ਤਾਜਾ ਖ਼ਬਰਾਂ


ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਦਿੱਤੀਆਂ ਰੱਖੜੀ ਦੇ ਤਿਉਹਾਰ ਦੀਆਂ ਵਧਾਈਆਂ
. . .  16 minutes ago
ਸੰਗਰੂਰ, 11 ਅਗਸਤ (ਧੀਰਜ ਪਸ਼ੋਰੀਆ)-ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦੇ ਤਿਉਹਾਰ ਰੱਖੜੀ ਦੀਆਂ ਸਾਰਿਆਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀਕਲਾ ਅਤੇ ਤੰਦਰੁਸਤੀ ਬਖ਼ਸ਼ਣ...
ਹਾਕੀ ਖਿਡਾਰਣ ਗੁਰਜੀਤ ਕੌਰ ਦਾ ਪਿੰਡ ਪਹੁੰਚਣ 'ਤੇ ਹੋਇਆ ਭਰਵਾਂ ਸਵਾਗਤ
. . .  41 minutes ago
ਅਜਨਾਲਾ/ਓਠੀਆਂ, 11 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ/ਗੁਰਵਿੰਦਰ ਸਿੰਘ ਛੀਨਾ)-ਰਾਸ਼ਟਰਮੰਡਲ ਖੇਡਾਂ 'ਚ ਕਾਂਸੀ ਦਾ ਮੈਡਲ ਜਿੱਤ ਕੇ ਆਪਣੇ ਜੱਦੀ ਪਿੰਡ ਮਿਆਦੀਆਂ ਪਹੁੰਚੀ ਭਾਰਤੀ ਮਹਿਲਾ ਹਾਕੀ ਟੀਮ 'ਚ ਪੰਜਾਬ ਦੀ ਇਕਲੌਤੀ ਖਿਡਾਰਣ ਗੁਰਜੀਤ ਕੌਰ ਮਿਆਦੀਆਂ ਦਾ ਭਰਵਾਂ ਸਵਾਗਤ...
ਮਹਾਂਮਾਰੀ ਕਾਰਨ ਸਖ਼ਤ ਪਾਬੰਦੀ ਦੇ ਬਾਵਜੂਦ ਵੀ ਪਸ਼ੂ ਮੰਡੀ 'ਚ ਲੱਗਿਆ ਭਾਰੀ ਪਸ਼ੂ ਮੇਲਾ
. . .  46 minutes ago
ਧਨੌਲਾ, 11 ਅਗਸਤ (ਜਤਿੰਦਰ ਸਿੰਘ ਧਨੌਲਾ)-ਪਾਬੰਦੀ ਲੱਗਣ ਦੇ ਬਾਵਜੂਦ ਏਸ਼ੀਆ ਦੀ ਸਭ ਤੋਂ ਵੱਡੀ ਪਸ਼ੂ ਮੰਡੀ ਵਜੋਂ ਜਾਣੀ ਜਾਂਦੀ ਧਨੌਲਾ ਪਸ਼ੂ ਮੰਡੀ ਅੱਜ ਸਰਕਾਰੀ ਹੁਕਮਾਂ ਨੂੰ ਅਣਗੌਲਿਆਂ ਕਰਕੇ ਲਾਈ ਗਈ ਹੈ। ਵੱਡੀ ਗਿਣਤੀ 'ਚ ਪਸ਼ੂ ਪਾਲਕ ਅਤੇ ਵਪਾਰੀ ਆਪਣੇ ਪਸ਼ੂਆਂ...
ਪਿੰਡ ਸਾਰੰਗੜਾ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
. . .  about 1 hour ago
ਲੋਪੋਕੇ, 11ਅਗਸਤ (ਗੁਰਵਿੰਦਰ ਸਿੰਘ ਕਲਸੀ)- ਪਿੰਡ ਸਾਰੰਗੜਾ ਵਿਖੇ ਮਾਮੂਲੀ ਤਕਰਾਰ ਦੌਰਾਨ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਸਾਹਿਬ ਸਿੰਘ (35) ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਸਾਰੰਗੜਾ...
ਰਾਜੂ ਸ਼੍ਰੀਵਾਸਤਵ ਦੀ ਹਾਲਤ ਨਾਜ਼ੁਕ, ਏਮਜ਼ 'ਚ ਵੈਂਟੀਲੇਟਰ ਸਪਾਟ 'ਤੇ ਹਨ ਕਾਮੇਡੀਅਨ
. . .  about 1 hour ago
ਮੁੰਬਈ, 11 ਅਗਸਤ-ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਹਾਲਤ ਕਾਫ਼ੀ ਨਾਜ਼ੁਕ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਿਕ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਦਿੱਲੀ ਏਮਜ਼ 'ਚ ਵੈਂਟੀਲੇਟਰ ਸਪਾਟ 'ਤੇ ਰੱਖਿਆ ਗਿਆ ਹੈ। ਦੱਸ ਦੇਈਏ ਕਿ ਬੀਤੇ ਦਿਨ ਬੁੱਧਵਾਰ ਨੂੰ ਪ੍ਰਸਿੱਧ...
ਜੰਮੂ-ਕਸ਼ਮੀਰ: ਰਾਜੌਰੀ 'ਚ ਫ਼ੌਜ ਦੇ ਕੈਂਪ 'ਤੇ ਆਤਮਘਾਤੀ ਹਮਲਾ, 2 ਅੱਤਵਾਦੀ ਢੇਰ
. . .  about 1 hour ago
ਸ਼੍ਰੀਨਗਰ, 11 ਅਗਸਤ-ਜੰਮੂ-ਕਸ਼ਮੀਰ ਦੇ ਰਾਜੌਰੀ 'ਚ ਫ਼ੌਜ ਦੇ ਕੈਂਪ 'ਤੇ ਆਤਮਘਾਤੀ ਹਮਲੇ ਦੀ ਕੋਸ਼ਿਸ਼ ਕਰ ਰਹੇ 2 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ ਅਤੇ 3 ਜਵਾਨ ਸ਼ਹੀਦ ਹੋ ਗਏ ਹਨ।
ਰੱਖੜੀ ਦੇ ਤਿਉਹਾਰ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
. . .  about 1 hour ago
ਨਵੀਂ ਦਿੱਲੀ, 11 ਅਗਸਤ- ਰੱਖੜੀ ਦੇ ਤਿਉਹਾਰ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
ਰੱਖੜੀ ਦੇ ਤਿਉਹਾਰ ਮੌਕੇ ਅਜੀਤ ਪ੍ਰਕਾਸ਼ਨ ਸਮੂਹ ਵਲੋਂ ਪਾਠਕਾਂ ਤੇ ਦਰਸ਼ਕਾਂ ਨੂੰ ਸ਼ੁੱਭਕਾਮਨਾਵਾਂ
. . .  about 2 hours ago
ਰੱਖੜੀ ਦੇ ਤਿਉਹਾਰ ਮੌਕੇ ਅਜੀਤ ਪ੍ਰਕਾਸ਼ਨ ਸਮੂਹ ਵਲੋਂ ਪਾਠਕਾਂ ਤੇ ਦਰਸ਼ਕਾਂ ਨੂੰ ਸ਼ੁੱਭਕਾਮਨਾਵਾਂ
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
18 ਸਾਲਾ ਇਕ ਲੜਕੀ ਨੂੰ ਨੌਜਵਾਨ ਨੇ ਮਾਰੀ ਗੋਲੀ
. . .  1 day ago
ਗੁਰੂ ਹਰਸਹਾਏ ,10 ਅਗਸਤ (ਕਪਿਲ ਕੰਧਾਰੀ)- ਅੱਜ ਗੁਰੂ ਹਰਸਹਾਏ ਵਿਖੇ ਦੇਰ ਰਾਤ ਦਸ ਵਜੇ ਦੇ ਕਰੀਬ ਜੋਗੀਆਂ ਵਾਲੇ ਮੁਹੱਲੇ ਵਿਚ ਇਕ 18 ਸਾਲਾ ਲੜਕੀ ਨੂੰ ਇਕ ਨੌਜਵਾਨ ਵਲੋਂ ਗੋਲੀ ਮਾਰੇ ਜਾਣ ਦੀ ਖ਼ਬਰ ਪ੍ਰਾਪਤ ਹੋਈ ...
ਬੀ.ਐੱਸ.ਐਫ. ਵਲੋਂ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਏ ਦੋ ਪਾਕਿਸਤਾਨੀ ਕਾਬੂ
. . .  1 day ago
ਡੇਰਾ ਬਾਬਾ ਨਾਨਕ, 10 ਅਗਸਤ (ਵਿਜੇ ਸ਼ਰਮਾ)-ਡੇਰਾ ਬਾਬਾ ਨਾਨਕ ਸੈਕਟਰ 'ਚ ਟਾਊਨ ਪੋਸਟ ਦੇ ਨਜ਼ਦੀਕ ਭਾਰਤ-ਪਾਕਿ ਕੌਮਾਂਤਰੀ ਸਰਹੱਦ ਉੱਪਰ ਲੱਗੀ ਕੰਡਿਆਲੀ ਤਾਰ ਟੱਪ ਕੇ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਏ ਦੋ ਪਾਕਿਸਤਾਨੀ ...
ਐਨ.ਡੀ.ਆਰ.ਐਫ. ਦੀ ਟੀਮ 33 ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਵੀ ਨਾਲੇ ਵਿਚ ਡਿੱਗੇ ਬੱਚੇ ਨੂੰ ਲੱਭਣ 'ਚ ਸਫਲ ਨਹੀਂ ਹੋ ਸਕੀ
. . .  1 day ago
ਟੀਮ ਦੇ ਮੈਂਬਰਾਂ ਵਲੋਂ ਨਾਲੇ 'ਚ ਕੈਮਰਿਆਂ ਰਾਹੀਂ ਕੀਤੀ ਗਈ ਬੱਚੇ ਦੀ ਭਾਲ ਕਪੂਰਥਲਾ, 10 ਅਗਸਤ (ਅਮਰਜੀਤ ਕੋਮਲ, ਅਮਨਜੋਤ ਸਿੰਘ ਵਾਲੀਆ)-ਐਨ.ਡੀ.ਆਰ.ਐਫ. ਦੀ 29 ਮੈਂਬਰੀ ਟੀਮ 33 ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਵੀ ਸ਼ਾਲਾਮਾਰ ਬਾਗ ਰੋਡ 'ਤੇ ਇਕ ਨਿੱਜੀ ਹੋਟਲ ਦੇ ਸਾਹਮਣੇ ਪ੍ਰਵਾਸੀ ਮਜ਼ਦੂਰ ਦੇ 2 ਸਾਲਾ ਬੱਚੇ ...
ਜ਼ਿਲ੍ਹਾ ਮਾਲ ਅਫ਼ਸਰ ਤੇ ਤਹਿਸੀਲਦਾਰਾਂ ਦੇ ਤਬਾਦਲੇ
. . .  1 day ago
ਈ.ਡੀ. ਨੇ ਐਲਗਰ ਪ੍ਰੀਸ਼ਦ ਅਤੇ ਭੀਮਾ ਕੋਰੇਗਾਓਂ ਹਿੰਸਾ ਮਾਮਲੇ ਵਿਚ ਮਨੀ ਲਾਂਡਰਿੰਗ ਦਾ ਕੇਸ ਕੀਤਾ ਦਰਜ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਓਲੰਪੀਆਡ ਵਿਚ ਕਾਂਸੀ ਤਮਗਾ ਜਿੱਤਣ ਲਈ ਭਾਰਤ-ਬੀ ਟੀਮ ਅਤੇ ਏ ਟੀਮ ਨੂੰ ਦਿੱਤੀ ਵਧਾਈ
. . .  1 day ago
ਰੱਖੜੀ ਦੇ ਤਿਉਹਾਰ ਕਾਰਨ ਸਕੂਲ 8 ਵਜੇ ਦੀ ਥਾਂ 10 ਵਜੇ ਲੱਗਣਗੇ
. . .  1 day ago
ਐੱਸ.ਏ.ਐੱਸ.ਨਗਰ, 10 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਅਗਸਤ ਨੂੰ ਰੱਖੜੀ ਦੇ ਤਿਉਹਾਰ ਦੇ ਸੰਬੰਧ 'ਚ ਪੰਜਾਬ ਦੇ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲ ਸਵੇਰੇ 8 ਵਜੇ ਦੀ ਬਜਾਏ 2 ਘੰਟੇ ਦੇਰ ਨਾਲ...
ਪੰਜਾਬ ਸਰਕਾਰ ਵਲੋਂ 5 ਨਾਇਬ ਤਹਿਸੀਲਦਾਰਾਂ ਦੇ ਹੋਏ ਤਬਾਦਲੇ
. . .  1 day ago
ਚੰਡੀਗੜ੍ਹ, 10 ਅਗਸਤ-ਪੰਜਾਬ ਸਰਕਾਰ ਵਲੋਂ 5 ਨਾਇਬ ਤਹਿਸੀਲਦਾਰਾਂ ਦੇ ਹੋਏ ਤਬਾਦਲੇ
ਬਿਕਰਮ ਸਿੰਘ ਮਜੀਠੀਆ ਕੇਂਦਰੀ ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਮੱਥਾ ਟੇਕਣ ਪਹੁੰਚੇ
. . .  1 day ago
ਪਟਿਆਲਾ, 10 ਅਗਸਤ (ਅਮਰਬੀਰ ਸਿੰਘ ਆਹਲੂਵਾਲੀਆ)- ਬਿਕਰਮ ਸਿੰਘ ਮਜੀਠੀਆ ਕੇਂਦਰੀ ਜੇਲ੍ਹ ਪਟਿਆਲਾ ਤੋਂ ਰਿਹਾਅ ਹੋਣ ਉਪਰੰਤ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਭਰ ਤੋਂ ਆਏ ਸਮਰਥਕ ਵੀ ਵੱਡੀ ਗਿਣਤੀ 'ਚ ਮੌਜੂਦ ਹਨ।
ਪੈਗੰਬਰ ਮੁਹੰਮਦ ਟਿੱਪਣੀ ਮਾਮਲਾ: ਸੁਪਰੀਮ ਕੋਰਟ ਨੇ ਨੂਪੁਰ ਖ਼ਿਲਾਫ਼ ਸਾਰੇ ਕੇਸ ਦਿੱਲੀ ਤਬਦੀਲ ਕਰਨ ਦੇ ਦਿੱਤੇ ਹੁਕਮ
. . .  1 day ago
ਨਵੀਂ ਦਿੱਲੀ, 10 ਅਗਸਤ-ਪੈਗੰਬਰ ਮੁਹੰਮਦ ਟਿੱਪਣੀ ਮਾਮਲਾ: ਸੁਪਰੀਮ ਕੋਰਟ ਨੇ ਨੂਪੁਰ ਖ਼ਿਲਾਫ਼ ਸਾਰੇ ਕੇਸ ਦਿੱਲੀ ਤਬਦੀਲ ਕਰਨ ਦੇ ਦਿੱਤੇ ਹੁਕਮ
ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਬਿਕਰਮ ਸਿੰਘ ਮਜੀਠੀਆ ਨੇ ਦਿੱਤਾ ਵੱਡਾ ਬਿਆਨ
. . .  1 day ago
ਪਟਿਆਲਾ, 10 ਅਗਸਤ-ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਬਿਕਰਮ ਸਿੰਘ ਮਜੀਠੀਆ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੈਂ ਮਾਲਕ ਦੀ ਕ੍ਰਿਪਾ ਨਾਲ ਚੱਲਣ ਵਾਲਾ ਬੰਦਾ ਹਾਂ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੁਰਮ ਕਰਨ ਵਾਲਾ ਸਾਬਕਾ ਮੁੱਖ ਮੰਤਰੀ ਨਹੀਂ ਲੱਭਦਾ...
ਬਾਬਾ ਬਕਾਲਾ ਸਾਹਿਬ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਲਈ ਤਿੰਨ ਦਿਨ ਦੀ ਛੁੱਟੀ ਘੋਸ਼ਿਤ
. . .  1 day ago
ਅੰਮ੍ਰਿਤਸਰ, 10 ਅਗਸਤ (ਰੇਸ਼ਮ ਸਿੰਘ)- ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆਂ ਦੇ ਮੇਲੇ ਸੰਬੰਧੀ ਬਾਬਾ ਬਕਾਲਾ ਸਾਹਿਬ ਦੇ ਕਸਬੇ 'ਚ ਸਥਿਤ ਸਰਕਾਰੀ ਅਤੇ ਨਿੱਜੀ ਸਕੂਲਾਂ 'ਚ ਭਲਕੇ 11 ਅਗਸਤ ਤੋਂ 13 ਅਗਸਤ ਤੱਕ ਸਥਾਨਕ ਛੁੱਟੀ ਘੋਸ਼ਿਤ ਕੀਤੀ ਗਈ ਹੈ।
ਵੱਡੀ ਖ਼ਬਰ: ਬਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਆਏ ਬਾਹਰ
. . .  1 day ago
ਪਟਿਆਲਾ, 10 ਅਗਸਤ-ਡਰੱਗ ਮਾਮਲੇ 'ਚ ਪਟਿਆਲਾ ਜੇਲ੍ਹ 'ਚ ਬੰਦ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਅੱਜ ਮਾਣਯੋਗ ਹਾਈਕੋਰਟ ਵਲੋਂ ਜ਼ਮਾਨਤ ਦੇਣ ਤੋਂ ਬਾਅਦ ਉਹ ਹੁਣ ਜੇਲ੍ਹ ਤੋਂ ਬਾਹਰ ਆ ਗਏ ਹਨ...
ਲੋਕਾਂ ਨੂੰ ਸਾਫ਼-ਸੁਥਰਾ ਮਾਹੌਲ ਦੇਣ ਲਈ ਹੁਣ ਤੱਕ 43 ਪਿੰਡਾਂ ਨੂੰ ਓ.ਡੀ.ਐੱਫ਼ ਪਲੱਸ ਮਾਡਲ ਪਿੰਡ ਬਣਾਇਆ-ਬ੍ਰਮ ਸ਼ੰਕਰ ਜਿੰਪਾ
. . .  1 day ago
ਚੰਡੀਗੜ੍ਹ, 10 ਅਗਸਤ-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਭਰ ਦੇ ਪਿੰਡਾਂ ਦੀ ਕਾਇਆ-ਕਲਪ ਕਰਨ ਲਈ ਠੋਸ ਅਤੇ ਪ੍ਰਭਾਵਸ਼ਾਲੀ ਕਦਮ ਪੁੱਟੇ ਹਨ, ਜਿਨ੍ਹਾਂ ਦੇ ਹੇਠ ਹੁਣ ਤੱਕ ਸੂਬੇ ਦੇ 43 ਪਿੰਡਾਂ ਨੂੰ ਓ.ਡੀ.ਐੱਫ਼ ਪਲੱਸ ਮਾਡਲ ਪਿੰਡ ਬਣਾ ਦਿੱਤਾ...
ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਸਫ਼ਲਤਾ, ਵੱਡੀ ਗਿਣਤੀ 'ਚ ਅਸਲਾ ਕੀਤਾ ਬਰਾਮਦ
. . .  1 day ago
ਅਟਾਰੀ, 10 ਅਗਸਤ (ਗੁਰਦੀਪ ਸਿੰਘ ਅਟਾਰੀ)-ਜ਼ਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ ਦਿਹਾਤੀ ਸਵਪਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੁਲਿਸ ਥਾਣਾ ਲੋਪੋਕੇ ਵਲੋਂ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ...
ਲੰਪੀ ਧਫੜੀ ਰੋਗ ਨੂੰ ਲੈ ਕੇ ਮੁੱਖ ਮੰਤਰੀ ਨੇ ਕੀਤੀ ਮੀਟਿੰਗ, ਲਿਆ ਵੱਡਾ ਫ਼ੈਸਲਾ
. . .  1 day ago
ਚੰਡੀਗੜ੍ਹ, 10 ਅਗਸਤ (ਲਲਿਤਾ)-ਲੰਪੀ ਧਫੜੀ ਰੋਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਕੀਤੀ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਫ਼ੈਸਲਾ ਲਿਆ ਹੈ। ਫ਼ੈਸਲਾ ਲੈਂਦੇ ਹੋਏ ਉਨ੍ਹਾਂ ਨੇ ਪਸ਼ੂਆਂ ਦੀ ਇਸ ਬਿਮਾਰੀ ਲਈ ਐਡਵਾਇਜ਼ਰੀ ਜਾਰੀ ਕੀਤੀ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 21 ਹਾੜ ਸੰਮਤ 554
ਵਿਚਾਰ ਪ੍ਰਵਾਹ: ਜੇਕਰ ਰਾਜਨੀਤਕ ਢਾਂਚੇ ਵਿਚੋਂ ਨੈਤਿਕਤਾ ਮਨਫ਼ੀ ਹੋ ਗਈ ਤਾਂ ਇਹ ਅਰਥਹੀਣ ਹੋ ਜਾਵੇਗਾ। -ਡਾ. ਇਕਬਾਲ

ਤੁਹਾਡੇ ਖ਼ਤ

05-07-2022

 ਰਾਜਨੀਤੀ ਵਿਚ ਘਿਰਿਆ ਪੰਜਾਬ

ਪਿਛਲੇ ਦਿਨੀਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ 'ਐਸ ਵਾਈ ਐਲ' ਕੇਂਦਰ ਸਰਕਾਰ ਵਲੋਂ ਯੂ-ਟਿਊਬ ਤੋਂ ਹਟਾਇਆ ਗਿਆ। ਲਗਭਗ 2 ਕਰੋੜ 70 ਲੱਖ ਆਬਾਦੀ ਇਸ ਗੀਤ ਤੋਂ ਰੂਬਰੂ ਹੋ ਚੁੱਕੀ ਸੀ। ਇਸ ਗੀਤ ਰਾਹੀਂ ਪੰਜਾਬੀਆਂ ਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਕਰਵਾਉਣ ਵਾਲਾ ਗਾਇਕ ਸਿੱਧੂ ਮੂਸੇਵਾਲਾ ਤਾਂ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਆਖ ਗਿਆ ਪਰ ਸਮੇਂ ਦੇ ਰਾਜਨੀਤਕ ਲੀਡਰ ਅਜੇ ਵੀ ਮਰਹੂਮ ਗਾਇਕ ਦੀ ਆਵਾਜ਼ ਨੂੰ ਦਬਾਉਣ ਵਿਚ ਜੁਟੇ ਹੋਏ ਹਨ। ਇਕ ਪਾਸੇ ਤਾਂ ਕਾਨੂੰਨੀ ਤੌਰ 'ਤੇ ਧਾਰਾ 19 ਤਹਿਤ ਹਰੇਕ ਭਾਰਤੀ ਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਅਧਿਕਾਰ ਹੈ ਪਰ ਸਮੇਂ ਦੀਆਂ ਸਰਕਾਰਾਂ ਤਾਂ ਮਰੇ ਹੋਏ ਲੋਕਾਂ ਦੀਆਂ ਆਵਾਜ਼ਾਂ ਵੀ ਦਬਾ ਰਹੀਆਂ ਹਨ। ਭਾਰਤ ਸਰਕਾਰ ਦੀਆਂ ਅਜਿਹੀਆਂ ਕਾਰਵਾਈਆਂ ਤੋਂ ਇਹ ਸਿੱਧ ਹੁੰਦਾ ਹੈ ਕਿ ਸਰਕਾਰ ਅਗਿਆਨਤਾ ਦੇ ਹਨੇਰੇ ਵਿਚ ਫਸੀਆਂ ਭੇਡਾਂ ਨੂੰ ਚਰਾਉਣ ਵਿਚ ਦਿਲਚਸਪੀ ਰੱਖਦੀ ਹੈ। ਸਿੱਧੂ ਮੂਸੇਵਾਲਾ ਨੇ ਐਸ.ਵਾਈ.ਐਲ. (ਸਤਲੁਜ ਯਮਨਾ ਲਿੰਕ ਕੈਨਾਲ) ਗੀਤ ਦੁਆਰਾ ਆਪਣੀ ਕਲਮ ਰਾਹੀਂ ਪੰਜਾਬ ਦੀ ਤਸਵੀਰ ਪੇਸ਼ ਕੀਤੀ ਹੈ। ਕਿਸੇ ਸਮੇਂ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਹੋਣ ਦਾ ਮਾਣ ਹਾਸਲ ਸੀ ਪਰ ਗੰਦੀ ਰਾਜਨੀਤੀ ਨੇ ਪੰਜਾਬ ਦੇ ਟੋਟੇ ਕਰ ਦਿੱਤੇ। ਅਜੇ ਵੀ ਪੰਜਾਬ ਦੀ ਜਨਤਾ ਜੇਕਰ ਤਰਕਸ਼ੀਲਤਾ ਦੇ ਆਧਾਰ 'ਤੇ ਕੇਂਦਰ ਸਰਕਾਰ ਦੀਆਂ ਮੁੱਦੇ ਤੋਂ ਭੜਕਾਉਣ ਵਾਲੀਆਂ ਚਾਲਾਂ ਨੂੰ ਸਮਝ ਨਾ ਪਾਈ ਤਾਂ ਪੰਜਾਬ ਨੂੰ ਮਾਰੂਥਲ ਬਣਨ ਵਿਚ ਦੇਰੀ ਨਹੀਂ ਲੱਗੇਗੀ। ਪੰਜਾਬ ਅਤੇ ਹਰਿਆਣਾ ਦੋਵੇਂ ਰਾਜਾਂ ਦੀਆਂ ਸਰਕਾਰਾਂ ਨੂੰ ਰਾਸ਼ਟਰੀ ਏਕਤਾ ਨੂੰ ਮੁੱਖ ਰੱਖਦੇ ਹੋਏ, ਇਸ ਮਸਲੇ ਨੂੰ ਸੁਲਝਾਉਣ ਦੇ ਯਤਨ ਕਰਨੇ ਚਾਹੀਦੇ ਹਨ। ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਪਾਣੀ ਦੀ ਕਿੱਲਤ ਨੂੰ ਮੁੱਖ ਰਖਦਿਆਂ ਘੱਟ ਪਾਣੀ ਦੀ ਤੀਬਰਤਾ ਵਾਲੀਆਂ ਫਸਲਾਂ ਬੀਜੀਆਂ ਜਾਣ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

ਸਿਹਤ ਵਿਭਾਗ ਨੂੰ ਧਿਆਨ ਦੇਣ ਦੀ ਲੋੜ

ਆਮ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਹੈ ਕਿ ਸਿਹਤ ਵਿਭਾਗ ਕੁੰਭ ਦੀ ਨੀਂਦ ਸੁੱਤਾ ਹੋਇਆ ਹੈ। ਗਰਮੀ ਦਾ ਸੀਜ਼ਨ ਹੈ, ਬਿਮਾਰੀਆਂ ਤਾਂ ਵੈਸੇ ਹੀ ਆ ਰਹੀਆਂ ਹਨ। ਗਰਮੀ ਦੇ ਸੀਜ਼ਨ ਵਿਚ ਸਭ ਤੋਂ ਵੱਧ ਲੋੜ ਬਰਫ਼ ਦੀ ਪੈਂਦੀ ਹੈ। ਸਵੇਰੇ-ਸਵੇਰੇ ਬਰਫ਼ ਦੇ ਕਾਰਖਾਨੇ ਵਾਲੇ ਬਰਫ਼ ਜਿਸ ਜਗ੍ਹਾ 'ਤੇ ਰੱਖ ਕੇ ਜਾਂਦੇ ਹਨ, ਉਸ ਜਗ੍ਹਾ 'ਤੇ ਪਹਿਲਾਂ ਕੁੱਤੇ ਸੁੱਤੇ ਹੁੰਦੇ ਹਨ। ਇਹ ਬਰਫ਼ ਵਿਆਹਾਂ-ਸ਼ਾਦੀਆਂ ਤੇ ਹੋਟਲਾਂ 'ਚ ਵੀ ਜਾਂਦੀ ਹੈ। ਗਰਮੀ ਜ਼ਿਆਦਾ ਹੋਣ ਕਰਕੇ ਹਰ ਇਨਸਾਨ ਠੰਢਾ ਤੇ ਬਰਫ਼ ਪਾਇਆ ਹੋਇਆ ਪਾਣੀ ਹੀ ਪੀਣਾ ਚਾਹੁੰਦਾ ਹੈ। ਕੀ ਇਸ ਤਰ੍ਹਾਂ ਬਰਫ਼ ਨੂੰ ਰੱਖਣਾ ਆਮ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨਹੀਂ ਹੈ? ਦੁੱਧ ਦੀਆਂ ਡੇਅਰੀਆਂ ਦੇ ਵਿਚ ਵੀ ਇਹੀ ਬਰਫ਼ ਵਾਲਾ ਪਾਣੀ ਪਾਇਆ ਜਾਂਦਾ ਹੈ। ਗਰਮੀ ਵਿਚ ਸਭ ਤੋਂ ਵੱਧ ਲੋਕਾਂ ਨੂੰ ਇਨਫੈਕਸ਼ਨ ਦੀ ਸ਼ਿਕਾਇਤ ਹੁੰਦੀ ਹੈ। ਤਲਿਆ ਹੋਇਆ ਖਾਣਾ ਵੀ ਗਰਮੀ ਵਿਚ ਘੱਟ ਵਿਕਦਾ ਹੈ ਤੇ ਉਸ ਹੀ ਤੇਲ ਨੂੰ ਵਾਰ-ਵਾਰ ਵਰਤਿਆ ਜਾਂਦਾ ਹੈ। ਇਸ ਨਾਲ ਵੀ ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ ਹਨ। ਕੀ ਸਿਹਤ ਵਿਭਾਗ ਤਿਉਹਾਰਾਂ 'ਤੇ ਹੀ ਇਨ੍ਹਾਂ ਚੀਜ਼ਾਂ ਦੀ ਚੈਕਿੰਗ ਕਰਦਾ ਹੈ, ਬਦਲਦੇ ਸੀਜ਼ਨ ਵਿਚ ਕਿਉਂ ਨਹੀਂ? ਸਿਹਤ ਵਿਭਾਗ ਤੇ ਸਰਕਾਰ ਨੂੰ ਆਮ ਲੋਕਾਂ ਦੀ ਸਿਹਤ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

-ਦਵਿੰਦਰ ਖੁਸ਼ ਧਾਲੀਵਾਲ

ਸਰਕਾਰ ਤੋਂ ਲੋਕ ਕਿੰਨੇ ਕੁ ਖ਼ੁਸ਼

ਸੰਗਰੂਰ ਲੋਕ ਸਭਾ ਚੋਣ ਦੇ ਨਤੀਜੇ ਨੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਾਂਗ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਪੰਜਾਬੀ ਹੁਣ ਉਮੀਦਵਾਰਾਂ 'ਤੇ ਜ਼ਿਆਦਾ ਵਿਸ਼ਵਾਸ ਨਹੀਂ ਕਰਦੇ ਹੁਣ ਜਿੱਤ ਉਸ ਨੂੰ ਹੀ ਮਿਲੇਗੀ ਜੋ ਲੋਕਾਂ ਦੇ ਮਸਲਿਆਂ ਨੂੰ ਹੱਲ ਕਰੇਗਾ ਤੇ ਪੰਜਾਬ ਦੇ ਹਿਤਾਂ ਦੀ ਗੱਲ ਕਰੇਗਾ। ਇਸ ਨਤੀਜੇ ਤੋਂ ਲਗਦਾ ਹੈ ਕਿ ਪੰਜਾਬੀ ਲੋਕ ਗੂੜ੍ਹੀ ਨੀਂਦ ਤੋਂ ਜਾਗ ਉਠੇ ਹਨ। ਪੰਜਾਬ ਦਾ ਹਰ ਵਰਗ ਖਾਸ ਤੌਰ 'ਤੇ ਨੌਜਵਾਨ ਵਰਗ ਵਧਾਈ ਦਾ ਪਾਤਰ ਹੈ ਕਿ ਉਹ ਰਵਾਇਤੀ ਪਾਰਟੀਆਂ ਨੂੰ ਨਕਾਰ ਕੇ ਨਵੀਆਂ ਪਾਰਟੀਆਂ ਨੂੰ ਪਸੰਦ ਕਰ ਰਿਹਾ ਹੈ। ਮੁੱਖ ਮੰਤਰੀ ਦੇ ਆਪਣੇ ਹਲਕੇ 'ਚ 'ਆਪ' ਦੀ ਹਾਰ ਨੇ 'ਆਪ' ਪਾਰਟੀ ਮੂਹਰੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਕਿਉਂ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ?

-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।

ਕਿਸਾਨਾਂ ਦੀਆਂ ਖ਼ੁਦਕੁਸ਼ੀਆਂ

ਪੂਰੇ ਦੇਸ਼ ਅਤੇ ਵਿਦੇਸ਼ੀਆਂ ਦਾ ਢਿੱਡ ਭਰਦਾ ਹੋਇਆ ਰਾਸ਼ਟਰੀ ਆਮਦਨ ਵਿਚ ਵਾਧਾ ਕਰਨ ਵਾਲਾ ਕਿਸਾਨ ਅੱਜ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਅਸਮਰੱਥ ਹੋਣ ਕਰਕੇ ਖ਼ੁਦਕੁਸ਼ੀ ਦੇ ਰਾਹ ਤੁਰ ਪਿਆ ਹੈ। ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਲਈ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਜ਼ਿੰਮੇਵਾਰ ਹਨ। ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਲਾਰਾ ਲਾਉਣ ਵਾਲੀ ਸਰਕਾਰ ਨੇ ਕਿਸਾਨਾਂ ਪ੍ਰਤੀ ਬੇਰੁਖ਼ੀ ਅਖ਼ਤਿਆਰ ਕੀਤੀ ਹੋਈ ਹੈ।
ਮੌਸਮ ਦੀ ਮਾਰ, ਵਧਦੀ ਮਹਿੰਗਾਈ, ਜਾਅਲੀ ਰੇਹਾਂ ਸਪਰੇਆਂ, ਫ਼ਸਲਾਂ ਦੀਆਂ ਬਿਮਾਰੀਆਂ ਅਤੇ ਖਾਦਾਂ ਵਿਚ ਕੀਤੇ ਵਾਧੇ ਨੇ ਕਿਸਾਨਾਂ ਦੀ ਜ਼ਿੰਦਗੀ ਨੂੰ ਲੀਹੋਂ ਲਾਹ ਕੇ ਰੱਖ ਦਿੱਤਾ ਹੈ। ਅਜੋਕੀ ਕਿਸਾਨੀ ਨੂੰ ਆ ਰਹੀਆਂ ਸਮੱਸਿਆਵਾਂ ਦਾ ਅਧਿਐਨ ਕਰਕੇ ਇਕ ਠੋਸ ਅਤੇ ਕਾਰਗਰ ਨੀਤੀ ਬਣਾਉਣ ਦੀ ਲੋੜ ਹੈ ਤਾਂ ਜੋ ਕਿਸਾਨ ਖ਼ੁਦਕੁਸ਼ੀ ਦਾ ਰਾਹ ਛੱਡ ਕੇ ਖੁਸ਼ਹਾਲ ਜ਼ਿੰਦਗੀ ਜੀਅ ਸਕਣ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਤਹਿ: ਅਤੇ ਜ਼ਿਲ੍ਹਾ ਬਠਿੰਡਾ।

ਕੁਦਰਤ ਦੀ ਕਰੋਪੀ

ਲੋਕਾਂ ਨੂੰ ਕੁਦਰਤ ਦੀ ਕਰੋਪੀ ਨੂੰ ਸਮਝਣਾ ਚਾਹੀਦਾ ਹੈ ਕਿ ਕਿਵੇਂ ਐਤਕੀਂ ਕਣਕ ਦੇ ਸੀਜ਼ਨ ਸਰਦੀਆਂ ਵਿਚ ਮੀਂਹ ਲਗਭਗ ਇਕ ਮਹੀਨਾ ਪੈਣ ਕਾਰਨ ਹਾੜ੍ਹੀ ਦੀਆਂ ਫ਼ਸਲਾਂ ਦਾ ਵਾਧਾ ਰੁਕ ਗਿਆ, ਝਾੜ ਘੱਟ ਹੋਇਆ ਅਤੇ ਰੋਜ਼ਾਨਾ ਜ਼ਿੰਦਗੀ ਵਿਚ ਲਗਾਤਾਰ ਮੀਂਹ ਪੈਣ ਕਾਰਨ ਕੰਮ ਕਰਨ ਵਾਲੇ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪਰ ਅਸੀਂ ਕੁਦਰਤ ਦੀਆਂ ਇਨ੍ਹਾਂ ਗੱਲਾਂ 'ਤੇ ਗ਼ੌਰ ਨਹੀਂ ਕਰਦੇ, ਕਿਉਂਕਿ ਵਾਤਾਵਰਨ ਦੇ ਸੰਤੁਲਨ (ਪਾਣੀ, ਹਵਾ, ਧਰਤੀ) ਨੂੰ ਵਿਗਾੜਨ ਵਿਚ ਅਸੀਂ ਲੋਕਾਂ ਨੇ ਕੋਈ ਕਸਰ ਨਹੀਂ ਛੱਡੀ। ਜਿਸ ਕਾਰਨ ਗਰਮੀ ਤੇ ਸਰਦੀ ਦੇ ਮੌਸਮ ਵਿਚ ਸੰਤੁਲਨ ਵਿਗੜ ਰਿਹਾ ਹੈ। ਮੀਂਹ ਘੱਟ-ਵੱਧ ਪੈ ਰਹੇ ਹਨ। ਸਾਨੂੰ ਸਭ ਨੂੰ ਇਨ੍ਹਾਂ ਕਰੋਪੀਆਂ ਨੂੰ ਅੱਖੋਂ-ਪਰੋਖੇ ਨਹੀਂ ਕਰਨਾ ਚਾਹੀਦਾ। ਆਓ, ਸਾਰੇ ਮਿਲ ਕੇ ਵਾਤਾਵਰਨ ਨੂੰ ਸਹੀ ਰੱਖਣ ਲਈ ਯਤਨ ਕਰੀਏ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਿਰੋਗ ਜੀਵਨ ਬਸਰ ਕਰ ਸਕਣ।

-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿ: ਪਟਿਆਲਾ।

04-07-2022

 ਅਗਨੀਪਥ ਭਰਤੀ ਯੋਜਨਾ
ਕੇਂਦਰ ਦੀ ਸਰਕਾਰ ਨੇ ਭਾਰਤ ਦੀਆਂ ਤਿੰਨਾਂ ਸੈਨਾਵਾਂ ਲਈ ਅਗਨੀਪੱਥ ਭਰਤੀ ਯੋਜਨਾ ਦਾ ਐਲਾਨ ਕੀਤਾ ਹੈ, ਜਿਸ ਵਿਚ ਸਾਢੇ ਸਤਾਰਾਂ ਸਾਲ ਤੋਂ ਇੱਕੀ ਸਾਲ ਦੇ ਨੌਜਵਾਨਾਂ ਨੂੰ ਸਿਰਫ਼ ਚਾਰ ਸਾਲ ਲਈ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇਗਾ। ਜਿਸ ਦਾ ਜਿਥੇ ਨੌਜਵਾਨਾਂ ਵਲੋਂ ਵੱਡੀ ਪੱਧਰ 'ਤੇ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਤਿੰਨੋਂ ਸੈਨਾਵਾਂ ਦੇ ਸਾਬਕਾ ਵੱਡੇ ਅਧਿਕਾਰੀਆਂ ਅਤੇ ਜਨਤਕ ਜਥੇਬੰਦੀਆਂ ਵਲੋਂ ਵੀ ਇਸ ਯੋਜਨਾ ਦੀ ਨਿਖੇਧੀ ਕੀਤੀ ਜਾ ਰਹੀ ਹੈ, ਜੋ ਕਿ ਕਰਨੀ ਵੀ ਬਣਦੀ ਹੈ।
ਇਸ ਯੋਜਨਾ ਤਹਿਤ ਨੌਜਵਾਨ ਚਾਰ ਸਾਲ ਹਥਿਆਰਬੰਦ ਸਿਖਲਾਈ ਲੈਣ ਤੋਂ ਬਾਅਦ ਬੇਰੁਜ਼ਗਾਰ ਹੋ ਜਾਣਗੇ। ਜਿਸ ਨਾਲ ਸਮਾਜ ਵਿਚ ਅਫਰਾ-ਤਰਫੀ ਵਧੇਗੀ। ਅਗਨੀਵੀਰ ਆਪਣੀ ਪ੍ਰੀਤ ਨਾਲ ਫੌਜ ਵਿਚ ਕੰਮ ਨਹੀਂ ਕਰਨਗੇ। ਜਿਸ ਨਾਲ ਦੇਸ਼ ਦੀ ਸੁਰੱਖਿਆ ਨੂੰ ਖਤਰਾ ਖੜ੍ਹਾ ਹੋਵੇਗਾ। ਪਹਿਲਾਂ ਤੋਂ ਪ੍ਰੀਖਿਆ ਪਾਸ ਕਰ ਚੁੱਕੇ ਜਾਂ ਅਪਲਾਈ ਕਰ ਚੁੱਕੇ ਨੌਜਵਾਨਾਂ ਨੂੰ ਦੁਬਾਰਾ ਅਗਨੀਪਥ ਦੀਆਂ ਪ੍ਰਕਿਰਿਆਵਾਂ ਵਿਚੋਂ ਗੁਜ਼ਰਨਾ ਪਵੇਗਾ। ਜਿਸ ਕਾਰਨ ਨੌਜਵਾਨਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਦੇਸ਼ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖ ਕੇ ਕੇਂਦਰ ਸਰਕਾਰ ਨੂੰ ਅਗਨੀਪੱਥ ਭਰਤੀ ਯੋਜਨਾ ਰੱਦ ਕਰਕੇ ਪਹਿਲੀ ਪ੍ਰਕਿਰਿਆ ਬਹਾਲ ਕਰਨੀ ਚਾਹੀਦੀ ਹੈ।


-ਇੰਜ. ਰਛਪਾਲ ਸਿੰਘ ਚੱਨੂੰਵਾਲਾ
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।


ਬੇਰੁਜ਼ਗਾਰੀ
ਪੰਜਾਬ ਵਿਚ ਇਸ ਵੇਲੇ ਲੱਖਾਂ ਦੀ ਗਿਣਤੀ ਵਿਚ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਮੁੰਡੇ-ਕੁੜੀਆਂ ਹਨ, ਪਿਛਲੀ ਸਰਕਾਰ ਵਲੋਂ ਘਰ-ਘਰ ਰੁਜ਼ਗਾਰ ਦੇਣ ਦੇ ਵਾਅਦੇ ਵੀ ਖੋਖਲੇ ਸਾਬਤ ਹੋਏ ਹਨ। ਜੇਕਰ ਕੋਈ ਸਰਕਾਰੀ ਨੌਕਰੀ ਵੀ ਕਿਸੇ ਨੂੰ ਦਿੱਤੀ ਜਾਂਦੀ ਹੈ ਤਾਂ ਉਹ ਮੁਢਲੀ ਤਨਖਾਹ 'ਤੇ ਮਿਲਦੀ ਹੈ ਅਤੇ ਨਿਯੁਕਤੀ ਪੱਤਰ ਵੀ ਵੱਡੇ-ਵੱਡੇ ਫੰਕਸ਼ਨ ਕਰਕੇ ਵੰਡੇ ਜਾਂਦੇ ਹਨ। ਜਦੋਂ ਕਿ ਪਹਿਲਾਂ ਛੋਟੀਆਂ-ਵੱਡੀਆਂ ਨੌਕਰੀਆਂ ਦੀ ਨਿਯੁਕਤੀ ਪੱਤਰ ਪੂਰੀ ਤਨਖਾਹ ਤੇ ਡਾਕ ਰਾਹੀਂ ਘਰੇ ਹੀ ਪਹੁੰਚ ਜਾਂਦੇ ਸਨ, ਜਿਸ ਦੀ ਮਿਸਾਲ ਮੈਂ ਖੁਦ ਹਾਂ। ਸਾਲ 1977 ਵਿਚ ਮੇਰਾ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਡਾਕ ਰਾਹੀਂ ਮੇਰੇ ਘਰ ਪਹੁੰਚਿਆ ਸੀ। ਪ੍ਰੰਤੂ ਹੁਣ ਸਭ ਕੁਝ ਬਦਲ ਗਿਆ ਹੈ। ਸੂਬੇ ਵਿਚ ਬੇਰੁਜ਼ਗਾਰੀ ਤੇ ਨਸ਼ੇ ਵੱਧ ਜਾਣ ਕਾਰਨ ਮਾਪੇ ਸਮਝਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਪੰਜਾਬ ਵਿਚ ਸੁਰੱਖਿਅਤ ਨਹੀਂ ਹੈ ਅਤੇ ਪੰਜਾਬੀ ਨੌਜਵਾਨ ਕਿਸੇ ਨਾ ਕਿਸੇ ਤਰੀਕੇ ਨਾਲ ਵਿਦੇਸ਼ਾਂ ਨੂੰ ਜਾ ਰਹੇ ਹਨ ਅਤੇ ਬਹੁਤ ਸਾਰੇ ਏਜੰਟਾਂ ਦੇ ਹੱਥੇ ਚੜ੍ਹ ਕੇ ਖੱਜਲ-ਖੁਆਰ ਹੋ ਰਹੇ ਹਨ। ਸੋ, ਲੋੜ ਹੈ ਨਵੀਂ ਸਰਕਾਰ ਨੂੰ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਤੇ ਵਿਕਾਸ ਦੀਆਂ ਲੀਹਾਂ 'ਤੇ ਲਿਆਉਣ ਲਈ ਸੰਜੀਦਗੀ ਨਾਲ ਕੰਮ ਕਰਨ ਦੀ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਫਰਿਸ਼ਤੇ ਸਕੀਮ
ਪੰਜਾਬ ਵਿਚ 'ਆਪ' ਸਰਕਾਰ ਵਲੋਂ 2022-23 ਦਾ ਆਪਣਾ ਪਹਿਲਾ ਪਲੇਠਾ ਬਜਟ ਪੇਸ਼ ਕੀਤਾ ਗਿਆ। ਬਜਟ ਦੀ ਖਾਸੀਅਤ ਇਹ ਰਹੀ ਕਿ ਇਸ ਵਿਚ ਕੋਈ ਵੀ ਨਵਾਂ ਟੈਕਸ ਨਹੀਂ ਲਗਾਇਆ ਗਿਆ। ਪਿਛਲੀਆਂ ਸਰਕਾਰਾਂ ਰਾਹੀਂ ਦਿੱਤੀਆਂ ਜਾਣ ਵਾਲੀਆਂ ਮੁਫ਼ਤ ਸਹੂਲਤਾਂ ਨੂੰ ਬਰਕਰਾਰ ਰੱਖਿਆ ਗਿਆ ਹੈ। ਬਜਟ ਵਿਚ ਸਿੱਖਿਆ ਤੇ ਸਿਹਤ ਸੇਵਾਵਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਗਈ ਹੈ। 'ਆਪ' ਸਰਕਾਰ ਵਲੋਂ ਦਿੱਲੀ ਦੀ ਤਰਜ਼ 'ਤੇ ਪੰਜਾਬ ਵਿਚ ਵੀ ਫਰਿਸ਼ਤੇ ਸਕੀਮ ਨੂੰ ਸ਼ੁਰੂ ਕਰਨ ਲਈ ਬਹੁਤ ਹੀ ਵਧੀਆ ਕਦਮ ਹੈ। ਇਸ ਸਕੀਮ ਮੁਤਾਬਿਕ ਸੜਕ ਹਾਦਸੇ ਵਿਚ ਜ਼ਖ਼ਮੀ ਇਨਸਾਨ ਦਾ ਸਰਕਾਰ ਮੁਫ਼ਤ ਇਲਾਜ ਕਰੇਗੀ ਤੇ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਉਣ ਵਾਲੇ ਨੂੰ ਵੀ ਸਨਮਾਨਿਤ ਕਰੇਗੀ। ਅਕਸਰ ਅਸੀਂ ਆਮ ਸੁਣਦੇ ਹੀ ਹਾਂ ਕਿ ਕਈ ਸੜਕ ਹਾਦਸਿਆਂ ਵਿਚ ਜ਼ਖ਼ਮੀ ਲੋਕ ਸੜਕ 'ਤੇ ਹੀ ਤੜਫ ਕੇ ਮਰ ਜਾਂਦੇ ਹਨ। ਉਨ੍ਹਾਂ ਨੂੰ ਸਮੇਂ ਸਿਰ ਹਸਪਤਾਲ ਨਹੀਂ ਪਹੁੰਚਾਇਆ ਜਾਂਦਾ। ਲੋਕਾਂ ਦੇ ਮਨ ਵਿਚ ਡਰ ਹੁੰਦਾ ਹੈ ਕਿ ਜੇ ਅਸੀਂ ਇਨ੍ਹਾਂ ਜ਼ਖ਼ਮੀਆਂ ਨੂੰ ਹਸਪਤਾਲ ਲੈ ਕੇ ਜਾਵਾਂਗੇ, ਤਾਂ ਸਾਡੇ ਖਿਲਾਫ਼ ਪੁਲਿਸ ਕਾਰਵਾਈ ਹੋ ਜਾਵੇਗੀ। ਅਕਸਰ ਪੁਲਿਸ ਦੀ ਕਾਰਵਾਈ ਤੋਂ ਵੀ ਲੋਕ ਬਹੁਤ ਡਰਦੇ ਹਨ। ਇਸੇ ਤਰ੍ਹਾਂ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ 60 ਲੱਖ ਤੋਂ ਵੱਧ ਬੂਟੇ ਲਗਾਉਣ ਦਾ ਵੀ ਐਲਾਨ ਕੀਤਾ ਗਿਆ ਹੈ। ਵਾਅਦਿਆਂ ਨੂੰ ਅਮਲੀ ਰੂਪ ਵਿਚ ਸਿਰੇ ਚੜ੍ਹਾਉਣ ਲਈ ਸਰਕਾਰ ਨੂੰ ਵੱਡੇ-ਵੱਡੇ ਯਤਨਾਂ ਦੀ ਜ਼ਰੂਰਤ ਹੋਵੇਗੀ। ਸਰਕਾਰ ਨੂੰ ਵਿੱਤੀ ਪ੍ਰਬੰਧਾਂ ਦੀ ਬਿਹਤਰੀ ਲਈ ਮਾਹਰ, ਅਰਥ-ਸ਼ਾਸਤਰੀਆਂ ਤੋਂ ਵੀ ਸਲਾਹ ਲੈਣੀ ਚਾਹੀਦੀ ਹੈ। ਪੰਜਾਬ ਸਿਰ ਵਧ ਰਿਹਾ ਕਰਜ਼ਾ ਵੀ ਇਕ ਚਿੰਤਾ ਦਾ ਵਿਸ਼ਾ ਹੈ।


-ਸੰਜੀਵ ਸਿੰਘ ਸੈਣੀ, ਮੁਹਾਲੀ।


ਗ਼ਰੀਬ ਵਿਰੋਧੀ ਬਜਟ
'ਆਪ' ਸਰਕਾਰ ਵਲੋਂ ਜੋ ਬਜਟ ਪੇਸ਼ ਕੀਤਾ ਗਿਆ ਹੈ, ਉਸ ਵਿਚ ਗ਼ਰੀਬ ਨੂੰ ਕਿਤੇ ਵੀ ਰਾਹਤ ਨਹੀਂ ਦਿਸਦੀ, ਹੁਣ ਤਾਂ ਇੰਜ ਲਗਦਾ ਹੈ ਕਿ ਪੰਜਾਬ ਵਿਚ ਜਿਹੜੀ ਮਰਜ਼ੀ ਸਰਕਾਰ ਆਵੇ ਪਰ ਗਰੀਬ ਨੂੰ ਹਰ ਪਾਸਿਉਂ ਮਾਰ ਹੀ ਪੈਣੀ ਐ, ਇਨ੍ਹਾਂ ਮਾੜੇ ਪ੍ਰਬੰਧਾਂ ਕਾਰਨ ਹੀ ਨਵੇਂ ਮੁੰਡੇ-ਕੁੜੀਆਂ ਪੰਜਾਬ ਤੋਂ ਕੂਚ ਕਰਕੇ ਵਿਦੇਸ਼ਾਂ ਵਿਚ ਜਾਣ ਨੂੰ ਵੱਧ ਤਰਜੀਹ ਦਿੰਦੇ ਹਨ। ਜੇਕਰ ਸਰਕਾਰ ਨੌਕਰੀ ਅਤੇ ਸਿੱਖਿਆ ਦੇ ਭਰਪੂਰ ਅਵਸਰ ਮੁਹੱਈਆ ਕਰਵਾਏ ਤਾਂ ਆਮ ਬੰਦੇ ਨੂੰ ਕੁਝ ਰਾਹਤ ਮਹਿਸੂਸ ਹੋਵੇ। ਕਾਨਵੈਂਟ ਸਕੂਲਾਂ 'ਤੇ ਵੀ ਸ਼ਿਕੰਜਾ ਕੱਸਣ ਦੀ ਲੋੜ ਹੈ ਅਤੇ ਸੂਬੇ ਵਿਚ ਦਿਨੋ-ਦਿਨ ਵਧਦੇ ਪੈਟਰੋਲ-ਡੀਜ਼ਲ ਦੇ ਰੇਟਾਂ 'ਤੇ ਗੌਰ ਕਰਨੀ ਬਣਦੀ ਹੈ। ਮੰਨਦੇ ਹਾਂ ਕਿ ਸਰਕਾਰ ਬਣੀ ਨੂੰ ਥੋੜ੍ਹਾ ਸਮਾਂ ਹੋਇਆ ਏ ਪਰ ਪੰਜਾਬ ਦੇ ਹਾਲਾਤ ਬਹੁਤ ਬਦਤਰ ਹੁੰਦੇ ਜਾ ਰਹੇ ਹਨ।
ਇਸ ਨੂੰ ਸੁਧਾਰਨ ਲਈ ਜਲਦ ਕੋਈ ਹੀਲੇ ਵਸੀਲੇ ਕਰਨ ਦੀ ਖਾਸ ਲੋੜ ਐ, ਹਰ ਕੰਮ ਦੀ ਵਿਉਂਤਬੰਦੀ ਘੜਨੀ ਅਤਿ ਜ਼ਰੂਰੀ ਐ, ਕਾਹਲੀ ਵਿਚ ਲਏ ਗ਼ਲਤ ਫ਼ੈਸਲੇ ਗਰੀਬ ਨੂੰ ਡਾਹਢੀ ਮਾਰ ਕਰਦੇ ਹਨ। ਇਸ ਲਈ ਮੌਜੂਦਾ ਸਰਕਾਰ ਨੂੰ ਇਹੋ ਬੇਨਤੀ ਹੈ ਕਿ ਗਰੀਬ ਅਮੀਰ ਦੋਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਸੁਚਾਰੂ ਪ੍ਰਬੰਧ ਲਾਗੂ ਕੀਤੇ ਜਾਣ ਤਾਂ ਜੋ ਕੋਈ ਵੀ ਵਿਅਕਤੀ ਮਾੜੀ ਸਥਿਤੀ ਵਿਚ ਆਵਦਾ ਜੀਵਨ ਬਸਰ ਕਰਨ ਲਈ ਮਜਬੂਰ ਨਾ ਹੋਵੇ ਹਰ ਇਕ ਲਈ ਵਿਕਾਸ ਕਰਕੇ ਅੱਗੇ ਵਧਣ ਦੇ ਅਵਸਰ ਇਕੋ ਜਿਹੇ ਹੋਣ।


-ਅਮਨਦੀਪ ਕੌਰ
ਹਾਕਮ ਸਿੰਘ ਵਾਲਾ, ਬਠਿੰਡਾ।

01-07-2022

 ਪਲਾਸਟਿਕ 'ਤੇ ਪਾਬੰਦੀ

ਕੇਂਦਰ ਸਰਕਾਰ ਵਲੋਂ ਇਕ ਜੁਲਾਈ 2022 ਤੋਂ ਇਕਹਿਰੀ ਵਰਤੋਂ ਵਾਲੇ (ਸਿੰਗਲ ਯੂਜ਼) ਪਲਾਸਟਿਕ 'ਤੇ ਪਾਬੰਦੀ ਲਗਾਉਣ ਅਤੇ ਪਲਾਸਟਿਕ ਦੇ ਬਦਲ ਵਜੋਂ ਕੱਪੜੇ, ਪਟਸਨ ਅਤੇ ਕਾਟਨ ਦੇ ਬਣੇ ਹੋਏ ਬੈਗਾਂ ਨੂੰ ਵਰਤਣ ਦੇ ਆਦੇਸ਼ ਜਾਰੀ ਕੀਤੇ ਹਨ। ਪਲਾਸਟਿਕ ਇਕ ਨਾ ਗਲਣਯੋਗ ਪਦਾਰਥ ਹੋਣ ਕਰਕੇ ਜ਼ਿਆਦਾ ਸਮੇਂ ਲਈ ਵਾਤਾਵਰਨ ਵਿਚ ਮੌਜੂਦ ਰਹਿੰਦਾ ਹੈ, ਜਿਸ ਦੇ ਨਤੀਜੇ ਵਜੋਂ ਪ੍ਰਦੂਸ਼ਣ ਵਿਚ ਵਾਧਾ ਅਤੇ ਵਾਤਾਵਰਨ ਵਿਚ ਵਿਗਾੜ ਪੈਦਾ ਹੁੰਦਾ ਹੈ। ਸਰਕਾਰ ਦਾ ਇਹ ਫ਼ੈਸਲਾ ਵਾਤਾਵਰਨ ਪੱਖੀ ਅਤੇ ਸਵਾਗਯੋਗ ਹੈ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ. ਚੱਕ ਅਤਰ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ।

'ਆਪ' ਦੀ ਸ਼ਲਾਘਾਯੋਗ ਪਹਿਲ

ਇਸ ਵੇਲੇ ਪੰਜਾਬ ਦੀ ਵਾਗਡੋਰ ਆਮ ਆਦਮੀ ਪਾਰਟੀ ਦੇ ਹੱਥ ਵਿਚ ਹੈ। ਮੁੱਖ ਮੰਤਰੀ ਭਗਵੰਤ ਮਾਨ ਤੋਂ ਹਰ ਵਰਗ ਨੂੰ ਬਹੁਤ ਉਮੀਦਾਂ ਹਨ। ਭ੍ਰਿਸ਼ਟਾਚਾਰ ਦਾ ਬਹੁਤ ਬੋਲਬਾਲਾ ਹੈ। ਮੁੱਖ ਮੰਤਰੀ ਬਣਦੇ ਸਾਰ ਹੀ ਮਾਨ ਨੇ ਇਕ ਐਂਟੀਕੁਰੱਪਸ਼ਨ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ, ਜਿਸ ਉਤੇ ਸ਼ਿਕਾਇਤਕਰਤਾ ਆਪਣੀ ਦਰਖਾਸਤ ਦਰਜ ਕਰਵਾ ਸਕਦਾ ਹੈ, ਜਿਸ ਤੋਂ ਸਰਕਾਰੀ ਵਿਭਾਗ ਵਿਚ ਕੋਈ ਵੀ ਅਧਿਕਾਰੀ, ਸਰਕਾਰੀ ਕਰਮਚਾਰੀ ਕੰਮ ਕਰਨ ਦੇ ਬਦਲੇ ਰਿਸ਼ਵਤ ਮੰਗਦਾ ਹੋਵੇ। ਹੈਲਪਲਾਈਨ ਨੰਬਰ ਜਾਰੀ ਹੁੰਦਿਆਂ ਹੀ ਸਭ ਤੋਂ ਪਹਿਲੀ ਸ਼ਿਕਾਇਤ ਜਲੰਧਰ ਦੇ ਤਹਿਸੀਲ ਕੰਪਲੈਕਸ ਵਿਖੇ ਤਾਇਨਾਤ ਰਜਿਸਟਰੀ ਮਹਿਲਾ ਕਲਰਕ ਦੀ ਹੋਈ, ਜੋ ਸ਼ਰੇਆਮ ਪੈਸੇ ਲੈਂਦੇ ਹੋਏ ਫੜੀ ਗਈ। ਹੁਣ ਤੱਕ 40 ਤੋਂ ਵੱਧ ਵਿਅਕਤੀ ਰਿਸ਼ਵਤ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਚੇਤੇ ਕਰਵਾ ਦੇਈਏ ਕਿ ਪਿਛਲੇ ਹੀ ਮਹੀਨੇ ਆਪ ਸਰਕਾਰ ਨੇ ਆਪਣੇ ਹੀ ਕੈਬਨਿਟ ਮੰਤਰੀ ਨੂੰ ਟੈਂਡਰ ਪਾਸ ਕਰਨ ਦੇ ਬਦਲੇ ਰਿਸ਼ਵਤ ਲੈਣ ਦੇ ਦੋਸ਼ ਹੇਠ ਜੇਲ੍ਹ ਭੇਜ ਦਿੱਤਾ ਸੀ। ਜਿਨ੍ਹਾਂ ਨੇ ਆਪਣਾ ਸਿਹਤ ਮੰਤਰੀ ਹੀ ਨਹੀਂ ਬਖਸ਼ਿਆ, ਉਹ ਹੋਰ ਨੂੰ ਕੀ ਬਖਸ਼ਣਗੇ? ਚੋਣ ਮੈਨੀਫੈਸਟੋ ਵਿਚ 'ਆਪ' ਸਰਕਾਰ ਨੇ ਕਿਹਾ ਵੀ ਸੀ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਇਆ ਜਾਵੇਗਾ।

-ਸੰਜੀਵ ਸਿੰਘ ਸੈਣੀ. ਮੁਹਾਲੀ।

ਅਗਨੀਪਥ ਯੋਜਨਾ

ਦੇਸ਼ ਦਾ ਹਰ ਇਕ ਨੌਜਵਾਨ ਇਹ ਹੀ ਚਾਹੁੰਦਾ ਹੈ ਕਿ ਅਸੀਂ ਘੱਟੋ-ਘੱਟ 18-20 ਸਾਲ ਫ਼ੌਜ ਦੀ ਨੌਕਰੀ ਕਰੀਏ, ਜਿਸ ਨਾਲ ਉਨ੍ਹਾਂ ਦੀਆਂ ਜੋ ਉਮੀਦਾਂ ਹੁੰਦੀਆਂ ਹਨ, ਉਸ ਨੂੰ ਉਹ ਪੂਰਾ ਕਰ ਸਕਣ। ਅਗਨੀਪਥ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਨੌਜਵਾਨਾਂ ਨੂੰ ਭਰਤੀ ਕਰ ਰਹੀ ਹੈ, ਉਸ ਨਾਲ ਦੇਸ਼ 'ਚ ਵਧ ਰਹੀ ਮਹਿੰਗਾਈ ਨੂੰ ਦੇਖਦੇ ਹੋਏ ਉਨ੍ਹਾਂ ਦਾ ਘਰ ਪੂਰਾ ਨਹੀਂ ਹੋ ਰਿਹਾ। ਇਸ ਲਈ ਉਹ ਨੌਜਵਾਨ ਇਸ ਅਗਨੀਪਥ ਯੋਜਨਾ ਤਹਿਤ ਭਰਤੀ ਨਹੀਂ ਹੋਣਾ ਚਾਹੁੰਦੇ। ਭਾਵੇਂ ਸਰਕਾਰ ਨੌਜਵਾਨਾਂ ਨਾਲ ਚਾਰ ਸਾਲ 'ਚ ਗਿਆਰਾਂ ਲੱਖ ਰੁਪਏ ਦੇਣ ਲਈ ਕਹਿ ਰਹੀ ਹੈ। ਚਾਰ ਸਾਲ ਬਾਅਦ ਕੋਈ ਵੀ ਪੈਨਸ਼ਨ ਨਹੀਂ ਦੇਣੀ। ਦੇਸ਼ ਦਾ ਹਰ ਇਕ ਨੌਜਵਾਨ ਇਹ ਚਾਹੁੰਦਾ ਹੈ ਕਿ ਸਾਨੂੰ ਆਮ ਵਾਂਗ ਭਰਤੀ ਕੀਤਾ ਜਾਵੇ ਤਾਂ ਜੋ ਉਹ 18-20 ਸਾਲ ਦੇਸ਼ ਦੀ ਸੇਵਾ ਕਰ ਸਕਣ।

-ਬਲਵਿੰਦਰ ਸਿੰਘ ਮਹਿਮੀ
ਪਿੰਡ ਤੇ ਡਾਕ: ਸ਼ੰਕਰ, ਤਹਿ: ਤੇ ਜ਼ਿਲ੍ਹਾ ਲੁਧਿਆਣਾ।

ਪੌਲੀਥੀਨ ਦੀ ਵਰਤੋਂ

ਪੁਰਾਣੇ ਸਮਿਆਂ ਵਿਚ ਜਦੋਂ ਅਸੀਂ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਖ਼ਰੀਦਣ ਜਾਂਦੇ ਸੀ ਤਾਂ ਹਰ ਕੋਈ ਆਪਣੇ ਨਾਲ ਕੱਪੜੇ ਦਾ ਥੈਲਾ ਲੈ ਕੇ ਜਾਂਦਾ ਸੀ, ਪਰ ਅੱਜਕਲ੍ਹ ਇਸ ਦੀ ਥਾਂ 'ਤੇ ਪੌਲੀਥੀਨ ਦੇ ਲਿਫ਼ਾਫ਼ਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਪੌਲੀਥੀਨ ਇਕ ਨਾ-ਗਲਣਯੋਗ ਪਦਾਰਥ ਹੈ ਜੋ ਕਿ ਸਾਡੇ ਵਾਤਾਵਰਨ ਲਈ ਬਹੁਤ ਨੁਕਸਾਨਦਾਇਕ ਹੈ। ਕਈ ਵਾਰ ਜੀਵ-ਜੰਤੂ ਇਸ ਨੂੰ ਖਾਣ ਵਾਲੀ ਚੀਜ਼ ਸਮਝ ਕੇ ਖਾ ਲੈਂਦੇ ਹਨ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਪੌਲੀਥੀਨ ਦੀ ਵਰਤੋਂ ਨਾਲ ਪ੍ਰਦੂਸ਼ਣ ਹੁੰਦਾ ਹੈ। ਨਤੀਜੇ ਵਜੋਂ ਮਨੁੱਖ ਅਤੇ ਹੋਰ ਜੀਵ-ਜੰਤੂ ਸਿੱਧੇ ਅਤੇ ਅਸਿੱਧੇ ਰੂਪ 'ਚ ਪ੍ਰਭਾਵਿਤ ਹੁੰਦੇ ਹਨ। ਇਸ ਲਈ ਕੇਂਦਰ ਸਰਕਾਰ ਦੇ ਨਾਲ-ਨਾਲ ਰਾਜ ਸਰਕਾਰਾਂ, ਸਥਾਨਕ ਸਰਕਾਰਾਂ ਅਤੇ ਆਮ ਲੋਕਾਂ ਨੂੰ ਪੌਲੀਥੀਨ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ ਤੇ ਇਸ ਦੇ ਬਦਲੇ ਵਜੋਂ ਕੱਪੜੇ ਦੇ ਥੈਲੇ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਵਾਤਾਵਰਨ ਨੂੰ ਬਚਾਇਆ ਜਾ ਸਕੇ।

-ਸਾਕਸ਼ੀ ਸ਼ਰਮਾ, ਜਲੰਧਰ।

ਪੰਛੀਆਂ ਦੀ ਦੇਖਭਾਲ

ਗਰਮੀ ਦਾ ਮੌਸਮ ਸਿਖਰਾਂ 'ਤੇ ਹੈ। ਹਰ ਕੋਈ ਗਰਮੀ ਮਹਿਸੂਸ ਕਰ ਰਿਹਾ ਹੈ। ਗਰਮੀ ਤੋਂ ਨਿਜਾਤ ਪਾਉਣ ਲਈ ਹਰ ਇਨਸਾਨ ਵੱਖ-ਵੱਖ ਤਰ੍ਹਾਂ ਦੇ ਤੌਰ-ਤਰੀਕੇ ਅਪਣਾ ਰਿਹਾ ਹੈ। ਪਾਣੀ ਦੀ ਵਰਤੋਂ ਵੱਧ ਤੋਂ ਵੱਧ ਕਰ ਰਿਹਾ ਹੈ। ਆਪਣੇ-ਆਪ ਨੂੰ ਗਰਮੀ ਤੋਂ ਬਚਾਉਣ ਲਈ ਘਰਾਂ ਵਿਚ ਰਹਿਣਾ, ਨਿੰਬੂ ਪਾਣੀ ਪੀਣਾ, ਵਾਰ-ਵਾਰ ਨਹਾਉਣਾ ਆਦਿ। ਇਹ ਤਾਂ ਹੋਈ ਇਨਸਾਨ ਦੀ ਗੱਲ ਪਰ ਜਾਨਵਰ ਪੰਛੀ ਜੋ ਕਿ ਆਤਮ-ਨਿਰਭਰ ਨਹੀਂ ਹਨ, ਉਨ੍ਹਾਂ ਦੀ ਦੇਖਭਾਲ ਕਰਨਾ ਵੀ ਸਾਡਾ ਫ਼ਰਜ਼ ਬਣਦਾ ਹੈ ਅਤੇ ਇਹੀ ਸਭ ਤੋਂ ਵੱਡਾ ਦਾਨ-ਪੁੰਨ ਹੈ। ਇਸ ਲਈ ਪੰਛੀਆਂ, ਜਾਨਵਰਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਦੇ ਪੀਣ ਦੇ ਪਾਣੀ ਦਾ ਪ੍ਰਬੰਧ ਕਰੀਏ। ਘਰਾਂ ਦੀਆਂ ਛੱਤਾਂ ਉੱਪਰ ਵਿਹੜੇ ਵਿਚ ਖਾਲੀ ਥਾਵਾਂ, ਗੇਟ ਦੇ ਬਾਹਰ, ਖੇਤਾਂ ਵਿਚ ਮਿੱਟੀ ਦੇ ਭਾਂਡਿਆਂ ਵਿਚ ਪਾਣੀ ਭਰ ਕੇ ਰੱਖੀਏ ਤਾਂ ਜੋ ਪੰਛੀਆਂ ਨੂੰ ਪਾਣੀ ਮਿਲ ਸਕੇ ਅਤੇ ਗਰਮੀ ਤੋਂ ਛੁਟਕਾਰਾ। ਆਓ, ਅਸੀਂ ਸਾਰੇ ਇੰਜ ਕਰਕੇ ਪੰਛੀਆਂ ਦੇ ਜੀਵਨ ਨੂੰ ਗਰਮੀ ਤੋਂ ਬਚਾਈਏ ਅਤੇ ਅਜਿਹਾ ਪੁੰਨ ਖੱਟ ਕੇ ਜੀਵਨ ਸਫਲ ਬਣਾਈਏ।

-ਗੁਰਪ੍ਰੀਤ ਹੈਪੀ ਸਹੋਤਾ
ਸਾਇੰਸ ਅਧਿਆਪਕ, ਪਿੰਡ : ਡੱਫਰ, ਜ਼ਿਲ੍ਹਾ ਹੁਸ਼ਿਆਰਪੁਰ।

ਫਾਸਟ ਫੂਡ ਤੋਂ ਪ੍ਰਹੇਜ਼ ਕਰੋ

ਫਾਸਟ ਫੂਡ ਦੇ ਸ਼ੌਕੀਨ ਹੋ ਤਾਂ ਤੁਸੀਂ ਸ਼ੂਗਰ ਦੇ ਸਹਿਜੇ ਹੀ ਸ਼ਿਕਾਰ ਹੋ ਸਕਦੇ ਹਨ। ਹਫ਼ਤੇ ਵਿਚ ਦੋ ਵਾਰ ਤੋਂ ਵੱਧ ਫਾਸਟ ਫੂਡ ਖਾਣ ਨਾਲ ਸ਼ੂਗਰ ਦਾ ਖ਼ਤਰਾ ਕਈ ਗੁਣਾਂ ਵਧ ਸਕਦਾ ਹੈ। ਅਮਰੀਕਾ ਦੀ ਇਕ ਖੋਜ ਸੰਸਥਾ ਲਾਂਸੈਟ ਵਲੋਂ ਕੀਤੀ ਖੋਜ ਦੇ ਅਨੁਸਾਰ ਜ਼ਿਆਦਾ ਫਾਸਟਫੂਡ ਖਾਣ ਨਾਲ ਮੋਟਾਪਾ ਵਧਦਾ ਹੈ ਅਤੇ ਟਾਈਪ-2 ਸ਼ੂਗਰ ਦਾ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ। ਲਾਂਸੈਟ ਦੇ ਪ੍ਰੋਫ਼ੈਸਰ ਆਰਨੇ ਅਸਤਰੂਪ ਨੇ ਦੱਸਿਆ ਕਿਉਂਕਿ ਫਾਸਟ ਫੂਡ ਵਿਚ ਚਰਬੀ ਦੀ ਮਾਤਰਾ ਵਧੇਰੇ ਹੁੰਦੀ ਹੈ। ਇਸ ਲਈ ਇਸ ਦੇ ਖਾਣ ਨਾਲ ਵਿਅਕਤੀਆਂ ਦਾ ਭਾਰ ਤੇਜ਼ੀ ਨਾਲ ਵਧਦਾ ਹੈ। ਇਹੋ ਜਿਹੇ ਤੁਸੀਂ ਖੁਦ ਵੀ ਫਾਸਟ ਫੂਡ ਤੋਂ ਪ੍ਰਹੇਜ਼ ਕਰੋ ਅਤੇ ਬੱਚਿਆਂ ਨੂੰ ਵੀ ਇਸ ਦੀ ਗ੍ਰਿਫ਼ਤ 'ਚੋਂ ਫਸਣ ਤੋਂ ਬਚਾਓ।

-ਡਾ. ਨਰਿੰਦਰ ਭੱਪਰ

30-06-2022

 ਨੌਜਵਾਨਾਂ ਵਿਚ ਫੈਸ਼ਨ
ਪੱਛਮੀ ਸੱਭਿਅਤਾ ਦੇ ਵਧ ਰਹੇ ਪ੍ਰਭਾਵ ਕਰਕੇ ਅਜੋਕੀ ਨੌਜਵਾਨ ਪੀੜ੍ਹੀ ਮਹਿੰਗੇ ਅਤੇ ਭੜਕੀਲੇ ਲਿਬਾਸ, ਮਹਿੰਗੇ ਮੋਬਾਈਲ ਫੋਨ ਅਤੇ ਹੋਰ ਮਹਿੰਗੀਆਂ ਵਸਤਾਂ ਨੂੰ ਫੈਸ਼ਨ ਅਤੇ ਬਰਾਂਡ ਦੱਸਦੀ ਹੋਈ ਅਜੋਕੀ ਗ਼ੈਰ-ਮਿਆਰੀ ਫ਼ਿਲਮੀ ਅਦਾਕਾਰਾਂ ਅਤੇ ਗਾਇਕਾਂ ਨੂੰ ਆਪਣਾ ਆਦਰਸ਼ ਮੰਨਦੀ ਹੈ, ਜੋ ਹਕੀਕਤ ਅਤੇ ਸੱਭਿਆਚਾਰ ਤੋਂ ਕੋਹਾਂ ਦੂਰ ਹਨ। ਨੌਜਵਾਨਾਂ ਵਿਚ ਵਧਦੇ ਫੈਸ਼ਨ ਦਾ ਪ੍ਰਭਾਵ ਪੰਜਾਬੀ ਸੱਭਿਆਚਾਰ ਲਈ ਮਾਰੂ ਸਾਬਤ ਹੋ ਰਿਹਾ ਹੈ, ਜਿਸ ਦੇ ਭਵਿੱਖ ਵਿਚ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਇਸ ਗੰਭੀਰ ਵਿਸ਼ੇ ਪ੍ਰਤੀ ਤੁਰੰਤ ਧਿਆਨ ਦਿੰਦੇ ਹੋਏ ਲੋੜੀਂਦੇ ਠੋਸ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪੈਣ ਤੋਂ ਰੋਕਣ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਦੀ ਹੋਂਦ ਨੂੰ ਵੀ ਬਚਾਇਆ ਜਾ ਸਕੇ।


-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ. ਚੱਕ ਅਤਰ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ।


ਅਫ਼ਗਾਨਿਸਤਾਨ ਦੀ ਇਕ ਹੋਰ ਤ੍ਰਾਸਦੀ
ਪਹਿਲਾਂ ਹੀ ਭਰਾ ਮਾਰੂ ਜੰਗ, ਭੁੱਖਮਰੀ, ਆਰਥਿਕ ਤੌਰ 'ਤੇ ਬੁਰੀ ਤਰ੍ਹਾਂ ਟੁੱਟ ਚੁੱਕੇ ਅਫ਼ਗਾਨਿਸਤਾਨ ਦੇਸ਼ 'ਤੇ ਇਕ ਹੋਰ ਕਹਿਰ ਟੁੱਟਿਆ। ਜਿਥੇ ਕੁਦਰਤੀ ਆਫ਼ਤ ਭੁਚਾਲ ਨੇ ਸੈਂਕੜੇ ਨਿਹੱਥੇ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਧੱਕ ਦਿੱਤਾ, ਉਥੇ ਘਰ-ਬਾਰ ਤੇ ਕਾਰੋਬਾਰ ਸਭ ਤਬਾਹ ਕਰ ਦਿੱਤੇ। ਰੋਜ਼ੀ-ਰੋਟੀ ਤੋਂ ਮੁਥਾਜ ਲੋਕ ਖੁੱਲ੍ਹੇ ਅਸਮਾਨ ਹੇਠ ਗੁਜ਼ਾਰਾ ਕਰ ਰਹੇ ਹਨ। ਖ਼ਾਸ ਕਰ ਬੱਚੇ ਬੁੱਢੇ ਜੋ ਆਪਣੇ ਪਰਿਵਾਰਾਂ ਦੇ ਮੈਂਬਰ ਗੁਆ ਚੁੱਕੇ ਹਨ। ਉਨ੍ਹਾਂ ਦੀ ਹਾਲਤ ਅੱਜ ਬੜੀ ਤਰਸਯੋਗ ਹੈ। ਸਿਆਣਿਆਂ ਦੇ ਕਹਿਣ ਮੁਤਾਬਿਕ 'ਜਿਥੇ ਮੁਸੀਬਤਾਂ ਆਉਣ ਲੱਗ ਪੈਣ, ਉਥੇ ਬਿਖੜੇ ਪੈਂਡੇ ਹੋਰ ਵੀ ਮੁਸ਼ਕਿਲ ਹੋ ਜਾਂਦੇ ਹਨ। ਸੁੱਖ ਦੀ ਉਡੀਕ ਕਰਨੀ ਪੈਂਦੀ ਹੈ, ਪਰ ਦੁੱਖ ਨੂੰ ਉਡੀਕਣਾ ਨਹੀਂ ਪੈਂਦਾ। ਉਹ ਤਾਂ ਆਪਣੇ-ਆਪ ਹੀ ਆ ਜਾਂਦਾ ਹੈ।' ਉਹ ਲੋਕ ਆਪਣੀ ਕਿਸਮਤ ਨੂੰ ਕੋਸਦੇ ਹੋਏ ਪਹਿਲਾਂ ਹੀ ਗੁਰਬਤ ਭਰੀ ਜ਼ਿੰਦਗੀ ਬਤੀਤ ਕਰ ਰਹੇ ਸਨ। ਉਤੋਂ ਹੋਰ ਹੀ ਕੁਦਰਤ ਨੇ ਕਹਿਰ ਵਰਤਾ ਦਿੱਤਾ। ਚਾਹੇ ਭਾਰਤ ਵਰਗੇ ਸਹਿਯੋਗੀ ਦੇਸ਼ ਅਫ਼ਗਾਨਿਸਤਾਨ ਦੀ ਅੱਜ ਹਰ ਪੱਖੋਂ ਬਹੁਤ ਮਦਦ ਕਰ ਰਹੇ ਹਨ, ਪਰ ਫਿਰ ਵੀ ਇਹ ਘਾਟੇ ਸੈਂਕੜੇ ਸਾਲਾਂ ਵਿਚ ਵੀ ਪੂਰੇ ਨਹੀਂ ਹੋ ਸਕਦੇ।


-ਹਰਪ੍ਰੀਤ ਪੱਤੋ, ਪਿੰਡ ਪੱਤੋ ਹੀਰਾ ਸਿੰਘ।


ਅਵਾਰਾ ਪਸ਼ੂਆਂ ਦੀ ਸਮੱਸਿਆ

ਸ਼ਾਇਦ ਹੀ ਕੋਈ ਦਿਨ ਲੰਘਦਾ ਹੋਵੇ, ਜਦੋਂ ਪੰਜਾਬ 'ਚ ਕੋਈ ਅਵਾਰਾ ਪਸ਼ੂਆਂ ਦਾ ਸ਼ਿਕਾਰ ਨਾ ਹੋਇਆ ਹੋਵੇ। ਸੜਕਾਂ 'ਤੇ ਵੱਡੀ ਗਿਣਤੀ 'ਚ ਸ਼ਰੇਆਮ ਲੜਦਿਆਂ-ਭਿੜਦਿਆਂ ਅਵਾਰਾ ਪਸ਼ੂਆਂ ਦੀਆਂ ਡਾਰਾਂ ਕਾਰਨ ਰੋਜ਼ ਵੱਡੀਆਂ ਦੁਰਘਟਨਾਵਾਂ ਹੁੰਦੀਆਂ ਨੇ, ਜਿਸ 'ਚ ਕਿੰਨੇ ਹੀ ਲੋਕ ਜਾਨ ਤੋਂ ਹੱਥ ਧੋ ਲੈਂਦੇ ਨੇ ਜਾਂ ਸਾਰੀ ਉਮਰ ਲਈ ਅਪਾਹਜ ਹੋ ਰਹੇਹਨ। ਦੋ ਕੁ ਸਾਲ ਪਹਿਲਾਂ ਮੇਰਾ ਇਕ ਅਜ਼ੀਜ਼ ਮਿਸਤਰੀ ਸਾਥੀ, ਸ਼ਾਮ ਨੂੰ ਸ਼ਹਿਰ ਤੋਂ ਘਰ ਆ ਰਿਹਾ ਸੀ ਕਿ ਚਲਦੇ ਮੋਟਰਸਾਈਕਲ ਤੋਂ ਇਕ ਢੱਠੇ ਨੇ ਉਸ ਨੂੰ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਪੂਰਾ ਪਰਿਵਾਰ ਹੀ ਉਜੜ ਗਿਆ। ਇਸ ਤੋਂ ਇਲਾਵਾ ਸੂਬੇ ਦੇ ਕਿਸਾਨਾਂ ਲਈ ਇਹ ਬਹੁਤ ਵੱਡੀ ਸਮੱਸਿਆ ਬਣ ਚੁੱਕੇ ਹਨ, ਫ਼ਸਲਾਂ ਦੇ ਨੁਕਸਾਨ ਦੇ ਨਾਲ-ਨਾਲ ਇਨ੍ਹਾਂ ਅਵਾਰਾ ਪਸ਼ੂਆਂ ਨੇ ਕਿੰਨੇ ਈ ਕਿਸਾਨਾਂ ਨੂੰ ਮਾਰ ਦਿੱਤਾ। ਇਸ ਤੋਂ ਇਲਾਵਾ ਨਿੱਤ ਈ ਗਰੀਬਾਂ ਦੀਆਂ ਰੇਹੜੀਆਂ, ਝੁੱਗੀਆਂ ਤੇ ਬੱਚਿਆਂ ਤੱਕ ਨੂੰ ਇਹ ਪਸ਼ੂ ਸ਼ਰੇਆਮ ਕੁਚਲ ਰਹੇ ਹਨ। ਸੂਬੇ ਦੇ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕਰਨਾ ਸਰਕਾਰਾਂ ਦਾ ਇਖਲਾਕੀ ਫ਼ਰਜ਼ ਬਣਦਾ ਹੈ। ਸੋ ਕਿਰਪਾ ਕਰਕੇ ਇਸ ਅਹਿਮ ਮੁੱਦੇ 'ਤੇ ਪਹਿਲ ਦੇ ਆਧਾਰ 'ਤੇ ਨਜ਼ਰਸਾਨੀ ਕਰਦਿਆਂ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇ।


-ਅਸ਼ੋਕ ਸੋਨੀ
ਪਿੰਡ ਖੂਈ ਖੇੜਾ, ਫਾਜ਼ਿਲਕਾ।


ਹਥਿਆਰਾਂ 'ਤੇ ਲੱਗੇ ਰੋਕ

ਹਥਿਆਰਾਂ ਦੀ ਵਧਦੀ ਗਿਣਤੀ ਕਾਰਨ ਲੋਕਾਂ ਨੂੰ ਆਪਣੇ ਹੀ ਸੂਬੇ ਵਿਚ ਇਕ-ਦੂਜੇ ਤੋਂ ਡਰ ਲੱਗਦਾ ਹੈ ਕਿ ਖੌਰੇ ਅਗਲਾ ਨਿੱਕੀ ਜਿਹੀ ਗੱਲ ਪਿਛੇ ਗੋਲੀ ਹੀ ਨਾ ਮਾਰ ਦੇਵੇ, ਹੁਣ ਤਾਂ ਹਰੇਕ ਕੋਲ ਲਾਈਸੈਂਸੀ ਰਿਵਾਲਵਰ ਹੋਣਾ ਆਮ ਗੱਲ ਹੈ, ਪਤਾ ਨਹੀਂ ਬਿਨਾਂ ਵਜ੍ਹਾ ਏਨੇ ਲਾਈਸੈਂਸ ਜਾਰੀ ਕਿਉਂ ਹੁੰਦੇ ਹਨ। ਅਸਲ੍ਹਾ ਰੱਖਣਾ ਤਾਂ ਲੋਕ ਜਿਵੇਂ ਬਹੁਤ ਸ਼ਾਨ ਦੀ ਗੱਲ ਸਮਝਦੇ ਹਨ ਪਰ ਕਿਉਂ, ਕਿਉਂਕਿ ਗੀਤਾਂ ਵਿਚਲੇ ਬੋਲਾਂ ਨੇ ਲੋਕਾਂ ਨੂੰ ਗੁੰਡਾਗਰਦੀ ਲਈ ਵਧੇਰੇ ਪ੍ਰਭਾਵਿਤ ਕੀਤਾ ਹੈ, ਲੋਕ ਜਿਵੇਂ ਦਾ ਵੇਖਦੇ-ਸੁਣਦੇ ਹਨ, ਉਸ ਵਰਗਾ ਬਣਨਾ ਅਤੇ ਕਰਨਾ ਚਾਹੁੰਦੇ ਹਨ, ਕਿੰਨੀ ਭੈੜੀ ਮਾਨਸਿਕਤਾ ਹੋਵੇਗੀ ਉਨ੍ਹਾਂ ਮੰਦਬੁੱਧੀ ਲੋਕਾਂ ਦੀ ਜੋ ਗੋਲੀ ਚਲਾਉਣ ਵੇਲੇ ਜ਼ਰਾ ਨਹੀਂ ਸੋਚਦੇ ਅਤੇ ਮਾੜੀ ਜਿਹੀ ਗੱਲ ਪਿਛੇ ਕਿਸੇ ਦਾ ਹੱਸਦਾ-ਵੱਸਦਾ ਘਰ ਉਜਾੜ ਦਿੰਦੇ ਹਨ, ਧੜਾਧੜ ਜਾਰੀ ਹੁੰਦੇ ਇਨ੍ਹਾਂ ਹਥਿਆਰਾਂ 'ਤੇ ਸਖ਼ਤ ਰੋਕ ਲਗਾਉਣੀ ਚਾਹੀਦੀ ਹੈ, ਇਹ ਉਸ ਨੂੰ ਹੀ ਜਾਰੀ ਹੋਣ ਜਿਨ੍ਹਾਂ ਨੂੰ ਇਸ ਦੀ ਸੱਚਮੁੱਚ ਲੋੜ ਹੈ, ਨਾ ਕਿ ਫੁਕਰੀਆਂ ਮਾਰਨ ਵਾਲਿਆਂ ਨੂੰ, ਲੋਕ ਤਾਂ ਵਿਆਹਾਂ, ਪਾਰਟੀਆਂ ਵਿਚ ਵੀ ਫਾਇਰ ਕਰਦੇ ਹਨ, ਪਤਾ ਨਹੀਂ ਉਹ ਏਦਾਂ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹਨ, ਨਿਹੱਥਿਆਂ ਉਤੇ ਵਾਰ ਕਰਨਾ ਕੋਈ ਬਹਾਦੁਰੀ ਦਾ ਕੰਮ ਨਹੀਂ, ਬਹਾਦਰ ਤਾਂ ਉਹ ਹੈ ਜੋ ਆਵਦੇ ਮਨ 'ਤੇ ਜਿੱਤ ਪ੍ਰਾਪਤ ਕਰ ਲਵੇ ਅਤੇ ਬੁਰੀਆਂ ਆਦਤਾਂ ਤੋਂ ਦੂਰ ਰਹਿ ਸਕੇ। ਸਰਕਾਰ ਨੂੰ ਵੀ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ, ਜਿੰਨਾ ਹੋ ਸਕੇ ਗੱਡੀਆਂ ਕਾਰਾਂ ਦੀ ਜਾਂਚ ਹੋਵੇ ਤਾਂ ਜੋ ਹਥਿਆਰ ਲੈ ਕੇ ਆ ਰਹੇ ਲੋਕਾਂ ਬਾਰੇ ਪਤਾ ਲੱਗ ਸਕੇ ਅਤੇ ਵੱਧ ਰਹੇ ਖ਼ੂਨੀ ਕਾਂਡਾਂ ਨੂੰ ਠੱਲ੍ਹ ਪੈ ਸਕੇ।


-ਅਮਨਦੀਪ ਕੌਰ
ਹਾਕਮ ਸਿੰਘ ਵਾਲਾ, ਬਠਿੰਡਾ।

29-06-2022

 ਅਗਨੀਪਥ ਯੋਜਨਾ

ਮੋਦੀ ਸਰਕਾਰ ਦੀ ਅਗਨੀਪਥ ਯੋਜਨਾ ਦਾ ਤੁਗ਼ਲਕੀ ਫ਼ੈਸਲਾ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਨਾਲ ਇਕ ਬੜਾ ਵੱਡਾ ਧੋਖਾ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ। ਦਰਅਸਲ ਅਗਨੀਪਥ ਯੋਜਨਾ ਭਾਰਤੀ ਫ਼ੌਜ 'ਚ ਠੇਕਾ ਪ੍ਰਣਾਲੀ ਨੂੰ ਲਾਗੂ ਕਰਨ ਲਈ ਲਿਆਂਦੀ ਗਈ ਹੈ, ਜਿਸ ਦਾ ਮੁੱਖ ਉਦੇਸ਼ ਰੈਗੂਲਰ ਫ਼ੌਜੀਆਂ ਨੂੰ ਮਿਲਦੀ ਪੈਨਸ਼ਨ ਅਤੇ ਸੇਵਾਮੁਕਤੀ ਦੇ ਹੋਰ ਵਿੱਤੀ ਲਾਭਾਂ ਨੂੰ ਖ਼ਤਮ ਕਰਨਾ ਤਾਂ ਹੈ ਹੀ ਪਰ ਇਸ ਦੇ ਇਲਾਵਾ ਉਹ ਆਰ.ਐਸ.ਐਸ. ਅਤੇ ਭਾਜਪਾ ਨਾਲ ਸੰਬੰਧਿਤ ਨੌਜਵਾਨਾਂ ਨੂੰ ਸਰਕਾਰੀ ਖਰਚੇ ਉਤੇ ਚਾਰ ਸਾਲ ਦੀ ਫ਼ੌਜੀ ਸਿਖਲਾਈ ਦੇ ਕੇ ਸੰਘ ਦੀ ਇਕ ਹਥਿਆਰਬੰਦ ਫ਼ੌਜ ਵੀ ਖੜ੍ਹੀ ਕਰਨਾ ਚਾਹੁੰਦੀ ਹੈ ਜਿਸ ਦੀ ਵਰਤੋਂ ਘੱਟ ਗਿਣਤੀਆਂ ਦੇ ਖਿਲਾਫ਼ ਕੀਤੀ ਜਾਏਗੀ। ਨੌਜਵਾਨਾਂ ਨੂੰ ਸਿਰਫ ਫ਼ੌਜ ਵਿਚ ਹੀ ਸਥਾਈ ਭਰਤੀ ਅਤੇ ਪੈਨਸ਼ਨ ਮਿਲਣ ਦੀ ਆਸ ਬਚੀ ਸੀ ਜਿਸ ਨੂੰ ਅਗਨੀਪਥ ਰਾਹੀਂ ਖ਼ਤਮ ਕਰ ਦਿੱਤਾ ਗਿਆ ਹੈ। ਸਵਾਲ ਹੈ ਕਿ ਜੇਕਰ ਅਗਨੀਪਥ ਯੋਜਨਾ ਨੌਜਵਾਨਾਂ ਲਈ ਵਾਕਈ ਫਾਇਦੇਮੰਦ ਹੈ ਤਾਂ ਭਾਜਪਾ ਦੇ ਮੰਤਰੀ, ਸੰਸਦ ਮੈਂਬਰ, ਵਿਧਾਇਕ ਅਤੇ ਨੇਤਾ ਆਪਣੇ ਬੱਚਿਆਂ ਨੂੰ ਵਿਧਾਇਕ ਬਣਾਉਣ ਜਾਂ ਵਿਦੇਸ਼ ਭੇਜਣ ਦੀ ਥਾਂ ਫ਼ੌਜ 'ਚ ਅਗਨੀਵੀਰ ਕਿਉਂ ਨਹੀਂ ਬਣਾ ਦਿੰਦੇ? ਪੂਰੇ ਦੇਸ਼ ਵਿਚ ਨੌਜਵਾਨਾਂ ਵਲੋਂ ਇਸ ਯੋਜਨਾ ਦੇ ਤਿੱਖੇ ਹਿੰਸਕ ਵਿਰੋਧ ਕਾਰਨ ਤਿੰਨੇ ਸੈਨਾਵਾਂ ਦੇ ਫ਼ੌਜੀ ਜਰਨੈਲਾਂ ਨੂੰ ਇਸ ਯੋਜਨਾ ਬਾਰੇ ਸਪੱਸ਼ਟੀਕਰਨ ਦੇਣ ਲਈ ਪ੍ਰੈੱਸ ਕਾਨਫ਼ਰੰਸ ਕਰਨੀ ਪਈ ਹੈ। ਵੈਸੇ ਅਜਿਹੀ ਯੋਜਨਾ ਭਾਜਪਾ ਆਗੂਆਂ ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਦੇ ਹਜ਼ਰਤ ਮੁਹੰਮਦ ਸਾਹਿਬ ਬਾਰੇ ਦਿੱਤੇ ਅਪਮਾਨਜਨਕ ਬਿਆਨਾਂ ਕਾਰਨ ਮੋਦੀ ਸਰਕਾਰ ਦੀ ਕੌਮਾਂਤਰੀ ਪੱਧਰ 'ਤੇ ਹੋਈ ਘੋਰ ਬਦਨਾਮੀ ਅਤੇ ਮੁੱਦੇ ਤੋਂ ਧਿਆਨ ਪਾਸੇ ਹਟਾਉਣ ਲਈ ਹੀ ਲਿਆਂਦੀ ਗਈ ਹੈ ਜਿਸਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ।

-ਸੁਮੀਤ ਸਿੰਘ, ਮੋਹਣੀ ਪਾਰਕ, ਅੰਮ੍ਰਿਤਸਰ।

ਵਾਤਾਵਰਨ ਪ੍ਰਤੀ ਜਾਗਰੂਕਤਾ

ਅੱਜ ਦੇ ਸਮੇਂ ਵਿਚ ਭਾਰਤ ਦੀ ਤਰੱਕੀ ਦੇ ਰਾਹ ਵਿਚ ਸਭ ਤੋਂ ਵੱਡਾ ਰੋੜਾ ਪ੍ਰਦੂਸ਼ਣ ਦੀ ਸਮੱਸਿਆ ਹੈ। ਪ੍ਰਦੂਸ਼ਣ ਦੀ ਸਮੱਸਿਆ ਹੈ। ਪ੍ਰਦੂਸ਼ਣ ਕਾਰਨ ਸਾਡੇ ਕੁਦਰਤੀ ਸਰੋਤ ਦਿਨ-ਬਦਿਨ ਨਸ਼ਟ ਹੋ ਰਹੇ ਹਨ ਅਤੇ ਪੰਛੀਆਂ ਦੀਆਂ ਵੀ ਕਈ ਜਾਤੀਆਂ ਅਲੋਪ ਹੋ ਰਹੀਆਂ ਹਨ। ਵਾਹਨਾਂ ਦੇ ਧੂੰਏਂ ਨਾਲ ਤੇ ਗੈਸਾਂ ਦੇ ਜ਼ਿਆਦਾ ਪ੍ਰਯੋਗ ਕਾਰਨ ਪ੍ਰਦੂਸ਼ਣ ਫੈਲਦਾ ਹੈ, ਜਿਸ ਕਾਰਨ ਸਾਡਾ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਸੰਭਾਲ ਲਈ ਵੀ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ, ਤਾਂ ਜੋ ਅਸੀਂ ਆਪਣੇ ਭਾਰਤ ਦੀ ਧਰਤੀ ਨੂੰ ਪ੍ਰਦੂਸ਼ਣ ਤੋਂ ਮੁਕਤ ਕਰ ਸਕੀਏ।

-ਸਾਕਸ਼ੀ ਸ਼ਰਮਾ, ਜਲੰਧਰ।

ਵਿਆਹਾਂ 'ਚ ਹਥਿਆਰ

ਅਕਸਰ ਦੇਖਿਆ ਜਾਂਦਾ ਹੈ ਕਿ ਵਿਆਹ ਸਮਾਗਮਾਂ ਵਿਚ ਪੈਲੇਸਾਂ ਦੇ ਬਾਹਰ ਲਿਖਣ ਦੇ ਬਾਵਜੂਦ ਕਿ ਪੈਲੇਸ ਵਿਚ ਅਸਲ੍ਹਾ ਲੈ ਕੇ ਜਾਣ ਦੀ ਮਨਾਹੀ ਹੈ। ਫਿਰ ਵੀ ਫੁਖਰੇ ਲੋਕ ਆਪਣੀ ਫੋਕੀ ਸ਼ਾਨੋ-ਸ਼ੌਕਤ ਦੀ ਖ਼ਾਤਰ ਪੈਲੇਸਾਂ ਵਿਚ ਅਸਲ੍ਹਾ ਲੈ ਕੇ ਜਾਂਦੇ ਹਨ ਤੇ ਸ਼ਰਾਬ ਨਾਲ ਰੱਜ ਕੇ ਹਵਾਈ ਫਾਇਰ ਕਰਦੇ ਹਨ, ਜਿਸ ਨਾਲ ਅਨਮੋਲ ਜਾਨਾਂ ਜਾ ਰਹੀਆਂ ਹਨ। ਨਰਮ ਕਾਨੂੰਨਾਂ ਦਾ ਇਹ ਲੋਕ ਫਾਇਦਾ ਉਠਾਉਂਦੇ ਹਨ। ਅਸਲ੍ਹੇ ਬਾਰੇ ਇਨ੍ਹਾਂ ਨੂੰ ਕੋਈ ਸਿਖਲਾਈ ਨਹੀਂ ਹੁੰਦੀ ਕਿ ਹਥਿਆਰ ਦੀ ਕਿਸ ਤਰ੍ਹਾਂ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਸ ਦੀਆਂ ਸਾਵਧਾਨੀਆਂ ਤੇ ਸੰਭਾਲ ਬਾਰੇ ਅਨਜਾਣ ਹੁੰਦੇ ਹਨ। ਕਾਨੂੰਨ ਸਖ਼ਤ ਹੋਣ ਨਾਲ ਵੀ ਜਦੋਂ ਤੱਕ ਲੋਕ ਜਾਗਰੂਕ ਨਹੀਂ ਹੁੰਦੇ, ਕੁਝ ਹੋਣ ਵਾਲਾ ਨਹੀਂ। ਪ੍ਰਸ਼ਾਸਨ ਵੀ ਲੋਕਾਂ ਦੇ ਸਹਿਯੋਗ ਬਗੈਰ ਕੁਝ ਨਹੀਂ ਕਰ ਸਕਦਾ। ਲੋਕਾਂ ਨੂੰ ਆਪਣੀ ਸੋਚ ਬਦਲ ਕੇ ਇਸ ਬੁਰੀ ਕੁਰੀਤੀ ਦਾ ਤਿਆਗ ਕਰਨਾ ਚਾਹੀਦਾ ਹੈ, ਤਾਂ ਜੋ ਇਹ ਰੋਜ਼ਾਨਾ ਹੋ ਰਹੀਆਂ ਘਟਨਾਵਾਂ 'ਤੇ ਰੋਕ ਲੱਗ ਸਕੇ।

-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ ਇੰਸਪੈਕਟਰ ਪੁਲਿਸ।

ਸਾਫ਼ ਨੀਅਤ

ਸਿਆਣੇ ਕਹਿੰਦੇ ਨੇ 'ਨੀਅਤਾਂ ਨਾਲ ਮੁਰਾਦਾਂ ਹੁੰਦੀਆਂ ਹਨ', ਮਨੁੱਖ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਜਿਹੇ ਔਗੁਣਾਂ ਦਾ ਸ਼ਿਕਾਰ ਰਹਿੰਦਾ ਹੈ। ਉਸ ਦਾ ਮਨ ਦੂਜਿਆਂ ਦੀ ਲੁੱਟ-ਖਸੁੱਟ ਕਰਨ, ਚੋਰੀ, ਠੱਗੀ ਕਰਨ, ਝੂਠ ਬੋਲ ਕੇ ਆਪਣਾ ਕੰਮ ਕਰਵਾਉਣ ਜਾਂ ਫਰੇਬ ਕਰਨ ਨਾਲ ਬਹੁਤ ਨੀਵਾਂ ਹੋ ਜਾਂਦਾ ਹੈ। ਇਹ ਇਸ ਲਈ ਵਾਪਰਦਾ ਹੈ, ਕਿਉਂਕਿ ਉਹ ਦੂਜਿਆਂ ਨੂੰ ਆਪਣਾ ਨਹੀਂ ਸਮਝਦਾ। ਮਨੁੱਖ ਮਨ ਵਿਚ ਖੋਟ ਰੱਖਦਾ ਹੈ। ਲੋਕਾਂ ਪ੍ਰਤੀ ਗ਼ਲਤ ਧਾਰਨਾਵਾਂ ਰੱਖਦਾ ਹੈ। ਸਾਨੂੰ ਲੋਕਾਂ ਪ੍ਰਤੀ ਚੰਗਾ ਸੋਚਣਾ ਚਾਹੀਦਾ ਹੈ। ਜਿਹੋ ਜਿਹੀ ਸਾਡੀ ਨੀਤ ਲੋਕਾਂ ਪ੍ਰਤੀ ਹੋਵੇਗੀ ਉਸੇ ਤਰ੍ਹਾਂ ਦਾ ਫਲ ਸਾਨੂੰ ਮਿਲੇਗਾ। ਸਾਡੀ ਨੀਤ ਚੰਗੀ ਹੋਣੀ ਚਾਹੀਦੀ ਹੈ ਤਾਂ ਹੀ ਸਾਨੂੰ ਚੰਗੀਆਂ ਮੁਰਾਦਾਂ ਮਿਲਣਗੀਆਂ। ਮਾੜੀ ਨੀਅਤ ਵਾਲਿਆਂ ਨੂੰ ਲੋਕ ਮੂੰਹ ਨਹੀਂ ਲਾਉਂਦੇ। ਚੰਗੀ ਨੀਅਤ ਰੱਖਣ ਵਾਲਿਆਂ ਦੀ ਲੋਕ ਕਦਰ ਕਰਦੇ ਹਨ।

-ਡਾ. ਨਰਿੰਦਰ ਭੱਪਰ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਸੈਲਾਨੀ ਥੋੜ੍ਹਾ ਧਿਆਨ ਦੇਣ

ਗਰਮੀ ਦੇ ਮੌਸਮ 'ਚ ਬਹੁਤੇ ਪਹਾੜਾਂ, ਵਾਦੀਆਂ ਅਤੇ ਹਰੇ-ਭਰੇ ਅਤੇ ਬਰਫ਼ੀਲੇ ਸਥਾਨਾਂ ਵੱਲ ਰੁਖ਼ ਕਰ ਰਹੇ ਹਨ। ਘੁੰਮਣਾ-ਫਿਰਨਾ ਜ਼ਿੰਦਗੀ ਦਾ ਇਕ ਹਿੱਸਾ ਹੈ। ਜੋ ਸਾਨੂੰ ਤਰੋ-ਤਾਜ਼ਗੀ ਅਤੇ ਗਿਆਨ ਤਾਂ ਪ੍ਰਦਾਨ ਕਰਦਾ ਹੀ ਹੈ, ਸਗੋਂ ਸਰੀਰਕ ਅਤੇ ਬੌਧਿਕ ਤੌਰ 'ਤੇ ਵੀ ਸਾਨੂੰ ਸਕੂਨ ਅਤੇ ਸ਼ਾਂਤੀ ਦਾ ਅਹਿਸਾਸ ਵੀ ਕਰਵਾਉਂਦਾ ਹੈ। ਪਰ ਇਸ ਦੇ ਨਾਲ ਹੀ ਸਾਨੂੰ ਕੁਝ ਸਾਵਧਾਨੀਆਂ ਵੀ ਰੱਖਣੀਆਂ ਚਾਹੀਦੀਆਂ ਹਨ ਤਾਂ ਜੋ ਸਾਡੇ ਸਫ਼ਰ ਦਾ ਆਨੰਦ ਬਣਿਆ ਰਹੇ ਤੇ ਕੋਈ ਦੁਰਘਟਨਾ ਵੀ ਨਾ ਘਟ ਸਕੇ। ਪਹਾੜੀ ਖੇਤਰਾਂ ਵਿਚ ਸਫ਼ਰ ਦੇ ਦੌਰਾਨ ਸਾਨੂੰ ਆਪਣੇ ਵਾਹਨ ਖਾਸ ਤੌਰ 'ਤੇ ਹੇਠਾਂ ਉਤਰਨ ਸਮੇਂ ਭਾਵ ਉਤਰਾਈ ਸਮੇਂ ਵਾਹਨਾਂ ਨੂੰ ਪਹਿਲੇ ਜਾਂ ਦੂਜੇ ਗੇਅਰ ਵਿਚ ਰੱਖ ਕੇ ਹੀ ਚਲਾਉਣਾ ਚਾਹੀਦਾ ਹੈ। ਕੇਵਲ ਬਰੇਕਾਂ ਦੇ ਸਹਾਰੇ ਰਹਿ ਕੇ ਹੀ ਨਹੀਂ ਬੈਠਣਾ ਚਾਹੀਦਾ, ਕਿਉਂਕਿ ਨਿਵਾਣ ਵੱਲ ਚਲਣ ਸਮੇਂ ਵਾਹਨ ਦੀਆਂ ਬਰੇਕਾਂ ਫੇਲ੍ਹ/ਖਰਾਬ ਹੋ ਸਕਦੀਆਂ ਹਨ ਅਤੇ ਵੱਡੀ ਘਟਨਾ ਵਾਪਰ ਸਕਦੀ ਹੈ, ਜੋ ਜਾਨੀ ਤੇ ਮਾਲੀ ਨੁਕਸਾਨ ਦਾ ਕਾਰਨ ਬਣਦੀ ਹੈ। ਨਦੀ-ਨਾਲਿਆਂ ਅਤੇ ਮੋੜਾਂ ਆਦਿ ਕੋਲ ਲੱਗੇ ਸਾਈਨ ਬੋਰਡਾਂ ਦੀਆਂ ਹਦਾਇਤਾਂ ਨੂੰ ਪੜ੍ਹਨਾ ਅਤੇ ਉਨ੍ਹਾਂ 'ਤੇ ਅਮਲ ਕਰਨਾ ਸਾਡੇ ਹਿਤ ਲਈ ਬਹੁਤ ਜ਼ਰੂਰੀ ਹੈ। ਇਕੱਲੇ ਹੋਵੋ ਤਾਂ ਅਨਜਾਣ ਸਥਾਨਾਂ 'ਤੇ ਰੁਕਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕਿਸੇ ਤਰ੍ਹਾਂ ਦੀ ਹੁੱਲੜਬਾਜ਼ੀ ਤੋਂ ਬਚਣਾ ਸਾਡੇ ਫਾਇਦੇ ਵਿਚ ਹੀ ਹੁੰਦਾ ਹੈ। ਸਫ਼ਰ ਦੌਰਾਨ ਰਸਤੇ ਦੇ ਨਦੀ-ਨਾਲਿਆਂ ਵਿਚ ਨਹਾਉਣ ਤੋਂ ਹਮੇਸ਼ਾ ਬਚ ਕੇ ਰਹਿਣਾ ਹੀ ਸਹੀ ਹੁੰਦਾ ਹੈ। ਸੈਲਾਨੀ ਥੋੜ੍ਹਾ ਜਿਹਾ ਧਿਆਨ ਦੇਣ ਤਾਂ ਸੱਚਮੁੱਚ ਕਿਸੇ ਅਨਹੋਣੀ ਤੋਂ ਬਚਾਅ ਹੋ ਸਕਦਾ ਹੈ ਅਤੇ ਸਾਡਾ ਸਫ਼ਰ ਵੀ ਸੁਹਾਣਾ ਹੋ ਨਿਬੜਦਾ ਹੈ।

-ਮਾ. ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ।

27-06-2022

 ਅੰਤਰਰਾਸ਼ਟਰੀ ਯੋਗ ਦਿਵਸ
ਭਾਰਤ ਦੇਸ਼ ਵਿਚ ਉਤਪੰਨ ਤੇ ਮੌਲਿਕ ਰੂਪ ਵਿਚ ਭਾਰਤ ਦੇ ਲੋਕਾਂ ਵਲੋਂ ਸਦੀਆਂ ਤੋਂ ਕਸਰਤ ਦੇ ਤੌਰ 'ਤੇ ਅਭਿਆਸ ਕਰਦੇ ਰਹਿਣ ਵਾਲੀ ਯੋਗ ਪ੍ਰਣਾਲੀ ਨੂੰ ਅਖੀਰ 'ਚ ਅੰਤਰਰਾਸ਼ਟਰੀ ਭਾਈਚਾਰੇ ਵਲੋਂ ਪ੍ਰਮਾਣਿਤ ਪਹਿਚਾਣ ਦਿੰਦੇ ਹੋਏ। ਇਕ ਦਸੰਬਰ, 2014 ਦੇ ਦਿਨ ਸੰਯੁਕਤ ਰਾਸ਼ਟਰ ਜਨਰਲ ਅਸੰਬਲੀ ਦੁਆਰਾ ਆਪਣੇ ਗਲੋਬਲ ਹੈਲਥ ਐਂਡ ਫੋਰਨ ਪਾਲਿਸੀ ਦੇ ਅੰਤਰਗਤ ਭਾਰਤ ਵਲੋਂ ਪੇਸ਼ ਕੀਤੇ ਪ੍ਰਸਤਾਵ ਨੂੰ ਪ੍ਰਵਾਨ ਕਰ ਲਿਆ ਅਤੇ ਹਰ ਸਾਲ 21 ਜੂਨ ਵਾਲੇ ਦਿਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਰੂਪ ਵਿਚ ਮਨਾਉਣ ਦੇ ਫ਼ੈਸਲੇ ਦਾ ਐਲਾਨ ਕੀਤਾ ਗਿਆ। ਜੋ ਕਿ ਯਕੀਨਨ ਹਰ ਭਾਰਤੀ ਲਈ ਇਹ ਇਕ ਖੁਸ਼ੀ ਤੇ ਮਾਣ ਵਾਲੀ ਗੱਲ ਹੈ। ਰੋਗ-ਮੁਕਤ ਤੇ ਤੰਦਰੁਸਤ ਹੋਣ ਲਈ ਯੋਗ ਇਕ ਜਾਣੀ-ਪਛਾਣੀ ਤੇ ਪ੍ਰਭਾਵਸ਼ਾਲੀ ਪ੍ਰਣਾਲੀ ਹੈ, ਜਿਸ ਦੇ ਅਭਿਆਸ ਨਾਲ ਮਨੁੱਖ ਨਾ ਸਿਰਫ਼ ਸਰੀਰਕ ਤੇ ਦਿਮਾਗੀ ਤੌਰ 'ਤੇ ਹੀ ਤੰਦਰੁਸਤ ਰਹਿੰਦਾ ਹੈ, ਸਗੋਂ ਯੋਗ ਮਨੁੱਖ ਨੂੰ ਅਧਿਆਤਮਿਕ ਉਚਾਈ ਤੱਕ ਲੈ ਜਾਣ ਵੱਲ ਵੀ ਸਹਾਇਕ ਹੁੰਦਾ ਹੈ। ਇਹਦੇ ਨਾਲ ਉਸ ਦੀ ਸੋਚ, ਕਥਨੀ ਅਤੇ ਕਰਨੀ ਵਿਚ ਸਕਾਰਾਤਮਿਕਤਾ ਦਾ ਸੰਚਾਰ ਹੁੰਦਾ ਹੈ, ਜੋ ਕਿ ਸ਼ਾਂਤੀ ਅਤੇ ਭਾਈਚਾਰੇ ਲਈ ਅਹਿਮ ਤੇ ਜ਼ਰੂਰੀ ਹੈ। ਆਓ, ਅਸੀਂ ਆਪਣੇ ਰੋਜ਼ਾਨਾ ਨੇਮ ਵਿਚ ਯੋਗ ਨੂੰ ਅਪਣਾਉਣ ਦਾ ਪ੍ਰਣ ਕਰੀਏ ਤੇ ਤੰਦਰੁਸਤ ਰਹੀਏ।


-ਇੰਜ. ਕ੍ਰਿਸ਼ਨ ਕਾਂਤ ਸੂਦ
ਨੰਗਲ, (ਪੰਜਾਬ)।


ਖੇਤੀਬਾੜੀ ਯੂਨੀਵਰਸਿਟੀ
ਡਾ. ਰਣਜੀਤ ਸਿੰਘ ਦਾ ਲੇਖ 'ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲ ਧਿਆਨ ਦੇਵੇ ਸਰਕਾਰ' ਪੜ੍ਹਿਆ। ਖੇਤੀ ਦਾ ਮਦਰੱਸਾ ਪਿਛਲੇ ਕਈ ਮਹੀਨਿਆਂ ਤੋਂ ਮੁਖੀ ਬਿਨਾਂ ਹੀ ਚੱਲ ਰਿਹਾ ਹੈ। ਬਹੁਤ ਸਾਰੇ ਵਿਭਾਗਾਂ ਦੇ ਨਿਰਦੇਸ਼ਕ ਵੀ ਨਹੀਂ ਹਨ। ਪੜ੍ਹ ਕੇ ਹੈਰਾਨੀ ਹੋਈ। ਪੰਜਾਬ ਹੀ ਨਹੀਂ ਬਲਕਿ ਪੂਰੇ ਭਾਰਤ ਨੂੰ ਭੁੱਖਮਰੀ ਤੋਂ ਬਚਾਉਣ ਵਾਲੀ ਸੰਸਥਾ ਦਾ ਇਹ ਹਾਲ? ਸੱਚਮੁੱਚ ਚਿੰਤਾ ਦਾ ਵਿਸ਼ਾ ਹੈ। ਆਰਥਿਕਤਾ ਦੇ ਸੋਮੇ ਨਾਲੋਂ ਟੁੱਟ ਕੇ ਅਸੀਂ ਆਰਥਿਕ ਉਨਤੀ ਦੀਆਂ ਸਕੀਮਾਂ ਬਣਾਈ ਜਾਈਏ। ਇਹ ਸੰਭਵ ਨਹੀਂ। ਸਾਡੀ ਮੁੱਖ ਮੰਤਰੀ ਨੂੰ ਬੇਨਤੀ ਹੈ ਕਿ ਹੋਰ ਦੂਸਰੀਆਂ ਯੋਜਨਾਵਾਂ ਦੇ ਨਾਲ ਖੇਤੀਬਾੜੀ ਯੂਨੀਵਰਸਿਟੀ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ।


-ਜਗਰੂਪ ਸਿੰਘ
ਥੇਹ ਕਲੰਦਰ, ਫਾਜ਼ਿਲਕਾ।


ਅਸਾਮ 'ਚ ਹੜ੍ਹ
ਉੱਤਰੀ ਭਾਰਤ ਦੇ ਇਲਾਕਿਆਂ ਵਿਚ ਮੌਨਸੂਨ ਦੇ ਦਸਤਕ ਦੇਣ ਨਾਲ ਜਿਥੇ ਗਰਮੀ ਤੋਂ ਕੁਝ ਰਾਹਤ ਮਿਲੀ ਹੈ, ਉਥੇ ਜ਼ਿਆਦਾ ਵਰਖਾ ਹੋਣ ਕਰਕੇ ਆਸਾਮ ਵਰਗੇ ਰਾਜ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ, ਜਿਸ ਦੇ ਨਤੀਜੇ ਵਜੋਂ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੇ ਨਾਲ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਗਠਨਾਂ ਵਲੋਂ ਦਵਾਈਆਂ, ਖਾਣ ਵਾਲੀਆਂ ਵਸਤਾਂ ਅਤੇ ਹੋਰ ਰਾਹਤ ਸਮੱਗਰੀ ਸਮੇਂ ਸਿਰ ਪਹੁੰਚਣ ਦੇ ਨਾਲ ਜਿਥੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕੁਝ ਰਾਹਤ ਮਿਲੇਗੀ, ਉਥੇ ਮੌਸਮ ਦੀ ਅਗਾਊਂ ਅਤੇ ਸਮੇਂ ਸਿਰ ਭਵਿੱਖਬਾਣੀ ਦਾ ਮਿਲਣਾ, ਐਨ.ਡੀ.ਆਰ.ਐਫ. ਦੀ ਮਜ਼ਬੂਤ ਤਿਆਰੀ ਅਤੇ ਹੜ੍ਹ ਪ੍ਰਭਾਵਿਤ ਹੋਣ ਵਾਲੇ ਖੇਤਰਾਂ ਨੂੰ ਪਹਿਲ ਦੇ ਆਧਾਰ 'ਤੇ ਖਾਲੀ ਕਰਵਾ ਕੇ ਹੜ੍ਹਾਂ ਦੁਆਰਾ ਹੋਣ ਵਾਲੇ ਨੁਕਸਾਨ ਤੋਂ ਬਚ ਸਕਦੇ ਹਾਂ।


-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ. ਚੱਕ ਅਤਰ ਸਿੰਘ ਵਾਲਾ, (ਬਠਿੰਡਾ)।


ਯੋਗਾ ਇਕ ਅਨਮੋਲ ਤੋਹਫ਼ਾ
ਯੋਗ ਭਾਰਤ ਦੀ ਪ੍ਰਾਚੀਨ ਪ੍ਰੰਪਰਾ ਦਾ ਇਕ ਅਨਮੋਲ ਤੋਹਫ਼ਾ ਹੈ। ਇਹ ਸਰੀਰ ਅਤੇ ਮਨ, ਵਿਚਾਰ ਅਤੇ ਸੰਜਮ, ਮਨੁੱਖ ਅਤੇ ਕੁਦਰਤ ਵਿਚ ਇਕਸੁਰਤਾ ਸਿਹਤ ਅਤੇ ਤੰਦਰੁਸਤੀ ਲਈ ਸੰਪੂਰਨ ਪਹਿਲੂ ਹੈ। ਯੋਗ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਲਈ ਸਹਾਇਤਾ ਕਰਦਾ ਹੈ। ਇਹ ਮਨੁੱਖ ਦੀ ਸਰੀਰਕ, ਮਾਨਸਿਕ ਅਤੇ ਭਾਵਨਾਤਮਿਕ ਤੰਦਰੁਸਤੀ ਲਈ ਯੋਗਾਦਨ ਪਾਉਂਦਾ ਹੈ। ਜੋ ਵਿਦਿਆਰਥੀ ਸਰੀਰਕ ਅਤੇ ਮਾਨਸਿਕ ਤੌਰ 'ਤੇ ਸਿਹਤਮੰਦ ਬਣ ਸਕਣ। ਯੋਗ ਦਿਵਸ ਮਨਾਉਣ ਦਾ ਮੇਨ ਮਕਸਦ ਲੋਕਾਂ ਨੂੰ ਘਰ ਬੈਠੇ ਹੀ ਯੋਗ ਆਸਣਾਂ ਦੇ ਅਭਿਆਸ ਲਈ ਹੀ ਨਹੀਂ, ਸਗੋਂ ਮਾਨਸਿਕ ਸਿਹਤ ਲਈ ਵੀ ਚੰਗਾ ਹੈ। ਯੋਗ ਦਿਵਸ ਹਰ ਸਾਲ ਯੋਗ ਦੀ ਮਹੱਤਤਾ ਦੱਸਣ ਅਤੇ ਇਸ ਬਾਰੇ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਲਈ ਮਨਾਇਆ ਜਾਂਦਾ ਹੈ। ਬੱਚੇ, ਬਾਲਗ, ਔਰਤਾਂ ਅਤੇ ਮਰਦ, ਹਰ ਕੋਈ ਯੋਗ ਕਰਨ ਦਾ ਲਾਭ ਉਠਾਉਂਦਾ ਹੈ। ਹਰ ਰੋਜ਼ ਅਭਿਆਸ ਸਰੀਰ ਅਤੇ ਪਾਚਣ ਵਿਚ ਸੁਧਾਰ ਕਰਦਾ ਹੈ। ਹਾਲਾਂਕਿ ਯੋਗ ਕਰਦੇ ਸਮੇਂ ਯੋਗ ਅਭਿਆਸ ਨਾਲ ਜੁੜੇ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ।


-ਗਗਨਪ੍ਰੀਤ ਸੱਪਲ
ਪਿੰਡ ਘਾਬਦਾਂ, ਜ਼ਿਲ੍ਹਾ ਸੰਗਰੂਰ।


ਪੰਜਾਬ ਤੇ ਪੰਜਾਬੀ ਬੋਲੀ ਬਚਾਓ
ਵੰਡ ਤੋਂ ਪਹਿਲਾਂ ਪੰਜ ਦਰਿਆਵਾਂ ਦੀ ਧਰਤੀ ਵਾਲਾ ਮਹਾਂ ਪੰਜਾਬ ਜਿਸ ਨੂੰ ਦੇਸ਼ ਦੇ ਬਟਵਾਰੇ ਦੇ ਨਾਂਅ 'ਤੇ ਇਕ ਲਹਿੰਦਾ ਤੇ ਇਕ ਚੜ੍ਹਦਾ ਪੰਜਾਬ ਬਣਾ ਦਿੱਤਾ ਗਿਆ, ਜਿਸ ਨੂੰ ਫਿਰ ਵੱਢ-ਟੁੱਕ ਕਰਕੇ ਛੋਟਾ ਜਿਹਾ ਪੰਜਾਬ ਕਰ ਦਿੱਤਾ ਗਿਆ। ਪੰਜਾਬ ਦੇ ਪਿੰਡ ਖਾਲੀ ਕਰਕੇ ਚੰਡੀਗੜ੍ਹ ਬਣਿਆ ਅਤੇ ਚੰਡੀਗੜ੍ਹ ਦੇ ਨਾਲ ਪੰਜਾਬ ਯੂਨੀਵਰਸਿਟੀ ਵੀ ਹੌਲੀ-ਹੌਲੀ ਪੰਜਾਬ ਕੋਲੋਂ ਖੁਸਦੇ ਜਾਪ ਰਹੇ ਹਨ, ਅਤੇ ਉਥੇ ਹੀ ਪੰਜਾਬ ਦੇ ਪਾਣੀਆਂ ਦੀ ਹੋਂਦ ਵੀ ਖਤਰੇ ਵਿਚ ਪਈ ਹੋਈ ਹੈ। ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ, ਨਸ਼ਿਆਂ, ਗੈਂਗਸਟਰ ਦੀ ਮਾਰ ਪੈ ਰਹੀ ਹੈ ਅਤੇ ਕਈ ਰੋਟੀ-ਰੋਜ਼ੀ ਲਈ ਵਿਦੇਸ਼ਾਂ ਨੂੰ ਵਹੀਰਾਂ ਘੱਤ ਰਹੇ ਹਨ। ਦੇਸ਼ ਦਾ ਪ੍ਰਵਾਸੀ ਭਾਈਚਾਰਾ ਸੂਬੇ ਵਿਚ ਕਾਫੀ ਹੱਦ ਤੱਕ ਪ੍ਰਵਾਸ ਕਰਕੇ ਪੰਜਾਬ ਵਿਚ ਆਪਣੇ ਕੰਮਾਂਕਾਰਾਂ 'ਤੇ ਸਥਾਪਿਤ ਹੋ ਚੁੱਕਾ ਹੈ। ਜਿਥੇ ਪੰਜਾਬ ਦੇ ਸੱਭਿਆਚਾਰ ਪੰਜਾਬੀ ਬੋਲੀ ਅਲੋਪ ਰਹੀ ਹੈ, ਉਥੇ ਹੀ ਪੰਜਾਬੀ ਬੋਲਣ ਵਾਲੇ ਵੀ ਪ੍ਰਵਾਸੀ ਭਾਈਚਾਰੇ ਨਾਲ ਗੱਲਬਾਤ ਦੌਰਾਨ ਪੰਜਾਬੀ ਬੋਲੀ ਨੂੰ ਅੱਖੋਂ ਪਰੋਖੇ ਕਰ ਰਹੇ ਹਨ। ਸਰਹੱਦੀ ਸੂਬਾ ਹੋਣ ਕਰਕੇ ਇਸ ਨੂੰ ਪਹਿਲਾਂ ਹੀ ਕਾਫੀ ਮਾਰ ਪੈ ਰਹੀ ਹੈ। ਸੋ, ਪੰਜਾਬ ਹਿਤੈਸ਼ੀਆਂ, ਲੇਖਕਾਂ, ਬੁੱਧੀਜੀਵੀਆਂ, ਸਿਆਸਤਦਾਨਾਂ, ਧਾਰਮਿਕ ਸ਼ਖ਼ਸੀਅਤਾਂ ਨੂੰ ਪੰਜਾਬ ਤੇ ਪੰਜਾਬੀ ਬੋਲੀ ਦੇ ਹੱਕ ਵਿਚ ਨਿਤਰਨਾ ਚਾਹੀਦਾ ਹੈ ਅਤੇ ਇਸ ਦੀ ਗੁੰਮ ਹੁੰਦੀ ਜਾ ਰਹੀ ਹੋਂਦ ਨੂੰ ਬਚਾਉਣ ਲਈ ਮਿਲ ਕੇ ਹੰਭਲਾ ਮਾਰਨਾਂ ਦੀ ਲੋੜ ਹੈ ਕਿਉਂਕਿ ਅਸਲੀ ਪੰਜਾਬ ਦੀ ਬਨਾਵਟ, ਸ਼ਕਲ, ਸੂਰਤ ਤੇ ਕੁਦਰਤੀ ਹੁਸਨ ਪਹਿਲਾਂ ਹੀ ਤਬਾਹ ਕੀਤਾ ਜਾ ਚੁੱਕਾ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

24-06-2022

 ਸਮਾਜ ਸੇਵੀ ਬਣਨ ਦੀ ਲੋੜ

ਸਮਾਜ ਸੇਵਾ ਦਾ ਗੁਣ ਇਕ ਬਹੁਤ ਵੱਡੀ ਦੇਣ ਹੁੰਦੀ ਹੈ। ਸਮਾਜ 'ਚ ਰਹਿ ਕੇ ਸਮਾਜ ਦੀਆਂ ਕੁਰੀਤੀਆਂ ਨੂੰ ਖ਼ਤਮ ਕਰਨ ਲਈ ਯਤਨਸ਼ੀਲ ਹੋਣਾ ਹਰ ਇਕ ਦੇ ਵੱਸ ਦੀ ਗੱਲ ਨਹੀਂ ਹੈ। ਗੱਲ ਭਾਵੇਂ ਪਾਣੀ ਬਚਾਉਣ ਦੀ ਹੋਵੇ, ਮਿੱਟੀ ਦੀ ਸੰਭਾਲ ਦੀ ਹੋਵੇ, ਵਿਸ਼ਵ ਵਿਆਪੀ ਵਾਤਾਵਰਨ ਤਬਦੀਲੀ ਦੀ ਹੋਵੇ, ਚਾਹੇ ਰੁੱਖਾਂ ਅਤੇ ਸਾਡੀ ਹੋਂਦ ਦੀ ਹੋਵੇ, ਅਕਸਰ ਲੋਕ ਇਨ੍ਹਾਂ ਵਿਸ਼ਿਆਂ 'ਤੇ ਤੁਹਾਨੂੰ ਚਰਚਾ ਕਰਦੇ ਜਾਂ ਫਿਰ ਅਖ਼ਬਾਰਾਂ ਦੇ ਲੇਖਾਂ 'ਚ ਮਿਲਦੇ ਹੋਣਗੇ ਪਰ ਕਿ ਅਸੀਂ ਇਨ੍ਹਾਂ ਸਭ ਨੂੰ ਬਚਾਉਣ ਲਈ ਕੁਝ ਹੋਰ ਵੀ ਕਰ ਸਕਦੇ ਹਾਂ ਜਾਂ ਫਿਰ ਗੱਲੀਂ-ਬਾਤੀਂ ਹੀ ਸਾਰ ਰਹੇ ਹਾਂ। ਜੇਕਰ ਅਸੀਂ ਸੱਚਮੁੱਚ ਹੀ ਕੁਦਰਤੀ ਸਰੋਤਾਂ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਹੋਂਦ ਬਰਕਰਾਰ ਰੱਖਣ ਲਈ ਅਤੇ ਉਨ੍ਹਾਂ ਨੂੰ ਲੰਮਾ ਜੀਵਨ ਦੇਣ ਬਾਰੇ ਸੋਚ ਰਹੇ ਹਾਂ ਤਾਂ ਫਿਰ ਸਾਨੂੰ ਵੀ ਆਪਣੇ-ਆਪ ਨੂੰ ਬਦਲ ਲੈਣਾ ਚਾਹੀਦਾ ਹੈ। ਇਨਸਾਨ ਦੀ ਫ਼ਿਤਰਤ ਹੈ ਕਿ ਉਹ ਦੂਜਿਆਂ ਤੋਂ ਤਾਂ ਸਭ ਕੁਝ ਭਾਲਦਾ ਹੈ ਪਰ ਉਨ੍ਹਾਂ ਲਈ ਆਪ ਕਰਨ ਦੀ ਜਦ ਵਾਰੀ ਆਉਂਦੀ ਹੈ ਤਾਂ ਸੁਸਤੀ ਧਾਰ ਲੈਂਦਾ ਹੈ ਜੋ ਕਿ ਬਹੁਤ ਹੀ ਮਾੜੀ ਗੱਲ ਹੈ। ਜਿਵੇਂ ਕਿ ਗਰਮੀ ਨੇ ਲੋਕਾਂ ਦੇ ਛੱਕੇ ਛੁਡਾ ਰੱਖੇ ਸਨ ਤੇ ਅਸੀਂ ਹਰ ਰੋਜ਼ ਕੁਦਰਤ ਨੂੰ ਅਰਦਾਸ ਕਰਦੇ ਸਾਂ ਕਿ ਜੇਕਰ ਮੀਂਹ ਪੈ ਜਾਵੇ ਤਾਂ ਬਹੁਤ ਚੰਗੀ ਗੱਲ ਹੈ ਤੇ ਗਰਮੀ ਘੱਟ ਜਾਵੇ ਪਰ ਇਹ ਗੱਲ ਅਸੀਂ ਕਦੇ ਵੀ ਰੁੱਖਾਂ ਨੂੰ ਕੱਟਦੇ ਸਮੇਂ ਜਾਂ ਫਿਰ ਪਾਣੀ ਦੀ ਅੰਨ੍ਹੇਵਾਹ ਬਰਬਾਦੀ ਕਰਦੇ ਸਮੇਂ ਨਹੀਂ ਸੋਚਦੇ ਕਿ ਇਸ ਦੇ ਨਤੀਜੇ ਵੀ ਸਾਨੂੰ ਹੀ ਭੁਗਤਣੇ ਪੈਣੇ ਹਨ। ਜਿਸ ਤਰ੍ਹਾਂ ਹਾਲਾਤ ਤੇਜ਼ੀ ਨਾਲ ਖ਼ਰਾਬ ਹੋ ਰਹੇ ਹਨ ਜਿਵੇਂ ਕਿ ਪਾਣੀ ਦਾ ਪੱਧਰ ਹੇਠਾਂ ਜਾਣਾ, ਮਿੱਟੀ 'ਚ ਜ਼ਹਿਰੀਲਾ ਪਾਣੀ, ਰੁੱਖਾਂ ਦੀ ਅੰਨ੍ਹੇਵਾਹ ਕਟਾਈ ਤੇ ਦੂਸ਼ਿਤ ਹਵਾ ਆਦਿ ਸਾਡੇ ਵਾਤਾਵਰਨ ਲਈ ਵੱਡਾ ਖ਼ਤਰਾ ਹਨ। ਹੁਣ ਲੋੜ ਹੈ ਸਾਨੂੰ ਅਸਲੀਅਤ 'ਚ ਸਮਾਜ ਸੇਵੀ ਬਣਨ ਦੀ, ਇਕੱਲੇ ਨਾਂਅ ਵਾਲੇ ਨਹੀਂ, ਜ਼ਮੀਨੀ ਪੱਧਰ 'ਤੇ ਵੀ ਤਾਂ ਜੋ ਅਸੀਂ ਆਪਣੀ ਅੰਸ਼ ਨੂੰ ਅਤੇ ਆਪਣੇ ਚੌਗਿਰਦੇ ਨੂੰ ਵੀ ਬਚਾ ਸਕੀਏ।

-ਕੇਵਲ ਸਿੰਘ ਕਾਲਝਰਾਣੀ

ਜੀਵਨ 'ਚ ਸੰਜਮ ਜ਼ਰੂਰੀ

ਸਾਡੇ ਮਨੁੱਖੀ ਜੀਵਨ ਵਿਚ ਸੰਜਮ ਦੀ ਭਾਰੀ ਮਹਾਨਤਾ ਹੈ। ਇਸ ਦਾ ਅਰਥ ਮਨੁੱਖੀ ਇੰਦਰੀਆਂ ਉੱਪਰ ਕਾਬੂ ਪਾਉਣ ਤੋਂ ਵੀ ਹੈ। ਸੰਜਮ ਦੇ ਅਰਥ ਹਨ ਬੰਧਨ। ਸਾਨੂੰ ਆਪਣੇ ਘਰ ਵਿਚ ਰੁਪਏ-ਪੈਸੇ ਨੂੰ ਤੇ ਨਿੱਤ ਵਰਤੋਂ ਦੀਆਂ ਚੀਜ਼ਾਂ ਨੂੰ ਸੰਜਮ ਨਾਲ ਵਰਤਣਾ ਚਾਹੀਦਾ ਹੈ। ਇਸ ਤਰ੍ਹਾਂ ਆਪਣੇ ਘਰ ਵਿਚ ਖੰਡ, ਘਿਉ ਅਤੇ ਦਾਲਾਂ-ਸਬਜ਼ੀਆਂ ਦੀ ਵਰਤੋਂ ਵਿਚ ਸੰਜਮ ਤੋਂ ਕੰਮ ਲੈ ਸਕਦੇ ਹਨ। ਚਾਹ ਦੀ ਵਰਤੋਂ ਘੱਟ ਕਰਕੇ ਬਹੁਤ ਸਾਰੇ ਪੈਸੇ ਬਚਾਏ ਜਾ ਸਕਦੇ ਹਨ। ਚਾਰ-ਚਾਰ ਸਬਜ਼ੀਆਂ ਤੇ ਦਾਲਾਂ ਦੀ ਥਾਂ ਇਕ-ਦੋ ਨਾਲ ਕੰਮ ਚਲਾਇਆ ਜਾ ਸਕਦਾ ਹੈ। ਸਾਨੂੰ ਵਿਆਹਾਂ-ਸ਼ਾਦੀਆਂ, ਤਿਉਹਾਰਾਂ ਤੇ ਹੋਰਨਾਂ ਸਮਾਜਿਕ ਫ਼ਰਜ਼ਾਂ ਨੂੰ ਨਿਭਾਉਂਦੇ ਸਮੇਂ ਵੀ ਫਜ਼ੂਲ-ਖ਼ਰਚੀ ਤੋਂ ਬਚਣਾ ਚਾਹੀਦਾ ਹੈ। ਇਸ ਤਰ੍ਹਾਂ ਸਾਡਾ ਜੀਵਨ ਖੁਸ਼ਹਾਲ ਤੇ ਚਿੰਤਾ-ਰਹਿਤ ਬਣ ਸਕਦਾ ਹੈ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਮਗਨਰੇਗਾ ਯੋਜਨਾ 'ਤੇ ਧਿਆਨ ਦੇਵੇ ਸਰਕਾਰ

ਪੰਜਾਬ ਦੀ ਜਨਤਾ ਨੇ ਨਿਜ਼ਾਮ ਬਦਲਿਆ ਸੀ ਤਾਂ ਜੋ ਉਨ੍ਹਾਂ ਦੀ ਤਕਦੀਰ ਬਦਲ ਸਕੇ। ਪਰ ਮੈਂ ਸਰਕਾਰ ਦਾ ਧਿਆਨ ਇਕ ਅਹਿਮ ਮੁੱਦੇ ਵੱਲ ਦਿਵਾਉਣਾ ਚਾਹੁੰਦਾ ਹਾਂ। ਪੰਜਾਬ ਦੇ ਜ਼ਿਆਦਾਤਰ ਪਿੰਡਾਂ 'ਚ ਮਗਨਰੇਗਾ ਦੇ ਕੰਮ 'ਚ ਮਜ਼ਦੂਰੀ ਦੇ ਪੈਸੇ 'ਚ ਸ਼ਰੇਆਮ ਘਪਲੇਬਾਜ਼ੀ ਚੱਲ ਰਹੀ ਹੈ। ਕਈ ਮੈਂਬਰਾਂ, ਸਰਪੰਚਾਂ, ਉਨ੍ਹਾਂ ਦੇ ਪਤੀ-ਪਤਨੀਆਂ ਤੇ ਕਈ ਖਾਸਮਖਾਸਾਂ ਦੀਆਂ ਦਿਹਾੜੀਆਂ ਘਰੇ ਬੈਠੇ ਲੱਗ ਰਹੀਆਂ ਹਨ। ਮੁੱਖ ਮੰਤਰੀ ਸਾਹਿਬ ਤੁਸੀਂ ਹੈਰਾਨ ਹੋ ਜਾਣਾ ਹੈ ਜਾਣ ਕੇ ਕਿ ਕਈ ਥਾਈਂ ਤਾਂ ਸਰਪੰਚਾਂ ਦੇ ਘਰ ਨਿੱਜੀ ਕੰਮ 'ਤੇ ਪੱਕੇ ਤੌਰ 'ਤੇ ਨਰੇਗਾ ਮਜ਼ਦੂਰ ਲੱਗੇ ਹੋਏ ਹਨ। ਇਸ ਤੋਂ ਇਲਾਵਾ ਜਿਹੜੇ ਮਜ਼ਦੂਰ ਪਿੰਡ ਦੀ ਸੱਤਾ ਧਿਰ ਦੇ ਵਿਰੁੱਧ ਹਨ, ਉਨ੍ਹਾਂ ਨੂੰ ਧੱਕੇਸ਼ਾਹੀ ਕਰਦਿਆਂ ਕੰਮ ਵੀ ਨਹੀਂ ਦਿੱਤਾ ਜਾਂਦਾ ਤੇ ਉਨ੍ਹਾਂ ਦੀ ਸ਼ਰੇਆਮ ਖੱਜਲ-ਖੁਆਰੀ ਕੀਤੀ ਜਾ ਰਹੀ ਹੈ। ਤੁਹਾਡੇ ਸਰਕਾਰੀ ਨੁਮਾਇੰਦੇ ਵੀ ਇਸ ਘਪਲੇਬਾਜ਼ੀ ਵਿਚ ਸ਼ਰੇਆਮ ਲਿਪਤ ਹਨ, ਸੋ ਕਿਰਪਾ ਕਰਕੇ ਮਜ਼ਦੂਰੀ ਦੇ ਇਸ ਪੈਸੇ ਦੀ ਸਹੀ ਵਰਤੋਂ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਇਹ ਗ਼ਰੀਬਾਂ ਦਾ ਪੈਸਾ, ਹਰੇਕ ਜ਼ਰੂਰਤਮੰਦ ਦੀ ਜੇਬ ਤੱਕ ਅੱਪੜੇ।

-ਅਸ਼ੋਕ ਸੋਨੀ ਖੂਈ ਖੇੜਾ, ਫ਼ਾਜ਼ਿਲਕਾ।

ਮੁਫ਼ਤ ਬਿਜਲੀ

ਪਿਛਲੇ ਕੁਝ ਸਮੇਂ ਤੋਂ ਬਿਜਲੀ ਅਤੇ ਖ਼ਾਸ ਤੌਰ 'ਤੇ ਘਰੇਲੂ ਬਿਜਲੀ ਦਾ ਮਸਲਾ ਪੰਜਾਬ 'ਚ ਭਾਰੂ ਰਿਹਾ ਹੈ ਜਿਵੇਂ ਕਦੇ ਪ੍ਰਤੀ ਯੂਨਿਟ ਵੱਧ ਰੇਟ, ਕਦੇ ਸਪਲਾਈ ਦੀ ਕਮੀ ਅਤੇ ਕਦੇ ਮੁਫ਼ਤ ਬਿਜਲੀ ਦਾ ਮਸਲਾ ਆਦਿ। ਮੌਜੂਦਾ ਸਰਕਾਰ ਵੀ 600 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਵਾਅਦਾ ਕਰਕੇ ਹੀ ਸੱਤਾ ਵਿਚ ਆਈ ਹੈ। ਪਿਛਲੀ ਸਰਕਾਰ ਨੇ ਵੀ ਜਾਂਦੇ-ਜਾਂਦੇ 3 ਰੁਪਏ ਪ੍ਰਤੀ ਯੂਨਿਟ ਘੱਟ ਕਰਕੇ ਮਾਸਟਰ ਸਟਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਸੀ। ਧਿਆਨਯੋਗ ਮਸਲਾ ਇਹ ਹੈ ਕਿ ਬਿਜਲੀ ਬੋਰਡ ਦੀ ਮਾੜੀ ਆਰਥਿਕ ਹਾਲਤ ਹੋਣ ਦੇ ਬਾਵਜੂਦ ਇਹ ਸਗੂਫ਼ੇ ਕਿੰਨੇ ਕੁ ਜਾਇਜ਼ ਹਨ? ਅਜੋਕੇ ਸਮੇਂ ਵਿਚ ਤਕਰੀਬਨ ਪੰਜਾਬ ਵਿਚ 1500 ਕਰੋੜ ਰੁਪਏ ਦੀ ਬਿਜਲੀ ਸਾਲਾਨਾ ਚੋਰੀ ਹੋ ਰਹੀ ਹੈ। ਇਹ ਕਹਿਣਾ ਵੀ ਗ਼ਲਤ ਨਹੀਂ ਕਿ ਬਿਜਲੀ ਚੋਰੀ ਡੰਕੇ ਦੀ ਚੋਟ 'ਤੇ ਹੋ ਰਹੀ ਹੈ। ਹਰ ਯੋਗ ਅਤੇ ਅਯੋਗ ਨੂੰ 600 ਯੂਨਿਟ ਮੁਫ਼ਤ ਦੇਣ ਨਾਲ ਨਹੀਂ ਸਗੋਂ ਜ਼ਰੂਰਤ ਹੈ ਕਿ ਬਿਜਲੀ ਸਸਤੇ ਰੇਟ 'ਤੇ ਦਿੱਤੀ ਜਾਵੇ। ਸਿਰਫ ਗ਼ਰੀਬ ਆਰਥਿਕਤਾ ਵਾਲੇ ਲੋਕਾਂ ਨੂੰ ਬਿਨਾਂ ਕਿਸੇ ਵਿਤਕਰੇ ਤੋਂ ਬਿਜਲੀ ਦਿੱਤੀ ਜਾਵੇ।

-ਮਨਦੀਪ ਸਿੰਘ ਸਿਵੀਆਂ
ਪਿੰਡ ਤੇ ਡਾਕ: ਜੋੜਕੀ ਅੰਧੇ ਵਾਲੀ, ਫ਼ਾਜ਼ਿਲਕਾ।

23-06-2022

 ਬੁਲਡੋਜ਼ਰਸ਼ਾਹੀ ਵਰਤਾਰਾ

ਪਿਛਲੇ ਦਿਨੀਂ ਸਤਨਾਮ ਸਿੰਘ ਮਾਣਕ ਨੇ 'ਬੁਲਡੋਜ਼ਰਸ਼ਾਹੀ ਨੂੰ ਰੋਕਣ ਲਈ ਨਿਆਂਪਾਲਿਕਾ ਤੁਰੰਤ ਦਖ਼ਲ ਦੇਵੇ' ਲੇਖ ਵਿਚ ਨਿਰਪੱਖ ਤੇ ਬੇਬਾਕ ਲਿਖਿਆ ਹੈ ਕਿ ਬੁਲਡੋਜ਼ਰਸ਼ਾਹੀ ਨੇ ਸੰਵਿਧਾਨ ਤੇ ਕਾਨੂੰਨ ਦੇ ਸ਼ਾਸਨ ਲਈ ਸਿੱਧੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਜ਼ਿਕਰ ਕੀਤਾ ਹੈ ਕਿ ਸੁਪਰੀਮ ਕੋਰਟ ਅਤੇ ਵੱਖ-ਵੱਖ ਹਾਈ ਕੋਰਟਾਂ ਦੇ 6 ਜੱਜਾਂ ਅਤੇ 6 ਸੀਨੀਅਰ ਵਕੀਲਾਂ ਨੇ ਸੁਪਰੀਮ ਕੋਰਟ ਦੇ ਮੁੱਖ ਜੱਜ ਐਨ.ਵੀ. ਰਾਮੰਨਾ ਨੂੰ ਪੱਤਰ ਲਿਖਿਆ ਹੈ। ਪੱਤਰ 'ਚ ਕਿਹਾ ਗਿਆ ਕਿ 'ਇਹ ਪੱਤਰ ਪਟੀਸ਼ਨ ਭਾਰਤ ਦੇ ਸੁਪਰੀਮ ਕੋਰਟ ਨੂੰ ਫੌਰੀ ਅਪੀਲ ਵਜੋਂ ਦਿੱਤਾ ਜਾ ਰਿਹਾ ਹੈ ਕਿ ਸਿਖਰਲੀ ਅਦਾਲਤ ਹਿੰਸਾ ਅਤੇ ਸਰਕਾਰੀ ਅਥਾਰਟੀਜ਼ ਵਲੋਂ ਉੱਤਰ ਪ੍ਰਦੇਸ਼ ਦੇ ਲੋਕਾਂ 'ਤੇ ਕੀਤੇ ਜਾ ਰਹੇ ਦਮਨ ਦਾ ਖ਼ੁਦ ਨੋਟਿਸ ਲਵੇ।' ਲੇਖਕ ਨੇ ਅਹਿਮ ਨੁਕਤੇ ਪੇਸ਼ ਕੀਤੇ ਹਨ ਕਿ ਨਿਆਂਪਾਲਿਕਾ ਦਾ ਰੋਲ ਵੀ ਅਸਪੱਸ਼ਟ ਨਜ਼ਰ ਆ ਰਿਹਾ ਹੈ। ਬਾਬਰੀ ਮਸਜਿਦ ਸੰਬੰਧੀ ਸੁਪਰੀਮ ਕੋਰਟ ਦੇ ਫ਼ੈਸਲੇ ਬਾਅਦ ਰਾਸ਼ਟਰੀ ਸੋਇਮ ਸੇਵਕ ਸੰਘ ਅਤੇ ਹਿੰਦੂਤਵ ਸੰਗਠਨਾਂ ਦਾ ਉਹ ਐਲਾਨ ਵੀ ਸਿਫ਼ਰ ਹੋ ਰਿਹਾ ਹੈ ਜਿਸ ਮੁਤਾਬਿਕ ਮੁਗ਼ਲ ਕਾਲ ਸਮੇਂ ਬਣੀਆਂ ਵਿਵਾਦਗ੍ਰਸਤ ਹੋਰ ਮਸਜਿਦਾਂ ਸੰਬੰਧੀ ਸਵਾਲ ਨਹੀਂ ਉਠਾਏ ਜਾਣਗੇ, ਸਗੋਂ ਕਾਂਸ਼ੀ ਅਤੇ ਮਥਰਾ ਦੀਆਂ ਮਸਜਿਦਾਂ 'ਤੇ ਅਧਿਕਾਰ ਹਿਤ ਮੁਕੱਦਮੇ ਵੀ ਕਰ ਦਿੱਤੇ ਹੋਏ ਹਨ। ਸਹੀ ਸਮੀਖਿਆ ਕੀਤੀ ਕਿ ਗੋਦੀ ਮੀਡੀਆ ਜ਼ਹਿਰੀਲੀਆਂ ਬਹਿਸਾਂ ਕਰਵਾ ਕੇ ਜਿੱਥੇ ਦੇਸ਼ ਦੇ ਅੰਦਰ ਫ਼ਿਰਕੂ ਧਰੁਵੀਕਰਨ ਪੈਦਾ ਕਰ ਰਿਹਾ ਹੈ, ਉਥੇ ਵਿਸ਼ਵ ਭਰ ਵਿਚ ਭਾਰਤ ਦੇ ਰਿਸ਼ਤਿਆਂ ਨੂੰ ਦੁਸ਼ਮਣੀ ਵਿਚ ਬਦਲ ਰਿਹਾ ਹੈ। ਪ੍ਰਧਾਨ ਮੰਤਰੀ ਅਤੇ ਨਿਆਂਪਾਲਿਕਾ ਵਲੋਂ ਤੁਰੰਤ ਹਾਲਾਤ ਨੂੰ ਸੰਭਾਲਣ ਲਈ ਸੁਹਿਰਦਤਾ ਵਿਖਾਉਣੀ ਜ਼ਰੂਰੀ ਹੈ।

-ਰਸ਼ਪਾਲ ਸਿੰਘ, ਹੁਸ਼ਿਆਰਪੁਰ।

ਕੌੜਾ ਸੱਚ

ਪੰਜਾਬੀਆਂ ਦਾ ਇਕ ਵੱਡਾ ਹਿੱਸਾ ਆਪਣਾ ਵਿਰਸਾ ਬੋਲੀ ਅਤੇ ਆਪਣੀ ਜਨਮ ਭੂਮੀ ਨੂੰ ਛੱਡ ਦੂਜੀ ਥਾਂ ਵੱਲ ਪ੍ਰਵਾਸ ਕਰ ਰਿਹਾ ਹੈ, ਜਿਸ ਦੇ ਸਿੱਟੇ ਆਉਂਦੇ ਸਾਲਾਂ ਵਿਚ ਪੰਜਾਬੀ ਸੱਭਿਆਚਾਰ ਲਈ ਘਾਤਕ ਹੋਣਗੇ, ਜਿਵੇਂ ਪੰਜਾਬੀਆਂ ਨੂੰ ਹਰੇ ਇਨਕਲਾਬ ਦੇ ਨਫ਼ੇ-ਨੁਕਸਾਨ ਅਤੇ ਫਾਇਦੇ ਦਾ ਪਤਾ ਲੱਗ ਤਾਂ 20 ਕੁ ਵਰ੍ਹੇ ਪਹਿਲਾਂ ਗਿਆ ਸੀ ਜਦੋਂ ਬੋਰ ਡੂੰਘੇ ਹੋਣੇ ਸ਼ੁਰੂ ਹੋ ਗਏ ਸਨ। ਇਵੇਂ ਹੀ ਪੰਜਾਬ ਤੋਂ ਬਾਹਰ ਵਸਦੇ ਪੰਜਾਬੀਆਂ ਨੂੰ ਕਾਫੀ ਦੇਰ ਬਾਅਦ ਸਮਝ ਆਉਣੀ ਉਨ੍ਹਾਂ ਨੇ ਕੀ ਖੱਟਿਆ ਅਤੇ ਕੀ ਗੁਆਇਆ ਹੈ। ਜਿਵੇਂ ਪਹਿਲਾਂ ਪਹਿਲ ਸਫੈਦਾ ਅਤੇ ਪਾਪੂਲਰ ਦੇ ਰੁੱਖ ਪੈਸਾ ਕਮਾਉਣ ਦਾ ਬਹੁਤ ਵਧੀਆ ਜ਼ਰੀਆ ਲਗਦੇ ਸਨ। ਦੂਜੇ ਰੁੱਖ ਅੰਨ੍ਹੇਵਾਹ ਵੱਢੀ ਗਏ, ਜਿਸ ਦਾ ਨਤੀਜਾ ਇਹ ਹੋਇਆ ਕਿ ਗਰਮੀ ਵਧ ਗਈ ਅਤੇ ਗਰਮੀ ਦਾ ਮੌਸਮ ਲੰਮੇਰਾ ਹੋ ਗਿਆ। ਸੰਨ 2022 ਵਿਚ ਜਦੋਂ ਕਣਕ ਦਾ ਝਾੜ ਅਚਾਨਕ ਘਟਿਆ ਤਾਂ ਕਿਸਾਨ ਵੀਰਾਂ ਨੂੰ ਮਹਿਸੂਸ ਹੋਇਆ ਕਿ ਜ਼ਿਆਦਾ ਗਰਮੀ ਕਰਕੇ ਇੰਜ ਹੋਇਆ ਹੈ। ਹਾਲੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਆਪਣੇ ਪੰਜਾਬ ਦੀ ਜ਼ਰਖੇਜ਼ ਧਰਤੀ ਅਤੇ ਪਾਣੀ ਬਚਾਅ ਲਓ, ਰੁੱਖ ਲਗਾ ਲਓ। ਹੁਣ ਗੱਲ ਕਰੀਏ ਅਸੀਂ ਇਥੇ ਪੰਜਾਬ ਤੋਂ ਦੂਜੇ ਦੇਸ਼ਾਂ ਵਿਚ ਸਾਡੀ ਅਗਲੀ ਪੀੜ੍ਹੀ ਦੇ ਪਲਾਇਨ ਕਰਨ ਦੀ ਅਸੀਂ ਸਿਰਫ ਤੇ ਸਿਰਫ ਡਾਲਰ ਕਮਾਉਣੇ ਹਨ ਪਰ ਗਵਾ ਬਹੁਤ ਕੁਝ ਦੇਣਾ ਹੈ। ਇਹ ਇਕ ਕੌੜਾ ਸੱਚ ਹੈ। ਸਾਡੀ ਤੀਜੀ ਪੀੜ੍ਹੀ ਪੰਜਾਬੀ ਰਹਿਣੀ ਨਹੀਂ, ਜੇਕਰ ਅਸੀਂ ਬੋਲੀ ਅਤੇ ਸੱਭਿਆਚਾਰ ਨੂੰ ਸੰਭਾਲਣ ਦੀ ਵੱਡੇ ਤੌਰ 'ਤੇ ਕੋਸ਼ਿਸ਼ ਨਹੀਂ ਕਰਦੇ, ਜਿਹੜੀ ਬੋਲੀ ਭਾਸ਼ਾ ਬਚਪਨ ਵਿਚ ਬੱਚਿਆਂ ਨੂੰ ਪੜ੍ਹਾਈ ਜਾਂਦੀ ਹੈ, ਉਹੀ ਚਲਦੀ ਹੈ। ਸੋ, ਜਿਹੜੇ ਸ਼ਹਿਰਾਂ ਵਿਚ ਰਹਿੰਦੇ ਹੋ, ਉਥੇ ਆਪਣੇ ਬੱਚਿਆਂ ਦੀ ਪੜ੍ਹਾਈ ਵਾਸਤੇ ਪੰਜਾਬੀ ਵਿਸ਼ੇ ਦੀ ਮੰਗ ਕਰੋ।

-ਪ੍ਰਿੰ. ਰਿਪਨਜੋਤ ਕੌਰ ਸੋਨੀ ਬੱਗਾ।

ਮਿਲਾਵਟਖੋਰੀ ਤੋਂ ਬਚਾਅ

ਖਾਣ-ਪੀਣ ਵਾਲੀਆਂ ਵਸਤਾਂ ਵਿਚ ਮਿਲਾਵਟ ਕਰਕੇ ਜਿਥੇ ਮਿਲਾਵਟਖੋਰਾਂ ਦੁਆਰਾ ਸਰਕਾਰ ਦੀਆਂ ਅੱਖਾਂ ਵਿਚ ਘੱਟਾ ਪਾਇਆ ਜਾ ਰਿਹਾ ਹੈ, ਉਥੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਵੀ ਲਗਾਤਾਰ ਜਾਰੀ ਹੈ। ਲਾਲ ਮਿਰਚ ਪਾਊਡਰ ਵਿਚ ਇੱਟਾਂ ਦਾ ਬੂਰਾ, ਦੁੱਧ ਵਿਚ ਪਾਣੀ, ਯੂਰੀਆ ਅਤੇ ਗੁਲੂਕੋਜ਼, ਗਰਮ ਮਸਾਲੇ ਵਿਚ ਲਿੱਦ, ਸਾਬਤ ਮੂੰਗੀ ਅਤੇ ਦਾਲਾਂ ਵਿਚ ਛੋਟੇ-ਛੋਟੇ ਕੰਕਰਾਂ ਦੀ ਮਿਲਾਵਟ ਇਸ ਦੀਆਂ ਉਦਾਹਰਨਾਂ ਹਨ। ਮਿਲਾਵਟਖੋਰੀ ਨੂੰ ਨਕੇਲ ਪਾਉਣ ਲਈ ਸਿਹਤ ਵਿਭਾਗ, ਫੂਡ ਸਪਲਾਈ ਵਿਭਾਗ ਅਤੇ ਪ੍ਰਸ਼ਾਸਨ ਦੇ ਨਾਲ-ਨਾਲ ਆਮ ਲੋਕਾਂ ਨੂੰ ਇਕਜੁੱਟ ਹੋ ਕੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਇਸ ਗੰਭੀਰ ਹੋ ਰਹੀ ਸਮੱਸਿਆ ਨੂੰ ਖ਼ਤਮ ਕਰਕੇ ਤੰਦਰੁਸਤ ਸਮਾਜ ਦਾ ਨਿਰਮਾਣ ਕੀਤਾ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ: ਚੱਕ ਅਤਰ ਸਿੰਘ ਵਾਲਾ, ਤਹਿ: ਤੇ ਜ਼ਿਲ੍ਹਾ ਬਠਿੰਡਾ।

22-06-2022

 ਡੇਰਾ ਮੁਖੀ ਨੂੰ ਪੈਰੋਲ

ਬੇਹੱਦ ਅਫ਼ਸੋਸ ਹੈ ਕਿ ਕਤਲ ਅਤੇ ਬਲਾਤਕਾਰ ਦੇ ਦੋਸ਼ਾਂ ਹੇਠ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਵਲੋਂ ਇਕ ਵਾਰ ਫਿਰ ਇਕ ਮਹੀਨੇ ਦੀ ਪੈਰੋਲ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਉਸ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇਸੇ ਫਰਵਰੀ ਵਿਚ ਇੱਕੀ ਦਿਨ ਦੀ ਫਰਲੋ 'ਤੇ ਰਿਹਾਅ ਕੀਤਾ ਗਿਆ ਸੀ। ਸਪੱਸ਼ਟ ਹੈ ਕਿ ਇਹ ਫੈਸਲਾ ਹਰਿਆਣਾ ਨਗਰ ਨਿਗਮ ਅਤੇ ਸੰਗਰੂਰ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਕਿੰਨੀ ਸ਼ਰਮ ਦੀ ਗੱਲ ਹੈ ਕਿ ਪੰਜਾਬ ਅਤੇ ਹਰਿਆਣਾ ਦੀ ਕਿਸੇ ਵੀ ਸਿਆਸੀ ਪਾਰਟੀ ਨੇ ਡੇਰੇ ਦੀਆਂ ਵੋਟਾਂ ਹਾਸਲ ਕਰਨ ਦੀ ਆਸ ਵਿਚ ਅਜਿਹੇ ਸੰਗੀਨ ਜੁਰਮਾਂ ਦੇ ਦੋਸ਼ੀ ਨੂੰ ਪੈਰੋਲ ਦੇਣ ਦਾ ਰਸਮੀ ਵਿਰੋਧ ਵੀ ਨਹੀਂ ਕੀਤਾ। ਪਰ ਇਥੇ ਮੁੱਖ ਸਵਾਲ ਇਹ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਭੀਮਾ ਕੋਰੇਗਾਓਂ ਹਿੰਸਾ ਕੇਸ ਦੀ ਸੁਣਵਾਈ ਕੀਤੇ ਬਗ਼ੈਰ ਦੇਸ਼ ਦੇ ਨਾਮਵਰ ਬੁੱਧੀਜੀਵੀਆਂ, ਵਕੀਲਾਂ, ਲੇਖਕਾਂ ਅਤੇ ਸਮਾਜਿਕ ਕਾਰਕੁਨਾਂ ਨੂੰ ਬਿਨਾਂ ਕਿਸੇ ਦੋਸ਼ ਦੇ ਜੇਲ੍ਹਾਂ ਵਿਚ ਕੈਦ ਕੀਤਾ ਗਿਆ ਹੈ ਅਤੇ ਅਦਾਲਤਾਂ ਵਲੋਂ ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਵੀ ਵਾਰ-ਵਾਰ ਰੱਦ ਕੀਤੀ ਗਈ ਹੈ। ਇਸ ਤੋਂ ਇਲਾਵਾ ਸਰੀਰਕ ਤੌਰ 'ਤੇ ਨੱਬੇ ਫ਼ੀਸਦੀ ਅਪਾਹਜ ਪ੍ਰੋ. ਜੀ. ਐਨ. ਸਾਈਬਾਬਾ ਪਿਛਲੇ ਪੰਜ ਸਾਲ ਤੋਂ ਨਾਗਪੁਰ ਦੀ ਜੇਲ੍ਹ ਦੇ ਅੰਡਾ ਸੈਲ ਵਿਚ ਕੈਦ ਹਨ ਪਰ ਉਨ੍ਹਾਂ ਨੂੰ ਪੈਰੋਲ ਜਾਂ ਜ਼ਮਾਨਤ 'ਤੇ ਰਿਹਾਅ ਨਹੀਂ ਕੀਤਾ ਜਾ ਰਿਹਾ ਜਦਕਿ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਮਿਲਣ ਤੋਂ ਤਰਸਦੀ ਮਰ ਗਈ। ਪਿਛਲੇ ਸਾਲ 5 ਜੁਲਾਈ ਨੂੰ 84 ਸਾਲ ਦੇ ਬਜ਼ੁਰਗ ਪਾਦਰੀ ਅਤੇ ਸਮਾਜਿਕ ਕਾਰਕੁੰਨ ਸਟੈਨ ਸਵਾਮੀ ਜੋ ਕਿ ਕਈ ਗੰਭੀਰ ਬਿਮਾਰੀਆਂ ਤੋਂ ਪੀੜਤ ਸਨ, ਨੂੰ ਜ਼ਮਾਨਤ ਨਾ ਮਿਲਣ ਕਰਕੇ ਉਨ੍ਹਾਂ ਦੀ ਅਦਾਲਤੀ ਹਿਰਾਸਤ ਵਿਚ ਹੀ ਮੌਤ ਹੋ ਗਈ ਸੀ। ਇਹ ਨਾਬਰਾਬਰੀ ਅਤੇ ਬੇਇਨਸਾਫ਼ੀ 'ਤੇ ਆਧਾਰਿਤ ਗ਼ਲਤ ਅਤੇ ਨਿਰੋਲ ਸਿਆਸੀ ਫ਼ੈਸਲਾ ਹੈ ਜਿਸ ਦਾ ਲੋਕਪੱਖੀ ਜਮਹੂਰੀ ਤਾਕਤਾਂ ਵਲੋਂ ਡਟਵਾਂ ਵਿਰੋਧ ਹੋਣਾ ਚਾਹੀਦਾ ਹੈ।

-ਸੁਮੀਤ ਸਿੰਘ
ਮੋਹਣੀ ਪਾਰਕ, ਅੰਮ੍ਰਿਤਸਰ।

ਕੇਂਦਰ ਸਰਕਾਰ ਦੀ ਚੰਗੀ ਪਹਿਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ 'ਚ ਅਗਲੇ 18 ਮਹੀਨਿਆਂ 'ਚ 10 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕੀਤਾ ਜੋ ਕਿ ਦੇਸ਼ ਦੇ ਵਿਕਾਸ ਲਈ ਬਹੁਤ ਵਧੀਆ ਫ਼ੈਸਲਾ ਹੈ। ਇਸ ਯੋਜਨਾ ਤਹਿਤ ਸਾਰੇ ਸਰਕਾਰੀ ਵਿਭਾਗ ਤੇ ਮੰਤਰਾਲੇ 'ਮਿਸ਼ਨ ਰੋਡ' ਰਾਹੀਂ ਭਰਤੀਆਂ ਕਰਨਗੇ। ਕੋਰੋਨਾ ਮਹਾਂਮਾਰੀ ਨੇ ਦੇਸ਼ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ, ਜਿਸ ਨੂੰ ਸਹੀ ਕਰਨ ਲਈ ਦੇਸ਼ ਵਿਚ ਬਹੁਤ ਸਾਰੇ ਰੁਜ਼ਗਾਰ ਦੇ ਅਵਸਰ ਪੈਦਾ ਕਰਨ ਦੀ ਲੋੜ ਸੀ। ਕੋਵਿਡ ਮਹਾਂਮਾਰੀ ਤੋਂ ਬਾਅਦ ਦੇਸ਼ ਵਿਚ ਲਗਾਤਾਰ ਮਹਿੰਗਾਈ ਵਧੀ ਹੈ ਤੇ ਨਾਲ ਹੀ ਬੇਰੁਜ਼ਗਾਰੀ ਵੀ। ਇਸ ਸਮੇਂ ਵਿਚ ਸਰਕਾਰੀ ਭਰਤੀਆਂ ਦਾ ਐਲਾਨ ਇਕ ਵੱਡਾ ਹਾਂ-ਪੱਖੀ ਕਦਮ ਹੈ। ਇਹ ਕਦਮ ਮਹਾਂਮਾਰੀ ਦੌਰਾਨ ਦੁਖੀ ਹੋਈ ਆਮ ਜਨਤਾ ਲਈ ਹਨੇਰੇ 'ਚ ਆਸ ਦੀ ਇਕ ਵੱਡੀ ਕਿਰਨ ਵਾਂਗ ਹੈ। ਦੇਸ਼ ਵਿਚ ਬਹੁਤ ਸਾਰੇ ਪੜ੍ਹੇ-ਲਿਖੇ ਨੌਜਵਾਨ ਹਨ। ਇਨ੍ਹਾਂ ਨੌਜਵਾਨਾਂ ਨੂੰ ਆਪਣੀ ਯੋਗਤਾ ਅਨੁਸਾਰ ਢੁਕਵੇਂ ਮੌਕੇ ਮੁਹੱਈਆ ਨਹੀਂ ਹੁੰਦੇ, ਜਿਸ ਕਾਰਨ ਜ਼ਿਆਦਾ ਬੱਚੇ ਆਪਣਾ ਭਵਿੱਖ ਸੁਰੱਖਿਅਤ ਕਰਨ ਲਈ ਪ੍ਰਦੇਸਾਂ ਨੂੰ ਜਾ ਰਹੇ ਹਨ। ਸਰਕਾਰੀ ਨੌਕਰੀਆਂ ਦਾ ਐਲਾਨ ਇਨ੍ਹਾਂ ਗਤੀਵਿਧੀਆਂ ਨੂੰ ਘੱਟ ਕਰਨ ਵਿਚ ਮਦਦਗਾਰ ਹੋਵੇਗਾ। ਸਰਕਾਰ ਨੂੰ ਇਸ ਵਿਸ਼ੇ 'ਤੇ ਤੁਰੰਤ ਧਿਆਨ ਦੇਣ ਦੀ ਜ਼ਰੂਰਤ ਹੈ।

-ਸਾਕਸ਼ੀ ਸ਼ਰਮਾ, ਜਲੰਧਰ।

ਟ੍ਰੈਫਿਕ ਰੂਲ ਬਨਾਮ ਚੋਣਾਂ

ਕੇਂਦਰੀ ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਸੜਕਾਂ ਉੱਪਰ ਗੱਡੀਆਂ ਦੀ ਗ਼ਲਤ ਪਾਰਕਿੰਗ ਨੂੰ ਲੈ ਕੇ ਇਕ ਕਾਨੂੰਨ ਬਣਾਉਣ ਬਾਰੇ ਵਿਚਾਰ ਕਰ ਰਹੇ ਹਨ, ਜਿਸ 'ਚ ਸੜਕ 'ਤੇ ਗ਼ਲਤ ਪਾਰਕਿੰਗ ਦੀ ਸਥਿਤੀ 'ਚ ਵਾਹਨ ਮਾਲਕ ਨੂੰ 1000 ਰੁਪਏ ਜੁਰਮਾਨਾ ਕੀਤੇ ਜਾਣ ਦੀ ਸਿਫ਼ਾਰਿਸ਼ ਕੀਤੀ ਗਈ ਹੈ ਅਤੇ ਗ਼ਲਤ ਖੜ੍ਹੀ ਗੱਡੀ ਦੀ ਤਸਵੀਰ ਖਿੱਚ ਕੇ ਵਿਭਾਗ ਨੂੰ ਭੇਜਣ ਵਾਲੇ ਨੂੰ 500 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਅਜਿਹਾ ਕਰਨ ਨਾਲ ਸੜਕਾਂ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਕਾਫੀ ਫਾਇਦਾ ਮਿਲੇਗਾ ਅਤੇ ਭੀੜ-ਭਾੜ ਵਾਲੇ ਇਲਾਕੇ 'ਚੋਂ ਵੀ ਆਸਾਨੀ ਨਾਲ ਲੰਘਿਆ ਜਾ ਸਕੇਗਾ। ਪਰ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਸਾਰੇ ਕਾਨੂੰਨ ਚੋਣਾਂ ਸਮੇਂ ਚੋਣ ਪ੍ਰਚਾਰ ਕਰਦੇ ਸਮੇਂ ਵੀ ਇਨ-ਬਿਨ ਲਾਗੂ ਹੋਣੇ ਚਾਹੀਦੇ ਹਨ। ਚੋਣ ਪ੍ਰਚਾਰ ਸਮੇਂ ਗੱਡੀਆਂ ਦੀਆਂ ਛੱਤਾਂ 'ਤੇ ਬੈਠ ਕੇ, ਬਾਰੀ ਦੇ ਸ਼ੀਸ਼ਿਆਂ 'ਚੋਂ ਲਮਕ-ਲਮਕ ਕੇ ਤੇ ਓਵਰ ਲੋਡਿੰਗ ਦੇ ਹੋਣ ਦੇ ਬਾਵਜੂਦ ਸਾਡੇ ਟ੍ਰੈਫਿਕ ਕਾਨੂੰਨ ਕੁਝ ਨਹੀਂ ਕਰਦੇ। ਕਾਹਲੀ 'ਚ ਹੈਲਮਟ ਪਾਉਣਾ ਭੁੱਲ ਗਏ ਤਾਂ ਕਾਨੂੰਨ ਸਖ਼ਤੀ ਕਰਦਾ ਪਰ ਚੋਣ ਪ੍ਰਚਾਰ ਸਮੇਂ ਸੈਂਕੜੇ ਸਕੂਟਰ, ਮੋਟਰਸਾਈਕਲ ਸਵਾਰ ਬਿਨਾਂ ਹੈਲਮਟ ਹੀ ਨਹੀਂ ਬਿਨਾਂ ਡਰਾਈਵਿੰਗ ਲਾਇਸੰਸ ਤੋਂ ਤੇ ਓਵਰ ਸਪੀਡ 'ਚ ਸੜਕਾਂ 'ਤੇ ਘੁੰਮਦੇ ਹਨ ਤੇ ਰਾਹਗੀਰਾਂ ਲਈ ਮੁਸ਼ਕਿਲਾਂ ਖੜ੍ਹੀਆਂ ਕਰਦੇ ਹਨ। ਇਥੇ ਸਾਡੇ ਟ੍ਰੈਫਿਕ ਕਾਨੂੰਨਾਂ ਦੀ ਹਾਲਤ ਤਰਸਯੋਗ ਹੋ ਜਾਂਦੀ ਹੈ। ਟ੍ਰੈਫਿਕ ਰੂਲ ਚਲਾਣ ਕੱਟ ਕੇ ਪੈਸੇ ਇਕੱਠੇ ਕਰਨ ਲਈ ਨਹੀਂ ਬਣਾਏ ਜਾਂਦੇ ਸਗੋਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਦੁਰਘਟਨਾਵਾਂ ਤੋਂ ਬਚਾਉਣ ਲਈ ਬਣਦੇ ਹਨ। ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਅਜਿਹੇ ਕਾਨੂੰਨ 'ਚ ਕਿਸੇ ਨੂੰ ਵੀ ਢਿੱਲ ਨਹੀਂ ਦੇਣੀ ਚਾਹੀਦੀ, ਜਿਸ ਨਾਲ ਕਿਸੇ ਦਾ ਜਾਨੀ ਨੁਕਸਾਨ ਹੋ ਸਕਦਾ ਹੋਵੇ।

-ਕੇਵਲ ਸਿੰਘ ਕਾਲਝਰਾਣੀ

ਕੋਰੋਨਾ ਪ੍ਰਤੀ ਸਾਵਧਾਨੀਆਂ

ਦੇਸ਼ ਵਿਚ ਪਿਛਲੇ ਕੁਝ ਦਿਨਾਂ ਤੋਂ ਕੋਵਿਡ-19 ਦੇ ਵਧ ਰਹੇ ਮਾਮਲੇ ਅਤੇ ਪੂਰੇ ਦੇਸ਼ ਵਿਚ ਵਧ ਰਹੀ ਜ਼ਬਰਦਸਤ ਕੋਰੋਨਾ ਦੀ ਲਹਿਰ ਦੇ ਚਲਦਿਆਂ ਕੋਰੋਨਾ ਰੋਗੀਆਂ ਦੀ ਵਧਦੀ ਗਿਣਤੀ ਚਿੰਤਾਜਨਕ ਹੈ। ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਨੂੰ ਟੀਕਿਆਂ ਦੀ ਰਫ਼ਤਾਰ ਵਧਾਉਣੀ ਚਾਹੀਦੀ ਹੈ। ਜੋ ਲੋਕ ਡਰਦੇ ਮਾਰੇ ਅਜੇ ਤੱਕ ਟੀਕੇ ਨਹੀਂ ਲਗਾ ਰਹੇ, ਉਨ੍ਹਾਂ ਨੂੰ ਜਾਗਰੂਕ ਕਰ ਟੀਕੇ ਲਗਾਉਣੇ ਚਾਹੀਦੇ ਹਨ। ਜਿਨ੍ਹਾਂ ਨੂੰ ਦੋ ਟੀਕੇ ਲੱਗੇ ਹੋਏ ਨੂੰ 9 ਮਹੀਨੇ ਹੋ ਗਏ ਹਨ, 'ਬੂਸਟਰ ਡੋਜ਼' ਲਗਾਉਣੀ ਚਾਹੀਦੀ ਹੈ, ਖ਼ਾਸ ਕਰ ਜੋ ਬਜ਼ੁਰਗ ਹਨ ਤੇ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹਨ ਤੇ ਸੀਨੀਅਰ ਸਿਟੀਜ਼ਨ ਹਨ। ਬੱਚਿਆਂ ਨੂੰ ਜੋ ਟੀਕੇ ਲੱਗ ਰਹੇ ਹਨ, ਦਾ ਮਨੋਬਲ ਵਧਾ ਟੀਕਿਆ ਦੀ ਰਫ਼ਤਾਰ ਵਿਚ ਵਾਧਾ ਕਰਨਾ ਚਾਹੀਦਾ ਹੈ। ਇਸ ਦੇ ਨਾਲ ਜੋ ਲੋਕ ਸਾਵਧਾਨੀਆਂ ਨਹੀਂ ਵਰਤ ਰਹੇ, ਉਨ੍ਹਾਂ ਨੂੰ ਸਰੀਰਕ ਦੂਰੀ ਦੀ ਪਾਲਣਾ ਮਾਸਿਕ ਤੇ ਸੈਨੇਟਾਈਜ਼ਰ ਦੀ ਵਰਤੋਂ ਕਰਨੀ ਚਾਹੀਦੀ ਹੈ। ਟੀਕਿਆਂ ਦੇ ਨਾਲ ਜੋ ਸਾਵਧਾਨੀਆਂ ਦੀ ਲੋਕ ਪਾਲਣਾ ਕਰਨਗੇ, ਸੱਚੀ ਕੋਰੋਨਾ ਨੂੰ ਮਾਤ ਪਾਈ ਜਾ ਸਕੇਗੀ ਤੇ ਦੁਬਾਰਾ ਤਾਲਾਬੰਦੀ ਦੀ ਦੇਸ਼ ਵਿਚ ਲੋੜ ਨਹੀਂ ਪਵੇਗੀ।

-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ ਪੁਲਿਸ।

21-06-2022

 ਧੁੱਪ 'ਚ ਸੜਦੇ ਮਨਰੇਗਾ ਕਾਮੇ

ਜੂਨ ਦੇ ਮਹੀਨੇ ਵਿਚ ਤਾਪਮਾਨ ਪੂਰੇ ਸਿਖਰ 'ਤੇ ਹੁੰਦਾ ਹੈ। ਇਸੇ ਕਰਕੇ ਗਰਮੀਆਂ ਦੀਆਂ ਛੁੱਟੀਆਂ ਵੀ ਜੂਨ ਦੇ ਮਹੀਨੇ ਵਿਚ ਹੀ ਹੁੰਦੀਆਂ ਹਨ। ਇਸ ਮਹੀਨੇ ਵਿਚ ਇਕ ਪਾਸੇ ਤਾਂ ਧਨਾਢ ਲੀਡਰ ਕਾਰਪੋਰੇਟਰ, ਅਫਸਰ, ਸਰਕਾਰੀ ਮੁਲਾਜ਼ਮ ਤੇ ਮੱਧ ਵਰਗੀ ਲੋਕ ਏ.ਸੀ. ਕਮਰਿਆਂ ਵਿਚ ਆਰਾਮ ਕਰਦੇ ਹਨ ਜਾਂ ਗਰਮੀ ਤੋਂ ਰਾਹਤ ਲਈ ਸ਼ਿਮਲਾ, ਕੁੱਲੂ, ਮਨਾਲੀ ਵਰਗੇ ਠੰਢੇ ਇਲਾਕਿਆਂ ਵਿਚ ਘੁੰਮਣ ਲਈ ਅਤੇ ਛੁੱਟੀਆਂ ਬਿਤਾਉਣ ਲਈ ਜਾਂਦੇ ਹਨ ਤੇ ਦੂਜੇ ਪਾਸੇ ਸਰਕਾਰ ਵਲੋਂ ਇਸੇ ਮਹੀਨੇ ਵਿਚ ਹੀ ਪੰਚਾਇਤਾਂ ਦੀ ਮਦਦ ਨਾਲ ਮਨਰੇਗਾ ਮਜ਼ਦੂਰਾਂ ਤੋਂ ਵੱਖ-ਵੱਖ ਪਿੰਡਾਂ ਵਿਚ ਕੰਮ ਕਰਵਾਇਆ ਜਾਂਦਾ ਹੈ। ਹਰੇਕ ਪਿੰਡ ਦੇ ਸੜਕਾਂ, ਟੋਭਿਆਂ ਅਤੇ ਹੋਰ ਥਾਵਾਂ 'ਤੇ ਤੁਹਾਨੂੰ ਕੜਕਦੀ ਧੁੱਪ ਵਿਚ ਮਨਰੇਗਾ ਮਜ਼ਦੂਰ ਕੰਮ ਕਰਦੇ ਨਜ਼ਰ ਆਉਂਦੇ ਹੋਣਗੇ। ਸਰਕਾਰ ਵਲੋਂ ਮਨਰੇਗਾ ਮਜ਼ਦੂਰਾਂ ਨੂੰ ਸੌ ਦਿਨ ਦੇ ਰੁਜ਼ਗਾਰ ਦੀ ਗਾਰੰਟੀ ਦਿੱਤੀ ਗਈ ਹੈ। ਜੇਕਰ ਸਾਲ ਵਿਚ ਜੂਨ ਦੇ ਮਹੀਨੇ ਕੰਮ ਬੰਦ ਵੀ ਰੱਖਿਆ ਜਾਵੇ ਤਾਂ ਵੀ ਸੌ ਦਿਨ ਬਾਕੀ ਬਚਦੇ ਮਹੀਨਿਆਂ ਵਿਚ ਪੂਰੇ ਕੀਤੇ ਜਾ ਸਕਦੇ ਹਨ। ਸਰਕਾਰ ਨੂੰ ਇਸ ਪਾਸੇ ਜ਼ਰੂਰ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਮਨਰੇਗਾ ਮਜ਼ਦੂਰ ਵੀ ਕੜਕਦੀ ਧੁੱਪ ਤੋਂ ਬਚ ਸਕਣ।

-ਹਰਪ੍ਰੀਤ ਸਿੰਘ ਸਿਹੌੜਾ
ਪਿੰਡ ਤੇ ਡਾਕ: ਸਿਹੌੜਾ, ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ।

ਜੰਗਲ ਰਾਜ

ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਗੁਰੂਆਂ, ਪੀਰਾਂ, ਪੈਗ਼ੰਬਰਾਂ ਦਾ ਵਰੋਸਾਇਆ ਹੋਇਆ ਸੂਬਾ ਪੰਜਾਬ ਅੱਜ ਜੰਗਲ ਰਾਜ ਵੱਲ ਵਧ ਰਿਹਾ ਹੈ। ਸ਼ਰੇਆਮ ਚਿੱਟੇ ਦਿਨ ਕਤਲੇਆਮ, ਚੋਰੀਆਂ-ਡਾਕੇ, ਲੁੱਟ-ਖਸੁੱਟ ਦੀਆਂ ਘਟਨਾਵਾਂ ਉਪਰੋਕਤ ਗੱਲ ਦੀ ਗਵਾਹੀ ਭਰ ਰਹੀਆਂ ਹਨ। ਬੇਲਗਾਮ ਹੋਈ ਫਿਰਦੀ ਨੌਜਵਾਨੀ ਆਪਣੇ ਫ਼ਰਜ਼ਾਂ ਨੂੰ ਭੁੱਲ ਕੇ ਕਿਸ ਰਸਤੇ 'ਤੇ ਜਾ ਰਹੀ ਹੈ, ਸ਼ਾਇਦ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਇਲਮ ਹੀ ਨਹੀਂ ਹੈ। ਮਾਪਿਆਂ ਦੇ ਚਾਵਾਂ ਨਾਲ ਪਾਲੇ ਹੋਏ ਪੁੱਤ ਸ਼ਰੇਆਮ ਮੌਤ ਦੀ ਬੁੱਕਲ ਵਿਚ ਸੌਂਦੇ ਜਾ ਰਹੇ ਹਨ। ਘਰਾਂ ਵਿਚ ਸੱਥਰ ਵਿਛ ਰਹੇ ਹਨ। ਖ਼ੁਸ਼ੀਆਂ ਦੀ ਬਜਾਏ ਆਲੀਸ਼ਾਨ ਘਰਾਂ ਵਿਚ ਵੈਣ ਪੈ ਰਹੇ ਹਨ। ਕੀ ਇਸ ਤ੍ਰਾਸਦੀ ਦੀ ਜ਼ਿੰਮੇਵਾਰ ਸਮੇਂ ਦੀ ਸਰਕਾਰ ਹੈ? ਜਾਂ ਕੋਈ ਹੋਰ...?

-ਡਾ. ਗੁਰਸੇਵਕ ਸਿੰਘ ਪੜ੍ਹੀ, ਅਵਨੀਤ ਕੌਰ ਪੜ੍ਹੀ
ਪਿੰਡ ਪੜ੍ਹੀ (ਰੋਪੜ)।

ਲੇਖ ਨਾਲ ਅਸਹਿਮਤੀ

11 ਜੂਨ, 2022 ਨੂੰ ਸ. ਮਹਿੰਦਰ ਸਿੰਘ ਦੁਸਾਂਝ ਹੁਰਾਂ ਦੇ ਲੇਖ 'ਪੰਜਾਬ ਨੂੰ ਚਾਹੀਦਾ ਹੈ ਵਿਕਾਸ ਦਾ ਮਜ਼ਬੂਤ ਮਾਰਗ' ਨਾਲ ਅਸੀਂ ਸਹਿਮਤ ਨਹੀਂ। ਦੁਸਾਂਝ ਸਾਬ੍ਹ ਨੇ ਲਿਖਿਆ ਹੈ ਚੋਣਾਂ ਤੋਂ ਪਹਿਲਾਂ 'ਆਪ' ਪਾਰਟੀ ਵਲੋਂ ਜਨਤਾ ਨੂੰ ਇਹ ਦੱਸ ਦੇਣਾ ਚਾਹੀਦਾ ਸੀ ਕਿ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਅਸੀਂ ਬੰਦ ਕਰ ਦੇਵਾਂਗੇ ਅਤੇ ਹੋਰ ਕੋਈ ਨਵੀਂ ਸਹੂਲਤ ਵੀ ਨਹੀਂ ਦੇਵਾਂਗੇ। ਦੁਸਾਂਝ ਸਾਬ੍ਹ ਜੇ 'ਆਪ' ਵਾਲੇ ਏਦਾਂ ਕਰਦੇ ਤਾਂ ਸਭ ਦੀਆਂ ਜ਼ਮਾਨਤਾਂ ਜ਼ਬਤ ਹੋਣੀਆਂ ਸਨ। ਜੇਕਰ ਪੰਚਾਇਤੀ ਜ਼ਮੀਨਾਂ ਛੁਡਾਉਣ ਦਾ ਐਲਾਨ ਚੋਣ ਪ੍ਰਚਾਰ ਦੌਰਾਨ ਕੀਤਾ ਹੁੰਦਾ ਤਾਂ ਕੀ ਲੋਕ ਵੋਟਾਂ ਪਾ ਦਿੰਦੇ? ਰਹੀ ਗੱਲ ਆਟਾ-ਦਾਲ ਮੁਫ਼ਤ, ਬਿਜਲੀ ਤੇ ਹੋਰ ਸਹੂਲਤਾਂ ਦੀ। ਲੋਕਾਂ ਤੋਂ ਟੈਕਸ ਰਾਹੀਂ ਆਇਆ ਪੈਸਾ ਜੇ ਸਰਕਾਰ ਲੋਕਾਂ 'ਤੇ ਖ਼ਰਚਣਾ ਚਾਹੇ ਤਾਂ ਜੀ ਸਦਕੇ ਖ਼ਰਚੇ। ਪਰ ਜੋ ਪੁਰਾਣੇ ਲੀਡਰਾਂ ਨੇ ਸਰਕਾਰੀ ਖਜ਼ਾਨੇ ਦੇ ਚੋਰ-ਮੋਘੇ ਆਪਣੇ ਘਰਾਂ ਵੱਲ ਖੋਲ੍ਹੇ ਹੋਏ ਹਨ, ਉਹ ਗ਼ੈਰ-ਵਾਜਬ ਹਨ। ਤਿੰਨ ਲੱਖ ਕਰੋੜ ਦਾ ਕਰਜ਼ਾ ਪੰਜਾਬ ਸਿਰ ਇਸ ਕਰਕੇ ਹੀ ਚੜ੍ਹਿਆ ਹੈ। ਸੋ, ਮਾਨ ਸਰਕਾਰ ਇਹ ਮੋਘੇ ਬੰਦ ਕਰਨ ਲਈ ਤਨਦੇਹੀ ਨਾਲ ਲੱਗੀ ਹੋਈ ਹੈ। ਸਰਕਾਰ ਦੀ ਨੀਅਤ ਸਾਫ਼ ਹੈ ਤੇ ਨੀਤੀਆਂ ਵੀ ਪਾਰਦਰਸ਼ੀ ਢੰਗ ਨਾਲ ਬਣ ਰਹੀਆਂ ਹਨ। ਸਰਕਾਰ ਸਹੀ ਦਿਸ਼ਾ ਵਿਚ ਕੰਮ ਕਰ ਰਹੀ ਹੈ। ਤੰਦ ਨਹੀਂ ਤਾਣੀ ਉਲਝੀ ਹੋਈ ਹੈ, ਨਤੀਜੇ ਆਉਣ ਨੂੰ ਸਮਾਂ ਤਾਂ ਲੱਗੇਗਾ ਹੀ।

-ਜਸਵੀਰ ਸਿੰਘ ਭਲੂਰੀਆ
ਪਿੰਡ ਭਲੂਰ (ਮੋਗਾ)।

ਜਦੋਂ ਵਾੜ ਹੀ ਖੇਤ ਨੂੰ ਖਾਵੇ

ਬੀਤੇ ਦਿਨੀ ਦਰੱਖਤਾਂ ਦੀ ਚੋਰੀ ਅਤੇ ਬੇਮਤਲਬ ਹੀ ਵੱਢੇ ਜਾ ਰਹੇ ਦਰੱਖਤਾਂ ਦੀ ਖ਼ਬਰ ਜਦੋਂ ਸਰਕਾਰ ਨੂੰ ਲੱਗੀ ਤਾਂ ਇਸ 'ਤੇ ਸ਼ਿਕੰਜਾ ਕੱਸਿਆ ਗਿਆ ਅਤੇ ਚੋਰ ਕੋਈ ਹੋਰ ਨਹੀਂ ਜੰਗਲਾਤ ਵਿਭਾਗ ਦੇ ਮੰਤਰੀ ਹੀ ਨਿਕਲੇ। ਕੀ ਕਰਾਉਣਾ ਕਿਹੋ ਜਿਹੇ ਰਾਖਿਆਂ ਤੋਂ ਜਿਹੜੇ ਆਪ ਹੀ ਬਾਗ ਉਜਾੜਨ ਲੱਗੇ ਭੋਰਾ ਨਹੀਂ ਸੋਚਦੇ? ਉਨ੍ਹਾਂ ਨੂੰ ਨਵੇਂ ਦਰੱਖਤ ਲਾਉਣ ਦਾ ਹੁਕਮ ਹੋਇਆ ਸੀ ਪਰ ਮੰਤਰੀ ਸਾਬ੍ਹ ਨੇ ਤਾਂ ਪੁਰਾਣੇ ਵੀ ਵੇਚ ਵੱਟ ਦਿੱਤੇ। ਦਿਨੋ-ਦਿਨ ਵਧਦੀ ਗਰਮੀ ਕਾਰਨ ਰੁੱਖਾਂ ਦੀ ਵੱਧ ਤੋਂ ਵੱਧ ਲੋੜ ਹੈ ਅਤੇ ਜੇਕਰ ਭ੍ਰਿਸ਼ਟ ਨੇਤਾ ਇਹੋ ਜਿਹੇ ਕਾਰਨਾਮੇ ਕਰਦੇ ਰਹੇ ਤਾਂ ਪੰਜਾਬ ਦਾ ਕੋਈ ਭਲਾ ਨਹੀਂ ਹੋ ਸਕਦਾ ਪਰ ਮੌਜੂਦਾ ਸਰਕਾਰ ਨੇ ਸਖ਼ਤ ਕਾਰਵਾਈ ਕਰਕੇ ਸਲਾਹੁਣਯੋਗ ਉਪਰਾਲਾ ਕੀਤਾ ਹੈ। ਇਸ ਨਾਲ ਹੋਰਨਾਂ ਵਿਭਾਗਾਂ ਵਿਚ ਵੀ ਜਿਹੜੇ ਨਾਜਾਇਜ਼ ਕੰਮ ਕਰ ਰਹੇ ਹਨ, ਉਹ ਵੀ ਇਸ ਤੋਂ ਬਾਅਦ ਡਰ ਅਤੇ ਸਹਿਮ ਵਿਚ ਹਨ। ਜੇਕਰ ਸਾਰੇ ਇਮਾਨਦਾਰੀ ਨਾਲ ਆਪਣੇ ਕੰਮ ਨੇਪਰੇ ਚਾੜ੍ਹਨ ਤਾਂ ਪੰਜਾਬ ਮੁੜ ਤੋਂ ਇਕ ਖੁਸ਼ਹਾਲ ਸੂਬਾ ਬਣ ਜਾਵੇਗਾ।

-ਅਮਨਦੀਪ ਕੌਰ
ਹਾਕਮ ਸਿੰਘ ਵਾਲਾ, ਬਠਿੰਡਾ।

ਸੜਕਾਂ ਦਾ ਬੁਰਾ ਹਾਲ

ਪੰਜਾਬ ਦੀਆਂ ਸੜਕਾਂ ਦਾ ਬੁਰਾ ਹਾਲ ਹੋਇਆ ਹੈ। ਥਾਂ-ਥਾਂ ਟੋਏ ਟਿੱਬੇ ਬਣ ਗਏ ਹਨ। ਅਕਸਰ ਸੁਣਨ 'ਚ ਆਉਂਦਾ ਰਹਿੰਦਾ ਹੈ ਕਿ ਸੜਕਾਂ ਨੂੰ ਬਣਾਉਣ ਵਾਲੇ ਠੇਕੇਦਾਰ ਨੂੰ ਠੇਕਾ ਲੈਣ ਤੋਂ ਪਹਿਲਾਂ ਬਹੁਤ ਸਾਰੀ ਕਮਿਸ਼ਨ ਦੇਣੀ ਪੈਂਦੀ ਹੈ। ਫਿਰ ਜੋ ਪੈਸਾ ਉਨ੍ਹਾਂ ਕੋਲ ਬਚਦਾ ਹੈ, ਫਿਰ ਉਸ ਵਿਚੋਂ ਮਜ਼ਦੂਰੀ ਵੀ ਦੇਣੀ ਪਈ ਹੈ। ਫਿਰ ਤੁਸੀਂ ਸੋਚ ਹੀ ਸਕਦੇ ਹੋ ਕਿ ਸੜਕ 'ਤੇ ਕਿੰਨੇ ਪੈਸੇ ਦੀ ਸਮੱਗਰੀ ਪਾਈ ਗਈ ਹੋਵੇਗੀ? ਇਸ ਦਾ ਅੰਦਾਜ਼ਾ ਤੁਸੀਂ ਖ਼ੁਦ ਲਗਾ ਸਕਦੇ ਹੋ। ਜਿਸ 'ਤੇ ਲੱਖਾਂ ਲੋਕਾਂ ਦਾ ਸ਼ਾਮ ਤੱਕ ਆਉਣਾ ਜਾਣਾ ਹੁੰਦਾ ਹੈ, ਉਨ੍ਹਾਂ ਨੂੰ ਸਹਾਰ ਸਕਣ। ਸੜਕ ਬਣਦੀ ਬਾਅਦ ਵਿਚ ਹੁੰਦੀ, ਟੋਏ ਪਹਿਲਾਂ ਪੈ ਜਾਂਦੇ ਹਨ। ਉਨ੍ਹਾਂ ਟੋਇਆਂ ਵਿਚ ਸ਼ਾਮ ਤੱਕ ਕਿੰਨੇ ਲੋਕਾਂ ਦੀਆਂ ਦੁਰਘਟਨਾਵਾਂ ਹੁੰਦੀਆਂ ਹਨ, ਕਿੰਨੇ ਲੋਕਾਂ ਦੀਆਂ ਹੱਡੀਆਂ ਪਸਲੀਆਂ ਟੁੱਟਦੀਆਂ ਹਨ। ਠੇਕੇਦਾਰ ਤੇ ਸਰਕਾਰੀ ਮਹਿਕਮਾ ਆਪੋ-ਆਪਣਾ ਪੈਸਾ ਲੈ ਕੇ ਪਾਸੇ ਹੋ ਜਾਂਦੇ ਹਨ। ਨੁਕਸਾਨ ਆਮ ਲੋਕਾਂ ਨੂੰ ਝੱਲਣਾ ਪੈਂਦਾ ਹੈ। ਕੀ ਸਰਕਾਰ ਨੂੰ ਸੜਕਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ? ਸੜਕਾਂ ਦੇ ਬਜਟ ਵੱਲ ਧਿਆਨ ਦੇਣਾ ਚਾਹੀਦਾ ਹੈ। ਸਰਕਾਰ ਨੂੰ ਠੇਕੇਦਾਰਾਂ ਵਲੋਂ ਪਾਈ ਹੋਈ ਸਮੱਗਰੀ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਸੜਕ ਜਲਦੀ ਨਾ ਟੁੱਟ ਸਕੇ। ਪੈਸੇ ਦੀ ਬਰਬਾਦੀ ਵੀ ਨਾ ਹੋਵੇ।

-ਦਵਿੰਦਰ ਖ਼ੁਸ਼ ਧਾਲੀਵਾਲ।

ਝੋਨੇ ਦੀ ਸਿੱਧੀ ਬਿਜਾਈ ਕਿੰਨੀ ਲਾਹੇਵੰਦ?

ਜਿਵੇਂ ਕਿ ਧਰਤੀ ਹੇਠਲਾ ਪਾਣੀ ਦਾ ਪੱਧਰ ਹਰ ਸਾਲ ਡੇਢ ਮੀਟਰ ਹੇਠਾਂ ਜਾ ਰਿਹਾ ਹੈ ਅਤੇ ਪਾਣੀ ਸੰਕਟ ਮੰਡਰਾ ਰਿਹਾ ਹੈ। ਅਜਿਹੇ 'ਚ ਇਹ ਜ਼ਰੂਰੀ ਹੋ ਗਿਆ ਹੈ ਕਿ ਜੋ ਕਿਸਾਨ ਵੀਰ ਝੋਨੇ ਦੀ ਕਾਸ਼ਤ ਕਰਦੇ ਹਨ, ਉਹ ਹੁਣ ਰਵਾਇਤੀ ਬਿਜਾਈ ਛੱਡ ਕੇ ਝੋਨੇ ਦੀ ਸਿੱਧੀ ਬਿਜਾਈ ਕਰਨ ਭਾਵ ਕਣਕ ਵਾਂਗ ਖੇਤ ਰੋਣੀ ਕਰਕੇ ਝੋਨੇ ਦੀ ਬਿਜਾਈ ਕਰਨ। ਇਸ ਨਾਲ ਪਾਣੀ ਦੀ ਵੀ ਬੱਚਤ ਅਤੇ ਝੋਨਾ ਲਵਾਈ ਦੀ ਮਜ਼ਦੂਰੀ ਜੋ 2500, 3000 ਪ੍ਰਤੀ ਏਕੜ ਆਉਂਦੀ ਹੈ, ਉਸ ਦੀ ਵੀ ਬੱਚਤ। ਹੁਣ ਤਾਂ ਸਰਕਾਰ ਨੇ ਵੀ ਕਿਸਾਨਾਂ ਨੂੰ ਪ੍ਰੋਤਸਾਹਿਤ ਕਰਨ ਵਾਸਤੇ 1500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਹ ਠੀਕ ਹੈ, ਏਨੀ ਰਾਸ਼ੀ ਕਾਫੀ ਘੱਟ ਹੈ। ਇਸ ਤੋਂ ਜ਼ਿਆਦਾ ਚਾਹੀਦੀ ਹੈ ਕਿਉਂਕਿ ਸਿੱਧੀ ਬਿਜਾਈ 'ਤੇ ਵੀ ਕਿਸਾਨਾਂ ਦਾ ਕਾਫੀ ਖ਼ਰਚ ਹੁੰਦਾ ਹੈ, ਖੇਤ ਤਿਆਰ ਕਰਨਾ, ਡੀਜ਼ਲ ਦਾ ਖ਼ਰਚ ਫਿਰ ਰੌਣੀ ਅਤੇ ਉਸ ਤੋਂ ਝੋਨਾ ਜੰਮਣ ਤੋਂ ਬਾਅਦ ਸਪਰੇਅ ਦੀਆਂ ਦਵਾਈਆਂ ਦਾ ਕਾਫੀ ਖ਼ਰਚ ਆਉਂਦਾ ਹੈ। ਫਿਰ ਵੀ ਝੋਨੇ ਦੀ ਸਿੱਧੀ ਬਿਜਾਈ ਰਵਾਇਤੀ ਲਵਾਈ ਨਾਲੋਂ ਕਾਫੀ ਬੱਚਤ ਵਾਲੀ ਹੈ। ਇਸ ਲਈ ਸਭ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਹੀ ਕਰਨ।

-ਸੁਖਚੈਨ ਸਿੰਘ ਢਿੱਲੋਂ
ਖਿੱਪਾਂਵਾਲੀ (ਫਾਜ਼ਿਲਕਾ)।

20-06-2022

 ਪੰਜਾਬੀਆਂ ਨੂੰ ਸੌਗਾਤ
ਭਗਵੰਤ ਮਾਨ ਵਲੋਂ 15 ਜੂਨ ਤੋਂ ਦਿੱਲੀ ਹਵਾਈ ਅੱਡੇ ਤੱਕ ਸਿੱਧੀਆਂ ਸਰਕਾਰੀ ਬੱਸਾਂ ਸ਼ੁਰੂ ਕਰ ਦਿੱਤੀਆਂ ਹਨ। ਕਿਰਾਇਆ ਪ੍ਰਾਈਵੇਟ ਬੱਸਾਂ ਨਾਲੋਂ ਅੱਧੇ ਤੋਂ ਵੀ ਘੱਟ ਹੋਵੇਗਾ। ਸਹੂਲਤਾਂ ਵੀ ਜ਼ਿਆਦਾ ਹੋਣਗੀਆਂ। ਆਨਲਾਈਨ ਬੁਕਿੰਗ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਐਨ.ਆਰ.ਆਈ. ਤੇ ਵਪਾਰੀਆਂ ਨੂੰ ਫਾਇਦਾ ਹੋਵੇਗਾ। ਬੱਸ ਮਾਫੀਆ ਰਾਜ ਖਤਮ ਹੋਵੇਗਾ। ਸਰਕਾਰ ਨੂੰ ਆਮਦਨ ਵੀ ਹੋਵੇਗੀ। ਪ੍ਰਾਈਵੇਟ ਬੱਸਾਂ ਵਾਲੇ ਮਨਮਰਜ਼ੀ ਨਹੀਂ ਕਰ ਸਕਣਗੇ। ਇਹ ਮਾਨ ਸਰਕਾਰ ਦਾ ਚੰਗਾ ਉਪਰਾਲਾ ਹੈ। ਬਾਕੀ ਸਰਕਾਰ ਨੇ ਜੋ ਸ਼ਰਾਬ ਦੀ ਨਵੀਂ ਨੀਤੀ ਤਿਆਰ ਕੀਤੀ ਹੈ, ਉਸ ਨਾਲ ਸ਼ਰਾਬ ਸਸਤੀ ਹੋਵੇਗੀ, ਜੋ ਸ਼ਰਾਬ ਦੀ ਦੂਸਰੇ ਰਾਜਾਂ ਵਿਚੋਂ ਨਾਜਾਇਜ਼ ਢੰਗ ਨਾਲ ਆਉਂਦੀ ਸੀ, ਉਸ ਉਪਰ ਰੋਕ ਲੱਗੇਗੀ। ਸਰਕਾਰ ਦੀ ਆਮਦਨ ਵਿਚ ਵਾਧਾ ਹੋਵੇਗਾ। ਪਹਿਲਾਂ ਜੋ ਲੋਕ ਮਹਿੰਗੀ ਸ਼ਰਾਬ ਨਹੀਂ ਖਰੀਦ ਸਕਦੇ ਸਨ, ਉਹ ਦੂਸਰੇ ਰਾਜਾਂ ਤੋਂ ਆਈ ਸਸਤੀ ਸ਼ਰਾਬ ਲੈਂਦੇ ਸਨ, ਠੇਕੇ ਤੋਂ ਨਹੀਂ ਲੈਂਦੇ, ਹੁਣ ਠੇਕੇ ਤੋਂ ਹਰ ਬੰਦਾ ਸ਼ਰਾਬ ਲਵੇਗਾ, ਸੁਭਾਵਿਕ ਹੀ ਹੈ ਕਿ ਸਰਕਾਰ ਦੀ ਆਮਦਨ ਦੇ ਸੋਮੇ ਵਧਣਗੇ। ਇਨ੍ਹਾਂ ਸਹੂਲਤਾਂ ਦੇ ਨਾਲ ਮੇਨ ਮੁੱਦਾ ਬੇਰੁਜ਼ਗਾਰੀ ਹੈ। ਮਾਨ ਸਰਕਾਰ ਨੂੰ ਸੰਜੀਦਗੀ ਨਾਲ ਵਿਚਾਰ ਕਰਕੇ ਨੌਜਵਾਨਾਂ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ।


-ਗੁਰਮੀਤ ਸਿੰਘ ਵੇਰਕਾ


ਕਾਨੂੰਨ ਦੀ ਵਿਗੜਦੀ ਸਥਿਤੀ
ਅੱਜਕਲ੍ਹ ਪੰਜਾਬ ਵਿਚ ਕਾਨੂੰਨ ਦੀ ਸਥਿਤੀ ਵਿਗੜ ਚੁੱਕੀ ਹੈ। ਦਿਨ ਦਿਹਾੜੇ ਲੁੱਟਾਂ-ਖੋਹਾਂ ਹੋ ਰਹੀਆਂ ਹਨ। ਸ਼ਰੇਆਮ ਕਤਲ ਹੋ ਰਹੇ ਹਨ। ਹਰ ਵਿਅਕਤੀ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦਾ ਹੈ। ਚਾਰੇ ਤਰਫ਼ ਨਸ਼ਿਆਂ ਦਾ ਬੋਲਬਾਲਾ ਹੈ। ਚਿੱਟੇ ਨੇ ਕਈ ਘਰ ਉਜਾੜ ਦਿੱਤੇ ਹਨ। ਹੋਰ ਵੀ ਸਿੰਥੈਟਿਕ ਨਸ਼ੇ ਵਿਕ ਰਹੇ ਹਨ। ਪੁਲਿਸ ਇਕ ਅੱਧੇ ਛੋਟੇ ਨਸ਼ੇ ਵਾਲੇ ਤੋਂ ਨਸ਼ਾ ਫੜ ਕੇ ਖ਼ਬਰਾਂ ਲਵਾ ਰਹੀ ਹੈ। ਵੱਡੇ ਮਗਰਮੱਛ ਇਨ੍ਹਾਂ ਦੀ ਗ੍ਰਿਫ਼ਤ ਵਿਚ ਨਹੀਂ ਆਉਂਦੇ। ਜਿਸ ਤੋਂ ਚਾਰ ਪੰਜ ਗ੍ਰਾਮ ਹੈਰੋਇਨ ਬਰਾਮਦ ਕੀਤੀ ਜਾਂਦੀ ਹੈ, ਉਸ ਨੂੰ ਅਖ਼ਬਾਰਾਂ, ਸੋਸ਼ਲ ਮੀਡੀਆ ਵਿਚ ਵੱਡੇ ਪੱਧਰ 'ਤੇ ਪ੍ਰਚਾਰਿਆ ਜਾਂਦਾ ਹੈ। ਪਰ ਵੇਚਣ ਵਾਲਿਆਂ ਤੱਕ ਕੋਈ ਨਹੀਂ ਜਾਂਦਾ। ਸਰਕਾਰ ਨੇ ਪਾਰਕ ਬਣਾ ਦਿੱਤੇ ਹਨ, ਕਈ ਥਾਂ ਉਨ੍ਹਾਂ ਪਾਰਕਾਂ ਵਿਚ ਸ਼ਾਮ ਵੇਲੇ ਨਸ਼ਈ ਅਨਸਰ ਨਸ਼ਾ ਕਰਦੇ ਹਨ। ਕੋਈ ਔਰਤ ਡਰਦੀ ਪਾਰਕ ਵਿਚ ਘੁੰਮਣ ਨ੍ਹੀਂ ਜਾਂਦੀ। ਸਰਕਾਰ ਨੂੰ ਵੀ ਸੋਚਣਾ ਚਾਹੀਦਾ ਹੈ। ਸਥਿਤੀ ਦਿਨੋ ਦਿਨ ਬਦਤਰ ਤੋਂ ਬਦਤਰ ਹੋ ਰਹੀ ਹੈ।


-ਡਾ. ਨਰਿੰਦਰ ਭੱਪਰ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।


ਰਸਾਇਣਕ ਜ਼ਹਿਰਾਂ ਦੇ ਮਾੜੇ ਪ੍ਰਭਾਵ
ਮਨੁੱਖ ਹੀ ਇਕ ਅਜਿਹਾ ਜੀਵ ਹੈ ਜੋ ਆਪਣੇ ਹੱਥੀਂ ਆਪ ਕੁਹਾੜਾ ਮਾਰ ਰਿਹਾ ਹੈ। ਉਹ ਵੱਧ ਪੈਦਾਵਾਰ ਕਰਕੇ ਅਤੇ ਛੇਤੀ-ਛੇਤੀ ਪੈਸੇ ਹੜੱਪਣ ਲਈ ਫਲਾਂ ਤੇ ਸਬਜ਼ੀਆਂ ਨੂੰ ਸਮੇਂ ਤੋਂ ਪਹਿਲਾਂ ਹੀ ਪਕਾ ਕੇ ਬਾਜ਼ਾਰ ਵਿਚ ਵੇਚਦਾ ਹੈ। ਜਿਵੇਂ ਕੱਚੇ ਕੇਲਿਆਂ ਨੂੰ ਪਕਾਉਣ ਲਈ ਪਾਬੰਦੀਸ਼ੁਦਾ ਰਸਾਇਣ ਕੈਲਸ਼ੀਅਮ ਕਾਰਬਾਈਡ ਅਤੇ ਏਥਰੇਲ ਵਰਗੇ ਰਸਾਇਣ ਵਰਤ ਕੇ ਲੋਕਾਂ ਨੂੰ ਜ਼ਹਿਰ ਖਵਾ ਰਹੇ ਹਨ। ਗੋਭੀ ਦੇ ਫੁੱਲਾਂ ਨੂੰ ਸਫੈਦ ਕਰਨ ਲਈ ਮਰਕਿਉਰਿਕ ਕਲੋਰਾਈਡ ਘੋਲਾਂ ਵਿਚ ਡੁਬਾਉਣ ਨਾਲ, ਬੈਂਗਣਾ ਨੂੰ ਸੁੰਦਰ ਤੇ ਮੋਟੇ ਤਾਜ਼ੇ ਕਰਨ ਲਈ ਫਿਉਰਾਡਾਨ ਵਧੇਰੇ ਛਿੜਕ ਕੇ ਲੋਕਾਂ ਨੂੰ ਜ਼ਹਿਰ ਪਰੋਸਿਆ ਜਾਂਦਾ ਹੈ। ਇਸੇ ਤਰ੍ਹਾਂ ਵਧੇਰੇ ਦੁੱਧ ਪ੍ਰਾਪਤੀ ਲਈ ਪਸ਼ੂ ਨੂੰ ਟੀਕੇ ਲਗਾ ਕੇ ਅਜਿਹੇ ਕਈ ਰਸਾਇਣ ਵਰਤ ਕੇ ਕਹਿਰ ਢਾਇਆ ਜਾ ਰਿਹਾ ਹੈ। ਅੱਜਕਲ੍ਹ ਤਾਂ ਮਨੁੱਖ ਲਈ ਪਾਣੀ, ਹਵਾ, ਅਨਾਜ, ਫਲ, ਸਬਜ਼ੀਆਂ ਆਦਿ ਸਭ ਹੀ ਰਸਾਇਣਕ ਜ਼ਹਿਰਾਂ ਨਾਲ ਪਲੀਤ ਹੋ ਚੁੱਕੇ ਹਨ । ਇਨ੍ਹਾਂ ਦੀ ਵਰਤੋਂ ਨਾਲ ਮਨੁੱਖ 'ਤੇ ਮਾੜੂ ਪ੍ਰਭਾਵ ਪੈ ਰਹੇ ਹਨ ਜਿਨ੍ਹਾਂ ਦਾ ਅਸਰ ਇਕਦਮ ਨਜ਼ਰ ਨਹੀਂ ਆਉਂਦਾ। ਇਕ ਸਰਵੇ ਅਨੁਸਾਰ ਇਹ ਤੱਥ ਸਾਹਮਣੇ ਆਇਆ ਹੈ ਕਿ ਖਾਧ ਪਦਾਰਥਾਂ ਰਾਹੀਂ ਹਰ ਰੋਜ਼ ਅੱਧਾ ਮਿਲੀਗ੍ਰਾਮ ਜ਼ਹਿਰ ਸਿੱਧੇ ਤੌਰ 'ਤੇ ਖਾ ਰਹੇ ਹਾਂ, ਜਿਸ ਦੇ ਨਤੀਜੇ ਵਜੋਂ ਮਨੁੱਖੀ ਡੀ.ਐਨ.ਏ. 'ਚ ਖ਼ਰਾਬੀ ਆਉਣ ਨਾਲ ਜੀਨ ਬਦਲ ਸਕਦੇ ਹਨ। ਭਵਿੱਖ ਦੇ ਬੱਚੇ ਸਰੀਰਕ ਕਮਜ਼ੋਰ ਤੇ ਨਿਪੁੰਸਕ ਹੋ ਸਕਦੇ ਹਨ। ਲੋੜ ਹੈ ਸਾਨੂੰ ਉਪਰੋਕਤ ਰਸਾਇਣਕ ਜ਼ਹਿਰਾਂ ਦੀ ਵਰਤੋਂ ਬਾਰੇ ਸੁਚੇਤ ਹੋਈਏ ਅਤੇ ਇਸ ਜ਼ਹਿਰ ਦੇ ਕਹਿਰ ਤੋਂ ਬਚੀਏ।


-ਦਲਬੀਰ ਸਿੰਘ ਲੌਹੁਕਾ


ਭੜਕਾਊ ਬਿਆਨਬਾਜ਼ੀ
ਪਿਛਲੇ ਦਿਨੀਂ ਇਕ ਰਾਜਨੀਤਕ ਪਾਰਟੀ ਦੇ ਕੁਝ ਬੁਲਾਰਿਆਂ ਵਲੋਂ ਘੱਟ ਗਿਣਤੀਆਂ ਦੇ ਧਰਮਾਂ ਬਾਰੇ ਕੀਤੀ ਗਈ ਬਿਆਨਬਾਜ਼ੀ ਨੇ ਸੰਸਾਰ ਭਰ ਵਿਚ ਦੇਸ਼ ਦੇ ਅਕਸ ਨੂੰ ਖਰਾਬ ਕਰ ਦਿੱਤਾ ਹੈ। ਮੁਸਲਿਮ ਅਤੇ ਸਿੱਖ ਭਾਈਚਾਰੇ ਅਤੇ ਅਸ਼ਾਂਤੀ ਦਾ ਮਾਹੌਲ ਪੈਦਾ ਹੋ ਗਿਆ ਹੈ। ਦੇਸ਼ ਦੀ ਪ੍ਰਮੁੱਖ ਅਤੇ ਸੱਤਾਧਾਰੀ ਪਾਰਟੀ ਦੇ ਬੁਲਾਰਿਆਂ ਨੂੰ ਅਜਿਹੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ, ਜਿਸ ਨਾਲ ਘੱਟ ਗਿਣਤੀਆਂ ਦੇ ਸਵੈਮਾਣ ਅਤੇ ਧਾਰਮਿਕ ਭਾਵਨਾ ਨੂੰ ਠੇਸ ਲਗਦੀ ਹੋਵੇ। ਲੀਡਰ ਅਜਿਹੀ ਬਿਆਨਬਾਜ਼ੀ ਕਿਉਂ ਕਰਦੇ ਹਨ, ਜਦ ਕਿ ਭਾਰਤ ਬਹੁ-ਧਰਮੀ ਦੇਸ਼ ਹੈ। ਦੇਸ਼ ਦਾ ਸੰਵਿਧਾਨ ਹਰ ਇਕ ਨਾਗਰਿਕ ਨੂੰ ਹਰ ਖੇਤਰ ਵਿਚ ਪੂਰੀ ਆਜ਼ਾਦੀ ਦਿੰਦਾ ਹੈ। ਇਨ੍ਹਾਂ ਲੀਡਰਾਂ ਨੂੰ ਸੰਵਿਧਾਨ ਦਾ ਅਧਿਐਨ ਕਰਨਾ ਚਾਹੀਦਾ ਹੈ। ਅਸ਼ਾਂਤੀ ਫੈਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਦੇਸ਼ ਵਿਚ ਸ਼ਾਂਤੀ ਹੋਵੇਗੀ ਤਾਂ ਹੀ ਅਸੀਂ ਵਿਕਸਿਤ ਦੇਸ਼ ਦੀ ਕਾਮਨਾ ਕਰ ਸਕਦੇ ਹਾਂ।


-ਜਸਰੂਪ ਸਿੰਘ , ਥੇਹ ਕਲੰਦਲ, ਫਾਜ਼ਿਲਕਾ।


ਮੁਲਾਜ਼ਮ ਵਰਗ ਦੀਆਂ ਸਮੱਸਿਆਵਾਂ
ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਵੈਟਰਨਰੀ ਅਫਸਰ (ਵੀ.ਓ.) ਦੀ ਭਰਤੀ ਲਈ ਜਾਰੀ ਕੀਤੇ ਗਏ ਇਸ਼ਤਿਹਾਰ ਵਿਚ ਸੋਧ ਕਰਕੇ ਅਸਾਮੀਆਂ ਦੀ ਗਿਣਤੀ ਅਤੇ ਪੇਅ ਸਕੇਲ ਨੂੰ ਘਟਾਉਣਾ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਸੰਕੇਤ ਹਨ। ਪਿਛਲੇ ਲੰਮੇ ਸਮੇਂ ਤੋਂ ਕੱਚੇ ਅਤੇ ਠੇਕੇ ਆਧਾਰਿਤ ਰੈਗੂਲਰ ਅਤੇ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਵਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ ਪਰ ਅੱਜ ਤੱਕ ਸਰਕਾਰ ਦਾ ਇਸ ਪ੍ਰਤੀ ਸਟੈਂਡ ਸਪੱਸ਼ਟ ਨਜ਼ਰ ਨਹੀਂ ਆ ਰਿਹਾ। ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਮੁਲਾਜ਼ਮ ਵਰਗ ਦੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਲਈ ਜਲਦ ਤੋਂ ਜਲਦ ਲੋੜੀਂਦੇ ਕਦਮ ਚੁੱਕੇ ਜਾਣ ਤਾਂ ਜੋ ਮੁਲਾਜ਼ਮ ਵਰਗ ਨੂੰ ਆਪਣਾ ਬਣਦਾ ਹੱਕ ਮਿਲ ਸਕੇ।


-ਰਜਵਿੰਦਰ ਪਾਲ ਸ਼ਰਮਾ, ਜ਼ਿਲ੍ਹਾ ਬਠਿੰਡਾ।

17-06-2022

 ਭੜਕਾਊ ਬਿਆਨਬਾਜ਼ੀ

2014 ਵਿਚ ਮੋਦੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਦੇਸ਼ ਦੇ ਭਾਈਚਾਰੇ ਵਿਚ ਲਕੀਰ ਬਣਦੀ ਨਜ਼ਰ ਆ ਰਹੀ ਹੈ। ਦਰਅਸਲ ਭਾਜਪਾ ਸਰਕਾਰ ਕੱਟੜਵਾਦੀ ਹਿੰਦੂਤਵ ਨੂੰ ਪ੍ਰਣਾਈ ਸੋਚ ਵਾਲੀ ਪਾਰਟੀ ਹੈ। ਇਸ ਦਾ ਮਕਸਦ ਸਾਰੇ ਦੇਸ਼ ਨੂੰ ਇਕ ਸੱਭਿਆਚਾਰ, ਇਕ ਭਾਸ਼ਾ, ਇਕ ਧਰਮ, ਇਕ ਬੋਲੀ ਆਦਿ ਵਿਚ ਰੰਗਣ ਦਾ ਹੈ। ਭਾਰਤ ਦੇਸ਼ ਬਹੁ-ਸੱਭਿਆਚਾਰ, ਵੱਖ-ਵੱਖ ਭਾਸ਼ਾਵਾਂ, ਬੋਲੀਆਂ ਅਤੇ ਧਰਮਾਂ ਦਾ ਦੇਸ਼ ਹੈ। ਇਸ ਦੀ ਪ੍ਰਮੁੱਖ ਪਛਾਣ ਦੁਨੀਆ ਵਿਚ ਧਰਮ-ਨਿਰਪੱਖਤਾ ਵਾਲੀ ਬਣੀ ਹੋਈ ਹੈ ਪਰ ਮੋਦੀ ਸਰਕਾਰ ਇਸ ਨੂੰ ਹਿੰਦੂ ਰਾਸ਼ਟਰ ਬਣਾਉਣ 'ਤੇ ਤੁਲੀ ਹੋਈ ਹੈ। ਮੱਧ ਪ੍ਰਦੇਸ਼ ਦੇ ਖਰਗੌਨ ਸ਼ਹਿਰ ਵਿਚ ਰਾਮ ਨੌਮੀ ਵਾਲੇ ਦਿਨ ਪੈਦਾ ਹੋਇਆ ਤਣਾਅ ਅਤੇ ਇਸ ਤੋਂ ਪਹਿਲਾਂ ਕਰਨਾਟਕ ਵਿਚ ਹਿਜਾਬ ਪਹਿਨਣ 'ਤੇ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਆਦਿ ਅਜਿਹੇ ਮੁੱਦੇ ਹਨ, ਜੋ ਭਾਰਤ ਸਰਕਾਰ ਦੇ ਅਕਸ ਦੀ ਜਿਊਂਦੀ-ਜਾਗਦੀ ਤਸਵੀਰ ਹਨ। ਮੋਦੀ ਸਰਕਾਰ ਦੀਆਂ 'ਮੁਸਲਿਮ ਵਿਰੋਧੀ ਭਾਵਨਾਵਾਂ' ਭੜਕਾਉਣ ਵਾਲੀਆਂ ਨੀਤੀਆਂ ਕਾਰਨ ਭਾਜਪਾ ਦੇ ਨੁਮਾਇੰਦੇ ਅਕਸਰ ਭੜਕਾਊ ਬਿਆਨਬਾਜ਼ੀ ਕਰਦੇ ਰਹਿੰਦੇ ਹਨ। ਤਾਜ਼ਾ ਘਟਨਾਕ੍ਰਮ ਵਿਚ ਭਾਜਪਾ ਦੀ ਤਰਜਮਾਨ ਨੂਪੁਰ ਸ਼ਰਮਾ ਅਤੇ ਦਿੱਲੀ ਭਾਜਪਾ ਦੇ ਮੀਡੀਆ ਸੈੱਲ ਦੇ ਮੁਖੀ ਨਵੀਨ ਕੁਮਾਰ ਜਿੰਦਲ ਵਲੋਂ ਪੈਗ਼ੰਬਰ ਮੁਹੰਮਦ ਸਾਹਿਬ ਬਾਰੇ ਕੀਤੀਆਂ ਘਿਨਾਉਣੀਆਂ ਟਿੱਪਣੀਆਂ ਨਾਲ ਖਾੜੀ ਮੁਲਕਾਂ ਵਿਚ ਭਾਰਤ ਦੇ ਵਿਰੁੱਧ ਵਿਰੋਧ ਸ਼ੁਰੂ ਹੋ ਗਿਆ ਹੈ। ਸੋ, ਕੇਂਦਰ ਸਰਕਾਰ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਇਸ ਨੂੰ ਦੇਸ਼ ਵਿਚ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਆਪਣੀ ਰਣਨੀਤੀ 'ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ।

-ਹਰਨੰਦ ਸਿੰਘ ਬੱਲਿਆਂਵਾਲਾ
ਪਿੰਡ ਬੱਲਿਆਂਵਾਲਾ (ਤਰਨ ਤਾਰਨ)।

ਸੰਗਰੂਰ ਚੋਣਾਂ

10.06.2022 ਨੂੰ 'ਅਜੀਤ' 'ਚ ਛਪੀ ਖ਼ਬਰ 'ਆਪ' ਸਮਰਥਕਾਂ ਦੇ ਘਟੇ ਉਤਸ਼ਾਹ ਨੇ ਸੰਗਰੂਰ ਜ਼ਿਮਨੀ ਚੋਣ ਨੂੰ ਬਣਾਇਆ ਦਿਲਚਸਪ ਪੜ੍ਹੀ। ਮੇਰੀ ਵੀ ਚਿੱਠੀ ਇਸ ਖ਼ਬਰ ਦਾ ਪੂਰਨ ਤੌਰ 'ਤੇ ਵਿਸਥਾਰ ਨਾਲ ਹੁੰਗਾਰਾ ਭਰਦੀ ਹੈ। ਭਗਵੰਤ ਮਾਨ ਤੇ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਮਾਮਲੇ 'ਤੇ ਸਰਕਾਰ ਤਾਂ ਬਣਾ ਲਈ ਪਰ ਇਸ ਨੂੰ ਪੂਰਾ ਕਰਨਾ ਬਿਲਕੁਲ ਅਸੰਭਵ ਲਗਦਾ ਹੈ ਕਿਉਂਕਿ ਪਹਿਲੇ ਦਿਨ ਮਾਨ ਸਾਹਿਬ ਕਹਿੰਦੇ ਹਨ ਕਿ ਜੋ ਖਪਤਕਾਰ 300 ਯੂਨਿਟ ਤੋਂ ਵੱਧ ਖਪਤ ਕਰੇਗਾ, ਉਸ ਨੂੰ ਮੁਫ਼ਤ ਬਿਜਲੀ ਨਹੀਂ ਦਿੱਤੀ ਜਾਵੇਗੀ। ਅਗਲੇ ਦਿਨ ਕਹਿੰਦੇ ਹਨ ਕਿ ਜਿਹੜੇ ਰਿਟਰਨਾਂ ਭਰਦੇ ਹਨ, ਉਨ੍ਹਾਂ ਨੂੰ ਮੁਫ਼ਤ ਬਿਜਲੀ ਨਹੀਂ ਦਿੱਤੀ ਜਾਵੇਗੀ। ਔਰਤਾਂ ਨੂੰ 1000 ਰੁਪਏ ਦੇਣ ਦੇ ਗੱਲ ਤਾਂ ਬਹੁਤ ਦੂਰ ਦੀ ਰਹਿ ਗਈ ਹੈ। ਇਸ ਦੇ ਉਲਟ ਮਾਨ ਸਰਕਾਰ ਨੇ ਔਰਤਾਂ ਨੂੰ ਜੂਨ ਦੀ ਮਹੀਨੇ ਵਿਚ ਮੁਫ਼ਤ ਬੱਸ ਸਫ਼ਰ ਬੰਦ ਕਰ ਦੇਣਾ ਸੀ ਪਰ ਮਾਨ ਸਾਹਿਬ ਦੀ ਮਜਬੂਰੀ ਇਹ ਰਹੀ ਕਿ ਲੋਕ ਸਭਾ ਦੀਆਂ ਚੋਣਾਂ ਆ ਗਈਆਂ। ਸਰਕਾਰ ਬਣਾਉਣੀ ਸੀ, ਬਣਾ ਲਈ, ਬੇਅਦਬੀ ਦਾ ਮੁੱਦਾ ਤਾਂ ਠੰਢੇ ਬਸਤੇ ਵਿਚ ਪੈ ਗਿਆ।
ਚੰਨੀ ਸਰਕਾਰ ਨੇ ਆਪਣੇ 111 ਦਿਨਾਂ ਦੇ ਕਾਰਜਕਾਲ ਵਿਚ ਮਜ਼ਦੂਰ ਤੋਂ ਲੈ ਕੇ ਜੱਜ ਤੱਕ 3 ਰੁਪਏ ਪ੍ਰਤੀ ਯੂਨਿਟ ਸਸਤੀ ਬਿਜਲੀ ਦਿੱਤੀ, ਜੋ ਮਾਨ ਤੇ ਕੇਜਰੀਵਾਲ ਕਦੇ ਵੀ ਨਹੀਂ ਕਰ ਸਕਣਗੇ। ਕੱਚੇ ਮੁਲਾਜ਼ਮਾਂ ਦੀਆਂ ਰੈਲੀਆਂ, ਮੁਜ਼ਾਹਰੇ, ਕਤਲ, ਖ਼ੁਦਕੁਸ਼ੀਆਂ ਮਾਨ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਸਿੱਧ ਕਰਦੀਆਂ ਹਨ। ਸਭ ਤੋਂ ਵੱਡੀ ਗੱਲ ਸਿੱਧੂ ਮੂਸੇਵਾਲੇ ਦੇ ਕਤਲ ਦੀ ਹੈ। ਅਹਿਮ ਸ਼ਖ਼ਸੀਅਤਾਂ ਦੀ ਸੁਰੱਖਿਆ ਵਾਪਸ ਲੈਣ ਜਾਂ ਘਟਾਉਣ ਵਾਲਾ ਗੁਪਤ ਰੱਖਣ ਵਾਲਾ ਪੱਤਰ ਫੋਕੀ ਵਾਹ-ਵਾਹ ਖੱਟਣ ਲਈ ਜਨਤਕ ਕਰ ਦਿੱਤਾ ਜਿਹੜਾ ਮੂਸੇਵਾਲੇ ਦੀ ਮੌਤ ਦਾ ਕਾਰਨ ਬਣਿਆ। ਹੁਣ ਵੋਟਾਂ ਉਸ ਉਮੀਦਵਾਰ ਨੂੰ ਪਾਉਣੀਆਂ ਹਨ ਜੋ ਵਾਅਦਾ ਕਰਦਾ ਹੋਵੇ ਤੇ ਉਸ ਨੂੰ ਨਿਭਾਉਂਦਾ ਹੋਵੇ ਤੇ ਉਸ ਦਾ ਸਾਰੇ ਇਲਾਕੇ 'ਤੇ ਪੰਜਾਬ ਵਿਚ ਅਸਰ ਰਸੂਖ ਹੋਵੇ। ਚੋਣ ਜਿੱਤਣ ਤੋਂ ਬਾਅਦ ਸੰਗਰੂਰ ਹਲਕੇ ਦੇ ਵਿਕਾਸ ਲਈ ਜਿੰਦ-ਜਾਨ ਇਕ ਕਰ ਦੇਵੇ।

-ਕੁਸਮ ਸ਼ਰਮਾ
ਕਪੂਰਥਲਾ।

ਸਵੈ-ਪੜਚੋਲ ਕਰੋ

ਬਾਬਾ ਫ਼ਰੀਦ ਜੀ ਨੇ ਮਨੁੱਖ ਨੂੰ ਜੀਵਨ ਦੀ ਜਾਚ ਸਿਖਾਉਣ ਲਈ ਸ਼ਬਦ ਆਪਣੇ ਮੁਖਾਰਬਿੰਦ ਤੋਂ ਉਚਾਰ ਕੇ ਮਨੁੱਖ ਨੂੰ ਸਵੈ-ਪਛਾਣ ਅਤੇ ਸਵੈ-ਪੜਚੋਲ ਕਰਨ ਲਈ ਸ਼ੀਸ਼ਾ ਦਿਖਾਇਆ ਹੈ। ਆਪਣੀਆਂ ਕਮਜ਼ੋਰੀਆਂ ਔਗੁਣਾਂ ਨੂੰ ਲੱਭ ਕੇ ਸੱਚਾ ਅਤੇ ਚੰਗਾ ਬਣਨ ਦਾ ਹੋਕਾ ਦਿੱਤਾ ਹੈ। ਬਾਬਾ ਫ਼ਰੀਦ ਜੀ ਵਲੋਂ ਆਪਣੇ ਅੰਦਰ ਝਾਤੀ ਮਾਰ ਕੇ ਮਾਨਵ ਨੂੰ ਆਪਣਾ ਅੱਗਾ ਸੁਧਾਰਨ ਦਾ ਸੰਦੇਸ਼ ਦਿੱਤਾ ਹੈ, ਨਾਲ ਹੀ ਪਖੰਡਵਾਦ ਅਤੇ ਮੰਦੇ ਕਰਮ ਕਰਨ ਤੋਂ ਮਨੁੱਖ ਨੂੰ ਆਪਣੇ ਅੰਦਰ ਝਾਤ ਮਾਰਨ ਦਾ ਹੁਕਮ ਦਿੱਤਾ ਹੈ। ਉਨ੍ਹਾਂ ਵਲੋਂ ਗੁਰਬਾਣੀ ਵਿਚ ਇੰਜ ਉਚਾਰਿਆ ਗਿਆ ਹੈ :
ਫਰੀਦਾ ਜੇ ਤੂ ਅਕਲਿ ਲਤੀਫੁ, ਕਾਲੇ ਲਿਖੁ ਨਾ ਲੇਖ॥
ਆਪਨੜੇ ਗਿਰੀਵਾਨ ਮਹਿ, ਸਿਰੁ ਨੀਵਾਂ ਕਰਿ ਦੇਖੁ॥

-ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ।

16-06-2022

 ਸੋਸ਼ਲ ਮੀਡੀਆ ਦੀ ਦੁਰਵਰਤੋਂ

ਦੁਨੀਆ ਭਰ ਵਿਚ ਜਿਥੇ ਲੋਕ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਆਪਣਾ ਫਾਇਦਾ ਕਰ ਰਹੇ ਹਨ ਤੇ ਭਵਿੱਖ ਸੁਧਾਰ ਰਹੇ ਹਨ, ਉਥੇ ਸਾਡਾ ਸਮਾਜ ਹੋਰ ਹੀ ਪਾਸੇ ਵੱਲ ਤੁਰਿਆ ਹੋਇਆ ਹੈ। ਅੱਜਕਲ੍ਹ ਜਦੋਂ ਵੀ ਅਸੀਂ ਆਪਣੇ ਮੋਬਾਈਲ ਤੇ ਫੇਸਬੁੱਕ ਜਾਂ ਇੰਸਟਾਗ੍ਰਾਮ ਜਿਹੀਆਂ ਸੋਸ਼ਲ ਸਾਈਟਾਂ ਖੋਲ੍ਹਦੇ ਹਾਂ ਤਾਂ ਅਜਿਹੀਆਂ ਵੀਡੀਓ ਆਪਣੇ-ਆਪ ਚੱਲਣ ਲੱਗ ਜਾਂਦੀਆਂ ਹਨ, ਜਿਨ੍ਹਾਂ ਵਿਚ ਕੁੜੀਆਂ ਅਸ਼ਲੀਲ ਹਰਕਤਾਂ ਕਰਦੀਆਂ ਦਿਖਾਈ ਦਿੰਦੀਆਂ ਹਨ। ਇਨ੍ਹਾਂ ਹਰਕਤਾਂ ਨੂੰ ਦੇਖ ਕੇ ਸਾਡਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਕੀ ਜਿਥੇ ਸਾਰੀ ਦੁਨੀਆ ਇੰਟਰਨੈੱਟ ਤੇ ਸੋਸ਼ਲ ਸਾਈਟਾਂ ਦੀ ਵਰਤੋਂ ਕਰਕੇ ਆਪਣਾ ਭਵਿੱਖ ਸੁਧਾਰ ਰਹੀ ਹੈ, ਉਥੇ ਸਾਡੇ ਦੇਸ਼ ਵਿਚ ਇਨ੍ਹਾਂ ਦੀ ਕਿਸ ਤਰ੍ਹਾਂ ਵਰਤੋਂ ਹੋ ਰਹੀ ਹੈ, ਇਹ ਹਰਕਤਾਂ ਕਰਨ ਵਾਲੀਆਂ ਵਿਚ 13-14 ਸਾਲਾਂ ਤੋਂ ਲੈ ਕੇ 60 ਸਾਲ ਦੀਆਂ ਸਿਆਣੀਆਂ-ਬਿਆਣੀਆਂ ਜਨਾਨੀਆਂ ਵੀ ਸ਼ਾਮਿਲ ਹਨ। ਅੱਜ ਦੇ ਲੋਕ ਭੁੱਲ ਗਏ ਹਨ ਕਿ ਉਹ ਕਿਧਰ ਨੂੰ ਤੁਰ ਪਏ ਹਨ? ਉਹ ਇਹ ਨਹੀਂ ਸੋਚਦੇ ਕੀ ਇਹ ਵੀਡੀਓਜ਼ ਸਾਡੇ ਬੱਚੇ ਵੀ ਦੇਖਦੇ ਹਨ, ਉਨ੍ਹਾਂ ਦੀ ਮਾਨਸਿਕਤਾ 'ਤੇ ਇਹ ਸਭ ਦੇਖ ਕੇ ਕਿੰਨਾ ਬੁਰਾ ਅਸਰ ਪੈਂਦਾ ਹੈ। ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੀਆਂ ਵੀਡੀਓ ਬਣਾਉਣ ਵਾਲਿਆਂ ਖਿਲਾਫ਼ ਵੀ ਕੋਈ ਕਾਨੂੰਨ ਬਣਾਉਣ ਤਾਂ ਜੋ ਸਮਾਜ ਦਾ ਹੋਰ ਭੱਠਾ ਨਾ ਬੈਠੇ ਤੇ ਆਉਣ ਵਾਲੀ ਪੀੜ੍ਹੀ 'ਤੇ ਬੁਰਾ ਅਸਰ ਨਾ ਹੋਵੇ, ਨਹੀਂ ਤਾਂ ਸਾਡਾ ਦੇਸ਼ ਤੇ ਦੇਸ਼ ਦਾ ਭਵਿੱਖ ਰੁਲ ਜਾਵੇਗਾ।

-ਸਾਕਸ਼ੀ ਸ਼ਰਮਾ, ਜਲੰਧਰ।

ਧਰਤੀ ਉੱਤੇ ਸਵਰਗ

ਧਰਤੀ ਦੀ ਨਿੱਘੀ ਗੋਦ ਵਿਚ ਹੀ ਅਸੀਂ ਕੁਦਰਤ ਦਾ ਅਨੰਦ ਮਾਣਦੇ ਹਾਂ। ਧਰਤੀ ਸਾਨੂੰ ਜਿਊਣ ਲਈ ਸਾਰੀਆਂ ਲੋੜੀਂਦੀਆਂ ਸਹੂਲਤਾਂ ਦਿੰਦੀ ਹੈ। ਧਰਤੀ ਵਿਚੋਂ ਹੀ ਸਾਡੇ ਖਾਣ ਲਈ ਅਨਾਜ, ਫਲ, ਸਬਜ਼ੀਆਂ ਤੋਂ ਇਲਾਵਾ ਹੋਰ ਬਹੁਤ ਸਾਰੇ ਪਦਾਰਥ ਪੈਦਾ ਹੁੰਦੇ ਹਨ। ਧਰਤੀ ਵਿਚੋਂ ਹੀ ਅਨੇਕਾਂ ਰੁੱਖ ਉੱਗਦੇ ਹਨ ਜੋ ਸਾਨੂੰ ਸਾਹ ਲੈਣ ਲਈ ਮੁਫ਼ਤ ਆਕਸੀਜਨ ਦਿੰਦੇ ਹਨ। ਧਰਤੀ ਵਿਚੋਂ ਸਾਡੇ ਪੀਣ ਲਈ ਪਾਣੀ ਨਿਕਲਦਾ ਹੈ, ਜਿਸ ਦੇ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਕਰਨਾ ਅਸੰਭਵ ਹੈ। ਧਰਤੀ ਵਿਚੋਂ ਹੀ ਸੋਨਾ, ਹੀਰੇ, ਮੋਤੀ, ਕੋਲਾ ਅਤੇ ਹੋਰ ਪੈਟਰੋਲੀਅਮ ਪਦਾਰਥ ਨਿਕਲਦੇ ਹਨ। ਪਰ ਇਸ ਧਰਤੀ ਨੂੰ ਅੱਜ ਉਜਾੜਿਆ ਜਾ ਰਿਹਾ ਹੈ। ਇਸ ਦੇ ਸਾਫ਼-ਸੁਥਰੇ ਵਾਤਾਵਰਨ ਨੂੰ ਗੰਧਲਾ ਕੀਤਾ ਜਾ ਰਿਹਾ ਹੈ। ਰੁੱਖਾਂ ਨੂੰ ਕੱਟਿਆ ਜਾ ਰਿਹਾ ਹੈ। ਪਾਣੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਖੇਤੀ ਵਿਚ ਵਰਤੀਆਂ ਜਾਂਦੀਆਂ ਖਾਦਾਂ ਅਤੇ ਕੀਟਨਾਸ਼ਕਾਂ ਨੇ ਧਰਤੀ ਦੀ ਉਪਜਾਊ ਸ਼ਕਤੀ ਨੂੰ ਘਟਾ ਦਿੱਤਾ ਹੈ। ਮਨੁੱਖ ਵਲੋਂ ਕੁਦਰਤ ਨਾਲ ਛੇੜਛਾੜ ਅਤੇ ਖਿਲਵਾੜ ਕੀਤਾ ਜਾ ਰਿਹਾ ਹੈ। ਧਰਤੀ ਸਾਡੀ ਮਾਂ ਹੈ, ਇਸ ਦੀ ਰੱਖਿਆ ਕਰਨਾ ਸਾਡਾ ਫ਼ਰਜ਼ ਹੈ। ਆਓ, ਇਸ ਧਰਤੀ ਨੂੰ ਸੁੰਦਰ ਬਣਾਉਣ ਲਈ ਯਤਨ ਕਰੀਏ ਤਾਂ ਜੋ ਅਸੀਂ ਧਰਤੀ 'ਤੇ ਹੀ ਸਵਰਗ ਦਾ ਅਨੰਦ ਮਾਣ ਸਕੀਏ।

-ਹਰਪ੍ਰੀਤ ਸਿੰਘ ਸਿਹੌੜਾ
ਪਿੰਡ ਤੇ ਡਾਕ: ਸਿਹੌੜਾ, ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ।

ਜੇ ਵਾੜ ਹੀ ਖੇਤ ਨੂੰ ਖਾਣ ਲੱਗੇ

ਬੀਤੇ ਦਿਨੀਂ 'ਅਜੀਤ' ਦੀ ਸੰਪਾਦਕੀ ਜਿਸ ਦਾ ਸਿਰਲੇਖ 'ਕੋਈ ਹਰਾ ਬੂਟਾ ਨਾ ਛੱਡਿਓ' ਸੀ, ਪੜ੍ਹੀ, ਜਿਸ 'ਚ ਲੇਖਕ ਨੇ ਵਿਜੀਲੈਂਸ ਵਿਭਾਗ ਵਲੋਂ ਸਾਧੂ ਸਿੰਘ ਧਰਮਸੋਤ ਅਤੇ ਉਸ ਦੇ ਸਾਥੀਆਂ ਨੇ ਇਕ ਰੁੱਖ ਵੱਢਣ ਲਈ ਪੰਜ ਸੌ ਰੁਪਏ ਰਿਸ਼ਵਤ ਲੈਣ ਲਈ ਅਤੇ ਲਗਾਤਾਰ ਹੋ ਰਹੀ ਰੁੱਖਾਂ ਦੀ ਕਟਾਈ ਬਾਰੇ ਕੀਤੇ ਖੁਲਾਸੇ ਬਾਰੇ ਵਿਸਥਾਰ ਨਾਲ ਲਿਖ ਕੇ ਚਿੰਤਾ ਜਤਾਈ ਸੀ। ਲੇਖਕ ਵਲੋਂ ਜਤਾਈ ਗਈ ਚਿੰਤਾ ਬਿਲਕੁਲ ਜਾਇਜ਼ ਹੈ, ਕਿਉਂਕਿ ਦਰੱਖਤਾਂ ਦੀ ਬੇਲੋੜੀ ਕਟਾਈ ਅਤੇ ਦਰੱਖਤਾਂ ਦੀ ਲਗਾਤਾਰ ਹੋ ਰਹੀ ਗ਼ੈਰ-ਕਾਨੂੰਨੀ ਕਟਾਈ ਉਸ ਤੋਂ ਹੋਣ ਵਾਲੀਆਂ ਹਾਣੀਆਂ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਦੀ ਸੰਭਾਲ ਇਕ ਅਹਿਮ ਮੁੱਦਾ ਹੈ। ਮਨੁੱਖ ਖ਼ੁਦ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਕਰ ਕੇ ਆਪਣੇ ਪੈਰਾਂ 'ਤੇ ਖ਼ੁਦ ਕੁਹਾੜੀ ਮਾਰ ਰਿਹਾ ਹੈ। ਜਦੋਂ ਸਵਾਰਥੀ ਮਨੁੱਖ ਭਲੀ-ਭਾਂਤੀ ਜਾਣਦਾ ਹੈ ਕਿ ਦਰੱਖਤਾਂ ਤੋਂ ਉਸ ਨੂੰ ਜ਼ਿੰਦਗੀ ਮਿਲਦੀ ਹੈ ਤੇ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਦਰੱਖਤ ਦੇ ਕਿੰਨੇ ਲਾਭ ਹਨ ਪਰ ਜਦੋਂ ਮਹਿਕਮੇ ਦੇ ਮੰਤਰੀ, ਅਧਿਕਾਰੀ ਜਿਨ੍ਹਾਂ ਨੇ ਰੁੱਖ ਲਗਾਉਣੇ ਅਤੇ ਸੰਭਾਲ ਕਰਨੀ ਹੁੰਦੀ ਹੈ, ਜੋ ਖ਼ੁਦ ਹੀ ਰਿਸ਼ਵਤ ਲੈ ਕੇ ਰੁੱਖ ਵਢਾਉਣ ਲੱਗ ਪੈਣ ਤਾਂ ਲੇਖਕ ਵਲੋਂ ਲਿਖੀ ਰਚਨਾ ਜਦੋਂ ਵਾੜ ਹੀ ਖੇਤ ਨੂੰ ਖਾਵੇ ਸੱਚ ਸਾਬਤ ਹੁੰਦੀ ਹੈ ਤੇ ਇਸ ਤੋਂ ਵੱਡਾ ਦੁਖਾਂਤ ਕੀ ਹੋ ਸਕਦਾ ਹੈ। ਸਾਨੂੰ ਵੱਧ ਤੋਂ ਵੱਧ ਦਰੱਖਤ ਲਗਾ ਕੇ ਇਸ ਦੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਰਿਸ਼ਵਤ ਲੈ ਕੇ ਰੁੱਖਾਂ ਦੀ ਕਟਾਈ ਕਰਵਾਉਣ ਵਾਲੇ ਲੀਡਰ ਤੇ ਉਸ ਦੇ ਵਰਕਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ ਪੁਲਿਸ।

15-06-2022

 ਕੁਦਰਤੀ ਖਜ਼ਾਨੇ ਸਾਂਭਣ ਦੀ ਲੋੜ

ਕਦੀ ਸਮਾਂ ਸੀ ਕਿ ਪੰਜਾਬ ਦਰਿਆਵਾਂ, ਨਦੀਆਂ, ਨਾਲਿਆਂ ਵਿਚ ਕਲ-ਕਲ ਕਰਦੇ ਵਗਦੇ ਪਾਣੀਆਂ, ਚੰਗੇ ਪੌਣ-ਪਾਣੀ, ਜੰਗਲ ਬੇਲੇ, ਦਰੱਖਤਾਂ ਤੇ ਉਪਜਾਊ ਧਰਤੀ ਕਰਕੇ ਜਾਣਿਆ ਜਾਂਦਾ ਸੀ ਪਰ ਲੋਕਾਂ ਨੇ ਪੂਰੇ ਦੇਸ਼ ਨੂੰ ਅੰਨ ਪੈਦਾ ਕਰਕੇ ਦੇਣ ਲਈ ਆਪਣੇ ਦਰੱਖਤਾਂ, ਜ਼ਮੀਨ ਤੇ ਧਰਤੀ ਹੇਠਲੇ ਪਾਣੀ ਦੀ ਕੁਰਬਾਨੀ ਦੇ ਦਿੱਤੀ। ਜਿਥੇ ਸਰਪੇਆਂ, ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗਾਂ ਲਗਾਉਣ ਨਾਲ ਧਰਤੀ ਦੀ ਉਪਜਾਊ ਸ਼ਕਤੀ ਘਟੀ ਹੈ, ਉਥੇ ਹੀ ਸੂਬੇ ਦੇ ਪਾਣੀ ਤੇ ਹਵਾ ਲਗਾਤਾਰ ਗੰਧਲੇ ਹੋ ਰਹੇ ਹਨ। ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਇਨ੍ਹਾਂ ਅਹਿਮ ਮਸਲਿਆਂ ਪ੍ਰਤੀ ਬੇਰੁਖ਼ੀ ਅਪਣਾਈ ਹੈ, ਕਿਉਂਕਿ ਇਸ ਪ੍ਰਤੀ ਕੋਈ ਮਜ਼ਬੂਤ ਕਦਮ ਨਹੀਂ ਚੁੱਕਿਆ, ਜਿਸ ਕਾਰਨ ਸੂਬੇ ਦੇ ਇਹ ਹਾਲਾਤ ਹੋ ਗਏ ਹਨ। ਹੁਣ ਮੌਜੂਦਾ ਮੁੱਖ ਮੰਤਰੀ ਵਲੋਂ ਇਨ੍ਹਾਂ ਹਾਲਾਤ ਦੇ ਮੱਦੇਨਜ਼ਰ ਕਿਸਾਨਾਂ ਨੂੰ ਮੌਨਸੂਨ ਵਿਚ ਝੋਨਾ ਲਗਾਉਣ ਤੇ ਮੂੰਗੀ, ਬਾਜਰਾ, ਸਰ੍ਹੋਂ, ਸੂਰਜਮੁਖੀ ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦਾ ਐਲਾਨ ਕਰਦੇ ਹੋਏ ਇਹ ਫ਼ਸਲਾਂ ਬੀਜਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਜੇਕਰ ਹੁਣ ਵੀ ਦਰਿਆਵਾਂ, ਨਦੀਆਂ, ਨਾਲਿਆਂ ਦੇ ਪਾਣੀ, ਧਰਤੀ ਹੇਠਲੇ ਪਾਣੀ, ਜੰਗਲ ਬੇਲੇ, ਦਰੱਖਤ ਆਦਿ ਇਨ੍ਹਾਂ ਕੁਦਰਤੀ ਖਜ਼ਾਨਿਆਂ ਨੂੰ ਨਾ ਸੰਭਾਲਿਆ ਗਿਆ ਤਾਂ ਸੂਬਾ ਜਲਦੀ ਹੀ ਮਾਰੂਥਲ ਬਣ ਜਾਵੇਗਾ। ਸੋ, ਸਰਕਾਰ ਦੇ ਨਾਲ-ਨਾਲ ਲੋਕਾਂ ਨੂੰ ਵੀ ਇਸ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ ਕਿਉਂਕਿ ਇਸ ਦਾ ਸੰਬੰਧ ਪੰਜਾਬ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨਾਲ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਨੌਜਵਾਨੀ ਕੁਰਾਹੇ ਨਾ ਪਵੇ

ਨੌਜਵਾਨੀ ਹਰ ਸਮਾਜ, ਸੂਬੇ ਤੇ ਦੇਸ਼ ਦੀ ਅਹਿਮ ਤਾਕਤ ਹੁੰਦੀ ਹੈ ਪਰ ਜਦੋਂ ਨੌਜਵਾਨੀ ਹੀ ਕੁਰਾਹੇ ਪੈ ਜਾਵੇ ਤਾਂ ਬਾਕੀ ਸਭ ਕੁਝ ਤਹਿਸ-ਨਹਿਸ ਹੋ ਕੇ ਰਹਿ ਜਾਂਦਾ ਹੈ। ਅੱਜ ਨੌਜਵਾਨੀ ਨੂੰ ਸੰਭਾਲਣਾ ਸਮੇਂ ਦੀ ਅਹਿਮ ਮੰਗ ਹੋ ਗਈ ਹੈ। ਨੌਜਵਾਨੀ ਨੂੰ ਮਾਪਿਆਂ ਤੋਂ ਬਾਅਦ ਜੇ ਕੋਈ ਸਹੀ ਦਸ਼ਾ ਤੇ ਦਿਸ਼ਾ ਦੇ ਸਕਦਾ ਹੈ ਤਾਂ ਉਹ ਹੈ ਅਧਿਆਪਕ ਵਰਗ। ਕਿਉਂਕਿ ਅਧਿਆਪਕ ਵਰਗ ਲੋਕਤੰਤਰ ਦਾ ਮਜ਼ਬੂਤ ਥੰਮ੍ਹ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਇਮਾਨਦਾਰੀ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਵਿਹਲੜਪੁਣਾ ਖ਼ਤਮ ਕਰਨ ਵੱਲ ਵਿਸ਼ੇਸ਼ ਧਿਆਨ ਦੇਣ। ਪੰਜਾਬ ਵਿਚ ਪਿਛਲੇ ਲੰਮੇ ਸਮੇਂ ਤੋਂ ਡਰ ਦਾ ਮਾਹੌਲ ਬਣਿਆ ਹੋਇਆ ਹੈ। ਲੁੱਟ-ਖੋਹ, ਮਾਰਧਾੜ ਤੇ ਕਤਲੋਗਾਰਤ ਆਮ ਹੁੰਦਾ ਜਾ ਰਿਹਾ ਹੈ, ਜਿਸ ਨੂੰ ਪੰਜਾਬੀ ਕਦਾਚਿਤ ਬਰਦਾਸ਼ਤ ਨਹੀਂ ਕਰ ਸਕਦੇ। ਮਾਨ ਸਰਕਾਰ ਤੋਂ ਪੰਜਾਬੀਆਂ ਨੂੰ ਵੱਡੀਆਂ ਉਮੀਦਾਂ ਹਨ। ਆਸ ਕਰਦੇ ਹਾਂ ਕਿ ਉਹ ਪੰਜਾਬ ਦੀ ਬਿਹਤਰੀ ਤੇ ਸ਼ਾਂਤਮਈ ਮਾਹੌਲ ਲਈ ਬਣਦੇ ਕਦਮ ਤੁਰੰਤ ਚੁੱਕੇਗੀ।

-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਬਹੁਤ ਵਧੀਆ ਲੇਖ

5 ਜੂਨ ਐਤਵਾਰ ਨੂੰ ਵਿਸ਼ਵ ਵਾਤਾਵਰਨ ਦਿਵਸ 'ਤੇ ਸ੍ਰੀ ਵਿਜੈ ਬੰਬੇਲੀ ਦਾ ਲਿਖਿਆ ਲੇਖ 'ਸਾਵਾਂ ਵਾਤਾਵਰਨ ਹੀ ਧਰਤੀ 'ਤੇ ਜੀਵਨ ਬਚਾਏਗਾ' ਬਹੁਤ ਪਸੰਦ ਆਇਆ। ਸੂਰਜ ਨਾਲੋਂ ਟੁੱਟਣ ਮਗਰੋਂ ਧਰਤੀ ਨੂੰ ਠੰਢਾ ਹੋਣ ਅਤੇ ਫਿਰ ਉਸ 'ਤੇ ਇਹੋ ਜਿਹਾ ਵਾਤਾਵਰਨ ਬਣਨ ਨੂੰ ਕਰੋੜਾਂ ਸਾਲ ਲੱਗ ਗਏ, ਜਿਸ ਵਿਚ ਮਨੁੱਖਾਂ, ਜੀਵਾਂ ਅਤੇ ਬਨਸਪਤੀ ਦੀ ਹੋਂਦ ਤੇ ਵਧਣਾ-ਫੁੱਲਣਾ ਸੰਭਵ ਹੋ ਸਕਿਆ। ਧਰਤੀ ਉਤਲੇ ਇਸ ਵਾਤਾਵਰਨ ਵਿਚ ਹਵਾ, ਪਾਣੀ, ਮਿੱਟੀ, ਸੂਰਜ ਦੀ ਗਰਮੀ ਅਤੇ ਹੋਰ ਅਨੇਕਾਂ ਊਰਜਾਵਾਂ ਦਾ ਮਿਸ਼ਰਣ ਹੈ। ਮਨੁੱਖ ਸਮੇਤ ਸਾਰੇ ਜੀਵਾਂ ਤੇ ਧਰਤੀ ਦੀ ਹੋਂਦ ਤਦ ਹੀ ਸੰਭਵ ਹੈ ਜੇਕਰ ਧਰਤੀ ਉੱਤਲੇ ਵਾਤਾਵਰਨ ਵਿਚ ਇਨ੍ਹਾਂ ਸਾਰੇ ਤੱਤਾਂ ਦਾ ਆਪਣਾ ਰੂਪ ਮਿਕਦਾਰ ਅਤੇ ਆਪਸੀ ਤਾਲਮੇਲ 'ਤੇ ਸੰਤੁਲਿਤ ਮਾਤਰਾ ਵਿਚ ਕਾਇਮ ਰਹੇ, ਜਿਸ ਵਿਚ ਜੀਵ ਸੰਸਾਰ ਅਤੇ ਬਨਸਪਤੀ ਦਾ ਪੈਦਾ ਹੋਣਾ ਤੇ ਵਧਣਾ-ਫੁੱਲਣਾ ਸੰਭਵ ਹੋਇਆ ਸੀ। ਪਰ ਅੱਜ ਦੇ ਮਨੁੱਖ ਨੇ ਧਰਤੀ, ਹਵਾ, ਪਾਣੀ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ। ਦਰੱਖਤਾਂ ਨੂੰ ਕੱਟ ਰਿਹਾ ਹੈ। ਕਾਰਖਾਨੇ ਲਾ ਕੇ ਊਰਜਾ ਪ੍ਰਾਪਤ ਕਰਨ ਦੇ ਸੋਮੇ ਵਿਕਸਿਤ ਕਰਕੇ ਗੰਦੀਆਂ ਜ਼ਹਿਰਾਂ ਤੇ ਧੂੰਏਂ ਨਾਲ ਪਲੀਤ ਕਰ ਦਿੱਤਾ ਹੈ। ਓਜ਼ੋਨ ਪਰਤ ਨੂੰ ਲੀਰੋ-ਲੀਰ ਕਰ ਦਿੱਤਾ ਹੈ। ਬੱਦਲਾਂ ਵਿਚ ਤੇਜ਼ਾਬ ਘੋਲ ਦਿੱਤਾ ਹੈ। ਦਰਿਆ ਸਮੁੰਦਰ ਤੇ ਧਰਤੀ ਹੇਠਲੇ ਪਾਣੀ ਨੂੰ ਕਾਰਖਾਨਿਆਂ ਦੇ ਜ਼ਹਿਰੀਲੇ ਤਰਲ ਨੇ ਗੰਦਗੀ ਨਾਲ ਭਰ ਦਿੱਤਾ ਹੈ। ਸਾਨੂੰ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਜੰਗਲਾਂ ਦਾ ਜਾਲ ਵਸਾਉਣਾ ਚਾਹੀਦਾ ਹੈ। ਥਾਂ-ਥਾਂ 'ਤੇ ਰੁੱਖ ਲਾਉਣੇ ਚਾਹੀਦੇ ਹਨ। ਰੁੱਖਾਂ ਦੀ ਕੱਟਾ-ਵੱਢੀ ਨਹੀਂ ਕੀਤੀ ਜਾਣੀ ਚਾਹੀਦੀ। ਪਾਣੀ ਊਰਜਾ ਦੇ ਸੋਮਿਆਂ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ ਚਾਹੀਦਾ ਹੈ ਤਾਂ ਹੀ ਅਸੀਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਬਚਣਗੀਆਂ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਨੌਜਵਾਨ ਅਤੇ ਕਿਤਾਬਾਂ

ਕਿਤਾਬਾਂ ਮਨੁੱਖ ਦੀਆਂ ਸੱਚੀਆਂ ਮਿੱਤਰ ਹੋਣ ਦੇ ਨਾਲ-ਨਾਲ ਸਮੇਂ ਦੀ ਸੁਚੱਜੀ ਵਰਤੋਂ ਕਰਨ, ਬੌਧਿਕ ਵਿਕਾਸ, ਨੈਤਿਕ ਕਦਰਾਂ-ਕੀਮਤਾਂ ਵਿਚ ਵਾਧਾ, ਸਮਾਜਿਕ ਮਸਲਿਆਂ ਨੂੰ ਸੁਲਝਾਉਣ ਅਤੇ ਜ਼ਿੰਦਗੀ ਦੇ ਫ਼ਲਸਫ਼ੇ ਨੂੰ ਸਮਝਣ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ। ਤਕਨਾਲੋਜੀ ਦੇ ਵਿਕਾਸ ਅਤੇ ਸੋਸ਼ਲ ਮੀਡੀਆ ਦੀ ਵਧ ਰਹੀ ਵਰਤੋਂ ਕਰਕੇ ਨੌਜਵਾਨ ਪਾਠਕਾਂ ਦੀ ਗਿਣਤੀ ਵਿਚ ਕਮੀ ਆਈ ਹੈ। ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਅਨੁਸਾਰ ਇਕ ਬੱਚਾ, ਇਕ ਕਿਤਾਬ ਅਤੇ ਇਕ ਕਲਮ ਸਮਾਜ ਵਿਚ ਬਦਲਾਅ ਲਿਆ ਸਕਦੀ ਹੈ। ਅਜੋਕੀ ਨੌਜਵਾਨ ਪੀੜ੍ਹੀ ਨੂੰ ਕਿਤਾਬਾਂ ਦੇ ਅਦਭੁੱਤ ਸੰਸਾਰ ਨਾਲ ਜੋੜਨ ਲਈ ਸਰਕਾਰੀ ਅਤੇ ਨਿੱਜੀ ਵਿੱਦਿਅਕ ਸੰਸਥਾਵਾਂ ਸਹਿਤ ਅਕਾਦਮੀਆਂ, ਲੇਖਕਾਂ, ਚਿੰਤਕਾਂ ਅਤੇ ਸਮਾਜਿਕ ਕਾਰਕੁੰਨਾਂ ਦੁਆਰਾ ਲੋਕ ਲਹਿਰ ਚਲਾਉਣ ਦੀ ਲੋੜ ਹੈ ਤਾਂ ਜੋ ਨੌਜਵਾਨ ਪਾਠਕਾਂ ਦੀ ਗਿਣਤੀ ਵਿਚ ਵਾਧਾ ਹੋ ਸਕੇ।

-ਰਜਵਿੰਦਰ ਪਾਲ ਸ਼ਰਮਾ, ਜ਼ਿਲ੍ਹਾ ਬਠਿੰਡਾ।

14-06-2022

 ਫ਼ਿਰਕੂ ਤਾਕਤਾਂ ਖ਼ਿਲਾਫ਼ ਡਟਣ ਦੀ ਲੋੜ

ਪਿਛਲੇ ਕੁਝ ਸਾਲਾਂ ਤੋਂ ਹਿੰਦੂਤਵਵਾਦੀ ਸੰਗਠਨਾਂ ਵਲੋਂ ਮੁਸਲਮਾਨਾਂ, ਉਨ੍ਹਾਂ ਦੇ ਧਾਰਮਿਕ ਅਕੀਦਿਆਂ ਅਤੇ ਇਤਿਹਾਸਕ ਧਾਰਮਿਕ ਸਥਾਨਾਂ ਉਤੇ ਸ਼ਰੇਆਮ ਕੀਤੇ ਜਾ ਰਹੇ ਹਜ਼ੂਮੀ ਹਿੰਸਕ ਹਮਲਿਆਂ ਨੇ ਭਾਜਪਾ ਦਾ ਘੱਟ-ਗਿਣਤੀਆਂ ਵਿਰੋਧੀ ਅਤੇ ਖ਼ਾਸ ਕਰਕੇ ਮੁਸਲਿਮ ਵਿਰੋਧੀ ਕੱਟੜਵਾਦੀ ਚਿਹਰਾ ਪੂਰੀ ਤਰ੍ਹਾਂ ਨੰਗਾ ਕਰ ਦਿੱਤਾ ਹੈ। ਭਾਜਪਾ ਦੇ ਕੌਮੀ ਬੁਲਾਰੇ ਨੂਪੁਰ ਸ਼ਰਮਾ ਅਤੇ ਦਿੱਲੀ ਭਾਜਪਾ ਦੇ ਮੀਡੀਆ ਇਕਾਈ ਪ੍ਰਧਾਨ ਨਵੀਨ ਜਿੰਦਲ ਵਲੋਂ ਇਕ ਟੀ. ਵੀ. ਚੈਨਲ ਉਤੇ ਪੈਗ਼ੰਬਰ ਮੁਹੰਮਦ ਸਾਹਿਬ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ ਤੋਂ ਇਕ ਹਫ਼ਤੇ ਬਾਅਦ ਭਾਜਪਾ ਵਲੋਂ ਇਨ੍ਹਾਂ ਦੋਵਾਂ ਆਗੂਆਂ ਨੂੰ ਮੁਅੱਤਲ ਕਰਨ ਦੀ ਕਾਰਵਾਈ ਬੇਹੱਦ ਮਜਬੂਰੀ ਵਿਚ ਕੀਤੀ ਗਈ ਹੈ। ਦਰਅਸਲ ਇਹ ਮੁਅੱਤਲੀਆਂ ਮੱਧ ਪੂਰਬ ਇਸਲਾਮੀ ਦੇਸ਼ਾਂ ਵਲੋਂ ਵਿਖਾਏ ਤਿੱਖੇ ਪ੍ਰਤੀਕਰਮ ਦੇ ਨਤੀਜੇ ਵਜੋਂ ਹੀ ਕੀਤੀਆਂ ਗਈਆਂ ਹਨ। ਭਾਜਪਾ ਅਜੇ ਵੀ ਕੌਮਾਂਤਰੀ ਭਾਈਚਾਰੇ ਸਾਹਮਣੇ ਇਹ ਝੂਠੇ ਦਾਅਵੇ ਕਰ ਰਹੀ ਹੈ ਕਿ ਉਹ ਦੂਜੇ ਧਰਮਾਂ ਦਾ ਸਤਿਕਾਰ ਕਰਦੀ ਹੈ। ਕੀ ਮੋਦੀ ਸਰਕਾਰ ਵਲੋਂ ਧਰਮ ਸੰਸਦਾਂ ਵਿਚ ਵੀਹ ਲੱਖ ਮੁਸਲਮਾਨਾਂ ਨੂੰ ਕਤਲ ਕਰਨ ਦੀ ਬਿਆਨਬਾਜ਼ੀ ਕਰਨ ਵਾਲੇ ਸਾਧੂ-ਸੰਤਾਂ ਵਿਰੁੱਧ ਯੂ. ਏ. ਪੀ. ਏ. ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਉਨ੍ਹਾਂ ਨੂੰ ਧਾਰਮਿਕ ਸੰਗਠਨਾਂ 'ਚੋਂ ਬਾਹਰ ਕੱਢਿਆ ਗਿਆ? ਬਿਲਕੁਲ ਨਹੀਂ। ਭਾਜਪਾ ਦਾ ਅਜਿਹਾ ਦੋਗਲਾਪਣ ਜ਼ਿਆਦਾ ਦੇਰ ਨਹੀਂ ਚਲ ਸਕਦਾ ਅਤੇ ਇਸ ਦਾ ਖ਼ਮਿਆਜ਼ਾ ਵਿਦੇਸ਼ਾਂ ਵਿਚ ਬੈਠੇ ਭਾਰਤੀਆਂ ਨੂੰ ਭੁਗਤਣਾ ਪੈ ਸਕਦਾ ਹੈ। ਇਸ ਲਈ ਮੋਦੀ ਸਰਕਾਰ ਨੂੰ ਧਰਮ-ਨਿਰਪੱਖਤਾ ਅਤੇ ਜਮਹੂਰੀਅਤ ਦੀ ਰਾਖੀ ਦੇ ਵਡੇਰੇ ਹਿਤਾਂ ਲਈ ਇਨ੍ਹਾਂ ਦੋਵਾਂ ਭਾਜਪਾ ਆਗੂਆਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰਨ ਤੋਂ ਇਲਾਵਾ ਆਪਣੀ ਘੱਟ-ਗਿਣਤੀਆਂ ਵਿਰੋਧੀ ਫ਼ਿਰਕੂ, ਹਿੰਸਕ ਅਤੇ ਬੁਲਡੋਜ਼ਰ ਰਾਜਨੀਤੀ ਬੰਦ ਅਤੇ ਰੱਦ ਕਰ ਦੇਣੀ ਚਾਹੀਦੀ ਹੈ। ਲੋਕ-ਪੱਖੀ ਜਮਹੂਰੀ ਤਾਕਤਾਂ ਨੂੰ ਭਾਜਪਾ ਅਤੇ ਮੋਦੀ ਸਰਕਾਰ ਦੇ ਫ਼ਿਰਕੂ ਫਾਸ਼ੀਵਾਦ ਦਾ ਡਟਵਾਂ ਵਿਰੋਧ ਕਰਨ ਦੀ ਲੋੜ ਹੈ।

-ਸੁਮੀਤ ਸਿੰਘ
ਮੋਹਣੀ ਪਾਰਕ, ਅੰਮ੍ਰਿਤਸਰ।

ਪੰਜਾਬ ਦੇ ਕਿਸਾਨਾਂ ਦੀਆਂ ਸਮੱਸਿਆਵਾਂ

ਅੱਜ ਪੰਜਾਬ ਦਾ ਕਿਸਾਨ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਕਰਜ਼ੇ ਦੀ ਸਮੱਸਿਆ ਜੋ ਅੱਜ ਪੰਜਾਬ ਦੇ ਕਿਸਾਨਾਂ ਸਿਰ 3 ਲੱਖ ਕਰੋੜ ਤੱਕ ਪਹੁੰਚ ਗਿਆ ਹੈ, ਇਸੇ ਦੇ ਚਲਦਿਆਂ ਕਈ ਕਿਸਾਨ ਖ਼ੁਦਕੁਸ਼ੀਆਂ ਕਰ ਚੁੱਕੇ ਹਨ ਅਤੇ ਅਜੇ ਵੀ ਇਹ ਸਿਲਸਿਲਾ ਨਿਰੰਤਰ ਜਾਰੀ ਹੈ। ਦੂਜਾ ਕਿਸਾਨਾਂ 'ਤੇ ਮਹਿੰਗਾਈ ਦੀ ਮਾਰ ਪੈ ਰਹੀ ਹੈ। ਪਹਿਲਾਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦਾ ਵਧਣਾ, ਫਿਰ ਡੀ.ਏ.ਪੀ. ਦਾ ਥੈਲਾ 1200 ਤੋਂ ਵਧਾ ਕੇ 1350 ਰੁਪਏ ਕਰਨਾ, ਹੁਣ ਪੋਟਾਸ਼ ਦਾ ਥੈਲਾ 1100 ਰੁਪਏ ਤੋਂ ਵਧਾ ਕੇ 1700 ਰੁਪਏ ਪ੍ਰਤੀ ਥੈਲਾ ਭਾਵ 600 ਰੁਪਏ ਦਾ ਵਾਧਾ। ਪਰ ਕਣਕ ਦਾ ਭਾਅ 2000 ਰੁਪਏ ਪ੍ਰਤੀ ਕੁਇੰਟਲ, 2700 ਰੁਪਏ ਡੀ.ਏ.ਪੀ. ਪ੍ਰਤੀ ਕੁਇੰਟਲ ਅਤੇ 3400 ਰੁਪਏ ਪ੍ਰਤੀ ਕੁਇੰਟਲ ਪੋਟਾਸ਼। ਇਹ ਕੇਂਦਰ ਵਲੋਂ ਕਿਸਾਨਾਂ 'ਤੇ ਬਹੁਤ ਵੱਡੀ ਮਹਿੰਗਾਈ ਦੀ ਮਾਰ ਹੈ। ਕਿਉਂਕਿ ਡੀ.ਏ.ਪੀ. ਦੀ ਜ਼ਿਆਦਾ ਵਰਤੋਂ ਪੰਜਾਬ ਵਿਚ ਹੀ ਹੁੰਦੀ ਹੈ। ਕਿਸਾਨ ਪਹਿਲਾਂ ਹੀ ਪਿਛਲੇ ਸਾਲ ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫ਼ਸਲ ਤਬਾਹ ਹੋਣ ਕਰਕੇ ਤਬਾਹ ਹੋ ਗਏ ਹਨ। ਭਾਵੇਂ ਹੁਣ ਨਰਮੇ ਦੀ ਨੁਕਸਾਨੀ ਫ਼ਸਲ ਦਾ ਮੁਆਵਜ਼ਾ 17000 ਪ੍ਰਤੀ ਏਕੜ ਮਿਲ ਰਿਹਾ ਹੈ ਪਰ ਸਾਰੇ ਕਿਸਾਨਾਂ ਨੂੰ ਨਹੀਂ ਮਿਲਿਆ। ਸੋ, ਕਿਸਾਨਾਂ ਦੀਆਂ ਸਮੱਸਿਆਵਾਂ ਸਰਕਾਰ ਨੂੰ ਜਲਦੀ ਹੱਲ ਕਰਨੀਆਂ ਚਾਹੀਦੀਆਂ ਹਨ।

-ਸੁਖਚੈਨ ਸਿੰਘ ਢਿੱਲੋਂ
ਖਿੱਪਾਂ ਵਾਲੀ (ਫ਼ਾਜ਼ਿਲਕਾ)।

ਅਵਾਰਾ ਪਸ਼ੂ

ਅਵਾਰਾ ਪਸ਼ੂਆਂ ਕਾਰਨ ਹਰ ਰੋਜ਼ ਹੁੰਦੇ ਹਾਦਸੇ ਆਮ ਲੋਕਾਂ ਲਈ ਘਾਤਕ ਸਿੱਧ ਹੋ ਰਹੇ ਹਨ। ਸੜਕ 'ਤੇ ਅਵਾਰਾ ਫਿਰਦੇ ਪਸ਼ੂ ਆਮ ਇਨਸਾਨਾਂ ਦੀ ਜ਼ਿੰਦਗੀ ਖ਼ਤਮ ਕਰ ਰਹੇ ਹਨ। ਅਸੀਂ ਦੁਧਾਰੂ ਪਸ਼ੂਆਂ ਨੂੰ ਘਰ ਰੱਖਦੇ ਹਾਂ ਅਤੇ ਜੋ ਕੰਡਮ ਹੋ ਜਾਂਦੇ ਹਨ, ਉਨ੍ਹਾਂ ਨੂੰ ਅਵਾਰਾ ਛੱਡ ਦਿੰਦੇ ਹਾਂ। ਉਹ ਜਾਨਵਰ (ਪਸ਼ੂ) ਤਾਂ ਬੇਜਾਨ ਹਨ, ਉਨ੍ਹਾਂ ਨੂੰ ਕੀ ਪਤਾ ਅਸੀਂ ਕਿੱਥੇ ਖੜ੍ਹਨਾ ਹੈ, ਕਿੱਥੇ ਨਹੀਂ। ਅਸੀਂ ਉਨ੍ਹਾਂ ਬੇਜ਼ਬਾਨ ਜਾਨਵਰਾਂ ਨੂੰ ਸੜਕ 'ਤੇ ਛੱਡ ਕੇ ਕਤਲਾਂ ਦੇ ਭਾਗੀ ਬਣ ਰਹੇ ਹਾਂ। ਕੀ ਸਾਡਾ ਫ਼ਰਜ਼ ਨਹੀਂ ਬਣਦਾ ਇਨਸਾਨੀਅਤ ਦੇ ਨਾਤੇ ਅਸੀਂ ਜਾਨਵਰਾਂ ਨੂੰ ਗਊਸ਼ਾਲਾ ਵਿਚ ਛੱਡ ਕੇ ਆਈਏ, ਜਿਥੇ ਜਾਨਵਰਾਂ ਦੀ ਦੇਖਭਾਲ ਹੋਵੇਗੀ। ਬਣਾਈਆਂ ਹੋਈਆਂ ਗਊਸ਼ਾਲਾਵਾਂ ਸਭ ਖਾਲੀ ਪਈਆਂ ਹਨ ਤੇ ਜਾਨਵਰ ਸੜਕ 'ਤੇ ਭੁੱਖਣਭਾਣੇ ਫਿਰ ਰਹੇ ਹਨ। ਕੀ ਅਸੀਂ ਦੇਸ਼ ਦੇ ਚੰਗੇ ਨਾਗਰਿਕ ਹੋਣ ਦਾ ਫ਼ਰਜ਼ ਨਿਭਾਅ ਰਹੇ ਹਾਂ? ਜੋ ਪਰਾਲੀ ਨੂੰ ਅਸੀਂ ਅੱਗ ਲਾਉਂਦੇ ਹਾਂ, ਉਸ ਨੂੰ ਕੁਤਰ ਕੇ ਗਊਸ਼ਾਲਾ ਵਿਚ ਪਹੁੰਚਦਾ ਕੀਤਾ ਜਾਵੇ। ਜਾਨਵਰ ਵੀ ਭੁੱਖੇ ਨਹੀਂ ਮਰਨਗੇ ਤੇ ਸਾਡਾ ਵਾਤਾਵਰਨ ਵੀ ਦੂਸ਼ਿਤ ਨਹੀਂ ਹੋਵੇਗਾ। ਨਿੱਤ ਹੁੰਦੇ ਹਾਦਸਿਆਂ ਨੂੰ ਵੀ ਠੱਲ੍ਹ ਪੈ ਸਕਦੀ ਹੈ। ਅਸੀਂ ਕਿੰਨੇ ਘਰਾਂ ਨੂੰ ਉੱਜੜਨ ਤੋਂ ਬਚਾ ਸਕਦੇ ਹਾਂ। ਆਓ, ਸਰਕਾਰ ਦੇ ਨਾਲ-ਨਾਲ ਅਸੀਂ ਵੀ ਆਪਣਾ ਫ਼ਰਜ਼ ਪਛਾਣੀਏ।

-ਦਵਿੰਦਰ ਖ਼ੁਸ਼ ਧਾਲੀਵਾਲ

ਮਿਆਰੀ ਸਿੱਖਿਆ

ਗੁਣਵੱਤਾਪੂਰਨ ਸਿੱਖਿਆ ਅੰਧ-ਵਿਸ਼ਵਾਸਾਂ ਵਿਚੋਂ ਨਿਕਲਣ, ਨੈਤਿਕ ਕਦਰਾਂ-ਕੀਮਤਾਂ ਦਾ ਵਿਸਥਾਰ, ਰੁਜ਼ਗਾਰ ਵਿਚ ਵਾਧਾ ਕਰਨ, ਸਮਾਜਿਕ ਬੁਰਾਈਆਂ ਦਾ ਖ਼ਾਤਮਾ ਕਰਨ ਦੇ ਨਾਲ-ਨਾਲ ਜ਼ਿੰਦਗੀ ਦੇ ਸਫ਼ਰ ਨੂੰ ਸਮਝਣ ਵਿਚ ਮਹਤੱਵਪੂਰਨ ਰੋਲ ਨਿਭਾਉਂਦੀ ਹੈ। ਜਾਅਲੀ ਡਿਗਰੀਆਂ ਦੀ ਵਿਕਰੀ, ਗ਼ੈਰ ਮਾਨਤਾ ਪ੍ਰਾਪਤ ਸਕੂਲਾਂ ਅਤੇ ਕਾਲਜਾਂ ਵਿਚ ਵਾਧਾ, ਸਿੱਖਿਆ ਦੇ ਨਿੱਜੀਕਰਨ ਅਤੇ ਵਪਾਰੀਕਰਨ ਵਿਚ ਵਾਧਾ, ਮਹਿੰਗੀ ਸਿੱਖਿਆ, ਵਜ਼ੀਫ਼ਾ ਘਟਾਲੇ, ਸਿੱਖਿਆ ਦੇ ਖੇਤਰ ਵਿਚ ਘਟ ਰਿਹਾ ਨਿਵੇਸ਼ ਅਤੇ ਅਧਿਆਪਕਾਂ ਦੀ ਠੇਕੇਦਾਰੀ ਭਰਤੀ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੇ ਨਾਲ-ਨਾਲ ਮਿਆਰੀ ਸਿੱਖਿਆ ਨੂੰ ਵੀ ਖੋਰਾ ਲਾ ਰਹੀ ਹੈ।
ਮਿਆਰੀ ਸਿੱਖਿਆ ਦੇ ਰਾਹ ਵਿਚ ਆ ਰਹੀਆਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਦੇਸ਼ ਦਾ ਹਰ ਇਕ ਬੱਚਾ ਸਾਖਰ ਹੋਣ ਦੇ ਨਾਲ-ਨਾਲ ਇਕ ਆਦਰਸ਼ ਨਾਗਰਿਕ ਵੀ ਬਣ ਸਕੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ. ਚੱਕ ਅਤਰ ਸਿੰਘ ਵਾਲਾ,
ਜ਼ਿਲ੍ਹਾ ਬਠਿੰਡਾ।

ਭ੍ਰਿਸ਼ਟ ਲੀਡਰਾਂ ਦਾ ਬਾਈਕਾਟ

ਸਾਡੇ ਦੇਸ਼ ਵਿਚ ਸਿਆਸਤ ਦੇ ਅਪਰਾਧੀਕਰਨ ਕਾਰਨ ਲੋਕ ਰਾਜ ਹਾਸ਼ੀਏ ਉਤੇ ਚਲਾ ਗਿਆ ਜਾਪਦਾ ਹੈ। ਭਾਰਤ ਵਿਚ ਲੋਕ ਪ੍ਰਤੀਨਿਧ ਕਾਨੂੰਨ ਦੀ ਇਕ ਧਾਰਾ ਅਨੁਸਾਰ ਸਜ਼ਾ ਯਾਫ਼ਤਾ ਐਮ.ਪੀ. ਜਾਂ ਐਮ.ਐਲ.ਏ. ਉਦੋਂ ਤੱਕ ਆਪੋ-ਆਪਣੇ ਸਦਨ ਦਾ ਮੈਂਬਰ ਰਹਿ ਸਕਦਾ ਹੈ ਜਦੋਂ ਤੱਕ ਉਸ ਦੀ ਆਪਣੀ ਸਜ਼ਾ ਵਿਰੁੱਧ ਅਪੀਲ ਦਾ ਉੱਚ ਅਦਾਲਤ ਦੁਆਰਾ ਨਿਪਟਾਰਾ ਨਹੀਂ ਕੀਤਾ ਜਾਂਦਾ, ਪਰ ਸਜ਼ਾ ਪ੍ਰਾਪਤ ਆਮ ਨਾਗਰਿਕ ਨੂੰ ਚੋਣ ਮੈਦਾਨ ਵਿਚ ਦਾਖ਼ਲ ਹੋਣ ਦੇ ਅਯੋਗ ਸਮਝਿਆ ਜਾਂਦਾ ਹੈ। ਇਹ ਆਮ ਆਦਮੀ ਨਾਲ ਸਰਾਸਰ ਵਿਤਕਰਾ ਹੈ ਅਤੇ ਸਿਆਸਤ ਵਿਚ ਅਪਰਾਧੀਆਂ ਦੀ ਸਰਗਰਮੀ ਲਈ ਹਰੀ ਝੰਡੀ ਹੈ। ਸਾਨੂੰ ਭ੍ਰਿਸ਼ਟ ਲੀਡਰਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ।

-ਡਾ. ਨਰਿੰਦਰ ਭੱਪਰ
ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

13-06-2022

 ਮਾਰਧਾੜ ਬੰਦ ਹੋਵੇ
ਪੰਜਾਬ ਵਿਚ ਆਏ ਦਿਨ ਕਤਲੋਗਾਰਤ ਹੋ ਰਹੀ ਹੈ। ਇਹ ਕਤਲੋਗਾਰਤ ਵਾਲਾ ਵਰਤਾਰਾ ਪਿਛਲੇ ਲੰਮੇ ਸਮੇਂ ਤੋਂ ਚਲਦਾ ਆ ਰਿਹਾ ਹੈ। ਜੋ ਬੇਹੱਦ ਦੁਖਦਾਇਕ ਤੇ ਨਿੰਦਣਯੋਗ ਹੈ। ਗੈਂਗਸਟਰ ਬਣੇ ਪੰਜਾਬ ਦੇ ਨੌਜਵਾਨ ਆਪਸ ਵਿਚ ਲੜ-ਮਰ ਰਹੇ ਹਨ। ਕਦੇ-ਕਦੇ ਲਗਦਾ ਹੈ ਜਿਵੇਂ ਪੰਜਾਬ ਦੇ ਬਹੁਤ ਨੌਜਵਾਨ ਪੰਜਾਬ ਵਿਰੋਧੀ ਤਾਕਤਾਂ ਦੇ ਹੱਥੇ ਚੜ੍ਹ ਗਏ ਹੋਣ। ਗੁੰਮਰਾਹ ਹੋ ਗਏ ਹੋਣ। ਜੇ ਅਜਿਹਾ ਹੈ ਤਾਂ ਇਹ ਪੰਜਾਬ ਲਈ ਬੇਹੱਦ ਘਾਤਕ ਹੈ। ਹੁਣ ਸਮਾਂ ਹੈ ਕਿ ਪੰਜਾਬ ਸਰਕਾਰ ਗੰਭੀਰ ਹੋਵੇ। ਕੁਰਾਹੇ ਪੈ ਚੁੱਕੇ ਨੌਜਵਾਨਾਂ ਦੀ ਘਰ ਵਾਪਸੀ ਲਈ ਹਰ ਪਹਿਲੂ ਤੋਂ ਡੂੰਘਾਈ ਨਾਲ ਵਿਚਾਰ ਕਰੇ। ਕਿਉਂਕਿ ਮੌਜੂਦਾ ਸਰਕਾਰ ਤੋਂ ਇਨਸਾਫ਼ ਪਸੰਦ ਪੰਜਾਬੀ ਅਜਿਹੀ ਉਮੀਦ ਰੱਖਦੇ ਹਨ। ਬਿਨਾਂ ਦੇਰ ਕੀਤਿਆਂ ਨੌਜਵਾਨਾਂ ਨੂੰ ਸੰਭਾਲਿਆ ਜਾਵੇ ਤਾਂ ਕਿ ਪੰਜਾਬ ਵਿਚ ਨਿੱਤ ਦਿਨ ਦੀ ਮਾਰਧਾੜ ਤੋਂ ਬਚਾਇਆ ਜਾ ਸਕੇ।


-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।


ਘਟ ਰਿਹਾ ਧਰਤੀ ਹੇਠਲਾ ਪਾਣੀ
ਇਸ ਵਿਚ ਕੋਈ ਸ਼ੱਕ ਨਹੀਂ ਕਿ ਘਟ ਰਿਹਾ ਪਾਣੀ ਦਾ ਪੱਧਰ ਸਾਡੇ ਸਾਰਿਆਂ ਲੲ ਗੰਭੀਰ ਚਿੰਤਾ ਦਾ ਵਿਸ਼ਾ ਹੈ। ਕਿਸਾਨ ਵੀਰ ਇਸ ਨੂੰ ਸਮਝਦੇ ਹੋਏ ਵੀ ਮਜਬੂਰੀਵੱਸ ਝੋਨੇ ਦੀ ਖੇਤੀ ਲਈ ਕੁਦਰ ਦੇ ਬਖਸ਼ੇ ਇਸ ਅਮੁਲ ਖਜਾਨੇ ਦੀ ਬੇਤਹਾਸ਼ਾ ਵਰਤੋਂ ਕਰ ਰਹੇ ਹਨ। ਨਿਰਸੰਦੇਹ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਣੀ ਦੀ ਬਚਤ ਲਈ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਕੇ ਇਕ ਸ਼ਲਾਘਾਯੋਗ ਕਦਮ ਚੁੱਕਿਆ ਹੈ। ਪਰ ਫਿਰ ਵੀ ਇਸ ਪਾਸੇ ਸਰਕਾਰਾਂ ਨੂੰ ਹੋਰ ਧਿਆਨ ਦੇਣ ਦੀ ਲੋੜ ਹੈ। ਉਮਰ ਵਿਹਾ ਚੁੱਕੇ ਸਿੰਚਾਈ ਸਾਧਨਾਂ ਦੀ ਸਫ਼ਾਈ, ਮੁਰੰਮਤ ਰਾਹੀਂ ਨਹਿਰੀ ਪਾਣੀ ਦੀ ਵੇਸਟੇਜ ਘੱਟ ਕਰ ਕੇ, ਰੇਨ ਵਾਟਰ ਗਰਵੈਸਟਿੰਗ ਸਿਸਟਮ ਨੂੰ ਪ੍ਰਮੋਟ ਕਰ ਕੇ ਕੁਦਰਤੀ ਪਾਣੀ ਦੀ ਵਰਤੋਂ ਵਧਾਈ ਜਾ ਸਕਦੀ ਹੈ।


-ਸੁਖਮੰਦਰ ਸਿੰਘ ਬਰਾੜ
ਰਿਟਾ. ਲੈਕਚਰਾਰ ਗੋਨਿਆਣਾ ਮੰਡੀ।


ਲੋਕਾਂ ਨਾਲ ਵਿਸ਼ਵਾਸਘਾਤ
ਪੰਜਾਬ ਸਰਕਾਰ ਵਲੋਂ ਅਜੀਤ ਦੇ ਪਹਿਲੇ 'ਤੇ ਖ਼ਬਰ ਪੜ੍ਹੀ ਕਿ 425 ਮਹੱਤਵਪੂਰਨ ਵਿਅਕਤੀਆਂ ਜਿਨ੍ਹਾਂ 'ਚ ਨੇਤਾਵਾਂ, ਸਾਬਕਾ ਵਿਧਾਇਕਾਂ, ਸਾਬਕਾ ਸੰਸਦ ਮੈਂਬਰਾਂ ਨੂੰ ਪੁਲਿਸ ਸੁਰੱਖਿਆ ਵਾਪਸ ਦਿੱਤੀ ਜੋ ਕਿ ਪਹਿਲਾਂ ਹਟਾ ਲਈ ਗਈ ਸੀ। ਇਹ ਆਮ ਲੋਕਾਂ ਨਾਲ ਵਿਸ਼ਵਾਸਘਾਤ ਹੈ। ਪੱਛਮੀ ਦੇਸ਼ਾਂ ਵਿਚ ਮੌਜੂਦਾ ਵਿਧਾਇਕ, ਸੰਸਦ ਮੈਂਬਰ, ਮੰਤਰੀ, ਪੁਲਿਸ ਸੁਰੱਖਿਆ ਤੋਂ ਬਿਨਾਂ ਆਮ ਲੋਕਾਂ ਵਿਚ ਵਿਚਰਦੇ ਹਨ। ਸਾਬਕਾ ਵਿਧਾਇਕਾਂ, ਸਾਬਕਾ ਸੰਸਦ ਮੈਂਬਰਾਂ, ਸਾਬਕਾ ਮੰਤਰੀਆਂ ਨੂੰ ਤਾਂ ਪੁਲਿਸ ਸੁਰੱਖਿਆ ਦੇਣੀ ਕੀ ਹੈ। ਪ੍ਰੰਤੂ ਭਾਰਤ ਵਰਗੇ ਇਸ ਦੇਸ਼ ਵਿਚ ਨਗਰ ਨਿਗਮ ਦੇ ਪ੍ਰਧਾਨ, ਨਗਰ ਕੌਂਸਲ ਦੇ ਪ੍ਰਧਾਨ ਅਤੇ ਹੋਰ ਛੋਟੇ-ਵੱਡੇ ਰਾਜਨੀਤਕ ਅਹੁਦੇਦਾਰ ਹੀ ਪੁਲਿਸ ਸੁਰੱਖਿਆ ਲੈ ਕੇ ਤੁਰੇ ਫਿਰਦੇ ਹਨ। ਆਮ ਲੋਕਾਂ ਦੇ ਧੀ-ਪੁੱਤ ਵੀ ਅਜਿਹੀਆਂ ਘਟਨਾਵਾਂ ਨਾਲ ਮਰਦੇ ਹਨ, ਉਨ੍ਹਾਂ ਨੇ ਕਦੇ ਵੀ ਇਸ ਤਰ੍ਹਾਂ ਰੌਲਾ ਨਹੀਂ ਪਾਇਆ। ਜਿਵੇਂ ਅੱਜ ਦੇ ਮੌਜੂਦਾ ਹਾਲਾਤ ਵਿਚ ਪੈ ਰਿਹਾ ਹੈ।


-ਬਲਵਿੰਦਰ ਸਿੰਘ ਖੁਰਮੀ
ਵਾਰਡ ਨੰ: 20, ਮਲੋਟ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।


ਬਿਜਲੀ ਨਿਗਮ ਦੀ ਵਿਗੜਦੀ ਆਰਥਿਕ ਹਾਲਤ
ਲਗਭਗ 8-10 ਸਾਲ ਪਹਿਲਾਂ ਜਦੋਂ ਬਿਜਲੀ ਬੋਰਡ ਅਜੇ ਕਾਰਪੋਰੇਸ਼ਨ ਨਹੀਂ ਬਣਿਆ ਸੀ ਤਾਂ ਬੋਰਡ ਵਿਚ ਕੰਮ ਕਰਦੇ ਮੁਲਾਜ਼ਮਾਂ ਨੂੰ ਤਨਖ਼ਾਹ ਤੋਂ ਇਲਾਵਾ ਬੋਨਸ ਵੀ ਦਿੱਤਾ ਜਾਂਦਾ ਸੀ ਕਿਉਂਕਿ ਬੋਰਡ ਦੀ ਆਰਥਿਕ ਹਾਲਤ ਕੋਈ ਬਹੁਤੀ ਮਾੜੀ ਨਹੀਂ ਸੀ। ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਵੋਟਾਂ ਖ਼ਾਤਰ ਵੱਖ-ਵੱਖ ਵਰਗਾਂ ਅਤੇ ਖੇਤੀ ਖੇਤਰ ਨੂੰ ਮੁਫ਼ਤ ਬਿਜਲੀ, ਪਾਣੀ ਦੇਣ ਦੇ ਐਲਾਨਾਂ ਨਾਲ ਬਿਜਲੀ ਬੋਰਡ ਦੀ ਆਰਥਿਕ ਹਾਲਤ ਬਹੁਤ ਪਤਲੀ ਹੋ ਗਈ ਹੈ, ਉਥੇ ਹੀ ਬਿਜਲੀ ਦੀ ਦੁਰਵਰਤੋਂ ਵਿਚ ਵੀ ਬੇਤਹਾਸ਼ਾ ਵਾਧਾ ਹੋਇਆ ਹੈ। ਕਈ ਸਰਕਾਰੀ ਵਿਭਾਗਾਂ ਵਲੋਂ ਵੀ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਨਾ ਹੋਣ ਕਾਰਨ ਅਤੇ ਬਿਜਲੀ ਦੀ ਦੁਰਵਰਤੋਂ ਹੋਣ ਨਾਲ ਬੋਰਡ ਲਗਾਤਾਰ ਘਾਟੇ ਵੱਲ ਵਧ ਰਿਹਾ ਹੈ। ਸੂਬੇ ਵਿਚ ਬਿਜਲੀ ਦੇ ਸੰਕਟ ਲਈ ਸਰਕਾਰਾਂ ਦੀਆਂ ਨੀਤੀਆਂ ਤੇ ਅਣਗਹਿਲੀਆਂ ਹੀ ਜ਼ਿੰਮੇਵਾਰ ਹਨ। ਪੰਜਾਬ ਦੀ ਮੌਜੂਦਾ ਸਰਕਾਰ ਵਲੋਂ ਵੀ ਵੋਟਾਂ ਤੋਂ ਪਹਿਲਾਂ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਲਈ ਵਾਅਦੇ ਕੀਤੇ ਹੋਏ ਹਨ, ਜੇਕਰ ਉਹ ਵੀ ਲਾਗੂ ਹੋ ਜਾਂਦੇ ਹਨ ਤਾਂ ਬਿਜਲੀ ਨਿਗਮ ਦੀ ਹਾਲਤ ਬਦ ਤੋਂ ਬਦਤਰ ਹੋ ਸਕਦੀ ਹੈ ਕਿਉਂਕਿ ਬਿਜਲੀ ਕਾਰਪੋਰੇਸ਼ਨ ਨੂੰ ਸਬਸਿਡੀ ਰਾਸ਼ੀ ਦੀ ਸਰਕਾਰ ਵਲੋਂ ਵੀ ਪੂਰੀ ਅਦਾਇਗੀ ਨਾ ਹੋਣ ਕਾਰਨ ਨਿਗਮ ਦਾ ਘਾਟਾ ਹੋਰ ਵੀ ਵਧ ਜਾਵੇਗਾ। ਸੋ, ਸਰਕਾਰ ਨੂੰ ਹੋਰ ਮੁਫ਼ਤ ਬਿਜਲੀ ਦੇਣ ਤੋਂ ਪਹਿਲਾਂ ਜਿਥੇ ਪਿਛਲੀਆਂ ਸਰਕਾਰਾਂ ਵਲੋਂ ਦਿੱਤੀ ਗਈ ਮੁਫ਼ਤ ਬਿਜਲੀ ਪਾਣੀ ਦੀ ਸਹੂਲਤ 'ਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ, ਉਥੇ ਹੀ ਬਿਜਲੀ ਨਿਗਮ ਤੇ ਸੂਬੇ ਦੀ ਆਰਥਿਕ ਹਾਲਤ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਸਾਵਧਾਨ ਰਹੋ
ਰੋਜ਼ਾਨਾ ਦੇਖਣ ਨੂੰ ਮਿਲ ਰਿਹਾ ਹੈ ਕਿ ਅਣਜਾਣ ਲੋਕਾਂ ਭਾਵ ਠੱਗਾਂ ਦੇ ਫੋਨ ਤੁਹਾਡੇ ਮੋਬਾਈਲਾਂ 'ਤੇ ਆਉਂਦੇ ਹਨ। ਉਹ ਨਵੀਂ-ਨਵੀਂ ਵਿਧੀ ਦੱਸ ਭਲੇਮਾਨਸ ਲੋਕਾਂ ਨੂੰ ਲੁੱਟ ਲੈਂਦੇ ਹਨ। ਭਾਵ ਤੁਹਾਡੀ ਲਾਟਰੀ ਨਿਕਲੀ ਹੈ, ਵਗੈਰਾ-ਵਗੈਰਾ। ਜੇਕਰ ਸਾਡੇ ਵਰਗਾ ਮਿਲ ਜਾਵੇ ਤਾਂ ਆਪਣੀ ਦਾਲ ਗਲਦੀ ਨਾ ਦੇਖ ਆਪ ਭੱਜ ਜਾਂਦੇ ਹਨ। ਜੇ ਪੁੱਛੀਏ ਕਿ ਤੁਸੀਂ ਅਜਿਹਾ ਕਿਉਂ ਕਰਦੇ ਹੋ, ਇਹ ਤੁਹਾਡੇ ਲਈ ਰਸਤਾ ਠੀਕ ਨਹੀਂ ਹੈ ਤਾਂ ਅੱਗੋਂ ਟਿੱਚਰਾਂ ਕਰਦੇ ਹਨ ਕਿ ਤੁਹਾਡੇ ਵਰਗੇ ਲੋਕ ਸਾਡੇ ਝਾਂਸੇ ਵਿਚ ਆਪ ਹੀ ਫਸਦੇ ਹਨ ਤੇ ਅਸੀਂ ਫੋਨ ਕਰਦੇ ਹਾਂ। ਜੇਕਰ ਠੱਗੀਆਂ ਮਾਰਨ ਵਾਲਿਆਂ ਤੋਂ ਬਚਣ ਲਈ ਲੋਕ ਚੌਕਸ ਤੇ ਸਾਵਧਾਨ ਰਹਿਣਗੇ ਤਾਂ ਇਹ ਫਰਾਡੀ, ਜਾਅਲਸਾਜ਼ ਆਪਣੇ-ਆਪ ਹੀ ਭੱਜ ਜਾਣਗੇ।


-ਗੁਰਮੀਤ ਸਿੰਘ ਵੇਰਕਾ

10-06-2022

 ਪੰਜਾਬ ਨੂੰ ਨਸ਼ਾ ਮੁਕਤ ਬਣਾਈਏ

ਪੰਜਾਬ ਵਿਚ ਨਸ਼ਿਆਂ ਦਾ ਫੈਲਾਅ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਜਿਹੜੇ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੇ ਨਸ਼ਾ ਤਸਕਰਾਂ ਨੂੰ ਫੜਨਾ ਹੈ, ਉਹੀ ਪੁਲਿਸ ਕਰਮਚਾਰੀਆਂ ਦੀ ਗ੍ਰਿਫ਼ਤਾਰੀ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਖੜ੍ਹੇ ਕਰਦੀ ਹੈ। ਜਦੋਂ ਕਿਸੇ ਸਰਹੱਦੀ ਜ਼ਿਲ੍ਹੇ 'ਚੋਂ ਹੈਰੋਇਨ ਦੀ ਵੱਡੀ ਮਾਤਰਾ ਵਿਚ ਖੇਪ ਬਰਾਮਦ ਹੁੰਦੀ ਹੈ ਤਾਂ ਵੱਡੀਆਂ-ਵੱਡੀਆਂ ਮੁਹਿੰਮਾਂ ਵਿੱਢੀਆਂ ਜਾਂਦੀਆਂ ਹਨ। ਕੁਝ ਸਮਾਂ ਤਾਂ ਬਹੁਤ ਸਖ਼ਤਾਈ ਹੁੰਦੀ ਹੈ ਪਰ ਬਾਅਦ ਵਿਚ ਇਹ ਰਫ਼ਤਾਰ ਮੱਧਮ ਜਿਹੀ ਪੈ ਜਾਂਦੀ ਹੈ। ਅਕਸਰ ਇਹ ਕਹਿ ਕੇ ਪੱਲਾ ਝਾੜ ਦਿੱਤਾ ਜਾਂਦਾ ਹੈ ਕਿ ਚਿੱਟੇ ਵਰਗਾ ਨਸ਼ਾ ਪਾਕਿਸਤਾਨ, ਅਫ਼ਗਾਨਿਸਤਾਨ ਤੋਂ ਆਉਂਦਾ ਹੈ। ਹਰ ਰੋਜ਼ ਚਾਰ ਤੋਂ ਪੰਜ ਨੌਜਵਾਨ ਚਿੱਟੇ, ਹੈਰੋਇਨ ਦੀ ਓਵਰਡੋਜ਼ ਕਾਰਨ ਮਰ ਰਹੇ ਹਨ। ਅਜਿਹੀਆਂ ਖ਼ਬਰਾਂ ਵੀ ਪੜ੍ਹਨ ਨੂੰ ਮਿਲਦੀਆਂ ਹਨ ਕਿ ਚਿੱਟੇ ਦਾ ਆਦੀ ਨੌਜਵਾਨ ਨਸ਼ੇ ਦੀ ਭਰਪਾਈ ਲਈ ਆਪਣੇ ਮਾਂ-ਪਿਓ ਦਾ ਕਤਲ ਤੱਕ ਕਰ ਦਿੰਦਾ ਹੈ। ਪੰਜਾਬ ਅੰਦਰ ਹਲਕੀ ਉਮਰ ਦੇ ਨੌਜਵਾਨ ਚਿੱਟੇ, ਹੈਰੋਇਨ ਦਾ ਸ਼ਿਕਾਰ ਹੋ ਰਹੇ ਹਨ। ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਚਾਹੇ 'ਸਪੈਸ਼ਲ ਟਾਸਕ ਫੋਰਸ' ਦਾ ਵੀ ਗਠਨ ਕੀਤਾ ਹੋਇਆ ਹੈ ਪਰ ਵੱਡੇ-ਵੱਡੇ ਮਗਰਮੱਛ ਅਜੇ ਵੀ ਗ੍ਰਿਫ਼ਤ ਤੋਂ ਬਾਹਰ ਹਨ। ਨਸ਼ਾ ਤਸਕਰੀ ਤੋਂ ਅਮੀਰ ਬਣੇ ਵਿਅਕਤੀਆਂ ਦੀਆਂ ਜਾਇਦਾਦਾਂ ਜ਼ਬਤ ਹੋਣੀਆਂ ਚਾਹੀਦੀਆਂ ਹਨ। ਅੱਜ ਸੂਬਾ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ 'ਨਸ਼ਾ ਮੁਕਤ ਪੰਜਾਬ' ਬਣਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢਣੀ ਚਾਹੀਦੀ ਹੈ। ਹਾਲਾਂਕਿ ਨਸ਼ਾ ਛੁਡਾਊ ਕੇਂਦਰਾਂ ਵਿਚ ਵੀ ਨਸ਼ੇੜੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਪਰ ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰਾਂ ਵਿਚ ਇਲਾਜ ਮਹਿੰਗਾ ਹੋਣ ਕਾਰਨ ਮਾਂ-ਬਾਪ ਇਥੇ ਵੀ ਬੇਵੱਸ ਹੋ ਗਏ ਹਨ। ਸਕੂਲ, ਕਾਲਜਾਂ ਵਿਚ ਪੁਲਿਸ ਪ੍ਰਸ਼ਾਸਨ ਤੇ ਹੋਰ ਸਮਾਜਿਕ ਸੰਸਥਾਵਾਂ ਦੀ ਮਦਦ ਨਾਲ ਨੌਜਵਾਨੀ ਨੂੰ ਬਚਾਉਣ ਲਈ ਵਿਸ਼ੇਸ਼ ਸੈਮੀਨਾਰ ਕਰਵਾਉਣੇ ਚਾਹੀਦੇ ਹਨ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਡੀਪੂ ਹੋਲਡਰਾਂ 'ਤੇ ਵੀ ਸ਼ਿਕੰਜਾ ਜ਼ਰੂਰੀ

ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਜੜ੍ਹੋਂ ਖ਼ਤਮ ਕਰਨ ਲਈ ਜਦੋਂ ਤੋਂ ਇਕ ਨੰਬਰ ਜਾਰੀ ਕੀਤਾ ਗਿਆ ਹੈ, ਤਹਿਸੀਲਾਂ, ਸਾਂਝ ਕੇਂਦਰਾਂ, ਸੇਵਾ ਕੇਂਦਰ, ਥਾਣਿਆਂ ਅਤੇ ਹੋਰ ਸਰਕਾਰੀ ਅਦਾਰਿਆਂ ਦੇ ਮੁਲਾਜ਼ਮਾਂ ਨੂੰ ਸਰਕਾਰ ਦਾ ਖੌਫ਼ ਮਹਿਸੂਸ ਹੋਣ ਲੱਗਾ ਹੈ। ਪਰ ਪੰਜਾਬ ਦੇ ਡੀਪੂ ਹੋਲਡਰ ਅਜੇ ਵੀ ਆਪਣੀਆਂ ਮਨਮਰਜ਼ੀਆਂ ਕਰ ਰਹੇ ਹਨ। ਲੋਕਾਂ ਨੂੰ ਸਰਕਾਰਾਂ ਵਲੋਂ ਦਿੱਤੀ ਜਾ ਰਹੀ ਕਣਕ ਵੰਡਣ ਸਮੇਂ ਹੋ ਰਹੀ ਹੇਰ-ਫੇਰ ਕਰ ਰਹੇ ਹਨ ਅਤੇ ਕਈ ਗ਼ਰੀਬ ਲੋਕਾਂ ਦੇ ਸਮਾਰਟ ਕਾਰਡ ਵੀ ਨਹੀਂ ਮਿਲੇ, ਜੋ ਕਿ ਮਹਿਕਮੇ ਦੇ ਇੰਸਪੈਕਟਰਾਂ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ। ਪਿਛਲੇ ਲਗਭਗ ਕਈ ਸਾਲਾਂ ਤੋਂ ਜਦੋਂ ਤੋਂ ਪੰਜਾਬ ਸਰਕਾਰ ਵਲੋਂ ਗ਼ਰੀਬ ਲੋਕਾਂ ਲਈ ਸਮਾਰਟ ਕਾਰਡ ਜਾਰੀ ਕੀਤੇ ਹਨ, ਡੀਪੂ ਹੋਲਡਰ ਪਿੰਡਾਂ ਦੇ ਸਰਪੰਚ ਅਤੇ ਇੰਸਪੈਕਟਰਾਂ ਨਾਲ ਮਿਲ ਕੇ ਉਨ੍ਹਾਂ ਦਾ ਹੱਕ ਮਾਰ ਰਹੇ ਹਨ। ਲਾਭਪਾਤਰੀ ਸਸਤੀ ਕਣਕ ਮਿਲਣ ਲਈ ਅਜੇ ਤੱਕ ਵੀ ਸਰਕਾਰ 'ਤੇ ਆਸ ਰੱਖੀ ਬੈਠੇ ਹਨ, ਪਰ ਇੰਸਪੈਕਟਰਾਂ ਵਲੋਂ ਅਜੇ ਤੱਕ ਵੀ ਲੋਕਾਂ ਨੂੰ ਸਮਾਰਟ ਕਾਰਡ ਨਹੀਂ ਸੌਂਪੇ ਗਏ। ਨਵੀਂ ਆਈ ਸਰਕਾਰ ਤੋਂ ਹੁਣ ਇਹ ਲੋਕ ਉਮੀਦਾਂ ਲਾਈ ਬੈਠੇ ਹਨ ਕਿ ਸਾਨੂੰ ਹੁਣ ਘਰ-ਘਰ ਰਾਸ਼ਨ ਪਹੁੰਚਾਉਣ ਵਾਲੀ ਸਕੀਮ ਵਿਚ ਸ਼ਾਮਿਲ ਕੀਤਾ ਜਾਵੇ।

-ਬਲਵਿੰਦਰ ਸਿੰਘ ਮਹਿਮੀ
ਪਿੰਡ ਤੇ ਡਾਕ. ਸ਼ੰਕਰ, ਤਹਿ. ਤੇ ਜ਼ਿਲ੍ਹਾ ਲੁਧਿਆਣਾ।

ਵਾਤਾਵਰਨ ਬਚਾਓ, ਭਵਿੱਖ ਬਚਾਓ

ਪੌਣ, ਪਾਣੀ, ਧਰਤੀ, ਮਿੱਟੀ, ਜਲਵਾਯੂ ਅਤੇ ਜੰਗਲ ਵਾਤਾਵਰਨ ਦਾ ਮਹੱਤਵਪੂਰਨ ਹਿੱਸਾ ਹੈ ਜੋ ਮਨੁੱਖ ਦੇ ਨਾਲ-ਨਾਲ ਹੋਰ ਕਈ ਪ੍ਰਕਾਰ ਦੇ ਜੀਵ-ਜੰਤੂਆਂ ਦੇ ਭੋਜਨ ਅਤੇ ਆਵਾਸ ਲਈ ਜ਼ਰੂਰੀ ਹੈ। ਅਜੋਕੇ ਸਮੇਂ ਵਿਚ ਮਨੁੱਖ ਦੇ ਵਧ ਰਹੇ ਲਾਲਚ ਨੇ ਵਿਕਾਸ ਦੇ ਨਾਂਅ 'ਤੇ ਰੁੱਖਾਂ ਦੀ ਕਟਾਈ ਅਤੇ ਕੁਦਰਤੀ ਸੋਮਿਆਂ ਨੂੰ ਪਲੀਤ ਕਰਕੇ ਵਾਤਾਵਰਨ ਅਸੰਤੁਲਨ ਅਤੇ ਬੇਮੌਸਮੀ ਵਰਖਾ ਹੋਣ ਕਰਕੇ ਚੌਗਿਰਦੇ ਵਿਚ ਵਿਗਾੜ ਪੈਦਾ ਹੋ ਗਿਆ ਹੈ। ਆਓ, ਅਸੀਂ ਸਾਰੇ ਮਿਲ ਕੇ ਵਾਤਾਵਰਨ ਦਿਵਸ 'ਤੇ ਰੁੱਖ ਲਗਾਉਣ ਦਾ ਪ੍ਰਣ ਕਰਦੇ ਹੋਏ ਵਾਤਾਵਰਨ ਬਚਾਓ ਅੰਦੋਲਨ ਦਾ ਆਗਾਜ਼ ਕਰੀਏ ਤਾਂ ਜੋ ਵਾਤਾਵਰਨ ਦੀ ਹੋਂਦ ਕਾਇਮ ਰੱਖੀ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ. ਚੱਕ ਅਤਰ ਸਿੰਘ ਵਾਲਾ (ਬਠਿੰਡਾ)।

ਭਗਤ ਪੂਰਨ ਸਿੰਘ ਨੂੰ ਯਾਦ ਕਰਦਿਆਂ

ਪਿਛਲੇ ਦਿਨੀਂ ਸੰਪਾਦਕੀ ਪੰਨੇ 'ਤੇ ਲੇਖਕ ਕਰਨੈਲ ਸਿੰਘ ਐਮ.ਏ. ਦੀ ਰਚਨਾ 'ਸੇਵਾ ਦੇ ਪੁੰਜ ਭਗਤ ਪੂਰਨ ਸਿੰਘ' ਪੜ੍ਹੀ, ਕਾਬਲੇ ਗ਼ੌਰ ਸੀ। ਭਗਤ ਪੂਰਨ ਸਿੰਘ ਪੰਜਾਬ ਦੇ ਉੱਘੇ ਸਮਾਜਸੇਵੀ, ਚਿੰਤਤ, ਵਾਤਾਵਰਨ ਪ੍ਰੇਮੀ ਅਤੇ ਸਰਬ ਭਾਰਤੀ ਪਿੰਗਲਵਾੜਾ ਸੁਸਾਇਟੀ ਅੰਮ੍ਰਿਤਸਰ ਦੇ ਮੋਢੀ ਸਨ। ਉਨ੍ਹਾਂ ਨੇ ਅੰਮ੍ਰਿਤਸਰ ਵਿਚ ਪਿੰਗਲਵਾੜਾ ਸਥਾਪਤ ਕਰਕੇ ਸਾਰੀ ਉਮਰ ਪਿੰਗਲੇ ਅਤੇ ਅਨਾਥਾਂ ਦੀ ਨਿਰਸਵਾਰਥ ਸੇਵਾ ਕੀਤੀ। ਵਾਤਾਵਰਨ, ਪ੍ਰਦੂਸ਼ਣ, ਭੁੱਖਮਰੀ, ਗ਼ਰੀਬੀ, ਅਨਪੜ੍ਹਤਾ ਆਦਿ ਮੁੱਦਿਆਂ ਦੀ ਸ਼ੁਰੂਆਤ ਰੁੱਖ ਲਗਾਓ, ਰੁੱਖ ਬਚਾਓ ਦੀ ਗੱਲ ਭਗਤ ਜੀ ਨੇ ਕੀਤੀ ਪਰ ਮਨੁੱਖੀ ਜੀਵ ਨੇ ਇਸ ਦੀ ਪ੍ਰਵਾਹ ਕੀਤੇ ਬਗ਼ੈਰ ਕੁਦਰਤ ਨਾਲ ਖਿਲਵਾੜ ਕੀਤਾ। ਜਦੋਂ ਮਨੁੱਖ ਬਾਜ ਨਹੀਂ ਆਇਆ, ਕੋਰੋਨਾ ਮੌਤ ਦਾ ਵਰੰਟ ਬਣ ਕੇ ਆਇਆ, ਤਾਲਾਬੰਦੀ ਨਾਲ ਮਸ਼ੀਨਰੀ ਬੰਦ ਹੋਣ ਕਰਕੇ ਅਸਮਾਨ ਸਾਫ਼ ਹੋ ਗਿਆ। ਪੰਛੀਆਂ ਦੀ ਆਮਦ ਦੇਖਣ ਨੂੰ ਮਿਲੀ ਸੀ। ਸਾਨੂੰ ਹਰ ਸਾਲ ਭਗਤ ਜੀ ਦੇ ਜਨਮ ਦਿਨ 'ਤੇ ਜੋ ਵਾਤਾਵਰਨ ਦਿਵਸ 5 ਜੂਨ ਨੂੰ ਪੂਰੇ ਵਿਸ਼ਵ ਵਿਚ ਮਨਾਇਆ ਜਾਂਦਾ ਹੈ, ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਗ਼ਰੀਬਾਂ ਅਤੇ ਅਪਾਹਜਾਂ ਦੀ ਮਦਦ ਕਰਨੀ ਚਾਹੀਦੀ ਹੈ। ਇਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ ਪੁਲਿਸ।

09-06-2022

 ਵਧੀਆ ਲੇਖ
ਪਿਛਲੇ ਦਿਨੀਂ 'ਅਜੀਤ' ਵਿਚ ਪੱਤਰਕਾਰ 'ਆਸ਼ੂਤੋਸ਼' ਦਾ ਲੇਖ 'ਮੋਦੀ ਦੇ ਅੱਠ ਸਾਲ, ਕਿੱਥੋਂ ਤੁਰੇ ਕਿੱਥੇ ਪਹੁੰਚੇ' ਪੜ੍ਹਨ ਨੂੰ ਮਿਲਿਆ, ਬਹੁਤ ਪਸੰਦ ਆਇਆ। ਲੇਖਕ ਨੇ ਮੋਦੀ ਸਰਕਾਰ ਦੇ ਅੱਠ ਸਾਲਾਂ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਕੀਤਾ ਹੈ। ਲੇਖਕ ਲੇਖ ਦੀ ਸ਼ੁਰੂਆਤ ਵਿਚ ਲਿਖਦਾ ਹੈ, 'ਮੈਨੂੰ ਨਹੀਂ ਪਤਾ ਕਿ ਆਉਣ ਵਾਲੀਆਂ ਸਦੀਆਂ ਗਾਂਧੀ ਨੂੰ ਕਿਸ ਤਰ੍ਹਾਂ ਯਾਦ ਕਰਨਗੀਆਂ ਕਿ ਕਿਵੇਂ ਸਾਹ ਲੈਂਦੇ ਹੋਏ ਇਕ ਲੋਕਤੰਤਰ ਦਾ ਹੌਲੀ-ਹੌਲੀ ਗਲਾ ਘੁੱਟ ਦਿੱਤਾ ਗਿਆ ਅਤੇ ਸਹਿਣਸ਼ੀਲ ਅਤੇ ਅਸਹਿਣਸ਼ੀਲ ਸਮਾਜ ਵਿਚ ਬਦਲ ਦਿੱਤਾ ਗਿਆ। ਮੈਨੂੰ ਨਹੀਂ ਪਤਾ ਕਿ ਜਦੋਂ ਸਦੀਆਂ ਇਹ ਮੁਲਾਂਕਣ ਕਰ ਰਹੀਆਂ ਹੋਣਗੀਆਂ ਤਾਂ ਉਸ ਸਮੇਂ ਦੇਸ਼ ਵਿਚ ਲੋਕਤੰਤਰ ਹੋਵੇਗਾ ਜਾਂ ਨਹੀਂ। ਪਰ ਏਨਾ ਜ਼ਰੂਰ ਵਿਸ਼ਵਾਸ ਹੈ ਕਿ ਲੋਕਤੰਤਰ ਦੀ ਯਾਦ ਜ਼ਰੂਰ ਲੋਕਾਂ ਦੀਆਂ ਅੱਖਾਂ ਵਿਚ ਹੰਝੂ ਲਿਆਏਗੀ। ਜੇਕਰ ਅੱਠ ਸਾਲ ਧਰਮ ਦੇ ਨਾਂਅ 'ਤੇ ਹੱਥਾਂ ਵਿਚ ਤਲਵਾਰ ਅਤੇ ਪਿਸਤੌਲ ਲੈ ਕੇ ਨਿਕਲਣ ਵਾਲਿਆਂ ਨੂੰ ਪੜ੍ਹਿਆ-ਲਿਖਿਆ ਸਮਾਜ ਧਰਮ ਰੱਖਿਅਕ ਮੰਨਣ ਲੱਗੇ, ਧਰਮ ਸੰਸਦ ਵਿਚ ਮੁਸਲਮਾਨਾਂ ਦੀ ਨਸਲਕੁਸ਼ੀ ਦੀ ਗੱਲ ਕਰਨ ਵਾਲਿਆਂ ਨੂੰ ਸਾਧੂ, ਸੰਨਿਆਸੀ ਕਿਹਾ ਜਾਵੇ ਅਤੇ ਬਾਪੂ ਦੀ ਮੂਰਤੀ 'ਤੇ ਗੋਲੀ ਚਲਾਉਣ ਵਾਲੇ ਦੇਸ਼ ਭਗਤ ਹੋ ਜਾਣ ਤਾਂ ਜ਼ਰੂਰ ਮੰਨਣਾ ਚਾਹੀਦਾ ਹੈ ਕਿ ਦੇਸ਼ ਬੁਨਿਆਦੀ ਤੌਰ 'ਤੇ ਬਦਲ ਚੁੱਕਾ ਹੈ ਅਤੇ ਇਹ ਸਭ ਪਿਛਲੇ ਅੱਠ ਸਾਲਾਂ ਵਿਚ ਹੋਇਆ ਹੈ।
ਅੱਜ ਲੋੜ ਹੈ ਦੇਸ਼ ਵਿਚ ਫੈਲ ਰਹੀਆਂ ਗ਼ਰੀਬੀ, ਬੇਰੁਜ਼ਗਾਰੀ, ਅਸੁਰੱਖਿਆ ਅਤੇ ਨਫ਼ਰਤ ਵਰਗੀਆਂ ਅਲਾਮਤਾਂ ਨੂੰ ਦੂਰ ਕਰਕੇ ਅਤੇ ਫ਼ਿਰਕਿਆਂ ਵਿਚ, ਆਪਸੀ ਭਾਈਚਾਰਿਆਂ ਵਿਚ ਏਕਤਾ, ਪ੍ਰੇਮ, ਮਿਲਵਰਤਣ ਵਰਗੀਆਂ ਭਾਵਨਾਵਾਂ ਨੂੰ ਉਜਾਗਰ ਨਰੋਇਆ ਸਮਾਜ ਸਿਰਜਣ ਦੀ ਨਾ ਕਿ ਵੱਖ-ਵੱਖ ਫ਼ਿਰਕਿਆਂ ਨੂੰ ਵੰਡ ਕੇ ਧਰੁਵੀਕਰਨ ਕਰਕੇ ਸੱਤਾ ਵਿਚ ਰਹਿਣ ਦੀ ਅਤੇ ਜੀਓ ਅਤੇ ਜਿਊਣ ਦਿਓ ਦੇ ਸਿਧਾਂਤ ਉੱਪਰ ਪਹਿਰਾ ਦੇ ਆਧੁਨਿਕ ਸੱਭਿਅਕ ਸਮਾਜ ਦੀ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਘੱਟ-ਗਿਣਤੀਆਂ ਵੀ ਇਸ ਦੇਸ਼ ਦੇ ਬਸ਼ਿੰਦੇ ਹਨ ਅਤੇ ਉਹ ਭਗਵਾਂਕਰਨ ਬ੍ਰਿਗੇਡ ਦਾ ਖਾਜਾ ਨਹੀਂ ਹਨ।


-ਹਿਜ਼ਕੀਏਲ
ਲਹਿਰਾਗਾਗਾ, ਜ਼ਿਲ੍ਹਾ ਸੰਗਰੂਰ।


ਮਰ ਚੁੱਕੀ ਇਨਸਾਨੀਅਤ
ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦੀ ਬੇਹੱਦ ਮੰਦਭਾਗੀ ਤੇ ਨਿੰਦਾਜਨਕ ਖ਼ਬਰ ਨਾਲ ਸਾਰਾ ਆਲਮ ਹੀ ਡਾਢਾ ਗ਼ਮਗੀਨ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ਤੋਂ ਪਤਾ ਲੱਗਾ ਹੈ ਕਿ ਉਕਤ ਦਰਦਨਾਕ ਹਾਦਸਾ ਵਾਪਰਨ ਤੋਂ ਬਾਅਦ ਘਟਨਾ ਸਥਾਨ 'ਤੇ ਇਕੱਤਰ ਹੋਏ ਲੋਕਾਂ 'ਚੋਂ ਵੱਡੀ ਗਿਣਤੀ 'ਚ ਲੋਕ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਦੀ ਬਜਾਏ ਉਥੇ ਆਪੋ-ਆਪਣੇ ਮੋਬਾਈਲਾਂ ਨਾਲ ਵੀਡੀਓਜ਼ ਬਣਾਉਣ 'ਚ ਮਸਰੂਫ਼ ਹੋਏ ਦੇਖੇ ਗਏ। ਅਜਿਹੇ ਲੋਕਾਂ ਦੀ ਮੂਰਖਤਾ ਤੇ ਗ਼ੈਰ-ਜ਼ਿੰਮੇਵਾਰਾਨਾ ਭਰਿਆ ਇਹ ਵਰਤਾਰਾ ਕੋਈ ਪਹਿਲੀ ਵਾਰ ਦੇਖਣ ਨੂੰ ਨਹੀਂ ਮਿਲਿਆ। ਅਕਸਰ ਹੀ ਦੇਖੀਦਾ ਹੈ ਕਿ ਕਿਸੇ ਸੜਕੀ ਜਾਂ ਕਿਸੇ ਹੋਰ ਦੁਰਘਟਨਾ ਕਾਰਨ ਫੱਟੜ ਹੋਏ ਵਿਅਕਤੀਆਂ ਦੀ ਲੋਕ ਫਟਾਫਟ ਮੋਬਾਈਲਾਂ ਰਾਹੀਂ ਵੀਡੀਓਜ਼ ਬਣਾਉਣ ਲੱਗ ਜਾਂਦੇ ਹਨ ਜਦਕਿ ਕੋਲ ਪਏ ਜ਼ਖ਼ਮੀ ਤੜਫ਼ ਰਹੇ ਹੁੰਦੇ ਹਨ। ਇਸ ਵਰਤਾਰੇ ਨੂੰ ਮਰ ਚੁੱਕੀ ਇਨਸਾਨੀਅਤ ਦੀ ਮੂੰਹ ਬੋਲਦੀ ਤਸਵੀਰ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਪੂਰੀ ਸੂਝਬੂਝ ਤੋਂ ਕੰਮ ਲੈਂਦੇ ਹੋਏ ਸਾਨੂੰ ਸਭ ਤੋਂ ਪਹਿਲਾਂ ਉਕਤ ਜ਼ਖ਼ਮੀ ਨੂੰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾਉਣ ਦਾ ਉਪਰਾਲਾ ਪਹਿਲ ਦੇ ਆਧਾਰ 'ਤੇ ਕਰਨਾ ਚਾਹੀਦਾ ਹੈ। ਤੁਹਾਡੇ ਵਲੋਂ ਕੀਤੀ ਗਈ ਇਹ ਕੋਸ਼ਿਸ਼ ਕਿਸੇ ਜ਼ਖ਼ਮੀ ਬੰਦੇ ਦੀ ਕੀਮਤੀ ਜਾਨ ਬਚਾ ਸਕਦੀ ਹੈ। ਅਸੀਂ ਸੂਬਾ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਉਕਤ ਵਿਸ਼ੇ ਪ੍ਰਤੀ ਲੋਕਾਂ 'ਚ ਵੱਧ ਤੋਂ ਵੱਧ ਜਾਗ੍ਰਿਤੀ ਪੈਦਾ ਕੀਤੀ ਜਾਵੇ ਤੇ ਵਿਸ਼ਵਾਸ ਦਿਵਾਇਆ ਜਾਵੇ ਕਿ ਕਿਸੇ ਵੀ ਦੁਰਘਟਨਾ 'ਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਹਸਪਾਤਲ ਪਹੁੰਚਾਉਣ ਵਾਲਿਆਂ 'ਤੇ ਕੋਈ ਕਾਨੂੰਨੀ ਉਲਝਾਅ ਨਹੀਂ ਪੈਣ ਦਿੱਤਾ ਜਾਵੇਗਾ।


-ਯਸ਼ ਅਭਿਸ਼ੇਕ
ਪਿੰਡ ਤੇ ਡਾਕ. ਪੱਤੋ ਹੀਰੋ ਸਿੰਘ, ਜ਼ਿਲ੍ਹਾ ਮੋਗਾ।


ਸੈਲਫ਼ੀ
ਅੱਜਕਲ੍ਹ ਦੇ ਨੌਜਵਾਨਾਂ ਵਿਚ ਸੈਲਫ਼ੀ ਲੈਣ ਦੀ ਰੁਚੀ ਨੇ ਉਲਝਣਾਂ ਪੈਦਾ ਕੀਤੀਆਂ ਹਨ। ਸੈਲਫ਼ੀ ਲੈਣ ਵਾਲਾ ਆਪਣੀ ਸੁੱਧ-ਬੁੱਧ ਖੋਹ ਬੈਠਦਾ ਹੈ ਜਿਸ ਵਿਚੋਂ ਹਾਦਸਾ ਉਪਜਦਾ ਹੈ। ਪ੍ਰਾਪਤ ਰਿਪੋਰਟਾਂ ਅਨੁਸਾਰ ਦੁਨੀਆ ਵਿਚ ਸੈਲਫੀ ਲੈਂਦੇ ਸਮੇਂ 27 ਮੌਤਾਂ ਹੋਈਆਂ, ਜਿਸ ਵਿਚੋਂ ਭਾਰਤ ਵਿਚ 14 ਮੌਤਾਂ ਦਾ ਅੰਕੜਾ ਹੈ। ਸੈਲਫ਼ੀ ਲੈਣ ਦੇ ਭੂਤ ਨੂੰ ਮਨੋਵਿਗਿਆਨਕ ਤੌਰ 'ਤੇ ਵੀ ਦੇਖਿਆ ਜਾਂਦਾ ਹੈ। ਇਸ ਨਾਲ ਬੱਚਿਆਂ ਦੀ ਪੜ੍ਹਾਈ ਵਿਚ ਰੁਚੀ ਘਟਦੀ ਹੈ। ਅੱਜ ਨੌਜਵਾਨਾਂ ਨੂੰ ਹੁਨਰਮੰਦ ਹੋਣ ਦੀ ਲੋੜ ਹੈ ਨਾ ਕਿ ਫਾਲਤੂ ਦੇ ਸ਼ੌਕ ਪੈਦਾ ਕਰਨ ਦੀ। ਸਾਡੀ ਪ੍ਰਵਿਰਤੀ ਹੈ ਕਿ ਅਸੀਂ ਨਵੀਂ ਲੱਭੀ ਚੀਜ਼ ਦੇ ਦੁਰਪ੍ਰਭਾਵ ਨਹੀਂ ਦੇਖਦੇ, ਜਿਸ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਇਸ ਲਈ ਲੋੜ ਹੈ ਨਵੀਆਂ ਤਕਨੀਕਾਂ ਨੂੰ ਸਮੇਂ ਅਤੇ ਲੋੜ ਅਨੁਸਾਰ ਵਰਤਣ ਦੀ ਤਾਂ ਜੋ ਪਰਿਵਾਰ ਅਤੇ ਸਮਾਜ ਵਿਚ ਉਲਝਣਾਂ ਤੋਂ ਬਚ ਕੇ ਬੱਚੇ ਦਾ ਵਿਕਾਸ ਹੋ ਸਕੇ।


-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।


ਅੱਜ ਦੀ ਸਚਾਈ
ਸੋਸ਼ਲ ਮੀਡੀਆ ਦੇ ਦੌਰ ਵਿਚ ਨਕਾਰਾਤਮਿਕਤਾ ਵਧਣ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਜਦੋਂ ਕੋਈ ਵੀ ਆਪਣੇ ਪਸੰਦੀਦਾ ਗਾਣਾ ਜਾਂ ਕੋਈ ਲਿਖਤ (ਜਿਸ ਵਿਚ ਕਿਸੇ ਦੂਜੇ ਇਨਸਾਨ ਲਈ ਜਵਾਬਦੇਹੀ ਹੋਵੇ) ਕਿਤੇ ਪੋਸਟ ਕਰਦਾ ਹੈ ਤਾਂ ਕਈ ਮੇਰੇ ਵਰਗੇ ਪਹਿਲਾਂ ਹੀ ਨਫ਼ਰਤ ਦੀਆਂ ਐਨਕਾਂ ਲਾ ਕੇ ਬੈਠੇ ਹੁੰਦੇ ਹਨ ਤੇ ਉਹ ਗੱਲਾਂ ਉਨ੍ਹਾਂ ਨੂੰ ਆਪਣੇ ਲਈ ਤਾਅਨੇ ਲੱਗਣ ਲੱਗ ਜਾਂਦੇ, ਭਾਵੇਂ ਪੋਸਟ ਪਾਉਣ ਵਾਲੇ ਨੇ ਬਿਨਾਂ ਕਿਸੇ ਮਤਲਬ ਤੋਂ ਜਾਂ ਜਜ਼ਬਾਤੀ ਹੋ ਕੇ ਪਾਈ ਹੋਵੇ। ਇਸ ਦੇ ਫਲਸਰੂਪ ਕਈ ਬੇਵਜ੍ਹਾ ਦਿਲ 'ਤੇ ਲਾਉਣ ਵਾਲੇ ਆਪਣੇ ਵਲੋਂ ਵੀ ਇਕ ਨਫ਼ਰਤ ਦਾ ਗੋਲਾ ਸਟੇਟਸ ਜਾਂ ਹੋਰ ਪੋਸਟ ਦੇ ਰੂਪ ਵਿਚ ਛੱਡਦੇ ਹਨ, ਜੋ ਉਸੇ ਹੀ ਤਰ੍ਹਾਂ ਕਈ ਹੋਰ ਜਗ੍ਹਾ ਜਾ ਫਟਦਾ ਹੈ। ਸਾਨੂੰ ਕਿਸੇ ਵੀ ਤਰ੍ਹਾਂ ਦੀ ਭੜਕਾਊ ਪੋਸਟ ਸੋਸ਼ਲ ਮੀਡੀਆ 'ਤੇ ਨਹੀਂ ਪਾਉਣੀ ਚਾਹੀਦੀ ਅਤੇ ਨਾ ਹੀ ਭਾਵੁਕ ਹੋ ਕੇ ਕਿਸੇ ਦੂਜੇ ਦੀ ਪੋਸਟ ਸ਼ਿਅਰ ਕਰਨੀ ਚਾਹੀਦੀ ਹੈ।


-ਦਵਿੰਦਰ ਸਿੰਘ ਸੇਖੋਂ
ਪਿੰਡ ਸੇਖਵਾਂ, ਤਹਿ. ਜ਼ੀਰਾ (ਫ਼ਿਰੋਜ਼ਪੁਰ)।

08-06-2022

 ਸਰਕਾਰ ਨੂੰ ਅਪੀਲ

ਪੰਜਾਬ ਦੀਆਂ ਰੰਗਮੰਚ, ਸੱਭਿਆਚਾਰਕ, ਤਰਕਸ਼ੀਲ, ਸਾਹਿਤਕ, ਕਿਸਾਨਾਂ-ਮਜ਼ਦੂਰਾਂ ਅਤੇ ਜਮਹੂਰੀ ਅਧਿਕਾਰਾਂ ਨਾਲ ਸੰਬੰਧਿਤ ਜਨਤਕ ਜਥੇਬੰਦੀਆਂ ਵਲੋਂ ਪ੍ਰਸਿੱਧ ਇਨਕਲਾਬੀ ਨਾਟਕਕਾਰ ਅਤੇ ਸਮਾਜਿਕ ਚਿੰਤਕ ਗੁਰਸ਼ਰਨ ਭਾਅ ਜੀ (ਭਾਈ ਮੰਨਾ ਸਿੰਘ) ਵਲੋਂ ਪੰਜਾਬ ਦੇ ਲੋਕ-ਪੱਖੀ ਰੰਗਮੰਚ, ਸੱਭਿਆਚਾਰ, ਸਾਹਿਤ ਅਤੇ ਲੋਕਪੱਖੀ ਸਮਾਜਕ ਤਬਦੀਲੀ ਦੇ ਖੇਤਰ ਵਿਚ ਲਗਾਤਾਰ ਪੰਜ ਦਹਾਕੇ ਪਾਏ ਅਮੁੱਲੇ ਯੋਗਦਾਨ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਜੱਦੀ ਘਰ ਨੂੰ ਯਾਦਗਾਰੀ ਅਜਾਇਬ ਘਰ ਵਜੋਂ ਸੰਭਾਲਣ ਅਤੇ ਇਸ ਨੂੰ ਸੱਭਿਆਚਾਰਕ ਵਿਰਾਸਤ ਦਾ ਦਰਜਾ ਦੇਣ ਦੀ ਮੰਗ ਬਿਲਕੁੱਲ ਤਰਕਸੰਗਤ ਹੈ। ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਬਾਨੀ ਗੁਰਸ਼ਰਨ ਭਾਅ ਜੀ ਦਾ ਜੱਦੀ ਘਰ ਸਾਡੀ ਅਮੀਰ ਵਿਰਾਸਤ ਅਤੇ ਇਨਕਲਾਬੀ ਲੋਕ-ਪੱਖੀ ਰੰਗ ਮੰਚ ਦੀ ਇਤਿਹਾਸਕ ਕੌਮੀ ਯਾਦਗਾਰ ਹੈ ਜਿਸ ਦੀ ਸਾਂਭ ਸੰਭਾਲ ਕਰਨਾ ਪੰਜਾਬ ਸਰਕਾਰ ਅਤੇ ਪੰਜਾਬ ਦੇ ਲੋਕਾਂ ਦਾ ਨੈਤਿਕ ਫਰਜ਼ ਹੈ। ਇਸ ਨੂੰ ਕਿਸੇ ਵੀ ਤਰਾਂ ਨਿੱਜੀ ਜਾਇਦਾਦ ਦੇ ਤੌਰ 'ਤੇ ਵੇਚਣ ਵੱਟਣ ਜਾਂ ਇਸਦੇ ਮੂਲ ਸਰੂਪ ਨਾਲ ਛੇੜ ਛਾੜ ਕਰਨ ਦੀ ਹਰਗਿਜ਼ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਗੁਰਸ਼ਰਨ ਭਾਅ ਜੀ ਨੇ ਇਸ ਘਰ ਵਿਚ ਰਹਿੰਦੇ ਹੋਏ ਕਈ ਦਹਾਕੇ ਵੱਖ ਵੱਖ ਆਰਥਿਕ, ਸਮਾਜਿਕ, ਸੱਭਿਆਚਾਰਕ, ਰਾਜਸੀ ਅਤੇ ਧਾਰਮਿਕ ਮੁੱਦਿਆਂ ਅਤੇ ਬੁਰਾਈਆਂ-ਬੇਇਨਸਾਫੀਆਂ, ਅੰਧਵਿਸ਼ਵਾਸਾਂ, ਹਕੂਮਤੀ ਤਸ਼ੱਦਦ ਅਤੇ ਕਾਰਪੋਰੇਟ ਲੁੱਟ ਦੇ ਖਿਲਾਫ਼ ਸੈਂਕੜੇ ਲੋਕਪੱਖੀ ਨਾਟਕ ਲਿਖੇ ਅਤੇ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਇਨ੍ਹਾਂ ਦੀਆਂ ਹਜ਼ਾਰਾਂ ਪੇਸ਼ਕਾਰੀਆਂ ਕਰਕੇ ਲੋਕਾਂ ਨੂੰ ਆਪਣੇ ਜਮਹੂਰੀ ਹੱਕਾਂ ਲਈ ਲੜਨ ਪ੍ਰਤੀ ਜਾਗਰੂਕ ਕੀਤਾ। ਇਸ ਲਈ ਕਲਾ ਦੀ ਸੱਭਿਆਚਾਰਕ ਵਿਰਾਸਤ ਨੂੰ ਵੱਡੀ ਅਹਿਮੀਅਤ ਦੇਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਨਿਮਰ ਅਪੀਲ ਹੈ ਕਿ ਜ਼ਿੰਦਗੀ ਦੇ ਪੰਜ ਦਹਾਕੇ ਪੰਜਾਬੀ ਰੰਗਮੰਚ ਅਤੇ ਸੱਭਿਆਚਾਰ ਦੇ ਖੇਤਰ ਵਿਚ ਸਿਹਤਮੰਦ ਪਿਰਤਾਂ ਪਾਉਣ ਵਾਲੇ ਪੰਜਾਬੀ ਰੰਗਮੰਚ ਦੇ ਬਾਬਾ ਬੋਹੜ ਗੁਰਸ਼ਰਨ ਭਾਅ ਜੀ ਦੇ ਜੱਦੀ ਘਰ ਨੂੰ ਵਿਰਾਸਤੀ ਦਰਜਾ ਦੇਣ ਲਈ ਬਿਨਾਂ ਕਿਸੇ ਹੋਰ ਦੇਰੀ ਦੇ ਠੋਸ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

-ਪਾਠਕ ਸੁਮੀਤ ਸਿੰਘ
ਅੰਮ੍ਰਿਤਸਰ।

ਲੋਕ ਮਸਲੇ ਉਠਾਉਣੇ ਜ਼ਰੂਰੀ

ਸ਼ੁੱਕਰਵਾਰ ਨੂੰ 'ਲੋਕ ਮੰਚ' ਸ਼ੁਰੂ ਕਰਕੇ ਬਹੁਤ ਹੀ ਵਧੀਆ ਉੱਦਮ ਕੀਤਾ ਹੈ, ਇਹ ਸਮੇਂ ਦੀ ਮੰਗ ਸੀ। ਕਿਸ ਤਰ੍ਹਾਂ ਇਨਸਾਨ ਆਪਣੀ ਕੁਰਸੀ ਖਾਤਰ ਧਰਮ ਦੇ ਨਾਂਅ 'ਤੇ ਭੋਲੇ-ਭਾਲੇ ਲੋਕਾਂ ਨੂੰ ਭੜਕਾਉਂਦੇ ਆਏ ਹਨ ਤੇ ਹੁਣ ਕੀ ਕਰ ਰਹੇ ਹਨ? ਧਰਮ ਦਾ ਨਾਂਅ ਸੁਣ ਕੇ ਆਮ ਆਦਮੀ ਵੀ ਜੋਸ਼ ਵਿਚ ਆ ਜਾਂਦਾ ਹੈ। ਸਿਆਸੀ ਨੇਤਾ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾ ਕੇ ਧਰਮ ਦੇ ਨਾਂਅ 'ਤੇ ਧਿਆਨ ਭਟਕਾਉਂਦੇ ਹਨ ਜੋ ਗ਼ਲਤ ਹੈ। ਲੋਕ ਮੰਚ ਵਿਚ ਨਾਜਾਇਜ਼ ਕਬਜ਼ੇ ਬਾਰੇ ਨੀਤੀ, ਪ੍ਰਦੂਸ਼ਣ ਦਾ ਮਸਲਾ, ਮੋਬਾਈਲ ਦੀ ਵਰਤੋਂ ਤੇ ਧਰਤੀ ਹੇਠਲਾ ਘਟ ਰਿਹਾ ਪਾਣੀ ਬਾਰੇ ਲੇਖ ਵੀ ਬਹੁਤ ਹੀ ਸ਼ਲਾਘਾਯੋਗ ਹਨ। ਕਿਰਪਾ ਕਰਕੇ ਅਜਿਹੇ ਮਸਲੇ ਉਠਾਉਂਦੇ ਹੀ ਰਹਿਣਾ ਪਵੇਗਾ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ।

-ਸੋਢੀ ਸਿੰਘ ਵਿਰਦੀ
ਸ਼ਾਹਕੋਟ ਰੋਡ ਸ਼ਲੈਚਾਂ (ਜਲੰਧਰ)।

ਅਧਿਆਪਕਾਂ ਦੀ ਬਦਲੀ

ਭਾਵੇਂ ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਦੀਆਂ ਬਦਲੀਆਂ ਸੰਬੰਧੀ ਪੋਰਟਲ ਖੋਲ੍ਹ ਦਿੱਤਾ ਗਿਆ ਹੈ ਪਰ ਜਿਹੜੇ ਘਰਾਂ ਤੋਂ 250 ਕਿੱਲੋਮੀਟਰ ਦੂਰ ਸਰਹੱਦੀ ਖੇਤਰਾਂ ਵਿਚ ਪੜ੍ਹਾ ਰਹੇ ਅਧਿਆਪਕਾਂ ਨੂੰ ਬਦਲੀ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ, ਉਨ੍ਹਾਂ ਦੀ ਬਦਲੀ ਲਈ ਕੋਈ ਵੀ ਸਕੂਲ ਮੁਖੀ ਅਰਜ਼ੀ ਮਨਜ਼ੂਰ ਨਹੀਂ ਕਰ ਰਿਹਾ ਜਦੋਂਕਿ ਇਨ੍ਹਾਂ ਤੋਂ ਦੋ ਕੁ ਮਹੀਨੇ ਪਹਿਲਾਂ ਨਿਯੁਕਤ ਹੋਏ ਅਧਿਆਪਕਾਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ ਸਨ। ਲੰਮੇ ਸਫ਼ਰ ਕਾਰਨ ਸਰੀਰਕ ਥਕਾਵਟ ਤੇ ਮਾਨਸਿਕ ਪ੍ਰੇਸ਼ਾਨੀ ਤੋਂ ਇਲਾਵਾ ਅਧਿਆਪਕਾਂ ਨਾਲ ਦੁਰਘਟਨਾਵਾਂ ਦੀਆਂ ਖ਼ਬਰਾਂ ਵੀ ਆਮ ਹੀ ਸੁਣਨ ਨੂੰ ਮਿਲ ਰਹੀਆਂ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਨਵ-ਨਿਯੁਕਤ 2392 ਅਧਿਆਪਕਾਂ ਨੂੰ ਪਹਿਲ ਦੇ ਆਧਾਰ 'ਤੇ ਉਨ੍ਹਾਂ ਦੇ ਪਿਤਰੀ ਜ਼ਿਲ੍ਹਿਆਂ ਦੇ ਸਕੂਲਾਂ ਵਿਚ ਖਾਲੀ ਪਈਆਂ ਅਸਾਮੀਆਂ 'ਤੇ ਤਾਇਨਾਤ ਕਰੇ। ਵਿੱਦਿਅਕ ਖੇਤਰ 'ਚ ਗੁਣਾਤਮਕ ਤਬਦੀਲੀ ਲਿਆਉਣ ਲਈ ਅਧਿਆਪਕਾਂ ਨੂੰ ਸਹਿਜ ਕਰਨਾ ਅਹਿਮ ਕਾਰਜ ਹੈ।

-ਪ੍ਰੋ: ਮਨਜੀਤ ਤਿਆਗੀ 'ਸਟੇਟ ਐਵਾਰਡੀ'
ਸੰਸਥਾਪਕ ਤੇ ਮੁੱਖ ਬੁਲਾਰਾ ਮਿਸ਼ਨ 'ਜ਼ਿੰਦਗੀ ਖ਼ੂਬਸੂਰਤ ਹੈ', ਮਲੇਰਕੋਟਲਾ।

ਦਾਜ ਦੀ ਸਮੱਸਿਆ

ਦਾਜ ਦੀ ਸਮੱਸਿਆ ਵੀ ਬਾਕੀ ਸਮੱਸਿਆਵਾਂ ਵਾਂਗ ਇਕ ਗੰਭੀਰ ਸਮੱਸਿਆ ਹੈ। ਪਿਛਲੇ ਦਿਨੀਂ ਹਰਿਆਣਾ ਵਿਚ ਲਾੜੇ ਦੇ ਪਰਿਵਾਰ ਨੇ ਦਾਜ ਨਾ ਦੇਣ ਕਰਕੇ ਵਿਆਹ ਕਰਨ ਤੋਂ ਮਨ੍ਹਾਂ ਕਰ ਦਿੱਤਾ। ਇਸ ਘਟਨਾ ਨੇ ਲੜਕੀ ਵਾਲਿਆਂ ਦੇ ਪਰਿਵਾਰ ਦੇ ਨਾਲ-ਨਾਲ ਹਰ ਇਕ ਵਿਅਕਤੀ ਨੂੰ ਪਸੀਜ ਕੇ ਰੱਖ ਦਿੱਤਾ। ਇਹ ਦਾਜ ਨਾਲ ਹੋਣ ਵਾਲੀ ਕੋਈ ਪਹਿਲੀ ਘਟਨਾ ਜਾਂ ਇਕੱਲੀ ਘਟਨਾ ਨਹੀਂ, ਰੋਜ਼ ਦਾਜ ਦੇ ਕਾਰਨ ਕਿੰਨੇ ਰਿਸ਼ਤੇ ਟੁੱਟਦੇ ਹਨ। ਦਾਜ ਦੀ ਸਮੱਸਿਆ ਕਰਕੇ ਕਿੰਨੀਆਂ ਕੁੜੀਆਂ ਨੂੰ ਆਪਣੀ ਜਾਨ ਦੇਣੀ ਪੈਂਦੀ ਹੈ ਜੋ ਕਿ ਬਹੁਤ ਸ਼ਰਮਨਾਕ ਗੱਲ ਹੈ। ਪ੍ਰਸ਼ਾਸਨ ਅਤੇ ਕਾਨੂੰਨ ਦੀ ਸਖ਼ਤੀ ਦੇ ਬਾਵਜੂਦ ਦਾਜ ਦੀ ਸਮੱਸਿਆ ਨੂੰ ਕੋਈ ਫ਼ਰਕ ਨਹੀਂ ਪੈ ਰਿਹਾ ਹੈ। ਇਸ ਲਈ ਸਾਨੂੰ ਸਭ ਨੂੰ ਇਕਜੁੱਟ ਹੋ ਕੇ ਇਸ ਸਮੱਸਿਆ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਕੋਈ ਹੋਰ ਲੜਕੀ ਦਾਜ ਦੀ ਬਲੀ ਨਾ ਚੜ੍ਹ ਸਕੇ।

-ਸਾਕਸ਼ੀ ਸ਼ਰਮਾ, ਜਲੰਧਰ।

ਵਧਦੀ ਮਹਿੰਗਾਈ

ਵਧ ਰਹੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਖਾਣ-ਪੀਣ ਵਾਲੀਆਂ ਚੀਜ਼ਾਂ ਅਤੇ ਆਮ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ ਵਾਧੇ ਦਾ ਸਭ ਤੋਂ ਬੁਰਾ ਅਸਰ ਘੱਟ ਆਮਦਨ ਜਾਂ ਬੱੱਝਵੀਂ ਆਮਦਨ ਵਾਲੇ ਲੋਕਾਂ 'ਤੇ ਪਿਆ ਹੈ। ਜਿਥੇ ਨਿੱਤ ਵਰਤੋਂ ਦੀਆਂ ਚੀਜ਼ਾਂ ਵਿਚ ਦਿਨੋ-ਦਿਨ ਵਾਧਾ ਹੋ ਰਿਹਾ ਹੈ, ਉਥੇ ਆਮ ਆਦਮੀ ਦੀ ਆਮਦਨ ਵਿਚ ਬਹੁਤ ਥੋੜ੍ਹਾ ਵਾਧਾ ਹੋਇਆ ਹੈ। ਸਰਕਾਰ ਡੀਜ਼ਲ, ਪੈਟਰੋਲ, ਘਰੇਲੂ ਗੈਸ ਦੀਆਂ ਕੀਮਤਾਂ ਵਿਚ ਆਏ ਦਿਨ ਵਾਧਾ ਕਰਦੀ ਜਾ ਰਹੀ ਹੈ। ਅੱਜ ਲੋੜ ਹੈ ਮਹਿੰਗਾਈ ਦੇ ਵਾਧੇ ਦਾ ਮੁੱਖ ਕਾਰਨ ਆਮ ਵਰਤੋਂ ਤੇ ਖਾਧ ਪਦਾਰਥਾਂ ਦੀ ਮੰਡੀ ਦਾ ਚਾਲਬਾਜ਼ਾਂ, ਸੱਟੇਬਾਜ਼ਾਂ, ਮੁਨਾਫ਼ਾਖੋਰਾਂ, ਜ਼ਖੀਰੇਬਾਜ਼ਾਂ ਦੇ ਹੱਥ ਵਿਚ ਹੋਣਾ ਹੈ। ਸਰਕਾਰ ਨੂੰ ਇਨ੍ਹਾਂ 'ਤੇ ਕੰਟਰੋਲ ਕਰਨਾ ਚਾਹੀਦਾ ਹੈ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

07-06-2022

 ਸਾਨੂੰ ਸੋਚ ਬਦਲਣ ਦੀ ਲੋੜ

ਸਾਡੇ ਰੰਗਲੇ ਪੰਜਾਬ ਦੇ ਹਾਲਾਤ ਨੂੰ ਅੱਜ ਦੀ ਘੜੀ 'ਚ ਬਿਆਨ ਕਰਨਾ ਬਹੁਤ ਹੀ ਮੁਸ਼ਕਿਲ ਹੈ, ਸਮਝ ਨਹੀਂ ਆ ਰਿਹਾ ਕਿ ਗੱਲ ਕਿਥੋਂ ਸ਼ੁਰੂ ਕੀਤੀ ਜਾਵੇ ਤੇ ਕਿਥੇ ਖ਼ਤਮ। ਬੰਦੇ ਦੀ ਜ਼ਿੰਦਗੀ ਦੀ ਕੀਮਤ ਕੌਡੀਆਂ ਦੇ ਭਾਅ ਹੋ ਗਈ ਹੈ, ਕਦੋਂ ਕੀ ਹੋ ਜਾਵੇ ਕੋਈ ਪਤਾ ਨਹੀਂ, ਮੌਤ ਬੰਦੂਕ ਦੀ ਗੋਲੀ ਨਾਲ ਹੋਵੇ ਭਾਵੇਂ ਨਸ਼ੇ ਦੀ ਟੀਕੇ ਨਾਲ, ਕੋਈ ਫ਼ਰਕ ਨਹੀਂ ਪੈਂਦਾ। ਜੇਕਰ ਫ਼ਰਕ ਪੈਂਦਾ ਹੈ ਤਾਂ ਉਨ੍ਹਾਂ ਮਾਵਾਂ ਨੂੰ ਜਿਨ੍ਹਾਂ ਦੇ ਇਕਲੌਤੇ ਵਾਰਿਸ ਵੀ ਭੰਗ ਦੇ ਭਾੜੇ ਉਨ੍ਹਾਂ ਤੋਂ ਸਦਾ ਲਈ ਦੂਰ ਹੋ ਜਾਂਦੇ ਹਨ, ਜੋ ਫ਼ਰਕ ਪੈਂਦਾ ਤਾਂ ਉਨ੍ਹਾਂ ਬਦਕਿਸਮਤ ਸੁਹਾਗਣਾਂ ਨੂੰ ਤੇ ਬਿਨਾਂ ਮਾਪਿਆਂ ਤੋਂ ਜੀਣ ਵਾਲੀ ਔਲਾਦ ਨੂੰ। ਅਖੀਰ ਅਸੀਂ ਇਹ ਸਭ ਦਾ ਦੋਸ਼ੀ ਕਿਸ ਨੂੰ ਠਹਿਰਾਉਂਦੇ ਹਾਂ ਸਰਕਾਰਾਂ ਨੂੰ ਪਰ ਸਰਕਾਰਾਂ ਦੇ ਨਾਲ-ਨਾਲ ਅਸੀਂ ਵੀ ਕੋਈ ਘੱਟ ਦੋਸ਼ੀ ਨਹੀਂ ਹਾਂ, ਇਨ੍ਹਾਂ ਹਾਲਾਤਾਂ ਨੂੰ ਪੈਦਾ ਕਰਨ ਲਈ। ਸਾਡੇ ਸਭ ਦੇ ਦਿਮਾਗ਼ 'ਚ ਇਕ ਗੱਲ ਘਰ ਕਰ ਚੁੱਕੀ ਹੈ ਕਿ ਪੈਸਾ ਹੀ ਸਭ ਕੁਝ ਹੈ, ਅਸੀਂ ਵੀ ਪੈਸੇ ਲਈ ਕੰਮ ਕਰਦੇ ਹਾਂ ਤੇ ਅਗਾਊਂ ਤੋਂ ਸਾਡੀ ਔਲਾਦ ਵੀ ਪੈਸੇ ਕਮਾਵੇ, ਸਾਡੇ ਤੋਂ ਜ਼ਿਆਦਾ ਵੀ ਅਤੇ ਜਲਦੀ ਵੀ, ਘੱਟ ਸਮੇਂ 'ਚ ਵੱਧ ਪੈਸੇ। ਅਸੀਂ ਆਪਣੇ ਬੱਚਿਆਂ ਨੂੰ ਸਿਰਫ਼ ਆਰਥਿਕ ਸਿੱਖਿਆ ਹੀ ਦਿੰਦੇ ਹਾਂ ਨੈਤਿਕ ਸਿੱਖਿਆ ਨਹੀਂ। ਅਸੀਂ ਬੱਚਿਆਂ ਨੂੰ ਸਕੂਲ ਪੜ੍ਹਨ ਇਸ ਲਈ ਭੇਜਦੇ ਹਾਂ ਤਾਂ ਕਿ ਉਹ ਪੈਸੇ ਕਮਾਉਣ ਵਾਲੀ ਚੰਗੀ ਮਸ਼ੀਨ ਬਣ ਸਕਣ, ਉਹ ਐਸੀ ਪੜ੍ਹਾਈ ਕਰਨ ਕਿ ਜਲਦੀ ਅਮੀਰ ਹੋ ਜਾਣ। ਅਸੀਂ ਸਕੂਲਾਂ 'ਚ ਬੱਚਿਆਂ ਦੇ ਫ਼ਰਜ਼ੀ ਦਾਖਲੇ ਕਰਵਾ ਕੇ ਵੱਖਰੇ ਤੌਰ 'ਤੇ ਟਿਊਸ਼ਨਾਂ ਕਰਵਾਉਂਦੇ ਹਾਂ, ਜਿਸ ਦਾ ਅਸਰ ਇਹ ਹੁੰਦਾ ਹੈ ਕਿ ਬੱਚਾ ਸਕੂਲੀ ਸਿੱਖਿਆ ਤੋਂ ਵਾਂਝਾ ਰਹਿ ਜਾਂਦਾ ਹੈ ਜੋ ਨੈਤਿਕਤਾ ਦੀ ਸਿੱਖਿਆ ਉਸ ਨੂੰ ਸਕੂਲ ਦੇ ਮਾਹੌਲ ਤੋਂ ਮਿਲਣੀ ਸੀ, ਉਹ ਉਸ ਨੂੰ ਨਹੀਂ ਮਿਲਦੀ। ਜੇ ਮਿਲਦੀ ਹੈ ਤਾਂ ਇਹ ਕੀ ਅਸੀਂ ਕਿਸੇ ਨੂੰ ਪਿਛੇ ਛੱਡ ਕੇ ਅੱਗੇ ਕਿਵੇਂ ਲੱਗਣਾ ਹੈ ਤੇ ਅੱਗੇ ਜਾ ਰਹੇ ਨੂੰ ਪਿੱਛੇ ਕਿਵੇਂ ਕਰਨਾ ਹੈ। ਆਰਥਿਕ ਸਿੱਖਿਆ ਸਾਨੂੰ ਇਹ ਕਦੇ ਨਹੀਂ ਸਿਖਾਉਂਦੀ ਕਿ ਸਭ ਨੂੰ ਨਾਲ ਲੈ ਕੇ ਚਲੋ, ਪਿਛੇ ਰਹਿ ਚੁੱਕੇ ਦੀ ਮਦਦ ਕਰੋ, ਸਭ ਦੇ ਦੁੱਖ ਦਰਦ ਨੂੰ ਆਪਣਾ ਮੰਨ ਕੇ ਚਲੋ ਤੇ ਪੈਸੇ ਤੋਂ ਕਿਤੇ ਜ਼ਿਆਦਾ ਕਦਰ ਇਨਸਾਨ ਦੀ ਕਰੋ। ਸਾਨੂੰ ਆਪਣੇ ਵਿਚਾਰਾਂ ਨੂੰ ਸੁਧਾਰਨਾ ਪੈਣਾ, ਸਾਨੂੰ ਪੈਸੇ ਕਮਾਉਣ ਵਾਲੀਆਂ ਮਸ਼ੀਨਾਂ ਨਹੀਂ ਬਲਕਿ ਇਨਸਾਨਾਂ ਦੀ ਲੋੜ ਹੈ।

-ਕੇਵਲ ਸਿੰਘ ਕਾਲਝਰਾਣੀ

ਘੁਮੰਡ ਬਨਾਮ ਆਤਮ-ਵਿਸ਼ਵਾਸ

ਘੁਮੰਡ ਅਤੇ ਆਤਮ-ਵਿਸ਼ਵਾਸ ਵਿਚਕਾਰ ਬੁਨਿਆਦੀ ਅੰਤਰ ਹੈ। ਆਤਮ-ਵਿਸ਼ਵਾਸ ਤੁਹਾਡੇ ਗਿਆਨ, ਕੀਤੇ ਕਾਰਜਾਂ ਅਤੇ ਨਿਭਾਏ ਕਰਤਵਾਂ ਵਿਚੋਂ ਉਪਜਦਾ ਹੈ। ਜਦੋਂਕਿ ਘੁਮੰਡ ਉਨ੍ਹਾਂ ਇੱਛਾਵਾਂ ਅਤੇ ਵਿਉਂਤਾਂ ਉਤੇ ਉਸਰਿਆ ਹੁੰਦਾ ਹੈ, ਜਿਨ੍ਹਾਂ ਨੂੰ ਅਮਲ ਵਿਚ ਲਿਆਉਣ ਦੀ ਸਾਡੀ ਤਾਂਘ ਤਾਂ ਹੁੰਦੀ ਹੈ ਪਰ ਯਤਨ ਨਹੀਂ ਹੁੰਦਾ। ਘੁਮੰਡ ਦੀ ਮੁਨਾਦੀ ਕੀਤੀ ਜਾਂਦੀ ਹੈ, ਜਦੋਂ ਕਿ ਆਤਮ-ਵਿਸ਼ਵਾਸ ਲੁਕਾ ਕੇ ਆਪਣੇ ਸਧਾਰਨ ਹੋਣ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਆਤਮ-ਵਿਸ਼ਵਾਸ ਮਨ ਦਾ ਉਹ ਭਾਵ ਹੈ ਜਿਸ ਦੀ ਨੁਮਾਇਸ਼ ਨਹੀਂ ਲਾਈ ਜਾਂਦੀ। ਲੋਕ ਆਪਣੇ ਯਤਨਾਂ ਨਾਲ ਤੁਹਾਨੂੰ ਪਛਾਣ ਲੈਂਦੇ ਹਨ ਅਤੇ ਲੱਭ ਲੈਂਦੇ ਹਨ। ਤੁਹਾਨੂੰ ਜਾਣ ਜਾਂਦੇ ਹਨ। ਤੁਹਾਡੇ ਪੈਰੋਕਾਰ ਬਣਨ ਵਿਚ ਖੁਸ਼ੀ ਅਨੁਭਵ ਕਰਦੇ ਹਨ।

-ਅਰਸ਼ਦੀਪ ਕੌਰ (ਲਾਇਬ੍ਰੇਰੀਅਨ)

ਗੁਰੂਆਂ ਦੀਆਂ ਸਿੱਖਿਆਵਾਂ

ਅੱਜਕਲ੍ਹ ਹਰ ਇਨਸਾਨ ਭਾਵੇਂ ਉਹ ਬੱਚਾ ਹੋਵੇ, ਜਵਾਨ ਹੋਵੇ ਜਾਂ ਬਜ਼ੁਰਗ ਹੋਵੇ ਸਭ ਫੋਨਾਂ ਵਿਚ ਲੱਗੇ ਦਿਸਦੇ ਹਨ, ਕਿਸੇ ਕੋਲ ਵੀ ਟੀ.ਵੀ. ਚੈਨਲ 'ਤੇ ਚੱਲ ਰਹੀ ਪਵਿੱਤਰ ਗੁਰਬਾਣੀ ਤੇ ਉਸ ਦੀ ਵਿਆਖਿਆ ਸੁਣਨ ਤੇ ਸਮਝਣ ਲਈ ਸਮਾਂ ਨਹੀਂ, ਸਾਡੇ ਗੁਰੂਆਂ, ਪੀਰਾਂ ਨੇ ਸਾਨੂੰ ਸਮਝਾਉਣ ਲਈ ਕਿੰਨੇ ਦੁੱਖ ਤਸੀਹੇ ਝੱਲੇ ਉਹ ਤਾਂ ਲਾ-ਬਿਆਨ ਹਨ।
ਗੁਰੂ-ਪੀਰਾਂ ਨੇ ਸਾਨੂੰ ਸਮਝਾਇਆ ਹੈ ਕਿ ਸਵੇਰੇ ਅੰਮ੍ਰਿਤ ਵੇਲੇ ਉਠ ਕੇ ਪਰਮਾਤਮਾ ਦਾ ਨਾਂਅ ਜਪੋ ਤੇ ਸ਼ਾਮ ਨੂੰ ਸੌਣ ਵੇਲੇ ਵੀ ਪਰਮਾਤਮਾ ਦਾ ਨਾਮ ਜਪੋ, ਦਿਨ ਵਿਚ ਜੋ ਵੀ ਕੰਮ ਕਰਦੇ ਹੋ ਪੂਰੀ ਇਮਾਨਦਾਰੀ ਨਾਲ ਕਰੋ, ਸਭ ਦਾ ਭਲਾ ਮੰਗੋ। ਕਿਸੇ ਨਾਲ ਕੋਈ ਜਾਤ-ਪਾਤ ਦਾ ਭੇਦ ਨਾ ਕਰੋ, ਸਭ ਦੀਆਂ ਧੀਆਂ-ਭੈਣਾਂ ਨੂੰ ਆਪਣੀਆਂ ਧੀਆਂ-ਭੈਣਾਂ ਸਮਝੋ ਕਿਸੇ ਨੂੰ ਮੰਦੀ ਨਜ਼ਰ ਨਾਲ ਨਾ ਦੇਖੋ, ਹਰ ਇਕ ਦੇ ਦੁੱਖ-ਸੁੱਖ ਵਿਚ ਸ਼ਾਮਿਲ ਹੋਵੋ, ਸਾਰੇ ਹੀ ਇਕ ਨੂਰ ਤੋਂ ਪੈਦਾ ਹੋਏ ਹੋ, ਸਾਰਿਆਂ ਨਾਲ ਪਿਆਰ ਕਰੋ। ਜਿਵੇਂ ਪਾਣੀ, ਹਵਾ, ਜੰਗਲ, ਸਾਰੇ ਜੀਵ ਜੰਤੂ ਸਭ ਦੀ ਸੰਭਾਲ ਕਰੋ, ਅਸੀਂ ਜੇ ਆਪਣੇ ਬੱਚਿਆਂ ਨੂੰ ਗੁਰੂਆਂ, ਪੀਰਾਂ ਦੀਆਂ ਇਨ੍ਹਾਂ ਸਿੱਖਿਆਵਾਂ ਬਾਰੇ ਸਮਝਾਵਾਂਗੇ ਤਾਂ ਸਾਡੀ ਧਰਤੀ ਸਵਰਗ ਬਣ ਜਾਵੇਗੀ।

-ਸੁਖਚੈਨ ਸਿੰਘ ਇੰਸਾਂ

ਅੱਤਵਾਦੀਆਂ ਦੀ ਦਰਿੰਦਗੀ

'ਅਜੀਤ' 'ਚ 2 ਜੂਨ ਦਾ ਸੰਪਾਦਕੀ ਲੇਖ 'ਜਾਰੀ ਹੈ ਜੰਮੂ ਕਸ਼ਮੀਰ ਦਾ ਸੰਤਾਪ' ਪੜ੍ਹਿਆ, ਜਿਸ ਵਿਚ ਲੇਖਕ ਨੇ ਕਸ਼ਮੀਰ ਦੇ ਕੁਲਗਾਮ ਵਿਚ ਹੁਣ ਪੰਡਿਤ ਭਾਈਚਾਰੇ ਦੇ ਹਿੰਦੂ ਅਧਿਆਪਕਾਂ ਦੀ ਹੱਤਿਆ ਬਾਰੇ ਵਿਸਥਾਰ ਨਾਲ ਲਿਖ ਚਿੰਤਾ ਜਤਾਈ ਹੈ। ਇਸ ਤੋਂ ਪਹਿਲਾਂ ਵੀ ਮੀਰ ਦੇ ਬੜਗਾਮ ਜ਼ਿਲ੍ਹੇ ਦੇ ਚਡੂਰਾ ਵਿਚ ਅੱਤਵਾਦੀਆਂ ਨੇ ਤਹਿਸੀਲ ਵਿਚ ਵੜ ਕੇ ਕਸ਼ਮੀਰੀ ਹਿੰਦੂ ਮੁਲਾਜ਼ਮ ਦੀ ਹੱਤਿਆ ਕਰ ਦਿੱਤੀ ਸੀ। ਕਸ਼ਮੀਰ ਵਿਚ ਡੇਢ ਦੋ ਮਹੀਨੇ ਦੌਰਾਨ ਕਸ਼ਮੀਰੀ ਹਿੰਦੂਆਂ ਅਤੇ ਹੋਰ ਰਾਜਾਂ ਤੋਂ ਆਏ ਗ਼ੈਰ-ਮੁਸਲਮਾਨਾਂ 'ਤੇ ਇਹ ਛੇਵਾਂ ਅੱਤਵਾਦੀ ਹਮਲਾ ਹੈ। ਉਥੇ ਅਕਸਰ ਘੱਟ ਗਿਣਤੀ ਹਿੰਦੂ ਅਤੇ ਸਿੱਖਾਂ 'ਤੇ ਅਕਸਰ ਇਹ ਹਮਲੇ ਤੇ ਅੱਤਿਆਚਾਰ ਹੁੰਦੇ ਰਹਿੰਦੇ ਹਨ। ਇਸੇ ਵਜ੍ਹਾ ਨਾਲ ਕਿੰਨੇ ਕਸ਼ਮੀਰੀ ਪੰਡਿਤ ਹਿਜਰਤ ਕਰ ਗਏ ਹਨ। ਇਸ ਦੀ ਜਿੰਨੀ ਨਿੰਦਿਆ ਤੇ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ। ਮੋਦੀ ਸਰਕਾਰ ਨੂੰ ਘੱਟ ਗਿਣਤੀਆਂ ਦੀ ਸੁਰੱਖਿਆ ਵਾਸਤੇ ਪਾਕਿ ਨੂੰ ਤਾੜਨਾ ਕਰਨੀ ਚਾਹੀਦੀ ਹੈ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਇਸ ਮੁੱਦੇ ਨੂੰ ਉਭਾਰਨਾ ਚਾਹੀਦਾ ਹੈ ਤਾਂ ਜੋ ਪਾਕਿਸਤਾਨ 'ਤੇ ਇਸ ਤਰ੍ਹਾਂ ਦੀਆਂ ਅੱਤਵਾਦੀ ਸਰਗਰਮੀਆਂ ਰੋਕਣ ਲਈ ਦਬਾਅ ਬਣਾਇਆ ਜਾ ਸਕੇ।

-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ ਇੰਸਪੈਕਟਰ ਪੁਲਿਸ।

ਪੰਜਾਬ ਵਿਚ ਬੇਲਗਾਮ ਗੈਂਗਸਟਰਵਾਦ

ਪਿਛਲੇ ਦਿਨੀਂ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਦੀ ਮੰਦਭਾਗੀ ਖ਼ਬਰ ਸੁਣ ਕੇ ਲੂ-ਕੰਡੇ ਖੜ੍ਹੇ ਹੋ ਗਏ। 2017 ਤੋਂ 2022 ਤੱਕ ਦੇ ਸਫ਼ਰ ਦੌਰਾਨ ਸਿੱਧੂ ਮੂਸੇਵਾਲਾ ਨੇ ਕੇਵਲ ਪੰਜਾਬ ਵਿਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿਚ ਵਿਲੱਖਣ ਪਛਾਣ ਕਾਇਮ ਕੀਤੀ। ਸੁਰੱਖਿਆ ਵਿਚ ਕਟੌਤੀ ਹੋਣ ਤੋਂ ਤੁਰੰਤ 24 ਘੰਟੇ ਬਾਅਦ ਹੀ ਸਿੱਧੂ ਮੂਸੇਵਾਲਾ 'ਤੇ ਜਾਨਲੇਵ ਹਮਲਾ ਹੋਇਆ ਅਤੇ ਦਿਨ-ਦਿਹਾੜੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ, ਇਸ ਘਟਨਾ ਤੋਂ ਇਹ ਸਿੱਧ ਹੁੰਦਾ ਹੈ ਕਿ ਆਮ ਜਨਤਾ ਨੇ ਕਾਨੂੰਨ ਆਪਣੇ ਹੱਥਾਂ ਵਿਚ ਲੈ ਲਿਆ ਹੈ ਅਤੇ ਪੰਜਾਬ ਵਿਚ ਗੈਂਗਸਟਰਵਾਦ ਦੀਆਂ ਜੜ੍ਹਾਂ ਬੇਲਗਾਮ ਫੈਲ ਰਹੀਆਂ ਹਨ। ਸਰਕਾਰ ਨੂੰ ਅਪੀਲ ਹੈ ਕਿ ਸੁਰੱਖਿਆ ਦੀ ਕਟੌਤੀ ਸੰਬੰਧੀ ਫ਼ੈਸਲੇ ਜਲਦਬਾਜ਼ੀ ਦੀ ਬਜਾਏ ਸੂਝ-ਬੂਝ ਨਾਲ ਤਰਕਸ਼ੀਲਤਾ ਦੇ ਆਧਾਰ 'ਤੇ ਲਏ ਜਾਣ। ਸੁਰੱਖਿਆ ਵਿਚ ਕਟੌਤੀ ਕਰਨ ਦੀ ਬਜਾਏ ਅਵਾਮ ਦੀ ਸੁਰੱਖਿਆ ਵਿਚ ਵਾਧਾ ਕੀਤਾ ਜਾਵੇ। ਕਾਨੂੰਨ ਦੀ ਨੀਂਹ ਏਨੀ ਕਮਜ਼ੋਰ ਹੋ ਗਈ ਹੈ ਕਿ ਸ਼ਰੇਆਮ ਵਾਰ ਹੋ ਰਹੇ ਹਨ। ਜਦ ਵੀ ਕੋਈ ਕਲਾਕਾਰ ਸਮਾਜਿਕ ਸੱਚਾਈ ਨੂੰ ਦਰਸਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਕੇਵਲ ਪੰਜਾਬੀ ਇੰਡਸਟਰੀ ਨੇ ਹੀ ਨਹੀਂ ਬਲਕਿ ਪੂਰੇ ਦੇਸ਼ ਨੇ ਅਣਮੁੱਲਾ ਹੀਰਾ ਗਵਾਇਆ ਹੈ, ਜਿਸ ਦੀ ਘਾਟ ਕਦੇ ਵੀ ਪੂਰੀ ਨਹੀਂ ਹੋ ਸਕਦੀ। ਪੰਜਾਬ ਵਿਚ ਜੋ ਗੈਂਗਲੈਂਡ ਬਣਿਆ ਹੋਇਆ ਹੈ, ਆਖਰ ਇਸ ਦਾ ਜ਼ਿੰਮੇਵਾਰ ਕੌਣ ਹੈ?

-ਸਿਮਰਨਦੀਪ ਕੌਰ ਬੇਦੀ, ਭਗਤ ਨਾਮਦੇਵ ਨਗਰ, ਘੁਮਾਣ।

06-06-2022

 ਹਸਪਤਾਲਾਂ 'ਚ ਲੁੱਟ
ਵੈਸੇ ਤਾਂ ਮੌਜੂਦਾ ਸਰਕਾਰ ਵਲੋਂ ਸਰਕਾਰੀ ਹਸਪਤਾਲਾਂ ਅੰਦਰ ਬਹੁਤ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਪਰ ਕਈ ਵਾਰ ਰੋਗੀ ਦੀ ਹਾਲਤ ਨਾਜ਼ੁਕ ਹੋਣ ਕਰਕੇ ਉਸ ਨੂੰ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਉਣਾ ਪੈਂਦਾ ਹੈ, ਕਿਉਂਕਿ ਸਰਕਾਰੀ ਹਸਪਤਾਲ ਵਿਚ ਵਾਰੀ ਆਉਣ 'ਤੇ ਕਾਫੀ ਸਮਾਂ ਲਗਦਾ ਹੈ ਅਤੇ ਗੰਭੀਰ ਬਿਮਾਰੀ ਵਾਲੇ ਕੋਲ ਏਨਾ ਸਮਾਂ ਨਹੀਂ ਹੁੰਦਾ ਅਤੇ ਜਦੋਂ ਕੋਈ ਦਿਹਾੜੀਦਾਰ ਪ੍ਰਾਈਵੇਟ ਹਸਪਤਾਲ ਦੇ ਵੱਸ ਪੈਂਦਾ ਹੈ ਤਾਂ ਬਸ ਉਸ ਦਾ ਰੱਬ ਹੀ ਰਾਖਾ। ਹਸਪਤਾਲ ਵਲੋਂ ਇਹ ਸਖ਼ਤ ਹਦਾਇਤ ਹੁੰਦੀ ਹੈ ਕਿ ਖ਼ੂਨ ਦੇ ਟੈਸਟ ਅਤੇ ਬਾਕੀ ਦਵਾਈਆਂ ਸਭ ਕੁਝ ਸਾਡੇ ਹਸਪਤਾਲ ਵਿਚੋਂ ਹੀ ਲਿਆ ਜਾਵੇ ਅਤੇ ਸਾਨੂੰ ਮਜਬੂਰੀਵਸ ਬਾਹਰ ਹੋਣ ਵਾਲੇ ਪੰਜ ਸੱਤ ਸੌ ਵਾਲੇ ਟੈਸਟ ਵੀ ਪੰਦਰਾਂ ਸੌ ਦੇ ਕੇ ਹਸਪਤਾਲ ਵਿਚੋਂ ਹੀ ਕਰਵਾਉਣੇ ਪੈਂਦੇ ਹਨ ਅਤੇ ਦਵਾਈਆਂ ਸਰਜੀਕਲ ਸਮਾਨ ਆਦਿ 'ਤੇ ਵੀ ਕੋਈ ਛੋਟ ਨਹੀਂ ਮਿਲਦੀ। ਮਹਿੰਗਾਈ ਦੇ ਇਸ ਦੌਰ ਅੰਦਰ ਹਸਪਤਾਲ ਦਾਖਲ ਮਰੀਜ਼ ਲੱਖਾਂ ਦਾ ਕਰਜ਼ਾਈ ਹੋ ਜਾਂਦਾ ਹੈ। ਸਰਕਾਰ ਨੂੰ ਇਨ੍ਹਾਂ ਹਸਪਤਾਲਾਂ ਵਲੋਂ ਕੀਤੀ ਜਾਂਦੀ ਅੰਨ੍ਹੀ ਲੁੱਟ 'ਤੇ ਲਗਾਮ ਕੱਸਣ ਦੀ ਲੋੜ ਹੈ । ਡਾਕਟਰਾਂ ਨੂੰ ਲੋਕਾਂ ਵਲੋਂ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ, ਉਨ੍ਹਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਰੱਬ ਨਾ ਸਹੀ ਪਰ ਇਨਸਾਨੀਅਤ ਦਾ ਕਿਰਦਾਰ ਜ਼ਰੂਰ ਨਿਭਾਉਣ ਅਤੇ ਗ਼ਰੀਬ ਬੰਦੇ ਨੂੰ ਬਹੁਤੀ ਢਾਹ ਨਾ ਲਾਇਆ ਕਰਨ, ਪੈਸੇ ਤੋਂ ਜ਼ਿਆਦਾ ਬੰਦੇ ਦੀ ਅਹਿਮੀਅਤ ਹੈ ਪੈਸਾ ਤਾਂ ਕਮਾਇਆ ਜਾ ਸਕਦਾ ਹੈ ਪਰ ਸੱਚੇ ਸੁੱਚੇ ਜ਼ਮੀਰ ਕਮਾਉਣੇ ਔਖੇ ਹਨ।


-ਅਮਨਦੀਪ ਕੌਰ
ਹਾਕਮ ਸਿੰਘ ਵਾਲਾ, ਬਠਿੰਡਾ।


ਸਰਕਾਰ 'ਤੇ ਸਵਾਲੀਆ ਚਿੰਨ੍ਹ
ਲੜਾਈਆਂ, ਗਿਲੇ-ਸ਼ਿਕਵੇ ਜਿਊਂਦਿਆਂ ਨਾਲ ਹੁੰਦੇ ਹਨ, ਮੁੱਕ ਗਿਆਂ ਨਾਲ ਤਾਂ ਕੇਵਲ ਹਮਦਰਦੀ ਹੀ ਹੁੰਦੀ ਹੈ। ਸਿੱਧੂ ਮੂਸੇਵਾਲਾ ਦੇ ਦਰਦਨਾਕ ਕਾਂਡ ਨੇ ਸਭ ਨੂੰ ਕੰਬਣੀ ਛੇੜ ਦਿੱਤੀ ਹੈ। ਭੈਅ ਪਸਰ ਗਿਆ ਹੈ। ਜਿਥੇ ਅੱਜ ਅਜਿਹੀਆਂ ਮਾਰੂ ਸ਼ਕਤੀਆਂ ਖਿਲਾਫ਼ ਸਾਡੇ ਏਕੇ ਦੀ ਲੋੜ ਹੈ, ਉਥੇ ਸਰਕਾਰੀ ਮਸ਼ੀਨਰੀ ਲਈ ਪ੍ਰਸ਼ਨ ਚਿੰਨ੍ਹ ਦੇ ਨਾਲ-ਨਾਲ ਵੱਡੀ ਚੁਣੌਤੀ ਵੀ ਹੈ ਕਿਉਂਕਿ ਸਭ ਦੀ ਜਾਨ ਮਾਲ ਦੀ ਰਾਖੀ ਸਰਕਾਰਾਂ ਦੀ ਮੁਢਲੀ ਜ਼ਿੰਮੇਵਾਰੀ ਹੁੰਦੀ ਹੈ। ਪੜਤਾਲਾਂ ਪਰਚਿਆਂ 'ਚੋਂ ਮਾਂ-ਪਿਓ ਦਾ ਇਕਲੌਤਾ ਪੁੱਤਰ ਵਾਪਸ ਨਹੀਂ ਆਉਣਾ, ਉਨ੍ਹਾਂ ਲਈ ਸਾਰੀ ਉਮਰ ਦੀ ਭਟਕਣ ਛੱਡ ਗਿਆ ਹੈ। ਦੋਸਤੋ, ਅੱਗ ਦਾ ਕੋਈ ਧਰਮ ਤੇ ਸਕਾ ਨਹੀਂ ਹੁੰਦਾ, ਜਿਧਰ ਨੂੰ ਹੋ ਜਾਂਦੀ ਹੈ ਸਾੜਦੀ ਤੁਰੀ ਜਾਂਦੀ ਹੈ। ਜੋ ਝੁਲਸ ਜਾਂਦੇ ਹਨ ਉਨ੍ਹਾਂ ਨੂੰ ਅਸਲ ਦਰਦ ਦਾ ਪਤਾ ਹੁੰਦਾ ਹੈ।


-ਬਲਜਿੰਦਰ ਜੌੜਕੀਆਂ
-ਤਲਵੰਡੀ ਸਾਬੋ।


ਮੋਦੀ ਸਰਕਾਰ ਦੇ 8 ਸਾਲ
ਬਿਨਾਂ ਕਿਸੇ ਸਿਆਸੀ ਪੱਖਪਾਤ ਦੇ ਇਹ ਸਵੀਕਾਰਯੋਗ ਹੈ ਕਿ ਪਿਛਲੇ ਅੱਠ ਸਾਲਾਂ ਤੋਂ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਦੇ ਅਧੀਨ ਮੌਜੂਦਾ ਸਾਸ਼ਨ ਦੌਰਾਨ ਬਿਨਾਂ ਕਿਸੇ ਘੁਟਾਲੇ ਦੇ ਭਾਰਤ ਨੇ ਇਕ ਸਾਫ਼, ਪਾਰਦਰਸ਼ੀ ਅਤੇ ਜਵਾਬਦੇਹ ਸ਼ਾਸਨ ਅਤੇ ਪ੍ਰਸ਼ਾਸਨ ਦੇਖਿਆ ਹੈ। ਤਕਰੀਬਨ ਸਾਰੇ ਖੇਤਰਾਂ 'ਚ ਭਾਵੇਂ ਇਹ ਡਿਫੈਂਸ, ਆਰਥਿਕਤਾ, ਵਿਦੇਸ਼ ਨੀਤੀ, ਸਿੱਖਿਆ, ਸਿਹਤ ਸੰਭਾਲ, ਖੇਤੀਬਾੜੀ, ਮੁਫ਼ਤ ਘਰ, ਪਖਾਨੇ ਅਤੇ ਘਰੇਲੂ ਗੈਸ ਕੁਨੈਕਸ਼ਨ ਆਦਿ ਦੀਆਂ ਆਮ ਲੋਕ ਭਲਾਈ ਸਕੀਮਾਂ ਹੋਣ, ਦੇਸ਼ ਬਿਨਾਂ ਸ਼ੱਕ ਅਤੇ ਸਵੈਮਾਣ ਨਾਲ ਮਜ਼ਬੂਤ ਅਤੇ ਸਵੈ-ਨਿਰਭਰ ਨਿਊ ਇੰਡੀਆ ਵਜੋਂ ਉਭਰਿਆ ਹੈ। ਮੋਦੀ ਸਰਕਾਰ ਨੇ ਬਹੁਤ ਸਾਰੇ ਚੰਗੇ ਕਾਰਜ ਕੀਤੇ ਹਨ, ਇਸੇ ਕਾਰਨ ਸਾਲ 2019 ਵਿਚ ਭਾਰਤ ਦੇ ਨਾਗਰਿਕਾਂ ਨੇ ਇਕ ਮਜ਼ਬੂਤ ਲੀਡਰਸ਼ਿਪ ਵਾਲੀ ਸਰਕਾਰ ਨੂੰ ਭਾਰੀ ਬਹੁਮਤ ਨਾਲ ਦੁਬਾਰਾ ਚੁਣਿਆ ਹੈ।


-ਇੰ. ਕ੍ਰਿਸ਼ਨ ਕਾਂਤ ਸੂਦ
ਨੰਗਲ, ਪੰਜਾਬ।


ਕਲਮ ਦੀ ਤਾਕਤ

ਅੰਗਰੇਜ਼ੀ ਦੇ ਮਹਾਨ ਕਵੀ ਪੀ.ਬੀ. ਸ਼ੈਲੀ ਨੇ ਆਪਣੀ ਕਵਿਤਾ 'ਓਜੀਮੈਂਡੀਆਸ' ਵਿਚ ਬਿਲਕੁਲ ਠੀਕ ਕਿਹਾ ਹੈ ਕਿ ਇਸ ਦੁਨੀਆ ਵਿਚ ਵੱਡੀ ਤੋਂ ਵੱਡੀ ਤਾਕਤ ਵੀ ਸਦਾ ਲਈ ਸਥਿਰ ਨਹੀਂ ਹੈ। ਤਾਕਤ, ਸੱਤਾ, ਤਾਨਾਸ਼ਾਹੀ ਇਸ ਸਭ ਸਮੇਂ ਦੀ ਖੇਡ ਹੈ। ਮਿਸਰ ਦੇ ਰਾਜੇ ਓਜੀਮੈਂਡੀਆ ਨੇ ਆਪਣੀ ਤਾਕਤ ਨੂੰ ਅਮਰ ਦਰਸਾਉਣ ਲਈ ਮਹਾਨ ਬੁੱਤ ਬਣਵਾਇਆ ਪਰ ਸਮੇਂ ਦੀ ਚਾਲ ਅੱਗੇ ਉਸ ਦਾ ਮਹਾਨ ਬੁੱਤ ਵੀ ਝੁਕ ਗਿਆ। ਇਸ ਦੁਨੀਆ ਵਿਚ ਜੋ ਸਦਾ ਲਈ ਅਮਰ ਹੈ ਤਾਂ ਉਹ ਹੈ ਕਲਮ ਅਤੇ ਕਲਾ। ਕਲਾਕਾਰ ਬੇਸ਼ੱਕ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਜਾਂਦੇ ਹਨ ਪਰ ਉਨ੍ਹਾਂ ਦੀ ਕਲਮ ਅਤੇ ਕਲਾ ਸਦਾ ਲਈ ਅਮਰ ਰਹਿੰਦੀ ਹੈ। ਪਿਛਲੇ ਦਿਨੀਂ ਮਸ਼ਹੂਰ ਕਲਾਕਾਰ ਸ਼ੁੱਭਦੀਪ ਸਿੰਘ (ਸਿੱਧੂ ਮੂਸੇਵਾਲਾ) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਪਰ ਉਸ ਦੀ ਕਲਮ ਅਤੇ ਗਾਇਕੀ ਦੀ ਕਲਾ ਨੂੰ ਕੋਈ ਵੀ ਹਥਿਆਰ ਤਬਾਹ ਨਹੀਂ ਕਰ ਸਕਦਾ। ਉਹ ਸਰੀਰਕ ਪੱਖ ਤੋਂ ਬੇਸ਼ੱਕ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਪਰ ਮੂਸੇਵਾਲਾ ਨੇ 2017 ਤੋਂ 2022 ਤੱਕ ਕਲਾ ਦੇ ਖੇਤਰ ਵਿਚ ਜੋ ਵਿਲੱਖਣ ਨਾਂਅ ਕਮਾਇਆ, ਉਹ ਸਦਾ ਲਈ ਅਮਰ ਰਹੇਗਾ।


-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।


ਲੋਕ ਦਿਖਾਵਾ
ਪੰਜਾਬੀਆਂ ਵਿਚ ਲੋਕ ਦਿਖਾਵਾ ਕਰਨ ਦੀ ਆਦਤ ਬਹੁਤ ਪ੍ਰਚੱਲਿਤ ਹੈ, ਜਿਸ ਕਾਰਨ ਗਰੀਬ ਲੋਕ ਵੀ ਅਮੀਰਾਂ ਦੀ ਰੀਸ ਕਰਨ ਕਰਕੇ ਕਰਜ਼ਈ ਹੋ ਰਹੇ ਹਨ। ਵਿਆਹਾਂ ਦੌਰਾਨ ਲੋਕ ਇਕ-ਦੂਜੇ ਤੋਂ ਮੂਹਰੇ ਹੋ ਕੇ ਫਾਲਤੂ ਖਰਚ ਕਰਦੇ ਹਨ। ਪਿਛਲੇ ਸਮਿਆਂ ਵਿਚ ਘਰਾਂ ਵਿਚ ਹੀ ਸਾਦੇ-ਵਿਆਹ ਕੀਤੇ ਜਾਂਦੇ ਸਨ, ਜਿਨ੍ਹਾਂ ਦਾ ਆਪਣਾ ਵੱਖਰਾ ਹੀ ਅਨੰਦ ਅਤੇ ਖੁਸ਼ੀ ਹੁੰਦੀ ਸੀ। ਅੱਜਕਲ੍ਹ ਦੇ ਵਿਆਹ ਘਰਾਂ ਵਿਚ ਘੱਟ ਅਤੇ ਪੈਲੇਸਾਂ ਵਿਚ ਜ਼ਿਆਦਾ ਹੁੰਦੇ ਹਨ। ਮਹਿੰਗੇ ਪੈਲੇਸਾਂ ਦੇ ਲੱਖਾਂ ਰੁਪਏ ਦੇ ਖਰਚੇ ਹੁੰਦੇ ਹਨ ਜੋ ਹਰ ਕਿਸੇ ਦੀ ਪਹੁੰਚ ਤੋਂ ਬਾਹਰ ਹੁੰਦੇ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਫਜੂਲ ਖਰਚੇ ਕਰਨ ਲੱਗ ਪਏ ਹਨ। ਹਰੇਕ ਵਿਅਕਤੀ ਨੂੰ ਆਪਣੀ ਪਹੁੰਚ ਦੇ ਅਨੁਸਾਰ ਹੀ ਖਰਚ ਕਰਨਾ ਚਾਹੀਦਾ ਹੈ ਅਤੇ ਲੋਕ ਦਿਖਾਵੇ ਤੋਂ ਬਚਣਾ ਚਾਹੀਦਾਹੈ ਤਾਂ ਜੋ ਬਾਅਦ ਵਿਚ ਕਰਜ਼ੇ ਦੇ ਬੋਝ ਥੱਲੇ ਨਾ ਆਉਣਾ ਪਵੇ। ਇਸ ਲਈ ਸਾਨੂੰ ਚਾਦਰ ਦੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਹਨ।


-ਹਰਪ੍ਰੀਤ ਸਿੰਘ ਸਿਹੌੜਾ
ਪਿੰਡ ਤੇ ਡਾਕ: ਸਿਹੌੜਾ, ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ।

03-06-2022

ਫ਼ਿਰਕਾਪ੍ਰਸਤੀ ਦਾ ਨਸ਼ਾ

ਫ਼ਿਰਕਾਪ੍ਰਸਤੀ ਦੀਆਂ ਜੜ੍ਹਾਂ ਦੇਸ਼ ਅੰਦਰ ਤੇਜ਼ੀ ਨਾਲ ਫੈਲ ਰਹੀਆਂ ਹਨ। ਭਾਰਤ ਵਿਚ ਫ਼ਿਰਕਾਪ੍ਰਸਤੀ ਫੈਲਣ ਦੇ ਦੋ ਮੁੱਖ ਕਾਰਨ ਹਨ ਗ਼ੈਰ-ਤਰਕਸ਼ੀਲਤਾ ਅਤੇ ਅਗਿਆਨਤਾ। ਚਾਹੇ ਮੁੱਦਾ ਖ਼ਾਲਿਸਤਾਨ ਦਾ ਹੋਵੇ ਜਾਂ ਫਿਰ ਹਨੂੰਮਾਨ ਚਾਲੀਸਾ ਅਤੇ ਅਜਾਨ ਦੇ ਟਕਰਾਅ ਦਾ, ਫ਼ਿਰਕਾਪ੍ਰਸਤ ਤਾਕਤਾਂ ਆਪਣੇ ਸਿਆਸੀ ਹਿਤਾਂ ਲਈ ਆਮ ਬਹੁਗਿਣਤੀ ਲੋਕਾਂ ਦੀ ਮਾਨਸਿਕਤਾ ਦਾ ਫਾਇਦਾ ਚੁੱਕਦੀਆਂ ਹਨ ਤੇ ਆਪਣਾ ਪ੍ਰਭਾਵ ਫੈਲਾਉਣ ਵਿਚ ਕਾਮਯਾਬ ਹੋ ਜਾਂਦੀਆਂ ਹਨ।
ਗ਼ੈਰ-ਤਰਕਸ਼ੀਲਤਾ ਦਾ ਸਿੱਟਾ ਇਹ ਹੈ ਕਿ ਭਾਰਤੀਆਂ ਨੇ ਸੰਵਿਧਾਨ ਨੂੰ ਪਛਾੜ ਕੇ ਕਾਨੂੰਨ ਆਪਣੇ ਹੱਥ ਵਿਚ ਲੈ ਲਿਆ ਹੈ। ਆਮ ਜਨਤਾ ਨੂੰ ਅਪੀਲ ਹੈ ਕਿ ਫ਼ਿਰਕੂਪੁਣੇ ਨੂੰ ਤਿਆਗ ਕੇ ਰਾਜਸੀ ਸਰਕਾਰਾਂ ਦੀਆਂ ਚਾਲਾਂ ਨੂੰ ਸਮਝਣ ਦਾ ਯਤਨ ਕੀਤਾ ਜਾਵੇ, ਕਿਉਂਕਿ ਮਸਲਾ ਚਾਹੇ ਮਹਿੰਗਾਈ, ਬੇਰੁਜ਼ਗਾਰੀ ਜਾਂ ਪਟੜੀ ਤੋਂ ਹੇਠਾਂ ਡਿਗੀ ਹੋਈ ਅਰਥਵਿਵਸਥਾ ਦਾ ਹੋਵੇ, ਇਨ੍ਹਾਂ ਮੁੱਖ ਮਸਲਿਆਂ ਤੋਂ ਪੱਲਾ ਛੁਡਾਉਣ ਲਈ ਰਾਜਸੀ ਸਰਕਾਰਾਂ ਨੌਜਵਾਨਾਂ ਨੂੰ ਭੜਕਾਉਣ ਲਈ ਫ਼ਿਰਕਾਪ੍ਰਸਤੀ ਦਾ ਸਹਾਰਾ ਲੈਂਦੀਆਂ ਹਨ ਅਤੇ ਅਗਿਆਨਤਾ ਦੇ ਹਨੇਰੇ ਵਿਚ ਫਸੇ ਭਾਰਤੀ ਸਰਕਾਰ ਦੇ ਤੀਰ ਦਾ ਨਿਸ਼ਾਨਾ ਬਣ ਕੇ ਅਹਿਮ ਮੁੱਦਿਆਂ ਤੋਂ ਭਟਕ ਕੇ ਧਰਮ ਦੇ ਨਾਂਅ 'ਤੇ ਭਿੜੀ ਜਾ ਰਹੇ ਹਨ।
ਜੇਕਰ ਦੇਸ਼ ਦੀ ਨੌਜਵਾਨ ਪੀੜ੍ਹੀ ਫ਼ਿਰਕੂਪੁਣੇ ਦੇ ਬੋਲਬਾਲੇ ਤੋਂ ਪਿਛਾਂ ਹਟ ਕੇ ਤਰਕਸ਼ੀਲਤਾ ਅਤੇ ਸੰਵਿਧਾਨਕ ਕਾਨੂੰਨ ਨੂੰ ਮੁੱਖ ਰੱਖ ਕੇ ਹਰ ਮੁੱਦੇ ਦੀ ਪਰਖ ਕਰੇਗੀ ਤਾਂ ਦੇਸ਼ ਅੰਦਰ ਦੰਗੇ-ਫਸਾਦ ਵਰਗੇ ਹਾਲਾਤ ਪੈਦਾ ਨਹੀਂ ਹੋਣਗੇ।

-ਸਿਮਰਨਦੀਪ ਕੌਰ ਬੇਦੀ
ਘੁਮਾਣ (ਗੁਰਦਾਸਪੁਰ)।

02-06-2022

 ਦੁਖਦਾਈ ਘਟਨਾ
ਸਿੱਧੂ ਮੂਸੇਵਾਲਾ ਅੱਜ ਦੇ ਦੌਰ ਦਾ ਬਹੁਤ ਹੀ ਮਸ਼ਹੂਰ ਗਾਇਕ ਸੀ। ਨਵੀਂ ਪੀੜ੍ਹੀ ਦੇ ਨੌਜਵਾਨਾਂ ਦੇ ਦਿਲ ਦੀ ਧੜਕਣ ਸੀ। ਬਹੁਤ ਹੀ ਥੋੜ੍ਹੇ ਸਮੇਂ ਵਿਚ ਸਿੱਧੂ ਮੂਸੇਵਾਲਾ ਨੇ ਬੁਲੰਦੀਆਂ ਨੂੰ ਛੂਹ ਲਿਆ ਸੀ। ਲੱਖਾਂ ਦੀ ਗਿਣਤੀ ਵਿਚ ਉਸ ਦੇ ਪ੍ਰਸੰਸਕ ਹਨ। ਉਹ ਆਪਣੇ ਮਾਤਾ-ਪਿਤਾ ਦੇ ਇਕਲੌਤੇ ਪੁੱਤਰ ਸਨ। ਸਾਡੇ ਪਿੰਡ ਘਾਬਦਾਂ, ਜ਼ਿਲ੍ਹਾ ਸੰਗਰੂਰ ਦੇ ਕੁਲਵਿੰਦਰ ਸਿੰਘ ਨਾਮੀ ਉਨ੍ਹਾਂ ਦੇ ਪ੍ਰਸੰਸਕ ਨੇ ਉਨ੍ਹਾਂ ਨੂੰ ਆਪਣੇ ਹੱਥੀਂ ਤਿਆਰ ਕੀਤੀ ਪੇਂਟਿੰਗ ਤੋਹਫ਼ੇ ਦੇ ਤੌਰ 'ਤੇ ਭੇਟ ਕੀਤੀ ਸੀ। ਸਿੱਧੂ ਮੂਸੇਵਾਲਾ ਦੀ ਇਸ ਤਸਵੀਰ ਨੂੰ ਯਾਦਗਾਰ ਵਜੋਂ ਪਿੰਡ ਵਾਲਿਆਂ ਨੇ ਆਪਣੇ ਦਿਲ ਵਿਚ ਸਾਂਭ ਲਿਆ ਹੈ। ਸਿੱਧੂ ਮੂਸੇਵਾਲਾ ਨੇ ਰਾਜਨੀਤੀ ਵਿਚ ਵੀ ਪੈਰ ਰੱਖਿਆ। ਉਨ੍ਹਾਂ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ। ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਚ ਆਪਣੇ ਦੋਸਤਾਂ ਨਾਲ ਗੱਡੀ ਵਿਚ ਜਾਂਦਿਆਂ ਅਚਾਨਕ ਉਨ੍ਹਾਂ ਉੱਪਰ ਗੋਲੀਆਂ ਮਾਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਇਸ ਦੁਖਦਾਈ ਘਟਨਾ ਦਾ ਪਤਾ ਲੱਗਣ 'ਤੇ ਦੁਨੀਆ ਭਰ 'ਚ ਸੋਗ ਦੀ ਲਹਿਰ ਛਾ ਗਈ। ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ।


-ਗਗਨਪ੍ਰੀਤ ਸੱਪਲ
ਪਿੰਡ ਘਾਬਦਾਂ, ਜ਼ਿਲ੍ਹਾ ਸੰਗਰੂਰ।


ਇੱਕੋ ਸਮੇਂ 'ਚ ਦੋ ਡਿਗਰੀਆਂ
ਕਿਸੇ ਵਿਦਿਆਰਥੀ ਵਲੋਂ ਇੱਕੋ ਹੀ ਸਮੇਂ ਦੋ ਡਿਗਰੀਆਂ ਹਾਸਲ ਕਰਨ ਦਾ ਮੁੱਦਾ ਲੰਮੇੇ ਸਮੇਂ ਤੋਂ ਬਹਿਸ ਦਾ ਵਿਸ਼ਾ ਬਣਿਆ ਰਿਹਾ ਹੈ। ਅਖੀਰ ਇਸ ਵਿਸ਼ੇ ਨੂੰ ਵਿਰਾਮ ਲਗਾਉਂਦਿਆਂ ਯੂ.ਜੀ.ਸੀ. ਨੇ ਮਨਜ਼ੂਰੀ ਦੇ ਦਿੱਤੀ ਹੈ ਭਾਵ ਕਿ ਇਕ ਵਿਦਿਆਰਥੀ ਇੱਕੋ ਹੀ ਸਮੇਂ ਦੋ ਡਿਗਰੀਆਂ ਹਾਸਲ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਯੂ.ਜੀ.ਸੀ. ਉੱਚ ਸਿੱਖਿਆ ਭਾਵ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚਲੀ ਸਿੱਖਿਆ ਪ੍ਰਣਾਲੀ ਦਾ ਸੰਚਾਲਨ ਕਰਨ ਵਾਲੀ ਸੰਸਥਾ ਹੈ। ਇਸ ਸੰਬੰਧੀ ਉਕਤ ਅਦਾਰੇ ਵਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਅਜਿਹੀ ਮਨਜ਼ੂਰੀ ਪੀ.ਐੱਚ.ਡੀ. ਉੱਤੇ ਲਾਗੂ ਨਹੀਂ ਹੋਵੇਗੀ। ਯੂ.ਜੀ.ਸੀ. ਵਲੋਂ ਆਪਣੇ ਨੋਟੀਫਿਕੇਸ਼ਨ ਵਿਚ ਤਿੰਨ ਤਰ੍ਹਾਂ ਦੀ ਛੋਟ ਦਿੱਤੀ ਗਈ ਹੈ। ਪਹਿਲੀ ਇਹ ਕਿ ਜਿਸ ਵਿਚ ਵਿਦਿਆਰਥੀ ਦੋਵੇਂ ਹੀ ਡਿਗਰੀਆਂ ਸੰਸਥਾਵਾਂ ਵਿਚ ਜਾ ਕੇ ਭਾਵ ਆਫਲਾਈਨ ਤਰੀਕੇ ਨਾਲ ਪ੍ਰਾਪਤ ਕਰ ਸਕਦਾ ਹੈ। ਦੂਜੀ ਇਹ ਕਿ ਆਫਲਾਈਨ ਪੜ੍ਹਾਈ ਨਾਲ ਦੂਰਵਰਤੀ ਪੜ੍ਹਾਈ ਭਾਵ ਪੱਤਰ ਵਿਹਾਰ ਰਾਹੀਂ ਸਿੱਖਿਆ ਪ੍ਰਾਪਤ ਕਰਨਾ ਅਤੇ ਤੀਸਰਾ ਢੰਗ ਹੈ ਪੱਤਰ-ਵਿਹਾਰ ਸਿੱਖਿਆ ਦੇ ਨਾਲ ਆਨਲਾਈਨ ਸਿੱਖਿਆ। ਅਦਾਰੇ ਵਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਪੱਤਰ ਵਿਹਾਰ ਅਤੇ ਆਨਲਾਈਨ ਸਿੱਖਿਆ ਕੇਵਲ ਮਾਨਤਾ ਪ੍ਰਾਪਤ ਸੰਸਥਾਵਾਂ ਤੋਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਅਦਾਰੇ ਦੇ ਇਸ ਫ਼ੈਸਲੇ ਨਾਲ ਲੱਖਾਂ ਵਿਦਿਆਰਥੀਆਂ ਵਲੋਂ ਪੜ੍ਹਾਈ ਵਿਚ ਵਧੇਰੇ ਉੱਚ ਯੋਗਤਾ ਪ੍ਰਾਪਤ ਕਰਕੇ ਰੁਜ਼ਗਾਰ ਹਾਸਲ ਕਰਨ ਵਿਚ ਮਦਦ ਮਿਲੇਗੀ।


-ਅਸ਼ਵਨੀ ਚਤਰਥ
ਸੇਵਾ-ਮੁਕਤ ਲੈਕਚਰਾਰ (ਇਕਨਾਮਿਕਸ), ਚੰਦਰ ਨਗਰ, ਬਟਾਲਾ।


ਖੁੱਲ੍ਹੇ ਬੋਰਵੈੱਲਾਂ 'ਤੇ ਸਖ਼ਤੀ
ਮਾਨ ਸਰਕਾਰ ਨੇ ਖੁੱਲ੍ਹੇ ਬੋਰਵੈੱਲ ਰੱਖਣ 'ਤੇ ਅਪਰਾਧਿਕ ਮੁਕੱਦਮਾ ਦਰਜਾ ਕਰਨ ਦਾ ਫੈਸਲਾ ਲਿਆ ਹੈ। ਖੁੱਲ੍ਹੇ ਬੋਰਵੈੱਲ ਸੰਬੰਧਿਤ ਕਿੰਨੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਤੇ ਬਹੁਤ ਸਾਰੇ ਮਾਸੂਮ ਅਜਾਈਂ ਜਾਨਾਂ ਗੁਆ ਚੁੱਕੇ ਹਨ। ਬਾਹਰਲੇ ਮੁਲਕ ਵਿਚ ਪਹਿਲਾਂ ਸਾਰੇ ਪਹਿਲੂਆਂ 'ਤੇ ਵਿਚਾਰ ਹੁੰਦੀਹੈ ਤਾਂ ਜੋ ਅਣਸੁਖਾਵੀਂ ਘਟਨਾ ਨਾ ਵਾਪਰੇ। ਮਨੁੱਖੀ ਜਾਨਾਂ ਦੀ ਕੀਮਤ ਹੈ। ਸਾਡੇ ਮੁਲਕ ਵਿਚ ਜਦੋਂ ਘਟਨਾ ਵਾਪਰਦੀ ਹੈ, ਫਿਰ ਵਿਚਾਰ ਕੀਤਾ ਜਾਂਦਾ ਹੈ, ਮਾੜੇ-ਮੋਟੇ ਪੀੜਤ ਦੀ ਮਾਲੀ ਮਦਦ ਦੇਕੇ ਗੁੰਗਲੂਆਂ ਤੋਂ ਮਿੱਟੀ ਝਾੜ ਲਈ ਜਾਂਦੀ ਹੈ। ਮਨੁੱਖੀ ਜਾਨਾਂ ਦੀ ਕੋਈ ਕੀਮਤ ਨਹੀਂ। ਪਰਨਾਲਾ ਫਿਰ ਉਥੇ ਦਾ ਉਥੇ ਹੀ ਰਹਿੰਦਾ ਹੈ। ਜੇਕਰ ਸਮੇਂ ਦੀਆਂ ਸਰਕਾਰਾਂ ਪਹਿਲਾਂ ਹੀ ਸਖਤੀ ਵਰਤਦੀਆਂ ਤਾਂ ਇਹ ਘਟਨਾਵਾਂ ਦੁਬਾਰਾ ਨਾ ਵਾਪਰਦੀਆਂ। ਜੋ ਸਰਕਾਰ ਨੂੰ ਇਸ 'ਤੇ ਸੰਜੀਦਗੀ ਨਾਲ ਵਿਚਾਰ ਕਰ ਕੇ ਕਾਨੂੰਨ ਨੂੰ ਸਖ਼ਤ ਬਣਾ ਕੇ ਇਸ 'ਤੇ ਕਾਰਵਾਈ ਕਰਨੀ ਚਾਹੀਦੀ ਹੈ।


-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ, ਐਡਮਨਿਸਟ੍ਰੇਸ਼ਨ।


ਮੁੱਖ ਮੰਤਰੀ ਤੋਂ ਆਸ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹੀ ਸਿਹਤ ਮੰਤਰੀ ਨੂੰ ਗ੍ਰਿਫ਼ਤਾਰ ਕਰ ਕੇ ਦੱਸ ਦਿੱਤਾ ਹੈ ਕਿ ਪੰਜਾਬ ਵਿਚ ਭ੍ਰਿਸ਼ਟਾਚਾਰ ਅਜੇ ਵੀ ਬਾਦਸਤੂਰ ਜਾਰੀ ਹੈ। ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਬਰਖ਼ਾਸਤ ਕਰਨਾ ਆਮ ਆਦਮੀ ਪਾਰਟੀ ਦਾ ਬਹੁਤ ਹੀ ਵਧੀਆ ਫ਼ੈਸਲਾ ਹੈ। ਇਸ ਫ਼ੈਸਲੇ ਦੀ ਚਾਰੇ ਪਾਸੇ ਪ੍ਰਸੰਸਾ ਹੋ ਰਹੀ ਹੈ। ਪੰਜਾਬ ਵਾਸੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ 'ਤੇ ਬਹੁਤ ਆਸਾਂ ਹਨ।


-ਸੁਖਵਿੰਦਰ ਸਿੰਘ ਹੈਪੀ, ਮੋਰਿੰਡਾ।


ਜ਼ਮੀਰ
ਪਿਛਲੇ ਦੋ ਕੁ ਦਹਾਕਿਆਂ ਤੋਂ ਪਤਾ ਨਹੀਂ ਸਮਾਜ ਦੇ ਬਹੁਤੇ ਲੋਕਾਂ ਨੂੰ ਕੀ ਹੋ ਗਿਆ ਹੈ। ਇਨ੍ਹਾਂ ਵਿਚ ਝੂਠ ਨੂੰ ਝੂਠ ਕਹਿਣ ਦੀ ਹਿੰਮਤ ਹੀ ਨਹੀਂ ਰਹੀ। ਸੱਚ ਨੂੰ ਕਹਿਣ ਦਾ ਹੌਸਲਾ ਹੀ ਨਹੀਂ ਰਹਿ ਗਿਆ। ਕੋਈ ਜ਼ਮਾਨਾ ਸੀ ਕਿ ਪਿਓ ਵੀ ਆਪਣੇ ਝੂਠੇ ਪੁੱਤਰ ਦੀ ਹਾਮੀ ਨਹੀਂ ਸੀ ਭਰਦਾ। ਸੱਚ ਨਾਲ ਖੜ੍ਹਦਾ ਸੀ। ਪਰ ਅੱਜ ਸਾਡੀ ਜ਼ਮੀਰ ਐਨੀ ਕੁ ਮਰ ਚੁੱਕੀ ਹੈ ਕਿ ਅਸੀਂ ਆਪਣੇ ਇਕ ਇਕ ਪੈਸੇ ਦੇ ਲਾਭ ਖਾਤਰ ਦੂਸਰੇ ਦੇ ਨੜਿੰਨਵੇਂ ਪੈਸੇ ਦੀ ਹਾਨੀ ਦੀ ਵੀ ਪ੍ਰਵਾਹ ਨਹੀਂ ਕਰਦੇ। ਝੱਟ ਝੂਠ 'ਤੇ ਉਤਰ ਆਉਂਦੇ ਹਾਂ। ਨਾਮਾਤਰ ਲਾਲਚ ਨੇ ਹੀ ਸਾਡੀ ਜ਼ਮੀਰ ਨੂੰ ਮਾਰ ਮੁਕਾਇਆ ਹੈ। ਅਣਖ ਲਈ ਜਿਊਣ ਵਾਲੀ ਕੌਮ ਦੇ ਬਹੁਤੇ ਬੰਦਿਆਂ ਵਿਚ ਮਰੀ ਹੋਈ ਜ਼ਮੀਰ ਦਾ ਵਾਸਾ ਕੌਮ ਨੂੰ ਚਿੰਤਾ ਵਿਚ ਪਾਈ ਜਾਂਦਾ ਹੈ। ਖਾਸ ਕਰਕੇ ਸਿੱਖ ਭਾਈਚਾਰੇ ਨੂੰ ਇਸ ਵਿਸ਼ੇ ਬਾਰੇ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕਰਦਾ ਹੈ। ਸਰਬੱਤ ਦਾ ਭਲਾ ਕਰਨ ਵਾਲਿਆਂ ਵਿਚ ਅਜਿਹੇ ਲੋਕ ਸੋਭਦੇ ਨਹੀਂ। ਆਓ, ਬਾਬੇ ਨਾਨਕ ਦੀ ਸੋਚ ਦੇ ਧਾਰਨੀ ਬਣੀਏ, ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਸੱਚ ਦੀ ਗੱਲ ਕਰੀਏ।

-ਜਗਰੂਪ ਸਿੰਘ
ਥੇਹ ਕਲੰਦਰ, ਫਾਜ਼ਿਲਕਾ।


ਡਿਜੀਟਲ ਬਜਟ
ਪੰਜਾਬ ਸਰਕਾਰ ਦੁਆਰਾ ਆਉਂਦੇ ਵਿਧਾਨ ਸਭਾ ਸੈਸ਼ਨ ਦੌਰਾਨ ਡਿਜੀਟਲ ਤਰੀਕੇ ਨਾਲ ਬਜਟ ਪੇਸ਼ ਕਰਨਾ ਸ਼ਲਾਘਾਯੋਗ ਕਦਮ ਹੈ। ਇਸ ਫੈਸਲੇ ਨਾਲ ਜਿਥੇ ਕਾਗਜ਼ ਦੀ ਬੱਚਤ ਹੋਵੇਗੀ, ਉਥੇ ਪੰਜਾਬ ਸਰਕਾਰ ਦੀ ਵੀ ਡਿਜੀਟਲ ਇੰਡੀਆ ਦੇ ਮਿਸ਼ਨ ਵਿਚ ਇਕ ਵੱਡੀ ਪੁਲਾਂਘ ਹੋਵੇਗੀ। ਸਰਕਾਰ ਦਾ ਇਹ ਮਹੱਤਵਪੂਰਨ ਕਦਮ ਵਾਤਾਵਰਨ ਪੱਖੀ ਅਤੇ ਸਵਾਗਤਯੋਗ ਹੈ।


-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ. ਅਤਰ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ।


ਆਈ.ਏ.ਐਸ. ਪ੍ਰੀਖਿਆਵਾਂ ਦੇ ਨਤੀਜੇ
ਕੇਂਦਰੀ ਪਬਲਿਕ ਸਰਵਿਸ ਕਮਿਸ਼ਨ ਨੇ 685 ਉਨ੍ਹਾਂ ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਹੈ ਜਿਹੜੇ ਇਮਤਿਹਾਨ ਤੇ ਇੰਟਰਵਿਊ ਦੁਆਰਾ ਆਈ.ਏ.ਐਸ., ਆਈ.ਪੀ.ਐਸ., ਆਈ.ਐਫ.ਐਸ. ਅਤੇ ਹੋਰਨਾਂ ਕੇਂਦਰੀ ਸੇਵਾਵਾਂ ਲਈ ਚੁਣੇ ਗਏ ਹਨ। ਮੈਂ ਸਦਾ ਇਨ੍ਹਾਂ ਵਿਚ ਸਿੱਖਾਂ ਦੇ ਨਾਂਅ ਲੱਭਦਾ ਰਹਿੰਦਾ ਹਾਂ, ਭਾਵੇਂ ਇਹ ਕੰਮ ਕਾਫੀ ਔਖਾ ਹੁੰਦਾ ਹੈ। ਮੈਂ 14 ਸਿੱਖਾਂ ਦੇ ਨਾਂਅ ਲੱਭੇ ਹਨ ਜਿਨ੍ਹਾਂ ਵਿਚ 4 ਕੁੜੀਆਂ ਹਨ। ਸਾਡੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਵਧੀਆ ਰਹੀ ਹੈ। ਮੈਂ ਉਨ੍ਹਾਂ ਨੂੰ ਬੇਨਤੀ ਕਰਦਾ ਹਾਂ ਜਿਹੜੇ ਅਜਿਹੇ ਵਿਦਿਆਰਥੀਆਂ ਦੀ ਸਹਾਇਤਾ ਕਰਦੇ ਰਹਿੰਦੇ ਹਨ, ਉਹ ਇਨ੍ਹਾਂ ਸਿੱਖ ਵਿਦਿਆਰਥੀਆਂ ਦੇ ਦੁਬਾਰਾ ਨਾਂਅ ਚੈੱਕ ਕਰਨ। ਮੈਂ ਉਨ੍ਹਾਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਉਨ੍ਹਾਂ ਦੀ ਸਹਾਇਤਾ ਲਈ ਕੋਚਿੰਗ ਸੰਸਥਾਵਾਂ ਖੋਲ੍ਹੀਆਂ ਹੋਈਆਂ ਹਨ ਤੇ ਸਕਾਲਰਸ਼ਿਪ ਪ੍ਰਦਾਨ ਕਰਦੇ ਹਨ। ਇਹ ਕਹਿਣ ਦੀ ਲੋੜ ਨਹੀਂ ਕਿ ਇਹ ਸਭ ਤੋਂ ਵੱਡੀ ਸੇਵਾ ਹੈ ਜਿਹੜੇ ਸਾਡੇ ਨੌਜਵਾਨ ਮੁੰਡੇ-ਕੁੜੀਆਂ ਨੂੰ ਇਹ ਸਹਾਇਤਾ ਦਿੰਦੇ ਹਨ। ਇਹ ਖੁਸ਼ੀ ਦੀ ਗੱਲ ਹੈ ਕਿ ਹਰਕੀਰਤ ਸਿੰਘ ਰੰਧਾਵਾ ਦਾ ਇਸ ਵਾਰ ਦੀ ਸੂਚੀ ਵਿਚ ਭਾਰਤ ਪੱਧਰ 'ਤੇ 10ਵਾਂ ਸਥਾਨ 'ਤੇ ਹੈ ਅਤੇ ਜਸਪਿੰਦਰ ਸਿੰਘ 33ਵੇਂ ਸਥਾਨ 'ਤੇ ਹੈ। ਇਨ੍ਹਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਤੇ ਪਰਮਾਤਮਾ ਇਨ੍ਹਾਂ ਸਾਰਿਆਂ ਨੂੰ ਤਰੱਕੀਆਂ ਬਖਸ਼ੇ।


-ਤਰਲੋਚਨ ਸਿੰਘ, ਸਾਬਕਾ ਐਮ.ਪੀ. (ਦਿੱਲੀ)।

01-06-2022

 ਰੁੱਖ ਲਗਾਓ

ਪੁਰਾਣੇ ਸਮਿਆਂ ਵਿਚ ਪਿੱਪਲ, ਬੋਹੜ, ਟਾਹਲੀ ਵਰਗੇ ਉੱਚੇ ਭਰਵੇਂ ਦਰੱਖਤ ਘਰ ਦੀ ਸ਼ਾਨ ਹੁੰਦੇ ਸਨ ਅਤੇ ਸਾਰਾ ਪਰਿਵਾਰ ਦੁਪਹਿਰ ਸਮੇਂ ਇਨ੍ਹਾਂ ਦੇ ਹੇਠਾਂ ਬੈਠ ਠੰਢੀ ਹਵਾ ਦਾ ਲੁਤਫ਼ ਉਠਾਉਂਦਾ ਸੀ ਪਰ ਅੱਜ ਤਾਂ ਘਰਾਂ ਦੇ ਵਿਹੜਿਆਂ ਵਿਚ ਦੋ ਚਾਰ ਨਿੱਕੇ-ਨਿੱਕੇ ਗਮਲੇ ਦਿਖਾਈ ਦਿੰਦੇ ਹਨ, ਜਿਨ੍ਹਾਂ ਕੋਲ ਰੁੱਖ ਲਗਾਉਣ ਨੂੰ ਚੰਗੀ ਭਲੀ ਥਾਂ ਹੈ, ਉਹ ਵੀ ਹੁਣ ਪੱਤੇ ਝੜਨ ਦੇ ਡਰ ਤੋਂ ਰੁੱਖ ਨਹੀਂ ਲਗਾਉਂਦੇ, ਅਖੇ ਖਿਲਾਰਾ ਪੈਂਦਾ ਹੈ ਤੇ ਆਹ ਜਿਹੜਾ ਆਕਸੀਜਨ ਦੀ ਘਾਟ ਵਾਲਾ ਖਿਲਾਰਾ ਸਾਡੇ ਵਾਤਵਰਨ ਵਿਚ ਪਿਆ ਹੈ, ਉਹ ਕਿਸੇ ਨੂੰ ਕਿਉਂ ਨਹੀਂ ਦਿਖਦਾ, ਇਸ ਦੇ ਲਈ ਸਰਕਾਰਾਂ ਨੂੰ ਦੋਸ਼ ਦੇਣ ਦੀ ਬਜਾਏ ਸ਼ੁਰੂਆਤ ਆਵਦੇ ਘਰ ਤੋਂ ਕਰੋ ਅਤੇ ਦੋ ਰੁੱਖ ਜ਼ਰੂਰ ਲਗਾਓ। ਸਾਫ਼ ਅਤੇ ਸ਼ੁੱਧ ਹਵਾ ਸਾਨੂੰ ਰੁੱਖਾਂ ਕਰਕੇ ਹੀ ਮਿਲਦੀ ਹੈ, ਰੁੱਖਾਂ ਦੀ ਬਹੁਤ ਵੱਡੀ ਘਾਟ ਕਾਰਨ ਹੀ ਕੈਂਸਰ, ਦਮੇਂ, ਵਰਗੀਆਂ ਭਿਆਨਕ ਬਿਮਾਰੀਆਂ ਸਾਨੂੰ ਆ ਚਿੰਬੜਦੀਆਂ ਹਨ, ਕਿਉਂਕਿ ਰੁੱਖਾਂ ਬਿਨਾਂ ਹਵਾ ਬਹੁਤ ਦੂਸ਼ਿਤ ਹੋ ਗਈ ਹੈ। ਰੁੱਖ ਇਕ ਤਰੀਕੇ ਨਾਲ ਹਵਾ ਨੂੰ ਸਾਫ਼ ਕਰਨ ਲਈ ਫਿਲਟਰ ਦਾ ਕੰਮ ਕਦੇ ਹਨ, ਜੇਕਰ ਆਉਣ ਵਾਲੀ ਪੀੜ੍ਹੀ ਦਾ ਜੀਵਨ ਸੁਖੀ ਬਣਾਉਣਾ ਹੈ ਤਾਂ ਪਿੱਪਲ, ਬੋਹੜ, ਟਾਹਲੀ, ਨਿੰਮ, ਅੰਬ ਆਦਿ ਲਗਾਓ ਅਤੇ ਜੀਵਨ ਖ਼ੁਸ਼ਹਾਲ ਬਣਾਓ।

-ਅਮਨਦੀਪ ਕੌਰ
ਹਾਕਮ ਸਿੰਘ ਵਾਲਾ, ਬਠਿੰਡਾ।

ਪੰਜਾਬ 'ਚ ਨਸ਼ਿਆਂ ਦਾ ਕਹਿਰ

ਅੱਜ ਪੰਜਾਬ 'ਚ ਨਸ਼ਿਆਂ ਦਾ ਕਹਿਰ ਵਰਤ ਰਿਹਾ ਹੈ। ਰੋਜ਼ਾਨਾ ਅਖ਼ਬਾਰਾਂ ਵਿਚ ਇਹ ਖ਼ਬਰ ਪੜ੍ਹਨ ਨੂੰ ਮਿਲਦੀ ਹੈ ਕਿ ਫਲਾਣੇ ਥਾਂ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਨਵੀਂ ਸਰਕਾਰ ਬਣੀ ਨੂੰ ਦੋ-ਢਾਈ ਮਹੀਨੇ ਹੋ ਗਏ ਹਨ। ਪਰ ਏਨੇ ਸਮੇਂ ਵਿਚ 61 ਨੌਜਵਾਨਾਂ ਦੀ ਨਸ਼ਿਆਂ ਕਾਰਨ ਮੌਤ ਹੋ ਚੁੱਕੀ ਹੈ। ਅਜੇ ਵੀ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਪਤਾ ਨਹੀਂ ਕਦੋਂ ਪੰਜਾਬ ਨਸ਼ਾ ਮੁਕਤ ਹੋਵੇਗਾ?

-ਸੁਖਚੈਨ ਸਿੰਘ ਢਿੱਲੋਂ
ਖਿੱਪਾਂ ਵਾਲੀ, ਫ਼ਾਜ਼ਿਲਕਾ।

ਵਿਦੇਸ਼ਾਂ ਵੱਲ ਭੱਜਣਾ

ਪਿਛਲੇ ਦਿਨੀਂ 'ਅਜੀਤ' (25 ਮਈ) ਵਿਚ ਪ੍ਰਕਾਸ਼ਿਤ ਮਨਬੀਰ ਸਿੰਘ ਦਾ ਲਿਖਿਆ ਲੇਖ ਭਾਰਤੀ ਨੌਜਵਾਨਾਂ ਦਾ ਸਵਾਗਤ ਕਰਨ ਵਾਲਾ ਦੇਸ਼ ਕੈਨੇਡਾ ਪੜ੍ਹਿਆ। ਜਿਸ ਤੋਂ ਸਪੱਸ਼ਟ ਹੈ ਕਿ ਵਿਦਿਆਰਥੀਆਂ ਦੀ ਪਹਿਲੀ ਪਸੰਦ ਕੈਨੇਡਾ ਬਣ ਚੁੱਕਾ ਹੈ। ਪਰ ਵਿਦਿਆਰਥੀਆਂ ਦਾ ਵੱਡੀ ਗਿਣਤੀ ਵਿਚ ਵਿਦੇਸ਼ਾਂ ਵੱਲ ਨੂੰ ਭੱਜਣਾ ਇਕ ਚਿੰਤਾ ਦਾ ਵਿਸ਼ਾ ਹੈ। ਜੇਕਰ ਚੰਗੀ ਸਿੱਖਿਆ, ਯੋਗਤਾ ਦੇ ਆਧਾਰ 'ਤੇ ਕੰਮ ਆਦਿ ਮੁਢਲੀਆਂ ਸਹੂਲਤਾਂ ਮਿਲਣ ਤਾਂ ਪੰਜਾਬ ਦੀ ਜਵਾਨੀ ਵਿਦੇਸ਼ਾਂ ਵੱਲ ਨੂੰ ਨਹੀਂ ਜਾਵੇਗੀ। ਇਹ ਸਭ ਸਰਕਾਰ ਦੀਆਂ ਸਿੱਖਿਆ, ਸਿਹਤ, ਸਫਾਈ ਆਦਿ ਮੁੱਦਿਆਂ ਪ੍ਰਤੀ ਅਪਣਾਈਆਂ ਨੀਤੀਆਂ ਕਾਰਨ ਹੋ ਰਿਹਾ ਹੈ। ਜੇਕਰ ਸਰਕਾਰ ਨੇ ਸਿਸਟਮ ਨੂੰ ਸੁਧਾਰਨ ਲਈ ਯੋਗ ਨੀਤੀਆਂ ਨਾ ਅਪਣਾਈਆਂ ਤਾਂ ਨੌਜਵਾਨ ਵਰਗ ਜੋ ਕਿ ਸੂਬੇ ਦੀ ਸੱਜੀ ਬਾਂਹ ਹੁੰਦਾ ਹੈ, ਉਹ ਆਪਣੇ ਬਿਹਤਰ ਭਵਿੱਖ ਲਈ ਵਿਦੇਸ਼ਾਂ ਵੱਲ ਪ੍ਰਵਾਸ ਕਰਦਾ ਰਹੇਗਾ।

-ਬਲਵਿੰਦਰ ਕੌਰ
ਪਿੰਡ ਮਾਣਕੀ, ਜ਼ਿਲ੍ਹਾ ਮਲੇਰਕੋਟਲਾ।

ਤਾਰੀਫ਼ ਕਰਨ ਵਾਲਾ ਫ਼ੈਸਲਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਹੀ ਸਰਕਾਰ ਦੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਰਿਸ਼ਵਤ ਮੰਗਣ 'ਤੇ ਮੰਤਰੀ ਮੰਡਲ 'ਚੋਂ ਬਰਖ਼ਾਸਤ ਕਰਕੇ ਸ਼ਲਾਘਾਯੋਗ ਫ਼ੈਸਲਾ ਕੀਤਾ ਹੈ। ਇਸ ਫ਼ੈਸਲੇ ਦੀ ਤਾਰੀਫ਼ ਕੀਤੀ ਜਾਣੀ ਚਾਹੀਦੀ ਹੈ। ਇਸ ਤਰ੍ਹਾਂ ਭ੍ਰਿਸ਼ਟਾਚਾਰੀਆਂ ਨੂੰ ਨੱਥ ਪਵੇਗੀ।

-ਪ੍ਰੋ. ਬਾਬਾ ਨਿਰਮਲ ਸਿੰਘ ਰੰਧਾਵਾ
ਛੇਹਰਟਾ (ਬਾਬਾ ਬੁੱਢਾ ਵੰਸਜ਼)।

ਸੋਧ

ਮਿਤੀ 31 ਮਈ, 2022 ਨੂੰ 'ਪੰਜਾਬ ਦੀਆਂ ਹਕੀਕਤਾਂ ਨੂੰ ਮੁੱਖ ਰੱਖ ਕੇ ਹੀ ਫ਼ੈਸਲੇ ਲਵੇ ਮਾਨ ਸਰਕਾਰ' ਸਿਰਲੇਖ ਹੇਠ ਸਤਨਾਮ ਸਿੰਘ ਮਾਣਕ ਦੇ ਪ੍ਰਕਾਸ਼ਿਤ ਹੋਏ ਲੇਖ ਵਿਚ ਗ਼ਲਤੀ ਨਾਲ ਇਹ ਛਪਿਆ ਹੈ ਕਿ ਸਿੱਧੂ ਮੂਸੇਵਾਲਾ ਨੂੰ ਬੁਲਟ ਪਰੂਫ ਗੱਡੀ ਸਰਕਾਰ ਵਲੋਂ ਦਿੱਤੀ ਗਈ, ਜਦੋਂ ਕਿ ਉਹ ਬੁਲਟ ਪਰੂਫ਼ ਗੱਡੀ ਉਸ ਦੀ ਆਪਣੀ ਸੀ, ਨਾ ਕਿ ਸਰਕਾਰ ਵਲੋਂ ਦਿੱਤੀ ਗਈ।

-ਸੰਪਾਦਕ।


ਰਬੜ ਦਾ ਗੁੱਡਾ ਨਹੀਂ ਏ ਭਗਵੰਤ ਮਾਨ

ਮੈਨੂੰ ਹੀ ਨਹੀਂ ਹੁਣ ਪੂਰੇ ਪੰਜਾਬ ਨੂੰ ਲੱਗਣ ਲੱਗ ਗਿਆ ਹੈ ਕਿ ਭਗਵੰਤ ਮਾਨ ਰਬੜ ਦਾ ਗੁੱਡਾ ਨਹੀਂ ਏ। ਜਦੋਂ ਪਹਿਲਾਂ ਚਾਰ ਰਾਜ ਸਭਾ ਮੈਂਬਰ ਭੇਜੇ ਸੀ ਤਾਂ ਮੈਂ ਰੱਜਵਾਂ ਵਿਰੋਧ ਕੀਤਾ ਸੀ ਤੇ ਕਰਨਾ ਵੀ ਚਾਹੀਦਾ ਸੀ। ਬੀਤੇ ਦਿਨੀਂ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੇ ਪਦਮਸ੍ਰੀ ਐਵਾਰਡ ਨਾਲ ਸਨਮਾਨਿਤ ਦੋ ਖਾਸ ਸ਼ਖ਼ਸੀਅਤਾਂ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਕਰਮਜੀਤ ਸਿੰਘ ਸਾਹਨੀ ਜੋ ਦੋਵੇਂ ਹੀ ਬੇਹੱਦ ਚਰਚਿਤ ਤੇ ਮਸ਼ਹੂਰ ਸਮਾਜ ਸੇਵਕ ਤੇ ਵਾਤਾਵਰਨ ਪ੍ਰੇਮੀ ਨੇ, ਉਨ੍ਹਾਂ ਨੂੰ ਰਾਜ ਸਭਾ ਮੈਂਬਰ ਵਜੋਂ ਨਾਮਜ਼ਦ ਕੀਤਾ ਤਾਂ ਮੈਂ ਦਿਲ ਨਾਲ ਭਗਵੰਤ ਮਾਨ ਦਾ ਸ਼ੁਕਰਾਨਾ ਕੀਤਾ ਹੈ, ਮੈਨੂੰ ਲੱਗਦਾ ਹੈ ਉਹ ਵਾਕਈ ਪੰਜਾਬ ਦਾ ਦਰਦ, ਪੰਜਾਬ ਦੀ ਨਬਜ਼ ਸਮਝਦਾ ਹੈ ਤੇ ਉਸ ਦੀ ਸਰਕਾਰ ਵੀ ਲੋਕਾਂ ਦੇ ਵਿਰੋਧ ਦਾ ਖਾਸ ਨੋਟਿਸ ਲੈਂਦੀ ਹੈ। ਖਾਸ ਕਰਕੇ ਸੋਸ਼ਲ ਮੀਡੀਆ 'ਤੇ ਇਸੇ ਲਈ ਉਹ ਫੈਸਲਾ ਪਲਟਣ 'ਚ ਸ਼ਰਮ ਨਹੀਂ ਮੰਨਦੇ। ਸੋ, ਸਰਕਾਰ ਦੇ ਹਰੇਕ ਗ਼ਲਤ ਫ਼ੈਸਲੇ ਦਾ ਡਟ ਕੇ ਵਿਰੋਧ ਕਰੋ ਪਰ ਵਿਰੋਧ ਲਈ ਵਿਰੋਧ ਨਾ ਕਰੋ। ਆਸ ਹੈ ਇਹ ਦੋਵੇਂ ਸ਼ਖ਼ਸੀਅਤਾਂ ਸੰਸਦ 'ਚ ਪਹੁੰਚ ਕੇ ਸਾਡਾ ਵਾਤਾਵਰਨ ਬਚਾਉਣ ਲਈ, ਸਿੱਖਿਆ ਅਤੇ ਰੁਜ਼ਗਾਰ ਲਈ ਇਨਕਲਾਬੀ ਮੁੱਦੇ ਚੁੱਕਦਿਆਂ ਖੁਸ਼ਹਾਲ ਪੰਜਾਬ, ਖੁਸ਼ਹਾਲ ਭਾਰਤ ਬਣਾਉਣ 'ਚ ਮੋਹਰੀ ਭੂਮਿਕਾ ਨਿਭਾਉਣਗੀਆਂ।

-ਅਸ਼ੋਕ ਸੋਨੀ

31-05-2022

 ਤੇਲ ਕੀਮਤਾਂ 'ਚ ਕਟੌਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਦੀ ਭਾਜਪਾ ਸਰਕਾਰ ਨੇ ਪੈਟਰੋਲ 9.5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 7 ਰੁਪਏ ਪ੍ਰਤੀ ਲੀਟਰ ਸਸਤਾ ਕਰਕੇ ਊਠ ਤੋਂ ਛਾਣਨੀ ਲਾਹੁਣ ਵਾਲਾ ਕੰਮ ਕੀਤਾ ਹੈ। ਆਮ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਧਾ ਕੇ ਅਤੇ ਸਬਸਿਡੀ ਬਿਲਕੁਲ ਖ਼ਤਮ ਕਰਦਿਆਂ ਉਜਵਲਾ ਸਕੀਮ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 200 ਰੁਪਏ ਘਟਾਉਣ ਦਾ ਫ਼ੈਸਲਾ ਕੀਤਾ ਹੈ। ਭਾਜਪਾ ਨੇ ਮੋਦੀ ਸਰਕਾਰ ਵਲੋਂ ਜਨਤਾ ਨੂੰ ਦਿੱਤੀ ਗਈ ਇਸ ਵੱਡੀ ਰਾਹਤ ਦਾ ਕੁਝ ਵਧੇਰੇ ਹੀ ਸਵਾਗਤ ਕੀਤਾ ਹੈ। ਭਾਜਪਾ ਨੇ ਕਿਹਾ ਕਿ ਇਸ ਸਮੇਂ ਪੂਰੀ ਦੁਨੀਆ 'ਚ ਰੂਸ-ਯੂਕਰੇਨ ਜੰਗ ਕਾਰਨ ਕਰੂਡ ਦੀ ਕੀਮਤ ਉੱਚ ਪੱਧਰ 'ਤੇ ਹੈ ਜਿਸ ਕਾਰਨ ਪੈਟਰੀਲਅਮ ਪਦਾਰਥਾਂ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ ਅਤੇ ਇਸ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਵਿਚ ਮੋਦੀ ਸਰਕਾਰ ਵਲੋਂ ਤੇਲ ਦੀਆਂ ਕੀਮਤਾਂ ਵਿਚ ਕਟੌਤੀ ਕਰਨਾ ਬਹੁਤ ਹੀ ਦਲੇਰੀ ਭਰਿਆ ਫ਼ੈਸਲਾ ਹੈ। ਪਰ ਕੇਂਦਰ ਸਰਕਾਰ ਤੇ ਭਾਜਪਾ ਨੂੰ ਇਸ ਮਾਮਲੇ ਵਿਚ ਬਹੁਤੀਆਂ ਕੱਛਾਂ ਨਹੀਂ ਵਜਾਉਣੀਆਂ ਚਾਹੀਦੀਆਂ। ਤੇਲ ਗੈਸ ਕੀਮਤਾਂ ਵਧਾ ਕੇ ਹੁਣ ਤੱਕ ਲੋਕਾਂ ਦੀ ਜਿੰਨੀ ਲੁੱਟ ਕਰ ਲਈ ਗਈ ਹੈ, ਲੋਕਾਂ ਨੂੰ ਇਸ ਨਾਲ ਪਏ ਘਾਟੇ ਦੀ ਪੂਰਤੀ ਨਹੀਂ ਕੀਤੀ ਜਾ ਸਕਦੀ। ਤੇਲ ਗੈਸ ਕੀਮਤਾਂ ਦੇ ਇਸ ਘਟਾਏ ਰੇਟ ਤੋਂ ਬਾਅਦ ਵੀ ਮਹਿੰਗਾਈ ਨਹੀਂ ਘਟੇਗੀ। ਸਮੱਸਿਆ ਦਾ ਇਕੋ ਹੱਲ ਹੈ ਕਿ ਤੇਲ ਗੈਸ ਨੂੰ ਜੀ.ਐਸ.ਟੀ. ਦਾਇਰੇ ਵਿਚ ਲਿਆਂਦਾ ਜਾਵੇ। ਲੋਕਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਹੈ। ਆਪਣੀਆਂ ਹਰ ਕਿਸਮ ਦੀਆਂ ਫਜ਼ੂਲ ਖ਼ਰਚੀਆਂ ਰੋਕਣ ਲਈ ਅੱਗੇ ਆਉਣਾ ਚਾਹੀਦਾ ਹੈ। ਜਿਸ ਚੀਜ਼ ਦੀ ਖਪਤ ਘਟੇਗੀ, ਉਸ ਦੀ ਕੀਮਤ ਵੀ ਘਟੇਗੀ। ਖਪਤ ਘਟਾ ਕੇ ਮਹਿੰਗਾਈ ਘਟਾਉਣ ਨਾਲ ਸਰਕਾਰਾਂ ਅਤੇ ਕਾਰੋਬਾਰੀਆਂ ਦੇ ਲੁੱਟ ਦੇ ਵਿਛਾਏ ਜਾਲ ਕੱਟੇ ਜਾ ਸਕਦੇ ਹਨ।

-ਹਰਪ੍ਰੀਤ ਸਿੰਘ ਲੇਹਿਲ
ਅਜਿੰਦਰਾ ਹਾਊਸ, ਗੁਰੂ ਨਾਨਕ ਨਗਰ, ਟੀ.ਵੀ. ਟਾਵਰ, ਖੁਰਲਾ ਨਕੋਦਰ ਰੋਡ, ਜਲੰਧਰ

ਸਿੱਧੀ ਬਿਜਾਈ ਨੂੰ ਹੱਲਾਸ਼ੇਰੀ

ਮੁੱਖ ਮੰਤਰੀ ਪੰਜਾਬ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚੰਗਵਾ ਦੇ ਐਨ.ਆਰ.ਆਈ. ਰਣਜੀਤ ਸਿੰਘ ਧਾਲੀਵਾਲ ਨੇ ਵੀ ਐਲਾਨ ਕੀਤਾ ਹੈ ਕਿ ਜਿਹੜਾ ਕਿਸਾਨ ਮੇਰੀ ਠੇਕੇ ਦੀ ਜ਼ਮੀਨ 'ਤੇ ਸਿੱਧੀ ਬਿਜਾਈ ਨਾਲ ਝੋਨਾ ਲਵੇਗਾ, ਮੈਂ ਉਸ ਜ਼ਿਮੀਂਦਾਰ ਤੋਂ 3000 ਰੁਪਏ ਘੱਟ ਠੇਕਾ ਲਵਾਂਗਾ। ਇੰਜ ਠੇਕੇ 'ਤੇ ਜ਼ਮੀਨ ਲੈਣ ਵਾਲੇ ਨੂੰ 4500 ਰੁਪਏ ਦਾ ਸਿੱਧਾ ਫਾਇਦਾ ਹੋਵੇਗਾ। ਇਸ ਤਰ੍ਹਾਂ ਦੀ ਪਹਿਲਕਦਮੀ ਲਈ ਸਾਡੀ ਐਨ.ਆਰ.ਆਈ. ਸਮੂਹ ਕਿਸਾਨ ਭਰਾਵਾਂ ਨੂੰ ਅਪੀਲ ਹੈ ਕਿ ਸਰਕਾਰ ਦੇ ਨਾਲ-ਨਾਲ ਉਹ ਵੀ ਇਸ ਮੁਹਿੰਮ 'ਚ ਬਣਦਾ ਹਿੱਸਾ ਪਾ ਕੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ 'ਚ ਮਦਦ ਕਰਨ ਤਾਂ ਜੋ ਦਿਨ-ਬਦਿਨ ਘਟਦੇ ਹੋਏ ਪਾਣੀ ਨੂੰ ਬਚਾਇਆ ਜਾ ਸਕੇ। ਇਸ ਮੁਹਿੰਮ ਤਹਿਤ ਜੇਕਰ ਪਾਣੀ ਬਚਾਉਣ 'ਚ ਮੌਜੂਦਾ ਸਰਕਾਰ ਸਫਲ ਹੁੰਦੀ ਹੈ ਤਾਂ ਵਾਤਾਵਰਨ 'ਚ ਕਾਫੀ ਸੁਧਾਰ ਹੋਵੇਗਾ। ਸਾਨੂੰ ਸਾਰਿਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬ ਦੇ ਭਲੇ ਲਈ ਸਰਕਾਰ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।

-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।

ਸ਼ਲਾਘਾਯੋਗ ਫ਼ੈਸਲਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕਿਸਾਨਾਂ ਨੂੰ ਆਰਥਿਕ ਮਦਦ ਦੇਣ ਦਾ ਵਾਅਦਾ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਹੋਰ ਉੱਚਾ ਕਰਨ ਲਈ ਉਤਸ਼ਾਹਿਤ ਕੀਤਾ ਹੈ। ਸਾਲ 2020 ਵਿਚ ਝੋਨੇ ਦੀ ਸਿੱਧੀ ਬਿਜਾਈ 13 ਲੱਖ ਏਕੜ ਰਕਬੇ ਵਿਚ ਹੋਈ ਸੀ। ਇਸ ਵਾਰ ਰਕਬਾ ਵਧਾਉਣ ਦਾ ਟੀਚਾ ਹੈ। 1970 ਦੇ ਨੇੜੇ-ਤੇੜੇ ਝੋਨੇ ਦੀ ਖੇਤੀ ਹੋਣ ਨਾਲ ਪਾਣੀ ਦੀ ਮੰਗ ਵਧੀ। ਇਸ ਨਾਲ ਟਿਊਬਵੈੱਲ ਲਾਉਣ ਲਈ ਕਿਸਾਨ ਨੂੰ ਹੱਲਾਸ਼ੇਰੀ ਦਿੱਤੀ। ਸਰਕਾਰ ਨੇ 1997 ਤੋਂ ਟਿਊਬਵੈੱਲ ਲਈ ਬਿਜਲੀ ਮੁਫ਼ਤ ਕੀਤੀ ਹੋਈ ਹੈ। 1986 ਵਿਚ ਫ਼ਸਲੀ ਵਿਭਿੰਨਤਾ ਲਿਆਉਣ ਲਈ ਕਮੇਟੀ ਨੇ ਸਿਫ਼ਾਰਸ਼ ਕੀਤੀ ਜਿਸ ਨਾਲ ਖੇਤੀ ਸੰਕਟ ਅਤੇ ਵਾਤਾਵਰਨ ਠੀਕ ਹੋਣ ਦਾ ਅਨੁਮਾਨ ਸੀ। ਪਰ ਨਤੀਜੇ ਲੋੜ ਅਨੁਸਾਰ ਨਹੀਂ ਨਿਕਲੇ। ਪੰਜਾਬ ਦੇ ਪਾਣੀਆਂ ਨੂੰ ਨੀਵੇਂ ਪੱਧਰ ਅਤੇ ਦੂਸ਼ਿਤ ਹੋਣ ਦੀ ਮਾਰ ਝੱਲਣੀ ਪਈ। ਇਸ ਨਾਲ ਸਿਹਤ ਦੇ ਨਾਂਹ-ਪੱਖੀ ਪ੍ਰਭਾਵ ਪਏ। ਪੰਜਾਬ ਦੀ ਬਦਲੀ ਦਿਸ਼ਾ ਅਤੇ ਦਸ਼ਾ ਨੂੰ ਜਲ ਸੰਕਟ ਵਿਚੋਂ ਕੱਢਣ ਲਈ ਸਰਕਾਰ ਦਾ ਵਧੀਆ ਫ਼ੈਸਲਾ ਹੈ।

-ਸੁੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ

ਗਰਮੀਆਂ ਦੇ ਮੌਸਮ ਦੌਰਾਨ ਪੰਜਾਬ ਵਿਚ ਵੱਖ-ਵੱਖ ਥਾਵਾਂ 'ਤੇ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਹਰ ਸਾਲ ਲਗਾਈਆਂ ਜਾਂਦੀਆਂ ਹਨ, ਜੋ ਕਿ ਚੰਗੀ ਗੱਲ ਹੈ। ਮੇਰਾ ਪ੍ਰਬੰਧਕਾਂ ਨੂੰ ਇਹ ਸੁਝਾਅ ਹੈ ਕਿ ਛਬੀਲ ਲਗਾਉਣ ਦੇ ਨਾਲ-ਨਾਲ ਸੜਕਾਂ ਦੇ ਕਿਨਾਰਿਆਂ 'ਤੇ ਘੱਟੋ-ਘੱਟ 10 ਬੂਟੇ ਜ਼ਰੂਰ ਲਗਾਉਣੇ ਚਾਹੀਦੇ ਹਨ, ਇਸ ਤਰ੍ਹਾਂ ਪੰਜਾਬ ਵਿਚ ਲਗਦੀਆਂ ਸੈਂਕੜੇ ਛਬੀਲਾਂ ਦੇ ਨਾਲ ਹਜ਼ਾਰਾਂ ਨਵੇਂ ਬੂਟੇ ਲਗਾਏ ਜਾ ਸਕਣ। ਇਹ ਬੂਟੇ ਵੱਡੇ ਹੋ ਕੇ ਰੁੱਖ ਬਣਨਗੇ ਅਤੇ ਸਾਨੂੰ ਆਕਸੀਜਨ ਦੇ ਕੇ ਵਾਤਾਵਰਨ ਦੀ ਸ਼ੁੱਧੀ ਵਿਚ ਆਪਣਾ ਯੋਗਦਾਨ ਪਾਉਣਗੇ। ਅੱਜ ਦੇ ਪ੍ਰਦੂਸ਼ਣ ਭਰੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਲੋੜ ਹੈ ਤਾਂ ਕਿ ਪੰਜਾਬ ਦੀ ਧਰਤੀ ਨੂੰ ਮੁੜ ਹਰਿਆ-ਭਰਿਆ ਕੀਤਾ ਜਾ ਸਕੇ।

-ਜਗਮੋਹਨ ਸਿੰਘ ਲੱਕੀ
ਵਿੱਦਿਆ ਨਗਰ, ਸਾਹਮਣੇ ਪੰਜਾਬੀ ਯੂਨੀਵਰਸਿਟੀ, ਪਟਿਆਲਾ

30-05-2022

 ਸਾਈਕਲ ਰੈਲੀ
ਬੀਤੇ ਦਿਨੀਂ ਪੰਜਾਬ ਦੇ ਸੰਗਰੂਰ ਸ਼ਹਿਰ ਵਿਚ ਸਾਈਕਲ ਰੈਲੀ ਕਰਵਾਈ ਗਈ, ਜਿਸ ਵਿਚ ਸਕੂਲੀ ਬੱਚਿਆਂ ਤੋਂ ਲੈ ਕੇ ਹਰ ਵਰਗ ਦੇ ਲੋਕ ਸ਼ਾਮਿਲ ਹੋਏ। ਲੋਕਾਂ ਵਿਚ ਇਸ ਰੈਲੀ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਸਾਈਕਲ ਯਾਤਰਾ ਸੰਗਰੂਰ ਸ਼ਹਿਰ ਦੇ ਜੀ.ਜੀ.ਐਸ. ਸਕੂਲ ਤੋਂ ਸਵੇੇਰੇ ਕਰੀਬ ਸੱਤ ਵਜੇ ਸ਼ੁਰੂ ਹੋਈ। ਇਸ ਰੈਲੀ ਵਿਚ ਮੁੱਖ ਮੰਤਰੀ ਭਗਵੰਤ ਮਾਨ ਤੇ ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਵੀ ਸ਼ਾਮਿਲ ਹੋਏ। ਭਗਵੰਤ ਮਾਨ ਨੇ ਲੋਕਾਂ ਨੂੰ ਨਸ਼ਿਆਂ ਰਹਿਤ ਜੀਵਨ ਜਿਊਣ ਦੀ ਸਲਾਹ ਦਿੱਤੀ। ਇਸ ਰੈਲੀ ਤਹਿਤ ਸਾਈਕਲ ਰੈਲੀ ਦਾ ਹਿੱਸਾ ਬਣ ਰਹੇ ਹਰ ਵਿਅਕਤੀ ਨੂੰ ਪੀਲੇ ਰੰਗ ਦੀਆਂ ਟੀ-ਸ਼ਰਟਾਂ ਦਿੱਤੀਆਂ ਗਈਆਂ। ਇਸ ਰੈਲੀ ਦਾ ਮੁੱਖ ਮਕਸਦ ਪੰਜਾਬ ਨੂੰ ਨਸ਼ਿਆਂ ਮੁਕਤ ਕਰਨਾ ਸੀ। ਇਸ ਦੇ ਨਾਲ ਹੀ ਇਸ ਰੈਲੀ ਦੁਆਰਾ ਸਾਈਕਲ ਚਲਾ ਕੇ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਦਾ ਵੀ ਸੁਨੇਹਾ ਮਿਲਿਆ।


-ਨੂਰਦੀਪ ਕੋਮਲ, ਸੰਗਰੂਰ।


ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਪਣੇ ਇਕ ਕੈਬਨਿਟ ਮੰਤਰੀ ਡਾ. ਵਿਜੇ ਸਿੰਗਲਾ (ਸਿਹਤ ਮੰਤਰੀ) ਖਿਲਾਫ਼ ਭ੍ਰਿਸ਼ਟਾਚਾਰ ਵਿਰੁੱਧ ਜੋ ਕਾਰਵਾਈ ਕੀਤੀ ਗਈ ਹੈ, ਉਹ ਇਕ ਇਤਿਹਾਸਕ ਅਤੇ ਸ਼ਲਾਘਾਯੋਗ ਕਦਮ ਹੈ। ਇਸ ਸਬੰਧ ਵਿਚ ਅਜੀਤ ਵਲੋਂ 26 ਮਈ ਨੂੰ ਦਿੱਤਾ ਗਿਆ ਸੰਪਦਾਕੀ ਲੇਖ ਵੀ ਪ੍ਰਸੰਸਾਯੋਗ ਹੈ। ਇਹ ਕਾਰਵਾਈ ਪੰਜਾਬ ਦੇ ਹਰ ਸਰਕਾਰੀ/ਗ਼ੈਰ-ਸਰਕਾਰੀ ਅਤੇ ਹੋਰ ਸੰਬੰਧਿਤ ਅਦਾਰਿਆਂ ਲਈ ਇਕ ਸਬਕ ਹੈ ਤਾਂ ਜੋ ਪੰਜਾਬ ਵਿਚ ਫੈਲੇ ਹੋਏ ਭ੍ਰਿਸ਼ਟਾਚਾਰ ਦੇ ਕੋਹੜ ਨੂੰ ਖਤਮ ਕੀਤਾ ਜਾ ਸਕੇ। ਇਸ ਵਿਚ ਪੰਜਾਬ ਦੇ ਹਰ ਵਸਨੀਕ ਨੂੰ ਯੋਗਦਾਨ ਦੇਣ ਦੀ ਜ਼ਰੂਰਤ ਹੈ ਕਿ ਪੰਜਾਬ ਇਕ ਭ੍ਰਿਸ਼ਟਮੁਕਤ ਸੂਬਾ ਬਣ ਸਕੇ। ਅਜਿਹੇ ਸੂਬੇ ਵਿਚ ਹਰ ਨਾਗਰਿਕ ਗ਼ਰੀਬ-ਅਮੀਰ, ਛੋਟਾ-ਵੱਡਾ ਦੇ ਸਰਕਾਰੇ-ਦਰਬਾਰੇ ਸਾਰੇ ਕੰਮ ਨਿਰਪੱਖ, ਸਮੇਂ ਸਿਰ ਅਤੇ ਇਮਾਨਦਾਰੀ ਨਾਲ ਮੁਕੰਮਲ ਹੋ ਸਕਣ। ਇਸ ਦੇ ਵਿਚ ਹੀ ਪੰਜਾਬ ਅਤੇ ਸਾਡਾ ਸਭ ਦਾ ਵਿਕਾਸ ਹੈ।


-ਜਸਵਿੰਦਰ ਸਿੰਘ,ਅੰਮ੍ਰਿਤਸਰ।


ਇਲਾਜ ਲਈ ਗ਼ਰੀਬ ਕਿੱਥੇ ਜਾਣ?
ਪੰਜਾਬ ਵਿਚ ਸਿਹਤ ਵਿਭਾਗ ਦਾ ਹਾਲ ਕਿਸੇ ਤੋਂ ਵੀ ਛੁਪਿਆ ਨਹੀਂ ਹੈ। ਸਰਕਾਰੀ ਹਸਪਤਾਲਾਂ ਵਿਚ ਲੋਕਾਂ ਦਾ ਸਹੀ ਇਲਾਜ ਨਹੀਂ ਹੁੰਦਾ ਤੇ ਸਹੂਲਤਾਂ ਵੀ ਨਾਂਅ ਦੀਆਂ ਹੀ ਹਨ। ਨਿੱਜੀ ਹਸਪਤਾਲਾਂ ਨੇ ਤਾਂ ਪੰਜਾਬ ਵਿਚ ਵੈਸੇ ਹੀ ਭੁੱਖ ਪਾਈ ਹੋਈ ਹੈ। ਇਸ ਵਿਚ ਜੇਕਰ ਕੋਈ ਮਰਦਾ ਹੈ ਤਾਂ ਵਿਚਾਰਾ ਗ਼ਰੀਬ, ਜਿਸ ਦਾ ਸਰਕਾਰੀ ਹਸਪਤਾਲਾਂ ਵਿਚੋਂ ਇਲਾਜ ਹੁੰਦਾ ਹੀ ਨਹੀਂ ਤੇ ਪ੍ਰਾਈਵੇਟ ਹਸਪਤਾਲਾਂ ਵਿਚ ਉਹ ਜਾ ਨਹੀਂ ਸਕਦਾ। ਇਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ। ਸਰਕਾਰਾਂ ਇਨ੍ਹਾਂ ਲਈ ਕੁਝ ਕਰਕੇ ਰਾਜ਼ੀ ਨਹੀਂ, ਫਿਰ ਗਰੀਬ ਬੰਦਾ ਇਲਾਜ ਲਈ ਜਾਵੇ ਤਾਂ ਜਾਵੇ ਕਿੱਥੇ? ਜੇਕਰ ਸਰਕਾਰ ਚਾਹੇ ਤਾਂ ਉਹ ਕੀ ਨਹੀਂ ਕਰ ਸਕਦੀ। ਉਹ ਜੇ ਆਪਣੀ ਆਈ 'ਤੇ ਆ ਜਾਵੇ ਤਾਂ ਸਭ ਨੂੰ ਸਿੱਧਾ ਕਰ ਸਕਦੀ ਹੈ ਪਰ ਇੱਥੇ ਕੋਈ ਕੁਝ ਕਰਕੇ ਰਾਜ਼ੀ ਹੈ? ਲੋਕਾਂ ਨੇ ਇਨ੍ਹਾਂ ਸਮੱਸਿਆਵਾਂ ਤੋਂ ਦੁਖੀ ਹੋ ਕੇ ਹੀ ਪੰਜਾਬ ਵਿਚ ਨਵੀਂ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਹੈ। ਪਰ ਲੋਕਾਂ ਨੂੰ ਪੁਰਾਣੀਆਂ ਤੇ ਨਵੀਂ 'ਆਪ' ਸਰਕਾਰ ਵਿਚ ਵੀ ਫਰਕ ਅਜੇ ਤੱਕ ਤਾਂ ਦਿਸ ਨਹੀਂ ਰਿਹਾ। ਇਸ ਲਈ ਨਵੀਂ ਸਰਕਾਰ ਨੂੰ ਇਸ ਸਮੱਸਿਆ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਗਰੀਬ ਵੀ ਆਪਣਾ ਇਲਾਜ ਕਰਵਾ ਸਕਣ।


-ਸਾਕਸ਼ੀ ਸ਼ਰਮਾ, ਜਲੰਧਰ।


ਸ਼ਲਾਘਾਯੋਗ ਕਦਮ

ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਮੰਤਰੀ ਮੰਡਲ 'ਚੋਂ ਬਰਖਾਸਤ ਕੀਤਾ ਹੈ। ਮੁੱਖ ਮੰਤਰੀ ਦੇ ਹੁਕਮਾਂ 'ਤੇ ਹੀ ਪੰਜਾਬ ਪੁਲਿਸ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਨੇ ਮੰਤਰੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਦਸ ਦਿਨ ਪਹਿਲਾਂ ਮਿਲੀ ਇਕ ਅਧਿਕਾਰੀ ਦੀ ਸ਼ਿਕਾਇਤ 'ਤੇ ਭਗਵੰਤ ਮਾਨ ਨੇ ਸਟਿੰਗ ਆਪ੍ਰੇਸ਼ਨ ਕਰਦੇ ਹੋਏ ਮਿਸਾਲੀ ਸਮੇਂ ਵਿਚ ਮੰਤਰੀ ਖਿਲਾਫ਼ ਬਣਦੀ ਕਾਰਵਾਈ ਕੀਤੀ ਹੈ, ਜਿਸ ਦੀ ਹਰ ਪਾਸਿਉਂ ਸ਼ਲਾਘਾ ਹੋ ਰਹੀ ਹੈ। ਇਸ ਤੋਂ ਪਹਿਲਾਂ ਕਦੇ ਅਜਿਹੇ ਦੋਸ਼ੀਆਂ ਖਿਲਾਫ ਏਨੀ ਜਲਦੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਜਾਂਦੀ ਸੀ। ਸਗੋਂ ਵੱਖ-ਵੱਖ ਸਰਕਾਰਾਂ ਵਿਚ ਕਮਿਸ਼ਨ ਬਿਠਾ ਕੇ ਮਸਲੇ ਨੂੰ ਠੰਢੇ ਬਸਤੇ ਵਿਚ ਪਾ ਦਿੱਤਾ ਜਾਂਦਾ ਸੀ। ਦੋਸ਼ੀ ਖਿਲਾਫ਼ ਅਜਿਹੀ ਕਾਰਵਾਈ ਮਾਨ ਸਰਕਾਰ ਦਾ ਇਕ ਸ਼ਲਾਘਾਯੋਗ ਕਦਮ ਹੈ।


-ਇੰਜ. ਰਛਪਾਲ ਸਿੰਘ ਚੱਨੂੰਵਾਲਾ
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।


ਕਿਸਾਨਾਂ ਲਈ ਸੁਝਾਅ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਸਫ਼ੇ 'ਤੇ ਜਸਕਰਨ ਲੰਡੇ ਦੀ ਲਿਖੀ ਹੋਈ ਚਿੱਠੀ ਪੜ੍ਹੀ। ਬੜੇ ਭਾਵਪੂਰਤ ਸ਼ਬਦਾਂ ਵਿਚ ਉਨ੍ਹਾਂ ਨੇ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਦੱਸਿਆ ਜੋ ਸਰਕਾਰ ਅਤੇ ਖੇਤੀਬਾੜੀ ਵਿਭਾਗ ਦਾ ਧਿਆਨ ਮੰਗਦੀਆਂ ਹਨ। ਉਸ ਤੋਂ ਵੀ ਵੱਡੀ ਗੱਲ ਉਨ੍ਹਾਂ ਕਹੀ ਕਿ ਪੰਜਾਬ ਅੰਦਰ ਪਾਣੀ ਬਚਤ ਲਈ ਕਿਸਾਨਾਂ ਅੰਦਰ ਸੱਚੀ ਤਲਬ ਅਤੇ ਨੇਕ ਭਾਵਨਾ ਦਾ ਹੋਣਾ ਵੀ ਜ਼ਰੂਰੀ ਹੈ। ਬਿਨਾਂ ਸ਼ੱਕ ਜਦ ਤੱਕ ਸਰਕਾਰ ਅਤੇ ਕਿਸਾਨਾਂ ਦੀ ਇਕ ਸੁਰਤਾ ਨਹੀਂ ਬਣਦੀ, ਉਦੋਂ ਤੱਕ ਵਧੀਆ ਨਤੀਜੇ ਨਹੀਂ ਮਿਲ ਸਕਦੇ। ਇਥੇ ਮੈਂ ਇਕ ਹੋਰ ਸੁਝਾਅ ਦੇਣਾ ਚਾਹੁੰਦਾ ਹਾਂ ਕਿ ਜਿਨ੍ਹਾਂ ਖੇਤਰਾਂ ਵਿਚ ਪਾਣੀ ਦਾ ਪੱਧਰ ਬੇਹੱਦ ਨੀਵਾਂ ਚਲਾ ਗਿਆ ਹੈ, ਉਥੇ ਦੇ ਕਿਸਾਨ ਝੋਨੇ ਦੇ ਬਦਲ ਵਜੋਂ ਫਲਦਾਰ ਬਾਗ, ਪੁਸ਼ਪ ਬਗੀਚੇ, ਸੂਰਜਮੁਖੀ ਅਤੇ ਮੌਸਮੀ ਸਬਜ਼ੀਆਂ ਉਗਾ ਕੇ ਵੀ ਝੋਨੇ ਤੋਂ ਵੱਧ ਲਾਭ ਕਮਾ ਸਕਦੇ ਹਨ। ਕਿਉਂਕਿ ਪੰਜਾਬ ਦੀ ਮਿੱਟੀ ਹਰ ਤਰ੍ਹਾਂ ਦੀ ਫਸਲ ਲਈ ਸਮਰੱਥ ਹੈ। ਇਸ ਕਾਰਜ ਲਈ ਸਭਨਾਂ ਨੂੰ ਇਕ ਲਹਿਰ ਬਣਾ ਕੇ ਵਿਚਰਨਾ ਪਵੇਗਾ ਤਾਂ ਕਿ ਭਵਿੱਖਤ ਪੀੜ੍ਹੀਆਂਲਈ ਪੀਣ ਯੋਗ ਪਾਣੀ ਬਚਿਆ ਰਹੇ।


-ਗਿਆਨੀ ਜੋਗਾ ਸਿੰਘ ਕਵੀਸ਼ਰ
ਭਾਗੋਵਾਲ, ਗੁਰਦਾਸਪਰ।

27-05-2022

 ਕੁਦਰਤ ਪ੍ਰਤੀ ਸੁਹਿਰਦ ਹੋਈਏ
ਅੱਜ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਜੋ ਹੁਣ ਤਾਪਮਾਨ ਹੈ ਉਸ ਦਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵਧਣਾ ਸਾਡੀ ਕੁਦਰਤ ਨਾਲ ਛੇੜਖਾਨੀ ਹੈ ਤੇ ਆਪਣੀ ਸਹੂਲਤ ਮੁਤਾਬਿਕ ਅਸੀਂ ਹਰ ਰੋਜ਼ ਕੁਦਰਤ ਦੀ ਦੁਰਵਰਤੋਂ ਕਰ ਰਹੇ ਹਾਂ। ਅਸੀਂ ਕਦੇ ਨਹੀਂ ਸੋਚਿਆ ਕਿ ਆਉਣ ਵਾਲੀ ਪੀੜ੍ਹੀ ਲਈ ਅਸੀਂ ਕਿੰਨਾ ਮੌਸਮ ਨੂੰ ਖ਼ਰਾਬ ਕਰ ਰਹੇ ਹਾਂ। ਏਨੀ ਗਰਮੀ ਵਿਚ ਅਸੀਂ ਘੁਟਣ ਮਹਿਸੂਸ ਕਰ ਰਹੇ ਹਾਂ ਪਰ ਫਿਰ ਵੀ ਅਸੀਂ ਕੁਦਰਤ ਪ੍ਰਤੀ ਸੁਹਿਰਦ ਨਹੀਂ। ਆਓ, ਅਸੀਂ ਰਲ ਕੇ ਵਾਤਾਵਰਨ ਨੂੰ ਸਾਫ਼-ਸੁਥਰਾ ਬਣਾਈਏ। ਸਭ ਤੋਂ ਪਹਿਲਾਂ ਅਸੀਂ ਆਪਣੇ-ਆਪ 'ਤੇ ਇਨ੍ਹਾਂ ਗੱਲਾਂ ਨੂੰ ਲਾਗੂ ਕਰੀਏ, ਇਸ ਲਈ ਅਸੀਂ ਆਪਣੀ ਲੋੜ ਮੁਤਾਬਿਕ ਪਾਣੀ ਦੀ ਵਰਤੋਂ ਕਰੀਏ, ਵੱਧ ਤੋਂ ਵੱਧ ਦਰੱਖਤਾਂ ਨੂੰ ਲਾ ਕੇ ਉਨ੍ਹਾਂ ਦੀ ਦੇਖ-ਰੇਖ ਕਰੀਏ, ਪੈਟਰੋਲ ਤੇ ਡੀਜ਼ਲ ਦੀ ਵਰਤੋਂ ਘੱਟ ਕਰੀਏ, ਵੱਧ ਤੋਂ ਵੱਧ ਸਾਈਕਲ ਦੀ ਵਰਤੋਂ ਕਰੀਏ, ਕਣਕ ਤੇ ਝੋਨੇ ਦੇ ਬਾਕੀ ਬਚੇ ਹੋਏ ਨਾੜ ਨੂੰ ਅੱਗ ਨਾ ਲਾਈਏ, ਏ.ਸੀ. ਦੀ ਲੋੜ ਅਨੁਸਾਰ ਜਾਂ ਘੱਟ ਤੋਂ ਘੱਟ ਵਰਤੋਂ ਕਰੀਏ, ਸ਼ਹਿਰਾਂ ਵਿਚ ਕਾਰਾਂ, ਮੋਟਰਸਾਈਕਲ ਤੇ ਹੋਰ ਫਾਲਤੂ ਡੁੱਲ੍ਹਦਾ ਪਾਣੀ ਬੰਦ ਕਰੀਏ। ਇਸ ਤਰ੍ਹਾਂ ਅਸੀਂ ਵਾਤਾਵਰਨ ਨੂੰ ਸਾਫ਼ ਕਰ ਸਕਦੇ ਹਾਂ ਤੇ ਸਿਹਤਮੰਦ ਤੇ ਤੰਦਰੁਸਤ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਇਸ ਦੇ ਨਾਲ-ਨਾਲ ਆਉਣ ਵਾਲੇ ਸਮੇਂ ਲਈ ਕੁਝ ਕਰ ਸਕਦੇ ਹਾਂ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਚੰਗੇ ਸਾਫ਼-ਸੁਥਰੇ ਸਮਾਜ ਦੀ ਸਿਰਜਣਾ ਕਰਨਗੇ।


-ਰਮਨਦੀਪ ਸਿੰਘ
ਭੁੱਚੋ ਮੰਡੀ।


ਅਵਾਰਾ ਪਸ਼ੂਆਂ ਦੀ ਸਮੱਸਿਆ
ਪੰਜਾਬ ਭਰ ਵਿਚ ਸੜਕਾਂ 'ਤੇ ਮੌਤ ਬਣ ਕੇ ਘੁੰਮ ਰਹੇ ਪਸ਼ੂ ਆਏ ਦਿਨ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਇਸ ਨਾਲ ਲੋਕ ਆਪਣੀਆਂ ਜਾਨਾਂ ਗਵਾ ਰਹੇ ਹਨ। ਇਹ ਹਾਦਸੇ ਕਿਸੇ ਇਕ ਸ਼ਹਿਰ ਵਿਚ ਨਹੀਂ, ਹਰ ਇਕ ਸ਼ਹਿਰ ਦੀ ਕਹਾਣੀ ਹੈ। ਗਲੀਆਂ ਤੇ ਸੜਕਾਂ ਵਿਚ ਘੁੰਮ ਰਹੇ ਅਵਾਰਾ ਪਸ਼ੂਆਂ ਲਈ ਕੋਈ ਖ਼ਾਸ ਕਦਮ ਨਹੀਂ ਚੁੱਕੇ ਜਾ ਰਹੇ। ਬੱਚੇ, ਬੁੱਢੇ, ਔਰਤਾਂ ਤੇ ਨੌਜਵਾਨ ਇਨ੍ਹਾਂ ਦਾ ਸ਼ਿਕਾਰ ਹੋ ਰਹੇ ਹਨ। ਕਈ ਤਾਂ ਜ਼ਖ਼ਮੀ ਹੋ ਕੇ ਹਸਪਤਾਲਾਂ ਵਿਚ ਪਏ ਨਜ਼ਰ ਆਉਂਦੇ ਹਨ ਤੇ ਕਈਆਂ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਹਰ ਇਕ ਸ਼ਹਿਰ ਘੁੰਮਦੇ ਅਵਾਰਾ ਪਸ਼ੂ ਇੰਜ ਪ੍ਰਤੀਤ ਹੁੰਦੇ ਹਨ ਜਿਵੇਂ ਚਿੜੀਆ ਘਰ ਹੋਵੇ। ਭਾਵ ਨੁਕਸਾਨ ਵੀ ਹੁੰਦਾ ਹੈ ਤੇ ਇਹ ਹੋਰ ਵੀ ਬਹੁਤ ਨੁਕਸਾਨ ਕਰਦੇ ਹਨ। ਕਿਸੇ ਖੜ੍ਹੀ ਗੱਡੀ ਦਾ ਸ਼ੀਸ਼ਾ ਤੋੜ ਦਿੰਦੇ ਹਨ ਜਾਂ ਖੜ੍ਹੀ ਗੱਡੀ ਵਿਚ ਬੈਠੀਆਂ ਸਵਾਰੀਆਂ ਸਮੇਤ ਉਲਟਾ ਦਿੰਦੇ ਹਨ। ਲੋਕ ਅਵਾਰਾ ਪਸ਼ੂਆਂ ਦੀ ਦਹਿਸ਼ਤ ਵੇਖ ਸਹਿਮੇ ਪਏ ਹਨ। ਲੋਕਾਂ ਵਿਚ ਇਨ੍ਹਾਂ ਦਾ ਏਨਾ ਡਰ ਬਣਿਆ ਹੋਇਆ ਹੈ ਕਿ ਘਰੋਂ ਬਾਹਰ ਜਾਣ ਲਈ ਪਹਿਲਾਂ ਇਹ ਵੇਖਦੇ ਹਨ ਕਿ ਕੋਈ ਬਾਹਰ ਅਵਾਰਾ ਕੁੱਤਾ ਤਾਂ ਨਹੀਂ। ਸਰਕਾਰ ਨੂੰ ਇਨ੍ਹਾਂ ਅਵਾਰਾ ਪਸ਼ੂਆਂ 'ਤੇ ਠੱਲ੍ਹ ਪਾਉਣ ਲਈ ਕੋਈ ਠੋਸ ਕਦਮ ਚੁੱਕਣੇ ਚਾਹੀਦੇ ਹਨ।


-ਗਗਨਪ੍ਰੀਤ ਸੱਪਲ
ਪਿੰਡ ਘਾਬਦਾਂ, ਸੰਗਰੂਰ।


ਸਿੱਖਿਆ ਨੀਤੀ
ਪ੍ਰਾਈਵੇਟ ਸਿੱਖਿਆ ਨੀਤੀ ਨੇ ਸਿੱਖਿਆ ਦੀ ਗੁਣਵੱਤਾ ਵਿਚ ਸੁਧਾਰ ਦੀ ਜਗ੍ਹਾ ਨਿਰਾਸ਼ਤਾ ਜ਼ਿਆਦਾ ਲਿਆਂਦੀ ਹੈ, ਖ਼ਾਸ ਕਰਕੇ ਪੰਜਾਬੀਆਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। 2005 ਤੋਂ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਧੜਾਧੜ ਆਮਦ ਨੇ ਸਾਡੀ ਭਲਾਈ ਦੇ ਨਾਂਅ ਸਾਨੂੰ ਬਹੁਤ ਗੁੰਮਰਾਹ ਕੀਤਾ ਹੈ। ਜਿਵੇਂ ਕਿ ਖੇਤੀਬਾੜੀ ਦੀ ਡਿਗਰੀ ਦੇਣ ਵਾਲੀਆਂ ਕਈ ਯੂਨੀਵਰਸਿਟੀਆਂ ਕੋਲ ਨਾ ਤਾਂ ਖੇਤੀਯੋਗ ਜ਼ਮੀਨ ਹੈ ਅਤੇ ਨਾ ਹੀ ਚੰਗੀਆਂ ਪ੍ਰਯੋਗਸ਼ਾਲਾਵਾਂ। ਇਹ ਯੂਨੀਵਰਸਿਟੀਆਂ ਖ਼ੁਦਮੁਖ਼ਤਿਆਰ ਹਨ। ਇਨ੍ਹਾਂ ਦੀ ਕੋਈ ਪੁੱਛਗਿੱਛ ਨਹੀਂ ਹੈ। ਇਸੇ ਤਰ੍ਹਾਂ ਦੂਸਰੀਆਂ ਸਟਰੀਮਜ਼ ਵਿਚ ਵੀ ਇਹੋ ਹਾਲ ਹੈ। ਨਤੀਜਾ ਇਹ ਹੈ ਕਿ ਇਨ੍ਹਾਂ ਤੋਂ ਗ੍ਰੈਜੂਏਟ ਕਰਨ ਵਾਲਾ ਖ਼ੁਦ ਨੂੰ ਠੱਗਿਆ ਮਹਿਸੂਸ ਕਰਨ ਲੱਗ ਪੈਂਦਾ ਹੈ ਅਤੇ ਵਿਦੇਸ਼ ਜਾ ਕੇ ਟਰੱਕ ਜਾਂ ਟੈਕਸੀ ਡਰਾਈਵਰ ਤੱਕ ਸੀਮਤ ਹੋ ਜਾਂਦਾ ਹੈ। ਇਹ ਦੁਖਾਂਤ ਬੰਦ ਹੋਣਾ ਚਾਹੀਦਾ ਹੈ। ਨਸ਼ਿਆਂ ਦੀ ਆਦਤ ਵੀ ਬਹੁਤੀ ਇਸ ਵਿਚੋਂ ਹੀ ਪਣਪਦੀ ਹੈ।


-ਜਗਰੂਪ ਸਿੰਘ
ਥੇਹ ਕਲੰਦਰ, ਫਾਜ਼ਿਲਕਾ।


ਖੁੱਲ੍ਹੇ ਪਏ ਬੋਲਵੈੱਲ ਨੇ ਫਿਰ ਨਿਗਲੀ ਜਾਨ
ਹਾਲ ਹੀ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜ੍ਹਦੀਵਾਲਾ ਵਿਖੇ ਇਕ ਪਿੰਡ ਵਿਚ ਪ੍ਰਵਾਸੀ ਪਰਿਵਾਰ ਦੇ ਛੇ ਸਾਲਾ ਬੱਚੇ ਦੀ 100 ਫੁੱਟ ਡੂੰਘੇ ਬੋਰਵੈੱਲ ਵਿਚ ਡਿਗਣ ਕਾਰਨ ਮੌਤ ਹੋ ਗਈ। ਬੱਚਾ ਖੇਤਾਂ ਵਿਚ ਖੇਡ ਰਿਹਾ ਸੀ ਤੇ ਮੰਦਬੁੱਧੀ ਦੱਸਿਆ ਜਾ ਰਿਹਾ ਹੈ। ਖੇਤਾਂ ਵਿਚ ਹੋਇਆ ਇਹ ਬੋਰਵੈੱਲ ਕੋਈ ਸਾਦੀ ਬੋਰੀ ਨਾਲ ਢਕਿਆ ਹੋਇਆ ਸੀ। ਚੇਤੇ ਕਰਵਾ ਦੇਈਏ ਕਿ ਦੋ ਸਾਲ ਪਹਿਲਾਂ ਸੰਗਰੂਰ ਦੇ ਕਿਸੇ ਪਿੰਡ ਵਿਚ ਇਕ ਬੱਚੇ ਫਤਹਿਵੀਰ ਦੀ ਬੋਲਵੈੱਲ ਵਿਚ ਡਿਗਣ ਕਾਰਨ ਮੌਤ ਹੋ ਗਈ ਸੀ। ਉਸ ਸਮੇਂ ਪ੍ਰਸ਼ਾਸਨ ਦੀਆਂ ਸਖ਼ਤ ਹਦਾਇਤਾਂ ਤੋਂ ਬਾਅਦ ਜੋ ਖੁੱਲ੍ਹੇ ਬੋਲਵੈੱਲ ਸਨ, ਉਨ੍ਹਾਂ ਨੂੰ ਕੁਝ ਕੁ ਦਿਨਾਂ ਵਿਚ ਹੀ ਢਕ ਦਿੱਤਾ ਗਿਆ ਸੀ। ਹੌਲੀ-ਹੌਲੀ ਸਮਾਂ ਗੁਜ਼ਰਦਾ ਗਿਆ ਤਾਂ ਲੋਕ ਵੀ ਅਵੇਸਲੇ ਹੋ ਗਏ। ਹਾਲ ਹੀ ਵਿਚ ਅਜਿਹੀ ਘਟਨਾ ਹੁਸ਼ਿਆਰਪੁਰ ਵਿਚ ਵਾਪਰ ਗਈ। ਜੇ ਉਸ ਸਮੇਂ ਤੋਂ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਰਾਹੀਂ ਪਿੰਡਾਂ, ਸ਼ਹਿਰਾਂ ਵਿਚ ਸਖ਼ਤੀ ਵਰਤੀ ਹੁੰਦੀ ਤਾਂ ਇਹ ਨੌਬਤ ਨਾ ਆਉਂਦੀ। ਅਕਸਰ ਅਸੀਂ ਦੇਖਦੇ ਹਾਂ ਕਿ ਸ਼ਹਿਰਾਂ ਵਿਚ ਸੀਵਰੇਜ ਦੇ ਢੱਕਣ, ਮੇਨ ਹੋਲ ਵੀ ਖੁੱਲ੍ਹੇ ਪਏ ਹੁੰਦੇ ਹਨ। ਪਿੱਛੇ ਜਿਹੇ ਖ਼ਬਰ ਵੀ ਸੁਣਨ ਨੂੰ ਮਿਲੀ ਸੀ ਕਿ ਕਿਸੇ ਸ਼ਹਿਰ ਵਿਚ ਮੇਨਹੋਲ ਖੁੱਲ੍ਹਾ ਸੀ ਤੇ ਬੰਦਾ ਦੋ ਪਹੀਆ ਵਾਹਨ ਸਮੇਤ ਗਟਰ ਵਿਚ ਜਾ ਡਿੱਗਾ। ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬਲਾਕ ਅਫ਼ਸਰਾਂ ਦੀਆਂ ਡਿਊਟੀਆਂ ਲਗਾ ਕੇ ਪਿੰਡਾਂ ਵਿਚ ਚੈਕਿੰਗ ਕਰਨੀ ਚਾਹੀਦੀ ਹੈ। ਜੇ ਕੋਈ ਖੁੱਲ੍ਹਾ ਬੋਰਵੈੱਲ ਮਿਲਦਾ ਹੈ ਤਾਂ ਉਸ ਲਈ ਜ਼ਿੰਮੇਵਾਰ ਬੰਦੇ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਆਪਣੀ ਪ੍ਰਸਿੱਧੀ ਲਈ ਚੁਣੇ ਹੋਏ ਨੁਮਾਇੰਦੇ ਮਾਪਿਆਂ ਕੋਲ ਦੁੱਖ ਵੰਡਾਉਣ ਤਾਂ ਚਲੇ ਜਾਂਦੇ ਹਨ ਪਰ ਸਰਕਾਰ ਕੋਲ ਇਸ ਸੰਬੰਧੀ ਸਖ਼ਤ ਕਾਨੂੰਨ ਬਣਾਉਣ ਲਈ ਗੱਲਬਾਤ ਨਹੀਂ ਕਰਦੇ। ਗ਼ੈਰ-ਕਾਨੂੰਨੀ ਕੰਮਾਂ ਨੂੰ ਸਖ਼ਤੀ ਨਾਲ ਰੋਕਣ ਲਈ ਸਰਕਾਰਾਂ ਨੂੰ ਸਖ਼ਤ ਕਾਨੂੰਨ ਲਿਆਉਣੇ ਚਾਹੀਦੇ ਹਨ ਤਾਂ ਜੋ ਅਜਿਹਾ ਵਰਤਾਰਾ ਦੁਬਾਰਾ ਨਾ ਵਾਪਰੇ।


-ਸੰਜੀਵ ਸਿੰਘ ਸੈਣੀ, ਮੁਹਾਲੀ।

26-05-2022

 ਸ਼ੌਕ ਬਨਾਮ ਤਸ਼ੱਦਦ
ਜ਼ਿੰਦਗੀ 'ਚ ਆਪਣੇ ਸ਼ੌਕ ਤੇ ਇਛਾਵਾਂ ਨੂੰ ਪੂਰਾ ਕਰਨਾ ਹਰ ਇਨਸਾਨ ਦੀ ਖਾਹਸ਼ ਹੁੰਦੀ ਹੈ ਪਰ ਕਈ ਵਾਰ ਉਹ ਆਪਣੇ ਇਨ੍ਹਾਂ ਸ਼ੌਕਾਂ ਨੂੰ ਪੂਰਾ ਕਰਨ ਲਈ ਸਮਾਜਿਕ ਕਦਰਾਂ-ਕੀਮਤਾਂ ਨੂੰ ਵੀ ਦਰਕਿਨਾਰ ਕਰ ਦਿੰਦਾ ਹੈ, ਜਿਨ੍ਹਾਂ ਨੂੰ ਸਮਾਜ ਸਵੀਕਾਰ ਨਹੀਂ ਕਰਦਾ ਤੇ ਕੁਝ ਕੁ ਸ਼ੌਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਕੁਦਰਤ ਮਾਨਤਾ ਨਹੀਂ ਦਿੰਦੀ ਜਿਵੇਂ ਕਿ ਪੰਛੀਆਂ ਨੂੰ ਪਿੰਜਰੇ 'ਚ ਕੈਦ ਕਰਕੇ ਰੱਖਣਾ। ਗਰਮੀ ਪੂਰੇ ਜ਼ੋਰਾਂ 'ਤੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰ ਰਹੀ ਹੈ। ਵਾਤਾਵਰਨ ਪ੍ਰੇਮੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਪੁਰਜ਼ੋਰ ਅਪੀਲ ਕਰ ਰਹੇ ਹਨ ਕਿ ਘਰ ਦੀ ਛੱਤ 'ਤੇ ਪੰਛੀਆਂ ਲਈ ਪਾਣੀ ਵੱਧ ਤੋਂ ਵੱਧ ਰੱਖਿਆ ਜਾਵੇ ਤਾਂ ਜੋ ਇਨ੍ਹਾਂ ਨੂੰ ਮਰਨ ਤੋਂ ਬਚਾਇਆ ਜਾ ਸਕੇ ਪਰ ਇਨ੍ਹਾਂ ਪੰਛੀਆਂ ਨੂੰ ਸ਼ੌਕੀਆ ਤੌਰ 'ਤੇ ਘਰਾਂ 'ਚ ਰੱਖਣ ਵਾਲੇ ਵੀਰ ਪੂਰੀ ਗਰਮੀ 'ਚ ਇਨ੍ਹਾਂ ਦੀਆਂ ਬਾਜ਼ੀਆਂ ਲਵਾਉਂਦੇ ਹਨ ਤੇ ਅੱਠ ਤੋਂ ਦਸ ਘੰਟੇ ਤੱਕ ਇਨ੍ਹਾਂ ਨੂੰ ਸਿਖ਼ਰ ਦੁਪਹਿਰ 'ਚ ਅਸਮਾਨ 'ਚ ਉਡਾਇਆ ਜਾਂਦਾ ਅਤੇ ਥੱਲੇ ਨਹੀਂ ਆਉਣ ਦਿੱਤਾ ਜਾਂਦਾ, ਜਿਸ ਨਾਲ ਕਈ ਵਾਰ ਇਹ ਪੰਛੀ ਉੱਪਰੋਂ ਲਾਸ਼ ਬਣ ਕੇ ਹੀ ਥੱਲੇ ਆਉਂਦੇ ਹਨ। ਇਨਸਾਨ ਆਪਣੇ-ਆਪ ਨੂੰ ਕੁਦਰਤ ਦੀ ਬਣਾਈ ਹੋਈ ਸਭ ਤੋਂ ਬਹੁਮੁੱਲੀ ਦੇਣ ਮੰਨਦਾ ਹੈ ਕਿ ਇਹ ਦੇਣ ਇਨਸਾਨ ਨੂੰ ਇਸ ਲਈ ਦਿੱਤੀ ਹੈ ਕਿ ਉਹ ਬਾਕੀ ਜੀਵ-ਜੰਤੂਆਂ ਤੇ ਪੰਛੀਆਂ ਆਦਿ ਦੀ ਆਜ਼ਾਦੀ ਖੋ ਲਵੇ ਜਾਂ ਫਿਰ ਉਨ੍ਹਾਂ 'ਤੇ ਤਸ਼ੱਦਦ ਕਰਕੇ ਆਪਣੇ ਸ਼ੌਕ ਪੂਰੇ ਕਰੇ। ਸਾਡੀ ਹੋਂਦ ਇਕ-ਦੂਜੇ ਦੀ ਹੋਂਦ 'ਤੇ ਨਿਰਭਰ ਹੈ, ਇਸ ਲਈ ਸਾਨੂੰ ਇਨ੍ਹਾਂ ਦੇ ਹੱਕਾਂ ਅਤੇ ਲੋੜਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਤਾਂ ਜੋ ਪ੍ਰਕਿਰਤੀ ਦਾ ਸੰਤੁਲਨ ਬਣਿਆ ਰਹਿ ਸਕੇ।


-ਕੇਵਲ ਸਿੰਘ ਕਾਲਝਰਾਣੀ


ਝੋਨੇ ਦੀ ਸਿੱਧੀ ਬਿਜਾਈ

ਅੱਜ ਸਰਕਾਰ ਝੋਨੇ ਦੀ ਸਿੱਧੀ ਬਿਜਾਈ 'ਤੇ ਜ਼ੋਰ ਲਾ ਰਹੀ ਹੈ। ਸਰਕਾਰ ਦਾ ਤਰਕ ਹੈ ਕਿ ਇਸ ਤਰ੍ਹਾਂ ਕਰਨ ਨਾਲ ਪਾਣੀ ਦੀ ਬੱਚਤ ਹੋਵੇਗੀ। ਪਰ ਇਸ ਤਰੀਕੇ ਨਾਲ ਵੀ ਬੱਚਤ ਤਾਂ ਹੀ ਹੋਵੇਗੀ ਜੇ ਕਿਸਾਨਾਂ ਦੀ ਨੀਅਤ ਸਾਫ਼ ਹੋਵੇਗੀ। ਉਨ੍ਹਾਂ ਦੇ ਦਿਲਾਂ ਵਿਚ ਪਾਣੀ ਬਚਾਉਣ ਦੀ ਤੜਫ਼ ਹੋਵੇਗੀ। ਇਸ ਤਰ੍ਹਾਂ ਝੋਨਾ ਬੀਜਣ ਨਾਲ ਕੁਝ ਸਮੱਸਿਆਵਾਂ ਵੀ ਆਉਂਦੀਆਂ ਹਨ। ਮੇਰਾ ਇਹ ਨਿੱਜੀ ਤਜਰਬਾ ਹੈ। ਸਭ ਤੋਂ ਵੱਡੀ ਸਮੱਸਿਆ ਹੈ ਨਦੀਨਾਂ ਦੀ ਕਿਉਂਕਿ ਇਥੇ ਨਦੀਨਨਾਸ਼ਕ ਦਵਾਈਆਂ ਵੀ ਨਕਲੀ ਮਿਲਦੀਆਂ ਹਨ। ਦੂਜੀ ਸਮੱਸਿਆ ਹੈ ਚੂਹੇ। ਅੱਜਕਲ੍ਹ ਇਹ ਵੀ ਬੜੀ ਵੱਡੀ ਸਮੱਸਿਆ ਬਣਿਆ ਹੋਇਆ ਹੈ। ਜੋ ਪਾਣੀ ਤੋਂ ਬਿਨਾਂ ਬੀਜੀ ਫ਼ਸਲ ਦਾ ਬਹੁਤ ਨੁਕਸਾਨ ਕਰਦਾ ਹੈ। ਕੁਝ ਸਾਲ ਪਹਿਲਾਂ ਸਰਕਾਰ ਚੂਹਾ ਮਾਰ ਦਵਾਈ ਪਿੰਡਾਂ ਵਿਚ ਭੇਜਦੀ ਸੀ। ਪਰ ਹੁਣ ਇਹ ਬੰਦ ਹੋ ਗਈਆਂ ਹਨ। ਜੇ ਇਨ੍ਹਾਂ ਦੋਵਾਂ ਸਮੱਸਿਆਵਾਂ ਦਾ ਹੱਲ ਹੋ ਜਾਵੇ ਤਾਂ ਕਿਸਾਨਾਂ ਨੂੰ ਇਹ ਸਮਝਾਇਆ ਜਾਵੇ ਕਿ ਪੀ.ਏ.ਯੂ. ਦੀ ਸਿਫ਼ਾਰਸ਼ ਹੈ ਕਿ ਝੋਨੇ ਵਿਚ ਪਾਣੀ ਸਿਰਫ ਪੰਦਰਾਂ ਦਿਨ ਹੀ ਖੜ੍ਹਾਉਣ ਦੀ ਜ਼ਰੂਰਤ ਹੈ। ਇਸ ਤੋਂ ਬਾਅਦ ਪਾਣੀ ਪਹਿਲਾ ਚਾਰ ਤੋਂ ਛੇ ਦਿਨ ਬਾਅਦ ਤੇ ਝੋਨਾ ਬੂਟਾ ਮਾਰਨ ਬਾਅਦ ਸੱਤ ਤੋਂ ਦਸ ਦਿਨ ਬਾਅਦ ਲਾਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਵੀ ਝੋਨੇ ਨੂੰ ਸਿੱਧੀ ਬਿਜਾਈ ਜਿੰਨਾ ਹੀ ਪਾਣੀ ਲੱਗੇਗਾ। ਕਈ ਕਿਸਾਨਾਂ ਨੇ ਪਿਛਲੀ ਵਾਰ ਸਿੱਧੀ ਬਿਜਾਈ ਕੀਤੀ ਪਰ ਕੁਝ ਦਿਨਾਂ ਬਾਅਦ ਹੀ ਉਸ ਵਿਚ ਵੀ ਹਰ ਰੋਜ਼ ਪਾਣੀ ਲਾਉਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਉਨ੍ਹਾਂ ਨੇ ਦੂਜੇ ਝੋਨੇ ਤੋਂ ਵੀ ਵੱਧ ਪਾਣੀ ਲਾ ਦਿੱਤਾ ਕਿਉਂਕਿ ਕੱਦੂ ਕਰਨ ਨਾਲ ਪਾਣੀ ਘੱਟ ਜੀਰਦਾ ਹੈ ਤੇ ਸਿੱਧੀ ਬਿਜਾਈ ਨਾਲ ਪਾਣੀ ਜ਼ਿਆਦਾ ਜੀਰਦਾ ਹੈ। ਇਸ ਲਈ ਕਿਸਾਨਾਂ ਨੂੰ ਜਾਗਰੂਕ ਕਰਨਾ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਨਾਲ ਹੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।


-ਜਸਕਰਨ ਲੰਡੇ, ਜ਼ਿਲ੍ਹਾ ਮੋਗਾ।


ਕਿਸਾਨ ਪ੍ਰਤੀ ਸਰਕਾਰਾਂ ਦੀ ਬੇਰੁਖ਼ੀ
ਦਿਨ ਪ੍ਰਤੀਦਿਨ ਕੌੜੀ ਵੇਲ ਵਾਂਗ ਵਧ ਰਹੀ ਮਹਿੰਗਾਈ ਦੀ ਮਾਰ ਬੇਸ਼ੱਕ ਹਰ ਕਿਸੇ ਨੂੰ ਝੱਲਣੀ ਪੈ ਰਹੀ ਹੈ ਪਰ ਇਸ ਦਾ ਸਭ ਤੋਂ ਵੱਧ ਮਾਰੂ ਪ੍ਰਭਾਵ ਕਿਸਾਨ 'ਤੇ ਹੀ ਪੈਂਦਾ ਹੈ। ਦੋ ਵੇਲੇ ਦਾ ਚੁੱਲ੍ਹਾ ਭਖਾਉਣ ਦੇ ਖ਼ਰਚੇ ਦੇ ਨਾਲ-ਨਾਲ ਵਧ ਰਹੇ ਉਤਪਾਦਕਤਾ ਦੇ ਖ਼ਰਚੇ ਵੀ ਖ਼ੂਨ ਸੁਕਾਉਂਦੇ ਹਨ। ਦੂਜੇ ਪਾਸੇ ਜੇ ਕਿਤੇ ਇਸ ਸਾਲ ਵਾਂਗ ਕੁਦਰਤ ਦੀ ਕਰੋਪੀ ਕਰਕੇ ਝਾੜ ਘਟਣ ਨਾਲ ਦੋ ਪੈਸੇ ਵੱਧ ਵੱਟਣ ਦਾ ਸਬੱਬ ਬਣ ਵੀ ਜਾਵੇ ਤਾਂ ਪਤਾ ਨਹੀਂ ਕਿਉਂ ਹਰ ਪਾਸੇ ਹਾਹਾਕਾਰ ਮਚ ਜਾਂਦੀ ਹੈ। ਤੂੜੀ ਦੇ ਰੇਟ ਮਾਮੂਲੀ ਵਧਣ ਕਰਕੇ ਕੀ ਮਜ਼ਦੂਰੀ, ਕੀ ਝੋਨੇ ਦੀ ਲਵਾਈ ਦੇ ਰੇਟ ਵਧਣ ਦੇ ਮਤੇ ਪੈਣ ਦੇ ਨਾਲ-ਨਾਲ ਤੂੜੀ ਸੂਬੇ ਤੋਂ ਬਾਹਰ ਭੇਜਣ 'ਤੇ ਪਾਬੰਦੀ ਦੀ ਮੰਗ ਉੱਠਣ ਲੱਗੀ। ਏਨਾ ਹੀ ਨਹੀਂ ਵਪਾਰੀਆਂ ਨੇ ਕਣਕ ਦੀ ਖ਼ਰੀਦ ਐਮ.ਐਸ.ਪੀ. ਤੋਂ ਉੱਪਰ ਸ਼ੁਰੂ ਕੀਤੀ ਤਾਂ ਕੇਂਦਰ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਕਣਕ ਦੀ ਬਰਾਮਦ 'ਤੇ ਪਾਬੰਦੀ ਲਾ ਦਿੱਤੀ। ਪਤਾ ਨਹੀਂ ਕਿਉਂ ਸਰਕਾਰਾਂ ਨੂੰ ਕਿਸਾਨ ਵੀ ਖੁਸ਼ਹਾਲੀ ਦਾ ਥਾਂ ਖ਼ੁਦਕੁਸ਼ੀ ਦੀਆਂ ਖ਼ਬਰਾਂ ਛਪਦੀਆਂ ਹੀ ਚੰਗੀਆਂ ਲਗਦੀਆਂ ਹਨ।


-ਸੁਖਮੰਦਰ ਸਿੰਘ ਬਰਾੜ
ਰਿਟਾ. ਲੈਕਚਰਾਰ ਗੋਨਿਆਣਾ ਮੰਡੀ।

25-05-2022

 ਧਰਮ ਅਤੇ ਜਾਤਾਂ-ਪਾਤਾਂ

ਧਰਮ ਦਾ ਮਤਲਬ ਜ਼ਿੰਦਗੀ ਜਿਊਣ ਦਾ ਇਕ ਵਧੀਆ ਢੰਗ-ਤਰੀਕਾ ਹੈ, ਜਿਸ ਵਿਚ ਵੱਖੋ-ਵੱਖ ਧਰਮਾਂ ਦੇ ਗੁਰੂਆਂ ਨੇ ਆਪਣੇ ਲੋਕਾਂ ਨੂੰ ਸੱਚੀ ਤੇ ਸੁਚੱਜੀ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕੀਤਾ ਹੈ। ਪਰ ਧਰਮ ਦੇ ਠੇਕੇਦਾਰਾਂ ਅਤੇ ਸਿਆਸੀ ਨੇਤਾਵਾਂ ਨੇ ਆਪਣੇ ਨਿੱਜੀ ਮੁਫ਼ਾਦਾਂ ਲਈ ਲੋਕਾਂ ਨੂੰ ਧਰਮ ਅਤੇ ਜਾਤ-ਪਾਤ ਆਧਾਰਿਤ ਵੰਡ ਕੇ ਰੱਖ ਦਿੱਤਾ ਹੈ। ਅੱਜ ਲੋਕ ਨਿੱਕੇ-ਨਿੱਕੇ ਮਸਲਿਆਂ ਨੂੰ ਲੈ ਕੇ ਆਪਸ ਵਿਚ ਸਿਰ ਪਾੜਨ ਤੱਕ ਜਾਂਦੇ ਹਨ। ਕਤਲੋ-ਗਾਰਦ ਤੱਕ ਦੀ ਨੌਬਤ ਵੀ ਆ ਜਾਂਦੀ ਹੈ ਜੋ ਕਿ ਬਹੁਤ ਮਦਭਾਗੀ ਹੈ। ਸਾਰੇ ਧਰਮਾਂ ਨੇ ਮਨੁੱਖ ਨੂੰ ਇਨਸਾਨੀਅਤ ਦਾ ਉਪਦੇਸ਼ ਦਿੱਤਾ ਹੈ। ਕੋਈ ਵੀ ਧਰਮ ਅਤੇ ਜਾਤ ਮਾੜੀ ਨਹੀਂ ਹੈ। ਪਰ ਕਿਸੇ ਦੀ ਸੋਚ ਜ਼ਰੂਰ ਮਾੜੀ ਹੋ ਸਕਦੀ ਹੈ। ਸੋ, ਧਰਮਾਂ ਦੇ ਝੂਠੇ ਠੇਕੇਦਾਰਾਂ ਅਤੇ ਸਿਆਸੀ ਨੇਤਾਵਾਂ ਦੇ ਨਿੱਜੀ ਮੁਫ਼ਾਦਾਂ ਨੂੰ ਸਮਝਦੇ ਹੋਏ ਅੱਜ ਧਰਮ ਅਤੇ ਜਾਤ-ਪਾਤ ਆਧਾਰਿਤ ਲੜਾਈ ਤੋਂ ਬਚਣ ਦੀ ਬੇਹੱਦ ਜ਼ਰੂਰਤ ਹੈ।

-ਇੰਜ. ਰਛਪਾਲ ਸਿੰਘ ਚੱਨੂੰਵਾਲਾ
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।

ਸਰਕਾਰ ਸਾਹਮਣੇ ਚੁਣੌਤੀਆਂ

ਪਿਛਲੇ ਦਿਨਾਂ 'ਚ ਛਪਿਆ ਸੰਪਾਦਕੀ ਲੇਖ 'ਸਰਕਾਰ ਸਾਹਮਣੇ ਚੁਣੌਤੀਆਂ' ਪੜ੍ਹਿਆ, ਜਿਸ ਵਿਚ ਸਰਕਾਰ ਦੇ ਦਾਅਵਿਆਂ ਤੇ ਵਾਅਦਿਆਂ ਦੀ ਸਮੀਖਿਆ ਕੀਤੀ ਗਈ ਹੈ। ਧਰਤੀ ਹੇਠਲਾ ਪਾਣੀ, ਪ੍ਰਦੂਸ਼ਣ, ਮਹਿੰਗਾਈ, ਨਸ਼ਿਆਂ ਦੀ ਰੋਕਥਾਮ, ਨੌਜਵਾਨਾਂ ਵਾਸਤੇ ਰੁਜ਼ਗਾਰ ਆਦਿ ਸਰਕਾਰ ਲਈ ਦਰਪੇਸ਼ ਚੁਣੌਤੀਆਂ ਹਨ। ਮੁਫ਼ਤ ਬਿਜਲੀ ਤੇ ਹੋਰ ਕਈ ਮੁਫ਼ਤ ਸਹੂਲਤਾਂ ਦੇਣ ਕਾਰਨ ਸਰਕਾਰ 'ਤੇ ਕਰਜ਼ੇ ਦੀ ਪੰਡ ਭਾਰੀ ਹੁੰਦੀ ਜਾ ਰਹੀ ਹੈ ਅਤੇ ਲੋਕਾਂ ਨੂੰ ਨਕਾਰਾ ਤੇ ਮੰਗਤੇ ਬਣਾ ਰਹੇ ਹਨ, ਇਸ ਚੱਕਰ ਵਿਚ ਸਾਰਾ ਮਿਡਲ ਕਲਾਸ 'ਤੇ ਬੋਝ ਪੈ ਰਿਹਾ ਹੈ। ਸਰਕਾਰ ਨੂੰ ਮੁਫ਼ਤ ਬਿਜਲੀ ਦੇਣ ਦੀ ਜਗ੍ਹਾ ਸਸਤੀ ਤੇ 24 ਘੰਟੇ ਲੋਕਾਂ ਨੂੰ ਬਿਜਲੀ ਦੇਣੀ ਚਾਹੀਦੀ ਹੈ। ਇਸ ਨਾਲ ਸਰਕਾਰ ਦੀ ਆਮਦਨ ਦੇ ਵਸੀਲੇ ਵੀ ਪੈਦਾ ਹੋਣਗੇ। ਪਾਣੀ ਦੀ ਬਰਬਾਦੀ ਰੁਕੇਗੀ, ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਡਿਗਣ 'ਤੇ ਰੋਕ ਲੱਗੇਗੀ। ਇਸ ਲਈ ਸਰਕਾਰ ਨੂੰ ਸਾਰੀਆਂ ਮੁਫ਼ਤ ਯੋਜਨਾਵਾਂ ਨੂੰ ਬੰਦ ਕਰਕੇ ਕਿਸੇ ਹੱਦ ਤੱਕ ਹੀ ਲਾਗੂ ਕਰਨਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ ਇੰਸਪੈਕਟਰ ਪੁਲਿਸ।

ਪਾਣੀ ਬਚਾਉਣਾ ਸਾਰਿਆਂ ਦੀ ਜ਼ਿੰਮੇਵਾਰੀ

ਪਾਣੀ ਜੀਵਨ ਦਾ ਆਧਾਰ ਹੈ। ਇਸ ਲਈ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਵਿਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੈ। ਪਰ ਅਫ਼ਸੋਸ ਅਤੇ ਦੁੱਖ ਦੀ ਗੱਲ ਹੈ ਕਿ ਮਨੁੱਖ ਵਲੋਂ ਇਸ ਅਨਮੋਲ ਦਾਤ ਪਾਣੀ ਦੀ ਬਰਬਾਦੀ ਲਗਾਤਾਰ ਕੀਤੀ ਜਾ ਰਹੀ ਹੈ। ਅੱਜ ਪੰਜਾਬ ਰਾਜ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡਿਗਦਾ ਜਾ ਰਿਹਾ ਹੈ। ਬਿਨਾਂ ਸ਼ੱਕ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੇਠਾਂ ਜਾਣ ਤੋਂ ਰੋਕਣ ਲਈ ਹੀ ਨਹੀਂ, ਸਗੋਂ ਇਸ ਨੂੰ ਉੱਪਰ ਲਿਆਉਣ ਲਈ ਵੀ ਸਾਰਥਕ ਅਤੇ ਗੰਭੀਰ ਯਤਨ ਕਰਨ ਦੀ ਲੋੜ ਹੈ। ਰਾਜ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲਿਆਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਉਤਸ਼ਾਹਿਤ ਕਰਨ ਦਾ ਫੈਸਲਾ ਇਸ ਦਿਸ਼ਾ ਵਿਚ ਹਾਂ-ਪੱਖੀ ਕਦਮ ਹੈ। ਪਰ ਸਾਨੂੰ ਪੰਜਾਬ ਦੇ ਜਾਗਰੂਕ ਲੋਕਾਂ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਆਪਣੀ ਜ਼ਮੀਨ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਸਾਡੀ ਸਾਰਿਆਂ ਦੀ ਸਾਂਝੀ ਅਤੇ ਮੁਢਲੀ ਜ਼ਿੰਮੇਵਾਰੀ ਹੈ। ਆਓ, ਆਪਾਂ ਆਪਣੇ ਘਰਾਂ ਅਤੇ ਕੰਮਕਾਜ ਦੇ ਸਥਾਨਾਂ ਵਿਚ 'ਰੇਨ ਹਾਰਵੈਸਟਿੰਗ' ਦੀ ਤਕਨੀਕ ਨੂੰ ਅਪਣਾਈਏ, ਦੰਦ ਬੁਰਸ਼-ਦਾਤਣ, ਨਹਾਉਣ, ਕੱਪੜੇ ਧੋਣ, ਬਰਤਨ ਸਾਫ਼ ਕਰਨ ਜਾਂ ਕਾਰਾਂ, ਸਕੂਟਰ ਅਤੇ ਹੋਰ ਨਿੱਕੇ-ਮੋਟੇ ਕੰਮ ਕਰਦੇ ਸਮੇਂ ਟੂਟੀ ਨੂੰ ਬਿਨਾਂ ਜ਼ਰੂਰਤ ਖੁੱਲ੍ਹਾ ਨਾ ਛੱਡ ਕੇ ਅਸੀਂ ਇਸ ਦਿਸ਼ਾ ਵਿਚ ਢੁਕਵਾਂ ਯੋਗਦਾਨ ਪਾ ਸਕਦੇ ਹਾਂ। ਕਿਸਾਨ ਭਰਾਵਾਂ ਤੋਂ ਵੀ ਉਮੀਦ ਕੀਤੀ ਜਾਂਦੀ ਹੈ ਕਿ ਪਾਣੀ ਦੇ ਮੌਜੂਦਾ ਗੰਭੀਰ ਸੰਕਟ ਦੇ ਮੱਦੇਨਜ਼ਰ ਉਹ ਰਵਾਇਤੀ ਫ਼ਸਲ ਦੇ ਮੁਕਾਬਲੇ ਹੋਰ ਫ਼ਸਲਾਂ ਬੀਜਣ ਦੇ ਬਦਲ ਨੂੰ ਤਰਜੀਹ ਦੇਣ ਬਾਰੇ ਜ਼ਰੂਰ ਵਿਚਾਰ ਕਰਨਗੇ। ਬਿਨਾਂ ਸ਼ੱਕ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਸਰਕਾਰ ਅੱਗੇ ਸਹਿਯੋਗ ਦੀ ਜਾਇਜ਼ ਮੰਗ ਕਰਨਾ ਵੀ ਸੰਵਿਧਾਨਕ ਹੱਕ ਹੈ।

-ਇੰਜ. ਕ੍ਰਿਸ਼ਨ ਕਾਂਤ ਸੂਦ, ਨੰਗਲ (ਪੰਜਾਬ)।

ਜਾਣਕਾਰੀ ਭਰਪੂਰ ਲੇਖ

ਪਿਛਲੇ ਦਿਨੀਂ 'ਲੋਕ ਮੰਚ' ਵਾਲੇ ਪੰਨੇ 'ਤੇ ਦਵਿੰਦਰ ਖੁਸ਼ ਧਾਲੀਵਾਲ ਦਾ ਲਿਖਿਆ ਲੇਖ 'ਅਸਲੀ ਮੁੱਦਿਆਂ ਤੋਂ ਭਟਕ ਰਿਹਾ ਦੇਸ਼' ਪੜ੍ਹਿਆ। ਲੇਖਿਕਾ ਨੇ ਅੰਕੜਿਆਂ ਰਾਹੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਦਵਿਦਰ ਖੁਸ਼ ਧਾਲੀਵਾਲ ਦੀਆਂ 'ਅਜੀਤ' ਵਿਚ ਸੰਪਾਦਕ ਦੇ ਨਾਂਅ ਵਿਚ ਚਿੱਠੀਆਂ ਪੜ੍ਹਨ ਨੂੰ ਮਿਲਦੀਆਂ ਸਨ।

-ਸੁਖਵਿੰਦਰ ਸਿੰਘ ਹੈਪੀ, ਮੋਰਿੰਡਾ।

ਸਿੱਧੀ ਬਿਜਾਈ ਬਨਾਮ ਮਜ਼ਦੂਰ

ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਹੱਲਾਸ਼ੇਰੀ ਦੇਣ ਲਈ 1500 ਰੁਪਏ ਪ੍ਰਤੀ ਏਕੜ ਕਿਸਾਨ ਨੂੰ ਦੇਣ ਦਾ ਐਲਾਨ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਜਿਸ ਨਾਲ ਪਾਣੀ ਦੇ ਘਟ ਰਹੇ ਪੱਧਰ ਨੂੰ ਰੋਕਿਆ ਜਾ ਸਕਦਾ ਹੈ ਪਰ ਇਹ ਮਜ਼ਦੂਰ ਵੀ ਸਾਡੀ ਖੇਤੀਬਾੜੀ ਦਾ ਇਕ ਬਹੁਤ ਵੱਡਾ ਹਿੱਸਾ ਨੇ ਜੋ ਪੂਰਨ ਤੌਰ 'ਤੇ ਖੇਤੀ ਉੱਪਰ ਨਿਰਭਰ ਹੁੰਦੇ ਹਨ। ਕਣਕ ਦਾ ਝਾੜ ਘਟ ਜਾਣ 'ਤੇ ਕਿਸਾਨ ਮੁਆਵਜ਼ੇ ਦੀ ਮੰਗ ਕਰ ਰਿਹਾ ਹੈ ਜੋ ਹੋਣੀ ਵੀ ਚਾਹੀਦੀ ਹੈ ਪਰ ਇਸ ਦੀ ਮਾਰ ਤੋਂ ਮਜ਼ਦੂਰ ਵੀ ਬਚ ਨਹੀਂ ਸਕਿਆ, ਉਸ ਨੂੰ ਦੋ ਸੌ ਰੁਪਏ ਪ੍ਰਤੀ ਕੁਇੰਟਲ ਵਾਲੀ ਤੂੜੀ ਛੇ ਤੋਂ ਅੱਠ ਸੌ ਰੁਪਏ ਪ੍ਰਤੀ ਕੁਇੰਟਲ ਖ਼ਰੀਦਣੀ ਪੈ ਰਹੀ ਹੈ। 
ਜੇਕਰ ਝੋਨੇ ਦੀ ਲਵਾਈ ਕੱਦੂ ਕਰਕੇ ਕੀਤੀ ਜਾਂਦੀ ਹੈ ਤਾਂ ਮਜ਼ਦੂਰ ਨੂੰ ਪ੍ਰਤੀ ਏਕੜ ਤਿੰਨ ਹਜ਼ਾਰ ਤੋਂ ਪੈਂਤੀ ਸੌ ਰੁਪਏ ਦਾ ਮਿਹਨਤਾਨਾ ਮਿਲਦਾ ਹੈ ਪਰ ਸਿੱਧੀ ਬਿਜਾਈ ਬਿਨਾਂ ਮਜ਼ਦੂਰਾਂ ਤੋਂ ਕੀਤੀ ਜਾਂਦੀ ਹੈ। ਜਿਸ ਨਾਲ ਮਜ਼ਦੂਰਾਂ ਦਾ ਝੋਨੇ ਦਾ ਸੀਜ਼ਨ ਖ਼ਤਮ ਹੋ ਜਾਂਦਾ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਸਰਕਾਰ ਜਦੋਂ ਵੀ ਖੇਤੀ ਨਾਲ ਸੰਬੰਧਿਤ ਕੋਈ ਵੀ ਨੀਤੀ ਲੈ ਕੇ ਆਵੇ ਉਥੇ ਕਿਸਾਨ ਅਤੇ ਮਜ਼ਦੂਰ ਦੋਵਾਂ ਦੇ ਹਿਤਾਂ ਦੀ ਗੱਲ ਰੱਖੀ ਜਾਵੇ ਕਿਉਂਕਿ ਕਿਸਾਨ ਅਤੇ ਮਜ਼ਦੂਰ ਦਾ ਨਹੁੰ-ਮਾਸ ਦਾ ਰਿਸ਼ਤਾ ਹੈ। ਅਜਿਹਾ ਨਾ ਕਰਨ ਦੀ ਸੂਰਤ 'ਚ ਨੀਤੀ ਤਾਂ ਸਰਕਾਰ ਦੀ ਹੁੰਦੀ ਹੈ ਪਰ ਭਾਈਚਾਰਕ ਸਾਂਝ ਕਿਸਾਨ ਤੇ ਮਜ਼ਦੂਰ ਦੀ ਖ਼ਤਮ ਹੁੰਦੀ ਆ।

-ਕੇਵਲ ਸਿੰਘ ਕਾਲਝਰਾਣੀ

24-05-2022

 ਛੱਪੜਾਂ 'ਤੇ ਨਾਜਾਇਜ਼ ਕਬਜ਼ੇ

ਕਦੀ ਸਮਾਂ ਹੁੰਦਾ ਸੀ ਕਿ ਇਕ ਪਿੰਡ ਵਿਚ 3-4 ਛੱਪੜ ਜ਼ਰੂਰ ਹੁੰਦੇ ਸਨ ਤੇ ਲੋਕ ਆਪਣੇ ਮਾਲ ਡੰਗਰਾਂ ਨੂੰ ਇਥੋਂ ਹੀ ਪਾਣੀ ਪਿਲਾਉਂਦੇ ਤੇ ਨਵ੍ਹਾਉਂਦੇ ਸਨ ਤੇ ਡੰਗਰ ਵੀ ਦੜੰਗੇ ਮਾਰਦੇ ਛੱਪੜ ਵਿਚ ਵੜ ਜਾਂਦੇ ਸਨ। ਬਰਸਾਤਾਂ ਤੋਂ ਪਹਿਲਾਂ ਪੇਂਡੂ ਲੋਕ ਆਪਣੇ ਕੱਚੇ ਘਰਾਂ ਨੂੰ ਛੱਪੜਾਂ ਵਿਚੋਂ ਚੀਕਣੀ ਮਿੱਟੀ ਕੱਢ ਕੇ ਉਸ ਵਿਚ ਪੁਰਾਣੀ ਤੂੜੀ ਰਲਾ ਕੇ ਕੰਧਾਂ, ਕੋਠੇ, ਵਿਹੜੇ ਤੇ ਚੁੱਲੇ-ਚੌਂਕੇ ਲਿੰਬਦੇ ਪੋਚਦੇ ਸਨ। ਇਸ ਤਰ੍ਹਾਂ ਛੱਪੜ ਵੀ ਆਪਣੇ-ਆਪ ਹੀ ਡੂੰਘੇ ਹੋਣ ਦੇ ਨਾਲ-ਨਾਲ ਬਰਸਾਤੀ ਪਾਣੀ ਨੂੰ ਆਪਣੇ-ਆਪ ਵਿਚ ਸਮਾ ਲੈਂਦੇ ਸਨ ਤੇ ਬਾਰਸ਼ਾਂ ਦੇ ਦਿਨਾਂ ਵਿਚ ਅਕਸਰ ਹੀ ਨੱਕੋ-ਨੱਕ ਭਰੇ ਰਹਿੰਦੇ ਸਨ। ਛੱਪੜਾਂ ਵਿਚ ਡੱਡੂ, ਮੱਛੀਆਂ, ਕੱਛੂਕੁੰਮੇ ਤੇ ਜੋਕਾਂ ਵੀ ਆਮ ਹੀ ਹੁੰਦੀਆਂ ਸਨ, ਜੋ ਕਿ ਛੱਪੜਾਂ ਦੇ ਸੁਹੱਪਣ ਨੂੰ ਚਾਰ-ਚੰਨ ਲਗਾਉਂਦੇ ਸਨ। ਪਰ ਜਿਵੇਂ ਹੀ ਵਿਕਾਸ ਦੀ ਹਨੇਰੀ ਆਈ ਹੈ, ਪਿੰਡਾਂ ਵਿਚ ਕੋਠੀਆਂ ਪੈ ਗਈਆਂ ਹਨ ਅਤੇ ਕਈ ਪਿੰਡਾਂ ਵਿਚ ਲੋਕਾਂ ਵਲੋਂ ਜਾਂ ਤਾਂ ਛੱਪੜ ਗੰਦ-ਮੰਦ ਨਾਲ ਭਰ ਦਿੱਤੇ ਗਏ ਹਨ ਜਾਂ ਫਿਰ ਪਿੰਡ ਦੀ ਆਬਾਦੀ ਵਧਣ ਨਾਲ ਛੱਪੜਾਂ 'ਤੇ ਨਾਜਾਇਜ਼ ਕਬਜ਼ੇ ਕਰਕੇ ਉਸਾਰੀਆਂ ਕਰ ਲਈਆਂ ਹਨ। ਸੋ, ਸਰਕਾਰ ਵਲੋਂ ਜਿਥੇ ਹੁਣ ਸਰਕਾਰੀ ਜਾਂ ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਛੁਡਾਏ ਜਾ ਰਹੇ ਹਨ, ਉਥੇ ਹੀ ਛੱਪੜਾਂ ਦੀ ਜ਼ਮੀਨ 'ਤੇ ਲੋਕਾਂ ਵਲੋਂ ਕੀਤੇ ਨਾਜਾਇਜ਼ ਕਬਜ਼ੇ ਛੁਡਵਾ ਕੇ ਛੱਪੜਾਂ ਦਾ ਸੁੰਦਰੀਕਰਨ ਕਰਨਾ ਚਾਹੀਦਾ ਹੈ ਤਾਂ ਜੋ ਪਿੰਡਾਂ ਦੀ ਦਿਖ ਹੋਰ ਵੀ ਸੋਹਣੀ ਲੱਗ ਸਕੇ।

-ਅਮਰੀਕ ਸਿੰਘ ਚੀਮਾ,
ਸ਼ਾਹਬਾਦੀਆ, ਜਲੰਧਰ।

ਕੁਦਰਤ

ਇਕ ਪਾਸੇ ਜਿਥੇ ਪੰਜਾਬ ਸਰਕਾਰ ਗੁਰੂਆਂ, ਪੀਰਾਂ ਦੀ ਧਰਤੀ ਨੂੰ ਬਚਾਉਣ ਲਈ ਸੜਕਾਂ ਕਿਨਾਰੇ ਵੱਧ ਤੋਂ ਵੱਧ ਰੁੱਖ ਲਗਾ ਕੇ ਉਸ ਨੂੰ ਪਾਲ ਪੋਸ ਵੱਡਾ ਕਰ ਰਹੀ ਹੈ, ਉਥੇ ਉਨ੍ਹਾਂ ਨੂੰ ਅੱਗ ਲਗਾਉਣ ਵਿਚ ਅਸੀਂ ਵੀ ਕਸਰ ਨਹੀਂ ਛੱਡੀ। ਸੜਕ ਕਿਨਾਰੇ ਲੱਗੇ ਹਜ਼ਾਰਾਂ ਰੁੱਖ ਕਣਕ ਦੀ ਨਾੜ ਨੂੰ ਲਗਾਈ ਅੱਗ ਕਾਰਨ ਸੁਆਹ ਹੋ ਗਏ ਜੋ ਬਹੁਤ ਮੰਦਭਾਗੀ ਗੱਲ ਹੈ। ਪੰਜਾਬ ਦਾ ਹਰ ਨਾਗਰਿਕ ਇਹ ਆਪਣਾ ਫਰਜ਼ ਸਮਝੇ ਕਿ ਰੁੱਖ ਲਗਾਉਣ ਨਾਲ ਸਾਨੂੰ ਆਕਸੀਜਨ ਪ੍ਰਾਪਤ ਹੋਣੀ ਹੈ। ਜਿਹੜੀ ਸਾਨੂੰ ਕੁਦਰਤ ਬਿਲਕੁਲ ਮੁਫ਼ਤ ਦੇ ਰਹੀ ਹੈ, ਉਸ ਕੁਦਰਤ ਨਾਲ ਖਿਲਵਾੜ ਕਰਨਾ ਬੰਦ ਕਰੀਏ। ਧਰਤੀ, ਪਾਣੀ, ਹਵਾ ਨੂੰ ਬਚਾਉਣ ਲਈ ਹਰ ਨਾਗਰਿਕ ਆਪਣਾ ਫਰਜ਼ ਸਮਝੇ। ਜੇਕਰ ਅਸੀਂ ਜਾਗਰੂਕ ਨਾ ਹੋਏ ਤਾਂ ਨਤੀਜੇ ਭੈੜੇ ਭੁਗਤਣੇ ਪੈਣਗੇ।

-ਨਵਨੀਤ ਸਿੰਘ ਭੁੰਬਲੀ

ਉਚੇਰੀ ਸਿੱਖਿਆ ਵੱਲ ਧਿਆਨ ਦੇਵੇ ਸਰਕਾਰ

ਪੰਜਾਬ ਵਿਚ ਉਚੇਰੀ ਸਿੱਖਿਆ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਰਿਹਾ ਹੈ। ਪੰਜਾਬ ਵਿਚ ਪਿਛਲੇ 20 ਸਾਲਾਂ ਦੌਰਾਨ ਜਿਥੇ ਉਚੇਰੀ ਸਿੱਖਿਆ ਵਿਚ ਨਿਘਾਰ ਆਇਆ ਹੈ, ਉਥੇ ਹੀ ਪਿਛਲੇ ਇਕ ਦਹਾਕੇ ਵਿਚ ਪੰਜਾਬ ਵਿਚ ਸੈਂਕੜੇ ਛੋਟੀਆਂ-ਵੱਡੀਆਂ ਗ਼ੈਰ-ਸਰਕਾਰੀ ਤਕਨੀਕੀ ਸਿੱਖਿਆ ਸੰਸਥਾਵਾਂ ਅਤੇ ਡਿਗਰੀ ਕਾਲਜ ਬੰਦ ਹੋਣ ਕਿਨਾਰੇ ਹਨ ਜਾਂ ਫਿਰ ਬੰਦ ਹੋ ਚੁੱਕੇ ਹਨ। 1970 ਦੇ ਦਹਾਕੇ ਵਿਚ ਪੰਜਾਬ ਸਰਕਾਰ ਵਲੋਂ ਉਚੇਰੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਵਿਚ 95 ਫ਼ੀਸਦੀ ਗਰਾਂਟ ਇਨ ਏਡਿਡ ਕਾਲਜਾਂ ਦੀ ਸਥਾਪਨਾ ਕੀਤੀ ਗਈ ਸੀ। ਪੰਜਾਬ ਵਿਚ ਹੁਣ ਸਮਾਂ ਇਹ ਹੈ ਕਿ ਸਰਕਾਰੀ ਯੂਨੀਵਰਸਿਟੀਆਂ ਤੇ ਕਾਲਜ ਸਰਕਾਰੀ ਫੰਡਾਂ ਦੀ ਘਾਟ ਕਾਰਨ ਆਪਣੇ ਨਿਘਾਰ ਵੱਲ ਹਨ। ਕਾਲਜਾਂ ਵਿਚ ਪਿਛਲੇ ਦੋ ਦਹਾਕਿਆਂ ਤੋਂ ਜਿਥੇ ਨਾ ਤਾਂ ਸਰਕਾਰੀ ਪ੍ਰੋਫ਼ੈਸਰ ਦੀਆਂ ਨਿਯੁਕਤੀਆਂ ਹੋਈਆਂ ਹਨ, ਉਥੇ ਹੀ ਇਹ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਹਨ, ਜੇਕਰ ਕਿਤੇ ਕਾਲਜ ਪ੍ਰੋਫ਼ੈਸਰਾਂ ਦੀਆਂ ਨਿਯੁਕਤੀਆਂ ਹੋਈਆਂ, ਉਹ ਵੀ ਕੋਰਟ ਕੇਸਾਂ ਵਿਚ ਉਲਝ ਗਈਆਂ। ਪਿਛਲੀ ਬਾਦਲ ਤੇ ਕੈਪਟਨ ਸਰਕਾਰਾਂ ਨੇ ਪ੍ਰਾਈਵੇਟ ਅਤੇ ਸਰਕਾਰੀ ਨਵੀਆਂ ਯੂਨੀਵਰਸਿਟੀਆਂ ਖੋਲ੍ਹਣ 'ਤੇ ਜ਼ੋਰ ਦਿੱਤਾ। ਬਲਕਿ ਪਹਿਲਾਂ ਤੋਂ ਚੱਲ ਰਹੀਆਂ ਸਰਕਾਰੀ ਯੂਨੀਵਰਸਿਟੀਆਂ ਤੇ ਕਾਲਜਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਜਿਥੇ ਪੰਜਾਬ ਦੀ ਨਵੀਂ ਚੁਣੀ ਗਈ ਸਰਕਾਰ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਵਿਚ ਬੁਨਿਆਦੀ ਢਾਂਚੇ ਵਿਚ ਸੁਧਾਰ ਲਿਆਉਣ ਲਈ ਯਤਨਸ਼ੀਲ ਹੈ, ਉਥੇ ਭਗਵੰਤ ਮਾਨ ਸਰਕਾਰ ਤੋਂ ਉਮੀਦਾਂ ਹਨ ਕਿ ਉਹ ਪੰਜਾਬ ਵਿਚ ਨਿਘਾਰ ਵੱਲ ਜਾ ਰਹੀ ਉਚੇਰੀ ਸਿੱਖਿਆ ਵੱਲ ਵੀ ਧਿਆਨ ਦੇਣ। ਨਵੀਂ ਸਰਕਾਰ ਤੋਂ ਉਮੀਦਾਂ ਹਨ ਕਿ ਪਹਿਲੀਆਂ ਸਥਾਪਤ ਸੰਸਥਾਵਾਂ ਨੂੰ ਮੁੜ ਸੁਰਜੀਤ ਕਰਨ ਦਾ ਯਤਨ ਕਰਨ।

-ਇੰਦਰ ਪ੍ਰਭਾਕਰ, ਬਰਨਾਲਾ।

ਖ਼ੁਦ 'ਤੇ ਵਿਸ਼ਵਾਸ ਰੱਖੋ

ਸਿਆਸੀ ਕਹਿੰਦੇ ਹਨ ਆਸ ਨਾਲ ਜਹਾਨ ਹੈ। ਸਾਨੂੰ ਆਸ ਦਾ ਪੱਲਾ ਕਦੇ ਵੀ ਨਹੀਂ ਛੱਡਣਾ ਚਾਹੀਦਾ। ਭਵਿੱਖ ਵਿਚ ਕੁਝ ਚੰਗਾ ਵਾਪਰਨ ਦੀ ਸੰਭਾਵਨਾ ਨੂੰ ਮੰਨਣਾ ਚਾਹੀਦਾ ਹੈ। ਜੇ ਆਸ ਨਾ ਹੋਵੇ ਤਾਂ ਮਨੁੱਖੀ ਜੀਵਨ ਦੀ ਕਿਰਿਆਸ਼ੀਲਤਾ ਹੀ ਸਮਾਪਤ ਹੋ ਜਾਵੇ। ਉਸ ਦੇ ਨਾਲ-ਨਾਲ ਸਿਹਤ ਤੇ ਚੁਸਤੀ ਦੀ ਵੀ ਜ਼ਰੂਰਤ ਹੈ। ਅੰਗਰੇਜ਼ੀ ਦਾ ਇਕ ਮੁਹਾਵਰਾ ਹੈ ਕਿ ਸ਼ਿਕਾਰ ਉਸੇ ਪੰਛੀ ਨੂੰ ਮਿਲਦਾ ਹੈ ਜੋ ਹੋਰਨਾਂ ਤੋਂ ਪਹਿਲਾਂ ਆਪਣਾ ਆਲ੍ਹਣਾ ਛੱਡਦਾ ਹੈ, ਜਿਸ ਤੋਂ ਜ਼ਾਹਰ ਹੈ ਕਿ ਲੱਭਤਾਂ ਜਾਂ ਪ੍ਰਾਪਤੀਆਂ ਚੁਕੰਨਿਆਂ ਦੇ ਹਿੱਸੇ ਆਉਂਦੀਆਂ ਹਨ। ਆਪਣੇ ਬਾਰੇ ਮਨੁੱਖ ਨੂੰ ਨਾਂਹ-ਪੱਖੀ ਨਹੀਂ ਸੋਚਣਾ ਚਾਹੀਦਾ। ਉਸ ਨੂੰ ਆਪਣੀ ਲਗਨ, ਵਿਉਂਤ ਤੇ ਯੋਗਤਾ ਵਿਚ ਵਿਸ਼ਵਾਸ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਅਸੀਂ ਕਾਮਯਾਬ ਹੋਵਾਂਗੇ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਜ਼ਿਲ੍ਹਾ ਮੁਕਤਸਰ ਸਾਹਿਬ।

ਖੇਤਰੀ ਭਾਸ਼ਾਵਾਂ ਦਾ ਯੋਗਦਾਨ

ਮਨੁੱਖ ਆਪਣੇ ਮਨ ਦੇ ਭਾਵਾਂ ਅਤੇ ਵਲਵਲਿਆਂ ਨੂੰ ਪ੍ਰਗਟ ਕਰਨ ਲਈ ਕਿਸੇ ਨਾ ਕਿਸੇ ਬੋਲੀ ਜਾਂ ਭਾਸ਼ਾ ਦਾ ਪ੍ਰਯੋਗ ਕਰਦਾ ਹੈ। ਭਾਰਤ ਵਿਚ ਵੱਖ-ਵੱਖ ਪ੍ਰਕਾਰ ਦੇ ਵਰਗਾਂ, ਖਿੱਤਿਆਂ, ਕਬਾਇਲੀਆਂ ਅਤੇ ਹੋਰ ਕਈ ਪ੍ਰਕਾਰ ਦੇ ਸਮੂਹਾਂ ਦੁਆਰਾ ਭਿੰਨ-ਭਿੰਨ ਪ੍ਰਕਾਰ ਦੀਆਂ ਬੋਲੀਆਂ ਅਤੇ ਉਪ ਬੋਲੀਆਂ ਨੂੰ ਵਰਤਿਆ ਜਾਂਦਾ ਹੈ। ਖੇਤਰੀ ਭਾਸ਼ਾਵਾਂ ਕਿਸੇ ਸਮੂਹ, ਜਾਤੀ, ਵਰਗ ਦੀ ਪਛਾਣ ਅਤੇ ਸੰਸਕ੍ਰਿਤੀ ਦਾ ਸ਼ੀਸ਼ਾ ਹੁੰਦੀਆਂ ਹਨ। ਭਾਰਤੀ ਸੰਵਿਧਾਨ ਦੁਆਰਾ 22 ਭਾਸ਼ਾਵਾਂ ਨੂੰ ਸਮਾਨਤਾ ਦਾ ਦਰਜਾ ਦਿੰਦੇ ਹੋਏ ਮਾਨਤਾ ਪ੍ਰਦਾਨ ਕੀਤੀ ਹੈ ਅਤੇ ਇਨ੍ਹਾਂ ਭਾਸ਼ਾਵਾਂ ਵਿਚੋਂ ਹੀ ਕਿਸੇ ਇਕ ਨੂੰ ਹਰੇਕ ਰਾਜ ਦੁਆਰਾ ਆਪਣੀ ਦਫ਼ਤਰੀ ਕੰਮ ਕਾਜ ਦੀ ਭਾਸ਼ਾ ਐਲਾਨਿਆ ਗਿਆ ਹੈ। ਖੇਤਰੀ ਭਾਸ਼ਾਵਾਂ ਦੀ ਮਹੱਤਤਾ ਨੂੰ ਦੇਖਦੇ ਹੋਏ ਕੇਂਦਰ, ਰਾਜ ਸਰਕਾਰ, ਸਥਾਨਕ ਸਰਕਾਰਾਂ, ਜਨਸਮੂਹਾਂ, ਲੇਖਕਾਂ, ਬੁੱਧੀਜੀਵੀਆਂ ਅਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਕਜੁੱਟਤਾ ਨਾਲ ਖੇਤਰੀ ਭਾਸ਼ਾਵਾਂ ਨੂੰ ਬਚਾਉਣ ਦੇ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਖੇਤਰੀ ਭਾਸ਼ਾਵਾਂ ਨੂੰ ਅਲੋਪ ਹੋਣ ਤੋਂ ਬਚਾਇਆ ਜਾ ਸਕੇ।

-ਰਜਿੰਵਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ: ਚੱਕ ਅਤਰ ਸਿੰਘ ਵਾਲਾ (ਬਠਿੰਡਾ)।

ਸੋਧ

ਮਿਤੀ 22.5.2022 ਨੂੰ 'ਸ਼ਹੀਦੀ ਸਾਕਾ ਗੁਰਦੁਆਰਾ ਪਾਉਂਟਾ ਸਾਹਿਬ' ਸਿਰਲੇਖ ਹੇਠ ਹਰਵਿੰਦਰ ਸਿੰਘ ਖ਼ਾਲਸਾ ਦੇ ਪ੍ਰਕਾਸ਼ਿਤ ਹੋਏ ਲੇਖ ਵਿਚ ਬਾਬਾ ਨਿਹਾਲ ਸਿੰਘ ਨੂੰ ਗ਼ਲਤੀ ਨਾਲ ਸ਼ਹੀਦ ਲਿਖਿਆ ਗਿਆ ਹੈ, ਜਦੋਂ ਕਿ ਉਹ ਗੋਲੀਆਂ ਲੱਗਣ ਨਾਲ ਗੰਭੀਰ ਜ਼ਖ਼ਮੀ ਹੀ ਹੋਏ ਸਨ।

-ਸੰਪਾਦਕ।


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX