ਤਾਜਾ ਖ਼ਬਰਾਂ


ਚਾਰ ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋਈ
. . .  33 minutes ago
ਦੋਰਾਹਾ, 22 (ਜਸਵੀਰ ਝੱਜ)- ਦੋਰਾਹਾ ਨੇੜਲੇ ਪਿੰਡ ਲੰਢਾ ਵਿਖੇ ਕਰੀਬ ਚਾਰ ਏਕੜ ਕਣਕ ਦੇ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ। ਦੇਰ ਸ਼ਾਮ ਕਰੀਬ ਅੱਠ ਕ ਵਜੇ ਦੀਪ ਨਗਰ ਪੁਲ਼ ਵਾਲ਼ੇ ...
ਆਈ.ਪੀ.ਐੱਲ 2019 : ਰਾਜਸਥਾਨ ਨੇ ਦਿੱਲੀ ਨੂੰ 192 ਦੌੜਾਂ ਦਾ ਦਿੱਤਾ ਟੀਚਾ
. . .  50 minutes ago
ਖੰਨਾ ਦੇ ਸਭ ਤੋਂ ਵੱਡੇ ਮਲਟੀ ਸ਼ੋਅ ਰੂਮ 'ਚ ਲੱਗੀ ਅੱਗ
. . .  about 1 hour ago
ਖੰਨਾ 22 ਅਪ੍ਰੈਲ ,{ਹਰਜਿੰਦਰ ਸਿੰਘ ਲਾਲ} -ਖੰਨਾ ਦੇ ਹੁਕਮ ਚੰਦ ਸੂਦ ਐਂਡ ਸੰਨਜ਼ 'ਚ ਭਿਆਨਕ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਕਈ ਗਡੀਆ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ।ਇਸ ਮੌਕੇ 'ਤੇ ਲੱਖਾਂ ਦਾ ਨੁਕਸਾਨ ...
ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਨਹੀ ਰਹੇ
. . .  about 1 hour ago
ਪਾਤੜਾਂ ,22 ਅਪ੍ਰੈਲ (ਗੁਰਵਿੰਦਰ ਸਿੰਘ ਬੱਤਰਾ) -ਪੰਜਾਬ ਦੇ ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਦਾ ਅੱਜ ਸ਼ਾਮ ਪੰਜ ਵਜੇ ਦੇਹਾਂਤ ਹੋ ਗਿਆ । ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ...
ਸੇਮ ਨਾਲੇ 'ਚ ਰੁੜ੍ਹੇ ਦੋ ਬੱਚਿਆਂ 'ਚੋਂ ਇਕ ਦੀ ਲਾਸ਼ ਮਿਲੀ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪਿੰਡ ਮਦਰੱਸਾ ਵਿਖੇ ਨਹਾਉਣ ਸਮੇਂ ਸੇਮ ਨਾਲੇ ਵਿਚ ਰੁੜ੍ਹੇ ਦੋ ਬੱਚਿਆਂ ਵਿਚੋਂ ਅਜੇ ਸਿੰਘ (13) ਦੀ ਲਾਸ਼ ਘਟਨਾ ਸਥਾਨ ਤੋਂ ਇਕ ਕਿੱਲੋਮੀਟਰ ਦੂਰ...
ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  about 2 hours ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ...
ਟਰੈਕਟਰ ਪਲਟਣ ਨਾਲ ਨੌਜਵਾਨ ਦੀ ਮੌਤ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਲੱਖੇਵਾਲੀ ਤੋਂ ਭਾਗਸਰ ਰੋਡ ਤੇ ਟਰੈਕਟਰ ਅਤੇ ਤੂੜੀ ਵਾਲੀ ਟਰਾਲੀ ਪਲਟਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ...
2 ਬੱਸਾਂ ਦੀ ਰੇਸ ਨੇ ਲਈ ਰੇਹੜੀ ਚਾਲਕ ਦੀ ਜਾਨ, 15 ਸਵਾਰੀਆਂ ਜ਼ਖਮੀ
. . .  about 2 hours ago
ਜਲੰਧਰ, 22 ਅਪ੍ਰੈਲ - ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ 'ਤੇ ਨਿੱਜੀ ਕੰਪਨੀਆਂ ਦੀਆਂ ਤੇਜ ਰਫ਼ਤਾਰ 2 ਬੱਸਾਂ ਆਪਸ ਵਿਚ ਰੇਸ ਲਗਾਉਂਦੇ ਹੋਏ ਇਸ ਤਰਾਂ ਬੇਕਾਬੂ ਹੋ ਗਈਆਂ ਕਿ ਪਰਾਗਪੁਰ ਨੇੜੇ ਇੱਕ...
ਆਈ.ਪੀ.ਐੱਲ 2019 : ਟਾਸ ਜਿੱਤ ਕੇ ਰਾਜਸਥਾਨ ਵੱਲੋਂ ਦਿੱਲੀ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 3 hours ago
ਮੁੱਖ ਮੰਤਰੀ ਨੇ ਕਣਕ ਖ਼ਰੀਦ ਮਾਪਦੰਡਾਂ 'ਚ ਢਿੱਲ ਲਈ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ
. . .  about 3 hours ago
ਚੰਡੀਗੜ੍ਹ, 22 ਅਪ੍ਰੈਲ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਬੇਮੌਸਮੀ ਬਰਸਾਤ ਦੇ ਚੱਲਦਿਆਂ ਕਣਕ ਖ਼ਰੀਦ ਦੇ ਮਾਪਦੰਡਾਂ ਵਿਚ ਢਿੱਲ ਲਈ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਅੱਸੂ ਨਾਨਕਸ਼ਾਹੀ ਸੰਮਤ 546
ਵਿਚਾਰ ਪ੍ਰਵਾਹ: ਲੋਕਤੰਤਰ ਦੀ ਪਛਾਣ ਜਾਇਦਾਦ ਅਤੇ ਦਬਦਬੇ ਵਾਲਿਆਂ ਨੂੰ ਨਹੀਂ, ਸਗੋਂ ਸਾਧਨਹੀਣ ਵਿਅਕਤੀ ਨੂੰ ਹਕੂਮਤ ਦੇਣ ਵਿਚ ਹੈ। -ਅਰਸਤੂ

ਪਰਵਾਸੀ ਸਮਸਿਆਵਾਂ

10-9-2014

ਪਾਕਿਸਤਾਨ 'ਚ ਘੱਟ ਗਿਣਤੀ ਖ਼ਤਰੇ ਵਿਚ ਹੈ
ਪਿਸ਼ਾਵਰ 'ਚ ਇਕ ਹੋਰ ਸਿੱਖ ਨੌਜਵਾਨ, ਜਿਸ ਦਾ ਨਾਂਅ ਹਰਜੀਤ ਸਿੰਘ ਸੀ, ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹ ਕਾਸਮੈਟਿਕ ਦੀ ਦੁਕਾਨ ਕਰਕੇ ਆਪਣਾ ਰੁਜ਼ਗਾਰ ਚਲਾਉਂਦਾ ਸੀ। ਇਸ ਤੋਂ ਇਕ ਮਹੀਨਾ ਪਹਿਲਾਂ ਵੀ ਦੋ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਹੈ। ਪਾਕਿਸਤਾਨ ਦੇ ਖੇਬਰ ਪਖਤੂਨਖਵਾ ਦੀ ਸਰਕਾਰ ਨੇ ਜਾਂਚ ਲਈ ਬਸ ਇਕ ਕਮੇਟੀ ਬਣਾਈ। ਨਵਾਜ ਸ਼ਰੀਫ਼ ਇਸ 'ਤੇ ਕਾਰਵਾਈ ਕਰਨ ਦੀ ਤਾਂ ਦੂਰ ਦੀ ਗੱਲ ਹੈ, ਉਨ੍ਹਾਂ ਨੇ ਸਿੱਖ ਨੌਜਵਾਨਾਂ ਦੀ ਹੱਤਿਆ 'ਤੇ ਦੁੱਖ ਵੀ ਜ਼ਾਹਰ ਨਹੀਂ ਕੀਤਾ। ਪਾਕਿਸਤਾਨ ਵਿਚ ਘੱਟ ਗਿਣਤੀ ਦੀ ਕੋਈ ਪੁੱਛਗਿੱਛ ਨਹੀਂ ਹੈ।

ਦਿਲਾਵਰ ਸਿੰਘ
ਨਨਕਾਣਾ ਸਾਹਿਬ (ਪਾਕਿਸਤਾਨ)
Email : singh.dilawar24@gmail.com

 

3-9-2014

 ਕਿੰਨਾ ਚੰਗਾ ਹੋਵੇ ਜੇਕਰ ਭਾਈ ਲਾਲ ਜੀ ਨੂੰ ਜੋ ਭਾਈ ਮਰਦਾਨਾ ਦੇ ਵੰਸ਼ 'ਚੋਂ ਹਨ, ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 'ਚ ਕੀਰਤਨ ਕਰਨ ਦਿੱਤਾ ਜਾਵੇ
ਅੱਜ ਅਖ਼ਬਾਰ 'ਚ ਪੜ੍ਹ ਕੇ ਬੜੀ ਖੁਸ਼ੀ ਹੋਈ ਕਿ ਲੰਦਨ 'ਚ ਭਾਈ ਮਰਦਾਨਾ ਸੁਸਾਇਟੀ ਵੱਲੋਂ ਸ: ਮਹਿੰਦਰ ਸਿੰਘ ਜੋ ਕਿ ਨਿਸ਼ਕਾਮ ਸੇਵਾ ਸੰਸਥਾ ਦੇ ਪ੍ਰਧਾਨ ਹਨ, ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਸ: ਮਹਿੰਦਰ ਸਿੰਘ ਇਕ ਇੰਜੀਨੀਅਰ ਹਨ ਤੇ ਇਨ੍ਹਾਂ ਨੇ ਅਫਰੀਕਾ 'ਚ ਬੜੀ ਮਿਹਨਤ ਕਰਕੇ ਗੁਰੂ ਘਰ ਸਾਹਿਬ ਸਥਾਪਤ ਕੀਤੇ ਹਨ। ਮੈਂ ਜ਼ਾਂਬੀਆਂ ਦੀ ਰਾਜਧਾਨੀ ਲੁਸਾਕਾ ਦੇ ਗੁਰੂ ਘਰ 'ਚ ਕੁਝ ਦਿਨ ਰਿਹਾ ਸੀ ਜੋ ਸ: ਮਹਿੰਦਰ ਸਿੰਘ ਦੇ ਉੱਦਮ ਨਾਲ ਬਣਿਆ ਹੈ। ਮੈਂ ਆਪਣੀ ਪੁਸਤਕ 'ਅੱਖੀਂ ਡਿੱਠਾ ਅਫਰੀਕਾ' 'ਚ ਇਸ ਦਾ ਜ਼ਿਕਰ ਕਰ ਚੁੱਕਾ ਹਾਂ। ਕਿੰਨਾ ਚੰਗਾ ਹੋਵੇ ਜੇਕਰ ਭਾਈ ਲਾਲ ਜੀ ਜੋ ਭਾਈ ਮਰਦਾਨਾ ਦੇ ਵੰਸ਼ 'ਚੋਂ ਹਨ, ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 'ਚ ਕੀਰਤਨ ਕਰਨ ਦਿੱਤਾ ਜਾਵੇ।

ਆਤਮਾ ਸਿੰਘ ਬਰਾੜ
ਯੂ. ਕੇ.
Email : atmabrar@yahoo.com

28-8-2014

 'ਕੌਮ ਦੇ ਹੀਰੇ' ਫ਼ਿਲਮ ਨੂੰ ਜਾਰੀ ਕੀਤਾ ਜਾਵੇ
ਸ੍ਰੀਮਾਨ ਜੀ, 'ਕੌਮ ਦੇ ਹੀਰੇ' ਇਕ ਇਤਿਹਾਸਕ ਫ਼ਿਲਮ ਹੈ, ਜੋ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਹਮਲੇ ਨੂੰ ਬਿਆਨ ਕਰਦੀ ਹੈ, ਫਿਰ ਕਿਉਂ ਇਸ ਫ਼ਿਲਮ ਨੂੰ ਜਾਰੀ ਕਰਨ ਤੋਂ ਰੋਕਿਆ ਜਾ ਰਿਹਾ ਹੈ?

ਬੇਨੀ
ਸਪੇਨ
bannymanjana@hotmail.com

23-8-2014

 ਅਸਲੀ ਮੁੱਦਿਆਂ 'ਤੇ ਗੱਲ ਨਹੀਂ ਹੋ ਰਹੀ
ਬੇਨਤੀ ਹੈ ਕਿ ਪੰਜਾਬ ਦੇ ਲੋਕ ਕੈਂਸਰ ਅਤੇ ਹੋਰ ਨਾਮੁਰਾਦ ਬਿਮਾਰੀਆਂ ਨਾਲ ਗ੍ਰਸਤ ਹੋ ਰਹੇ ਹਨ ਅਤੇ ਕਈ ਗਰੀਬ ਲੋਕ ਆਪਣਾ ਇਲਾਜ ਕਰਵਾ ਨਹੀਂ ਸਕਦੇ ਪਰ ਪੰਜਾਬ ਸਰਕਾਰ ਕਬੱਡੀ 'ਤੇ ਕਰੋੜਾਂ ਰੁਪਏ ਖਰਚ ਕਰ ਰਹੀ, ਜੋ ਕਿ ਕਿਸੇ ਵੀ ਗੱਲੋਂ ਅਕਲਮੰਦੀ ਨਹੀਂ ਲਗਦੀ। ਹਾਂ ਜੀ, ਪਰ ਬੇਸਮਝ ਲੋਕਾਂ ਨੂੰ ਅਸਲੀ ਮੁੱਦਿਆਂ ਤੋਂ ਪਾਸੇ ਕਰਕੇ ਫਜ਼ੂਲ ਦੇ ਕੰਮਾਂ 'ਚ ਉਲਝਾਈ ਰੱਖਣ ਦਾ ਇਕ ਚੰਗਾ ਤਰੀਕਾ ਹੈ। ਵਾਹਿਗੁਰੂ ਮਿਹਰ ਕਰਨ।

ਆਤਮਾ ਸਿੰਘ ਬਰਾੜ
ਬਰਤਾਨੀਆ
Email : atmabrar@yahoo.com

13-8-2014

ਮੋਹਨ ਭਾਗਵਤ ਨੇ ਦਿੱਤਾ ਬੇਤੁਕਾ ਬਿਆਨ
ਮੋਹਨ ਭਾਗਵਤ ਦੁਆਰਾ ਇਹ ਕਿਹਾ ਜਾਣਾ ਕਿ ਜੋ ਲੋਕ ਜਰਮਨੀ ਦੇ ਨਾਗਰਿਕ ਹਨ, ਉਨ੍ਹਾਂ ਨੂੰ ਜਰਮਨ ਲੋਕ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਦੇ ਨਾਂਅ ਤੋਂ ਜਾਣਿਆ ਜਾਂਦਾ ਹੈ, ਪਰ ਭਾਗਵਤ ਦਾ ਮੰਨਣਾ ਹੈ ਕਿ ਜੋ ਲੋਕ ਹਿੰਦੁਸਤਾਨ ਦੇ ਨਾਗਰਿਕ ਹਨ, ਉਹ ਸਾਰੇ ਹਿੰਦੂ ਹਨ। ਮੋਹਨ ਭਾਗਵਤ ਦੀ ਇਹ ਟਿੱਪਣੀ ਬੇਹੱਦ ਹਾਸੋਹੀਣੀ ਹੈ ਅਤੇ ਤੱਥਾਂ ਤੋਂ ਬਹੁਤ ਦੂਰ, ਕਿਉਂਕਿ ਹਿੰਦੁਸਤਾਨ ਦੇ ਸਾਰੇ ਨਾਗਰਿਕਾਂ ਨੂੰ ਹਿੰਦੂ ਨਹੀਂ ਕਿਹਾ ਜਾ ਸਕਦਾ, ਕਿਉਂਕਿ ਹਿੰਦੂ ਇਕ ਮੱਤ ਹੈ ਅਤੇ ਸਾਰੇ ਭਾਰਤ 'ਚ ਕੋਈ ਇਕ ਮੱਤ ਨਹੀਂ ਹੈ। ਇਥੇ ਬਹੁਤ ਸਾਰੇ ਮੱਤ ਹਨ। ਇਥੇ ਗੌਰਤਲਬ ਹੈ ਕਿ ਅਜਿਹੇ ਕੱਟੜ ਆਗੂ ਹਮੇਸ਼ਾ ਘੱਟ ਗਿਣਤੀਆਂ 'ਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਬਿਆਨ ਦੇਸ਼ ਦੀ ਇਕਜੁੱਟਤਾ ਲਈ ਸ਼ੋਭਾ ਨਹੀਂ ਦਿੰਦੇ। ਇਹ ਠੇਸ ਪਹੁੰਚਾਉਂਦੇ ਹਨ।

ਦਰਸ਼ਨ ਧਾਲੀਵਾਲ
ਕੈਨੇਡਾ
Email : darshan1840@gmail.com

 

6-8-2014

 ਵੱਖਰੀ ਕਮੇਟੀ ਦੇ ਮੁੱਦੇ 'ਤੇ ਬਾਦਲ ਉਦਾਰਤਾ ਵਿਖਾਉਣ
ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਲਈ ਸਿੱਖਾਂ ਦੇ ਦੋ ਸਮੂਹਾਂ ਵਿਚਕਾਰ ਵਿਵਾਦ ਬਣਿਆ ਹੋਇਆ ਹੈ। ਜੇ ਇਸ ਮੁੱਦੇ 'ਤੇ ਖ਼ੂਨੀ ਟਕਰਾਅ ਹੋਇਆ ਤਾਂ ਇਹ ਬਹੁਤ ਮੰਦਭਾਗਾ ਹੋਵੇਗਾ। ਅਸੀਂ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਮਸਲੇ 'ਤੇ ਆਪਣੀ ਦਾਨਸ਼ਮੰਦੀ ਅਤੇ ਉਦਾਰਤਾ ਦਿਖਾਉਣ ਅਤੇ ਸਵੈ-ਇੱਛਾ ਨਾਲ ਵੱਖਰੀ ਕਮੇਟੀ ਨੂੰ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ ਦੇਣ।

ਅਮਰਜੀਤ ਸਿੰਘ ਗੋਰਾਇਆ
ਆਸਟਰੇਲੀਆ
amarjitsingh41@yahoo.com.au

ਮੰਤਰੀਆਂ ਨੂੰ ਫਜ਼ੂਲ ਦੀਆਂ ਬਿਆਨਬਾਜ਼ੀਆਂ ਨਹੀਂ ਕਰਨੀਆਂ ਚਾਹੀਦੀਆਂ
ਉੱਤਰ ਪ੍ਰਦੇਸ਼ 'ਚ ਇਕ ਮੰਤਰੀ ਨੇ ਬਿਨਾਂ ਸੋਚੇ ਸਮਝੇ ਇਹ ਕਹਿ ਦਿੱਤਾ ਕਿ ਸਹਾਰਨਪੁਰ ਦੀ ਘਟਨਾ ਨਾਗਪੁਰ ਦੀ ਇਕ ਸੰਸਥਾ ਨੇ ਕਰਵਾਈ ਹੈ ਪਰ ਇਸ ਮੰਤਰੀ ਨੂੰ ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਮੋਹਨਲਾਲਗੰਜ ਦੀ ਘਟਨਾ ਕਿਸ ਨੇ ਕਰਵਾਈ ਹੈ। ਉਸ ਘਟਨਾ ਵਿਚ ਲੜਕੀ ਨਾਲ ਜਬਰ ਜਨਾਹ ਕਰਕੇ ਕਤਲ ਕਰ ਦਿੱਤਾ ਗਿਆ ਅਤੇ ਇਹ ਘਟਨਾ ਉੱਤਰ ਪ੍ਰਦੇਸ਼ ਵਿਧਾਨ ਸਭਾ ਕੋਲ ਹੀ ਹੋਈ ਸੀ। ਸਹਾਰਨਪੁਰ 'ਚ ਵਾਪਰੀ ਘਟਨਾ ਮੰਦਭਾਗੀ ਹੈ। ਮੰਤਰੀ ਜੀ ਨੂੰ ਇਹ ਨਹੀਂ ਪਤਾ ਕਿ ਖ਼ਾਲਸਾ ਸਕੂਲ, ਚੈਰੇਟੀ ਹਸਪਤਾਲ ਤੇ ਲੰਗਰ ਵਿਚ ਗੁਰਦੁਆਰਾ ਸਾਹਿਬ ਕਿਵੇਂ ਆਪਣੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ। ਮੰਤਰੀਆਂ ਨੂੰ ਫਜ਼ੂਲ ਦੀਆਂ ਬਿਆਨਬਾਜ਼ੀਆਂ ਛੱਡ ਕੇ ਦੇਸ਼ ਬਾਰੇ ਸੋਚਣਾ ਚਾਹੀਦਾ ਹੈ।

ਬਾਲਕ੍ਰਿਸ਼ਨ ਸ਼ਰਮਾ
ਸਿੰਘਾਪੁਰ
magnaindia@hotmail.com

ਕਬੱਡੀ ਪ੍ਰਤੀ ਜੋਸ਼ ਵੇਖ ਕੇ ਮਨ ਨੂੰ ਮਿਲਦੀ ਹੈ ਤਸੱਲੀ
ਮੈਂ ਪੰਜਾਬ ਦੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦਾ 'ਅਜੀਤ' ਰਾਹੀਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਕਬੱਡੀ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ਜਦੋਂ ਪੰਜਾਬ 'ਚ ਕਬੱਡੀ ਮੈਚ ਹੁੰਦੇ ਹਨ ਤਾਂ ਮੈਂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੁੰਦਾ ਹਾਂ। ਨੌਜਵਾਨਾਂ ਵਿਚ ਖੇਡ ਪ੍ਰਤੀ ਜੋਸ਼ ਵੇਖ ਕੇ ਮਨ ਨੂੰ ਬਹੁਤ ਤਸੱਲੀ ਹੁੰਦੀ ਹੈ। ਕਬੱਡੀ ਦਾ ਖੂਬ ਪ੍ਰਚਾਰ ਹੋਣ ਨਾਲ ਲੋਕਾਂ 'ਚ ਇਸ ਖੇਡ ਪ੍ਰਤੀ ਖਾਸ ਦਿਲਚਸਪੀ ਵਧ ਰਹੀ ਹੈ। ਮੇਰੀ ਅਰਦਾਸ ਹੈ ਕਿ ਕਬੱਡੀ ਨੂੰ ਹੋਰ ਜ਼ਿਆਦਾ ਮਾਣ ਮਿਲੇ।

ਬਾਲਕ੍ਰਿਸ਼ਨ ਸ਼ਰਮਾ
ਸਿੰਘਾਪੁਰ
magnaindia@hotmail.com

27-7-2014

 ਇੰਗਲੈਂਡ ਸਟੂਡੈਂਟ ਵੀਜ਼ੇ 'ਤੇ ਆਉਣ ਵਾਲੇ ਵੀਰਾਂ ਨੂੰ ਬੇਨਤੀ
ਮੈਂ ਸਟੂਡੈਂਟ ਵੀਜ਼ੇ 'ਤੇ ਇੰਗਲੈਂਡ ਆਉਣ ਵਾਲੇ ਵੀਰਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਪੈਸੇ ਲਗਾ ਕੇ ਇਥੇ ਆਉਣ ਦਾ ਕੋਈ ਫ਼ਾਇਦਾ ਨਹੀਂ ਹੈ। ਇਥੋਂ ਦੀ ਸਰਕਾਰ ਬਹੁਤ ਜ਼ਿਆਦਾ ਫੀਸ ਲੈ ਕੇ ਵੀ ਵੀਜ਼ਾ ਨਹੀਂ ਵਧਾਉਂਦੀ। ਜੇਕਰ ਕੋਈ ਵੀਜ਼ੇ ਤੋਂ ਬਿਨਾਂ ਫੜਿਆ ਜਾਂਦਾ ਹੈ ਤਾਂ ਉਸ ਨੂੰ ਕੈਂਪਾਂ 'ਚ ਸੁੱਟ ਦਿੱਤਾ ਜਾਂਦਾ ਹੈ ਤੇ ਡਿਪੋਰਟ ਕਰ ਦਿੱਤਾ ਜਾਂਦਾ ਹੈ। ਮੇਰੀ ਇਹੀ ਬੇਨਤੀ ਹੈ ਕਿ ਮਾਂ-ਬਾਪ ਦੀ ਮਿਹਨਤ ਦੀ ਕਮਾਈ ਨਾ ਉਜਾੜੋ ਸਗੋਂ ਭਾਰਤ 'ਚ ਰਹਿ ਕੇ ਹੀ ਕੋਈ ਕੰਮ ਕਰੋ।

-ਜਸਵੰਤ ਸਿੰਘ
Email : jaswant196618@ yahoo.com.

19-7-2014

 ਭਾਰਤ ਨੂੰ ਆਬਾਦੀ ਦੀ ਸਮੱਸਿਆ 'ਤੇ ਕੰਟਰੋਲ ਕਰਨਾ ਚਾਹੀਦਾ
ਆਬਾਦੀ ਭਾਰਤ ਦੀ ਇਕ ਵੱਡੀ ਸਮੱਸਿਆ ਹੈ, ਪਰ ਕੋਈ ਵੀ ਸਰਕਾਰ ਸੰਜੀਦਗੀ ਨਾਲ ਇਸ ਮਸਲੇ ਨੂੰ ਹੱਲ ਨਹੀਂ ਕਰ ਰਹੀ। ਵੇਖਣ 'ਚ ਆਉਂਦਾ ਹੈ ਕਿ ਗਰੀਬ ਪਰਿਵਾਰਾਂ 'ਚ ਇਹ ਸਮੱਸਿਆ ਹੋਰ ਵੀ ਜ਼ਿਆਦਾ ਹੈ, ਕਿਉਂਕਿ ਬੱਚਿਆਂ 'ਚ ਵਧੀਆ ਸਿੱਖਿਆ ਅੱਜ ਦੇ ਜ਼ਮਾਨੇ 'ਚ ਬਹੁਤ ਜ਼ਰੂਰੀ ਹੈ। ਜੇਕਰ ਪਰਿਵਾਰ ਛੋਟਾ ਹੋਵੇਗਾ ਤਾਂ ਉਸ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਸਰਕਾਰਾਂ ਆਬਾਦੀ ਨੂੰ ਕੇਵਲ ਵੋਟ ਬੈਂਕ ਦੇ ਰੂਪ 'ਚ ਦੇਖਦੀਆਂ ਹਨ। ਇਹ ਤਾਂ ਸਾਡੀ ਆਪਣੀ ਜ਼ਿੰਮੇਵਾਰੀ ਹੈ ਕਿ ਅਸੀਂ ਵਧਦੀ ਅਬਾਦੀ 'ਤੇ ਕਾਬੂ ਪਾਉਣ ਲਈ ਜਾਗਰੂਕ ਹੋਈਏ ਤੇ ਦੂਜਿਆਂ ਨੂੰ ਇਸ ਬਾਰੇ ਜਾਗਰੂਕ ਕਰੀਏ। ਚੀਨ ਜਿਸ ਦੀ ਆਬਾਦੀ ਕਦੇ ਸਾਡੇ ਤੋਂ ਜ਼ਿਆਦਾ ਸੀ, ਹੁਣ ਉਹ ਵੀ ਇਸ ਸਮੱਸਿਆ 'ਤੇ ਕਾਬੂ ਪਾ ਚੁੱਕਾ ਹੈ ਤੇ ਤਰੱਕੀ ਕਰ ਰਿਹਾ ਹੈ। ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਸਰਕਾਰ ਤੇ ਐਨ. ਜੀ. ਓਜ਼ ਕਾਫੀ ਮਹੱਤਵਪੂਰਨ ਰੋਲ ਅਦਾ ਕਰ ਸਕਦੇ ਹਨ। ਧਾਰਮਿਕ ਆਗੂਆਂ ਨੂੰ ਇਸ ਬਾਰੇ ਨੇਕ ਸਲਾਹ ਦੇਣੀ ਚਾਹੀਦੀ ਹੈ ਤਾਂ ਕਿ ਵਧਦੀ ਆਬਾਦੀ 'ਤੇ ਕੰਟਰੋਲ ਕੀਤਾ ਜਾ ਸਕੇ।

ਪਰਮਪਾਲ ਸਿੰਘ
Email : paligandhi@gmail.com

ਮਨੁੱਖ ਨੂੰ ਸੰਸਾਰ 'ਚ ਚੰਗੇ ਕਰਮ ਕਰਨੇ ਚਾਹੀਦੇ
ਮੇਰਾ ਵਿਚਾਰ ਹੈ ਕਿ ਮਨੁੱਖ ਸੰਸਾਰ 'ਚ ਚੰਗੇ ਕੰਮ ਵੀ ਕਰਦਾ ਹੈ ਤੇ ਮਾੜੇ ਵੀ। ਜੋ ਆਦਮੀ ਮਾੜੇ ਕੰਮ ਕਰਦਾ ਹੈ, ਦੋ ਨੰਬਰ ਨਾਲ ਪੈਸਾ ਕਮਾਉਂਦਾ ਹੈ, ਉਹ ਬਹੁਤ ਜਲਦੀ ਚੋਟੀ 'ਤੇ ਪਹੁੰਚ ਜਾਂਦਾ ਹੈ। ਦੂਜੇ ਪਾਸੇ ਜੋ ਇਮਾਨਦਾਰ ਹੁੰਦਾ ਹੈ, ਉਹ ਸਿਰਫ ਦਾਲ-ਫੁਲਕੇ ਨਾਲ ਹੀ ਗੁਜ਼ਾਰਾ ਕਰਦਾ ਹੈ, ਪਰ ਉਸ ਨੂੰ ਦੁਨੀਆ 'ਚ ਸਭ ਤੋਂ ਜ਼ਿਆਦਾ ਖੁਸ਼ੀ ਮਿਲਦੀ ਹੈ। ਸਾਨੂੰ ਚਾਹੀਦਾ ਹੈ ਕਿ ਚੰਗੇ ਕਰਮ ਕਰੀਏ, ਕਿਉਂਕਿ ਹਿਸਾਬ ਸਭ ਨੂੰ ਦੇਣਾ ਪਵੇਗਾ। ਆਪਣਾ ਜੀਵਨ ਭਜਨ ਕੀਰਤਨ ਤੇ ਗੁਰਬਾਣੀ ਨਾਲ ਜੋੜਨਾ ਚਾਹੀਦਾ ਹੈ।

ਦਿਲਬਾਗ ਸਿੰਘ
ਸਾਊਦੀ ਅਰਬ
Email : db.singh.ryd@gmail.com

18-7-14

 ਵੱਖਰੀ ਕਮੇਟੀ ਦੇ ਪਾਸ ਹੋਏ ਬਿੱਲ ਦਾ ਵਿਰੋਧ ਨਾ ਕੀਤਾ ਜਾਵੇ

ਮੇਰੀ ਐਸ. ਜੀ. ਪੀ. ਸੀ. ਦੇ ਪ੍ਰਧਾਨ ਅਵਤਾਰ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅੱਗੇ ਬੇਨਤੀ ਹੈ ਕਿ ਹਰਿਆਣਾ 'ਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਿੱਲ ਪਾਸ ਹੋਣ ਤੋਂ ਬਾਅਦ ਦੋਵੇਂ ਆਗੂ ਅਕਾਲੀ ਵਰਕਰਾਂ ਅਤੇ ਹੋਰ ਆਗੂਆਂ ਨੂੰ ਉਕਤ ਬਿੱਲ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਤੋਂ ਰੋਕਣ। ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਨਾਲ ਸਿੱਖ ਕੌਮ ਨੂੰ ਹੀ ਘਾਟਾ ਪਵੇਗਾ। ਉਨ੍ਹਾਂ ਦਿੱਲੀ ਛੱਡ ਕੇ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਅਤੇ ਭੜਕਾਊ ਬਿਆਨ ਦੇਣ ਵਾਲਿਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਕੇ ਰੋਕਿਆ ਜਾਵੇ। ਸਿੱਖ ਕੌਮ ਪਹਿਲਾਂ ਹੀ ਉਦਾਸੀਨਤਾ 'ਚੋਂ ਲੰਘ ਰਹੀ ਹੈ। ਅੱਜ ਸਾਨੂੰ ਇਕ ਮਹਾਨ ਆਗੂ ਦੀ ਜ਼ਰੂਰਤ ਹੈ।

ਲਾਲ ਸਿੰਘ ਧਾਲੀਵਾਲ
ਕੈਨੇਡਾ
LalSinghdhaliwal@yahoo.com

ਸਿੱਖ ਧਾਰਮਿਕ ਅਸਥਾਨ ਬਣ ਰਹੇ ਹਨ ਸਿਆਸੀ ਅਖਾੜੇ

ਹਰਿਆਣਾ ਦੀ ਵੱਖਰੀ ਕਮੇਟੀ ਦੀ ਹੋ ਰਹੀ ਵਿਰੋਧਤਾ ਧਾਰਮਿਕ ਨਹੀਂ ਹੈ ਬਲਿਕ ਸਿਆਸੀ ਹੈ। ਦਿੱਲੀ 'ਚ ਜੋ ਵੱਖਰੀ ਕਮੇਟੀ ਹੈ ਉਹ ਅਕਾਲੀਆਂ ਦੇ ਕਬਜ਼ੇ ਵਿਚ ਹੈ, ਨਾ ਕਿ ਸੇਵਾ ਅਧੀਨ। ਜੇਕਰ ਹਰਿਆਣਾ ਵੱਖਰੀ ਕਮੇਟੀ ਵੀ ਅਕਾਲੀਆਂ ਸਿਆਸਤਦਾਨਾਂ ਨੂੰ ਹਮਾਇਤ ਕਰਦੀ ਤਾਂ ਫੇਰ ਕੋਈ ਵਿਰੋਧਤਾ ਨਹੀਂ ਹੋਣੀ ਸੀ। ਸਿੱਖ ਧਾਰਮਿਕ ਅਸਥਾਨ ਜੋ ਸਿੱਖੀ ਦੇ ਪ੍ਰਚਾਰ ਲਈ ਹੋਣੇ ਚਾਹੀਦੇ ਹਨ, ਉਹ ਹੁਣ ਸਿਆਸੀ ਅਖਾੜੇ ਬਣ ਗਏ ਹਨ। ਇਨ੍ਹਾਂ ਕਮੇਟੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਮਨੁੱਖਤਾ ਦਾ ਭਲਾ ਕਰਕੇ ਹੀ ਸਿੱਖੀ ਨੂੰ ਪ੍ਰਚਾਰਿਆਂ ਜਾ ਸਕਦਾ ਹੈ। ਭੁੱਲ-ਚੁੱਕ ਮਾਫ਼ ਕਰਨੀ।

ਆਤਮਾ ਸਿੰਘ ਬਰਾੜ
ਇੰਗਲੈਂਡ
atmabrar@yahoo.com

15-7-2014

 ਹਰਿਆਣਾ 'ਚ ਵੱਖਰੀ ਗੁਰਦੁਆਰਾ ਕਮੇਟੀ ਚੰਗਾ ਸੰਕੇਤ ਨਹੀਂ
ਮੈਂ ਰੇਲ ਬਜਟ ਪੜ੍ਹਿਆ ਜੋ ਕਿ ਭਾਰਤ ਲਈ ਵਧੀਆ ਹੈ। ਕੁਝ ਕਾਂਗਰਸੀ ਇਸ ਦੇ ਖਿਲਾਫ ਹਨ (ਗਾਂਧੀ ਪਰਿਵਾਰ ਜਾਂ ਗਾਂਧੀ ਪਰਿਵਾਰ ਦੇ ਪਿੱਠੂ) ਖਾਸ ਕਰਕੇ ਲਵਲੀ ਤੇ ਹੁੱਡਾ। ਜਦ 1984 ਦਾ ਸਮਾਂ ਯਾਦ ਕਰਦਾ ਹਾਂ ਤਾਂ ਮੈਨੂੰ ਯਾਦ ਹੈ ਕਿ ਕਿੰਨੀ ਮੁਸ਼ਕਿਲ ਨਾਲ ਦਿੱਲੀ ਹਵਾਈ ਅੱਡੇ ਤੋਂ ਹਰਿਆਣਾ ਕਿਵੇਂ ਪਾਰ ਕੀਤਾ। ਬੱਸ 'ਚ ਸੀਟ ਨਹੀਂ ਸੀ, ਕੋਈ ਟੈਕਸੀ ਪੰਜਾਬ ਆਉਣ ਲਈ ਤਿਆਰ ਨਹੀਂ ਸੀ। ਮੈਂ ਹੀ ਜਾਣਦਾ ਹਾਂ ਕਿ ਕਿਵੇਂ ਮੈਂ ਆਪਣੇ ਪਰਿਵਾਰ ਦੀ ਜਾਨ ਬਚਾਈ। ਲਵਲੀ ਜਿਹੇ ਆਦਮੀ ਸਿੱਖ ਨਹੀਂ, ਕੇਵਲ ਕਾਂਗਰਸ ਦੇ ਏਜੰਟ ਹਨ। ਹਰਿਆਣਾ 'ਚ ਵੱਖਰੀ ਗੁਰਦੁਆਰਾ ਕਮੇਟੀ ਕੋਈ ਚੰਗਾ ਸੰਕੇਤ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਸ ਬਾਰੇ ਕੋਈ ਬਿਆਨ ਦੇਣ ਤੋਂ ਸੰਕੋਚ ਕਰਨਾ ਚਾਹੀਦਾ ਹੈ ਤੇ ਸਿੱਖਾਂ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ।

ਇੰਦਰਜੀਤ ਸਿੰਘ
Email : inderjit, europcar@gmail.com

 

3-7-2014

 ਟ੍ਰੈਫਿਕ ਨਿਯਮਾਂ ਸਬੰਧੀ ਬਹੁਤ ਕੁਝ ਕਰਨ ਦੀ ਜ਼ਰੂਰਤ
ਸੰਪਾਦਕੀ ਪੰਨੇ 'ਤੇ ਸ: ਬਰਜਿੰਦਰ ਸਿੰਘ ਹਮਦਰਦ ਦਾ ਟ੍ਰੈਫਿਕ ਸਬੰਧੀ ਲੇਖ ਪੜ੍ਹਿਆ, ਜੋ ਬਹੁਤ ਹੀ ਸਲਾਹੁਣਯੋਗ ਸੀ। ਭਾਰਤ ਵਿਚ ਲੋਕ ਟ੍ਰੈਫਿਕ ਨਿਯਮਾਂ ਦਾ ਪਾਲਣ ਨਹੀਂ ਕਰਦੇ। ਉਹ ਬੇਖੌਫ ਗਲਤ ਪਾਸੇ 'ਤੇ ਗੱਡੀਆਂ ਚਲਾ ਲੈਂਦੇ ਹਨ। ਇਥੇ ਹਰ ਕੋਈ ਟ੍ਰੈਫਿਕ ਨਿਯਮਾਂ ਸਬੰਧੀ ਚਰਚਾ ਤਾਂ ਕਰਦਾ ਹੈ ਪਰ ਅਸਲ ਵਿਚ ਉਨ੍ਹਾਂ ਦਾ ਪਾਲਣ ਕੋਈ ਨਹੀਂ ਕਰਦਾ। ਜੇ ਲਾਲ ਬੱਤੀ ਦੌਰਾਨ ਪੁਲਿਸ ਵਾਲਾ ਨਾ ਖੜ੍ਹਾ ਹੋਵੇ ਤਾਂ ਕੋਈ ਵੀ ਲਾਲ ਬੱਤੀ 'ਤੇ ਰੁਕਦਾ ਨਹੀਂ। ਮੇਰਾ ਮੰਨਣਾ ਹੈ ਕਿ ਜਦੋਂ ਤੱਕ ਆਮ ਵਿਅਕਤੀ ਟ੍ਰੈਫਿਕ ਨਿਯਮਾਂ ਦਾ ਪਾਲਣ ਨਹੀਂ ਕਰੇਗਾ, ਤੁਸੀਂ ਭਾਰਤ 'ਚ ਵਧ ਰਹੇ ਹਾਦਸਿਆਂ 'ਤੇ ਕਾਬੂ ਨਹੀਂ ਪਾ ਸਕਦੇ ਅਤੇ ਬੇਸ਼ਕੀਮਤੀ ਜਾਨਾਂ ਜਾਂਦੀਆਂ ਰਹਿਣਗੀਆਂ। ਭਾਰਤ 'ਚ ਲਾਈਸੈਂਸ ਲੈਣ ਦੀ ਪ੍ਰਕਿਰਿਆ ਬਹੁਤ ਸੌਖੀ ਹੈ। ਸਰਕਾਰ ਟ੍ਰੈਫਿਕ ਨਿਯਮਾਂ ਸਬੰਧੀ ਸਖ਼ਤ ਕਾਨੂੰਨ ਬਣਾਵੇ। ਦੋਸ਼ੀ ਲੋਕਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ। ਸੀ. ਸੀ. ਟੀ. ਵੀ. ਕੈਮਰੇ ਵੀ ਸੜਕਾਂ 'ਤੇ ਲਗਾਏ ਜਾਣ। ਪਰ ਸਭ ਤੋਂ ਵੱਡੀ ਗੱਲ ਆਮ ਲੋਕ ਸੜਕਾਂ ਦੇ ਨਿਯਮਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣ ਅਤੇ ਨਿਯਮਾਂ ਦੀ ਕਦਰ ਕਰਨੀ ਸਿੱਖਣ। ਟ੍ਰੈਫਿਕ ਨਿਯਮਾਂ ਸਬੰਧੀ ਅਜੇ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ।

ਪਰਮਪਾਲ ਸਿੰਘ
ਯੂ. ਕੇ.
Email : paligandhi@gmail.com

2-7-2014

 ਇਰਾਕ 'ਚ ਫਸੇ ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਪੰਜਾਬ ਸਰਕਾਰ ਕੇਂਦਰ ਸਰਕਾਰ 'ਤੇ ਦਬਾਅ ਪਾਵੇ
ਜੋ ਕੁਝ ਇਰਾਕ 'ਚ ਹੋ ਰਿਹਾ ਹੈ, ਉਹ ਦੁਨੀਆ ਲਈ ਠੀਕ ਨਹੀਂ ਹੈ। ਸਾਡੇ ਪੰਜਾਬੀ ਨੌਜਵਾਨ ਜੋ ਉਥੇ ਰੋਜ਼ੀ-ਰੋਟੀ ਲਈ ਗਏ ਹਨ ਤੇ ਮੁਸੀਬਤ 'ਚ ਫਸ ਗਏ ਹਨ। ਇਨ੍ਹਾਂ ਪੰਜਾਬੀ ਨੌਜਵਾਨਾਂ ਦੀ ਮਦਦ ਲਈ ਪੰਜਾਬ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਹੈ ਤੇ ਆਪਣੀ ਭਾਈਵਾਲ ਪਾਰਟੀ ਭਾਜਪਾ ਨੂੰ ਜ਼ੋਰ ਦੇ ਕੇ ਭਾਰਤ ਸਰਕਾਰ ਦੇ ਕੈਬਨਿਟ ਮੰਤਰੀ ਨੂੰ ਉਥੋਂ ਦੀ ਸਰਕਾਰ ਨਾਲ ਗੱਲਬਾਤ ਕਰਨ ਲਈ ਕਹਿਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਪੰਜਾਬੀ ਨੌਜਵਾਨਾਂ ਨੂੰ ਜਲਦ ਤੋਂ ਜਲਦ ਵਾਪਸ ਲਿਆਂਦਾ ਜਾ ਸਕੇ। ਸਰਕਾਰ ਪੰਜਾਬ 'ਚ ਥਾਂ-ਥਾਂ ਦਫ਼ਤਰ ਖੋਲ੍ਹੀ ਬੈਠੇ ਟਰੈਵਲ ਏਜੰਟਾਂ ਨੂੰ ਵੀ ਨੱਥ ਪਾੳਣੀ ਚਾਹੀਦੀ ਹੈ ਜੋ ਕੁਝ ਰੁਪਿਆਂ ਖਾਤਰ ਨੌਜਵਾਨਾਂ ਨੂੰ ਜਾਅਲੀ ਵੀਜ਼ਿਆਂ ਉੱਪਰ ਵਿਦੇਸ਼ ਭੇਜਣ ਦਾ ਧੰਦਾ ਕਰਦੇ ਹਨ। ਸਰਕਾਰ ਨੂੰ ਸਖ਼ਤ ਕਾਨੂੰਨ ਬਣਾ ਕੇ ਅਜਿਹੇ ਏਜੰਟਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਉਹ ਮੁੜ ਨੌਜਵਾਨਾਂ ਨੂੰ ਨਕਲੀ ਵੀਜ਼ਿਆਂ 'ਤੇ ਬਾਹਰਲੇ ਮੁਲਕਾਂ 'ਚ ਨਾ ਭੇਜਣ। ਜੇਕਰ ਨੌਜਵਾਨ ਬਾਹਰ ਜਾਣਾ ਹੀ ਚਾਹੁੰਦੇ ਹਨ ਤਾਂ ਸਹੀ ਤਰੀਕੇ ਨਾਲ ਹੀ ਪੂਰੇ ਕਾਨੂੰਨੀ ਤਰੀਕੇ ਨਾਲ ਹੀ ਬਾਹਰ ਜਾਣ ਤਾਂ ਜੋ ਬਾਹਰ ਜਾ ਕੇ ਉਨ੍ਹਾਂ ਨੂੰ ਮੁਸੀਬਤਾਂ ਨਾ ਝੱਲਣੀਆਂ ਪੈਣ।

ਸੁਖਜਿੰਦਰ ਸਿੰਘ ਸਿੱਧੂ
ਸਰੀ ਵੈਨਕੂਵਰ, ਕੈਨੇਡਾ
Email : sidhu_monty@yahoo.com

 

29-6-2014

 ਵਾਹਨਾਂ ਸਬੰਧੀ ਕੁਝ ਸੁਝਾਅ
ਜਿੰਨੇ ਵੀ ਵਾਹਨ ਜੋ ਸੜਕਾਂ 'ਤੇ ਚੱਲ ਰਹੇ ਹਨ, ਉਨ੍ਹਾਂ ਨੂੰ ਹਰ ਸਾਲ ਪਾਸ ਕਰਵਾਇਆ ਜਾਵੇ ਅਤੇ ਪਾਸ ਹੋਣ ਤੋਂ ਬਾਅਦ ਨਵੀਂ ਰਜਿਸਟ੍ਰੇਸ਼ਨ ਕਾਪੀ ਵੀ ਇੰਸ਼ੋਰੈਂਸ ਸਮੇਤ ਜਾਰੀ ਕੀਤੀ ਜਾਵੇ। ਉਸ ਦੀ ਤਰੀਕ ਨੰਬਰ ਪਲੇਟ ਦੇ ਨਾਲ ਲਗਾਈ ਜਾਵੇ ਤਾਂ ਜੋ ਪੁਲਿਸ ਅਧਿਕਾਰੀਆਂ ਵਾਸਤੇ ਆਸਾਨੀ ਹੋਵੇ। ਗੱਡੀਆਂ ਨੂੰ ਪਾਸ ਕਰਾਉਣ ਦੇ ਕਈ ਫਾਇਦੇ ਹੋਣਗੇ, ਜਿਵੇਂ ਕਿ :
1. ਗੱਡੀਆਂ ਦੇ ਚੋਰੀ ਹੋਣ 'ਚ ਕਮੀ ਆਵੇਗੀ, 2. ਸੜਕੀ ਹਾਦਸੇ ਘਟਣਗੇ, 3. ਹਰ ਕੋਈ ਲਾਈਸੈਂਸ ਅਤੇ ਰਜਿਸਟ੍ਰੇਸ਼ਨ ਕਾਪੀ ਰੱਖੇਗਾ, 4. ਸਾਰੇ ਵਾਹਨ ਸਹੀ ਹਾਲਤਾਂ 'ਚ ਰਹਿਣਗੇ, 5. ਹਰ 10 ਕਿਲੋਮੀਟਰ ਦੇ ਦਾਇਰੇ 'ਚ ਇਕ ਪਾਸਿੰਗ ਯੂਨਿਟ ਹੋਵੇ, ਇਸ ਤਰ੍ਹਾਂ ਰੁਜ਼ਗਾਰ ਵੀ ਵਧਣਗੇ।

ਇੰਦਰਜੀਤ ਸਿੰਘ
ਸੰਯੁਕਤ ਅਮੀਰਾਤ
Email : inderjit.europcar@gmail.com

27-6-2014

 ਸੜਕਾਂ 'ਤੇ ਵੱਧ ਰਹੇ ਹਾਦਸਿਆਂ ਪ੍ਰਤੀ ਜਾਗਰੂਕ ਹੋਣ ਦੀ ਲੋੜ
ਇਹ ਬੜੀ ਪ੍ਰਸੰਸਾਯੋਗ ਗੱਲ ਹੈ ਕਿ ਹੁਣ ਪੰਜਾਬ ਦੇ ਲੋਕ ਨਸ਼ਿਆਂ ਪ੍ਰਤੀ ਜਾਗਰੂਕ ਹੋ ਰਹੇ ਹਨ ਪਰ ਸੜਕਾਂ 'ਤੇ ਲਗਾਤਾਰ ਵੱਧ ਰਹੇ ਹਾਦਸਿਆਂ ਪ੍ਰਤੀ ਸੋਚਿਆ ਨਹੀਂ ਜਾ ਰਿਹਾ। ਸੜਕ ਹਾਦਸਿਆਂ ਵਿਚ ਜਿਨ੍ਹੀਆਂ ਮੌਤਾਂ ਹੁੰਦੀਆਂ ਹਨ, ਸ਼ਾਇਦ ਹੀ ਕਿਸੇ ਹੋਰ ਕਾਰਨ ਤੋਂ ਇੰਨ੍ਹੀਆਂ ਮੌਤਾਂ ਹੁੰਦੀਆਂ ਹੋਣ। ਕੀ ਪੰਜਾਬ ਸਰਕਾਰ ਇਹ ਯਕੀਨੀ ਬਣਾਵੇਗੀ ਕਿ ਲਾਈਸੈਂਸ ਉਸ ਵਕਤ ਹੀ ਜਾਰੀ ਹੋਵੇ ਜਦੋਂ ਚਾਲਕ ਦੀ ਚੰਗੀ ਤਰ੍ਹਾਂ ਜਾਂਚ ਹੋ ਜਾਵੇ। ਕੁਝ ਮਾਪਦੰਢਾਂ ਨਾਲ ਸੜਕੀ ਹਾਦਸਿਆਂ ਤੋਂ ਛੁੱਟਕਾਰਾ ਪਾਇਆ ਜਾ ਸਕਦਾ ਹੈ, ਜਿਵੇਂ ਲੇਨ ਡਰਾਈਵਿੰਗ, ਸੁਰੱਖਿਤ ਦੂਰੀ 'ਤੇ ਡਰਾਈਵਿੰਗ, ਨਸ਼ਾ ਰਹਿਤ ਡਰਾਈਵਿੰਗ ਅਤੇ ਨਾਬਾਲਗਾਂ ਨੂੰ ਡਰਾਈਵਿੰਗ ਨਹੀਂ ਕਰਨ ਦੇਣੀ ਚਾਹੀਦੀ। ਸਕੂਲ ਵਿਚ ਬੱਚਿਆਂ ਨੂੰ ਇਸ ਸਬੰਧ 'ਚ ਸਿੱਖਿਆ ਦੇਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿਚ ਬਿਹਤਰ ਚਾਲਕ ਪੈਦਾ ਕੀਤੇ ਜਾ ਸਕਣ।

ਗੁਰਲੇਜ ਸ਼ਰਮਾ
ਈਮੇਲ: gur.lej.sh@gmail.com
ਆਸਟ੍ਰੇਲੀਆ

23-6-2014

 ਸਮਾਜ ਨੂੰ ਅੱਜ ਸੂਝਵਾਨ ਹੋਣ ਦੀ ਜ਼ਰੂਰਤ
ਸਾਡੇ ਕੋਲ ਕਰੀਬ ਹਰ ਸਮਾਜਿਕ ਬੁਰਾਈ ਦਾ ਹੱਲ ਹੈ, ਪਰ ਪਤਾ ਨਹੀਂ ਉਨ੍ਹਾਂ ਦਾ ਹੱਲ ਅਸੀਂ ਫਿਰ ਵੀ ਨਹੀਂ ਲੱਭ ਪਾ ਰਹੇ? ਅੱਜਕੱਲ੍ਹ ਅਸੀਂ ਨਸ਼ਿਆਂ ਸਬੰਧੀ ਜਬਰ ਜਨਾਹਾਂ ਸਬੰਧੀ ਅਤੇ ਹੋਰ ਸਮਾਜਿਕ ਬੁਰਾਈਆਂ ਪ੍ਰਤੀ ਰੋਜ਼ ਅਖ਼ਬਾਰਾਂ 'ਚ ਪੜ੍ਹ ਰਹੇ ਹਾਂ। ਮੇਰੇ ਮੁਤਾਬਿਕ ਇਹ ਸਭ ਕੁਝ ਤਾਂ ਹੀ ਵਾਪਰ ਰਿਹਾ ਹੈ, ਕਿਉਂਕਿ ਅਸੀਂ ਆਪਣੇ ਵਿਰਸੇ ਅਤੇ ਧਰਮ ਤੋਂ ਮੂੰਹ ਮੋੜ ਰਹੇ ਹਾਂ। ਇਕ ਧਰਮ ਚਾਹੇ ਕੋਈ ਵੀ ਹੋਵੇ, ਉਹ ਮਨੁੱਖ ਨੂੰ ਇਖ਼ਲਾਕੀ ਬਣਾਉਂਦਾ ਹੈ। ਇਸ ਲਈ ਬੱਚਿਆਂ ਲਈ ਧਰਮ ਦੀ ਸਿੱਖਿਆ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਤਾਂ ਜੋ ਇਕ ਨਿਰੋਏ ਸਮਾਜ ਦੀ ਸਥਾਪਤੀ ਹੋ ਸਕੇ। ਧਾਰਮਿਕ ਆਗੂ ਸੱਚੇ ਦਿਲੋਂ ਇਕ ਚੰਗੇ ਸਮਾਜ ਦੀ ਸਮਾਪਤੀ ਲਈ ਅੱਗੇ ਆਉਣ। ਉੱਚਾ ਤੇ ਸੁੱਚਾ ਇਖ਼ਲਾਕ ਹੀ ਇਨ੍ਹਾਂ ਸਮਾਜਿਕ ਬੁਰਾਈਆਂ ਦਾ ਹੱਲ ਹੈ।

ਨਛੱਤਰ ਸਿੰਘ ਪੁਰਬਾ
ਕੈਨੇਡਾ
Email : nspurba@yahoo.ca

14-6-2014

 ਸ੍ਰੀ ਅਕਾਲ ਤਖ਼ਤ ਸਾਹਿਬ ਦੀ ਘਟਨਾ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ
ਸਤਿ ਸ੍ਰੀ ਅਕਾਲ, ਜੋ ਕੁਝ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਇਆ ਉਸ ਨੇ ਪੂਰੇ ਸਿੱਖ ਜਗਤ ਨੂੰ ਨਮੋਸ਼ੀ ਤੋਂ ਇਲਾਵਾ ਹੋਰ ਕੁਝ ਨਹੀਂ ਦਿੱਤਾ। ਜੋ ਸਮਾਗਮ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋ ਰਿਹਾ ਸੀ, ਉਹ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਤੇ ਹੋਏ 1984 'ਚ ਹਮਲੇ ਦੀ ਬਰਸੀ ਦੇ ਸਬੰਧ 'ਚ ਹੋ ਰਿਹਾ ਸੀ ਪਰ ਇਨ੍ਹਾਂ ਜਥੇਬੰਦੀਆਂ ਨੇ ਨਾ ਮੌਕੇ ਦੀ ਨਜ਼ਾਕਤ ਨੂੰ ਸਮਝਿਆ ਅਤੇ ਨਾ ਹੀ ਉਸ ਪਵਿੱਤਰ ਸਥਾਨ ਦੀ ਮਰਿਆਦਾ ਦਾ ਖ਼ਿਆਲ ਰੱਖਿਆ। ਇਨ੍ਹਾਂ ਕੁਝ ਲੋਕਾਂ ਨੇ ਪੂਰੀ ਕੌਮ ਨੂੰ ਸ਼ਰਮਸਾਰ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਜੋ ਕੁਝ ਵੀ ਇਹ ਘਟਨਾਕ੍ਰਮ ਵਾਪਰਿਆ ਹੈ, ਬਹੁਤ ਹੀ ਸ਼ਰਮਨਾਕ ਸੀ। ਵਾਹਿਗੁਰੂ ਸਭ ਸਿੱਖਾਂ 'ਤੇ ਮਿਹਰ ਕਰੇ।

ਦੁਖੀ ਹਿਰਦੇ ਨਾਲ
ਆਤਮਾ ਸਿੰਘ ਬਰਾੜ, ਇੰਗਲੈਂਡ।
atmabrar@yahoo.com

 

12-6-2014

 ਸਿੱਖਾਂ ਨੂੰ ਧੜੇਬਾਜ਼ੀ ਤੋਂ ਉੱਪਰ ਉਠਣ ਦੀ ਜ਼ਰੂਰਤ
ਅਕਾਲ ਤਖਤ ਸਾਹਿਬ 'ਤੇ ਸਿੱਖਾਂ ਨੇ ਜੋ ਆਪਸ ਵਿਚ ਭਿੜ ਕੇ ਤਲਵਾਰਬਾਜ਼ੀ ਦੇ ਜੌਹਰ ਦਿਖਾਏ ਹਨ, ਇਹ ਸਭ ਕੁਝ ਵੇਖ ਕੇ ਮਨ ਅੰਦਰ ਡੂੰਘੀ ਠੇਸ ਲੱਗੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚਕਾਰ ਇਹ ਲੋਕ ਇਕ ਦੂਜੇ ਨੂੰ ਵੱਢਣ ਤੱਕ ਜਾ ਰਹੇ ਸਨ, ਜੋ ਕਿ ਬਹੁਤ ਅਫ਼ਸੋਸਜਨਕ ਦੇ ਨਾਲ-ਨਾਲ ਸ਼ਰਮਨਾਕ ਵੀ ਸੀ। ਇਸ ਤੋਂ ਸਾਫ ਪ੍ਰਗਟ ਹੁੰਦਾ ਹੈ ਕਿ ਇਨ੍ਹਾਂ ਵਿਚ ਅਨੁਸ਼ਾਸਨ ਦੀ ਭਾਰੀ ਕਮੀ ਹੈ, ਅਤੇ ਇਹ ਲੋਕ ਸਿੱਖਾਂ ਦੇ ਹੱਕਾਂ ਦੀ ਗੱਲ ਕਰਦੇ ਹਨ। ਧੜੇਬਾਜ਼ੀ ਵਿਚ ਵੰਡੇ ਇਹ ਲੋਕ ਸਿੱਖੀ ਦਾ ਘਾਣ ਕਰ ਰਹੇ ਹਨ। ਇਥੇ ਇਹ ਗੱਲ ਪੂਰੀ ਢੁੱਕਦੀ ਹੈ ਕਿ ਸਿੱਖਾਂ ਨੂੰ ਬਾਹਰੋਂ ਘੱਟ ਆਪਣਿਆਂ ਤੋਂ ਵੱਧ ਖਤਰਾ ਹੈ। ਮੇਰੀ ਬੇਨਤੀ ਹੈ ਕਿ ਸਾਨੂੰ ਗੁਰੂ ਲੜ ਲੱਗਣਾ ਚਾਹੀਦਾ ਹੈ ਅਤੇ ਇਕ ਹੋ ਕੇ ਰਹਿਣ ਦੀ ਸਖਤ ਜ਼ਰੂਰਤ ਹੈ ਅਤੇ ਗੁਰੂਆਂ ਦੇ ਸਿਧਾਂਤ 'ਤੇ ਪਹਿਰਾ ਦੇਣਾ ਚਾਹੀਦਾ ਹੈ। ਫਿਰ ਹੀ ਅਸੀਂ ਅਨੁਸ਼ਾਸਤ ਹੋ ਸਕਦੇ ਹਾਂ। ਭੁੱਲ ਚੁੱਕ ਮਾਫ ਕਰਨੀ।

ਪਰਮਪਾਲ ਸਿੰਘ
ਬਰਤਾਨੀਆਂ
paligandhi@gmail.com

ਮੋਟਰਾਂ ਦੀ ਹੁੰਦੀ ਚੋਰੀ ਪ੍ਰਤੀ ਪੁਲਿਸ ਚੌਕਸ ਹੋਵੇ
ਸਤ ਸ੍ਰੀ ਅਕਾਲ ਜੀ, ਮੈਨੂੰ ਇਹ ਪੜ੍ਹ ਕੇ ਬੜਾ ਅਫਸੋਸ ਹੋਇਆ ਕਿ ਗੁਰਦਾਸਪੁਰ ਦੇ ਇਕ ਪਿੰਡ ਵਿਚੋਂ 7 ਮੋਟਰਾਂ ਚੋਰੀ ਹੋ ਗਈਆਂ ਹਨ। ਇਹ ਕਿਸੇ ਇਕ ਜਾਂ ਦੋ ਬੰਦਿਆਂ ਦਾ ਕੰਮ ਤਾਂ ਨਹੀਂ ਹੋ ਸਕਦਾ ਅਤੇ ਇਹ ਚੋਰੀ ਬਿਨਾਂ ਕਿਸੇ ਜਾਣਕਾਰ ਤੋਂ ਮੁਨਾਸਿਬ ਨਹੀਂ ਹੋ ਸਕਦੀ। ਇਸ ਚੋਰੀ ਵਿਚ ਜ਼ਰੂਰ ਕਿਸੇ ਜਾਣਕਾਰ ਦੇ ਹੱਥ ਹੋਣ ਦੀ ਸੰਭਾਵਨਾ ਪ੍ਰਬਲ ਹੈ। ਪੁਲਿਸ ਨੂੰ ਚਾਹੀਦਾ ਹੈ ਕਿ ਉਹ ਜਲਦ ਤੋਂ ਜਲਦ ਚੋਰਾਂ ਦੀ ਇਸ ਸਾਜ਼ਸ਼ ਦਾ ਪਤਾ ਲਗਾਵੇ। ਮੈਂ ਇਥੇ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਮੈਂ ਯੂ.ਏ.ਈ. ਵਿਖੇ ਰਹਿੰਦਾ ਹਾਂ ਅਤੇ ਇਥੋਂ ਦੀ ਪੁਲਿਸ ਚੋਰਾਂ ਨੂੰ 24 ਘੰਟਿਆਂ ਵਿਚ ਹੀ ਕਾਬੂ ਕਰ ਲੈਂਦੀ ਹੈ।

ਇੰਦਰਜੀਤ ਸਿੰਘ ਸ਼ਾਰਜਾਹ
Inderjit.europcar@gmail.com

1-6-2014

ਨਸ਼ਿਆਂ ਨੂੰ ਰੋਕਣ ਲਈ ਪੰਜਾਬ ਸਰਕਾਰ ਡੂੰਘਾਈ ਨਾਲ ਵਿਚਾਰ ਕਰੇ
ਅਜੀਤ ਸਮੂਹ ਅਤੇ ਸਟਾਫ ਨੂੰ ਸਤਿ ਸ੍ਰੀ ਅਕਾਲ
ਇਹ ਖ਼ਬਰ ਪੜ੍ਹਕੇ ਬਹੁਤ ਤਸੱਲੀ ਹੋਈ ਹੈ ਕਿ ਪੰਜਾਬ ਸਰਕਾਰ ਨਸ਼ਿਆਂ ਨੂੰ ਹੁਣ ਰੋਕਣ ਲਈ ਉਪਰਾਲੇ ਕਰ ਰਹੀ ਹੈ। ਇਸ ਸਬੰਧ 'ਚ ਇਕ ਮੰਤਰੀ ਵੱਲੋਂ ਅਸਤੀਫਾ ਵੀ ਦਿੱਤਾ ਜਾ ਚੁੱਕਾ ਹੈ ਪਰ ਨਸ਼ਿਆਂ ਨੂੰ ਰੋਕਣ ਦੇ ਸਬੰਧ 'ਚ ਬਾਦਲ ਸਰਕਾਰ ਨੂੰ ਕਈ ਹੋਰ ਮੰਤਰੀਆਂ ਦੇ ਅਸਤੀਫੇ ਲੈਣ ਦੀ ਜ਼ਰੂਰਤ ਹੈ। ਫਿਰ ਹੀ ਨਸ਼ਿਆਂ ਦੇ ਹੜ੍ਹ ਨੂੰ ਕਾਬੂ ਕੀਤਾ ਜਾ ਸਕਦਾ ਹੈ ਨਹੀਂ ਤਾਂ ਇਹ ਪੱਕਾ ਹੋ ਜਾਵੇਗਾ ਕਿ ਮੌਜੂਦਾ ਸਰਕਾਰ ਨੂੰ ਲੋਕ ਸ਼ਾਇਦ ਹੀ ਦੁਬਾਰਾ ਸਮਰਥਨ ਦੇਣ। ਇਸ ਲਈ ਬਾਦਲ ਸਰਕਾਰ ਡੂੰਘਾਈ ਨਾਲ ਪੰਜਾਬ ਦੇ ਲੋਕਾਂ ਸਬੰਧੀ ਵਿਚਾਰ ਕਰੇ ਅਤੇ ਟਰਾਂਸਪੋਰਟ, ਪ੍ਰਾਪਰਟੀ ਟੈਕਸ ਤੇ ਰੇਤਾ-ਬਜਰੀ ਵਰਗੇ ਮਸਲਿਆਂ 'ਤੇ ਪੰਜਾਬ ਸਰਕਾਰ ਦੁਬਾਰਾ ਵਿਚਾਰ ਕਰੇ ਕਿਉਂਕਿ ਹੁਣ ਜਨਤਾ ਪੱਕ ਰਹੀ ਖਿਚੜੀ ਸਬੰਧੀ ਸਭ ਕੁਝ ਜਾਣ ਚੁੱਕੀ ਹੈ।

ਇੰਦਰਜੀਤ ਸਿੰਘ
ਸੰਯੁਕਤ ਅਰਬ ਅਮੀਰਾਤ
inderjit.europcar@gmail.com

 

31-5-2014

 ਆਮ ਆਦਮੀ ਤੇ ਭ੍ਰਿਸ਼ਟਾਚਾਰ ਵਿਰੁੱਧ ਜੰਗ ਜਾਰੀ ਰਹੇ
ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਦੀ ਖ਼ਬਰ ਬਾਰੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਤੇ ਭਾਰਤ ਸਰਕਾਰ 'ਚ ਜੰਗ ਤੇਜ਼ ਹੋ ਗਈ ਹੈ। ਇਕ ਪਾਸੇ ਨਵੀਂ ਬਣਾਈ ਗਈ ਸਰਕਾਰ ਹੈ, ਜਿਸ 'ਚ ਕਈ ਅਪਰਾਧੀ ਸ਼ਾਮਿਲ ਹਨ, ਜਦਕਿ ਦੂਜੇ ਪਾਸੇ ਇਕ ਆਮ ਆਦਮੀ ਹੈ ਜੋ ਭ੍ਰਿਸ਼ਟਾਚਾਰ, ਜੁਰਮ ਤੇ ਬੇਇਨਸਾਫੀ ਵਿਰੁੱਧ ਲੜ ਰਿਹਾ ਹੈ। ਖ਼ਬਰਾਂ 'ਚ ਇਹ ਵੇਖਿਆ ਜਾ ਸਕਦਾ ਹੈ ਕਿ ਨਸ਼ੇ 'ਚ ਫਸ ਕੇ ਕਿਵੇਂ ਪੰਜਾਬੀ ਆਪਣੀ ਜਮੀਰ, ਸਵੈਮਾਣ ਤੇ ਇੱਜ਼ਤ ਨੂੰ ਘਟਾ ਰਹੇ ਹਨ।

ਏ. ਐਸ. ਕੰਗ
Email : a.s.kang@live.com

28-5-2014

 ਨਸ਼ੇ ਦੇ ਕਾਰੋਬਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ
ਪੰਜਾਬ 'ਚ ਆਮ ਲੋਕਾਂ ਦੀ ਜ਼ੁਬਾਨ 'ਤੇ ਇਕ ਹੀ ਗੱਲ ਹੈ ਕਿ ਨਸ਼ੇ ਦੇ ਕਾਰੋਬਾਰ 'ਚ ਸਿਆਸਤਦਾਨ ਤੇ ਅਫਸਰਸ਼ਾਹੀ ਵੀ ਸ਼ਾਮਿਲ ਹੈ ਜੋ ਕਿ ਬਿਲਕੁਲ ਠੀਕ ਹੈ। ਪੁਲਿਸ ਦੇ ਆਲ੍ਹਾ ਅਫਸਰ ਜਦੋਂ ਸਰਕਾਰ ਨੂੰ ਉਨ੍ਹਾਂ ਬਾਰੇ ਦੱਸਦੇ ਰਹੇ ਹਨ ਤਾਂ ਫਿਰ ਸਰਕਾਰ ਨੇ ਅਜਿਹੇ ਲੋਕਾਂ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ? ਕਾਰਨ ਸਾਫ ਹੈ ਕਿ ਸਰਕਾਰ 'ਚ ਹੀ ਕਈ ਅਜਿਹੇ ਲੋਕ ਮੌਜੂਦ ਹਨ, ਜਿਨ੍ਹਾਂ ਦਾ ਨਾਂਅ ਨਸ਼ੇ ਦੇ ਸੌਦਾਗਰਾਂ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਫਿਰ ਸਰਕਾਰ ਕਿਵੇਂ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਕਰ ਸਕਦੀ ਹੈ। ਪਿੱਛੇ ਜਿਹੇ ਇਕ ਅੰਗਰੇਜ਼ੀ ਅਖ਼ਬਾਰ ਨੇ ਇਨ੍ਹਾਂ ਬਾਰੇ ਬਹੁਤ ਕੁਝ ਲਿਖਿਆ ਸੀ ਕਿ ਕਿਵੇਂ ਇਨ੍ਹਾਂ ਤਿੰਨ ਪਰਿਵਾਰਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਹੈ। ਸਟੇਟ ਟਰਾਂਸਪੋਰਟ ਘਾਟੇ 'ਚ, ਖਸਤਾ ਹਾਲਤ 'ਚ ਤੇ ਇਨ੍ਹਾਂ ਦੀਆਂ ਟਰਾਂਸਪੋਰਟ ਬੱਸਾਂ ਵਧੀਆ ਕਮਾਈ ਕਰ ਰਹੀਆਂ ਹਨ ਤੇ ਸਰਕਾਰੀ ਬੱਸ ਅੱਡਿਆਂ 'ਚ ਵੀ ਜਾ ਰਹੀਆਂ ਹਨ। ਉਹੀ ਗੱਲ ਸਈਆਂ ਜੀ ਕੋਤਵਾਲ ਤਾਂ ਡਰ ਕਿਸ ਦਾ। ਪਰ ਕਸੂਰ ਪੰਜਾਬ ਦੀ ਜਨਤਾ ਦਾ ਹੈ ਜੋ ਵਾਰ-ਵਾਰ ਵੋਟਾਂ ਪਾ ਕੇ ਇਨ੍ਹਾਂ ਨੂੰ ਕੁਰਸੀ 'ਤੇ ਬਿਠਾਉਂਦੀ ਹੈ। ਸ਼ਸ਼ੀ ਕਾਂਤ ਵੱਲੋਂ ਨਸ਼ਾ ਤਸਕਰਾਂ ਦੀ ਲਿਸਟ 'ਤੇ ਵੀ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ, ਇਨ੍ਹਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਕੇਂਦਰ ਸਰਕਾਰ ਨੂੰ ਇਸ ਬਾਰੇ ਢੁਕਵੀਂ ਕਾਰਵਾਈ ਕਰਨੀ ਚਾਹੀਦੀ ਹੈ।

ਪਰਮਪਾਲ ਸਿੰਘ
ਯੂ. ਕੇ.
Email : paligandhi@gmail.com

ਜਾਗੋ ਪੰਜਾਬੀਓ, ਇਕੱਠੇ ਹੋ ਕੇ ਹੰਭਲਾ ਮਾਰੋ
ਨਸ਼ਿਆਂ ਬਾਰੇ ਬਹੁਤ ਕੁਝ ਬੋਲਿਆ ਤੇ ਲਿਖਿਆ ਜਾ ਚੁੱਕਾ ਹੈ। ਸੱਤਾਧਾਰੀ ਨਸ਼ੇ ਦੇ ਸੌਦਾਗਰਾਂ ਕੋਲੋਂ ਪੈਸੇ ਲੈਂਦੇ ਹਨ ਤੇ ਉਸੇ ਪੈਸੇ ਦਾ ਇਸਤੇਮਾਲ ਚੋਣਾਂ ਲੜਨ ਲਈ ਲੋਕਾਂ ਨੂੰ ਰਿਸ਼ਵਤ ਦੇਣ ਦੇ ਰੂਪ 'ਚ ਕੀਤਾ ਜਾਂਦਾ ਹੈ। ਇਹ ਲੋਕ ਇਸ ਕਾਰੋਬਾਰ ਨੂੰ ਕਦੇ ਵੀ ਨਹੀਂ ਰੋਕਣਗੇ। ਪੰਜਾਬੀਓ ਜਾਗ ਜਾਓ ਤੇ ਇਕੱਠੇ ਹੋ ਕੇ ਹੰਭਲਾ ਮਾਰੋ। ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ। ਸਰਕਾਰ ਵੱਲੋਂ ਕਿਸੇ ਕਾਰਵਾਈ ਦਾ ਇੰਤਜ਼ਾਰ ਨਾ ਕਰੋ, ਉਹ ਕੁਝ ਕਰਨ ਵਾਲੇ ਨਹੀਂ। ਉਨ੍ਹਾਂ ਨੂੰ ਸਿਰਫ ਅਗਲੀਆਂ ਚੋਣਾਂ ਦੀ ਚਿੰਤਾ ਹੈ।

ਦਵਿੰਦਰ ਸਿੰਘ
ਆਸਟ੍ਰੇਲੀਆ
Email : dskaloty@hotmail.com

ਸਿਆਸਤਦਾਨ 60 ਸਾਲ ਦੀ ਉਮਰ 'ਚ ਰਿਟਾਇਰ ਕਿਉਂ ਨਹੀਂ ਹੁੰਦੇ
ਜੇਕਰ ਰਿਟਾਇਰਮੈਂਟ ਦੀ ਉਮਰ 60 ਸਾਲ ਰੱਖੀ ਗਈ ਹੈ ਤਾਂ ਇਹ ਸਿਆਸਤਦਾਨ 'ਤੇ ਕਿਉਂ ਲਾਗੂ ਨਹੀਂ ਹੁੰਦੀ। ਇਸ ਦਾ ਮਤਲਬ ਜੇਕਰ ਸਰਕਾਰ ਕਹਿੰਦੀ ਹੈ ਕਿ 60 ਸਾਲ ਬਾਅਦ ਕੋਈ ਕਰਮਚਾਰੀ ਕੰਮ ਕਰਨ ਦੇ ਯੋਗ ਨਹੀਂ ਰਹਿੰਦਾ ਤਾਂ ਸਿਆਸਤਦਾਨ ਜੋ 60 ਸਾਲ ਦੀ ਉਮਰ ਪਾਰ ਕਰ ਚੁੱਕੇ ਹਨ, ਉਹ ਕਿਵੇਂ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਕੰਮ ਕਰ ਰਹੇ ਹਨ।

ਸ਼ਿਆਮ ਸੁੰਦਰ
ਯੂ. ਕੇ.
Email : sam16@mail.com

 

24-5-2014

 ਇਮਾਨਦਾਰ ਹੋ ਕੇ ਹੀ ਇਮਾਨਦਾਰ ਆਗੂ ਚੁਣਿਆ ਜਾ ਸਕਦਾ ਹੈ
ਚੋਣਾਂ ਦੇ ਦੌਰਾਨ ਮੈਂ ਪੰਜਾਬ ਵਿਚ ਸੀ। ਸਿਆਸੀ ਮਾਹੌਲ ਇੰਝ ਲੱਗ ਰਿਹਾ ਸੀ ਕਿ ਜਿਵੇਂ ਸਿਆਸੀ ਦਲ ਇਕ-ਦੂਜੇ ਦੇ ਦੁਸ਼ਮਣ ਹਨ ਅਤੇ ਇਹ ਇਕ-ਦੂਜੇ 'ਤੇ ਵੱਧ-ਚੜ੍ਹ ਕੇ ਇਲਜ਼ਾਮ 'ਤੇ ਇਲਜ਼ਾਮ ਲਗਾ ਰਹੇ ਸਨ। ਪ੍ਰਮੁੱਖ ਸਿਆਸੀ ਦਲ ਇਕ ਹੀ ਸਿੱਕੇ ਦੇ ਦੋ ਪਹਿਲੂ ਲਗਦੇ ਹਨ ਕਿਉਂਕਿ ਕੋਈ ਵੀ ਦਲ ਘੱਟ ਨਹੀਂ ਹੈ। ਨਵੀਂ ਪਾਰਟੀ ਦੀ ਆਮਦ ਨਾਲ ਪੁਰਾਣੇ ਸਿਆਸੀ ਦਲਾਂ ਨੂੰ ਤੌਖਲੇ ਲੱਗੇ ਹੋਏ ਹਨ। ਲੋਕਾਂ ਨੂੰ ਉਨ੍ਹਾਂ ਤੋਂ ਬਹੁਤ ਉਮੀਦਾਂ ਹਨ ਪਰ ਉਹ ਜਲਦਬਾਜ਼ੀ ਬਹੁਤ ਕਰਦੇ ਹਨ। ਲੋਕ ਜਾਗਰੂਕ ਹੋ ਰਹੇ ਹਨ। ਬਾਬਾ ਰਾਮਦੇਵ ਨੇ ਯੋਗਾ ਨਾਲ ਪੂਰੇ ਦੇਸ਼ 'ਚ ਯੋਗਾ ਦੀ ਲਹਿਰ ਚਲਾਈ ਸੀ ਪਰ ਲੱਗਦਾ ਹੈ ਉਸ ਦੀ ਬੋਲ-ਬਾਣੀ 'ਚ ਹੰਕਾਰ ਆ ਗਿਆ ਹੈ। ਇਹ ਵੀ ਪ੍ਰਤੀਤ ਹੁੰਦਾ ਹੈ ਹੁਣ ਉਸ ਨੂੰ ਸੱਤਾ ਦਾ ਲੋਭ ਹੋ ਰਿਹਾ ਹੈ। ਮੇਰਾ ਮੰਨਣਾ ਹੈ ਕਿ ਲੋਕ ਖੁਦ ਇਮਾਨਦਾਰ ਹੋਣ ਅਤੇ ਇਮਾਨਦਾਰ ਆਗੂ ਦੀ ਚੋਣ ਕਰਨ ਫੇਰ ਹੀ ਸਭ ਦਾ ਭਲਾ ਹੋਵੇਗਾ।

ਪਰਮਪਾਲ ਸਿੰਘ
United Kingdom
paligandhi@gmail.com

21-5-14

ਕੇਜਰੀਵਾਲ ਨੂੰ ਦਿੱਲੀ 'ਚ ਫਿਰ ਸਰਕਾਰ ਬਣਾਉਣੀ ਚਾਹੀਦੀ ਹੈ
ਮੇਰਾ ਵਿਚਾਰ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਫਿਰ ਦਿੱਲੀ 'ਚ ਸਰਕਾਰ ਬਣਾਉਣੀ ਚਾਹੀਦੀ ਹੈ। ਦਿੱਲੀ 'ਚ ਕੇਜਰੀਵਾਲ ਦੀ ਲੋਕਪ੍ਰਿਅਤਾ ਅਜੇ ਵੀ ਪਹਿਲਾਂ ਵਾਂਗ ਹੀ ਹੈ। ਕੇਜਰੀਵਾਲ ਅਜੇ ਵੀ ਦਿੱਲੀ ਵਿਧਾਨ ਸਭਾ ਦੇ ਮੈਂਬਰ ਹਨ, ਇਸ ਲਈ ਉਨ੍ਹਾਂ ਨੂੰ ਫਿਰ ਤੋਂ ਦਿੱਲੀ 'ਚ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਬਲਬੀਰ ਚੰਦ
ਜਰਮਨੀ
email : chandbalbir2@yahoo.de

 

16-5-2014

 ਪੰਜਾਬ 'ਚ ਭਰੂਣ ਹੱਤਿਆ ਰੋਕਣ ਲਈ ਸਖ਼ਤ ਕਾਨੂੰਨ ਬਣਾਏ ਜਾਣ
ਪੰਜਾਬ 'ਚ ਹਰ ਰੋਜ਼ ਕਈ ਮਾਪਿਆਂ ਵੱਲੋਂ ਨਵਜੰਮੀਆਂ ਧੀਆਂ ਦਾ ਕਤਲ ਕੀਤਾ ਜਾਂਦਾ ਹੈ। ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਲੜਕੀਆਂ ਅੱਜ-ਕੱਲ੍ਹ ਪੰਜਾਬ 'ਚ ਹਰ ਖੇਤਰ 'ਚ ਮੁੰਡਿਆਂ ਤੋਂ ਅੱਗੇ ਹਨ, ਖਾਸ ਕਰਕੇ ਸਿੱਖਿਆ ਦੇ ਖੇਤਰ 'ਚ। ਇਸ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਬੁਢਾਪੇ 'ਚ ਵੀ ਲੜਕੀਆਂ ਹੀ ਮਾਤਾ-ਪਿਤਾ ਦੀ ਸੇਵਾ ਕਰਦੀਆਂ ਹਨ ਤੇ ਉਨ੍ਹਾਂ ਦਾ ਦੁੱਖ-ਦਰਦ ਸਮਝਦੀਆਂ ਹਨ। ਇਸ ਲਈ ਪੰਜਾਬ 'ਚ ਅਜਿਹਾ ਸਖ਼ਤ ਕਾਨੂੰਨ ਬਣਨਾ ਚਾਹੀਦਾ ਹੈ, ਜਿਸ ਤਹਿਤ ਬੱਚਿਆਂ 'ਤੇ ਜ਼ੁਲਮ ਕਰਨ ਵਾਲਿਆਂ ਨੂੰ ਜਾਂ ਧੀਆਂ ਨੂੰ ਮਾਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।

ਨਰੇਸ਼ ਕੁਮਾਰ ਗੌਤਮ (U.K.)
Nareshkumargautam@ymail.com

7-5-2014

 ਕਾਂਗਰਸ ਭ੍ਰਿਸ਼ਟਾਚਾਰ 'ਚ ਸਭ ਤੋਂ ਅੱਗੇ
ਬੀਬੀ ਭੱਠਲ ਦੀ ਇਹ ਗੱਲ ਹਾਸੋਹੀਣੀ ਹੈ ਕਿ ਆਮ ਆਦਮੀ ਪਾਰਟੀ ਨੂੰ ਅਕਾਲੀ ਦਲ ਦੀਆਂ ਗ਼ਲਤ ਨੀਤੀਆਂ ਕਾਰਨ ਆਮ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਜੇਕਰ ਅਜਿਹਾ ਹੈ ਤਾਂ ਉਨ੍ਹਾਂ ਨੂੰ ਦਿੱਲੀ 'ਚ ਕਿਵੇਂ ਏਨਾ ਜ਼ਿਆਦਾ ਸਮਰਥਨ ਮਿਲਿਆ ਸੀ। ਬੀਬੀ ਭੱਠਲ ਸ਼ਾਇਦ ਇਹ ਭੁੱਲ ਰਹੇ ਹਨ ਕਿ ਇਹ ਸਭ ਕੁਝ ਰਾਜਨੀਤੀ 'ਚ ਆਏ ਭ੍ਰਿਸ਼ਟਾਚਾਰ ਕਾਰਨ ਹੋ ਰਿਹਾ ਹੈ, ਜਿਸ 'ਚ ਕਾਂਗਰਸ ਪਾਰਟੀ ਸਭ ਤੋਂ ਅੱਗੇ ਹੈ।

ਦਰਸ਼ਨ ਐਸ. ਧਾਲੀਵਾਲ
ਕੈਨੇਡਾ
Email : darshan1840@gmail.com

ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ ਦੇ ਯੋਗ ਨਹੀਂ
ਨਰਿੰਦਰ ਮੋਦੀ ਦਾ ਉਭਾਰ ਭਾਰਤੀ ਸੰਵਿਧਾਨ ਲਈ ਇਕ ਚੁਣੌਤੀ ਹੈ। ਉਹ ਭਾਰਤ ਦੀ ਸੰਵਿਧਾਨਕ ਵਿਵਸਥਾ ਅਤੇ ਪ੍ਰਬੰਧਕੀ ਢਾਂਚੇ ਨੂੰ ਕਮਜ਼ੋਰ ਕਰ ਰਹੇ ਹਨ। ਅਜਿਹੀਆਂ ਕਾਰਵਾਈਆਂ ਨਾਲ ਦੇਸ਼ ਅਰਾਜਕਤਾ ਵੱਲ ਵਧ ਰਿਹਾ ਹੈ। ਇਹ ਸ਼ਖ਼ਸੀਅਤ ਭਾਰਤ ਦਾ ਪ੍ਰਧਾਨ ਮੰਤਰੀ ਬਣਨ ਦੇ ਯੋਗ ਨਹੀਂ ਹੈ। ਉਹ ਦੂਜੇ ਦੇਸ਼ਾਂ ਦੇ ਮੁਖੀਆਂ ਨਾਲ ਕਿਵੇਂ ਸੰਵਾਦ ਰਚਾ ਸਕਣਗੇ, ਕਿਉਂਕਿ ਉਹ ਵਧੇਰੇ ਕਰਕੇ ਨਾਕਾਰਾਤਮਿਕ ਗੱਲਾਂ ਹੀ ਕਰ ਰਹੇ ਹਨ।

ਦਰਸ਼ਨ ਐਸ. ਧਾਲੀਵਾਲ
ਕੈਨੇਡਾ
Email : darshan1840@gmail.com

17-4-2014

 ਕਾਜਲ ਅਗਰਵਾਲ : ਨਾਚ ਹਸੀਨਾ ਨਾਚ
'ਸਿੰਘਮ' ਸੁਪਰਹਿੱਟ ਹੋਈ ਤਾਂ ਸਾਰੇ ਕਹਿਣ ਲੱਗੇ ਕਿ ਕਾਜਲ ਅਗਰਵਾਲ ਹੁਣ ਬਾਲੀਵੁੱਡ ਦੀਆਂ ਦੂਸਰੀਆਂ ਨਾਇਕਾਵਾਂ ਦੀ ਛੁੱਟੀ ਕਰ ਦੇਵੇਗੀ ਪਰ ਤਕਦੀਰ ਨੂੰ ਕੌਣ ਕਹੇ ਕਿ ਤੂੰ ਬਦਲ ਜਾਹ। ਇਹ ਤਾਂ ਭਲਾ ਹੋਵੇ ਸਾਊਥ ਦਾ ਜਿਥੋਂ ਦੀ ਉਹ ਸਟਾਰ ਨਾਇਕਾ ਹੈ ਜਿਸ ਨੇ ਉਸ 'ਤੇ ਲਗਾਤਾਰ ਵਿਸ਼ਵਾਸ ਰੱਖਿਆ। ਕਾਜਲ ਕੋਲ ਤੇਲਗੂ, ਕੰਨੜ ਤੇ ਤਾਮਿਲ ਫ਼ਿਲਮਾਂ ਦੀ ਭਰਮਾਰ ਹੈ। ਸਾਊਥ ਦਾ ਸੁਪਰ ਸਟਾਰ ਮੋਹਨ ਲਾਲ ਤਾਂ ਉਸ ਤੋਂ ਬਹੁਤ ਹੀ ਪ੍ਰਭਾਵਿਤ ਹੈ। ਕਾਜਲ 9 ਸਾਲ ਤੋਂ ਫ਼ਿਲਮੀ ਦੁਨੀਆ ਦਾ ਹਿੱਸਾ ਹੈ। ਹੁਣੇ ਜਿਹੇ ਹੀ ਫ਼ਿਲਮ ਫੇਅਰ ਐਵਾਰਡ ਤੇ ਮੋਹਨ ਲਾਲ ਨਾਲ ਆਈ ਉਸ ਦੀ ਫ਼ਿਲਮ 'ਜਿਲ੍ਹਾ' ਦੀ ਖੂਬ ਚਰਚਾ ਹੋਈ। ਇਥੋਂ ਤੱਕ ਕਿ ਉਥੇ ਹਾਜ਼ਰ ਧਨੁਸ਼ ਨੇ ਆਪਣੀ ਨਵੀਂ ਹਿੰਦੀ ਫ਼ਿਲਮ ਲਈ ਕਾਜਲ ਨੂੰ ਲੈਣ ਦਾ ਐਲਾਨ ਕੀਤਾ। ਹਾਲਾਂ ਕਿ 'ਕਿਉਂ ਹੋ ਗਿਆ ਨਾ', 'ਸਿੰਘਮ' ਤੇ 'ਸਪੈਸ਼ਲ ਛੱਬੀਸ' ਚਾਰ ਪੰਜ ਫ਼ਿਲਮਾਂ ਹੀ ਹਿੰਦੀ 'ਚ ਕਾਜਲ ਨੇ ਕੀਤੀਆਂ ਹਨ। ਸਾਊਥ ਦੀ ਫ਼ਿਲਮ 'ਜਿਲ੍ਹਾ' 'ਚ ਹੱਦੋਂ ਵੱਧ ਪ੍ਰਤਿਭਾ ਦਿਖਾ ਕੇ ਉਸ ਨੇ ਦਰਸਾ ਦਿੱਤਾ ਹੈ ਕਿ ਅਭਿਨੈ ਪ੍ਰਤੀ ਉਸ ਦੀ ਸ਼ਰਧਾ ਅਥਾਹ ਹੈ। ਕਾਜਲ ਨੇ ਫ਼ਿਲਮ ਫੇਅਰ ਐਵਾਰਡ 'ਤੇ ਡਾਂਸ ਕਰਕੇ ਇਹ ਵੀ ਪ੍ਰਭਾਵ ਦਿੱਤਾ ਹੈ ਹੁਣ ਦਰਸ਼ਕਾਂ ਨੂੰ ਉਹ ਆਪਣੇ ਡਾਂਸ 'ਤੇ ਝੂੰਮਣ ਲਾਏਗੀ। ਪਤਾ ਚਲਿਆ ਹੈ ਕਿ ਧਨੁਸ਼ ਨਿਰਦੇਸ਼ਤ ਲਈ ਹਿੰਦੀ ਫ਼ਿਲਮ 'ਚ ਨਾਚ ਕਲਾ ਦੇ ਜੌਹਰ ਕਾਜਲ ਅਗਰਵਾਲ ਦਿਖਾਏਗੀ। ਜ਼ਬਰਦਸਤ ਨਾਚ ਵਾਲਾ ਕਿਰਦਾਰ ਕਾਜਲ ਲਈ ਖਾਸ ਤੌਰ 'ਤੇ ਲਿਖਿਆ ਗਿਆ ਹੈ। ਰੁਮਾਂਟਿਕ 'ਤੇ ਚਮਕੀਲੇ ਕਿਰਦਾਰਾਂ 'ਚ ਪਹਿਲਾਂ ਹੀ ਫਿੱਟ ਸਾਬਤ ਹੋ ਚੁੱਕੀ ਕਾਜਲ ਨੂੰ ਬਾਲੀਵੁੱਡ ਪ੍ਰੇਮੀ ਹੁਣ ਖੂਬ ਨੱਚਦੀ ਦੇਖਣ ਲਈ ਉਤਾਵਲੇ ਹਨ। ਉਨ੍ਹਾਂ ਤੋਂ ਵੀ ਜ਼ਿਆਦਾ ਕਾਜਲ ਉਤਾਵਲੀ ਹੈ ਕਿਉਂਕਿ ਬਾਲੀਵੁੱਡ 'ਚ ਮੁੜ ਤਕਦੀਰ ਚਮਕਣ ਦਾ ਅਹਿਸਾਸ ਦਿਖਾਈ ਦਿੱਤਾ ਹੈ। ਨਾਚ ਸਹਾਰੇ ਹੀ ਗੱਲ ਬਣ ਜਾਏ ਤਾਂ ਹੋਰ ਭਲਾ ਕੀ ਚਾਹਵਾਂ।

-ਸੁਖਜੀਤ ਕੌਰ

ਵਿਦੇਸ਼ਾਂ ਵਿਚ ਸਿੱਖੀ ਦਾ ਪ੍ਰਚਾਰ ਜ਼ੋਰਾਂ ਨਾਲ ਕੀਤਾ ਜਾਵੇ
ਸਤਿਕਾਰਯੋਗ ਸੰਪਾਦਕ ਜੀ, ਸਤਿ ਸ੍ਰੀ ਅਕਾਲ, 'ਅਜੀਤ' ਵਿਚ ਨਾਰਵੇ, ਸ਼ਿਕਾਗੋ, ਇਟਲੀ, ਕੈਨੇਡਾ ਅਤੇ ਹੋਰ ਦੇਸ਼ਾਂ ਵਿਚ ਮਨਾਈ ਗਈ ਵਿਸਾਖੀ ਬਾਰੇ ਪੜ੍ਹ ਕੇ ਮਨ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ। ਮੈਨੂੰ ਲਗਦਾ ਹੈ ਕਿ ਪ੍ਰਦੇਸ਼ਾਂ ਵਿਚ ਸਿੱਖੀ ਦੇ ਪ੍ਰਚਾਰ ਲਈ ਮੁਫ਼ਤ ਲਿਟਰੇਚਰ ਵੰਡਣ ਦਾ ਪ੍ਰਬੰਧ ਵੀ ਉਥੋਂ ਦੀਆਂ ਗੁਰੂ ਘਰ ਦੀਆਂ ਕਮੇਟੀਆਂ ਜਾਂ ਜਥੇਬੰਦੀਆਂ ਨੂੰ ਕਰਨਾ ਚਾਹੀਦਾ ਹੈ ਤਾਂ ਜੋ ਸਿੱਖਾਂ ਨੂੰ ਬਾਹਰਲੇ ਮੁਲਕਾਂ ਵਿਚ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਨ ਵਿਚ ਮਦਦ ਮਿਲੇ। ਇਸ ਤਰ੍ਹਾਂ ਸਿੱਖਾਂ ਦਾ ਸਨਮਾਨ ਵੀ ਵਧੇਗਾ ਅਤੇ ਉਥੋਂ ਦੇ ਲੋਕ ਸਿੱਖਾਂ ਨੂੰ ਚੰਗੀ ਤਰ੍ਹਾਂ ਸਮਝ ਵੀ ਸਕਣਗੇ। ਭੁੱਲ-ਚੁੱਕ ਮੁਆਫ ਕਰਨੀ।

-ਆਤਮਾ ਸਿੰਘ ਬਰਾੜ, ਇੰਗਲੈਂਡ।
atmabrar@yahoo.com

ਕਿਰਨ ਬੇਦੀ ਤੋਂ ਪ੍ਰਭਾਵਿਤ : ਹਸਲੀਨ ਕੌਰ
ਪੱਛਮੀ ਬੰਗਾਲ 'ਚ ਜਨਮੀ ਸਰਦਾਰਨੀ ਹਸਲੀਨ ਕੌਰ ਪੱਤਰਕਾਰਤਾ ਤੇ ਜਨ ਸੰਚਾਰ ਦਾ ਕੋਰਸ ਕਰਕੇ ਕਿਸੇ ਹੋਰ ਖੇਤਰ 'ਚ ਜਾਣਾ ਚਾਹੁੰਦੀ ਸੀ ਪਰ 54 ਕਿਲੋ ਭਾਰ ਵਾਲੀ ਤੇ ਪੰਜ ਫੁੱਟ ਨੌ ਇੰਚ ਦੇ ਕੱਦ ਵਾਲੀ ਹਸਲੀਨ ਨੇ ਤਿੰਨ ਸਾਲ ਪਹਿਲਾਂ ਫੈਮਿਨਾ 'ਮਿਸ ਇੰਡੀਆ ਅਰਥ' ਜਿੱਤ ਕੇ ਇਰਾਦੇ ਚਮਕ ਦਮਕ ਵੱਲ ਜ਼ਾਹਿਰ ਕਰ ਦਿੱਤੇ। ਬਹੁਤ ਸਾਰੇ ਵਿਗਿਆਪਨ ਕਰ ਚੁੱਕੀ ਹਸਲੀਨ ਨੇ 'ਲਵ ਆਜ ਕੱਲ੍ਹ' 'ਚ ਕੰਮ ਵੀ ਕੀਤਾ ਸੀ ਪਰ ਪੜ੍ਹਾਈ ਕਾਰਨ 'ਡੇਵ ਡੀ' ਛੱਡੀ ਜਿਸ 'ਚ ਅਭੇ ਦਿਓਲ ਨਾਲ ਉਸ ਹੀਰੋਇਨ ਆਉਣਾ ਸੀ। ਖ਼ੈਰ ਹੁਣ ਸੁਨੀਲ ਦਰਸ਼ਨ ਦੇ ਬੇਟੇ ਸ਼ਿਵ ਦਰਸ਼ਨ ਨਾਲ ਉਸ ਕੋਲ ਮੁੱਖ ਭੂਮਿਕਾ 'ਚ 'ਕਰ ਲੈ ਪਿਆਰ ਕਰ ਲੈ' ਫ਼ਿਲਮ ਹੈ। ਹਸਲੀਨ ਮੁੱਖ ਤੌਰ 'ਤੇ ਕਿਰਨ ਬੇਦੀ ਤੋਂ ਪ੍ਰਭਾਵਿਤ ਹੈ। ਉਹੀ ਉਸ ਦਾ ਆਦਰਸ਼ ਹੈ। ਕਿਰਨ ਦੀ ਸੰਸਥਾ ਨਵਜੋਤੀ ਨਾਲ ਉਹ ਜੁੜੀ ਹੈ। ਬੰਗਲੌਰ 'ਚ ਵਾਤਾਵਰਨ ਰਾਖੀ ਲਈ ਹਸਲੀਨ ਨੇ ਇਕ ਲਹਿਰ ਦੀ ਵੀ ਅਗਵਾਈ ਕੀਤੀ ਹੈ। ਹਸਲੀਨ ਚਾਹੁੰਦੀ ਹੈ ਕਿ ਚਾਹੇ ਉਹ ਪਰਦੇ 'ਤੇ ਕਿੰਨੀ ਵੀ ਰੁੱਝੀ ਰਹੇ ਜਾਂ ਕੰਮ ਹੋਵੇ ਉਹ ਕਿਰਨ ਬੇਦੀ ਦੇ ਸਮਾਜਿਕ ਕੰਮਾਂ ਲਈ ਜ਼ਰੂਰ ਸਮਾਂ ਦੇਏਗੀ।

-ਸੁਖਜੀਤ ਕੌਰ

ਮੀਡੀਆ ਸਿਰਫ ਲੋਕਾਂ ਦੇ ਹੱਕਾਂ ਦੀ ਗੱਲ ਕਰੇ
ਅੱਜ ਕੱਲ੍ਹ ਦੇ ਮੀਡੀਆ ਨੂੰ ਸਵਾਰਥੀ ਹਿੱਤਾਂ ਤੋਂ ਦੂਰ ਰਹਿਣ ਦੀ ਜ਼ਰੂਰਤ ਹੈ। ਲੋਕਾਂ ਦੀਆਂ ਬੁਨਿਆਦੀ ਲੋੜਾਂ ਪ੍ਰਤੀ ਮੀਡੀਆ ਨੂੰ ਹੋਰ ਜਾਗਰੂਕ ਹੋਣਾ ਚਾਹੀਦਾ ਹੈ। ਮੀਡੀਆ ਨੂੰ ਉਨ੍ਹਾਂ ਲੋਕਾਂ ਦੀ ਹਮਾਇਤ ਕਰਨੀ ਚਾਹੀਦੀ ਹੈ, ਜੋ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਹਨ। ਸੱਚ ਦਾ ਸਾਥ ਦੇਣ ਦੀ ਬਹੁਤ ਜ਼ਰੂਰਤ ਹੈ।

-ਗੁਰਸ਼ਰਨਦੀਪ ਸਿੰਘ, ਨਿਊਜ਼ੀਲੈਂਡ
gursharan_kahlon@ymail.com

13-4-2014

ਸਰਕਾਰਾਂ ਜੋ ਵੀ ਦਾਅਵੇ ਕਰਨ ਪਰ ਹਕੀਕਤ ਕੁਝ ਹੋਰ ਹੈ
ਮੈਂ ਡੁਬਈ ਵਿਖੇ ਰਹਿੰਦਾ ਹਾਂ। ਇਥੇ ਮੈਨੂੰ ਇਕ ਪੰਜਾਬੀ ਨੌਜਵਾਨ ਮਿਲਿਆ, ਜਿਸ ਤੋਂ ਮੈਂ ਪੁੱਛਿਆ ਕਿ 'ਤੁਸੀਂ ਡੁਬਈ ਕਿਉਂ ਆਏ ਹੋ' ਤਾਂ ਅੱਗਿਉਂ ਉਸ ਨੇ ਮੈਨੂੰ ਸਾਰੀ ਕਹਾਣੀ ਹੀ ਸੁਣਾ ਦਿੱਤੀ। ਉਸ ਨੌਜਵਾਨ ਦਾ ਕਹਿਣਾ ਸੀ ਕਿ ਉਹ ਪੰਜਾਬ ਵਿਚ ਬਹੁਤ ਨਸ਼ੇ ਕਰਨ ਲੱਗ ਪਿਆ ਸੀ। ਪਰਿਵਾਰ ਨੇ ਨਸ਼ਾ ਛੁਡਾਊ ਕੇਂਦਰ 'ਚ ਵੀ ਭੇਜਿਆ ਪਰ ਉਹ ਫਿਰ ਦੁਬਾਰਾ ਨਸ਼ੇ ਕਰਨ ਲੱਗ ਪਿਆ। ਨਸ਼ੇ ਖ੍ਰੀਦਣ ਲਈ ਪੈਸੇ ਦੀ ਘਾਟ ਨੂੰ ਪੂਰਾ ਕਰਨ ਲਈ ਉਹ ਖੁਦ ਵੀ ਨਸ਼ਾ ਵੇਚਣ ਦਾ ਧੰਦਾ ਕਰਨ ਲੱਗ ਪਿਆ ਅਤੇ ਇਸ ਤਰ੍ਹਾਂ ਉਹ ਨਸ਼ਾ ਵੇਚ ਕੇ ਪੈਸੇ ਕਮਾਉਣ ਦੇ ਨਾਲ-ਨਾਲ ਖੁਦ ਵੀ ਨਸ਼ਾ ਕਰ ਰਿਹਾ ਸੀ। ਉਸ ਦੇ ਦੱਸਣ ਮੁਤਾਬਿਕ ਪੁਲਿਸ ਨੇ ਉਸ ਨੂੰ ਕਈ ਵਾਰ ਕਾਬੂ ਕੀਤਾ ਪਰ ਉਹ ਵੱਡੇ ਆਗੂਆਂ ਦੀਆਂ ਸਿਫਾਰਸ਼ਾਂ ਪਵਾ ਕੇ ਛੁੱਟ ਜਾਂਦਾ ਸੀ। ਪਰਿਵਾਰ ਨੇ ਦੁਖੀ ਹੋ ਕੇ ਉਸ ਨੂੰ ਡੁਬਈ ਭੇਜ ਦਿੱਤਾ। ਉਸ ਦਾ ਕਹਿਣਾ ਸੀ ਪੰਜਾਬ 'ਚ ਨਸ਼ੇ ਦਾ ਕਾਰੋਬਾਰ ਇਸ ਕਦਰ ਵੱਧ ਚੁੱਕਾ ਹੈ ਕਿ ਹੁਣ ਕਰੀਬ ਹਰ ਨੌਜਵਾਨ ਨਸ਼ੇ ਕਰ ਰਿਹਾ ਹੈ। ਇਸ ਵਿਚ ਸਰਕਾਰ ਦੀ ਪੂਰੀ ਹਿੱਸੇਦਾਰੀ ਹੈ ਅਤੇ ਜੋ ਨਸ਼ੇ ਨਹੀਂ ਕਰ ਰਹੇ, ਉਨ੍ਹਾਂ ਨੂੰ ਵੀ ਨਸ਼ਿਆਂ ਪ੍ਰਤੀ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਉਸ ਦਾ ਕਹਿਣਾ ਸੀ ਕਿ ਜੇ ਉਹ ਡੁਬਈ ਨਾ ਆਉਂਦਾ ਤਾਂ ਨਸ਼ਿਆਂ ਨੇ ਉਸ ਦੀ ਜਾਨ ਲੈ ਲੈਣੀ ਸੀ। ਸਰਕਾਰ 'ਤੇ ਸਖ਼ਤ ਟਿੱਪਣੀ ਕਰਦਿਆਂ ਉਸ ਨੇ ਕਿਹਾ ਆਉਣ ਵਾਲੇ ਦਿਨਾਂ ਵਿਚ ਜੇ ਇਸ ਤਰ੍ਹਾਂ ਦਾ ਹਾਲ ਪੰਜਾਬ ਵਿਚ ਰਿਹਾ ਤਾਂ ਪੰਜਾਬ ਵਿਚ ਸਰਕਾਰ ਦੇ ਨਾਲ-ਨਾਲ ਅਮਲੀ ਹੀ ਰਹਿਣਗੇ। ਉਦਾਸ ਹੁੰਦੇ ਹੋਏ ਉਸ ਨੇ ਕਿਹਾ ਕਿ ਪੰਜਾਬ ਦਾ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਕੀ ਬਣੇਗਾ? ਸਰਕਾਰਾਂ ਜੋ ਵੀ ਦਾਅਵੇ ਕਰਨ ਪਰ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ।

ਭੁਪਿੰਦਰ ਸਿੰਘ
ਯੂ. ਏ. ਈ.
Email : pinders123@gmail.com


 ਕੀ ਬਾਦਲ ਸਾਹਿਬ ਭਾਜਪਾ ਤੋਂ ਪੁੱਛਣਗੇ?
ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ 'ਚ ਕਿਹਾ ਹੈ ਕਿ ਭਾਰਤ ਵਿਚ ਸਤਾਏ ਹੋਏ ਹਿੰਦੂ ਲੋਕਾਂ ਦਾ ਸਵਾਗਤ ਹੈ। ਉਹ ਭਾਰਤ ਵਿਚ ਪਨਾਹ ਲੈ ਸਕਦੇ ਹਨ। ਕੀ ਬਾਦਲ ਸਾਹਿਬ ਇਹ ਭਾਜਪਾ ਤੋਂ ਪੁੱਛਣਗੇ ਕਿ ਭਾਜਪਾ ਸਤਾਏ ਹੋਏ ਸਿੱਖਾਂ ਬਾਰੇ ਕੀ ਸੋਚਦੀ ਹੈ?

-ਗੁਰਿੰਦਰ ਸਿੰਘ ਕੈਨੇਡਾ
heergs1@gmail.com

ਬਾਬਾ ਰਾਮਦੇਵ ਦੀ 'ਆਪ' ਪ੍ਰਤੀ ਗਲਤ ਧਾਰਨਾ
ਬਾਬਾ ਰਾਮਦੇਵ ਹਮੇਸ਼ਾ ਗਲਤ ਹੀ ਬੋਲਦੇ ਹਨ। ਹੁਣ ਉਹ ਕਹਿ ਰਹੇ ਹਨ ਕਿ 'ਆਪ' ਪਾਰਟੀ ਭਾਜਪਾ 'ਚ ਸ਼ਾਮਿਲ ਹੋਣਾ ਚਾਹੁੰਦੀ ਹੈ। ਇਹ ਬਿਆਨ ਉਹ ਕਿਸ ਆਧਾਰ 'ਤੇ ਦੇ ਸਕਦੇ ਹਨ? ਜਦੋਂ 'ਆਪ' ਪਾਰਟੀ ਦੇਸ਼ ਦੇ ਬਦਹਾਲ ਸਿਸਟਮ ਵਿਚ ਬਦਲਾਅ ਲਿਆਉਣਾ ਚਾਹੁੰਦੀ ਹੈ, ਜੋ ਕਾਂਗਰਸ ਅਤੇ ਭਾਜਪਾ ਦੀਆਂ ਸਰਕਾਰਾਂ ਨਹੀਂ ਲਿਆ ਸਕੀਆਂ। 'ਆਪ' ਦਾ ਚੋਣ ਮਨੋਰਥ ਪੱਤਰ ਸਭ ਤੋਂ ਵਧੀਆ ਹੈ। ਰਾਮਦੇਵ ਕਾਲੇ ਧਨ ਨੂੰ ਦੇਸ਼ ਵਿਚ ਵਾਪਸ ਲਿਆਉਣ ਦੀ ਗੱਲ ਕਰਦੇ ਹਨ ਜੋ ਠੀਕ ਹੈ, ਪਰ ਕੀ ਰਾਮਦੇਵ ਦੱਸਣਗੇ ਜੋ ਉਨ੍ਹਾਂ 'ਤੇ 'ਪੈਸੇ' ਨੂੰ ਹੀ ਲੈ ਕੇ ਮਾਮਲੇ ਚੱਲ ਰਹੇ ਹਨ ਤਾਂ ਉਹ ਕਾਲੇ ਧਨ ਬਾਰੇ ਇੰਨਾ ਰੌਲਾ ਕਿਉਂ ਪਾਉਂਦੇ ਹਨ। ਇਹ ਸਿਰਫ਼ ਲੋਕਾਂ ਨੂੰ ਮੂਰਖ ਬਣਾਉਂਦੇ ਹਨ। ਪ੍ਰਮਾਤਮਾ ਅਜਿਹੇ ਬਾਬਿਆਂ ਤੋਂ ਬਚਾਵੇ।

-ਦਰਸ਼ਨ ਸਿੰਘ ਧਾਲੀਵਾਲ
ਕੈਨੇਡਾ।
darshan18840@gmail.com

 

29-3-2014

 ਪੰਜਾਬ ਦੇ ਲੋਕਾਂ ਦੇ ਵਿਕਾਸ ਲਈ ਜ਼ਿੰਮੇਵਾਰ ਬਣੇ ਸਰਕਾਰ
ਮੈਂ 'ਅਜੀਤ' ਵੈੱਬ ਟੀ. ਵੀ. 'ਤੇ 'ਸ਼ਹੀਦੀ ਦਿਹਾੜਾ ਕਵਰੇਜ' ਵੇਖੀ। ਮੈਨੂੰ ਇਹ ਵੇਖ ਕੇ ਬਹੁਤ ਨਿਰਾਸ਼ਾ ਹੋਈ ਕਿ ਸ: ਪ੍ਰਕਾਸ਼ ਸਿੰਘ ਬਾਦਲ ਗਰੀਬ, ਬੇਰੁਜ਼ਗਾਰੀ ਤੇ ਕਿਸੇ ਵੀ ਤਰ੍ਹਾਂ ਦਾ ਵਿਕਾਸ ਨਾ ਹੋਣ ਦਾ ਦੋਸ਼ ਕਿਸੇ ਹੋਰ ਨੂੰ ਦੇ ਰਹੇ ਸਨ। ਇਸ ਸਭ ਲਈ ਉਨ੍ਹਾਂ ਦੀ ਸਰਕਾਰ ਵੀ ਜ਼ਿੰਮੇਵਾਰ ਹੈ। ਉਹ ਪੰਜਾਬ ਦੇ ਮੁੱਖ ਮੰਤਰੀ ਹਨ, ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਭਲਾਈ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਖਟਕੜ ਕਲਾਂ 'ਚ ਬਾਦਲ ਸਾਹਿਬ ਆ ਰਹੀਆਂ ਚੋਣਾਂ ਕਰਕੇ ਗਏ ਸਨ, ਨਾ ਕਿ ਸ਼ਹੀਦਾਂ ਪ੍ਰਤੀ ਸ਼ਰਧਾਂਜਲੀ ਦੇਣ ਲਈ। ਬਾਦਲ ਸਾਹਿਬ ਅਜੇ ਵੀ ਸਮਾਂ ਹੈ ਕਿ ਆਮ ਲੋਕਾਂ ਲਈ ਕੁਝ ਕਰੋ ਜੋ ਗਰੀਬੀ ਨਾਲ ਪਿਸ ਰਹੇ ਹਨ। ਕਾਂਗਰਸ ਜਾਂ ਕੇਂਦਰ ਸਰਕਾਰ ਸਿਰ ਹੀ ਸਾਰਾ ਦੋਸ਼ ਨਾ ਮੜ੍ਹੋ, ਤੁਸੀਂ ਆਪਣੇ ਹਿੱਸੇ ਦੀ ਕਾਰਵਾਈ ਕਰੋ। ਮੈਂ ਕਿਸੇ ਅਮੀਰ ਦੇ ਖਿਲਾਫ਼ ਨਹੀਂ ਹਾਂ, ਪਰ ਕ੍ਰਿਪਾ ਕਰਕੇ ਦੇਸ਼ ਦੀ ਨੌਜਵਾਨ ਪੀੜ੍ਹੀ ਲਈ ਕੁਝ ਕਰੋ।

ਹਰਦੇਵ ਸਿੰਘ ਗਾਖਲ
ਕੈਨੇਡਾ
Email : hygakhal@gmail.com

15-3-2014

 ਕੇਜਰੀਵਾਲ ਨਾਲ ਜੋ ਵਾਪਰਿਆ ਸ਼ਰਮਨਾਕ
ਗੁਜਰਾਤ ਵਿਚ ਕੇਜਰੀਵਾਲ ਨਾਲ ਜੋ ਵਾਪਰਿਆ, ਉਹ ਸ਼ਰਮਨਾਕ ਹੈ। ਗੁਜਰਾਤ ਸਰਕਾਰ ਨੂੰ ਅਜਿਹਾ ਰਵੱਈਆ ਨਹੀਂ ਅਪਣਾਉਣਾ ਚਾਹੀਦਾ। ਜੇ ਅਜਿਹਾ ਹੀ ਵਤੀਰਾ ਨਰਿੰਦਰ ਮੋਦੀ ਨਾਲ ਦੂਸਰੇ ਸੂਬੇ 'ਚ ਵਾਪਰੇ ਤਾਂ ਭਾਜਪਾ ਸਿਆਸੀ ਤੂਫ਼ਾਨ ਖੜ੍ਹਾ ਕਰੇਗੀ।

ਦਰਸ਼ਨ ਸਿੰਘ ਧਾਲੀਵਾਲ
Emai: darshan1840@gmail.com
ਕੈਨੇਡਾ

13-3-2014

 ਨਾਨਕਸ਼ਾਹੀ ਕੈਲੰਡਰ ਹੀ ਸਹੀ ਹੈ
ਇਕ ਭਾਈਚਾਰੇ ਵਜੋਂ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਨਾਨਕਸ਼ਾਹੀ ਕੈਲੰਡਰ 2003 ਦਾ ਸਮਰਥਨ ਕਰਦੇ ਹਾਂ। ਇਹ ਸਾਡੇ ਭਾਈਚਾਰੇ ਦਾ ਆਪਣਾ ਕੈਲੰਡਰ ਹੈ ਤੇ ਇਹ ਹੀ ਇਕ ਅਜਿਹਾ ਕੈਲੰਡਰ ਹੈ ਜੋ ਸਾਡੇ ਨਾਲ ਸੰਬੰਧਿਤ ਸਾਡੇ ਗੁਰਪੁਰਬ, ਹੋਰ ਧਾਰਮਿਕ ਤੇ ਇਤਿਹਾਸਕ ਪ੍ਰੋਗਰਾਮਾਂ ਬਾਰੇ ਸਹੀ ਤਾਰੀਖਾਂ ਦੀ ਜਾਣਕਾਰੀ ਦਿੰਦਾ ਹੈ।

-ਧਰਮਪਾਲ ਸਿੰਘ
Email: paul65@hotmail.ca

ਮਨਪ੍ਰੀਤ ਦੀ ਪੀ.ਪੀ.ਪੀ. ਨੂੰ ਆਪ ਨਾਲ ਕਰਨਾ ਚਾਹੀਦਾ ਸੀ ਗਠਜੋੜ
ਮੀਡੀਆ 'ਚ ਆ ਰਹੀਆਂ ਖ਼ਬਰਾਂ ਤੋਂ ਬਾਅਦ ਮੈਂ ਕਹਾਂਗਾ ਕਿ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਾਂਗਰਸ ਨਾਲ ਸਮਝੌਤਾ ਕਰਨ ਦੀ ਥਾਂ ਆਪ ਪਾਰਟੀ ਨਾਲ ਸਮਝੌਤਾ ਕਰਨਾ ਚਾਹੀਦਾ ਸੀ। ਜੇਕਰ ਇਹ ਸਮਝੌਤਾ ਸਫ਼ਲ ਨਾ ਹੋਇਆ ਤਾਂ ਫਿਰ ਮਨਪ੍ਰੀਤ ਕੀ ਕਰਨਗੇ? ਕੀ ਉਹ ਮੁੜ ਅਕਾਲੀ ਦਲ 'ਚ ਸ਼ਾਮਿਲ ਹੋਣਗੇ? ਜੇ ਇੰਝ ਹੈ ਤਾਂ ਫਿਰ ਉਨ੍ਹਾਂ ਨੇ ਪਹਿਲਾਂ ਅਕਾਲੀ ਦਲ ਕਿਉਂ ਛੱਡਿਆ? ਅਜੇ ਵੀ ਸਮਾਂ ਹੈ ਕਿ ਮਨਪ੍ਰੀਤ ਅਰਵਿੰਦ ਕੇਜਰੀਵਾਲ ਨੂੰ ਮਿਲਣ ਤੇ ਪੀ. ਪੀ. ਪੀ. ਨੂੰ 'ਆਪ' ਦਾ ਇਕ ਹਿੱਸਾ ਬਣਾਉਣ। ਇਹ ਉਨ੍ਹਾਂ 'ਤੇ ਉਨ੍ਹਾਂ ਦੀ ਪਾਰਟੀ ਪੀ. ਪੀ. ਪੀ. ਦੇ ਧੁੰਦਲੇ ਰਾਜਨੀਤਕ ਕੈਰੀਅਰ ਨੂੰ ਉੱਚਾ ਚੁੱਕਣ ਦੀ ਦਿਸ਼ਾ ਵਿਚ ਸਹੀ ਫ਼ੈਸਲਾ ਹੋਵੇਗਾ।

-ਏ. ਐਸ. ਕੰਗ

ਬਜ਼ੁਰਗਾਂ ਦਾ ਸਤਿਕਾਰ ਕਰੋ
ਆਮ ਤੌਰ 'ਤੇ ਭਾਰਤ 'ਚ ਨਵੀਂ ਪੀੜ੍ਹੀ ਬਜ਼ੁਰਗਾਂ ਦਾ ਆਦਰ ਨਹੀਂ ਕਰਦੀ ਹੈ। ਘਰਾਂ 'ਚ ਆਮ ਤੌਰ 'ਤੇ ਬਜ਼ੁਰਗਾਂ ਨੂੰ ਮਾੜੇ ਬੋਲ ਬੋਲੇ ਜਾਂਦੇ ਹਨ ਤੇ ਕਦੇ-ਕਦੇ ਸਰੀਰਕ ਜ਼ੁਲਮ ਵੀ ਕੀਤੇ ਜਾਂਦੇ ਹਨ। ਇਹ ਬਜ਼ੁਰਗ ਜੋ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਦੇ ਹਨ, ਉਨ੍ਹਾਂ ਦੀ ਪੜ੍ਹਾਈ 'ਤੇ ਸਾਰਾ ਖਰਚ ਕਰਦੇ ਹਨ ਪਰ ਬਜ਼ੁਰਗ ਹੋਣ 'ਤੇ ਉਹੀ ਬੱਚੇ ਆਪਣੇ ਬਜ਼ੁਰਗ ਮਾਤਾ ਪਿਤਾ ਦੀ ਸਾਰ ਨਹੀਂ ਲੈਂਦੇ। ਹਾਲਤ ਇਹ ਹੈ ਕਿ ਕਈ ਵਾਰ ਕੁਝ ਬਜ਼ੁਰਗਾਂ ਨੂੰ ਸੜਕਾਂ 'ਤੇ ਵੀ ਸੌਣਾ ਪੈਂਦਾ ਹੈ ਤੇ ਗੁਰਦੁਆਰੇ 'ਚੋਂ ਪ੍ਰਸ਼ਾਦਾ ਛਕਣਾ ਪੈਂਦਾ ਹੈ। ਜ਼ਰੂਰਤ ਹੈ ਕਿ ਕੋਈ ਅਜਿਹਾ ਕਾਨੂੰਨ ਬਣਾਇਆ ਜਾਵੇ ਕਿ ਜੇਕਰ ਕੋਈ ਪੁੱਤਰ ਜਾਂ ਨੂੰਹ ਆਪਣੇ ਬਜ਼ੁਰਗਾਂ ਦਾ ਖਿਆਲ ਨਹੀਂ ਰੱਖਦੇ ਤਾਂ ਪਰਿਵਾਰ ਦੇ ਮੈਂਬਰਾਂ ਨੂੰ ਜੇਲ੍ਹ ਭੇਜਿਆ ਜਾਵੇ ਜਾਂ ਜੁਰਮਾਨਾ ਕੀਤਾ ਜਾਵੇ।

-ਨਰੇਸ਼ ਕੁਮਾਰ ਗੌਤਮ
Email: nareshkumargautam@ymail.com

1-3-2014

 ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ
ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਉਹ ਹਰ ਇਕ ਪੜ੍ਹੇ-ਲਿਖੇ ਵਿਅਕਤੀ ਨੂੰ ਨੌਕਰੀ ਦੇਵੇ। ਬੜਾ ਦੁੱਖ ਹੁੰਦਾ ਹੈ ਜਦੋਂ ਇੰਨਾ ਪੜ੍ਹ ਕੇ ਵੀ ਅਸੀਂ ਬੇਰੁਜ਼ਗਾਰ ਫਿਰ ਰਹੇ ਹਾਂ ਤੇ 2500 ਰੁਪਏ 'ਤੇ ਕੰਮ ਕਰ ਰਹੇ ਹਾਂ। ਮੇਰੀ ਸੋਚ ਇਹ ਕਹਿੰਦੀ ਹੈ ਕਿ ਜਿਨ੍ਹਾਂ ਕਰਮਚਾਰੀਆਂ ਦੀ ਤਨਖਾਹ 45,000 ਹੈ ਜਾਂ 20,000 ਤੋਂ ਜ਼ਿਆਦਾ ਹੈ ਜੇਕਰ ਘਟਾ ਦਿੱਤੀ ਜਾਵੇ ਤਾਂ ਦੇਸ਼ ਦੇ ਹਰੇਕ ਪੜ੍ਹੇ-ਲਿਖੇ ਬੇਰੁਜ਼ਗਾਰਾਂ ਨੂੰ ਨੌਕਰੀ ਮਿਲ ਸਕਦੀ ਹੈ। ਰੁਜ਼ਗਾਰ ਪ੍ਰਾਪਤ ਨੌਜਵਾਨ ਸਹੀ ਢੰਗ ਨਾਲ ਸਮਾਜ 'ਚ ਉਸਾਰੂ ਯੋਗਦਾਨ ਪਾ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਕੋਈ ਬੱਚਾ ਕਿਸੇ ਇੰਟਰਵਿਊ 'ਚ ਕਿਸੇ ਗਲਤੀ ਕਾਰਨ ਰਹਿ ਜਾਂਦਾ ਹੈ ਤਾਂ ਉਸ ਨੂੰ ਆਪਣੇ-ਆਪ ਨੂੰ ਸਹੀ ਸਾਬਤ ਕਰਨ ਦਾ ਇਕ ਮੌਕਾ ਜ਼ਰੂਰ ਮਿਲਣਾ ਚਾਹੀਦਾ ਹੈ।

ਦਲਜੀਤ ਕੌਰ
Email: daljeet8606@yahoo.com

ਰਾਹੁਲ ਗਾਂਧੀ ਦਾ ਬਿਆਨ ਬੇਤੁੱਕਾ ਹੈ
ਰਾਹੁਲ ਗਾਂਧੀ ਵੱਲੋਂ ਦਿੱਤਾ ਬਿਆਨ ਕਿ ਸਿਆਸਤਦਾਨਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਨਹੀਂ ਮਿਲਣੀਆਂ ਚਾਹੀਦੀਆਂ ਹਨ ਹਾਸੋਹੀਣਾ ਹੈ। ਉਹ ਇਹ ਨਿਯਮ ਆਪਣੇ-ਆਪ 'ਤੇ ਕਿਉਂ ਨਹੀਂ ਲਾਗੂ ਕਰਦੇ। ਉਹ ਸੋਨੀਆ ਗਾਂਧੀ ਦੇ ਬੇਟੇ ਹਨ। ਇਸ ਲਈ ਕਾਂਗਰਸ ਦੇ ਉੱਪ ਪ੍ਰਧਾਨ ਹਨ। ਉਨ੍ਹਾਂ ਦੀ ਮਾਤਾ ਜੀ ਪਾਰਟੀ ਪ੍ਰਧਾਨ ਹਨ ਕਿਉਂਕਿ ਉਹ ਰਾਜੀਵ ਗਾਂਧੀ ਦੀ ਪਤਨੀ ਹਨ। ਦੋਵੇਂ ਇਹ ਅਹੁਦੇ ਦੇ ਕਾਬਲ ਨਹੀਂ ਹਨ। ਇਨ੍ਹਾਂ ਤੋਂ ਇਲਾਵਾ ਕਈ ਹੋਰ ਲੋਕ ਇਸ ਦੇਸ਼ 'ਚ ਹਨ ਜੋ ਇਨ੍ਹਾਂ ਅਹੁਦਿਆਂ ਦੇ ਕਾਬਲ ਹਨ। ਮੈਨੂੰ ਨਹੀਂ ਲੱਗਦਾ ਕਿ ਉਹ ਇਕ ਸਿਆਸੀ ਲੀਡਰ ਬਣਨ ਲਈ ਪ੍ਰਪੱਕ ਹਨ।

ਦਰਸ਼ਨ ਸਿੰਘ ਧਾਲੀਵਾਲ
Email: darshan1840@gmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX