ਤਾਜਾ ਖ਼ਬਰਾਂ


ਕੇਜਰੀਵਾਲ ਦੀ ਰਿਹਾਇਸ਼ ਨੇੜੇ ਭਾਜਪਾ ਵਲੋਂ ਪ੍ਰਦਰਸ਼ਨ
. . .  15 minutes ago
ਨਵੀਂ ਦਿੱਲੀ, 21 ਨਵੰਬਰ- ਭਾਜਪਾ ਵਰਕਰਾਂ ਅਤੇ ਨੇਤਾਵਾਂ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਨੇੜੇ ਪਾਣੀ ਦੇ ਸੈਂਪਲਾਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ। ਦੱਸਣਯੋਗ ਹੈ ਕਿ...
ਪੰਜਵੀਂ ਅਤੇ ਅੱਠਵੀਂ ਜਮਾਤ ਦੀਆਂ ਪ੍ਰੀਖਿਆ ਫ਼ੀਸਾਂ 'ਚ ਕੀਤੇ ਵਾਧੇ ਕਾਰਨ ਗਰੀਬ ਮਾਪਿਆਂ 'ਚ ਭਾਰੀ ਰੋਸ
. . .  47 minutes ago
ਨਾਭਾ, 21 ਨਵੰਬਰ (ਕਰਮਜੀਤ ਸਿੰਘ)- ਇੱਕ ਪਾਸੇ ਕੇਂਦਰ ਅਤੇ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਵਿੱਦਿਆ ਪ੍ਰਾਪਤੀ ਹਰੇਕ ਬੱਚੇ ਦਾ ਅਧਿਕਾਰ ਹੈ ਅਤੇ ਪੰਜਾਬ ਸਰਕਾਰ ਵਲੋਂ ਸਕੂਲਾਂ 'ਚ ਗਰੀਬ...
ਧੁੰਦ ਕਾਰਨ ਵਾਪਰੇ ਸੜਕ ਹਾਦਸੇ 'ਚ ਚਾਰ ਵਿਅਕਤੀ ਜ਼ਖ਼ਮੀ
. . .  56 minutes ago
ਖਾਸਾ, 21 ਨਵੰਬਰ (ਗੁਰਨੇਕ ਸਿੰਘ ਪੰਨੂੰ)- ਅੱਜ ਸਵੇਰੇ ਖਾਸਾ ਤੋਂ ਭਕਨਾ ਰੋਡ 'ਤੇ ਸਥਿਤ ਪਿੰਡ ਚੱਕ ਮੁਕੰਮ ਵਿਖੇ ਸੰਘਣੀ ਧੁੰਦ ਵਾਪਰੇ ਸੜਕ ਹਾਦਸੇ 'ਚ ਚਾਰ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ...
ਸ਼ਰਦ ਪਵਾਰ ਦੀ ਰਿਹਾਇਸ਼ 'ਤੇ ਪਹੁੰਚੇ ਅਹਿਮਦ ਪਟੇਲ
. . .  about 1 hour ago
ਨਵੀਂ ਦਿੱਲੀ, 21 ਨਵੰਬਰ- ਸੀਨੀਅਰ ਕਾਂਗਰਸ ਨੇਤਾ ਅਹਿਮਦ ਪਟੇਲ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮੁਖੀ ਸ਼ਰਦ ਪਵਾਰ ਨਾਲ...
ਦੋਬੁਰਜੀ ਵਿਖੇ ਚੋਰਾਂ ਨੇ ਲੁੱਟਿਆ ਐੱਸ. ਬੀ. ਆਈ. ਦਾ ਏ. ਟੀ. ਐੱਮ.
. . .  about 1 hour ago
ਮਾਨਾਂਵਾਲਾ, 21 ਨਵੰਬਰ (ਗੁਰਦੀਪ ਸਿੰਘ ਨਾਗੀ)- ਅੰਮ੍ਰਿਤਸਰ-ਜਲੰਧਰ ਜੀ. ਟੀ. ਰੋਡ 'ਤੇ ਕਸਬਾ ਦੋਬੁਰਜੀ ਵਿਖੇ ਬੀਤੀ ਰਾਤ ਚੋਰਾਂ ਵਲੋਂ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦਾ ਏ. ਟੀ. ਐੱਮ. ਲੁੱਟ ਲਏ...
ਮਹਿੰਦਾ ਰਾਜਪਕਸ਼ੇ ਨੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਲਿਆ ਹਲਫ਼
. . .  about 1 hour ago
ਕੋਲੰਬੋ, 21 ਨਵੰਬਰ- ਮਹਿੰਦਾ ਰਾਜਪਕਸ਼ੇ ਨੇ ਅੱਜ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ ਹੈ। ਉਹ ਹਾਲ ਹੀ 'ਚ ਸ੍ਰੀਲੰਕਾ ਦੇ ਰਾਸ਼ਟਰਪਤੀ...
ਈ. ਡੀ. ਵਲੋਂ ਕੋਲਕਾਤਾ 'ਚ ਕਈ ਥਾਈਂ ਛਾਪੇਮਾਰੀ
. . .  about 2 hours ago
ਕੋਲਕਾਤਾ, 21 ਨਵੰਬਰ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਰੋਜ਼ ਵੈਲੀ ਘੋਟਾਲੇ ਦੇ ਸੰਬੰਧ 'ਚ ਅੱਜ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ...
ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  about 2 hours ago
ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਕੌਮੀ ਹਾਈਵੇਅ ਤੋਂ ਮਿਲੀ ਸ਼ੱਕੀ ਵਸਤੂ
. . .  about 2 hours ago
ਸ੍ਰੀਨਗਰ, 21 ਨਵੰਬਰ- ਜੰਮੂ-ਕਸ਼ਮੀਰ ਦੇ ਅਨੰਤਨਾਗ ਸ਼ਹਿਰ ਦੇ ਵਾਨਪੋਹ 'ਚ ਕੌਮੀ ਹਾਈਵੇਅ ਤੋਂ ਅੱਜ ਸਵੇਰੇ ਸ਼ੱਕੀ ਵਸਤੂ ਮਿਲੀ ਹੈ। ਮੌਕੇ 'ਤੇ ਫਿਲਹਾਲ ਪੁਲਿਸ ਤੇ ਫੌਜ...
ਸ਼ਾਹਕੋਟ-ਮਲਸੀਆਂ ਕੌਮੀ ਮਾਰਗ 'ਤੇ ਸੰਘਣੀ ਧੁੰਦ ਦੌਰਾਨ ਦਰਜਨ ਤੋਂ ਵੱਧ ਵਾਹਨਾਂ ਦੀ ਹੋਈ ਅੱਗੜ-ਪਿੱਛੜ ਭਿਆਨਕ ਟੱਕਰ
. . .  about 2 hours ago
ਸ਼ਾਹਕੋਟ/ਮਲਸੀਆਂ, 21 ਨਵੰਬਰ (ਸੁਖਦੀਪ ਸਿੰਘ)- ਸ਼ਾਹਕੋਟ-ਮਲਸੀਆਂ ਕੌਮੀ ਮਾਰਗ 'ਤੇ ਅੱਜ ਸਵੇਰ ਸੰਘਣੀ ਧੁੰਦ ਦੌਰਾਨ ਦਰਜਨ ਤੋਂ ਵੱਧ ਵਾਹਨਾਂ ਦੇ ਅੱਗੜ-ਪਿੱਛੜ ਟਕਰਾਉਣ ਕਾਰਨ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਜਾਣਕਾਰੀ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 2 ਕੱਤਕ ਸੰਮਤ 551
ਵਿਚਾਰ ਪ੍ਰਵਾਹ: ਨਿਰਪੱਖ ਰਹਿ ਕੇ ਨਿਆਂ ਕਰਨ ਦਾ ਹਰ ਸੰਭਵ ਯਤਨ ਹਰ ਇਕ ਨੂੰ ਕਰਨਾ ਚਾਹੀਦਾ ਹੈ। -ਅਗਿਆਤ

ਤੁਹਾਡੇ ਖ਼ਤ

18-10-2019

 ਬਜ਼ੁਰਗ ਹਨ ਸਮਾਜ ਦਾ ਸਰਮਾਇਆ
ਕਹਿੰਦੇ ਹਨ ਕਿ ਸਿਆਣੇ ਘਰ ਦੇ ਜਿੰਦਰੇ ਹੁੰਦੇ ਹਨ ਅੱਜਕਲ੍ਹ ਬਜ਼ੁਰਗਾਂ ਦੀ ਬਹੁਤ ਬੇਕਦਰੀ ਹੋ ਰਹੀ ਹੈ। ਕੋਈ ਸਮਾਂ ਹੁੰਦਾ ਸੀ ਜਦੋਂ ਇਕ ਹੀ ਛੱਤ ਦੇ ਥੱਲੇ ਪੂਰਾ ਪਰਿਵਾਰ ਰਹਿੰਦਾ ਸੀ। ਪਿਆਰ ਸੀ। ਘਰ ਵਿਚ ਬਜ਼ੁਰਗ ਦੀ ਚਲਦੀ ਸੀ। ਉਸ ਨੂੰ ਲਾਣੇਦਾਰ ਕਿਹਾ ਜਾਂਦਾ ਸੀ। ਘਰੇਲੂ ਖਰਚਾ, ਵਿਆਹਾਂ 'ਤੇ ਖਰਚਾ ਉਹੀ ਕਰਦਾ ਸੀ। ਸਮਾਂ ਬੀਤਦਾ ਗਿਆ। ਵੱਡੇ ਪਰਿਵਾਰ ਛੋਟੇ ਪਰਿਵਾਰਾਂ ਵਿਚ ਆ ਗਏ। ਬਜ਼ੁਰਗਾਂ ਦੀ ਬੇਕਦਰੀ ਹੋਣ ਲੱਗੀ। ਜੇ ਪਰਿਵਾਰ ਵਿਚ ਦੋ ਮੁੰਡੇ ਹਨ, ਉਨ੍ਹਾਂ ਨੇ ਬਜ਼ੁਰਗ ਵੀ ਵੰਡ ਲਏ। ਇਕ ਨੇ ਮਾਂ ਤੇ ਦੂਜੇ ਨੇ ਪਿਤਾ। ਮਹੀਨੇ ਦੀਆਂ ਪਹਿਲੀਆਂ ਤਰੀਕਾਂ ਵਿਚ ਬਜ਼ੁਰਗਾਂ ਦਾ ਬਹੁਤ ਸਤਿਕਾਰ ਹੁੰਦਾ ਹੈ। ਕਿਉਂਕਿ ਮੁੰਡੇ ਨੂੰਹ ਨੇ ਉਨ੍ਹਾਂ ਤੋਂ ਪੈਨਸ਼ਨ ਲੈਣੀ ਹੁੰਦੀ ਹੈ। ਪੁਰਾਣਾ ਸਮਾਂ ਬਹੁਤ ਚੰਗਾ ਸੀ। ਅੱਜਕਲ੍ਹ ਦੀਆਂ ਨੂੰਹਾਂ ਆਪਣੇ ਸੱਸ ਸਹੁਰੇ ਨਾਲ ਨਹੀਂ ਰਹਿ ਸਕਦੀਆਂ। ਉਨ੍ਹਾਂ ਤੋਂ ਅੱਡ ਰਹਿ ਰਹੀਆਂ ਹਨ। ਸਾਨੂੰ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਜਿਨ੍ਹਾਂ ਦੀ ਬਦੋਲਤ ਅਸੀਂ ਇਥੇ ਤੱਕ ਪੁੱਜੇ ਹਾਂ, ਉਨ੍ਹਾਂ ਦਾ ਤਹਿ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ। ਕੱਲ੍ਹ ਨੂੰ ਬਜ਼ੁਰਗ ਅਸੀਂ ਵੀ ਬਣਨਾ ਹੈ। ਕਦੇ ਕੱਲ੍ਹ ਨੂੰ ਸਾਡੇ ਨਾਲ ਇਹੀ ਵਤੀਰਾ ਨਾ ਹੋਵੇ।


-ਸੰਜੀਵ ਸਿੰਘ ਸੈਣੀ, ਮੁਹਾਲੀ।


ਹਰ ਮਨੁੱਖ ਲਾਏ ਇਕ ਰੁੱਖ
ਮਨੁੱਖ ਅਤੇ ਰੁੱਖ ਦਾ ਨਹੁੰ-ਮਾਸ ਦਾ ਰਿਸ਼ਤਾ ਹੈ। ਰੁੱਖ ਸਾਡੇ ਸੱਚੇ ਸਾਥੀ ਹਨ। ਮੀਂਹ ਲਿਆਉਣ ਵਿਚ ਸਹਾਈ ਹੁੰਦੇ ਹਨ, ਹਵਾ ਸਾਫ਼ ਕਰਦੇ ਹਨ। ਊਰਜਾ ਦਾ ਸਾਧਨ ਵੀ ਰੁੱਖ ਹਨ। ਇਹ ਸਾਡੀਆਂ ਦਵਾਈ-ਬੂਟੀਆਂ ਦਾ ਸਰੋਤ ਹਨ। ਕੁਦਰਤੀ ਨਿਆਮਤਾਂ ਨਾਲ ਸਾਨੂੰ ਨਿਵਾਜਦੇ ਸਾਡੇ ਭਰਾਵਾਂ ਵਰਗੇ ਦਾਨੇ ਰੁੱਖ ਮਨੁੱਖਤਾ ਤੋਂ ਵੱਡੀ ਆਸ ਰੱਖਦੇ ਹਨ। ਪਾਣੀ ਦੀ ਅੰਧਾਧੁੰਦ ਵਰਤੋਂ, ਰੁੱਖਾਂ ਦੀ ਨਾਜਾਇਜ਼ ਕਟਾਈ ਆਉਣ ਵਾਲੇ ਸਮੇਂ ਲਈ ਕੋਈ ਬਹੁਤਾ ਵਧੀਆ ਸੰਕੇਤ ਨਹੀਂ। ਰੁੱਖਾਂ 'ਤੇ ਹਮਲਾ ਆਪਣੇ-ਆਪ 'ਤੇ ਹਮਲਾ ਹੈ। ਜੇ ਪੰਜਾਬ ਦੀ ਗੱਲ ਕਰੀਏ ਤਾਂ ਸਿਰਫ 5 ਫ਼ੀਸਦੀ ਰਕਬਾ ਜੰਗਲਾਂ ਹੇਠ ਹੈ। ਅਸੀਂ ਜੰਗਲਾਂ ਦੀ ਕਟਾਈ ਕਰਕੇ ਫ਼ਸਲਾਂ ਨੂੰ ਆਮਦਨ ਦਾ ਸਾਧਨ ਬਣਾ ਲਿਆ ਹੈ। ਅਸੀਂ ਰੁੱਖਾਂ ਵਾਸਤੇ ਸੋਚਣਾ ਹੀ ਬੰਦ ਕਰ ਦਿੱਤਾ ਹੈ। ਰੁੱਖ ਸਾਥੋਂ ਕੁਝ ਨਹੀਂ ਮੰਗਦੇ, ਸਗੋਂ ਸਾਡੀ ਭਲਾਈ ਲਈ ਹੀ ਤਤਪਰ ਹਨ। 'ਹਰ ਮਨੁੱਖ ਲਾਵੇ ਇਕ ਰੁੱਖ' ਦੇ ਨਾਅਰੇ ਨੂੰ ਜੇਕਰ ਅਸੀਂ ਆਪਣੇ ਜ਼ਿਹਨ ਵਿਚ ਵਸਾ ਕੇ ਚੱਲੀਏ ਤਾਂ ਹਰੇ-ਭਰੇ ਚੌਗਿਰਦੇ ਦੀ ਨੀਂਹ ਰੱਖੀ ਜਾ ਸਕਦੀ ਹੈ।


-ਪ੍ਰਵਿੰਦਰ ਕੌਰ, ਰਾਏਕੋਟ।


ਸਾਦੇ ਸਮਾਜਿਕ ਸਮਾਗਮਾਂ ਦੀ ਲੋੜ
ਅਜੋਕੇ ਮਹਿੰਗਾਈ ਦੇ ਦੌਰ ਵਿਚ ਖਰਚੀਲੇ ਸਮਾਜਿਕ ਸਮਾਗਮ ਫੌਕੀ ਸ਼ੋਹਰਤ ਹਨ। ਅੱਜ ਸਮੇਂ ਦੀ ਲੋੜ ਹੈ ਕਿ ਵਿਆਹ-ਸ਼ਾਦੀ, ਜਨਮ ਦਿਨ, ਮਰਗ ਦੇ ਭੋਗਾਂ ਆਦਿ ਸਮਾਜਿਕ ਸਮਾਗਮਾਂ ਨੂੰ ਸਾਦੇ ਢੰਗ ਨਾਲ ਕਰਨਾ ਚਾਹੀਦਾ ਹੈ। ਬਹੁਤੇ ਲੋਕਾਂ ਵਲੋਂ ਕਰਜ਼ਾ ਚੁੱਕ ਕੇ ਕੀਤੇ ਸਮਾਗਮ ਬਾਅਦ ਵਿਚ ਗੰਭੀਰ ਸਮੱਸਿਆ ਖੜ੍ਹੀ ਕਰ ਦਿੰਦੇ ਹਨ। ਵਿਆਹ-ਸ਼ਾਦੀ ਬਿਨਾਂ ਦਾਜ ਦਹੇਜ ਦੇ ਕਰਨੇ ਚਾਹੀਦੇ ਹਨ, ਬਜ਼ੁਰਗਾਂ ਦੀ ਬੁਢਾਪੇ ਵਿਚ ਸੇਵਾ ਕਰਨੀ ਚਾਹੀਦੀ ਹੈ, ਮਰਗ ਦੇ ਭੋਗਾਂ ਤੇ ਮਿਠਾਈਆਂ ਜਾਂ ਹੋਰ ਫੌਕੀਆਂ ਰਸਮਾਂ ਨੂੰ ਬੰਦ ਕਰਨਾ ਚਾਹੀਦਾ ਹੈ, ਸਾਦੇ ਭੋਗਾਂ ਦੇ ਸਮਾਗਮ ਕਰਨੇ ਚਾਹੀਦੇ ਹਨ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ (ਪਟਿਆਲਾ)।


ਮਿਲਾਵਟਖ਼ੋਰਾਂ ਦੀ ਚਾਂਦੀ ਸ਼ੁਰੂ
ਮਿਲਾਵਟਖ਼ੋਰੀ ਅੱਜ ਦੀ ਸਭ ਤੋਂ ਵੱਡੀ ਸਮੱਸਿਆ ਹੈ। ਦੁੱਧ ਤੋਂ ਬਣੀਆਂ ਵਸਤਾਂ ਖੋਆ, ਪਨੀਰ, ਘਿਓ ਆਦਿ ਵਿਚ ਦੁਕਾਨਦਾਰਾਂ ਵਲੋਂ ਵੱਧ ਮੁਨਾਫ਼ਾ ਕਮਾਉਣ ਲਈ ਹਾਨੀਕਾਰਕ ਰਸਾਇਣਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਪਿਛਲੇ ਸਾਲ ਸਿਹਤ ਵਿਭਾਗ ਨੇ ਰਿਪੋਰਟ ਵਿਚ ਖੁਲਾਸਾ ਕੀਤਾ ਸੀ ਕਿ ਪੰਜਾਬ ਵਿਚ 30 ਫ਼ੀਸਦੀ ਖੁਰਾਕੀ ਪਦਾਰਥ ਮਿਲਾਵਟੀ ਹਨ। ਪਰ ਫਿਰ ਵੀ ਸਿਹਤ ਵਿਭਾਗ ਇਨ੍ਹਾਂ ਉੱਤੇ ਸ਼ਿਕੰਜਾ ਕਿਉਂ ਨਹੀਂ ਕੱਸ ਰਿਹਾ। ਬਹੁਤ ਸਾਰੇ ਸਮਝਦਾਰ ਲੋਕ ਇਨ੍ਹਾਂ ਇਸ ਸਮੱਸਿਆ ਵਿਚੋਂ ਬਾਹਰ ਆ ਗਏ ਅਤੇ ਉਨ੍ਹਾਂ ਨੇ ਇਸ ਤਰ੍ਹਾਂ ਦੀ ਖ਼ਰੀਦਦਾਰੀ ਬੰਦ ਕਰ ਦਿੱਤੀ ਹੈ। ਇਨ੍ਹਾਂ ਸਮੱਸਿਆਵਾਂ 'ਤੇ ਸਰਕਾਰਾਂ ਆਸਾਨੀ ਨਾਲ ਨੱਥ ਪਾ ਸਕਦੀਆਂ ਹਨ। ਜੇਕਰ ਸਾਡੇ ਆਪਣੇ ਦੇਸ਼ ਵਿਚ ਨਾ ਸਪਰੇਆਂ ਅਤੇ ਮਿਲਾਵਟਾਂ ਹੋਣਗੀਆਂ, ਸਾਨੂੰ ਹਰ ਇਕ ਚੀਜ਼ ਵਧੀਆ ਮਿਲੇਗੀ ਤਾਂ ਅਸੀਂ ਦੁੱਗਣੀ ਉਮਰ ਹੰਢਾ ਕੇ ਜਾਵਾਂਗੇ।


-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ ਸੁਖਾਣਾ (ਲੁਧਿਆਣਾ)।


ਮੋਬਾਈਲ ਫੋਨ ਗੁਰੂ, ਬੱਚਾ ਚੇਲਾ
ਅੱਜ ਤਕਨਾਲੋਜੀ ਨੇ ਸਾਨੂੰ ਏਨਾ ਮਸਰੂਫ਼ ਕਰ ਦਿੱਤਾ ਹੈ ਕਿ ਸਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੋਣ ਦਿੰਦੀ ਕਿ ਅਸੀਂ ਮਸਰੂਫ ਨਹੀਂ ਸਗੋਂ ਇਕੱਲੇ ਹੋ ਰਹੇ ਹਾਂ। ਬੱਚਿਆਂ ਵਿਚ ਵਧ ਰਹੀ ਸਮਾਰਟ ਫੋਨ ਦੀ ਆਦਤ ਨੇ ਬਚਪਨ ਨੂੰ ਤਕਨਾਲੋਜੀ ਦਾ ਗੁਲਾਮ ਬਣਾ ਦਿੱਤਾ ਹੈ। ਇਹ ਆਦਤ ਸਾਰੇ ਨਸ਼ਿਆਂ ਤੋਂ ਖ਼ਤਰਨਾਕ ਸਿੱਧ ਹੋ ਰਹੀ ਹੈ। ਅੱਜਕਲ੍ਹ ਬੱਚਾ ਤੁਰਨਾ ਬਾਅਦ ਵਿਚ ਸਿੱਖਦਾ ਹੈ, ਸਮਾਰਟ ਫੋਨ ਨੂੰ ਚਲਾਉਣਾ ਪਹਿਲਾਂ। ਜੇ ਕਾਰਨਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਕਾਰਨ ਹੈ ਮਾਪਿਆਂ ਕੋਲ ਸਮੇਂ ਦੀ ਘਾਟ। ਸਾਰਾ ਦਿਨ ਸਿਰ ਝੁਕਾ ਕੇ ਫੋਨ ਵੇਖਣ ਨਾਲ ਸਰੀਰ ਦੇ ਢਾਂਚੇ ਵਿਚ ਵੀ ਵਿਗਾੜ ਆਉਣ ਲਗਦੇ ਹਨ। ਅੱਖਾਂ ਦੀ ਰੌਸ਼ਨੀ 'ਤੇ ਮਾੜਾ ਅਸਰ ਪੈਂਦਾ ਹੈ। ਬੱਚਿਆਂ ਦੀ ਰਚਨਾਤਮਕ ਸ਼ਕਤੀ 'ਤੇ ਵੀ ਮਾਰੂ ਅਸਰ ਪੈਂਦੇ ਹਨ। ਬੱਚੇ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ, ਜੋ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ। ਇਹ ਵੀ ਧਿਆਨ ਰੱਖੋ ਕਿ ਅੱਗੇ ਡਿਜੀਟਲ ਯੁੱਗ ਹੈ। ਉਨ੍ਹਾਂ ਨੂੰ ਇਸ ਨੂੰ ਸੀਮਤ ਢੰਗ ਨਾਲ ਵਰਤਣਾ ਵੀ ਸਿਖਾਓ, ਪਰ ਬੱਚਿਆਂ ਨੂੰ ਸਕਰੀਨ ਦੇ ਆਦੀ ਹੋਣ ਤੋਂ ਬਚਾਉਣਾ ਸਾਡੀ ਆਪਣੀ ਜ਼ਿੰਮੇਵਾਰੀ ਹੈ।


-ਸੰਨੀ
ਬਸਤੀ ਬਾਵਾ ਖੇਲ, ਜਲੰਧਰ।

17-101-2019

 ਬਸਤੇ ਹੇਠਲਾ ਬਚਪਨ
ਬਚਪਨ ਇਕ ਅਜਿਹੀ ਅਵਸਥਾ ਹੈ, ਜਿਸ ਨੂੰ ਸ਼ਾਇਦ ਕੋਈ ਵੀ ਨਹੀਂ ਗਵਾਉਣਾ ਚਾਹੁੰਦਾ। ਵਰਤਮਾਨ ਸਮੇਂ ਦਾ ਬਚਪਨ ਤਾਂ ਸਕੂਲੀ ਬਸਤਿਆਂ ਨੇ ਦੱਬ ਲਿਆ ਹੈ। ਦਿਨੋ-ਦਿਨ ਇਨ੍ਹਾਂ ਬਸਤਿਆਂ ਦਾ ਭਾਰ ਵਧਦਾ ਹੀ ਜਾ ਰਿਹਾ ਹੈ। ਇਕੋ ਵਿਸ਼ੇ ਦੀਆਂ ਕਈ-ਕਈ ਕਿਤਾਬਾਂ ਲੱਗਣ ਅਤੇ ਅਜੋਕੇ ਪਾਠਕ੍ਰਮ ਨਾਲ ਵੀ ਬਸਤੇ ਵਿਚ ਭਾਰੀਪਣ ਆਇਆ ਹੈ। ਛੋਟੀ ਉਮਰ ਵਿਚ ਹੀ ਬੱਚਿਆਂ ਨੂੰ ਅਨੇਕਾਂ ਕਿਸਮ ਦੀਆਂ ਕਾਪੀਆਂ, ਕਿਤਾਬਾਂ ਲਗਾ ਦਿੱਤੀਆਂ ਜਾਂਦੀਆਂ ਹਨ, ਜੋ ਕਿ ਮੋਢਿਆਂ 'ਤੇ ਭਾਰ ਬਣਨ ਤੋਂ ਇਲਾਵਾ ਦਿਮਾਗੀ ਚਿੰਤਾ ਵੀ ਬਣਦੀਆਂ ਹਨ। ਗਰਮੀ ਵਿਚ ਦੁਪਹਿਰ ਵੇਲੇ ਬਸਤਾ ਚੁੱਕਣਾ ਸਜ਼ਾ ਵਾਂਗ ਜਾਪਦਾ ਹੈ। ਬਸਤੇ ਭਾਰੀ ਹੋਣ ਕਰਕੇ ਬਹੁਤੇ ਮਾਪੇ ਬੱਚਿਆਂ ਨੂੰ ਸਕੂਲ ਬੱਸ ਤੱਕ ਛੱਡਣ ਅਤੇ ਛੁੱਟੀ ਸਮੇਂ ਲੈਣ ਵੀ ਜਾਂਦੇ ਹਨ। ਭਾਰੇ ਬਸਤੇ ਹੋਣ ਕਾਰਨ ਬੱਚਿਆਂ ਨੂੰ ਕੁੱਬ ਪੈਣਾ, ਪਿੱਠ ਦਰਦ ਅਤੇ ਸਰਵਾਈਕਲ ਵਰਗੀਆਂ ਬਿਮਾਰੀਆਂ ਹੋ ਜਾਂਦੀਆਂ ਹਨ। ਸਰਕਾਰੀ ਨਿਯਮਾਂ ਅਨੁਸਾਰ ਬਸਤੇ ਦਾ ਭਾਰ ਬੱਚੇ ਦੇ ਭਾਰ ਤੋਂ ਲਗਪਗ ਦਸ ਗੁਣਾ ਘੱਟ ਹੋਣਾ ਲਾਜ਼ਮੀ ਹੈ। ਲੋੜ ਹੈ ਕਿ ਪਾਠਕ੍ਰਮ ਵਿਚ ਤਬਦੀਲੀ ਕਰਕੇ ਅਤੇ ਵਿਸ਼ਾ ਵਾਰ ਸਮਾਂ-ਸਾਰਨੀ ਨੂੰ ਦਿਨਾਂ ਦੀ ਵੰਡ ਦੇ ਰੂਪ ਵਿਚ ਲਾਗੂ ਕਰਵਾਇਆ ਜਾਵੇ ਜਾਂ ਫਿਰ ਕੋਈ ਹੋਰ ਢੁਕਵਾਂ ਹੱਲ ਕੱਢ ਕੇ ਬਸਤੇ ਹੇਠਾਂ ਦੱਬੇ ਬਚਪਨ ਨੂੰ ਸਹਾਰਾ ਦੇ ਕੇ ਭਵਿੱਖ ਕਾਇਮ ਕੀਤਾ ਜਾਵੇ।\

-ਮਨਦੀਪ ਸਿੰਘ ਸ਼ੇਰੋਂ
ਸੁਨਾਮ (ਸੰਗਰੂਰ)।

ਆਉਣਾ ਜਾਂ ਆਇਆ ਹੋਣਾ
ਕਈ ਵਾਰ ਕਿਸੇ ਮੁਹੱਲੇ, ਪਿੰਡ, ਕਸਬੇ, ਸ਼ਹਿਰ 'ਚ ਸਫ਼ਾਈਆਂ, ਲਾਈਟਾਂ, ਸੜਕਾਂ ਆਦਿ ਦੀਆਂ ਮੁਰੰਮਤਾਂ ਹੋ ਰਹੀਆਂ ਹੋਣ ਤਾਂ ਦਿਲ ਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ। ਇਲਾਕੇ ਨੂੰ ਸੁੰਦਰ ਤੇ ਸੁਨੱਖਾ ਬਣਾਇਆ ਜਾ ਰਿਹਾ ਹੋਵੇ ਤਾਂ ਵਧੀਆ ਲਗਦਾ ਹੈ। ਘਰ ਫਿਰ ਚਾਰ ਕੁ ਦਿਨ ਬਾਅਦ ਪਤਾ ਲਗਦਾ ਹੈ ਕਿ ਜੀ ਇਥੇ ਤਾਂ ਫਲਾਣੇ ਮੰਤਰੀ, ਲੀਡਰ, ਬੜੇ ਅਫਸਰ ਸਾਹਿਬ ਨੇ 'ਆਉਣਾ' ਸੀ।
ਚਲੋ ਖੈਰ, ਸੁਧਾਰ ਤਾਂ ਹੋਇਆ। ਦੂਜੇ ਪਾਸੇ ਜੇ ਕਿਤੇ ਕਿਸੇ ਇਲਾਕੇ ਦੀ ਸੜਕ ਜਾਂ ਖੁੱਲ੍ਹੀ ਜਗ੍ਹਾ 'ਤੇ ਗੰਦ-ਮੰਦ, ਕੂੜਾ ਕਰਕਟ ਖਿਲਰਿਆ ਦਿਖਾਈ ਦੇਵੇ ਤਾਂ ਸਮਝੋ ਇਥੇ ਕੋਈ ਆਇਆ ਹੋਣਾ, ਫੰਕਸ਼ਨ ਹੋ ਕੇ ਹਟਿਆ ਹੋਣਾ। ਕਿਸੇ ਵੀ ਮੰਤਰੀ ਜਾਂ ਲੀਡਰ, ਵੱਡੇ ਅਫਸਰ ਦੇ ਆਉਣ ਤੋਂ ਪਹਿਲਾਂ ਜਿੰਨੀ ਸਫਾਈ ਹੁੰਦੀ ਹੈ, ਉਸ ਨਾਲੋਂ ਕਿਤੇ ਜ਼ਿਆਦਾ, ਗੰਦਗੀ ਉਸ ਦੇ ਜਾਣ ਤੋਂ ਬਾਅਦ ਉਸ ਜਗ੍ਹਾ 'ਤੇ ਦਿਸਦੀ ਹੈ। ਚਾਹੀਦਾ ਤਾਂ ਇਹ ਹੈ ਕਿ ਲੋਕ ਤੇ ਸਾਰੇ ਮਹਿਕਮੇ 'ਸਹੀ ਵਕਤ' ਤੇ ਆਪਣੇ-ਆਪਣੇ ਕੰਮ ਨੂੰ ਵਧੀਆ ਤੇ ਸੁਚਾਰੂ ਤਰੀਕੇ ਨਾਲ 'ਲਗਾਤਾਰ' ਕਰਦੇ ਰਹਿਣ ਨਾ ਕਿ ਕਿਸੇ ਦੀ ਆਮਦ 'ਤੇ ਹੀ ਕਰਨ।

-ਗੁਰਚਰਨ ਸਿੰਘ
ਪਿੰਡ ਮਜਾਰਾ, ਜ਼ਿਲ੍ਹਾ ਨਵਾਂਸ਼ਹਿਰ।

ਕੂੜੇ 'ਤੇ ਰੁਲਦਾ ਬਚਪਨ
ਕਿਸੇ ਵੀ ਦੇਸ਼ ਦਾ ਭਵਿੱਖ ਉਥੋਂ ਦਾ ਬਚਪਨ ਹੁੰਦਾ ਹੈ ਅਤੇ ਬੱਚਿਆਂ ਦੀ ਸਿੱਖਿਆ, ਉਨ੍ਹਾਂ ਦੀ ਸਿਹਤ ਆਦਿ, ਬੱਚਿਆਂ ਦਾ ਭਵਿੱਖ ਹੀ ਤੈਅ ਨਹੀਂ ਕਰਦਾ, ਸਗੋਂ ਦੇਸ਼ ਦਾ ਭਵਿੱਖ ਉਨ੍ਹਾਂ 'ਤੇ ਨਿਰਭਰ ਹੁੰਦਾ ਹੈ। ਭਾਵੇਂ ਕਿ ਦੇਸ਼ ਆਜ਼ਾਦ ਹੋਏ ਨੂੰ ਕਈ ਸਾਲ ਹੋ ਗਏ ਹਨ ਪਰ ਦੇਸ਼ ਵਿਚੋਂ ਗੁਰਬਤ ਅਜੇ ਪੂਰੀ ਤਰ੍ਹਾਂ ਨਹੀਂ ਗਈ। ਛੋਟੇ-ਛੋਟੇ ਬੱਚੇ ਕੂੜੇ ਦੇ ਢੇਰਾਂ 'ਤੇ ਕਾਗਜ਼, ਲਿਫ਼ਾਫ਼ੇ ਇਕੱਠੇ ਕਰਦੇ, ਘਰਾਂ 'ਚ ਛੋਟੀਆਂ ਲੜਕੀਆਂ, ਲੜਕੇ ਪੋਚੇ ਲਾਉਣ, ਬਰਤਨ ਸਾਫ਼ ਕਰਨ, ਢਾਬਿਆਂ, ਭੱਠਿਆਂ 'ਤੇ ਬਾਲ ਮਜ਼ਦੂਰੀ ਕਰਨ ਅਤੇ ਚੌਕਾਂ 'ਤੇ ਭੀਖ ਮੰਗਦੇ ਆਮ ਹੀ ਵੇਖੇ ਜਾ ਸਕਦੇ ਹਨ।
ਦੇਸ਼ ਦੇ ਰਬਿਹਰਾਂ ਨੂੰ ਇਨ੍ਹਾਂ ਬੱਚਿਆਂ ਦੇ ਚੰਗੇ ਭਵਿੱਖ ਲਈ ਅਤੇ ਸਮੇਂ ਦੇ ਹਾਣੀ ਬਣਾਉਣ ਲਈ ਚੰਗੀ ਵਿੱਦਿਆ ਦੇਣੀ ਹੁੰਦੀ ਹੈ। ਭਾਵੇਂ ਕਿ ਬੱਚਿਆਂ ਦੀ ਭਲਾਈ ਤੇ ਵਿਕਾਸ ਲਈ ਕਈ ਵਿਭਾਗ ਵੀ ਕੰਮ ਕਰ ਰਹੇ ਹਨ ਪਰ ਇਨ੍ਹਾਂ ਨੂੰ ਵੇਖ ਕੇ ਲਗਦਾ ਹੈ ਕਿ ਇਨ੍ਹਾਂ ਬੱਚਿਆਂ ਦੇ ਸੁਪਨੇ ਅਜੇ ਅਧੂਰੇ ਹੀ ਹਨ। ਸਰਕਾਰ ਨੂੰ ਇਨ੍ਹਾਂ ਲੋਕਾਂ ਦੇ ਵਸੇਬੇ ਅਤੇ ਬੱਚਿਆਂ ਦੀ ਭਲਾਈ ਲਈ ਠੋਸ ਨੀਤੀ ਬਣਾਉਣੀ ਚਾਹੀਦੀ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ

ਝੋਨੇ ਦੀ ਪਰਾਲੀ ਨਾ ਸਾੜੋ
ਪੰਜਾਬ ਵਿਚ ਆਮ ਕਰਕੇ ਕਣਕ ਤੇ ਝੋਨੇ ਵਾਲਾ ਹੀ ਫ਼ਸਲ ਚੱਕਰ ਅਪਣਾਇਆ ਜਾਂਦਾ ਹੈ। ਕਣਕ ਦੀ ਰਹਿੰਦ-ਖੂੰਹਦ ਤਾਂ ਪਸ਼ੂਆਂ ਦੇ ਚਾਰੇ ਦੇ ਕੰਮ ਆ ਜਾਂਦੀ ਹੈ ਪਰ ਝੋਨੇ ਦੀ ਰਹਿੰਦ-ਖੂੰਹਦ (ਪਰਾਲੀ) ਬਹੁਤ ਘੱਟ ਵਰਤੋਂ ਵਿਚ ਆਉਂਦੀ ਹੈ। ਇਸ ਲਈ ਸਾਡੇ ਕਿਸਾਨ ਵੀਰਾਂ ਲਈ ਇਹ ਬਹੁਤ ਵੱਡੀ ਸਮੱਸਿਆ ਹੈ। ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਮੁਤਾਬਿਕ ਲਗਪਗ 14 ਤੋਂ 20 ਮਿਲੀਅਨ ਟਨ ਫ਼ਸਲੀ ਰਹਿੰਦ-ਖੂੰਹਦ ਪੈਦਾ ਹੁੰਦੀ ਹੈ। ਆਮ ਕਰਕੇ ਸਾਡੇ ਕਿਸਾਨ ਵੀਰ ਕਣਕ ਦੀ ਬਿਜਾਈ ਕਰਨ ਲਈ ਪਰਾਲੀ ਨੂੰ ਖੇਤ ਵਿਚ ਹੀ ਅੱਗ ਲਾ ਦਿੰਦੇ ਹਨ। ਇਸ ਨਾਲ ਸਾਡੇ ਵਾਤਾਵਰਨ ਵਿਚ ਕਈ ਖ਼ਤਰਨਾਕ ਗੈਸਾਂ ਪੈਦਾ ਹੁੰਦੀਆਂ ਹਨ।
ਪਰਾਲੀ ਸਾੜਨ ਨਾਲ ਮਨੁੱਖ ਨੂੰ ਸਾਹ ਲੈਣ ਵਿਚ ਤਕਲੀਫ਼ ਆਉਂਦੀ ਹੈ, ਅੱਖਾਂ ਵਿਚ ਜਲਣ ਹੁੰਦੀ ਹੈ। ਖ਼ਾਸ ਕਰਕੇ ਦਮੇ ਦੇ ਮਰੀਜ਼ ਲਈ ਸਾਹ ਲੈਣਾ ਬਹੁਤ ਖ਼ਤਰਨਾਕ ਹੁੰਦਾ ਹੈ। ਪਰਾਲੀ ਸਾੜਨ ਨਾਲ ਧਰਤੀ ਵਿਚਲੇ ਖੁਰਾਕੀ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਬਹੁਤ ਸਾਰੇ ਸੂਖਮ ਜੀਵ ਜੰਤੂ ਜਿਹੜੇ ਸਾਡੇ ਫ਼ਸਲੀ ਚੱਕਰ ਲਈ ਲਾਭਦਾਇਕ ਹੁੰਦੇ ਹਨ, ਉਹ ਵੀ ਮਾਰੇ ਜਾਂਦੇ ਹਨ। ਇਸ ਲਈ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਪਰਾਲੀ ਨੂੰ ਸਾੜਨ ਦੀ ਬਜਾਏ ਖੇਤ ਵਿਚ ਹੀ ਵਾਹ ਕੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਓ ਅਤੇ ਨਾਲ ਦੀ ਨਾਲ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਓ।

-ਗੁਰਚਰਨ ਸਿੰਘ ਉੱਪਲ।

16-10-2019

 ਸੋਚ ਦੀ ਸ਼ਲਾਘਾ
ਪਿਛਲੇ ਦਿਨੀਂ ਡਾ: ਬਰਜਿੰਦਰ ਸਿੰਘ ਹਮਦਰਦ ਦਾ ਲੇਖ 'ਭਾਰਤ ਹਿੰਦੂ ਰਾਸ਼ਟਰ ਨਹੀਂ ਹੈ' ਪੜ੍ਹਿਆ, ਜੋ ਬਹੁਤ ਹੀ ਜਾਣਕਾਰੀ ਭਰਪੂਰ, ਪ੍ਰਭਾਵਸ਼ਾਲੀ, ਪ੍ਰਮਾਣਿਕ ਅਤੇ ਸੱਚੀ ਲਿਖਤ ਹੈ। ਮੈਂ ਹਮਦਰਦ ਜੀ ਦੀ ਸੋਚ ਦੀ ਸ਼ਲਾਘਾ ਕਰਦਾ ਹਾਂ। ਕਿਰਪਾ ਕਰਕੇ ਅਗਾਂਹ ਵੀ ਅਜਿਹੇ ਲੇਖ ਛਾਪਦੇ ਰਹਿਣਾ।


-ਵਿਕਾਸ ਸ਼ਾਂਤ, ਜਲੰਧਰ।


ਹੱਦਾਂ ਬੰਨ੍ਹੇ ਟੱਪੀ ਪੰਜਾਬੀ ਗਾਇਕੀ
ਕੋਈ ਦੋ ਕੁ ਦਹਾਕੇ ਪਹਿਲਾਂ ਤੋਂ ਪੰਜਾਬੀ ਸੱਭਿਆਚਾਰ ਦੇ ਨਾਂਅ ਹੇਠ ਪੰਜਾਬੀ ਗਾਇਕੀ ਅੰਦਰ ਗ਼ਲਤ ਚੀਜ਼ਾਂ ਪੇਸ਼ ਹੋਣੀਆਂ ਸ਼ੁਰੂ ਹੋਈਆਂ। ਇਹ ਗ਼ਲਤੀਆਂ ਛੋਟੀਆਂ ਤੋਂ ਏਨੀਆਂ ਵੱਡੀਆਂ ਹੋ ਗਈਆਂ ਕਿ ਕਿਸੇ ਨੇ ਬਹੁਤਾ ਧਿਆਨ ਹੀ ਨਾ ਦਿੱਤਾ। ਹੁਣ ਜਦ ਕੰਮ ਹੱਦੋਂ ਪਾਰ ਹੋ ਗਿਆ ਤਾਂ ਰੌਲਾ ਪੈ ਰਿਹਾ, ਰੌਲਾ ਵੀ ਕੁਝ ਕੁ ਹੀ ਪਾ ਰਹੇ ਹਨ। ਬਹੁਗਿਣਤੀ ਪੰਜਾਬੀਆਂ ਨੇ ਤਾਂ ਗ਼ਲਤ ਗਾਇਕੀ ਨੂੰ ਸਿਰਫ ਮਨੋਰੰਜਨ ਦੇ ਤੌਰ 'ਤੇ ਅਪਣਾ ਹੀ ਲਿਆ। ਕੀ ਨਵੇਂ ਤੇ ਕੀ ਪੁਰਾਣੇ ਫੱਟੇ ਚੱਕੀ ਜਾ ਰਹੇ ਹਨ। ਮੈਂ ਸਭ ਦੀ ਗੱਲ ਨਹੀਂ ਕਰ ਰਿਹਾ। ਚੰਗੀਆਂ ਸੁਰਾਂ ਬਹੁਤ ਚੰਗਾ ਵੀ ਪੇਸ਼ ਕਰ ਰਹੀਆਂ ਹਨ। ਜਦੋਂ ਅੱਜ ਦੇਸੀ ਤੇ ਵਿਦੇਸ਼ੀ ਗਾਇਕ ਕਲਾਕਾਰਾਂ ਦੀਆਂ ਵੀਡੀਓਜ਼ ਦੇਖਦੇ ਹਾਂ ਤਾਂ ਦੰਗ ਰਹਿ ਜਾਈਦਾ ਕਿ ਇਹ ਕਿਹੜਾ ਪੰਜਾਬ ਵਿਖਾ ਰਹੇ ਹਨ। ਪੰਜਾਬ ਪੰਜਾਬੀਅਤ ਅੱਜ ਦੇ ਪੰਜਾਬੀ ਗੀਤਾਂ 'ਚ ਦਿਸਣ 'ਤੇ ਵੀ ਨਹੀਂ ਦਿਸਦੀ। ਉਪਰੋਂ ਗੀਤ ਦੇ ਬੋਲ ਵੀ ਸਮਝ ਨਹੀਂ ਆਉਂਦੇ। ਹਾਂ ਕੰਨ-ਪਾੜਵਾਂ ਸੰਗੀਤ ਜ਼ਰੂਰ ਦੈਂਗੜ-ਦੈਂਗੜ ਕਰਦਾ। ਪੰਜਾਬੀ ਗੀਤਾਂ, ਨੰਗੇਜ਼ ਤਾਂ ਹੁਣ ਹਾਲੀਵੁੱਡ ਤੋਂ ਵੀ ਉੱਪਰ ਹੋ ਗਿਆ, ਜੋ ਗ਼ਲਤ ਗਾ ਰਿਹਾ ਉਹੀ ਸਟਾਰ।


-ਬਲਬੀਰ ਸਿੰਘ ਬੱਬੀ
ਤੱਖਰਾਂ, ਲੁਧਿਆਣਾ।


ਕਰਤਾਰਪੁਰ ਲਾਂਘਾ
ਕਰਤਾਰਪੁਰ ਲਾਂਘਾ ਖੋਲ੍ਹਣ ਵਾਸਤੇ ਪਾਕਸਤਾਨ ਵਾਲੇ ਪਾਸੇ ਤੋਂ ਦਿਨ-ਰਾਤ ਕੰਮ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਗੁਰਦੁਆਰੇ ਤੋਂ 'ਜ਼ੀਰੋ ਲਾਈਨ' ਤੱਕ ਸਾਰੀਆਂ ਸੜਕਾਂ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਰਾਵੀ 'ਤੇ ਉਸਾਰਿਆ ਜਾਣ ਵਾਲਾ ਪੁਲ, ਲੰਗਰ ਹਾਲ ਆਦਿ ਦਾ ਕੰਮ ਵੀ ਕਾਫੀ ਹੱਦ ਤੱਕ ਮੁਕੰਮਲ ਹੋਣ ਦੇ ਕਿਨਾਰੇ ਹੈ। ਪਾਕਿਸਤਾਨ ਨੇ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਦਾ ਨਾਂਅ ਵੀ 'ਬਾਬਾ ਗੁਰੂ ਨਾਨਕ' ਰੱਖ ਦਿੱਤਾ ਹੈ ਜੋ ਕਿ ਬਹੁਤ ਹੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ। ਭਾਰਤ ਵਾਲੇ ਪਾਸੇ ਤੋਂ ਵੀ ਕਰਤਾਰਪੁਰ ਲਾਂਘੇ ਨਾਲ ਸਬੰਧਿਤ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਪਰਮਾਤਮਾ ਕਰੇ ਦੋਵਾਂ ਦੇਸ਼ਾਂ 'ਚ ਨਫ਼ਰਤ ਦੀ ਥਾਂ ਸ਼ਾਂਤੀ ਬਣੀ ਰਹੇ ਅਤੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੋਂ ਪਹਿਲਾਂ-ਪਹਿਲਾਂ ਦੋਵਾਂ ਦੇਸ਼ਾਂ ਵਲੋਂ ਕਰਤਾਰਪੁਰ ਲਾਂਘੇ ਦਾ ਕੰਮ ਮੁਕੰਮਲ ਹੋ ਜਾਵੇ ਤਾਂ ਜੋ ਭਾਰਤ ਦੇ ਲੋਕ ਆਪਣੇ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰ ਸਕਣ।


-ਅਮਰਜੀਤ ਸਿੰਘ ਜੱਸਲ
ਪ੍ਰਧਾਨ ਨਾਮਦੇਵ ਭਵਨ ਸਭਾ, ਰਾਏਕੋਟ।


ਕਦ ਬਦਲੇਗੀ ਅੰਨਦਾਤਾ ਦੀ ਕਿਸਮਤ
ਦੇਸ਼ ਦੇ ਅੰਨਦਾਤਾ ਦਾ ਜੀਵਨ ਦਿਨੋ-ਦਿਨ ਮੁਸ਼ਕਿਲਾਂ, ਔਕੜਾਂ ਤੇ ਕਰਜ਼ਿਆਂ ਵਿਚ ਘਿਰਦਾ ਜਾ ਰਿਹਾ ਹੈ। ਖੇਤੀ ਲਾਗਤਾਂ ਦਾ ਵਧਣਾ, ਦਵਾਈਆਂ ਖਾਦਾਂ ਦਾ ਮਹਿੰਗਾ ਹੋਣਾ ਤੇ ਜ਼ਮੀਨਾਂ ਦਾ ਘਟਣਾ ਕਿਸਾਨੀ ਦੇ ਪਤਨ ਦਾ ਮੁੱਖ ਕਾਰਨ ਹੈ। ਸਮਾਜਿਕ ਰੀਤੀ ਰਿਵਾਜਾਂ, ਮਹਿੰਗੇ ਵਿਆਹਾਂ, ਵੱਡੇ ਟਰੈਕਟਰਾਂ ਤੇ ਸਰਕਾਰਾਂ ਦੇ ਲਾਰਿਆਂ ਨੇ ਕਿਸਾਨ ਦੇ ਸਿਰ 'ਤੇ ਜੋ ਕਰਜ਼ੇ ਦੀ ਪੰਡ ਸੀ, ਉਸ ਦਾ ਭਾਰ ਹੋਰ ਵਧਾ ਦਿੱਤਾ। ਕਿਸਾਨੀ ਕਣਕ-ਝੋਨੇ ਤੱਕ ਹੀ ਸੀਮਤ ਰਹਿ ਗਈ। ਘਰ ਦਾ ਗੁੜ, ਦੁੱਧ, ਘਿਓ, ਤੇਲ, ਦਾਲਾਂ, ਆਂਡੇ ਮੀਟ ਆਦਿ ਦਾ ਉਤਪਾਦਨ ਖ਼ਤਮ ਹੋ ਗਿਆ। ਲੋੜ ਹੈ ਕਿ ਕਿਸਾਨ ਆਪਣੇ ਖਰਚੇ ਘਟਾਏ, ਸਹਾਇਕ ਧੰਦੇ ਅਪਣਾਏ, ਆਪਣੇ ਬੱਚਿਆਂ ਨੂੰ ਪੜ੍ਹਾਏ, ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਨੂੰ ਵੱਧ ਤੋਂ ਵੱਧ ਘਰ ਵਿਚ ਪੈਦਾ ਕਰੇ। ਫ਼ਸਲ ਦਾ ਸਹੀ ਰੇਟ ਦੇਣਾ, ਸਹੀ ਮੰਡੀਕਰਨ ਕਰਨਾ, ਖੇਤੀ ਮਸ਼ੀਨਰੀ, ਖਾਦਾਂ ਦਵਾਈਆਂ ਆਦਿ 'ਤੇ ਸਬਸਿਡੀ ਦੇਣਾ, ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਕਿਸਾਨ ਤੋਂ ਫ਼ਸਲ ਦੀ ਪੈਦਾਵਾਰ ਕਰਵਾਉਣੀ ਆਦਿ ਸਰਕਾਰ ਦੀਆਂ ਜ਼ਿੰਮੇਵਾਰੀਆਂ ਹਨ।


-ਗੁਰਿੰਦਰਜੀਤ ਸਿੰਘ ਕਲੇਰ
ਪਿੰਡ ਤੇ ਡਾਕ: ਕਲੇਰ ਕਲਾਂ, ਜ਼ਿਲ੍ਹਾ ਗੁਰਦਾਸਪੁਰ।


ਕਾਰਪੋਰੇਟ ਖੇਤਰ ਨੂੰ ਰਿਆਇਤਾਂ
ਡਾ: ਸ. ਸ. ਛੀਨਾ ਇਕ ਉੱਘੇ ਅਰਥ-ਸ਼ਾਸਤਰੀ ਹਨ। ਉਹ ਸਮੇਂ-ਸਮੇਂ 'ਅਜੀਤ' ਰਾਹੀਂ ਆਰਥਿਕ ਸੰਕਟ ਅਤੇ ਖੇਤੀ ਸੰਕਟ ਬਾਰੇ ਆਪਣੇ ਵਿਚਾਰ ਰੱਖਦੇ ਰਹਿੰਦੇ ਹਨ। ਇਕ ਲੇਖ ਰਾਹੀਂ ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਕਾਰਪੋਰੇਟ ਖੇਤਰ ਨੂੰ ਰਿਆਇਤਾਂ ਦੇਣ ਨਾਲ ਦੇਸ਼ ਨੂੰ ਆਰਥਿਕ ਮੰਦੀ 'ਚੋਂ ਕੱਢਿਆ ਜਾ ਸਕਦਾ ਹੈ? ਰਿਆਇਤਾਂ ਤਾਂ ਹੇਠਲੀ ਸ਼੍ਰੇਣੀ ਨੂੰ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਦੇ ਰੁਜ਼ਗਾਰ ਵਿਚ ਵਾਧਾ ਹੋਵੇ ਤੇ ਉਨ੍ਹਾਂ ਦੀ ਖਰੀਦ ਸ਼ਕਤੀ ਵਧੇ। ਰੋਜ਼ਾਨਾ ਘਰੇਲੂ ਵਸਤਾਂ ਖਰੀਦਣ ਲਈ ਉਨ੍ਹਾਂ ਕੋਲ ਪੈਸਾ ਹੋਵੇ ਤੇ ਪੈਸਾ ਤਾਂ ਰੁਜ਼ਗਾਰ ਰਾਹੀਂ ਹੀ ਉਨ੍ਹਾਂ ਕੋਲ ਆਵੇਗਾ? ਅਮੀਰਾਂ ਦੇ ਤਹਿਖਾਨੇ ਤਾਂ ਦੋ ਨੰਬਰ ਦੇ ਧਨ ਨਾਲ ਭਰੇ ਪਏ ਹਨ। ਗ਼ਰੀਬ ਹੋਰ ਗ਼ਰੀਬ ਹੋਈ ਜਾ ਰਿਹਾ ਹੈ ਅਤੇ ਧਨਵਾਨ ਦੇਸ਼ ਦਾ ਪੈਸਾ ਲੈ ਕੇ ਅਜੇ ਵੀ ਬਾਹਰ ਤੁਰੀ ਜਾ ਰਹੇ ਹਨ। ਕਾਰਪੋਰੇਟ ਖੇਤਰ ਨੂੰ ਟੈਕਸਾਂ ਵਿਚ ਦੇਣ ਵਾਲੀਆਂ ਰਿਆਇਤਾਂ ਅਤੇ ਬੈਂਕਾਂ ਦਾ ਵਿਆਜ ਘਟਾਉਣ ਨਾਲ ਇਹ ਗਹਿਰਾ ਸੰਕਟ ਹੱਲ ਨਹੀਂ ਹੋਣਾ। ਦੇਸ਼ ਦੀ ਰੀੜ੍ਹ ਦੀ ਹੱਡੀ ਤਾਂ ਮਜ਼ਦੂਰ ਤੇ ਕਿਸਾਨ ਹੀ ਹਨ ਜੋ ਇਹ ਵੇਲੇ ਕੰਗਾਲੀ ਹੰਢਾਅ ਰਹੇ ਹਨ। ਵਿਗੜਦੇ ਆਰਥਿਕ ਢਾਂਚੇ ਨੂੰ ਲੀਹਾਂ 'ਤੇ ਲਿਆਉਣ ਲਈ ਸਰਕਾਰ ਨੂੰ ਗੰਭੀਰ ਹੋਣਾ ਪਵੇਗਾ। ਛੀਨਾ ਸਾਹਿਬ ਦਾ ਧੰਨਵਾਦ ਕਰਨਾ ਬਣਦਾ ਹੈ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਸੰਦੀਪ ਸਿੰਘ ਧਾਲੀਵਾਲ ਕਿਸੇ ਨਹੀਂ ਬਣ ਜਾਣਾ
ਸੰਦੀਪ ਸਿੰਘ ਧਾਲੀਵਾਲ ਅਮਰੀਕਾ ਵਿਚ ਪਹਿਲਾ ਪਗੜੀਧਾਰੀ ਪੁਲਿਸ ਅਫਸਰ ਸੀ, ਜਿਸ ਨੂੰ ਡਿਊਟੀ ਦੌਰਾਨ ਸ਼ਹੀਦ ਕਰ ਦਿੱਤਾ ਗਿਆ। ਪੁਲਿਸ ਦੀ ਨੌਕਰੀ ਬੜੀ ਜੋਖਮ ਭਰੀ ਹੈ। ਚੋਰਾਂ, ਡਾਕੂਆਂ, ਲੁਟੇਰਿਆਂ, ਸਮੱਗਲਰਾਂ, ਬਦਮਾਸ਼ਾਂ, ਸਿਰ ਫਿਰਿਆਂ ਨਾਲ ਮੁਕਾਬਲਾ ਕਰਨਾ ਪੈਂਦਾ ਹੈ। ਸੰਦੀਪ ਸਿੰਘ ਆਮ ਲੋਕਾਂ ਨਾਲੋਂ ਵੱਖਰਾ ਕੰਮ ਕਰਨਾ ਚਾਹੁੰਦਾ ਸੀ। ਉਹ ਪੁਲਿਸ ਵਿਚ ਭਰਤੀ ਹੋ ਕੇ ਸਿੱਖਾਂ ਦੀ ਵੱਖਰੀ ਪਛਾਣ ਦਸਤਾਰ ਦੀ ਹੋਂਦ ਨੂੰ ਕਾਇਮ ਰੱਖਣ ਦਾ ਹੋਕਾ ਦੇਣਾ ਚਾਹੁੰਦਾ ਸੀ, ਜਿਸ ਵਿਚ ਉਹ 2015 ਵਿਚ ਅਮਰੀਕਾ ਵਿਚ ਦਸਤਾਰ ਸਜਾਉਣ ਦੀ ਆਗਿਆ ਲੈਣ 'ਚ ਕਾਮਯਾਬ ਹੋ ਗਿਆ। ਉਸ ਦੀ ਮੌਤ 'ਤੇ ਉਸ ਨੂੰ ਹਜ਼ਾਰਾਂ ਲੋਕਾਂ ਨੇ ਸ਼ਰਧਾਂਜਲੀ ਦਿੱਤੀ ਅਤੇ ਪਾਪਾ ਜੌਹਨਸ ਵਲੋਂ 78 ਰੈਸਟੋਰੈਂਟਾਂ ਵਲੋਂ ਕਮਾਈ ਦੇਣ ਦਾ ਐਲਾਨ ਕੀਤਾ। ਜੱਜ ਨੇ ਕਾਤਲ ਨੂੰ ਜ਼ਮਾਨਤ ਨਾ ਦੇ ਕੇ ਟਿੱਪਣੀ ਕੀਤੀ ਕਿ ਕਾਤਲ ਦੀ ਸਜ਼ਾ ਮੌਤ ਹੀ ਹੋ ਸਕਦੀ ਹੈ। ਸਾਨੂੰ ਇਸ ਬਹਾਦਰ ਪੁਲਿਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਇਹੋ ਹੀ ਸੰਦੀਪ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਜਿਹੜੇ ਸਿਰ ਫਿਰੇ ਇਹੋ ਜਿਹੀਆਂ ਘਿਨੌਣੀਆਂ ਹਰਕਤਾਂ ਕਰਦੇ ਹਨ, ਉਨ੍ਹਾਂ ਨੂੰ ਸਖ਼, ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਪੰਜਾਬ ਅਤੇ ਭਾਰਤ ਦੇ ਸਮੂਹ ਵਾਸੀਆਂ ਨੂੰ ਸੰਦੀਪ 'ਤੇ ਮਾਣ ਹੈ ਤੇ ਉਸ ਦੀ ਸੋਚ ਨੂੰ ਸਲਾਮ ਹੈ।


-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ।

15-10-2019

 ਪੰਜਾਬੀ ਗਾਇਕੀ : ਦਸ਼ਾ ਤੇ ਦਿਸ਼ਾ
ਗੀਤ ਪੰਜਾਬੀ ਸਾਹਿਤ ਦਾ ਪਦ ਰੂਪ ਹੈ। ਅਜੋਕੇ ਸਮੇਂ ਹੋਰਨਾਂ ਸਾਹਿਤ ਵਿਧਾਵਾਂ ਦੇ ਨਿਸਬਤ ਪੰਜਾਬੀ ਗੀਤ ਸੰਗੀਤ ਜਨ-ਮਾਨਸ ਨੂੰ ਵਧੇਰੇ ਪ੍ਰਭਾਵਿਤ ਕਰ ਰਹੇ ਹਨ। ਪ੍ਰਭਾਵ ਵੀ ਉਸਾਰੂ ਨਹੀਂ ਮਾਰੂ ਹੀ ਪੈ ਰਿਹਾ ਹੈ। ਗੀਤ ਕਿਸੇ ਖਿੱਤੇ ਦੇ ਸਮਾਜ ਸੱਭਿਆਚਾਰ ਦੇ ਨਕਸ਼-ਨੁਹਾਰ ਹੁੰਦੇ ਹਨ, ਪਰੰਤੂ ਅਜੋਕਾ ਗੀਤ-ਸੰਗੀਤ ਮੰਡੀ ਮਾਨਸਿਕਤਾ ਦਾ ਗੁਲਾਮ ਬਣ ਪੰਜਾਬੀਅਤ ਦੀ ਨੁਹਾਰ ਨੂੰ ਦਾਗ਼ਦਾਰ ਕਰ ਰਿਹਾ ਹੈ। ਅਜੋਕੀ ਪੰਜਾਬੀ ਗਾਇਕੀ ਨੌਜਵਾਨੀ ਨੂੰ ਨਸ਼ੇ, ਹਥਿਆਰਾਂ, ਨੰਗੇਜਵਾਦ ਲਈ ਉਕਸਾ ਰਹੀ ਹੈ ਜਿਸ ਕਾਰਨ ਅਣਮਨੁੱਖੀ ਘਟਨਾਵਾਂ ਨਿੱਤ-ਦਿਨ ਵਾਪਰ ਰਹੀਆਂ ਹਨ। ਨਸ਼ਿਆਂ ਦੇ ਸੋਹਲੇ ਗਾਉਂਦੇ ਗੀਤ ਨੌਜਵਾਨੀ ਨੂੰ ਮਾੜੀ ਲਤ ਲਾ ਰਹੇ ਹਨ। ਅਜੋਕੇ ਗੀਤ-ਵੀਡੀਓ ਵਿਚ ਮੁੰਡੇ-ਕੁੜੀਆਂ ਸ਼ਰੇਆਮ ਹਥਿਆਰ ਚੁੱਕੀ, ਧੂੰਏ ਦੇ ਛੱਲੇ ਉਡਾਉਂਦੇ ਅੱਧ-ਨੰਗੇ ਘੁੰਮਦੇ ਨਜ਼ਰੀਂ ਪੈਂਦੇ ਹਨ। ਗੀਤਾਂ ਦੇ ਅੱਧ ਤੋਂ ਜ਼ਿਆਦਾ ਅੰਗਰੇਜ਼ੀ ਵਿਚ ਬੋਲੇ ਬੋਲ ਆਮ ਤਬਕੇ ਦੀ ਸਮਝ ਤੋਂ ਬਾਹਰ ਹਨ। ਸਮਾਜਿਕ ਸੇਧ ਦੇਣ ਅਤੇ ਪੰਜਾਬੀ ਵਿਰਾਸਤ ਦੀ ਪੇਸ਼ਕਾਰੀ ਕਰਨ ਵਾਲੇ ਗੀਤ ਆਟੇ ਵਿਚ ਲੂਣ ਵਾਂਗ ਹਨ। ਪੰਜਾਬੀ ਗੀਤ ਇੰਡਸਟਰੀ ਲਈ ਵੀ ਕੋਈ ਸੈਂਸਰ ਬੋਰਡ ਹੋਣਾ ਚਾਹੀਦਾ ਹੈ, ਤਾਂ ਜੋ ਪੰਜਾਬੀਅਤ ਦਾ ਘਾਣ ਕਰਨ ਵਾਲਿਆਂ ਨੂੰ ਨੱਥ ਪਾਈ ਜਾ ਸਕੇ।

-ਜਗਦੀਪ ਸਿੰਘ ਭੁੱਲਰ
ਪਿੰਡ-ਜੋਗਾਨੰਦ, ਜ਼ਿਲ੍ਹਾ ਬਠਿੰਡਾ।

ਕੀ ਅਸੀਂ ਧਾਰਮਿਕ ਹਾਂ
ਹਰ ਵਿਅਕਤੀ ਕਿਸੇ ਧਰਮ, ਗੁਰੂ-ਪੀਰ ਵਿਚ ਵਿਸ਼ਵਾਸ ਰੱਖਦਾ ਹੈ। ਇਨ੍ਹਾਂ ਧਾਰਮਿਕ ਗੁਰੂ-ਪੀਰਾਂ ਨੇ ਜਿਹੜੀਆਂ ਬੁਰਾਈਆਂ ਤੋਂ ਸਾਨੂੰ ਵਰਜਿਆ, ਅਸੀਂ ਉਨ੍ਹਾਂ ਨੂੰ ਮੰਨਦੇ ਨਹੀਂ, ਸਗੋਂ ਧਰਮ ਨੂੰ ਆਪਣੀ ਸਵਾਰਥੀ ਤੇ ਨਿੱਜੀ ਸੋਚ ਨਾਲ ਚਲਾਉਣ ਲੱਗ ਪਏ ਹਾਂ। ਧਰਮ ਸਾਨੂੰ ਸਾਦਗੀ, ਵਫ਼ਾਦਾਰੀ, ਇਮਾਨਦਾਰੀ, ਝੂਠ ਨਾ ਬੋਲਣ, ਠੱਗੀ ਨਾ ਮਾਰਨਾ, ਕੁਦਰਤ ਨਾਲ ਪਿਆਰ, ਕਿੱਤੇ ਪ੍ਰਤੀ ਜ਼ਿੰਮੇਵਾਰੀ ਆਦਿ ਦਾ ਪਾਠ ਪੜ੍ਹਾਉਂਦਾ ਹੈ। ਅਸੀਂ ਆਪਣੇ ਅੰਦਰੂਨੀ ਝਾਤ ਮਾਰ ਕੇ ਨਹੀਂ ਦੇਖਦੇ ਕਿ ਸਾਡਾ ਜੀਵਨ ਇਨ੍ਹਾਂ ਚੰਗਿਆਈਆਂ ਅਨੁਸਾਰ ਚੱਲ ਰਿਹਾ ਹੈ ਜਾਂ ਨਹੀਂ। ਵਿਕਸਤ ਦੇਸ਼ਾਂ ਦੇ ਲੋਕ ਧਾਰਮਿਕ ਵਿਖਾਵੇ ਨਾਲੋਂ ਮਨੁੱਖੀ ਕਦਰਾਂ-ਕੀਮਤਾਂ ਨੂੰ ਤਰਜੀਹ ਦਿੰਦੇ ਹਨ। ਪਰ ਅਸੀਂ ਇਸ ਦੇ ਬਿਲਕੁਲ ਉਲਟ ਹਾਂ। ਅਸੀਂ ਹਰ ਸੁਧਾਰ ਦੀ ਉਮੀਦ ਦੂਸਰੇ ਕੋਲੋਂ ਰੱਖਦੇ ਹਾਂ, ਜਦ ਕਿ ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਆਪਣੇ ਆਂਢ-ਗੁਆਂਢ ਦਾ ਖਿਆਲ ਰੱਖੀਏ ਕਿ ਕਿਤੇ ਸਾਡੇ ਕਰਕੇ ਕੋਈ ਦੁਖੀ ਤਾਂ ਨਹੀਂ।

-ਗੁਰਿੰਦਰਜੀਤ ਸਿੰਘ ਕਲੇਰ
ਪਿੰਡ ਤੇ ਡਾਕ: ਕਲੇਰ ਕਲਾਂ, ਗੁਰਦਾਸਪੁਰ।

ਬਿਜਲੀ ਦੀ ਬੱਚਤ ਕਰਨੀ ਅਤਿ ਜ਼ਰੂਰੀ
ਬਿਜਲੀ ਦਾ ਸਾਡੇ ਜੀਵਨ ਵਿਚ ਮਹੱਤਵਪੂਰਨ ਸਥਾਨ ਹੈ। ਇਹ ਵਰਤਮਾਨ ਵਿਗਿਆਨ ਦੀ ਇਕ ਬਹੁਮੁੱਲੀ ਕਾਫ਼ ਹੈ। ਇਸ ਤੋਂ ਬਿਨਾਂ ਸਾਡਾ ਜੀਵਨ ਚੱਲਣਾ ਬਹੁਤ ਔਖਾ ਹੋ ਜਾਂਦਾ ਹੈ। ਸਾਡੇ ਆਮ ਘਰਾਂ ਵਿਚ ਪਈਆਂ ਬਹੁਤ ਸਾਰੀਆਂ ਚੀਜ਼ਾਂ ਬਿਜਲੀ ਦੀ ਸਹਾਇਤਾ ਨਾਲ ਹੀ ਚਲਦੀਆਂ ਹਨ। ਇਹ ਚੀਜ਼ਾਂ ਉਨ੍ਹਾਂ ਕਾਰਖਾਨਿਆਂ ਵਿਚ ਬਣਦੀਆਂ ਹਨ, ਜੋ ਬਿਜਲੀ ਨਾਲ ਚਲਦੇ ਹਨ। ਕਾਰਖਾਨਿਆਂ ਤੋਂ ਬਿਨਾਂ ਖੇਤੀਬਾੜੀ ਦਾ ਕੰਮ ਵੀ ਬਿਜਲੀ ਨਾਲ ਹੀ ਹੁੰਦਾ ਹੈ।
ਇਸ ਪ੍ਰਕਾਰ ਅਸੀਂ ਵੇਖਦੇ ਹਾਂ ਕਿ ਬਿਜਲੀ ਸਾਡੇ ਜੀਵਨ ਦੀ ਇਕ ਅਤਿ ਜ਼ਰੂਰੀ ਲੋੜ ਹੈ। ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਕ ਖਪਤਕਾਰ ਇਕ ਯੂਨਿਟ ਦੀ ਬੱਚਤ ਕਰਦਾ ਹੈ ਤਾਂ ਉਸ ਦੀ ਬੱਚਤ ਕੌਮੀ ਪੱਧਰ 'ਤੇ ਸਵਾ ਯੂਨਿਟ ਦੇ ਬਰਾਬਰ ਹੁੰਦੀ ਹੈ। ਇਸ ਪ੍ਰਕਾਰ ਬਚਾਈ ਗਈ ਬਿਜਲੀ ਦਾ ਲਾਭ ਭਾਰੀ ਖਰਚ ਨਾਲ ਪੈਦੀ ਕੀਤੀ ਗਈ ਬਿਜਲੀ ਨਾਲੋਂ ਵਧੇਰੇ ਹੁੰਦਾ ਹੈ। ਇਸ ਸਮੇਂ ਦੇਸ਼ ਵਿਚ 10 ਫ਼ੀਸਦੀ ਬਿਜਲੀ ਦੀ ਘਾਟ ਹੈ। ਇਸ ਘਾਟ ਨੂੰ ਪੂਰਾ ਕਰਨ ਦਾ ਇਕੋ-ਇਕ ਤਰੀਕਾ ਬਿਜਲੀ ਦੀ ਬੱਚਤ ਹੈ। ਜੇਕਰ ਅਸੀਂ ਇਸ ਦੀ ਵਰਤੋਂ ਵਿਚ ਸੰਜਮ ਤੋਂ ਕੰਮ ਲਈਏ।

-ਸੰਦੀਪ ਕੰਬੋਜ ਗੋਲੂ ਕਾ ਮੋੜ
ਤਹਿ: ਗੁਰੂਹਰਸਹਾਏ, ਜ਼ਿਲ੍ਹਾ ਫ਼ਿਰੋਜ਼ਪੁਰ।

ਸਵੈ ਦੀ ਪੜਚੋਲ ਜ਼ਰੂਰੀ
ਦੂਸਰੇ ਵਿਚ ਗਲਤੀਆਂ ਜਾਂ ਨੁਕਸ ਕੱਢ ਦੇਣੇ ਬੜੇ ਅਸਾਨ ਹੁੰਦੇ ਹਨ। ਪਰ ਆਪਣੀ ਗਲਤੀ ਜਾਂ ਨੁਕਸ ਵੀ ਇਨਸਾਨ ਨੂੰ ਦਿਖਾਈ ਨਹੀਂ ਦਿੰਦਾ ਹੈ, ਸਗੋਂ ਇਹ ਉਸ ਨੂੰ ਬਹੁਤ ਵੱਡਾ ਗੁਣ ਲੱਗਦਾ ਹੈ। ਜੇਕਰ ਕੋਈ ਕੰਮ 'ਮੈਂ' ਕਰਦਾ ਹਾਂ ਤਾਂ ਬਹੁਤ ਠੀਕ, ਪਰ ਜੇਕਰ ਉਹੀ ਕੰਮ ਕੋਈ 'ਹੋਰ' ਕਰੇ ਤਾਂ ਉਹ ਬਹੁਤ ਗਲਤ ਹੈ। ਇਕ ਹੀ ਕੰਮ ਪ੍ਰਤੀ ਅਸੀਂ ਦੂਹਰੇ ਮਾਪਦੰਡ ਕਿਉਂ ਅਪਣਾ ਜਾਂਦੇ ਹਾਂ? ਅਸੀਂ ਆਪਣੇ ਹੱਥ ਦੀ ਇਕ ਉਂਗਲ ਕਿਸੇ ਵੱਲ ਕਰਨ ਸਮੇਂ ਇਹ ਭੁੱਲ ਜਾਂਦੇ ਹਾਂ ਕਿ ਹੱਥ ਦੀਆਂ ਤਿੰਨ ਉਂਗਲਾਂ ਦਾ ਮੂੰਹ ਤਾਂ ਸਾਡੇ ਖ਼ੁਦ ਵੱਲ ਨੂੰ ਹੁੰਦਾ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਸਾਨੂੰ ਕਿਸੇ ਦੀਆਂ ਕਮੀਆਂ ਕੱਢਣ ਨਾਲੋਂ ਪਹਿਲਾਂ ਖ਼ੁਦ ਦੀ ਪੜਚੋਲ ਕਰਨੀ ਚਾਹੀਦੀ ਹੈ। ਪੰਜਾਬੀ ਦਾ ਮਸ਼ਹੂਰ ਅਖਾਣ 'ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ' ਵੀ ਇਸ ਕਥਨ ਦੀ ਪ੍ਰੋੜਤਾ ਕਰਦਾ ਹੈ। ਚਾਣਕਿਆ ਨੀਤੀ ਕਹਿੰਦੀ ਹੈ ਕਿ ਆਪਣਾ ਕੰਮ ਛੱਡ ਕੇ ਦੂਸਰੇ ਦੇ ਕੰਮਾਂ 'ਤੇ ਟੀਕਾ ਟਿੱਪਣੀਆਂ ਕਰਨ ਵਾਲਾ ਖ਼ੁਦ ਨੀਵੇਂ ਪੱਧਰ ਦਾ ਇਨਸਾਨ ਹੁੰਦਾ ਹੈ। ਇਸ ਲਈ ਸਾਨੂੰ ਹਮੇਸ਼ਾ ਖ਼ੁਦ ਦੀ ਪੜਚੋਲ ਕਰਦੇ ਰਹਿਣਾ ਚਾਹੀਦਾ ਹੈ। ਅਸੀਂ ਦੇਖੀਏ ਕਿ ਕਿਤੇ ਅਸੀਂ ਆਪਣੀ ਸ਼ਕਤੀ ਇਸ ਨੀਵੇਂ ਪੱਧਰ ਦੇ ਕੰਮ ਵਿਚ ਅਜਾਈਂ ਹੀ ਤਾਂ ਨਹੀਂ ਗੁਆਉਂਦੇ ਜਾ ਰਹੇ? ਇਹ ਥੋੜ੍ਹਚਿਰੀ ਜ਼ਿੰਦਗੀ ਪ੍ਰਮਾਤਮਾ ਨੇ ਵਿਆਰਥ ਦੇ ਕੰਮਾਂ ਵਿਚ ਪੈ ਕੇ ਬਤੀਤ ਕਰਨ ਲਈ ਨਹੀਂ ਦਿੱਤੀ ਹੈ। ਜਿੰਨਾ ਹੋ ਸਕੇ ਦੂਸਰੇ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਨਾਲੋਂ ਆਪੇ ਦੀ ਪੜਚੋਲ ਕਰਕੇ ਖ਼ੁਦ ਨੂੰ ਹੀ ਚੰਗੇ ਬਣਾ ਲਈਏ।

-ਲੈਕ: ਰਜਿੰਦਰ ਸਿੰਘ ਪਹੇੜੀ
ਆਨੰਦ ਨਗਰ, ਬੀ, ਪਟਿਆਲਾ।

ਛੋਟਾ ਪਰਿਵਾਰ ਹੁਣ ਨਹੀਂ ਸੁਖੀ
ਆਪਣੇ ਦੇਸ਼ ਦੀ ਜਨਸੰਖਿਆ ਨੂੰ ਕੰਟਰੋਲ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ ਸੀ ਕਿ 'ਛੋਟਾ ਪਰਿਵਾਰ ਸੁਖੀ ਪਰਿਵਾਰ' ਹੋਵੇਗਾ। ਪਰ ਸਮੇਂ ਦੀ ਚਾਲ ਅਤੇ ਵਿਦੇਸ਼ਾਂ ਦੀ ਭੱਜ-ਦੌੜ ਨੇ ਇਨ੍ਹਾਂ ਛੋਟੇ ਪਰਿਵਾਰਾਂ ਵਿਚ ਵਸਦੇ ਜੀਅ ਝੰਜੋੜ ਕੇ ਰੱਖ ਦਿੱਤੇ। ਇਕ ਛੋਟੇ ਪਰਿਵਾਰ ਵਿਚ ਪਤੀ ਪਤਨੀ ਅਤੇ ਦੋ ਬੱਚੇ ਹਨ। ਜਦੋਂ ਬੱਚੇ ਆਪਣੇ ਆਪ ਵਿਚ ਹੋ ਜਾਂਦੇ ਹਨ ਤਾਂ ਉਹ ਮਾਪਿਆਂ ਕੋਲੋਂ ਆਪ ਹੀ ਦੂਰੀਆਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਹਨ। ਆਪਣੇ ਘਰ ਵਿਚ ਅਲੱਗ-ਅਲੱਗ ਕਮਰੇ ਵਿਚ ਰਹਿਣ ਲੱਗ ਜਾਂਦੇ ਹਨ। ਇਨ੍ਹਾਂ ਦੂਰੀਆਂ ਵਿਚ ਬੱਚੇ ਮਾਤਾ-ਪਿਤਾ ਦੀ ਅੱਖਾਂ ਤੋਂ ਓਹਲੇ ਹੋ ਕੇ ਗ਼ਲਤ ਵਧੀਕੀਆਂ ਦਾ ਵੀ ਸ਼ਿਕਾਰ ਹੋ ਜਾਂਦੇ ਹਨ। ਇਸ ਤਰ੍ਹਾਂ ਨਾ ਮਾਪਿਆਂ ਕੋਲ ਆਪਣੇ ਬੱਚਿਆਂ ਲਈ ਸਮਾਂ ਹੈ ਅਤੇ ਬੱਚਿਆਂ ਕੋਲ ਤਾਂ ਹੋਣਾ ਹੀ ਕਿੱਥੋਂ ਹੈ। ਜ਼ਿਆਦਾਤਰ ਬੱਚਿਆਂ ਦੇ ਨਸ਼ਿਆ ਦਾ ਸ਼ਿਕਾਰ ਹੋਣ ਦੀ ਵੀ ਇਹੀ ਵਜ੍ਹਾ ਹੈ। ਭਾਵੇਂ ਪਹਿਲਾਂ ਪਰਿਵਾਰ ਵੱਡੇ ਸਨ, ਪਰ ਪਰਿਵਾਰ ਦਾ ਆਪਸੀ ਮੇਲ-ਜੋਲ, ਰਹਿਣ- ਸਹਿਣ, ਮਿਲਵਰਤਣ ਅੱਜ ਨਾਲੋਂ ਕਿਤੇ ਜ਼ਿਆਦਾ ਵਧੀਆ ਸੀ। ਅੱਜ ਦੀ ਨਵੀਂ ਪੀੜ੍ਹੀ ਤਾਂ ਆਪਣੇ ਦੇਸ਼ ਪੜ੍ਹਨ ਦੀ ਬਜਾਏ ਵਿਦੇਸ਼ਾਂ ਨੂੰ ਪਹਿਲ ਦੇ ਰਹੀ ਹੈ। ਜਿੱਥੇ ਜਾ ਕੇ ਉਹ ਹੋਰ ਆਜ਼ਾਦ ਹੋ ਜਾਂਦੇ ਹਨ ਅਤੇ ਮਾਪੇ ਇੱਥੇ ਇਕੱਲੇ ਵਿਚਾਰੇ ਤੜਫ਼ ਰਹੇ ਹਨ। ਇਸ ਤਰ੍ਹਾਂ ਕਈ ਪਰਿਵਾਰ ਇਸ ਤਣਾਅ ਦਾ ਸ਼ਿਕਾਰ ਬਣੇ ਹੋਏ ਹਨ। ਆਪਣੇ ਹੱਥੀ ਬਣਾਈਆਂ ਖਾਲੀ ਪਈਆਂ ਕੋਠੀਆਂ ਅੱਜ ਮਾਪਿਆਂ ਨੂੰ ਨਰਕ ਜਿਹੀ ਜ਼ਿੰਦਗੀ ਜਿਊਣ ਲਈ ਮਜਬੂਰ ਕਰ ਰਹੀਆਂ ਹਨ।

-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ-ਸੁਖਾਣਾ (ਲੁਧਿਆਣਾ)।

ਅਵਾਰਾ ਕੁੱਤਿਆਂ ਦੇ ਕਹਿਰ ਤੋਂ ਬਚੋ
ਅਵਾਰਾ ਕੁੱਤਿਆਂ ਦੇ ਸੜਕਾਂ ਤੇ ਗਲੀਆਂ 'ਚ ਬੈਠੇ ਜਾਂ ਘੁੰਮਦੇ ਝੁੰਡਾਂ ਤੋਂ ਲੋਕ ਹਰ ਵੇਲੇ ਦਹਿਸ਼ਤ 'ਚ ਰਹਿੰਦੇ ਹਨ। ਕਈ ਵਾਰੀ ਤਾਂ ਬੱਚਿਆਂ ਨੂੰ ਇਨ੍ਹਾਂ ਤੋਂ ਬਚਦਿਆਂ ਹੀ ਵੱਡੀਆਂ ਸੱਟਾਂ ਲੱਗ ਜਾਂਦੀਆਂ ਹਨ ਤੇ ਗੰਭੀਰ ਜ਼ਖ਼ਮੀ ਹੋ ਜਾਂਦੇ ਹਨ। ਇਨ੍ਹਾਂ ਕੁੱਤਿਆਂ ਦੇ ਸ਼ਿਕਾਰ ਵਿਅਕਤੀ ਜਿਥੇ ਸਰੀਰਕ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹਨ, ਉਥੇ ਆਰਥਿਕ ਤੌਰ 'ਤੇ ਵੀ ਐਵੇਂ ਹੀ ਖਮਿਆਜ਼ਾ ਭੁਗਤ ਰਹੇ ਹਨ। ਅਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਸਰਕਾਰ ਨੂੰ ਕੋਈ ਠੋਸ ਉਪਰਾਲਾ ਕਰਨਾ ਚਾਹੀਦਾ ਹੈ।

-ਸੰਨੀ ਰਾਏ।

14-10-2019

 ਵਿਰਸੇ ਨਾਲ ਜੁੜਨ ਦੀ ਲੋੜ
ਪਿਛਲੇ ਦਿਨੀਂ ਮੁਹੰਮਦ ਬਸ਼ੀਰ ਦੀ ਰਚਨਾ 'ਲੋੜ ਹੈ ਨੌਜਵਾਨ ਪੀੜ੍ਹੀ ਨੂੰ ਸੰਭਾਲਣ ਦੀ' ਪੜ੍ਹੀ। ਕਾਬਲ-ਏ-ਤਾਰੀਫ਼ ਸੀ। ਸਾਡੇ ਨੌਜਵਾਨਾਂ ਦੀ ਸੋਚ ਕਿਧਰ ਨੂੰ ਹੋ ਤੁਰੀ ਹੈ। ਜਦੋਂ ਅਸੀਂ ਛੋਟੇ ਸੀ ਸਵੇਰੇ ਸਾਜਰੇ ਉੱਠ ਡੰਗਰਾਂ ਲਈ ਪੱਠੇ ਲਿਆਉਂਦੇ ਸੀ, ਫਿਰ ਸਕੂਲ ਤੋਂ ਆ ਕੇ ਡੰਗਰ ਚਾਰਦੇ ਸੀ। ਸ਼ਾਮ ਨੂੰ ਸਾਥੀਆਂ ਨਾਲ ਲੁਕਣਮੀਚੀ, ਪਿੱਠੂ ਗਰਮ, ਪਿੰਨੀ ਪੱਚੀ, ਛਟਾਪੂ, ਕੋਟਲਾ ਛਪਾਕੀ, ਬਾਂਟੇ, ਖਿੱਦੂ-ਖੂੰਡੀ, ਕਬੱਡੀ ਆਦਿ ਖੇਡਦੇ ਸੀ। ਰਿਸ਼ਟ-ਪੁਸ਼ਟ ਰਹਿੰਦੇ ਸੀ। ਪਿੰਡ ਦੀਆਂ ਧੀਆਂ-ਭੈਣਾਂ ਨੂੰ ਹਰ ਬੰਦਾ ਆਪਣੀ ਧੀ-ਭੈਣ ਸਮਝਦਾ ਸੀ। ਨਸ਼ਿਆਂ ਦਾ ਨਾਮੋ-ਨਿਸ਼ਾਨ ਨਹੀਂ ਸੀ। ਸਕੂਲਾਂ ਵਿਚ ਨਕਲ ਦਾ ਰੁਝਾਨ ਨਹੀਂ ਸੀ। ਮਾਸਟਰ ਵਧੀਆ ਪੜ੍ਹਾਉਂਦੇ ਸਨ ਤੇ ਬੱਚੇ ਵੀ ਉਨ੍ਹਾਂ ਦੀ ਕਦਰ ਤੇ ਇੱਜ਼ਤ ਕਰ ਪੜ੍ਹਦੇ ਸਨ। ਉਦੋਂ ਦੇ ਪੜ੍ਹੇ ਬੱਚੇ ਵਧੀਆ ਪੋਸਟਾਂ ਤੋਂ ਸੇਵਾਮੁਕਤ ਹੋਏ ਹਨ। ਹੁਣ ਦੀ ਨੌਜਵਾਨ ਪੀੜ੍ਹੀ ਮਹਿੰਗੇ ਤੋਂ ਮਹਿੰਗੇ ਮੋਬਾਈਲ, ਮੋਟਰਸਾਈਕਲ, ਕਾਰਾਂ ਤੇ ਮਹਿੰਗੇ ਕੈਮਰਿਆਂ ਨਾਲ ਪਾਰਕਾਂ ਵਿਚ ਵੀਡੀਓ ਸ਼ੂਟ ਕਰ ਫੇਸ ਬੁੱਕ 'ਤੇ ਪਾਉਂਦੇ ਹਨ। ਤਿੰਨ-ਤਿੰਨ ਜਣੇ ਮੋਟਰ ਸਾਈਕਲ 'ਤੇ ਚੜ੍ਹ ਪਟਾਕੇ ਮਾਰਦੇ ਤੇਜ਼ ਭਜਾਉਂਦੇ ਰਹਿੰਦੇ ਹਨ। ਮਾਂ-ਪਿਓ ਵੀ ਇਨ੍ਹਾਂ ਤੋਂ ਲਾਚਾਰ ਮਹਿੰਗੀਆਂ ਚੀਜ਼ਾਂ ਲੈ ਕੇ ਦੇ ਰਹੇ ਹਨ ਕਿਤੇ ਕੁਝ ਕਰ ਨਾ ਲੈਣ। ਪਰ ਮੌਜੂਦਾ ਸਮੇਂ ਨੌਜਵਾਨ ਪੀੜ੍ਹੀ ਕੁਰਾਹੇ ਪੈ ਗਈ ਹੈ। ਲੋੜ ਹੈ ਬੱਚਿਆਂ ਨੂੰ ਸਕੂਲ ਪੱਧਰ 'ਤੇ ਜਾਗਰੂਕ ਕਰ ਕੇ ਆਪਣੇ ਵਿਰਸੇ ਨਾਲ ਜੋੜਨ ਦੀ ਜੋ ਆਪਣੇ ਪੁਰਾਣੇ ਸੱਭਿਆਚਾਰ ਵਿਰਸੇ ਤੋਂ ਬਿਲਕੁਲ ਅਣਜਾਣ ਹਨ।

-ਗੁਰਮੀਤ ਸਿੰਘ ਵੇਰਕਾ

ਦੁਰਘਟਨਾਵਾਂ ਨੂੰ ਸੱਦਾ...
ਸੜਕਾਂ 'ਤੇ ਵਾਹਨਾਂ ਨੂੰ ਚਲਾਉਣ ਸਮੇਂ ਚਾਲਕ ਦਾ ਧਿਆਨ ਭੰਗ ਹੋਣ 'ਤੇ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਗੱਡੀ ਵਿਚ ਵਜਦਾ ਸੰਗੀਤ ਵੀ ਗੱਡੀ ਚਲਾਉਣ ਵਾਲੇ ਦਾ ਧਿਆਨ ਭੰਗ ਕਰ ਸਕਦਾ ਹੈ। ਪਰ ਸਭ ਤੋਂ ਖ਼ਤਰਨਾਕ ਹੈ ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨਾ। ਇਕ ਪਾਸੇ ਤਾਂ ਪੰਜਾਬ ਦੀਆਂ ਸੜਕਾਂ 'ਤੇ ਅਵਾਰਾ ਪਸ਼ੂਆਂ ਦੀ ਬਹੁਤਾਤ ਹੈ ਜੋ ਕਿਸੇ ਵੀ ਸਮੇਂ ਦੁਰਘਟਨਾਵਾਂ ਦਾ ਕਾਰਨ ਬਣ ਜਾਂਦੇ ਹਨ। ਦੂਜਾ ਸੜਕਾਂ ਦੀ ਮਾੜੀ ਹਾਲਤ ਤੇ ਉਪਰੋਂ ਮੋਬਾਈਲ ਫੋਨ ਦੀ ਵਰਤੋਂ ਦੁਰਘਟਨਾਵਾਂ ਲਈ ਜ਼ਿੰਮੇਵਾਰ ਬਣ ਰਹੇ ਹਨ। ਜਿਥੇ ਇਕ ਵਾਹਨ ਚਾਲਕ ਦਾ ਸੜਕ 'ਤੇ ਚੱਲਣਾ ਅਧਿਕਾਰ ਹੈ, ਉਥੇ ਉਸ ਦਾ ਇਹ ਫ਼ਰਜ਼ ਵੀ ਬਣਦਾ ਹੈ ਕਿ ਉਹ ਦੂਜੇ ਵਾਹਨਾਂ ਦੀ ਸੁਰੱਖਿਆ ਬਾਰੇ ਗੰਭੀਰਤਾ ਨਾਲ ਸੋਚੇ। ਉਨ੍ਹਾਂ ਚਾਲਕਾਂ ਦਾ ਇਹ ਫ਼ਰਜ਼ ਹੋਰ ਵੀ ਵੱਧ ਹੈ ਜੇ ਉਹ ਸਕੂਲ ਬੱਸ, ਸਕੂਲ ਵੈਨ ਜਾਂ ਹੋਰ ਸਵਾਰੀਆਂ ਵਾਲੇ ਵਾਹਨਾਂ ਨੂੰ ਚਲਾ ਰਹੇ ਹੋਣ। ਸਰਕਾਰ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਦੇ ਹੋਏ ਗੱਡੀ ਚਲਾਉਣ ਸਮੇਂ ਮੋਬਾਈਲ ਫੋਨ ਦੀ ਵਰਤੋਂ 'ਤੇ ਰੋਕ ਲਗਾਉਣੀ ਚਾਹੀਦੀ ਹੈ ਤਾਂ ਕਿਸੇ ਇਕ ਦੀ ਗ਼ਲਤੀ ਕਾਰਨ ਬੇਕਸੂਰ ਲੋਕਾਂ ਦੀ ਜਾਨ-ਮਾਲ ਦਾ ਨੁਕਸਾਨ ਨਾ ਹੋਵੇ।

-ਸੁਖਦੀਪ ਸਿੰਘ ਗਿੱਲ
ਮਾਨਸਾ।

ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ
ਪਿਛਲੇ ਦਿਨੀਂ 'ਅਜੀਤ' 'ਚ ਡਾ: ਸ. ਸ. ਛੀਨਾ ਦਾ ਲੇਖ 'ਹੰਢਣਸਾਰ ਨਹੀਂ ਹੋ ਸਕਦੀ ਰਸਾਇਣਾਂ ਆਧਾਰਿਤ ਖੇਤੀ' ਪੜ੍ਹਿਆ। ਡਾ: ਹੁਰੀਂ ਅੱਗੇ ਵੀ ਖੇਤੀ ਸੰਕਟ ਬਾਰੇ ਲਿਖਦੇ ਰਹਿੰਦੇ ਹਨ। ਜਿਹੜਾ ਜ਼ਿਕਰ ਇਸ ਲੇਖ ਰਾਹੀਂ ਕੀਤਾ ਹੈ, ਖੇਤੀ ਵਿਗਿਆਨੀਆਂ ਅਤੇ ਜਾਗਰੂਕ ਕਿਸਾਨਾਂ ਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਜੇ ਇਸੇ ਤਰ੍ਹਾਂ ਧਰਤੀ ਹੇਠੋਂ ਪਾਣੀ ਘਟਦਾ ਗਿਆ ਅਤੇ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਵਧਦੀ ਗਈ ਤਾਂ ਧਰਤੀ ਦੀ ਸਿਹਤ ਤਾਂ ਖਰਾਬ ਹੋਣੀ ਹੀ ਹੈ, ਨਾਲ ਹੀ ਪੈਦਾ ਹੋਣ ਵਾਲਾ ਅਨਾਜ, ਫਲ, ਸਬਜ਼ੀਆਂ ਆਦਿ ਖਾਧ ਪਦਾਰਥ ਮਨੁੱਖਤਾ ਲਈ ਜ਼ਹਿਰ ਬਣ ਜਾਣਗੇ। ਖੇਤੀ ਵਿਗਿਆਨੀ ਯੂਨੀਵਰਸਿਟੀਆਂ 'ਚ ਬੈਠ ਕੇ ਕੁਝ ਚੋਣਵੇਂ ਕਿਸਾਨਾਂ ਨਾਲ ਬੈਠ ਕੇ ਗੱਲਬਾਤ ਕਰ ਕੇ ਬੁੱਤਾ ਸਾਰਦੇ ਰਹਿੰਦੇ ਹਨ। ਪਸ਼ੂ ਧਨ ਘੱਟ ਹੋਣ ਕਰਕੇ ਗੋਹੇ ਦੀ ਖਾਦ ਅਤੇ ਹਰੀਆਂ ਖਾਦਾਂ ਦੀ ਵਰਤੋਂ ਵੀ ਘਟ ਰਹੀ ਹੈ। ਰਹਿੰਦੀ ਕਸਰ ਨਾੜ ਅਤੇ ਪਰਾਲੀ ਦੀ ਅੱਗ ਨੇ ਪੂਰੀ ਕਰ ਦਿੱਤੀ ਹੈ। ਅੱਗ ਅਤੇ ਰਸਾਇਣਾਂ ਨੇ ਖੇਤਾਂ 'ਚੋਂ ਸਾਡੇ ਮਿੱਤਰ ਕੀੜਿਆਂ ਦਾ ਸਫ਼ਾਇਆ ਕਰ ਦਿੱਤਾ ਹੈ। ਡਾ: ਹੁਰਾਂ ਠੀਕ ਹੀ ਕਿਹਾ ਹੈ ਕਿ ਮੁਫ਼ਤ ਬਿਜਲੀ ਨੇ ਧਰਤੀ ਹੇਠਲੇ ਪਾਣੀ ਨੂੰ ਅੰਨ੍ਹੇਵਾਹ ਕੱਢ ਕੇ ਪਾਣੀ ਸੰਕਟ ਪੈਦਾ ਕਰ ਦਿੱਤਾ ਹੈ। ਜੇ ਇਸੇ ਤਰ੍ਹਾਂ ਖੇਤੀ ਖੇਤਰ ਵਿਚ ਰਸਾਇਣਾਂ ਦੀ ਵਰਤੋਂ ਹੁੰਦੀ ਰਹੀ ਤਾਂ ਧਰਤੀ ਅਤੇ ਮਨੁੱਖੀ ਜੀਵਨ ਸਦਾ ਤੰਦਰੁਸਤ ਨਹੀਂ ਰਹਿ ਸਕਦਾ। ਇਹ ਫ਼ਿਕਰ ਸਾਨੂੰ ਸਾਰਿਆਂ ਨੂੰ ਹੋਣਾ ਚਾਹੀਦਾ ਹੈ ਕਿਉਂਕਿ ਧਰਤੀ ਸਾਡੇ ਸਾਰਿਆਂ ਜੀਵਾਂ ਦੀ ਮਾਂ ਹੈ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਚਿੜੀਆਂ ਦੀ ਚੀਂ...ਚੀਂ...
ਅਠਖੇਲੀਆਂ ਕਰਦੇ ਪੰਛੀ ਸਾਨੂੰ ਬੇਹੱਦ ਪਿਆਰੇ ਲਗਦੇ ਹਨ। ਖਾਸ ਕਰਕੇ ਛੋਟੇ-ਛੋਟੇ ਬੱਚਿਆਂ ਨੂੰ ਰੰਗ-ਬਰੰਗੇ ਪਿਆਰੇ-ਪਿਆਰੇ ਪੰਛੀ ਬੜੇ ਮਨਮੋਹਣੇ ਤੇ ਸੁਖਦਾਇਕ ਲਗਦੇ ਹਨ। ਜਿਵੇਂ-ਜਿਵੇਂ ਧਰਤੀ 'ਤੇ ਮਨੁੱਖ ਦੀ ਦਾਅਵੇਦਾਰੀ ਵਧ ਰਹੀ ਹੈ। ਕੁਦਰਤ ਸਾਡੇ ਕੋਲੋਂ ਦੂਰ ਹੁੰਦੀ ਜਾ ਰਹੀ ਹੈ। ਮੌਸਮ 'ਚ ਆ ਰਹੇ ਬਦਲਾਅ, ਬਦਲਦਾ ਚੱਕਰਵਾਤ, ਧਰਤੀ ਦਾ ਗਰਮ ਹੋਣਾ, ਗਲੇਸ਼ੀਅਰਾਂ ਦਾ ਪਿਘਲਣਾ, ਸਮੁੰਦਰ ਵਿਚ ਪਾਣੀ ਦਾ ਵਧਣਾ ਅਤੇ ਕੱਟੇ ਜਾ ਰਹੇ ਜੰਗਲਾਂ ਕਾਰਨ ਬਨਸਪਤੀ ਦੇ ਨਾਲ ਹੀ ਬੇਜ਼ੁਬਾਨ ਅਤੇ ਬੇਕਸੂਰ, ਅਨਮੋਲ ਅਣਭੋਲ ਪੰਛੀਆਂ ਦੀਆਂ ਨਸਲਾਂ ਖਤਮ ਹੋ ਰਹੀਆਂ ਹਨ। ਜਿਨ੍ਹਾਂ ਵਿਚ ਬਹੁਤ ਘੱਟ ਪ੍ਰਜਾਤੀਆਂ ਬਦਲ ਰਹੇ ਹਾਲਾਤ ਦਾ ਟਾਕਰਾ ਕਰ ਕੇ ਆਪਣੇ-ਆਪ ਨੂੰ ਬਚਾ ਰਹੀਆਂ ਹਨ। ਪਿਛਲੇ ਦੋ ਦਹਾਕਿਆਂ ਅੰਦਰ ਪੰਜਾਬ ਵਿਚ ਦਰੱਖਤਾਂ ਤੋਂ ਪੱਧਰੀ ਹੋ ਰਹੀ ਜ਼ਮੀਨ ਵੀ ਕਈ ਪ੍ਰਜਾਤੀਆਂ ਦੇ ਖਤਮ ਹੋਣ ਦਾ ਕਾਰਨ ਹੈ। ਪੰਛੀ ਕੁਦਰਤ ਦਾ ਅਨਮੋਲ ਤੋਹਫਾ ਤੇ ਧਰਤੀ ਦਾ ਸ਼ਿੰਗਾਰ ਹਨ। ਕਿਤੇ ਨਾ ਕਿਤੇ ਇਨਸਾਨ ਦਾ ਉਹ ਕਿਰਦਾਰ ਵੀ ਜ਼ਿੰਮੇਵਾਰ ਹੈ ਜੋ ਇਨਸਾਨ ਦੇ ਰੂਪ 'ਚ ਹੈਵਾਨ ਬਣ ਕੇ ਨਾ ਕੇਵਲ ਪੰਛੀਆਂ ਦੀ ਹੋਂਦ ਖਤਮ ਕਰਨ 'ਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ, ਸਗੋਂ ਮਨੁੱਖ ਤੇ ਕੁਦਰਤ ਦੀ ਪੰਛੀਆਂ ਨਾਲ ਯੁੱਗਾਂ ਪੁਰਾਣੀ ਸਾਂਝ ਨੂੰ ਤੋੜ ਕੇ ਭਵਿੱਖ ਲਈ ਤਬਾਹੀ ਦੇ ਬੀਜ ਬੀਜ ਰਿਹਾ ਹੈ।

-ਸੰਦੀਪ ਕੰਬੋਜ
ਗੋਲੂ ਕਾ ਮੋੜ, ਤਹਿ: ਗੁਰੂ ਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ।

ਮਿਲਾਵਟੀ ਵਸਤਾਂ ਦੀ ਭਰਮਾਰ
ਸਿਹਤ ਨਾਲ ਖਿਲਵਾੜ ਕਰ ਰਹੇ ਇਹ ਲੋਕ ਏਨੇ ਗਿਰ ਚੁੱਕੇ ਹਨ ਕਿ ਇਨ੍ਹਾਂ ਨੂੰ ਕਿਸੇ ਦੇ ਮਰਨ-ਜਿਊਣ ਦਾ ਕੋਈ ਗ਼ਮ ਨਹੀਂ ਹੁੰਦਾ। ਇਹ ਤਾਂ ਬੱਸ ਆਪਣਾ ਹੀ ਦੇਖਦੇ ਹਨ। ਇਹ ਮਿਲਾਵਟ ਖੋਰ ਲੋਕ ਸਮਾਜ ਵਿਚ ਜ਼ਹਿਰ ਵੇਚ ਕੇ ਲੋਕਾਈ ਨਾਲ ਨਾ-ਮੁਆਫ਼ ਕਰਨ ਯੋਗ ਧੋਖਾ ਕਮਾ ਰਹੇ ਹਨ। ਦਾਲਾਂ ਤੱਕ ਵਿਚ ਮਿਲਾਵਟ ਭਰੀ ਨਜ਼ਰ ਆਉਂਦੀ ਹੈ। ਹੋਰ ਤਾਂ ਹੋਰ ਸੀਮੈਂਟ ਵਿਚ ਸਵਾਹ ਮਿਲਾ ਕੇ ਪੈਕਿੰਗ ਕਰ ਲਈ ਜਾਂਦੀ ਹੈ। ਇਕ ਤਾਂ ਵੈਸੇ ਹੀ ਜ਼ਹਿਰੀਲੀਆਂ ਦਵਾਈਆਂ ਨੇ ਲੋਕਾਂ ਨੂੰ ਮਾਰ ਸੁੱਟਿਆ ਉੱਪਰੋਂ ਮਿਲਾਵਟਖੋਰਾਂ ਨੇ ਧੰਨ-ਧੰਨ ਕਰਵਾਈ ਹੋਈ ਹੈ। ਮਿਲਾਵਟ ਕਰਨ ਵਾਲੇ ਜ਼ਹਿਰੀਲੇ ਤੋਂ ਜ਼ਹਿਰੀਲੇ ਤੱਤਾਂ ਦੀ ਵਰਤੋਂ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਮਠਿਆਈਆਂ ਵਿਚ ਦੀਵਾਰਾਂ ਨੂੰ ਕਰਨ ਵਾਲੀ ਕਲੀ ਤੱਕ ਵਰਤ ਲਈ ਜਾਂਦੀ ਹੈ। ਮਿਲਾਵਟ ਕਰਨ ਲਈ ਫੈਕਟਰੀਆਂ ਤੱਕ ਲਗਾਈਆਂ ਜਾਂਦੀਆਂ ਹਨ। ਇਕ ਨਰੋਏ ਸਮਾਜ ਲਈ ਮਿਲਾਵਟ ਰਹਿਤ ਚੀਜ਼ਾਂ ਦਾ ਹੋਣਾ ਹੀ ਇਕ ਸੱਭਿਅਕ ਸਮਾਜ ਦੀ ਨਿਸ਼ਾਨੀ ਹੈ।

-ਅਸ਼ਵਨੀ ਕੁਮਾਰ ਪੰਡੋਰੀ
ਸ. ਸ. ਸ. ਸ. ਝੰਜੌੜੀ (ਗੁਰਦਾਸਪੁਰ)

ਇਮਾਨਦਾਰੀ ਦੀ ਕਮਾਈ
ਭੋਜਨ ਧਰਤੀ 'ਤੇ ਸਭ ਪ੍ਰਾਣੀਆਂ ਦੇ ਸਰੀਰ ਦੇ ਪੋਸ਼ਣ ਲਈ ਲਾਜ਼ਮੀ ਹੈ, ਕਿਉਂਕਿ ਇਸ ਨਾਲ ਤਨ ਨੂੰ ਤਾਕਤ ਮਿਲਦੀ ਹੈ ਅਤੇ ਮਨ ਨੂੰ ਸੰਸਕਾਰ। ਪਵਿੱਤਰਤਾ, ਮਿਹਨਤ ਅਤੇ ਇਮਾਨਦਾਰੀ ਵਾਲੀ ਕਮਾਈ ਨਾਲ ਜੁਟਾਇਆ ਭੋਜਨ ਮਨ ਨੂੰ ਤੰਦਰੁਸਤ ਰੱਖਦਾ ਹੈ ਅਤੇ ਤਨ ਨੂੰ ਸ਼ੁੱਧ ਕਰਦਾ ਹੈ। ਸੂਰਜ ਚੜ੍ਹਨ ਤੋਂ ਬਾਅਦ ਅਤੇ ਸੂਰਜ ਛਿਪਣ ਤੋਂ ਪਹਿਲਾਂ ਖਾਧਾ ਗਿਆ ਭੋਜਨ ਹੀ ਲਾਭਦਾਇਕ ਹੁੰਦਾ ਹੈ। ਚੰਗੇ ਭੋਜਨ ਮਗਰੋਂ ਵਿਅਕਤੀ ਕਿਸੇ ਨੂੰ ਵੀ ਮੁਆਫ਼ ਕਰ ਸਕਦਾ ਹੈ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਭੋਜਨ ਬਾਰੇ ਉਕਤ ਸਾਵਧਾਨੀਆਂ ਜ਼ਰੂਰ ਵਰਤੀਆਂ ਜਾਣ।

-ਪਰਵਿੰਦਰ ਕੌਰ
ਰਾਏਕੋਟ।

11-10-2019

 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਬਾਰੇ
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਆ ਰਿਹਾ ਹੈ। ਇਸ ਵਿਚ ਕੋਈ ਮੇਰ ਤੇਰ ਜਾਂ ਸਿਆਸਤ ਨਹੀਂ ਹੋਣੀ ਚਾਹੀਦੀ। ਸਾਨੂੰ ਸਾਰੀ ਸਿੱਖ ਕੌਮ ਨੂੰ ਹੋਰਾਂ ਭਾਈਚਾਰਿਆਂ ਨਾਲ ਮਿਲ ਕੇ ਪ੍ਰਕਾਸ਼ ਪੁਰਬ ਮਨਾਉਣਾ ਚਾਹੀਦਾ ਹੈ। ਇਥੇ ਪੰਜਾਬ ਸਰਕਾਰ ਆਪਣਾ ਕੰਮ ਕਰ ਰਹੀ ਹੈ ਅਤੇ ਐਸ.ਜੀ.ਪੀ.ਸੀ. ਆਪਣਾ ਕੰਮ ਕਰ ਰਹੀ ਹੈ। ਜੋ ਵੀ ਪ੍ਰੋਗਰਾਮ ਉਲੀਕਣਾ ਹੈ, ਇਕੱਠੇ ਹੋ ਕੇ ਉਲੀਕਣਾ ਚਾਹੀਦਾ ਹੈ ਤੇ ਇਕੱਠੇ ਹੋ ਕੇ ਮਨਾਉਣਾ ਚਾਹੀਦਾ ਹੈ, ਇਸ ਵਿਚ ਹੀ ਸਿੱਖੀ ਦੀ ਸ਼ਾਨ ਹੈ। ਜਦੋਂ ਇਸ ਵਿਚ ਵੱਖਰੇ-ਵੱਖਰੇ ਮਨਾਉਣ ਦੀ ਗੱਲ ਕਰਦੇ ਹਾਂ ਤਾਂ ਇਸ ਦੀ ਭਾਵਨਾ ਵਿਚ ਤਰੇੜਾਂ ਪਾਉਣ ਦੀ ਗੱਲ ਆ ਜਾਂਦੀ ਹੈ, ਜੋ ਦੁਨੀਆ ਵਿਚ ਗ਼ਲਤ ਸੰਦੇਸ਼ ਪਹੁੰਚਾਉਂਦੀ ਹੈ। ਇਸ ਦੇ ਨਾਲ-ਨਾਲ ਫਜ਼ੂਲ ਖਰਚੇ ਤੋਂ ਵੀ ਬਚਣਾ ਹੈ। ਕਈ ਵਾਰੀ ਅਸੀਂ ਗੁਰ ਘਰ ਦੀ ਗੋਲਕ ਨੂੰ ਫਜ਼ੂਲ ਖਰਚੀ ਵਿਚ ਖਰਚ ਕਰ ਜਾਂਦੇ ਹਾਂ। ਸੋ ਸਾਡੀ ਬੇਨਤੀ ਹੈ ਕਿ ਸਾਡੇ ਮੁੱਖ ਮੰਤਰੀ ਜੀ ਨੂੰ ਅਤੇ ਪ੍ਰਧਾਨ ਸਾਹਿਬ ਨੂੰ ਇਕੱਠੇ ਮਿਲ ਕੇ, ਬੈਠ ਕੇ ਸ਼ਰਧਾ, ਭਾਵਨਾ ਨਾਲ ਇਹ ਦਿਨ ਮਨਾਉਣਾ ਚਾਹੀਦਾ ਹੈ।


-ਹਰਜਿੰਦਰਪਾਲ ਸਿੰਘ ਬਾਜਵਾ
ਵਿਜੇ ਨਗਰ, ਹੁਸ਼ਿਆਰਪੁਰ।


ਖ਼ਤਰਨਾਕ ਰੁਝਾਨ
ਖ਼ੁਦਕੁਸ਼ੀ ਤੇ ਸਮਾਜਿਕ ਤਾਣਾਬਾਣਾ ਅਜੋਕੇ ਯੁੱਗ ਦਾ ਸਭ ਤੋਂ ਖ਼ਤਰਨਾਕ ਰੁਝਾਨ ਹੈ। ਆਪਾਂ ਰੋਜ਼ਾਨਾ ਅਖ਼ਬਾਰਾਂ ਵਿਚ 2-4 ਖ਼ਬਰਾਂ ਖ਼ੁਦਕੁਸ਼ੀ ਕਰਕੇ ਮਰਨ ਵਾਲਿਆਂ ਦੀਆਂ ਪੜ੍ਹਦੇ ਹਾਂ, ਜਿਨ੍ਹਾਂ ਵਿਚ ਜ਼ਿਆਦਾਤਰ ਨੌਜਵਾਨ ਮੁੰਡੇ-ਕੁੜੀਆਂ ਸ਼ੁਮਾਰ ਹੁੰਦੇ ਹਨ। ਖ਼ੁਦਕੁਸ਼ੀ ਕਰਨ ਵਾਲਾ ਕਿਸੇ ਵੀ ਮਸਲੇ ਨੂੰ ਠੰਢੇ ਦਿਮਾਗ ਨਾਲ ਵਿਚਾਰਨ ਦੀ ਬਜਾਏ ਇਕ ਦਮ ਭੜਕ ਉੱਠਦਾ ਹੈ। ਕਿਸੇ ਨੂੰ ਮਾਰ ਦਿਓ ਜਾਂ ਮਰ ਜਾਓ' ਦੀਆਂ ਗੱਲਾਂ ਕਰਦੇ ਹਨ। ਜ਼ਿਆਦਾ ਖ਼ੁਦਕੁਸ਼ੀ ਕਰਨ ਲਈ ਪ੍ਰੇਮ ਪ੍ਰਸੰਗ, ਮਨੋਰੋਗ, ਅਖੌਤੀ ਸਮਾਜਿਕ ਰੀਤੀ-ਰਿਵਾਜ਼ ਬਜ਼ੁਰਗਾਂ ਦਾ ਇਕੱਲਾਪਣ ਅੰਧ-ਵਿਸ਼ਵਾਸ, ਆਰਥਿਕ ਤੰਗੀ, ਬੇਰੁਜ਼ਗਾਰੀ, ਅਖੌਤੀ ਤਾਂਤਰਿਕ ਕਾਰਨ ਇਹ ਕਦਮ ਵਧਾਉਂਦਾ ਹੈ। ਨੌਜਵਾਨਾਂ ਦਾ ਦੇਖੋ-ਦੇਖੀ ਵਿਦੇਸ਼ਾਂ ਨੂੰ ਜਾਣ, ਅੱਡੀਆਂ ਚੁੱਕ ਕੇ ਫਾਹਾ ਲੈਣ ਦੇ ਬਰਾਬਰ ਹੈ।
ਜਜ਼ਬਾਤਾਂ ਨੂੰ ਜੇ ਸਬਰ ਨਾਲ ਮਾਰੋ ਤਾਂ ਖ਼ੁਦਕੁਸ਼ੀ ਦਾ ਫੁਰਨਾ ਕਦੇ ਵੀ ਮਨ ਵਿਚ ਨਹੀਂ ਆਵੇਗਾ। ਮੁਸ਼ਕਿਲ ਮੁਹਰੇ ਗੋਡੇ ਨਾ ਟੇਕੋ, ਸਗੋਂ ਸਾਹਮਣੇ ਕਰੋ। ਜੇ ਮਨੁੱਖੀ ਜੀਵਨ ਰਹੇਗਾ ਤਦ ਮਨੁੱਖ ਹਰ ਮੁਸ਼ਕਿਲ ਦਾ ਹੱਲ ਕਰ ਲਵੇਗਾ। ਜੇ ਖ਼ੁਦਕੁਸ਼ੀ ਕਰਾਂਗੇ ਤਾਂ ਸਾਡੇ ਹੋਰ ਪਰਿਵਾਰਕ ਮੈਂਬਰ ਪੂਰੀ ਜ਼ਿੰਦਗੀ ਮੁਸ਼ਕਿਲਾਂ ਦੇ ਦੌਰ 'ਚੋਂ ਲੰਘਣਗੇ। ਖ਼ੁਦਕਸ਼ੀ ਦਾ ਵਿਚਾਰ ਮਨ ਵਿਚ ਨਾ ਲਿਆਓ ।


-ਡਾ: ਰਾਜ ਨਰਿੰਦਰ ਝਬੇਲਵਾਲੀ,
ਪਿੰਡ ਤੇ ਡਾਕ: ਝਬੇਲਵਾਲੀ, ਮੁਕਤਸਰ ਸਾਹਿਬ।


ਮਨ ਵੀ ਸਵੱਛ ਕਰਨਾ ਜ਼ਰੂਰੀ
ਸਾਡੇ ਦੇਸ਼ ਵਿਚ ਨਿਵੇਕਲੀ ਕਿਸਮ ਦੀ 'ਸਵੱਛ ਭਾਰਤ' ਨਾਂਅ ਦੀ ਮੁਹਿੰਮ ਚਲਾਈ ਗਈ ਹੈ ਜੋ ਹੁਣ ਤੱਕ ਨਿਰੰਤਰ ਜਾਰੀ ਹੈ। ਇਸ ਮੁਹਿੰਮ ਦੇ ਜਿਸ ਤਰ੍ਹਾਂ ਦੇ ਸਿੱਟਿਆਂ ਦੀ ਆਸ ਸੀ, ਉਸ ਤਰ੍ਹਾਂ ਦੇ ਸਿੱਟੇ ਪ੍ਰਾਪਤ ਨਹੀਂ ਹੋਏ। ਥੋੜ੍ਹੀ ਸਰਗਰਮੀ ਤੋਂ ਬਾਅਦ ਫਿਰ ਥਾਂ-ਥਾਂ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਬਾਹਰੀ ਕੂੜੇ ਦੀ ਸਫ਼ਾਈ ਦੇ ਨਾਲ-ਨਾਲ ਮਨ ਦੇ ਕੂੜ-ਕਬਾੜ ਦੀ ਵੀ ਸਫ਼ਾਈ ਕਰਨੀ ਚਾਹੀਦੀ ਹੈ। ਅਸੀਂ ਆਪਣੇ ਘਰ ਦਾ ਕੂੜਾ ਗੁਆਂਢੀਆਂ ਦੇ ਘਰ ਅੱਗੇ ਸੁੱਟਣ ਵਿਚ ਵਿਸ਼ਵਾਸ ਰੱਖਣ ਵਾਲੇ ਹਾਂ। ਅਸੀਂ ਕਿਸੇ ਵੀ ਪੱਧਰ 'ਤੇ ਦੂਸਰੇ ਨੂੰ ਆਪਣੇ ਨਾਲੋਂ ਸਾਫ਼ ਨਹੀਂ ਦੇਖ ਸਕਦੇ ਕਿਉਂਕਿ ਸਾਡੇ ਮਨ ਵਿਚ ਦੂਸਰਿਆਂ ਨਾਲੋਂ ਹਰਫ਼ਨ-ਮੌਲਾ ਹੋਣ ਦਾ ਭਰਮ ਭਰਿਆ ਪਿਆ ਹੈ।
ਅਸੀਂ ਕੇਵਲ ਆਪਣੇ-ਆਪ ਬਾਰੇ ਸੋਚਦੇ ਹਾਂ ਤਦ ਹੀ ਸਾਡੇ ਦੁਆਰਾ ਸੁੱਟੇ ਕੂੜਾ-ਕਰਕਟ ਵਿਚੋਂ ਹੋਣ ਵਾਲੀਆਂ ਹਾਨੀਆਂ ਬਾਰੇ ਕਦੇ ਵਿਚਾਰ ਨਹੀਂ ਕਰਦੇ। ਇਸ ਲਈ ਇਸ ਮੁਹਿੰਮ ਦੀ ਕਾਮਯਾਬੀ ਲਈ ਹਰ ਕਿਸੇ ਨੂੰ ਆਪਣੇ ਵਿਚਾਰਾਂ ਵਿਚ ਤਬਦੀਲੀ ਲਿਆ ਕੇ ਇਸ ਨੂੰ ਦਿਖਾਵੇ ਦੀ ਥਾਂ ਅਮਲੀ ਰੂਪ ਵਿਚ ਸਵੀਕਾਰ ਕਰਨਾ ਪਵੇਗਾ। ਦੂਸਰਾ ਸੁੱਟੇ ਗਏ ਕੂੜਾ-ਕਰਕਟ ਤੋਂ ਕੋਈ ਸਮਾਜ ਲਈ ਉਪਯੋਗੀ 'ਪਾਵਰ ਪ੍ਰੋਸੈਸਿੰਗ ਯੂਨਿਟ' ਸਥਾਪਿਤ ਕਰਨੇ ਚਾਹੀਦੇ ਹਨ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।


ਗੀਤਾਂ 'ਚ ਲੱਚਰਤਾ
ਅੱਜਕਲ੍ਹ ਹਰ ਕੋਈ ਪੰਜਾਬੀ ਗੀਤਾਂ 'ਚ ਵਧ ਰਹੀ ਲੱਚਰਤਾ ਤੋਂ ਦੁਖੀ ਹੈ। ਕਿਉਂਕਿ ਅਜੋਕੇ ਗੀਤ ਪੰਜਾਬੀ ਸਮਾਜ ਦੇ ਕੱਦ ਅਨੁਸਾਰ ਨਹੀਂ ਹਨ ਪਰ ਜੇ ਸੋਚਿਆ ਜਾਵੇ ਕਿ ਸਾਡਾ ਸਮਾਜ ਕਿੱਧਰ ਜਾ ਰਿਹਾ ਹੈ? ਇਹ ਵੀ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ। ਗੀਤ ਅਕਸਰ ਹੀ ਸਮੇਂ ਦੇ ਹਾਣੀ ਹੁੰਦੇ ਹਨ। ਕਿਸੇ ਗਾਇਕ ਨੇ ਆਪਣੀ ਇੰਟਰਵਿਊ ਵਿਚ ਵੀ ਕਿਹਾ ਸੀ ਕਿ ਅਸੀਂ ਉਹੀ ਗਾਉਂਦੇ ਹਾਂ ਜੋ ਲੋਕਾਂ ਦੀ ਪਸੰਦ ਹੈ। ਪਰ ਅਸਲੀਅਤ ਅਤੇ ਸਚਾਈ ਇਹ ਹੈ ਕਿ ਪੰਜਾਬੀ ਸਮਾਜ ਦਾ ਹੀ ਕੱਦ ਹੁਣ ਉਹ ਨਹੀਂ ਰਿਹਾ ਜੋ ਕਦੇ ਉਸ ਦੇ ਵਿਰਾਸਤੀ ਅਤੇ ਲੋਕ ਗੀਤਾਂ ਅਨੁਸਾਰ ਢੁਕਵਾਂ ਸੀ।


-ਮਨਦੀਪ ਸਿੰਘ ਸੇਰੋਂ
ਦਸਮੇਸ਼ ਨਗਰ, ਸੁਨਾਮ (ਸੰਗਰੂਰ)।


ਮਸਲਾ ਅਵਾਰਾ ਜਾਨਵਰਾਂ ਦਾ
ਅਜੋਕੇ ਸਮੇਂ ਸਾਡੇ ਸਮਾਜ ਨੂੰ ਇਕ ਅਹਿਮ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰਕੇ ਲੋਕ ਡਾਢੇ ਦੁਖੀ ਅਤੇ ਪ੍ਰੇਸ਼ਾਨ ਹਨ। ਉਹ ਮਸਲਾ ਹੈ ਅਵਾਰਾ ਜਾਨਵਰਾਂ ਦਾ। ਇਨ੍ਹਾਂ ਜਾਨਵਰਾਂ ਵਿਚ ਕੁੱਤੇ, ਡੰਗਰ ਅਤੇ ਜੰਗਲੀ ਸੂਰ ਸ਼ਾਮਿਲ ਹਨ। ਬਿਨਾਂ ਸ਼ੱਕ ਇਹ ਅਵਾਰਾ ਕੁੱਤੇ, ਜੰਗਲੀ ਸੂਰ ਅਤੇ ਪਸ਼ੂ ਲੋਕਾਂ ਦਾ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਕਰ ਰਹੇ ਹਨ। ਆਏ ਦਿਨ ਅਖ਼ਬਾਰਾਂ ਵਿਚ ਅਵਾਰਾ ਕੁੱਤਿਆਂ ਵਲੋਂ ਕਿਸੇ ਨਾ ਕਿਸੇ ਵਿਅਕਤੀ ਨੂੰ ਨੋਚ ਕੇ ਖਾ ਜਾਣ, ਅਵਾਰਾ ਡੰਗਰਾਂ ਕਾਰਨ ਵਾਪਰ ਰਹੀਆਂ ਦੁਰਘਟਨਾਵਾਂ, ਜੰਗਲੀ ਸੂਰਾਂ ਵਲੋਂ ਅਤੇ ਅਵਾਰਾ ਡੰਗਰਾਂ ਵਲੋਂ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫ਼ਸਲਾਂ ਨੂੰ ਹੁੰਦੇ ਨੁਕਸਾਨ ਦੀਆਂ ਖ਼ਬਰਾਂ ਪੜ੍ਹਨ-ਸੁਣਨ ਨੂੰ ਮਿਲਦੀਆਂ ਹਨ। ਕੋਈ ਵੀ ਸਮੱਸਿਆ ਜਾਂ ਮਸਲਾ ਅਜਿਹਾ ਨਹੀਂ ਹੁੰਦਾ, ਜਿਸ ਦਾ ਕੋਈ ਹੱਲ ਨਾ ਹੋਵੇ ਪਰ ਉਸ ਦੇ ਹੱਲ ਲਈ ਸੰਜੀਦਾ ਯਤਨਾਂ ਦੀ ਲੋੜ ਹੁੰਦੀ ਹੈ।
ਸੋ, ਸਮੇਂ ਦੀ ਸਰਕਾਰ ਅਤੇ ਸਮਾਜ ਦੇ ਜਾਗਰੂਕ ਲੋਕਾਂ ਨੂੰ ਲੋਕ ਹਿਤ ਵਿਚ ਇਸ ਮਸਲੇ ਵੱਲ ਵਿਸ਼ੇਸ਼ ਧਿਆਨ ਦੇ ਕੇ ਢੁਕਵੇਂ ਕਦਮ ਉਠਾਉਣੇ ਚਾਹੀਦੇ ਹਨ ਤਾਂ ਕਿ ਇਸ ਸਮੱਸਿਆ ਦਾ ਫੌਰੀ ਹੱਲ ਕੱਢਿਆ ਜਾ ਸਕੇ। ਅਜਿਹਾ ਕਰਨਾ ਸਮੇਂ ਦੀ ਮੰਗ ਹੀ ਨਹੀਂ, ਸਗੋਂ ਵੱਡੀ ਲੋੜ ਹੈ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

10-10-2019

 ਮਿਲਾਵਟੀ ਮਿਠਾਈਆਂ
ਜਿਵੇਂ-ਜਿਵੇਂ ਹੁਣ ਸਾਲ ਦਾ ਅੰਤ ਨੇੜੇ ਆ ਰਿਹਾ ਹੈ, ਉਂਜ ਹੀ ਤਿਉਹਾਰਾਂ ਦਾ ਦੌਰ ਸ਼ੁਰੂ ਹੋਣ ਵਾਲਾ ਹੈ ਅਤੇ ਇਸ ਦੇ ਨਾਲ ਹੀ ਇਕ ਹੋਰ ਚੀਜ਼ ਦਾ ਦੌਰ ਸ਼ੁਰੂ ਹੋਣ ਲੱਗਾ ਹੈ, ਜੋ ਮਿਲਾਵਟੀ ਮਿਠਾਈਆਂ ਦਾ, ਹਾਲੇ ਤਾਂ ਤਿਉਹਾਰ ਸ਼ੁਰੂ ਵੀ ਨਹੀਂ ਹੋਏ ਪਰ ਇਸ ਤੋਂ ਪਹਿਲਾਂ ਹੀ ਫੂਡ ਸੇਫਟੀ ਟੀਮ ਨੇ ਬਠਿੰਡਾ ਤੇ ਲੁਧਿਆਣਾ ਵਿਚ ਛਾਪੇਮਾਰੀ ਕੀਤੀ, ਜਿਸ ਵਿਚ ਵੱਡੀ ਮਾਤਰਾ ਵਿਚ ਨਕਲੀ ਦੇਸੀ ਘਿਓ ਤੇ ਹੋਰ ਸਾਮਾਨ ਨੂੰ ਬਰਾਮਦ ਕੀਤਾ ਗਿਆ। ਜਨਵਰੀ 2018 ਤੋਂ ਲੈ ਕੇ ਮਾਰਚ 2019 ਤੱਕ ਫੂਡ ਸੇਫਟੀ ਵਿਭਾਗ ਨੇ 1120 ਤਰ੍ਹਾਂ ਦੇ ਸੈਂਪਲ ਲਏ ਸਨ, ਜਿਸ ਵਿਚ 160 ਸੈਂਪਲ ਫੇਲ੍ਹ ਪਾਏ ਗਏ ਪਰ ਸ਼ਾਇਦ ਕਾਰਵਾਈ ਦੇ ਹਿੱਸੇ ਮਹਿਜ਼ ਦੋ-ਤਿੰਨ ਕੇਸ ਹੋਣਗੇ ਤੇ ਇਸੇ ਚੱਕਰ ਵਿਚ ਦੁਕਾਨਦਾਰ ਇਸ ਚੀਜ਼ ਨੂੰ ਹਲਕੇ ਵਿਚ ਲੈ ਲੈਂਦੇ ਹਨ ਕਿ ਪ੍ਰਸ਼ਾਸਨ ਆਏਗਾ, ਚੈਕਿੰਗ ਕਰੇਗਾ ਪਰ ਮੁੜ ਸਜ਼ਾ ਦੇਣ ਤਾਂ ਕਦੇ ਨਹੀਂ ਆਏਗਾ ਤਾਂ ਹੀ ਹਾਲਾਤ ਨਹੀਂ ਸੁਧਰ ਰਹੇ। ਜਦੋਂ ਤੱਕ ਕਾਨੂੰਨ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾਵੇਗਾ, ਉਦੋਂ ਤੱਕ ਇਹੋ ਹੀ ਹੈਰਾਨੀਜਨਕ ਮਾਮਲੇ ਸਾਹਮਣੇ ਆਉਂਦੇ ਰਹਿਣਗੇ।


-ਜਾਨਵੀ ਬਿੱਠਲ, ਜਲੰਧਰ।


ਅਨੋਖਾ ਉਪਗ੍ਰਹਿ ਚੰਦ
ਭਾਰਤੀ ਲੋਕਾਂ ਨੂੰ ਪਾਖੰਡਵਾਦੀ ਧਾਰਨਾਵਾਂ 'ਚੋਂ ਉਭਾਰ ਕੇ ਵਿਗਿਆਨਕ ਦ੍ਰਿਸ਼ਟੀਕੋਣ ਪੈਦਾ ਕਰਨ ਦੇ ਉਪਰਾਲਿਆਂ ਦੀ ਉਪਮਾ ਕਰਨ ਅਤੇ ਸਹਿਯੋਗ ਦੇਣ ਦੀ ਪਹਿਲਕਦਮੀ ਕਰਨਾ ਚੰਗੀ ਸੋਚ ਹੈ। ਯੁੱਗਾਂ-ਯੁਗਾਂਤਰਾਂ ਤੋਂ ਵਿਗਿਆਨਕ ਜਾਣਕਾਰੀ ਦੀ ਅਣਹੋਂਦ ਕਾਰਨ ਲੋਕਾਂ ਨੂੰ ਪਾਖੰਡਵਾਦ ਨਾਲ ਆਰਥਿਕ ਅਤੇ ਮਾਨਸਿਕ ਪੱਖੋਂ ਖੂਬ ਲੁੱਟਿਆ ਜਾਂਦਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਇਸ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਵਿਗਿਆਨੀਆਂ ਨੇ ਵੀ ਬੁੱਧ, ਸ਼ੁੱਕਰ, ਧਰਤੀ, ਦਿਨਾਂ, ਮਹੀਨਿਆਂ, ਰੁੱਤਾਂ, ਸ਼ਨੀ, ਗ੍ਰਹਿਣ ਆਦਿ ਦੇ ਡਰਾਵਿਆਂ ਤੋਂ ਮੁਕਤ ਕਰਨ ਲਈ ਵਿਗਿਆਨਕ ਖੋਜਾਂ ਨਾਲ ਇਨ੍ਹਾਂ ਪ੍ਰਤੀ ਵਿਗਿਆਨਕ ਜਾਣਕਾਰੀ ਮੁਹੱਈਆ ਕਰ ਦਿੱਤੀ ਹੈ। ਇਸੇ ਕੋਸ਼ਿਸ਼ਾਂ ਦੀ ਲਗਾਤਾਰਤਾ 'ਚ 6 ਅਕਤੂਬਰ ਦੇ 'ਅਜੀਤ' ਮੈਗਜ਼ੀਨ 'ਚ ਚੰਦਰਮਾ ਸਬੰਧੀ ਵਿਗਿਆਨਕ ਜਾਣਕਾਰੀ ਭਰਪੂਰ ਡਾ: ਸੁਰਜੀਤ ਸਿੰਘ ਢਿੱਲੋਂ ਦਾ ਲੇਖ 'ਅਨੋਖਾ ਉਪਗ੍ਰਹਿ ਚੰਦ' ਪੜ੍ਹਿਆ, ਬਹੁਤ ਵਧੀਆ ਲੱਗਾ। ਭਾਰਤੀ ਲੋਕਾਂ 'ਚ ਵਿਗਿਆਨਕ ਨਜ਼ਰੀਆ ਪੈਦਾ ਕਰਨ ਦੀ ਯਤਨਸ਼ੀਲਤਾ ਦੀ ਲੜੀ 'ਚ ਅਜਿਹੇ ਲੇਖਾਂ ਦੀ ਅਹਿਮੀਅਤ ਵਡਮੁੱਲੀ ਹੀ ਨਹੀਂ, ਅਣਮੁੱਲੀ ਹੁੰਦੀ ਹੈ। ਲੇਖਕ ਨੇ ਚੰਦਰਮਾ ਬਾਬਤ ਸਬੂਤਾਂ ਤਹਿਤ ਨਿਕਾਸ, ਵਿਕਾਸ, ਧਰਤੀ ਤੋਂ ਦੂਰੀ, ਵਾਤਾਵਰਨ, ਰੁੱਤਾਂ, ਦਿਨ, ਸਮਾਂ ਆਦਿ ਵਿਸਥਾਰਤ ਜਾਣਕਾਰੀ ਪਾਠਕਾਂ ਦੇ ਰੂਬਰੂ ਕੀਤੀ ਹੈ। ਇਹ ਇਕ ਬਹੁਤ ਹੀ ਵਧੀਆ ਉਪਰਾਲਾ ਹੈ। ਅਦਾਰੇ ਨੂੰ ਵੀ ਅਜਿਹੀਆਂ ਰਚਨਾਵਾਂ ਨੂੰ ਪਹਿਲਕਦਮੀ ਨਾਲ ਲੈਣਾ ਚਾਹੀਦਾ ਹੈ।


-ਇੰਜੀ: ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।


ਅੱਜ ਦੇ ਰਾਵਣ ਵੀ ਸਾੜੋ...
ਹਰ ਸਾਲ ਦੁਸਹਿਰੇ ਵਾਲੇ ਦਿਨ ਤ੍ਰੇਤਾ ਯੁੱਗ ਦੇ ਖਲਨਾਇਕ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਸਾੜਨ ਨੂੰ ਬੁਰਾਈ ਉੱਪਰ ਅੱਛਾਈ ਦੀ ਜਿੱਤ ਦਾ ਪ੍ਰਤੀਕ ਸਮਝਿਆ ਜਾਂਦਾ ਹੈ। ਪਰ ਇਸ ਦੇ ਬਾਵਜੂਦ ਸਮਾਜ ਵਿਚੋਂ ਬੁਰਾਈ ਖ਼ਤਮ ਨਹੀਂ ਹੋ ਰਹੀ। ਅੱਜ ਦੇ ਸਮੇਂ ਪਤਾ ਨਹੀਂ ਕਿੰਨੇ ਕੁ 'ਰਾਵਣ' ਸਾਡੇ ਸਮਾਜ ਵਿਚ ਦਨਦਨਾਉਂਦੇ ਫਿਰ ਰਹੇ ਹਨ। ਇਨ੍ਹਾਂ ਆਧੁਨਿਕ ਯੁੱਗ ਦੇ ਰਾਵਣਾਂ ਤੋਂ ਹਰ ਕੋਈ ਪ੍ਰੇਸ਼ਾਨ ਹੈ। ਪਤਾ ਨਹੀਂ ਕਦੋਂ, ਕਿੱਥੇ ਅਤੇ ਕਿਹੜੇ ਮੋੜ 'ਤੇ ਕਿਸ ਨਾਲ ਕੀ ਵਾਪਰ ਜਾਵੇ। ਭਾੜੇ ਦੇ ਕਾਤਲਾਂ, ਨਸ਼ੇੜੀਆਂ, ਲੱਠ-ਮਾਰਾਂ, ਲੁਟੇਰਿਆਂ ਅਤੇ ਧੀਆਂ-ਭੈਣਾਂ ਦੇ ਦੋਖੀਆਂ ਨੇ ਆਮ ਲੋਕਾਂ ਦਾ ਜਿਊਣਾ ਹਰਾਮ ਕਰ ਦਿੱਤਾ ਹੈ। ਸਮਾਜ ਵਿਚ ਬਦਅਮਨੀ ਪਨਪ ਰਹੀ ਹੈ। ਇਸ ਲਈ ਸਮਾਜ ਨੂੰ ਚਾਹੀਦਾ ਹੈ ਕਿ ਤੇਤਾ ਯੁੱਗ ਦੇ ਰਾਵਣ ਦੇ ਨਾਲ-ਨਾਲ ਕਲਯੁੱਗ ਦੇ ਰਾਵਣਾਂ ਦੇ ਪੁਤਲੇ ਵੀ ਸਾੜੀਏ। ਨਾਲੋ-ਨਾਲ ਅਸੀਂ ਆਪਣੇ ਮਨ ਵਿਚਲੇ ਰਾਵਣ ਨੂੰ ਖ਼ਤਮ ਕਰੀਏ। ਤਦ ਹੀ ਇਨ੍ਹਾਂ ਤਿਉਹਾਰਾਂ ਦੀ ਮਹੱਤਤਾ ਹੈ।


-ਰਜਿੰਦਰ ਸਿੰਘ 'ਪਹੇੜੀ', ਪਟਿਆਲਾ।


ਪਰਾਲੀ ਸਾੜਨ ਵਿਰੁੱਧ ਮੁਹਿੰਮ
ਪਿਛਲੇ ਦਿਨੀਂ ਡਾ: ਬਰਜਿੰਦਰ ਸਿੰਘ ਹਮਦਰਦ ਹੁਰਾਂ ਦੀ ਸੰਪਾਦਕੀ 'ਸੰਭਾਲਣ ਦਾ ਸਮਾਂ' ਪੜ੍ਹੀ, ਜਿਸ ਵਿਚ ਉਨ੍ਹਾਂ ਨੇ ਪਰਾਲੀ ਨੂੰ ਸਾੜਨ ਬਾਰੇ ਆਪਣੇ ਕੀਮਤੀ ਵਿਚਾਰ ਬਿਆਨ ਕੀਤੇ ਹਨ ਅਤੇ ਇਸ ਤੋਂ ਪੈਣ ਵਾਲੇ ਬੁਰੇ ਪ੍ਰਭਾਵਾਂ 'ਤੇ ਚਿੰਤਾ ਜਤਾਈ ਹੈ। ਪਿਛਲੇ ਸਾਲ ਪਰਾਲੀ ਸਾੜਨ ਦੀਆਂ ਮੁਹਿੰਮਾਂ ਕਾਰਨ ਪਰਾਲੀ ਸਾੜਨ ਦੇ ਘੱਟ ਮਾਮਲੇ ਸਾਹਮਣੇ ਆਏ ਸੀ। ਪੰਜਾਬ ਵਿਚ ਮਸ਼ੀਨਰੀ ਦੀ ਖਰੀਦ ਨੇ ਰਿਕਾਰਡ ਪੈਦਾ ਕੀਤਾ ਸੀ। ਇਸ ਸਾਲ ਵੀ ਪੰਜਾਬ 'ਚ ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਹੋਏ ਨੁਕਸਾਨਾਂ ਬਾਰੇ ਜਾਗਰੂਕ ਕਰਨ ਲਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਜੋ ਸ਼ਲਾਘਾਯੋਗ ਕਦਮ ਹੈ। ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਹਰ ਪ੍ਰਾਣੀ ਨੂੰ ਸੰਕਲਪ ਲੈਣਾ ਚਾਹੀਦਾ ਹੈ ਕਿ ਅਸੀਂ ਪਰਾਲੀ ਨਹੀਂ ਸਾੜਾਂਗੇ, ਵਾਤਾਵਰਨ ਬਚਾਵਾਂਗੇ। ਇਹ ਹੀ ਗੁਰੂ ਨਾਨਕ ਦੇਵ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਕ ਤਾਂ ਇਸ ਤਰ੍ਹਾਂ ਕਰਨ ਨਾਲ ਵਾਤਾਵਰਨ ਪਲੀਤ ਨਹੀਂ ਹੋਵੇਗਾ, ਭਿਆਨਕ ਬਿਮਾਰੀਆਂ ਨੇੜੇ ਨਹੀਂ ਆਉਣਗੀਆਂ। ਮਿੱਟੀ ਦੇ ਪੌਸ਼ਟਿਕ ਤੱਤ ਖ਼ਤਮ ਨਹੀਂ ਹੋਣਗੇ, ਵਾਤਾਵਰਨ, ਜ਼ਮੀਨ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ, ਦਮੇ ਵਰਗੀ ਜਾਨਲੇਵਾ ਬਿਮਾਰੀ ਤੋਂ ਬਚੋਗੇ। ਮੇਰੇ ਕਿਸਾਨ ਵੀਰ ਬਹੁਤ ਹੀ ਪੜ੍ਹੇ-ਲਿਖੇ ਅਤੇ ਅਗਾਂਹਵਧੂ ਕਿਸਾਨ ਹਨ। ਮੈਨੂੰ ਉਮੀਦ ਹੈ ਕਿ ਉਹ ਚਲਾਈ ਗਈ ਮੁਹਿੰਮ ਦੀਆਂ ਇਨ੍ਹਾਂ ਗੱਲਾਂ 'ਤੇ ਜ਼ਰੂਰ ਅਮਲ ਕਰਨਗੇ।


-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ।


ਸੁੱਕੇ ਦਰੱਖਤ
ਭਾਵੇਂ ਭਾਰਤ ਤੇ ਪੰਜਾਬ ਸਰਕਾਰ ਨੇ ਵੱਖ-ਵੱਖ ਸਕੀਮਾਂ, ਵਣ-ਮਹਾਂਉਤਸਵਾਂ ਤਹਿਤ ਧਰਤੀ ਨੂੰ ਹਰਿਆ-ਭਰਿਆ ਬਣਾਈ ਰੱਖਣ ਲਈ ਯਤਨ ਜਾਰੀ ਰੱਖੇ ਹਨ ਪਰ ਦੂਸਰੇ ਪਾਸੇ ਕਈ ਸੜਕਾਂ ਤੇ ਰੇਲਵੇ ਲਾਈਨਾਂ ਦੇ ਦੋਵੇਂ ਪਾਸੇ ਕਿਸੇ ਸਮੇਂ ਹਰਿਆਵਲ ਦਾ ਸ਼ਿੰਗਾਰ ਬਣੇ ਹੋਏ ਕਿੱਕਰ ਅਤੇ ਟਾਹਲੀਆਂ ਆਦਿ ਦੇ ਰੁੱਖ ਉਮਰ ਪੂਰੀ ਕਰ ਜਾਣ ਕਾਰਨ ਸੁੱਕ ਗਏ ਹਨ ਅਤੇ ਬੁੱਤ ਬਣੇ ਖੜ੍ਹੇ ਹਨ। ਕਈ ਥਾਈਂ ਇਹ ਸੁੱਕੇ ਦਰੱਖਤ ਧਰਤੀ 'ਤੇ ਡਿੱਗ ਚੁੱਕੇ ਹਨ, ਜਿਨ੍ਹਾਂ ਨੂੰ ਜਲਵਾਯੂ ਦੀ ਮਾਰ ਕਾਰਨ ਕਈ ਬਿਮਾਰੀਆਂ ਨੇ ਘੇਰਿਆ ਹੈ। ਪੁਰਾਣੇ ਸਮਿਆਂ ਵਿਚ ਤਰਖਾਣ ਟਾਹਲੀ ਦੀ ਲੱਕੜ ਦੇ ਮੰਜੇ-ਪੀੜੇ ਆਦਿ ਬਣਾਉਂਦੇ ਸਨ ਅਤੇ ਕਿੱਕਰ ਦੀ ਲੱਕੜ ਕਿਸਾਨੀ ਸੰਦ ਬਣਾਉਣ ਦੇ ਕੰਮ ਆਉਂਦੀ ਸੀ। ਭਾਵੇਂ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਵਲੋਂ ਸੁੱਕੇ ਰੁੱਖਾਂ ਦੀ ਕਟਾਈ 'ਤੇ ਵੀ ਰੋਕ ਹੈ ਪਰ ਫਿਰ ਵੀ ਜੰਗਲਾਤ ਵਿਭਾਗ, ਜਿਥੇ ਹਰੇਕ ਸਾਲ ਨਵੇਂ ਬੂਟੇ ਲਗਾਉਂਦਾ ਹੈ, ਉਥੇ ਹੀ ਇਨ੍ਹਾਂ ਉਮਰ ਵਿਹਾਅ ਚੁੱਕੇ ਸੁੱਕੇ ਦਰੱਖਤਾਂ ਦਾ ਨਿਪਟਾਰਾ ਕਰਨ ਦੇ ਉਪਰਾਲੇ ਵੀ ਕਰਨੇ ਚਾਹੀਦੇ ਹਨ।


-ਅਮਰੀਕ ਸਿੰਘ ਚੀਮਾ, ਜਲੰਧਰ।

09-10-2019

 ਸਰਕਾਰੀ ਅਸਫਲਤਾ ਤੇ ਕੁਤਾਹੀ
ਪਿਛਲੇ ਦਿਨੀਂ ਸੰਪਾਦਕੀ ਸਫ਼ੇ 'ਤੇ ਉੱਪਰ ਲਿਖਿਆ ਵਿਸ਼ਾ ਪੜ੍ਹਿਆ। ਪੜ੍ਹ ਕੇ ਚੰਗਾ ਲੱਗਾ। ਇਹ ਠੀਕ ਹੈ ਕਿ ਜਾਨਵਰਾਂ, ਪਸ਼ੂਆਂ ਦੀ ਸੇਵਾ ਕਰੀਏ। ਜਦੋਂ ਹੱਦੋਂ ਵੱਧ ਅਵਾਰਾ ਕੁੱਤੇ ਫਿਰਨਗੇ ਤਾਂ ਲੋਕਾਂ ਦਾ ਨੁਕਸਾਨ ਕਰਨਗੇ। ਕਈ ਵਾਰੀ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਕਿ ਬੱਚਿਆਂ ਨੂੰ ਕੱਟ ਦਿੱਤਾ ਤੇ ਕਈ ਵਾਰੀ ਐਕਸੀਡੈਂਟ ਵੀ ਹੁੰਦੇ ਹਨ। ਪਿੱਛੇ ਜਿਹੇ ਮੈਨੂੰ ਵੀ ਬੰਗਲੌਰ ਜਾਣ ਦਾ ਮੌਕਾ ਮਿਲਿਆ ਤਾਂ ਦੇਖਿਆ ਕੁਝ ਔਰਤਾਂ ਨੇ ਮਿਲ ਕੇ ਅਵਾਰਾ ਕੁੱਤੇ ਸਾਂਭੇ ਹੋਏ ਹਨ। ਮੈਂ ਫੋਨ 'ਤੇ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ 100 ਤੋਂ ਵੱਧ ਹਨ। ਉਨ੍ਹਾਂ ਦੀ ਖੁਰਾਕ ਤੇ ਸਫ਼ਾਈ ਦਾ ਇੰਤਜ਼ਾਰ ਕੀਤਾ ਹੋਇਆ ਹੈ। ਲੋਕਾਂ ਦੇ ਦਾਨ ਖਾਤੇ ਨਾਲ ਚਲਾ ਰਹੇ ਹਨ। ਮੇਰੀ ਰਾਇ ਹੈ ਕਿ ਐਨ.ਜੀ.ਓ. ਤੇ ਸਰਕਾਰਾਂ ਨੂੰ ਮਿਲ ਕੇ ਹੱਲ ਲੱਭਣਾ ਚਾਹੀਦਾ ਹੈ। ਜਿਹੜੇ ਲੋਕ ਪਾਲਤੂ ਕੁੱਤੇ ਰੱਖਦੇ ਹਨ, ਉਨ੍ਹਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਰਸਤਿਆਂ ਵਿਚ ਪੋਟੀਆਂ ਨਾ ਕਰਾਉਣ। ਬਾਹਰਲੇ ਦੇਸ਼ਾਂ ਵਿਚ ਤੇ ਦੱਖਣੀ ਭਾਰਤ ਵਿਚ ਘਰੋਂ ਪਿੱਕਰ ਲੈ ਜਾਂਦੇ ਹਨ ਤੇ ਘਰ ਆ ਕੇ ਫਲੱਸ਼ ਕਰਦੇ ਹਨ। ਇਹ ਸਮੱਸਿਆ ਗੰਭੀਰ ਹੈ ਤੇ ਇਸ ਦਾ ਹੱਲ ਲੱਭਣਾ ਚਾਹੀਦਾ ਹੈ।


-ਦਵਿੰਦਰ ਕੌਰ
35 ਨਿਊ ਜਵਾਹਰ ਨਗਰ, ਜਲੰਧਰ।


ਹਨੇਰੇ 'ਚ ਮਸ਼ਾਲ
ਅਜੋਕੇ ਸਮੇਂ ਜਦੋਂ ਪੰਜਾਬ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਭਾਸ਼ਾ ਦੇ ਅਖ਼ਬਾਰ ਪ੍ਰਕਾਸ਼ਿਤ ਹੋ ਰਹੇ ਹਨ ਅਤੇ ਲੋਕਾਂ ਨੂੰ ਖ਼ਬਰਾਂ ਤੇ ਜਾਣਕਾਰੀ ਦੇ ਰਹੇ ਹਨ, ਉਨ੍ਹਾਂ ਸਾਰਿਆਂ ਵਿਚ ਸਭ ਤੋਂ ਜ਼ਿਆਦਾ ਭਰੋਸੇਯੋਗ ਅਤੇ ਸਤਿਕਾਰਯੋਗ ਅਖ਼ਬਾਰ ਅਸੀਂ 'ਅਜੀਤ' ਨੂੰ ਕਹਿ ਸਕਦੇ ਹਾਂ। ਅਸੀਂ ਪਿਛਲੇ 30 ਸਾਲਾਂ ਤੋਂ 'ਅਜੀਤ' ਨਾਲ ਭਾਵਨਾਤਮਕ ਰੂਪ ਵਿਚ ਜੁੜੇ ਹੋਏ ਹਾਂ। ਅਸ਼ਲੀਲ ਸਮੱਗਰੀ ਤੋਂ ਕੋਹਾਂ ਦੂਰ ਰਹਿਣ ਵਾਲਾ ਪਿਆਰਾ 'ਅਜੀਤ' ਤਕਰੀਬਨ ਹਰ ਇਕ ਘਰ ਅਤੇ ਗੁਰੂ ਘਰ ਵਿਚ ਵੀ ਪਹੁੰਚਦਾ ਹੈ। ਸ਼ਿੱਦਤ ਨਾਲ ਮਾਂ-ਬੋਲੀ ਦੀ ਸੇਵਾ ਕਰਨ ਵਾਲਾ 'ਅਜੀਤ' ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਿਹਾ ਹੈ। ਡਾ: ਬਰਜਿੰਦਰ ਸਿੰਘ ਹਮਦਰਦ ਦੀ ਯੋਗ ਅਗਵਾਈ ਵਿਚ 'ਅਜੀਤ' ਹਨ੍ਹੇਰੇ ਵਿਚ ਮਸ਼ਾਲ ਬਣ ਕੇ ਅਗਿਆਨ ਰੂਪੀ ਹਨੇਰਿਆਂ ਨੂੰ ਰੌਸ਼ਨ ਕਰਨ ਦਾ ਆਪਣਾ ਫਰਜ਼ ਬਾਖੂਬੀ ਨਿਭਾਉਂਦਾ ਰਹੇ, ਅਜਿਹੀ ਅਸੀਂ ਕਾਮਨਾ ਕਰਦੇ ਹਾਂ।


-ਭਾਈ ਮਾਨ ਸਿੰਘ ਜੰਡੋਲੀ
ਰਾਗੀ ਅਤੇ ਕਥਾਵਾਚਕ।


ਜੇ ਕੁਝ ਇਸ ਤਰ੍ਹਾਂ ਹੋਵੇ
ਅਸੀਂ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ ਹਾਂ। ਇਸ ਵਿਚ ਵੀ ਕੋਈ ਸ਼ੱਕ ਨਹੀਂ ਹੈ ਕਿ ਸਰਕਾਰ ਇਸ ਦਿਵਸ 'ਤੇ ਹਰ ਤਰ੍ਹਾਂ ਦਾ ਜ਼ੋਰ ਲਗਾ ਰਹੀ ਹੈ। ਇਸ ਮੌਕੇ 'ਤੇ ਹੀ ਸੰਗਤਾਂ ਨੂੰ ਪਾਕਿਸਤਾਨ ਵਿਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਾਉਣ ਲਈ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਇਕ-ਦੂਜੇ ਤੋਂ ਵਧ ਕੇ ਸਹਿਯੋਗ ਪਾ ਰਹੀਆਂ ਹਨ। ਹਰਿਆ-ਭਰਿਆ ਵਾਤਾਵਰਨ ਬਣਾਉਣ ਲਈ ਸਰਕਾਰ ਵਲੋਂ 550 ਬੂਟੇ ਹਰ ਪਿੰਡ ਨੂੰ ਦਿੱਤੇ ਗਏ ਹਨ।
ਰਾਜ ਵਿਚ ਚੱਲ ਰਹੀਆਂ ਸਕੂਲ ਖੇਡਾਂ ਵੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਨ। ਇਸ ਮੌਕੇ 'ਤੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵਲੋਂ ਵਧ-ਚੜ੍ਹ ਕੇ ਸਹਿਯੋਗ ਦਿੱਤਾ ਜਾ ਰਿਹਾ ਹੈ ਪਰ ਮੈਨੂੰ ਲਗਦਾ ਹੈ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਬੇਰੁਜ਼ਗਾਰੀ, ਮਹਿੰਗਾਈ ਅਤੇ ਨਸ਼ਿਆਂ ਵਰਗੇ ਮਸਲਿਆਂ ਨੂੰ ਵੀ ਠੱਲ੍ਹ ਪਾ ਕੇ ਇਸ ਪ੍ਰਕਾਸ਼ ਪੁਰਬ ਦੀ ਖੁਸ਼ੀ ਨੂੰ ਦੁੱਗਣਾ ਕਰਨ। ਇਸ ਮੌਕੇ 'ਤੇ ਹਰ ਇਕ ਵਸਤਾਂ ਦਾ ਰੇਟ ਘਟਾਇਆ ਜਾਵੇ। ਹੋਰ ਤਾਂ ਹੋਰ ਹਰ ਸਰਕਾਰੀ ਮਹਿਕਮੇ ਵਿਚ 550 ਨੌਕਰੀਆਂ ਜ਼ਰੂਰ ਦਿੱਤੀਆਂ ਜਾਣ। ਇਸ ਤਰ੍ਹਾਂ ਕਰਕੇ ਅਸੀਂ ਸ੍ਰੀ ਨਾਨਕ ਦੇਵ ਜੀ ਦੇ ਦੱਸੇ ਹੋਏ ਪੂਰਨਿਆਂ 'ਤੇ ਚੱਲ ਸਕਦੇ ਹਾਂ। ਇਹੋ ਜਿਹੇ ਕੰਮ ਸਦਕਾ ਅਸੀਂ ਗੁਰੂ ਨਾਨਕ ਦੇਵ ਜੀ 550 ਸਾਲਾ ਪ੍ਰਕਾਸ਼ ਪੁਰਬ ਤੇ ਮਾਣ ਅਤੇ ਖੁਸ਼ੀ ਮਹਿਸੂਸ ਕਰਾਂਗੇ।


-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ ਸੁਖਾਣਾ (ਲੁਧਿਆਣਾ)।


ਮੰਦਭਾਗਾ ਵਿਵਾਦ
ਪਿਛਲੇ ਦਿਨੀਂ ਉਪਰੋਕਤ ਵਿਸ਼ੇ ਸਬੰਧੀ ਪੰਜਾਬ ਦੀ ਆਵਾਜ਼ 'ਅਜੀਤ' ਦੇ ਮੁੱਖ ਸਫ਼ੇ 'ਤੇ ਆਪ ਜੀ ਦਾ ਵਿਸ਼ੇਸ਼ ਲੇਖ ਪੜ੍ਹਨ ਨੂੰ ਮਿਲਿਆ ਜੋ ਸਰਬਪੱਖੀ ਜਾਣਕਾਰੀ ਦੇ ਗਿਆ। ਬਿਨਾਂ ਸ਼ੱਕ ਇਸ ਲੇਖ ਦੀ ਸ਼ਬਦਾਵਲੀ ਬੜੀ ਢੁਕਵੀਂ ਅਤੇ ਪ੍ਰਭਾਵਸ਼ਾਲੀ ਸੀ ਜੋ ਕਿ ਹਰ ਪੰਜਾਬੀ ਪਿਆਰੇ ਦੇ ਜਜ਼ਬਾਤ ਦੀ ਤਰਜਮਾਨੀ ਕਰਨ ਵਾਲੀ ਸੀ। ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਭਾਰਤ ਬਹੁਕੌਮੀ ਅਤੇ ਬਹੁ-ਭਾਸ਼ਾਈ ਦੇਸ਼ ਹੈ। ਜੇਕਰ ਇਹ ਕੌਮਾਂ ਅਤੇ ਭਾਸ਼ਾਵਾਂ ਇਕੱਠੀਆਂ ਹੁੰਦੀਆਂ ਹਨ ਤਾਂ ਉਹ ਦੇਸ਼ ਦੀ ਵੱਡੀ ਤਾਕਤ ਬਣਦੀਆਂ ਹਨ ਪਰ ਇਸ ਦੇ ਉਲਟ ਇਨ੍ਹਾਂ ਦੇ ਬਿਖਰਨ ਨਾਲ ਦੇਸ਼ ਦੀ ਸ਼ਕਤੀ ਘਟਦੀ ਹੈ। ਸੋ, ਜਿਥੋਂ ਤੱਕ ਸੰਭਵ ਹੋ ਸਕੇ, ਹਰ ਇਕ ਵਿਅਕਤੀ, ਚਾਹੇ ਉਹ ਆਮ ਹੋਵੇ ਜਾਂ ਖ਼ਾਸ, ਦੇਸ਼ ਦੀ ਤਾਕਤ ਨੂੰ ਮਜ਼ਬੂਤ ਕਰਨ ਦੇ ਹੀ ਯਤਨ ਕਰਨੇ ਚਾਹੀਦੇ ਹਨ, ਨਾ ਕਿ ਕਮਜ਼ੋਰ ਕਰਨ ਦੇ। ਪੰਜਾਬੀ ਮਾਂ-ਬੋਲੀ ਅਤੇ ਭਾਸ਼ਾ ਹਰ ਪੰਜਾਬੀ ਪਿਆਰੇ ਦੀ ਜਿੰਦ-ਜਾਨ ਹੈ। ਜੇਕਰ ਕੋਈ ਇਸ ਦੀ ਨਿਰਾਦਰੀ ਕਰਦਾ ਹੈ, ਚਾਹੇ ਉਹ ਕਿੱਡਾ ਵੀ ਕੱਦਾਵਰ ਵਿਅਕਤੀ ਕਿਉਂ ਨਾ ਹੋਵੇ, ਉਹ ਪੰਜਾਬੀ ਪਿਆਰਿਆਂ ਦੇ ਰੋਹ-ਰੋਸ ਤੋਂ ਬਚ ਨਹੀਂ ਸਕਦਾ। ਸੋ, ਲੋੜ ਹੈ ਦੇਸ਼ ਦੀ ਹਰ ਬੋਲੀ ਅਤੇ ਭਾਸ਼ਾ ਦਾ ਸਤਿਕਾਰ ਕਰਨ ਦੀ। ਅਜਿਹਾ ਕਰਕੇ ਹੀ ਅਸੀਂ ਦੇਸ਼ ਨੂੰ ਸਹੀ ਅਰਥਾਂ ਵਿਚ ਤਰੱਕੀ ਦੇ ਰਾਹ 'ਤੇ ਲਿਜਾ ਸਕਦੇ ਹਾਂ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।


ਪਗੜੀ ਸਿੱਖਾਂ ਦਾ ਤਾਜ
ਪੱਗ ਸਿੱਖਾਂ ਦਾ ਤਾਜ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖ਼ਸ਼ੀ ਇੱਜ਼ਤ ਤੇ ਅਣਖ ਹੈ। ਜੇ ਕਿਸੇ ਮਾਪਿਆਂ ਨੇ ਆਪਣੇ ਲੜਕੇ ਨੂੰ ਮਾੜੇ ਕੰਮ ਤੋਂ ਝਿੜਕਣਾ ਹੋਵੇ ਤੇ ਉਹ ਆਪਣੀ ਪੱਗ ਦਾ ਵਾਸਤਾ ਦਿੰਦੇ ਹਨ। ਹਜ਼ਾਰਾਂ ਲੋਕਾਂ ਵਿਚੋਂ ਪੱਗ ਵਾਲਾ ਸਿੱਖ ਪਹਿਚਾਣਿਆ ਜਾਂਦਾ ਹੈ। ਪੱਗ ਨੇ ਪਾਣੀ ਵਿਚ ਡੁੱਬਦਿਆਂ ਬੰਦਿਆਂ ਦੀਆਂ ਵੀ ਜਾਨਾਂ ਬਚਾਈਆਂ ਹਨ। ਪੱਗ ਦੀ ਮਹਾਨਤਾ ਦਾ ਮੈਨੂੰ ਉਦੋਂ ਪਤਾ ਲੱਗਾ ਜਦੋਂ ਮੈਂ ਆਸਟਰੇਲੀਆ ਆਪਣੇ ਬੱਚੇ ਕੋਲ ਗਿਆ ਜੋ ਗੋਰੇ ਮੇਰੀ ਪਗੜੀ ਦੇਖ ਮੈਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਸਨ। ਹੁਣ ਪੰਜਾਬੀ ਤੇ ਹਿੰਦੀ ਫ਼ਿਲਮਾਂ ਵਿਚ ਵੀ ਸਿੱਖੀ ਸਰੂਪ ਪਗੜੀਧਾਰੀ ਨੂੰ ਵੀ ਹਰਮਨ-ਪਿਆਰਤਾ ਮਿਲ ਰਹੀ ਹੈ। ਜੋ ਨੌਜਵਾਨ ਪੀੜ੍ਹੀ ਦੇਖੋ ਦੇਖੀ ਕਲੀਨ ਸ਼ੇਵ ਹੋ ਰਹੀ ਹੈ, ਵਾਲ ਕਟਵਾ ਵੱਖਰੇ-ਵੱਖਰੇ ਡਿਜ਼ਾਈਨ ਬਣਾ ਰਹੀ ਹੈ, ਨਵੀਂ ਪੀੜ੍ਹੀ ਨੂੰ ਪੱਗ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ, ਜਿਸ ਤੋਂ ਉਨ੍ਹਾਂ ਨੂੰ ਪ੍ਰੇਰਨਾ ਮਿਲੇਗੀ।


-ਗੁਰਮੀਤ ਸਿੰਘ ਵੇਰਕਾ
-ਸੇਵਾ-ਮੁਕਤ ਇੰਸਪੈਕਟਰ।


ਵੱਡਿਆਂ ਦਾ ਸਤਿਕਾਰ
ਬਜ਼ੁਰਗਾਂ ਨੂੰ ਸਤਿਕਾਰ ਨਾ ਦੇਣਾ ਚਿੰਤਾ ਦਾ ਵਿਸ਼ਾ ਹੈ। ਬਿਰਧ ਆਸ਼ਰਮ ਸਾਡਾ ਸੱਭਿਆਚਾਰ ਨਹੀਂ ਹੈ ਕਿਉਂਕਿ ਬਜ਼ੁਰਗਾਂ ਨੇ ਮਿਹਨਤਾਂ ਕਰਕੇ ਦੁੱਖਾਂ-ਸੁੱਖਾਂ ਵਿਚ ਰਹਿੰਦੇ ਹੋਏ ਸਾਨੂੰ ਪਾਲਿਆ ਹੁੰਦਾ ਹੈ। ਬੁਢਾਪੇ ਵਿਚ ਉਨ੍ਹਾਂ ਨੂੰ ਸੰਭਾਲਣ ਦੀ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਪਰ ਅਸੀਂ ਪੱਛਮ ਦੀ ਅੰਨ੍ਹੇਵਾਹ ਕੀਤੀ ਜਾਂਦੀ ਨਕਲ ਦਾ ਸ਼ਿਕਾਰ ਹੋ ਰਹੇ ਹਾਂ। ਬਜ਼ੁਰਗਾਂ ਕੋਲ ਜ਼ਿੰਦਗੀ ਦਾ ਵਡਮੁੱਲਾ ਖਜ਼ਾਨਾ ਹੁੰਦਾ ਹੈ ਜਿਸ ਤੋਂ ਸੇਧ ਲੈ ਕੇ ਅਸੀਂ ਆਪਣੀ ਜ਼ਿੰਦਗੀ ਬਸਰ ਕਰਨੀ ਹੁੰਦੀ ਹੈ। ਸਾਨੂੰ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਸਾਡੇ ਛੋਟੇ ਬੱਚਿਆਂ ਨੇ ਵੱਡੇ ਹੋ ਕੇ ਸਾਨੂੰ ਸਤਿਕਾਰ ਤਾਂ ਹੀ ਦੇਣਾ ਹੈ ਜੇ ਅਸੀਂ ਵੱਡਿਆਂ ਦਾ ਸਤਿਕਾਰ ਕੀਤਾ ਹੋਵੇਗਾ।


-ਪਰਗਟ ਸਿੰਘ ਵਜੀਦਪੁਰ, ਪਟਿਆਲਾ।

08-10-2019

 ਗਰਮੀ ਦੀ ਤਪਸ਼
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਸ ਵਾਰ ਗਰਮੀ ਜ਼ਿਆਦਾ ਮਹਿਸੂਸ ਹੋਈ ਪਰ ਸਾਰੀਆਂ ਸਹੂਲਤਾਂ ਹੋਣ ਦੇ ਬਾਵਜੂਦ ਵੀ ਗਰਮੀ ਨੇ ਲੋਕਾਂ ਦੀ ਤੌਬਾ ਕਰਵਾ ਦਿੱਤੀ। ਲੋਕਾਂ ਦੇ ਸਰੀਰ ਸਹੂਲਤਾਂ ਨੇ ਏਨੇ ਜ਼ਿਆਦਾ ਨਾਜ਼ੁਕ ਬਣਾ ਦਿੱਤੇ ਹਨ ਕਿ ਲੋਕ ਗਰਮੀ ਨੂੰ ਸਹਿ ਨਹੀਂ ਸਕਦੇ। ਜਿਥੇ ਵੀ ਬਹਿੰਦੇ-ਉਠਦੇ ਸੀ ਬਸ ਇਕੋ ਹੀ ਗੱਲ ਸੁਣਨ ਨੂੰ ਮਿਲੀ ਸੀ ਕਿ ਇਸ ਵਾਰ ਪਿਛਲੀਆਂ ਗਰਮੀਆਂ ਨਾਲੋਂ ਜ਼ਿਆਦਾ ਗਰਮੀ ਪਈ ਹੈ, ਪਰ ਜਦੋਂ ਸਿਆਲ ਸ਼ੁਰੂ ਹੋਵੇਗਾ ਤਾਂ ਲੋਕ ਇਸ ਤਪਸ਼ ਨੂੰ ਭੁੱਲ ਕੇ ਇਸ ਵਾਰ ਠੰਢ ਬਹੁਤ ਜ਼ਿਆਦਾ ਪੈ ਰਹੀ ਹੈ, ਦੀਆਂ ਗੱਲਾਂ ਕਰਦੇ ਸਾਨੂੰ ਆਮ ਹੀ ਮਿਲਣਗੇ। ਪਰ ਇੰਜ ਲਗਦੈ ਕਿ ਸਮਾਂ ਵੀ ਪਹਿਲਾਂ ਵਾਲਾ ਹੀ ਹੈ ਅਤੇ ਮਹੀਨੇ ਵੀ ਉਸ ਤਰ੍ਹਾਂ ਦੇ ਹੀ ਹਨ ਪਰ ਸਾਨੂੰ ਆਹ ਬਾਜ਼ਾਰੀ ਸਹੂਲਤਾਂ ਨੇ ਕਾਫ਼ੀ ਜ਼ਿਆਦਾ ਬਦਲ ਦਿੱਤਾ ਹੈ। ਸਾਡੇ ਸਰੀਰ ਲਈ ਸੰਤੁਲਿਤ ਖੁਰਾਕ ਨਾ ਮਿਲਣ ਕਰਕੇ ਸਾਨੂੰ ਬਿਮਾਰੀਆਂ ਨੇ ਘੇਰਿਆ ਹੋਇਆ ਹੈ। ਅਸੀਂ ਆਪਣੇ ਕੰਮਕਾਰ ਮਸ਼ੀਨਾਂ ਨੂੰ ਦੇ ਦਿੱਤੇ ਹਨ ਅਤੇ ਅਸੀਂ ਵਿਹਲੇ ਤੇ ਸੋਲ੍ਹ ਹੋ ਗਏ ਹਾਂ। ਜਿਸ ਕਰਕੇ ਅਸੀਂ ਕੋਈ ਵੀ ਮੌਸਮ ਦਾ ਅਨੰਦ ਪਹਿਲਾਂ ਵਾਂਗ ਨਹੀਂ ਲੈ ਸਕਦੇ।

-ਲੈਕ: ਸੁਖਦੀਪ ਸਿੰਘ ਸੁਖਾਣਾ
ਪਿੰਡ ਸੁਖਾਣਾ, ਜ਼ਿਲ੍ਹਾ ਲੁਧਿਆਣਾ।

ਨਸ਼ਾ
ਸਾਡੇ ਦੇਸ਼ ਵਿਚ ਨਸ਼ੇ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾ ਰਹੀ ਹੈ। ਨਸ਼ਾ ਇਕ ਬਿਮਾਰੀ ਦਾ ਘਰ ਹੈ। ਸਾਡੇ ਦੇਸ਼ ਵਿਚ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਨੌਜਵਾਨਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਅਤੇ ਘਰਾਂ ਦੇ ਘਰ ਉੱਜੜ ਰਹੇ ਹਨ। ਜਿਥੇ ਸਰਕਾਰ ਨੂੰ ਨਸ਼ੇ 'ਤੇ ਰੋਕਥਾਮ ਲਈ ਸੰਜੀਦਾ ਕਦਮ ਚੁੱਕਣੇ ਚਾਹੀਦੇ ਹਨ, ਉਥੇ ਹੀ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਪੂਰਾ ਸਮਾਂ ਦੇਣਾ ਚਾਹੀਦਾ ਹੈ, ਤਾਂ ਜੋ ਉਹ ਕਿਸੇ ਗ਼ਲਤ ਸੰਗਤ ਦਾ ਸ਼ਿਕਾਰ ਨਾ ਹੋਣ। ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਵਿਚ ਦਿਨ-ਬ-ਦਿਨ ਵਿਗਾੜ ਆ ਰਿਹਾ ਹੈ। ਨੌਜਵਾਨ ਕਈ ਤਰ੍ਹਾਂ ਦੇ ਨਸ਼ੇ ਕਰਦੇ ਹਨ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਖਰਾਬ ਹੋ ਰਹੀ ਹੈ, ਉਹ ਸਮਾਜ ਤੇ ਦੇਸ਼ 'ਤੇ ਭਾਰ ਬਣਦੇ ਹਨ, ਉਨ੍ਹਾਂ ਦੇ ਨਸ਼ੇੜੀ ਹੋਣ ਕਾਰਨ ਮਾਪੇ ਵੀ ਬਹੁਤ ਦੁਖੀ ਹੁੰਦੇ ਹਨ। ਨਸ਼ੇ ਸਿਹਤ ਲਈ ਬਹੁਤ ਨੁਕਸਾਨਦਾਇਕ ਹਨ।

-ਸੁਮਿਤ ਕੌਰ

ਇੰਜ ਮਨਾਈਏ ਤਿਉਹਾਰ
ਆਓ, ਆਪਾਂ ਆਉਣ ਵਾਲੇ ਤਿਉਹਾਰਾਂ ਜਿਵੇਂ ਦੁਸਹਿਰਾ, ਦੀਵਾਲੀ ਮੌਕੇ ਵਾਤਾਵਰਨ ਨੂੰ ਸਾਫ-ਸੁਥਰਾ ਰੱਖੀਏ ਕਿਉਂਕਿ ਪੰਜਾਬ ਵਿਚ ਹੜ੍ਹ ਆਉਣ ਕਰਕੇ ਸਥਿਤੀ ਕਾਫੀ ਗੰਭੀਰ ਹੋ ਚੁੱਕੀ ਹੈ, ਜਿਸ ਨਾਲ ਆਮ ਲੋਕਾਂ ਦੀ ਜੇਬ ਅਤੇ ਸਿਹਤ ਉਤੇ ਵੀ ਕਾਫ਼ੀ ਅਸਰ ਹੋਇਆ ਹੈ। ਜਿਥੇ ਖੜ੍ਹੇ ਪਾਣੀ ਨਾਲ ਬਿਮਾਰੀਆਂ ਪੈਦਾ ਹੋਈਆਂ ਹਨ, ਉਥੇ ਫਸਲਾਂ ਦਾ ਵੀ ਬਹੁਤ ਸਾਰਾ ਨੁਕਸਾਨ ਹੋਇਆ ਹੈ ਤੇ ਪ੍ਰਦੂਸ਼ਣ ਵੀ ਕਾਫ਼ੀ ਹੱਦ ਤੱਕ ਵਧਿਆ ਹੈ। ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਦੁਸਹਿਰੇ ਤੇ ਦੀਵਾਲੀ ਨੂੰ ਇਕ ਤਾਂ ਰਾਵਣ ਦੇ ਪੁਤਲੇ ਬਣਾ ਕੇ ਨਾ ਫੂਕੇ ਜਾਣ ਤੇ ਨਾ ਹੀ ਦੀਵਾਲੀ 'ਤੇ ਪਟਾਕੇ ਚਲਾਏ ਜਾਣ ਜਿਥੇ ਸਾਡੇ ਪੈਸੇ ਦੀ ਬੱਚਤ ਹੋਵੇਗੀ, ਉਥੇ ਸਾਡਾ ਆਲਾ-ਦੁਆਲਾ ਵੀ ਪ੍ਰਦੂਸ਼ਣ ਰਹਿਤ ਹੋਵੇਗਾ ਤੇ ਜੋ ਪੈਸਾ ਇਨ੍ਹਾਂ ਗਲਤ ਕੰਮਾਂ ਤੋਂ ਬਚੇਗਾ ਉਹ ਹੀ ਪੈਸਾ ਕਿਸੇ ਗਰੀਬ ਕਿਸਾਨ ਨੂੰ ਦੇ ਕੇ ਉਨ੍ਹਾਂ ਦੀ ਸਹਾਇਤਾ ਵੀ ਕੀਤੀ ਜਾ ਸਕਦੀ ਹੈ। ਦੁਸਹਿਰਾ ਤੇ ਦੀਵਾਲੀ ਦਾ ਮੰਤਵ ਸਿਰਫ਼ ਪਟਾਕੇ ਚਲਾਉਣਾ ਜਾਂ ਪੁਤਲੇ ਫੂਕਣਾ ਨਹੀਂ ਸਗੋਂ ਸਮੁੱਚੇ ਭਾਈਚਾਰੇ ਨੂੰ ਪਿਆਰ ਨਾਲ ਰਹਿਣ ਦਾ ਸੰਦੇਸ਼ ਦਿੱਤਾ ਜਾ ਸਕਦਾ ਹੈ। ਬਜ਼ਾਰੋਂ ਲਿਆਉਣ ਵਾਲੀਆਂ ਮਠਿਆਈਆਂ ਦਾ ਵੀ ਖਾਸ ਧਿਆਨ ਰੱਖਿਆ ਜਾਵੇ, ਕਿਉਂਕਿ ਮਿਲਾਵਟਖੋਰੀ ਬਹੁਤ ਜ਼ਿਆਦਾ ਵਧ ਚੁੱਕੀ ਹੈ। ਘਰਾਂ ਵਿਚ ਹੀ ਵਧੀਆ ਸਾਫ਼-ਸੁਥਰੇ ਪਦਾਰਥ ਤਿਆਰ ਕਰ ਕੇ ਖਾਧੇ ਜਾਣ, ਇਸ ਤਰ੍ਹਾਂ ਕਰਨ ਨਾਲ ਸਿਹਤ ਵੀ ਸਹੀ ਰਹੇਗੀ ਤੇ ਬੋਲੇੜੇ ਖਰਚੇ ਤੋਂ ਵੀ ਬਚਿਆ ਜਾ ਸਕੇਗਾ।

-ਸੁਖਚੈਨ ਸਿੰਘ, ਠੱਠੀ ਭਾਈ (ਯੂ.ਏ.ਈ.)

ਭਰੇ ਮਨ ਤੇ ਖਾਲੀ ਪੇਟ
ਪਿਛਲੇ ਦਿਨੀਂ ਨਵਜੋਤ ਸਿੰਘ ਜੱਖੂ ਦਾ 'ਸਮਾਜਿਕ ਬਰਾਬਰੀ ਦਾ ਸੁਪਨਾ' ਪੜ੍ਹਿਆ। ਥੋੜ੍ਹੇ ਤੇ ਭਾਵਪੂਰਤ ਸ਼ਬਦ ਦਿਲ ਨੂੰ ਛੂਹ ਗਏ। ਕੀ ਅਸੀਂ ਆਪਣੇ ਦੇਸ਼ ਨੂੰ ਲੋਕਤੰਤਰ ਦੀਆਂ ਲੀਹਾਂ 'ਤੇ ਚੱਲਣ ਵਾਲਾ ਕਹੀਏ? ਅਜ਼ਾਦੀ ਤੋਂ ਲੈ ਕੇ ਹੁਣ ਤੱਕ ਕੀ ਖੱਟਿਆ, ਕਿਥੇ ਹੈ ਬਰਾਬਰੀ? ਜਿਥੇ ਕਿਰਤੀ ਭੁੱਖੇ ਮਰਨ ਤੇ ਵਿਹਲੜ ਐਸ਼ ਕਰਨ, ਕਾਹਦਾ ਮਾਣ ਹੈ, ਆਪਣੇ ਦੇਸ਼ 'ਤੇ, ਜਿਸ ਦੇਸ਼ ਵਿਚ ਸਾਰਾ ਦਿਨ ਹੱਡ ਭੰਨਵੀਂ ਮਿਹਨਤ ਤੋਂ ਬਾਅਦ ਵੀ ਪੇਟ ਭਰ ਰੋਟੀ ਨਾ ਮਿਲੇ। 70 ਸਾਲ ਤੋਂ ਉੱਪਰ ਹੋ ਗਏ ਹਨ, ਗਰੀਬੀ ਢੋਂਹਦਿਆਂ? ਕਦੋਂ ਆਉਣਗੇ ਭਲੇ ਦਿਨ? ਹਾਕਮਾਂ ਦੀਆਂ ਡੀਂਗਾਂ ਹੁਣ ਨਹੀਂ ਸੁਣੀਆਂ ਜਾਂਦੀਆਂ। ਮਜ਼ਦੂਰ ਤੇ ਕਾਰੀਗਰ ਮਹਿਲ ਉਸਾਰਦੇ ਰਹਿ ਜਾਂਦੇ ਹਨ ਤੇ ਉਸਾਰਨ ਵਾਲੇ ਖੁੱਲ੍ਹੇ ਅਸਮਾਨ ਹੇਠਾਂ ਠੰਢੀਆਂ-ਤੱਤੀਆਂ ਰਾਤਾਂ ਗੁਜ਼ਾਰਦੇ ਹਨ।
ਸਿਆਸਤ ਅੰਦਰ ਸਰਮਾਏਦਾਰੀ ਤੇ ਧੱਕੇਸ਼ਾਹੀ ਵਧਦੀ ਹੀ ਜਾ ਰਹੀ ਹੈ। ਹੱਕ-ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਾ ਦੀ ਕੋਈ ਨਜ਼ਰ ਨਹੀਂ ਆ ਰਿਹਾ। ਇਸ ਬੁਰੇ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਆਮ ਲੋਕਾਂ ਨੂੰ ਹੀ ਅੱਗੇ ਆਉਣਾ ਪਵੇਗਾ। ਜਾਗਰੂਕ ਲੋਕ ਅਗਵਾਈ ਲਈ ਅੱਗੇ ਆਉਣ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਪਾਣੀ ਦੀ ਬੱਚਤ
ਝੋਨੇ ਦੀ ਫਸਲ, ਫੈਕਟਰੀਆਂ ਆਦਿ ਵਿਚ ਹੁੰਦੀ ਪਾਣੀ ਦੀ ਵਰਤੋਂ ਅਤੇ ਰੋਜ਼ਾਨਾ ਹੋ ਰਹੀ ਪਾਣੀ ਦੀ ਦੁਰਵਰਤੋਂ ਨੇ ਪਾਣੀ ਨੂੰ ਪਤਾਲ ਤੱਕ ਪਹੁੰਚਾ ਦਿੱਤਾ ਹੈ। ਜੇਕਰ ਸਮਾਂ ਰਹਿੰਦੇ ਪਾਣੀ ਦੀ ਬੱਚਤ ਨਾ ਕੀਤੀ ਅਤੇ ਸੁਚੱਜੀ ਖੇਤੀ ਤਕਨੀਕ ਨਾ ਅਪਣਾਈ ਤਾਂ ਸਾਡੀ ਧਰਤੀ ਜਲਦੀ ਹੀ ਮਾਰੂਥਲ ਬਣ ਜਾਵੇਗੀ। ਸਰਕਾਰ ਨੂੰ ਉਨ੍ਹਾਂ ਲੋਕਾਂ 'ਤੇ ਸਖਤੀ ਵਰਤਣੀ ਚਾਹੀਦੀ ਹੈ ਜੋ ਲੋਕ ਸਵੇਰੇ-ਸ਼ਾਮ ਪਾਣੀ ਨਾਲ ਗੱਡੀਆਂ ਧੋਣ, ਪਾਰਕਾਂ ਵਿਚ ਬੇਲੋੜਾ ਖੁੱਲ੍ਹਾ ਪਾਣੀ ਛੱਡਣ ਦੀ ਦੁਰਵਰਤੋਂ ਕਰਦੇ ਹਨ। ਹੁਣ ਵੀ ਅਸੀਂ ਸੁਚੇਤ ਨਾ ਹੋਏ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸਾਨਾਂ ਨੂੰ ਫਸਲੀ ਚੱਕਰ ਵਿਚੋਂ ਬਾਹਰ ਨਿਕਲਣ ਲਈ ਪੰਜਾਬ ਦੇ ਕਿਸਾਨਾਂ ਨੂੰ ਪ੍ਰੇਰਨਾ ਚਾਹੀਦਾ ਹੈ। ਇਸ ਵਿਸ਼ੇ ਸਬੰਧੀ ਕੁਝ ਦਿਨ ਪਹਿਲਾਂ ਜਲੰਧਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੈਮੀਨਾਰ ਵੀ ਕਰਵਾਇਆ ਗਿਆ। ਅਜਿਹੇ ਹੀ ਸੈਮੀਨਾਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਕਰਵਾ ਕੇ ਕਿਸਾਨਾਂ ਨੂੰ, ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਕਿਸਾਨ ਫਸਲੀ ਚੱਕਰ ਵਿਚੋਂ ਨਿਕਲਣ ਅਤੇ ਸਮਾਂ ਰਹਿੰਦੇ ਕੁਦਰਤ ਦੀ ਅਣਮੁੱਲੀ ਦਾਤ ਪਾਣੀ ਨੂੰ ਬਚਾਇਆ ਜਾ ਸਕੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਵਿਦੇਸ਼ ਜਾਓ ਪਰ ਸਹੀ ਤਰੀਕੇ
ਅੱਜ ਨੌਜਵਾਨਾਂ ਦਾ ਬਾਹਰ ਵਿਦੇਸ਼ਾਂ 'ਚ ਜਾਣ ਦਾ ਰੁਝਾਨ ਇਸ ਕਦਰ ਵਧ ਗਿਆ ਹੈ ਕਿ ਉਹ ਕਈ ਵਾਰ ਬਾਹਰ ਜਾਣ ਦੀ ਖਾਤਰ ਆਪਣੇ ਮਾਂ-ਬਾਪ ਨੂੰ ਜ਼ਮੀਨ ਵੇਚਣ ਲਈ ਮਜਬੂਰ ਕਰ ਦਿੰਦੇ ਹਨ ਕਿ ਅਸੀਂ ਤਾਂ ਬਾਹਰ ਹੀ ਜਾਣਾ ਹੈ। ਜਦਕਿ ਬਾਹਰ ਜਾ ਕੇ ਵੀ ਕੰਮ ਕਰਨਾ ਪੈਣਾ ਹੈ। ਕਈ ਨੌਜਵਾਨ 15-20 ਲੱਖ ਰੁਪਏ ਖਰਚ ਕੇ ਨਾਜਾਇਜ਼ ਤਰੀਕੇ ਨਾਲ ਬਾਹਰ ਜਾਂਦੇ ਹਨ, ਕਈ ਘਰ ਗਲਤ ਧੋਖੇਬਾਜ਼ ਏਜੰਟਾਂ ਦੇ ਜਾਲ 'ਚ ਫਸ ਕੇ ਪੈਸਾ ਵੀ ਗੁਆ ਲੈਂਦੇ ਹਨ ਅਤੇ ਆਪਣੇ ਬੱਚਿਆਂ ਦੀ ਜਾਨ ਵੀ। ਮੇਰੀ ਨੌਜਵਾਨ ਪੀੜ੍ਹੀ ਨੂੰ ਬੇਨਤੀ ਹੈ ਕਿ ਜੇ ਬਾਹਰ ਜਾਣਾ ਹੈ ਤਾਂ ਸਹੀ ਤਰੀਕੇ ਕਿਸੇ ਚੰਗੀ ਕੰਪਨੀ ਰਾਹੀਂ, ਸਹੀ ਏਜੰਟ ਦੀ ਚੋਣ ਕਰ ਕੇ ਜਿਸ ਕੋਲ ਲਾਇਸੰਸ ਹੋਵੇ। ਫਿਰ ਹੀ ਵਿਦੇਸ਼ ਜਾਣਾ ਚਾਹੀਦਾ ਹੈ।

-ਸੁਖਚੈਨ ਸਿੰਘ ਢਿੱਲੋਂ
ਖਿੱਪਾਂ ਵਾਲੀ (ਫਾਜ਼ਿਲਕਾ)।

07-10-2019

 ਆਈਲਟਸ ਸੈਂਟਰ...
ਅੱਜ ਦੇ ਦੌਰ ਵਿਚ ਪੰਜਾਬ ਵਿਚੋਂ ਆਏ ਦਿਨ ਨੌਜਵਾਨ ਵਿਦੇਸ਼ਾਂ ਵਿਚ ਜਾ ਰਹੇ ਹਨ। ਜ਼ਿਆਦਾਤਰ ਮੁੰਡੇ-ਕੁੜੀਆਂ 10+2 ਪਾਸ ਕਰਕੇ ਆਈਲਟਸ ਦੀ ਤਿਆਰੀ ਵਿਚ ਲੱਗ ਜਾਂਦੇ ਹਨ। ਜ਼ਿਆਦਾਤਰ ਕੁੜੀਆਂ ਆਈਲਟਸ ਵਿਚੋਂ ਚੰਗੇ ਬੈਂਡ ਹਾਸਲ ਕਰਨ ਵਿਚ ਕਾਮਯਾਬ ਹੋ ਜਾਂਦੀਆਂ ਹਨ ਤੇ ਉਹ ਇੱਧਰ ਵਿਆਹ ਕਰਵਾ ਕੇ ਵਿਦੇਸ਼ ਚਲੀਆਂ ਜਾਂਦੀਆਂ ਹਨ। ਇਸ ਨਾਲ ਕਾਲਜਾਂ ਵਿਚ ਦਾਖਲਾ ਘਟਣ ਲੱਗ ਪਿਆ ਹੈ। ਕਈ ਪ੍ਰਾਈਵੇਟ ਕਾਲਜਾਂ ਵਾਲੇ ਵੀ ਹੁਣ ਕਾਲਜ ਬੰਦ ਕਰਕੇ ਆਈਲਟਸ ਸੈਂਟਰ ਖੋਲ੍ਹਣ ਦੀ ਤਿਆਰੀ ਵਿਚ ਲੱਗੇ ਹੋਏ ਹਨ। ਬੇਰੁਜ਼ਗਾਰੀ, ਅਵਾਰਾ ਪਸ਼ੂ, ਖੁਦਕੁਸ਼ੀਆਂ ਦੇ ਰਾਹ ਪੈ ਰਹੇ ਕਿਸਾਨ, ਰੁਜ਼ਗਾਰ ਮੌਕਿਆਂ ਦੀ ਘਾਟ, ਸਿਹਤ ਸਹੂਲਤਾਂ ਦੀ ਘਾਟ, ਪ੍ਰਦੂਸ਼ਿਤ ਵਾਤਾਵਰਨ, ਮਹਿੰਗਾਈ, ਮਾਪਿਆਂ ਨੂੰ ਬੱਚਿਆਂ ਦੇ ਅਸੁਰੱਖਿਅਤ ਭਵਿੱਖ ਦਾ ਡਰ ਆਦਿ ਕਾਰਨ ਮਾਪੇ ਆਪਣੇ ਕਾਲਜੇ ਦੇ ਟੁਕੜੇ ਨੂੰ ਵਿਦੇਸ਼ਾਂ 'ਚ ਭੇਜਣ ਲਈ ਮਜਬੂਰ ਹਨ। ਇਹੋ ਹਾਲ ਰਿਹਾ ਤਾਂ 10+2 ਤੋਂ ਬਾਅਦ ਆਈਲਟਸ ਸੈਂਟਰ ਹੀ ਰਹਿ ਜਾਣਗੇ ਤੇ ਨੌਕਰੀਆਂ ਦੀ ਕਮੀ ਹੋਰ ਹੋ ਜਾਵੇਗੀ। ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।


-ਸੁਖਦੀਪ ਸਿੰਘ ਗਿੱਲ


ਇਕ ਧੀ ਦੇਈਂ ਵੇ ਰੱਬਾ...
ਕਿਸੇ ਵਿਦਵਾਨ ਦਾ ਕਥਨ ਹੈ ਕਿ ਪਰਿਵਾਰ ਵਿਚ ਇਕ ਧੀ ਲਾਜ਼ਮੀ ਹੋਣੀ ਚਾਹੀਦੀ ਹੈ। ਧੀ ਦੀ ਮੌਜੂਦਗੀ ਵਿਚ ਇਨਸਾਨ ਦਾ ਵਿਚਰਨ ਅਤੇ ਬੋਲਚਾਲ ਦਾ ਤਰੀਕਾ ਸੱਭਿਅਕ ਬਣਦਾ ਹੈ। ਮਾਂ ਤੋਂ ਬਾਅਦ ਧੀ ਹੀ ਪਿਤਾ ਦੀ ਸਭ ਤੋਂ ਵੱਧ ਫਿਕਰ ਕਰਦੀ ਹੈ। ਉਹ ਧੀ, ਭੈਣ, ਪਤਨੀ ਅਤੇ ਮਾਂ ਦੇ ਰੂਪ ਵਿਚ ਆਪਣੇ ਫਰਜ਼ਾਂ ਨੂੰ ਬਾਖੂਬੀ ਨਿਭਾਉਂਦੀ ਹੈ। ਜਿਸ ਘਰ ਵਿਚ ਪੁੱਤ ਨਾ ਹੋਵੇ ਉਥੇ ਹੀ ਉਹ ਮਾਂ-ਬਾਪ ਨੂੰ ਪੁੱਤ ਬਣ ਕੇ ਦੱਸਦੀ ਹੈ। ਮੁਕਤਸਰ ਦੀ ਇਕ ਧੀ ਆਪਣੇ ਪੋਲੀਓਗ੍ਰਸਤ ਪਿਤਾ ਦੀ ਮਦਦ ਲਈ ਉਸ ਨਾਲ ਬੈਠ ਕੇ ਦੇਰ ਤੱਕ ਆਟੋ ਚਲਾਉਂਦੀ ਹੈ। ਅਮਲੋਹ ਦੀ ਇਕ ਧੀ ਨੇ ਆਪਣੀ ਪੜ੍ਹਾਈ ਛੱਡ ਕੇ ਪਹਿਲਾਂ ਕੈਂਸਰ ਪੀੜਤ ਮਾਂ ਅਤੇ ਫਿਰ ਪਿਤਾ ਦੀ ਅਜਿਹੀ ਮਿਸਾਲੀ ਸੇਵਾ ਕੀਤੀ ਕਿ ਉਸ ਦਾ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ 'ਸਰਵਣ ਧੀ' ਦਾ ਐਵਾਰਡ ਦੇ ਕੇ ਸਨਮਾਨ ਕੀਤਾ ਹੈ। ਇਸ ਤੋਂ ਬਿਨਾਂ ਪਤਾ ਨਹੀਂ ਹੋਰ ਕਿੰਨੀਆਂ ਕੁ ਧੀਆਂ ਹਨ ਜੋ ਆਪਣੇ ਪਰਿਵਾਰ ਲਈ ਆਪਣੀਆਂ ਸੱਧਰਾਂ ਦੀ ਬਲੀ ਦੇ ਕੇ ਆਪਣੇ ਪਰਿਵਾਰ ਨੂੰ ਖੁਸ਼ ਦੇਖਣਾ ਚਾਹੁੰਦੀਆਂ ਹਨ। ਅੱਜ ਜਦੋਂ ਸੁੱਖਾਂ ਲੱਧੇ ਪੁੱਤ ਵਲੋਂ ਨਸ਼ਿਆਂ ਦੀ ਖਾਤਰ ਮਾਂ-ਬਾਪ ਦੀ ਕੁੱਟ-ਮਾਰ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਤਾਂ ਜੀਅ ਕਰਦਾ ਹੈ ਕਿ ਰੱਬ ਪੁੱਤਾਂ ਦੇ ਨਾਲ-ਨਾਲ ਇਕ ਧੀ ਵੀ ਸਭ ਨੂੰ ਦੇਵੇ।


-ਲੈਕ: ਰਜਿੰਦਰ ਸਿੰਘ ਪਹੇੜੀ
ਆਨੰਦ ਨਗਰ-ਬੀ, ਪਟਿਆਲਾ।


ਇਨਸਾਨ ਦੇ ਵਿਨਾਸ਼ ਦਾ ਕਾਰਨ
ਅੱਜਕਲ੍ਹ ਇਨਸਾਨ ਵਿਚ ਗੁੱਸਾ ਏਨਾ ਜ਼ਿਆਦਾ ਵਧ ਗਿਆ ਹੈ ਕਿ ਗੁੱਸੇ ਨੇ ਪੂਰੀ ਤਰ੍ਹਾਂ ਪ੍ਰੇਮ ਨੂੰ ਆਪਣੇ ਕਾਬੂ ਵਿਚ ਲੈ ਲਿਆ ਹੈ। ਜਦੋਂ ਵੀ ਇਨਸਾਨ ਨੂੰ ਗੁੱਸਾ ਆਉਂਦਾ ਹੈ ਤਾਂ ਇਨਸਾਨ ਉਸ ਗੁੱਸੇ 'ਤੇ ਆਪਣਾ ਕਾਬੂ ਨਹੀਂ ਕਰ ਪਾਉਂਦਾ ਅਤੇ ਗੁੱਸੇ ਵਿਚ ਆਪਣਾ ਜਾਂ ਦੂਸਰੇ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ। ਜਦੋਂ ਨੁਕਸਾਨ ਹੋਣ ਤੋਂ ਬਾਅਦ ਇਨਸਾਨ ਗੁੱਸੇ ਵਿਚ ਹੋਈ ਗ਼ਲਤੀ ਬਾਰੇ ਸੋਚ ਕੇ ਪਛਤਾਵਾ ਵੀ ਕਰਦਾ ਹੈ ਪਰ ਜਦੋਂ ਦੁਬਾਰਾ ਫਿਰ ਗੁੱਸਾ ਆਉਂਦਾ ਹੈ ਤਾਂ ਫਿਰ ਗੁੱਸੇ 'ਤੇ ਕਾਬੂ ਨਹੀਂ ਕਰ ਪਾਉਂਦਾ। ਇਨਸਾਨ ਦਾ ਗੁੱਸਾ ਸਿਰਫ 1-2 ਮਿੰਟ ਦਾ ੁਹੰਦਾ ਹੈ ਪਰ ਉਹ ਇਕ ਮਿੰਟ ਵਿਚ ਹੀ ਗੁੱਸੇ ਵਿਚ ਬਹੁਤ ਵੱਡਾ ਨੁਕਸਾਨ ਕਰ ਲੈਂਦਾ ਹੈ। ਜੇਕਰ ਇਨਸਾਨ 1-2 ਮਿੰਟ ਆਪਣੇ ਗੁੱਸੇ 'ਤੇ ਕਾਬੂ ਕਰਨਾ ਸਿੱਖ ਲਵੇ ਤਾਂ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਚਿਆ ਜਾ ਸਕਦਾ ਹੈ।


-ਸੰਦੀਪ ਕੰਬੋਜ
ਪਿੰਡ ਗੋਲੂ ਕਾ ਮੋੜ, ਤਹਿ: ਗੁਰੂ ਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ।


ਸੜਕਾਂ ਦੀ ਹਾਲ
ਮੈਂ 'ਕੱਲ੍ਹਾ ਨਹੀਂ ਕਹਿੰਦਾ ਇਹ ਗੱਲ ਹਰ ਕੋਈ ਕਹਿੰਦਾ ਹੈ ਕਿ ਸਰਕਾਰ ਨੇ ਸਾਰੇ ਹੀ ਜੀ.ਟੀ. ਰੋਡ ਬੜੇ ਵਧੀਆ ਬਣਾ ਦਿੱਤੇ ਹਨ। ਜਦੋਂ ਕਦੇ ਦੂਰ-ਦੁਰਾਡੇ ਜਾਣ ਦਾ ਸਮਾਂ ਮਿਲਦਾ ਹੈ ਤਾਂ ਰੋਡ ਨੂੰ ਵੇਖ ਕੇ ਸਰਕਾਰ ਦੀ ਸਿਫ਼ਤ ਕੀਤੀ ਜਾਂਦੀ ਹੈ। ਬੇਸ਼ੱਕ ਇਹ ਪ੍ਰਾਈਵੇਟ ਲਿਮਟਿਡ ਠੇਕੇਦਾਰਾਂ ਵਲੋਂ ਬਣਾਏ ਹਨ ਪਰ ਇਸ ਦੇ ਉਲਟ ਜੋ ਸੰਪਰਕ ਸੜਕਾਂ ਸਾਡੇ ਪਿੰਡਾਂ ਨੂੰ ਇਕ-ਦੂਜੇ ਨਾਲ ਆਪਸ ਵਿਚ ਮਿਲਾਉਂਦੀਆਂ ਹਨ ਉਨ੍ਹਾਂ ਦੀ ਸਾਰ ਕਿਉਂ ਨਹੀਂ ਲਈ ਜਾਂਦੀ। ਇਹ ਲਿੰਕ ਸੜਕਾਂ ਦੀ ਚੌੜਾਈ ਅੱਜ ਦੀ ਮਸ਼ੀਨਰੀ ਨੂੰ ਦੇਖ ਕੇ ਕਿਉਂ ਨਹੀਂ ਵਧਾਈ ਜਾਂਦੀ। ਅਸੀਂ ਕਦੇ ਤੋਂ ਦੇਖਦੇ ਆ ਰਹੇ ਹਾਂ ਇਹ ਸੜਕਾਂ ਨੂੰ ਪ੍ਰੀਮਿਕਸ ਪਾ ਕੇ ਨਵੀਂ ਤਾਂ ਬਣਾ ਦਿੱਤਾ ਜਾਂਦਾ ਹੈ ਪਰ ਇਸ ਨੂੰ ਸਮੇਂ ਦੀ ਚਾਲ ਦੇ ਅਨੁਸਾਰ ਚੌੜਾ ਨਹੀਂ ਕੀਤਾ ਗਿਆ। ਜਦੋਂ ਕੋਈ ਦੋ ਗੱਡੀਆਂ ਇਨ੍ਹਾਂ ਸੜਕਾਂ 'ਤੇ ਇਕੱਠੀਆਂ ਆ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਗੱਡੀਆਂ ਨੂੰ ਲੰਘਾਉਣ ਵਿਚ ਕਾਫੀ ਪ੍ਰੇਸ਼ਾਨੀ ਵੀ ਆਉਂਦੀ ਹੈ। ਸਰਕਾਰ ਨੂੰ ਇਨ੍ਹਾਂ ਸੜਕਾਂ ਦੀ ਚੌੜਾਈ ਨੂੰ ਵਧਾ ਕੇ ਕੋਈ ਐਕਟ ਅਧੀਨ ਲੈ ਕੇ ਆਉਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।


-ਲੈਕ: ਸੁਖਦੀਪ ਸਿੰਘ ਸੁਖਾਣਾ
ਪਿੰਡ ਸੁਖਾਣਾ, ਜ਼ਿਲ੍ਹਾ ਲੁਧਿਆਣਾ।


ਪਿੰਡਾਂ 'ਚ ਕੋਠੀਆਂ ਦਾ ਰੁਝਾਨ
25-26 ਸਾਲ ਪਹਿਲਾਂ ਸਾਡੇ ਪਿੰਡ ਵਿਚ ਕੋਈ ਚੁਬਾਰਾ ਨਹੀਂ ਸੀ ਅਤੇ ਨਾ ਹੀ ਕੋਈ ਖਾਸ ਕੋਠੀ ਸੀ, ਪਰ ਜਿਉਂ ਹੀ ਮੈਂ ਇਕ ਮੰਜ਼ਲਾ ਕੋਠੀ ਬਣਾਈ ਤਾਂ ਫਿਰ ਕੀ ਸੀ, ਪਿੰਡ 'ਚ ਵੇਖਦਿਆਂ-ਵੇਖਦਿਆਂ ਹੀ ਦੋ-ਦੋ, ਤਿੰਨ-ਤਿੰਨ ਮੰਜ਼ਲਾਂ ਮੇਰੀ ਕੋਠੀ ਤੋਂ ਉੱਚੀਆਂ ਕੋਠੀਆਂ ਪੈ ਗਈਆਂ। ਇਸੇ ਹੀ ਤਰ੍ਹਾਂ ਪੰਜਾਬ ਦੇ ਬਾਕੀ ਪਿੰਡਾਂ ਵਿਚ ਵੀ ਲੋੜ ਨਹੀਂ ਸਗੋਂ ਰੀਸੋ-ਰੀਸੀ ਇਕ-ਦੂਜੇ ਤੋਂ ਉੱਚੀਆਂ ਕੋਠੀਆਂ ਪਾਉਣ ਦਾ ਰੁਝਾਨ ਵਧਿਆ ਹੈ। ਕਈ ਕਿਸਾਨ ਆਪਣੀਆਂ ਜ਼ਮੀਨਾਂ ਗਹਿਣੇ ਰੱਖ ਕੇ ਮਹਿਲਨੁਮਾ ਕੋਠੀਆਂ ਬਣਾ ਲੈਂਦੇ ਹਨ। ਅਮੀਰ ਲੋਕਾਂ ਲਈ ਕੋਠੀਆਂ ਬਣਾਉਣਾ ਔਖਾ ਨਹੀਂ, ਪਰ ਦੇਖੋ-ਦੇਖੀ ਆਮ ਬੰਦਾ ਅੱਡੀਆਂ ਚੁੱਕ-ਚੁੱਕ ਕੇ ਜ਼ੋਰ ਲਗਾ ਕੇ ਆਪਣਾ ਕਚੂੰਮਰ ਕੱਢ ਲੈਂਦਾ ਹੈ। ਘਰ ਹੋਣਾ ਪਰਿਵਾਰ ਦੀ ਮੁੱਖ ਲੋੜ ਹੈ ਪਰ ਇਸ ਨੂੰ ਆਪਣੀ ਲੋੜ ਮੁਤਾਬਿਕ ਹੀ ਬਣਾਉਣਾ ਚਾਹੀਦਾ ਹੈ। ਪਿੰਡਾਂ ਵਿਚ ਵੀ ਸਧਾਰਨ ਤੇ ਵੱਡੇ ਅਤੇ ਸਾਂਝੇ ਪਰਿਵਾਰ ਬਹੁਤ ਘੱਟ ਹਨ, ਜਦੋਂ ਕਿ ਪਰਿਵਾਰ ਛੋਟੇ ਹੋਣ ਕਾਰਨ ਲਗਪਗ ਹਰੇਕ ਪਰਿਵਾਰ ਦਾ ਬੱਚਾ ਵਿਦੇਸ਼ ਗਿਆ ਹੈ। ਅਜਿਹਾ ਨਾ ਹੋਵੇ ਕਿ ਬੱਚੇ ਵਿਦੇਸ਼ 'ਚ ਸਥਾਪਤ ਹੋ ਜਾਣ ਤੇ ਮਗਰੋਂ ਕੋਠੀਆਂ 'ਚ ਕਬੂਤਰ ਅਤੇ ਵਢੇਰੀ ਉਮਰ ਕਾਰਨ ਤੁਸੀਂ ਕੋਠੀ ਦੀਆਂ ਸਾਰੀਆਂ ਪੌੜੀਆਂ ਚੜ੍ਹ ਕੇ ਕਮਰੇ ਵੇਖਣ ਤੋਂ ਵੀ ਅਸਮਰੱਥ ਹੋਵੋ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਪਲਾਸਟਿਕ ਨੂੰ ਅਲਵਿਦਾ
2 ਅਕਤੂਬਰ ਗਾਂਧੀ ਜੈਅੰਤੀ ਵਾਲੇ ਦਿਨ ਪਲਾਸਟਿਕ ਨੂੰ ਪੂਰੀ ਤਰ੍ਹਾਂ ਨਾਲ ਰੋਕ ਲਗਾ ਦਿੱਤੀ ਗਈ। ਅਸੀਂ ਦੇਖਦੇ ਹਾਂ ਕਿ ਪਲਾਸਟਿਕ ਨਾਲ ਕਿੰਨਾ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ। ਇਹ ਗਲਦਾ ਵੀ ਨਹੀਂ ਹੈ। ਕਈ ਅਵਾਰਾ ਪਸ਼ੂਆਂ ਦੀਆਂ ਪਲਾਸਟਿਕ ਦੇ ਲਿਫ਼ਾਫੇ ਖਾਣ ਨਾਲ ਜਾਨਾਂ ਜਾ ਚੁੱਕੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਦਮ ਸ਼ਲਾਘਾਯੋਗ ਹੈ। ਸਾਨੂੰ ਤੇ ਸਰਕਾਰਾਂ ਨੂੰ ਮਿਲ ਕੇ ਇਸ ਦੀ ਦੁਰਵਰਤੋਂ ਰੋਕਣੀ ਚਾਹੀਦੀ ਹੈ। ਅਸੀਂ ਪ੍ਰਣ ਕਰੀਏ ਕਿ ਜੇ ਅਸੀਂ ਮਾਰਕੀਟ ਜਾਂ ਸਬਜ਼ੀ ਵਾਲੇ ਕੋਲ ਜਾਂਦੇ ਹਾਂ ਤਾਂ ਘਰ ਤੋਂ ਹੀ ਕੱਪੜੇ ਦਾ ਥੈਲਾ ਲੈ ਕੇ ਜਾਈਏ ਤੇ ਹੋਰਾਂ ਨੂੰ ਵੀ ਜਾਗਰੂਕ ਕਰੀਏ। ਸਾਡੇ ਭਰਪੂਰ ਯੋਗਦਾਨ ਨਾਲ ਪਾਲਸਟਿਕ ਦੀ ਵਰਤੋਂ 'ਤੇ ਰੋਕ ਲੱਗ ਸਕਦੀ ਹੈ ਤਾਂ ਹੀ ਵਾਤਾਵਰਨ ਨੂੰ ਸਾਫ-ਸੁਥਰਾ ਰੱਖਿਆ ਜਾ ਸਕਦਾ ਹੈ।


-ਸੰਜੀਵ ਸਿੰਘ ਸੈਣੀ
ਦੇਸੂਮਾਜਰਾ।

04-10-2019

 ਵਾਤਾਵਰਨ ਦੀ ਸੰਭਾਲ
ਬਰਜਿੰਦਰ ਸਿੰਘ ਹਮਦਰਦ ਹੁਰਾਂ ਦੀ ਲਿਖੀ ਰਚਨਾ ਗ੍ਰੇਟਾ ਥੁਨਬਰਗ ਦੀ ਚਿਤਾਵਨੀ ਪੜ੍ਹੀ, ਜਿਸ ਵਿਚ ਲੇਖਕ ਨੇ ਵਾਤਾਵਰਨ ਦੀ ਸੰਭਾਲ ਬਾਰੇ ਗ੍ਰੇਟਾ ਥੁਨਬਰਗ ਵਲੋਂ ਮੌਸਮ ਪਰਿਵਰਤਨ 'ਤੇ ਪੈ ਰਹੇ ਮਾੜੇ ਪ੍ਰਭਾਵਾਂ ਬਾਰੇ ਦਿੱਤੀ ਚਿਤਾਵਨੀ ਬਾਰੇ ਭਰਪੂਰ ਜਾਣਕਾਰੀ ਵਿਸਥਾਰ ਸਹਿਤ ਬਿਆਨ ਕੀਤੀ ਹੈ। ਵਾਤਾਵਰਨ ਪ੍ਰੇਮੀ ਗ੍ਰੇਟਾ ਥੁਨਬਰਗ ਨੂੰ ਪੌਣ-ਪਾਣੀ ਤਬਦੀਲੀ ਅੰਦੋਲਨ ਲਈ ਬਦਲਵਾਂ ਨੋਬਲ ਕਹਾਉਣ ਵਾਲਾ ਪੁਰਸਕਾਰ ਮਿਲਿਆ ਹੈ। ਹਰ ਪ੍ਰਾਣੀ ਨੂੰ ਗ੍ਰੇਟਾ ਵਲੋਂ ਸੇਧ ਲੈ ਕੇ ਆਪਣੇ ਵਾਤਾਵਰਨ ਦੀ ਸੰਭਾਲ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਗ੍ਰੇਟਾ ਨੇ ਸਵੀਡਨ ਦੀ ਸੰਸਦ ਸਾਹਮਣੇ ਧਰਨਾ ਦਿੰਦੇ ਹੋਏ। ਪਿਛਲੇ ਸਾਲ ਅਗਸਤ ਤੋਂ ਗਲੋਬਲ ਕਲਾਈਮੇਟ ਮੂਵਮੈਂਟ ਫ੍ਰਾਈਡੇਜ਼ ਫਾਰ ਫਿਊਚਰ ਦੀ ਸ਼ੁਰੂਆਤ ਕੀਤੀ ਸੀ, ਉਸ ਤੋਂ ਪ੍ਰੇਰਿਤ ਹੋ ਕੇ ਲੰਘੇ ਸ਼ੁੱਕਰਵਾਰ ਨੂੰ 40 ਲੱਖ ਤੋਂ ਜ਼ਿਆਦਾ ਲੋਕ ਗਲੋਬਰ ਕਲਾਈਮੇਟ ਸਟ੍ਰਾਇਕ ਵਿਚ ਸ਼ਾਮਿਲ ਹੋਏ। ਇਹ ਲੋਕ ਦੁਨੀਆ ਭਰ ਦੇ ਆਗੂਆਂ ਨੂੰ ਪੌਣ-ਪਾਣੀ ਤਬਦੀਲੀ 'ਤੇ ਠੋਸ ਕਦਮ ਚੁੱਕਣ ਦੀ ਮੰਗ ਕਰ ਰਹੇ ਹਨ। ਦੁਨੀਆ ਭਰ ਵਿਚ ਧਰਤੀ ਦਾ ਵਧ ਰਿਹਾ ਤਾਪਮਾਨ ਖ਼ਤਰੇ ਦੀ ਘੰਟੀ ਹੈ। ਭਾਰਤ ਨੂੰ ਦੁਨੀਆ ਸਾਹਮਣੇ ਵਾਤਾਵਰਨ ਨੂੰ ਸੰਭਾਲਣ ਦੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ।


-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ।


ਸਮੇਂ ਦੀ ਦੁਰਵਰਤੋਂ
ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸਮੇਂ ਦਾ ਸਾਡੀ ਜ਼ਿੰਦਗੀ ਵਿਚ ਕਿੰਨਾ ਮਹੱਤਵ ਹੈ ਅਤੇ ਜਿਹੜੇ ਇਨਸਾਨ ਸਮੇਂ ਦੇ ਅਨੁਸਾਰ ਚਲਦੇ ਹਨ, ਉਹ ਹਮੇਸ਼ਾ ਆਪਣੀ ਜ਼ਿੰਦਗੀ ਵਿਚ ਉੱਚੀਆਂ ਮੰਜ਼ਿਲਾਂ ਪ੍ਰਾਪਤ ਕਰ ਜਾਂਦੇ ਹਨ। ਪਰ ਕਾਲਜ ਦੇ ਵਿਦਿਆਰਥੀਆਂ ਨੂੰ ਵੇਖ ਅਕਸਰ ਹੈਰਾਨੀ ਹੁੰਦੀ ਹੈ ਜਦੋਂ ਉਹ ਸਮੇਂ ਦੀ ਦੁਰਵਰਤੋਂ ਕਰਦੇ ਹਨ। ਅਸੀਂ ਅਕਸਰ ਵੇਖਦੇ ਹਾਂ ਕਿ ਅੱਜ ਦੇ ਸਮੇਂ ਵਿਚ ਕਾਲਜ ਦੇ ਵਿਦਿਆਰਥੀ ਆਪਣਾ ਵਧੇਰੇ ਸਮਾਂ ਮੋਬਾਈਲ ਫੋਨ ਉੱਤੇ ਚੈਟ ਕਰਨ ਤੇ ਕਾਲਜ ਦੇ ਲੈਕਚਰ ਬੰਕ ਕਰਨ ਵਿਚ ਲੰਘਾ ਦਿੰਦੇ ਹਨ, ਜਿਸ ਦਾ ਨਤੀਜਾ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਕੁਝ ਸਾਲਾਂ ਬਾਅਦ ਪਤਾ ਲਗਦਾ ਹੈ। ਜਦੋਂ ਉਨ੍ਹਾਂ ਨੂੰ ਪੈਸਾ ਕਮਾਉਣ ਲਈ ਅਨਪੜ੍ਹ ਲੋਕਾਂ ਦੀ ਤਰ੍ਹਾਂ ਦਿਹਾੜੀਆਂ ਕਰਨੀਆਂ ਪੈਂਦੀਆਂ ਹਨ ਤੇ ਆਪਣੇ ਪਰਿਵਾਰ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਕਾਲਜ ਦੇ ਬਹੁਤ ਸਾਰੇ ਵਿਦਿਆਰਥੀ ਇਸ ਗੱਲ ਦੀ ਬਿਲਕੁੱਲ ਵੀ ਚਿੰਤਾ ਨਹੀਂ ਕਰਦੇ ਕਿ ਉਨ੍ਹਾਂ ਦੇ ਭਵਿੱਖ ਦਾ ਕੀ ਹੋਵੇਗਾ, ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਜ਼ਿੰਦਗੀ ਵਿਚ ਪੜ੍ਹਨਾ ਲਿਖਣਾ ਜ਼ਰੂਰੀ ਨਹੀਂ ਹੁੰਦਾ। ਪਰ ਅਸਲ ਵਿਚ ਪੜ੍ਹਾਈ ਦੀ ਕੀਮਤ ਉਨ੍ਹਾਂ ਨੂੰ ਉਸ ਸਮੇਂ ਪਤਾ ਲਗਦੀ ਹੈ ਜਦੋਂ ਉਨ੍ਹਾਂ ਦੇ ਹੁਸ਼ਿਆਰ ਹਮਜਮਾਤੀ ਡਿਗਰੀਆਂ ਲੈ ਕੇ ਵਧੀਆ ਨੌਕਰੀਆਂ 'ਤੇ ਲੱਗ ਜਾਂਦੇ ਹਨ ਤੇ ਸਮੇਂ ਦੀ ਕਦਰ ਨਾ ਕਰਨ ਵਾਲੇ ਵਿਅਕਤੀ ਮਜ਼ਦੂਰੀਆਂ ਕਰ ਆਪਣਾ ਸਮਾਂ ਗ਼ਰੀਬੀ ਵਿਚ ਲੰਘਾਉਂਦੇ ਹਨ। ਸਮੇਂ ਦੀ ਕਦਰ ਨਾ ਕਰਨ ਵਾਲੇ ਵਿਦਿਆਰਥੀ ਹਮੇਸ਼ਾ ਆਪਣੇ ਭੂਤਕਾਲ ਨੂੰ ਚੇੇਤੇ ਕਰ ਆਪਣੇ ਆਪ ਨੂੰ ਕੋਸਦੇ ਰਹਿੰਦੇ ਹਨ। ਇਸ ਲਈ ਮੈਂ ਕਾਲਜ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਬੇਨਤੀ ਕਰਦਾ ਹਾਂ ਕਿ ਸਮੇਂ ਦੀ ਕਦਰ ਕਰਨੀ ਸਿੱਖੋ ਤਾਂ ਹੀ ਸਮਾਂ ਤੁਹਾਡੀ ਕਦਰ ਕਰੇਗਾ। ਜੇਕਰ ਤੁਸੀਂ ਅੱਜ ਪੜ੍ਹਨਾ ਲਿਖਣਾ ਛੱਡ ਦਿੱਤਾ ਤਾਂ ਤੁਹਾਡੀ ਆਉਣ ਵਾਲੀ ਪੀੜ੍ਹੀ ਤੇ ਸਮਾਜ ਵੀ ਅਨਪੜ੍ਹ ਹੀ ਹੋਵੇਗਾ। ਸੋ, ਇਸ ਲਈ ਕੁਝ ਤਾਂ ਸੋਚ ਵਿਚਾਰ ਕਰੋ।


-ਸੁਖਪ੍ਰੀਤ ਸਿੰਘ
ਹਰਫ਼ ਕਾਲਜ, ਮਲੇਰਕੋਟਲਾ।


ਪ੍ਰਦੂਸ਼ਣ ਗੰਭੀਰ ਸਮੱਸਿਆ
ਪੰਜਾਬ 'ਚ ਪ੍ਰਦੂਸ਼ਣ ਦੀ ਸਮੱਸਿਆ ਇਕ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਪਾਣੀ ਦੇ ਦੂਸ਼ਿਤ ਹੋਣ ਕਰਕੇ ਸੂਬੇ ਵਿਚ ਕੈਂਸਰ ਦੇ ਰੋਗੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਤੇ ਪ੍ਰਦੂਸ਼ਣ ਦੀ ਰੋਕਥਾਮ ਲਈ ਠੋਸ ਨੀਤੀ ਬਣਾਉਣ ਦੀ ਲੋੜ ਹੈ। ਪੈਦਾ ਹੋਣ ਵਾਲੀਆਂ ਫ਼ਸਲਾਂ ਤੇ ਪਾਣੀ ਵਿਚ ਜ਼ਹਿਰੀਲੇ ਤੱਤਾਂ ਦਾ ਰਲੇਵਾਂ ਹੋਇਆ ਹੈ, ਜਿਸ ਨਾਲ ਲਗਾਤਾਰ ਮਨੁੱਖੀ ਸਿਹਤ ਪ੍ਰਭਾਵਿਤ ਹੋ ਰਹੀ ਹੈ। ਲੁਧਿਆਣਾ ਜ਼ਿਲ੍ਹੇ ਵਿਚ ਬੁੱਢਾ ਨਾਲਾ ਪਾਣੀ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ। ਅਜਿਹੀ ਸਨਅਤਾਂ ਦੇ ਲਾਇਸੰਸ ਕੈਂਸਲ ਕਰਨੇ ਚਾਹੀਦੇ ਹਨ। ਸੂਬਾ ਸਰਕਾਰਾਂ, ਸਮਾਜ ਸੇਵੀ ਸੰਸਥਾਵਾਂ ਤੇ ਸਨਅਤਕਾਰਾਂ ਦੇ ਸਾਂਝੇ ਯਤਨ ਸਦਕਾ ਹੀ ਪ੍ਰਦੂਸ਼ਣ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ।


-ਸ.ਸ. ਸੈਣੀ (ਇੰ:)
ਦੇਸੂਮਾਜਰਾ, ਡੇਰਾਬੱਸੀ।


ਕਣਕ ਅਤੇ ਆਲੂਆਂ ਦੀ ਮੰਗ ਵਧੀ
ਪੰਜਾਬ ਦੇ ਲੋਕਾਂ ਵਿਚ ਬਾਹਰਲੇ ਰਾਜਾਂ ਦੀ ਕਣਕ ਦੀ ਮੰਗ ਵਧ ਰਹੀ ਹੈ। ਬਾਜ਼ਾਰ ਵਿਚ ਰਾਜਸਥਾਨ ਤੇ ਮੱਧ ਪ੍ਰਦੇਸ਼ ਦੀ ਕਣਕ ਤੇ ਆਟਾ ਆਮ ਵਿਕ ਰਿਹਾ ਹੈ। ਲੋਕ ਮਹਿੰਗੇ ਭਾਅ ਵਿਚ ਆਟਾ ਖਰੀਦ ਰਹੇ ਹਨ। ਬਾਜ਼ਾਰ ਵਿਚ ਇਸ ਕਣਕ ਦੀ ਕੀਮਤ 30 ਰੁਪਏ ਕਿਲੋ ਦੇ ਆਸ-ਪਾਸ ਹੈ। ਲੋਕ ਇਸ ਤਰ੍ਹਾਂ ਇਸ ਲਈ ਕਰਦੇ ਹਨ ਕਿਉਂਕਿ ਇਨ੍ਹਾਂ ਰਾਜਾਂ ਵਿਚ ਯੂਰੀਆ, ਡੀ.ਏ.ਪੀ. ਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਘੱਟ ਹੁੰਦੀ ਹੈ। ਪੰਜਾਬ ਵਿਚ ਵੀ ਕਈ ਕਿਸਾਨ ਆਪਣੇ ਘਰ ਖਾਣ ਲਈ ਰੇਅ-ਸਪਰੇਅ ਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਤੋਂ ਬਿਨਾਂ ਕਣਕ ਬੀਜਦੇ ਹਨ। ਅਮੀਰ ਜਾਂ ਹੈਸੀਅਤ ਵਾਲੇ ਲੋਕ ਤਾਂ ਬਾਹਰਲੇ ਰਾਜਾਂ ਤੋਂ ਕਣਕ ਤੇ ਹੋਰ ਸਾਮਾਨ ਜਿਵੇਂ ਆਲੂ ਮੰਗਵਾ ਜਾਂ ਖਰੀਦ ਸਕਦਾ ਹੈ ਪਰ ਆਮ ਲੋਕ ਕੀ ਕਰਨ? ਮੁਨਾਫਾ ਲੈਣਾ ਮਾੜੀ ਗੱਲ ਨਹੀਂ ਪਰ ਦੂਜਿਆਂ ਦੀ ਸਿਹਤ ਨਾਲ ਖਿਲਵਾੜ ਕਰ ਕੇ ਮੁਨਾਫਾ ਕਮਾਉਣਾ ਗ਼ਲਤ ਹੈ। ਜੇ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖ ਕੇ ਪੰਜਾਬ ਦੇ ਕਿਸਾਨ ਵੀ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਕਿਸਾਨਾਂ ਵਾਂਗ ਬਿਨਾਂ ਰੇਹਾਂ-ਸਪਰੇਆਂ ਤੋਂ ਆਰਗੈਨਿਕ ਖੇਤੀ ਕਰਨ ਤਾਂ ਪੰਜਾਬ ਦੇ ਲੋਕ ਵੀ ਥੋੜ੍ਹਾ ਜਿਹਾ ਹੋਰ ਧਨ ਖਰਚ ਕਰਕੇ ਚੰਗੀ ਚੀਜ਼ ਖਰੀਦ ਸਕਦੇ ਹਨ। ਇਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ।


-ਸੁਖਦੀਪ ਸਿੰਘ ਗਿੱਲ

03-10-2019

 ਹੈਲਮਟ ਜ਼ਰੂਰ ਪਾਓ
ਦੋ ਪਹੀਆ ਵਾਹਨਾਂ ਦੀ ਵਰਤੋਂ ਕਰਨ ਸਮੇਂ ਹੈਲਮਟ ਦੀ ਵਰਤੋਂ ਬਹੁਤ ਜ਼ਰੂਰੀ ਹੋ ਜਾਂਦੀ ਹੈ, ਕਿਉਂ ਹੈਲਮਟ ਸਾਨੂੰ ਕੇਵਲ ਧੂੜ ਮਿੱਟੀ ਤੋਂ ਹੀ ਨਹੀਂ ਬਚਾਉਂਦਾ, ਸਗੋਂ ਕਿਸੇ ਵੀ ਅਣਹੋਣੀ ਹੋਣ ਤੋਂ ਵਾਹਨ ਚਾਲਕ ਨੂੰ ਸੁਰੱਖਿਆ ਪ੍ਰਦਾਨ ਕਰਨ ਵਿਚ ਅਹਿਮ ਭੂਮਿਕਾ ਅਦਾ ਕਰਦਾ ਹੈ। ਹੈਲਮਟ ਵਾਹਨ ਚਲਾਉਂਦੇ ਸਮੇਂ ਚਾਲਕ ਨੂੰ ਅੱਖਾਂ ਵਿਚ ਧੂੜ, ਮੱਛਰ ਆਦਿ ਪੈ ਕੇ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਵੀ ਮਹਿਫੂਜ਼ ਰੱਖਦਾ ਹੈ। ਇਸ ਗੱਲ ਦਾ ਵੀ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਦੋ ਪਹੀਆ ਵਾਹਨ ਦੇ ਪਿੱਛੇ ਬੈਠੇ ਹੋਏ ਵਿਅਕਤੀ ਨੂੰ ਵੀ ਹੈਲਮਟ ਜ਼ਰੂਰ ਪਹਿਨਣਾ ਚਾਹੀਦਾ ਹੈ। ਇਸ ਤੋਂ ਇਲਾਵਾ ਆਪਣੀ ਸੁਰੱਖਿਆ ਲਈ ਵਾਹਨ ਚਲਾਉਂਦੇ ਸਮੇਂ ਸਾਨੂੰ ਵਾਹਨ ਦੀ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਨਹੀਂ ਰੱਖਣੀ ਚਾਹੀਦੀ ਤੇ ਮੋਬਾਈਲ ਫੋਨ 'ਤੇ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਮੁੱਕਦੀ ਗੱਲ ਹੈ ਕਿ ਹੈਲਮਟ ਜਿਥੇ ਵਾਹਨ ਚਾਲਕ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਜ਼ਰੂਰੀ ਹੈ, ਉਥੇ ਹੀ ਇਹ ਸਾਨੂੰ ਭਾਰੀ ਜੁਰਮਾਨੇ ਤੋਂ ਵੀ ਬਚਾਉਂਦਾ ਹੈ। ਇਸ ਲਈ ਆਪਣੇ ਅਤੇ ਆਪਣਿਆਂ ਦੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਹੈਲਮਟ ਜ਼ਰੂਰ ਪਾਓ, ਕਿਉਂਕਿ ਹੈਲਮਟ ਹੈ ਤਾਂ ਜ਼ਿੰਦਗੀ ਹੈ।


-ਮਾ: ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ।


ਵੈਨਸ ਬਾਰੇ ਬਹੁਮੁੱਲੀ ਜਾਣਕਾਰੀ
'ਅਜੀਤ ਪ੍ਰਕਾਸ਼ਨ ਸਮੂਹ' ਦੇ ਚੀਫ਼ ਐਗਜ਼ੀਕਿਊਟਿਵ ਸ੍ਰੀਮਤੀ ਸਰਵਿੰਦਰ ਕੌਰ ਵਲੋਂ ਪਾਣੀ ਦੀਆਂ ਸੜਕਾਂ ਦੇ ਸ਼ਹਿਰ ਵੈਨਸ ਬਾਰੇ ਐਤਵਾਰ 'ਚ ਲਿਖਿਆ ਲੇਖ ਬਹੁਮੁੱਲੀਆਂ ਜਾਣਕਾਰੀਆਂ ਦੇ ਗਿਆ। ਦੋ ਕਿਸ਼ਤਾਂ 'ਚ ਛਪੇ ਇਸ ਲੇਖ ਨੂੰ ਪੜ੍ਹ ਕੇ ਹੈਰਾਨੀ ਹੋਈ ਕਿ ਕਿਵੇਂ ਸਰਕਾਰਾਂ ਅਤੇ ਲੋਕਾਂ ਨੇ ਆਪਣੇ-ਆਪ ਨੂੰ ਸਮੁੰਦਰੀ ਲਹਿਰਾਂ ਦੀਆਂ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਤਿਆਰ ਕੀਤਾ ਹੋਇਆ ਹੈ। ਘਰਾਂ ਦਾ ਰੰਗ ਬਦਲਣ ਲਈ ਵੀ ਸਰਕਾਰਾਂ ਤੋਂ ਇਜਾਜ਼ਤ ਲੈਣ ਦੀ ਪ੍ਰਕਿਰਿਆ ਜਨਤਾ ਅਤੇ ਸਰਕਾਰਾਂ ਦੇ ਆਪਸੀ ਵਿਸ਼ਵਾਸ ਭਰਪੂਰ ਰਿਸ਼ਤੇ ਦਾ ਪ੍ਰਤੱਖ ਪ੍ਰਮਾਣ ਹੈ। ਇਸ ਸ਼ਹਿਰ ਦੇ ਲੋਕਾਂ ਦੇ ਜੀਵਨ ਤੋਂ ਲੈ ਕੇ ਸੱਭਿਆਚਾਰ ਅਤੇ ਲੈਸ ਆਦਿ ਦੇ ਘਰੇਲੂ ਉਦਯੋਗਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਨਾਲ ਲਬਰੇਜ਼ ਲੇਖ ਇਕ ਤਰ੍ਹਾਂ ਨਾਲ ਦਸਤਾਵੇਜ਼ ਹੀ ਹੈ।


-ਬਿੰਦਰ ਸਿੰਘ ਖੁੱਡੀ ਕਲਾਂ
ਗਲੀ ਨੰ: 1, ਸ਼ਕਤੀ ਨਗਰ, ਬਰਨਾਲਾ।


ਮਾਂ-ਬੋਲੀ ਦਾ ਮਾਣ...
'ਪੰਜਾਬੀਏ ਜ਼ਬਾਨੇ ਰਕਾਨੇ ਮੇਰੇ ਦੇਸ਼ ਦੀਏ....' ਵਰਗੇ ਮਾਂ-ਬੋਲੀ ਦੇ ਗੀਤ ਗਾਉਣ ਵਾਲੇ ਗੁਰਦਾਸ ਮਾਨ ਨੂੰ ਪਤਾ ਕਿਉਂ ਹੁਣ 'ਮਾਸੀ ਬੋਲੀ' ਦਾ ਹੇਜ ਸਤਾਉਣ ਲੱਗ ਪਿਆ ਹੈ। ਇਹ ਗਾਇਕ ਸਰੋਤਿਆਂ ਨੂੰ ਦਲੀਲ ਨਾਲ ਗੱਲ ਦਾ ਜਵਾਬ ਦੇਣ ਦੀ ਥਾਂ ਅਸੱਭਿਅਕ ਤਰੀਕੇ ਨਾਲ ਪੇਸ਼ ਆਇਆ। ਜੇਕਰ 'ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨਹੀਂ ਮੰਗੀਦਾ....' ਵਾਲੀ ਗੱਲ ਸੱਚ ਹੈ ਤਾਂ ਜਿਸ ਮਾਂ ਬੋਲੀ ਨੇ ਨਾਂਅ ਅਤੇ ਨਾਮਾ ਦਿੱਤਾ ਹੋਵੇ ਉਸ ਦਾ ਬੁਰਾ ਕਿਉਂ ਮੰਗਿਆ ਜਾ ਰਿਹਾ ਹੈ? ਭਾਵੇਂ ਚਾਚੀਆਂ, ਤਾਈਆਂ ਅਤੇ ਮਾਸੀਆਂ ਲੱਖ ਹੋਵਣ ਪਰ ਜੋ ਕੁਝ ਬੱਚੇ ਲਈ ਮਾਂ ਕਰ ਸਕਦੀ ਹੈ ਉਹ ਕੋਈ ਹੋਰ ਨਹੀਂ। ਉਂਜ ਹੀ 95 ਫ਼ੀਸਦੀ ਗਾਇਕ ਅਤੇ 'ਆਪਣੇ' ਪਹਿਲਾਂ ਹੀ ਮਾਂ ਬੋਲੀ ਦਾ ਅਕਸ ਵਿਗਾੜਨ ਦੇ ਰਾਹ ਤੁਰੇ ਹੋਏ ਹਨ ਬਾਕੀ ਵੀਰਾਂ ਨੂੰ ਬੇਨਤੀ ਹੈ ਕਿ ਜੇਕਰ ਪੰਜਾਬੀ ਦਾ ਕੁਝ ਸੰਵਾਰ ਨਹੀਂ ਸਕਦੇ ਤਾਂ ਇਸ ਦਾ ਅੱਗਾ ਵਿਗਾੜਨ ਵਰਗੀਆਂ ਕਾਰਵਾਈਆਂ ਵੀ ਨਾ ਕਰੀਏ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।


ਪਲਾਸਟਿਕ ਦੇ ਖ਼ਾਤਮੇ ਬਾਰੇ
ਪਲਾਸਟਿਕ ਦੇ ਖ਼ਾਤਮੇ ਬਾਰੇ ਸਾਡੇ ਪ੍ਰਧਾਨ ਮੰਤਰੀ ਜੀ ਨੇ ਜੋ ਬਿਆਨ ਦਿੱਤਾ ਸੀ, ਸ਼ਲਾਘਾਯੋਗ ਕਦਮ ਹੈ। ਗੱਲ ਇਹ ਹੈ ਕਿ ਪਲਾਸਟਿਕ ਦਾ ਵਾਧਾ ਹੀ ਏਨਾ ਹੋ ਗਿਆ ਹੈ ਕਿ ਇਸ ਨੂੰ ਖ਼ਤਮ ਕਰਨ ਵਿਚ ਕੁਝ ਹੱਦ ਤੱਕ ਸਮਾਂ ਤਾਂ ਲੱਗੇਗਾ ਹੀ ਪਰ ਇਸ ਨਾਲ ਜੋ ਨੁਕਸਾਨ ਹੋ ਰਿਹਾ ਸੀ, ਉਹ ਰੁਕ ਜਾਏਗਾ।
ਸੋ, ਪਹਿਲਾਂ ਇਹ ਜ਼ਰੂਰੀ ਹੈ ਕਿ ਜਿਥੋਂ ਇਹ ਲਿਫ਼ਾਫ਼ੇ ਤਿਆਰ ਹੋ ਕੇ ਦੁਕਾਨਾਂ ਤੱਕ ਪਹੁੰਚਦੇ ਹਨ, ਉਨ੍ਹਾਂ ਫੈਕਟਰੀਆਂ ਨੂੰ ਬੰਦ ਕਰਨਾ ਚਾਹੀਦਾ ਹੈ। ਆਪੇ ਹੀ ਲੋਕ ਆਪਣਾ ਥੈਲਾ ਨਾਲ ਲਿਆਉਣ ਦੀ ਆਦਤ ਪਾ ਲੈਣਗੇ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਕਾਰਖਾਨਿਆਂ ਬਾਰੇ ਜਿਥੇ ਇਹ ਸਾਮਾਨ ਤਿਆਰ ਹੁੰਦਾ ਹੈ, ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਬਾਰੇ ਵੀ ਸੋਚਣਾ ਪੈਣਾ ਹੈ। ਕਿਉਂਕਿ ਕਾਫੀ ਲੋਕ ਜੋ ਇਸ ਨਾਲ ਜੁੜੇ ਹੋਏ ਹਨ, ਵਿਹਲੇ ਹੋ ਜਾਣਗੇ, ਬੇਰੁਜ਼ਗਾਰ ਹੋ ਜਾਣਗੇ।


-ਬਰਜਿੰਦਰਪਾਲ ਸਿੰਘ ਬਾਜਵਾ
ਵਿਜੇ ਨਗਰ, ਹੁਸ਼ਿਆਰਪੁਰ।


ਚੰਦਰਮਾ ਤੋਂ ਸਿਵਿਆਂ ਤੱਕ
ਅਸੀਂ ਬੜੇ ਵੱਡੇ-ਵੱਡੇ ਦਾਅਵੇ ਕਰਦੇ ਹਾਂ ਕਿ ਦੁਨੀਆ ਚੰਦਰਮਾ ਤੱਕ ਪਹੁੰਚ ਗਈ ਹੈ। ਅਸੀਂ ਨਵੇਂ ਜ਼ਮਾਨੇ ਵਿਚ ਨਵੀਆਂ ਪੁਲਾਂਘਾਂ ਪੁੱਟ ਰਹੇ ਹਾਂ ਅਤੇ ਆਪਣੇ-ਆਪ ਨੂੰ ਉੱਚੀ ਸੋਚ ਦੇ ਹਾਣੀ ਦੱਸਦੇ ਹਾਂ। ਪਰ ਮੈਨੂੰ ਉਦੋਂ ਬਹੁਤ ਹੀ ਹੈਰਾਨੀ ਹੋਈ ਜਦੋਂ ਲੋਕ ਮੇਰੇ ਆਲੇ-ਦੁਆਲੇ 40-50 ਸਾਲ ਪੁਰਾਣੇ ਰੀਤੀ-ਰਿਵਾਜਾਂ ਨੂੰ ਫੁੱਲ ਚੜ੍ਹਾਉਂਦੇ ਹਨ।
ਜਿਵੇਂ ਕਿ ਕੁਝ ਦਿਨ ਪਹਿਲਾਂ ਮੇਰੇ ਗੁਆਂਢ ਵਿਚ ਹੀ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਸਿਵਿਆਂ ਵਿਚ ਲਿਜਾਣ ਤੋਂ ਪਹਿਲਾਂ ਰਿਸ਼ਤੇਦਾਰ ਕਹਿਣ ਲੱਗੇ ਬਜ਼ੁਰਗ ਔਰਤ ਦੀਆਂ ਨੂੰਹਾਂ ਬਿਨਾਂ ਚੱਪਲਾਂ ਤੋਂ ਨੰਗੇ ਪੈਰੀਂ ਸਿਵਿਆਂ ਵੱਲ ਜਾਣਗੀਆਂ, ਹੋਇਆ ਵੀ ਇੰਜ ਹੀ। ਉਹ ਤਪਦੀ ਸੜਕ ਤੋਂ ਨੰਗੇ ਪੈਰੀਂ ਸਿਵਿਆਂ ਵੱਲ ਗਈਆਂ। ਅਸੀਂ ਕਿਵੇਂ ਕਹਿੰਦੇ ਹਾਂ ਕਿ ਅਸੀਂ ਚੰਦਰਮਾ ਤੱਕ ਪਹੁੰਚ ਗਏ ਹਾਂ ਅਜੇ ਤਾਂ ਅਸੀਂ ਧਰਤੀ 'ਤੇ ਚੱਲਣਾ ਵੀ ਨਹੀਂ ਸਿੱਖਿਆ।


-ਕਮਲਜੀਤ ਕੌਰ
ਈ.ਟੀ.ਟੀ. ਅਧਿਆਪਕਾ, ਸ:ਐ:ਸ: ਮੈਹਣੀਆਂ ਬ੍ਰਾਹਮਣਾ, ਅੰਮ੍ਰਿਤਸਰ।


ਦੋਸਤਾਂ ਬਿਨਾਂ ਜ਼ਿੰਦਗੀ ਅਧੂਰੀ
ਮਨੁੱਖ ਇਕ ਜੀਵ ਹੈ। ਹਰ ਇਕ ਜੀਵ ਨੂੰ ਜ਼ਿੰਦਗੀ ਵਿਚ ਸਲਾਹ-ਮਸ਼ਵਰਾ ਕਰਨ ਲਈ ਦੋਸਤ ਚਾਹੀਦੇ ਹੁੰਦੇ ਹਨ, ਤਾਂ ਕਿ ਉਹ ਆਪਣਾ ਦੁੱਖ-ਸੁੱਖ ਵੰਡ ਸਕੇ। ਦੋਸਤਾਂ ਦਾ ਜ਼ਿੰਦਗੀ ਵਿਚ ਅਹਿਮ ਰੋਲ ਹੁੰਦਾ ਹੈ। ਅੱਜ ਦੇ ਸਮੇਂ ਵਿਚ ਸੱਚੇ ਤੇ ਵਫ਼ਾਦਾਰ ਮਿੱਤਰ ਘੱਟ ਮਿਲਦੇ ਹਨ। ਝੂਠ ਬੇਇਮਾਨੀ ਦਾ ਜ਼ਿਆਦਾ ਬੋਲਬਾਲਾ ਹੈ। ਦੋ ਵਿਅਕਤੀ ਦੋਸਤ ਉਦੋਂ ਬਣਦੇ ਹਨ ਜਦੋਂ ਉਨ੍ਹਾਂ ਦੇ ਸੁਭਾਅ, ਵਿਚਾਰ ਇਕ ਹੁੰਦੇ ਹਨ। ਦੋਸਤੀ ਅਜਿਹੀ ਹੋਣੀ ਚਾਹੀਦੀ ਜੇ ਕੋਈ ਮਨ-ਮੁਟਾਵ ਵੀ ਹੋ ਜਾਏ, ਤੀਜੇ ਬੰਦੇ ਦੀ ਬਿਨਾਂ ਸਲਾਹ ਤੋਂ ਆਪਣੇ ਦੋਵਾਂ ਵਿਚਕਾਰ ਮਸ਼ਵਰਾ ਕਰ ਲਿਆ ਜਾਵੇ। ਸੱਚਾ ਮਿੱਤਰ ਮਨੁੱਖੀ ਜੀਵਨ ਵਿਚ ਅੰਮ੍ਰਿਤ ਸਮਾਨ ਹੁੰਦਾ ਹੈ। ਪਰ ਸੱਚਾ ਮਿੱਤਰ ਮਿਲਣਾ ਬਹੁਤ ਔਖਾ ਹੈ। ਸਾਨੂੰ ਮਤਲਬੀ ਤੇ ਮੂਰਖ ਲੋਕਾਂ ਦੀ ਮਿੱਤਰਤਾ ਤੋਂ ਬਚਣਾ ਚਾਹੀਦਾ ਹੈ।


-ਸੰਜੀਵ ਸਿੰਘ ਸੈਣੀ, ਮੁਹਾਲੀ।

02-10-2019

 ਆਖਰ ਕਦੋਂ ਤੱਕ?
ਅਵਾਰਾ ਪਸ਼ੂਆਂ ਕਾਰਨ ਵਾਪਰ ਰਹੀਆਂ ਘਟਨਾਵਾਂ ਦੀ ਗਿਣਤੀ ਵਿਚ ਦਿਨੋ-ਦਿਨ ਵਾਧਾ ਹੁੰਦਾ ਜਾ ਰਿਹਾ ਹੈ ਪਰ ਪ੍ਰਸ਼ਾਸਨ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕ ਰਹੀ। ਪਤਾ ਨਹੀਂ ਪ੍ਰਸ਼ਾਸਨ ਦੀ ਜਾਗ ਕਦੋਂ ਖੁੱਲ੍ਹੇਗੀ? ਪਿਛਲੇ ਦਿਨੀਂ ਸ਼ਹਿਰ ਮਾਨਸਾ ਤਿਕੋਨੀ 'ਤੇ ਵਾਪਰੇ ਦਰਦਨਾਕ ਹਾਦਸੇ ਨੇ ਰੂਹ ਤੱਕ ਕੰਬਾ ਦਿੱਤੀ। ਅਵਾਰਾ ਪਸ਼ੂਆਂ ਨੂੰ ਬਚਾਉਂਦੇ-ਬਚਾਉਂਦੇ ਦੋ ਨੌਜਵਾਨ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੇ, ਜਿਸ ਦੇ ਵਿਰੋਧ ਵਿਚ ਬੀਤੇ 13 ਸਤੰਬਰ ਨੂੰ ਮਾਨਸਾ ਬੰਦ ਰਿਹਾ ਤੇ ਧਰਨੇ ਲਗਾ ਕੇ ਰੋਸ ਪ੍ਰਗਟ ਕੀਤਾ ਗਿਆ। ਸ਼ਹਿਰਾਂ ਦੇ ਲੋਕ ਅਵਾਰਾ ਪਸ਼ੂਆਂ ਤੋਂ ਬਹੁਤ ਪ੍ਰੇਸ਼ਾਨ ਹਨ। ਦੂਜੇ ਪਾਸੇ ਕਿਸਾਨ ਆਪਣੀਆਂ ਫ਼ਸਲਾਂ ਖਰਾਬ ਹੋਣ ਦੇ ਡਰੋਂ ਸਾਰਾ-ਸਾਰਾ ਦਿਨ ਰਾਖੀ ਕਰਦਾ ਹੈ। ਜਦੋਂ ਕਿਸਾਨ ਖੇਤਾਂ ਵਲੋਂ ਇਨ੍ਹਾਂ ਨੂੰ ਦਵੱਲ ਦਿੰਦੇ ਹਨ ਤਾਂ ਭੁੱਖ ਦੇ ਸਤਾਏ ਇਹ ਪਸ਼ੂ ਵਸੋਂ ਵੱਲ ਨੂੰ ਤੁਰ ਪੈਂਦੇ ਹਨ। ਸੜਕਾਂ, ਬਾਜ਼ਾਰ, ਚੌਕ ਆਦਿ ਇਨ੍ਹਾਂ ਨਾਲ ਭਰੇ ਦਿਖਾਈ ਦਿੰਦੇ ਹਨ ਤੇ ਢੱਠੇ ਦੁਆਰਾ ਮਾਰਨ, ਗਾਂ ਦੇ ਅੱਗੇ ਆਉਣ ਕਾਰਨ ਐਕਸੀਡੈਂਟ ਜਿਹੀਆਂ ਘਟਨਾਵਾਂ ਆਮ ਸੁਣਨ ਨੂੰ ਮਿਲਦੀਆਂ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਏਨੀਆਂ ਘਟਨਾਵਾਂ ਵਾਪਰਨ ਦੇ ਬਾਵਜੂਦ ਸਰਕਾਰ ਵਲੋਂ ਕੋਈ ਪ੍ਰਤੀਕਰਮ ਨਹੀਂ ਦਿਖਾਇਆ ਜਾ ਰਿਹਾ। ਆਖ਼ਰ ਕਦੋਂ ਤੱਕ ਕਿਸਾਨ ਫ਼ਸਲ ਦੀ ਬਰਬਾਦੀ ਦਾ ਨੁਕਸਾਨ ਸਹਿੰਦਾ ਰਹੇਗਾ? ਆਖ਼ਰ ਕਦੋਂ ਤੱਕ ਬੇਕਸੂਰ ਲੋਕਾਂ ਦੀਆਂ ਜਾਨਾਂ ਇਨ੍ਹਾਂ ਅਵਾਰਾ ਪਸ਼ੂਆਂ ਕਾਰਨ ਜਾਂਦੀਆਂ ਰਹਿਣਗੀਆਂ। ਜੇਕਰ ਪ੍ਰਸ਼ਾਸਨ ਇਸ ਤਰ੍ਹਾਂ ਹੀ ਸੁੱਤਾ ਰਿਹਾ ਤਾਂ ਭਵਿੱਖ ਵਿਚ ਨਤੀਜੇ ਹੋਰ ਵੀ ਭਿਆਨਕ ਹੋ ਸਕਦੇ ਹਨ। ਨੀਂਦ ਤੋਂ ਜਾਗ ਕੇ ਠੋਸ ਕਦਮ ਚੁੱਕਣ ਦੀ ਵਿਸ਼ੇਸ਼ ਲੋੜ ਹੈ।


-ਅਮਰਜੀਤ ਕੌਰ ਲਾਲਪੁਰ, ਰੋਪੜ।


ਸਮਾਰਟ ਸਿਟੀ
ਆਪਣੇ ਇਸ਼ਤਿਹਾਰਾਂ ਵਿਚ ਤਾਂ ਸਰਕਾਰ ਸਿਟੀ ਦੇ ਅੱਗੇ ਸਮਾਰਟ ਸ਼ਬਦ ਲਗਾ ਦਿੰਦੀ ਹੈ ਪਰ ਕੀ ਅਸਲ ਵਿਚ ਅੱਜ ਦੇ ਸ਼ਹਿਰ ਸਮਾਰਟ ਹਨ? ਉੱਤਰ ਇਹ ਹੀ ਹੈ ਕਿ ਨਹੀਂ! ਜਗ੍ਹਾ-ਜਗ੍ਹਾ ਤਾਂ ਕੂੜੇ ਦੇ ਢੇਰ ਪਏ ਹਨ, ਜਿਸ ਦੀ ਗੰਦੀ ਬਦਬੂ ਨਾਲ ਨਾ ਸਿਰਫ ਆਉਣ-ਜਾਣ ਵਾਲਿਆਂ ਦਾ ਬੁਰਾ ਹਾਲ ਹੁੰਦਾ ਹੈ, ਸਗੋਂ ਸਭ ਤੋਂ ਔਖਾ ਤਾਂ ਉਥੇ ਰਹਿਣ ਵਾਲਿਆਂ ਦਾ ਹੁੰਦਾ ਹੈ। ਸਮਾਰਟ ਸਿਟੀ ਦੀ ਗੱਲ ਇਥੇ ਹੀ ਨਹੀਂ ਮੁਕਦੀ, ਇਹ ਉਹ ਸਮਾਰਟ ਸਿਟੀ ਹੈ ਜੋ ਬਰਸਾਤ ਦੀਆਂ ਦੋ ਬੂੰਦਾਂ ਨਾਲ ਸ਼ਹਿਰ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਕਰ ਦਿੰਦੀ ਹੈ। ਥਾਂ-ਥਾਂ ਅਵਾਰਾ ਪਸ਼ੂ ਫਿਰ ਰਹੇ ਹਨ, ਜਿਨ੍ਹਾਂ ਕਾਰਨ ਨਾ ਜਾਣੇ ਅਕਾਰਨ ਕਿੰਨੀਆਂ ਕੁ ਮੌਤਾਂ ਹੋ ਗਈਆਂ ਹਨ। ਸੀਵਰੇਜ ਦੀਆਂ ਸਮੱਸਿਆਵਾਂ ਵਧ ਰਹੀਆਂ ਹਨ, ਟੁੱਟੀਆਂ ਸੜਕਾਂ ਸਾਡੀਆਂ ਜਾਨਾਂ ਲੈ ਰਹੀਆਂ ਹਨ। ਜੇ ਅਜਿਹੀਆਂ ਸਮੱਸਿਆਵਾਂ ਤੋਂ ਜੂਝਦੀ ਸਿਟੀ ਨੂੰ ਸਮਾਰਟ ਸਿਟੀ ਕਹਿੰਦੇ ਹਨ ਤਾਂ ਅਜਿਹੀ ਸਮਾਰਟ ਸਿਟੀ ਸਾਨੂੰ ਨਹੀਂ ਚਾਹੀਦੀ।


-ਜਾਨਵੀ ਬਿੱਠਲ।


ਰੁਜ਼ਗਾਰ ਦਿਓ, ਸਮਾਰਟ ਫੋਨ ਨਹੀਂ
ਅੱਜ ਪੰਜਾਬ ਵਿਚ ਬੇਰੁਜ਼ਗਾਰੀ ਗੰਭੀਰ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ। ਲੱਖਾਂ ਨੌਜਵਾਨ ਐਮ.ਏ.ਬੀ.ਐੱਡ., ਇੰਜੀਨੀਅਰਿੰਗ ਦੀ ਪੜ੍ਹਾਈ ਕਰਕੇ ਵੀ ਬੇਰੁਜ਼ਗਾਰ ਹਨ। ਨਾ ਸਰਕਾਰੀ ਨੌਕਰੀ ਮਿਲ ਰਹੀ ਹੈ, ਨਾ ਹੀ ਪ੍ਰਾਈਵੇਟ। ਜੇ ਪ੍ਰਾਈਵੇਟ ਨੌਕਰੀ ਮਿਲਦੀ ਵੀ ਹੈ ਤਾਂ ਇਕ ਐਮ.ਏ.ਬੀ.ਐੱਡ. ਨੂੰ 5-6 ਹਜ਼ਾਰ ਦੀ, ਇਸ ਨਾਲ ਕੀ ਬਣਦਾ ਹੈ। ਹਾਲਾਂ ਕਿ ਕੈਪਟਨ ਸਾਹਿਬ ਇਹ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ 'ਤੇ ਨੌਜਵਾਨਾਂ ਨੂੰ ਨੌਕਰੀਆਂ ਦੇਣਗੇ। ਭਾਵ ਥਾਂ-ਥਾਂ ਰੁਜ਼ਗਾਰ ਮੇਲੇ ਲੱਗ ਰਹੇ ਹਨ ਪਰ ਉਥੋਂ ਵੀ ਨੌਜਵਾਨਾਂ ਨੂੰ ਨਿਰਾਸ਼ ਹੀ ਪਰਤਣਾ ਪੈ ਰਿਹਾ ਹੈ। ਕਿਉਂਕਿ ਜੋ ਪ੍ਰਾਈਵੇਟ ਕੰਪਨੀਆਂ ਇਨ੍ਹਾਂ ਮੇਲਿਆਂ ਵਿਚ ਸ਼ਿਰਕਤ ਕਰਦੀਆਂ ਹਨ, ਉਹ ਬਹੁਤ ਘੱਟ ਤਨਖਾਹ ਦਿੰਦੀਆਂ ਹਨ। ਹੁਣ ਸਮਾਰਟ ਫੋਨ ਵੀ ਦਸੰਬਰ 'ਚ 11ਵੀਂ ਅਤੇ 12ਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਦਿੱਤੇ ਜਾਣਗੇ, ਬਾਕੀ ਨੌਜਵਾਨਾਂ ਨੂੰ ਨਹੀਂ। ਵਿਦਿਆਰਥਣਾਂ ਨੂੰ ਸਮਾਰਟ ਫੋਨ ਦੇਣ ਦਾ ਕੀ ਮਹੱਤਵ? ਇਸ ਲਈ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੀ ਜ਼ਰੂਰਤ ਹੈ, ਸਮਾਰਟ ਫੋਨਾਂ ਦੀ ਨਹੀਂ।


-ਸੁਖਚੈਨ ਸਿੰਘ ਢਿੱਲੋਂ
ਖਿੱਪਾਂ ਵਾਲੀ (ਫਾਜ਼ਿਲਕਾ)।


ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਿਹੈ ਪਿਆਜ਼
ਪਿਆਜ਼ ਸਾਡੀ ਰਸੋਈ ਦਾ ਮਹੱਤਵਪੂਰਨ ਹਿੱਸਾ ਹੈ। ਇਹ ਰਸੋਈ ਵਿਚ ਹਰ ਰੋਜ਼ ਵਰਤੀ ਜਾਣ ਵਾਲੀ ਚੀਜ਼ ਹੈ। ਇਹ ਹਰ ਤਰ੍ਹਾਂ ਦੀ ਦਾਲ ਸਬਜ਼ੀ ਵਿਚ ਜ਼ਰੂਰੀ ਹੈ। ਇਸ ਤੋਂ ਬਿਨਾਂ ਚੰਗੇ ਸਵਾਦ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਇਸ ਤੋਂ ਇਲਾਵਾ ਲੋਕ ਸਲਾਦ ਦੇ ਰੂਪ ਵਿਚ ਵੀ ਇਸ ਨੂੰ ਬਹੁਤ ਪਸੰਦ ਕਰਦੇ ਹਨ। 'ਫਾਸਟ ਫੂਡ' ਨੂੰ ਸੁਆਦ ਬਣਾਉਣ ਲਈ ਵੀ ਪਿਆਜ਼ ਦਾ ਕਾਫੀ ਯੋਗਦਾਨ ਹੈ। ਪਰ ਅੱਜਕਲ੍ਹ ਪਿਆਜ਼ ਦੀਆਂ ਕੀਮਤਾਂ ਵਿਚ ਦਿਨੋ-ਦਿਨ ਵਾਧਾ ਇਸ ਨੂੰ ਸਲਾਦ ਦੀ ਪਲੇਟ ਵਿਚੋਂ ਗਾਇਬ ਕਰ ਰਿਹਾ ਹੈ। ਪਿਆਜ਼ ਦੀਆਂ ਵਧਦੀਆਂ ਕੀਮਤਾਂ ਘਟਣ ਦਾ ਨਾਂਅ ਨਹੀਂ ਲੈ ਰਹੀਆਂ। ਸਬਜ਼ੀਆਂ ਦੇ ਭਾਅ ਤਾਂ ਪਹਿਲਾਂ ਹੀ ਅਸਮਾਨ ਛੂਹ ਰਹੇ ਸਨ, ਇਸ ਲਈ ਪਹਿਲਾਂ ਲੋਕ ਟਮਾਟਰ ਤੇ ਪਿਆਜ਼ ਦੀ ਚਟਨੀ ਬਣਾ ਕੇ ਗੁਜ਼ਾਰਾ ਕਰ ਲੈਂਦੇ ਸਨ ਪਰ ਹੁਣ ਪਿਆਜ਼ ਦੀਆਂ ਕੀਮਤਾਂ ਵਧਣ ਕਾਰਨ ਇਹ ਚਟਨੀ ਵੀ ਉਨ੍ਹਾਂ ਦੇ ਵਸੋਂ ਬਾਹਰ ਹੋ ਗਈ ਹੈ। ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ, ਕਿਉਂਕਿ ਆਮ ਲੋਕਾਂ ਨੂੰ ਰੋਟੀ ਖਾਣੀ ਵੀ ਮੁਸ਼ਕਿਲ ਹੋ ਰਹੀ ਹੈ।


-ਸੁਖਦੀਪ ਸਿੰਘ ਗਿੱਲ।


ਨਵੀਂ ਪੈਨਸ਼ਨ ਤੋਂ ਕਿਤੇ ਬਿਹਤਰ .....
ਪਿਛਲੇ ਦਿਨੀਂ ਸੰਪਾਦਕੀ ਸਫ਼ੇ 'ਤੇ ਬਲਵੀਰ ਕੁਮਾਰ ਦਾ ਲੇਖ 'ਨਵੀਂ ਪੈਨਸ਼ਨ ਤੋਂ ਕਿਤੇ ਬਿਹਤਰ ਹੈ ਪੁਰਾਣੀ ਪੈਨਸ਼ਨ ਯੋਜਨਾ' ਬਹੁਤ ਜਾਣਕਾਰੀ ਭਰਪੂਰ ਸੀ। ਲੇਖਕ ਨੇ ਵਿਸਥਾਰ ਵਿਚ ਦੋਵੇਂ ਤਰ੍ਹਾਂ ਦੀਆਂ ਪੈਨਸ਼ਨਾਂ ਦੇ ਨਫ਼ੇ-ਨੁਕਸਾਨ ਤੋਂ ਜਾਣੂ ਕਰਵਾਇਆ। ਨਵੀਂ ਪੈਨਸ਼ਨ ਨੀਤੀ ਲਗਪਗ ਮੁਲਾਜ਼ਮਾਂ ਦੇ ਖ਼ਿਲਾਫ਼ ਹੀ ਹੈ। ਇਹ ਬਹੁਤ ਗੁੰਝਲਦਾਰ ਹੈ। ਹਰ ਕੋਈ ਇਸ 'ਤੇ ਵਿਚਾਰ ਨਹੀਂ ਕਰ ਸਕਦਾ। ਬੁਢਾਪੇ ਵਿਚ ਸਹਾਰੇ ਦਾ ਦੂਜਾ ਨਾਂਅ ਪੈਨਸ਼ਨ ਹੈ। ਅਸਲ ਵਿਚ ਪੁਰਾਣੀ ਪੈਨਸ਼ਨ ਹੀ ਮੁਲਾਜ਼ਮਾਂ ਦੀ ਬੁਢਾਪੇ ਦੀ ਸੋਟੀ ਹੈ। ਪਰ ਸਰਕਾਰ ਨੇ ਨਵੀਂ ਪੈਨਸ਼ਨ ਯੋਜਨਾ ਲਾਗੂ ਕਰਕੇ ਆਉਣ ਵਾਲੇ ਸਮੇਂ ਵਿਚੋਂ ਮੁਲਾਜ਼ਮਾਂ ਹੱਥੋਂ ਉਨ੍ਹਾਂ ਦੀ ਬੁਢਾਪੇ ਦੀ ਸੋਟੀ ਖੋਹ ਲਈ ਹੈ। ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵੀ ਪਿਛਲੇ ਲੰਮੇ ਸਮੇਂ ਤੋਂ 'ਪੁਰਾਣੀ ਪੈਨਸ਼ਨ' ਲਾਗੂ ਕਰਵਾਉਣ ਲਈ ਲਗਾਤਾਰ ਸੰਘਰਸ਼ ਕਰ ਰਹੀਆਂ ਹਨ। ਹੁਣ ਦੇਖੋ ਇਹ ਸੁੱਤੀ ਸਰਕਾਰ ਕਦੋਂ ਜਾਗਦੀ ਹੈ? ਹੈਰਾਨੀਜਨਕ ਗੱਲ ਇਹ ਹੈ ਕਿ ਪੁਰਾਣੀ ਪੈਨਸ਼ਨ ਯੋਜਨਾ ਬੰਦ ਕਰਨ ਵਾਲੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਖ਼ੁਦ ਅੰਤਿਮ ਸਮੇਂ ਤੱਕ ਕਈ ਪੈਨਸ਼ਨਾਂ ਲੈ ਰਹੇ ਸਨ।


-ਮਨਦੀਪ ਸਿੰਘ ਸ਼ੇਰੋਂ
ਦਸਮੇਸ਼ ਨਗਰ, ਸੁਨਾਮ ਊਧਮ ਸਿੰਘ ਵਾਲਾ।

01-10-2019

 ਪਲਾਸਟਿਕ ਵਿਰੁੱਧ ਮੁਹਿੰਮ ਸ਼ੁਰੂ ਕਰਨ ਦੀ ਲੋੜ
ਸਾਡੇ ਭਾਰਤ ਦੇਸ਼ ਵਿਚ ਇਕ ਗੰਦੀ ਆਦਤ ਨੇ ਕਈ ਸਾਲਾਂ ਤੋਂ ਸਾਨੂੰ ਜਕੜਿਆ ਹੋਇਆ ਹੈ। ਉਹ ਹੈ ਪਲਾਸਟਿਕ ਤੋਂ ਬਣੇ ਸਮੱਗਰੀ ਦੀ ਵਰਤੋਂ ਕਰਨ ਦੀ ਆਦਤ ਜਿਵੇਂ ਪਲਾਸਟਿਕ ਤੋਂ ਬਣੇ ਥੈਲਿਆਂ (ਲਿਫਾਫ਼ੇ) ਦੀ ਵਰਤੋਂ ਦਿਨ-ਬਦਿਨ ਵਧਦੀ ਜਾ ਰਹੀ ਹੈ। ਅਸੀਂ ਸਾਰੇ ਜਾਣਦੇ ਹੀ ਹਾਂ ਕਿ ਸਾਨੂੰ ਪਲਾਸਟਿਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਕਿਉਂਕਿ ਇਸ ਨਾਲ ਸਾਡਾ ਵਾਤਾਵਰਨ ਖਰਾਬ ਹੁੰਦਾ ਹੈ। ਪਰ ਅਸੀਂ ਫਿਰ ਵੀ ਇਸ ਦੀ ਵਰਤੋਂ ਕਰਨਾ ਨਹੀਂ ਛੱਡਦੇ ਪਰ ਹੁਣ ਸਾਨੂੰ ਇਸ ਦੀ ਵਰਤੋਂ 'ਤੇ ਰੋਕ ਲਗਾਉਣੀ ਪਵੇਗੀ। ਪਰ ਪਲਾਸਟਿਕ ਦੀ ਵਰਤੋਂ 'ਤੇ ਰੋਕ ਲੱਗੇਗੀ ਕਿਵੇਂ? ਜਦੋਂ ਅਸੀਂ ਖ਼ੁਦ ਪਲਾਸਟਿਕ ਦੇ ਲਿਫਾਫ਼ੇ ਦੀ ਵਰਤੋਂ ਕਰਨਾ ਬੰਦ ਕਰਾਂਗੇ, ਜਦੋਂ ਅਸੀਂ ਕਿਸੇ ਹੋਰ ਨੂੰ ਨਾ ਦੇਖ ਖ਼ੁਦ ਤੋਂ ਸ਼ੁਰੂਆਤ ਕਰਾਂਗੇ।

-ਰਾਜੂ,
ਲੰਮਾ ਪਿੰਡ, ਜਲੰਧਰ।

ਪਰਾਲੀ ਨਾ ਸਾੜੋ
ਭਾਵੇਂ ਪਿਛਲੇ ਕੁਝ ਸਾਲਾਂ ਨਾਲੋਂ ਹੁਣ ਕਿਸਾਨਾਂ ਵਲੋਂ ਖੇਤਾਂ ਵਿਚ ਪਰਾਲੀ ਸਾੜਨ ਦਾ ਰੁਝਾਨ ਘਟਿਆ ਹੈ ਪਰ ਫਿਰ ਵੀ ਕਈ ਕਿਸਾਨ ਅਜੇ ਵੀ ਖੇਤਾਂ ਵਿਚ ਹੀ ਪਰਾਲੀ ਸਾੜਨ ਨੂੰ ਮਜਬੂਰ ਹਨ। ਪਰਾਲੀ ਨੂੰ ਖੇਤਾਂ ਵਿਚ ਸਾੜਨ ਨਾਲ ਨਿਕਲਦੇ ਧੂੰਏਂ ਨਾਲ ਜਿਥੇ ਵਾਤਾਵਰਨ ਪਲੀਤ ਹੁੰਦਾ ਹੈ, ਭਿਆਨਕ ਬਿਮਾਰੀਆਂ ਫੈਲਦੀਆਂ ਹਨ ਅਤੇ ਦੁਰਘਟਨਾਵਾਂ ਵਾਪਰਦੀਆਂ ਹਨ, ਉਥੇ ਹੀ ਖੇਤਾਂ ਵਿਚ ਅੱਗ ਨਾਲ ਧਰਤੀ ਦੀ ਉਪਜਾਊ ਸ਼ਕਤੀ ਘਟਦੀ ਹੈ, ਕੀੜੇ-ਮਕੌੜੇ ਸੜਦੇ ਹਨ, ਅਤੇ ਆਲੇ-ਦੁਆਲੇ ਰੁੱਖ ਸੜਨ ਦੇ ਨਾਲ-ਨਾਲ ਰੁੱਖਾਂ 'ਤੇ ਬਣਾਏ ਪੰਛੀਆਂ ਵਲੋਂ ਆਲ੍ਹਣੇ ਵੀ ਸੜ ਕੇ ਸੁਆਹ ਹੋ ਜਾਂਦੇ ਹਨ। ਕਿਸਾਨਾਂ ਨੂੰ ਜਿਥੇ ਖੇਤਾਂ ਵਿਚ ਪਰਾਲੀ ਸਾੜਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਉਥੇ ਹੀ ਪੰਜਾਬ ਸਰਕਾਰ ਨੂੰ ਪਰਾਲੀ ਸਾੜਨ ਵਿਰੁੱਧ ਜਾਗਰੂਕਤਾ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ। ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਲਈ ਅਤਿ ਆਧੁਨਿਕ ਸੰਦਾਂ ਤੇ ਭਾਰੀ ਸਬਸਿਡੀ ਮੁਹੱਈਆ ਕਰਵਾਉਣੀ ਚਾਹੀਦੀ ਹੈ ਤਾਂ ਜੋ ਕਿਸਾਨ ਫ਼ਸਲਾਂ ਦੀ ਰਹਿੰਦ-ਖੂੰਹਦ ਆਦਿ ਨੂੰ ਖੇਤਾਂ ਵਿਚ ਮਿਲਾ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾ ਸਕਣ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਨਸ਼ੇ ਦਾ ਰੁਝਾਨ
ਪਿਛਲੇ ਦਿਨੀਂ ਸੰਪਾਦਕੀ ਨਸ਼ੇ ਦਾ ਰੁਝਾਨ ਪੜ੍ਹਿਆ। ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਪੰਜਾਬ ਅਤੇ ਇਸ ਦੇ ਗੁਆਂਢੀ ਰਾਜਾਂ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਨਸ਼ੇ ਦੀ ਵਰਤੋਂ ਦੀ ਸਮੱਸਿਆ ਬਹੁਤ ਹੀ ਗੰਭੀਰ ਬਣ ਚੁੱਕੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਸਰਕਾਰਾਂ ਇਸ ਮਸਲੇ 'ਤੇ ਬਿਲਕੁਲ ਵੀ ਗੰਭੀਰ ਨਹੀਂ। ਜੇ ਪੁਲਿਸ ਕੋਈ ਵੱਡਾ ਐਕਸ਼ਨ ਲੈਣ ਲਗਦੀ ਹੈ ਤਾਂ ਕੁਝ ਰਾਜਨੀਤਕ ਲੀਡਰਾਂ ਦਾ ਉਨ੍ਹਾਂ 'ਤੇ ਦਬਾਅ ਪੈ ਜਾਂਦਾ ਹੈ। ਜਿਸ ਕਰਕੇ ਨਸ਼ੇ ਨੂੰ ਰੋਕਣਾ ਸ਼ਾਇਦ ਪੁਲਿਸ ਪ੍ਰਸ਼ਾਸਨ ਦੇ ਵੱਸ ਦਾ ਕੰਮ ਨਹੀਂ ਰਿਹਾ। ਸਮਾਜ ਦੇ ਵੱਡੇ ਵਰਗ ਦੇ ਲੋਕਾਂ ਦਾ ਮੰਨਣਾ ਹੈ ਕਿ ਸੂਬੇ ਵਿਚ ਨਸ਼ੇ ਦੀ ਮਹਾਮਾਰੀ 'ਤੇ ਜੇਕਰ ਰੋਕ ਲਗਾਉਣੀ ਹੈ ਤਾਂ ਸੂਬੇ ਦੀ ਪੁਲਿਸ ਸਿਆਸੀ ਲੋਕਾਂ ਅਤੇ ਤਸਕਰਾਂ ਦੇ ਬਣੇ ਗੱਠਜੋੜ ਨੂੰ ਤੋੜਨਾ ਬਹੁਤ ਹੀ ਜ਼ਰੂਰੀ ਹੋਵੇਗਾ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦ ਅੱਧੀ ਤੋਂ ਜ਼ਿਆਦਾ ਜਵਾਨੀ ਇਸ ਅੱਗ ਵਿਚ ਪੂਰੀ ਤਰ੍ਹਾਂ ਝੁਲਸ ਜਾਵੇਗੀ। ਸਰਕਾਰਾਂ ਨੂੰ ਅਜੇ ਵੀ ਇਸ ਮਸਲੇ ਵਿਚ ਗੰਭੀਰ ਹੋਣਾ ਚਾਹੀਦਾ, ਨਸ਼ੇ ਦੀ ਰੋਕਥਾਮ ਦੇ ਨਾਲ-ਨਾਲ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਵੀ ਦੂਰ ਕਰਨ ਨਾਲ ਰਾਜਾਂ ਵਿਚ ਤਰੱਕੀ ਹੋਵੇਗੀ।

-ਅਜੇਸ਼ ਗੋਇਲ ਬਿੱਟੂ
ਹੁਸਨਰ ਰੋਡ, ਗਿੱਦੜਬਾਹਾ।

ਲੱਚਰ ਗੀਤਾਂ 'ਤੇ ਲਾਈ ਜਾਏ ਪਾਬੰਦੀ
ਸਾਡੇ ਪੰਜਾਬ ਵਿਚ ਹੁਣ ਲੱਚਰ ਗੀਤਾਂ ਦੀ ਗਿਣਤੀ ਬਹੁਤ ਹੀ ਵਧ ਗਈ ਹੈ। ਕੋਈ ਵੀ ਗੀਤ ਹੁਣ ਪਹਿਲਾਂ ਵਾਂਗ ਪਰਿਵਾਰ ਦੇ ਮੈਂਬਰਾਂ ਵਿਚ ਇਕੱਠੇ ਬੈਠ ਕੇ ਸੁਣਨ ਵਾਲਾ ਨਹੀਂ ਰਿਹਾ, ਜਿਸ ਨਾਲ ਸਾਡੇ ਸਮਾਜ ਦਾ ਸਿਰ ਸ਼ਰਮ ਨਾਲ ਝੁਕਦਾ ਹੈ। ਕਈ ਵਾਰ ਬੱਸਾਂ ਵਿਚ ਭੱਦੀ ਸ਼ਬਦਾਵਲੀ ਦੇ ਗੀਤ ਚਲਦੇ ਹੁੰਦੇ ਹਨ। ਉਂਜ ਭਾਵੇਂ ਸਰਕਾਰ ਵਲੋਂ ਬੱਸਾਂ ਵਿਚ ਅਸ਼ਲੀਲ ਗਾਣੇ ਚਲਾਉਣ 'ਤੇ ਪਾਬੰਦੀ ਹੈ। ਸਾਡੇ ਸਮਾਜ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਹੋ ਜਿਹੇ ਗਾਣੇ ਗਾਉਣ ਵਾਲੇ ਕਲਾਕਾਰਾਂ ਦਾ ਜਨਤਕ ਵਿਰੋਧ ਕਰਨ ਤਾਂ ਕਿ ਹੋਰਾਂ ਕਲਾਕਾਰਾਂ ਨੂੰ ਵੀ ਸਬਕ ਮਿਲੇ, ਜਦੋਂ ਤੱਕ ਸਾਡੇ ਲੋਕ ਇਹੋ ਜਿਹੇ ਅਸ਼ਲੀਲ ਗਾਣੇ ਚੁੱਪਚਾਪ ਸੁਣਦੇ ਰਹਿਣਗੇ, ਉਦੋਂ ਤੱਕ ਇਹੋ ਜਿਹੇ ਗਾਣੇ ਕਲਾਕਾਰ ਗਾਉਂਦੇ ਰਹਿਣਗੇ। ਅਜਿਹੇ ਗੀਤਾਂ ਕਾਰਨ ਸਾਡੀ ਨੌਜਵਾਨ ਪੀੜ੍ਹੀ 'ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। ਬਹੁਤ ਵਿਰਲੇ ਹੀ ਕਲਾਕਾਰ ਹਨ ਜੋ ਸਾਡੀ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੇ ਹਨ। ਨਹੀਂ ਤਾਂ ਸਾਰੇ ਕਲਾਕਾਰ ਲੱਚਰ ਗੀਤ ਗਾਉਣ ਨੂੰ ਹੀ ਪਹਿਲ ਦੇ ਰਹੇ ਹਨ। ਸਾਡੀਆਂ ਮੌਜੂਦਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਲੱਚਰਤਾ ਵਾਲੇ ਗੀਤਾਂ 'ਤੇ ਪੂਰਨ ਪਾਬੰਦੀ ਲਾਉਣ ਤੇ ਅਸ਼ਲੀਲ ਗਾਣੇ ਲਿਖਣ ਵਾਲੇ ਗੀਤਕਾਰਾਂ 'ਤੇ ਬਣਦੀ ਕਾਰਵਾਈ ਕਰਨ ਤਾਂ ਕਿ ਅਸ਼ਲੀਲ ਗੀਤ ਸਾਡੇ ਸਮਾਜ ਵਿਚ ਨਾ ਆਉਣ।

-ਸੁਖਦੇਵ ਸਿੱਧੂ ਕੁਸਲਾ,
ਤਹਿ: ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ।

ਚੰਗੇ ਉਪਰਾਲੇ 'ਚ ਸਹਿਯੋਗ
ਅੱਜ ਬੇਰੁਜ਼ਗਾਰੀ, ਮਹਿੰਗਾਈ, ਰਿਸ਼ਵਤਖੋਰੀ, ਹੇਰਾਫੇਰੀ ਆਦਿ ਕਈ ਹੋਰ ਅਲਾਮਤਾਂ ਦਾ ਮਾਰਿਆ ਪੰਜਾਬੀ ਨੌਜਵਾਨ ਬਾਹਰਲੇ ਮੁਲਕਾਂ ਨੂੰ ਜਾਣ ਦੀ ਸੋਚ ਰਿਹਾ ਹੈ ਜਾਂ ਫਿਰ ਜਾ ਰਿਹਾ ਹੈ। ਸਰਕਾਰੀ ਨੌਕਰੀਆਂ ਸੀਮਤ ਹਨ, ਪੜ੍ਹੇ-ਲਿਖੇ, ਬੇਰੁਜ਼ਗਾਰਾਂ ਦਾ ਕੋਈ ਅੰਤ ਨਹੀਂ। ਪੜ੍ਹਾਈ ਦੇ ਮੇਚ ਦੀ ਨੌਕਰੀ ਤਾਂ ਇਕ ਪਾਸੇ ਕੋਈ ਛੋਟੀ-ਮੋਟੀ ਨੌਕਰੀ ਲਈ ਵੀ ਧੱਕੇ ਮਿਲ ਰਹੇ ਹਨ। ਪਰ ਹੁਣ ਕਈ ਪਾਸੇ ਸਰਕਾਰੀ ਅਦਾਰਿਆਂ ਵਲੋਂ ਕੱਚੇ ਮੁਲਾਜ਼ਮਾਂ ਨੂੰ ਕੁਝ ਵਧੀਆ ਤਨਖਾਹ ਦੇਣ ਦੇ ਚਰਚੇ ਚੱਲ ਰਹੇ ਹਨ ਜੋ ਕਿ ਇਕ ਵਧੀਆ ਖ਼ਬਰ ਹੈ। ਸਰਕਾਰ ਚਾਹੇ ਜਿਸ ਤਰ੍ਹਾਂ ਦੀ ਵੀ ਭਰਤੀ ਕਰੇ, ਗੁਜ਼ਾਰੇ ਯੋਗੀ ਤਨਖਾਹ ਜ਼ਰੂਰ ਦੇਵੇ।

-ਗੁਰਚਰਨ ਸਿੰਘ, ਪਿੰਡਾ ਮਜਾਰਾ (ਨਵਾਂਸ਼ਹਿਰ)।

ਬੱਚਿਆਂ ਬਾਰੇ ਛੋਟੀ ਜਿਹੀ ਗੱਲ
ਜਦੋਂ ਬਾਲ ਦਿਵਸ ਆਉਂਦਾ ਹੈ ਜਾਂ ਬੱਚਿਆਂ ਨਾਲ ਸਬੰਧਿਤ ਕੋਈ ਦਿਨ ਜਾਂ ਤਿਉਹਾਰ ਆਉਂਦਾ ਹੈ ਤਾਂ ਸਰਕਾਰਾਂ ਅਤੇ ਪ੍ਰਸ਼ਾਸਨ ਵਲੋਂ ਕਈ ਤਰ੍ਹਾਂ ਦੀਆਂ ਗੱਲਾਂ ਕਰਕੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਦਾ ਨੇਤਾ ਦੱਸਿਆ ਜਾਂਦਾ ਹੈ ਪਰ ਜਦੋਂ ਛੋਟੇ-ਛੋਟੇ ਬੱਚੇ ਬੱਸਾਂ ਵਿਚ ਗਾ-ਗਾ ਕੇ ਭੀਖ ਮੰਗਦੇ ਦਿਖਾਈ ਦਿੰਦੇ ਹਨ ਤਾਂ ਉਹ ਗੱਲਾਂ ਇਸ ਤਰ੍ਹਾਂ ਲਗਦੀਆਂ ਹਨ ਜਿਵੇਂ ਕਿ ਬੁਰਾਈਆਂ ਨੂੰ ਛੱਡਣ ਲਈ ਕਿਹਾ ਜਾ ਰਿਹਾ ਹੈ ਪਰ ਬੁਰਾਈਆਂ ਉਸੇ ਤਰ੍ਹਾਂ ਕਾਇਮ ਹਨ। ਇਨ੍ਹਾਂ ਲਈ ਸਰਕਾਰਾਂ ਅਤੇ ਪ੍ਰਸ਼ਾਸਨ ਦੇ ਨਾਲ-ਨਾਲ ਮਾਪਿਆਂ ਦਾ ਵੀ ਦੋਸ਼ ਹੈ ਕਿ ਉਹ ਬੱਚਿਆਂ ਨੂੰ ਇਸ ਤਰ੍ਹਾਂ ਕਿੱਦਾਂ ਬੱਸਾਂ ਅਤੇ ਸੜਕਾਂ 'ਤੇ ਭੇਜ ਦਿੰਦੇ ਹਨ। ਇਹ ਇਕ ਬਹੁਤ ਹੀ ਵੱਡੀ ਨਾਕਾਮੀ ਹੈ, ਜਿਸ ਦਾ ਕੋਈ ਜਵਾਬ ਕਿਸੇ ਕੋਲ ਵੀ ਨਹੀਂ ਹੈ ਕਿ ਕਮੀ ਕਿੱਥੇ ਹੈ। ਡਿਪਟੀ ਕਮਿਸ਼ਨਰਾਂ ਵਲੋਂ ਬਾਲ ਮਜ਼ਦੂਰੀ ਅਤੇ ਭੀਖ ਮੰਗਣ ਵਾਲੇ ਬੱਚਿਆਂ ਦੇ ਮਾਪਿਆਂ ਅਤੇ ਜੋ ਭੀਖ ਮੰਗਵਾਉਂਦੇ ਹਨ, ਉਨ੍ਹਾਂ 'ਤੇ ਨਜ਼ਰ ਰੱਖ ਕੇ ਸਖ਼ਤ ਕਾਰਵਾਈ ਦੀ ਗੱਲ ਕਹੀ ਜਾਂਦੀ ਹੈ ਪਰ ਸਚਾਈ ਕੋਹਾਂ ਦੂਰ ਹੈ। ਅੱਜਕਲ੍ਹ ਬੱਚੇ ਬੱਸਾਂ ਵਿਚ ਮੰਗਦੇ ਹੋਏ ਦੇਖੇ ਜਾ ਸਕਦੇ ਹਨ। ਇਸ ਨਾਕਾਮੀ ਨੂੰ ਦੂਰ ਕਰਨ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਯੋਗਦਾਨ ਦੇਣਾ ਹੋਵੇਗਾ।

-ਮਨਪ੍ਰੀਤ ਸਿੰਘ।

30-09-2019

 ਮੰਦਭਾਗਾ ਵਿਵਾਦ
ਪਿਛਲੇ ਦਿਨੀਂ 'ਅਜੀਤ' ਦੇ ਮੁੱਖ ਪੰਨੇ 'ਤੇ ਛਪੀ ਸੰਪਾਦਕੀ ਸਲਾਹੁਣਯੋਗ ਸੀ। 'ਮੰਦਭਾਗਾ ਵਿਭਾਗ' ਦੇ ਸਿਰਲੇਖ ਹੇਠ ਛਪੀ ਸੰਪਾਦਕੀ 'ਚ ਪੰਜਾਬੀ ਮਾਂ-ਬੋਲੀ ਦੇ ਸਤਿਕਾਰ ਦੀ ਗੱਲ ਕੀਤੀ ਗਈ। ਡਾ: ਬਰਜਿੰਦਰ ਸਿੰਘ ਹਮਦਰਦ ਲਿਖਦੇ ਹਨ ਕਿ ਹਿੰਦੀ ਭਾਸ਼ਾ ਨੂੰ ਸਾਡੇ ਦੇਸ਼ ਦੇ ਲੋਕ, ਹਿੰਦੀ ਨੂੰ ਸੰਪਰਕ ਭਾਸ਼ਾ ਦੇ ਤੌਰ 'ਤੇ ਤਾਂ ਵਰਤ ਹੀ ਰਹੇ ਹਨ ਪ੍ਰੰਤੂ ਜੇਕਰ ਇਸ ਨੂੰ ਜ਼ਬਰਦਸਤੀ ਲੋਕਾਂ 'ਤੇ ਠੋਸਿਆ ਜਾਂਦਾ ਹੈ ਤਾਂ ਇਹ ਇਕ ਬਗੀਚੇ ਵਿਚ ਵੱਖ-ਵੱਖ ਕਿਸਮਾਂ, ਰੰਗਾਂ ਦੇ ਫੁੱਲਾਂ ਨੂੰ ਖਿੜਨ ਤੋਂ ਰੋਕਣ ਦੇ ਬਰਾਬਰ ਹੈ।
ਭਾਸ਼ਾ ਜਾਂ ਬੋਲੀ ਦਾ ਭਗਵਾਂਕਰਨ ਕਰਨਾ ਇਕ ਨਾਂਹ-ਪੱਖੀ ਵਰਤਾਰਾ ਹੈ। ਬਾਕੀ ਜੋ ਸ਼ਬਦ ਗੁਰਦਾਸ ਮਾਨ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਹਨ, ਮੈਂ ਸਮਝਦਾ ਹਾਂ ਕਿ ਉਸ ਨੂੰ ਭੱਦੀ ਸ਼ਬਦਾਵਲੀ ਬੋਲਣ ਤੋਂ ਪਹਿਲਾਂ ਸੰਜਮ ਤੋਂ ਕੰਮ ਲੈਣਾ ਚਾਹੀਦਾ ਸੀ।


-ਭੁਪਿੰਦਰ ਸਿੰਘ
ਪਿੰਡ ਤੇ ਡਾਕ: ਗਿੱਲ, ਜ਼ਿਲ੍ਹਾ ਫਿਰੋਜ਼ਪੁਰ।


ਮਾਂ-ਬੋਲੀ ਪੰਜਾਬੀ ਨਾ ਭੁੱਲੋ...
ਅਖ਼ਬਾਰਾਂ, ਟੈਲੀਵਿਜ਼ਨ, ਰੇਡੀਓ ਅਤੇ ਸੋਸ਼ਲ ਮੀਡੀਆ ਦੇ ਰਾਹੀਂ ਕਈ ਖ਼ਬਰਾਂ ਸੁਣੀਆਂ ਅਤੇ ਪੜ੍ਹੀਆਂ, ਜਿਸ ਵਿਚ ਗੁਰਦਾਸ ਮਾਨ ਵਲੋਂ ਵਰਤੀ ਮਾੜੀ ਸ਼ਬਦਾਵਲੀ ਦੀ ਨਿਖੇਧੀ ਕੀਤੀ ਗਈ ਹੈ। ਪੰਜਾਬੀ ਮਾਂ ਨੂੰ ਪੜ੍ਹੇ-ਲਿਖੇ ਅਮੀਰ ਘਰਾਣੇ ਦੇ ਲੋਕ, ਜੋ ਸਾਡੇ ਹੀ ਸਮਾਜ ਦਾ ਹਿੱਸਾ ਹਨ, ਗਵਾਰਾਂ ਦੀ ਭਾਸ਼ਾ ਕਹਿ ਕੇ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਵਿਚ ਤਾਲੀਮ ਦਿਵਾ ਰਹੇ ਹਨ। ਸਰਕਾਰੀ ਦਫਤਰੀ, ਪ੍ਰਾਈਵੇਟ ਅਦਾਰਿਆਂ, ਕੋਰਟ ਕਚਹਿਰੀਆਂ ਵਿਚ ਪੰਜਾਬੀ ਨੂੰ ਅਣਗੌਲਿਆਂ ਕਰ ਅੰਗਰੇਜ਼ੀ ਵਿਚ ਕੰਮ ਹੋ ਰਿਹਾ ਹੈ। ਜੇ ਪੰਜਾਬੀ ਨੂੰ ਸਾਂਭ ਕੇ ਰੱਖਿਆ ਹੈ ਤਾਂ ਉਹ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਹਨ, ਜੋ ਗੋਰਿਆਂ ਦੇ ਸਕੂਲ ਵਿਚ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਦੀ ਤਲੀਮ ਦੇ ਨਾਲ-ਨਾਲ ਗੁਰਦੁਆਰਿਆਂ 'ਚ ਮਾਂ-ਬੋਲੀ ਪੰਜਾਬੀ ਦੀ ਤਲੀਮ ਦੇ ਰਹੇ ਹਨ। ਜਿਸ ਤਰ੍ਹਾਂ ਸਾਰਾ ਪੰਜਾਬੀ ਸਮੂਹ ਦੇਸ਼-ਵਿਦੇਸ਼ ਵਿਚ ਗੁਰਦਾਸ ਮਾਨ ਦੇ ਖਿਲਾਫ਼ ਮਾਂ-ਬੋਲੀ ਨੂੰ ਬਚਾਉਣ ਦਾ ਹੋਕਾ ਦੇ ਰਿਹਾ ਹੈ। ਕੀ ਅਕਾਲੀ ਦਲ ਅਤੇ ਬੁੱਧੀਜੀਵੀਆਂ ਨੂੰ ਅੱਗੇ ਆ ਕੇ ਮਾਂ-ਬੋਲੀ ਪੰਜਾਬੀ ਨੂੰ ਬਚਾਉਣ ਲਈ ਉਪਰਾਲੇ ਨਹੀਂ ਕਰਨੇ ਚਾਹੀਦੇ? ਜੇ ਤੁਸੀਂ ਪੰਜਾਬੀ ਸੂਬੇ ਵਿਚ ਹੀ ਪੂਰੀ ਤਰ੍ਹਾਂ ਪੰਜਾਬੀ ਲਾਗੂ ਨਹੀਂ ਕਰ ਸਕਦੇ ਤਾਂ ਬਾਹਰ ਤੁਸੀਂ ਕਿਵੇਂ ਮਾਂ-ਬੋਲੀ ਨੂੰ ਬਚਾਅ ਸਕਦੇ ਹੋ? ਸੰਜੀਦਗੀ ਨਾਲ ਵਿਚਾਰ ਕਰਨ ਦੀ ਲੋੜ ਹੈ ਤੇ ਇਸ 'ਤੇ ਕਾਰਵਾਈ ਕਰਨ ਦੀ ਲੋੜ ਹੈ ਤਦ ਹੀ ਸਾਡੀ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਹੋਵੇਗਾ।


-ਗੁਰਮੀਤ ਸਿੰਘ ਵੇਰਕਾ


ਪੰਜਾਬੀ ਪ੍ਰਤੀ ਮੰਦਭਾਗੀਆਂ ਟਿੱਪਣੀਆਂ
ਪਿਛਲੇ ਦਿਨੀਂ ਹਿੰਦੀ ਦਿਵਸ ਤੋਂ ਸ਼ੁਰੂ ਹੋਇਆ ਮਾਂ-ਬੋਲੀ ਪੰਜਾਬੀ ਪ੍ਰਤੀ ਵਿਵਾਦ ਬਹੁਤ ਮੰਦਭਾਗਾ ਹੈ। ਪੰਜਾਬੀ ਬੋਲੀ ਦਾ ਨਿਰਾਦਰ ਅਤੇ ਟਿੱਪਣੀਆਂ ਅਤਿ ਨਿੰਦਣਯੋਗ ਹਨ।
ਜ਼ਿੰਦਗੀ 'ਚ ਕਾਮਯਾਬੀ ਲਈ ਭਾਵੇਂ ਹੋਰ ਭਾਸ਼ਾਵਾਂ ਦੀ ਜਾਣਕਾਰੀ ਲੈਣਾ ਚੱਗਾ ਉੱਦਮ ਹੈ, ਪਰ ਆਪਣੀ ਮਾਤ ਭਾਸ਼ਾ ਨੂੰ ਵਿਸਾਰਨਾ ਅਤੇ ਇਤਰਾਜ਼ਯੋਗ ਟਿੱਪਣੀਆਂ ਉਸ ਦੇ ਸਨਮਾਨ ਨੂੰ ਗਹਿਰੀ ਸੱਟ ਹੁੰਦੀ ਹੈ। ਸਾਡੇ ਲਈ ਪੰਜਾਬੀ ਮਾਂ-ਬੋਲੀ ਦਾ ਦਰਜਾ ਸਭ ਤੋਂ ਉੱਤਮ ਹੈ, ਕਿਉਂਕਿ ਅਸੀਂ ਇਸ ਵਿਚ ਬੋਲਣਾ ਸਿੱਖਿਆ, ਮਾਂ ਦੀਆਂ ਲੋਰੀਆਂ, ਦਾਦਾ-ਦਾਦੀ ਦਾ ਪਿਆਰ, ਬਾਪੂ ਦਾ ਉਲਾਰ, ਭੂਆ ਅਤੇ ਭੈਣਾਂ ਦੇ ਚਾਅ ਨੂੰ ਮਹਿਸੂਸ ਕੀਤਾ ਮਾਣਿਆ ਹੈ। ਪਰ ਇਥੇ ਆਪਣੇ ਹੀ ਮਾਂ-ਬੋਲੀ ਪੰਜਾਬੀ ਦੇ ਮਾਣ-ਸਤਿਕਾਰ ਨੂੰ ਢਾਅ ਲਾ ਰਹੇ ਹਨ। ਸਾਨੂੰ ਪੰਜਾਬੀ ਹੋਣ 'ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਆਪਣੀ ਮਾਂ ਦੀ ਇੱਜ਼ਤ ਅਤੇ ਮਾਣ-ਸਨਮਾਨ ਦੀ ਬਹਾਲੀ ਲਈ ਜੱਦੋ-ਜਹਿਦ ਭਰਪੂਰ ਸਹਿੋਯਗ ਕਰਨਾ ਚਾਹੀਦਾ ਹੈ।


-ਇੰਜ; ਸਤਨਾਮ ਸਿੰਘ ਮੱਟੂ
ਬੀਂਬੜ ਸੰਗਰੂਰ।


ਪੰਜਾਬੀ ਮਾਂ-ਬੋਲੀ ਦਾ ਸਤਿਕਾਰ
ਹਰ ਰਾਜ ਦੀ ਭਾਸ਼ਾ ਅਲੱਗ ਹੈ, ਅਸੀਂ ਪੰਜਾਬ ਵਿਚ ਰਹਿੰਦੇ ਆਂ, ਸਾਡੀ ਮਾਂ-ਬੋਲੀ ਪੰਜਾਬੀ ਹੈ। ਹਰ ਕੋਈ ਪੰਜਾਬੀ ਬੱਚਾ ਜਦ ਜਨਮ ਲੈਂਦਾ ਹੈ ਤਾਂ ਉਸ ਸਮੇਂ ਤੋਂ ਹੀ ਪੰਜਾਬੀ ਸੁਣਨੀ ਸ਼ੁਰੂ ਕਰ ਦਿੰਦਾ ਹੈ ਅਤੇ ਹੌਲੀ-ਹੌਲੀ ਪੰਜਾਬੀ ਦੇ ਹੁੰਗਾਰਿਆਂ ਦੇ ਨਾਲ ਉਹ ਪੰਜਾਬੀ ਬੋਲਣੀ ਸਿੱਖ ਲੈਂਦਾ ਹੈ। ਬੇਸ਼ੱਕ ਜਿਥੇ ਵੀ ਜਾਓ, ਪਰ ਆਪਣੀ ਮਾਂ-ਬੋਲੀ ਦਾ ਸਤਿਕਾਰ ਜ਼ਰੂਰ ਕਰੋ। ਜਿਸ ਦਿਨ ਅਸੀਂ ਆਪਣੀ ਮਾਂ-ਬੋਲੀ ਨੂੰ ਭੁੱਲ ਗਏ ਤਾਂ ਉਸ ਦਿਨ ਅਸੀਂ ਆਪਣੇ-ਆਪ ਨੂੰ ਮਰਿਆ ਮਹਿਸੂਸ ਕਰਾਂਗੇ। ਅਸੀਂ ਲੱਖ ਬਾਕੀ ਭਾਸ਼ਾਵਾਂ ਸਿੱਖ ਲਈਏ ਪਰ ਆਪਣੀ ਮਾਂ ਦਾ ਸਤਿਕਾਰ ਸਦਾ ਕਾਇਮ ਰੱਖੋ। ਪਿਛਲੇ ਦਿਨਾਂ 'ਚ ਮਾਂ-ਬੋਲੀ ਪ੍ਰਤੀ ਸੋਸ਼ਲ ਮੀਡੀਆ 'ਤੇ ਬੜਾ ਕੁਝ ਵਾਇਰਲ ਹੋ ਰਿਹਾ ਹੈ। ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਪੰਜਾਬੀ ਮਾਂ-ਬੋਲੀ ਬਾਰੇ ਕੁਝ ਵੀ ਮੰਦਾ ਨਹੀਂ ਸੁਣ ਸਕਦੇ। ਕਿਉਂਕਿ ਮਾਂ-ਬੋਲੀ ਹੀ ਸਾਡੀ ਅਸਲ ਪਹਿਚਾਣ ਹੈ। ਆਓ, ਆਪਾਂ ਮਾਂ-ਬੋਲੀ ਪ੍ਰਤੀ ਹਮੇਸ਼ਾ ਵਫਾਦਾਰ ਬਣ ਕੇ ਰਹੀਏ। ਪੰਜਾਬੀ ਮਾਂ-ਬੋਲੀ ਦਾ ਸਤਿਕਾਰ ਕਰਦੇ ਰਹੀਏ।


-ਲੈਕ: ਸੁਖਦੀਪ ਸਿੰਘ ਸੁਖਾਣਾ
ਪਿੰਡ ਸੁਖਾਣਾ, ਜ਼ਿਲ੍ਹਾ ਲੁਧਿਆਣਾ।


ਦਿਲਾਂ ਨੂੰ ਠੇਸ
'ਲੱਖ ਪ੍ਰਦੇਸੀ ਹੋਈਏ, ਆਪਣਾ ਦੇਸ਼ ਨਹੀਂ ਭੰਡੀਦਾ, ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨਹੀਂ ਮੰਗੀਦਾ' ਗੁਰਦਾਸ ਮਾਨ ਨੇ ਇਸ ਗੀਤ ਨਾਲ ਏਨੀ ਕੁ ਵਾਹ-ਵਾਹ ਖੱਟੀ ਕਿ ਇਹ ਇਕ ਆਮ ਲੋਕਾਂ ਵਿਚ ਕਹਾਵਤ ਬਣ ਗਈ। ਪਰ ਦੁੱਖ ਉਦੋਂ ਹੋਇਆ, ਜਦੋਂ ਗੁਰਦਾਸ ਮਾਨ ਆਪ ਹੀ ਇਨ੍ਹਾਂ ਉਤੇ ਚੱਲ ਨਾ ਸਕਿਆ। ਸਾਰੀ ਉਮਰ ਮਾਂ-ਬੋਲੀ ਪੰਜਾਬੀ ਦੀ ਖੱਟੀ ਖਾਂਦਾ ਰਿਹਾ, ਸੰਸਾਰ ਭਰ ਵਿਚ ਸ਼ੋਹਰਤ ਵੀ ਖੱਟੀ, ਉਨ੍ਹਾਂ ਕਿਹਾ ਪੰਜਾਬੀ ਬੋਲੀ ਸਾਡੀ ਮਾਂ ਹੈ ਪਰ ਹਿੰਦੀ ਸਾਡੀ ਮਾਸੀ ਲਗਦੀ ਹੈ। ਕਹਿੰਦੇ ਹਨ ਮਾਂ ਵਰਗਾ ਪਿਆਰ ਮਾਸੀ ਦੇ ਨਹੀਂ ਸਕਦੀ, ਮਾਂ ਵਰਗੇ ਦੁੱਖ ਮਾਸੀ ਸਹਿ ਨਹੀਂ ਸਕਦੀ ਤੇ ਮਾਂ ਦਾ ਰੁਤਬਾ ਮਾਸੀ ਲੈ ਨਹੀਂ ਸਕਦੀ। ਜੇ ਕਿਸੇ ਸਰੋਤੇ ਨੇ ਮਾਂ ਤੇ ਮਾਸੀ ਵਿਚਾਲੇ ਰਿਸ਼ਤੇ ਬਾਰੇ ਪੁੱਛ ਹੀ ਲਿਆ ਤਾਂ ਏਨਾ ਭੜਕਣ ਦੀ ਕੀ ਲੋੜ ਸੀ ਕਿ ਸਿੱਧਾ ਗਾਲ੍ਹਾਂ ਕੱਢਣ ਦੀ ਨੌਬਤ ਆ ਗਈ। ਇਹ ਗੱਲ ਏਨੇ ਵੱਡੇ ਫ਼ਨਕਾਰ ਵਾਸਤੇ ਸ਼ੋਭਾ ਨਹੀਂ ਦਿੰਦੀ। ਪੰਜਾਬੀਆਂ ਨੇ ਮਾਨ ਨੂੰ ਏਨਾ ਮਾਣ ਬਖਸ਼ਿਆ ਤੇ ਆਪਣੀਆਂ ਪਲਕਾਂ 'ਤੇ ਬਿਠਾਇਆ ਤੇ ਮਾਨ ਨੇ ਉਨ੍ਹਾਂ ਦੇ ਹੀ ਦਿਲ ਨੂੰ ਠੇਸ ਪਹੁੰਚਾਈ। ਇਸ ਵਿਵਾਦ ਨੂੰ ਖਤਮ ਕਰਨ ਲਈ ਗੁਰਦਾਸ ਮਾਨ ਨੂੰ ਪੰਜਾਬੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।


-ਸੂਬੇਦਾਰ ਜਸਵਿੰਦਰ ਭੁਲੇਰੀਆ
ਪਿੰਡ ਤੇ ਡਾਕ: ਮਮਦੋਟ (ਫਿਰੋਜ਼ਪੁਰ)।


ਪ੍ਰਾਈਵੇਟ ਸਕੂਲ ਤੇ ਪੰਜਾਬੀ
ਰੁਜ਼ਗਾਰ ਦਾ ਜੋ ਹਾਲ ਦੇਸ਼ ਵਿਚ ਹੈ, ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਲੱਖਾਂ ਦੀ ਗਿਣਤੀ ਵਿਚ ਡਿਗਰੀਧਾਰਕ ਨੌਜਵਾਨ ਵਿਹਲੇ ਭਟਕ ਰਹੇ ਹਨ। ਬਾਹਰ ਜਾਣ ਲਈ ਮਜਬੂਰ ਹਨ। ਅੱਜ ਬਹੁਤ ਸਾਰੇ ਲੋਕ ਇਸ ਭਰਮ ਵਿਚ ਹਨ ਕਿ ਪੰਜਾਬ ਦੇ ਸਰਕਾਰੀ ਸਕੂਲ, ਪੰਜਾਬ ਸਕੂਲ ਸਿੱਖਿਆ ਬੋਰਡ, ਪੰਜਾਬੀ ਮਾਧਿਅਮ/ਪੰਜਾਬੀ ਵਿਸ਼ੇ ਵਾਲੇ ਸਕੂਲ ਘਟੀਆ ਹਨ, ਅਸਲ ਵਿਚ ਐਸਾ ਨਹੀਂ ਹੈ। ਸਕੂਲ ਕੋਈ ਮਾੜਾ ਨਹੀਂ ਹੈ। ਪ੍ਰਾਈਵੇਟ ਸਕੂਲ ਵਿਚ ਜਿਥੇ ਪੜ੍ਹਾਈ ਵਧੀਆ, ਬਿਲਡਿੰਗ ਵਧੀਆ, ਵਰਦੀ ਵਧੀਆ, ਮਾਹੌਲ ਚੰਗਾ-ਅਨੁਸ਼ਾਸਨ ਪੂਰਾ ਆਦਿ ਬਹੁਤ ਸਾਰੀਆਂ ਖੂਬੀਆਂ ਹਨ, ਉਥੇ ਫੀਸ ਤਾਂ ਵੱਧ ਹੋਵੇਗੀ ਹੀ ਪਰ 'ਕਿੰਨਾ ਚੰਗਾ ਹੋਵੇ' ਜੇ ਇਹ ਪ੍ਰਾਈਵੇਟ ਸਕੂਲ 'ਪੰਜਾਬੀ' ਭਾਸ਼ਾ ਵਿਚ ਉਸ ਦਾ ਬਣਦਾ ਸਤਿਕਾਰ ਦੇਣ, ਪੰਜਾਬੀ ਮਾਧਿਅਮ ਨਾ ਵੀ ਹੋਵੇ ਪਰ 'ਪੰਜਾਬੀ ਵਿਸ਼ਾ' ਤਾਂ ਜ਼ਰੂਰ ਹੋਣਾ ਚਾਹੀਦਾ ਹੈ। ਲੋਕਾਂ ਨੂੰ ਵੀ ਅਪੀਲ ਹੈ ਕਿ ਉਹ ਇਸ ਵਿਸ਼ੇ 'ਤੇ ਪੁਨਰ ਸੋਚਣ ਤੇ ਸਮਝਣ। ਇਸ ਨਾਲ ਲੋਕ ਤੇ ਸਕੂਲ ਵਧਾਈ ਦੇ ਪਾਤਰ ਬਣਨਗੇ, ਸੱਚਮੁੱਚ ਪੰਜਾਬ ਤੇ ਪੰਜਾਬੀਅਤ ਦੇ ਆਲੰਬੜਦਾਰ ਕਹਿਲਾਉਣਗੇ।


-ਗੁਰਚਰਨ ਸਿੰਘ
ਪਿੰਡ ਮਜਾਰਾ (ਨਵਾਂਸ਼ਹਿਰ)।

27-09-2019

 ਨਿੱਤ ਦਿਨ ਦੇ ਰੋਡ ਜਾਮ
ਸਾਡੇ ਦੇਸ਼ ਦਾ ਕਾਨੂੰਨ ਏਨਾ ਲਚਕੀਲਾ ਹੈ ਕਿ ਇੱਥੇ ਇਨਸਾਫ਼ ਲੈਣ ਲਈ ਕੋਈ ਵੀ ਤਰੀਕਾ ਅਪਣਾਇਆ ਜਾ ਸਕਦਾ ਹੈ। ਇਸ ਲਈ ਪਤਾ ਹੀ ਨਹੀਂ ਹੁੰਦਾ ਕਿ ਸਫ਼ਰ 'ਤੇ ਜਾਂਦਿਆਂ ਕਿਸ ਸੜਕ 'ਤੇ ਵਿਰੋਧ ਪ੍ਰਦਰਸ਼ਨ ਕਾਰਨ ਜਾਮ ਲੱਗਿਆ ਮਿਲ ਜਾਵੇ। ਜਦੋਂ ਹੀ ਆਮ ਲੋਕਾਂ, ਮੁਲਾਜ਼ਮਾਂ ਤੇ ਕਿਸਾਨਾਂ ਨੂੰ ਲਗਦਾ ਹੈ ਕਿ ਸਾਡੇ ਨਾਲ ਇਨਸਾਫ਼ ਨਹੀਂ ਹੋ ਰਿਹਾ ਤਾਂ ਸਰਕਾਰ ਦਾ ਧਿਆਨ ਖਿੱਚਣ ਲਈ ਤੁਰੰਤ ਰੁਝੇਵਿਆਂ ਭਰੀ ਸੜਕ ਨੂੰ ਜਾਮ ਕਰ ਦਿੱਤਾ ਜਾਂਦਾ ਹੈ। ਪੀੜਤ ਧਿਰ ਨੂੰ ਲਗਦਾ ਹੈ ਕਿ ਇਨਸਾਫ਼ ਲੈਣ ਦਾ ਇਹ ਸੌਖਾ ਤਰੀਕਾ ਹੈ ਪਰ ਇਸ ਜਾਮ ਨਾਲ ਆਮ ਜਨਤਾ, ਵਿਦਿਆਰਥੀਆਂ, ਮੁਲਾਜ਼ਮਾਂ, ਮਰੀਜ਼ਾਂ ਅਤੇ ਦੁੱਖ-ਸੁੱਖ ਵੰਡਾਉਣ ਜਾ ਰਹੇ ਲੋਕਾਂ ਨੂੰ ਅੰਤਾਂ ਦੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਕਈ ਵਾਰ ਬੇਕਸੂਰ ਲੋਕਾਂ ਦੀ ਸਬੰਧਿਤ ਧਿਰ ਨਾਲ਼ ਬਹਿਸ ਵੀ ਹੋ ਜਾਂਦੀ ਹੈ। ਇਸ ਲਈ ਰੋਡ ਜਾਮ ਕਰਨਾ ਵਿਰੋਧ ਦਾ ਕੋਈ ਵਧੀਆ ਤਰੀਕਾ ਨਹੀਂ ਕਿਹਾ ਜਾ ਸਕਦਾ। ਇਸ ਵਿਰੋਧ ਦਾ ਕੋਈ ਹੋਰ ਸਾਰਥਿਕ ਤਰੀਕਾ ਲੱਭਿਆ ਜਾਣਾ ਚਾਹੀਦਾ ਹੈ। ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਨੂੰ ਰਾਜਸੀ ਪ੍ਰਭਾਵ ਤੋਂ ਮੁਕਤ ਕਰਕੇ ਪੂਰੀ ਤਰ੍ਹਾਂ ਜਵਾਬਦੇਹ ਬਣਾਉਣਾ ਚਾਹੀਦਾ ਹੈ ਤਾਂ ਕਿ ਆਮ ਲੋਕਾਂ ਨੂੰ ਇਨਸਾਫ਼ ਲਈ ਭਟਕਣਾ ਨਾ ਪਵੇ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।


ਪੋਲੀਥੀਨ ਮੁਕਤ ਭਾਰਤ
ਪੋਲੀਥੀਨ ਲਿਫ਼ਾਫਿਆਂ ਨਾਲ ਅੱਜਕਲ੍ਹ ਗੰਦਗੀ ਵਿਚ ਵਾਧਾ ਹੋ ਰਿਹਾ ਹੈ। ਇਸ ਦਾ ਕਾਰਨ ਵੀ ਅਸੀਂ ਖ਼ੁਦ ਹਾਂ ਕਿਉਂਕਿ ਕੋਈ ਵੀ ਵਿਅਕਤੀ ਬਾਜ਼ਾਰ ਜਾਣ ਲਈ ਝੋਲਾ ਚੁੱਕਣਾ ਆਪਣੀ ਸ਼ਾਨ ਦੇ ਖਿਲਾਫ਼ ਸਮਝਦਾ ਹੈ। ਇਸ ਲਈ ਹਰ ਚੀਜ਼ ਸਾਂਭਣ ਲਈ ਪੋਲੀਥੀਨ ਲਿਫ਼ਾਫ਼ੇ ਦਾ ਇਸਤੇਮਾਲ ਹੋ ਰਿਹਾ ਹੈ। ਅਸੀਂ ਭਾਂਡਾ ਜਾਂ ਝੋਲਾ ਦੁਕਾਨ 'ਤੇ ਨਹੀਂ ਲੈ ਕੇ ਜਾਂਦੇ। ਇਸ ਦੀਆਂ ਜ਼ਿੰਮੇਵਾਰ ਸਾਡੀਆਂ ਸਰਕਾਰਾਂ ਵੀ ਹਨ, ਜਿਨ੍ਹਾਂ ਨੇ ਸਮੇਂ ਰਹਿੰਦੇ ਪੋਲੀਥੀਨ ਲਿਫ਼ਾਫ਼ਿਆਂ 'ਤੇ ਪਾਬੰਦੀ ਨਹੀਂ ਲਗਾਈ। ਕਈ ਵਾਰ ਇਨ੍ਹਾਂ 'ਤੇ ਰੋਕ ਲਗਾਉਣ ਦੇ ਉਪਰਾਲੇ ਕੀਤੇ ਗਏ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਛੋਟੇ ਦੁਕਾਨਦਾਰਾਂ 'ਤੇ ਜੁਰਮਾਨਾ ਲਗਾ ਦਿੱਤਾ ਗਿਆ। ਇਨ੍ਹਾਂ ਨੂੰ ਬਣਾਉਣ ਵਾਲੀਆਂ ਫੈਕਟਰੀਆਂ 'ਤੇ ਰੋਕ ਨਹੀਂ ਲਗਾਈ ਗਈ। ਆ ਰਹੀਆਂ ਖ਼ਬਰਾਂ ਅਨੁਸਾਰ ਹੁਣ ਕੇਂਦਰ ਸਰਕਾਰ ਵਲੋਂ 2 ਅਕਤੂਬਰ ਤੋਂ ਪੋਲੀਥੀਨ 'ਤੇ ਮੁਕੰਮਲ ਰੋਕ ਲਗਾ ਦਿੱਤੀ ਜਾਵੇਗੀ। ਇਹ ਇਕ ਚੰਗਾ ਉਪਰਾਲਾ ਹੋਵੇਗਾ। ਇਸ ਦੇ ਬਦਲ ਵਿਚ ਆਲੂਆਂ ਤੇ ਮੱਕੀ ਤੋਂ ਬਣੇ ਲਿਫ਼ਾਫ਼ੇ ਤੇ ਝੋਲੇ ਸਸਤੇ ਰੇਟਾਂ 'ਤੇ ਸਰਕਾਰ ਵਲੋਂ ਦਿੱਤੇ ਜਾਣਗੇ। ਇਹ ਲਿਫ਼ਾਫ਼ੇ ਤੇ ਝੋਲਿਆਂ ਦੀ ਖਾਸੀਅਤ ਇਹ ਹੈ ਕਿ ਇਹ ਚਾਰ-ਪੰਜ ਮਹੀਨਿਆਂ ਵਿਚ ਆਪਣੇ-ਆਪ ਹੀ ਗਲ ਜਾਣਗੇ ਜਾਂ ਇਨ੍ਹਾਂ ਨੂੰ ਆਵਾਰਾ ਪਸ਼ੂ ਖਾ ਜਾਣਗੇ। ਇਸ ਤਰ੍ਹਾਂ ਕੂੜੇ ਦੇ ਅੰਬਾਰਾਂ ਤੋਂ ਛੁਟਕਾਰਾ ਮਿਲੇਗਾ ਪਰ ਪਲਾਸਟਿਕ ਦੀਆਂ ਬੋਤਲਾਂ ਦਾ ਬਦਲ ਕੀ ਹੋਵੇਗਾ ਤੇ ਕਦੋਂ ਹੋਵੇਗਾ, ਇਸ ਬਾਰੇ ਸਮਾਂ ਰਹਿੰਦੇ ਹੱਲ ਕਰਨਾ ਜ਼ਰੂਰੀ ਹੈ।


-ਸੁਖਦੀਪ ਸਿੰਘ ਗਿੱਲ।


ਪਾਣੀ ਦੇ ਨੀਵੇਂ ਪੱਧਰ ਲਈ ਜ਼ਿੰਮੇਵਾਰ ਕੌਣ?
ਗੁਰਬਾਣੀ ਦੇ ਅਨੁਸਾਰ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ, ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ। ਜਿਹੜੀਆਂ ਹੁਣ ਤਿੰਨੇ ਪਲੀਤ ਹੋ ਚੁੱਕੀਆਂ ਹਨ। ਇਨ੍ਹਾਂ ਦੇ ਪਲੀਤ ਹੋਣ ਦਾ ਕਾਰਨ ਮਨੁੱਖ ਵਲੋਂ ਕੁਦਰਤ ਨਾਲ ਛੇੜਛਾੜ ਕਰਨਾ ਹੈ। ਹਰੀ ਕ੍ਰਾਂਤੀ ਆਉਣ ਨਾਲ ਦੇਸ਼ ਦੀ ਭੁਖਮਰੀ ਨੂੰ ਦੂਰ ਕਰਨ ਲਈ ਪੰਜਾਬੀਆਂ ਨੇ ਆਪਣੇ ਧਰਤੀ ਹੇਠਲੇ ਪਾਣੀ ਦੀ ਪਰਵਾਹ ਨਾ ਕਰਦੇ ਹੋਏ ਅਨਾਜ ਭੰਡਾਰ ਨੂੰ ਭਰਿਆ, ਪੰਜਾਬ ਅੰਦਰ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਜਾਣ ਨਾਲ ਬਿਜਲੀ ਤੇ ਡੀਜ਼ਲ ਦੀ ਖਪਤ ਵਧੇਰੇ ਹੋਣ ਲੱਗੀ ਹੈ। 'ਵਾਟਰ ਰੀਸਾਈਕਲਿੰਗ' ਵਿਧੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਕੈਂਪ ਲਗਾ ਕੇ ਕਿਸਾਨਾਂ ਲਈ ਬਰਸਾਤੀ ਪਾਣੀ ਦੀ ਸਾਂਭ-ਸੰਭਾਲ ਲਈ ਡੂੰਘੇ ਟੋਏ ਪੁੱਟ ਕੇ, ਪਾਣੀ ਜਮ੍ਹਾ ਕਰਨ ਦੀ ਲੋੜ ਹੈ। ਆਓ, ਖ਼ੁਦ ਪਹਿਲ ਕਰਦੇ ਹੋਏ ਪਲੀਤ ਹੋਏ ਵਾਤਾਵਰਨ ਨੂੰ ਸਾਫ਼-ਸੁਥਰਾ ਤੇ ਸੁਚੱਜਾ ਬਣਾਉਣ ਦਾ ਪ੍ਰਣ ਕਰੀਏ ਤਾਂ ਕਿ ਆਉਣ ਵਾਲੀ ਪੁਸ਼ਤਾਂ ਨੂੰ ਹੋਰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਸੰਜੀਵ ਸਿੰਘ ਸੈਣੀ
ਦੇਸੂ ਮਾਜਰਾ, ਡੇਰਾਬੱਸੀ।


ਮਤਲਬ ਦੀ ਦੁਨੀਆ
ਅੱਜ ਦਾ ਸਮਾਂ ਮਤਲਬ ਦਾ ਸਮਾਂ ਹੈ, ਜ਼ਿਆਦਾਤਰ ਇਨਸਾਨਾਂ ਵਲੋਂ ਰਿਸ਼ਤੇ ਨਾਤੇ ਇਸ ਲਈ ਬਣਾਏ ਜਾਂਦੇ ਹਨ ਤਾਂ ਜੋ ਲੋੜ ਪੈਣ 'ਤੇ ਆਪਣਾ ਮਤਲਬ ਕੱਢਿਆ ਜਾ ਸਕੇ। ਜਦ ਤੱਕ ਇਨਸਾਨ ਨੂੰ ਕਿਸੇ ਤੱਕ ਮਤਲਬ ਹੁੰਦਾ ਹੈ, ਉਦੋਂ ਤੱਕ ਇਨਸਾਨ ਦੂਜੇ ਦੀ ਖ਼ੁਸ਼ੀ ਦਾ ਖਿਆਲ ਰੱਖਦਾ ਹੈ, ਹਾਲ-ਚਾਲ ਪੁੱਛਦਾ ਹੈ ਅਤੇ ਇਹ ਦਿਖਾਉਣ ਦਾ ਯਤਨ ਕਰਦਾ ਹੈ ਕਿ ਉਹ ਉਸ ਦਾ ਸਭ ਤੋਂ ਵੱਡਾ ਚਿੰਤਕ ਹੈ ਪਰ ਇਕ ਵਾਰ ਆਪਣਾ ਮਤਲਬ ਪੂਰਾ ਕਰਨ ਤੋਂ ਬਾਅਦ ਅਜਿਹੇ ਲੋਕਾਂ ਦੇ ਵਿਚਾਰ ਪਹਿਲਾਂ ਨਾਲੋਂ ਬਿਲਕੁਲ ਬਦਲ ਜਾਂਦੇ ਹਨ। ਮਤਲਬ ਨਿਕਲਣ ਤੋਂ ਬਾਅਦ ਇਹ ਹਾਲ-ਚਾਲ ਪੁੱਛਣਾ ਤਾਂ ਦੂਰ ਦੂਜੇ ਇਨਸਾਨ ਨੂੰ ਪਛਾਨਣ ਤੋਂ ਵੀ ਇਨਕਾਰੀ ਹੋ ਜਾਂਦੇ ਹਨ। ਪੁਰਾਣੇ ਸਮਿਆਂ ਵਿਚ ਲੋਕ ਬੜੇ ਸੱਚੇ-ਸੁੱਚੇ ਹੁੰਦੇ ਸਨ, ਜੋ ਉਨ੍ਹਾਂ ਦੇ ਦਿਲ ਵਿਚ ਹੁੰਦਾ ਸੀ, ਉਹੀ ਜ਼ਬਾਨ ਉੱਤੇ ਹੁੰਦਾ ਸੀ ਅਤੇ ਉਹ ਲੋਕ ਰਿਸ਼ਤਿਆਂ ਦੀ ਕਦਰ ਕਰਨਾ ਜਾਣਦੇ ਸਨ। ਸਾਨੂੰ ਰਿਸ਼ਤੇ ਬਿਨਾਂ ਕਿਸੇ ਮਤਲਬ ਅਤੇ ਲਾਲਚ ਤੋਂ ਨਿਭਾਉਣੇ ਚਾਹੀਦੇ ਹਨ ਅਤੇ ਆਪਣੇ ਮਤਲਬ ਲਈ ਕਿਸੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ।


-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।

26-09-2019

 ਗੀਤਾਂ ਵਿਚ ਲੱਚਰਤਾ ਤੇ ਗੁੰਡਾਗਰਦੀ
ਅਜੋਕੇ ਗੀਤਾਂ ਵਿਚ ਲੱਚਰਤਾ ਅਤੇ ਗੁੰਡਾਗਰਦੀ ਦਾ ਬੋਲਬਾਲਾ ਵਧ ਗਿਆ ਹੈ। ਪੰਜਾਬੀ ਗੀਤਾਂ ਵਿਚ ਸੁਰ ਨਾ ਸਾਜ ਹੁੰਦਾ ਹੈ, ਸਿਰਫ ਧਮਕ ਹੀ ਸੁਣਨ ਨੂੰ ਮਿਲਦੀ ਹੈ। ਅਜੋਕੇ ਗਾਇਕਾਂ ਨੂੰ ਨਾ ਤਾਂ ਸੁਰ ਦਾ ਪਤਾ ਲਗਦਾ ਹੈ, ਨਾ ਹੀ ਸਾਜ ਦਾ। ਤੂੰਬੀ ਤਾਂ ਗੀਤਾਂ ਵਿਚ ਘੱਟ ਹੀ ਸੁਣਨ ਨੂੰ ਮਿਲਦੀ ਹੈ। ਗੀਤਾਂ ਵਿਚ ਜੱਟ ਨੂੰ ਗੁੰਡਾ, ਆਸ਼ਕ ਜਾਂ ਸ਼ਰਾਬੀ, ਐਸ਼ਪ੍ਰਸਤ ਸਰਦਾਰ ਦਿਖਾਇਆ ਜਾਂਦਾ ਹੈ ਪਰ ਅਸਲ ਵਿਚ ਕਿਸਾਨ (ਜੱਟ) ਦਾ ਕੀ ਹਾਲ ਹੈ, ਇਹ ਕਿਸੇ ਨੂੰ ਦੱਸਣ ਦੀ ਲੋੜ ਹੀ ਨਹੀਂ ਹੈ। ਗੀਤਾਂ ਵਿਚ ਲੱਚਰਤਾ ਏਨੀ ਵਧ ਗਈ ਹੈ ਕਿ ਗੀਤਾਂ ਨੂੰ ਪਰਿਵਾਰ ਵਿਚ ਬੈਠ ਕੇ ਸੁਣਨਾ ਔਖਾ ਹੋ ਗਿਆ ਹੈ। ਇਨ੍ਹਾਂ ਗਾਇਕਾਂ ਤੋਂ ਅਖਾੜਾ ਵੀ ਨਹੀਂ ਲਗਾਇਆ ਜਾਂਦਾ। ਕੁਝ ਗਾਇਕ ਤਾਂ ਅਖਾੜਾ ਲਾਉਣ ਵੇਲੇ ਪਿੱਛੇ ਸਪੀਕਰ 'ਚ ਆਪਣਾ ਗੀਤ ਚਲਾ ਕੇ ਟਾਈਮ ਪਾਸ ਕਰਦੇ ਹਨ। ਇਨ੍ਹਾਂ ਗੀਤਾਂ ਦਾ ਬੁਰਾ ਪ੍ਰਭਾਵ ਸਾਡੀਆਂ ਨਵੀਆਂ ਪੀੜ੍ਹੀਆਂ 'ਤੇ ਪੈ ਰਿਹਾ ਹੈ, ਜੋ ਇਨ੍ਹਾਂ ਗੀਤਾਂ ਨੂੰ ਸੁਣ-ਸੁਣ ਕੇ ਆਪਣੇ ਅਸਲੀ ਮੰਤਵ ਨੂੰ ਭੁੱਲ ਗਈ ਹੈ। ਇਨ੍ਹਾਂ ਸਾਰੇ ਮਸਲਿਆਂ ਨੂੰ ਲੈ ਕੇ ਜਿਥੇ ਸਾਡੇ ਬਜ਼ੁਰਗ ਅਤੇ ਬੁੱਧੀਮਾਨ ਚਿੰਤਤ ਹਨ, ਉਥੇ ਹੀ ਸਾਨੂੰ ਵੀ ਚਾਹੀਦਾ ਹੈ ਕਿ ਇਨ੍ਹਾਂ ਗਾਇਕਾਂ ਨਾਲੋਂ ਵਧੀਆ ਸੱਭਿਆਚਾਰਕ ਗਾਇਕਾਂ ਨੂੰ ਉਤਸ਼ਾਹਿਤ ਕਰੀਏ। ਨਹੀਂ ਤਾਂ ਇਹ ਲੱਚਰਤਾ ਅਤੇ ਗੁੰਡਾਗਰਦੀ ਪੰਜਾਬ ਨੂੰ ਬਰਬਾਦ ਕਰ ਦੇਵੇਗੀ।


-ਗੁਰਪ੍ਰੀਤ ਨੰਦਗੜ੍ਹ
ਬੀ.ਲਿਬ. ਭਾਗ-ਪਹਿਲਾ, ਗੁਰੂ ਨਾਨਕ ਕਾਲਜ, ਬੁਢਲਾਡਾ।


ਘਾਤਕ ਹੈ ਪਲਾਸਟਿਕ ਦੀ ਵਰਤੋਂ
ਪ੍ਰਧਾਨ ਮੰਤਰੀ ਨੇ ਹਰ ਨਾਗਰਿਕ ਨੂੰ ਇਕ ਵਾਰ ਵਰਤੋਂ (ਸਿੰਗਲ ਯੂਜ਼ ਪਲਾਸਟਿਕ) 'ਚ ਆਉਣ ਵਾਲੇ ਪਲਾਸਟਿਕ ਤੋਂ ਮੁਕਤੀ ਦਾ ਅਹਿਦ ਲੈਣ ਲਈ ਕਿਹਾ ਹੈ। ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਸਰਕਾਰ ਨੂੰ ਪਲਾਸਟਿਕ ਦੀਆਂ 64 ਵਸਤੂਆਂ ਬੰਦ ਕਰਨ ਦੀ ਸਿਫਾਰਸ਼ ਕੀਤੀ ਹੈ। 12 ਵਸਤੂਆਂ 'ਤੇ ਤੁਰੰਤ ਪਾਬੰਦੀ ਲਗਾਉਣ ਲਈ ਕਿਹਾ ਗਿਆ ਹੈ। ਕੇਂਦਰ ਤੇ ਰਾਜ ਸਰਕਾਰ ਵਿਭਾਗ ਵੀ ਨੁਕਸਾਨ ਪਹੁੰਚਾਉਣ ਵਾਲੀਆਂ ਪਲਾਸਟਿਕ ਦੀਆਂ ਵਸਤੂਆਂ ਬੰਦ ਕਰਨ ਦੀਆਂ ਤਿਅਰੀਆਂ 'ਚ ਜੁਟ ਗਏ ਹਨ। ਪਲਾਸਟਿਕ ਭੋਜਨ, ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਕਰਦਾ ਹੈ ਅਤੇ ਸਿਹਤ 'ਤੇ ਬੁਰਾ ਅਸਰ ਪਾਉਂਦਾ ਹੈ। ਇਕ ਵਾਰ ਵਰਤੋਂ 'ਚ ਆਉਣ ਵਾਲੇ ਪਲਾਸਟਿਕ ਦਾ ਸਾਮਾਨ ਕਈ-ਕਈ ਸਾਲ ਨਸ਼ਟ ਨਹੀਂ ਹੁੰਦਾ ਅਤੇ ਨਾ ਹੀ ਰੀਸਾਈਕਲ (ਸਿਰਫ 6 ਫ਼ੀਸਦੀ) ਹੁੰਦਾ ਹੈ। ਦੁਨੀਆ ਭਰ ਵਿਚ ਕਰੋੜਾਂ ਟਨ ਪਲਾਸਟਿਕ ਜਮ੍ਹਾਂ ਹੈ। ਪਲਾਸਟਿਕ ਦੀ ਵਰਤੋਂ ਖਿਲਾਫ਼ ਜਾਗਰੂਕਤਾ ਲਹਿਰ ਉਸਾਰਨੀ ਹੋਵੇਗੀ। ਸਰਕਾਰ ਦੀ ਇੱਛਾ ਸ਼ਕਤੀ ਅਤੇ ਪ੍ਰਸ਼ਾਸਨ ਦੀ ਵੀ ਅਹਿਮ ਭੂਮਿਕਾ ਹੋਵੇਗੀ।


-ਮੁਖਤਾਰ ਗਿੱਲ
ਪ੍ਰੀਤ ਨਗਰ, ਅੰਮ੍ਰਿਤਸਰ।


ਆਪਣਾ ਫ਼ਰਜ਼ ਪਛਾਣੋ
ਮਾਨਸ ਜੀਵ ਭਿਆਨਕ ਐਕਸੀਡੈਂਟ ਦਾ ਸ਼ਿਕਾਰ ਹੋਇਆ ਹੁੰਦਾ ਹੈ ਤੇ ਲੋਕ ਉਸ ਦੀ ਵੀਡੀਓ ਬਣਾ ਰਹੇ ਹੁੰਦੇ ਹਨ... ਨੈੱਟ 'ਤੇ ਅਪਲੋਡ ਕਰਨ ਲਈ। ਅਕਸਰ ਹੀ ਅਸੀਂ ਦੇਖਦੇ ਹਾਂ ਕਿ ਅੱਜਕਲ੍ਹ ਸੜਕ 'ਤੇ ਜਦੋਂ ਵੀ ਕਿਸੇ ਦਾ ਐਕਸੀਡੈਂਟ ਹੋਇਆ ਪਿਆ ਹੋਵੇ ਤਾਂ ਜ਼ਿਆਦਾਤਰ ਲੋਕ ਐਕਸੀਡੈਂਟ ਹੋਏ ਵਿਅਕਤੀਆਂ ਨੂੰ ਚੁੱਕ ਕੇ ਮਦਦ ਨਹੀਂ ਕਰਦੇ, ਸਗੋਂ ਉਸ ਦੀਆਂ ਫੋਟੋਆਂ ਕਰਨੀਆਂ, ਉਸ ਸਥਾਨ 'ਤੇ ਸੈਲਫੀਆਂ ਕਰਨੀਆਂ ਅਤੇ ਫੇਸਬੁੱਕ 'ਤੇ ਲਾਈਵ ਹੋ ਜਾਂਦੇ ਹਨ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਸਾਨੂੰ ਸਾਰਿਆਂ ਨੂੰ ਇਹੀ ਪ੍ਰਣ ਲੈਣਾ ਚਾਹੀਦਾ ਹੈ ਕਿ ਜਦੋਂ ਵੀ ਕਿਤੇ ਵੀ ਸੜਕ 'ਤੇ ਕੋਈ ਐਕਸੀਡੈਂਟ ਹੋਇਆ ਹੋਵੇ ਤਾਂ ਸਾਨੂੰ ਸੈਲਫੀਆਂ ਕਰਨ ਦੀ ਬਜਾਏ, ਉਸ ਮਰੀਜ਼ ਨੂੰ ਤੁਰੰਤ ਮੁਢਲੀ ਸਹਾਇਤਾ ਦੇ ਕੇ ਐਂਬੂਲੈਂਸ ਨੂੰ ਫੋਨ ਕਰਨਾ ਚਾਹੀਦਾ ਹੈ, ਤਾਂ ਜੋ ਕਿਸੇ ਵਿਅਕਤੀ ਦੀ ਜਾਨ ਬਚਾਈ ਜਾ ਸਕੇ।


-ਸੰਦੀਪ ਕੰਬੋਜ
ਗੋਲੂ ਕਾ ਮੋੜ, ਤਹਿ: ਗੁਰੂਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ।


ਨਵੇਂ ਮੋਹਰ ਵਹੀਕਲ ਬਿੱਲ ਦੇ ਜੁਰਮਾਨੇ
ਕੇਂਦਰ ਸਰਕਾਰ ਵਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ 'ਤੇ ਲਗਾਏ ਜਾਣ ਵਾਲੇ ਭਾਰਤੀ ਜੁਰਮਾਨਿਆਂ ਦਾ ਰੌਲਾ ਸੋਸ਼ਲ ਮੀਡੀਆ 'ਤੇ ਪੈ ਰਿਹਾ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਜਦ ਅਸੀਂ ਇਨ੍ਹਾਂ ਨਿਯਮਾਂ ਦੀ ਉਲੰਘਣਾ ਹੀ ਨਾ ਕਰਾਂਗੇ ਤਦ ਸਾਨੂੰ ਜੁਰਮਾਨੇ ਦਾ ਕੀ ਡਰ। ਪਰ ਗੱਲ ਤਾਂ ਇਹ ਹੈ ਕਿ ਜਾਣਬੁੱਝ ਕੇ ਨਿਯਮਾਂ ਦੀ ਉਲੰਘਣਾ ਸਾਰੇ ਨਹੀਂ ਕਰਦੇ। ਗ਼ਰੀਬ ਬੰਦਾ ਆਪਣੇ ਵਾਹਨ ਤੋਂ ਦੁੱਗਣੀ ਕੀਮਤ ਦਾ ਚਲਾਨ ਕਿਵੇਂ ਭਰੇ? ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਖ਼ਬਰਾਂ ਦੇਖਣ ਨੂੰ ਮਿਲੀਆਂ ਹਨ ਕਿ ਵਾਹਨ ਦਾ ਮਾਲਕ ਆਪਣਾ ਵਾਹਨ ਹੀ ਛੱਡ ਜਾਂਦਾ ਹੈ। ਸਰਕਾਰ ਨੇ ਨਵਾਂ ਮੋਟਰ ਵਹੀਕਲ ਬਿੱਲ ਪਾਸ ਕਰਕੇ ਇਕੋ ਦਮ ਲਾਗੂ ਕਰ ਦਿੱਤਾ। ਜੇ ਸਰਕਾਰ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਲੋਕਾਂ ਨੂੰ ਜਾਗਰੂਕ ਕਰਦੀ ਤੇ ਕਾਗਜ਼ ਪੱਤਰ ਪੂਰੇ ਕਰਨ ਦਾ ਸਮਾਂ ਦਿੰਦੀ ਤਾਂ ਅੱਜ ਤੱਕ ਸਭ ਦੀਆਂ ਖਾਮੀਆਂ ਦੂਰ ਹੋ ਜਾਂਦੀਆਂ ਤੇ ਸਰਕਾਰ ਨੂੰ ਕਮਾਈ ਵੀ ਹੁੰਦੀ। ਭਾਰੀ ਜੁਰਮਾਨਾ ਲਗਾਉਣ ਦੀ ਥਾਂ ਮੌਕੇ 'ਤੇ ਰਹਿੰਦੇ ਕਾਗਜ਼ ਵੀ ਪੂਰੇ ਕਰਨੇ ਤੇ ਹੈਲਮਟ ਆਦਿ ਮੌਕੇ 'ਤੇ ਦੇ ਕੇ ਕੀਮਤ ਵਸੂਲੀ ਜਾਵੇ ਨਾ ਕਿ ਜੁਰਮਾਨਾ।


-ਸੁਖਦੀਵ ਸਿੰਘ ਗਿੱਲ।


ਪਹਿਰਾਵਾ ਕਿੰਨਾ ਕੁ ਜ਼ਿੰਮੇਵਾਰ?
ਕਈ ਵਾਰ ਹੋ ਰਹੇ ਜਬਰ ਜਨਾਹ ਦਾ ਮੁੱਦਾ ਗਰਮਾਉਂਦਾ ਹੈ, ਜਿਸ ਵਿਚ ਕਿਤੇ ਨਾ ਕਿਤੇ ਕੁੜੀ ਦੁਆਰਾ ਪਹਿਨੇ ਗਏ ਪਹਿਰਾਵੇ ਨੂੰ ਵਿਸ਼ਾ ਬਣਾਇਆ ਜਾਂਦਾ ਹੈ। ਜਿਥੋਂ ਤੱਕ ਮੈਨੂੰ ਲਗਦਾ ਹੈ ਕਿ ਜਬਰ ਜਨਾਹ ਦਾ ਕਾਰਨ ਪਹਿਰਾਵਾ ਨਹੀਂ, ਸਗੋਂ ਵਿਅਕਤੀ ਦੀ ਛੋਟੀ ਅਤੇ ਗੰਦੀ ਮਾਨਸਿਕਤਾ ਹੈ। ਕਿਉਂਕਿ ਇਥੇ ਛੋਟੀਆਂ-ਛੋਟੀਆਂ ਬੱਚੀਆਂ ਨਾਲ ਵੀ ਜਬਰ ਜਨਾਹ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ, ਕੀ ਉਨ੍ਹਾਂ ਲਈ ਪਹਿਰਾਵਾ ਜ਼ਿੰਮੇਵਾਰ ਹੈ? ਜਿਥੋਂ ਤੱਕ ਪਹਿਰਾਵੇ ਦਾ ਸਵਾਲ ਹੈ, ਭਾਰਤ ਇਕ ਸੱਭਿਅਕ ਦੇਸ਼ ਹੈ। ਇਥੋਂ ਦੀਆਂ ਜ਼ਿਆਦਾਤਰ ਕੁੜੀਆਂ ਦਾ ਪਹਿਰਾਵਾ ਸਲਵਾਰ ਕਮੀਜ਼ ਤੇ ਸਾੜ੍ਹੀ ਆਦਿ ਹੈ, ਜਿਸ ਨਾਲ ਪੂਰਾ ਤਨ ਢਕਿਆ ਜਾਂਦਾ ਹੈ। ਜਿੰਨੀਆਂ ਵੀ ਕੁੜੀਆਂ ਨਾਲ ਜਬਰ ਜਨਾਹ ਹੋਏ ਹਨ, ਉਨ੍ਹਾਂ 'ਚੋਂ ਕਿੰਨੀਆਂ ਕੁ ਬੇਢੰਗੇ ਪਹਿਰਾਵੇ ਵਾਲੀਆਂ ਸਨ? ਬਹੁਤ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋਵੇਗੀ ਪਰ ਇਸ ਗੱਲ 'ਤੇ ਵਿਚਾਰ ਜ਼ਰੂਰ ਕਰਿਓ ਕਿ ਜਬਰ ਜਨਾਹ ਦੇ ਕਾਰਨਾਂ ਵਿਚੋਂ ਪਹਿਰਾਵਾ ਕਿਸ ਹੱਦ ਤੱਕ ਜ਼ਿੰਮੇਵਾਰ ਹੈ?


-ਅਮਰਜੀਤ ਕੌਰ।

 

ਧੰਨਵਾਦੀ ਹਾਂ
ਅਸੀਂ ਲੰਮੇ ਸਮੇਂ ਤੋਂ 'ਅਜੀਤ' ਨਾਲ ਜੁੜੇ ਹੋਏ ਹਾਂ। ਅਸੀਂ ਬਹੁਤ ਹੀ ਧੰਨਵਾਦੀ ਹਾਂ। 'ਅਜੀਤ' ਵਿਚੋਂ ਸਾਨੂੰ ਚੰਗੀਆਂ ਖ਼ਬਰਾਂ, ਕਹਾਣੀਆਂ, ਨਾਵਲ, ਬੱਚਿਆਂ ਸਬੰਧੀ ਜਾਣਕਾਰੀ, ਰਸੋਈ ਬਾਰੇ, ਆਪਣੀ ਸਿਹਤ ਬਾਰੇ, ਗੱਲ ਕੀ ਹਰ ਵਿਸ਼ੇ ਬਾਰੇ ਜਾਣਕਾਰੀ ਘਰ ਬੈਠਿਆਂ ਹੀ ਮਿਲ ਜਾਂਦੀ ਹੈ। ਅਸੀਂ ਪਰਮਾਤਮਾ ਅੱਗੇ ਇਹ ਹੀ ਅਰਦਾਸ ਕਰਦੇ ਹਾਂ ਕਿ 'ਅਜੀਤ' ਤਰੱੱਕੀ ਦੀਆਂ ਹੋਰ ਮੰਜ਼ਿਲਾਂ ਛੂਹੇ ਅਤੇ ਦੁਨੀਆ ਭਰ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਨਾਂਅ ਰੌਸ਼ਨ ਕਰੇ।


-ਪਰਵਿੰਦਰ ਕੌਰ, ਰਾਏਕੋਟ।

25-09-2019

 ਪੰਜਾਬੀ ਬੋਲੀ ਦਾ ਬਣਦਾ ਸਤਿਕਾਰ

ਸਾਨੂੰ ਕਿਸੇ ਵੀ ਬੋਲੀ ਨੂੰ ਮਾੜਾ ਕਹਿਣ ਦਾ ਕੋਈ ਅਧਿਕਾਰ ਨਹੀਂ ਹੈ। ਹਰ ਬੋਲੀ ਦੀ ਆਪਣੀ ਜਗ੍ਹਾ ਇਕ ਖਾਸ ਦਰਜਾ ਹੈ। ਪੰਜਾਬੀ ਹੋਣ ਦੇ ਨਾਤੇ ਸਾਡੀ ਮਾਂ-ਬੋਲੀ ਪੰਜਾਬੀ ਭਾਸ਼ਾ ਦਾ ਸਾਡੇ ਦਿਲਾਂ ਵਿਚ ਸਭ ਤੋਂ ਉੱਚਾ ਦਰਜਾ ਹੈ। ਪਿਛਲੇ ਦਿਨੀਂ ਹਿੰਦੀ ਭਾਸ਼ਾ ਦਿਵਸ ਮਨਾਉਣ ਮੌਕੇ ਲੇਖਕਾਂ ਦੀ ਇਕੱਤਰਤਾ ਵਿਚ ਹੋਈ ਪੰਜਾਬੀ ਭਾਸ਼ਾ ਦੀ ਬੇਅਦਬੀ ਨੇ ਮਨ 'ਤੇ ਠੇਸ ਪਹੁੰਚਾਈ।
ਸੋ, ਦੂਸਰੀਆਂ ਭਾਸ਼ਾਵਾਂ ਨੂੰ ਪਿਆਰ ਕਰਨ ਵਾਲਿਆਂ ਨੂੰ ਬੇਨਤੀ ਹੈ ਕਿ ਅਸੀਂ ਤੁਹਾਡੀ ਭਾਸ਼ਾ ਦਾ ਸਤਿਕਾਰ ਕਰਦੇ ਹਾਂ ਪ੍ਰੰਤੂ ਸਾਡੀ ਮਾਂ-ਬੋਲੀ ਪੰਜਾਬੀ ਦਾ ਵੀ ਬਣਦਾ ਸਤਿਕਾਰ ਉਸ ਨੂੰ ਮਿਲਣਾ ਚਾਹੀਦਾ ਹੈ। ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਜੇਕਰ ਖਾਸ ਹੈ ਤਾਂ ਸਾਡੀ ਮਾਂ-ਬੋਲੀ ਪੰਜਾਬੀ ਭਾਸ਼ਾ ਦੀ ਪਵਿੱਤਰਤਾ ਨਾਪਣਯੋਗ ਨਹੀਂ ਹੈ। ਸਾਡੇ ਗੁਰੂਆਂ, ਪੀਰਾਂ ਨੂੰ ਬਹੁਤ ਸਾਰੀਆਂ ਭਾਸ਼ਾਵਾਂ ਦਾ ਗਿਆਨ ਸੀ ਪ੍ਰੰਤੂ ਉਨ੍ਹਾਂ ਨੇ ਫਿਰ ਵੀ ਆਪਣੀਆਂ ਰਚਨਾਵਾਂ ਲਈ ਪੰਜਾਬੀ ਨੂੰ ਚੁਣਿਆ। ਪੰਜਾਬੀ ਭਾਸ਼ਾ ਵਿਚ ਲਿਖਣਾ ਅਤੇ ਬੋਲਣਾ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ।

-ਹੰਸ ਰਾਜ ਪ੍ਰੀਤ
ਜੰਡਿਆਲਾ ਮੰਜਕੀ।

ਹਿੰਦੀ ਬੋਲੀ ਦੀ ਵਕਾਲਤ

ਪਿਛਲੇ ਦਿਨੀਂ ਭਾਰਤ ਵਿਚ ਮਨਾਏ ਗਏ ਹਿੰਦੀ ਦਿਵਸ ਮੌਕੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਰੇ ਭਾਰਤੀਆਂ ਨੂੰ ਹਿੰਦੀ ਭਾਸ਼ਾ ਅਪਣਾਉਣ ਲਈ ਕਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਦੀ ਇਸ ਵਕਾਲਤ ਨਾਲ ਭਾਰਤ ਵਿਚ ਵਿਵਾਦ ਉਠਣੇ ਕੁਦਰਤੀ ਹਨ। ਭਾਰਤ ਵਿਚ ਹਿੰਦੀ ਨੂੰ ਸੰਪਰਕ ਭਾਸ਼ਾ ਦੇ ਤੌਰ 'ਤੇ ਤਾਂ ਇਥੋਂ ਦੇ ਲੋਕ ਪਹਿਲਾਂ ਹੀ ਮੰਨ ਰਹੇ ਹਨ।
ਦੇਸ਼ ਦੀ ਵੰਡ ਤੋਂ ਬਾਅਦ ਮਾਤ ਭਾਸ਼ਾ ਦੇ ਆਧਾਰ 'ਤੇ ਬਹੁਤ ਸਾਰੇ ਸੂਬੇ ਹੋਂਦ ਵਿਚ ਆਏ ਹਨ ਤੇ ਕਈ ਹੋਂਦ ਵਿਚ ਆਉਣ ਲਈ ਅੱਜ ਵੀ ਸੰਘਰਸ਼ ਕਰ ਰਹੇ ਹਨ। ਭਾਸ਼ਾ ਸਬੰਧੀ ਇਹ ਮਸਲਾ ਸੱਭਿਆਚਾਰਕ, ਸਮਾਜਿਕ ਅਤੇ ਭਾਵੁਕ ਪਛਾਣ ਦਾ ਹਿੱਸਾ ਬਣਿਆ ਹੋਇਆ ਹੈ। ਹਿੰਦੀ ਨੂੰ ਗ਼ੈਰ-ਜ਼ਰੂਰੀ ਢੰਗ ਨਾਲ ਠੋਸਣ ਦੀ ਨੀਤੀ ਚੰਗੇ ਸਿੱਟਿਆਂ ਦੀ ਧਾਰਨੀ ਨਹੀਂ ਹੋ ਸਕਦੀ। ਭਾਰਤ ਵਿਚ ਹਿੰਦੀ ਭਾਸ਼ਾ ਨੂੰ ਤਾਂ ਹੀ ਸਤਿਕਾਰ ਮਿਲ ਸਕਦਾ ਹੈ ਜੇਕਰ ਪਹਿਲਾਂ ਇਥੋਂ ਦੀਆਂ ਮਾਤ ਭਾਸ਼ਾਵਾਂ ਨਾਲ ਪੂਰਾ-ਪੂਰਾ ਇਨਸਾਫ਼ ਕੀਤਾ ਜਾਵੇ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, (ਤਰਨ ਤਾਰਨ)।

ਨਸ਼ਿਆਂ ਦਾ ਕਹਿਰ

ਪੰਜਾਬ ਪੰਜ-ਦਰਿਆਵਾਂ ਦਾ ਪ੍ਰਦੇਸ਼ ਅਤੇ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ। ਨਸ਼ਿਆਂ ਦਾ ਕਹਿਰ ਨਿਰੰਤਰ ਜਾਰੀ ਹੈ। ਸਾਡੇ ਨੌਜਵਾਨ ਭਰਾਵਾਂ ਦੀ ਬਹੁਗਿਣਤੀ ਨਸ਼ਿਆਂ ਦੀ ਲਾਹਨਤ ਦਾ ਸ਼ਿਕਾਰ ਹੈ, ਜਿਸ ਪ੍ਰਤੀ ਮਾਪੇ, ਬੁੱਧੀਜੀਵੀ ਲੋਕ ਬਹੁਤ ਚਿੰਤਤ ਹਨ। ਨਸ਼ਿਆਂ ਦੇ ਸੌਦਾਗਰਾਂ ਨੇ ਨਸ਼ੇ ਦੇ ਤਾਣੇ-ਬਾਣੇ ਨੂੰ ਸਮਾਜ ਵਿਚ ਬਹੁਤ ਬੁਰੀ ਤਰ੍ਹਾਂ ਵਿਛਾਇਆ ਹੋਇਆ ਹੈ। ਪੁਲਿਸ ਤੰਤਰ ਦੇ ਨਸ਼ਿਆਂ ਪ੍ਰਤੀ ਸੁਹਿਰਦ ਇਮਾਨਦਾਰ ਅਫਸਰ ਨਸ਼ਿਆਂ ਦੇ ਤਾਣੇ-ਬਾਣੇ ਅੱਗੇ ਬੇਵੱਸ ਨਜ਼ਰ ਆਉਂਦੇ ਹਨ। ਸਰਕਾਰਾਂ ਨੂੰ ਨਸ਼ਿਆਂ ਦੇ ਤਾਣੇ-ਬਾਣੇ ਨੂੰ ਖਤਮ ਕਰਨ ਲਈ ਸਮਰਪਿਤ ਭਾਵਨਾ ਨਾਲ ਲੈਣਾ ਚਾਹੀਦਾ ਹੈ, ਡੰਗ ਟਪਾਊ ਭਾਸ਼ਣਾਂ, ਬਿਆਨਾਂ ਨਾਲ ਇਹ ਲਾਹਨਤ ਖਤਮ ਨਹੀਂ ਹੋਣੀ।
ਸਾਨੂੰ ਸਭ ਨੂੰ ਨਸ਼ਿਆਂ ਨੂੰ ਖਤਮ ਕਰਨ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਲੋਕ ਲਹਿਰ ਖੜ੍ਹੀ ਕਰਨੀ ਹੋਵੇਗੀ ਤਾਂ ਹੀ ਇਸ ਵਿਚ ਸਭ ਦਾ ਭਲਾ ਹੈ।

-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਤਹਿਸੀਲ ਤੇ ਜ਼ਿਲ੍ਹਾ ਪਟਿਆਲਾ।

ਅਵਾਰਾ ਕੁੱਤੇ

ਕੋਈ ਦਿਨ ਖਾਲੀ ਨਹੀਂ ਜਾਂਦਾ, ਜਿਸ ਦਿਨ ਅਵਾਰਾ ਕੁੱਤਿਆਂ ਦੇ ਹਮਲੇ ਨਾਲ ਕੋਈ ਨਾ ਕੋਈ ਵਿਅਕਤੀ ਜ਼ਖ਼ਮੀ ਨਾ ਹੋਇਆ ਹੋਵੇ। ਕਈ ਵਾਰ ਤਾਂ ਕੁੱਤੇ ਲੋਕਾਂ ਨੂੰ ਏਨਾ ਵੱਢਦੇ ਹਨ ਕਿ ਲੋਕਾਂ ਦੇ ਚੀਥੜੇ-ਚੀਥੜੇ ਕਰ ਦਿੰਦੇ ਹਨ। ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਇਨ੍ਹਾਂ ਦੇ ਸ਼ਿਕਾਰ ਬਣਦੇ ਹਨ। ਝੁੰਡਾਂ ਦੀਆਂ ਝੁੰਡਾਂ ਰਾਹ ਵਿਚ ਬੈਠੀਆਂ ਮਿਲਦੀਆਂ ਹਨ। ਇਨ੍ਹਾਂ ਲਾਗਿਓਂ ਲੰਘਣਾ ਕੋਈ ਸੌਖੀ ਗੱਲ ਨਹੀਂ। ਇਨ੍ਹਾਂ ਦੀ ਵਧਦੀ ਗਿਣਤੀ 'ਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਕੁੱਤਿਆਂ ਦੇ ਟੀਕਾਕਰਨ ਕੌਣ ਕਰੇ? ਇਨ੍ਹਾਂ ਨੂੰ ਘਟਾਉਣ ਲਈ ਮੁਹਿੰਮ ਤਹਿਤ ਨਸਬੰਦੀ ਜ਼ਰੂਰੀ ਹੈ। ਆਪਣੇ ਨਾਗਰਿਕਾਂ ਦੀ ਰੱਖਿਆ ਕਰਨਾ ਲੋਕਤੰਤਰ ਵਿਚ ਸਰਕਾਰਾਂ ਦਾ ਪਹਿਲਾ ਫਰਜ਼ ਹੋਣਾ ਚਾਹੀਦਾ ਹੈ। ਇਸ ਸਮੱਸਿਆ 'ਤੇ ਵੀ ਰੋਕ ਲਗਾਉਣ ਦੀ ਲੋੜ ਹੈ।

-ਸੁਮਿਤ ਕੌਰ
ਪਿੰਡ ਢੱਡਾ।

ਰੁਜ਼ਗਾਰ ਮੇਲੇ

ਅੱਜ ਪੰਜਾਬ ਸਰਕਾਰ ਵਲੋਂ ਥਾਂ-ਥਾਂ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਇਨ੍ਹਾਂ ਮੇਲਿਆਂ ਰਾਹੀਂ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦਿੱਤੇ ਜਾ ਰਹੇ ਹਨ। ਜੋ ਇਕ ਸ਼ਲਾਘਾਯੋਗ ਕਦਮ ਹੈ। ਪਰ ਜੇਕਰ ਇਨ੍ਹਾਂ ਮੇਲਿਆਂ ਦੇ ਸੱਚ ਬਾਰੇ ਜਾਣੀਏ ਤਾਂ ਕੁਝ ਹੋਰ ਹੀ ਹੈ। ਪ੍ਰਾਈਵੇਟ ਵਿਦਿਅਕ ਅਦਾਰੇ ਨਿੱਜੀ ਕੰਪਨੀਆਂ ਤੇ ਵਪਾਰੀ ਘੱਟ ਤਨਖਾਹਾਂ 'ਤੇ ਕੰਮ ਦੇ ਕੇ ਨੌਜਵਾਨਾਂ ਦਾ ਪੂਰੀ ਤਰ੍ਹਾਂ ਸ਼ੋਸ਼ਣ ਕਰ ਰਹੇ ਹਨ। ਇਨ੍ਹਾਂ ਨਿੱਜੀ ਅਦਾਰਿਆਂ ਵਿਚ ਵਰਕਰਾਂ ਨੂੰ ਕਾਫੀ ਘੱਟ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ। ਪੰਜਾਬ ਅੰਦਰ ਬੇਰੁਜ਼ਗਾਰੀ ਚਰਮ ਸੀਮਾ ਤੱਕ ਪਹੁੰਚ ਗਈ ਹੈ। ਜੇਕਰ ਸਰਕਾਰ ਪ੍ਰਾਈਵੇਟ ਕੰਪਨੀਆਂ ਵਿਚ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਹੀ ਹੈ ਤਾਂ ਇਨ੍ਹਾਂ ਪ੍ਰਾਈਵੇਟ ਕੰਪਨੀਆਂ ਉੱਪਰ ਤਨਖਾਹ ਦੇ ਮਸਲੇ ਕਰਕੇ ਕੰਟਰੋਲ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਦਾ ਸੋਸ਼ਣ ਨਾ ਹੋਵੇ।

-ਗੁਲਸੇਰ ਸਿੰਘ ਚੀਮਾ
ਰਾਮਗੜ੍ਹ ਸਰਦਾਰਾਂ, ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ।

'ਫਾਸਟ ਫੂਡ' ਤੋਂ ਬਚੋ

ਇਹ ਗੱਲ ਗ਼ਲਤ ਨਹੀਂ ਹੈ ਕਿ ਸਾਨੂੰ ਹਮੇਸ਼ਾ ਜ਼ਮਾਨੇ ਦੇ ਨਾਲ ਤੁਰਨਾ ਚਾਹੀਦਾ ਹੈ। ਪਰ ਖਾਣ-ਪੀਣ ਦੇ ਮਾਮਲੇ 'ਚ ਜੇ ਜ਼ਮਾਨੇ ਨਾਲੋਂ ਵੱਖ ਹੋ ਜਾਵਾਂਗੇ ਤਾਂ ਆਪਣੀ ਜ਼ਿੰਦਗੀ ਦੀ ਸੰਵਾਰ ਸਕਦੇ ਹਾਂ। ਅੱਜ ਜਿੱਥੇ ਵੀ ਦੋਖੋ ਭਾਵੇਂ ਕੋਈ ਸ਼ਹਿਰ ਹੈ ਜਾਂ ਪਿੰਡ ਹਰ ਥਾਂ ਫਾਸਟ-ਫੂਡ ਆਮ ਹੀ ਮਿਲ ਜਾਂਦਾ ਹੈ ਤੇ ਅਸੀਂ ਉਸ ਨੂੰ ਖਾਂਦੇ ਵੀ ਹਾਂ। ਘਰ ਵਿਚ ਖਾਣਾ ਬਣਾਉਣ ਵਿਚ ਜ਼ਿਆਦਾ ਸਮਾਂ ਲੱਗਣ ਕਰਕੇ ਅਸੀਂ ਫਾਸਟ-ਫੂਡ ਨੂੰ ਪਹਿਲ ਦਿੰਦੇ ਹਾਂ। ਪਰ ਇਹ ਸਾਡੀ ਸਿਹਤ ਲਈ ਕਿੰਨਾ ਹਾਨੀਕਾਰਕ ਹੈ, ਇਸ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਜੇ ਕੋਈ ਵੀ ਅੱਜ ਕਾਰੋਬਾਰ ਚਲਾਉਣ ਬਾਰੇ ਸੋਚਦਾ ਹੈ, ਉਹ ਵੀ ਪਹਿਲ ਫਾਸਟ-ਫੂਡ ਵਰਗੇ ਕਾਰੋਬਾਰ ਨੂੰ ਹੀ ਦਿੰਦਾ, ਕਿਉਂਕਿ ਹਰ ਕੋਈ ਇਸ ਵੱਲ ਹੀ ਖਿੱਚਿਆ ਜਾਂਦਾ ਹੈ। ਅਸੀਂ ਆਪਣੇ ਬੱਚਿਆਂ ਨੂੰ ਵੀ ਤਾਂ ਹੀ ਰੋਕ ਸਕਦੇ ਹਾ ਜੇਕਰ ਆਪ ਇਨ੍ਹਾਂ ਚੀਜ਼ਾਂ ਤੋਂ ਪ੍ਰਹੇਜ਼ ਕਰਾਂਗੇ। ਇਸ ਲਈ ਸਾਨੂੰ ਆਪ ਅਤੇ ਆਪਣੇ ਬੱਚਿਆਂ ਨੂੰ ਇਸ ਬਾਰੇ ਜਾਗਰੂਕ ਹੋ ਕੇ ਘਰ ਵਿਚ ਸੰਤੁਲਿਤ ਭੋਜਨ ਬਣਾਉਣਾ ਤੇ ਖਾਣਾ ਚਾਹੀਦਾ ਹੈ ਤਾਂ ਕਿ ਪਰਿਵਾਰ ਨੂੰ ਬਿਮਾਰੀਆਂ ਤੋਂ ਬਚਾਇਆ ਜਾਵੇ।

-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ-ਸੁਖਾਣਾ (ਲੁਧਿਆਣਾ)।

ਅਵਾਰਾ ਪਸ਼ੂਆਂ ਦੀ ਸਮੱਸਿਆ

ਅਵਾਰਾ ਪਸ਼ੂਆਂ ਨੇ ਸੜਕਾਂ 'ਤੇ ਆਪਣਾ ਦਬਦਬਾ ਪੂਰਾ ਬਣਾਇਆ ਹੋਇਆ ਹੈ। ਜਿਸ ਕਾਰਨ ਹਰ ਰੋਜ਼ ਵਾਪਰ ਰਹੇ ਹਾਦਸਿਆਂ ਕਾਰਨ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਕਿਸਾਨ ਜਥੇਬੰਦੀਆਂ ਇਸ ਸਮੱਸਿਆ ਦੇ ਪੱਕੇ ਹੱਲ ਲਈ ਅਵਾਰਾ ਪਸ਼ੂਆਂ ਨੂੰ ਡੀ.ਸੀ. ਦਫਤਰ ਵੀ ਛੱਡ ਚੁੱਕੀਆਂ ਹਨ। ਪਰ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ। ਅਵਾਰਾ ਪਸ਼ੂ ਕਿਸਾਨਾਂ ਦੀਆਂ ਫਸਲਾਂ ਦਾ ਉਜਾੜਾ ਕਰ ਰਹੇ ਹਨ। ਜ਼ਿਆਦਾਤਰ ਕਿਸਾਨ ਜਥੇਬੰਦੀਆਂ ਅਵਾਰਾ ਪਸ਼ੂਆਂ ਦੇ ਪੱਕੇ ਹੱਲ ਲਈ ਸਲਾਟਰ ਹਾਊਸ (ਬੁੱਚੜਖਾਨੇ) ਖੋਲ੍ਹਣ ਦੇ ਹੱਕ ਵਿਚ ਹਨ। ਇਨ੍ਹਾਂ ਅਵਾਰਾ ਪਸ਼ੂਆਂ ਤੋਂ ਸੁਰੱਖਿਆ ਦਿਵਾਉਣ ਲਈ ਨਗਰ ਨਿਗਮ 'ਗਊ ਸੈੱਸ ਲੈ ਰਿਹਾ ਹੈ। ਸਰਕਾਰ ਨੂੰ ਠੋਸ ਰਣਨੀਤੀ ਉਲੀਕਣ ਦੀ ਜ਼ਰੂਰਤ ਹੈ। ਤਾਂ ਅਵਾਰਾ ਪਸ਼ੂਆਂ ਤੇ ਕਿਸਾਨਾਂ ਦੇ ਖੇਤ ਤੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ।

-ਸੰਜੀਵ ਸਿੰਘ ਸੈਣੀ
(ਮੁਹਾਲੀ)।

ਖਾਲੀ ਪਲਾਟ ਅਤੇ ਕੂੜਾ

ਛੋਟੇ, ਵੱਡੇ ਸ਼ਹਿਰਾਂ ਵਿਚ ਰਿਹਾਇਸ਼ੀ ਇਲਾਕਿਆਂ ਵਿਚ ਖਾਲੀ ਪਲਾਟ ਆਮ ਹੀ ਵੇਖੇ ਜਾ ਸਕਦੇ ਹਨ ਅਤੇ ਕਈ ਪਲਾਟਾਂ ਵਿਚ ਮਾਲਕਾਂ ਨੇ ਝੁੱਗੀਆਂ ਬਣਾ ਕੇ ਪ੍ਰਵਾਸੀ ਮਜ਼ਦੂਰ ਰੱਖੇ ਹੋਏ ਹਨ ਜੋ ਕਿ ਨਾਲ ਲਗਦੇ ਹੋਰ ਖਾਲੀ ਪਲਾਟਾਂ ਵਿਚ ਕੂੜਾ, ਕਰਕਟ ਸੁਟਦੇ ਹਨ। ਜਿਹੜੇ ਪਲਾਟਾਂ ਦੀ ਚਾਰ-ਦੀਵਾਰੀ ਨਹੀਂ ਕੀਤੀ ਹੁੰਦੀ ਉਨ੍ਹਾਂ ਵਿਚੋਂ ਕੁੱਤੇ ਤੇ ਅਵਾਰਾਪਸ਼ੂ ਕੂੜੇ ਨੂੰ ਸੜਕਾਂ ਤੱਕ ਖਿਲਾਰ ਦਿੰਦੇ ਹਨ, ਜਿਸ ਨਾਲ ਕਾਲੋਨੀ ਵਿਚ ਰਹਿਣ ਵਾਲਿਆਂ ਨੂੰ ਬਦਬੂ ਆਉਣ ਦੇ ਨਾਲ-ਨਾਲ ਰਾਹਗੀਰਾਂ ਨੂੰ ਵੀ ਪ੍ਰੇਸ਼ਾਨੀ ਆਉਂਦੀ ਹੈ। ਖਾਲੀ ਪਲਾਟਾਂ ਵਿਚ ਜਿਥੇ ਕੂੜਾ ਆਮ ਹੀ ਵੇਖਿਆ ਜਾ ਸਕਦਾ ਹੈ, ਉਥੇ ਹੀ ਇਨ੍ਹਾਂ ਪਲਾਟਾਂ ਵਿਚ ਭੰਗ ਤੇ ਗਾਜਰ ਬੂਟੀ ਵੀ ਬੇਸ਼ੁਮਾਰ ਉੱਗੀ ਹੋਈ ਹੈ ਅਤੇ ਇਨ੍ਹਾਂ ਵਿਚ ਪਾਣੀ ਖੜ੍ਹਾ ਹੋ ਜਾਣ ਕਾਰਨ ਮੱਛਰ ਆਦਿ ਪੈਦਾ ਹੁੰਦੇ ਹਨ, ਜਿਨ੍ਹਾਂ ਨਾਲ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਨਗਰ ਕਾਰਪੋਰੇਸ਼ਨਾਂ, ਨਗਰ ਸੁਧਾਰ ਟਰਸਟਾਂ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਨ੍ਹਾਂ ਖਾਲੀ ਪਲਾਟਾਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕਰਨ ਕਿ ਜਾ ਤਾਂ ਇਨ੍ਹਾਂ ਖਾਲੀ ਪਏ ਪਲਾਟਾਂ ਵਿਚ ਉਸਾਰੀ ਕੀਤੀ ਜਾਵੇ ਜਾਂ ਉੱਚੀ ਚਾਰਦੀਵਾਰੀ ਕਰਨ ਦੇ ਨਾਲ-ਨਾਲ ਖਾਲੀ ਪਏ ਪਲਾਟਾਂ ਨੂੰ ਸਾਫ-ਸੁਥਰਾ ਰੱਖਣ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

24-09-2019

 ਸਿੱਧੂ ਮੂਸੇਵਾਲਾ ਖਿਲਾਫ਼ ਹੋਵੇ ਸਖਤ ਕਾਰਵਾਈ
ਮਾਈ ਭਾਗੋ ਜਿਹੀ ਸਿੱਖ ਕੌਮ ਦੀ ਮਹਾਨ ਸ਼ਖ਼ਸੀਅਤ ਦਾ ਆਪਣੇ ਲੱਚਰ ਗੀਤ ਵਿਚ ਵਖਿਆਨ ਕਰਨ ਬਦਲੇ ਗਾਇਕ ਸਿੱਧੂ ਮੂਸੇਵਾਲਾ, ਗੀਤ ਦੇ ਲੇਖਕ, ਆਡੀਓ ਅਤੇ ਵੀਡੀਓ ਕੰਪਨੀ ਖਿਲਾਫ਼ ਕੇਸ ਦਰਜ ਕਰਕੇ ਮਿਸਾਲੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿਚ ਇਹਦੇ ਜਿਹੇ ਸਿਰਫਿਰਿਆਂ ਨੂੰ ਅਹਿਸਾਸ ਹੋ ਸਕੇ। ਇਸ ਦੇ ਨਾਲ ਹੀ ਅਜਿਹੇ ਲੋਕਾਂ ਨੂੰ ਦੱਸਣ ਦੀ ਲੋੜ ਹੈ ਕਿ ਸਮੁੱਚੀ ਸਿੱਖ ਕੌਮ ਤੋਂ ਇਲਾਵਾ ਹਰ ਕੋਈ ਗੁਰੂ ਨਾਨਕ ਨਾਮ ਲੇਵਾ ਜਦੋਂ ਸਵੇਰੇ ਸ਼ਾਮ ਜਾਂ ਕਿਸੇ ਹਰ ਆਮ ਜਾਂ ਖਾਸ ਮੌਕੇ 'ਤੇ ਅਰਦਾਸ ਕਰਦਾ ਹੈ ਤਾਂ ਚਾਲੀ ਮੁਕਤਿਆਂ ਦਾ ਬੜੀ ਸ਼ਰਧਾ ਸਹਿਤ ਉਚੇਚਾ ਜ਼ਿਕਰ ਅਰਦਾਸ ਵਿਚ ਕੀਤਾ ਜਾਂਦਾ ਹੈ।
ਇਹ ਵੀ ਸੱਚ ਹੈ ਕਿ ਚਾਲੀ ਮੁਕਤਿਆਂ ਦੀ ਹੋਂਦ ਹੀ ਮਾਈ ਭਾਗੋ ਦੁਆਰਾ ਜਗਾਈ ਉਨ੍ਹਾਂ ਦੀ ਸੁੱਤੀ ਜ਼ਮੀਰ ਕਰਕੇ ਹੈ। ਇਸ ਲਈ ਮਾਈ ਭਾਗੋ ਜਿਹੀ ਸ਼ਖ਼ਸੀਅਤ ਸਮੁੱਚੇ ਸਿੱਖ ਇਤਿਹਾਸ ਵਿਚ ਕੋਈ ਦੂਜੀ ਨਹੀਂ ਹੈ ਅਤੇ ਮਾਈ ਭਾਗੋ ਦਾ ਨਾਂਅ ਸ਼ਰਧਾ ਅਤੇ ਸਤਿਕਾਰ ਦਾ ਪ੍ਰਤੀਕ ਹੈ। ਸਾਰੇ ਚਿੰਤਕਾਂ ਅਤੇ ਵਿਦਵਾਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਵੀ ਜ਼ਰੂਰੀ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਦੀ ਸੋਚ ਜੋ ਊਟ-ਪਟਾਂਗ ਗਾਇਕਾਂ ਅਤੇ ਗੀਤਕਾਰਾਂ ਦੀਆਂ ਰਚਨਾਵਾਂ ਨੂੰ ਏਨੀ ਤਵੱਜੋ ਕਿਉਂ ਦੇ ਰਹੀ ਹੈ, ਜਿਨ੍ਹਾਂ ਦਾ ਨਾ ਕੋਈ ਅਰਥ ਅਤੇ ਨਾ ਸੰਦੇਸ਼ ਹੈ।

-ਗੁਰਦੀਪ ਸਿੰਘ ਢਿੱਲੋਂ
ਲਾਇਬ੍ਰੇਰੀ ਅਟੈਂਡੈਂਟ, ਦਸਮੇਸ਼ ਖਾਲਸਾ ਕਾਲਜ, ਜ਼ੀਰਕਪੁਰ।

ਪੰਜਾਬੀ ਬੋਲੀ ਪ੍ਰਤੀ ਉਦਾਸੀਨਤਾ ਠੀਕ ਨਹੀਂ
ਮਨੁੱਖ ਆਪਣੇ ਮਨ ਦੀਆਂ ਭਾਵਨਾਵਾਂ ਪੇਸ਼ ਕਰਨ ਲਈ ਬੋਲੀ ਦਾ ਸਹਾਰਾ ਲੈਂਦਾ ਹੈ। ਬੋਲੀ ਸਾਡੇ ਵਿਚਾਰਾਂ ਦੇ ਆਦਾਨ-ਪ੍ਰਦਾਨ ਵਿਚ ਅਹਿਮ ਭੂਮਿਕਾ ਅਦਾ ਕਰਦੀ ਹੈ। ਮਨੁੱਖ ਜਨਮ ਤੋਂ ਹੀ ਮਾਤਾ ਦੀ ਗੋਦੀ ਵਿਚ ਬੈਠ ਕੇ ਘਰ-ਪਰਿਵਾਰ ਵਿਚ ਜਿਸ ਬੋਲੀ ਨੂੰ ਸੁਣਦਾ-ਸਮਝਦਾ ਹੈ ਅਤੇ ਬੋਲਣ ਲੱਗ ਪੈਂਦਾ ਹੈ, ਉਹ ਮਾਂ-ਬੋਲੀ ਅਖਵਾਉਂਦੀ ਹੈ। ਪੰਜਾਬੀ ਸਾਡੀ ਮਾਂ-ਬੋਲੀ ਹੈ ਪਰ ਵਰਤਮਾਨ ਵਿਚ ਇਹ ਮਹਿਸੂਸ ਕਰਨ ਨੂੰ ਮਿਲਦਾ ਹੈ ਕਿ ਅਸੀਂ ਕਈ ਵਾਰ ਪੰਜਾਬੀ ਵਿਚ ਗੱਲ ਕਰਨ ਨੂੰ ਅਸੱਭਿਅਕ ਸਮਝਣ ਦੀ ਭੁੱਲ ਵੀ ਕਰ ਬੈਠਦੇ ਹਾਂ।
ਆਪਣੀ ਮਾਂ-ਬੋਲੀ ਪੰਜਾਬੀ ਨੂੰ ਕਦੇ ਵੀ ਹੀਣਭਾਵਨਾ, ਸੌੜੀ ਸੋਚ ਅਤੇ ਸੰਕੀਰਣਤਾ ਨਾਲ ਸੋਚਣ-ਸਮਝਣ ਦੀ ਕੁਤਾਹੀ ਨਹੀਂ ਕਰਨੀ ਬਣਦੀ। ਪੰਜਾਬੀ ਬੁੱਲ੍ਹੇ ਸ਼ਾਹ, ਸ਼ੇਖ ਫ਼ਰੀਦ ਜੀ, ਕਾਦਰਯਾਰ, ਹਾਸ਼ਮ ਸ਼ਾਹ, ਵਾਰਿਸ ਸ਼ਾਹ, ਭਾਈ ਵੀਰ ਸਿੰਘ ਦੀ ਮਾਣਮੱਤੀ ਬੋਲੀ ਰਹੀ ਅਤੇ ਇਨ੍ਹਾਂ ਮਹਾਂਪੁਰਖਾਂ ਦੀਆਂ ਰਚਨਾਵਾਂ ਤੇ ਕਲਮ ਦੀ ਸ਼ਾਨ ਬਣੀ। ਸਾਨੂੰ ਆਪਣੀ ਪਿਆਰੀ ਮਾਂ-ਬੋਲੀ ਪੰਜਾਬੀ ਬੋਲਣ, ਪੜ੍ਹਨ, ਲਿਖਣ ਪ੍ਰਤੀ ਘੇਸਲ ਨਹੀਂ ਵੱਟਣੀ ਚਾਹੀਦੀ, ਕਿਉਂਕਿ ਪੰਜਾਬੀ ਭਾਸ਼ਾ ਵਿਚ ਪਿਆਰ ਹੈ, ਸ਼ਾਂਤੀ ਹੈ, ਸਕੂਨ ਹੈ, ਮਿਠਾਸ ਹੈ, ਆਪਣਾਪਣ ਹੈ, ਰਵਾਨੀ ਹੈ, ਲੈਅ ਹੈ, ਜਿੰਦਾਦਿਲੀ ਹੈ, ਵਿਰਾਸਤੀ ਖੁਸ਼ਬੂ ਹੈ, ਸਾਡੀਆਂ ਭਾਵਨਾਵਾਂ ਹਨ, ਸਾਂਝੀਵਾਲਤਾ ਹੈ, ਇਕ ਉਮੰਗ ਤੇ ਤਰੰਗ ਹੈ, ਇਕ ਅਹਿਸਾਸ ਹੈ, ਜੋਸ਼ ਹੈ।

-ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ।

ਮਾਤ-ਭਾਸ਼ਾ ਦਾ ਨਿਰਾਦਰ
ਭਾਸ਼ਾ ਵਿਭਾਗ ਪਟਿਆਲਾ ਵਿਖੇ ਹਿੰਦੀ ਦਿਵਸ ਮਨਾਉਣ ਸਮੇਂ ਕੁਝ ਲੋਕਾਂ ਵਲੋਂ ਪੰਜਾਬੀ ਨੂੰ 'ਗੰਵਾਰਾ ਦੀ ਭਾਸ਼ਾ' ਕਹਿਣਾ ਅਤੀ ਨਿੰਦਣਯੋਗ ਹੈ। ਅਜਿਹੀ ਬੇਕਦਰੀ ਭਰੀ ਸ਼ਬਦਾਵਲੀ ਦੁਨੀਆ ਦੀ 10ਵੇਂ ਨੰਬਰ ਦੀ 14 ਕਰੋੜ ਲੋਕਾਂ ਦੀ ਭਾਸ਼ਾ ਦਾ ਅਪਮਾਨ ਹੈ। ਇਸ ਨਾਲ ਸਮੂਹ ਪੰਜਾਬੀ ਪ੍ਰੇਮੀਆਂ ਦੇ ਹਿਰਦੇ ਵਲੂੰਧਰੇ ਗਏ ਹਨ। ਇਸ ਮਾਮਲੇ 'ਤੇ ਭਾਵੇਂ ਮੁਆਫ਼ੀਨਾਮੇ ਅਤੇ ਸਰਕਾਰੀ ਤੌਰ 'ਤੇ ਪਰਦਾਪੋਸ਼ੀ ਕਰਨ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਪਰ ਹਕੀਕਤ ਤਾਂ ਇਹ ਹੈ ਕਿ ਇਹ ਪੰਜਾਬੀ ਭਾਸ਼ਾ ਨੂੰ ਲਤਾੜਨ ਦਾ ਇਕ ਹੋਰ ਕੋਝਾ ਯਤਨ ਹੈ। ਮਾਂ-ਬੋਲੀ ਮਨੁੱਖ ਦੀ ਸੋਚ, ਵਿਕਾਸ ਅਤੇ ਸੁਹਜ ਨੂੰ ਨਿਖਾਰਨ ਦਾ ਕੰਮ ਕਰਦੀ ਹੈ।
ਭਾਸ਼ਾਵਾਂ ਸਾਰੀਆਂ ਹੀ ਸਿੱਖਣੀਆਂ ਚਾਹੀਦੀਆਂ ਹਨ ਪਰ ਮਾਂ-ਬੋਲੀ ਤੋਂ ਮੁਨਕਰ ਹੋਣ ਵਾਲਾ ਰੂਸੀ ਲੇਖਕ ਰਸੂਲ ਹਮਜ਼ਾਤੋਵ ਦੇ ਨਾਵਲ 'ਮੇਰਾ ਦਾਗਿਸਤਾਨ' ਦੇ ਪਾਤਰ ਵਾਂਗ ਆਪਣੀ ਮਾਂ ਦੀਆਂ ਨਜ਼ਰਾਂ ਵਿਚ ਵੀ 'ਮਰ' ਜਾਂਦਾ ਹੈ। ਗੁਰਬਖਸ਼ ਸਿੰਘ ਪ੍ਰੀਤਲੜੀ ਵਰਗੇ ਵਿਦਵਾਨ ਨੇ ਅੰਗਰੇਜ਼ੀ ਬੋਲਣ ਦੇ ਮਾਹਿਰ ਹੋਣ ਦੇ ਬਾਵਜੂਦ ਵੀਆਨਾ ਵਿਖੇ 108 ਦੇਸ਼ਾਂ ਦੇ ਵਿਦਵਾਨਾਂ ਸਾਹਮਣੇ ਆਪਣਾ ਭਾਸ਼ਨ ਇਸ ਲਈ ਪੰਜਾਬੀ ਵਿਚ ਦਿੱਤਾ ਸੀ। ਇਸ ਲਈ ਪੰਜਾਬੀ ਦੇ ਹੋਏ ਅਪਮਾਨ ਸਬੰਧੀ ਸਮੂਹ ਪੰਜਾਬੀ ਪ੍ਰੇਮੀਆਂ ਨੂੰ ਆਪਣਾ ਰੋਸ ਸਰਕਾਰ ਅੱਗੇ ਪ੍ਰਗਟ ਕਰਨਾ ਚਾਹੀਦਾ ਹੈ।

-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।

ਪੁਲਿਸ ਦਾ ਵਿਗੜਦਾ ਕਿਰਦਾਰ
ਲੋਕਾਂ ਦੀ ਜਾਨ-ਮਾਲ ਤੇ ਰਾਜ ਦੀ ਵਿਗੜਦੀ ਸਮਾਜਿਕ ਸਥਿਤੀ ਨੂੰ ਸੰਭਾਲਣ ਲਈ ਪੁਲਿਸ ਦੀ ਵਿਵਸਥਾ ਹੈ। ਪਰ ਸਾਡੇ ਸਮਾਜ ਵਿਚ ਪੁਲਿਸ ਦਾ ਨਾਂਅ ਲੈਂਦਿਆਂ ਹੀ ਜ਼ਿਹਨ ਵਿਚ ਡਰ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਪੁਲਿਸ ਦੇ ਇਮਾਨਦਾਰ ਅਫ਼ਸਰਾਂ ਨੇ ਸਮਾਜ ਵਿਚ ਆਪਣਾ ਚੰਗਾ ਨਾਂਅ ਬਣਾਇਆ ਹੈ। ਪੁਲਿਸ ਦੀ ਟ੍ਰੇਨਿੰਗ ਸਮੇਂ ਲੋਕਾਂ ਦੀ ਜਾਨ-ਮਾਨ ਦੀ ਰਾਖੀ ਅਤੇ ਟ੍ਰੈਫਿਕ ਨਿਯਮਾਂ ਦੇ ਨਾਲ-ਨਾਲ ਸਮਾਜ ਵਿਰੋਧੀ ਅਨਸਰਾਂ 'ਤੇ ਕਾਬੂ ਅਤੇ ਅਪਰਾਧੀਆਂ ਨੂੰ ਸਜ਼ਾ ਦਿਵਾਉਣ ਦੇ ਨਾਲ-ਨਾਲ ਆਮ ਲੋਕਾਂ ਦੀ ਸਹਾਇਤਾ ਲਈ ਸਿੱਖਿਆ ਦਿੱਤੀ ਜਾਂਦੀ ਹੈ। ਪਰ ਟ੍ਰੇਨਿੰਗ ਖ਼ਤਮ ਹੁੰਦਿਆਂ ਹੀ ਮਹਿਕਮੇ ਵਿਚੋਂ ਆਉਂਦਿਆਂ ਹੀ ਇਨ੍ਹਾਂ ਲੋਕਾਂ ਦਾ ਵਿਹਾਰ ਬਦਲ ਜਾਂਦਾ ਹੈ। ਭ੍ਰਿਸ਼ਟਾਚਾਰ ਦੇ ਨਾਲ-ਨਾਲ ਬੋਲ ਬਾਣੀ ਵੀ ਅਸੱਭਿਅਕ ਹੋ ਜਾਂਦੀ ਹੈ। ਬਦਨਾਮ ਹੁੰਦੇ ਮਹਿਕਮੇ ਦੀਆਂ ਖ਼ਬਰਾਂ ਸੂਝਵਾਨਾਂ ਲਈ ਝੂਰਨ ਦਾ ਕਾਰਨ ਬਣ ਰਹੀਆਂ ਹਨ। ਪੁਲਿਸ ਨੂੰ ਆਪਣਾ ਕਿਰਦਾਰ ਸੁਧਾਰਨਾ ਪਵੇਗਾ। ਮਹਿਕਮੇ ਦੇ ਸੁਹਿਰਦ ਅਤੇ ਸਹੀ ਚਰਿੱਤਰ ਵਾਲੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਸਮਾਜ ਦੀ ਰਾਖੀ ਕਰਨਾ ਇਨ੍ਹਾਂ ਦਾ ਮੁਢਲਾ ਉਦੇਸ਼ ਹੋਣਾ ਚਾਹੀਦਾ ਹੈ। ਸਹੀ ਕਿਰਦਾਰ ਵਾਲੇ ਪੁਲਿਸ ਅਫ਼ਸਰ ਆਪਣੇ ਮਹਿਕਮੇ ਦਾ ਅਕਸ ਸੁਧਾਰਨ ਲਈ ਅੱਗੇ ਆਉਣ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

20-09-2019

 ਹਾਲਾਤ ਨਾਲ ਜੂਝ ਰਿਹਾ ਹਰ ਵਰਗ

ਅੱਜ ਵੀ ਹਜ਼ਾਰਾਂ, ਲੱਖਾਂ ਲੋਕ ਭੁੱਖਮਰੀ, ਬਿਮਾਰੀ, ਰੋਟੀ, ਕੱਪੜਾ, ਮਕਾਨ ਅਤੇ ਹੋਰ ਵੀ ਮੰਦਹਾਲੀ ਵਰਗੇ ਹਾਲਾਤ ਨਾਲ ਜੂਝ ਰਹੇ ਹਨ। ਉੁਂਝ ਤਾਂ ਮੇਰੇ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਹੈ। ਪਰ ਸੋਨੇ ਦੀ ਚਿੜੀ ਨੂੰ ਅੱਜ ਦਾ ਸਿਆਸੀਕਰਨ ਉੱਡਣ ਹੀ ਨਹੀਂ ਦੇ ਰਿਹਾ, ਕਿਉਂਕਿ ਮੰਦਹਾਲੀ ਦਾ ਦੌਰ ਲਿਆ ਕੇ ਖੰਭ ਜੁ ਕੱਟ ਦਿੱਤੇ ਗਏ ਹਨ ਇਨ੍ਹਾਂ ਲੋਕਾਂ ਨੇ। ਅੱਜ ਦੇ ਦੌਰ ਵਿਚ ਹਰ ਵਰਗ ਮੰਦੀ ਦਾ ਸ਼ਿਕਾਰ ਹੈ ਭਾਵੇਂ ਕਿਸਾਨ, ਵਪਾਰੀ, ਸਰਵਿਸਮੈਨ ਹੋਵੇ ਸਭ ਪਾਸੇ ਘਰ ਪਰਿਵਾਰ ਚਲਾਉਣ ਦੇ ਤਾਂ ਜਿਵੇਂ ਲਾਲੇ ਪੈ ਗਏ ਹੋਣ। ਏਨੀ ਮਹਿੰਗਾਈ ਤੇ ਉੱਤੋਂ ਪੈਸੇ ਦੀ ਕਮੀ, ਕੁਦਰਤੀ ਆਫ਼ਤਾਂ, ਨਸ਼ਿਆਂ ਦਾ ਵਹਿ ਰਿਹਾ ਛੇਵਾਂ ਦਰਿਆ, ਕਰਜ਼ੇ ਦੀ ਮਾਰ ਹੇਠ ਹਰ ਵਰਗ, ਧਰਮ ਦੇ ਨਾਂਅ 'ਤੇ ਵੰਡੀਆਂ ਅਤੇ ਵਿਦੇਸ਼ੀ ਜਾ ਕੇ ਵਸਣ ਦੀ ਲਾਲਸਾ ਨੇ ਹਰ ਵਰਗ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਤੇ ਹਰ ਵਰਗ ਸੋਚਣ ਲਈ ਮਜਬੂਰ ਹੋ ਗਿਆ ਹੈ ਕਿ ਇਸ ਤਰ੍ਹਾਂ ਦੇ ਹਾਲਾਤ ਨਾਲ ਕਿਵੇਂ ਨਿਪਟਿਆ ਜਾਵੇ। ਪਰ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਕਿ ਸਮੇਂ ਦੀਆਂ ਸਰਕਾਰਾਂ ਹਾਲਾਤ ਨਾਲ ਜੂਝ ਰਹੇ ਲੋਕਾਂ ਦੀ ਹਰ ਪੱਖੋਂ ਮਦਦ ਕਰੇ, ਤਾਂ ਕਿ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿਚ ਕੁਝ ਚੰਗੇ ਭਵਿੱਖ ਦੀ ਆਸ ਬੱਝ ਸਕੇ।

-ਪਰਮਜੀਤ ਕੌਰ ਸੋਢੀ, ਭਗਤਾ ਭਾਈ ਕਾ।

ਸੜਕ ਦੀਆਂ ਬਰਮਾਂ ਨਾਲ ਮਿੱਟੀ

ਇਸ ਵਾਰ ਪੰਜਾਬ ਵਿਚ ਭਾਰੀ ਮੀਂਹ ਪੈਣ ਕਾਰਨ ਪੰਜਾਬ ਦੀਆਂ ਤਕਰੀਬਨ ਸਾਰੀਆਂ ਲਿੰਕ ਸੜਕਾਂ ਦੀਆਂ ਬਰਮਾਂ ਨਾਲੋਂ ਮਿੱਟੀ ਖੁਰ ਗਈ ਹੈ। ਲਿੰਕ ਸੜਕਾਂ ਚੌੜੀਆਂ ਘੱਟ ਹੋਣ ਕਰਕੇ ਇਥੇ ਦੋ ਗੱਡੀਆਂ ਲੰਘਣ ਲੱਗੀਆਂ ਕੱਚੇ ਕਰਨੀਆਂ ਹੀ ਪੈਂਦੀਆਂ ਹਨ। ਇਕਦਮ ਗੱਡੀ, ਮੋਟਰਸਾਈਕਲ ਰੋਕਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਇਸ ਕਰਕੇ ਇਨ੍ਹਾਂ ਸੜਕਾਂ 'ਤੇ ਦੁਰਘਟਨਾਵਾਂ ਵਧ ਗਈਆਂ ਹਨ। ਸੋ, ਹਰ ਮੀਂਹ ਪੈਣ ਬਾਅਦ ਇਨ੍ਹਾਂ ਸੜਕਾਂ ਦੀਆਂ ਬਰਮਾਂ ਦੀ ਦੇਖਭਾਲ ਕਰਨੀ ਅਤਿ ਜ਼ਰੂਰੀ ਹੈ। ਇਸ ਲਈ ਸਰਕਾਰ ਸੜਕਾਂ ਦੀਆਂ ਬਰਮਾਂ ਦੀ ਦੇਖਭਾਲ ਮੀਂਹ ਪੈਣ ਤੋਂ ਤੁਰੰਤ ਬਾਅਦ ਕਰਵਾਏ। ਜਿਹੜੀਆਂ ਸੜਕਾਂ ਪ੍ਰਧਾਨ ਮੰਤਰੀ ਯੋਜਨਾ ਅਧੀਨ ਬਣੀਆਂ ਹੋਈਆਂ ਹਨ, ਉਨ੍ਹਾਂ ਦੀ ਦੇਖਭਾਲ ਪੰਜ ਸਾਲ ਲਈ ਠੇਕੇਦਾਰ ਨੇ ਕਰਨੀ ਹੁੰਦੀ ਹੈ। ਠੇਕੇਦਾਰ ਨੂੰ ਵੀ ਸਖ਼ਤ ਹਦਾਇਤ ਹੋਵੇ ਕਿ ਮੀਂਹ ਪੈਣ ਦੇ ਤੁਰੰਤ ਬਾਅਦ ਸੜਕ ਦੀ ਦੇਖਭਾਲ ਕਰੇ ਜਿਥੋਂ ਬਰਮਾਂ ਤੋਂ ਮਿੱਟੀ ਖੁਰ ਗਈ ਹੈ ਤੁਰੰਤ ਲਗਾਈ ਜਾਵੇ, ਤਾਂ ਕਿ ਕੋਈ ਵੀ ਕੀਮਤੀ ਜਾਨ ਨਾ ਜਾਵੇ। ਇਸ ਕੰਮ 'ਤੇ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਓਵਰਡੋਜ਼ ਨਾਲ ਮੌਤਾਂ

ਚਿੱਟੇ ਨਸ਼ੇ ਦੀ ਓਵਰਡੋਜ਼ ਨਾਲ ਰੋਜ਼ਾਨਾ ਮਾਵਾਂ ਦੇ ਲਾਡਲੇ ਪੁੱਤਰ ਮੌਤ ਦੇ ਮੂੰਹ ਜਾ ਰਹੇ ਹਨ। ਪਹਿਲਾਂ ਤਾਂ ਹਰ ਰੋਜ਼ ਇਕ ਦੋ ਮੌਤਾਂ ਦੀ ਖ਼ਬਰ ਹੀ ਅਖ਼ਬਾਰਾਂ 'ਚ ਪੜ੍ਹਨ ਨੂੰ ਮਿਲਦੀ ਸੀ ਪਰ ਪਿਛਲੇ ਦਿਨ ਓਵਰਡੋਜ਼ ਨਾਲ ਇਕੱਠੀਆਂ ਤਿੰਨ ਮੌਤਾਂ ਤੋਂ ਸਿੱਧ ਹੁੰਦਾ ਕਿ ਨਸ਼ੇ ਦੀ ਦਲਦਲ 'ਚ ਫਸਿਆ ਨੌਜਵਾਨ ਕਿਸ ਹੱਦ ਤੱਕ ਪੁੱਜ ਜਾਂਦਾ ਕਿ ਸਮਾਜ ਤੇ ਪਰਿਵਾਰ ਤੋਂ ਮੁੱਖ ਮੋੜ ਮੌਤ ਨੂੰ ਗਲੇ ਲਗਾ ਰਹੇ ਹਨ। ਲਾਡਾਂ ਨਾਲ ਪਾਲੇ ਮਾਵਾਂ ਦੇ ਪੁੱਤ ਤੇ ਰੋਂਦੀਆਂ ਵਿਲਕਦੀਆਂ ਭੈਣਾਂ ਦੇ ਸ਼ੇਰਾਂ ਵਰਗੇ ਵੀਰਾਂ ਦੀਆਂ ਤਸਵੀਰਾਂ ਵੇਖ ਕਾਲਜੇ ਨੂੰ ਧੂਹ ਜਿਹੀ ਪੈਂਦੀ। ਵੱਡੀ ਦੁੱਖ ਦੀ ਗੱਲ ਇਹ ਹੈ ਕਿ ਬਹੁਤੇ ਮਰਨ ਵਾਲੇ ਗੱਭਰੂ ਘਰਾਂ ਦੇ ਇਕਲੌਤੇ ਚਿਰਾਗ ਹਨ। ਵੀਹ ਦਿਨਾਂ 'ਚ ਨਸ਼ਾ ਖ਼ਤਮ ਕਰਨ ਦੀ ਕਸਮ ਖਾ ਕੇ ਆਈ ਸਰਕਾਰ ਨੂੰ ਢਾਈ ਸਾਲ ਹੋ ਗਏ ਪਰ ਨਸ਼ਾ ਵੇਚਣ ਵਾਲੇ, ਕਰਨ ਵਾਲੇ ਤੇ ਮਰਨ ਵਾਲਿਆਂ ਦੀ ਗਿਣਤੀ ਵਿਚ ਕੋਈ ਕਮੀ ਨਹੀਂ ਆਈ। ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਦੀ ਕਸਮ ਖਾ ਚੁੱਕੇ ਲੋਕੀਂ ਸਰਕਾਰ ਦੇ ਅੱਖ ਘੱਟਾ ਪਾ ਹਰ ਹੀਲਾ ਵਰਤ ਰਹੇ ਹਨ। ਹੁਣ ਉਹ ਦਿੱਲੀ ਤੇ ਅੰਤਰਰਾਸ਼ਟਰੀ ਨਾਮੀ ਕੋਰੀਅਰ ਕੰਪਨੀ ਰਾਹੀਂ ਨਸ਼ੇ ਦੀ ਸਪਲਾਈ ਕਰ ਰਹੇ। ਅਜਿਹਾ ਪਹਿਲਾ ਕੇਸ ਲੁਧਿਆਣਾ ਟਾਕਸ ਫੋਰਸ ਦੇ ਹੱਥੀਂ ਆਇਆ ਹੈ। ਇਸ ਤਰ੍ਹਾਂ ਪਤਾ ਲਗਦਾ ਹੈ ਨਸ਼ਿਆਂ ਦਾ ਕਿੰਨਾ ਗੁੰਝਲਦਾਰ ਜਾਲ ਪੰਜਾਬ ਦੀ ਨੌਜਵਾਨੀ ਨੂੰ ਖ਼ਤਮ ਕਰਨ ਲਈ ਵਿਛਾਇਆ ਗਿਆ ਹੈ ਪਰ ਸਰਕਾਰ ਦੇ ਹੱਥ ਅਜੇ ਖਾਲੀ ਹਨ।

-ਪਰਮ ਪਿਆਰ ਸਿੰਘ, ਨਕੋਦਰ।

ਨਵੀਂ ਵਿਦਿਅਕ ਨੀਤੀ

ਸਿੱਖਿਆ ਦੇ ਸੁਧਾਰ ਲਈ ਸਮੇਂ-ਸਮੇਂ 'ਤੇ ਹਵਾਈ ਕਿੱਸੇ ਉਸਾਰੇ ਜਾਂਦੇ ਰਹਿੰਦੇ ਹਨ ਤੇ ਕਈ ਤੁਗਲਕੀ ਫੁਰਮਾਨ ਜਾਰੀ ਹੁੰਦੇ ਰਹਿੰਦੇ ਹਨ। ਨਵੀਂ ਸਿੱਖਿਆ ਨੀਤੀ ਤਹਿਤ ਸਰਕਾਰੀ ਸਕੂਲਾਂ ਨੂੰ ਗ੍ਰੇਡਿੰਗ ਤੇ ਸਮੈਸਟਰ ਪ੍ਰਣਾਲੀ ਅਧੀਨ ਲਿਆਂਦਾ ਜਾਵੇਗਾ। ਪ੍ਰਾਇਮਰੀ, ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਬੋਰਡ ਨੂੰ ਬੱਚੇ ਦੀ ਉਮਰ 3 ਸਾਲ ਤੋਂ ਲੈ ਕੇ 18 ਸਾਲ ਤੱਕ ਨੂੰ ਪੰਜ ਗ੍ਰੇਡਾਂ ਵਿਚ ਵੰਡਿਆ ਜਾਵੇਗਾ। ਸਮੈਸਟਰ ਪ੍ਰਣਾਲੀ ਜੋ ਸਕੂਲਾਂ ਵਿਚ ਪਹਿਲਾਂ ਹੀ ਅਸਫਲ ਹੋ ਚੁੱਕੀ ਹੈ, ਉਸ 'ਤੇ ਦੁਬਾਰਾ ਤਜਰਬਾ ਕਰਨ ਦੀ ਕੀ ਲੋੜ ਹੈ। ਇਸ ਪ੍ਰਣਾਲੀ ਤਹਿਤ ਮਾਪਿਆਂ 'ਤੇ ਦੋ ਵਾਰ ਦਾਖ਼ਲਿਆਂ ਦਾ ਵਿੱਤੀ ਬੋਝ ਪਵੇਗਾ ਤੇ ਵਿਦਿਆਰਥੀਆਂ ਦਾ ਬਹੁਤ ਸਾਰਾ ਕੀਮਤੀ ਸਮਾਂ ਪ੍ਰੀਖਿਆ ਦਿੰਦਿਆਂ ਲੰਘ ਜਾਏਗਾ। ਨਵੀਂ ਵਿੱਦਿਆ ਨੀਤੀ ਵਿਚ ਇਸ ਗੱਲ ਦਾ ਕਿਧਰੇ ਜ਼ਿਕਰ ਨਹੀਂ ਕਿ ਪੈਸਾ ਕਿੰਨਾ ਲਾਉਣਾ ਹੈ? ਕਿਵੇਂ ਲਾਉਣਾ ਹੈ? ਵਿੱਤੀ ਸਾਧਨ ਕਿਵੇਂ ਜੁਟਾਏ ਜਾਣੇ ਹਨ? ਇਸ ਵਾਰ 1919-20 ਲਈ ਸਿੱਖਿਆ ਸਬੰਧੀ 3.4 ਫ਼ੀਸਦੀ ਦਾ ਪ੍ਰਸਤਾਵ ਰੱਖਿਆ ਗਿਆ ਹੈ। ਯੂਰਪ ਜਾਂ ਵਿਕਸਤ ਦੇਸ਼ਾਂ ਵਿਚ ਜਿਥੇ ਗ੍ਰੇਡ ਪ੍ਰਣਾਲੀ ਤੇ ਵਲੰਟੀਅਰ ਪ੍ਰਣਾਲੀ ਹੈ, ਉਥੇ ਸਕੂਲੀ ਵਿੱਦਿਆ ਬਿਲਕੁਲ ਮੁਫ਼ਤ ਹੈ। ਉਥੇ ਬਸਤਾ ਤੇ ਟਿਫਨ ਮੁਕਤ ਵਿੱਦਿਆ ਹੈ। ਬੱਚੇ ਨੂੰ ਜਨਮ ਲੈਣ ਸਮੇਂ ਹੀ ਸਾਰੇ ਪੈਸੇ ਮਿਲਦੇ ਹਨ। ਹਰੇਕ ਨੂੰ ਕੰਮ ਦੀ ਗਾਰੰਟੀ, ਬੇਰੁਜ਼ਗਾਰੀ ਭੱਤਾ ਤੇ ਪੈਨਸ਼ਨ ਮਿਲਦੀ ਹੈ। ਕੀ ਇਹ ਸਭ ਕੁਝ ਕਦੇ ਸਾਡੇ ਦੇਸ਼ ਵਿਚ ਹੋ ਸਕੇਗਾ? ਸੋ, ਅੱਜ ਲੋੜ ਹੈ ਸਰਕਾਰੀ ਸਕੂਲਾਂ ਨੂੰ ਬਚਾਉਣ ਲਈ ਇਨ੍ਹਾਂ ਵਿਚ ਬੁਨਿਆਦੀ ਸਹੂਲਤਾਂ ਪੂਰੀਆਂ ਕੀਤੀਆਂ ਜਾਣ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ ਤੇ ਤਹਿ: ਪੱਟੀ, (ਤਰਨ ਤਾਰਨ)।

 

 

19-09-2019

 ਮਤਭੇਦ ਹੋਣ ਦੂਰ
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਆਗਮਨ ਪ੍ਰਕਾਸ਼ ਪੁਰਬ ਸੰਸਾਰ ਭਰ ਵਿਚ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਨਨਕਾਣਾ ਸਾਹਿਬ ਤੋਂ ਨਗਰ ਕੀਰਤਨ ਜੋ ਕੱਢਿਆ ਗਿਆ ਹੈ, ਅੱਜ ਉਹ ਪੂਰੇ ਭਾਰਤ ਵਰਗ ਵਿਚ ਬੜੇ ਸ਼ਾਨੋ-ਸ਼ੌਕਤ ਨਾਲ ਆਪਣੀਆਂ ਮੰਜ਼ਿਲਾਂ ਤੈਅ ਕਰਦਾ ਹੋਇਆ ਅੱਗੇ ਵਧ ਰਿਹਾ ਹੈ, ਜੋ ਕਿ 3 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਸਮਾਪਤ ਹੋਵੇਗਾ। ਚਾਰੇ ਪਾਸੇ ਵੱਡੇ-ਵੱਡੇ ਫ਼ੈਸਲੇ ਲਏ ਜਾ ਰਹੇ ਹਨ। ਪਾਕਿਸਤਾਨ ਵਿਚ ਬਾਬਾ ਨਾਨਕ ਜੀ ਦੇ ਨਾਂਅ 'ਤੇ ਯੂਨੀਵਰਸਿਟੀ, ਰੇਲਵੇ ਸਟੇਸ਼ਨ ਦਾ ਨਾਂਅ ਤੇ ਹੋਰ ਬਹੁਤ ਕੁਝ ਕੀਤਾ ਜਾ ਰਿਹਾ ਹੈ। ਪਰ ਸਾਡੇ ਘਰ ਵਿਚ ਨੰਬਰਦਾਰੀਆਂ ਨੂੰ ਲੈ ਕੇ ਰੌਲਾ-ਰੱਪਾ ਸੁਣਨ ਨੂੰ ਹੀ ਮਿਲਦਾ ਹੈ। ਤਾਲਮੇਲ ਕਮੇਟੀਆਂ ਵਿਚ ਹਾਜ਼ਰ ਨਾ ਹੋਣ ਦੀਆਂ ਖ਼ਬਰਾਂ ਛਪਦੀਆਂ ਹਨ। ਹੁਣ ਵੇਲਾ ਹੈ ਆਪਣੇ ਸਾਰੇ ਗਿਲੇ-ਸ਼ਿਕਵੇ ਦੂਰ ਕਰਕੇ ਇਕ ਮੰਚ 'ਤੇ ਇਕੱਠੇ ਹੋਣ ਦਾ ਤਾਂ ਕਿ ਸੰਸਾਰ ਭਰ ਵਿਚ ਰਹਿੰਦੇ ਨਾਨਕ ਲੇਵਾ ਸਿੱਖ ਵੀ ਇਸ ਤੋਂ ਸੇਧ ਲੈ ਸਕਣ। ਕੋਈ ਫਾਇਦਾ ਨਹੀਂ ਬਿਆਨਬਾਜ਼ੀਆਂ ਕਰਕੇ ਇਕ-ਦੂਜੇ 'ਤੇ ਚਿੱਕੜ ਉਛਾਲਣ ਦਾ। ਅਸੀਂ ਸਾਰੇ ਇਕ ਹੀ ਗੁਰੂ ਦੇ ਸਿੱਖ ਹਾਂ। ਸਾਡਾ ਇਕ ਹੀ ਧਰਮ ਹੈ। 'ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ' ਦਾ ਉਪਦੇਸ਼ ਉੱਤੇ ਸਾਨੂੰ ਚੱਲਣ ਵਾਸਤੇ ਕਿਹਾ ਸੀ ਤੇ ਸਾਨੂੰ ਉਨ੍ਹਾਂ ਦੇ ਏਨੇ ਵਰ੍ਹੇ ਪ੍ਰਕਾਸ਼ ਪੁਰਬ ਦੇ ਆਗਮਨ ਦੀ ਖੁਸ਼ੀ ਵਿਚ ਮਤਭੇਦ ਮਿਟਾ ਕੇ ਪਈਆਂ ਤ੍ਰੇੜਾਂ ਨੂੰ ਦੂਰ ਕਰਨਾ ਚਾਹੀਦਾ ਹੈ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਪਿੰਡ ਤੇ ਡਾਕ: ਮਮਦੋਟ (ਫਿਰੋਜ਼ਪੁਰ)।


ਸੁਲਤਾਨਪੁਰ ਲੋਧੀ-ਬਟਾਲਾ ਬੱਸ
ਨਵੰਬਰ 2019 'ਚ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਸਰਕਾਰ ਅਤੇ ਗੁਰਦੁਆਰਾ ਕਮੇਟੀ ਵਲੋਂ ਸੁਲਤਾਨਪੁਰ ਲੋਧੀ ਨੂੰ ਖੂਬਸੂਰਤ ਬਣਾਉਣ ਲਈ ਜ਼ੋਰ-ਸ਼ੋਰ ਨਾਲ ਕਾਰਜ ਚੱਲ ਰਹੇ ਹਨ। ਇਸ ਸਬੰਧ ਵਿਚ ਕਿਸੇ ਵੀ ਧਿਰ ਵਲੋਂ ਸ਼ਹਿਰ ਨੂੰ 'ਏਮਜ਼' ਵਰਗਾ ਹਸਪਤਾਲ ਦੇਣ ਦੀ ਗੱਲ ਨਹੀਂ ਕੀਤੀ ਜਾ ਰਹੀ, ਜਿਸ ਨਾਲ ਇਕ ਸਦੀਵੀ ਯਾਦਗਾਰ ਬਣ ਜਾਣੀ ਸੀ। ਬਾਬਾ ਜੀ ਦੀ ਬਰਾਤ ਸੁਲਤਾਨਪੁਰ ਤੋਂ ਬਟਾਲਾ ਗਈ ਸੀ। ਉਸ ਯਾਦ ਨੂੰ ਸਮਰਪਿਤ ਸੁਲਤਾਨਪੁਰ ਤੋਂ ਬਟਾਲਾ ਬੱਸ ਸੇਵਾ ਸ਼ੁਰੂ ਕਰਨੀ ਚਾਹੀਦੀ ਹੈ। ਇਸ ਬੱਸ ਦਾ ਰੂਟ ਸੁਲਤਾਨਪੁਰ ਲੋਧੀ ਤੋਂ ਵਾਇਆ ਫੱਤੂ ਢੀਂਗਾ ਉੱਚਾ ਢਿਲਵਾਂ ਹੋਣਾ ਚਾਹੀਦਾ। ਇਹ ਰੂਟ ਬਾਬਾ ਜੀ ਦੀ ਬਰਾਤ ਦੀ ਯਾਦ ਤਾਜ਼ਾ ਕਰੇਗਾ।


-ਮਹਿੰਦਰ ਸਿੰਘ ਬਾਜਵਾ, ਮਸੀਤਾਂ, ਜ਼ਿਲ੍ਹਾ ਕਪੂਰਥਲਾ।


ਰੁਲ ਰਿਹਾ ਦੇਸ਼ ਦਾ ਭਵਿੱਖ
ਗੁਰਬਖਸ਼ ਸਿੰਘ ਮਹੇ ਨੇ ਬੀਤੇ ਦਿਨੀਂ 'ਅਜੀਤ' ਵਿਚ ਛਪੇ ਆਪਣੇ ਲੇਖ ਵਿਚ ਠੀਕ ਹੀ ਕਿਹਾ ਹੈ ਕਿ ਬਚਪਨ ਦੇਸ਼ ਦਾ ਭਵਿੱਖ ਹੁੰਦਾ ਹੈ। ਜੇ ਬਚਪਨ ਹੀ ਰੁਲ ਗਿਆ, ਭਵਿੱਖ ਧੁੰਦਲਾ ਹੋ ਜਾਵੇਗਾ। ਮੇਰੇ ਦੇਸ਼ ਦੇ ਅੱਜ ਦੇ ਲੋਕਾਂ ਦੁਆਰਾ ਚੁਣੇ ਹੋਏ ਨੇਤਾਵਾਂ ਦਾ ਇਸ ਗੰਭੀਰ ਮਸਲੇ ਵੱਲ ਕੋਈ ਧਿਆਨ ਨਹੀਂ। ਕੀ ਮੇਰੇ ਦੇਸ਼ ਦੇ ਨੇਤਾਵਾਂ ਨੂੰ ਕੂੜੇ ਦੇ ਢੇਰ ਫਰੋਲਦੇ, ਕੋਠੀਆਂ ਵਿਚ ਪੋਚੇ ਲਾਉਂਦੇ, ਹੋਟਲਾਂ 'ਚ ਭਾਂਡੇ ਮਾਂਜਦੇ, ਚੌਰਾਹਿਆਂ 'ਚ ਭੀਖ ਮੰਗਦੇ ਬੱਚੇ ਵਿਖਾਈ ਨਹੀਂ ਦਿੰਦੇ? ਕਿਉਂ ਪੜ੍ਹਨ ਦੀ ਉਮਰੇ ਮੇਰੇ ਦੇਸ਼ ਦਾ ਭਵਿੱਖ ਮਜ਼ਦੂਰੀ ਕਰ ਰਿਹਾ ਹੈ। ਇਨ੍ਹਾਂ ਬਾਰੇ ਕਿਸ ਨੇ ਸੋਚਣਾ ਹੈ। ਮਨ 'ਚੋਂ ਚੀਸ ਉਦੋਂ ਉੱਠਦੀ ਹੈ, ਜਦੋਂ ਕਚਰੇ ਵਾਲਾ ਝੋਲਾ ਉਠਾਈ ਬੱਚਾ ਸੁੰਦਰ ਵਰਦੀਆਂ ਪਾਈ ਵੈਨ 'ਚ ਬੈਠੇ ਬੱਚਿਆਂ ਨੂੰ ਲਲਚਾਈਆਂ ਅੱਖਾਂ ਨਾਲ ਵੇਖਦਾ ਹੈ। ਫੈਕਟਰੀਆਂ ਵਿਚ ਕੰਮ ਕਰਦੇ ਬੱਚੇ ਜਦੋਂ ਕਿਰਤ ਵਿਭਾਗ ਫੜਦਾ ਹੈ ਤਾਂ ਉਦੋਂ ਕਿਰਤ ਵਿਭਾਗ ਦੇ ਅਧਿਕਾਰੀਆਂ ਦੀਆਂ ਜੇਬਾਂ ਗਰਮ ਹੋ ਜਾਂਦੀਆਂ ਹਨ ਤੇ ਬਚਪਨ ਠੰਢੇ ਹੌਕੇ ਭਰਦਾ ਫਿਰ ਉਸੇ ਜੂਲੇ ਹੇਠ ਆ ਜਾਂਦਾ ਹੈ। ਦੇਸ਼ ਦੇ ਭਵਿੱਖ ਦੇ ਮਰ ਰਹੇ ਸੁਪਨਿਆਂ ਨੂੰ ਸਜਾਉਣ ਦਾ ਕੰਮ ਕਿਸ ਨੇ ਕਰਨਾ ਹੈ, ਕੋਈ ਵੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ। ਸਰਕਾਰ ਨਾ ਸਹੀ, ਸਮਾਜ-ਸੇਵੀ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਫਿਲਹਾਲ ਤਾਂ ਬਾਲਾਂ ਦੀਆਂ ਭਲਾਈ ਸਕੀਮਾਂ ਦਫ਼ਤਰਾਂ ਦੀਆਂ ਫਾਈਲਾਂ ਵਿਚ ਗੁੰਮ ਹਨ। ਕਿਸੇ ਦੇਸ਼ ਦਾ ਜੇ ਭਵਿੱਖ ਸੁਰੱਖਿਅਤ ਨਹੀਂ ਤਾਂ ਉਸ ਦੇਸ਼ ਦੀਆਂ ਜੜ੍ਹਾਂ ਜ਼ਿਆਦਾ ਦੇਰ ਭਾਰ ਨਹੀਂ ਝੱਲਣਗੀਆਂ। ਮੇਰੀ ਗ਼ਜ਼ਲ ਦਾ ਇਕ ਸ਼ਿਅਰ 'ਕੂੜੇ ਦੇ ਢੇਰਾਂ 'ਤੇ ਰੁਲਦੇ ਬਚਪਨ ਨੂੰ, ਗਲ ਵਿਚ ਬਸਤਾ ਹੱਥ ਵਿਚ ਕਲਮ ਦਵਾਤ ਮਿਲੇ।'


-ਜਗਤਾਰ ਗਿੱਲ, ਬੱਲ ਸਚੰਦਰ, ਅੰਮ੍ਰਿਤਸਰ।


ਪਾਣੀ ਦੀ ਦੁਰਵਰਤੋਂ
ਇਕ ਪਾਸੇ ਧਰਤੀ ਦੇ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ, ਦੂਜੇ ਪਾਸੇ ਪਾਣੀ ਦੀ ਦੁਰਵਰਤੋਂ ਨਹੀਂ ਰੁਕ ਰਹੀ। ਕਈ ਥਾਵਾਂ 'ਤੇ ਪਾਣੀ ਦੀ ਟੈਂਕੀ ਭਰਨ ਤੋਂ ਬਾਅਦ ਵੀ ਅਕਸਰ ਪਾਣੀ ਡੁੱਲ੍ਹਦਾ ਰਹਿੰਦਾ ਹੈ। ਕਈ ਲੋਕ ਵਾਟਰ ਵਰਕਸ ਦੇ ਪਾਣੀ ਦਾ ਕੁਨੈਕਸ਼ਨ ਲੈ ਲੈਂਦੇ ਹਨ ਪਰ ਪਾਣੀ ਆਰ.ਓ. ਦਾ ਪੀਂਦੇ ਹਨ ਤੇ ਵਾਟਰ ਵਰਕਸ ਦੇ ਪਾਣੀ ਨੂੰ ਜੋ ਕਿ ਆਰ.ਓ. ਦੇ ਪਾਣੀ ਤੋਂ ਕਈ ਗੁਣਾ ਚੰਗਾ ਹੈ, ਆਮ ਘਰੇਲੂ ਕੰਮਾਂ ਵਿਚ ਹੀ ਵਰਤ ਲੈਂਦੇ ਹਨ। ਆਰ.ਓ. ਦੇ ਇਕ ਲੀਟਰ ਪਾਣੀ ਲਈ ਪੰਜ ਤੋਂ ਅੱਠ ਲੀਟਰ ਪਾਣੀ ਵਾਧੂ ਬਾਹਰ ਖੁੱਲ੍ਹਦਾ ਹੈ, ਜਿਸ ਨੂੰ ਕਈ ਕੰਮਾਂ ਜਿਵੇਂ ਭਾਂਡੇ ਧੋਣ ਲਈ, ਪੋਚੇ ਲਗਾਉਣ ਲਈ, ਕੱਪੜੇ ਧੋਣ ਲਈ ਬੂਟਿਆਂ ਵਿਚ ਪਾਉਣ ਲਈ ਜਿਹੇ ਕੰਮਾਂ ਵਿਚ ਵਰਤ ਸਕਦੇ ਹਾਂ। ਮਾਨਸਾ ਦੇ ਗੁਰਦੁਆਰਾ ਚੌਕ ਵਿਚ ਦੁਕਾਨਦਾਰਾਂ ਵਲੋਂ ਲਗਾਏ ਗਏ ਬੂਟਿਆਂ ਵਿਚ ਉਹ ਏ.ਸੀ. ਵਿਚੋਂ ਨਿਕਲੇ ਵਾਧੂ ਪਾਣੀ ਦਾ ਸਹੀ ਉਪਯੋਗ ਬੂਟਿਆਂ ਵਿਚ ਪਾ ਕੇ ਕਰਦੇ ਹਨ। ਇਹ ਇਕ ਚੰਗਾ ਉਪਰਾਲਾ ਹੈ। ਸਾਨੂੰ ਸਭ ਨੂੰ ਅੱਗੇ ਆ ਕੇ ਖ਼ੁਦ ਰੁਕਣਾ ਚਾਹੀਦਾ ਹੈ ਅਤੇ ਦੂਸਰਿਆਂ ਨੂੰ ਸਮਝਾਉਣਾ ਚਾਹੀਦਾ ਹੈ, ਤਾਂ ਕਿ ਪਾਣੀ ਦਾ ਅਮੁੱਲ ਖਜ਼ਾਨਾ ਬਚਾਇਆ ਜਾ ਸਕੇ।


-ਸੁਖਦੀਪ ਸਿੰਘ ਗਿੱਲ।


ਅੱਖਾਂ-ਕੰਨਾਂ ਦੀ ਕਦਰ ਕੀਮਤ
ਅੱਖਾਂ ਤੇ ਕੰਨ ਸਰੀਰ ਦੇ ਬਹੁਤ ਹੀ ਅਹਿਮ ਅੰਗ ਹਨ। ਉਂਜ ਤਾਂ ਸਾਰੇ ਅੰਗ ਜ਼ਰੂਰੀ ਹਨ। ਅੱਖਾਂ ਤੇ ਕੰਨਾਂ ਬਿਨਾਂ ਕਿਸੇ ਵੀ ਮਨੁੱਖ ਦੀ ਜ਼ਿੰਦਗੀ ਚੱਲਣੀ ਮੁਸ਼ਕਿਲ ਬਣ ਜਾਂਦੀ ਹੈ। ਪਰ ਅੱਜ ਅਸੀਂ ਇਨ੍ਹਾਂ ਦੀ ਕੀਮਤ ਭੁੱਲੀ ਬੈਠੇ ਹਾਂ ਤੇ ਇਨ੍ਹਾਂ ਦੀ ਕਦਰ ਨਹੀਂ ਕਰ ਰਹੇ। ਅੱਖਾਂ ਨੂੰ ਭਾਂਤ-ਭਾਂਤ ਦੀਆਂ ਸਕਰੀਨਾਂ ਰਾਹੀਂ ਨੁਕਸਾਨਿਆ ਜਾ ਰਿਹਾ ਹੈ। ਐਵੇਂ ਊਲ-ਜਲੂਲ ਸੁਣ-ਸੁਣ ਕੇ ਕੰਨਾਂ ਦਾ ਸਤਿਆਨਾਸ ਕੀਤਾ ਜਾ ਰਿਹਾ ਹੈ। ਇਸ ਦੇ ਨਤੀਜੇ ਘਾਤਕ ਹਨ। ਇਨ੍ਹਾਂ ਆਧੁਨਿਕ ਯੰਤਰਾਂ ਨੇ ਅੱਖਾਂ ਦਾ ਬਹੁਤ ਨੁਕਸਾਨ ਕਰ ਦਿੱਤਾ ਹੈ। ਕੁਦਰਤ ਵਲੋਂ ਬਖ਼ਸ਼ੇ ਇਨ੍ਹਾਂ ਕੋਮਲ ਅੰਗਾਂ ਦੀ ਚੰਗੇ ਢੰਗ ਨਾਲ ਦੇਖਭਾਲ ਕਰਨੀ ਚਾਹੀਦੀ ਹੈ।


-ਗੁਰਚਰਨ ਸਿੰਘ
ਪਿੰਡ ਮਜਾਰਾ, ਨਵਾਂਸ਼ਹਿਰ।

18-09-2019

 ਬਟਾਲਾ ਦੁਖਾਂਤ
ਕੁਝ ਦਿਨ ਪਹਿਲਾਂ ਬਟਾਲੇ ਸ਼ਹਿਰ ਵਿਖੇ ਪਟਾਕਿਆਂ ਦੀ ਫੈਕਟਰੀ ਵਿਚ ਹੋਏ ਧਮਾਕੇ ਨਾਲ ਦੋ ਦਰਜਨ ਦੇ ਲਗਪਗ ਲੋਕ ਮਾਰੇ ਗਏ ਅਤੇ ਬਹੁਤ ਸਾਰੇ ਲੋਕ ਜ਼ਖ਼ਮੀ ਹੋ ਗਏ। ਇਸ ਤੋਂ ਪਹਿਲਾਂ ਵੀ ਪਟਾਕੇ ਬਣਾਉਣ ਵਾਲੀਆਂ ਫੈਕਟਰੀਆਂ ਵਿਚ ਹੋਣ ਵਾਲੇ ਹਾਦਸਿਆਂ ਦੇ ਕਾਰਨ ਬਹੁਤ ਸਾਰੀਆਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਪਰ ਇਕ ਤੋਂ ਬਾਅਦ ਇਕ ਇਹੋ ਜਿਹੀਆਂ ਘਟਨਾਵਾਂ ਹੋਣ ਦੇ ਬਾਵਜੂਦ ਨਾ ਤਾਂ ਪਟਾਕੇ ਬਣਾਉਣ ਵਾਲਿਆਂ ਨੇ ਆਪਣੀ ਮਾਨਸਿਕਤਾ ਨੂੰ ਬਦਲਿਆ ਅਤੇ ਨਾ ਹੀ ਪ੍ਰਸ਼ਾਸਨ ਨੇ ਕੋਈ ਸਬਕ ਸਿੱਖਿਆ।
ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪਟਾਕੇ ਬਣਾਉਣ ਵਾਲੀਆਂ ਇਨ੍ਹਾਂ ਫੈਕਟਰੀਆਂ ਨੂੰ ਪਿੰਡਾਂ, ਸ਼ਹਿਰਾਂ, ਕਸਬਿਆਂ ਅਤੇ ਸੜਕਾਂ ਤੋਂ ਦੂਰ ਰੱਖਿਆ ਜਾਵੇ, ਤਾਂ ਜੋ ਮਨੁੱਖੀ ਜੀਵਨ ਨੂੰ ਭੈਭੀਤ ਕਰਨ ਵਾਲੀਆਂ ਇਹੋ ਜਿਹੀਆਂ ਦੁਖਦਾਇਕ ਘਟਨਾਵਾਂ ਤੋਂ ਬਚਿਆ ਜਾ ਸਕੇ।


-ਸੁਰਜੀਤ ਸਿੰਘ
ਪਿੰਡ ਸੂਚ, ਜ਼ਿਲ੍ਹਾ ਗੁਰਦਾਸਪੁਰ।


ਲਾਪ੍ਰਵਾਹ ਪ੍ਰਸ਼ਾਸਨ
ਬਟਾਲਾ ਵਿਚ ਨਾਜਾਇਜ਼ ਤਰੀਕੇ ਨਾਲ ਚੱਲ ਰਹੀ ਪਟਾਕਾ ਫੈਕਟਰੀ ਵਿਚ ਜਿਹੜਾ ਹਾਦਸਾ ਵਾਪਰਿਆ, ਉਹ ਦਰਦਨਾਕ ਹੈ, ਜਿਸ ਵਿਚ ਦੋਵੇਂ ਧਿਰਾਂ ਜ਼ਿੰਮੇਵਾਰ ਹਨ। ਇਕ ਤਾਂ ਪ੍ਰਸ਼ਾਸਨ ਤੇ ਦੂਜਾ ਉਹ ਲੋਕ ਜਿਹੜੇ ਨਾਜਾਇਜ਼ ਤਰੀਕੇ ਨਾਲ ਕੰਮ ਕਰਦੇ ਹਨ ਪਰ ਉਥੇ ਪ੍ਰਸ਼ਾਸਨ ਦੀ ਗ਼ਲਤੀ ਸਿਰੇ 'ਤੇ ਆ ਜਾਂਦੀ ਹੈ ਜਦ ਖ਼ਬਰਾਂ ਵਿਚ ਇਹ ਪਤਾ ਲਗਦਾ ਹੈ ਕਿ ਅਜਿਹੀ ਘਟਨਾ ਪਹਿਲਾਂ ਵੀ ਵਾਪਰ ਚੁੱਕੀ ਹੈ ਪਰ ਪ੍ਰਸ਼ਾਸਨ ਨੇ ਇਸ 'ਤੇ ਗ਼ੌਰ ਕੀਤੇ ਬਿਨਾਂ ਅੱਖ ਮੀਚ ਕੇ ਇਸ ਨੂੰ ਹੋਣ ਦਿੱਤਾ।
ਇਸ ਤੋਂ ਸਰਕਾਰ ਦੀ ਲਾਪ੍ਰਵਾਹੀ ਸਾਫ਼-ਸਾਫ਼ ਨਜ਼ਰ ਆਉਂਦੀ ਹੈ। ਨਾ ਜਾਣੇ ਸਾਡੇ ਸਮਾਜ ਵਿਚ ਪ੍ਰਸ਼ਾਸਨ ਦੀ ਹਰਕਤ ਕਿਸੇ ਵੱਡੇ ਹਾਦਸੇ ਤੋਂ ਬਾਅਦ ਹੀ ਕਿਉਂ ਹੁੰਦੀ ਹੈ ਕਿਉਂ ਪਹਿਲਾਂ ਇਨ੍ਹਾਂ ਲੋਕਾਂ 'ਤੇ ਕਾਰਵਾਈ ਨਹੀਂ ਕੀਤੀ ਜਾਂਦੀ। ਇਸ ਵਿਚ ਪ੍ਰਸ਼ਾਸਨ ਦੀ ਤਾਂ ਗ਼ਲਤੀ ਹੈ ਹੀ ਪਰ ਉਨ੍ਹਾਂ ਲੋਕਾਂ ਦੀ ਵੀ ਹੈ ਜੋ ਕਿੰਨੀਆਂ ਜਾਨਾਂ ਦਾਅ 'ਤੇ ਲਾ ਕੇ ਅਜਿਹੇ ਕੰਮ ਕਰਦੇ ਹਨ।


-ਜਾਨਵੀ ਬਿੱਠਲ।

ਹੁਣ ਨਹੀਂ ਭਰਦੇ ਮੇਲੇ
ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ। ਮੇਲੇ ਅਤੇ ਤਿਉਹਾਰ ਪੰਜਾਬੀਆਂ ਨੂੰ ਗੁੜਤੀ ਵਿਚ ਹੀ ਮਿਲ ਜਾਂਦੇ ਹਨ। ਚਾਰ-ਪੰਜ ਪਿੰਡਾਂ ਦੇ ਨੇੜੇ-ਤੇੜੇ ਕੋਈ ਨਾ ਕੋਈ ਛੋਟਾ ਮੋਟਾ ਮੇਲਾ ਜ਼ਰੂਰ ਲੱਗਦਾ ਹੈ। ਪਰ ਮੇਲੇ ਵੇਖਣ ਦਾ ਜਾਂ ਮੇਲੇ 'ਤੇ ਜਾਣ ਦਾ ਰੁਝਾਨ ਹੁਣ ਪਹਿਲਾਂ ਵਰਗਾ ਨਹੀਂ ਰਿਹਾ। ਹੁਣ ਬਾਜ਼ਾਰਾਂ ਵਿਚ ਆਉਣਾ-ਜਾਣਾ ਆਮ ਹੀ ਹੋ ਗਿਆ ਹੈ। ਜੋ ਖਰੀਦਦਾਰੀ ਅਤੇ ਖਾਣ-ਪੀਣ ਮੇਲੇ 'ਤੇ ਕੀਤਾ ਜਾਂਦਾ ਸੀ, ਉਹ ਹੁਣ ਹਰ ਰੋਜ਼ ਦੀ ਤਰ੍ਹਾਂ ਹੋਣ ਲੱਗ ਗਿਆ ਹੈ। ਜੋ ਚੰਡੋਲ, ਸਰਕਸਾਂ ਮੇਲਿਆਂ 'ਤੇ ਹੀ ਵੇਖਣ ਨੂੰ ਮਿਲਦੇ ਸੀ ਉਹ ਹੁਣ ਲੋਕ ਸ਼ਹਿਰਾਂ ਵਿਚ ਹਰ ਰੋਜ਼ ਵੇਖਦੇ ਹਨ। ਅੱਜ ਤੋਂ ਦਸ-ਪੰਦਰਾਂ ਸਾਲ ਪਹਿਲਾਂ ਇਹ ਸਭ ਕੁਝ ਨਾ ਹੋਣ ਕਰਕੇ ਹੀ ਮੇਲਿਆਂ ਵਿਚ ਜਾਣ ਦਾ ਉਤਸਾਹ ਬਹੁਤ ਜ਼ਿਆਦਾ ਸੀ। ਇਸ ਤਰ੍ਹਾਂ ਲੋਕ ਆਨੰਦ ਵੀ ਲੈਂਦੇ ਸੀ ਅਤੇ ਕਿਸੇ ਮਾਨਸਿਕ ਤਣਾਅ ਦੇ ਵੀ ਸ਼ਿਕਾਰ ਨਹੀਂ ਸਨ। ਪਰ ਹੁਣ ਦਾ ਸਮਾਂ ਇਸ ਦੇ ਉਲਟ ਹੈ। ਲੋਕਾਂ ਕੋਲ ਵੀ ਸਮਾਂ ਨਹੀ ਰਿਹਾ, ਨਾ ਆਪਣੇ ਲਈ ਅਤੇ ਨਾ ਹੀ ਆਪਣੇ ਬੱਚਿਆਂ ਲਈ। ਨਾ ਕੋਈ ਬੱਸ ਤੇ ਨਾ ਕੋਈ ਟਰਾਲੀ ਪਹਿਲਾਂ ਦੀ ਤਰ੍ਹਾਂ ਹੁਣ ਭਰਕੇ ਮੇਲੇ ਨਹੀਂ ਜਾਂਦੀ। ਦਿਨੋ-ਦਿਨ ਵਧ ਰਹੀ ਮਹਿੰਗਾਈ ਨੇ ਵੀ ਲੋਕਾਂ ਨੂੰ ਇਨ੍ਹਾਂ ਮੇਲਿਆ ਤੋਂ ਦੂਰੀ ਵਧਾਉਣ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ।


-ਲੈਕਚਰਾਰ ਸੁਖਦੀਪ ਸਿੰਘ 'ਸੁਖਾਣਾ'
ਪਿੰਡ-ਸੁਖਾਣਾ (ਲੁਧਿਆਣਾ)।


ਆਵਾਰਾ ਕੁੱਤਿਆਂ ਦੀ ਭਰਮਾਰ
ਕੋਈ ਦਿਨ ਖਾਲੀ ਨਹੀਂ ਜਾਂਦਾ, ਜਿਸ ਦਿਨ ਆਵਾਰਾ ਕੁੱਤਿਆਂ ਦੇ ਹਮਲੇ ਨਾਲ ਕੋਈ ਨਾ ਕੋਈ ਵਿਅਕਤੀ ਜ਼ਖ਼ਮੀ ਨਾ ਹੋਇਆ ਹੋਵੇ। ਕਈ ਵਾਰ ਤਾਂ ਆਵਾਰਾ ਕੁੱਤੇ ਨੋਚ-ਨੋਚ ਕੇ ਚੀਥੜੇ-ਚੀਥੜੇ ਕਰ ਦਿੰਦੇ ਹਨ। ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਇਨ੍ਹਾਂ ਦੇ ਸ਼ਿਕਾਰ ਬਣਦੇ ਹਨ। ਹੇੜਾਂ ਦੀਆਂ ਹੇੜਾਂ ਰਾਹ ਵਿਚ ਬੈਠੀਆਂ ਮਿਲਦੀਆਂ ਹਨ। ਇਨ੍ਹਾਂ ਲਾਗਿਓਂ ਲੰਘਣਾ ਕੋਈ ਖਾਲ੍ਹਾ ਜੀ ਦਾ ਵਾੜਾ ਨਹੀਂ। ਜਦੋਂ ਦੀਆਂ ਇੱਲਾਂ ਗੁੰਮ ਹੋਈਆਂ ਨੇ, ਹੱਡਾ-ਰੋੜੀ ਤੋਂ ਲੈ ਕੇ ਰਸਤੇ ਵਿਚ ਮਰੇ ਕਿਸੇ ਵੀ ਜਾਨਵਰਾਂ ਜਾਂ ਪਸ਼ੂਆਂ ਦੀ ਸਫ਼ਾਈ ਇਹੀ ਕੁੱਤੇ ਕਰਦੇ ਹਨ। ਇਨ੍ਹਾਂ ਦੀ ਵਧਦੀ ਗਿਣਤੀ 'ਤੇ ਕਾਬੂ ਪਾਉਣਾ ਬਹੁਤ ਹੀ ਜ਼ਰੂਰੀ ਹੈ। ਇਨ੍ਹਾਂ ਕੁੱਤਿਆਂ ਦੇ ਟੀਕਾਕਰਨ ਕੌਣ ਕਰੇ? ਤਦਾਦ ਘਟਾਉਣ ਲਈ ਮੁਹਿੰਮ ਤਹਿਤ ਨਸਬੰਦੀ ਜ਼ਰੂਰੀ ਹੈ। ਆਪਣੇ ਨਾਗਰਿਕਾਂ ਦੀ ਰੱਖਿਆ ਕਰਨਾ ਲੋਕਤੰਤਰ ਵਿਚ ਸਰਕਾਰਾਂ ਦਾ ਪਹਿਲਾ ਫ਼ਰਜ਼ ਹੋਣਾ ਚਾਹੀਦਾ ਹੈ। ਇਸ ਸਮੱਸਿਆ 'ਤੇ ਵੀ ਹੰਭਲਾ ਮਾਰਨ ਦੀ ਲੋੜ ਹੈ।


-ਅਸ਼ਵਨੀ ਕੁਮਾਰ ਪੰਡੋਰੀ
ਸ.ਸ.ਸ.ਸ. ਝੜੋਲੀ (ਗੁਰਦਾਸਪੁਰ)।


ਨੌਜਵਾਨ ਪੀੜ੍ਹੀ ਅਤੇ ਗੀਤ
ਕੁਝ ਸਮਾਂ ਪਹਿਲਾਂ ਮੈਂ ਆਪਣੇ ਭਰਾ ਨਾਲ ਉਸ ਦੇ ਕਾਲਜ ਵਿਚ ਕਰਵਾਏ ਗਏ ਪ੍ਰੋਗਰਾਮ ਯੁਵਕ ਮੇਲੇ 'ਤੇ ਗਿਆ। ਉਥੇ ਨੌਜਵਾਨ ਵਰਗ ਦਾ ਭਾਰੀ ਇਕੱਠ ਸੀ। ਪੰਜਾਬ ਦਾ ਇਕ ਮਸ਼ਹੂਰ ਕਲਾਕਾਰ ਆਇਆ ਸੀ। ਪਹਿਲਾ ਗੀਤ ਬਹੁਤ ਮਨਭਾਉਂਦਾ ਸੀ। ਕਿਉਂਕਿ ਉਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰੀਆ ਅਦਾ ਕੀਤਾ ਗਿਆ ਸੀ। ਜਦੋਂ ਉਸ ਕਲਾਕਾਰ ਨੇ ਦੂਜਾ ਗਾਣਾ ਦਾਰੂ ਵਾਲਾ ਲਾ ਦਿੱਤਾ ਤਾਂ ਸਾਰਾ ਹਾਲ ਚੀਕਾਂ ਨਾਲ ਗੂੰਜ ਉੱਠਿਆ ਤੇ ਨੌਜਵਾਨਾਂ ਦੀਆਂ ਚੀਕਾਂ ਤੇ ਨੱਚਣ ਨਾਲ ਸਾਰਿਆਂ ਵਿਚ ਜਿਵੇਂ ਜਾਨ ਆ ਗਈ ਹੋਵੇ। ਕੀ ਸਾਡੀ ਸੋਚ ਏਨੀ ਵਿਗੜ ਗਈ ਹੈ? ਜੋ ਥਾਂ ਵਿੱਦਿਆ ਦਾ ਮੰਦਰ ਹੈ ਤੇ ਜੋ ਥਾਂ ਸਾਨੂੰ ਚੰਗੇ ਮਾੜੇ ਵਿਚ ਫ਼ਰਕ ਕਰਨਾ ਸਿਖਾਉਂਦੀ ਹੋਵੇ, ਉਸ ਜਗ੍ਹਾ 'ਤੇ ਦਾਰੂ ਦੇ ਨਾਂਅ 'ਤੇ ਭੰਗੜੇ ਪੈ ਰਹੇ ਹਨ।
ਜਿਸ ਕਾਲਜ ਦਾ ਨਾਂਅ ਬਾਬੇ ਦੇ ਨਾਂਅ 'ਤੇ ਰੱਖਿਆ ਹੋਵੇ, ਉਸ ਦਾ ਕੀ ਹਾਲ ਹੋ ਗਿਆ ਹੈ। ਜਿਨ੍ਹਾਂ ਦੇ ਹੱਥ ਵਿਚ ਕਿਤਾਬ ਹੋਣੀ ਚਾਹੀਦੀ ਸੀ ਤੇ ਅੱਜ ਹਥਿਆਰ ਤੇ ਦਾਰੂ ਦੀ ਬੋਤਲ ਸਾਨੂੰ ਆਮ ਵੇਖਣ ਨੂੰ ਮਿਲਦੀ ਹੈ। ਜੇ ਅਸੀਂ ਇਕ ਵੱਡੀ ਅਣਹੋਣੀ ਤੋਂ ਬਚਣਾ ਹੈ ਤਾਂ ਸਾਨੂੰ ਸਾਡੀ ਨਸਲ ਪ੍ਰਤੀ ਸਹੀ ਅਤੇ ਗ਼ਲਤ ਵਿਚ ਫ਼ਰਕ ਕਰਵਾਉਣਾ ਤੇ ਸਾਡੀਆਂ ਸਿੱਖਿਅਕ ਸੰਸਥਾਵਾਂ ਨੂੰ ਆਪਣੇ ਕੰਮ ਪ੍ਰਤੀ ਪੂਰਾ ਸੁਚੇਤ ਹੋਣ ਦੀ ਲੋੜ ਹੈ।


-ਗੁਰਪ੍ਰੀਤ ਲਿਖਾਰੀ।

17-09-2019

 ਟ੍ਰੈਫਿਕ ਨਿਯਮਾਂ ਦੀ ਸਖ਼ਤਾਈ
ਬੜੀ ਚੰਗੀ ਗੱਲ ਹੈ ਕਿ ਆਵਾਜਾਈ ਦੇ ਨਿਯਮਾਂ ਨੂੰ ਸਰਕਾਰ ਨੇ ਲੋਕਾਂ ਦੇ ਭਲੇ ਲਈ ਸਖ਼ਤ ਕੀਤਾ ਹੈ ਤਾਂ ਕਿ ਹਾਦਸੇ ਘੱਟ ਹੋਣ, ਮੌਤਾਂ ਘੱਟ ਹੋਣ, ਦੁਰਘਟਨਾਵਾਂ ਤੋਂ ਬਚਿਆ ਜਾ ਸਕੇ। ਬਹੁਤ ਸਾਰੇ ਕਾਰਨ, ਤਰੁੱਟੀਆਂ, ਅਣਗਹਿਲੀਆਂ ਹਾਦਸਿਆਂ ਦਾ ਕਾਰਨ ਬਣਦੀਆਂ ਹਨ। ਸਾਡੇ ਦੇਸ਼ ਵਿਚ ਹਰੇਕ ਸਾਲ ਹਜ਼ਾਰਾਂ ਲੋਕ ਸੜਕੀ ਦੁਰਘਟਨਾਵਾਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਨਿਯਮ ਸਖ਼ਤ ਕਰ ਦਿੱਤੇ, ਜੁਰਮਾਨੇ, ਸਜ਼ਾ ਆਦਿ ਦੁੱਗਣੇ ਕਰ ਦਿੱਤੇ ਤਾਂ ਕਿ ਲੋਕ ਕਾਨੂੰਨ ਤੇ ਜੁਰਮਾਨੇ ਤੋਂ ਡਰਦੇ ਸਾਰੇ ਆਪਣੇ-ਆਪ ਨੂੰ ਸੁਧਾਰਨਗੇ। ਪਰ ਦੂਜਾ ਪੱਖ ਕਿ ਸੜਕੀ ਆਵਾਜਾਈ ਦੇ ਨਿਯਮਾਂ 'ਚ ਸਖ਼ਤਾਈ ਦੇ ਨਾਲ-ਨਾਲ 'ਸੜਕੀ ਸੁਧਾਰ' ਦੀ ਵੀ ਸਖ਼ਤ ਜ਼ਰੂਰਤ ਹੈ। ਜਿਵੇਂ ਸੜਕਾਂ 'ਤੇ ਆਵਾਰਾ ਪਸ਼ੂ, ਕੁੱਤੇ, ਜਾਨਵਰ ਫਿਰਦੇ ਹਨ, ਸੜਕਾਂ ਟੁੱਟੀਆਂ ਹੋਈਆਂ ਹਨ, ਲਾਈਟਾਂ-ਪਾਰਕਿੰਗ ਦਾ ਯੋਗ ਪ੍ਰਬੰਧ ਹੈ ਨਹੀਂ, ਲਾਇਸੰਸ ਬਣਾਉਣ ਸਮੇਂ, ਚਾਲਾਨ ਵੇਲੇ ਕਿਸੇ ਵੀ ਤਰ੍ਹਾਂ ਦੀ ਸਿਫ਼ਾਰਸ਼-ਰਿਸ਼ਵਤਖੋਰੀ-ਹੇਰਾ ਫੇਰੀ ਨਾ ਹੋਵੇ, ਕੈਮਰੇ ਲਾਏ ਜਾਣ, ਪੁਲਾਂ ਦੀਆਂ ਰੇਲਿੰਗਾਂ ਠੀਕ ਕੀਤੀਆਂ ਜਾਣ, ਚਮਕਦੀਆਂ ਟੇਪਾਂ ਵਾਲੇ ਹਰੇਕ ਤਰ੍ਹਾਂ ਦੇ ਦਿਸ਼ਾ-ਸੂਚਕ (ਬੋਰਡ) ਲਾਏ ਜਾਣ, ਸੀਵਰੇਜ ਜਾਂ ਕਿਸੇ ਹੋਰ ਕਾਰਨ ਪੁੱਟੀਆਂ ਸੜਕਾਂ ਨਾਲੋ-ਨਾਲ ਠੀਕ ਕੀਤੀਆਂ ਜਾਣ ਆਦਿ। ਅਸਲ 'ਸੁਧਾਰ' ਲੋਕਾਂ ਅਤੇ ਸਰਕਾਰਾਂ ਦੇ ਸਹਿਯੋਗ ਨਾਲ ਹੀ ਹੋ ਸਕਦਾ ਹੈ।

-ਗੁਰਚਰਨ ਸਿੰਘ, ਪਿੰਡ ਮਜਾਰਾ, ਨਵਾਂਸ਼ਹਿਰ।

ਕਰਤਾਰਪੁਰ ਲਾਂਘਾ
ਭਾਰਤ ਤੇ ਪਾਕਿਸਤਾਨ ਵਿਚ ਪੈਦਾ ਹੋਈ ਕੁੜੱਤਣ ਕਾਰਨ ਭਾਵੇਂ ਸਮਝੌਤਾ ਐਕਸਪ੍ਰੈੱਸ ਤੇ ਦੋਸਤੀ ਬੱਸ ਸੇਵਾ ਬੰਦ ਹੋ ਗਈ ਹੈ ਪਰ ਕਰਤਾਰਪੁਰ ਲਾਂਘਾ ਖੋਲ੍ਹਣ ਵਾਸਤੇ ਪਾਕਿਸਤਾਨ ਵਾਲੇ ਪਾਸੇ ਤੋਂ ਦਿਨ-ਰਾਤ ਕੰਮ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਗੁਰਦੁਆਰੇ ਤੋਂ ਜ਼ੀਰੋ ਲਾਈਨ ਤੱਕ ਸਾਰੀਆਂ ਸੜਕਾਂ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਰਾਵੀ 'ਤੇ ਉਸਾਰਿਆ ਜਾਣ ਵਾਲਾ ਪੁਲ, ਲੰਗਰ ਹਾਲ ਆਦਿ ਦਾ ਕੰਮ ਵੀ ਕਾਫੀ ਹੱਦ ਤੱਕ ਮੁਕੰਮਲ ਹੋਣ ਦੇ ਕਿਨਾਰੇ ਹੈ। ਪਾਕਿਸਤਾਨ ਨੇ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਦਾ ਨਾਂਅ ਵੀ 'ਬਾਬਾ ਗੁਰੂ ਨਾਨਕ' ਰੱਖ ਦਿੱਤਾ ਹੈ ਜੋ ਕਿ ਬਹੁਤ ਹੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ। ਭਾਰਤ ਵਾਲੇ ਪਾਸੇ ਤੋਂ ਵੀ ਕਰਤਾਰਪੁਰ ਲਾਂਘੇ ਨਾਲ ਸਬੰਧਿਤ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਪਰਮਾਤਮਾ ਕਰੇ ਦੋਵਾਂ ਦੇਸ਼ਾਂ 'ਚ ਨਫ਼ਰਤ ਦੀ ਥਾਂ ਸ਼ਾਂਤੀ ਬਣੀ ਰਹੇ ਅਤੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੋਂ ਪਹਿਲਾਂ-ਪਹਿਲਾਂ ਦੋਵਾਂ ਦੇਸ਼ਾਂ ਵਲੋਂ ਕਰਤਾਰਪੁਰ ਲਾਂਘੇ ਦਾ ਕੰਮ ਮੁਕੰਮਲ ਹੋ ਜਾਵੇ ਤਾਂ ਜੋ ਭਾਰਤ ਦੇ ਲੋਕ ਆਪਣੇ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰ ਸਕਣ।

-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ, ਜਲੰਧਰ।

ਪੰਜਾਬ ਵਿਚ ਤਾਲਿਬਾਨੀ ਵਰਤਾਰਾ
ਅਫ਼ਗਾਨਿਸਤਾਨ ਦਾ ਅੱਤਵਾਦੀ ਸੰਗਠਨ ਆਪਣੇ ਵਿਰੋਧੀਆਂ ਨੂੰ ਕਰੂਰਤਾ ਭਰੀ ਸਜ਼ਾ ਦੇਣ ਲਈ ਪ੍ਰਸਿੱਧ ਹੈ। ਨਾਲ ਹੀ ਸਜ਼ਾ ਦੇਣ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਏ ਉੱਪਰ ਵਾਇਰਲ ਕਰਕੇ ਹੋਰ ਵੀ ਦਹਿਸ਼ਤ ਪੈਦਾ ਕੀਤੀ ਜਾਂਦੀ ਹੈ। ਅੱਜਕੱਲ੍ਹ ਪੰਜਾਬ ਵਿਚ ਵੀ ਅਜਿਹਾ ਤਾਲਿਬਾਨੀ ਵਰਤਾਰਾ ਦੇਖਣ ਨੂੰ ਮਿਲ ਰਿਹਾ ਹੈ। ਹੁਣ ਲੋਕ ਪੁਲਿਸ/ਕਾਨੂੰਨ ਦਾ ਡਰ ਭੁਲਾ ਕੇ ਆਪ ਹੀ ਆਪਣੇ ਵਿਰੋਧੀਆਂ ਨੂੰ ਸਬਕ ਸਿਖਾਉਣ ਦੀ ਕੋਸ਼ਿਸ਼ ਵਿਚ ਕੁੱਟ-ਮਾਰ ਕਰਨ ਲੱਗੇ ਹੋਏ ਹਨ। ਕਿਤੇ ਪ੍ਰੇਮੀ ਜੋੜੇ ਦੀ ਮਾਰ-ਕੁੱਟ, ਕਿਤੇ ਕਿਸੇ ਛੋਟੇ-ਮੋਟੇ ਚੋਰ ਦੀ ਮਾਰ-ਕੁੱਟ, ਕਿਤੇ ਰੰਜਿਸ਼ ਮਾਰ-ਕੁੱਟ ਅਤੇ ਕਿਤੇ ਛੇੜ-ਛਾੜ ਹੋਣ ਕਾਰਨ ਹੋਣ ਵਾਲੀ ਮਾਰ-ਕੁੱਟ ਦੀ ਵੀਡੀਓ ਬਣਾ ਕੇ ਬਿਨਾਂ ਕਿਸੇ ਖ਼ੌਫ ਦੇ ਵਾਇਰਲ ਕਰ ਦਿੱਤੀ ਜਾਂਦੀ ਹੈ। ਕਈ ਵਾਰ ਤਾਂ ਪੀੜਤ ਵਿਅਕਤੀ ਬਦਨਾਮੀ ਦਾ ਮਾਰਿਆ ਖ਼ੁਦਕੁਸ਼ੀ ਤੱਕ ਕਰ ਲੈਂਦਾ ਹੈ। ਪੰਜਾਬੀ ਲੋਕ ਦੇਖੋ-ਦੇਖੀ ਹਰ ਚੰਗੀ-ਮਾੜੀ ਚੀਜ਼ ਜਾਂ ਗੱਲ ਦੀ ਰੀਸ ਕਰਨ ਤੁਰ ਪੈਂਦੇ ਹਨ। ਇਸ ਲਈ ਬਿਨਾਂ ਸੋਚੇ-ਸਮਝੇ ਤਾਲਿਬਾਨੀ ਵਰਤਾਰੇ ਦੀ ਰੀਸ ਕਰਕੇ ਕਾਨੂੰਨ ਵਿਰੋਧੀ ਕੰਮ ਕਰ ਰਹੇ ਹਨ। ਜੇਕਰ ਕਿਸੇ ਨੇ ਕੋਈ ਅਪਰਾਧ ਕੀਤਾ ਵੀ ਹੈ ਤਾਂ ਦੋਸ਼ੀ ਨੂੰ ਸਜ਼ਾ ਦੇਣ ਲਈ ਸਰਕਾਰ, ਕਾਨੂੰਨ ਅਤੇ ਅਦਾਲਤਾਂ ਮੌਜੂਦ ਹਨ। ਫਿਰ ਕਾਨੂੰਨ ਨੂੰ ਹੱਥ ਵਿਚ ਲੈ ਕੇ ਸਮਾਜ ਵਿਰੋਧੀ ਕੰਮ ਕਰਨ ਦਾ ਕੀ ਅਰਥ ਹੈ? 'ਨਾਇਕ' ਬਣਨ ਦੇ ਚੱਕਰਾਂ 'ਚ ਪਏ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਜਿਹੇ ਕੰਮ ਕਰਨਾ ਸਮਾਜ ਵਿਰੋਧੀ ਅਤੇ ਸਰਕਾਰ ਵਿਰੋਧੀ ਕਾਰਵਾਈ ਹੈ। ਜੇਕਰ ਇਕ ਵਾਰੀ ਕਿਸੇ ਦਾ ਪੁਲਿਸ ਦੇ ਰਿਕਾਰਡ ਵਿਚ ਕਿਸੇ ਮਾੜੀ ਕਾਰਵਾਈ ਲਈ ਨਾਂਅ ਚੜ੍ਹ ਗਿਆ ਤਾਂ ਇਹ ਸਾਰੀ ਉਮਰ ਸਬੰਧਿਤ ਵਿਆਕਤੀ ਦੇ ਗਲ਼੍ਹੇ ਦੀ ਹੱਡੀ ਬਣਿਆ ਰਹਿੰਦਾ ਹੈ। ਆਉਣ ਵਾਲੇ ਸਮੇਂ ਵਿਚ ਪਤਾ ਨਹੀਂ ਇਸ ਰੁਝਾਨ ਦੇ ਕੀ ਸਿੱਟੇ ਨਿਕਲਣਗੇ?

-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।

16-09-2019

 ਸੋਸ਼ਲ ਮੀਡੀਆ ਤੋਂ ਪ੍ਰਹੇਜ਼
ਵਿਗਿਆਨਕ ਯੁੱਗ ਦੀ ਜਿੰਨੀ ਸਿਫ਼ਤ ਕਰਾਂ ਉਨੀ ਹੀ ਥੋੜ੍ਹੀ ਹੈ। ਪਰ ਇਸ ਦੀ ਜ਼ਿਆਦਾ ਵਰਤੋਂ ਸਾਨੂੰ ਦਲਦਲ ਵੱਲ ਲੈ ਕੇ ਜਾ ਰਹੀ ਹੈ। ਸ਼ੋਸਲ ਮੀਡੀਆ ਜਿੰਨਾ ਸਾਨੂੰ ਫਾਇਦਾ ਦੇ ਰਿਹਾ ਹੈ, ਉਸ ਤੋਂ ਕਿਤੇ ਜ਼ਿਆਦਾ ਉਹ ਸਾਨੂੰ ਨੁਕਸਾਨ ਵੀ ਦੇ ਰਿਹਾ ਹੈ। ਬਿਨ੍ਹਾਂ ਵਜਾ ਦੇ ਵੀਡੀਓ ਕਲਿੱਪ ਬਣਾ ਕੇ ਇਕ-ਦੂਸਰੇ ਨੂੰ ਭੇਜੇ ਜਾਂਦੇ ਹਨ। ਫਿਰ ਉਨ੍ਹਾਂ ਦੇ ਲਾਈਕ ਅਤੇ ਕੁਮੈਂਟਸ ਵੇਖੇ ਜਾਂਦੇ ਹਨ। ਕਿਸੇ ਦੀ ਵੀਡੀਓ ਦੇ ਵਿਚ ਕੁਝ ਐਡਿਟ ਕਰ ਕੇ ਉਸ ਨੂੰ ਸ਼ੇਅਰ ਕੀਤਾ ਜਾਂਦਾ ਹੈ, ਜਿਸ ਨਾਲ ਕਈ ਵਾਰ ਮਸਲਾ ਵੀ ਭਟਕਿਆ ਹੈ। ਕਈ ਵਾਰੀ ਅਸੀਂ ਆਨਲਾਈਨ ਸ਼ੌਪਿੰਗ ਵਿਚ ਘਟੀਆ ਚੀਜ਼ਾਂ ਦੀ ਖਰੀਦਦਾਰੀ ਵੀ ਕਰ ਬੈਠਦੇ ਹਾਂ। ਜਦ ਕਿ ਇਸ ਦੀ ਵਰਤੋਂ ਬੜੀ ਸਮਝਦਾਰੀ ਅਤੇ ਸਮੇਂ ਦੀ ਬੱਚਤ ਲਈ ਸੀ। ਪਰ ਹੁਣ ਸ਼ੋਸਲ ਮੀਡੀਆ ਦਾ ਬੋਲ-ਬਾਲਾ ਚਾਰੇ ਪਾਸੇ ਸਿਰ ਚੜ੍ਹ ਬੋਲ ਰਿਹਾ ਹੈ। ਹਰ ਇਕ ਪ੍ਰਾਈਵੇਟ, ਸਰਕਾਰੀ ਅਤੇ ਏਡਿਡ ਅਦਾਰੇ ਜਾ ਮਹਿਕਮੇ ਵੀ ਇਸ ਉੱਪਰ ਕਾਫੀ ਜ਼ਿਆਦਾ ਨਿਰਭਰ ਹਨ। ਕੰਮ ਨਾਲੋਂ ਜ਼ਿਆਦਾ ਮੋਬਾਈਲ 'ਤੇ ਧਿਆਨ ਦਿੱਤਾ ਜਾਂਦਾ ਕਿ ਕਿਤੇ ਕੋਈ ਨੋਟਿਸ ਨਾ ਆ ਗਿਆ ਹੋਵੇ। ਇਸ ਸਫ਼ੈਦ ਦਲ-ਦਲ ਵਿਚੋਂ ਹੌਲੀ-ਹੌਲੀ ਬਾਹਰ ਨਿਕਲਣਾ ਸਿੱਖੋ,ਇਸਦੀ ਵਰਤੋਂ ਸੰਜਮ ਨਾਲ ਕਰੋ।


-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ-ਸੁਖਾਣਾ (ਲੁਧਿਆਣਾ)


ਇਕ ਚੰਗਾ ਕਦਮ
ਅੱਜ ਲੋਕ ਬਾਹਰ ਜਾ ਕੇ ਖਾਣ ਨਾਲੋਂ ਆਨਲਾਈਨ ਹੀ ਖਾਣਾ ਮੰਗਵਾ ਲੈਂਦੇ ਹਨ ਤਾਂ ਹੀ ਅੱਜਕਲ੍ਹ ਸੜਕਾਂ 'ਤੇ ਜ਼ੋਮੈਟੋ ਤੇ ਸਵਿਗੀ ਵਾਲੇ ਵੱਧ ਨਜ਼ਰ ਆਉਂਦੇ ਹਨ। ਬੇਸ਼ੱਕ ਇਸ ਨਾਲ ਲੋਕਾਂ ਨੂੰ ਆਸਾਨੀ ਹੋਈ ਹੈ ਪਰ ਜਿਸ ਤਰ੍ਹਾਂ ਆਨਲਾਈਨ ਠੱਗੀਆਂ ਸਾਹਮਣੇ ਆਉਂਦੀਆਂ ਹਨ ਉਂਜ ਹੀ ਆਨਲਾਈਨ ਖਾਣੇ ਦੀ ਸ਼ੁੱਧਤਾ 'ਤੇ ਵੀ ਸਵਾਲ ਖੜ੍ਹੇ ਹੋ ਸਕਦੇ ਹਨ ਪਰ ਪੰਜਾਬ ਦੇ ਫੂਡ ਐਂਡ ਡਰਗ ਮੈਨੇਜਮੈਂਟ ਕਮਿਸ਼ਨਰ ਕਾਹਨ ਸਿੰਘ ਪੰਨੂ ਵਲੋਂ ਇਕ ਚੰਗਾ ਕਦਮ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਕਿਹਾ ਕਿ 31 ਅਕਤੂਬਰ ਤੱਕ ਇਨ੍ਹਾਂ ਸਾਰੀਆਂ ਕੰਪਨੀਆਂ ਨੂੰ ਆਪਣੀ ਸਵੱਛਤਾ ਰੇਟਿੰਗ ਪੇਸ਼ ਕਰਨੀ ਹੋਵੇਗੀ। ਅੱਜ ਦੇ ਮਿਲਾਵਟੀ ਦੌਰ ਵਿਚ ਇਹ ਕਦਮ ਪ੍ਰਸ਼ਾਸਨ ਵਲੋਂ ਸ਼ਲਾਘਾਯੋਗ ਹੈ ਕਿਉਂਕਿ ਸਾਨੂੰ ਨਹੀਂ ਪਤਾ ਕਿ ਜਿਹੜਾ ਭੋਜਨ ਅਸੀਂ ਆਨਲਾਈਨ ਮੰਗਵਾਇਆ ਹੈ ਉਹ ਕਿਵੇਂ ਬਣਾਇਆ ਗਿਆ ਹੈ, ਚਾਹੇ ਇਨ੍ਹਾਂ ਆਨਲਾਈਨ ਫੂਡ ਐਪਸ ਤੇ ਨਾਲ-ਨਾਲ ਨਕਸ਼ਾ ਬਣਿਆ ਆਉਂਦਾ ਹੈ ਪਰ ਜਿਸ ਤਰ੍ਹਾਂ ਅੱਜ ਦੇ ਸਮੇਂ ਵਿਚ ਲੋਕ ਅੱਖਾਂ ਮੀਚ ਕੇ ਆਨਲਾਈਨ ਫੂਡ ਆਰਡਰ ਕਰਦੇ ਹਨ, ਉਸ ਵਿਚ ਕੰਪਨੀਆਂ ਨਾਲ ਇਹ ਸਖਤੀ ਜ਼ਰੂਰੀ ਹੈ।


-ਜਾਨਵੀ ਬਿੱਠਲ
ਜਲੰਧਰ।


ਬਾਲ ਮਜ਼ਦੂਰੀ
ਬਾਲ ਮਜ਼ਦੂਰੀ ਦਾ ਮੁੱਖ ਕਾਰਨ ਮਹਿੰਗਾਈ, ਵਧਦੀ ਵਸੋਂ ਭੁੱਖਮਰੀ ਤੇ ਗਰੀਬੀ ਹੈ। ਬਾਲ ਮਜ਼ਦੂਰੀ ਤੇ ਭਾਵੇਂ ਪਾਬੰਦੀ ਹੈ ਪਰ ਫਿਰ ਵੀ ਕਾਰਖਾਨਿਆਂ, ਹੋਟਲਾਂ, ਘਰਾਂ ਆਦਿ ਦੇ ਮਾਲਕ ਚੋਰੀ-ਛਿਪੇ ਇਨ੍ਹਾਂ ਕੋਲੋਂ ਜ਼ਿਆਦਾ ਕੰਮ ਕਰਵਾ ਪੈਸੇ ਘੱਟ ਦਿੰਦੇ ਹਨ।
ਸਰਕਾਰ ਨੇ ਭਾਵੇਂ ਬੱਚਿਆਂ ਦੀ ਬਿਹਤਰੀ ਲਈ ਬਾਲ ਮਜ਼ਦੂਰੀ ਨੂੰ ਰੋਕਣ ਲਈ ਸਰਕਾਰੀ ਸਕੂਲਾਂ ਵਿਚ ਮੁਫ਼ਤ ਪੜ੍ਹਾਈ ਅਤੇ ਮੁਫ਼ਤ ਰਾਸ਼ਨ ਦੀ ਸਹੂਲਤ ਦਿੱਤੀ ਹੈ। ਜਿਸ ਨਾਲ ਸਕੂਲਾਂ 'ਚ ਗਿਣਤੀ ਵਧੀ ਹੈ ਪਰ ਬਾਲ ਮਜ਼ਦੂਰੀ ਰੁਕਣ ਦਾ ਨਾਂਅ ਨਹੀਂ ਲੈ ਰਹੀ। ਬਾਲ ਮਜ਼ਦੂਰੀ ਕਰਵਾਉਣ ਵਾਲਿਆਂ ਦੇ ਖਿਲਾਫ਼ ਸਦਨ ਵਿਚ ਸਖ਼ਤ ਕਾਨੂੰਨ ਬਣਵਾ ਕੇ ਸਖਤ ਸਜ਼ਾ ਦੀ ਵਿਵਸਥਾ ਕਰਨੀ ਚਾਹੀਦੀ ਹੈ। ਜੋ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ। ਜੋ ਲੋਕ ਬੱਚਿਆਂ ਤੋਂ ਭੀਖ ਮੰਗਵਾਉਂਦੇ ਹਨ ਉਹ ਲੋਕ ਦੇਸ਼ ਲਈ ਕਲੰਕ ਹਨ। ਇਸ ਦਾ ਬੁਰਾ ਅਸਰ ਬਾਹਰਲੇ ਮੁਲਕਾਂ ਵਿਚ ਪੈਂਦਾ ਹੈ ਤੇ ਦੇਸ਼ ਦੀ ਬਦਨਾਮੀ ਹੁੰਦੀ ਹੈ। ਭੀਖ ਮੰਗਣ ਵਾਲਿਆਂ ਨੂੰ ਪੈਸੇ ਦੇ ਕੇ ਇਸ ਰੁਝਾਨ ਨੂੰ ਹੋਰ ਉਤਸ਼ਾਹਿਤ ਨਹੀਂ ਕਰਨਾ ਚਾਹੀਦਾ।


-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ, ਇੰਸਪੈਕਟਰ।


ਇੰਟਰਨੈੱਟ ਦੀ ਬਿਮਾਰੀ
ਅਜੋਕੇ ਸਮੇਂ ਬੱਚੇ, ਨੌਜਵਾਨ, ਬਜ਼ੁਰਗ ਮੋਬਾਈਲ 'ਤੇ ਇੰਟਰਨੈੱਟ ਦੀ ਜ਼ਿਆਦਾ ਵਰਤੋਂ ਕਰਦੇ ਆਮ ਦੇਖੇ ਜਾਂਦੇ ਹਨ। ਨਸ਼ਿਆਂ ਦੀ ਆਦਤ ਦੀ ਤਰ੍ਹਾਂ ਬਹੁਗਿਣਤੀ ਇੰਟਰਨੈੱਟ ਦੀ ਵਰਤੋਂ ਕਰਨ ਦੀ ਬਿਮਾਰੀ ਦਾ ਸ਼ਿਕਾਰ ਹੈ। ਖਾਸ ਕਰਕੇ ਬੱਚਿਆਂ 'ਤੇ ਇਸ ਦਾ ਅਸਰ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਵਿਚ ਸਹਿਣਸ਼ੀਲਤਾ ਖਤਮ ਹੋ ਰਹੀ ਹੈ। ਪਰਿਵਾਰ ਦੇ ਮੈਂਬਰਾਂ, ਰਿਸ਼ਤੇਦਾਰਾਂ ਨਾਲ ਰਲਦੇ-ਮਿਲਦੇ ਨਹੀਂ, ਆਪਣੀਆਂ ਸੋਚਾਂ ਵਿਚ ਹੀ ਰਹਿੰਦੇ ਹਨ। ਹਕੀਕਤ ਭਰੀ ਜ਼ਿੰਦਗੀ ਜਿਊਣ ਦੀ ਬਜਾਏ ਝੂਠੀ ਇੰਟਰਨੈੱਟ ਦੀ ਦੁਨੀਆ ਵਿਚ ਗਲਤਾਨ ਹੋ ਰਹੇ ਹਨ। ਇਸ ਪ੍ਰਤੀ ਸਾਨੂੰ ਸਭ ਨੂੰ ਆਪਣੇ ਬੱਚਿਆਂ ਪ੍ਰਤੀ ਚੌਕਸ ਹੋ ਕੇ ਉਨ੍ਹਾਂ ਨਾਲ ਸਮਾਂ ਬਿਤਾਉਣ ਦੀ ਲੋੜ ਹੈ, ਨਹੀਂ ਤਾਂ ਭਵਿੱਖ ਧੁੰਦਲਾ ਨਜ਼ਰ ਆਉਂਦਾ ਹੈ।


-ਪ੍ਰਗਟ ਸਿੰਘ ਵਜੀਦਪੁਰ
ਤਹਿਸੀਲ ਤੇ ਜ਼ਿਲ੍ਹਾ ਪਟਿਆਲਾ।


ਜੰਗ ਵਰਗਾ ਮਾਹੌਲ
ਉਂਜ ਤਾਂ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ (ਸੰਨ 1947) ਲੈ ਕੇ ਲਗਾਤਾਰ ਹੀ ਹੁਣ ਤੱਕ ਦੋਵਾਂ ਦੇਸ਼ਾਂ ਦਰਮਿਆਨ ਰਾਜਨੀਤਕ ਸਬੰਧ ਅਣਸੁਖਾਵੇਂ ਚਲੇ ਆ ਰਹੇ ਹਨ ਅਤੇ ਕਸ਼ਮੀਰ ਦੇ ਮੁੱਦੇ 'ਤੇ ਅਜਿਹੇ ਅਣਸੁਖਾਵੇਂ ਮਾਹੌਲ ਦੇ ਚਲਦਿਆਂ ਦੋਵਾਂ ਹੀ ਦੇਸ਼ਾਂ ਦਾ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋ ਚੁੱਕਾ ਹੈ ਅਤੇ ਹੋ ਰਿਹਾ ਹੈ ਪਰ ਹੁਣ ਜਿਹੜਾ ਰਾਜਨੀਤਕ ਮਾਹੌਲ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਸਿਰਜਿਆ ਜਾ ਰਿਹਾ ਹੈ, ਉਹ ਬਿਨਾਂ ਸ਼ੱਕ ਜੰਗ ਵਰਗਾ ਹੈ। ਅਜਿਹੇ ਮਾਹੌਲ ਵਿਚ ਦੋਵਾਂ ਦੇਸ਼ਾਂ ਦੇ ਲੋਕਾਂ ਦਾ ਚਿੰਤਤ ਹੋਣਾ ਕੋਈ ਗ਼ੈਰ-ਕੁਦਰਤੀ ਗੱਲ ਨਹੀਂ ਹੈ ਭਾਵ ਸੁਭਾਵਿਕ ਹੀ ਹੈ। ਦੋਵਾਂ ਮੁਲਕਾਂ ਵਿਚ ਇਕ ਗੱਲ ਸਾਂਝੀ ਹੈ, ਉਹ ਹੈ ਗਰੀਬੀ ਅਤੇ ਬੇਰੁਜ਼ਗਾਰੀ। ਇਸ ਪਾਸੇ ਦੋਵਾਂ ਹੀ ਸਰਕਾਰਾਂ ਨੂੰ ਵਿਸ਼ੇਸ਼ ਧਿਆਨ ਦੀ ਲੋੜ ਹੈ। ਇਸ ਤੋਂ ਇਲਾਵਾ ਲੋਕ ਹਿਤ ਵਿਚ ਦੋਵਾਂ ਪਾਸਿਆਂ ਦੀਆਂ ਸਰਕਾਰਾਂ ਨੂੰ ਅਤੇ ਜਾਗਰੂਕ ਲੋਕਾਂ ਨੂੰ ਜੰਗ ਵਰਗੇ ਇਸ ਮਾਹੌਲ ਨੂੰ ਅਮਨ-ਸ਼ਾਂਤੀ ਦੇ ਮਾਹੌਲ ਵਿਚ ਬਦਲਣ ਲਈ ਸੰਜੀਦਾ ਯੋਗ ਅਤੇ ਢੁਕਵੇਂ ਕਦਮ ਉਠਾਉਣੇ ਚਾਹੀਦੇ ਹਨ ਕਿਉਂਕਿ ਜਿਹੜਾ ਵਿਕਾਸ (ਤਰੱਕੀ) ਅਮਨ-ਚੈਨ ਦੇ ਮਾਹੌਲ ਵਿਚ ਹੋ ਸਕਦਾ ਹੈ, ਉਹ ਜੰਗ ਦੇ ਮਾਹੌਲ ਵਿਚ ਨਹੀਂ ਹੋ ਸਕਦਾ। ਸੋ, ਜਿਥੋਂ ਤੱਕ ਸੰਭਵ ਹੋ ਕੇ ਦੋਵਾਂ ਪਾਸਿਆਂ ਦੀਆਂ ਸਰਕਾਰਾਂ ਨੂੰ ਸੰਜਮ ਅਤੇ ਸਮਝਦਾਰੀ ਵਿਚ ਰਹਿੰਦਿਆਂ ਅਣਸੁਖਾਵੇਂ ਹਾਲਾਤ ਨੂੰ ਸੁਖਾਵੇਂ ਹਾਲਾਤ ਵਿਚ ਬਦਲਣ ਲਈ ਅਤੇ ਲੋਕਾਂ ਦੇ ਉਜਲੇ ਭਵਿੱਖ ਲਈ ਹਰ ਹੀਲਾ ਕਰਨ ਦੀ ਵੱਡੀ ਲੋੜ ਹੈ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

13-09-2019

 ਕੀਟਨਾਸ਼ਕ ਦਵਾਈਆਂ ਕੈਂਸਰ ਦਾ ਕਾਰਨ
ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ। ਪੰਜਾਬ ਕੋਲ ਭਾਰਤ ਦਾ 2 ਫ਼ੀਸਦੀ ਖੇਤੀ ਯੋਗ ਰਕਬਾ ਹੈ ਪਰ ਪੰਜਾਬ ਦਾ ਕਿਸਾਨ ਭਾਰਤ ਵਿਚ ਵਰਤੀ ਜਾਣ ਵਾਲੀ ਕੀਟਨਾਸ਼ਕ ਦਵਾਈ ਦਾ 18 ਫ਼ੀਸਦੀ ਇਸਤੇਮਾਲ ਕਰਦਾ ਹੈ। ਇਹੀ ਕੀਟਨਾਸ਼ਕ ਦਵਾਈ ਅੱਗੇ ਜਾ ਕੇ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਪੈਦਾ ਕਰ ਰਹੀ ਹੈ। ਇਸ ਬਿਮਾਰੀ ਦਾ ਪ੍ਰਭਾਵ ਸ਼ਹਿਰਾਂ ਨਾਲੋਂ ਜ਼ਿਆਦਾ ਪੇਂਡੂ ਖੇਤਰ 'ਤੇ ਹੈ ਪਰ ਅਨਪੜ੍ਹਤਾ ਤੇ ਜ਼ਿੱਦ ਦੀ ਵਜ੍ਹਾ ਕਰਕੇ ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਸਬਜ਼ੀਆਂ 'ਤੇ 40 ਗ੍ਰਾਮ ਪ੍ਰਤੀ ਏਕੜ ਦੀ ਥਾਂ 200 ਗ੍ਰਾਮ ਪ੍ਰਤੀ ਏਕੜ ਕੀਟਨਾਸ਼ਕ ਦਵਾਈ ਵਰਤੋਂ ਕੀਤੀ ਜਾ ਰਹੀ ਹੈ। ਇਸ ਲਈ ਕੰਪਨੀਆਂ ਵੀ ਬਰਾਬਰ ਦੀਆਂ ਜ਼ਿੰਮੇਵਾਰ ਹਨ। ਉਹ ਜ਼ਹਿਰ ਦੀ ਵਿਕਰੀ ਵਧਾਉਣ ਲਈ ਦੁਕਾਨਦਾਰਾਂ ਨੂੰ ਵਿਦੇਸ਼ਾਂ ਦੀ ਯਾਤਰਾ ਤੇ ਹੋਰ ਲਾਭ ਦੇ ਰਹੇ ਹਨ। ਇਹ ਬਹੁਤ ਹੀ ਅਣਮਨੁੱਖੀ ਵਤੀਰੇ ਵਾਲੀ ਦੌੜ ਹੈ। ਭਾਰਤ ਵਿਚ ਪੈਸਾ ਮਨੁੱਖੀ ਜੀਵਨ ਤੋਂ ਪਿਆਰਾ ਹੈ। ਕੋਈ ਮਰੇ ਭਾਵੇਂ ਜੀਵੇ ਕੰਪਨੀ ਦੀ ਪੈਦਾਵਾਰ ਵੱਧ ਹੋਣੀ ਚਾਹੀਦੀ ਹੈ। ਇਹੀ ਕਾਰਨ ਹੈ ਕਿ ਪੰਜਾਬ ਦੀ ਨੌਜਵਾਨੀ ਬਾਹਰ ਦਾ ਰੁਖ਼ ਕਰ ਰਹੀ ਹੈ। ਅਜੇ ਵੀ ਸਮਾਂ ਹੈ ਬਦਲ ਲਓ ਆਪਣੇ-ਆਪ ਨੂੰ ਨਹੀਂ ਤਾਂ ਬਹੁਤ ਭਿਆਨਕ ਨਤੀਜੇ ਸਾਹਮਣੇ ਆਉਣ ਵਾਲੇ ਹਨ।


-ਐਡਵੋਕੇਟ ਹਰਦੀਪ ਸਿੰਘ ਗਿੱਲ
ਸੇਵਾਦਾਰ ਸਰਬਸੁਖ ਸੇਵਾ ਸੁਸਾਇਟੀ, ਬਠਿੰਡਾ।


ਪੰਜਾਬੀਆਂ ਦਾ ਵਿਦੇਸ਼ਾਂ ਵਿਚ ਪ੍ਰਸਾਰ
ਪੰਜਾਬ ਵਿਚ ਵਧਦੀ ਆਈਲੈਟਸ ਸਕੂਲਾਂ ਦੀ ਗਿਣਤੀ, 10+2 ਕਰਨ ਉਪਰੰਤ ਬੱਚੇ ਆਈਲੈਟਸ ਕਰ ਕੇ ਪੜ੍ਹਾਈ ਲਈ ਵਿਦੇਸ਼ਾਂ ਵਿਚ ਲੱਖਾਂ ਰੁਪਏ ਖਰਚ ਕਰ ਕੇ ਜਾ ਰਹੇ ਹਨ। ਅਰਬਾਂ ਰੁਪਏ ਪੰਜਾਬ ਦੇ ਬਾਹਰ ਜਾ ਰਹੇ ਹਨ। ਪੰਜਾਬ ਵਿਚ ਕਾਲਜ ਖਾਲੀ ਹੋ ਰਹੇ ਹਨ। ਨੌਜਵਾਨ ਪੀੜ੍ਹੀ ਨੂੰ ਵਿਦੇਸ਼ ਜਾਣ ਦੀ ਬਜਾਏ ਆਪਣੇ ਮੁਲਕ ਵਿਚ ਕੰਮ ਕਰ ਕੇ ਮਾਂ-ਪਿਓ ਦੀ ਸੇਵਾ ਕਰਨੀ ਚਾਹੀਦੀ ਹੈ ਜੋ ਬੁਢਾਪਾ ਰੁਲ ਰਿਹਾ ਹੈ, ਵਿਦੇਸ਼ਾਂ ਵਿਚ ਰੁਲ ਕੇ ਅਜਾਈਂ ਨਹੀਂ ਗਵਾਉਣਾ ਚਾਹੀਦਾ। ਪਹਿਲਾਂ ਭਾਰਤੀ ਵਿਦੇਸ਼ਾਂ ਵਿਚ ਜਾ ਕੇ ਪੈਸਾ ਆਪਣੇ ਮੁਲਕ ਵਿਚ ਭੇਜਦੇ ਸੀ, ਉਲਟਾ ਹੁਣ ਨੌਜਵਾਨ ਪੀੜ੍ਹੀ ਬੇਰੁਜ਼ਗਾਰੀ ਕਾਰਨ ਨਿਰਾਸ਼ਾ ਦੇ ਆਲਮ ਵਿਚ ਪੜ੍ਹ-ਲਿਖ ਕੇ ਜਦੋਂ ਉਨ੍ਹਾਂ ਨੂੰ ਭਾਰਤ ਵਿਚ ਰਹਿ ਕੇ ਯੋਗ ਨੌਕਰੀ ਤੇ ਤਨਖਾਹ ਨਹੀਂ ਮਿਲਦੀ, ਉਹ ਆਪਣੀ ਜ਼ਮੀਨ ਵੇਚ-ਵੱਟ ਕੇ ਵਿਦੇਸ਼ ਵਿਚ ਪੱਕੇ ਤੌਰ 'ਤੇ ਰਹਿਣ ਦੇ ਹੀਲੇ ਵਰਤਦਾ ਹੈ। ਇਸ ਪ੍ਰਤੀ ਸਰਕਾਰਾਂ ਨੂੰ ਸੰਜੀਦਗੀ ਨਾਲ ਵਿਚਾਰ ਕਰ ਭਾਰਤ ਵਿਚ ਰੁਜ਼ਗਾਰ ਦੇਣੇ ਚਾਹੀਦੇ ਹਨ। ਇਸ ਨਾਲ ਭਾਰਤ ਦਾ ਜੋ ਪੈਸਾ ਬਾਹਰ ਜਾ ਰਿਹਾ ਹੈ, 'ਤੇ ਰੋਕ ਲੱਗੇਗੀ ਤੇ ਜੋ ਮਾਂ-ਪਿਉ ਬੱਚਿਆਂ ਤੋਂ ਬਗੈਰ ਭਾਰਤ ਵਿਚ ਰੁਲ ਰਹੇ ਹਨ, ਉਨ੍ਹਾਂ ਨੂੰ ਵੀ ਬੱਚਿਆਂ ਦਾ ਸਹਾਰਾ ਮਿਲੇਗਾ।


-ਗੁਰਮੀਤ ਸਿੰਘ ਵੇਰਕਾ, ਸੇਵਾ-ਮੁਕਤ ਇੰਸਪੈਕਟਰ।


ਹੈਪੇਟਾਈਟਸ ਦੇ ਕਾਰਨ
ਪਿਛਲੇ ਦਿਨੀਂ 'ਅਜੀਤ' ਅਖ਼ਬਾਰ ਦੀ ਖ਼ਬਰ ਸੀ ਕਿ ਨਸ਼ੇ ਕਰਨ ਭਗਤਾ ਭਾਈ ਦੇ ਆਸ-ਪਾਸ ਏਡਜ਼ ਤੇ ਪੀਲੀਆ ਸੀ ਦੀ ਬਿਮਾਰੀ ਵਧੀ, ਜੋ ਕਿ ਨਸ਼ਾ ਤਾਂ ਬਹੁਤ ਛੋਟਾ ਕਾਰਨ ਹੈ। ਇਹ ਬਿਮਾਰੀਆਂ ਫੈਲਾਉਣ ਦਾ ਕਾਰਨ ਮਾਲਵਾ ਖੇਤਰ ਵਿਚ ਹੈਪੇਟਾਈਟਸ ਸੀ, ਜੋ ਚਿੱਟੇ ਦੇ ਨਸ਼ੇ ਤੋਂ ਵੀ ਪਹਿਲਾਂ ਦਾ ਪੰਜਾਬ ਵਿਚ ਆ ਚੁੱਕਾ ਹੈ, ਜਿਸ ਦਾ ਮੁੱਖ ਕਾਰਨ ਧਰਤੀ ਹੇਠਲੇ ਪਾਣੀ ਦਾ ਦੂਸ਼ਿਤ ਹੋਣਾ ਹੈ। ਇਸ ਤੋਂ ਬਿਨਾਂ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਤੋਂ ਲੋੜੋਂ ਜ਼ਿਆਦਾ ਦਵਾਈਆਂ ਖਾਣ ਨਾਲ ਵੀ ਹੈਪੇਟਾਈਟਸ ਸੀ ਹੁੰਦਾ ਹੈ। ਇਸ ਲਈ ਇਨ੍ਹਾਂ ਬਿਮਾਰੀਆਂ ਦੇ ਫੈਲਣ ਵਾਲੇ ਸਾਰੇ ਪਹਿਲੂਆਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਇਕੱਲੇ ਨਸ਼ੇ ਨੂੰ ਜ਼ਿੰਮੇਵਾਰ ਠਹਿਰਾ ਕੇ ਦੂਜੇ ਕਾਰਨਾਂ ਤੋਂ ਅੱਖਾਂ ਬੰਦ ਕਰਨਾ ਆਪਣੇ-ਆਪ ਤੇ ਸਮਾਜ ਨਾਲ ਬੇਇਨਸਾਫ਼ੀ ਹੈ।


-ਜਸਕਰਨ ਲੰਡੇ, ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਟੋਲ ਫ੍ਰੀ ਨੰ: 1912
ਉਪਰੋਕਤ ਲਿਖਿਆ ਨੰਬਰ ਪੰ.ਸ.ਪ.ਕਾ. ਲਿਮਟਿਡ ਪਟਿਆਲਾ ਵਲੋਂ ਬਿਜਲੀ ਸਬੰਧੀ ਨੁਕਸ ਦੂਰ ਕਰਨ ਲਈ ਦਿੱਤਾ ਗਿਆ ਹੈ ਪਰ ਬਹੁਤ ਹੀ ਅਫਸੋਸ ਨਾਲ ਇਹ ਲਿਖਣਾ ਪੈਂਦਾ ਹੈ ਕਿ ਫੋਨ ਸੁਣਿਆ ਜ਼ਰੂਰ ਜਾਂਦਾ ਹੈ ਪਰ ਦੱਸਿਆ ਗਿਆ ਨੁਕਸ ਦੂਰ ਨਹੀਂ ਕੀਤਾ ਜਾਂਦਾ। ਅੱਗੇ ਤੋਂ ਅੱਗੇ ਫੋਨ ਕਰਨ ਨੂੰ ਕਿਹਾ ਜਾਂਦਾ ਹੈ। ਅਖੀਰ ਗੱਲ ਜੇ.ਈ. ਉੱਤੇ ਜਾ ਕੇ ਮੁੱਕਦੀ ਹੈ। ਜੇ.ਈ. ਕਹਿੰਦਾ ਹੈ ਕਿ ਮੇਰੇ ਕੋਲ ਸਟਾਫ ਬਹੁਤ ਘੱਟ ਹੈ। ਇਸ ਲਈ ਜਦੋਂ ਨੰਬਰ ਆਏਗਾ ਤਾਂ ਠੀਕ ਕਰ ਦਿੱਤਾ ਜਾਵੇਗਾ। ਜੇ.ਈ. ਕੋਲ ਸਟਾਫ ਘੱਟ ਹੈ ਤਾਂ ਖਪਤਕਾਰ ਦਾ ਕੀ ਕਸੂਰ ਹੈ। ਸੋ, ਮੈਂ ਤਾਂ ਇਹ ਕਰਾਂਗਾ ਕਿ 1912 ਨੰਬਰ ਬੇਕਾਰ ਹੈ। ਇਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਖਪਤਕਾਰ ਆਪੇ ਜੇ.ਈ. ਨਾਲ ਨਿਪਟ ਲਵੇਗਾ।


-ਰਘਵੀਰ ਸਿੰਘ, ਪਿੰਡ ਮਾਦਪੁਰ (ਲੁਧਿਆਣਾ)।

12-09-2019

 ਨਾਬਾਲਗ ਡਰਾਈਵਰ
ਅੱਜ ਦੇ ਸਮੇਂ ਵਿਚ ਹਰ ਕੋਈ ਇਕ-ਦੂਜੇ ਤੋਂ ਅੱਗੇ ਵਧਣਾ ਚਾਹੁੰਦਾ ਹੈ। ਮੁਕਾਬਲੇ ਦੇ ਇਸ ਦੌਰ ਵਿਚ ਬੱਚਿਆਂ 'ਤੇ ਪੜ੍ਹਾਈ ਦਾ ਬੋਝ ਵਧਦਾ ਜਾ ਰਿਹਾ ਹੈ। ਬੱਚੇ ਕਈ-ਕਈ ਟਿਊਸ਼ਨਾਂ 'ਤੇ ਜਾਂਦੇ ਹਨ। ਹਰ ਵਾਰ ਮਾਪੇ ਉਨ੍ਹਾਂ ਨੂੰ ਛੱਡਣ ਨਹੀਂ ਜਾ ਸਕਦੇ। ਇਸ ਲਈ ਉਨ੍ਹਾਂ ਨੂੰ ਸਕੂਟੀ ਜਾਂ ਮੋਟਰਸਾਈਕਲ ਲੈ ਕੇ ਦਿੰਦੇ ਹਨ ਜਾਂ ਉਹ ਆਪਣੀ ਮਰਜ਼ੀ ਨਾਲ ਮਾਪਿਆਂ ਦੇ ਵਹੀਕਲ ਵਰਤਣ ਲਗਦੇ ਹਨ। ਦੋਵੇਂ ਹੀ ਹਾਲਤਾਂ ਵਿਚ ਠੀਕ ਗੱਲ ਨਹੀਂ ਹੈ, ਕਿਉਂਕਿ ਉਨ੍ਹਾਂ ਦੇ ਬੱਚੇ ਨਾਬਾਲਗ ਹੁੰਦੇ ਹਨ, ਜਿਨ੍ਹਾਂ ਨੂੰ ਨਾ ਤਾਂ ਡਰਾਈਵਿੰਗ ਦਾ ਕੋਈ ਅਨੁਭਵ ਹੁੰਦਾ ਹੈ ਨਾ ਹੀ ਸਹਿਣਸ਼ੀਲਤਾ ਹੁੰਦੀ ਹੈ। ਬਸ ਆਪਣੀ ਮੰਜ਼ਿਲ ਤੱਕ ਪੁੱਜਣਾ ਹੀ ਜ਼ਰੂਰੀ ਹੁੰਦਾ ਹੈ। ਉਹ ਗਲੀ-ਮੁਹੱਲਿਆਂ ਵਿਚ ਵੀ ਫੁੱਲ ਸਪੀਡ 'ਤੇ ਵਹੀਕਲ ਚਲਾਉਂਦੇ ਆਮ ਵੇਖਣ ਨੂੰ ਮਿਲਦੇ ਹਨ। ਇਸ ਕਾਰਨ ਦੁਰਘਟਨਾਵਾਂ ਬਹੁਤ ਹੁੰਦੀਆਂ ਹਨ। ਹਰ ਸਾਲ ਨਾਬਾਲਗ ਡਰਾਈਵਰ ਹਜ਼ਾਰਾਂ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ। ਇਨ੍ਹਾਂ ਘਟਨਾਵਾਂ ਕਾਰਨ ਨਾਬਾਲਗ ਡਰਾਈਵਰਾਂ ਦੀ ਗ਼ਲਤੀ ਦੀ ਸਜ਼ਾ ਬਹੁਤ ਸਾਰੇ ਬੇਕਸੂਰ ਲੋਕਾਂ ਨੂੰ ਭੁਗਤਣੀ ਪੈਂਦੀ ਹੈ। ਹੁਣ ਸਰਕਾਰ ਦੁਆਰਾ 'ਮੋਟਰ ਵਹੀਕਲ ਸੋਧ ਬਿੱਲ' ਦੇ ਪਾਸ ਹੋਣ ਨਾਲ ਦੁਰਘਟਨਾਵਾਂ ਘਟਣ ਦੀ ਆਸ ਬੱਝੀ ਹੈ, ਕਿਉਂਕਿ ਇਸ ਅਨੁਸਾਰ ਜੇ ਕੋਈ ਨਾਬਾਲਗ ਗੱਡੀ ਚਲਾਉਂਦਾ ਫੜਿਆ ਗਿਆ ਤਾਂ ਮਾਪਿਆਂ ਨੂੰ ਕਸੂਰਵਾਰ ਸਮਝਿਆ ਜਾਵੇਗਾ। ਆਸ ਹੈ ਕਿ ਹੁਣ ਬੇਕਸੂਰ ਲੋਕਾਂ ਨੂੰ ਦੂਜਿਆਂ ਦਾ ਖਮਿਆਜ਼ਾ ਨਹੀਂ ਭੁਗਤਣਾ ਪਵੇਗਾ।


-ਸੁਖਦੀਪ ਸਿੰਘ ਗਿੱਲ।


ਹੜ੍ਹਾਂ ਦੀ ਮਾਰ
ਹੜ੍ਹ ਨਾਲ ਜੂਝ ਰਹੇ ਪੰਜਾਬ ਦੇ ਜ਼ਿਆਦਾਤਰ ਖੇਤਰ ਦੇ ਵਸਨੀਕਾਂ ਦਾ ਬੁਰਾ ਹਾਲ ਹੈ। ਪਿੰਡਾਂ ਦੇ ਪਿੰਡ ਇਸ ਦੀ ਮਾਰ ਹੇਠ ਹਨ। ਖੇਤੀਬਾੜੀ ਨਾਲ ਸਬੰਧਿਤ ਕਿਸਾਨ, ਮਜ਼ਦੂਰ ਅਤੇ ਹੋਰ ਕਾਮੇ ਪਹਿਲਾਂ ਹੀ ਕਈ ਤਰ੍ਹਾਂ ਦੀ ਮੁਸ਼ਕਿਲਾਂ ਨਾਲ ਦੋ-ਦੋ ਹੱਥ ਹੋ ਰਹੇ ਹਨ। ਜਿਵੇਂ ਕਰਜ਼ੇ ਦੀ ਮਾਰ, ਨਸ਼ਿਆਂ ਦੀ ਮਾਰ, ਫ਼ਸਲਾਂ ਆਦਿ ਦੀ ਅਦਾਇਗੀ, ਬਕਾਇਆ ਅਤੇ ਹੋਰ ਖਰਚਿਆਂ ਦੇ ਥੱਲੇ ਦੱਬੇ ਇਨ੍ਹਾਂ ਦਾ ਕਚੂੰਬਰ ਨਿਕਲਿਆ ਪਿਆ ਸੀ। ਉਤੋਂ ਇਕ ਹੋਰ ਹੜ੍ਹਾਂ ਦੀਆਂ ਮੁਸੀਬਤਾਂ ਨੇ ਕੱਖੋਂ ਹੌਲਾ ਕਰ ਛੱਡਿਆ। ਸਭ ਤੋਂ ਪਹਿਲਾਂ ਲੋਕਾਂ ਦਾ ਮੁੜ ਵਸੇਬਾ ਕਰਨ ਵਿਚ ਪੁਰਜ਼ੋਰ ਕੋਸ਼ਿਸ਼ ਕਰਨ ਵਿਚ ਹੈ। ਅੰਨ-ਪਾਣੀ ਤੋਂ ਇਲਾਵਾ ਦਵਾਈਆਂ, ਪਸ਼ੂਆਂ ਲਈ ਚਾਰਾ, ਘਰਾਂ ਦੀ ਸਾਫ਼-ਸਫ਼ਾਈ, ਹੌਸਲਾ-ਅਫਜ਼ਾਈ ਵਜੋਂ ਆਰਥਿਕ, ਮਾਲੀ ਮਦਦ ਕਰਨਾ ਸਰਕਾਰ ਦੇ ਨਾਲ ਸਮਾਜ ਦੇ ਭਲੇ ਲਈ ਜੁੜੀਆਂ ਸਵੈ-ਸੇਵੀ ਸੰਸਥਾਵਾਂ ਦਾ ਮੁੱਖ ਕੰਮ ਹੋਣਾ ਚਾਹੀਦਾ ਹੈ।
ਡਾਕਟਰਾਂ ਦੀਆਂ ਟੀਮਾਂ ਦੇ ਨਾਲ-ਨਾਲ ਸਥਾਨਕ ਸਰਕਾਰਾਂ ਦੇ ਨੁਮਾਇੰਦਿਆਂ ਵਲੋਂ ਮੌਕੇ 'ਤੇ ਹੀ ਰਾਹਤ ਦਿੱਤੀ ਜਾਣੀ ਚਾਹੀਦੀ ਹੈ। ਹਰ ਸ਼ਹਿਰੀ ਨੂੰ ਹਰ ਵਸੀਲੇ ਰਾਹੀਂ ਸਰਦਾ-ਪੁੱਜਦਾ ਹਿੱਸਾ ਜ਼ਰੂਰ ਪਾਉਣਾ ਚਾਹੀਦਾ ਹੈ ਤਾਂ ਜੋ ਹੜ੍ਹਾਂ ਦੀ ਮਾਰ ਹੇਠ ਆਏ ਲੋਕ ਫਿਰ ਤੋਂ ਪੈਰਾਂ 'ਤੇ ਆ ਸਕਣ। ਆਓ, ਸਾਰੇ ਰਲ ਮਿਲ ਕੇ ਇਸ ਹੜ੍ਹਾਂ ਦੀ ਮਾਰ ਤੋਂ ਝੰਬੇ ਆਪਣੇ ਭੈਣ-ਭਰਾਵਾਂ ਦਾ ਸਾਥ ਦੇ ਕੇ ਇਸ ਮੁਸ਼ਕਿਲ ਘੜੀ ਵਿਚ ਉਨ੍ਹਾਂ ਦੇ ਨਾਲ ਖੜੋਈਏ।


-ਅਸ਼ਵਨੀ ਕੁਮਾਰ ਪੰਡੋਰੀ
ਸ.ਸ.ਸ. ਸਕੂਲ ਝੜੌਲੀ (ਗੁਰਦਾਸਪੁਰ)।


ਹਜ਼ੂਮੀ ਹਿੰਸਾ ਵਿਰੁੱਧ ਸਖ਼ਤਕਦਮੀ
ਭਾਰਤ ਇਕ ਲੋਕਤੰਤਰੀ ਗਣਰਾਜ ਦੇਸ਼ ਹੈ। ਹੱਕ ਅਤੇ ਸੁਤੰਤਰਤਾ ਦੇ ਅਧਿਕਾਰਾਂ ਦੇ ਨਾਲ-ਨਾਲ ਨਾਗਰਿਕਾਂ ਨੂੰ ਸੰਵਿਧਾਨਕ ਕਾਨੂੰਨ ਦੇ ਦਾਇਰੇ 'ਚ ਰਹਿਣਾ ਪੈਂਦਾ ਹੈ ਪਰ ਭਾਰਤ ਦੀ ਮੌਜੂਦਾ ਸਥਿਤੀ ਬਹੁਤ ਹੀ ਗੰਭੀਰ ਅਤੇ ਚੁਣੌਤੀ ਪੂਰਨ ਹੈ। ਇਥੇ ਕਾਨੂੰਨ ਅਤੇ ਸਿਆਸਤ ਦੀ ਛਾਇਆ ਹੇਠ ਕਾਨੂੰਨ ਅਤੇ ਅਧਿਕਾਰਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾਂਦੀਆਂ ਹਨ। ਆਸਥਾ ਅਤੇ ਵਾਪਰੀਆਂ ਘਟਨਾਵਾਂ ਦੀ ਆੜ 'ਚ ਕਾਨੂੰਨ ਅਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਫੌਕੀ ਚੌਧਰ ਅਤੇ ਪਬਲੀਸਿਟੀ ਲਈ ਹਜ਼ੂਮ ਇਕੱਠਾ ਕਰਕੇ ਆਮ ਨਾਗਰਿਕਾਂ ਤੇ ਅੱਤਿਆਚਾਰ ਕੀਤਾ ਜਾਂਦਾ ਹੈ ਪਰ ਸਰਕਾਰਾਂ ਕਾਨੂੰਨ ਉਲੰਘਣਾ ਨੂੰ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀਆਂ ਹਨ, ਕਾਨੂੰਨ ਦੇ ਰਖਵਾਲੇ ਬੇਵੱਸ ਨਜ਼ਰ ਆਉਂਦੇ ਹਨ। ਇਸ ਨਾਲ ਹਜ਼ੂਮੀ ਹਿੰਸਾ ਨੂੰ ਹੱਲਾਸ਼ੇਰੀ ਮਿਲਣ ਦੀ ਸੰਭਾਵਨਾ ਤੋਂ ਮੁਕਰਿਆ ਨਹੀਂ ਜਾ ਸਕਦਾ। 29 ਦਸੰਬਰ ਦੀ ਸੰਪਾਦਕੀ 'ਚ ਵੀ 'ਹਜੂਮੀ ਹਿੰਸਾ ਵਿਰੁੱਧ ਸਖ਼ਤਕਦਮੀ' ਇਸ ਚੁਣੌਤੀ ਪ੍ਰਤੀ ਧਿਆਨ ਦਿਵਾਇਆ ਹੈ। ਹਿੰਸਕ ਅਨਸਰ ਜਿਹੜੇ ਫ਼ਿਰਕੂ, ਨਸਲੀ ਜਾਂ ਆਸਥਾ ਦੇ ਨਾਂਅ 'ਤੇ ਹਿੰਸਾ ਫੈਲਾਉਂਦੇ ਹਨ, ਪ੍ਰਤੀ ਸਖ਼ਤ ਕਾਨੂੰਨੀ ਕਾਰਵਾਈ ਦੀ ਲੋੜ ਭਾਸਦੀ ਹੈ। ਦੇਸ਼ ਵੱਖ-ਵੱਖ ਹਿੱਸਿਆਂ 'ਚ ਵਾਪਰੀਆਂ ਹਿੰਸਕ ਘਟਨਾਵਾਂ ਜਿਥੇ ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਹਨ, ਉਥੇ ਕਾਨੂੰਨੀ ਢਿੱਲੀ ਕਾਰਵਾਈ 'ਤੇ ਵੀ ਸਵਾਲੀਆ ਚਿੰਨ੍ਹ ਖੜ੍ਹਾ ਕਰਦੀਆਂ ਹਨ। ਹਜੂਮ ਨੂੰ ਆਪਣੀ ਗੱਲ ਰੱਖਣ ਅਤੇ ਹੱਕਾਂ ਲਈ ਸੰਘਰਸ਼ ਕਰਨ ਦਾ ਅਧਿਕਾਰ ਹੈ, ਪਰ ਕਾਨੂੰਨ ਵਿਰੋਧੀ ਕਾਰਵਾਈਆਂ ਕਰਨ ਦੀ ਇਜਾਜ਼ਤ ਕਦਾਚਿਤ ਨਹੀਂ ਹੋਣੀ ਚਾਹੀਦੀ।


-ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।


ਮਿਡ-ਡੇ-ਮੀਲ ਰਸੋਈਏ
ਸਕੂਲਾਂ ਵਿਚ ਪਹਿਲੀ ਤੋਂ ਅੱਠਵੀਂ ਤੱਕ ਦੇ ਬੱਚਿਆਂ ਲਈ ਰੋਜ਼ਾਨਾ ਦੁਪਹਿਰ ਦਾ ਖਾਣਾ ਸਕੂਲ ਵਿਚ ਤਿਆਰ ਕੀਤਾ ਜਾਂਦਾ ਹੈ। ਇਸ ਕੰਮ ਨੂੰ ਲਗਪਗ 8.30 ਵਜੇ ਸ਼ੁਰੂ ਕਰ ਲਿਆ ਜਾਂਦਾ ਹੈ, ਜਿਹੜਾ ਬਰਤਣ ਆਦਿ ਸਾਫ਼ ਕਰਨ 'ਤੇ 1.30 ਵਜੇ ਦੇ ਕਰੀਬ ਖ਼ਤਮ ਹੁੰਦਾ ਹੈ। ਗਰਮੀਆਂ ਵਿਚ ਚੁੱਲ੍ਹਿਆਂ ਅੱਗੇ ਰੋਟੀਆਂ ਪਕਾਉਣ ਤੇ ਸਬਜ਼ੀ ਆਦਿ ਬਣਾਉਣ ਲਈ ਇਨ੍ਹਾਂ ਔਰਤਾਂ ਨੂੰ ਬੈਠਣਾ ਪੈਂਦਾ ਹੈ। ਬਹੁਤੇ ਸਕੂਲਾਂ ਦੀਆਂ ਰਸੋਈਆਂ ਤੇ ਸ਼ੈੱਡਾਂ ਵਿਚ ਪੱਖੇ ਦਾ ਪ੍ਰਬੰਧ ਵੀ ਨਹੀਂ ਹੁੰਦਾ। ਸਰਕਾਰ ਵਲੋਂ ਇਨ੍ਹਾਂ ਨੂੰ 1700 ਰੁਪਏ ਮਹੀਨੇ ਦੀ ਤਨਖਾਹ ਦਿੱਤੀ ਜਾਂਦੀ ਹੈ। ਰੋਜ਼ਾਨਾ ਦੇ 56 ਰੁਪਏ। ਅਸੀਂ ਅਕਸਰ ਪੜ੍ਹਦੇ ਸੁਣਦੇ ਹਾਂ ਕਿ ਪ੍ਰਾਈਵੇਟ ਅਦਾਰਿਆਂ ਵਾਲੇ ਕੰਮ ਵੱਧ ਤੇ ਤਨਖਾਹ ਘੱਟ ਦਿੰਦੇ ਹਨ ਪਰ ਇਨ੍ਹਾਂ ਸਰਕਾਰੀ ਕਾਮਿਆਂ ਨੂੰ ਏਨੀ ਘੱਟ ਤਨਖਾਹ ਦੇਣੀ ਇਕ ਵੱਡੀ ਬੇਇਨਸਾਫ਼ੀ ਹੈ। ਏਨੇ ਔਖੇ ਤੇ ਜ਼ਿੰਮੇਵਾਰੀ ਦੇ ਕੰਮ ਲਈ ਘੱਟ ਤੋਂ ਘੱਟ 6000 ਰੁਪਏ ਤਨਖਾਹ ਹੋਣੀ ਚਾਹੀਦੀ ਹੈ। ਬੱਚਿਆਂ ਦਾ ਖਾਣਾ ਬਣਾਉਣ ਤੋਂ ਇਲਾਵਾ ਰਸਦ ਦੀ ਰੱਖ-ਰਖਾਈ ਹੋਰ ਸਕੂਲੀ ਕੰਮਾਂ ਵਿਚ ਵੀ ਇਨ੍ਹਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਕਿਉਂਕਿ ਬਹੁਤ ਸਾਰੇ ਸਕੂਲਾਂ ਵਿਚ ਸੇਵਾਦਾਰ ਸਫ਼ਾਈ ਕਰਮੀ ਆਦਿ ਨਹੀਂ ਹਨ। ਸਕੂਲਾਂ ਵਿਚ ਭੱਠੀਆਂ ਤੇ ਗੈਸ ਸਿਲੰਡਰ ਦਿੱਤੇ ਹੋਏ ਹਨ ਪਰ ਸਿਲੰਡਰ 'ਚ ਗੈਸ ਭਰਵਾਉਣੀ ਵੀ ਇਕ ਔਖੀ ਪ੍ਰਕਿਰਿਆ ਹੈ।


-ਗੁਰਿੰਦਰਜੀਤ ਸਿੰਘ ਕਲੇਰ
ਪਿੰਡ ਤੇ ਡਾਕ: ਕਲੇਰ ਕਲਾਂ, ਜ਼ਿਲ੍ਹਾ ਗੁਰਦਾਸਪੁਰ।

11-09-2019

 ਹੜ੍ਹ, ਪ੍ਰਸ਼ਾਸਨ ਤੇ ਸਰਕਾਰ
ਪੰਜਾਬ ਵਿਚ ਪਿਛਲੇ ਦਿਨੀਂ ਪਹਿਲਾਂ ਘੱਗਰ ਦਰਿਆ ਤੇ ਫਿਰ ਭਾਖੜਾ ਡੈਮ ਤੋਂ ਛੱਡੇ ਪਾਣੀ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਤਬਾਹ ਕਰਕੇ ਰੱਖ ਦਿੱਤਾ ਹੈ। ਪ੍ਰਸ਼ਾਸਨ ਤੇ ਸਰਕਾਰ ਆਪਣੀਆਂ ਅਣਗਹਿਲੀਆਂ ਤੇ ਨਲਾਇਕੀਆਂ ਲੁਕਾਉਣ ਲਈ ਇਸ ਨੂੰ ਕੁਦਰਤੀ ਕਰੋਪੀ ਕਹਿ ਕੇ ਪੱਲਾ ਛਾੜ ਰਹੇ ਹਨ। ਪੰਜਾਬ ਵਿਚ ਹੜ੍ਹਾਂ ਦੀ ਤਬਾਹੀ ਲਈ ਭਾਖੜਾ ਡੈਮ ਦੇ ਵੱਡੇ ਅਧਿਕਾਰੀ ਕਾਫੀ ਹੱਦ ਤੱਕ ਜ਼ਿੰਮੇਵਾਰ ਹਨ, ਜਿਨ੍ਹਾਂ ਮਹੀਨਾ ਪਹਿਲਾਂ ਹਿਮਾਚਲ ਪ੍ਰਦੇਸ਼ ਵਿਚ ਭਾਰੀ ਬਾਰਿਸ਼ਾਂ ਦੀ ਚਿਤਾਵਨੀ ਦੇ ਬਾਵਜੂਦ ਭਾਖੜਾ ਡੈਮ ਵਿਚ ਪਾਣੀ ਰੋਕੀ ਰੱਖਿਆ। ਇਕਦਮ ਢਾਈ ਲੱਖ ਕਿਊਸਕ ਪਾਣੀ ਛੱਡਣ ਨਾਲ ਦਰਿਆ ਸਤਲੁਜ ਦੇ ਬੰਨ੍ਹ ਬਹੁਤੀਆਂ ਥਾਵਾਂ ਤੋਂ ਟੁੱਟ ਗਏ। ਇਹ ਵੀ ਬੜੀ ਤ੍ਰਾਸਦੀ ਵਾਲੀ ਗੱਲ ਹੈ ਕਿ 1988 ਤੋਂ ਬਾਅਦ ਪੰਜਾਬ ਵਿਚ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਹੜ੍ਹਾਂ ਦੀ ਰੋਕਥਾਮ ਲਈ ਬਹੁਤੇ ਪੁਖਤਾ ਪ੍ਰਬੰਧ ਨਹੀਂ ਕੀਤੇ। ਇਥੇ ਇਹ ਵੀ ਗੱਲ ਵਰਨਣਯੋਗ ਹੈ ਕਿ ਪ੍ਰਸ਼ਾਸਨ ਤੇ ਸਰਕਾਰ ਹੜ੍ਹ ਪੀੜਤਾਂ ਦੀ ਮਦਦ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਅਖ਼ੀਰ ਧਾਰਮਿਕ ਸੰਸਥਾਵਾਂ, ਸਮਾਜਿਕ ਜਥੇਬੰਦੀਆਂ ਅਤੇ ਪੰਜਾਬ ਦੇ ਲੋਕਾਂ ਨੇ ਹੀ ਇਨ੍ਹਾਂ ਹੜ੍ਹ ਪੀੜਤਾਂ ਦੀ ਮਦਦ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਸੋ, ਹੁਣ ਪੰਜਾਬ ਸਰਕਾਰ ਨੂੰ ਜਾਗਣਾ ਚਾਹੀਦਾ ਹੈ ਅਤੇ ਇਨ੍ਹਾਂ ਦਰਿਆਵਾਂ ਦੇ ਕੰਢਿਆਂ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ 'ਤੇ ਕੰਮ ਕਰਨਾ ਚਾਹੀਦਾ ਹੈ।


-ਮਾ: ਜਸਪਿੰਦਰ ਸਿੰਘ ਗਿੱਲ, ਤਰਨ ਤਾਰਨ।


ਸੈਂਸਰ ਬੋਰਡ ਦਾ ਗਠਨ ਹੋਵੇ
ਪਿਛਲੇ ਦਿਨੀਂ ਗਾਇਕ ਹਨੀ ਸਿੰਘ ਤੇ ਨੇਹਾ ਕੱਕੜ ਵਲੋਂ ਗਾਇਆ ਗੀਤ 'ਮੱਖਣਾ' ਸ਼ਬਦਾਵਲੀ ਤੇ ਫ਼ਿਲਮਾਂਕਣ ਦੇ ਮਿਆਰ ਪੱਖੋਂ ਬੇਹੱਦ ਨਿੰਦਣਯੋਗ ਹੈ। ਚੰਗੀ ਗੱਲ ਇਹ ਹੈ ਕਿ ਇਸ ਗੀਤ ਤੇ ਪੰਜਾਬ ਮਹਿਲਾ ਕਮਿਸ਼ਨ ਨੇ ਗੰਭੀਰ ਨੋਟਿਸ ਲਿਆ ਹੈ। ਅਸੀਂ ਕਮਿਸ਼ਨ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਹਾਂ ਕਿ ਉਪਰੋਕਤ ਗੀਤ ਦੀ ਤਰ੍ਹਾਂ ਇਥੇ ਸੈਂਕੜੇ ਗੀਤਾਂ ਦੀ ਉਦਾਹਰਨ ਦਿੱਤੀ ਜਾ ਸਕਦੀ ਹੈ, ਜੋ ਇਸ ਗੀਤ ਦੀ ਤਰ੍ਹਾਂ ਸ਼ਬਾਦਵਲੀ ਤੇ ਫ਼ਿਲਮਾਂਕਣ ਦੇ ਮਿਆਰ ਪੱਖੋਂ ਬੇਹੱਦ ਨਿੰਦਣਯੋਗ ਹਨ। ਜੇਕਰ ਕਮਿਸ਼ਨ ਪਹਿਲਾਂ ਹੀ ਇਸ ਪੱਖੋਂ ਗੰਭੀਰ ਹੋਇਆ ਹੁੰਦਾ ਤਾਂ ਸ਼ਾਇਦ ਅੱਜ ਹਨੀ ਸਿੰਘ ਦੀ 'ਮੱਖਣਾ' ਗੀਤ ਗਾਉਣ ਦੀ ਹਿੰਮਤ ਨਾ ਪੈਂਦੀ। ਚਲੋ ਦੇਰ ਆਏ ਦਰੁਸਤ ਆਏ। ਇਥੇ ਇਹ ਤਾਂ ਨਹੀਂ ਕਹਿ ਸਕਦੇ ਕਿ ਹਾਲਾਂ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਵਿਗੜ ਤਾਂ ਬਹੁਤ ਕੁਝ ਗਿਆ ਹੈ। ਪੰਜਾਬ ਦੇ ਸੂਝਵਾਨ ਲੋਕ ਕਮਿਸ਼ਨ ਦੇ ਨਾਲ ਹਨ। ਉਹ ਆਪਣੀ ਤਾਕਤ ਦੀ ਵਰਤੋਂ ਕਰ ਕੇ ਪੰਜਾਬ 'ਚ ਪਨਪੇ ਇਸ ਮਾੜੇ ਰੁਝਾਨ ਨੂੰ ਰੋਕਣ ਲਈ ਪੂਰੀ ਤਰ੍ਹਾਂ ਸਰਗਰਮ ਹੋਣ ਤੇ ਪੰਜਾਬ ਸਰਕਾਰ ਨੂੰ ਸੈਂਸਰ ਬੋਰਡ ਬਣਾਉਣ ਲਈ ਮਜਬੂਰ ਕਰਨ।


-ਬੰਤ ਘੁਡਾਣੀ, ਲੁਧਿਆਣਾ।


ਏ.ਸੀ. ਕਮਰੇ ਬਿਮਾਰੀ ਦਾ ਘਰ
21ਵੀਂ ਸਦੀ ਦੇ ਯੁੱਗ ਦੇ ਨਾਲ-ਨਾਲ ਲੋਕਾਂ ਦੀਆਂ ਲੋੜਾਂ ਵੀ ਆਧੁਨਿਕ ਹੋ ਗਈਆਂ ਹਨ। ਹਰ ਦਿਨ ਨਵੀਂ ਤੋਂ ਨਵੀਂ ਸਹੂਲਤ ਵੀ ਲੋਕਾਂ ਲਈ ਬਿਮਾਰੀਆਂ ਪੈਦਾ ਕਰ ਰਹੀ ਹੈ। ਜਿਥੇ ਪੁਰਾਣੇ ਸਮਿਆਂ ਵਿਚ ਲੋਕ ਤੂਤਾਂ, ਬੋਹੜਾਂ, ਪਿੱਪਲਾਂ, ਡੇਕਾਂ ਆਦਿ ਰੁੱਖਾਂ ਦੀਆਂ ਛਾਵਾਂ ਮਾਣਦੇ ਅਤੇ ਮਾਰੂ ਰੋਗਾਂ ਤੋਂ ਮੁਕਤ ਤੰਦਰੁਸਤ ਜੀਵਨ ਜਿਊਂਦੇ ਸਨ, ਉਥੇ ਹੀ ਅਜੋਕੇ ਸਮੇਂ ਦਾ ਮਨੁੱਖ ਬਿਰਖਾਂ ਦੀ ਕੱਟ-ਵੱਢ ਕਰ ਰਿਹਾ ਅਤੇ ਨਵੀਂ ਚੱਲੀ ਇਲੈਕਟ੍ਰਾਨਿਕ ਤਕਨੀਕ ਏ.ਸੀ. ਨੂੰ ਤਰਜੀਹ ਦੇ ਰਿਹਾ ਹੈ। ਇਸੇ ਤਰ੍ਹਾਂ ਰੀਸੋ-ਰੀਸ ਕਮਰਿਆਂ 'ਚ ਵੜੇ ਬੈਠੇ ਲੋਕ ਜਿਥੇ ਆਰਥਿਕ ਪੱਖ ਤੋਂ ਪਤਲੇ ਪੈ ਰਹੇ ਹਨ, ਉਥੇ ਹੀ ਵੰਨ-ਸੁਵੰਨੀਆਂ ਬਿਮਾਰੀਆਂ ਦੀ ਜਕੜ ਵਿਚ ਆ ਰਹੇ ਹਨ। ਤਾਜ਼ੀ ਹਵਾ ਵਿਚ ਰਹਿਣ ਵਾਲੇ ਲੋਕ ਤੰਦਰੁਸਤੀ ਦਾ ਆਨੰਦ ਮਾਣਦੇ ਹਨ ਅਤੇ ਹਸਪਤਾਲਾਂ ਦੇ ਚੱਕਰਾਂ ਤੋਂ ਬਚੇ ਰਹਿੰਦੇ ਹਨ। ਖੇਤਾਂ ਵਿਚ ਕੰਮ ਕਰਨ ਵਾਲਾ ਕਿਸਾਨ ਹੋਵੇ ਜਾਂ ਸਰਕਾਰੀ ਮੁਲਾਜ਼ਮ ਸਭ ਨੂੰ ਹੀ ਏ.ਸੀ. ਵਰਗੀ ਮਿੱਠੀ ਤੇ ਭਿਆਨਕ ਬਿਮਾਰੀ ਤੋਂ ਬਚ ਕੇ ਰਹਿਣਾ ਚਾਹੀਦਾ। ਏ.ਸੀ. ਇਕ ਆਦਤ ਹੈ, ਇਸ ਆਦਤ ਨੂੰ ਛੱਡਣ ਵਿਚ ਹੀ ਭਲਾਈ ਹੈ।


-ਕੁਲਵਿੰਦਰ ਕੌਰ ਬਰਾੜ, ,ਫਰੀਦਕੋਟ।


ਮੋਹ ਦੀਆਂ ਤੰਦਾਂ
ਸਾਡੀ ਜ਼ਿੰਦਗੀ ਵਿਚ ਆਂਢ-ਗੁਆਂਢ ਦਾ ਮਹੱਤਵਪੂਰਨ ਰੋਲ ਹੁੰਦਾ ਹੈ। ਦੁੱਖ-ਸੁੱਖ ਵਿਚ ਇਕ ਚੰਗੇ ਗੁਆਂਢੀ ਦੀ ਅਹਿਮ ਭੂਮਿਕਾ ਹੁੰਦੀ ਹੈ ਕਿਉਂਕਿ ਰਿਸ਼ਤੇਦਾਰ ਨੇ ਤਾਂ ਦੂਰੋਂ ਚੱਲ ਕੇ ਹੀ ਦੁੱਖ-ਸੁੱਖ ਵਿਚ ਸ਼ਰੀਕ ਹੋਣਾ ਹੁੰਦਾ ਹੈ ਪਰ ਪੈਸੇ ਦੀ ਚਕਾਚੌਂਧ ਬਦੌਲਤ ਇਹ ਰਿਸ਼ਤੇ ਵੀ ਟੁੱਟ-ਭੱਜ ਰਹੇ ਹਨ। ਮਨੁੱਖ ਆਪਣੀ ਹੰਕਾਰੀ ਪ੍ਰਵਿਰਤੀ ਕਾਰਨ ਇਕ-ਦੂਜੇ ਨੂੰ ਨੀਵਾਂ ਵਿਖਾਉਣ ਦੀ ਭੂਮਿਕਾ ਨਿਭਾਅ ਰਿਹਾ ਹੈ ਜਿਹੜਾ ਕਿ ਮਾਨਵੀ ਰਿਸ਼ਤਿਆਂ ਲਈ ਘਾਤਕ ਹੈ। ਗੁਆਂਢ ਵਿਚ ਛੋਟੀ-ਮੋਟੀ ਅਣਬਣ ਕਾਰਨ ਮਨੁੱਖ ਦਾ ਜਿਊਣਾ ਦੁੱਭਰ ਹੋ ਜਾਂਦਾ ਹੈ। ਮਾਮੂਲੀ ਗੱਲ ਮਨੁੱਖ ਦਬਾਉਣ ਦੀ ਥਾਂ ਭਾਂਬੜ ਬਣਾ ਕੇ ਪੇਸ਼ ਕਰ ਰਿਹਾ ਹੈ ਜਿਸ ਦਾ ਸੇਕ ਲੱਗਣ ਤੋਂ ਬਾਅਦ ਮਨੁੱਖ ਨੂੰ ਜਾਗ ਆਉਂਦੀ ਹੈ ਪਰ ਉਦੋਂ ਤੱਕ ਸਮਾਂ ਹੱਥੋਂ ਨਿਕਲ ਚੁੱਕਿਆ ਹੁੰਦਾ ਹੈ ਪਰ ਮਨੁੱਖ ਘਟਨਾ ਪਿੱਛੋਂ ਪਛਤਾਉਂਦਾ ਹੈ। ਆਓ, ਮੋਹ ਦੀਆਂ ਤੰਦਾਂ ਨੂੰ ਟੁੱਟਣ ਤੋਂ ਬਚਾਈਏ। ਪਿਆਰ ਦਾ ਵਾਤਾਵਰਨ ਸਿਰਜੀਏ।


-ਓਮ ਪ੍ਰਕਾਸ਼ ਪੂਨੀਆਂ, ਗਿੱਦੜਬਾਹਾ।


ਨਵੀਂ ਸਿੱਖਿਆ ਨੀਤੀ ਦੇ ਖਦਸ਼ੇ
ਸੰਪਾਦਕੀ ਸਫ਼ੇ 'ਤੇ ਲੜੀਵਾਰ ਦੋ ਦਿਨ ਛਪੇ ਡਾ: ਮਹਿਲ ਸਿੰਘ ਦੇ ਲੇਖ ਨਵੀਂ ਸਿੱਖਿਆ ਨੀਤੀ 2019 ਬਾਰੇ ਸੌਖੇ ਰੂਪ ਵਿਚ ਸਮਝਾਉਂਦੇ ਹੋਏ ਇਸ ਦੇ ਭਵਿੱਖੀ ਖਦਸ਼ਿਆਂ 'ਤੇ ਚਾਨਣਾ ਵੀ ਪਾਉਂਦੇ ਹਨ। ਇਸ ਵਿਚ ਸਪੱਸ਼ਟ ਹੁੰਦਾ ਹੈ ਕਿ ਜਿਥੇ ਪਹਿਲਾਂ ਹੀ ਨਿੱਜੀਕਰਨ ਦੇ ਰਾਹ ਪਈ ਵਿੱਦਿਆ ਆਮ ਗ਼ਰੀਬ ਲੋਕਾਂ ਤੋਂ ਦੂਰ ਹੋ ਰਹੀ ਹੈ, ਉਥੇ ਇਸ ਨਵੀਂ ਨੀਤੀ ਵਿਚ ਵੀ ਆਮ ਗ਼ਰੀਬ ਬੱਚਿਆਂ ਦਾ ਕੋਈ ਪਾਰ-ਉਤਾਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਬਹੁਤੇ ਮਾਪੇ ਬੱਚਿਆਂ ਨੂੰ ਦੂਰ-ਦੁਰਾਡੇ ਭੇਜਣ ਦੇ ਸਮਰੱਥ ਨਹੀਂ। ਬੱਚਿਆਂ ਲਈ ਆਵਾਜਾਈ ਦੀ ਸਹੂਲਤ ਬਾਰੇ ਨੀਤੀ ਖਾਮੋਸ਼ ਜਾਪਦੀ ਹੈ। ਇਹ ਨੀਤੀ ਜਿਥੇ ਮੌਜੂਦਾ ਸਕੂਲਾਂ, ਕਾਲਜਾਂ ਦੀ ਗਿਣਤੀ ਘਟਾ ਕੇ ਬਹੁ-ਸਹੂਲਤੀ ਸਕੂਲ, ਕਾਲਜ ਖੋਲ੍ਹਣ ਦੀ ਗੱਲ ਕਰਦੀ ਹੈ, ਉਥੇ ਆਉਣ ਵਾਲੇ ਸਮੇਂ ਵਿਚ ਕਲੱਸਟਰ ਜਾਂ ਬਲਾਕ ਪੱਧਰੀ ਬਹੁ-ਸਹੂਲਤੀ ਸਕੂਲ, ਕਾਲਜ ਖੋਲ੍ਹਣ ਦੀ ਆੜ ਵਿਚ ਘੱਟ-ਗਿਣਤੀ ਵਾਲੇ ਸਕੂਲ, ਕਾਲਜ ਬੰਦ ਕਰਨ ਦੇ ਖਦਸ਼ੇ ਵੀ ਖੜ੍ਹੇ ਕਰਦੀ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਿਸਟਮ 'ਤੇ ਕਾਬਜ਼ ਲੋਕ ਗਰੀਬਾਂ ਦੇ ਵਿਹੜਿਆਂ 'ਚੋਂ ਸਿੱਖਿਆ ਦਾ ਬੂਟਾ ਪੁੱਟ ਕੇ ਸਿਰਫ ਮਹਿਲਾਂ 'ਚ ਹੀ ਸੁਸ਼ੋਭਿਤ ਕਰਨਾ ਚਾਹੁੰਦੇ ਹਨ। ਅਧਿਆਪਕ ਜਥੇਬੰਦੀਆਂ ਦਾ ਮੁਢਲਾ ਫ਼ਰਜ਼ ਬਣਦਾ ਹੈ ਕਿ ਇਸ ਨੀਤੀ ਦੀ ਹੋਰ ਚੀਰ ਫਾੜ ਕਰਨ ਲਈ ਬਲਾਕ, ਜ਼ੋਨ ਪੱਧਰੀ ਸੈਮੀਨਾਰ-ਬਹਿਸਾਂ ਰੱਖ ਕੇ ਸਮੁੱਚੇ ਅਧਿਆਪਕ ਵਰਗ, ਪੰਚਾਇਤਾਂ ਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਸਿੱਖਿਆ ਦੇ ਖ਼ਾਤਮੇ, ਭਗਵੇਂਕਰਨ ਖਿਲਾਫ਼ ਲੋਕ ਲਹਿਰ ਖੜ੍ਹੀ ਕੀਤੀ ਜਾ ਸਕੇ।


-ਬਲਵੀਰ ਸਿੰਘ ਬਾਸੀਆਂ।

10-09-2019

 ਪੰਜਾਬੀ ਬੋਲੀ ਦਾ ਹਸ਼ਰ
ਪੰਜਾਬ ਵਿਚ ਪੰਜਾਬੀ (ਮਾਤ-ਭਾਸ਼ਾ) ਦੀ ਦੁਰਦਸ਼ਾ ਬਾਰੇ ਕੈਨੇਡਾ ਤੋਂ ਸਤਪਾਲ ਸਿੰਘ ਜੌਹਲ ਹੁਰਾਂ ਨੇ ਤਾਂ ਫ਼ਿਕਰ ਜ਼ਾਹਰ ਕੀਤਾ ਹੈ ਪਰ ਪੰਜਾਬ ਵਿਚ ਵਸਣ ਵਾਲਿਆਂ ਨੇ ਤਾਂ ਪੰਜਾਬੀ ਅਤੇ ਪੰਜਾਬ ਤੋਂ ਇਕ ਤਰ੍ਹਾਂ ਨਾਲ ਮੋਹ ਤੋੜ ਹੀ ਲਿਆ ਜਾਪਦਾ ਹੈ। ਇਹ ਠੀਕ ਹੈ ਕਿ ਇਸ ਵਲੋਂ ਸਰਕਾਰਾਂ ਵੀ ਪੰਜਾਬੀ ਬੋਲੀ ਦੇ ਘਾਣ ਲਈ ਜ਼ਿੰਮੇਵਾਰ ਹਨ ਪਰ ਸਾਡੀ ਸੋਚ ਨੂੰ ਕਿਉਂ ਜੰਗਾਲ ਲੱਗ ਗਿਆ ਹੈ? ਪੰਜਾਬ ਅਸੀਂ ਗਵਾਇਆ, ਪੰਜ ਪਾਣੀ ਅਸੀਂ ਗਵਾਏ, ਪੁੱਤ ਅਸੀਂ ਗਵਾ ਰਹੇ ਹਾਂ ਤੇ ਆਪਣੀ ਮਾਂ-ਬੋਲੀ ਵੀ। ਪਿੱਛੇ ਰਹਿ ਜਾਵੇਗਾ ਬੰਜਰ ਪੰਜਾਬ ਤੇ ਮਾਂ ਵਿਹੂਣੇ ਪੰਜਾਬੀ ਪੁੱਤ। ਪਤਾ ਨਹੀਂ ਕਈ ਲੋਕ ਇਸ ਗੱਲ ਵਿਚ ਵਡੱਤਣ ਕਿਉਂ ਸਮਝਦੇ ਹਨ ਕਿ 'ਮੇਰੇ ਬੱਚੇ ਤਾਂ ਸ਼ੁਰੂ ਤੋਂ ਅੰਗਰੇਜ਼ੀ ਪੜ੍ਹੇ ਨੇ, ਪੰਜਾਬੀ ਤਾਂ ਉਨ੍ਹਾਂ ਨੂੰ ਆਉਂਦੀ ਹੀ ਨਹੀਂ।' ਇਸ ਹੋ ਰਹੇ ਘਾਣ ਤੋਂ ਸਾਨੂੰ ਜਾਗਰੂਕ ਹੋਣਾ ਪਵੇਗਾ। ਸਾਡੇ ਵੱਡੇ-ਵਡੇਰੇ ਵੀ ਅੰਗਰੇਜ਼ੀ ਪੜ੍ਹਦੇ ਤੇ ਬੋਲਦੇ ਸਨ, ਪਰਵਾਸ ਵੀ ਕਰਦੇ ਸਨ ਪਰ ਆਪਣਾ ਪਿਛੋਕੜ ਨਹੀਂ ਸਨ ਵਿਸਾਰਦੇ। ਅੱਜ ਪੰਜਾਬੀ ਦੇ ਵਿਦਵਾਨਾਂ ਨੂੰ ਵੀ ਜਾਗਣਾ ਪਵੇਗਾ। ਕਿਸ ਨੇ ਕਰਨੀ ਹੈ ਮਾਂ-ਬੋਲੀ ਦੀ ਰਾਖੀ, ਅੱਜ ਤਾਂ ਬਹੁਤੇ ਪੰਜਾਬੀ ਅਧਿਆਪਕਾਂ ਨੂੰ ਸ਼ੁੱਧ ਪੰਜਾਬੀ ਨਹੀਂ ਆਉਂਦੀ। ਅੰਗਰੇਜ਼ੀ ਪੜ੍ਹਨ ਦੀ ਭੇਡਚਾਲ ਨੂੰ ਤਿਆਗਣਾ ਪਵੇਗਾ। ਪਹਿਲਾਂ ਬੱਚਾ ਮਾਂ-ਬੋਲੀ ਵਿਚ ਪ੍ਰਪੱਕ ਹੋਵੇ, ਫਿਰ ਦੂਜੀਆਂ ਭਾਸ਼ਾਵਾਂ ਦੀ ਜਾਣਕਾਰੀ ਲਵੇ। ਪੰਜਾਬ ਤੇ ਪੰਜਾਬੀ ਮਾਂ-ਬੋਲੀ ਨੂੰ ਪਿਆਰ ਕਰਨ ਵਾਲੇ ਇਕੱਠੇ ਹੋ ਕੇ ਸੋਚਣ। ਪੰਜਾਬ ਦੇ ਬੀਬੇ ਰਾਣੇ ਲੋਕਾਂ ਨੂੰ ਚੁੱਪ ਨਹੀਂ ਵੱਟਣੀ ਚਾਹੀਦੀ।

-ਜਗਤਾਰ ਗਿੱਲ, ਬੱਲ ਸਚੰਦਰ, ਅੰਮ੍ਰਿਤਸਰ।

ਮਾਤ ਭਾਸ਼ਾਵਾਂ
ਆਪਣੀ ਮਾਂ ਤੋਂ ਸਿੱਖੀ ਮਾਤ-ਭਾਸ਼ਾ ਹੁੰਦੀ ਹੈ। ਉਹ ਲੋਕ ਬਦਕਿਸਮਤ ਹੁੰਦੇ ਹੋਣਗੇ, ਜਿਨ੍ਹਾਂ ਨੂੰ ਆਪਣੀ ਮਾਤ-ਭਾਸ਼ਾ ਨੂੰ ਛੱਡ ਕੇ ਕਿਸੇ ਹੋਰ ਭਾਸ਼ਾ ਨੂੰ ਅਪਣਾਉਣਾ ਪੈਂਦਾ ਹੈ। ਦੂਜੀਆਂ ਭਾਸ਼ਾਵਾਂ ਨੂੰ ਸਿੱਖਣਾ ਕੋਈ ਗਲਤ ਗੱਲ ਨਹੀਂ ਪਰ ਆਪਣੀ ਮਾਤ-ਭਾਸ਼ਾ ਨੂੰ ਨਕਾਰਨਾ ਵੀ ਸਹੀ ਨਹੀਂ ਹੈ। ਇਹ ਸਾਡੇ ਲਈ ਬਦਕਿਸਮਤੀ ਹੋਵੇਗੀ ਕਿ ਅਸੀਂ ਆਪਣੀ ਗੱਲ ਆਪਣੀ ਭਾਸ਼ਾ ਵਿਚ ਦੱਸਣ ਦੀ ਬਜਾਏ ਹੋਰਨਾਂ ਭਾਸ਼ਾ ਵਿਚ ਦੱਸੀਏ। ਕਿਉਂਕਿ ਜਿੰਨਾ ਸਾਨੂੰ ਆਪਣੀ ਭਾਸ਼ਾ ਵਿਚ ਗੱਲ ਕਹਿਣ ਦਾ ਤਜਰਬਾ ਹੁੰਦਾ ਹੈ, ਓਨਾ ਕਿਸੇ ਹੋਰ ਭਾਸ਼ਾ ਵਿਚ ਨਹੀਂ ਹੁੰਦਾ। ਆਪਣੀ ਮਾਤ-ਭਾਸ਼ਾ, ਆਪਣੇ ਸੱਭਿਆਚਾਰ ਤੇ ਰੀਤੀ-ਰਿਵਾਜਾਂ, ਆਪਣੇ ਪਹਿਰਾਵੇ ਨੂੰ ਭੁਲਾਉਣਾ ਸਾਡੇ ਲਈ ਅਤੇ ਸਾਡੀਆਂ ਅਗਲੀਆਂ ਪੀੜ੍ਹੀਆਂ ਲਈ ਨੁਕਸਾਨਦੇਹ ਹੋਵੇਗਾ। ਆਜ਼ਾਦੀ ਤੋਂ ਬਾਅਦ ਜਿਸ ਤੇਜ਼ੀ ਨਾਲ ਅੰਗਰੇਜ਼ੀ ਦਾ ਬੋਲਬਾਲਾ ਵਧ ਰਿਹਾ ਹੈ ਤੇ ਰਾਜ ਤੇ ਮਾਤ-ਭਾਸ਼ਾਵਾਂ ਖ਼ਤਮ ਹੋ ਰਹੀਆਂ ਹਨ, ਇਹ ਦੇਸ਼ ਦੇ ਭਵਿੱਖ ਲਈ ਬੁਰੇ ਸੰਕੇਤ ਹਨ।

-ਗਗਨਦੀਪ ਕੌਰ
ਐਸ.ਬੀ.ਐਸ. ਮਾਡਲ ਸਕੂਲ, ਸੀਰਵਾਲੀ, ਸ੍ਰੀ ਮੁਕਤਸਰ ਸਾਹਿਬ।

'ਫਿੱਟ ਇੰਡੀਆ ਮੁਹਿੰਮ'
ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਨ, ਰਾਸ਼ਟਰੀ ਖੇਡ ਦਿਵਸ ਦੇ ਮੌਕੇ 'ਤੇ ਇੰਦਰਾ ਗਾਂਧੀ ਸਟੇਡੀਅਮ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਫਿੱਟ ਇੰਡੀਆ' ਮੁਹਿੰਮ ਦੀ ਸ਼ੁਰੂਆਤ ਕੀਤੀ। ਇਹ ਸਾਡੇ ਦੇਸ਼ ਦੇ ਲੋਕਾਂ ਲਈ ਬਹੁਤ ਹੀ ਵਧੀਆ ਅੰਦੋਲਨ ਹੈ, ਜੋ ਕਿ ਲੋਕਾਂ ਦੀ ਤੰਦਰੁਸਤੀ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਮੁਹਿੰਮ ਨੂੰ ਪੂਰੇ ਦੇਸ਼ ਵਿਚ ਫੈਲਾਇਆ ਜਾ ਰਿਹਾ ਹੈ, ਤਾਂ ਜੋ ਲੋਕ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਅਤੇ ਇਲਾਜ ਦੇ ਬਾਵਜੂਦ ਉਹ ਆਪਣੇ-ਆਪ ਨੂੰ ਸਿਹਤਮੰਦ ਮਹਿਸੂਸ ਨਹੀਂ ਕਰ ਰਹੇ। ਇਹ ਸਾਡੇ ਦੇਸ਼ ਦੀ ਜਾਗਰੂਕਤਾ ਲਈ ਬਹੁਤ ਜ਼ਰੂਰੀ ਹੈ। ਇਸ ਲਈ ਲੋਕਾਂ ਨੂੰ ਸਹੂਲਤਾਂ ਦੀ ਵੀ ਲੋੜ ਹੈ। ਤੰਦਰੁਸਤੀ ਦੀ ਜ਼ਰੂਰਤ ਸਾਡੀ ਨੌਜਵਾਨ ਪੀੜ੍ਹੀ ਨੂੰ ਬਹੁਤ ਜ਼ਿਆਦਾ ਹੈ, ਜੋ ਕਿ ਨਸ਼ੇ ਦੇ ਦਰਿਆ ਵਿਚ ਵਹਿੰਦੀ ਜਾ ਰਹੀ ਹੈ। ਸਾਡੀ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਇਸ ਮੁਹਿੰਮ ਨੂੰ ਜਲਦ ਹੀ ਲੋਕਾਂ ਤੱਕ ਪਹੁੰਚਾਉਣ ਲਈ ਉਚੇਚੇ ਢੰਗ ਅਪਣਾਉਣੇ ਚਾਹੀਦੇ ਹਨ, ਤਾਂ ਜੋ ਮਾਪੇ ਆਪਣੇ ਪੁੱਤਾਂ ਤੋਂ ਦੂਰ ਨਾ ਹੋ ਸਕਣ।

-ਮੋਨਿਕਾ ਖੋਸਲਾ।

ਅਵਾਰਾ ਪਸ਼ੂਆਂ ਦੀ ਸਮੱਸਿਆ
ਸੜਕਾਂ 'ਤੇ ਘੁੰਮਦੇ ਅਵਾਰਾ ਗਊਆਂ ਸਾਨ੍ਹ, ਬਛੜੇ ਆਦਿ ਲੋਕਾਂ ਦੀ ਜਾਨ ਦਾ ਖੌਅ ਬਣ ਰਹੇ ਹਨ। ਅਵਾਰਾ ਪਸ਼ੂਆਂ ਦੀ ਸਮੱਸਿਆ ਦਿਨ ਪ੍ਰਤੀਦਿਨ ਗੰਭੀਰ ਹੁੰਦੀ ਜਾ ਰਹੀ ਹੈ। ਨਿੱਤ ਦਿਨ ਪਸ਼ੂਆਂ ਨਾਲ ਵਾਪਰ ਰਹੇ ਹਾਦਸੇ ਗੰਭੀਰ ਚੁਣੌਤੀ ਬਣ ਰਹੇ ਹਨ। ਲੋਕਾਂ ਦਾ ਸੜਕਾਂ ਅਤੇ ਗਲੀਆਂ 'ਚ ਚਲਣਾ ਅਤਿ ਦੁੱਭਰ ਹੋਇਆ ਪਿਆ ਹੈ, ਕਿਉਂਕਿ ਪਤਾ ਨਹੀਂ ਕਦੋਂ ਇਹ ਪਸ਼ੂ ਟੱਕਰ ਮਾਰ ਕੇ ਜ਼ਖ਼ਮੀ ਕਰ ਦੇਣ ਜਾਂ ਮੌਤ ਦੇ ਘਾਟ ਉਤਾਰ ਦੇਣ। ਅਜਿਹੇ ਦਰਦਨਾਕ ਹਾਦਸੇ 'ਚ ਕਿਸ ਨੂੰ ਦੋਸ਼ੀ ਠਹਿਰਾਇਆ ਜਾਵੇ, ਸਰਕਾਰਾਂ ਨੂੰ ਜਾਂ ਗਊ ਰੱਖਿਅਕਾਂ ਨੂੰ? ਸੋਚਣ ਵਾਲੀ ਗੱਲ ਇਹ ਹੈ ਕਿ ਹਰ ਭਾਰਤੀ ਗਊ ਸੈੱਸ ਅਦਾ ਕਰ ਰਿਹਾ ਹੈ ਪਰ ਫਿਰ ਵੀ ਇਨ੍ਹਾਂ ਦੇ ਯੋਗ ਨਿਪਟਾਰੇ ਦਾ ਹੱਲ ਕਿਉਂ ਨਹੀਂ ਹੋ ਰਿਹਾ। ਗਊਸ਼ਾਲਾਵਾਂ ਵਿਚ ਇਨ੍ਹਾਂ ਨੂੰ ਸਾਂਭਣ ਦੀ ਜ਼ਿੰਮੇਵਾਰੀ ਤੋਂ ਕਿਉਂ ਮੁਨਕਰ ਹੋਇਆ ਜਾ ਰਿਹਾ ਹੈ? ਪਿਛਲੇ ਦਿਨੀਂ ਸੰਪਾਦਕੀ 'ਹੋਰ ਗੰਭੀਰ ਹੋਈ ਅਵਾਰਾ ਪਸ਼ੂਆਂ ਦੀ ਸਮੱਸਿਆ' ਵਿਚ ਵੀ ਇਸੇ ਵਿਸ਼ੇ 'ਤੇ ਰੌਸ਼ਨੀ ਪਾਉਂਦਾ ਹੈ। ਸੰਪਾਦਕ ਨੇ ਉਦਾਹਰਨਾਂ ਸਹਿਤ ਇਸ ਗੰਭੀਰ ਸਮੱਸਿਆ ਨੂੰ ਉਭਾਰਿਆ ਹੈ। ਇਸ ਨਾਲ ਜਿਥੇ ਦਰਦਨਾਕ ਹਾਦਸੇ ਵਾਪਰ ਰਹੇ ਹਨ, ਕਿਸਾਨਾਂ ਦੀਆਂ ਫ਼ਸਲਾਂ ਦਾ ਵੀ ਉਜਾੜਾ ਹੋ ਰਿਹਾ ਹੈ। ਵਰਨਣਯੋਗ ਹੈ ਕਿ ਅਖੌਤੀ ਗਊ ਰੱਖਿਅਕਾਂ ਦੀਆਂ ਘਿਨਾਉਣੀਆਂ ਕਾਰਵਾਈਆਂ ਨਾਲ ਇਸ ਸਮੱਸਿਆ ਦੇ ਵਾਧੇ ਨੂੰ ਮਦਦ ਮਲੀ ਹੈ। ਸਰਕਾਰਾਂ ਨੂੰ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਠੋਸ ਨੀਤੀ ਅਮਲ 'ਚ ਲਿਆਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ।

-ਇੰਜ: ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।

ਇਸਤਰੀ ਪੰਚ ਅਤੇ ਸਰਪੰਚ
ਮੇਰਾ ਆਪਣਾ ਨਿੱਜੀ ਤਜਰਬਾ ਹੈ ਕਿ ਆਮ ਤੌਰ 'ਤੇ ਇਹ ਵੇਖਣ ਵਿਚ ਆਇਆ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਵਿਚ ਚੁਣੀਆਂ ਹੋਈਆਂ ਇਸਤਰੀ ਪੰਚਾਂ ਅਤੇ ਸਰਪੰਚਾਂ ਦੀ ਜਗ੍ਹਾ ਉਨ੍ਹਾਂ ਦੇ ਪਤੀ ਜਾਂ ਭਰਾ ਪੰਚਾਇਤ ਵਿਚ ਹਾਜ਼ਰ ਹੁੰਦੇ ਹਨ ਜੋ ਕਿ ਸਰਾਸਰ ਗ਼ਲਤ ਰੁਝਾਨ ਹੈ। ਵੋਟਰਾਂ ਨਾਲ ਚੁਣਿਆ ਹੋਇਆ ਨੁਮਾਇੰਦਾ ਚਾਹੇ ਮਿਊਂਸਪਲ ਕਮੇਟੀਆਂ, ਵਿਧਾਨ ਸਭਾ ਅਤੇ ਲੋਕ ਸਭਾ ਹੋਵੇ, ਇਸਤਰੀ ਮੈਂਬਰ ਆਪ ਹਾਜ਼ਰ ਹੁੰਦੇ ਹਨ। ਪਰ ਪੰਚਾਇਤਾਂ ਇਹ ਨਹੀਂ ਹੈ। ਇਸਤਰੀਆਂ ਇਸ ਤਰ੍ਹਾਂ ਕਿਵੇਂ ਮਰਦਾਂ ਦੇ ਬਰਾਬਰ ਦਾ ਰੁਤਬਾ ਹਾਸਲ ਕਰ ਸਕਦੀਆਂ ਹਨ। ਇਸ ਬਾਰੇ ਸਰਕਾਰਾਂ ਨੂੰ ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ।

-ਰਘਬੀਰ ਸਿੰਘ, ਮਾਦਪੁਰ।





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX