲਤਾ ਹੋ ਸਕਦੀ ਹੈ। ਠੰਢਾਪਨ ਵੀ ਸੰਭਵ ਹੈ। ਬਦਾਮਾਂ ਵਰਗੀ ਸ਼ਕਤੀ ਵੀ ਸੰਭਵ ਹੈ। ਜਵਾਨੀ ਦੇ ਜੋਸ਼ ਵਿਚ ਪਟਾਕੇ ਪਾਉਂਦਾ ਬੁਲਟ ਵੀ ਲੰਘਦਾ ਹੈ। ਨਾਰੀ-ਵੇਦਨਾ ਭਰਵੇਂ ਰੂਪ ਵਿਚ ਉਜਾਗਰ ਹੁੰਦੀ ਹੈ। ਸਮਾਜ ਵਿਚ ਔਰਤ ਦੀ ਸਥਿਤੀ ਦਾ ਨਿਰੂਪਣ ਹੋਇਆ ਹੈ। ਨਜ਼ਮਾਂ ਵਿਚ ਮਰਦ, ਨਾਰੀ ਨੂੰ ਘੱਟ ਹੀ ਸੰਬੋਧਨ ਕਰਦਾ ਹੈ। ਅਧਿਤਕਰ ਬੋਲ ਮਾਦਾ ਵਲੋਂ ਹੀ ਹਨ। ਨਿੱਕੇ-ਨਿੱਕੇ ਬਿੰਬ ਜਿਹੜੇ ਆਮ ਕਵੀ ਨਹੀਂ ਵਰਤਦੇ, ਇਸ ਸੰਗ੍ਰਹਿ ਵਿਚ ਸ਼ਾਮਿਲ ਹਨ। ਉੱਤਰ-ਆਧੁਨਿਕ ਜੀਵਨ ਨਾਲ ਸਰੋਕਾਰ ਰੱਖਦੇ ਅਨੇਕਾਂ ਬਿੰਬ ਹਨ ਮਸਲਨ : ਫੇਸਬੁੱਕ, ਮੋਬਾਈਲ, ਪੌਪਕੋਰਨ, ਰੇਤ ਮਾਫ਼ੀਆ, ਕੋਰੋਨਾ ਵਾਇਰਸ ਆਦਿ। ਅਸਲ ਵਿਚ ਕਾਵਿ-ਨਾਇਕਾ ਮਨੁੱਖੀ ਹਿਰਸ ਦਾ ਕੇਂਦਰ ਲੱਭਣ ਵੱਲ ਰੁਚਿਤ ਪ੍ਰਤੀਤ ਹੁੰਦੀ ਹੈ। ਕਵਿੱਤਰੀ ਲੇਖਿਕਾ ਨਾਲ ਕਾਵਿ-ਨਾਇਕਾ ਦਾ ਜਟਿਲ ਸਬੰਧ ਹੁੰਦਾ ਹੈ। ਕਵਿੱਤਰੀ ਨੂੰ ਕਾਵਿ-ਨਾਇਕਾ ਸਮਝਣਾ ਐਕਟ ਆਫ ਅਮਿਸ਼ਨ ਹੁੰਦਾ ਹੈ। ਅਰਥਾਤ ਆਲੋਚਨਾਤਮਿਕ ਭੁੱਲ ਹੁੰਦੀ ਹੈ। ਲੇਖਿਕਾ ਨੇ ਇਤਿਹਾਸਕ/ਮਿਥਿਹਾਸਕ ਹਵਾਲਿਆਂ ਦਾ ਵੀ ਪ੍ਰਯੋਗ ਕੀਤਾ ਹੈ। ਬਾਬਾ ਨਾਨਕ ਦੀ ਆਦਮ ਨਾਲ ਅਤੇ ਉਨ੍ਹਾਂ ਦੀ ਬਾਣੀ ਦੀ ਸਮਝ ਨਾਲ ਸੰਸਾਰ ਬੇਗਮਪੁਰਾ ਬਣ ਸਕਦਾ ਹੈ। ਨਜ਼ਮਾਂ ਤੋਂ ਬਿਨਾਂ ਟੱਪੇ ਵੀ ਨੇ। ਵੇਖੋ ਕਾਵਿ-ਨਾਇਕਾ ਕਿੰਨੀ ਸੰਗਾਊ ਹੈ :
'ਗਾਨੀ ਸੱਜਣਾਂ ਦੀ ਗਲ ਵਿਚ ਪਾਈ,
ਚੁੰਨੀ ਨਾਲ ਢਕਦੀ ਫਿਰਾਂ।' (ਪੰ. 107)
ਕਾਵਿ-ਨਾਇਕਾ ਦੀ ਮੁਹੱਬਤ ਵੇਖੋ :
ਮੈਂ ਕਵਿਤਾ ਹੋ ਗਈ
ਜਦੋਂ ਤੇਰੇ ਮੋਢੇ ਤੇ
ਸਿਰ ਰੱਖ ਕੇ
ਸੌਂ ਗਈ....। (ਪੰ. 21)
ਕਲਮਾਂ ਬਾਰੇ : ਕਲਮਾਂ ਦੀਆਂ ਵੀ ਕਿਸਮਾਂ ਹੋਵਣ
ਸੱਚ ਦੀ ਸਿਆਹੀ ਨਾ ਹਰੇਕ ਅੰਦਰ... (ਪੰ. 65)
ਲੇਖਕਾਂ 'ਤੇ ਤੀਖਣ ਵਿਅੰਗ :
ਲੇਖਕ, ਲੇਖਕਾਵਾਂ ਵੱਲ ਅਹੁਲਦੇ
ਤਾਰੀਫ਼ਾਂ ਦੇ ਉੱਚੇ ਪੁਲ ਬੰਨ੍ਹਦੇ
ਨੇੜ ਦੀ ਕੋਸ਼ਿਸ਼ 'ਚ
ਚੀਰਫਾੜ ਦੂਜੇ ਦੀ ਕਰਦੇ
ਇਧਰ ਉਧਰ ਤੁਰਦੇ ਫਿਰ ਵੀ
ਲੇਖਕਾਵਾਂ 'ਤੇ ਕੇਂਦ੍ਰਿਤ ਰਹਿੰਦੇ (ਪੰ. 80)


ਡਾ. ਧਰਮ ਚੰਦ ਵਾਤਿਸ਼
vatish.dharamchand@gmail.com


ਰੰਗ ਸਮੁੰਦਰੋਂ ਪਾਰ ਦੇ
(ਸਫ਼ਰਨਾਮਾ)

ਲੇਖਕ : ਰਾਜਿੰਦਰ ਪਰਦੇਸੀ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 92
ਸੰਪਰਕ : 98140-87063.


ਰਾਜਿੰਦਰ ਪਰਦੇਸੀ ਮੁੱਖ ਤੌਰ 'ਤੇ ਇਕ ਕਵੀ ਹੋ ਗੁਜ਼ਰਿਆ ਹੈ। ਉਸ ਦੀਆਂ ਪ੍ਰਕਾਸ਼ਿਤ ਪੁਸਤਕਾਂ ਵਿਚ ਦੋ ਗ਼ਜ਼ਲ ਸੰਗ੍ਰਹਿ, ਚਾਰ ਕਾਵਿ ਸੰਗ੍ਰਹਿ, ਇਕ ਗੀਤ ਸੰਗ੍ਰਹਿ, ਇਕ ਸੰਪਾਦਿਤ ਸ਼ਿਅਰਾਂ ਦੀ ਪੁਸਤਕ, ਇਕ ਸੰਪਾਦਿਤ ਗ਼ਜ਼ਲ ਸੰਗ੍ਰਹਿ, ਇਕ ਉਰਦੂ ਕਾਵਿ ਸੰਗ੍ਰਹਿ ਸ਼ਾਮਿਲ ਹਨ। ਉਸ ਦੀਆਂ ਤਿੰਨ ਪੁਸਤਕਾਂ (ਗ਼ਜ਼ਲ ਸੰਗ੍ਰਹਿ, ਹਿੰਦੀ ਗ਼ਜ਼ਲ ਸੰਗ੍ਰਹਿ, ਹਿੰਦੀ ਸਫ਼ਰਨਾਮਾ) ਅਜੇ ਛਪਣ-ਗੋਚਰੀਆਂ ਪਈਆਂ ਸਨ ਕਿ ਇਸ ਤੋਂ ਪਹਿਲਾਂ ਹੀ ਉਸ ਨੂੰ ਧੁਰ ਦਰਗਾਹੋਂ ਸਦੀਵੀ ਸੱਦਾ (1.3.2021) ਆ ਗਿਆ। ਪੰਜਾਬੀ ਵਿਚ ਸਭ ਤੋਂ ਪਹਿਲਾਂ ਲਾਲ ਸਿੰਘ ਕਮਲਾ ਅਕਾਲੀ ਨੇ 1930 ਵਿਚ 'ਮੇਰਾ ਵਲੈਤੀ ਸਫ਼ਰਨਾਮਾ' ਪ੍ਰਕਾਸ਼ਿਤ ਕਰਵਾਇਆ। ਉਸ ਤੋਂ ਬਾਅਦ ਸਮੇਂ-ਸਮੇਂ ਪੰਜਾਬੀ ਲੇਖਕਾਂ ਨੇ ਵਿਭਿੰਨ ਦੇਸ਼ਾਂ ਦੀ ਯਾਤਰਾ ਕਰਕੇ ਆਪਣੇ ਅਨੁਭਵਾਂ ਨੂੰ ਪਾਠਕਾਂ ਨਾਲ ਸਾਂਝਾ ਕੀਤਾ। ਇਸੇ ਪ੍ਰਕਰਣ ਵਿਚ ਰਾਜਿੰਦਰ ਪਰਦੇਸੀ ਦਾ ਹਥਲਾ ਸਫ਼ਰਨਾਮਾ ਹੈ। ਇਸ ਸਫ਼ਰਨਾਮੇ ਦੇ ਕੁੱਲ 15 ਕਾਂਡ ਹਨ, ਜਿਨ੍ਹਾਂ ਦੇ ਸਿਰਲੇਖ ਇਕ, ਦੋ, ਤਿੰਨ ਕਰਕੇ ਦਿੱਤੇ ਗਏ ਹਨ। ਸਾਰੇ ਹੀ ਕਾਂਡਾਂ ਦੇ ਸ਼ੁਰੂ ਵਿਚ ਲੇਖਕ ਨੇ ਆਪਣੀਆਂ ਗ਼ਜ਼ਲਾਂ ਦਾ ਕੋਈ ਨਾ ਕੋਈ ਸ਼ਿਅਰ ਦਿੱਤਾ ਹੈ ਤੇ ਵਿਚ-ਵਿਚ ਵੀ ਬਹੁਤ ਥਾਵਾਂ 'ਤੇ ਸ਼ਿਅਰੋ-ਸ਼ਾਇਰੀ ਕੀਤੀ ਹੈ, ਪਰਦੇਸੀ ਗ਼ਜ਼ਲਗੋ ਜੋ ਠਹਿਰਿਆ!
ਇਸ ਪੁਸਤਕ ਵਿਚ ਇੰਗਲੈਂਡ ਦੀ ਅੰਬੈਸੀ ਦਿੱਲੀ ਵਿਚ ਇੰਗਲੈਂਡ ਜਾਣ ਲਈ ਵੀਜ਼ਾ ਲੱਗਣ ਸਮੇਂ ਕੀਤੀ ਭੱਜਦੌੜ, ਇੰਟਰਵਿਊ, ਫਰਾਂਸ (ਜਿੱਥੇ ਉਸ ਦਾ ਬੇਟਾ ਤੇਜਿੰਦਰ ਮਨਚੰਦਾ ਰਹਿੰਦਾ ਹੈ) ਦਾ ਵੀਜ਼ਾ ਨਾ ਲੱਗਣਾ, ਪਰਮਿੰਦਰ ਵਿਰਦੀ ਦਾ ਹਵਾਈ ਅੱਡੇ ਛੱਡਣ ਜਾਣਾ, ਜਹਾਜ਼ ਦੀ ਯਾਤਰਾ ਸਮੇਂ ਬਾਹਰਲੇ ਦ੍ਰਿਸ਼, ਬਰਮਿੰਘਮ ਵਿਖੇ ਦਲਵੀਰ ਸੁਮਨ ਹਲਵਾਰਵੀ ਵਲੋਂ ਸਵਾਗਤ, ਰਣਜੀਤ ਰਾਣਾ ਵਲੋਂ ਸੋਹੋ ਰੋਡ ਤੇ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ, ਰਾਣਾ ਵਲੋਂ ਪੰਜਾਬੀਆਂ ਦੇ ਇੰਗਲੈਂਡ ਤੇ ਗੋਰਿਆਂ ਦੇ ਇੰਗਲੈਂਡ ਦੇ ਦਰਸ਼ਨ, ਨਵੰਬਰ ਮਹੀਨੇ ਦੀ ਦੀਵਾਲੀ ਦੀ ਰਾਤ ਦਾ ਤਿਉਹਾਰ ਇੰਗਲੈਂਡ ਵਿਚ ਮਨਾਉਣਾ, ਟੀ.ਵੀ. 'ਤੇ ਰਿਕਾਰਡਿੰਗ, ਬੱਸ ਰਾਹੀਂ ਬਰਮਿੰਘਮ ਤੇ ਗਲਾਸਗੋ ਦੀ ਯਾਤਰਾ, ਸਵਰਗੀ ਢਾਡੀ ਦਇਆ ਸਿੰਘ ਦਿਲਬਰ ਦੇ ਬੇਟੇ ਦਲਜੀਤ ਸਿੰਘ ਦਿਲਬਰ ਦੇ 'ਆਵਾਜ਼ ਰੇਡੀਓ' ਲਈ ਲਾਈਵ ਪ੍ਰੋਗਰਾਮ, ਪੈਨਸ਼ਨਰਾਂ/ਬਜ਼ੁਰਗਾਂ ਲਈ ਮੁਫ਼ਤ ਸਫ਼ਰ ਦੀ ਸਹੂਲਤ, ਟੂਆਰਜ਼ ਕਮਿਊਨਿਟੀ ਰਿਸੋਰਸ ਸੈਂਟਰ ਵੁਲਵਰਹੈਂਪਟਨ ਵਿਖੇ ਸਨਮਾਨ ਸਮਾਰੋਹ, 'ਮਨ-ਜਿੱਤ' ਅਖ਼ਬਾਰ ਦੇ ਸੰਪਾਦਕ ਕਰਮ ਸਿੰਘ ਕਰਮ ਨਾਲ ਇੰਟਰਵਿਊ, ਯੂ.ਕੇ. ਦਾ ਇਤਿਹਾਸ, ਸਾਫ਼-ਸਫ਼ਾਈ, ਟੀ.ਵੀ. 'ਤੇ ਰਿਕਾਰਡਿੰਗ, ਸਫ਼ਰ ਸਮੇਂ ਕਾਨੂੰਨਾਂ ਤੇ ਨਿਯਮਾਂ ਦੀਆਂ ਪਾਬੰਦੀਆਂ, ਇੰਗਲੈਂਡ ਵਿਚ ਕਿੱਲੋਮੀਟਰ ਦੀ ਥਾਂ ਮੀਲ ਦੇ ਪੈਮਾਨੇ ਆਦਿ ਨੂੰ ਬੜੇ ਹੀ ਦਿਲਚਸਪ ਤੇ ਰੌਚਕ ਢੰਗ ਨਾਲ ਪੇਸ਼ ਕੀਤਾ ਗਿਆ ਹੈ।
ਸ਼ਾਇਰੀ ਦੇ ਸ਼ੌਕੀਨਾਂ ਲਈ ਵੀ ਇਸ ਸਫ਼ਰਨਾਮੇ ਵਿਚ ਚੰਗਾ ਮਸਾਲਾ ਹੈ। ਇਨ੍ਹਾਂ 15 ਕਾਂਡਾਂ ਵਿਚ ਪਰਦੇਸੀ ਦੇ ਚੋਣਵੇਂ 57 ਸ਼ਿਅਰ ਥਾਂ-ਪੁਰ-ਥਾਂ ਜੜੇ ਹੋਏ ਹਨ। ਪੁਸਤਕ ਦਾ ਸਰਵਰਕ ਤੇ ਫੋਟੋ-ਸਜਾਵਟ ਪਰਦੇਸੀ ਦੇ ਪੈਰਿਸ ਰਹਿੰਦੇ ਚਿੱਤਰਕਾਰ ਬੇਟੇ ਵਲੋਂ ਤਿਆਰ ਕੀਤੀ ਗਈ ਹੈ। ਇਸ ਸਫ਼ਰਨਾਮੇ ਵਿਚ ਪਰਦੇਸੀ ਨੇ ਵੇਖੀਆਂ ਗਈਆਂ ਵਿਭਿੰਨ ਥਾਵਾਂ ਦੇ ਨਾਲ-ਨਾਲ ਮਹਿਮਾਨ ਨਿਵਾਜ਼ੀ ਅਤੇ ਰੂਬਰੂ ਪ੍ਰੋਗਰਾਮਾਂ ਦਾ ਖ਼ੂਬ ਬਿਰਤਾਂਤ ਪੇਸ਼ ਕੀਤਾ ਹੈ।


ਪ੍ਰੋ: ਨਵ ਸੰਗੀਤ ਸਿੰਘ
ਮੋ: 94176-92015


ਰੂਹਾਨੀਅਤ ਦੇ ਸ਼ਹਿਨਸ਼ਾਹ
ਸ੍ਰੀ ਗੁਰੂ ਰਵਿਦਾਸ ਜੀ

ਲੇਖਕ : ਪ੍ਰਿੰ: ਆਰ. ਕੇ ਪਵਾਰ
ਪ੍ਰਕਾਸ਼ਕ : ਬਸੰਤ-ਸੁਹੇਲ ਪਬਲੀਕੇਸ਼ਨ, ਫਗਵਾੜਾ
ਮੁੱਲ : 300 ਰੁਪਏ, ਸਫ਼ੇ : 154
ਸੰਪਰਕ : 98785-60181.


ਹਥਲੀ ਪੁਸਤਕ ਦੇ ਸਿਰਲੇਖ ਤੋਂ ਇਹ ਗੱਲ ਭਲੀ-ਭਾਂਤ ਸਮਝ ਵਿਚ ਆਉਂਦੀ ਹੈ ਕਿ ਸ੍ਰੀ ਗੁਰੂ ਰਵਿਦਾਸ ਜੀ ਦੀ ਪਾਵਨ ਬਾਣੀ ਅਤੇ ਉਨ੍ਹਾਂ ਦਾ ਜੀਵਨ ਰਹੱਸਮਈ ਅਨੁਭਵ ਦੀ ਰੰਗਤ ਦਾ ਉੱਤਮ ਨਮੂਨਾ ਹੈ। ਉਨ੍ਹਾਂ ਸਾਰਾ ਜੀਵਨ ਰੂੜ੍ਹੀਵਾਦੀ ਪਰੰਪਰਾ ਅਤੇ ਫੋਕੇ ਧਾਰਮਿਕ ਅਡੰਬਰਾਂ ਦਾ ਭੰਡਨ ਅਤੇ ਯਥਾਰਥਿਕ ਪ੍ਰਸਥਿਤੀਆਂ ਨੂੰ ਉਜਾਗਰ ਕਰਨ ਵਿਚ ਬਤੀਤ ਕੀਤਾ। ਇਸੇ ਕਰਕੇ ਉਨ੍ਹਾਂ ਨੂੰ 'ਰੂਹਾਨੀਅਤ ਦੇ ਸ਼ਹਿਨਸ਼ਾਹ' ਦੇ ਸਿਰਲੇਖ ਨਾਲ ਯਾਦ ਕੀਤਾ ਗਿਆ ਹੈ। ਸ੍ਰੀ ਗੁਰੂ ਰਵਿਦਾਸ ਜੀ ਅਨੁਸਾਰ ਜਦੋਂ ਇਨਸਾਨ ਉੱਤਮ ਅਤੇ ਗੁਣਾਤਮਿਕ ਕਾਰਜਾਂ ਕਰਕੇ ਉੱਚ ਮੰਜ਼ਿਲਾਂ ਦਾ ਰਾਹੀ ਬਣ ਜਾਂਦਾ ਹੈ, ਫਿਰ ਸਮਾਜਿਕ ਪ੍ਰਸਥਿਤੀਆਂ ਅਤੇ ਸਮਾਜਿਕ ਹੱਦਬੰਦੀਆਂ ਉਸ ਦਾ ਕੁਝ ਵੀ ਨਹੀਂ ਵਿਗਾੜ ਸਕਦੀਆਂ। ਸ਼ਬਦ ਦੀ ਬਰਕਤ ਅਤੇ ਉਸ ਪ੍ਰਭੂ ਦੀ ਬੰਦਗੀ ਆਪਣੇ ਪਿਆਰੇ ਦਾ ਜੀਵਨ ਬਦਲ ਦਿੰਦੀ ਹੈ। ਲੇਖਕ ਨੇ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਉਸ ਸਮੇਂ ਦੀ ਰਾਜਨੀਤਕ, ਸਮਾਜਿਕ ਅਤੇ ਸੱਭਿਆਚਾਰਕ ਪੱਖ ਨੂੰ ਪੇਸ਼ ਕਰਕੇ ਕਰਮ-ਕਾਂਡਾਂ, ਫੋਕੀਆਂ ਰਸਮਾਂ ਅਤੇ ਪਖੰਡਾਂ ਦਾ ਜ਼ਿਕਰ ਭਾਵਪੂਰਤ ਸ਼ਬਦਾਂ ਵਿਚ ਕੀਤਾ ਹੈ।
ਲੇਖਕ ਨੇ ਪੁਸਤਕ ਦੇ ਪਹਿਲੇ ਹਿੱਸੇ ਵਿਚ ਸ੍ਰੀ ਗੁਰੂ ਰਵਿਦਾਸ ਜੀ ਦੇ ਸੰਸਾਰ ਵਿਚ ਆਉਣ ਤੋਂ ਪਹਿਲਾਂ ਲੇਖ ਵਿਚ ਮਨੁੱਖਤਾ ਦੇ ਮਸੀਹਾ, ਜਨਮ, ਮਾਤਾ ਪਿਤਾ, ਸ੍ਰੀ ਗੁਰੂ ਰਵਿਦਾਸ ਦਾ ਗੁਰੂ ਕੌਣ, ਮਨੁੱਖ ਅਤੇ ਧਰਮ ਵਿਸ਼ੇ 'ਤੇ ਵਿਚਾਰ ਕਰਦਿਆਂ, ਧਰਮ ਕਿਉਂ, ਧਰਮ ਅਤੇ ਧਨ, ਧਰਮ ਅਤੇ ਵਿਗਿਆਨ, ਧਰਮ ਦੇ ਉਪਾਸ਼ਕ ਅਤੇ ਅਗਲੇ ਹਿੱਸੇ ਵਿਚ ਸ੍ਰੀ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਤੇ ਵਿਚਾਰਾਂ ਦੀ ਸਾਂਝ ਕੀਤੀ ਹੈ, ਜਿਸ ਵਿਚ ਮਨੁੱਖਾ ਜੀਵਨ ਦਾ ਮਨੋਰਥ, ਪ੍ਰਭੂ ਨਾਲ ਪਿਆਰ, ਨੀਵਿਆਂ ਨੂੰ ਉੱਚੇ ਕਰਨਾ, ਹਉਮੈ ਦਾ ਤਿਆਗ, ਕਰਮਕਾਂਡੀ ਪੂਜਾ ਤੋਂ ਕਿਨਾਰਾ, ਮਾਇਆ ਵਿਚ ਖਚਤ ਮਨੁੱਖ ਦੀ ਦਸ਼ਾ, ਸੰਗਤ ਦਾ ਮਹੱਤਵ, ਪ੍ਰਭੂ ਸਿਮਰਨ, ਮਨੁੱਖ ਦੀ ਹਸਤੀ ਅਤੇ ਵਿਚਾਰ, ਪ੍ਰਭੂ ਕਿਵੇਂ ਆਪਣੇ ਪਿਆਰਿਆਂ ਨੂੰ ਕੰਠ ਨਾਲ ਲਾਉਂਦਾ, ਪਾਪੀਆਂ ਦਾ ਉਧਾਰ, ਉਸ ਪ੍ਰਭੂ ਦੀ ਸਰਬ-ਵਿਆਪਕਤਾ, ਮੁਕਤੀ ਤੇ ਪਰਮ ਅਨੰਦ ਦਾ ਜ਼ਿਕਰ ਸੰਖੇਪ ਰੂਪ ਵਿਚ ਕੀਤਾ ਹੈ। ਪੁਸਤਕ ਦੇ ਅਗਲੇਰੇ ਵੱਡੇ ਹਿੱਸੇ ਵਿਚ ਸ੍ਰੀ ਗੁਰੂ ਰਵਿਦਾਸ ਜੀ ਦੀ ਪਾਵਨ ਬਾਣੀ ਦਾ ਮੂਲ ਪਾਠ, ਸ਼ਬਦਾਰਥ ਅਤੇ ਵਿਆਖਿਆ ਕੀਤੀ ਗਈ ਹੈ। ਅੰਤ ਵਿਚ ਸਹਾਇਕ ਪੁਸਤਕਾਂ ਵਿਚੋਂ ਦਿੱਤੇ ਹਵਾਲੇ ਅਤੇ ਟਿੱਪਣੀਆਂ ਦਾ ਜ਼ਿਕਰ ਵੀ ਕੀਤਾ ਹੈ। ਸਮੁੱਚੇ ਰੂਪ ਵਿਚ ਲੇਖਕ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ।


ਭਗਵਾਨ ਸਿੰਘ ਜੌਹਲ
ਮੋ: 98143-24040.
c c c


ਰੋਵੇ ਧਰਤ ਪੰਜਾਬ ਦੀ

ਲੇਖਕ : ਮੱਲ ਸਿੰਘ ਚੀਮਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 84
ਸੰਪਰਕ : 0172-4027552.


ਮੱਲ ਸਿੰਘ ਚੀਮਾ ਕਈ ਦਹਾਕਿਆਂ ਤੋਂ ਕੈਨੇਡਾ ਦੀ ਧਰਤੀ 'ਤੇ ਰਹਿ ਰਿਹਾ ਹੈ ਪਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਜੁੜਿਆ ਹੋਇਆ ਹੈ। ਉਸ ਦਾ ਇਕ ਗੀਤ-ਸੰਗ੍ਰਹਿ 'ਬੁੜ੍ਹਾ ਹਵੇਲੀ ਕੱਢ ਦਿੱਤਾ' ਪ੍ਰਕਾਸ਼ਿਤ ਹੋ ਚੁੱਕਾ ਹੈ। ਵੱਖ-ਵੱਖ ਗਾਇਕਾਂ ਨੇ ਉਸ ਦੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। 'ਰੋਵੇ ਧਰਤ ਪੰਜਾਬ ਦੀ' ਉਸ ਦਾ ਦੂਜਾ ਗੀਤ ਸੰਗ੍ਰਹਿ ਹੈ, ਜਿਸ ਦੇ ਗੀਤਾਂ ਵਿਚੋਂ ਪੰਜਾਬ ਦੇ ਸਮਾਜਿਕ ਤੇ ਸੱਭਿਆਚਾਰਕ ਜੀਵਨ ਦੀ ਝਲਕ ਦਿਖਾਈ ਦਿੰਦੀ ਹੈ। ਪੰਜਾਬ ਦਾ ਕਿਸਾਨ ਪੋਹ ਮਾਘ ਦੀਆਂ ਕਕਰੀਲੀਆਂ ਰਾਤਾਂ ਅਤੇ ਜੇਠ ਹਾੜ੍ਹ ਦੀਆਂ ਤਪਦੀਆਂ ਧੁੱਪਾਂ ਵਿਚ ਹੱਡ-ਤੋੜਵੀਂ ਮਿਹਨਤ ਕਰਦਾ ਹੈ ਪਰ ਫਿਰ ਵੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਬਣਿਆ ਰਹਿੰਦਾ ਹੈ। ਅਨਪੜ੍ਹਤਾ, ਅਗਿਆਨਤਾ ਤੇ ਪੁਰਾਣੀ ਸੋਚ ਕਾਰਨ ਨਸ਼ਿਆਂ ਦਾ ਆਦੀ ਹੋ ਕੇ ਕਰਜ਼ਿਆਂ ਦੇ ਬੋਝ ਹੇਠ ਦੱਬਿਆ ਰਹਿੰਦਾ ਹੈ :
-ਅੱਜ ਲੱਖਾਂ ਮਾਵਾਂ ਰੋਂਦੀਆਂ,
ਜਿਨ੍ਹਾਂ ਦੇ ਪੁੱਤਾਂ ਨੂੰ ਖਾ ਗਿਆ ਚਿੱਟਾ।
ਨਸ਼ਾ ਮਾਫ਼ੀਆ ਨੂੰ ਵੋਟਾਂ ਪਾਣ ਦਾ,
ਓਏ ਕੀ ਨਿਕਲਿਆ ਸਿੱਟਾ।
-ਨਾ ਕਰੋ ਓਏ ਨਾ ਕਰੋ,
ਬਦਨਾਮ ਆਪਣੇ ਹੀ ਦੇਸ਼ ਨੂੰ,
ਬਦਲੋ ਓਏ ਬਦਲੋ ਨੌਜੁਆਨੋ,
ਬਦਲੋ ਆਪਣੀ ਸੋਚ ਨੂੰ।
ਕੁਝ ਕੁ ਗੀਤਾਂ ਦੇ ਸਿਰਲੇਖ ਇਸ ਪ੍ਰਕਾਰ ਹਨ ਤੀਆਂ, ਚੱਲ ਮੇਲੇ ਨੂੰ ਚੱਲੀਏ, ਸਾਡੀ ਸਾਂਝੀਵਾਲਤਾ, ਕਾਤਲ ਧੀਆਂ ਦੇ, ਜ਼ਫ਼ਰਨਾਮਾ, ਸਿੱਖੀ ਦੀ ਭਾਲ, ਊਧਮ ਸਿੰਘ ਸੁਨਾਮੀ, ਆਦਿ। ਛਪਾਈ ਅਤੇ ਦਿੱਖ ਦੇ ਪੱਖੋਂ ਕਿਤਾਬ ਬਹੁਤ ਸੁੰਦਰ ਹੈ।


ਕੰਵਲਜੀਤ ਸਿੰਘ ਸੂਰੀ
ਮੋ: 93573-24241.


ਫੁੱਲ ਕਲੀਆਂ
ਲੇਖਿਕਾ : ਡਾ. ਸਤਿੰਦਰਜੀਤ ਕੌਰ ਬੁੱਟਰ
ਪ੍ਰਕਾਸ਼ਕ : ਅੰਕੁਰ ਪ੍ਰੈੱਸ, ਸਮਾਧ ਰੋਡ, ਬਟਾਲਾ
ਸਫ਼ੇ : 122
ਸੰਪਰਕ : 81958-05111.


'ਫੁੱਲ ਕਲੀਆਂ' ਡਾ. ਸਤਿੰਦਰਜੀਤ ਕੌਰ ਬੁੱਟਰ ਦਾ ਪਲੇਠਾ ਬਾਲ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਡਾ. ਬੁੱਟਰ ਦੇ ਤਿੰਨ ਕਾਵਿ-ਸੰਗ੍ਰਹਿ ਜ਼ਖ਼ਮੀ ਰੂਹ, ਤਿੜਕੇ ਰਿਸ਼ਤੇ, ਨਵੀਆਂ ਪੈੜਾਂ ਅਤੇ ਚਾਰ ਵਾਰਤਕ ਸੰਗ੍ਰਹਿ ਦਰਪਣ, ਧਰਤ ਪੰਜਾਬ ਦੀ, ਸਫ਼ਰ ਸੋਚਾਂ ਦਾ ਅਤੇ ਸ਼ੀਸ਼ਾ ਬੋਲਦਾ ਹੈ ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ। ਬੱਚਿਆਂ ਲਈ ਲਿਖਣਾ ਜਿੰਨਾ ਸੌਖਾ ਲਗਦਾ ਹੈ, ਓਨਾ ਹੀ ਕਠਿਨ ਹੈ ਕਿਉਂਕਿ ਬਾਲ-ਸਾਹਿਤ ਦੀਆਂ ਕੁਝ ਸੀਮਾਵਾਂ ਅਤੇ ਚੁਣੌਤੀਆਂ ਹਨ। ਅਜੋਕੇ ਸਮੇਂ ਵਿਚ ਬੱਚਿਆਂ ਦੀ ਮਾਨਸਿਕਤਾ ਨੂੰ ਸਮਝਣਾ ਅਤੇ ਉਨ੍ਹਾਂ ਦੇ ਸੁਪਨਿਆਂ ਅਨੁਸਾਰ ਲਿਖਣਾ ਜ਼ਿੰਮੇਵਾਰੀ ਦਾ ਕਾਰਜ ਹੈ। ਇਕ ਵਿਦਵਾਨ ਲੇਖਿਕਾ ਵਲੋਂ ਬੱਚਿਆਂ ਲਈ ਲਿਖਣਾ ਇਕ ਸ਼ੁੱਭ ਆਰੰਭ ਹੈ। ਬੱਚੇ ਦੀ ਪਾਲਣਹਾਰ ਮਾਂ ਤੇ ਵਿਸ਼ੇਸ਼ ਤੌਰ 'ਤੇ ਇਸਤਰੀ ਲੇਖਿਕਾ ਬੱਚੇ ਨੂੰ ਜਿੰਨਾ ਨੇੜਿਓਂ ਵੇਖਦੀ ਤੇ ਸਮਝਦੀ ਹੈ, ਉਸ ਦਾ ਆਂਕਣਾ ਬੱਚੇ ਦੇ ਹਾਣ-ਪ੍ਰਵਾਨ ਹੁੰਦਾ ਹੈ। ਡਾ. ਬੁੱਟਰ ਨੇ ਇਸ ਸੰਗ੍ਰਹਿ ਵਿਚ 61 ਬਾਲ ਕਵਿਤਾਵਾਂ ਸੰਜੋਈਆਂ ਹਨ। ਹਰ ਇਕ ਕਵਿਤਾ ਦੀ ਸਾਰਥਿਕਤਾ ਤੇ ਰੌਚਿਕਤਾ ਲਈ ਤਸਵੀਰਾਂ ਵੀ ਦਿੱਤੀਆਂ ਹਨ। ਇੰਜ ਇਹ ਸਚਿੱਤਰ ਕਾਵਿ-ਸੰਗ੍ਰਹਿ ਬਣ ਜਾਂਦਾ ਹੈ। ਬੱਚਿਆਂ ਦੇ ਭਵਿੱਖ ਲਈ ਸ਼ੁੱਭ ਇੱਛਾਵਾਂ ਅਰਪਿਤ ਕਰਦੀ, ਲੇਖਿਕਾ ਬਹੁਤ ਹੀ ਸਰਲ ਸ਼ੈਲੀ ਦਾ ਪ੍ਰਯੋਗ ਕਰਦੀ ਹੈ ਤਾਂ ਜੋ ਬਾਲ ਕਵਿਤਾ ਬੱਚੇ ਦੀ ਜ਼ਬਾਨ 'ਤੇ ਚੜ੍ਹ ਸਕੇ, ਉਹ ਗਾ ਸਕੇ ਤੇ ਅਨੰਦ ਮਾਣ ਸਕੇ। ਬੋਲ ਹਨ :
ਫੁੱਲ ਕਲੀਆਂ ਇਹ ਪਿਆਰੇ-ਪਿਆਰੇ,
ਮਾਂ-ਬਾਪ ਦੀ ਅੱਖ ਦੇ ਤਾਰੇ
ਇਹ ਹੁੰਦੇ ਨੇ ਬੜੇ ਨਿਆਰੇ
ਸੱਚੀਆਂ ਰੂਹਾਂ ਦੇ ਨੇ ਸਾਰੇ।
ਬੱਚਿਆਂ ਨੂੰ ਸਿੱਖਿਆ ਦੇ ਕੇ ਚੰਗੇ ਇਨਸਾਨ ਬਣਾਉਣਾ, ਜੀਵਨ 'ਚ ਸਫਲਤਾ ਪ੍ਰਾਪਤ ਕਰਨੀ, ਆਪਣੀ ਮਾਂ-ਬੋਲੀ, ਦੇਸ਼ ਤੇ ਸੱਭਿਆਚਾਰ ਨੂੰ ਪਿਆਰ ਕਰਨਾ ਇਨ੍ਹਾਂ ਕਵਿਤਾਵਾਂ ਦਾ ਉਦੇਸ਼ ਹੈ। ਤਕਰੀਬਨ ਹਰ ਵਿਸ਼ੇ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਗਈ ਹੈ। ਰੁੱਤਾਂ, ਪੰਛੀ, ਤਿਉਹਾਰ, ਪ੍ਰਦੂਸ਼ਣ, ਖੇਡਾਂ, ਕੁਦਰਤ, ਰਿਸ਼ਤੇ, ਟ੍ਰੈਫਿਕ ਨਿਯਮ, ਕੰਪਿਊਟਰ ਆਦਿ ਕਵਿਤਾਵਾਂ ਬੱਚਿਆਂ ਨੂੰ ਜਾਣਕਾਰੀ ਦੇਣ ਦੇ ਨਾਲ-ਨਾਲ ਉਪਦੇਸ਼ ਵੀ ਦਿੰਦੀਆਂ ਹਨ। ਚੰਗਾ ਹੋਵੇ ਉਪਦੇਸ਼ ਨਾਲੋਂ ਸਹਿਜ-ਸੁਭਾਅ ਵਾਲੀ ਸ਼ੈਲੀ ਅਪਣਾਈ ਜਾਵੇ। ਯਤਨ ਚੰਗਾ ਹੈ।


ਮਨਮੋਹਨ ਸਿੰਘ ਦਾਊਂ
ਮੋ: 98151-23900
c c c


ਰਮਤੇ ਜੋਗੀ-ਵਹਿੰਦੇ ਪਾਣੀ

ਲੇਖਕ : ਰਾਮ ਸਰੁੂਪ ਸ਼ਰਮਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 232
ਸੰਪਰਕ : 94633-31554.


ਹਥਲੀ ਪੁਸਤਕ ਦਾ ਵਿਸ਼ਾ-ਵਸਤੂ ਆਮ ਵਿਸ਼ਿਆਂ ਤੋਂ ਅਲੱਗ ਕਿਸਮ ਦਾ ਹੈ। ਲੇਖਕ ਨੇ ਇਸ ਨੂੰ 'ਭਾਰਤ ਦੀ ਸੈਰ' ਕਿਹਾ ਹੈ। ਸੈਰ ਕਰਨ ਦਾ ਸਬੱਬ ਸਾਰੇ ਵਿਅਕਤੀਆਂ ਦੇ ਹਿੱਸੇ ਨਹੀਂ ਆਉਂਦਾ, ਕਿਉਂ ਜੋ ਅਸੀਂ ਆਪਣੇ ਕੰਮਾਂ-ਕਿੱਤਿਆਂ ਅਤੇ ਕਬੀਲਦਾਰੀ ਦੇ ਝੰਜਟ 'ਚੋਂ ਕਦੇ ਬਾਹਰ ਨਹੀਂ ਨਿਕਲਦੇ। ਇਹੋ ਵੱਡਾ ਕਾਰਨ ਹੈ ਕਿ ਭਾਰਤੀ ਲੋਕਾਂ ਨੂੰ ਵੱਖ-ਵੱਖ ਦਰਸ਼ਨੀ ਸਥਾਨਾਂ ਦੀ ਸੈਰ ਦਾ ਕਰਨ ਦਾ ਸ਼ੌਕ ਬਹੁਤ ਘੱਟ ਹੈ। ਲੇਖਕ ਦੱਸਦਾ ਹੈ ਕਿ ਛੋਟੀਆਂ-ਛੋਟੀਆਂ ਸੈਰਾਂ ਅਸੀਂ ਧਾਰਮਿਕ ਆਸਥਾ ਕਰਕੇ ਕਦੇ-ਕਦਾਈਂ ਲਾਜ਼ਮੀ ਕਰ ਲੈਂਦੇ ਹਾਂ, ਪਰ ਕਈਆਂ ਦੇ ਹਿੱਸੇ ਤਾਂ ਇਹ ਵੀ ਨਹੀਂ ਆਉਂਦੀਆਂ। ਇਸ ਦੇ ਉਲਟ ਵੱਖ-ਵੱਖ ਇਲਾਕਿਆਂ, ਪਹਾੜਾਂ, ਸਥਾਨਾਂ ਦੀਆਂ ਯਾਤਰਾਵਾਂ ਕਰਨ ਦਾ ਸ਼ੌਕ ਰੱਖਣ ਵਾਲੇ ਲੋਕ ਇਕ ਸਥਾਨ ਦੀ ਯਾਤਰਾ ਕਰਨ ਉਪਰੰਤ ਅਗਲੀ ਬਾਰੇ ਸੋਚਣ ਲੱਗ ਜਾਂਦੇ ਹਨ। ਬਿਨਾਂ ਸ਼ੱਕ ਇਹ ਯਾਤਰਾਵਾਂ ਮਨੁੱਖ ਦੀ ਜ਼ਿੰਦਗੀ ਨੂੰ ਤਰੋਤਾਜ਼ਾ ਤੇ ਨਰੋਆ ਰੱਖਦੀਆਂ ਅਤੇ ਸਕੂਨ ਦਿੰਦੀਆਂ ਹਨ। 'ਕੀ ਹੈ ਅੱਜ ਦੀ ਜ਼ਿੰਦਗੀ? ਨਿਰਾ ਖੱਪ ਖੋਰ ਸ਼ਰਾਬਾ, ਧੂ ਘੜੀਸ। ਐਵੇਂ ਹੀ ਕਮਲਿਆਂ ਵਾਂਗ ਭੱਜੇ ਫਿਰਨਾ। ਸ਼ੋਰ-ਸ਼ਰਾਬੇ ਭਰੇ ਬਾਜ਼ਾਰ, ਟਰੱੱਕਾਂ, ਬੱਸਾਂ, ਕਾਰਾਂ, ਸਕੂਟਰਾਂ ਦੀ ਧੂੰਏਂ ਭਰੀ ਹਵਾ ਫੱਕੀ ਜਾਣਾ। ਬੰਦ ਕਮਰਿਆਂ ਦੀ ਹਵਾੜ 'ਚ ਜਿਊਣਾ, ਗੁਸੈਲ ਤੇ ਚਿੜਚਿੜੇ ਸੁਭਾਅ ਦਾ ਬਣ ਕੇ ਪਰਿਵਾਰ ਨਾਲ ਖਹੀ ਜਾਣਾ। ਇਹ ਜ਼ਿੰਦਗੀ ਨੂੰ ਜਿਊਣ ਦਾ ਢੰਗ ਥੋੜ੍ਹੋ ਹੈ' (ਪੰਨਾ 55)। ਲੇਖਕ ਸੈਰ ਕਰਨ ਦੀ ਮਹੱਤਤਾ ਦੇ ਨਾਲ-ਨਾਲ ਬਹੁਤ ਸਾਰੀ ਭੂਗੋਲਿਕ, ਸਮਾਜਿਕ, ਆਰਥਿਕ, ਧਾਰਮਿਕ, ਸੱਭਿਆਚਾਰਕ ਜਾਣਕਾਰੀ ਵੀ ਦਿੰਦਾ ਹੈ। ਲੇਖਕ ਦਾ ਦ੍ਰਿਸ਼ਟੀਕੋਣ ਅਗਾਂਹਵਧੂ ਤੇ ਤਰਕਵਾਦੀ ਹੈ। ਲੇਖਕ ਆਪਣੀਆਂ ਯਾਤਰਾਵਾਂ ਪਿੱਛੇ ਆਪਣੇ ਵਰਗੀ ਸੋਚ ਰੱਖਣ ਵਾਲੀ ਮਿੱਤਰ-ਮੰਡਲੀ ਦਾ ਸਹਿਯੋਗ ਮੰਨਦਾ ਹੈ। ਪੁਸਤਕ 'ਚ ਵੱਖ-ਵੱਖ ਰਾਜਾਂ ਅੰਦਰ ਪੈਂਦੇ ਪਹਾੜਾਂ, ਝਰਨਿਆਂ, ਝੀਲਾਂ, ਨਦੀਆਂ, ਧਾਰਮਿਕ ਸਥਾਨਾਂ, ਗੁਫ਼ਾਵਾਂ ਆਦਿ ਸਬੰਧੀ ਭੂਗੋਲਿਕ ਜਾਣਕਾਰੀ ਦਰਜ ਹੈ। ਲੋਕਾਂ ਦੇ ਕੰਮ-ਕਿੱਤੇ, ਸੁਭਾਅ, ਰਹਿਣ-ਸਹਿਣ ਦੀ ਜਾਣਕਾਰੀ ਮਿਲਦੀ ਹੈ। ਕਾਰਪੋਰੇਟ ਘਰਾਣਿਆਂ ਵਲੋਂ ਦਰਸ਼ਨੀ ਸਥਾਨਾਂ ਨੂੰ ਆਪਣੇ ਆਰਥਿਕ ਮੁਨਾਫ਼ੇ ਲਈ ਵਰਤੇ ਜਾਣ 'ਤੇ ਲੇਖਕ ਚਿੰਤਾ ਪ੍ਰਗਟਾਉਂਦਾ ਹੈ। ਮੁਨਾਫ਼ੇ ਵਾਲਾ ਧੰਦਾ ਵਿਕਸਿਤ ਕਰਨ ਲਈ ਕੁਦਰਤੀ ਸੰਪਤੀ ਨਾਲ ਖਿਲਵਾੜ ਹੋਣਾ ਲਾਜ਼ਮੀ ਹੈ। ਪੁਸਤਕ ਕਾਫ਼ੀ ਜਾਣਕਾਰੀ ਭਰਪੂਰ ਹੈ। ਇਸ ਦਾ ਸਵਾਗਤ ਹੈ।


ਮੋਹਰ ਗਿੱਲ ਸਿਰਸੜੀ
ਮੋ: 98156-59110
c c c


ਆਵਾਜ਼ ਦਿਲ ਦੀ
ਕਵੀ : ਕ੍ਰਿਸ਼ਨ ਚੰਦ ਚੌਧਰੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 82
ਸੰਪਰਕ : 0172-5027429.


ਕਵਿਤਾ ਦਿਲ ਦੇ ਅਹਿਸਾਸਾਂ ਨੂੰ ਬਿਆਨ ਕਰਨ ਦਾ ਖੂਬਸੂਰਤ ਮਾਧਿਅਮ ਹੈ। ਇਸ ਕਾਵਿ ਸੰਗ੍ਰਹਿ ਵਿਚ ਵੀ ਕਵੀ ਨੇ ਬੜੇ ਹੀ ਸਹਿਜ ਕਾਵਿਮਈ ਢੰਗ ਨਾਲ ਆਪਣੇ ਦਿਲ ਦੀ ਆਵਾਜ਼ ਨੂੰ ਸ਼ਬਦਾਂ ਰਾਹੀਂ ਬਿਆਨ ਕੀਤਾ ਹੈ। ਆਪਣੀ ਜ਼ਿੰਦਗੀ ਦੇ ਤਜਰਬਿਆਂ ਨੂੰ ਗ੍ਰਹਿਣ ਕਰਦਿਆਂ ਉਨ੍ਹਾਂ ਨੂੰ ਕਵਿਤਾ ਦੇ ਰੂਪ ਵਿਚ ਪੇਸ਼ ਕਰਦਿਆਂ ਕਵੀ ਜਿੱਥੇ ਕਵਿਤਾ ਵਿਚ ਮੁਹੱਬਤ ਨੂੰ ਉੱਚ ਦਰਜਾ ਦਿੰਦਾ ਹੈ, ਉਥੇ ਹੀ ਉਹ ਜ਼ਿੰਦਗੀ ਨੂੰ ਵੀ ਕਾਵਿਮਈ ਯਾਤਰਾ ਦੇ ਰੂਪ ਵਿਚ ਦੇਖਦਾ ਹੈ। ਇਸ ਲਈ ਉਸ ਨੂੰ ਲਗਦਾ ਹੈ:
ਬੀਤੀ ਜਾ ਰਹੀ ਇਕ ਬਾਤ ਜ਼ਿੰਦਗੀ ਦੀ
ਨਾਲੇ ਲੈ ਜਾ ਰਹੀ ਸੌਗਾਤ ਜ਼ਿੰਦਗੀ ਦੀ
ਕਵੀ ਚੇਤੰਨ ਰੂਪ ਵਿਚ ਆਪਣੇ ਚੌਗਿਰਦੇ ਦੀ ਬਾਤ ਪਾਉਂਦਾ ਹੈ। ਅਜੋਕੇ ਹਾਲਾਤ ਲਈ ਚਿੰਤਿਤ ਹੈ ਪਰ ਚਿੰਤਨ ਅਵਸਥਾ ਵਿਚ ਵੀ ਵਿਚਰਦਾ ਨਜ਼ਰੀਂ ਪੈਂਦਾ ਹੈ। ਉਸ ਦੇ ਇਹ ਅਹਿਸਾਸ ਤੀਖਣ ਰੂਪ ਵਿਚ ਕਵਿਤਾ ਵਿਚ ਉੁੱਭਰਦੇ ਹਨ ਅਤੇ ਉਹ ਕਲਪਨਾ ਦੇ ਨਾਲ-ਨਾਲ ਯਥਾਰਥ ਨੂੰ ਵੀ ਆਪਣੀ ਕਵਿਤਾ ਦੇ ਵਿਸ਼ੇ ਵਜੋਂ ਚੁਣਦਾ ਹੈ। ਇਸੇ ਕਰਕੇ ਜਿੱਥੇ ਉਸ ਦੀ ਕਵਿਤਾ ਪਿਆਰ, ਮੁਹੱਬਤ, ਉਡੀਕ, ਵਿਛੋੜੇ, ਮਿਲਾਪ ਦਾ ਹੁੰਗਾਰਾ ਭਰਦੀ ਹੈ, ਉਥੇ ਹੀ ਇਹ ਸਮਾਜਿਕ ਢਾਂਚੇ 'ਤੇ ਵਿਅੰਗ ਕਰਦੀ ਵੀ ਨਜ਼ਰੀਂ ਪੈਂਦੀ ਹੈ :
ਗੱਦੀ ਦਿਆਂ ਚੱਕਰਾਂ ਵਿਚ ਚੱਕਰ ਖਾਈ ਜਾ ਰਿਹਾ
ਦੇਸ਼ ਆਪਣੇ ਸ਼ਹੀਦਾਂ ਦੀ ਸ਼ਹਾਦਤ ਵਿਸਾਰ ਬੈਠਾ ਹੈ।
ਆਪਣੇ ਅਹਿਸਾਸਾਂ ਦੀ ਇਸ ਯਾਤਰਾ ਨੂੰ ਬਿਆਨ ਕਰਦੀ ਇਸ ਕਾਵਿਮਈ ਯਾਤਰਾ ਵਿਚ ਕਵੀ ਲਈ ਜ਼ਿੰਦਗੀ ਕਿਤੇ ਉਦਾਸ ਬਾਤ ਵਰਗੀ ਹੈ ਅਤੇ ਕਿਤੇ ਉਹ ਰੱਬ ਨੂੰ ਨੇੜੇ ਸਮਝਦਾ ਹੋਇਆ ਆਪਣੇ ਆਪੇ ਨੂੰ ਉਸ ਦਾ ਹਿੱਸਾ ਮੰਨਦਾ ਹੈ। ਉਹ ਲੋਕਾਈ ਦਾ ਦਰਦ ਮਹਿਸੂਸ ਕਰਦਾ ਹੈ :
ਦਰਦ ਗਮਾਂ ਦੇ ਮਾਰੇ ਲੋਕ
ਲੱਭਦੇ ਫਿਰਨ ਸਹਾਰੇ ਲੋਕ
ਕਵਿਤਾ ਦੇ ਸਹਿਜ ਸੁਭਾਅ ਵਰਗੀ ਇਸ ਪੁਸਤਕ ਦੀ ਭਾਸ਼ਾ ਵੀ ਸਰਲ ਅਤੇ ਸਹਿਜ ਹੈ। ਇਹ ਸੱਚ ਹੀ ਕਵੀ ਦੇ ਦਿਲ ਦੀ ਆਵਾਜ਼ ਦੀ ਪੇਸ਼ਕਾਰੀ ਹੈ।


ਡਾ. ਸੁਖਪਾਲ ਕੌਰ ਸਮਰਾਲਾ
ਮੋ: 83606-83823
c c c


ਪਹਿਲਾ ਅਧਿਆਪਕ
ਮੂਲ ਲੇਖਕ : ਚੰਗੇਜ਼ ਆਇਤਮਾਤੋਵ
ਅਨੁਵਾਦਕ : ਕਸ਼ਮੀਰ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 80 ਰੁਪਏ, ਸਫ਼ੇ : 80
ਸੰਪਰਕ : 92090-00001.


ਪਹਿਲਾ ਅਧਿਆਪਕ (ਰੂਸੀ/ਕਿਰਗੀਜ਼ ਨਾਵਲੈੱਟ) ਦੇ ਮੂਲ ਲੇਖਕ ਚੰਗੇਜ਼ ਆਇਤਮਾਤੋਵ ਹਨ ਅਤੇ ਇਸ ਦਾ ਪੰਜਾਬੀ ਵਿਚ ਅਨੁਵਾਦ ਕਸ਼ਮੀਰ ਸਿੰਘ ਨੇ ਕੀਤਾ ਹੈ। ਮੂਲ ਰੂਪ ਵਿਚ ਪਹਿਲੀ ਵਾਰ 1989 ਵਿਚ ਰਾਦੂਗਾ ਪ੍ਰਕਾਸ਼ਨ ਸੋਵੀਅਤ ਯੂਨੀਅਨ ਵਿਚ ਇਹ ਪੁਸਤਕ ਛਪੀ ਸੀ ਅਤੇ ਬਾਅਦ ਵਿਚ ਇਸ ਦਾ ਪੁਨਰ ਪ੍ਰਕਾਸ਼ਨ ਕੀਤਾ ਗਿਆ ਹੈ। ਚੰਗੇਜ਼ ਆਇਤਮਾਤੋਵ ਬਹੁਕੌਮੀ ਸੋਵੀਅਤ ਸਾਹਿਤ ਦਾ ਉੱਘਾ ਲੇਖਕ ਮੰਨਿਆ ਜਾਂਦਾ ਹੈ ਜੋ ਕਿ ਲੈਨਿਨ ਅਤੇ ਰਾਜਕੀ ਪੁਰਸਕਾਰ ਜੇਤੂ ਵੀ ਹੈ, ਜਿਸ ਨੇ ਹੋਰ ਕਾਫੀ ਰਚਨਾਵਾਂ ਵੀ ਪਾਠਕਾਂ ਦੀ ਝੋਲੀ ਵਿਚ ਪਾਈਆਂ ਹਨ। ਇਸ ਨਾਵਲੈੱਟ 'ਪਹਿਲਾ ਅਧਿਆਪਕ' ਵਿਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਸੋਵੀਅਤ ਯੂਨੀਅਨ ਵਿਚ ਸ਼ਾਮਿਲ ਭਰਾਤਰੀ ਰੀਪਬਲਿਕਾਂ ਵਿਚ ਕਿਰਗੀਜੀਆਂ ਵਿਚ ਸੋਵੀਅਤ ਸੱਤਾ ਹੋਂਦ ਵਿਚ ਕਿਵੇਂ ਆਈ? ਇਸ ਦੇ ਨਾਲ ਹੀ ਨਾਵਲੈੱਟ ਦੇ ਪਾਤਰਾਂ ਦੇ ਰੋਲ, ਪਰਪੱਕਤਾ, ਧਾਰਨਾ, ਵੱਖ-ਵੱਖ ਦ੍ਰਿਸ਼ਾਂ ਦਾ ਚਿਤਰਨ ਬਹੁਤ ਵਧੀਆ ਢੰਗ ਨਾਲ ਕੀਤਾ ਗਿਆ ਹੈ। ਇਸ ਵਿਚ ਘਰੇਲੂ ਮਾਹੌਲ ਦੀਆਂ ਗੱਲਾਂ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀ ਵਾਰਤਾਲਾਪ ਵੀ ਕਈ ਕੁਝ ਦੱਸ ਰਹੀ ਹੈ। ਅਲਤਿਨਾਈ ਸੁਲੇਮਾਨੋਵਨਾ ਅਤੇ ਦੂਈਸ਼ੇਨ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਦਿੱਤੀ ਗਈ ਹੈ ਅਤੇ ਉਨ੍ਹਾਂ ਵਲੋਂ ਦੂਸਰਿਆਂ ਲਈ ਕੀਤੇ ਕੰਮ 'ਤੇ ਹਮਦਰਦੀ ਜਿਸ ਤਰ੍ਹਾਂ ਪੇਸ਼ ਕੀਤੀ ਗਈ ਹੈ, ਉਹ ਸ਼ਲਾਘਾਯੋਗ ਹੈ। ਕਈ ਤਰ੍ਹਾਂ ਦੇ ਜੋ ਉਤਰਾਅ-ਚੜ੍ਹਾਅ ਨਾਵਲੈੱਟ ਵਿਚ ਦਰਸਾਏ ਗਏ ਹਨ, ਉਸ ਨੂੰ ਲੇਖਕ ਨੇ ਬੜੀ ਹੀ ਸਹਿਜਤਾ ਨਾਲ ਸਮੇਂ ਤੇ ਸਥਿਤੀ ਅਨੁਸਾਰ ਫਿੱਟ ਕੀਤਾ ਹੈ। ਨਾਵਲੈੱਟ ਵਿਚ ਪੋਪਲਰਾਂ ਦੀ ਤਸਵੀਰ ਵੀ ਵੱਖਰੇ ਢੰਗ ਤੇ ਅੰਦਾਜ਼ ਵਿਚ ਪੇਸ਼ ਕੀਤੀ ਗਈ ਹੈ। ਦੂਈਸ਼ਨ ਦਾ ਬੱਚਿਆਂ ਨਾਲ ਪਿਆਰ ਵਿਵਹਾਰ ਇਕ ਵੱਖਰੀ ਕਿਸਮ ਦਾ ਹੈ, ਜਿਸ ਨੂੰ ਪੜ੍ਹ ਕੇ ਮਨ ਪਸੀਜਿਆ ਜਾਂਦਾ ਹੈ। ਮੂਲ ਲੇਖਕ ਦੀ ਲੇਖਣੀ ਨਾਲ ਅਨੁਵਾਦਕ ਕਸ਼ਮੀਰ ਸਿੰਘ ਨੂੰ ਵੀ ਦਾਦ ਦੇਣੀ ਬਣਦੀ ਹੈ ਜਿਨ੍ਹਾਂ ਨੇ ਨਾਵਲੈੱਟ ਵਿਚ ਸ਼ਬਦਾਵਲੀ, ਵਾਕ ਤਰਤੀਬ ਤੇ ਵਾਰਤਾਲਾਪ ਦੀ ਢੁਕਵੀਂ ਵਰਤੋਂ ਕੀਤੀ ਹੈ।


ਬਲਵਿੰਦਰ ਸਿੰਘ ਸੋਢੀ ਮੀਰਹੇੜੀ
ਮੋ: 92105-88990.
c c c


ਤਿੜਕਦੀ ਹਵੇਲੀ

ਲੇਖਕ : ਸਾਧੂ ਸਿੰਘ ਸੰਘਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 350 ਰੁਪਏ, ਸਫ਼ੇ : 181
ਸੰਪਰਕ : 0172-5027429.


'ਤਿੜਕਦੀ ਹਵੇਲੀ' ਮਾਨਵੀ ਰਿਸ਼ਤਿਆਂ ਦੇ ਬਣਨ ਅਤੇ ਵਿਗੜਨ ਜਾਂ ਤਿੜਕਣ ਦੇ ਪ੍ਰਤੀਕ ਵਜੋਂ ਦੇਖੀ ਜਾ ਸਕਦੀ ਹੈ। ਜਦੋਂ ਮਾਨਵੀ ਰਿਸ਼ਤੇ ਜੁੜਦੇ ਹਨ ਤਾਂ ਘਰ-ਬਾਰ ਹਵੇਲੀਆਂ ਉੱਸਰਨ ਲਗਦੀਆਂ ਹਨ ਤੇ ਜਦੋਂ ਇਹ ਰਿਸ਼ਤੇ ਤਿੜਕਣ ਲਗਦੇ ਹਨ ਤਾਂ ਹਵੇਲੀਆਂ ਤੇ ਘਰ ਵੀ ਤਿੜਕ ਜਾਂਦੇ ਹਨ।
ਵਰਿਆਮ ਸਿੰਘ ਪੰਜਾਬੀ ਗੱਭਰੂ ਹੈ ਜੋ ਕੈਨੇਡਾ, ਅਮਰੀਕਾ ਜਾਂਦਾ-ਜਾਂਦਾ ਸੰਯੋਗਵੱਸ ਮਲਾਇਆ ਚਲਾ ਜਾਂਦਾ ਹੈ। ਆਪਣੀ ਮਿਹਨਤ, ਇਮਾਨਦਾਰੀ ਅਤੇ ਰਸੂਖ ਨਾਲ ਉਹ ਉਥੇ ਖੂਬ ਪੈਸਾ ਕਮਾਉਂਦਾ ਹੈ। ਪੰਜਾਬ ਕੌਰ ਨਾਲ ਵਿਆਹ ਕਰਵਾ ਕੇ ਬਾਲ ਬੱਚੇਦਾਰ ਵੀ ਬਣ ਜਾਂਦਾ ਹੈ। ਪਰ ਇਸ ਤੋਂ ਅਗਾਂਹ ਉਹ ਉਥੋਂ ਦੇ ਜੀਵਨ ਤੋਂ ਉਪਰਾਮ ਹੋ ਕੇ ਆਪਣੇ ਜੱਦੀ ਪਿੰਡ ਵਸ ਜਾਣ ਦੀ ਚਾਹਤ ਪਾਲਣ ਲਗਦਾ ਹੈ। ਇਧਰ ਆ ਕੇ ਉਹ ਆਪਣੇ ਪਿੰਡ ਵਧੀਆ ਤੇ ਵੱਡੀ ਹਵੇਲੀ ਉਸਾਰਦਾ ਹੈ ਤੇ ਆਪਣੀ ਜ਼ਮੀਨ ਦੀ ਸਾਂਭ-ਸੰਭਾਈ ਕਰਨ ਲਗਦਾ ਹੈ। ਪੁੱਤਰ ਸਤਬੀਰ ਨੂੰ ਪੜ੍ਹਾ-ਲਿਖਾ ਕੇ ਪ੍ਰਕਾਸ਼ ਕੌਰ ਨਾਲ ਸ਼ਾਦੀ ਕਰ ਦਿੰਦਾ ਹੈ। ਅਗਾਂਹ ਉਸ ਨੂੰ ਵੀ ਨੌਕਰੀ ਮਿਲ ਜਾਂਦੀ ਹੈ ਤੇ ਉਸ ਦੇ ਵੀ ਬਾਲ ਬੱਚੇ ਹੋ ਜਾਂਦੇ ਹਨ। ਪਰ ਇਥੇ ਆ ਕੇ ਕਹਾਣੀ ਮਰੋੜਾ ਖਾਂਦੀ ਹੈ ਤੇ ਉਸ ਦਾ ਪੁੱਤਰ ਆਪਣੇ ਘਰ ਰੁਕੇ ਇਕ ਪਟਵਾਰੀ ਦੀ ਕੁੜੀ ਸਤਵੰਤ ਵੱਲ ਆਕਰਸ਼ਿਤ ਹੋ ਕੇ ਆਪਣੀ ਵਸਦੀ-ਰਸਦੀ ਕਬੀਲਦਾਰੀ ਨੂੰ ਤਬਾਹ ਕਰ ਲੈਂਦਾ ਹੈ।
ਸਤਵੰਤ ਨਾਲ ਵੀ ਉਸ ਦੀ ਨਹੀਂ ਬਣਦੀ ਤੇ ਹਵੇਲੀ ਤਿੜਕ ਜਾਂਦੀ ਹੈ। ਪ੍ਰਕਾਸ਼ ਕੌਰ ਉਸ ਤੋਂ ਤਲਾਕ ਲੈ ਕੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਲਗਦੀ ਹੈ। ਲੇਖਕ ਇਥੇ ਮੌਕਾਮੇਲ ਤੋਂ ਕੰਮ ਲੈ ਕੇ ਉਸ ਦਾ ਤੇ ਉਸ ਦੀ ਪੁਰਾਣੀ ਪ੍ਰੇਮਿਕਾ ਮਨਜੀਤ ਦਾ ਮੇਲ ਕਰਵਾ ਦਿੰਦਾ ਹੈ ਤੇ ਕਹਾਣੀ ਸੁਖਾਂਤਕ ਮੋੜ ਲੈ ਕੇ ਸਮਾਪਤ ਹੋ ਜਾਂਦੀ ਹੈ। ਨਾਵਲ ਦੀ ਭਾਸ਼ਾ ਮਲਵਈ ਹੈ। ਉਸ ਵਿਚ ਆਂਚਲਿਕਤਾ ਭਾਰੂ ਦਿਖਾਈ ਦਿੰਦੀ ਹੈ। ਉਤਸੁਕਤਾ ਬਣੀ ਰਹਿੰਦੀ ਹੈ। ਰੌਚਿਕਤਾ ਵੀ ਕਾਇਮ ਰਹਿੰਦੀ ਹੈ। ਇਸ ਨਾਵਲ ਵਿਚ ਭਾਨ ਸਿੰਘ ਦੀ ਇਕ ਕਹਾਣੀ ਵੀ ਮੁੱਖ ਕਹਾਣੀ ਦੇ ਸਮਾਂਤਰ ਚਲਦੀ ਹੈ, ਜਿਸ ਨੂੰ ਵਰਿਆਮ ਸਿੰਘ ਨੇ ਕਿਸੇ ਚੋਰੀ ਦੇ ਕੇਸ ਵਿਚੋਂ ਬਚਾਇਆ ਸੀ। ਉਹ ਪੰਜਾਬ ਆ ਕੇ ਵੀ ਵਰਿਆਮ ਸਿੰਘ ਅਤੇ ਉਸ ਦੇ ਟੱਬਰ ਨਾਲ ਰਿਸ਼ਤੇਦਾਰਾਂ ਤੋਂ ਵੀ ਵੱਧ ਨਿਭਦਾ ਹੈ ਤੇ ਇਸ ਟੱਬਰ ਦੀ ਜੀ-ਜਾਨ ਨਾਲ ਮਦਦ ਕਰਦਾ ਹੈ। ਰਤਨੇ ਜਿਹੇ ਬਦਮਾਸ਼ ਗੁਆਂਢੀ ਨੂੰ ਉਹੋ ਹੀ ਸਿੱਧਾ ਕਰਦਾ ਹੈ। ਇਸ ਪੱਖੋਂ ਨਾਵਲ ਮਾਨਵਵਾਦੀ ਕਦਰਾਂ 'ਤੇ ਪਹਿਰਾ ਦਿੰਦਾ ਪ੍ਰਤੀਤ ਹੁੰਦਾ ਹੈ।


ਕੇ. ਐਲ. ਗਰਗ
ਮੋ: 94635-37050


ਸੀਸੁ ਦੀਆ ਪਰੁ ਸੀ ਨਾ ਉਚਰੀ
ਲੇਖਿਕਾ : ਡਾ. ਸਰਬਜੀਤ ਕੌਰ ਸੰਧਾਵਾਲੀਆ
ਪ੍ਰਕਾਸ਼ਕ : ਸਿੱਖ ਲਿਟਰੇਰੀ ਸਟਾਲ ਮਿਡਲੈਂਡ ਯੂ.ਕੇ
ਮੁੱਲ : 350 ਰੁਪਏ, ਸਫ਼ੇ : 344
ਕਿਤਾਬ ਮਿਲਣ ਦਾ ਪਤਾ: ਪੰਜਾਬੀ ਸੱਥ ਲਾਂਬੜਾ, ਜਲੰਧਰ
ਸੰਪਰਕ : 98147-16367.


ਹਥਲੀ ਪੁਸਤਕ ਵਿਚ ਲੇਖਿਕਾ ਨੇ ਸੋਢੀ ਕੁਲ ਦੇ ਆਭੂਸ਼ਣ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਾਨ ਜੀਵਨ, ਫਲਸਫੇ, ਸਫ਼ਰਾਂ, ਉਪਦੇਸ਼ਾਂ, ਬਾਣੀ ਅਤੇ ਅਦੁੱਤੀ ਸ਼ਹਾਦਤ ਦੇ ਬਿਆਨ ਨੂੰ 51 ਭਾਗਾਂ ਵਿਚ ਵੰਡਿਆ ਹੈ। ਨੌਵੇਂ ਗੁਰੂ ਜੀ ਦੇ ਇਲਾਹੀ ਪੈਡਿਆਂ ਦੇ ਨਕਸ਼, ਪੰਜਾਬ ਜਿਊਂਦਾ ਗੁਰੂ ਦੇ ਨਾਮ ਤੇ, ਗੁਰ ਲਾਧੋ ਰੇ, ਸਾ ਧਰਤਿ ਹਰੀਆਵਲੀ, ਬਿਲਾਸਪੁਰ, ਸ੍ਰੀ ਅਨੰਦਪੁਰ ਸਾਹਿਬ ਵਸਾਉਣਾ, ਮਾਝੇ, ਦੁਆਬੇ, ਮਾਲਵੇ, ਬਾਂਗਰ ਅਤੇ ਦੇਸ਼ ਦੇ ਹੋਰ ਸੂਬਿਆਂ ਦੀ ਯਾਤਰਾ ਜਿਵੇਂ, ਹਰਿਆਣੇ ਦੇ ਗੁਰ ਅਸਥਾਨ, ਉੱਤਰ ਪੂਰਬ ਦੀ ਯਾਤਰਾ, ਬਿਹਾਰ ਦੇ ਗੁਰੂ ਅਸਥਾਨ, ਆਸਾਮ ਫੇਰੀ, ਸ਼ਹੀਦੀ ਮਾਰਗ ਦੇ ਸੂਹੇ ਨਕਸ਼, ਤੇਗ ਹੇਠ ਬੈਠਣਾ ਹੈ ਇਸ਼ਕ, ਨੌਵੇਂ ਪਾਤਸ਼ਾਹ ਦੇ ਸਿਦਕਵਾਨ ਸਿੱਖ ਅਤੇ ਪ੍ਰੇਮੀ ਆਦਿ। ਗੁਰੂ ਸਾਹਿਬ ਜਿਹੜੇ ਵੀ ਮਾਰਗਾਂ, ਨਗਰਾਂ ਵਿਚ ਦੀ ਲੰਘੇ, ਪੜਾਅ ਕੀਤਾ, ਉਨ੍ਹਾਂ ਸਾਰਿਆਂ ਪਿੰਡਾਂ, ਸ਼ਹਿਰਾਂ, ਨਗਰਾਂ ਵਿਚ ਸੁੰਦਰ ਅਸਥਾਨ ਸੰਗਤਾਂ ਵਲੋਂ ਉਸਾਰੇ ਗਏ ਬਾਰੇ ਸੰਖੇਪ ਤੇ ਭਾਵਪੂਰਤ ਜਾਣਕਾਰੀ ਦਿੱਤੀ ਗਈ ਹੈ। ਪੁਸਤਕ ਗੁਰੂ ਸਾਹਿਬ ਦੀ ਜੀਵਨ ਗਾਥਾ ਬਿਆਨ ਕਰਦੀ ਹੋਈ ਉਨ੍ਹਾਂ ਦੀਆਂ ਯਾਤਰਾਵਾਂ ਤੇ ਸਿਦਕੀ ਸਿੱਖਾਂ/ਪ੍ਰੇਮੀਆਂ ਦਾ ਬਿਉਰਾ ਵੀ ਬਿਆਨ ਕਰਦੀ ਹੈ। ਗੁਰੂ ਜੀ ਨਾਲ ਸਬੰਧਿਤ 12 ਰੰਗਦਾਰ ਤਸਵੀਰਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਕਾਵਿ ਤੇ ਵਾਰਤਕ ਨਾਲ ਦਸ ਦੇ ਕਰੀਬ ਲੇਖਿਕਾ ਦੀਆਂ ਕਿਤਾਬਾਂ ਛਪ ਚੁੱਕੀਆਂ ਹਨ।
ਮਾਝੇ, ਦੁਆਬੇ ਅਤੇ ਮਾਲਵੇ ਦੀ ਧਰਤੀ ਜਿਥੇ ਨੌਵੇਂ ਪਾਤਸ਼ਾਹ ਦੇ ਪਵਿੱਤਰ ਚਰਨ ਪਏ, ਪਹਿਲਾ ਪ੍ਰਕਾਸ਼ ਅਸਥਾਨ ਗੁਰੂ ਕੇ ਮਹਿਲ, ਗੁਰਦੁਆਰਾ ਥੜ੍ਹਾ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ, ਕੋਠਾ ਸਾਹਿਬ ਵੱਲਾ ਅੰਮ੍ਰਿਤਸਰ, ਗੁਰਦੁਆਰਾ ਗੁਰੂ ਕੇ ਬਾਗ, ਸ੍ਰੀ ਤਰਨ ਤਾਰਨ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਖੇਮਕਰਨ ਸਾਹਿਬ, ਚੋਲ੍ਹਾ ਸਾਹਿਬ, ਤਪੋ ਅਸਥਾਨ ਬਾਬਾ ਬਕਾਲਾ, ਸਠਿਆਲਾ, ਕਾਲੇਕੇ, ਗੁਰਦੁਆਰਾ ਅਮਾਨਤਸਰ ਸਾਹਿਬ ਬਿਆਸ ਦਰਿਆ ਕੰਢੇ, ਸ੍ਰੀ ਕਰਤਾਰਪੁਰ ਸਾਹਿਬ, ਪਲਾਹੀ ਨਗਰ, ਹਕੀਮਪੁਰ, ਚੱਕ ਗੁਰੂ, ਨਵਾਂਸ਼ਹਿਰ, ਸ੍ਰੀ ਕੀਰਤਪੁਰ ਸਾਹਿਬ, ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ, ਗੁਰਦੁਆਰਾ ਚਰਨ ਕੰਵਲ ਸਾਹਿਬ, ਗੁਰਦੁਆਰਾ ਕੋਟ ਸਾਹਿਬ ਤਖ਼ਤ ਸਾਹਿਬ, ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਬਿਬਾਣਗੜ੍ਹ ਸਾਹਿਬ ਆਦਿ।
ਇਸੇ ਤਰ੍ਹਾਂ ਮਾਲਵੇ ਦੀ ਯਾਤਰਾ ਦਾ ਵਰਨਣ ਹੈ। ਦੁੱਗਰੀ, ਕੋਟਲੀ, ਕੁਰਾਲੀ, ਗੁਰਦੁਆਰਾ ਪਾਤਿਸ਼ਾਹੀ ਨੌਵੀਂ ਮਾਨਪੁਰ, ਨੰਦਪੁਰ, ਕਲੌੜ, ਰੈਲੋਂ, ਬਹੇੜ, ਰੈਲੀ, ਬਸੀ ਪਠਾਣਾਂ, ਮਕਾਰੋਪੁਰ, ਭਗੜਾਨਾ, ਉਗਾਣੀ, ਨੌ ਲੱਖਾ, ਆਕੜ, ਟਹਿਲਪੁਰਾ, ਸੈਫ਼ਾਬਾਦ, ਮਗਰ ਸਾਹਿਬ, ਬੀਬੀਪੁਰ ਖੁਰਦ, ਬੁੱਧਸੁਰ, ਮਹਿਮਦਪੁਰ ਜੱਟਾਂ, ਰਾਏਪੁਰ, ਸੀਲ, ਸ਼ੇਖੂਪੁਰ, ਹਰਪਾਲਪੁਰ, ਕਬੂਲਪੁਰ-ਹਸਨਪੁਰ, ਨਸ਼ਿਮਲੀ ਅਤੇ ਬਹਿਲਪੁਰ, ਲੰਗ, ਸਿੰਭੜੋ, ਧੰਗੇੜਾ, ਅਗੌਲ, ਰੋਹਟਾ, ਥੂਹੀ ਰਾਮਗੜ੍ਹ ਬੌੜਾਂ, ਗੁਣੀਕੇ, ਆਲੋ ਹਰਖ, ਭਵਾਨੀਗੜ੍ਹ, ਫੱਗੂਵਾਲਾ ਇਹ ਕੋਈ ਇਕ ਸੌ ਦੇ ਕਰੀਬ ਅਸਥਾਨਾਂ ਦਾ ਹਵਾਲਾ ਦਿੱਤਾ ਗਿਆ ਹੈ। ਹਰਿਆਣੇ ਵਿਚ 17 ਕੁ ਅਸਥਾਨ ਨੌਵੇਂ ਪਾਤਸ਼ਾਹ ਨਾਲ ਸਬੰਧਿਤ ਸ਼ਾਮਿਲ ਕੀਤੇ ਗਏ ਹਨ। ਉੱਤਰ ਪੂਰਬ ਦੀ ਯਾਤਰਾ ਤੇ ਗੁਰੂ ਅਸਥਾਨ ਅਧਿਆਏ ਵਿਚ ਹਰਿਦੁਆਰ ਬਾਰੇ ਲੇਖਿਕਾ ਲਿਖਦੀ ਹੈ ਕਿ ਇਸ ਅਸਥਾਨ ਨੂੰ ਪਹਿਲੇ, ਤੀਸਰੇ, ਚੌਥੇ, ਛੇਵੇਂ, ਨੌਵੇਂ ਅਤੇ ਦਸਵੇਂ ਗੁਰੂ ਸਾਹਿਬਾਨ ਦੀ ਚਰਨ ਧੂੜ ਪ੍ਰਾਪਤ ਹੈ। ਗੜ੍ਹ ਮੁਕਤੇਸ਼ਵਰ, ਮਥੁਰਾ, ਇਟਾਵਾ, ਕਾਨਪੁਰ, ਕਾਨੂਪੁਰ, ਕੜਾ ਮਾਣਕਪੁਰ ਅਤੇ ਫਿਰ ਅਯੁੱਧਿਆ ਦਾ ਵਰਨਣ ਹੈ। ਅਯੁੱਧਿਆ ਵਿਚ ਪਹਿਲੇ ਪਾਤਸ਼ਾਹ ਤੇ ਨੌਵੇਂ ਪਾਤਸ਼ਾਹ ਪਧਾਰੇ, ਨਿਜਾਮਾਬਾਦ, ਜੋਨਪੁਰ, ਅਲਾਹਾਬਾਦ ਅਹਰੋਕਾ, ਮਿਰਜ਼ਾਪੁਰ, ਵਾਰਾਨਸੀ, ਗੁ: ਛੋਟੀ ਸੰਗਤ ਜਿਥੇ ਗੁਰੂ ਸਾਹਿਬ ਨਾਲ ਸਬੰਧਿਤ ਕੁਝ ਨਿਸ਼ਾਨੀਆਂ ਵੀ ਮੌਜੂਦ ਹਨ। ਇਸੇ ਤਰ੍ਹਾਂ ਹੀ ਬਿਹਾਰ ਵਿਖੇ 23 ਗੁਰੂ ਅਸਥਾਨ ਨੌਵੇਂ ਪਾ: ਨਾਲ ਸਬੰਧਿਤ ਹਨ, ਦਾ ਵੇਰਵਾ ਦਰਜ ਹੈ। ਬੰਗਾਲ ਤੇ ਬੰਗਲਾ ਦੇਸ਼ ਵਿਚ ਦਸ ਅਸਥਾਨਾਂ ਦਾ ਸੰਖੇਪ ਵੇਰਵਾ ਹੈ। ਨੌਵੇਂ ਗੁਰੂ ਜੀ ਦੀਆਂ ਯਾਤਰਾਵਾਂ ਦਾ ਭਾਵਪੂਰਤ ਤੇ ਬਹੁਤ ਸੰਖੇਪ ਇਤਿਹਾਸ ਇਸ ਪੁਸਤਕ ਵਿਚ ਦਰਜ ਹੈ।
ਡਾ. ਸਾਹਿਬਾ ਲਿਖਦੀ ਹੈ ਗੁਰੂ ਜੀ ਦਾ ਸਮੁੱਚਾ ਜੀਵਨ ਅਛੋਹ ਸਿਖਰਾਂ ਦੀ ਕਹਾਣੀ ਹੈ। ਪਾਕੀਜ਼ਗੀ, ਸੰਜੀਦਗੀ, ਸਹਿਣਸ਼ੀਲਤਾ, ਸਹਿਜ, ਧੀਰਜ, ਮਿੱਠਤ, ਪ੍ਰੇਮ ਅਤੇ ਕਰੁਣਾ ਦੇ ਸਰੂਪ ਦਰਵੇਸ਼ ਪਾਤਸ਼ਾਹ ਜੀ ਨੇ ਧਰਮ, ਅਣਖ, ਸੱਚ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਆਪਣੇ-ਆਪ ਨੂੰ ਵੀ ਕੁਰਬਾਨ ਕਰ ਦਿੱਤਾ। ਇਸ ਪੁਰਤੇਜ, ਪੁਰਨੂਰ, ਪਰਮਸੁੰਦਰ, ਤਿਆਗ ਵੈਰਾਗ ਦੀ ਮੂਰਤ ਨੂੰ ਯਾਦ ਕਰਨ ਦਾ ਸੁਭਾਗ ਬਖਸ਼ਦੇ ਹੋਏ ਦਸਵੇਂ ਪਾਤਸ਼ਾਹ ਜੀ ਅਰਦਾਸ ਵਿਚ ਫ਼ਰਮਾਉਂਦੇ ਹਨ : ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ॥ ਗੁਰੂ ਜੀ ਨੇ ਜਗਤ ਦੀ ਪੀੜਾ ਹਰਨ ਲਈ ਅੱਠ ਹਜ਼ਾਰ ਮੀਲ ਦਾ ਸਫ਼ਰ ਕੀਤਾ ਅਤੇ ਰਾਹਾਂ ਵਿਚ ਰੁੱਖ ਬੂਟੇ ਲਗਾਏ, ਖੂਹ, ਟੋਭੇ ਬਣਵਾਏ, ਅਨਾਥਾਂ, ਨਿਮਾਣਿਆਂ ਦਾ ਦਰਦ ਵੰਡਾਇਆ। ਉਨ੍ਹਾਂ ਸਮਿਆਂ ਵਿਚ ਜਦੋਂ ਇਸਤਰੀ ਦੇ ਨਾਂਅ 'ਤੇ ਕੋਈ ਜਾਇਦਾਦ ਨਹੀਂ ਸੀ ਹੁੰਦੀ, ਸ੍ਰੀ ਅਨੰਦਪੁਰ ਸਾਹਿਬ ਦੀ ਜ਼ਮੀਨ ਖ਼ਰੀਦ ਕੇ ਆਪਣੀ ਮਾਤਾ ਜੀ ਦੇ ਨਾਂਅ ਚੱਕ ਨਾਨਕੀ ਰੱਖਿਆ। ਆਪ ਜੀ ਦੀ ਪਾਵਨ ਛੋਹ ਨਾਲ ਸੁੱਕੇ ਬਾਗ਼ ਹਰੇ ਹੋ ਗਏ, ਕੌੜੀਆਂ ਨਿੰਮਾਂ ਮਿੱਠੀਆਂ ਹੋ ਗਈਆਂ, ਰੁੱਖ ਬਿਰਖ ਸਰਸ਼ਾਰ ਹੋ ਗਏ। ਕਾਵਿ, ਕਲਾ, ਰਾਗ ਦੇ ਧਨੀ ਸਾਜ਼ ਨਿਵਾਜ ਮਹਾਂਦਾਨੀ ਪਾਤਸ਼ਾਹ ਜੀ ਨੇ ਆਪਣੇ ਅਦੁੱਤੀ ਸਰੀਰ ਦੀ ਚਾਦਰ ਨਾਲ ਸਭ ਦੀ ਸ਼ਰਮ ਧਰਮ ਨੂੰ ਕੱਜ ਲਿਆ। ਪੁਸਤਕ ਇਤਿਹਾਸਕ ਵੇਰਵਿਆਂ ਦੇ ਖੋਜਾਰਥੀਆਂ ਲਈ ਲਾਹੇਵੰਦੀ ਹੈ। ਲੇਖਿਕਾ ਨੇ ਨੌਵੇਂ ਪਾਤਸ਼ਾਹ ਨਾਲ ਸਬੰਧਿਤ ਨਾਵਾਂ ਥਾਵਾਂ ਨੂੰ ਇਕੱਤਰ ਕਰਨ ਲਈ ਚੰਗੀ ਘਾਲਣਾ ਘਾਲੀ ਹੈ।


ਦਿਲਜੀਤ ਸਿੰਘ ਬੇਦੀ

28-08-2021

 ਕਿਸਾਨੀ ਸੰਕਟ
ਪਰਤ ਦਰ ਪਰਤ
ਸੰਪਾਦਕ : ਸਟਾਲਿਨਜੀਤ ਸਿੰਘ ਬਰਾੜ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ (ਪੰਜਾਬ)
ਮੁੱਲ : 200 ਰੁਪਏ, ਸਫ਼ੇ : 216
ਸੰਪਰਕ : 97806-14402.

ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸ਼ੁਰੂ ਹੋਏ ਵਿਸ਼ਾਲ ਕਿਸਾਨ ਅੰਦੋਲਨ ਨੇ ਸਾਡੇ ਬੁੱਧੀਜੀਵੀਆਂ, ਵਿਦਿਆਰਥੀਆਂ, ਲੇਖਕਾਂ ਅਤੇ ਵਾਤਾਵਰਨ-ਵਿਗਿਆਨੀਆਂ ਦਾ ਧਿਆਨ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਨਾਲ ਕੀਤੇ ਜਾ ਰਹੇ ਧੱਕੇ ਵੱਲ ਖਿੱਚਿਆ ਹੈ। ਇਹ ਬੜੇ ਸੰਤੋਖ ਦੀ ਗੱਲ ਹੈ ਕਿ ਨਾ ਕੇਵਲ ਪੰਜਾਬ ਦਾ ਹਰ ਦਾਨਿਸ਼ਵਰ ਕਿਸਾਨਾਂ ਨਾਲ ਵਚਨਬੱਧ ਹੈ ਬਲਕਿ ਪੂਰੀ ਦੁਨੀਆ ਦੇ ਪ੍ਰਗਤੀਸ਼ੀਲ ਲੇਖਕ ਅਤੇ ਬੁੱਧੀਜੀਵੀ ਵੀ ਕਿਸਾਨਾਂ ਦੇ ਨਾਲ ਖੜ੍ਹੇ ਹੋ ਕੇ ਉਨ੍ਹਾਂ ਨੂੰ ਉਤਸ਼ਾਹਿਤ ਅਤੇ ਪ੍ਰੇਰਿਤ ਕਰ ਰਹੇ ਹਨ। ਇਸ ਦੌਰਾਨ ਪੰਜਾਬ ਦੀਆਂ ਵਿਭਿੰਨ ਯੂਨੀਵਰਸਿਟੀਆਂ ਦੇ ਅਧਿਆਪਕ, ਵਿਦਿਆਰਥੀ ਅਤੇ ਚਿੰਤਕ ਇਸ ਸੰਕਟ ਦੀ ਸਮਝ ਅਤੇ ਸਮਾਧਾਨ ਲਈ ਬੜੇ ਨਿੱਗਰ ਉਪਰਾਲੇ ਵੀ ਕਰ ਰਹੇ ਹਨ। ਸਟਾਲਿਨਜੀਤ ਸਿੰਘ ਬਰਾੜ ਖ਼ੁਦ ਇਕ ਪ੍ਰਗਤੀਸ਼ੀਲ ਸਕਾਲਰ ਹੈ।
ਸੰਪਾਦਕ ਨੇ ਇਸ ਪੁਸਤਕ ਦੀ ਵਸਤੂ-ਸਮੱਗਰੀ ਨੂੰ ਚਾਰ ਭਾਗਾਂ ਵਿਚ ਵੰਡਿਆ ਗਿਆ ਹੈ 1. ਕਿਸਾਨੀ ਅੰਦੋਲਨਾਂ ਦੀ ਵਿਰਾਸਤ (ਇਤਿਹਾਸਕ ਸਰਵੇਖਣ, 6 ਲੇਖ), 2. ਖੇਤੀ ਅੰਦੋਲਨਾਂ ਦਾ ਸਮਕਾਲ, 22 ਲੇਖ), 3. ਕਿਸਾਨ ਅੰਦੋਲਨ : ਔਰਤਾਂ ਅਤੇ ਮਜ਼ਦੂਰ, 4 ਲੇਖ), 4. ਕਿਸਾਨ ਅੰਦੋਲਨ ਅਤੇ ਸੱਭਿਆਚਾਰ, 7 ਲੇਖ)। ਇਨ੍ਹਾਂ ਵਿਚੋਂ ਬਹੁਤੇ ਲੇਖ ਸਮੇਂ-ਸਮੇਂ ਅਖ਼ਬਾਰਾਂ, ਰਿਸਾਲਿਆਂ ਵਿਚ ਪ੍ਰਕਾਸ਼ਿਤ ਹੋ ਚੁੱਕੇ ਹਨ ਤਾਂ ਵੀ ਇਕ ਪੁਸਤਕ ਦੇ ਰੂਪ ਵਿਚ ਸੰਗ੍ਰਹਿਤ ਕੀਤੀ ਗਈ ਸਮੁੱਚੀ ਸਮੱਗਰੀ ਕਿਸਾਨੀ ਸੰਕਟ ਦੇ ਵਿਭਿੰਨ ਪਹਿਲੂਆਂ ਬਾਰੇ ਬੜੀ ਸੁਚੱਜੀ ਅਤੇ ਸਟੀਕ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ।
ਪੁਸਤਕ ਦੇ ਵਿਭਿੰਨ ਲੇਖਕਾਂ ਵਿਚ (ਸਰਵ ਸ੍ਰੀ) ਚਰੰਜੀ ਲਾਲ ਕੰਗਣੀਵਾਲ, ਬਲਵਿੰਦਰ ਸਿੰਘ, ਸੁੱਚਾ ਸਿੰਘ ਗਿੱਲ, ਸੁਖਪਾਲ ਸਿੰਘ, ਸਵਰਾਜਬੀਰ, ਰਾਜਿੰਦਰਪਾਲ ਸਿੰਘ ਬਰਾੜ, ਤਸਕੀਨ, ਸੁਮੇਲ ਸਿੰਘ ਸਿੱਧੂ, ਗੁਰਦੇਵ ਸਿੰਘ ਸਿੱਧੂ ਅਤੇ ਜਗਮੋਹਨ ਸਿੰਘ... ਆਪੋ-ਆਪਣੇ ਖੇਤਰ ਦੇ ਅਧਿਕਾਰੀ ਵਿਦਵਾਨ ਅਤੇ ਸੋਸ਼ਲ ਐਕਟੀਵਿਸਟ ਹਨ। ਇਹ ਚਿੰਤਕ ਪ੍ਰਗਤੀਸ਼ੀਲ ਸੋਚ ਦੇ ਧਾਰਨੀ ਹਨ। ਕਿਸਾਨ-ਅੰਦੋਲਨ ਅਜੇ ਪਤਾ ਨਹੀਂ ਕਿੰਨੇ ਸਮੇਂ ਤੱਕ ਚੱਲੇਗਾ ਪਰ ਇਹ ਨਿਸਚਿਤ ਹੈ ਕਿ ਇਸ ਅੰਦੋਲਨ ਦੇ ਕਾਰਨ ਸਾਡੇ ਬੁੱਧੀਜੀਵੀ ਅਤੇ ਲੇਖਕ ਲੋਕ ਮੰਡੀ-ਅਰਥਚਾਰੇ ਕਾਰਨ ਉਤਪੰਨ ਹੋਈ ਇਕ ਭਿਆਨਕ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ ਅਤੇ ਬਗੈਰ ਕਿਸੇ ਪੂਰਵਾਗ੍ਰਹਿ ਇਸ ਦੇ ਹੱਲ ਲਈ ਯਤਨ ਕਰ ਰਹੇ ਹਨ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਪਹਿਲ ਪਲੇਠੇ ਕਾਵਿ ਰੰਗ
ਕਵਿੱਤਰੀ : ਸਵਰਾਜ ਕੌਰ
ਪ੍ਰਕਾਸ਼ਕ : ਕਾਜਲ ਪਬਲਿਸ਼ਰਜ਼, ਹੁਸ਼ਿਆਰਪੁਰ
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 95012-74431.

ਅਮਰੀਕਾ ਵਸਦੀ ਪ੍ਰੌੜ੍ਹ ਕਵਿੱਤਰੀ ਸਵਰਾਜ ਕੌਰ ਹੁਣ ਤੱਕ ਛੇ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕਰਵਾ ਚੁੱਕੀ ਹੈ। ਹਥਲੇ ਸੰਗ੍ਰਹਿ ਵਿਚ ਉਸ ਦੇ ਪਹਿਲ ਪਲੇਠੇ ਦੋ ਕਾਵਿ ਸੰਗ੍ਰਹਿ 'ਕੌੜੀ ਵੇਲ' ਅਤੇ 'ਉਮਰਾਂ ਦੀ ਬਾਤ' ਦੀ ਇਕ ਹੀ ਜਿਲਦ ਵਿਚ ਮੁੜ ਪ੍ਰਕਾਸ਼ਨਾ ਹੈ। ਇਹ ਸੰਗ੍ਰਹਿ ਕਵਿੱਤਰੀ ਨੇ ਆਪਣੀ ਉਮਰ ਦੇ ਸ਼ੁਰੂਆਤ ਦੌਰ ਵਿਚ ਲਿਖੇ ਸਨ। ਅੱਜ ਤੋਂ 50 ਸਾਲ ਪੁਰਾਣੀਆਂ (1960-70) ਕਵਿਤਾਵਾਂ ਕਵਿੱਤਰੀ ਦੇ ਜਜ਼ਬਾਤਾਂ ਦੀਆਂ ਤਰਜਮਾਨ ਹਨ। ਉਂਜ ਉਹ ਅੱਜ ਵੀ ਲਿਖ ਰਹੀ ਹੈ। 'ਚੁੱਪ ਦਾ ਹਉਕਾ' ਅਤੇ 'ਸਫ਼ਰ ਦੀ ਸੋਚ' ਉਸ ਦੀਆਂ ਗਿਣਨਯੋਗ ਕਾਵਿ ਪੁਸਤਕਾਂ ਹਨ।
ਉਸ ਦੀ ਪਹਿਲੀ ਕਾਵਿ ਪੁਸਤਕ ਕੌੜੀ ਵੇਲ ਵਿਚੋਂ ਕੁਝ ਨਮੂਨੇ ਪਾਠਕਾਂ ਗੋਚਰੇ ਹਨ :
-ਦਿਲ ਦੇ ਦਰਵਾਜ਼ੇ 'ਤੇ ਪਹਿਲੀ ਵੇਰ
ਉੱਠਦੀਆਂ ਰੀਝਾਂ ਦੇ ਕੰਨਾਂ ਨੇ
ਇਕ ਦਸਤਕ ਸੁਣੀ
ਜਦੋਂ ਬਾਰੀ ਖੋਲ੍ਹ ਤੱਕਿਆ ਤੂੰ ਖੜ੍ਹਾ ਸੀ...।
-ਇਹ ਰਸਮਾਂ ਹੈਣ ਜਾਂ ਜ਼ੰਜੀਰਾਂ
ਜਿਸ ਦੀ ਕੈਦ 'ਚ
ਦਿਲ ਦੀ ਹਰ ਇੱਛਾ
ਜਿਥੇ ਜੁੜੇ ਦਿਲਾਂ ਦੇ ਟੋਟੇ ਕਰ
ਰਸਮਾਂ ਦੀ ਦਿੰਦੇ ਭੇਟ ਚੜ੍ਹਾ...।
ਇਸ ਪੁਸਤਕ ਦੀਆਂ ਸਾਰੀਆਂ ਕਵਿਤਾਵਾਂ ਸਵਰਾਜ ਕੌਰ ਦੇ ਮਾਸੂਮ ਮਨ ਦੇ ਵਲਵਲੇ ਹਨ ਜੋ ਕਵਿਤਾ ਵਿਚ ਢਲ ਗਏ। ਇਹ ਕਵਿਤਾਵਾਂ ਕਿਸੇ ਛੰਦ ਜਾਂ ਬਹਿਰ ਵਿਚ ਨਹੀਂ, ਆਜ਼ਾਦ ਲਹਿਰਾਂ ਵਾਂਗ ਕਲ-ਕਲ ਕਰਦੀਆਂ ਨਿਰਛਲ ਪਰਤੀਤੀਆਂ ਹਨ। ਉਸ ਨੇ ਗੀਤ ਵੀ ਲਿਖੇ ਹਨ....
ਸਾਨੂੰ ਨਾ ਫ਼ਰਕ ਹੁਣ
ਮੇਲ ਤੇ ਵਿਛੋੜਿਆਂ ਦਾ
ਤੇਰੀ ਮੂਰਤ ਜੋ ਅੰਦਰੇ ਟਿਕਾਈ ਵੇ
ਪਕਦੇ ਇਸ਼ਕ ਸਦਾ ਹਿਜਰਾਂ ਦੀ ਅੱਗ ਵਿਚ
ਘੁਮਿਆਰ ਵਾਂਗ ਆਵੀ ਅਸਾਂ ਤਾਈ ਵੇ।
ਪੁਸਤਕ ਦੇ ਦੂਜੇ ਭਾਗ ਵਿਚ ਸਵਰਾਜ ਕੌਰ ਦੀ ਦੂਜੀ ਕਾਵਿ ਪੁਸਤਕ 'ਉਮਰਾਂ ਦੀ ਬਾਤ' ਜੋ ਕਿ 1992 ਵਿਚ ਪ੍ਰਕਾਸ਼ਿਤ ਹੋਈ ਸੀ, ਦਰਜ ਹੈ। ਇਹ ਪਸਤਕ ਵੀ ਉਸ ਦੀ ਪਹਿਲੀ ਕਵਿਤਾ ਦਾ ਵਿਸਤਾਰ ਲਗਦੀ ਹੈ। ਭਾਵ ਤੇ ਤਰਜ਼ ਵੀ ਉਹੀ ਹੈ। ਇਸ ਪੁਸਤਕ ਦੀਆਂ ਕਵਿਤਾਵਾਂ ਵਿਚ ਇਕ ਮੁਟਿਆਰ ਹੋ ਰਹੀ ਕੁੜੀ ਦੇ ਭਾਵ-ਆਵੇਸ਼ੀ ਸੁਪਨੇ ਤੇ ਰੀਝਾਂ ਦੇ ਪ੍ਰਛਾਵੇਂ ਹਨ :
ਮਾਣ ਮਰਿਆਦਾ ਦੀਆਂ
ਉੱਚੀਆਂ ਮੱਧ ਵਰਗ ਦੀਆਂ
ਢਹਿੰਦੀਆਂ ਕੰਧਾਂ ਵਾਲੇ
ਘਰ ਮੈਂ ਜੰਮੀ ਪਲ ਪਲ ਮਰਦੀ
ਮੇਰੀ ਹੋਂਦ
ਮੇਰੇ ਅੰਦਰਲੀ ਔਰਤ
ਸੱਖਣੇ ਆਪੇ ਦੀ ਪੀੜ
ਮਹਿਸੂਸਦੀ....।
ਸਵਰਾਜ ਕੌਰ ਦੀਆਂ ਇਨ੍ਹਾਂ ਕਾਵਿ ਪੁਸਤਕਾਂ ਵਿਚ ਅੱਜ ਤੋਂ 50 ਸਾਲ ਪਹਿਲਾਂ ਦਾ ਪੰਜਾਬੀ ਸਮਾਜ ਤੇ ਉਸ ਵਿਚ ਵਿਚਰਦੀਆਂ ਧੀਆਂ ਹਨ। ਕਤਲ ਹੁੰਦੇ ਜਜ਼ਬੇ ਅਤੇ ਸੁਪਨੇ ਹਨ। ਇਹ ਮਾਸੂਮ ਕਵਿਤਾ ਪੜ੍ਹਨਯੋਗ ਹੈ।

ਸੁਲੱਖਣ ਸਰਹੱਦੀ
ਮੋ: 94174-84337.

c c c

ਜਬੈ ਬਾਣ ਲਾਗਯੋ
ਲੇਖਕ : ਨਵਰਾਹੀ ਘੁਗਿਆਣਵੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 98150-02302.

ਨਵਰਾਹੀ ਘੁਗਿਆਣਵੀ ਪਿਛਲੇ 60 ਵਰ੍ਹਿਆਂ ਤੋਂ ਸਾਹਿਤਕ ਕਾਰਜ ਨਾਲ ਪ੍ਰਤੀਬੱਧਤਾ ਨਾਲ ਜੁੜਿਆ ਸ਼ਾਇਰ ਹੈ। 'ਜਬੈ ਬਾਣ ਲਾਗਯੋ' ਉਸ ਦਾ ਪੰਜਵਾਂ ਕਾਵਿ-ਵਿਅੰਗ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦੇ 'ਤਰਕਸ਼', 'ਗੁਲੇਲ', 'ਖ਼ਰਖ਼ਰਾ', 'ਜਾਇਜ਼ਾ' ਕਾਵਿ ਵਿਅੰਗ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਉਂਜ ਉਸ ਦੇ ਹੁਣ ਤੱਕ 15 ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਹਥਲਾ ਕਾਵਿ-ਵਿਅੰਗ ਸੰਗ੍ਰਹਿ ਉਸ ਨੇ ਦਸਵੇਂ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਨੂੰ ਸਮਰਪਿਤ ਕਰਦਿਆਂ ਸਪੱਸ਼ਟ ਸੰਕੇਤ ਦਿੱਤੇ ਹਨ ਕਿ ਉਸ ਦੀ ਪ੍ਰਤੀਬੱਧਤਾ ਨਿਮਾਣਿਆਂ, ਨਿਤਾਣਿਆਂ, ਲਿਤਾੜਿਆਂ, ਦੱਬਿਆਂ, ਕੁਚਲਿਆਂ ਵਰਗਾਂ ਦੇ ਨਾਲ ਖੜ੍ਹੇ ਹੋ, ਉਨ੍ਹਾਂ ਦੇ ਦੁੱਖਾਂ-ਦਰਦਾਂ, ਜ਼ਹਿਮਤਾਂ, ਅਲਾਮਤਾਂ ਨੂੰ ਕਾਵਿ-ਬਿਰਤਾਂਤ ਦਿੰਦਿਆਂ, ਉਨ੍ਹਾਂ ਦੀ ਮੂਕ ਆਵਾਜ਼ ਨੂੰ ਉਠਾਉਣਾ ਹੈ। ਹਥਲੇ ਸੰਗ੍ਰਹਿ ਵਿਚਲੀਆਂ ਬੈਂਤ ਛੰਦ ਵਿਚ ਲਿਖੀਆਂ ਛੰਦ-ਬੱਧ ਕਵਿਤਾਵਾਂ 'ਮਸ਼ਵਰਾ', 'ਦਾਸਤਾਂ', 'ਤਿੜਕਿਆ ਘੜਾ', 'ਟੁੱਟਿਆ ਰੱਸਾ', 'ਹਾਕਮ ਦੀ ਪਛਾਣ', 'ਜਾਲ', 'ਆਤਮਘਾਤ', 'ਮਜਬੂਰੀ' ਅਤੇ ਹੋਰ ਅਨੇਕਾਂ ਸਮਰਪਣ ਸੰਕੇਤ ਰਾਹੀਂ ਉਕਤ ਵਰਣਿਤ ਸਰੋਕਾਰਾਂ ਦੀ ਨਿਸ਼ਾਨਦੇਹੀ ਕਰਦੀਆਂ ਹਨ। ਸਿਆਸਤ ਦੇ ਡਿੱਗੇ ਮਿਆਰ ਅਤੇ ਢੀਠਤਾਈ ਦੀਆਂ ਮਿਸਾਲਾਂ ਹੇਠ ਲਿਖੀਆਂ ਕਾਵਿ-ਸਤਰਾਂ ਵਿਚੋਂ ਦੇਖੀਆਂ ਜਾ ਸਕਦੀਆਂ ਹਨ :
* ਅਨਪੜ੍ਹ ਮੰਤਰੀ, ਜਾਹਲ ਹਕੀਮ ਜਿਥੇ,
ਓਥੇ ਮਰਨ ਮਰੀਜ਼ ਦਵਾ ਬਾਝੋਂ
ਕਾਲੀ ਗੁਫ਼ਾ ਦੇ ਵਿਚ ਮਨੁੱਖ ਤਾੜੇ,
ਸਾਹ ਘੁੱਟਦਾ ਰਹੇ ਹਵਾ ਬਾਝੋਂ।
* ਡਿਗ ਪਿਆ ਮਿਆਰ ਸਿਆਸਤਾਂ ਦਾ,
ਆਮ ਆਦਮੀ, ਜਵਾਂ ਬੇਵੱਸ ਹੋਇਆ।
ਸਹੀ ਸੋਚ ਹਾਲਾਤ ਤੋਂ ਦੁਖੀ ਹੋਈ,
ਘਟੀਆ ਲੀਡਰਾਂ ਦਾ ਘੜਮੱਸ ਹੋਇਆ।
ਕਾਵਿ-ਸੰਗ੍ਰਹਿ ਵਿਚਲੀਆਂ ਰਚਨਾਵਾਂ ਨੂੰ ਪੜ੍ਹਦਿਆਂ ਕਾਵਿ-ਪਾਠਕ ਮਹਿਸੂਸ ਕਰੇਗਾ ਕਿ ਉਨ੍ਹਾਂ ਦੀ ਮਾੜੀ ਜ਼ਿੰਦਗੀ ਲਈ ਜ਼ਿੰਮੇਵਾਰ ਸ਼ਕਤੀਆਂ ਕਿਹੜੀਆਂ-ਕਿਹੜੀਆਂ ਹਨ? ਸਮਾਜਿਕ ਵਿਗਾੜ, ਧਾਰਮਿਕ-ਪਾਖੰਡ, ਲਾਲਸਾ, ਦਾਬੇ ਦੀ ਨੀਤੀ, ਦਹੇਜ ਪ੍ਰਥਾ, ਨਸ਼ਾਖੋਰੀ, ਕੁਨਬਾ-ਪਰਵਰੀ, ਜਾਤ-ਪਾਤ ਦੇ ਬੰਧਨ, ਫੋਕੀ ਹੈਂਕੜ ਆਦਿ ਅਨੇਕਾਂ ਸਰੋਕਾਰ ਹਨ ਜਿਨ੍ਹਾਂ ਦੀ ਪੁਸ਼ਤ-ਪਨਾਹੀ ਸਾਡਾ ਭ੍ਰਿਸ਼ਟ ਪ੍ਰਬੰਧਕੀ ਢਾਂਚਾ ਕਰਦਾ ਹੈ। ਇਨ੍ਹਾਂ ਅਲਾਮਤਾਂ ਨੂੰ ਦੂਰ ਕਰਨ ਦਾ ਰਸਤਾ ਵੀ ਉਹ 'ਏਕੇ ਅਤੇ ਸੰਘਰਸ਼ ਨੂੰ ਦੱਸਦਾ ਹੈ ਜੋ ਅਜੋਕੇ ਸਮੇਂ 'ਚ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੁੱਧ ਲਾਮਬੰਦੀ ਕਰਦੇ ਲੋਕਾਂ ਵਲੋਂ ਦਰਸਾਈ ਗਈ ਹੈ। ਸਹਿਜਤਾ ਅਤੇ ਹਲੀਮੀ ਨਾਲ ਕਾਵਿ-ਵਿਅੰਗ ਬਾਣ ਛੱਡਣੇ ਉਸ ਦੀ ਫ਼ਿਤਰਤ ਹੈ। ਉਮੀਦ ਕਰਦਾ ਹਾਂ ਕਿ ਪਹਿਲੇ ਕਾਵਿ-ਸੰਗ੍ਰਹਿਆਂ ਵਾਂਗ ਹੀ ਪੰਜਾਬੀ ਕਾਵਿ-ਪਾਠਕ, ਉਸ ਦੇ ਕਾਵਿ-ਵਿਅੰਗ ਸੰਗ੍ਰਹਿ ਨੂੰ ਜੀ ਆਇਆਂ ਕਹਿਣਗੇ। ਆਮੀਨ!

ਸੰਧੂ ਵਰਿਆਣਵੀ (ਪ੍ਰੋ:)
ਮੋ: 98786-14096.

c c c

ਦੂਰ ਬਹੁਤ ਦੂਰ
ਲੇਖਕ : ਰਾਜਿੰਦਰ ਪਰਦੇਸੀ
ਪ੍ਰਕਾਸ਼ਕ : 5-ਆਬ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 98140-87063.

ਸ਼ਾਇਰ ਰਾਜਿੰਦਰ ਪਰਦੇਸੀ ਹਥਲੀ ਕਾਵਿ-ਕਿਤਾਬ 'ਦੂਰ ਬਹੁਤ ਦੂਰ' ਤੋਂ ਪਹਿਲਾਂ ਵੀ 10 ਪੁਸਤਕਾਂ ਨਾਲ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਪ੍ਰਗੀਤਕ ਸ਼ਾਇਰੀ ਦਾ ਪ੍ਰਮੁੱਖ ਹਸਤਾਖ਼ਰ ਹੈ ਤੇ ਵਿਸੇਸ਼ ਕਰਕੇ ਸ਼ਾਇਰੀ ਦੀ ਸੂਖਮ ਸਿਨਫ਼ ਗ਼ਜ਼ਲ ਉੱਪਰ ਤਾਂ ਸ਼ਾਇਰਾਨਾ ਤਖੱਯਲ ਅਤੇ ਪਿੰਗਲ ਆਰੂਜ ਦੀ ਬੰਦਸ਼ 'ਤੇ ਆਵੂਰ ਹਾਸਲ ਹੈ। ਸ਼ਾਇਰ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ ਹੈ ਤੇ ਸਾਹਿਤਕ ਸੱਥਾਂ ਦੀ ਜਿੰਦ-ਜਾਨ ਹੈ ਪਰ ਕੀ ਕਰੀਏ ਇਹ ਰੰਗਲਾ ਸ਼ਾਇਰ ਆਪਣੀ ਕਿਤਾਬ ਦੇ ਨਾਂਅ 'ਦੂਰ ਬਹੁਤ ਦੂਰ' ਵਾਂਗ ਪਹਿਲੀ ਮਾਰਚ, 2021 ਨੂੰ ਏਨੀ ਦੂਰ ਚਲਿਆ ਗਿਆ ਹੈ ਕਿ ਜਿਥੋਂ ਜਾ ਕੇ ਕੋਈ ਵਾਪਸ ਨਹੀਂ ਆਉਂਦਾ। 'ਹੈ' ਤੋਂ 'ਸੀ' ਤੱਕ ਦੀ ਜੂਨ ਹੰਢਾਉਣ ਵਾਲਾ ਇਹ ਸ਼ਾਇਰ ਭਾਵੇਂ ਸਰੀਰਕ ਵਜੂਦ ਕਰਕੇ ਅਸਾਡੇ ਕੋਲ ਨਹੀਂ ਹੈ ਪਰ ਆਪਣੀਆਂ ਲਿਖਤਾਂ ਰਾਹੀਂ ਉਹ ਹਮੇਸ਼ਾ ਅਸਾਡੇ ਅੰਗ-ਸੰਗ ਰਹੇਗਾ। ਸ਼ਾਇਰ ਦੰਭੀ ਮੁਖੌਟਾ ਧਾਰੀਆਂ ਤੋਂ ਦੂਰ ਰਹਿਣ ਲਈ ਅਗਾਊਂ ਜਾਗਰੂਕ ਕਰਦਾ ਹੈ। ਉਹ ਕਹਿੰਦਾ ਹੈ ਕਿ ਦੀਵਾਲੀ ਦੀਵੇ ਜਗਾਉਣ ਨਾਲ ਨਹੀਂ ਰੁਸ਼ਨਾਈ ਜਾਣੀ, ਦੀਵਾਲੀ ਤਾਂ ਮਸਤਕ ਦੇ ਦੀਵੇ ਜਗਾਉਣ ਨਾਲ ਹੀ ਜਗਮਗ ਜਗਮਗ ਕਰੇਗੀ। ਉਹ ਦੰਭੀ ਧਰਮ ਦੇ ਅਲੰਬਰਦਾਰਾਂ ਦੇ ਬਖੀਏ ਇਹ ਕਹਿ ਕੇ ਉਧੇੜਦਾ ਹੈ ਕਿ ਬਾਬੇ ਦੇ ਕਥਨ 'ਸੋ ਕਿਉ ਮੰਦਾ ਆਖੀਏ, ਜਿਤੁ ਜੰਮਹਿ ਰਾਜਾਨ' 'ਤੇ ਕਿੰਨਾ ਕੁ ਪਹਿਰਾ ਦਿੱਤਾ ਹੈ। ਬੱਚੀਆਂ ਨੂੰ ਇਸ ਜਹਾਨ 'ਤੇ ਆਉਣ ਤੋਂ ਪਹਿਲਾਂ ਹੀ ਕੁੱਖ ਵਿਚ ਕਤਲ ਕਰ ਦਿੱਤਾ ਜਾਂਦਾ ਹੈ। ਬੀਬੀਆਂ ਨੂੰ ਹਰਿਮੰਦਰ ਸਾਹਿਬ ਵਿਖੇ ਅਜੇ ਤੱਕ ਕੀਰਤਨ ਕਰਨ ਦੀ ਇਜਾਜ਼ਤ ਨਹੀਂ ਹੈ। ਬਾਬੇ ਨਾਨਕ ਨਾਲ ਸਾਰੀ ਉਮਰ ਬਿਤਾਉਣ ਵਾਲੇ ਮਰਦਾਨੇ ਦੀ ਵੰਸ਼ਜ ਦੇ ਰਬਾਬੀ ਇਹ ਹਸਰਤ ਦਿਲ 'ਚ ਲੈ ਕੇ ਦੁਨੀਆ ਤੋਂ ਰੁਖਸਤ ਹੋ ਰਹੇ ਹਨ ਕਿ ਇਕ ਵਾਰ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਕੀਰਤਨ ਕਰਨ ਦੀ ਆਗਿਆ ਦੇ ਦਿੱਤੀ ਜਾਵੇ। ਤਰਕ ਇਹ ਦਿੱਤਾ ਜਾਂਦਾ ਹੈ ਕਿ ਇਥੇ ਅੰਮ੍ਰਿਤਧਾਰੀ ਹੀ ਕੀਰਤਨ ਕਰ ਸਕਦੇ ਹਨ। ਪੰਜਾਬ ਅੰਦਰ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ 'ਤੇ ਹੰਝੂ ਕੇਰਦਿਆਂ ਕਹਿੰਦਾ ਹੈ ਕਿ ਗੱਭਰੂਆਂ ਦੇ ਚਿਹਰਿਆਂ ਦਾ ਗੁਲਾਬੀ ਰੰਗ ਕਿਉਂ ਕਾਫੂਰ ਹੋ ਰਿਹਾ ਹੈ। ਉਹ ਸੰਘਰਸ਼ਾਂ ਵਿਚ ਕੁੱਦਣ ਤੋਂ ਪਹਿਲਾਂ ਵਿਚਾਰਾਂ ਦੀ ਪਰਪੱਕਤਾ 'ਤੇ ਜ਼ੋਰ ਦਿੰਦਾ ਹੈ। ਇਸ ਕਿਤਾਬ ਵਿਚ ਹਾਸ-ਵਿਅੰਗ ਤੇ ਅਸਲੀ ਦੇਸ਼ ਭਗਤੀ ਦੇ ਜਜ਼ਬੇ ਤੋਂ ਇਲਾਵਾ ਹੋਰ ਵਿਭਿੰਨ ਸਰੋਕਾਰਾਂ 'ਤੇ ਵੀ ਕਾਵਿਕ ਦਸਤਪੰਜਾ ਲਿਆ ਹੈ।

ਭਗਵਾਨ ਢਿੱਲੋਂ
ਮੋ: 98143-78254.

ਏਕਤਾ ਦੀ ਜਿੱਤ
ਲੇਖਕ : ਦਿਲਸ਼ੇਰ ਸਿੰਘ ਨਿਰਦੋਸ਼
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 70 ਰੁਪਏ, ਸਫ਼ੇ : 32
ਸੰਪਰਕ : 98149-31370.

ਪੰਜਾਬੀ ਬਾਲ ਸਾਹਿਤਕਾਰਾਂ ਦੇ ਕਾਫਲੇ ਵਿਚ ਲੇਖਕ ਦਿਲਸ਼ੇਰ ਸਿੰਘ ਨਿਰਦੋਸ਼ ਵੀ ਆਪਣੀ ਪੰਜਵੀਂ ਪੁਸਤਕ 'ਏਕਤਾ ਦੀ ਜਿੱਤ' ਲੈ ਕੇ ਸ਼ਾਮਿਲ ਹੋ ਗਿਆ ਹੈ। 'ਏਕਤਾ ਦੀ ਜਿੱਤ' ਇਕ ਲੰਮੀ ਕਹਾਣੀ ਹੈ। ਘੁੱਗੀ ਦੇ ਪਰਿਵਾਰ ਅਤੇ ਜ਼ਾਲਮ ਕਾਂ ਦੀ ਕਥਾ ਹੈ।
ਲੇਖਕ ਅਨੁਸਾਰ ਘੁੱਗੀ ਰੂਪਮਤੀ ਤੇ ਘੁੱਗਾ ਧਰਮਾ, ਇਕ ਬਗੀਚੇ ਵਿਚ ਆਲ੍ਹਣਾ ਪਾ ਲੈਂਦੇ ਹਨ। ਬਗੀਚੇ ਦਾ ਪਾਠਕ ਬਹੁਤ ਹੀ ਦਿਆਲੂ ਸੀ, ਜੋ ਪੰਛੀਆਂ ਨੂੰ ਰੋਟੀ ਦੇ ਟੁਕੜੇ ਤੇ ਦਾਣਾ ਪਾਉਂਦਾ ਹੈ। ਘੁੱਗੀ ਆਂਡੇ ਦਿੰਦੀ ਹੈ। ਦੋਵੇਂ ਪੰਛੀ ਆਂਡਿਆਂ ਦੀ ਦੇਖਭਾਲ ਕਰਦੇ ਹਨ ਪਰ ਇਕ ਦਿਨ ਕਾਂ ਦੋ ਆਂਡੇ ਪੀ ਜਾਂਦਾ ਹੈ। ਘੁੱਗੀ ਕਾਂ ਤੋਂ ਬਦਲਾ ਲੈਣਾ ਚਾਹੁੰਦੀ ਹੈ ਪਰ ਇਕੱਲੀ ਤੇ ਕਮਜ਼ੋਰ ਕੁਝ ਨਹੀਂ ਕਰ ਸਕਦੀ। ਇਸ ਸਮੇਂ ਤੋਤਾ ਗੰਗਾ ਰਾਮ ਉਨ੍ਹਾਂ ਦੀ ਸਹਾਇਤਾ ਕਰਦਾ ਹੈ। ਅਖ਼ੀਰ ਪੰਛੀ ਇਕੱਠੇ ਹੋ ਕੇ ਕਾਂ ਨੂੰ ਮਾਰ ਦਿੰਦੇ ਹਨ।
ਲੇਖਕ ਨੇ ਬੜੇ ਹੀ ਰੌਚਕ ਢੰਗ ਨਾਲ ਕਹਾਣੀ ਪੇਸ਼ ਕੀਤੀ ਹੈ। ਘੁੱਗੀ ਦਾ ਬਗੀਚੇ ਵਿਚ ਆਲ੍ਹਣਾ ਬਣਾਉਣਾ, ਆਂਡੇ ਦੇਣਾ, ਫਿਰ ਰਾਤ ਦਿਨ ਆਂਡਿਆਂ ਦੀ ਰਾਖੀ ਕਰਨਾ। ਇਨਸਾਨਾਂ ਵਾਂਗ ਪੰਛੀ ਵੀ ਆਪਣੇ ਪਰਿਵਾਰ ਦੀ ਹਰ ਤਰ੍ਹਾਂ ਰੱਖਿਆ ਕਰਦੇ ਹਨ। ਜਦੋਂ ਕਾਂ ਆਂਡੇ ਪੀ ਜਾਂਦਾ ਹੈ ਤਾਂ ਘੁੱਗੀ ਕਿਵੇਂ ਵਿਰਲਾਪ ਕਰਦੀ ਹੈ। ਦੁਖੀ ਪੰਛੀਆਂ ਦਾ ਇਕੱਠੇ ਹੋਣਾ। ਫਿਰ ਇਕ ਜੁਗਤ ਰਾਹੀਂ ਜ਼ਾਲਮ ਕਾਂ ਨੂੰ ਮਾਰਨਾ।
ਕਹਾਣੀ ਬੱਚਿਆਂ ਨੂੰ ਏਕਤਾ ਦਾ ਮਹੱਤਵ ਦੱਸਦੀ ਹੈ। ਸਾਨੂੰ ਮੁਸ਼ਕਿਲ ਸਮੇਂ ਘਬਰਾਉਣਾ ਨਹੀਂ ਚਾਹੀਦਾ ਸਗੋਂ ਆਪਣੇ ਸਾਥੀਆਂ ਨਾਲ ਮਿਲ-ਜੁਲ ਕੇ ਸਮੱਸਿਆ ਦਾ ਹੱਲ ਲੱਭਣਾ ਚਾਹੀਦਾ ਹੈ। ਗੰਗਾ ਰਾਮ ਨੂੰ ਮਿਲਣਾ, ਸਾਨੂੰ ਸਿਆਣੇ ਇਨਸਾਨ ਦੀ ਕਦਰ ਕਰਨੀ ਚਾਹੀਦੀ ਹੈ। ਸਹੀ ਸਮੇਂ ਸਿਰ ਕੀਤਾ ਕੰਮ ਹੀ ਸਫਲ ਹੁੰਦਾ ਹੈ। ਗੰਗਾ ਰਾਮ ਦੇ ਕਹੇ ਅਨੁਸਾਰ ਸਾਰੇ ਪੰਛੀ ਠੀਕ ਸਮੇਂ ਕਾਂ 'ਤੇ ਹਮਲਾ ਕਰਕੇ ਉਸ ਨੂੰ ਮਾਰ ਦਿੰਦੇ ਹਨ। ਵੈਰੀ ਨੂੰ ਕਦੇ ਵੀ ਕਮਜ਼ੋਰ ਨਾ ਸਮਝੋ, ਸਿਆਣਿਆਂ ਸੱਚ ਆਖਿਆ ਹੈ। ਸੋ, ਲੇਖਕ ਨੇ ਕਹਾਣੀ ਰਾਹੀਂ ਬਾਲ ਪਾਠਕਾਂ ਨੂੰ ਸਿੱਖਿਆ ਦਿੱਤੀ ਹੈ ਕਿ ਏਕਤਾ ਦੀ ਹਮੇਸ਼ਾ ਜਿੱਤ ਹੁੰਦੀ ਹੈ। ਇਕੱਲਾ ਕੁਝ ਨਹੀਂ ਕਰ ਸਕਦਾ। ਸਮੇਂ ਦੀ ਸਹੀ ਚੋਣ ਕਰੋ ਤੇ ਦੁਸ਼ਮਣ ਨੂੰ ਉੱਠਣ ਦਾ ਮੌਕਾ ਹੀ ਨਾ ਦਿਓ।
'ਏਕਤਾ ਦੀ ਜਿੱਤ' ਕਹਾਣੀ ਬਾਲਾਂ ਲਈ ਸਿੱਖਿਆਦਾਇਕ ਹੈ। ਇਸ ਤਰ੍ਹਾਂ ਦੀਆਂ ਕਹਾਣੀਆਂ ਬਾਲਾਂ ਅੰਦਰ ਨਵਾਂ ਉਤਸ਼ਾਹ ਤੇ ਜੋਸ਼ ਭਰਨਗੀਆਂ। ਵਧੀਆ ਪੁਸਤਕ ਦਾ ਪੰਜਾਬੀ ਬਾਲ ਸਾਹਿਤ ਵਿਚ ਸਵਾਗਤ ਹੈ।

ਅਵਤਾਰ ਸਿੰਘ ਸੰਧੂ
ਮੋ: 99151-82971.

c c c

ਦਸਮੇਸ਼ ਪਿਤਾ ਜੀ ਦੇ ਯੁੱਧ
ਕਵੀ : ਪ੍ਰਿੰ: ਬਹਾਦਰ ਸਿੰਘ ਗੋਸਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 79
ਸੰਪਰਕ : 98764-52223

ਇਹ ਕਾਵਿ-ਸੰਗ੍ਰਹਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਹੈ। ਸਾਹਿਬੇ ਕਮਾਲ ਪਾਤਸ਼ਾਹ ਜੀ ਨੇ ਜਬਰ ਜ਼ੁਲਮ ਨਾਲ ਟੱਕਰ ਲੈਂਦਿਆਂ, ਮਜ਼ਲੂਮਾਂ ਦੀ ਰੱਖਿਆ ਲਈ ਸਾਰੀ ਜ਼ਿੰਦਗੀ ਸੰਘਰਸ਼ ਕੀਤਾ। ਆਪ ਜੀ ਨੇ 14 ਧਰਮ ਯੁੱਧ ਲੜੇ ਅਤੇ ਸਾਰਿਆਂ ਵਿਚ ਜੇਤੂ ਰਹੇ। ਇਸ ਪੁਸਤਕ ਵਿਚ ਕਵੀ ਨੇ ਇਕ ਪੰਦਰ੍ਹਵੀਂ ਜੰਗ ਜਾਜੌ ਦੀ ਲੜਾਈ ਦਾ ਵੀ ਜ਼ਿਕਰ ਕੀਤਾ ਹੈ, ਜਿਸ ਵਿਚ ਬਹਾਦਰ ਸ਼ਾਹ ਦੀ ਬੇਨਤੀ 'ਤੇ ਗੁਰੂ ਸਾਹਿਬ ਜੀ ਨੇ ਉਸ ਦੇ ਭਰਾ ਤਾਰਾ ਆਜ਼ਮ ਨੂੰ ਮਾਰ ਕੇ ਬਹਾਦਰ ਸ਼ਾਹ ਦੀ ਜਿੱਤ ਕਰਵਾਈ ਸੀ। ਸਭ ਤੋਂ ਪਹਿਲਾਂ ਕਵੀ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਅਤੇ ਬਾਲ ਲੀਲ੍ਹਾ ਬਾਰੇ ਕਵਿਤਾ ਵਿਚ ਰੰਗ ਬੰਨ੍ਹਿਆ ਹੈ। ਉਪਰੰਤ ਉਸ ਨੇ ਭੰਗਾਣੀ, ਨਦੌਣ, ਰਾਜਾ ਬਲੀਆ ਚੰਦ ਅਤੇ ਆਲਮ ਚੰਦ ਨਾਲ ਮੁੱਠਭੇੜ, ਹੁਸੈਨੀ ਯੁੱਧ, ਸ੍ਰੀ ਅਨੰਦਪੁਰ ਸਾਹਿਬ ਦੀਆਂ ਜੰਗਾਂ, ਨਿਰਮੋਹਗੜ੍ਹ ਦੀ ਲੜਾਈ, ਸਰਸਾ ਕੰਢੇ ਹੋਈ ਜੰਗ, ਸ੍ਰੀ ਚਮਕੌਰ ਸਾਹਿਬ ਅਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਲੜਾਈਆਂ ਨੂੰ ਕਾਵਿ-ਬੰਦ ਕੀਤਾ ਹੈ। ਕੁਝ ਝਲਕਾਂ ਦੇਖੋ
ਫਤਹਿ ਆਖਰੀ ਬੁਲਾ ਅਨੰਦਪੁਰ ਨੂੰ,
ਗੁਰੂ ਜੀ ਕੀਰਤਪੁਰ ਤੋਂ ਅੱਗੇ ਆਏ।
ਪੰਜ-ਸੱਤ ਸੌ ਘੋੜ ਸਵਾਰ ਅਤੇ ਪੈਦਲਾਂ ਦੇ,
ਗੁਰੂ ਜੀ ਵੱਖ-ਵੱਖ ਸੀ ਜਥੇ ਬਣਾਏ।
-ਦੇਹਾਂ ਕਰ ਇਕੱਠੀਆਂ ਆਪ ਹੱਥੀਂ,
ਸੋਹਣੀਆਂ ਦੇਹਾਂ ਦਾ ਸੋਹਣਾ ਸਸਕਾਰ ਕੀਤਾ।
ਚਾਲੀ ਸਿੰਘ ਸੀ ਜਿੱਥੇ ਸ਼ਹੀਦ ਹੋਏ
ਨਾ ਮੁਕਤਸਰ ਦਾ ਨਵਾਂ ਫ਼ੁਰਮਾਨ ਕੀਤਾ।
ਤਸਵੀਰਾਂ ਨਾਲ ਸਜੀ ਇਹ ਪੁਸਤਕ ਸ੍ਰੀ ਦਸਮੇਸ਼ ਜੀ ਦੀ ਮਹਾਨ ਘਾਲਣਾ, ਸ਼ਖ਼ਸੀਅਤ ਅਤੇ ਬੀਰਤਾ ਦੇ ਦਰਸ਼ਨ ਕਰਵਾਉਂਦੀ ਹੈ। ਇਸ ਦਾ ਭਰਪੂਰ ਸਵਾਗਤ ਹੈ।

ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

22-08-2021

ਵਾਹਗੇ ਦੇ ਆਰ ਪਾਰ
(ਦੇਸ਼ ਵੰਡ ਨਾਲ ਸਬੰਧਿਤ ਇਕਾਂਗੀ ਸੰਗ੍ਰਹਿ)
ਸੰਪਾਦਕ : ਡਾ. ਸਤੀਸ਼ ਕੁਮਾਰ ਵਰਮਾ ਅਤੇ ਡਾ. ਜਸਵਿੰਦਰ ਸਿੰਘ ਸੈਣੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 232
ਸੰਪਰਕ : 99157-06407.


'ਵਾਹਗੇ ਦੇ ਆਰ ਪਾਰ' ਪੁਸਤਕ ਵਿਚ ਅੰਕਿਤ ਇਕਾਂਗੀ ਹਿੰਦੋਸਤਾਨ ਦੇ ਦੋ ਦੇਸ਼ਾਂ ਵਿਚ ਵੰਡੇ ਜਾਣ ਦੀ ਕਥਾ ਵਿਸਤਾਰ ਦਾ ਨਾਟਕੀ ਰੂਪ ਹਨ। ਸੰਗ੍ਰਹਿਤ ਪਹਿਲਾ ਇਕਾਂਗੀ 'ਬੇਘਰੇ' ਰਚਿਤ ਗੁਰਦਿਆਲ ਸਿੰਘ ਖੋਸਲਾ ਸੰਤਾਲੀ ਦੀ ਵੰਡ ਤੋਂ ਬਾਅਦ ਇਕ ਪਰਿਵਾਰ ਦੇ ਉਧਰੋਂ ਉਜੜ ਕੇ ਇਧਰ ਆਏ ਸੰਤਾਪ ਦੀ ਵਿਥਿਆ ਹੈ। ਇਸ ਤੋਂ ਅੱਗੇ ਕਪੂਰ ਸਿੰਘ ਘੁੰਮਣ ਰਚਿਤ ਇਕਾਂਗੀ 'ਉਧਾਲੀ ਹੋਈ ਕੁੜੀ' ਕਿਸੇ ਕਾਰਨ 1949 ਵਿਚ ਇਧਰ ਰਹਿ ਗਈਆਂ ਔਰਤਾਂ ਪਰ ਅਪਣਾਈਆਂ ਕਿਸੇ ਪਾਸੇ ਵੀ ਨਾ ਗਈਆਂ ਦੇ ਸ਼ੋਸ਼ਣ ਅਤੇ ਉਨ੍ਹਾਂ ਦੀ ਤ੍ਰਾਸਦਿਕ ਸੰਵੇਦਨਾ ਦਾ ਪ੍ਰਗਟਾਵਾ ਹੈ। ਤੀਸਰਾ ਇਕਾਂਗੀ 'ਇਕ ਵਿਚਾਰੀ ਮਾਂ' ਵਿਚ ਹਰਸਰਨ ਸਿੰਘ ਦਾ ਇਹ ਸੰਦੇਸ਼ ਹੈ ਕਿ ਜਿਸ ਮਾਂ ਦੇ ਜਨਮੇ ਦੋ ਬੱਚੇ ਉਧਰ ਰਹਿ ਜਾਂਦੇ ਹਨ ਅਤੇ ਇਧਰ ਆਈ ਦੇ ਦੋ ਬੱਚੇ ਇਧਰ ਹਨ ਪਰ ਉਹ ਕਿਸੇ ਥਾਂ ਜੋਗੀ ਨਹੀਂ ਰਹਿੰਦੀ। ਇਸੇ ਪ੍ਰਸੰਗਤਾ ਵਿਚ ਆਤਮਜੀਤ ਰਚਿਤ ਇਕਾਂਗੀ 'ਚਿੜੀਆਂ' ਹੈ, ਜਿਸ ਵਿਚ ਸਰਹੱਦ ਦੇ ਦੋਵੇਂ ਪਾਸੇ ਵਾਪਰੇ ਨਾਰੀ-ਦੁਖਾਂਤ ਨੂੰ ਯਥਾਰਥਕ ਰੂਪ ਵਿਚ ਪੇਸ਼ ਕਰਦਾ ਹੈ। 'ਅੰਨ੍ਹੇ ਨਿਸ਼ਾਨਚੀ' ਵਿਚ ਅਜਮੇਰ ਸਿੰਘ ਔਲਖ ਨੇ 1947 ਵੰਡ ਦੇ ਫ਼ਿਰਕੂ ਅਤੇ ਸੰਪਰਦਾਇਕਤਾ ਵਿਚੋਂ ਉਪਜੇ ਸੰਤਾਪ ਨੂੰ ਯਥਾਕਥਕ ਵਿਧੀ ਨਾਲ ਪੇਸ਼ ਕੀਤਾ ਹੈ। 'ਮੁਨਸ਼ੀ ਖਾਨ' ਇਕਾਂਗੀ ਰਚਿਤ ਗੁਰਸ਼ਰਨ ਸਿੰਘ ਜਿਹੜਾ ਕਿ ਜੋਗਾ ਸਿੰਘ ਦੇ ਕਾਵਿ ਚਿੱਤਰ 'ਤੇ ਆਧਾਰਿਤ ਹੈ, ਵਿਚ ਮੁਸਲਮਾਨ ਤੋਂ ਸਿੱਖ ਬਣੇ ਸੱਜਣ ਸਿੰਘ ਦਾ ਚਰਿੱਤਰ ਹੈ ਜਿਹੜਾ ਕਿ ਬੇਗਾਨਗੀ ਹੰਢਾਉਂਦਾ ਹੋਇਆ ਆਪਣੇ ਅੰਤਿਮ ਸਮੇਂ ਦੀ ਰਸਮ ਨੂੰ ਮੂਲ ਧਰਮ ਅਨੁਸਾਰ ਨਿਭਾਉਣ ਦਾ ਸੰਦੇਸ਼ ਦੇ ਜਾਂਦਾ ਹੈ। ਇਕਾਂਗੀ 'ਅਨਾਰਕਲੀ ਬਾਜ਼ਾਰ ਤੋਂ ਅਨਾਰਦਾਨਾ ਚੌਕ' ਵਿਚ ਡਾ. ਸਤੀਸ਼ ਕੁਮਾਰ ਵਰਮਾ ਨੇ 78 ਸਾਲ ਦੇ ਉਸ ਬਜ਼ੁਰਗ ਦੇ ਪੋਤਰੇ ਦੀ ਦਾਸਤਾਨ ਕਹੀ ਹੈ ਜੋ ਬਾਰਾਂ ਸਾਲ ਦੀ ਉਮਰ ਵਿਚ ਚਾਕਲੇਟਾਂ ਖਾਣ ਦੀ ਉਮਰ ਤੋਂ ਉੱਪਰ ਉੱਠ ਕੇ ਸ਼ਹੀਦ ਭਗਤ ਸਿੰਘ ਵਰਗੇ ਸੰਕਲਪਾਂ ਨੂੰ ਧਾਰਨ ਕਰਨ ਵੱਲ ਰੁਚਿਤ ਹੋ ਜਾਂਦਾ ਹੈ। ਪਾਲੀ ਭੁਪਿੰਦਰ ਨੇ ਆਪਣੇ ਇਕਾਂਗੀ 'ਜਦੋਂ ਮੈਂ ਸਿਰਫ ਇਕ ਔਰਤ ਹੁੰਦੀ ਹਾਂ' ਵਿਚ ਵੀ ਦੇਸ਼ ਵੰਡ ਤੋਂ ਪ੍ਰਭਾਵਿਤ ਔਰਤ ਜਾਤੀ ਦੇ ਦੁਖਾਂਤ ਭੋਗਣ ਦੀ ਕਹਾਣੀ ਪੇਸ਼ ਕੀਤੀ ਹੈ। ਜਗਦੀਸ਼ ਸਚਦੇਵਾ ਦਾ ਇਕਾਂਗੀ 'ਇਸ ਜਗ੍ਹਾ ਇਕ ਪਿੰਡ ਸੀ' ਵਿਚ ਪਿੰਡ ਦੇ ਵਸਨੀਕਾਂ ਦੁਆਰਾ ਦੂਜੇ ਧਰਮ ਦੇ ਲੋਕਾਂ ਨੂੰ ਬਚਾਉਣ ਖ਼ਾਤਰ ਸ਼ਹੀਦੀਆਂ ਪਾ ਜਾਣ ਦਾ ਵਿਵਰਣ ਹੈ। ਪੁਸਤਕ ਦਾ ਅੰਤਿਮ ਇਕਾਂਗੀ ਸ਼ਾਹਿਦ ਨਦੀਮ ਰਚਿਤ 'ਬੌਰਡਰ ਬੌਰਡਰ' ਵਿਚ ਬਾਲ ਚੇਤਨ ਅਵਚੇਤਨ ਨੂੰ ਪ੍ਰਗਟਾਇਆ ਗਿਆ ਹੈ। ਜਿਸ ਦਾ ਸੰਦੇਸ਼ ਇਹ ਉੱਭਰਦਾ ਹੈ ਕਿ ਦੋਵਾਂ ਦੇਸ਼ਾਂ ਦੇ ਬੱਚੇ ਇਕੋ ਜਿਹੀਆਂ ਭਾਵਨਾਵਾਂ ਆਦਿ ਰੱਖਦੇ ਹਨ ਤਾਂ ਫਿਰ 'ਬੌਰਡਰ ਬੌਰਡਰ' ਕਿਉਂ ਆਖਿਆ ਜਾਂਦਾ ਹੈ। ਇਹ ਇਕਾਂਗੀ ਦੋਵਾਂ ਪਾਸਿਆਂ ਦੇ ਬੱਚਿਆਂ ਰਾਹੀਂ ਸਾਂਝਾਂ ਅਤੇ ਮਿਲਵਰਤਨ ਦਾ ਬਿੰਬ ਉਭਾਰਦਾ ਹੈ।
ਇਹ ਸਾਰੇ ਇਕਾਂਗੀ ਸਹਿਜ ਅਤੇ ਸਹਿਜੇ ਕੀਤੀ ਚੋਣ ਸਦਕਾ ਪਾਠਕਾਂ ਜਾਂ ਖੇਡਣ ਵਾਲਿਆਂ ਦੇ ਸਨਮੁਖ ਹੀ ਨਹੀਂ ਹਨ, ਸਗੋਂ ਚਾਰ ਪੀੜ੍ਹੀਆਂ ਦੇ ਨਾਟਕਕਾਰਾਂ ਦੀ ਸਿਰਜਣਾ ਤੇ ਉਨ੍ਹਾਂ ਦੀ ਸੰਰਚਨਾ ਦੀ ਦਿੱਬ-ਦ੍ਰਿਸ਼ਟੀ ਦੇ ਨਾਲ-ਨਾਲ ਉਨ੍ਹਾਂ ਦੀਆਂ ਨਵ-ਮੰਚਨ ਵਿਧੀਆਂ, ਪੇਸ਼ਕਾਰੀ ਦੇ ਸਬੰਧ ਵਿਚ ਕੀਤੇ ਜਾਂਦੇ ਨਵੇਂ ਅਨੁਭਵਾਂ ਦੇ ਪ੍ਰਗਟਾਵੇ ਅਤੇ ਨਵੀਆਂ ਨਾਟ-ਸ਼ੈਲੀਆਂ ਦੇ ਪ੍ਰਸਤੁਤੀਕਰਨ ਦਾ ਵੀ ਸਾਰਥਕ ਪ੍ਰਗਟਾਅ ਹਨ।


ਡਾ. ਜਗੀਰ ਸਿੰਘ ਨੂਰ
ਮੋ: 98142-09732
c c c


ਮਹਾਨ ਸੂਫ਼ੀ ਪੀਰ
ਸੱਯਦ ਬੁੱਧੂ ਸ਼ਾਹ ਸਢੌਰਾ

ਲੇਖਕ : ਮਾਸਟਰ ਲਛਮਣ ਸਿੰਘ ਰਠੌਰ
ਪ੍ਰਕਾਸ਼ਕ : ਸਿੱਖ ਲਿਟਰੇਰੀ ਐਂਡ ਕਲਚਰਲ ਸਟਾਲ, ਮਿਡਲੈਂਡ ਯੂ.ਕੇ.
ਮੁੱਲ : 250 ਰੁਪਏ, ਸਫ਼ੇ : 255
ਸੰਪਰਕ : is.rathuar@rediffmail.com


ਹਥਲੀ ਕਿਤਾਬ ਸੱਯਦ ਬੁੱਧੂ ਸ਼ਾਹ ਸਢੌਰਾ ਦੇ ਲੇਖਕ ਸ: ਲਛਮਣ ਸਿੰਘ ਰਠੌਰ ਨੇ ਇਸ ਨੂੰ ਤੇਰਾਂ ਅਧਿਆਇਆਂ ਵਿਚ ਵੰਡਿਆ ਹੈ। ਲੇਖਕ ਦਰਜਨ ਤੋਂ ਵੱਧ ਕਿਤਾਬਾਂ ਪੰਜਾਬੀ ਸਾਹਿਤ ਨੂੰ ਦੇ ਚੁੱਕਿਆ ਹੈ। ਸੱਯਦ ਬੁੱਧੂ ਸ਼ਾਹ ਦੇ ਸਮੁੱਚੇ ਜੀਵਨ 'ਤੇ ਇਹ ਪੁਸਤਕ ਡੂੰਘੀ ਝਾਤ ਪਾਉਂਦੀ ਹੈ। ਪੀਰ ਬੁੱਧੂ ਸ਼ਾਹ ਅਤੇ ਪੰਜਾਬ ਦੇ ਸੱਯਦ ਘਰਾਣੇ, ਪਿਤਾ ਪੁਰਖੀ ਪਿਛੋਕੜ, ਕੁਰਸੀਨਾਮਾ, ਸੂਫ਼ੀ ਮਤ, ਜਨਮ ਅਤੇ ਪਰਿਵਾਰ, ਗ੍ਰਹਿਸਤੀ ਜੀਵਨ, ਦਸਮ ਪਾਤਸ਼ਾਹ ਨਾਲ ਮਿਲਾਪ, ਭੰਗਾਣੀ ਯੁੱਧ, ਸਾਹਿਬਜ਼ਾਦਾ ਅਜੀਤ ਸਿੰਘ ਦਾ ਨਾਮਕਰਨ, ਬੁੱਧੂ ਸ਼ਾਹ 'ਤੇ ਗੁਰੂ ਜੀ ਦੀ ਬਖਸ਼ਿਸ਼, ਬੁੱਧੂ ਸ਼ਾਹ ਦੀ ਸ਼ਹਾਦਤ ਦੇ ਵੇਰਵੇ, ਬਾਬਾ ਬੰਦਾ ਸਿੰਘ ਬਹਾਦਰ, ਬੇਗਮ ਨਸੀਰਾਂ ਤੇ ਦਸਮੇਸ਼ ਪਰਿਵਾਰ ਆਦਿ। ਪੰਜਾਬੀ ਸਾਹਿਤ ਦੇ ਦੋ ਨਾਮਵਰ ਸਾਹਿਤਕਾਰਾਂ ਨੇ ਇਸ ਪੁਸਤਕ ਬਾਰੇ ਵਿਸ਼ੇਸ਼ ਰਾਏ ਤੇ ਅਸੀਸ ਵਜੋਂ ਅੰਕਿਤ ਸ਼ਬਦ ਇਸ ਪੁਸਤਕ ਦੀ ਸੋਭਾ ਹਨ। ਸ: ਨਰਿੰਜਨ ਸਿੰਘ ਸਾਥੀ ਤੇ ਸ: ਚੇਤਨ ਸਿੰਘ ਸਾਹਿਤ ਵਿਚ ਰੰਗੇ ਹੋਏ ਪ੍ਰਮੁੱਖ ਸਾਹਿਤਕਾਰ ਹਨ।
ਦਸਮ ਪਾਤਸ਼ਾਹ ਦੀ ਕਥਨੀ ਤੇ ਕਰਨੀ ਤੋਂ ਸਿੱਧ ਹੈ ਕਿ ਉਹ ਮੁਸਲਮਾਨਾਂ ਦੇ ਜਾਂ ਇਸਲਾਮ ਦੇ ਵਿਰੋਧੀ ਨਹੀਂ ਸਨ, ਉਹ ਜਬਰ, ਜ਼ੁਲਮ ਤੇ ਅਨਿਆਂ ਦੇ ਵਿਰੋਧੀ ਸਨ। ਜੇ ਉਹ ਇਸਲਾਮ ਦੇ ਵਿਰੋਧੀ ਹੁੰਦੇ ਤਾਂ ਪੀਰ ਭੀਖਣ ਸ਼ਾਹ, ਨਵਾਬ ਰਹੀਮ ਬਖਸ਼, ਕਰੀਮ ਬਖਸ਼ ਪਟਨਾ ਸਾਹਿਬ ਵਾਲੇ, ਕਾਜ਼ੀ ਪੀਰ ਮੁਹੰਮਦ ਗਨੀ ਖਾਂ, ਨਬੀ ਖਾਂ, ਨਿਹੰਗ ਖਾਂ, ਮੁਗਲ ਜਰਨੈਲ ਸੈਦ ਬੇਗ, ਮੈਮੂੰ ਖਾਂ, ਸੈਦ ਖਾਂ, ਰਾਏ ਕੱਲਾ, ਵਹਿਮੀ ਸ਼ਾਹ ਜੋ ਅੰਮ੍ਰਿਤ ਛਕ ਕੇ ਅਜਮੇਰ ਸਿੰਘ ਬਣਿਆ, ਸਾਈਂ ਵਲਾਇਤ ਸ਼ਾਹ ਆਦਿ ਮੁਸਲਮਾਨ, ਪੀਰ ਫਕੀਰ ਦਸਮ ਪਾਤਸ਼ਾਹ ਦੇ ਸ਼ਰਧਾਲੂ/ਹਮਦਰਦ ਨਾ ਹੁੰਦੇ। ਇਸ ਪੁਸਤਕ ਦੀ ਖੂਬੀ ਇਹ ਹੈ ਕਿ ਇਸ ਵਿਚ ਸੂਫ਼ੀ ਮਤ ਦੇ ਇਤਿਹਾਸ ਤੇ ਪ੍ਰਸਿੱਧ ਸੂਫ਼ੀ ਮਤ ਘਰਾਣਿਆਂ ਬਾਰੇ ਚੰਗੀ ਜਾਣਕਾਰੀ ਦਿੱਤੀ ਗਈ ਹੈ। ਬੇਗਮ ਬੀਬੀ ਨਸੀਰਾਂ ਬਾਰੇ ਲੇਖਕ ਨੇ ਖੂਬਸੂਰਤ ਜਾਣਕਾਰੀ ਦਿੱਤੀ ਹੈ। ਲੇਖਕ ਖੋਜੀ ਬਿਰਤੀ ਦਾ ਮਾਲਕ ਹੈ। ਇਹ ਉਸ ਦੀ ਗਿਆਰ੍ਹਵੀਂ ਪੁਸਤਕ ਹੈ। ਰਠੌਰ ਨੇ ਗੁਰੂ ਜੀ ਦੇ ਮੁਸਲਮਾਨ ਸ਼ਰਧਾਲੂਆਂ ਨਾਲ ਜੁੜੇ ਇਤਿਹਾਸ ਦੇ ਗੌਰਵਮਈ ਪੰਨਿਆਂ ਨੂੰ ਸਾਹਮਣੇ ਲਿਆਉਣ ਲਈ ਵਡਮੁੱਲੀ ਘਾਲਣਾ ਘਾਲੀ ਹੈ। ਇਹ ਇਤਿਹਾਸਕ ਪੇਸ਼ਕਾਰੀ ਹੈ। ਲੇਖਕ ਵਧਾਈ ਦਾ ਹੱਕਦਾਰ ਹੈ।


ਦਿਲਜੀਤ ਸਿੰਘ ਬੇਦੀ


ਇਕ ਔਰਤ ਹਜ਼ਾਰ ਦੀਵਾਨੇ

ਲੇਖਕ : ਕ੍ਰਿਸ਼ਨ ਚੰਦਰ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 175 ਰੁਪਏ, ਸਫ਼ੇ : 136
ਸੰਪਰਕ : 98550-89786.


ਕ੍ਰਿਸ਼ਨ ਚੰਦਰ ਉਰਦੂ ਸਾਹਿਤ ਦਾ ਉੱਚ ਦੁਮਾਲੜੇ ਵਾਲਾ ਗਲਪਕਾਰ ਹੈ। ਉਸ ਦਾ ਸ਼ੁਮਾਰ ਉਰਦੂ ਦੇ ਪ੍ਰਸਿੱਧ ਅਫ਼ਸਾਨਾ ਨਿਗਾਰਾਂ ਮੰਟੋ, ਇਸਮਤ ਚੁਗਤਾਈ ਅਤੇ ਅਹਿਮਦ ਨਦੀਮ ਜਿਹੇ ਕਹਾਣੀਕਾਰਾਂ ਵਿਚ ਹੁੰਦਾ ਹੈ। ਉਸ ਦਾ ਨਾਂਅ ਇਨ੍ਹਾਂ ਹਲਕਿਆਂ 'ਚ ਬੜੇ ਆਦਰ ਅਤੇ ਮਾਣ ਨਾਲ ਲਿਆ ਜਾਂਦਾ ਹੈ। 'ਏਕ ਗਧੇ ਦੀ ਆਤਮਕਥਾ' ਜਿਹੇ ਵਿਅੰਗਾਤਮਕ ਨਵਲਾਂ ਰਾਹੀਂ ਉਸ ਨੇ ਭਾਰਤੀ ਰਾਜਨੀਤੀ ਅਤੇ ਸਮਾਜ 'ਤੇ ਤਿੱਖਾ ਕਟਾਖਸ਼ ਕੀਤਾ ਹੈ। ਇਸੇ ਲੜੀ ਵਿਚ 'ਇਕ ਔਰਤ ਹਜ਼ਾਰ ਦੀਵਾਨੇ' ਨਾਵਲ ਦੀ ਵੀ ਬਹੁਤ ਚਰਚਾ ਹੋਈ ਹੈ। ਲੇਖਕ ਆਪਣੀ ਤੇਜ਼-ਤਰਾਰ ਭਾਸ਼ਾ ਵਿਚ ਅਤੇ ਰੋਮਾਂਚਕ ਅੰਦਾਜ਼ ਵਿਚ ਇਕ ਖਾਨਾਬਦੋਸ਼ ਕੁੜੀ ਲਾਚੀ ਦਾ ਜੀਵਨ ਬਿਰਤਾਂਤ ਪੇਸ਼ ਕਰਦਾ ਹੈ ਜੋ ਆਪਣੇ ਸਮੇਂ ਅਤੇ ਕਬੀਲੇ ਦੇ ਰੀਤੀ-ਰਿਵਾਜਾਂ ਨੂੰ ਤੋੜ ਕੇ ਆਪਣਾ ਮਨਚਾਹਿਆ ਜੀਵਨ ਗੁਜ਼ਾਰਨਾ ਚਾਹੁੰਦੀ ਹੈ। ਉਹ ਸੁੰਦਰ ਹੈ, ਜਵਾਨ ਹੈ ਤੇ ਹਰ ਕੋਈ ਉਸ ਦਾ ਦੀਵਾਨਾ ਹੈ। ਫਲਾਂ ਵਾਲਾ ਮਾਧੋ, ਸਟੇਸ਼ਨ ਮਾਸਟਰ ਰਸਿਕ ਲਾਲ, ਟੈਕਸੀ ਵਾਲਾ, ਪਲਾਸਟਿਕ ਫੈਕਟਰੀ ਦਾ ਮਾਲਕ, ਇਥੋਂ ਤੱਕ ਕਿ ਜੇਲ੍ਹ ਦਾ ਸੁਪਰਡੈਂਟ ਖੂਬ ਚੰਦ ਵੀ ਉਸ ਦੀਆਂ ਅਦਾਵਾਂ 'ਤੇ ਮਰ ਮਿਟਣ ਲਈ ਤਿਆਰ ਹਨ। ਪਰ ਉਹ ਇਕੋ ਧੁਨ ਵਿਚ ਰਮੀ ਹੋਈ ਹੈ ਕਿ ਉਸ ਨੇ ਪੇਸ਼ਾ ਨਹੀਂ ਕਰਨਾ ਤੇ ਆਪਣੇ ਮਨਚਾਹੇ ਮਰਦ ਗੁਲ ਜਿਹੇ ਬੰਦੇ ਨਾਲ ਉਮਰ ਗੁਜ਼ਾਰਨੀ ਹੈ। ਉਹ ਭੀਖ ਮੰਗਦੀ ਹੈ, ਕੋਲਾ ਚੋਰੀ ਕਰਦੀ ਹੈ ਪਰ ਆਪਣੀ ਅੜਬ ਅਤੇ ਅਣਖ ਦੇ ਮੁੱਲ 'ਤੇ ਸਮਝੌਤਾ ਨਹੀਂ ਕਰਦੀ। ਸੰਕਟ ਦੀ ਘੜੀ ਆਉਣ 'ਤੇ ਉਹ ਕਤਲ ਤੱਕ ਕਰ ਦਿੰਦੀ ਹੈ। ਇਸ ਨਾਵਲ ਵਿਚ ਲੇਖਕ ਨੇ ਬਹੁਤ ਹੀ ਉੱਚ ਦਰਜੇ ਦੀਆਂ ਕਲਾਤਮਿਕ ਛੋਹਾਂ ਦੇਣ ਦਾ ਯਤਨ ਕੀਤਾ ਹੈ।
ਪਰ ਉਸ ਦੀ ਇਹ ਅਣਖ ਅਤੇ ਜਵਾਂਦਾਰੀ ਓਨੀ ਦੇਰ ਹੀ ਕਾਇਮ ਰਹਿੰਦੀ ਹੈ ਜਦ ਤੱਕ ਉਹ ਖੂਬਸੂਰਤ ਹੈ ਅਤੇ ਜਵਾਨ ਹੈ। ਜਦ ਚੇਚਕ ਨਿਕਲਣ 'ਤੇ ਉਹਦਾ ਚਿਹਰਾ ਮਾਤਾ ਦੇ ਦਾਗ਼ਾਂ ਨਾਲ ਭਰ ਜਾਂਦਾ ਹੈ ਤੇ ਅੱਖਾਂ ਦੀ ਜੋਤ ਚਲੀ ਜਾਂਦੀ ਹੈ ਤਾਂ ਉਸ 'ਤੇ ਹਜ਼ਾਰਾਂ ਰੁਪਏ ਖ਼ਰਚਣ ਲਈ ਤਿਆਰ ਬੰਦੇ ਉਸ ਨੂੰ ਭੀਖ ਦੇਣ ਤੋਂ ਵੀ ਕਤਰਾਉਂਦੇ ਹਨ। ਇਥੋਂ ਤੱਕ ਕਿ ਉਸ ਨਾਲ ਜੀਵਨ ਮਰਨ ਦੀਆਂ ਸਹੁੰਆਂ ਖਾਣ ਵਾਲਾ ਉਸ ਦਾ ਆਸ਼ਿਕ ਗੁਲ ਵੀ ਉਸ ਤੋਂ ਕੰਨੀ ਕਤਰਾ ਜਾਂਦਾ ਹੈ ਤੇ ਉਹ ਮੁੜ ਤਰਸਯੋਗ ਹਾਲਤ ਵਿਚ ਢਿੱਡ ਨੂੰ ਝੁਲਕਾ ਦੇਣ ਲਈ ਭੀਖ ਮੰਗਣ ਲਗਦੀ ਹੈ। ਉਸ ਦੇ ਆਸ਼ਕ ਉਸ ਨੂੰ ਦੁਤਕਾਰਨ ਲਗਦੇ ਹਨ। ਇਸ ਨਾਵਲ ਵਿਚ ਜਜ਼ਬੇ ਹਨ, ਰੋਮਾਂਚ ਹੈ, ਫੜਕਦੀ ਹੋਈ ਤੇਜ਼-ਤਰਾਰ ਭਾਸ਼ਾ ਹੈ। ਅਨੁਵਾਦ ਧਰਮਿੰਦਰ ਸ਼ਾਹਿਦ ਦਾ ਕਮਾਲ ਦਾ ਹੈ। ਨਾਵਲ ਦਿਲਚਸਪ ਹੈ।


ਕੇ.ਐਲ. ਗਰਗ
ਮੋ: 94635-37050


ਜਿਊਂਦੇ ਸ਼ਹੀਦ
ਲੇਖਿਕਾ : ਸਵਿੰਦਰ ਸੰਧੂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 116
ਸੰਪਰਕ : 94639-60845.


'ਜਿਊਂਦੇ ਸ਼ਹੀਦ' ਪੁਸਤਕ ਸਵਿੰਦਰ ਸੰਧੂ ਦੁਆਰਾ ਲਿਖੀ ਗਈ ਹੈ ਜਿਸ ਵਿਚ ਉਸ ਨੇ ਜਿਊਂਦੇ ਸ਼ਹੀਦ ਉਨ੍ਹਾਂ ਫ਼ੌਜੀ ਯੋਧਿਆਂ ਦੇ ਪਰਿਵਾਰਾਂ ਨੂੰ ਕਿਹਾ ਹੈ ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਦੇਸ਼ ਲਈ ਸ਼ਹਾਦਤ ਤੋਂ ਬਾਅਦ ਵੀ ਆਪਣੀ ਜ਼ਿੰਦਗੀ ਨੂੰ ਸਿਰੜ ਅਤੇ ਸਿਦਕ ਨਾਲ ਜੀਵਿਆ ਹੈ। ਪੁਸਤਕ ਵਿਚ ਮੇਜਰ ਕੰਵਲਜੀਤ ਸਿੰਘ ਜਿਨ੍ਹਾਂ ਨੇ 1971 ਦੀ ਭਾਰਤ-ਪਾਕਿ ਜੰਗ ਵਿਚ ਆਪਣੀ ਬਹਾਦਰੀ ਦੇ ਜੌਹਰ ਦਿਖਾਏ ਅਤੇ ਫਿਰ ਲਾਪਤਾ ਘੋਸ਼ਿਤ ਕਰ ਦਿੱਤੇ ਗਏ।
ਲੇਖਿਕਾ ਨੇ ਦੱਸਿਆ ਹੈ ਕਿ ਭਾਵੇਂ ਇਨ੍ਹਾਂ ਦੀ ਬਹਾਦਰੀ ਦੀ ਯਾਦ ਦਿਵਾਉਂਦਾ 'ਚੇਤਕ' ਨਾਂਅ ਦਾ ਪੁਲ ਵੀ ਹੁਸੈਨੀਵਾਲਾ ਦੇ ਨੇੜੇ ਬਣਾਇਆ ਗਿਆ ਪਰ ਸ਼ਹੀਦ ਦਾ ਪਰਿਵਾਰ ਸਰਕਾਰੀ ਬੇਰੁਖ਼ੀ ਦਾ ਸ਼ਿਕਾਰ ਹੀ ਰਿਹਾ। ਇਸੇ ਤਰ੍ਹਾਂ ਪੁਸਤਕ ਵਿਚ ਇਕ ਲੇਖਕ ਕਰਨਲ ਕਰਨਬੀਰ ਸਿੰਘ 'ਨੱਟ' ਬਾਰੇ ਹੈ ਜੋ ਜਬਾੜੇ ਉੱਤੇ ਗੋਲੀ ਲੱਗਣ ਦੇ ਬਾਵਜੂਦ ਦੁਸ਼ਮਣਾਂ ਦਾ ਬਹਾਦਰੀ ਨਾਲ ਟਾਕਰਾ ਕਰਦੇ ਹਨ। ਲੇਖਿਕਾ ਅਨੁਸਾਰ ਫ਼ੌਜੀ ਜਵਾਨ ਦੀਆਂ ਦੋ ਬੇਟੀਆਂ ਅਤੇ ਪਤਨੀ ਪਿਛਲੇ ਪੰਜ ਸਾਲਾਂ ਤੋਂ ਦੁਖਦ ਅਤੇ ਆਰਥਿਕ ਪੱਖੋਂ ਮੰਦਹਾਲੀ ਵਿਚ ਜੀਵਨ ਜਿਊ ਰਹੀਆਂ ਹਨ। ਕਰਨਲ ਕਰਨਬੀਰ ਸਿੰਘ ਪੂਰੀ ਤਰ੍ਹਾਂ ਆਪਣੇ ਹੋਸ਼ੋ-ਹਵਾਸ ਵਿਚ ਨਹੀਂ ਹਨ। ਪਰ ਪਰਿਵਾਰ ਦੀ ਕੁਰਬਾਨੀ ਦਾ ਜਜ਼ਬਾ ਪੂਰੀ ਤਰ੍ਹਾਂ ਕਾਇਮ ਹੈ। ਇਸ ਪੁਸਤਕ ਵਿਚ ਇਨ੍ਹਾਂ ਦੋ ਫ਼ੌਜੀ ਜਵਾਨਾਂ ਦੀ ਬਹਾਦਰੀ ਤੋਂ ਇਲਾਵਾ ਲੇਖਿਕਾ ਨੇ ਕੁਝ ਉਹ ਮਸਲੇ ਵੀ ਪਾਠਕਾਂ ਦੇ ਸਨਮੁੱਖ ਕੀਤੇ ਹਨ ਜਿਨ੍ਹਾਂ ਨਾਲ ਅਜੋਕਾ ਮਨੁੱਖ ਜੂਝ ਰਿਹਾ ਹੈ।
ਇਨ੍ਹਾਂ ਮਸਲਿਆਂ ਦਾ ਹੱਲ ਆਪਣੀਆਂ ਜੜ੍ਹਾਂ ਨਾਲੋਂ ਟੁੱਟਣਾ ਵੀ ਹੈ। ਕੋਰੋਨਾ ਕਾਲ ਦੁਆਰਾ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨ ਦਾ ਦਰਦ, ਕੁਦਰਤ ਦੀਆਂ ਨਿਆਮਤਾਂ ਦੀ ਵਰਤੋਂ, ਰਿਸ਼ਤਿਆਂ ਪ੍ਰਤੀ ਨਿੱਘ ਅਤੇ ਅਪਣੱਤ ਭਰਿਆ ਰਵੱਈਆ, ਪ੍ਰਦੂਸ਼ਿਤ ਹੋ ਰਿਹਾ ਵਾਤਾਵਰਨ ਆਦਿ ਬਾਰੇ ਲੇਖਿਕਾ ਨੇ ਭਾਵਪੂਰਤ ਵਿਚਾਰ ਸਾਂਝੇ ਕੀਤੇ ਹਨ। ਇਕ ਲੇਖ 'ਬੁਘਨੀ' ਜੋ ਕਿ ਘਰੇਲੂ ਬੱਚਤ ਦਾ ਵਧੀਆ ਸਾਧਨ ਸੀ, ਬਾਰੇ ਵੀ ਪੁਸਤਕ ਵਿਚ ਸ਼ਾਮਿਲ ਹੈ। ਨਿੱਜੀ ਅਨੁਭਵ ਵਿਚੋਂ ਪੈਦਾ ਹੋਈ ਇਹ ਪੁਸਤਕ ਪੜ੍ਹਨਯੋਗ ਹੈ।


ਡਾ. ਸਰਦੂਲ ਸਿੰਘ ਔਜਲਾ
ਮੋ: 98141-68611.


ਗੂੜ੍ਹੀ ਇਬਾਰਤ
ਲੇਖਕ : ਤਰਸੇਮ
ਪ੍ਰਕਾਸ਼ਕ : ਲੋਕ ਰੰਗ ਪ੍ਰਕਾਸ਼ਨ, ਬਰਨਾਲਾ
ਮੁੱਲ-150 ਰੁਪਏ, ਸਫ਼ੇ : 128
ਸੰਪਰਕ : 98159-76485.


ਵਿਚਾਰ ਅਧੀਨ ਪੁਸਤਕ 'ਗੂੜ੍ਹੀ ਇਬਾਰਤ' ਸਾਹਿਤਕਾਰ ਤਰਸੇਮ ਵਲੋਂ ਲਿਖੇ ਰੇਖਾ-ਚਿੱਤਰਾਂ ਦੀ ਪੁਸਤਕ ਹੈ ਜੋ ਉਸ ਦੁਆਰਾ ਕੱਦਾਵਰ ਸਾਹਿਤਕਾਰਾਂ ਨਾਲ ਕੀਤੀਆਂ ਮੁਲਾਕਾਤਾਂ 'ਤੇ ਆਧਾਰਿਤ ਹੈ। ਇਸ ਪੁਸਤਕ ਵਿਚ ਕੁੱਲ 9 ਰੇਖਾ-ਚਿੱਤਰ ਸ਼ਾਮਿਲ ਕੀਤੇ ਗਏ ਹਨ। ਲੇਖਕ ਅਨੁਸਾਰ ਉਸ ਦੁਆਰਾ ਇਹ ਮੁਲਾਕਾਤਾਂ ਪੰਜਾਬੀ ਸਾਹਿਤ ਅਕਾਦਮੀ, ਦਿੱਲੀ ਦੇ ਮੈਗਜ਼ੀਨ 'ਸਮਦਰਸ਼ੀ' ਦੇ ਮੁਲਾਕਾਤ ਵਿਸ਼ੇਸ਼ ਅੰਕ ਲਈ ਕੀਤੀਆਂ ਗਈਆਂ ਸਨ। ਇਨ੍ਹਾਂ ਮੁਲਾਕਾਤਾਂ ਦੌਰਾਨ ਲੇਖਕ ਨੇ ਸਾਹਿਤਕਾਰਾਂ ਸਬੰਧੀ ਜੋ ਤੱਥ ਇਕੱਠੇ ਕੀਤੇ, ਫਿਰ ਉਸੇ 'ਤੇ ਆਧਾਰਿਤ ਇਹ ਰੇਖਾ-ਚਿੱਤਰ ਲਿਖੇ। ਇਹ ਨੌਂ ਨਾਮਵਰ ਸਾਹਿਤਕਾਰ ਹਨ : ਕਰਤਾਰ ਸਿੰਘ ਦੁੱਗਲ, ਅੰਮ੍ਰਿਤਾ ਪ੍ਰੀਤਮ, ਅਜੀਤ ਕੌਰ, ਡਾ. ਜਗਤਾਰ, ਦਲੀਪ ਕੌਰ ਟਿਵਾਣਾ, ਸਤਿੰਦਰ ਨੂਰ, ਜਸਬੀਰ ਭੁੱਲਰ, ਜੋਗਿੰਦਰ ਸਿੰਘ ਨਿਰਾਲਾ ਅਤੇ ਚਰਨਜੀਤ ਸਿੰਘ ਚੰਨ। ਲੇਖਕ ਨੇ ਨਾਮਵਰ ਕਹਾਣੀਕਾਰ ਕਰਤਾਰ ਸਿੰਘ ਦੁੱਗਲ ਨਾਲ ਮੁਲਾਕਾਤ ਦਿੱਲੀ ਉਸ ਦੀ ਰਿਹਾਇਸ਼ ਵਿਖੇ ਚਰਨਜੀਤ ਸਿੰਘ ਚੰਨ ਨਾਲ ਜਾ ਕੇ ਕੀਤੀ। ਦੁੱਗਲ ਸਾਹਿਬ ਦੇ ਮਿਹਨਤੀ, ਸਿਰੜੀ ਅਤੇ ਕਈ ਰੁਝੇਵਿਆਂ ਵਿਚ ਪੂਰੀ ਤਰ੍ਹਾਂ ਮਗਨ ਰਹਿਣ ਕਾਰਨ ਲੇਖਕ ਨੇ ਰਸਮੀ ਪ੍ਰਸ਼ਨਾਂ ਦੇ ਉੱਤਰ ਡਾਕ ਰਾਹੀਂ ਹੀ ਪ੍ਰਾਪਤ ਕੀਤੇ। ਇਸੇ ਤਰ੍ਹਾਂ ਲੇਖਕ ਅੰਮ੍ਰਿਤਾ ਪ੍ਰੀਤਮ ਨੂੰ ਵੀ ਦਿੱਲੀ ਉਸ ਦੀ ਰਿਹਾਇਸ਼ 'ਤੇ ਹੀ ਡਾ. ਮੋਹਨਜੀਤ ਨਾਲ ਜਾ ਕੇ ਮਿਲਿਆ ਸੀ। ਅੰਮ੍ਰਿਤਾ ਪ੍ਰੀਤਮ ਦੇ ਘਰ ਦੇ ਮਾਹੌਲ ਬਾਰੇ, ਇਮਰੋਜ਼ ਬਾਰੇ ਅਤੇ ਉਥੋਂ ਦੇ ਸਾਹਿਤਕ ਵਾਤਾਵਰਨ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਹੈ। ਅਜੀਤ ਕੌਰ ਨਾਲ ਲੇਖਕ ਨੇ ਉਸ ਦੇ ਦਫ਼ਤਰ ਵਿਚ ਜਾ ਕੇ ਮੁਲਾਕਾਤ ਕੀਤੀ ਸੀ ਅਤੇ ਉਸ ਸਮੇਂ ਹੋਈਆਂ ਗੱਲਾਂਬਾਤਾਂ ਵਿਚੋਂ ਉਹ ਪੰਜਾਬੀ ਬੋਲਣ ਵਾਲਿਆਂ ਦੀ ਘੱਟ ਹੋ ਰਹੀ ਗਿਣਤੀ ਕਾਰਨ ਚਿੰਤਤ ਨਜ਼ਰ ਆਈ। ਡਾ. ਜਗਤਾਰ ਦੇ ਰੇਖਾ-ਚਿੱਤਰ ਵਿਚੋਂ ਉਸ ਦੀ ਸ਼ਖ਼ਸੀਅਤ ਇਕ ਅਜਿਹੇ ਕਲਾਕਾਰ ਵਜੋਂ ਉਭਾਰੀ ਗਈ ਹੈ ਜੋ ਪੁਰਾਤਨ ਵਸਤਾਂ ਨੂੰ ਦਿਲੋਂ ਪਿਆਰ ਕਰਦਾ ਹੈ। ਦਲੀਪ ਕੌਰ ਟਿਵਾਣਾ ਦੇ ਘਰ ਅਤੇ ਉਸ ਦੀ ਸ਼ਖ਼ਸੀਅਤ ਬਾਰੇ ਵੀ ਲੇਖਕ ਨੇ ਸ਼ਾਨਦਾਰ ਢੰਗ ਨਾਲ ਲਿਖਿਆ ਹੈ ਅਤੇ ਉਸ ਦੇ ਘਰ ਪੀਤੀ ਪਤਾਸਿਆਂ ਵਾਲੀ ਚਾਹ ਬਾਰੇ ਲਿਖਿਆ ਹੈ। ਲੇਖਕ ਨੇ ਸਤਿੰਦਰ ਨੂਰ ਦੀ ਸ਼ਖ਼ਸੀਅਤ ਬਾਰੇ ਬਹੁਤ ਵਿਸਥਾਰ ਵਿਚ ਲਿਖਿਆ ਹੈ ਅਤੇ ਉਸ ਦੀ ਵਿਦਵਤਾ ਅਤੇ ਸੁਭਾਅ ਬਾਰੇ ਚਾਨਣਾ ਪਾਇਆ ਹੈ। ਜਸਬੀਰ ਭੁੱਲਰ ਦੇ ਘਰ ਦੇ ਮਾਹੌਲ ਅਤੇ ਘਰ ਦੀ ਸਜਾਵਟ ਬਾਰੇ ਵੀ ਲੇਖਕ ਨੇ ਵਿਸਥਾਰ ਨਾਲ ਲਿਖਿਆ ਹੈ ਅਤੇ ਨਾਲ ਹੀ ਉਸ ਦੇ ਦੋਸਤਾਂ ਨਾਲ ਉਸ ਦੇ ਸਬੰਧਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ। ਪੁਸਤਕ ਦੇ ਅੰਤਿਮ ਦੋ ਰੇਖਾ-ਚਿੱਤਰ ਜੋਗਿੰਦਰ ਸਿੰਘ ਨਿਰਾਲਾ ਅਤੇ ਚਰਨਜੀਤ ਸਿੰਘ ਚੰਨ ਬਾਰੇ ਲਿਖੇ ਹਨ, ਜਿਨ੍ਹਾਂ ਵਿਚ ਲੇਖਕ ਨੇ ਵਿਸਥਾਰਿਤ ਸ਼ੈਲੀ ਵਿਚ ਇਨ੍ਹਾਂ ਦੋਵਾਂ ਸ਼ਖ਼ਸੀਅਤਾਂ ਨੂੰ ਚਿਤਰਨ ਕੀਤਾ ਹੈ। ਇਹ ਪੁਸਤਕ ਚੇਤੰਨ ਰੂਪ ਵਿਚ ਰੇਖਾ-ਚਿੱਤਰ ਵਿਧਾ ਅਧੀਨ ਰਚੀ ਗਈ ਹੈ ਪਰ ਇਸ ਵਿਚ ਮੁਲਾਕਾਤਾਂ ਦੇ ਸਿਲਸਿਲੇ ਦੀ ਬਹੁਤਾਤ ਹੋਣ ਕਾਰਨ ਪਾਠਕ ਨੂੰ ਮੁਲਾਕਾਤ ਵਿਧਾ ਦਾ ਵੀ ਭੁਲੇਖਾ ਪੈਂਦਾ ਹੈ।


ਡਾ. ਸੰਦੀਪ ਰਾਣਾ
ਮੋ: 98728-87551


ਨਾਚ ਤੋਂ ਬਾਅਦ

ਨਾਵਲਕਾਰ : ਲਿਓ ਤਾਲਸਤਾਏ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 168
ਸੰਪਰਕ :
01679-241744.


ਇਸ ਗਲਪ-ਪੁਸਤਕ ਵਿਚ ਰੂਸ ਦੇ 19ਵੀਂ ਸਦੀ ਵਿਚ ਹੋਏ ਮਹਾਨ ਨਾਵਲਕਾਰ ਲਿਓ ਤਾਲਸਤਾਏ ਦੇ ਤਿੰਨ ਨਿੱਕੇ ਨਾਵਲ (ਨਾਵਲੈੱਟ) 'ਇਵਾਨ ਇਲੀਚ ਦੀ ਮੌਤ', 'ਦੋ ਹੁਸਾਰ', ਅਤੇ 'ਨਾਚ ਤੋਂ ਬਾਅਦ' ਸੰਗ੍ਰਹਿ ਕੀਤੇ ਗਏ ਹਨ, ਜਿਨ੍ਹਾਂ ਨੂੰ ਕਿ ਅਣੂ ਸ਼ਰਮਾ ਨੇ ਪੰਜਾਬੀ ਵਿਚ ਅਨੁਵਾਦਿਤ ਅਤੇ ਅਮਿਤ ਮਿੱਤਰ ਨੇ ਸੰਪਾਦਿਤ ਕੀਤਾ ਹੈ। ਲਿਓ ਨੇ ਇਨ੍ਹਾਂ ਤਿੰਨੇ ਰਚਨਾਵਾਂ ਵਿਚ ਜੀਵਨ ਦੀਆਂ ਉਨ੍ਹਾਂ ਤਲਖੀਆਂ, ਰੰਗੀਨੀਆਂ ਅਤੇ ਅਨੁਭਵਾਂ ਨੂੰ ਬਿਆਨ ਕੀਤਾ ਹੈ ਜਿਹੜੇ ਜਾਂ ਤਾਂ ਉਸ ਨੇ ਖ਼ੁਦ ਹੰਢਾਏ ਸਨ ਜਾਂ ਜਿਨ੍ਹਾਂ ਨੂੰ ਨੇੜਿਓਂ ਰੂਸੀ ਜੀਵਨ ਵਿਚ ਵਾਪਰਦਿਆਂ ਤੱਕਿਆ।
ਪੁਸਤਕ ਦੇ ਸਿਰਨਾਵਾ ਨਾਵਲੈੱਟ 'ਨਾਚ ਤੋਂ ਬਾਅਦ' ਵਿਚ ਰੂਸ ਦੇ ਉੱਚੇ ਸੱਭਿਆਚਾਰਕ ਸਮਾਜ ਦੀ ਜੀਵਨ ਝਲਕ ਪੇਸ਼ ਕੀਤੀ ਗਈ ਹੈ। 'ਇਵਾਨ ਇਲੀਚ ਦੀ ਮੌਤ' ਵਿਚ ਹਾਈ ਕੋਰਟ ਦੇ ਇਕ ਜੱਜ ਦਾ ਮਾਰਮਿਕ ਜੀਵਨ ਦੁਖਾਂਤ ਪੇਸ਼ ਕੀਤਾ ਹੈ ਜੋ ਪਾਠਕ ਨੂੰ ਮੱਲੋ ਜ਼ੋਰੀ ਰੋਣ ਲਈ ਮਜਬੂਰ ਕਰਦਾ ਹੈ। ਤੀਜੀ ਰਚਨਾ 'ਦੋ ਹੁਸਾਰ' ਰੂਸ ਦੇ ਸਹਿਜਤਾ ਭਰੇ ਜੀਵਨ ਦੀ ਝਲਕ ਪੇਸ਼ ਕਰਦੀ ਹੈ। ਇਹ ਉਦੋਂ ਦੀ ਕਹਾਣੀ ਹੈ ਜਦੋਂ ਰੂਸ ਦੇ ਸ਼ਹਿਰਾਂ ਦੇ ਲੋਕ ਵੀ ਅਜੇ ਅੰਨ੍ਹੀ ਪਦਾਰਥਕ ਦੌੜ ਵਿਚ ਨਹੀਂ ਸਨ ਪਏ। ਇਹ ਖੂਬਸੂਰਤ ਰਚਨਾ ਕਲਾਸੀਕਲ ਰੰਗ ਵਿਚ ਰੰਗੀ ਹੋਈ ਹੈ ਅਤੇ ਪਾਠਕ ਦੀ ਰੂਹ ਨੂੰ ਖੂਬ ਟੁੰਬਦੀ ਹੈ। ਅਨੁਵਾਦ ਕਰਤਾ ਨੇ ਕੇਂਦਰੀ ਪੰਜਾਬੀ ਦੀ ਵਰਤੋਂ ਕਰਦਿਆਂ ਇਹ ਸ਼ਲਾਘਾਯੋਗ ਕਾਰਜ ਸਫਲਤਾ ਪੂਰਵਕ ਨਿਭਾਇਆ ਹੈ।


ਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.


ਰੰਗ ਜ਼ਿੰਦਗੀ ਦੇ

ਲੇਖਕ : ਸੁਰਜੀਤ ਸਿੰਘ ਜੀਤ
ਪ੍ਰਕਾਸ਼ਕ : ਪੰਜਾਬੀ ਵਿਕਾਸ ਮੰਚ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98885-07947


'ਰੰਗ ਜ਼ਿੰਦਗੀ ਦੇ' ਗੀਤ ਸੰਗ੍ਰਹਿ ਲੇਖਕ ਸੁਰਜੀਤ ਸਿੰਘ ਜੀਤ ਦਾ ਪਲੇਠਾ ਗੀਤ ਸੰਗ੍ਰਹਿ ਹੈ। ਲੇਖਕ ਦੇ ਕਈ ਗੀਤ ਪਹਿਲਾਂ ਹੀ ਪੰਜਾਬ ਦੇ ਪ੍ਰਸਿੱਧ ਗਾਇਕਾਂ ਦੀ ਆਵਾਜ਼ 'ਚ ਰਿਕਾਰਡ ਹੋ ਕੇ ਚਰਚਿੱਤ ਹੋ ਚੁੱਕੇ ਹਨ। ਇਸ ਹਥਲੇ ਸੰਗ੍ਰਹਿ 'ਚ ਉਸ ਦੀਆਂ 97 ਰਚਨਾਵਾਂ ਸ਼ਾਮਿਲ ਹਨ। ਇਹ ਗੀਤ ਸੰਗ੍ਰਹਿ ਧਰਮ, ਸੱਭਿਆਚਾਰ, ਦੇਸ਼ ਭਗਤੀ, ਸਮਾਜਿਕ ਚੇਤਨਤਾ, ਗੌਰਵਮਈ ਇਤਿਹਾਸ ਦਾ ਖ਼ੂਬਸੂਰਤ ਕਾਵਿਕ ਗੁਲਦਸਤਾ ਹੈ। ਲੇਖਕ ਕੁਦਰਤ ਦੇ ਕਾਦਰ ਤੋਂ ਬਲਿਹਾਰੇ ਜਾਂਦਾ ਹੈ, ਮਾਂ ਬੋਲੀ ਨੂੰ ਸਿਜਦਾ ਕਰਦਾ ਹੈ। ਅਜੋਕੇ ਮਾਰਧਾੜ, ਹਿੰਸਾ, ਲੱਚਰਤਾ ਅਤੇ ਹਥਿਆਰਾਂ ਨੂੰ ਪ੍ਰਦਰਸ਼ਿਤ ਕਰਦੇ ਗੀਤਾਂ ਤੋਂ ਤੌਬਾ ਕਰਦਾ ਸਮਾਜਿਕ ਸਰੋਕਾਰਾਂ ਨਾਲ ਜੁੜੇ ਸੱਭਿਅਕ ਗੀਤਾਂ ਨੂੰ ਤਰਜੀਹ ਦੇਣ ਦੀ ਜੋਦੜੀ ਕਰਦਾ ਹੈ :
ਵੇਖ ਵੇਖ ਕੇ ਜੀਹਨੂੰ, ਦਿਲ ਨੂੰ ਮਿਲੇ ਸਕੂਨ ਜਿਹਾ।
ਹਿੰਸਾ, ਨਸ਼ੇ ਤੇ ਹਥਿਆਰਾਂ ਦਾ ਮਿਟੇ ਜਨੂੰਨ ਜਿਹਾ।
ਲਹੇ ਲੱਚਰਤਾ ਹੱਥੋਂ ਪਤ ਬਚਾਵਾਂ ਗੀਤਾਂ ਦੀ।
ਹਸਰਤ ਮੇਰੀ ਇਕ ਤ੍ਰਿਵੈਣੀ ਲਾਵਾਂ ਗੀਤਾਂ ਦੀ। (ਪੰਨਾ : 22)
ਲੇਖਕ ਮਨੁੱਖਤਾ ਨੂੰ ਨਵੇਂ ਦਰੱਖਤ ਲਗਾਉਣ ਲਈ ਪ੍ਰੇਰਿਤ ਕਰਦਾ ਹੈ, ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਦੀ ਨਸੀਹਤ ਦਿੰਦਾ ਹੈ। ਅਲੋਪ ਹੋ ਰਹੇ ਪੰਛੀਆਂ ਜਿਵੇਂ ਚਿੜੀਆਂ, ਮੋਰ, ਤਿੱਤਰ, ਬਟੇਰੇ, ਕਬੂਤਰ, ਕੋਇਲ, ਕਾਟੋ, ਤੋਤਾ, ਮੈਨਾ, ਉੱਲੂ, ਗਟਾਰਾਂ, ਸ਼ਿਕਰਾ, ਬਾਜ, ਬਿਜੜੇ, ਟਟੀਹਰੀ ਆਦਿ ਪੰਛੀਆਂ ਦੇ ਸਹਿਜੇ-ਸਹਿਜੇ ਲੁਪਤ ਹੋ ਜਾਣ ਦੇ ਡਰ ਤੋਂ ਉਹ ਡਾਢਾ ਚਿੰਤਤ ਹੈ। ਇਸ ਸੰਗ੍ਰਹਿ ਵਿਚਲੇ ਧਾਰਮਿਕ ਗੀਤਾਂ ਵਿਚ ਲੇਖਕ ਦੀ ਤਿੱਖੀ ਸੂਝ-ਬੂਝ ਅਤੇ ਸਿੱਖ ਇਤਿਹਾਸ ਪ੍ਰਤੀ ਡੂੰਘੀ ਜਾਣਕਾਰੀ ਦੀ ਝਲਕ ਵਿਖਾਈ ਦਿੰਦੀ ਹੈ। ਲੇਖਕ ਅਜੋਕੇ ਯੁੱਗ 'ਚ ਧੀਆਂ ਅਤੇ ਪੁੱਤਰਾਂ ਦੀ ਬਰਾਬਰਤਾ ਦਾ ਹਾਮੀ ਹੈ। ਨਸ਼ਿਆਂ ਦੀ ਭੈੜੀ ਲਤ ਦਾ ਨੌਜਵਾਨ ਪੀੜ੍ਹੀ ਨੂੰ ਆਪਣੀ ਗ੍ਰਿਫ਼ਤ 'ਚ ਲੈਣਾ, ਉਸ ਦਾ ਹਿਰਦਾ ਵਲੂੰਧਰਦਾ ਹੈ :
ਵਿਰਸਾ ਭੁਲਾ ਕੇ ਆਪਣਾ
ਪੈ ਗਈ ਏ ਕੁਰਾਹੇ ਨੌਜਵਾਨੀ।
ਦਾਅ 'ਤੇ ਭਵਿੱਖ ਦੇਸ਼ ਦਾ
ਦੋਖੀ ਦੇਸ਼ ਦੇ ਕਰਨ ਮਨਮਾਨੀ।
ਮਹਾਂਮਾਰੀ ਵਾਂਗੂ ਫੈਲਦੇ 'ਜੀਤ'
ਰੋਗ ਦਾ ਲੱਭੋ ਕੋਈ ਦਾਰੂ।
ਲਤ ਭੈੜੀ ਨਸ਼ਿਆਂ ਦੀ,
ਪੈ ਚੱਲੀ ਏ ਜਵਾਨੀਆਂ 'ਤੇ ਭਾਰੂ। (ਪੰਨਾ ਨੰ: 43)
ਲੇਖਕ ਸੁਰਜੀਤ ਸਿੰਘ ਜੀਤ ਦੀਆਂ ਰਚਨਾਵਾਂ ਜਿੱਥੇ ਵਿਸ਼ਾ-ਵਸਤੂ ਅਤੇ ਰੂਪਕ ਪੱਖ ਤੋਂ ਖੂਬਸੂਰਤੀ ਦਾ ਪ੍ਰਮਾਣ ਦਿੰਦੀਆਂ ਪ੍ਰਤੀਤ ਹੁੰਦੀਆਂ ਹਨ, ਉਥੇ ਇਨ੍ਹਾਂ ਰਚਨਾਵਾਂ 'ਚ ਰਵਾਨਗੀ ਵੀ ਕਾਬਲੇ ਜ਼ਿਕਰ ਹੈ।


ਮਨਜੀਤ ਸਿੰਘ ਘੜੈਲੀ
ਮੋ: 98153-91625

21-08-2021

 ਦਸ ਗੁਰੂ ਸਾਹਿਬਾਨ ਜੀ ਅਤੇ ਸਮਕਾਲੀ ਸਮਾਜ
ਲੇਖਕ : ਬੇਅੰਤ ਕੌਰ ਗਿੱਲ
ਪ੍ਰਕਾਸ਼ਕ : ਆਸਥਾ ਪ੍ਰਕਾਸ਼ਨ ਜਲੰਧਰ-ਦਿੱਲੀ
ਸਫ਼ੇ : 159
ਸੰਪਰਕ : 94656-06210.

ਹਥਲੀ ਪੁਸਤਕ ਦੀ ਲੇਖਿਕਾ ਨੇ ਦਸ ਗੁਰੂ ਸਾਹਿਬਾਨ ਦੇ ਜੀਵਨ ਦਾ ਡੂੰਘਾ ਅਧਿਐਨ ਕਰਕੇ ਇਹ ਮਹਿਸੂਸ ਕੀਤਾ ਹੈ ਕਿ ਗੁਰੂ ਸਾਹਿਬਾਨ ਦੀ ਜੀਵਨ-ਸ਼ੈਲੀ, ਕੁਰਬਾਨੀ, ਸੇਵਾ ਕੇਵਲ ਸਮਾਜ ਨੂੰ ਸੇਧ ਦੇਣਾ ਹੀ ਨਹੀਂ ਸਗੋਂ ਸਮਾਜ ਲਈ ਅਜਿਹੇ ਪੂਰਨੇ ਪਾਏ ਜਾਣ ਤਾਂ ਜੋ ਸਦੀਆਂ ਤੋਂ ਨਪੀੜੇ ਲੋਕਾਂ ਨੂੰ ਸਵੈ-ਪੜਚੋਲ ਕਰਕੇ ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰੀ ਬਣਾਇਆ ਜਾਵੇ। ਇਸ ਪੁਸਤਕ ਤੋਂ ਪਹਿਲਾਂ ਵੀ ਲੇਖਿਕਾ ਨੇ ਵਾਰਤਕ ਤੇ ਕਵਿਤਾ ਦੀਆਂ ਦੋ ਪੁਸਤਕਾਂ ਪਾਠਕਾਂ ਦੇ ਸਨਮੁੱਖ ਪੇਸ਼ ਕੀਤੀਆਂ ਹਨ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਪ੍ਰਸ਼ਨ-ਉੱਤਰ ਦੇ ਰੂਪ ਵਿਚ ਪੇਸ਼ ਕਰਕੇ ਸ਼ਲਾਘਾਯੋਗ ਕਾਰਜ ਕੀਤਾ ਹੈ। ਲੇਖਿਕਾ ਮੁਤਾਬਿਕ ਬੱਚੇ ਸਾਡੇ ਸਮਾਜ ਦਾ ਅਹਿਮ ਅੰਗ ਹਨ, ਬੱਚਿਆਂ ਨੂੰ ਗੁਰੂ ਸਾਹਿਬਾਨ ਦੇ ਜੀਵਨ ਨਾਲ ਸਾਂਝ ਪਾਉਣ ਦਾ ਸੁਖੈਨ ਢੰਗ ਕੇਵਲ ਪ੍ਰਸ਼ਨ ਉੱਤਰ ਵੰਨਗੀ ਹੀ ਹੈ। ਪਹਿਲੇ ਪਾਤਸ਼ਾਹ ਦੀ ਜੀਵਨ ਯਾਤਰਾ ਨੂੰ ਬਿਆਨ ਕਰਦਿਆਂ 85 ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ। ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੀਵਨ ਕਾਲ ਨੂੰ 103 ਪ੍ਰਸ਼ਨਾਂ ਦੇ ਉੱਤਰਾਂ ਵਿਚ ਵੰਡਿਆ ਹੈ। ਇਸੇ ਤੀਸਰੇ ਗੁਰੂ ਨਾਨਕ ਸ੍ਰੀ ਗੁਰੂ ਅਮਰਦਾਸ ਜੀ ਜੀਵਨ ਨੂੰ 149 ਪ੍ਰਸ਼ਨਾਂ ਵਿਚ ਵੰਡ ਕੇ ਉਨ੍ਹਾਂ ਦੇ ਜਵਾਬ ਦਿੱਤੇ ਹਨ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਸਫ਼ਰ ਨੂੰ 90 ਪ੍ਰਸ਼ਨਾਂ ਵਿਚ ਵੰਡ ਕੇ ਇਨ੍ਹਾਂ ਦੇ ਉੱਤਰ ਦਿੱਤੇ ਹਨ। ਪੰਚਮ ਪਾਤਸ਼ਾਹ ਦਾ ਜੀਵਨ ਕਾਲ 143 ਪ੍ਰਸ਼ਨਾਂ ਵਿਚ ਵੰਡ ਕੇ ਸੁਖੈਨ ਸ਼ੈਲੀ ਵਿਚ ਜਵਾਬ ਦਿੱਤੇ ਹਨ। ਪੰਚਮ ਪਾਤਸ਼ਾਹ ਤੱਕ ਲੇਖਿਕਾ ਨੇ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ ਕਿ ਪੰਜ ਗੁਰੂ ਸਾਹਿਬਾਨ ਦੀ ਪਾਵਨ ਬਾਣੀ ਦਾ ਵੇਰਵਾ ਵੀ ਪ੍ਰਸ਼ਨ-ਉੱਤਰ ਵੰਨਗੀ ਵਿਚ ਹੀ ਦਿੱਤਾ ਹੈ।
ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਜੀਵਨ-ਕਾਰਜਾਂ ਨੂੰ 116 ਪ੍ਰਸ਼ਨਾਂ ਵਿਚ ਵੰਡ ਕੇ ਉਨ੍ਹਾਂ ਦੇ ਜਵਾਬ ਦਿੱਤੇ ਹਨ। ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਦੇ ਜੀਵਨ ਕਾਲ ਨੂੰ 66 ਪ੍ਰਸ਼ਨਾਂ ਦੇ ਜਵਾਬ ਸਰਲ ਭਾਸ਼ਾ ਵਿਚ ਦੇ ਕੇ ਸਫਲ ਯਤਨ ਕੀਤਾ ਹੈ। ਇਸੇ ਤਰ੍ਹਾਂ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸੰਖੇਪ ਜੀਵਨ ਯਾਤਰਾ ਨੂੰ 52 ਪ੍ਰਸ਼ਨਾਂ ਦੇ ਉੱਤਰ ਦੇ ਕੇ ਪਾਠਕਾਂ ਤੱਕ ਪਹੁੰਚਾਇਆ ਹੈ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਆਗਮਨ ਤੋਂ ਸ਼ਹਾਦਤ ਤੱਕ ਦਾ ਸਫ਼ਰ 133 ਪ੍ਰਸ਼ਨਾਂ ਦੇ ਉੱਤਰ ਦੇ ਕੇ ਪਾਠਕਾਂ ਦੀ ਸਾਂਝ ਬਣਾਈ ਹੈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ 93 ਪ੍ਰਸ਼ਨਾਂ ਦੇ ਉੱਤਰ ਦੇ ਕੇ ਇਤਿਹਾਸ ਦੇ ਹਜ਼ਾਰਾਂ ਸਫ਼ਿਆਂ ਨੂੰ ਕੁੱਜੇ ਵਿਚ ਸਮੁੰਦਰ ਵਾਂਗ ਸਮੋ ਦਿੱਤਾ ਹੈ। ਸਮੁੱਚੇ ਇਤਿਹਾਸ ਨੂੰ ਸਵਾਲ-ਜਵਾਬਾਂ ਲਈ ਇਤਿਹਾਸਕ ਸਰੋਤ ਵਜੋਂ ਪ੍ਰੋਫੈਸਰ ਸਾਹਿਬ ਸਿੰਘ ਅਤੇ ਇਤਿਹਾਸਕਾਰ ਡਾ. ਗੰਡਾ ਸਿੰਘ ਦੀਆਂ ਲਿਖਤਾਂ ਦਾ ਸਹਾਰਾ ਲਿਆ ਗਿਆ ਹੈ। ਲੇੇਖਿਕਾ ਦਾ ਸਕੂਲਾਂ, ਕਾਲਜਾਂ ਦੇ ਬੱਚਿਆਂ ਨੂੰ ਗੁਰੂ ਸਾਹਿਬਾਨ ਦੇ ਜੀਵਨ ਨਾਲ ਜੋੜਨ ਦਾ ਸਫਲ ਉਪਰਾਲਾ ਹੈ।

ਭਗਵਾਨ ਸਿੰਘ ਜੌਹਲ
ਮੋ: 98143-24040.

ਇਕ ਬੰਦਾ ਹੁੰਦਾ ਸੀ
ਲੇਖਕ : ਕਮਲਜੀਤ ਸਿੰਘ ਬਨਵੈਤ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ-ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 83
ਸੰਪਰਕ : 98147-34035.

ਕਮਲਜੀਤ ਸਿੰਘ ਬਨਵੈਤ ਲੰਮਾ ਸਮਾਂ ਪੱਤਰਕਾਰੀ, ਟੀ.ਵੀ. ਪ੍ਰੋਗਰਾਮਾਂ ਨਾਲ ਜੁੜਿਆ ਰਿਹਾ ਹੈ। ਉਸ ਨੂੰ 2011 ਵਿਚ ਸ਼੍ਰੋਮਣੀ ਪੱਤਰਕਾਰ ਪੁਰਸਕਾਰ ਵੀ ਪ੍ਰਾਪਤ ਹੋ ਚੁੱਕਾ ਹੈ। ਉਸ ਨੇ ਪੱਤਰਕਾਰੀ ਦੇ ਨਾਲ-ਨਾਲ ਦੋ ਕਹਾਣੀ ਸੰਗ੍ਰਹਿ 'ਜੰਮਦੀਆਂ ਸੂਲਾਂ' (1977), 'ਗੋਇਟੇ ਮਰ ਚੁੱਕਾ ਹੈ' (1984), ਇਕ ਖੋਜ ਨਿਬੰਧ 'ਸਾਡੇ ਪੇਂਡੂ ਬੱਚੇ ਅਤੇ ਮਾਵਾਂ' (1978) ਦੀ ਰਚਨਾ ਵੀ ਕੀਤੀ। ਉਸ ਦੀਆਂ ਹੋਰ ਪੁਸਤਕਾਂ ਵਿਚ 'ਐਮ ਐਲ ਏ ਨਹੀਂ ਡਾਕੀਆ' (2018), 'ਕਾਲ ਕੋਠੜੀਆਂ ਦਾ ਸਿਰਨਾਵਾਂ' (2019) ਅਤੇ 'ਬੇਬੇ ਤੂੰ ਭੁੱਲਦੀ ਨੀ' (2020) ਸ਼ਾਮਿਲ ਹਨ।
ਹਥਲੀ ਕਿਤਾਬ 'ਇਕ ਬੰਦਾ ਹੁੰਦਾ ਸੀ' ਵਿਚ ਛੋਟੀਆਂ-ਛੋਟੀਆਂ 26 ਲਿਖਤਾਂ ਹਨ, ਜੋ 2-2, 3-3 ਪੰਨਿਆਂ ਦੀਆਂ ਹਨ। ਇਹ ਲਿਖਤਾਂ ਲੇਖਕ ਦੀਆਂ ਹੱਡਬੀਤੀਆਂ ਜਾਂ ਜੱਗ ਬੀਤੀਆਂ 'ਤੇ ਆਧਾਰਿਤ ਹਨ। ਵਿਅਕਤੀ ਹਮੇਸ਼ਾ ਹੀ ਆਪਣੀ ਹੋਂਦ ਦੀ ਲੜਾਈ ਲੜਦਾ ਰਿਹਾ ਹੈ। ਉਹ ਹਰ ਫਰੰਟ 'ਤੇ ਆਪਣੇ ਨਿੱਜ ਦੀ ਗੱਲ ਕਰਦਾ ਹੈਤੇ ਇਸ ਨਿੱਜ ਨੂੰ ਰੇਖਾਂਕਿਤ ਕਰਨ ਲਈ ਉਹ ਸੰਘਰਸ਼ ਵੀ ਕਰਦਾ ਹੈ, ਮਿੱਟੀ ਨਾਲ ਮਿੱਟੀ ਵੀ ਹੁੰਦਾ ਹੈ ਅਤੇ ਕਦੇ-ਕਦਾਈਂ ਦੋ ਨੰਬਰ ਦਾ ਕੰਮ-ਧੰਦਾ ਵੀ ਕਰਦਾ ਹੈ। ਇਸ ਸੰਗ੍ਰਹਿ ਵਿਚ ਅਜਿਹੇ ਹੀ ਵਿਅਕਤੀਆਂ ਦੇ ਕਿਰਦਾਰ ਦੀ ਗਾਥਾ ਹੈ। ਇਹ ਵਿਅਕਤੀ-ਵਿਸ਼ੇਸ਼ ਲੇਖਕ ਨਾਲ ਕਿਸੇ ਨਾ ਕਿਸੇ ਤਰ੍ਹਾਂ ਸਬੰਧਿਤ ਹਨ ਜਾਂ ਤਾਂ ਉਸ ਦੇ ਰਿਸ਼ਤੇਦਾਰ ਹਨ, ਜਾਂ ਦੋਸਤ-ਮਿੱਤਰ ਜਾਂ ਆਂਢ-ਗੁਆਂਢ ਵਿਚ ਵਸਦੇ ਜਾਂ ਕਦੇ-ਕਦਾਈਂ ਤੁਰਦੇ-ਫਿਰਦੇ ਮਿਲੇ ਹਨ। ਇਨ੍ਹਾਂ ਪਾਤਰਾਂ ਦੇ ਕਾਰਜਾਂ/ਵਾਰਤਾਲਾਪਾਂ ਰਾਹੀਂ ਲੇਖਕ ਕੋਈ ਨਾ ਕੋਈ ਸੰਦੇਸ਼ ਦੇ ਜਾਂਦਾ ਹੈ। ਆਪਣੀ ਪਤਨੀ ਦੇ ਸਖ਼ਤ ਅਨੁਸ਼ਾਸਨ, ਮਾਪਿਆਂ/ਦਾਦਾ-ਦਾਦੀ ਦੇ ਵਿਹਾਰ, ਆਈ.ਏ. ਅਫ਼ਸਰਾਂ ਦਾ ਕਿਰਦਾਰ, ਸਰਕਾਰਾਂ ਦੇ ਕੰਮਕਾਜ, ਪਿੰਡ (ਉੜਾਪੜ) ਵਿਚ ਵਸਦੇ ਰਿਸ਼ਤੇਦਾਰਾਂ ਦੀ ਸੋਚ ਆਦਿ ਨੂੰ ਇਨ੍ਹਾਂ ਲਿਖਤਾਂ ਵਿਚ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ ਹੈ।
ਕੋਰੋਨਾ-ਕਾਲ ਦੌਰਾਨ ਲਿਖੀਆਂ ਇਨ੍ਹਾਂ ਰਚਨਾਵਾਂ ਵਿਚੋਂ ਕੁਝ ਪੰਕਤੀਆਂ ਉਲੇਖਯੋਗ ਹਨ:
* ਔਰਤ ਮਾਂ ਹੋਵੇ, ਭੈਣ, ਜਾਂ ਧੀ- ਉਸ ਦਾ ਦਰਜਾ ਪੁਰਸ਼ਾਂ ਨਾਲੋਂ ਵੱਡਾ ਹੁੰਦਾ ਹੈ।
* ਮੁਆਫ਼ੀ ਮੰਗਣ ਵਾਲੇ ਨਾਲੋਂ ਮੁਆਫ਼ ਕਰਨ ਵਾਲਾ ਵੱਡਾ ਹੁੰਦਾ ਹੈ।
* ਬਿਮਾਰੀ ਦੇ ਡੰਗ ਨੇ ਮਨੁੱਖ ਅਤੇ ਪਰਿਵਾਰ ਨੂੰ ਜਿਊਣ ਦਾ ਢੰਗ ਵੀ ਸਿਖਾ ਦਿੱਤਾ ਹੈ।
* ਧਰਮ, ਫਿਰਕਿਆਂ, ਭਾਈਚਾਰਿਆਂ ਤੇ ਖਿੱਤਿਆਂ ਦੀ ਲੜਾਈ ਦੀਆਂ ਬਾਤਾਂ ਨਹੀਂ ਮੁੱਕੀਆਂ।
ਮੁਹਾਲੀ ਵਿਚ ਰਹਿੰਦਾ ਹੋਇਆ ਵੀ ਲੇਖਕ ਪੇਂਡੂ ਪਿਛੋਕੜ ਹੋਣ ਕਰਕੇ ਅਜੇ ਤੱਕ ਪਿੰਡ ਦੇ ਲੋਕਾਂ ਨਾਲ ਮੇਲ-ਮਿਲਾਪ ਤੇ ਸਹਿਚਾਰ ਰੱਖ ਰਿਹਾ ਹੈ।

ਪ੍ਰੋ: ਨਵ ਸੰਗੀਤ ਸਿੰਘ
ਮੋ: 94176-92015

ਉਹ ਦਿਨ ਨਹੀਂ ਭੁੱਲਣੇ
ਲੇਖਕ : ਯੁੱਧਬੀਰ ਸਿੰਘ ਔਲਖ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98558-12384.

ਪੁਸਤਕ ਕਹਾਣੀ ਸੰਗ੍ਰਹਿ ਹੈ। 18 ਕਹਾਣੀਆਂ ਹਨ। ਇਕ ਰਚਨਾ ਨਿਬੰਧ ਹੈ (ਮੰਜੇ ਜੋੜ ਸਪੀਕਰ ਨਹੀਂ ਵੱਜਣੇ) ਜਿਸ ਵਿਚ ਲੇਖਕ ਨੇ ਪੰਜਾਬ ਵਿਚ ਵਿਆਹ-ਸ਼ਾਦੀਆਂ ਵਿਚ ਬਦਲ ਰਹੇ ਰਸਮੋ-ਰਿਵਾਜ ਬਾਰੇ ਪੁਰਾਣੇ ਪੰਜਾਬੀ ਵਿਰਸੇ ਨੂੰ ਯਾਦ ਕੀਤਾ ਹੈ। ਵਧੇਰੇ ਕਹਾਣੀਆਂ ਦੇਸ਼ ਵੰਡ ਦੀਆਂ ਹਨ। 1947 ਦੇ ਕਹਿਰ ਨੂੰ ਵਿਸ਼ਾ ਬਣਾਇਆ ਹੈ। ਪਾਤਰ ਆਪਣੀ ਦਾਸਤਾਨ ਪੇਸ਼ ਕਰਦੇ ਹਨ। ਸੰਵਾਦ ਲੋਕ ਰੰਗ ਵਾਲਾ ਹੈ। ਚਿੰਤਕ ਡਾ. ਅਮਰ ਕੋਮਲ ਨੇ ਭੂਮਿਕਾ ਵਿਚ ਕਹਾਣੀਆਂ ਦੇ ਸੰਦਰਭ ਵਿਚ ਲਿਖਿਆ ਹੈ ਕਿ ਲੇਖਕ ਨੇ 74 ਸਾਲ ਪਹਿਲਾਂ ਦੇ ਇਤਿਹਾਸਕ ਖੂਨੀ ਕਾਂਡ ਦੇ ਗਹਿਰੇ ਅਨੁਭਵ ਲਿਖੇ ਹਨ।
ਸੰਵੇਦਨਸ਼ੀਲਤਾ ਭਾਰੂ ਹੈ। ਸੰਗ੍ਰਹਿ ਦਾ ਸਮਰਪਣ ਆਪਣੇ ਪਿਤਾ ਸੁੱਚਾ ਸਿੰਘ ਨੂੰ ਕੀਤਾ ਹੈ। ਇਹੀ ਪਾਤਰ ਹੂਬਹੂ ਕਹਾਣੀ 'ਦੰਗਿਆਂ ਦੀ ਦਾਸਤਾਨ' ਵਿਚ ਹੈ। ਸੰਤਾਲੀ ਦੇ ਕਹਿਰੀ ਸਾਲ ਵਿਚ ਉਹ ਕਾਫਲੇ ਬਣਾ ਕੇ ਘਰ ਦਾ ਸਾਮਾਨ ਸਭ ਛੱਡ ਕੇ ਤੁਰ ਪਏ ਸਨ। ਸਦੀਆਂ ਤੋਂ ਰਹਿੰਦੇ ਲੋਕ ਇਕ-ਦੂਸਰੇ ਦੇ ਖੂਨ ਦੇ ਪਿਆਸੇ ਬਣ ਗਏ ਸੀ। ਦੇਸ਼ ਵਿਚ ਫ਼ਿਰਕੂ ਜਨੂਨ ਦੀ ਹਨੇਰੀ ਚੱਲ ਪਈ ਸੀ। ਲੁੱਟ-ਮਾਰ, ਕਤਲੋਗਾਰਤ, ਔਰਤਾਂ ਦੀਆਂ ਇੱਜ਼ਤਾਂ ਦੀ ਲੁੱਟ, ਕਾਫਲਿਆਂ 'ਤੇ ਖੂਨੀ ਹਮਲੇ, ਇਹ ਸਾਰੇ ਦ੍ਰਿਸ਼ ਕਹਾਣੀਆਂ ਵਿਚ ਹਨ। ਇਧਰ ਜ਼ਮੀਨਾਂ ਨਵੇਂ ਸਿਰੇ ਤੋਂ ਅਲਾਟ ਹੋਣ ਪਿੱਛੋਂ ਜ਼ਿੰਦਗੀ ਦੀ ਤੋਰ ਸਹਿਜੇ-ਸਹਿਜੇ ਤੁਰ ਪਈ ਸੀ। ਕਹਾਣੀ ਵਿਚ ਸਵੈ-ਬਿਰਤਾਂਤ ਹੈ। ਬਾਰ ਦਾ ਵਿਛੋੜਾ ਦਾ ਪਾਤਰ ਫਜ਼ਲਦੀਨ ਹੈ। ਪਿੰਡ 'ਚ ਉਸ ਦੀ ਪੂਰੀ ਮੁਹੱਬਤ ਹੈ। ਕਿੱਤਾ ਲੁਹਾਰ ਹੈ। ਸਿੱਖਾਂ ਨਾਲ ਮੋਹ ਕਰਦਾ ਹੈ। ਉਸ ਦੀ ਜ਼ਬਾਨ ਮਿੱਠੀ ਹੈ। ਦੇਸ਼ ਵੰਡ ਦਾ ਕਹਿਰ ਉਸ ਨੁੰ ਵੀ ਝੱਲਣਾ ਪਿਆ। ਕਹਾਣੀ 'ਅਪਣਾ ਪਰਾਇਆ' ਦੇ ਪਾਤਰ ਦਾ ਪੁੱਤਰ ਮਾਰਿਆ ਜਾਂਦਾ ਹੈ। ਰਸਤੇ ਵਿਚ ਇਕ ਮਰੀ ਔਰਤ ਨਾਲ ਚਿੰਬੜਿਆ ਬਾਲ ਉਹ ਚੁੱਕ ਕੇ ਲੈ ਆਉਂਦਾ ਹੈ। ਉਸ ਨੂੰ ਪਾਲਦਾ ਹੈ ਪੜ੍ਹਾਉਂਦਾ ਹੈ। ਵਿਆਹ ਕਰਦਾ ਹੈ। ਦੋ ਪੁੱਤਰ ਹਨ। ਕਹਾਣੀ 'ਕਰਜ਼ੇ ਦਾ ਭਾਰ' ਵਿਚ ਇਕ ਪਾਤਰ ਦੇ ਬੋਲ ਹਨ ਕੋਈ ਨਾ ਦਿਲ ਤੇ ਨਾ ਲਾਈਂ, ਦਾਤਾ ਆਪੇ ਸਭ ਦੇ ਕਾਰਜ ਸੰਵਾਰਦਾ, ਸਾਡਾ ਵੀ ਸੰਵਾਰੇਗਾ (ਪੰਨਾ 43) ਦੁੱਖ ਸਹਿ ਕੇ ਵੀ ਪਾਤਰ ਜ਼ਿੰਦਗੀ ਲਈ ਆਸਵੰਦ ਹਨ। ਸਿਰਲੇਖ ਵਾਲੀ ਕਹਾਣੀ ਦਾ ਫ਼ੌਜੀ ਅਫਸਰ ਕਾਫਲੇ ਨੂੰ ਪਾਣੀ ਪੀਣ ਦੀ ਰਾਹਤ ਦਿੰਦਾ ਹੈ। ਸੰਗ੍ਰਹਿ ਦੀਆਂ ਕਹਾਣੀਆਂ ਰੱਖੜੀ, ਭਟਕਦੀਆਂ ਰੂਹਾਂ, ਧੁਖਦੇ ਕਲੀਰੇ, ਰੂਹਾਂ ਦਾ ਸਰਾਪ, ਦੇ ਵਿਸ਼ੇ ਅਸਫਲ ਪਿਆਰ ਮਾਪਿਆਂ ਵਲੋਂ, ਜਬਰੀ ਵਿਆਹ ਤੇ ਰੁੱਖਾਂ ਨਾਲ ਬਜ਼ੁਰਗਾਂ ਦੀ ਮੁਹੱਬਤ ਦੀ ਸਫਲ ਪੇਸ਼ਕਾਰੀ ਹਨ। ਡਾ. ਸਤਿੰਦਰ ਕੌਰ ਰੰਧਾਵਾ ਤੇ ਪੁੱਤਰੀ ਸੰਦੀਪ ਦੀ ਪ੍ਰੇਰਨਾ ਨਾਲ ਛਪੀ ਪੁਸਤਕ ਦਾ ਭਰਪੂਰ ਸਵਾਗਤ ਹੈ।

ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160

ਪਹਾੜ ਤੋਂ ਉੱਚਾ
ਲੇਖਕ : ਡਾ. ਰਮੇਸ਼ ਪੋਖਰਿਯਾਲ 'ਨਿਸ਼ੰਕ'
ਅਨੁਵਾਦ : ਪੰਡਿਤਰਾਓ ਚੰਦਰਸ਼ੇਖ਼ਰ ਧਰੇਨਵਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 72
ਸੰਪਰਕ : 99883-51695.

ਭਾਰਤ ਸਰਕਾਰ 'ਚ ਮੌਜੂਦਾ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਭਾਰਤ ਦੇ ਖ਼ੂਬਸੂਰਤ ਰਾਜ ਉੱਤਰਾਖੰਡ ਦੇ ਲੋਕਾਂ ਦੇ ਪਹਾੜੀ ਜੀਵਨ ਨੂੰ ਇਸ ਨਾਵਲ ਦੇ ਰੂਪ 'ਚ ਖ਼ੁੂਬਸੂਰਤ ਢੰਗ ਨਾਲ ਚਿਤਰਨ ਦਾ ਯਤਨ ਕੀਤਾ ਹੈ। ਸੈਰ ਦੇ ਮਕਸਦ ਨਾਲ ਜਾਣ ਵਾਲੇ ਯਾਤਰੂਆਂ ਨੂੰ ਪਹਿਲੀ ਨਜ਼ਰੇ ਪਹਾੜਾਂ 'ਤੇ ਰਹਿਣ ਵਾਲੇ ਲੋਕਾਂ ਦੇ ਜੀਵਨ ਦੀ ਖ਼ੂਬਸੂਰਤੀ ਨਜ਼ਰ ਆਉਂਦੀ ਹੈ। ਝਰਨੇ, ਵਾਦੀਆਂ, ਹਰਿਆਲੀ, ਕਲ-ਕਲ ਵਗਦੇ ਪਾਣੀ ਦੇ ਚਸ਼ਮੇ, ਠੰਢੀਆਂ-ਠਾਰ ਹਵਾਵਾਂ ਅਤੇ ਮਨਮੋਹਣੇ ਪੰਛੀਆਂ ਦੀਆਂ ਖ਼ੂਬਸੂਰਤ ਆਵਾਜ਼ਾਂ ਮਨ ਨੂੰ ਬਹੁਤ ਜ਼ਿਆਦਾ ਸਕੂਨ ਦਿੰਦੀਆਂ ਹਨ। ਲੇਖਕ ਨੇ ਪਹਾੜਾਂ 'ਤੇ ਵਸਣ ਵਾਲੇ ਲੋਕਾਂ ਦੇ ਜੀਵਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਇਸ ਨਾਵਲ ਦੇ ਜ਼ਰੀਏ ਖ਼ੂਬਸੂਰਤ ਢੰਗ ਨਾਲ ਪੇਸ਼ ਕੀਤਾ ਹੈ। ਪੰਡਿਤਰਾਓ ਧਰੇਨਵਰ ਹੁਰਾਂ ਇਸ ਦਾ ਪੰਜਾਬੀ ਅਨੁਵਾਦ ਵੀ ਸਰਲ ਭਾਸ਼ਾ 'ਚ ਕੀਤਾ ਹੈ। ਆਮ ਕਰਕੇ ਨਾਵਲ ਨੂੰ ਲੇਖਕ ਵੱਖ-ਵੱਖ ਕਾਂਡਾਂ 'ਚ ਵੰਡ ਲੈਂਦਾ ਹੈ, ਪਰ ਇਹ ਕਾਂਡ ਰਹਿਤ ਨਾਵਲ ਪੜ੍ਹਨ 'ਚ ਪੂਰਾ ਦਿਲਚਸਪ, ਰੌਚਕ, ਉਤਸੁਕਤਾ ਭਰਪੂਰ ਹੈ। ਇਸ ਦੀ ਪਾਤਰ ਉਸਾਰੀ ਅਤੇ ਬੋਲੀ ਨਾਵਲ ਦੀ ਕਹਾਣੀ ਅਤੇ ਪਾਤਰਾਂ ਦੇ ਸੁਭਾਅ ਮੁਤਾਬਿਕ ਕਾਫ਼ੀ ਢੁੱਕਵੀਂ ਹੈ। ਨਾਵਲਕਾਰ ਦੱਸਦਾ ਹੈ ਕਿ ਪਹਾੜੀ ਖੇਤਰ 'ਚ ਰਹਿਣ ਵਾਲੀਆਂ ਔਰਤਾਂ ਨੂੰ ਘਰੇਲੂ ਕੰਮਾਂ ਤੋਂ ਇਲਾਵਾ ਜੀਵਨ ਨਿਰਬਾਹ ਲਈ ਹੋਰ ਵੀ ਬਹੁਤ ਜ਼ਿਆਦਾ ਕੰਮ-ਧੰਦੇ ਕਰਨੇ ਪੈਂਦੇ ਹਨ। ਇਸ ਦੇ ਬਾਵਜੂਦ ਸੀਮਤ ਆਰਥਿਕ ਸਾਧਨਾਂ 'ਚ ਗੁਜ਼ਾਰਾ ਕਰਨਾ ਪੈਂਦਾ ਹੈ। ਨਾਵਲ ਦੇ ਸ਼ੁਰੂ 'ਚ ਕੈਪਟਨ ਸ਼ੰਕਰ ਦੱਤ ਫ਼ੌਜ 'ਚੋਂ ਸੇਵਾ-ਮੁਕਤ ਹੋ ਕੇ ਪਿੰਡ ਆ ਕੇ ਰਹਿੰਦਾ ਹੈ, ਹਾਲਾਂ ਕਿ ਉਸ ਦੇ ਸਾਥੀ ਵੱਡੇ ਸ਼ਹਿਰਾਂ 'ਚ ਰਹਿੰਦੇ ਹਨ। ਉਹ ਪਿੰਡਾਂ 'ਚ ਭਾਈਚਾਰਾ, ਮਿਲਵਰਤਣ ਅਤੇ ਸਾਦਗੀ ਤੋਂ ਪ੍ਰਭਾਵਿਤ ਹੈ ਅਤੇ ਆਪਣੇ ਪਿੰਡ 'ਚ ਹੀ ਖ਼ੁਸ਼ਹਾਲ ਜੀਵਨ ਬਤੀਤ ਕਰਨਾ ਚਾਹੁੰਦਾ ਹੈ। ਉਸ ਦਾ ਪੁੱਤਰ ਪ੍ਰਕਾਸ਼ ਪੜ੍ਹਿਆ ਹੋਣ ਦੇ ਬਾਵਜੂਦ ਬੇਰੁਜ਼ਗਾਰ ਹੋਣ ਕਰਕੇ ਪ੍ਰੇਸ਼ਾਨ ਹੈ। ਪ੍ਰਕਾਸ਼ ਦਾ ਬਚਪਨ ਦਾ ਦੋਸਤ ਰਮੇਸ਼ ਦਿੱਲੀ ਵਿਖੇ ਨੌਕਰੀ ਕਰਦਾ ਹੈ ਅਤੇ ਮਹਾਂਨਗਰ ਦੀ ਭੱਜ-ਨੱਠ, ਪਦਾਰਥਵਾਦੀ ਅਤੇ ਪ੍ਰਦੂਸ਼ਣ ਵਾਲੀ ਜ਼ਿੰਦਗੀ ਤੋਂ ਨਿਰਾਸ਼ ਹੈ। ਅੰਤ 'ਚ ਉਸ ਦਾ ਫ਼ੈਕਟਰੀ 'ਚ ਕੰਮ ਕਰਦਿਆਂ ਗੁੱਟ ਵੱਢਿਆ ਜਾਂਦਾ ਹੈ ਅਤੇ ਮਾਲਕ ਉਸ ਨੂੰ ਨੌਕਰੀ ਤੋਂ ਹਟਾ ਦਿੰਦੇ ਹਨ। ਪ੍ਰਕਾਸ਼ ਆਪਣੇ ਮਾਪਿਆਂ ਨਾਲ ਜ਼ਿਦ ਕਰਕੇ ਦਿੱਲੀ ਨੌਕਰੀ ਕਰਨ ਲਈ ਚਲਾ ਜਾਂਦਾ ਹੈ। ਨਾਵਲ ਦੀ ਕਹਾਣੀ 'ਚ ਔਰਤਾਂ ਦੇ ਹੱਕਾਂ, ਅਧਿਕਾਰਾਂ ਬਾਰੇ ਵੀ ਖੁੱਲ੍ਹ ਕੇ ਚਰਚਾ ਹੋਈ ਹੈ। ਕੈਪਟਨ ਰਮੇਸ਼ ਦਾ ਪੁੱਤਰ ਮੋਹਨ ਯਥਾਰਥਵਾਦੀ, ਸਿਧਾਂਤਵਾਦੀ ਅਤੇ ਆਦਰਸ਼ਵਾਦੀ ਪਾਤਰ ਹੈ, ਜੋ ਕਿ ਸ਼ਹਿਰਾਂ ਵੱਲ ਨੂੰ ਭੱਜਣ ਦੀ ਬਜਾਏ ਪਿੰਡ 'ਚ ਹੀ ਆਪਣੀ ਸਾਥਣ ਗੀਤਾ ਨਾਲ ਮਿਲ ਕੇ ਡਾਕਟਰੀ ਕਿੱਤੇ ਰਾਹੀਂ ਲੋਕਾਂ ਦੀ ਅਥਾਹ ਸੇਵਾ ਕਰਦਾ ਹੈ। ਇਉਂ ਨਾਵਲ ਦੇ ਪਾਤਰ ਹਾਂ-ਪੱਖੀ ਨਜ਼ੱਰੀਏ ਨਾਲ ਸਮੱਸਿਆਵਾਂ ਨਾਲ ਲੜਨ ਲਈ ਪਹਾੜ ਤੋਂ ਵੀ ਉੱਚਾ ਹੌਸਲਾ ਰੱੱਖ ਕੇ ਆਪਣੀ ਮੰਜ਼ਿਲ ਵੱਲ ਸਫ਼ਲਤਾ ਨਾਲ ਅੱਗੇ ਵਧਦੇ ਹਨ।

ਮੋਹਰ ਗਿੱਲ ਸਿਰਸੜੀ
ਮੋ: 98156-59110

ਜਿੰਦ ਭੱਠੀ ਦੇ ਦਾਣੇ
ਲੇਖਕ : ਸਤਵਿੰਦਰ ਸਿੰਘ ਧਨੋਆ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 240 ਰੁਪਏ, ਸਫ਼ੇ : 160
ਸੰਪਰਕ : 70099-27569.

'ਜਿੰਦ ਭੱਠੀ ਦੇ ਦਾਣੇ' ਸਤਵਿੰਦਰ ਸਿੰਘ ਧਨੋਆ ਦੀ ਬਹੁਤ ਹੀ ਸਰਲ, ਸਪੱਸ਼ਟ ਅਤੇ ਦਿਲਚਸਪ ਸ਼ਬਦਾਵਲੀ ਵਿਚ ਲਿਖੀ ਗਈ ਕਾਵਿ-ਪੁਸਤਕ ਹੈ। ਉਨ੍ਹਾਂ ਦੀ ਲੇਖਣੀ ਦੀ ਵਿਲੱਖਣਤਾ ਹੀ ਕਹੀ ਜਾ ਸਕਦੀ ਹੈ ਕਿ ਪਾਠਕ ਇਕ ਵਾਰ ਸ਼ੁਰੂ ਕਰ ਲਵੇ ਤਾਂ ਪੁਸਤਕ ਨੂੰ ਸਿਰੇ ਤੱਕ ਪੜ੍ਹੇ ਬਿਨਾਂ ਰਹਿ ਹੀ ਨਹੀਂ ਸਕਦਾ। ਪਹੁ ਫੁਟਾਲੇ ਦੀ ਲਾਲੀ, ਹਨੇਰੀਆਂ ਰਾਤਾਂ ਵਿਚ ਵੀ ਉਨ੍ਹਾਂ ਦੇ ਮੁਖੜੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ ਅਤੇ ਉਨ੍ਹਾਂ ਨੂੰ ਨਿਰਾਸ਼ ਨਹੀਂ ਹੋਣ ਦਿੰਦੀ :
ਲਾਲੀ ਪਹੁ ਫੁਟਾਲੇ ਦੀ
ਅੱਜ ਤੱਕ ਵੀ ਮੁੱਖ 'ਤੇ ਕਾਇਮ ਹੈ
ਦੇਖਾਂਗੇ ਹਨੇਰਾ ਰਾਤਾਂ ਦਾ
ਅਜੇ ਹੋਰ ਕਿੰਨਾ ਚਿਰ ਰਹਿੰਦਾ ਏ।
ਸੰਸਾਰ ਦੇ ਬਹੁਤੇ ਲੋਕ ਖ਼ੁਸ਼ੀਆਂ ਦੇ ਪਲਾਂ ਵਿਚ ਭੰਗੜੇ ਪਾਉਂਦੇ ਨਹੀਂ ਥੱਕਦੇ ਅਤੇ ਥੋੜ੍ਹਾ ਜਿਹੀ ਬਿਪਤਾ ਦੇ ਆਉਦਿਆਂ ਹੀ ਰੋਣਾ-ਕੁਰਲਾਉਣਾ ਸ਼ੁਰੂ ਕਰ ਦਿੰਦੇ ਹਨ ਪਰ ਸਤਵਿੰਦਰ ਸਿੰਘ ਧਨੋਆ ਇਸ ਵਿਚਾਰਧਾਰਾ ਦੇ ਧਾਰਨੀ ਹਨ ਕਿ ਮਨੁੱਖ ਨੂੰ ਹਰ ਹਾਲਤ ਵਿਚ ਸਹਿਜ ਰਹਿਣਾ ਚਾਹੀਦਾ ਹੈ ਜਾਂ ਇਉਂ ਕਹਿ ਲਈਏ ਕਿ ਜੀਵਨ ਦੇ ਸੰਤੁਲਨ ਨੂੰ ਬਣਾਈ ਰੱਖਣ ਲਈ ਮਨੁੱਖ ਨੂੰ ਦੁੱਖਾਂ ਦੀਆਂ ਪੀੜਾਦਾਇਕ ਘੜੀਆਂ ਵਿਚ ਵੀ ਖ਼ੁਸ਼ ਰਹਿਣ ਦੀ ਜਾਚ ਹੋਣੀ ਚਾਹੀਦੀ ਹੈ:
ਅਸੀਂ ਜਿੱਤ ਕੇ ਵੀ ਬਹੁਤੇ ਨਹੀਂ ਜਸ਼ਨ ਮਨਾਏ
ਦਿਲ ਉੱਤੇ ਵੀ ਨਹੀਂ ਲਾਈ ਕਦੇ ਹਾਰਿਆਂ ਗੱਲ
ਸਤਵਿੰਦਰ ਸਿੰਘ ਧਨੋਆ ਦਾ ਇਹ ਯਤਨ ਜਿੱਥੇ ਟੁੱਟੇ ਦਿਲਾਂ ਦਾ ਮੁਹੱਬਤੀ ਸੰਵਾਦ ਹੈ, ਉੱਥੇ ਤੜਫ਼ਦੀ ਰੂਹ ਵਿਚੋਂ ਨਿਕਲੀ ਆਸੀਸ ਵੀ ਹੈ ਅਤੇ ਵਿਲਕਦੇ ਬਨਾਉਟੀ ਹਾਸਿਆਂ ਲਈ ਧਰਵਾਸ ਵੀ। ਜ਼ਿੰਦਗੀ ਦੇ ਸਫ਼ਰ ਵਿਚ ਮਿਲਣ ਵਾਲਿਆਂ ਦੇ ਵਿਛੜ ਜਾਣ ਨੂੰ ਉਹ ਕੇਵਲ ਸਰੀਰਕ ਦੂਰੀ ਮੰਨਦੇ ਹਨ ਪਰ ਮੁਹੱਬਤ ਨੂੰ ਦੂਰੀਆਂ ਅਤੇ ਦਾਇਰਿਆਂ ਦੀ ਗ਼ੁਲਾਮ ਨਹੀਂ ਮੰਨਦੇ। ਮੈਂ ਉਨ੍ਹਾਂ ਦੀ ਇਸ ਪੜ੍ਹਨਯੋਗ, ਮਾਣਨਯੋਗ ਅਤੇ ਸੰਭਾਲਣਯੋਗ ਪੁਸਤਕ ਦਾ ਭਰਪੂਰ ਸਵਾਗਤ ਕਰਦਾ ਹਾਂ।

ਕਰਮ ਸਿੰਘ ਜ਼ਖ਼ਮੀ
ਸੰਪਰਕ : 98146-28027

ਓਰੇ
ਲੇਖਕ : ਧਰਮ ਸਿੰਘ ਕੰਮੇਆਣਾ
ਪ੍ਰਕਾਸ਼ਕ : ਸਰਵਰ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 100 ਰੁਪਏ, ਸਫ਼ੇ : 64
ਸੰਪਰਕ : 98760-62329.

ਸ਼ਾਇਰ ਧਰਮ ਸਿੰਘ ਕੰਮੇਆਣਾ ਹਥਲੀ ਕਾਵਿ ਕਿਤਾਬ 'ਓਰੇ' ਤੋਂ ਪਹਿਲਾਂ 12 ਕਾਵਿ-ਸੰਗ੍ਰਹਿ, ਦੋ ਗੀਤ ਸੰਗ੍ਰਹਿ, ਇਕ ਕਾਵਿ ਨਾਟ, ਛੇ ਨਾਵਲ ਅਤੇ ਦੋ ਜਿਲਦਾਂ ਵਿਚ ਸਵੈ-ਜੀਵਨੀ ਨਾਲ ਪੰਜਾਬੀ ਅਦਬ ਦੇ ਦਰ-ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਧਰਮ ਸਿੰਘ ਕੰਮੇਆਣਾ ਕਿਸੇ ਰਸਮੀ ਜਾਣ-ਪਛਾਣ ਦਾ ਮੁਹਤਾਜ ਨਹੀਂ ਹੈ ਅਤੇ ਸਾਹਿਤਕ ਸੱਥਾਂ ਵਿਚ ਜਾਣਿਆ-ਪਛਾਣਿਆ ਪ੍ਰਬੁੱਧ ਸ਼ਾਇਰ ਹੈ। ਉਹ ਬਹੁਵਿਧਾਈ ਲੇਖਕ ਤਾਂ ਹੈ ਹੀ ਪਰ ਜਿਹੜੀ ਮਕਬੂਲੀਅਤ ਉਸ ਨੂੰ ਪ੍ਰਗੀਤਕ ਸ਼ਾਇਰੀ ਵਿਚ ਹੋਈ ਹੈ, ਉਹ ਤਾਂ ਕਮਾਲ ਹੀ ਹੈ। ਬਹੁਤ ਸਾਰੇ ਨਾਮਵਰ ਸੰਗੀਤਕਾਰਾਂ ਨੇ ਸਾਜ਼ ਤੇ ਆਵਾਜ਼ ਨਾਲ ਉਸ ਦੀ ਪ੍ਰਗੀਤਕ ਸ਼ਾਇਰੀ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਹੈ। 'ਓਰੇ' ਜਿਸ ਨੂੰ ਕਈ ਖਿੱਤਿਆਂ ਵਿਚ ਸਿਆੜ ਕਿਹਾ ਜਾਂਦਾ ਹੈ, ਰਾਹੀਂ ਕਿਸਾਨੀ ਅੰਦੋਲਨ ਨੂੰ ਬੜੀ ਖੁਰਦਬੀਨੀ ਅੱਖ ਨਾਲ ਸਕੈਨਿੰਗ ਕਰਕੇ ਕਾਵਿ ਧਰਮ ਨੂੰ ਕਵਿਤਾਉਂਦਿਆਂ ਦੱਸਿਆ ਹੈ ਕਿ ਕਿਵੇਂ ਭਗਵੇਂ ਬ੍ਰਿਗੇਡ ਦੀ ਮੋਦੀ ਸਰਕਾਰ ਜਦੋਂ ਕਾਰਪੋਰੇਟ ਭੂਤਰੇ ਸਾਨ੍ਹ ਦਾ ਰੀਮੋਟ ਕੰਟਰੋਲ ਬਣ ਕੇ ਅਸਾਡੇ ਖੇਤਾਂ ਦੀ ਹਰਿਆਲੀ ਨੂੰ ਬੁਰਕ ਮਾਰ ਕੇ ਕਿਸਾਨਾਂ ਨੂੰ ਉਨ੍ਹਾਂ ਦੇ ਹੀ ਖੇਤਾਂ ਵਿਚ ਮਜ਼ਦੂਰ ਅਤੇ ਘਸਿਆਰੇ ਬਣਾਉਣ ਦੀਆਂ ਸਾਜਿਸ਼ਾਂ ਰਚ ਕੇ ਨਵੇਂ ਰਾਸ਼ਟਰਵਾਦ ਦੀ ਨੀਂਹ ਰੱਖਣ ਲਈ ਵਿਸ਼ਵ ਵਪਾਰ ਸੰਗਠਨ, ਅੰਤਰਰਾਸ਼ਟਰੀ ਮੁਦਰਾ ਫੰਡ ਅਤੇ ਗੈਟ ਸਮਝੌਤੇ ਅੱਗੇ ਗੋਡੇ ਟੇਕ ਰਹੀ ਹੈ ਤਾਂ ਅਜਿਹੇ ਸਮੇਂ ਸ਼ਾਇਰ ਦਾ ਕਿਸਾਨੀ ਅੰਦੋਲਨ ਵਿਚ ਕਲਮ ਨਾਲ ਆਪਣਾ ਬਣਦਾ ਹਿੱਸਾ ਪਾਉਣਾ ਲਾਜ਼ਮੀ ਹੋ ਜਾਂਦਾ ਹੈ। ਆਪਣੀ ਹੋਂਦ ਨੂੰ ਬਚਾਉਣ ਲਈ ਸਰਹੱਦਾਂ 'ਤੇ ਬੈਠੇ ਕਿਸਾਨਾਂ ਨੂੰ ਅਸਲੋਂ ਹੀ ਨਵੇਂ ਮੈਟਾਫਰ ਸਿਰਜਦਿਆਂ ਦੱਸਿਆ ਕਿ ਜਦੋਂ ਸਾਂਦਲ ਬਾਰ ਅਤੇ ਤਖ਼ਤ ਹਜ਼ਾਰਾ ਹਥਿਆਰ ਚੁੱਕ ਲੈਣ ਤਾਂ ਦਿੱਲੀ ਦੇ ਕਿੰਗਰੇ ਢਾਹੁਣਾ ਉਸ ਲਈ ਕੋਈ ਔਖਾ ਕੰਮ ਨਹੀਂ ਰਹਿ ਜਾਂਦਾ। ਕੋਈ ਵੀ ਰਾਜਸੀ ਸੱਤਾ ਉਸ ਦੇ ਏਕੇ ਸਾਹਮਣੇ ਟਿਕ ਨਹੀਂ ਸਕਦੀ। ਲਾਲ ਕਿਲ੍ਹਾ ਜੋ ਭਾਰਤੀ ਸੱਤਾ ਦਾ ਚਿਹਨ ਹੈ, 'ਤੇ ਅੱਜ ਨਹੀਂ ਤਾਂ ਕੱਲ੍ਹ ਜਿੱਤ ਦਾ ਪਰਚਮ ਜ਼ਰੂਰ ਲਹਿਰਾਏਗਾ। ਕੁਝ ਸ਼ਬਦਾਂ ਨਾਲ ਸ਼ਾਇਰ ਦਾ ਮੋਹ ਹੁੰਦਾ ਹੈ ਪਰ ਫਿਰ ਵੀ ਜੇ ਸ਼ਾਇਰ ਕਿਤਾਬ ਦਾ ਨਾਂਅ 'ਓਰੇ' ਦੀ ਥਾਂ ਸਿਆੜ ਰੱਖ ਲੈਂਦਾ ਤਾਂ ਕਲਾਤਮਿਕ ਪ੍ਰਗਟਾਵੇ ਦੇ ਹੋਰ ਨਜ਼ਦੀਕ ਹੋ ਜਾਣਾ ਸੀ। ਸ਼ਾਇਰ ਦੀ ਆਧੁਨਿਕ ਭਾਵ ਬੋਧ ਦੀ ਸ਼ਾਇਰੀ ਨੂੰ ਸਲਾਮ ਕਰਨਾ ਬਣਦਾ ਹੈ।

ਭਗਵਾਨ ਢਿੱਲੋਂ
ਮੋ: 98143-78254.

15-08-2021

 ਪੰਜਾਬੀ ਸਾਕਾ-ਕਾਵਿ
ਲੇਖਕ : ਡਾ. ਲਾਭ ਸਿੰਘ ਖੀਵਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 325 ਰੁਪਏ, ਸਫ਼ੇ : 196
ਸੰਪਰਕ : 94171-78487.


ਡਾ. ਲਾਭ ਸਿੰਘ ਖੀਵਾ ਲੋਕ-ਸਾਹਿਤ ਦਾ ਖੋਜੀ ਅਤੇ ਵਿਦਵਾਨ ਹੈ। ਪੰਜਾਬੀ ਲੋਕ ਸਾਹਿਤ ਦੀਆਂ ਗਾਇਨ-ਵੰਨਗੀਆਂ (ਗੌਣਾਂ) ਬਾਰੇ ਕੀਤਾ ਉਸ ਦਾ ਕੰਮ ਅਤਿਅੰਤ ਪ੍ਰਮਾਣਿਕ ਮੰਨਿਆ ਗਿਆ ਹੈ। ਹਥਲੀ ਪੁਸਤਕ ਵਿਚ ਪੰਜਾਬੀ ਗੌਣ-ਵਿਧਾ ਦੀ ਹੀ ਇਕ ਹੋਰ ਵੰਨਗੀ 'ਸਾਕਾ ਕਾਵਿ' ਦੇ ਪਾਠ ਅਤੇ ਚਿੰਤਨ ਨੂੰ ਰੂਪਮਾਨ ਕੀਤਾ ਗਿਆ ਹੈ। ਉਸ ਦਾ ਵਿਚਾਰ ਹੈ ਕਿ ਇਹ ਕਾਵਿ ਕਵੀਸ਼ਰੀ ਪਰੰਪਰਾ ਦੀ ਹੀ ਇਕ ਵੰਨਗੀ ਹੈ। ਕਵੀਸ਼ਰ ਲੋਕ ਢੁਕਵੇਂ ਮੌਕਿਆਂ 'ਤੇ ਸਾਕਾ-ਕਾਵਿ ਦੀ ਪੇਸ਼ਕਾਰੀ ਕਰਦੇ ਰਹੇ ਹਨ।
19ਵੀਂ ਸਦੀ ਤੱਕ ਪੰਜਾਬੀ ਕਿੱਸਾ ਕਾਵਿ ਪਰੰਪਰਾ ਆਪਣੀ ਅਉਧ ਹੰਢਾ ਬੈਠੀ ਸੀ। ਇਸ ਕਾਵਿ ਦੀ ਸਰਪ੍ਰਸਤੀ ਕਰਨ ਵਾਲਾ ਜਾਗੀਰਦਾਰੀ ਸਮਾਜ ਟੁੱਟ-ਭੱਜ ਗਿਆ ਸੀ। ਨਾਵਲ, ਨਿੱਕੀ ਕਹਾਣੀ ਅਤੇ ਆਧੁਨਿਕ ਕਾਵਿ ਵਰਗੇ ਰੂਪਾਕਾਰਾਂ ਦਾ ਅਜੇ ਜਨਮ ਨਹੀਂ ਸੀ ਹੋਇਆ। ਇਸ ਸੂਰਤ ਵਿਚ ਕਵੀਸ਼ਰੀ-ਕਾਵਿ ਦੀਆਂ ਵਿਵਿਧ ਵੰਨਗੀਆਂ ਰਚੀਆਂ ਜਾ ਰਹੀਆਂ ਸਨ। ਅੰਗਰੇਜ਼ੀ ਸਾਮਰਾਜ ਪੰਜਾਬੀਆਂ ਨੂੰ ਓਪਰਾ ਅਤੇ ਗ਼ੈਰ ਲਗਦਾ ਸੀ ਕਿਉਂਕਿ ਅੰਗਰੇਜ਼ਾਂ ਦਾ ਰੂਪ-ਰੰਗ, ਭਾਸ਼ਾ ਅਤੇ ਪਹਿਰਾਵਾ ਪੰਜਾਬੀਆਂ ਨੂੰ ਬੜਾ ਅਜੀਬ ਲਗਦਾ ਸੀ। ਇਸ ਕਾਰਨ ਉਹ ਆਪਣੇ ਗੌਰਵਮਈ ਅਤੀਤ ਦਾ ਸਿਮਰਨ ਕਰਦੇ ਰਹਿੰਦੇ ਸਨ।
ਪੰਜਾਬੀ ਸਾਕਾ-ਕਾਵਿ ਦੇ ਪ੍ਰਮੁੱਖ ਕਵੀਆਂ ਵਿਚ ਸ. ਕਰਤਾਰ ਸਿੰਘ ਕਲਾਸਵਾਲੀਆ, ਬੂਟਾ ਸਿੰਘ ਲਾਹੌਰ, ਕਰਤਾਰ ਸਿੰਘ ਢਿੱਲੋਂ, ਬਾਬੂ ਰਜਬ ਅਲੀ, ਨਾਵਲਕਾਰ ਨਾਨਕ ਸਿੰਘ (ਕਵੀਸ਼ਰ) ਦਾ ਜ਼ਿਕਰ ਆਇਆ ਹੈ। ਨਵੇਂ ਕਵੀਆਂ ਵਿਚ ਸ: ਵਿਧਾਤਾ ਸਿੰਘ ਤੀਰ, ਇੰਦਰਜੀਤ ਹਸਨਪੁਰੀ, ਅਵਤਾਰ ਲੰਗੇਰੀ, ਧਰਮ ਕੰਮੇਆਣਾ ਅਤੇ ਭਾਈ ਦਿਆਲ ਸਿੰਘ ਪਰਵਾਨਾ ਦੀਆਂ ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ।
ਡਾ. ਖੀਵਾ ਸਾਕਾ-ਕਾਵਿ ਨੂੰ ਪੰਜਾਬ ਦੀ ਸ਼ਹੀਦੀ ਪਰੰਪਰਾ ਨਾਲ ਜੋੜ ਕੇ ਵੇਖਦਾ ਹੈ। ਉਸ ਅਨੁਸਾਰ 'ਸਾਕੇ' ਦਾ ਪ੍ਰਮੁੱਖ ਲੱਛਣ ਸ਼ਹਾਦਤ ਦਾ ਗੌਰਵ ਬਿਆਨ ਕਰਨਾ ਹੈ। ਸੋ, ਇਹ ਕਾਵਿ-ਵੰਨਗੀ ਧਾਰਮਿਕ ਖੇਤਰ ਦਾ ਵਰਤਾਰਾ ਹੈ। (ਪੰਨੇ 18-19) ਸਭ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸ਼ਬਦ ਦਾ ਪ੍ਰਯੋਗ, ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ ਦੇ ਪ੍ਰਥਾਇ ਕੀਤਾ ਸੀ। ਦੇਖੋ : ਧਰਮ ਹੇਤ ਸਾਕਾ ਜਿਨਿ ਕੀਆ॥ ਸੀਸ ਦੀਆ ਪਰ ਸਿਰਰੁ ਨ ਦੀਆ॥ ਇਸ ਉਪਰੰਤ ਛੋਟੇ-ਵੱਡੇ ਸਾਹਿਬਜ਼ਾਦਿਆਂ, ਗੁਰਦੁਆਰਾ ਸੁਧਾਰ ਲਹਿਰ ਦੇ ਮਰਜੀਵੜਿਆਂ ਅਤੇ ਆਜ਼ਾਦੀ ਦੇ ਪ੍ਰਵਾਨਿਆਂ ਦੀਆਂ ਸ਼ਹੀਦੀਆਂ ਦੇ ਨਾਲ ਵੀ 'ਸਾਕਾ' ਸ਼ਬਦ ਵਰਤਿਆ ਜਾਂਦਾ ਰਿਹਾ ਹੈ। ਡਾ. ਖੀਵਾ ਨੇ ਇਸ ਪੁਸਤਕ ਦੇ ਮਾਧਿਅਮ ਦੁਆਰਾ ਪਰੰਪਰਾਗਤ ਕਾਵਿ ਦੀ ਇਸ ਵਿਲੱਖਣ ਵੰਨਗੀ ਦੇ ਅਨੁਸੰਧਾਨ ਦਾ ਰਾਹ ਖੋਲ੍ਹ ਦਿੱਤਾ ਹੈ।


ਬ੍ਰਹਮਜਗਦੀਸ਼ ਸਿੰਘ
ਮੋ: 98760-52136
c c c


ਕਿਹੜਾ ਪੰਜਾਬ

ਲੇਖਕ : ਯਾਦਵਿੰਦਰ ਕਰਫਿਊ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 111
ਸੰਪਰਕ : 0161-2740738.


ਪੱਤਰਕਾਰੀ ਦੇ ਪੇਸ਼ੇ ਨਾਲ ਸਬੰਧਿਤ ਲੇਖਕ ਦੀ ਇਸ ਕਿਤਾਬ ਨੂੰ ਉਸ ਦੀ ਸਾਹਿਤਿਕ ਪੱਤਰਕਾਰੀ ਦਾ ਹਿੱਸਾ ਕਿਹਾ ਜਾ ਸਕਦਾ ਹੈ। ਇਸ ਪੁਸਤਕ ਵਿਚ ਲੇਖਕ ਨੇ ਪੰਜਾਬ ਤੇ ਇਸ ਨਾਲ ਜੁੜੇ ਮਸਲਿਆਂ ਨੂੰ ਬਹੁਤ ਹੀ ਥੋੜ੍ਹੇ ਸ਼ਬਦਾਂ ਵਿਚ ਪਰ ਪ੍ਰਭਾਵਸ਼ਾਲੀ ਢੰਗ ਨਾਲ ਉਭਾਰਿਆ ਹੈ। ਪੰਜਾਬ ਨੇ ਸਮੇਂ-ਸਮੇਂ 'ਤੇ ਕਈ ਸੰਕਟ ਝੱਲੇ ਹਨ ਅਤੇ ਇਨ੍ਹਾਂ ਸੰਕਟਾਂ ਵਿਚੋਂ ਉੱਭਰਿਆ ਵੀ ਹੈ। ਪਰ ਤਾ੍ਰਸਦੀ ਇਹ ਰਹੀ ਹੈ ਕਿ ਇਸ ਦੇ ਬਾਵਜੂਦ ਪੰਜਾਬ ਪੰਜਾਬੀਆਂ ਲਈ ਓਪਰਾ ਹੁੰਦਾ ਜਾ ਰਿਹਾ ਹੈ। ਇਹ ਇਕ ਵੱਖਰੀ ਤਰ੍ਹਾਂ ਦਾ ਸੰਕਟ ਉਪਜ ਰਿਹਾ ਹੈ। ਪੰਜ ਹਿੱਸਿਆਂ ਵਿਚ ਵੰਡੀ ਇਸ ਪੁਸਤਕ ਵਿਚ ਲੇਖਕ ਨੇ ਪਹਿਲੇ ਭਾਗ ਕੁਦਰਤ ਵਿਚ ਪੰਜਾਬ ਦੇ ਇਤਿਹਾਸ ਤੋਂ ਲੈ ਕੇ ਸਮਕਾਲ ਤੱਕ ਦੀ ਗਾਥਾ ਅਤੇ ਪੰਜਾਬ ਦੇ ਮਾਰੂਥਲ ਹੋਣ ਤੱਕ ਦੇ ਸਫ਼ਰ ਨੂੰ ਬਿਆਨ ਕੀਤਾ ਹੈ। ਜਵਾਨੀ ਸਿਰਲੇਖ ਹੇਠ ਲੇਖਕ ਪੰਜਾਬ ਦੀ ਭਟਕ ਰਹੀ ਜਵਾਨੀ ਅਤੇ ਪਰਵਾਸ ਕਰ ਰਹੇ ਨੌਜਵਾਨਾਂ ਦੇ ਨਾਲ-ਨਾਲ ਖ਼ੁਦਕੁਸ਼ੀਆਂ ਕਰ ਰਹੇ ਜਵਾਨਾਂ ਅਤੇ ਗੈਂਗਸਟਰ ਬਣਨ ਦੀ ਰਾਹ ਪਈ ਜਵਾਨੀ ਬਾਰੇ ਗਾਥਾ ਬਿਆਨ ਕਰਦਾ ਹੈ। ਵਿਛੋੜਾ ਵਿਚ ਲੇਖਕ ਆਪਣੇ ਕਰੀਬੀ ਦੋਸਤ ਅਤੇ ਇਕ ਆਰਟਿਸਟ ਦੇ ਵਿਛੋੜੇ ਦੇ ਹਾਲਾਤ 'ਤੇ ਨਜ਼ਰਸਾਨੀ ਕਰਦਿਆਂ ਸੰਵੇਦਨਾ ਦੀ ਜ਼ਰੂਰਤ 'ਤੇ ਜ਼ੋਰ ਦਿੰਦਾ ਹੈ। ਸਿਆਸਤ ਸਿਰਲੇਖ ਰਾਹੀਂ ਲੇਖਕ ਬਦਲਦੇ ਸਿਆਸੀ ਸਮੀਕਰਨਾਂ ਅਤੇ ਬਦਲਦੇ ਹਾਲਾਤ 'ਤੇ ਚਰਚਾ ਕਰਦਾ ਹੈ। ਪੁਸਤਕ ਦਾ ਆਖਰੀ ਭਾਗ ਕਲਾ ਨੂੰ ਸਮਰਪਿਤ ਹੈ, ਜਿਸ ਵਿਚ ਕਲਾ ਦੀ ਸਦੀਵੀ ਪ੍ਰਸੰਗਿਕਤਾ, ਸਾਂਝੇ ਪੰਜਾਬ ਦੀ ਸਾਂਝ ਅਤੇ ਪਿਆਰ ਨੂੰ ਸਮਰਪਿਤ ਕਲਾ ਫ਼ਿਲਮਾਂ ਅਤੇ ਸਿਨੇਮਾ ਦੀ ਸਾਰਥਿਕਤਾ ਦੀ ਗੱਲ ਛੇੜੀ ਗਈ ਹੈ। ਲੇਖਕ ਪੰਜਾਬ ਦੇ ਸੰਕਟਾਂ ਦੀ ਗੱਲ ਕਰਦਾ ਹੈ ਪਰ ਨਾਲ ਹੀ ਸੰਭਾਵਨਾਵਾਂ ਦੀ ਉਮੀਦ ਵੀ ਰੱਖਦਾ ਹੈ। ਪੰਜਾਬ ਦੀ ਗੱਲ ਕਰਦਿਆਂ ਉਹ ਕਈ ਸਵਾਲ ਉਠਾਉਂਦਾ ਅਤੇ ਤੱਥਾਂ ਨੂੰ ਪੇਸ਼ ਕਰਦਾ ਹੈ।


ਡਾ. ਸੁਖਪਾਲ ਕੌਰ ਸਮਰਾਲਾ
ਮੋ: 83606-83823


2020 ਦੀਆਂ ਪ੍ਰਤੀਨਿਧ ਕਹਾਣੀਆਂ

ਸੰਪਾਦਕ : ਸੁਕੀਰਤ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ (ਪੰਜਾਬ)
ਮੁੱਲ : 150 ਰੁਪਏ, ਸਫ਼ੇ : 152
ਸੰਪਰਕ : 93162-02025.


ਹਥਲੇ ਸੰਪਾਦਨ ਵਿਚ ਸੁਕੀਰਤ ਨੇ 2020 ਦੀਆਂ 10 ਪ੍ਰਤੀਨਿਧ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਇਹ ਸੰਗ੍ਰਹਿ ਸ੍ਰੀਮਤੀ ਉਰਮਿਲਾ ਆਨੰਦ ਦੀ ਯਾਦ-ਲੜੀ ਵਿਚ ਤੀਸਰਾ ਉਪਰਾਲਾ ਹੈ। ਕਹਾਣੀ 'ਉਹ ਰਾਤ' (ਹਰਪ੍ਰੀਤ ਸੇਖਾ) ਦਾ ਵਿਸ਼ਾ, ਪ੍ਰੇਮੀ ਤੋਂ ਪਤੀ ਦੇ ਅਸਲੀ ਰੂਪ ਵਿਚ ਰੂੁਪਾਂਤਰਿਤ ਹੋਣ ਦਾ ਦੁਖਾਂਤ ਹੈ। ਪੰਜਾਬ 'ਚ ਪਹਿਲੀ ਮਿਲਣੀ ਸਮੇਂ ਨਾਇਕਾ ਦੀ ਬਾਂਹ ਨੂੰ ਬੰਸਰੀ ਵਾਂਗ ਵਜਾਇਆ ਸੀ ਪਰ ਵਿਦੇਸ਼ ਵਿਚ ਜਾਣ ਉਪਰੰਤ ਨਹੀਂ। 'ਉਦੋਂ ਤੇ ਹੁਣ' ਵਿਚ 'ਸ਼ੰਕਾ' ਦਾ ਰੋਲ ਹੈ।
'ਆਖ਼ਰ ਉਹ ਹਾਰ ਗਿਆ' (ਅਰਵਿੰਦਰ ਧਾਲੀਵਾਲ) ਕਹਾਣੀ ਵਿਚ 'ਨਾਇਕ' ਦੀ ਭੈਣ ਨੇ ਇਹ ਕਹਿ ਕੇ ਰੰਗ ਵਿਚ ਭੰਗ ਪਾ ਦਿੱਤਾ 'ਤੂੰ ਹੈਂ ਕੀ....' ਮੇਰੇ ਭਰਾ ਦੇ ਮੁਕਾਬਲੇ। ਪਰ ਨਾਇਕ ਦਾ ਨਾਇਕਾ ਨਾਲ ਪਿਆਰ, ਵਿਦੇਸ਼ੋਂ ਪਰਤਣ ਤੋਂ 25 ਸਾਲ ਬਾਅਦ ਵੀ ਉਸੇ ਸ਼ਿੱਦਤ ਨਾਲ ਕਾਇਮ ਹੈ। 'ਗੜ੍ਹੀ ਪਠਾਣਾਂ' (ਅਜਮੇਰ ਸਿੱਧੂ) ਦਾ ਬਿਰਤਾਂਤ ਪਾਕਿਸਤਾਨੋਂ ਉੱਜੜ ਕੇ ਆਏ ਦੋ ਪਰਿਵਾਰਾਂ (ਸਿੱਖ ਤੇ ਪਠਾਣ) ਨਾਲ ਸਬੰਧਿਤ ਹੈ। ਅਖ਼ੀਰ 'ਤੇ ਮਾਂ ਬਸ਼ੀਰਾਂ ਦੀ ਵਿਚੋਲਗਿਰੀ ਨਾਲ ਅਵਤਾਰ ਸਿੰਘ ਤੇ ਰਾਬੀਆ ਦੀ ਸ਼ਾਦੀ ਹੋ ਜਾਂਦੀ ਹੈ। ਬਸ਼ੀਰਾਂ ਦੇ ਇਹ ਬੋਲ ਮਹੱਤਵ ਗ੍ਰਹਿਣ ਕਰਦੇ ਹਨ : 'ਜੇ ਮੈਨੂੰ ਬਖ਼ਸ਼ੀਸ਼ ਕੌਰ ਤੋਂ ਬਸ਼ੀਰਾਂ ਬੇਗਮ ਬਣਾਇਆ ਜਾ ਸਕਦੈ ਤਾਂ ਇਹ ਰਾਬੀਆ ਤੋਂ ਰਵ੍ਹੀਦੀਪ ਕੌਰ ਨ੍ਹੀਂ ਬਣ ਸਕਦੀ? ਤੂੰ ਇਹਦੇ ਨਾਲ ਵਿਆਹ ਕਰ ਲੈ ਮੇਰੀ ਜੜ੍ਹ ਆਪਣੇ ਧਰਮ 'ਚ ਲੱਗ ਜਾਵੇ।' ਪੰ. 46, 'ਮਹਿਕਦੀ ਚੂੰਢੀ' (ਸਾਂਵਲ ਧਾਮੀ) ਲੀਕੋਂ ਪਾਰ ਰਹਿ ਚੁੱਕੇ ਕਿਸਾਨ ਬੁੱਢੇ ਦੀ ਪੱਤਰਕਾਰ ਨਾਲ ਮੁਲਾਕਾਤ ਦੀ ਕਹਾਣੀ ਹੈ। ਜੜ੍ਹਾਂਵਾਲੇ ਵਿਖੇ ਅੰਗਰੇਜ਼ ਆਪਣੀ ਮੇਮ ਨਾਲ ਇਕ ਜੱਟ (ਉਦੋਂ ਜਵਾਨ) ਨੂੰ ਮਿਲਿਆ ਸੀ।
'ਮੇਮ' ਨੇ ਜੱਟ ਦੇ ਪੱਟ 'ਤੇ ਚੂੰਢੀ ਵੱਢ ਕੇ ਵੇਖੀ ਤੇ ਉਸੇ ਦੀ ਹੋ ਕੇ ਰਹਿ ਗਈ। ਉਸੇ ਸਮੇਂ ਅੰਗਰੇਜ਼ਾਂ ਦੇ ਬੋਲ ਦੇਖੋ : '.... ਤੂੰ ਇਥੇ ਹੀ ਰਹਿ ਲੈ। ਇਸ ਸਰਦਾਰ ਕੋਲ। ਮੈਂ ਇੰਗਲੈਂਡ ਤੋਂ ਹੋਰ ਮੰਗਵਾ ਲਊਂਗਾ' ਪੰਨਾ 52. 'ਸੱਥਰ' (ਹਰਪ੍ਰੀਤ ਸਿੰਘ ਚਨੂੰ) ਦੀ ਫੇਬੁਲਾ ਹੈ ਨਸ਼ਿਆਂ ਅਤੇ ਹੋਰ ਗ਼ਲਤ ਕੰਮਾਂ ਨਾਲ ਬੰਦਾ ਆਪਣੇ ਘਰ-ਪਰਿਵਾਰ ਨੂੰ ਖ਼ੁਦ ਬਰਬਾਦ ਕਰਨ ਲਈ ਜ਼ਿੰਮੇਵਾਰ ਹੁੰਦਾ ਹੈ। 'ਮਸਤ' ਹਰਜੀਤ ਅਟਵਾਲ ਨੰਗੇ ਰਹਿਣ ਵਾਲਿਆਂ (ਨੇਚੁਰਿਸਟਾਂ) ਦੀ ਕਥਾ ਹੈ। 'ਨੋਵਲ ਕਮੀਨਾ ਵਾਇਰਸ' (ਕੇਸਰਾ ਰਾਮ) ਮੁੱਖ ਮਸਲਾ ਕੂੜਾ ਢੋਣ ਵਾਲਿਆਂ ਦਾ ਸਨਮਾਨ ਕਰਨਾ ਹੈ। ਗ਼ਰੀਬਾਂ ਦਾ ਪੈਸੇ ਦੀ ਥਾਂ ਫੁੱਲਮਾਲਾਵਾਂ ਨਾਲ ਸਨਮਾਨ ਕਰਨ 'ਚ ਤੀਖਣ ਵਿਅੰਗ ਹੈ। ਭਾਰਤ ਰਤਨ (ਗੁਰਦੇਵ ਸਿੰਘ ਰੁਪਾਣਾ) ਰਤਨ ਆਪਣਾ ਨਾਂਅ ਭਾਰਤ ਰਤਨ ਰੱਖ ਲੈਂਦਾ ਹੈ। 'ਵਿਚਾਰਾ' ਕਹਾਉਣਾ ਪਸੰਦ ਨਹੀਂ ਕਰਦਾ ਕਿਉਂਕਿ ਉਸ ਪਾਸ ਵੋਟ ਅਧਿਕਾਰ ਹੈ। ਕਬਾੜ, ਸ਼ਰਾਬ ਕੱਢਣ, ਹੱਡੀਆਂ ਵੇਚਣ ਦਾ ਕੰਮ ਕਰਦਾ ਹੈ। ਬਦਬੂ ਫੈਲਾ ਕੇ ਲਾਭ ਉਠਾਉਂਦਾ ਹੈ। 'ਦਾਇਰੇ' ਬਲਵਿੰਦਰ ਸਿੰਘ ਬਰਾੜ ਦੀ ਕਥਾ ਵਿਚ ਨਾਇਕਾ ਦਾ ਰਿਸ਼ਤਾ ਸਹੁਰਿਆਂ ਨੇ ਮੰਗ ਕੇ ਲਿਆ ਸੀ। ਬਾਅਦ ਵਿਚ ਪਤੀ ਅਤੇ ਸੱਸ ਤੰਗ ਕਰਦੇ ਰਹੇ। ਅਖ਼ੀਰ ਨੂੰ ਨਾਇਕਾ 'ਨਾਰੀਵਾਦੀ' ਰੂਪ ਅਖ਼ਤਿਆਰ ਕਰਕੇ ਪੁੱਤਰ ਨੂੰ ਨਾਲ ਲੈ ਕੇ ਘਰ ਛੱਡਣ ਸਮੇਂ 'ਤਲਾਕ' ਦਾ ਸੰਕੇਤ ਦੇ ਜਾਂਦੀ ਹੈ। 'ਛਣ ਛਣ' (ਭਗਵੰਤ ਰਸੂਲਪੁਰੀ) ਪੱਤਰ-ਸ਼ੈਲੀ ਵਿਚ ਲਿਖੀ ਕਹਾਣੀ ਹੈ। ਫ਼ੌਜੀ ਨਾਇਕ ਬੁੱਢਾ ਹੋ ਚੁੱਕਾ ਹੈ। ਬੁੱਢੀ ਪਤਨੀ ਉਹਦੀ ਅਜੋਕੀ ਸ਼ੁਕੀਨੀ 'ਤੇ ਖਿਝਦੀ ਹੈ। ਕਦੇ ਜਿਹੜੀ 'ਛਣ ਛਣ' ਪਤਨੀ ਦੀਆਂ ਵੰਗਾਂ/ਝਾਂਜਰਾਂ 'ਚੋਂ ਸੁਣਾਈ ਦਿੰਦੀ ਸੀ, ਉਹ ਹੁਣ ਬੁੱਢੇ ਫ਼ੌਜੀ ਨੂੰ ਫੇਸਬੁੱਕ 'ਤੇ ਸੀਰੀਆ ਦੀ ਮੁਟਿਆਰ ਲੀਜ਼ਾ 'ਚੋਂ ਸੁਣਾਈ ਦਿੰਦੀ ਹੈ। ਉਸ ਦਾ ਫੇਸਬੁੱਕ 'ਤੇ ਲੀਜ਼ਾ ਨਾਲ ਪਿਆਰ ਜਨੂੰਨ ਦੀ ਸਿਖ਼ਰ ਹੈ। ਭਾਰਤ-ਪਾਕਿ ਯੁੱਧ ਅਤੇ ਸੀਰੀਆ ਦੇ ਖੂਨ-ਖਰਾਬੇ ਦੇ ਦ੍ਰਿਸ਼ ਬਾਖੂਬੀ ਬਿਆਨ ਕੀਤੇ ਹਨ। ਕਹਾਣੀ ਕਾਹਦੀ ਹੈ ਉੱਤਰਆਧੁਨਿਕ ਹੈ। ਭਾਨਮਤੀ ਦਾ ਪਿਟਾਰਾ ਹੈ। ਇਸ ਸੰਗ੍ਰਹਿ ਦੀਆਂ ਲਗਭਗ ਸਾਰੀਆਂ ਕਹਾਣੀਆਂ ਜਟਿਲ ਜੀਵਨ ਦੀ ਪ੍ਰਤੀਨਿਧਤਾ ਕਰਦੀਆਂ ਹਨ। ਸੰਪਾਦਕ ਦੀ ਚੋਣ ਸ਼ਲਾਘਾਯੋਗ ਹੈ, ਕਿਉਂਕਿ ਇਸ ਚੋਣ ਵਿਚ ਬਿਰਤਾਂਤ ਸ਼ਾਸਤਰੀ ਅਧਿਐਨ ਦੀਆਂ ਅਨੇਕਾਂ ਸੰਭਾਵਨਾਵਾਂ ਮੌਜੂਦ ਹਨ।


ਡਾ. ਧਰਮ ਚੰਦ ਵਾਤਿਸ਼
vatish.dharamchand@gmail.comਜੰਗ ਜਿੱਤਾਂਗੇ ਜ਼ਰੂਰ
ਸੰਪਾਦਕ : ਸ਼ੇਲਿੰਦਰਜੀਤ ਸਿੰਘ ਰਾਜਨ
ਪ੍ਰਕਾਸ਼ਕ : ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਸਾਹਿਬ
ਮੁੱਲ : 100 ਰੁਪਏ, ਸਫ਼ੇ : 112
ਸੰਪਰਕ : 98157-69164.


ਸ਼ੇਲਿੰਦਰਜੀਤ ਸਿੰਘ 'ਰਾਜਨ' ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਸਾਹਿਬ ਦਾ ਮੁੱਖ ਸਕੱਤਰ ਹੈ। ਉਹ ਜਿਥੇ ਸਰਬਾਂਗੀ ਲੇਖਕ ਹੈ, ਉਥੇ ਉਹ ਸੁਚੱਜਾ ਸੰਪਾਦਕ ਅਤੇ ਪ੍ਰਬੰਧਕ ਵੀ ਹੈ। ਉਸ ਨੇ ਪਹਿਲਾਂ ਵੀ 'ਜੁਗਨੂੰਆਂ ਦੇ ਅੰਗ-ਸੰਗ', 'ਕਾਵਿ ਸਾਂਝਾਂ', 'ਕਲਮਾਂ ਦਾ ਕਾਫਲਾ', 'ਕਲਮਾਂ ਦੀ ਪਰਵਾਜ਼', 'ਕਲਮਾਂ ਦੀ ਲੋਅ', 'ਧੰਨੁ ਲੇਖਾਰੀ ਨਾਨਕਾ' ਆਦਿ ਕਾਵਿ-ਸੰਗ੍ਰਹਿ ਸੰਪਾਦਿਤ ਕੀਤੇ ਹਨ। 'ਜੰਗ ਜਿੱਤਾਂਗੇ ਜ਼ਰੂਰ' ਕਾਵਿ-ਸੰਗ੍ਰਹਿ ਭਾਰਤ ਦੀ ਕੇਂਦਰ ਸਰਕਾਰ ਵਲੋਂ ਪਾਸ ਕਰਵਾਏ ਤਿੰਨ ਕਿਸਾਨੀ ਕਾਨੂੰਨਾਂ ਦੇ ਖਿਲਾਫ਼ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਵਲੋਂ ਵਿੱਢੇ ਸੰਘਰਸ਼ ਦੀਆਂ ਘਟਨਾਵਾਂ ਨਾਲ ਸਬੰਧਿਤ ਹੈ। ਇਸ ਕਾਵਿ-ਸੰਗ੍ਰਹਿ ਵਿਚ ਗੁਰਭਜਨ ਗਿੱਲ, ਦਰਸ਼ਨ ਬੁੱਟਰ, ਸੁਖਦੇਵ ਸਿੰਘ ਸਿਰਸਾ, ਜਸਵਿੰਦਰ, ਅਰਤਿੰਦਰ ਸੰਧੂ, ਮਲਵਿੰਦਰ, ਤੇਰਾ ਸਿੰਘ ਚੰਨ, ਇਕਬਾਲ ਕੌਰ, ਰਘਬੀਰ ਸਿੰਘ, ਸੰਤੋਖ ਸਿੰਘ ਗੁਰਾਇਆ, ਸ਼ੇਲਿੰਦਰਜੀਤ ਸਿੰਘ 'ਰਾਜਨ', ਪਰਮਜੀਤ ਸਿੰਘ ਬਾਠ, ਮੱਖਣ ਸਿੰਘ ਭੈਣੀਵਾਲਾ, ਮਨਜੀਤ ਸਿੰਘ ਵੱਸੀ, ਸਰਬਜੀਤ ਸਿੰਘ ਪੱਡਾ, ਦੁੱਖ ਭੰਜਨ ਸਿੰਘ ਰੰਧਾਵਾ, ਮੁਖਤਾਰ ਸਿੰਘ ਗਿੱਲ, ਐਡਵੋਕੇਟ ਸ਼ੁਕਰ ਗੁਜ਼ਾਰ, ਸਤਿੰਦਰ ਸਿੰਘ ਓਠੀ, ਰਣਜੀਤ ਸਿੰਘ ਬਾਬੁਲ, ਸੁਰਿੰਦਰ ਸਿੰਘ ਚੋਹਲਾ, ਕੁਲਦੀਪ ਸਿੰਘ ਦਰਾਜਕੇ, ਕੁਲਵੰਤ ਸਿੰਘ ਬਾਠ, ਜਗਦੀਸ਼ ਸਿੰਘ ਬਮਰਾਹ, ਬਲਜਿੰਦਰ ਮਾਂਗਟ, ਦਲਜੀਤ ਸਿੰਘ ਮਹਿਤਾ, ਸਤਰਾਜ ਜਲਾਲਾਬਾਦੀ, ਜਗਦੀਸ਼ ਸਿੰਘ ਸਹੋਤਾ, ਬਲਬੀਰ ਸਿੰਘ ਬੀਰ, ਗੁਰਮੁਖ ਸਿੰਘ ਅਰਜਨਮਾਂਗਾ, ਤਰਸੇਮ ਸਿੰਘ ਘੁੰਮਣ, ਤੇਜਿੰਦਰ ਹਰਮੀਤ, ਇੰਦਰਾ ਵਿਰਕ, ਬਲਜੀਤ ਕੌਰ, ਸੁਖਵੰਤ ਕੌਰ ਵੱਸੀ, ਰਾਜਵਿੰਦਰ ਕੌਰ ਰਾਜ, ਹਰਮੇਸ਼ ਕੌਰ ਜੋਧੇ, ਸੁਰਿੰਦਰ ਖਿਲਚੀਆਂ, ਹਰਵਿੰਦਰਜੀਤ ਕੌਰ ਬਾਠ, ਅਜੀਤ ਨਬੀਪੁਰੀ, ਅਰਜਿੰਦਰ ਸਿੰਘ ਬੁਤਾਲਵੀ, ਅਵਤਾਰ ਸਿੰਘ ਗੋਇੰਦਵਾਲ, ਸਕੱਤਰ ਸਿੰਘ ਪੁਰੇਵਾਲ, ਸੁਲੱਖਣ ਸਿੰਘ ਦਿਓਲ, ਲਖਵਿੰਦਰ ਸਿੰਘ ਉੱਪਲ ਆਦਿ ਦੀਆਂ ਨਜ਼ਮਾਂ, ਗ਼ਜ਼ਲਾਂ, ਗੀਤਾਂ ਅਤੇ ਲੋਕ-ਕਾਵਿ ਰੂਪਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਇਨ੍ਹਾਂ ਰਚਨਾਵਾਂ ਦੀ ਮੂਲ ਸੁਰ 'ਜ਼ਮੀਨ' ਅਤੇ 'ਜ਼ਮੀਰ' ਦੇ ਮੁੱਦਿਆਂ ਨੂੰ ਉਭਾਰ ਕੇ ਵਿੱਢੇ ਸੰਘਰਸ਼ ਦੀਆਂ ਮਨੁੱਖੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨੂੰ ਦੂਰ ਕਰਨ ਦਾ ਉਪਰਾਲਾ ਕੀਤਾ ਗਿਆ ਹੈ। 'ਭੁੱਖ' ਦਾ 'ਆਨਾਜ' ਦਾ ਆਪਸ ਵਿਚ ਗਹਿਰਾ ਸਬੰਧ ਹੁੰਦਾ ਹੈ। ਭੁੱਖੇ ਮਨੁੱਖ ਨੂੰ ਬੇਵਸੀ ਦੀ ਹਾਲਤ 'ਚ ਧੱਕ ਕੇ ਉਸ ਤੋਂ ਹਰ ਪ੍ਰਕਾਰ ਦੀਆਂ ਈਨਾਂ ਮੰਨਵਾਈਆਂ ਜਾ ਸਕਦੀਆਂ ਹਨ। ਇਨ੍ਹਾਂ ਕਵਿਤਾਵਾਂ ਰਾਹੀਂ ਜਿਥੇ ਪੀੜਤ ਆਵਾਮ ਦੀ ਮੂਕ ਆਵਾਜ਼ ਨੂੰ ਬੁਲੰਦ ਕੀਤਾ ਗਿਆ ਹੈ, ਉਥੇ ਪੰਜਾਬੀਅਤ ਦੇ 'ਟੈਂਅ ਨਾ ਮੰਨਣ', ਜਾਬਰੀ ਦੇ ਖਿਲਾਫ਼ ਨਾਬਰੀ ਦੇ ਅਜ਼ਲੀ ਸੰਕਲਪ ਨੂੰ ਦੁਹਰਾਇਆ ਗਿਆ ਹੈ। ਇਨ੍ਹਾਂ ਕਵਿਤਾਵਾਂ ਵਿਚ ਕਵੀਆਂ ਵਲੋਂ ਵਿੱਢੇ ਕਿਸਾਨੀ ਅੰਦੋਲਨ ਦੀ ਹਮਾਇਤ ਕਰਦਿਆਂ ਤਿੰਨ ਕਾਲੇ ਕਿਸਾਨੀ ਕਾਨੂੰਨਾਂ ਦੀ ਵਾਪਸੀ ਰਾਹੀਂ ਜਿੱਤਣ ਦੀ ਉਮੀਦ ਜ਼ਾਹਰ ਕੀਤੀ ਗਈ ਹੈ। ਸ਼ੇਲਿੰਦਰਜੀਤ ਸਿੰਘ 'ਰਾਜਨ' ਅਤੇ ਉਨ੍ਹਾਂ ਦੀ ਸਭਾ ਦਾ ਇਹ ਇਕ ਇਤਿਹਾਸਕ ਉੱਦਮ ਹੈ ਜੋ ਪ੍ਰਸੰਸਾ ਦੇ ਯੋਗ ਹੈ। ਆਮੀਨ।


ਸੰਧੂ ਵਰਿਆਣਵੀ (ਪ੍ਰੋ:)
ਮੋ: 98786-14096


ਸਤਲੁਜ ਦੇ ਆਰ-ਪਾਰ
ਲੇਖਕ : ਧਰਮ ਸਿੰਘ ਕੰਮੇਆਣਾ .
ਪ੍ਰਕਾਸ਼ਕ : ਸਨਾਵਰ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 110
ਸੰਪਰਕ : 98760-62329.


ਇਹ ਪੁਸਤਕ ਨਾਵਲ ਹੈ। ਨਾਵਲ ਲੇਖਕ ਦੀਆਂ ਵੱਖ-ਵੱਖ ਸਿਨਫਾਂ ਵਿਚ 30 ਕਿਤਾਬਾਂ ਛਪ ਚੁੱਕੀਆਂ ਹਨ। 250 ਤੋਂ ਵੱਧ ਗੀਤਾਂ ਨੂੰ ਨਾਮਵਰ ਗਾਇਕ ਕਲਾਕਾਰਾਂ ਨੇ ਆਵਾਜ਼ ਦਿੱਤੀ ਹੈ। ਹਿੰਦੀ ਵਿਚ ਵੀ ਕੁਝ ਨਾਵਲ ਹਨ। ਯੂਨੀਵਰਸਿਟੀ ਪੱਧਰ 'ਤੇ ਵੀ ਇਕ ਕਾਵਿ ਸੰਗ੍ਰਹਿ ਪੜ੍ਹਾਇਆ ਜਾ ਰਿਹਾ ਹੈ। ਰੀਵਿਊ ਅਧੀਨ ਨਾਵਲ ਦੇਸ਼ ਵੰਡ ਬਾਰੇ ਹੈ। ਪੱਛਮੀ ਪੰਜਾਬ ਤੋਂ ਸੰਨ ਸੰਤਾਲੀ ਵੇਲੇ ਬੰਤਾ ਸਿੰਘ ਦਾ ਪਰਿਵਾਰ ਫਸਾਦ ਸ਼ੁਰੂ ਹੋਣ ਤੋਂ ਪਹਿਲਾਂ ਨਿਕਲ ਆਉਂਦਾ ਹੈ। ਉਸ ਦਾ ਪੁੱਤਰ ਫੌਜਾ ਸਿੰਘ ਵਿਰਕ ਹੈ। ਇਧਰ ਪਟਿਆਲੇ ਕੋਲ ਇਹ ਪਰਿਵਾਰ ਸਥਾਪਤ ਹੋ ਜਾਂਦਾ ਹੈ। ਫੌਜਾ ਸਿੰਘ ਵਿਰਕ ਦਾ ਵਿਆਹ ਵੀ ਇਧਰ ਹੁੰਦਾ ਹੈ। ਭਗਵਾਨ ਕੌਰ ਪਤਨੀ ਹੈ। ਨਾਵਲ ਵਿਚ ਦੇਸ਼ ਵੰਡ ਵੇਲੇ ਦਾ ਖੂਨੀ ਬਿਰਤਾਂਤ ਹੈ। ਫੌਜਾ ਸਿੰਘ ਖੇਤੀ ਦਾ ਕੰਮ ਕਰਨ ਦੇ ਨਾਲ ਹੋਰ ਕਈ ਸਹਾਇਕ ਧੰਦੇ ਕਰਦਾ ਹੈ। ਉਸ ਦੇ ਘਰ ਦੋ ਲੜਕੇ ਹਨ। ਇਕ ਧੀ ਹੈ। ਨਾਵਲ ਦੀ ਗਾਥਾ ਇਸੇ ਪਰਿਵਾਰ ਦੀ ਕਹਾਣੀ ਹੈ। ਬੰਤਾ ਸਿੰਘ ਦੀ ਮੌਤ ਪਿੱਛੋਂ ਫੌਜਾ ਸਿੰਘ ਬੱਚਿਆਂ ਨੂੰ ਪੰਜਾਬੀ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਕਰਾਉਂਦਾ ਹੈ। ਨਾਵਲਕਾਰ ਖੇਤੀ ਫ਼ਸਲਾਂ ਬਾਰੇ ਖੇਤੀ ਮਾਹਰਾਂ ਦੀ ਤਰ੍ਹਾਂ ਜ਼ਿਕਰ ਕਰਦਾ ਹੈ। ਖੇਤੀ ਨਾਲ ਜੁੜੇ ਕਈ ਸ਼ਬਦ ਅਜੋਕੀ ਪੀੜ੍ਹੀ ਲਈ ਵਿਰਾਸਤੀ ਖਜ਼ਾਨਾ ਹਨ। ਫੌਜਾ ਸਿੰਘ ਦਾ ਇਕ ਪੁੱਤਰ ਵਿਦੇਸ਼ ਜਾ ਕੇ ਉਧਰ ਗੋਰੀ ਨਾਲ ਵਿਆਹ ਕਰਵਾ ਲੈਂਦਾ ਹੈ ਤੇ ਵਕਾਲਤ ਕਰਦਾ ਹੈ। ਉਸ ਦੇ ਦੋ ਬੱਚੇ ਹਨ ਜੋ ਪੱਛਮੀ ਰੰਗ ਵਿਚ ਰੰਗੇ ਜਾਂਦੇ ਹਨ। ਛੋਟਾ ਪੁੱਤਰ ਅਧਿਆਪਕ ਹੈ। ਉਹ ਵੀ ਇਕ ਅਧਿਆਪਕਾ ਨਾਲ ਵਿਆਹ ਕਰਵਾਉਂਦਾ ਹੈ। ਕੁੜੀ ਗ਼ੈਰ-ਜਾਤ ਦੇ ਮੁੰਡੇ ਨਾਲ ਅਦਾਲਤੀ ਵਿਆਹ ਕਰਵਾ ਕੇ ਘਰ ਤੋਂ ਨਾਤਾ ਤੋੜ ਲੈਂਦੀ ਹੈ। ਛੋਟੇ ਮੁੰਡੇ ਦੇ ਵਿਆਹ 'ਤੇ ਵੀ ਫੌਜਾ ਸਿੰਘ ਧੀ ਨੂੰ ਨਹੀਂ ਬੁਲਾਉਂਦਾ। ਪਤਨੀ ਦੀ ਮੌਤ ਪਿੱਛੋਂ ਦੂਸਰੇ ਸੂਬੇ ਦਾ ਇਕ ਕਾਮਾ ਉਸ ਦੀ ਪਤਨੀ ਤੇ ਇਕ ਧੀ ਫੌਜਾ ਸਿੰਘ ਦਾ ਖੇਤੀ ਦਾ ਕੰਮ ਤੇ ਰਸੋਈ ਸੰਭਾਲਦੇ ਹਨ। ਫੌਜਾ ਸਿੰਘ ਦੇ ਕਾਮੇ ਦੀ ਪਤਨੀ ਨਾਲ ਨਾਜਾਇਜ਼ ਸਬੰਧ ਬਣਦੇ ਹਨ। ਕਾਮੇ ਦੇ ਘਰ ਇਕ ਪੁੱਤਰ ਜਨਮ ਲੈਂਦਾ ਹੈ। ਪੁੱਤਰ ਦਾ ਨਾਂਅ ਪੰਜਾਬ ਹੈ। ਫੌਜਾ ਸਿੰਘ ਕਾਮੇ ਦੀ ਪਤਨੀ ਦੇ ਕਹਿਣ 'ਤੇ ਪੰਜਾਬ ਦੇ ਨਾਂਅ ਜ਼ਮੀਨ ਲਵਾ ਦਿੰਦਾ ਹੈ। ਪੱਛਮੀ ਪੰਜਾਬ 'ਚ ਵਸਦਾ ਰਮਜ਼ਾਨ, ਫੌਜਾ ਸਿੰਘ ਨੂੰ ਅਕਸਰ ਯਾਦ ਕਰਦਾ ਹੈ। ਨਾਵਲਕਾਰ ਨੇ ਦੋਵਾਂ ਪੰਜਾਬਾਂ ਦੀ ਟੁੱਟੀ ਸਾਂਝ ਨੂੰ ਕਲਾਮਈ ਸ਼ੈਲੀ ਵਿਚ ਪੇਸ਼ ਕੀਤਾ ਹੈ। ਆਜ਼ਾਦੀ ਪਿੱਛੋਂ ਦੇ ਪੰਜਾਬ ਦੀ ਨਿੱਘਰੀ ਸਿਆਸੀ ਸਥਿਤੀ ਵੱਲ ਵੀ ਨਾਵਲਕਾਰ ਨੇ ਸੰਕੇਤ ਕੀਤਾ ਹੈ। ਦੇਸ਼ ਵੰਡ ਬਾਰੇ ਛੋਟੇ-ਛੋਟੇ 35 ਕਾਂਡ ਦਾ ਨਾਵਲ ਪੜ੍ਹਨ ਵਾਲਾ ਹੈ।


ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160
c c c


ਅੰਦਰੇਟੇ ਦੀਆਂ ਯਾਦਾਂ

ਲੇਖਿਕਾ : ਨਵਨੀਤ (ਜਮਾਤ ਗਿਆਰ੍ਹਵੀਂ)
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 150 ਰੁਪਏ, ਸਫ਼ੇ : 64
ਸੰਪਰਕ : 88474-73354.


'ਅੰਦਰੇਟੇ ਦੀਆਂ ਯਾਦਾਂ' ਸਫ਼ਰਨਾਮਾ ਬਾਲ ਲੇਖਿਕਾ ਨਵਨੀਤ (ਜਮਾਤ ਗਿਆਰ੍ਹਵੀਂ) ਦੀ ਤੀਸਰੀ ਪੁਸਤਕ ਹੈ। ਇਹ ਪੁਸਤਕ ਪੜ੍ਹ ਕੇ ਲਗਦਾ ਹੀ ਨਹੀਂ ਇਸ ਦੀ ਰਚਨਾਕਾਰ ਬਾਲੜੀ ਉਮਰ ਦੀ ਲੇਖਿਕਾ ਨਾ ਹੋ ਕੇ ਸਗੋਂ ਚੰਗੀ ਸੂਝ ਤੇ ਪਕੜ ਵਾਲੀ ਲੇਖਿਕਾ ਹੈ। ਲੇਖਿਕਾ ਦੀ ਇਹ ਰਚਨਾ ਉਸ ਦੇ ਭਵਿੱਖ ਵਿਚ ਵੱਡੀ ਸਾਹਿਤਕਾਰ ਬਣਨ ਦੀ ਨਿਸ਼ਾਨਦੇਹੀ ਕਰਦੀ ਹੈ। ਪੜ੍ਹਨ ਲੱਗਿਆਂ ਇਹ ਪੁਸਤਕ ਪੂਰਾ ਧਿਆਨ ਖਿੱਚਦੀ ਹੈ। ਇਸ ਪੁਸਤਕ ਨੂੰ ਰਚਣ ਤੋਂ ਪਹਿਲਾਂ ਦਾ ਖਰੜਾ ਡਾ. ਸਰਬਜੀਤ ਕੌਰ ਸੋਹਲ, ਡਾ. ਕੁਲਦੀਪ ਸਿੰਘ ਦੀਪ, ਸਤਪਾਲ ਭੀਖੀ ਤੇ ਜਸਪ੍ਰੀਤ ਸਿੰਘ ਜਗਰਾਉਂ ਆਦਿ ਸਾਹਿਤਕਾਰਾਂ ਦੀ ਪਾਰਖੂ ਅੱਖ 'ਚੋਂ ਗੁਜ਼ਰ ਕੇ ਆਇਆ ਲਗਦਾ ਹੈ। ਉਥੇ ਤਿੰਨ ਦਿਨਾਂ ਦੀ ਆਯੋਜਿਤ ਕੀਤੀ ਬਾਲ ਲੇਖਕਾਂ ਦੀ ਵਰਕਸ਼ਾਪ ਤੇ ਬੱਚਿਆਂ ਵਲੋਂ ਮਨਾਈ ਮੌਜ ਮਸਤੀ ਦਾ ਜ਼ਿਕਰ ਹੈ।
ਪੁਸਤਕ ਵਿਚ ਅੱਠ ਪੰਨੇ ਰੰਗਦਾਰ ਫੋਟੋਆਂ ਨਾਲ ਸ਼ਿੰਗਾਰੇ ਹੋਣ ਕਰਕੇ ਪੁਸਤਕ ਨੂੰ ਹੋਰ ਵੀ ਚਾਰ ਚੰਨ ਲਾਉਂਦੇ ਹਨ। ਲੇਖਿਕਾ ਦੀ ਛੋਟੀ ਭੈਣ ਪੁਨੀਤ ਨਲਕੇ ਤੋਂ ਬੁੱਕ ਨਾਲ ਪਾਣੀ ਪੀਣ ਲਗਦੀ ਹੈ ਪਰ ਬੁੱਕ ਮੂੰਹ ਤੱਕ ਜਾਂਦਿਆਂ ਸਾਰਾ ਪਾਣੀ ਡੁੱਲ੍ਹ ਜਾਂਦਾ ਹੈ। ਹਾਸੇ ਦੀ ਘਟਨਾ ਚੰਗੀ ਲੱਗੀ ਹੈ। ਕਹਾਣੀਕਾਰ ਜਸਬੀਰ ਭੁੱਲਰ ਤੇ ਮੱਖਣ ਮਾਨ ਨੇ ਕਹਾਣੀ ਬਾਰੇ ਦੱਸੇ ਤਜਰਬੇ ਲਾਜਵਾਬ ਹਨ। ਪੂਰਾ ਸਫ਼ਰਨਾਮਾਂ ਬੜੀ ਰੌਚਿਕਤਾ ਪੇਸ਼ ਕਰਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਲੇਖਿਕਾ ਅੱਗੋਂ ਵੱਡੇ ਮਾਅਰਕੇ ਮਾਰਨ ਦਾ ਜਜ਼ਬਾ ਰੱਖਦੀ ਹੈ।


ਡੀ. ਆਰ. ਬੰਦਨਾ
ਮੋ: 94173-89003.


ਬ੍ਰਿਹੋਂ ਦਾ ਬੂਟਾ
ਕਵੀ : ਅਸ਼ੋਕ ਟਾਂਡੀ
ਪ੍ਰਕਾਸ਼ਕ : ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:)
ਮੁੱਲ : 200 ਰੁਪਏ, ਸਫ਼ੇ : 157
ਸੰਪਰਕ : 98550-53839.


ਹਥਲੀ ਕਾਵਿ ਪੁਸਤਕ ਤੋਂ ਪਹਿਲਾਂ ਇਸ ਦਾ ਰਚੇਤਾ ਕਵੀ ਅਸ਼ੋਕ ਟਾਂਡੀ ਦੋ ਕਾਵਿ ਸੰਗ੍ਰਹਿ 'ਹੌਕੇ ਹਾਵੇ' ਅਤੇ 'ਦਰਦਾਂ ਦੇ ਦਰਿਆ' ਪਾਠਕਾਂ ਨੂੰ ਸੌਂਪ ਚੁੱਕਾ ਹੈ। ਇਸ ਪੁਸਤਕ ਦੇ ਡੇਢ ਕੁ ਸੌ ਸਫ਼ਿਆਂ ਵਿਚ 100 ਦੇ ਕਰੀਬ ਬ੍ਰਿਹਾ ਦੀ ਆਰਤੀ ਉਤਾਰਦੀਆਂ ਕਵਿਤਾਵਾਂ ਹਨ। ਇਨ੍ਹਾਂ ਸਾਰੀਆਂ ਕਵਿਤਾਵਾਂ ਵਿਚ ਕਵੀ ਟਾਂਡੀ ਦੀਆਂ ਬ੍ਰਿਹਾ ਤੇ ਵਿਛੋੜੇ ਦੀਆਂ ਕਸਕਾਂ ਹਨ। ਇਹ ਬ੍ਰਿਹਾਂ ਉਸ ਨੂੰ ਤਦੋਂ ਮਿਲਿਆ ਜਦੋਂ ਉਸ ਦੀ ਜਾਨ ਤੋਂ ਪਿਆਰੀ ਧਰਮ ਪਤਨੀ ਸਵਰਗ ਸਿਧਾਰ ਗਈ। ਪਤਨੀ ਦੇ ਵਿਛੋੜੇ ਨੇ ਅਸ਼ੋਕ ਨੂੰ ਇਕ ਕਵੀ ਟਾਂਡੀ ਵਜੋਂ ਸਥਾਪਤ ਕੀਤਾ।
ਟਾਂਡੀ ਪੰਜਾਬ ਪੁਲਿਸ ਵਿਚ ਇੰਸਪੈਕਟਰ ਦੇ ਅਹੁਦੇ 'ਤੇ ਹੈ ਪਰ ਪਤਨੀ ਦੇ ਵਿਛੋੜੇ ਨੇ ਉਸ ਤੋਂ ਸਾਰਾ ਸੁੱਖ ਤੇ ਚੈਨ ਖੋਹ ਲਿਆ ਤੇ ਉਸ ਨੂੰ ਕਲਮ ਫੜਾ ਦਿੱਤੀ। ਉਹ ਦਰਦਾਂ ਦਾ ਕਵੀ ਬਣ ਗਿਆ। ਪੁਸਤਕ ਦੇ ਆਰੰਭ ਵਿਚ ਹੀ ਕਵੀ ਟਾਂਡੀ ਪਤਨੀ ਦੇ ਵਿਯੋਗ ਵਿਚ ਲਿਖਦਾ ਹੈ :
ਮਾਏ ਨੀ ਮਾਏ ਕੋਈ ਵੈਦ ਬੁਲਾ ਦੇ
ਚਿੱਤ ਨਈਂ ਲਗਦਾ ਮੇਰਾ।
ਸੇਜ ਮੈਨੂੰ ਬਣ ਸੱਪਣੀ ਡੱਸਦੀ,
ਉੱਜੜਿਆ ਜਾਪੇ ਵਿਹੜਾ।
ਕਿਹਨੂੰ ਦੱਸਾਂ ਕਿਵੇਂ ਸੰਭਲਾਂ ਸੰਭਾਲਾਂ,
ਕਿਵੇਂ ਕਰਾਂ ਨੀ ਮੈਂ ਜੰਗ।
ਜਾਣ ਵਾਲਾ ਨਾ ਮੁੜ ਕੇ ਆਇਆ
ਮੈਨੂੰ ਦੱਸ ਵਰਾਏ ਕਿਹੜਾ....।
ਕਵੀ ਟਾਂਡੀ ਨੂੰ ਇਸ ਦੀ ਪਤਨੀ ਵਿਛੋੜਾ ਦੇ ਗਈ ਪਰ ਕਵੀ ਬਣਾ ਗਈ :
ਲੰਮੀਆਂ ਸੋਚਾਂ ਵਿਚ ਪਾ ਗਈ ਏਂ
ਹੱਥੀਂ ਆਪ ਕਲਮ ਫੜਾ ਗਈ ਏਂ
ਆਪ ਪਤਾ ਨਈਂ ਕਿਸ ਦੁਨੀਆ ਜਾ ਵੱਸੀ
ਟਾਂਡੀ ਨੂੰ ਕਲਮ ਫੜਾ ਗਈ ਏਂ....।
ਭਾਵੇਂ ਕਵੀ ਟਾਂਡੀ ਨੇ ਪਤਨੀ ਵਿਯੋਗ ਦੀਆਂ ਹੀ ਬਹੁਤੀਆਂ ਕਵਿਤਾਵਾਂ ਸਿਰਜੀਆਂ ਨੇ ਪਰ ਉਸ ਨੇ ਮਹਿਸੂਸ ਕੀਤਾ ਹੈ ਕਿ ਇਕ ਕਵੀ ਦੇ ਸਮਾਜ ਪ੍ਰਤੀ ਵੀ ਕਈ ਫ਼ਰਜ਼ ਹੁੰਦੇ ਹਨ। ਇਸ ਲਈ ਟਾਂਡੀ ਨੇ ਸਮਾਜ ਵੱਲ ਵੀ ਕਲਮ ਘੁਮਾਈ ਹੈ। ਉਸ ਦੀਆਂ ਕਵਿਤਾਵਾਂ ਫਾਦਰ ਡੇ, ਨੱਚਣਾ, ਮਾਂ ਮੇਰੀ ਮਾਂ, ਮਾਂ ਦੀ ਸੇਵਾ, ਪਛਤਾਵਾ, ਜੰਗ ਦੇ ਨਤੀਜੇ, ਪਿੰਡ, ਜ਼ਿੰਦਗੀ ਆਦਿ ਪੜ੍ਹਨ ਵਾਲੀਆਂ ਹਨ। ਜਨਾਬ ਪ੍ਰੀਤਮ ਲੁਧਿਆਣਵੀ ਨੇ ਕਵੀ ਟਾਂਡੀ ਨੂੰ ਬੜੇ ਸਲੀਕੇ ਨਾਲ ਪੇਸ਼ ਕੀਤਾ ਹੈ।


ਸੁਲੱਖਣ ਸਰਹੱਦੀ
ਮੋ: 94174-84337.
c c c


ਮਿੱਟੀ ਦੀ ਮਹਿਕ

ਲੇਖਕ : ਜਸਬੀਰ ਸਿੰਘ ਝਬਾਲ
ਪ੍ਰਕਾਸ਼ਕ : ਅਜ਼ਾਦ ਬੁੱਕ ਡਿਪੂ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 94647-45738


ਜਸਬੀਰ ਸਿੰਘ ਝਬਾਲ ਦੀ ਵਿਚਾਰ ਅਧੀਨ ਪੁਸਤਕ ਮਿੱਟੀ ਦੀ ਮਹਿਕ ਵਿਚ 27 ਰਚਨਾਵਾਂ ਦਰਜ ਹਨ। ਲੇਖਕ ਵਲੋਂ ਪੁਸਤਕ ਦੇ ਮੁਢਲੇ ਪੰਨਿਆਂ ਵਿਚ ਇਕ ਜਗ੍ਹਾ ਆਪਣੀਆਂ ਰਚਨਾਵਾਂ ਨੂੰ 'ਓਰੀਜਿਨਲ ਸਟੋਰੀਜ਼' ਭਾਵ 'ਅਸਲ ਕਹਾਣੀਆਂ' ਕਿਹਾ ਗਿਆ ਹੈ ਪ੍ਰੰਤੂ ਪੁਸਤਕ ਦੀਆਂ ਕੁਝ ਕੁ ਰਚਨਾਵਾਂ ਦਾ ਮੂੰਹ-ਮੁਹਾਂਦਰਾ ਵਾਰਤਕ ਦੀ ਲੇਖ ਵਿਧਾ ਨਾਲ ਮੇਲ ਖਾਂਦਾ ਹੈ। ਪਹਿਲੀ ਰਚਨਾ ਸਬਰ-ਸੰਤੋਖ ਵਿਚ ਪੰਜਾਬ ਦੇ ਅਣਖੀ ਇਤਿਹਾਸ ਤੋਂ ਗੱਲ ਸ਼ੁਰੂ ਕਰਕੇ, ਸਮਕਾਲ ਵਿਚ ਚੱਲ ਰਹੇ ਕਿਸਾਨੀ ਅੰਦੋਲਨ ਦੀ ਪ੍ਰੋੜ੍ਹਤਾ ਕੀਤੀ ਗਈ ਹੈ। ਮਿੱਟੀ ਦੀ ਮਹਿਕ ਅਤੇ ਹੱਕ ਜਿਨ੍ਹਾਂ ਦੇ ਆਪਣੇ, ਆਪੇ ਲੈਣਗੇ ਖੋਹ ਵੀ, ਕਿਸਾਨੀ ਅੰਦੋਲਨ ਦਾ ਹੀ ਸਮਰਥਨ ਕਰਦਾ ਹੈ। ਭੂਆ ਬਚਨੀ, ਸ਼ਾਹ ਦਾ ਜਾਮਣੂ, ਸਾਂਝਾ ਚੁੱਲ੍ਹਾ, ਮਮਤਾ ਕਹਾਣੀਆਂ ਰਿਸ਼ਤਿਆਂ ਦੀਆਂ ਤੰਦਾਂ ਨੂੰ ਬਿਆਨਣ ਵਾਲੀਆਂ ਮਨੋਵਿਗਿਆਨਕ ਕਹਾਣੀਆਂ ਹਨ।
'ਸੰਗਰਾਮੀ ਪੈੜਾਂ' ਆਪਣੇ ਮਹਿਬੂਬ ਨੇਤਾਵਾਂ ਪ੍ਰਤੀ ਸਤਿਕਾਰ ਦੀ ਭਾਵਨਾ ਨਾਲ ਓਤਪ੍ਰੋਤ ਰਚਨਾ ਹੈ। ਸੱਚੀ ਸੇਵਾ ਕਹਾਣੀ ਆਪਣੇ ਸਿਰਲੇਖ ਦੇ ਸਮਾਂਤਰ ਸੱਚੀ ਸੇਵਾ ਦੀ ਅਹਿਮੀਅਤ ਨੂੰ ਬਿਆਨ ਕਰਦੀ ਹੈ। ਜਿੱਥੇ ਬੀੜਾਂ, ਯਾਦਾਂ ਦੇ ਝਰੋਖੇ, ਇਕ ਲੱਪ ਯਾਦਾਂ ਦੀ, ਵਿਖਾਲਾ ਆਦਿ ਕਹਾਣੀਆਂ ਸ਼ਹਿਰੀ ਜ਼ਿੰਦਗੀ ਜਿਉਂ ਰਹੇ ਪਾਤਰਾਂ ਦੇ ਜ਼ਿਹਨ ਵਿਚ ਉਕਰੀਆਂ ਬਚਪਨ ਦੀਆਂ ਯਾਦਾਂ ਨੂੰ ਮਨੋਵਿਗਿਆਨਕ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦੀ ਹੈ, ਉੱਥੇ 'ਦੱਬੀਆਂ ਸੱਧਰਾਂ' ਕਰਤਾਰ ਦੇ ਰੂਪ ਵਿਚ ਉਸ ਵਰਗ ਦੀ ਪ੍ਰਤੀਨਿਧਤਾ ਕਰਦੀ ਹੈ, ਜਿਹੜੇ ਆਪਣੇ ਫਰਜ਼ਾਂ ਪਿੱਛੇ ਆਪਣੇ ਨਿੱਜ ਨੂੰ ਵੀ ਅਣਗੌਲਿਆ ਕਰ ਦਿੰਦੇ ਹਨ। 'ਅੰਮ੍ਰਿਤ ਰਚਨਾ' ਸਿੱਖੀ ਦੇ ਉੱਚੇ-ਸੁੱਚੇ ਸਿਧਾਂਤਾਂ ਨੂੰ ਪ੍ਰਚਾਰਦੀ ਹੈ। 'ਇਹ ਭਾਰਤ ਦੇਸ਼ ਹਮਾਰਾ ਹੈ', ਕਹਾਣੀ ਦਾ ਵਿਸ਼ਾ ਭਾਰਤ ਦੀ ਆਜ਼ਾਦੀ ਦੇ ਪ੍ਰਸੰਗ ਤੋਂ ਸ਼ੁਰੂ ਹੋ ਕੇ ਇਕ ਵਿਸ਼ੇਸ਼ ਰਾਜਨੀਤਕ ਪਾਰਟੀ 'ਤੇ ਆ ਕੇ ਕੇਂਦਰਿਤ ਹੁੰਦਾ ਹੈ। 'ਸੰਕਲਪ' ਕਹਾਣੀ, ਬੱਚਿਆਂ ਨੂੰ ਵੱਡੇ ਅਫ਼ਸਰ ਬਣਾਉਣ ਲਈ ਘਾਲਣਾ ਘਾਲਦੇ ਮਾਪਿਆਂ ਦੀਆਂ ਸਧਰਾਂ ਦੀ ਤਰਜਮਾਨੀ ਹੈ। ਜਨੂੰਨ ਕਹਾਣੀ ਭਾਈਚਾਰਕ ਏਕਤਾ ਦੀ ਪੈਰਵੀ ਕਰਦੀ ਹੋਈ ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਵਿਰੁੱਧ ਮੁਹਾਜ਼ ਖੜ੍ਹਾ ਕਰਨ ਦੇ ਆਹਰ ਵਿਚ ਹੈ। ਕਹਾਣੀ ਕਾਲਖ਼ ਦੇ ਵਣਜਾਰੇ, ਭਾਵੇਂ ਕਿ ਕਸ਼ਮੀਰ ਵਿਚਲੇ ਰਾਜਨੀਤਕ ਹਾਲਾਤ ਦੀ ਪਿਠਵਰਤੀ ਭੂਮੀ ਦੇ ਸੰਦਰਭ ਵਿਚ ਅੱਗੇ ਵਧਦੀ ਹੈ ਪ੍ਰੰਤੂ ਇਸ ਦੀਆਂ ਤੰਦਾਂ ਪੰਜਾਬ ਦੇ ਅੱਤਵਾਦ ਦੇ ਸਮਿਆਂ ਨਾਲ ਮੇਲ ਕੇ, ਇਸ ਦੇ ਹੱਲ ਹੋਣ ਦੀ ਉਮੀਦ ਸਿਰਜਦੀ ਹੈ।


ਡਾ. ਪ੍ਰਦੀਪ ਕੌੜਾ
ਮੋ: 95011-15200
c c c


ਕੁੜੀਆਂ ਚਿੜੀਆਂ ਕੋਮਲ ਕਲੀਆਂ
ਲੇਖਿਕਾ : ਰੱਜੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 75 ਰੁਪਏ, ਸਫ਼ੇ : 32
ਸੰਪਰਕ : 82647-29738.


'ਕੁੜੀਆਂ ਚਿੜੀਆਂ ਕੋਮਲ ਕਲੀਆਂ' ਪੁਸਤਕ ਵਿਚ 26 ਬਾਲ ਰਚਨਾਵਾਂ ਹਨ ਜੋ ਕਿ ਵਿਦਿਆਰਥਣ ਲੇਖਿਕਾ ਰੱਜੀ ਦੀਆਂ ਲਿਖੀਆਂ ਹੋਈਆਂ ਹਨ। ਵਿਦਿਆਰਥਣ ਹੋਣ ਕਰਕੇ ਰੱਜੀ ਨੇ ਸਾਰੀਆਂ ਰਚਨਾਵਾਂ ਦੇ ਵਿਸ਼ੇ ਆਸ-ਪਾਸ ਤੋਂ ਹੀ ਲਏ ਹਨ ਜਿਵੇਂ : 'ਧੀਆਂ' 'ਮੇਰੀ ਅਧਿਆਪਕਾ', 'ਕਿਤਾਬਾਂ', 'ਮਾਂ', 'ਵਿੱਦਿਆ', 'ਮਿਹਨਤ', 'ਰੁੱਖ', 'ਮੇਰਾ ਹਾਈ ਸਕੂਲ', 'ਪਾਣੀ', 'ਨਸ਼ੇ' ਅਤੇ 'ਕੰਪਿਊਟਰ' ਆਦਿ। 'ਧੀਆਂ'ਕਵਿਤਾ ਵਿਚ ਭਰੂਣ ਹੱਤਿਆ ਨਾ ਕਰਨ ਦਾ ਸ਼ਾਨਦਾਰ ਸੁਨੇਹਾ ਦਿੱਤਾ ਹੈ। ਜਿਵੇਂ :
ਧੀਆਂ ਨਾਲ ਸਦਾ ਕਰੋ ਪਿਆਰ,
ਧੀਆਂ ਦਾ ਵੀ ਕਰੋ ਸਤਿਕਾਰ।
ਜੇਕਰ ਧੀਆਂ ਹੀ ਨਾ ਜਗ 'ਤੇ ਹੋਣਗੀਆਂ,
ਫਿਰ ਨੂੰਹਾਂ ਕਿੱਥੋਂ ਆਉਣਗੀਆਂ।
ਏਵੇਂ ਹੀ 'ਕਿਤਾਬਾਂ' ਵਾਲੀ ਬਾਲ ਕਵਿਤਾ ਵਿਚ ਕਿਤਾਬਾਂ ਦਾ ਮਹੱਤਵ ਬਹੁਤ ਵਧੀਆ ਸ਼ਬਦਾਂ ਨਾਲ ਸਮਝਾਇਆ ਹੈ ਜਿਵੇਂ :
ਗਿਆਨ ਦਾ ਭੰਡਾਰ ਹਨ ਕਿਤਾਬਾਂ,
ਜੀਵਨ ਦਾ ਆਧਾਰ ਹਨ ਕਿਤਾਬਾਂ।
ਜੇਕਰ ਅਸਾਂ ਮਹਾਨ ਬਣਨਾ ਹੈ,
ਤਾਂ ਫਿਰ ਗਿਆਨ ਨੂੰ ਹਾਸਲ ਕਰਨਾ ਹੈ।
ਇਵੇਂ ਹੀ ਨਸ਼ੇ ਵਾਲੀ ਕਵਿਤਾ ਵਿਚ ਨਸ਼ੇ ਦੇ ਨੁਕਸਾਨ ਦੱਸ ਕੇ ਇਸ ਤੋਂ ਬਚਣ ਦਾ ਬੜਾ ਪਿਆਰਾ ਹੋਕਾ ਦਿੱਤਾ ਹੈ।
ਨਸ਼ਾ ਕਰੇ ਪੰਜਾਬ ਦੀ ਬਰਬਾਦੀ,
ਤੋਬਾ-ਤੋਬਾ ਕਰ ਰਹੀ ਆਬਾਦੀ।
ਜਦੋਂ ਨਸ਼ਾ ਜ਼ਿੰਦਗੀ ਵਿਚ ਆਉਂਦਾ,
ਲੜਾਈ ਕਲੇਸ਼ ਇਹ ਘਰ ਵਿਚ ਲਿਆਉਂਦਾ।
ਰੱਜੀ ਵਿਦਿਆਰਥਣ ਲੇਖਿਕਾ ਨੇ ਆਪਣੀ ਉਮਰ ਤੋਂ ਸਿਆਣੀਆਂ ਗੱਲਾਂ ਬਾਲ ਕਵਿਤਾਵਾਂ ਰਾਹੀਂ ਕਹਿਣ ਦੀ ਕੋਸ਼ਿਸ਼ ਕੀਤੀ ਹੈ ਪਰ ਪਹਿਲਾ ਉਪਰਾਲਾ ਅਤੇ ਵਿਦਿਆਰਥਣ ਹੋਣ ਕਰਕੇ ਮਾਮੂਲੀ ਕਮੀਆਂ ਰਹਿਣੀਆਂ ਸੁਭਾਵਿਕ ਹੀ ਹੈ ਜੋ ਕਿ ਅਭਿਆਸ ਅਤੇ ਤਜਰਬੇ ਨਾਲ ਆਪੇ ਦੂਰ ਹੋ ਜਾਣਗੀਆਂ। ਸਾਰੀਆਂ ਕਵਿਤਾਵਾਂ ਵਿਚ ਬੋਲੀ ਸਰਲ, ਠੇਠ ਅਤੇ ਬਾਲਾਂ ਦੇ ਹਾਣ ਦੀ ਵਰਤੀ ਹੈ। ਢੁਕਵੇਂ ਚਿੱਤਰ ਰਚਨਾਵਾਂ ਦੀ ਸ਼ੋਭਾ ਵਧਾ ਰਹੇ ਹਨ। ਰਚਨਾਵਾਂ ਬਾਲਾਂ ਨੂੰ ਮਨੋਰੰਜਨ ਦੇ ਨਾਲ ਸੁਭਾਵਿਕ ਹੀ ਸਿੱਖਿਆ ਵੀ ਦਿੰਦੀਆਂ ਹਨ। ਕੁੱਲ ਮਿਲਾ ਕੇ ਰੱਜੀ ਵਿਦਿਆਰਥਣ ਲੇਖਿਕਾ ਦੀ ਛੋਟੀ ਉਮਰ ਵਿਚ ਕੀਤੀ ਗਈ ਸ਼ਾਨਦਾਰ ਪ੍ਰਾਪਤੀ ਲਈ ਮੈਂ ਸ਼ਾਬਾਸ਼ ਦਿੰਦਾ ਹਾਂ।


ਅਮਰੀਕ ਸਿੰਘ ਤਲਵੰਡੀ
ਮੋ: 94635-42896.


ਹੂਕ ਪੰਜਾਬ ਦੀ

ਲੇਖਕ : ਸੁੱਖਵਿੰਦਰ ਸਿੰਘ ਬੋਦਲਾਂਵਾਲਾ
ਪ੍ਰਕਾਸ਼ਕ: ਦੋਆਬਾ ਸਾਹਿਤ ਸਭਾ (ਰਜਿ:) ਗੜ੍ਹਸ਼ੰਕਰ
ਮੁੱਲ : 100 ਰੁਪਏ, ਸਫ਼ੇ : 68
ਸੰਪਰਕ : 99151-82971.


ਸੁੱਖਵਿੰਦਰ ਸਿੰਘ ਬੋਦਲਾਂਵਾਲਾ ਬੇਸ਼ੱਕ ਤਿੰਨ ਦਹਾਕਿਆਂ ਤੋਂ ਅਮਰੀਕਾ ਵਿਚ ਰਹਿ ਰਹੇ ਹਨ ਪਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਜਜ਼ਬਾ ਉਨ੍ਹਾਂ ਦੇ ਦਿਲ ਵਿਚ ਧੜਕਣ ਬਣ ਕੇ ਹਰ ਦਮ ਧੜਕਦਾ ਰਹਿੰਦਾ ਹੈ। ਹਥਲੇ ਕਾਵਿ-ਸੰਗ੍ਰਹਿ 'ਹੂਕ ਪੰਜਾਬ ਦੀ' ਤੋਂ ਪਹਿਲਾਂ ਉਨ੍ਹਾਂ ਦੀ ਇਕ ਪੁਸਤਕ 'ਯਾਦਾਂ ਵਿਚ ਵਸਦੇ ਪਲ' ਵੀ ਸਾਹਿਤਕ ਹਲਕਿਆਂ ਵਿਚ ਬੜੀ ਮਕਬੂਲ ਹੋਈ ਹੈ। ਆਪਣੀ ਪੁਸਤਕ ਦੇ ਇਸ ਬੰਦ ਵਿਚ ਉਹ ਲੋਕਤੰਤਰ ਦੀ ਵਿਆਖਿਆ ਇਸ ਤਰ੍ਹਾਂ ਕਰਦੇ ਹਨ :
ਲੋਕਤੰਤਰ ਜਿਊਂਦਾ ਹੈ, ਜਿਊਂਦੇ ਲੋਕਾਂ ਸਿਰ 'ਤੇ।
ਜੋ ਖੜ੍ਹਨ ਜ਼ੁਲਮ ਵਿਰੁੱਧ, ਜਿਊਂਦੇ ਕਹੇ ਜਾਂਦੇ ਹਨ।
ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਤੋਂ ਬਾਅਦ ਜੇਕਰ ਕੋਈ ਅੰਦੋਲਨ ਜਨ-ਅੰਦੋਲਨ ਦਾ ਰੂਪ ਧਾਰਨ ਕਰ ਸਕਿਆ ਹੈ ਤਾਂ ਬੇਸ਼ੱਕ ਉਹ ਦਿੱਲੀ ਦੀਆਂ ਬਰੂਹਾਂ 'ਤੇ ਵਿੱਢਿਆ ਗਿਆ ਅਜੋਕਾ ਕਿਸਾਨ ਸੰਘਰਸ਼ ਹੀ ਹੈ। ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਦਾ ਬਹਾਨਾ ਬਣਾ ਕੇ ਖੇਤੀਬਾੜੀ ਨਾਲ ਸਬੰਧਿਤ ਕਾਲੇ ਕਾਨੂੰਨ ਪਾਸ ਕਰਨ ਅਤੇ ਫਿਰ ਇਨ੍ਹਾਂ ਕਾਨੂੰਨਾਂ ਦੇ ਖ਼ਿਲਾਫ਼ ਜੂਝ ਰਹੇ ਕਿਸਾਨਾਂ ਪ੍ਰਤੀ ਤਾਨਾਸ਼ਾਹੀ ਵਾਲਾ ਰਵੱਈਆ ਧਾਰਨ ਕਰਨ ਦੀ ਪੀੜਾ ਉਨ੍ਹਾਂ ਨੂੰ ਇਹ ਕਹਿਣ ਲਈ ਮਜਬੂਰ ਕਰਦੀ ਹੈ:
ਜੱਟ ਨਾ ਛੱਡਦਾ ਵੱਟ, ਇੰਚ ਲਈ ਲੜੇ ਮਰੇ।
ਤੇ ਤੂੰ ਦੱਬਣ ਨੂੰ ਫਿਰਦੈਂ ਝੱਟ, ਖੇਤ ਇਹਦੇ ਹਰੇ ਭਰੇ।
ਸੁੱਖਵਿੰਦਰ ਸਿੰਘ ਬੋਦਲਾਂਵਾਲਾ ਨੂੰ ਪੂਰਾ ਵਿਸ਼ਵਾਸ ਹੈ ਕਿ ਸੰਘਰਸ਼ ਕਰਨ ਵਾਲੇ ਲੋਕਾਂ ਲਈ ਮੰਜ਼ਿਲਾਂ ਕਦੇ ਵੀ ਦੂਰ ਨਹੀਂ ਹੁੰਦੀਆਂ ਅਤੇ ਜ਼ੁਲਮ ਕਰਨ ਵਾਲੇ ਤਖ਼ਤ ਬਹੁਤ ਸਮਾਂ ਨਹੀਂ ਟਿਕਿਆ ਕਰਦੇ। ਪੁਸਤਕ ਵਿਚ ਸ਼ਾਮਿਲ ਸਾਰੀਆਂ ਰਚਨਾਵਾਂ ਹੀ ਇਨਕਲਾਬੀ ਸੁਰ ਵਾਲੀਆਂ ਹਨ। ਪੰਜਾਬ ਦੀ ਮਿੱਟੀ ਲਈ ਜਾਨਾਂ ਵਾਰਨ ਵਾਲੇ ਯੋਧਿਆਂ ਨੂੰ ਸਲਾਮ ਕਰਦਿਆਂ, ਆਪਣੇ ਨਿੱਜੀ ਸਵਾਰਥਾਂ ਲਈ ਗੱਦਾਰੀਆਂ ਕਰਨ ਵਾਲੇ ਮੌਕਪ੍ਰਸਤਾਂ ਨੂੰ ਲਾਹਣਤਾਂ ਪਾਈਆਂ ਗਈਆਂ ਹਨ। ਕਿਸਾਨ ਅੰਦੋਲਨ ਦੇ ਇਤਿਹਾਸਕ ਪਰਿਪੇਖ ਵਿਚ ਕੀਤਾ ਗਿਆ ਉਨ੍ਹਾਂ ਦਾ ਇਹ ਸੁਚੱਜਾ ਕਾਰਜ ਬੇਹੱਦ ਸ਼ਲਾਘਾਯੋਗ ਹੈ।


ਕਰਮ ਸਿੰਘ ਜ਼ਖ਼ਮੀ
ਮੋ: 98146-28027.
c c c


ਰਾਹ ਜਾਂਦਾ ਫ਼ਕੀਰ
ਲੇਖਕ : ਦੁੱਖਭੰਜਨ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨਜ਼, ਨਾਭਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98558-94418.


ਸ਼ਾਇਰ ਦੁੱਖਭੰਜਨ ਆਪਣੇ ਪਲੇਠੇ ਕਾਵਿ-ਪਰਾਗੇ 'ਰਾਹ ਜਾਂਦਾ ਫ਼ਕੀਰ' ਰਾਹੀਂ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ। ਸ਼ਾਇਰ ਦੀ ਸ਼ਾਇਰੀ ਦੀ ਤੰਦ ਇਸ ਕਾਵਿ-ਸੰਗ੍ਰਹਿ ਦੇ ਨਾਂਅ 'ਰਾਹ ਜਾਂਦਾ ਫ਼ਕੀਰ' ਤੋਂ ਹੀ ਅਸਾਡੇ ਹੱਥ ਆ ਜਾਂਦੀ ਹੈ। ਫ਼ਕੀਰੀ ਬਾਰੇ ਤਾਂ ਕਿਹਾ ਜਾਂਦਾ ਹੈ ਕਿ 'ਫ਼ਕੀਰਾ ਫ਼ਕੀਰੀ ਦੂਰ ਹੈ, ਜਿਉਂ ਉੱਚੀ ਲੰਮੀ ਖਜੂਰ ਹੈ, ਚੜ੍ਹ ਜਾਏ ਤਾਂ ਪੀਵੇ ਪ੍ਰੇਮ ਰਸ, ਡਿਗ ਪਏ ਤਾਂ ਚਕਨਾ ਚੂਰ ਹੈ।' ਪਰ ਇਹ ਫ਼ਕੀਰ ਜਿਹੜੇ ਰਾਹ ਦਾ ਪਾਂਧੀ ਹੈ, ਉਹ ਹੈ ਮੁਹੱਬਤ ਦਾ ਰਾਹ। ਦੁਨੀਆ ਦਾ ਬਹੁਤਾ ਸਾਹਿਤ ਮੁਹੱਬਤ ਦੇ ਵਿਸ਼ੇ ਬਾਰੇ ਹੀ ਹੈ। ਹਰੇਕ ਸ਼ਾਇਰ ਸ਼ੁਰੂਆਤੀ ਦੌਰ ਵਿਚ ਮੁਹੱਬਤ ਦੇ ਵਿਸ਼ੇ 'ਤੇ ਹੀ ਕਲਮ ਅਜ਼ਮਾਈ ਕਰਦਾ ਹੈ ਤੇ ਇਸੇ ਤਰ੍ਹਾਂ ਦੁੱਖਭੰਜਨ ਵਲੋਂ ਪਲੇਠੀ ਕਿਰਤ ਮੁਹੱਬਤ ਦੇ ਨਾਂਅ ਕਰ ਦੇਣੀ ਸੁਭਾਵਿਕ ਹੀ ਹੈ। ਇਸ ਪੁਸਤਕ ਦੇ ਪਾਠ ਤੋਂ ਬਾਅਦ ਜੋ ਸਮੁੱਚਾ ਪ੍ਰਭਾਵ ਪੈਂਦਾ ਹੈ ਉਹ ਹੈ ਭਰੀਮਤੀ ਮੁਹੱਬਤ ਦਾ। ਜਿਵੇਂ ਮੁਹੱਬਤ ਕੁੰਠਾ ਬੰਦਾ ਆਪਣੇ ਆਪਣੇ ਮਹਿਬੂਬ ਦੇ ਵਸਲ ਲਈ ਤੜਪਦਾ ਹੈ, ਰੋਸੇ ਮੇਹਣੇ ਦਿੰਦਾ ਹੈ ਤੇ ਮੰਨ ਮਨਾਈਆਂ ਕਰਦਾ ਹੈ ਤੇ ਇਕ-ਦੂਜੇ 'ਤੇ ਕੁਰਬਾਨ ਹੋਣ ਤੱਕ ਜਾਂਦਾ ਹੈ ਤੇ ਸਾਰੀ ਉਮਰ ਇਕੱਠਿਆਂ ਰਹਿਣ ਦੀਆਂ ਕਸਮਾਂ ਖਾਂਦਾ ਹੈ ਤੇ ਅਜਿਹੇ ਹੀ ਅਹਿਸਾਸਾਂ ਨਾਲ ਲਬਰੇਜ਼ ਨੇ ਇਹ ਨਜ਼ਮਾਂ। ਉਹ ਕਹਿੰਦਾ ਹੈ ਕਿ ਆਸ਼ਕ ਨੇ ਝਨਾਂ ਵਿਚ ਤਾਂ ਠਿੱਲ੍ਹਣਾ ਹੀ ਹੁੰਦਾ ਹੈ ਚਾਹੇ ਕਿਨਾਰੇ ਲੱਗੇ ਚਾਹੇ ਨਾ ਲੱਗੇ। ਕਹਿੰਦੇ ਨੇ 'ਯੇਹ ਇਸ਼ਕ ਨਹੀਂ ਆਸਾਂ, ਏਕ ਆਗ ਕਾ ਦਰਿਆ ਹੈ, ਔਰ ਡੂਬ ਕੇ ਜਾਨਾ ਹੈ', ਗ਼ਾਲਿਬ ਕਹਿੰਦਾ ਹੈ 'ਗ਼ਾਲਿਬ ਯੇਹ ਵੋਹ ਆਤਿਸ਼ ਹੈ ਜੋ ਲਗਾਏ ਨਾ ਲਗੇ ਔਰ ਬੁਜਾਏ ਨਾ ਬਨੇ।' ਸ਼ਾਇਰ ਦੇ ਅਹਿਸਾਸਾਂ ਦਾ ਸਿਖਰ ਉਸ ਸਮੇਂ ਪੜ੍ਹਨ ਨੂੰ ਮਿਲਦਾ ਹੈ ਜਦੋਂ ਉਹ ਮਹਿਬੂਬ ਦੀਆਂ ਗਲੀਆਂ ਨੂੰ ਮੱਕੇ ਮਦੀਨੇ ਨਾਲ ਤਸ਼ਬੀਹ ਦਿੰਦਾ ਹੈ। ਭਾਵੇਂ ਉਹ ਪੁਰਤਗਾਲ ਰਹਿੰਦਾ ਹੈ ਪਰ ਫਿਰ ਵੀ ਉਸ ਦਾ ਦਿਲ ਪੰਜਾਬ ਵਿਚ ਚੱਲ ਰਹੇ ਕਿਸਾਨ ਅੰਦੋਲਨ 'ਤੇ ਚਿੰਤਾ ਵੀ ਕਰਦਾ ਹੈ ਤੇ ਚਿੰਤਨ ਵੀ। ਸ਼ਾਇਰ ਨੇ ਜੇ ਫ਼ਕੀਰੀ (ਸ਼ਾਇਰੀ) ਦਾ ਪਾਂਧੀ ਬਣਨਾ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਸਮਕਾਲ ਵਿਚ ਲਿਖੀ ਜਾ ਰਹੀ ਸ਼ਾਇਰੀ ਦਾ ਨਿੱਠ ਕੇ ਅਧਿਐਨ ਕਰਕੇ ਆਪਣੀ ਸ਼ਾਇਰੀ ਦਾ ਸਥਾਨ ਨਿਸਚਿਤ ਕਰੇ ਤਾਂ ਕਿ ਨਿਕਟ ਭਵਿੱਖ ਵਿਚ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਦਾ ਸ਼ਬਦ ਸਾਧਕ ਬਣ ਜਾਏ। ਪਲੇਠੀ ਕਿਰਤ ਨੂੰ ਜੀ ਆਇਆਂ ਕਹਿਣਾ ਤਾਂ ਬਣਦਾ ਹੀ ਹੈ।


ਭਗਵਾਨ ਢਿੱਲੋਂ
ਮੋ: 98143-78254.


ਸ਼ਹੀਦ ਬਾਬਾ ਬੀਰ ਸਿੰਘ ਜੀ ਨੌਰੰਗਾਬਾਦੀ
(ਜੀਵਨ ਅਤੇ ਸੰਘਰਸ਼)
ਲੇਖਕ : ਰਣਧੀਰ ਸਿੰਘ 'ਸੰਭਲ' ਯੂ.ਕੇ.
ਪ੍ਰਕਾਸ਼ਕ : ਭਾਈ ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 0183-5011003.


ਹਥਲੀ ਪੁਸਤਕ ਦੇ ਲੇਖਕ ਕਰੀਬਨ ਦੋ ਦਰਜਨ ਪੁਸਤਕਾਂ ਗੁਰਮਤਿ ਸਾਹਿਤ ਨੂੰ ਪ੍ਰਫੁੱਲਿਤ ਕਰਨ ਲਈ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ। ਇਹ ਪੁਸਤਕ ਸਿੱਖ ਰਾਜ ਦੇ ਪਤਨ ਤੋਂ ਪਿੱਛੋਂ ਇਕ ਅਜਿਹੇ ਤਪੱਸਵੀ ਤੇ ਯੋਧੇ ਦੀ ਜੀਵਨ ਗਾਥਾ ਹੈ। ਲੇਖਕ ਨੇ ਇਸ ਦੈਵੀ ਗੁਣਾਂ ਦੇ ਮਾਲਕ ਸੂਰਬੀਰ ਯੋਧੇ ਸ਼ਹੀਦ ਬਾਬਾ ਬੀਰ ਸਿੰਘ ਨੌਰੰਗਾਬਾਦੀ ਨੂੰ ਸੰਪੰਨ ਬਣਾਉਣ ਵਾਲੇ ਉਸ ਸਮੇਂ ਦੀ ਮਹਾਨ ਸ਼ਖ਼ਸੀਅਤ ਬਾਬਾ ਸਾਹਿਬ ਸਿੰਘ ਬੇਦੀ ਦੇ ਯੋਗਦਾਨ ਨੂੰ ਪ੍ਰਮੁੱਖਤਾ ਦਿੱਤੀ ਹੈ। ਜਵਾਨੀ ਦੇ ਸਿਖਰ ਸਮੇਂ ਬਾਬਾ ਜੀ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਫ਼ੌਜ ਵਿਚ ਸ਼ਾਮਿਲ ਹੋਏ। ਇਸ ਫ਼ੌਜ ਦੀ ਨੌਕਰੀ ਦੌਰਾਨ ਬਾਬਾ ਜੀ ਨੇ ਕਸ਼ਮੀਰ, ਪਿਸ਼ੌਰ ਅਤੇ ਤਰਾਰ ਦੇ ਮੋਰਚਿਆਂ 'ਚ ਆਪਣੀ ਸੂਰਬੀਰਤਾ ਦੇ ਜੌਹਰ ਦਿਖਾਏ। ਬਾਅਦ ਵਿਚ ਬਾਬਾ ਸਾਹਿਬ ਸਿੰਘ ਬੇਦੀ ਦੀ ਪ੍ਰੇਰਨਾ ਨਾਲ ਨੌਰੰਗਾਬਾਦ ਵਿਖੇ ਉਸ ਸਮੇਂ ਦੇ ਜ਼ਿਲ੍ਹੇ ਅੰਮ੍ਰਿਤਸਰ ਵਿਖੇ ਧਾਰਮਿਕ ਕੇਂਦਰ ਸਥਾਪਤ ਕੀਤਾ। ਇਸ ਕੇਂਦਰ ਵਿਚ ਰੋਜ਼ਾਨਾ ਵੀਹ ਹਜ਼ਾਰ ਸੰਗਤ ਗੁਰੂ ਕਾ ਲੰਗਰ ਛਕਦੀ ਸੀ। ਲੇਖਕ ਮੁਤਾਬਿਕ ਬਾਬਾ ਜੀ ਕੋਲ 13 ਹਜ਼ਾਰ ਹਥਿਆਰਬੰਦ ਫ਼ੌਜ ਹਮੇਸ਼ਾ ਤਿਆਰ-ਬਰ-ਤਿਆਰ ਰਹਿੰਦੀ ਸੀ।
ਲੇਖਕ ਨੇ ਬਾਬਾ ਜੀ ਦੀ ਸੰਤ ਸੰਪਰਦਾਇ ਦੀ ਨਾਦੀ ਬੰਸਾਬਲੀ ਦਾ ਵਰਨਣ ਵੀ ਕੀਤਾ ਹੈ। ਪੁਸਤਕ ਵਿਚ ਵੱਖ-ਵੱਖ ਵਿਦਵਾਨਾਂ ਦੇ ਵਿਚਾਰਾਂ ਅਤੇ ਸਮੁੱਚੀ ਰਾਏ ਨੂੰ ਆਧਾਰ ਬਣਾ ਕੇ ਪੜਾਅ-ਦਰ-ਪੜਾਅ ਬਾਬਾ ਜੀ ਦੀਆਂ ਜੀਵਨ ਘਟਨਾਵਾਂ ਨੂੰ ਪੇਸ਼ ਕੀਤਾ ਹੈ। ਬਾਬਾ ਨੂੰ ਇਕ ਸੂਰਬੀਰ ਯੋਧੇ ਅਤੇ ਬੰਦਗੀ ਦੇ ਮੁਜੱਸਮੇ ਵਜੋਂ ਪੇਸ਼ ਕਰਦਿਆਂ ਬਾਬਾ ਜੀ ਨੇ ਸਿੱਖ ਫ਼ੌਜੀਆਂ ਨੂੰ ਭਰਾ ਮਾਰੂ ਜੰਗ ਵਿਚ ਨਿਹੱਥੇ ਹੋ ਕੇ ਲੜ-ਮਰਨ ਨੂੰ ਤਰਜੀਹ ਦੇਣ ਦਾ ਜ਼ਿਕਰ ਕੀਤਾ ਹੈ। ਸ਼ੇਰੇ-ਪੰਜਾਬ ਦੀ ਮੌਤ ਤੋਂ ਪਿੱਛੋਂ ਸਿੱਖ ਰਾਜ ਦੇ ਪਤਨ ਦੀ ਗਾਥਾ ਨੂੰ ਪੇਸ਼ ਕਰਦਿਆਂ ਲੇਖਕ ਨੇ ਡੋਗਰਿਆਂ ਦੀ ਗੱਦਾਰੀ ਕਰਕੇ ਸਿੱਖ ਫ਼ੌਜਾਂ ਨੂੰ ਆਪਸ ਵਿਚ ਲੜਨ ਦੀ ਕੂਟਨੀਤਕ ਚਾਲ ਨੂੰ ਸਮਝਦਿਆਂ ਆਪਣੇ ਸਿੱਖ ਫ਼ੌਜੀ ਯੋਧਿਆਂ ਦੀ ਸ਼ਹੀਦੀ ਤਾਂ ਪ੍ਰਵਾਨ ਕਰ ਲਈ ਪਰ ਦੁਸ਼ਮਣ ਬਣੇ ਭਰਾਵਾਂ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ। ਅੰਤ ਬਾਬਾ ਜੀ ਅੰਗਰੇਜ਼ ਹਕੂਮਤ ਵਲੋਂ ਕੀਤੀ ਗਈ ਗ੍ਰਿਫ਼ਤਾਰੀ ਅਤੇ ਸਿੰਘਾਪੁਰ ਜੇਲ੍ਹ ਵਿਚ ਦਿੱਤੇ ਤਸੀਹਿਆਂ ਅਤੇ ਸ਼ਹੀਦੀ ਦਾ ਜ਼ਿਕਰ ਭਾਵਪੂਰਤ ਸ਼ਬਦਾਂ ਵਿਚ ਕੀਤਾ ਹੈ। ਅੰਤ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਬੰਸਾਵਲੀਨਾਮਾ ਅਤੇ ਹਵਾਲਿਆਂ ਲਈ ਵਰਤੀਆਂ ਸਹਾਇਕ ਪੁਸਤਕਾਂ ਦੀ ਸੂਚੀ ਵੀ ਦਰਜ ਹੈ। ਇਤਿਹਾਸਕ ਪੁਸਤਕ ਲਈ ਸਹਿਯੋਗੀ ਸੱਜਣਾਂ ਦਾ ਜ਼ਿਕਰ ਵੀ ਕੀਤਾ ਹੈ।


ਭਗਵਾਨ ਸਿੰਘ ਜੌਹਲ
ਮੋ: 98143-24040
c c c


ਜ਼ਹਿਰੀਲੀ ਧਰਤੀ

ਲੇਖਕ : ਕੁਲਦੀਪ ਕੌਰ ਭੁੱਲਰ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ 150 ਰੁਪਏ, ਸਫ਼ੇ : 96
ਸੰਪਰਕ : 99151-67003


'ਜ਼ਹਿਰੀਲੀ ਧਰਤੀ' ਕੁਲਦੀਪ ਕੌਰ ਭੁੱਲਰ ਦਾ ਪਲੇਠਾ ਨਾਵਲ ਹੈ, ਜਿਸ ਵਿਚ ਉਸ ਨੇ ਮਨੁੱਖ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦੇ ਕੇ ਇਹ ਨਾਵਲ ਲਿਖਿਆ ਹੈ। ਨਾਵਲਕਾਰਾ ਨੇ ਨਾਵਲ ਨੂੰ ਕੁੱਲ ਪੰਜ ਕਾਂਡਾਂ ਵਿਚ ਤਕਸੀਮ ਕੀਤਾ ਹੈ। ਇਸ ਨਾਵਲ ਵਿਚ ਨਿੰਦਰ ਤੇ ਸ਼ਿੰਦਰ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ ਕਿ ਇਕ ਨਸ਼ਈ ਲਾਲੀ ਜੋ ਸ਼ਿੰਦਰ ਦਾ ਭਰਾ ਸੀ, ਉਸ ਦੀ ਵਜ੍ਹਾ ਕਰਕੇ ਹੀ ਦੋ ਪਰਿਵਾਰ ਤਬਾਹ ਹੋ ਜਾਂਦੇ ਹਨ ਤੇ ਜਦੋਂ ਨਿੰਦਰ ਗਿੱਲਾਂ ਵਾਲੀ ਪਿੰਡ ਤੋਂ ਜਾ ਕੇ ਸ਼ਿੰਦਰ ਦਾ ਉਸ ਸਮੇਂ ਸਹਾਰਾ ਬਣਦਾ ਹੈ ਜਦੋਂ ਲਾਲੀ ਨਸ਼ੇ ਦੀ ਲਤ ਕਰਕੇ ਆਪਣੇ ਪਿਓ ਤੋਂ ਹੋਰ ਪੈਸਿਆਂ ਦੀ ਮੰਗ ਕਰਦਾ ਹੋਇਆ ਆਪਣੇ ਪਿਤਾ ਨੂੰ ਮਾਰ ਦਿੰਦਾ ਹੈ ਤੇ ਸ਼ਿੰਦਰ ਨੂੰ ਵੀ ਗਲਾ ਘੁੱਟ ਕੇ ਮਾਰਨ ਲਗਦਾ ਹੈ ਜਿਸ ਨੂੰ ਨਿੰਦਰ ਆ ਕੇ ਬਚਾ ਲੈਂਦਾ ਹੈ ਅਤੇ ਨਿੰਦਰ ਅਤੇ ਸ਼ਿੰਦਰ ਕਿਰਾਏ ਦਾ ਘਰ ਲੈ ਕੇ ਸ਼ਹਿਰ ਰਹਿਣ ਲੱਗ ਜਾਂਦੇ ਹਨ, ਜੋ ਦੋਵੇਂ ਪਾਸਿਆਂ ਤੋਂ ਹੀ ਆਪਣਾ ਪਰਿਵਾਰ ਗੁਆ ਚੁੱਕੇ ਹੁੰਦੇ ਹਨ। ਨਾਵਲ ਦਾ ਗਲਪੀ ਬਿਰਤਾਂਤ ਜਟਿਲ ਯਥਾਰਥ ਦੀ ਪੇਸ਼ਕਾਰੀ ਕਰਦਾ ਹੈ ਅਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੰਦਾ ਹੈ ਜਿਵੇਂ ਲੇਖਿਕਾ ਦੇ ਕੁਝ ਸ਼ਬਦ ਹਨ :
'ਰੁਕੋ! ਠਹਿਰ ਜਾਓ! ਥੋੜ੍ਹੀ ਦੇਰ ਆਪਣੇ ਧੜਕਦੇ ਦਿਲ ਨੂੰ ਅੱਖਾਂ ਬੰਦ ਕਰਕੇ ਸੁਣੋ। ਅੱਖਾਂ ਬੰਦ! ਕੰਨ ਖੁੱਲ੍ਹੇ! ਸੁਣਨ ਦੀ ਕੋਸ਼ਿਸ਼ ਕਰੋ। ਸੁਣਨ ਦੀ ਕੋਸ਼ਿਸ਼ ਕਰੋ..... ਕੁਦਰਤ ਕੁਝ ਕਹਿਣਾ ਚਾਹੁੰਦੀ ਹੈ.....
ਆਪਣੇ ਹੀ ਵੈਰੀ ਬਣ ਗਏ ਤਾਂ ਹੋਰ ਕੀ ਬਚਿਆ ਪਿੱਛੇ ?'
ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਨਾਵਲਕਾਰਾ ਅਜੋਕੇ ਸੱਭਿਆਚਾਰ ਵਿਚ ਦੁਬਿਧਾ ਗ੍ਰਹਿਸਤ ਮਨੁੱਖ ਦੀ ਤ੍ਰਾਸਦੀ ਅਤੇ ਵਲੂੰਧਰੀ ਹੋਈ ਮਾਨਸਿਕਤਾ ਦੀ ਬਾਖੂਬੀ ਪੇਸ਼ਕਾਰੀ ਕਰਦੀ ਹੋਈ ਨਸ਼ਿਆਂ ਵਰਗੇ ਉਪ ਵਿਸ਼ੇ ਨੂੰ ਲੈ ਕੇ ਨਾਵਲ ਦੇ ਗਲਪੀ ਪੈਰਾਡਾਈਮ ਰਾਹੀਂ ਪਾਠਕ ਨੂੰ ਇਨ੍ਹਾਂ ਮਸਲਿਆਂ ਨਾਲ ਨਜਿੱਠਣ ਦੀ ਪ੍ਰੇਰਨਾ ਦਿੰਦੀ ਪ੍ਰਤੀਤ ਹੁੰਦੀ ਹੈ।


ਡਾ. ਗੁਰਬਿੰਦਰ ਕੌਰ ਬਰਾੜ
ਮੋ: 098553-95161

14-08-2021

 ਕ੍ਰਿਸ਼ਨ
ਲੇਖਕ: ਸਵਰਾਜਬੀਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 135.
ਸੰਪਰਕ : 95011-45039.

ਸਵਰਾਜਬੀਰ ਇਕ ਚਿਰ-ਪਰਿਚਿਤ ਸਾਹਿਤਕਾਰ ਤੇ ਪੱਤਰਕਾਰ ਹੈ। ਸਾਹਿਤਕਾਰ ਵਜੋਂ ਉਸ ਨੇ ਦੋ ਸਿਨਫਾਂ ਵਿਚ ਰਚਨਾ ਕੀਤੀ ਹੈ ਕਵਿਤਾ ਅਤੇ ਨਾਟਕ। ਉਸ ਦੇ ਚਾਰ ਕਾਵਿ ਸੰਗ੍ਰਹਿ ਆਪਣੀ ਆਪਣੀ ਰਾਤ (1985), ਸਾਹਾਂ ਥਾਣੀਂ (1989), ਤੇਈ ਮਾਰਚ (1993), ਤਖ਼ਤੀ (2013) ਅਤੇ ਨੌਂ ਨਾਟ-ਕਿਤਾਬਾਂ ਧਰਮ ਗੁਰੂ (1999), ਕ੍ਰਿਸ਼ਨ (2001), ਮੇਦਨੀ (2002), ਸ਼ਾਇਰੀ (2004), ਮੱਸਿਆ ਦੀ ਰਾਤ (2013), ਕੱਲਰ (2007), ਹੱਕ (2015), ਅਗਨੀ ਕੁੰਡ (2016) ਅਤੇ ਤਸਵੀਰਾਂ (2017) ਪ੍ਰਕਾਸ਼ਿਤ ਹੋ ਚੁੱਕੇ ਹਨ। ਇਉਂ ਉਸ ਵਿਚ ਕਵੀ ਨਾਲੋਂ ਨਾਟਕਕਾਰ ਦੀਆਂ ਅਸੀਮ ਸੰਭਾਵਨਾਵਾਂ ਹਨ। ਪੱਤਰਕਾਰ ਵਜੋਂ ਉਹ ਮੌਜੂਦਾ ਸਮੇਂ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਹੈ।
ਵਿਚਾਰ ਅਧੀਨ ਪੁਸਤਕ 'ਕ੍ਰਿਸ਼ਨ' 2001 ਵਿਚ ਪਹਿਲੀ ਵਾਰ ਪ੍ਰਕਾਸ਼ਿਤ ਹੋਈ ਤੇ ਹੁਣ ਤੱਕ ਇਸ ਦੇ ਚਾਰ ਐਡੀਸ਼ਨ ਛਪ ਚੁੱਕੇ ਹਨ। ਉਂਜ ਇਹ ਨਾਟਕ ਵਜੋਂ ਉਹਦੀ ਪਹਿਲੀ ਕ੍ਰਿਤ ਹੈ, ਪਰ ਪ੍ਰਕਾਸ਼ਿਤ ਦੂਜੇ ਨੰਬਰ 'ਤੇ ਹੋਈ, ਯਾਨੀ 'ਧਰਮ ਗੁਰੂ' ਤੋਂ ਪਿੱਛੋਂ। ਇਸ ਕਿਤਾਬ ਵਿਚ ਸਿਰਫ਼ 60 ਪੰਨੇ ਨਾਟਕ ਨੂੰ ਪ੍ਰਾਪਤ ਹਨ। ਸਭ ਤੋਂ ਪਹਿਲਾਂ ਨਾਟਕਕਾਰ ਦੀ ਲੰਮੀ ਭੂਮਿਕਾ ਹੈ (21 ਪੰਨੇ), ਡਾ. ਤੇਜਵੰਤ ਸਿੰਘ ਗਿੱਲ ਦੀ ਨਾਟਕ ਬਾਰੇ ਸਮੀਖਿਆ ਹੈ (ਕ੍ਰਿਸ਼ਨ ਦੀਆਂ ਅੰਤਰੀਵ ਪਰਤਾਂ, 16 ਪੰਨੇ) ਅਤੇ ਅੰਤ ਵਿਚ ਨਾਟਕ ਨਾਲ ਸਬੰਧਿਤ ਹਵਾਲੇ ਤੇ ਟਿੱਪਣੀਆਂ ਹਨ (24 ਪੰਨੇ)। ਇਉਂ ਮੂਲ ਨਾਟਕ ਨਾਲੋਂ ਸਬੰਧਿਤ ਸਮੱਗਰੀ ਜ਼ਿਆਦਾ ਹੈ, ਜੋ ਕਿ ਪਾਠਕ ਲਈ ਬਹੁਤ ਹੀ ਉਪਯੋਗੀ ਤੇ ਸਾਰਥਕ ਹੈ। 'ਕ੍ਰਿਸ਼ਨ' ਜਿਵੇਂ ਕਿ ਨਾਂਅ ਤੋਂ ਹੀ ਸਪੱਸ਼ਟ ਹੈ, ਇਤਿਹਾਸ-ਮਿਥਿਹਾਸ ਦੀ ਪਿੱਠ ਭੂਮੀ 'ਚੋਂ ਉਪਜਿਆ ਨਾਟਕ ਹੈ। ਇਹ ਨਾਟਕ ਕੁੱਲ 17 ਦ੍ਰਿਸ਼ਾਂ ਵਿਚ ਵਿਉਂਤਿਆ ਗਿਆ ਹੈ, ਜਿਸ ਵਿਚ 11ਵਾਂ, 13ਵਾਂ, 14ਵਾਂ, 16ਵਾਂ ਦ੍ਰਿਸ਼ ਇਕ-ਇਕ ਪੰਨੇ ਦੇ ਹਨ। 14ਵਾਂ ਦ੍ਰਿਸ਼ ਕੇਵਲ ਧਾਲੀਵਾਲ (ਜਿਸ ਨੇ ਇਸ ਨਾਟਕ ਨੂੰ ਪਹਿਲੀ ਵਾਰ 1997 ਵਿਚ ਮੰਚਿਤ ਕੀਤਾ ਸੀ) ਦੀ ਦੇਣ ਹੈ, ਜਦਕਿ 16ਵੇਂ ਦ੍ਰਿਸ਼ ਵਿਚ ਕੋਈ ਵਾਰਤਾਲਾਪ ਨਹੀਂ, ਸਿਰਫ਼ ਕਤਲੇਆਮ, ਚੀਕ-ਪੁਕਾਰ ਅਤੇ ਲੜਾਈ ਦਾ ਹੀ ਦ੍ਰਿਸ਼ ਹੈ।
ਨਾਟਕ ਦਾ ਪਹਿਲਾ ਦ੍ਰਿਸ਼ ਜਰਾ ਦੇ ਵਾਰਤਾਲਾਪ ਤੋਂ ਸ਼ੁਰੂ ਹੁੰਦਾ ਹੈ, ਤੇ 17ਵੇਂ ਦ੍ਰਿਸ਼ ਦਾ ਅੰਤ ਵੀ ਜਰਾ ਦੇ ਵਾਰਤਾਲਾਪ ਨਾਲ ਹੁੰਦਾ ਹੈ। ਨਾਟਕ ਦੀ ਭੂਮਿਕਾ ਦਾ ਸਿਰਲੇਖ 'ਬ੍ਰਿੰਦਾਬਨ ਮਹਿ ਰੰਗੁ ਕੀਆ' ਗੁਰੂ ਨਾਨਕ ਦੇਵ ਜੀ ਦੇ ਆਸਾ ਦੀ ਵਾਰ ਵਿਚ ਦਰਜ ਸ਼ਬਦ (ਪੰਨਾ 470) ਨਾਲ ਸਬੰਧਿਤ ਹੈ, ਜਦਕਿ ਇੱਥੇਸ਼ਬਦ 'ਬਿੰਦ੍ਰਾਬਨ ਮਹਿ ਰੰਗੁ ਕੀਆ' ਹੋਣਾ ਚਾਹੀਦਾ ਹੈ। ਨਾਟਕ ਵਿਚ ਸੱਤਾ-ਆਸੀਨ ਨੂੰ ਇਕ ਆਮ ਵਿਅਕਤੀ ਦੇ ਹੱਥੋਂ ਪਸਤ ਹੁੰਦਾ ਵਿਖਾਇਆ ਗਿਆ ਹੈ। ਮੌਜੂਦਾ ਭਾਰਤੀ ਮਾਹੌਲ ਦੇ ਸੰਦਰਭ ਵਿਚ ਇਸ ਨਾਟਕ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ। ਗੀਤ-ਸੰਗੀਤ ਅਤੇ ਮੰਚਨ ਦੀਆਂ ਤਮਾਮ ਖ਼ੂਬੀਆਂ ਸਹਿਤ 'ਕ੍ਰਿਸ਼ਨ' ਪੰਜਾਬੀ ਨਾਟਕ ਦੀ ਇਕ ਅਮੋਲਕ ਨਿਧੀ ਹੈ।

ਪ੍ਰੋ: ਨਵ ਸੰਗੀਤ ਸਿੰਘ
ਮੋ: 94176-92015

ਇੰਟਰਵਲ ਤੋਂ ਬਾਅਦ
ਲੇਖਿਕਾ : ਸਰਬਜੀਤ ਕੌਰ ਸੋਹਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 96
ਸੰਪਰਕ : 98151-72073.

ਪਿਛਲੇ ਕੁਝ ਸਮੇਂ ਤੋਂ ਪੰਜਾਬੀ ਦੀ ਪਰਿਪੱਕ ਸ਼ਾਇਰਾ ਡਾ. ਸਰਬਜੀਤ ਕੌਰ ਸੋਹਲ ਕਹਾਣੀ ਦੇ ਖੇਤਰ ਵਿਚ ਵੀ ਕਲਮ-ਆਜ਼ਮਾਈ ਕਰ ਰਹੀ ਹੈ। ਕੁਝ ਵਰ੍ਹੇ ਪਹਿਲਾਂ ਉਸ ਨੇ ਮਿੰਨੀ ਕਹਾਣੀ ਦੇ ਖੇਤਰ ਵਿਚ ਇਕ ਪੁਸਤਕ ਦਾ ਪ੍ਰਕਾਸ਼ਨ ਕੀਤਾ ਸੀ। 'ਇੰਟਰਵਰਲ ਤੋਂ ਬਾਅਦ' ਉਸ ਦਾ ਦੂਜਾ ਕਹਾਣੀ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚ ਉਸ ਨੇ ਨਾਰੀ ਜੀਵਨ ਦੇ ਵਿਭਿੰਨ ਪਰਿਪੇਖਾਂ ਦਾ ਅਭਿਵਿਅੰਜਨ ਕੀਤਾ ਹੈ।
'ਪੁੱਠਾ ਕੰਡਾ' ਕਹਾਣੀ ਦੇ ਮਾਧਿਅਮ ਦੁਆਰਾ ਲੇਖਿਕਾ ਦਰਸਾਉਂਦੀ ਹੈ ਕਿ ਆਧੁਨਿਕ ਸਮਾਜ ਨਾਰੀ ਦੇ ਜੀਵਨ ਦਾ ਜੰਜਾਲ ਬਣ ਗਿਆ ਹੈ। ਨਾਰੀ ਚਾਹ ਕੇ ਵੀ ਇਸ ਜੀਵਨ-ਢੰਗ ਨੂੰ ਚੁਣੌਤੀ ਨਹੀਂ ਦੇ ਸਕਦੀ। ਬੇਸ਼ੱਕ ਧੱਕੇਸ਼ਾਹੀ ਕਿਸੇ ਵੀ ਔਰਤ ਨੂੰ ਪਸੰਦ ਨਹੀਂ ਪਰ ਮਰਦ ਦੀ ਨਿੱਘੀ ਛੋਹ ਨਾਲ ਜਦੋਂ ਉਹ ਪਿਘਲਦੀ ਹੈ ਤਾਂ ਆਪਣੇ ਸਾਰੇ ਪੂਰਵਾਗ੍ਰਹਿਆਂ ਅਤੇ ਸੰਕਲਪਾਂ ਨੂੰ ਭੁੱਲ ਜਾਂਦੀ ਹੈ। ਇਕ ਹੋਰ ਕਹਾਣੀ (ਮੱਸਿਆ ਦਾ ਚੰਨ) ਵਿਚ ਲੇਖਿਕਾ ਨੰਦਿਤਾ ਨਾਂਅ ਦੀ ਇਕ ਪ੍ਰੋਫੈਸਰ ਕੁੜੀ ਦੇ ਸੰਤਾਪ ਦਾ ਅਭਿਵਿਅੰਜਨ ਕਰਦੀ ਹੈ। ਭਾਰਤ ਵਿਚ ਮੁਟਿਆਰਾਂ ਇਸ ਕਾਰਨ ਵੀ ਸ਼ਾਦੀ ਕਰਦੀਆਂ ਹਨ ਕਿ ਇਸ ਨਾਲ ਉਨ੍ਹਾਂ ਨੂੰ ਸਰੀਰਕ ਸੁਖ ਮਿਲ ਜਾਂਦਾ ਹੈ ਪਰ ਕਈ ਵਾਰ ਹੁੰਦਾ ਇੰਜ ਹੈ ਕਿ ਪਤੀ ਇਹ ਦੇਣ ਦੇ ਕਾਬਲ ਨਹੀਂ ਹੁੰਦਾ। ਇਸ ਸੂਰਤ ਵਿਚ ਨਾਰੀ ਦਾ ਮਨ ਕੁੰਠਿਤ ਹੋ ਜਾਂਦਾ ਹੈ ਅਤੇ ਨਾਰੀ ਅਧੀਰ ਹੋ ਜਾਂਦੀ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਭਰੀ ਹੈਰਾਨੀ ਹੋਈ ਹੈ ਕਿ ਲੇਖਿਕਾ ਨੇ ਕਥਿਤ ਸ਼ਰਾਫਤ ਦਾ ਨਕਾਬ ਉਤਾਰ ਕੇ ਵਰਜਿਤ ਖੇਤਰ ਵਿਚ ਉੱਤਰਨ ਦਾ ਸਾਹਸ ਕੀਤਾ ਹੈ। ਉਸ ਦੀ ਹਰ ਕਹਾਣੀ ਵਰਜਨਾਵਾਂ ਅਤੇ ਟੈਬੂਜ਼ ਦਾ ਪ੍ਰਤੀਕਾਰ ਕਰਦੀ ਹੈ। ਲੇਖਿਕਾ ਆਪਣੀਆਂ ਕਹਾਣੀਆਂ ਦੀ ਮਾਅਰਫ਼ਤ ਇਹ ਐਲਾਨ ਕਰਦੀ ਹੈ ਕਿ ਮਰਦਾਂ ਅਤੇ ਇਸਤਰੀਆਂ ਦੀ ਦੁਨੀਆ ਵਿਚ ਆਪਸੀ ਸਬੰਧ ਦਾ ਅਨੰਦ ਅਤੇ ਫਨ (fun) ਵੱਖੋ-ਵੱਖ ਹੈ। ਕੀ ਮਰਦ ਇਸ ਸੱਚ ਨੂੰ ਸਮਝ ਸਕੇਗਾ? ਘੱਟੋ-ਘੱਟ ਉਸ ਨੂੰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਸ੍ਰੀ ਗੁਰੂ ਤੇਗ ਬਹਾਦਰ ਜੀ
ਦਰਸ਼ਨ, ਬਾਣੀ, ਕਾਵਿ ਅਤੇ ਪ੍ਰਸ਼ਨੋਤਰੀ
ਜੋਤਿ ਰੂਪਿ ਹਰਿ ਆਪਿ
ਲੇਖਕ : ਗਿਆਨੀ ਅਜੀਤ ਸਿੰਘ ਫ਼ਤਹਿਪੁਰੀ
ਪ੍ਰਕਾਸ਼ਕ : ਭਾਈ ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ
ਮੁੱਲ : 400 ਰੁਪਏ, ਸਫ਼ੇ : 272
ਸੰਪਰਕ : 81466-33646.

ਲੇਖਕ ਅਤੇ ਕਵੀ ਗਿਆਨੀ ਅਜੀਤ ਸਿੰਘ ਫ਼ਤਹਿਪੁਰੀ ਦੀ ਰਚਨਾਵਲੀ 'ਜੋਤਿ ਰੂਪਿ ਹਰਿ ਆਪਿ' ਦਾ ਇਹ ਤੀਜਾ ਭਾਗ ਹੈ।
ਚੌਥਾ ਭਾਗ ਪ੍ਰਕਾਸ਼ਨ ਅਧੀਨ ਹੈ। ਇਹ ਪੁਸਤਕ ਗੁਰੂ ਸਾਹਿਬ ਦੇ ਜੀਵਨ ਫ਼ਲਸਫ਼ੇ ਬਾਰੇ ਹੈ। ਲੇਖਕ ਨੇ ਗੁਰੂ ਸਾਹਿਬ ਬਾਰੇ ਕਈ ਅਣਛੋਹੇ ਪੱਖ ਅਤੇ ਤੱਤ ਵੀ ਸਾਹਮਣੇ ਲਿਆਂਦੇ ਹਨ। ਮਿਸਾਲ ਵਜੋਂ ਮਾਤਾ ਨਾਨਕੀ ਜੀ ਦਾ ਧੀਰ ਮਲ ਮੂਹਰੇ ਚਟਾਨ ਵਾਂਗ ਡਟ ਕੇ ਖਲੋ ਜਾਣਾ ਅਤੇ ਦਿੱਲੀ ਦੇ ਧਨਾਢ ਸਿੱਖਾਂ ਵਲੋਂ ਗੁਰੂ ਜੀ ਦੀ ਸ਼ਹੀਦੀ ਨੂੰ ਟਾਲਣ ਲਈ ਫ਼ਤਵਾ ਸੁਣਾਉਣ ਵਾਲੇ ਸ਼ਾਹੀ ਕਾਜ਼ੀ ਨੂੰ ਰਿਸ਼ਵਤ ਦੇਣ ਲਈ ਇਕ ਕਰੋੜ ਰੁਪਏ ਇਕੱਠੇ ਕਰ ਲੈਣਾ। ਪਤਾ ਲੱਗਣ 'ਤੇ ਗੁਰੂ ਪਾਤਸ਼ਾਹ ਨੇ ਉਨ੍ਹਾਂ ਸਿੱਖਾਂ ਨੂੰ ਸਖ਼ਤੀ ਨਾਲ ਵਰਜ ਦੇਣਾ। ਮਸੰਦ ਬੁਲਾਕੀ ਦਾਸ ਦੀ ਮਾਂ ਦੀ ਜ਼ਿਦ ਕਾਰਨ ਗੁਰੂ ਜੀ ਨੇ ਉਸ ਨੂੰ ਆਪਣਾ ਚਿੱਤਰ ਬਣਾਉਣ ਦੀ ਆਗਿਆ ਦੇ ਦਿੱਤੀ।
ਪੁਸਤਕ ਦੇ ਮੁੱਖ ਤੌਰ 'ਤੇ ਦੋ ਭਾਗ ਹਨ। ਵਾਰਤਕ ਵਾਲੇ ਪਹਿਲੇ ਭਾਗ ਵਿਚ 53 ਖੋਜ ਭਰਪੂਰ ਲੇਖ ਹਨ। ਪ੍ਰਥਮ ਲੇਖ ਹੈ 'ਭਾਈ ਨੰਦ ਲਾਲ ਅਨੁਸਾਰ, ਗੁਰੂ ਤੇਗ ਬਹਾਦਰ ਜੀ' ਅਤੇ 53ਵਾਂ ਅਤੇ ਆਖ਼ਰੀ ਲੇਖ ਹੈ 'ਪ੍ਰਸ਼ਨੋਤਰੀ ਗੁਰੂ ਤੇਗ ਬਹਾਦਰ ਜੀ'। ਪੰਨਾ 111 ਤੋਂ 122 ਤੱਕ ਨੌਵੇਂ ਮਹਿਲ ਦੇ ਸਲੋਕਾਂ ਦੇ ਅਰਥ ਹਨ ਅਤੇ 108 ਤੋਂ 110 ਤੱਕ ਰਾਗ ਜੈਜਾਵੰਤੀ ਦੇ ਸ਼ਬਦ ਅਰਥ ਹਨ। ਪੰਨਾ 86 'ਤੇ ਗੁਰੂ ਸਾਹਿਬ ਵਲੋਂ ਰਚਿਤ ਬਾਣੀ ਦਾ ਵੇਰਵਾ ਦਿੱਤਾ ਗਿਆ ਹੈ। ਸਾਰੇ ਦੇ ਸਾਰੇ 53 ਲੇਖ ਡੂੰਘੀ ਖੋਜ ਦਾ ਸਿੱਟਾ ਹਨ।
ਪ੍ਰਸ਼ਨੋਤਰੀ ਭਾਗ ਵਿਚ 365 ਪ੍ਰਸ਼ਨਾਂ ਦੇ ਸਟੀਕ ਤੇ ਸਰਲ ਉੱਤਰ ਹਨ। ਜਿਵੇਂ ਪ੍ਰਸ਼ਨ ਗੁਰੂ ਗ੍ਰੰਥ ਸਾਹਿਬ 'ਚ ਕਿਹੜੇ ਰਾਗ 'ਚ ਕੇਵਲ ਨੌਵੇਂ ਗੁਰੂ ਵਲੋਂ ਬਾਣੀ ਰਚੀ ਗਈ?'
ਉੱਤਰ ਰਾਗ ਜੈਜਾਵੰਤੀ
(ਅੰਗ 1352 ਤੋਂ 1353 ਤੱਕ)।
ਭਾਈ ਨੰਦ ਲਾਲ ਦੀ ਰਚਨਾ ਗੰਜਨਾਮਾ (ਫ਼ਾਰਸੀ) ਵਿਚੋਂ ਕੁਝ ਸ਼ਿਅਰਾਂ ਦੇ ਪੰਜਾਬੀ ਅਰਥ ਹਨ।
ਗੁਰੂ ਤੇਗ ਬਹਾਦਰ
ਆਂ ਸਰਾਪਾ ਅਫ਼ਜਾਲ॥
ਜ਼ੀਨਤ ਆਹਾਇ, ਮਹਿਫਿਲ ਜਾਹੋ ਜਲਾਲ॥
(ਅੰਗ : 177)
ਅਰਥ 'ਗੁਰੂ ਤੇਗ ਬਹਾਦਰ ਸਿਰ ਤੋਂ ਪੈਰਾਂ ਤੱਕ ਉਚਾਈਆਂ ਅਤੇ ਵਡਿਆਈਆਂ ਦਾ ਭੰਡਾਰ ਹੈ ਅਤੇ ਰੱਬ ਦੀ ਸ਼ਾਨੋ-ਸ਼ੌਕਤ ਦੀ ਮਹਿਫ਼ਿਲ ਦੀ ਰੌਣਕ ਵਧਾਉਣ ਵਾਲਾ ਹੈ।'
ਪੰਨਾ 178 ਤੋਂ 272 ਤੱਕ ਗੁਰੂ ਸਾਹਿਬ ਬਾਰੇ 141 ਬਿਹਤਰੀਨ ਕਾਵਿਕ ਰਚਨਾਵਾਂ ਹਨ। ਵੰਨਗੀ
(ਧਰਤੀ ਕੰਬੀ, ਅੰਬਰ ਡੋਲਿਆ, ਹੋਈ ਅਰਸ਼ੋ
ਜੈ-ਜੈਕਾਰ)
(ਨੌਵੇਂ ਗੁਰੁ ਜਿੰਦ ਵਾਰ ਗਏ, ਲਿਖੇ 'ਫ਼ਤਹਿਪੁਰੀ ਵਾਰ) (ਵਾਰ ਪੰਨਾ 264)
ਵਾਰਤਕ ਅਤੇ ਕਾਵਿਕ ਰਚਨਾਵਾਂ ਦੇ ਸੁਮੇਲ ਵਾਲੀ 'ਫ਼ਤਹਿਪੁਰੀ' ਦੀ ਇਹ ਸੱਜਰੀ ਪੁਸਤਕ ਬੜੀ ਉਮਦਾ ਤਖ਼ਲੀਕ ਹੈ।

ਤੀਰਥ ਸਿੰਘ ਢਿੱਲੋਂ
ਮੋ: 98154-61710.

ਘੋੜਾ ਡਾਕਟਰ
ਲੇਖਕ : ਅਵਤਾਰ ਐਸ. ਸੰਘਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 295 ਰੁਪਏ, ਸਫ਼ੇ : 171
ਸੰਪਰਕ : avtar@hotmail.com

ਅਵਤਾਰ ਐਸ. ਸੰਘਾ ਆਸਟਰੇਲੀਆ ਵਿਚ ਵਸਦਾ ਪੰਜਾਬੀ ਕਹਾਣੀਕਾਰ ਹੈ, ਜੋ ਇਧਰੋਂ ਗੜ੍ਹਸ਼ੰਕਰ ਕਾਲਜ ਵਿਚ ਅੰਗਰੇਜ਼ੀ ਪੜ੍ਹਾਉਂਦਾ ਹੋਇਆ ਵਿਦੇਸ਼ ਚਲਾ ਗਿਆ ਅਤੇ ਵਿਦੇਸ਼ ਜਾ ਕੇ ਵੀ ਪੰਜਾਬੀ ਰਹਿਤਲਾਂ, ਪੰਜਾਬੀ ਫ਼ਿਕਰਾਂ ਅਤੇ ਪੰਜਾਬੀ ਜਨਜੀਵਨ ਨਾਲ ਜੁੜਿਆ ਰਿਹਾ। 'ਘੋੜਾ ਡਾਕਟਰ' ਉਸ ਦੀਆਂ 24 ਕਹਾਣੀਆਂ ਦਾ ਸੰਗ੍ਰਹਿ ਹੈ। ਉਸ ਨੇ ਇਕ ਨਾਵਲ 'ਦਿਲਹੁ ਮੁਹਬਤਿ ਜਿਨੁ' 2011 ਵਿਚ ਲਿਖਿਆ ਸੀ ਅਤੇ ਦੋ ਕਿਤਾਬਾਂ ਅੰਗਰੇਜ਼ੀ ਵਿਚ ਲਿਖੀਆਂ ਕਹਾਣੀਆਂ ਦੀਆਂ ਵੀ ਹਨ ਇਕ ਹੋਰ ਕਹਾਣੀ ਸੰਗ੍ਰਹਿ 'ਬਿਲੌਰੀ ਅੱਖਾਂ' 2013 ਵਿਚ ਵੀ ਛਪਿਆ ਸੀ।
ਇਹ 'ਘੋੜਾ ਡਾਕਟਰ' ਉਨ੍ਹਾਂ ਸਿੱਖਿਅਕ ਪ੍ਰਵਾਸੀਆਂ ਦੇ ਨਾਂਅ ਕੀਤਾ ਗਿਆ ਹੈ, ਜਿਹੜੇ ਆਪਣੇ ਦੇਸ਼ਾਂ ਦੇ ਅਣਸੁਖਾਵੇਂ ਢਾਂਚੇ ਤੋਂ ਤੰਗ ਆ ਕੇ ਵਿਕਸਿਤ ਦੇਸ਼ਾਂ ਵੱਲ ਚਲੇ ਤਾਂ ਗਏ ਪਰ ਉਥੇ ਜਾ ਕੇ ਬੇਵਤਨੀ ਦਾ ਸੰਤਾਪ ਭੋਗਦੇ ਹੋਏ, ਉਥੋਂ ਦੇ ਢਾਂਚੇ ਦੇ ਹਾਣ ਦਾ ਹੋਣ ਲਈ ਲੰਮੇ ਸਮੇਂ ਤੱਕ ਹੀਣ ਭਾਵਨਾ ਦਾ ਸ਼ਿਕਾਰ ਹੁੰਦੇ ਰਹੇ। ਉਨ੍ਹਾਂ ਪ੍ਰਵਾਸੀਆਂ ਦੀ ਮਾਨਸਿਕਤਾ ਅਤੇ ਉਨ੍ਹਾਂ ਦੇ ਹਿਰਦਿਆਂ ਵਿਚ ਵਸੀ ਹੋਈ ਸਹਿਜ ਸੰਵੇਦਨਾ ਨੂੰ ਜ਼ਬਾਨ ਦਿੰਦੀਆਂ ਇਸ ਸੰਗ੍ਰਹਿ ਦੀਆਂ ਕਹਾਣੀਆਂ ਪ੍ਰਵਾਸੀ ਜੀਵਨ ਦੇ ਅਦੁੱਤੀ ਦਸਤਾਵੇਜ਼ ਹਨ। 'ਘੋੜਾ ਡਾਕਟਰ' ਦੇ ਪਾਤਰ ਗੁਲਜ਼ਾਰ ਸਿੰਘ, ਸ਼ਮਿੰਦਰ, ਹਰਕੰਵਲ, ਸੁੱਖ ਅਤੇ ਮੋਨਾ ਉਹ ਪਾਤਰ ਹਨ ਜਿਹੜੇ ਪੰਜਾਬੀ ਮਾਨਸਿਕਤਾ ਦੇ ਸਹਿਜ ਪ੍ਰਤੀਕ ਹਨ। ਇਹ ਕਹਾਣੀਆਂ ਘਟਨਾਵਾਂ ਅਤੇ ਸਥਿਤੀਆਂ ਦਾ ਵਰਨਣ ਕਰਦੀਆਂ ਹੋਈਆਂ ਪਾਠਕ ਦੇ ਮਨ ਵਿਚ ਜ਼ਿੰਦਗੀ ਨੂੰ ਸਮਝਣ ਅਤੇ ਜ਼ਿੰਦਗੀ ਦੇ ਆਸ਼ਿਆਂ ਨੂੰ ਅਪਣਾਉਣ ਦਾ ਅਜਿਹਾ ਬੋਧ ਸਿਰਜ ਦਿੰਦੀਆਂ ਹਨ, ਜੋ ਉਸ ਦੀ ਸ਼ਖ਼ਸੀਅਤ ਨੂੰ ਸਹਿਜ ਬਣਾਉਣ ਵਿਚ ਵਡਮੁੱਲਾ ਯੋਗਦਾਨ ਪਾਉਂਦਾ ਹੈ। ਸੰਘਾ ਵਿਦੇਸ਼ ਵਿਚ ਰਹਿੰਦਾ ਹੋਇਆ ਵੀ ਭਾਰਤੀ ਪ੍ਰਸ਼ਾਸਨ ਦੀਆਂ ਉਨ੍ਹਾਂ ਊਣਤਾਈਆਂ ਨੂੰ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਉਂਦਾ ਹੈ, ਜਿਹੜੀਆਂ ਇਥੇ ਬੈਠੇ ਲੇਖਕ ਦੀ ਅੱਖ ਨੂੰ ਓਨੀ ਸ਼ਿੱਦਤ ਨਾਲ ਨਹੀਂ ਦਿਸਦੀਆਂ ਜਿੰਨੀ ਸ਼ਿੱਦਤ ਨਾਲ ਉਨ੍ਹਾਂ ਨੂੰ ਵੇਖਣ ਦੀ ਲੋੜ ਹੈ। 'ਯੋਗ ਉਮੀਦਵਾਰ' ਵਰਗੀ ਕਹਾਣੀ ਇਸ ਦਾ ਪ੍ਰਤੱਖ ਸਬੂਤ ਹੈ। ਇਸ ਸੰਗ੍ਰਹਿ ਦੀਆਂ 'ਦੀਸ਼ੋ ਦੀ ਭਰਜਾਈ', 'ਨੌਸਰਬਾਜ਼', 'ਗਰਲ ਫਰੈਂਡ', 'ਹਮਸਾਏ', 'ਲੰਦਨ ਵਾਲੀ ਭੂਆ' ਉਹ ਕਹਾਣੀਆਂ ਹਨ ਜੋ ਪਾਠਕ ਨੂੰ ਨਾ ਸਿਰਫ ਪੜ੍ਹਨ ਵੇਲੇ ਕੀਲ ਕੇ ਰੱਖਦੀਆਂ ਹਨ, ਸਗੋਂ ਦੇਰ ਤੱਕ ਪਾਠਕ ਦੀ ਮਾਨਸਿਕਤਾ ਵਿਚ ਵੀ ਖੁੱਭੀਆਂ ਰਹਿੰਦੀਆਂ ਹਨ। ਇਸ ਸੰਗ੍ਰਹਿ ਦੀ 'ਲਾਡੀ ਫਾਡੀ' ਕਹਾਣੀ ਜਿਸ ਨੂੰ ਲੇਖਕ ਨੇ 'ਲੇਖਨੁਮਾ ਕਹਾਣੀ' ਕਿਹਾ ਹੈ, ਆਪਣੇ-ਆਪ ਵਿਚ ਇਕ ਨਵਾਂ ਪ੍ਰਯੋਗ ਹੈ। ਅਜਿਹੇ ਪ੍ਰਯੋਗ ਲੇਖਕ ਨੇ 'ਸਿਡਨੀ ਦੀਆਂ ਰੇਲ ਗੱਡੀਆਂ' ਕਿਤਾਬ ਵਿਚ ਵੀ ਕੀਤੇ ਸਨ। ਲੇਖਕ ਦੀ ਇਹ ਪ੍ਰਯੋਗ ਸ਼ੈਲੀ ਉਸ ਦੀਆਂ ਕਈ ਕਹਾਣੀਆਂ ਵਿਚ ਵਿਦਮਾਨ ਹੈ ਜੋ ਉਸ ਨੂੰ ਇਕ ਵਿਲੱਖਣ ਲੇਖਕ ਵਜੋਂ ਸਥਾਪਤ ਕਰਦੀ ਹੈ।

ਡਾ. ਲਖਵਿੰਦਰ ਸਿੰਘ ਜੌਹਲ
ਮੋ: 94171-94812.

ਲੱਗੀ ਨਜ਼ਰ ਪੰਜਾਬ ਨੂੰ
ਸੰਪਾਦਕ : ਡਾ. ਸਤੀਸ਼ ਕੁਮਾਰ ਵਰਮਾ, ਡਾ. ਜਸਵਿੰਦਰ ਸਿੰਘ ਸੈਣੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 208
ਸੰਪਰਕ : 99157-06407.

ਹਥਲੀ ਪੁਸਤਕ ਵਿਚ ਦਸ ਲਘੂ ਨਾਟਕ ਸ਼ਾਮਿਲ ਹਨ। ਇਹ ਲਘੂ ਨਾਟਕ ਦਸ ਪ੍ਰਸਿੱਧ ਨਾਟਕਕਾਰਾਂ ਜੋ ਰੰਗਕਰਮੀ ਅਤੇ ਨਿਰਦੇਸ਼ਕ ਵੀ ਰਹੇ ਹਨ, ਦੁਆਰਾ ਰਚਿਤ ਹਨ। ਇਨ੍ਹਾਂ ਲਘੂ ਨਾਟਕਾਂ ਦੀ ਸਾਂਝੀ ਵਿਸ਼ੇਸ਼ਤਾ ਵੀਹਵੀਂ ਸਦੀ ਦੇ ਦੂਜੇ ਦਹਾਕੇ ਤੋਂ ਲੈ ਕੇ 21ਵੀਂ ਸਦੀ ਦੇ ਦੋ ਦਹਾਕਿਆਂ ਦੇ ਸਮੇਂ ਦਰਮਿਆਨ ਪੰਜਾਬ ਵਿਚ ਜੋ ਸੰਕਟ ਪੈਦਾ ਹੋਏ, ਚਾਹੇ ਇਹ ਦੇਸ਼ ਵੰਡ ਨਾਲ ਸਬੰਧਿਤ ਹਨ ਜਾਂ ਫ਼ਿਰਕਾਪ੍ਰਸਤੀ ਅਤੇ ਗ਼ਲਤ ਰਾਜਨੀਤੀ ਦਾ ਪ੍ਰਤੀਫਲ ਹਨ, ਦਾ ਪ੍ਰਗਟਾਵਾ ਹਨ। ਇਨ੍ਹਾਂ ਵਿਚੋਂ ਝਲਕਦਾ ਪੰਜਾਬ ਮਾਰੂ ਹਵਾਵਾਂ ਦਾ ਸ਼ਿਕਾਰ ਹੋਇਆ ਪਿਆ ਜਾਪਦਾ ਹੈ। ਕਿਤੇ ਜਨੂੰਨੀ ਦੰਗੇ ਹਨ, ਕਿਤੇ ਸਾੜਫੂਕ ਹੈ, ਕਿਤੇ ਦਿਸ਼ਾਹੀਣ ਸੋਚ ਦੇ ਧਾਰਕਾਂ ਵਲੋਂ ਮਾਨਵ ਵਿਰੋਧੀ, ਧਰਮ ਵਿਰੋਧੀ ਅਤੇ ਸਮਾਜਿਕ, ਸੱਭਿਆਚਾਰਕ ਕਦਰਾਂ-ਕੀਮਤਾਂ ਵਿਰੋਧੀ ਵਿਚਾਰਾਂ ਦਾ ਪ੍ਰਗਟਾਵਾ ਵਿਭਿੰਨ ਪਾਤਰਾਂ ਦੇ ਵਾਰਤਾਲਾਪਾਂ ਰਾਹੀਂ ਪ੍ਰਗਟ ਹੁੰਦਾ ਹੈ। ਬੜੀ ਕਰੜੀ ਮਿਹਨਤ ਅਤੇ ਤੀਖਣ ਅਨੁਭਵ ਦੁਆਰਾ ਸੰਪਾਦਕ ਡਾ. ਸਤੀਸ਼ ਕੁਮਾਰ ਵਰਮਾ ਅਤੇ ਡਾ. ਜਸਵਿੰਦਰ ਸਿੰਘ ਸੈਣੀ ਨੇ ਆਉਣ ਵਾਲੀਆਂ ਪੀੜ੍ਹੀਆਂ ਦੇ ਉਸਾਰੂ ਚਿੰਤਨ ਨੂੰ ਉਤਸ਼ਾਹਿਤ ਕਰਨ ਲਈ ਇਨ੍ਹਾਂ ਦਾ ਇਕੱਤਰੀਕਰਨ ਕੀਤਾ ਹੈ। ਤੇਰਾ ਸਿੰਘ ਚੰਨ ਦੁਆਰਾ ਰਚਿਤ 'ਸਾਂਝਾ ਵਿਹੜਾ' ਆਤਮਜੀਤ ਰਚਿਤ 'ਅਜੀਤ ਰਾਮ', ਅਜਮੇਰ ਸਿੰਘ ਔਲਖ ਰਚਿਤ 'ਗਾਨੀ' ਅਤੇ ਗੁਰਸ਼ਰਨ ਸਿੰਘ ਰਚਿਤ 'ਕਰਫਿਊ' ਉਕਤ ਟਿੱਪਣੀ ਦਾ ਪ੍ਰਤੱਖ ਦਰਪਣ ਹਨ। ਇਸੇ ਤਰ੍ਹਾਂ ਲਘੂ ਨਾਟਕ 'ਬਲਦੇ ਜੰਗਲ ਦੇ ਰੁੱਖ' (ਦਵਿੰਦਰ ਦਮਨ), 'ਮਸਲਾ ਪੰਜਾਬ ਦਾ' (ਸਤੀਸ਼ ਕੁਮਾਰ ਵਰਮਾ), 'ਤੁਹਾਡਾ ਕੀ ਖਿਆਲ ਹੈ' (ਪਾਲੀ ਭੁਪਿੰਦਰ ਸਿੰਘ) 'ਸਰਚ' (ਦਵਿੰਦਰ ਕੁਮਾਰ) ਹਨ, ਜਿਨ੍ਹਾਂ ਵਿਚ ਪੰਜਾਬੀ ਜਨਸਮੂਹ ਵਲੋਂ ਸੰਤਾਪੇ ਦਿਨਾਂ ਨੂੰ ਭੋਗਦਿਆਂ ਹੋਇਆਂ ਵਿਖਾਇਆ ਗਿਆ ਹੈ ਅਤੇ ਲੋਕਾਂ ਵਿਚ ਚੇਤਨਾ ਪੈਦਾ ਕੀਤੀ ਹੈ ਕਿ ਪੰਜਾਬੀ ਨਾਟਕ ਮਾਨਵ ਹਿਤੈਸ਼ੀ ਮੁੱਲ-ਵਿਧਾਨ ਨੂੰ ਖੂਬ ਸਮਝਦਾ ਹੈ ਅਤੇ ਮੰਚਨ ਦੀ ਜੁਗਤ ਰਾਹੀਂ ਪ੍ਰਗਟ ਕਰਦਾ ਹੈ। ਕੁਲਦੀਪ ਸਿੰਘ ਦੀਪ ਦਾ 'ਜਦ ਧਰਤੀ ਡੋਲਦੀ ਹੈ' ਅਤੇ ਟੋਨੀ ਬਾਤਿਸ਼ ਦਾ ਲਘੂ ਨਾਟਕ 'ਕੁਦਰਤ ਦੇ ਸਭ ਬੰਦੇ' ਸਮਾਜਿਕ, ਰਾਜਸੀ ਅਤੇ ਧਾਰਮਿਕ ਚੇਤਨ ਅਵਚੇਤਨ ਦਾ ਖੂਬ ਮੁਲਾਂਕਣ ਕਰਦੇ ਹਨ। ਇਹ ਸੱਚ ਹੈ ਕਿ ਇਹ ਲਘੂ ਨਾਟਕ ਤਤਕਾਲ ਵਿਚੋਂ ਸਮਕਾਲ ਦੇ ਅਰਥ ਲੱਭਦੇ ਹੋਏ ਚਿਰਕਾਲ ਦੇ ਮਸਲਿਆਂ ਦੀ ਨਿਸ਼ਾਨਦੇਹੀ ਕਰਦੇ ਹਨ।

ਡਾ. ਜਗੀਰ ਸਿੰਘ ਨੂਰ
ਮੋ: 98142-09732

c c c

ਇਕ ਭਰਿਆ-ਪੂਰਾ ਦਿਨ
ਲੇਖਕ : ਡਾ. ਸ਼ਿਆਮ ਸੁੰਦਰ ਦੀਪਤੀ
ਪ੍ਰਕਾਸ਼ਕ : ਪ੍ਰੇਰਣਾ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 100 ਰੁਪਏ, ਸਫ਼ੇ : 176
ਸੰਪਰਕ : 98158-08506.

ਡਾ. ਸ਼ਿਆਮ ਸੁੰਦਰ ਦੀਪਤੀ ਕਿੱਤੇ ਵਜੋਂ ਭਾਵੇਂ ਡਾਕਟਰ ਹਨ ਪਰ ਨਿਰੰਤਰ ਪੜ੍ਹਨਾ ਅਤੇ ਲਿਖਣਾ ਉਨ੍ਹਾਂ ਦੀ ਸ਼ਖ਼ਸੀਅਤ ਦਾ ਮਹੱਤਵਪੂਰਨ ਅੰਗ ਹੈ। ਭਾਵੇਂ ਕਿ ਉਨ੍ਹਾਂ ਦੀਆਂ ਰਚਨਾਵਾਂ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿਚ ਪ੍ਰਕਾਸ਼ਿਤ ਹੁੰਦੀਆਂ ਹੀ ਰਹਿੰਦੀਆਂ ਹਨ ਪਰ ਕੋਰੋਨਾ ਕਾਲ ਦੌਰਾਨ ਉਨ੍ਹਾਂ ਨੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਅਖ਼ਬਾਰਾਂ ਵਿਚ ਲਗਾਤਾਰ ਆਪਣੇ ਲੇਖ ਪ੍ਰਕਾਸ਼ਿਤ ਕਰਵਾਏ। ਹਥਲੀ ਪੁਸਤਕ 'ਇਕ ਭਰਿਆ-ਪੂਰਾ ਦਿਨ' ਵੀ ਸ਼ਿਆਮ ਸੁੰਦਰ ਦੀਪਤੀ ਹੁਰਾਂ ਦੀ ਅਜਿਹੀ ਪੁਸਤਕ ਹੈ ਜੋ ਕਿਸੇ ਵੀ ਵਿਅਕਤੀ ਨੂੰ ਜੋ ਕਿਸੇ ਵੀ ਰੋਗ ਨਾਲ ਗ੍ਰਸਤ ਹੋਵੇ ਚੜ੍ਹਦੀ ਕਲਾ ਵਿਚ ਜੀਵਨ ਬਿਤਾਉਣ ਦੇ ਜੀਵਨ-ਜਾਚ ਪ੍ਰਦਾਨ ਕਰਨ ਵਾਲੀ ਪੁਸਤਕ ਹੈ ਜੋ ਰੋਗ ਨਾਲ ਜੂਝਦਿਆਂ ਵੀ ਆਪਣੀ ਜ਼ਿੰਦਗੀ ਖੁਸ਼ੀ-ਖੁਸ਼ੀ ਬਿਤਾ ਸਕਦਾ ਹੈ। ਡਾ. ਦੀਪਤੀ ਨੇ ਇਸ ਪੁਸਤਕ ਵਿਚ ਆਪਣੀ ਨਿੱਜੀ ਜ਼ਿੰਦਗੀ ਦੀਆਂ ਘਟਨਾਵਾਂ ਅਤੇ ਤਜਰਬੇ ਪਾਠਕਾਂ ਦੇ ਰੂ-ਬਰੂ ਕੀਤੇ ਹਨ। ਸ਼ੂਗਰ ਵਰਗੀ ਨਾਮੁਰਾਦ ਬਿਮਾਰੀ ਨਾਲ ਪਿਛਲੇ 45 ਸਾਲਾਂ ਤੋਂ ਦਸਤਪੰਜਾ ਲੈਂਦਿਆਂ ਆਪਣੀ ਜੀਵਨ-ਸ਼ੈਲੀ ਨੂੰ ਕਿਵੇਂ ਢਾਲਿਆ ਅਤੇ ਅੱਜ ਵੀ ਆਪਣੀ ਜ਼ਿੰਦਗੀ ਵਿਚ ਖੁਸ਼ੀ ਨਾਲ ਆਪਣਾ ਕੰਮ-ਕਾਜ ਵੀ ਕਰਦੇ ਹਨ ਅਤੇ ਹੋਰਨਾਂ ਨੂੰ ਪ੍ਰੇਰਨਾ ਵੀ ਦਿੰਦੇ ਹਨ। ਜੇਕਰ ਇਸ ਪੁਸਤਕ ਨੂੰ ਸਾਰ ਤੱਤ ਰੂਪ ਵਿਚ ਵੇਖਿਆ ਜਾਵੇ ਤਾਂ ਹਾਂ-ਵਾਚੀ ਨਜ਼ਰੀਆ ਹੀ ਜ਼ਿੰਦਗੀ ਨੂੰ ਢਹਿੰਦੀਆਂ ਕਲਾਂ ਤੋਂ ਚੜ੍ਹਦੀਆਂ ਕਲਾਂ ਵਿਚ ਰੱਖ ਸਕਦਾ ਹੈ। ਲੇਖਕ ਨੇ ਆਪਣੀ ਇਸ ਪੁਸਤਕ ਵਿਚ ਸੁਝਾਇਆ ਹੈ ਕਿ ਖਾਣ-ਪੀਣ ਦੀ ਸਹੀ ਚੋਣ, ਆਪਣੇ-ਆਪ ਨੂੰ ਰੁਝੇਵੇਂ ਵਿਚ ਰੱਖਣਾ, ਸਾਹਿਤ ਪੜ੍ਹਨਾ ਅਤੇ ਸਿਹਤ ਦਾ ਖਿਆਲ ਰੱਖਣਾ, ਆਪਣੇ ਮਨੋਬਲ ਨੂੰ ਉੱਚਾ ਰੱਖਣਾ, ਵਿਗਿਆਨਕ ਸੋਚ ਦੇ ਧਾਰਨੀ ਹੋਣਾ, ਦੂਸਰਿਆਂ ਪ੍ਰਤੀ ਹਮਦਰਦੀ ਅਤੇ ਅਪਣੱਤ ਵਾਲਾ ਦ੍ਰਿਸ਼ਟੀਕੋਣ ਆਦਿ ਅਜਿਹੇ ਨੁਕਤੇ ਹਨ ਜੋ ਜੀਵਨ ਤੋਰ ਨੂੰ ਸੁਖਾਲੀ ਅਤੇ ਹਾਂ-ਵਾਚੀ ਬਣਾ ਸਕਦੇ ਹਨ। ਲੇਖਕ ਦੀਆਂ ਨਿੱਜੀ ਜ਼ਿੰਦਗੀ ਦੀਆਂ ਉਦਾਹਰਨਾਂ ਪਾਠਕ ਲਈ ਪ੍ਰੇਰਨਾ ਦਾ ਸਬੱਬ ਬਣਦੀਆਂ ਹਨ। ਡਾ. ਦੀਪਤੀ ਨੇ ਆਪਣੇ ਸਮਕਾਲੀ ਹਾਲਾਤ ਬਾਰੇ ਪੁਸਤਕ ਵਿਚ ਚਰਚਾ ਕੀਤੀ ਹੈ।

ਡਾ. ਸਰਦੂਲ ਸਿੰਘ ਔਜਲਾ
ਮੋ: 98141-68611.

08-08-2021

ਜਬੈ ਬਾਣ ਲਾਗਯੋ
ਸੰਪਾਦਕ : ਇੰਦਰਜੀਤ ਕੌਰ ਸਿੱਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 168+24
ਸੰਪਰਕ : 95011-45039.


'ਜਬੈ ਬਾਣ ਲਾਗਯੋ' ਪੁਸਤਕ ਇੰਦਰਜੀਤ ਕੌਰ ਸਿੱਧੂ ਦੀ ਮਾਂ-ਮਿੱਟੀ ਨਾਲ ਜੁੜੇ ਅਹਿਸਾਸਾਂ ਨੂੰ ਵਾਰਤਕ ਅਤੇ ਕਵਿਤਾ ਰਾਹੀਂ ਬਿਆਨ ਕਰਦੀ ਸੰਪਾਦਿਤ ਪੁਸਤਕ ਹੈ। ਕਵਿੰਦਰ ਚਾਂਦ ਦੇ ਸਮਰਪਣ ਬੋਲ ਇਸ ਪੁਸਤਕ ਦੇ ਕੇਂਦਰੀ ਥੀਮ ਵੱਲ ਇਸ਼ਾਰਾ ਕਰਦੇ ਹਨ :
ਮੌਸਮ ਕਹਿ ਰਿਹਾ ਹੈ ਹਵਾ ਬੋਲਦੀ ਹੈ
ਚੜ੍ਹ ਕੇ ਆਏ ਕਿਰਸਾਣਾਂ ਕੌਣ ਡੱਕੂ?
ਇਨ੍ਹਾਂ ਬਿਜਲੀਆਂ ਨੂੰ ਕੈਦ ਕਰੂ ਕਿਹੜਾ?
ਇਨ੍ਹਾਂ ਚੜ੍ਹੇ ਤੂਫ਼ਾਨਾਂ ਨੂੰ ਕੌਣ ਡੱਕੂ?
ਭਾਰਤ ਦੀ ਮੌਜੂਦਾ ਫਾਸ਼ੀਵਾਦੀ ਮੋਦੀ ਸਰਕਾਰ ਵਲੋਂ ਕੁਦਰਤੀ ਕਹਿਰ ਕੋਰੋਨਾ ਦੀ ਆੜ 'ਚ ਪਾਸ ਕੀਤੇ ਤਿੰਨ ਕਾਲੇ ਕਿਸਾਨੀ ਕਾਨੂੰਨਾਂ ਵਿਰੁੱਧ ਪੰਜਾਬ ਦੇ ਰੋਹ, ਵਿਦਰੋਹ ਅਤੇ ਜੁਝਾਰੂ ਖਾਸੇ ਨੂੰ ਇਹ ਰਚਨਾਵਾਂ (ਵਾਰਤਕ ਅਤੇ ਕਵਿਤਾ) ਬਾਖੂਬੀ ਪੇਸ਼ ਕਰਦੀਆਂ ਹਨ। 'ਦਿੱਲੀ ਦੂਰ ਨਹੀਂ...' ਤੋਂ 'ਕਿਸਾਨ ਅੰਦੋਲਨ 1-8', 'ਰਾਜ ਧਰਮ', 'ਹਰਿਆਣੇ ਦੇ ਹੀਰੇ', 'ਹੁਣ ਅਸੀਂ ਜਾਗ ਪਏ ਹਾਂ', 'ਮੋਰਚੇ ਤੋਂ ਅੰਦੋਲਨ ਤੱਕ' ਆਦਿ ਲੇਖ ਅਤੇ ਸਾਧੂ ਸਿੰਘ, ਹਰਕੀਰਤ ਕੌਰ ਚਹਿਲ, ਹਰਮੀਤ ਵਿਦਿਆਰਥੀ, ਬਾਬਾ ਨਜ਼ਮੀ, ਨਦੀਮ ਪਰਮਾਰ, ਮਨਮੋਹਨ, ਪਰਮਿੰਦਰ ਕੌਰ ਸਵੈਚ, ਸੁਰਿੰਦਰ ਗੀਤ, ਸਵਰਾਜ ਕੌਰ ਮੰਗੂਵਾਲ, ਹਰਚੰਦ ਸਿੰਘ ਬਾਗੜੀ, ਕੁਲਵੰਤ ਕੌਰ, ਮੋਹੇ ਰੀਤ (ਅਨੁਸ਼ਕਾ), ਅਰਵਿੰਦਰ ਕਾਕੜਾ, ਲਖਵਿੰਦਰ ਜੌਹਲ, ਮਨਜੀਤ ਕੰਗ, ਕਵਿੰਦਰ ਚਾਂਦ, ਮੋਹਨ ਗਿੱਲ, ਡਾ. ਗੁਰਮਿੰਦਰ ਸੰਧੂ, ਪਾਲ ਢਿੱਲੋਂ, ਸਤੀਸ਼ ਗੁਲਾਟੀ, ਪਾਲ ਢਿੱਲੋਂ ਦੀਆਂ ਕਵਿਤਾਵਾਂ ਗ਼ਜ਼ਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਲੇਖਾਂ/ਕਵਿਤਾਵਾਂ ਰਾਹੀਂ ਕਿਸਾਨੀ ਦੀ ਮੌਜੂਦਾ ਸਥਿਤੀ, ਕਾਰਪੋਰੇਟ ਘਰਾਣਿਆਂ ਦੀ ਮਨਸ਼ਾ ਅਤੇ ਲੋਕਾਂ ਦੀਆਂ ਵੋਟਾਂ ਨਾਲ ਚੁਣੀਆਂ ਸਰਕਾਰਾਂ ਅਤੇ ਉਨ੍ਹਾਂ ਅਖੌਤੀ ਨੁਮਾਇੰਦਿਆਂ ਦੀਆਂ ਹਵਸ਼ੀ ਕੁਟਲ ਚਾਲਾਂ ਦਾ ਜਿਥੇ ਵਰਨਣ ਕੀਤਾ ਗਿਆ ਹੈ, ਉਥੇ ਪੰਜਾਬ ਦੀ ਵਿਰਾਸਤ ਅਤੇ ਇਤਿਹਾਸ ਦੀ ਲੰਮੀ ਗਾਥਾ ਦਾ ਪੁਨਰ-ਸਿਰਜਣ ਹੋਇਆ ਹੈ। ਜਨਾਬ ਸੌਕਤ ਢੰਡਵਾੜਵੀ ਦਾ ਇਹ ਸ਼ਿਅਰ ਸਮੁੱਚੀ ਸਥਿਤੀ ਦਾ ਵਰਨਣ ਕਰ ਜਾਂਦਾ ਹੈ। ਇਹ ਸ਼ਿਅਰ ਸਾਧੂ ਸਿੰਘ ਵਲੋਂ ਲਿਖੇ ਲੇਖ 'ਰਾਜ ਧਰਮ' 'ਚ ਦਿੱਤਾ ਹੈ। ਉਨ੍ਹਾਂ ਅਨੁਸਾਰ ਕਿਸਾਨ ਮੋਰਚੇ ਨੇ ਆਮ ਲੋਕਾਈ ਦੇ ਭੁੱਖ ਦੇ ਮਸਲੇ ਨੂੰ ਉਭਾਰ ਕੇ ਉਮੀਦ ਦੇ ਦੀਵੇ ਪੂਰੀ ਮਾਨਵਤਾ ਲਈ ਜਗਾਏ ਹਨ :
ਅਜਬ ਦਿਲਕਸ਼ੀ ਹੈ ਅੱਜਕਲ੍ਹ ਮਾਹੌਲ ਅੰਦਰ
ਨੇਰ੍ਹੀ ਵੀ ਚਲ ਰਹੀ ਹੈ ਦੀਵੇ ਵੀ ਬਲ ਰਹੇ ਨੇ।
ਇਸ ਪੁਸਤਕ ਵਿਚਲੀਆਂ ਰਚਨਾਵਾਂ (ਲੇਖ-ਕਵਿਤਾਵਾਂ) ਮੌਜੂਦਾ ਇਸ ਇਤਿਹਾਸਕ ਵਰਤਾਰੇ ਦੀਆਂ ਚਸ਼ਮਦੀਦ ਗਵਾਹ ਆਉਣ ਵਾਲੇ ਸਮੇਂ 'ਚ ਮੰਨੀਆਂ ਜਾਣਗੀਆਂ। ਇਹ ਰਚਨਾਵਾਂ ਪੰਜਾਬ ਦੇ ਜੁਝਾਰੂ ਲੋਕਾਂ ਦੀ ਵਿਰਾਸਤ ਦਾ ਜਿਥੇ ਪ੍ਰਤੀਕ ਹਨ, ਉਥੇ ਮਾਨਵਤਾ ਦੇ ਕਲਿਆਣ ਲਈ ਆਗੂ ਭੂਮਿਕਾ ਵੀ ਨਿਭਾਉਂਦੀਆਂ ਹਨ। ਸੰਪਾਦਿਕਾ ਨੇ ਕਿਸਾਨੀ ਸੰਘਰਸ਼ ਨਾਲ ਜੁੜੀਆਂ ਸ਼ਖ਼ਸੀਅਤਾਂ ਅਤੇ ਘਟਨਾਵਾਂ ਦੀਆਂ ਤਸਵੀਰਾਂ (ਕਾਲੀਆਂ, ਚਿੱਟੀਆਂ ਅਤੇ ਰੰਗਦਾਰ) ਨੂੰ ਇਸ ਪੁਸਤਕ ਵਿਚ ਥਾਂ ਦੇ ਕੇ ਸ਼ਲਾਘਾਯੋਗ ਕਾਰਜ ਕੀਤਾ ਹੈ। ਇਹ ਰਚਨਾਵਾਂ ਇਹ ਵੀ ਸੰਦੇਸ਼ ਦਿੰਦੀਆਂ ਹਨ ਕਿ ਆਖ਼ਰ ਇਹ ਕਿਸਾਨੀ ਸੰਘਰਸ਼ ਹੁਣ ਜਨ-ਅੰਦੋਲਨ 'ਚ ਤਬਦੀਲ ਹੋ ਗਿਆ ਹੈ। ਮਨੁੱਖਤਾ ਦਾ ਇਹ ਅੰਦੋਲਨ ਅਖੀਰ ਜਿੱਤੇਗਾ ਹੀ। ਸੰਪਾਦਿਕਾ ਅਤੇ ਸੰਘਰਸ਼ੀ ਜਨ-ਯੋਧਿਆਂ ਨੂੰ ਸਲਾਮ। ਆਮੀਨ!


ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
c c c


ਗੁਰਮਤਿ ਪ੍ਰਤੀਯੋਗਤਾ ਦਰਪਣ

(ਪ੍ਰਸ਼ਨ-ਉੱਤਰ ਭਾਗ ਪਹਿਲਾ)
ਲੇਖਕ : ਸੁਖਜੀਤ ਸਿੰਘ ਕਪੂਰਥਲਾ, ਪ੍ਰੋ: ਦਲਬੀਰ ਸਿੰਘ ਜਲੰਧਰ, ਸੁਖਵਿੰਦਰ ਸਿੰਘ ਸਰਹਾਲ ਮੁੰਡੀ
ਪ੍ਰਕਾਸ਼ਕ : ਲੇਖਕ ਖ਼ੁਦ
ਭੇਟਾ : 100 ਰੁਪਏ, ਸਫ਼ੇ : 190
ਸੰਪਰਕ : 98720-76876.


ਅਸੀਂ ਵੇਖ ਰਹੇ ਹਾਂ ਕੋਵਿਡ-19 ਮਹਾਂਮਾਰੀ ਨਾਲ ਸਮੁੱਚਾ ਸੰਸਾਰ ਹੀ ਮਾਨਸਿਕ ਤੇ ਸਰੀਰਕ ਤੌਰ 'ਤੇ ਦੁਖੀ ਹੈ। ਹਥਲੀ ਪੁਸਤਕ ਦੇ ਸੁਹਿਰਦ ਲੇਖਕਾਂ ਨੇ ਇਸ ਔਖੀ ਘੜੀ ਦੇ ਇਸ ਸਮੇਂ ਨੂੰ ਸਫਲ ਕਰਦਿਆਂ ਗੁਰਮਤਿ ਪ੍ਰਚਾਰ ਲਈ ਸੋਸ਼ਲ ਮੀਡੀਆ ਦੀ ਸਦਵਰਤੋਂ ਕਰਦਿਆਂ ਗੁਰਮਤਿ ਸਿਧਾਂਤਾਂ ਪ੍ਰਤੀ ਰੁਚੀ ਰੱਖਣ ਵਾਲੇ ਪਾਠਕਾਂ ਨੂੰ ਇਕ ਨਵੀਂ-ਨਿਵੇਕਲੀ, ਜਾਗਰੂਕ ਕਰਨ ਵਾਲੀ ਪ੍ਰਣਾਲੀ ਨਾਲ ਜੋੜਨ ਦਾ ਸਫਲ ਉਪਰਾਲਾ ਕੀਤਾ ਹੈ। ਇਸ ਉਪਰਾਲੇ ਲਈ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਵਿਚ ਵਸਣ ਵਾਲੇ ਪ੍ਰਤੀਯੋਗੀਆਂ ਨੇ ਭਰਪੂਰ ਸਹਿਯੋਗ ਦਿੱਤਾ ਹੈ। ਇਸ ਸਮੁੱਚੀ ਪ੍ਰਤੀਯੋਗਤਾ ਵਿਚ ਗੁਰਬਾਣੀ ਸਿੱਖ ਇਤਿਹਾਸ, ਗੁਰਮਤਿ ਮਰਿਆਦਾ, ਚਲੰਤ ਮਸਲਿਆਂ, ਸਿੱਖ ਸ਼ਖ਼ਸੀਅਤਾਂ ਆਦਿ ਵੱਖ-ਵੱਖ ਵਿਸ਼ਿਆਂ 'ਤੇ ਸਵਾਲਾਂ-ਜਵਾਬਾਂ ਦੀ ਲੜੀ ਵਿਚ ਗੁਰਮਤਿ ਸਿਧਾਂਤਾਂ ਨੂੰ ਪ੍ਰਚਾਰਨ ਲਈ ਬਹੁ-ਪਰਤੀ ਅਤੇ ਬਾ-ਕਮਾਲ ਵਿਚਾਰਾਂ ਦੁਆਰਾ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਲੇਖਕਾਂ ਨੇ ਉੱਤਰ ਦੇਣ ਸਮੇਂ ਆਪਣੇ ਵਲੋਂ ਵਿਸ਼ੇ ਨੂੰ ਉਘਾੜਨ ਤੇ ਸਿਧਾਂਤ ਦੀ ਪਰਪੱਕਤਾ ਲਈ ਟਿੱਪਣੀਆਂ ਵੀ ਦਿੱਤੀਆਂ ਹਨ। ਸਭ ਤੋਂ ਵੱਡਾ ਕਾਰਜ ਇਨ੍ਹਾਂ ਸਵਾਲਾਂ-ਜਵਾਬਾਂ ਨੂੰ ਪੁਸਤਕ ਰੂਪ ਵਿਚ ਪੇਸ਼ ਕਰਕੇ ਪਾਠਕਾਂ ਦੇ ਸਨਮੁੱਖ ਕਰਨਾ ਹੈ। ਅਪ੍ਰੈਲ 1920 ਤੋਂ ਤਾਲਾਬੰਦੀ ਦੌਰਾਨ ਘਰਾਂ ਵਿਚ ਬੈਠੇ ਗੁਰੂ ਨਾਨਕ ਨਾਮ ਲੇਵਾ ਸਰੋਤਿਆਂ ਅਤੇ ਪਾਠਕਾਂ ਨੂੰ ਇਸ ਪ੍ਰਾਜੈਕਟ ਨਾਲ ਜੋੜੀ ਰੱਖਣਾ ਕੋਈ ਸਹਿਜ ਕਾਰਜ ਨਹੀਂ ਹੈ। ਹੌਲੀ-ਹੌਲੀ ਇਨ੍ਹਾਂ ਇਨਾਮੀ ਗੁਰਮਤਿ ਪ੍ਰਤੀਯੋਗੀਆਂ ਵਲੋਂ ਪੂਰਨ ਹੁੰਗਾਰਾ ਮਿਲਣ ਲੱਗਾ। ਇਸ ਪ੍ਰਤੀਯੋਗਤਾ ਵਿਚ ਬੱਚੇ ਅਤੇ ਉਨ੍ਹਾਂ ਦੇ ਮਾਪੇ, ਗੁਰਮੁਖ ਪਿਆਰੇ, ਬੀਬੀਆਂ ਅਤੇ ਨੌਜਵਾਨਾਂ ਨੇ ਪੰਜਾਬ ਦੀਆਂ ਹੱਦਾਂ ਨੂੰ ਪਾਰ ਕਰਕੇ ਉੱਤਰਾਖੰਡ, ਮਹਾਰਾਸ਼ਟਰ, ਝਾਰਖੰਡ, ਬੰਗਾਲ ਅਤੇ ਵਿਦੇਸ਼ਾਂ ਵਿਚ ਵਸੀ ਸੰਗਤ ਨੇ ਬਿਨਾਂ ਕਿਸੇ ਉਮਰ ਦੀ ਹੱਦ ਨੂੰ ਵਿਚਾਰੇ ਵਿਸ਼ਾਲਤਾ ਨਾਲ ਪ੍ਰਯੋਗਤਾ ਨੂੰ ਨੇਪਰੇ ਚਾੜ੍ਹਿਆ। ਪੁਸਤਕ ਨੂੰ ਵਾਚ ਕੇ ਇਹ ਗੱਲ ਭਲੀ-ਭਾਂਤ ਸਪੱਸ਼ਟ ਹੋ ਜਾਂਦੀ ਹੈ ਕਿ ਇਹ ਸਾਰੇ ਪ੍ਰਸ਼ਨ-ਉੱਤਰ ਗੁਰਮਤਿ ਦੀ ਕਸਵੱਟੀ ਉੱਪਰ ਪੂਰੇ ਉੱਤਰਦੇ ਹਨ, ਜਿਨ੍ਹਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਬੰਧੀ ਸੰਪੂਰਨ ਜਾਣਕਾਰੀ ਮਿਲਦੀ ਹੈ, ਜਿਸ ਵਿਚ ਇਸ ਮਹਾਨ ਗ੍ਰੰਥ ਦੀ ਸੰਪਾਦਨਾ, ਪ੍ਰਕਾਸ਼, ਰਾਗਾਂ, ਗੁਰਬਾਣੀ ਨਾਲ ਸਬੰਧਿਤ ਅਨੇਕਾਂ ਪ੍ਰਸ਼ਨ, ਇਸ ਤੋਂ ਇਲਾਵਾ ਗੁਰੂ ਸਾਹਿਬਾਨ, ਸਿੱਖ ਸ਼ਹੀਦਾਂ, ਸਾਡੀ ਸਿੱਖ ਰਹਿਤ ਮਰਯਾਦਾ ਅਤੇ ਚਲੰਤ ਮਾਮਲਿਆਂ ਨੂੰ ਵਿਚਾਰ ਕੇ ਪਦਾਰਥਕ ਦੌੜ ਵਿਚ ਫਸੇ ਸਮਾਜ ਨੂੰ ਗੁਰਮਤਿ ਸੋਚ ਦੇ ਧਾਰਨੀ ਬਣਾਉਣਾ ਹੈ। ਪੁਸਤਕ ਦੇ ਅੰਤ ਵਿਚ ਅਪ੍ਰੈਲ 2020 ਤੋਂ ਅਗਸਤ 2020 ਤੱਕ ਜੇਤੂ ਪ੍ਰਤੀਯੋਗੀਆਂ ਦੀਆਂ ਅਤੇ ਸਹਿਯੋਗੀਆਂ ਦੀਆਂ ਤਸਵੀਰਾਂ ਪੁਸਤਕ ਦੀ ਸ਼ੋਭਾ ਵਧਾਉਂਦੀਆਂ ਹਨ। ਲੇਖਕ ਇਸ ਸਫਲ ਉਪਰਾਲੇ ਲਈ ਵਧਾਈ ਦੇ ਪਾਤਰ ਹਨ।


ਭਗਵਾਨ ਸਿੰਘ ਜੌਹਲ
ਮੋ: 98143-24040.


ਅਣਡਿੱਠੇ ਰਸਤੇ ਉੱਚੇ ਪਰਬਤ
ਲੇਖਕ : ਮਨਮੋਹਨ ਬਾਵਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 081307-82551.


ਵਿਚਾਰ ਅਧੀਨ ਪੁਸਤਕ 'ਅਣਡਿੱਠੇ ਰਸਤੇ ਉੱਚੇ ਪਰਬਤ' ਇਕ ਸਫ਼ਰਨਾਮਾ ਹੈ ਜੋ ਇਕ ਖ਼ਾਸ ਵਰਗ ਲਈ ਲਿਖਿਆ ਗਿਆ ਹੈ। ਮਨਮੋਹਨ ਬਾਵਾ ਬਹੁਵਿਧਾਵੀ ਲੇਖਕ ਹੈ। ਬਤੌਰ ਕਹਾਣੀਕਾਰ/ਨਾਵਲਕਾਰ ਉਸ ਦੀ ਪੰਜਾਬੀ ਪਾਠਕਾਂ ਵਿਚ ਵੱਖਰੀ ਪਛਾਣ ਹੈ। ਇਹ ਪੁਸਤਕ ਪੰਜਾਬੀ ਬਾਲ ਪਾਠਕਾਂ ਲਈ ਲਿਖੀ ਗਈ ਹੈ। ਲੇਖਕ ਦੀ ਭਾਸ਼ਾ ਬੜੀ ਹੀ ਸਰਲ ਹੈ ਤਾਂ ਜੋ ਕੋਈ ਵੀ ਬਾਲ ਪਾਠਕ ਪੁਸਤਕ ਪੜ੍ਹਨ ਸਮੇਂ ਔਖ ਮਹਿਸੂਸ ਨਾ ਕਰੇ। ਬਾਲ ਪਾਠਕਾਂ ਲਈ ਇਹ ਇਕ ਪ੍ਰੇਰਨਾ ਸ੍ਰੋਤ ਪੁਸਤਕ ਹੈ। ਹਰ ਪਾਠਕ ਪੁਸਤਕ ਪੜ੍ਹਨ ਤੋਂ ਬਾਅਦ ਉਨ੍ਹਾਂ ਥਾਵਾਂ ਦੀ ਸੈਰ ਕਰਨੀ ਚਾਹੇਗਾ ਜੋ ਇਸ ਪੁਸਤਕ ਵਿਚ ਸ਼ਬਦਾਂ ਰਾਹੀਂ ਪੇਸ਼ ਕੀਤੇ ਗਏ ਹਨ। ਪੁਸਤਕ ਵਿਚ ਜੋ ਵੇਰਵੇ, ਹਾਦਸੇ ਦੱਸੇ ਗਏ ਹਨ, ਲੇਖਕ ਅਨੁਸਾਰ ਉਹ ਸਾਰੇ ਸੱਚੇ ਤੇ ਹੱਡਬੀਤੀਆਂ ਹਨ। 'ਡਲਹੌਜ਼ੀ' ਤੋਂ ਸ਼ੁਰੂ ਹੋ ਕੇ ਇਹ ਸਫ਼ਰਨਾਮਾ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ, 'ਘੁਮੇਰ ਸਿੰਘ ਦੀ ਸਹਾਇਕ ਕਥਾ' 'ਤੇ ਜਾ ਕੇ ਮੁੱਕਦਾ ਹੈ। ਪੁਸਤਕ ਵਿਚ ਚਿੱਤਰਕਾਰੀ ਬਾਲ ਪਾਠਕਾਂ ਲਈ ਖਿੱਚ ਦਾ ਕੇਂਦਰ ਬਣੇਗੀ। ਇਹ ਵੀ ਜ਼ਿਕਰਯੋਗ ਹੈ ਕਿ ਚਿੱਤਰਕਾਰੀ ਖ਼ੁਦ ਲੇਖਕ ਨੇ ਆਪ ਕੀਤੀ ਹੈ। ਸਫ਼ਰ ਦੌਰਾਨ ਵਾਪਰੇ ਹਾਦਸੇ ਇਸ ਪੁਸਤਕ ਨੂੰ ਹੋਰ ਰੌਚਕ ਬਣਾਉਂਦੇ ਹਨ। ਰਾਹ ਭੁੱਲ ਜਾਣਾ, ਸਾਥੀਆਂ ਦਾ ਮੁੜ ਮਿਲਣਾ, ਪਹਾੜਾਂ ਦੀਆਂ ਪਗਡੰਡੀਆਂ, ਇਨ੍ਹਾਂ ਬਾਰੇ ਜਦੋਂ ਲੇਖਕ ਲਿਖਦਾ ਹੈ ਤਾਂ ਹਰ ਪਾਠਕ ਉਹ ਸਥਾਨ ਦੇਖਣ ਲਈ ਉਤਾਵਲਾ ਹੋ ਜਾਂਦਾ ਹੈ। ਲੇਖਕ ਨੇ ਜੋ ਜਾਣਕਾਰੀ ਨਦੀਆਂ ਬਾਰੇ ਦਿੱਤੀ ਹੈ, ਉਸ ਬਾਰੇ ਪਾਠਕ ਸ਼ਾਇਦ ਨਾ ਜਾਣਦੇ ਹੋਣ। ਇਹ ਪੁਸਤਕ ਉਨ੍ਹਾਂ ਪਾਠਕਾਂ ਲਈ ਗਾਈਡ ਦਾ ਕੰਮ ਕਰੇਗੀ ਜੋ ਨੇੜ ਭਵਿੱਖ ਵਿਚ ਪਹਾੜਾਂ ਦੀ ਸੈਰ ਕਰਨਾ ਚਾਹੁੰਦੇ ਹਨ। ਲੇਖ ਦਾ ਮੁੱਖ ਮੰਤਵ ਵੀ ਇਹੀ ਜਾਪਦਾ ਹੈ ਕਿ ਬੱਚੇ ਪਹਾੜੀ ਰਸਤਿਆਂ ਵੱਲ ਪੈਰ ਚੁੱਕਣ ਲਈ ਉਤਸ਼ਾਹਿਤ ਹੋਣ। ਖ਼ਾਸ ਕਰਕੇ ਪੰਜਾਬੀ ਪਹਾੜਾਂ ਦੀ ਯਾਤਰਾ ਲਈ ਤਰਸਦੇ ਹਨ। ਪੰਜਾਬ ਦਾ ਪਹਾੜੀ ਇਲਾਕਾ ਹਿਮਾਚਲ ਪ੍ਰਦੇਸ਼ ਵਿਚ ਚਲਿਆ ਗਿਆ। ਹੁਣ ਪੰਜਾਬੀਆਂ ਕੋਲ ਸਿਰਫ ਸ਼ਿਵਾਲਕ ਦੀਆਂ ਪਹਾੜੀਆਂ ਹੀ ਹਨ। ਸੋ, ਮਨਮੋਹਨ ਬਾਵਾ ਜੀ ਨੇ ਇਹ ਪੁਸਤਕ 'ਅਣਡਿੱਠੇ ਰਸਤੇ ਉੱਚੇ ਪਰਬਤ' ਲਿਖ ਕੇ, ਪੰਜਾਬੀ ਬਾਲ ਪਾਠਕਾਂ ਨੂੰ ਪਹਾੜਾਂ ਵੱਲ ਜਾਣ ਲਈ ਉਤਸ਼ਾਹਿਤ ਹੀ ਨਹੀਂ ਕੀਤਾ ਸਗੋਂ ਭਰਪੂਰ ਜਾਣਕਾਰੀ ਵੀ ਦਿੱਤੀ ਹੈ।


ਅਵਤਾਰ ਸਿੰਘ ਸੰਧੂ
ਮੋ: 99151-82971.


ਸ਼ੀਸ਼ਾ ਬੋਲਦਾ ਹੈ
ਲੇਖਿਕਾ : ਡਾ. ਸਤਿੰਦਰਜੀਤ ਕੌਰ ਬੁੱਟਰ
ਪ੍ਰਕਾਸ਼ਕ : ਸਾਂਝੀ ਸੁਰ ਪਬਲੀਕੇਸ਼ਨ, ਰਾਜਪੁਰਾ
ਮੁੱਲ : 150 ਰੁਪਏ, ਸਫ਼ੇ : 102
ਸੰਪਰਕ : 84377-36240.


ਲੇਖਿਕਾ ਡਾ. ਸਤਿੰਦਰਜੀਤ ਕੌਰ ਬੁੱਟਰ ਦਾ ਇਹ ਮਿੰਨੀ ਕਹਾਣੀ ਸੰਗ੍ਰਹਿ ਹੈ ਜਿਸ ਵਿਚ 80 ਕਹਾਣੀਆਂ ਦਰਜ ਹਨ। ਲੇਖਿਕਾ ਨੇ ਕਈ ਵਿਧਾਵਾਂ 'ਤੇ ਹੱਥ ਅਜ਼ਮਾਇਆ ਹੈ। ਲੇਖਿਕਾ ਨੇ ਆਪਣੇ ਆਲੇ-ਦੁਆਲੇ ਨੂੰ ਘੋਖਿਆ, ਵਿਚਾਰਿਆ, ਮਹਿਸੂਸ ਕਰਕੇ ਉਨ੍ਹਾਂ ਨੂੰ ਜਿਸ ਤਰ੍ਹਾਂ ਸਬਦਾਂ ਦਾ ਰੂਪ ਦਿੱਤਾ, ਉਹ ਸ਼ਲਾਘਾਯੋਗ ਕਿਹਾ ਜਾ ਸਕਦਾ ਹੈ। ਇਨ੍ਹਾਂ ਦੀ ਹਰ ਕਹਾਣੀ 'ਚੋਂ ਕੁਝ ਨਾ ਕੁਝ ਜ਼ਰੂਰ ਲੱਭਦਾ ਹੈ ਅਤੇ ਜ਼ਿੰਦਗੀ ਦੇ ਕਿਸੇ ਨਾ ਕਿਸੇ ਪਹਿਲੂ ਦਾ ਵੀ ਇਨ੍ਹਾਂ ਵਿਚ ਵਿਖਿਆਨ ਕੀਤਾ ਗਿਆ ਹੈ। ਭਾਸ਼ਾ ਪ੍ਰਤੀ ਲੇਖਿਕਾ ਪੂਰੀ ਤਰ੍ਹਾਂ ਨਾਲ ਸੁਚੇਤ ਤੇ ਜਾਗਰੂਕ ਹੈ ਅਤੇ ਉਨ੍ਹਾਂ ਨੇ ਸਮੇਂ ਤੇ ਸਥਿਤੀ ਦੇ ਅਨੁਸਾਰ ਲੋੜੀਂਦੀ ਸ਼ਬਦਾਵਲੀ ਦੀ ਹੀ ਵਰਤੋਂ ਕੀਤੀ ਹੈ। ਇਨ੍ਹਾਂ ਦੀਆਂ ਕਹਾਣੀਆਂ ਬਹੁਤ ਕੁਝ ਕਹਿੰਦੀਆਂ ਹਨ, ਜਿਨ੍ਹਾਂ ਨੂੰ ਘੋਖਣ ਦੀ ਜ਼ਰੂਰਤ ਹੈ।
ਲੇਖਿਕਾ ਨੇ ਸਮਾਜ ਦੇ ਦਰਦ ਨੂੰ ਜਿਸ ਤਰ੍ਹਾਂ ਮਹਿਸੂਸ ਕਰਕੇ ਉਸ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਦੀ ਦਾਦ ਦੇਣੀ ਵੀ ਬਣਦੀ ਹੈ। ਕਹਾਣੀਆਂ ਦੀ ਪਾਤਰ ਉਸਾਰੀ ਵੀ ਸਿਰੇ ਦੀ ਹੈ ਅਤੇ ਉਨ੍ਹਾਂ ਨੇ ਪਾਤਰਾਂ ਦੀਆਂ ਪ੍ਰੇਸ਼ਾਨੀਆਂ, ਸਮੱਸਿਆਵਾਂ, ਬੇਵਸੀ, ਸੰਘਰਸ਼, ਦਰਦ ਨੂੰ ਬਹੁਤ ਹੀ ਨੇੜੇ ਹੋ ਕੇ ਵੇਖਿਆ ਹੈ ਤੇ ਵਿਉਂਤਬੰਦੀ ਦੇ ਨਾਲ ਕਲਮਬੱਧ ਵੀ ਕੀਤਾ ਹੈ। ਲੇਖਿਕਾ ਦੀਆਂ ਕਹਾਣੀਆਂ ਪੜ੍ਹ ਕੇ ਪਾਠਕਾਂ ਦੇ ਦਿਲਾਂ ਵਿਚ ਜ਼ਰੂਰ ਕੁਤਕੁਤੀ ਹੁੰਦੀ ਹੋਵੇਗੀ ਅਤੇ ਉਹ ਪਾਤਰਾਂ ਦੇ ਹਮਸਫ਼ਰ ਬਣਨ ਦੀ ਚਾਹਤ ਵੀ ਰੱਖਣਗੇ। ਔਰਤ ਹੁੰਦੇ ਹੋਏ ਲੇਖਿਕਾ ਔਰਤ ਦੇ ਹਰ ਦਰਦ, ਪ੍ਰੇਸ਼ਾਨੀ, ਬੇਵਸੀ ਦੀ ਹਾਲਤ, ਮਜਬੂਰੀ, ਮਾਣ-ਸਨਮਾਨ ਨੂੰ ਮਹਿਸੂਸ ਕਰਦੀ ਹੋਈ ਇਨ੍ਹਾਂ ਵਿਸ਼ਿਆਂ ਪ੍ਰਤੀ ਹੱਥ ਅਜਜ਼ਮਾਉਣਾ ਚਾਹੁੰਦੀ ਹੈ। ਮਿੰਨੀ ਕਹਾਣੀ ਸੰਗ੍ਰਹਿ ਦਾ ਨਾਂਅ 'ਸ਼ੀਸ਼ਾ ਬੋਲਦਾ ਹੈ' ਆਪਣੇ-ਆਪ ਵਿਚ ਬਹੁਤ ਕੁਝ ਕਹਿ ਰਿਹਾ ਹੈ, ਜਿਸ ਨੂੰ ਮਹਿਸੂਸ ਕਰਨ ਦੀ ਜ਼ਰੂਰਤ ਹੈ। ਸਾਰੀਆਂ ਕਹਾਣੀਆਂ ਦੇ ਵਿਸ਼ੇ ਵੰਨ-ਸੁਵੰਨੇ ਹਨ, ਜਿਨ੍ਹਾਂ ਵਿਚ ਜ਼ਿੰਦਗੀ ਦੇ ਹਰ ਰੰਗ ਵੇਖੇ ਜਾ ਸਕਦੇ ਹਨ। ਕਹਾਣੀਆਂ ਅਜੋਕੀ ਪੀੜ੍ਹੀ, ਭਾਈਚਾਰਾ, ਮਾਂ, ਕੁਰਬਾਨੀ, ਮਿਹਨਤ ਦਾ ਫਲ, ਬੋਲੀ ਦਾ ਮੁੱਲ, ਸਵਰਗ, ਸੰਸਸਾਰ, ਪਵਿੱਤਰਤਾ, ਰੱਬ ਦੀ ਮਾਰ, ਅਣਜੰਮੀ ਧੀ ਕਾਬਲੇ-ਤਾਰੀਫ਼ ਹਨ।


ਬਲਵਿੰਦਰ ਸਿੰਘ ਸੋਢੀ ਮੀਰਹੇੜੀ
ਮੋ: 92105-88990


ਪਿਘਲਦਾ ਹਿਮਾਲਿਆ
ਲੇਖਕ : ਰਜਨੀ ਛਾਬੜਾ, ਤੇਜਿੰਦਰ ਚੰਡਿਹੋਕ
ਪ੍ਰਕਾਸ਼ਕ : ਸੂਰਜਾਂ ਦੇ ਵਾਰਿਸ ਪ੍ਰਕਾਸ਼ਨ, ਬਠਿੰਡਾ
ਮੁੱਲ : 140 ਰੁਪਏ, ਸਫ਼ੇ : 92
ਸੰਪਰਕ : 95010-00224.


ਹਿੰਦੀ ਦੀ ਪ੍ਰਬੁੱਧ ਸ਼ਾਇਰਾ ਰਜਨੀ ਛਾਬੜਾ ਦੀ ਹਿੰਦੀ ਕਾਵਿ-ਕਿਤਾਬ 'ਪਿਘਲਤੇ ਹਿਮਖੰਡ' ਦਾ ਤੇਜਿੰਦਰ ਚੰਡਿਹੋਕ ਵਲੋਂ ਕੀਤਾ ਅਨੁਵਾਦ 'ਪਿਘਲਦਾ ਹਿਮਾਲਿਆ' ਦੇ ਨਾਂਅ ਹੇਠ ਛਪਿਆ ਹੈ। ਤੇਜਿੰਦਰ ਚੰਡਿਹੋਕ ਪਹਿਲਾਂ ਵੀ ਕਾਵਿ-ਸੰਗ੍ਰਹਿ 'ਦਰਦ ਦੀ ਪਿਆਸ', 'ਹਵਾ 'ਚ ਲਟਕਦੇ ਕਦਮ' ਮਿੰਨੀ ਕਹਾਣੀ ਸੰਗ੍ਰਹਿ ਅਤੇ ਚਾਰ ਹੋਰ ਕਿਤਾਬਾਂ ਦੇ ਅਨੁਵਾਦ ਪੰਜਾਬੀ ਅਦਬ ਦੇ ਰੂਬਰੂ ਕਰਾ ਚੁੱਕਿਆ ਹੈ। ਰਜਨੀ ਛਾਬੜਾ ਤਰੰਗਤ ਮੁਹੱਬਤੀ ਰਿਸ਼ਤਿਆਂ ਦੀ ਪਾਕੀਜਗੀ ਅਤੇ ਮਨੁੱਖੀ ਰਿਸ਼ਤਿਆਂ ਦੀ ਵਿਗੜ ਰਹੀ ਵਿਆਕਰਨ 'ਤੇ ਚਿੰਤਾ ਕਰਨ ਦੇ ਨਾਲ ਚਿੰਤਨ ਵੀ ਕਰਦੀ ਹੈ। ਜਦੋਂ ਤੋਂ ਮਾਈ ਹਵਾ ਅਤੇ ਬਾਬਾ ਆਦਮ ਨੂੰ ਵਿਵਰਜਤ ਫਲ ਚੱਖਣ 'ਤੇ ਸਵਰਗ ਵਿਚੋਂ ਹੇਠਾਂ ਧਰਤੀ 'ਤੇ ਧਕੇਲ ਦਿੱਤਾ ਗਿਆ ਉਦੋਂ ਤੋਂ ਲੈ ਕੇ ਅੱਜ ਤੱਕ ਆਪਣੀ ਮਨ ਦੀ ਮੌਜ ਦਾ ਇੱਛਿਤ ਫਲ ਪਾਉਣ ਲਈ ਸਮਾਜਿਕ ਵਰਜਨਾਵਾਂ ਦੀ ਰਾਮਕਾਰ ਉਲੰਘਣ ਦੀ ਕੋਸ਼ਿਸ਼ ਕਰਦੀ ਹੋਈ ਜਦੋਂ ਆਪਣੇ ਅਹਿਸਾਸਾਂ ਦੇ ਅੰਬਰ ਛੋਹਣ ਲਈ ਉਡਾਣ ਭਰਨ ਲਗਦੀ ਹੈ ਤਾਂ ਪਿਤਰੀ ਸੱਤਾ ਉਸ ਦੇ ਖੰਭ ਕੁਤਰਨ ਲਈ ਕੈਂਚੀਆਂ ਤਿੱਖੀਆਂ ਕਰਨ ਲੱਗ ਜਾਂਦੀ ਹੈ। ਉਹ ਆਖਦੀ ਹੈ ਕਿ ਕਦੇ ਉਹ ਕਿਸੇ ਦੀ ਭੈਣ ਬਣਦੀ ਹੈ, ਕਦੀ ਮਾਂ ਤੇ ਕਦੀ ਪਤਨੀ ਬਣਦੀ ਹੈ ਤਾਂ ਹਉਕਾ ਭਰਦੀ ਹੈ ਕਿ ਉਸ ਦੀ ਮੈਂ ਦੀ ਮੈਂ ਕਿੱਥੇ ਹੈ। ਇਸੇ ਮੈਂ ਲਈ ਉਹ ਤਰਲੋਮੱਛੀ ਹੋ ਰਹੀ ਹੈ। ਉਸ ਦੀ ਨਿੱਜ ਤੋਂ ਨਿੱਜ ਤੱਕ ਪਹੁੰਚਣ ਲਈ ਨਾਬਰੀ ਪ੍ਰਯਤਨ ਕਰਦੀ ਹੋਈ ਸ਼ਾਇਰਾ ਦੀ ਸ਼ਾਇਰੀ ਯਾਦ ਆਉਂਦਿਆਂ ਬਰਤੌਲਤ ਬ੍ਰੈਖਤ ਦੀ ਉਹ ਨਜ਼ਮ ਯਾਦ ਆਉਂਦੀ ਹੈ ਜਿਸ ਵਿਚ ਉਹ ਕਹਿੰਦਾ ਹੈ 'ਮੰਨਿਆ ਕਿ ਇਨਸਾਨ ਜਿਊਣ ਲਈ ਖਾਂਦਾ ਹੈ ਪਰ ਇਸ ਦਾ ਇਹ ਮਤਲਬ ਵੀ ਨਹੀਂ ਕਿ ਜਿਸ ਨੇ ਖਾ ਵੀ ਲਿਆ, ਉਹ ਜੀਉਂ ਵੀ ਲਿਆ।' ਅੱਜ ਦੀ ਔਰਤ ਦੇ ਬੰਦ ਪਏ ਮਨ ਦੇ ਦਰਵਾਜ਼ਿਆਂ ਨੂੰ ਖੋਲ੍ਹਣ ਲਈ ਸਮਕਾਲੀ ਔਰਤ ਦਾ ਇਸ ਪੁਸਤਕ ਨੂੰ ਪੜ੍ਹਨਾ ਤੇ ਗੁੜਨਾ ਜ਼ਰੂਰੀ ਹੋ ਜਾਂਦਾ। ਤੇਜਿੰਦਰ ਚੰਡਿਹੋਕ ਇਕ ਮੌਲਿਕ ਲੇਖਕ ਹੋਣ ਦੇ ਨਾਲ ਇਕ ਸਿਰੜੀ ਅਨੁਵਾਦਕ ਵੀ ਹੈ। ਰਜਨੀ ਛਾਬੜਾ ਦੀ ਸ਼ਾਇਰੀ ਤੇ ਤੇਜਿੰਦਰ ਚੰਡਿਹੋਕ ਦੇ ਸਿਰੜ ਨੂੰ ਸਲਾਮ ਕਰਨਾ ਤਾਂ ਬਣਦਾ ਹੀ ਹੈ।


ਭਗਵਾਨ ਢਿੱਲੋਂ
ਮੋ: 98143-78254.


ਚਾਰ ਕੁ ਅੱਖਰ
ਲੇਖਕ : ਨਿਰਮਲ ਸਿੰਘ ਦਿਉਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 84
ਸੰਪਰਕ : 94171-04961.


ਨਿਰਮਲ ਸਿੰਘ ਦਿਉਲ ਮੂਲ ਰੂਪ ਵਿਚ ਗੀਤਕਾਰ ਹੈ ਜਿਸ ਨੇ ਆਪਣੀ ਇਕੋ ਪੁਸਤਕ 'ਬਾਰ੍ਹਾਂ ਸਾਲ ਬਾਰ੍ਹਾਂ ਪਲ' ਰਾਹੀਂ ਪੰਜਾਬੀ ਗੀਤਕਾਰੀ ਵਿਚ ਪ੍ਰਵੇਸ਼ ਕੀਤਾ ਹੈ। ਉਸ ਦੇ ਗੀਤ ਚੰਗੇ-ਚੰਗੇ ਗਾਇਕਾਂ ਨੇ ਗਾ ਕੇ ਉਸ ਨੂੰ ਖੂਬ ਪ੍ਰਸਿੱਧੀ ਦਿਵਾਈ ਹੈ।
'ਚਾਰ ਕੁ ਅੱਖਰ' ਉਸ ਦੀ ਵਾਰਤਕ ਪੁਸਤਕ ਹੈ, ਜਿਸ ਵਿਚ ਉਸ ਨੇ ਬਹੁਤ ਸਾਰੀਆਂ ਟੂਕਾਂ ਸ਼ਾਮਿਲ ਕੀਤੀਆਂ ਹਨ।
ਭਾਵੇਂ ਇਸ ਖੇਤਰ ਵਿਚ ਪ੍ਰੋ: ਅੱਛਰੂ ਸਿੰਘ ਅਤੇ ਨਰਿੰਦਰ ਸਿੰਘ ਕਪੂਰ ਨੇ ਮਾਣਯੋਗ ਕਾਰਜ ਪਹਿਲਾਂ ਹੀ ਕੀਤਾ ਹੈ ਤੇ ਉਨ੍ਹਾਂ ਦੀਆਂ ਪੁਸਤਕਾਂ 'ਕਥਨ' ਅਤੇ 'ਮਾਲਾ ਮਣਕੇ' ਬੜੇ ਚਾਅ ਅਤੇ ਉਮਾਹ ਨਾਲ ਪਾਠਕਾਂ ਵਲੋਂ ਪੜ੍ਹੀਆਂ ਗਈਆਂ ਹਨ, ਪਰ ਨਿਰਮਲ ਸਿੰਘ ਦਿਉਲ ਦਾ ਕੰਮ ਵੀ ਇਸ ਖੇਤਰ ਵਿਚ ਸਲਾਹੁਣਯੋਗ ਹੈ।
ਲੇਖਕ ਜਦੋਂ ਚਿੰਤਨ ਕਰਦਾ ਹੈ ਤਾਂ ਵਿਚਾਰ ਹੋਂਦ ਵਿਚ ਆਉਂਦਾ ਹੈ। ਇਹ ਵਿਚਾਰ ਜੀਵਨ ਦੀਆਂ ਅਨੇਕਾਂ ਅਨੁਭੂਤੀਆਂ ਅਤੇ ਵਿਸ਼ਿਆਂ ਨੂੰ ਜਨਮ ਦਿੰਦਾ ਹੈ। ਵਿਚਾਰ ਪ੍ਰਕਿਰਤੀ ਬਾਰੇ ਵੀ ਹੋ ਸਕਦਾ ਹੈ, ਜੀਵਨ ਬਾਰੇ ਵੀ ਹੋ ਸਕਦਾ ਹੈ, ਸਮਾਜ ਬਾਰੇ ਵੀ ਹੋ ਸਕਦਾ ਹੈ। ਲੇਖਕ ਤਰ੍ਹਾਂ-ਤਰ੍ਹਾਂ ਦੇ ਖਿਆਲਾਂ ਵਿਚੀਂ ਗੁਜ਼ਰਦਾ ਹੋਇਆ ਨਿੱਕੀਆਂ-ਨਿੱਕੀਆਂ ਧਾਰਨਾਵਾਂ ਬਣਾਉਂਦਾ ਹੈ। ਇਸ ਤਰ੍ਹਾਂ ਦੀਆਂ ਟੂਕਾਂ ਅਤੇ ਕਥਨਾਂ ਨੂੰ ਨਿੱਕੇ ਲਲਿਤ ਨਿਬੰਧਾਂ ਰਾਹੀਂ ਵੀ ਜ਼ਾਹਰ ਕੀਤਾ ਜਾ ਸਕਦਾ ਹੈ। ਲੇਖਕ ਇਨ੍ਹਾਂ ਕਥਨਾਂ ਜਾਂ ਟੂਕਾਂ ਰਾਹੀਂ ਪਾਠਕਾਂ ਨੂੰ ਤਰ੍ਹਾਂ-ਤਰ੍ਹਾਂ ਦੀ ਸੇਧ ਦਿੰਦਾ ਹੋਇਆ ਜੀਵਨ ਵਿਚ ਕਾਰਜਸ਼ੀਲ ਕਰਦਾ ਹੈ। ਮਾਨਵਵਾਦੀ ਦ੍ਰਿਸ਼ਟੀਕੋਣ ਇਨ੍ਹਾਂ ਕਥਨਾਂ ਦੀ ਪ੍ਰਮੁੱਖ ਵਿਸ਼ੇਸ਼ਤਾ ਹੁੰਦੀ ਹੈ। ਜੀਵਨ ਜੀਣ-ਥੀਣ ਲਈ ਚੱਜ, ਆਚਾਰ ਅਤੇ ਸਲੀਕਾ ਵੀ ਇਨ੍ਹਾਂ ਕਥਨਾਂ ਰਾਹੀਂ ਹਾਸਲ ਕੀਤਾ ਜਾ ਸਕਦਾ ਹੈ। ਇਹ ਟੂਕਾਂ ਅਤੇ ਕਥਨ ਮਨੁੱਖ ਨੂੰ ਵਿਚਾਰਸ਼ੀਲ ਅਤੇ ਪ੍ਰਬੁੱਧ ਬਣਾਉਂਦੇ ਹਨ।


ਕੇ.ਐਲ. ਗਰਗ
ਮੋ: 94635-37050.


ਅੰਬੇਡਕਰ ਦਾ ਗਰੇਟ

ਮੂਲ ਲੇਖਕ : ਡੀ.ਸੀ. ਅਹੀਰ
ਅਨੁਵਾਦ ਤੇ ਸੰਖੇਪ : ਸੋਹਣ ਸਹਿਜਲ
ਪ੍ਰਕਾਸ਼ਕ : ਲੇਖਕ ਆਪ
ਮੁੱਲ : 120 ਰੁਪਏ, ਸਫ਼ੇ : 80
ਸੰਪਰਕ : 91151-75174


ਇਸ ਪੁਸਤਕ ਦੇ ਮੂਲ ਲੇਖਕ ਦੀਵਾਨ ਚੰਦ ਅਹੀਰ ਯਾਨੀ ਡੀ.ਸੀ. ਅਹੀਰ, ਬੁੱਧ ਧਰਮ ਅਤੇ ਡਾ. ਅੰਬੇਡਕਰ ਬਾਰੇ ਵਧੀਆ ਅਤੇ ਨਿੱਠ ਕੇ ਲਿਖਣ ਵਾਲੇ ਵਿਦਵਾਨ ਹਨ। ਉਹ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਸੰਪਰਕ 'ਚ ਕਰੀਬ 10 ਸਾਲ ਰਹੇ ਹਨ। ਲੇਖਕ ਨੇ ਉਨ੍ਹਾਂ ਦੀ ਸਮੁੱੱਚੀ ਸ਼ਖ਼ਸੀਅਤ ਨੂੰ ਕੇਵਲ ਨੇੜਿਓਂ ਜਾਣਿਆ ਹੀ ਨਹੀਂ ਹੈ, ਸਗੋਂ ਉਨ੍ਹਾਂ ਦਾ ਪ੍ਰਭਾਵ ਵੀ ਕਬੂਲਿਆ ਹੈ। ਹਥਲੀ ਪੁਸਤਕ ਨੂੰ ਪੰਜਾਬੀ ਵਿਚ ਅਨੁਵਾਦ ਕਰਨ ਦਾ ਜ਼ਿੰਮਾ ਲੇਖਕ ਸੋਹਣ ਸਹਿਜਲ ਨੇ ਲਿਆ ਹੈ। ਲੇਖਕ ਨੇ ਬਾਬਾ ਸਾਹਿਬ ਦੇ ਸਮੁੱਚੇ ਜੀਵਨ, ਸੰਘਰਸ਼, ਵਿਚਾਰਧਾਰਾ, ਪੜ੍ਹਾਈ, ਪ੍ਰਾਪਤੀਆਂ, ਸਿੱਖਿਆਵਾਂ ਸਬੰਧੀ ਪ੍ਰਮਾਣਿਕ ਅਤੇ ਵਿਸ਼ਾਲ ਜਾਣਕਾਰੀ ਦਿੱਤੀ ਹੈ। ਜਿਨ੍ਹਾਂ ਪਾਠਕਾਂ ਨੇ ਬਾਬਾ ਸਾਹਿਬ ਦੇ ਜੀਵਨ ਸਬੰਧੀ ਜਾਣਕਾਰੀ ਹਾਸਲ ਕਰਨੀ ਹੋਵੇ, ਉਨ੍ਹਾਂ ਦੀ ਉਮੀਦਾਂ 'ਤੇ ਪੂਰਾ ਉਤਰਦੀ ਹੈ ਇਹ ਪੁਸਤਕ। ਲੇਖਕ ਨੇ ਬਾਬਾ ਸਾਹਿਬ ਦੇ ਜੀਵਨ ਨੂੰ ਵੱਖ-ਵੱਖ ਸਿਰਲੇਖਾਂ ਵਾਲੇ 16 ਲੇਖਾਂ 'ਚ ਕਲਮਬੰਦ ਕੀਤਾ ਹੈ। ਡਾ. ਅੰਬੇਡਕਰ ਦੇ ਜੀਵਨ ਦੀਆਂ ਮੁੱਖ ਘਟਨਾਵਾਂ, ਅੰਬੇਡਕਰਵਾਦ ਸਾਰ, ਬੁੱਧ ਧਰਮ, ਬੁੱਧ ਅਤੇ ਬਾਬਾ ਸਾਹਿਬ, ਅਸ਼ੋਕ ਤੇ ਅੰਬੇਡਕਰ, ਡਾ.ਅੰਬੇਡਕਰ ਅਤੇ ਔਰਤਾਂ ਦੀ ਮੁਕਤੀ, ਜਾਤ-ਪਾਤ ਬਾਰੇ ਗਾਂਧੀ ਅਤੇ ਅੰਬੇਡਕਰ ਬਹਿਸ, ਡਾ. ਅੰਬੇਡਕਰ ਅਮਰ ਹੈ ਅਤੇ ਹੋਰ। ਇਹ ਸਾਰੇ ਲੇਖ ਪੜ੍ਹਨ ਵਾਲੇ ਹਨ ਅਤੇ ਇਨ੍ਹ੍ਹਾਂ ਦੇ ਵਿਸ਼ੇ ਅਲੱਗ-ਅਲੱਗ ਹਨ। ਬਾਬਾ ਸਾਹਿਬ ਨੇ ਪੜ੍ਹ-ਲਿਖ ਕੇ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਹੋਣ ਦਾ ਸਨਮਾਨਯੋਗ ਰੁਤਬਾ ਹਾਸਲ ਕੀਤਾ। ਉਨ੍ਹਾਂ ਦੁਆਰਾ ਭਾਰਤੀ ਸੰਵਿਧਾਨ ਦੀ ਰਚਨਾ ਕਰਨਾ ਬਹੁਤ ਹੀ ਵੱਡਾ ਅਤੇ ਅਹਿਮ ਕਾਰਜ ਹੈ। ਉਨ੍ਹਾਂ ਨੇ ਧਰਮ 'ਚ ਆਈਆਂ ਕੁਰੀਤੀਆਂ ਨੂੰ ਦੂਰ ਕਰਨ ਦੇ ਯਤਨ ਨਾਲ ਆਪਣੀ ਉਮਰ ਦੇ ਆਖ਼ਰੀ ਸਾਲਾਂ 'ਚ ਬੁੱਧ ਧਰਮ ਅਪਣਾਇਆ। ਜਾਤ-ਪਾਤ ਦਾ ਜ਼ੋਰਦਾਰ ਖੰਡਨ ਕਰਦਿਆਂ ਉਨ੍ਹਾਂ 'ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ' ਦਾ ਨਾਅਰਾ ਦਿੱਤਾ। ਦਲਿਤਾਂ (ਅਛੂਤਾਂ) ਅਤੇ ਔਰਤਾਂ ਨੂੰ ਸਮਾਜਿਕ ਬਰਾਬਰਤਾ ਦੁਆਈ ਅਤੇ ਪੜ੍ਹਾਈ 'ਤੇ ਜ਼ੋਰ ਦਿੱਤਾ। ਉਨ੍ਹਾਂ ਨੂੰ ਖ਼ੁਦ ਕਿਤਾਬਾਂ ਪੜ੍ਹਨ ਦੀ ਲਗਨ ਸੀ। ਇਹੋ ਕਾਰਨ ਹੈ ਕਿ ਇਕ ਗੋਲਮੇਜ਼ ਕਾਨਫ਼ਰੰਸ 'ਚ ਜਦ ਉਹ ਹਿੱਸਾ ਲੈਣ ਗਏ ਤਾਂ ਉਨ੍ਹਾਂ ਨਾਲ ਕਿਤਾਬਾਂ ਦੇ 20 ਬਕਸੇ ਵੀ ਭੇਜੇ ਗਏ। ਸਾਲ 1967 'ਚ ਉਨ੍ਹਾਂ ਦਾ ਬੁੱਤ ਸੰਸਦ 'ਚ ਸਥਾਪਤ ਕੀਤਾ ਗਿਆ ਅਤੇ ਸਾਲ 1991 'ਚ ਉਨ੍ਹਾਂ ਨੂੰ 'ਭਾਰਤ ਰਤਨ' ਪੁਰਸਕਾਰ ਮਿਲਿਆ। ਬਾਬਾ ਸਾਹਿਬ ਵਲੋਂ ਉਮਰ ਭਰ ਤੱਕ ਬਹੁਤ ਸਾਰੀਆਂ ਜ਼ਿਕਰਯੋਗ ਪ੍ਰਾਪਤੀਆਂ ਕੀਤੀਆਂ ਗਈਆਂ। ਪੁਸਤਕ ਦਾ ਸਿਰਲੇਖ ਕਾਫ਼ੀ ਢੁੱਕਵਾਂ ਅਤੇ ਵਿਸ਼ੇ ਦੇ ਅਨੁਕੂਲ ਹੈ। ਬਾਬਾ ਸਾਹਿਬ ਦੇ ਜੀਵਨ ਸਬੰਧੀ ਜਾਣਨ ਦੀ ਤਾਂਘ ਰੱਖਣ ਵਾਲਿਆਂ ਨੂੰ ਇਹ ਪੁਸਤਕ ਲਾਜ਼ਮੀ ਪੜ੍ਹਨੀ ਚਾਹੀਦੀ ਹੈ।


ਮੋਹਰ ਗਿੱਲ ਸਿਰਸੜੀ
ਮੋ: 98156-59110

07-08-2021

 ਪੰਜਾਬੀ ਦਰਸ਼ਨ 'ਤੇ ਇਕ ਝਾਤ
ਲੇਖਕ : ਜਸਪਾਲ ਸਿੰਘ
ਪ੍ਰਕਾਸ਼ਕ : ਸਾਊਥ ਏਸ਼ੀਅਨ ਰੀਵਿਊ, ਕੈਨੇਡਾ
ਮੁੱਲ : 30 ਡਾਲਰ, ਸਫ਼ੇ : 231

ਹਥਲੀ ਪੁਸਤਕ ਦਾਰਸ਼ਨਿਕ, ਰਹੱਸਵਾਦੀ, ਅਧਿਆਤਮਕ, ਸਮਾਜਿਕ ਅਤੇ ਰਾਜਨੀਤਕ ਵਰਤਾਰੇ ਆਦਿ ਸੰਕਲਪਾਂ ਦੇ ਵਖਿਆਣ ਤੋਂ ਇਲਾਵਾ ਮਨੁੱਖੀ ਜੀਵਨ-ਜਾਚ ਦੇ ਮੂਲ ਸਿਧਾਂਤਾਂ ਨੂੰ ਰਿਗਵੇਦ ਤੋਂ ਪਹਿਲਿਆਂ ਸਮਿਆਂ ਤੋਂ ਲੈ ਕੇ ਅੱਜ ਤੱਕ ਦੇ ਜੀਵਨ ਵਰਤਾਰੇ ਦੀਆਂ ਵਿਭਿੰਨ ਪੱਧਤੀਆਂ ਦਾ ਦਰਪਣ ਪੇਸ਼ ਕਰਦੀ ਹੈ। ਲੇਖਕ ਕੋਲ ਅਥਾਹ ਗਿਆਨ ਹੈ। ਇਸ ਗਿਆਨ ਦਾ ਪ੍ਰਗਟਾਵਾ ਦਾਰਸ਼ਨਿਕ ਸੋਚ ਦ੍ਰਿਸ਼ਟੀ ਨੂੰ ਮੁੱਖ ਰੱਖ ਕੇ ਪ੍ਰਗਟ ਕੀਤਾ ਗਿਆ ਹੈ।
ਸਭ ਤੋਂ ਪਹਿਲਾਂ ਲੇਖਕ ਨੇ ਕੁਦਰਤ, ਮਾਇਆ ਅਤੇ ਸੰਸਾਰ ਦੇ ਸਿਧਾਂਤਕ ਅਤੇ ਵਿਹਾਰਕ ਪੱਖਾਂ ਦਾ ਉਲੇਖ ਕੀਤਾ ਹੈ। ਇਸ ਤੋਂ ਅੱਗੇ ਸੰਸਾਰ ਵਿਚ ਤਬਦੀਲੀ ਦੇ ਕਾਰਨਾਂ ਨੂੰ ਘੋਖਿਆ ਹੈ, ਕਾਲ ਅਤੇ ਸਮੇਂ ਦੇ ਮਹੱਤਵ ਅਤੇ ਅੰਤਰ ਨੂੰ ਪ੍ਰਗਟਾਇਆ ਹੈ। ਇਸੇ ਤਰ੍ਹਾਂ ਲੇਖਕ ਨੇ ਅਮਲ ਅਤੇ ਇਲਮ ਦੇ ਸੰਕਲਪਾਂ ਨੂੰ ਬਾਖੂਬੀ ਪ੍ਰਗਟ ਕਰਕੇ ਗਿਆਨ ਅਤੇ ਗਿਆਨ ਦੇ ਸੋਮਿਆਂ ਬਾਬਤ ਜਾਣਕਾਰੀ ਦਿੰਦਿਆਂ ਇਸ ਦੇ ਪੰਜ ਪਹਿਲੂਆਂ ਪ੍ਰਤੱਖ, ਗੁਰੂ, ਸਿਮ੍ਰਤੀ, ਸਤਸੰਗ ਅਤੇ ਅਨੁਮਾਨ ਦੀ ਵਿਆਖਿਆ ਕੀਤੀ ਹੈ। ਲੇਖਕ ਨੂੰ ਵਿਸ਼ੇ ਦੇ ਨਿਭਾਅ ਦਾ ਡੂੰਘਾ ਅਨੁਭਵ ਹੈ। ਇਸ ਦ੍ਰਿਸ਼ਟੀ ਦੇ ਅੰਤਰਗਤ ਸਮਾਜ ਅਤੇ ਰਿਸ਼ਤਾ ਪ੍ਰਬੰਧ, ਧਨ-ਦੌਲਤ ਅਤੇ ਆਰਥਿਕ ਸਿਧਾਂਤ ਤੋਂ ਛੁੱਟ ਰਾਜ ਅਤੇ ਰਾਜਨੀਤੀ ਅਤੇ ਹੱਕ ਫਰਜ਼ ਦੇ ਮੂਲ ਸਿਧਾਂਤਾਂ ਨੂੰ ਆਲੋਚਨਾਤਮਕ ਯਥਾਰਥ ਦੀ ਵਿਧੀ ਨਾਲ ਪ੍ਰਗਟ ਕੀਤਾ ਹੈ। ਲੇਖਕ ਦਾ ਦਾਰਸ਼ਨਿਕ ਬੋਧ ਮਾਨਸਿਕਤਾ, ਚੇਤਨਾ, ਜ਼ਿਹਨੀਅਤ, ਸਾਮ, ਦਾਮ, ਭੇਦ ਅਤੇ ਦੰਡ ਆਦਿ ਸੰਕਲਪਾਂ ਦੇ ਭੇਦ ਖੋਲ੍ਹ ਦੇਣ ਵਾਲੇ ਪ੍ਰਗਟਾਵੇ ਤੋਂ ਸਪੱਸ਼ਟ ਭਾਂਤ ਸਾਹਮਣੇ ਆਉਂਦਾ ਹੈ। ਇਸੇ ਤਰ੍ਹਾਂ ਬੋਲੀ ਅਤੇ ਜ਼ਬਾਨ, ਕਲਾ ਦਾ ਸਿਧਾਂਤ, ਵਿਕਾਸ ਅਤੇ ਇਤਿਹਾਸ ਅਤੇ ਜੰਗ ਅਤੇ ਅਮਨ ਜਿਹੇ ਗੰਭੀਰ ਸੰਕਲਪਾਂ ਨੂੰ ਪ੍ਰਗਟਾਇਆ ਹੈ। ਪੁਸਤਕ ਦਾ ਆਖ਼ਰੀ ਅਧਿਆਇ ਪੰਜਾਬੀ ਦਰਸ਼ਨ ਵਿਚ ਔਰਤ ਸਿਰਲੇਖ ਤਹਿਤ ਵਿਸਤਰਿਤ ਰੂਪ ਵਿਚ ਅੰਕਿਤ ਹੈ।
ਇਨ੍ਹਾਂ ਸਾਰੇ ਵਿਸ਼ਿਆਂ ਅਤੇ ਸੰਕਲਪਾਂ ਦੇ ਪ੍ਰਗਟਾਵੇ ਲਈ ਲੇਖਕ ਨੇ ਸਭਨਾਂ ਨਿਬੰਧਾਂ ਵਿਚ ਰਿਗਵੇਦ, ਸਿਮ੍ਰਤੀਆਂ, ਉਪਨਿਸ਼ਦਾਂ, ਗੁਰਬਾਣੀ, ਨਾਥਾਂ ਜੋਗੀਆਂ ਦੀਆਂ ਰਚਨਾਵਾਂ, ਸੂਫੀ ਕਾਵਿ, ਕਿੱਸਾ ਕਾਵਿ ਅਤੇ ਆਧੁਨਿਕ ਕਵੀਆਂ ਜਾਂ ਹੋਰ ਚਿੰਤਕਾਂ ਦੇ ਮੌਲਿਕ ਵਿਚਾਰਾਂ ਨੂੰ ਥਾਂ ਪੁਰ ਥਾਂ ਹਵਾਲੇ ਵਜੋਂ ਦਿੱਤਾ ਹੈ। ਇਹ ਸਾਰੇ ਹਵਾਲੇ ਪੰਜਾਬੀ ਦਰਸ਼ਨ ਦੇ ਹਜ਼ਾਰਾਂ ਸਾਲਾਂ ਦੇ ਵਿਕਾਸ ਕ੍ਰਮ ਨੂੰ ਤਾਂ ਪ੍ਰਗਟ ਕਰਦੇ ਹੀ ਹਨ, ਸਮੇਂ-ਸਮੇਂ ਚਿੰਤਨ ਦੇ ਵਿਕਾਸ ਵਿਚ ਅਤੇ ਇਸ ਦੇ ਨਿਘਾਰ ਵਿਚ ਆਈਆਂ ਅਤੇ ਵਾਪਰੀਆਂ ਸਥਿਤੀਆਂ ਅਤੇ ਪ੍ਰਸਥਿਤੀਆਂ ਦਾ ਪ੍ਰਗਟਾਵਾ ਵੀ ਹਨ। ਨਿਰਸੰਦੇਹ, ਇਹ ਪੁਸਤਕ ਪੰਜਾਬੀਆਂ ਦੇ ਦਰਸ਼ਨ ਬੋਧ ਦਾ ਹੀ ਪ੍ਰਗਟਾਵਾ ਨਹੀਂ ਸਗੋਂ ਵਿਸ਼ਵ ਪੱਧਰ ਦੇ ਚਿੰਤਨ ਦਾ ਪ੍ਰਗਟਾਵਾ ਵੀ ਬਣਦੀ ਪ੍ਰਤੀਤ ਹੋਈ ਹੈ।

ਡਾ. ਜਗੀਰ ਸਿੰਘ ਨੂਰ
ਮੋ: 98142-09732

ਏਕਾਦਸੀ ਮਹਾਤਮ
ਸੰਪਾਦਕ : ਡਾ. ਤਰਲੋਚਨ ਸਿੰਘ ਬੇਦੀ
ਪ੍ਰਕਾਸ਼ਕ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 112
ਸੰਪਰਕ : 98159-27906.

ਡਾ. ਤਰਲੋਚਨ ਸਿੰਘ ਬੇਦੀ ਪੰਜਾਬੀ ਸਾਹਿਤ ਦੇ ਮੁਢਲੇ ਪ੍ਰੋਫ਼ੈਸਰਾਂ ਅਤੇ ਨਿਸ਼ਠਾਵਾਨ ਖੋਜੀਆਂ ਵਜੋਂ ਵਿਖਿਅਤ ਹੈ। ਉਸ ਨੇ ਅਠਾਰ੍ਹਵੀਂ ਸਦੀ ਦੇ ਪਹਿਲੇ ਅੱਧ (1701-1750 ਈ.) ਦੌਰਾਨ ਰਚੀ ਗਈ ਵਾਰਤਕ ਬਾਰੇ ਖੋਜ ਕਰਦਿਆਂ ਕਈ ਦੁਰਲੱਭ ਪੋਥੀਆਂ ਦੀ ਤਲਾਸ਼ ਕੀਤੀ ਅਤੇ ਬਹੁਤ ਸਾਰੇ ਮੁੱਲਵਾਨ ਸਿੱਟੇ ਵੀ ਕੱਢੇ। ਉਸ ਤੋਂ ਪਹਿਲਾਂ ਪੰਜਾਬੀ ਦੇ ਬਹੁਤੇ ਵਿਦਵਾਨਾਂ ਦਾ ਵਿਚਾਰ ਸੀ ਕਿ ਪੰਜਾਬੀ ਵਾਰਤਕ ਦਾ ਆਰੰਭ ਸਤਾਰ੍ਹਵੀਂ ਸਦੀ ਵਿਚ ਜਨਮਸਾਖੀ ਪਰੰਪਰਾ ਦੁਆਰਾ ਹੁੰਦਾ ਹੈ ਪ੍ਰੰਤੂ ਡਾ. ਬੇਦੀ ਨੇ 'ਏਕਾਦਸੀ ਮਹਾਤਮ' ਦਾ ਸੰਪਾਦਨ ਕਰਦਿਆਂ ਹੋਇਆਂ ਅੱਖਰਕਾਰੀ, ਸ਼ਬਦ-ਜੋੜਾਂ ਅਤੇ ਕੁਝ ਹੋਰ ਪ੍ਰਮਾਣਾਂ ਦੁਆਰਾ ਇਹ ਸਿੱਧ ਕਰ ਦਿੱਤਾ ਹੈ ਕਿ ਪੰਜਾਬੀ ਵਾਰਤਕ ਤੇਰ੍ਹਵੀਂ ਸਦੀ ਵਿਚ ਵੀ ਕਾਫ਼ੀ ਪਰਿਪੱਕ ਹੋ ਗਈ ਸੀ ਅਤੇ ਸੰਭਵ ਹੈ ਕਿ ਇਹ ਗਿਆਰ੍ਹਵੀਂ-ਬਾਰ੍ਹਵੀਂ ਸਦੀ ਵਿਚ ਰਚੀ ਜਾਣੀ ਸ਼ੁਰੂ ਹੋ ਗਈ ਹੋਵੇ।
ਏਕਾਦਸੀ (ਗਿਆਰ੍ਹਵੀਂ=10+1) ਭਾਰਤੀ ਕੈਲੰਡਰ ਦੇ ਚੰਦਰਮੀ ਮਹੀਨਿਆਂ ਵਿਚ ਦੋ-ਦੋ ਵਾਰ ਆਉਂਦੀ ਹੈ। ਅਮਾਵਸ ਉਪਰੰਤ ਆਉਣ ਵਾਲੀ ਗਿਆਰ੍ਹਵੀਂ ਤਿੱਥ ਨੂੰ ਸ਼ੁਕਲ ਪੱਖ ਅਤੇ ਪੂਰਨਿਮਾ ਉਪਰੰਤ ਆਉਣ ਵਾਲੇ ਗਿਆਰ੍ਹਵੇਂ ਦਿਨ ਨੂੰ ਕ੍ਰਿਸ਼ਨ ਪੱਖ ਦਾ ਨਾਂਅ ਦਿੱਤਾ ਜਾਂਦਾ ਹੈ। ਇਸ ਦਿਨ, ਆਪਣੇ ਮਨ-ਬਚਨਾਂ-ਕਰਮਾਂ ਨੂੰ ਪਵਿੱਤਰ ਬਣਾਉਣ ਲਈ ਬ੍ਰਤ (ਵਰਤ) ਰੱਖੇ ਜਾਂਦੇ ਹਨ। 'ਬ੍ਰਤ' ਦਾ ਅਰਥ ਹੈ : ਨਿਗ੍ਰਹਿ, ਰੋਕ, ਸੰਜਮ ਜਾਂ ਵਰਜਨਾ। ਏਕਾਦਸ਼ੀ-ਬ੍ਰਤ ਦੇ ਦਿਨ ਭਾਰਤੀ ਲੋਕ ਖਾਣ-ਪਾਨ ਅਤੇ ਵਿਸ਼ੈ-ਵਿਕਾਰਾਂ ਉੱਪਰ ਪਾਬੰਦੀ ਲਗਾਉਂਦੇ ਸਨ ਅਤੇ ਇਸ ਪਾਬੰਦੀ ਦਾ ਉਨ੍ਹਾਂ ਨੂੰ ਚੰਗਾ ਫਲ ਵੀ ਪ੍ਰਾਪਤ ਹੁੰਦਾ ਸੀ। ਦੁਨੀਆ ਦੇ ਬਹੁਤ ਸਾਰੇ ਧਰਮਾਂ ਵਿਚ ਬ੍ਰਤ-ਪਰੰਪਰਾ ਮੌਜੂਦ ਹੈ।
ਇਸ ਪੁਸਤਕ ਦੀਆਂ ਵਿਭਿੰਨ ਕਥਾਵਾਂ ਵਿਚ ਏਕਾਦਸ਼ੀ-ਬ੍ਰਤ ਦੇ ਮਹਾਤਮ ਦਾ ਨਿਰੂਪਣ ਹੋਇਆ ਹੈ। 'ਏਕਾਦਸੀ ਮਹਾਤਮ' ਦੀ ਮੂਲ ਟੈਕਸਟ (ਸੁਲੇਖਕਾਰ ਨਿਰਮਲਪ੍ਰੀਤ ਸਿੰਘ) ਵੀ ਪ੍ਰਕਾਸ਼ਿਤ ਕੀਤੀ ਗਈ ਹੈ, ਜੋ ਅੱਖਰਕਾਰੀ (ਆਰਥੋਗ੍ਰਾਫ਼ੀ) ਅਤੇ ਪੁਰਾਤਨ ਸ਼ਬਦ-ਜੋੜਾਂ ਦੇ ਕਾਰਨ ਪਾਠਕਾਂ ਦਾ ਧਿਆਨ ਖਿੱਚਦੀ ਹੈ। ਇਸ ਪੁਸਤਕ ਦੀ ਸੰਪਾਦਨਾ ਦੁਆਰਾ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਪਏ ਕਈ ਖੱਪੇ ਪੂਰੇ ਜਾਂਦੇ ਹਨ। ਮੈਂ ਡਾ. ਬੇਦੀ ਅਤੇ ਪੰਜਾਬੀ ਸਾਹਿਤ ਅਕਾਦਮੀ ਦੇ ਸੰਚਾਲਕਾਂ ਦਾ ਧੰਨਵਾਦ ਕਰਦਾ ਹਾਂ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਗਿਆਰਾਂ ਵਿਸ਼ਵ ਪ੍ਰਸਿੱਧ ਕਹਾਣੀਆਂ
ਅਨੁਵਾਦ : ਇੰਦਰਜੀਤ ਪਾਲ ਕੌਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 133
ਸੰਪਰਕ : 99152-92229.


ਹਥਲੀ ਪੁਸਤਕ ਵਿਚ ਇੰਦਰਜੀਤ ਪਾਲ ਕੌਰ ਨੇ ਵਿਸ਼ਵ ਦੀਆਂ ਪ੍ਰਸਿੱਧ ਗਿਆਰਾਂ ਕਹਾਣੀਆਂ ਦਾ ਸਰਲ ਪੰਜਾਬੀ ਵਿਚ ਅਨੁਵਾਦ ਕੀਤਾ ਹੈ। ਇਨ੍ਹਾਂ ਕਹਾਣੀਆਂ ਦੇ ਗਹਿਨ ਅਧਿਐਨ ਨਾਲ ਇਹ ਸਚਾਈ ਸਪੱਸ਼ਟ ਹੁੰਦੀ ਹੈ ਕਿ ਮਨੁੱਖੀ ਹੋਂਦ ਸਾਰੇ ਸੰਸਾਰ ਵਿਚ ਇਕੋ ਕੱਖਾਂ ਕਾਨਿਆਂ ਦੀ ਬਣੀ ਹੋਈ ਹੈ। ਬਸ ਸਥਿਤੀ ਅਨੁਸਾਰ ਥੋੜ੍ਹਾ-ਬਹੁਤਾ ਅੰਤਰ ਹੋ ਸਕਦਾ ਹੈ। ਕਹਾਣੀ 'ਡਾਰਲਿੰਗ' (ਐਤੰਨ ਚੈਖੋਵ) ਦੀ ਤਥਾਤਮਿਕਤਾ 'ਤਾਰਾਂ ਦੇ ਯੁੱਗ' ਦੀ ਹੈ। ਨਾਇਕਾ ਬੁੱਢੀ ਹੋਣ ਤੱਕ ਵੱਖ-ਵੱਖ ਬੰਦਿਆਂ ਦੇ ਸੰਪਰਕ ਵਿਚ ਜੀਵਨ ਬਤੀਤ ਕਰਦੀ ਹੈ। ਪਿਆਰਿਆਂ ਦੀਆਂ ਮੌਤਾਂ ਵੀ ਨੇ, ਬੱਚੇ ਦਾ ਮੋਹ ਵੀ ਹੈ।
ਨਾਇਕਾ ਦੀਆਂ ਸਹੇਲੀਆਂ ਉਸ ਨੂੰ ਹਮੇਸ਼ਾ 'ਡਾਰਲਿੰਗ' ਕਹਿੰਦੀਆਂ ਹਨ। 'ਰਹੱਸਮਈ ਹਵੇਲੀ' (ਹੋਨੋਰ ਡਿ ਬਾਲਜ਼ਾਕ) ਕਹਾਣੀ ਵਿਚ ਨਾਇਕਾ ਨੇ ਅਲਮਾਰੀ ਵਿਚ ਕੁਝ ਛੁਪਾਇਆ ਹੋਇਆ ਸੀ। ਇਸ ਰਹੱਸ ਨੂੰ ਸੰਭਾਲਣ ਅਤੇ ਨੰਗਾ ਕਰਨ ਲਈ ਦੋਵਾਂ (ਪਤੀ ਤੇ ਪਤਨੀ) ਨੂੰ ਉਸਾਰੀ ਦਾ ਕੰਮ ਕਰਨ ਵਾਲੇ ਮਿਸਤਰੀ ਅਤੇ ਉਸ ਦੀ ਪਤਨੀ ਨੂੰ ਰਿਸ਼ਵਤ ਦੇਣੀ ਪਈ। ਪਤਨੀ ਨੇ ਸਲੀਬ ਦੀ ਸਹੁੰ ਖਾ ਕੇ ਆਖਿਆ ਸੀ ਕਿ ਅਲਮਾਰੀ ਵਿਚ ਕੁਝ ਵੀ ਨਹੀਂ ਹੈ। 'ਰੋਟੀ ਤੇ ਸ਼ੈਤਾਨ ਦਾ ਬੱਚਾ' (ਲਿਉ ਟਾਲਸਟਾਇ) ਸ਼ੈਤਾਨ ਦੇ ਆਖੇ ਮਿਹਨਤੀ ਤੇ ਦ੍ਰਿੜ੍ਹ ਇਰਾਦੇ ਵਾਲਾ ਕਿਸਾਨ ਅਨਾਜ ਦੀ ਬਹੁਤੀ ਪੈਦਾਵਾਰ ਹੋਣ ਕਾਰਨ ਆਪੇ ਤੋਂ ਉੱਖੜ ਕੇ ਸ਼ਰਾਬੀ ਰਹਿਣ ਲੱਗ ਪਿਆ ਸੀ। ਸਿੱਖਿਆ ਹੈ 'ਇਕਸੈਸ ਆਫ ਐਵਰੀਥਿੰਗ ਇਜ਼ ਬੈਡ'। 'ਛੇ ਸਾਲਾਂ ਦੇ ਬਾਅਦ' (ਕੈਥਰੀਨ ਮੇਨਸਫੀਲਡ) ਕਹਾਣੀ ਵਿਚ ਦੋ ਦੋਸਤਾਂ ਦੀਆਂ ਬੀਤੇ ਸਮੇਂ ਦੀਆਂ (6 ਸਾਲਾਂ) ਦੀਆਂ ਯਾਦਾਂ ਦਾ ਬਿਰਤਾਂਤ ਹੈ। ਇਕੱਲਤਾ ਦਾ ਅਹਿਸਾਸ ਹੈ। 'ਮਿਸਟਰ ਗ੍ਰੀਨ ਨੂੰ ਲੱਭਦਿਆਂ' (ਸਾਲ ਬੇਲੋ) ਨਾਇਕ ਜਾਰਜ ਗ੍ਰੇਬ ਰਾਹਤ ਵੰਡਣ ਦੇ ਬਹਾਨੇ ਬਾਗੀਆਂ ਦੇ ਗੁਪਤਚਰ ਰੂਪ ਵਿਚ ਉਨ੍ਹਾਂ ਨੂੰ ਮਿਲਣ ਦੀ ਦਾਸਤਾਂ ਹੈ। 'ਤਾਬੂਤਬਾਜ਼' (ਅਲੈਗਜ਼ੈਂਡਰ ਪੁਸ਼ਕਿਨ) ਦੀ ਕਥਾ ਵਿਚ ਸੁਪਨ ਤਕਨੀਕ ਰਾਹੀਂ ਪਰਾਸਰੀਰਕ ਅੰਸ਼ ਪ੍ਰਸਤੁਤ ਕੀਤਾ ਗਿਆ ਹੈ। 'ਦੋ ਆਸਥਾਵਾਂ' (ਅੰਮ੍ਰਿਤ ਲਾਲ ਨਾਗਰ) ਕਹਾਣੀ ਵਿਚ ਆਸਤਿਕ ਅਤੇ ਨਾਸਤਿਕ/ਪੁਰਾਣੀ ਪੀੜ੍ਹੀ ਤੇ ਨਵੀਂ ਪੀੜ੍ਹੀ ਦਰਮਿਆਨ ਟਕਰਾਅ ਹੈ। 'ਕੋਸੀ ਦਾ ਘਰਾਟੀਆ' (ਸ਼ੇਖਰ ਜੋਸ਼ੀ) ਸੇਵਾ-ਮੁਕਤ ਫ਼ੌਜੀ, ਨਾਇਕਾ 'ਲਛਮਾ' ਨੂੰ ਪ੍ਰਾਪਤ ਕਰਨ ਵਿਚ ਅਸਫਲ ਰਹਿਣ ਕਾਰਨ 'ਇਕੱਲਤਾ' ਦਾ ਸ਼ਿਕਾਰ ਹੈ।
'ਪੁਨਰਜਨਮ' (ਪਰਲ ਐਸ ਬੱਕ) ਦਾ ਨਾਇਕ ਵੀ ਇਕੱਲਤਾ ਦਾ ਸ਼ਿਕਾਰ ਹੈ। ਕਹਾਣੀ ਦੇ ਅੰਤ 'ਤੇ ਇਕੱਲਤਾ ਖ਼ਤਮ ਹੋਣ ਦੀ ਸੰਭਾਵਨਾ ਹੈ। 'ਵਾਪਸੀ' (ਊਸ਼ਾ ਪ੍ਰੀਅੰਵਦਾ) ਕਥਾ ਵਿਚ ਸੇਵਾ-ਮੁਕਤ ਵਿਅਕਤੀ ਨੂੰ ਘਰ ਆਉਣ 'ਤੇ ਪਰਿਵਾਰ ਤੋਂ ਦੁਰਵਿਹਾਰ ਮਿਲਦਾ ਹੈ। ਜਿਸ ਘਰ ਲਈ ਨੌਕਰੀ ਸਮੇਂ ਤਰਸੇਵਾਂ ਸੀ। ਵਾਪਸ ਕੰਮ ਲੱਭ ਕੇ ਚਲਿਆ ਜਾਂਦਾ ਹੈ। 'ਉਸ ਦੀ ਇੱਛਾ' (ਓ. ਹੈਨਰੀ) ਵਿਹਲੜ ਜੇਲ੍ਹ ਜੀਵਨ ਨੂੰ ਚੰਗਾ ਮੰਨਦਾ ਹੈ। ਕਥਾ ਦੇ ਅੰਤ 'ਤੇ ਕੰਮ ਕਰਨ ਬਾਰੇ ਸੋਚਦਾ ਹੈ ਪਰ ਹੋਣੀ ਤਿੰਨ ਮਹੀਨੇ ਲਈ ਜੇਲ੍ਹ ਭੇਜ ਦਿੰਦੀ ਹੈ। ਸਵੈ ਸਿੱਧ ਹੈ ਕਿ ਜ਼ਿਆਦਾ ਕਹਾਣੀਆਂ ਦੇ ਨਾਇਕ ਇਕੱਲਤਾ ਦੇ ਸ਼ਿਕਾਰ ਹਨ।

ਡਾ. ਧਰਮ ਚੰਦ ਵਾਤਿਸ਼
vatish.dharamchand@gmail.com

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ
ਲੇਖਕ : ਸੰਤੋਖ ਸਿੰਘ ਜੱਸੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 70876-19800.

ਵਿਸ਼ਵ ਦੀ ਅਜ਼ੀਮ ਸ਼ਖ਼ਸੀਅਤ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ, ਸੰਘਰਸ਼ ਅਤੇ ਉਪਲਬਧੀਆਂ' ਦੇ ਸਬੰਧ ਵਿਚ ਬਹੁਤ ਵੱਡੀ ਗਿਣਤੀ ਵਿਚ ਪੁਸਤਕਾਂ ਦਾ ਸਿਰਜਣ ਕੀਤਾ ਗਿਆ ਹੈ। ਨੌਜਵਾਨ ਲੇਖਕ ਸੰਤੋਖ ਸਿੰਘ ਜੱਸੀ ਵਲੋਂ ਲਿਖੀ 'ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਯੂ.ਐਨ.ਓ. ਤੱਕ...।' ਇਸੇ ਲੜੀ ਵਿਚ ਇਕ ਸ਼ਲਾਘਾਯੋਗ ਉੱਦਮ ਹੈ। ਡਾ. ਅੰਬੇਡਕਰ ਦੇ ਜੀਵਨ ਦਰਸ਼ਨ ਅਤੇ ਸਮਾਜ ਨੂੰ ਵਡਮੁੱਲੀ ਦੇਣ ਤੋਂ ਪ੍ਰਭਾਵਿਤ ਹੋ ਕੇ ਲੇਖਕ ਨੇ ਅਲੱਗ-ਅਲੱਗ ਲੇਖਾਂ ਵਿਚ ਆਜ਼ਾਦ ਭਾਰਤ ਦੇ ਸੰਵਿਧਾਨ ਨਿਮਰਾਤਾ ਡਾ. ਅੰਬੇਡਕਰ ਦੇ ਸੰਪੂਰਨ ਜੀਵਨ, ਵਿਅਕਤੀਤਵ ਅਤੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ। ਇਨ੍ਹਾਂ ਵਿਚ ਡਾ. ਅੰਬੇਡਕਰ ਦੇ ਸਾਧਾਰਨ ਪੱਧਰ ਤੋਂ ਉੱਠ ਕੇ ਉੱਚ ਸਿੱਖਿਆ ਪ੍ਰਾਪਤ ਕਰਨੀ, ਭਾਰਤੀ ਹੀ ਨਹੀਂ ਸਮੁੱਚੇ ਵਿਸ਼ਵ ਸਮਾਜ ਦਾ ਅਧਿਐਨ, ਚਿੰਤਨ, ਮਨਨ ਕਰਨਾ ਤੇ ਆਪਣੀ ਵਿਲੱਖਣ ਪ੍ਰਤਿਭਾ ਦੇ ਸਿਰ 'ਤੇ ਵਿਸ਼ਵ ਭਾਈਚਾਰੇ ਵਿਚ ਆਪਣੀ ਜ਼ਿਕਰਯੋਗ ਪਛਾਣ ਸਥਾਪਤ ਕਰਨੀ ਤੇ ਯੂ.ਐਨ.ਓ. ਵਰਗੀ ਵਿਸ਼ਵ ਪੱਧਰੀ ਸਰਬਉੱਚ ਸੰਸਥਾ ਵਿਚ ਆਪਣੀ ਉਪਸਥਿਤੀ ਦਰਜ ਕਰਾਉਣੀ ਬਹੁਤ ਹੀ ਮਾਣਮੱਤੀ ਉਪਲਬਧੀ ਹੈ, ਜਿਸ ਕਾਰਨ ਡਾ. ਅੰਬੇਡਕਰ ਨਾ ਸਿਰਫ ਦਲਿਤ ਸਮਾਜ, ਸਗੋਂ ਸਮੁੱਚੇ ਭਾਰਤੀ ਸਮਾਜ ਅਤੇ ਸੰਸਾਰ ਦੇ ਵੀ ਮਾਰਗ ਦਰਸ਼ਕ, ਵਿਚਾਰਧਾਰਕ ਤੌਰ 'ਤੇ ਮਹਾਨ ਚਿੰਤਕ ਬਣੇ ਹਨ।
ਲੇਖਕ ਨੇ ਡਾ. ਅੰਬੇਡਕਰ ਦੇ ਜੀਵਨ ਦੇ ਲਗਭਗ ਹਰੇਕ ਪਹਿਲੂ ਨੂੰ ਚੇਤੇ ਕਰਦਿਆਂ ਉਨ੍ਹਾਂ ਦਾ ਮਨੁੱਖੀ ਵੇਦਨਾ ਵਾਲਾ ਸਰੂਪ, ਦੇਸ਼ ਦੇ ਨਿਰਮਾਤਾ, ਔਰਤਾਂ ਦੇ ਹੱਕ ਵਿਚ ਲੜਨ ਤੇ ਖੜ੍ਹਨ ਵਾਲੇ, ਦਲਿਤ ਸਮਾਜ ਦੀ ਸ਼ਕਤੀ ਬਣੇ ਡਾ. ਅੰਬੇਡਕਰ ਵਲੋਂ ਜਲੰਧਰ, ਲੁਧਿਆਣਾ, ਫਿਲੌਰ, ਪਟਿਆਲਾ, ਅੰਮ੍ਰਿਤਸਰ ਆਦਿ ਥਾਵਾਂ 'ਤੇ ਦਿੱਤੇ ਭਾਸ਼ਨਾਂ ਦੇ ਅੰਸ਼ਾਂ ਆਦਿ ਨੂੰ ਦਰਜ ਕੀਤਾ ਹੈ। ਲੇਖਕ ਨੇ ਡਾ. ਅੰਬੇਡਕਰ ਦੀ ਵਿਚਾਰਧਾਰਾ ਤੇ ਭਰਮਾਉ ਹਮਲਿਆਂ ਅਤੇ ਉਨ੍ਹਾਂ ਦੇ ਜੀਵਨ ਦੀਆਂ ਪ੍ਰਮੁੱਖ ਘਟਨਾਵਾਂ ਨੂੰ ਵੀ ਤਰਤੀਬਵਾਰ ਪੇਸ਼ ਕੀਤਾ ਹੈ। ਲੇਖਕ ਵਲੋਂ ਡਾ. ਅੰਬੇਡਕਰ ਦੀ ਮਹਾਨ ਸ਼ਖ਼ਸੀਅਤ ਨੂੰ ਸਾਹਿਤ ਵਿਚ ਮਿਲੇ ਮਾਣ-ਸਨਮਾਨ ਅਤੇ ਉਚੇਰੇ ਤੌਰ 'ਤੇ ਪੰਜਾਬੀ ਦਲਿਤਾਂ ਨੂੰ ਦੇਣ ਬਾਰੇ ਵੀ ਚਾਨਣਾ ਪਾਇਆ ਹੈ। ਪੁਸਤਕ ਸਰਲ ਭਾਸ਼ਾ ਵਿਚ ਰੌਚਕ ਢੰਗ ਨਾਲ ਪੜਾਅ-ਦਰ-ਪੜਾਅ ਡਾ. ਅੰਬੇਡਕਰ ਦੀ ਸਮੁੱਚੀ ਸ਼ਖ਼ਸੀਅਤ 'ਤੇ ਚਾਨਣਾ ਪਾਉਂਦੀ ਜਾਂਦੀ ਹੈ। ਪੁਸਤਕ ਜਿਥੇ ਆਮ ਪਾਠਕ ਦੇ ਗਿਆਨ ਵਿਚ (ਡਾ. ਅੰਬੇਡਕਰ ਦੇ ਸਬੰਧ ਵਿਚ) ਢੇਰ ਸਾਰਾ ਵਾਧਾ ਕਰਦੀ ਹੈ, ਉਥੇ ਉਸ ਨੂੰ ਡਾ. ਅੰਬੇਡਕਰ ਦੀ ਵਿਚਾਰਧਾਰਾ, ਸਿੱਖਿਆਵਾਂ ਅਤੇ ਜੀਵਨ ਆਦਰਸ਼ਾਂ ਨੂੰ ਅਪਣਾਉਣ ਲਈ ਪ੍ਰੇਰਿਤ ਵੀ ਕਰਦੀ ਹੈ, ਜਿਸ 'ਤੇ ਚੱਲ ਕੇ ਆਪਣੇ ਨਿੱਜੀ ਜੀਵਨ, ਪਰਿਵਾਰ, ਸਮਾਜ ਅਤੇ ਦੇਸ਼ ਦਾ ਸਹੀ ਦਿਸ਼ਾ ਵਿਚ, ਸਹੀ ਢੰਗ ਨਾਲ, ਸਹੀ ਵਿਕਾਸ ਕਰਨਾ ਸੰਭਵ ਹੋ ਸਕੇਗਾ। ਲੇਖਕ ਸੰਤੋਖ ਸਿੰਘ ਜੱਸੀ ਇਸ ਉੱਦਮ ਲਈ ਵਧਾਈ ਦਾ ਹੱਕਦਾਰ ਹੈ।

ਡਾ. ਧਰਮ ਪਾਲ ਸਾਹਿਲ
ਮੋ: 98761-56964

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮਕਾਲੀ ਸਿੱਖ
ਲੇਖਕ : ਡਾ. ਰਾਜਵਿੰਦਰ ਸਿੰਘ 'ਜੋਗਾ'
ਪ੍ਰਕਾਸ਼ਕ : ਸਿੱਖ ਇਤਿਹਾਸ ਰੀਸਰਚ ਬੋਰਡ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
ਮੁੱਲ : 75 ਰੁਪਏ, ਸਫ਼ੇ : 191

ਇਹ ਪੁਸਤਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਨੌਵੇਂ ਪਾਤਸ਼ਾਹ ਜੀ ਨੇ ਧਰਮ ਦੀ ਆਜ਼ਾਦੀ, ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਇਨਸਾਨੀਅਤ ਦੇ ਪਿਆਰ ਲਈ ਲਾਸਾਨੀ ਸ਼ਹਾਦਤ ਦਿੱਤੀ। ਇਹ ਪੁਸਤਕ ਇਕ ਖੋਜ ਕਾਰਜ ਹੈ, ਜਿਸ ਵਿਚ ਮਹਾਰਾਜ ਜੀ ਦੇ ਪ੍ਰਮੁੱਖ ਸਿੱਖਾਂ, ਸ਼ਰਧਾਲੂਆਂ ਅਤੇ ਸਨੇਹੀਆਂ ਦੇ ਸੰਖੇਪ ਜੀਵਨ ਬਿਰਤਾਂਤ ਦਿੱਤੇ ਗਏ ਹਨ। ਪੁਸਤਕ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ ਸਿੱਖ ਇਤਿਹਾਸ ਸ੍ਰੋਤ-ਗ੍ਰੰਥਾਂ ਵਿਚੋਂ ਨੌਵੇਂ ਪਾਤਸ਼ਾਹ ਜੀ ਦੇ ਸਿੱਖਾਂ ਅਤੇ ਸਨੇਹੀਆਂ ਬਾਬਤ, ਪਰਿਵਾਰਕ ਹਸਤੀਆਂ ਬਾਬਤ ਜਾਣਕਾਰੀ ਦਿੱਤੀ ਗਈ ਹੈ। ਦੂਜੇ ਭਾਗ ਵਿਚ ਪਹਿਲੇ ਪਾਤਸ਼ਾਹ ਜੀ ਤੋਂ ਨੌਵੇਂ ਪਾਤਸ਼ਾਹ ਜੀ ਤੱਕ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਬਾਰੇ ਸੰਖੇਪ ਵਿਚ ਦੱਸਿਆ ਗਿਆ ਹੈ। ਤੀਜੇ ਭਾਗ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮਕਾਲੀ ਸਿੱਖਾਂ ਦੇ ਸੰਖੇਪ ਜੀਵਨ ਸਮਾਚਾਰ ਦਰਜ ਹਨ। ਇਹ ਸਿੱਖ ਵੱਖ-ਵੱਖ ਇਲਾਕਿਆਂ, ਜਾਤਾਂ ਅਤੇ ਧਰਮਾਂ ਨਾਲ ਸਬੰਧ ਰੱਖਦੇ ਸਨ। ਇਨ੍ਹਾਂ ਵਿਚ ਬੀਬੀਆਂ ਵੀ ਸ਼ਾਮਿਲ ਸਨ। ਨੌਵੇਂ ਪਾਤਸ਼ਾਹ ਜੀ ਦੇ ਸਮੇਂ ਸਿੱਖ ਧਰਮ ਦੇ ਪ੍ਰਚਾਰ ਕਾਰਜ ਸਿਖਰ 'ਤੇ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉੱਤਰੀ ਅਤੇ ਪੂਰਬੀ ਭਾਰਤ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਜਾ ਕੇ ਲੋਕਾਂ ਨੂੰ ਸੱਚ ਦੇ ਮਾਰਗ ਵੱਲ ਤੋਰਿਆ। ਪਟਨਾ ਨਿਵਾਸੀ ਸੇਠ ਜੈਤਾ ਜੀ, ਕਸ਼ਮੀਰ ਨਿਵਾਸੀ ਪੰਡਿਤ ਕਿਰਪਾ ਰਾਮ ਜੀ, ਜਿਹਲਮ ਨਿਵਾਸੀ ਚਉਪਤ ਰਾਇ ਜੀ, ਰਾਜਾ ਜੈ ਸਿੰਘ, ਸੈਫ਼ ਖ਼ਾਨ, ਦਰੋਗਾ ਅਬਦੁੱਲਾ, ਭਾਈ ਲੱਖੀ ਸ਼ਾਹ ਵਣਜਾਰਾ, ਭਾਈ ਮੱਖਣ ਸ਼ਾਹ ਲੁਬਾਣਾ, ਰਾਜਾ ਫਤੇ ਚੰਦ ਮੈਨੀ, ਮੀਹਾਂ ਸਾਹਿਬ, ਮਲੂਕ ਦਾਸ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਰਾਣੀ ਪੁਸ਼ਪਾ ਦੇਵੀ, ਚੰਪਾ ਰਾਣੀ, ਭਾਈ ਜੈਤਾ ਜੀ ਵਰਗੇ ਮਹਾਨ ਸਿੱਖਾਂ ਸ਼ਰਧਾਲੂਆਂ ਦੀ ਜਾਣਕਾਰੀ ਵਡਮੁੱਲੀ ਹੈ। ਇਸ ਪੁਸਤਕ ਦਾ ਭਰਪੂਰ ਸਵਾਗਤ ਹੈ।

ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367

ਇਕ ਹੋਰ ਮਹਾਂਭਾਰਤ
ਕਵੀ : ਮੋਹਨ ਗਿੱਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 80+48
ਸੰਪਰਕ : 95011-45039.

ਮੋਹਨ ਗਿੱਲ ਡੇਹਲੋਂ (ਪੰਜਾਬ) ਦਾ ਕੈਨੇਡਾ ਰਹਿੰਦਾ ਇਕ ਪਰਵਾਸੀ ਲੇਖਕ ਹੈ, ਜਿਸ ਦੀਆਂ ਹੁਣ ਤੱਕ 13 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਨ੍ਹਾਂ ਵਿਚ ਚਾਰ ਕਾਵਿ ਸੰਗ੍ਰਹਿ, ਦੋ ਸੰਪਾਦਿਤ ਕਾਵਿ ਸੰਗ੍ਰਹਿ, ਤਿੰਨ ਵਿਅੰਗ ਸੰਗ੍ਰਹਿ ਅਤੇ ਇਕ-ਇਕ ਹਾਇਕੂ, ਲੇਖ, ਵਾਰਤਕ ਤੇ ਸੰਪਾਦਿਤ ਆਲੋਚਨਾਤਮਕ ਪੁਸਤਕਾਂ ਸ਼ਾਮਿਲ ਹਨ।
ਰੀਵਿਊ ਅਧੀਨ ਕਾਵਿ ਸੰਗ੍ਰਹਿ 'ਇਕ ਹੋਰ ਮਹਾਂਭਾਰਤ' ਵਿਚ ਕਵੀ ਮੋਹਨ ਗਿੱਲ ਕਿਸਾਨੀ ਅੰਦੋਲਨ ਨੂੰ ਦੂਜੇ ਮਹਾਂਭਾਰਤ ਦਾ ਨਾਂਅ ਦਿੰਦਾ ਹੈ। ਉਸ ਦਾ ਵਿਚਾਰ ਹੈ ਕਿ ਅੱਜ ਦਾ ਧ੍ਰਿਤਰਾਸ਼ਟਰ ਇਕ ਵਾਰ ਫਿਰ ਮੋਹ-ਵੱਸ/ਲਾਲਚਵੱਸ ਦੁਰਯੋਧਨ ਦਾ ਪ੍ਰਭਾਵ ਕਬੂਲ ਕਰਕੇ ਕਿਸਾਨਾਂ ਦੀ ਖਾਂਡਵਪ੍ਰਸਤ ਨੂੰ ਖੋਹਣ ਦੇ ਚੱਕਰ ਵਿਚ ਹੈ। ਇਹ ਲੜਾਈ ਸੱਚ ਦੀ ਹੈ, ਹੋਂਦ ਦੀ ਹੈ ਤੇ ਸਭ ਤੋਂ ਵੱਧ ਆਪਣੀ ਵਿਰਾਸਤ ਨੂੰ ਬਚਾਉਣ ਦੀ ਹੈ। (ਪੰਨਾ 8)
ਇਸ ਕਾਵਿ ਸੰਗ੍ਰਹਿ ਵਿਚ ਛੋਟੀਆਂ-ਛੋਟੀਆਂ 113 ਕਵਿਤਾਵਾਂ ਹਨ, ਜਿਨ੍ਹਾਂ ਵਿਚ ਕੁਝ ਦੇ 2, 5 ਤੇ 6 ਤੱਕ ਭਾਗ ਵੀ ਹਨ। ਕਵੀ ਬੇਸ਼ੱਕ ਆਪਣੀ ਜੱਦੀ ਭੋਂ ਤੋਂ ਬਹੁਤ ਦੂਰ (ਕੈਨੇਡਾ ਵਿਚ) ਬੈਠਾ ਹੈ, ਪਰ ਉਹ ਆਪਣੀਆਂ ਸਗਲ ਸੰਭਾਵਨਾਵਾਂ ਤੇ ਭਾਵਨਾਵਾਂ ਨਾਲ ਕਿਸਾਨ-ਸੰਘਰਸ਼ ਵਿਚ ਜੁੜਿਆ ਹੋਇਆ ਹੈ:
ਦੂਰ ਬੈਠੇ ਵੀ ਅਸੀਂ ਸੰਘਰਸ਼ ਵਿਚ ਸ਼ਾਮਿਲ ਰਹੇ।
ਸਾਡੀ ਕਾਰਗੁਜ਼ਾਰੀ ਦੇ ਸਾਡੇ ਹੀ ਕੰਮ ਜ਼ਾਮਨ ਰਹੇ।
ਰਾਤੀਂ ਸੁਪਨਿਆਂ ਦਿਨੇ ਸੋਚਾਂ ਦੇ ਵਿਚ ਲੜਦੇ ਰਹੇ,
ਕਿਸਾਨ ਦਾ ਪੁੱਤ ਹੋਣ ਦਾ ਹੱਕ ਅਦਾ ਕਰਦੇ ਰਹੇ।
(ਸੰਘਰਸ਼, ਪੰਨਾ 10)
'ਜਾਗੋ' (ਪੰਨਾ 16) ਕਵਿਤਾ ਵਿਚ ਕਵੀ ਆਸ਼ਾਵਾਦੀ ਸੋਚ ਦਾ ਧਾਰਨੀ ਹੋ ਕੇ ਭਾਰਤੀ ਹਾਕਮ (ਮੋਦੀ) ਨੂੰ ਲਲਕਾਰਦਾ ਹੈ (ਜਾਗ ਮੋਦੀਆ ਜਾਗ ਬਈ ਹੁਣ ਜਾਗੋ ਆਈਆ) ਤੇ ਉਹ ਕਿਸਾਨੀ-ਅੰਦੋਲਨ ਵਿਚ ਹਿੱਸੇਦਾਰ ਪੰਜਾਬ, ਹਿੰਦੁਸਤਾਨ ਤੇ ਖ਼ੁਦ ਨੂੰ ਵੀ ਸ਼ਾਮਿਲ ਕਰਕੇ ਕਿਸਾਨਾਂ ਦੀ ਮਿਹਨਤ ਦੇ ਮੁੱਲ ਲਈ ਡਾਂਗ ਖੜਕਾਉਣ ਤੱਕ ਚਲਾ ਜਾਂਦਾ ਹੈ। ਕਵੀ ਨੇ ਕਿਸਾਨੀ-ਸੰਘਰਸ਼ 'ਚ ਸ਼ਾਮਿਲ ਸਾਰੇ ਵਰਗਾਂ (ਹਿੰਦੂ, ਮੁਸਲਮਾਨ ਤੇ ਸਿੱਖਾਂ) ਦੀ ਸਾਂਝੀਵਾਲਤਾ ਦੀ ਬਾਤ ਪਾਈ ਹੈ ਤੇ ਬਜ਼ੁਰਗਾਂ ਤੋਂ ਮੂਹਰੇ ਖੜ੍ਹਨ ਵਾਲੀਆਂ ਬੀਬੀਆਂ ਨੂੰ ਸਿਜਦਾ ਕੀਤਾ ਹੈ। ਪੁਸਤਕ ਦੇ ਆਖ਼ਰੀ 48 ਰੰਗੀਨ ਪੰਨਿਆਂ 'ਤੇ ਚਿੱਤਰਕਾਰੀ/ਤਸਵੀਰਾਂ ਸਮੇਤ ਪਹਿਲੀਆਂ ਕਵਿਤਾਵਾਂ 'ਚੋਂ ਚੋਣਵੀਆਂ 52 ਕਵਿਤਾਵਾਂ ਨੂੰ ਨਵੇਂ ਸਿਰਿਓਂ ਪ੍ਰਕਾਸ਼ਿਤ ਕਰਕੇ ਪੁਸਤਕ ਨੂੰ ਸੁਹਜਮਈ ਬਣਾਉਣ ਵਿਚ ਨਿੱਗਰ ਵਾਧਾ ਕੀਤਾ ਗਿਆ ਹੈ।

ਪ੍ਰੋ: ਨਵ ਸੰਗੀਤ ਸਿੰਘ
ਮੋ: 94176-92015

01-08-2021

 ਮੁਹੱਬਤੀ ਮਨੁੱਖ
ਲੇਖਕ : ਬਲਵਿੰਦਰ ਸਿੰਘ ਫਤਹਿਪੁਰੀ
ਪ੍ਰਕਾਸ਼ਕ : ਐਚ. ਕੇ. ਪ੍ਰਕਾਸ਼ਨ, ਦਿੱਲੀ
ਮੁੱਲ : 490 ਰੁਪਏ, ਸਫ਼ੇ 208
ਸੰਪਰਕ : 98146-19342.


'ਮੁਹੱਬਤੀ ਮਨੁੱਖ' ਤੋਂ ਪਹਿਲਾਂ ਬਲਵਿੰਦਰ ਸਿੰਘ ਫਤਹਿਪੁਰੀ ਨੇ ਚਾਰ ਵਿਧਾਵਾਂ ਵਿਚ ਕਰੀਬ ਅੱਧਾ ਸੈਂਕੜਾ ਪੁਸਤਕਾਂ ਪੰਜਾਬੀ ਸਾਹਿਤ ਨੂੰ ਪ੍ਰਦਾਨ ਕੀਤੀਆਂ ਹਨ, ਜਿਨ੍ਹਾਂ ਵਿਚ ਕਵਿਤਾ, ਨਿਬੰਧ, ਸੱਭਿਆਚਾਰ ਨਾਲ ਸਬੰਧਿਤ ਅਤੇ ਨਾਵਲ ਸ਼ਾਮਿਲ ਹਨ। ਇਸ ਤੋਂ ਇਲਾਵਾ ਉਨ੍ਹਾਂ ਹਿੰਦੀ ਵਿਚ ਵੀ ਚਾਰ ਕਿਤਾਬਾਂ ਦੀ ਰਚਨਾ ਕੀਤੀ ਹੈ।
'ਮੁਹੱਬਤੀ ਮਨੁੱਖ' ਵਿਚ 53 ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ ਹਨ ਤੇ ਇਹ ਜੀਵਨ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਮਹੱਤਵਪੂਰਨ ਵਿਅਕਤੀ ਹਨ। ਇਨ੍ਹਾਂ ਵਿਚ ਸਾਹਿਤਕਾਰ, ਵਕੀਲ, ਸਮਾਜ-ਸੇਵਕ, ਫ਼ਿਲਮਾਂ ਨਾਲ ਸਬੰਧਿਤ, ਸਿਆਸਤਦਾਨ, ਗਾਇਕ, ਕਥਾਕਾਰ, ਖਿਡਾਰੀ, ਕਿਸਾਨ ਆਗੂ, ਪੱਤਰਕਾਰ ਆਦਿ ਵੰਨਗੀ ਦੀਆਂ ਵਿਲੱਖਣ ਸ਼ਖ਼ਸੀਅਤਾਂ ਹਨ। ਜ਼ਰੂਰੀ ਨਹੀਂ ਕਿ ਇਨ੍ਹਾਂ ਸ਼ਖ਼ਸੀਅਤਾਂ ਨੂੰ ਲੇਖਕ ਨਿੱਜੀ ਤੌਰ 'ਤੇ ਮਿਲਿਆ ਹੀ ਹੋਵੇ, ਉਨ੍ਹਾਂ ਦੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਵੀ ਫਤਹਿਪੁਰੀ ਨੇ ਉਨ੍ਹਾਂ ਨੂੰ ਸਿਜਦਾ ਕੀਤਾ ਹੈ।
ਇਸ ਕਿਤਾਬ 'ਚੋਂ ਕੁਝ ਰੌਚਕ ਤੱਥ ਵੇਖਣਯੋਗ ਹਨ :
'ਲਤਾ ਨੂੰ ਕ੍ਰਿਕਟ ਦਾ ਬੜਾ ਸ਼ੌਕ ਹੈ। ਉਹ ਕ੍ਰਿਕਟ ਦੇ ਵੱਡੇ ਮੈਚ ਵੇਖ ਕੇ ਖ਼ੁਸ਼ ਹੁੰਦੀ ਹੈ।'
(ਪੰਨਾ 57)
'ਇਸ ਪਰਿਵਾਰ ਨੇ ਆਪਣੀਆਂ ਜਾਇਦਾਦਾਂ ਦੇ ਅੰਬਾਰ ਲਾਉਣ ਲਈ ਪੰਥ ਨੂੰ ਕੁਰਬਾਨ ਕਰ ਕੇ ਨਾਗਪੁਰੀ ਸੰਤਰਿਆਂ ਦੀ ਝੋਲੀ ਪਾ ਦਿੱਤਾ ਹੈ।' (ਪੰਨਾ 194)
'ਉਸ ਦੀ ਇਹ ਸੋਚ ਨਾਗਪੁਰੀ ਸੰਤਰਿਆਂ ਨੂੰ ਚੁੱਭਦੀ ਸੀ।' (ਪੰਨਾ 198)
ਉਪਰੋਕਤ ਪੰਕਤੀਆਂ ਵਿਚ 'ਨਾਗਪੁਰੀ ਸੰਤਰੇ' ਨੂੰ ਵਿਸ਼ੇਸ਼ ਅਰਥਾਂ ਵਿਚ ਵਰਤਿਆ ਗਿਆ ਹੈ ਤੇ ਸਿਰਫ਼ ਉਹੀ ਇਸ ਨੂੰ ਸਮਝ ਸਕਦਾ ਹੈ, ਜੀਹਨੂੰ ਇਹਦੇ 'ਛੁਪੇ' ਅਰਥ ਪਤਾ ਹਨ। ਇਸੇ ਤਰ੍ਹਾਂ ਗਿਆਨੀ ਸੰਤ ਸਿੰਘ ਮਸਕੀਨ ਦੀ ਕਥਾ-ਸ਼ੈਲੀ, ਵਿਦਵਤਾ, ਉੱਚੀ-ਸੁੱਚੀ ਜੀਵਨ-ਜਾਚ ਨੂੰ ਰੇਖਾਂਕਿਤ ਕਰਦਿਆਂ ਗਿਆਨੀ ਰਣਜੀਤ ਸਿੰਘ ਗੌਹਰ ਨਾਲ ਉਨ੍ਹਾਂ ਦੀ ਤੁਲਨਾ ਤੇ ਸ਼੍ਰੋਮਣੀ ਕਮੇਟੀ ਦੇ ਕਿਰਦਾਰ ਨੂੰ ਬਾਖ਼ੂਬੀ ਨੰਗਿਆ ਕੀਤਾ ਹੈ। ਪੁਸਤਕ ਵਿਚ ਦਰਜ ਲਗਭਗ ਸਾਰੀਆਂ ਹੀ ਸ਼ਖ਼ਸੀਅਤਾਂ ਨੂੰ ਵੱਖ-ਵੱਖ ਲਕਬਾਂ ਨਾਲ ਵਡਿਆਇਆ ਗਿਆ ਹੈ। ਮਸਲਨ: ਮਨੁੱਖੀ ਅਧਿਕਾਰਾਂ ਦੇ ਮਸੀਹਾ, ਇਕ ਯੋਧਾ ਵਕੀਲ, ਇਨਸਾਫ਼ ਦਾ ਪੁੰਜ, ਦੁਖਾਂਤ ਦੀ ਮਲਿਕਾ, ਬਾਗੀ ਸਿਆਸਤਦਾਨ, ਲੋਕ ਗੀਤਾਂ ਦਾ ਕੁੰਭ ਇਤਿਆਦਿ।
ਕਿਤਾਬ ਦਾ ਉਪ-ਸਿਰਲੇਖ 'ਬਾਵਨੀ-3' ਲਿਖਿਆ ਗਿਆ ਹੈ। ਜਿਸ ਦਾ ਮਤਲਬ ਹੈ ਕਿ ਇਸ ਤਰ੍ਹਾਂ ਦੀ ਇਹ ਤੀਜੀ ਕਿਤਾਬ ਹੈ, ਜਿਸ ਵਿਚ 52 ਸ਼ਖ਼ਸੀਅਤਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪਰ ਕਿਤਾਬ ਵਿਚ ਇਹ ਸ਼ਖ਼ਸੀਅਤਾਂ 52 ਦੀ ਥਾਂ 53 ਹਨ।
ਬਲਵਿੰਦਰ ਸਿੰਘ ਫਤਹਿਪੁਰੀ ਦਾ ਅਜਿਹੀ ਦਿਲਚਸਪ ਤੇ ਜਾਣਕਾਰੀ ਭਰਪੂਰ ਪੁਸਤਕ ਲਈ ਹਾਰਦਿਕ ਅਭਿਨੰਦਨ!


ਪ੍ਰੋ: ਨਵ ਸੰਗੀਤ ਸਿੰਘ
ਮੋ: 94176-92015.
c c c


ਮੈਂ ਤੇ ਉਹ
ਲੇਖਕ : ਸਿਮਰਨ ਅਕਸ
ਪ੍ਰਕਾਸ਼ਕ : ਕੈਫੇ ਵਰਲਡ (ਪੰਜਾਬ), ਜਲੰਧਰ, ਕਪੂਰਥਲਾ, ਬਠਿੰਡਾ
ਮੁੱਲ : 125 ਰੁਪਏ, ਸਫ਼ੇ : 98
ਸੰਪਰਕ : 98729-30457.


'ਮੈਂ ਤੇ ਉਹ' ਸਿਮਰਨ ਅਕਸ ਦੀ ਪਲੇਠੀ ਕਿਤਾਬ ਹੈ, ਜਿਸ ਵਿਚ ਉਸ ਨੇ ਕੁੱਲ 11 ਕਹਾਣੀਆਂ ਲਿਖੀਆਂ ਹਨ, ਜਿਨ੍ਹਾਂ ਕਹਾਣੀਆਂ ਵਿਚ ਉਸ ਨੇ ਸਮਾਜਿਕ ਜੀਵਨ ਦੇ ਬੁਨਿਆਦੀ ਮਸਲਿਆਂ ਦੀ ਗੱਲ ਕੀਤੀ ਹੈ। ਸਿਮਰਨ ਅਕਸ ਨੇ ਆਪਣੀਆਂ ਕਹਾਣੀਆਂ ਵਿਚ ਦ੍ਰਿਸ਼ ਵਰਨਣ ਵਰਗਾ ਭਾਵ ਸਿਰਜਦਿਆਂ ਕਹਾਣੀਆਂ ਦੀ ਪੇਸ਼ਕਾਰੀ ਕੀਤੀ ਹੈ ਜਿਵੇਂ ਪਹਿਲੀ ਕਹਾਣੀ 'ਮਾਈ ਮੋਹਣੀ' ਵਿਚ ਲੋਕਾਂ ਦਾ ਬਾਬਿਆਂ 'ਤੇ ਅੰਧ-ਵਿਸ਼ਵਾਸ ਦਰਸਾਇਆ ਗਿਆ ਹੈ ਕਿ ਕਾਮ ਤ੍ਰਿਪਤੀ ਲਈ ਮੋਹਣੀ ਦਾ ਸ਼ਮਿੰਦਰ ਨਾਲ ਕੀ ਰਿਸ਼ਤਾ ਹੈ। ਇਸ ਤਰ੍ਹਾਂ ਹੋਰ ਕਹਾਣੀਆਂ 'ਆਪਣਾ ਘਰ' ਤੇ 'ਭੁੱਖ' ਵਿਚ ਵੀ ਸਮਾਜਿਕ ਯਥਾਰਥ ਦੀ ਗੱਲ ਕੀਤੀ ਗਈ ਹੈ ਕਿ ਕਿਰਾਏ ਦੇ ਘਰ 'ਚ ਰਹਿਣ ਦਾ ਬਹੁਪਰਤੀ ਅਹਿਸਾਸ ਬੰਦੇ ਦੇ ਮਨ ਵਿਚੋਂ ਆਪਣਾ ਘਰ ਬਣ ਜਾਣ ਤੋਂ ਬਾਅਦ ਵੀ ਨਹੀਂ ਨਿਕਲਦਾ। 'ਮੈਂ ਤੇ ਉਹ' ਕਹਾਣੀ ਇਕ ਨਿਵੇਕਲੀ ਕਿਸਮ ਦੀ ਕਹਾਣੀ ਹੈ, ਜਿਸ ਵਿਚ ਇਕ ਔਰਤ ਦੀ ਤ੍ਰਾਸਦੀ ਨੂੰ ਬਿਆਨ ਕੀਤਾ ਗਿਆ ਹੈ ਤੇ ਇਕ ਸ਼ੱਕੀ ਤੇ ਹੰਕਾਰੀ ਪਤੀ ਦੀ ਗੱਲ ਕੀਤੀ ਗਈ ਹੈ। 'ਆਦਮ-ਬੋ' ਕਹਾਣੀ ਇਕ ਡਰਾਈਵਰ ਦੀ ਕਹਾਣੀ ਹੈ, ਜਿਸ ਵਿਚ ਜਸਨੀਤ ਨੇ ਆਪਣੇ ਨਾਲ ਵਾਪਰੀ ਘਟਨਾ ਨੂੰ ਬਿਆਨ ਕੀਤਾ ਹੈ। ਸਿਮਰਨ ਅਕਸ ਦੀਆਂ ਸਾਰੀਆਂ ਕਹਾਣੀਆਂ ਹੀ ਅੱਖਾਂ ਸਾਹਮਣੇ ਹੋਈਆਂ ਪ੍ਰਤੀਤ ਹੁੰਦੀਆਂ ਹਨ। ਉਸ ਦੀ ਕਥਾਕਾਰੀ ਦਾ ਰੰਗ ਨਿਵੇਕਲਾ ਹੈ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਕਥਾਕਾਰ ਦੀਆਂ ਸਾਰੀਆਂ ਕਹਾਣੀਆਂ ਹੀ ਸਮਕਾਲੀ ਔਰਤ-ਮਰਦ ਦੇ ਸੰਕਟਾਂ ਦੀ ਬਾਤ ਪਾਉਂਦੀਆਂ ਹਨ। ਕਹਾਣੀਕਾਰ ਨੇ ਕਹਾਣੀਆਂ ਵਿਚ ਨਾਟਕੀ ਸੰਵਾਦੀ ਸ਼ੈਲੀ ਦੀ ਵਰਤੋਂ ਕੀਤੀ ਹੈ। ਉਹ ਕਟਾਕਸ਼ ਭਰੇ ਵਾਰਤਾਲਾਪ ਸਿਰਜਣ ਦੀ ਸਮਰੱਥਾ ਵੀ ਰੱਖਦੀ ਹੈ ਤੇ ਇੰਜ ਵੀ ਪ੍ਰਤੀਤ ਹੁੰਦਾ ਹੈ ਕਿ ਉਹ ਆਪ ਸੂਤਰਧਾਰ ਬਣ ਕੇ ਕੋਈ ਕਹਾਣੀ ਸੁਣਾ ਰਹੀ ਹੋਵੇ। ਸਿਮਰਨ ਅਕਸ ਸਮਾਜ ਵਿਚ ਅਗਾਂਹਵਧੂ ਸੋਚ ਦੀ ਧਾਰਨੀ ਹੈ ਜੋ ਸਮਾਜ ਵਿਚ ਔਰਤ ਪ੍ਰਤੀ ਇਨਕਲਾਬ ਲਿਆਉਣ ਦੇ ਸੁਪਨੇ ਸਿਰਜਦੀ ਹੈ।


ਡਾ. ਗੁਰਬਿੰਦਰ ਕੌਰ ਬਰਾੜ
ਮੋ. 098553-95161


ਉੱਤਰ-ਆਧੁਨਿਕਤਾ ਅਤੇ ਸਮਕਾਲੀ ਪੰਜਾਬੀ ਕਵਿਤਾ
ਲੇਖਕ : ਆਤਮ ਸਿੰਘ ਰੰਧਾਵਾ (ਡਾ.)
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 325 ਰੁਪਏ, ਸਫ਼ੇ : 224
ਸੰਪਰਕ : 98722-17273.


ਹੁਣ ਤੱਕ ਇਹ ਤੱਥ ਤਾਂ ਪੂਰੀ ਤਰ੍ਹਾਂ ਨਾਲ ਸਪੱਸ਼ਟ ਹੋ ਗਿਆ ਹੈ ਕਿ ਉੱਤਰ-ਆਧੁਨਿਕਤਾ, ਆਧੁਨਿਕਤਾ (ਵਾਦ) ਦਾ ਵਿਸਤਾਰ ਜਾਂ ਅਗਲਾ ਪੜਾਓ ਨਹੀਂ ਹੈ। ਉੱਤਰ ਸ਼ਬਦ 'ਬਾਅਦ' (Post) ਦਾ ਸੂਚਕ ਹੈ। ਕਿਉਂਕਿ ਉੱਤਰ-ਆਧੁਨਿਕਤਾ ਦਾ ਨਾਮਕਰਣ ਕੋਈ ਆਸਾਨ ਕੰਮ ਨਹੀਂ ਸੀ। ਸੋ ਇਹੀ ਕਹਿ ਕੇ ਸਾਰ ਲਿਆ ਗਿਆ ਕਿ ਉਹ ਚਿੰਤਨ/ਕਲਾ ਦ੍ਰਿਸ਼ਟੀ, ਜੋ ਆਧੁਨਿਕਤਾਵਾਦ ਤੋਂ ਬਾਅਦ ਪ੍ਰਚੱਲਿਤ-ਪ੍ਰਫੁੱਲਿਤ ਹੋਈ। ਆਧੁਨਿਕਤਾ ਦਾ ਨਿਰਮਾਣ ਗੰਭੀਰ ਕਿਸਮ ਦੇ ਬੁੱਧੀਜੀਵੀਆਂ ਨੇ ਕੀਤਾ ਸੀ। ਅਜਿਹੇ ਲੇਖਕਾਂ ਦੀ ਹਰ ਲਿਖਤ ਵਿਚ ਦੋ ਤਹਿਆਂ ਜ਼ਰੂਰ ਹੁੰਦੀਆਂ ਸਨ। ਇਕ ਉੱਪਰੋਂ ਨਜ਼ਰ ਆਉਂਦੀ ਸਤ੍ਹਾ ਪਰਤ ਅਤੇ ਦੂਸਰੀ ਹੇਠਾਂ ਛਿਪੀ ਹੋਈ ਡੂੰਘੀ ਪਰਤ। ਆਧੁਨਿਕਤਾਵਾਦੀਆਂ ਨੂੰ ਇਹ ਮਾਣ ਹੁੰਦਾ ਸੀ ਕਿ ਉਹ ਬੜੀ ਡੂੰਘੀ ਫਿਲਾਸਫ਼ੀ ਦੀ ਰਚਨਾ ਕਰ ਰਹੇ ਹਨ ਅਤੇ ਉਨ੍ਹਾਂ ਦੀ ਲਿਖਤ ਨੂੰ ਡੀਕੋਡ ਕਰਨਾ ਆਸਾਨ ਕੰਮ ਨਹੀਂ ਹੈ। ਆਧੁਨਿਕ ਲੇਖਕਾਂ ਅਤੇ ਕਲਾਕਾਰਾਂ ਵਿਚ ਵਰਜੀਨੀਆ ਵੁਲਫ਼, ਪਰਾਊਸਤ, ਜੇਮਜ਼ ਜਾਇਸ, ਫਰਾਂਜ਼ ਕਾਫ਼ਕਾ, ਟੀ.ਐਸ. ਏਲੀਅਟ, ਇਆਨੈਸਕੋ, ਡਬਲਯੂ.ਐਚ. ਆਡੇਨ, ਪਾਬਲੋ ਪਿਕਾਸੋ, ਜਾਨ ਮੀਰੋ ਅਤੇ ਸ਼ਗਾਲ ਆਦਿ ਦਾ ਨਾਂਅ ਬੜੇ ਇਹਤਰਾਮ ਨਾਲ ਲਿਆ ਜਾਂਦਾ ਹੈ ਪਰ ਉੱਤਰ-ਆਧੁਨਿਕ ਲੇਖਕ ਕਿਸੇ ਗਹਿਰਾਈ ਦਾ ਦਾਅਵਾ ਨਹੀਂ ਕਰਦੇ। ਉਨ੍ਹਾਂ ਦੀ ਧਾਰਨਾ ਹੈ ਕਿ ਜੋ ਵੀ ਹੈ, ਸਤ੍ਹਾ ਉੱਪਰ ਪਿਆ ਹੈ... ਮੌਲਿਕਤਾ ਨਾਂਅ ਦੀ ਤਾਂ ਕੋਈ ਚੀਜ਼ ਨਹੀਂ ਹੁੰਦੀ। ਹਰ ਲੇਖਕ ਪਹਿਲਾਂ ਲਿਖੀਆਂ ਰਚਨਾਵਾਂ ਦੀ ਪੈਰੋਡੀ ਕਰਦਾ ਹੈ। ਪੈਰੋਡੀ ਦਾ ਤਾਂ ਫਿਰ ਕੋਈ ਡੂੰਘਾ ਮਤਲਬ ਹੁੰਦਾ ਹੈ। ਇਸ ਲਈ ਉਹ ਆਪਣੇ ਲੇਖਣ ਵਾਸਤੇ 'ਪੈਸਟੀਸ਼' ਸ਼ਬਦ ਦਾ ਪ੍ਰਯੋਗ ਕਰਦੇ ਹਨ।
ਡਾ. ਆਤਮ ਸਿੰਘ ਰੰਧਾਵਾ ਨੇ ਉੱਤਰ-ਆਧੁਨਿਕਤਾਵਾਦੀ ਦ੍ਰਿਸ਼ਟੀ ਅਤੇ ਲੇਖਣ ਨੂੰ ਖੰਘਾਲਣ ਲਈ ਬੜਾ ਡਟ ਕੇ ਕੰਮ ਕੀਤਾ ਹੈ। ਪੁਸਤਕ ਵਿਚ ਉਸ ਵਲੋਂ ਦਿੱਤੇ ਹਵਾਲਿਆਂ ਅਤੇ ਵਰਤੀ ਗਈ ਗ੍ਰੰਥਾਵਲੀ (ਬਿਬਲੀਓਗ੍ਰਾਫ਼ੀ) ਨੂੰ ਪੜ੍ਹ ਕੇ ਮੇਰੇ ਵਰਗੇ ਲੋਕ ਹੈਰਤ ਵਿਚ ਪੈ ਜਾਂਦੇ ਹਨ। ਦੈਰਿੱਦਾ, ਬੋਦਰਿੱਲਾ, ਲਾਕਾਂ, ਫੂਕੋ, ਜੇਮਸਨ, ਹੇਬਰਮਾਸ ਅਤੇ ਗਿਲਸ ਡੇਲਯੂਜ਼ ਆਦਿ ਪ੍ਰਮਾਣਿਕ ਚਿੰਤਕ ਉਸ ਦੇ ਪਸੰਦੀਦਾ ਲੇਖਕ ਹਨ। ਇਨ੍ਹਾਂ ਦੇ ਹਵਾਲਿਆਂ ਅਤੇ ਅੰਤਰ-ਦ੍ਰਿਸ਼ਟੀਆਂ ਦੁਆਰਾ ਉਹ ਆਪਣੀ ਵਾਰਤਾਲਾਪ ਨੂੰ ਅੱਗੇ ਵਧਾਉਂਦਾ ਹੈ। ਪੁਸਤਕ ਦਾ ਪਹਿਲਾ ਭਾਗ ਸਿਧਾਂਤਕ ਵੇਰਵੇ ਪ੍ਰਦਾਨ ਕਰਦਾ ਹੈ। ਉਸ ਦਾ ਅਸਲ ਕੰਮ ਪੁਸਤਕ ਦੇ ਦੂਜੇ ਭਾਗ ਵਿਚ ਦ੍ਰਿਸ਼ਟੀਗੋਚਰ ਹੁੰਦਾ ਹੈ। ਇਸ ਭਾਗ ਵਿਚ ਡਾ. ਰੰਧਾਵਾ ਨੇ ਹਰਿਭਜਨ ਸਿੰਘ, ਸੁਰਜੀਤ ਪਾਤਰ, ਦੇਵ, ਜਗਤਾਰ ਢਾਅ, ਪ੍ਰਮਿੰਦਰਜੀਤ ਆਦਿ ਪ੍ਰਮੁੱਖ ਪੰਜਾਬੀ ਕਵੀਆਂ ਦੀਆਂ ਰਚਨਾਵਾਂ ਵਿਚ ਉੱਤਰ-ਆਧੁਨਿਕ ਤੱਤ ਲੱਭਣ ਦੀ ਸੁਹਿਰਦ ਕੋਸ਼ਿਸ਼ ਕੀਤੀ ਹੈ। ਪੁਸਤਕ ਦੇ ਅੰਤ ਵਿਚ ਉਸ ਨੇ ਆਪਣੇ ਅਧਿਐਨ ਦੀਆਂ ਮੂਲ ਸਥਾਪਨਾਵਾਂ ਵੱਲ ਸੰਕੇਤ ਕੀਤਾ ਹੈ।
ਭਾਵੇਂ ਦੇਰਿੱਦਾ ਵਰਗੇ ਸਿਧਾਂਤਕਾਰ ਇਹ ਮੰਨ ਕੇ ਚਲਦੇ ਹਨ ਕਿ ਕਿਸੇ ਵੀ ਲਿਖਤ ਦਾ ਕੋਈ ਸੁਨਿਸਚਿਤ ਅਰਥ ਨਹੀਂ ਹੁੰਦਾ ਕਿਉਂਕਿ ਹਰ ਸਿਗਨੀਫਾਇਰ, ਅਰਥ-ਸਿਰਜਣਾ ਦੇ ਨਾਂਅ 'ਤੇ ਇਕ ਹੋਰ ਸਿਗਨੀਫਾਇਰ ਸੁੱਟ ਦਿੰਦਾ ਹੈ ਅਤੇ ਇੰਜ ਅਰਥ ਨਿਰੰਤਰ ਬਦਲਦਾ ਜਾਂਦਾ ਹੈ। ਬੋਦਰਿੱਲਾ ਵੀ ਕਿਸੇ ਪ੍ਰਕਾਰ ਦੀ ਡੂੰਘਾਈ ਵਿਚ ਵਿਸ਼ਵਾਸ ਨਹੀਂ ਕਰਦਾ। ਉਸ ਅਨੁਸਾਰ ਇਕ ਸਾਈਨ ਅੱਗੋਂ ਹੋਰ ਸਾਈਨਜ਼ ਨੂੰ ਜਨਮ ਦਿੱਤਾ ਹੈ ਅਤੇ ਕੋਈ ਵੀ ਸਾਈਨ ਕਿਸੇ ਸੱਚ ਦਾ ਪ੍ਰਤੀਕ ਨਹੀਂ ਹੁੰਦਾ ਬਲਕਿ ਕਿਸੇ ਸਾਈਨ ਦੀ ਹੋਂਦ, ਉਸ ਦੇ ਆਪਣੇ ਆਪ ਜਾਂ ਹੋਰ ਸਾਈਨਜ਼ ਨਾਲ ਤੁਲਨਾ ਵਿਚ ਹੀ ਪਈ ਹੁੰਦੀ ਹੈ। ਇਸ ਪ੍ਰਕਾਰ ਕਿਸੇ ਰਚਨਾ ਦੇ ਅੰਤਰੀਵ ਅਰਥ ਕੋਈ ਨਹੀਂ ਹੁੰਦੇ। ਪਰ ਪੰਜਾਬੀ ਲੇਖਕ ਆਪਣੇ ਰਚਨਾਤਮਿਕ ਕੰਮ ਨੂੰ ਬੜੀ ਗੰਭੀਰਤਾ ਨਾਲ ਲੈਂਦੇ ਹਨ। ਉਹ ਐਵੇਂ-ਕਿਵੇਂ ਲਿਖਣ ਵਾਲੀਆਂ ਹਸਤੀਆਂ ਨਹੀਂ ਹਨ। ਇਸ ਕਾਰਨ ਪੰਜਾਬੀ ਸਾਹਿਤ ਵਿਚ ਉੱਤਰ-ਆਧੁਨਿਕਤਾਵਾਦ ਅਜੇ ਤੱਕ ਸਥਾਪਤ ਨਹੀਂ ਹੋ ਸਕਿਆ। ਡਾ. ਰੰਧਾਵਾ ਨੇ ਇਸ ਸੱਚ ਨੂੰ ਪੂਰੀ ਤਰ੍ਹਾਂ ਨਾਲ ਉਜਾਗਰ ਕਰ ਦਿੱਤਾ ਹੈ। ਸਾਹਿਤ ਦੇ ਵਿਦਿਆਰਥੀਆਂ ਲਈ ਇਹ ਮੁੱਲਵਾਨ ਰਚਨਾ ਹੈ।


ਬ੍ਰਹਮਜਗਦੀਸ਼ ਸਿੰਘ
ਮੋ: 98760-52136
c c c


ਪੁਰੇ ਦਾ ਬੁੱਲਾ
ਕਵੀ : ਕੇਸਰ ਸਿੰਘ ਕੰਗ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 86
ਸੰਪਰਕ : 99159-62459.


ਕੇਸਰ ਸਿੰਘ ਕੰਗ ਨੇ ਇਸ ਕਾਵਿ ਸੰਗ੍ਰਹਿ ਤੋਂ ਪਹਿਲਾਂ ਸੁਲਘਦੇ ਹਰਫ਼ ਗ਼ਜ਼ਲ ਸੰਗ੍ਰਹਿ ਲਿਖਿਆ। ਪੁਰੇ ਦਾ ਬੁੱਲਾ ਵਿਚ ਉਸ ਦੀਆਂ ਵੱਖ-ਵੱਖ ਵਿਸ਼ਿਆਂ ਦੀਆਂ 57 ਰਚਨਾਵਾਂ ਹਨ। ਅਗਾਂਹਵਧੂ ਵਿਸ਼ਿਆਂ ਨਾਲ ਜੁੜੀਆਂ ਇਹ ਸਭ ਰਚਨਾਵਾਂ ਵਰਤਮਾਨ ਸਮਾਜਿਕ ਸਮੱਸਿਆਵਾਂ ਅਤੇ ਮਾਨਵੀ ਸੰਵੇਦਨਾ ਦੀ ਪੇਸ਼ਕਾਰੀ ਕਰਦੀਆਂ ਹਨ। ਬਹੁਤ ਸਾਰੀਆਂ ਪ੍ਰੇਰਨਾਦਾਇਕ ਕਵਿਤਾਵਾਂ ਹਨ ਜੋ ਪਾਠਕਾਂ ਨੂੰ ਸੇਧ ਦਿੰਦੀਆਂ ਹਨ। 'ਜੋਦੜੀ' ਕਵਿਤਾ ਵਰਤਮਾਨ ਪੀੜ੍ਹੀ ਨੂੰ ਉਨ੍ਹਾਂ ਦੇ ਫਰਜ਼ਾਂ ਤੋਂ ਸੁਚੇਤ ਕਰਦੀ ਹੈ :
ਹੱਥ ਬੰਨ੍ਹ ਕੇ ਕਰਦਾ ਜੋਦੜੀ ਮੈਂ,
ਮੇਰਾ ਕੋਈ ਨਾ ਜ਼ੋਰ ਨਾ ਤਾਣ ਲੋਕੋ।
ਕਿਉਂ ਭੁੱਲ ਸਮਾਧਾਂ ਨੂੰ ਪੂਜਦੇ ਹੋ,
ਮਾਪੇ ਹੁੰਦੇ ਜਦ ਪੂਜ ਸਥਾਨ ਲੋਕੋ।
'ਬਾਰਾਹਮਾਹ ਕਿਸਾਨੀ' ਰਾਹੀਂ ਕਵੀ ਨੇ ਅੰਨਦਾਤਾ ਕਿਸਾਨ ਦੇ ਬਾਰਾਂ ਮਹੀਨਿਆਂ ਦੇ ਰੁਝੇਵਿਆਂ ਤੋਂ ਜਾਣੂ ਕਰਵਾਇਆ ਹੈ। 'ਇਸ਼ਕ ਕੁਪੱਤਾ' ਕਵਿਤਾ ਰਾਹੀਂ ਕਵੀ ਇਸ਼ਕ ਨਾਲ ਜੁੜੇ ਬਿਰਹਾ ਦੇ ਭਾਵਾਂ ਤੋਂ ਸਾਨੂੰ ਜਾਣੂ ਕਰਵਾਉਂਦਾ ਹੈ। 'ਫ਼ਰੀਦ ਕਲੱਬ' ਕਵਿਤਾ ਰਾਹੀਂ ਉਹ ਬਾਬਾ ਫ਼ਰੀਦ ਜੀ ਦੇ ਸਿਧਾਂਤਾਂ ਅਤੇ ਵਰਤਮਾਨ ਯੁੱਗ ਵਿਚ ਬਾਬਾ ਫ਼ਰੀਦ ਦੇ ਨਾਂਅ ਨਾਲ ਜੁੜੀਆਂ ਸੰਸਥਾਵਾਂ ਅਤੇ ਵਿਅਕਤੀਆਂ ਵਲੋਂ ਹੋ ਰਹੀਆਂ ਕੁਤਾਹੀਆਂ ਦਾ ਜ਼ਿਕਰ ਕਰਦਾ ਹੈ। ਕਵੀ ਨੇ ਸ਼ਖ਼ਸੀਅਤ ਪ੍ਰਧਾਨ ਕਵਿਤਾਵਾਂ ਵੀ ਲਿਖੀਆਂ ਹਨ ਜਿਨ੍ਹਾਂ ਵਿਚ ਮਰਦ ਦਲੇਰ, ਸ੍ਰੀ ਗੁਰੂ ਗੋਬਿੰਦ ਸਿੰਘ, ਭਗਤ ਸਿੰਘ ਸ਼ਾਮਿਲ ਹਨ। ਕਵੀ ਨੇ ਜੀਵਨ ਸੱਚ ਨਾਲ ਜੁੜੀਆਂ ਬਹੁਤ ਸਾਰੀਆਂ ਰਚਨਾਵਾਂ ਰਚੀਆਂ ਹਨ, ਜਿਨ੍ਹਾਂ ਰਾਹੀਂ ਸਮਾਜਿਕ ਸੱਚ ਦਾ ਖੁੱਲ੍ਹ ਕੇ ਬਿਆਨ ਕਰਦਾ ਹੈ। ਕਵੀ 'ਸ਼ਹੀਦ' ਕਵਿਤਾ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਾ ਹੋਇਆ ਸ਼ਹੀਦ ਦੀ ਪਰਿਭਾਸ਼ਾ ਵੀ ਸਿਰਜਦਾ ਹੈ
ਜਿਹੜੇ ਖੂਨ ਦੀ ਨਦੀ ਵਿਚ ਤਰਦੇੇ
ਉਨ੍ਹਾਂ ਨੂੰ ਸ਼ਹੀਦ ਆਖਦੇ
ਰਹਿਣ ਕੌਮ ਦੇ ਹਿਤਾਂ ਲਈ ਮਰਦੇ
ਉਨ੍ਹਾਂ ਨੂੰ ਸ਼ਹੀਦ ਆਖਦੇ।
ਕਵੀ ਆਪਣੇ ਗੀਤਾਂ ਰਾਹੀਂ ਵੀ ਪੰਜਾਬ ਦੇ ਸੱਭਿਆਚਾਰ ਅਤੇ ਪੰਜਾਬ ਦੀ ਧਰਤੀ ਦੀ ਸਿਫ਼ਤ ਕਰਦਾ ਹੈ। ਉਹ ਪੰਜਾਬ ਦੀਆਂ ਧੀਆਂ ਨੂੰ ਵਡਿਆਉਂਦਾ ਹੈ। ਰੁਮਾਂਟਿਕ ਗੀਤਾਂ ਰਾਹੀਂ ਕਵੀ ਪ੍ਰੀਤ ਨਾਇਕਾਂ ਦੇ ਜਜ਼ਬਾਤ ਪ੍ਰਗਟ ਕਰਦਾ ਹੈ। ਉਸ ਦਾ ਗੀਤ ਰਚਨਾ ਦਾ ਅੰਦਾਜ਼ ਪ੍ਰਭਾਵਸ਼ਾਲੀ ਹੈ, ਭਾਸ਼ਾ ਅਤੇ ਦ੍ਰਿਸ਼ਟਾਂਤ ਸਲਾਹੁਣਯੋਗ ਹਨ। ਪੰਨਾ 61, 62, 65, 67, 70 ਦੇ ਗੀਤ ਵੇਖੇ ਜਾ ਸਕਦੇ ਹਨ। ਕਵੀ ਨੇ ਪ੍ਰੰਪਰਾਗਤ ਟੱਪਿਆਂ ਦਾ ਵੀ ਨਵੀਨੀਕਰਨ ਨਵੇਂ ਵਿਸ਼ਿਆਂ ਨਾਲ ਕੀਤਾ ਹੈ। ਪੰਨਾ 71 'ਤੇ 'ਤਲਖ ਸਚਾਈਆਂ' ਵੇਖ ਸਕਦੇ ਹਾਂ। ਕਵੀ ਨੇ ਬਹੁਤ ਸਾਰੇ ਗੀਤਾਂ ਅਤੇ ਕਵਿਤਾਵਾਂ ਤੋਂ ਪਹਿਲਾਂ ਇਕ-ਇਕ ਸ਼ਿਅਰ ਲਿਖਿਆ ਹੈ ਜੋ ਕਵਿਤਾਵਾਂ ਵਿਚ ਇਕ ਨਵੀਂ ਰਵਾਇਤ ਹੈ : 'ਦਾਜ ਦੇ ਭੁੱਖੇ' ਤੋਂ ਪਹਿਲਾਂ ਉਹ ਲਿਖਦਾ ਹੈ
ਇਕ ਕੁੜੀ ਜਿਸ ਦਾ ਨਾਂਅ ਹੈ ਨਾਰੀ
ਸਿਰ ਤੇ ਚੁੱਕੀ ਦਰਦਾਂ ਦੀ ਖਾਰੀ
ਦੇਖੋ ਵਿਚ ਹਨ ਅਰਮਾਨ ਸੁਲਘਦੇ
ਨੈਣ ਉਹਦੇ ਪੀੜਾਂ ਦੀ ਪਟਾਰੀ।
ਇਸ ਪ੍ਰਕਾਰ ਕਵੀ ਕੇਸਰ ਸਿੰਘ ਕੰਗ ਦੀਆਂ ਸਮੁੱਚੀਆਂ ਕਵਿਤਾਵਾਂ ਪਾਠਕਾਂ ਲਈ ਪ੍ਰੇਰਨਾਦਾਇਕ ਅਤੇ ਰੌਚਕ ਹਨ।


ਪ੍ਰੋ: ਕੁਲਜੀਤ ਕੌਰ


ਉਪਰੇਸ਼ਨ ਬਲਿਊ ਸਟਾਰ 84
ਲੇਖਕ : ਨ੍ਰਿਪਇੰਦਰ ਰਤਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ, ਲੁਧਿਆਣਾ
ਮੁੱਲ : 395 ਰੁਪਏ, ਸਫ਼ੇ : 288
ਸੰਪਰਕ : 98148-30903.


ਹਥਲੀ ਪੁਸਤਕ ਨੂੰ ਲੇਖਕ ਨੇ ਮੁੱਖ ਤੌਰ 'ਤੇ ਦੋ ਭਾਗਾਂ ਵਿਚ ਵੰਡਿਆ ਹੈ। ਤਿੰਨ ਜੂਨ ਤੋਂ 18 ਜੂਨ ਤੱਕ ਇਸ ਕਿਤਾਬ ਦਾ ਪਹਿਲਾ ਭਾਗ ਹੈ, ਜਿਸ ਵਿਚ ਲੇਖਕ ਅੱਖੀਂ ਡਿੱਠਾ ਹੱਡੀਂ ਬੀਤਿਆ ਤੇ ਆਪ ਇਸ ਸਾਕੇ ਨਾਲ ਸਿੱਧੇ ਅਸਿੱਧੇ ਤੌਰ 'ਤੇ ਕਿਵੇਂ ਸਬੰਧਿਤ ਹੋ ਕੇ ਵਿਚਰੇ ਹਨ, ਦਾ ਹਾਲ ਵਰਨਣ ਹੈ। ਕਿਤਾਬ ਦੇ ਦੂਜੇ ਭਾਗ ਵਿਚ ਲੇਖਕ ਨੇ ਸਰਕਾਰੀ ਦਸਤਾਵੇਜ਼ ਵੀ ਪੇਸ਼ ਕੀਤੇ ਹਨ, ਸਰਕਾਰੀ ਅਫ਼ਸਰਾਂ ਨਾਲ ਹੋਈ ਗੱਲਬਾਤ ਤੇ ਉਨ੍ਹਾਂ ਦੇ ਪ੍ਰਤੀਕਰਮ ਸਨਮਾਨਿਤ ਸੈਨਿਕਾਂ ਦੀ ਸੂਚੀ, ਉਨ੍ਹਾਂ ਦੇ 51 ਸਨਮਾਨ ਪੱਤਰ, ਜੋਧਪੁਰ ਕੈਦੀਆਂ ਦੀ ਸੂਚੀ, ਧਰਮੀ ਫ਼ੌਜੀਆਂ ਦਾ ਵੇਰਵਾ ਆਦਿ ਸ਼ਾਮਿਲ ਹਨ। ਇਹ ਕਿਤਾਬ ਲੇਖਕ ਦੇ ਤਜਰਬੇ ਤੇ ਨਿੱਜੀ ਜਾਣਕਾਰੀ ਦੇ ਆਧਾਰਿਤ ਹੈ। ਲੇਖਕ ਵਲੋਂ ਤਿੰਨ ਜੂਨ ਤੋਂ ਆਰੰਭ ਹੋ ਕੇ 18 ਜੂਨ ਤੱਕ ਬੀਤੀਆਂ ਸਰਕਾਰੀ ਗ਼ੈਰ-ਸਰਕਾਰੀ ਘਟਨਾਵਾਂ ਜਿਨ੍ਹਾਂ ਦਾ ਸਿੱਧੇ ਅਸਿੱਧੇ ਰੂਪ ਵਿਚ ਲੇਖਕ ਨਾਲ ਸਬੰਧ ਰਿਹਾ ਹੈ, ਨੂੰ ਇਸ ਪੁਸਤਕ ਵਿਚ ਅੰਕਿਤ ਕੀਤਾ ਹੈ। ਲੇਖਕ ਖੁਦ ਸੀਨੀਅਰ ਸਰਕਾਰੀ ਅਧਿਕਾਰੀ ਦੇ ਤੌਰ 'ਤੇ ਇਸ ਸਾਕੇ ਨਾਲ ਵਾਸਤਾ-ਬ-ਵਾਸਤਾ ਰਿਹਾ ਹੈ। ਇਸ ਲਈ ਇਹ ਜਾਣਕਾਰੀ ਅਸਲ ਤੇ ਪੁਖਤਾ ਹੋਣ ਦੀ ਛਾਪ ਛੱਡਦੀ ਹੈ। ਪੁਸਤਕ ਵਿਚ ਵਾਰ ਮੈਮੋਰੀਅਲ (ਜੰਗੀ ਸਮਾਰਕ ਦਿਲੀ) ਦੀ ਗੈਲਰੀ ਨੰਬਰ 5 ਵਿਚ 1984 ਵਿਚ ਮਰਨ ਵਾਲੇ ਸੈਨਿਕਾਂ ਦੀ ਯਾਦ ਵਿਚ ਕੰਧ ਪੱਥਰਾਂ ਉੱਪਰ ਉੱਕਰੇ ਨਾਵਾਂ ਦਾ ਵੇਰਵਾ, ਸ੍ਰੀ ਦਰਬਾਰ ਸਾਹਿਬ ਦੇ ਚੁਫੇਰੇ ਨਾਗਰਿਕਾਂ ਦੇ ਮਕਾਨਾਂ/ਦੁਕਾਨਾਂ ਨੂੰ ਹੋਏ ਨੁਕਸਾਨ ਅਤੇ ਕਰਮਚਾਰੀਆਂ, ਰਿਹਾਇਸ਼ੀ ਕਿਰਾਏਦਾਰਾਂ ਅਤੇ ਦੁਕਾਨਦਾਰਾਂ ਨੂੰ ਮੁਆਵਜ਼ੇ ਦੇਣ ਵਾਸਤੇ ਮੰਗੀਆਂ ਗਈਆਂ ਅਰਜ਼ੀਆਂ, ਸੈਨਿਕ ਟੁਕੜੀਆਂ ਦੇ ਤਬਾਦਲੇ, ਸੰਗਤ ਲਈ ਸ੍ਰੀ ਹਰਿਮੰਦਰ ਸਾਹਿਬ ਦੁਬਾਰਾ ਖੋਲ੍ਹਣ ਬਾਰੇ, ਨਾਗਰਿਕਾਂ ਨੂੰ ਮੁਆਵਜ਼ਾ ਤੇ ਮੁੜ ਸਥਾਪਤ ਕਰਨ ਬਾਰੇ ਦਿੱਤੇ ਸੁਝਾਅ ਤੇ ਪੱਤਰਾਂ ਦਾ ਵਰਨਣ ਦਰਜ ਹੈ।
ਬਲਿਊ ਸਟਾਰ 1984 ਸਮੇਂ ਸੈਨਿਕਾਂ ਦਾ ਹੌਸਲਾ ਬਣਾਈ ਰੱਖਣ ਲਈ, ਮਾਰੇ ਜਾਣ ਵਾਲੇ ਸੈਨਿਕਾਂ ਨੂੰ ਰਾਸ਼ਟਰਪਤੀ ਵਲੋਂ ਅਸ਼ੋਕ ਚੱਕਰ, ਕੀਰਤੀ ਚੱਕਰ, ਅਤੇ ਸ਼ੌਰਿਆ ਚੱਕਰ ਨਾਲ ਸਨਮਾਨੇ ਜਾਣ ਬਾਰੇ ਵੀ ਵੇਰਵਾ ਲੇਖਕ ਨੇ ਸ਼ਾਮਿਲ ਕੀਤਾ ਹੈ। ਸੈਨਿਕਾਂ ਦੇ 51 ਸਨਮਾਨ ਪੱਤਰ ਜੋ ਪੜ੍ਹੇ ਗਏ, ਦਾ ਹਵਾਲਾ ਵੀ ਦਰਜ ਹੈ। ਆਪਰੇਸ਼ਨ ਬਲਿਊ ਸਟਾਰ ਸਮੇਂ ਸੈਨਿਕ ਯੂਨਿਟਾਂ ਦੀ ਗਿਣਤੀ 14 ਦੱਸੀ ਗਈ ਹੈ। ਪਰ 13 ਨੇ ਸਿੱਧੇ ਰੂਪ ਵਿਚ ਇਸ ਘਮਸਾਨ ਯੁੱਧ ਵਿਚ ਹਿੱਸਾ ਲਿਆ। ਗਾਰਡਜ਼ 10, ਮਦਰਾਸ 4, ਮਰਦਾਸ 26, ਗੜ੍ਹਵਾਲ 9, ਕੁਮਾਯੂੰ 15, ਕੁਮਾਯੂੰ 9, ਮੈਕਨਾਇਜ਼ਡ ਇਨਫੈਨਟਰੀ, ਐੱਲ. ਐੱਸ. ਐੱਫ. ਅਤੇ ਆਰਮੀ ਮੈਡੀਕਲ ਕੋਰ ਆਦਿ।
ਧਰਮੀ ਫ਼ੌਜੀਆਂ ਦੀ ਸੂਚੀ ਜੋ ਬੈਰਕਾਂ ਛੱਡ ਕੇ ਅੰਮ੍ਰਿਤਸਰ ਵੱਲ ਕੂਚ ਕਰਦੇ ਸਮੇਂ ਰਾਹ ਵਿਚ ਹੀ ਸ਼ਹੀਦ ਹੋ ਗਏ, ਲਾਪਤਾ ਜਾਂ ਨਕਾਰਾ ਹੋ ਜਾਣ ਕਾਰਨ ਨੌਕਰੀ ਤੋਂ ਕੱਢ ਦਿੱਤੇ ਗਏ, ਦੇ ਨਾਂਅ, ਰੈਂਕ, ਨੰਬਰ, ਸ਼ਹੀਦ ਹੋਣ ਦੀ ਤਰੀਕ ਦਿੱਤੀ ਗਈ ਹੈ। ਜਿਹੜੇ ਗ੍ਰਿਫ਼ਤਾਰ ਕਰ ਲਏ ਗਏ, ਜਨਰਲ ਕੋਰਟ ਮਾਰਸ਼ਲ ਹੋਏ, ਕਿੰਨੀ-ਕਿੰਨੀ ਸਜ਼ਾ ਜਾਂ ਕੈਦ ਹੋਈ ਜਾਂ ਡਿਸਮਿਸ ਕਰ ਦਿੱਤੇ ਦਾ ਵਰਨਣ ਹੈ। ਕਿਸੇ ਨੂੰ ਇਹ ਨਹੀਂ ਸੀ ਪਤਾ ਕਿ 31 ਅਕਤੂਬਰ, 1984 ਨੂੰ ਪ੍ਰਧਾਨ ਮੰਤਰੀ ਦਾ ਕਤਲ ਤੇ ਫਿਰ 1 ਨਵੰਬਰ ਤੋਂ 3 ਨਵੰਬਰ ਤੱਕ ਜੰਮੂ ਕਸ਼ਮੀਰ ਤੋਂ ਕੰਨਿਆ ਕੁਮਾਰੀ ਅਤੇ ਤ੍ਰਿਪੁਰਾ ਤੋਂ ਮਹਾਰਾਸ਼ਟਰ ਤੱਕ ਸਿੱਖਾਂ ਵਿਰੁੱਧ ਲੁੱਟ-ਖਸੁੱਟ ਅਤੇ ਹੱਤਿਆ, ਮਾਰਕੁੱਟ ਦਾ ਦੌਰ ਬਣ ਜਾਵੇਗਾ। ਸਾਰੇ ਮੁਲਕ ਵਿਚ ਕਤਲੋਗਾਰਤ ਤੇ ਹਜ਼ਾਰਾਂ ਸਿੱਖ ਚੁਣ ਚੁਣ ਕੇ ਮਾਰੇ ਗਏ। ਕਰੋੜਾਂ ਅਰਬਾਂ ਰੁਪਏ ਦੀ ਜਾਇਦਾਦ ਤਬਾਹ ਕਰ ਦਿੱਤੀ ਜਾਂ ਲੁੱਟ ਲਈ ਗਈ। ਭਾਰਤੀ ਰਾਜਨੀਤੀ ਵਿਚ ਇਕ ਅਜੀਬ ਧੜੇਬੰਦੀ ਹੋ ਗਈ। ਅੰਤ ਵਿਚ ਲੇਖਕ ਨੇ ਦੋ ਸੈਨਿਕ ਜਨਰਲਾਂ ਦੀਆਂ ਟਿੱਪਣੀਆਂ ਵੀ ਪ੍ਰਕਾਸ਼ਿਤ ਕੀਤੀਆਂ ਹਨ। ਆਖ਼ਰਕਾਰ ਮੈਂ ਵੀ ਸਿੱਖ ਹਾਂ। ਮੇਰੀਆਂ ਭਾਵਨਾਵਾਂ ਨੂੰ ਵੀ ਸੱਟ ਵੱਜੀ ਹੈ। ਮੈਨੂੰ ਵੀ ਬਹੁਤ ਬੁਰਾ ਲੱਗ ਰਿਹਾ ਹੈ। ਪਰ ਡਿਊਟੀ ਤਾਂ ਡਿਊਟੀ ਹੈ, ਮੈਂ ਨਿਭਾਅ ਰਿਹਾ ਹਾਂ। ਪਰ ਮੈਂ ਇੰਜ ਖੁਸ਼ੀਆਂ ਮਨਾਉਣੀਆਂ ਅਤੇ ਲੱਡੂ ਵੰਡਣੇ ਬਰਦਾਸ਼ਤ ਨਹੀਂ ਕਰਾਂਗਾ ਜਨਰਲ ਕੇ.ਐੱਸ. ਬਰਾੜ। 'ਬਈ ਹੋਰ ਸਾਰੇ ਜੋ ਮਰਜ਼ੀ ਕਹੀ ਜਾਣ ਪਰ ਮੇਰੀਆਂ ਨਜ਼ਰਾਂ ਵਿਚ ਇਨ੍ਹਾਂ ਮੁੰਡਿਆਂ ਬਾਰੇ ਇੱਜ਼ਤ ਬਹੁਤ ਵੱਧ ਗਈ ਹੈ ਅਤੇ ਮੇਰਾ ਸਿਰ ਆਪਣੀ ਕੌਮ ਵਾਸਤੇ ਫ਼ਖਰ ਨਾਲ ਉੱਚਾ ਹੋ ਗਿਆ ਜਿਵੇਂ ਇਹ ਮੁੰਡੇ ਲੜੇ ਹਨ ਜੇ ਭਾਰਤੀ ਫ਼ੌਜ ਇੰਜ ਲੜਨ ਜੋਗੀ ਹੋ ਜਾਵੇ ਤਾਂ ਮੈਂ ਤਿੰਨ ਦਿਨਾਂ ਵਿਚ ਪਾਕਿਸਤਾਨ ਦੀ...' ਜਨਰਲ ਆਰ.ਐੱਸ. ਦਿਆਲ। ਕਿਤਾਬ ਆਮ ਕਿਤਾਬਾਂ ਤੋਂ ਵੱਖਰੀ ਤੇ ਡੂੰਘੀ ਜਾਣਕਾਰੀ ਵਾਲੀ ਹੈ। ਅਜਿਹੀਆਂ ਕਿਤਾਬਾਂ ਦੇ ਇਤਿਹਾਸ ਵਿਚ ਹਮੇਸ਼ਾ ਅਸਲ ਸ੍ਰੋਤ ਵਜੋਂ ਹਵਾਲੇ ਦਿੱਤੇ ਜਾਂਦੇ ਰਹਿਣਗੇ।


ਦਿਲਜੀਤ ਸਿੰਘ ਬੇਦੀ


ਸਤਿਕਾਰਯੋਗ ਸਿੱਖ ਮਾਤਾਵਾਂ ਅਤੇ ਬੀਬੀਆਂ
ਲੇਖਕ : ਪ੍ਰਿੰ: ਬਹਾਦਰ ਸਿੰਘ ਗੋਸਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 88
ਸੰਪਰਕ : 98764-52223.ਪੁਸਤਕ ਦੇ ਲੇਖਕ ਜਾਣੇ-ਪਛਾਣੇ ਸਾਹਿਤਕਾਰ ਹਨ, ਜਿਨ੍ਹਾਂ ਕੇਵਲ ਬਾਲ ਸਾਹਿਤ ਦੀਆਂ 4 ਦਰਜਨ ਦੇ ਕਰੀਬ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ ਹਨ, ਇਸ ਤੋਂ ਇਲਾਵਾ ਵਾਰਤਕ ਦੀਆਂ ਵੀ ਇਕ ਦਰਜਨ ਪੁਸਤਕਾਂ ਹਨ। ਹਥਲੀ ਪੁਸਤਕ ਵਿਚ ਉਨ੍ਹਾਂ 30 ਮਹਾਨ ਮਾਤਾਵਾਂ ਤੇ ਬੀਬੀਆਂ ਦੀਆਂ ਜੀਵਨ ਗਾਥਾਵਾਂ ਪਾਠਕਾਂ ਦੇ ਸਨਮੁੱਖ ਪੇਸ਼ ਕੀਤੀਆਂ ਹਨ। ਇਹ ਉਹ ਮਹਾਨ ਸ਼ਖ਼ਸੀਅਤਾਂ ਹਨ, ਜਿਨ੍ਹਾਂ ਆਪਣੇ-ਆਪਣੇ ਜੀਵਨ ਦੌਰਾਨ ਵੱਡੇ ਕਾਰਜਾਂ ਨੂੰ ਸੰਪੂਰਨ ਹੀ ਨਹੀਂ ਕੀਤਾ, ਸਗੋਂ ਆਪਣਾ ਨਾਂਅ ਸਿੱਖ ਇਤਿਹਾਸ ਦੇ ਪੰਨਿਆਂ ਵਿਚ ਦਰਜ ਕਰਵਾ ਕੇ ਇਤਿਹਾਸ ਨੂੰ ਵਡਮੁੱਲਾ ਕਰ ਦਿੱਤਾ। ਇਨ੍ਹਾਂ ਸਾਰੀਆਂ ਸ਼ਖ਼ਸੀਅਤਾਂ ਨੇ ਆਪਣੇ ਜੀਵਨ ਕਾਲ ਦੌਰਾਨ ਔਰਤ ਜਾਤੀ ਨੂੰ ਸਨਮਾਨ ਤੇ ਬਲ ਤੋਂ ਇਲਾਵਾ ਸਵੈਮਾਣ ਵੀ ਪ੍ਰਦਾਨ ਕੀਤਾ। ਸਮੁੱਚੀ ਮਨੁੱਖਤਾ ਨੂੰ ਜੀਵਨ ਨੂੰ ਸਫਲ ਕਰਨ ਲਈ ਨਵੀਆਂ ਸੇਧਾਂ ਵੀ ਦਿੱਤੀਆਂ ਹਨ। ਗੁਰੂ ਨਾਨਕ ਦੇਵ ਜੀ ਦੀ ਮਾਤਾ ਤ੍ਰਿਪਤਾ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਗੁਜਰ ਕੌਰ ਦੇ ਜੀਵਨ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਹਾਨ ਸੂਰਬੀਰ ਸਿੰਘਣੀਆਂ ਜਿਨ੍ਹਾਂ ਦੁਸ਼ਮਣ ਨਾਲ ਦੋ ਹੱਥ ਕਰਦਿਆਂ ਜੰਗ-ਏ-ਮੈਦਾਨ ਵਿਚ ਜੋਸ਼ ਤੇ ਨਿਡਰਤਾ ਨਾਲ ਤਲਵਾਰ ਦੇ ਜੌਹਰ ਦਿਖਾਏ, ਦਾ ਵਰਨਣ ਕਰਕੇ ਸਫਲ ਲੇਖਕ ਵਾਲੇ ਫ਼ਰਜ਼ ਦੀ ਵੀ ਪੂਰਤੀ ਕੀਤੀ ਹੈ।
ਲੇਖਕ ਨੇ ਇਸ ਪੁਸਤਕ ਵਿਚ ਸਰਲ ਭਾਸ਼ਾ ਦੀ ਵਰਤੋਂ ਕਰਕੇ ਬੱਚਿਆਂ ਅਤੇ ਵੱਡੀ ਉਮਰ ਦੇ ਪਾਠਕਾਂ ਲਈ ਚਿਰ ਸਥਾਈ ਕਾਰਜ ਕੀਤਾ ਹੈ। ਜਿਨ੍ਹਾਂ ਮਹਾਨ ਮਾਤਾਵਾਂ ਤੇ ਬੀਬੀਆਂ ਦੀ ਜੀਵਨ ਗਾਥਾ ਇਸ ਪੁਸਤਕ ਵਿਚ ਪਾਠਕਾਂ ਗੋਚਰੇ ਕੀਤੀ ਹੈ, ਉਨ੍ਹਾਂ ਵਿਚ ਮਾਤਾ ਤ੍ਰਿਪਤਾ ਜੀ, ਬੇਬੇ ਨਾਨਕੀ ਜੀ, ਮਾਤਾ ਸੁਲੱਖਣੀ ਜੀ, ਮਾਤਾ ਦਇਆ ਕੌਰ ਜੀ, ਮਾਤਾ ਖੀਵੀ ਜੀ, ਮਾਤਾ ਮਨਸਾ ਦੇਵੀ ਜੀ, ਬੀਬੀ ਅਮਰੋ ਜੀ, ਬੀਬੀ ਭਾਨੀ ਜੀ, ਮਾਤਾ ਗੰਗਾ ਜੀ, ਮਾਤਾ ਦਮੋਦਰੀ ਜੀ, ਬੀਬੀ ਕੌਲਾਂ ਜੀ, ਬੀਬੀ ਵੀਰੋ ਜੀ, ਮਾਈ ਭਾਗ ਭਰੀ ਜੀ, ਮਾਤਾ ਕ੍ਰਿਸ਼ਨ ਕੌਰ ਜੀ, ਮਾਤਾ ਪੰਜਾਬ ਕੌਰ ਜੀ, ਮਾਤਾ ਰਾਜ ਕੌਰ ਜੀ, ਮਾਤਾ ਨਾਨਕੀ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਜੀਤ ਕੌਰ ਜੀ (ਜੀਤੋ ਜੀ), ਮਾਤਾ ਸੁੰਦਰੀ ਜੀ (ਮਾਤਾ ਸੁੰਦਰ ਕੌਰ ਜੀ), ਮਾਤਾ ਸਾਹਿਬ ਕੌਰ ਜੀ, ਬੀਬੀ ਮੁਮਤਾਜ, ਮਾਈ ਭਾਗੋ (ਮਾਈ ਭਾਗ ਕੌਰ), ਬੀਬੀ ਭਿਖਾਂ ਜੀ, ਬੀਬੀ ਅਮਰ ਕੌਰ ਜੀ, ਮਾਤਾ ਦੀਪ ਕੌਰ ਜੀ, ਸ਼ਹੀਦ ਬੀਬੀ ਸ਼ਰਨ ਕੌਰ ਜੀ, ਬੀਬੀ ਅਨੂਪ ਕੌਰ ਜੀ, ਮਹਾਰਾਣੀ ਜਿੰਦਾਂ (ਜਿੰਦ ਕੌਰ), ਰਾਣੀ ਸਦਾ ਕੌਰ ਨੂੰ ਸ਼ਾਮਿਲ ਕੀਤਾ ਹੈ। ਪੁਸਤਕ ਦਾ ਮੁੱਖ ਬੰਦ ਅਵਤਾਰ ਸਿੰਘ ਮਹਿਤਪੁਰੀ ਨੇ ਲਿਖਿਆ ਹੈ। ਅੰਤਿਕਾ ਵਿਚ ਸਹਾਇਕ ਪੁਸਤਕਾਂ ਦੀ ਸੂਚੀ ਵੀ ਦਿੱਤੀ ਗਈ।
ਲੇਖਕ ਨੇ ਜਿਸ ਆਸ਼ੇ ਨਾਲ ਇਹ ਪੁਸਤਕ ਪਾਠਕਾਂ ਦੀ ਝੋਲੀ ਪਾਈ ਹੈ, ਉਸ ਮੁਤਾਬਿਕ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦੀਆਂ ਵਿਲੱਖਣ ਜੀਵਨੀਆਂ ਤੋਂ ਸਮਾਜ ਨਵੀਂ ਸੇਧ ਪ੍ਰਾਪਤ ਕਰੇਗਾ, ਉਥੇ ਨਾਲ-ਨਾਲ ਸਾਡੀਆਂ ਮਾਤਾਵਾਂ ਤੇ ਭੈਣਾਂ ਵੀ ਚੰਗੇ ਸਮਾਜ ਦੀ ਸਿਰਜਣਾ ਲਈ ਯੋਗ ਅਗਵਾਈ ਦੇਣ ਲਈ ਯਤਨਸ਼ੀਲ ਹੋਣਗੀਆਂ।


ਭਗਵਾਨ ਸਿੰਘ ਜੌਹਲ
ਮੋ: 98143-24040.


ਅੱਗ ਦੀ ਉਮਰ
(ਸਾਰੇ ਨਾਵਲੈੱਟ)
ਲੇਖਕ : ਬਲਬੀਰ ਪਰਵਾਨਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 239
ਸੰਪਰਕ : bparwana@gmail.com


ਵਿਚਾਰ ਅਧੀਨ ਪੁਸਤਕ 8 ਨਾਵਲੈੱਟਾਂ ਦਾ ਸੰਗ੍ਰਹਿ ਹੈ। ਇਸ ਸੰਗ੍ਰਹਿ ਦੇ ਪਹਿਲੇ ਪੰਜ ਨਾਵਲੈੱਟਾਂ (ਅੱਗ ਦੀ ਉਮਰ, ਬੇਗਾਨੇ ਪਿੰਡ ਦੀ ਜੂਹ, ਜੰਗਲ ਕਦੀ ਸੌਂਦਾ ਨਹੀਂ, ਪਤਝੜ, ਇਕ ਗੁੱਜਰ ਕੁੜੀ) ਦਾ ਵਿਸ਼ਾ ਕਿਸ਼ੋਰ ਅਵਸਥਾ ਦੀਆਂ ਭੁੱਲਾਂ, ਕਾਮੁਕ ਭਾਵਨਾਵਾਂ ਦੀ ਤੀਬਰਤਾ, ਪ੍ਰਸਥਿਤੀਆਂ ਵੱਸ, ਯਥਾਰਥਕ ਰੂਪ ਵਿਚ ਸਿਰਜਿਆ ਹੋਇਆ ਬਿਰਤਾਂਤ ਹੈ। ਇਨ੍ਹਾਂ ਨਾਵਲੈੱਟਾਂ ਦਾ ਵਾਤਾਵਰਨ ਪੰਜਾਬ ਦਾ ਕੰਢੀ ਖੇਤਰ/ਅਰਧ-ਪਹਾੜੀ ਖੇਤਰ, ਬਿਆਸ ਦਰਿਆ ਦੇ ਹੜ੍ਹਾਂ ਦੀ ਮਾਰ ਹੇਠ, ਅਤੀ-ਪਛੜੇ ਇਲਾਕੇ ਦੇ ਬੀਤੇ ਪੰਜਾਹ ਵਰ੍ਹਿਆਂ ਨੂੰ ਕਲਾਵੇ ਵਿਚ ਲੈਂਦਾ ਹੈ। ਮੁਟਿਆਰਾਂ ਦੇ ਕੰਮਕਾਜ ਦੀਆਂ ਝਾਕੀਆਂ ਨੂੰ ਬਿਰਤਾਂਤ ਵਿਚ ਵਿਸ਼ੇਸ਼ ਸਥਾਨ ਹਾਸਲ ਹੈ। ਮਸਲਨ : ਕਿਤੇ ਮੁਟਿਆਰਾਂ/ਔਰਤਾਂ ਖੂਹਾਂ ਤੋਂ ਪਾਣੀ ਢੋਂਹਦੀਆਂ ਨੇ, ਕਿਧਰੇ ਘਾਹ ਖੋਤ ਕੇ ਪੰਡਾਂ ਬੰਨ੍ਹਦੀਆਂ ਨੇ, ਪਸ਼ੂਆਂ ਲਈ ਪੱਠੇ ਲਿਆ ਕੇ ਕੁਤਰਾ ਕਰਵਾਉਂਦੀਆਂ ਨੇ, ਕਿਧਰੇ ਸਾਗ ਲੈਣ ਜਾਂਦੀਆਂ ਨੇ, ਖੇਤੀ ਭੱਤੇ ਲਿਜਾਂਦੀਆਂ ਨੇ, ਗੋਹਾ-ਕੂੜਾ ਕਰਦੀਆਂ ਨੇ, ਫ਼ਸਲਾਂ ਦੀ ਗੱਡੀ 'ਚ ਹੱਥ ਵਟਾਉਂਦੀਆਂ ਨੇ, ਮਣ੍ਹਿਆਂ 'ਤੇ ਚੜ੍ਹ ਕੇ ਫ਼ਸਲਾਂ ਟੁੱਕ ਦੇ ਪੰਛੀਆਂ ਨੂੰ ਉਡਾਉਂਦੀਆਂ ਨੇ, ਪ੍ਰੇਮੀਆਂ ਨਾਲ ਵਿਸ਼ੇਸ਼ ਥਾਂ 'ਤੇ ਸੰਵਾਦ ਰਚਾਉਂਦੀਆਂ ਨੇ, ਦੁੱਧ ਵੇਚਦੀਆਂ, ਟਰੱਕ-ਡਰਾਈਵਰਾਂ ਤੋਂ ਇੱਜ਼ਤ ਲੁਟਾਉਂਦੀਆਂ ਨੇ, ਅਮੀਰਾਂ ਦੇ ਕਾਕਿਆਂ ਨਾਲ ਨਾਜਾਇਜ਼ ਸਬੰਧ ਜੋੜਦੀਆਂ ਨੇ, ਧੋਖਾ ਖਾਂਦੀਆਂ ਨੇ, ਫੁਲਕਾਰੀਆਂ ਕੱਢਦੀਆਂ ਨੇ, ਕਿਸੇ ਦੀ ਯਾਦ ਵਿਚ ਡੁੱਬ ਕੇ ਤਵੇ 'ਤੇ ਪਾਈ ਰੋਟੀ ਸਾੜ ਬਹਿੰਦੀਆਂ ਨੇ ਆਦਿ। ਰਾਂਝੇ ਨੇ ਹੀਰ ਨੂੰ ਕਿਹਾ ਸੀ, 'ਹੀਰੇ ਇਸ਼ਕ ਨਾ ਮੂਲ ਸਵਾਦ ਦਿੰਦੇ, ਨਾਲ ਚੋਰੀਆਂ ਅਤੇ ਉਧਾਲਿਆਂ ਦੇ।' ਪਰ ਇਨ੍ਹਾਂ ਨਾਵਲੈੱਟਾਂ ਵਿਚ ਰੂਪਮਾਨ ਹੁੰਦੀ ਪ੍ਰੀਤ ਵਿਚ ਚੋਰੀ-ਚੋਰੀ ਦਾ ਪਿਆਰ ਹੈ ਅਤੇ ਉਧਾਲੇ ਵੀ ਹਨ। ਮਾੜੀ ਆਰਥਿਕ ਅਵਸਥਾ ਕਾਰਨ ਮਾਪਿਆਂ ਵਲੋਂ ਧੀਆਂ ਨੂੰ ਸਮੇਂ ਸਿਰ ਨਾ ਵਿਆਹ ਸਕਣਾ, ਕਰਜ਼ੇ ਦੀ ਮਾਰ ਹੇਠ ਦੱਬੇ ਰਹਿਣਾ, ਹੱਡ-ਭੰਨਵੀਂ ਮਿਹਨਤ ਦੇ ਬਾਵਜੂਦ ਤੰਗੀ ਦਾ ਜੀਵਨ ਜਿਊਣਾ ਪੈਂਦਾ ਸੀ। ਮੁੰਡਿਆਂ ਦਾ ਕਿਧਰੇ ਹੋਰ ਵਿਆਹ ਕਰਵਾਉਣਾ ਜਾਂ ਡਰਦੇ ਮਾਰੇ ਘਰੋਂ ਭੱਜ ਜਾਣਾ ਬਿਰਤਾਂਤ ਦਾ ਅੰਗ ਬਣਦਾ ਹੈ।
ਪਿਛਲੇ ਤਿੰਨ ਨਾਵਲੈੱਟਾਂ (ਜੰਗ ਜਾਰੀ ਹੈ; ਜਦੋਂ ਦੇਸ਼ ਦੇ ਜੱਟ ਸਰਦਾਰ ਹੋਏ, ਪੰਜਾਬ ਦੀ ਲਲਕਾਰ) ਵਿਚ ਉਪਰੋਕਤ 'ਅੱਗ ਦੀ ਉਮਰ' ਦੇ ਅਰਥ ਰੂਪਾਂਤਰਿਤ ਹੋ ਜਾਂਦੇ ਹਨ। 'ਜੰਗ ਜਾਰੀ ਹੈ' ਦਾ ਨਾਇਕ ਪ੍ਰੋ: ਮਹਿਤਾ ਅੱਗ ਦੀ ਉਮਰ ਵਿਚ ਇਨਕਲਾਬੀ/ਕ੍ਰਾਂਤੀਕਾਰੀ ਹੋ ਨਿੱਬੜਦਾ ਹੈ। ਉਸ ਨੂੰ ਫਰਾਂਜ਼ ਕਾਫ਼ਕਾ ਦੇ ਨਾਵਲ 'ਦੀ ਟਰਾਇਲ' ਵਾਂਗ ਪਤਾ ਹੀ ਨਹੀਂ ਕਿ ਉਸ ਨੂੰ ਕਿਸ ਦੋਸ਼ ਕਾਰਨ ਜੇਲ੍ਹ ਵਿਚ ਸੁੱਟਿਆ ਗਿਆ ਹੈ। ਉਹ ਅੰਗਰੇਜ਼ੀ ਕਵੀ ਲਵਲੇਸ ਦੀ ਕਵਿਤਾ 'ਸਟੋਨ ਵਾਲਜ਼, ਡੂ ਨਾਟ ਏ ਪਰਿਜ਼ਨ ਮੇਕ, ਨੋਰ ਆਇਰਨ ਬਾਰਜ ਏ ਕੇਜ' ਵਾਂਗ ਸੋਚਦਾ ਪ੍ਰਤੀਤ ਹੁੰਦਾ ਹੈ ਜਦੋਂ ਉਹ ਕਹਿੰਦਾ ਹੈ, 'ਦੁਨੀਆ ਦੀ ਕੋਈ ਹੋਣੀ ਅਜਿਹੀ ਨਹੀਂ ਜਿਹੜੀ ਜਾਗਦੀ ਜ਼ਮੀਰ ਸਾਹਮਣੇ ਦੀਵਾਰ ਬਣ ਕੇ ਖੜੋ ਸਕੇ।' ਪੰ. 155, ਆਖ਼ਰੀ ਦੋਵੇਂ ਨਾਵਲੈੱਟ (ਜਦੋਂ ਦੇਸ਼ ਦੇ ਜੱਟ ਸਰਦਾਰ ਹੋਏ, ਪੰਜਾਬ ਦੀ ਲਲਕਾਰ) ਇਤਿਹਾਸਕ ਹਨ। 'ਲੱਖੀ ਦੇ ਜੰਗਲ ਅਤੇ ਕਾਹਨੂੰਵਾਨ ਦੇ ਛੰਭ ਰਣਭੂਮੀ ਵਿਚ ਸਿੰਘਾਂ ਨੇ ਮੁਗ਼ਲ ਫ਼ੌਜਾਂ/ਅਬਦਾਲੀ ਦੀਆਂ ਫ਼ੌਜਾਂ ਦੇ ਛੱਕੇ ਛੁਡਾਏ ਸਨ।
ਕਲਾਤਮਿਕ ਪੱਖੋਂ ਲੇਖਕ ਪ੍ਰਕਿਰਤਕ ਦ੍ਰਿਸ਼ ਸਿਰਜਣ, ਆਲੰਬਨ ਅਤੇ ਉਦੀਪਨ ਦਾ ਪ੍ਰਯੋਗ ਕਰਨ ਵਿਚ ਸਿੱਧ-ਹਸਤ ਹੈ। ਪਹਿਲਾਂ ਇਕ ਸ਼ਬਦ ਕਹਿ ਕੇ ਉਸ ਦੇ ਦੁਹਰਾਅ ਨਾਲ ਵਾਕ-ਪ੍ਰਯੋਗ ਕਰਕੇ ਸਾਰੇ ਹੀ ਨਾਵਲੈੱਟਾਂ ਵਿਚ ਕਾਵਿਕਤਾ ਦਾ ਪ੍ਰਵੇਸ਼ ਕਰ ਜਾਂਦਾ ਹੈ। ਤਿੰਨ ਨਾਵਲੈੱਟਾਂ ਦੀਆਂ ਅੰਤਿਕਾਵਾਂ 'ਬੰਦ ਪਾਠ' ਸਿਰਜਦੀਆਂ ਹਨ ਅਤੇ ਬਾਕੀ ਪੰਜ ਨਾਵਲੈੱਟ 'ਓਪਨ ਟੈਕਸਟ' ਦੀ ਪੇਸ਼ਕਾਰੀ ਕਰਦੇ ਹਨ। ਰੂਪਾਂਤਰਿਤ ਅੱਗ ਦੇ ਨਾਇਕ ਬੀਰਰਸੀ ਭਾਸ਼ਾ ਦਾ ਪ੍ਰਯੋਗ ਕਰਦੇ ਹਨ।


ਡਾ. ਧਰਮ ਚੰਦ ਵਾਤਿਸ਼
vatish.dharamchand@gmail.com
ਇਹਨੂੰ ਹੁਣ ਕੀ ਕਹੀਏ
ਲੇਖਕ : ਹਰਪਾਲ ਸੰਧਾਵਾਲੀਆ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 88
ਸੰਪਰਕ : 89683-52349.


ਸ਼ਾਇਰ ਹਰਪਾਲ ਸੰਧਾਵਾਲੀਆ ਆਪਣੇ ਪਹਿਲੇ ਹੀ ਕਾਵਿ ਪਰਾਗੇ 'ਇਹਨੂੰ ਹੁਣ ਕੀ ਕਹੀਏ' ਰਾਹੀਂ ਪੰਜਾਬੀ ਅਦਬ ਦੇ ਦਰ-ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ ਅਤੇ ਦਰ-ਦਰਵਾਜ਼ੇ ਦਾ ਕੁੰਡਾ ਖੁੱਲ੍ਹਦਿਆਂ ਹੀ ਕਾਵਿ ਸ਼ਿਲਪ, ਕਾਵਿ ਚਿੰਤਨ ਅਤੇ ਕਾਵਿ ਧਰਮ ਦੇ ਬੜੀ ਪ੍ਰਬੁੱਧਤਾ ਨਾਲ ਰੂਬਰੂ ਹੁੰਦਾ ਹੈ। ਜਦੋਂ ਪਹਿਲਾ ਬੱਚਾ ਪੈਦਾ ਹੁੰਦਾ ਹੈ ਤਾਂ ਮਾਂ ਲੋਕਾਂ ਦੀਆਂ ਬੁਰੀਆਂ ਨਜ਼ਰਾਂ ਤੋਂ ਬਚਾਉਣ ਲਈ ਉਸ ਦੇ ਮੱਥੇ 'ਤੇ ਕਾਲਾ ਟਿੱਕਾ ਲਗਾ ਦਿੰਦੀ ਹੈ। ਇਸ ਤਰ੍ਹਾਂ ਸ਼ਾਇਰ ਦੀ ਇਹ ਪਲੇਠੀ ਕਿਰਤ ਵੀ ਕਾਲਾ ਟਿੱਕਾ ਲਗਾਉਣ ਦੇ ਕਾਬਲ ਹੈ। ਉਸ ਦੀਆਂ ਡੂੰਘੀਆਂ ਰਮਜ਼ਾਂ ਵਾਲੀ ਸ਼ਾਇਰੀ ਦੀ ਥਾਹ ਪਾਉਣ ਲਈ ਨਾਰੀਅਲ ਨੂੰ ਛਿਲ ਕੇ ਉਸ ਵਿਚ ਪਈ ਖੋਪੇ ਦੀ ਗੁੱਟੀ ਅਤੇ ਗੁੱਟੀ ਅੰਦਰ ਪਏ ਤਰਲ ਪਦਾਰਥ ਨੂੰ ਪ੍ਰਾਪਤ ਕਰਨ ਵਾਲੇ ਤਰੱਦਦ ਵਿਚੋਂ ਗੁਜ਼ਰਨਾ ਪੈਂਦਾ ਹੈ। ਉਹ ਸ਼ਾਬਦਿਕ ਕਲਾਬਾਜ਼ੀਆਂ ਤੋਂ ਵਿੱਥ ਸਿਰਜਦਾ ਨਜ਼ਰ ਆਉਂਦਾ ਹੈ। ਉਹ ਸਵਾਲ ਖੜ੍ਹੇ ਕਰਦਾ ਹੈ ਕਿ 'ਇਹਨੂੰ ਹੁਣ ਕੀ ਕਹੀਏ' ਤਾਂ ਉਸ ਦੇ ਕਥਨ ਨੂੰ ਜਦੋਂ ਖੁਰਦਬੀਨੀ ਅੱਖ ਨਾਲ ਸਕੈਨਿੰਗ ਕਰਦੇ ਹਾਂ ਤਾਂ ਸਵੈ ਤੋਂ ਸਵੈ ਤੱਕ ਪਹੁੰਚਣ ਦਾ ਰਾਹ ਦਸੇਰਾ ਬਣ ਜਾਂਦਾ ਹੈ। ਉਹ ਦੱਸਦਾ ਹੈ ਕਿ ਬੰਦਾ ਵੀ ਇਕ ਗ੍ਰਹਿ ਹੈ, ਜਿਥੇ ਦੋਹਰੇ ਮਾਪਦੰਡਾਂ ਅਤੇ ਮੁਲੰਮਿਆਂ ਅੰਦਰ ਘਿਰੇ ਬੰਦੇ ਨੂੰ ਸ਼ੀਸ਼ੇ ਦੇ ਸਨਮੁੱਖ ਕਰਕੇ ਉਸ ਵਿਚੋਂ ਬੰਦਿਆਈ ਤਲਾਸ਼ਣ ਲਈ ਹੁੱਝ ਮਾਰਦਾ ਹੈ ਤਾਂ ਕਿ ਉਹ ਆਪਣੇ ਅੰਦਰਲੇ ਜੰਗਲੀ ਮਨੁੱਖ ਨੂੰ ਮਾਰ ਕੇ ਸੱਭਿਅਕ ਬਣ ਸਕੇ ਤੇ ਬੰਦੇ ਦੇ ਜਾਂਗਲੀਪੁਣੇ 'ਤੇ ਲਾਹਣਤਾਂ ਦੀ ਵਾਛੜ ਮਾਰਦਾ ਹੈ।
ਉਹ ਕਹਿੰਦਾ ਹੈ ਕਿ ਇੱਟਾਂ, ਸਰੀਏ ਤੇ ਚੂਨੇ ਨਾਲ ਖੜ੍ਹੀਆਂ ਕੀਤੀਆਂ ਇਮਾਰਤਾਂ ਕਮਰੇ ਤਾਂ ਹੋ ਸਕਦੀਆਂ ਹਨ ਪਰ ਘਰ ਨਹੀਂ ਹੋ ਸਕਦੀਆਂ। ਘਰ ਤਾਂ ਖੂਬਸੂਰਤ ਅਹਿਸਾਸਾਂ ਦਾ ਮੁਜੱਸਮਾ ਹੁੰਦਾ ਹੈ। ਆਪਣੇ ਚੰਗੇ ਭਵਿੱਖ ਦੀ ਆਸ ਲੈ ਕੇ ਜਦੋਂ ਗੱਭਰੂ ਪੁੱਤ ਆਪ ਸਹੇੜਿਆ ਪਰਵਾਸ ਹੰਢਾਉਂਦਾ ਹੈ ਤਾਂ ਪਿੱਛੋਂ ਜੋ ਬੁੱਢੀ ਮਾਂ 'ਤੇ ਗੁਜ਼ਰਦੀ ਹੈ, ਉਸ ਦਾ ਮਾਰਮਿਕ ਵਰਨਣ ਵੀ ਕਰਦਾ ਹੈ। ਉਹ ਹੋਰ ਵਿਭਿੰਨ ਵਰਤਾਰਿਆਂ ਨਾਲ ਦਸਤਪੰਜਾ ਤਾਂ ਲੈਂਦਾ ਹੈ ਪਰ ਜੋ ਕਸ਼ਮੀਰ ਦੇ ਲੋਕਾਂ ਦੇ ਦਰਦ ਨੂੰ ਸਮਝਣ ਲੱਗਿਆਂ ਕਹਿੰਦਾ ਹੈ ਕਿ ਜਿਸ ਨੂੰ ਮੁਗ਼ਲ ਬਾਦਸ਼ਾਹ ਧਰਤੀ 'ਤੇ ਸਵਰਗ ਦਾ ਨਾਂਅ ਦਿੰਦੇ ਹਨ ਉਹ ਤਾਂ ਸ਼ਾਖਸ਼ਾਤ ਨਰਕ ਬਣ ਚੁੱਕਿਆ। ਇਸ ਖੂਬਸੂਰਤ ਪਹਿਲੇ ਕਾਵਿ ਪਰਾਗੇ ਨੂੰ ਜੀ ਆਇਆਂ ਤਾਂ ਕਹਿਣਾ ਬਣਦਾ ਹੀ ਹੈ।


ਭਗਵਾਨ ਢਿੱਲੋਂ
ਮੋ: 98143-78254.


ਸਾਂਝ
ਨਾਵਲਕਾਰ : ਸਲੀਮ ਖ਼ਾਨ ਗਿੱਮੀ
ਲਿਪੀਅੰਤਰ : ਖ਼ਾਲਿਦ ਫ਼ਰਹਾਦ ਧਾਰੀਵਾਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ (ਪਟਿਆਲਾ)
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 98152-43917.


ਪਾਕਿਸਤਾਨ ਦੇ ਉੱਘੇ ਨਾਵਲਕਾਰ ਅਫ਼ਗਾਨਿਸਤਾਨ, ਸਫ਼ਰਨਾਮਾ ਤੇ ਸੂਰਤ ਲੇਖਕ ਸਲੀਮ ਖ਼ਾਨ ਗਿੱਮੀ ਦਾ ਲਹਿੰਦੇ ਪੰਜਾਬ ਦਾ ਨਾਵਲ 'ਸਾਂਝ', ਜਿਸ ਦਾ ਲਿਪੀਅੰਤਰ ਖ਼ਾਲਿਦ ਫ਼ਰਹਾਦ ਧਾਰੀਵਾਲ ਨੇ ਕੀਤਾ ਹੈ, ਭਾਰਤ-ਪਾਕਿ ਵੰਡ ਤੋਂ ਕੁਝ ਸਮਾਂ ਪਹਿਲਾਂ ਦੀ ਪਿੱਠਭੂਮੀ 'ਤੇ ਆਧਾਰਿਤ ਹੈ। ਨਾਵਲਕਾਰ ਨੇ ਵੰਡ ਤੋਂ ਪਹਿਲਾਂ ਗੁਰਦਾਸਪੁਰ ਦੇ ਪਿੰਡ ਫ਼ਰੀਦਪੁਰ ਉਸਾਰ ਕੇ ਹਿੰਦੂ, ਮੁਸਲਿਮ ਤੇ ਸਿੱਖ ਏਕਤਾ, ਭਾਈਚਾਰੇ ਅਤੇ ਸੱਭਿਆਚਾਰਕ ਸਾਂਝਾਂ ਦਾ ਰੌਚਕ ਵਰਨਣ ਕੀਤਾ ਹੈ, ਜੋ ਵੰਡ ਸਮੇਂ ਤੱਕ ਬਣਿਆ ਰਹਿੰਦਾ ਹੈ। ਕਥਾਨਕ ਮੁਤਾਬਿਕ ਪਿੰਡ ਦੇ ਹਰਨਾਮ ਸਿੰਘ ਅਤੇ ਮੁਰੀਦਖ਼ਾਨ ਸਿੱਖ-ਮੁਸਲਿਮ ਏਕਤਾ ਦਾ ਪ੍ਰਤੀਕ ਹਨ। ਸ਼ਾਹ ਸਕੰਦਰ ਦੀ ਮਜ਼ਾਰ ਦੇ ਸਾਲਾਨਾ ਮੇਲੇ ਵਿਚ ਜਦੋਂ ਹਰਨਾਮ ਸਿੰਘ ਦਾ ਹੋਣ ਵਾਲਾ ਦਾਮਾਦ ਕਿਰਪਾ ਸਿੰਘ ਮੇਲੇ ਦੀ ਕੰਜਰੀ ਬਿਜਲੀ ਨੂੰ ਚੁੱਕ ਲੈਂਦਾ ਹੈ ਤਾਂ ਹਰਨਾਮ ਸਿੰਘ ਦੇ ਹੀ ਕਹਿਣ 'ਤੇ ਕਾਦੂ ਖਾਨ ਕਿਰਪਾ ਸਿੰਘ ਨੂੰ ਜ਼ਖ਼ਮੀ ਕਰਕੇ ਬਿਜਲੀ ਨੂੰ ਛੁਡਾ ਕੇ ਪਿੰਡ ਦੀ ਸਾਖ਼ ਬਚਾ ਲੈਂਦਾ ਹੈ ਪਰ ਇਸ ਘਟਨਾ ਮਗਰੋਂ ਕਿਰਪਾ ਸਿੰਘ ਤੇ ਕਾਦੂ ਦਾ ਵੈਰ ਵਧ ਜਾਂਦਾ ਹੈ। ਕਿਰਪਾ ਸਿੰਘ ਵਿਸਾਖੀ ਦੇ ਮੇਲੇ 'ਤੇ ਧੋਖੇ ਨਾਲ ਕਾਦੂ 'ਤੇ ਜਾਨਲੇਵਾ ਹਮਲਾ ਕਰਦਾ ਹੈ। ਕਾਦੂ ਨੂੰ ਮਰਿਆ ਸਮਝ ਕੇ ਭਗੌੜਾ ਹੋਇਆ ਕਿਰਪਾ ਸਿੰਘ ਜਾਪਾਨੀ ਫ਼ੌਜ 'ਚ ਭਰਤੀ ਹੋ ਕੇ ਲਾਮ 'ਤੇ ਚਲਿਆ ਜਾਂਦਾ ਹੈ। ਮਗਰੋਂ ਕਾਦੂ ਨਵਾਂ ਜਨਮ ਪ੍ਰਾਪਤ ਕਰ ਸੁੱਗੀ ਦੇ ਨੇੜੇ ਹੋ ਜਾਂਦਾ ਹੈ ਤੇ ਉਸ ਦਾ ਤਾਇਆ ਉਸ ਨੂੰ ਵੀ ਅੰਗਰੇਜ਼ ਫ਼ੌਜ ਵਿਚ ਭਰਤੀ ਕਰਾ ਦਿੰਦਾ ਹੈ। ਬਰਮਾ ਦੇ ਜੰਗਲਾਂ ਵਿਚ ਕਾਦੂ ਤੇ ਕਿਰਪਾ ਸਿੰਘ ਦੇ ਮੁਕਾਬਲੇ ਦੌਰਾਨ ਕਾਦੂ ਹੱਥੋਂ ਕਿਰਪਾ ਸਿੰਘ ਮਾਰਿਆ ਜਾਂਦਾ ਹੈ। ਕਿਰਪਾ ਸਿੰਘ ਮਰਨ ਤੋਂ ਪਹਿਲਾਂ ਆਪਣੀ ਮੰਗੇਤਰ ਪ੍ਰੀਤੋ (ਸੁੱਗੀ ਦੀ ਸਹੇਲੀ) ਲਈ ਸੋਨੇ ਦੀ ਮੁੰਦਰੀ ਤੇ ਸੁਨੇਹਾ ਛੱਡ ਜਾਂਦਾ ਹੈ।
ਦੂਜਾ ਵਿਸ਼ਵ ਯੁੱਧ ਸਮਾਪਤ ਹੋਣ 'ਤੇ ਕਾਦੂ ਆਪਣੇ ਪਿੰਡ ਮੁੜ ਆਉਂਦਾ ਹੈ। ਫਿਰ ਹਿੰਦ-ਪਾਕਿ ਵੰਡ ਦੇ ਰੌਲੇ ਸਮੇਂ ਆਪਣੇ ਮਰਹੂਮ ਤਾਏ ਮੁਰੀਦ ਖਾਨ ਨਾਲ ਕੀਤੇ ਵਾਅਦੇ ਮੁਤਾਬਿਕ ਹਰਨਾਮ ਸਿੰਘ ਤੇ ਪਿੰਡ ਦੇ ਹੋਰ ਸਿੱਖਾਂ ਨੂੰ ਰਾਵੀ ਪਾਰ ਕਰਾ ਕੇ ਸਹੀ ਸਲਾਮਤ ਹਿੰਦੁਸਤਾਨ ਭੇਜ ਦਿੰਦਾ ਹੈ ਪਰ ਆਪਣੇ ਹੀ ਮੁਸਲਿਮ ਸਾਥੀ ਬੈਰਮ ਖਾਨ ਹੱਥੋਂ ਪ੍ਰੀਤੋ ਨੂੰ ਬਚਾਉਂਦਾ ਹੋਇਆ ਜ਼ਖਮੀ ਹੋ ਕੇ ਰੱਬ ਨੂੰ ਪਿਆਰਾ ਹੋ ਜਾਂਦਾ ਹੈ। ਇੰਜ ਨਾਵਲ ਦਾ ਦੁਖਾਂਤਕ ਅੰਤ ਨੇਕੀ ਲਈ ਜਿੰਦ ਵਾਰ ਕੇ ਕੌਮ ਦਾ ਨਾਂਅ ਉੱਚਾ ਰੱਖਣ ਦਾ ਆਦਰਸ਼ ਪੇਸ਼ ਕਰਨ ਦਾ ਸੁਨੇਹਾ ਦਿੰਦਾ ਹੈ। ਨਾਵਲ ਦੀ ਭਾਸ਼ਾ ਮੁਹਾਵਰੇਦਾਰ ਹੈ। ਲਹਿੰਦੇ ਪੰਜਾਬ ਦੀ ਮਾਖਿਉਂ ਮਿੱਠੀ ਠੇਠ ਪੰਜਾਬੀ ਨਾਲ ਗੜੁੱਚ ਹੈ। ਨਾਵਲਕਾਰ ਦੀ ਬਿਰਤਾਂਤ ਸਿਰਜਣਾ ਅਤੇ ਘਟਨਾਵਾਂ ਦੀ ਮੰਜਰਕਸ਼ੀ ਪਾਠਕ ਨੂੰ ਕੀਲਣ ਵਾਲੀ ਹੈ। ਨਾਵਲ ਵਿਚ ਧਾਰਮਿਕ ਅਤੇ ਸੱਭਿਆਚਾਰਕ ਸਾਂਝ ਦੀ ਪੇਸ਼ਕਾਰੀ ਕਮਾਲ ਦੀ ਹੈ। ਨਾਵਲ ਦੇ ਪਾਤਰ ਪ੍ਰੀਤੋ, ਸੁੱਗੀ, ਹਰਨਾਮ ਸਿੰਘ, ਸਾਈਂ ਸੱਪ, ਕਾਦੂ, ਸਿੰਮੂ, ਬਿਜਲੀ, ਰੂੜੀ ਮਾਈ, ਮੁਰੀਦ ਖਾਨ, ਦਰਸ਼ਨ ਸਿੰਘ, ਡਾ. ਲਹਿਣਾ ਸਿੰਘ ਦਾ ਚਰਿੱਤਰ ਚਿਤਰਨ ਤੇ ਸੰਵਾਦ ਪਾਠਕ ਨੂੰ ਕੀਲਦੇ ਵੀ ਹਨ, ਹਲੂਣਦੇ ਵੀ ਹਨ ਤੇ ਸਦੀ ਪੁਰਾਣੇ ਸਾਂਝੇ ਸੱਭਿਆਚਾਰ ਨਾਲ ਜੋੜਦੇ ਵੀ ਹਨ। ਨਾਵਲ ਪੜ੍ਹ ਕੇ ਵੀ ਪਾਠਕ ਇਨ੍ਹਾਂ ਪਾਤਰਾਂ ਤੋਂ ਜੁਦਾ ਨਹੀਂ ਹੁੰਦਾ।


ਡਾ. ਧਰਮਪਾਲ ਸਾਹਿਲ
ਮੋ: 98761-56964.


ਫਾਸ਼ੀਵਾਦ ਵਿਰੋਧੀ ਕਵਿਤਾਵਾਂ
ਲੇਖਕ : ਬ੍ਰਤੋਲਤ ਬ੍ਰੈਖ਼ਤ
ਅਨੁਵਾਦਕ : ਮਨਦੀਪ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 152
ਸੰਪਰਕ : 95011-45039.


'ਫਾਸ਼ੀਵਾਦ ਵਿਰੋਧੀ ਕਵਿਤਾਵਾਂ' ਬ੍ਰਤੋਲਤ ਬ੍ਰੈਖ਼ਤ ਦੀਆਂ ਸੰਸਾਰ ਪ੍ਰਸਿੱਧ ਚੋਣਵੀਆਂ ਕਵਿਤਾਵਾਂ ਦਾ ਕਾਵਿ-ਸੰਗ੍ਰਹਿ ਹੈ। ਇਸ ਨੂੰ ਮਨਦੀਪ (ਮਨਦੀਪ ਸੰਦੋਆਲ) ਨੇ ਅਨੁਵਾਦ ਅਤੇ ਸੰਪਾਦਨ ਕੀਤਾ ਹੈ। ਇਸ ਕਾਵਿ-ਸੰਗ੍ਰਹਿ ਦੀਆਂ 102 ਕਵਿਤਾਵਾਂ 'ਜਦੋਂ ਫਾਸ਼ੀਵਾਦੀ ਮਜ਼ਬੂਤ ਹੋ ਰਹੇ ਸਨ' ਤੋਂ ਲੈ ਕੇ 'ਤੁਹਾਡੇ ਫ਼ਨਕਾਰ ਖ਼ਾਮੋਸ਼ ਕਿਉਂ ਸਨ' ਨੂੰ ਸ਼ਾਮਿਲ ਕਰਦਿਆਂ ਇਸ ਕਾਵਿ-ਸੰਗ੍ਰਹਿ ਨੂੰ ਦੁਨੀਆ ਭਰ 'ਚ ਫਾਸ਼ੀਵਾਦ ਖਿਲਾਫ਼ ਉੱਠਣ ਵਾਲੀ ਹਰ ਨਿਡਰ ਆਵਾਜ਼ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਕਾਵਿ-ਸੰਗ੍ਰਹਿ ਦੀ ਮਹੱਤਤਾ ਹੋਰ ਵੀ ਉਜਾਗਰ ਹੋ ਜਾਂਦੀ ਹੈ ਜਦੋਂ ਭਾਰਤ ਵਿਚ ਇਸ ਸਮੇਂ ਕੇਂਦਰ ਦੀ ਜਾਬਰ, ਫਾਸ਼ੀਵਾਦੀ ਸਰਕਾਰ ਵਲੋਂ ਅਖੌਤੀ ਲੋਕਤੰਤਰ ਦੇ ਲਬਾਦੇ ਹੇਠ ਤਿੰਨ ਕਾਲੇ ਕਿਸਾਨੀ ਕਾਨੂੰਨਾਂ ਦੇ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਵਲੋਂ ਰੋਹ ਭਰਿਆ ਲੰਮਾ ਸੰਘਰਸ਼ ਵਿੱਢਿਆ ਹੋਇਆ ਹੈ। ਬ੍ਰੈਖ਼ਤ ਦੀਆਂ ਇਨ੍ਹਾਂ ਚੋਣਵੀਆਂ ਰਚਨਾਵਾਂ ਦੀ ਪ੍ਰਾਪਤੀ ਇਹ ਹੈ ਕਿ ਇਹ ਲੋਕ ਚੇਤਨਾ ਨੂੰ ਵਿਕਸਿਤ ਕਰਦੀਆਂ ਹਨ ਅਤੇ ਸਥਾਪਤੀ ਦੇ ਵਿਰੁੱਧ ਵਿਦਰੋਹ ਦੀ ਆਵਾਜ਼ ਨੂੰ ਬੁਲੰਦ ਕਰਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਫਾਸ਼ੀਵਾਦੀ ਅਤੇ ਤਾਨਾਸ਼ਾਹੀ ਮਨਸੂਬਿਆਂ ਦੇ ਧਾਰਨੀ ਹਾਕਮਾਂ ਵਲੋਂ ਢਾਹੇ ਜਾਂਦੇ ਜਬਰ-ਜ਼ੁਲਮ ਦਾ ਬਿਰਤਾਂਤ ਸਿਰਜਿਆ ਗਿਆ ਹੈ। ਲੋਕ-ਪੀੜਾ ਨੂੰ ਜ਼ਬਾਨ ਦੇਣ ਦਾ ਫ਼ਰਜ਼ ਸ਼ਬਦਾਂ ਰਾਹੀਂ ਨਿਭਾਇਆ ਗਿਆ ਹੈ। ਇਹ ਕਵਿਤਾਵਾਂ ਵਿਚਾਰਧਾਰਕ ਜੰਗ ਲੜਨ ਵੱਲ ਆਮ ਲੋਕਾਈ ਨੂੰ ਸੇਧਿਤ ਹਨ। ਦਵੰਦਾਤਮਿਕ ਵਿਗਿਆਨਕ ਨਜ਼ਰੀਏ ਰਾਹੀਂ ਦੋ ਸੰਸਾਰ ਜੰਗਾਂ ਰਾਹੀਂ ਮਨੁੱਖਾਂ 'ਤੇ ਹੋਈ ਬਰਬਰਤਾ ਨੂੰ ਸਮਝਣ ਅਤੇ ਇਸ ਦੇ ਬਦਲ ਵਜੋਂ ਸਮਾਜਵਾਦੀ ਰਾਜ ਬਣਤਰ ਦੀ ਵਕਾਲਤ ਕੀਤੀ ਗਈ ਹੈ। ਲੇਖਕਾਂ ਦੀ ਭੂਮਿਕਾ ਨੂੰ 'ਪ੍ਰਮੁੱਖ' ਮੰਨਿਆ ਗਿਆ ਹੈ। ਲੇਖਕ ਹੀ ਸ਼ਬਦਾਂ ਰਾਹੀਂ ਲੋਕਾਂ ਦੀ 'ਮੂਕ ਪੀੜ' ਨੂੰ ਆਵਾਜ਼ ਦੇ ਸਕਦੇ ਹਨ। ਸੱਤਾਧਾਰੀ ਤਾਕਤਾਂ ਫ਼ੌਜ ਅਤੇ ਮਾਰੂ ਹਥਿਆਰਾਂ ਨਾਲ ਆਵਾਮ ਨੂੰ ਕਤਲ ਤਾਂ ਕਰ ਸਕਦੀਆਂ ਹਨ ਪਰ ਸ਼ਬਦ ਮਰਹਮ ਦਾ ਫਰਜ਼ ਨਿਭਾਉਂਦੇ ਇਨ੍ਹਾਂ ਦੇ ਖਿਲਾਫ਼ ਲੜਨ, ਜਿੱਤਣ ਅਤੇ ਚੰਗੇਰੇ ਭਵਿੱਖ ਦੀ ਢਾਰਸ ਵੀ ਬੰਨ੍ਹਾ ਸਕਦੇ ਹਨ। ਇਸੇ ਲਈ ਬ੍ਰੈਖਤ ਬੁਰੇ ਦੌਰ ਅੰਦਰ ਵੀ ਸੰਘਰਸ਼ ਦੀ ਮਹੱਤਤਾ ਨੂੰ ਉਚਿਆਉਂਦਾ ਹੈ :
ਕੀ ਹਨੇਰੇ ਦੌਰ 'ਚ ਵੀ
ਗੀਤ ਗਾਏ ਜਾਣਗੇ?
ਹਾਂ, ਹਨੇਰੇ ਦੌਰ ਬਾਰੇ ਵੀ
ਗੀਤ ਗਾਏ ਜਾਣਗੇ।
ਮਨਦੀਪ ਸੁਲਝਿਆ ਹੋਇਆ ਅਨੁਵਾਦਕ ਹੈ। ਉਹ ਲੰਮੇ ਸਮੇਂ ਤੋਂ ਦੂਸਰੀਆਂ ਭਾਸ਼ਾਵਾਂ ਦੇ ਲੋਕ-ਹਿਤੂ ਕਾਵਿ ਨੂੰ ਪੰਜਾਬੀ ਕਾਵਿ-ਪਾਠਕਾਂ ਦੇ ਸਨਮੁੱਖ ਕਰਦਾ ਆਇਆ ਹੈ। ਇਹ ਵੀ ਉਸ ਦਾ ਸ਼ਲਾਘਾਯੋਗ ਉੱਦਮ ਹੈ। ਆਸ ਕਰਦਾ ਹਾਂ ਕਾਵਿ-ਪਾਠਕ ਉਸ ਦੀ ਮਿਹਨਤ ਨੂੰ ਸਵੀਕਾਰਦਿਆਂ, ਉਸ ਨੂੰ ਭਰਪੂਰ ਦਾਦ ਦੇਣਗੇ। ਆਮੀਨ!


ਸੰਧੂ ਵਰਿਆਣਵੀ (ਪ੍ਰੋ:)
ਮੋ: 98786-14096.
c c c


ਮੈਂ ਵਸਦੀ ਤੇਰੇ ਸਾਹਾਂ ਵਿਚ
ਲੇਖਿਕਾ : ਜਸਵੰਤ ਕੌਰ ਬੈਂਸ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 0161-2740738.


ਮਨੁੱਖ ਹਮੇਸ਼ਾ ਆਪਣੇ ਅੰਦਰ ਝਾਤੀ ਮਾਰਨ ਦੀ ਬਜਾਏ ਦੂਜਿਆਂ ਦੇ ਐਬ ਲੱਭਣ ਦੀ ਕੋਸ਼ਿਸ਼ ਵਿਚ ਹੀ ਲੱਗਾ ਰਹਿੰਦਾ ਹੈ ਪਰ ਕਦੇ ਵੀ ਕਿਸੇ ਭਟਕੇ ਹੋਏ ਦਾ ਰਾਹ-ਦਸੇਰਾ ਬਣਨ ਦਾ ਸਾਹਸ ਨਹੀਂ ਕਰਦਾ। ਹਥਲੀ ਪੁਸਤਕ 'ਮੈਂ ਵਸਦੀ ਤੇਰੇ ਸਾਹਾਂ ਵਿਚ' ਦੀ ਇਸ ਕਾਵਿ-ਟੁਕੜੀ ਵਿਚ ਨਾਮਵਰ ਕਵਿੱਤਰੀ ਜਸਵੰਤ ਕੌਰ ਬੈਂਸ ਕਹਿੰਦੇ ਹਨ ਕਿ ਜਿਹੋ ਜਿਹੇ ਮਾਣ-ਸਤਿਕਾਰ ਦੀ ਅਸੀਂ ਆਪਣੇ ਲਈ ਇੱਛਾ ਰੱਖਦੇ ਹਾਂ, ਹੋਰਨਾਂ ਨਾਲ ਵੀ ਸਾਨੂੰ ਉਹੋ ਜਿਹਾ ਹੀ ਸਲੂਕ ਕਰਨਾ ਚਾਹੀਦਾ ਹੈ :
ਹੋਰਾਂ ਦੀ ਜ਼ਿੰਦਗੀ 'ਚ ਝਾਤ ਨਹੀਂ ਪਾਈਦੀ
ਪੁੱਠੀ ਮੱਤ ਕਿਸੇ ਨੂੰ ਕਦੇ ਨਹੀਂ ਸਿਖਾਈਦੀ
ਆਪਣਿਆਂ ਦਾ ਰਲ ਕੇ ਮਾਣ ਵਧਾਈਦਾ
ਜੇ ਜੱਗ ਉੱਤੇ ਤੈਨੂੰ ਸਨਮਾਨ ਚਾਹੀਦਾ।
ਜ਼ਿੰਦਗੀ ਦੀਆਂ ਇਨ੍ਹਾਂ ਤਲਖ਼ ਹਕੀਕਤਾਂ ਤੋਂ ਵੀ ਉਹ ਭਲੀ-ਭਾਂਤ ਵਾਕਫ਼ ਹਨ ਕਿ ਕਿਹੋ ਜਿਹੇ ਹਾਲਾਤ ਵਿਚ ਮਾਪਿਆਂ ਨੂੰ ਆਪਣੇ ਜਿਗਰ ਦੇ ਟੋਟੇ ਵਿਦੇਸ਼ਾਂ ਵਿਚ ਭੇਜਣੇ ਪੈਂਦੇ ਹਨ ਅਤੇ ਕਿਵੇਂ ਧੋਖੇਬਾਜ਼ ਏਜੰਟਾਂ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿਚ ਪਹੁੰਚੇ ਨੌਜਵਾਨਾਂ ਨੂੰ ਸਾਰੀ ਉਮਰ ਆਪਣੀ ਹੋਂਦ ਨੂੰ ਲੁਕਾ-ਲੁਕਾ ਕੇ ਰੱਖਣਾ ਪੈਂਦਾ ਹੈ:
ਬੰਨ੍ਹਿਆ ਗਿਆ ਹਾਂ ਕਾਨੂੰਨ ਦੇ ਦਾਇਰੇ ਵਿਚ
ਵਤਨ ਦਾ ਫੇਰਾ ਹੁਣ ਮੈਂ ਕਿੱਦਾਂ ਪਾਵਾਂ?
ਵੀਜ਼ਾ ਅਤੇ ਪਾਸਪੋਰਟ ਮੇਰੇ ਕੋਲ ਹੈ ਨਹੀਂ,
ਲਏ ਹੋਏ ਕਰਜ਼ੇ ਮੈਂ ਆ ਕੇ ਕਿੰਝ ਲਾਹਵਾਂ?
ਇਸ ਪੁਸਤਕ ਤੋਂ ਪਹਿਲਾਂ ਜਸਵੰਤ ਕੌਰ ਬੈਂਸ ਦੀਆਂ ਤਿੰਨ ਪੁਸਤਕਾਂ 'ਕਾਲੀ ਲੋਈ', 'ਸੰਧੂਰ ਮਿੱਟੀ ਦੀ ਖ਼ੁਸ਼ਬੋ' ਅਤੇ 'ਕਿਸ ਰਿਸ਼ਤੇ 'ਤੇ ਮਾਣ ਕਰਾਂ' ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਨ੍ਹਾਂ ਨੇ ਲਗਭਗ ਹਰੇਕ ਵਿਸ਼ੇ ਨੂੰ ਬੜੇ ਹੀ ਸਫਲ ਅਤੇ ਸੁਚੱਜੇ ਢੰਗ ਨਾਲ ਛੋਹਿਆ ਹੈ। ਕੋਰੋਨਾ ਵਾਇਰਸ ਦੇ ਮਨੁੱਖੀ ਜ਼ਿੰਦਗੀ ਉੱਤੇ ਪਏ ਪ੍ਰਭਾਵਾਂ ਨੂੰ ਵੀ ਗੰਭੀਰਤਾ ਨਾਲ ਲਿਆ ਹੈ। ਪੂਰੀ ਉਮੀਦ ਹੈ ਕਿ ਪਾਠਕ ਉਨ੍ਹਾਂ ਦੀ ਇਸ ਕੋਸ਼ਿਸ਼ ਦਾ ਜ਼ਰੂਰ ਸਮਰਥਨ ਕਰਨਗੇ।


ਕਰਮ ਸਿੰਘ ਜ਼ਖ਼ਮੀ
ਮੋ: 98146-28027

25-07-2021

ਰਾਜਾ ਰਸਾਲੂ ਤੇ ਪੰਜਾਬ ਦੀਆਂ ਹੋਰ ਕਥਾਵਾਂ
ਲੇਖਕ : ਚਾਰਲਸ ਸਵੀਨਰਟਨ
ਅਨੁਵਾਦ ਤੇ ਸੰਪਾਦਕ : ਡਾ. ਕਰਮਜੀਤ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 162
ਸੰਪਰਕ : 98763-23862.


ਹਥਲੀ ਪੁਸਤਕ ਨੂੰ ਵਿਸ਼ੇਸ਼ ਤੌਰ 'ਤੇ ਦੋ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ ਰਾਜਾ ਰਸਾਲੂ ਦੇ ਮੁਢਲੇ ਜੀਵਨ ਤੋਂ ਲੈ ਕੇ ਅੰਤ ਤੱਕ ਨੂੰ ਬਾਰਾਂ ਅਧਿਆਏ ਬਣਾਏ ਗਏ ਹਨ ਅਤੇ 45 ਦੇ ਕਰੀਬ ਮੂਲ ਸ੍ਰੋਤਾਂ ਤੋਂ ਇਕੱਠੀਆਂ ਕੀਤੀਆਂ ਛੋਟੀਆਂ ਵੱਡੀਆਂ ਕਥਾਵਾਂ ਨੂੰ ਸੰਗ੍ਰਹਿਤ ਕੀਤਾ ਗਿਆ ਹੈ। ਜਿਵੇਂ ਜੁਲਾਹਾ ਤੇ ਭਵਿੱਖਵਾਣੀ, ਬੁੱਧੂ ਕੁੜੀ, ਗ਼ਰੀਬ ਜੁਲਾਹਾ, ਸੁਨਿਆਰੇ ਨੇ ਬਣਾਈ ਮਾਂ ਦੀ ਸ਼ੁੱਧ ਸੋਨੇ ਦੀ ਵੰਗ, ਬਨੇਰ ਦੀ ਵਿਧਵਾ, ਆਦਮੀ ਤੇ ਰਿੱਛ, ਦੋ ਸੂਮ, ਖੱਚਰ ਤੇ ਰਾਹੀ, ਰੰਗਿਆ ਗਿੱਦੜ, ਮਹਾਤਮਾ ਅਤੇ ਸ਼ਰਧਾਲੂ, ਚੋਰ, ਰਾਜਾ ਤੇ ਚਾਰ ਕੁੜੀਆਂ, ਜੋ ਬੋਲੇ ਉਹੋ ਹੀ ਕੁੰਡਾ ਖੋਲ੍ਹੇ ਆਦਿ। ਇਸ ਸੰਗ੍ਰਹਿ ਵਿਚ ਦਿੱਤੀਆਂ ਗਈਆਂ ਕਥਾਵਾਂ ਰਾਤਾਂ ਨੂੰ ਸੁਣਾਈਆਂ ਤੇ ਸੁਣੀਆਂ ਜਾਣ ਨਾਲ ਸਬੰਧਿਤ ਹਨ। ਇਨ੍ਹਾਂ ਦੀ ਪੇਸ਼ਕਾਰੀ ਵਿਚ ਤਾਜ਼ਗੀ ਹੈ ਅਤੇ ਕਈ ਬਿੰਦੂਆਂ ਤੋਂ ਬਿਲਕੁਲ ਵੱਖਰੀਆਂ ਹਨ। ਕੁਝ ਕਥਾਵਾਂ ਵਿਚੋਂ ਵਿਅੰਗ ਉੱਭਰਦਾ ਹੈ ਤੇ ਕੁਝ ਵਿਚੋਂ ਸਦਾਚਾਰਕ ਉਪਦੇਸ਼ ਦੀਆਂ ਧੁਨੀਆਂ ਸੁਣਾਈ ਦਿੰਦੀਆਂ ਹਨ। ਸੂਮ ਇਕ ਦਾਣੇ ਬਦਲੇ ਉੱਚੀ ਥਾਂ ਤੋਂ ਛਾਲ ਮਾਰ ਕੇ ਜ਼ਖ਼ਮੀ ਹੋ ਬਹਿੰਦਾ ਹੈ। ਘਿਉ ਖ਼ਤਮ ਨਾ ਹੋ ਜਾਵੇ ਇਸ ਲਈ ਸੂਮ ਦੂਰ ਟੰਗੇ ਡੱਬੇ ਵੱਲ ਬੁਰਕੀ ਦਿਖਾ ਕੇ ਖਾਣਾ ਖਾਂਦਾ ਹੈ ਤੇ ਦੂਸਰਿਆਂ ਨੂੰ ਵੀ ਇਹੀ ਨਸੀਹਤ ਕਰਦਾ ਹੈ। ਇਸੇ ਤਰ੍ਹਾਂ ਹੋਰ ਕਥਾਵਾਂ ਦ੍ਰਿਸ਼ਟਾਂਤਕ ਹਨ ਜੋ ਸਦਾਚਾਰਕ ਉਪਦੇਸ਼ ਨੂੰ ਦ੍ਰਿੜ੍ਹ ਕਰਦੀਆਂ ਹਨ। ਜਿਵੇਂ ਦੋਸਤੀ ਇਕੋ ਜਿਹੇ ਗੁਣਾਂ ਵਾਲਿਆਂ ਵਿਚ ਹੀ ਪੁੱਗ ਸਕਦੀ ਹੈ। ਰੰਗਿਆ ਗਿੱਦੜ ਮੋਰ ਨਹੀਂ ਬਣ ਜਾਂਦਾ। ਇਹ ਕਥਾਵਾਂ ਮਨੋਰੰਜਕ ਵੀ ਹਨ ਅਤੇ ਤੁਲਨਾਤਮਿਕ ਅਧਿਐਨ ਲਈ ਮਹੱਤਵਪੂਰਨ ਵੀ। ਲੋਕ ਥੱਕੇ ਨਾ ਹੋਣ ਤਾਂ ਇਨ੍ਹਾਂ ਕਹਾਣੀਆਂ ਦੀ ਥਾਂ ਕਾਲਪਨਿਕ ਕਥਾਵਾਂ ਅਤੇ ਵਿਸ਼ਾਲ ਦੁਨੀਆ ਦੀਆਂ ਖ਼ਬਰਾਂ ਲੈ ਲੈਂਦੀਆਂ ਹਨ। ਕਥਾਵਾਚਕ ਆਲੇ ਦੁਆਲੇ ਦੇ ਵਰਨਣ ਨਾਲ ਅਤੇ ਮੌਕਾਮੇਲ ਦੇ ਨਾਲ-ਨਾਲ ਮਨ ਦਹਿਲਾਉਣ ਵਾਲੀਆਂ ਦੁਰਘਟਨਾਵਾਂ ਦਾ ਵਰਨਣ ਰਲਾ ਲੈਂਦਾ ਹੈ ਜੋ ਉਸ ਦੇ ਆਪੇ ਨਾਲ ਬੀਤੀਆਂ ਹੁੰਦੀਆਂ ਹਨ। ਦਰਜ ਕਹਾਣੀਆਂ ਲੰਮੀਆਂ ਵੀ ਹਨ ਤੇ ਛੋਟੀਆਂ ਵੀ ਹਨ।
ਚਾਰਲਸ ਸਵੀਨਰਟਨ ਦਾ ਨਾਂਅ ਪੰਜਾਬੀ ਲੋਕਧਾਰਾ ਦੇ ਖੇਤਰ ਵਿਚ ਵਿਸ਼ੇਸ਼ ਤੌਰ 'ਤੇ ਜਾਣਿਆ ਜਾਂਦਾ ਹੈ। ਉਹ ਰਾਜਾ ਰਸਾਲੂ ਦੀ ਦੰਦ ਕਥਾ ਵਿਚ ਮਿਥਿਹਾਸਕ ਤੱਥਾਂ ਦਾ ਮਿਸ਼ਰਣ ਹੋਇਆ ਮੰਨਦਾ ਹੈ ਅਤੇ ਇਨ੍ਹਾਂ ਕਥਾਵਾਂ ਵਿਚ ਬੁਝਾਰਤਾਂ ਤੇ ਅੜਾਉਣੀਆਂ ਨੂੰ ਯੂਰਪੀ ਸਾਹਿਤ ਦੀਆਂ ਬੁਝਾਰਤਾਂ ਨਾਲ ਮੇਲ ਕੇ ਇਨ੍ਹਾਂ ਦੀ ਸਮਾਨਤਾ ਸਾਹਮਣੇ ਲਿਆਉਂਦਾ ਹੈ। ਰਾਜਾ ਰਾਸਾਲੂ ਤੇ ਪੰਜਾਬ ਦੀਆਂ ਹੋਰ ਕਥਾਵਾਂ ਵਿਚ ਹਰ ਥਾਂ ਭਵਿੱਖਬਾਣੀ ਦਾ ਪ੍ਰਭਾਵ ਦਿਖਾਈ ਦਿੰਦਾ ਹੈ। ਸਮੁੱਚੇ ਮਾਨਵੀ ਸਾਹਿਤ ਵਿਚ ਅਜਿਹਾ ਪ੍ਰਭਾਵ ਦੇਖਣ ਨੂੰ ਮਿਲ ਜਾਂਦਾ ਹੈ। ਰਸਾਲੂ ਜਿਥੇ ਵੀ ਜਾਂਦਾ ਹੈ ਉਥੇ ਪਹਿਲਾਂ ਹੀ ਲੋਕਾਂ ਵਿਚ ਵਿਸ਼ਵਾਸ ਪ੍ਰਚੱਲਿਤ ਹੈ ਕਿ ਉਸ ਦੀ ਮੌਤ ਰਸਾਲੂ ਹੱਥੋਂ ਹੋਵੇਗੀ। ਭਾਰਤੀ ਦਰਸ਼ਨ ਵਿਚ ਇਹ ਵਿਚਾਰ ਪੂਰਵ ਜਨਮਾਂ ਦੀ ਕਾਰਗੁਜ਼ਾਰੀ ਨਾਲ ਜੋੜ ਦਿੱਤਾ ਜਾਂਦਾ ਹੈ।
ਰਾਜਾ ਰਸਾਲੂ ਦੇ ਬਾਰਾਂ ਅਧਿਆਇ ਦੇਣ ਤੋਂ ਬਾਅਦ ਜੋ ਕਹਾਣੀਆਂ ਇਸ ਸੰਗ੍ਰਹਿ ਵਿਚ ਦਿੱਤੀਆਂ ਗਈਆਂ ਹਨ, ਉਨ੍ਹਾਂ ਵਿਚ ਕੁਝ ਲਤੀਫੇ ਵਰਗੀਆਂ ਤੇ ਕੁਝ ਸਿਆਣਪਾਂ ਵਾਂਗ ਵਰਤੀਆਂ ਜਾਂ ਬੁਣੀਆਂ ਗਈਆਂ ਹਨ। ਕੁਝ ਆਕਾਰ ਵਿਚ ਵੱਡੀਆਂ ਬਾਤਾਂ ਵਰਗੀਆਂ ਹਨ। ਇੰਜ ਹੀ ਦੋ ਤਰ੍ਹਾਂ ਦੀਆਂ ਕਹਾਣੀਆਂ ਵੱਖਰਾ ਹੀ ਧਿਆਨ ਖਿੱਚਦੀਆਂ ਹਨ। ਇਉਂ ਇਨ੍ਹਾਂ ਵਿਚ ਸਮੂਹਿਕਤਾ ਦੀ ਹੇਠਲੀ ਤਹਿ ਤੇ ਭਾਈਚਾਰੇ ਦੀਆਂ ਵਿਰੋਧੀ ਪ੍ਰਵਿਰਤੀਆਂ ਦਾ ਟਕਰਾ ਵੀ ਦ੍ਰਿਸ਼ਟੀਗੋਚਰ ਹੋ ਜਾਂਦਾ ਹੈ। ਇਹ ਲੋਕ ਕਥਾਵਾਂ ਸਿਰਫ ਮੰਨੋਰੰਜਨ ਦਾ ਸਾਧਨ ਨਹੀਂ ਹਨ ਸਗੋਂ ਇੰਦਰ ਧਨੁਸ਼ ਦੇ ਰੰਗਾਂ ਵਾਂਗ ਇਨ੍ਹਾਂ ਵਿਚੋਂ ਇਕੋ ਭਾਈਚਾਰੇ ਦੇ ਅਨੇਕਾਂ ਰੰਗ ਦੇਖੇ ਜਾ ਸਕਦੇ ਹਨ। ਅਨੁਵਾਦਕ ਤੇ ਸੰਪਾਦਕ ਦਾ ਕਾਰਜ ਡਾ. ਕਰਮਜੀਤ ਸਿੰਘ ਵਲੋਂ ਬਾਖੂਬੀ ਕੀਤਾ ਗਿਆ ਹੈ ਪਰ ਪਰੂਫ਼ ਰੀਡਿੰਗ ਵਿਚ ਗ਼ਲਤੀਆਂ ਛਿਲਤਰ ਵਾਂਗ ਰੜਕਦੀਆਂ ਤੇ ਚੁੱਭਦੀਆਂ ਹਨ।


ਦਿਲਜੀਤ ਸਿੰਘ ਬੇਦੀ


ਡਾ. ਬਾਬਾ ਸਾਹਿਬ ਅੰਬੇਡਕਰ ਦੀ ਜੀਵਨੀ
ਮੂਲ ਲੇਖਕ : ਧੰਨਜਯ ਕੀਰ
ਅਨੁਵਾਦਕ : ਡਾ. ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 700 ਰੁਪਏ, ਸਫ਼ੇ : 608
ਸੰਪਪਰਕ : 99151-29747.


ਇਸ ਗ੍ਰੰਥ ਨੂੰ ਪੰਜਾਬੀ ਵਿਚ ਸਫਲ ਅਨੁਵਾਦ ਕਰਨ ਵਾਲਾ ਡਾ. ਬਲਦੇਵ ਸਿੰਘ ਬੱਦਨ ਪੰਜਾਬੀ ਦਾ ਉਹ ਲੇਖਕ ਹੈ, ਜਿਸ ਨੇ ਮੂਲ ਪੰਜਾਬੀ ਲਿਖਤਾਂ ਵਿਚ ਅਨੁਵਾਦ ਕਰਨ ਵਿਚ ਵਿਸ਼ੇਸ਼ ਤਰਜੀਹ ਦਿੱਤੀ ਹੈ। ਹਥਲੀ ਪੁਸਤਕ ਸਮੇਤ ਉਸ ਨੇ 131 ਪੁਸਤਕਾਂ ਵਿਚ ਅੰਗਰੇਜ਼ੀ ਤੇ ਹਿੰਦੀ ਤੋਂ ਅਨੁਵਾਦ ਕਰਨ ਦਾ ਹੌਸਲਾ ਕਰ ਵਿਖਾਇਆ ਹੈ। ਹਥਲੀ ਪੁਸਤਕ ਮਰਾਠੀ ਦੇ ਪ੍ਰਸਿੱਧ ਵਿਦਵਾਨ ਧੰਨਜਯ ਕੀਰ ਦੀ ਲਿਖੀ ਹੋਈ ਡਾ. ਅੰਬੇਡਕਰ ਦੀ ਜੀਵਨੀ ਹੈ, ਜਿਸ ਨੂੰ ਡਾ. ਅੰਬੇਡਕਰ ਸਾਹਿਬ ਨੇ ਆਪਣੇ ਜਿਊਂਦੇ-ਜੀ ਪੜ੍ਹ ਲਿਆ ਸੀ।
ਇਹ ਪੁਸਤਕ ਬਾਬਾ ਸਾਹਿਬ ਅੰਬੇਡਕਰ ਦੇ ਜੀਵਨ ਦੇ ਹਰ ਪੜਾਅ ਦੀਆਂ ਰਾਜਨੀਤਕ, ਸਮਾਜਿਕ, ਸੱਭਿਆਚਾਰਕ, ਧਾਰਮਿਕ ਗਤੀਵਿਧੀਆਂ ਦਾ ਪ੍ਰਤੱਖ ਪ੍ਰਮਾਣ ਪੇਸ਼ ਕਰਦੀ ਹੈ। ਲੇਖਕ ਦੇ ਕਥਨ, ਟਿੱਪਣੀਆਂ, ਸਮਾਜਿਕ, ਰਾਜਨੀਤਕ, ਧਾਰਮਿਕ ਹਾਲਾਤ ਦਾ ਜ਼ਿਕਰ ਕਰਦਿਆਂ, ਯਥਾਰਥ ਨਿਰਲੇਪ ਰਹਿਣ ਦੀ ਨੀਤੀ ਉੱਪਰ ਅਮਲ ਕੀਤਾ ਹੈ। ਉਸ ਵਲੋਂ ਕੀਤੀਆਂ ਟਿੱਪਣੀਆਂ ਮਹਾਵਾਕਾਂ ਦੀਆਂ ਅਟੱਲ ਸਚਾਈਆਂ ਹੀ ਤਾਂ ਜਾਪਦੀਆਂ ਹਨ : ਜਿਵੇਂ 'ਮਹਾਂਮਾਨਵ ਦਾ ਜੀਵਨ ਮਹਾਂਨਦੀ ਵਾਂਗ ਹੁੰਦਾ ਹੈ। ਉਹ ਲਗਾਤਾਰ ਵਗਦਾ ਰਹਿੰਦਾ ਹੈ। ਨਦੀ ਕਿਨਾਰੇ ਦੇ ਰਮਣੀਕ ਸਥਾਨਾਂ ਅਤੇ ਪ੍ਰਕਿਰਤੀ ਸੁੰਦਰਤਾ ਦੇ ਨਵੇਂ-ਨਵੇਂ ਦਰਸ਼ਨ ਹਰੇਕ ਪੀੜ੍ਹੀ ਨੂੰ ਹੁੰਦੇ ਰਹਿੰਦੇ ਹਨ। ਇਹੀ ਗੱਲ ਵਿਸ਼ਵ ਭੂਸ਼ਣ ਡਾ. ਬਾਬਾ ਸਾਹਿਬ ਅੰਬੇਡਕਰ ਦੇ ਸਾਫ਼-ਸੁਥਰੇ ਚਰਿੱਤਰ ਦੇ ਬਾਰੇ ਵਿਚ ਹਮੇਸ਼ਾ ਵਾਪਰਦੀ ਰਹੇਗੀ।'
ਲੇਖਕ ਧੰਨਜਯ ਕੀਰ ਦੀ ਲਿਖਤ ਬਾਬਾ ਸਾਹਿਬ ਦੇ ਬਚਪਨ, ਜਵਾਨੀ ਸਮੇਂ ਦੇ ਹਾਲਾਤ ਤੋਂ ਸਾਨੂੰ ਜਾਣੂ ਹੀ ਨਹੀਂ ਕਰਵਾਉਂਦੀ, ਸਗੋਂ ਉਨ੍ਹਾਂ ਦੇ ਜੀਵਨ-ਸੰਘਰਸ਼ਾਂ ਦੀ ਇਕ ਲੰਮੀ ਗਾਥਾ ਹੈ, ਜਿਵੇਂ ਉਨ੍ਹਾਂ ਦੇ ਬਚਪਨ, ਜਵਾਨੀ ਕਾਲ ਵਿਚ ਵਿਦਿਆਰਥੀ ਜੀਵਨ ਤੋਂ ਲੈ ਕੇ ਉਨ੍ਹਾਂ ਦੇ ਦਿਲ ਦਿਮਾਗ ਅੰਦਰ ਚਿੰਤਨ ਚੇਤਨਾ ਦੀ ਗਿਆਨ ਗੰਗਾ ਦਾ ਵਹਿਣਾ, ਬਗ਼ਾਵਤ ਕਰਨ ਪ੍ਰਜਵੱਲਤ ਭਾਵਨਾ ਦੀ ਉਤਪਤੀ ਸਹਿਜ-ਸਹਿਜ ਰੁਕਾਵਟਾਂ ਦੇ ਬਾਵਜੂਦ ਅਕਾਦਮਿਕ ਗਿਆਨ ਪ੍ਰਾਪਤ ਕਰਨਾ, ਵੱਖ-ਵੱਖ ਲਹਿਰਾਂ ਤੋਂ ਪ੍ਰਭਾਵਿਤ ਹੋਣਾ, ਮੁਕਤੀ ਦਾ ਸੱਚ ਮਾਰਗ, ਗ੍ਰਹਿਣ ਕਰਨਾ, ਮਜ਼ਦੂਰ ਨੇਤਾ ਵਜੋਂ ਉੱਭਰਨਾ, ਮਜ਼ਦੂਰ ਮੰਤਰੀ ਬਣਨਾ ਜਾਂ ਬੁੱਧ ਧਰਮ ਗ੍ਰਹਿਣ ਕਰਨਾ, ਵਿਰੋਧੀ ਪਾਰਟੀ ਵਿਚ ਵਾਪਸੀ ਤੇ ਸਰਕਾਰ ਦੀ ਆਲੋਚਨਾ ਕਰਨੀ ਆਦਿ ਸਮਾਚਾਰ ਇਸ ਪੁਸਤਕ ਦੀਆਂ ਅਹਿਮ ਪ੍ਰਾਪਤੀਆਂ ਹਨ। ਸੱਚਮੁੱਚ ਆਪ ਦੀ ਸ਼ਖ਼ਸੀਅਤ ਵਿਚ ਮਹਾਂਮਾਨਵ ਹੋਣ ਦੀਆਂ ਨਿਸ਼ਾਨੀਆਂ ਸਨ, ਬੁੱਧੀ, ਸਚਾਈ, ਹਿੰਮਤ, ਬਲੀਦਾਨ, ਸਲੀਕਾ, ਭਰੱਪਣ ਅਤੇ ਵਿਧਾਨ ਦੀ ਸੰਰਚਨਾ ਕਰਨ ਦੀਆਂ ਯੋਗਤਾਵਾਂ ਨੇ ਹੀ ਆਪ ਨੂੰ ਮਹਾਨ ਨੇਤਾ ਬਣਾਇਆ ਹੈ। ਪੁਸਤਕ ਵਿਚ ਜੋ ਵੀ ਮੂਲ ਲੇਖਕ ਨੇ ਉਲੇਖ ਕੀਤਾ ਹੈ, ਉਸ ਦੇ ਆਧਾਰ ਮੂਲ, ਅਖ਼ਬਾਰ, ਰਸਾਲੇ, ਗ੍ਰੰਥ ਪੁਸਤਕਾਂ ਦੇ ਹਵਾਲੇ ਦਿੱਤੇ ਗਏ ਹਨ। ਲੇਖਕ ਨੇ ਬਾਬਾ ਸਾਹਿਬ ਅੰਬੇਡਕਰ ਦੀ ਚਹੁਮੁਖੀ ਜੀਵਨੀ ਨੂੰ ਯਥਾਰਥ ਬਣਾ ਕੇ ਪੇਸ਼ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ।


ਡਾ. ਅਮਰ ਕੋਮਲ
ਮੋ: 84378-73565.


ਸਵਰਾਜਬੀਰ ਦਾ ਨਾਟਕੀ ਸੰਸਾਰ
ਲੇਖਿਕਾ : ਡਾ. ਸਿਮਰਜੀਤ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 400 ਰੁਪਏ, ਸਫ਼ੇ : 320
ਸੰਪਰਕ : 95306-04039.


ਹਥਲੀ ਪੁਸਤਕ ਪੰਜਾਬੀ ਨਾਟਕ ਸਾਹਿਤ ਅਤੇ ਚਿੰਤਨ ਵਿਚ ਨਵੀਂ ਵਿਚਾਰਧਾਰਾ ਸਥਾਪਤ ਕਰਨ ਵਾਲੇ ਨਾਟਕਕਾਰ ਸਵਰਾਜਬੀਰ ਦੇ ਦਸ ਨਾਟਕਾਂ ਦਾ ਵਿਵੇਚਨ ਪੇਸ਼ ਕਰਦੀ ਹੈ। ਖੋਜੀ ਵਿਦਵਾਨ ਡਾ. ਸਿਮਰਜੀਤ ਦੀ ਪਕੜ ਵਿਚਾਰਧਾਰਾ ਦੇ ਸੰਕਲਪ ਨੂੰ ਬੜੀ ਘੋਖਵੀਂ ਦ੍ਰਿਸ਼ਟੀ ਤੋਂ ਗ੍ਰਹਿਣ ਕਰਦੀ ਹੈ। ਪੁਸਤਕ ਨੂੰ ਵਿਧੀਵਤ ਰੂਪ ਵਿਚ ਪਾਠਕਾਂ ਦੇ ਸਨਮੁੱਖ ਕਰਨ ਲਈ ਲੇਖਿਕਾ ਨੇ ਇਸ ਦੇ ਪੰਜ ਕਾਂਡ ਬਣਾਏ ਹਨ।
ਪਹਿਲੇ ਕਾਂਡ ਵਿਚ ਵਿਚਾਰਧਾਰਾ ਦੇ ਸਿਧਾਂਤਕ ਪਰਿਪੇਖ ਨੂੰ ਸਪੱਸ਼ਟ ਕਰਨ ਲਈ ਇਸ ਦੇ ਸੰਕਲਪ, ਸਰੂਪ ਅਤੇ ਇਤਿਹਾਸ ਦਾ ਵਰਨਣ ਕਰਕੇ ਨਾਲ ਹੀ ਸਾਹਿਤ ਤੇ ਵਿਚਾਰਧਾਰਾ ਅਤੇ ਨਾਟਕ ਅਤੇ ਵਿਚਾਰਧਾਰਾ ਸਿਰਲੇਖ ਤਹਿਤ ਵਿਚਾਰਿਆ ਹੈ। ਪੁਸਤਕ ਦੇ ਦੂਜੇ ਕਾਂਡ ਵਿਚ ਸਵਰਾਜਬੀਰ ਦੀ ਨਾਟਕੀ ਦ੍ਰਿਸ਼ਟੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਸ ਦੇ ਨਾਟਕੀ ਬੋਧ ਅਤੇ ਦ੍ਰਿਸ਼ਟੀ ਦੇ ਪਾਸਾਰੇ ਨੂੰ ਪੇਸ਼ ਕੀਤਾ ਹੈ। ਅਗਲੇ ਕਾਂਡਾਂ ਵਿਚ ਲੇਖਿਕਾ ਨੇ ਨਾਟਕਕਾਰ ਦੇ ਦਸ ਨਾਟਕਾਂ ਨੂੰ ਤਿੰਨ ਕਾਂਡਾਂ ਦੇ ਅੰਤਰਗਤ ਨੇੜਿਉਂ ਅਧਿਐਨ ਦਾ ਵਿਸ਼ਾ ਬਣਾਇਆ ਹੈ। ਨਾਟਕ ਧਰਮ ਗੁਰੂ, ਕ੍ਰਿਸ਼ਨ ਅਤੇ ਅਗਨੀ ਕੁੰਡ ਨੂੰ ਮਿਥਿਹਾਸਕ ਦ੍ਰਿਸ਼ਟੀਕੋਣ ਤੋਂ ਪਰਖਦਿਆਂ ਹੋਇਆਂ ਨਾਟਕਕਾਰ ਦੀ ਨਵੀਂ ਸੋਚ ਦ੍ਰਿਸ਼ਟੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਮਿੱਥ ਨੂੰ ਤੋੜ ਕੇ ਉਸ ਨੇ ਨਵੀਂ ਦਿਸ਼ਾ ਵਾਲੀ ਵਿਚਾਰਧਾਰਾ ਪੇਸ਼ ਕੀਤੀ ਹੈ।
ਇਸੇ ਤਰ੍ਹਾਂ ਸਵਰਾਜਬੀਰ ਦੇ ਇਤਿਹਾਸਕ ਚੇਤਨਾ ਅਤੇ ਵਿਚਾਰਧਾਰਾ ਨੂੰ ਸ਼ਾਇਰੀ ਅਤੇ ਕੱਚੀ ਗੜ੍ਹੀ ਨਾਟਕਾਂ ਦੇ ਹਵਾਲਿਆਂ ਨਾਲ ਪਾਠਕਾਂ ਦੇ ਸਨਮੁੱਖ ਕੀਤਾ ਹੈ। ਪੁਸਤਕ ਦੇ ਅੰਤਿਮ ਕਾਂਡ ਵਿਚ ਨਾਟਕਕਾਰ ਦੇ ਸਮਾਜਿਕ ਵਰਤਾਰੇ ਦੀ ਡੂੰਘੀ ਅਨੁਭੂਤੀ ਦੇ ਪ੍ਰਗਟਾਵੇ ਨੂੰ ਮੇਦਨੀ, ਹੱਕ, ਕੱਲਰ, ਮੱਸਿਆ ਦੀ ਰਾਤ ਅਤੇ ਤਸਵੀਰਾਂ ਨਾਟਕ ਦੇ ਵਿਸ਼ਲੇਸ਼ਣਾਤਮਿਕ ਅਧਿਐਨ ਨੂੰ ਪੇਸ਼ ਕੀਤਾ ਹੈ।
ਪੁਰਾਤਨ ਕਾਲ ਤੋਂ ਲੈ ਕੇ ਗੁਰੂ ਦਾ, ਕਥਿਤ ਭਗਵਾਨ ਅਤੇ ਔਰਤ ਜਾਤੀ ਨੂੰ ਪ੍ਰੀਖਿਆ ਦਰ ਪ੍ਰੀਖਿਆ 'ਚ ਪਾ ਕੇ ਝੰਜੋੜ ਦੇਣਾ ਜਾਂ ਮਾਂ ਧਰਤੀ ਵਲੋਂ ਸੰਤਾਨ ਦਾ ਖ਼ਤਮ ਕਰਾ ਦੇਣਾ ਜਾਂ ਸਮਾਜਿਕ ਵਰਤਾਰੇ ਵਿਚ ਬਦਨੀਤੀਆਂ, ਵਧੀਕੀਆਂ ਆਦਿ ਵਿਸ਼ਿਆਂ ਵਾਲੀ ਵਿਚਾਰਧਾਰਾ ਨੂੰ ਬਾਖੂਬੀ ਪਛਾਣਿਆ ਹੈ। ਲੇਖਿਕਾ ਨੇ ਆਪਣੀ ਵਿਚਾਰਧਾਰਕ ਸੂਝ ਦੇ ਪ੍ਰਗਟਾਵੇ ਲਈ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਦੀਆਂ ਮਹੱਤਵਪੂਰਨ ਪੁਸਤਕਾਂ ਵਿਚੋਂ ਬਹੁਤ ਸਾਰੇ ਹਵਾਲੇ ਵੀ ਦਿੱਤੇ ਹਨ, ਜੋ ਪੁਸਤਕ ਦੀ ਮਹੱਤਤਾ ਨੂੰ ਹੋਰ ਵਧਾਉਂਦੇ ਹਨ।


ਡਾ. ਜਗੀਰ ਸਿੰਘ ਨੂਰ
ਮੋ: 98142-09732


ਅਣਮੁੱਲੇ ਰਿਸ਼ਤੇ

ਲੇਖਕ : ਕੁਲਦੀਪ ਸਿੰਘ ਕੱਬਰਵਾਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 225 ਰੁਪਏ, ਸਫ਼ੇ : 126
ਸੰਪਰਕ : 0172-5002591.


ਹਥਲੀ ਪੁਸਤਕ ਵਿਚ ਪੰਦਰਾਂ ਕਹਾਣੀਆਂ ਹਨ। ਇਸ ਕਹਾਣੀ ਸੰਗ੍ਰਹਿ ਤੋਂ ਪਹਿਲਾਂ ਲੇਖਕ (ਸਾਬਕਾ ਸਹਾਇਕ ਨਿਰਦੇਸ਼ਕ ਭਾਸ਼ਾ ਵਿਭਾਗ ਪੰਜਾਬ) ਦੀ ਕਲਮ ਤੋਂ ਇਕ ਦਰਜਨ ਕਿਤਾਬਾਂ ਛਪ ਚੁੱਕੀਆਂ ਹਨ। ਇਨ੍ਹਾਂ ਵਿਚੋਂ ਤਿੰਨ ਨਾਵਲ, ਕਹਾਣੀ ਸੰਗ੍ਰਹਿ 'ਸਮੇਂ ਦਾ ਗੇੜ' ਤੇ ਬਾਲ ਵਿਗਿਆਨ ਸਾਹਿਤ ਪੁਸਤਕਾਂ ਹਨ। ਇਕ ਪੁਸਤਕ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੀਵਨ ਤੇ ਹਿੰਦੀ ਤੋਂ ਪੰਜਾਬੀ ਅਨੁਵਾਦ ਹੈ। ਪੁਸਤਕ ਦੀਆਂ ਕਹਾਣੀਆਂ ਦਾ ਲਿਖਣ ਸਮਾਂ ਕਈ ਸਾਲ ਪਹਿਲਾਂ ਦਾ ਹੈ। ਕਹਾਣੀਆਂ ਵਿਚ ਸੰਵਾਦ ਵਿਧੀ ਦੀ ਵਧੇਰੇ ਵਰਤੋਂ ਹੈ। ਕੁਝ ਰਚਨਾਵਾਂ ਬਿਰਤਾਂਤਕ ਹਨ। ਦਾਦਾ ਜੀ, ਜਗਤਾਰ ਸਿੰਘ ਖੜਗ ਕਹਾਣੀਆਂ ਸ਼ਖ਼ਸੀਅਤ ਪ੍ਰਧਾਨ ਰਚਨਾਵਾਂ ਹਨ। ਕਹਾਣੀ ਦਾ ਪਾਤਰ ਆਪਣੇ ਪਿਆਰੇ ਦਾਦਾ ਜੀ ਦੀ ਮੁਹਬਤ ਬਾਰੇ ਯਾਦਾਂ ਨੂੰ ਕਲਮਬੰਦ ਕਰਦਾ ਹੈ। ਪੁਸਤਕ ਦਾ ਸਮਰਪਣ ਵੀ ਦਾਦਾ ਜੀ ਦੀਆਂ ਯਾਦਾਂ ਨੂੰ ਹੈ। ਕਹਾਣੀ 'ਕੇਸਰੀ' ਦਾ ਗ਼ਰੀਬ ਮਿਹਨਤੀ ਜੋੜਾ ਆਪਣੀ ਧੀ ਬੰਤੋ ਦੇ ਵਿਆਹ ਵਿਚ ਰੁੱਝਿਆ ਹੋਇਆ ਹੈ। ਗ਼ਰੀਬੀ ਦੇ ਬਾਵਜੂਦ ਵਿਆਹ ਦਾ ਚਾਅ ਹੈ। ਬਰਾਤ ਨੇੜੇ ਕੇਹਰੂ ਦੀ ਖੂਹੀ 'ਤੇ ਉਤਾਰਾ ਕਰਦੀ ਹੈ। ਕੇਸਰੀ ਆਪਣਾ ਜੱਦੀ ਕੰਮ ਦਾਈ ਦਾ ਕਰਦੀ ਹੈ। ਵੱਡੇ ਤੇ ਅਮੀਰ ਘਰਾਂ ਨੂੰ ਉਹ ਜਾਣਦੀ ਹੈ ਜੋ ਕੁੜੀ ਜੰਮਦੇ ਹੀ ਉਸ ਨੂੰ ਮਾਰਨ ਲਈ ਕੇਸਰੀ ਨਾਲ ਗੰਢਤੁੱਪ ਕਰਦੇ ਹਨ। ਪਰ ਕਹਾਣੀ 'ਚ ਉਹ ਇਕ ਘਰ ਦੀ ਬਜ਼ੁਰਗ ਬੇਬੇ ਨੂੰ ਸਾਫ਼ ਕਹਿ ਦਿੰਦੀ ਹੈ ਕਿ ਮੈਂ ਇਹ ਪਾਪ ਨਹੀਂ ਕਰਾਂਗੀ। ਉਹ ਆਪਣੀਆਂ ਚਾਰ ਧੀਆਂ ਦੀ ਮਿਸਾਲ ਦਿੰਦੀ ਹੈ। ਉਸ ਦਾ ਪਤੀ ਵਿਆਹ 'ਚ ਅਖਾੜਾ ਲਾਉਂਦਾ ਹੈ। ਉਹ ਕਲਾਕਾਰ ਕਿਸਮ ਦਾ ਬੰਦਾ ਹੈ। ਕਹਾਣੀ ਸੇਧਮਈ ਹੈ। 'ਇਕ ਸੱਚੀ ਘਟਨਾ' 'ਚ ਸਿੱਧਾ ਬਿਰਤਾਂਤ ਹੈ। ਚਲਦੀ ਬੱਸ ਨੂੰ ਰਸਤੇ ਵਿਚ ਤੂਫ਼ਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਸਵਾਰੀਆਂ ਲਹਿ ਜਾਂਦੀਆਂ ਹਨ। ਡਰਾਈਵਰ ਬੱਸ ਨੂੰ ਸੜਕ ਤੋਂ ਪਾਸੇ ਖੜ੍ਹੀ ਕਰ ਦਿੰਦਾ ਹੈ। ਜਦੋਂ ਤੂਫ਼ਾਨ ਰੁਕ ਜਾਂਦਾ ਹੈ, ਬੱਸ ਆਪਣੀ ਮੰਜ਼ਿਲ ਵਲ ਚਲਦੀ ਹੈ। ਕਹਾਣੀ ਮਨੋਵਿਗਿਆਨਕ ਹੈ, ਪਰ ਕਲਾ ਪੱਖ ਕਮਜ਼ੋਰ ਹੈ। 'ਕਿਲ੍ਹਾ ਢਹਿ ਗਿਆ' ਵਿਚ ਇਕ ਪਾਤਰ ਕੈਪਟਨ ਹਰਭਜਨ ਸਿੰਘ ਦੇ ਤੁਰ ਜਾਣ ਪਿੱਛੋਂ ਲੋਕ ਉਸ ਦੇ ਚੰਗੇ ਕੰਮਾਂ ਨੂੰ ਯਾਦ ਕਰਦੇ ਸੰਵਾਦ ਰਚਾਉਂਦੇ ਹਨ। ਸੰਗ੍ਰਹਿ ਦੀਆਂ ਕਹਾਣੀਆਂ ਸਾਊ ਮਨੁੱਖ, ਸੋ ਕਿਉਂ ਮੰਦਾ ਆਖੀਐ, ਅਣਮੁੱਲੇ ਰਿਸ਼ਤੇ, ਉਦਾਸ ਨਜ਼ਰਾਂ, ਪਿੰਡ ਵਾਪਸੀ, ਮ੍ਰਿਗ ਤ੍ਰਿਸ਼ਨਾ, ਕਹਾਣੀ ਨਾ ਬਣੀ, ਉਲਝੀ ਤਾਣੀ, ਲੋਭ, ਪਾਪਾ ਜੀ ਦਾ ਪਰਸ ਮਨੁੱਖੀ ਬਿਰਤੀਆਂ ਬਾਰੇ ਵੱਖ-ਵੱਖ ਘਟਨਾਵਾਂ ਦੀ ਪੇਸ਼ਕਾਰੀ ਦੀਆਂ ਮਨੋਵਿਗਿਆਨਕ ਦਿਲਚਸਪ ਰਚਨਾਵਾਂ ਹਨ। ਪੁਸਤਕ ਦਾ ਸਵਾਗਤ ਹੈ।


ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160


ਤੋ ਵੇ ਤੋਤੜਿਆ
ਲੇਖਕ : ਜਸਬੀਰ ਭੁੱਲਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 72
ਸੰਪਰਕ : 94638-36591.


ਜਸਬੀਰ ਭੁੱਲਰ ਦਾ ਉਪਰੋਕਤ ਬਾਲ ਨਾਵਲ ਉਨ੍ਹਾਂ ਦੀਆਂ ਦੂਸਰੀਆਂ ਰਚਨਾਵਾਂ ਵਾਂਗ ਹੀ ਨਿਵੇਕਲਾ ਹੈ। ਬਹੁਤ ਹੀ ਖੂਬਸੂਰਤ ਵਿਸ਼ੇ ਅਤੇ ਨਿਵੇਕਲੀ ਜਿਹੀ ਕਥਾ ਬੁਣਤਰ ਵਾਲੇ ਇਸ ਨਾਵਲ ਦਾ ਬਿਰਤਾਂਤ ਰੱਬੂ ਅਤੇ ਉਸ ਦੇ ਨਾਲ ਜੁੜੇ ਲੋਕਾਂ ਅਤੇ ਉਸ ਦੇ ਚੌਗਿਰਦੇ ਨਾਲ ਜੁੜਿਆ ਹੋਇਆ ਹੈ। ਰੱਬੂ ਆਪਣੀ ਧਰਮ ਮਾਂ ਦੇ ਨਾਲ ਜੋ ਉਸ ਨੂੰ ਤੋਤੜਾ ਕਹਿ ਕੇ ਬੁਲਾੳਂਦੀ ਹੈ, ਉਸ ਦੇ ਜੀਵਨ ਦਾ ਇਕੌਲਤਾ ਚਾਨਣ ਵਣਜਾਰਾ ਬਣ ਪਿੰਡ ਵਿਚ ਆਪਣੇ ਦੋਸਤਾਂ ਨਾਲ ਮੌਜ ਮਸਤੀ ਕਰਦਾ ਘੁੰਮਦਾ ਰਹਿੰਦਾ ਹੈ। ਉਸ ਦਾ ਸਭ ਤੋਂ ਵੱਡਾ ਡਰ ਪਿੰਡ ਤੋਂ ਦੂਰ ਦੂਸਰੇ ਪਿੰਡ ਦੇ ਸਕੂਲ ਵਿਚ ਪੜ੍ਹਨ ਜਾਣ ਦਾ ਅਤੇ ਮਾਸਟਰ ਤੋਂ ਕੁੱਟ ਖਾਣ ਦਾ ਹੈ। ਪਰ ਇਸ ਸਭ ਦੇ ਬਾਵਜੂਦ ਸਕੂਲ ਦੇ ਸਫ਼ਰ ਦੌਰਾਨ ਕੀਤੀ ਜਾਣ ਵਾਲੀ ਮਸਤੀ ਉਸ ਨੂੰ ਸਫ਼ਰ ਅਤੇ ਡਰ ਦੋਵਾਂ ਦਾ ਸਾਹਮਣਾ ਕਰਨ ਦੀ ਹਿੰਮਤ ਦਿੰਦੀ ਹੈ। ਮਾਸਟਰ ਦੀ ਸਖ਼ਤੀ ਤੋਂ ਤੰਗ ਆ ਰੱਬੂ ਆਪਣੀ ਮਾਂ ਦੇ ਪੁਰਾਣੇ ਘਰ ਜੰਗਲ ਵਿਚ ਆਪਣਾ ਸਕੂਲ ਖੋਲ੍ਹਣ ਦੀ ਯੋਜਨਾ ਬਣਾਉਂਦਾ ਹੈ, ਜਿਸ ਜੰਗਲ ਨੂੰ ਉਹ ਆਪਣੀ ਮਾਂ ਦੇ ਨਾਲ ਚੱਪਾ-ਚੱਪਾ ਘੁੰਮ ਚੁੱਕਿਆ ਹੁੰਦਾ ਹੈ। ਸਕੂਲ ਬਣਾਉਣ ਅਤੇ ਪੜ੍ਹਨ ਪੜ੍ਹਾਉਣ ਦੀ ਜ਼ਿੰਮੇਵਾਰੀ ਲੈ ਚਾਰੋਂ ਦੋਸਤ ਰੱਬੂ, ਬੀਂਡਾ, ਨਿੰਦੀ ਅਤੇ ਰੂੜਾ ਜੰਗਲ ਵਿਚ ਸਿੱਖਣ ਗਏ ਰਸਤਾ ਭਟਕ ਜਾਂਦੇ ਹਨ। ਸਾਰੇ ਪਿੰਡ ਵਾਲੇ ਉਨ੍ਹਾਂ ਨੂੰ ਲੱਭਣ ਜਾਂਦੇ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਇਕ ਨਵਾਂ ਰਸਤਾ ਲੱਭਦਾ ਹੈ ਆਪਣੇ ਪਿੰਡ ਵਿਚ ਸਕੂਲ ਖੋਲ੍ਹਣ ਦਾ ...ਜਿਸ ਨੂੰ ਉਨ੍ਹਾਂ ਕਦੇ ਗੌਲਿਆ ਹੀ ਨਹੀ ਸੀ। ਉਨ੍ਹਾਂ ਨੂੰ ਇੰਜ ਲਗਦਾ ਹੈ ਜਿਵੇਂ ਬਾਲਾਂ ਨੇ ਉਨ੍ਹਾਂ ਨੂੰ ਸਮਝਾਉਣ ਲਈ ਹੀ ਜੰਗਲ ਵਿਚ ਆਪਣਾ ਸਕੂਲ ਖੋਲ੍ਹਿਆ ਹੋਵੇ। ਅੰਤ ਬੇਬੇ ਆਪਣੇ ਪੁਰਾਣੇ ਘਰ ਨੂੰ ਸਕੂਲ ਵਿਚ ਬਦਲਣ ਦਾ ਸੁਪਨਾ ਦੇਖਦੀ ਹੈ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਇਸ ਨੂੰ ਅਮਲੀ ਜਾਮਾ ਪਹਿਨਾਉਣ ਦੀਆਂ ਕੋਸ਼ਿਸ਼ਾਂ ਵਿਚ ਜੁੱਟ ਜਾਂਦੀ ਹੈ। ਇਸ ਸਾਰੇ ਬਿਰਤਾਂਤ ਦੀ ਖੂਬਸੂਰਤੀ ਇਸ ਗੱਲ ਵਿਚ ਹੈ ਕਿ ਇਹ ਨਾਵਲ ਨਾ ਸਿਰਫ ਬਾਲ ਪਾਠਕਾਂ ਸਗੋਂ ਵੱਡੀ ਉਮਰ ਦੇ ਪਾਠਕਾਂ ਦੇ ਸੁਹਜ ਦੀ ਤ੍ਰਿਪਤੀ ਕਰਦਾ ਵੀ ਪ੍ਰਤੀਤ ਹੁੰਦਾ ਹੈ। ਖੂਬਸੂਰਤ ਸ਼ਬਦ ਚੋਣ ਅਤੇ ਵਾਕ ਬਣਤਰ ਕਿਸੇ ਪਰੀ ਕਥਾ ਵਾਂਗ ਜਾਪਦੀ ਹੈ। ਨਾਵਲ ਪ੍ਰਕਿਰਤੀ ਪਿਆਰ, ਬਾਲ ਮਨਾਂ ਦੇ ਸੁਪਨਿਆਂ, ਉਨ੍ਹਾਂ ਦੇ ਡਰ, ਸਕੂਲ ਸਿੱਖਿਆ ਅਤੇ ਪਿਆਰ ਆਦਿ ਵਿਸ਼ਿਆਂ ਨੂੰ ਬਹੁਤ ਖੂਬਸੂਰਤੀ ਨਾਲ ਨਿਭਾੳਂਦਾ ਹੈ। ਤੋਤੜੇ ਦੀ ਕਹਾਣੀ ਮਾਣਨਯੋਗ ਹੈ।


ਡਾ. ਸੁਖਪਾਲ ਕੌਰ ਸਮਰਾਲਾ
ਮੋ: 83606-83823


ਸੁਣ ਸੁਰਜੀਤ
ਲੇਖਿਕਾ : ਸੁਰਜੀਤ ਬੈਂਸ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 92
ਸੰਪਰਕ : 98037-05226.


ਸੁਰਜੀਤ ਬੈਂਸ ਕਵਿਤਾ ਤੇ ਕਹਾਣੀ ਲਿਖਣ ਵਾਲੀ ਧੜੱਲੇ ਵਾਲੀ, ਬੁਲੰਦ ਬੋਲਾਂ ਵਾਲੀ ਲੇਖਿਕਾ ਹੈ। ਇਸ ਹਥਲੀ ਪੁਸਤਕ ਤੋਂ ਪਹਿਲਾਂ ਉਸ ਦੀਆਂ ਦੋ ਕਾਵਿ-ਪੁਸਤਕਾਂ 'ਇਕ ਰਾਤ ਜਾਗਦੀ ਏ', 'ਰੀਝਾਂ ਤੇ ਕੂੰਜਾਂ' ਅਤੇ ਦੋ ਕਹਾਣੀ-ਸੰਗ੍ਰਹਿ 'ਸੁਨੈਣਾ' ਅਤੇ 'ਰੇਸ਼ਮੀ ਕੁੜੀ' ਛਪ ਚੁੱਕੀਆਂ ਹਨ। ਉਸ ਦੀ ਕਵਿਤਾ ਉਸ ਦੇ ਸੁਭਾਅ ਵਰਗੀ ਹੈ ਅਤੇ ਉਸ ਦੀ ਕਹਾਣੀ ਉਸ ਦੇ ਬੋਲਾਂ ਦੀ ਉਪਜ ਵਰਗੀ ਹੈ। ਸੁਰਜੀਤ ਬੈਂਸ ਸਮਾਜ ਦੇ ਉਸਾਰੂ ਪੱਖਾਂ 'ਤੇ ਪਹਿਰਾ ਦੇਣ ਵਾਲੀ ਲੇਖਿਕਾ ਹੈ। ਉਸ ਨੇ ਸਮਿਆਂ ਦੀਆਂ ਚੁਣੌਤੀਆਂ ਨੂੰ ਵੰਗਾਰਿਆ ਹੈ ਅਤੇ ਇਸਤਰੀ ਦੇ ਹੱਕ-ਸੱਚ ਲਈ ਜੂਝਣ ਵਾਲੀ ਭੂਮਿਕਾ ਨਿਭਾਈ ਹੈ। 'ਸੁਣ ਸੁਰਜੀਤ' ਪੁਸਤਕ ਨੂੰ ਉਹ ਆਪ ਸੰਬੋਧਨ ਹੁੰਦੀ ਹੈ। ਪੁਸਤਕ ਦੇ ਸਰਵਰਕ 'ਤੇ ਚੜ੍ਹਦੀ ਜਵਾਨੀ ਅੰਦਰ ਗੰਭੀਰ ਮੁਦਰਾ ਵਾਲੀ ਅਤੇ ਅਖੀਰੀ ਪੰਨੇ 'ਤੇ ਉਸ ਦੀ ਵਰਤਮਾਨ ਫੋਟੋ ਆਪਣੇ-ਆਪਣੇ ਸਮਿਆਂ ਦੇ ਰੰਗਾਂ ਦੀ ਤਰਜਮਾਨੀ ਕਰਦੀਆਂ ਹਨ। ਜਸਬੀਰ ਭੁੱਲਰ ਤਦੇ ਟੋਰਾ ਕੱਸਦਾ ਕਹਿੰਦਾ ਹੈ : ਸੁਰਜੀਤ ਕੁਰੇ ਤੂੰ ਬੱਸ ਜੀਣਾ! ਜੀਣ ਦੀ ਅਭਿਲਾਸ਼ਾ ਹੀ ਮਨੁੱਖ ਦੇ ਅਗਰਗਾਮੀ ਹੋਣ ਦਾ ਪ੍ਰਮਾਣ ਹੈ। ਹਥਲੇ ਕਹਾਣੀ ਸੰਗ੍ਰਹਿ ਬਾਰੇ ਲੇਖਿਕਾ ਲਿਖਦੀ ਹੈ : 'ਇਹ ਸਾਰੀਆਂ ਕਹਾਣੀਆਂ ਮੇਰੀਆਂ ਨੇ। ਮੈਂ ਆਪਣੇ-ਆਪ ਤੋਂ ਬਾਹਰ ਜਾ ਕੇ ਇਕ ਅੱਖਰ ਵੀ ਨਹੀਂ ਲਿਖ ਸਕਦੀ। ਸੋ, ਮੈਂ ਇਹ ਕਿਤਾਬ ਖ਼ੁਦ ਨੂੰ ਸਮਰਪਿਤ ਕਰਦੀ ਹਾਂ।' ਪਹਿਲੀ ਰਚਨਾ 'ਸੁਣ ਸੁਰਜੀਤ' ਇਕ ਕਾਵਿ-ਪ੍ਰਸੰਗ ਹੈ, ਜਿਸ ਵਿਚ ਰੂਹ ਦੀ ਸੁਣੋ 'ਤੇ ਜ਼ੋਰ ਦਿੰਦੀ ਕਹਿੰਦੀ ਹੈ, ਔਰਤ ਜਾਂ ਮਰਦ ਬਣ ਕੇ ਨਹੀਂ, ਸਿਰਫ ਤੇ ਸਿਰਫ ਇਨਸਾਨ ਬਣ ਕੇ ਜੀਵੋ। ਇਸ ਪੁਸਤਕ ਦੀਆਂ ਬਾਕੀ ਕਹਾਣੀਆਂ ਭਾਰਤ ਮਾਤਾ, ਦੋ ਬੈਲਾਂ ਵਾਲਾ ਜੱਟ, ਮਹਿਕ, ਹਿਸਾਬ ਕਿਤਾਬ, ਗੋਲੂ, ਤੀਸਰਾ ਪੋਤਰਾ, ਚਿੜੀ ਵਿਚਾਰੀ ਕੀ ਕਰੇ, ਜ਼ਰਾਇਮ ਪੇਸ਼ਾ, ਵੱਡੀ ਖਾਨਸਾਮਣ, ਸਰਦਾਰਨੀ ਮੁਖਤਾਰ ਕੌਰ ਜੀ, ਅਕਲਾਂ ਤੋਂ ਪਰੇ, ਤਿੰਨ ਖਸਮ, ਸ਼ੀਲਾ ਤੇ ਸ਼ਮਾਂ, ਲਾਲ ਬਹਾਦਰ ਸ਼ਾਸਤਰੀ ਤੇ ਅੱਕੋ ਹਨ। ਆਪ ਬੀਤੀਆਂ ਤੇ ਸੰਸਮਰਣਾਂ ਵਰਗਾ ਰਸ ਇਨ੍ਹਾਂ ਕਹਾਣੀਆਂ 'ਚੋਂ ਉੱਘੜਦਾ ਹੈ। ਕੇਂਦਰ ਬਿੰਦੂ ਔਰਤ ਹੈ, ਜਿਸ ਨੂੰ ਮਰਦ ਪ੍ਰਧਾਨ ਸਮਾਜ ਵਿਚ ਸਰੀਰਕ ਤੇ ਮਾਨਸਿਕ ਅਨਿਆਂ ਹੰਢਾਉਣਾ ਪੈਂਦਾ ਹੈ। ਭਾਵੇਂ ਕਈ ਕਹਾਣੀਆਂ 'ਚ ਔਰਤ ਘਰ ਦੀ ਮਾਲਕ ਹੈ ਪ੍ਰੰਤੂ ਉਸ ਦੀ ਹੋਣੀ ਸਮਾਜ ਨੇ ਜਕੜੀ ਹੋਈ ਹੈ। 'ਮਹਿਕ' ਅਤੇ 'ਭਾਰਤ ਮਾਤਾ' ਕਹਾਣੀਆਂ ਇਸੇ ਨੁਕਤੇ ਦੀ ਗੱਲ ਕਰਦੀਆਂ ਹਨ। 'ਗੋਲੂ' ਕਹਾਣੀ 'ਚ ਪਾਤਰ ਉਸਾਰੀ ਮਾਰਮਿਕ ਹੈ, ਵਾਰਤਕ ਜੁੰਬਸਦਾਰ। ਰਿਸ਼ਤੇ ਨਾਤਿਆਂ 'ਚ ਇਨਸਾਨੀਅਤ ਮਲੀਨ ਹੁੰਦੀ ਜਾ ਰਹੀ ਹੈ। ਨਾਟਕੀ ਅੰਸ਼ ਪਾਠਕ ਨੂੰ ਟੁੰਬਦਾ ਹੈ।


ਮਨਮੋਹਨ ਸਿੰਘ ਦਾਊਂ
ਮੋ: 98151-23900

24-07-2021

 ਅਮੁੱਲੇ ਮੋਤੀ
ਸੰਗ੍ਰਿਹ ਕਰਤਾ : ਜੁਗਰੀਤ ਕੌਰ
ਪ੍ਰਕਾਸ਼ਕ : ਸਪਤ ਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 127
ਸੰਪਰਕ : 95010-28109

ਭੌਤਿਕ ਜੀਵਨ ਦੇ ਨਾਲ-ਨਾਲ ਮਨੁੱਖ ਕੋਲ ਮਾਨਸਿਕ ਜਗਤ ਵੀ ਹੈ। ਸੋ ਜਦੋਂ ਤੋਂ ਹੀ ਸੋਚਣ/ਸਮਝਣ ਤੇ ਬੋਲਣ ਦੇ ਨਾਲ-ਨਾਲ ਲਿਖਣ ਦੀ ਕਲਾ ਮਨੁੱਖ ਦੇ ਹੱਥ ਆਈ ਉਦੋਂ ਤੋਂ ਹੀ ਸ਼ਬਦਾਵਲੀ ਦੇ ਭੰਡਾਰ ਭਰਨੇ ਸ਼ੁਰੂ ਹੋ ਗਏ ਸਨ। ਕਾਦਰ/ਕੁਦਰਤ ਦੀ ਸਿਫਤ ਸਲਾਹ ਤੋਂ ਲੈ ਕੇ ਉੱਤਮ ਜੀਵਨ-ਜਾਚ ਤੇ ਮਨੋਰੰਜਨ ਆਦਿ ਲਈ ਬਹੁਤ ਸਾਰੀਆਂ ਲਿਖਤਾਂ, ਪੁਸਤਕਾਂ ਤੇ ਗ੍ਰੰਥਾਂ ਆਦਿ ਭਾਵ ਵੱਖ-ਵੱਖ ਰੂਪ ਵਿਚ ਹੋਰ ਬਹੁਤ ਸਾਰਾ ਸਾਹਿਤ ਹੋਂਦ ਵਿਚ ਆ ਰਿਹਾ ਹੈ। ਇਸ ਤੋਂ ਇਲਾਵਾ ਜ਼ਬਾਨੀ-ਕਲਾਮੀ ਵੀ ਸ਼ਬਦਾਵਲੀ ਦੇ ਪ੍ਰਵਾਹ ਦਾ ਆਦਾਨ-ਪ੍ਰਦਾਨ ਵੀ ਹੁੰਦਾ ਆ ਰਿਹਾ ਹੈ ਤੇ ਪੀੜ੍ਹੀ-ਦਰ ਪੀੜ੍ਹੀ ਅਗਾਂਹ ਨੂੰ ਸਫ਼ਰ ਕਰ ਰਿਹਾ ਹੈ। ਗਿਆਨ ਦੇ ਵਿਸ਼ਾਲ ਇਨ੍ਹਾਂ ਭੰਡਾਰਾਂ ਵਿਚੋਂ ਆਪਣੇ ਅਨੁਭਵ ਰਾਹੀਂ ਕੁਝ ਮਾਣਕ ਮੋਤੀ ਚੁਣ ਕੇ ਲੇਖਿਕਾ ਜੁਗਰੀਤ ਕੌਰ ਨੇ 'ਅਮੁੱਲੇ ਮੋਤੀ' ਨਾਂਅ ਦੀ ਮਾਲਾ ਪਰੋ ਕੇ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਦਾ ਯਤਨ ਕੀਤਾ ਹੈ।
ਇਸ ਸਾਹਿਤਕ ਮਾਲਾ ਦੇ 'ਅਮੁੱਲੇ ਮੋਤੀਆਂ' ਨੂੰ ਮਾਣ (ਪੜ੍ਹ-ਵਿਚਾਰ) ਕੇ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਕਿ ਇਕ ਸਫਲ ਜੀਵਨ ਲਈ ਇਹ ਸਭ ਵਿਚਾਰ ਕਾਫੀ ਹੱਦ ਤੱਕ ਅਮਲ ਯੋਗ ਹਨ। ਮਨੁੱਖ ਦੇ ਮੂਲ/ਮੁੱਢ ਤੋਂ ਲੈ ਕੇ ਜੀਵਨ ਦੇ ਦੁੱਖ-ਸੁੱਖ, ਸਮਾਜ ਵਿਚ ਸੂਝ-ਬੂਝ ਨਾਲ ਵਿਚਰਨਾ, ਸਬਰ-ਸੰਤੋਖ ਧੀਰਜ ਨਾਲ ਚੱਲਣਾ, ਅੰਧਵਿਸ਼ਵਾਸ ਤੋਂ ਬਚ ਕੇ ਆਤਮ-ਵਿਸ਼ਵਾਸੀ ਬਣਨਾ, ਸਤਿਕਾਰ ਕਰਨਾ ਤੇ ਕਰਾਉਣਾ, ਹੰਕਾਰ, ਲਾਲਚ ਤੇ ਆਲਸਪੁਣੇ ਨੂੰ ਦੁਸ਼ਮਣ ਮੰਨ ਕੇ ਵਿਹਲੀਆਂ ਖਾਣ ਤੋਂ ਬਚਣਾ, ਮਿਹਨਤ ਦਾ ਪੱਲਾ ਫੜਨਾ, ਸੱਚ ਤੇ ਝੂਠ ਪਰਖਣਾ, ਪਰਿਵਾਰਕ ਤੇ ਸਮਾਜਿਕ ਰਿਸ਼ਤਿਆਂ ਨੂੰ ਪਛਾਣਨਾ ਤੇ ਮਾਣਨਾ, ਨਿਮਰਤਾ ਨਾਲ ਪੇਸ਼ ਆਉਣਾ, ਫ਼ਰਜ਼ਾਂ 'ਤੇ ਖੜ੍ਹਨਾ ਤੇ ਹੱਕਾਂ ਲਈ ਜੂਝਣਾ ਆਦਿ ਜੀਵਨ ਦੇ ਸਾਰਥਕ ਪਹਿਲੂਆਂ ਦੇ ਵਿਖਿਆਨ ਕਰਦੇ ਹੋਏ ਛੋਟੇ-ਛੋਟੇ ਪਰ ਬਹੁਤ ਹੀ ਭਾਵਪੂਰਤ ਵਿਚਾਰ (ਕਰੀਬ ਪੌਣੇ ਕੁ ਹਜ਼ਾਰ ਅਮੁੱਲੇ ਮੋਤੀ) ਆਪਣੇ ਨਿਵੇਕਲੇ ਰੰਗ ਬਿਖੇਰ ਕੇ ਜੀਵਨ ਰੁਸ਼ਨਾਉਣ ਦੇ ਸਮਰੱਥ ਹਨ। ਸ਼ਾਇਦ ਲੇਖਿਕਾ ਜੁਗਰੀਤ ਕੌਰ ਨੇ ਇਨ੍ਹਾਂ ਮੋਤੀਆਂ ਦੀ ਗਿਣਤੀ 'ਰਾਊਂਡ ਫਿੱਗਰ' (ਪੂਰੇ ਹਜ਼ਾਰ) ਕਰਨ ਦੀ ਥਾਂ 'ਪੌਣ' ਪਾ ਕੇ ਇਹ ਵੀ ਸਿੱਧ ਕਰ ਦਿੱਤਾ ਕਿ ਸ਼ਬਦਾਵਲੀ ਦੀ ਮਾਲਾ ਇਸ ਪੁਸਤਕ ਤੱਕ ਸੀਮਤ ਨਹੀਂ ਸਗੋਂ ਹੋਰ ਵੀ ਪਰੇ ਤੋਂ ਪਰੇ ਜਾਣੀ ਅਸੀਮ ਹੈ।
'ਅਮੁੱਲੇ ਮੋਤੀ' ਪੁਸਤਕ ਦੇ ਕਝ ਕੁੁ ਮੋਤੀਆਂ ਦਾ ਰੰਗਾਂ ਨਾਲ ਆਤਮਸਾਤ ਹੋਈਏ:
'ਤਮਾਸ਼ਾ ਇਸ ਦੁਨੀਆ ਵਿਚ ਸਵੇਰੇ ਸ਼ਾਮ ਹੁੰਦਾ ਹੈ,
ਝੂਠ ਨੂੰ ਮਾਣ ਮਿਲਦਾ ਹੈ ਤੇ ਸੱਚ ਬਦਨਾਮ ਹੁੰਦਾ ਹੈ।'
-0-
'ਬਹੁਤ ਦੂਰ ਤੱਕ ਜਾਣਾ ਪੈਂਦਾ ਹੈ,
ਸਿਰਫ ਇਹ ਦੇਖਣ ਲਈ ਕਿ ਤੁਹਾਡੇ ਨੇੜੇ ਕੌਣ ਹੈ।'
-0-
'ਵਕਤ ਜਦੋਂ ਬਦਲਦਾ ਹੈ ਤਾਂ ਬਾਜ਼ੀਆਂ ਹੀ ਨਹੀਂ,
ਸਗੋਂ ਜ਼ਿੰਦਗੀਆਂ ਪਲਟ ਜਾਂਦੀਆਂ ਹਨ।'

ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858

ਸ੍ਰੀ ਗੁਰੂ ਤੇਗ ਬਹਾਦਰ
ਬਾਣੀ ਤੇ ਸ਼ਹਾਦਤ ਦਾ ਗੌਰਵ
ਮੁੱਖ ਸੰਪਾਦਕ : ਡਾ. ਮਹਿਲ ਸਿੰਘ
ਸੰਪਾਦਕ : ਡਾ. ਆਤਮ ਸਿੰਘ ਰੰਧਾਵਾ, ਡਾ. ਪਰਮਿੰਦਰ ਸਿੰਘ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 380 ਰੁਪਏ, ਸਫ਼ੇ : 280
ਸੰਪਰਕ : sanvadpunjabi@gmail.com

ਹਥਲੀ ਪੁਸਤਕ ਵਿਚ ਗੁਰਮਤਿ ਚਿੰਤਨ ਦੀ ਗੌਰਵਮਈ ਧਾਰਾ ਨਾਲ ਜੁੜੇ 25 ਪ੍ਰਮੁੱਖ ਵਿਦਵਾਨਾਂ ਦੇ ਖੋਜ ਪੱਤਰ ਸੰਗ੍ਰਹਿਤ ਹਨ। ਗੁਰੂ ਤੇਗ ਬਹਾਦਰ ਸਾਹਿਬ ਦਾ ਪਵਿੱਤਰ ਪ੍ਰਕਾਸ਼ 1 ਅਪ੍ਰੈਲ, 1621 ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਗ੍ਰਹਿ ਵਿਖੇ ਹੋਇਆ ਸੀ ਅਤੇ ਇਸ ਪ੍ਰਕਾਰ ਅਸੀਂ ਸਮੂਹ ਭਾਰਤ ਵਾਸੀ ਅਤੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਰਹਿਣ ਵਾਲੇ ਪੰਜਾਬ ਦੇ ਪ੍ਰਵਾਸੀ ਪਰਿਵਾਰ ਗੁਰੂ ਸਾਹਿਬ 400 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਗੁਰੂ ਸਾਹਿਬ ਦੀ ਸ਼ਹੀਦੀ ਬੇਨਜ਼ੀਰ ਸੀ। ਆਪ ਨੇ ਹਿੰਦੂ ਧਰਮ ਦੇ ਉਨ੍ਹਾਂ ਬੁਨਿਆਦੀ ਚਿਹਨਕਾਂ 'ਤਿਲਕ ਅਤੇ ਜੰਞੂ' ਦੀ ਰਾਖੀ ਲਈ ਬਲੀਦਾਨ ਦਿੱਤਾ ਸੀ, ਜਿਨ੍ਹਾਂ ਨੂੰ ਸਿੱਖ ਧਰਮ ਵਿਚ ਕਰਮਕਾਂਡ ਮੰਨ ਕੇ ਬਹੁਤਾ ਮਹੱਤਵ ਨਹੀਂ ਦਿੱਤਾ ਜਾਂਦਾ ਪ੍ਰੰਤੂ ਗੁਰੂ ਸਾਹਿਬ ਨੇ ਆਪਣੇ ਬਲੀਦਾਨ ਦੁਆਰਾ ਇਹ ਸਪੱਸ਼ਟ ਕਰ ਦਿੱਤਾ ਕਿ ਪੂਜਾ-ਅਰਚਨਾ ਲੋਕਾਂ ਦਾ ਬੁਨਿਆਦੀ ਹੱਕ ਹੁੰਦਾ ਹੈ ਅਤੇ ਸਟੇਟ ਨੂੰ ਇਸ ਵਿਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਬਹੁਸੱਭਿਆਚਾਰਵਾਦ (ਮਲਟੀਕਲਚਰਇਜ਼ਮ) ਨੂੰ ਕਿਵੇਂ ਮਾਨਤਾ ਦੇਣੀ ਚਾਹੀਦੀ ਹੈ, ਗੁਰੂ ਸਾਹਿਬ ਨੇ ਇਸ ਸੰਕਲਪ ਦੇ ਮੁੱਲ ਅਤੇ ਮਹੱਤਵ ਨੂੰ ਆਪਣੀ ਕੌਮ ਦੇ ਲੂੰ-ਲੂੰ ਵਿਚ ਭਰ ਦਿੱਤਾ।
ਇਸ ਮੁੱਲਵਾਨ ਗ੍ਰੰਥ ਦਾ ਪ੍ਰਥਮ ਲੇਖ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਸਮਰਪਿਤ ਖੋਜੀ ਅਤੇ ਵਿਦਵਾਨ ਡਾ. ਮਹਿਲ ਸਿੰਘ ਨੇ ਲਿਖਿਆ ਹੈ। ਇਸ ਕਾਲਜ (ਬਲਕਿ ਯੂਨੀਵਰਸਿਟੀ) ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਅਤੇ ਬਹੁਤ ਸਾਰੇ ਹੋਰ ਅਧਿਆਪਕਾਂ ਡਾ. ਪਰਮਿੰਦਰ ਸਿੰਘ, ਡਾ. ਮਿਨੀ ਸਲਵਾਨ, ਡਾ. ਅਮਰਜੀਤ ਸਿੰਘ ਅਤੇ ਡਾ. ਭੁਪਿੰਦਰ ਸਿੰਘ ਆਦਿ ਦੇ ਲੇਖ ਵੀ ਪੁਸਤਕ ਵਿਚ ਸੰਗ੍ਰਹਿਤ ਹਨ। ਪੰਜਾਬ, ਦਿੱਲੀ ਅਤੇ ਉੱਤਰੀ ਭਾਰਤ ਦੀਆਂ ਹੋਰ ਵੀ ਕਈ ਯੂਨੀਵਰਸਿਟੀਆਂ ਦੇ ਵਿਦਵਾਨਾਂ ਦੇ ਲੇਖ ਪੁਸਤਕ ਦੇ ਮਹੱਤਵ ਵਿਚ ਵਾਧਾ ਕਰਦੇ ਹਨ। ਪੰਜਾਬੀ ਵਿਚ ਲਿਖੀਆਂ ਗਈਆਂ ਸੰਪਾਦਿਤ ਪੁਸਤਕਾਂ ਦੀ ਵੱਡੀ ਕਮਜ਼ੋਰੀ ਇਹ ਹੁੰਦੀ ਹੈ ਕਿ ਸਾਰੇ ਲੇਖਕ ਲਗਭਗ ਇਕ ਹੀ ਵਿਸ਼ੇ ਬਾਰੇ ਲਿਖੀ ਜਾਂਦੇ ਹਨ। ਪਰ ਇਸ ਪੁਸਤਕ ਦੇ ਸੂਝਵਾਨ ਸੰਪਾਦਕਾਂ ਦੀ ਸਜਗਤਾ ਦੇ ਕਾਰਨ ਹਰ ਲੇਖਕ ਨੇ ਕਿਸੇ ਵੱਖਰੇ ਵਿਸ਼ੇ ਬਾਰੇ ਵਿਚਾਰ ਪ੍ਰਗਟ ਕੀਤੇ ਹਨ।
ਸ. ਅਮਰਜੀਤ ਸਿੰਘ ਗਰੇਵਾਲ, ਭਾਈ ਹਰਿਸਿਮਰਨ ਸਿੰਘ, ਡਾ. ਜਗਬੀਰ ਸਿੰਘ, ਸ੍ਰੀ ਕੇਵਲ ਧਾਲੀਵਾਲ, ਡਾ. ਜਸਪਾਲ ਕਾਂਗ, ਡਾ. ਸਵਰਾਜਬੀਰ, ਡਾ. ਜਸਬੀਰ ਸਿੰਘ ਸਰਨਾ ਅਤੇ ਡਾ. ਕੰਵਲਜੀਤ ਸਿੰਘ ਨੇ ਬਿਲਕੁਲ ਨਵੇਂ-ਨਵੇਲੇ ਵਿਸ਼ਿਆਂ ਬਾਰੇ ਲਿਖ ਕੇ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਪਾਠਕਾਂ ਦੀ ਸੁੱਧ-ਬੁੱਧ ਨੂੰ ਤੀਖਣ ਅਤੇ ਰੈਡੀਕਲ ਆਯਾਮ ਦਿੱਤਾ ਹੈ। ਗੁਰੂ ਸਾਹਿਬ ਦੇ ਅਦੁੱਤੀ ਜੀਵਨ ਵਾਂਗ ਉਨ੍ਹਾਂ ਦੀ ਪਵਿੱਤਰ ਬਾਣੀ ਵੀ ਲਾਸਾਨੀ ਹੈ। ਇਸ ਬਾਣੀ ਨੂੰ ਹਰ ਸ਼ਰਧਾਲੂ ਸਿੱਖ ਜਾਂ ਸੂਝਵਾਨ ਸਰੋਤਾ ਪਛਾਣ ਸਕਦਾ ਹੈ। ਵਸਤੂ ਸਮੱਗਰੀ ਅਤੇ ਸ਼ੈਲੀ ਦੀ ਦ੍ਰਿਸ਼ਟੀ ਤੋਂ ਇਹ ਬਾਣੀ ਇਕ ਨਵੇਂ ਭਾਵ-ਸੰਸਾਰ ਦੀ ਉਦਬੋਧਕ ਬਣਦੀ ਹੈ। ਪੁਸਤਕ ਦੀ ਪ੍ਰੋਡਕਸ਼ਨ ਵੀ ਬੇਹੱਦ ਆਕਰਸ਼ਨ ਹੈ। ਮੈਂ ਇਸ ਰਚਨਾ ਦਾ ਭਰਪੂਰ ਸਵਾਗਤ ਕਰਦਾ ਹਾਂ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਧੰਨ ਤੇਰੀ ਕੁਰਬਾਨੀ
ਲੇਖਕ : ਗੁਰਚਰਨ ਸਿੰਘ ਕੋਕਰੀ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 180 ਰੁਪਏ, ਸਫ਼ੇ : 136
ਸੰਪਰਕ : 94639-81990.

ਪੰਜਾਬੀ ਸਾਹਿਤ ਵਿਚ ਬੀਰਰਸੀ ਇਤਿਹਾਸਕ ਕਥਾਵਾਂ ਨੂੰ ਢੱਡ-ਸਾਰੰਗੀ ਨਾਲ ਗਾਉਣ ਦੀ ਪਰੰਪਰਾ ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਆਰੰਭ ਹੋਈ ਸੀ। ਸਰੋਤਿਆਂ ਦੇ ਦਿਲਾਂ ਵਿਚਾਲੇ ਕੌਮ ਪਿਆਰ ਦੇ ਜਜ਼ਬੇ ਨੂੰ ਉਭਾਰਨ ਵਿਚ ਇਹ ਜੋਸ਼ੀਲੀਆਂ ਵਾਰਾਂ ਸਹਾਈ ਹੁੰਦੀਆਂ ਹਨ। ਇਸ ਖੇਤਰ ਵਿਚ ਗੁਰਚਰਨ ਸਿੰਘ ਕੋਕਰੀ ਦਾ ਇਕ ਵਿਸ਼ੇਸ਼ ਸਥਾਨ ਹੈ, ਜਿਸ ਨੇ ਇਸ ਪੁਸਤਕ ਰਾਹੀਂ ਪੰਜਾਬੀ ਦੇ ਅਮਰ ਸ਼ਹੀਦਾਂ ਤੇ ਸੂਰਬੀਰਾਂ ਦੀਆਂ ਕੁਰਬਾਨੀਆਂ ਨੂੰ ਪਾਠਕਾਂ ਦੇ ਰੂਬਰੂ ਕੀਤਾ ਹੈ। ਇਸ ਤੋਂ ਪਹਿਲਾਂ ਉਸ ਦੀਆਂ ਦੋ ਹੋਰ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚਲੀਆਂ ਰਚਨਾਵਾਂ ਨੂੰ ਪ੍ਰਸਿੱਧ ਢਾਡੀ ਜਥਿਆਂ ਨੇ ਗਾਇਨ ਕੀਤਾ ਹੈ।
ਇਸ ਪੁਸਤਕ ਨੂੰ ਹੇਠ ਲਿਖੇ 11 ਪ੍ਰਸੰਗਾਂ ਵਿਚ ਵੰਡਿਆ ਗਿਆ ਹੈ : ਅਲਾਹੀ ਜੋਤ, ਮਾਂ ਪੁੱਤਰ ਦਾ ਵਿਛੋੜਾ, ਸਿੰਘਾਂ ਦੀਆਂ ਜੋੜੀਆਂ, ਜਾਗ ਪੰਜਾਬੀ ਸ਼ੇਰਾ, ਮੈਂ ਪੰਜਾਬ ਸਿੰਘ, ਧੰਨ ਤੇਰੀ ਕੁਰਾਬਨੀ, ਮਾਸੂਮ ਜਿੰਦਾਂ, ਭੂਮੀਆਂ ਚੋਰ, ਧਰੂ ਭਗਤ, ਬਾਬਾ ਦੀਪ ਸਿੰਘ ਜੀ, ਬਾਬਾ ਬੰਦਾ ਸਿੰਘ ਜੀ ਬਹਾਦਰ।
ਹਰ ਪ੍ਰਸੰਗ ਵਿਚ ਵਿਸ਼ੇ ਨਾਲ ਸਬੰਧਿਤ ਇਕ ਸ਼ਿਅਰ ਤੇ ਕੁਝ ਗੀਤ ਦਿੱਤੇ ਗਏ ਹਨ। ਇਸ ਦੇ ਨਾਲ-ਨਾਲ ਕੁਮੈਂਟਰੀ ਵਿਚ ਜਾਣਕਾਰੀ ਦਿੱਤੀ ਹੈ। ਪਹਿਲੇ ਪ੍ਰਸੰਗ ਵਿਚ ਗੁਰੂੁ ਨਾਨਕ ਦੇਵ ਜੀ ਦੇ ਜਨਮ ਅਤੇ ਉਸ ਸਮੇਂ ਦੀ ਸਮਾਜਿਕ ਤੇ ਰਾਜਨੀਤਕ ਸਥਿਤੀ ਦਾ ਬਾਖੂਬੀ ਵਰਨਣ ਕੀਤਾ ਹੈ। ਇਸੇ ਤਰ੍ਹਾਂ ਬਾਕੀ ਦੇ ਪ੍ਰਸੰਗਾਂ ਵਿਚ ਵੱਖ-ਵੱਖ ਸੂਰਬੀਰਾਂ ਅਤੇ ਦੇਸ਼ ਕੌਮ ਦੀ ਖ਼ਾਤਰ ਸ਼ਹੀਦੀਆਂ ਪ੍ਰਾਪਤ ਕਰਨ ਵਾਲਿਆਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਕਵੀ ਨੇ ਛੰਦਾ ਬੰਦੀ ਵਿਚ ਬੜੇ ਜੋਸ਼ੀਲੇ ਢੰਗ ਨਾਲ ਦਰਸਾਇਆ ਹੈ।
ਉਮੀਦ ਹੈ ਪਾਠਕ ਇਸ ਪੁਸਤਕ ਨੂੰ ਪਸੰਦ ਕਰਨ ਦੇ ਨਾਲ-ਨਾਲ ਇਸ ਤੋਂ ਪ੍ਰੇਰਨਾ ਵੀ ਲੈਣਗੇ।

ਕੰਵਲਜੀਤ ਸਿੰਘ ਸੂਰੀ
ਮੋ: 93573-24241.

ਰੂਹ ਵੇਲਾ
ਗ਼ਜ਼ਲਕਾਰ : ਰਾਜਦੀਪ ਸਿੰਘ ਤੂਰ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 97803-00247.

ਰਾਜਦੀਪ ਸਿੰਘ ਤੂਰ ਦੇ ਹਥਲੇ ਗ਼ਜ਼ਲ ਸੰਗ੍ਰਹਿ ਵਿਚ 68 ਗ਼ਜ਼ਲਾਂ ਹਨ ਜੋ ਸਾਰੀਆਂ ਹੀ ਨਵੇਂ ਭਾਵ ਬੋਧ ਦੀਆਂ ਅਤੇ ਪੰਜਾਬੀ ਗ਼ਜ਼ਲ ਦਾ ਸਿਰ ਉੱਚਾ ਕਰਨ ਵਾਲੀਆਂ ਹਨ। ਇਨ੍ਹਾਂ ਗ਼ਜ਼ਲਾਂ ਵਿਚ ਜਿਥੇ ਗ਼ਜ਼ਲਾਂ ਦਾ ਰੂਪਕ ਪੱਖ ਸਲਾਹੁਣਯੋਗ ਹੈ, ਉਥੇ ਇਨ੍ਹਾਂ ਵਿਚਲੇ ਸ਼ਿਅਰਾਂ ਦੇ ਵਿਸ਼ੇ ਵੀ ਜ਼ਿੰਦਗੀ ਦੀ ਬਿਹਤਰੀ ਵਾਸਤੇ ਤਤਪਰ ਹਨ। ਪੰਜਾਬੀ ਗ਼ਜ਼ਲ ਦੀ ਅਮਰਤਾ ਇਸ ਤੱਥ ਵਿਚ ਵਿਦਮਾਨ ਹੈ ਕਿ ਇਸ ਦੀ ਸਿਰਜਣਾ ਵਿਚ ਪੁਰ ਅਹਿਸਾਸ ਤੇ ਨਵੇਂ ਅਰੋਗ ਖੂਨ ਵਾਲੇ ਨਵਪ੍ਰਤਿਭਾਵਾਨ ਨੌਜਵਾਨ ਪੂਰੀ ਸ਼ਕਤੀ ਤੇ ਆਸਥਾ ਨਾਲ ਸ਼ਾਮਿਲ ਹੁੰਦੇ ਰਹੇ ਹਨ। ਰਾਜਦੀਪ ਨੂੰ ਮੈਂ ਪਿਛਲੇ ਲੰਮੇ ਸਮੇਂ ਤੋਂ ਗ਼ਜ਼ਲ ਦੇ ਚਿਤਰਪਟ ਤੇ ਸਾਰਥਕ ਸ਼ਾਇਰੀ ਕਰਦਾ ਵੇਖ ਰਿਹਾ ਹਾਂ। ਉਹ ਚੁੱਪ-ਚਾਪ ਕਿਸੇ ਮੈਦਾਨੀ ਦਰਿਆ ਵਾਂਗ ਆਪਣੀ ਤੋਰ ਵਿਚ ਮਗਨ ਹੈ। ਉੱਚੀ ਸ਼ਾਇਰੀ ਦੀ ਮਾਲਕੀਅਤ ਹੁੰਦਿਆਂ ਵੀ ਮੈਂ ਉਸ ਨੂੰ ਕਦੇ ਘਮੰਡੀ ਹੁੰਦਾ ਨਹੀਂ ਵੇਖਿਆ। ਉਹ ਸਾਰੇ ਸਫਲ ਅਸਫਲ ਸ਼ਾਇਰਾਂ ਦੀ ਦੀਦ ਕਰਦਾ ਹੈ। ਅਸਲ ਵਿਚ ਉਹ ਗ਼ਜ਼ਲ ਦੇ ਬਾਗ ਵਿਚ ਮਹਿਕਦੇ ਫੁੱਲਾਂ ਵਾਲਾ ਕਚਨਾਰ ਹੈ। ਮਹਿਕ ਉਸ ਦੇ ਸੁਭਾਅ ਵਿਚ ਵੀ ਹੈ ਅਤੇ ਸ਼ਾਇਰੀ ਵਿਚ ਵੀ।
ਪੰਜਾਬੀ ਗ਼ਜ਼ਲ ਵਿਚ ਬਹੁਤ ਸ਼ਾਇਰ ਹਨ ਜੋ ਇਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਦਾ ਕੋਈ ਉਸਤਾਦ ਨਹੀਂ। ਪਰ ਗ਼ਜ਼ਲ ਤਕਨੀਕ ਨੂੰ ਉਹ ਕਿਸੇ ਨਾ ਕਿਸੇ ਤੋਂ ਗ੍ਰਹਿਣ ਕਰਦੇ ਹਨ। ਰਾਜਦੀਪ ਸਿੰਘ ਕਿਸੇ ਵੀ ਸਥਿਤੀ ਵਿਚ ਕੱਟੜਤਾ ਅਖ਼ਤਿਆਰ ਨਹੀਂ ਕਰਦਾ। ਉਹ ਉਸਤਾਦਾਂ ਦੀ ਕਹੀ ਗੱਲ ਦਾ ਵੀ ਅਹਿਤਰਾਮ ਕਰਦਾ ਹੈ ਪਰ ਕਿਸੇ ਬੰਦਿਸ਼ ਨੂੰ ਪ੍ਰਵਾਨਦਾ ਵੀ ਨਹੀਂ। ਉਹ ਪਰੰਪਰਾ ਅਤੇ ਨਵੀਨਤਾ ਦਾ ਮਜ਼ਬੂਤ ਪੁਲ ਹੈ। ਉਸ ਦੀ ਗ਼ਜ਼ਲ ਵਿਚ ਫਾਰਸੀ ਦਾ ਛੱਟਣ ਨਹੀਂ ਹੈ ਸਗੋਂ ਪੰਜਾਬੀ ਜ਼ਮੀਨ ਦੀ ਅਣਖ ਜ਼ਰਖੇਜ਼ਤਾ ਅਤੇ ਹੀਰ, ਸੱਸੀ, ਸੋਹਣੀ ਦਾ ਇਸ਼ਕ ਵੀ ਹੈ। ਉਸ ਵਿਚ ਇਕ ਛਟਪਟਾਹਟ ਗੂੰਜਦੀ ਹੈ ਜੋ ਸ਼ਾਇਰੀ ਦੇ ਨਕਸ਼ ਪੇਸ਼ ਕਰਦੀ ਹੈ। ਉਹ ਇਕੋ ਵੇਲੇ ਲਲਕਾਰ ਅਤੇ ਫ਼ਲਸਫ਼ੇ ਦਾ ਸ਼ਾਇਰ ਹੈ। ਸ਼ਾਇਰ 'ਤੂਰ' ਰਾਜਦੀਪ ਸਿੰਘ ਨੂੰ ਸੰਬੋਧਨ ਹੋ ਕੇ ਜਗਤ ਪ੍ਰਵਚਨ ਨੂੰ ਸਹਿਜ ਅਵਸਥਾ ਵਿਚ ਪੇਸ਼ ਕਰਨ ਵਿਚ ਮਾਹਰ ਹੈ :
ਹੌਲੀ ਹੌਲੀ ਹਾਦਸਿਆਂ ਦਾ ਹਾਣੀ ਹੋ ਜਾਹ 'ਤੂਰ' ਸਿਹਾਂ।
ਪੱਥਰਾਂ ਵਿਚ ਵੀ ਵਗਣਾ ਪੈਣਾ ਪਾਣੀ ਹੋ ਜਾਹ ਤੂਰ ਸਿਹਾਂ।
-'ਤੂਰ' ਇਸ਼ਾਰਾ ਕੋਈ ਨਾ ਸਮਝੇ ਇਹ ਨਾਸਮਝੀ ਛੱਡ ਪਰਾਂ,
ਅੱਖਰ ਅੱਖਰ ਬੋਲ ਪਵੇ ਹੁਣ ਬਾਣੀ ਹੋ ਜਾਹ 'ਤੂਰ' ਸਿਹਾਂ।
-ਕੀ ਕਰੋਗੇ 'ਤੂਰ' ਨੂੰ ਹੁਣ ਤਖ਼ਤਿਆਂ ਦੇ ਰੂਬਰੂ...
-ਤੂਰ ਅੱਜ ਦੇ ਦੌਰ 'ਚੋਂ ਬੱਚੇ ਬਚਾਈਏ ਕਿਸ ਤਰ੍ਹਾਂ?
ਇਹ ਸਵਾਲਾਂ ਦੀ ਝੜੀ ਹੈ ਮਾਪਿਆਂ ਦੇ ਰੂਬਰੂ
-ਭਲਾ ਸਰਬੱਤ ਦਾ ਲੋਚੀਂ ਕਿਸੇ ਦਾ ਦਿਲ ਦੁਖਾਵੀਂ ਨਾ
ਕਦੇ ਵੀ 'ਤੂਰ' ਦੇਵੀਂ ਨਾ ਕਿਸੇ ਨੂੰ ਬਦਦੂਆ ਕੋਈ।
ਮੈਨੂੰ ਇਹ 'ਤੂਰਨਾਮਾ' ਪਸੰਦ ਆਇਆ ਹੈ। ਜੇ ਕਦੇ ਅਸੀਂ ਸ਼ਾਇਰ ਖ਼ੁਦ ਨੂੰ ਸੰਬੋਧਨ ਹੋਣ ਦੀ ਵਿਧੀ ਸਿੱਖ ਲਈਏ ਤਾਂ ਸ਼ਾਇਰੀ ਦੀ ਸਾਰਥਕਤਾ ਆਵਾਮ ਤੱਕ ਸਹਿਜ ਨਾਲ ਪਹੁੰਚੇ ਤਾਂ ਦਿਮਾਗਾਂ ਨੂੰ ਰੌਸ਼ਨ ਕਰੇ। ਰਾਜਦੀਪ ਸਿੰਘ ਤੂਰ ਦੀਆਂ ਗ਼ਜ਼ਲਾਂ ਦਿਲ ਨੂੰ ਮੋਂਹਦੀਆਂ ਅਤੇ ਜ਼ਿਹਨ ਨੂੰ ਕੁਝ ਸਾਰਥਕ ਕਰਨ ਲਈ ਪ੍ਰੇਰਿਤ ਕਰਦੀਆਂ ਹਨ।

ਸੁਲੱਖਣ ਸਰਹੱਦੀ
ਮੋ: 94174-84337

ਗੁਰਬਾਣੀ ਦਾ ਵਿਗਿਆਨਕ ਦ੍ਰਿਸ਼ਟੀਕੋਣ
ਲੇਖਕ : ਬਾਵਾ ਸਿੰਘ ਬਰਾੜ
ਪ੍ਰਕਾਸ਼ਕ : ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 144
ਸੰਪਰਕ : 94172-04192.

ਵਿਚਾਰ ਅਧੀਨ ਪੁਸਤਕ ਦੇ ਲੇਖਕ ਦਾ ਉਦੇਸ਼ ਇਹ ਹੈ ਕਿ ਵਿਗਿਆਨ ਦੇ ਵਿਦਿਆਰਥੀ ਗੁਰਬਾਣੀ ਨੂੰ ਅਤੇ ਗੁਰਬਾਣੀ ਦੇ ਮਾਰਗ-ਪਾਂਧੀ ਵਿਗਿਆਨ ਨੂੰ ਸਹੀ ਸੰਦਰਭ ਵਿਚ ਸਮਝਣਯੋਗ ਹੋ ਸਕਣ। ਅਜਿਹੀ ਸਮਝ ਹੀ ਮਾਨਵਤਾ ਦੀ ਸੇਵਾ ਲਈ ਉਪਯੋਗੀ ਹੋ ਸਕਦੀ ਹੈ। ਲੇਖਕ ਨੇ ਆਪਣੇ ਉਪਰੋਕਤ ਉਦੇਸ਼ ਦੀ ਪ੍ਰਾਪਤੀ ਹਿਤ ਹਥਲੀ ਪੁਸਤਕ ਨੂੰ 10 ਕਾਂਡਾਂ ਵਿਚ ਵਿਭਾਜਤ ਕੀਤਾ ਹੈ। ਧਰਮ, ਅਧਿਆਤਮਕ ਹਸਤੀਆਂ ਵਿਚ ਵਿਸ਼ਵਾਸ ਰੱਖਦਾ ਹੈ। ਇਸ ਦਾ ਅਸਲ ਮਨੋਰਥ ਮਨੁੱਖ ਦੇ ਜੀਵਨ ਨੂੰ 'ਜਾਚ ਸਮਝਾ ਕੇ' ਜੀਵਨ ਦੀਆਂ ਸਮੱਸਿਆਵਾਂ ਹੱਲ ਕਰਨ ਵਿਚ ਨਿਹਿਤ ਹੈ। ਥਿਊਰੀ ਬਣਾਉਣੀ ਅਤੇ ਸਿਧਾਂਤ ਸਿਰਜਣਾ ਵਿਗਿਆਨ ਦਾ ਕਾਰਜ ਖੇਤਰ ਹੈ। ਗੁਰਬਾਣੀ ਦਾ ਸੰਦੇਸ਼ ਤਾਂ 12ਵੀਂ ਤੋਂ 17ਵੀਂ ਸਦੀ ਤੱਕ ਹੋਂਦ ਵਿਚ ਆ ਚੁੱਕਾ ਸੀ ਪਰ ਵਿਗਿਆਨ ਆਪਣੇ ਮਾਰਗ 'ਤੇ 17ਵੀਂ ਸਦੀ ਤੋਂ ਬਾਅਦ ਹੀ ਚੱਲਿਆ। ਜਿਵੇਂ ਵਿਗਿਆਨਕ ਖੋਜਾਂ ਕਿਸੇ ਇਕ ਕੌਮ ਜਾਂ ਧਰਤੀ ਦੇ ਕਿਸੇ ਵਿਸ਼ੇਸ਼ ਖਿੱਤੇ ਨਾਲ ਸਬੰਧਿਤ ਨਹੀਂ ਹਨ, ਉਵੇਂ ਹੀ ਗੁਰਬਾਣੀ ਦੇਸ਼ ਦੀਆਂ ਹੱਦਾਂ ਟੱਪ ਕੇ ਸਮੁੱਚੀ ਮਾਨਵਤਾ ਲਈ ਸਰਬਸਾਂਝਾ ਉਪਦੇਸ਼ ਦਿੰਦੀ ਹੈ। ਗੁਰਬਾਣੀ ਦਾ ਪਾਂਧੀ ਗੁਰਮੁਖ ਅਖਵਾਉਂਦਾ ਹੈ ਅਤੇ ਵਿਗਿਆਨ ਦਾ ਪਾਂਧੀ ਵਿਵੇਕਸ਼ੀਲ ਕਾਢਾਂ ਕੱਢਦਾ ਹੈ। 'ਗੁਰਮੁਖ' ਅਤੇ 'ਵਿਗਿਆਨੀ' ਦੋ ਨਹੀਂ ਇਕ ਹੀ ਸਮਝਣੇ ਬਣਦੇ ਹਨ। ਲੇਖਕ ਨੇ ਵਿਗਿਆਨਕ ਕਾਢਾਂ ਬਾਰੇ ਵਿਸਤ੍ਰਿਤ ਜਾਣਕਾਰੀ ਦੇ ਕੇ ਅਤੇ ਗੁਰਬਾਣੀ ਵਿਚੋਂ ਮਹਾਂਵਾਕਾਂ ਦੀਆਂ ਅਣਗਿਣਤ ਉਦਾਹਰਨਾਂ ਦੇ ਕੇ ਆਪਣੀ ਖੋਜ ਨੂੰ ਮਿਹਨਤ ਨਾਲ ਪਾਠਕਾਂ ਅੱਗੇ ਪ੍ਰਸਤੁਤ ਕੀਤਾ ਹੈ। ਅਜਿਹੀ ਮਿਹਨਤ ਲੇਖਕ ਦੇ ਵਿਸ਼ਾਲ ਅਧਿਐਨ ਦੀ ਸਾਖੀ ਭਰਦੀ ਹੈ। ਲੇਖਕ ਨੂੰ ਬ੍ਰਹਿਮੰਡੀ ਚੇਤਨਾ ਦੀ ਪੂਰੀ ਸਮਝ ਹੈ। ਉਸ ਨੇ ਸੁਕਰਾਤ, ਪਲੈਟੋ, ਕਾਪਰਨੀਕਸ, ਬਰੂਨੋ, ਗੈਲੀਲੀਓ ਕੈਟਾਫਰ, ਨਿਊਟਨ ਆਦਿ ਨਾਲ ਜਾਣ-ਪਛਾਣ ਕਰਵਾਈ ਹੈ। ਅਧਿਆਤਮਕ ਉੱਨਤੀ ਲਈ ਪੰਜ ਖੇਡਾਂ ਦੀ ਵਿਸਤ੍ਰਿਤ ਵਿਆਖਿਆ ਕੀਤੀ ਹੈ। ਗੁਰਬਾਣੀ ਵਿਗਿਆਨ ਵਾਂਗ ਪ੍ਰਸ਼ਨ ਖੜ੍ਹਾ ਕਰਕੇ ਉਸ ਦਾ ਸਮਾਧਾਨ ਕਰਦੀ ਹੈ। ਉਦਾਹਰਨ ਵੇਖੋ :
ਕਿਵ ਸਚਿਆਰ ਹੋਈਐ ਕਿਵ ਕੁੜੈ ਤੁਟੈ ਪਾਲਿ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥
(ਸ.ਗ.ਗ.ਸ. ਅੰਗ 1)

ਡਾ. ਧਰਮ ਚੰਦ ਵਾਤਿਸ਼
vatishdharamchand@gmail.com

ਲੁਕਵਾਂ ਸੱਚ
ਲੇਖਕ : ਦਿਲਸ਼ੇਰ ਸਿੰਘ ਨਿਰਦੋਸ਼,
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 98149-31370.

'ਲੁਕਵਾਂ ਸੱਚ' ਕਹਾਣੀ ਸੰਗ੍ਰਹਿ ਲੇਖਕ ਦੀ ਪੰਜਵੀਂ ਪੁਸਤਕ ਹੈ। ਲੇਖਕ ਦੀਆਂ ਬਹੁਤ ਸਾਰੀਆਂ ਰਚਨਾਵਾਂ ਸਿਰਮੌਰ ਰਸਾਲਿਆਂ ਅਤੇ ਕਈ ਅਖ਼ਬਾਰਾਂ ਵਿਚ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਹਥਲੀ ਪੁਸਤਕ 'ਚ ਲੇਖਕ ਦੀਆਂ ਵੱਖ-ਵੱਖ ਸਮਾਜਿਕ ਵਿਸ਼ਿਆਂ 'ਤੇ ਆਧਾਰਿਤ ਇਕ ਦਰਜਨ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਕਲਾ, ਸ਼ੈਲੀ ਅਤੇ ਰੂਪਕ ਪੱਖ ਤੋਂ ਕਹਾਣੀਆਂ ਦੀ ਪੇਸ਼ਕਾਰੀ ਕਾਫ਼ੀ ਢੁੱਕਵੀਂ ਹੈ। ਕਹਾਣੀਆਂ 'ਚ ਪਾਤਰ ਉਸਾਰੀ, ਦ੍ਰਿਸ਼ ਚਿਤਰਨ, ਵਾਰਤਾਲਾਪ, ਗੋਂਦ, ਰਵਾਨਗੀ ਚੰਗੀ ਹੈ। ਪਾਠਕ ਕਹਾਣੀ ਨੂੰ ਇਕਸਾਰ ਪੜ੍ਹਦਾ-ਪੜ੍ਹਦਾ, ਕਹਾਣੀ ਰਸ ਨੂੰ ਮਾਣਦਾ ਹੋਇਆ ਅੰਤ ਵੱਲ ਨੂੰ ਵਧਦਾ ਜਾਂਦਾ ਹੈ। ਉਸ ਵਿਚ ਅੰਤ ਜਾਣਨ ਦੀ ਉਤਸੁਕਤਾ ਲਗਾਤਾਰ ਬਣੀ ਰਹਿੰਦੀ ਹੈ। ਇਹੀ ਚੰਗੀਆਂ ਕਹਾਣੀਆਂ ਦਾ ਸਾਹਿਤਕ ਪੱਖੋਂ ਅਮੀਰੀ ਗੁਣ ਹੁੰਦਾ ਹੈ। 'ਲੁਕਵਾਂ ਸੱਚ' ਕਹਾਣੀ ਅਜੋਕੇ ਸਮੇਂ ਦੇ ਸੱਚ ਨੂੰ ਬਿਆਨਦੀ ਹੈ। ਅਜੋਕੇ ਸਮੇਂ 'ਚ ਨਸ਼ਿਆਂ ਕਾਰਨ ਕੁਝ ਟਾਵੇਂ ਨੌਜਵਾਨ ਬੱਚੇ ਪੈਦਾ ਕਰਨ ਤੋਂ ਅਸਮਰੱਥ ਹੋ ਰਹੇ ਹਨ। ਕਹਾਣੀ ਦੀ ਪਾਤਰ 'ਰਾਣੋ' ਵਿਆਹੀ ਹੋਣ ਦੇ ਬਾਵਜੂਦ ਵਿਆਹੁਤਾ ਸੁੱਖ ਤੋਂ ਵਾਂਝੀ ਹੈ। ਅੰਤ 'ਚ ਉਸ ਦਾ ਦੂਜਾ ਵਿਆਹ ਕੀਤਾ ਜਾਂਦਾ ਹੈ। ਕੱਢੀ ਹੋਈ ਜੁੱਤੀ, ਟੱਕਰ, ਪੇਟ ਦੀ ਖ਼ਾਤਰ, ਬੇਬੇ ਬਚਨੀ, ਰਾਜ਼ੀਨਾਮਾ, ਹੇਰਾਫ਼ੇਰੀਆਂ ਕਹਾਣੀਆਂ ਵਿਸ਼ੇ ਅਤੇ ਨਿਭਾਅ ਪੱਖੋਂ ਵਧੀਆ ਹਨ। ਕਹਾਣੀ 'ਛੱਜੂ ਦਾ ਚੁਬਾਰਾ' ਘਰਾਂ ਤੇ ਔਲਾਦ ਦਾ ਮੋਹ ਅਤੇ ਅਜੋਕੇ ਪਦਾਰਥਵਾਦੀ ਯੁੱਗ 'ਚ ਇਕਹਿਰੇ ਪਰਿਵਾਰ ਦੀ ਸਮੱਸਿਆ ਨੂੰ ਬਾਖ਼ੂਬੀ ਬਿਆਨ ਕਰਦੀ ਹੈ। 'ਚਰਨਾਮਤ' ਵਿਚ ਧਾਰਮਿਕ ਆਗੂਆਂ ਦੇ ਡਿਗਦੇ ਕਿਰਦਾਰ ਨੂੰ ਨੰਗਾ ਕੀਤਾ ਗਿਆ ਹੈ। 'ਪੇਟ ਦੀ ਖਾਤਰ' ਕਹਾਣੀ 'ਚ ਸਰਕਾਰੀ ਅਫ਼ਸਰਾਂ ਦੇ ਭ੍ਰਿਸ਼ਟਾਚਾਰ ਦੀ ਪੋਲ ਖੋਲ੍ਹੀ ਗਈ ਹੈ। ਕਹਾਣੀ 'ਇਹ ਕੀ ਹੋ ਗਿਆ' ਵਿਚ ਬੇਰੁੁਜ਼ਗਾਰੀ ਕਾਰਨ ਨਿਰਾਸ਼ ਨੌਜਵਾਨ ਨਸ਼ੇ ਵੇਚਣ ਲੱਗ ਜਾਂਦਾ ਹੈ। ਕੁਝ ਨਿਰਾਸ਼ ਹੋਏ ਨੌਜਵਾਨ ਨਸ਼ੇ ਕਰਨ ਸਮੇਤ ਹੋਰ ਭਿਆਨਕ ਬੁਰਾਈਆਂ ਦੇ ਲੜ ਲੱਗ ਕੇ ਆਪਣਾ ਜੀਵਨ ਬਰਬਾਦ ਕਰ ਲੈਂਦੇ ਹਨ। ਇਉਂ ਅਜੋਕੇ ਸਮੇਂ ਅੰਦਰ ਕਈ ਕਹਾਣੀਆਂ ਦੇ ਵਿਸ਼ੇ ਕਾਫ਼ੀ ਭਖਵੇਂ ਹਨ।

ਮੋਹਰ ਗਿੱਲ ਸਿਰਸੜੀ
ਮੋ: 98156-59110

18-07-2021

ਗੁਫ਼ਤਗੂ ਪੰਜਾਬ
ਲੇਖਕ : ਸਰਦੂਲ ਸਿੰਘ ਔਜਲਾ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 98141-68611


ਸਰਦੂਲ ਸਿੰਘ ਔਜਲਾ 'ਗੁਫ਼ਤਗੂ ਪੰਜਾਬ' (ਕਾਵਿ-ਸੰਗ੍ਰਹਿ) ਰਾਹੀਂ ਪੰਜਾਬੀ ਕਾਵਿ-ਜਗਤ 'ਚ ਆਪਣੀ ਪਲੇਠੀ ਹਾਜ਼ਰੀ ਲਗਵਾਉਂਦਾ ਹੈ। ਉਂਜ ਉਸ ਨੇ ਇਸ ਤੋਂ ਪਹਿਲਾਂ 'ਸਿਰਜਣਾ ਦੀ ਲੋਅ' (ਕਾਵਿ-ਸੰਗ੍ਰਹਿ), 'ਸਿਰਜਣਾ ਦੇ ਵਾਰਿਸ (ਕਾਵਿ-ਸੰਗ੍ਰਹਿ) ਅਤੇ ਅੱਖਰ ਵੇਲ (ਕਾਵਿ-ਸੰਗ੍ਰਹਿ) ਸਹਿ-ਸੰਪਾਦਿਤ ਤੇ ਸੰਪਾਦਿਤ ਕੀਤੇ ਹਨ। ਉਹ ਪੰਜਾਬੀ ਸਾਹਿਤ (ਅਤੀਤ ਤੇ ਵਰਤਮਾਨ) ਅਤੇ ਸਮਕਾਲੀ ਪੰਜਾਬੀ ਸਾਹਿਤ ਚਿੰਤਨ (ਫਿਕਰ ਤੇ ਜ਼ਿਕਰ) ਆਲੋਚਨਾ-ਪੁਸਤਕਾਂ ਰਾਹੀਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵਸੀਹ ਸਵਾਲਾਂ ਸੰਗ ਸੰਵਾਦ ਵੀ ਰਚਾਉਂਦਾ ਹੈ। ਹਥਲੇ ਕਾਵਿ-ਸੰਗ੍ਰਹਿ ਦਾ ਸਮਰਪਣ, ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਉਹ ਸਮੁੱਚੇ ਪੰਜਾਬ ਦੀ ਗਾਥਾ ਦਾ ਵਰਨਣ ਕਰ ਰਿਹਾ ਹੈ। ਅੱਜ ਦਾ ਪੰਜਾਬ ਜਿਹੜਾ ਢਾਈ-ਢਾਈ ਪਾਕ ਪਾਣੀਆਂ 'ਚ ਵੰਡਿਆ ਗਿਆ ਹੈ। ਇਸ ਤੋਂ ਵੱਡੀ ਗੱਲ ਉਹ ਵਿਛੜ ਗਈਆਂ ਧੀਆਂ-ਧਿਆਣੀਆਂ ਦੀ ਇਸ ਕਾਵਿ-ਸੰਗ੍ਰਹਿ 'ਚ ਗੱਲ ਕਰਦਿਆਂ, ਸਾਂਝੇ ਪੰਜਾਬ ਦੀਆਂ ਧੀਆਂ-ਧਿਆਣੀਆਂ ਦੀਆਂ ਵੇਦਨਾਵਾਂ, ਸੰਵੇਦਨਾਵਾਂ ਪ੍ਰਗਟਾਉਂਦਿਆਂ, ਸਮੁੱਚੀ ਮਾਨਵਤਾ ਦੇ ਅਜ਼ਲੀ ਫ਼ਿਕਰਾਂ, ਗੁਰਬਤ, ਬੇਰੁਜ਼ਗਾਰੀ, ਹਵਸ, ਧਾਰਮਿਕ-ਪਾਖੰਡ, ਦਾਬੇ ਦੀ ਧੌਂਸ, ਸੱਭਿਆਚਾਰਕ ਵਖਰੇਵਿਆਂ ਦੀ ਬਾਤ ਛੂੰਹਦਾ ਹੈ। ਪੰਜਾਬ ਇਕ ਧਰਤੀ ਦਾ ਟੁਕੜਾ ਨਹੀਂ, ਸਗੋਂ ਇਥੇ ਵਸੇਂਦੇ ਲੋਕਾਂ ਦੀ ਅਜ਼ਲੀ 'ਖੰਡੇ ਦੀ ਧਾਰ' 'ਤੇ ਤੁਰਨ ਦੀ ਲੰਮੀ ਦਾਸਤਾਨ ਦਾ ਵਿਖਿਆਨ ਹੈ। 'ਪੰਜਾਬ ਕਿੱਥੋਂ ਦੇਵਾਂਗੇ' ਕਵਿਤਾ ਤੋਂ ਲੈ ਕੇ 'ਕਵਿਤਾ ਦਾ ਵਿਸਰ ਜਾਣਾ' ਕਵਿਤਾ ਤੱਕ 600 ਕਵਿਤਾਵਾਂ ਉਕਤ ਵਰਣਿਤ ਫ਼ਿਕਰਾਂ ਦੀ ਨਿਸ਼ਾਨਦੇਹੀਆਂ ਕਰਦੀਆਂ ਹਨ। ਆਦਿ ਪੰਜਾਬ ਤੋਂ ਲੈ ਕੇ ਹੁਣ ਤੱਕ ਦੇ ਪੰਜਾਬਾਂ ਤੱਕ ਵਰਤੇ ਵਰਤਾਰਿਆਂ/ਭਾਣਿਆਂ ਦੀ ਇਹ ਕਾਵਿ-ਪੁਸਤਕ ਗਾਥਾ ਬਿਆਨ ਕਰਦੀ ਹੈ। ਪੰਜਾਬ ਹੁਣ ਤੱਕ ਮੁੜ-ਮੁੜ ਮਰ ਕੇ ਜਿਊਣ ਦੀ ਪ੍ਰਕਿਰਿਆ ਥੀਂ ਗੁਜ਼ਰਿਆ ਹੈ। ਕੁਲਵੰਤ ਸਿੰਘ ਔਜਲਾ, ਸਰਦੂਲ ਸਿੰਘ ਔਜਲਾ ਦੀ ਕਵਿਤਾ ਨੂੰ 'ਜਿਊਣ ਦੀ ਹਸਰਤ ਜਗਾਉਂਦੀ ਕਵਿਤਾ' ਦਾ ਨਾਂਅ ਦੇ ਕੇ ਵਡਿਆਉਂਦਾ ਹੈ। ਉਸ ਅਨੁਸਾਰ ਇਹ ਕਵਿਤਾ 'ਅਹਿਸਾਸਾਂ, ਅਰਮਾਨਾਂ ਤੇ ਆਦਰਸ਼ਾਂ ਦਾ ਕਾਵਿਕ ਮੰਥਨ ਤੇ ਮੁਲਾਂਕਣ ਦੀ ਮੁਸੱਲਸਲ ਗੁਫ਼ਤਗੂ ਹੈ'। ਇਸ ਦੀ ਮਿਸਾਲ 'ਪੰਜਾਬ ਉਦਾਸ ਨਾ ਹੋ' ਕਵਿਤਾ ਦਾ ਕਾਵਿ-ਮੁਹਾਵਰਾ ਫ਼ਿਕਰ-ਚਿੰਤਨ ਦਾ ਰਾਹ ਅਖ਼ਤਿਆਰ ਕਰਦੀ ਹੈ। ਨਾ-ਉਮੀਦੀ ਤੋਂ ਉਮੀਦ ਦਾ ਢਾਰਸ ਬੰਨ੍ਹਾਉਂਦੀ ਹੈ :
ਪਰ ਮੇਰੇ ਪੰਜਾਬ
ਤੂੰ ਅਜੇ ਵੀ ਉਦਾਸ ਨਾ ਹੋ
ਬੇਆਸ ਨਾ ਹੋ
ਪਰਤਣਗੇ ਦਿਨ, ਆਵੇਗੀ ਬਹਾਰ
ਤੇਰੀਆਂ ਬਰੂਹਾਂ 'ਤੇ
ਕਿਉਂਕਿ ਉੱਜੜਨਾ ਤੇ ਵਸਣਾ
ਰਿਹਾ ਹੈ ਤੇਰਾ ਸੁਭਾਅ
ਸੰਵਾਦਕ ਅਤੇ ਸੰਬੋਧਨੀ ਸ਼ੈਲੀ 'ਚ ਸਿਰਜੀਆਂ ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਕਾਵਿ-ਪਾਠਕਾਂ ਦੇ ਮਨ-ਮਸਤਕ 'ਚ ਅਨੇਕਾਂ ਪ੍ਰਸ਼ਨਾਂ ਨੂੰ ਜਾਗ੍ਰਿਤ ਕਰਨਗੀਆਂ। ਅਜਿਹਾ ਮੇਰਾ ਅਕੀਦਾ ਵੀ ਹੈ ਅਤੇ ਉਮੀਦ ਵੀ। ਪੰਜਾਬੀ ਕਾਵਿ-ਪਾਠਕਾਂ ਨੂੰ ਇਸ ਪੁਸਤਕ ਨੂੰ ਪੜ੍ਹਨ ਦੀ ਗੁਜ਼ਾਰਿਸ਼ ਕਰਦਿਆਂ ਅਤਿਅੰਤ ਪ੍ਰਸੰਨਤਾ ਮਹਿਸੂਸ ਕਰਦਾ ਹਾਂ ਅਤੇ ਕਵੀ ਨੂੰ ਵਧਾਈ ਵੀ ਦਿੰਦਾ ਹੈ। ਆਮੀਨ!


ਸੰਧੂ ਵਰਿਆਣਵੀ (ਪ੍ਰੋ:)
ਮੋ: 98786-14096.


ਦਰਦ ਕਹਿਣ ਦਰਵੇਸ਼...

ਲੇਖਕ : ਸ਼ਿਵਚਰਨ ਜੱਗੀ ਕੁੱਸਾ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 0161-2740738.


ਸ਼ਿਵਚਰਨ ਕੁੱਸਾ ਪ੍ਰਵਾਸੀ ਪੰਜਾਬੀ 21ਵੀਂ ਸਦੀ ਦੇ ਪੰਜਾਬੀ ਨਾਵਲ ਲਿਖਣ ਵਾਲਿਆਂ ਲੇਖਕਾਂ ਵਿਚ ਚਰਚਿਤ ਨਾਂਅ ਹੈ, ਜਿਸ ਨੇ ਪੰਜਾਬੀ ਗਲਪਕਾਰਾਂ ਵਿਚ ਪਿਛਲੇ ਦਹਾਕਿਆਂ ਵਿਚ 21 ਨਾਵਲ ਅਤੇ 5 ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਕਰਵਾਏ ਹਨ। ਸ਼ਿਵਚਰਨ ਕੁੱਸਾ ਭਾਵੇਂ ਪ੍ਰਵਾਸੀ ਹੈ ਪਰ ਪੰਜਾਬ, ਪੰਜਾਬੀ, ਪੰਜਾਬੀਅਤ ਉਸ ਦੇ ਆਤਮ-ਅਨਾਤਮ ਜਗਤ ਦਾ ਨਰੋਆ ਅੰਗ ਹੈ।
ਦਰਦ ਕਹਿਣ ਦਰਵੇਸ਼ ਨਾਵਲ ਦਾ ਵਿਸ਼ਾ-ਵਸਤੂ, ਪਟਕਥਾ, ਵਾਤਾਵਰਨ, ਪਿਛੋਕੜ ਪਿਛਲੇ ਦੋ-ਤਿੰਨ ਦਹਾਕਿਆਂ ਤੋਂ ਪੰਜਾਬ ਦੇ ਲੋਕ ਜੀਵਨ ਵਿਚ ਆਈਆਂ ਆਰਥਿਕ, ਸਮਾਜਿਕ, ਸੱਭਿਆਚਾਰਕ ਤਬਦੀਲੀਆਂ ਕਾਰਨ ਅਤੇ ਬੇਰੁਜ਼ਗਾਰੀ ਵਧਣ ਦੇ ਫਲਸਰੂਪ ਵਿਦੇਸ਼ਾਂ ਵਿਚ ਦੌੜਨ ਦੀ ਹੋੜ ਲੱਗ ਗਈ ਹੈ। ਪੜ੍ਹੇ-ਲਿਖੇ ਲੋਕ ਤਾਂ ਜਾਂਦੇ ਹੀ ਹਨ, ਪੰਜਾਬ ਦੇ ਅਨਪੜ੍ਹੇ ਤੇ ਘੱਟ ਪੜ੍ਹੇ-ਲਿਖੇ ਮਰਦ ਔਰਤਾਂ ਵੀ ਦੜ ਵੱਟ ਔਖੇ-ਸੌਖੇ ਪੈਸਿਆਂ ਦਾ ਜੁਗਾੜ ਕਰ ਜਾਣ ਲੱਗੇ ਹਨ, ਜਿਸ ਦੇ ਫਲਸਰੂਪ ਵਿਦੇਸ਼ਾਂ ਵਿਚ ਭੇਜਣ ਵਾਲੇ ਧੋਖੇਬਾਜ਼ ਏਜੰਟ ਅਤੇ ਪ੍ਰਵਾਸੀ ਮੁਲਕਾਂ ਦੇ ਲੁਟੇਰੇ ਏਜੰਟ ਉਨ੍ਹਾਂ ਨੂੰ ਲੁੱਟ ਕੇ ਉਨ੍ਹਾਂ ਤੋਂ ਗੁਲਾਮੀ ਕਰਵਾਉਂਦੇ ਹਨ। ਇਸ ਨਾਵਲ ਦੀਆਂ ਤਿੰਨ ਕਥਾਵਾਂ ਪੰਜਾਬ ਅਤੇ ਪ੍ਰਵਾਸੀ ਮੁਲਕਾਂ ਨਾਲ ਸਬੰਧ ਰੱਖਦੀਆਂ ਹਨ ਪਰ ਇਨ੍ਹਾਂ ਤਿੰਨਾਂ ਕਹਾਣੀਆਂ ਦੇ ਰਿਸ਼ਤੇ ਪ੍ਰਵਾਸੀ ਪਰਿਵਾਰਾਂ ਨਾਲ ਜਾ ਜੁੜਦੇ ਹਨ।
ਜਿਵੇਂ ਪਹਿਲੀ ਕਹਾਣੀ ਪਿੰਡ ਦੇ ਸਾਧਾਰਨ ਕਿਰਸਾਨ ਬਲਬੀਰ ਸਿੰਘ ਤੇ ਉਸ ਦੇ ਪਰਿਵਾਰ ਦੀ ਹੈ, ਜਿਸ ਨੂੰ ਖੇਤਾਂ ਵਿਚ ਇਕ ਲਾਵਾਰਸ ਨਵਜੰਮੀ ਕੁੜੀ ਮਿਲ ਜਾਂਦੀ ਹੈ, ਜੋ ਘਰੇ ਲਿਆ ਕੇ ਪਾਲਦਾ, ਪੜ੍ਹਾਉਂਦਾ ਹੈ ਤੇ ਜਿਸ ਦਾ ਨਾਂਅ ਰਮਣੀਕ ਕੌਰ ਰੱਖਿਆ ਗਿਆ। ਇਸ ਪਰਿਵਾਰ ਦਾ ਸਬੰਧ ਜਰਮਨੀ ਵਿਚ ਰਹਿੰਦੇ ਇਕ ਕਾਰੋਬਾਰੀ ਪਰਿਵਾਰ ਨਾਲ ਜਾ ਜੁੜਦਾ ਹੈ, ਜਿਥੇ ਰਮਣੀਕ ਕੌਰ ਤੇ ਪਰਿਵਾਰ ਜਾ ਸੈਟਲ ਹੁੰਦੇ ਹਨ, ਦੂਜੀ ਕਹਾਣੀ ਭੋਲੀ ਅਤੇ ਕਰਮੇ ਦੀ ਹੈ, ਜਿਨ੍ਹਾਂ ਦਾ ਸਬੰਧ ਪੰਜਾਬ ਦੇ ਕਿਰਤੀ ਵਰਗ ਪਰਿਵਾਰ ਨਾਲ ਹੈ। ਦੋਵੇਂ ਅਨਪੜ੍ਹ ਗ਼ਰੀਬ ਅਤੇ ਪੰਜਾਬ ਦੇ ਕਾਮਾ ਨਿਮਨ ਵਰਗ ਨਾਲ ਸਬੰਧਿਤ ਹਨ। ਇਸ ਪਰਿਵਾਰ ਦੀ ਭੋਲੀ ਨਾਂਅ ਦੀ ਅਨਪੜ੍ਹ ਔਰਤ ਨੂੰ ਬਾਹਰਲੇ ਮੁਸਲਮਾਨ ਦੇਸ਼ਾਂ ਵਿਚ ਪ੍ਰਵਾਸ ਕਰਕੇ ਪੈਸੇ ਕਮਾਉਣ ਦੀ ਹੋੜ ਲੱਗ ਜਾਂਦੀ ਹੈ। ਲੱਖਾਂ ਰੁਪਏ ਉਧਾਰੇ ਲੈ ਕੇ ਉਹ ਪਾਸਪੋਰਟ ਬਣਾਉਣ ਵਿਚ ਸਫਲ ਹੋ ਜਾਂਦੀ ਹੈ ਪਰ ਏਜੰਟਾਂ ਦੇ ਵੱਸ ਪੈ ਕੇ ਉਹ ਦੁਖਾਂਤ ਝੱਲਦੀ ਹੈ।
ਤੀਜੀ ਕਹਾਣੀ ਰਮਣੀਕ ਅਤੇ ਜ਼ਿੰਮੀ ਦੇ ਵਿਆਹ ਹੋਣ ਪਿੱਛੋਂ ਰਮਣੀਕ ਦੇ ਬੱਚਾ ਨਾ ਹੋਣ 'ਤੇ ਬਿਗਾਨੀ ਔਰਤ ਦੇ ਗਰਭ ਰਾਹੀਂ ਬੱਚਾ ਪ੍ਰਾਪਤ ਕਰਨ ਨਾਲ ਸਬੰਧਿਤ ਹੈ, ਜਿਸ ਦਾ ਅੰਤ ਦੁਖਾਂਤਕ ਹੈ।
ਇਸ ਨਾਵਲ ਦੀਆਂ ਤਿੰਨੇ ਕਹਾਣੀਆਂ ਵੀ ਵਿਉਂਤ ਬਣਤਰ, ਪੇਸ਼ਕਾਰੀ ਅਤੇ ਵਿਧੀ-ਵਿਧਾਨ, ਸੁਭਾਵਿਕ, ਕੁਦਰਤੀ, ਰੌਚਿਕ ਸੰਵੇਦਨਾਵਾਂ ਨਾਲ ਭਰਪੂਰ ਹੈ। ਕਥਾਕਾਰ ਨੇ ਕਥਨ ਵਿਧੀ ਨਾਲ ਕਹਾਣੀਆਂ ਨੂੰ ਪੇਸ਼ ਕਰਨ ਸਮੇਂ ਜਿਨ੍ਹਾਂ ਪਾਤਰਾਂ ਦੀ ਸਿਰਜਣਾ ਕੀਤੀ ਹੈ, ਉਹ ਜਿਊਂਦੇ-ਜਾਗਦੇ ਯਥਾਰਥਕ ਜੀਵਨ ਜਿਊਂਦੇ ਦੁੱਖ-ਸੁੱਖ ਹੰਢਾਉਂਦੇ ਪਾਤਰ ਹਨ। ਤਿੰਨੇ ਕਹਾਣੀਆਂ ਦੇ ਇਹ ਪਾਤਰ ਕਲਪਿਤ ਨਾ ਹੋ ਕੇ ਜ਼ਿੰਦਗੀ ਹੰਢਾਉਂਦੇ ਦੁੱਖ-ਸੁੱਖ ਭੋਗਦੇ, ਵਾਤਾਵਰਨ ਸਮਾਜਿਕ ਸਥਿਤੀਆਂ ਪ੍ਰਸਥਿਤੀਆਂ ਵਿਚ ਕਥਾਨਕ ਪ੍ਰਸੰਗਾਂ ਨੂੰ ਅੱਗੇ ਵਧਾਉਂਦੇ ਨਾਵਲ ਦੀ ਸੰਰਚਨਾ ਵਿਚ ਯੋਗਦਾਨ ਪਾਉਂਦੇ ਹਨ।
ਜਿਵੇਂ ਭੋਲੀ ਅਤੇ ਕਰਮਾ, ਜਿਊਂਦੇ-ਜਾਗਦੇ ਚਲਦੇ-ਫਿਰਦੇ ਅਜਿਹੇ ਪਾਤਰ ਪਿੰਡਾਂ ਵਿਚ ਆਮ ਮਿਲ ਜਾਂਦੇ ਹਨ। ਭੋਲੀ ਤੇ ਕਰਮੇ ਦੀ ਜੋੜੀ ਉਨ੍ਹਾਂ ਦੇ ਘਰ ਦੀ ਮਾਲੀ ਹਾਲਤ, ਗਊ-ਵੱਛੇ ਨਾਲ ਹੋਏ ਮੋਹ ਦੀ ਸੰਵੇਦਨਾ-ਵੇਦਨਾ, ਭੋਲੀ ਤੇ ਕਰਮੇ ਦਾ ਆਪਸੀ ਪਿਆਰ, ਵਿਛੋੜੇ ਦਾ ਦਰਦ ਨਾਵਲਕਾਰ ਦੀ ਕਥਾ ਸਿਰਜਣਾ ਦੇ ਕਲਾਤਮਿਕ ਗੁਣ ਹਨ। ਇਹ ਨਾਵਲ ਦੀਆਂ ਤਿੰਨੇ ਕਹਾਣੀਆਂ ਦੀ ਸਿਰਜਣਾ ਨਿਭਾਅ ਅਤੇ ਪੇਸ਼ਕਾਰੀ ਸਹੀ ਸਿਰਜਣ ਪ੍ਰਕਿਰਿਆ ਹੈ, ਜਿਸ ਨੂੰ ਪੜ੍ਹ ਕੇ ਨਾਨਕ ਸਿੰਘ ਦੇ ਨਾਵਲ ਯਾਦ ਆ ਜਾਂਦੇ ਹਨ। ਨਾਵਲਕਾਰ ਵਧਾਈ ਦਾ ਹੱਕਦਾਰ ਹੈ।


ਡਾ. ਅਮਰ ਕੋਮਲ
ਮੋ: 84378-73565.


ਮਨੂੰ ਸਿਮ੍ਰਤੀ
ਗ਼ੈਰ-ਬਰਾਬਰੀ ਦਾ ਦਸਤਾਵੇਜ਼
ਲੇਖਕ : ਡਾ. ਕਰਮਜੀਤ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 99
ਸੰਪਰਕ : 98763-23862.


ਹਥਲੀ ਪੁਸਤਕ ਦੇ ਰਚਨਹਾਰ ਇਕ ਉੱਘੇ ਪ੍ਰਗਤੀਸ਼ੀਲ ਲੇਖਕ ਹਨ। ਲੇਖਕ ਦੀ ਸਫਲਤਾ ਇਸੇ ਵਿਚ ਹੈ ਕਿ ਉਸ ਨੇ ਪ੍ਰਗਤੀਸ਼ੀਲ ਵਿਚਾਰਧਾਰਾ ਨੂੰ ਸਫਲਤਾ ਦੀ ਟੀਸੀ ਵੱਲ ਲੈ ਜਾਣ ਲਈ ਮਨੂੰ ਸਿਮ੍ਰਤੀ ਦਾ ਡੂੰਘਾ ਅਧਿਐਨ ਕੀਤਾ ਹੈ। ਇਸ ਪੁਸਤਕ ਰਾਹੀਂ ਜਾਤ-ਪਾਤ ਦੇ ਵਿਤਕਰਿਆਂ ਦੀ ਅਸਹਿ ਮਾਨਸਿਕ ਪੀੜਾਂ ਨੂੰ ਹੰਢਾ ਰਹੇ ਲੋਕਾਂ ਨੂੰ ਇਕ ਅਜਿਹਾ ਹਥਿਆਰ ਸੌਂਪਿਆ ਹੈ, ਜਿਸ ਨਾਲ ਸਦੀਆਂ ਤੋਂ ਗੁਲਾਮੀ ਦੇ ਸੰਗਲਾਂ ਨਾਲ ਜੁੜੇ ਹੋਏ ਕਰੋੜਾਂ ਲੋਕਾਂ ਨੂੰ ਮੁਕਤੀ ਹਾਸਲ ਕਰਨ ਦੀ ਪ੍ਰੇਰਨਾ ਮਿਲੇਗੀ। ਸਮੁੱਚੇ ਸਮਾਜ ਦੀਆਂ ਭਾਵਨਾਵਾਂ ਨੂੰ ਟੁੰਬ ਕੇ ਅਮਾਨਵੀ ਮਨੂੰਵਾਦੀ ਵਰਣ ਵੰਡ ਦੀ ਵਿਵਸਥਾ ਦੀ ਹਕੀਕਤ ਨੂੰ ਸਮਝ ਕੇ ਸਮਾਜ ਨੂੰ ਘੋਰ ਹਨੇਰੇ ਵਿਚੋਂ ਚਾਨਣ ਵਿਚ ਲੈ ਜਾਣ ਦਾ ਨਿਵੇਕਲਾ ਉੱਦਮ ਹੈ। ਲੇਖਕ ਵਲੋਂ ਮਨੂੰਵਾਦੀ ਵਿਵਸਥਾ ਬਾਰੇ ਸੰਵੇਦਨਾ ਭਰਪੂਰ ਇਸ ਡੂੰਘੇ ਗਿਆਨ 'ਚ ਗੜੁੱਚ ਇਹ ਪੁਸਤਕ ਜਿਥੇ ਦਲਿਤ ਤੇ ਕਥਿਤ ਨੀਵੀਆਂ ਜਾਤੀਆਂ ਨਾਲ ਸਬੰਧਿਤ ਮਿਹਨਤਕਸ਼ ਲੋਕਾਂ ਨੂੰ ਭਾਰਤ ਦੀ ਮੌਜੂਦਾ ਹਿੰਦੂਵਾਦੀ ਸਰਕਾਰ ਵਲੋਂ ਦੇਸ਼ ਅੰਦਰ ਮਨੂੰਵਾਦ ਨੂੰ ਫੈਲਾਉਣ ਲਈ 'ਹਿੰਦੂ ਰਾਸ਼ਟਰ' ਦੀ ਸਾਜਿਸ਼ ਨੂੰ ਸਮਝਣ ਅਤੇ ਦ੍ਰਿੜ੍ਹਤਾ ਨਾਲ ਰੋਕਣ 'ਚ ਸਹਾਇਤਾ ਕਰੇਗੀ, ਉਥੇ ਲੁੱਟ-ਖਸੁੱਟ ਦੇ ਸ਼ਿਕਾਰ ਲੋਕਾਂ ਨੂੰ ਨਵੇਂ ਸਮਾਜ ਦੀ ਸਿਰਜਣਾ ਲਈ ਸੰਘਰਸ਼ਸ਼ੀਲ ਹੋਣ ਲਈ ਰਾਹ-ਦਸੇਰਾ ਵੀ ਬਣੇਗੀ।
ਇਸ ਪੁਸਤਕ ਦੇ ਆਰੰਭ ਵਿਚ 'ਸੰਘਰਸ਼ ਦੀ ਪ੍ਰੇਰਨਾ ਦਿੰਦੀ ਪੁਸਤਕ' ਮੰਗਤ ਰਾਮ ਪਾਸਲਾ, 'ਮਨੂੰ ਸਿਮ੍ਰਤੀ ਦਾ ਅਧਿਐਨ ਅੰਦੋਲਨ ਲਈ ਇਕ ਨਵਾਂ ਮੀਲ ਪੱਥਰ', ਪ੍ਰਿੰ: ਤਰਸੇਮ ਬਾਹੀਆ, 'ਮਨੂੰਵਾਦ ਤੋਂ ਆਜ਼ਾਦੀ ਲਈ' ਮਹੀਵਾਲ ਸਾਥੀ ਵਲੋਂ ਲੇਖਕ ਦੁਆਰਾ ਕੀਤੇ ਸਫਲ ਉਪਰਾਲੇ ਲਈ ਇਨ੍ਹਾਂ ਤਿੰਨਾਂ ਪ੍ਰਗਤੀਸ਼ੀਲ ਵਿਚਾਰਾਂ ਦੇ ਧਾਰਨੀ ਲੇਖਕਾਂ ਵਲੋਂ ਆਪਣੇ ਲੇਖਾਂ ਰਾਹੀਂ ਪੁਸਤਕ ਦੇ ਲੇਖਕ ਵਲੋਂ ਕੀਤੇ ਡੂੰਘੇ ਅਧਿਐਨ ਲਈ ਨਿਰਸੰਕੋਚ ਉਤਸ਼ਾਹਿਤ ਕੀਤਾ ਹੈ। ਪੁਸਤਕ ਦੇ ਅਗਲੇ ਹਿੱਸੇ ਵਿਚ ਇਸ ਦੇ ਲੇਖਕ 'ਕਿਵੇਂ ਲਿਖੀ ਗਈ ਇਹ ਕਿਤਾਬ' ਸਬੰਧੀ ਪੁਸਤਕ ਦੇ ਪਾਠਕਾਂ ਦੇ ਸਨਮੁੱਖ ਆਉਣ ਤੋਂ ਪਹਿਲਾਂ ਦੀ ਪੀੜਾ ਦਾ ਜ਼ਿਕਰ ਕੀਤਾ ਹੈ।
ਪੁਸਤਕ ਦੇ ਅਗਲੇ ਲਗਭਗ 80 ਸਫ਼ਿਆਂ ਵਿਚ ਵੱਖ-ਵੱਖ ਲੇਖਾਂ 'ਮਨੂੰ ਸਿਮ੍ਰਤੀ ਵਿਚ ਸ਼ੂਦਰ ਚੌਥੇ ਦਰਜੇ ਦੇ ਸ਼ਹਿਰੀ', 'ਮਨੂੰ ਸਿਮ੍ਰਤੀ ਵਿਚ ਔਰਤ ਦੀ ਸਥਿਤੀ', 'ਮਨੂੰ ਸਿਮ੍ਰਤੀ ਵਿਚ ਲੋਕਵਾਦੀ ਤੇ ਪ੍ਰਲੋਕਵਾਦੀ ਵਿਚਾਰਾਂ ਦਾ ਟਕਰਾਅ', 'ਗੁਰੂ-ਸ਼ਿਸ਼ ਪਰੰਪਰਾ ਵਿਚ ਸ਼ਿਸ਼ ਦੀ ਥਾਂ', 'ਮਨੂੰ ਸਿਮ੍ਰਤੀ ਦਾ ਬ੍ਰਾਹਮਣ-ਸਵੈ ਸਥਾਪਤ' 'ਸੁਪਰਮੈਨ', 'ਰਾਜ ਧਰਮ ਬ੍ਰਾਹਮਣ ਦੀ ਸੇਵਾ ਵਿਚ', 'ਮਨੂੰ ਸਿਮ੍ਰਤੀ ਦੇ ਭਾਰਤੀ ਸੱਭਿਆਚਾਰ ਉੱਪਰ ਪ੍ਰਭਾਵ' ਅਤੇ ਅੰਤ ਵਿਚ ਸਹਾਇਕ ਸੂਚੀ ਵੀ ਪ੍ਰਕਾਸ਼ਿਤ ਕੀਤੀ ਗਈ ਹੈ। ਲੇਖਕ ਵਲੋਂ ਪ੍ਰਕਾਸ਼ਿਤ ਇਹ ਪੁਸਤਕ ਪ੍ਰਗਤੀਸ਼ੀਲ ਸੰਘਰਸ਼ ਵਿਚ ਇਕ ਨਵਾਂ ਕੀਰਤੀਮਾਨ ਸਥਾਪਤ ਕਰੇਗੀ।


ਭਗਵਾਨ ਸਿੰਘ ਜੌਹਲ
ਮੋ: 98143-24040.


ਬੰਦਾ ਸਮੁੰਦਰ ਨਹੀਂ ਹੁੰਦਾ

ਲੇਖਕ : ਜੋਗੇ ਭੰਗਲ
ਪ੍ਰਕਾਸ਼ਕ : ਅਜ਼ੀਜ ਬੁੱਕ ਹਾਊਸ, ਬਠਿੰਡਾ
ਮੁੱਲ : 175 ਰੁਪਏ, ਸਫ਼ੇ : 128
ਸੰਪਰਕ : 94659-52938.


ਬੰਦਾ ਸਮੁੰਦਰ ਨਹੀਂ ਹੁੰਦਾ (ਕਹਾਣੀ ਸੰਗ੍ਰਹਿ) ਵਿਚ 15 ਕਹਾਣੀਆਂ ਵੱਖੋ-ਵੱਖਰੇ ਵਿਸ਼ਿਆਂ ਦੀਆਂ ਹਨ, ਜਿਨ੍ਹਾਂ ਵਿਚ ਕਈ ਤਰ੍ਹਾਂ ਦੀ ਝਲਕ ਦਿਖਾਈ ਦਿੰਦੀ ਹੈ ਅਤੇ ਲੇਖਕ ਦੇ ਜ਼ਿੰਦਗੀ ਦੇ ਸਫ਼ਰ ਦੀ ਵੰਨ-ਸੁਵੰਨਤਾ 'ਤੇ ਵੀ ਨਜ਼ਰ ਪੈਂਦੀ ਹੈ। ਪੁਸਤਕ ਵਿਚ ਕੁਝ ਕਹਾਣੀਆਂ ਲੇਖਕ ਨਾਲ ਹੱਡਬੀਤੀਆਂ ਲਗਦੀਆਂ ਹਨ, ਜਿਨ੍ਹਾਂ ਵਿਚ ਲੇਖਕ ਨੇ ਕੋਈ ਲੁਕ-ਛੁਪ ਨਹੀਂ ਕੀਤੀ ਜਾਪਦੀ, ਸਗੋਂ ਰੂ-ਬਰੂ ਪੇਸ਼ ਕਰਨ ਦਾ ਯਤਨ ਕੀਤਾ ਹੈ। ਇਸ ਦੇ ਨਾਲ ਹੀ ਲੇਖਕ ਨੇ ਆਪਣੀਆਂ ਕਹਾਣੀਆਂ ਵਿਚ ਯਥਾਰਥਵਾਦ ਨੂੰ ਪੇਸ਼ ਕਰਨ ਦੀ ਹੀ ਕੋਸ਼ਿਸ਼ ਕੀਤੀ ਹੈ ਅਤੇ ਮਸਾਲਾ ਲਗਾਉਣ ਤੋਂ ਪ੍ਰਹੇਜ਼ ਕੀਤਾ ਹੈ। ਮਨਘੜਤਾਂ ਦਾ ਪ੍ਰਯੋਗ ਨਾਮਾਤਰ ਕੀਤਾ ਲਗਦਾ ਹੈ। ਕਹਾਣੀਆਂ ਵਿਚ ਵਰਤੀ ਗਈ ਸ਼ਬਦਾਵਲੀ ਨੂੰ ਲੇਖਕ ਨੇ ਆਪਣੇ ਤੋਂ ਬਾਹਰ ਨਹੀਂ ਹੋਣ ਦਿੱਤਾ ਸਗੋਂ ਬਰੇਕ 'ਤੇ ਪੂਰੀ ਤਰ੍ਹਾਂ ਨਾਲ ਪੈਰ ਰੱਖਿਆ ਹੈ। ਕਹਾਣੀਆਂ ਵਿਚਲੇ ਪਾਤਰ ਸਾਡੇ ਆਮ ਸਮਾਜ ਵਿਚੋਂ ਹੀ ਹਨ ਅਤੇ ਹਰ ਪਾਤਰ ਨੂੰ ਉਸ ਦੀ ਪਾਤਰਤਾ ਤੱਕ ਹੀ ਸੀਮਤ ਰੱਖਣ ਦਾ ਉਪਰਾਲਾ ਕੀਤਾ ਗਿਆ ਹੈ। ਉਸ ਨੂੰ ਆਪੇ ਤੋਂ ਬਾਹਰ ਹੋਣ ਦੀ ਖੁੱਲ੍ਹ ਨਹੀਂ ਦਿੱਤੀ ਗਈ। ਲੇਖਕ ਨੇ ਆਪਣੇ ਜੀਵਨ ਵਿਚ ਬੀਤੀਆਂ ਘਟਨਾਵਾਂ, ਦੇਖੇ ਦ੍ਰਿਸ਼ਾਂ, ਗੱਲਾਂ ਤੋਂ ਇਲਾਵਾ ਹੋਰਨਾਂ ਸੁਣੀਆਂ-ਕਹੀਆਂ ਗੱਲਾਂ ਨੂੰ ਵੀ ਚੇਤੇ ਰੱਖ ਕੇ ਆਪਣੀਆਂ ਕਹਾਣੀਆਂ ਵਿਚ ਕਿਤੇ ਨਾ ਕਿਤੇ ਫਿਟ ਕਰਨ ਦੀ ਕਸਰ ਨਹੀਂ ਛੱਡੀ ਅਤੇ ਉਨ੍ਹਾਂ ਨੂੰ ਕਲਮਬੰਦ ਕਰਨ ਪ੍ਰਤੀ ਹਰ ਪੱਖ ਦੀ ਸਿਆਣਪ ਤੋਂ ਵੀ ਕੰਮ ਲਿਆ ਹੈ। ਕਹਾਣੀਆਂ ਵਿਚ ਗੱਲਬਾਤ ਦਾ ਲਹਿਜਾ ਬਿਲਕੁਲ ਸਿੱਧਾ ਹੈ। ਲੇਖਕ ਐਵੇਂ ਕਿਸੇ ਕਿਸਮ ਦੇ ਵਲੇਵੇਂ ਪਾਉਣ ਦਾ ਹਾਮੀ ਨਹੀਂ ਲਗਦਾ ਅਤੇ ਪਾਤਰਾਂ ਨੂੰ ਰਸਤੇ ਤੋਂ ਨਹੀਂ ਭਟਕਾਉਂਦਾ। ਉਨ੍ਹਾਂ ਨੂੰ ਆਪਣੀ ਲੀਹ ਤੋਂ ਨਹੀਂ ਉਤਾਰਦਾ। ਪੁਸਤਕ ਵਿਚਲੀਆਂ ਕਹਾਣੀਆਂ 'ਬੰਦਾ ਸਮੁੰਦਰ ਨਹੀਂ ਹੁੰਦਾ', 'ਖੁਰਦਰੇ ਹੱਥਾਂ ਦੀ ਚੁੰਬਨ', 'ਖ਼ੁਦ ਨੂੰ ਸਮਝੇ ਸਾਨ੍ਹ, ਜਿੱਤ ਜਿਹੀ ਹਾਰ, ਮੱਛਰ, ਉਡਣਾ ਸੱਪ, ਕਹਾਣੀਆਂ ਦੇ ਵਿਸ਼ੇ ਚੰਗੇ ਹਨ। ਕਹਾਣੀ 'ਰੇਲ' ਵਿਚ ਪੇਸ਼ ਕੀਤੀ ਸਚਾਈ ਦੀ ਦਾਦ ਦੇਣੀ ਬਣਦੀ ਹੈ ਅਤੇ ਦਿਲ ਦੇ ਵਲਵਲਿਆਂ ਦੀ ਝਲਕ ਦਲੇਰੀ ਵਾਲੀ ਹੈ। ਪੁਸਤਕ ਵਿਚਲੀਆਂ ਸਾਰੀਆਂ ਕਹਾਣੀਆਂ ਪੜ੍ਹਨਯੋਗ ਹਨ ਅਤੇ ਨਾਲ ਦਿਲਚਸਪ ਵੀ।


ਬਲਵਿੰਦਰ ਸਿੰਘ ਸੋਢੀ, ਮੀਰਹੇੜੀ
ਮੋ: 92105-88990


ਡਾ. ਭੀਮਰਾਓ ਜੀ ਅੰਬੇਡਕਰ ਦੇ ਦੋ ਲੇਖ ਅਤੇ ਇਕ ਭਾਸ਼ਨ
* ਧਰਮ ਬਦਲੀ ਕਿਉਂ?
* ਨਾਗਪੁਰ ਦਾ ਧਮ ਉਪਦੇਸ਼ ਅਤੇ
ਬੁੱਧ ਜਾਂ ਕਾਰਲ ਮਾਰਕਸ
ਅਨੁਵਾਦ : ਡਾ. ਬਲਦੇਵ ਸਿੰਘ 'ਬੱਦਨ'
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 99588-31357.


ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਪੁਸਤਕਾਂ ਨੂੰ ਸੰਪਾਦਿਤ ਕਰਨਾ, ਅਨੁਵਾਦ ਤੇ ਆਲੋਚਨਾ ਪੱਖੋਂ ਡਾ. ਬਲਦੇਵ ਸਿੰਘ 'ਬੱਦਨ' ਇਕ ਸਿਰਮੌਰ ਲੇਖਕ ਹੈ। ਜਿਸ ਦੀ ਹਥਲੀ ਅਨੁਵਾਦਤ ਪੁਸਤਕ ਦੀ ਪੜਚੋਲ ਕਰਨ ਲੱਗਿਆਂ ਬੜਾ ਕਠਿਨ ਤੇ ਪੇੇਚੀਦਾ ਕੰਮ ਲਗਦਾ ਹੈ। ਕਾਰਨ ਕਿ ਅਜਿਹੀ ਪੁਸਤਕ ਜੋ ਦਲਿਤ ਸਮਾਜ ਦੇ ਮਸੀਹਾ ਭਾਰਤ ਰਤਨ ਡਾ. ਅੰਬੇਡਕਰ ਜੀ ਬਾਰੇ ਹੋਵੇ, ਇਸ ਦੀ ਸਮੀਖਿਆ ਕਰਨ ਤੋਂ ਪਹਿਲਾਂ ਉਨ੍ਹਾਂ ਬਾਰੇ ਗਿਆਨ ਹੋਣਾ ਲਾਜ਼ਮੀ ਹੈ। ਪਹਿਲੇ ਲੇਖ 'ਧਰਮ ਬਦਲੀ ਕਿਉਂ?' ਜਿਸ ਦੇ ਅੱਗੋਂ 43 ਭਾਗ ਹਨ, ਜਿਸ ਵਿਚ ਸਫ਼ਾ 40 'ਤੇ ਸਿੱਟਾ (ਨਿਸ਼ਕਰਸ਼) ਹੈ। ਉਸ 'ਚ ਨਿਚੋੜ ਕੱਢਿਆ ਗਿਆ ਹੈ। ਡਾ. ਸਾਹਿਬ ਅਨੁਸਾਰ, 'ਮੈਂ ਆਪਣੇ ਸਬੰਧ ਵਿਚ ਤੈਅ ਕਰ ਲਿਆ ਹੈ। ਮੇਰਾ ਧਰਮ ਬਦਲੀ ਕਰਨਾ ਨਿਸਚਿਤ ਹੈ। ਮੈਂ ਤੁਹਾਨੂੰ ਸਪੱਸ਼ਟ ਕਰ ਦੇਣਾ ਚਾਹਾਂਗਾ ਕਿ ਮੇਰੀ ਧਰਮ ਬਦਲੀ ਕਿਸੇ ਆਰਥਿਕ ਲਾਭ ਲਈ ਨਹੀਂ ਹੈ। ਅਜਿਹੀ ਕੋਈ ਚੀਜ਼ ਨਹੀਂ ਜੋ ਮੈਂ ਅਛੂਤ ਰਹਿ ਕੇ ਪ੍ਰਾਪਤ ਨਹੀਂ ਕਰ ਸਕਦਾ... ਮੈਂ ਆਮ ਲੋਕਾਂ ਦੇ ਮਨਾਂ ਵਿਚ ਜ਼ੋਰ ਦੇ ਕੇ ਵਿਛਾਉਣਾ ਚਾਹੁੰਦਾ ਹਾਂ ਕਿ ਧਰਮ ਮਨੁੱਖ ਦੇ ਲਈ ਹੈ ਨਾ ਕਿ ਮਨੁੱਖ ਧਰਮ ਲਈ। ਪੁਸਤਕ ਦੇ ਦੂਸਰੇ ਲੇਖ ਦੇ 19 ਭਾਗ ਹਨ। ਸਫ਼ਾ 63 'ਤੇ ਬੋਧਾਂ ਦੀਆਂ 22 ਪ੍ਰਤੀਕਿਰਿਆਵਾਂ ਦਾ ਵਰਨਣ ਹੈ। ... ਮੈਂ ਪਾਰਮਿਤਾ ਦੇ ਸਿਧਾਂਤ ਅਨੁਸਾਰ ਦਸ ਗੁਣਾਂ ਦੇ ਆਚਰਣ ਦਾ ਉਪਦੇਸ਼ ਦਿੰਦਾ ਹਾਂ ਅਤੇ ਮੈਂ ਪਵਿੱਤਰ ਪ੍ਰਤਿੱਗਿਆ ਕਰਦਾ ਹਾਂ ਕਿ ਅੱਜ ਮੈਂ ਬੁੱਧ ਧਰਮ ਦੀ ਸਿੱਖਿਆ ਅਨੁਸਾਰ ਆਚਰਣ ਕਰਾਂਗਾ। ਕਾਰਲ ਮਾਰਕਸ ਤੇ ਬੁੱਧ ਦੇ ਦਰਮਿਆਨ 2381 ਸਾਲਾਂ ਦਾ ਅੰਤਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੇ ਉਪਦੇਸ਼ਾਂ ਬਾਰੇ ਵੀ ਦੱਸਿਆ ਗਿਆ ਹੈ। ਪੁਸਤਕ ਦੇ ਪੰਨਾ 94 ਤੋਂ 104 ਤੱਕ ਡਾ. ਬਲਦੇਵ ਸਿੰਘ 'ਬੱਦਨ' ਆਪਣੇ ਬਾਰੇ ਸੰਖੇਪ ਜਾਣਕਾਰੀ ਵਿਚ ਆਪਣੀ ਜ਼ਿੰਦਗੀ ਦੇ ਹੁਣ ਤੱਕ ਦੇ ਸਫ਼ਰ ਬਾਰੇ ਪਾਠਕਾਂ ਨਾਲ ਸਾਂਝ ਪਾਉਂਦੇ ਹਨ। ਪੰਜਾਬੀ ਸਾਹਿਤ ਨੂੰ ਪ੍ਰਫੁੱਲਿਤ ਕਰਨ ਲਈ ਵਿੱਢੇ ਹੋਏ ਇਸ ਕਾਰਜ ਦੀ ਸ਼ਲਾਘਾ ਕਰਨੀ ਬਣਦੀ ਹੈ।


ਡੀ.ਆਰ. ਬੰਦਨਾ
ਮੋ: 94173-89003


ਲੌਕਡਾਊਨ
ਲੇਖਕ : ਸੁਖਿੰਦਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 184
ਸੰਪਰਕ : 01679-241744.


ਸ਼ਾਇਰ ਸੁਖਿੰਦਰ ਪੰਜਾਬੀ ਕੈਨੇਡਾ ਸ਼ਹਿਰ ਟਰਾਂਟੋ ਵਿਖੇ ਸ਼ਾਇਰੀ ਦੀ ਧੂਣੀ ਧੁਖਾਈ ਬੈਠਾ ਹੈ। ਸ਼ਾਇਰ ਪੰਜਾਬੀ ਅਦਬ ਵਿਚ ਜਾਣਿਆ-ਪਛਾਣਿਆ ਪ੍ਰਬੁੱਧ ਸ਼ਾਇਰ ਹੈ। ਸ਼ਾਇਰ ਕੈਨੇਡਾ ਵਿਚ ਰਹਿੰਦਾ ਹੈ, ਜਿਥੇ ਵੱਖ-ਵੱਖ ਰੰਗਾਂ, ਨਸਲਾਂ ਤੇ ਕੌਮੀਅਤਾਂ ਦੇ ਲੋਕ ਰਹਿੰਦੇ ਹਨ ਅਤੇ ਉਨ੍ਹਾਂ ਵਿਚਕਾਰ ਰਹਿ ਕੇ ਗਲੋਬਲ ਚੇਤਨਾ ਦਾ ਭਾਗੀ ਬਣ ਜਾਣਾ ਕੁਦਰਤੀ ਹੈ। ਹਥਲੀ ਕਿਤਾਬ 'ਲੌਕਡਾਊਨ' ਤੋਂ ਪਹਿਲਾਂ 19 ਕਵਿਤਾ ਦੀਆਂ, 4 ਆਲੋਚਨਾ ਦੀਆਂ, 5 ਵਾਰਤਕ ਦੀਆਂ, 3 ਸੰਪਾਦਨਾ ਦੀਆਂ, ਤਿੰਨ ਵਿਗਿਆਨ ਦੀਆਂ, ਇਕ ਨਾਵਲ ਤੇ ਇਕ ਬੱਚਿਆਂ ਦੀ ਕਿਤਾਬ ਅਤੇ ਇਕ ਅੰਗਰੇਜ਼ੀ ਦੀਆਂ ਨਜ਼ਮਾਂ ਦੀ ਕਿਤਾਬ ਅਦਬ ਦੇ ਰੂਬਰੂ ਕਰਾ ਚੁੱਕਿਆ ਹੈ। ਹਥਲੀ ਕਿਤਾਬ ਇਕੋ ਵਿਸ਼ੇ 'ਤੇ ਕੇਂਦਰਿਤ ਹੈ ਅਤੇ ਇਕੋ ਵਿਸ਼ੇ ਨੂੰ ਕਵਿਤਾਉਣ ਸਮੇਂ ਦੁਹਰਾਉ ਦਾ ਖ਼ਤਰਾ ਬਣਿਆ ਰਹਿੰਦਾ ਹੈ ਪਰ ਇਹ ਸ਼ਾਇਰ ਪਹਿਲਾਂ ਨਾਲੋਂ ਆਪੇ ਸਿਰਜੇ ਕਾਵਿ-ਸ਼ਾਸਤਰ ਜੋ ਸ਼ਾਇਦ ਸੁਹਜ ਸੁਆਦ ਤੋਂ ਊਣੀ ਜਾਪੇ ਪਰ ਇਸ ਪ੍ਰਬੁੱਧ ਸ਼ਾਇਰ ਨੇ ਨਵੇਂ ਸੁਹਜ ਸ਼ਾਸਤਰ ਨੂੰ ਬਾਖੂਬੀ ਨਿਭਾਇਆ ਹੈ। ਇਸ ਕਿਤਾਬ ਦੀ ਤੰਦ ਸੂਤਰ ਪ੍ਰੋ: ਯੋਗਰਾਜ, ਅਰਵਿੰਦਰ ਕੌਰ ਕਾਕੜਾ ਅਤੇ ਖ਼ੁਦ ਸ਼ਾਇਰ ਨੇ ਆਪਣੇ ਸਵੈ-ਕਥਨ ਰਾਹੀਂ ਫੜਾ ਦਿੱਤੀ ਹੈ। ਲੌਕਡਾਊਨ ਸਮੇਂ ਆਮ ਜਨਤਾ ਨੇ ਤੇ ਪ੍ਰਵਾਸੀ ਕਾਮਿਆਂ ਨੇ ਜੋ ਦੁਸ਼ਵਾਰੀਆਂ ਅਤੇ ਆਰਥਿਕ ਸੰਕਟ ਦਾ ਸਾਹਮਣਾ ਕੀਤਾ ਹੈ, ਉਸ ਦੀ ਸ਼ਾਇਰ ਨੇ ਲੌਕਡਾਊਨ ਦੌਰਾਨ ਆਪਣੀ ਭਾਰਤ ਫੇਰੀ ਦੌਰਾਨ ਬੜੀ ਹੀ ਖੁਰਦਬੀਨੀ ਅੱਖ ਨਾਲ ਸਕੈਨਿੰਗ ਕੀਤੀ ਹੈ। ਸ਼ਾਇਰ ਤਨਜ਼ ਦਾ ਨਸ਼ਤਰ ਚਲਾਉਂਦਿਆਂ ਕਹਿੰਦਾ ਹੈ ਕਿ ਕੀਟਾਣੂਆਂ ਨਾਲ ਭਰੀਆਂ ਚਾਮ ਚੜਿੱਕਾਂ ਤਾਂ ਪਹਿਲਾਂ ਹੀ ਬਹੁਤ ਸਨ ਤੇ ਘਾਤਕ ਸਨ ਪਰ ਜਿਹੜੀਆਂ ਧਰਮੀ ਨਫ਼ਰਤ ਨਾਲ ਭਰੀਆਂ ਦਹਿਸ਼ਤਗਰਦ ਚਾਮ ਚੜਿੱਕਾਂ ਭਗਵੇਂ ਬ੍ਰਿਗੇਡ ਨਾਲ ਹਿੰਦੂ ਕੋਰੋਨਾ ਅਤੇ ਮੁਸਲਿਮ ਕੋਰੋਨਾ ਗਰਦਾਨ ਕੇ ਭਾਰਤ ਨੂੰ ਅੰਨ੍ਹੀ ਗੁਫ਼ਾ ਵੱਲ ਧੱਕ ਰਹੀਆਂ ਹਨ, ਦੇ ਬਖੀਏ ਉਧੇੜਦਾ ਹੈ। ਉਹ ਬੁੱਧੀਜੀਵੀਆਂ ਜੋ ਵਜ਼ੀਫ਼ੇ ਦੀ ਝਾਕ ਵਿਚ ਦਰਬਾਰੀ ਬਣ ਰਹੇ ਹਨ ਅਤੇ ਟੀ.ਵੀ. ਐਂਕਰ ਜੋ ਸੱਤਾ ਦੇ ਜਮੂਰੇ ਬਣ ਰਹੇ ਹਨ, ਦੇ ਵੀ ਮੁਖੌਟੇ ਉਤਾਰਦਾ ਹੈ। ਉਹ ਕਹਿੰਦਾ ਹੈ ਕਿ ਥਾਲੀਆਂ ਵਜਾਉਣ ਅਤੇ ਮੋਮਬੱਤੀਆਂ ਜਗਾ ਕੇ ਕੋਰੋਨਾ ਭੱਜਣ ਵਾਲਾ ਨਹੀਂ, ਉਹ ਤਾਂ ਵਹਿਮਾਂ-ਭਰਮਾਂ ਨੂੰ ਤਿਲਾਂਜਲੀ ਦੇ ਕੇ ਤਰਕ ਦੀ ਧੂਣੀ ਨਾਲ ਹੀ ਰਫੂ ਚੱਕਰ ਹੋਏਗਾ। ਹੁਣ ਫਿਰ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ, ਦੇਖੀਏ ਇਹ ਪੁਸਤਕ ਕਿੰਨਾ ਕੁ ਰਾਹ ਦਸੇਰਾ ਬਣੇਗੀ?


ਭਗਵਾਨ ਢਿੱਲੋਂ
ਮੋ: 98143-78254.

17-07-2021

 ਮਣ੍ਹੇ
ਲੇਖਕ : ਡਾ. ਧਰਮਪਾਲ ਸਾਹਿਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 272
ਸੰਪਰਕ : 98761-56964.

ਮਣ੍ਹੇ, ਡਾ. ਧਰਮਪਾਲ ਸਾਹਿਲ ਦਾ ਬਿਲਕੁਲ ਨਵਾਂ ਨਾਵਲ ਹੈ। ਇਸ ਤੋਂ ਪਹਿਲਾਂ ਉਹਦੇ ਚਾਰ ਨਾਵਲ, ਦੋ ਕਹਾਣੀ ਸੰਗ੍ਰਹਿ, ਦੋ ਸਫ਼ਰਨਾਮੇ, ਦੋ ਮਿੰਨੀ ਕਹਾਣੀ ਸੰਗ੍ਰਹਿ, ਇਕ ਕਾਵਿ ਸੰਗ੍ਰਹਿ, ਚਾਰ ਖੋਜ ਪੁਸਤਕਾਂ ਅਤੇ ਦੋ ਬਾਲ ਕਿਤਾਬਾਂ ਛਪ ਚੁੱਕੀਆਂ ਹਨ। ਉਹ ਹਿੰਦੀ ਵਿਚ ਵੀ ਸਮਾਨੰਤਰ ਤੌਰ 'ਤੇ ਲਿਖਣ ਵਾਲਾ ਕਿਰਿਆਸ਼ੀਲ ਲੇਖਕ ਹੈ।
ਵਿਚਾਰ ਅਧੀਨ ਨਾਵਲ ਦਾ ਪਰਿਵੇਸ਼ ਪਹਾੜੀ ਖੇਤਰ (ਹਿਮਾਚਲ) ਹੈ। ਮਣ੍ਹੇ ਦੇ ਪਾਤਰ ਪਹਾੜੀ ਤੇ ਪੰਜਾਬੀ ਦੋਵੇਂ ਭਾਸ਼ਾਵਾਂ ਬੋਲਦੇ-ਸਮਝਦੇ ਹਨ। ਇਕ ਲੰਮੇ ਕੈਨਵਸ (43 ਕਾਂਡਾਂ) ਵਿਚ ਫੈਲੇ ਇਸ ਨਾਵਲ ਨੂੰ ਡਾ. ਸਾਹਿਲ ਨੇ ਸੁਚੱਜੀ ਗੋਂਦ ਵਿਚ ਵਿਉਂਤਿਆ ਹੈ। ਲੇਖਕ ਦਾ ਕੰਢੀ ਖੇਤਰ ਨਾਲ ਡੂੰਘਾ ਲਗਾਓ ਹੋਣ ਕਰਕੇ ਹੀ ਇਸ ਨਾਵਲ ਦੇ ਵੱਡੀ ਗਿਣਤੀ ਦੇ ਪਾਤਰ ਪਹਾੜੀ ਬੋਲੀ ਬੜੀ ਸਹਿਜਤਾ ਨਾਲ ਬੋਲਦੇ ਹਨ।
ਨਾਵਲ ਦੀ ਕਹਾਣੀ ਸਮਾਜਿਕ ਤਾਣੇ-ਬਾਣੇ ਵਾਲੀ ਹੈ। ਰੌਸ਼ਨੀ, ਚੰਚਲੋ, ਰੌਸ਼ਨੀ ਦਾ ਪਿਤਾ ਉਜਾਗਰ ਸਿੰਘ ਤੇ ਉਨ੍ਹਾਂ ਦੇ ਸਾਂਝੇ ਮੋਰਚੇ ਵਲੋਂ ਇਕ ਸਾਫ਼-ਸੁਥਰੇ ਅਕਸ ਵਾਲੇ ਮਾਸਟਰ ਕੁੰਜ ਕੁਮਾਰ ਦੇ ਕੇਸ ਦੀ ਪੈਰਵੀ ਕੀਤੀ ਜਾਂਦੀ ਹੈ ਤੇ ਉਹ ਸਾਰੀਆਂ ਮੁਸ਼ਕਿਲਾਂ ਨੂੰ ਪਾਰ ਕਰਕੇ ਕੁੰਜ ਕੁਮਾਰ ਨੂੰ ਨੌਕਰੀ 'ਤੇ ਬਹਾਲ ਕਰਵਾ ਦਿੰਦੇ ਹਨ; ਪੁਲਸੀਏ ਜਗਦੀਸ਼ ਨੂੰ ਉਸ ਦੇ ਕੀਤੇ ਦੀ ਸਜ਼ਾ ਦਿਵਾਉਂਦੇ ਹਨ। ਪਰ ਜਗਦੀਸ਼ ਭਵਿੱਖ ਦੀ ਭਿਆਨਕਤਾ ਨੂੰ ਮਹਿਸੂਸ ਕਰਕੇ ਨੀਂਦ ਦੀਆਂ ਗੋਲੀਆਂ ਖਾ ਕੇ ਆਤਮ-ਹੱਤਿਆ ਕਰ ਲੈਂਦਾ ਹੈ। ਚੰਚਲੋ ਤੇ ਕੁੰਜ ਕੁਮਾਰ ਦੋਵੇਂ ਇਕੱਠੇ ਰਹਿਣ ਦਾ ਸੁਪਨੇ ਵੇਖਦੇ ਹਨ। ਰੌਸ਼ਨੀ ਜਿਹੀ ਰੌਸ਼ਨ-ਦਿਮਾਗ ਤੇ ਅਗਾਂਹਵਧੂ ਖਿਆਲਾਂ ਵਾਲੀ ਔਰਤ ਨੂੰ 'ਨਾਰੀ ਗੌਰਵ' ਦਾ ਪ੍ਰਤੀਕ ਬਣਾ ਕੇ ਲੇਖਕ ਨੇ ਪੇਂਡੂ ਲੋਕਾਂ ਦੀਆਂ ਸਮੱਸਿਆਵਾਂ ਤੇ ਸ਼ੋਸ਼ਣ ਨੂੰ ਦੂਰ ਕਰਨ ਦਾ ਯਤਨ ਕੀਤਾ ਹੈ।
ਨਾਵਲ ਵਿਚ 'ਮਣ੍ਹਾ' ਇਕ ਰੂਪਕ ਵਜੋਂ ਵਰਤਿਆ ਗਿਆ ਹੈ। ਜਿਵੇਂ ਫ਼ਸਲਾਂ ਨੂੰ ਜੰਗਲੀ ਜਾਨਵਰਾਂ ਤੋਂ ਬਚਾਉਣ ਲਈ ਕਿਸਾਨ ਨੂੰ ਮਣ੍ਹੇ ਦੀ ਲੋੜ ਹੁੰਦੀ ਹੈ, ਉਵੇਂ ਹੀ ਹਰੇਕ ਔਰਤ ਲਈ ਉਸ ਦਾ ਪਤੀ ਮਣ੍ਹੇ ਵਰਗਾ ਹੀ ਹੁੰਦਾ ਹੈ, ਜਿਸ ਦੇ ਸਹਾਰੇ ਉਹ ਸਮਾਜ ਦੇ ਖੂੰਖਾਰ ਖ਼ਤਰਨਾਕ ਭੇੜੀਆਂ ਤੋਂ ਆਪਣਾ ਬਚਾਅ ਕਰ ਸਕਦੀ ਹੈ। ਠੇਠ ਸ਼ਬਦਾਵਲੀ, ਹਿਮਾਚਲੀ ਤੇ ਪੰਜਾਬੀ ਰਲੀ-ਮਿਲੀ ਭਾਸ਼ਾ, ਮੁਹਾਵਰਿਆਂ, ਉਰਦੂ-ਫ਼ਾਰਸੀ ਦੇ ਸ਼ਿਅਰਾਂ ਨਾਲ ਸੁਸੱਜਿਤ ਇਹ ਨਾਵਲ ਆਂਚਲਿਕਤਾ ਦੇ ਰੰਗ ਵਿਚ ਰੰਗਿਆ ਹੋਇਆ ਹੈ, ਜਿਸ ਵਿਚ ਡਾ. ਸਾਹਿਲ ਨੇ ਲੋਕ-ਵਿਸ਼ਵਾਸ, ਸੱਭਿਆਚਾਰ, ਪੇਂਡੂ ਰਹਿਤਲ ਦੇ ਨਾਲ-ਨਾਲ ਕਤਲ, ਰੋਮਾਂਸ, ਇਸ਼ਕ-ਮੁਸ਼ਕ, ਨਸ਼ਿਆਂ ਦੇ ਕੁਪ੍ਰਭਾਵਾਂ ਨੂੰ ਬਾਖ਼ੂਬੀ ਪੇਸ਼ ਕੀਤਾ ਹੈ। ਪੁਲਿਸ ਦਾ ਪ੍ਰਭਾਵ, ਦਲਿਤਾਂ ਦਾ ਜੀਵਨ-ਪੱਧਰ, ਐਮ.ਐਲ.ਏ. ਤੇ ਸਰਪੰਚਾਂ ਦੀਆਂ ਆਪਹੁਦਰੀਆਂ ਦਾ ਖੂਬ ਪਾਜ ਉਧੇੜਿਆ ਗਿਆ ਹੈ। ਹਿਮਾਚਲੀ ਪਿੱਠ-ਭੂਮੀ ਵਾਲੇ ਇਸ ਨਾਵਲ ਦਾ ਪੰਜਾਬੀ ਸਾਹਿਤ ਵਿਚ ਭਰਪੂਰ ਸਵਾਗਤ ਹੈ।

ਪ੍ਰੋ: ਨਵ ਸੰਗੀਤ ਸਿੰਘ
ਮੋ: 94176-92015

ਧਨੀ ਰਾਮ ਚਾਤ੍ਰਿਕ ਦੀ ਪ੍ਰਸਿੱਧ ਕਵਿਤਾ
ਸੰਪਾਦਕ : ਪ੍ਰੋ. ਰਾਜਿੰਦਰ ਪਾਲ ਸਿੰਘ ਬਰਾੜ (ਡਾ.)
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 0172-4027552.

ਡਾ. ਬਰਾੜ ਨੇ ਬੜੀ ਸੂਝਬੂਝ ਨਾਲ ਧਨੀ ਰਾਮ ਚਾਤ੍ਰਿਕ ਦੀ ਚੋਣਵੀਂ ਕਵਿਤਾ ਦਾ ਸੰਪਾਦਨ ਕੀਤਾ ਹੈ। ਇਸ ਵਿਚੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਰੰਗ ਉੱਘੜਦਾ ਹੈ। ਪੰਜਾਬ ਦੇ ਵਿਭਿੰਨ ਸੱਭਿਆਚਾਰਕ ਦ੍ਰਿਸ਼ ਵੇਖੇ ਜਾ ਸਕਦੇ ਹਨ। ਇਤਿਹਾਸ ਵੀ ਕਵਿਤਾਇਆ ਮਿਲਦਾ ਹੈ। ਪ੍ਰਕਿਰਤੀ ਚਿਤਰਨ ਕਮਾਲ ਦਾ ਹੈ। ਪੰਜਾਬੀਆਂ ਦੇ ਸੁਭਾਅ ਬਾਰੇ ਕੇਡਾ ਸੱਚ ਬਿਆਨਿਆ ਹੈ ਜੋ ਅੱਜ ਕਿਸਾਨ ਮੁਹਿੰਮ ਬਾਰੇ ਵੀ ਸੱਚ ਹੋ ਨਿੱਬੜਿਆ ਹੈ :
ਜਿਸ ਮੁਹਿੰਮ ਦੇ ਸਿਰ ਤੇ ਚੜ੍ਹਿਉਂ, ਸਰ ਕੀਤੇ ਬਿਨ ਘਰ ਨਾ ਵੜਿਉਂ। (ਪੰ: 75)
ਪੰਜਾਬੀ ਭਾਸ਼ਾ ਨਾਲ ਪਿਆਰ ਦਾ ਨਮੂਨਾ ਵੇਖੋ :
ਤੇਰੀ ਮਾਖਿਉਂ ਮਿੱਠੀ ਬੋਲੀ ਦਾ, ਜੀ ਕਰਦਿਆਂ ਸਿਫ਼ਤ ਨਾ ਰੱਜਦਾ ਹੈ,
ਉਰਦੂ, ਹਿੰਦੀ ਦੀਆਂ ਸਾਜ਼ਾਂ ਵਿਚ, ਸੁਰ ਤਾਲ ਤਿਰਾ ਹੀ ਵੱਜਦਾ ਹੈ। (ਪੰ: 82)
ਅਨੇਕਾਂ ਕਵਿਤਾਵਾਂ ਨੌਜਵਾਨਾਂ, ਮੁਟਿਆਰਾਂ, ਕਿਸਾਨਾਂ, ਕਿਰਤੀਆਂ ਨੂੰ ਹੱਲਾਸ਼ੇਰੀ ਦਿੰਦੀਆਂ ਹਨ। ਪੰਜਾਬੀ ਸਮਾਜ ਨੂੰ ਵਿੱਦਿਆ ਅਤੇ ਏਕੇ ਦਾ ਮਹੱਤਵ ਸਿਖਾਇਆ ਹੈ। ਕਾਣੀਵੰਡ ਅਤੇ ਲੁਟੇਰਿਆਂ ਦੀ ਨਿੰਦਿਆ ਕੀਤੀ ਹੈ। ਰੱਬ ਨੂੰ ਉਲਾਮ੍ਹੇ ਦਿੱਤੇ ਹਨ। ਬੇਰੁਜ਼ਗਾਰੀ ਅਤੇ ਜਾਤ-ਪਾਤ ਦੀ ਸੋਚ ਦੇ ਖ਼ਾਤਮੇ ਦੀ ਗੱਲ ਕੀਤੀ ਹੈ। 'ਸ਼ਾਇਰ ਦੀ ਸੱਦ' ਕਵਿਤਾ ਕਿੱਸਾ-ਕਾਵਿ ਦੇ ਰੂਪ ਵਿਚ ਨੂਰਜਹਾਂ ਦਾ ਮਰਸੀਆ ਹੈ। ਵੱਖ-ਵੱਖ ਕਾਵਿ-ਰੂਪਾਂ ਦੀ ਸੁਚੱਜੀ ਚੋਣ ਕੀਤੀ ਹੈ। ਪੰਜਾਬੀਆਂ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ। ਸੁਤੰਤਰਤਾ ਪ੍ਰਾਪਤੀ ਦੀ ਪ੍ਰਸੰਸਾ ਵੀ ਕੀਤੀ ਹੈ ਪਰ ਆਜ਼ਾਦੀ ਉਪਰੰਤ ਵੀ ਵਿਰਲਿਆਂ ਅਤੇ ਟਾਟਿਆਂ, ਪੂੰਜੀਪਤੀਆਂ ਦੀ ਸ਼ਕਤੀ ਨੂੰ ਕਵਿਤਾਇਆ ਹੈ। ਭਾਈ ਵੀਰ ਸਿੰਘ ਅਰਸ਼ਾਂ ਦਾ ਕਵੀ ਸੀ ਪਰ ਚਾਤ੍ਰਿਕ ਉਸ ਦੀ ਰੀਸੋ ਰੀਸ ਅਰਸ਼ਾਂ ਵੱਲ ਜਾਂਦਾ ਤਾਂ ਹੈ ਪਰ ਮੁੜ ਫਰਸ਼ ਵੱਲ ਪਰਤ ਆਉਂਦਾ ਹੈ, ਤਾਂ ਵੀ ਉਸ ਨੇ ਭਾਈ ਵੀਰ ਸਿੰਘ ਦੀ ਕਵਿਤਾ 'ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ' ਦਾ ਅਨੁਸਰਨ ਕੀਤਾ ਹੈ : ਰਤਾ ਵੇਖੋ
ਚਾਨਣ ਜੀ! ਤੁਸੀਂ ਲੰਘਦੇ ਲੰਘਦੇ ਕੀ ਅੱਖੀਆਂ ਨੂੰ ਕਹਿ ਗਏ। (ਪੰ: 89)
ਉਧੋ ਕਾਹਨ ਦੀ ਕਾਰਨ ਗੱਲ ਸੁਣਾ ਸਾਨੂੰ (ਰਾਧਾ ਸੰਦੇਸ਼ ਕਵਿਤਾ) ਇਸਤਰੀ ਮਨ ਦੇ ਵੇਦਨਾ ਹੈ।
ਪੰਜਾਬ ਦੀ ਸੁੰਦਰ ਧਰਤੀ ਤੋਂ 'ਚਾਤ੍ਰਿਕ' ਦਾ ਜਾਣ ਨੂੰ ਦਿਲ ਨਹੀਂ ਕਰਦਾ :
ਦਰਗਾਹੀਂ ਸੱਦੇ ਆ ਗਏ ਨੇ,
ਸਾਮਾਨ ਤਿਆਰ ਸਫ਼ਰ ਦਾ ਹੈ।
ਪਰ ਤੇਰੇ ਬੂਹਿਓਂ ਹਿੱਲਣ ਨੂੰ,
'ਚਾਤ੍ਰਿਕ' ਦਾ ਜੀ ਨਹੀਂ ਕਰਦਾ ਹੈ। (ਪੰ: 82)
ਗੱਲ ਕੀ ਕਾਵਿ-ਰੂਪਾਂ, ਰਾਗਾਂ, ਛੰਦਾਂ ਦੀ ਸਮਝ ਤੇ ਚਾਤ੍ਰਿਕ ਨੂੰ ਅਬੂਰ ਹਾਸਲ ਸੀ। ਸੰਪਾਦਕ ਨੇ ਪਾਠਕਾਂ ਦੀ ਸਹੂਲਤ ਲਈ ਔਖੇ ਸ਼ਬਦਾਂ ਦੇ ਅਰਥ ਦਿੱਤੇ ਹਨ।

ਡਾ. ਧਰਮ ਚੰਦ ਵਾਤਿਸ਼
vatish.dharamchand@gmail.com

ਮੈਂ ਨਾਸਤਕ ਕਿਉਂ ਹਾਂ
ਸੰਪਾਦਕ : ਹਰੀਸ਼ ਜੈਨ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 100 ਰੁਪਏ, ਸਫ਼ੇ : 84
ਸੰਪਰਕ : 0172-4027552.

ਇਸ ਪੁਸਤਕ ਦੇ ਲੇਖ ਸ਼ਹੀਦ ਭਗਤ ਸਿੰਘ ਦੀ ਜੇਲ੍ਹ ਵਿਚ ਲਿਖੀ ਨਿੱਜੀ ਡਾਇਰੀ ਦੇ ਅਸ਼ਾਰਿਤ ਹਨ। ਲਿਖਤਾਂ ਵਿਚ ਭਗਤ ਸਿੰਘ ਖ਼ੁਦ ਸੰਬੋਧਨ ਕਰਦਾ ਹੈ। ਆਪਣੇ ਨਾਸਤਿਕ ਹੋਣ ਬਾਰੇ ਉਸ ਦੀ ਪਹਿਲੀ ਲਿਖਤ ਹੈ। ਇਸ ਵਿਚ ਉਹ ਸਪੱਸ਼ਟ ਕਰਦਾ ਹੈ, ਮੈਂ ਰੱਬ ਨੂੰ ਮੰਨਣ ਤੋਂ ਇਨਕਾਰੀ ਹਾਂ। ਮੈਂ ਜ਼ਿੰਦਗੀ 'ਚ ਨਾਸਤਿਕ ਕਿਉਂ ਬਣਿਆ। ਰੱਬ ਨੂੰ ਨਾ ਮੰਨਣ ਤੋਂ ਕੋਈ ਇਹ ਨਾ ਕਹੇ ਕਿ ਮੈਂ ਅਹੰਕਾਰੀ ਹਾਂ। ਇਸ ਲਈ ਭਗਤ ਸਿੰਘ ਅਹੰਕਾਰੀ ਹੋਣ ਤੇ ਅਭਿਮਾਨੀ ਹੋਣ ਦਾ ਅੰਤਰ ਸਪੱਸ਼ਟ ਕਰਦਾ ਹੈ। ਮੈਂ ਸ਼ੁਰੂ 'ਚ ਨਾਸਤਿਕ ਨਹੀਂ ਸੀ। ਸਿੱਖ ਨੈਸ਼ਨਲ ਕਾਲਜ ਵਿਚ ਦਾਖ਼ਲ ਹੋਣ ਪਿੱਛੋਂ ਮੈਂ ਰੱਬ ਦੇ ਸੰਕਲਪ ਬਾਰੇ ਸੋਚਣਾ ਸ਼ੁਰੂ ਕੀਤਾ। ਮੈਂ ਆਪਣੇ ਬਾਬਾ ਜੀ ਦੇ ਅਸਰ ਹੇਠ ਵੱਡਾ ਹੋਇਆ। ਉਹ ਪੱਕੇ ਆਰੀਆ ਸਮਾਜੀ ਸਨ। ਆਰੀਆ ਸਮਾਜੀ ਨਾਸਤਿਕ ਨਹੀਂ ਹੋ ਸਕਦਾ। ਫਿਰ ਮੈਂ ਇਨਕਲਾਬੀ ਪਾਰਟੀ ਵਿਚ ਸ਼ਾਮਿਲ ਹੋਇਆ। ਸਮਾਜਵਾਦੀ ਲਹਿਰਾਂ ਬਾਰੇ ਕਿਤਾਬਾਂ ਨਾਲ ਜੁੜ ਗਿਆ। ਮੈਂ ਮਹਾਨ ਲੈਨਿਨ, ਮਾਰਕਸ, ਟਰਾਟਸਕੀ ਦੀਆਂ ਲਿਖਤਾਂ ਪੜ੍ਹੀਆਂ। ਬਾਕੂਨਿਨ ਦੀ ਕਿਤਾਬ ਗੌਡ ਐਂਡ ਸਟੇਟ ਤੇ ਕਾਮਨਸੈਂਸ (ਨਿਰਲੰਬਾ ਸਵਾਮੀ) ਦਿਲਚਸਪੀ ਨਾਲ ਪੜ੍ਹ ਕੇ ਮੇਰਾ ਪੱਕਾ ਵਿਸ਼ਵਾਸ ਬਣਿਆ ਕਿ ਸਰਬ-ਸ਼ਕਤੀਮਾਨ ਦਾ ਸਿਧਾਂਤ ਬੇਬੁਨਿਆਦ ਹੈ। 1926 'ਚ ਭਗਤ ਸਿੰਘ ਦਾ ਇਹ ਵਿਸ਼ਵਾਸ ਬਣਿਆ ਸੀ। 1927 ਦੀ ਗ੍ਰਿਫ਼ਤਾਰੀ ਪਿੱਛੋਂ ਦਾ ਇਹ ਸਾਰਾ ਵੇਰਵਾ ਪੁਸਤਕ ਵਿਚ ਪੰਨਾ 1-21 'ਤੇ ਦਰਜ ਹੈ। ਭਗਤ ਸਿੰਘ ਆਸਤਿਕ ਲੋਕਾਂ ਨੂੰ ਸਵਾਲ ਕਰਦਾ ਹੈ ਜੇਕਰ ਰੱਬ ਹੈ ਤਾਂ ਗ਼ਰੀਬ ਅਮੀਰ ਦਾ ਏਨਾ ਪਾੜਾ ਕਿਉਂ ਹੈ? ਇਕ ਕੌਮ ਦੂਜੀ ਹੱਥੋਂ ਲੁੱਟੀ ਕਿਉਂ ਜਾ ਰਹੀ ਹੈ? ਇਸ ਲਿਖਤ ਨਾਲ ਸੰਪਾਦਕ ਨੇ 20 ਵਿਦਵਾਨਾਂ ਦੀਆਂ ਲਿਖਤਾਂ ਦੇ ਹਵਾਲੇ ਦਿੱਤੇ ਹਨ। ਬਾਕੀ ਕਾਂਡਾਂ ਵਿਚ ਵੀ ਇਸੇ ਤਰ੍ਹਾਂ ਦੇ ਹਵਾਲੇ ਹਨ। ਡਰੀਮ ਲੈਂਡ ਦੀ ਭੂਮਿਕਾ ਕਾਂਡ 'ਚ ਲਾਲਾ ਰਾਮ ਸਰਨ ਦਾਸ ਦੀ ਪੁਸਤਕ ਦਾ ਜ਼ਿਕਰ ਹੈ। ਪੰਜਾਬ ਦੇ ਗਵਰਨਰ ਨੂੰ ਲਿਖੀ ਚਿੱਠੀ ਵਿਚ ਭਗਤ ਸਿੰਘ ਤੇ ਉਸ ਦੇ ਸਾਥੀ ਰਾਜਗੁਰੂ ਤੇ ਸੁਖਦੇਵ ਮੰਗ ਕਰਦੇ ਹਨ ਕਿ ਉਨ੍ਹਾਂ ਨੂੰ ਗੋਲੀ ਨਾਲ ਮਾਰਿਆ ਜਾਵੇ। ਭਗਤ ਸਿੰਘ ਨੇ ਨੌਜਵਾਨਾਂ ਨੂੰ ਲਿਖੇ ਖ਼ਤ ਵਿਚ ਇਨਕਲਾਬ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਹੈ। ਉਹ ਕਈ ਵਾਰ ਸਮਾਜਵਾਦ ਦੀ ਗੱਲ ਕਰਦਾ ਹੈ। ਨਰਮਦਲੀ ਨੇਤਾਵਾਂ ਦੀ ਕਾਰਜ ਸ਼ੈਲੀ ਬਾਰੇ ਟਿੱਪਣੀ ਕਰਦਾ ਹੈ। ਗਾਂਧੀਵਾਦ, ਆਤੰਕਵਾਦ, ਇਨਕਲਾਬੀ ਪਾਰਟੀ, ਰਾਜਨੀਤੀ ਸ਼ਾਸਤਰ ਉਸ ਦੀਆਂ ਲਿਖਤਾਂ ਦੇ ਪ੍ਰਮੁੱਖ ਵਿਸ਼ੇ ਹਨ। ਭਗਤ ਸਿੰਘ ਦੀ ਸਮੁੱਚੀ ਵਿਚਾਰਧਾਰਾ ਨੂੰ ਚੰਗੀ ਤਰ੍ਹਾਂ ਸਮਝਣ ਲਈ ਪੁਸਤਕ ਲਾਹੇਵੰਦ ਹੈ। ਸੰਪਾਦਕ ਨੇ ਅਖੀਰ 'ਚ ਭਗਤ ਸਿੰਘ ਬਾਰੇ 57 ਕਿਤਾਬਾਂ ਦੀ ਸੂਚੀ ਦਿੱਤੀ ਹੈ।

ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160

ਡਾਕਟਰ ਫਾਸਟਸ
ਮੂਲ ਲੇਖਕ : ਕਰਿਸਟੋਫ਼ਰ ਮਾਰਲੋਅ
ਅਨੁਵਾਦ : ਡਾ. ਹਰਨੇਕ ਸਿੰਘ ਕੈਲੇ
ਪ੍ਰਕਾਸ਼ਕ : ਸੀਗਲ ਕਰੀਏਟਿਵ ਬੁੱਕਸ, ਪਟਿਆਲਾ
ਮੁੱਲ : 80 ਰੁਪਏ, ਪੰਨੇ: 64
ਸੰਪਰਕ : 99145-94867.

ਡਾਕਟਰ ਫਾਸਟਸ ਸਨਾਟਕ ਮੂਲ ਰੂਪ ਵਿਚ ਜਰਮਨੀ ਭਾਸ਼ਾ ਵਿਚ 1588 ਵਿਚ ਕਰਿਸਟੋਫ਼ਰ ਮਾਰਲੋਅ ਦੁਆਰਾ ਲਿਖਿਆ ਗਿਆ ਸੀ। ਨਾਟਕ ਦੀ ਭੂਮਿਕਾ ਵਿਚ ਦਰਜ ਵੇਰਵਿਆਂ ਤੋਂ ਪਤਾ ਲਗਦਾ ਹੈ ਕਿ ਕ੍ਰਿਸਟੋਫ਼ਰ ਮਾਰਲੋਅ, ਪ੍ਰਸਿੱਧ ਨਾਟਕਕਾਰ ਸ਼ੈਕਸਪੀਅਰ ਦਾ ਸਮਕਾਲੀ ਸੀ ਅਤੇ ਸਿਰਫ ਉਨੱਤੀ ਸਾਲਾਂ ਦੀ ਉਮਰ ਵਿਚ ਹੀ ਉਸ ਦੀ ਮੌਤ ਹੋ ਗਈ। ਆਪਣੀ ਮੌਤ ਤੋਂ ਪਹਿਲਾਂ ਉਸ ਵਲੋਂ ਚਾਰ ਨਾਟਕ ਰਚੇ ਗਏ, ਜਿਨ੍ਹਾਂ ਦਾ ਵਿਸ਼ਾ (ਸਮੇਤ ਵਿਚਾਰ ਅਧੀਨ ਨਾਟਕ ਡਾਕਟਰ ਫਾਸਟਸ) ਨਾਟਕ ਦੇ ਮੁੱਖ ਪਾਤਰ ਆਧਾਰਿਤ ਹੈ ਜੋ ਕਿ ਜ਼ਿੰਦਗੀ ਵਿਚ, ਤਾਕਤ ਦੀ ਲਾਲਸਾ ਵਿਚ ਅਨੈਤਿਕ ਅਤੇ ਅਣਉਚਿਤ ਰਸਤਾ ਅਖ਼ਤਿਆਰ ਕਰ ਲੈਂਦੇ ਹਨ। ਵੱਖ-ਵੱਖ ਵਿਸ਼ਿਆਂ/ਕਿੱਤਿਆਂ ਦਾ ਗਿਆਤਾ ਹੋਣ ਦੇ ਬਾਵਜੂਦ, ਡਾਕਟਰ ਫਾਸਟਸ ਸਾਰੀ ਦੁਨੀਆ ਵਿਚ ਪ੍ਰਸਿੱਧੀ ਹਾਸਲ ਕਰਨ ਅਤੇ ਦੁਨੀਆ ਦੀਆਂ ਸਮੁੱਚੀਆਂ ਤਾਕਤਾਂ ਨੂੰ ਆਪਣੇ ਅਧੀਨ ਕਰਨ ਲਈ ਜਾਦੂ ਕਲਾਵਾਂ ਦਾ ਸਹਾਰਾ ਲੈਂਦਾ ਹੈ। ਡਾਕਟਰ ਫਾਸਟਸ ਇਸ ਕਲਾ ਨੂੰ ਹਾਸਲ ਕਰਨ ਲਈ ਆਪਣੀ ਆਤਮਾ ਤੱਕ ਵੇਚਣ ਦਾ ਇਕਰਾਰਨਾਮਾ ਆਪਣੇ ਖੂਨ ਨਾਲ ਲਿਖ ਕੇ ਦੇ ਦਿੰਦਾ ਹੈ। ਇਕਰਾਰਨਾਮੇ ਅਨੁਸਾਰ ਚੌਵੀ ਸਾਲ ਤੱਕ ਮੈਫ਼ਿਸਟੋਫ਼ਿਲਿਸ ਨੇ ਡਾਕਟਰ ਫਾਸਟਸ ਦੇ ਸਾਰੇ ਜਾਦੂਆਂ ਅਤੇ ਅਨੈਤਿਕ ਮੰਗਾਂ ਨੂੰ ਹਕੀਕੀ ਰੂਪ ਦੇਣ ਲਈ ਹੁਕਮ ਮੰਨਣੇ ਹੁੰਦੇ ਹਨ ਅਤੇ ਚੌਵੀ ਸਾਲ ਦੇ ਬਾਅਦ, ਮਰਨ ਉਪਰੰਤ ਡਾਕਟਰ ਫਾਸਟਸ ਨੇ ਨਰਕ ਵਿਚ ਜਾਣਾ ਹੁੰਦਾ ਹੈ। ਇਸ ਸਮੇਂ ਦੌਰਾਨ ਡਾਕਟਰ ਫਾਸਟਸ, ਮੈਫ਼ਿਸਟੋਫ਼ਿਲਿਸ ਦੀ ਸਹਾਇਤਾ ਨਾਲ ਵੱਖ-ਵੱਖ ਜਾਦੂ ਕਲਾਵਾਂ ਰਾਹੀਂ ਪਾਦਰੀਆਂ ਤੋਂ ਲੈ ਕੇ ਜਰਮਨੀ ਦੇ ਸ਼ਹਿਨਸ਼ਾਹ ਚਾਰਲਸ ਤੱਕ, ਬਹੁਤ ਸਾਰੇ ਅਣਉਚਿਤ ਅਤੇ ਅਨੈਤਿਕ ਕਾਰਜਾਂ ਨਾਲ ਸਾਰਿਆਂ ਨੂੰ ਆਪਣੀ ਕਲਾ ਨਾਲ ਪ੍ਰਭਾਵਿਤ ਕਰਦਾ ਹੈ। ਮੈਫ਼ਿਸਟੋਫ਼ਿਲਿਸ ਦਾ ਆਕਾ, ਲੂਸੀਫ਼ਰ ਡਾਕਟਰ ਫਾਸਟਸ ਨੂੰ ਨਰਕ ਦੇ ਸੱਤ ਗੁਨਾਹਾਂ ਅਹੰਕਾਰ, ਲਾਲਚ, ਕ੍ਰੋਧ, ਈਰਖਾ, ਪੇਟੂ, ਆਲਸ ਅਤੇ ਕਾਮ ਵਾਸਨਾ ਤੋਂ ਜਾਣੂ ਕਰਵਾਉਂਦਾ ਹੈ। ਸਮੇਂ-ਸਮੇਂ 'ਤੇ ਨੇਕ ਫਰਿਸ਼ਤਾ ਡਾਕਟਰ ਫਾਸਟਸ ਨੂੰ ਨੇਕ ਮਨੁੱਖ ਬਣਨ ਲਈ ਅਤੇ ਦੁਸ਼ਟ ਫਰਿਸ਼ਤਾ ਅਨੈਤਿਕ ਕਾਰਜਾਂ ਲਈ ਪ੍ਰੇਰਿਤ ਕਰਦਾ ਹੈ। ਜਿਵੇਂ-ਜਿਵੇਂ ਚੌਵੀ ਸਾਲ ਦਾ ਸਮਾਂ ਪੂਰਾ ਹੁੰਦਾ ਜਾਂਦਾ ਹੈ ਤਾਂ ਡਾਕਟਰ ਫਾਸਟਸ ਨੂੰ ਜਾਦੂ ਕਲਾ ਰਾਹੀਂ ਪ੍ਰਾਪਤ ਕੀਤੀਆਂ ਤਾਕਤਾਂ ਅਜਾਈਂ ਜਾਪਣ ਲਗਦੀਆਂ ਹਨ ਅਤੇ ਆਪਣੇ ਦੁਆਰਾ ਕੀਤੇ ਕੰਮਾਂ 'ਤੇ ਪਛਤਾਵਾ ਹੁੰਦਾ ਹੈ, ਪ੍ਰੰਤੂ ਹੁਣ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਨਾਵਲ ਦਾ ਅੰਤ ਸਿੱਖਿਆਦਾਇਕ ਸੰਦੇਸ਼ ਨਾਲ ਹੁੰਦਾ ਹੈ ਕਿ ਸਮਾਜ ਨੂੰ ਫਾਸਟਸ ਦੇ ਚਰਿੱਤਰ ਤੋਂ, ਜ਼ਿੰਦਗੀ ਵਿਚ ਨੈਤਿਕ ਅਤੇ ਮਾਨਵਵਾਦੀ ਕਦਰਾਂ ਨੂੰ ਅਪਣਾਉਣ ਦਾ ਸਬਕ ਲੈਂਦੇ ਹੋੋਏ, ਆਪਣੀ ਆਤਮਾ ਨੂੰ ਅਨੈਤਿਕ ਅਤੇ ਕੋਝੀਆਂ ਹਰਕਤਾਂ ਤੋਂ ਨਿਰਲੇਪ ਰੱਖਣਾ ਚਾਹੀਦਾ ਹੈ। ਮੂਲ ਰੂਪ ਵਿਚ ਨਾਟਕ ਦੀ ਕੇਂਦਰੀ ਧੁਨੀ ਆਦਰਸ਼ਵਾਦੀ-ਸੁਧਾਰਵਾਦੀ ਹੈ, ਜੋ ਕਿ ਮਨੁੱਖ ਨੂੰ ਮਾੜੇ ਕੰਮਾਂ ਤੋਂ ਵਰਜ ਕੇ ਨੇਕ ਕੰਮਾਂ ਵੱਲ ਪ੍ਰੇਰਿਤ ਕਰਦੀ ਹੈ। ਵਿਚਾਰ ਅਧੀਨ ਨਾਟਕ ਵਿਚ, ਵਾਰਤਾਲਾਪ ਦੇ ਪੱਧਰ 'ਤੇ (ਅਨੁਵਾਦਿਤ ਹੋਣ ਕਾਰਨ) ਥੋੜ੍ਹੀਆਂ-ਬਹੁਤੀਆਂ ਸੋਧਾਂ ਨਾਲ, ਸਫਲ ਸਟੇਜੀ ਮੰਚਨ ਦੀਆਂ ਚੋਖੀਆਂ ਸੰਭਾਵਨਾਵਾਂ ਰੱਖਦਾ ਹੈ।

ਡਾ. ਪ੍ਰਦੀਪ ਕੌੜਾ
ਮੋ: 95011-1520

ਖੁਸ਼ਹਾਲ ਜੀਵਨ ਜਿਊਣ ਦੀ ਕਲਾ
ਮੂਲ ਲੇਖਕ : ਡੇਲ ਕਾਰਨੇਗੀ
ਪੰਜਾਬੀ ਅਨੁਵਾਦ : ਅਣੂ ਸ਼ਰਮਾ
ਪ੍ਰਕਾਸ਼ਕ: ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 160
ਸੰਪਰਕ : 01679-241744.

ਚਰਚਾ ਅਧੀਨ ਪੁਸਤਕ ਵਿਸ਼ਵ ਪ੍ਰਸਿੱਧ ਲੇਖਕ ਡੇਲ ਕਾਰਨੇਗੀ ਦੀ ਪੁਸਤਕ 'ਲਿਵਿੰਗ ਐਨ ਐਨਰਿਚਡ ਲਾਈਫ਼' ਦਾ ਪੰਜਾਬੀ ਵਿਚ ਅਨੁਵਾਦ ਹੈ। ਵਿਸ਼ਵ ਪੱਧਰ 'ਤੇ ਮਕਬੂਲ ਇਸ ਪੁਸਤਕ ਵਿਚ : ਆਤਮ-ਵਿਸ਼ਵਾਸ ਵਧਾਉਣ, ਉਤਸ਼ਾਹੀ ਬਣਨ, ਨਿਸ਼ਾਨਾ ਨਿਸਚਿਤ ਕਰਨ, ਦੂਜਿਆਂ ਦੀ ਘੱਟ ਪ੍ਰਵਾਹ ਕਰਨ, ਆਪਣੇ ਅੰਦਰੋਂ ਪ੍ਰੇਰਨਾ ਪੈਦਾ ਕਰਨ, ਸਾਕਾਰਾਤਮਿਕ ਸੋਚ, ਉੱਦਮੀ ਬਣਨ ਅਤੇ ਹਾਰ ਨੂੰ ਹਰਾਉਣ ਦੀ ਹਿੰਮਤ ਜੁਟਾਉਣ ਜਿਹੇ ਸੰਕਲਪ ਮਿਸਾਲਾਂ ਦੇ ਕੇ ਸਮਝਾਏ ਗਏ ਹਨ। ਇਸ ਪੁਸਤਕ ਦੇ ਪੰਜਾਬੀ ਅਨੁਵਾਦ ਵਿਚੋਂ ਵਿਚਰਦਿਆਂ ਮੈਨੂੰ ਮਹਿਸੂਸ ਹੋਇਆ ਕਿ ਪੁਸਤਕ ਵਿਚਲੇ ਵਿਸ਼ਾ ਵਸਤੂ ਦਾ ਜ਼ਿਆਦਾਤਰ ਅਨੁਵਾਦ ਸ਼ਬਦ ਪ੍ਰਤੀ ਸ਼ਬਦ ਕੀਤਾ ਗਿਆ ਹੈ। ਵਿਸ਼ਾ ਵਸਤੂ ਦੀ ਸਮੁੱਚੀ ਭਾਵਨਾ ਨੂੰ ਧਿਆਨਗੋਚਰ ਰੱਖ ਕੇ ਅਨੁਵਾਦ ਹੋਰ ਵੀ ਪ੍ਰਭਾਵ ਪੈਦਾ ਕਰ ਸਕਦਾ ਸੀ। ਸ਼ਬਦ ਚੋਣ ਅਤੇ ਵਾਕ ਬਣਤਰ, ਵਿਆਕਰਨਿਕ ਉਕਤਾਈਆਂ 'ਤੇ ਵੀ ਕਈ ਥਾਂ ਵਿਚਾਰਿਆ ਜਾਣਾ ਬਣਦਾ ਹੈ। ਇਕ ਸਰਸਰੀ ਝਾਤ ਮਾਰੀਏ ਅਨੁਵਾਦਤ ਵਿਸ਼ਾ ਵਸਤੂ 'ਤੇ : ਦੇਖੋ ਪੰਜਾਬੀ ਸਾਨੂੰ ਜਿਸ ਪਹਿਲੇ ਬਿੰਦੂ (po}nt) ਕੇ ਗੱਲ ਕਰਨੀ ਚਾਹੀਦੀ ਹੈ/ਕੌਣ ਉਬਰਿਆ ਹੈ/ ਉਤਸ਼ਾਹ ਸਾਰੇ ਸਫਲ ਲੋਕਾਂ ਦੇ ਪਿੱਛੇ ਦਾ ਭੇਤ ਹੈ/ਮੈਂ ਉਹ ਕੰਮ ਕਰਨ ਦੀ ਸਵੈ ਇਛਾ ਪੇਸ਼ ਕੀਤੀ/ਜੇ ਅਸੀਂ ਇਮਾਨਦਾਰ ਮੁਲਾਂਕਣ ਕਰਦੇ ਹਾਂ/ਆਪਣੇ ਹਾਰੂਸਟਨ ਪਲਾਂਟ ਦੇ ਨਾਲ ਇਸ ਦਾ ਮਿਸ਼ਰਨ (mer{e) ਕਰਨ ਵਾਲੀ ਸੀ/ਸਾਨੂੰ ਸਾਰਿਆਂ ਨੂੰ ਮੁਸੀਬਤਾਂ ਅਤੇ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਨ੍ਹਾਂ ਨੂੰ ਜ਼ਿਆਦਾ ਬਰਬਾਦ ਕਰਨਾ ਪੈ ਸਕਦਾ ਹੈ। ਖੇਤਰ ਵਿਚ ਮਹੱਤਵਪੂਰਨ ਭੂਮਿਕਾ ਬਣਾਈ। ਇਹ ਤਾਂ ਵੰਨਗੀ ਮਾਤਰ ਕੁਝ ਵਾਕ ਹਨ। ਇਨ੍ਹਾਂ ਤੋਂ ਹੀ ਪਤਾ ਚੱਲ ਜਾਂਦਾ ਹੈ ਕਿ ਅਨੁਵਾਦਤ ਸਮੱਗਰੀ ਨੂੰ ਹੋਰ ਤਰਾਸ਼ਿਆ ਜਾਣਾ ਬਣਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਪੁਸਤਕ ਡੇਲ ਕਾਰਨੇਗੀ ਦੀ ਬੜੀ ਉਪਯੋਗੀ ਪੁਸਤਕ ਹੈ। ਪਾਠਕ ਵੀ ਉਸ ਦਾ ਨਾਂਅ ਦੇਖ ਕੇ ਪੁਸਤਕ ਵੱਲ ਖਿੱਚਿਆ ਜਾਂਦਾ ਹੈ, ਪਰ ਵਧੀਆ ਅਨੁਵਾਦਕ ਹੀ ਉਸ ਲੇਖਕ ਦੀ ਰਚਨਾ ਨੂੰ ਚਿਰੰਜੀਵੀ ਬਣਾ ਸਕਦਾ ਹੈ। ਇਹ ਪੁਸਤਕ ਜੇ ਘੱਟ ਕੀਮਤ 'ਤੇ ਪਾਠਕਾਂ ਨੂੰ ਉਪਲਬਧ ਹੋ ਸਕੇ ਤਾਂ ਵਧੀਆ ਯਤਨ ਹੋਵੇਗਾ। ਪੰਜਾਬੀ ਸਾਹਿਤ ਵਿਚ ਇਸ ਪੁਸਤਕ ਦਾ ਸਵਾਗਤ ਹੈ।

ਪ੍ਰਿੰ: ਹਰੀ ਕ੍ਰਿਸ਼ਨ ਮਾਇਰ
ਮੋ: 7806-67686

ਦਹਿਸ਼ਤਗਰਦੀ
ਲੇਖਕ : ਭੁਪਿੰਦਰ ਸਿੰਘ ਚੌਕੀਮਾਨ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 232
ਸੰਪਰਕ : 99145-49724.

ਸ. ਭੁਪਿੰਦਰ ਸਿੰਘ ਧਾਲੀਵਾਲ (ਚੌਕੀਮਾਨ) ਬੀ.ਐਸ.ਐਫ. ਵਿਚੋਂ ਸੇਵਾ-ਮੁਕਤ ਹੋਇਆ ਇਕ ਉੱਚ ਅਧਿਕਾਰੀ ਹੈ। ਇਸ ਕਾਰਨ ਉਸ ਨੂੰ ਦਹਿਸ਼ਤਗਰਦਾਂ ਦੇ ਵਿਭਿੰਨ ਸੰਗਠਨਾਂ, ਗਤੀਵਿਧੀਆਂ ਅਤੇ ਉਦੇਸ਼ਾਂ ਬਾਰੇ ਭਰਪੂਰ ਜਾਣਕਾਰੀ ਹੈ। ਲੇਖਕ ਅਨੁਸਾਰ ਦਹਿਸ਼ਤ ਦਾ ਅਰਥ ਡਰ, ਖੌਫ਼ ਜਾਂ ਆਤੰਕ ਹੈ। ਦਹਿਸ਼ਤਗਰਦ ਸੰਗਠਨ ਆਪਣੇ ਦੇਸ਼ ਦੀਆਂ ਸਰਕਾਰਾਂ ਦੇ ਇਸ਼ਾਰੇ 'ਤੇ ਗੁਆਂਢੀ ਜਾਂ ਦੁਰਾਡੇ ਵਸੇ ਦੇਸ਼ਾਂ ਵਿਚ ਭੰਨ-ਤੋੜ ਅਤੇ ਕਤਲੋਗਾਰਤ ਦੀਆਂ ਵਾਰਦਾਤਾਂ ਕਰਕੇ ਉਨ੍ਹਾਂ ਦੇਸ਼ਾਂ ਵਿਚ ਦਹਿਸ਼ਤ ਫੈਲਾਉਂਦੇ ਹਨ, ਜਿਸ ਕਾਰਨ ਉਨ੍ਹਾਂ ਦੇਸ਼ਾਂ ਦਾ ਅਮਨ-ਚੈਨ ਭੰਗ ਹੋ ਜਾਂਦਾ ਹੈ। ਆਰਥਿਕਤਾ ਵੀ ਡਾਵਾਂਡੋਲ ਹੋ ਜਾਂਦੀ ਹੈ। ਨਵੇਂ ਨਿਵੇਸ਼ਕ ਉਨ੍ਹਾਂ ਦੇਸ਼ਾਂ ਵਿਚ ਸਰਮਾਇਆ ਲਾਉਣੋਂ ਹਿਚਕਚਾਉਂਦੇ ਹਨ। ਪੁਰਾਣੇ ਵੀ ਹੱਥ ਖਿੱਚਣ ਲਗਦੇ ਹਨ। ਕਈ ਵਾਰ ਕੋਈ ਸਰਕਾਰ ਖ਼ੁਦ ਹੀ ਆਪਣੇ ਵਿਰੋਧੀਆਂ ਨੂੰ ਮਾਤ ਦੇਣ ਲਈ ਕੁਝ ਅਜਿਹੇ ਅਤੱਵਾਦੀ ਦਸਤੇ ਤਿਆਰ ਕਰ ਲੈਂਦੀ ਹੈ, ਜੋ ਭੀੜ ਦਾ ਰੂਪ ਧਾਰ ਕੇ ਵਿਰੋਧੀਆਂ ਦੀ ਲੁੱਟਮਾਰ ਕਰਦੇ ਹਨ, ਉਨ੍ਹਾਂ ਦੀ ਹੱਤਿਆ ਵੀ ਕਰ ਦਿੰਦੇ ਹਨ। ਸਾਡੇ ਦੇਸ਼ ਵਿਚ ਵੀ ਸਰਕਾਰਾਂ ਅਜਿਹੇ ਹਥਕੰਡੇ ਅਪਣਾਉਣ ਤੋਂ ਗੁਰੇਜ਼ ਨਹੀਂ ਕਰਦੀਆਂ। ਵਿਰੋਧੀਆਂ ਉੱਪਰ ਦਮਨ ਹੁੰਦਾ ਰਹਿੰਦਾ ਹੈ। ਦਹਿਸ਼ਤਗਰਦੀ ਦੇ ਬਿਰਤਾਂਤ ਨੂੰ ਰੂਪਮਾਨ ਕਰਨ ਲਈ ਸ. ਚੌਕੀਮਾਨ ਨੇ ਅੰਤਰਰਾਸ਼ਟਰੀ ਪਰਿਪੇਖ ਨੂੰ ਉਸਾਰਿਆ ਹੈ। ਪੁਸਤਕ ਵਿਚ ਵਿਸ਼ਵ ਦੇ ਕੁਖਿਆਤ-ਸੰਗਠਨਾਂ ਦੀ ਸੂਚੀ ਵੀ ਦਿੱਤੀ ਗਈ ਹੈ। ਲੇਖਕ ਅਨੁਸਾਰ ਅੱਤਵਾਦੀ ਸੰਗਠਨਾਂ ਦੇ ਸੰਚਾਲਕ ਲੋਕ, ਗ਼ਰੀਬ ਅਤੇ ਵਿਭਿੰਨ ਵਰਗਾਂ ਦੇ ਬੱਚਿਆਂ ਨੂੰ ਧਰਮ ਜਾਂ ਰੁਪਏ-ਪੈਸੇ ਦੁਆਰਾ ਵਰਗਲਾ ਕੇ ਉਨ੍ਹਾਂ ਤੋਂ ਮਾਨਵਤਾ ਵਿਰੋਧੀ ਕਰਮ ਕਰਵਾਉਂਦੇ ਹਨ। ਉਸ ਦਾ ਇਹ ਕਥਨ ਬਿਲਕੁਲ ਸਹੀ ਹੈ ਕਿ ਅਜਿਹੇ ਸੰਗਠਨ ਆਪਣੇ ਮੰਤਵ ਵਿਚ ਕਦੇ ਵੀ ਸਫਲ ਨਹੀਂ ਹੁੰਦੇ। ਅਜੋਕੇ ਇੰਟਰਨੈੱਟ ਅਤੇ ਸੂਚਨਾ ਕ੍ਰਾਂਤੀ ਦੇ ਯੁੱਗ ਵਿਚ ਦਹਿਸ਼ਤਗਰਦੀ ਬਹੁਤ ਜਟਿਲ ਅਤੇ ਵਿਕਰਾਲ ਰੂਪ ਧਾਰਨ ਕਰਦੀ ਜਾ ਰਹੀ ਹੈ। ਲੇਖਕ ਅਨੁਸਾਰ ਪਿਛਲੇ ਕੁਝ ਵਰ੍ਹਿਆਂ ਵਿਚ ਦਹਿਸ਼ਤਗਰਦੀ ਦਾ ਗਰਾਫ਼ ਕਾਫੀ ਹੇਠਾਂ ਨੂੰ ਆ ਰਿਹਾ ਹੈ, ਜੋ ਸੰਤੋਸ਼ ਦੀ ਗੱਲ ਹੈ। ਇਹ ਪੁਸਤਕ ਪੰਜਾਬੀ ਗਿਆਨ ਸਾਹਿਤ ਵਿਚ ਮਹੱਤਵਪੂਰਨ ਵਾਧਾ ਕਰਦੀ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

11-07-2021

ਭਾਰਤ ਦੇ ਚਮਕਦੇ ਸਿੱਖ ਸਿਤਾਰੇ
(ਸ਼ਾਈਨਿੰਗ ਸਿੱਖ ਯੂਥ ਆਫ ਇੰਡੀਆ)
ਲੇਖਕ : ਡਾ. ਪ੍ਰਭਲੀਨ ਸਿੰਘ
ਪ੍ਰਕਾਸ਼ਕ : ਯੰਗ ਪ੍ਰੋਗ੍ਰੈਸਿਵ ਸਿੱਖ ਫੋਰਮ, ਸਫ਼ੇ : 200
ਸੰਪਰਕ : 98728-12345


ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ 'ਸ਼ਾਈਨਿੰਗ ਸਿੱਖ ਯੂਥ ਆਫ਼ ਇੰਡੀਆ' ਡਾ. ਪ੍ਰਭਲੀਨ ਸਿੰਘ ਦੀ ਤੀਸਰੀ ਪੁਸਤਕ ਹੈ। ਅੰਗਰੇਜ਼ੀ ਵਿਚ 'ਯੰਗ ਪ੍ਰਾਗਰੈਸਿਵ ਸਿੱਖ ਫ਼ੋਰਮ' ਵਲੋਂ ਪ੍ਰਕਾਸ਼ਿਤ ਇਸ ਵੱਡ-ਆਕਾਰੀ ਪੁਸਤਕ ਤੋਂ ਪਹਿਲਾਂ ਉਹ 'ਪਰੌਮੀਨੈਂਟ ਸਿੱਖਜ਼ ਆਫ਼ ਇੰਡੀਆ' ਅਤੇ 'ਪਰੌਮੀਨੈਂਟ ਸਿੱਖਜ਼ ਆਫ਼ ਯੂ.ਐੱਸ.ਏ' ਨਾਮੀ ਦੋ ਪੁਸਤਕਾਂ ਸਿੱਖ-ਜਗਤ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦੇਣ ਹਿਤ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ। ਰੀਵਿਊ ਅਧੀਨ ਪੁਸਤਕ ਵਿਚ ਉਹ ਉਨ੍ਹਾਂ ਇਕ ਸੌ ਸਿੱਖ ਯੁਵਕਾਂ ਅਤੇ ਯੁਵਤੀਆਂ ਨੂੰ ਇਸ ਪੁਸਤਕ ਵਿਚ ਸ਼ਾਮਿਲ ਕਰਦਾ ਹੈ, ਜਿਨ੍ਹਾਂ ਨੇ ਭਾਰਤ ਦੇ ਅਲੱਗ-ਅਲੱਗ ਸੂਬਿਆਂ ਵਿਚ ਰਹਿੰਦਿਆਂ, ਵੱਖ-ਵੱਖ ਸ਼ੋਬਿਆਂ ਵਿਚ ਉੱਚ-ਦੁਮਾਲੜਾ ਮੁਕਾਮ ਹਾਸਲ ਕੀਤਾ ਹੈ। ਇਨ੍ਹਾਂ ਇਕ ਸੌ ਸਿੱਖ ਸ਼ਖ਼ਸੀਅਤਾਂ ਵਿਚ 69 ਮਰਦ ਹਨ ਅਤੇ 31 ਔਰਤਾਂ। ਇਨ੍ਹਾਂ ਬਾਰੇ ਦੱਸਣ ਤੋਂ ਪਹਿਲਾਂ ਲੇਖਕ ਨੇ ਗਿਆਰਾਂ ਇਤਿਹਾਸਕ ਮਹੱਤਵ ਵਾਲੀਆਂ ਉਨ੍ਹਾਂ ਸਿੱਖ ਸ਼ਖ਼ਸੀਅਤਾਂ ਬਾਰੇ ਸੁਚਿੱਤਰ ਜ਼ਿਕਰ ਕੀਤਾ ਹੈ ਜਿਨ੍ਹਾਂ ਨਿੱਕੀ ਆਯੂ ਵਿਚ ਹੀ ਸਿੱਖ ਧਰਮ ਦੀ ਵਿਰਾਸਤ ਦੀ ਸਥਾਪਤੀ ਵਿਚ ਵੱਡਾ ਯੋਗਦਾਨ ਵੀ ਦਿੱਤਾ ਅਤੇ ਬਲੀਦਾਨ ਵੀ। ਇਨ੍ਹਾਂ ਵਿਚ ਚਾਰ ਸਾਹਿਬਜ਼ਾਦਿਆਂ ਤੋਂ ਬਿਨਾਂ ਗੁਰੂ ਹਰਿਕ੍ਰਿਸ਼ਨ ਜੀ, ਗੁਰੂ ਗੋਬਿੰਦ ਸਿੰਘ ਜੀ, ਬਾਬਾ ਅਜੇ ਸਿੰਘ, ਮਹਾਰਾਜਾ ਰਣਜੀਤ ਸਿੰਘ, ਬਿਸ਼ਨ ਸਿੰਘ ਨਾਮਧਾਰੀ, ਕਾਕਾ ਦਰਬਾਰਾ ਸਿੰਘ, ਸ਼ਹੀਦ ਭਗਤ ਸਿੰਘ ਅਤੇ ਕਰਤਾਰ ਸਿੰਘ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ।
ਲੇਖਕ ਮੁੱਖ ਭੂਮਿਕਾ ਵਿਚ ਭਾਵੇਂ ਸਪੱਸ਼ਟ ਨਹੀਂ ਕਰਦਾ ਕਿ ਇਨ੍ਹਾਂ ਸ਼ਖ਼ਸੀਅਤਾਂ ਦੀ ਚੋਣ ਕਰਦੇ ਸਮੇਂ ਉਹ ਕਿਹੜੇ ਮਾਪਦੰਡ ਸਾਹਮਣੇ ਰੱਖਦਾ ਹੈ ਅਤੇ ਕਿਸ ਉਮਰ ਤੱਕ ਦੇ ਵਿਅਕਤੀਆਂ ਨੂੰ 'ਯੂਥ' ਸਮਝਦਾ ਹੈ, ਪਰ ਪੁਸਤਕ ਪੜ੍ਹਨ ਉਪਰੰਤ ਘੱਟੋ-ਘੱਟ ਇਹ ਜ਼ਰੂਰ ਜ਼ਾਹਰ ਹੋ ਜਾਂਦਾ ਹੈ ਕਿ ਉਸ ਨੇ ਸਿੱਖ ਮਾਣਮੱਤੀਆਂ ਸ਼ਖ਼ਸੀਅਤਾਂ ਵਿਚ ਕੇਵਲ ਦਸਤਾਰਧਾਰੀ ਸਿੱਖ ਹੀ ਸ਼ਾਮਿਲ ਕੀਤੇ ਹਨ। ਲੇਖਕ ਦਾ ਮੰਨਣਾ ਹੈ ਕਿ ਇਹ ਫਹਿਰਿਸਤ ਅੰਤਿਮ ਨਹੀਂ, ਹੋ ਸਕਦਾ ਹੈ ਕਿ ਕਈ ਨਾਮਵਰ ਸਿੱਖ ਸ਼ਖ਼ਸੀਅਤਾਂ ਰਹਿ ਵੀ ਗਈਆਂ ਹੋਣ। ਇਸ ਪੁਸਤਕ ਵਿਚ ਸ਼ਾਮਿਲ ਮਰਦ ਸ਼ਖ਼ਸੀਅਤਾਂ ਦੇ ਸਰਵੇਖ਼ਣ ਤੋਂ ਸਪੱਸ਼ਟ ਜ਼ਾਹਰ ਹੈ ਕਿ ਸਿੱਖ-ਸਮਾਜ ਵਿਚ ਸਭ ਤੋਂ ਵੱਧ ਗਿਣਤੀ ਕਾਮਯਾਬ ਕਾਰੋਬਾਰੀਆਂ ਅਤੇ ਸਨਅਤਕਾਰਾਂ ਦੀ ਹੈ। 69 ਵਿਚੋਂ 20-21 ਸਰਦਾਰ ਇਸ ਇਕੱਲੀ ਸ਼੍ਰੇਣੀ ਵਿਚ ਸ਼ਾਮਿਲ ਹਨ।
ਡਾ. ਪੀ.ਐੱਸ. ਪਸਰੀਚਾ (ਸਾਬਕਾ ਡੀ.ਜੀ.ਪੀ., ਮਹਾਰਾਸ਼ਟਰ) ਅਤੇ ਸ: ਤਰਲੋਚਨ ਸਿੰਘ (ਸਾਬਕਾ ਐੱਮ.ਪੀ. ਰਾਜ ਸਭਾ) ਪੁਸਤਕ ਦੇ ਸ਼ੁਰੂ ਵਿਚ ਠੀਕ ਹੀ ਲਿਖਦੇ ਹਨ ਕਿ ਅਜੋਕੇ ਮੁਕਾਬਲੇ ਦੇ ਯੁੱਗ ਵਿਚ ਘੱਟ-ਗਿਣਤੀ ਦਾ ਉੱਚੀਆਂ ਪ੍ਰਾਪਤੀਆਂ ਹਾਸਲ ਕਰਨਾ ਬੜਾ ਕਠਿਨ ਕਾਰਜ ਹੈ, ਪ੍ਰੰਤੂ ਸਿੱਖ ਭਾਈਚਾਰਾ ਮੁਸ਼ਕਿਲ ਹਾਲਾਤ ਉੱਤੇ ਫ਼ਤਹਿ ਪਾਉਣ ਲਈ ਮਕਬੂਲ ਹੈ, ਬਾਹਰਲੇ ਦੇਸ਼ਾਂ ਵਿਚ ਵੀ ਅਤੇ ਭਾਰਤ ਵਿਚ ਵੀ। ਇਸ ਪੁਸਤਕ ਵਿਚ ਸ਼ਾਮਿਲ ਇਕ ਸੌ ਚਮਕਦੇ ਸਿਤਾਰਿਆਂ ਵਿਚੋਂ 30 ਸਿਤਾਰੇ ਆਈ.ਏ.ਐੱਸ., ਆਈ.ਪੀ.ਐਸ., ਆਈ. ਐੱਫ. ਐੱਸ., ਆਈ.ਆਰ. ਐੱਸ. ਹਨ ਜੋ ਦੇਸ਼-ਪੱਧਰੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚੋਂ ਕਾਮਯਾਬੀ ਹਾਸਲ ਕਰਕੇ ਇਸ ਸਿਖਰਲੀ ਭਾਰਤੀ ਸਰਵਿਸ ਤੱਕ ਪਹੁੰਚੇ ਹਨ, ਇਨ੍ਹਾਂ ਵਿਚੋਂ ਗਿਆਰਾਂ ਸਿੱਖ ਬੀਬੀਆਂ ਹਨ। ਮਰਦਾਂ ਵਿਚ ਕਾਮਯਾਬ ਵਿਅਕਤੀਆਂ ਵਿਚ ਖਿਡਾਰੀ, ਮੀਡੀਆ-ਵਿਅਕਤੀ, ਕਲਾਕਾਰ, ਵਕੀਲ, ਜੱਜ, ਗਾਇਕ, ਡਾਕਟਰ, ਸਮਾਜ-ਸੇਵਕ, ਰਾਗੀ, ਫ਼ੌਜੀ ਅਫਸਰ, ਸ਼ੈੱਫ ਆਦਿ ਸ਼ਾਮਿਲ ਹਨ। ਵਿਸ਼ਲੇਸ਼ਣ ਇਹ ਵੀ ਜ਼ਾਹਰ ਕਰਦਾ ਹੈ ਕਿ ਫ਼ੌਜ ਵਲੋਂ ਰੁਝਾਨ ਘਟਿਆ ਹੈ। ਤਕਨਾਲੋਜੀ, ਇੰਜੀਨੀਅਰਿੰਗ, ਵਿਗਿਆਨ ਆਦਿ ਵਿਚ ਮੱਲਾਂ ਮਾਰਨ ਵਾਲੇ ਸਿੱਖ ਵੀ ਘੱਟ ਹੀ ਨਜ਼ਰ ਆਉਂਦੇ ਹਨ।
ਇਕੱਤੀ ਸਿੱਖ ਔਰਤਾਂ ਵਿਚੋਂ ਬਹੁਗਿਣਤੀ ਆਈ.ਏ.ਐੱਸ., ਆਈ. ਪੀ.ਐੱਸ., ਆਈ ਐੱਫ. ਐੱਸ. ਅਫ਼ਸਰਾਂ ਦੀ ਹੈ। ਦੂਜੇ ਨੰਬਰ 'ਤੇ ਖਿਡਾਰਨਾਂ ਹਨ, ਜਿਨ੍ਹਾਂ ਵਿਚ ਅੰਤਰਰਾਸ਼ਟਰੀ ਸ਼ੂਟਰ, ਬੌਕਸਰ, ਡਿਸਕਸ ਥਰੋਅਰ, ਗਤਕਾ-ਖਿਡਾਰਨਾਂ ਆਦਿ ਸ਼ਾਮਿਲ ਹਨ। ਦੋ-ਤਿੰਨ ਡਾਕਟਰ ਅਤੇ ਦੋ-ਤਿੰਨ ਮੀਡੀਆ ਐਗਜ਼ੈਕਟਿਵ ਹਨ। ਇਸ ਤੋਂ ਬਿਨਾਂ ਗਾਇਕ, ਮਨੋਵਿਗਿਆਨਕ, ਸਿੱਖਿਆ ਸ਼ਾਸਤਰੀ, ਸਮਾਜ-ਸੇਵਕ ਵੀ ਵਿਰਲੀ-ਵਿਰਲੀ ਲੋਅ ਮਾਰਦੇ ਹਨ। ਤਕਨਾਲੋਜੀ, ਇੰਜੀਨੀਅਰਿੰਗ, ਵਿਗਿਆਨ, ਅਦਾਕਾਰੀ ਅਤੇ ਖੇਤੀਬਾੜੀ ਦੇ ਖੇਤਰ ਵਿਚੋਂ ਕੋਈ ਸਿੱਖ-ਔਰਤ ਨਹੀਂ ਚੁਣੀ ਗਈ। ਔਰਤਾਂ ਦੇ ਪਰੰਪਰਾਗਤ ਕਿੱਤੇ ਜਿਵੇਂ ਟੇਲਰਿੰਗ, ਡਿਜ਼ਾਈਨਿੰਗ, ਕੁਕਰੀ ਆਦਿ ਵਿਚ ਵੀ ਸਿਰ ਕੱਢਵੇਂ ਨਾਂਅ ਲੇਖਕ ਨੂੰ ਸ਼ਾਇਦ ਨਹੀਂ ਮਿਲੇ ਲਗਦੇ। ਲੇਖਕ ਨੇ ਇਨ੍ਹਾਂ ਸਿੱਖ ਸ਼ਖ਼ਸੀਅਤਾਂ ਬਾਰੇ ਲਾਹੇਵੰਦੀ ਸਮੱਗਰੀ ਪ੍ਰਾਪਤ ਕਰਨ ਲਈ ਬੜੀ ਮਿਹਨਤ ਕੀਤੀ ਹੈ। ਉਸ ਦੀ ਚਾਹਨਾ ਜਾਪਦੀ ਹੈ ਕਿ ਪਾਠਕ ਵਿਅਕਤੀ-ਵਿਸ਼ੇਸ਼ ਬਾਰੇ ਪੜ੍ਹਨ, ਜਾਣਨ ਅਤੇ ਉਸ ਦੀ ਉੱਚ-ਪ੍ਰਾਪਤੀ ਤੋਂ ਪ੍ਰੇਰਨਾ ਲੈਣ। ਉਸ ਦੀ ਕੋਸ਼ਿਸ਼ ਹੈ ਕਿ ਉਹ ਪਾਠਕਾਂ ਨੂੰ ਇਨ੍ਹਾਂ ਸ਼ਖ਼ਸੀਅਤਾਂ ਦੀ ਕਾਮਯਾਬੀ ਦੇ ਰਾਜ਼ ਤੋਂ ਜਾਣੂੰ ਕਰਾ ਸਕੇ। ਉਹ ਹਰ ਚਮਕਦੇ ਸਿਤਾਰੇ ਦੇ ਪਰਿਵਾਰਕ ਪਿਛੋਕੜ ਉਤੇ ਸਾਡੀ ਝਾਤ ਪੁਆਉਂਦਾ ਹੈ ਅਤੇ ਵਿੱਦਿਅਕ ਪ੍ਰਾਪਤੀ ਉੱਪਰ ਵੀ ਫੋਕਸ ਕੇਂਦਰਿਤ ਕਰਦਾ ਹੈ। ਉਹ ਹਰ ਵਿਅਕਤੀ ਲਈ ਉਸ ਦੀ ਪ੍ਰਾਪਤੀ ਜਾਂ ਉਸ ਦੇ ਵਿਵਹਾਰ ਮੁਤਾਬਿਕ ਉਸ ਨੂੰ ਇਕ 'ਖ਼ਿਤਾਬ' ਦਿੰਦਾ ਹੈ: ਜਿਵੇਂ ਸਾਗਰ ਸਿੰਘ ਕਲਸੀ ਨੂੰ ਉਹ 'ਸ਼ੇਰ-ਦਿਲ ਪੁਲਿਸ ਅਫਸਰ' ਕਹਿੰਦਾ ਹੈ ਅਤੇ ਗੁਰਵਿੰਦਰ ਕੌਰ ਨੂੰ 'ਗਤਕੇ ਦੇ ਅਮਿੱਟ ਹਸਤਾਖਰ'; ਹਰਭਜਨ ਸਿੰਘ ਕ੍ਰਿਕਟਰ 'ਸਿੰਘ ਇਜ਼ ਕਿੰਗ' ਹੈ ਅਤੇ ਗੁਰਲੀਨ ਕੌਰ ਆਈ.ਐੱਫ.ਐੱਸ. (ਜਨੇਵਾ) 'ਸਮਰਪਿਤ ਅਫਸਰ'!
ਲੇਖਕ ਆਪਣਾ ਲਿਖਣ-ਮੰਤਵ ਵਿਅਕਤੀ ਵਿਸ਼ੇਸ਼ ਦੀ ਪ੍ਰਾਪਤੀ ਤੱਕ ਹੀ ਸੀਮਤ ਨਹੀਂ ਰੱਖਦਾ, ਸਗੋਂ ਉਹ ਉਸ ਵਿਅਕਤੀ ਵਿਸ਼ੇਸ਼ ਅੰਦਰਲੀ ਇਨਸਾਨੀਅਤ ਅਤੇ ਮਾਨਵੀ ਭਾਵਨਾਵਾਂ ਦੀ ਵਾਕਫ਼ੀਅਤ ਵੀ ਹਾਸਲ ਕਰਦਾ ਹੈੈ। ਉਸ ਨੂੰ ਸੱਤਾ ਪ੍ਰਾਪਤੀ ਤੋਂ ਬਾਅਦ ਸੇਵਾ-ਭਾਵ ਨਾਲ ਫ਼ਰਜ਼ ਨਿਭਾਉਣ ਵਾਲੇ ਵਿਅਕਤੀ ਚੰਗੇ ਲਗਦੇ ਹਨ। ਉਸ ਨੂੰ 'ਅਜੀਤ' ਦੀ ਚੀਫ਼ ਐਗਜ਼ੈਕਟਿਵ ਸਰਵਿੰਦਰ ਕੌਰ ਅਤੇ ਸੀਨੀਅਰ ਐਗਜ਼ੈਕਟਿਵ ਗੁਰਜੋਤ ਕੌਰ ਇਸ ਕਰਕੇ ਚੰਗੀਆਂ ਲਗਦੀਆਂ ਹਨ ਕਿ ਉਹ ਆਪਣੇ ਰੋਜ਼ਾਨਾ ਕੰਮ ਤੋਂ ਬਿਨਾਂ ਵਾਤਾਵਰਨ, ਨਾਰੀ ਨਿਕੇਤਨ ਅਤੇ ਹੋਰ ਸਮਾਜਿਕ ਸਰੋਕਾਰਾਂ ਲਈ ਕੰਮ ਕਰਦੀਆਂ ਹਨ। ਡਾ. ਇੰਦਰਪ੍ਰੀਤ ਕੌਰ ਵਧੀਆ ਡਾਕਟਰ ਹੋਣ ਦੇ ਨਾਲ ਨਾਲ ਉੱਚਪਾਏ ਦੀ ਕੀਰਤਨੀ ਵੀ ਹੈ। ਸ: ਜਸਪ੍ਰੀਤ ਸਿੰਘ ਆਈ.ਏ.ਐੱਸ. ਹੋਣ ਦੇ ਬਾਵਜੂਦ ਹਰ ਸਾਲ ਘੱਟੋ-ਘੱਟ 100 ਦੇ ਕਰੀਬ ਪੁਸਤਕਾਂ ਪੜ੍ਹਦੇ ਹਨ। ਲੇਖਕ ਹਰ ਸ਼ਖ਼ਸੀਅਤ ਤੋਂ ਨੌਜਵਾਨ ਪੀੜ੍ਹੀ ਲਈ ਸਿੱਖਿਆ-ਸੰਦੇਸ਼ ਦੀ ਮੰਗ ਕਰਦਾ ਹੈ, ਜਿਸ ਨੂੰ ਵੱਖਰੀ ਡੱਬੀ ਵਿਚ ਵਿਅਕਤੀ ਦੀ ਫੋਟੋ ਸਮੇਤ ਲਗਾਇਆ ਗਿਆ ਹੈ।
ਇਸ ਪੁਸਤਕ ਦੇ ਪਬਲਿਸ਼ਰ ਨੇ ਵੀ ਆਪਣਾ ਕਾਰਜ ਰੂਹ ਨਾਲ ਕੀਤਾ ਹੈ। ਵੱਡ-ਆਕਾਰੀ ਰੂਪ-ਸਰੂਪ ਤੋਂ ਬਿਨਾਂ ਪੁਸਤਕ ਲਈ ਉੱਚ-ਪੱਧਰੀ ਕਵਾਲਿਟੀ ਪੇਪਰ ਵਰਤਿਆ ਗਿਆ ਹੈੈ। ਹਰ ਵਿਅਕਤੀ ਨੂੰ ਦੋ ਸਫ਼ੇ ਦਿੱਤੇ ਗਏ ਹਨ : ਇਕ ਪੂਰੇ ਸਫ਼ੇ 'ਤੇ ਸ਼ਖ਼ਸੀਅਤ ਦੀ ਦਿਲ-ਖਿੱਚਵੀਂ ਫੋਟੋ ਲਗਾਈ ਗਈ ਹੈ ਅਤੇ ਸਾਹਮਣੇ ਸਫ਼ੇ 'ਤੇ ਯਾਦਗਾਰੀ ਤਿੰਨ-ਚਾਰ ਫੋਟੋਆਂ ਨਾਲ ਹਰ ਵਿਅਕਤੀ ਦਾ ਵੇਰਵਾ ਦਿੱਤਾ ਗਿਆ ਹੈ। ਵਧੀਆ ਵਿਦੇਸ਼ੀ ਕਾਗਜ਼ ਹੋਣ ਕਰਕੇ ਰੰਗਦਾਰ ਛੋਟੀਆਂ ਫੋਟੋਆਂ ਵੀ ਪ੍ਰਭਾਵਸ਼ਾਲੀ ਦਿੱਖ ਦਿੰਦੀਆਂ ਹਨ। ਇਹ ਫੋਟੋਆਂ ਵਿਅਕਤੀ ਦੇ ਜੀਵਨ ਦੇ ਮੀਲ-ਪੱਥਰ ਹਨ, ਅਨੁਭਵ-ਸ੍ਰੋਤ ਹਨ ਜਾਂ ਜਜ਼ਬਾਤੀ-ਚਸ਼ਮੇ ਹਨ।
ਅੰਤ ਵਿਚ ਸਹਿਜ-ਭਾ ਕਿਹਾ ਜਾ ਸਕਦਾ ਹੈ ਕਿ ਲੇਖਕ ਡਾ. ਪ੍ਰਭਲੀਨ ਸਿੰਘ ਆਪਣੇ ਯਤਨ ਵਿਚ ਕਾਮਯਾਬ ਰਹੇ ਹਨ।


ਡਾ: ਆਸਾ ਸਿੰਘ ਘੁੰਮਣ
ਮੋ: 97798-53245


ਹੀਰ ਕਾਵਿ ਵਿਚ ਪੰਜਾਬੀ ਰੀਤਾਂ-ਰਸਮਾਂ
ਸੱਭਿਆਚਾਰਕ ਪਰਿਵਰਤਨ

ਲੇਖਿਕਾ : ਡਾ. ਹਰਪ੍ਰੀਤ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 225 ਰੁਪਏ, ਸਫ਼ੇ : 124
ਸੰਪਰਕ : 83608-84816.


ਮੱਧ ਕਾਲੀਨ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਪੰਜਾਬੀ ਕਿੱਸਾ-ਕਾਵਿ ਪ੍ਰਮੁੱਖ ਧਾਰਾ ਵਜੋਂ ਸਥਾਪਤ ਹੋਂਦ ਰੱਖਦਾ ਹੈ। ਇਸੇ ਧਾਰਾ ਦੇ ਅਧੀਨ ਬਹੁਤ ਸਾਰੇ ਕਿੱਸੇ ਲਿਖੇ ਗਏ, ਜਿਨ੍ਹਾਂ 'ਚੋਂ ਹੀਰ ਕਾਵਿ ਸਰੇਸ਼ਟ ਕਿੱਸਾ-ਕਾਵਿ ਧਾਰਾ ਵਜੋਂ ਜਾਣਿਆ ਜਾਂਦਾ ਆ ਰਿਹਾ ਹੈ। ਸੋਲ੍ਹਵੀਂ ਸਦੀ ਤੋਂ ਉੱਨ੍ਹੀਵੀਂ ਸਦੀ ਤੱਕ ਹੀ ਨਹੀਂ, ਇਹ ਕਾਵਿ ਪਰੰਪਰਾ 20ਵੀਂ ਸਦੀ ਤੱਕ ਵੀ ਖੂਬ ਪ੍ਰਚੱਲਿਤ ਰਹੀ ਹੈ। ਇਸ ਖੋਜ ਪੁਸਤਕ ਵਿਚ ਲੇਖਿਕਾ ਨੇ ਇਨ੍ਹਾਂ ਕਾਲ-ਖੰਡਾਂ 'ਚ ਹੀਰ ਕਾਵਿ ਦੇ ਬਹੁਤ ਸਾਰੇ ਲੇਖਕਾਂ ਦਾ ਜ਼ਿਕਰ ਬੜੇ ਫ਼ਕਰ ਨਾਲ ਕਰਕੇ, ਵੱਖ-ਵੱਖ ਕਾਲ-ਸਮਿਆਂ ਵਿਚ ਬਦਲਦੀਆਂ ਸੋਚ-ਦ੍ਰਿਸ਼ਟੀਆਂ ਅਤੇ ਰੀਤਾਂ-ਰਸਮਾਂ ਦਾ ਬਾਰੀਕੀ ਨਾਲ ਨਿਰੀਖਣ, ਪਰੀਖਣ ਸੰਖਿਪਤ ਵਰਨਣ ਰਾਹੀਂ ਪ੍ਰਗਟ ਕੀਤਾ ਹੈ ਜੋ ਲੋਕਧਾਰਾਈ ਅਧਿਐਨ ਪ੍ਰਣਾਲੀ ਜ਼ਰੀਏ ਪਾਠਕਾਂ ਦੇ ਸਨਮੁੱਖ ਹੈ। ਪੁਸਤਕ ਦੇ ਅੱਠ ਕਾਂਡ ਹਨ। ਇਨ੍ਹਾਂ ਵਿਚੋਂ ਪਹਿਲੇ ਤਿੰਨ ਕਾਂਡ ਪੰਜਾਬੀ ਕਿੱਸਾ ਕਾਵਿ ਧਾਰਾ ਅਤੇ ਹੀਰ ਕਾਵਿ , ਕਿੱਸਾ ਕਾਵਿ ਦਾ ਲੋਕਧਾਰਾ ਨਾਲ ਸਬੰਧ ਅਤੇ ਰੀਤਾਂ-ਰਸਮਾਂ ਦੇ ਸਿਧਾਂਤਕ ਸਰੂਪ ਨਾਲ ਸਬੰਧਿਤ ਹਨ। ਇਸ ਤੋਂ ਅੱਗੇ ਸੋਲ੍ਹਵੀਂ ਤੋਂ ਲੈ ਕੇ ਉੱਨ੍ਹੀਵੀਂ ਸਦੀ ਦੇ ਹੀਰ ਕਾਵਿ ਵਿਚ ਪ੍ਰਚੱਲਿਤ ਜਨਮ, ਵਿਆਹ ਅਤੇ ਹੋਰ ਸਬੰਧਿਤ ਰਸਮਾਂ-ਰੀਤਾਂ ਨੂੰ ਦਮੋਦਰ ਰਚਿਤ ਹੀਰ ਇਸ ਤੋਂ ਅੱਗੇ ਹੀਰ ਮੁਕਬਲ, ਹੀਰ ਵਾਰਿਸ, ਹੀਰ ਅਹਿਮਦਯਾਰ, ਹੀਰ ਭਗਵਾਨ ਸਿੰਘ ਅਤੇ ਹੀਰ ਹਜ਼ੂਰਾ ਸਿੰਘ ਬੁਟਾਹਰੀ ਆਦਿ ਚਾਰ ਪੰਜ ਸਦੀਆਂ ਦੇ ਕਾਵਿ-ਚਿੰਤਨ ਨੂੰ ਗੰਭੀਰਤਾ ਨਾਲ ਸਮਝ ਕੇ ਇਨ੍ਹਾਂ ਵਿਚਲੇ ਸੱਭਿਆਚਾਰਕ ਪਰਿਵਰਤਨ, ਸੋਚ-ਦ੍ਰਿਸ਼ਟੀ, ਰਿਸ਼ਤਿਆਂ-ਨਾਤਿਆਂ ਦੇ ਵਰਤੋਂ-ਵਿਹਾਰ ਦੀਆਂ ਰਸਮਾਂ-ਰੀਤਾਂ ਨੂੰ ਖੂਬ ਬਿਆਨਿਆ ਹੈ। ਇਥੇ ਹੀ ਬਸ ਨਹੀਂ ਲੇਖਿਕਾ ਦੀ ਖੋਜ ਪੱਧਤੀ, ਨਾਥਾਂ ਜੋਗੀਆਂ ਦੀ ਦ੍ਰਿਸ਼ਟੀ ਤੋਂ ਲੈ ਕੇ ਦਮੋਦਰ ਤੱਕ ਪੰਜਾਬੀ ਸੱਭਿਆਚਾਰ ਨੂੰ ਕਿਵੇਂ ਬਦਲਦੀ ਹੈ, ਉਸ ਦਾ ਵੀ ਵਰਨਣ ਹੈ ਅਤੇ ਨਾਲ ਦੀ ਨਾਲ ਮੁਕਬਲ ਅਤੇ ਵਾਰਿਸ ਸ਼ਾਹ ਨੇ ਪੰਜਾਬੀ ਸੱਭਿਆਚਾਰ ਦੇ ਮੂਲ ਸਰੋਕਾਰਾਂ ਨੂੰ ਜਿਸ ਕਦਰ ਬਿਆਨ ਕੀਤਾ, ਉਸ ਦੀ ਵੀ ਪਛਾਣਦੇਹੀ ਹੈ। ਇਸੇ ਤਰ੍ਹਾਂ ਅਹਿਮਦਯਾਰ, ਭਗਵਾਨ ਸਿੰਘ ਅਤੇ ਹਜ਼ੂਰਾ ਸਿੰਘ ਬੁਟਾਹਰੀ ਦੀਆਂ ਹੀਰ ਕਾਵਿ ਸਬੰਧੀ ਰਚਨਾਵਾਂ ਵਿਚੋਂ ਉੱਘੜਦੀਆਂ ਰਸਮਾਂ-ਰੀਤਾਂ ਦਾ ਵੀ ਖੂਬ ਜ਼ਿਕਰ ਹੈ। ਲੇਖਿਕਾ ਨੇ ਧਰਮ, ਕਰਮ, ਲੋਕ ਵਿਸ਼ਵਾਸ ਅਤੇ ਹੋਰ ਗੁਪਤ ਜਾਂ ਪ੍ਰਗਟ ਰਹੁ-ਰੀਤਾਂ ਨੂੰ ਵੀ ਗਹਿਨ ਗੰਭੀਰ ਦ੍ਰਿਸ਼ਟੀ ਤੋਂ ਸਮਝ ਕੇ ਪੁਸਤਕ ਵਿਚ ਪ੍ਰਗਟ ਕੀਤਾ ਹੈ ਜੋ ਕਿ ਪੁਸਤਕ ਦਾ ਹਾਸਲ ਹੈ।


ਡਾ. ਜਗੀਰ ਸਿੰਘ ਨੂਰ
ਮੋ: 98142-09732


ਬੋਲ ਬਾਬਾ ਸਾਹਬ ਦੇ

(ਡਾ. ਬਾਬਾ ਸਾਹਬ ਅੰਬੇਦਕਰ, ਲਿਖਤਾਂ ਤੇ ਭਾਸ਼ਨ)
ਅਨੁਵਾਦਕ ਅਤੇ ਸੰਖੇਪ : ਸੋਹਣ ਸਹਿਜਲ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 150 ਰੁਪਏ, ਸਫ਼ੇ : 152
ਸੰਪਰਕ : 91151-75174.


ਲੇਖਕ ਨੇ ਇਸ ਪੁਸਤਕ ਵਿਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੇ ਮੂਲ ਵਿਚਾਰਾਂ ਨੂੰ ਪੇਸ਼ ਕੀਤਾ ਹੈ। ਲੇਖਕ ਮੁਤਾਬਿਕ ਅਸੀਂ ਕਈ ਵਾਰ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਆਪਣੇ ਵਲੋਂ ਨਵੀਂ ਰੰਗਣ ਦੇ ਕੇ ਪਾਠਕਾਂ ਦੇ ਸਨਮੁੱਖ ਪੇਸ਼ ਕਰਦੇ ਹਾਂ। ਸਾਡਾ ਫ਼ਰਜ਼ ਬਣਦਾ ਹੈ ਕਿ ਉਨ੍ਹਾਂ ਦੇ ਅਸਲ ਬੋਲ, ਅਸਲ ਸ਼ਬਦ, ਅਸਲ ਵਾਕ, ਅਸਲ ਵਿਚਾਰਾਂ ਨੂੰ ਗ੍ਰਹਿਣ ਵੀ ਕਰੀਏ ਅਤੇ ਉਨ੍ਹਾਂ ਦੇ ਵਿਚਾਰਾਂ ਪ੍ਰਚਾਰ ਤੇ ਪ੍ਰਸਾਰ ਕਰਨ ਦਾ ਯਤਨ ਵੀ ਕਰੀਏ।
ਲੇਖਕ ਮੁਤਾਬਿਕ ਬਾਬਾ ਸਾਹਿਬ ਖ਼ੁਦ ਇਸ ਗੱਲ ਨੂੰ ਪ੍ਰਵਾਨ ਕਰਦੇ ਹਨ ਕਿ ਜਿਹੜੇ ਲੋਕ ਸਮਝ ਕੇ ਅਤੇ ਵਿਚਾਰ ਕੇ ਮੇਰੇ ਵਿਚਾਰਾਂ ਨੂੰ ਪ੍ਰਚਾਰਨ ਵਿਚ ਆਪਣਾ ਬਹੁਮੁੱਲਾ ਯੋਗਦਾਨ ਪਾ ਰਹੇ ਹਨ, ਉਹ ਲੋਕ ਸੱਚਮੁੱਚ ਹੀ ਸਤਿਕਾਰ ਦੇ ਪਾਤਰ ਹਨ। ਅਸਲ ਵਿਚ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਸਾਡੇ ਸੰਵਿਧਾਨ ਵਿਚ ਮੌਜੂਦ ਹੈ। ਲੇਖਕ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਜੇ ਬਾਬਾ ਸਾਹਿਬ ਸਾਧਾਰਨ ਪਰਿਵਾਰ ਵਿਚ ਜਨਮ ਲੈ ਕੇ ਦੁਨੀਆ ਲਈ ਰੌਸ਼ਨ ਮੀਨਾਰ ਬਣ ਸਕਦੇ ਹਨ, ਸੰਵਿਧਾਨ ਨਿਰਮਾਤਾ, ਨਾਰੀ ਜਾਤੀ ਲਈ ਮੁਕਤੀਦਾਤਾ ਹੋਣ ਦਾ ਸਨਮਾਨ ਪ੍ਰਾਪਤ ਕਰ ਸਕਦੇ ਹਨ ਤਾਂ ਅਸੀਂ ਬਾਬਾ ਸਾਹਿਬ ਦੇ ਪੈਰੋਕਾਰ ਵੀ ਵਡਮੁੱਲੀਆਂ ਮੱਲਾਂ ਮਾਰ ਸਕਦੇ ਹਾਂ।
ਇਸ ਪੁਸਤਕ ਵਿਚ ਬਾਬਾ ਸਾਹਿਬ ਦੇ ਵਿਚਾਰਾਂ ਦਾ ਅਨੁਵਾਦ ਸੰਖੇਪ ਰੂਪ ਵਿਚ ਪੇਸ਼ ਕਰਕੇ ਸੀਮਤ ਪੰਨਿਆਂ ਵਿਚ ਵੱਡ-ਆਕਾਰੀ ਪੁਸਤਕਾਂ ਨੂੰ ਸਮੇਟਣ ਦਾ ਭਰਪੂਰ ਤੇ ਸਫਲ ਉਪਰਾਲਾ ਹੈ। ਬਾਬਾ ਸਾਹਿਬ ਦੇ ਵਿਚਾਰਾਂ ਅਤੇ ਭਾਸ਼ਨਾਂ ਨੂੰ 1 ਤੋਂ ਲੈ ਕੇ 159 ਤੱਕ ਪੇਸ਼ ਕਰਦਿਆਂ ਲੇਖਕ ਨੇ ਮੇਰਾ ਸਮਾਜਿਕ ਦਰਸ਼ਨ, ਕੋਰੇਗਾਉਂ ਜੰਗੀ ਯਾਦਗਾਰ ਦੀ ਮਹੱਤਤਾ, ਮਨੁੱਖ ਦਾ ਮਹੱਤਵ ਸਵੈਸਿੱਧ ਹੈ, ਵਿਧਾਨ ਸਭਾਵਾਂ ਲਈ ਸਹੀ ਨੁਮਾਇੰਦੇ ਭੇਜੋ, ਸੱਤਾ ਅਤੇ ਸਨਮਾਨ ਤੁਹਾਨੂੰ ਸੰਘਰਸ਼ ਰਾਹੀਂ ਪ੍ਰਾਪਤ ਹੋਏ ਹਨ, ਕਿਸਮਤ ਵਿਚ ਨਹੀਂ, ਆਪਣੀ ਤਾਕਤ 'ਤੇ ਭਰੋਸਾ ਰੱਖੋ, ਕਿਸੇ ਸਾਜਿਸ਼ ਦਾ ਸ਼ਿਕਾਰ ਨਾ ਹੋਵੇ, ਤੁਹਾਡੀ ਮੁਕਤੀ, ਤੁਹਾਡੇ ਹੱਥ ਹੈ। ਹਿੰਦੂ ਕੋਡ ਸਿਵਲ ਕੋਡ ਵੱਲ ਸਹੀ ਕਦਮ ਸੀ, ਮੇਰਾ ਜੀਵਨ ਮੇਰਾ ਫਲਸਫਾ, ਭਾਰਤ ਵਿਚ ਲੋਕਤੰਤਰ ਦਾ ਭਵਿੱਖ ਆਦਿ ਅਨੇਕਾਂ ਭਾਸ਼ਨਾਂ ਦੇ ਵਿਚਾਰਾਂ ਦਾ ਇਹ ਸੰਗ੍ਰਹਿ ਪਾਠਕਾਂ ਨੂੰ ਬਾਬਾ ਸਾਹਿਬ ਦੇ ਵਡਮੁੱਲੇ ਦਰਸ਼ਨ (ਫਿਲਾਸਫੀ) ਨਾਲ ਜੋੜਦਾ ਹੈ। ਲੇਖਕ ਸੰਖੇਪ ਰੂਪ ਵਿਚ ਪਾਠਕ ਨੂੰ ਬਾਬਾ ਸਾਹਿਬ ਦੀ ਅੰਤਰ-ਆਤਮਾ ਨਾਲ ਜੋੜਨ ਲਈ ਵਧਾਈ ਦਾ ਪਾਤਰ ਹੈ।


ਭਗਵਾਨ ਸਿੰਘ ਜੌਹਲ
ਮੋ: 98143-24040.


ਸ਼ੇਖ ਚਿਲੀ ਦੀਆਂ ਸ਼ੇਖੀਆਂ ਅਤੇ ਹੋਰ ਬਾਲ ਕਹਾਣੀਆਂ
ਸੰਪਾ: ਅਤੇ ਅਨੁ: ਡਾ. ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 180 ਰੁਪਏ, ਸਫ਼ੇ : 120
ਸੰਪਰਕ : 099588-31357.


ਸ਼ੇਖ ਚਿਲੀ ਅਜਿਹਾ ਪਾਤਰ ਹੈ ਜਿਸ ਤੋਂ ਲਗਭਗ ਸਾਰੇ ਹੀ ਜਾਣੂ ਸਨ। ਉਹ ਸ਼ੇਖੀਆਂ ਮਾਰਨ ਵਿਚ ਮਾਹਰ ਸੀ। ਹੁਣ ਵੀ ਜਦੋਂ ਕੋਈ ਸ਼ੇਖੀ ਮਾਰਦਾ ਹੈ ਤਾਂ ਉਸ ਨੂੰ ਸ਼ੇਖ ਚਿਲੀ ਆਖਿਆ ਜਾਂਦਾ ਹੈ। ਬੱਚੇ ਇਸ ਦੇ ਕਾਰਨਾਮੇ ਬਹੁਤ ਹੀ ਦਿਲਚਸਪੀ ਨਾਲ ਪੜ੍ਹਦੇ ਹਨ ਤੇ ਖੂਬ ਖੁਸ਼ ਹੁੰਦੇ ਹਨ। ਇਸ ਪੁਸਤਕ ਵਿਚ ਸ਼ੇਖ ਚਿਲੀ ਦੇ 39 ਕਾਰਨਾਮੇ ਅੰਕਿਤ ਕੀਤੇ ਗਏ ਹਨ। ਇਸ ਦੇ ਨਾਲ ਹੀ ਅੱਠ ਹੋਰ ਬਾਲ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਡਾ. ਬਲਦੇਵ ਸਿੰਘ ਬੱਦਨ ਦਾ ਬਤੌਰ ਸੰਪਾਦਕ ਅਤੇ ਅਨੁਵਾਦਕ ਲੰਬਾ ਤਜਰਬਾ ਹੈ। ਉਹ ਨੈਸ਼ਨਲ ਬੁੱਕ ਟਰੱਸਟ ਨਵੀਂ ਦਿੱਲੀ ਤੋਂ ਬਤੌਰ ਸੰਪਾਦਕ ਸੇਵਾ-ਮੁਕਤ ਹੋਏ ਹਨ। ਸ਼ੇਖ ਚਿਲੀ ਦੇ ਹਾਸੇ ਦੇ ਬਹੁਤ ਸਾਰੇ ਪ੍ਰਸੰਗ ਪ੍ਰਸਿੱਧ ਹਨ। ਹਾਸੇ ਮਜ਼ਾਕ ਨਾਲ ਭਰੇ ਵਧੀਆ ਪ੍ਰਸੰਗ ਪੁਸਤਕ ਵਿਚ ਸ਼ਾਮਿਲ ਕੀਤੇ ਗਏ ਹਨ। ਇਸੇ ਤਰ੍ਹਾਂ ਅੱਠ ਪ੍ਰਸਿੱਧ ਭਾਰਤੀ ਤੇ ਵਿਦੇਸ਼ੀ ਬਾਲ ਕਹਾਣੀਆਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਇਨ੍ਹਾਂ ਦਾ ਵਧੀਆ ਅਨੁਵਾਦ ਹੋਣ ਕਰਕੇ ਇਹ ਬਿਲਕੁਲ ਪੰਜਾਬੀ ਵਿਚ ਲਿਖੀਆਂ ਕਹਾਣੀਆਂ ਹੀ ਜਾਪਦੀਆਂ ਹਨ। ਪੰਜਾਬੀ ਵਿਚ ਵਧੀਆ ਬਾਲ ਸਾਹਿਤ ਦੀ ਘਾਟ ਨੂੰ ਪੂਰਾ ਕਰਨ ਵਿਚ ਪੁਸਤਕ ਅਹਿਮ ਭੂਮਿਕਾ ਨਿਭਾਏਗੀ। ਇਹ ਸਾਰੀਆਂ ਕਹਾਣੀਆਂ ਕੇਵਲ ਮਨੋਰੰਜਨ ਹੀ ਨਹੀਂ ਕਰਦੀਆਂ ਸਗੋਂ ਸਿੱਖਿਆ ਵੀ ਦਿੰਦੀਆਂ ਹਨ। ਅਜਿਹੇ ਸਿੱਖਿਆ ਭਰੇ ਰੌਚਕ ਬਾਲ ਸਾਹਿਤ ਦੀ ਪੰਜਾਬੀ ਵਿਚ ਬਹੁਤ ਲੋੜ ਹੈ। ਅੱਜ ਜਿਹੋ ਜਿਹੇ ਮਾਹੌਲ ਵਿਚੋਂ ਅਸੀਂ ਗੁਜ਼ਰ ਰਹੇ ਹਾਂ, ਉਥੇ ਬੱਚਿਆਂ ਦਾ ਆਪੋ ਵਿਚ ਬੈਠ ਕੇ ਖੁੱਲ੍ਹ ਕੇ ਹੱਸਣਾ ਸੁਪਨਾ ਹੀ ਬਣ ਗਿਆ ਹੈ। ਹੱਸਣ ਦੀ ਦਾਤ ਪਰਮਾਤਮਾ ਨੇ ਕੇਵਲ ਮਨੁੱਖਾਂ ਨੂੰ ਹੀ ਬਖਸ਼ੀ ਹੈ। ਹੱਸਣਾ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ। ਸ਼ੇਖ ਚਿਲੀ ਦੀਆਂ ਬੇਵਕੂਫੀਆਂ ਬੇਜੋੜ ਹਨ। ਜਿਥੇ ਇਨ੍ਹਾਂ ਪ੍ਰਸੰਗਾਂ ਨੂੰ ਪੜ੍ਹ ਕੇ ਉਸ ਦੀਆਂ ਬੇਵਕੂਫੀਆਂ 'ਤੇ ਹਾਸਾ ਆਉਂਦਾ ਹੈ, ਉਥੇ ਸਬਕ ਵੀ ਮਿਲਦਾ ਹੈ। ਡਾ. ਬੱਦਨ ਪੁਸਤਕ ਵਿਚ ਸ਼ਾਮਿਲ ਕਹਾਣੀਆਂ ਦੀ ਵਧੀਆ ਚੋਣ ਲਈ ਵਧਾਈ ਦਾ ਪਾਤਰ ਹੈ। ਇਸ ਕਿਤਾਬ ਨੂੰ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ।


ਡਾ. ਰਣਜੀਤ ਸਿੰਘ
ਮੋ: 94170-87328


ਦਿਸ਼ਾ ਬਦਲਦੀ ਹਵਾ
ਲੇਖਕ : ਹਰਭਜਨ ਸਿੰਘ ਖੇਮਕਰਨੀ
ਪ੍ਰਕਾਸ਼ਕ : ਪ੍ਰੇਰਨਾ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 98781-31525.


ਮਿੰਨੀ ਕਥਾਕਾਰ ਵਜੋਂ ਸਥਾਪਤ ਬਹੁਵਿਧਾਵੀ ਸਾਹਿਤਕਾਰ ਦੀ ਇਹ ਪੁਸਤਕ ਨਿਰੋਲ ਕਹਾਣੀਆਂ ਦੀ ਹੈ। ਸੰਗ੍ਰਹਿ ਵਿਚ ਦਸ ਕਹਾਣੀਆਂ ਹਨ। ਇਸ ਕਿਤਾਬ ਸਮੇਤ ਉਸ ਦੇ ਗਿਆਰਾਂ ਸੰਗ੍ਰਹਿ ਛਪੇ ਹਨ। ਸੰਗ੍ਰਹਿ ਦੀ ਭੂਮਿਕਾ ਵਿਚ ਡਾ. ਸੰਦੀਪ ਰਾਣਾ ਨੇ ਕਹਾਣੀਆਂ ਦੇ ਨਵੇਂ ਦ੍ਰਿਸ਼ਟੀਕੋਣਾਂ ਦੀ ਨਿਸ਼ਾਨਦੇਹੀ ਕੀਤੀ ਹੈ। ਖੇਮਕਰਨੀ ਨੇ ਕਹਾਣੀਆਂ ਵਿਚ ਮਨੁੱਖੀ ਕਿਰਦਾਰ ਦੀਆਂ ਕਈ ਪਰਤਾਂ ਨੂੰ ਫਰੋਲਿਆ ਹੈ। ਕਹਾਣੀਆਂ ਵਿਚ ਮਰਦ-ਔਰਤ ਦੇ ਰਿਸ਼ਤਿਆਂ ਨੂੰ ਕਈ ਦਿਸ਼ਾਵਾਂ ਤੋਂ ਚਿਤਰਿਆ ਹੈ। 'ਸੂਰਜੀ ਸਫ਼ਰ' ਵਿਚ ਚੰਨਣ ਸਿੰਘ ਘਰ ਦਾ ਬਜ਼ੁਰਗ ਮੁਖੀ ਹੈ। ਦੋ ਪੁੱਤਰ ਤੇ ਇਕ ਧੀ ਹੈ। ਪੁੱਤਰ ਵਿਆਹੇ ਜਾਂਦੇ ਹਨ। ਜ਼ਮੀਨ ਵਿਚੋਂ ਧੀ ਦਾ ਹਿੱਸਾ ਰੱਖਦਾ ਹੈ। ਨੂੰਹ ਨੂੰ ਕਹਿੰਦਾ ਹੈ ਕਿ ਉਹ ਆਪਣੀ ਤਨਖਾਹ ਓਨਾ ਚਿਰ ਪੇਕਿਆਂ ਨੂੰ ਦੇਵੇ ਜਿੰਨਾ ਚਿਰ ਉਸ ਦੀ ਛੋਟੀ ਭੈਣ ਨੂੰ ਨੌਕਰੀ ਨਹੀਂ ਮਿਲਦੀ। ਇਹ ਵੱਖਰੀ ਮਿਸਾਲ ਹੈ। ਉਸ ਦੀ ਪਤਨੀ ਦੇ ਬੋਲ ਹਨ ਜਿਨ੍ਹਾਂ ਜਣੀਆਂ ਉਨ੍ਹਾਂ ਨੂੰ ਬਣੀਆਂ ਚੰਗੀ ਗਲ ਏ ਤੂੰ ਪੋਤਰੀਆਂ ਬਾਰੇ ਵੀ ਸੋਚ ਲਿਆ। ਬੰਦਾ ਸੱਤ ਪੀੜ੍ਹੀਆਂ ਤੱਕ ਫ਼ਿਕਰ ਕਰਦਾ ਮਰ ਜਾਂਦਾ (ਪੰਨਾ 25)। 'ਦਹਿਲੀਜ਼' ਕਹਾਣੀ ਵਿਚ ਮਰਦ ਪਾਤਰ ਦੀ ਨੇੜਤਾ ਗੁਆਂਢਣ ਨਾਲ ਹੈ। ਕਹਾਣੀਕਾਰ ਇਨ੍ਹਾਂ ਸਬੰਧਾਂ ਦੀ ਸੰਤਰਿਆਂ ਨਾਲ ਤੁਲਨਾ ਕੇ ਕਹਾਣੀ ਵਿਚ ਰਸ ਭਰਦਾ ਹੈ। ਉਹ ਮਰਦ ਪਾਤਰ ਦੀ ਕਾਮੁਕ ਬਿਰਤੀ ਨੂੰ ਸਹਿਜੇ-ਸਹਿਜੇ ਪੇਸ਼ ਕਰਦਾ ਹੈ। ਸਿਰਲੇਖ ਵਾਲੀ ਕਹਾਣੀ ਦਾ ਪਾਤਰ ਇੰਟਰਵਿਊ ਲਈ ਰੇਲ ਸਫ਼ਰ ਕਰ ਰਿਹਾ ਹੈ। ਦਿੱਲੀ ਜਾਣਾ ਹੈ। ਪਰ ਸਾਹਮਣੀ ਸੀਟ 'ਤੇ ਬੈਠੀ ਹੁਸੀਨ ਔਰਤ ਦੀ ਮੁਹੱਬਤ ਵਿਚੋਂ ਆਪਣੀ ਮਾਨਸਿਕਤਾ ਨੂੰ ਸੰਤੁਸ਼ਟ ਕਰਦਾ ਹੈ। ਮੰਜ਼ਿਲ ਵਾਲੇ ਘਰ ਪਹੁੰਚ ਕੇ ਵੀ ਉਸ ਦੀ ਯਾਦ ਰਹਿ-ਰਹਿ ਕੇ ਆਉਂਦੀ ਹੈ। 'ਬੱਦਲਵਾਈ ਦੀ ਧੁੱਪ' ਦੀ ਔਰਤ ਪਾਤਰ ਦੀ ਖੂਬਸੂਰਤੀ ਦਾ ਜ਼ਿਕਰ ਕਹਾਣੀ ਵਿਚ ਸੁਹਜਮਈ ਰੰਗ ਭਰਨ ਵਾਲੀ ਹੈ। ਵਿਆਹ ਬਾਹਰੇ ਰਿਸ਼ਤੇ ਸਿਰਜ ਕੇ ਕਹਾਣੀਕਾਰ ਨੇ ਮਰਦ ਮਾਨਸਿਕਤਾ ਦਾ ਉਲਾਰ ਪੱਖ ਪੇਸ਼ ਕੀਤਾ ਹੈ। ਕਹਾਣੀਆਂ 'ਚ ਪਾਤਰ ਅਜੋਕੀ ਸਿਆਸਤ ਬਾਰੇ ਵੀ ਰੌਚਕ ਸੰਵਾਦ ਰਚਾਉਂਦੇ ਹਨ। ਕਹਾਣੀਆਂ ਦੀਆਂ ਪਾਤਰ ਔਰਤਾਂ ਬੇਬਾਕ ਹਨ। ਮਰਦ ਬੇਗਾਨੀ ਖੁਰਲੀ ਦੀ ਝਾਕ ਰੱਖਣ ਵਾਲੇ ਹਨ। ਅਣਮਹਿਕੇ ਫੁੱਲ, ਧੁੜਕੂ, ਬਿਖਰੀ ਸਤਰੰਗੀ, ਇਕਲਾਪੇ ਦੀ ਚੀਸ, ਕਸਤੂਰੀ ਦੀ ਮਹਿਕ ਸੰਗ੍ਰਹਿ ਦੀਆਂ ਰੌਚਕ ਤੇ ਪੜ੍ਹਨ ਵਾਲੀਆਂ ਕਹਾਣੀਆਂ ਹਨ।


ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160

10-07-2021

 ਡੂਢ ਕਿੱਲਾ
ਲੇਖਕ : ਐਸ. ਅਸ਼ੋਕ ਭੌਰਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 206
ਸੰਪਰਕ : 95011-45039.

ਇਸ ਕਿਤਾਬ ਦੇ ਆਰੰਭ ਵਿਚ ਲੇਖਕ ਲਿਖਦਾ ਹੈ, 'ਅੱਜ ਮੈਂ ਕਹਾਣੀਕਾਰ ਬੋਲਦਾ ਹਾਂ।' ਇਹ ਪੜ੍ਹ ਕੇ ਸਹਿਜੇ ਹੀ ਅਨੁਮਾਨ ਲੱਗ ਜਾਂਦਾ ਹੈ ਕਿ ਇਹ ਲੇਖਕ ਦਾ ਪਲੇਠਾ ਕਹਾਣੀ ਸੰਗ੍ਰਹਿ ਹੈ। ਇਸ ਵਿਚ 33 ਕਹਾਣੀਆਂ ਹਨ। ਇਨ੍ਹਾਂ ਦੇ ਵਿਸ਼ੇ ਪੰਜਾਬ ਦੇ ਪੇਂਡੂ ਖੇਤਰ ਨਾਲ ਸਬੰਧਿਤ ਹਨ। ਮਸਲਨ: ਕਿਸਾਨਾਂ ਦੀਆਂ ਜ਼ਮੀਨਾਂ ਦੇ ਝਗੜੇ, ਵਾਪਰਦੀਆਂ ਦੁਰਘਟਨਾਵਾਂ, ਅਣਹੋਣੀਆਂ ਮੌਤਾਂ, ਅੰਨ੍ਹੀ ਸ਼ਰਧਾ, ਬਦਮਾਸ਼ ਬੰਦੇ ਅਤੇ ਔਰਤਾਂ, ਬਿਰਧ ਆਸ਼ਰਮ-ਰੁਲਦੇ ਬੁਢਾਪੇ, ਕੁੱਖਾਂ ਦੀਆਂ ਸਮੱਸਿਆਵਾਂ, ਡਾਲਰਾਂ ਨਾਲ ਮੁਟਿਆਰਾਂ ਦਾ ਗਲਨੈੜ, ਧੀਆਂ ਨਾਲ ਦੁਰਵਿਹਾਰ, ਕੁਦਰਤ ਦੇ ਚਮਤਕਾਰ, ਕੁਦਰਤ ਦੀ ਕਰੋਪੀ, ਪ੍ਰੇਮ-ਵਿਆਹ, ਅੰਤਰਜਾਤੀ ਵਿਆਹ, ਅਣਖ ਲਈ ਕਤਲ, ਅਵੈਧ ਸਬੰਧਾਂ ਦੀ ਦਾਸਤਾਂ, ਵੇਸ਼ਵਾ-ਧੰਦੇ, ਈਡੀਪਸ ਗੁੰਝਲ, ਰੁਜ਼ਗਾਰ ਲਈ ਪ੍ਰਵਾਸ, ਪ੍ਰਵਾਸ 'ਚ ਧੱਕੇ, ਕਰਜ਼ ਚੁੱਕਦੇ ਮਾਪੇ, ਏਜੰਟਾਂ ਦੀ ਲੁੱਟ, ਬੁਰਾ ਜ਼ਮਾਨਾ, ਕਰਨੀ-ਭਰਨੀ, ਧਰਤੀ 'ਤੇ ਹੀ ਨਰਕ-ਸੁਰਗ, ਰੱਬ ਨਾਲ ਝਗੜੇ, ਵੋਟਾਂ ਸਮੇਂ ਨੇਤਾਵਾਂ ਦੇ ਲਾਰੇ, ਸਮਕਾਲੀ ਰਾਜਸੀ ਵਿਅੰਗ, ਹਰਨਾਕਸ਼ੀ ਲੋਕ, ਬੜਬੋਲਿਆਂ ਨਾਲ ਦੁਰਵਿਵਹਾਰ, ਖੂਹਾਂ ਦਾ ਸੁੱਕਣਾ-ਤ੍ਰਿੰਝਣਾਂ ਦਾ ਟੁੱਟਣਾ, ਪਿੱਪਲਾਂ ਦਾ ਪੁੱਟਣਾ, ਇੱਜ਼ਤਾਂ ਨੂੰ ਲੁੱਟਣਾ ਆਦਿ। ਕਹਿਣ ਦਾ ਭਾਵ ਸ਼ਾਇਦ ਹੀ ਪੰਜਾਬੀ ਜਨ-ਜੀਵਨ ਦੀ ਕੋਈ ਸਮੱਸਿਆ ਹੋਵੇ ਜੋ ਵਿਸ਼ਾਗਤ ਘੇਰੇ ਤੋਂ ਬਾਹਰ ਰਹਿ ਗਈ ਹੋਵੇ।
ਰਚਨਾਤਮਿਕ ਪਰਦੇ ਉਹਲੇ ਤਾਂ ਹਰ ਲੇਖਕ ਦੀ ਸ਼ਖ਼ਸੀਅਤ ਖੜ੍ਹੀ ਹੁੰਦੀ ਹੈ ਪਰ ਕਈ ਲੇਖਕ ਕਥਾ ਕਹਿੰਦੇ-ਕਹਿੰਦੇ ਸੁਭਾਵਿਕ ਹੀ ਅਜਿਹਾ ਪਰਦਾ ਹਟਾ ਦਿੰਦੇ ਹਨ ਅਤੇ ਸਿੱਧਾ ਹੀ ਪਾਠਕਾਂ ਨੂੰ ਮੂੰਹ ਵਿਖਾ ਦਿੰਦੇ ਹਨ। ਅਜਿਹਾ ਹੀ ਕਿਤੇ-ਕਿਤੇ ਭੌਰਾ ਸਾਹਿਬ ਵੀ ਕਰ ਜਾਂਦੇ ਹਨ। ਮੇਰੇ ਇਸ ਵਿਚਾਰ ਦੀ ਪੁਸ਼ਟੀ ਲੇਖਕ ਖ਼ੁਦ ਕਰਦਾ ਹੈ। ਮਸਲਨ: 'ਇਸ ਘਟਨਾ ਵਿਚ ਨਾਵਾਂ ਥਾਵਾਂ ਦਾ ਜ਼ਿਕਰ ਕੁਝ ਕਾਨੂੰਨੀ ਨੁਕਤਿਆਂ ਕਰਕੇ ਨਹੀਂ ਕਰ ਰਿਹਾ।' (ਪੰ. 189) ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਸਕੂਲ ਵਿਚ ਅਧਿਆਪਕ ਸਾਂ। (ਪੰ. 198).
ਕਲਾਤਮਿਕ ਪੱਖੋਂ ਕਹਾਣੀਕਾਰ ਵਿਸ਼ੇ ਵਿਚ ਬਿਨਾਂ ਕਿਸੇ ਭੂਮਿਕਾ ਦੇ ਸਿੱਧਾ ਹੀ ਪ੍ਰਵੇਸ਼ ਕਰ ਜਾਂਦਾ ਹੈ। ਪਾਠਕ ਦੀ ਜਿਗਿਆਸਾ ਲਈ ਉਤਸੁਕਤਾ (ਸਸਪੈਂਸ) ਸਿਰਜਦਾ ਹੈ। ਪੁਰਾਤਨ ਮਿੱਥਾਂ ਨੂੰ ਨਵੇਂ ਸੰਦਰਭ ਵਿਚ ਪੇਸ਼ ਕਰਦਾ ਹੈ। ਕਹਾਣੀਆਂ ਵਿਚ ਸੁਧਾਰ ਤੇ ਵਿਗਾੜ ਦੀ ਪ੍ਰਕਿਰਿਆ ਅੱਗੜ-ਪਿੱਛੜ ਚਲਦੀ ਵੇਖੀ ਜਾ ਸਕਦੀ ਹੈ। ਬਦਲਵਾਂ ਫੋਕਸੀਕਰਨ ਗਤੀਸ਼ੀਲ ਰਹਿੰਦਾ ਹੈ। ਕਈ ਕਹਾਣੀਆਂ ਵਿਚ ਤਿੱਖਾ ਵਾਰਤਾਲਾਪ ਹੈ। ਕਹਾਣੀਆਂ ਦਾ ਘਟਨਾ ਥਾਂ ਪੰਜਾਬ ਹੀ ਹੈ, ਪੱਛਮ ਕੇਵਲ ਸੰਕੇਤਿਕ। ਲੇਖਕ ਦਾ ਮਨੋਰਥ ਸਮਾਜ ਸੁਧਾਰ ਪ੍ਰਤੀਤ ਹੁੰਦਾ ਹੈ। ਇਸੇ ਕਰਕੇ ਕਈ ਕਹਾਣੀਆਂ ਦੇ ਕਥਾਨਕ ਕੰਟਰਾਈਵਡ ਰੂਪ ਅਖ਼ਤਿਆਰ ਕਰ ਜਾਂਦੇ ਹਨ। ਸੁਖਾਂਤ ਘੱਟ, ਦੁਖਾਂਤ ਜ਼ਿਆਦਾ ਹੈ। ਪੇਂਡੂ ਜਨ-ਜੀਵਨ ਦੇ ਯਥਾਰਥਕ ਅਨੁਭਵ ਦੀ ਪੇਸ਼ਕਾਰੀ ਲਈ ਲੇਖਕ ਵਧਾਈ ਦਾ ਪਾਤਰ ਹੈ।

ਡਾ. ਧਰਮ ਚੰਦ ਵਾਤਿਸ਼
vat}sh.dharamchand0{ma}&.com

ਐਮਰਜੈਂਸੀ ਦੀ ਕਹਾਣੀ
ਅੰਦਰਲਾ ਸੱਚ
ਲੇਖਕ : ਕੁਲਦੀਪ ਨਈਅਰ
ਅਨੁ: : ਕੁਲਵਿੰਦਰ ਸਿੰਘ ਸਰਾਂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 312
ਸੰਪਰਕ : 94634-44678.

ਸ੍ਰੀ ਕੁਲਦੀਪ ਨਈਅਰ ਪੱਤਰਕਾਰੀ ਅਤੇ ਰਾਜਨੀਤਕ-ਲੇਖਣ ਦੇ ਖੇਤਰ ਵਿਚ ਇਕ ਪ੍ਰਮੁੱਖ ਵਿਅਕਤੀ ਸੀ। ਉਸ ਦਾ ਜਨਮ ਸਿਆਲਕੋਟ ਵਿਖੇ 1923 ਈ: ਵਿਚ ਹੋਇਆ ਸੀ। ਬਟਵਾਰੇ ਉਪਰੰਤ ਉਹ ਇਧਰ ਭਾਰਤ ਵਿਚ ਆ ਗਿਆ। ਉਸ ਨੇ ਆਪਣਾ ਕੈਰੀਅਰ ਇਕ ਉਰਦੂ ਅਖ਼ਬਾਰ 'ਅੰਜਾਮ' ਤੋਂ ਸ਼ੁਰੂ ਕੀਤਾ ਸੀ ਪਰ ਛੇਤੀ ਹੀ ਉਸ ਨੂੰ ਅਹਿਸਾਸ ਹੋ ਗਿਆ ਕਿ ਆਜ਼ਾਦ ਭਾਰਤ ਵਿਚ ਉਰਦੂ ਪੱਤਰਕਾਰੀ ਦਾ ਕੋਈ ਵਿਸ਼ੇਸ਼ ਭਵਿੱਖ ਨਹੀਂ ਹੋਵੇਗਾ। ਇਸ ਕਾਰਨ ਕੁਝ ਸਮਾਂ ਉਸ ਨੇ ਅਮਰੀਕਾ ਵਿਚ ਬਿਤਾਇਆ ਅਤੇ ਬਾਅਦ ਵਿਚ ਅੰਗਰੇਜ਼ੀ ਦੀਆਂ ਬਹੁਤ ਸਾਰੀਆਂ ਅਖ਼ਬਾਰਾਂ ਦੇ ਸੰਪਾਦਕ ਅਤੇ ਯੂ.ਐਨ.ਆਈ. ਦੇ ਪ੍ਰਬੰਧਕੀ-ਸੰਪਾਦਕ ਵਜੋਂ ਕੰਮ ਕਰਦਾ ਰਿਹਾ। ਉਹ ਆਜ਼ਾਦ ਸੋਚ ਦਾ ਮਾਲਕ ਸੀ ਅਤੇ ਪ੍ਰੈੱਸ ਦੀ ਆਜ਼ਾਦੀ ਉੱਪਰ ਡਟ ਕੇ ਪਹਿਰਾ ਦੇਣ ਵਾਲਾ ਇਕ ਨਿਡਰ ਪੱਤਰਕਾਰ ਸੀ। ਹਥਲੀ ਪੁਸਤਕ ਵਿਚ ਉਸ ਨੇ 1975 ਈ: ਵਿਚ ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਵਲੋਂ ਭਾਰਤ ਵਿਚ ਲਾਈ ਐਮਰਜੈਂਸੀ ਦੇ ਅੰਦਰੂਨੀ ਵੇਰਵੇ ਬਿਆਨ ਕੀਤੇ ਹਨ।
1971 ਈ: ਦੀਆਂ ਆਮ ਚੋਣਾਂ ਵਿਚ ਸ੍ਰੀਮਤੀ ਗਾਂਧੀ ਦੇ ਮੁਕਾਬਲੇ ਵਿਚ ਰਾਜ ਨਾਰਾਇਣ ਉਮੀਦਵਾਰ ਸੀ ਅਤੇ ਉਹ ਸ੍ਰੀਮਤੀ ਗਾਂਧੀ ਪਾਸੋਂ ਲਗਭਗ ਇਕ ਲੱਖ ਵੋਟਾਂ ਦੇ ਫ਼ਰਕ ਨਾਲ ਹਾਰ ਗਿਆ ਸੀ ਪਰ ਉਸ ਨੇ ਇਕ ਪਟੀਸ਼ਨ ਦੁਆਰਾ ਇੰਦਰਾ ਗਾਂਧੀ ਦੀ ਜਿੱਤ ਨੂੰ ਚੈਲੰਜ ਕੀਤਾ ਸੀ। ਇਲਾਹਾਬਾਦ ਹਾਈ ਕੋਰਟ ਦੇ ਜੱਜ ਜਗਮੋਹਨ ਸਿਨਹਾ ਨੇ ਫ਼ੈਸਲਾ ਸੁਣਾਉਣਾ ਸੀ। ਕਾਂਗਰਸ ਪਾਰਟੀ ਦੇ ਕਈ ਵੱਡੇ ਮੈਂਬਰਾਂ ਵਲੋਂ ਉਸ ਨੂੰ ਖ਼ਰੀਦਣ ਦੀਆਂ ਕੋਸ਼ਿਸ਼ਾਂ ਵੀ ਹੋਈਆਂ ਪਰ ਉਹ ਅਡਿੱਗ ਰਿਹਾ ਅਤੇ ਆਖਰ 12 ਜੂਨ, 1975 ਨੂੰ ਸੁਣਾਏ ਫ਼ੈਸਲੇ ਵਿਚ ਇੰਦਰਾ ਗਾਂਧੀ ਦੀ ਚੋਣ ਪ੍ਰਕਿਰਿਆ ਨੂੰ ਗ਼ਲਤ ਕਰਾਰ ਦਿੱਤਾ ਗਿਆ। ਸ੍ਰੀਮਤੀ ਗਾਂਧੀ ਨੂੰ ਛੇ ਵਰ੍ਹਿਆਂ ਲਈ ਚੋਣ ਲੜਨ ਤੋਂ ਅਯੋਗ ਵੀ ਕਰਾਰ ਦਿੱਤਾ ਗਿਆ। ਇੰਦਰਾ ਗਾਂਧੀ ਇਸ ਫ਼ੈਸਲੇ ਉੱਪਰ ਬਹੁਤ ਕ੍ਰੋਧਿਤ ਹੋ ਗਈ ਸੀ। ਫ਼ੈਸਲੇ ਤੋਂ ਇਕਦਮ ਬਾਅਦ ਬਹੁਤ ਸਾਰੇ ਮੰਤਰੀ ਅਤੇ ਪਾਰਟੀ ਦੇ ਅਹੁਦੇਦਾਰ ਪ੍ਰਧਾਨ ਮੰਤਰੀ ਦੇ ਨਿਵਾਸ ਸਥਾਨ ਉੱਪਰ ਪਹੁੰਚ ਗਏ। ਕਈ ਦਿਨ ਮੱਥਾ-ਪੱਚੀ ਹੁੰਦੀ ਰਹੀ। ਇੰਦਰਾ ਗਾਂਧੀ ਨੇ ਸੁਪਰੀਮ ਕੋਰਟ ਵਿਚ ਹਾਈ ਕੋਰਟ ਦੇ ਫ਼ੈਸਲੇ ਖਿਲਾਫ਼ ਅਪੀਲ ਵੀ ਕਰ ਛੱਡੀ ਸੀ। ਕਾਂਗਰਸ ਪਾਰਟੀ ਦੇ ਕਈ ਮੈਂਬਰ ਵੀ ਸ੍ਰੀਮਤੀ ਗਾਂਧੀ ਤੋਂ ਅਸਤੀਫ਼ੇ ਦੀ ਮੰਗ ਕਰ ਰਹੇ ਸਨ। ਇਸ ਮੌਕੇ ਸੰਜੇ ਗਾਂਧੀ ਆਪਣੀ ਮਾਂ ਦਾ ਸਭ ਤੋਂ ਵੱਡਾ ਹਮਦਰਦ ਅਤੇ ਸਮਰਥਕ ਬਣ ਗਿਆ। ਬੰਸੀ ਲਾਲ, ਸਿਧਾਰਥ ਸ਼ੰਕਰ ਰੇਅ ਅਤੇ ਬਰੂਆ ਆਦਿ ਵੀ ਕਿਸੇ ਰਸਤੇ ਬਾਰੇ ਸੋਚ ਰਹੇ ਸਨ ਪਰ ਜਦੋਂ ਕੋਈ ਰਾਹ ਨਾ ਸੁੱਝਿਆ ਤਾਂ ਦੇਸ਼ ਵਿਚ ਐਮਰਜੈਂਸੀ ਲਗਾ ਦਿੱਤੀ ਗਈ।
ਐਮਰਜੈਂਸੀ ਤੋਂ ਬਾਅਦ ਸਾਰੇ ਵਿਰੋਧੀਆਂ ਨੂੰ ਜੇਲ੍ਹਾਂ ਵਿਚ ਬੰਦ ਕਰ ਦਿੱਤਾ ਗਿਆ। ਅਖ਼ਬਾਰਾਂ ਉੱਪਰ ਸੈਂਸਰਸ਼ਿਪ ਲੱਗ ਗਈ। ਹਰ ਪਾਸੇ ਸੰਜੇ ਗਾਂਧੀ ਦੇ ਹੁਕਮ ਚੱਲਣ ਲੱਗੇ। ਕਾਨੂੰਨ ਤੇ ਨਿਆਂਪ੍ਰਣਾਲੀ ਠੱਪ ਹੋ ਗਈ। ਵਿਦੇਸ਼ੀ ਪੱਤਰਕਾਰਾਂ ਨੂੰ ਦੇਸ਼ ਵਿਚੋਂ ਕੱਢ ਦਿੱਤਾ ਗਿਆ। ਆਰ.ਐਸ.ਐਸ. ਦੇ ਮੈਂਬਰਾਂ ਦੇ ਵਾਰੰਟ ਜਾਰੀ ਕਰ ਦਿੱਤੇ ਗਏ। ਇਸ ਤਰ੍ਹਾਂ ਗਣਤੰਤਰ ਦਾ ਗਲਾ ਘੁੱਟ ਦਿੱਤਾ ਗਿਆ। ਕੁਲਦੀਪ ਨਈਅਰ ਨੇ ਇਹ ਸਾਰੇ ਵੇਰਵੇ ਇਕ ਚਸ਼ਮਦੀਦ ਗਵਾਹ ਵਾਂਗ ਲਿਖੇ ਹਨ। ਇਸ ਪੁਸਤਕ ਤੋਂ ਉਸ ਦੀ ਗਣਤੰਤਰ ਅਤੇ ਸੰਵਿਧਾਨ ਬਾਰੇ ਵਚਨਬੱਧਤਾ ਦਾ ਪਤਾ ਲਗਦਾ ਹੈ। ਸ. ਕੁਲਵਿੰਦਰ ਸਿੰਘ ਸਰਾਂ ਨੇ ਇਸ (ਅੰਗਰੇਜ਼ੀ ਵਿਚ ਲਿਖੀ) ਪੁਸਤਕ ਦਾ ਬਹੁਤ ਸਫਲ ਅਨੁਵਾਦ ਕੀਤਾ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਪੰਜਾਬ ਬਨਾਮ ਕੈਲੀਫੋਰਨੀਆ
(ਹਸਪਤਾਲ ਡਾਇਰੀ)
ਲੇਖਕ : ਚਰਨਜੀਤ ਸਿੰਘ ਪੰਨੂ
ਪ੍ਰਕਾਸ਼ਕ : ਪੰਜਾਬੀ ਵਿਰਸਾ ਟਰੱਸਟ (ਰਜਿ:), ਕਪੂਰਥਲਾ
ਮੁੱਲ : 250 ਰੁਪਏ, ਸਫ਼ੇ : 104
ਸੰਪਰਕ : 01824-461070.

ਬਹੁਵਿਧਾਈ ਲੇਖਕ ਚਰਨਜੀਤ ਸਿੰਘ ਪੰਨੂ ਅੱਠ ਕਹਾਣੀ ਸੰਗ੍ਰਹਿ, ਪੰਜ ਕਾਵਿ ਸੰਗ੍ਰਹਿ, ਇਕ ਨਾਵਲ ਅਤੇ ਦਸ ਸਫ਼ਰਨਾਮੇ ਪਾਠਕਾਂ ਦੀ ਝੋਲੀ ਪਾਉਣ ਉਪਰੰਤ ਹੁਣ 'ਪੰਜਾਬ ਬਨਾਮ ਕੈਲੀਫੋਰਨੀਆ (ਹਸਪਤਾਲ ਡਾਇਰੀ) ਲੈ ਕੇ ਹਾਜ਼ਰ ਹੋਇਆ ਹੈ। ਇਸ ਵਿਚ ਹਸਪਤਾਲ ਦੀ ਡਾਇਰੀ, ਹਰਿਦੁਆਰ ਦਰਸ਼ਨ, ਕਾਈਜ਼ਰ, ਕ੍ਰਿਸ਼ਮਾ ਅਤੇ ਓਪ੍ਰੇਸ਼ਨ ਸਿਰਲੇਖ ਹੇਠ ਕਹਾਣੀਆਂ ਜਾਂ ਸੰਸਮਰਨ ਜਾਂ ਸਫ਼ਰਨਾਮੇ ਦਰਜ ਕੀਤੇ ਗਏ ਹਨ। ਦਰਅਸਲ ਲੇਖਕ ਨੇ ਆਪਣੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਅਤੇ ਕੈਲੀਫੋਰਨੀਆ ਵਰਗੇ ਵਿਕਸਿਤ ਸ਼ਹਿਰ ਦੀਆਂ ਸਿਹਤ ਸਹੂਲਤਾਂ, ਇਲਾਜ ਪ੍ਰਣਾਲੀਆਂ, ਸਿਹਤ ਵਿਭਾਗ ਦੇ ਸਿਸਟਮ ਦਾ ਰੌਚਕ ਢੰਗ ਨਾਲ ਖੁਲਾਸਾ ਵੀ ਕੀਤਾ ਹੈ। ਉਨ੍ਹਾਂ ਦਾ ਵਿਸ਼ਲੇਸ਼ਣ ਵੀ ਕੀਤਾ ਹੈ ਤੇ ਉਨ੍ਹਾਂ ਦੀ ਤੁਲਨਾ ਵੀ। ਲੇਖਕ ਨੇ ਇਨ੍ਹਾਂ ਹਸਪਤਾਲਾਂ ਦੇ ਨਾਲ-ਨਾਲ ਸਮਾਜਿਕ, ਧਾਰਮਿਕ, ਆਰਥਿਕ, ਸੱਭਿਆਚਾਰਕ, ਸਿਆਸੀ ਵਿਲੱਖਣਤਾਵਾਂ ਅਤੇ ਵਿਭਿੰਨਤਾਵਾਂ ਦੀ ਗੱਲ ਕੀਤੀ ਹੈ। ਦਰਅਸਲ ਲੇਖਕ ਨੇ ਆਪਣੇ ਨਿੱਜੀ ਤੌਰ 'ਤੇ ਤਨ, ਮਨ 'ਤੇ ਹੰਢਾਏ ਸੂਖਮ ਤਜਰਬਿਆਂ ਤੇ ਅਨੁਭਵਾਂ ਨੂੰ ਡੂੰਘਿਆਈ ਨਾਲ ਘੋਖਦਿਆਂ-ਵਿਚਾਰਦਿਆਂ ਏਨੇ ਰੌਚਕ ਢੰਗ ਨਾਲ ਪੇਸ਼ ਕੀਤਾ ਹੈ, ਬਿਰਤਾਂਤ ਏਨਾ ਖੂਬਸੂਰਤੀ ਨਾਲ ਸਿਰਜਿਆ ਹੈ ਕਿ ਸਭ ਕੁਝ ਅੱਖਾਂ ਸਾਹਮਣੇ ਵਾਪਰਦਾ ਵਿਖਾਈ ਦਿੰਦਾ ਹੈ। ਪਾਠਕ ਉਸ ਸਭ ਵਿਚ ਖੁੱਭ ਜਾਂਦਾ ਹੈ। ਲੇਖਕ ਨੇ ਕਿਸੇ ਵੀ ਪਾਸੇ ਦੇ ਡਾਕਟਰਾਂ ਜਾਂ ਹੋਰ ਸਿਹਤ ਕਰਮਚਾਰੀਆਂ ਜਾਂ ਵਿਵਸਥਾ ਨੂੰ ਚੰਗਾ ਜਾਂ ਮਾੜਾ ਨਾ ਕਹਿੰਦਿਆਂ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਯਥਾਰਥਮਈ ਮੰਜਰਕਸ਼ੀ ਕਰ ਦਿੱਤੀ ਹੈ। ਪਾਠਕ ਸਹਿਜਤਾ ਨਾਲ ਹੀ ਦੇਸੀ-ਵਿਦੇਸ਼ੀ ਸਿਹਤ ਪ੍ਰਣਾਲੀ ਦੀਆਂ ਚੰਗਿਆਈਆਂ ਬੁਰਾਈਆਂ ਦੇ ਰੂਬਰੂ ਹੁੰਦਾ, ਉਨ੍ਹਾਂ ਪ੍ਰਤੀ ਆਪਣਾ ਨਜ਼ਰੀਆ ਕਾਇਮ ਕਰਦਾ ਜਾਂਦਾ ਹੈ। ਉਹ ਆਪਣੇ ਸਰਕਾਰੀ ਹਸਪਤਾਲਾਂ ਦੀ ਕਰੂਪਤਾ ਤੇ ਕਰੂਰਤਾ ਦਾ ਬੇਬਾਕੀ ਤੇ ਨਿਧੜਕ ਹੋ ਕੇ ਪੋਸਟਮਾਰਟਮ ਕਰਦਾ ਹੈ ਤੇ ਸੱਚਮੁੱਚ 'ਸਿਸਟਮ ਦੇ ਮੂੰਹ 'ਤੇ ਥੱਪੜ ਜੜ ਕੇ, ਉਸ 'ਤੇ ਗੁਲਾਮ ਭਾਰਤ ਦਾ ਨਕਸ਼ਾ ਉਭਾਰ ਦਿੰਦਾ ਹੈ।' ਮੌਤ ਉਪਰੰਤ ਗਤੀ ਦੇ ਨਾਂਅ 'ਤੇ ਪਾਂਡਿਆਂ ਵਲੋਂ ਹੁੰਦੀ ਲੁੱਟ-ਖਸੁੱਟ ਅਤੇ ਹਸਪਤਾਲ ਦੇ ਦਰਜਾ ਚਾਰ ਕਰਮਚਾਰੀ 'ਕੱਖਾਂ' ਰਾਹੀਂ ਸਾਰੇ ਸਿਸਟਮ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਦੂਸਰਾ ਰੱਬ ਕਹੇ ਜਾਂਦੇ ਡਾਕਟਰਾਂ, ਚੰਗੀਆਂ ਤਨਖਾਹਾਂ ਲੈਣ ਦੇ ਬਾਵਜੂਦ ਮੁਰਦਿਆਂ ਦੇ ਕੱਫਣਾਂ ਦੀਆਂ ਜੇਬਾਂ ਫਰੋਲਦੇ ਮੁਲਾਜ਼ਮਾਂ ਦੇ ਨੰਗੇਜ ਨੂੰ ਉਘਾੜਦਿਆਂ ਲੇਖਕ ਨੇ ਲਿਹਾਜ਼ ਨਹੀਂ ਕੀਤਾ। ਵਿਦੇਸ਼ੀ ਹਸਪਤਾਲਾਂ ਦੀਆਂ ਸੁੱਖ-ਸਹੂਲਤਾਂ, ਪ੍ਰਫੁੱਲਿਤ ਬੁਨਿਆਦੀ ਢਾਂਚੇ ਦੇ ਬਾਵਜੂਦ ਕਿਧਰੇ-ਕਿਧਰੇ ਮਰੀਜ਼ਾਂ ਪ੍ਰਤੀ ਲਾਪਰਵਾਹੀ 'ਤੇ ਵੀ ਉਂਗਲ ਧਰੀ ਹੈ। ਲੇਖਕ ਨੇ ਮੁਹਾਵਰੇਦਾਰ ਸ਼ੈਲੀ ਵਿਚ ਰੌਚਕ ਕਥਾ ਬਿਰਤਾਂਤ ਸਿਰਜਿਆ ਹੈ। ਪੁਸਤਕ ਪੜ੍ਹਦਿਆਂ ਪਾਠਕ ਆਪਣੇ ਅਜਿਹੇ ਮਿੱਠੇ-ਕੌੜੇ ਤਲਖ਼ ਤਜਰਬਿਆਂ ਨਾਲ ਜੁੜਦਾ ਜਾਂਦਾ ਹੈ। ਪੁਸਤਕ ਇਕੋ ਸਮੇਂ ਡਾਇਰੀ, ਸੰਸਰਨ, ਕਹਾਣੀ ਤੇ ਕਵਿਤਾ ਆਦਿ ਵਿਧਾਵਾਂ ਦੀ ਤ੍ਰਿਪਤੀ ਕਰਾਉਂਦੀ ਹੈ। ਪੁਸਤਕ ਜਿਥੇ ਵਿਦੇਸ਼ੀ ਡਾਕਟਰਾਂ ਵਲੋਂ ਬਿਨਾਂ ਕਿਸੇ ਜਾਤ-ਪਾਤ, ਔਕਾਤ ਦੇ ਸਿਰਫ ਤੇ ਸਿਰਫ ਮਰੀਜ਼ ਦਾ ਇਲਾਜ ਕੀਤਾ ਜਾਂਦਾ ਹੈ, ਉਥੇ ਪੰਜਾਬ ਦੇ ਹਸਪਤਾਲਾਂ ਵਿਚ ਇਹ ਵਿਤਕਰਾ ਸਿਖ਼ਰਾਂ ਛੂੰਹਦਾ ਹੈ। ਇਸ ਫ਼ਰਕ ਦਾ ਸ਼ਿੱਦਤ ਨਾਲ ਅਹਿਸਾਸ ਕਰਾਉਂਦੀ ਇਹ ਪੁਸਤਕ ਪਾਠਕਾਂ ਨੂੰ ਅਵੱਸ਼ ਪਸੰਦ ਆਏਗੀ।

ਡਾ. ਧਰਮਪਾਲ ਸਾਹਿਲ
ਮੋ: 98761-56964.

c c c

ਬਲੱਡ ਲਾਈਨ
ਨਾਵਲਕਾਰ : ਮਨਜਿੰਦਰ ਮਾਖਾ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 190 ਰੁਪਏ, ਸਫ਼ੇ : 112
ਸੰਪਰਕ : 98720-98656.

ਨਾਵਲਕਾਰ ਨੇ ਆਪਣਾ ਇਹ ਪਲੇਠਾ ਨਾਵਲ ਜਸਵੰਤ ਸਿੰਘ ਕੰਵਲ ਅਤੇ ਦਲੀਪ ਕੌਰ ਟਿਵਾਣਾ ਦੀ ਨਜ਼ਰ ਕੀਤਾ ਹੈ। ਨਾਵਲ ਵਿਚ ਹੇਠਲੇ ਵਰਗ ਦੀ ਔਰਤ ਦੀ ਸੰਘਰਸ਼ਮਈ ਕਹਾਣੀ ਪੇਸ਼ ਕੀਤੀ ਗਈ ਹੈ। ਅਜੋਕੇ ਸਮਾਜ ਦੀਆਂ ਸਮੱਸਿਆਵਾਂ, ਇਸਤਰੀ ਵਰਗ ਦੀਆਂ ਭਾਵਨਾਵਾਂ, ਉਮੰਗਾਂ, ਸੁਪਨਿਆਂ, ਸਮੱਸਿਆਵਾਂ ਅਤੇ ਉਲਝਣਾਂ ਨੂੰ ਬਹੁਤ ਮਾਰਮਿਕ ਢੰਗ ਨਾਲ ਰੂਪਮਾਨ ਕੀਤਾ ਗਿਆ ਹੈ। ਨਸ਼ਿਆਂ ਦਾ ਕੋਹੜ ਕਿਵੇਂ ਜਵਾਨੀਆਂ ਬਰਬਾਦ ਕਰ ਰਿਹਾ ਹੈ, ਔਰਤ ਨੂੰ ਕਿੰਨੀ ਜੱਦੋ-ਜਹਿਦ ਕਰਨੀ ਪੈਂਦੀ ਹੈ, ਭੂਤਰੇ ਅਮੀਰ ਕਿਵੇਂ ਉਸ ਦੀ ਇੱਜ਼ਤ ਨੂੰ ਦਾਗ਼ਦਾਰ ਕਰਦੇ ਹਨ ਆਦਿ ਤ੍ਰਾਸਦੀਆਂ ਦਾ ਨਾਵਲ ਸਾਡੇ ਚਿੰਤਨ ਅਤੇ ਚੇਤਨਾ ਨੂੰ ਟੁੰਬਦਾ ਹੈ। ਇਹ ਸਾਡੇ ਅੰਦਰ ਸੰਵੇਦਨਾ ਜਗਾਉਂਦਾ ਹੈ। ਕਾਵਿਕ ਟੂਕਾਂ ਇਸ ਨੂੰ ਰੌਚਿਕ ਬਣਾਉਂਦੀਆਂ ਹਨ ਜਿਵੇਂ :
-ਪਾਣੀ ਹੋ ਗਿਆ ਅੱਜ ਵਗਦਾ ਵਹਾਅ ਮੇਰੀ ਰੱਤ ਦਾ
ਕੁਝ ਦੇ ਦੇ ਹੁਣ ਸਿਲਾ ਸਰਦਾਰਾ, ਰੋਲੀ ਜੋ ਤੂੰ ਮੇਰੀ ਪੱਤ ਦਾ।
-ਇਕ ਪੀੜ ਜੋ ਅੰਦਰ ਰੌਲਾ ਪਾਉਂਦੀ
ਅੱਖਾਂ ਦਾ ਪਥਰੇਵਾਂ, ਬੁੱਲ੍ਹਾਂ ਦਾ ਸੋਕਾ
ਉਸ ਪੰਡ ਦਾ ਬੋਝ ਨਹੀਂ ਲੱਥ ਸਕਦੇ
ਜਿਸ ਦਾ ਭਾਰ ਆਪਣਿਆਂ ਨੂੰ ਨਹੀਂ ਦੱਸ ਸਕਦੇ।
ਭਵਿੱਖ ਵਿਚ ਨਾਵਲਕਾਰ ਤੋਂ ਹੋਰ ਵਧੀਆ ਆਸਾਂ ਹਨ। ਇਸ ਨਾਵਲ ਦਾ ਸਵਾਗਤ ਹੈ।

ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਸਿੰਮਲ ਰੁੱਖ
ਲੇਖਕ : ਸੁਖਦੇਵ ਸਿੰਘ ਸ਼ਾਂਤ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 98149-01254.

ਚਰਚਾ ਅਧੀਨ ਪੁਸਤਕ, ਮਿੰਨੀ ਕਹਾਣੀ ਸੰਗ੍ਰਹਿ ਹੈ, ਜਿਸ ਵਿਚ 57 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਲੇਖਕ ਦੀ ਇਹ ਪਲੇਠੀ ਪੁਸਤਕ ਹੈ ਜੋ ਪਹਿਲੀ ਵਾਰ, ਸੰਨ 1992 ਵਿਚ ਪ੍ਰਕਾਸ਼ਿਤ ਹੋਈ ਸੀ। ਉਸ ਪੁਸਤਕ ਦਾ ਇਹ ਦੂਜਾ ਸੰਸਕਰਨ ਹੈ। ਪੁਸਤਕ ਵਿਚਲੀਆਂ ਕੁਝ ਕਹਾਣੀਆਂ ਸਾਦ ਮੁਰਾਦੇ ਸੁਭਾਅ ਦੀਆਂ ਹਨ। ਆਮ ਮਨੁੱਖੀ ਜੀਵਨ ਵਿਚ ਵਿਚਰਦੀਆਂ ਆਮ ਘਟਨਾਵਾਂ ਦੇ ਪ੍ਰਭਾਵ ਨੂੰ ਸਿਰਜਦੀਆਂ ਪ੍ਰਤੀਤ ਹੁੰਦੀਆਂ ਹਨ, ਜਿਵੇਂ ਕਿ ਕਦਰ, ਰੁਚੀ, ਤਰਜੀਹ, ਉਮਰ, ਕਚਿਆਣ, ਖੋਜ, ਮਹਾਨ ਵਿਅਕਤੀ, ਕਿਰਾਏਦਾਰ, ਨਫ਼ਰਤ, ਦੁਕਾਨਦਾਰੀ, ਧੰਨਵਾਦ ਪੱਤਰ, ਖਿਡੌਣਾ, ਬੇਰੁਜ਼ਗਾਰ, ਭੁੱਖ, ਸਮਾਂ ਸੂਚੀ, ਬਚਪਨ, ਟੀਮ ਦੀ ਚੋਣ, ਗੀਤ ਮੁਕਾਬਲਾ, ਨਿੱਕੇ ਨਿੱਕੇ ਬੋਲ, ਕਿਤਾਬ, ਉਪਦੇਸ਼, ਟੀਮ ਦਾ ਕਪਤਾਨ, ਪਿਆਰ ਦੀ ਸਾਂਝ, ਹਰਾ ਇਨਕਲਾਬ ਆਦਿ ਕਹਾਣੀਆਂ। ਇਹ ਕਹਾਣੀਆਂ ਪੜ੍ਹਨ ਵਾਲੇ ਤੀਕ ਸੂਖਮ ਅਤੇ ਸੰਵੇਦਨਾ ਭਰਪੂਰ ਸੰਦੇਸ਼ ਪਹੁੰਚਾਉਂਦੀਆਂ ਹਨ।
ਇਸ ਪੁਸਤਕ ਦੀਆਂ ਕੁਝ ਮਿੰਨੀ ਕਹਾਣੀਆਂ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਸਾਡੇ ਘਰਾਂ ਅੰਦਰ ਅਤੇ ਬਾਹਰੀ ਸਮਾਜ ਵਿਚ ਵਾਪਰਦੀਆਂ ਬੁਰਾਈਆਂ ਨੂੰ ਜਿੱਥੇ ਰੂਪਮਾਨ ਕਰਦੀਆਂ ਹਨ, ਉੱਥੇ ਵਿਅੰਗਾਤਮਿਕ ਚੋਭਾਂ ਜ਼ਰੀਏ ਮਨੁੱਖੀ ਵਤੀਰੇ ਵਿਚ ਪਰਿਵਰਤਨ ਲਿਆਉਣ ਦਾ ਯਤਨ ਕਰਦੀਆਂ ਜਾਪਦੀਆਂ ਹਨ। ਜਿਵੇਂ ਕਿ : ਇਕ ਮੌਕਾ ਹੋਰ, ਕਿਰਾਏਦਾਰ, ਨਫ਼ਰਤ, ਧੰਨਵਾਦ ਪੱਤਰ, ਖਿਡੌਣਾ, ਬੇਰੁਜ਼ਗਾਰ, ਕਲਪਨਾ ਬਨਾਮ ਹਕੀਕਤ, ਟੇਢੀ ਉਂਗਲ, ਨਿੱਕੇ ਨਿੱਕੇ ਬੋਲ ਆਦਿ ਪੁਸਤਕ ਵਿਚ ਬਹੁਤ ਥਾਵਾਂ 'ਤੇ ਅੱਧੇ-ਅੱਧੇ ਪੰਨੇ ਖਾਲੀ ਛੱਡੇ ਗਏ ਹਨ, ਕੁਝ ਹੋਰ ਮਿੰਨੀ ਕਹਾਣੀਆਂ ਸ਼ਾਮਿਲ ਕਰਕੇ ਇਸ ਥਾਂ ਨੂੰ ਵਰਤੋਂ ਵਿਚ ਲਿਆਂਦਾ ਜਾ ਸਕਦਾ ਸੀ। ਅੱਜ ਮਿੰਨੀ ਕਹਾਣੀ ਪੰਜਾਬੀ ਸਾਹਿਤ 'ਚ ਆਪਣੀ ਪੈੜ ਬਣਾ ਚੁੱਕੀ ਹੈ। ਕਈ ਹੋਰ ਕਹਾਣੀਕਾਰਾਂ ਵਾਂਗ ਸੁਖਦੇਵ ਸਿੰਘ ਸ਼ਾਂਤ ਵੀ ਬੜੀਆਂ ਸਸ਼ਕਤ ਕਹਾਣੀਆਂ ਲਿਖ ਰਿਹਾ ਹੈ। ਇਸ ਪੁਸਤਕ ਦੀਆਂ ਕਈ ਕਹਾਣੀਆਂ ਵਿਸ਼ੇਸ਼ ਤੌਰ 'ਤੇ ਪਾਠਕਾਂ ਦੇ ਮਨਾਂ ਨੂੰ ਵਧੇਰੇ ਟੁੰਬਦੀਆਂ ਹਨ। ਮਸਲਨ: ਅੰਦਰ ਦੀ ਗੱਲ ਮਨੁੱਖੀ ਫ਼ਿਤਰਤ ਦਾ ਦੋਗਲਾਪਣ ਚਿਤਰਦੀ ਹੈ। 'ਫ਼ਜ਼ੂਲ ਖਰਚ' ਬੱਚੇ ਦੀ ਪੜ੍ਹਾਈ ਨੂੰ ਅਣਗੌਲਿਆਂ ਕਰਕੇ ਸਾਂਢੂ ਦੀ ਖ਼ਾਤਰਦਾਰੀ ਤੇ ਖ਼ਰਚਾ ਕਰਨ ਨੂੰ ਦਿੱਤੀ ਜਾਂਦੀ ਤਰਜੀਹ ਨੂੰ ਬਿਆਨਦੀ ਹੈ। 'ਦੋ ਬੇੜੀਆਂ' ਦਫ਼ਤਰੀ ਰਿਸ਼ਵਤਖ਼ੋਰੀ ਦਾ ਤਰੀਕਾ ਦੱਸਦੀ ਹੈ। ਸ਼ਰਾਬੀ ਦੀ ਮਾਨਸਿਕਤਾ ਦੀ ਸਹੀ ਤਰਜਮਾਨੀ ਕਰਦੀ ਹੈ ਕਹਾਣੀ 'ਪੱਕੀ ਥਾਂ'। 'ਨੇਕੀ' ਦੀ ਵੱਡੀ ਉਮਰ ਦੀ ਔਰਤਨੌਜਵਾਨ ਤੋਂ ਸੀਟ ਲੈ ਕੇ ਤਾਂ ਖੁਸ਼ ਹੁੰਦੀ ਹੈ, ਪਰ ਬਿਮਾਰ ਕੁੜੀ ਨੂੰ ਸੀਟ ਦੀ ਭੋਰਾ ਥਾਂ ਨਹੀਂ ਦਿੰਦੀ। ਹੋਰ ਕਈ ਕਹਾਣੀਆਂ ਵੀ ਵਧੀਆ ਸੰਦੇਸ਼ ਦੇ ਰਹੀਆਂ ਹਨ। ਸੁਖਦੇਵ ਸਿੰਘ ਸ਼ਾਂਤ ਤਕਰੀਬਨ ਦੋ ਦਹਾਕਿਆਂ ਤੋਂ ਇਸ ਵਿਧਾ ਨਾਲ ਜੁੜਿਆਹੋਇਆ ਸਮਰੱਥ ਕਹਾਣੀਕਾਰ ਹੈ।

ਪ੍ਰਿੰ: ਹਰੀ ਕ੍ਰਿਸ਼ਨ ਮਾਇਰ
ਮੋ: 97806-67686

c c c

ਰੰਗਲੇ ਚੇਤੇ
ਲੇਖਕ : ਜਸਵੰਤ ਸਿੰਘ ਮੋਗਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 180 ਰੁਪਏ, ਸਫ਼ੇ : 104
ਸੰਪਰਕ : 98767-19163.

ਵਾਰਤਕ ਸਾਹਿਤ ਵੰਨਗੀ ਦੀ ਇਹ ਵਿਲੱਖਣ ਪੁਸਤਕ ਵਿਚ ਦਰਜ ਦੋ ਦਰਜਨ ਲੇਖ ਪੜ੍ਹ ਕੇ ਇਹੋ ਅਹਿਸਾਸ ਜਾਗਦਾ ਹੈ ਕਿ ਹਰੇਕ ਪੜ੍ਹੇ-ਲਿਖੇ ਬੰਦੇ ਨੂੰ ਆਪਣੇ ਚੇਤੇ 'ਚ ਵਸਦੀਆਂ ਕੀਮਤੀ ਯਾਦਾਂ ਕਲਮ ਜ਼ਰੀਏ ਕਾਗਜ਼ 'ਤੇ ਉਤਾਰਨੀਆਂ ਚਾਹੀਦੀਆਂ ਹਨ। ਸੱਚਮੁੱਚ ਸਾਬਕਾ ਅਧਿਆਪਕ ਜਸਵੰਤ ਸਿੰਘ ਮੋਗਾ ਦੀ ਇਹ ਪੁਸਤਕ ਨਵੀਂ ਪਿਰਤ ਪਾਉਂਦੀ ਲੱਗੀ ਹੈ। ਜ਼ਿੰਦਗੀ ਪ੍ਰਤੀ ਸਾਕਾਰਾਤਮਿਕ ਨਜ਼ਰੀਆ, ਜ਼ਿੰਦਗੀ ਜਿਊਣ ਦਾ ਡੁੱਲ੍ਹ-ਡੁੱਲ੍ਹ ਪੈਂਦਾ ਚਾਅ, ਸ਼ਾਇਰੀ ਨਾਲ ਪਿਆਰ, ਇਨਸਾਨੀਅਤ ਪ੍ਰਤੀ ਪਿਆਰ ਦਾ ਤਿੱਖਾ ਜਜ਼ਬਾ ਆਦਿ ਭਾਵਨਾਵਾਂ ਉਸ ਦੇ ਇਨ੍ਹਾਂ ਲੇਖਾਂ 'ਚ ਨੱਕੋ-ਨੱਕ ਭਰੀਆਂ ਹੋਈਆਂ ਹਨ। ਬਤੌਰ ਅਧਿਆਪਕ, ਪਿਤਾ, ਦਾਦੇ ਵਜੋਂ ਲੇਖਕ ਦਾ ਦਿਲ ਇਉਂ ਧੜਕਦਾ ਜਾਪਦਾ ਜਿਵੇਂ ਤਾ-ਜ਼ਿੰਦਗੀ ਉਸ ਤੋਂ ਜ਼ਿੰਦਗੀ ਜਿਊਣ ਦਾ, ਪ੍ਰਾਪਤੀਆਂ ਕਰਨ ਦਾ, ਦੂਜਿਆਂ ਦੇ ਕੰਮ ਆਉਣ ਦਾ, ਅਸੂਲਾਂ 'ਤੇ ਟਿਕੇ ਰਹਿਣ ਦਾ ਲੇਖਕ ਦਾ ਜੀਵਨ ਦੂਜਿਆਂ ਲਈ ਅਜਿਹਾ ਮਿਸਾਲੀ ਜੀਵਨ ਹੈ, ਜਿਸ ਦੀ ਰੀਸ ਕਰਦਾ ਕੋਈ ਵੀ ਆਪਣਾ ਜੀਵਨ ਸਫਲਤਾਪੂਰਵਕ ਸੰਵਾਰ ਸਕਦਾ ਹੈ। ਪੁਸਤਕ ਦੇ ਵਿਸ਼ੇਸ਼ ਲੇਖ 'ਬੁੱਲ੍ਹਿਆ ਕੀ ਦੱਸਾਂ ਮੈਂ ਕੌਣ', 'ਇਕ ਕੁੜੀ ਜੀਹਦਾ ਨਾਂਅ ਮੁਹੱਬਤ', 'ਵਾਰੇ ਵਾਰੇ ਜਾਈਏ ਚੁਗਲਖੋਰਾਂ', 'ਅੰਮਾ ਭੋਲੀ ਮੇਰਾ ਨਜੂਮੀ ਪਾਪਾ', 'ਮਨੁੱਖੀ ਮਨ ਵਧਦੀਆਂ ਇੱਛਾਵਾਂ', 'ਜੋ ਸੁੱਖ ਛੱਜੂ ਦੇ ਚੁਬਾਰੇ', 'ਠੱਠੀ ਭਾਈ ਸਕੂਲ ਦੇ ਸ਼ੇਰ', 'ਭੱਠੀ ਵਾਲੀਏ ਚੰਬੇ ਦੀਏ ਡਾਲੀਏ' ਆਦਿ ਜਿਥੇ ਉਸ ਦੀ ਵਾਰਤਕ-ਲਿਖਣ ਕਲਾ ਦਾ ਜਲਵਾ ਪੇਸ਼ ਕਰਦੇ ਹਨ, ਉਥੇ ਉਸ ਦਾ ਗੱਲ ਕਹਿਣ ਦਾ ਸਪੱਸ਼ਟ ਅਤੇ ਸਰਲ ਢੰਗ ਵੀ ਪਾਠਕ ਨੂੰ ਮੋਂਹਦਾ ਹੈ। ਪੁਸਤਕ ਤਮਾਮ ਲਾਇਬ੍ਰੇਰੀਆਂ ਦਾ ਸ਼ਿੰਗਾਰ ਬਣਨ ਦਾ ਪ੍ਰਭਾਵ ਸਿਰਜਦੀ ਹੈ।

ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444.

04-07-2021

ਚਿਨਾਰ ਦੀ ਬੇਟੀ
ਲੇਖਕ : ਰਤਨ ਸਿੰਘ ਕੰਵਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 225 ਰੁਪਏ, ਸਫ਼ੇ : 152
ਸੰਪਰਕ : 070068-03106.


ਇਹ ਨਾਵਲ ਕਾਲ-ਕ੍ਰਮ ਅਨੁਸਾਰ ਕਸ਼ਮੀਰ ਦੀ ਆਂਚਲਿਕਤਾ ਪੇਸ਼ ਕਰਦਾ ਹੋਇਆ 40 ਕਾਂਡਾਂ ਵਿਚ ਮੋਟਿਫਾਂ ਦੇ ਵਿਸਤਾਰ ਵਿਚ ਸਿਰਜਿਆ ਗਿਆ ਹੈ। ਇਸ ਦੀ ਮੁੱਖ ਫੇਬੁਲਾ ਨਾਇਕਾ (ਲੁਹਾਰਾਂ ਦੀ ਧੀ) ਦੇ ਵਿੱਦਿਅਕ ਅਸਤਿੱਤਵ ਦੇ ਵਿਕਾਸ ਵਿਚ ਨਿਹਿਤ ਹੈ। ਪ੍ਰਸਤੁਤ ਵਾਤਾਵਰਨ ਲੋਹਾ-ਕੁੱਟਾਂ ਦਾ ਕਾਰਖਾਨਾ ਹੈ। ਮਰਨ ਤੋਂ ਪਹਿਲਾਂ ਨਾਇਕਾ ਦਾ ਅੱਬੂ ਉਸ ਦੀ ਮਾਂ ਨੂੰ ਕਹਿ ਗਿਆ ਸੀ ਕਿ ਮੇਰੀ ਧੀ ਨੂੰ ਪੜ੍ਹਨੋਂ ਨਾ ਹਟਾਈਂ 'ਮੈਂ ਦਾਜ ਵਿਚ ਹੋਰ ਕੱਖ ਦੇ ਸਕਾਂ ਜਾਂ ਨਾ ਪਰ ਸਰਕਾਰੀ ਨੌਕਰੀ ਦੀ ਸਰਵਿਸ-ਬੁੱਕ ਜ਼ਰੂਰ ਦੇਸਾਂ ਆਲੀਆ ਕੋ...' ਪੰ: 48 ਉਸ ਦਾ ਅੱਬੂ ਮੌਲਵੀਆਂ ਦੇ ਇਸ ਵਿਚਾਰ ਨਾਲ ਅਸਹਿਮਤ ਸੀ ਕਿ ਲੜਕੀਆਂ ਨੂੰ ਪੜ੍ਹਾਉਣਾ 'ਗੁਨਾਹਿ ਅਜ਼ੀਮ' ਹੈ ਜਦੋਂ ਕਿ ਮੌਲਵੀ ਖ਼ੁਦ ਆਪਣੀਆਂ ਧੀਆਂ ਨੂੰ ਪੜ੍ਹਾ ਰਹੇ ਹਨ। ਨਾਇਕਾ (ਆਲੀਆ) ਦੀ ਵਿੱਦਿਆ ਪ੍ਰਾਪਤੀ ਦੇ ਰਸਤੇ ਵਿਚ ਅਨੇਕਾਂ ਔਕੜਾਂ ਆਈਆਂ। ਨਣਦ ਕਹਿੰਦੀ ਮੇਰੇ ਪੁੱਤ ਨੂੰ ਖਿਡਾਏ, ਭਰਾ ਨੇ ਉਸ ਦੀਆਂ ਕਿਤਾਬਾਂ ਫੂਕੀਆਂ, ਪਰਿਵਾਰ ਤੋਂ ਲੁਕ-ਛਿਪ ਕੇ ਪੜ੍ਹਾਉਣ ਵਾਲੇ ਮਾਸਟਰ ਨੇ ਛੇੜਖਾਨੀ ਕੀਤੀ, ਪਿੰਡ ਦੇ ਸਰਪੰਚ ਨੇ ਆਪਣੇ ਲਫੈਂਡ ਮੁੰਡੇ ਲਈ ਰਿਸ਼ਤਾ ਮੰਗਿਆ ਆਦਿ। ਪਰ ਨਾਇਕਾ ਦੇ ਪ੍ਰੇਮੀ 'ਸ਼ਫੀਕ' ਨੇ ਉਸ ਲਈ ਉੱਚ ਵਿੱਦਿਆ ਦਾ ਪ੍ਰਬੰਧ ਕੀਤਾ ਅਤੇ ਨਾਇਕਾ ਨੇ ਭਰਾ ਦੇ ਵਿਰੋਧ ਦੇ ਬਾਵਜੂਦ ਘਰੋਂ ਭੱਜ ਕੇ ਆਪਣੇ ਵਿੱਦਿਅਕ ਪ੍ਰੇਮੀ ਨਾਲ ਨਿਕਾਹ ਕੀਤਾ। ਇੰਜ ਬੀ.ਏ., ਬੀ.ਐੱਡ. ਕਰਕੇ ਸਰਕਾਰੀ ਸਕੂਲ ਅਧਿਆਪਕਾ ਬਣ ਕੇ ਆਪਣੇ ਅੱਬੇ ਦਾ ਸੁਪਨਾ ਸਾਕਾਰ ਕੀਤਾ।
ਉਨ੍ਹਾਂ ਹੀ ਦਿਨਾਂ ਵਿਚ ਕਸ਼ਮੀਰ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ। ਅੱਤਵਾਦੀ ਫਿਰੌਤੀਆਂ ਮੰਗਦੇ, ਆਜ਼ਾਦ ਕਸ਼ਮੀਰ ਦੇ ਨਾਅਰੇ ਲਾਉਂਦੇ ਸਨ। ਝੂਠੇ-ਸੱਚੇ ਮੁਕਾਬਲਿਆਂ ਵਿਚ ਨਿਰਦੋਸ਼ਾਂ ਦੇ ਕਤਲ ਕੀਤੇ ਜਾਂਦੇ। ਵਿਸ਼ੇਸ਼ ਕਰਕੇ ਘੱਟ-ਗਿਣਤੀ ਸਿੱਖਾਂ ਦੇ ਬਹੁਤ ਕਤਲ ਹੋਏ, ਜਿਸ ਕਾਰਨ ਉਹ ਜੰਮੂ ਵੱਲ ਪ੍ਰਵਾਸ ਕਰ ਰਹੇ ਸਨ ਪਰ ਨਾਇਕ ਅਤੇ ਸਿੱਖ ਮਿੱਤਰ ਦੀ ਯਾਰੀ ਅਖੀਰ ਤੱਕ ਨਿਭੀ। ਚਿਨਾਰ ਦੇ ਰੁੱਖ ਦੀ ਵੱਡੀ ਖੋਲ (ਬੁੱਢੀ ਧੌਣ) ਨਾਇਕਾ ਅਤੇ ਉਸ ਦੀ ਸਹੇਲੀ (ਰਜ਼ੀਆ) ਦਾ ਗੱਲਬਾਤੀਂ ਕਥਾਰਸਿਸ ਕੇਂਦਰ ਸੀ, ਜਿਸ ਨੂੰ ਤਕਨੀਕੀ ਭਾਸ਼ਾ ਵਿਚ 'ਆਬਜੈਕਟਿਵ ਕੋਰੀਲੇਟਿਵ' ਆਖਿਆ ਜਾ ਸਕਦਾ ਹੈ। ਇਸ ਕੇਂਦਰ ਦੀ ਗੱਲ 'ਫਰੀਕੁਐਂਟਲੀ' ਕੀਤੀ ਗਈ ਹੈ। ਨਸ਼ਿਆਂ ਦੀ ਤਸਕਰੀ 'ਚ ਨੌਜਵਾਨ ਕੈਦ ਵੀ ਭੁਗਤਦੇ ਸਨ। ਹੁੱਕਾ ਪੀਣ ਵਾਲਿਆਂ ਨੂੰ ਗਲੇ ਜਾਂ ਫੇਫੜਿਆਂ ਦਾ ਕੈਂਸਰ ਹੋ ਜਾਂਦਾ ਸੀ। ਨਾਵਲੀ ਬਿਰਤਾਂਤ ਵਿਚ ਟਕਰਾਅ ਅਤੇ ਦੁਖਾਂਤ ਅਧਿਕ ਹੈ, ਸੁਖਾਂਤ ਘੱਟ। ਕਸ਼ਮੀਰੀ ਸ਼ਬਦਾਵਲੀ ਦਾ ਪ੍ਰਯੋਗ ਅਰਥਾਂ ਤੋਂ ਬਿਨਾਂ ਵੀ ਅਤੇ ਫੁੱਟਨੋਟਾਂ ਵਿਚ ਕੁਝ ਅਰਥ ਵੀ ਦਿੱਤੇ ਗਏ ਹਨ। ਲੇਖਕ ਨੇ ਚੁਣੇ ਵਿਸ਼ੇ ਦੀ ਸਫਲ ਪੇਸ਼ਕਾਰੀ ਕੀਤੀ ਹੈ।


ਡਾ. ਧਰਮ ਚੰਦ ਵਾਤਿਸ਼
vatish.dharamchand@gmail.comਸ਼ਾਹ ਹੁਸੈਨ ਦੀ ਦਬੇਲ-ਦ੍ਰਿਸ਼ਟੀ
ਲੇਖਕ : ਡਾ. ਸਰਵਨ ਸਿੰਘ ਪਰਦੇਸੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 198
ਸੰਪਰਕ : 94638-36591.


ਹਥਲੀ ਪੁਸਤਕ ਪੰਜਾਬੀ ਸੂਫ਼ੀ ਕਾਵਿ ਧਾਰਾ ਦੇ ਸਿਰਮੌਰ ਕਵੀਆਂ ਵਿਚ ਸ਼ੁਮਾਰ ਸ਼ਾਹ ਹੁਸੈਨ ਦੀ ਕਾਵਿ ਪ੍ਰਤਿਭਾ ਦੀਆਂ ਵਿਭਿੰਨ ਪਰਤਾਂ ਨੂੰ ਪਾਠਕਾਂ ਦੇ ਸਨਮੁਖ ਕਰਦੀ ਹੈ। ਪੁਸਤਕ ਲੇਖਕ ਸੂਫ਼ੀ ਕਾਵਿ ਅਧਿਐਨ ਅਤੇ ਇਸ ਦੇ ਸ਼ਾਸਤਰੀ ਸੰਕਲਪਾਂ ਦਾ ਗੂੜ੍ਹ ਗਿਆਨੀ ਹੈ। ਇਸ ਪੜਚੋਲਕ ਦੀ ਸੂਫ਼ੀ ਕਾਵਿ ਨੂੰ ਸਮਝਣ ਸਮਝਾਉਣ ਦੀ ਦ੍ਰਿਸ਼ਟੀ ਵੀ ਪ੍ਰਚੱਲਿਤ ਸੂਫ਼ੀ ਕਾਵਿ ਅਧਿਐਤਾਂ ਤੋਂ ਵੱਖਰੀ ਹੈ। ਪੁਸਤਕ ਵਿਚ ਵਿਧੀਵਤ ਰੂਪ ਵਿਚ ਅਧਿਆਇ ਬਣਾਉਂਦਿਆਂ ਲੇਖਕ ਨੇ ਨਵੇਂ ਵਿਚਾਰਾਂ ਦਾ ਪ੍ਰਤੀਪਾਦਨ ਕੀਤਾ ਹੈ। ਸਭ ਤੋਂ ਪਹਿਲਾਂ ਸ਼ਾਹ ਹੁਸੈਨ ਦੇ ਜੀਵਨ ਕਾਲ ਅਤੇ ਉਸ ਦੇ ਰਚਨਾਤਮਿਕ ਸਰੋਤਾਂ ਦੇ ਅੰਤਰਗਤ ਉਸ ਦੇ ਸਮਕਾਲ ਸਮਾਜਿਕ, ਆਰਥਿਕ ਪ੍ਰਬੰਧਨ ਅਤੇ ਲੋਕ ਵਰਤਾਰੇ ਦਾ ਜ਼ਿਕਰ ਕੀਤਾ ਹੈ। ਇਸ ਤੋਂ ਅੱਗੇ ਉਸ ਸਮੇਂ ਦੇ ਰਾਜਸੀ ਪ੍ਰਬੰਧਨ ਵਿਚ ਜਗੀਰਦਾਰੀ ਸਿਸਟਮ ਨੂੰ ਪੜਚੋਲਦਿਆਂ ਹੋਇਆਂ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਸ ਸਿਸਟਮ ਦਾ ਜਨਜੀਵਨ 'ਤੇ ਕੀ ਪ੍ਰਭਾਵ ਪੈ ਰਿਹਾ ਸੀ, ਕਿਥੇ ਬੇਬਾਕੀਆਂ ਸਨ, ਕਿਥੇ ਵਧੀਕੀਆਂ ਦਾ ਸ਼ਿਕਾਰ ਹੋਏ ਲੋਕ ਤਰਲੋਮੱਛੀ ਹੋਏ ਫਿਰਦੇ ਸਨ। ਲੋਕਾਂ ਵਿਚ ਮਨੁੱਖੀ ਆਜ਼ਾਦੀ ਦਾ ਅਭਾਵ ਅਤੇ ਸਹਿਮ ਛਾਇਆ ਹੋਇਆ ਸੀ। ਭਾਵੇਂ ਸ਼ਾਹ ਹੁਸੈਨ 'ਗੋਸ਼ਾ ਪਕੜ ਹੁਸੈਨ' ਆਖਦਾ ਹੈ ਪਰ ਉਸ ਦੀ ਸੁਰ ਬੇਬਾਕ ਪ੍ਰਸਥਿਤੀਆਂ ਨੂੰ ਪ੍ਰਗਟ ਕਰਨ ਵਿਚ ਨਿਹਿਤ ਜਾਪਦੀ ਹੈ। ਡਾ. ਪਰਦੇਸੀ ਸ਼ਾਹ ਹੁਸੈਨ ਦੇ ਸੂਫੀ ਕਾਵਿ ਵਿਚਲੀ ਬਿੰਬਾਵਲੀ ਅਤੇ ਪ੍ਰਤੀਕ ਯੋਜਨਾ ਨੂੰ ਵੀ ਖੂਬ ਸਮਝਦਾ ਹੈ। ਇਸ ਦਾ ਪ੍ਰਗਟਾਵਾ 'ਚਰਖਾ ਉਤਪਾਦਨ ਦਾ ਸੰਦ, ਸਾਧਨ ਅਤੇ ਢੰਗ' ਨਾਮਕ ਅਧਿਆਇ ਤੋਂ ਸਪੱਸ਼ਟ ਹੁੰਦਾ ਹੈ। ਲੇਖਕ ਦਾ ਸਪੱਸ਼ਟ ਬਿਆਨ ਹੈ ਕਿ ਇਹ ਪਹਿਲੀ ਵਾਰ ਹੈ ਕਿ ਸ਼ਾਹ ਹੁਸੈਨ ਨੇ ਜਗੀਰਦਾਰੀ ਨਿਜ਼ਾਮ ਦੇ ਕਾਰ-ਵਿਹਾਰ ਅਤੇ ਉਤਪਾਦਨ ਦੇ ਢੰਗ ਨੂੰ 'ਚਰਖੇ' ਦਾ ਨਾਂਅ ਦਿੱਤਾ ਹੈ। ਸ਼ਾਹ ਹੁਸੈਨ ਨੇ ਚਰਖੇ ਦੁਆਲੇ ਹੀ ਆਪਣੇ ਸੂਫ਼ੀ ਅਨੁਭਵ ਨੂੰ ਪੂਰੇ ਪਾਸਾਰ ਨਾਲ ਪੇਸ਼ ਕਰ ਦਿੱਤਾ ਹੈ। ਸ਼ਾਹ ਹੁਸੈਨ ਦੀ ਕਾਵਿ ਸ਼ੈਲੀ ਸਰਲ, ਸਪੱਸ਼ਟ ਅਤੇ ਲੋਕ ਹਿਰਦਿਆਂ ਵਿਚ ਵਸ ਜਾਣ ਵਾਲੀ ਦਰਸਾਈ ਗਈ ਹੈ ਅਤੇ ਨਾਲ ਹੀ ਸ਼ਾਹ ਹੁਸੈਨ ਦੇ ਸੰਦੇਸ਼ ਨੂੰ ਵੀ ਆਪੇ ਦੀ ਪਛਾਣ ਅਤੇ ਜਮਾਤੀ ਪੈਂਤੜੇ ਦੀ ਉਸਾਰੀ ਜਿਹੇ ਸੰਕਲਪਾਂ ਦੇ ਵਿਖਿਆਣ ਨਾਲ ਪਾਠਕਾਂ ਦੇ ਸਨਮੁੱਖ ਕੀਤਾ ਹੈ। ਇਸ ਤੋਂ ਅੱਗੇ ਸ਼ਾਹ ਹੁਸੈਨ ਦੇ ਇਸ਼ਕ ਦੇ ਸੰਕਲਪ ਨੂੰ ਅਤੇ ਮੁਰਸ਼ਦ ਦੀ ਮਹਾਨਤਾ ਨੂੰ ਦਰਸਾਇਆ ਗਿਆ ਹੈ, ਜਿਸ ਤੋਂ ਡਾ. ਪਰਦੇਸੀ ਦੀ ਮੌਲਿਕ ਅਤੇ ਵਿਲੱਖਣ ਖੋਜ ਪੱਧਤੀ ਦਾ ਬੋਧ ਹੁੰਦਾ ਹੈ।


ਡਾ. ਜਗੀਰ ਸਿੰਘ ਨੂਰ
ਮੋ: 98142-09732


ਤੁਹਾਡੇ ਮੁਤਾਬਿਕ
ਲੇਖਕ : ਮਨਜੀਤ ਸੋਹਲ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 72
ਸੰਪਰਕ : 98140-42341.


ਸ਼ਾਇਰ ਮਨਜੀਤ ਸੋਹਲ ਹਥਲੀ ਕਾਵਿ-ਕਿਤਾਬ 'ਤੁਹਾਡੇ ਮੁਤਾਬਿਕ' ਤੋਂ ਪਹਿਲਾਂ ਵੀ ਚਾਰ ਕਾਵਿ-ਕਿਤਾਬਾਂ 'ਵਕਤ ਦੀ ਧੂੜ ਵਿਚ' 'ਮਰ ਮਰ ਜਿਊਂਦੇ ਲੋਕ', 'ਜੋ ਪਿੰਡਿਆਂ 'ਤੇ ਝੱਲਦੇ ਨੇ' ਅਤੇ 'ਕੁੱਖ ਤੋਂ ਸਿਵੇ ਤੱਕ' ਪੰਜਾਬੀ ਅਦਬ ਦੇ ਰੂਬਰੂ ਕਰਾ ਚੁੱਕਿਆ ਹੈ। ਕਾਵਿ-ਕਿਤਾਬ 'ਤੁਹਾਡੇ ਮੁਤਾਬਿਕ' ਦੇ ਨਾਂਅ ਤੋਂ ਉਸ ਦੀ ਸ਼ਾਇਰੀ ਦੀ ਤੰਦ ਸੂਤਰ ਹੱਥ ਆ ਜਾਂਦੀ ਹੈ। ਉਹ ਸਵਾਲ ਖੜ੍ਹੇ ਕਰਦਾ ਹੈ ਕਿ ਜੋ ਤੁਹਾਡੇ ਮੁਤਾਬਿਕ ਹੈ, ਉਸ ਉੱਤੇ ਤਾਂ ਉਹ ਕਾਂਟਾ ਫੇਰਦਾ ਹੈ ਅਤੇ ਜੋ ਆਪਣੇ ਮੁਤਾਬਿਕ ਹੈ, ਉਹ ਹੀ ਤਰਕਸੰਗਤ ਹੈ। ਜੇ ਮੁੱਲਾਂ ਮੁਰਗੀ ਮਾਰਦਾ ਹੈ, ਉਹ ਹੀ ਹਲਾਲ ਨਹੀਂ ਹੁੰਦੀ ਜੋ ਕਾਫ਼ਰ ਮਾਰਦਾ ਹੈ ਉਸ ਦਾ ਆਪਣਾ ਤਰਕ ਹੈ। ਉਹ ਮਾਸੂਮ ਜਿਹੇ ਪਿੰਡ ਦੇ ਬਹਾਨੇ ਸੱਤਾ 'ਤੇ ਕਾਬਜ਼ ਹੋਣ ਲਈ ਘੜੰਮ ਚੌਧਰੀ ਜਾਤਾਂ ਗੋਤਾਂ ਤੇ ਧਰਮਾਂ ਵਿਚ ਵੰਡੀਆਂ ਪਵਾ ਕੇ ਭਾਈਚਾਰਕ ਸਾਂਝ ਵਿਚ ਤਰੇੜਾਂ ਪੈਦਾ ਕਰਦੇ ਹਨ, ਦੇ ਖੂਬ ਬਖੀਏ ਉਧੇੜਦਾ ਹੈ। ਉਸ ਦੀ ਸ਼ਾਇਰੀ ਦੀ ਖੂਬਸੂਰਤੀ ਇਹ ਹੈ ਕਿ ਉਹ ਖ਼ੁਦ ਨਾਲ ਗੁਫ਼ਤਗੂ ਕਰਦਾ ਹੈ ਤੇ ਉਸ ਗੁਫ਼ਤਗੂ ਨੂੰ ਜਨਰਲਾਈਜ਼ ਵੀ ਕਰਦਾ ਹੈ ਕਿ ਕਿਵੇਂ ਕੁੱਖ ਤੋਂ ਸਿਵਿਆਂ ਤੱਕ ਬੰਦਾ ਕੁੱਲੀ, ਗੁੱਲੀ ਤੇ ਜੁੱਲੀ ਲਈ ਮੁਸ਼ੱਕਤ ਕਰਦਾ ਹੈ ਤੇ ਮਜ਼ਦੂਰ ਮਜਬੂਰ ਨਹੀਂ ਹੁੰਦਾ ਤੇ ਨਾ ਹੀ ਮਗਰੂਰ ਤੇ ਪੂਰਾ ਸ਼ੁੱਧ ਵੀ ਨਹੀਂ ਹੁੰਦਾ। ਉਹ ਕਦੇ ਲੱਕੜਹਾਰੇ ਦਾ ਕੁਹਾੜਾ ਬਣਦਾ ਹੈ ਤੇ ਕਦੇ ਮਾਲੀ ਦਾ ਰੰਬਾ। ਉਹ ਮਜ਼ਦੂਰ ਨੂੰ ਇਕ ਯੋਧੇ ਦੀ ਸੰਗਿਆ ਦਿੰਦਾ ਹੈ। ਉਹ ਲੁੱਟੀ ਜਾ ਰਹੀ ਧਿਰ ਨਾਲ ਹਿੱਕ ਤਾਣ ਕੇ ਖੜ੍ਹਦਾ ਹੈ ਤੇ ਲੋਟੂ ਢਾਣੀ ਦੀਆਂ ਅੱਖਾਂ ਵਿਚ ਮਿਰਚਾਂ ਵਾਂਗ ਰੜਕਦਾ ਹੈ। ਉਸ ਦੀਆਂ ਨਜ਼ਮਾਂ 'ਮਾਸੂਮ ਪਿੰਡ', 'ਸਵੇਰ ਰਾਤ ਤੱਕ', 'ਮਾਫ਼ੀਨਾਮਾ' ਤੇ 'ਚਿਰਾਗ' ਤਾਂ ਉਸ ਦੇ ਬੌਧਿਕ ਮੁਹਾਵਰੇ ਨੂੰ ਤਸਦੀਕ ਕਰਦੀਆਂ ਹਨ ਤੇ ਸਾਲਮ ਦੀ ਸਾਲਮ ਕਿਤਾਬ ਆਧੁਨਿਕ ਭਾਵ ਬੋਧ ਦੇ ਦਰਸ਼-ਦੀਦਾਰੇ ਕਰਾਉਂਦੀ ਹੈ। ਆਮ ਤੌਰ 'ਤੇ ਕਿਸੇ ਸ਼ਾਇਰ ਦੀ ਨਰਮ ਭਾਸ਼ਾ ਨੂੰ ਮੀਰੀ ਗੁਣ ਕਿਹਾ ਜਾਂਦਾ ਹੈ ਪਰ ਇਸ ਦੀ ਸ਼ਾਇਰੀ ਦੀ ਖਰ੍ਹਵੀਂ ਭਾਸ਼ਾ ਦਾ ਖਰ੍ਹਵਾਂਪਣ ਮੀਰੀ ਗੁਣ ਬਣ ਜਾਂਦਾ ਹੈ। ਇਹ ਕਾਵਿ-ਕਿਤਾਬ ਪੜ੍ਹਨ ਤੋਂ ਬਾਅਦ ਵਰਤੋਲਤ ਬ੍ਰੈਖਤ ਦੀ ਇਹ ਨਜ਼ਮ ਯਾਦ ਆਉਂਦੀ ਹੈ 'ਮੰਨਿਆਂ ਕਿ ਇਨਸਾਨ ਜਿਊਣ ਲਈ ਖਾਂਦਾ ਹੈ, ਪਰ ਇਸ ਦਾ ਇਹ ਮਤਲਬ ਵੀ ਨਹੀਂ ਕਿ ਜਿਸ ਨੇ ਖਾ ਲਿਆ ਉਹ ਜੀਉਂ ਵੀ ਲਿਆ।' ਤੁਹਾਡੇ ਮੁਤਾਬਿਕ ਤੇ ਸ਼ਾਇਰ ਮੁਤਾਬਿਕ ਦੇ ਵਿਚਕਾਰ ਤ੍ਰਿਸ਼ੰਕੂ ਬਣੇ ਬੰਦੇ ਦਾ ਸਮਾਧਾਨ ਹੈ ਇਹ ਕਾਵਿ-ਕਿਤਾਬ। ਇਸ ਨੂੰ ਪੜ੍ਹਨਾ ਤੇ ਗੁੜਨਾ ਤਾਂ ਜ਼ਰੂਰੀ ਬਣ ਹੀ ਜਾਂਦਾ ਹੈ।


ਭਗਵਾਨ ਢਿੱਲੋਂ
ਮੋ: 98143-78254.


ਦੋ ਰਾਹ
ਲੇਖਕ : ਬਾਦਲ ਖਹਿਰਾ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 99157-40265.


'ਦੋ ਰਾਹ' ਬਾਦਲ ਖਹਿਰਾ ਦਾ ਪਲੇਠਾ ਨਾਵਲ ਹੈ। ਇਹ ਨਾਵਲ ਅੱਲ੍ਹੜ ਉਮਰੇ ਕੀਤੇ ਇਸ਼ਕਾਂ ਦੁਆਲੇ ਘੁੰਮਦਾ ਹੈ ਜਿਸ ਦੀ ਸਫਲਤਾ ਲਈ ਪ੍ਰੇਮੀ ਅੱਕੀਂ ਪਲਾਹੀਂ ਹੱਥ ਮਾਰਦੇ ਹਨ। ਨਾਵਲ ਦਾ ਨਾਇਕ ਸਰਦਾਰ ਸਿੰਘ ਸਕੂਲੀ ਪੜ੍ਹਾਈ ਖ਼ਤਮ ਕਰਕੇ ਕਾਲਜ ਦਾਖ਼ਲ ਹੁੰਦਾ ਹੈ ਤਾਂ ਪਹਿਲੇ ਦਿਨ ਹੀ ਇਕ ਕੁੜੀ ਆਇਰਾ ਨੂੰ ਪਹਿਲੀ ਨਜ਼ਰੇ ਹੀ ਪ੍ਰੇਮ ਕਰਨ ਲਗਦਾ ਹੈ। ਹੌਲੀ-ਹੌਲੀ ਉਸ ਕੁੜੀ ਨੂੰ ਵੀ ਇਸ ਦੇ ਪ੍ਰੇਮ ਦਾ ਆਭਾਸ ਹੋਣ ਲਗਦਾ ਹੈ। ਦੋਵੇਂ ਇਸ਼ਕ ਦੇ ਰੰਗ ਵਿਚ ਰੰਗੇ ਜਾਂਦੇ ਹਨ। ਪਰ ਕੁੜੀ ਦਾ ਮਜ਼ਹਬ ਮੁਸਲਿਮ ਹੋਣ ਕਰਕੇ ਉਨ੍ਹਾਂ ਦੇ ਵਿਆਹ ਵਿਚ ਅੜਿੱਕਾ ਬਣਦਾ ਹੈ। ਪਰ ਨਾਵਲਕਾਰ ਮੌਕਾ-ਮੇਲ ਰਾਹੀਂ ਅਜਿਹਾ ਹੱਲ ਕੱਢਦਾ ਹੈ ਕਿ ਦੋਵੇਂ ਪ੍ਰੇਮੀਆਂ ਦਾ ਵਿਆਹ ਹੋ ਜਾਂਦਾ ਹੈ। ਉਨ੍ਹਾਂ ਦੋਵਾਂ ਦੇ ਦਾਦੇ ਗੂੜ੍ਹੇ ਯਾਰ ਸਨ ਤੇ ਉਨ੍ਹਾਂ ਵਾਅਦਾ ਕੀਤਾ ਸੀ ਕਿ ਉਹ ਆਪਣੇ ਬੱਚਿਆਂ ਦੇ ਆਪਸ ਵਿਚ ਰਿਸ਼ਤੇ ਜੋੜਨਗੇ। ਬੱਸ ਬਜ਼ੁਰਗਾਂ ਦਾ ਇਹੋ ਵਚਨ ਸਭ ਜਾਤਾਂ, ਧਰਮਾਂ ਅਤੇ ਮਜ਼ਹਬਾਂ ਨੂੰ ਉਲੰਘ ਕੇ ਦੋਵਾਂ ਪ੍ਰੇਮੀਆਂ ਨੂੰ ਇਕ ਹੋਣ ਦਾ ਮੌਕਾ ਦੇ ਦਿੰਦਾ ਹੈ। ਦੂਸਰੀ ਜੋੜੀ ਸ਼ਾਹਿਦ ਅਜ਼ੀਨ ਦੀ ਹੈ। ਅਜ਼ੀਨ ਉਸ ਦੀ ਮੰਗੇਤਰ ਹੈ ਤੇ ਉਹ ਉਸ ਨਾਲ ਜਲਦੀ ਵਿਆਹ ਬੰਧਨ ਵਿਚ ਬੱਝ ਜਾਣਾ ਚਾਹੁੰਦੀ ਹੈ। ਉਹ ਵੀ ਆਪਣੇ ਇਸ ਯਤਨ ਵਿਚ ਸਫਲ ਹੋ ਜਾਂਦਾ ਹੈ। ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਹੈ। ਤੀਸਰੀ ਜੋੜੀ ਸਰਦਾਰ ਦੇ ਭੂਆ ਦੇ ਪੁੱਤ ਯੋਧੇ ਅਤੇ ਬਸੰਤ ਕੌਰ ਦੀ ਹੈ। ਯੋਧਾ ਪੜ੍ਹਿਆ-ਲਿਖਿਆ ਹੈ ਤੇ ਅਧਿਆਪਕ ਲੱਗਾ ਹੋਇਆ ਹੈ ਤੇ ਉਹ ਬਸੰਤ ਨਾਂਅ ਦੀ ਕੁੜੀ ਨਾਲ ਇਸ਼ਕ ਕਰਦਾ ਹੈ। ਤਾਏ ਵਿਚੋਲੇ ਰਾਹੀਂ ਗੱਲ ਚਲਦੀ ਹੈ ਤੇ ਦੋਵੇਂ ਟੱਬਰ ਵਿਆਹ ਲਈ ਰਜ਼ਾਮੰਦ ਹੋ ਜਾਂਦੇ ਹਨ।
ਲੇਖਕ ਪ੍ਰੇਮ ਵਿਆਹ 'ਚ ਯਕੀਨ ਰੱਖਦਾ ਹੈ। ਹਾਂ-ਪੱਖੀ ਦ੍ਰਿਸ਼ਟੀਕੋਣ ਹੋਣ ਕਾਰਨ ਇਹ ਤਿੰਨੋਂ ਜੋੜੀਆਂ ਸਾਰੀਆਂ ਹੱਦਾਂ ਲੰਘ ਕੇ ਆਪਣੇ ਮਨਚਾਹੇ ਮੀਤ ਨੂੰ ਪਾਉਣ ਵਿਚ ਸਫਲ ਹੋ ਜਾਂਦੇ ਹਨ। ਠਰ੍ਹੱਮਾ ਅਤੇ ਮੌਕਾ-ਮੇਲ ਉਨ੍ਹਾਂ ਦੀ ਸਹਾਇਤਾ ਕਰਦਾ ਹੈ। ਕੁਝ ਵਿਚੋਲੇ ਦੇ ਯਤਨ, ਉਨ੍ਹਾਂ ਨੂੰ ਸਫਲ ਹੋਣ ਵਿਚ ਸਹਾਈ ਹੁੰਦੇ ਹਨ। ਇਸੇ ਲਈ ਇਹ ਨਾਵਲ ਸੁਖਾਂਤਕ ਪਰਿਵੇਸ਼ ਵਿਚ ਖ਼ਤਮ ਹੁੰਦਾ ਹੈ। ਕਾਲਜੀ ਇਸ਼ਕ ਵਿਚ ਇਸ ਤਰ੍ਹਾਂ ਦੀ ਸਫਲਤਾ ਅਲੋਕਾਰੀ ਵਪਤ ਹੈ।


ਕੇ. ਐਲ. ਗਰਗ
ਮੋ: 94635-37050


ਚੌਥੀ ਕੂਟ

ਲੇਖਕ : ਵਰਿਆਮ ਸਿੰਘ ਸੰਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 120 ਰੁਪਏ, ਸਫ਼ੇ : 142
ਸੰਪਰਕ : 95011-45039


'ਚੌਥੀ ਕੂਟ' ਵਰਿਆਮ ਸਿੰਘ ਸੰਧੂ ਦੀਆਂ ਕਹਾਣੀਆਂ ਦਾ ਸੰਗ੍ਰਹਿ ਹੈ। ਇਹ ਪਹਿਲੀ ਵਾਰ 1998 ਵਿਚ ਛਪਿਆ ਸੀ ਅਤੇ ਸਾਲ 2000 ਦਾ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਇਸ ਸੰਗ੍ਰਹਿ ਨੂੰ ਮਿਲਿਆ ਸੀ। ਹੁਣ 2020 ਵਿਚ ਛਪਿਆ ਇਹ ਇਸ ਦਾ ਸੱਤਵਾਂ ਸੰਸਕਰਣ ਹੈ, ਜਿਸ ਵਿਚ ਵਰਿਆਮ ਸਿੰਘ ਸੰਧੂ ਦੀਆਂ ਪੰਜ ਕਹਾਣੀਆਂ ਸ਼ਾਮਿਲ ਹਨ 'ਚੌਥੀ ਕੂਟ', 'ਪਰਛਾਵੇਂ', 'ਮੈਂ ਹੁਣ ਠੀਕ ਠੀਕ ਹਾਂ', 'ਛੁੱਟੀ' ਅਤੇ 'ਨੌਂ ਬਾਰਾਂ ਦਸ'। ਇਹ ਪੰਜ ਕਹਾਣੀਆਂ ਵੀ ਉਹ ਕਹਾਣੀਆਂ ਹਨ, ਜਿਨ੍ਹਾਂ ਕਰਕੇ ਵਰਿਆਮ ਸਿੰਘ ਸੰਧੂ ਪੰਜਾਬੀ ਕਹਾਣੀ ਦੇ ਵਿਲੱਖਣ ਹਸਤਾਖ਼ਰ ਵਜੋਂ ਜਾਣਿਆ ਜਾਂਦਾ ਹੈ। ਇਸ ਸੰਗ੍ਰਹਿ ਦੀ ਆਖ਼ਰੀ ਕਹਾਣੀ 'ਨੌਂ ਬਾਰਾਂ ਦਸ' ਨਿੰਦਰ ਦੇ ਕਿਰਦਾਰ ਰਾਹੀਂ ਭਾਰਤੀ ਸਮਾਜ ਦੀ ਜਾਤ-ਪਾਤੀ, ਨਾ-ਬਰਾਬਰੀ ਅਤੇ ਕਿਸਾਨੀ ਜੀਵਨ ਦੀਆਂ ਸਮਾਜਿਕ ਵਿਸੰਗਤੀਆਂ ਨੂੰ ਜਿਸ ਮਨੋਵਿਗਿਆਨਕ ਅਤੇ ਆਰਥਿਕ ਧਰਾਤਲਾਂ ਦੀ ਬਾਰੀਕ-ਬੀਨੀਆਂ ਦੇ ਮੋਟਿਫ਼ਾਂ ਦੀ ਜੜਤ ਨਾਲ ਗਲਪ-ਬਿੰਬ ਉਸਾਰੀ ਕਰਦੀ ਹੈ, ਉਹ ਪੰਜਾਬੀ ਕਹਾਣੀ ਦਾ ਅਤਿ-ਨਿਵੇਕਲਾ ਅਤੇ ਵਡਮੁੱਲਾ ਹਾਸਲ ਹੈ। ਪਹਿਲੀਆਂ ਚਾਰ ਕਹਾਣੀਆਂ ਪੰਜਾਬ ਸੰਕਟ ਬਾਰੇ ਲਿਖੀਆਂ ਗਈਆਂ, ਉਹ ਅਦਭੁੱਤ ਕਹਾਣੀਆਂ ਹਨ ਜਿਹੜੀਆਂ ਵਰਿਆਮ ਸਿੰਘ ਸੰਧੂ ਨੂੰ ਪੰਜਾਬ ਦੇ ਕਿਸਾਨੀ ਜੀਵਨ ਦੀਆਂ ਰਹਿਤਲੀ ਪਰਤਾਂ ਦੇ ਚਿਤੇਰੇ ਵਜੋਂ ਸਥਾਪਤ ਕਰਦੀਆਂ ਹਨ। ਇਨ੍ਹਾਂ ਕਹਾਣੀਆਂ ਦੀ ਨਿਵੇਕਲੀ ਸਿਰਜਣਾ, ਬਿਰਤਾਂਤ ਜੁਗਤਾਂ ਅਤੇ ਵਰਤਾਲਾਪ ਵਰਿਆਮ ਸਿੰਘ ਸੰਧੂ ਨੂੰ ਪੰਜਾਬ ਸੰਕਟ ਦੀਆਂ ਲੁਕਵੀਆਂ ਗਹਿਰਾਈਆਂ ਦੇ ਪ੍ਰਮਾਣਿਕ ਗਲਪੀ-ਬਿੰਬ ਉਸਾਰਨ ਵਾਲੇ ਕਰਤਾਰੀ ਸਿਰਜਕ ਵਜੋਂ ਵੀ ਪਛਾਣਨ ਦਾ ਆਧਾਰ ਬਣਦੀ ਹੈ। ਇਨ੍ਹਾਂ ਕਹਾਣੀਆਂ ਦੀ ਬਣਤਰ ਅਤੇ ਬੁਣਤਰ ਗੁੰਝਲਦਾਰ ਹੋਣ ਦੇ ਬਾਵਜੂਦ, ਪਾਤਰਾਂ ਦੀ ਵਾਰਤਾਲਾਪੀ ਸੁਰ ਦੇ ਸਹਾਰੇ, ਉਸ ਵਿਚਾਰ ਨੂੰ ਅਛੋਪਲੇ ਹੀ ਪਾਠਕ ਦੇ ਬੋਧ ਵਿਚ ਸਮੋ ਦਿੰਦੀ ਹੈ, ਜਿਸ ਕਰਕੇ ਉਹ ਕਹਾਣੀ ਲਿਖੀ ਗਈ ਹੁੰਦੀ ਹੈ। 'ਚੌਥੀ ਕੂਟ', 'ਪ੍ਰਛਾਵੇਂ', 'ਛੁੱਟੀ' ਅਤੇ 'ਮੈਂ ਹੁਣ ਠੀਕ ਠਾਕ ਹਾਂ' ਕਹਾਣੀਆਂ ਦਾ ਪਾਠ ਆਰੰਭ ਕਰੀਏ ਤਾਂ ਸ਼ਬਦ ਦਰ ਸ਼ਬਦ ਪੰਜਾਬੀ ਜਨਜੀਵਨ ਦੀਆਂ ਦੁਸ਼ਵਾਰੀਆਂ ਦੇ ਦ੍ਰਿਸ਼ ਦੂਰ ਦੁਮੇਲਾਂ ਤੱਕ ਫੈਲਦੇ ਹੋਏ, ਦਿਲੋ-ਦਿਮਾਗ ਨੂੰ ਗਹਿਰੀ ਤਰ੍ਹਾਂ ਹਲੂਣਦੇ ਹਨ। 'ਚੌਥੀ ਕੂਟ' ਦਾ ਰਾਜ ਕੁਮਾਰ ਪੰਜਾਬ ਸੰਕਟ ਦੀ ਉਸ ਜਾਤਨਾ ਦਾ ਪ੍ਰਤੀਕ ਹੈ, ਜੋ ਮਰੀ ਹੋਈ ਜ਼ਿੰਦਗੀ ਨੂੰ ਪਲ ਪਲ ਜਿਊਂਦਾ ਹੋਇਆ, ਵਿਪਰੀਤ ਹਾਲਤਾਂ ਦੇ ਠੁੰਮਣੇ ਵਿਚੋਂ ਆਪਣੇ ਅੰਤਹਕਰਨ ਵਿਚ ਦੱਬੀ ਹੋਈ, ਉਸ ਟੀਸ ਲਈ ਮਰਹਮ ਭਾਲਦਾ ਹੈ, ਜਿਹੜੀ ਪੰਜਾਬ ਦੇ ਸਾਂਝੇ ਸੱਭਿਆਚਾਰ ਨੂੰ ਡਾਵਾਂਡੋਲ ਕਰਦੀ ਹੋਈ, ਸੰਸਿਆਂ ਦੇ ਸਤੰਭ ਉਸਾਰਦੀ ਦਿਸਦੀ ਸੀ। ਧਰਮਾਂ ਦੇ ਵਖਰੇਵਿਆਂ ਵਿਚ ਵੀ ਮਾਨਸਿਕ ਗਹਿਰਾਈਆਂ ਤੱਕ ਜਿਊਂਦੀ ਪੰਜਾਬੀਅਤ ਦੀਆਂ ਪਰਤਾਂ ਨੂੰ ਜਿਸ ਸੂਖਮਤਾ ਨਾਲ ਇਹ ਕਹਾਣੀ ਸਿਰਜਦੀ ਹੈ, ਇਸ ਦੀ ਕੋਈ ਹੋਰ ਮਿਸਾਲ ਪੰਜਾਬੀ ਕਹਾਣੀ ਵਿਚ ਨਹੀਂ ਮਿਲਦੀ। ਵਰਿਆਮ ਸਿੰਘ ਸੰਧੂ ਦੀ ਕਹਾਣੀ ਕਲਾ ਸਹਿਜ ਦਿਸਦੀ ਹੋਈ ਵੀ ਜਟਲ ਬੁਣਤੀ ਵਾਲੀ ਹੈ। ਸੰਕਲਪਾਂ ਅਤੇ ਸਥਿਤੀਆਂ ਦੇ ਪਿੱਛੇ ਲੁਕੀ ਸਿਆਸਤ ਨੂੰ ਸੂਖਮਤਾ ਨਾਲ ਸਿਰਜ ਦੇਣਾ ਉਸ ਦਾ ਕਮਾਲ ਹੈ। ਪੰਜਾਬ ਦੀ ਸਮੱਸਿਆ ਨੂੰ ਸਮਝਣ, ਇਸ ਦੀਆਂ ਡੂੰਘਾਵਾਂ ਵਿਚ ਰਿਸਦੇ ਜ਼ਖ਼ਮਾਂ ਨੂੰ ਪਲੋਸਣ ਅਤੇ ਪੰਜਾਬੀ ਮਾਨਸਿਕਤਾ ਦੇ ਗਲਪ-ਬੋਧ ਵਿਚ ਇਸ ਦਾ ਸਹਿਜ ਪ੍ਰਸਾਰ ਕਰਨ ਦੀ ਜੁਗਤ ਵਰਿਆਮ ਸਿੰਘ ਸੰਧੂ ਦਾ ਸਹਿਜ ਹੈ। ਉਸ ਦੀਆਂ ਕਹਾਣੀਆਂ ਦੇ ਪਾਤਰ ਉਹ ਪੰਜਾਬੀ ਜਿਊੜੇ ਹਨ ਜੋ ਪੰਜਾਬੀ ਮਾਨਸਿਕਤਾ ਦੀਆਂ ਸਮਾਜਿਕ, ਰਾਜਨੀਤਕ, ਆਰਥਿਕ, ਸੱਭਿਆਚਾਰਕ, ਧਾਰਮਿਕ ਅਤੇ ਮਨੋਵਿਗਿਆਨਕ ਪਰਤਾਂ ਦੇ ਪਰਤੌ ਹਨ। ਆਮ ਜ਼ਿੰਦਗੀ ਵਿਚ ਵਿਚਰ ਰਹੇ ਇਨ੍ਹਾਂ ਸੁਭਾਵਿਕ ਪਾਤਰਾਂ ਨੂੰ ਆਪਣੀਆਂ ਕਹਾਣੀਆਂ ਵਿਚ ਸਮੋ ਕੇ, ਵਰਿਆਮ ਸਿੰਘ ਸੰਧੂ, ਪੰਜਾਬੀਅਤ ਨੂੰ ਦਰਪੇਸ਼ ਇਤਿਹਾਸਕ ਵੰਗਾਰਾਂ ਅਤੇ ਪੰਜਾਬੀ ਜਨਜੀਵਨ ਦੀ ਅਤਿ ਕਠੋਰਤਾ ਦੀ ਸਥਿਤੀ ਨੂੰ ਵੀ ਅਤਿ ਕੋਮਲ ਸਿਰਜਣਾ ਤੱਕ ਪਹੁੰਚਾ ਸਕਣ ਦੇ ਸਮਰੱਥ ਹੋਇਆ ਹੈ। ਚਾਹੇ ਉਹ 'ਛੁੱਟੀ' ਕਹਾਣੀ ਦਾ ਬਲਦੇਵ ਜਾਂ ਉਸ ਦਾ ਪੁੱਤਰ ਕੁਲਜੀਤ ਹੈ, ਚਾਹੇ 'ਪ੍ਰਛਾਵੇਂ' ਦਾ ਬਲਬੀਰ ਸਿੰਘ, ਬਾਜ਼ਾਰ ਵਿਚੋਂ ਕੱਪੜਾ ਖ਼ਰੀਦਣ ਆਏ 'ਭਾਊ ਸਿੰਘ' ਮਨੋਹਰ ਲਾਲ ਤੇ ਉਸ ਦਾ ਪਿਉ ਫਜਲ ਹੱਕ ਅਤੇ ਉਸ ਦਾ ਪੋਤਰਾ, ਮੌਲਵੀ ਅਬਦੁੱਲ ਗਨੀ, ਹਨ ਅਤੇ ਚਾਹੇ 'ਮੈਂ ਹੁਣ ਠੀਕ ਠਾਕ ਹਾਂ' ਦਾ ਜੋਗਿੰਦਰ ਸਿੰਘ, ਹਸਪਤਾਲ ਦੇ ਸਟਾਫ ਵਿਚ ਮਖਾ, ਜਿਸ ਨੇ ਟੌਮੀ (ਕੁੱਤੇ) ਦੀ ਮੌਤ ਨੂੰ ਉਹ ਪਾਸਾਰ ਦਿੱਤੇ ਹਨ, ਜਿਹੜੇ ਪੰਜਾਬੀ ਕਹਾਣੀ ਦਾ ਅਦਭੁੱਤ ਅੰਦਾਜ਼ ਬਣਦੇ ਹਨ। 'ਨੌਂ ਬਾਰਾਂ ਦਸ' ਦਾ ਨਿੰਦਰ ਤਾਂ ਅਸਲੋਂ ਨਿਵੇਕਲੀ ਕਿਰਦਾਰ-ਕਿਰਤ ਹੈ।
ਜੇਕਰ ਇਸ ਕਿਤਾਬ ਦੇ ਪਹਿਲੇ ਪੰਨੇ ਉੱਤੇ ਵਰਿਆਮ ਸਿੰਘ ਸੰਧੂ ਵਲੋਂ ਸਮਰਪਣ ਵਜੋਂ ਅੰਕਿਤ ਕੀਤੇ ਗਏ ਆਪਣੇ ਪਿਤਾ ਅਤੇ ਮਾਤਾ ਦੀ ਵਾਰਤਾਲਾਪ ਦੇ ਸ਼ਬਦਾਂ 'ਤੂੰ ਫ਼ਿਕਰ ਨਾ ਕਰਿਆ ਕਰ। ਮੇਰਾ ਪੁੱਤ ਤਾਂ ਦਰਿਆ ਹੈ ਤੇ ਇਸ ਨੇ ਅੱਗੇ ਵਧਦੇ ਜਾਣਾ ਹੈ', ਨੂੰ ਆਤਮਸਾਤ ਕਰਕੇ ਇਨ੍ਹਾਂ ਕਹਾਣੀਆਂ ਵਿਚ ਪ੍ਰਵੇਸ਼ ਕਰੀਏ ਤਾਂ ਇਨ੍ਹਾਂ ਕਹਾਣੀਆਂ ਦੀਆਂ ਪਰਤਾਂ ਵਿਚ ਵਗਦਾ ਦਰਿਆ ਅਜਬ ਸਕੂਨ ਦਿੰਦਾ ਹੈ। 'ਚੌਥੀ ਕੂਟ' ਵਿਚ ਦਾਦੀ ਤੋਂ ਸੁਣੀ ਰਾਜ ਕੁਮਾਰ ਦੀ ਕਹਾਣੀ ਉੱਤੇ ਕੇਂਦਰਿਤ ਹੋਈਏ ਤਾਂ 'ਉਹ ਜਿਸ ਦਾ ਨਾਂਅ ਵਰਿਆਮ ਸਿੰਘ ਸੰਧੂ ਹੈ' 'ਚੌਥੀ ਕੂਟ' ਵੱਲ ਹਿੱਕ ਤਾਣੀ ਤੁਰਿਆ ਜਾ ਰਿਹਾ ਦਿਸਦਾ ਹੈ।


ਡਾ. ਲਖਵਿੰਦਰ ਸਿੰਘ ਜੌਹਲ
ਮੋ: 94171-94812.


ਕਲਮ ਨਾਦ
ਲੇਖਕ : ਪ੍ਰੀਤ ਲੱਧੜ
ਪ੍ਰਕਾਸ਼ਕ : ਮੂਵ ਆਨ ਪਬਲੀਕੇਸ਼ਨਜ਼, ਬਠਿੰਡਾ
ਮੁੱਲ : 140 ਰੁਪਏ, ਸਫ਼ੇ : 112
ਸੰਪਰਕ : 98155-70576.


ਪ੍ਰੀਤ ਲੱਧੜ 'ਕਲਮ ਨਾਦ' ਕਾਵਿ-ਸੰਗ੍ਰਹਿ ਰਾਹੀਂ ਪੰਜਾਬੀ ਕਾਵਿ-ਜਗਤ 'ਚ ਆਪਣੀ ਪਲੇਠੀ ਦਸਤਕ ਦਿੰਦਾ ਹੈ। ਇਸ ਸੰਗ੍ਰਹਿ ਵਿਚਲੀਆਂ ਕਾਵਿ-ਰਚਨਾਵਾਂ ਉਸ ਦੇ ਨਾਂਅ ਵਾਂਗ ਹੀ 'ਪ੍ਰੀਤ' ਦੀ ਮਹਿਕ ਚੌਗਿਰਦੇ 'ਚ ਬਿਖੇਰਦੀਆਂ ਪ੍ਰਤੀਤ ਹੁੰਦੀਆਂ ਹਨ। ਇਸ ਸੰਗ੍ਰਹਿ ਵਿਚ 'ਕੁਦਰਤ ਦਾ ਸੁਹਾਗ' ਕਵਿਤਾ ਤੋਂ ਲੈ ਕੇ 'ਖੰਜ਼ਰ-ਛੁਰੀਆਂ' ਤੱਕ 60 ਕਵਿਤਾਵਾਂ ਤੇ ਗ਼ਜ਼ਲਾਂ ਸ਼ਾਮਿਲ ਕੀਤੀਆਂ ਗਈਆਂ ਹਨ। ਪ੍ਰੀਤ ਲੱਧੜ ਦੀ ਕਵਿਤਾ ਰੁਦਨ ਦੀ ਬਾਤ ਛੂੰਹਦੀ ਹੈ ਪਰ ਮੁਕਾਉਂਦੀ ਹੈ ਵਸਲ ਦੇ ਪਲਾਂ 'ਚ ਮਹਿਕਦੀ ਖੁਸ਼ਬੂ ਦਾ ਚੌਗਿਰਦੇ 'ਚ ਖਿੰਡ ਜਾਣ ਦੇ ਮੰਜ਼ਰ ਨਾਲ। ਇਹ ਮਨੁੱਖ ਦਾ ਹਕੀਕੀ ਸੁਪਨਾ ਹੈ ਜੋ ਮਨੁੱਖ ਦੇ ਆਦਿ ਸਮੇਂ ਤੋਂ ਹੀ ਉਸ ਦੇ ਮਨ-ਮਸਤਕ 'ਚ ਤੈਰ ਰਿਹਾ ਹੈ, ਡੁੱਬਕੀਆਂ ਲਗਾ ਰਿਹਾ ਹੈ। ਕੁਦਰਤ, ਕਾਦਰ, ਬ੍ਰਹਿਮੰਡ ਦੇ ਇਸ ਵੱਡ-ਆਕਾਰੀ ਦ੍ਰਿਸ਼ 'ਚ ਮਨੁੱਖ ਦੀ ਹੈਸੀਅਤ/ਔਕਾਤ ਨੂੰ ਲੱਭਣਾ, ਜੁਗਨੂੰ ਬਣ ਰਾਤਾਂ ਨੂੰ ਰੁਸ਼ਨਾਉਣ ਦਾ ਸੁਪਨਾ ਸਜਾਉਣਾ ਵੀ ਤਾਂ ਮਨੁੱਖ ਅਜ਼ਲੀ ਕਰਮ ਰਿਹਾ ਹੈ। ਇਸ ਸੁਪਨੇ ਨੂੰ ਸਾਕਾਰ ਕਰਨ ਲਈ ਰਾਹ 'ਚ ਆਉਂਦੀਆਂ ਦੁਸ਼ਵਾਰੀਆਂ ਨੂੰ ਵੀ ਪ੍ਰੀਤ ਅਣਡਿੱਠ ਨਹੀਂ ਕਰਦਾ। ਲੋਕਤੰਤਰੀ ਸਰਕਾਰਾਂ ਦੀ ਆਪਣੇ ਨਾਗਰਿਕਾਂ ਲਈ ਸਿੱਖਿਆ, ਸਿਹਤ, ਸੁਰੱਖਿਆ ਅਤੇ ਰੁਜ਼ਗਾਰ ਦਾ ਪ੍ਰਬੰਧ ਕਰਨ ਦੀ ਮੁਢਲੀ ਜ਼ਿੰਮੇਵਾਰੀ ਹੁੰਦੀ ਹੈ। ਪਰ ਇਥੇ ਤਾਂ ਗ਼ਰੀਬੀ, ਭੁੱਖ, ਲਾਚਾਰੀ, ਬੇਇਤਬਾਰੀ, ਊਚਤਾ-ਨੀਚਤਾ, ਰਿਸ਼ਵਤਖੋਰੀ, ਪਾਖੰਡਵਾਦ ਅਤੇ ਹੋਰ ਅਨੇਕਾਂ ਮਸਲਿਆਂ ਨੂੰ ਖੜ੍ਹਿਆ ਕਰ, ਮਨੁੱਖੀ ਦੀ ਦੁਰਦਸ਼ਾ ਦਾ ਦ੍ਰਿਸ਼ ਸਿਰਜਿਆ ਜਾ ਰਿਹਾ ਹੈ।
ਚੌਥੀ 'ਚੋਂ ਹਟਾ ਲਏ ਬੱਚੇ ਰੋਕ ਕੇ ਪੜ੍ਹਾਈ ਨੂੰ
ਬਾਪੂ ਏ ਬਿਮਾਰ ਜੀਹਦਾ ਤਰਸੇ ਦਵਾਈ ਨੂੰ।
ਉਪਰੋਕਤ ਵਰਣਿਤ ਅਹਿਸਾਸਾਂ ਨੂੰ ਪ੍ਰੀਤ ਨੇ 'ਗੁੱਡੀਆਂ ਹਿਜਰ ਦੀਆਂ', 'ਸਰਕਾਰ', 'ਮਖੌਟੇ', 'ਦੂਰ ਹੀ ਚੰਗੇ', 'ਦੁੱਖਾਂ ਵਾਲੀ ਰਾਤ', 'ਨਸੀਬ', 'ਸੁਪਨਾ ਤੇ ਮੈਂ', 'ਪਿੰਡ', 'ਗ਼ਰੀਬੀ ਕੀ ਬਲਾ ਹੈ' ਆਦਿ ਕਵਿਤਾਵਾਂ 'ਚ ਬਿਆਨ ਕੀਤਾ ਹੈ। ਇਹ ਅਹਿਸਾਸਾਂ ਦੀ ਕਵਿਤਾ ਹੈ, ਹਉਕਿਆਂ ਦੀ ਕਵਿਤਾ ਹੈ। ਕਾਵਿ-ਸੰਗ੍ਰਹਿ ਦਾ ਸਿਰਲੇਖ ਹੈ 'ਕਲਮ ਨਾਦ'। 'ਕਲਮ' ਜੋ ਸ਼ਬਦ ਸਿਰਜਦੀ ਹੈ। ਨਾਦ ਦਾ ਅਰਥ ਆਵਾਜ਼, ਧੁਨ। ਸ਼ਬਦ ਦੀ ਧੁਨੀ ਦਾ ਪਸਾਰਾ ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਵਿਚ ਦੇਖਿਆ ਜਾ ਸਕਦਾ ਹੈ।
* ਰੁਮਕਦੀਆਂ ਪੌਣਾਂ ਵੀ ਰੂਪ
ਤੂਫ਼ਾਨਾਂ ਦਾ ਲੈਣਗੀਆਂ
* ਪੁੰਗਰੇ ਸੀ ਜੋ ਬੀਜ ਨਵੇਂ
ਬਣ ਕੇ ਬੋਹੜ ਖਲੋ ਜਾਣੇ।
ਪ੍ਰੀਤ ਲੱਧੜ ਦਾ ਇਹ ਕਾਵਿ-ਸੰਗ੍ਰਹਿ ਪੰਜਾਬੀ ਕਾਵਿ-ਜਗਤ 'ਚ ਨਵੀਆਂ ਸੰਭਾਵਨਾਵਾਂ ਦੇ ਉਗਮਣ ਦਾ ਸੰਕੇਤ ਦੇ ਰਿਹਾ ਹੈ। ਕਾਵਿ-ਪਾਠਕ ਇਸ ਨੂੰ ਜੀ ਆਇਆਂ ਕਹਿੰਦਿਆਂ ਮਾਣਨ ਦਾ ਯਤਨ ਕਰਨਗੇ। ਅਜਿਹੀ ਮੇਰੀ ਕਾਮਨਾ ਹੈ। ਆਮੀਨ!


ਸੰਧੂ ਵਰਿਆਣਵੀ
ਮੋ: 98786-14096

03-07-2021

ਮਿੱਟੀ ਦੇ ਵਣਜਾਰੇ
ਸੰਪਾਦਕ : ਅਰਤਿੰਦਰ ਸੰਧੂ, ਡਾ. ਮੋਹਨ ਸਿੰਘ ਤਿਆਗੀ
ਪ੍ਰਕਾਸ਼ਕ : ਵਾਹਗਾ ਬੁੱਕਸ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 151
ਸੰਪਰਕ : 98153-02081.

'ਮਿੱਟੀ ਦੇ ਵਣਜਾਰੇ' ਕਿਸਾਨੀ ਨੂੰ ਸਮਰਪਿਤ ਕਵਿਤਾਵਾਂ ਦਾ ਮਜਮੂਆ ਹੈ, ਜਿਸ ਨੂੰ ਅਰਤਿੰਦਰ ਸੰਧੂ ਅਤੇ ਡਾ. ਮੋਹਨ ਸਿੰਘ ਤਿਆਗੀ ਨੇ ਸੰਪਾਦਿਤ ਕੀਤਾ ਹੈ। ਇਸ ਵਿਚ 88 ਕਵੀਆਂ ਦੀਆਂ 88 ਕਵਿਤਾਵਾਂ (73 ਕਵਿਤਾਵਾਂ+12 ਗ਼ਜ਼ਲਾਂ+3 ਗੀਤ) ਸੰਕਲਿਤ ਹਨ, ਭਾਵ ਹਰ ਇਕ ਕਵੀ ਦੀ ਇਕ-ਇਕ ਕਵਿਤਾ।
ਸਦੀਆਂ ਤੋਂ ਸਾਹਿਤ ਸਮਾਜ ਦਾ ਜ਼ਾਮਨ ਰਿਹਾ ਹੈ। ਹਰ ਯੁੱਗ ਵਿਚ ਹਰ ਸਥਿਤੀ ਵਿਚ ਸਮਾਜ ਵਿਚ ਜੋ ਵੀ ਚੰਗਾ/ਮਾੜਾ ਵਾਪਰਦਾ ਰਿਹਾ ਹੈ, ਸਾਹਿਤਕਾਰਾਂ ਨੇ ਉਸ ਦਾ ਅਕਸ ਚਿਤਰਨ ਲਈ ਆਪਣੀ ਕਲਮ ਦੀ ਵਰਤੋਂ ਕੀਤੀ ਹੈ। ਇਹ ਸਾਹਿਤਕਾਰ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਹੜੀ ਵਿਧਾ ਵਿਚ ਇਸ ਦਾ ਚਿਤਰਨ ਕਰੇ। ਦੁਨੀਆ ਭਰ ਦੇ ਸਾਹਿਤ ਵਿਚ ਇਹ ਅੰਕਿਤ ਹੈ ਕਿ ਹਰ ਲੇਖਕ ਜਜ਼ਬਾਤੀ ਹੋਣ ਕਰਕੇ ਸਭ ਤੋਂ ਪਹਿਲਾਂ ਕਾਵਿ ਨੂੰ ਆਪਣੀਆਂ ਭਾਵਨਾਵਾਂ ਦਾ ਮਾਧਿਅਮ ਬਣਾਉਂਦਾ ਆ ਰਿਹਾ ਹੈ। ਇਸੇ ਪ੍ਰਥਾਇ ਵਿਚਾਰ-ਅਧੀਨ ਸੰਗ੍ਰਹਿ ਵਿਚ ਵੱਡੀ ਗਿਣਤੀ ਵਿਚ ਕਵੀਆਂ ਨੇ ਆਪਣੇ ਜਜ਼ਬਾਤ ਪਾਠਕਾਂ ਨਾਲ ਸਾਂਝੇ ਕੀਤੇ ਹਨ। ਅੱਜ ਪੂਰੇ ਵਿਸ਼ਵ ਵਿਚ ਭਾਰਤ ਕਿਸਾਨੀ ਅੰਦੋਲਨ ਕਰਕੇ ਸਭ ਦਾ ਕੇਂਦਰ ਬਣਿਆ ਹੋਇਆ ਹੈ। ਇੱਥੋਂ ਦੀ ਮਿੱਟੀ ਦੇ ਜਾਇਆਂ ਨੇ ਸਿਰਫ ਦੇਸ਼ ਵਿਚ ਹੀ ਨਹੀਂ, ਸਗੋਂ ਵਿਦੇਸ਼ਾਂ ਵਿਚ ਵੀ ਆਪਣੀ ਮਿਹਨਤ-ਮੁਸ਼ੱਕਤ ਦੀ ਧਾਂਕ ਜਮਾਈ ਹੈ। ਭਾਰਤ ਦੇ ਰਾਜਨੀਤਕ ਆਗੂਆਂ (ਹੁਕਮਰਾਨ ਪਾਰਟੀ) ਨੂੰ ਕਿਸਾਨਾਂ ਦੀਆਂ ਮੁਸ਼ਕਿਲਾਂ ਵਿਖਾਈ ਨਹੀਂ ਦੇ ਰਹੀਆਂ। ਉਂਜ ਕੁੱਲ ਦੁਨੀਆ ਦੇ ਸਮਾਜਿਕ, ਰਾਜਨੀਤਕ ਆਗੂ ਤੇ ਸਾਹਿਤਕਾਰ, ਕਲਾਕਾਰ ਤੇ ਗਾਇਕ ਉਨ੍ਹਾਂ ਦੀ ਪਿੱਠ 'ਤੇ ਖੜ੍ਹੇ ਹਨ। ਭਾਰਤੀ ਹਾਕਮ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਹੋਣ ਕਰਕੇ ਕਿਸਾਨੀ ਮਸਲਿਆਂ ਤੋਂ ਅੱਖਾਂ ਮੀਟੀ ਬੈਠੇ ਹਨ। ਪਰ ਸਿੰਘੂ, ਟਿਕਰੀ ਆਦਿ ਬਾਰਡਰਾਂ 'ਤੇ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਸੰਪਾਦਕਾਂ ਨੇ ਵੱਖ-ਵੱਖ ਛੋਟੇ-ਵੱਡੇ, ਨਾਮੀ-ਸਾਧਾਰਨ ਕਵੀਆਂ ਵਲੋਂ ਲਿਖੀਆਂ ਕਵਿਤਾਵਾਂ ਨੂੰ ਸੰਗ੍ਰਹਿਤ ਕਰਕੇ ਇਕ ਜ਼ਿਕਰਯੋਗ ਕਾਰਜ ਕੀਤਾ ਹੈ, ਤਾਂ ਕਿ ਸਨਦ ਰਹੇ! ਆਉਣ ਵਾਲੇ ਸਮਿਆਂ ਵਿਚ ਇਸ ਅੰਦੋਲਨ ਦੀ ਕੀ ਦਿਸ਼ਾ ਤੇ ਦਸ਼ਾ ਹੋਵੇਗੀ, ਕਿਹਾ ਨਹੀਂ ਜਾ ਸਕਦਾ। ਪਰ ਕਵੀਆਂ ਨੇ ਵਿਭਿੰਨ ਪਹਿਲੂਆਂ ਤੋਂ ਇਸ ਨੂੰ ਜਾਣਨ-ਸਮਝਣ ਦਾ ਜੋ ਉਪਰਾਲਾ ਕੀਤਾ ਹੈ, ਉਹ ਬੇਹੱਦ ਮਾਰਮਿਕ ਤੇ ਪ੍ਰਸੰਸਾਯੋਗ ਹੈ।
ਇਨ੍ਹਾਂ ਕਵਿਤਾਵਾਂ ਨੂੰ ਪੁਸਤਕ ਵਿਚ ਸ਼ਾਮਿਲ ਕਰਨ ਦਾ ਕੀ ਪੈਮਾਨਾ/ਕ੍ਰਮ ਹੈ- ਸਪੱਸ਼ਟ ਨਹੀਂ ਕੀਤਾ ਗਿਆ। ਬਹਿਰਹਾਲ, ਕਿਸਾਨ ਅੰਦੋਲਨ ਦੇ ਨਜ਼ਰੀਏ ਤੋਂ ਇਸ ਕਾਵਿ-ਕਿਤਾਬ ਵਿਚ ਸੰਗ੍ਰਹਿਤ ਕਵਿਤਾਵਾਂ, ਗ਼ਜ਼ਲਾਂ ਤੇ ਗੀਤ ਤਤਕਾਲੀ, ਸਮਕਾਲੀ ਤੇ ਫਿਰ ਸਰਬਕਾਲੀ ਬਣਨ ਦੇ ਸਮਰੱਥ ਹਨ, ਜਿਸ ਲਈ ਸੰਪਾਦਕਾਂ ਸਮੇਤ ਕਵੀ- ਜਨ ਵੀ ਓਨੀ ਹੀ ਮੁਬਾਰਕ ਦੇ ਹੱਕਦਾਰ ਹਨ! ਚੰਗਾ ਹੁੰਦਾ, ਜੇ ਕਵਿਤਾਵਾਂ ਦੇ ਨਾਲ-ਨਾਲ ਕਵੀ-ਜਨਾਂ ਦੇ ਸੰਪਰਕ-ਪਤੇ ਵੀ ਸ਼ਾਮਿਲ ਕਰ ਦਿੱਤੇ ਜਾਂਦੇ।

ਪ੍ਰੋ: ਨਵ ਸੰਗੀਤ ਸਿੰਘ
ਮੋ: 94176-92015

ਸਿੱਖ ਰਾਜਨੀਤੀ ਦੀ ਗੰਧਲ ਚੌਦਸ਼
ਲੇਖਕ : ਸੁਖਪਾਲ ਸਿੰਘ ਹੁੰਦਲ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 300 ਰੁਪਏ, ਸਫ਼ੇ : 344
ਸੰਪਰਕ : 098145-28282.

ਇਸ ਪੁਸਤਕ ਵਿਚ ਪੰਜਾਬ ਦੇ ਸੁਹਿਰਦ ਅਤੇ ਵਿਦਵਾਨ ਲੇਖਕ ਸ: ਸੁਖਪਾਲ ਸਿੰਘ ਹੁੰਦਲ ਨੇ ਸਿੱਖਾਂ ਦੀ ਸੱਤਾ-ਸਿਆਸਤ ਵਿਚਲੇ ਭੰਬਲਭੂਸੇ ਦਾ ਵਿਸ਼ਲੇਸ਼ਣਾਤਮਿਕ ਅਧਿਐਨ ਕੀਤਾ ਹੈ। ਇਹ ਪੁਸਤਕ ਮਾਨਵ ਵਿਗਿਆਨਕ ਵਿਧੀ ਦੁਆਰਾ ਆਰੰਭ ਹੁੰਦੀ ਹੈ ਅਤੇ ਫਿਰ ਛੇਤੀ ਹੀ ਰਾਜ ਅਤੇ ਧਰਮ ਆਦਿ ਸੰਕਲਪਾਂ ਦਾ ਸਰਵੇਖਣ ਕਰਦੀ ਹੋਈ ਸਿੱਖਾਂ ਦੀ ਰਾਜਨੀਤੀ 'ਤੇ ਕੇਂਦਰਿਤ ਹੋ ਜਾਂਦੀ ਹੈ। ਲੇਖਕ ਨੇ ਜਿਸ ਪਰਿਵਾਰ ਵਿਚ ਜਨਮ ਲਿਆ, ਉਹ ਸਿੱਖ ਸਿਧਾਂਤਾਂ ਨੂੰ ਪ੍ਰਣਾਇਆ ਹੋਇਆ ਸੀ। ਉਸ ਦੇ ਪਿਤਾ ਜੀ ਅਤੇ ਦਾਦਾ ਜੀ ਆਜ਼ਾਦੀ ਉਪਰੰਤ ਸ਼ੁਰੂ ਹੋਏ ਪੰਜਾਬੀ ਸੂਬੇ ਦੇ ਮੋਰਚਿਆਂ ਵਿਚ ਡਟ ਕੇ ਭਾਗ ਲੈਂਦੇ ਰਹੇ ਸਨ, ਇਸ ਕਾਰਨ ਲੇਖਕ ਨੂੰ ਬਚਪਨ ਵਿਚ ਹੀ ਸਿੱਖ ਰਾਜਨੀਤੀ ਦੇ ਆਪਹੁਦਰੇਪਣ ਦੀ ਸਮਝ ਆ ਗਈ ਸੀ। ਇਸ ਪੁਸਤਕ ਦੇ ਮੁਢਲੇ ਅਧਿਆਵਾਂ ਵਿਚ ਸਿੱਖ ਇਤਿਹਾਸਕਾਰੀ ਦੀਆਂ ਕੁਝ ਕਮਜ਼ੋਰੀਆਂ ਵੱਲ ਵੀ ਧਿਆਨ ਦਿਵਾਇਆ ਗਿਆ ਹੈ। ਸਿੱਖ ਇਤਿਹਾਸ ਸਾਖੀਆਂ ਅਤੇ ਸ਼ਰਧਾਮੂਲਕ ਬਾਬੇ ਬੋਹੜਾਂ ਉੱਪਰ ਉਸਰਿਆ ਹੈ ਪਰ ਅਜੇ ਅਸੀਂ ਇਨ੍ਹਾਂ ਨੂੰ ਖੋਲ੍ਹਣ ਦੀ ਵਿਧੀ ਨਹੀਂ ਸਿੱਖੀ-ਸਮਝੀ। ਸਿੱਟੇ ਵਜੋਂ ਅਨੇਕ ਕਪੋਲ-ਕਲਪਨਾਵਾਂ ਸਾਨੂੰ 'ਸੱਚ' ਵਿਚ ਪ੍ਰਵੇਸ਼ ਨਹੀਂ ਕਰਨ ਦਿੰਦੀਆਂ। ਉਸ ਨੇ ਪੰਜਾਬ ਦੀ ਰਾਜਨੀਤੀ ਅਤੇ ਇਤਿਹਾਸ ਬਾਰੇ ਬੜੀ ਜੁਰਅੱਤ ਨਾਲ ਸੱਚੋ-ਸੱਚ ਲਿਖਿਆ ਹੈ। ਲੇਖਕ ਅਨੁਸਾਰ ਪੰਜਾਬ ਦੀ ਰਾਜਨੀਤੀ ਦਾ ਤ੍ਰਾਸਦਿਕ ਪਹਿਲੂ ਇਹੋ ਹੈ ਕਿ ਇਥੇ ਅਜਿਹਾ ਆਗੂ ਲੱਭਣਾ ਮੁਸ਼ਕਿਲ ਹੈ, ਜਿਸ ਨੂੰ ਸੱਚੇ ਦਿਲੋਂ ਪੰਜਾਬ ਦੇ ਹਿਤਾਂ ਨਾਲ ਲਗਾਅ ਹੋਵੇ। ਇਥੇ ਕੇਵਲ ਇਕ-ਦੂਜੇ ਨੂੰ ਠਿੱਬੀ ਲਗਾ ਕੇ ਆਪਣਾ ਤੋਰੀ-ਫੁਲਕਾ ਚਲਾਉਣ ਵਾਲੇ ਨੇਤਾ ਲੱਭਦੇ ਹਨ। ਅਕਾਲੀ ਪਾਰਟੀ ਜੋ ਮੁੱਦੇ ਉਠਾਉਂਦੀ ਹੈ (ਦਰਿਆਈ ਪਾਣੀ, ਕਿਸਾਨਾਂ ਜਿਣਸਾਂ ਦਾ ਭਾਅ ਆਦਿ) ਇਹ ਸਭ ਕਿਸਾਨੀ ਦੇ ਮਸਲੇ ਹਨ, ਪੰਜਾਬ ਦੇ ਸਮੁੱਚੇ ਲੋਕਾਂ (ਜਾਂ ਆਬਾਦੀ) ਦੇ ਮਸਲੇ ਨਹੀਂ ਹਨ। ਇਸ ਲਈ ਅਕਾਲੀ ਪਾਰਟੀ ਨੂੰ ਚਾਹੀਦਾ ਹੈ ਕਿ ਆਪਣਾ ਨਾਂਅ 'ਪੰਜਾਬ ਕਿਸਾਨ ਪਾਰਟੀ...' ਆਦਿ ਕੋਈ ਵੀ (ਸ਼ੋਭਨੀਕ ਨਾਂਅ) ਰੱਖ ਕੇ ਗੁਰਦੁਆਰਿਆਂ ਦੇ ਬਾਹਰੋਂ ਰਾਜਨੀਤੀ ਚਲਾਵੇ, ਗੁਰੂ ਦੇ ਨਿਰਮਲ ਪੰਥ ਉੱਤੇ ਚਿੱਕੜ ਦੇ ਛਿੱਟੇ ਨਾ ਸੁੱਟੇ...। (ਪੰਨਾ 313)
ਇਸ ਪੁਸਤਕ ਦੇ ਦੋ-ਤਿੰਨ ਅਧਿਆਇ ਲੇਖਕ ਦੀ ਸਰਬ-ਸਾਂਝੀ, ਪ੍ਰਗਤੀਸ਼ੀਲ ਅਤੇ ਪ੍ਰਮਾਣਿਕ ਵਿਚਾਰਧਾਰਾ ਨੂੰ ਦਰਸਾਉਂਦੇ ਹਨ, ਜਿਵੇਂ : ਕੀ ਸਿੱਖਾਂ ਤੇ ਮੁਸਲਮਾਨਾਂ ਦਰਮਿਆਨ ਦੁਸ਼ਮਣੀ ਹੈ? (9X) ਅੱਤਵਾਦ ਦੇ ਕਾਲੇ ਦੌਰ ਦੀ ਕਹਾਣੀ (X), ਖਾਲਿਸਤਾਨ ਦੀ ਵਿਚਾਰਧਾਰਾ ਦੀ ਸਮਾਲੋਚਨਾ (X9) ਇਸ ਪੁਸਤਕ ਵਿਚ ਸ: ਕਰਮਜੀਤ ਸਿੰਘ, ਰਣਜੀਤ ਸਿੰਘ ਝੀਤੇ ਕਲਾਂ, ਪਰੇਮ ਸਿੰਘ, ਅਭੈ ਸਿੰਘ ਅਤੇ ਬਲਦੇਵ ਦੂਹੜੇ ਆਦਿ ਟਿੱਪਣੀਕਾਰਾਂ ਨੇ (ਡਾ.) ਬਲਕਾਰ ਸਿੰਘ, ਹਰਪਾਲ ਸਿੰਘ ਪੰਨੂ, ਅਜਮੇਰ ਸਿੰਘ ਆਦਿ ਦੀਆਂ ਧਾਰਨਾਵਾਂ ਦਾ ਵਿਸ਼ਲੇਸ਼ਣ ਕੀਤਾ ਹੈ। ਪ੍ਰਸੰਗਵੱਸ ਡਾ. ਗੁਰਭਗਤ ਸਿੰਘ, ਹਰਿੰਦਰ ਸਿੰਘ ਮਹਿਬੂਬ ਅਤੇ ਕੁਝ ਹੋਰ ਬੁੱਧੀਜੀਵੀਆਂ ਦਾ ਜ਼ਿਕਰ ਵੀ ਹੁੰਦਾ ਰਿਹਾ ਹੈ। ਪੁਸਤਕ ਦੇ ਅੰਤ ਵਿਚ ਦਿੱਤੀ ਸੁਖਵੰਤ ਸਿੰਘ ਦੀ ਇਕ ਟਿੱਪਣੀ ਉਲੇਖਯੋਗ ਹੈ, 'ਸਮੂਹ ਪੰਜਾਬੀਆਂ ਨੂੰ ਆਪਣੇ ਸਿਆਸੀ/ਵਿਚਾਰਧਾਰਕ ਵਿਰੋਧ ਭੁਲਾ ਕੇ ਇਕਜੁੱਟ ਹੋਣ ਦੀ ਲੋੜ ਹੈ ਤਾਂ ਜੋ ਪੰਜਾਬ ਦੀ ਗੱਡੀ ਮੁੜ ਆਪਣੀ ਲੀਹ 'ਤੇ ਆ ਸਕੇ।' (ਪੰਨਾ 343)। ਅਸੀਂ ਇਸ ਕਥਨ ਨਾਲ ਸਹਿਮਤ ਹਾਂ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਪਰਖਿ ਖਜਾਨੈ ਪਾਏ
ਲੇਖਕ : ਮਾ: ਜਸਵੰਤ ਸਿੰਘ ਗਿੱਲ
ਪ੍ਰਕਾਸ਼ਕ : ਮਾ: ਜਸਵੰਤ ਸਿੰਘ ਗਿੱਲ ਅੰਮ੍ਰਿਤਸਰ ਰੋਡ, ਤਰਨ ਤਾਰਨ
ਮੁੱਲ : 300 ਰੁਪਏ, ਸਫ਼ੇ : 104
ਸੰਪਰਕ : 89683-03787.

'ਖੋਲਿ ਡਿਠਾ ਖਜ਼ਾਨਾ' ਪੁਸਤਕ ਤੋਂ ਬਾਅਦ ਲੇਖਕ ਦੀ ਦੂਜੀ ਪੁਸਤਕ 'ਪਰਖਿ ਖਜਾਨੈ ਪਾਏ' ਹੈ। ਇਸ ਪੁਸਤਕ ਨੂੰ ਲੇਖਕ ਨੇ ਤਿੰਨ ਭਾਗਾਂ (ੳ) ਗੱਲਾਂ ਜ਼ਮੀਰ ਦੀਆਂ (ਅ) ਬਾਤਾਂ ਪਿੰਡ ਦੀਆਂ (ੲ) ਸੁਣੋ! ਤੁਹਾਨੂੰ ਸੁਣਾਵਾਂ' ਵੰਡਿਆ ਹੈ। 'ਗੱਲਾਂ ਜ਼ਮੀਰ ਦੀਆਂ' ਭਾਗ ਵਿਚ ਮਨੁੱਖੀ ਕਦਰਾਂ-ਕੀਮਤਾਂ ਉੱਤੇ ਪਹਿਰਾ ਦੇਣ ਵਾਲੇ ਦਲੇਰ ਇਨਸਾਨਾਂ ਦੀਆਂ ਸੱਚੀਆਂ ਕਹਾਣੀਆਂ ਹਨ, ਜਿਨ੍ਹਾਂ ਆਪਣੀ ਜ਼ਮੀਰ ਨਹੀਂ ਮਰਨ ਦਿੱਤੀ। ਅਹੁਦਿਆਂ ਤੇ ਸਰਦਾਰੀਆਂ ਨੂੰ ਠੋਕਰ ਮਾਰੀ। ਅੱਜ ਇਨਸਾਨੀ ਕਦਰਾਂ-ਕੀਮਤਾਂ ਦਾ ਘਾਣ ਹੋ ਰਿਹਾ ਹੈ। ਤੁੱਛ ਅਹੁਦੇ ਖ਼ਾਤਰ ਲੋਕ ਜ਼ਮੀਰ ਮਾਰ ਲੈਂਦੇ ਹਨ ਪਰ ਲੇਖਕ ਉਨ੍ਹਾਂ ਲੋਕਾਂ ਨੂੰ ਸੂਰਮੇ ਸਮਝਦਾ ਹੈ ਜੋ ਆਪਣੇ ਕਿਰਦਾਰ ਨੂੰ ਦਾਗੀ ਨਹੀਂ ਹੋਣ ਦਿੰਦੇ। ਅਜਿਹੀਆਂ ਘਟਨਾਵਾਂ ਜਾਂ ਕਹਾਣੀਆਂ ਪਾਠਕ ਨੂੰ ਸੋਚਣ ਲਈ ਮਜਬੂਰ ਕਰਦੀਆਂ ਹਨ ਕਿ ਆਖਰ ਇਨਸਾਨ ਕਿਸ ਲਈ ਜਿਊਂਦਾ ਹੈ।
'ਬਾਤਾਂ ਪਿੰਡ ਦੀਆਂ' ਇਸ ਭਾਗ ਵਿਚ ਲੇਖਕ ਨੇ ਆਪਣੇ ਆਲੇ-ਦੁਆਲੇ ਵਾਪਰੀਆਂ ਛੋਟੀਆਂ-ਛੋਟੀਆਂ ਘਟਨਾਵਾਂ ਨੂੰ ਬੜੇ ਹੀ ਰੌਚਿਕ ਢੰਗ ਨਾਲ ਪੇਸ਼ ਕੀਤਾ ਹੈ। 'ਇਕੋ ਖੂਹੀ', 'ਉਚਾਈ ਕਿੰਨੀ, 'ਫ਼ੌਜੀ ਭਰਤੀ', 'ਫੈਲਿਆ ਹੈ ਜਾ', 'ਅੰਡਾ ਦਿੱਤਾ', ਭਾਵੇਂ ਇਹ ਘਟਨਾਵਾਂ ਮਾਮੂਲੀ ਤੇ ਛੋਟੀਆਂ ਹਨ ਪਰ ਇਨ੍ਹਾਂ ਦੇ ਅਰਥ ਬੜੇ ਡੂੰਘੇ ਹਨ। 'ਬਾਤਾਂ ਪਿੰਡ ਦੀਆਂ' ਕਾਫੀ ਰੌਚਿਕ ਹਨ। ਕਈ ਵਾਰ ਸਾਡੇ ਪਿੰਡਾਂ ਵਿਚ ਕੋਈ ਘਟਨਾ ਵਾਪਰ ਜਾਂਦੀ ਹੈ ਪਰ ਜਦੋਂ ਉਹ ਕਿਸੇ ਲਿਖਤ ਵਿਚ ਆ ਜਾਂਦੀ ਹੈ ਤਾਂ ਅਗਲੀ ਪੀੜ੍ਹੀ ਉਸ ਦਾ ਅਨੰਦ ਮਾਣਦੀ ਹੈ। ਸ਼ਾਇਦ ਇਹ ਸੋਚ ਲੇਖਕ ਨੇ ਇਨ੍ਹਾਂ ਘਟਨਾਵਾਂ ਨੂੰ ਪੁਸਤਕ ਰੂਪ 'ਚ ਸਾਂਭਿਆ ਹੈ। ਇਹ ਭਾਗ ਪੜ੍ਹਨਯੋਗ ਹੈ।
'ਸੁਣੋ! ਤੁਹਾਨੂੰ ਸੁਣਾਵਾਂ!!' ਇਸ ਭਾਗ ਵਿਚ ਲੇਖਕ ਨੇ ਵਿਦਵਾਨ, ਲੇਖਕ ਤੇ ਮਹਾਂਪੁਰਸ਼ਾਂ ਦੇ ਵਿਚਾਰਾਂ ਨੂੰ ਇਕੱਠਾ ਕੀਤਾ ਹੈ। ਕੁਝ ਦੇਸ਼ਾਂ ਦੀਆਂ ਕਹਾਵਤਾਂ ਜੋ ਸਾਡੇ ਨਾਲ ਸਬੰਧ ਰੱਖਦੀਆਂ ਹਨ, ਇਸ ਭਾਗ ਵਿਚ ਸ਼ਾਮਿਲ ਹਨ। ਕੁਝ ਨਵੀਆਂ ਜਾਣਕਾਰੀਆਂ, ਜਿਨ੍ਹਾਂ ਬਾਰੇ ਸ਼ਾਇਦ ਪਾਠਕਾਂ ਨੂੰ ਪਹਿਲਾਂ ਨਾ ਪਤਾ ਹੋਵੇ। ਸੋ, ਕੁੱਲ ਮਿਲਾ ਕੇ, 'ਪਰਖਿ ਖਜਾਨੈ ਪਾਏ' ਪੁਸਤਕ ਵੀ ਇਕ ਖਜ਼ਾਨਾ ਹੀ ਜਾਪਦੀ ਹੈ, ਜਿਸ ਵਿਚ ਪੁਰਾਤਨ ਤੇ ਆਧੁਨਿਕ ਵਿਚਾਰਾਂ ਨੂੰ ਇਕੱਠੇ ਪੇਸ਼ ਕਰਕੇ, ਅੱਜ ਦੇ ਇਨਸਾਨ ਨੂੰ ਮਨੁੱਖੀ ਕਦਰਾਂ-ਕੀਮਤਾਂ ਉੱਤੇ ਪਹਿਰਾ ਦੇਣ ਲਈ ਪ੍ਰੇਰਿਆ ਗਿਆ ਹੈ। ਮਾ: ਜਸਵੰਤ ਸਿੰਘ ਗਿੱਲ ਨੇ ਆਪਣੀ ਪੁਸਤਕ ਰਾਹੀਂ ਸਮਾਜ ਨੂੰ ਸੋਹਣਾ ਤੇ ਸੁਚੱਜਾ ਬਣਾਉਣ ਦਾ ਯਤਨ ਕੀਤਾ ਹੈ। ਉਹ ਵਧਾਈ ਦੇ ਪਾਤਰ ਹਨ।

ਅਵਤਾਰ ਸਿੰਘ ਸੰਧੂ
ਮੋ: 99151-82971.

c c c

ਅਨਮੋਲ ਹੀਰੇ
(ਸੰਖੇਪ ਜੀਵਨੀਆਂ)
ਲੇਖਕ : ਦਰਸ਼ਨ ਸਿੰਘ ਪ੍ਰੀਤੀਮਾਨ
ਪ੍ਰਕਾਸ਼ਕ : ਚਾਨਣਦੀਪ ਰਾਮਪੁਰਾ ਫੂਲ (ਬਠਿੰਡਾ)
ਮੁੱਲ : 200 ਰੁਪਏ, ਸਫ਼ੇ : 176
ਸੰਰਕ : 97792-97682.

ਦਰਸ਼ਨ ਸਿੰਘ ਪ੍ਰੀਤੀਮਾਨ ਦੀ ਵਾਰਤਕ ਪੁਸਤਕ 'ਅਨਮੋਲ ਹੀਰੇ (ਸੰਖੇਪ ਜੀਵਨੀਆਂ)' ਅਜਿਹੀ ਪੁਸਤਕ ਹੈ ਜਿਸ ਵਿਚ ਲੇਖਕ ਨੇ ਆਪਣੇ-ਆਪਣੇ ਵਿਸ਼ੇਸ਼ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੀਆਂ 60 ਸ਼ਖ਼ਸੀਅਤਾਂ ਦੇ ਸੰਖੇਪ ਪਰ ਭਾਵਪੂਰਤ ਜੀਵਨ ਬਿਓਰੇ ਨੂੰ ਜੀਵਨੀ ਸਾਹਿਤ ਰੂਪ ਦੇ ਅੰਤਰਗਤ ਲਿਖਣ ਦਾ ਸੁਚੱਜਾ ਉਪਰਾਲਾ ਕੀਤਾ ਹੈ। ਇਨ੍ਹਾਂ ਜੀਵਨੀਆਂ ਦੀ ਸੰਖੇਪਤਾ ਵਿਚ ਹੀ ਇਨ੍ਹਾਂ ਦੀ ਵਿਸ਼ੇਸ਼ਤਾ ਹੈ ਕਿਉਂਕਿ ਅਜੋਕਾ ਪਾਠਕ ਸਮੇਂ ਦੀਆਂ ਸੀਮਾਵਾਂ ਵਿਚ ਕੈਦ ਹੈ ਤੇ ਕਈ ਵਾਰੀ ਬਹੁਤ ਵਿਸਥਾਰਤ ਰੂਪ ਵਿਚ ਲਿਖੀਆਂ ਪੁਸਤਕਾਂ ਬਹੁਤੇ ਪਾਠਕ ਪੜ੍ਹਨ ਤੋਂ ਵੀ ਗੁਰੇਜ਼ ਕਰ ਜਾਂਦੇ ਹਨ ਪਰ ਇਸ ਪੁਸਤਕ ਵਿਚ ਦਰਜ ਜੀਵਨੀਆਂ ਡੇਢ ਤੋਂ ਦੋ ਸਫ਼ਿਆਂ 'ਤੇ ਲਿਖੀਆਂ ਗਈਆਂ ਹਨ ਪਰ ਇਨ੍ਹਾਂ ਦੋ ਸਫ਼ਿਆਂ ਬਾਰੇ ਜਦੋਂ ਅਸੀਂ ਧਿਆਨ ਕੇਂਦਰਿਤ ਕਰਦੇ ਹਾਂ ਤਾਂ ਪਤਾ ਲਗਦਾ ਹੈ ਕਿ ਲੇਖਕ ਨੇ ਕਿਸੇ ਵੀ ਲੇਖਕ ਦੇ ਜੀਵਨ, ਉਸ ਦੀਆਂ ਗਤੀਵਿਧੀਆਂ ਮਿਸਾਲ ਵਜੋਂ ਜੇਕਰ ਸਾਹਿਤਕਾਰ ਤੇ ਉਸ ਦੀ ਸਾਹਿਤਕ ਘਾਲਣਾ, ਜੇਕਰ ਕੋਈ ਸਮਾਜ ਸੇਵੀ ਪੱਤਰਕਾਰ ਜਾਂ ਗਾਇਕ ਹੈ ਤਾਂ ਉਸ ਦੀਆਂ ਪ੍ਰਾਪਤੀਆਂ ਦਾ ਸੰਖੇਪ ਲੇਖਾ-ਜੋਖਾ ਕਰਦਿਆਂ ਸੰਖੇਪ ਵੇਰਵੇ ਪ੍ਰਸਤੁਤ ਕੀਤੇ ਹਨ। ਲੇਖਕਾਂ ਦੀ ਪੁਸਤਕਾਂ ਦੀ ਸੂਚੀ ਅਤੇ ਮਿਲੇ ਮਾਣ-ਸਨਮਾਨ, ਕਿਸੇ ਗਾਇਕ ਦੇ ਪ੍ਰਸਿੱਧ ਗੀਤ ਅਤੇ ਕਿਸੇ ਵਿਸ਼ੇਸ਼ ਖੇਤਰ ਨੂੰ ਸਮਰਪਿਤ ਕਿਸੇ ਸ਼ਖ਼ਸੀਅਤ ਬਾਰੇ ਵੀ ਖੂਬਸੂਰਤੀ ਨਾਲ ਵੇਰਵੇ ਪ੍ਰਸਤੁਤ ਕੀਤੇ ਗਏ ਹਨ। ਲੇਖਕ ਨੇ ਆਪਣੀ ਇਸ ਪੁਸਤਕ ਨੂੰ ਤਿੰਨ ਭਾਗਾਂ ਵਿਚ ਵੰਡਿਆ ਹੈ। ਪਹਿਲੇ ਹਿੱਸੇ ਵਿਚ ਵਾਰਿਸ ਸ਼ਾਹ ਤੋਂ ਲੈ ਕੇ ਆਧੁਨਿਕ ਲੇਖਕਾਂ ਦੀਆਂ ਜੀਵਨੀਆਂ ਹਨ। ਦੂਜੇ ਭਾਗ ਵਿਚ ਉਨ੍ਹਾਂ ਸ਼ਖ਼ਸੀਅਤਾਂ ਦੀ ਜੀਵਨ ਕਹਾਣੀ ਹੈ ਜਿਨ੍ਹਾਂ ਨੇ ਭਾਰਤ ਦੇ ਨਾਂਅ ਨੂੰ ਸੰਸਾਰ ਪੱਧਰ 'ਤੇ ਬੁਲੰਦੀਆਂ ਪ੍ਰਦਾਨ ਕੀਤੀਆਂ। ਤੀਜੇ ਭਾਗ ਵਿਚ ਪੰਜਾਬੀ ਗਾਇਕੀ ਵਿਚ ਯੋਗਦਾਨ ਪਾਉਣ ਵਾਲੇ ਗਾਇਕਾਂ ਦੀ ਪ੍ਰਸਿੱਧੀ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਭਾਵੇਂ ਕਿ ਪੁਸਤਕ ਦੇ ਦੂਜੇ ਭਾਗ ਵਿਚ ਵੀ ਢਾਡੀਆਂ ਅਤੇ ਕਵੀਸ਼ਰਾਂ ਦੀਆਂ ਜੀਵਨੀਆਂ ਵੀ ਪੇਸ਼ ਹੋਈਆਂ ਹਨ। ਲੇਖਕ ਨੇ ਹਰੇਕ ਸ਼ਖ਼ਸੀਅਤ ਦੇ ਨਾਂਅ ਨਾਲ ਕੋਈ ਨਾ ਕੋਈ ਵਿਸ਼ੇਸ਼ਣ ਵੀ ਜ਼ਰੂਰ ਲਾਇਆ ਹੈ।

ਡਾ. ਸਰਦੂਲ ਸਿੰਘ ਔਜਲਾ
ਮੋ: 98141-68611.

ਮੈਂ ਬਿਲਾਸਪੁਰੋਂ ਬੋਲਦਾਂ
ਲੇਖਕ : ਡਾ. ਨਿਰਮਲ ਜੌੜਾ
ਮੁੱਲ : 180 ਰੁਪਏ, ਸਫ਼ੇ : 100
ਸੰਪਰਕ : 98140-78799.

'ਮੈਂ ਬਿਲਾਸਪੁਰੋਂ ਬੋਲਦਾਂ' ਨਿਰਮਲ ਜੌੜਾ ਦੀਆਂ ਆਪ ਬੀਤੀਆਂ ਦਾ ਸੰਗ੍ਰਹਿ ਹੈ। ਇਹ ਸਾਰੇ ਲੇਖ ਪਹਿਲਾਂ ਅਖ਼ਬਾਰਾਂ ਵਿਚ ਛਪ ਚੁੱਕੇ ਹਨ। ਸਾਰੀਆਂ ਘਟਨਾਵਾਂ ਭਾਵੇਂ ਨਿੱਕੀਆਂ ਹਨ ਪਰ ਤਿੱਖੇ ਸੰਦੇਸ਼ ਦਿੰਦੀਆਂ ਹਨ। ਨਿਰਮਲ ਸਫਲ ਨਾਟਕਕਾਰ ਅਤੇ ਰੰਗਮੰਚ ਕਰਮੀ ਹੈ। ਉਸ ਆਪਣੇ ਨਾਟਕਾਂ ਦਾ ਸਫਲ ਮੰਚਨ ਕੇਵਲ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਕੀਤਾ ਹੈ। ਬਿਲਾਸਪੁਰ ਉਸ ਦੀ ਜਨਮਭੂਮੀ ਹੈ। ਆਪਣੀ ਮਿੱਟੀ ਦਾ ਮੋਹ ਉਸ ਦੇ ਹੱਡੀਂ ਰਚਿਆ ਹੋਇਆ ਹੈ। ਉਹ ਸਾਡਾ ਵਿਦਿਆਰਥੀ ਵੀ ਰਿਹਾ ਤੇ ਸਹਿਯੋਗੀ ਵੀ ਰਿਹਾ ਹੈ। ਇਸ ਕਰਕੇ ਇਨ੍ਹਾਂ ਆਪ ਬੀਤੀਆਂ ਦੇ ਸੱਚ 'ਤੇ ਸਹਿਜੇ ਹੀ ਯਕੀਨ ਕੀਤਾ ਜਾ ਸਕਦਾ ਹੈ। ਆਪਣੇ ਮਨ ਦੀ ਬਾਤ ਪਾਉਣ ਦਾ ਇਹ ਉਸ ਦਾ ਸਫਲ ਤਜਰਬਾ ਹੈ। ਬਿਲਾਸਪੁਰ ਤੋਂ ਫ਼ਰੀਦਕੋਟ ਤੇ ਲੁਧਿਆਣਿਉਂ ਹੁੰਦੇ ਹੋਇਆਂ ਹੁਣ ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ ਡਾਇਰੈਕਟਰ ਦੀ ਕੁਰਸੀ ਉੱਤੇ ਬੈਠਾ ਹੈ। ਉਸ ਨੂੰ ਗੱਲ ਕਰਨ, ਕੰਮ ਕਰਨ ਤੇ ਦੂਜਿਆਂ ਤੋਂ ਕੰਮ ਲੈਣ ਦੀ ਜਾਚ ਆਉਂਦੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਉਹ ਆਪਣੀ ਕਰਮਭੂਮੀ ਮੰਨਦਾ ਹੈ। ਇਸੇ ਕਰਕੇ ਇਸ ਕਿਤਾਬ ਨੂੰ ਉਸ ਨੇ ਯੂਨੀਵਰਸਿਟੀ ਨੂੰ ਸਮਰਪਿਤ ਕੀਤਾ ਹੈ। ਇਸ ਪੁਸਤਕ ਬਾਰੇ ਉਹ ਲਿਖਦਾ ਹੈ, 'ਤੁਹਾਡੇ ਹੱਥਾਂ ਵਿਚਲੀ ਇਸ ਪੁਸਤਕ ਵਿਚ ਮੇਰੇ ਮਨ ਦੀ ਗੱਲ ਕਰਦੇ ਲੇਖ ਸ਼ਾਮਿਲ ਹਨ। ਸਮੇਂ-ਸਮੇਂ ਲਿਖੇ ਲੇਖ ਮੇਰੀਆਂ ਖੁਸ਼ੀਆਂ, ਗ਼ਮੀਆਂ, ਮੁਹੱਬਤਾਂ, ਦੋਸਤੀਆਂ, ਦੁੱਖਾਂ-ਸੁੱਖਾਂ ਦਾ ਉਹ ਕਸੀਦਾ ਹੈ, ਜਿਸ ਨੂੰ ਮੈਂ ਜ਼ਿੰਦਗੀ ਦੀ ਚਾਦਰ 'ਤੇ ਹੱਸ-ਹੱਸ ਕੇ ਕੱਢਦਾ ਰਿਹਾ ਹਾਂ। ਜ਼ਿੰਦਗੀ ਵਿਚ ਵਾਪਰੀ ਜਿਸ ਘਟਨਾ ਜਾਂ ਵਰਤਾਰੇ ਨੂੰ ਲਿਖਣ ਦਾ ਮੈਨੂੰ ਸ਼ੌਕ ਆ ਕੌੜੇ-ਮਿੱਠੇ ਤਜਰਬੇ ਸਾਂਝੇ ਕਰਨਾ ਮੈਨੂੰ ਚੰਗਾ ਲਗਦਾ ਹੈ।'
ਨਾਟਕਕਾਰ ਹੋਣ ਕਰਕੇ ਉਸ ਨੂੰ ਆਪਣੀ ਗੱਲ ਕਹਿਣ ਦੀ ਜਾਚ ਹੀ ਨਹੀਂ ਸਗੋਂ ਇਸ ਨੂੰ ਰੌਚਕ ਬਣਾਉਣਾ ਵੀ ਆਉਂਦਾ ਹੈ। ਰਿਸ਼ਤੇ ਬਣਾਉਣ ਤੇ ਉਨ੍ਹਾਂ ਨੂੰ ਨਿਭਾਉਣਾ ਜਾਣਦਾ ਹੈ। ਉਹ ਸਫਲ ਪ੍ਰਬੰਧਕ ਵੀ ਹੈ। ਘਰਦਿਆਂ 'ਤੇ ਹੋਰ ਮਾਇਕ ਬੋਝ ਨਾ ਪਾਉਣ ਲਈ ਉਸ ਦਸਵੀਂ ਦਾ ਇਮਤਿਹਾਨ ਦੇ ਕੇ ਬੈਂਕ ਵਿਚ ਦਫ਼ਤਰੀ ਦੀ ਕੱਚੀ ਨੌਕਰੀ ਕਰ ਲਈ। ਉਹ ਚਾਹੁੰਦਾ ਸੀ ਕਿ ਬੈਂਕ ਵਿਚ ਕਿਸੇ ਤਰ੍ਹਾਂ ਕਲਰਕ ਦੀ ਨੌਕਰੀ ਮਿਲ ਜਾਵੇ। ਪਰ ਜਦੋਂ ਨਤੀਜਾ ਆਇਆ ਤਾਂ ਉਸ ਕੇਵਲ ਫਸਟ ਡਵੀਜ਼ਨ ਹੀ ਨਹੀਂ ਸਗੋਂ ਸਕੂਲ ਵਿਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ। ਬੈਂਕ ਮੈਨੇਜਰ ਉਸ ਦੇ ਗੁਣਾਂ ਦਾ ਪਾਰਖੂ ਸੀ। ਉਸ ਨਿਰਮਲ ਨੂੰ ਸਮਝਾਇਆ ਕਿ ਤੈਨੂੰ ਅਗਲੀ ਪੜ੍ਹਾਈ ਕਰਕੇ ਉੱਚੀਆਂ ਉਡਾਰੀਆਂ ਮਾਰਨੀਆਂ ਚਾਹੀਦੀਆਂ ਹਨ। ਇਹੋ ਉਤਸ਼ਾਹੀ ਸ਼ਬਦ ਸਨ ਜਿਸ ਨਿਰਮਲ ਦਾ ਜੀਵਨ ਅਤੇ ਸੋਚ ਬਦਲ ਦਿੱਤੀ। ਇਹੋ ਜਿਹੇ ਸੁਖਾਵੇਂ ਹਾਦਸਿਆਂ ਦਾ ਬਿਰਤਾਂਤ ਇਸ ਪੁਸਤਕ ਵਿਚ ਪੇਸ਼ ਕੀਤਾ ਗਿਆ ਹੈ। ਇਸ ਪੁਸਤਕ ਵਿਚ ਦਰਜ ਘਟਨਾਵਾਂ ਜਿਥੇ ਪੜ੍ਹਨ ਵਿਚ ਦਿਲਚਸਪ ਹਨ, ਉਥੇ ਕਈ ਸਬਕ ਵੀ ਸਿਖਾਉਂਦੀਆਂ ਹਨ। ਆਪਣੀ ਆਪ ਬੀਤੀ ਨੂੰ ਲਿਆਉਣ ਦੇ ਇਸ ਨਿਵੇਕਲੇ ਢੰਗ ਨਾਲ ਉਹ ਸਫਲ ਰਿਹਾ ਹੈ। ਚੇਤਨਾ ਪ੍ਰਕਾਸ਼ਨ ਵਲੋਂ ਪੁਸਤਕ ਦੀ ਛਪਾਈ ਰੀਝ ਨਾਲ ਕੀਤੀ ਗਈ ਹੈ।

ਡਾ. ਰਣਜੀਤ ਸਿੰਘ
ਮੋ: 94170-87329.

c c c

ਸਾਡੇ ਇਤਿਹਾਸ ਦੇ ਪੰਨੇ
ਲੇਖਕ : ਰਾਬਿੰਦਰ ਸਿੰਘ ਰੱਬੀ
ਪ੍ਰਕਾਸ਼ਕ : ਸ਼ਬਦ ਸੰਚਾਰ ਸਾਹਿਤ ਸੁਸਾਇਟੀ, ਪਟਿਆਲਾ
ਭੇਟਾਂ : 130 ਰੁਪਏ, ਸਫ਼ੇ : 108
ਸੰਪਰਕ : 79865-65480.

ਰਾਬਿੰਦਰ ਸਿੰਘ ਰੱਬੀ ਨੇ ਸਿੱਖ ਧਰਮ ਅਤੇ ਸਿੱਖ ਇਤਿਹਾਸ ਦਾ ਡੂੰਘਾ ਅਧਿਐਨ ਕਰਨ ਉਪਰੰਤ ਇਸ ਪੁਸਤਕ ਦੀ ਰਚਨਾ ਕੀਤੀ ਹੈ। ਇਸ ਦਾ ਮੰਤਵ ਪਾਠਕਾਂ ਨੂੰ 60 ਦਿਨਾਂ ਵਿਚ ਸਿੱਖ ਇਤਿਹਾਸ ਬਾਰੇ ਮੁਢਲੀ ਜਾਣਕਾਰੀ ਦੇਣਾ ਹੈ। ਨਾਲ-ਨਾਲ ਪ੍ਰਸ਼ਨੋਤਰੀ ਵੀ ਦਿੱਤੀ ਗਈ ਹੈ, ਜਿਸ ਨੂੰ ਹੱਲ ਕਰਕੇ ਪਾਠਕ ਇਸ ਗਿਆਨ ਦਾ ਮੁਲਾਂਕਣ ਕਰ ਸਕਣਗੇ। ਪਹਿਲੇ ਦਿਨ ਤੋਂ ਲੈ ਕੇ ਸੱਠਵੇਂ ਦਿਨ ਤੱਕ ਦੇ ਸਮੇਂ ਨੂੰ ਵੱਖ-ਵੱਖ ਕਾਂਡਾਂ ਵਿਚ ਵੰਡਿਆ ਗਿਆ ਹੈ। ਪੁਸਤਕ ਦੇ ਤਿੰਨ ਭਾਗ ਹਨ। ਪਹਿਲੇ ਭਾਗ ਵਿਚ ਗੁਰੂ ਸਾਹਿਬਾਨ, ਭਗਤਾਂ, ਭੱਟਾਂ, ਗੁਰੂ ਗ੍ਰੰਥ ਸਾਹਿਬ, ਸਿੱਖ ਵਿਰਸੇ ਅਤੇ ਪਰੰਪਰਾਵਾਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਦੂਜੇ ਭਾਗ ਵਿਚ ਇਨ੍ਹਾਂ ਮਹਾਨ ਸਿੱਖ ਬੀਬੀਆਂ ਦੇ ਜੀਵਨ ਤੇ ਯੋਗਦਾਨ ਨੂੰ ਰੂਪਮਾਨ ਕੀਤਾ ਗਿਆ ਹੈ : ਬੇਬੇ ਨਾਨਕੀ ਜੀ, ਮਾਤਾ ਖੀਵੀ ਜੀ, ਬੀਬੀ ਅਮਰੋ ਜੀ, ਬੀਬੀ ਭਾਨੀ ਜੀ, ਬੀਬੀ ਰੂਪ ਕੌਰ ਜੀ, ਮਾਤਾ ਗੁਜਰੀ ਜੀ, ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਮਾਈ ਭਾਗੋ ਜੀ, ਮਾਤਾ ਹਰਸ਼ਰਨ ਕੌਰ ਜੀ ਅਤੇ ਬੀਬੀ ਸ਼ਰਨ ਕੌਰ ਜੀ। ਤੀਜੇ ਭਾਗ ਵਿਚ ਗੁਰੂੁ ਸਾਹਿਬਾਨ ਤੇ ਸਿੱਖ ਇਤਿਹਾਸ ਬਾਰੇ ਕਵਿਤਾਵਾਂ ਹਨ। ਇਸ ਤੋਂ ਛੁੱਟ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਚੋਣਵੀਆਂ ਪੰਗਤੀਆਂ ਦਾ ਸੰਗ੍ਰਹਿ ਕੀਤਾ ਗਿਆ ਹੈ, ਜੋ ਪਾਠਕਾਂ ਦੀ ਸਮਾਜਿਕ ਤੇ ਧਾਰਮਿਕ ਅਗਵਾਈ ਕਰਨ ਵਿਚ ਸਹਾਈ ਹੋਣਗੀਆਂ। ਲੇਖਕ ਨੇ ਬੜੀ ਸਰਲ ਭਾਸ਼ਾ ਦੀ ਵਰਤੋਂ ਕੀਤੀ ਹੈ। ਥੋੜ੍ਹੇ ਸ਼ਬਦਾਂ ਵਿਚ ਗੁਰਮਤਿ ਗਿਆਨ ਦਿੱਤਾ ਹੈ। ਛਪਾਈ ਤੇ ਗੈੱਟਅਪ ਦੇ ਪੱਖ ਤੋਂ ਇਹ ਸੁੰਦਰ ਪੁਸਤਕ ਸਾਂਭਣਯੋਗ ਹੈ।

ਕੰਵਲਜੀਤ ਸਿੰਘ ਸੂਰੀ
ਮੋ: 93573-24241.

27-06-2021

ਪ੍ਰਿੰ: ਕਰਤਾਰ ਸਿੰਘ ਕਾਲੜਾ ਦੀ ਸਾਹਿਤਕ ਘਾਲਣਾ ਦਾ ਵਿਵੇਚਨ
ਸੰਪਾਦਕ : ਡਾ. ਅਮਰ ਕੋਮਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 400 ਰੁਪਏ, ਸਫ਼ੇ : 287
ਸੰਪਰਕ : 84378-73565.


ਹਥਲੀ ਪੁਸਤਕ ਪੰਜਾਬੀ ਸਾਹਿਤ ਜਗਤ ਵਿਚ ਚਾਨਣ ਦੇ ਵਣਜਾਰੇ ਵਜੋਂ ਜਾਣੀ ਜਾਂਦੀ ਮਹਾਨ ਸ਼ਖ਼ਸੀਅਤ ਦੇ ਸਮੁੱਚੇ ਸਾਹਿਤ ਅਤੇ ਉਸ ਦੀ ਖ਼ੁਦ-ਬਾ-ਖ਼ੁਦ ਆਪਣੇ ਵਿਅਕਤਿੱਤਵ ਦੀ ਸਿਰਜਣਾ ਕਰਨ ਵਾਲੇ ਚਿੰਤਕ ਦਾ ਬਿਓਰਾ ਹੈ। ਸੰਪਾਦਕ ਡਾ. ਅਮਰ ਕੋਮਲ ਨੇ ਉਕਤ ਲੇਖਕ ਬਾਰੇ ਇਹ ਜਾਣਕਾਰੀ ਦੇਣ ਲਈ ਪੁਸਤਕ ਦੇ ਨੌਂ ਭਾਗ ਬਣਾਏ ਹਨ ਪਰ ਇਨ੍ਹਾਂ ਭਾਗਾਂ ਤੋਂ ਪਹਿਲਾਂ ਸੰਪਾਦਕ ਨੇ ਜਿਹੜੀ ਭੂਮਿਕਾ, ਜੀਵਨ ਬਿਓਰਾ ਅਤੇ ਉਸ ਦੀ ਰਚਨਾਵਲੀ ਦਾ ਵੇਰਵਾ ਦੇ ਕੇ ਦਿੱਤੀ ਹੈ, ਉਹ ਵੀ ਪੁਸਤਕ ਦਾ ਮਹੱਤਵਪੂਰਨ ਭਾਗ ਬਣ ਗਿਆ ਜਾਪਦਾ ਹੈ। ਪ੍ਰਿੰ: ਕਰਤਾਰ ਸਿੰਘ ਕਾਲੜਾ ਰਚਿਤ ਇਕਤਾਲੀ ਪੁਸਤਕਾਂ ਜਿਨ੍ਹਾਂ ਵਿਚ ਅੱਠ ਕਾਵਿ-ਸੰਗ੍ਰਹਿ, ਸੱਤ ਗ਼ਜ਼ਲ ਸੰਗ੍ਰਹਿ, ਦੋ ਸਟੇਜੀ ਕਾਵਿ-ਸੰਗ੍ਰਹਿ, ਇਕ ਸਵੈ-ਜੀਵਨੀ, ਸੱਤ ਆਲੋਚਨਾ ਦੀਆਂ ਪੁਸਤਕਾਂ, ਇਕ ਪੁਸਤਕ ਸ਼ਾਹਮੁਖੀ ਲਿਪੀ ਵਿਚ, ਬਾਰਾਂ ਬਾਲ ਸਾਹਿਤ ਪੁਸਤਕਾਂ ਅਤੇ ਤਿੰਨ ਸੰਪਾਦਨਾ ਦੀਆਂ ਪੁਸਤਕਾਂ ਹਨ, ਦਾ ਵੱਖ-ਵੱਖ ਆਲੋਚਕਾਂ ਵਲੋਂ ਕੀਤੇ ਗਏ ਆਲੋਚਨਾਤਮਿਕ ਕਾਰਜ ਨੂੰ ਪੁਸਤਕ ਵਿਚ ਅੰਕਿਤ ਕੀਤਾ ਗਿਆ ਹੈ। ਇਸ ਸਾਰੇ ਖੋਜ ਕਾਰਜ ਤੋਂ ਸਪੱਸ਼ਟ ਹੁੰਦਾ ਹੈ ਕਿ ਪ੍ਰਿੰ: ਕਾਲੜਾ ਬੇਬਾਕ ਸ਼ਾਇਰ ਅਤੇ ਉਚੇਰੀ ਸ਼ਖ਼ਸੀਅਤ ਦਾ ਧਾਰਕ ਰਿਹਾ ਹੈ। ਉਸ ਦੀ ਗ਼ਜ਼ਲਗੋਈ ਜਾਂ ਕਾਵਿ-ਰਚਨਾ ਜਾਂ ਬਾਲ ਸਾਹਿਤ ਰਚਨਾਵਲੀ ਹਰ ਪੱਧਰ ਦੇ ਪਾਠਕ ਨੂੰ ਪ੍ਰਭਾਵਿਤ ਕਰਦੀ ਆ ਰਹੀ ਹੈ। ਉਹ ਪਿੰਗਲ-ਆਰੂਜ਼ ਦਾ ਗੰਭੀਰ ਗਿਆਤਾ ਵੀ ਜਾਪਦਾ ਹੈ ਅਤੇ ਨਿੱਕੇ-ਨਿੱਕੇ ਬੱਚਿਆਂ ਦੀਆਂ ਕੋਮਲ ਭਾਵਨਾਵਾਂ ਨੂੰ ਵੀ ਸਮਝ ਕੇ ਸਾਹਿਤ ਸਿਰਜਣਾ ਵਿਚ ਉੱਘਾ ਯੋਗਦਾਨ ਪਾਉਂਦਾ ਆ ਰਿਹਾ ਹੈ। ਡਾ. ਅਮਰ ਕੋਮਲ ਉਸ ਨੂੰ ਚੜ੍ਹਦੀ ਕਲਾ ਦੇ ਸੰਕਲਪ ਦਾ ਧਾਰਕ ਅਤੇ ਚੇਤਨ ਮੁਖੀ ਸਾਹਿਤਕ ਪ੍ਰਤਿਭਾ ਦਾ ਮਾਲਕ ਆਖਦਾ ਹੈ। ਕਿਰਪਾਲ ਸਿੰਘ ਕਸੇਲ ਨੇ ਕਾਲੜਾ ਦੀ ਸ਼ਖ਼ਸੀਅਤ ਨੂੰ ਇਸ ਦੋਹੇ ਵਿਚ ਕਲਮਬੱਧ ਕੀਤਾ ਹੈ ਕਿ
ਕਸੇਲ ਝਰੋਖੇ ਬੈਠ ਕੇ, ਵੰਡ ਕਥੂਰ ਗਿਆਨ,
ਜੀਵਨ, ਬਚੜੇ, ਪੋਥੀਆਂ, ਚਾਨਣ ਵੰਡਦੇ ਜਾਣ।
ਕਰਤਾਰ ਸਿੰਘ ਕਾਲੜਾ ਦੀ ਸਮੁੱਚੀ ਰਚਨਾ ਮਾਨਵ ਦੀ ਸਾਂਝੀਵਾਲਤਾ ਦੀ ਗੱਲ ਕਰਦੀ ਹੈ ਅਤੇ ਇਹ ਸੰਦੇਸ਼ ਦਿੰਦੀ ਹੈ ਕਿ ਮਨੁੱਖੀ ਜੀਵਨ ਮਹਿਜ਼ ਸੁਖਾਲਾ ਨਹੀਂ ਹੈ ਸਗੋਂ ਸੰਘਰਸ਼, ਮਿਹਨਤ ਅਤੇ ਲਗਨ ਜੀਵਨ ਚਰਿੱਤਰ ਦੇ ਵਿਕਾਸ ਦਾ ਮਾਧਿਅਮ ਬਣਦੀ ਹੈ। ਉਸ ਦਾ ਇਹ ਸ਼ੇਅਰ ਕਿ
ਜ਼ਿੰਦਗੀ ਹੈ ਇਕ ਪੜਾਅ ਬ੍ਰਹਿਮੰਡ ਨੂੰ ਜਾਣਨ ਲਈ।
ਸਬਰ ਤੇ ਸੰਤੋਖ ਰੱਖ ਕੇ ਸਹਿਜ ਵਰਤਾਵਣ ਲਈ।
ਛੇ ਦਰਜਨ ਦੇ ਕਰੀਬ ਵਿਦਵਾਨਾਂ ਵਲੋਂ ਪ੍ਰਗਟਾਏ ਗਏ ਵਿਚਾਰ ਪ੍ਰਿੰ: ਕਾਲੜਾ ਦੀ ਸ਼ਖ਼ਸੀਅਤ ਨੂੰ ਬਾ-ਖੂਬੀ ਉਘਾੜਦੇ ਜਾਪੇ ਹਨ। ਭਾਵੇਂ ਕਿਸੇ ਪੜਚੋਲਕ ਨੇ ਗ਼ਜ਼ਲ ਸੰਗ੍ਰਹਿ ਬਾਰੇ ਗੱਲ ਕੀਤੀ ਹੈ ਜਾਂ ਸਵੈ-ਜੀਵਨੀ ਜਾਂ ਰੀਵਿਊ ਰੂਪ 'ਚ ਚਰਚਾ ਕੀਤੀ ਹੈ। ਸਾਰੇ ਹੀ ਖੋਜ ਨਿਬੰਧ, ਟਿੱਪਣੀਆਂ ਆਦਿ ਕਾਲੜਾ ਸਾਹਿਬ ਦੀ ਸਾਹਿਤਕ ਘਾਲਣਾ ਨੂੰ ਨੇੜਿਉਂ ਅਧਿਐਨ ਦਾ ਵਿਸ਼ਾ ਬਣਾ ਕੇ ਪੇਸ਼ ਕਰਦੇ ਹੋਏ ਪ੍ਰਤੀਤ ਹੋਏ ਹਨ।


ਡਾ. ਜਗੀਰ ਸਿੰਘ ਨੂਰ
ਮੋ: 98142-09732
c c c


ਰੰਗ ਮਜੀਠੀ

ਲੇਖਕ : ਰਾਕੇਸ਼ ਰਮਨ
ਪ੍ਰਕਾਸ਼ਕ : ਕੁਕਨੁਸ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 80
ਸੰਪਰਕ : 88375-92976.


ਹਥਲੀ ਪੁਸਤਕ ਭਾਵੇਂ ਰਾਕੇਸ਼ ਰਮਨ ਦੀ ਅੱਠਵੀਂ ਪੁਸਤਕ ਹੈ, ਪਰ ਕਹਾਣੀ-ਸੰਗ੍ਰਹਿ ਦੀ ਇਹ ਪਹਿਲੀ ਕਿਤਾਬ ਹੈ, ਜਿਸ 'ਤੇ ਉਸ ਨੇ ਹੱਥ ਅਜ਼ਮਾਈ ਕਰਕੇ 10 ਕਹਾਣੀਆਂ ਲਿਖੀਆਂ ਹਨ। ਸਾਰੀਆਂ ਕਹਾਣੀਆਂ ਦੇ ਵਿਸ਼ੇ ਨਵੇਂ ਹਨ ਜਿਨ੍ਹਾਂ ਵਿਚ ਉਸ ਨੇ ਮਨੁੱਖੀ ਲੋੜਾਂ ਦੀ ਪੂਰਤੀ ਬਾਰੇ ਚਾਨਣਾ ਪਾਇਆ ਹੈ। ਕਹਾਣੀਕਾਰ ਨੇ 1947 ਦੀ ਹੋਈ ਵੰਡ ਨੂੰ ਆਧਾਰ ਬਣਾ ਕੇ ਕਹਾਣੀਆਂ ਦੀ ਪੇਸ਼ਕਾਰੀ ਕੀਤੀ ਹੈ ਕਿ ਕਿਵੇਂ ਲੋਕ ਸੰਤਾਪ ਭੋਗ ਰਹੇ ਹਨ। ਉਨ੍ਹਾਂ ਲੋਕਾਂ ਦਾ ਗਲਪੀ ਬਿਰਤਾਂਤ ਇਸ ਪ੍ਰਕਾਰ ਸਿਰਜਿਆ ਹੈ ਜਿਵੇਂ ਕਹਾਣੀਕਾਰ ਨੇ ਆਪ ਹੀ ਸੰਤਾਪ ਹੰਢਾਇਆ ਹੋਵੇ। ਉਹ ਆਪ ਉਸ ਵਿਚ ਸ਼ਾਮਿਲ ਹੋਵੇ। ਅਜਿਹੇ ਪਾਤਰਾਂ ਦੇ ਮੂੰਹੋਂ ਯਥਾਰਥਕ ਪੇਸ਼ਕਾਰੀ ਕਰਵਾਉਣਾ ਹੀ ਲੇਖਕ ਦਾ ਹਾਸਲ ਹੁੰਦਾ ਹੈ। ਜਿਵੇਂ ਪਹਿਲੀ ਕਹਾਣੀ 'ਅਣਖ ਦਾ ਮੁੱਲ' ਵਿਚ ਦੱਸਿਆ ਗਿਆ ਹੈ ਕਿ ਸੁਰਜੀਤ ਦੀ ਆਵਾਜ਼ ਲੜਖੜਾ ਰਹੀ ਹੈ ਤੇ ਸ਼ਰਾਬ ਦਾ ਨਸ਼ਾ ਵਧਣ ਕਾਰਨ ਉਹ ਆਪਣਾ ਘਰ ਵੇਚਣ ਦੀ ਗੱਲ ਕਰ ਰਿਹਾ ਹੈ।
ਇਸ ਤਰ੍ਹਾਂ ਰਕੇਸ਼ ਰਮਨ ਦੀਆਂ ਸਾਰੀਆਂ ਕਹਾਣੀਆਂ ਹੀ ਨਵੇਂ ਵਿਸ਼ਿਆਂ ਦੀਆਂ ਧਾਰਨੀ ਹਨ। ਕਹਾਣੀਆਂ ਵਿਚ ਹਰੀ ਕ੍ਰਾਂਤੀ ਵੇਲੇ ਜੋ ਸਮਾਜਿਕ ਤੇ ਮਨੁੱਖੀ ਰਿਸ਼ਤਿਆਂ ਵਿਚ ਨਿਘਾਰ ਆਇਆ, ਉਸ ਦੀ ਯਥਾਰਥਕ ਪੇਸ਼ਕਾਰੀ ਕੀਤੀ ਗਈ ਹੈ। ਕਹਾਣੀਕਾਰ ਨੇ ਹਰੀ ਕ੍ਰਾਂਤੀ ਤੋਂ ਬਾਅਦ ਦਾ ਹੱਡੀਂ ਹੰਢਾਇਆ ਬਿਰਤਾਂਤ ਹੀ ਸਾਰੀਆਂ ਕਹਾਣੀਆਂ ਵਿਚ ਸਿਰਜਿਆ ਹੈ ਜਿਵੇਂ 'ਐਹੋ ਜਿਹਾ ਕੰਮ' ਕਹਾਣੀ ਵਿਚ ਜ਼ੈਲੇ ਵਰਗੇ ਜੋ ਆਪਣੀਆਂ ਪਤਨੀਆਂ ਦੇ ਸਤਾਏ ਸੰਤਾਪ ਭੋਗ ਰਹੇ ਲੋਕ ਹਨ, ਉਨ੍ਹਾਂ ਦੀ ਗਾਥਾ ਨੂੰ ਬਿਆਨ ਕੀਤਾ ਗਿਆ ਹੈ। ਉਸ ਦੀਆਂ ਕਹਾਣੀਆਂ ਦੇ ਵਿਸ਼ੇ ਮਨੁੱਖ ਦੀਆਂ ਸਰੀਰਕ ਅਤੇ ਮਾਨਸਿਕ ਲੋੜਾਂ ਅਤੇ ਉਨ੍ਹਾਂ ਦੀ ਪੂਰਤੀ ਬਾਰੇ ਝਾਤ ਪਾਉਂਦੇ ਹਨ ਅਤੇ ਸਮਾਜ ਵਿਚ ਜੋ ਰਿਸ਼ਤਿਆਂ ਦੀ ਉਥਲ-ਪੁਥਲ ਹੋਈ ਹੈ, ਉਸ ਯਥਾਰਥ ਦਾ ਅਹਿਸਾਸ ਵੀ ਕਹਾਣੀਆਂ ਦਾ ਹਾਸਲ ਹੈ।
ਸਮੁੱਚੇ ਤੌਰ 'ਤੇ ਰਕੇਸ਼ ਰਮਨ ਨੇ ਆਪਣੀਆਂ ਕਹਾਣੀਆਂ ਵਿਚ ਅਜੋਕੇ ਸਮੇਂ ਵਿਚ ਜੋ ਵਾਪਰ ਰਿਹਾ ਹੈ, ਉਸ ਨੂੰ ਬਾਖੂਬੀ ਚਿਤਰਿਆ ਹੈ। ਉਹ ਇਕ ਪ੍ਰਤਿਭਾਸ਼ੀਲ ਕਹਾਣੀਕਾਰ ਹੈ ਜਿਸ ਨੇ ਹਰ ਵਿਧਾ 'ਤੇ ਹੱਥ ਅਜ਼ਮਾਈ ਕੀਤੀ ਹੈ। ਲੇਖਕ ਵਧਾਈ ਦਾ ਪਾਤਰ ਹੈ।


ਡਾ. ਗੁਰਬਿੰਦਰ ਕੌਰ ਬਰਾੜ
ਮੋ: 098553-95161


ਕਾਲੀ ਧਰਤੀ ਗੋਰੇ ਲੋਕ
ਲੇਖਕ : ਵਰਿਆਮ ਮਸਤ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 395 ਰੁਪਏ, ਸਫ਼ੇ : 160
ਸੰਪਰਕ : 098102-71749.


ਬਹੁਵਿਧਾਵੀ ਸਾਹਿਤਕਾਰ ਵਰਿਆਮ ਮਸਤ ਕਵਿਤਾਵਾਂ, ਨਾਟਕ, ਕਹਾਣੀ, ਸਫ਼ਰਨਾਮੇ, ਜੀਵਨੀ ਅਤੇ ਅਨੁਵਾਦ ਆਦਿ ਦੀਆਂ ਦੋ ਦਰਜਨ ਤੋਂ ਵੱਧ ਪੁਸਤਕਾਂ ਪੰਜਾਬੀ ਸਹਿਤ ਦੀ ਝੋਲੀ ਪਾ ਚੁੱਕਾ ਹੈ। ਰੀਵਿਊ ਅਧੀਨ ਪੁਸਤਕ 'ਕਾਲੀ ਧਰਤੀ ਗੋਰੇ ਲੋਕ' ਉਸ ਦਾ ਪਲੇਠਾ ਨਾਵਲ ਹੈ ਜੋ ਬਾਹਰਲੇ ਦੇਸ਼ਾਂ ਵਿਚ ਵਸੇ ਪੰਜਾਬੀ ਬੱਚਿਆਂ ਤੇ ਨੌਜਵਾਨਾਂ ਦੀ ਵੇਦਨਾ ਨੂੰ ਦਰਸਾਉਂਦਾ ਹੈ, ਨਾਲ ਹੀ ਇਨ੍ਹਾਂ ਦੇਸ਼ਾਂ ਦੇ ਜੀਵਨ ਨੂੰ ਮੁੱਖ ਵਿਸ਼ਾ ਦਰਸਾਉਂਦਾ ਹੋਇਆ ਆਤਮ-ਚਿੰਤਨ ਤੇ ਆਤਮ-ਸੰਵਾਦ ਵਿਧੀ ਰਾਹੀਂ ਸੂਖ਼ਮ ਬਿਰਤਾਂਤ ਰਚਦਾ ਹੈ। ਨਾਵਲਕਾਰ ਇਸ ਵਿਚ ਸਵੈ ਦਾ ਕਿਰਦਾਰ ਪਰਦੇਸ ਵਸੇ ਬੱਚਿਆਂ ਦੇ ਮਾਪਿਆਂ ਵਜੋਂ ਹੀ ਸਥਾਪਤ ਕਰਦਾ ਹੈ ਅਤੇ ਆਪਣੀ ਕੈਨੇਡਾ-ਅਮਰੀਕਾ ਫੇਰੀ ਦੌਰਾਨ ਸਫ਼ਰਨਾਮਾ ਵਿਧੀ ਰਾਹੀਂ ਜੀਵੰਤ ਪਾਤਰਾਂ ਨਾਲ ਮੇਲ ਮਿਲਾਪ ਕਰਕੇ ਉੱਤਮ ਪੁਰਖੀ ਸੰਵਾਦ ਰਚਾਉਂਦਾ ਹੋਇਆ ਕਥਾਨਕ ਸਿਰਜਦਾ ਹੈ। ਕੈਨੇਡਾ ਤੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਟੋਰੰਟੋ, ਸਰੀ, ਵੈਨਕੂਵਰ, ਬਰੈਮਪਟਨ ਅਤੇ ਬੋਸਟਨ ਆਦਿ ਵਿਚ ਵਸੇ ਪੰਜਾਬੀ ਨਾਟਕਕਾਰਾਂ ਅਤੇ ਸਾਹਿਤਕਾਰਾਂ ਨਾਲ ਮੇਲ ਉਨ੍ਹਾਂ ਦੀ ਅਸਲ ਪਛਾਣ ਨਾਲ ਕਰਵਾਉਂਦਾ ਹੈ ਅਤੇ ਪੱਛਮੀ ਦੇਸ਼ਾਂ ਦੀਆਂ ਸਹੂਲਤਾਂ, ਅਦਭੁੱਤ ਖਾਣੇ, ਰੈਸਤਰਾਂ, ਮਾਲ, ਸੜਕਾਂ ਅਤੇ ਟੀ.ਵੀ.-ਰੇਡੀਓ ਚੈਨਲਾਂ ਆਦਿ ਬਾਰੇ ਦੱਸਦਾ ਹੋਇਆ ਪਾਠਕ ਨੂੰ ਆਪਣੇ ਨਾਲ ਹੀ ਤੋਰ ਲੈਂਦਾ ਹੈ। ਇਨ੍ਹਾਂ ਬਾਹਰਲੇ ਦੇਸ਼ਾਂ ਦੇ ਮੌਸਮ, ਜਲਵਾਯੂ ਅਤੇ ਫਲਾਂ-ਫੁੱਲਾਂ ਦੀਆਂ ਗੱਲਾਂ ਤਰਕਪੂਰਨ ਢੰਗ ਨਾਲ ਦੱਸਦੇ ਹੋਏ ਨਾਵਲਕਾਰ ਇਸ ਨਾਵਲ ਨੂੰ ਇਕ ਡਾਇਰੀ ਦਾ ਵੀ ਰੂਪ ਪ੍ਰਦਾਨ ਕਰਦਾ ਹੈ। ਇਸ ਢੰਗ ਨਾਲ ਪਰਦੇਸ ਵਸੇ ਭਾਰਤੀਆਂ ਦੇ ਰਹਿਣ-ਸਹਿਣ ਦੇ ਨਾਲ-ਨਾਲ ਵਿਸ਼ਵ ਦੀਆਂ ਹੋਰ ਸੱਭਿਆਤਾਵਾਂ ਦੇ ਦਰਸ਼ਨ ਵੀ ਤੁਲਨਾਤਮਿਕ ਢੰਗ ਨਾਲ ਕਰਵਾ ਦਿੰਦਾ ਹੈ। ਇਹ ਸੱਚ ਹੈ ਕਿ ਇਸ ਨਾਵਲ ਦਾ ਕਥਾਨਕ ਕਿਸੇ ਵੱਡੇ ਬਿਰਤਾਂਤ 'ਤੇ ਆਧਾਰਿਤ ਨਹੀਂ ਸਗੋਂ ਨਾਵਲਕਾਰ ਆਪ ਸੁਚੇਤ ਪੱਧਰ 'ਤੇ ਮਾਨਸਿਕ ਪਰਤਾਂ ਵਿਚ ਲੁਕੇ ਗੁੰਝਲਦਾਰ ਪਾਤਰ ਸਿਰਜਦਾ ਹੈ ਜੋ ਆਪਣੀ ਜ਼ਿਹਨੀ ਦੁਨੀਆ ਵਿਚ ਗੰਭੀਰ ਸੰਵਾਦ ਰਚਾਉਂਦੇ ਨਾਵਲਕਾਰ ਦੇ ਆਲੇ-ਦੁਆਲੇ ਤੁਰੇ ਫਿਰਦੇ ਹਨ। ਇਸ ਪੁਸਤਕ ਵਿਚ ਸ਼ਾਬਦਿਕ ਅਰਥ ਜਾਂ ਕਹਾਣੀਰਸ ਲੱਭਦੇ ਪਾਠਕ ਲਈ ਕੁਝ ਵੀ ਨਹੀਂ ਸਗੋਂ ਪਾਠਕ ਨੂੰ ਨਾਵਲਕਾਰ ਦੇ ਅਸਲ ਰਚਨਾ ਸੰਸਾਰ ਵਿਚ ਪ੍ਰਵੇਸ਼ ਕਰਨ ਲਈ ਇਸ ਨਾਵਲ ਨੂੰ ਇਕਾਗਰ-ਚਿੱਤ ਵਾਰ-ਵਾਰ ਪੜ੍ਹਨਾ ਪਵੇਗਾ।


ਡਾ. ਸੰਦੀਪ ਰਾਣਾ
ਮੋ: 98728-87551


ਪਿਆਰ ਦੀਆਂ ਤੰਦਾਂ

ਲੇਖਕ : ਗੁਰਚਰਨ 'ਦਰਦੀ'
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 120 ਰੁਪਏ, ਸਫ਼ੇ : 72
ਸੰਪਰਕ : 98724 -29441.


'ਪਿਆਰ ਦੀਆਂ ਤੰਦਾਂ' ਨਾਂਅ ਦੇ ਇਸ ਕਹਾਣੀ ਸੰਗ੍ਰਹਿ ਵਿਚ ਕਹਾਣੀਕਾਰ ਗੁਰਚਰਨ 'ਦਰਦੀ' ਨੇ ਸੌਲਾਂ ਕਹਾਣੀਆਂ ਰਾਹੀਂ ਨਿਵੇਕਲੇ ਵਿਆਖਿਆਨਾਂ ਦੀ ਬਾਤ ਨੂੰ ਸਮਾਜ ਅੱਗੇ ਰੱਖਣ ਦਾ ਯਤਨ ਕੀਤਾ ਹੈ। 'ਸਮਝ' ਸਾਡੇ ਜੀਵਨ ਦੇ ਅਲਜ਼ਬਰੇ ਵਿਚ ਇਕ ਵੱਡਾ ਰੋਲ ਅਦਾ ਕਰਦੀ ਹੈ। ਸੋਚ-ਸਮਝ ਕੇ ਅਤੇ ਸਹੀ ਫ਼ੈਸਲਿਆਂ 'ਤੇ ਅਮਲਾਂ ਨਾਲ ਜਿਥੇ ਵੱਡੀਆਂ-ਵੱਡੀਆਂ ਉਲਝਣਾਂ ਹੱਲ ਹੋ ਜਾਂਦੀਆਂ ਹਨ ਤੇ ਵਿਗੜੇ ਕੰਮ ਵੀ ਸੰਵਰ ਜਾਂਦੇ ਹਨ, ਉਥੇ ਇਸ ਤੋਂ ਕੀਤੀ ਕੁਤਾਹੀ/ਬੇਸਮਝੀ ਘਰ-ਪਰਿਵਾਰ ਦਾ ਤੀਲਾ-ਤੀਲਾ ਖਿੰਡਾਅ ਕੇ ਰੱਖ ਵੀ ਦਿੰਦੀ ਹੈ। ਰੂੜ੍ਹੀਵਾਦੀ ਸੋਚ ਕਾਰਨ 'ਧੀਆਂ ਨਾਲ ਵਿਤਕਰਾ', 'ਨਰ ਤੇ ਮਦੀਨ', 'ਢਿੱਡੋਂ ਜੰਮੀ ਵੀ ਮਤਰੇਈ', ਹੈਂਕੜਬਾਜ਼ੀ ਵਿਚ ਕਿਸੇ ਦਾ ਦਿਲ ਦੁਖਾਉਣ ਵਾਲਾ 'ਬਦਕਿਸਮਤ'/'ਗੰਦੀ ਔਲਾਦ', 'ਸਮਾਜ ਦੇ ਦੁਸ਼ਮਣ' ਵਿਚ ਦਰਿੰਦਗੀ (ਮਮਤਾ ਭਰੇ ਨਾਜ਼ੁਕ ਰਿਸ਼ਤਿਆਂ ਦਾ ਘਾਣ), 'ਅਹਿਸਾਨ' ਵਿਚ ਅਕ੍ਰਿਤਘਣਤਾ, 'ਅਕਲ ਦੀ ਘਾਟ' ਵਿਚ ਸ਼ੱਕ ਦੀ ਸੂਈ ਨਾਲ ਘਰ ਦੀਆਂ ਇੱਟਾਂ ਉਖੇੜਨਾ, 'ਗ਼ਲਤ ਫ਼ੈਸਲਾ' ਪਛਤਾਵੇ ਦੀ ਅੱਗ ਵਿਚ ਸੜਨ ਦਾ ਸਬੱਬ ਭਾਵ ਕਿ ਇਕ ਵੱਡੇ ਦੁਸ਼ਮਣ ਦੀ ਕੈਦ ਵਿਚ ਪੈਣਾ ਆਦਿ ਸੂਖਮ ਵਿਸ਼ਿਆਂ ਦੇ ਵਿਅਖਿਆਨ ਪੜ੍ਹਨ ਨੂੰ ਮਿਲਦੇ ਹਨ ਤੇ ਇਕ ਉਸਾਰੂ ਨਸੀਹਤ ਵੀ ਮਿਲਦੀ ਹੈ ਕਿ ਸੂਝ-ਬੂਝ/ਸਿਆਣਪ/ਬੁੱਧੀ ਨਾਲ ਹੀ ਜੀਵਨ ਦੇ ਅਸਲ ਰੰਗ ਮਾਣਦੇ ਹੋਏ ਜੀਵਨ ਨੂੰ ਬੇਰੰਗ ਹੋਣ ਤੋਂ ਬਚਾਇਆ ਜਾ ਸਕਦਾ ਹੈ। ਪਰਉਪਕਾਰੀ ਕੰਮਾਂ ਵਿਚ 'ਅਸੀਸਾਂ ਦਾ ਫਲ', 'ਪਿਆਰ ਦੀ ਸਾਂਝ', 'ਆਸ ਦੀ ਕਿਰਨ' ਵਿਚ ਮਾਪਿਆਂ ਦੇ ਆਖਰੀ ਜੀਵਨ ਦਾ ਅਸਲ ਵਸੇਬਾ ਆਪਣਾ ਘਰ-ਪਰਿਵਾਰ ਵਿਚ ਹੋਵੇ ਨਾ ਕਿ ਓਲਡ ਏਜ ਹੋਮ ਵਿਚ, ਆਦਿ ਕਹਾਣੀਆਂ ਦੇ ਵਿਸ਼ੇ ਸਮਾਜ ਦੇ ਤਪਦੇ ਪਿੰਡੇ 'ਤੇ ਠੰਢੇ ਛਿੱਟਿਆਂ ਦੀ ਮਾਨੋ ਇਕ ਬੁੁਛਾੜ ਹੀ ਹੈ, ਜੋ ਸਾਡੇ ਮਨਾਂ ਦੇ ਚਾਅ-ਮੁਲਾਰਾਂ/ਰੀਝਾਂ ਨੂੰ ਹਰੇ-ਭਰੇ ਕਰਨ ਵਿਚ ਕਾਫੀ ਸਹਾਈ ਹੋ ਸਕਦੀ ਹੈ। ਇਹ ਛੋਟਾ ਜਿਹਾ ਕਹਾਣੀ ਸੰਗ੍ਰਹਿ 'ਗਾਗਰ ਵਿਚ ਸਾਗਰ' ਸੰਭਾਲੀ ਬੈਠਾ ਹੈ। ਸੋ ਸਾਰਥਕ ਸੰਦੇਸ਼ ਪਹੁੰਚਾਉਣ ਵਾਲੀ ਪੁਸਤਕ 'ਪਿਆਰ ਦੀਆਂ ਤੰਦਾਂ' ਪੁਸਤਕ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲਾ ਲੇਖਕ ਗੁਰਚਰਨ 'ਦਰਦੀ' ਵਧਾਈ ਦਾ ਪਾਤਰ ਹੈ।


ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858


ਫੁੱਲ ਖਿੜੇ ਮੇਰੇ ਬਾਗ਼ੀਂ
ਲੇਖਿਕਾ : ਮਨਜੀਤ ਕੌਰ ਤੂਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 122
ਸੰਪਰਕ : 0172-5027427.


ਇਸ ਸਵੈ-ਜੀਵਨੀ ਦੀ ਲੇਖਿਕਾ ਮਨਜੀਤ ਕੌਰ ਤੂਰ ਹੈ। ਸਾਧਾਰਨ ਘਰ ਪਰਿਵਾਰ ਵਿਚ ਜੰਮਦਿਆਂ ਹੀ ਉਸ ਨੂੰ ਪੰਜਾਬ ਵੰਡ ਦੇ ਦਸੌਂਟੇ ਕੱਟਣੇ ਪਏ। ਮੁਲਤਾਨੋਂ ਭਾਰਤ ਆਉਂਦੇ ਕਾਫਲੇ ਵਿਚ ਆਉਂਦੀ ਮਜਬੂਰ ਮਾਂ ਇਸ ਨੂੰ ਝਾੜੀ ਹੇਠ ਰੱਖ ਕੇ ਤੁਰ ਪਈ ਸੀ ਪਰ ਬੱਚੀ ਦੀ ਵੱਡੀ ਭੈਣ ਪਿਛਾਂਹ ਪਰਤ ਕੇ ਚੁੱਕ ਲਿਆਈ ਕਿ ਜਦੋਂ ਤੱਕ ਜਿਊਂਦੀ ਹੈ, ਉਦੋਂ ਤੱਕ ਨਾ ਛੱਡੀਏ...। ਪਰ ਅਗਲੇ ਸਮਿਆਂ ਵਿਚ ਤਿੰਨ ਕੁ ਹੋਰ ਅਵਸਰ ਆਏ ਕਿ ਉਹ ਮੌਤ ਦੇ ਮੂੰਹੋਂ ਬਚ ਕੇ ਨਿਕਲਦੀ ਰਹੀ। ਮੁਸ਼ਕਿਲਾਂ ਝੱਲ ਕੇ ਮਾਰਕੰਡੇ ਦੇ ਇਕ ਪਿੰਡ ਪਾਂਡਲ ਵਿਚ ਪਰਿਵਾਰ ਆ ਵੱਸਿਆ। ਜ਼ਿੰਦਗੀ ਨੂੰ ਵਾਰ-ਵਾਰ ਜਿੱਤਣ ਵਾਲੀ ਇਸ ਬਾਲਿਕਾ ਨੇ ਆਪਣੇ ਵਿਦਿਆਰਥੀ ਜੀਵਨ ਵਿਚ 'ਖੇਡਾਂ' ਦੇ ਖੇਤਰ ਵਿਚ ਇਕ ਖਿਡਾਰਨ ਬਣ ਕੇ ਉਚੇਚੇ ਇਨਾਮ ਜਿੱਤਣ ਦੇ ਅਵਸਰ ਪ੍ਰਾਪਤ ਕੀਤੇ। ਸਵੈ-ਜੀਵਨੀ ਦੀ ਲੇਖਿਕਾ ਭਾਵੇਂ ਸਾਧਾਰਨ ਪਰਿਵਾਰ ਵਿਚ ਜੰਮਪਲ ਕੇ ਮੁਢਲੇ ਸਕੂਲਾਂ, ਕਾਲਜਾਂ ਵਿਚ ਤਲਖ਼ ਤਜਰਬਿਆਂ ਅਤੇ ਹੱਡੀਂ ਹੰਢਾਏ ਅਵਸਰਾਂ ਦੇ ਪਰਿਣਾਮ ਸਰੂਪ ਆਪਣੀ ਯੋਗਤਾ-ਪ੍ਰਤੀਯੋਗਤਾ ਸਦਕਾ ਆਪਣੇ ਅੰਦਰ ਸਿਰਜਣਾਤਮਕ ਵਲਵਲਿਆਂ ਸਦਕਾ ਨਵੇਂ-ਨਵੇਂ ਕਾਰਜਾਂ ਦਾ ਸਿਰਜਣ ਕਰਨ ਲੱਗੀ, ਜਿਵੇਂ ਵਿਆਹ ਪਿੱਛੋਂ 'ਅਮਲੋਹ' ਵਿਖੇ 'ਸਕੂਲ' ਚਾਲੂ ਕਰਵਾਉਣਾ, ਆਪਣੇ ਪਤੀ ਦੀ ਵਕਾਲਤ ਨੂੰ ਉਤਸ਼ਾਹਿਤ ਕਰਕੇ, ਉਸ ਨੂੰ ਅੱਗੇ ਵਧਣ ਲਈ ਪ੍ਰੇਰਨਾ, ਆਪਣੀ ਅਧੂਰੀ ਪੜ੍ਹਾਈ ਨੂੰ ਪੂਰੀ ਕਰਨਾ, ਆਪਣੇ ਬੱਚਿਆਂ ਨੂੰ ਉਚੇਚੇ ਤੌਰ 'ਤੇ ਆਤਮ-ਨਿਰਭਰ ਬਣਾਉਣ ਲਈ ਉਨ੍ਹਾਂ ਅੰਦਰ ਭਖਦੇ ਜੀਵਨ ਦਾ ਨਰੋਆ ਦ੍ਰਿਸ਼ਟੀਕੋਣ ਸੰਚਾਰਨਾ, ਉਸ ਦੇ ਜੀਵਨ ਦੇ ਅਜਿਹੇ ਉਦੇਸ਼ਾਂ ਦੀ ਪੂਰਤੀ ਹੀ ਤਾਂ ਹੈ, ਜਿਹੜੇ ਉਸ ਦੀ ਸਵੈ-ਜੀਵਨ ਦੀ ਲਿਖਤ ਕਥਾ ਦੇ ਮੂਲ ਬੁਨਿਆਦੀ ਕਾਰਜ ਕਹਿ ਸਕਦੇ ਹਾਂ, ਜਿਨ੍ਹਾਂ ਨੂੰ ਉਸ ਨੇ ਸੁਚੇਤ ਰੂਪ ਵਿਚ ਸੰਪੰਨ ਕਰਨ ਕਰਵਾਉਣ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਸਵੈ-ਜੀਵਨੀਕਾਰ, ਇਸ ਸਵੈ-ਜੀਵਨੀ ਕਥਾ ਦੀ ਆਪ ਨਾਇਕਾ ਬਣ ਕੇ ਜੀਵੀ ਹੀ ਨਹੀਂ, ਬਲਕਿ ਉਸ ਨੇ ਆਪਣੇ ਜੀਵਨ ਦੇ ਹਰ ਪੜਾਅ ਉੱਪਰ ਉਤਸ਼ਾਹ, ਪਿਆਰ, ਚੜ੍ਹਦੀ ਕਲਾ ਦੇ ਸੰਕਲਪ ਨਾਲ ਅੱਗੇ ਵਧਣ ਅਤੇ ਉਸਾਰੂ ਸੋਚ ਦੇ ਸੰਕਲਪਾਂ ਉੱਪਰ ਅਮਲ ਕਰਨ ਕਰਵਾਉਣ ਦੇ ਸੁਪਨੇ ਪੂਰੇ ਕੀਤੇ ਹਨ ਜਿਵੇਂ ਆਪਣੀ ਅਕਾਦਮਿਕ ਯੋਗਤਾ ਸੰਪੂਰਨ ਕਰਨ ਦਾ ਸੰਕਲਪ ਹੋਵੇ, ਆਪਣੇ ਪੇਂਡੂ ਲੋਕਾਂ ਦੇ ਬੱਚੇ ਬੱਚੀਆਂ ਨੂੰ ਉਚੇਰੀ ਸੁਚੇਰੀ ਵਿੱਦਿਆ ਦੇਣ ਦੇ ਉਪਰਾਲੇ ਕਰਨੇ। ਆਪਣੇ ਬੱਚਿਆਂ ਅੰਦਰ ਗਿਆਨ ਵਿਗਿਆਨ ਸੰਚਾਰਨ ਲਈ ਨਵੇਂ-ਨਵੇਂ ਅਵਸਰ ਪ੍ਰਾਪਤ ਕਰਨੇ, ਆਪਣੇ ਬੱਚਿਆਂ ਨੂੰ ਅਕਾਦਮਿਕ ਸਿੱਖਿਆ ਦਿਵਾਉਣੀ ਜਾਂ ਘਰ ਪਰਿਵਾਰ ਨੂੰ ਪਛੜੇ ਪਿੰਡਾਂ ਦੇ ਹਨੇਰਿਆਂ ਤੋਂ ਤਿਲਾਂਜਲੀ ਦੇਣ ਲਈ ਚੰਡੀਗੜ੍ਹ ਵਰਗੇ ਸ਼ਹਿਰ ਦੀ ਰੌਸ਼ਨੀ ਪ੍ਰਾਪਤ ਕਰਨੀ ਆਦਿ, ਇਸ ਸਵੈ-ਜੀਵਨੀ ਦੀ ਨਾਇਕਾ ਬਣੀ ਲੇਖਿਕਾ ਦੀਆਂ ਮੂਲ ਪ੍ਰਾਪਤੀਆਂ ਹਨ, ਜਿਨ੍ਹਾਂ ਨੂੰ ਅਸੀਂ ਪੁਸਤਕ ਦੇ ਪਾਠਕਾਂ ਲਈ ਅਕਸ਼ੀਰੀ ਦਵਾਈ ਕਹਿ ਸਕਦੇ ਹਾਂ। ਭਖਦੀ ਜੀਵਨ ਚੰਗਿਆੜੀ ਜਗਾਉਣ ਵਾਲੀ ਇਹ ਆਤਮ-ਕਥਾ, ਫੁੱਲ ਖਿੜੇ ਮੇਰੇ ਬਾਗੀਂ, ਸੱਚਮੁੱਚ ਪਾਠਕਾਂ ਲਈ ਇਕ ਪ੍ਰੇਰਨਾ ਸ਼ਕਤੀ ਦਾ ਸਰੋਤ ਕਹਿ ਸਕਦੇ ਹਾਂ।


ਡਾ. ਅਮਰ ਕੋਮਲ
ਮੋ: 084378-73565.


ਚੰਗੀ ਸਿਹਤ

ਲੇਖਕ : ਗੁਰਮੀਤ ਸਿੰਘ ਸਰਾਂ
ਪ੍ਰਕਾਸ਼ਕ : ਪ੍ਰਭਜੀਤ ਯਾਦਗਾਰੀ ਪ੍ਰਕਾਸ਼ਨ, ਮੁਕੇਰੀਆਂ (ਹੁਸ਼ਿਆਰਪੁਰ)
ਮੁੱਲ : 200 ਰੁਪਏ, ਸਫ਼ੇ : 72
ਸੰਪਰਕ : 98140-42903.


ਚਰਚਾ ਅਧੀਨ ਪੁਸਤਕ ਸਿਹਤ ਨਾਲ ਸਬੰਧਿਤ 18 ਨਿਬੰਧਾਂ ਦਾ ਸੰਗ੍ਰਹਿ ਹੈ। ਸਿਹਤ ਦੇ ਸੰਦਰਭ 'ਚ ਜੋ ਵੱਖ-ਵੱਖ ਮੁੱਦੇ ਵਿਚਾਰੇ ਗਏ ਹਨ, ਉਨ੍ਹਾਂ ਵਿਚ ਹਨ : ਚੰਗੀ ਸਿਹਤ, ਜੋ ਸਰੀਰਕ, ਮਾਨਸਿਕ, ਅਧਿਆਤਮਿਕ, ਪਰਿਵਾਰਕ ਜੀਵਨ, ਸਮਾਜਿਕ ਅਤੇ ਆਰਥਿਕ ਪੱਖਾਂ 'ਤੇ ਨਿਰਭਰ ਕਰਦੀ ਹੈ। ਪੌਸ਼ਟਿਕ ਆਹਾਰ ਦੀ ਲੋੜ, ਪਾਣੀ, ਏਡਜ਼, ਸਾਹ ਦੇ ਰੋਗ, ਸ਼ੱਕਰ ਰੋਗ, ਕੈਂਸਰ, ਨਰੋਈ ਸਿਹਤ ਪ੍ਰਤੀ ਸੁਚੇਤਨਾ, ਯੋਗਾ, ਨਸ਼ੇ, ਵਾਤਾਵਰਨ ਅਤੇ ਸਿਹਤ, ਮਹਾਂਮਾਰੀ ਕੋਰੋਨਾ, ਹੱਸਣਾ ਜ਼ਰੂਰੀ, ਚੰਗੀਆਂ ਆਦਤਾਂ, ਆਦਿ ਹਨ। ਕੁਝ ਆਮ ਲੇਖ ਜਿਵੇਂ ਜ਼ਿੰਦਗੀ ਦਾ ਅਨੰਦ ਮਾਣੋ, ਜੋਸ਼ ਤੇ ਰਣਨੀਤੀ ਨਾਲ ਜੀਓ, ਕਾਉਨ ਭਲੇ ਕੋ ਮੰਦੇ ਵੀ ਪੜ੍ਹਨ ਵਾਲਿਆਂ ਲਈ ਕਿੰਨੀਆਂ ਹੀ ਸਮਝੌਣੀਆਂ ਅਤੇ ਸਿਆਣਪਾਂ ਭਰਪੂਰ ਹਨ। ਪੁਸਤਕ ਬੜੀ ਸਰਲ ਭਾਸ਼ਾ ਵਿਚ ਲਿਖੀ ਗਈ ਹੈ। ਸਿਹਤ ਨੂੰ ਅਰੋਗ ਰੱਖਣ ਲਈ ਇਸ ਪੁਸਤਕ ਵਿਚ ਜ਼ਰੂਰੀ ਨੁਕਤੇ ਅਤੇ ਸਾਵਧਾਨੀਆਂ ਬਾਰੇ ਥਾਂ-ਥਾਂ ਬਣਦੇ ਸੁਝਾਅ ਦਿੱਤੇ ਗਏ ਹਨ। ਕੈਂਸਰ, ਏਡਜ਼, ਸ਼ੂਗਰ, ਜਿਹੇ ਰੋਗਾਂ ਦੇ ਕਾਰਨ, ਇਲਾਜ ਅਤੇ ਪ੍ਰਹੇਜ਼ ਵੀ ਸੰਖੇਪ 'ਚ ਸੁਝਾਏ ਗਏ ਹਨ। ਲੇਖਣੀ ਨੂੰ ਦਿਲਚਸਪ ਬਣਾਉਣ ਲਈ ਕਾਵਿਮਈ ਟੂਕਾਂ, ਸ਼ੇਅਰਾਂ ਅਤੇ ਮਹਾਂਪੁਰਖਾਂ ਦੇ ਕਥਨ ਵੀ ਪ੍ਰਯੋਗ ਵਿਚ ਲਿਆਂਦੇ ਗਏ ਹਨ। ਕੁਝ ਕੁ ਛਪਾਈ ਦੀਆਂ ਗ਼ਲਤੀਆਂ ਜ਼ਰੂਰ ਅੱਖਰਦੀਆਂ ਹਨ। ਅਗਲੇ ਸੰਸਕਰਨ ਵਿਚ ਇਨ੍ਹਾਂ ਨੂੰ ਦਰੁਸਤ ਕਰਨਾ ਸਹੀ ਰਹੇਗਾ। ਇਸ ਪੁਸਤਕ ਦੀ ਕੀਮਤ ਦੋ ਸੌ ਰੁਪਈਏ ਬਹੁਤ ਜ਼ਿਆਦਾ ਹੈ। ਸਿਹਤ ਨਾਲ ਸਬੰਧਿਤ ਸਾਹਿਤ 'ਨਾ ਲਾਭ ਨਾ ਘਾਟਾ' ਆਧਾਰ 'ਤੇ ਲੋਕਾਂ ਲਈ ਉਪਲਬਧ ਹੋਣੀ ਚਾਹੀਦੀ ਹੈ। ਕੁੱਲ ਮਿਲਾ ਕੇ ਇਹ ਪੁਸਤਕ ਸਿਹਤ ਸਬੰਧੀ ਪੰਜਾਬੀ ਸਾਹਿਤ ਵਿਚ ਨਿੱਗਰ ਵਾਧਾ ਕਰਦੀ ਹੈ। ਭਵਿੱਖ ਵਿਚ ਲੇਖਕ ਕੋਲੋਂ ਸਿਹਤ ਸਬੰਧੀ ਹੋਰ ਵੀ ਲਾਹੇਵੰਦ ਸਾਹਿਤ ਸਿਰਜੇ ਜਾਣ ਦੀ ਉਮੀਦ ਬੱਝਦੀ ਹੈ। ਪੰਜਾਬੀ ਸਾਹਿਤ ਵਿਚ ਇਸ ਪੁਸਤਕ ਦਾ ਸਵਾਗਤ ਕਰਨਾ ਬਣਦਾ ਹੈ।


ਪ੍ਰਿੰ: ਹਰੀ ਕ੍ਰਿਸ਼ਨ ਮਾਇਰ
ਮੋ: 97806-67686


ਵਿਆਸ ਭੱਟ ਦੀ ਆਤਮਕਥਾ
ਲੇਖਕ : ਮਨਮੋਹਨ ਬਾਵਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 425 ਰੁਪਏ, ਸਫ਼ੇ : 320
ਸੰਪਰਕ : 081307-82551.


ਐਚ.ਜੀ. ਵੈਲਜ਼ ਆਪਣੇ ਨਾਵਲਾਂ ਵਿਚ ਆਤਮਕਥਾ ਅੰਸ਼ ਪੇਸ਼ ਕਰਦਿਆਂ ਇਸ ਨਤੀਜੇ 'ਤੇ ਪੁੱਜਦਾ ਹੈ ਕਿ ਜਿਉਂ-ਜਿਉਂ ਮਨੁੱਖਤਾ 'ਆਪੇ' ਦੀ ਖੋਜ ਬਾਰੇ ਖੁੱਲ੍ਹਦਿਲ ਹੁੰਦੀ ਜਾਵੇਗੀ, ਜੀਵਨੀ ਅਤੇ ਸਵੈਜੀਵਨੀ ਖੋਜ ਦੀ ਦ੍ਰਿਸ਼ਟੀ ਤੋਂ ਨਾਵਲ ਦਾ ਸਥਾਨ ਲੈ ਜਾਣਗੀਆਂ। ਹਥਲੇ ਨਾਵਲ ਵਿਚ ਅਜਿਹਾ ਹੀ ਪ੍ਰਯੋਗ ਹੁੰਦਾ ਵੇਖਿਆ ਜਾ ਸਕਦਾ ਹੈ। ਵਿਆਸ ਭੱਟ ਇਕ ਕਲਪਨਾਤਮਿਕ ਨਾਇਕ ਹੈ ਜਿਸ ਨੂੰ ਨਾਵਲ ਵਿਚ ਵਾਰ-ਵਾਰ ਬਾਣ ਭੱਟ ਦਾ ਭਤੀਜਾ ਦੱਸਿਆ ਗਿਆ ਹੈ। ਇਹ ਨਾਵਲ ਆਤਮਕਥਾ ਸ਼ੈਲੀ ਦਾ ਰੂਪਾਂਤਰਿਤ ਰੂਪ ਹੈ। ਇਸ ਆਤਮ-ਕਥਾਈ ਮਾਧਿਅਮ ਰਾਹੀਂ ਮਨਮੋਹਨ ਬਾਵਾ ਨੇ 6ਵੀਂ, 7ਵੀਂ ਸਦੀ 'ਤੇ ਕੇਂਦਰਿਤ ਹੋ ਕੇ ਉਸ ਸਮੇਂ ਹਰਮਨ-ਪਿਆਰੀ (ਨਾਟਕ) ਵਿਧਾ ਦੇ ਨਾਟਕਕਾਰਾਂ ਬਾਰੇ ਵਿਅੰਗ ਦੇ ਸੰਕੇਤ ਦਿੱਤੇ ਹਨ। ਉਸ ਸਮੇਂ ਦੀ 'ਚੰਡਾਲ-ਮੰਡਲੀ' ਵਿਚ ਸਤਅ ਕੀਰਤੀ, ਕਰਨਾਕਰ ਵਰਮਨ ਅਤੇ ਰਵਾਲ ਗੁਪਤ ਦੇ ਨਾਂਅ ਸ਼ਾਮਿਲ ਕੀਤੇ ਹਨ ਜੋ ਘਟੀਆ ਕਿਸਮ ਦੇ ਨਾਟਕਕਾਰ ਅਤੇ ਨਿਰਦੇਸ਼ਕ ਸਨ ਪਰ ਸੱਤਾ ਅਤੇ ਰਾਜਨੀਤੀ ਦੀ ਚਾਲ ਨਾਲ ਸਾਹਿਤਕ ਖੇਤਰ ਵਿਚ ਘੜੰਮ-ਚੌਧਰੀ ਬਣ ਕੇ ਧੌਂਸ ਜਮਾਈ ਬੈਠੇ ਸਨ। ਅਜਿਹੇ ਲੋਕਾਂ ਬਾਰੇ ਗੁਰਬਾਣੀ ਦਾ ਮਹਾਂਵਾਕ ਹੈ : 'ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤ॥' ਉਕਤ ਚੰਡਾਲ ਮੰਡਲੀ ਵਿਆਸ ਭੱਟ ਨੂੰ ਥੱਲੇ ਲਾਹੁਣ ਲਈ ਸਾਜਿਸ਼ਾਂ ਰਚਦੀ ਰਹਿੰਦੀ ਸੀ। ਚੇਤੇ ਰੱਖਣਾ ਬਣਦਾ ਹੈ ਕਿ ਨਾਵਲਕਾਰ ਅਤੇ ਵਿਆਸ ਭੱਟ ਦੋਵਾਂ ਵਿਚ ਘੁਮੱਕੜਪੁਣੇ ਦੀ ਸਾਂਝ ਹੈ। ਇਸ ਨਾਵਲ ਦੀ ਫੇਬੁਲਾ ਦਾ ਵਿਸਤਾਰ ਕੰਨਿਆਂ ਕੁਬਜ਼ ਤੋਂ ਉਜੈਨ ਤੱਕ, ਇਵੇਂ ਨਾਇਕ ਦੇ ਕਸ਼ਮੀਰ ਯੁੱਧ ਤੋਂ ਬਚ ਨਿਕਲਣ ਤੋਂ ਕੰਨਿਆਂ ਕੁਬਜ਼ ਤੱਕ ਗੋਲਾਈ ਵਿਚ ਫੈਲਿਆ ਹੋਇਆ ਹੈ। ਇਸ ਨਾਵਲ ਦਾ 'ਗਾਲਪਨਿਕ ਕੋਡ' 'ਅਨੁਭਵ ਦੀ ਪ੍ਰਾਪਤੀ' ਹੈ। ਵਿਆਸ ਭੱਟ ਦੇ ਗੁਰੂ ਹਰਿਵਰਧਨ ਦੀ ਸਿੱਖਿਆ ਸੀ ਕਿ ਵਿਆਸ ਭੱਟ ਜਿੰਨਾ 'ਘੁਮੱਕੜ' ਬਣ ਕੇ 'ਅਨੁਭਵ' ਪ੍ਰਾਪਤ ਕਰੇਗਾ, ਓਨੇ ਵਧੀਆ ਹੀ ਉਹ ਨਾਟਕ ਲਿਖ ਸਕੇਗਾ। ਹੁੰਦਾ ਇਹ ਹੈ ਕਿ ਕਸ਼ਮੀਰ ਦੇ ਰਾਜੇ ਲਲਿਤਾ ਦਿਤਾਅ ਅਤੇ ਕੰਨਿਆਂ ਕੁਬਜ਼ ਦੇ ਰਾਜੇ ਯਸ਼ੋਵਰਮਨ ਵਿਚਕਾਰ ਯੁੱਧ ਛਿੜ ਪੈਂਦਾ ਹੈ। ਫਿਰ ਸੰਧੀ ਹੋਣ ਲਗਦੀ ਹੈ। ਸੰਧੀ ਲਿਖਣ ਸਮੇਂ ਮਾਮੂਲੀ ਮੱਤਭੇਦ ਕਾਰਨ ਯੁੱਧ ਮੁੜ ਸ਼ੁਰੂ ਹੋ ਜਾਂਦਾ ਹੈ। ਵਿਆਸ ਭੱਟ ਕੋਈ ਸੈਨਿਕ ਨਹੀਂ ਸੀ ਫਿਰ ਵੀ ਸੱਤਾ 'ਚ ਚੰਡਾਲ ਮੰਡਲੀ ਨੇ ਉਸ ਨੂੰ ਯੁੱਧ ਵਿਚ ਧੱਕ ਦਿੱਤਾ। ਯਸ਼ੋਵਰਮਨ ਹਾਰ ਜਾਂਦਾ ਹੈ। ਵਿਆਸ ਭੱਟ 'ਤੇ ਵਿਰੋਧੀਆਂ ਲਈ ਸੂਹੀਆ ਬਣਨ ਦਾ ਦੋਸ਼ ਲਾ ਕੇ ਉਸ ਨੂੰ ਬੰਦੀ-ਗ੍ਰਹਿ ਵਿਚ ਸੁੱਟ ਕੇ ਮਾਰਨ ਦੀ ਯੋਜਨਾ ਬਣਾਈ ਜਾਂਦੀ ਹੈ ਪਰ ਉਸ ਦਾ ਮਿੱਤਰ ਸਿੰਧੂ ਵਰਮਨ ਚੁਸਤੀ ਨਾਲ ਉਸ ਨੂੰ ਰਿਹਾਅ ਕਰ ਦਿੰਦਾ ਹੈ। ਮਿੱਥ-ਭੰਜਨ ਇਸ ਨਾਵਲ ਦੀ ਵਿਸ਼ੇਸ਼ਤਾ ਹੈ। ਇਤਿਹਾਸਕ-ਮਿਥਿਹਾਸਕ ਕਈ ਘਟਨਾਵਾਂ ਦਾ ਮਿੱਥ-ਭੰਜਨ ਕੀਤਾ ਗਿਆ ਹੈ। ਇਹ ਘਟਨਾਵਾਂ ਮਹਾਂਭਾਰਤ, ਰਾਮਾਇਣ ਨਾਲ ਸਬੰਧਿਤ ਹਨ। ਅਨੇਕਾਂ ਇਸਤਰੀ ਪਾਤਰ ਬਿਰਤਾਂਤ ਵਿਚ ਯੋਗਦਾਨ ਪਾਉਂਦੇ ਹਨ ਜਿਵੇਂ ਵਿਸਾਖਾ, ਜੂਹਿਕਾ, ਚੁਲਾ ਹੰਸਾਂ, ਚੰਦ੍ਰਿਕਾ, ਨਿਹਾਰਿਕਾ ਆਦਿ। ਨਾਟਕਾਂ ਬਾਰੇ ਕਈ ਅਹਿਮ ਗੱਲਾਂ ਦੱਸੀਆਂ ਗਈਆਂ ਹਨ। ਮਸਲਨ: 'ਨਾਟਕ 'ਚ ਕਿਸੇ ਪਾਤਰ ਦੁਆਰਾ ਬੋਲੇ ਸ਼ਬਦਾਂ ਦਾ ਅਰਥ ਉਹੀ ਨਹੀਂ ਹੁੰਦਾ ਜੋ ਨਾਟਕਕਾਰ ਲਿਖ ਜਾਂ ਬੋਲ ਰਿਹਾ ਹੁੰਦਾ ਹੈ, ਬਲਕਿ ਸਰੋਤਾ ਵੀ ਆਪਣੇ ਅਨੁਭਵ, ਕਲਪਨਾ ਅਨੁਸਾਰ ਉਸ 'ਚ ਘਟਾਉਂਦੇ ਵਧਾਉਂਦੇ ਹਨ। ਪੰਨਾ 69.
ਵਿਆਸ ਭੱਟ (ਨਾਇਕ) ਨੂੰ ਅਨੁਭਵ ਪ੍ਰਾਪਤ ਕਰਨ ਲਈ ਬੜੇ ਕਠਿਨ ਪੈਂਡੇ ਤੈਅ ਕਰਨੇ ਪੈਂਦੇ ਹਨ। ਮਨਮੋਹਨ ਬਾਵਾ ਵਰਗਾ ਅਨੁਭਵੀ ਲੇਖਕ ਹੀ ਅਜਿਹਾ ਨਾਟਕ ਲਿਖ ਸਕਦਾ ਹੈ।


ਡਾ. ਧਰਮ ਚੰਦ ਵਾਤਿਸ਼
vatish.dharamchand@gmail.com

26-06-2021

ਸਾਂਦਲ ਬਾਰ
(ਨਾਟਕ-ਸੰਗ੍ਰਹਿ)
ਨਾਟਕਕਾਰ : ਡਾ. ਹਰਜੀਤ ਸਿੰਘ
ਪ੍ਰਕਾਸ਼ਕ: ਕੁਕਨੂਸ ਪ੍ਰਕਾਸ਼ਨ, ਜਲੰਧਰ
ਮੁੱਲ : 125 ਰੁਪਏ, ਸਫ਼ੇ : 112
ਸੰਪਰਕ : 98768-81870.

'ਸਾਂਦਲ ਬਾਰ' ਡਾ. ਹਰਜੀਤ ਸਿੰਘ ਦੀ ਨਵੀਂ ਨਾਟ-ਕਿਤਾਬ ਹੈ। ਇਸ ਤੋਂ ਪਹਿਲਾਂ ਉਹ ਪੰਜਾਬੀ ਸਾਹਿਤ ਨੂੰ ਤਿੰਨ ਖ਼ੂਬਸੂਰਤ ਕਿਤਾਬਾਂ (ਇਬਾਰਤ, ਸੰਦਲੀ ਬੂਹਾ, ਪੰਜਾਬ ਦੀ ਲੋਕਧਾਰਾ) ਭੇਟ ਕਰ ਚੁੱਕਾ ਹੈ।
ਹਰਜੀਤ ਪਿਛਲੇ ਲੰਮੇ ਸਮੇਂ ਤੋਂ ਲੇਖਨ, ਟੀ.ਵੀ. ਤੇ ਫ਼ਿਲਮਾਂ ਨਾਲ ਜੁੜਿਆ ਹੋਇਆ ਕਿਰਿਆਸ਼ੀਲ ਇਨਸਾਨ ਹੈ, ਜਿਸ ਨੇ ਕਲਾ ਤੇ ਕਲਾਕਾਰਾਂ ਨਾਲ ਸਬੰਧਿਤ ਰਚਨਾਤਮਕ ਕਾਰਜ ਹੀ ਵਧੇਰੇ ਕੀਤਾ ਹੈ। ਉਹ ਹਿੰਦੀ ਫ਼ਿਲਮਾਂ, ਪੰਜਾਬੀ ਫੀਚਰ-ਫ਼ਿਲਮਾਂ ਤੇ ਟੈਲੀਫ਼ਿਲਮਾਂ ਵਿਚ ਲੰਮੇ ਸਮੇਂ ਤੋਂ ਮਸਰੂਫ ਹੈ।
'ਸਾਂਦਲ ਬਾਰ' ਪੁਸਤਕ ਤਿੰਨ ਰੰਗਮੰਚੀ ਨਾਟਕਾਂ ਦਾ ਸੰਗ੍ਰਹਿ ਹੈ। ਇਸ ਦੇ ਅੰਤਰਗਤ ਸ਼ੀਰਸ਼ਕ ਨਾਟਕ ਤੋਂ ਬਿਨਾਂ 'ਅਗਨ ਪੰਖੇਰੂ' ਤੇ 'ਰਾਜਾ ਰਸਾਲੂ' ਵੀ ਸ਼ਾਮਿਲ ਹਨ। ਸਾਂਦਲ ਬਾਰ ਸਤਾਰਾਂ ਦ੍ਰਿਸ਼ਾਂ ਵਿਚ ਅੰਕਿਤ ਇਕ ਅਜਿਹਾ ਨਾਟਕ ਹੈ, ਜਿਸ ਵਿਚ ਉੱਥੋਂ ਦੇ ਲੋਕਾਂ ਦੇ ਦੁਖਾਂਤ ਨੂੰ ਪ੍ਰਸਤੁਤ ਕੀਤਾ ਗਿਆ ਹੈ, ਜਿਨ੍ਹਾਂ ਨੂੰ ਅੰਗਰੇਜ਼ ਸਰਕਾਰ ਨੇ ਆਪਣੇ ਚਮਚਿਆਂ ਨੂੰ ਜਗੀਰਾਂ ਦੇਣ ਲਈ ਉਜਾੜ ਦਿੱਤਾ ਸੀ।
'ਅਗਨ ਪੰਖੇਰੂ' ਬਾਰਾਂ ਦ੍ਰਿਸ਼ਾਂ ਵਿਚ ਵਿਉਂਤਬੱਧ ਨਾਟਕ ਹੈ, ਜਿਸ ਵਿਚ ਪੰਜਾਬ ਦੀ ਮਹਾਨ ਕਲਾਕਾਰ ਅੰਮ੍ਰਿਤਾ ਸ਼ੇਰਗਿੱਲ ਦੇ ਦੁੱਖਾਂ, ਤਸੀਹਿਆਂ ਤੇ ਛੋਟੀ ਉਮਰੇ ਮੌਤ ਦਾ ਬਿਰਤਾਂਤ ਹੈ। ਹੰਗਰੀ, ਪੈਰਿਸ, ਯੂਰਪ ਤੇ ਭਾਰਤ ਵਿਚ ਮਹਿਜ਼ 28 ਵਰ੍ਹਿਆਂ ਦੀ ਉਮਰ ਬਿਤਾ ਕੇ ਉਹਨੇ ਦੁਨੀਆ ਦੇ ਲੋਕਾਂ ਨੂੰ ਅਜਿਹੀਆਂ ਪੇਂਟਿੰਗਜ਼ ਪ੍ਰਦਾਨ ਕੀਤੀਆਂ, ਜਿਨ੍ਹਾਂ 'ਤੇ ਅਸੀਂ ਅੱਜ ਵੀ ਮਾਣ ਮਹਿਸੂਸ ਕਰ ਸਕਦੇ ਹਾਂ।
'ਰਾਜਾ ਰਸਾਲੂ' ਦੇ ਗਿਆਰਾਂ ਦ੍ਰਿਸ਼ ਹਨ। ਇਹ ਭਾਰਤੀ/ਪੰਜਾਬੀ ਲੋਕ ਜੀਵਨ ਦੀ ਇਕ ਗਾਥਾ 'ਤੇ ਆਧਾਰਿਤ ਨਾਟਕ ਹੈ। ਰਾਜਾ ਰਸਾਲੂ ਸਹੀ ਅਰਥਾਂ ਵਿਚ ਪੰਜਾਬ ਦਾ ਲੋਕ-ਨਾਇਕ ਹੈ। ਨਾਟਕਕਾਰ ਨੇ ਅੱਜ ਦੇ ਹਰ ਕਿਰਤੀ-ਕਾਮੇ, ਮਿਹਨਤੀ-ਮੁਸ਼ੱਕਤੀ ਵਰਗ ਨਾਲ ਸਬੰਧਿਤ ਵਿਅਕਤੀ ਨੂੰ ਰਾਜਾ ਰਸਾਲੂ ਵਜੋਂ ਪੇਸ਼ ਕੀਤਾ ਹੈ।
ਅਸਲ ਵਿਚ ਇਹ ਤਿੰਨੇ ਨਾਟਕ ਕਾਵਿ-ਨਾਟਕਾਂ ਦਾ ਮਿਲਿਆ-ਜੁਲਿਆ ਰੂਪ ਹਨ, ਜਿਨ੍ਹਾਂ ਵਿਚ ਅਤੀਤ ਦੀਆਂ ਘਟਨਾਵਾਂ/ਪਾਤਰਾਂ ਦਾ ਚਿਤਰਣ ਹੈ, ਪਰ ਨਾਟਕਕਾਰ ਉਨ੍ਹਾਂ ਨੂੰ ਮੌਜੂਦਾ ਸਮੇਂ ਨਾਲ ਜੋੜ ਕੇ ਇਨ੍ਹਾਂ ਨੂੰ ਹੋਰ ਵੀ ਪ੍ਰਾਸੰਗਿਕ ਤੇ ਅਰਥ-ਭਰਪੂਰ ਬਣਾ ਕੇ ਪੇਸ਼ ਕਰਦਾ ਹੈ। ਇਹ ਸਾਰੇ ਨਾਟਕ ਗੀਤ-ਸੰਗੀਤ ਨਾਲ ਭਰਪੂਰ ਹੋਣ ਕਰਕੇ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੇ ਹਨ।
ਪੰਜਾਬ ਦੀ ਸਮਾਜਿਕ, ਸੱਭਿਆਚਾਰਕ, ਸਾਂਸਕ੍ਰਿਤਿਕ ਰਹਿਤਲ ਤੇ ਵਿਰਾਸਤ ਨੂੰ ਕਲਾਤਮਿਕ ਮੁਹਾਰਤ ਨਾਲ ਪ੍ਰਸਤੁਤ ਕਰਨ ਲਈ ਹਰਜੀਤ ਵਾਕਈ ਮੁਬਾਰਕ ਦਾ ਹੱਕਦਾਰ ਹੈ!

ਪ੍ਰੋ: ਨਵ ਸੰਗੀਤ ਸਿੰਘ
ਮੋ: 94176-92015

ਪੰਜਾਬ ਸਿਆਂ ਮੈਂ ਚੰਡੀਗੜ੍ਹ ਬੋਲਦਾਂ...
ਲੇਖਕ : ਜਗਤਾਰ ਸਿੰਘ ਭੁੱਲਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 176
ਸੰਪਰਕ : 98556-44003.

ਜਗਤਾਰ ਸਿੰਘ ਭੁੱਲਰ ਇਸ ਪੁਸਤਕ ਦੀ ਮਾਅਰਫ਼ਤ ਪੂੰਜੀਵਾਦੀ ਧਿਰਾਂ ਅਤੇ ਸਰਕਾਰਾਂ ਵਲੋਂ ਵਿਕਾਸ ਦੇ ਨਾਂਅ 'ਤੇ ਕੀਤੀ ਗਈ ਲੁੱਟ-ਖਸੁੱਟ ਦੇ ਘਿਨੌਣੇ ਵੇਰਵੇ ਪੇਸ਼ ਕਰਦਾ ਹੈ। ਦੇਸ਼ ਨੂੰ ਆਜ਼ਾਦੀ ਮਿਲਣ ਉਪਰੰਤ ਬਟਵਾਰੇ ਦੇ ਕਾਰਨ ਪੰਜਾਬ ਦੀ ਰਾਜਧਾਨੀ ਲਾਹੌਰ ਪਾਕਿਸਤਾਨ ਵਿਚ ਹੀ ਰਹਿ ਗਈ ਸੀ। ਉਨ੍ਹਾਂ ਦਿਨਾਂ ਵਿਚ ਪੰਡਿਤ ਨਹਿਰੂ ਨੇ ਪੰਜਾਬ ਲਈ ਨਵੀਂ ਰਾਜਧਾਨੀ ਚੰਡੀਗੜ੍ਹ ਵਸਾਉਣ ਦਾ ਸੁਪਨਾ ਲਿਆ। ਫਰਾਂਸ ਦੇ ਪ੍ਰਸਿੱਧ ਟਾਊਨ ਪਲਾਨਰ ਅਤੇ ਇਮਾਰਤਸਾਜ਼ ਲੇ ਕਾਰਬੂਜ਼ੀਏ ਨੂੰ ਇਹ ਇਤਿਹਾਸਕ ਕੰਮ ਸੌਂਪਿਆ ਗਿਆ। ਨਹਿਰੂ ਖ਼ੁਦ ਇਕ ਸੁਪਨੇਸਾਜ਼ ਸੀ ਅਤੇ ਉਸ ਦੇ ਸੁਪਨੇ ਨੂੰ ਹਕੀਕਤ ਵਿਚ ਬਦਲਣ ਲਈ ਕਾਰਬੂਜ਼ੀਏ ਤੋਂ ਬਿਨਾਂ ਵਿਸ਼ਵ ਅਤੇ ਭਾਰਤ ਦੇ ਕੁਝ ਹੋਰ ਟਾਊਨ ਪਲਾਨਰਜ਼ ਨੇ ਵੀ ਵੱਡਾ ਯੋਗਦਾਨ ਪਾਇਆ। ਪਰ ਉਸ ਵਕਤ ਕਿਸੇ ਨੂੰ ਕੀ ਪਤਾ ਸੀ ਕਿ ਇਕ ਸੁੰਦਰ ਸ਼ਹਿਰ ਨੂੰ ਉਸਾਰਨ ਲਈ ਲਗਭਗ 50 ਘੁੱਗ ਵਸਦੇ ਪਿੰਡਾਂ ਦਾ ਉਜਾੜਾ ਕਰਨਾ ਪਏਗਾ। ਪ੍ਰੋ: ਮੋਹਨ ਸਿੰਘ ਨੇ ਕਦੇ ਬਹੁਤ ਖੂਬ ਲਿਖਿਆ ਸੀ : ਕੀ ਉਹ ਹੁਸਨ, ਹੁਸਨ ਹੈ ਸਚਮੁੱਚ ਯਾ ਉਂਜ ਹੀ ਛਲਦਾ। ਲੱਖ ਗ਼ਰੀਬਾਂ ਮਜ਼ਲੂਮਾਂ ਦੇ ਹੰਝੂਆਂ ਤੇ ਜੋ ਪਲਦਾ।
ਇਨ੍ਹਾਂ ਖੂਬਸੂਰਤ ਪਿੰਡਾਂ ਦੀ ਦੁਖਾਂਤ ਕਥਾ ਪਹਿਲਾਂ ਸ: ਤਰਲੋਚਨ ਸਿੰਘ (ਚੰਡੀਗੜ੍ਹ : ਉਜਾੜਿਆਂ ਦੀ ਦਾਸਤਾਨ) ਨੇ ਲਿਖੀ ਸੀ। ਹੁਣ 2020 ਵਿਚ 'ਦੇਸ਼ ਸੇਵਕ' ਦੇ ਪੱਤਰਕਾਰ ਸ: ਜਗਤਾਰ ਸਿੰਘ ਭੁੱਲਰ ਨੇ ਲਿਖੀ ਹੈ। ਸਮੇਂ-ਸਮੇਂ ਸ: ਮਨਮੋਹਨ ਸਿੰਘ ਦਾਊਂ ਅਤੇ ਪੁਆਧੀ ਸੱਥ ਵਾਲੇ ਹੋਰ ਸੁਹਿਰਦ ਲੇਖਕ ਵੀ ਲਿਖਦੇ ਰਹੇ ਹਨ। ਪ੍ਰੰਤੂ ਪੂੰਜੀਵਾਦੀ ਧਿਰਾਂ ਹਰ ਸਥਿਤੀ ਵਿਚੋਂ ਮੁਨਾਫ਼ਾ ਲੱਭ ਲੈਂਦੀਆਂ ਹਨ। ਉਨ੍ਹਾਂ ਦੀ ਸੋਚ ਵਿਚ ਸੰਵੇਦਨਸ਼ੀਲਤਾ ਦਾ ਕੋਈ ਦਖ਼ਲ ਨਹੀਂ ਹੁੰਦਾ। ਇਨ੍ਹਾਂ ਵਪਾਰੀਆਂ ਨੇ ਜਿਹੜੀਆਂ ਜ਼ਮੀਨਾਂ ਸੈਂਕੜਿਆਂ ਦੇ ਭਾਅ ਖ਼ਰੀਦੀਆਂ ਸਨ, ਉਹ ਅੱਗੋਂ ਪਲਾਟ ਬਣਾ ਕੇ ਲੱਖਾਂ ਅਤੇ ਫਿਰ ਕਰੋੜਾਂ ਵਿਚ ਵੇਚੀਆਂ। ਉਨ੍ਹਾਂ ਦਿਨਾਂ ਵਿਚ ਸਰਕਾਰੀ ਏਜੰਸੀਆਂ ਨੂੰ ਕੋਈ ਪੁੱਛਣ ਜੋਗਾ ਨਹੀਂ ਸੀ ਹੁੰਦਾ। ਸਰਕਾਰ ਜੋ ਦੇ ਦਿੰਦੀ ਸੀ, ਕਿਸਾਨਾਂ ਨੂੰ ਉਹੀ ਸਵੀਕਾਰ ਕਰਨਾ ਪੈਂਦਾ ਸੀ। ਸਿੱਟੇ ਵਜੋਂ ਕਿਸਾਨ ਤਾਂ ਉੱਜੜ ਗਏ ਪਰ ਵਪਾਰੀ ਅਤੇ ਬਿਲਡਰ ਲੋਕ 'ਬਣ' ਗਏ।
ਲੇਖਕ ਦੱਸਦਾ ਹੈ ਕਿ ਕਿਸਾਨਾਂ ਨੇ ਆਪਣੀਆਂ ਜਥੇਬੰਦੀਆਂ ਬਣਾ ਕੇ ਵੀ ਪੰਜਾਬ ਅਤੇ ਕੇਂਦਰ ਸਰਕਾਰ ਪਾਸ ਪਹੁੰਚ ਕੀਤੀ ਸੀ ਪਰ ਕਿਉਂਕਿ ਪੰਜਾਬ ਦੇ ਮੰਤਰੀ, ਅਮੀਰ-ਵਜ਼ੀਰ ਅਤੇ ਨੌਕਰਸ਼ਾਹ ਲੋਕ ਇਸ ਸਾਜਿਸ਼ ਵਿਚ ਸ਼ਾਮਿਲ ਸਨ ਅਤੇ ਇਹ ਲੋਕ ਠੱਗੀ-ਠੋਰੀ ਦੇ ਹਰ ਕੰਮ ਨੂੰ ਏਨੀ ਕੁਸ਼ਲਤਾ ਅਤੇ ਨਿਪੁੰਨਤਾ ਨਾਲ ਕਰਦੇ ਹਨ ਕਿ ਕੋਈ ਛਿਦਰ ਨਹੀਂ ਛੱਡਦੇ। ਇਸ ਲਈ ਕਿਸਾਨਾਂ ਵਿਚਾਰਿਆਂ ਦੀ ਕੁਝ ਵੀ ਨਾ ਵੱਟੀ ਗਈ। ਚੰਡੀਗੜ੍ਹ-ਮੁਹਾਲੀ ਦੇ ਪਿੰਡਾਂ ਨੂੰ ਉਜਾੜ ਕੇ ਹੁਣ ਇਹ ਬਿਲਡਰ, ਲਾਂਡਰਾਂ, ਮੁੱਲਾਂਪੁਰ ਗ਼ਰੀਬਦਾਸ ਅਤੇ ਜ਼ੀਰਕਪੁਰ ਵੱਲ ਹੋ ਤੁਰੇ ਹਨ। ਜੇ ਇਨ੍ਹਾਂ ਦਾ ਵੱਸ ਚੱਲਿਆ (ਚੱਲ ਹੀ ਜਾਵੇਗਾ) ਤਾਂ ਚੁੰਨੀ ਕਲਾਂ, ਖਰੜ, ਮੁਹਾਲੀ ਦੇ ਹਜ਼ਾਰਾਂ ਵਰਗ ਕਿਲੋਮੀਟਰ ਵਿਚ ਨਵੇਂ-ਨਵੇਂ ਫਲੈਟ ਉਸਾਰ ਦੇਣਗੇ। ਪਹਿਲਾਂ ਹੀ ਬਾਬਿਆਂ, ਐਜੂਕੇਸ਼ਨਿਸਟਾਂ ਅਤੇ ਸੱਤਾਧਾਰੀਆਂ ਨੇ ਪੰਜਾਬ ਦੀ ਹਜ਼ਾਰਾਂ-ਲੱਖਾਂ ਏਕੜ ਉਪਜਾਊ ਜ਼ਮੀਨ ਹਥਿਆ ਲਈ ਹੈ। ਕਿਸਾਨ ਵੀਰਾਂ ਨੂੰ ਇਧਰ ਵੀ ਨਜ਼ਰਸਾਨੀ ਕਰਨੀ ਪਵੇਗੀ ਕਿਉਂਕਿ ਜੇ ਜ਼ਮੀਨ ਹੀ ਨਾ ਰਹੀ ਤਾਂ ਮੋਰਚੇ ਕਿਵੇਂ ਲਾਉਣਗੇ? ਇਕ ਵਾਰ ਫਿਰ ਮੈਂ ਜਗਤਾਰ ਸਿੰਘ ਭੁੱਲਰ ਦੇ ਯਤਨ ਦੀ ਪ੍ਰਸੰਸਾ ਕਰਦਾ ਹਾਂ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਗੁਲਾਬ ਕੌਰ
ਗ਼ਦਰ ਲਹਿਰ ਦੀ ਦਲੇਰ ਯੋਧਾ
ਲੇਖਕ : ਰਾਕੇਸ਼ ਕੁਮਾਰ
ਪ੍ਰਕਾਸ਼ਕ : ਚਿੰਤਨ ਪ੍ਰਕਾਸ਼ਨ, ਐਡਮਿੰਟਨ (ਕੈਨੇਡਾ) ਅਤੇ ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 95305-03412.

ਪੁਸਤਕ ਦਾ ਲੇਖਕ ਗ਼ਦਰ ਲਹਿਰ ਦੇ ਯੋਧਿਆਂ ਦੀਆਂ ਕੁਰਬਾਨੀਆਂ, ਇਤਿਹਾਸ ਅਤੇ ਇਸ ਲਹਿਰ ਨਾਲ ਸਬੰਧਿਤ ਅਨੇਕਾਂ ਘਟਨਾਵਾਂ ਨੂੰ ਪਾਠਕਾਂ ਦੇ ਰੂਬਰੂ ਕਰਨ ਲਈ ਆਪਣੇ ਖੋਜ ਕਾਰਜਾਂ ਵਿਚ ਹਰ ਸਮੇਂ ਯਤਨਸ਼ੀਲ ਰਹਿੰਦਾ ਹੈ। ਗ਼ਦਰ ਲਹਿਰ ਜਾਂ ਦੇਸ਼ ਦੀ ਆਜ਼ਾਦੀ ਦੇ ਅਣਗੌਲੇ ਬਹਾਦਰ ਸੂਰਬੀਰਾਂ ਦੀ ਜਾਣ-ਪਛਾਣ ਕਰਵਾਉਣਾ ਉਸ ਦਾ ਜੀਵਨ ਮਕਸਦ ਹੈ। ਗੁਲਾਬ ਕੌਰ ਸਾਡੀ ਉਹ ਗ਼ਦਰੀ ਯੋਧਾ ਹੈ, ਜਿਸ ਬਾਰੇ ਪੱਕੇ ਤੌਰ 'ਤੇ ਬੱਝਵਾਂ ਕੁਝ ਨਹੀਂ ਮਿਲਦਾ। ਪੁਸਤਕ ਵਿਚ ਜਦੋਂ ਗੁਲਾਬ ਕੌਰ ਦਾ ਜੁਝਾਰੂ ਕਿਰਦਾਰ ਪਾਠਕਾਂ ਦੇ ਸਾਹਮਣੇ ਆਉਂਦਾ ਹੈ, ਉਦੋਂ ਗ਼ਦਰ ਲਹਿਰ ਦੀਆਂ ਪਰਤ-ਦਰ-ਪਰਤ ਅਨੇਕਾਂ ਘਟਨਾਵਾਂ ਤੋਂ ਪਰਦਾ ਉੱਠਦਾ ਹੈ। ਪੁਸਤਕ ਦੇ ਪਹਿਲੇ ਭਾਗ ਵਿਚ ਮਨੀਲਾ, ਫਿਲਪਾਈਨ ਦੀ ਰਾਜਧਾਨੀ ਵਿਖੇ ਆਪਣੇ ਪਤੀ ਨਾਲ ਰਹਿੰਦਿਆਂ ਕਾਮਾਗਾਟਾਮਾਰੂ ਦਾ ਸ਼ਹੀਦੀ ਸਾਕਾ ਗੁਲਾਬ ਕੌਰ ਦੇ ਜੀਵਨ ਉੱਤੇ ਗਹਿਰਾ ਅਸਰ ਕਰਦਾ ਹੈ। ਉਹ ਹੁਣ ਗ਼ਦਰ ਲਹਿਰ ਦੀਆਂ ਸਰਗਰਮੀਆਂ ਵਿਚ ਪੂਰਨ ਰੂਪ ਵਿਚ ਕੁੱਦ ਪੈਂਦੀ ਹੈ। ਪੁਸਤਕ ਦੇ ਇਸੇ ਭਾਗ ਵਿਚ ਚਾਰ ਨਿਬੰਧ ਇਸ ਪੱਖ ਨੂੰ ਪ੍ਰਗਟਾਉਂਦੇ ਹਨ, ਉਸ ਦੀ ਮੁਢਲੀ ਜ਼ਿੰਦਗੀ, ਜਉ ਤਉ ਪ੍ਰੇਮ ਖੇਲਣ ਕਾ ਚਾਉ, ਸਿਰੁ ਧਰਿ ਤਲੀ ਗਲੀ ਮੇਰੀ ਆਉ, ਮਨੀਲਾ ਵਿਚ ਆਪ ਮੁਹਾਰੇ ਬਣੀ ਗ਼ਦਰ ਪਾਰਟੀ ਅਤੇ ਮਨੀਲਾ ਵਿਚ ਗ਼ਦਰੀ ਸਰਗਰਮੀਆਂ ਨਾਲ ਜੁੜੀਆਂ ਅਨੇਕਾਂ ਘਟਨਾਵਾਂ ਦਾ ਵਰਨਣ ਹੈ। ਪੁਸਤਕ ਦੇ 'ਅ' ਭਾਗ ਵਿਚ ਭਾਰਤ ਵਿਚ ਗ਼ਦਰ ਮਚਾਉਣ ਦੀਆਂ ਸਰਗਰਮੀਆਂ ਦੇ ਨਾਲ-ਨਾਲ ਗੁਲਾਬ ਕੌਰ ਦੀ ਕੀ ਭੂਮਿਕਾ ਰਹੀ ਦਾ ਜ਼ਿਕਰ ਹੈ, ਇਸ ਭਾਗ ਵਿਚ ਸ਼ਾਮਿਲ ਲੇਖਾਂ ਵਿਚ ਚਲੋ, ਹਿੰਦੀਓ ਕਰਨੇ ਗ਼ਦਰ ਅਤੇ ਗੁਲਾਬ ਕੌਰ ਦੀ ਭਾਰਤ ਵਾਪਸੀ, ਗੁਲਾਬ ਕੌਰ ਦੀਆਂ ਹਿੰਦੁਸਤਾਨ ਵਿਚ ਗ਼ਦਰੀ ਸਰਗਰਮੀਆਂ, ਗ੍ਰਿਫ਼ਤਾਰੀ ਅਤੇ ਸਦੀਵੀ ਵਿਛੋੜਾ ਪ੍ਰਮੁੱਖ ਹਨ।
ਪੁਸਤਕ ਦੇ ੲ' ਭਾਗ ਵਿਚ ਬੀਬੀ ਗੁਲਾਬ ਕੌਰ ਦੇ ਨਾਲ ਸਬੰਧਿਤ ਮਿਲਦੀ ਸਾਹਿਤਕ ਸਮੱਗਰੀ ਸ਼ਾਮਿਲ ਕੀਤੀ ਗਈ ਹੈ। ਇਸ ਭਾਗ ਵਿਚ ਗੁਲਾਬ ਕੌਰ ਸਬੰਧੀ ਨਾਵਲ ਅਤੇ ਨਾਟਕ, ਜਿਨ੍ਹਾਂ ਲੋਕਾਂ ਨਾਲ ਗੁਲਾਬ ਕੌਰ ਦਾ ਨੇੜੇ ਤੋਂ ਵਾਹ ਪਿਆ, ਕਵਿਤਾ ਅਤੇ ਬੀਰ ਗਾਥਾ ਸ਼ਾਮਿਲ ਹਨ। ਪੁਸਤਕ ਦੀ ਅੰਤਿਕਾ (1), ਅੰਤਿਕਾ (2) ਅੰਤਿਕਾ (3) ਅੰਤਿਕਾ (4) ਅਤੇ ਅੰਤਿਕਾ (5) ਵਿਚ ਵੱਖ-ਵੱਖ ਸਾਹਿਤ ਕਿਰਤਾਂ ਵਿਚ ਬੀਬੀ ਗੁਲਾਬ ਕੌਰ, ਗ਼ਦਰ ਲਹਿਰ ਦੀ ਵੀਰਾਂਗਣ, ਪੰਜਾਬ ਦੀ ਭੁੱਲੀ ਵਿਸਰੀ ਸ਼ੇਰਨੀ, ਮਾਈ ਗੁਲਾਬ ਕੌਰ, ਗ਼ਦਰ ਪਾਰਟੀ ਦੀ ਮਾਈ ਆਦਿ ਰਚਨਾਵਾਂ ਸ਼ਾਮਿਲ ਹਨ। ਅੰਤ ਵਿਚ ਸਹਾਇਕ ਪੁਸਤਕਾਂ ਦੀ ਸੂਚੀ ਦਰਜ ਕੀਤੀ ਗਈ। ਗ਼ਦਰ ਲਹਿਰ ਨਾਲ ਸਬੰਧਿਤ ਸਾਹਿਤ ਵਿਚ ਇਹ ਪੁਸਤਕ ਆਪਣਾ ਵਿਲੱਖਣ ਤੇ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ।

ਭਗਵਾਨ ਸਿੰਘ ਜੌਹਲ
ਮੋ: 98143-24040.

c c c

ਜ਼ਮੀਰ ਦੀ ਆਵਾਜ਼
ਲੇਖਕ : ਸੀਤਲ ਸਿੰਘ 'ਗੁੰਨੋਪੁਰੀ'
ਪ੍ਰਕਾਸ਼ਕ : ਜ਼ਿਲ੍ਹਾ ਸਾਹਿਤ ਕੇਂਦਰ, ਗੁਰਦਾਸਪੁਰ
ਮੁੱਲ : 120 ਰੁਪਏ, ਸਫ਼ੇ : 114
ਸੰਪਰਕ : 98153-15034.

'ਜ਼ਮੀਰ ਦੀ ਆਵਾਜ਼' ਸੀਤਲ ਸਿੰਘ 'ਗੁੰਨੋਪੁਰੀ' ਦਾ ਪਲੇਠਾ ਗ਼ਜ਼ਲ-ਸੰਗ੍ਰਹਿ ਹੈ, ਜਿਨ੍ਹਾਂ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਸੰਘਰਸ਼ਸ਼ੀਲ ਲੋਕਾਂ ਨਾਲ ਬਿਤਾਇਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜਿਹੜਾ ਸਾਰਿਆਂ ਦਾ ਹੁੰਦਾ ਹੈ, ਉਹ ਕਿਸੇ ਦਾ ਵੀ ਨਹੀਂ ਹੁੰਦਾ। ਜੀਵਨ ਦੀ ਤੁਲਨਾ ਕੁਰੂਕਸ਼ੇਤਰ ਦੇ ਮੈਦਾਨ ਨਾਲ ਕਰਦਿਆਂ ਉਹ ਦੁਬਿਧਾ ਵਿਚ ਫਸੇ ਮਨੁੱਖ ਨੂੰ ਆਪਣੀ ਜ਼ਮੀਰ ਦੀ ਆਵਾਜ਼ ਸੁਣਨ ਲਈ ਵੰਗਾਰਦੇ ਹਨ ਤਾਂ ਕਿ ਉਹ ਜਾਂ ਤਾਂ ਲੁੱਟੇ ਜਾਣ ਵਾਲੇ ਲੋਕਾਂ ਨਾਲ ਖੜ੍ਹ ਜਾਵੇ ਅਤੇ ਜਾਂ ਫਿਰ ਲੁੱਟਣ ਵਾਲਿਆਂ ਨਾਲ-
ਇਕ ਪਾਸੇ ਤਾਂ ਹੋਣਾ ਪੈਣਾ,
ਰਸਤਾ ਹੈ ਨਹੀਂ ਵਿਚ-ਵਿਚਾਲੇ।
ਕੁਰਖੇਤਰ ਤਾਂ ਜਾਰੀ ਰਹਿਣਾ,
ਖ਼ਤਮ ਹੋਣ ਦੇ ਹੈ ਨਹੀਂ ਚਾਲੇ।
ਉਨ੍ਹਾਂ ਦੀ ਧਾਰਨਾ ਹੈ ਕਿ ਮਨੁੱਖ ਨੂੰ ਆਪਣਾ ਰਿਮੋਟ ਕੰਟਰੋਲ ਕਿਸੇ ਦੂਜੇ ਦੇ ਹੱਥ ਵਿਚ ਦੇਣ ਦੀ ਬਜਾਏ ਆਪਣੇ ਕੋਲ ਹੀ ਰੱਖਣਾ ਚਾਹੀਦਾ ਹੈ। ਜੇਕਰ ਇਸ ਦੁਨੀਆ ਨੇ ਹਮੇਸ਼ਾ ਨਹੀਂ ਵੀ ਰਹਿਣਾ, ਫਿਰ ਵੀ ਸਿਰਫ਼ ਇਸੇ ਡਰ ਕਰਕੇ ਹਰ ਪਲ ਮਰ-ਮਰ ਕੇ ਜਿਊਣਾ ਕਿਸੇ ਪੱਖੋਂ ਵੀ ਸਹੀ ਨਹੀਂ ਠਹਿਰਾਇਆ ਜਾ ਸਕਦਾ। ਕੱਲ੍ਹ ਦੀ ਚਿੰਤਾ ਵਿਚ ਸਾਨੂੰ ਆਪਣਾ ਅੱਜ ਨਹੀਂ ਗਵਾਉਣਾ ਚਾਹੀਦਾ ਕਿਉਂਕਿ ਇਹ ਅੱਜ ਉਹੀ ਹੈ, ਜਿਸ ਨੂੰ ਅਸੀਂ ਬੀਤੇ ਕੱਲ੍ਹ, ਆਉਣ ਵਾਲੀ ਕੱਲ੍ਹ ਕਿਹਾ ਸੀ-
ਛੱਡ ਝੋਰਾ ਜੱਗ ਫ਼ਾਨੀ ਦਾ
ਤੇ ਮਾਲਕ ਬਣ ਜ਼ਿੰਦਗਾਨੀ ਦਾ,
ਹੋ ਕੇ ਨਹੀਂ ਇਸ ਜੀਵਨ ਵਿਚ
ਮਜਬੂਰ ਜਿਊਣਾ ਚਾਹੀਦਾ।
ਸੀਤਲ ਸਿੰਘ 'ਗੁੰਨੋਪੁਰੀ' ਰਵਾਇਤੀ ਗ਼ਜ਼ਲਕਾਰਾਂ ਨਾਲੋਂ ਇਸ ਕਰਕੇ ਵੀ ਵਿਲੱਖਣ ਹਨ ਕਿਉਂਕਿ ਉਹ ਗ਼ਜ਼ਲ ਦੇ ਸਿਰਫ਼ ਰੂਪਕ ਪੱਖ ਨੂੰ ਹੀ ਮੁੱਖ ਨਹੀਂ ਰੱਖਦੇ ਬਲਕਿ ਉਨ੍ਹਾਂ ਦੀ ਗ਼ਜ਼ਲ ਦਿਸਦੀਆਂ ਪਰਤਾਂ ਤੋਂ ਪਾਰ ਜਾਣ ਦਾ ਸਫ਼ਰ ਹੈ। ਇਤਿਹਾਸ-ਮਿਥਿਹਾਸ ਦੇ ਨਾਇਕਾਂ ਅਤੇ ਖਲਨਾਇਕਾਂ ਦੀ ਪ੍ਰਸੰਗਿਕਤਾ ਨੂੰ ਉਹ ਸਮਕਾਲੀ ਪ੍ਰਸਥਿਤੀਆਂ ਨਾਲ ਜੋੜ ਕੇ ਦੇਖਦੇ ਹਨ, ਜਿਸ ਦੀ ਲੰਮੇ ਸਮੇਂ ਤੋਂ ਲੋੜ ਮਹਿਸੂਸ ਕੀਤੀ ਜਾ ਰਹੀ ਸੀ।

ਕਰਮ ਸਿੰਘ ਜ਼ਖ਼ਮੀ
ਮੋ: 98146-28027

ਤਾਮ
ਲੇਖਿਕਾ : ਸਰਬਜੀਤ ਕੌਰ ਜੱਸ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 134
ਸੰਪਰਕ : 95014-85511.

'ਤਾਮ' ਕਾਵਿ-ਸੰਗ੍ਰਹਿ ਸਰਬਜੀਤ ਕੌਰ ਜੱਸ ਦਾ ਚੌਥਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਹ 'ਬਲਦੀਆਂ ਛਾਵਾਂ' (2007), ਰਾਹਾਂ ਦੀ 'ਤਪਸ਼' (2012) ਅਤੇ 'ਸ਼ਬਦਾਂ ਦੀ ਨਾਟ-ਮੰਡਲੀ' (2016) ਕਾਵਿ-ਸੰਗ੍ਰਹਿਆਂ ਰਾਹੀਂ ਪੰਜਾਬੀ ਕਾਵਿ-ਜਗਤ'ਚ ਆਪਣੀ ਭਰਵੀਂ ਹਾਜ਼ਰੀ ਦਰਜ ਕਰਵਾ ਚੁੱਕੀ ਹੈ। ਮਨੁੱਖੀ ਜ਼ਿੰਦਗੀ 'ਚ ਜਿਥੇ ਹਵਾ, ਪਾਣੀ ਦੀ ਮਹੱਤਤਾ ਹੈ, ਉਥੇ ਖਾਣੇ, ਭੋਜਨ ਦੀ ਤਲਬ ਵੀ ਬਰਾਬਰ ਦੀ ਭਾਗੀਦਾਰ ਹੈ। ਇਸੇ ਲਈ ਕਵਿੱਤਰੀ ਵਲੋਂ 'ਤਾਮ' ਸਿਰਲੇਖ ਦਿੰਦਿਆਂ ਪੰਜਾਬੀ ਸੱਭਿਆਚਾਰ ਅਤੇ ਕੁੱਲ-ਲੋਕਾਈ ਦੇ ਸੱਭਿਆਚਾਰਾਂ 'ਚ ਕੇਂਦਰੀ ਧੁਰੇ 'ਖਾਣੇ, ਭੋਜਨ' ਦੀ ਮਹੱਤਤਾ ਦਾ ਪ੍ਰਗਟਾ ਕੀਤਾ ਗਿਆ ਹੈ। ਤਾਮ ਦੀ ਤਿਆਰੀ 'ਚ ਵਰਤੀਂਦੇ ਸ਼ਬਦ : ਢੁੱਲਾ, ਤਵੀ, ਚੱਕੀ, ਆਲਾ, ਹਾਰਾ, ਮਧਾਣੀ, ਘੜਵੰਜੀ, 'ਪੀੜ੍ਹੀ', 'ਭੜੋਲੀ', 'ਘੜਾ', 'ਚਾਟੀ', 'ਕਾੜ੍ਹਨੀ', 'ਤੌੜੀ', 'ਚੱਪਣੀ', 'ਚੰਗੇਰ', 'ਤੰਦੂਰ', 'ਡੋਹਣੀ', 'ਅੰਗੀਠੀ', 'ਉੱਖਲੀ', 'ਛਾਨਣੀ', 'ਚਿਮਟਾ', 'ਘੋਟਣਾ', 'ਫੂਕਣੀ', 'ਕੂਚੀ', 'ਚਕਲਾ', 'ਵੇਲਣਾ', 'ਭਾਂਡੇ', 'ਚਾਕੂ', 'ਪੋਣਾ', 'ਪਹੋਲਾ', 'ਪਾਂਡੂ ਦਾ ਪੋਚਾ', 'ਕੰਧੋਲੀ', 'ਕਿੰਗਰੇ, 'ਸਬਾਤ', 'ਚੌਂਕਾ', 'ਭੁੱਖ', 'ਰੱਜ', 'ਰੋਟੀ', 'ਪਲੇਥਣ', 'ਚੂਰੀ', 'ਭੱਤਾ', 'ਅੱਗ', 'ਧੂੰਆਂ', 'ਪਾਥੀ', ਉਬਾਲਾ', 'ਰਿੱਝਣਾ', 'ਜ਼ਾਇਕਾ', 'ਧੁਆਂਖ' ਅਤੇ 'ਸੁਆਣੀ' ਸਿਰਲੇਖਾਂ ਅਧੀਨ ਕਾਵਿ-ਸਿਰਜਨਾ ਕਰਦਿਆਂ ਪੰਜਾਬੀ ਸੱਭਿਆਚਾਰ ਦੀ ਰਹਿਤਲ ਵਿਆਖਿਆ ਕੀਤੀ ਗਈ ਹੈ। ਇਹ ਸਾਰੇ ਉਕਤ ਸ਼ਬਦ 'ਸੁਆਣੀ' ਦੇ ਇਰਦ-ਗਿਰਦ ਹੀ ਪਰਿਕਰਮਾ ਕਰਦੇ ਹਨ ਅਤੇ ਪੁਰਾਤਨ ਸਮੇਂ ਔਰਤ ਦੀ ਔਕਾਤ ਦੀ ਦੱਸ ਪਾਉਂਦੇ ਸਨ। ਆਦਮੀ ਧਨ-ਦੌਲਤ, ਜਾਇਦਾਦ ਦਾ ਮਾਲਕ ਸੀ ਪਰ ਸੁਆਣੀ ਦਾ ਸਾਮਰਾਜ ਚੁੱਲੇ-ਚੌਂਕੇ ਤੱਕ ਹੀ ਸੀਮਤ ਹੁੰਦਾ ਸੀ।
ਮੁਰੱਬੇ/ਕਿੱਲੇ/ਮਰਲੇ
ਮਰਦ ਹਿੱਸੇ ਆਏ
ਔਰਤ ਹਿੱਸੇ ਆਈ
ਬੱਸ ਪੰਜ ਸਰਸਾਹੀ
ਚੌਂਕੇ ਦੀ ਭੋਇੰ।
ਕਵਿੱਤਰੀ ਨੇ ਲੰਮੇ ਸਮੇਂ ਦੀ ਮੁਸ਼ੱਕਤ ਰਾਹੀਂ ਜਿਥੇ ਨਾਰੀ ਸਰੋਕਾਰਾਂ ਨੂੰ ਇਨ੍ਹਾਂ ਕਵਿਤਾਵਾਂ 'ਚ ਪ੍ਰਗਟਾਉਣ ਦਾ ਹੀਲਾ-ਵਸੀਲਾ ਕੀਤਾ ਹੈ, ਉਥੇ ਉਸ ਨੇ ਨਾਰੀ ਦੀ ਸਮਾਜਿਕ, ਆਰਥਿਕ, ਧਾਰਮਿਕ, ਸੱਭਿਆਚਾਰਕ ਅਤੇ ਰਾਜਨੀਤਕ ਸਥਿਤੀ ਨੂੰ ਟਟੋਲਣ ਦਾ ਯਤਨ ਕੀਤਾ ਹੈ। ਸਰਲ, ਸਪੱਸ਼ਟ, ਸਾਦਗੀ ਭਰੇ ਸ਼ਬਦ ਜੋ ਕਦੇ ਪੰਜਾਬੀ ਰਹਿਤਲ ਦਾ ਅਮੁੱਲ ਖਜ਼ਾਨਾ ਸਨ, ਅੱਜ ਸਮੇਂ ਦੀ ਆਧੁਨਿਕਤਾ ਦੀ ਦੌੜ 'ਚ ਗੁੰਮ-ਗੁਆਚ ਰਹੇ ਸਨ। ਅਜਿਹਾ ਪੰਜਾਬੀ ਸ਼ਬਦਾਵਲੀ ਨੂੰ ਸਾਂਭ ਕੇ ਕਵਿੱਤਰੀ ਨੇ ਪੰਜਾਬੀ ਸਾਹਿਤ ਲਈ ਅਮੁੱਲਾ ਕਾਰਜ ਕੀਤਾ ਹੈ। ਉਮੀਦ ਹੈ ਪੰਜਾਬੀ ਸਾਹਿਤ ਦੇ ਭਵਿੱਖੀ ਖੋਜਾਰਥੀਆਂ ਲਈ ਇਹ ਕਾਵਿ-ਸੰਗ੍ਰਹਿ ਮੁਫ਼ੀਦ ਰਹੇਗਾ। ਲੇਖਿਕਾ ਨੂੰ ਵਧਾਈ। ਆਮੀਨ।

-ਸੰਧੂ ਵਰਿਆਣਵੀ (ਪ੍ਰੋ:)
ਮੋ: 98786-14096.

c c c

ਅਜਮੇਰ ਸਿੰਘ ਔਲਖ ਦੇ ਨਾਟਕ : ਕਿਸਾਨੀ ਸੰਕਟ
ਲੇਖਿਕਾ : ਸਿਮਰਜੀਤ ਕੌਰ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 96
ਸੰਪਰਕ : 95306-04039.

ਅਜਮੇਰ ਸਿੰਘ ਔਲਖ ਦੇ ਨਾਟਕਾਂ ਵਿਚੋਂ ਪੰਜਾਬੀ ਸੱਭਿਆਚਾਰ ਦੀ ਰੂਹ ਝਲਕਦੀ ਹੈ। ਉਸ ਦੇ ਨਾਟਕਾਂ ਦੇ ਪਾਤਰ ਸਾਡੇ ਆਲੇ-ਦੁਆਲੇ ਵਿਚੋਂ ਲਏ ਆਮ ਮਨੁੱਖ ਹਨ ਜਿਨ੍ਹਾਂ ਦੇ ਸਰਬਸਾਂਝੇ ਦੁੱਖ-ਸੁੱਖ ਸਾਡੇ ਦਿਲਾਂ ਨੂੰ ਟੁੰਬਦੇ ਹਨ। ਇਸ ਪੁਸਤਕ ਵਿਚ ਔਲਖ ਦੇ ਉਨ੍ਹਾਂ ਨਾਟਕਾਂ ਦੀ ਚੋਣ ਕੀਤੀ ਗਈ ਹੈ ਜੋ ਕਿਸਾਨੀ ਦੀਆਂ ਸੰਕਟਮਈ ਸਮੱਸਿਆਵਾਂ ਨੂੰ ਪੇਸ਼ ਕਰਦੇ ਹਨ। ਲੇਖਿਕਾ ਨੇ ਸਭ ਤੋਂ ਪਹਿਲਾਂ ਨਾਟਕੀ ਰੂਪਾਂਤਰੀਕਰਨ ਸਬੰਧੀ ਵਿਸਥਾਰ ਦਿੱਤਾ ਹੈ। ਫਿਰ ਅਜਮੇਰ ਸਿੰਘ ਔਲਖ ਦੇ ਨਾਟਕਾਂ ਸਬੰਧੀ ਪ੍ਰਾਪਤ ਖੋਜ ਨੂੰ ਪਾਠਕਾਂ ਸਾਹਮਣੇ ਕੀਤਾ ਹੈ। ਉਸ ਤੋਂ ਬਾਅਦ ਉਸ ਨੇ ਨਾਟਕ 'ਸੱਤ ਬਗਾਨੇ' ਵਿਚਲੇ ਕਿਸਾਨੀ ਸੰਕਟ ਨੂੰ ਰੂਬਰੂ ਕੀਤਾ ਹੈ। ਉਪਰੰਤ 'ਝਨਾਂ ਦੇ ਪਾਣੀ' ਨਾਮੀ ਨਾਟਕ ਦਾ ਰੂਪਾਂਤਰਨ ਕੀਤਾ ਹੈ।
ਅੰਤ ਵਿਚ 'ਅਵੇਸਲੇ ਯੁੱਧਾਂ ਦੀ ਨਾਇਕਾ' ਵਿਚ ਦਰਪੇਸ਼ ਦੁਖਾਂਤਕ ਯਥਾਰਥ ਦਾ ਵਰਨਣ ਹੈ। ਇਨ੍ਹਾਂ ਨਾਟਕਾਂ ਦੀ ਬੋਲੀ ਠੇਠ ਹੈ, ਮੁਹਾਵਰੇਦਾਰ ਅਤੇ ਠੁੱਕਦਾਰ ਹੈ। ਨਸ਼ੇ, ਕਰਜ਼ੇ, ਮੰਦਹਾਲੀ, ਝਗੜੇ, ਔਰਤ ਦੀ ਸਥਿਤੀ ਨੂੰ ਬਹੁਤ ਦਿਲ ਟੁੰਬਵੇਂ ਅੰਦਾਜ਼ ਵਿਚ ਚਿਤਰਿਆ ਗਿਆ ਹੈ। ਇਨ੍ਹਾਂ ਨਾਟਕਾਂ ਵਿਚ ਮਾਲਵੇ ਦੇ ਕਾਮਾ ਵਰਗ ਦੀਆਂ ਸਮੱਸਿਆਵਾਂ ਨੂੰ ਬਹੁਤ ਸੂਖਮ ਅਤੇ ਭਾਵੁਕ ਢੰਗ ਨਾਲ ਬਿਆਨ ਕੀਤਾ ਗਿਆ ਹੈ। ਆਰਥਿਕ ਅਤੇ ਭਾਵੁਕ ਤੌਰ 'ਤੇ ਸਤਾਏ ਕਿਸਾਨਾਂ ਦੀ ਪੀੜ ਉਲੀਕੀ ਗਈ ਹੈ। ਇਹ ਪੁਸਤਕ ਪੜ੍ਹਨਯੋਗ ਹੈ।

ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

20-06-2021

ਤਾਲਾਬੰਦੀ
ਲੇਖਕ : ਬਲਜੀਤ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 350 ਰੁਪਏ, ਸਫ਼ੇ : 208
ਸੰਪਰਕ : 098723-39022.


ਇਸ ਨਾਵਲ ਦਾ ਵਿਸ਼ਾ ਭਾਰਤ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਅਚਾਨਕ ਤਾਲਾਬੰਦੀ ਕਰਨ ਨਾਲ ਪੈਦਾ ਹੋਈਆਂ ਸਮੱਸਿਆਵਾਂ ਨਾਲ ਸਬੰਧਿਤ ਹੈ। ਇਕੋ ਦਿਨ ਵਿਚ ਸਾਰੀਆਂ ਸਰਗਰਮੀਆਂ ਖੜੋਤ ਵਿਚ ਆ ਗਈਆਂ। ਜਿਹੜਾ ਜਿਥੇ ਸੀ, ਉਥੇ ਹੀ ਰਹਿ ਗਿਆ। ਯਾਤਰੀਆਂ ਲਈ ਬੱਸਾਂ, ਗੱਡੀਆਂ, ਉਡਾਣਾਂ ਬੰਦ ਹੋ ਗਈਆਂ। ਨਾਵਲ ਦੇ ਨਾਇਕ ਤੇ ਨਾਇਕਾ ਦਿੱਲੀ ਰੇਲਵੇ ਸਟੇਸ਼ਨ 'ਤੇ ਇਕੋ ਬੈਂਚ 'ਤੇ ਬੈਠੇ ਵਿਖਾਏ ਗਏ ਹਨ। ਨਾਇਕਾ ਪਾਸ ਕੋਈ ਪਨਾਹ ਦਾ ਸਥਾਨ ਨਹੀਂ। ਨਾਇਕ ਉਸ ਨੂੰ ਆਪਣੇ ਫਲੈਟ ਵਿਚ ਪਨਾਹ ਦੇ ਕੇ ਹਰ ਕਿਸਮ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਨਾਇਕਾ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਪ੍ਰੋਫੈਸਰ ਹੈ। ਮੁਸਲਿਮ ਧਰਮ ਨਾਲ ਸਬੰਧਿਤ ਹੈ। ਨਾਇਕ ਸਿੱਖ ਨੌਜਵਾਨ ਹੈ। ਦੋਵੇਂ ਕੁਆਰੇ ਹਨ। ਦੋਵਾਂ ਧਿਰਾਂ ਦੀਆਂ ਮਾਵਾਂ ਨੂੰ ਵਿਸ਼ੇਸ਼ ਕਰਕੇ ਇਸ ਗੱਲ ਦਾ ਖਦਸ਼ਾ ਹੈ ਕਿ ਕਿਤੇ ਦੋਵਾਂ ਦੇ ਇਕੋ ਫਲੈਟ ਵਿਚ ਰਹਿਣ ਕਾਰਨ ਨਾਜਾਇਜ਼ ਸਬੰਧ ਨਾ ਪੈਦਾ ਹੋ ਜਾਣ ਅਤੇ ਇੰਜ ਦੋਵਾਂ ਦੇ ਧਰਮ ਭ੍ਰਿਸ਼ਟ ਨਾ ਹੋ ਜਾਣ। ਸਾਰੇ ਨਾਵਲ ਵਿਚ ਧਰਮਾਂ ਦੀ ਕੱਟੜਤਾਈ ਦਾ ਜ਼ਿਕਰ ਹੈ। ਰਾਤ ਨੂੰ ਸੌਂਦੇ ਸਮੇਂ ਦੋਵਾਂ ਦੇ ਮਨਾਂ ਵਿਚ ਆਪੋ-ਆਪਣੀਆਂ ਮਨਬਚਨੀਆਂ ਰਾਹੀਂ ਪਿਆਰ ਤਰੰਗਾਂ ਉੱਠਦੀਆਂ ਤਾਂ ਵਿਖਾਈਆਂ ਗਈਆਂ ਪਰ ਕਿਤੇ ਵੀ ਗ਼ਲਤ ਵਿਵਹਾਰ ਦੀ ਸੂਚਨਾ ਨਹੀਂ ਮਿਲਦੀ। ਦੋਵੇਂ ਪੂਰੇ ਜ਼ਬਤ ਵਿਚ ਰਹਿੰਦੇ ਹਨ ਅਤੇ ਆਦਰਸ਼ ਪਿਆਰ ਦੀ ਉਦਾਹਰਨ ਪੇਸ਼ ਕਰਦੇ ਹਨ। ਪੱਤਰਕਾਰ ਮਿੱਤਰ ਉਨ੍ਹਾਂ ਲਈ ਸਭ ਸੀਧਾ-ਪੱਤਾ ਅਤੇ ਹੋਰ ਲੋੜਾਂ ਦੀ ਪੂਰਤੀ 'ਚ ਸਹਾਇਕ ਹੁੰਦਾ ਹੈ। ਆਵਾਜਾਈ ਵਿਚ ਢਿੱਲ ਮਿਲ ਜਾਣ 'ਤੇ ਨਾਇਕਾ ਨਾਇਕ ਨੂੰ ਬਿਨਾਂ ਦੱਸੇ ਉਡਾਣ ਰਾਹੀਂ ਹੈਦਰਾਬਾਦ ਟੁਰ ਜਾਂਦੀ ਹੈ। ਇਸ ਤਰ੍ਹਾਂ ਨਾਲ ਓਪਨ ਟੈਕਸਟ ਸਿਰਜਦਾ ਹੈ। ਅਨੇਕਾਂ ਪਤਾਕੇ, ਪ੍ਰਕਰੀਆਂ, ਉਪ-ਕਥਾਵਾਂ ਬਿਰਤਾਂਤ ਦਾ ਭਾਗ ਹਨ। ਕਲਾਤਮਿਕ ਪੱਖੋਂ ਨਾਵਲ ਕਾਂਡ-ਰਹਿਤ ਹੈ। ਚਾਹ ਬਣਾਉਣਾ, ਖਾਣਾ ਪਕਾਉਣਾ, ਪੈਰਾ ਬਦਲਣਾ, ਤਿੰਨ ਬਿੰਦੀਆਂ...., ਟੈਲੀਫੋਨ ਦੀ ਅਚਾਨਕ ਕਾਲ ਆਦਿ ਜੁਗਤਾਂ ਨਾਲ ਕਥਾ ਦਾ ਫੋਕਸੀਕਰਨ ਬਦਲ ਜਾਂਦਾ ਹੈ। ਪੁੱਠੇ ਕਾਮਿਆਂ 'ਚ ਇਕ ਪਾਤਰ ਬੋਲਦਾ ਹੈ ਤੇ ਆਪਣੀ ਵਾਰੀ 'ਤੇ ਦੂਜਾ ਪਾਤਰ ਆਪਣੀ ਗੱਲ ਸ਼ੁਰੂ ਕਰਦਾ ਹੈ। ਟੈਲੀਫੋਨ 'ਤੇ ਜਵਾਬ ਦੇ ਰਹੇ ਪਾਤਰ ਦੇ ਬੋਲਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਫੋਨ ਕਰਨ ਵਾਲਾ ਕੀ ਕਹਿ ਰਿਹਾ ਹੈ। 'ਬਾਲਕੋਨੀ' ਜਿਥੇ ਬੈਠ ਕੇ ਨਾਇਕ-ਨਾਇਕਾ ਅਕਸਰ ਸੰਵਾਦ ਕਰਦੇ ਹਨ ਆਬਜੈਕਟਿਵ ਬ੍ਰਹਿਮੰਡੀ ਊਰਜਾ ਬਾਰੇ ਵਿਚਾਰ ਤੇ 'ਦ ਸੀਕਰਟ' ਬੁੱਕ ਦਾ ਪ੍ਰਭਾਵ ਦਿਖਾਈ ਦਿੰਦਾ ਹੈ। ਨਾਇਕ-ਨਾਇਕਾ 'ਇਕ ਨੇ ਕਹੀ ਦੂਜੇ ਨੇ ਮਾਨੀ' ਅਨੁਸਾਰ ਸਾਰਾ ਤਾਲਾਬੰਦੀ ਦਾ ਸਮਾਂ ਬਤੀਤ ਕਰਦੇ ਹਨ। ਉਰਦੂ-ਫਾਰਸੀ ਦੀ ਸ਼ਬਦਾਵਲੀ ਅਤੇ ਸ਼ਿਅਰੋ-ਸ਼ਾਇਰੀ ਦੀ ਬਹੁਤਾਤ ਹੈ। 'ਬਤਲਾਈਏ' ਨਾਇਕਾ ਦਾ ਤਕੀਆ ਕਲਾਮ ਹੈ। ਲੰਮੇ ਸਫ਼ਰ 'ਤੇ ਕੰਮ ਛੱਡ ਕੇ ਘਰਾਂ ਵੱਲ ਜਾ ਰਹੇ ਹਨ ਮਜ਼ਦੂਰਾਂ ਦੀ ਅੰਤ ਤੇ ਉਰਦੂ-ਫਾਰਸੀ ਸ਼ਬਦਾਵਲੀ ਦੇ ਅਰਥਾਂ ਦੀ ਸੂਚੀ ਦਿੱਤੀ ਗਈ ਹੈ। ਸੰਖੇਪ ਇਹ ਕਿ ਤਾਲਾਬੰਦੀ ਦਾ ਯਥਾਰਥਕ ਚਿਤਰਨ ਕਰਨ ਵਿਚ ਲੇਖਕ ਸਫਲ ਹੈ।


ਡਾ. ਧਰਮ ਚੰਦ ਵਾਤਿਸ਼
vatish.dharamchand@gmail.com


ਜ਼ਮਾਨਾ ਬਦਲ ਗਿਆ

ਸੰਪਾਦਕ : ਤਰਲੋਚਨ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲੀਸ਼ਰਜ਼, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 80
ਸੰਪਰਕ : 98146-73236.


ਇਸ ਪੁਸਤਕ 'ਚ ਵੱਖ-ਵੱਖ ਲੇਖਕਾਂ ਦੀਆਂ 10 ਸ੍ਰੇਸ਼ਟ ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। 'ਜ਼ਮਾਨਾ ਬਦਲ ਗਿਆ', 'ਸੁਆਲੀਆ ਨਿਸ਼ਾਨ', 'ਕੁੱਤੇ ਵਾਲਾ ਅਰਦਲੀ', 'ਅਸਲੀ ਤੇ ਪੁਰਾਣੀ ਦੁਕਾਨ', 'ਬੇ-ਘਰੇ', 'ਕਾਗਜ਼ੀ ਭਲਵਾਨ', 'ਸੁਲੱਖਣੀ', 'ਬੇ-ਦਖ਼ਲ', 'ਸੂਈ ਧਾਗਾ' ਅਤੇ 'ਸ਼ਗਨ ਕਿਤਾਬ' ਦੇ ਲੇਖਕ ਕ੍ਰਮਵਾਰ ਸੰਤਵੀਰ, ਪ੍ਰੀਤਮਾ ਦੋਮੇਲ, ਭੁਪਿੰਦਰ ਸਿੰਘ, ਰਾਮ ਸਰੂਪ ਅਣਖੀ, ਮਨਮੋਹਨ ਕੌਰ, ਸੁਰਜੀਤ ਕੌਰ ਬਸਰਾ, ਹਰਜੀਤ ਕੌਰ ਬਾਜਵਾ, ਸੁਰਿੰਦਰ ਸਿੰਘ ਰਾਏ, ਰਾਜਿੰਦਰ ਸਿੰਘ ਦੋਸਤ ਅਤੇ ਹਮਦਰਦਵੀਰ ਨੌਸ਼ਹਿਰਵੀ ਹਨ। ਇਸ ਪੁਸਤਕ ਦੀਆਂ ਸਾਰੀਆਂ ਕਹਾਣੀਆਂ ਦੇ ਵਿਸ਼ੇ ਨਿਵੇਕਲੇ ਹਨ। ਪਾਤਰ ਉਸਾਰੀ, ਸ਼ੈਲੀ, ਵਿਸ਼ਾ-ਵਸਤੂ, ਪੇਸ਼ਕਾਰੀ ਅਤੇ ਹੋਰਨਾਂ ਸਾਹਿਤਕ ਪੱਖਾਂ ਤੋਂ ਇਹ ਕਹਾਣੀਆਂ ਰੌਚਕ, ਉਤਸੁਕਤਾ ਭਰਪੂਰ ਹੋਣ ਦੇ ਨਾਲ-ਨਾਲ ਪ੍ਰੇਰਨਾਦਾਇਕ ਵੀ ਹਨ। 'ਜ਼ਮਾਨਾ ਬਦਲ ਗਿਆ' ਕਹਾਣੀ ਵਿਚ ਸਰਕਾਰੀ ਦਫ਼ਤਰਾਂ ਅੰਦਰ ਰਾਜਨੀਤੀ, ਭ੍ਰਿਸ਼ਟਾਚਾਰ ਅਤੇ ਕਰਮਚਾਰੀਆਂ ਦੁਆਰਾ ਆਪਣੀਆਂ ਮਨਮਾਨੀਆਂ ਕਰਨ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਅਜਿਹੇ ਹਾਲਾਤ 'ਚ ਮੁੱਖ ਪਾਤਰ ਪੰਡਿਤ ਕਿਸ਼ੋਰੀ ਲਾਲ ਪਿਸਦਾ ਨਜ਼ਰ ਆਉਂਦਾ ਹੈ। ਪ੍ਰੀਤਮਾ ਦੋਮੇਲ ਦੀ ਕਹਾਣੀ 'ਚ ਚੰਗਾ ਕੰਮ ਕਰਨ ਵਾਲੇ ਫ਼ੌਜੀ ਅਫ਼ਸਰ ਨੂੰ ਕਈ ਦਿੱਕਤਾਂ ਪੇਸ਼ ਆਉਂਦੀਆਂ ਹਨ। 'ਕੁੱਤੇ ਵਾਲਾ ਅਰਦਲੀ' ਕਹਾਣੀ 'ਚ ਅਰਦਲੀ ਦੀ ਬੇਬਸੀ ਜ਼ਾਹਰ ਕੀਤੀ ਹੈ। 'ਅਣਖੀ' ਦੀ ਕਹਾਣੀ 'ਚ ਪਰਿਵਾਰਾਂ ਦੇ ਟੁੱਟਣ ਅਤੇ ਬੱਚਿਆਂ ਵਲੋਂ ਮਾਪਿਆਂ ਦੀ ਸੰਭਾਲ ਨਾ ਕੀਤੇ ਜਾਣ ਦਾ ਜ਼ਿਕਰ ਹੈ। 'ਬੇ-ਘਰੇ' ਕਹਾਣੀ ਦੇਸ਼ ਵੰਡ ਦੇ ਦੁਖ਼ਾਂਤ ਅਤੇ ਆਪਣੇ ਘਰ ਦੇ ਮੋਹ ਨੂੰ ਬਾਖ਼ੂਬੀ ਪੇਸ਼ ਕਰਦੀ ਹੈ। 'ਸ਼ਗਨ ਕਿਤਾਬ' ਸਾਧਾਂ ਦੇ ਭੇਸ 'ਚ ਚੋਰਾਂ ਦੇ ਕਿਰਦਾਰ ਨੂੰ ਨੰਗਾ ਕੀਤਾ ਗਿਆ ਹੈ। 'ਸੂਈ ਧਾਗਾ' ਵਿਚ ਅਜੋਕੀ ਨੌਜਵਾਨ ਪੀੜ੍ਹੀ ਵਲੋਂ ਆਪਣੇ ਮਾਪਿਆਂ ਤੋਂ ਬੇਮੁਖ ਹੋਣ ਨੂੰ ਦਰਸਾਉਂਦੀ ਹੈ। 'ਬੇ-ਦਖ਼ਲ' ਕਹਾਣੀ ਆਰਥਿਕ ਥੁੜਾਂ, ਗ਼ਰੀਬੀ, ਲਾਚਾਰੀ ਵਿਸ਼ੇ 'ਤੇ ਆਧਾਰਿਤ ਹੈ। 'ਸੁਲੱਖਣੀ' ਕਹਾਣੀ 'ਚ ਲੜਕੀਆਂ ਦੇ ਸਿੱਖਿਅਤ ਹੋਣ ਨੂੰ ਖ਼ੂਬਸੂਰਤ ਸ਼ਬਦਾਂ ਨਾਲ ਵਡਿਆਇਆ ਗਿਆ ਹੈ। 'ਕਾਗਜ਼ੀ ਭਲਵਾਨ' ਕਹਾਣੀ ਵਿਸ਼ੇ ਤੇ ਪੇਸ਼ਕਾਰੀ ਪੱਖੋਂ ਖ਼ੂਬਸੁੂਰਤ ਰਚਨਾ ਹੈ। ਕਹਾਣੀਆਂ ਦੀ ਸੁਚੱਜੀ ਚੋਣ ਕਰਨ ਲਈ ਸੰਪਾਦਕ ਤਰਲੋਚਨ ਸਿੰਘ ਵਧਾਈ ਦੇ ਹੱਕਦਾਰ ਹਨ। ਅਜੋਕੇ ਸਮੇਂ ਅੰਦਰ ਅਜਿਹੀਆਂ ਕਹਾਣੀਆਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ।


ਮੋਹਰ ਗਿੱਲ ਸਿਰਸੜੀ
ਮੋ: 98156-59110


ਪ੍ਰੇਰਨਾ ਦਾ ਪਰਚਮ
ਲੇਖਕ : ਦਲੀਪ ਸਿੰਘ ਉੱਪਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 250 ਰੁਪਏ, ਸਫ਼ੇ : 136
ਸੰਪਰਕ : 98550-68278.


ਮੂਲ ਤੌਰ 'ਤੇ ਅਨੁਵਾਦਕ ਦਲੀਪ ਸਿੰਘ ਉੱਪਲ ਦਾ ਲੇਖ ਸੰਗ੍ਰਹਿ 'ਪ੍ਰੇਰਨਾ ਦਾ ਪਰਚਮ' ਨਿੱਕੇ-ਵੱਡੇ 43 ਲੇਖਾਂ ਦਾ ਸੰਗ੍ਰਹਿ ਹੈ। ਸਿਰਲੇਖ ਦੀ ਸੁਰ ਮੁਤਾਬਿਕ ਸਾਰੇ ਹੀ ਲੇਖ ਜੀਵਨ ਵਿਚ ਚੰਗਾ ਤੇ ਸੱਭਿਅਕ ਇਨਸਾਨ ਬਣਨ ਦਾ ਸੁਨੇਹਾ ਅਤੇ ਮਾਰਗ ਦਰਸ਼ਨ ਕਰਨ ਵਾਲੇ ਹਨ। ਪੁਸਤਕ ਨੂੰ ਦੋ ਭਾਗਾਂ 'ਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ ਲੇਖਕ ਵਲੋਂ ਆਪਣੇ ਤਨ ਮਨ 'ਤੇ ਹੰਢਾਏ ਅਤੇ ਅਰਜਿਤ ਕੀਤੇ ਅਨੁਭਵਾਂ-ਘਟਨਾਵਾਂ ਨੂੰ ਆਧਾਰ ਬਣਾ ਕੇ ਲੇਖ ਲਿਖੇ ਗਏ ਹਨ। ਦੂਸਰੇ ਭਾਗ ਵਿਚ ਮੌਜੂਦਾ ਹਾਲਾਤ ਅਤੇ ਵਿਵਸਥਾ ਤੋਂ ਉਪਜੀਆਂ ਸਮੱਸਿਆਵਾਂ ਬਾਰੇ ਲੇਖ ਹਨ। ਕੁਝ ਰਚਨਾਵਾਂ ਵੱਖੋ-ਵੱਖਰੀਆਂ ਭਾਸ਼ਾਵਾਂ ਵਿਚ ਪੜ੍ਹੀਆਂ ਅਤੇ ਵਿਦਵਾਨਾਂ ਤੋਂ ਸੁਣੀਆਂ ਗੱਲਾਂ 'ਤੇ ਆਧਾਰਿਤ ਹਨ। ਹਥਲੇ ਸੰਗ੍ਰਹਿ ਦੇ ਪਹਿਲੇ ਭਾਗ ਦੇ ਲੇਖ, ਲੇਖਕ ਦੀ ਸਵੈ-ਜੀਵਨੀ ਮੂਲਕ ਹਨ। ਜਿਨ੍ਹਾਂ ਵਿਚ ਲੇਖਕ ਨੇ ਆਪਣੀ ਮੁਢਲੀ ਜ਼ਿੰਦਗੀ ਅਤੇ ਤਮਾਮ ਔਕੜਾਂ-ਮੁਸ਼ਕਿਲਾਂ ਦਾ ਵੇਰਵਾ ਦਰਜ ਕੀਤਾ ਹੈ, ਉਹ ਕਿਵੇਂ ਗ਼ਰੀਬ-ਕਿਰਸਾਨ ਪਰਿਵਾਰ ਦਾ ਜੰਮਪਲ ਹੋ ਕੇ ਦਿਹਾੜੀਦਾਰ ਮਜ਼ਦੂਰ ਤੋਂ ਜੀਵਨ ਸ਼ੁਰੂ ਕਰਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿੱਤ ਸਕੱਤਰ ਦੇ ਅਹੁਦੇ ਤੱਕ ਪੁੱਜਦਾ ਹੈ। ਲੇਖਕ ਨੇ ਇਸ ਸਫ਼ਰ ਦੇ ਸਾਰੇ ਪੜਾਵਾਂ ਬਾਰੇ ਸਪੱਸ਼ਟਤਾ ਅਤੇ ਪਾਰਦਰਸ਼ਤਾ ਨਾਲ ਬਿਆਨ ਕੀਤਾ ਹੈ। ਜ਼ਿੰਦਗੀ ਵਿਚੋਂ ਕਿਸੇ ਵੀ ਮੁਕਾਮ 'ਤੇ ਪੁੱਜਣ ਲਈ ਲੇਖਕ ਵਿੱਦਿਆ ਨੂੰ ਕਾਰਗਰ ਸਾਧਨ ਸਮਝਦਾ ਹੈ ਅਤੇ ਹੋਰਾਂ ਲਈ ਪ੍ਰੇਰਨਾ ਦਾ ਸਰੋਤ ਬਣਦਾ ਹੈ। 'ਮਾਸੀ ਸਰਦਾਰਾਂ ਨੂੰ ਸਲਾਮ' ਤੋਂ ਲੈ ਕੇ 'ਉਹ ਤਾਂ ਰੱਬ ਬਣ ਬਹੁੜਿਆ' ਤੱਕ ਦੇ ਸਾਰੇ ਹੀ ਲੇਖ ਆਤਮ ਕਥਾਤਮਕ ਸ਼ੈਲੀ ਵਿਚ ਲਿਖੇ ਗਏ ਉਪਰੋਕਤ ਕਥਨ ਦੀ ਸ਼ਾਹਦੀ ਭਰਦੇ ਹਨ। ਲੇਖਕ ਜਾਗਰੂਕ ਅਤੇ ਚੇਤਨਸ਼ੀਲ ਅਨੁਭਵੀ ਵਿਅਕਤੀ ਹੈ। ਉਹ ਆਪਣੇ ਇਰਦ-ਗਿਰਦ ਸਮਾਜਿਕ, ਧਾਰਮਿਕ, ਸਿਆਸੀ, ਆਰਥਿਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਵਿਚਾਲੇ ਨਿਘਾਰ ਨੂੰ ਬੜੀ ਸ਼ਿੱਦਤ ਨਾਲ ਮਹਿਸੂਸਦਾ ਹੈ ਅਤੇ ਉਸ ਲਈ ਫ਼ਿਕਰਮੰਦ ਹੁੰਦਾ ਹੈ। ਚਾਹੇ ਨਸ਼ਿਆਂ ਦੀ ਮਾਰ ਹੋਵੇ, ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਹੋਣ, ਦਿਖਾਵੇ-ਪ੍ਰਦਰਸ਼ਨ ਲਈ ਬੇਲੋੜਾ ਖਰਚ, ਆਪਣੇ ਸੰਸਕਾਰਾਂ ਤੋਂ ਟੁੱਟ ਰਹੀ ਨਵੀਂ ਪੀੜ੍ਹੀ, ਆਪਣੇ ਕੰਮ ਤੇ ਫਰਜ਼ਾਂ ਤੋਂ ਅਰੁਚੀ, ਇੰਜ ਜੀਵਨ ਦੇ ਵੱਖੋ-ਵੱਖਰੇ ਖੇਤਰਾਂ ਵਿਚ ਲਗਾਤਾਰ ਆ ਰਹੀ ਗਿਰਾਵਟ ਨੂੰ ਲੇਖਕ ਨੇ ਦੂਸਰੇ ਭਾਗ ਦੇ ਲੇਖਾਂ ਦਾ ਵਿਸ਼ਾ ਬਣਾਇਆ ਹੈ। ਹਰੇਕ ਲੇਖ ਵਿਚ ਜ਼ਿੰਦਗੀ ਦਾ ਕਸ਼ੀਦਿਆ ਹੋਇਆ ਅਨੁਭਵ ਸਮੋਇਆ ਹੈ। ਸ਼ਬਦਾਂ ਦੀ ਕਰਾਮਾਤ, ਚਲਾਕੀ ਦੇ ਇਨਾਮ ਦੀ ਕੀਮਤ, ਇਕ ਪਦਮਸ੍ਰੀ ਦਾ ਹੁੰਗਾਰਾ, ਫਲ ਵੇਚਣ ਵਾਲੀ ਔਰਤ, ਕਿਰਪਾਲਤਾ ਦਾ ਚੱਕਰ, ਮੈਨੂੰ ਕੀ, ਅਫ਼ਸਰ ਬਨਾਮ ਨਿਰਪੱਖਤਾ, ਆਜ਼ਾਦ ਔਰਤ ਦੀ ਜ਼ਿੰਮੇਦਾਰੀ, ਰੱਬ ਕਿਵੇਂ ਬਹੁੜਿਆ ਆਦਿ ਨੂੰ ਵਾਰ-ਵਾਰ ਪੜ੍ਹਨ ਨੂੰ ਮਨ ਕਰਦਾ ਹੈ। ਇਕਦਮ ਸਰਲ, ਸਪੱਸ਼ਟ, ਸਹਿਜ ਅਤੇ ਸੰਖੇਪ ਜਿਹੇ ਇਹ ਲੇਖ ਪਾਠਕਾਂ ਲਈ ਪ੍ਰੇਰਨਾ ਦਾ ਸੋਮਾ ਹਨ। ਉਨ੍ਹਾਂ ਲਈ ਰਾਹ ਦਸੇਰੇ ਹਨ।


ਡਾ. ਧਰਮਪਾਲ ਸਾਹਿਲ
ਮੋ: 98761-56964.


ਹੈੱਡਮਿਸਟ੍ਰੈਸ
ਸੰਪਾਦਕ : ਤਰਲੋਚਨ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 80
ਸੰਪਰਕ : 98146-73236.


'ਹੈੱਡਮਿਸਟ੍ਰੈਸ' ਤਰਲੋਚਨ ਸਿੰਘ ਦੀ ਤੇਰ੍ਹਵੀਂ ਪੁਸਤਕ ਹੈ, ਜਿਸ ਵਿਚ ਉਸ ਨੇ 10 ਕਹਾਣੀਆਂ ਸੰਪਾਦਿਤ ਕੀਤੀਆਂ ਹਨ। ਸਾਰੀਆਂ ਕਹਾਣੀਆਂ ਹੀ ਸਮਾਜਿਕ ਅਤੇ ਆਰਥਿਕ ਵਾਤਾਵਰਨ ਦਾ ਚਿਤਰਨ ਕਰਦੀਆਂ ਪ੍ਰਤੀਤ ਹੁੰਦੀਆਂ ਹਨ। ਸਾਰੀਆਂ ਕਹਾਣੀਆਂ ਦਾ ਸਬੰਧ ਮਾਨਵੀ ਸਰੋਕਾਰਾਂ ਨਾਲ ਹੈ। ਕਹਾਣੀਕਾਰਾਂ ਦੇ ਪਾਤਰ ਆਮ ਜ਼ਿੰਦਗੀ ਦੇ ਸ਼ਹਿਰੀ ਤੇ ਪੇਂਡੂ ਪਾਤਰ ਹਨ, ਜੋ ਨਿਮਨ ਵਰਗ ਦੀ ਤਰਜਮਾਨੀ ਕਰਦੇ ਹਨ। ਜਿਵੇਂ ਪਹਿਲੀ ਕਹਾਣੀ 'ਹੈੱਡਮਿਸਟ੍ਰੈਸ' ਵਿਚ ਛੋਟੀ ਉਮਰ ਵਿਚ ਨੌਕਰੀ ਮਿਲਣ ਦੀ ਗੱਲ ਕੀਤੀ ਗਈ ਹੈ, ਜਿਸ ਵਿਚ ਇਕ ਕੁੜੀ, ਜਦੋਂ ਪਹਿਲੀ ਵਾਰੀ ਆਪਣੀ ਨੌਕਰੀ 'ਤੇ ਹਾਜ਼ਰ ਹੋਣ ਲਈ ਜਾਂਦੀ ਹੈ ਤਾਂ ਉਸ ਨੂੰ ਅਧਿਆਪਕਾ ਸਮਝਿਆ ਹੀ ਨਹੀਂ ਜਾਂਦਾ। ਅਗਲੀ ਕਹਾਣੀ 'ਵਾਲੀਆਂ' ਹੈ ਜਿਸ ਵਿਚ ਸੰਤਵੀਰ ਨੇ ਦੱਸਿਆ ਹੈ ਕਿ ਜਦੋਂ ਵਾਲੀਆਂ ਦਾ ਵਿਆਜ ਮੂਲ ਨਾਲੋਂ ਵੱਧ ਬਣ ਜਾਂਦਾ ਹੈ ਤਾਂ ਪਿਓ-ਪੁੱਤਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਕਿ ਤ੍ਰਾਸਦੀ ਭਰੀ ਗਾਥਾ ਨੂੰ ਬਿਆਨ ਕਰਦੀ ਕਹਾਣੀ ਹੈ। ਅਗਲੀ ਕਹਾਣੀ 'ਮੇਰਾ ਕਸੂਰ ਕੀ ਹੈ' ਵਿਚ ਦੱਸਿਆ ਗਿਆ ਹੈ ਕਿ ਇਕ ਕੁੜੀ ਖੁਸ਼ਬੂ ਹੈ ਜਿਸ ਨੂੰ ਜਦੋਂ ਉਸ ਦੇ ਅਸਲ ਮਾਂ-ਬਾਪ ਦਾ ਪਤਾ ਲਗਦਾ ਹੈ ਤਾਂ ਖੁਸ਼ਬੂ ਆਪਣੀ ਮੂੰਹ-ਬੋਲੀ ਮਾਂ ਦੀ ਸਾਂਭ-ਸੰਭਾਲ ਕਰਨ ਤੋਂ ਪਿੱਛੇ ਨਹੀਂ ਹਟਦੀ ਸਗੋਂ ਉਸ ਕੋਲ ਹੀ ਰਹਿਣਾ ਚਾਹੁੰਦੀ ਹੈ ਤੇ ਜਦੋਂ ਉਸ ਦੀ ਮੂੰਹ-ਬੋਲੀ ਮਾਂ ਇਸ ਜਹਾਨ ਤੋਂ ਵਿਦਾ ਹੋ ਜਾਂਦੀ ਹੈ ਤਾਂ ਉਹ ਆਪਣੇ ਮਾਂ-ਪਿਓ ਦੇ ਘਰ ਆ ਜਾਂਦੀ ਹੈ ਤੇ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਲੱਗ ਜਾਂਦੀ ਹੈ। ਅਗਲੀ ਕਹਾਣੀ 'ਚੌਦਾਂ ਫੇਰੇ' ਮਨਮੋਹਨ ਕੌਰ ਦੀ ਹੈ ਜਿਸ ਵਿਚ ਉਸ ਨੇ ਦੱਸਿਆ ਹੈ ਕਿ ਪੁੱਤਰ ਦੀ ਲੋਹੜੀ ਸਮੇਂ ਜਦੋਂ ਮਾਂ ਨੂੰ ਲੋਹੜੀ ਦੁਆਲੇ ਸੱਤ ਚੱਕਰ ਕੱਟਣ ਲਈ ਅਤੇ ਠੁੱਲੇ ਚੁਗਣ ਲਈ ਕਿਹਾ ਜਾਂਦਾ ਹੈ ਤਾਂ ਉਹ ਆਪਣਾ ਬੱਚਾ ਸੱਤ ਫੇਰਿਆਂ ਦੀ ਜਗ੍ਹਾ 'ਚੌਦਾਂ ਫੇਰਿਆਂ' ਬਾਅਦ ਪ੍ਰਾਪਤ ਹੋਇਆ ਸਮਝਣ ਲਗਦੀ ਹੈ। ਇਸੇ ਤਰ੍ਹਾਂ ਹੀ 'ਜਦੋਂ ਕੋਈ ਫੌਜਣ ਹੁੰਦੀ ਹੈ' ਕਹਾਣੀ ਵਿਚ ਇਕ ਫ਼ੌਜੀ ਦੀ ਪਤਨੀ ਦੀ ਤ੍ਰਾਸਦਿਕ ਗਾਥਾ ਨੂੰ ਬਿਆਨ ਕੀਤਾ ਗਿਆ ਹੈ। ਗੱਲ ਕੀ ਤਰਲੋਚਨ ਸਿੰਘ ਦੀਆਂ ਸੰਪਾਦਿਤ ਕੀਤੀਆਂ ਸਾਰੀਆਂ ਕਹਾਣੀਆਂ ਵਿਚ ਹੀ ਕੋਈ ਨਾ ਕੋਈ ਸੇਧ ਦਿੱਤੀ ਗਈ ਹੈ। ਸਾਰੀਆਂ ਕਹਾਣੀਆਂ ਹੀ ਮਾਨਵੀ ਅਤੇ ਨਿੱਜੀ ਜੀਵਨ ਤਜਰਬਿਆਂ ਨਾਲ ਸਰੋਕਾਰ ਰੱਖਦੀਆਂ ਹਨ ਅਤੇ ਪੇਂਡੂ ਅਤੇ ਸ਼ਹਿਰੀ ਮੱਧਵਰਗੀ ਪਾਤਰਾਂ ਨਾਲ ਲਬਰੇਜ਼ ਹਨ।


ਡਾ. ਗੁਰਬਿੰਦਰ ਕੌਰ ਬਰਾੜ
ਮੋ: 098553-95161


ਮੂੰਹ ਆਈ ਬਾਤ ਨਾ ਰਹਿੰਦੀ ਏ
ਲੇਖਕ : ਪ੍ਰਿੰ: ਰਣਧੀਰ ਸਿੰਘ
ਪ੍ਰਕਾਸ਼ਕ : ਕੈਫੇ ਵਰਲਡ ਜਲੰਧਰ, ਬਠਿੰਡਾ, ਕਪੂਰਥਲਾ
ਮੁੱਲ : 200 ਰੁਪਏ, ਸਫ਼ੇ : 127
ਸੰਪਰਕ : 94176-51890.


ਚਰਚਾ ਅਧੀਨ ਪੁਸਤਕ ਪ੍ਰਿੰ: ਰਣਧੀਰ ਸਿੰਘ ਦੀ ਆਪਣੀ ਜ਼ਿੰਦਗੀ ਦੀਆਂ ਖੱਟੀਆਂ-ਮਿੱਠੀਆਂ ਯਾਦਾਂ 'ਤੇ ਆਧਾਰਿਤ, ਤੀਹ ਭਾਗਾਂ ਵਿਚ ਵੰਡਿਆ, ਇਕ ਨਿਬੰਧ-ਸੰਗ੍ਰਹਿ ਹੈ। ਪਿੰਡ ਦੇ ਪਿਛੋਕੜ ਅਤੇ ਪੁਰਖਿਆਂ ਬਾਰੇ ਸੰਖੇਪ ਗੱਲਾਂ ਕਰਦਾ ਹੋਇਆ, ਉਹ ਬਾਲ ਉਮਰੇ ਹੰਢਾਏ ਸੰਘਰਸ਼ ਦੀ ਬਾਤ ਬੜੇ ਅਲੱਗ ਅੰਦਾਜ਼ ਵਿਚ ਪਾਉਂਦਾ ਹੈ। ਉਸ ਦੀਆਂ ਬਾਲਪਣ ਦੀਆਂ ਗੱਲਾਂ ਬੜੀਆਂ ਦਿਲਚਸਪ ਹਨ। ਉਸ ਵੇਲੇ ਲੋਕਾਂ ਵਿਚ ਆਪਸੀ ਮੋਹ ਮੁਹੱਬਤ, ਆਪਸੀ ਸ਼ਰੀਕੇਬਾਜ਼ੀ, ਨੌਕਰੀ ਦੌਰਾਨ ਦਰਪੇਸ਼ ਦਿੱਕਤਾਂ ਨੂੰ ਵੀ ਦ੍ਰਿਸ਼ਟੀਗੋਚਰ ਕਰਦੀਆਂ ਹਨ : ਲਓ ਦੇਖੋ ਉਹ ਥੋੜ੍ਹਾ ਕਹਿੰਦਾ, ਬਹੁਤਾ ਸਮਝਾ ਦਿੰਦਾ ਹੈ:
ਮੈਂ ਘਰੋਂ ਰੋਟੀ ਖਾ ਕੇ ਜਾਂਦਾ ਸੀ ਪਰ ਬੁੱਗਰ ਦੀ ਮਾਂ ਬਚਨੋ ਮੈਨੂੰ ਧੱਕੇ ਨਾਲ ਦੇਸੀ ਘਿਉ ਦਾ ਪਰੌਂਠਾ ਖਵਾ ਦਿੰਦੀ ਸੀ। 'ਬਾਬਾ ਜੀ ਮੁੰਡੇ ਨੂੰ ਕਮੀਜ਼ ਤਾਂ ਨਵੀਂ ਲੈ ਦਿਉ, ਪਾਟੀ ਪਾਈ ਫਿਰਦਾ, ਤੁਹਾਡਾ ਸਰਦਾ ਬਰਦਾ ਘਰ ਐ। ਹਰਜੀਤ ਭੈਣਜੀ ਮੇਰੇ ਬਾਬਾ ਜੀ ਨੂੰ ਕਹਿੰਦੇ। ਓਸ਼ੋ ਦਾ ਸੰਨਿਆਸ ਲੈਣ ਤੋਂ ਬਾਅਦ ਮੈਨੂੰ ਆਪਣੇ ਆਪ ਵਿਚ ਬਹੁਤ ਤਬਦੀਲੀ ਮਹਿਸੂਸ ਹੋਈ। ਦਿਮਾਗ ਤੋਂ ਬਹੁਤ ਸਾਰੇ ਜਾਲੇ ਲਹਿ ਗਏ। ਮੇਰੇ ਬਾਪੂ ਜੀ ਨੂੰ ਉਨ੍ਹਾਂ ਦਾ ਦੋਸਤ ਇਸ ਲਈ ਸ਼ਰਾਬ ਪੀਣ ਲਾਉਣਾ ਚਾਹੁੰਦਾ ਸੀ ਕਿ ਉਹ ਸ਼ਰਾਬ ਦੀ ਆੜ ਵਿਚ ਉਸ ਦੀ ਸਾਰੀ ਜ਼ਮੀਨ ਹਥਿਆ ਲਵੇਗਾ। 'ਅੱਜਕੱਲ੍ਹ ਦੀਆਂ ਫ਼ਿਲਮਾਂ ਦੇ ਗੀਤਾਂ ਵਿਚ ਢੋਲ-ਢਮੱਕਾ ਅਤੇ ਟਪੂਸੀਆਂ ਜ਼ਿਆਦਾ ਹਨ। ਨਜ਼ਾਕਤ, ਮਧੁਰਤਾ, ਭਾਵਾਂ ਦੀ ਤੀਬਰਤਾ ਬਹੁਤ ਘੱਟ ਹੈ। ਉਸ ਨੇ ਪੁੱਛਿਆ, ਬਾਈ ਜੀ ਕਿਹੜਾ ਪਿੰਡ ਐ?
'ਸਿਵੀਆਂ' ਮੈਂ ਕਿਹਾ ।
'ਜਿੱਥੋਂ ਦੀ ਕੁੜੀ ਪਾਇਲਟ ਐ?' ਉਸ ਨੇ ਪੁੱਛਿਆ।
'ਹਾਂ ਮੈਂ ਉਸ ਲੜਕੀ ਦਾ ਬਾਪ ਹਾਂ।' ਮੈਂ ਆਖਿਆ।
ਪੰਚਾਇਤਾਂ ਵਿਚ ਔਰਤਾਂ ਅਤੇ ਦਲਿਤਾਂ ਦੀ ਨੁਮਾਇੰਦਗੀ ਸਿਰਫ ਨਾਂਅ ਦੀ ਹੀ ਹੈ। ਉਨ੍ਹਾਂ ਨੂੰ ਆਜ਼ਾਦਾਨਾ ਤੌਰ 'ਤੇ ਕੰਮ ਕਰਨ ਦਾ ਮੌਕਾ ਨਹੀਂ ਮਿਲਦਾ। ਉਨ੍ਹਾਂ ਦੇ ਪਤੀ ਜਾਂ ਪੁੱਤਰ ਹੀ ਸਾਰਾ ਕੰਮ ਕਰਦੇ ਹਨ। ਉਨ੍ਹਾਂ ਨੂੰ ਹੀ ਲੋਕ ਪੰਚ/ਸਰਪੰਚ ਕਹਿ ਕੇ ਬੁਲਾਉਂਦੇ ਹਨ। (ਪੰਨਾ-72) ਛੁੱਟੀ ਮਨਜ਼ੂਰ ਕਰਵਾਉਣ ਲਈ ਦਫ਼ਤਰਾਂ ਦੇ ਕਲਰਕਾਂ ਦੀਆਂ ਮੁੱਠੀਆਂ ਗਰਮ ਕਰਨੀਆਂ ਪੈਣੀਆਂ ਸਨ। ਇਹ ਤਜਰਬਾ ਮੈਨੂੰ ਦੋ ਮਹੀਨਿਆਂ ਦੀ ਛੁੱਟੀ ਮਨਜ਼ੂਰ ਕਰਾਉਣ ਵੇਲੇ, ਉਦੋਂ ਹੋਇਆ ਜਦੋਂ ਪੈਸਿਆਂ ਦਾ ਬੁੱਕ ਖ਼ਰਚਣਾ ਪਿਆ। (ਪੰਨਾ-99) ਸਿੱਖਿਆ ਵਿਭਾਗ ਵਿਚ ਸੇਵਾ ਕਰਦਿਆਂ ਉਸ ਨੇ ਦਫ਼ਤਰੀ ਅਮਲੇ ਵਲੋਂ ਰਿਸ਼ਵਤ ਲੈ ਕੇ ਫਾਈਲਾਂ ਅੱਗੇ ਤੋਰਨ ਦਾ ਜ਼ਿਕਰ ਕਈ ਥਾਂ 'ਤੇ ਕੀਤਾ ਹੈ। ਮਿਡ ਡੇ ਮੀਲ ਦੀ ਕਣਕ ਦਾ ਦੁਕਾਨ 'ਤੇ ਵਿਕਣਾ ਕੋਈ ਘੱਟ ਗੰਭੀਰ ਮੁੱਦਾ ਨਹੀਂ। ਲੇਖਕ ਨੇ ਸਮੇਂ-ਸਮੇਂ ਉਸ ਦੇ ਨਾਲ ਰਹੇ ਸੱਜਣ ਮਿੱਤਰਾਂ ਦੇ ਸਹਿਯੋਗ ਨੂੰ ਵੀ ਇਸ ਪੁਸਤਕ ਦੇ ਪੰਨਿਆਂ ਕੇ ਤਸਦੀਕ ਕੀਤਾ ਹੈ। ਲੇਖਕ ਦੇ ਨਿੱਜੀ ਤਜਰਬੇ ਆਮ ਪਾਠਕ ਲਈ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਕੰਮ ਆਉਣ ਵਾਲੇ ਜਾਪਦੇ ਹਨ। ਕਿਤੇ-ਕਿਤੇ ਯਾਦਾਂ ਤੇ ਘਟਨਾਵਾਂ ਦਾ ਦੁਹਰਾਅ ਹੋ ਗਿਆ। ਇਸ ਤੇ ਅਗਲੇ ਸੰਸਕਰਨ ਸਮੇਂ ਵਿਚਾਰਿਆ ਜਾ ਸਕਦਾ ਹੈ। ਕੁੱਲ ਮਿਲਾ ਕੇ ਇਹ ਪੁਸਤਕ ਆਮ ਪਾਠਕਾਂ ਲਈ ਬੜੀ ਦਿਲਚਸਪ ਅਤੇ ਉਪਯੋਗੀ ਕਹੀ ਜਾ ਸਕਦੀ ਹੈ। ਪੰਜਾਬੀ ਸਾਹਿਤ ਵਿਚ ਇਸ ਪੁਸਤਕ ਦੇ ਆਗਮਨ ਦਾ ਮੈਂ ਹਾਰਦਿਕ ਸਵਾਗਤ ਕਰਦਾ ਹਾਂ। ਇਸ ਪੁਸਤਕ ਦੇ ਲੇਖਕ ਤੋਂ ਭਵਿੱਖ ਵਿਚ ਹੋਰ ਵੀ ਮਿਆਰੀ ਸਿਰਜਣਾਂ ਦੀ ਉਮੀਦ ਬੱਝਦੀ ਹੈ।


ਪ੍ਰਿੰ: ਹਰੀ ਕ੍ਰਿਸ਼ਨ ਮਾਇਰ
ਮੋ: 97806-67686


ਮਿੱਟੀ ਦੇ ਜਾਏ
(ਕਿਸਾਨੀ ਅੰਦੋਲਨ ਨਾਲ
ਜੁੜੀਆਂ ਮਿੰਨੀ ਕਹਾਣੀਆਂ)
ਸੰਪਾਦਕ : ਡਾ. ਸ਼ਿਆਮ ਸੁੰਦਰ ਦੀਪਤੀ, ਜਗਦੀਸ਼ ਰਾਏ ਕੁਲਰੀਆਂ
ਪ੍ਰਕਾਸ਼ਕ : ਪ੍ਰੇਰਣਾ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 50 ਰੁਪਏ, ਸਫ਼ੇ : 56
ਸੰਪਰਕ : 98158-08506


ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਅਤੇ ਇਕੋ ਸਮੇਂ ਸਮਾਜ ਦੇ ਅਗਲੱਗ ਅਤੇ ਪਿੱਛਲੱਗ ਦੀ ਭੂਮਿਕਾ ਵਿਚ ਕਾਰਜਸ਼ੀਲ ਰਹਿੰਦਾ ਹੈ। ਅਗਲੱਗ ਦੇ ਤੌਰ 'ਤੇ ਸਾਹਿਤ ਦਾ ਰੋਲ ਕਿਸੇ ਸਮਾਜ ਨੂੰ ਤਤਕਾਲੀ ਪ੍ਰਸਥਿਤੀਆਂ ਦੇ ਪ੍ਰਸੰਗ ਵਿਚ ਇਕ ਸਹੀ ਸੇਧ ਅਤੇ ਦਿਸ਼ਾ ਪ੍ਰਦਾਨ ਕਰਨੀ ਹੁੰਦੀ ਹੈ ਜਦੋਂ ਕਿ ਪਿੱਛਲੱਗ ਦੇ ਰੂਪ ਵਿਚ ਕਿਸੇ ਸਮਾਜ ਵਿਚ ਵਾਪਰ ਰਹੀਆਂ ਜਾਂ ਵਾਪਰ ਚੁੱਕੀਆਂ ਘਟਨਾਵਾਂ ਦੇ ਪ੍ਰਤੀਕਰਮ ਅਤੇ ਸਮਾਜਿਕ ਪ੍ਰਭਾਵਾਂ ਨੂੰ ਬਿਨਾਂ ਕਿਸੇ ਲਾਗ-ਲਪੇਟ ਦੇ, ਵੱਖ-ਵੱਖ ਸਮਾਜਿਕ-ਸੱਭਿਆਚਾਰਕ ਧਰਾਤਲਾਂ ਤੋਂ ਵੱਖੋ-ਵੱਖਰੇ ਪ੍ਰਸੰਗਾਂ ਵਿਚ ਪੇਸ਼ ਕਰਦਿਆਂ, ਇਤਿਹਾਸਕ ਦਸਤਾਵੇਜ਼ ਵਾਂਗ ਸੰਭਾਲਣਾ ਹੁੰਦਾ ਹੈ। ਹਥਲੇ ਮਿੰਨੀ ਕਹਾਣੀ ਸੰਗ੍ਰਹਿ ਦੀ ਸੰਪਾਦਨਾ ਦਾ ਮਕਸਦ ਵੀ ਸਾਡੇ ਸਮਕਾਲੀ ਸਮਿਆਂ ਵਿਚ ਖੇਤੀ ਕਾਨੂੰਨਾਂ ਸਬੰਧੀ ਚੱਲ ਰਹੇ ਕਿਸਾਨੀ ਅੰਦੋਲਨ ਨਾਲ ਜੁੜੀਆਂ ਮਿੰਨੀ ਕਹਾਣੀਆਂ ਰਾਹੀਂ ਇਸ ਅੰਦੋਲਨ ਪ੍ਰਤੀ ਬਣ ਰਹੀ ਵਿਚਾਰਧਾਰਕ ਸਮਝ ਨੂੰ ਸੰਗ੍ਰਹਿਤ ਕਰਨਾ ਹੈ। ਵਿਚਾਰ ਅਧੀਨ ਮਿੰਨੀ ਕਹਾਣੀ ਸੰਗ੍ਰਹਿ ਵਿਚ 41 ਮਿੰਨੀ ਕਹਾਣੀਆਂ ਦਰਜ ਹਨ।
ਮਿੰਨੀ ਕਹਾਣੀ ਸੰਗ੍ਰਹਿ ਦੀਆਂ ਬਹੁਤੀਆਂ ਮਿੰਨੀ ਕਹਾਣੀਆਂ ਯਥਾਰਥਕ ਬਿਰਤਾਂਤ ਸਿਰਜਦੀਆਂ ਹੋਈਆਂ, ਇਸ ਅੰਦੋਲਨ ਦੇ ਪ੍ਰਤੀਕਰਮ ਵਜੋਂ ਮਜ਼ਬੂਤ ਹੁੰਦੀ ਸਮਾਜਿਕ-ਆਰਥਿਕ ਭਾਈਚਾਰਕ ਸਾਂਝ (ਅਹਿਸਾਸਾਂ ਦੀ ਵਾਰਤਾ, ਏਹੁ ਹਮਾਰਾ ਜੀਵਣਾ, ਚੇਤਨਾ, ਇਕੱਠੇ ਹੋਣ ਦੀ ਰੁੱਤ, ਇਮਤਿਹਾਨ, ਹਾਂ ਇਹ ਗੱਲ ਤਾਂ ਹੈ!, ਜ਼ੇਰਾ, ਗੁਆਂਢੀ) ਭਾਂਜਵਾਦੀ ਦ੍ਰਿਸ਼ਟੀਕੋਣ ਤੋਂ ਛੁਟਕਾਰਾ (ਇਲਾਜ, ਗਰਮ ਖੂਨ), ਪੱਖੀ-ਵਿਪੱਖੀ ਪ੍ਰਸਥਿਤੀਆਂ (ਆਸ ਦੀ ਕਿਰਨ, ਪੁਜਾਰੀ, ਬਾਰਡਰ), ਹੌਸਲਾ-ਵਰਧਕ (ਹੱਕ ਦੀ ਲੜਾਈ, ਚੜ੍ਹਦੇ ਸੂਰਜ ਦੀ ਲਾਲੀ, ਵੰਗਾਰ, ਫ਼ੈਸਲਾ, ਵਾਰਸ, ਜਜ਼ਬਾ, ਐਵੇਂ ਨਾ ਮੁੜੀਂ, ਦਿੱਲੀ ਦੂਰ ਨਹੀਂ), ਜਨ-ਜਨ ਦਾ ਅੰਦੋਲਨ (ਗੂੰਜ ਆਕਾਸ਼ ਤੱਕ, ਜ਼ਮੀਰ), ਰਾਜਨੀਤਕ ਛੜਯੰਤਰ (ਬਰਕਤ, ਨੀਤੀ, ਲਕੀਰ) ਯਥਾਰਥਕ ਬਿਰਤਾਂਤ (ਕਿਸਾਨ ਅੰਦੋਲਨ) ਨੂੰ ਹੀ ਬਿਆਨ ਕਰਦੀਆਂ ਹਨ। ਜਸਬੀਰ ਦੱਧਾਹੂਰ ਦੀ ਮਿੰਨੀ ਕਹਾਣੀ ਖੌਫ਼, ਹਰਭਜਨ ਖੇਮਕਰਨੀ ਦੀ ਮਿੰਨੀ ਕਹਾਣੀ ਭੁੱਬਲ ਦਾ ਸੇਕ, ਮਾਸਟਰ ਸੁਖਵਿੰਦਰ ਸਿੰਘ ਦਾਨਗੜ੍ਹ ਦੀ ਮਿੰਨੀ ਕਹਾਣੀ ਜਾਗਣ ਦਾ ਵੇਲਾ, ਇਸ ਸੰਘਰਸ਼ ਦਾ ਕਾਰਨ ਬਣੇ ਤਿੰਨ ਕਾਨੂੰਨਾਂ ਦੇ ਸੰਭਾਵੀ ਜ਼ਮੀਨੀ ਪ੍ਰਭਾਵਾਂ ਦੀ ਵਾਸਤਵਿਕਤਾ ਬਿਆਨ ਕਰਨ ਦੇ ਆਹਰ ਵਿਚ ਹਨ। ਇਸ ਸੰਗ੍ਰਹਿ ਵਿਚਲੀਆਂ ਤਿੰਨ ਮਿੰਨੀ ਕਹਾਣੀਆਂ ਵਿਚੋਂ ਡਾ. ਸ਼ਿਆਮ ਸੁੰਦਰ ਦੀਪਤੀ ਦੀ ਮਿੰਨੀ ਕਹਾਣੀ ਕੁਵੇਲਾ ਬਹੁ-ਧਰਾਤਲੀ ਅਰਥਾਂ ਦਾ ਉਤਪਾਦਨ ਕਰਦੀ ਹੋਈ, ਅਜਿਹੇ ਸੰਘਰਸ਼ਾਂ ਵਿਚ ਜਾਤੀਗਤ-ਭਾਈਚਾਰਕ ਸਾਂਝ ਦੇ ਮਹੱਤਵ ਦੇ ਨਾਲ-ਨਾਲ ਰਾਜਨੀਤਕ ਤੰਤਰ ਦੀਆਂ ਆਪ-ਹੁਦਰੀਆਂ ਖਿਲਾਫ਼, ਜਨ-ਅੰਦੋਲਨ ਨੂੰ ਦੇਰੀ ਨਾਲ ਲਿਆ ਗਿਆ ਫ਼ੈਸਲਾ ਦਰਸਾਉਂਦੀ ਹੈ।
ਕੁਲਵਿੰਦਰ ਕੌਸ਼ਲ ਦੀ ਮਿੰਨੀ ਕਹਾਣੀ ਪੁੱਠੇ ਦਿਮਾਗ ਦਾ ਬੰਦਾ, ਸਾਡੀ ਸਮਕਾਲੀ ਕਿਸਾਨੀ ਦੇ ਸੰਦਰਭ ਵਿਚ 'ਕੁਝ ਵੀ ਨਾ ਕਹਿ ਕੇ, ਬਹੁਤ ਕੁਝ ਕਹਿ ਜਾਂਦੀ ਹੈ ਅਤੇ ਕਿਸਾਨੀ ਜੀਵਨ ਦੀ ਹੋਂਦ ਨਾਲ ਜੁੜੇ ਅਹਿਮ ਅਣਸੁਲਝੇ ਪ੍ਰਸ਼ਨ ਖੜ੍ਹੇ ਕਰਦੀ ਹੈ।' ਜਗਦੀਸ਼ ਰਾਏ ਕੁਲਰੀਆਂ ਦੀ ਮਿੰਨੀ ਕਹਾਣੀ ਬਾਜ਼ੀ ਦਾ ਬਿਰਤਾਂਤ, ਪ੍ਰਤੱਖ ਰੂਪ ਵਿਚ ਭਾਈਚਾਰਕ ਸਾਂਝ ਦੇ ਰੂਪ ਵਿਚ ਪ੍ਰਗਟ ਹੁੰਦਾ ਹੈ ਪ੍ਰੰਤੂ ਪ੍ਰੋਖ ਰੂਪ ਵਿਚ ਤਾਸ਼ ਦੀ ਖੇਡ ਰਾਹੀਂ ਪ੍ਰਤੀਕ ਆਤਮਕ ਪੱਧਰ 'ਤੇ 'ਏਕੇ ਦੀ ਤਾਕਤ' ਨਾਲ ਬਾਦਸ਼ਾਹ ਤੱਕ ਨੂੰ ਹਰਾਉਣ ਦੇ ਸੰਕਲਪ ਸਿਰਜਦਾ ਹੋਇਆ, ਇਸ ਜਨ-ਅੰਦੋਲਨ ਦੀ ਅਗਾਊਂ ਜਿੱਤ ਦਾ ਐਲਾਨ ਕਰਦਾ ਹੈ।


ਡਾ. ਪ੍ਰਦੀਪ ਕੌੜਾ
ਮੋ: 95011-15200

19-06-2021

 ਸੁੰਨੀ ਅੱਖ ਦਾ ਸੁਪਨਾ
ਸੰਪਾਦਕ : ਗੁਰਦਿਆਲ ਦਲਾਲ, ਸੁਰਿੰਦਰ ਰਾਮਪੁਰੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ, ਕੈਨੇਡਾ
ਮੁੱਲ : 250 ਰੁਪਏ, ਸਫ਼ੇ : 188
ਸੰਪਰਕ : 98141-85383.

ਹਥਲੀ ਪੁਸਤਕ ਪੰਜਾਬੀ ਗ਼ਜ਼ਲ ਖੇਤਰ ਵਿਚ ਇਕ ਨਿਵੇਕਲੀ ਦਿੱਖ ਦੀ ਅਨੁਸਾਰੀ ਹੈ। ਗ਼ਜ਼ਲ ਇਕ ਅਜਿਹੀ ਵਿਧਾ ਹੈ ਜਿਸ ਦੀ ਸਿਰਜਣ ਤਕਨੀਕ ਨੂੰ ਗਹਿਰਾਈ ਨਾਲ ਸਮਝਣਾ ਹੁੰਦਾ ਹੈ। ਇਸ ਪ੍ਰਤੀ ਉਸਤਾਦ ਅਤੇ ਸ਼ਾਗਿਰਦ ਦਾ ਰਿਸ਼ਤਾ ਵੀ ਸਾਹਿਤਕ ਸਮਾਜੀ ਅਰਥ ਰੱਖਦਾ ਰਿਹਾ ਹੈ। ਭਾਵੇਂ ਗ਼ਜ਼ਲ ਸਿਰਜਣ ਪ੍ਰਕਿਰਿਆ ਵਿਚ ਅੱਜ ਵੀ ਉਸਤਾਦ ਅਤੇ ਸ਼ਾਗਿਰਦ ਦਾ ਰਵਾਇਤੀ ਰਿਸ਼ਤਾ ਕਾਇਮ ਹੈ ਪਰ ਸੋਸ਼ਲ ਮੀਡੀਆ ਅਤੇ ਇੰਟਰਨੈੱਟ ਦੇ ਹੋਰ ਸ਼ਲਾਘਾਯੋਗ ਸੰਸਥਾਨ ਨੇ ਇਸ ਰਿਸ਼ਤੇ ਨੂੰ ਵਿਆਪਕ ਅਰਥ ਦੇ ਦਿੱਤੇ ਹਨ। ਇਕ ਉਸਤਾਦ ਇਕੱਲੇ ਸ਼ਾਗਿਰਦ ਦੀ ਬਜਾਏ ਅਨੇਕਾਂ ਹੋਰ ਗ਼ਜ਼ਲ ਸਿਖਾਂਦਰੂਆਂ ਨੂੰ ਸੇਧ ਬਖਸ਼ ਸਕਦਾ ਹੈ।
ਕੋਰੋਨਾ ਯੁੱਗ ਦਾ ਅਧਿਆਏ ਸਾਹਿਤਕ ਸਰਗਰਮੀਆਂ ਦਾ ਕਾਲਾ ਦੌਰ ਹੈ/ਸੀ। ਵੱਡੇ-ਵੱਡੇ ਸਾਹਿਤਕ ਸਮਾਗਮ ਤੇ ਗ਼ਜ਼ਲ ਦਰਬਾਰ ਕੋਰੋਨਾ ਦੀ ਭੇਟ ਚੜ੍ਹ ਗਏ ਸਨ। ਸ਼ਾਇਰਾਂ ਦਾ ਇਕੱਤਰ ਹੋਣਾ ਵੀ ਜੁਰਮ ਹੋ ਗਿਆ ਸੀ। ਅਜਿਹੇ ਦੌਰ ਵਿਚ ਸੋਸ਼ਲ ਮੀਡੀਆ ਨੇ ਉਨ੍ਹਾਂ ਦੀ ਬਾਂਹ ਫੜੀ। ਗੁਰਦਿਆਲ ਦਲਾਲ ਤੇ ਪ੍ਰਸਿੱਧ ਸਾਹਿਤਕਾਰ ਸੁਰਿੰਦਰ ਰਾਮਪੁਰੀ ਨੇ ਘਰਾਂ ਵਿਚ ਕੈਦ ਨਵੇਂ ਸ਼ਾਇਰਾਂ ਨੂੰ ਇਕ ਨਿਵੇਕਲੀ ਢੰਗ ਨਾਲ ਸਿਰਜਣ ਪ੍ਰਕਿਰਿਆ ਦਾ ਹੁਲਾਰਾ ਪੇਸ਼ ਕੀਤਾ। ਦਲਾਲ ਖ਼ੁਦ ਇਕ ਵਧੀਆ ਤੇ ਤਕਨੀਕ ਵਿਚ ਸੰਪੂਰਨ ਗ਼ਜ਼ਲਕਾਰ ਹੈ। ਉਸ ਨੇ ਪੁਰਾਤਨ ਤੇ ਰਵਾਇਤੀ ਤਰੀਕੇ ਨਾਲ ਦਿੱਤੇ ਜਾਂਦੇ ਉਸਤਾਦੀ 'ਤਕੀਆ ਕਲਾਮ' ਵਿਚ ਸੋਧ ਕਰ ਦਿੱਤੀ। ਵਿਦਵਾਨ ਸੰਪਾਦਕਾਂ ਨੇ ਇਕ ਸ਼ਿਅਰ ਜੋ ਤਕੀਆ ਕਲਾਮ ਹੀ ਸੀ, ਦੇ ਕੇ ਅਤੇ ਉਸ ਵਿਚਲੇ ਸਰੂਪ ਵਿਚ ਸੰਪੂਰਨ ਸ਼ਿਅਰ ਲਿਖ ਕੇ ਨੈੱਟ 'ਤੇ ਪਾਇਆ। ਖੂਬੀ ਇਹ ਕਿ ਇਸ ਸ਼ਿਅਰ ਦਾ ਛੰਦ ਬਹਿਰ ਦੇ ਕੇ ਉਸ ਵਿਚ ਬਾਕਾਇਦਾ ਤਕਤੀਹ ਵੀ ਕਰ ਕੇ ਪੇਸ਼ ਕੀਤੀ। ਨਵੇਂ ਸ਼ਾਇਰਾਂ ਨੂੰ ਇਸ ਸ਼ਿਅਰ ਵਿਚ ਨਵਾਂ ਤੇ ਮੌਲਿਕ ਸ਼ਿਅਰ ਕਹਿਣ ਲਈ ਪ੍ਰੇਰਿਆ। ਇਸ ਤਰ੍ਹਾਂ 78 ਤੋਂ ਵਧੇਰੇ ਗ਼ਜ਼ਲਕਾਰਾਂ ਨੇ ਵੱਖ-ਵੱਖ ਬਹਿਰਾਂ ਵਿਚ ਸ਼ਿਅਰ ਕਹੇ।
ਇਸ ਤਰ੍ਹਾਂ 18 ਵਾਰ ਕੀਤਾ ਗਿਆ ਤੇ ਹਰ ਵਾਰ ਨਵੇਂ ਸ਼ਾਇਰਾਂ ਨੇ ਆਪਣੇ-ਆਪਣੇ ਸ਼ਿਅਰ ਕਹੇ। ਇਹੀ ਸ਼ਿਅਰੀ ਪ੍ਰਕਿਰਿਆ ਨੂੰ ਬਾਕਾਇਦਾ ਪੁਸਤਕ ਦਾ ਰੂਪ ਦੇ ਕੇ ਪਾਠਕਾਂ ਤੱਕ ਪਹੁੰਚਾਇਆ ਗਿਆ ਹੈ।
ਇਹ ਪੁਸਤਕ ਨਵੇਂ ਗ਼ਜ਼ਲਕਾਰਾਂ ਵਾਸਤੇ ਬਹੁਤ ਹੀ ਮੁਫ਼ੀਦ ਹੈ। ਅਸਲ ਵਿਚ ਇਨ੍ਹਾਂ ਪ੍ਰਚੱਲਿਤ ਸ਼ਿਅਰਾਂ ਵਿਚ ਜੇਕਰ ਸ਼ਾਇਰ ਗ਼ਜ਼ਲ ਕਹਿਣਾ ਸਿੱਖ ਲੈਣ ਤਾਂ ਉਹ ਰੂਪਕ ਤੋਂ ਪ੍ਰਪੱਕ ਹੋ ਸਕਦੇ ਹਨ। ਅਜਿਹਾ ਨਹੀਂ ਕਿ ਇਸ ਪੁਸਤਕ ਵਿਚ ਅਸਲੋਂ ਨਵੇਂ ਸ਼ਾਇਰ ਹੀ ਹਨ, ਸਗੋਂ ਪੁਰਾਣੇ ਤੇ ਪ੍ਰਪੱਕ ਸ਼ਾਇਰਾਂ ਨੇ ਵੀ ਇਸ ਵਿਚ ਯੋਗਦਾਨ ਪਾਇਆ ਹੈ।
ਵੱਡੀਆਂ-ਵੱਡੀਆਂ ਅਰੂਜ਼ੀ ਪੁਸਤਕਾਂ ਅਤੇ ਛੰਦ ਸ਼ਾਸਤਰਾਂ ਦਾ ਅਧਿਐਨ ਕਰਨ ਦੀ ਬਜਾਏ ਜੇ ਗ਼ਜ਼ਲਕਾਰ ਇਹ ਪੁਸਤਕ ਆਪਣੇ ਕੋਲ ਰੱਖਣ ਤਾਂ ਸੁਖੈਨ ਸਿੱਧ ਹੀ ਉਹ ਗ਼ਜ਼ਲ ਤਕਨੀਕ ਨੂੰ ਅਪਣਾ ਸਕਦੇ ਹਨ।

ਸੁਲੱਖਣ ਸਰਹੱਦੀ
ਮੋ: 94174-84337.

100 ਸਾਲ : ਸ਼ਿਰੋਮਣੀ ਅਕਾਲੀ ਦਲ
ਭਾਗ 1 (1920-47)
ਲੇਖਕ : ਡਾ. ਸੁਖਦਿਆਲ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 150 ਰੁਪਏ, ਸਫ਼ੇ : 136
ਸੰਪਰਕ : 92090-00001.

ਡਾ. ਸੁਖਦਿਆਲ ਸਿੰਘ ਦਾ ਬੌਧਿਕ ਵਿਕਾਸ ਪੰਜਾਬੀ ਯੂਨੀਵਰਸਿਟੀ ਦੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਤੋਂ ਹੋਇਆ ਹੈ, ਜਿਥੇ ਉਸ ਨੇ ਆਪਣੇ ਜੀਵਨ ਦੇ ਤਿੰਨ ਦਹਾਕੇ ਭਾਰਤ ਦੇ ਦਿੱਗਜ਼ ਇਤਿਹਾਸਕਾਰਾਂ ਨਾਲ ਮਿਲਦਿਆਂ-ਜੁਲਦਿਆਂ ਅਤੇ ਪੰਜਾਬ ਇਤਿਹਾਸ ਦੇ ਮਹੱਤਵਪੂਰਨ ਦਸਤਾਵੇਜ਼ਾਂ ਨੂੰ ਪੜ੍ਹਦਿਆਂ-ਲਿਖਦਿਆਂ ਬਿਤਾਏ ਸਨ। ਬਹੁਤੀ ਵਾਰ ਇੰਜ ਹੁੰਦਾ ਹੈ ਕਿ ਪੜ੍ਹਨ ਦੇ ਸ਼ੌਕੀਨ ਲਿਖਦੇ ਨਹੀਂ ਅਤੇ ਲਿਖਣ ਦੇ ਚਾਹਵਾਨ ਪੜ੍ਹਦੇ ਨਹੀਂ ਪ੍ਰੰਤੂ ਡਾ. ਸੁਖਦਿਆਲ ਇਕ ਸੁਖਦ ਅਪਵਾਦ ਹੈ ਅਤੇ ਵਰ੍ਹੇ-ਦੋ ਵਰ੍ਹਿਆਂ ਬਾਅਦ ਪੰਜਾਬ ਦੇ ਇਤਿਹਾਸ ਬਾਰੇ ਉਸ ਦੀ ਕੋਈ ਨਾ ਕੋਈ ਨਵੀਂ ਪੁਸਤਕ ਪ੍ਰਕਾਸ਼ਿਤ ਹੁੰਦੀ ਰਹਿੰਦੀ ਹੈ। ਹਥਲੀ ਪੁਸਤਕ ਵਿਚ ਉਸ ਨੇ ਸ਼ਿਰੋਮਣੀ ਅਕਾਲੀ ਦਲ ਦੇ ਇਤਿਹਾਸ ਦਾ ਪਹਿਲਾ ਭਾਗ (1920-47) ਲਿਖਿਆ ਹੈ।
ਲੇਖਕ ਆਪਣੀ ਇਸ ਪੁਸਤਕ ਦਾ ਆਰੰਭ 1849 ਈ: ਤੋਂ ਸਿੱਖ ਰਾਜ ਦੀ ਸਮਾਪਤੀ ਨਾਲ ਕਰਦਾ ਹੈ। ਉਸ ਅਨੁਸਾਰ ਅੰਗਰੇਜ਼ਾਂ ਨੇ 1849 ਈ: ਤੋਂ ਬਾਅਦ ਸਿੱਖਾਂ ਦੀਆਂ ਰਵਾਇਤਾਂ ਅਤੇ ਪਰੰਪਰਾਵਾਂ ਨੂੰ ਖ਼ਤਮ ਕਰਨ ਦਾ ਇਕ ਵਿਆਪਕ ਪ੍ਰੋਗਰਾਮ ਬਣਾਇਆ ਸੀ। ਸਿੱਖਾਂ ਵਿਚ ਚੇਤਨਾ ਨਾਂਅ ਦੀ ਕੋਈ ਰੁਚੀ ਪਹਿਲਾਂ ਵੀ ਨਹੀਂ ਸੀ। ਅਸਲ ਗੱਲ ਇਹ ਸੀ ਕਿ ਜਿਵੇਂ ਹੀ ਅੰਗਰੇਜ਼ਾਂ ਨੇ ਜਾਗੀਰਦਾਰੀ ਨਿਜ਼ਾਮ ਦੀ ਬਜਾਏ ਪੂੰਜੀਵਾਦੀ ਅਰਥ ਵਿਵਸਥਾ ਨੂੰ ਇਕਦਮ ਆਰੰਭ ਕਰ ਦਿੱਤਾ ਤਾਂ ਸਾਡੀ ਸਾਰੀ ਕੌਮ ਬੌਂਦਲ ਜਿਹੀ ਗਈ ਸੀ। ਲਗਭਗ ਅੱਧੀ ਸਦੀ ਦਾ ਸਮਾਂ ਇਸ ਕੌਮ ਨੂੰ ਅਨੁਕੂਲਣ ਲਈ ਲੱਗਿਆ ਅਤੇ ਵੀਹਵੀਂ ਸਦੀ ਦੇ ਆਰੰਭ ਵਿਚ ਸਿੱਖ ਕੌਮ ਇਕ ਨਵੀਂ ਪ੍ਰਕਾਰ ਦੀ ਮਾਨਸਿਕਤਾ ਲੈ ਕੇ ਹਾਜ਼ਰ ਹੋਈ ਅਤੇ ਇਥੋਂ ਹੀ ਸ਼ਿਰੋਮਣੀ ਅਕਾਲੀ ਦਲ ਦਾ ਆਰੰਭ ਹੋਇਆ। ਇਸ ਸੰਸਥਾ ਦਾ ਜਨਮ 14 ਦਸੰਬਰ, 1920 ਵਿਚ ਹੋਇਆ।
19ਵੀਂ ਸਦੀ ਦੇ ਅੰਤ ਤੱਕ ਸਿੰਘ ਸਭਾ ਲਹਿਰ ਦੇ ਸਾਰੇ ਆਗੂ ਇਕ-ਇਕ ਕਰਕੇ ਚਲਾਣਾ ਕਰ ਗਏ ਸਨ। ਸੋ, ਵੀਹਵੀਂ ਸਦੀ ਦੇ ਆਰੰਭ ਵਿਚ ਚੀਫ਼ ਖਾਲਸਾ ਦੀਵਾਨ ਨੇ ਸਿੱਖ ਕੌਮ ਦੀ ਅਗਵਾਈ ਦਾ ਕੰਮ ਸੰਭਾਲਿਆ, ਰਾਜਨੀਤਕ ਤੌਰ 'ਤੇ ਕਾਂਗਰਸ ਪਾਰਟੀ ਦੀਆਂ ਸਰਗਰਮੀਆਂ ਵਧ ਰਹੀਆਂ ਸਨ। ਇਸੇ ਦੌਰਾਨ ਗ਼ਦਰ ਪਾਰਟੀ ਅਤੇ ਭਾਰਤ ਨੌਜਵਾਨ ਸਭਾ ਵਰਗੀਆਂ ਪਾਰਟੀਆਂ ਨੇ ਪੰਜਾਬੀ ਅਵਾਮ ਨੂੰ ਸੁਤੰਤਰਤਾ ਅਤੇ ਸਮਾਜਿਕ ਨਿਆਂ ਦੀ ਪ੍ਰਾਪਤੀ ਲਈ ਪੂਰੀ ਤਰ੍ਹਾਂ ਨਾਲ ਚੇਤੰਨ ਕਰ ਦਿੱਤਾ ਸੀ। ਪੰਜਾਬ ਲੈਜਿਸਲੇਟਿਵ ਕੌਂਸਲ ਵਿਚ ਕਾਂਗਰਸ ਪਾਰਟੀ, ਮੁਸਲਿਮ ਮੈਂਬਰਾਂ ਦੀ ਹਮਾਇਤ ਕਰਦੀ ਸੀ ਅਤੇ ਸਿੱਖਾਂ ਦਾ ਵਿਰੋਧ। ਇਸ ਸਥਿਤੀ ਵਿਚੋਂ ਸਿੱਖ ਕੌਮ ਨੇ ਆਪਣੀ ਸ਼ਨਾਖ਼ਤ ਲਈ ਨਵੇਂ ਫ਼ੈਸਲੇ ਲਏ।
ਸਭ ਤੋਂ ਪਹਿਲਾਂ ਤਾਂ ਗੁਰਦੁਆਰਾ ਸੁਧਾਰ ਲਹਿਰ ਦੇ ਮੰਚ ਤੋਂ ਇਤਿਹਾਸਕ ਗੁਰਦੁਆਰਿਆਂ ਨੂੰ ਭ੍ਰਿਸ਼ਟ ਮਹੰਤਸ਼ਾਹੀ ਦੇ ਚੁੰਗਲ ਤੋਂ ਆਜ਼ਾਦ ਕਰਵਾਇਆ। ਫਿਰ ਕਈ ਮੋਰਚੇ ਅੰਗਰੇਜ਼ਾਂ ਦੇ ਵਿਰੁੱਧ ਲਾਏ ਗਏ, ਜਿਵੇਂ ਚਾਬੀਆਂ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ। ਮਹਾਤਮਾ ਗਾਂਧੀ ਨੇ 'ਚਾਬੀਆਂ ਦੇ ਮੋਰਚੇ' ਨੂੰ ਭਾਰਤੀ ਸੁਤੰਤਰਤਾ ਦੀ ਜੰਗ ਦੀ ਪਹਿਲੀ ਫ਼ੈਸਲਾਕੁੰਨ ਜਿੱਤ ਕਿਹਾ ਸੀ। ਮਾਸਟਰ ਤਾਰਾ ਸਿੰਘ ਨੇ ਲਿਖਿਆ ਹੈ ਕਿ ਇਸ ਜਿੱਤ ਨਾਲ ਅਕਾਲੀਆਂ ਦਾ ਜੋਸ਼ ਬਹੁਤ ਵਧ ਗਿਆ ਸੀ।
ਡਾ. ਸੁਖਦਿਆਲ ਸਿੰਘ ਇਤਿਹਾਸਕ ਖੋਜ ਕਰਨ ਸਮੇਂ 'ਮੱਖੀ ਤੇ ਮੱਖੀ ਮਾਰਨ' ਵਿਚ ਯਕੀਨ ਨਹੀਂ ਕਰਦਾ ਬਲਕਿ ਹਰ ਵੇਰਵੇ ਦੀ ਪੂਰੀ-ਪੂਰੀ ਘੋਖ ਪੜਤਾਲ ਕਰਦਾ ਹੈ। ਇਹੀ ਉਸ ਦੇ ਲੇਖਣ ਦਾ ਸਭ ਤੋਂ ਵੱਡਾ ਗੁਣ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਕਿੰਝ ਗਾਵਾਂ ਗੁਣ ਤੇਰੇ
ਲੇਖਕ : ਪ੍ਰੋ: ਤਰਸੇਮ ਨਰੂਲਾ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 94638-31245.

ਇਹ ਪੁਸਤਕ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਹੈ, ਜੋ ਗੁਰੂ ਸਾਹਿਬ ਦੀ ਅਲੌਕਿਕ ਸ਼ਖ਼ਸੀਅਤ ਅਤੇ ਅਦੁੱਤੀ ਜੀਵਨ ਉੱਪਰ ਰੌਸ਼ਨੀ ਪਾਉਂਦੀ ਹੈ। ਲੇਖਕ ਨੇ ਇਸ ਨਿਬੰਧ ਸੰਗ੍ਰਹਿ ਵਿਚ 10 ਨਿਬੰਧ ਸ਼ਾਮਿਲ ਕੀਤੇ ਹਨ, ਜਿਨ੍ਹਾਂ ਦੇ ਸਿਰਲੇਖ ਇਸ ਪ੍ਰਕਾਰ ਹਨ : ਕਿੰਝ ਗਾਵਾਂ ਗੁਣ ਤੇਰੇ, ਮੈਂ ਨਹੀਂ ਅਸੀਂ, ਆਸ ਸੂਝ ਸੀਮਤ ਪਰ ਇਕ ਦੁਰਲੱਭ ਖੂਬੀ, ਰਿਦੈ ਜਿਨ੍ਰ ਕੈ ਕਪਟ ਵਸੈ, ਹੁੰਦੇ ਨੇ ਦਿਲ ਵਾਲੇ ਨੇਕ ਬੰਦੇ ਤਾਂ, ਕੱਦ ਉੱਚੈ ਅੱਜ ਬਦਕਿਰਦਾਰਾਂ ਦਾ, ਸਹਾਈ ਘੱਟ ਦੁਖਦਾਈ ਬਹੁਤ ਹੈ ਪੌਲੀਥੀਨ, ਕਰੇ ਤਣਾਓ ਰੋਗੀ ਚਾਹੇ ਹੈ ਉਪਯੋਗੀ, ਅਨੰਦ ਅਤੇ ਸੰਤੁਸ਼ਟਤਾ ਹੈ ਇਕ ਸਾਦਗੀ ਵੀ, ਬਹੁਮੁੱਲੀ ਜਾਇਦਾਦ ਨੇ ਸਾਡੇ ਬੱਚੇ। ਸਾਰੇ ਹੀ ਲੇਖ ਮਨੁੱਖ ਲਈ ਪ੍ਰੇਰਨਾਦਾਇਕ ਅਤੇ ਉਤਸ਼ਾਹਜਨਕ ਹਨ। ਪਹਿਲੇ ਲੇਖ ਵਿਚ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖਿਆ ਹੈ ਕਿ 'ਉਨ੍ਹਾਂ ਵਰਗਾ ਤੇਗ ਦਾ ਧਨੀ, ਕਲਮ ਦਾ ਧਨੀ, ਮਨ ਦਾ ਧਨੀ, ਵਿਚਾਰਾਂ ਦਾ ਧਨੀ, ਸ਼ਬਦਾਂ ਦਾ ਧਨੀ, ਸਾਦਗੀ ਦਾ ਧਨੀ, ਸਰਬ ਗੁਣ ਸੰਪੰਨ ਸਾਹਿਬੇ-ਕਮਾਲ, ਦਰਵੇਸ਼ ਅਤੇ ਮਰਦ ਅਗੰਮੜਾ ਨਾ ਤਾਂ ਇਸ ਦੁਨੀਆ ਵਿਚ ਅਜੇ ਤੱਕ ਕੋਈ ਪੈਦਾ ਹੋਇਆ ਹੈ ਅਤੇ ਨਾ ਹੀ ਕਿਸੇ ਦਾ ਸੰਸਾਰ ਦੇ ਇਤਿਹਾਸ ਵਿਚ ਕੋਈ ਜ਼ਿਕਰ ਪੜ੍ਹਿਆ ਸੁਣਿਆ ਹੈ।' ਦਸਮੇਸ਼ ਪਿਤਾ ਦੇ ਉਪਕਾਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਦੂਜੇ ਲੇਖ 'ਮੈਂ ਨਹੀਂ ਅਸੀਂ' ਵਿਚ ਲੇਖਕ ਦੱਸਦਾ ਹੈ ਕਿ ਅੱਜ ਦੇ ਯੁੱਗ ਵਿਚ ਰਿਸ਼ਤਿਆਂ ਵਿਚੋਂ ਪਾਕੀਜ਼ਗੀ ਮੁਕਦੀ ਜਾ ਰਹੀ ਹੈ ਅਤੇ ਮਨੁੱਖੀ ਸੱਭਿਆਚਾਰ ਨਿੱਘਰਦਾ ਜਾ ਰਿਹਾ ਹੈ। ਇਸ ਲਈ 'ਮੈਂ' ਨੂੰ ਛੱਡ ਕੇ 'ਅਸੀਂ' ਬਾਰੇ ਸੋਚਣ ਦੀ ਲੋੜ ਹੈ ਕਿਉਂਕਿ ਸਰਬੱਤ ਦੇ ਭਲੇ ਵਿਚ ਹੀ ਸਭ ਦਾ ਭਲਾ ਹੁੰਦਾ ਹੈ। ਇਸੇ ਪ੍ਰਕਾਰ ਬਾਕੀ ਦੇ ਨਿਬੰਧ ਵੀ ਮਨੁੱਖੀ ਜੀਵਨ ਨੂੰ ਮਾਨਵਤਾ ਦਾ ਚਾਨਣ ਦੇਣ ਵਾਲੇ ਹਨ ਜਿਵੇਂ ਕਿ ਆਖਰੀ ਲੇਖ ਵਿਚ ਮਹਾਨ ਲੋਕਾਂ ਦੇ ਬਚਪਨ ਦੀਆਂ ਮਹਾਨ ਉਦਾਹਰਨਾਂ ਤੋਂ ਸਾਨੂੰ ਆਪਣੇ ਬੱਚਿਆਂ ਨੂੰ ਵਧੀਆ ਇਨਸਾਨ ਬਣਾਉਣ ਦੀ ਪ੍ਰੇਰਨਾ ਮਿਲਦੀ ਹੈ (ਬਹੁ-ਮੁੱਲੀ ਜਾਇਦਾਦ ਨੇ ਸਾਡੇ ਬੱਚੇ)। ਪ੍ਰੋ: ਤਰਸੇਮ ਨਰੂਲਾ ਦੀ ਇਹ ਪੁਸਤਕ ਗਿਆਨ ਦਾ ਭੰਡਾਰ ਹੈ, ਜੋ ਸਾਡੇ ਜੀਵਨ ਨੂੰ ਸਾਵਾਂ, ਪੱਧਰਾ ਤੇ ਸੁਚੱਜਾ ਬਣਾਉਣ ਵਿਚ ਸਹਾਈ ਹੋ ਸਕਦੀ ਹੈ।

ਕੰਵਲਜੀਤ ਸਿੰਘ ਸੂਰੀ
ਮੋ: 93573-24241.

c c c

ਓੜਕ ਮੁਕਤਿ ਮਿਲੀ
ਨਾਵਲਕਾਰ : ਡਾ. ਕੁਲਵਿੰਦਰ ਕੌਰ ਮਿਨਹਾਸ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 152
ਸੰਪਰਕ : 0161-2740738.

ਡਾ. ਕੁਲਵਿੰਦਰ ਕੌਰ ਮਿਨਹਾਸ ਹਥਲੇ ਨਾਵਲ 'ਓੜਕ ਮੁਕਤਿ ਮਿਲੀ' ਤੋਂ ਪਹਿਲਾਂ 6 ਨਾਵਲਾਂ ਦੀ ਰਚਨਾ ਕਰਨ ਤੋਂ ਇਲਾਵਾ ਖੋਜ, ਵਾਰਤਕ, ਸੰਪਾਦਨ ਅਤੇ ਅਨੁਵਾਦ ਦੇ ਖੇਤਰ 'ਚ ਜ਼ਿਕਰਯੋਗ ਕੰਮ ਕਰ ਚੁੱਕੀ ਹੈ। 'ਓੜਕ ਮੁਕਤਿ ਮਿਲੀ' ਨਾਵਲ ਵਿਚ ਨਾਵਲਕਾਰ ਇਕ ਪਰਿਵਾਰ ਦੀ ਕਹਾਣੀ ਨੂੰ ਥੀਮ ਬਣਾਉਂਦਿਆਂ ਹੋਇਆਂ ਸਾਡੇ ਸਮਾਜ ਵਿਚ ਨੌਜਵਾਨੀ ਦੇ ਨਸ਼ਿਆਂ ਦੀ ਲਤ ਵਿਚ ਫਸ ਜਾਣ, ਦਿਖਾਵੇ ਦੀ ਪ੍ਰਵਿਰਤੀ, ਸਮਾਜਿਕ ਕਦਰਾਂ-ਕੀਮਤਾਂ ਤੋਂ ਵਿਹੂਣੇ ਹੁੰਦੇ ਜਾ ਰਹੇ ਵਿਅਕਤੀ ਅਤੇ ਸਵਾਰਥੀ ਬਿਰਤੀ ਦੇ ਮੱਦੇਨਜ਼ਰ ਆਪਣੇ ਫਾਇਦੇ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਨਾਵਲ ਦੀ ਬਿਰਤਾਂਤਕ ਤੋਰ ਵਿਚ ਬੰਨ੍ਹਿਆ ਹੈ। ਇਸ ਨਾਵਲ ਵਿਚ ਇਸ ਗੱਲ ਨੂੰ ਵੀ ਦ੍ਰਿੜ੍ਹ ਕਰਵਾਇਆ ਗਿਆ ਹੈ ਕਿ ਸਮੇਂ ਦੀ ਕਰਵਟ ਨਾਲ ਕਿਤੇ ਨਾ ਕਿਸੇ ਬੁਰਾਈ ਵਾਲੇ ਵਾਤਾਵਰਨ ਵਿਚ ਵੀ ਚੰਗਿਆਈ ਦੀ ਮਹਿਕ ਆਉਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਕਿ ਨਾਵਲ ਦੇ ਅਖੀਰ ਵਿਚ ਸੁਖਮਨੀ ਨਾਂਅ ਦੀ ਪਾਤਰ ਦੇ ਰੂਪ ਵਿਚ ਅਜਿਹੀ ਵਾਰਤਾ ਪੇਸ਼ ਕੀਤੀ ਗਈ ਹੈ। ਪਿਸ਼ੌਰਾ ਸਿੰਘ ਨਾਂਅ ਦੇ ਪਾਤਰ ਦੀ ਪਰਿਵਾਰਕ ਕਹਾਣੀ ਨਾਵਲ ਦਾ ਕੇਂਦਰੀ ਥੀਮ ਹੈ ਪਰ ਭਗਵੰਤ ਵਰਗੀ ਪਾਤਰ ਦੇ ਰੂਪ ਵਿਚ ਸੇਵਾ ਭਾਵਨਾ ਵਾਲੇ ਅਤੇ ਚੰਗੇ ਸੰਸਕਾਰਾਂ ਵਾਲੇ ਪਾਤਰਾਂ ਬਾਰੇ ਵੀ ਨਾਵਲ ਵਿਚ ਵੇਰਵੇ ਪੇਸ਼ ਕੀਤੇ ਗਏ ਹਨ। ਪਿਸ਼ੌਰਾ ਸਿੰਘ ਬੇਸ਼ੱਕ ਚਾਹੁੰਦਾ ਹੈ ਕਿ ਸਮਾਜ ਵਿਚ ਸਵੱਛ ਕਦਰਾਂ-ਕੀਮਤਾਂ ਪੈਦਾ ਹੋਣ, ਉਸ ਨੂੰ ਤਾਂ ਪਿਲਕਣ ਦੇ ਦਰੱਖਤ ਦੇ ਵੱਢੇ ਜਾਣ ਦਾ, ਸਕੂਲਾਂ ਦੀਆਂ ਵਧੀਆਂ ਫੀਸਾਂ ਦਾ ਵੀ ਦੁੱਖ ਹੈ ਪਰ ਉਸ ਦੇ ਪੋਤੇ ਨਰਿੰਦਰ ਦੀਆਂ ਸਮਾਜ ਵਿਰੋਧੀ ਗਤੀਵਿਧੀਆਂ ਅਤੇ ਮਾੜੀਆਂ ਆਦਤਾਂ ਉਸ ਦੀ ਜ਼ਿੰਦਗੀ ਦੇ ਖੁਸ਼ੀ ਭਰੇ ਪਲਾਂ ਨੂੰ ਖੋਰਾ ਲਾਉਂਦੀਆਂ ਹਨ। ਨਾਵਲ ਵਿਚ ਘਰੇਲੂ ਵਾਤਾਵਰਨ ਵਿਚ ਰਿਸ਼ਤਿਆਂ ਵਿਚ ਪੈਦਾ ਹੋਈਆਂ ਪੇਚੀਦਗੀਆਂ ਅਤੇ ਕਸ਼ਮਕਸ਼ ਨੂੰ ਵੀ ਨਾਵਲਕਾਰਾ ਨੇ ਵਿਸਤ੍ਰਿਤ ਰੂਪ ਵਿਚ ਪੇਸ਼ ਕੀਤਾ ਹੈ। ਭਾਵੇਂ ਦਰਸ਼ਨਾ ਨਾਂਅ ਦੀ ਪਾਤਰ ਹੋਵੇ, ਭਾਵੇਂ ਨਵਦੀਪ, ਇਨ੍ਹਾਂ ਦੇ ਮਨੋਵਿਗਿਆਨ ਨੂੰ ਨਾਵਲਕਾਰ ਨੇ ਬਾਖੂਬੀ ਚਿਤਰਿਆ ਹੈ। ਪ੍ਰੀਤਮ ਦੇ ਰੂਪ ਸਮਰਪਣ ਭਾਵਨਾ ਵਾਲੀ ਔਰਤ ਅਤੇ ਸੁਖਮਨੀ ਦੇ ਰੂਪ ਵਿਚ ਸੇਵਾ ਭਾਵਨਾ ਵਾਲੀ ਲੜਕੀ ਨੂੰ ਨਾਵਲ ਵਿਚ ਪੇਸ਼ ਕਰਕੇ ਨਾਵਲਕਾਰ ਨੇ ਨਾਵਲ ਨੂੰ ਸੁਖਾਂਤ ਵਿਚ ਸਮਾਪਤ ਕੀਤਾ ਹੈ।

ਡਾ. ਸਰਦੂਲ ਸਿੰਘ ਔਜਲਾ
ਮੋ: 98141-68611.

 

ਅੰਬੀਰ
ਲੇਖਕ : ਮਹਾਂਬੀਰ ਸਿੰਘ ਸੰਧੂ
ਪ੍ਰਕਾਸ਼ਕ : ਆਜ਼ਾਦ ਪਬਲੀਕੇਸ਼ਨਜ਼, ਗਿੱਦੜਬਾਹਾ
ਮੁੱਲ : 160 ਰੁਪਏ, ਸਫ਼ੇ : 104
ਸੰਪਰਕ : 81980-02922.

ਨਾਵਲ 'ਅੰਬੀਰ' ਦੇ ਲੇਖਕ ਮਹਾਂਬੀਰ ਸਿੰਘ ਸੰਧੂ ਨੌਜਵਾਨ ਲੇਖਕ ਹਨ ਪ੍ਰੰਤੂ ਉਨ੍ਹਾਂ ਦੀ ਲੇਖਣੀ ਕਿਸੇ ਹੰਢੇ-ਵਰਤੇ ਲੇਖਕ ਦੀ ਤਰ੍ਹਾਂ ਹੈ। ਇਨ੍ਹਾਂ ਨੇ ਨਾਵਲ ਵਿਚ ਆਪਣੇ ਜਜ਼ਬਾਤਾਂ ਦੇ ਨਾਲ ਪੂਰੀ ਤਰ੍ਹਾਂ ਇਨਸਾਫ਼ ਕਰਦੇ ਹੋਏ ਜਿਸ ਤਰ੍ਹਾਂ ਸ਼ਬਦਾਂ ਦੇ ਮੋਤੀ ਪਰੋਏ ਹਨ, ਉਸ ਦੀ ਦਾਦ ਦੇਣੀ ਤਾਂ ਬਣਦੀ ਹੀ ਹੈ। ਲੰਮੀ ਸੋਚ ਉਡਾਰੀ ਦੇ ਮਾਲਕ ਹੋਣ ਦੇ ਨਾਤੇ ਪੁਸਤਕ ਵਿਚ ਅਨੇਕਾਂ ਜ਼ਿੰਦਗੀ ਦੇ ਰੰਗਾਂ ਨੂੰ ਬਹੁਤ ਹੀ ਨਿਵੇਕਲੇ ਢੰਗ ਨਾਲ ਜਿਸ ਤਰ੍ਹਾਂ ਪੇਸ਼ ਕੀਤਾ ਹੈ ਉਹ ਬਹੁਤ ਹੀ ਵਧੀਆ ਪੇਸ਼ਕਾਰੀ ਹੈ। ਅੱਜ ਦੇ ਟੁੱਟ ਰਹੇ ਆਪਸੀ ਰਿਸ਼ਤਿਆਂ 'ਤੇ ਇਨ੍ਹਾਂ ਨੇ ਆਪਣੇ ਢੰਗ ਨਾਲ ਕਟਾਸ਼ ਕੀਤਾ ਅਤੇ ਪਲੋਸਿਆ ਵੀ। ਇਨ੍ਹਾਂ ਬਿਖਰਦੇ ਰਿਸ਼ਤਿਆਂ ਪ੍ਰਤੀ ਨਿੱਘ ਦਾ ਫਿੱਕਾ ਹੋਣਾ ਵੀ ਲੇਖਕ ਨੂੰ ਰੜਕਦਾ ਹੈ ਪ੍ਰੰਤੂ ਨਾਲ-ਨਾਲ ਆਸ਼ਾਵਾਦੀ ਹੁੰਦਾ ਹੋਇਆ ਆਪਣੀ ਭਾਵੁਕਤਾ ਨੂੰ ਪੂਰੀ ਤਰ੍ਹਾਂ ਕਾਬੂ ਵਿਚ ਰੱਖ ਕੇ ਮਜ਼ਬੂਤੀ ਦੇ ਨਾਲ ਮੈਦਾਨ ਵਿਚ ਖੜ੍ਹਾ ਰਹਿੰਦਾ ਹੈ। ਲੇਖਕ ਦੀ ਲੇਖਣੀ ਤੋਂ ਪਤਾ ਲਗਦਾ ਹੈ ਕਿ ਲੇਖਕ ਸਾਹਿਤ ਦੇ ਖੇਤਰ ਵਿਚ ਲੰਮੀਆਂ ਪੁਲਾਂਘਾ ਪੁੱਟਦਾ ਹੋਇਆ ਬਹੁਤ ਅੱਗੇ ਵਧੇਗਾ। ਪੁਸਤਕ ਵਿਚ ਲੇਖਕ ਨੇ ਜ਼ਿੰਦਗੀ ਦੇ ਸਮੁੱਚੇ ਤਾਣੇ-ਬਾਣੇ ਦਾ ਕਾਫੀ ਹੱਦ ਤੱਕ ਜ਼ਿਕਰ ਕਰਕੇ ਆਪਣੇ ਖਿਆਲਾਂ ਨੂੰ ਬਖੇਰਨ ਵਿਚ ਕੋਈ ਕਸਰ ਨਹੀਂ ਛੱਡੀ ਅਤੇ ਨਾਵਲ ਵਿਚ ਪੇਂਡੂ ਬੋਲੀ ਦੀ ਵੀ ਖੁੱਲ੍ਹ ਕੇ ਵਰਤੋਂ ਕਰਨ ਦੇ ਨਾਲ ਪੇਂਡੂ ਜੀਵਨ ਦਾ ਵੀ ਖੁੱਲ੍ਹ ਕੇ ਜ਼ਿਕਰ ਕਰਦਿਆਂ ਹੋਇਆਂ ਆਪਣੇ ਖਿਆਲਾਂ ਦੀਆਂ ਉਡਾਰੀਆਂ ਭਰੀਆਂ ਹਨ। ਉਨ੍ਹਾਂ ਨੇ ਅੱਜ ਦੇ ਭਾਈਚਾਰੇ ਵਿਚ ਪਈਆਂ ਤਰੇੜਾਂ ਪ੍ਰਤੀ ਅੰਦਰੂਨੀ ਤੌਰ 'ਤੇ ਦੁੱਖ ਡੂੰਘੀ ਤਰ੍ਹਾਂ ਮਹਿਸੂਸ ਕੀਤਾ ਹੈ। ਉਸ ਦੀ ਤਹਿ ਤੱਕ ਪੁੱਜ ਕੇ ਉਨ੍ਹਾਂ ਦਾ ਵਰਨਣ ਕੀਤਾ ਹੈ। ਲੇਖ ਦੀ ਇਸ ਪੁਸਤਕ ਦੀ ਲੇਖਣੀ ਵਿਚ ਜੋ ਸ਼ਬਦਾਵਲੀ ਵਰਤੀ ਗਈ, ਉਹ ਮੌਕੇ ਤੇ ਸਮੇਂ ਦੇ ਅਨੁਸਾਰ ਹੈ ਅਤੇ ਉਹ ਸ਼ਬਦਵਾਲੀ ਨੂੰ ਆਪਣੇ 'ਤੇ ਭਾਰੂ ਨਹੀਂ ਹੋਣ ਦਿੰਦਾ। ਸਾਹਿਤ ਦੇ ਖੇਤਰ ਵਿਚ ਲੇਖਕ ਬੇਸ਼ੱਕ ਨਵਾਂ ਹੈ ਪ੍ਰੰਤੂ ਲੇਖਣੀ, ਸੋਚ, ਚਿਤਰਨ, ਸ਼ਬਦਾਵਲੀ ਦਾ ਜਾਦੂਗਰ ਕਿਹਾ ਜਾ ਸਕਦਾ ਹੈ।

ਬਲਵਿੰਦਰ ਸਿੰਘ ਸੋਢੀ
ਮੋ: 92105-88990

ਵਲਵਲੇ
ਲੇਖਕ : ਰਣਧੀਰ ਕੌਰ ਗਿੱਲ
ਪ੍ਰਕਾਸ਼ਕ : ਐਸਥੈਟਿਕਸ ਪਬਲੀਕੇਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 72
ਸੰਪਰਕ : 93561-93596.

ਹਥਲੀ ਪੁਸਤਕ 'ਵਲਵਲੇ' ਲੇਖਿਕਾ ਰਣਧੀਰ ਕੌਰ ਗਿੱਲ ਦੀਆਂ 45 ਕਾਵਿ ਰਚਨਾਵਾਂ ਅਤੇ 5 ਵਾਰਤਕ ਲੇਖਾਂ ਦਾ ਸੰਗ੍ਰਹਿ ਹੈ। ਇਸ ਸੰਗ੍ਰਹਿ ਦੀਆਂ ਕਾਵਿ ਰਚਨਾਵਾਂ ਜੀਵਨ ਦਾ ਅਨੰਦ ਮਾਣਨ, ਸਰਬੱਤ ਦੇ ਭਲੇ ਦੀ ਕਾਮਨਾ, ਮਨੁੱਖਤਾ ਨੂੰ ਹੱਥੀਂ ਉੱਦਮ ਕਰਨ ਉਤਸ਼ਾਹਿਤ ਕਰਦੀਆਂ ਹਨ। ਲੇਖਿਕਾ ਕਾਦਰ ਦੀ ਕੁਦਰਤ ਤੋਂ ਬਲਿਹਾਰੇ ਜਾਂਦੀ ਹੈ। ਰੰਗ-ਬਿਰੰਗੇ ਫੁੱਲ, ਖਿੜੀ ਬਨਸਪਤੀ, ਅਸਮਾਨੀ ਚਹਿਕਦੇ ਪੰਛੀ, ਸਮੁੰਦਰਾਂ ਦੀਆਂ ਛੱਲਾਂ, ਪੱਤਝੜਾਂ, ਬਹਾਰਾਂ ਦੇ ਮੌਸਮ ਆਦਿ ਪ੍ਰਕਿਰਤੀ ਦੇ ਵੰਨ-ਸਵੰਨੇ ਰੰਗਾਂ 'ਚ ਅਭੇਦ ਹੋਣਾ ਚਾਹੁੰਦੀ ਹੈ :
ਅਨੂਠਾ ਇਕ ਰਸ
ਉਠੇ ਦਿਲ 'ਚ ਕਸਕ
ਹੋ ਕੁਦਰਤ 'ਚ ਅਭੇਦ
ਆਪਾ ਭੁੱਲ ਜਾਈਏ (ਪੰਨਾ : 27)
ਕੋਵਿਡ-19 ਦੇ ਵਿਸ਼ਵ ਵਿਆਪੀ ਕਹਿਰ ਨੂੰ ਲੇਖਿਕਾ ਕੁਦਰਤ ਨਾਲ ਖਿਲਵਾੜ ਕਰਨ ਦਾ ਸਿੱਟਾ ਮੰਨਦੀ ਹੈ ਅਤੇ ਮਨੁੱਖਤਾ ਨੂੰ ਇਸ ਤੋਂ ਸਬਕ ਲੈਣ ਦੀ ਦੁਹਾਈ ਦਿੰਦੀ ਹੈ। ਇਨ੍ਹਾਂ ਕਾਵਿ ਰਚਨਾਵਾਂ 'ਚ ਮਨੁੱਖ ਨੂੰ ਈਰਖ਼ਾ, ਵੈਰ-ਵਿਰੋਧ, ਚੁਗਲੀ, ਨਿੰਦਾ ਤੋਂ ਦੂਰ ਰਹਿ ਕੇ ਆਪਣੀ ਸ਼ਖ਼ਸੀਅਤ ਨੂੰ ਨਿਖਾਰਨ ਦੀ ਨਸੀਹਤ ਦਿੱਤੀ ਗਈ ਹੈ। ਪੁਸਤਕ ਦੇ ਅੰਤਲੇ ਭਾਗ 'ਚ ਸ਼ਾਮਿਲ ਵਾਰਤਕ ਰਚਨਾਵਾਂ 'ਜੀਵਨ ਕੀ ਹੈ' ਵਿਚ ਲੇਖਿਕਾ ਨੇ ਜੀਵਨ ਨੂੰ ਕਸ਼ਮਕਸ਼, ਜੱਦੋ-ਜਹਿਦ ਅਤੇ ਸੰਘਰਸ਼ ਦਾ ਨਾਂਅ ਦਿੱਤਾ ਹੈ। 'ਰਜਾਈ' ਲੇਖ 'ਚ ਉਸ ਨੇ ਮਨੁੱਖਤਾ ਨੂੰ ਦੁਨਿਆਵੀ ਸੁੱਖਾਂ ਨੂੰ ਤਿਲਾਂਜਲੀ ਦੇ ਕੇ ਆਪਣੇ ਆਪ ਨੂੰ ਕਿਸੇ ਉੱਚੇ ਆਦਰਸ਼ ਲਈ ਕੁਰਬਾਨ ਕਰਨ ਲਈ ਸਦਾ ਤਤਪਰ ਰਹਿਣ ਲਈ ਪ੍ਰੇਰਿਆ ਹੈ। 'ਯਾਦਾਂ ਦੇ ਝਰੋਖੇ-1' ਵਿਚ ਲੇਖਿਕਾ ਨੇ ਅਣਵੰਡੇ ਪੰਜਾਬ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ। 'ਯਾਦਾਂ ਦੇ ਝਰੋਖੇ -2' ਲੇਖ 'ਚ ਉਸ ਨੇ ਆਪਣੇ ਮਾਤਾ, ਪਿਤਾ ਨੂੰ ਯਾਦ ਕਰਦਿਆਂ ਨਸੀਹਤ ਦਿੱਤੀ ਹੈ ਕਿ ਸੰਜਮ, ਸਬਰ, ਸ਼ੁਕਰ, ਸਹਿਹੋਂਦ, ਸੰਤੋਖ ਅਤੇ ਸਾਦਗੀ ਸੁਖ਼ੀ ਪਰਿਵਾਰ ਦੀਆਂ ਨਿਸ਼ਾਨੀਆਂ ਹਨ। ਇਸ ਸੰਗ੍ਰਹਿ ਦੀਆਂ ਸਮੁੱਚੀਆਂ ਰਚਨਾਵਾਂ ਸੰਖੇਪ ਹੋਣ ਦੇ ਬਾਵਜੂਦ ਅਰਥ ਭਰਪੂਰ ਹਨ। ਲੇਖਿਕਾ ਰਣਧੀਰ ਕੌਰ ਗਿੱਲ ਦੀ ਹਥਲੀ ਪੁਸਤਕ 'ਵਲਵਲੇ' ਪੜ੍ਹਨਯੋਗ ਵੀ ਹੈ ਅਤੇ ਸਾਂਭਣਯੋਗ ਵੀ।

ਮਨਜੀਤ ਸਿੰਘ ਘੜੈਲੀ
ਮੋ: 98153-91625

13-06-2021

 ਜੰਗਨਾਮਾ ਭਾਰਤ ਅਤੇ ਦਿੱਲੀ
ਲੇਖਕ : ਮਾ: ਦੇਸ ਰਾਜ ਛਾਜਲੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 79
ਸੰਪਰਕ : 98723-25201.


ਇਸ ਜੰਗਨਾਮੇ ਵਿਚ ਕਿਸਾਨਾਂ ਅਤੇ ਭਾਰਤ ਸਰਕਾਰ ਦਰਮਿਆਨ ਮੌਜੂਦਾ ਸੰਘਰਸ਼ ਨੂੰ 30 ਦਿਨਾਂ ਵਿਚ ਬਿਰਤਾਂਤਕ ਸ਼ੈਲੀ ਵਿਚ ਪੇਸ਼ ਕੀਤਾ ਗਿਆ ਹੈ। ਕਾਰਨ ਇਹ ਕਿ ਸਰਕਾਰ ਨੇ 5 ਜੂਨ, 2020 ਨੂੰ ਸੰਸਦ ਵਿਚ ਖੇਤੀ ਸਬੰਧੀ ਤਿੰਨ ਕਾਨੂੰਨ ਪਾਸ ਕਰਵਾਏ ਸਨ। ਵਿਰੋਧੀ ਧਿਰ ਨੇ ਡਟ ਕੇ ਵਿਰੋਧ ਵੀ ਕੀਤਾ ਸੀ। ਇਨ੍ਹਾਂ ਕਾਨੂੰਨਾਂ ਦੇ ਪਾਸ ਹੋਣ ਨਾਲ ਕਿਸਾਨਾਂ ਨੂੰ ਅੰਬਾਨੀਆਂ/ਅਡਾਨੀਆਂ ਦੇ ਵੱਸ ਪੈ ਜਾਣ ਦਾ ਖ਼ਤਰਾ ਪੈਦਾ ਹੋ ਗਿਆ ਸੀ। ਖ਼ਤਰਾ ਇਹ ਹੈ ਕਿ ਕਾਰਪੋਰੇਟ ਸੈਕਟਰ ਦਾ ਪ੍ਰਭਾਵ ਵਧ ਜਾਣ ਕਾਰਨ ਉਨ੍ਹਾਂ ਦੀਆਂ ਜ਼ਮੀਨਾਂ ਖੁਸ ਜਾਣਗੀਆਂ। ਕਿਸਾਨਾਂ ਨੇ ਇਨ੍ਹਾਂ ਤਿੰਨ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 25 ਸਤੰਬਰ, 2020 ਤੋਂ ਨਿਰੰਤਰ ਸੰਘਰਸ਼ ਵਿੱਢਿਆ ਹੋਇਆ ਹੈ। ਇਹ ਰਚਨਾ ਬੀਰ-ਰਸ ਨਾਲ ਲਬਰੇਜ਼ ਹੈ :
ਦੋਵੇਂ ਦਲ ਦੋ ਪਾਸਿਉਂ ਗੱਜਣੇ ਨੇ,
ਇਧਰ ਢਾਰੇ ਤੇ ਉਧਰ ਅਟਾਰੀਆਂ ਜੀ।
ਬੱਚੇ, ਬੁੱਢੇ, ਜਵਾਨ ਤੇ ਮਾਈਆਂ ਨੇ,
ਝੋਕ ਦਿੱਤੀਆਂ ਸ਼ਕਤੀਆਂ ਸਾਰੀਆਂ ਜੀ।
ਰਚਨਾ ਅਨੁਸਾਰ ਸੰਘਰਸ਼ ਵਿਚ 32 ਕਿਸਾਨ ਜਥੇਬੰਦੀਆਂ ਨੇ ਏਕਾ ਕਰ ਕੇ ਸਿੰਘੂ, ਟਿਕਰੀ, ਗਾਜ਼ੀਆਬਾਦ ਬਾਰਡਰਾਂ 'ਤੇ ਪੱਕੇ ਮੋਰਚੇ ਮੱਲੇ ਹੋਏ ਹਨ। ਉਨ੍ਹਾਂ ਨੂੰ ਠੰਢ-ਗਰਮੀ ਦੀ ਪ੍ਰਵਾਹ ਨਹੀਂ। ਜਨਤਾ ਦੇ ਸਹਿਯੋਗ ਨਾਲ ਇਨ੍ਹਾਂ ਬਾਰਡਰਾਂ 'ਤੇ ਰੋਜ਼ਾਨਾ ਜੀਵਨ ਦੀਆਂ ਲੋੜੀਂਦੀਆਂ ਸਹੂਲਤਾਂ ਪ੍ਰਾਪਤ ਹਨ। ਕਿਸਾਨ ਦਲੇਰੀ ਨਾਲ ਅੜੇ ਹੋਏ ਹਨ ਕਿ ਕਾਨੂੰਨ ਰੱਦ ਕਰਵਾ ਕੇ ਹੀ ਘਰੀਂ ਵਾਪਸ ਪਰਤਣਗੇ। ਸਰਕਾਰ ਨੇ ਸਮੇਂ-ਸਮੇਂ ਸਿਰ ਸਮਝੌਤੇ ਲਈ ਕਿਸਾਨਾਂ ਨਾਲ ਮੀਟਿੰਗਾਂ ਕੀਤੀਆਂ ਪਰ ਕੋਈ ਸਾਰਥਕ ਨਤੀਜੇ ਪ੍ਰਾਪਤ ਨਹੀਂ ਹੋ ਸਕੇ। ਕਵੀ ਨੇ ਬੜੀ ਬੇਬਾਕ ਸ਼ਬਦਾਵਲੀ ਵਿਚ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕੀਤਾ ਹੈ। 'ਛਾਜਲੀ' ਨੇ ਪੰਜਾਬੀ ਇਤਿਹਾਸ ਦੀਆਂ ਅਨੇਕਾਂ ਉਦਾਹਰਨਾਂ ਦਿੱਤੀਆਂ ਹਨ। ਦੇਵੀ-ਦੇਵਤਿਆਂ ਦੀ ਮਿੱਥ ਦਾ ਭੰਜਨ ਕੀਤਾ ਹੈ। ਅਨੇਕਾਂ ਸ਼ਖ਼ਸੀਅਤਾਂ ਵਲੋਂ ਐਵਾਰਡ/ਮੈਡਲ ਰੋਸ ਵਜੋਂ ਵਾਪਸ ਕਰਨ ਬਾਰੇ ਕਵੀ ਨੇ ਦੱਸਿਆ ਹੈ। ਸਰਕਾਰ ਤਿੰਨਾਂ ਕਾਨੂੰਨਾਂ ਵਿਚ ਸੋਧ ਕਰਨ ਲਈ ਤਾਂ ਤਿਆਰ ਹੈ ਪਰ ਕਿਸਾਨ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਵਾਉਣਾ ਚਾਹੁੰਦੇ ਹਨ। ਸੁਪਰੀਮ ਕੋਰਟ ਨੇ ਵੀ ਲਾਗੂ ਕਰਨ 'ਤੇ ਰੋਕ ਲਾਈ ਹੋਈ ਹੈ, ਤਾਂ ਵੀ ਦੋਵੇਂ ਧਿਰਾਂ ਆਪੋ-ਆਪਣੇ ਸਟੈਂਡ 'ਤੇ ਡਟੀਆਂ ਹੋਈਆਂ ਹਨ। ਪਰ ਅੰਦੋਲਨ ਸ਼ਾਂਤਮਈ ਚੱਲ ਰਿਹਾ ਹੈ। ਵਿਰੋਧੀ ਪਾਰਟੀਆਂ ਕਿਸਾਨਾਂ ਦੇ ਹੱਕ ਵਿਚ ਖੜ੍ਹੀਆਂ ਹਨ ਪਰ ਸੱਤਾਧਾਰੀ ਪਾਰਟੀ ਭਾਜਪਾ ਦਾ ਤਰਕ ਹੈ ਇਨ੍ਹਾਂ ਕਾਨੂੰਨਾਂ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਹੋਣ ਦੀ ਸੰਭਾਵਨਾ ਹੈ। ਕਵੀ ਨੇ ਬੀਰ-ਰਸੀ ਸ਼ਬਦਾਵਲੀ ਵਰਤਦਿਆਂ ਬਿੰਬਾਂ, ਪ੍ਰਤੀਕਾਂ, ਅਲੰਕਾਰ, ਮੁਹਾਵਰਿਆਂ, ਅਖਾਣਾਂ ਦੀ ਕਾਫੀ ਵਰਤੋਂ ਕੀਤੀ ਹੈ। ਜੰਗਨਾਮੇ ਦੀ ਦ੍ਰਿਸ਼ਟੀ ਤੋਂ ਟਕਰਾਅ ਵੇਖੋ :
ਗੋਲੇ ਗੈਸ ਦੇ ਪਾਣੀ ਦੀਆਂ ਛੱਡ ਤੋਪਾਂ, ਵਜ਼ੀਦਾ ਜ਼ਕਰੀਆ ਯਾਦ ਕਰਾ ਦਿੱਤੇ
ਫੇਰ ਸ਼ੇਰ ਜਸਪਾਲ ਜਲਵੇੜ੍ਹੀਏ ਨੇ, ਧੱਕ ਕੇ ਪੁਲਸੀਏ ਪਰ੍ਹਾਂ ਹਟਾ ਦਿੱਤੇ
ਚੜ੍ਹ ਗਿਆ ਸੀ ਪਾਣੀ ਦੇ ਤੋਪ ਉੱਤੇ, ਪਾਈਪ ਪੁਲਸੀਆਂ ਵੱਲ ਭਮਾ ਦਿੱਤੇ। (ਪੰ. 14)
ਅਜਿਹੀ ਸ਼ਬਦਾਵਲੀ ਵਰਤ ਕੇ ਕਵੀ ਨੇ ਸਰਕਾਰ ਵਿਰੁੱਧ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਹੈ। ਸਰਕਾਰ ਨੇ ਪ੍ਰਸਤਾਵ ਪੇਸ਼ ਕੀਤਾ ਜਿਹੜਾ ਕਿਸਾਨਾਂ ਨੇ ਅਸਵੀਕਾਰ ਕਰ ਦਿੱਤਾ।
ਇਕ ਮਹੀਨੇ ਦਾ ਹਾਲ ਬਿਆਨ ਕੀਤਾ,
ਘੋਲ ਅੱਗੇ ਕਿਸਾਨਾਂ ਦਾ ਚੱਲੀ ਜਾਊ।
ਜਿਹੜੇ ਜਿਸ ਤਰ੍ਹਾਂ ਹੋਣਗੇ ਭੇੜ ਭਾਈ,
ਉਸੇ ਤਰ੍ਹਾਂ ਹੀ ਕਲਮ ਵੀ ਚੱਲੀ ਸਾਊ। (ਪੰ. 79)
ਜੰਗਨਾਮੇ ਵਿਚ ਸਰਕਾਰੀ ਸੁਰ ਨਰਮ ਹੈ ਪਰ ਕਿਸਾਨਾਂ ਦੀ ਸੁਰ ਕ੍ਰਾਂਤੀਕਾਰੀ ਹੈ। ਸਾਰੀਆਂ ਹੀ ਧਿਰਾਂ ਚਾਹੁੰਦੀਆਂ ਨੇ ਮਸਲੇ ਦਾ ਹੱਲ ਹੋ ਜਾਵੇ। ਜੰਗਨਾਮੇ ਦਾ ਬਿਰਤਾਂਤ ਕਵੀ ਦਾ ਅੱਖੀਂ ਵੇਖਿਆ ਤੇ ਹੱਡੀਂ ਹੰਢਾਇਆ ਪ੍ਰਤੀਤ ਹੁੰਦਾ ਹੈ।


ਡਾ. ਧਰਮ ਚੰਦ ਵਾਤਿਸ਼
vatish.dharamchand@gmail.com


ਫ਼ਰਖੰਦਾ ਲੋਧੀ ਦੀਆਂ ਚੋਣਵੀਆਂ ਕਹਾਣੀਆਂ
ਸੰਪਾਦਕ : ਜਿੰਦਰ
ਅਨੁਵਾਦਕ : ਦਰਸ਼ਨ ਸਿੰਘ ਗੋਪਾਲਪੁਰੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 180 ਰੁਪਏ, ਸਫ਼ੇ : 128
ਸੰਪਰਕ : 98148-03254.


ਇਸ ਕਹਾਣੀ ਸੰਗ੍ਰਹਿ ਵਿਚ ਲਹਿੰਦੇ ਪੰਜਾਬ ਦੀਆਂ 17 ਕਹਾਣੀਆਂ ਸ਼ਾਮਿਲ ਹਨ। ਇਨ੍ਹਾਂ ਦੀ ਲੇਖਿਕਾ ਫ਼ਰਖੰਦਾ ਲੋਧੀ ਭਾਰਤ ਵਿਚ ਜੰਮੀ ਪਲੀ ਅਤੇ ਫਿਰ ਪਾਕਿਸਤਾਨ ਉਸ ਦਾ ਵਤਨ ਹੋ ਗਿਆ। ਸੰਪਾਦਕ ਨੇ ਇਸ ਮਰਹੂਮ ਲੇਖਿਕਾ ਦੀਆਂ ਚੋਣਵੀਆਂ ਕਹਾਣੀਆਂ ਪੰਜਾਬੀ ਵਿਚ ਅਨੁਵਾਦ ਕਰਵਾ ਕੇ ਸਾਡੇ ਰੂਬਰੂ ਕੀਤੀਆਂ ਹਨ। ਅਨੁਵਾਦ ਵੀ ਸੋਹਣਾ ਹੈ। ਇਸ ਪੁਸਤਕ ਵਿਚ ਸ਼ਾਮਿਲ ਕਹਾਣੀਆਂ ਭਾਰਤ-ਪਾਕਿ ਵੰਡ, ਸਮਾਜਿਕ ਵਰਤਾਰਿਆਂ ਅਤੇ ਇਸਤਰੀ-ਮਰਦ ਸਬੰਧਾਂ ਦੁਆਲੇ ਘੁੰਮਦੀਆਂ ਹਨ। ਇਨ੍ਹਾਂ ਦੀ ਬੋਲੀ ਆਮ ਬੋਲਚਾਲ ਦੀ ਭਾਸ਼ਾ ਹੈ। ਕਿਤੇ ਵੀ ਔਖੇ ਸ਼ਬਦਾਂ ਦੀ ਵਰਤੋਂ ਨਹੀਂ ਹੋਈ। ਬੜੀਆਂ ਡੂੰਘੀਆਂ ਗੱਲਾਂ ਹਨ, ਜਿਵੇਂ ਪਿਆਰ ਵੀ ਅਜੀਬ ਸ਼ੈਅ ਹੈ, ਨਾ ਮੇਲਾ ਵੇਖੇ ਨਾ ਵੇਲਾ, ਆਪਣਾ ਆਪ ਵਿਖਾਂਦਾ ਝਕਦਾ ਨਹੀਂ, ਹੁਸਨ ਤੇ ਇਸ਼ਕ ਦੋ ਨਹੀਂ, ਇਕ ਹਾਲ ਦੇ ਦੋ ਅੰਗ ਨੇ। ਅੰਗ ਆਸ਼ਕਾਰ ਹੋਣ ਦੀ ਮੰਗ ਕਰਦਾ ਏ ਤਾਂਘ ਬਣ ਕੇ, ਦਿਲਾਂ ਵਿਚ ਖ਼ਰੂਦ ਪਾ ਦਿੰਦਾ ਏ ਤੇ ਇਹ ਦੋਵੇਂ ਰੰਗ ਬੰਦੇ ਦੇ ਅੰਦਰ ਹੁੰਦੇ ਹਨ। ਕੁਝ ਕਹਾਣੀਆਂ ਮਨੁੱਖੀ ਮਨੋਵਿਗਿਆਨ ਦੀ ਗੱਲ ਕਰਦੀਆਂ ਹਨ। ਕਹਾਣੀ 'ਚੰਨੇ ਦੇ ਉਹਲੇ' ਅਧੂਰੇ ਪਿਆਰ ਦੀ ਕਹਾਣੀ ਹੈ। 'ਪੈਂਡੇ ਦੇ ਪੱਜ' ਦੋ ਬਜ਼ੁਰਗਾਂ ਦੀ ਖੂਬਸੂਰਤ ਦਾਸਤਾਂ ਹੈ। ਇਕ ਬਜ਼ੁਰਗ ਖੋਪੇ ਦੀ ਗਿਰੀ ਆਪਣੇ ਦੰਦਾਂ ਨਾਲ ਚਿੱਥ ਕੇ ਦੂਜੇ ਬਜ਼ੁਰਗ ਨੂੰ ਦਿੰਦੀ ਹੈ, ਜਿਸ ਦੇ ਮੂੰਹ ਵਿਚ ਦੰਦ ਨਹੀਂ ਹਨ। ਕਹਾਣੀ 'ਕੁੰਦਨ' ਦਾ ਪਾਤਰ ਰਹਿਮਾਨ ਆਪਣੇ ਉਸਤਾਦ ਦੀ ਅੰਨ੍ਹੀ ਧੀ ਹਾਜਰਾ ਨਾਲ ਵਿਆਹ ਕਰਕੇ ਉਸ ਦੇ ਫ਼ਿਕਰ ਦੂਰ ਕਰਦਾ ਹੈ। 'ਹਿਰਦੇ ਵਿਚ ਤ੍ਰੇੜਾਂ' ਕਹਾਣੀ ਖਾੜਕੂਵਾਦ ਦੇ ਦਿਨਾਂ ਦੇ ਖੌਫ਼ ਨੂੰ ਉਜਾਗਰ ਕਰਦੀ ਹੈ। ਇਕ ਛੋਟਾ ਬੱਚਾ ਆਜ਼ਾਦੀ ਦੀ ਪ੍ਰਤੀਕ ਘੁੱਗੀ ਨੂੰ ਮਰਿਆ ਦੇਖਦਾ ਹੈ ਤਾਂ ਚੀਕਾਂ ਮਾਰ ਕੇ ਰੋਣ ਲਗਦਾ ਹੈ ਕਿ ਆਜ਼ਾਦੀ ਮਰ ਗਈ। ਇਹ ਸਾਰੀਆਂ ਕਹਾਣੀਆਂ ਦਿਲਾਂ ਨੂੰ ਟੁੰਬਣ ਵਾਲੀਆਂ ਹਨ।


ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.


ਮਹਿਕ ਜ਼ਿੰਦਗੀ ਦੀ
ਲੇਖਕ : ਪ੍ਰੋ: ਤਰਸੇਮ ਨਰੂਲਾ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 94638-31245

 

ਜੀਵਨ ਤਜਰਬਿਆਂ ਨੂੰ ਬੌਧਿਕਤਾ ਵਿਚ ਰੰਗ ਕੇ ਸਰਲ ਸ਼ਬਦਾਵਲੀ ਰਾਹੀਂ ਜੀਵਨ ਨੈਤਿਕਤਾ ਸਿਖਾਉਣ ਵਾਲੇ ਸਾਹਿਤਕਾਰ ਵਜੋਂ ਪ੍ਰਚਲਿਤ ਪ੍ਰੋ: ਤਰਸੇਮ ਨਰੂਲਾ ਦੀ ਦਸਵੀਂ ਪੁਸਤਕ 'ਮਹਿਕ ਜ਼ਿੰਦਗੀ ਦੀ' ਹੈ। ਅੱਜ ਦੀ ਤੇਜ਼ ਜ਼ਿੰਦਗੀ ਵਿਚ ਸਾਕਾਰਾਤਮਕ ਸੋਚ ਪ੍ਰਫੁੱਲਿਤ ਕਰਕੇ ਸਫ਼ਲਤਾ ਹਾਸਲ ਕਰਨਾ ਹਰ ਵਿਅਕਤੀ ਦੀ ਜ਼ਰੂਰਤ ਬਣ ਚੁੱਕਾ ਹੈ। ਜ਼ਿੰਦਗੀ ਨੂੰ ਸਹੀ ਢੰਗ ਨਾਲ ਜਿਊਣ ਲਈ ਇਹ ਹਾਂ-ਪੱਖੀ ਸੋਚ ਜ਼ਰੂਰੀ ਹੈ ਅਤੇ ਲੇਖਕ ਨੇ ਇਸ ਪੁਸਤਕ ਰਾਹੀਂ ਇਹੀ ਸੋਚ ਵਿਕਸਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੇਖਕ ਦੁਆਰਾ ਇਸ ਪੁਸਤਕ ਵਿਚ 14 ਲੇਖ ਸ਼ਾਮਿਲ ਕੀਤੇ ਗਏ ਹਨ ਅਤੇ ਆਪਣੇ ਜੀਵਨ ਅਨੁਭਵਾਂ ਨੂੰ ਸ਼ਬਦ ਰੂਪ ਦਿੱਤਾ ਗਿਆ ਹੈ। ਉਹ ਵਿਸ਼ਵ ਪੱਧਰ ਦੇ ਵਿਦਵਾਨਾਂ ਦੇ ਵਿਚਾਰਾਂ ਦੇ ਹਵਾਲੇ ਵੀ ਆਪਣੇ ਵਿਚਾਰਾਂ ਨਾਲ ਪੇਸ਼ ਕਰਦਾ ਹੈ। ਲੇਖਕ ਨੇ ਇਨ੍ਹਾਂ ਲੇਖਾਂ ਵਿਚ ਸਫ਼ਲਤਾ ਪ੍ਰਾਪਤ ਕਰਨ ਲਈ ਮਹੱਤਵਪੂਰਨ ਢੰਗਾਂ ਦੀ ਗੱਲ ਕੀਤੀ ਹੈ। ਪਹਿਲੇ ਲੇਖ ਵਿਚ ਹੀ ਉਹ ਲਿਖਦਾ ਹੈ ਕਿ ਸਫ਼ਲਤਾ ਲਈ ਗ਼ਲਤੀਆਂ ਤੋਂ ਸਿੱਖਣਾ ਜ਼ਰੂਰੀ ਹੈ ਤੇ ਇਸ ਗੱਲ ਨੂੰ ਸਿੱਧ ਕਰਨ ਲਈ ਲੇਖਕ ਨੇ ਲਿਓ ਟਾਲਸਟਾਏ, ਡਾ. ਏ.ਪੀ.ਜੇ. ਅਬਦੁਲ ਕਲਾਮ, ਓਸ਼ੋ, ਸਵਾਮੀ ਵਿਵੇਕਾਨੰਦ ਅਤੇ ਕਰਾਤੁਲ ਹੈਦਰ ਦੇ ਵਿਚਾਰਾਂ ਦੇ ਹਵਾਲੇ ਵੀ ਲਿਖੇ ਹਨ। ਲੇਖਕ ਨੇ ਸਫ਼ਲਤਾ ਪ੍ਰਾਪਤੀ ਲਈ ਅਗਲਾ ਮਹੱਤਵਪੂਰਨ ਉਪਰਾਲਾ ਮਿਹਨਤ ਅਤੇ ਹਿੰਮਤ ਨੂੰ ਦੱਸਿਆ ਹੈ ਤੇ ਕਿਸੇ ਰੁਕਾਵਟ, ਹਾਰ, ਵਿਕਾਰ ਜਾਂ ਗ਼ਰੀਬੀ ਨੂੰ ਅਣਗੌਲਿਆਂ ਕਰ ਕੇ ਸੁੱਖ ਤੇ ਦੁੱਖ ਦੇ ਅਸਲ ਮਾਅਨੇ ਸਮਝਣ ਲਈ ਕਿਹਾ ਹੈ। ਲੇਖਕ ਮਨ ਦੀ ਚੰਗੀ ਹਾਲਤ ਨੂੰ ਹੀ ਅਸਲ ਪ੍ਰਸੰਨਤਾ ਮੰਨਦਾ ਹੈ। ਅਗਲੇ ਲੇਖ ਵਿਚ ਅੱਜ ਦੇ ਯੁੱਗ ਵਿਚ ਬੱਚਿਆਂ ਵਿਚ ਵਧ ਰਹੀ ਅਪਰਾਧਾਂ ਦੀ ਬਿਰਤੀ ਬਾਰੇ ਦੱਸ ਕੇ ਇਸ ਨੂੰ ਕੰਟਰੋਲ ਕਰਨ ਦੇ ਢੰਗ ਵੀ ਦੱਸੇ ਹਨ। 'ਵੈਸਾਖ' ਲੇਖ ਵਿਚ ਲੇਖਕ ਇਸ ਮਹੀਨੇ ਦੀ ਮਹੱਤਤਾ ਇਤਿਹਾਸਕ ਅਤੇ ਧਾਰਮਿਕ ਪਰਿਪੇਖ ਵਿਚ ਦੱਸਦਾ ਹੈ। ਇਸੇ ਤਰ੍ਹਾਂ ਇਕ ਲੇਖ ਵਿਚ ਘਰ ਅਤੇ ਬੱਚਿਆਂ ਦੀ ਮਹੱਤਤਾ ਬਾਰੇ ਲਿਖਿਆ ਗਿਆ ਹੈ। ਇਸ ਪੁਸਤਕ ਦਾ ਉਤਮ ਲੇਖ ਹੈ 'ਮੌਤ ਅਟੱਲ ਜਿਊਂਦਾ ਕੋਈ ਕੋਈ' ਹੈ ਜਿਸ ਵਿਚ ਲੇਖਕ ਨੇ ਅਸਲ ਜੀਵਨ ਢੰਗ ਬਾਰੇ ਚਰਚਾ ਕੀਤੀ ਹੈ। ਇਸ ਪੁਸਤਕ ਦਾ ਅੰਤਿਮ ਲੇਖ ਚੰਗੇ ਮਿੱਤਰ ਦੀ ਮਿੱਤਰਤਾ ਨੂੰ ਆਤਮਾ ਪੱਧਰ ਦੀ ਦੋਸਤੀ ਦੱਸਦਾ ਹੈ। ਇਸ ਤਰ੍ਹਾਂ ਅਣਮੁੱਲੇ ਵਿਚਾਰਾਂ ਨੂੰ ਦਰਸਾਉਂਦੀ ਇਸ ਪੁਸਤਕ ਦਾ ਪਾਠਕਾਂ ਵਲੋਂ ਭਰਪੂਰ ਸਵਾਗਤ ਕੀਤੇ ਜਾਣ ਦੀ ਆਸ ਹੈ।


ਡਾ. ਸੰਦੀਪ ਰਾਣਾ
ਮੋ: 98728-87551

 

 ਗਿਆਨ ਖਜ਼ਾਨਾ
ਲੇਖਕ : ਦਰਸ਼ਨ ਸਿੰਘ ਪ੍ਰੀਤੀਮਾਨ
ਪ੍ਰਕਾਸ਼ਕ : ਗੁੱਡਵਿਲ ਪਬਲੀਕੇਸ਼ਨ, ਮਾਨਸਾ
ਮੁੱਲ : 150 ਰੁਪਏ, ਸਫ਼ੇ : 106
ਸੰਪਰਕ : 97792-97682.


ਵਿਚਾਰ ਅਧੀਨ ਪੁਸਤਕ 'ਗਿਆਨ ਖਜ਼ਾਨਾ' ਤੋਂ ਪਹਿਲਾਂ ਵੀ ਲੇਖਕ ਦੀਆਂ ਕੁਝ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਨ੍ਹਾਂ ਪੁਸਤਕਾਂ ਵਿਚ ਲੇਖਕ ਨੇ ਪੰਜਾਬੀ ਸੱਭਿਆਚਾਰ ਨੂੰ ਹੀ ਪ੍ਰਫੁੱਲਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਪੁਸਤਕ ਵੀ ਗਿਆਨ ਦਾ ਖਜ਼ਾਨਾ ਹੈ। ਲੇਖਕ ਨੇ ਆਪਣੀ ਸਾਰੀ ਉਮਰ ਦਾ ਤਜਰਬਾ ਕਵਿਤਾ ਰਾਹੀਂ ਪਾਠਕਾਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਉਸ ਦੇ ਕਾਵਿ ਟੋਟਿਆਂ ਵਿਚ ਵਿਅੰਗ ਹੈ। ਇਕ ਨਮੂਨਾ ਦੇਖੋ :
'ਖਾ ਪਰਾਇਆ ਗੋਗੜਾਂ ਵਧਾਉਣ ਵਾਲੇ ਨੂੰ।
ਬਖਸ਼ਦੇ ਨਾ ਮੂੰਹੋਂ ਮਿੱਠੇ, ਦਿਲੋਂ ਕਾਲੇ ਨੂੰ।
ਕਲਮਾਂ ਨੇ ਕਰਨਾ ਹੈ ਖ਼ਾਤਮਾ ਬੁਰਾਈ ਦਾ,
ਕਲਮ ਦੇ ਧਨੀ ਨਾਲ ਵੈਰ ਨਹੀਓਂ ਪਾਈ ਦਾ।'
ਲੇਖਕ ਨੇ ਛੋਟੇ-ਛੋਟੇ ਕਾਵਿ ਟੋਟਿਆਂ ਰਾਹੀਂ ਵੱਡੀਆਂ ਗੱਲਾਂ ਕੀਤੀਆਂ ਹਨ। ਉਹ ਆਪਣੇ ਪਿੰਡਾਂ ਦੀ ਗੱਲ ਕਰਦਾ ਹੈ ਤਾਂ ਪਿੰਡ ਦੇ ਘੜੰਮ ਚੌਧਰੀ ਨੂੰ ਨਹੀਂ ਬਖਸ਼ਦਾ। ਉਹ ਗੁਰੂਆਂ, ਪੀਰਾਂ, ਸੂਰਬੀਰ ਯੋਧਿਆਂ ਤੇ ਦੇਸ਼ ਤੋਂ ਜਾਨਾਂ ਵਾਰਨ ਵਾਲਿਆਂ ਨੂੰ ਸਤਿਕਾਰ ਦਿੰਦਾ ਹੈ। ਉਸ ਦੀ ਸ਼ਾਇਰੀ ਪੰਜਾਬ ਜਾਂ ਪੰਜਾਬੀਅਤ ਨੂੰ ਹੀ ਕਲਾਵੇ ਵਿਚ ਨਹੀਂ ਲੈਂਦੀ, ਉਹ ਤਾਂ ਸਾਰੀ ਦੁਨੀਆ ਦੀ ਗੱਲ ਕਰਦਾ ਹੈ। ਉਸ ਨੂੰ ਪਤਾ ਹੈ ਵਿਆਹ ਵਿਚ ਬਰਾਤੀਆਂ ਨੂੰ ਕੀ-ਕੀ ਚਾਹੀਦਾ। ਉਸ ਨੂੰ ਭਾਰਤ ਦੀ ਵੰਡ ਦਾ ਦੁੱਖ ਹੈ। ਉਹ ਉਧਰਲੇ ਪੰਜਾਬ ਲਈ ਝੂਰਦਾ ਹੈ। ਉਹ ਕੁੱਲ ਦੁਨੀਆ ਦੀ ਖੈਰ ਮੰਗਦਾ ਹੈ।
'ਸਾਰੇ ਮੈਨੂੰ ਆਪਣੇ ਜਾਪਣ, ਕੋਈ ਦਿਸੇ ਨਾ ਗ਼ੈਰ।
'ਪ੍ਰੀਤੀਮਾਨ' ਇਕ ਦਿਨ ਤੁਰ ਜਾਣਾ, ਕਾਹਤੋਂ ਰੱਖੀਏ ਵੈਰ।'
ਸੋ, ਲੇਖਕ ਦਰਸ਼ਨ ਸਿੰਘ ਪ੍ਰੀਤੀਮਾਨ ਨੇ 'ਗਿਆਨ ਖਜ਼ਾਨਾ' ਪੁਸਤਕ ਵਿਚ ਸਮੁੰਦਰ ਨੂੰ ਕੁੱਜੇ ਵਿਚ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਸਫਲ ਵੀ ਹੋਇਆ ਹੈ। ਉਸ ਦੀਆਂ ਕਾਵਿ ਟੁਕੜੀਆਂ ਵਿਚ ਜ਼ਿੰਦਗੀ ਦੇ ਤਜਰਬੇ ਦਾ ਨਿਚੋੜ ਹੈ। ਉਹ ਝੂਠੀਆਂ ਫੋਕੀਆਂ ਰਸਮਾਂ 'ਤੇ ਵਿਅੰਗ ਕਰਦਾ ਹੈ। ਉਹ ਸਮਾਜ ਨੂੰ ਸੋਹਣਾ ਦੇਖਣਾ ਚਾਹੁੰਦਾ ਹੈ, ਜਿਥੇ ਹਰ ਇਨਸਾਨ ਜ਼ਿੰਦਗੀ ਦਾ ਅਨੰਦ ਮਾਣੇ। ਪੁਸਤਕ 'ਗਿਆਨ ਖਜ਼ਾਨਾ' ਦਾ ਸਵਾਗਤ ਹੈ।


ਅਵਤਾਰ ਸਿੰਘ ਸੰਧੂ
ਮੋ: 99151-82971.

 

ਨਾਗ ਲੋਕ
ਲੇਖਕ : ਲਾਲ ਸਿੰਘ ਦਿਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 222
ਸੰਪਰਕ : 95011-45039.


'ਨਾਗ ਲੋਕ' ਨਕਸਲੀ ਕਵੀ ਵਜੋਂ ਜਾਣੇ ਗਏ, ਉੱਘੇ ਕਵੀ ਲਾਲ ਸਿੰਘ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ ਤਿੰਨ ਕਿਤਾਬਾਂ 'ਸਤਲੁਜ ਦੀ ਹਵਾ', 'ਬਹੁਤ ਸਾਰੇ ਸੂਰਜ' ਅਤੇ 'ਸੱਥਰ' ਦੀਆਂ ਕਵਿਤਾਵਾਂ ਨੂੰ ਅੰਕਿਤ ਕੀਤਾ ਗਿਆ ਹੈ। ਇਸ ਕਿਤਾਬ ਦੇ ਮੁੱਖ ਬੰਦ ਵਿਚ ਲਾਲ ਸਿੰਘ ਦਿਲ ਦੇ ਦੋਸਤ ਪ੍ਰੇਮ ਪ੍ਰਕਾਸ਼ ਨੇ ਲਿਖਿਆ ਹੈ ਕਿ ਇਹ ਕਿਤਾਬ ਛਾਪਣ ਦਾ ਇਰਾਦਾ ਉਸ ਨੇ 1992 ਵਿਚ ਕੀਤਾ ਸੀ ਪਰ ਇਹਦੇ ਲਈ ਪੈਸੇ ਇਕੱਠੇ ਕਰਦਿਆਂ ਪੰਜ ਸਾਲ ਲੰਘ ਗਏ। ਇਸ ਕਿਤਾਬ ਦਾ ਪਹਿਲਾ ਐਡੀਸ਼ਨ 1998 ਵਿਚ ਛਪਿਆ ਸੀ, ਦੂਸਰਾ 2007 ਵਿਚ ਤੀਸਰਾ 2014 ਵਿਚ ਅਤੇ ਇਹ ਚੌਥਾ 2020 ਵਿਚ ਛਪਿਆ। 'ਮਨੁੱਖੀ ਰੂਹਾਨੀ ਖਜ਼ਾਨਿਆਂ ਦੇ ਨਾਂਅ' ਕੀਤੀ ਗਈ ਇਸ ਕਿਤਾਬ ਵਿਚ ਲਾਲ ਸਿੰਘ ਦੀ ਕਵਿਤਾ ਤੋਂ ਬਿਨਾਂ ਪ੍ਰੇਮ ਪ੍ਰਕਾਸ਼, ਡਾ. ਜਗਤਾਰ, ਡਾ. ਹਰਿਭਜਨ ਸਿੰਘ ਅਤੇ ਅਮਰਜੀਤ ਚੰਦਨ ਦੇ ਲਾਲ ਸਿੰਘ ਦਿਲ ਬਾਰੇ ਲੇਖ ਵੀ ਸ਼ਾਮਿਲ ਹਨ ਅਤੇ ਡਾ. ਗੁਰਇਕਬਾਲ ਸਿੰਘ, ਡਾ. ਰਜਨੀਸ਼ ਬਹਾਦਰ ਸਿੰਘ ਅਤੇ ਡਾ. ਸਰਬਜੀਤ ਸਿੰਘ ਦੀਆਂ ਟਿੱਪਣੀਆਂ ਵੀ ਅੰਕਿਤ ਹਨ। ਇਹ ਸਾਰੇ ਵਿਦਵਾਨ ਲਾਲ ਸਿੰਘ ਦਿਲ ਦੀ ਕਵਿਤਾ ਨੂੰ ਪੰਜਾਬੀ ਕਵਿਤਾ ਦੇ ਵਿਲੱਖਣ ਮੁਹਾਵਰੇ ਵਜੋਂ ਪਛਾਣਦੇ ਹਨ ਅਤੇ ਸਮਝਦੇ ਹਨ ਕਿ ਲਾਲ ਸਿੰਘ ਦਿਲ ਦੀ ਕਵਿਤਾ ਹਮੇਸ਼ਾ ਸੁਹਜ ਅਤੇ ਸੱਚ ਦੇ ਤਣਾਅ ਵਿਚ ਵਿਚਰਦੀ ਹੈ।
ਇਹ ਭੁੱਖਾਂ ਮਾਰੇ ਕੌਣ ਆਰੀਆ ਹਨ?
ਇਹ ਜਾ ਰਹੇ ਨੇ ਰੋਕਣ
ਕਿਸ ਭਾਰਤ ਦੀ ਜ਼ਮੀਨ?
ਨੌਜਵਾਨਾਂ ਨੂੰ ਕੁੱਤੇ ਪਿਆਰੇ ਹਨ
ਉਹ ਕਿਥੇ ਪਾਲਣ
ਮਹਿਲਾਂ ਦੇ ਚਿਹਰਿਆਂ ਦਾ ਪਿਆਰ
ਉਹ ਭੁੱਖਾਂ ਦੇ ਸ਼ਿਕਾਰ ਛੱਡ ਤੁਰੇ ਹਨ
ਇਕ ਹੋਰ ਗ਼ੈਰਾਂ ਦੀ ਜ਼ਮੀਨ।
ਲਾਲ ਸਿੰਘ ਦਿਲ ਇਕ ਜ਼ੋਰਦਾਰ ਦਲਿਤ ਆਵਾਜ਼ ਸੀ ਜਿਸ ਨੇ ਨਾ ਸਿਰਫ ਸਰਕਾਰੀ ਸਿਤਮ ਝੱਲੇ ਸਗੋਂ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਦੀ ਕਠੋਰਤਾ ਨੂੰ ਵੀ ਆਪਣੇ ਪਿੰਡੇ 'ਤੇ ਹੰਢਾਇਆ। ਸਮਾਜਿਕ ਨਾਬਰਾਬਰੀ ਦਾ ਕੌੜਾ ਜ਼ਹਿਰ ਪੀ ਕੇ ਵੀ ਜ਼ਿੰਦਗੀ ਨੂੰ ਬਚਾਈ ਰੱਖਣ ਦਾ ਹਰ ਹੀਲਾ ਕਰਨ ਵਾਲਾ ਇਹ ਮੁਸ਼ੱਕਤੀ, ਭੁੱਖ ਨਾਲ ਲੜਦਾ ਹੋਇਆ ਵੀ ਆਪਣੀ ਕਵਿਤਾ ਲਈ ਸਹਿਜ ਬਣਿਆ ਰਿਹਾ। ਕਵਿਤਾ ਉਸ ਦੇ ਖੂਨ ਵਿਚ ਸੀ ਉਹ ਜੋ ਸਮਝਦਾ, ਜੋ ਵੇਖਦਾ, ਜੋ ਮਹਿਸੂਸ ਕਰਦਾ, ਕਵਿਤਾ ਵਿਚ ਪਰੋ ਦਿੰਦਾ। ਉਸ ਨੂੰ 'ਬਹੁਤ ਚੁੱਪ ਕੀਤਿਆਂ ਦਾ ਕਵੀ' ਕਿਹਾ ਗਿਆ। ਉਸ ਦੀ ਕਵਿਤਾ ਨੂੰ 'ਸਹਿਜ, ਸੁਹਜ ਅਤੇ ਸੰਗੀਤ' ਦਾ ਸੰਗਮ ਕਿਹਾ ਗਿਆ। ਉਸ ਦੀ ਕਵਿਤਾ ਖਰਬੇ ਬੋਲਾਂ ਵਾਲੀ ਹੈ ਜੋ ਪ੍ਰਚੱਲਿਤ ਮੁਹਾਵਰੇ ਤੋਂ ਵਿੱਥ 'ਤੇ ਵਿਚਰ ਰਹੀ ਹੈ। ਉਸ ਦੀ ਕਵਿਤਾ ਵਿਚਲਾ ਪੰਜਾਬੀਅਤ ਦਾ ਸੰਕਲਪ ਕਿਰਤ ਦੇ ਉਸ ਗੂੜ ਨਾਲ ਜੁੜਿਆ ਹੋਇਆ ਹੈ, ਜਿਹੜਾ ਮਿੱਟੀ ਅਤੇ ਮੈਲੇ ਦੀ ਕਰੂਰਤਾ ਨੂੰ ਉਹ ਸ਼ਬਦ ਦਿੰਦਾ ਹੈ ਜੋ ਪਰੰਪਰਾ ਦੇ ਪੋਲੇਪਨ ਤੋਂ ਵਿਛੁੰਨੇ ਹੋਏ ਹਨ।
ਮੈਲਾ ਪਰਨਾ
ਵਧੀ ਦਾਹੜੀ
ਮੁੜ੍ਹਕੇ ਤੇ ਕੋਰ ਦਾ ਕਾਲਾ ਕੀਤਾ ਝੱਗਾ
ਲੱਤਾਂ ਨੰਗੀਆਂ
ਪੈਰ ਪਾਟੇ
ਕੀ ਬੰਗਾਲ
ਕੀ ਕੇਰਲਾ
ਪਸ਼ੂਆਂ ਪਿੱਛੇ ਜਾਂਦੇ ਛੇੜੂ
ਧੂੜ ਵਿਚ ਹਰ ਪਾਸੇ ਪੰਜਾਬੀ ਲਗਦੇ ਹਨ
ਲਾਲ ਸਿੰਘ ਦਿਲ ਦਾ ਪੰਜਾਬ ਸੰਕਲਪ ਰਵਾਇਤੀ ਨਹੀਂ ਹੈ। ਇਹ ਸਿਰਫ ਹਰੇ ਭਰੇ ਖੇਤਾਂ, ਪਿੱਪਲਾਂ, ਬੋਹੜਾਂ ਅਤੇ ਤੂਤਾਂ ਵਾਲਾ ਪੰਜਾਬ ਹੀ ਨਹੀਂ ਹੈ, ਇਹ ਪੰਜਾਬ ਦੇ ਗਲੋਬਲੀ ਬਿੰਬ ਵਾਲਾ ਹੈ
ਮੈਨੂੰ ਪਿਆਰ ਹੋ ਗਿਆ
ਇਸ ਮਿੱਟੀ ਦੀ ਮਹਿਕ ਵਾਲੇ ਫੁੱਲ ਨਾਲ
ਇਕ ਰੰਬੇ ਦੇ ਰੰਗ ਨਾਲ
ਇਸ ਦੇ ਹੱਥੇ ਤੇ
ਜੋ ਹੱਥਾਂ ਨਾਲ ਘਸਮਸ ਕੇ
ਆ ਚੁੱਕੀ ਹੈ ਕੋਮਲਤਾ
ਕਲਾ ਨਾਲੋਂ ਪਿਆਰੀ ਹੈ।
ਰੰਬੇ ਦੇ ਹੱਥੇ ਦੀ ਕੋਮਲਤਾ ਨੂੰ ਕਲਾ ਤੋਂ ਵੀ ਪਿਆਰੀ ਸਮਝਣ ਦਾ ਅਹਿਸਾਸ ਲਾਲ ਸਿੰਘ ਦਿਲ ਵਲੋਂ ਲਿਖੀ ਗਈ ਕਠੋਰ ਕਵਿਤਾ ਦਾ ਹਾਸਲ ਹੈ। ਪੰਜਾਬੀ ਕਵਿਤਾ ਦੇ ਕ੍ਰਾਂਤੀਕਾਰੀ ਦੌਰ ਦਾ ਇਹ ਵਿਲੱਖਣ ਕਵੀ ਕਵਿਤਾ ਦੇ ਇਤਿਹਾਸ ਦਾ ਚਮਕਦਾ ਸਿਤਾਰਾ ਹੈ। ਚੇਤਨ ਪ੍ਰਕਾਸ਼ਨ ਨੇ ਇਹ ਕਿਤਾਬ ਛਾਪ ਕੇ ਵਡਮੁੱਲਾ ਕਾਰਜ ਕੀਤਾ ਹੈ। ਕਵਿਤਾ ਦੇ ਹਰ ਪਾਠਕ ਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ।


ਡਾ. ਲਖਵਿੰਦਰ ਸਿੰਘ ਜੌਹਲ
ਮੋ: 94171-94812


ਮੁੜ ਆ ਲਾਮਾਂ ਤੋਂ
ਨਾਟਕਕਾਰ : ਆਤਮਜੀਤ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਪੰਨੇ: 100
ਸੰਪਰਕ : 0172-5027429


ਨਾਟਕ 'ਮੁੜ ਆ ਲਾਮਾਂ ਤੋਂ' ਪੰਜਾਬੀ ਦੇ ਸਿਰਮੌਰ ਨਾਟਕਕਾਰ ਆਤਮਜੀਤ ਦੁਆਰਾ ਲਿਖਿਆ ਗਿਆ ਹੈ। ਨਾਟਕ ਦਾ ਵਿਸ਼ਾ ਪਹਿਲੇ ਸੰਸਾਰ ਯੁੱਧ ਦੇ ਅਖੀਰਲੇ ਦਿਨਾਂ ਦੌਰਾਨ, ਯੂੂਰਪ ਦੀ ਕਿਸੇ ਜੰਗੀ ਟਰੈਂਚ 'ਤੇ ਲੜ ਰਹੇ ਫ਼ੌਜੀਆਂ ਦੀ ਮਾਨਸਿਕਤਾ, ਹਾਵਾਂ-ਭਾਵਾਂ, ਸੋਚ ਅਤੇ ਜ਼ਹਿਨੀਅਤ ਨੂੰ ਵੱਖਰੇ ਕੋਣ ਤੋਂ ਵੱਖ-ਵੱਖ ਸੱਭਿਆਚਾਰਕ ਰਹਿਤਲਾਂ ਦੇ ਪ੍ਰਸੰਗ ਵਿਚ ਪ੍ਰਸਤੁਤ ਕਰਨਾ ਹੈ। ਟਰੈਂਚ ਵਿਚ ਲੁਕੇ ਹੋਏ ਕੁਝ ਫ਼ੌਜੀ ਪਾਤਰ ਜਿਨ੍ਹਾਂ ਨੂੰ ਕਿਸੇ ਵੀ ਵੇਲੇ ਮੌਤ ਆਪਣੀ ਆਗੋਸ਼ ਵਿਚ ਸਮਾ ਸਕਦੀ ਹੈ, ਦੇ ਮਨਾਂ ਅੰਦਰ ਆਪਣੇ ਮਾਂ-ਬਾਪ ਅਤੇ ਘਰਦਿਆਂ ਲਈ ਪਿਆਰ, ਪ੍ਰੇਮਿਕਾ ਨਾਲ ਵਿਆਹ ਕਰਵਾ ਕੇ ਹੁਸੀਨ ਜ਼ਿੰਦਗੀ ਜਿਊਣ ਦੇ ਸੁਪਨੇ, ਦੋ ਮਹੀਨੇ ਪਹਿਲਾਂ ਵਿਆਹੀ ਪਤਨੀ ਦੀ ਯਾਦ, ਸਮਾਜ ਵਿਚ ਜਾਤੀਗਤ ਊਚ-ਨੀਚ ਦੀ ਕਸਕ, ਆਪਣੇ ਸੱਭਿਆਚਾਰ 'ਤੇ ਮਾਣ, ਯਾਰੀਆਂ ਪੁਗਾਉਣ ਅਤੇ ਇਕੱਠੇ ਜਨਮ-ਮਰਨ ਦੇ ਵਾਅਦੇ, ਹੱਥਾਂ ਵਿਚ ਬੰਦੂਕਾਂ/ਬੰਬ ਅਤੇ ਦਿਲ ਦੀਆਂ ਧੁਰ ਗਹਿਰਾਈਆਂ ਵਿਚ, ਇਨ੍ਹਾਂ ਮਾਰੂ ਜੰਗਾਂ ਪ੍ਰਤੀ ਘ੍ਰਿਣਾ ਆਦਿ ਅਨੇਕਾਂ ਕੋਣਾਂ ਨੂੰ ਸਮੇਟਦਾ ਇਹ ਨਾਟਕ ਫ਼ੌਜੀਆਂ ਬਾਰੇ ਪ੍ਰਚੱਲਿਤ ਸਮਾਜਿਕ ਧਾਰਨਾ ਕਿ ਫ਼ੌਜੀ ਦਾ ਮੰਤਵ ਦੇਸ਼ ਲਈ ਸ਼ਹੀਦ ਹੋਣ ਜਾਂ ਦੁਸ਼ਮਣ ਨੂੰ ਚਿੱਤ ਕਰਨ ਤੱਕ ਹੀ ਸੀਮਤ ਹੁੰਦਾ ਹੈ, ਦਾ ਖੰਡਨ ਕਰਦਾ ਹੈ।
ਨਾਟਕ ਵਿਚ ਦੋ ਸਿੱਖ, ਦੋ ਮੁਸਲਿਮ, ਇਕ ਡੋਗਰਾ ਅਤੇ ਇਕ ਮੁਸਲਮਾਨ (ਪਠਾਣ) ਪਾਤਰ ਅਤੇ ਦੋ ਗ਼ੈਰ-ਹਾਜ਼ਰ ਪਾਤਰ (ਹਰਿਆਣਵੀ ਅਤੇ ਗੋਰਖਾ) ਸਮੇਤ ਸੱਤ ਫ਼ੌਜੀ ਪਾਤਰ ਹਨ। ਪਾਤਰ ਉਸਾਰੀ ਦੀ ਦ੍ਰਿਸ਼ਟੀ ਤੋਂ ਸਪੱਸ਼ਟ ਹੈ ਕਿ ਇਹ ਵੱਖ-ਵੱਖ ਪਾਤਰ ਵੱਖ-ਵੱਖ ਸਮਾਜਿਕ-ਸੱਭਿਆਚਾਰਕ ਵਖਰੇਵਿਆਂ ਦੀ ਪ੍ਰਤੀਨਿਧਤਾ ਕਰਦੇ ਹਨ। ਇਹ ਸਾਰੇ ਅੰਗਰੇਜ਼ੀ ਫ਼ੌਜ ਦੇ ਸਿਪਾਹੀਆਂ ਦੀ ਹੈਸੀਅਤ ਵਿਚ ਅੰਗਰੇਜ਼ਾਂ ਲਈ ਲੜਦੇ ਹਨ ਅਤੇ ਇਨ੍ਹਾਂ ਦਾ ਅੰਤਿਮ ਉਦੇਸ਼ ਵੀ ਇਕੋ ਹੈ ਪ੍ਰੰਤੂ ਫਿਰ ਵੀ ਧੁਰ ਅੰਦਰ ਅੰਤ ਤੱਕ, ਹੱਸਦੀ-ਵੱਸਦੀ ਜ਼ਿੰਦਗੀ ਜਿਊਣ ਦੀ ਲਰਜ਼ਦੀ ਖਾਹਿਸ਼ ਪਲਮਦੀ ਵਿਖਾਈ ਦਿੰਦੀ ਹੈ।
ਇਨ੍ਹਾਂ ਤੋਂ ਇਲਾਵਾ ਅੰਗਰੇਜ਼ ਫ਼ੌਜੀ ਅਫਸਰ ਸੂਨ ਇਕ ਕਵੀ ਪਾਤਰ ਹੈ ਜਿਸ ਦੀਆਂ ਕਵਿਤਾਵਾਂ ਵਿਚ ਜੰਗਾਂ-ਯੁੱਧਾਂ ਪ੍ਰਤੀ ਨਫ਼ਰਤ ਅਤੇ ਸਮੁੱਚੀ ਮਾਨਵਤਾ ਦੀ ਖੈਰੀਅਤ ਦਾ ਜਜ਼ਬਾ ਹੈ। ਜਰਮਨ, ਬਲੂਮਾ ਅਤੇ ਫਿਲ ਜਿਹੇ ਪਾਤਰ ਇਨ੍ਹਾਂ ਜੰਗਾਂ ਵਿਚ ਆਰਥਿਕ, ਮਾਨਸਿਕ ਅਤੇ ਸਰੀਰਕ ਪੱਧਰ 'ਤੇ ਲੁੱਟੀ-ਪੁੱਟੀ ਜਾਂਦੀ ਸਾਧਾਰਨ ਜਨਤਾ ਦੀ ਹੋਣੀ ਨੂੰ ਬਿਆਨ ਕਰਦੇ ਹਨ।
ਨਾਟਕ ਦੇ ਛੇਵੇਂ ਦ੍ਰਿਸ਼ ਵਿਚ ਨਾਟਕ ਦੀ ਸਹਿਜ ਗਤੀ ਨੂੰ ਰੋਕ ਕੇ ਮਾਤਾ ਹਰੀ ਪਾਤਰ ਦਾ ਪ੍ਰਵੇਸ਼ ਇਕ ਬਹੁਤ ਹੀ ਵਿਲੱਖਣ ਤਜਰਬਾ ਹੈ ਜਿਸ ਰਾਹੀਂ ਨਾਟਕਕਾਰ ਔਰਤ ਜਾਤੀ ਬਾਰੇ ਜਿਵੇਂ ਕਿ ਅਬਲਾ, ਕਮਜ਼ੋਰ, ਡਰਪੋਕ, ਚਾਰਦੀਵਾਰੀ ਤੱਕ ਮਹਿਦੂਦ ਰਹਿਣ ਜਿਹੀਆਂ ਕੁਝ ਕੁ ਸਥਾਪਤ ਸਮਾਜਿਕ ਮਾਨਤਾਵਾਂ ਨੂੰ ਰੱਦ ਕਰਦਾ ਹੋਇਆ, ਇਕ ਬਹੁਤ ਹੀ ਮਜ਼ਬੂਤ ਕਰੈਕਟਰ ਵਜੋਂ ਪੇਸ਼ ਕਰਦਾ ਹੈ।
ਦੂਜੇ ਸਾਹਿਤ ਰੂਪਾਂ ਦੇ ਮੁਕਾਬਲੇ ਨਾਟਕ ਦੀ ਸਫਲਤਾ ਉਸ ਦੀਆਂ ਨਾਟਕੀ ਮੰਚਨ ਦੀਆਂ ਸੰਭਾਵਨਾਵਾਂ 'ਤੇ ਨਿਰਭਰ ਕਰਦੀ ਹੈ। ਇਸ ਦ੍ਰਿਸ਼ਟੀ ਤੋਂ ਆਤਮਜੀਤ ਦਾ ਹਥਲਾ ਨਾਟਕ ਪਾਤਰਾਂ ਅਨੁਸਾਰ ਢੁੱਕਵੇਂ ਵਾਰਤਾਲਾਪ, ਅਨੁਕੂਲ ਵਾਤਾਵਰਨ ਅਤੇ ਪ੍ਰਭਾਵਸ਼ਾਲੀ ਤੇ ਵਾਸਤਵਿਕ ਨਾਟਕੀ ਵੇਰਵਿਆਂ ਨਾਲ ਓਤ-ਪੋਤ ਹੋਣ ਕਾਰਨ, ਪੜ੍ਹਦਿਆਂ-ਪੜ੍ਹਦਿਆਂ ਹੀ ਆਪਣੇ ਮਨ-ਮੰਚ 'ਤੇ ਇਸ ਦੇ ਮੰਚਨ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ।


ਡਾ. ਪ੍ਰਦੀਪ ਕੌੜਾ
ਮੋ: 95011-15200

12-06-2021

 ਲਫ਼ਜ਼ਾਂ ਦੇ ਹਮਸਫ਼ਰ
(ਟ੍ਰਾਈਸਿਟੀ ਦੇ ਪੰਜਾਬੀ ਲੇਖਕ)
ਲੇਖਿਕਾ : ਨਰਿੰਦਰ ਕੌਰ ਨਸਰੀਨ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 97793-98457.

ਚਰਚਾ ਅਧੀਨ ਪੁਸਤਕ ਵਿਚ, ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਤਿੰਨ ਸ਼ਹਿਰਾਂ ਦੇ ਸਤਾਨਵੇਂ ਲੇਖਕ, ਪੱਤਰਕਾਰ, ਰੰਗਕਰਮੀ, ਸਮਾਜ ਸੇਵਕ, ਸੱਭਿਆਚਾਰਕ ਕਾਮਿਆਂ ਦਾ ਜੀਵਨ ਬਿਓਰਾ, ਦ੍ਰਿਸ਼ਟੀਗੋਚਰ ਕੀਤਾ ਗਿਆ ਹੈ। ਨਾਲ-ਨਾਲ ਲੇਖਕਾਂ ਬਾਰੇ ਅਤੇ ਉਨ੍ਹਾਂ ਦੀ ਲੇਖਣੀ ਬਾਰੇ ਸਾਰਥਕ ਟਿੱਪਣੀਆਂ ਵੀ ਕੀਤੀਆਂ ਗਈਆਂ ਹਨ। ਇਹ ਪੁਸਤਕ ਨਿਰਸੰਦੇਹ ਸ਼ਾਨਦਾਰ ਸ਼ੈਲੀ ਵਾਲੀ ਹੈ। ਪਰ ਰਸੂਲ ਹਮਜ਼ਾਤੋਵ ਦੀ ਵਿਸ਼ਵ ਪ੍ਰਸਿੱਧ ਪੁਸਤਕ 'ਮੇਰਾ ਦਾਗਿਸਤਾਨ' ਨਾਲ ਇਸ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ।
ਲੇਖਕਾਂ ਦੀ ਸੂਚੀ ਵਿਚ, ਡਾ. ਮਨਮੋਹਣ, ਜਸਬੀਰ ਭੁੱਲਰ, ਜੰਗ ਬਹਾਦਰ ਗੋਇਲ, ਪ੍ਰੇਮ ਗੋਰਖੀ, ਡਾ. ਨਾਹਰ ਸਿੰਘ, ਗੁਲਜ਼ਾਰ ਸਿੰਘ ਸੰਧੂ, ਡਾ. ਗੁਰਮਿੰਦਰ ਸਿੱਧੂ, ਸਿਰੀ ਰਾਮ ਅਰਸ਼, ਡਾ. ਸਰਬਜੀਤ ਕੌਰ ਸੋਹਲ, ਸੁਖਦੇਵ ਸਿੰਘ ਸਿਰਸਾ, ਡਾ. ਸਰਬਜੀਤ ਸਿੰਘ, ਡਾ. ਸਾਹਿਬ ਸਿੰਘ, ਡਾ. ਬ੍ਰਿਜਿੰਦਰ ਸਿੰਘ ਰਤਨ, ਮਨਮੋਹਨ ਸਿੰਘ ਦਾਊਂ, ਪਰਮਜੀਤ ਪਰਮ, ਕਾਨ੍ਹਾ ਸਿੰਘ, ਅਤੈ ਸਿੰਘ, ਮਨਜੀਤ ਇੰਦਰਾ, ਰਮਾ ਰਤਨ, ਦਲਜੀਤ ਕੌਰ ਦਾਊਂ, ਡਾ. ਦੀਪਕ ਮਨਮੋਹਨ ਸਿੰਘ, ਤਾਰਨ ਗੁਜਰਾਲ, ਸ਼ਿਵ ਨਾਥ, ਮਲਕੀਅਤ ਬਸਰਾ, ਡਾ. ਸਵੈਰਾਜ ਸੰਧੂ, ਅਵਤਾਰ ਸਿੰਘ ਭੰਵਰਾ, ਸੁਸ਼ੀਲ ਦੁਸਾਂਝ, ਰਿਪੁਦਮਨ ਸਿੰਘ ਰੂਪ, ਸ਼ਰਨਜੀਤ ਕੌਰ, ਗੋਵਰਧਨ ਗੱਬੀ, (ਕਈ ਰਹਿ ਵੀ ਗਏ ਹੋਣਗੇ) ਪੰਜਾਬੀ ਸਾਹਿਤ ਵਿਚ ਚਰਚਿਤ ਹਸਤਾਖ਼ਰ ਹਨ। ਕਈ ਸਰਗਰਮ ਪੱਤਰਕਾਰਾਂ, ਰੰਗਕਰਮੀਆਂ, ਸਮਾਜਿਕ ਅਤੇ ਸੱਭਿਆਚਾਰਕ ਕਾਮਿਆਂ ਨਾਲ ਤੁਆਰਫ ਕਰਾ ਕੇ ਉਨ੍ਹਾਂ ਦੇ ਕੰਮ ਅਤੇ ਵਿਅਕਤਿਤਵ ਨੂੰ, ਇਸ ਪੁਸਤਕ ਵਿਚ ਰੂਪਮਾਨ ਕੀਤਾ ਗਿਆ ਹੈ। ਇਸ ਲਈ ਲੇਖਿਕਾ ਵਧਾਈ ਦੀ ਪਾਤਰ ਹੈ।
ਅਸਲ ਵਿਚ ਇਹ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਦੇ ਲੇਖਕਾਂ, ਪੱਤਰਕਾਰਾਂ, ਰੰਗਕਰਮੀਆਂ, ਸਮਾਜਿਕ ਅਤੇ ਸੱਭਿਆਚਾਰਕ ਕਾਮਿਆਂ ਦਾ ਇਕ ਵਿਲੱਖਣ ਕੋਸ਼ ਬਣ ਗਿਆ ਹੈ। ਇਸ 'ਚੋਂ ਜੀਹਨੂੰ ਮਰਜ਼ੀ ਲੱਭ ਲਉ। ਮੈਨੂੰ ਇਹ ਵੀ ਮਹਿਸੂਸ ਹੋਇਆ ਹੈ ਕਿ ਕੁਝ ਉੱਘੇ ਲੇਖਕ, ਨਾਮਵਰ ਪੱਤਰਕਾਰ, ਰੰਗਕਰਮੀ, ਸਮਾਜਿਕ ਕਾਮੇ ਇਸ ਪੁਸਤਕ ਵਿਚ ਨਜ਼ਰ ਨਹੀਂ ਆਏ। ਕਿਸੇ ਕਾਰਨਵਸ ਰਹਿ ਗਏ ਹੋਣਗੇ। ਉਨ੍ਹਾਂ ਦੀ ਤਲਾਸ਼ ਕਰਕੇ, ਅਗਲੇ ਸੰਸਕਰਨ ਵਿਚ ਸ਼ਾਮਿਲ ਵੀ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਲੇਖਿਕਾ ਦੀ ਕੀਤੀ ਮਿਹਨਤ ਨੂੰ ਚਾਰ ਚੰਨ ਲੱਗ ਜਾਣਗੇ। ਇਹ ਦਸਤਾਵੇਜ਼ ਹੋਰ ਵੀ ਪੂਰਨਤਾ ਹਾਸਲ ਕਰ ਸਕੇਗਾ। ਪੰਜਾਬੀ ਸਾਹਿਤ ਵਿਚ, ਇਸ ਪੁਸਤਕ ਦੇ ਆਗਮਨ ਦਾ ਮੈਂ ਹਾਰਦਿਕ ਅਭਿਨੰਦਨ ਕਰਦਾ ਹਾਂ। ਲੇਖਿਕਾ ਨਰਿੰਦਰ ਕੌਰ ਨਸਰੀਨ ਦੀ ਲਗਨ ਅਤੇ ਮਿਹਨਤ ਦੀ ਦਾਦ ਦੇਣੀ ਬਣਦੀ ਹੈ। ਉਸ ਕੋਲੋਂ ਭਵਿੱਖ ਵਿਚ ਹੋਰ ਵੀ ਸਸ਼ਕਤ ਸਾਹਿਤ ਸਿਰਜਣਾ ਦੀ ਉਮੀਦ ਬੱਝਦੀ ਹੈ।

-ਪ੍ਰਿੰ: ਹਰੀ ਕ੍ਰਿਸ਼ਨ ਮਾਇਰ
ਮੋ: ੯੭੮੦੬-੬੭੬੮੬

ਪੂੰਜੀਵਾਦੀ ਵਿਸ਼ਵੀਕਰਨ
ਕਿਸਾਨੀ ਖੇਤੀ ਸੰਕਟ ਤੇ ਖੇਤੀ ਕਾਨੂੰਨ
ਲੇਖਕ : ਡਾ. ਸੁਰਜੀਤ ਬਰਾੜ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 250 ਰੁਪਏ, ਸਫ਼ੇ : 304
ਸੰਪਰਕ : 98553-71313.

ਡਾ. ਸੁਰਜੀਤ ਸਿੰਘ ਬਰਾੜ ਦੀ ਇਹ ਬਹੁਤ ਸਹੀ ਧਾਰਨਾ ਹੈ ਕਿ ਵੈਸ਼ਵਿਕ ਪੂੰਜੀਵਾਦ ਹੀ ਮੌਜੂਦਾ ਵਿਸ਼ਵ ਦੇ ਬਹੁਤ ਸਾਰੇ ਸੱਭਿਆਚਾਰਕ ਅਤੇ ਆਰਥਿਕ ਮਸਲਿਆਂ ਦਾ ਕਾਰਨ-ਕਾਰਕ ਹੈ। ਉਹ ਪਿਛਲੇ ਡੇਢ-ਦੋ ਦਹਾਕਿਆਂ ਤੋਂ ਪੂੰਜੀਵਾਦ ਦੇ ਇਸ ਨਵੇਂ ਰੂਪ ਬਾਰੇ ਚਰਚਾ ਕਰ ਰਿਹਾ ਹੈ। ਹੁਣ ਪਿਛਲੇ ਕੁਝ ਮਹੀਨਿਆਂ ਤੋਂ ਖੇਤੀਬਾੜੀ ਸਬੰਧੀ ਨਵੇਂ ਕਾਨੂੰਨਾਂ ਦੇ ਵਿਰੋਧ ਵਿਚ ਜਿਵੇਂ ਹੀ ਕਿਸਾਨ ਸਿਰ-ਧੜ ਦੀ ਬਾਜ਼ੀ ਲਾਈ ਬੈਠੇ ਹਨ ਅਤੇ ਕੇਂਦਰੀ ਸਰਕਾਰ ਨੂੰ ਸਮਝਾਉਣ ਦੀਆਂ ਸੁਹਿਰਦ ਕੋਸ਼ਿਸ਼ਾਂ ਕਰ ਰਹੇ ਹਨ ਪ੍ਰੰਤੂ ਸਰਕਾਰ ਦੇ ਮੂੰਹ ਨੂੰ ਲਹੂ ਲੱਗ ਗਿਆ ਹੈ। ਉਸ ਨੇ ਪਿਛਲੇ ਪੰਜ-ਛੇ ਵਰ੍ਹਿਆਂ ਵਿਚ ਕਈ ਤੁਗ਼ਲਕੀ ਫ਼ਰਮਾਨ ਜਾਰੀ ਕਰਕੇ ਭਾਰਤੀ ਸਮਾਜ ਨੂੰ ਟੋਹ ਲਿਆ ਹੈ। ਉਸ ਨੂੰ ਲਗਦਾ ਹੈ ਕਿ ਲੋਕ-ਰੋਹ ਜਾਂ ਅੰਦੋਲਨ ਉਸ ਦਾ ਕੁਝ ਨਹੀਂ ਵਿਗਾੜ ਸਕਣਗੇ। ਇਸ ਕਾਰਨ ਉਸ ਨੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਦੀ ਕੋਈ ਲੋੜ ਹੀ ਨਹੀਂ ਸਮਝੀ। ਕਿਸਾਨ ਯੋਧੇ ਵੀ ਸਰਕਾਰ ਦੀ ਬਦਨੀਤੀ ਨੂੰ ਪਛਾਣੀ ਖੜ੍ਹੇ ਹਨ। ਇਸ ਕਾਰਨ ਉਹ ਆਰ-ਪਾਰ ਦੀ ਲੜਾਈ ਲੜਨ ਵਾਸਤੇ ਪੂਰੀ ਤਰ੍ਹਾਂ ਨਾਲ ਤਤਪਰ ਹਨ।
ਵਿਦਵਾਨ ਸੰਪਾਦਕ ਨੇ ਪੁਸਤਕ ਵਿਚਲੇ 60 ਲੇਖਾਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਕਿਸਾਨੀ-ਸੰਕਟ ਦੇ ਪ੍ਰਮੁੱਖ ਪਹਿਲੂਆਂ ਬਾਰੇ ਵਿਚਾਰ ਕੀਤੀ ਗਈ ਹੈ, ਜਿਵੇਂ : ਕਰਜ਼ੇ ਦੀ ਸਮੱਸਿਆ, ਘਟ ਰਹੀ ਭੋਇੰ-ਮਾਲਕੀ, ਕਿਸਾਨ-ਖ਼ੁਦਕੁਸ਼ੀਆਂ, ਪੰਜਾਬੀ ਪੇਂਡੂ ਸਮਾਜ ਦੇ ਸੰਕਟ... ਆਦਿ। ਦੂਜੇ ਭਾਗ ਵਿਚ ਇਸ ਸੰਕਟ ਦੇ ਨਿਵਾਰਨ ਲਈ ਕੁਝ ਸੁਝਾਅ ਦੱਸੇ ਗਏ ਹਨ। ਜਿਵੇਂ ਕਿੱਤਿਆਂ ਦੀ ਵੰਨ-ਸੁਵੰਨਤਾ, ਕਿਸਾਨੀ ਆਮਦਨ ਵਿਚ ਵਾਧਾ, ਮੰਡੀਕਰਨ ਦੇ ਨਵੇਂ ਕਾਨੂੰਨ ਅਤੇ ਕਰਜ਼ਾ ਮੁਆਫ਼ੀ ਦਾ ਸੱਚ... ਆਦਿ। ਤੀਜੇ ਭਾਗ ਵਿਚ ਖੇਤੀਬਾੜੀ ਨਾਲ ਸਬੰਧਿਤ ਨਵੇਂ ਕਾਨੂੰਨਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। (ਡਾ.) ਗਿਆਨ ਸਿੰਘ, ਸੁੱਚਾ ਸਿੰਘ ਗਿੱਲ, ਸੁਖਪਾਲ ਸਿੰਘ, ਹਮੀਰ ਸਿੰਘ, ਜਗਮੋਹਨ ਸਿੰਘ ਉੱਪਲ, ਪ੍ਰੋ: ਪ੍ਰੀਤਮ ਸਿੰਘ ਅਤੇ ਡਾ. ਮੋਹਨ ਸਿੰਘ ਨੇ ਇਨ੍ਹਾਂ ਕਾਨੂੰਨਾਂ ਦੇ ਕਾਰਨ ਪੈਦਾ ਹੋਣ ਵਾਲੇ ਦੁਸ਼ਪ੍ਰਭਾਵਾਂ ਬਾਰੇ ਚਿਤਾਵਨੀ ਦਿੱਤੀ ਹੈ।
ਡਾ. ਸੁੱਚਾ ਸਿੰਘ ਗਿੱਲ ਨੇ ਖੇਤੀਬਾੜੀ ਦੇ ਮੌਜੂਦਾ ਸੰਕਟ ਬਾਰੇ ਚਰਚਾ ਕਰਦਿਆਂ ਲਿਖਿਆ ਹੈ ਕਿ ਕਿਸੇ ਵੀ ਮੁਲਕ ਵਿਚ ਖੇਤੀ ਦਾ ਵਿਕਾਸ ਸਰਕਾਰ ਦੀ ਮਦਦ ਤੋਂ ਬਗੈਰ ਸੰਭਵ ਨਹੀਂ ਹੈ। ਸਰਕਾਰੀ ਮਦਦ/ਸਬਸਿਡੀ ਤੋਂ ਬਗੈਰ ਖੇਤੀ ਨੂੰ ਬਚਾਇਆ ਨਹੀਂ ਜਾ ਸਕਦਾ। ਅਮਰੀਕਾ, ਯੂਰਪ, ਆਸਟਰੇਲੀਆ ਅਤੇ ਜਾਪਾਨ, ਆਪਣੇ ਕਿਸਾਨਾਂ ਨੂੰ ਕਈ ਗੁਣਾ ਸਬਸਿਡੀ ਦੇ ਰਹੇ ਹਨ ਪਰ ਭਾਰਤ ਸਰਕਾਰ ਮਾੜੀ-ਮੋਟੀ ਸਬਸਿਡੀ ਨੂੰ ਵੀ ਖ਼ਤਮ ਕਰਨ 'ਤੇ ਤੁਲੀ ਹੋਈ ਹੈ। ਇਸ ਨੀਤੀ ਦੇ ਮੁਲਕ ਵਾਸਤੇ ਭਿਆਨਕ ਨਤੀਜੇ ਹੋ ਸਕਦੇ ਹਨ। (ਪੰਨੇ 303-04) ਡਾ. ਸੁਖਪਾਲ ਸਿੰਘ ਮੌਜੂਦਾ ਸੰਘਰਸ਼ ਦੀ ਤਹਿ ਤੱਕ ਜਾਂਦਾ ਹੋਇਆ ਲਿਖਦਾ ਹੈ, 'ਮੁੱਦਾ ਆਰਡੀਨੈਂਸਾਂ ਰਾਹੀਂ ਖੇਤੀ ਸੁਧਾਰਾਂ ਦਾ ਨਹੀਂ, ਸਗੋਂ ਖੇਤੀ ਸੈਕਟਰ ਨੂੰ ਪ੍ਰਾਈਵੇਟ ਕੰਪਨੀਆਂ ਦੇ ਸਪੁਰਦ ਕਰਨ ਦਾ ਹੈ। ਕਿਸਾਨ ਸਰਕਾਰ ਦੀ ਬਦਨੀਤੀ ਨੂੰ ਬੇਨਕਾਬ ਕਰ ਚੁੱਕੇ ਹਨ ਅਤੇ ਇਸ ਮੰਤਵ ਲਈ ਡਟੇ ਰਹਿਣਗੇ।' ਡਾ. ਸੁਰਜੀਤ ਬਰਾੜ ਦਾ ਯਤਨ ਸ਼ਲਾਘਾਯੋਗ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਆਸ ਦੀ ਕਿਰਨ-2
ਨਾਵਲਕਾਰ : ਕੁਲਦੀਪ ਸਿੰਘ ਕੱਬਰਵਾਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 225 ਰੁਪਏ, ਸਫ਼ੇ : 122
ਸੰਪਰਕ : 94638-36591.

ਨਾਵਲਕਾਰ, ਕਹਾਣੀਕਾਰ, ਬਾਲ ਸਾਹਿਤਕਾਰ ਅਤੇ ਅਨੁਵਾਦਕ ਕੁਲਦੀਪ ਸਿੰਘ ਕੱਬਰਵਾਲ ਦਾ ਤੀਜਾ ਨਾਵਲ 'ਆਸ ਦੀ ਕਿਰਨ-2' ਉਸ ਦੇ 2011 ਵਿਚ ਛਪੇ ਨਾਵਲ 'ਆਸ ਦੀ ਕਿਰਨ' ਦਾ ਹੀ ਦੂਜਾ ਭਾਗ ਹੈ। ਇਸ ਸਾਕਾਰਾਤਮਿਕ ਸਿਰਲੇਖ ਵਾਲੇ ਨਾਵਲ ਦੀ ਸੁਰ ਵੀ ਆਦਰਸ਼ਵਾਦੀ ਅਤੇ ਆਸ਼ਾਵਾਦੀ ਹੈ। ਨਾਵਲ ਦਾ ਕਥਾਨਕ ਇਕ ਸ਼ਹਿਰੀ ਮੈਸ-ਵਰਮੀ ਪਰਿਵਾਰ ਦੇ ਰਵਦੀਪ, ਉਸ ਦੀ ਪਤਨੀ ਜਸਪ੍ਰੀਤ, ਸਾਲੇ ਜਸਜੀਤ, ਬਜ਼ੁਰਗ ਔਰਤ ਨਾਨੀ, ਸਬ ਜੱਜ ਜਸਵਿੰਦਰ ਆਦਿ ਪਾਤਰਾਂ ਦੇ ਇਰਦ-ਗਿਰਦ ਬੁਣਿਆ ਗਿਆ ਹੈ। ਪੜ੍ਹਿਆ-ਲਿਖਿਆ ਤੇ ਮੱਧ ਵਰਗੀ ਪਰਿਵਾਰ ਰਹੁ-ਰੀਤਾਂ ਤੇ ਪਰੰਪਰਾਵਾਂ ਨੂੰ ਮੰਨਣ ਵਾਲਾ ਪਰਿਵਾਰ ਹੈ। ਘਰੇਲੂ ਤਾਣਾ-ਬਾਣਾ ਤੇ ਰਸਮੋ-ਰਿਵਾਜ ਹਨ। ਪਰ ਨਾਵਲ ਵਿਚ ਬਜ਼ੁਰਗ ਨਾਨੀ ਨੂੰ ਉਸ ਦੇ ਕਈ ਪੁੱਤਰਾਂ ਦੇ ਹੁੰਦਿਆਂ ਧੀ-ਜਵਾਈ ਪਾਸ ਰਹਿਣਾ ਅਜੋਕੇ ਸਮੇਂ ਦਾ ਆਮ ਤੇ ਗੰਭੀਰ ਮਸਲਾ ਹੈ, ਜਿਸ ਵੱਲ ਪਾਠਕ ਦਾ ਧਿਆਨ ਸ਼ਿੱਦਤ ਨਾਲ ਦੁਆਇਆ ਗਿਆ ਹੈ। ਇੰਜ ਹੀ ਰਵਦੀਪ ਦਾ ਵਿਗੜੈਲ ਸਾਲਾ ਜਸਜੀਤ ਜੋ ਨਸ਼ੇ ਦੀ ਸਮੱਗਲਿੰਗ ਅਤੇ ਨਸ਼ਿਆਂ ਵਿਚ ਗਲਤਾਨ ਹੋ ਚੁੱਕਿਆ ਹੈ ਅਤੇ ਉਸ ਦੇ ਭਰਾ ਮਨਜੀਤ ਦੀ ਪਤਨੀ ਵਲੋਂ ਸਾਰੇ ਸਹੁਰੇ ਪਰਿਵਾਰ ਨੂੰ ਪੁਲਿਸ ਤੇ ਅਦਾਲਤ ਵਿਚ ਘੜੀਸਣਾ ਵੀ ਇਕ ਆਮ ਜਿਹਾ ਵਰਤਾਰਾ ਹੋ ਗਿਆ ਹੈ, ਜਿਸ ਕਰਕੇ ਕਈ ਪਰਿਵਾਰ ਪੀੜਤ ਹਨ। ਉਲਝਣ ਅਤੇ ਤਣਾਅ ਦੇ ਸ਼ਿਕਾਰ ਹਨ। ਪਰ ਇਕ ਘਟਨਾਕ੍ਰਮ ਵਿਚ ਜਸਜੀਤ ਦਾ ਆਪਣੀ ਭੈਣ ਦੇ ਘਰ ਹੀ ਨਸ਼ਾ ਲੁਕਾਉਂਦਿਆਂ ਫਸ ਜਾਣਾ, ਉਸ ਦੇ ਜੀਵਨ ਵਿਚ ਯੂ-ਟਰਨ ਲੈ ਆਉਂਦਾ ਹੈ। ਕੁਰਾਹੇ ਪਿਆ ਜਸਮੀਤ ਸਹੀ ਰਾਹ ਵੱਲ ਮੁੜ ਜਾਂਦਾ ਹੈ। ਰਵਦੀਪ ਅਤੇ ਜਸਪ੍ਰੀਤ ਦੇ ਠਰ੍ਹੰਮੇ ਭਰੇ, ਆਪਸੀ ਸਮਝਦਾਰੀ ਅਤੇ ਆਦਰਸ਼ਕ ਵਿਵਹਾਰ ਕਰਕੇ ਬਜ਼ੁਰਗ ਨਾਨੀ ਦੇ ਬੇਟੇ-ਬਹੂਆਂ ਵੀ ਨਾਨੀ ਨੂੰ ਆਪਣੇ ਪਾਸ ਲਿਜਾਣ ਲਈ ਮਜਬੂਰ ਹੋ ਜਾਂਦੇ ਹਨ। ਨਾਵਲ ਵਿਚ ਰਵਦੀਪ, ਜਸਪ੍ਰੀਤ ਅਤੇ ਸਬ ਜਜ ਜਸਵਿੰਦਰ ਦਾ ਕਿਰਦਾਰ ਸਮਾਜ ਸੁਧਾਰਕ ਤੇ ਆਦਰਸ਼ਮਈ ਹੈ। ਨਾਵਲ ਦੀ ਭਾਸ਼ਾ ਸਰਲ ਤੇ ਸਹਿਜ ਹੈ। ਲੇਖਕ ਵਲੋਂ ਕਈ ਥਾਂ ਵਰਤੇ ਅੰਗਰੇਜ਼ੀ ਦੇ ਕਥਨ ਢੁਕਵੇਂ ਤਾਂ ਹਨ ਪਰ ਜੇ ਇਨ੍ਹਾਂ ਹੀ ਵਿਚਾਰਾਂ ਨੂੰ ਪੰਜਾਬੀ-ਭਾਰਤੀ ਦਾਰਸ਼ਨਿਕਾਂ, ਚਿੰਤਕਾਂ ਤੇ ਗੁਰੂਆਂ ਦੀ ਬਾਣੀ 'ਚੋਂ ਵਰਤਿਆ ਜਾਂਦਾ ਤਾਂ ਹੋਰ ਵੀ ਸੁਭਾਵਿਕਤਾ ਪੈਦਾ ਹੋਣੀ ਸੀ। ਨਾਵਲ ਵਿਚ ਵਿਦਵਾਨਾਂ, ਬੁੱਧੀਜੀਵੀਆਂ ਦੀ ਬੈਠਕ ਵਿਚ ਅਜੋਕੇ ਆਰਥਿਕ, ਸਿਆਸੀ ਤੇ ਸਮਾਜੀ ਵਿਸ਼ਿਆਂ 'ਤੇ ਕਰਾਈਆਂ ਟਿੱਪਣੀਆਂ ਕਿਸੇ ਪ੍ਰਸੰਗ ਨਾਲ ਜੋੜ ਕੇ ਕੀਤੀਆਂ ਜਾਂਦੀਆਂ ਤਾਂ ਹੋਰ ਪ੍ਰਭਾਵਸ਼ਾਲੀ ਹੋ ਨਿੱਬੜਣੀਆਂ ਸਨ। ਨਾਵਲ ਬਜ਼ੁਰਗਾਂ ਦੀ ਸਾਂਭ-ਸੰਭਾਲ, ਨਸ਼ਿਆਂ ਤੋਂ ਬਚਾਅ, ਪਤੀ-ਪਤਨੀ ਦੀ ਆਪਸੀ ਸਮਝ ਵਰਗੇ ਸਾਰਥਕ ਸੁਨੇਹੇ ਦੇਣ ਵਿਚ ਸਫਲ ਹੈ। ਸਹਿਜ ਤੇ ਸਰਲ ਤੌਰ ਤੁਰਦਾ ਨਾਵਲ ਜ਼ਿੰਦਗੀ ਅਤੇ ਸਮਾਜ ਦੇ ਕਈ ਹਨੇਰੇ ਪੱਖਾਂ 'ਤੇ ਵੀ ਰੌਸ਼ਨੀ ਪਾਉਂਦਾ ਜਾਂਦਾ ਹੈ। ਸਮਾਜ ਨੂੰ ਸਹੀ ਸੇਧ ਦੇਣ ਲਈ ਲੇਖਕ ਦਾ ਇਹ ਸਾਰਥਕ ਉਪਰਾਲਾ ਹੈ।

ਡਾ. ਧਰਮਪਾਲ ਸਾਹਿਲ
ਮੋ:98761-56964.

c c c

ਵੱਡੇ ਸਰਦਾਰ
(ਸਾਕਾ ਗੜ੍ਹੀ ਚਮਕੌਰ)
ਲੇਖਕ : ਸੋਢੀ ਕੁਲਦੀਪ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 98146-26726.

ਵੱਡੇ ਸਰਦਾਰ ਕਾਵਿ ਪੁਸਤਕ ਵਿਚ ਲੇਖਕ ਨੇ ਚਮਕੌਰ ਦੀ ਗੜ੍ਹੀ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਵਰਨਣ ਆਪਣੀ ਹੀ ਵਿਧਾ ਦੇ ਨਾਲ ਬੜੇ ਚੰਗੇ ਢੰਗ ਨਾਲ ਕੀਤਾ ਹੈ, ਜਿਸ ਵਿਚ ਸ਼ਬਦਾਵਲੀ ਜੋ ਵਰਤੀ ਗਈ ਹੈ, ਉਹ ਬਹੁਤ ਹੀ ਪ੍ਰਭਾਵਸ਼ਾਲੀ ਕਹੀ ਜਾ ਸਕਦੀ ਹੈ। ਲੇਖਕ ਨੇ ਇਸ ਤੋਂ ਪਹਿਲਾਂ 4 ਪੁਸਤਕਾਂ ਲਿਖੀਆਂ ਹਨ। ਇਸ ਪੁਸਤਕ ਵਿਚ ਲਿਖੀਆਂ ਕਵਿਤਾਵਾਂ ਦਾ ਵੱਖਰਾ ਹੀ ਰੰਗ ਹੈ ਅਤੇ ਉਨ੍ਹਾਂ ਨੂੰ ਪੜ੍ਹਨ ਦੇ ਸਮੇਂ ਹੂ-ਬਹੂ ਦ੍ਰਿਸ਼ ਵੀ ਅੱਖਾਂ ਦੇ ਸਾਹਮਣੇ ਘੁੰਮਣ ਲਗਦਾ ਹੈ ਅਤੇ ਨਾਲ ਹੀ ਜੋਸ਼ ਵੀ ਆਉਂਦਾ ਹੈ। ਇਨ੍ਹਾਂ ਕਵਿਤਾਵਾਂ ਨੂੰ ਲੇਖਕ ਨੇ ਆਪਣੇ ਖੂਨ ਦੇ ਨਾਲ ਡਬੋ ਕੇ ਜੋ ਸ਼ਬਦਾਵਲੀ ਵਰਤੀ ਹੈ, ਉਹ ਕਾਬਲੇ-ਤਾਰੀਫ਼ ਕਹੀ ਜਾ ਸਕਦੀ ਹੈ। ਲੇਖਕ ਨੇ ਆਪਣੀ ਇਸ ਲਿਖਤ ਸਮੇਂ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਹੈ ਅਤੇ ਆਪਣੇ ਖਿਆਲਾਂ, ਦ੍ਰਿਸ਼ਾਂ ਤੇ ਸ਼ਬਦਾਂ ਨੂੰ ਕਿਤੇ ਵੀ ਭਾਰੂ ਨਹੀਂ ਹੋਣ ਦਿੱਤਾ ਬਲਕਿ ਆਪਣੀ ਪਕੜ ਵਿਚ ਰੱਖਿਆ ਹੈ।
ਦਲ ਸ਼ੇਰਾਂ ਦਾ, ਬੱਬਰ ਸ਼ੇਰ ਖਾਲਸਾ
ਆਣ ਪੁੱਜਾ ਜਦੋਂ, ਗੜ੍ਹੀ ਚਮਕੌਰ ਹੈ।
ਠੰਢ ਕਹਿਰ ਦੀ, ਹੱਡਾਂ ਨੂੰ ਜਾਵੇ ਚੀਰਦੀ,
ਡਾਢੀ ਬਿਪਤਾ, ਮੁਸੀਬਤਾਂ ਦਾ ਦੌਰ ਹੈ। ਅਤੇ
ਰਹਿਰਾਸ ਦਾ ਦਿਵਾਨਾ, ਸੋਢੀ ਪਾਤਸ਼ਾਹ,
ਲਾ ਕੇ ਦੀਵਾਨ ਸੋਹਲਾ ਲਿਆਗਾ ਹੈ।
ਬੈਠੇ ਬਿਰਤੀ ਟਿਕਾ ਕੇ, ਸੱਚੇ ਪਾਤਸ਼ਾਹ,
ਵਾਹਿਗੁਰੂ ਵਾਹਿਗੁਰੂ ਰਹੇ ਧਿਆ ਹੈ।
ਆਦਿ ਕਾਵਿ ਟੁਕੜੀਆਂ ਤੋਂ ਬਹੁਤ ਕੁਝ ਝਲਕਦਾ ਮਿਲਦਾ ਹੈ। ਇਸ ਤਰ੍ਹਾਂ ਹੋਰ ਕਵਿਤਾਵਾਂ ਵਿਚ ਜੋਸ਼, ਬਹਾਦਰੀ, ਸੂਰਮਤਾਈ, ਸਿਫ਼ਤ ਗੁਰੂ ਦੀ ਬਹੁਤ ਸੋਹਣੇ ਢੰਗ ਨਾਲ ਕੀਤੀ ਗਈ ਹੈ। ਪੁਸਤਕ ਪੜ੍ਹਦਿਆਂ ਇਕ ਅਜਿਹਾ ਜਜ਼ਬਾ ਪੈਦਾ ਹੁੰਦਾ ਹੈ ਕਿ ਕਿਤਾਬ ਵਿਚਕਾਰ ਛੱਡਣ ਨੂੰ ਦਿਲ ਨਹੀਂ ਕਰਦਾ।

ਬਲਵਿੰਦਰ ਸਿੰਘ ਸੋਢੀ ਮੀਰਹੇੜੀ
ਮੋ: 92105-88990.

ਸੰਘਰਸ਼ ਦੇ 45 ਸਾਲ
ਲੇਖਕ : ਕ੍ਰਿਸ਼ਨ ਕੁਮਾਰ ਬਾਵਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 148
ਸੰਪਰਕ : 98159-09211.

ਕ੍ਰਿਸ਼ਨ ਕੁਮਾਰ ਬਾਵਾ ਪਿਛਲੇ ਪੰਤਾਲੀ ਸਾਲਾਂ ਤੋਂ ਇਕੋ ਰਾਜਨੀਤਕ ਪਾਰਟੀ ਨਾਲ ਜੁੜਿਆ ਹੋਇਆ ਹੈ। ਔਖੇ ਦੌਰ ਵਿਚ ਉਸ ਨੇ ਆਪਣੇ ਸਰੀਰ ਉਤੇ ਗੋਲੀਆਂ ਵੀ ਖਾਧੀਆਂ ਪਰ ਰਾਜਨੀਤਕ ਵਚਨਬੱਧਤਾ ਤੋਂ ਰਤਾ ਵੀ ਨਹੀਂ ਥਿੜਕਿਆ। ਇਸ ਦੇ ਨਾਲ ਹੀ ਉਸ ਸਮਾਜ ਸੇਵਾ ਦਾ ਬੀੜਾ ਵੀ ਚੁੱਕਿਆ ਹੋਇਆ ਹੈ। ਮਾਦਾ ਭਰੂਣ ਹੱਤਿਆ ਤੇ ਵਾਤਾਵਰਨ ਦੀ ਸੰਭਾਲ ਸਬੰਧੀ ਉਸ ਨੇ ਲੋਕ ਜਾਗ੍ਰਿਤੀ ਦੀ ਮੁਹਿੰਮ ਚਲਾਈ ਹੋਈ ਹੈ। ਧੀਆਂ ਦੀ ਲੋਹੜੀ ਦੇਣ ਦੀ ਪਿਰਤ ਉਸ ਲੋਹੜੀ ਮੌਕੇ ਕੀਤੇ ਸਮਾਗਮਾਂ ਰਾਹੀਂ ਪਾਈ ਹੈ। ਇਸ ਦੇ ਨਾਲ ਹੀ ਸੰਸਾਰ ਦੇ ਮਹਾਨ ਜਰਨੈਲ ਤੇ ਪੰਜਾਬ ਤੇ ਪੰਜਾਬੀਆਂ ਦੇ ਮੁਕਤੀ ਦਾਤੇ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੀ ਕੀਰਤੀ ਅਤੇ ਦੇਣ ਨੂੰ ਉਜਾਗਰ ਕਰਨ ਦਾ ਸਫਲ ਯਤਨ ਕੀਤਾ ਹੈ। ਪੰਜਾਬੀਆਂ ਨੇ ਆਪਣੇ ਇਸ ਮਹਾਨ ਜਰਨੈਲ ਨੂੰ ਭੁਲਾ ਹੀ ਦਿੱਤਾ ਜਾਪਦਾ ਸੀ, ਇਹ ਤਾਂ ਕ੍ਰਿਸ਼ਨ ਕੁਮਾਰ ਵਲੋਂ ਵਿੱਢੀ ਪ੍ਰਚਾਰ ਮੁਹਿੰਮ ਰਾਹੀਂ ਸਾਰੀਆਂ ਧਿਰਾਂ ਨੂੰ ਜਗਾਇਆ ਤੇ ਅੱਜ ਸਾਰੇ ਬਾਬਾ ਜੀ ਦੀ ਦੇਣ ਅੱਗੇ ਸਿਰ ਝੁਕਾ ਰਹੇ ਹਨ। ਉਸ ਨੇ ਆਪਣੇ ਪਿੰਡ ਰਕਬਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਭਵਨ ਦੀ ਉਸਾਰੀ ਕਰਵਾਈ। ਇਸੇ ਭਵਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ ਬਾਰੇ ਇਕ ਅਜਾਇਬ ਘਰ ਵੀ ਬਣਾਇਆ ਜਿਹੜਾ ਆਪਣੇ ਆਪ ਵਿਚ ਇਕ ਨਿਵੇਕਲਾ ਯਤਨ ਹੈ। ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਊਂਡੇਸ਼ਨ ਦਾ ਗਠਨ ਕਰਕੇ ਬਾਬਾ ਜੀ ਦੀ ਕੀਰਤੀ ਨੂੰ ਕੇਵਲ ਭਾਰਤ ਵਿਚ ਹੀ ਨਹੀਂ ਸਗੋਂ ਸਾਰੇ ਸੰਸਾਰ ਵਿਚ ਪਹੁੰਚਾਇਆ। ਇੰਜ ਕ੍ਰਿਸ਼ਨ ਕੁਮਾਰ ਆਪਣੇ ਤਿੰਨ ਪੱਖੀ ਕਾਰਜਕਾਰੀ ਰਾਹੀਂ ਸੰਗਮ ਦਾ ਰੂਪ ਧਾਰਨ ਕਰ ਗਿਆ ਹੈ। ਸਾਰੇ ਸੰਸਾਰ ਵਿਚ ਬਣੀ ਆਪਣੀ ਪਹਿਚਾਣ ਅਤੇ ਮਿਲਣਸਾਰ ਸੁਭਾਅ ਕਰਕੇੇ ਹਰੇਕ ਦੇ ਕੰਮ ਆਉਣ ਦੀ ਪ੍ਰਵਿਰਤੀ ਨੇ ਕ੍ਰਿਸ਼ਨ ਕੁਮਾਰ ਨੂੰ ਲੋਕਾਂ ਦਾ ਚਹੇਤਾ ਨੇਤਾ ਬਣਾ ਦਿੱਤਾ ਹੈ।
ਮੈਨੂੰ ਉਸ ਨੂੰ ਬਚਪਨ ਤੋਂ ਹੀ ਜਾਣਨ ਦਾ ਮੌਕਾ ਮਿਲਿਆ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਪੰਜਾਬ ਦੇ ਪਿੰਡਾਂ ਦੇ ਨੌਜਵਾਨਾਂ ਦੇ ਵਿਕਾਸ ਲਈ ਇਕ ਸਕੀਮ ਸ਼ੁਰੂ ਕੀਤੀ ਗਈ ਸੀ, ਜਿਸ ਦਾ ਆਧਾਰ ਅਮਰੀਕੀ 4-ਐਚ ਕਲੱਬ ਸਨ। ਅਮਰੀਕਾ ਵਿਚ ਨੌਜਵਾਨਾਂ ਦੀ ਸੁਚੱਜੀ ਸ਼ਖ਼ਸੀਅਤ ਉਸਾਰੀ ਵਿਚ ਇਨ੍ਹਾਂ ਕਲੱਬਾਂ ਨੇ ਵਧੀਆ ਯੋਗਦਾਨ ਪਾਇਆ ਹੈ। 4 ਐਚ ਦਾ ਮਤਲਬ ਹੈਡ, ਹਾਰਟ, ਹੈਲਥ ਅਤੇ ਹੈਂਡ। ਇਸ ਦਾ ਭਾਵ ਹੱਥ, ਦਿਲ ਅਤੇ ਸਿਹਤ ਦਾ ਵਿਕਾਸ। ਯੂਨੀਵਰਸਿਟੀ ਵਲੋਂ ਪਿੰਡਾਂ ਦੇ ਸਕੂਲਾਂ ਦੇ ਸਹਿਯੋਗ ਨਾਲ ਪਿੰਡਾਂ ਵਿਚ ਅਜਿਹੇ ਕਲੱਬ ਬਣਾਏ ਗਏ ਸਨ। ਰਕਬਾ ਪਿੰਡ ਵਿਚ ਵੀ ਇਹ ਕਲੱਬ ਸੀ। ਕਲੱਬ ਦੇ ਮੈਂਬਰਾਂ ਦੇ ਆਪੋ ਆਪਣੇ ਪ੍ਰਾਜੈਕਟ ਹੁੰਦੇ ਸਨ ਤਾਂ ਜੋ ਹੱਥੀਂ ਕੰਮ ਕਰਨ ਦੀ ਆਦਤ ਪਵੇ ਤੇ ਉਹ ਕਿਰਤ ਦਾ ਸਤਿਕਾਰ ਕਰਨਾ ਸ਼ੁਰੂ ਕਰਨ। ਉਨ੍ਹਾਂ ਵਿਚ ਇਕ ਦੂਜੇ ਦੀ ਸਹਾਇਤਾ ਕਰਨ ਦੀ ਭਾਵਨਾ ਉਤਪੰਨ ਹੋਵੇ ਤੇ ਹਿਰਦੇ ਵਿਚ ਦੇਸ਼ ਸੇਵਾ ਦਾ ਜਜ਼ਬਾ ਪੈਦਾ ਹੋਵੇ। ਇਨ੍ਹਾਂ ਵਿਚ ਉੱਪਰ ਲਿਖੇ ਤ੍ਰੈ ਗੁਣਾਂ ਦੇ ਬੀਜ ਅਸਲ ਵਿਚ ਇਕ ਕਲੱਬ ਦੀ ਮੈਂਬਰਸ਼ਿਪ ਨੇ ਹੀ ਬੀਜ ਦਿੱਤੇ ਸਨ। ਬਾਵਾ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਕਬਾ ਵਿਖੇ 5 ਅਪ੍ਰੈਲ 1958 ਨੂੰ ਸ੍ਰੀ ਬਲਭੱਦਰ ਦਾਸ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਦੀ ਮਾਤਾ ਜੀ ਦਾ ਨਾਂਅ ਭਾਗਵੰਤੀ ਸੀ। ਲੰਬੇ ਸਮੇਂ ਤੋਂ ਰਾਜਨੀਤੀ ਵਿਚ ਰਹਿਣ ਅਤੇ ਪੰਜਾਬ ਦੀਆਂ ਕਈ ਕਾਰਪੋਰੇਸ਼ਨਾਂ ਦੀ ਚੇਅਰਮੈਨੀ ਕਰਨ ਪਿੱਛੋਂ ਵੀ ਬਾਵਾ ਜੀ ਵਿਚ ਹੰਕਾਰ ਨਹੀਂ ਆਏ ਤੇ ਨਾ ਹੀ ਬਹੁਤੇ ਆਗੂਆਂ ਵਾਂਗ ਵੱਡੀਆਂ ਜਾਇਦਾਦਾਂ ਬਣਾਈਆਂ। ਧਰਤੀ ਨਾਲ ਜੁੜੇ ਹੋਣ ਕਰਕੇ ਕ੍ਰਿਸ਼ਨ ਕੁਮਾਰ ਨੂੰ ਧਰਤੀ ਪੁੱਤਰ ਵੀ ਆਖਿਆ ਜਾ ਸਕਦਾ ਹੈ। ਇਨ੍ਹਾਂ ਦੀ ਬਾਵੇ ਹੋਣ ਕਰਕੇ ਜੱਦੀ ਪੁਸ਼ਤੀ ਸਿੱਖੀ ਸੇਵਕੀ ਵੀ ਹੈ।
ਬਾਵਾ ਜੀ ਨੇ ਆਪਣੇ ਸੰਘਰਸ਼ਮਈ ਤੇ ਪ੍ਰਾਪਤੀਆਂ ਦੇ ਜੀਵਨ ਦੀ ਕਹਾਣੀ ਕਲਮਬੱਧ ਕੀਤੀ ਹੈ। ਬਾਵਾ ਜੀ ਨੇ ਜੀਵਨ ਦੇ ਸਾਰੇ ਪੱਖਾਂ ਅਤੇ ਪ੍ਰਾਪਤੀਆਂ ਨੂੰ ਉਜਾਗਰ ਕਰਨ ਦਾ ਸਫ਼ਲ ਯਤਨ ਕੀਤਾ ਹੈ। ਪਿਛਲੇ 45 ਸਾਲਾਂ ਤੋਂ ਕਾਂਗਰਸ ਦੀ ਸੇਵਾ ਕਰ ਰਹੇ ਇਸ ਜਰਨੈਲ ਨੂੰ ਕਈ ਵਾਰ ਨਿਰਾਸ਼ ਵੀ ਹੋਣਾ ਪਿਆ। ਜਿਸ ਦਾ ਜ਼ਿਕਰ ਇਸ ਪੁਸਤਕ ਵਿਚ ਕੀਤਾ ਗਿਆ ਹੈ। ਇਸ ਨਿਰਾਸ਼ਾ ਦਾ ਪ੍ਰਗਟਾਵਾ ਪਾਰਟੀ ਦੇ ਅੰਦਰ ਰਹਿ ਕੇ ਕੀਤਾ ਹੈ ਪਰ ਪਾਰਟੀ ਦਾ ਪੱਲੂ ਨਹੀਂ ਛੱਡਿਆ।
'ਸੰਘਰਸ਼ ਦੇ 45 ਵਰ੍ਹੇ' ਇਕ ਸਾਧਾਰਨ ਨੌਜਵਾਨ ਦੀ ਸੰਘਰਸ਼ ਤੇ ਦ੍ਰਿੜ੍ਹਤਾ ਦੀ ਕਹਾਣੀ ਹੈ। ਇਸ ਦਾ ਪਾਠ ਸਾਰਿਆਂ ਲਈ ਵਿਸ਼ੇਸ਼ ਕਰਕੇ ਨੌਜਵਾਨ ਪੀੜ੍ਹੀ ਲਈ ਉਤਸ਼ਾਹੀ ਮਾਹੌਲ ਸਿਰਜਦਾ ਹੈ। ਆਤਮ ਕਥਾ ਲਿਖਣੀ ਕੁਝ ਔਖਾ ਕਾਰਜ ਹੈ। ਜੇਕਰ ਤੁਸੀਂ ਸੱਚ ਲਿਖਦੇ ਹੋ ਤਾਂ ਬਾਹਰਲੀ ਦੁਨੀਆ ਦੀ ਨਾਰਾਜ਼ਗੀ ਦਾ ਡਰ ਰਹਿੰਦਾ ਹੈ, ਜੇਕਰ ਤੁਸੀਂ ਸੱਚ ਨਹੀਂ ਲਿਖਦੇ ਤਾਂ ਅੰਦਰਲੀ ਆਤਮਾ ਟਿਕਣ ਨਹੀਂ ਦਿੰਦੀ। ਬਾਵਾ ਜੀ ਨੇ ਹਿੰਮਤ ਤੋਂ ਕੰਮ ਲੈਂਦਿਆਂ ਸੱਚੋ-ਸੱਚ ਬਿਆਨਣ ਦਾ ਯਤਨ ਕੀਤਾ ਹੈ। ਆਪਣੀ ਕਹਾਣੀ ਦੇ ਨਾਲੋ ਨਾਲ ਬਾਵਾ ਜੀ ਬਾਰੇ ਸਮਕਾਲੀਆਂ ਦੇ ਵਿਚਾਰ ਵੀ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸੁਰਜੀਤ ਪਾਤਰ ਵੀ ਸ਼ਾਮਿਲ ਹਨ। ਇਸ ਸਚਿੱਤਰ ਪੁਸਤਕ ਨੂੰ ਚੇਤਨਾ ਪ੍ਰਕਾਸ਼ਨ ਨੇ ਵਧੀਆ ਢੰਗ ਨਾਲ ਛਾਪਿਆ ਹੈ।
ਮੈਂ ਇਸ ਪੁਸਤਕ ਦੇ ਪੜ੍ਹਨ ਦੀ ਸਿਫ਼ਾਰਸ਼ ਕਰਦਾ ਹਾਂ।

ਡਾ. ਰਣਜੀਤ ਸਿੰਘ
ਮੋ: 94170-87328

16-06-2021

ਕਰਤਾਰਪੁਰ ਦਾ ਵਿਰਸਾ
ਲੇਖਕ : ਪ੍ਰਿਥੀਪਾਲ ਸਿੰਘ ਕਪੂਰ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 125 ਰੁਪਏ, ਸਫ਼ੇ : 104
ਸੰਪਰਕ : 99150-48005


ਇਸ ਪੁਸਤਕ ਦੇ ਲੇਖਕ ਪ੍ਰੋ: ਪ੍ਰਿਥੀਪਾਲ ਸਿੰਘ ਕਪੂਰ ਕਿਸੇ ਜਾਣਕਾਰੀ ਦੇ ਮੁਥਾਜ ਨਹੀਂ ਹਨ। ਪੰਜਾਬ ਦੇ ਬੌਧਿਕ ਤੇ ਅਕਾਦਮਿਕ ਖੇਤਰ ਵਿਚ ਉਨ੍ਹਾਂ ਦਾ ਉੱਘਾ ਨਾਂਅ ਹੈ। ਉਨ੍ਹਾਂ ਨੇ ਸਿੱਖ ਇਤਿਹਾਸ ਬਾਰੇ ਅਨੇਕਾਂ ਪੁਸਤਕਾਂ ਲਿਖੀਆਂ ਹਨ। ਇਸ ਪੁਸਤਕ ਵਿਚ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲਾਂ ਵਿਚ ਸ੍ਰੀ ਕਰਤਾਰਪੁਰ ਸਾਹਿਬ ਦੇ ਵਸਾਉਣ ਅਤੇ ਇਸ ਪਿੱਛੇ ਉਨ੍ਹਾਂ ਦੇ ਸੰਕਲਪ ਬਾਰੇ ਸੁਚੱਜੀ ਜਾਣਕਾਰੀ ਦਿੱਤੀ ਹੈ। ਸਿੱਖ ਇਤਿਹਾਸ ਵਿਚ ਕਰਤਾਰਪੁਰ (ਰਾਵੀ) ਦਾ ਕਈਆਂ ਗੱਲਾਂ ਕਰਕੇ ਵਿਸ਼ੇਸ਼ ਥਾਂ ਹੈ। ਇਸ ਨਗਰ ਨੂੰ ਗੁਰੂ ਨਾਨਕ ਦੇਵ ਜੀ ਨੇ 1561 ਬਿਕਰਮੀ ਵਿਚ ਵਸਾਇਆ ਸੀ ਜਿਸ ਦੇ ਵਸਾਉਣ ਵਿਚ ਭਾਈ ਦੋਦਾ ਅਤੇ ਭਾਈ ਦੁਨੀ ਚੰਦ (ਕਰੋੜੀ ਮੱਲ) ਨੇ ਗੁਰੂ ਸਾਹਿਬ ਦਾ ਸਾਥ ਦਿੱਤਾ ਸੀ। ਇਸ ਨੂੰ ਸਿੱਖ ਦਰਸ਼ਨ, ਜੀਵਨ ਜਾਚ ਅਤੇ ਸੱਭਿਆਚਾਰ ਦਾ ਆਦਿ ਨਗਰ ਵੀ ਕਿਹਾ ਜਾ ਸਕਦਾ ਹੈ। ਇਸ ਨਗਰ ਦੇ ਵਸੇਬੇ ਦਾ ਇਤਿਹਾਸ ਕਿਸੇ ਨਾ ਕਿਸੇ ਰੂਪ ਵਿਚ ਗੁਰੂ ਨਾਨਕ ਦੇਵ ਜੀ ਵਲੋਂ ਬ੍ਰਾਹਮਣੀ ਸੰਸਕਾਰਾਂ ਅਤੇ ਅਨੁਸ਼ਠਾਨਾਂ ਦੇ ਤਿਆਗ ਨਾਲ ਵੀ ਜੋੜਿਆ ਜਾ ਸਕਦਾ ਹੈ। ਕੋਈ ਵੀ ਵਿਚਾਰਵਾਨ ਜਾਂ ਦਾਰਸ਼ਨਿਕ ਜਦ ਚੱਲ ਰਹੀ ਲੀਹ ਨਾਲੋਂ ਪਾੜ ਅਖ਼ਤਿਆਰ ਕਰਦਾ ਹੈ ਤਾਂ ਉਸ ਦੇ ਮਨ ਵਿਚ ਨਿਸਚੈ ਹੀ ਕੁਝ ਸੁਪਨੇ ਹੁੰਦੇ ਹਨ, ਜੋ ਵੱਖ-ਵੱਖ ਸਮੇਂ ਵੱਖ-ਵੱਖ ਰੂਪਾਂ ਵਿਚ ਸਾਕਾਰ ਹੁੰਦੇ ਹਨ। ਕਰਤਾਰਪੁਰ ਦਾ ਵਸੇਬਾ ਵੀ ਅਜਿਹੇ ਸੁਪਨੇ ਵਿਚੋਂ ਹੀ ਜਨਮਿਆ ਹੈ।
ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਤਿੰਨ ਮੁੱਖ ਪੜਾਅ ਮੰਨੇ ਜਾ ਸਕਦੇ ਹਨ। ਪਹਿਲਾ ਵੇਈਂ ਪ੍ਰਵੇਸ਼ ਤੋਂ ਪਹਿਲਾਂ ਦਾ, ਦੂਜਾ ਉਦਾਸੀਆਂ ਦਾ ਅਤੇ ਤੀਜਾ ਕਰਤਾਰਪੁਰ ਸਾਹਿਬ ਵਸਾਉਣ ਅਤੇ ਇਥੇ ਹੀ ਜੋਤੀ ਜੋਤ ਸਮਾਉਣ ਦਾ। ਪ੍ਰੋ: ਪ੍ਰਿਥੀਪਾਲ ਸਿੰਘ ਕਪੂਰ ਨੇ ਗੁਰੂ ਸਾਹਿਬ ਦੇ ਜੀਵਨ ਦੇ ਅੰਤਲੇ ਹਿੱਸੇ ਨੂੰ, ਇਤਿਹਾਸ ਦੀ ਦ੍ਰਿਸ਼ਟੀ ਤੋਂ ਪ੍ਰਕਾਸ਼ਮਾਨ ਕਰਨ ਦਾ ਯਤਨ ਕੀਤਾ ਹੈ। ਇਸ ਪੁਸਤਕ ਦਾ ਆਰੰਭਲਾ ਰੂਪ 'ਕਰਤਾਰਪੁਰਿ ਕਰਤਾ ਵਸੈ' ਨਾਮਕ ਟ੍ਰੈਕਟ ਸੀ ਪਰ ਜਦ ਲਾਂਘੇ ਦੀ ਗੱਲ ਚੱਲੀ ਤਾਂ ਉਨ੍ਹਾਂ ਇਸ ਨੂੰ ਵਿਸਥਾਰ ਦੇਣ ਦਾ ਵਿਚਾਰ ਬਣਾਇਆ। ਬੇਸ਼ੱਕ ਸਰੋਤ ਪੁਸਤਕਾਂ ਦੇ ਰੂਪ ਵਿਚ ਬਹੁਤ ਥੋੜ੍ਹੀ ਸਮੱਗਰੀ ਉਪਲਬੱਧ ਸੀ। ਆਕਾਰ ਵਿਚ ਪੁਸਤਕ ਛੋਟੀ ਹੋਣ ਦੇ ਬਾਵਜੂਦ ਇਹ ਪੁਸਤਕ ਹਰ ਮਹੱਤਵਪੂਰਨ ਵੇਰਵੇ ਨੂੰ ਅੰਕਿਤ ਕਰਦੀ ਹੈ। ਭੂਮਿਕਾ ਦੇ ਆਰੰਭਲੇ ਸਫ਼ਿਆਂ ਨੂੰ ਛੱਡ ਕੇ ਇਸ ਵਿਚ ਪ੍ਰਵੇਸ਼ਿਕਾ, ਬਾਬਾਣੀਆਂ ਕਹਾਣੀਆਂ, ਇਤਿਹਾਸਕ ਪਰਿਪੇਖ, ਵਿਚਾਰ ਤੋਂ ਦੈਵੀ ਬਸਤੀ ਤੱਕ, ਵਿਰਸਾ, ਪ੍ਰਮੁੱਖ ਇਤਿਹਾਸਕ ਘਟਨਾਵਾਂ, ਉੱਚਾ ਦਰ ਬਾਬੇ ਨਾਨਕ ਦਾ, ਡੇਰਾ ਬਾਬਾ ਨਾਨਕ ਲਾਂਘੇ ਦੀ ਵਿਥਿਆ ਅਤੇ ਦੋ ਅੰਤਿਕਾਵਾਂ ਆਦਿ ਸ਼ਾਮਿਲ ਹਨ।
'ਕਰਤਾਰਪੁਰ ਦਾ ਵਿਰਸਾ' ਪੁਸਤਕ ਵਿਚ ਕਪੂਰ ਸਾਹਿਬ ਦਾ ਬੁਨਿਆਦੀ ਤਰਕ ਇਹ ਹੈ ਕਿ ਕਰਤਾਰਪੁਰ ਗੁਰੂ ਨਾਨਕ ਦੇਵ ਜੀ ਦਾ ਸੁਪਨਈ ਸ਼ਹਿਰ ਹੈ ਜਿਸ ਵਿਚ ਅਧਿਆਤਮਕਤਾ, ਸਿੱਖਿਆਵਾਂ, ਧਾਰਮਿਕ ਮਰਯਾਦਾ ਅਤੇ ਧਰਮ ਨੂੰ ਇਕ ਸੰਸਥਾ ਦੇ ਰੂਪ ਵਿਚ ਸਥਾਪਤ ਕਰਨ ਦਾ ਸੁਚੇਤ ਉਪਰਾਲਾ ਹੈ। ਗੁਰਮਤਿ ਦਰਸ਼ਨ ਦੇ ਤਿੰਨ ਬੁਨਿਆਦੀ ਸਿਧਾਂਤਾਂ, ਨਾਮ ਜਪਣਾ, ਕਿਰਤ ਕਰਨੀ ਅਤੇ ਵੰਡ ਛਕਣਾ ਦਾ ਕਰਤਾਰਪੁਰ ਸਾਹਿਬ ਨਾ ਕੇਵਲ ਸਾਕਾਰ, ਸਥੂਲ ਅਤੇ ਨਿੱਗਰ ਉਪਰਾਲਾ ਹੈ, ਸਗੋਂ ਇਹ ਸਿੱਖੀ, ਸਿੱਖ ਜੀਵਨ ਜਾਚ ਅਤੇ ਸੱਭਿਆਚਾਰ ਦਾ ਪਹਿਲਾ ਕੇਂਦਰ ਵੀ ਹੈ। ਮਨੁੱਖੀ ਬਰਾਬਰੀ, ਸੰਗਤ ਤੇ ਪੰਗਤ, ਜੀਓ ਅਤੇ ਜਿਊਣ ਦਿਓ, ਧਾਰਮਿਕ ਉਦਾਰਤਾ ਅਤੇ ਸੇਵਾ ਆਦਿ ਕੁਝ ਹੋਰ ਅਜਿਹੇ ਵਿਚਾਰ ਹਨ ਜਿਨ੍ਹਾਂ ਦਾ ਸਮੂਰਤੀਕਰਨ ਕਰਤਾਰਪੁਰ ਦੇ ਵਸੇਬੇ ਵਿਚ ਸ਼ਾਮਿਲ ਹੈ। ਭਾਵੇਂ ਸਿੱਖੀ ਦੇ ਪ੍ਰਚਾਰ ਕੇਂਦਰਾਂ ਵਜੋਂ ਪਿਛਲੇਰੇ ਗੁਰੂ ਸਾਹਿਬਾਨ ਨੇ ਗੋਇੰਦਵਾਲ, ਸ੍ਰੀ ਅੰਮ੍ਰਿਤਸਰ, ਤਰਨ ਤਾਰਨ, ਸ੍ਰੀ ਹਰਿਗੋਬਿੰਦਪੁਰ, ਕੀਰਤਪੁਰ ਸਾਹਿਬ, ਪਾਉਂਟਾ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਆਦਿ ਨਗਰ ਵੀ ਵਸਾਏ ਹਨ ਪਰ ਇਹ ਸਾਰੇ ਨਗਰ ਕਿਸੇ ਨਾ ਕਿਸੇ ਰੂਪ ਵਿਚ ਕਰਤਾਰਪੁਰੀ ਸੰਸਥਾਨ ਤੇ ਦਰਸ਼ਨ ਦਾ ਵਿਸਥਾਰ ਹੀ ਕਹੇ ਜਾ ਸਕਦੇ ਹਨ। ਇਸ ਕਰਕੇ ਸਿੱਖ ਇਤਿਹਾਸ ਵਿਚ ਕਰਤਾਰਪੁਰ ਦਾ ਵਿਸ਼ੇਸ਼ ਸਥਾਨ ਮੰਨਿਆ ਜਾਂਦਾ ਹੈ। ਗੁਰੂ ਸਾਹਿਬ ਨੇ ਇਕ ਤਰ੍ਹਾਂ ਨਾਲ ਕਰਤਾਰਪੁਰ ਦੀ ਸਥਾਪਨਾ ਕਰਕੇ ਸਿੱਖ ਧਰਮ ਦੇ ਬੁਨਿਆਦੀ ਸਿਧਾਂਤ ਕਿਰਤ ਕਰਨਾ, ਵੰਡ ਛਕਣਾ ਅਤੇ ਨਾਮ ਜਪਣਾ ਨੂੰ ਅਮਲੀ ਰੂਪ ਵਿਚ ਲਾਗੂ ਕਰਕੇ ਵਿਖਾਇਆ। ਇਸ ਤੋਂ ਇਲਾਵਾ ਗੁਰੂ ਸਾਹਿਬ ਦੇ ਸਮੇਂ ਕਰਤਾਰਪੁਰ ਗਿਆਨ-ਗੋਸਟਿ ਅਤੇ ਵਿਚਾਰ-ਚਰਚਾ ਦਾ ਕੇਂਦਰ ਵੀ ਬਣ ਚੁੱਕਾ ਸੀ। ਮਿਹਰਬਾਨ ਨੇ ਆਪਣੀ ਜਨਮਸਾਖੀ ਵਿਚ ਤੀਹ ਦੇ ਕਰੀਬ ਵੱਖ-ਵੱਖ ਧਾਰਮਿਕ ਪੱਧਤੀਆਂ ਦੇ ਲੋਕਾਂ ਦੇ ਉਥੇ ਆ ਕੇ ਗੁਰੂ ਨਾਨਕ ਦੇਵ ਜੀ ਨਾਲ ਵਿਚਾਰ ਚਰਚਾ ਕਰਨ ਦੀ ਸੂਚਨਾ ਦਿੱਤੀ ਹੈ, ਜਿਸ ਵਿਚ ਬੈਰਾਗੀ, ਉਦਾਸੀ, ਮੁੰਡੀਆ, ਬੈਸ਼ਨੋ, ਦਿਗੰਬਰ, ਸੰਨਿਆਸੀ ਅਤੇ ਜੋਗੀ ਆਦਿ ਸ਼ਾਮਿਲ ਹਨ। ਕਰਤਾਰਪੁਰ ਰਹਿੰਦਿਆਂ ਵੀ ਗੁਰੂ ਜੀ ਨੇ ਨੇੜੇ-ਤੇੜੇ ਦੀਆਂ ਮਹੱਤਵਪੂਰਨ ਥਾਵਾਂ ਉੱਪਰ ਜਾਣਾ-ਆਉਣਾ ਜਾਰੀ ਰੱਖਿਆ ਹੋਇਆ ਸੀ। ਜਿਵੇਂ ਅਚਲ ਬਟਾਲੇ, ਮੁਲਤਾਨ, ਦੀਪਾਲਪੁਰ ਪਾਕਪਟਨ, ਕੀੜੀ ਅਫ਼ਗਾਨਾ ਅਤੇ ਬੀਕਾਨੇਰ ਆਦਿ। ਪਾਕਪਟਨ ਤੋਂ ਹੀ ਉਸ ਵੇਲੇ ਦੇ ਗੱਦੀਨਸ਼ੀਨ ਸ਼ੇਖ ਇਬਰਾਹੀਮ ਸਨੀ ਕੋਲੋਂ ਸ਼ੇਖ ਫ਼ਰੀਦ ਸ਼ੱਕਰਗੰਜ ਦੀ ਬਾਣੀ ਦਾ ਉਤਾਰਾ ਹਾਸਲ ਕੀਤਾ ਸੀ। ਗੁਰੂ ਸਾਹਿਬ ਨੇ ਇਥੇ ਕਈ ਬਾਣੀਆਂ ਦੀ ਵੀ ਰਚਨਾ ਕੀਤੀ ਸੀ ਅਤੇ ਇਥੇ ਹੀ ਗੁਰੂ ਸਾਹਿਬ ਨੇ ਭਾਈ ਲਹਿਣਾ (ਗੁਰੂ ਅੰਗਦ ਜੀ) ਦੀ ਕਰੜੀ ਪਰਖ ਕਰਕੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਕੰਮ ਨੂੰ ਅੱਗੇ ਜਾਰੀ ਰੱਖਣ ਲਈ ਉਨ੍ਹਾਂ ਨੂੰ ਆਪਣੀ ਗੱਦੀ ਸੌਂਪੀ ਸੀ। ਅਜਿਹੇ ਅਹਿਮ ਸਥਾਨ ਬਾਰੇ ਪ੍ਰੋ: ਪ੍ਰਿਥੀਪਾਲ ਸਿੰਘ ਕਪੂਰ ਹੋਰਾਂ ਨੇ ਬੜੀ ਮਹੱਤਵਪੂਰਨ ਜਾਣਕਾਰੀ ਆਪਣੀ ਪੁਸਤਕ ਵਿਚ ਦਿੱਤੀ ਹੈ। ਕਰਤਾਰਪੁਰ ਦਾ ਲਾਂਘਾ ਬਣਨ ਨਾਲ ਸਿੱਖ ਪੰਥ ਵਿਚ ਕਰਤਾਰਪੁਰ ਬਾਰੇ ਜੋ ਜਗਿਆਸਾ ਪੈਦਾ ਹੋਈ ਹੈ, ਉਸ ਦੀ ਤ੍ਰਿਪਤੀ ਵਿਚ ਇਹ ਪੁਸਤਕ ਅਹਿਮ ਯੋਗਦਾਨ ਪਾਏਗੀ। ਪੁਸਤਕ ਦੀ ਛਪਾਈ ਬੇਹੱਦ ਆਕਰਸ਼ਕ ਹੈ ਅਤੇ ਢੁਕਵੀਆਂ ਤਸਵੀਰਾਂ ਵੀ ਬਹੁਤ ਖੂਬਸੂਰਤ ਢੰਗ ਨਾਲ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਪੁਸਤਕ ਪਾਠਕਾਂ ਦਾ ਧਿਆਨ ਖਿੱਚਦੀ ਹੈ, ਕਪੂਰ ਸਾਹਿਬ ਇਸ ਲਈ ਪ੍ਰਸੰਸਾ ਦੇ ਹੱਕਦਾਰ ਹਨ।


ਡਾ. ਧਰਮ ਸਿੰਘ
ਮੋ: 98889-39808


ਪੂਰਨ ਅਪੂਰਨ

ਲੇਖਕ : ਕੁਲਦੀਪ ਸਿੰਘ ਬੇਦੀ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 185 ਰੁਪਏ, ਸਫ਼ੇ : 104
ਸੰਪਰਕ : 98760-95392.


ਕੁਲਦੀਪ ਸਿੰਘ ਬੇਦੀ ਦੀਆਂ ਇਕ ਦਰਜਨ ਪੁਸਤਕਾਂ ਛਪ ਚੁੱਕੀਆਂ ਹਨ, ਜਿਨ੍ਹਾਂ ਵਿਚੋਂ ਪੰਜ ਨਾਵਲ ਹਨ, ਇਕ ਸਵੈ-ਜੀਵਨੀ, ਦੋ ਕਹਾਣੀ ਸੰਗ੍ਰਹਿ ਹਨ, ਅੰਗਰੇਜ਼ੀ ਅਨੁਵਾਦ ਵੀ ਹਨ। ਕਹਾਣੀਆਂ ਦੀ ਇਸ ਤੀਸਰੀ ਪੁਸਤਕ ਵਿਚ ਕੁੱਲ ਅੱਠ ਬਿਹਤਰੀਨ, ਦਿਲਚਸਪ ਤੇ ਕਥਾ ਰਸ ਭਰਪੂਰ ਕਹਾਣੀਆਂ ਹਨ (ਨਾਨਕ ਸਿੰਘ ਸ਼ੈਲੀ) ਪੁਸਤਕ ਦੀਆਂ ਕਹਾਣੀਆਂ ਵਿਚ ਔਰਤ ਮਰਦ ਦੇ ਰਿਸ਼ਤੇ ਦੀਆਂ ਡੂੰਘੀਆਂ ਤਹਿਆਂ ਦਾ ਮਨੋਵਿਗਿਆਨ ਹੈ। ਵਿਧਵਾ ਔਰਤ, ਪਤੀਵਰਤਾ ਪੜ੍ਹੀ-ਲਿਖੀ ਔਰਤ, ਗ਼ਰੀਬ ਔਰਤ ਦੀ ਮੁਹੱਬਤ ਨੂੰ ਵੱਖ-ਵੱਖ ਜ਼ਾਵੀਏ ਤੋਂ ਕਹਾਣੀਆਂ ਦਾ ਵਿਸ਼ਾ ਲੇਖਕ ਨੇ ਬਣਾਇਆ ਹੈ। ਪੁਸਤਕ ਦੀ ਕਹਾਣੀ 'ਭਾਗਵੰਤੀ' ਬਾਰੇ ਕਥਾਕਾਰ ਵਰਿਆਮ ਸਿੰਘ ਸੰਧੂ ਦੀ ਇਕ ਅਸਿੱਧੇ ਰੂਪ ਵਿਚ ਟਿੱਪਣੀ ਵੀ ਲੇਖਕ ਪੁਸਤਕ ਦੇ ਆਰੰਭਿਕ ਸ਼ਬਦਾਂ ਵਿਚ ਦਰਜ ਕੀਤੀ ਹੈ। ਭਾਗਵੰਤੀ ਨੂੰ ਇਕ ਸਮਾਗਮ ਵਿਚ ਪੜ੍ਹੇ ਜਾਣ ਦਾ ਸਬੱਬ ਬਣਿਆ ਤੇ ਇਹ ਕਹਾਣੀ ਅਨੁਵਾਦ ਹੋ ਕੇ ਹਿੰਦੀ ਦੇ ਉੱਘੇ ਮੈਗਜ਼ੀਨਾਂ ਵਿਚ ਵੀ ਛਪੀ। ਕਹਾਣੀ ਦੀ ਭਾਗਵੰਤੀ ਤੇ ਉਸ ਦਾ ਪਤੀ ਕਿਸ਼ਨਾ ਜ਼ਿੰਦਗੀ ਵਿਚ ਆਪਣੀ ਮੁਹੱਬਤ ਦਾ ਪੂਰਨ ਇਜ਼ਹਾਰ ਹਰਿਦੁਆਰ ਦੇ ਇਕ ਹੋਟਲ ਵਿਚ ਕਰਦੇ ਹਨ। ਜਦੋਂ ਉਹ ਆਪਣੇ ਰਿਸ਼ਤੇਦਾਰ ਦੇ ਫੁੱਲ ਲੈ ਕੇ ਜਾਂਦੇ ਹਨ। ਪੁਸਤਕ ਦੀਆਂ ਕਹਾਣੀਆਂ ਦਾ ਬਿਰਤਾਂਤ ਸੁਹਜਮਈ ਹੈ। ਪਾਤਰਾਂ ਵਿਚ ਜ਼ਿੰਦਗੀ ਜਿਊਣ ਦੀ ਲਾਲਸਾ ਹੈ। ਉਹ ਜਵਾਨੀ ਦਾ ਪੂਰਾ ਕਾਮਿਕ ਅਨੰਦ ਲੈਂਦੇ ਹਨ। ਕਹਾਣੀ 'ਮੂਰਤੀਆਂ ਹੁੰਗਾਰਾ ਨਹੀਂ ਭਰਦੀਆਂ' ਦੀ ਔਰਤ ਵਿਧਵਾ ਹੈ। ਪਤੀ ਦਾ ਨਾਂਅ ਇਕਬਾਲ ਸੀ। ਰਿਸ਼ਤੇਦਾਰੀ ਵਿਚ ਵਿਆਹ 'ਤੇ ਜਾਂਦੀ ਹੈ, ਉਸ ਦਾ ਮੇਲ ਪ੍ਰੀਤਮ ਨਾਂਅ ਦੇ ਮਰਦ ਨਾਲ ਹੁੰਦਾ ਹੈ। ਮੁਹੱਬਤ ਜਾਗ ਪੈਂਦੀ ਹੈ। ਉਹ ਇਕਬਾਲ ਤੇ ਪ੍ਰੀਤਮ ਦੇ ਦਵੰਦ ਵਿਚ ਫਸ ਕੇ ਰਹਿ ਜਾਂਦੀ ਹੈ। ਦੇਹ ਸੁਖ ਲੈ ਕੇ ਫਿਰ ਸੋਚਦੀ ਹੈ ਕੌਣ ਹੈ ਇਹ ਅਜਨਬੀ ਜੋ ਮੈਨੂੰ ਹਨੇਰੀ ਨੁੱਕਰ ਵਿਚ ਲੈ ਗਿਆ। 'ਸੁਰਖਰੂ' ਦਾ ਪਾਤਰ ਲੇਖਕ ਚੰਗਾ ਬੁਲਾਰਾ ਹੈ। ਪ੍ਰਭਾਦੇਵੀ ਲਿਖਤਾਂ ਪੜ੍ਹ ਕੇ ਵਿਆਹ ਲਈ ਤਿਆਰ ਹੈ। ਵੇਖਾ-ਵਿਖਾਈ ਤੱਕ ਗੱਲ ਜਾਂਦੀ ਹੈ। ਪਰ ਪ੍ਰਭਾ ਦੇਵੀ ਦਾ ਰੰਗ ਮੁਹੱਬਤ ਨੂੰ ਸਿਰੇ ਨਹੀਂ ਲੱਗਣ ਦਿੰਦਾ। ਇਸ ਹਾਦਸੇ ਦੀ ਮਾਰੀ ਔਰਤ ਜ਼ਿੰਦਗੀ ਭਰ ਵਿਆਹ ਨਹੀਂ ਕਰਦੀ ਪਰ ਸਮੇਂ ਨਾਲ ਮਰਦ ਪਾਤਰ ਉਸ ਦੇ ਸ਼ਹਿਰ ਕਿਸੇ ਸੰਸਥਾ ਵਲੋਂ ਮਹਿਮਾਨ ਬਣਦਾ ਹੈ। ਪ੍ਰਭਾ ਦੇਵੀ ਉਸ ਨੂੰ ਮਿਲਦੀ ਹੈ ਤੇ ਆਪਣੀ ਜ਼ਿੰਦਗੀ ਬਾਰੇ ਦੱਸਦੀ ਹੈ। ਲੇਖਕ ਕੋਲ ਪਛਤਾਵਾ ਹੈ। ਪਰ ਉਹ ਸੱਚ ਬੋਲ ਕੇ ਸੁਰਖਰੂ ਹੁੰਦਾ ਹੈ। ਸੰਗ੍ਰਹਿ ਦੀਆਂ ਵੱਖ-ਵੱਖ ਕਹਾਣੀਆਂ ਦੇ ਵਧੇਰੇ ਪਾਤਰ (ਚੇਤ ਰਾਮ, ਬਿੰਦੀ, ਜੋਤੀ ਕੁਲਬੀਰ, ਹਰਵੰਤ ਦਿਲਜੋਤ, ਪੂਰਨ, ਰੂੜ ਸਿੰਘ ਆਦਿ) ਜਿਊਂਦੇ ਜਾਗਦੇ, ਕਾਰਜਸ਼ੀਲ ਤੇ ਮੁਹੱਬਤੀ ਹਨ। ਕਹਾਣੀਆਂ ਜੀਣ ਮਰਨ, ਪੂਰਨ ਅਪੂਰਨ ਬਿਗਾਨੀ ਧੀ, ਕੀ ਹੈ ਇਸ ਰਿਸ਼ਤੇ ਦਾ ਨਾਂਅ ਬਹੁਤ ਵਧੀਆ ਰਚਨਾਵਾਂ ਹਨ। ਕਹਾਣੀ ਸੰਗ੍ਰਹਿ ਦਾ ਨਿੱਘਾ ਸਵਾਗਤ ਹੈ।


ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160


ਜ਼ਿੰਦਗੀ ਦੀ ਵਰਨਮਾਲਾ
ਲੇਖਕ : ਰਾਬਿੰਦਰ ਸਿੰਘ ਰੱਬੀ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 160
ਸੰਪਰਕ: 89689-46129.


ਚਰਚਾ ਅਧੀਨ ਪੁਸਤਕ 36 ਵੰਨ-ਸੁਵੰਨੇ ਨਿਬੰਧਾਂ ਦਾ ਸੰਗ੍ਰਹਿ ਹੈ। ਇਨ੍ਹਾਂ ਨਿਬੰਧਾਂ ਦੀ ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਦੇ ਸਿਰਲੇਖ ਪੈਂਤੀ ਅੱਖਰੀ, ਗੁਰਮੁਖੀ ਵਰਨਮਾਲਾ ਦੀ ਤਰਤੀਬ ਵਿਚ ਹਨ। ਊੜੇ ਤੋਂ ਸ਼ੁਰੂ ਹੋ ਕੇ ਫੱਫੇ ਪੈਰ ਬਿੰਦੀ 'ਤੇ ਜਾ ਕੇ ਖ਼ਤਮ ਹੁੰਦੇ ਹਨ। ਇਨ੍ਹਾਂ ਵਿਚ ਙ, ਞ ਅਤੇ ਣ 'ਤੇ ਆਧਾਰਿਤ ਪੁਸਤਕ ਵਿਚ ਕੋਈ ਨਿਬੰਧ ਨਹੀਂ। ਅਸਲ ਵਿਚ ਗੁਰਮੁਖੀ ਵਰਨਮਾਲਾ ਦੀ ਪੈੜੋ ਪੈੜ ਤੁਰਦੀ, ਇਹ ਪੁਸਤਕ ਜ਼ਿੰਦਗੀ ਦੀ ਖ਼ੂਬਸੂਰਤ ਵਰਨਮਾਲਾ ਪ੍ਰਤੀਤ ਹੁੰਦੀ ਹੈ। ਨਿਬੰਧਾਂ ਦੇ ਬਹੁਤੇ ਵਿਸ਼ੇ ਨੈਤਿਕਤਾ ਦਾ ਪਾਠ ਪੜ੍ਹਾਉਂਦੇ ਅਤੇ ਜ਼ਿੰਦਗੀ ਜਿਊਣ ਦੀ ਜਾਚ ਦੱਸਦੇ ਹਨ। ਵਰਜਦੇ ਹਨ, ਕੁਝ ਸਮਝਾਉਂਦੇ ਹਨ। ਮਿਸਾਲ ਦੇ ਤੌਰ 'ਤੇ ਸਚਾਈ, ਹਮਦਰਦੀ, ਗੁੱਸਾ, ਜਿੱਤ, ਝੂਠ, ਠਰ੍ਹੰਮਾ, ਡਰ, ਢਾਰਸ, ਥਾਪੜਾ, ਭਲਾਈ, ਜ਼ਮੀਰ, ਫ਼ੈਸਲਾ ਆਦਿ। ਕੁਝ ਨਿਬੰਧ ਇਨਸਾਨੀ ਗੁਣਾਂ ਦਾ ਸੁਨੇਹਾ ਦਿੰਦੇ ਹਨ, ਜਿਵੇਂ ਉੱਦਮ, ਅਨੁਸ਼ਾਸਨ, ਕਿਤਾਬ, ਖੇਡਾਂ, ਘਰ, ਛੂਤ-ਛਾਤ, ਜਿੱਤ, ਟੀਚਾ, ਡਰ, ਤੰਦਰੁਸਤੀ, ਦੇਸ਼ ਪਿਆਰ, ਧਰਮ, ਪੰਜਾਬੀ, ਬਹਾਦਰੀ, ਰੋਟੀ, ਵਕਤ ਆਦਿ। ਪੁਸਤਕ ਵਿਚਲੇ ਨਿਬੰਧ ਸਰਲ ਭਾਸ਼ਾ ਵਿਚ ਹਨ। ਸ਼ਾਇਰਾਂ ਦੀਆਂ ਟੂਕਾਂ ਅਤੇ ਵਿਦਵਾਨਾਂ ਦੇ ਕਥਨ ਵਿਚਾਰਾਂ ਨੂੰ ਹੋਰ ਸਪੱਸ਼ਟ ਕਰਦੇ ਅਤੇ ਸਾਰਥਕ ਬਣਾਉਂਦੇ ਹਨ, ਪਾਠਕਾਂ ਨੂੰ ਨਾਲ ਤੋਰ ਲੈਂਦੇ ਹਨ। ਕਿਤੇ-ਕਿਤੇ ਛੋਟੀਆਂ-ਛੋਟੀਆਂ ਕਹਾਣੀਆਂ ਨਿਬੰਧਾਂ ਨੂੰ ਹੋਰ ਵੀ ਦਿਲਚਸਪ ਅਤੇ ਪ੍ਰਭਾਵਸ਼ਾਲੀ ਬਣਾ ਦਿੰਦੀਆਂ ਹਨ। ਅਜੋਕੇ ਦੌਰ ਵਿਚ ਜਦੋਂ ਨੈਤਿਕਤਾ ਲੋਕਾਂ ਦੇ ਸੁਭਾਅ ਤੋਂ ਕਿਨਾਰਾ ਕਰੀ ਜਾ ਰਹੀ ਹੈ। ਆਪਸੀ ਸਾਂਝ ਤੇ ਪਿਆਰ ਖ਼ਤਮ ਹੁੰਦਾ ਜਾ ਰਿਹਾ ਹੈ। ਲੋਕ ਪਦਾਰਥਾਂ ਤੇ ਸਿੱਕਿਆਂ ਦੀ ਅੰਨ੍ਹੀ ਦੌੜ ਦੌੜ ਰਹੇ ਹਨ। ਇਹ ਪੁਸਤਕ ਸਾਨੂੰ ਗੁਆਚੀਆਂ ਕਦਰਾਂ-ਕੀਮਤਾਂ ਦਾ ਚੇਤਾ ਜ਼ਰੂਰ ਕਰਾਉਂਦੀ ਹੈ। ਆਉਣ ਵਾਲੀ ਨਵੀਂ ਪੀੜ੍ਹੀ ਨੂੰ ਇਨਸਾਨੀਅਤ ਦਾ ਰਾਹ ਦਿਖਾਉਂਦੀ ਪ੍ਰਤੀਤ ਹੁੰਦੀ ਹੈ। ਲੇਖਕ ਦੇ ਸਾਰਥਕ ਯਤਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਪੰਜਾਬੀ ਸਾਹਿਤ ਵਿਚ ਇਸ ਪੁਸਤਕ ਦੇ ਆਗਮਨ ਦਾ ਮੈਂ ਹਾਰਦਿਕ ਸਵਾਗਤ ਕਰਦਾ ਹਾਂ। ਮੈਂ ਪਾਠਕਾਂ ਨੂੰ ਸਲਾਹ ਦੇਣੀ ਚਾਹਾਂਗਾ ਕਿ ਇਸ ਪੁਸਤਕ ਨੂੰ ਹਰ ਉਮਰ ਦੇ ਪਾਠਕ ਜ਼ਰੂਰ ਪੜ੍ਹਨ। ਕੁਝ ਫ਼ਾਇਦਾ ਹੀ ਹੋਵੇਗਾ।


ਪ੍ਰਿੰ: ਹਰੀ ਕ੍ਰਿਸ਼ਨ ਮਾਇਰ
ਮੋ: 97806-67686.


ਹਮਸ਼ਾਇਰ
ਲੇਖਕ : ਅਤੁੱਲ ਕੰਬੋਜ, ਚੰਨ ਅਬੋਹਰੀ, ਰਵੀ ਗੁਲਾਟੀ ਰਫੀਕ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 300 ਰੁਪਏ, ਸਫ਼ੇ : 98
ਸੰਪਰਕ : 0172-5027427


ਹਮਸ਼ਾਇਰ ਕਾਵਿ-ਸੰਗ੍ਰਹਿ ਅਤੁੱਲ ਕੰਬੋਜ 'ਚੰਨ ਅਬੋਹਰੀ' ਅਤੇ ਰਵੀ ਗੁਲਾਟੀ 'ਰਫ਼ੀਕ' ਦਾ ਪਲੇਠਾ ਕਾਵਿ-ਸੰਗ੍ਰਹਿ ਹੈ ਜੋ ਦੋ ਭਾਸ਼ਾਵਾਂ : ਪੰਜਾਬੀ ਅਤੇ ਉਰਦੂ ਜ਼ਬਾਨ ਵਿਚ ਹੈ। ਦੋਵਾਂ ਨੇ ਇਸ ਕਾਵਿ-ਸੰਗ੍ਰਹਿ ਦੀਆਂ ਨਜ਼ਮਾਂ ਅਤੇ ਗ਼ਜ਼ਲਾਂ ਨੂੰ ਗੁਰਮੁਖੀ ਅਤੇ ਦੇਵਨਾਗਰੀ ਲਿਪੀ 'ਚ ਲਿਖਿਆ ਹੈ। ਦੋਵਾਂ ਨੇ ਹੀ 34-34 ਕਾਵਿ ਰਚਨਾਵਾਂ ਨੂੰ ਸੰਕਲਿਤ ਕੀਤਾ ਹੈ। ਜੇਕਰ 'ਚੰਨ ਅਬੋਹਰੀ' ਆਪਣੀ ਨਜ਼ਮ ਨੂੰ 'ਜ਼ਿੰਦਗੀ ਦੇ ਰੰਗ' ਸਿਰਲੇਖ ਦਿੰਦਾ ਹੈ ਤਾਂ 'ਰਫ਼ੀਕ' 'ਯੂੰ ਹੋਤਾ' ਅਨੁਵਾਨ ਦਿੰਦਾ ਹੈ। ਇਕ ਆਪਣੀਆਂ ਨਜ਼ਮਾਂ 'ਚ ਸਮਕਾਲੀ ਯਥਾਰਥ ਦੇ ਸਨਮੁੱਖ ਹੁੰਦਿਆਂ ਮੁਹੱਬਤ ਦੀ ਬਾਤ ਪਾਉਂਦਾ ਹੈ ਜਦ ਕਿ ਦੂਸਰਾ ਮੁਹੱਬਤ ਤੋਂ ਸ਼ੁਰੂ ਹੋਕੇ ਅਗਾਂਹ ਸਾਮਿਅਕ ਰਾਜਨੀਤਕ ਵਰਤਾਰਿਆਂ ਪ੍ਰਤੀ ਆਪਣੀ ਕਾਵਿਕ ਸ਼ੈਲੀ 'ਚ ਰਾਇ ਪ੍ਰਗਟ ਕਰਦਾ ਹੈ। ਪ੍ਰੋ: ਸਤੀਸ਼ ਕੁਮਾਰ ਵਰਮਾ ਦੀ ਇਨ੍ਹਾਂ ਦੋਵਾਂ ਦੀ ਸ਼ਾਇਰੀ ਸਬੰਧੀ ਕੀਤੀ ਟਿੱਪਣੀ (ਅਤੁੱਲ ਦੀ ਕਵਿਤਾ ਪ੍ਰੋ: ਪੂਰਨ ਸਿੰਘ ਦੀ ਝਲਕ ਦਿੰਦੀ ਹੈ। ਉਵੇਂ ਹੀ ਰਵੀ ਦੀ ਗ਼ਜ਼ਲ ਕਿਤੇ ਬਸ਼ੀਰ ਬਦਲ ਤੇ ਕਿਤੇ ਦੁਸ਼ਿਅੰਤ ਕੁਮਾਰ ਦੀ ਝਲਕ ਦਿੰਦੀ ਹੈ) ਵਿਚਾਰਨਯੋਗ ਵੀ ਹੈ ਅਤੇ ਸਮਝਣਯੋਗ ਵੀ। ਇਥੇ ਅਸੀਂ ਇਕ ਰਵੀ ਦਾ ਸ਼ਿਅਰ ਪੇਸ਼ ਕਰਦਿਆਂ ਉਕਤ ਕਥਨ ਦੀ ਪੁਸ਼ਟੀ ਕਰ ਸਕਦੇ ਹਾਂ :
ਮਰਾਸਿਮ ਗੰਵਾਨੇ ਕਾ ਹੁਨਰ ਰਖਤਾ ਹੂੰ,
ਮੈਂ ਸੱਚ ਬਤਾਨੇ ਕਾ ਹੁਨਰ ਰਖਤਾ ਹੁੰ।
ਇਸ ਸ਼ਿਅਰ ਵਿਚਲੇ 'ਸੱਚ' ਨੂੰ ਬਸ਼ੀਰ ਬਦਰ ਦੇ ਇਸ ਸ਼ਿਅਰ ਨਾਲ ਤੁਲਨਾ ਕੇ ਦੇਖਿਆ ਜਾ ਸਕਦਾ ਹੈ :
ਜੀਅ ਤੋਂ ਚਾਹਤਾ ਹੈ ਕਿ ਸੱਚ ਬੋਲੇਂ
ਕਿਆ ਕਰੇਂ ਹੌਸਲਾ ਨਹੀਂ ਹੋਤਾ
ਇੰਜ ਦੋਵਾਂ ਹੀ ਕਵੀਆਂ ਦੀ ਸ਼ਾਇਰੀ 'ਚ ਸਾਂਝਾ ਸੂਤਰ ਹੈ ਪ੍ਰਾਪਤ ਵਸਤੂ ਯਥਾਰਥ ਨੂੰ ਸਿਫ਼ਤੀ ਯਥਾਰਥ ਵਿਚ ਤਬਦੀਲ ਕਰਨਾ। ਰਫ਼ੀਕ ਦੀ ਆਖ਼ਰੀ ਗ਼ਜ਼ਲ 'ਇਸ਼ਤਰਾਕੀ' ਦਾ ਅੰਤਿਮ ਸ਼ਿਅਰ :
ਮੇਰੀ ਗ਼ਜ਼ਲੇਂ ਤੋ ਕਹੀਂ ਪੜ੍ਹੀ ਸੁਨੀ ਹੋਗੀ,
ਸੁਖਨਵਰੋਂ ਮੇ 'ਰਫੀਕ' ਨਾਮ ਰੱਖਤਾ ਹੂੰ।
ਅਤੁੱਲ ਇਸ ਅਹਿਸਾਸ ਦੀ ਪੇਸ਼ਕਾਰੀ ਵਧੇਰੇ ਉਚੇਰੀ ਤੇ ਤਿਖੇਰੀ ਸੁਰ ਵਿਚ ਕਰਦਾ ਹੈ
ਜ਼ਾਲਮ ਦੇ ਜ਼ੁਲਮ ਦਾ ਘੜਾ, ਜਦੋਂ ਭਰੇਗਾ,
ਮਜ਼ਲੂਮ ਫਿਰ ਦੀਵਾਰ, ਬਣ, ਅੱਗੋਂ ਖੜੇਗਾ।
ਪ੍ਰੋ: ਮੋਹਨ ਸਿੰਘ ਦੀ ਝਲਕ 'ਜ਼ਿੰਦਗੀ ਦੇ ਰੰਗ' ਨਜ਼ਮ ਵਿਚ ਦੇਖੀ ਜਾ ਸਕਦੀ ਹੈ। ਦੋਵਾਂ ਸ਼ਾਇਰਾਂ ਨੂੰ ਦਿਲੀ ਮੁਬਾਰਕਵਾਦ ਦਿੰਦਿਆਂ ਇਹ ਵੀ ਤਵੱਕੋਂ ਕਰਦਾ ਹਾਂ ਕਿ ਭਵਿੱਖ ਵਿਚ ਵੀ ਦੋਵੇਂ ਸ਼ਾਇਰ ਨਿਵੇਕਲੀਆਂ ਪੈੜਾਂ ਪਾਉਣ ਦਾ ਹੀਲਾ-ਵਸੀਲਾ ਕਰਦੇ ਰਹਿਣਗੇ। ਆਮੀਨ।


ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.


ਸਭੁ ਦੇਸੁ ਪਰਾਇਆ
ਸਵੈ-ਜੀਵਨੀਕਾਰ : ਗਿਆਨੀ ਕੇਵਲ ਸਿੰਘ 'ਨਿਰਦੋਸ਼'
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 159
ਸੰਪਰਕ : 98157-39855.


ਸਵੈ-ਜੀਵਨੀ ਲਿਖਣਾ ਸੌਖਾ ਕਾਰਜ ਨਹੀਂ ਹੈ ਕਿਉਂਕਿ ਇਕ ਵਿੱਥ 'ਤੇ ਖਲੋ ਕੇ ਆਪਣੀ ਜ਼ਿੰਦਗੀ ਦੀ ਪੜਚੋਲ ਕਰਨਾ ਅਤੇ ਫਿਰ ਪਾਠਕਾਂ ਨਾਲ ਜ਼ਿੰਦਗੀ ਦੇ ਸੱਚਾਂ ਦੀ ਸਾਂਝ ਪਵਾਉਣੀ ਬੜੀ ਔਖੀ ਹੈ। ਪਾਠਕਾਂ ਦੇ ਸਾਹਮਣੇ ਬਗੈਰ ਕਿਸੇ ਝਿਜਕ ਤੋਂ ਆਪਣੀ ਜ਼ਿੰਦਗੀ ਦੀ ਪੋਟਲੀ ਖੋਲ੍ਹ ਕੇ ਰੱਖ ਦੇਣੀ ਅਤੇ ਉਨ੍ਹਾਂ ਨੂੰ ਇਸ ਵਿਚਲੀਆਂ ਚੰਗਿਆਈਆਂ ਬੁਰਿਆਈਆਂ ਵਿਚ ਝਾਕਣ ਦਾ ਮੌਕਾ ਦੇਣਾ ਸਵੈ-ਜੀਵਨੀਕਾਰ ਦਾ ਇਕ ਸੱਚਾ ਫਰਜ਼ ਬਣਦਾ ਹੈ। ਸਵੈ-ਜੀਵਨੀ ਤਦ ਹੀ ਅਸਰਦਾਰ ਬਣਦੀ ਹੈ ਜੇਕਰ ਸਵੈ-ਜੀਵਨੀਕਾਰ ਆਪਣੀਆਂ ਕਮਜ਼ੋਰੀਆਂ ਅਤੇ ਪ੍ਰਾਪਤੀਆਂ ਦਾ ਲੇਖਾ-ਜੋਖਾ ਬਰਾਬਰ ਰੂਪ ਵਿਚ ਪੇਸ਼ ਕਰੇ। ਗਿਆਨੀ ਕੇਵਲ ਸਿੰਘ 'ਨਿਰਦੋਸ਼' ਦੀ ਸਵੈ-ਜੀਵਨੀ 'ਸਭੁ ਦੇਸੁ ਪਰਾਇਆ' ਸਿਰਲੇਖ ਤਹਿਤ ਪਾਠਕਾਂ ਦੇ ਰੂਬਰੂ ਹੋਈ ਹੈ। ਸਵੈ-ਜੀਵਨੀਕਾਰ ਨੇ ਜਿਥੇ ਇਸ ਸਵੈ-ਜੀਵਨੀ ਵਿਚ ਆਪਣੇ ਪਰਿਵਾਰਕ ਪਿਛੋਕੜ ਪ੍ਰਾਪਤੀਆਂ, ਸਾਹਿਤ-ਰਚਨਾ ਅਤੇ ਫ਼ੌਜ ਦੀ ਨੌਕਰੀ ਕਰਦਿਆਂ ਘਟਨਾਵਾਂ ਬਾਰੇ ਵਿਸਤ੍ਰਿਤ ਵੇਰਵੇ ਪੇਸ਼ ਕੀਤੇ ਹਨ, ਉਥੇ ਗੁਰਬਾਣੀ ਦੀ ਪਵਿੱਤਰ ਪੰਕਤੀਆਂ ਨਾਲ ਆਪਣੀ ਗੱਲ ਨੂੰ ਸਪੱਸ਼ਟ ਕਰਨ ਦਾ ਯਤਨ ਕੀਤਾ ਹੈ। ਸਵੈ-ਜੀਵਨੀ ਪੜ੍ਹਦਿਆਂ ਲੇਖਕ ਦੀ ਗੁਰਬਾਣੀ ਉੱਤੇ ਸ਼ਰਧਾ ਅਤੇ ਵਿਸ਼ਵਾਸ ਬਾਰੇ ਵੀ ਭਰਪੂਰ ਜਾਣਕਾਰੀ ਮਿਲਦੀ ਹੈ ਜੋ ਪਾਠਕ ਨੂੰ ਨਿੱਜੀ ਰੂਪ ਵਿਚ ਵੀ ਕਾਫੀ ਸਿੱਖਿਆਤਮਕ ਸੂਝ ਪ੍ਰਦਾਨ ਕਰਦੀ ਹੈ।
ਲੇਖਕ ਨੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਆਪਣੀਆਂ ਦੋਸਤੀਆਂ ਜਿਨ੍ਹਾਂ ਨੂੰ ਉਹ ਅੱਜ ਵੀ ਯਾਦ ਕਰਦਾ ਹੈ, ਦਾ ਜ਼ਿਕਰ ਵੀ ਸਵੈ-ਜੀਵਨੀ ਵਿਚ ਕੀਤਾ ਹੈ। ਸਵੈ-ਜੀਵਨੀ ਵਿਚ ਲੇਖਕ ਦੇ ਜ਼ਿਆਦਾ ਵੇਰਵੇ ਫ਼ੌਜ ਦੀ ਨੌਕਰੀ ਕਰਦਿਆਂ 1971 ਦੀ ਭਾਰਤ-ਪਾਕਿ ਜੰਗ ਬਾਰੇ ਵੀ ਮਿਲਦੇ ਹਨ ਅਤੇ ਆਮ ਲੋਕਾਂ ਦੇ ਜੀਵਨ ਨੂੰ ਇਸ ਲੜਾਈ ਵਿਚ ਕਿਹੋ ਜਿਹੀ ਤਬਾਹੀ ਦੇਖਣੀ ਪਈ, ਉਸ ਬਾਰੇ ਲੇਖਕ ਨੇ ਜਾਣਕਾਰੀ ਦਿੱਤੀ ਹੈ। ਲੜਕੀ ਦੀ ਲਾਸ਼ ਛੱਪੜੀ ਵਿਚ ਮਿਲਣ ਵਾਲੀ ਘਟਨਾ ਪਾਠਕ ਨੂੰ ਝੰਜੋੜ ਕੇ ਰੱਖ ਦਿੰਦੀ ਹੈ। ਲੇਖਕ ਨੇ ਆਪਣੀ ਸਾਹਿਤਕ ਘਾਲਣਾ ਅਤੇ ਰਚਨਾਵਾਂ ਬਾਰੇ ਪਾਠਕਾਂ ਨਾਲ ਸਾਂਝ ਪੁਆਈ ਹੈ। ਸਵੈ-ਜੀਵਨੀ ਵਿਚ ਕਿਤੇ-ਕਿਤੇ ਕਾਵਿਕ ਰੰਗ ਵੀ ਮਾਣਨ ਨੂੰ ਮਿਲਦਾ ਹੈ। ਪੁਸਤਕ ਪ੍ਰੇਰਨਾਰਥਕ ਅਤੇ ਪੜ੍ਹਨਯੋਗ ਹੈ।


ਡਾ. ਸਰਦੂਲ ਸਿੰਘ ਔਜਲਾ
ਮੋ: 98141-68611.


ਵਿਚਾਰਾ ਕਿਸਾਨ

ਲੇਖਕ : ਚੌਧਰੀ ਛੋਟੂ ਰਾਮ
ਸੰਪਾਦਕ : ਡਾ. ਕੇ. ਸੀ. ਯਾਦਵ
ਪੰਜਾਬੀ ਅਨੁਵਾਦ : ਕੁਲਵਿੰਦਰ ਸਿੰਘ ਸਰਾਂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 150 ਰੁਪਏ, ਸਫ਼ੇ : 144
ਸੰਪਰਕ : 94634-44678.


ਅਣਵੰਡੇ ਪੰਜਾਬ ਦੇ ਰੋਹਤਕ ਜ਼ਿਲ੍ਹੇ ਦੇ ਇਕ ਨਿੱਕੇ ਜਿਹੇ ਪਿੰਡ ਗੜ੍ਹੀ ਸਾਂਪਲਾ 'ਚ ਜਨਮੇ ਕਿਸਾਨ ਆਗੂ ਚੌਧਰੀ ਛੋਟੂ ਰਾਮ ਦੇ ਉਰਦੂ ਵਿਚ ਲਿਖੇ ਲੇਖਾਂ ਨੂੰ ਬੜੀ ਮਿਹਨਤ ਨਾਲ ਸੰਪਾਦਿਤ ਅਤੇ ਬੜੀ ਸ਼ਿੱਦਤ ਨਾਲ ਪੰਜਾਬੀ ਵਿਚ ਅਨੁਵਾਦ ਕਰਕੇ ਇਹ ਕੀਮਤੀ ਲੇਖਾਂ ਦਾ ਸੰਗ੍ਰਹਿ ਤਿਆਰ ਕੀਤਾ ਗਿਆ ਹੈ। ਅਨੁਵਾਦ ਕਰਤਾ ਕੁਲਵਿੰਦਰ ਸਿੰਘ ਸਰਾਂ ਨੇ ਪੁਸਤਕ ਦੇ ਮਹੱਤਵ ਅਤੇ ਸਾਰਥਕਤਾ ਨੂੰ 'ਪੁਸਤਕ ਜਾਣ-ਪਛਾਣ' ਵਿਚ ਇੰਜ ਲਿਖਿਆ ਹੈ, 'ਵਿਚਾਰਾ ਕਿਸਾਨ' ਚੌਧਰੀ ਛੋਟੂ ਰਾਮ ਦੇ ਉਨ੍ਹਾਂ ਲੇਖਾਂ ਦਾ ਸੰਗ੍ਰਹਿ ਹੈ ਜੋ ਪਹਿਲਾਂ ਉਰਦੂ ਭਾਸ਼ਾ ਵਿਚ 'ਵਿਚਾਰਾ ਜ਼ਿਮੀਂਦਾਰ' ਸਿਰਲੇਖ ਹੇਠ ਛਪਿਆ ਸੀ। ਭਾਰਤੀ ਕਿਸਾਨਾਂ ਦੇ ਦੁੱਖ ਕਸ਼ਟ ਤੇ ਔਕੜਾਂ ਦਾ ਜਿੰਨਾ ਜਾਨਦਾਰ ਚਿੱਤਰ ਇਸ ਪੁਸਤਕ ਵਿਚ ਖਿੱਚਿਆ ਗਿਆ ਹੈ, ਅਜਿਹਾ ਸ਼ਾਇਦ ਹੀ ਕਿਤੇ ਹੋਰ ਦੇਖਣ ਨੂੰ ਮਿਲੇ।' 1930ਵੇਂ 'ਚ ਲਿਖੇ ਇਸ ਪੁਸਤਕ ਦੇ ਲੇਖ ਅੱਜ ਵੀ ਓਨੇ ਹੀ ਸਾਰਥਕ ਅਤੇ ਮਹੱਤਵਪੂਰਨ ਹਨ, ਜਿੰਨੇ ਉਸ ਸਮੇਂ ਸਨ। ਪੁਸਤਕ ਵਿਚ ਸ਼ਾਮਿਲ 18 ਲੇਖ ਦੋ ਭਾਗਾਂ ਵਿਚ ਵੰਡ ਕੇ ਦਰਜ ਕੀਤੇ ਗਏ ਹਨ। ਸੌਖੀ ਕੇਂਦਰੀ ਪੰਜਾਬੀ ਵਿਚ ਅਨੁਵਾਦ ਕੀਤੇ ਗਏ ਲੇਖਾਂ ਵਿਚ ਸ਼ਾਮਿਲ 'ਬਕਾ ਕੀ ਫਿਕਰ ਕਰ ਨਾਦਾਂ' 'ਅੰਨਦਾਤਾ ਹੀ ਭੁੱਖਾ ਹੈ', 'ਅਣਦੇਖੀ ਅਤੇ ਅਨਿਆਂ ਦਾ ਬੇਵੱਸ ਸ਼ਿਕਾਰ', 'ਸਮਾਜ ਦੇ ਪਾਲਣਹਾਰੇ ਦੀ ਚਿੰਤਾਜਨਕ ਹਾਲਤ', 'ਜ਼ਮੀਨ ਦਾ ਮਾਲਕ ਕੌਣ', 'ਕਿਸਾਨ ਦਾ ਦੁੱਖ', 'ਕਿਸਾਨ ਦੀ ਫਰਿਆਦ' ਆਦਿ ਲੇਖ ਕਿਸਾਨ ਦੀ ਬਹੁਪੱਖੀ ਦਸ਼ਾ ਦਾ ਯਥਾਰਥਕ ਚਿੱਤਰ ਪੇਸ਼ ਕਰਦੇ ਹਨ।
ਪੁਸਤਕ ਦੇ ਅੰਤ ਵਿਚ ਲੇਖਕ ਚੌਧਰੀ ਛੋਟੂ ਰਾਮ ਅਤੇ ਪੁਸਤਕ ਬਾਰੇ ਉੱਘੇ ਪੰਜਾਬੀ ਕਹਾਣੀਕਾਰ ਅਤੇ 'ਅਜੀਤ' ਦੇ ਕਾਲਮ ਨਵੀਸ ਗੁਲਜ਼ਾਰ ਸਿੰਘ ਸੰਧੂ ਨੇ 'ਚੌਧਰੀ ਛੋਟੂ ਰਾਮ ਦੀ ਵਿਰਾਸਤ' ਸਿਰਲੇਖ ਹੇਠ ਬੇਹੱਦ ਸਟੀਕ ਜਾਣਕਾਰੀ ਦਿੱਤੀ ਜੋ ਕਿ ਬੇਹੱਦ ਸ਼ਲਾਘਾਯੋਗ ਰਚਨਾ ਅਤੇ ਇਸ ਪੁਸਤਕ ਦੇ ਮਹੱਤਵ ਵਿਚ ਚੋਖਾ ਵਾਧਾ ਕਰਦੀ ਹੈ। ਸ. ਸੰਧੂ ਲਿਖਦੇ ਹਨ, 'ਸਿਆਸੀ ਤੌਰ 'ਤੇ ਮਜ਼ਬੂਤ ਹੋ ਕੇ ਚੌਧਰੀ ਛੋਟੂ ਰਾਮ ਨੇ ਕਿਸਾਨਾਂ ਦੇ ਹੱਕਾਂ ਲਈ ਜੀ-ਜਾਨ ਤੋੜਵਾਂ ਸੰਘਰਸ਼ ਕਰਦਿਆਂ ਕਿਸਾਨਾਂ ਦੇ ਹੱਕ ਵਿਚ ਅੰਗਰੇਜ਼ਾਂ ਤੋਂ ਬਾਈ ਕਾਨੂੰਨ ਪਾਸ ਕਰਵਾਏ ਸਨ। ਕਿਸਾਨੀ ਉਪਜ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਨੀਂਹ ਰੱਖਣ ਵਾਲਾ ਵੀ ਚੌਧਰੀ ਛੋਟੂ ਰਾਮ ਹੀ ਸੀ।' ਇਸ ਪੁਸਤਕ ਵਿਚ ਦਰਜ ਤੱਥ ਭਰਪੂਰ ਇਤਿਹਾਸਕ ਜਾਣਕਾਰੀ ਇਸ ਪੁਸਤਕ ਨੂੰ ਹੋਰ ਵੀ ਸਾਂਭਣਯੋਗ ਅਤੇ ਕੀਮਤੀ ਬਣਾਉਂਦੀ ਹੈ।


ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444.

06-05-2021

 ਤੀਲਿਆਂ ਦਾ ਪੁਲ
ਪਸ਼ਤੋ ਜ਼ਬਾਨ ਦੀਆਂ ਪਾਕਿਸਤਾਨੀ ਕਹਾਣੀਆਂ
ਸੰਪਾਦਕ : ਜਿੰਦਰ
ਅਨੁਵਾਦਕ : ਸੁਖਪਾਲ ਸਿੰਘ ਹੁੰਦਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 125 ਰੁਪਏ, ਸਫ਼ੇ : 96