ਤਾਜਾ ਖ਼ਬਰਾਂ


ਜਲੰਧਰ : ਅਬਾਦਪੁਰਾ 'ਚ ਘਰ ਦੇ ਬਾਹਰ ਖੜ੍ਹੇ ਨੌਜਵਾਨ 'ਤੇ ਚੱਲੀ ਗੋਲੀ
. . .  1 day ago
ਦੁਬਈ ਤੋਂ ਪੁੱਜੇ ਯਾਤਰੀ ਕੋਲੋਂ 240 ਗ੍ਰਾਮ ਸੋਨਾ ਬਰਾਮਦ
. . .  1 day ago
ਰਾਜਾਸਾਂਸੀ, 25 ਮਈ (ਹੇਰ/ਹਰਦੀਪ ਸਿੰਘ ਖੀਵਾ) ਅੰਮ੍ਰਿਤਸਰ ਤੋਂ ਦੁਬਈ ਵਿਚਾਲੇ ਚੱਲਣ ਵਾਲੀ ਇੰਡੀਗੋ ਏਅਰ ਲਾਇਨ ਦੀ ਉਡਾਣ ਰਾਹੀਂ ਸਫ਼ਰ ਕਰਕੇ ਦੁਬਈ ਤੋਂ ਏਥੇ ਪੁੱਜੇ ਇੱਕ ਯਾਤਰੀ ਕੋਲੋਂ ਕਸਟਮ ...
ਕਾਰ ਅਚਾਨਕ ਟਰੱਕ ਨਾਲ ਜਾ ਟਕਰਾਈ,ਪੁੱਤਰ ਦੀ ਮੌਤ-ਮਾਪੇ ਗੰਭੀਰ ਜ਼ਖਮੀ
. . .  1 day ago
ਫ਼ਤਿਹਗੜ੍ਹ ਸਾਹਿਬ, 25 ਮਈ (ਅਰੁਣ ਅਹੂਜਾ)- ਸਥਾਨਕ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਨੇੜੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਪਰਿਵਾਰ ਦੇ ਇਕ ਜੀਅ ਦੀ ਮੌਤ ਅਤੇ 2 ਦੇ ਗੰਭੀਰ ਜ਼ਖਮੀ ਹੋ ਜਾਣ ਦੀ ਜਾਣਕਾਰੀ ਮਿਲੀ ...
ਛੱਪੜ ਦੀ ਖ਼ੁਦਾਈ ਦੌਰਾਨ ਮਿਲੇ ਤਕਰੀਬਨ 500 ਚੱਲੇ ਅਤੇ ਕੁੱਝ ਅਣ ਚੱਲੇ ਕਾਰਤੂਸ
. . .  1 day ago
ਗੋਨਿਆਣਾ, 25 ਮਈ (ਬਰਾੜ ਆਰ. ਸਿੰਘ)- ਸਥਾਨਕ ਸ਼ਹਿਰ ਦੇ ਲਾਗਲੇ ਪਿੰਡ ਬਲਾਹੜ ਵਿੰਝੂ ਅੰਦਰ ਛੱਪੜ ਦੀ ਚੱਲ ਰਹੀ ਖ਼ੁਦਾਈ ਦੌਰਾਨ ਇਸ ਦੀ ਤਹਿ ਥੱਲਿਓਂ ਤਕਰੀਬਨ 500 ਚੱਲੇ ਅਤੇ ਕੁੱਝ ...
ਔਰਤ ਵੱਲੋਂ ਖ਼ੁਦ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕਰਨ ਦੀ ਕੀਤੀ ਗਈ ਕੋਸ਼ਿਸ਼, ਹਾਲਤ ਨਾਜ਼ੁਕ
. . .  1 day ago
ਕੋਟਕਪੂਰਾ, 25 ਮਈઠ(ਮੋਹਰ ਸਿੰਘ ਗਿੱਲ)- ਸਥਾਨਕ ਸ਼ਹਿਰ 'ਚ ਇਕ ਔਰਤ ਵਲੋਂ ਆਪਣੇ ਆਪ ਨੂੰ ਅੱਗ ਲਾਏ ਜਾਣ ਦੀ ਸੂਚਨਾ ਹੈ। ਮਿਲੀ ਜਾਣਕਾਰੀ ਅਨੁਸਾਰ ਜਲਾਲੇਆਣਾ ਸੜਕ 'ਤੇ ਸਥਿਤ ਬੰਗਾਲੀ ਬਸਤੀ ਦੇ ਵਸਨੀਕ ਇਕ ਰਾਜੂ ਨਾਂਅ ਦੇ ਮਜ਼ਦੂਰ ਦੀ ਪਤਨੀ ...
ਜੈੱਟ ਏਅਰਵੇਜ਼ ਦੇ ਸਾਬਕਾ ਚੇਅਰਮੈਨ ਨਰੇਸ਼ ਗੋਇਲ ਨੂੰ ਮੁੰਬਈ ਹਵਾਈ ਅੱਡੇ 'ਤੇ ਰੋਕਿਆ ਗਿਆ
. . .  1 day ago
ਮੁੰਬਈ, 25 ਮਈ- ਜੈੱਟ ਏਅਰਵੇਜ਼ ਦੇ ਸਾਬਕਾ ਚੇਅਰਮੈਨ ਨਰੇਸ਼ ਗੋਇਲ ਨੂੰ ਮੁੰਬਈ ਹਵਾਈ ਅੱਡੇ 'ਤੇ ਇਮੀਗ੍ਰੇਸ਼ਨ ਅਥਾਰਿਟੀ ਵੱਲੋਂ ਸ਼ਨੀਵਾਰ ਨੂੰ ਵਿਦੇਸ਼ ਜਾਣ ਤੋਂ ਰੋਕੇ ਜਾਣ ਦੀ ਖ਼ਬਰ ਮਿਲੀ ਹੈ। ਦੱਸ ਦੇਈਏ ਕਿ ਉਹ ਆਪਣੀ ਪਤਨੀ ਨਾਲ ਵਿਦੇਸ਼ ਜਾ ਰਹੇ...
ਦੇਸ਼ ਦੀ ਜਨਤਾ ਨੂੰ ਹੀ ਨਹੀਂ, ਸਗੋਂ ਦੁਨੀਆ ਨੂੰ ਵੀ ਭਾਰਤ ਤੋਂ ਹਨ ਬਹੁਤ ਉਮੀਦਾਂ- ਮੋਦੀ
. . .  1 day ago
ਦੇਸ਼ ਦੀ ਜਨਤਾ ਨੂੰ ਹੀ ਨਹੀਂ, ਸਗੋਂ ਦੁਨੀਆ ਨੂੰ ਵੀ ਭਾਰਤ ਤੋਂ ਹਨ ਬਹੁਤ ਉਮੀਦਾਂ- ਮੋਦੀ ....
ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਈ ਇੰਨੀ ਵੋਟਿੰਗ- ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਮੈਂਬਰਾਂ ਨੂੰ ਸੋਚ ਸਮਝ ਕੇ ਬੋਲਣ ਦੀ ਦਿੱਤੀ ਸਲਾਹ
. . .  1 day ago
ਮੋਦੀ ਹੀ ਮੋਦੀ ਲਈ ਹੈ ਚੁਨੌਤੀ- ਪ੍ਰਧਾਨ ਮੰਤਰੀ ਮੋਦੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਜੇਠ ਸੰਮਤ 551
ਵਿਚਾਰ ਪ੍ਰਵਾਹ: ਇਸਤਰੀ ਦੇ ਸਨਮਾਨ ਨਾਲ ਹੀ ਸੱਭਿਅਤਾ ਦੀ ਪਛਾਣ ਹੁੰਦੀ ਹੈ। -ਕਰਟਿਸ

ਤੁਹਾਡੇ ਖ਼ਤ

15-05-2019

 ਵੋਟ ਦੀ ਤਾਕਤ
ਵੋਟ ਇਨਸਾਨ ਦਾ ਇਕ ਮੁੱਢਲਾ ਅਤੇ ਮੌਲਿਕ ਅਧਿਕਾਰ ਹੈ। ਅੱਜ ਦੇ ਸਮੇਂ ਵਿਚ ਵੀ ਕਈ ਇਨਸਾਨਾਂ ਲਈ ਵੋਟ ਦਾ ਮਤਲਬ ਸ਼ਰਾਬ ਦੀ ਬੋਤਲ, ਥੋੜ੍ਹੀ ਜਹੀ ਨਗਦੀ ਜਾਂ ਕੋਈ ਹੋਰ ਲਾਲਚ ਹੈ। ਜਦੋਂ ਕਿ ਉਹ ਇਹ ਨਹੀਂ ਜਾਣਦੇ ਕਿ ਉਹ ਆਪਣੇ ਪੈਰਾਂ 'ਤੇ ਕੁਹਾੜਾ ਮਾਰ ਕੇ ਆਪਣੇ ਸਵਾਰਥ ਕਰ ਕੇ ਆਪਣੇ ਭਵਿੱਖ ਨੂੰ ਦਾਅ 'ਤੇ ਲਾ ਦਿੰਦੇ ਹਨ। ਨੇਤਾ ਵੀ ਸਿਰਫ਼ ਇਹੋ ਜਹੇ ਇਨਸਾਨਾਂ ਨੂੰ ਸਿਰਫ਼ ਆਪਣੀਆਂ ਵਿਕਾਊ ਵੋਟਾਂ ਹੀ ਸਮਝਦੇ ਹਨ। ਨੇੇਤਾ ਇਸ ਤਰ੍ਹਾਂ ਦੇ ਵੋਟਰਾਂ ਦੀਆਂ ਵੋਟਾਂ ਦੀ ਖ਼ਰੀਦਦਾਰੀ ਕਰ ਕੇ ਆਪਣੇ ਘਰ, ਪੈਸਾ ਅਤੇ ਜਾਇਦਾਦਾਂ ਬਣਾ ਲੈਂਦੇ ਹਨ, ਕਈ ਤਰ੍ਹਾਂ ਦੇ ਘੋਟਾਲੇ ਕਰਦੇ ਹਨ। ਜਿਸ ਨਾਲ ਦੇਸ਼ ਦੇ ਭਵਿੱਖ ਅਤੇ ਆਰਥਿਕਤਾ ਨੂੰ ਖੋਰਾ ਲੱਗ ਰਿਹਾ ਹੈ।
ਵੋਟਾਂ ਦੇ ਸੀਜ਼ਨ ਵਿਚ ਚੋਣ ਕਮਿਸ਼ਨ ਭਾਵੇਂ ਕਿੰਨੀ ਵੀ ਨਜ਼ਰ ਰੱਖੇ ਪਰ ਸ਼ਾਤਿਰ ਨੇਤਾ ਆਪਣਾ ਦਾਅ ਖੇਡ ਹੀ ਜਾਂਦੇ ਹਨ। ਲੁਭਾਵਣੇ ਵਾਅਦੇ ਕਰ ਕੇ ਜਿੱਤ ਤਾਂ ਜਾਂਦੇ ਹਨ ਪਰ ਬਾਅਦ ਵਿਚ ਵੋਟਰਾਂ ਦੀ ਸਾਰ ਨਹੀਂ ਲੈਂਦੇ। ਇਹੋ ਜਹੇ ਨੇਤਾਵਾਂ ਨੂੰ ਸਿਰਫ਼ ਆਪਣੀ ਰਾਜਗੱਦੀ ਤੱਕ ਮਤਲਬ ਹੁੰਦਾ ਹੈ। ਜੇਕਰ ਵੋਟਰ ਕਿਸੇ ਇਕ ਵਿਸ਼ੇਸ਼ ਪਾਰਟੀ ਨੂੰ ਨਾ ਪਹਿਲ ਦੇ ਕੇ ਇਕ ਵਧੀਆ, ਇਮਾਨਦਾਰ ਅਤੇ ਚੰਗੇ ਆਚਰਣ ਵਾਲੇ ਉਮੀਦਵਾਰ ਨੂੰ ਵੋਟ ਦੇਵੇ ਤਾਂ ਦੇਸ਼ ਦਾ ਭਵਿੱਖ ਸੰਵਰ ਸਕਦਾ ਹੈ।
ਵੋਟਰਾਂ ਲਈ ਆਪਣੀ ਵੋਟ ਦੀ ਤਾਕਤ ਪਹਿਚਾਨਣੀ ਸਮੇਂ ਦੀ ਇਕ ਵੱਡੀ ਲੋੜ ਬਣਦੀ ਜਾ ਰਹੀ ਹੈ। ਵੋਟਰਾਂ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਕਿਸੇ ਡਰ, ਲਾਲਚ ਤੋਂ ਵੋਟ ਪਾਉਣ, ਆਪਣਾ, ਆਪਣੇ ਪਰਿਵਾਰ ਅਤੇ ਦੇਸ਼ ਦਾ ਭਵਿੱਖ ਸੁਰੱਖਿਅਤ ਕਰਨ ਅਤੇ ਦੇਸ਼ ਨੂੰ ਖ਼ੁਸ਼ਹਾਲ ਕਰਨ ਵਿਚ ਆਪਣਾ ਯੋਗਦਾਨ ਪਾਉਣ।


-ਪਰਗਟ ਸੇਹ
ਪਿੰਡ ਤੇ ਡਾਕ. ਸੇਹ ਜ਼ਿਲ੍ਹਾ ਲੁਧਿਆਣਾ।


ਮਨੁੱਖ ਦਾ ਦੁਸ਼ਮਣ ਪਲਾਸਟਿਕ
ਬਿਨਾਂ ਸ਼ੱਕ ਪਲਾਸਟਿਕ ਅੱਜ ਮਨੁੱਖ ਜਾਤੀ ਦਾ ਇਕ ਅਹਿਮ ਹਿੱਸਾ ਬਣ ਗਿਆ ਹੈ। ਵਿਸ਼ਵ ਦਾ ਕੋਈ ਅਜਿਹਾ ਖਿੱਤਾ ਨਹੀਂ ਹੈ, ਜਿਥੇ ਇਸ ਦੀ ਵਰਤੋਂ ਨਾ ਹੁੰਦੀ ਹੋਵੇ। ਅਫ਼ਸੋਸਨਾਕ ਪਹਿਲੂ ਇਹ ਹੈ ਕਿ ਜਿਥੇ ਇਸ ਨੇ ਮਨੁੱਖੀ ਜ਼ਿੰਦਗੀ ਨੂੰ ਕੁਝ ਸੁਖਾਵਾਂ ਕੀਤਾ ਹੈ, ਉਥੇ ਇਹ ਪ੍ਰਦੂਸ਼ਣ ਫੈਲਾਉਣ ਅਤੇ ਕਚਰਾ ਪੈਦਾ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ।
ਪਲਾਸਟਿਕ ਤੋਂ ਪੈਦਾ ਹੋਇਆ ਕਚਰਾ ਨਾ ਗਲ ਕੇ ਜ਼ਮੀਨੀ ਸ਼ਕਤੀ, ਨਦੀਆਂ, ਝੀਲਾਂ ਦਰਿਆਵਾਂ ਆਦਿ ਕੁਦਰਤੀ ਸੋਮਿਆਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਸੈਂਕੜੇ ਸਾਲਾਂ ਤੱਕ ਧਰਤੀ 'ਤੇ ਜਿਉਂ ਦੀ ਤਿਉਂ ਕਾਇਮ ਰਹਿੰਦਾ ਹੈ। ਪਲਾਸਟਿਕ ਮਨੁੱਖ ਜਾਤੀ ਦਾ ਅਦਿੱਖ ਦੁਸ਼ਮਣ ਹੈ, ਜੋ ਉਸ ਦੀ ਸਿਹਤ ਨਾਲ ਚੁੱਪ-ਚੁਪੀਤੇ ਖਿਲਵਾੜ ਕਰ ਰਿਹਾ ਹੈ। 80 ਤੋਂ 85 ਫ਼ੀਸਦੀ ਲੋਕਾਂ ਨੂੰ ਇਸ ਦੇ ਕੁਪ੍ਰਭਾਵਾਂ ਬਾਰੇ ਉੱਕਾ ਹੀ ਗਿਆਨ ਨਹੀਂ।
ਉਹ ਆਪਣੇ ਲਈ ਇਸ ਨੂੰ ਸਭ ਤੋਂ ਸੌਖਾ ਅਤੇ ਸਸਤਾ ਸਾਧਨ ਸਮਝ ਕੇ ਇਸ ਦੀ ਨਿਰੰਤਰ ਵਰਤੋਂ ਕਰ ਰਹੇ ਹਨ। ਅੱਜ ਦੇਸ਼ ਦੀ ਆਬਾਦੀ ਦਾ ਵੱਡਾ ਹਿੱਸਾ ਪਲਾਸਟਿਕ ਦੀ ਮਾਰ ਹੇਠ ਹੈ। ਪਲਾਸਟਿਕ ਦੇ ਨਿਪਟਾਰੇ ਲਈ ਲੋਕਾਂ ਅਤੇ ਰਾਜ ਸਰਕਾਰਾਂ ਦੇ ਸਾਂਝੇ ਯਤਨਾਂ ਦੀ ਲੋੜ ਹੈ।


-ਸੁਖਮੰਦਰ ਸਿੰਘ ਤੂਰ
ਖੋਸਾ ਪਾਂਡੋ (ਮੋਗਾ)।


ਸਰਕਾਰੀ ਬੇਨਿਯਮੀਆਂ
ਹਰਵਿੰਦਰ ਸਿੰਘ ਸੰਧੂ ਨੇ ਆਪਣੇ ਲੇਖ ਵਿਚ ਸਰਕਾਰੀ ਸਕੂਲਾਂ ਵਿਚ ਆਏ ਨਿਘਾਰ ਦੀ ਗੱਲ ਵਿਸਥਾਰ ਨਾਲ ਕੀਤੀ ਹੈ। ਅੱਜ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਦਾ ਮਿਆਰ ਦਿਨੋ-ਦਿਨ ਹੇਠਾਂ ਨੂੰ ਜਾ ਰਿਹਾ ਹੈ।
ਸਰਕਾਰਾਂ ਇਸ ਮਸਲੇ 'ਤੇ ਕਦੇ ਗੰਭੀਰ ਨਹੀਂ ਹੋਈਆਂ। ਪਿੰਡਾਂ ਵਿਚ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਹੀ ਬਦਤਰ ਹੈ। ਕਈਆਂ ਸਕੂਲਾਂ ਵਿਚ ਤਾਂ ਅਵਾਰਾ ਪਸ਼ੂ ਫਿਰਦੇ ਰਹਿੰਦੇ ਹਨ ਤੇ ਚਾਰਦੀਵਾਰੀਆਂ ਦੇ ਨਾਲ ਪਸ਼ੂ ਬੰਨ੍ਹੇ ਹੁੰਦੇ ਹਨ। ਕੇਵਲ ਗ਼ਰੀਬਾਂ ਦੇ ਬੱਚੇ ਹੀ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਹਨ, ਉਹ ਵੀ ਮੁਫ਼ਤ ਖਾਣਾ, ਮੁਫ਼ਤ ਵਰਦੀਆਂ ਤੇ ਵਜ਼ੀਫ਼ਿਆਂ ਦੇ ਲਾਲਚ ਨੂੰ, ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਮਹਿਕਮੇ ਦੇ ਨਾਦਰਸ਼ਾਹੀ ਫੁਰਮਾਨ ਹੀ ਪੜ੍ਹਾਈ ਨਹੀਂ ਕਰਾਉਣ ਦਿੰਦੇ। ਸਮੇਂ ਸਿਰ ਪੁਸਤਕਾਂ ਦਾ ਨਾ ਮਿਲਣਾ ਵੀ ਪੜ੍ਹਾਈ ਲਈ ਰੁਕਾਵਟ ਬਣਦਾ ਹੈ।
ਹੁਣ ਵਰਦੀਆਂ ਦੇ ਘਟੀਆ ਮਿਆਰ ਦਾ ਰੌਲਾ ਵੀ ਪੈ ਰਿਹਾ ਹੈ। ਪੰਚਾਇਤਾਂ ਅਤੇ ਰਾਜਨੀਤਕ ਨੇਤਾਵਾਂ ਨੂੰ ਸਰਕਾਰੀ ਸਕੂਲਾਂ ਦੀ ਦਸ਼ਾ ਅਤੇ ਪੜ੍ਹਾਈ ਪ੍ਰਤੀ ਸੁਹਿਰਦ ਹੋਣਾ ਪਵੇਗਾ। ਪੜ੍ਹਾਈ ਦੇ ਨਾਂਅ 'ਤੇ ਅਖੌਤੀ ਪ੍ਰਾਈਵੇਟ ਸਕੂਲ ਲੋਕਾਂ ਦਾ ਆਰਥਿਕ ਸ਼ੋਸ਼ਣ ਕਰ ਰਹੇ ਹਨ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਟੋਲ ਪਲਾਜ਼ਿਆਂ ਦੀ ਸਿਰਦਰਦੀ
ਪਿਛਲੇ ਦਿਨੀਂ ਅਖ਼ਬਾਰ ਵਿਚ ਸ: ਮੇਜਰ ਸਿੰਘ ਨਾਭਾ ਦਾ ਲੇਖ ਟੋਲ ਪਲਾਜ਼ਿਆਂ ਬਾਰੇ ਪੜ੍ਹਿਆ। ਵਾਕਈ ਉਨ੍ਹਾਂ ਨੇ ਪੰਜਾਬੀਆਂ ਦੀ ਦੁਖਦੀ ਰਗ ਦਾ ਸਹੀ ਤਰੀਕੇ ਨਾਲ ਬਿਆਨ ਕੀਤਾ। ਸਰਕਾਰ ਨੇ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਤਾਂ ਕੀ ਦੇਣੀਆਂ ਹਨ ਸਗੋਂ ਉਨ੍ਹਾਂ ਦੀ ਜੁੱਤੀ ਉਨ੍ਹਾਂ ਦੇ ਸਿਰ 'ਤੇ ਹੀ ਮਾਰ ਰਹੀ ਹੈ। ਘਰੋਂ ਬਾਹਰ ਜਾਣ ਬਾਰੇ ਹੀ ਚਾਰ ਵਾਰੀ ਸੋਚਣਾ ਪੈਂਦਾ ਹੈ। ਅਸੀਂ ਨੌਕਰੀ ਅਤੇ ਬੱਚਿਆਂ ਦੀ ਪੜ੍ਹਾਈ ਦੇ ਚੱਕਰ ਵਿਚ ਮੁਹਾਲੀ ਰਹਿੰਦੇ ਹਾਂ ਤੇ ਸਾਡੇ ਮਾਪੇ ਬਠਿੰਡੇ ਤੋਂ ਪਰ੍ਹੇ। ਹੁਣ ਉਨ੍ਹਾਂ ਨੂੰ ਮਿਲਣ ਤਾਂ ਜਾਣਾ ਹੀ ਪੈਂਦਾ ਹੈ। ਸਾਡਾ ਘੱਟੋ-ਘੱਟ 600 ਰੁਪਏ ਤਾਂ ਟੋਲ ਟੈਕਸ ਹੀ ਲੱਗ ਜਾਂਦਾ ਹੈ। ਆਮ ਆਦਮੀ ਮਰ ਕੇ ਚਾਰ ਪੈਸੇ ਕਮਾਉਂਦਾ ਹੈ ਤੇ ਉਹ ਵੀ ਸਰਕਾਰ ਕੱਢ ਲੈਂਦੀ ਹੈ ਉਸ ਦੀ ਜੇਬ ਵਿਚੋਂ ਟੈਕਸ ਦੇ ਨਾਂਅ 'ਤੇ। ਕੋਈ ਕਰੇ ਤਾਂ ਕੀ ਕਰੇ। ਟੋਲ ਸੜਕਾਂ ਦੀ ਹੀ ਏਨੀ ਮਾੜੀ ਹਾਲਤ ਹੁੰਦੀ ਹੈ ਤੇ ਆਮ ਸੜਕਾਂ ਤੇ ਲਿੰਕ ਰੋਡਾਂ ਦਾ ਤਾਂ ਕੀ ਕਹਿਣਾ। ਉਹੀ ਅਵਾਰਾ ਪਸ਼ੂ ਸੜਕਾਂ 'ਤੇ ਘੁੰਮ ਰਹੇ ਹੁੰਦੇ ਹਨ ਤੇ ਉਹੀ ਸੜਕ ਹਾਦਸੇ ਹੋ ਰਹੇ ਹੁੰਦੇ ਹਨ। ਸਰਕਾਰ ਜਿਹੜੀ ਮਰਜ਼ੀ ਆਵੇ ਜਾਵੇ ਪਰ ਆਮ ਆਦਮੀ ਦੀਆਂ ਮੁਸ਼ਕਿਲਾਂ ਉਥੇ ਹੀ ਰਹਿਣਗੀਆਂ ਤਾਂ ਹੀ ਤਾਂ ਅੱਜਕਲ੍ਹ ਦੀ ਪੀੜ੍ਹੀ ਵਿਦੇਸ਼ਾਂ ਨੂੰ ਭੱਜ ਰਹੀ ਹੈ।


-ਮੀਨਾਕਸ਼ੀ ਦੱਤਾ, ਮੁਹਾਲੀ।


ਅਸਲੀ ਚੋਣ ਮੁੱਦੇ ਗਾਇਬ
ਅੱਜਕੱਲ੍ਹ ਹਰ ਇਕ ਸ਼ਹਿਰ, ਕਸਬੇ ਵਿਚ ਹਰ ਪਾਰਟੀ ਦੇ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਪ੍ਰਚਾਰ ਦੌਰਾਨ ਕਿਸੇ ਵੀ ਉਮੀਦਵਾਰ ਵਲੋਂ ਹਲਕੇ ਪ੍ਰਤੀ ਕੋਈ ਵਿਜ਼ਨ ਨਹੀਂ ਪੇਸ਼ ਕੀਤਾ ਜਾ ਰਿਹਾ ਹੈ। ਹਰ ਕੋਈ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਭੰਡਣ 'ਤੇ ਹੀ ਲੱਗਿਆ ਹੋਇਆ ਹੈ।
ਸਾਡੇ ਦੇਸ਼ ਵਿਚ ਕਿਸਾਨੀ ਸੰਕਟ, ਗ਼ਰੀਬੀ, ਭੁੱਖਮਰੀ, ਬੇਰੁਜ਼ਗਾਰੀ, ਸਮਾਜਿਕ ਸੁਰੱਖਿਆ, ਨਸ਼ੇ, ਇਨਸਾਫ਼ ਵਿਚ ਦੇਰੀ, ਖੁੱਸ ਰਹੀਆਂ ਸਿਹਤ ਤੇ ਸਿੱਖਿਆ ਸਹੂਲਤਾਂ ਅਤੇ ਵਧ ਰਹੀ ਮਹਿੰਗਾਈ ਵਰਗੇ ਮੁੱਦਿਆਂ ਉੱਪਰ ਕੋਈ ਉਮੀਦਵਾਰ ਆਪਣਾ ਦ੍ਰਿਸ਼ਟੀਕੋਣ ਪੇਸ਼ ਨਹੀਂ ਕਰ ਰਿਹਾ। ਅੱਜ ਲੋੜ ਹੈ ਕਿ ਕਿਰਦਾਰਕੁਸ਼ੀ ਛੱਡ ਕੇ ਮੁਲਕ ਦੀਆਂ ਸਮੱਸਿਆਵਾਂ ਪ੍ਰਤੀ ਆਪੋ-ਆਪਣਾ ਵਿਜ਼ਨ ਪੇਸ਼ ਕੀਤਾ ਜਾਵੇ। ਸਾਰੇ ਉਮੀਦਵਾਰ ਕਿਸੇ ਜਨਤਕ ਥਾਂ ਉੱਪਰ ਇਨ੍ਹਾਂ ਮੁੱਦਿਆਂ ਪ੍ਰਤੀ ਆਪਣੀ ਪਹੁੰਚ ਬਾਰੇ ਜਨਤਾ ਦੇ ਰੂ-ਬ-ਰੂ ਹੋਣ, ਤਦ ਹੀ ਦੇਸ਼ ਹਿੱਤਾਂ ਦੀ ਭਲਾਈ ਹੋ ਸਕਦੀ ਹੈ।


-ਲੈਕਚਰਾਰ ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ, ਪਟਿਆਲਾ।

14-05-2019

 ਰੁੱਖ ਲਗਾਉਣ ਦੀ ਲੋੜ
ਰੁੱਖਾਂ ਨੇ ਹੀ ਧਰਤੀ 'ਤੇ ਜ਼ਿੰਦਗੀ ਦੀ ਹੋਂਦ ਨੂੰ ਮੁਮਕਿਨ ਬਣਾਇਆ ਹੈ। ਰੁੱਖ ਵਾਤਾਵਰਨ ਨੂੰ ਸਾਫ਼ ਰੱਖਦੇ ਹਨ। ਰੁੱਖ ਕੁਦਰਤ ਦਾ ਸੰਤੁਲਨ ਬਣਾਈ ਰੱਖਣ ਵਿਚ ਪੂਰੀ ਸਹਾਇਤਾ ਕਰਦੇ ਹਨ। ਰੁੱਖ ਸਾਨੂੰ ਸਾਫ਼ ਅਤੇ ਸ਼ੁੱਧ ਹਵਾ ਪ੍ਰਦਾਨ ਕਰਦੇ ਹਨ, ਗਰਮੀ ਦੇ ਮੌਸਮ ਵਿਚ ਠੰਢੀ ਛਾਂ ਦਿੰਦੇ ਹਨ। ਰੁੱਖਾਂ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਧਰਤੀ ਉੱਤੇ ਦਿਨੋ-ਦਿਨ ਵਧ ਰਹੀ ਤਪਸ਼ ਦਾ ਮੁੱਖ ਕਾਰਨ ਹੀ ਰੁੱਖਾਂ ਦੀ ਘਟ ਰਹੀ ਗਿਣਤੀ ਹੈ। ਹਰ ਵਿਅਕਤੀ ਦਾ ਫ਼ਰਜ਼ ਬਣਦਾ ਹੈ ਕਿ ਉਹ ਵਾਤਾਵਰਨ ਵਿਚ ਸ਼ੁੱਧਤਾ ਲਿਆਉਣ ਲਈ ਵੱਧ ਤੋਂ ਵੱਧ ਰੁੱਖ ਲਗਾਏ ਹੀ ਨਹੀਂ, ਸਗੋਂ ਉਨ੍ਹਾਂ ਦੀ ਪਾਲਣਾ ਵੀ ਕਰੋ। ਅਜੇ ਵੀ ਮੌਕਾ ਹੈ ਕਿ ਵੱਧ ਤੋਂ ਵੱਧ ਉਪਰਾਲੇ ਕਰ ਕੇ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਜਾਵੇ, ਜਿਸ ਨਾਲ ਕਿ ਵਾਤਾਵਰਨ ਵਿਚ ਆ ਰਹੇ ਵਿਗਾੜ ਨੂੰ ਰੋਕਿਆ ਜਾ ਸਕੇ।

ਲਖਵੀਰ ਸਿੰਘ
ਪਿੰਡ ਤੇ ਡਾਕ: ਉਦੇਕਰਨ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਕਿਸਾਨਾਂ ਦੀ ਲੁੱਟ
ਅੱਜ ਝੋਨੇ ਦੀ ਪਨੀਰੀ ਲਾਉਣ ਦਾ ਸਮਾਂ ਹੈ। ਹਰ ਕਿਸਾਨ ਨੂੰ ਝੋਨੇ ਦੇ ਬੀਜ ਦੀ ਸਖ਼ਤ ਜ਼ਰੂਰਤ ਹੈ। ਪਰ ਦੁਕਾਨਾਂ ਵਾਲੇ ਕਿਸਾਨ ਦੀ ਪੂਰੀ ਤਰ੍ਹਾਂ ਲੁੱਟ ਕਰ ਰਹੇ ਹਨ। ਵੀਹ ਰੁਪਏ ਕਿਲੋ ਵਾਲਾ ਬੀਜ ਅੱਜ ਸੌ ਰੁਪਏ ਕਿਲੋ ਮਿਲ ਰਿਹਾ ਹੈ। ਉਹ ਵੀ ਉਹ ਜਿਹੜਾ ਸਾਡੀ ਪੀ.ਏ.ਯੂ. ਲੁਧਿਆਣਾ ਵਲੋਂ ਮਾਨਤਾ ਪ੍ਰਾਪਤ ਨਹੀਂ ਹੈ। ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹਰ ਰੁੱਤ ਵਿਚ ਕਿਸਾਨਾਂ ਲਈ ਬੀਜ ਹਰ ਪਿੰਡ ਵਿਚ ਬਣੀ ਸੁਸਾਇਟੀ ਵਿਚ ਵਾਜਬ ਰੇਟ 'ਤੇ ਵੇਚੇ ਤਾਂ ਕਿ ਕਿਸਾਨਾਂ ਦੀ ਲੁੱਟ ਨਾ ਹੋ ਸਕੇ। ਦੂਜਾ ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਪਹਿਲਾਂ ਦੀ ਤਰ੍ਹਾਂ ਆਪਣੇ ਜੋਗਾ ਬੀਜ ਆਪਣੇ ਘਰੇ ਤਿਆਰ ਕਰਨ। ਇਸ ਤਰ੍ਹਾਂ ਕਰਨ ਵਾਲੇ ਕਿਸਾਨਾਂ ਦੀ ਆਰਥਿਕ ਲੁੱਟ ਨਹੀਂ ਹੋਵੇਗੀ। ਇਸ ਲਈ ਅੱਜ ਹੋ ਰਹੀ ਲੁੱਟ ਵੱਲ ਫੌਰੀ ਧਿਆਨ ਦਿੱਤਾ ਜਾਵੇ ਤੇ ਅੱਗੇ ਤੋਂ ਕਿਸਾਨ ਤੇ ਸਰਕਾਰ ਦੋਵੇਂ ਆਪੋ-ਆਪਣਾ ਧਿਆਨ ਰੱਖਣ।

-ਜਸਕਰਨ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਨਿੱਜੀ ਦੂਸ਼ਣਬਾਜ਼ੀ
ਦੇਸ਼ ਵਿਚ ਲੋਕ ਸਭਾ ਚੋਣਾਂ ਆਖ਼ਰੀ ਪੜਾਅ ਵੱਲ ਵਧਦੀਆਂ ਹਨ। ਇਨ੍ਹਾਂ ਚੋਣਾਂ ਵਿਚ ਨਿੱਜੀ ਦੂਸ਼ਣਬਾਜ਼ੀ ਇਕ-ਦੂਜੇ ਖ਼ਿਲਾਫ਼ ਗ਼ਲਤ ਬਿਆਨਬਾਜ਼ੀ ਤੇ ਕੂੜ ਪ੍ਰਚਾਰ ਦੇਖਣ ਨੂੰ ਮਿਲਿਆ ਹੈ। ਅਜਿਹੇ 'ਚ ਇਸ ਦਾ ਸਿੱਧਾ ਨਤੀਜਾ ਇਹ ਹੈ ਕਿ ਬੁਨਿਆਦੀ ਢਾਂਚੇ ਉੱਤੇ ਆਮ ਸਹਿਮਤੀ ਬਣਾਉਣਾ ਸੰਭਵ ਨਹੀਂ ਹੈ। ਇਸ ਨਾਲ ਸਿਆਸੀ ਪਾਰਟੀਆਂ ਦੇ ਨੇਤਾਵਾਂ ਲਈ ਇੱਜ਼ਤ ਦੀ ਭਾਵਨਾ ਵੀ ਘਟ ਰਹੀ ਹੈ। ਚੋਣ ਲੜਨ ਵਾਲੇ ਉਮੀਦਵਾਰ ਇਕ-ਦੂਜੇ 'ਤੇ ਹੇਠਲੇ ਪੱਧਰ ਦੇ ਘਟੀਆ ਕਿਸਮ ਦੇ ਦੋਸ਼ ਲਾ ਕੇ ਭੰਡਦੇ ਹਨ ਜਿਵੇਂ ਕਿ ਸਿਆਸਤ ਵਿਚ ਸਭ ਕੁਝ ਮੁਆਫ਼ ਹੀ ਹੁੰਦਾ ਹੋਵੇ। ਅਜਿਹੀ ਸਿਆਸਤ 'ਤੇ ਚਲਦਿਆਂ ਸਾਡੇ ਦੇਸ਼ ਦੇ ਲੋਕਤੰਤਰ ਦੀਆਂ ਨੀਹਾਂ ਕਮਜ਼ੋਰ ਹੋ ਜਾਣਗੀਆਂ, ਜਦੋਂ ਕਿ ਦੇਸ਼ ਦੇ ਸਾਹਮਣੇ ਪਹਿਲਾਂ ਹੀ ਗੰਭੀਰ ਚੁਣੌਤੀਆਂ ਸਾਹਮਣੇ ਹਨ। ਦੇਸ਼ ਦੀ ਸੁਰੱਖਿਆ, ਅਮੀਰ-ਗ਼ਰੀਬ ਵਿਚ ਵਧਦਾ ਪਾੜਾ, ਬੇਰੁਜ਼ਗਾਰੀ, ਨਸ਼ਾ, ਵਾਤਾਵਰਨ, ਸਮਾਜਿਕ ਤਣਾਅ ਆਦਿ, ਸੋ ਲੋਕਤੰਤਰ ਦੀ ਹੋਂਦ ਬਰਕਰਾਰ ਰੱਖਣ ਲਈ ਸਾਨੂੰ ਦੂਰਅੰਦੇਸ਼ੀ ਸੋਚ ਅਤੇ ਸੁਚੱਜੇ ਸਿਆਸਤਦਾਨ ਦੀ ਲੋੜ ਹੈ।

-ਮਲਕੀਤ ਸਿੰਘ ਧਤੋਦਾ।

ਸ਼ਲਾਘਾਯੋਗ ਕਦਮ
ਪੰਜਾਬ ਸਰਕਾਰ ਪਿਛਲੇ ਦਿਨੀਂ ਕਿਸਾਨਾਂ ਨੂੰ ਰਾਹਤ ਦਿੰਦੇ ਹੋਏ ਝੋਨੇ ਦੀ ਲਵਾਈ ਦੀ ਤਰੀਕ 20 ਤੋਂ 13 ਜੂਨ ਕਰ ਦਿੱਤੀ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਕੁਝ ਹੱਦ ਤੱਕ ਰਾਹਤ ਮਿਲੀ ਹੈ। ਕਿਸਾਨਾਂ ਨੂੰ ਵੀ ਇਲਮ ਹੈ ਕਿ ਧਰਤੀ ਹੇਠਲੇ ਪਾਣੀ ਡੂੰਘਾ ਹੋ ਰਿਹਾ ਹੈ ਪਰ ਉਨ੍ਹਾਂ ਕੋਲ ਝੋਨੇ ਦਾ ਕੋਈ ਬਦਲਾਅ ਨਾ ਹੋਣ ਕਰਕੇ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕਰਨਾ ਪੈਂਦਾ ਸੀ। ਕਿਉਂਕਿ ਝੋਨੇ ਦੀ ਬਹੁਤ ਸਾਰੀਆਂ ਕਿਸਮਾਂ ਅਜਿਹੀਆਂ ਹਨ ਜੋ ਕਿ ਬਹੁਤ ਜ਼ਿਆਦਾ ਸਮਾਂ ਲੈਂਦੀਆਂ ਹਨ। ਇਸ ਲਈ ਕਿਸਾਨਾਂ ਦੀ ਹਾੜ੍ਹੀ ਦੀ ਫ਼ਸਲ ਦੀ ਬਿਜਾਈ ਬਹੁਤ ਪਿਛੇਤੀ ਚਲੀ ਜਾਂਦੀ ਸੀ। ਦੂਸਰਾ ਬੇਸ਼ੱਕ ਸਰਕਾਰ ਦੁਆਰਾ ਝੋਨੇ ਦੇ ਨਾੜ ਨੂੰ ਅੱਗ ਲਗਾਉਣ 'ਤੇ ਪੂਰਨ ਪਾਬੰਦੀ ਨਹੀਂ ਲਗਾਈ ਗਈ ਪਰ ਫਿਰ ਵੀ ਉਨ੍ਹਾਂ ਦਿਨਾਂ ਵਿਚ ਆ ਕੇ ਕੁਝ ਹੱਦ ਤੱਕ ਸਖ਼ਤਾਈ ਕਰ ਦਿੱਤੀ ਜਾਂਦੀ ਹੈ, ਜਿਸ ਕਰਕੇ ਕਿਸਾਨਾਂ ਨੂੰ ਨਾੜ ਦਾ ਹੱਲ ਕਰਨ ਵਿਚ ਬਹੁਤ ਮੁਸ਼ਕਿਲ ਆਉਂਦੀ ਹੈ ਕਿਉਂਕਿ ਉਨ੍ਹਾਂ ਕੋਲ ਸਮਾਂ ਥੋੜ੍ਹਾ ਹੁੰਦਾ ਹੈ। ਦੂਜਾ ਸਭ ਤੋਂ ਵੱਡਾ ਨੁਕਸਾਨ ਇਹ ਹੁੰਦਾ ਹੈ ਕਿ ਝੋਨੇ ਦੀ ਪਿਛੇਤੀ ਲਵਾਈ ਹੋਣ ਕਰਕੇ ਤੇ ਇਸ ਫ਼ਸਲ ਦੇ ਲੰਮਾ ਸਮਾਂ ਲੈਣ ਕਰਕੇ ਨਮੀ ਦੀ ਮਾਤਰਾ ਸਹੀ ਤੈਅ ਮਾਪਦੰਡਾਂ ਅਨੁਸਾਰ ਨਹੀਂ ਹੁੰਦੀ ਜਿਸ ਕਰਕੇ ਕਿਸਾਨਾਂ ਨੂੰ ਮੰਡੀਆਂ 'ਚ ਵੀ ਰੁਲਣਾ ਪੈਂਦਾ ਹੈ। ਇਸ ਲਈ ਇਹ ਇਕ ਕਿਸਾਨ ਹਿਤੈਸ਼ੀ ਫ਼ੈਸਲਾ ਹੈ।

-ਕਮਲ ਬਰਾੜ, ਪਿੰਡ ਕੋਟਲੀ ਅਬਲੂ।

ਸਹੀ ਚੁਣਨ ਦਾ ਵੇਲਾ
ਸਾਰੀਆਂ ਰਾਜਨੀਤਕ ਪਾਰਟੀਆਂ ਵਲੋਂ ਸੱਤਾ 'ਤੇ ਕਾਬਜ਼ ਹੋਣ ਲਈ ਅਨੇਕ ਜੁਗਾੜ ਲਾਏ ਜਾਂਦੇ ਹਨ। ਉਨ੍ਹਾਂ ਦਾ ਉਦੇਸ਼ ਸਿਰਫ ਕੁਰਸੀ ਦੇ ਡੰਡੇ ਨੂੰ ਹੱਥ ਪਾਉਣ ਤੱਕ ਸੀਮਤ ਹੈ। ਚੋਣਾਂ ਜਿੱਤਣ ਲਈ ਸਿੱਧੇ/ਅਸਿੱਧੇ ਢੰਗ ਨਿਘਾਰ ਦੀ ਰਾਜਨੀਤੀ ਵਿਚ ਜਾਇਜ਼ ਹਨ। ਫ਼ਿਲਮੀ ਸਿਤਾਰਿਆਂ ਅਤੇ ਖਿਡਾਰੀਆਂ ਜਿਨ੍ਹਾਂ ਦਾ ਰਾਜਨੀਤਕ ਬਾਰੀਕੀਆਂ ਨਾਲ ਦੂਰ-ਦੂਰ ਤੱਕ ਲੈਣ ਦੇ ਨਹੀਂ ਉਨ੍ਹਾਂ ਤੇ ਦਾਅ ਲਗਾਏ ਜਾਂਦੇ ਹਨ। ਉਨ੍ਹਾਂ ਦਾ ਚੋਣ ਜਿੱਤ ਕੇ ਨਗ ਪੂਰਾ ਕਰਨ ਵਾਲਾ ਕੰਮ ਹੈ। ਬਹੁਤ ਸਾਰੇ ਖਿਡਾਰੀਆਂ ਅਤੇ ਫ਼ਿਲਮੀ ਅਦਾਕਾਰਾਂ ਨੂੰ ਰਾਜ ਸਭਾ ਅਤੇ ਲੋਕ ਸਭਾ ਵਿਚ ਸੀਟਾਂ ਬਿਰਾਜੀਆਂ ਗਈਆਂ ਹਨ ਪਰ ਉਸ ਦਾ ਨਤੀਜਾ ਜੱਗ ਸਾਹਮਣੇ ਹੈ। ਸਿਆਸੀ ਪਾਰਟੀਆਂ ਵਿਚ ਏਨਾ ਕੁ ਆਤਮ-ਵਿਸ਼ਵਾਸ ਵੀ ਨਹੀਂ ਕਿ ਉਹ ਯੋਗ ਕਾਰਕੁਨਾਂ ਨੂੰ ਸੀਟ ਦੇ ਕੇ ਆਪਣਾ ਵਿਅਕਤੀਤਵ ਬਚਾ ਸਕਣ। ਗੌਤਮ ਗੰਭੀਰ, ਹੰਸ ਰਾਜ ਹੰਸ, ਵਜਿੰਦਰ ਕੁਮਾਰ, ਰਵੀ ਕਿਸ਼ਨ, ਨੁਸਰਤ, ਮਿਮੀ ਚੱਕਰਵਰਤੀ, ਪ੍ਰਕਾਸ਼ ਰਾਜ ਅਤੇ ਦਿਨੇਸ਼ ਸਮੇਤ ਅਨੇਕ ਚਿਹਰਿਆਂ ਨੂੰ ਅਜਮਾਇਆ ਜਾ ਰਿਹਾ ਹੈ ਕਿ ਕੀ ਪਤਾ ਲੋਕ ਉਨ੍ਹਾਂ ਦੇ ਚਿਹਰਿਆਂ ਨੂੰ ਹੀ ਤਸਦੀਕ ਕਰ ਦੇਣ। ਹੁਣ ਫ਼ਰਜ਼ ਵੋਟਰਾਂ ਦਾ ਵੀ ਬਣਦਾ ਹੈ ਕਿ ਉਹ ਜਾਗਦੀ ਜ਼ਮੀਰ ਨਾਲ ਆਪਣੀ ਅਕਲਮੰਦੀ ਦਾ ਸਬੂਤ ਦੇਣ ਤਾਂ ਜੋ ਵੋਟ ਦੀ ਕਦਰ ਬਚੀ ਰਹੇ।

-ਰਮਨਦੀਪ ਸਿੰਘ
ਖੀਵਾ ਮੀਹਾਂ ਸਿੰਘ ਵਾਲਾ, ਮਾਨਸਾ।

13-05-2019

 ਬਸਤਿਆਂ ਦਾ ਭਾਰ
ਸਕੂਲੀ ਬੱਚਿਆਂ ਨੂੰ ਬਸਤਿਆਂ ਦਾ ਬੇਲੋੜਾ ਭਾਰ ਚੁੱਕਣਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀ ਸਿਹਤ ਵਿਚ ਵਿਗਾੜ ਪੈਣ ਦੇ ਨਾਲ-ਨਾਲ ਪ੍ਰੇਸ਼ਾਨੀ ਦਾ ਕਾਰਨ ਵੀ ਬਣਿਆ ਹੋਇਆ ਹੈ। ਪਿਛਲੇ ਦਿਨੀਂ ਬੱਚਿਆਂ ਦੇ ਬਸਤਿਆਂ ਦੇ ਭਾਰ ਘਟਾਉਣ ਲਈ ਸਿੱਖਿਆ ਵਿਭਾਗ ਪੰਜਾਬ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸਾਰਥਿਕ ਕਦਮ ਚੁੱਕਣ ਦੇ ਆਦੇਸ਼ ਦਿੱਤੇ ਹਨ ਜੋ ਕਿ ਵਧੀਆ ਫੈਸਲਾ ਹੈ।
ਅਕਸਰ ਹੀ ਵੇਖਿਆ ਗਿਆ ਹੈ ਕਿ ਇਹ ਭਾਰੇ ਬਸਤੇ ਬੱਚੇ ਇਕ ਹੀ ਮੋਢੇ 'ਤੇ ਪਾ ਕੇ ਦੂਸਰੇ ਪਾਸੇ ਵੱਲ ਨੂੰ ਝੁਕ ਕੇ ਤੁਰੇ ਜਾਂਦੇ ਹਨ, ਜੋ ਕਿ ਉਨ੍ਹਾਂ ਦੀ ਸਿਹਤ ਲਈ ਹਾਨੀਕਾਰਕ ਹੋਣ ਦੇ ਨਾਲ-ਨਾਲ ਸਕੂਲ ਤੱਕ ਪਹੁੰਚਣ ਲਈ ਥਕਾਵਟ ਦਾ ਕਾਰਨ ਵੀ ਬਣਦੇ ਹਨ। ਮਾਪਿਆਂ, ਅਧਿਆਪਕਾਂ ਦੀ ਮਿਲਣੀ ਦੌਰਾਨ ਇਸ ਸਮੱਸਿਆ ਦਾ ਹੱਲ ਲੱਭਣ ਲਈ ਸਾਂਝੇ ਉਪਰਾਲੇ ਕਰਨ ਦੀ ਲੋੜ ਹੈ। ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪਾਠ ਪੁਸਤਕਾਂ ਤੇ ਕਾਪੀਆਂ ਨੂੰ ਲਿਆਉਣ ਲਈ ਕਿਹਾ ਜਾਣਾ ਚਾਹੀਦਾ ਹੈ, ਜਿਨ੍ਹਾਂ ਨੂੰ ਅਗਲੇ ਦਿਨ ਪੜ੍ਹਾਉਣਾ ਹੁੰਦਾ ਹੈ। ਸਮੇਂ-ਸਮੇਂ 'ਤੇ ਬੱਚਿਆਂ ਦੇ ਬਸਤਿਆਂ ਦੀ ਜਾਂਚ ਵੀ ਕਰਨੀ ਚਾਹੀਦੀ ਹੈ। ਜੇਕਰ ਹੋ ਸਕੇ ਤਾਂ ਵਾਧੂ ਕਾਪੀਆਂ, ਕਿਤਾਬਾਂ ਨੂੰ ਸਕੂਲਾਂ ਵਿਚ ਹੀ ਰੱਖਣ ਦੇ ਪ੍ਰਬੰਧ ਕਰਨੇ ਚਾਹੀਦੇ ਹਨ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਅਜੋਕੀ ਸਿਆਸਤ
ਦੇਸ਼ ਵਿਚ ਲੋਕ ਸਭਾ ਚੋਣਾਂ ਆਖਰੀ ਪੜਾਅ ਵੱਲ ਵਧਦੀਆਂ ਹਨ। ਇਨ੍ਹਾਂ ਚੋਣਾਂ ਵਿਚ ਨਿੱਜੀ ਦੂਸ਼ਣਬਾਜ਼ੀ ਇਕ-ਦੂਜੇ ਖਿਲਾਫ਼ ਗਲਤ ਬਿਆਨਬਾਜ਼ੀ ਤੇ ਕੂੜ ਪ੍ਰਚਾਰ ਦੇਖਣ ਨੂੰ ਮਿਲੀ ਹੈ। ਅਜਿਹੇ 'ਚ ਇਸ ਦਾ ਸਿੱਧਾ ਨਤੀਜਾ ਇਹ ਹੈ ਕਿ ਬੁਨਿਆਦੀ ਢਾਂਚੇ ਉਤੇ ਆਮ ਸਹਿਮਤੀ ਬਣਾਉਣਾ ਸੰਭਵ ਨਹੀਂ ਹੈ। ਇਸ ਨਾਲ ਸਿਆਸੀ ਪਾਰਟੀਆਂ ਦੇ ਨੇਤਾਵਾਂ ਲਈ ਇੱਜ਼ਤ ਦੀ ਭਾਵਨਾ ਵੀ ਘੱਟ ਰਹੀ ਹੈ। ਚੋਣ ਲੜਨ ਵਾਲੇ ਉਮੀਦਵਾਰ ਇਕ-ਦੂਜੇ 'ਤੇ ਹੇਠਲੇ ਪੱਧਰ ਦੇ ਘਟੀਆ ਕਿਸਮ ਦੇ ਦੋਸ਼ ਲਾ ਕੇ ਭੰਡਦੇ ਹਨ, ਜਿਵੇਂ ਕਿ ਸਿਆਸਤ ਵਿਚ ਸਭ ਕੁਝ ਮੁਆਫ਼ ਹੀ ਹੁੰਦਾ ਹੋਵੇ। ਅਜਿਹੀ ਸਿਆਸਤ 'ਤੇ ਚਲਦਿਆਂ ਸਾਡੇ ਦੇਸ਼ ਦੇ ਲੋਕਤੰਤਰ ਦੀਆਂ ਨੀਂਹਾਂ ਕਮਜ਼ੋਰ ਹੋ ਜਾਣਗੀਆਂ। ਜਦੋਂ ਕਿ ਦੇਸ਼ ਦੇ ਸਾਹਮਣੇ ਪਹਿਲਾਂ ਹੀ ਗੰਭੀਰ ਚੁਣੌਤੀਆਂ ਹਨ। ਦੇਸ਼ ਦੀ ਸੁਰੱਖਿਆ ਅਮੀਰ-ਗਰੀਬ ਵਿਚ ਵਧਦਾ ਪਾੜਾ, ਬੇਰੁਜ਼ਗਾਰੀ, ਨਸ਼ਾ, ਵਾਤਾਵਰਨ, ਸਮਾਜਿਕ ਤਣਾਅ ਆਦਿ ਸੋ ਲੋਕਤੰਤਰ ਦੀ ਹੋਂਦ ਬਰਕਰਾਰ ਰੱਖਣ ਲਈ ਸਾਨੂੰ ਦੂਰ ਅੰਦੇਸ਼ੀ ਸੋਚ ਅਤੇ ਸੁਚੱਜੇ ਸਿਆਸਤਦਾਨ ਦੀ ਲੋੜ ਹੈ।


-ਮਲਕੀਤ ਸਿੰਘ ਧਤੋਦਾ


ਵੋਟ ਦੀ ਸਹੀ ਵਰਤੋਂ
ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ, ਜਿਥੇ ਲੋਕਾਂ ਨੂੰ ਹਰ ਪੰਜ ਸਾਲ ਬਾਅਦ ਸਰਕਾਰ ਚੁਣਨ ਦਾ ਮੌਕਾ ਮਿਲਦਾ ਹੈ। ਵੋਟ ਸਾਡਾ ਅਧਿਕਾਰ ਹੈ ਤੇ ਇਸ ਦੀ ਵਰਤੋਂ ਸਾਨੂੰ ਸੋਚ-ਸਮਝ ਕੇ ਕਰਨੀ ਚਾਹੀਦੀ ਹੈ। ਕਿਸੇ ਵੀ ਨੇਤਾ ਦੀਆਂ ਗੱਲਾਂ ਜਾਂ ਲਾਲਚ ਵਿਚ ਆ ਕੇ ਸਾਨੂੰ ਆਪਣੀ ਵੋਟ ਦੀ ਗ਼ਲਤ ਵਰਤੋਂ ਨਹੀਂ ਕਰਨੀ ਚਾਹੀਦੀ। ਇਕ ਸੁਚੇਤ ਨਾਗਰਿਕ ਹੋਣ ਦੇ ਨਾਤੇ ਸਾਨੂੰ ਸਹੀ ਤੇ ਗ਼ਲਤ ਵਿਚਲਾ ਅੰਤਰ ਪਤਾ ਹੋਣਾ ਲਾਜ਼ਮੀ ਹੈ। ਸਾਨੂੰ ਬਹੁਤ ਹੀ ਸੋਚ-ਸਮਝ ਕੇ ਉਸ ਉਮੀਦਵਾਰ ਨੂੰ ਚੁਣਨਾ ਚਾਹੀਦਾ ਹੈ, ਜੋ ਲੋਕਾਂ ਦੇ ਹਿੱਤਾਂ ਲਈ ਕੰਮ ਕਰੇ ਤੇ ਰਾਸ਼ਟਰ ਦਾ ਵਿਕਾਸ ਕਰੇ। ਸਾਨੂੰ ਵਧੀਆ ਨੇਤਾ ਚਾਹੀਦੇ ਹਨ, ਹਾਕਮ ਨਹੀਂ।


-ਕਾਜਲ
ਪੱਤਰਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।


ਕਿਸਾਨੀ ਦੀ ਵੇਦਨਾ
ਫ਼ਸਲ ਨੂੰ ਜਦੋਂ ਕੁਦਰਤੀ ਆਫ਼ਤਾਂ ਲਤਾੜ ਦੇਣ ਤਾਂ ਉਸ ਨੂੰ ਪਾਲਣ ਵਾਲਿਆਂ ਦੇ ਦਿਲਾਂ 'ਤੇ ਕੀ ਗੁਜ਼ਰਦੀ ਹੈ, ਇਸ ਨੂੰ ਨਾ ਤਾਂ ਕੋਈ ਕਲਮ ਲਿਖ ਸਕਦੀ ਅਤੇ ਨਾ ਕੋਈ ਬੋਲ ਕੇ ਦੱਸ ਸਕਦਾ ਹੈ। ਜਦੋਂ ਛੇ ਮਹੀਨਿਆਂ ਵਿਚ ਲਹੂ ਪਸੀਨਾ ਇਕ ਕਰਕੇ ਪਾਲੀ ਕਣਕ ਦੀ ਘਰ ਵਿਚ ਬੱਚੇ ਤੋਂ ਲੈ ਕੇ ਬੁੱਢੇ ਤੱਕ ਹਰ ਇਕ ਨੂੰ ਉਡੀਕ ਸੀ ਤਾਂ ਕੁਦਰਤ ਨੇ ਕਰਵਟ ਬਦਲੀ ਕਿਤੇ ਮੀਹਾਂ-ਝੱਖੜਾਂ ਨੇ ਕਹਿਰ ਵਰਸਾਇਆ ਤੇ ਕਿਤੇ ਅੱਗ ਦੀਆਂ ਲਾਟਾਂ ਨੇ ਖੇਤ ਭੁੰਨ ਸੁੱਟੇ। ਕਿਸਾਨ ਲਈ ਇਹ ਅਸਹਿ ਤਬਾਹੀ ਸੀ। ਕਿਥੋਂ ਉਹ ਇਸ ਘਾਟੇ ਨੂੰ ਭਰੇਗਾ ਤੇ ਕਿਥੋਂ ਸਾਰਾ ਸਾਲ ਪਰਿਵਾਰ ਨੂੰ ਪਾਲੇਗਾ। ਭਾਵੇਂ ਮਨੁੱਖ ਨੇ ਤਰੱਕੀ ਤਾਂ ਬਹੁਤ ਕਰ ਲਈ ਪਰ ਇਨ੍ਹਾਂ ਕੁਦਰਤੀ ਆਫ਼ਤਾਂ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ। ਕਿੰਨੇ ਹੀ ਅਜਿਹੇ ਕਿਸਾਨ ਹਨ, ਜੋ ਠੇਕੇ 'ਤੇ ਜ਼ਮੀਨਾਂ ਲੈ ਕੇ ਵਾਹੀ ਕਰਦੇ ਹਨ ਤੇ ਉਨ੍ਹਾਂ ਦੀ ਸਾਰੀ ਦੀ ਸਾਰੀ ਫ਼ਸਲ ਇਸ ਦੀ ਭੇਟ ਚੜ੍ਹ ਗਈ ਕਿਥੋਂ ਤਾਂ ਉਹ ਮਾਲਕ ਨੂੰ ਠੇਕਾ ਦੇਵੇਗਾ ਤੇ ਕਿਥੋਂ ਸਾਰਾ ਸਾਲ ਆਪਣਾ ਟੱਬਰ ਪਾਲੇਗਾ। ਦੋ-ਤਿੰਨ ਏਕੜ ਦੇ ਮਾਲਕ ਲਈ ਤਾਂ ਇਹ ਪਰਕੋਪ ਬਹੁਤ ਹੀ ਭਾਰੂ ਪੈ ਗਿਆ। ਹੇ, ਕਿਸਾਨ ਭਰਾਵੋ ਵੇਲਾ ਆ ਗਿਆ ਇਕ ਵਾਰ ਫਿਰ ਮੁੜ ਕੇ ਭਾਈਚਾਰਕ ਸਾਂਝ ਨਿਭਾਉਣ ਦਾ। ਪਿੰਡਾਂ ਦੇ ਤਕੜੇ ਕਿਸਾਨ ਭਰਾ ਵਕਤ ਦੀ ਮਾਰ ਝੱਲ ਰਹੇ ਆਪਣੇ ਇਨ੍ਹਾਂ ਛੋਟੇ ਕਿਸਾਨ ਭਰਾਵਾਂ ਦੀ ਬਾਂਹ ਫੜਨ ਤੇ ਉਨ੍ਹਾਂ ਦੀ ਇਸ ਮੁਸੀਬਤ ਦੇ ਵਕਤ ਮੱਦਦ ਕਰਨ।
ਥੋੜ੍ਹਾ-ਥੋੜ੍ਹਾ ਭਾਰ ਸਾਰੇ ਵੰਡਾਉਣ ਤਾਂ ਇਨ੍ਹਾਂ ਕਿਸਾਨ ਵੀਰਾਂ ਦਾ ਦੁੱਖ ਅੱਧਾ ਰਹਿ ਜਾਵੇਗਾ। ਪਿੰਡਾਂ ਦੇ ਮੋਹਰੀ ਬੰਦੇ ਪਿੰਡ ਪੱਧਰ 'ਤੇ ਇਸ ਸਮੱਸਿਆ ਦਾ ਹੱਲ ਕੱਢ ਕੇ ਨੈਤਿਕ ਫ਼ਰਜ਼ ਪੂਰਾ ਕਰਨ। ਸਾਡੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਜੋ ਕਿ ਆਮ ਲੋਕਾਂ ਦੇ ਸਹਾਰੇ ਹੀ ਚਲਦੀਆਂ ਹਨ, ਉਹ ਵੀ ਇਸ ਮਾੜੇ ਵੇਲੇ ਕਿਸਾਨ ਭਰਾਵਾਂ ਦੀ ਮਦਦ ਕਰਨ, ਕਿਉਂਕਿ ਹਰ ਧਰਮ ਹੀ ਮਨੁੱਖਤਾ ਦੀ ਸੇਵਾ ਕਰਨ ਦੀ ਸਿੱਖਿਆ ਦਿੰਦਾ ਹੈ। ਹਰ ਧਰਮ ਹੀ ਦੱਸਦਾ ਹੈ ਕਿ ਰੱਬ ਲੋਕਾਈ ਵਿਚ ਹੀ ਵਸਦਾ ਹੈ।


-ਬੀਰਪਾਲ ਕੌਰ
ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ।


ਪੰਜਾਬ ਦਾ ਉਜਾੜਾ
ਪਿਛਲੇ ਦਿਨੀਂ 'ਅਜੀਤ' 'ਚ ਡਾ: ਸਵਰਾਜ ਸਿੰਘ ਦਾ ਲਿਖਿਆ ਲੇਖ 'ਕਿਉਂ ਹੋ ਰਿਹਾ ਪੰਜਾਬ ਦਾ ਉਜਾੜਾ' ਦੋ ਕਿਸ਼ਤਾਂ 'ਚ ਪੜ੍ਹ ਕੇ ਵਿਦੇਸ਼ੀ ਜੀਵਨ ਦੀ ਹਕੀਕਤ ਦੇ ਕਈ ਭੇਤ ਸਾਹਮਣੇ ਆਏ। 12ਵੀਂ ਜਮਾਤ ਕਰਨ ਤੋਂ ਬਾਅਦ ਚੰਗੇ ਭਵਿੱਖ ਦੀ ਕਾਮਨਾ ਕਰਕੇ ਲੱਖਾਂ ਵਿਦਿਆਰਥੀਆਂ ਦਾ ਕਰੋੜਾਂ ਰੁਪਏ ਖਰਚ ਕੇ ਬਾਹਰਲੇ ਮੁਲਕਾਂ 'ਚ ਚਲੇ ਜਾਣਾ ਬੇਹੱਦ ਸਵਾਲ ਖੜ੍ਹੇ ਕਰਦਾ ਹੈ, ਜਿਨ੍ਹਾਂ ਦੇ ਹੱਲ ਸਾਡੇ ਦੇਸ਼ ਦੀਆਂ ਸਰਕਾਰਾਂ ਨੂੰ ਤਲਾਸ਼ਣੇ ਚਾਹੀਦੇ ਹਨ। ਆਪਣੀ ਧਰਤੀ ਨੂੰ ਮਾਂ ਦਾ ਦਰਜਾ ਦੇਣ ਵਾਲੇ ਕਿਸਾਨ ਪੁੱਤਰਾਂ ਦਾ ਮਜਬੂਰੀ ਵਸ ਘੱਟ ਕੀਮਤ 'ਤੇ ਖਰੀਦਦਾਰ ਲੱਭਦੇ ਫਿਰਨਾ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਕਾਬਲੀਅਤ ਰੱਖਦੇ ਹੋਏ ਵੀ ਆਪਣਾ ਹੱਕ ਗਵਾ ਕੇ ਵਿਦਿਆਰਥੀ ਪੰਜਾਬ ਵਿਚ ਬਾਹਰਲੇ ਅਧਿਕਾਰੀਆਂ ਨੂੰ ਸੱਦਾ ਦੇ ਰਹੇ ਹਨ। ਪੰਜਾਬੀਆਂ ਨੂੰ ਉਚਿਤ ਅਧਿਕਾਰੀਆਂ ਨਾਲ ਗੱਲ ਕਰਨ ਲਈ ਉਨ੍ਹਾਂ ਦੀ ਭਾਸ਼ਾ ਸਿੱਖਣੀ ਪੈਂਦੀ ਹੈ। ਵਿਦੇਸ਼ੀ ਧਰਤੀ 'ਤੇ ਜੀਵਨ ਬਤੀਤ ਕਰਨ ਵਾਲੇ ਵਿਦਿਆਰਥੀਆਂ ਬਾਰੇ ਇਸ ਲੇਖ ਵਿਚੋਂ ਕਾਫ਼ੀ ਕੁਝ ਜਾਣਨ ਨੂੰ ਮਿਲਿਆ ਹੈ।


-ਗਿ: ਜੋਗਾ ਸਿੰਘ ਕਵੀਸ਼ਰ, ਪਿੰਡ ਤੇ ਡਾਕ: ਭਾਗੋਵਾਲ, ਜ਼ਿਲ੍ਹਾ ਗੁਰਦਾਸਪੁਰ।

10-05-2019

 ਨੋਟਾ ਦਾ ਬਟਨ
ਲੋਕ ਸਭਾ ਚੋਣ ਆਖਰੀ ਪੜਾਵਾਂ ਵੱਲ ਵਧ ਚੁੱਕੀ ਹੈ। ਵੱਖ-ਵੱਖ ਪਾਰਟੀਆਂ ਆਪੋ-ਆਪਣੇ ਉਮੀਦਵਾਰ ਦੇ ਪ੍ਰਚਾਰ ਵਿਚ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਹੀਆਂ। ਸਾਰੀਆਂ ਹੀ ਪਾਰਟੀਆਂ ਜਿੱਤ ਪ੍ਰਾਪਤ ਕਰਨ ਲਈ ਹਰ ਤਰ੍ਹਾਂ ਦੇ ਵਾਅਦੇ ਕਰ ਰਹੀਆਂ ਹਨ। ਪਰ ਜਿੱਤਣ ਤੋਂ ਬਾਅਦ ਉਹ ਵਾਅਦੇ ਪੂਰੇ ਕਰਨਗੀਆਂ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ। ਹਰ ਵਾਰ ਲੋਕ ਇਨ੍ਹਾਂ ਵਾਅਦਿਆਂ ਦੇ ਜਾਲ ਵਿਚ ਫਸਦੇ ਹਨ ਅਤੇ ਫਸੇ ਹੀ ਰਹਿੰਦੇ ਹਨ। ਪਿਛਲੇ ਕੁਝ ਸਾਲਾਂ ਤੋਂ ਵੋਟਿੰਗ ਮਸ਼ੀਨ ਉੱਤੇ ਇਕ ਬਟਨ ਸ਼ਾਮਿਲ ਕੀਤਾ ਗਿਆ ਹੈ, ਜਿਸ ਦਾ ਨਾਅ ਨੋਟਾ ਹੈ। ਜਿਸ ਨੂੰ ਦਬਾ ਕੇ ਲੋਕ ਇਹ ਸਾਬਤ ਕਰਦੇ ਹਨ ਕਿ ਉਹ ਕਿਸੇ ਵੀ ਉਮੀਦਵਾਰ ਨੂੰ ਪਸੰਦ ਨਹੀਂ ਕਰਦੇ। ਜੇ ਵੇਖਿਆ ਜਾਵੇ ਕਿ ਵੋਟ ਹਰ ਇਕ ਵਿਅਕਤੀ ਦਾ ਨਿੱਜੀ ਅਧਿਕਾਰ ਹੈ, ਜਿਸ ਦੀ ਵਰਤੋਂ ਹਰ ਇਕ ਵਿਆਕਤੀ ਨੂੰ ਕਰਨੀ ਚਾਹੀਦੀ ਹੈ। ਸਾਨੂੰ ਦੇਸ਼ ਵਿਚੋਂ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਅਨਪੜ੍ਹਤਾ, ਗ਼ਰੀਬੀ, ਖ਼ੁਦਕੁਸ਼ੀਆਂ ਆਦਿ ਜਿਹੀਆਂ ਵਧ ਰਹੀਆਂ ਮੁਸੀਬਤਾਂ ਵਿਚੋਂ ਕੱਢਣ ਲਈ ਸਹੀ ਉਮੀਦਵਾਰ ਚੁਣਨਾ ਹੀ ਪਵੇਗਾ। ਨੋਟਾ ਦਾ ਬਟਨ ਦਬਾ ਕੇ ਸਾਡੇ ਮਸਲਿਆਂ ਦਾ ਹੱਲ ਨਹੀਂ ਹੋ ਸਕਦਾ। ਸਾਡੇ ਵਲੋਂ ਲਏ ਸਹੀ ਫ਼ੈਸਲਿਆਂ ਨਾਲ ਹੀ ਸਾਡਾ ਦੇਸ਼ ਤਰੱਕੀ ਦੀਆਂ ਲੀਹਾਂ 'ਤੇ ਜਾ ਸਕਦਾ ਹੈ।

-ਲੈਕਚਰਾਰ ਸੁਖਦੀਪ ਸਿੰਘ 'ਸੁਖਾਣਾ'
ਪਿੰਡ-ਸੁਖਾਣਾ (ਲੁਧਿਆਣਾ)।

ਦਿਲ ਨਾਲ ਗੱਲਾਂ
ਤੁਸੀਂ ਕਦੇ ਆਪਣੇ ਦਿਲ ਨਾਲ ਗੱਲਾਂ ਕੀਤੀਆਂ? ਮੈਂ ਕੀਤੀਆਂ ਬਹੁਤ ਵਾਰ। ਇਕ ਦਿਨ ਗੱਲਾਂ ਕਰਦੇ ਦਿਲ ਨੇ ਮੈਨੂੰ ਕਿਹਾ 'ਤੈਨੂੰ ਪਤੈ ਜਦੋਂ ਤੂੰ ਗੂੜ੍ਹੀ ਨੀਂਦ ਸੌਂ ਜਾਨੈਂ ਮੈਂ ਫਿਰ ਵੀ ਨਈਂ ਸੌਂਦਾ ਕਿਉਂਕਿ ਜੇ ਮੈਂ ਇਕ ਮਿੰਟ ਲਈ ਵੀ ਸੌਂ ਗਿਆ, ਤੂੰ ਸਦਾ ਲਈ ਸੌਂ ਜਾਏਂਗਾ। ਤੂੰ ਤਾਂ ਥੱਕ-ਟੁੱਟ ਕੇ ਅਰਾਮ ਕਰ ਲੈਨੈਂ ਤੇ ਮੈਂ ਤੇਰੇ ਜਨਮ ਤੋਂ ਲੈ ਕੇ ਅੱਜ ਤੱਕ ਥੱਕਿਆ ਨਹੀਂ ਤੇ ਤੇਰੇ ਸਦਾ ਦੀ ਨੀਂਦ ਸੌਣ ਤੱਕ ਕਦੇ ਆਰਾਮ ਨਹੀਂ ਕਰਾਂਗਾ, ਹਾਂ ਸੱਚ ਇਕ ਗੱਲ ਹੋਰ ਤੂੰ ਆਵਦੀ ਖ਼ੁਰਾਕ ਵਿਚ ਕਿੰਨਾ ਕੁਝ ਡਕਾਰ ਜਾਨੈਂ, ਮੇਰੀ ਖ਼ੁਰਾਕ ਦਾ ਵੀ ਚੇਤਾ ਰੱਖਿਆ ਕਰ, ਮੈਂ ਛੱਤੀ ਪ੍ਰਕਾਰ ਦੇ ਭੋਜਨ ਪਦਾਰਥ ਨਹੀਂ ਲੋਚਦਾ, ਬੱਸ ਮੇਰੇ ਲਈ ਤਾਂ ਸਵੇਰੇ-ਸਵਖਤੇ ਦੀ ਅੱਧਾ ਘੰਟਾ ਤਾਜ਼ੀ ਹਵਾ ਈ ਸਾਰੇ ਦਿਨ ਦੀ ਖ਼ੁਰਾਕ ਐ, ਤੇ ਇਹ 'ਕੱਲੇ ਮੇਰੇ ਲਈ ਹੀ ਨਹੀਂ ਤੇਰੇ ਲਈ ਵੀ ਸੰਜੀਵਨੀ ਬੂਟੀ ਸਾਮਾਨ ਐ'। ਇਹ ਸੁਣ ਮੈਂ ਦਿਲ ਨੂੰ ਕਿਹਾ 'ਯਾਰ ਜੇ ਤੂੰ ਮੇਰੇ ਲਈ ਏਨਾ ਕੁਝ ਕਰਦੈਂ ਤਾਂ ਮੈਂ ਵੀ ਤੇਰਾ ਬਹੁਤ ਖ਼ਿਆਲ ਰੱਖਦੈਂ। ਆਪਣੇ ਦੋਵਾਂ ਦੀ ਸਿਹਤਯਾਬੀ ਲਈ ਚਿੜੀ ਚੂਕਦੀ ਨਾਲ ਈ ਬਿਸਤਰਾ ਤਿਆਗ ਕੇ ਗਰਾਊਂਡ ਵੱਲ ਨਿਕਲ ਜਾਨਾਂ, ਜਿੰਨਾ ਚਿਰ ਤੂੰ ਖ਼ੁਸ਼ ਹੋ ਕੇ ਤੇਜ਼-ਤੇਜ਼ ਧੜਕਣ ਨਹੀਂ ਲਗਦਾ, ਮੈਂ ਵਾਪਸ ਨਹੀਂ ਮੁੜਦਾ। ਤੂੰ ਫ਼ਿਕਰ ਨਾ ਕਰ ਮੈਨੂੰ ਤੇਰਾ ਪੂਰਾ ਖ਼ਿਆਲ ਐ। ਆਪਾਂ ਪੂਰਕ ਆਂ ਇਕ-ਦੂਜੇ ਦੇ'। ਸੋ ਕਦੇ ਤੁਸੀਂ ਵੀ ਆਪਣੇ ਦਿਲ ਨਾਲ ਗੱਲਾਂ ਕਰਿਆ ਕਰੋ। ਜੇ ਦਿਲ ਨਾਲ ਖੁੱਲ੍ਹ ਕੇ ਗੱਲਾਂ ਨਹੀਂ ਕਰੋਗੇ ਤਾਂ ਇਕ ਦਿਨ ਇਹ ਔਜ਼ਾਰਾਂ ਨਾਲ ਖੋਲ੍ਹਣਾ ਪਵੇਗਾ।

-ਜਗਦੀਪ ਸਿੰਘ ਭੁੱਲਰ
ਪਿੰਡ ਜੋਗਾਨੰਦ, ਜ਼ਿਲ੍ਹਾ ਬਠਿੰਡਾ।

ਮਹਿੰਗੀ ਚੋਣ ਪ੍ਰਕਿਰਿਆ
ਸਾਡੇ ਦੇਸ਼ ਦੀ ਚੋਣਾਵੀ ਪ੍ਰਕਿਰਿਆ ਬਹੁਤ ਮਹਿੰਗੀ ਹੈ। 1952 ਦੀਆਂ ਚੋਣਾਂ ਵਿਚ 52 ਪੈਸੇ ਪ੍ਰਤੀ ਵੋਟਰ ਖਰਚ ਹੋਇਆ ਸੀ ਜੋ ਕਿ 2019 ਵਿਚ ਲਗਪਗ 19 ਰੁਪਏ ਪ੍ਰਤੀ ਵੋਟਰ ਹੋਵੇਗਾ। ਪ੍ਰਤੀ ਹਲਕੇ ਦਾ ਖਰਚ 18.69 ਕਰੋੜ ਦਾ ਅੰਦਾਜ਼ਾ ਹੈ। ਇਸ ਹਿਸਾਬ ਨਾਲ ਪੰਜਾਬ ਦਾ ਚੋਣਾਵੀ ਖਰਚ 243 ਕਰੋੜ ਬਣਦਾ ਹੈ। ਹੁਣ ਸਵਾਲ ਹੈ ਕਿ ਜਨਤਾ ਦੇ ਟੈਕਸ ਵਿਚੋਂ ਏਨਾ ਖਰਚ ਕਰਕੇ ਅਸੀਂ ਖੱਟਦੇ ਕੀ ਹਾਂ? ਸਾਡੇ ਚੁਣੇ ਪ੍ਰਤੀਨਿਧ ਨਿੱਜੀ ਲਾਲਚ ਵੱਸ ਅਸਤੀਫ਼ਾ ਦੇ ਜਾਂਦੇ ਹਨ ਜਾਂ ਦਲਬਦਲੀ ਕਰਕੇ ਸੀਟ ਖਾਲੀ ਕਰ ਜਾਂਦੇ ਹਨ। ਜਨਤਾ ਦੀਆਂ ਸਮੱਸਿਆਵਾਂ ਜਿਓਂ ਦੀਆਂ ਤਿਓਂ ਰਹਿ ਜਾਂਦੀਆਂ ਹਨ। ਦੁਬਾਰਾ ਫਿਰ ਸਮੁੱਚੇ ਪ੍ਰਬੰਧ ਨੂੰ ਮਹਿੰਗੀ ਚੋਣਾਵੀ ਪ੍ਰਕਿਰਿਆ ਵਿਚੋਂ ਗੁਜ਼ਰਨਾ ਪੈਂਦਾ ਹੈ। ਇਸ ਤਰ੍ਹਾਂ ਮੁਲਕ ਦਾ ਧਨ ਅਤੇ ਸਮਾਂ ਬਰਬਾਦ ਹੁੰਦਾ ਹੈ। ਇਸ ਸਬੰਧੀ ਸਖ਼ਤ ਕਾਨੂੰਨ ਹੋਣਾ ਚਾਹੀਦਾ ਹੈ। ਜਨਤਾ ਨਾਲ ਧੋਖਾ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਭਾਰੀ ਜੁਰਮਾਨਾ ਹੋਵੇ, ਉਸ ਨੂੰ ਮਿਲਣ ਵਾਲੀਆਂ ਤਮਾਮ ਸਹੂਲਤਾਂ 'ਤੇ ਉਮਰ ਭਰ ਲਈ ਰੋਕ ਲਗਾਈ ਜਾਵੇ।

-ਲੈਕਚਰਾਰ ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।

ਠੱਗਾਂ ਤੋਂ ਬਚੋ
ਸਾਡੇ ਸਮਾਜ ਵਿਚ ਮਾੜੇ ਅਨਸਰ ਇਸੇ ਤਾਕ ਵਿਚ ਰਹਿੰਦੇ ਹਨ ਕਿ ਭੋਲੇ-ਭਾਲੇ ਲੋਕਾਂ ਨੂੰ ਬੇਵਕੂਫ਼ ਬਣਾ ਕੇ ਕਿਵੇਂ ਲੁੱਟਿਆ ਜਾਵੇ। ਜਿਵੇਂ 30 ਮਾਰਚ ਦੇ 'ਅਜੀਤ' ਵਿਚ ਖ਼ਬਰ ਹੈ ਕਿ ਰਕਮ ਦੁੱਗਣੀ ਕਰਨ ਦਾ ਝਾਂਸਾ ਦੇ ਕੇ ਕਿਸ ਤਰ੍ਹਾਂ ਲੋਕਾਂ ਨਾਲ 80 ਲੱਖ ਰੁਪਏ ਦੀ ਠੱਗੀ ਮਾਰੀ ਗਈ। ਇਹ ਲੋਕ ਕਿਸੇ ਦੀ ਮਜਬੂਰੀ ਨਹੀਂ ਦੇਖਦੇ ਕਿ ਕੋਈ ਗ਼ਰੀਬ ਕਿੰਨਾ ਔਖਾ ਹੋ ਕੇ ਪਤਾ ਨਹੀਂ ਕਿੰਨੇ ਕੁ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਤੋਂ ਉਧਾਰ ਪੈਸੇ ਲੈ ਕੇ ਇਕੱਠੇ ਕਰਕੇ ਉਨ੍ਹਾਂ ਨੂੰ ਦਿੰਦਾ ਹੈ। ਜਿਹੜੇ ਲੋਕ ਇਸ ਤਰ੍ਹਾਂ ਦੇ ਧੋਖੇ ਦਾ ਸ਼ਿਕਾਰ ਹੁੰਦੇ ਹਨ, ਉਹ ਕਿਸੇ ਨੂੰ ਦੱਸਣ ਤੋਂ ਵੀ ਝਿਜਕਦੇ ਹਨ। ਕਿਉਂਕਿ ਇਸ ਤਰ੍ਹਾਂ ਕਿਸੇ ਹੱਥੋਂ ਲੁੱਟੇ ਜਾਣਾ ਬੇਵਕੂਫੀ ਸਮਝਿਆ ਜਾਂਦਾ ਹੈ। ਥੋੜ੍ਹੇ ਜਿਹੇ ਲਾਲਚ ਵੱਸ ਹੋ ਕੇ ਅਸੀਂ ਲੁਟੇਰਿਆਂ ਦੇ ਝਾਂਸੇ ਵਿਚ ਫਸ ਜਾਂਦੇ ਹਾਂ ਅਤੇ ਆਪਣੇ ਦਿਮਾਗ ਤੋਂ ਕੰਮ ਨਹੀਂ ਲੈਂਦੇ। ਦੁਨੀਆ ਵਿਚ ਬੜੀ ਧੋਖੇਬਾਜ਼ੀ ਚਲਦੀ ਹੈ। ਅਸੀਂ ਪਿਛਲੀਆਂ ਗ਼ਲਤੀਆਂ ਤੋਂ ਸਬਕ ਨਹੀਂ ਸਿੱਖਦੇ, ਪਹਿਲਾਂ ਵੀ ਲੋਕ ਇਸ ਤਰ੍ਹਾਂ ਦੀਆਂ ਧੋਖੇਦੇਹੀਆਂ ਦਾ ਸ਼ਿਕਾਰ ਹੋ ਚੁੱਕੇ ਹਨ। ਹਰ ਵਾਰ ਠੱਗੀ ਮਾਰਨ ਵਾਲੇ ਨਵਾਂ ਢੰਗ ਲੱਭ ਲੈਂਦੇ ਹਨ। ਪਰ ਅਸੀਂ ਆਪਣਾ ਬਚਾਅ ਕਿਵੇਂ ਕਰਨਾ ਹੈ, ਇਹ ਸਾਨੂੰ ਖ਼ੁਦ ਨੂੰ ਹੀ ਸੋਚਣਾ ਪਵੇਗਾ।

-ਅੰਮ੍ਰਿਤ ਕੌਰ
ਅੱਧੀ ਟਿੱਬੀ ਬਡਰੁੱਖਾਂ, ਸੰਗਰੂਰ।

ਮੰਡੀਕਰਨ
ਪਹਿਲਾਂ-ਪਹਿਲ ਖ਼ਰਾਬ ਮੌਸਮ ਦੇ ਚਲਦੇ ਕਣਕ ਦੀ ਕਟਾਈ ਦੀ ਰਫ਼ਤਾਰ ਢਿੱਲੀ ਰਹੀ ਪਰ ਜਿਉਂ ਹੀ ਮੌਸਮ ਵਿਚ ਸੁਧਾਰ ਹੋਇਆ ਕਿਸਾਨਾਂ ਨੇ ਮੰਡੀਆਂ ਵਿਚ ਕਣਕ ਦੇ ਅੰਬਾਰ ਲਗਾ ਦਿੱਤੇ। ਕਣਕ ਵਿਚ ਵਧੇਰੇ ਨਮੀ ਹੋਣ ਕਾਰਨ ਖ਼ਰੀਦ ਏਜੰਸੀਆਂ ਵੀ ਆਨਾਕਾਨੀ ਕਰਦੀਆਂ ਰਹੀਆਂ, ਜਿਸ ਕਾਰਨ ਕਿਸਾਨਾਂ ਨੂੰ ਮੰਡੀਕਰਨ ਵਿਚ ਮੁਸ਼ਕਿਲ ਪੇਸ਼ ਆਈ। ਇਸ ਵਾਰ ਪਿਛਲੇ ਸਾਲ ਨਾਲੋਂ ਵਧੇਰੇ ਕਣਕ ਮੰਡੀਆਂ ਵਿਚ ਆਈ ਹੈ। ਕਣਕ ਦੀ ਚੁਕਾਈ ਦੀ ਰਫ਼ਤਾਰ ਵੀ ਢਿੱਲੀ ਨਜ਼ਰ ਆਉਂਦੀ ਹੈ। ਦੂਸਰਾ ਬਾਰਦਾਨੇ ਦੀ ਕਿੱਲਤ ਅਤੇ ਕਣਕ ਦੀ ਭਰਾਈ ਪੁਰਾਣੇ ਬਾਰਦਾਨੇ ਵਿਚ ਹੋਣ ਕਾਰਨ ਮੁਸ਼ਕਿਲ ਆ ਰਹੀ ਹੈ। ਗੁਦਾਮਾਂ ਦੀ ਘਾਟ ਕਾਰਨ ਵੀ ਖੁੱਲ੍ਹੇ ਆਸਮਾਨ 'ਚ ਤਰਪਾਲਾਂ ਪਾ ਕੇ ਵੀ ਅਨਾਜ ਸਾਂਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਸ ਨਾਲ ਅਨਾਜ ਦੀ ਸਹੀ ਤਰੀਕੇ ਨਾਲ ਸੰਭਾਲ ਨਾ ਹੋਣ ਕਾਰਨ ਖ਼ਰਾਬ ਹੋ ਜਾਂਦਾ ਹੈ। ਲੋੜ ਹੈ ਸਰਕਾਰ ਨੂੰ ਇਸ ਪਾਸੇ ਵੱਲ ਵੱਧ ਤੋਂ ਵੱਧ ਸੁਧਾਰ ਲਿਆਉਣ ਦੀ ਜੋ ਕਿ ਕਿਸਾਨਾਂ ਤੇ ਸੂਬੇ ਦੇ ਹਿਤ ਵਿਚ ਹੋਵੇਗਾ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX