ਤਾਜਾ ਖ਼ਬਰਾਂ


ਕੈਪਟਨ ਦੇ ਅਸਤੀਫ਼ੇ 'ਤੇ ਅਨਿਲ ਵਿਜ ਦਾ ਵੱਡਾ ਬਿਆਨ
. . .  15 minutes ago
ਚੰਡੀਗੜ੍ਹ, 18 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ 'ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਕਹਿਣਾ ਹੈ ਕਿ ਇਸ ਦੀ ਸਕ੍ਰਿਪਟ ਤਾਂ...
ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਕਰਨਗੇ ਭਾਰਤ ਦਾ ਦੌਰਾ, ਪ੍ਰਧਾਨ ਮੰਤਰੀ ਨਾਲ ਵੀ ਹੋਵੇਗੀ ਮੁਲਾਕਾਤ
. . .  33 minutes ago
ਨਵੀਂ ਦਿੱਲੀ, 18 ਸਤੰਬਰ - ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਪ੍ਰਿੰਸ ਫੈਸਲ ਬਿਨ ਫਰਹਾਨ ਅਲ ਸੌਦ ਭਾਰਤ ਆਉਣਗੇ। ਉਹ 19 ਸਤੰਬਰ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕਰਨਗੇ...
ਸਰਹੱਦ ਨੇੜੇ ਪੈਂਦੇ ਪਿੰਡ ਧਰਮੂਵਾਲਾ ਦੇ ਖੇਤਾਂ ਨੂੰ ਜਾਂਦੇ ਕੱਚੇ ਰਸਤੇ 'ਚ ਮਿਲੀ ਬੰਬਨੁਮਾ ਵਸਤੂ
. . .  39 minutes ago
ਜਲਾਲਾਬਾਦ, 18 ਸਤੰਬਰ (ਕਰਨ ਚੁਚਰਾ) - ਸਰਹੱਦ ਨੇੜੇ ਪੈਂਦੇ ਪਿੰਡ ਧਰਮੂਵਾਲਾ ਦੇ ਖੇਤਾਂ ਨੂੰ ਜਾਂਦੇ ਕੱਚੇ ਰਸਤੇ 'ਤੇ ਵਿਸਫੋਟਕ ਸਮਗਰੀ ਮਿਲਣ ਦਾ ਸਮਾਚਾਰ ਹੈ। ਹਾਲਾਂਕਿ ਇਸ ਸਬੰਧੀ ਅਧਿਕਾਰਕ ਤੌਰ 'ਤੇ ਕੋਈ ਪੁਸ਼ਟੀ ਤਾਂ ਨਹੀਂ ਕੀਤੀ ਗਈ ਹੈ...
ਵਿਧਾਇਕ ਦਲ ਦੀ ਮੀਟਿੰਗ ਹੋਈ ਸ਼ੁਰੂ
. . .  55 minutes ago
ਚੰਡੀਗੜ੍ਹ, 18 ਸਤੰਬਰ - ਵਿਧਾਇਕ ਦਲ ਦੀ ਮੀਟਿੰਗ (ਸੀ.ਐੱਲ.ਪੀ.) ਹੋਈ...
ਮੇਰਾ ਕੀਤਾ ਗਿਆ ਅਪਮਾਨ, ਜੋ ਹਾਈਕਮਾਨ ਨੂੰ ਪਸੰਦ ਹੈ, ਉਸ ਨੂੰ ਬਣਾ ਲੈਣ ਮੁੱਖ ਮੰਤਰੀ - ਕੈਪਟਨ ਅਮਰਿੰਦਰ ਸਿੰਘ
. . .  about 1 hour ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਭਵਨ ਵਿਚ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਆਪਣਾ ਅਤੇ ਮੰਤਰੀ ਮੰਡਲ ਦਾ ਅਸਤੀਫ਼ਾ ਸੌਂਪ ਦਿੱਤਾ। ਉਨ੍ਹਾਂ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਵਾਰ-ਵਾਰ ਅਪਮਾਨ ਹੋਇਆ ਹੈ...
ਕੈਪਟਨ ਵਲੋਂ ਮੀਡੀਆ ਨੂੰ ਕੀਤਾ ਜਾ ਰਿਹਾ ਹੈ ਸੰਬੋਧਨ
. . .  about 1 hour ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਭਵਨ ਵਿਚ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਆਪਣਾ ਅਤੇ ਮੰਤਰੀ ਮੰਡਲ ਦਾ ਅਸਤੀਫ਼ਾ ਸੌਂਪ ਦਿੱਤਾ ਹੈ...
ਕੈਪਟਨ ਤੇ ਉਨ੍ਹਾਂ ਦੇ ਮੰਤਰੀ ਮੰਡਲ ਵਲੋਂ ਪੰਜਾਬ ਦੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
. . .  about 1 hour ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਭਵਨ ਵਿਚ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਆਪਣਾ ਅਤੇ ਮੰਤਰੀ ਮੰਡਲ ਦਾ ਅਸਤੀਫ਼ਾ ਸੌਂਪ ਦਿੱਤਾ ਹੈ...
ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਅਸਤੀਫ਼ਾ
. . .  about 1 hour ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਉਨ੍ਹਾਂ ਨੇ ਆਪਣਾ....
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਰਾਜ ਭਵਨ
. . .  about 1 hour ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜ ਭਵਨ ਪਹੁੰਚੇ ...
ਰਾਜ ਭਵਨ ਦੇ ਬਾਹਰ ਮੀਡੀਆ ਨਾਲ ਕੈਪਟਨ ਕਰਨਗੇ ਗੱਲ, ਮੇਰੇ ਪਿਤਾ ਕਰਨਗੇ ਨਵੀਂ ਸ਼ੁਰੂਆਤ - ਰਣਇੰਦਰ ਸਿੰਘ
. . .  about 1 hour ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਕੁਝ ਹੀ ਮਿੰਟਾਂ ਵਿਚ ਸਾਰੀ ਸਥਿਤੀ ਸਪਸ਼ਟ ਹੋ ਜਾਵੇਗੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜ ਭਵਨ ਦੇ ਬਾਹਰ ਮੀਡੀਆ ਨਾਲ ਮੁਖ਼ਾਤਬ ਹੋ ਕੇ ਸਾਰੀ ਗੱਲ ਤੋਂ ਪਰਦਾ ਚੁੱਕਣਗੇ। ਇਸ ਦੇ ਨਾਲ ਹੀ ਰਣਇੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨਵੀਂ ਸ਼ੁਰੂਆਤ ਕਰਨਗੇ...
ਸਰਕਾਰੀ ਰਿਹਾਇਸ਼ ਤੋਂ ਰਾਜ ਭਵਨ ਲਈ ਰਵਾਨਾ ਹੋਏ ਕੈਪਟਨ
. . .  about 1 hour ago
ਚੰਡੀਗੜ੍ਹ, 18 ਸਤੰਬਰ - ਸਰਕਾਰੀ ਰਿਹਾਇਸ਼ ਤੋਂ ਰਾਜ ਭਵਨ ਲਈ ਰਵਾਨਾ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ...
ਮੇਰੇ ਪਿਤਾ ਮੁੱਖ ਮੰਤਰੀ ਦੇ ਅਹੁਦੇ ਤੋਂ ਦੇ ਰਹੇ ਹਨ ਅਸਤੀਫ਼ਾ - ਕੈਪਟਨ ਦੇ ਬੇਟੇ ਰਣਇੰਦਰ ਸਿੰਘ ਨੇ ਕੀਤਾ ਟਵੀਟ
. . .  about 1 hour ago
ਚੰਡੀਗੜ੍ਹ, 18 ਸਤੰਬਰ - ਕੈਪਟਨ ਦੇ ਪੁੱਤਰ ਰਣਇੰਦਰ ਸਿੰਘ ਨੇ ਟਵੀਟ ਕੀਤਾ ਹੈ ਕਿ ਉਨ੍ਹਾਂ ਦੇ ਪਿਤਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਜਾ...
ਮਾਮਲਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦਾ, 21 ਸਤੰਬਰ ਤੱਕ ਪ੍ਰਸ਼ਾਸਨ ਨੂੰ ਅਲਟੀਮੇਟਮ
. . .  about 1 hour ago
ਸ੍ਰੀ ਅਨੰਦਪੁਰ ਸਾਹਿਬ,18 ਸਤੰਬਰ (ਨਿੱਕੂਵਾਲ,ਕਰਨੈਲ ਸਿੰਘ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਦਾ ਸਥਾਈ ਹੱਲ ਨਾ ਨਿਕਲਣ ਤੋਂ ਬਾਅਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ...
ਰਾਜ ਭਵਨ ਦੇ ਬਾਹਰ ਕੈਪਟਨ ਅਮਰਿੰਦਰ ਸਿੰਘ ਕਰਨਗੇ 4:30 ਵਜੇ ਪ੍ਰੈੱਸ ਕਾਨਫ਼ਰੰਸ
. . .  about 2 hours ago
ਚੰਡੀਗੜ੍ਹ, 18 ਸਤੰਬਰ - ਰਾਜ ਭਵਨ ਦੇ ਬਾਹਰ ਕੈਪਟਨ ਅਮਰਿੰਦਰ ਸਿੰਘ ਕਰਨਗੇ 4:30 ਵਜੇ ਪ੍ਰੈੱਸ ਕਾਨਫ਼ਰੰਸ...
ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਦੋਸ਼ੀ ਦਾ ਨਾਰਕੋ ਅਤੇ ਬਰੇਨ ਮੈਪਿੰਗ ਟੈੱਸਟ ਕਰਾਉਣ ਦੀ ਮੰਗ
. . .  about 2 hours ago
ਅੰਮ੍ਰਿਤਸਰ, 18 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਬੀਤੇ ਦਿਨੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਦੋਸ਼ੀ ਦਾ ਨਾਰਕੋ ਅਤੇ ਬਰੇਨ ਮੈਪਿੰਗ ਟੈੱਸਟ ਕਰਵਾਏ ਜਾਣ ਦੀ ਮੰਗ ਕੀਤੀ ਹੈ...
ਜਲਾਲਾਬਾਦ ਧਮਾਕੇ ਦੇ ਮਾਮਲੇ 'ਚ ਪੁਲਿਸ ਨੇ ਪਿੰਡ ਧਰਮੂ ਵਾਲਾ ਘੇਰਿਆ
. . .  about 2 hours ago
ਫ਼ਾਜ਼ਿਲਕਾ, 18 ਸਤੰਬਰ(ਦਵਿੰਦਰ ਪਾਲ ਸਿੰਘ) - ਜਲਾਲਾਬਾਦ ਮੋਟਰਸਾਈਕਲ ਧਮਾਕੇ ਦੀਆਂ ਪਰਤਾਂ ਦਿਨੋ ਦਿਨ ਖੁੱਲ੍ਹਦੀਆਂ ਦਿਖਾਈ ਦੇ ਰਹੀਆਂ ਹਨ। ਪੰਜਾਬ ਅਤੇ ਕੇਂਦਰੀ ਜਾਂਚ ਏਜੰਸੀਆਂ ...
ਭਾਜਪਾ ਦੇ ਸਾਬਕਾ ਸੰਸਦ ਮੈਂਬਰ ਬਾਬੁਲ ਸੁਪਰੀਓ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਿਲ
. . .  about 2 hours ago
ਨਵੀਂ ਦਿੱਲੀ, 18 ਸਤੰਬਰ - ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਬਾਬੁਲ ਸੁਪਰੀਓ ਰਸਮੀ ਤੌਰ 'ਤੇ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਵਿਚ ਸ਼ਾਮਿਲ ਹੋ ਗਏ...
ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇਣਗੇ ਅਸਤੀਫ਼ਾ - ਸੂਤਰ
. . .  about 2 hours ago
ਚੰਡੀਗੜ੍ਹ,18 ਸਤੰਬਰ - (ਵਿਕਰਮਜੀਤ ਸਿੰਘ ਮਾਨ) - ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਗੇ....
ਗੁਰਪ੍ਰੀਤ ਕਾਂਗੜ,ਬਲਬੀਰ ਸਿੱਧੂ ਅਤੇ ਪਰਨੀਤ ਕੌਰ ਵੀ ਮੁੱਖ ਮੰਤਰੀ ਨਿਵਾਸ 'ਤੇ ਹਾਜ਼ਰ
. . .  about 3 hours ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) ਗੁਰਪ੍ਰੀਤ ਕਾਂਗੜ ਬਲਬੀਰ ਸਿੱਧੂ ਅਤੇ ਪਰਨੀਤ ਕੌਰ ....
ਅੱਜ ਕਾਂਗਰਸ ਦੇ 79/80 ਵਿਧਾਇਕਾਂ ਲਈ ਮੁਕਤ ਹੋਣ ਦਾ ਸਮਾਂ ਹੈ - ਸਿੱਧੂ ਦੇ ਸਲਾਹਕਾਰ ਮੁਸਤਫ਼ਾ
. . .  about 3 hours ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਪ੍ਰਮੁੱਖ ਰਣਨੀਤਕ ਸਲਾਹਕਾਰ ਮੁਹੰਮਦ ਮੁਸਤਫ਼ਾ ਨੇ ਟਵੀਟ ਕਰ ਕੇ ਕਿਹਾ ਹੈ ਕਿ ਅੱਜ ਕਾਂਗਰਸ ਦੇ 79/80 ਵਿਧਾਇਕਾਂ ਲਈ....
ਨਵਜੋਤ ਸਿੰਘ ਸਿੱਧੂ ਪੁੱਜੇ ਕਾਂਗਰਸ ਭਵਨ
. . .  about 3 hours ago
ਚੰਡੀਗੜ੍ਹ, 18 ਸਤੰਬਰ - ਨਵਜੋਤ ਸਿੰਘ ਸਿੱਧੂ ਕਾਂਗਰਸ ਭਵਨ ਪਹੁੰਚ...
ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਤੇ ਪਹੁੰਚੇ ਬ੍ਰਹਮ ਮਹਿੰਦਰਾ, ਸਾਧੂ ਸਿੰਘ ਧਰਮਸੋਤ ਸਮੇਤ ਕਈ ਮੰਤਰੀ ਅਤੇ ਵਿਧਾਇਕ
. . .  about 3 hours ago
ਚੰਡੀਗੜ੍ਹ, 18 ਸਤੰਬਰ - (ਵਿਕਰਮਜੀਤ ਸਿੰਘ ਮਾਨ) - ਕੈਪਟਨ ਅਮਰਿੰਦਰ ਸਿੰਘ ਆਪਣੀ ਸਰਕਾਰੀ ਰਿਹਾਇਸ਼ 'ਤੇ ਪਹੁੰਚ ਚੁੱਕੇ ਹਨ ਅਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਹ ਆਪਣੇ ਸਾਥੀ ਮੰਤਰੀਆਂ ਅਤੇ ਵਿਧਾਇਕਾਂ ਨਾਲ ਮੀਟਿੰਗ ਕਰਨਗੇ...
ਮੁੱਖ ਮੰਤਰੀ ਦੇ ਪ੍ਰੈੱਸ ਸਕੱਤਰ ਵਿਮਲ ਸੁੰਬਲੀ ਦਾ ਵੱਡਾ ਬਿਆਨ
. . .  about 3 hours ago
ਚੰਡੀਗੜ੍ਹ, 18 ਸਤੰਬਰ - (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਦੇ ਪ੍ਰੈੱਸ ਸਕੱਤਰ ਵਿਮਲ ਸੁੰਬਲੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ | ਉਨ੍ਹਾਂ ਕਿਹਾ ਹੈ ਕਿ ਜੇਕਰ ਲੋਕ ਤੁਹਾਨੂੰ ਧੋਖੇ ਨਾਲ ਸਰਪਰਾਈਜ਼ ਦਿੰਦੇ ਹਨ ਤਾਂ...
ਸਿਸਵਾਂ ਫਾਰਮ ਹਾਊਸ ਤੋਂ ਰਵਾਨਾ ਹੋਏ ਕੈਪਟਨ
. . .  about 3 hours ago
ਚੰਡੀਗੜ੍ਹ, 18 ਸਤੰਬਰ - (ਵਿਕਰਮਜੀਤ ਸਿੰਘ ਮਾਨ) - ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਆ ਰਹੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿਸਵਾਂ ਫਾਰਮ ਤੋਂ ਰਵਾਨਾ ਹੋ ਗਏ ਹਨ...
ਫਗਵਾੜਾ ਦੀ ਕੱਪੜਾ ਮਿੱਲ ਵਿਚ ਕੇਂਦਰ ਦੀ ਇਕ ਏਜੰਸੀ ਨੇ ਮਾਰਿਆ ਛਾਪਾ
. . .  about 3 hours ago
ਫਗਵਾੜਾ, 18 ਸਤੰਬਰ (ਹਰੀਪਾਲ ਸਿੰਘ) - ਫਗਵਾੜਾ ਦੀ ਕੱਪੜਾ ਮਿੱਲ 'ਤੇ ਕੇਂਦਰ ਦੀ ਇਕ ਏਜੰਸੀ ਵਲੋਂ ਅੱਜ ਛਾਪੇਮਾਰੀ ਕੀਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਕੇਂਦਰ ਦੀ ਇਕ ਏਜੰਸੀ ਦੀਆਂ ਟੀਮਾਂ ਅੱਜ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 11 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਸਿਹਤ ਹਰ ਜੀਵ ਦੀ ਸਭ ਤੋਂ ਵੱਡੀ ਜਾਇਦਾਦ ਹੈ। -ਐਮਰਸਨ

ਤੁਹਾਡੇ ਖ਼ਤ

23-04-2021

 ਮਹਿੰਗਾਈ ਦਾ ਵਾਧਾ ਬੇਰੋਕ ਜਾਰੀ
ਪੈਟਰੋਲ, ਡੀਜ਼ਲ, ਖੇਤੀ ਦੇ ਸੰਦ ਦਵਾਈਆਂ, ਖਾਦਾਂ, ਬੀਜਾਂ ਅਤੇ ਹੋਰ ਲੋੜੀਂਦਾ ਸਪੇਅਰ ਪਾਰਟਸ ਦਿਨ-ਬ-ਦਿਨ ਅਸਮਾਨ ਛੂਹ ਰਿਹਾ ਹੈ। ਕਿਸਾਨ ਦੀ ਪੈਦਾਵਾਰ ਜ਼ਿਆਦਾ ਹੋਣ ਕਰਕੇ ਹੀ ਖ਼ਰਚਿਆਂ ਦਾ ਵਧਣਾ ਕਬੀਲਦਾਰੀ ਦੇ ਪੈਰ ਨਹੀਂ ਲੱਗਣ ਦੇ ਰਿਹਾ। ਬੇਜ਼ਮੀਨੇ ਮਜ਼ਦੂਰ ਕਿਸਾਨਾਂ ਦੀ ਵਿਥਿਆ ਹੋਰ ਵੀ ਦਰਦਮੰਦੀ ਵਾਲੀ ਹੈ। ਬਲਦੀ 'ਤੇ ਘਿਓ ਖੇਤੀ ਦੇ ਕਾਲੇ ਕਾਨੂੰਨਾਂ ਨੇ ਪਾਇਆ ਹੈ। ਸਮਾਜ ਦਾ ਹਰ ਨਾਗਰਿਕ ਗੁੱਸੇ ਵਿਚ ਹੈ ਜੋ ਕਿ ਮੰਗਾਂ ਮਨਵਾਉਣ ਲਈ ਲੋਕਤੰਤਰੀ ਸ਼ਾਂਤਮਈ ਧਰਨਿਆਂ 'ਤੇ ਬੈਠਾ ਹੈ। ਕੇਂਦਰ ਸਰਕਾਰ ਮੰਗਾਂ ਮੰਨਣ ਦੀ ਬਜਾਏ ਆਪਣੀ ਕਬਰ ਆਪ ਖੋਦਣ ਦੇ ਰਾਹ ਪੈ ਚੁੱਕੀ ਹੈ। ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਅਤੇ ਕੇਂਦਰੀ ਸਰਕਾਰ ਨੂੰ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ। ਕੋਰੋਨਾ ਨਾਲ ਡਰਾਵੇ ਦੇ ਕੇ ਹੱਕਾਂ ਲਈ ਜੂਝਦਿਆਂ ਨੂੰ ਬਹੁਤੀ ਦੇਰ ਨਹੀਂ ਡੱਕਿਆ ਜਾ ਸਕਦਾ। ਆਸ ਹੈ ਸਰਕਾਰਾਂ ਵਲੋਂ ਅੰਦੋਲਨ ਸਮਾਪਤੀ ਲਈ ਮੰਗਾਂ ਮੰਨਣ ਦਾ ਮਾਮਲਾ ਹੱਲ ਕਰਨ ਲਈ ਯਤਨ ਕੀਤੇ ਜਾਣਗੇ।


-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, ਸੰਗਰੂਰ।


ਦਮ ਤੋੜ ਰਿਹਾ ਲੋਕਤੰਤਰ
ਭਾਰਤ ਦੀ ਰਾਜਨੀਤੀ ਵਿਚ ਬਹੁਤ ਹੀ ਨਿਘਾਰ ਆ ਗਿਆ ਹੈ। ਕੋਈ ਵੀ ਸੰਵਿਧਾਨਕ ਸੰਸਥਾ ਇਸ ਦੇ ਪ੍ਰਭਾਵ ਤੋਂ ਨਹੀਂ ਬਚੀ, ਇਥੋਂ ਤੱਕ ਕਿ ਨਿਆਂਪਾਲਿਕਾ ਵਿਚ ਵੀ ਰਾਜਨੀਤਕ ਦਖ਼ਲਅੰਦਾਜ਼ੀ ਬਹੁਤ ਵਧ ਗਈ ਹੈ ਜੋ ਕਿ ਭਾਰਤੀ ਲੋਕਤੰਤਰ ਲਈ ਕਾਫੀ ਘਾਤਕ ਹੋਣ ਵਾਲੀ ਹੈ। ਸਕੂਲ ਬੰਦ ਕਰਕੇ ਆਨਲਾਈਨ ਪੜ੍ਹਾਈ ਕਰਾਉਣ ਦਾ ਵੀ ਇਕ ਕਾਰੋਬਾਰੀ ਧੰਦਾ ਬਣ ਚੁੱਕਾ ਹੈ। ਜੋ ਵਿੱਦਿਆ ਬੱਚੇ ਨੇ ਕਲਾਸ ਰੂਮ ਵਿਚ ਲੈਣੀ ਹੈ ਉਹ ਮੋਬਾਈਲ 'ਤੇ ਕਿਵੇਂ ਹੋ ਸਕਦੀ ਹੈ। ਭਾਰਤ ਵਿਚ ਕੇਵਲ 42 ਫ਼ੀਸਦੀ ਲੋਕਾਂ ਕੋਲ ਹੀ ਸਮਾਰਟ ਫੋਨ ਹਨ ਜਦ ਕਿ 70 ਫ਼ੀਸਦੀ ਆਬਾਦੀ ਅਜੇ ਵੀ ਗ਼ਰੀਬੀ ਰੇਖਾ ਤੋਂ ਥੱਲੇ ਰਹਿ ਰਹੀ ਹੈ। ਨੈੱਟ ਦੀ ਸੁਵਿਧਾ ਕੇਵਲ 38 ਫ਼ੀਸਦੀ ਲੋਕਾਂ ਕੋਲ ਹੈ। ਪਿੰਡਾਂ ਵਿਚ ਕੇਵਲ 3 ਫ਼ੀਸਦੀ ਗ਼ਰੀਬ ਲੋਕਾਂ ਕੋਲ ਹੀ ਆਮ ਮੋਬਾਈਲ ਹਨ। ਭਾਰਤ ਵਿਚ 56 ਲੱਖ ਬੱਚੇ 10ਵੀਂ ਦੀ ਪ੍ਰੀਖਿਆ ਦੇਣ ਵਾਲੇ ਸਨ ਜੋ ਰੱਦ ਕਰ ਦਿੱਤੀ ਗਈ। ਦੇਸ਼ ਦੇ ਜਿੰਨੇ ਵੀ ਜਗਿਆਸੂ ਤੇ ਚਿੰਤਨਕਾਰੀ ਲੋਕ ਹਨ ਉਹ ਤੇ ਜਨਤਾ ਵੀ ਆਵਾਜ਼ ਬੁਲੰਦ ਕਰੇ ਤਾਂ ਸ਼ਾਇਦ ਕੁਝ ਹੱਲ ਹੋ ਜਾਵੇ। ਭਾਰਤ ਦੀ ਗੰਭੀਰ ਸਥਿਤੀ ਵਿਚੋਂ ਕੱਢਣ ਲਈ ਸਵੈ-ਚਿੰਤਨ ਤੇ ਜਾਗਰੂਕਤਾ ਦੀ ਸਖ਼ਤ ਲੋੜ ਹੈ। ਜਦ ਜਨਤਾ ਜਾਗਰੂਕ ਹੋ ਕੇ ਰਾਜਨੇਤਾਵਾਂ ਨੂੰ ਘੇਰ ਕੇ ਆਪਣੇ ਮੌਲਿਕ ਹੱਕਾਂ ਬਾਰੇ ਸਵਾਲ ਕਰੇਗੀ ਤਾਂ ਰਾਜਨੇਤਾ ਵੀ ਸਮਝ ਜਾਣਗੇ ਤੇ ਮਨਮਾਨੀ ਨਹੀਂ ਕਰ ਸਕਣਗੇ।


-ਬਲਦੇਵ ਸਿੰਘ ਵਿਰਕ ਐਮ.ਏ.
ਪੰਜਾਬੀ ਝੂਰੜ ਖੇੜਾ।


ਕੋਰੋਨਾ ਬਣਿਆ ਕਾਤਲ
ਭਾਰਤ ਵਿਚ ਹਰ ਰੋਜ਼ ਪ੍ਰਭਾਵਿਤ ਲੋਕਾਂ ਦੀ ਗਿਣਤੀ 2 ਲੱਖ ਤੋਂ ਵੱਧ ਆ ਰਹੀ ਹੈ। ਕਈ ਸੂਬਿਆਂ ਵਿਚ ਤਾਂ ਤਾਲਾਬੰਦੀ ਵੀ ਕਰ ਦਿੱਤੀ ਗਈ ਹੈ। ਜੇ ਮੁੜ ਤੋਂ ਪਾਬੰਦੀਆਂ ਲਗਾਈਆਂ ਜਾਣਗੀਆਂ ਤਾਂ ਅਰਥਵਿਵਸਥਾ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਜਾਵੇਗੀ। ਚੰਡੀਗੜ੍ਹ ਵਿਚ ਵੀ ਸਨਿਚਰਵਾਰ-ਐਤਵਾਰ ਮੁਕੰਮਲ ਤਾਲਾਬੰਦੀ ਲਗਾ ਦਿੱਤੀ ਗਈ ਹੈ। ਨਵੰਬਰ-ਦਸੰਬਰ 2019 ਵਿਚ ਪਹਿਲੇ ਹੀ ਭਾਰਤ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਸੀ। ਹੁਣ ਤਾਲਾਬੰਦੀ ਦੌਰਾਨ ਸਨਅਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਬੇਰੁਜ਼ਗਾਰੀ ਵਧੀ ਹੈ। ਗ਼ਰੀਬਾਂ ਲਈ ਦੋ ਸਮੇਂ ਦੀ ਰੋਟੀ ਦਾ ਹੀਲਾ ਕਰਨਾ ਮੁਸ਼ਕਿਲ ਹੋ ਗਿਆ ਹੈ। ਬੜੀ ਮੁਸ਼ੱਕਤ ਨਾਲ ਤਾਲਾਬੰਦੀ ਦੌਰਾਨ ਸਨਅਤ ਦਾ ਮੁੜ ਤੋਂ ਪਹੀਆ ਘੁੰਮਣਾ ਸ਼ੁਰੂ ਹੋਇਆ ਹੈ। ਉਥੇ ਵੀ ਗਿਣਵੇਂ-ਚਿਣਵੇਂ ਬੰਦਿਆਂ ਨੂੰ ਹੀ ਰੁਜ਼ਗਾਰ ਦਿੱਤਾ ਜਾ ਰਿਹਾ ਹੈ। ਆਮ ਜਨਤਾ ਦੀ ਅਹਿਮ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਆਪਣਾ ਮੂੰਹ ਚੰਗੀ ਤਰ੍ਹਾਂ ਢਕ ਕੇ ਬਾਹਰ ਨਿਕਲੋ। ਸਮਾਜਿਕ ਦੂਰੀ ਬਣਾ ਕੇ ਰੱਖੋ।


-ਸੰਜੀਵ ਸਿੰਘ ਸੈਣੀ
ਮੁਹਾਲੀ।


ਫਸਟ-ਏਡ ਬਾਰੇ ਜਾਣਕਾਰੀ ਜ਼ਰੂਰੀ
ਅੱਜਕਲ੍ਹ ਵਾਡੀ ਦੇ ਦਿਨਾਂ ਵਿਚ ਥਰੈਸ਼ਰ ਮਸ਼ੀਨ ਵਿਚ ਅਚਾਨਕ ਆ ਕੇ ਕਿਸਾਨ-ਮਜ਼ਦੂਰ ਵੀਰਾਂ ਦੇ ਹੱਥ, ਬਾਂਹ ਆਦਿ ਕੱਟੇ ਜਾਂਦੇ ਹਨ। ਕਈ ਵਾਰ ਮਸ਼ੀਨ 'ਚ ਆਉਣ ਨਾਲ ਸਿਰ ਵੀ ਕੱਟਿਆ ਜਾਂਦਾ ਹੈ। ਇਸ ਲਈ ਕਿਸਾਨ ਵੀਰਾਂ ਨੂੰ ਫਸਟ-ਏਡ ਦੀ ਜਾਣਕਾਰੀ ਜ਼ਰੂਰੀ ਹੋਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲਈ ਜਦੋਂ ਕਿਸੇ ਰੋਗੀ ਦਾ ਅੰਗ ਸਰੀਰ ਤੋਂ ਅਲੱਗ ਹੋ ਜਾਵੇ, ਫੌਰੀ ਤੌਰ 'ਤੇ ਕੱਟਿਆ ਹੋਇਆ ਅੰਗ ਸਾਫ਼ ਕਰਨ ਤੋਂ ਬਾਅਦ ਲਿਫ਼ਾਫ਼ੇ 'ਚ ਬਰਫ਼ ਪਾਉਣ ਤੋਂ ਬਾਅਦ ਅੰਗ ਵਾਲੇ ਲਿਫ਼ਾਫ਼ੇ 'ਚ ਰੱਖ ਦਿਓ। ਕੱਟੇ ਹੋਏ ਅੰਗ ਨੂੰ ਪਾਣੀ ਨਾ ਲੱਗੇ। ਰੋਗੀ ਪੰਜ ਘੰਟੇ ਵਿਚ ਹਸਪਤਾਲ ਅਪੜਨਾ ਚਾਹੀਦਾ ਹੈ। ਏ.ਐਸ.ਆਈ. ਹਰਜੀਤ ਸਿੰਘ ਜਿਸ ਦਾ ਪਿਛਲੇ ਸਾਲ ਹੱਥ ਕੱਟਿਆ ਗਿਆ ਸੀ, ਨੂੰ ਫਸਟ-ਏਡ ਬਾਰੇ ਜਾਣਕਾਰੀ ਮੁਢਲੀ ਸਿਖਲਾਈ ਤੋਂ ਸੀ, ਜਿਸ ਦੇ ਆਤਮ-ਵਿਸ਼ਵਾਸ ਨਾਲ ਉਸ ਦਾ ਹੱਥ ਬਚ ਗਿਆ। ਸਰਕਾਰ ਨੂੰ ਸਕੂਲ ਲੈਵਲ 'ਤੇ ਹੀ ਬੱਚਿਆਂ ਨੂੰ ਫਸਟ-ਏਡ ਦੀ ਸਿਖਲਾਈ ਦੇਣੀ ਚਾਹੀਦੀ ਹੈ, ਜਿਸ ਨਾਲ ਕਈ ਮਨੁੱਖੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।


-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ ਪੁਲਿਸ।


ਕੋਰੋਨਾ ਦਾ ਖੌਫ਼
ਸੋਚ ਅਜਿਹੀ ਸ਼ੈਅ ਹੈ ਜੋ ਮਨੁੱਖ ਨੂੰ ਚੜ੍ਹਦੀ ਜਾਂ ਢਹਿੰਦੀ ਕਲਾ ਵਾਲਾ ਜੀਵਨ ਜਿਊਣ ਲਈ ਪ੍ਰੇਰਦੀ ਹੈ। ਕੋਰੋਨਾ ਪੁਕਾਰ ਰਿਹਾ ਹੈ ਕਾਨੂੰਨ ਤੇ ਸਾਵਧਾਨੀਆਂ ਵਰਤੋਗੇ ਤਾਂ ਮੈਂ ਤੁਹਾਥੋਂ ਦੂਰ ਰਹਾਂਗਾ। ਸਿਆਣੇ ਮਨੁੱਖੀ ਜੀਵ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈ। ਪਰ ਅਫ਼ਸੋਸ ਅੱਜ ਪੜ੍ਹੇ-ਲਿਖੇ ਮਨੁੱਖਾਂ ਦੀ ਹਾਂ-ਪੱਖੀ ਸੋਚ ਨੂੰ ਸਾਡੇ ਦੇਸ਼ ਦੇ ਘੱਟ ਪੜ੍ਹੇ-ਲਿਖੇ ਨੇਤਾ ਗੰਦੀ ਰਾਜਨੀਤੀ ਅਤੇ ਟੀ.ਵੀ., ਪ੍ਰੈੱਸ ਮੀਡੀਆ ਰਾਹੀਂ ਨਾਂਹ-ਪੱਖੀ ਸੋਚ ਬਣਾਉਣ ਵਿਚ ਤੁਲੇ ਹੋਏ ਹਨ। ਸਵੇਰ ਤੋਂ ਰਾਤ ਤੱਕ ਕੋਰੋਨਾ ਦੀਆਂ ਮੌਤਾਂ ਦੀ ਗਿਣਤੀ ਵਾਰ-ਵਾਰ ਸੁਣਾ ਵਿਖਾ ਕੇ ਹਰੇਕ ਦੇਸ਼ ਵਾਸੀ ਨੂੰ ਕੋਰੋਨਾ ਦੇ ਡਰ ਦਾ ਮਾਨਸਿਕ ਰੋਗੀ ਬਣਾ ਦਿੱਤਾ ਹੈ। ਰੌਲਾ ਪਾ ਕੇ ਨੁਕਸਾਨ ਹੋ ਰਿਹਾ ਹੈ। ਕਮਜ਼ੋਰ ਦਿਲ ਦਿਮਾਗ ਵਾਲਾ ਰੋਗੀ ਤਾਂ ਕੋਰੋਨਾ ਪਾਜ਼ੀਟਿਵ ਬੋਲ ਸੁਣ ਕੇ ਹੀ ਦਮ ਤੋੜ ਦਿੰਦਾ ਹੈ। ਸਰਕਾਰ ਵਲੋਂ ਨਸ਼ੇ ਦੇ ਠੇਕੇ ਖੁੱਲ੍ਹੇ ਹਨ ਪਰ ਸਕੂਲ ਬੰਦ ਹਨ, ਡਾਕਟਰਾਂ ਦਾ ਵਪਾਰ ਵਧ ਰਿਹਾ ਹੈ, ਕਾਨੂੰਨਾਂ 'ਤੇ ਕੋਈ ਸਖ਼ਤਾਈ ਨਹੀਂ ਹੈ। ਰਾਤ ਦੇ ਕਰਫ਼ਿਊ ਦਾ ਕੀ ਲਾਭ ਹੋਇਆ? ਝੂਠੀ ਰਾਜਨੀਤੀ ਪ੍ਰਧਾਨ ਹੈ। ਜੇਕਰ 14 ਦਿਨ ਲਈ ਸਾਡੇ ਨੇਤਾਵਾਂ ਅਤੇ ਮੀਡੀਆ ਨੂੰ ਇਕਾਂਤਵਾਸ ਕਰ ਦਿੱਤਾ ਜਾਵੇ ਤਾਂ ਕੋਰੋਨਾ ਬਿਮਾਰੀ ਨੂੰ ਠੱਲ੍ਹ ਪੈ ਸਕਦੀ ਹੈ।


-ਹਰਜਿੰਦਰ ਸਿੰਘ ਧਾਮੀ
ਦੂਰਦਰਸ਼ਨ ਇਨਕਲੇਵ, ਜਲੰਧਰ।

22-04-2021

 ਵਧ ਰਹੀ ਮਹਿੰਗਾਈ ਚਿੰਤਾ ਦਾ ਵਿਸ਼ਾ
ਅਸੀਂ ਸਾਰੇ ਜਾਣਦੇ ਹਾਂ ਕਿ ਮਹਿੰਗਾਈ ਦਿਨੋ-ਦਿਨ ਵਧ ਰਹੀ ਹੈ। ਹੁਣ ਹਰ ਚੀਜ਼ ਪਹਿਲਾਂ ਨਾਲੋਂ ਵਧੇਰੇ ਮਹਿੰਗੀ ਹੈ। ਮਹਿੰਗਾਈ ਵਿਚ ਵਾਧੇ ਦਾ ਇਕ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੈ। ਲਗਾਤਾਰ ਸਬਜ਼ੀਆਂ ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਧ ਰਹੀਆਂ ਹਨ। ਵਿਰੋਧੀ ਪਾਰਟੀਆਂ ਮਹਿੰਗਾਈ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਦੀਆਂ ਹਨ ਪਰ ਕੋਈ ਵੀ ਇਸ ਨੂੰ ਘਟਾਉਣ ਲਈ ਕੋਈ ਕੋਸ਼ਿਸ਼ ਨਹੀਂ ਕਰਦਾ। ਪੈਟਰੋਲੀਅਮ ਉਤਪਾਦਾਂ ਦੀ ਕੀਮਤ ਵਿਚ ਵਾਧੇ ਕਾਰਨ ਮਾਲ ਢੋਣ ਵਾਲੇ ਵਾਹਨਾਂ ਦਾ ਕਿਰਾਇਆ ਵੀ ਵਧਿਆ ਹੈ, ਜਿਸ ਕਾਰਨ ਖਾਣ-ਪੀਣ ਵਾਲੀਆਂ ਚੀਜ਼ਾਂ ਵੀ ਮਹਿੰਗੀਆਂ ਹੋ ਗਈਆਂ ਹਨ। ਕੀਮਤਾਂ ਨੂੰ ਘਟਾਉਣ ਲਈ ਪੈਟਰੋਲੀਅਮ ਪਦਾਰਥਾਂ ਨੂੰ ਜੀ.ਐਸ.ਟੀ. ਦੇ ਅਧੀਨ ਲਿਆਉਣ ਦੀ ਮੰਗ ਲੰਮੇ ਸਮੇਂ ਤੋਂ ਉੱਠ ਰਹੀ ਹੈ ਪਰ ਸਰਕਾਰ ਨੇ ਇਸ 'ਤੇ ਕੁਝ ਨਹੀਂ ਕੀਤਾ। ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਵਿਚ ਮਹਿੰਗਾਈ ਵਧ ਰਹੀ ਹੈ, ਜੋ ਕਿ ਗ਼ਰੀਬ ਲੋਕਾਂ 'ਤੇ ਬਹੁਤ ਮਾੜਾ ਪ੍ਰਭਾਵ ਪਾ ਰਹੀ ਹੈ। ਮਹਿੰਗਾਈ ਏਨੀ ਜ਼ਿਆਦਾ ਹੈ ਕਿ ਗ਼ਰੀਬ ਲੋਕ ਆਸਾਨੀ ਨਾਲ ਦੋ ਵੇਲੇ ਦੀ ਰੋਟੀ ਵੀ ਨਹੀਂ ਖਾ ਸਕਦੇ। ਸਰਕਾਰ ਨੂੰ ਇਸ ਪ੍ਰਤੀ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ ਤੇ ਇਸ ਸਮੱਸਿਆ ਦੇ ਹੱਲ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ।


-ਸਾਕਸ਼ੀ ਸ਼ਰਮਾ
ਨਿਊ ਹਰਦਿਆਲ ਨਗਰ, ਜਲੰਧਰ।


ਪੁਰਾਣੇ ਦਰੱਖਤ ਅਤੇ ਸੜਕੀ ਹਾਦਸੇ
ਵੋਟਾਂ ਵੇਲੇ ਬਣੀਆਂ ਸੜਕਾਂ ਲੰਮੇ ਸਮੇਂ ਤੋਂ ਟੁੱਟੀਆਂ ਪਈਆਂ ਸਨ। ਧੂਰੀ ਤੋਂ ਬਾਗੜੀਆਂ ਸੰਗਰੂਰ ਜ਼ਿਲ੍ਹੇ ਦੀ ਸੜਕ ਲੰਮਾ ਸਮਾਂ ਜ਼ਖ਼ਮੀ ਹਾਲਤ ਵਿਚ ਪਈ ਸੀ। ਹੁਣ ਠੀਕ ਬਣੀ ਹੈ। 18 ਕਿਲੋਮੀਟਰ ਵਿਚ ਕੂਹਣੀ ਮੋੜ ਕਾਫੀ ਜ਼ਿਆਦਾ ਹਨ, ਬਚ ਕੇ ਮੋੜ ਤੋਂ ਲਿਖਣਾ ਚਾਹੀਦਾ ਹੈ। ਦੂਸਰਾ ਸਵਾਲ ਪੁਰਾਣੇ ਭਾਰੀ ਅਤੇ ਸੁੱਕ ਚੁੱਕੇ ਦਰੱਖਤ ਜਿਹੜੇ ਹਨੇਰੀ ਤੂਫ਼ਾਨ ਵਿਚ ਖ਼ਤਰਨਾਕ ਹਾਦਸਿਆਂ ਨੂੰ ਵਾਪਰਨ ਦਾ ਕਾਰਨ ਬਣ ਸਕਦੇ ਹਨ, ਇਨ੍ਹਾਂ ਨੂੰ ਹਟਾ ਕੇ ਟਨਾਂ ਕੁਇੰਟਲ ਲੱਕੜੀ ਦਾ ਲਾਭ ਲਿਆ ਜਾਵੇ। ਇਹ ਤਾਂ ਇਕ ਸੜਕ ਦੀ ਹਾਲਤ ਹੈ। ਪੰਜਾਬ ਦੀਆਂ ਬਾਕੀ ਸੜਕਾਂ ਦਾ ਵੀ ਇਹੋ ਹਾਲ ਹੈ। ਆਸ ਹੈ ਸੜਕ ਅਤੇ ਵਣ ਵਿਭਾਗ ਯੋਗ ਧਿਆਨ ਦੇਣਗੇ ਤਾਂ ਕਿ ਕੀਮਤੀ ਖਜ਼ਾਨੇ ਨੂੰ ਸਾਂਭਿਆ ਜਾਵੇ, ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।


-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, ਸੰਗਰੂਰ।


ਕਿਸਾਨ ਤੇ ਮੰਡੀ
ਅੱਜ ਕਿਸਾਨ ਸੋਨੇ ਰੰਗੀਆਂ ਕਣਕਾਂ ਦੇ ਢੇਰ ਲਾ ਕੇ ਮੰਡੀਆਂ ਵਿਚ ਰੱਬ ਆਸਰੇ ਜਾਂ ਸਰਕਾਰ ਦੇ ਆਸਰੇ ਬੈਠਾ, ਖੂਨ-ਪਸੀਨੇ ਦੀ ਕਮਾਈ ਲੈ ਕੇ ਕਦੇ ਫ਼ਸਲ ਦੀ ਚੁਕਾਈ ਵਿਚ ਦੇਰੀ ਕਿਤੇ ਬਾਰਦਾਨੇ ਦੀ ਘਾਟ ਤੇ ਕਦੇ ਪੈਸੇ ਵਲੋਂ ਰੜਕਦੀ ਕਮੀ, ਚਾਹੇ ਸਰਕਾਰਾਂ ਲੱਖ ਦਾਅਵੇ ਕਰਨ ਪਰ ਫਿਰ ਵੀ ਕਾਮੇ ਕਿਸਾਨ ਦੀ ਜਾਨ ਮੁੱਠੀ ਵਿਚ ਰਹਿੰਦੀ ਹੈ। ਕਿਉਂਕਿ ਸਾਰਾ ਸਰਕਲ ਹੀ ਖੇਤੀ ਨਾਲ ਚਲਦਾ ਹੈ, ਸਾਰੇ ਦੇਸ਼ ਦਾ ਭਵਿੱਖ ਹੀ ਖੇਤੀ 'ਤੇ ਟਿਕਿਆ ਹੋਇਆ ਹੈ। ਅੱਜ ਕਾਮਾ ਕਿਸਾਨ ਮੰਡੀਆਂ 'ਚ ਬੈਠੇ ਕਿਤੇ ਰੱਬ ਵੱਲ ਕਦੇ ਸਰਕਾਰਾਂ ਵੱਲ ਵੇਖਦਾ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਫ਼ਸਲ ਦੀ ਜਲਦੀ ਤੋਂ ਜਲਦੀ ਸਾਂਭ-ਸੰਭਾਲ ਕਰੇ ਤਾਂ ਕਿ ਮੀਂਹ ਕਣੀ ਕੁਦਰਤ ਦੀ ਕਰੋਪੀ ਤੋਂ ਕਿਸਾਨ ਤੇ ਫ਼ਸਲ ਨੂੰ ਬਚਾਇਆ ਜਾਵੇ।


-ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ।


ਮਹਿੰਗੀ ਬਿਜਲੀ ਦਾ ਮੁੱਦਾ
ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਆਪਣੇ ਨਿੱਜੀ ਮੁਫਾਦਾਂ ਲਈ ਗ਼ਲਤ ਅਤੇ ਲੋਕ ਮਾਰੂ ਨੀਤੀਆਂ ਬਣਾ ਕੇ ਲੋਕਾਂ ਦੀ ਕੁਰਬਾਨੀ ਦੇਣ ਲੱਗਿਆਂ ਦੇਰ ਨਹੀਂ ਲਾਉਂਦੀਆਂ। ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਨਿੱਜੀ ਤਾਪ ਘਰਾਂ ਨਾਲ ਕੀਤੇ 25 ਸਾਲਾ ਬਿਜਲੀ ਖ਼ਰੀਦ ਸਮਝੌਤਿਆਂ ਦਾ ਸੇਕ ਬਿਜਲੀ ਨਿਗਮ ਦੇ ਨਾਲ ਪੰਜਾਬ ਦੇ ਖਪਤਕਾਰਾਂ ਨੂੰ ਝੱਲਣਾ ਪੈ ਰਿਹਾ ਹੈ। ਮੌਜੂਦਾ ਕਾਂਗਰਸ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਪੰਜਾਬ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ 'ਤੇ ਇਹ ਸਮਝੌਤੇ ਰੱਦ ਕੀਤੇ ਜਾਣਗੇ ਜੋ ਕਿ ਨਹੀਂ ਕੀਤੇ ਗਏ। ਅੰਕੜਿਆਂ ਅਨੁਸਾਰ ਬਿਜਲੀ ਨਿਗਮ ਨੇ 2020 ਤੱਕ ਬਿਨਾਂ ਵਰਤੋਂ ਕੀਤੀ ਬਿਜਲੀ ਦੇ ਬਾਵਜੂਦ ਚਾਰ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਰਕਮ ਨਿੱਜੀ ਤਾਪ ਘਰਾਂ ਨੂੰ ਦਿੱਤੀ ਹੈ। ਪਾਵਰਕਾਮ ਦੇ ਮਾਹਰਾਂ ਦਾ ਕਹਿਣਾ ਹੈ ਕਿ ਭਵਿੱਖ ਵਿਚ ਬਿਜਲੀ ਹੋਰ ਮਹਿੰਗੀ ਹੋਵੇਗੀ ਤੇ ਖਪਤਕਾਰਾਂ ਨੂੰ ਬਿਜਲੀ ਦੇ ਮੋਟੇ ਬਿੱਲ ਭਰਨੇ ਪੈਣਗੇ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ।


ਬੱਚਤ
ਬੱਚਤ ਦੀ ਜੀਵਨ ਵਿਚ ਬਹੁਤ ਮਹੱਤਤਾ ਹੈ। ਬੱਚਤ ਦੀ ਆਦਤ ਹਰੇਕ ਮਨੁੱਖ ਨੂੰ ਹੋਣੀ ਚਾਹੀਦੀ ਹੈ ਤੇ ਅਸੀਂ ਬੱਚਿਆਂ ਨੂੰ ਜੇਬ ਖਰਚ ਦਿੰਦੇ ਸਮੇਂ ਬੱਚਤ ਪ੍ਰਤੀ ਸੁਚੇਤ ਕਰ ਸਕਦੇ ਹਾਂ। ਬੱਚਿਆਂ ਵਿੱਚ ਇਹ ਆਦਤ ਬਣ ਜਾਵੇ ਤਾਂ ਵੱਡੇ ਹੋ ਕੇ ਆਪਣੇ ਆਪ ਹੀ ਹਰ ਕੰਮ ਵਿਚ ਬੱਚਤ ਕਰਦੇ ਹਨ। ਮਨੁੱਖ ਦੁਆਰਾ ਕੀਤੀ ਬੱਚਤ ਕਿਸੇ ਸਮੇਂ ਵੀ ਕੰਮ ਆ ਸਕਦੀ ਹੈ। ਕਿਹਾ ਜਾਂਦਾ ਹੈ ਕਿ ਬੂੰਦ-ਬੂੰਦ ਨਾਲ ਸਾਗਰ ਭਰਦਾ ਹੈ। ਬੱਚਤ ਅਸੀਂ ਘਰੇਲੂ ਕੰਮ-ਕਾਰ, ਖਾਣ-ਪੀਣ, ਰਸਮ ਰਿਵਾਜਾਂ ਵਿਚ ਕਰ ਸਕਦੇ ਹਾਂ। ਮਨੁੱਖ ਨੂੰ ਲੋਕ ਦਿਖਾਵੇ ਤੋਂ ਉੱਪਰ ਉੱਠ ਕੇ ਸਾਦੇ ਵਿਆਹ ਅਤੇ ਹੋਰ ਘਰੇਲੂ ਸਮਾਗਮਾਂ ਵਿਚ ਬੱਚਤ ਕਰਨੀ ਚਾਹੀਦੀ ਹੈ। ਮਨੁੱਖ ਫੋਕੀ ਸ਼ੁਹਰਤ ਦੇ ਚੱਕਰ ਵਿਚ ਆਪਣੇ-ਆਪ ਨੂੰ ਆਰਥਿਕ ਸੰਕਟ ਵਿਚ ਪਾ ਲੈਂਦਾ ਹੈ। ਜਿਸ ਦੇ ਨਤੀਜੇ ਘਾਤਕ ਹਨ। ਮਨੁੱਖ ਦੀ ਕੀਤੀ ਬੱਚਤ ਉਸ ਲਈ ਬੁਢਾਪੇ ਵਿਚ ਸਹਾਰਾ ਬਣਦੀ ਹੈ ਅਤੇ ਉਸ ਨੂੰ ਕਿਸੇ ਵੱਲ ਪੈਸੇ ਦੀ ਝਾਕ ਨਹੀਂ ਹੁੰਦੀ। ਸਰਕਾਰਾਂ ਦੁਆਰਾ ਬੱਚਤ ਸਕੀਮਾਂ ਵੀ ਚਲਾਈਆਂ ਗਈਆਂ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਜੀਵਨ ਖੁਸ਼ਹਾਲ ਕਰ ਸਕਦੇ ਹਾਂ।


-ਬਿਕਰਮਜੀਤ ਸਿੰਘ ਪੁਰਬਾ
ਬਰਨਾਲਾ।

21-4-2021

 ਕਾਸ਼! ਦੇਸ਼ ਦੀ ਵੰਡ ਨਾ ਹੁੰਦੀ

ਪਿਛਲੇ ਦਿਨੀਂ 'ਅਜੀਤ' ਅਖ਼ਬਾਰ ਪੜ੍ਹ ਰਿਹਾ ਸੀ। ਲਾਹੌਰ ਹਾਈ ਕੋਰਟ 'ਚ ਜਲ੍ਹਿਆਂਵਾਲਾ ਬਾਗ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਾਰੇ ਭਾਰਤ ਦੇ ਸਾਂਝੇ ਧਰਮਾਂ ਦੇ ਲੋਕ ਸ਼ਹੀਦ ਹੋਏ, ਜੋ ਉਹ ਅੱਜ ਤੱਕ ਭੁੱਲ ਨਹੀਂ ਸਕੇ। ਸਾਰੇ ਧਰਮਾਂ ਦਾ ਸਾਂਝਾ ਫੁੱਲਾਂ ਦਾ ਗੁਲਦਸਤਾ ਟੁੱਟਿਆ। ਭਰਾਵਾਂ 'ਚ ਵੱਢ-ਟੁੱਕ ਹੋਈ। ਘਰੋਂ-ਬੇਘਰ ਹੋਏ। ਸਭ ਲਕੀਰਾਂ ਦੇ ਪੁਆੜੇ ਨੇ। ਕੋਈ ਵੀ ਧਾਰਮਿਕ ਆਗੂ ਜੋ ਸਾਰਿਆਂ ਮਨੁੱਖਾਂ 'ਚ ਇਕ ਰੱਬ ਦੀ ਜੋਤ ਨਹੀਂ ਪਛਾਣਦਾ, ਆਪਣੇ ਧਰਮ ਨੂੰ ਦੂਜਿਆਂ ਤੋਂ ਉੱਚਾ ਸਮਝਦਾ ਹੈ, ਮੇਰੇ ਖਿਆਲ 'ਚ ਉਹ ਅੱਲ੍ਹਾ, ਰਾਮ ਤੇ ਵਾਹਿਗੁਰੂ ਦਾ ਪਿਆਰਾ ਨਹੀਂ ਹੋ ਸਕਦਾ। ਗੁਰੂ ਸਾਹਿਬਾਨ ਨੇ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕੀਤਾ। ਪਰ ਅਸੀਂ ਪਾਕਿਸਤਾਨ ਦੇ ਗੁਰਦੁਆਰਾ ਸਾਹਿਬਾਨ ਦੇ ਖੁੱਲ੍ਹੇ ਦਰਸ਼ਨ ਦੀਦਾਰਾਂ ਤੋਂ ਵਾਂਝੇ ਹੋ ਗਏ। ਇਕੱਠ 'ਚ ਬਰਕਤ ਹੈ। ਇਕੱਲੇ ਹੋ ਕੇ ਸਾਰੇ ਗੁਲਾਮ ਹੋਣਗੇ।

-ਕੁਲਜੀਤ ਸਿੰਘ 'ਰੰਧਾਵਾ'
ਪਿੰਡ ਤੇ ਡਾਕ: ਬੱਬਰੀ ਜੀਵਨ ਵਾਲ, ਜ਼ਿਲ੍ਹਾ ਗੁਰਦਾਸਪੁਰ।

ਸਾਦੇ ਵਿਆਹ ਸਾਦੇ ਭੋਗ

ਨਾ ਕੋਈ ਕਰਜ਼ਾ ਨਾ ਚਿੰਤਾ ਨਾ ਰੋਗ। ਇਹ ਖੂਬਸੂਰਤ ਨਾਅਰਾ ਸਮਾਜ ਨੂੰ ਸੇਧ ਦੇਣ ਵਾਲਾ ਹੈ। ਵਿਆਹ ਤੇ ਮਰਨ ਦੀਆਂ ਰਸਮਾਂ ਨੂੰ ਸਾਦਾ ਰੱਖਣ ਲਈ ਜ਼ੋਰ ਪਾਇਆ ਹੈ। ਕਰਜ਼ਾ ਚੁੱਕ ਸਮਾਗਮ ਕਰਨ ਤੋਂ ਰੋਕਦਾ ਹੈ। ਕਿਸੇ ਵੀ ਮਹਿੰਗੀ ਰਸਮ ਨੂੰ ਛੱਡ ਦਿੱਤਾ ਜਾਵੇ। ਸਮਾਜ ਦਾ ਭਲਾ ਹੈ। ਪਰ ਸਾਡੇ ਸਾਹਮਣੇ ਹੈ ਕਿ ਇਹ ਰਸਮਾਂ ਦਿਨ-ਬਦਿਨ ਮਹਿੰਗੀਆਂ ਹੋ ਗਈਆਂ ਹਨ। ਸਮਾਜ ਕੀ ਕਹੇਗਾ, ਨੱਕ ਨਹੀਂ ਰਹਿਣਾ ਤੇ ਦੇਖਾ-ਦੇਖੀ ਵਾਧਾ ਹੋਇਆ ਹੈ। ਮੱਛੀ ਪੱਥਰ ਚੱਟ ਕੇ ਮੁੜਦੀ ਹੈ। ਸਮਾਜ ਦੀਆਂ ਰਸਮਾਂ ਹੌਲੀ-ਹੌਲੀ ਖ਼ਤਮ ਹੋ ਜਾਂਦੀਆਂ ਹਨ। ਧਾਰਮਿਕ ਅਤੇ ਰਾਜਸੀ ਜਥੇਬੰਦੀਆਂ ਨੂੰ ਫਜ਼ੂਲ ਖ਼ਰਚੀ ਵਾਲੇ ਸਮਾਗਮਾਂ ਨੂੰ ਰੋਕਣ ਲਈ ਅਗਵਾਈ ਕਰਨੀ ਚਾਹੀਦੀ ਹੈ।

-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, ਸੰਗਰੂਰ।

ਪਿੰਡ ਦਾ ਗੇੜਾ

ਪੰਜਾਬ ਦੀ ਆਵਾਜ਼, ਨਿਰਪੱਖ ਪੱਤਰਕਾਰੀ ਕਰਨ ਵਾਲਾ ਤੇ ਲੋਕਾਂ ਨੂੰ ਪੰਜਾਬੀ ਮਾਂ-ਬੋਲੀ ਨਾਲ ਜੋੜਨ ਵਾਲਾ ਹਰਮਨ-ਪਿਆਰਾ 'ਅਜੀਤ' ਜੋ ਸਮੇਂ-ਸਮੇਂ 'ਤੇ ਹਰ ਗਤੀਵਿਧੀ ਨੂੰ ਉਜਾਗਰ ਕਰਦਾ ਆਇਆ ਹੈ। 'ਅਜੀਤ ਪ੍ਰਕਾਸ਼ਨ ਸਮੂਹ' ਵਲੋਂ ਸ਼ੁਰੂ ਕੀਤੇ ਗਏ ਪਿੰਡ ਦਾ ਗੇੜਾ ਕਾਲਮ ਦੀ ਅਸੀਂ ਭਰਪੂਰ ਸ਼ਲਾਘਾ ਕਰਦੇ ਹਾਂ। ਮਿਤੀ 8 ਅਪ੍ਰੈਲ ਨੂੰ ਸਾਡੇ ਪਿੰਡ ਉੱਚੀ ਬੱਸੀ ਦੇ ਪੱਤਰਕਾਰ ਗੁਰਦੀਪ ਸਿੰਘ ਗੋਰਾਇਆ ਵਲੋਂ ਇਕ ਝਲਕ ਪੇਸ਼ ਕੀਤੀ ਗਈ ਜਿਸ ਨੂੰ ਪਿੰਡ ਤੇ ਇਲਾਕਾ ਨਿਵਾਸੀਆਂ ਨੇ ਬਹੁਤ ਪਸੰਦ ਕੀਤਾ। ਮੈਂ ਗ੍ਰਾਮ ਪੰਚਾਇਤ ਉੱਚੀ ਬੱਸੀ ਤੇ ਪਿੰਡ ਨਿਵਾਸੀਆਂ ਵਲੋਂ ਹਰ ਇਕ ਦੇ ਦਿਲ ਵਿਚ ਵੱਖਰੀ ਸ਼ਾਪ ਛੱਡਣ ਵਾਲੀ ਸ਼ਖ਼ਸੀਅਤ, ਮਿੱਠ ਬੋਲੜੇ ਤੇ ਅਨੇਕ ਗੁਣਾਂ ਦੇ ਮਾਲਕ 'ਅਜੀਤ ਪ੍ਰਕਾਸ਼ਨ ਸਮੂਹ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਅਦਾਰਾ 'ਅਜੀਤ' ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਦਾ ਜਾਏ।

-ਸੰਦੀਪ ਉੱਤਮ
ਸਰਪੰਚ, ਗ੍ਰਾਮ ਪੰਚਾਇਤ ਉੱਚੀ ਬੱਸੀ, ਬਲਾਕ ਦਸੂਹਾ।

ਕੀ ਹੋਏ ਵਾਅਦੇ ਪੂਰੇ?

ਚਾਰ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਚਾਰ ਹਫ਼ਤਿਆਂ ਅੰਦਰ ਨਸ਼ਾ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ। ਮੇਰਾ ਪ੍ਰਸ਼ਨ ਹੈ, ਕੀ ਗੁਟਕਾ ਸਾਹਿਬ ਦਾ ਦਿਖਾਵਾ ਕੇਵਲ ਲੋਕਾਂ ਕੋਲੋਂ ਵੋਟਾਂ ਲੈਣ ਲਈ ਹੀ ਸੀ? ਹਫ਼ਤਿਆਂ ਤੋਂ ਮਹੀਨੇ ਅਤੇ ਮਹੀਨਿਆਂ ਤੋਂ ਚਾਰ ਸਾਲ ਬੀਤ ਗਏ ਪਰ ਨਸ਼ਾ ਅਜੇ ਤੱਕ ਖ਼ਤਮ ਨਹੀਂ ਹੋਇਆ। ਘਰ-ਘਰ ਸਰਕਾਰੀ ਨੌਕਰੀ ਦਾ ਵਾਅਦਾ ਵੀ ਨੌਜਵਾਨ ਪੀੜ੍ਹੀ ਦੀਆਂ ਵੋਟਾਂ ਲੈਣ ਲਈ ਹੀ ਕੀਤਾ ਗਿਆ ਸੀ। ਈ.ਟੀ.ਟੀ. ਤੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਭਾਖੜਾ ਨਹਿਰ 'ਚ ਛਾਲ ਮਾਰ ਕੇ ਨੌਕਰੀ ਖ਼ਾਤਰ ਆਪਣੀ ਜਾਨ ਗੁਆ ਰਹੇ ਹਨ।
ਨਾ ਹੀ ਨਸ਼ਾ ਖ਼ਤਮ ਹੋਇਆ ਅਤੇ ਨਾ ਹੀ ਘਰ-ਘਰ ਨੌਕਰੀ ਦਾ ਵਾਅਦਾ ਮੁਕੰਮਲ ਹੋਇਆ। ਜਨਤਾ ਨੂੰ ਅਪੀਲ ਹੈ ਕਿ ਸਰਕਾਰ ਦੇ ਝੂਠੇ ਵਾਅਦਿਆਂ ਉੱਪਰ ਯਕੀਨ ਕਰਨ ਦੀ ਬਜਾਏ, ਆਓ ਆਉਣ ਵਾਲੇ ਸਾਲਾਂ 'ਚ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਪੰਜਾਬ ਲਈ ਸੂਝਵਾਨ ਨੇਤਾ ਚੁਣੀਏ।

-ਸਿਮਰਨਦੀਪ ਕੌਰ ਬੇਦੀ
ਬਾਬਾ ਨਾਮਦੇਵ ਨਗਰ, ਘੁਮਾਣ।

ਮੋਬਾਈਲ ਤੇ ਇੰਟਰਨੈੱਟ ਦੀ ਵਰਤੋਂ

ਅਜੋਕੇ ਸਮੇਂ ਵਿਚ ਮੋਬਾਈਲ ਤੇ ਇੰਟਰਨੈੱਟ ਦੀ ਵਰਤੋਂ ਸਮੇਂ ਦੀ ਲੋੜ ਹੈ ਪਰ ਜਿਸ ਕਦਰ ਅਸੀਂ ਲੋਕ ਵਰਤੋਂ ਕਰ ਰਹੇ ਭਲੀ-ਭਾਂਤ ਜਾਣੂ ਹਾਂ। ਇਸ ਨੇ ਰੋਜ਼ਾਨਾ ਜੀਵਨ ਵਿਚ ਕਿਸ ਤਰ੍ਹਾਂ ਘੁਸਪੈਠ ਕੀਤਾ ਹੈ, ਇੰਟਰਨੈੱਟ ਤੇ ਸੋਸ਼ਲ ਸਾਈਟਾਂ ਦੀ ਵਰਤੋਂ ਨੇ ਸਾਨੂੰ ਆਪਣੀ ਅਜਿਹੀ ਜਕੜਨ ਵਿਚ ਲੈ ਲਿਆ ਹੈ ਕਿ ਛੋਟੇ ਬੱਚਿਆਂ ਤੋਂ ਲੈ ਨੌਜਵਾਨ, ਬਜ਼ੁਰਗ ਇਸ ਦੇ ਮਾਰੂ ਪ੍ਰਭਾਵ ਤੋਂ ਨਹੀਂ ਬਚ ਸਕੇ। ਸੋਸ਼ਲ ਸਾਈਟਾਂ 'ਤੇ ਪਹਿਲਾਂ ਤੋਂ ਜਾਣੂ ਲੋਕਾਂ ਨਾਲ ਮੇਲ ਜੋਲ ਰੱਖਣਾ ਤਾਂ ਠੀਕ ਹੈ ਪਰ ਅਣਜਾਣ ਲੋਕਾਂ ਨਾਲ ਦੋਸਤੀ ਕਰਨੀ ਖ਼ਤਰੇ ਤੋਂ ਖਾਲੀ ਨਹੀਂ। ਪਰਿਵਾਰਕ ਰਿਸ਼ਤਿਆਂ ਦਾ ਘਾਣ ਹੋਇਆ ਹੈ। ਇਸ ਦੀ ਵਰਤੋਂ ਸਮਾਜ ਨੂੰ ਜਾਗਰੂਕ ਕਰਨ ਲਈ ਕੀਤੀ ਜਾਵੇ ਕਿਉਂਕਿ ਹੁਣ ਸਾਡਾ ਸਮਾਜ ਸਮਾਜਿਕ ਬੁਰਾਈਆਂ ਦੇ ਪ੍ਰਦੂਸ਼ਣ ਵਿਚੋਂ ਗੁਜ਼ਰ ਰਿਹਾ ਹੈ। ਇਸ ਦੀ ਵਰਤੋਂ ਸੰਜਮ ਤੇ ਪੂਰੀ ਚੌਕਸੀ ਨਾਲ ਕਰਨੀ ਚਾਹੀਦੀ ਹੈ ਕਿਸੇ ਦਾ ਨੁਕਸਾਨ ਕਰਨ ਲਈ ਨਹੀਂ।

-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿ: ਪਟਿਆਲਾ।

ਨਤੀਜੇ ਭਿਆਨਕ ਹੋਣਗੇ...

ਪਰਮਾਤਮਾ ਵਲੋਂ ਬਖ਼ਸ਼ੀਸ਼ ਕੁਦਰਤ ਦੇ ਦੁਨਿਆਵੀ ਮਨੁੱਖਾਂ ਨੂੰ ਅਣਗਿਣਤ ਲਾਭ ਹਨ ਪਰ ਅਸੀਂ ਕੀ ਕਰ ਰਹੇ ਹਾਂ ਆਏ ਦਿਨ, ਇਸ ਨਾਲ ਛੇੜਛਾੜ ਕਰ ਰਹੇ ਹਾਂ। ਰੋਜ਼ਾਨਾ ਹੀ ਹਜ਼ਾਰਾਂ ਦੀ ਗਿਣਤੀ ਵਿਚ ਅਸੀਂ ਦਰੱਖਤਾਂ ਨੂੰ ਕੱਟਦੇ ਜਾ ਰਹੇ ਹਾਂ ਬਿਨਾਂ ਆਪਣੇ ਭਵਿੱਖ ਬਾਰੇ ਸੋਚੇ! ਜੇ ਦੇਖੀਏ ਤਾਂ ਇਸ ਦੇ ਸਿੱਟੇ ਬਹੁਤ ਭਿਆਨਕ ਹੋਣਗੇ। ਮਸਲਨ ਹੜ੍ਹਾਂ ਵਿਚ ਵਾਧਾ ਹੋਵੇਗਾ, ਕਾਰਬਨ ਡਾਈਆਕਸਾਈਡ ਦੇ ਪੱਧਰ ਵਿਚ ਵਾਧਾ ਹੋਵੇਗਾ, ਹਰਬਲ ਦਵਾਈਆਂ 'ਤੇ ਪ੍ਰਭਾਵ ਪਏਗਾ ਆਦਿ। ਸੋ, ਸਾਨੂੰ ਇਹ ਆਪਣਾ ਫਰਜ਼ ਸਮਝ ਕੇ ਰੁੱਖ ਕੱਟਣ ਦੀ ਬਜਾਏ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।

-ਏਕਮਨੂਰ ਸਿੰਘ,
ਜ਼ਿਲ੍ਹਾ ਗੁਰਦਾਸਪੁਰ।

20-4-2021

 ਵਿਦੇਸ਼ ਜਾਣਾ ਸ਼ੌਕ ਜਾਂ ਫਿਰ ਮਜਬੂਰੀ

ਕੇਵਲ ਭਾਰਤ ਹੀ ਨਹੀਂ, ਸਗੋਂ ਸੰਸਾਰ ਦੀ ਸਭ ਤੋਂ ਵੱਧ ਉਪਜਾਊ ਮੰਨੀ ਜਾਂਦੀ ਧਰਤ 'ਦੇਸ਼ ਪੰਜਾਬ' ਦੇ ਲੋਕ ਆਪਣੀ ਮਾਤ ਭੂਮੀ ਨੂੰ ਛੱਡ ਕੇ ਧੜਾਧੜ ਵਿਦੇਸ਼ਾਂ ਨੂੰ ਜਾ ਰਹੇ ਹਨ। ਪੰਜਾਬ ਜਿੰਨੀ ਫ਼ਸਲ ਦੁਨੀਆ ਦੇ ਕਿਸੇ ਭਾਗ ਵਿਚ ਨਹੀਂ ਹੁੰਦੀ। ਵਿਦੇਸ਼ਾਂ ਵਿਚ ਕਿਤੇ ਬਹੁਤੀ ਠੰਢ ਕਿਤੇ ਬਹੁਤੀ ਗਰਮੀ। ਪਰ ਪੰਜਾਬ ਵਰਗੀਆਂ ਛੇ ਰੁੱਤਾਂ ਤੁਹਾਨੂੰ ਦੁਨੀਆ 'ਚ ਕਿਤੇ ਦੇਖਣ ਨੂੰ ਨਹੀਂ ਮਿਲਦੀਆਂ। ਪੰਜਾਬ 'ਚ ਰੁਜ਼ਗਾਰ ਨਾ ਮਿਲਣ ਕਾਰਨ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਰੁਖ਼ ਤਾਂ ਕੁਝ ਸਮਝ ਆਉਂਦਾ ਹੈ ਪਰ ਕਈ ਸਰਕਾਰੀ ਨੌਕਰੀਆਂ ਤੇ ਚੰਗੀਆਂ ਜਾਇਦਾਦਾਂ ਵਾਲਿਆਂ 'ਤੇ ਵਿਦੇਸ਼ ਜਾਣ ਦਾ 'ਭੂਤ' ਕੁਝ ਜ਼ਿਆਦਾ ਹੀ ਸਵਾਰ ਹੈ। ਵਿਦੇਸ਼ ਜਾਣਾ ਇਕ ਵੱਡਾ 'ਸਟੇਟਸ ਸਿੰਬਲ' ਬਣ ਚੁੱਕਾ ਹੈ। ਸਾਡੇ ਸਮਾਜ ਦੇ ਹਾਲਾਤ ਇਹ ਬਣ ਚੁੱਕੇ ਹਨ ਕਿ ਜਿਸ ਘਰ ਦਾ ਕੋਈ ਵਿਦੇਸ਼ ਨਹੀਂ ਗਿਆ, ਉਨ੍ਹਾਂ ਨੂੰ ਬੰਦਾ ਹੀ ਨਹੀਂ ਸਮਝਿਆ ਜਾਂਦਾ। ਇਸ ਰੁਝਾਨ ਕਾਰਨ ਬਜ਼ੁਰਗ ਇਧਰ ਰੁਲ ਰਹੇ ਹਨ ਤੇ ਕਰੋੜਾਂ ਰੁਪਏ ਖ਼ਰਚ ਕਰਕੇ ਪੰਜਾਬ ਵਿਚ ਬਣਾਈਆਂ ਵੱਡੀਆਂ-ਵੱਡੀਆਂ ਕੋਠੀਆਂ ਖੰਡਰ ਬਣ ਰਹੀਆਂ ਹਨ। ਆਖ਼ਰਕਾਰ ਇਸ ਸਮੁੱਚੀ ਸਥਿਤੀ ਲਈ ਜ਼ਿੰਮੇਵਾਰ ਕੌਣ ਹੈ? ਅਨੇਕਾਂ ਸਵਾਲ ਹਨ ਜੋ ਜਵਾਬ ਮੰਗ ਰਹੇ ਹਨ।

-ਰਾਜਿੰਦਰ ਸਿੰਘ ਮਰਾਹੜ
ਪਿੰਡ ਤੇ ਡਾਕ: ਕੋਠਾ ਗੁਰੂ, ਤਹਿ: ਫੂਲ (ਬਠਿੰਡਾ)।

ਪਟਵਾਰੀਆਂ ਦੇ ਕਰਿੰਦੇ

ਪੂਰੇ ਪੰਜਾਬ ਵਿਚ ਮਾਲ ਵਿਭਾਗ ਦੇ ਕੁਝ ਪਟਵਾਰੀਆਂ ਨੇ ਬਿਨਾਂ ਕਿਸੇ ਪ੍ਰਵਾਨਗੀ ਦੇ ਆਪਣੀ ਮਰਜ਼ੀ ਨਾਲ ਹੀ ਆਪਣੇ ਤੌਰ 'ਤੇ ਆਪਣੇ ਨਿੱਜੀ ਸਹਾਇਕ ਮੁੰਡੇ/ਕਰਿੰਦੇ ਰੱਖੇ ਹੋਏ ਹਨ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਹ ਸਿਲਸਿਲਾ ਕਾਫੀ ਲੰਮੇ ਸਮੇਂ ਤੋਂ ਬਿਨਾਂ ਕਿਸੇ ਰੋਕ-ਟੋਕ ਦੇ ਨਿਰਵਿਘਨ ਚੱਲ ਰਿਹਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਬਾਬਤ ਸਭ ਕੁਝ ਪਤਾ ਹੋਣ ਦੇ ਬਾਵਜੂਦ ਇਹ ਗੋਰਖ ਧੰਦਾ ਚੱਲ ਰਿਹਾ ਹੈ। ਪਟਵਾਰੀਆਂ ਵਲੋਂ ਰੱਖੇ ਕਰਿੰਦੇ ਪਿੰਡਾਂ ਦੇ ਭੋਲੇ-ਭਾਲੇ ਲੋਕਾਂ ਦੀ ਬਹੁਤ ਹੀ ਜ਼ਿਆਦਾ ਲੁੱਟ ਕਰਦੇ ਹਨ ਅਤੇ ਵਿਭਾਗ ਦੇ ਸਰਕਾਰੀ ਰਿਕਾਰਡ ਨੂੰ ਆਪਣੀ ਨਿੱਜੀ ਜਗੀਰ ਹੀ ਸਮਝਦੇ ਹਨ। ਕਈ ਵਾਰ ਤਾਂ ਮੋਟੇ ਪੈਸੇ ਲੈ ਕੇ ਸਰਕਾਰੀ ਰਿਕਾਰਡ ਵਿਚ ਫੇਰਬਦਲ ਵੀ ਕਰ ਦਿੰਦੇ ਹਨ। ਇਨ੍ਹਾਂ ਕਰਿੰਦਿਆਂ ਨੂੰ ਸਰਕਾਰੀ ਰਿਕਾਰਡ ਨੂੰ ਆਪਣੇ ਘਰ ਲਿਜਾਂਦੇ ਵੀ ਆਮ ਹੀ ਵੇਖਿਆ ਜਾ ਸਕਦਾ ਹੈ। ਇਨ੍ਹਾਂ ਕਰਿੰਦਿਆਂ ਦੀ ਤਹਿਸੀਲ ਵਿਚ ਵੀ ਚੰਗੀ ਪੁੱਛ-ਪੜਤਾਲ ਹੁੰਦੀ ਹੈ। ਕੀ ਸੱਚਮੁੱਚ ਹੀ ਸਰਕਾਰ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਜਾਂ ਫਿਰ ਦਾਲ ਵਿਚ ਹੀ ਕੁਝ ਕਾਲਾ ਹੈ? ਦੂਜੇ ਪਾਸੇ ਪਟਵਾਰੀਆਂ ਨਾਲ ਗੱਲ ਕਰਨ 'ਤੇ ਪਤਾ ਲਗਦਾ ਹੈ ਕਿ ਪੰਜਾਬ ਵਿਚ ਜ਼ਿਆਦਾਤਰ ਅਸਾਮੀਆਂ ਖਾਲੀ ਹੋਣ ਕਰਕੇ ਤੇ ਕੰਮ ਕਈ-ਕਈ ਪਿੰਡਾਂ ਦਾ ਹੋਣ ਕਰਕੇ ਕਈ ਪਟਵਾਰੀਆਂ ਨੂੰ ਮਜਬੂਰੀ ਵਿਚ ਵੀ ਕਰਿੰਦੇ ਰੱਖਣੇ ਪੈ ਰਹੇ ਹਨ। ਫਿਰ ਵੀ ਬਹੁਤੇ ਪਟਵਾਰੀ ਅਜਿਹੇ ਵੀ ਹਨ ਜੋ ਬਿਨਾਂ ਕਿਸੇ ਕਰਿੰਦੇ ਦੇ ਹੀ ਆਪਣਾ ਕੰਮ ਖ਼ੁਦ ਹੀ ਕਰਦੇ ਹੋਏ ਵਿਭਾਗ ਦਾ ਮਾਣ ਵਧਾਉਂਦੇ ਹਨ। ਸੱਚਮੁੱਚ ਹੀ ਅਜਿਹੇ ਪਟਵਾਰੀ ਵਧਾਈ ਦੇ ਅਸਲੀ ਹੱਕਦਾਰ ਹਨ।

-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ: ਕੋਟਗੁਰੂ (ਬਠਿੰਡਾ)।

ਵੋਟਿੰਗ ਮਸ਼ੀਨਾਂ ਖੱਚਰਾਂ 'ਤੇ

ਪਿਛਲੇ ਸਮੇਂ 2014 ਤੋਂ ਟੀ.ਵੀ. ਮਾਧਿਅਮ ਦੇ ਖ਼ਬਰਾਂ ਚੈਨਲ, ਅਖ਼ਬਾਰਾਂ ਤੇ ਸੋਸ਼ਲ ਮੀਡੀਏ 'ਤੇ ਇਸ ਤਰ੍ਹਾਂ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਵੇਂ ਸਾਡਾ ਦੇਸ਼ ਮੋਦੀ ਦੇ ਆਉਣ 'ਤੇ ਹੀ ਆਜ਼ਾਦ ਹੋਇਆ ਹੋਵੇ। ਮੋਦੀ ਦੇ ਪ੍ਰਧਾਨ ਮੰਤਰੀ ਦੀ ਦੂਜੀ ਪਾਰੀ ਵਿਚ ਤਾਂ ਸਭ ਕੁਝ ਸਿਰੇ ਹੀ ਲਗਦਾ ਦਿਸ ਰਿਹਾ ਹੈ। ਨਵੀਆਂ-ਨਵੀਆਂ ਸਕੀਮਾਂ ਕਾਗਜ਼ਾਂ ਵਿਚ ਹੀ ਚਲਾ ਕੇ ਵੱਡੇ ਪੱਧਰ 'ਤੇ ਉਨ੍ਹਾਂ ਦੀ ਇਸ਼ਤਿਹਾਰਬਾਜ਼ੀ ਲਈ ਪੈਸਾ ਖਰਚਿਆ ਜਾ ਰਿਹਾ ਹੈ। ਸਾਡੇ ਦੇਸ਼ ਦੀ ਕੇਂਦਰੀ ਸਰਕਾਰ ਦੀਆਂ ਸਭ ਗੱਲਾਂ ਦੀ ਫੂਕ ਉਸ ਵੇਲੇ ਨਿਕਲਦੀ ਦੇਖੀ ਜਦੋਂ ਕਈ ਰਾਜਾਂ ਵਿਚ ਹੋ ਰਹੀਆਂ ਚੋਣਾਂ ਸਮੇਂ ਇਹ ਦੇਖ ਕੇ ਹੈਰਾਨੀ ਹੋਈ ਕਿ ਆਸਾਮ ਦੇ ਦੂਰ-ਦੁਰਾਡੇ ਵਾਲੇ ਇਲਾਕੇ ਵਿਚ ਈ.ਵੀ.ਐਮ. ਵੋਟਿੰਗ ਮਸ਼ੀਨਾਂ ਖੱਚਰਾਂ 'ਤੇ ਲੱਦੀਆਂ ਹੋਈਆਂ ਨਜ਼ਰ ਆਈਆਂ। ਇਹ ਉਹੀ ਵੋਟਿੰਗ ਮਸ਼ੀਨਾਂ ਹਨ, ਜਿਨ੍ਹਾਂ ਦਾ ਰੌਲਾ ਦੇਸ਼ ਵਿਚ ਪੈ ਰਿਹਾ ਹੈ। ਇਸ ਤਰ੍ਹਾਂ ਖੱਚਰਾਂ-ਗਧਿਆਂ 'ਤੇ ਲੱਦੀਆਂ ਵੋਟਿੰਗ ਮਸ਼ੀਨਾਂ ਵਿਚ ਜਿਥੇ ਮਰਜ਼ੀ ਸੌਖਿਆਂ ਹੀ ਛੇੜਛਾੜ ਹੋ ਸਕਦੀ ਹੈ। ਅਨੇਕਾਂ ਤਰ੍ਹਾਂ ਦੇ ਕੇਸ ਸਾਹਮਣੇ ਆਏ ਹਨ। ਇਹ ਹੈ ਸਾਡੇ ਪ੍ਰਧਾਨ ਮੰਤਰੀ ਵਲੋਂ ਗੱਲੀਂ-ਬਾਤੀਂ ਅਲਾਪੇ ਜਾ ਰਹੇ ਡਿਜੀਟਲ ਇੰਡੀਆ ਦੇ ਵਿਚਲਾ ਇਕ ਰੰਗ।

-ਬਲਬੀਰ ਸਿੰਘ ਬੱਬੀ

ਧਰਮ 'ਤੇ ਸਿਆਸਤ ਕਿਉਂ?

ਅਕਾਲੀ-ਭਾਜਪਾ ਸਰਕਾਰ ਵੇਲੇ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਵਾਪਰਨ ਨਾਲ ਸਮੁੱਚੀ ਦੁਨੀਆ ਵਿਚ ਵਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਸਨ। ਪਰ ਇਸ ਸਾਰੇ ਘਟਨਾਕ੍ਰਮ ਵਿਚੋਂ ਸਾਡੀ ਸੂਬੇ ਦੀ ਰਾਜਨੀਤੀ ਅਤੇ ਸਾਡੀ ਸਿੱਖ ਕੌਮ ਦੇ ਕੁਝ ਅਖੌਤੀ ਧਾਰਮਿਕ ਆਗੂਆਂ ਨੇ ਆਪਣਾ ਫਾਇਦਾ ਚੁੱਕਣ ਵਿਚ ਮੌਕਾ ਨਹੀਂ ਗਵਾਇਆ, ਜਿਸ ਦੀ ਤਾਜ਼ਾ ਮਿਸਾਲ ਅਦਾਲਤ ਵਲੋਂ ਆਏ ਫ਼ੈਸਲੇ ਤੋਂ ਮਿਲਦੀ ਹੈ ਕਿਵੇਂ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਚਾਰ ਸਾਲ ਇਸ ਕੇਸ ਨੂੰ ਫੁਟਬਾਲ ਬਣਾ ਕੇ ਖੇਡਿਆ ਗਿਆ ਹੈ। ਪੰਜਾਬ ਦੇ ਲੋਕ ਦੁਨੀਆ ਵਿਚ ਵਸਦੇ ਪੰਜਾਬੀ ਭਵਿੱਖ ਵਿਚ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਅਤੇ ਇਨ੍ਹਾਂ ਨੂੰ ਰਾਜਨੀਤਕ ਮੁਫ਼ਾਦਾਂ ਲਈ ਮੁਆਫ਼ ਕਰਨ ਵਾਲੇ ਹਾਕਮਾਂ ਨੂੰ ਕਦੀ ਮੁਆਫ਼ ਨਹੀਂ ਕਰਨਗੇ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ ਜ਼ਿਲ੍ਹਾ ਤਰਨ ਤਾਰਨ।

ਸੜਕਾਂ ਧਿਆਨ ਮੰਗਦੀਆਂ

ਪਿੰਡਾਂ ਦੀਆਂ ਲਿੰਕ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਹੈ। ਜੋ ਆਮ ਲੋਕਾਂ ਦਾ ਲਾਂਘਾ ਤੇ ਰੋਜ਼ਾਨਾ ਮਸ਼ੀਨਰੀ ਦੀ ਆਵਾਜਾਈ ਹੁੰਦੀ ਹੈ, ਇਹ ਸੜਕਾਂ ਟੁੱਟੀਆਂ-ਫੁੱਟੀਆਂ ਤੇ ਵੱਡੇ-ਵੱਡੇ ਟੋਏ ਪਏ ਹੋਏ ਹਨ, ਜਿਥੇ ਬਹੁਤ ਸਾਰੀਆਂ ਦੁਰਘਟਨਾਵਾਂ ਵਾਪਰਦੀਆਂ ਤੇ ਸਾਧਨਾਂ ਦਾ ਵੀ ਨੁਕਸਾਨ ਹੁੰਦਾ ਹੈ। ਸਰਕਾਰਾਂ ਨੂੰ ਇਨ੍ਹਾਂ ਸੜਕਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਸਾਰਾ ਜ਼ੋਰ ਵੱਡੀਆਂ ਸੜਕਾਂ 'ਤੇ ਹੀ ਨਹੀਂ ਲਾ ਦੇਣਾ ਚਾਹੀਦਾ। ਆਸ ਹੈ ਕਿ ਸਰਕਾਰਾਂ ਇਹ ਬੇਨਤੀ ਪ੍ਰਵਾਨ ਕਰਨਗੀਆਂ ਤੇ ਲਿੰਕ ਸੜਕਾਂ ਵੱਲ ਵੀ ਧਿਆਨ ਦੇਣਗੀਆਂ।

-ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ, ਮੋਗਾ।

19-4-2021

 ਕਸਰਤ ਦੇ ਫਾਇਦੇ
ਅਜੋਕਾ ਸਮਾਂ ਪਹਿਲਾਂ ਨਾਲੋਂ ਬਿਲਕੁਲ ਵੱਖਰਾ ਹੋ ਗਿਆ ਹੈ। ਜਿਥੇ ਪਹਿਲਾਂ ਲੋਕ ਸਰੀਰਕ ਤੌਰ 'ਤੇ ਦੌੜ-ਭੱਜ ਕਰਦੇ ਸਨ, ਉਥੇ ਅੱਜ ਇਹ ਦੌੜ-ਭੱਜ ਸਕੂਟਰਾਂ ਤੇ ਕਾਰਾਂ ਨੇ ਲੈ ਲਈ ਹੈ, ਜਿਸ ਦੇ ਚਲਦਿਆਂ ਜ਼ਿਆਦਾਤਰ ਲੋਕ ਤਰ੍ਹਾਂ-ਤਰ੍ਹਾਂ ਦੀਆਂ ਸਰੀਰਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਖੁਰਾਕਾਂ ਵੀ ਪਹਿਲਾਂ ਵਰਗੀਆਂ ਪੌਸ਼ਟਿਕ ਨਹੀਂ ਰਹੀਆਂ। ਇਸ ਲਈ ਥੋੜ੍ਹੀ ਜਿਹੀ ਕਸਰਤ ਸਭ ਲਈ ਜ਼ਰੂਰੀ ਹੋ ਗਈ ਹੈ ਤਾਂ ਕਿ ਸੰਤੁਲਣ ਸਹੀ ਰੱਖਿਆ ਜਾ ਸਕੇ। ਸਵੇਰ ਦੀ ਸੈਰ ਨਾਲ ਅਸੀਂ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਜਿਵੇਂ ਬਲੱਡ ਪ੍ਰੈਸ਼ਰ, ਸ਼ੂਗਰ, ਸਾਹ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਆਪਣੀ ਰੱਖਿਆ ਕਰ ਸਕਦੇ ਹਾਂ। ਇਸ ਮਹਾਂਮਾਰੀ ਦੇ ਦੌਰ ਵਿਚ ਅੱਜ ਬਹੁਤ ਜ਼ਰੂਰੀ ਹੈ ਕਿ ਅਸੀਂ ਸਾਰੇ ਆਪਣੀ ਸਿਹਤ ਦੀ ਸੰਭਾਲ ਕਰੀਏ ਤਾਂ ਜੋ ਇਕ ਤੰਦਰੁਸਤ ਸਮਾਜ ਦੀ ਸਿਰਜਣਾ ਹੋ ਸਕੇ।


-ਅਰਵਿੰਦਰ ਸਿੰਘ ਰਾਏਕੋਟ


ਕੋਰੋਨਾ ਦਾ ਭਵਿੱਖ 'ਤੇ ਪ੍ਰਭਾਵ
ਅੱਜ ਦੇ ਹਾਲਾਤ ਦੇਖ ਕੇ ਇਹ ਸੋਚਣ ਲਈ ਮਜਬੂਰ ਹੋ ਜਾਂਦੇ ਹਾਂ ਕਿ ਆਉਣ ਵਾਲੇ ਭਵਿੱਖ ਵਿਚ ਕੀ ਹੋਵੇਗਾ? ਕਿਉਂਕਿ ਜਿਵੇਂ ਹੁਣ ਪ੍ਰੀਖਿਆਵਾਂ ਦਾ ਮਾਮਲਾ ਲਟਕਾਇਆ ਜਾ ਰਿਹਾ ਹੈ ਜਾਂ ਜਿਵੇਂ ਆਨਲਾਈਨ ਬੱਚਿਆਂ ਨੂੰ ਪੜ੍ਹਾਈ ਕਰਵਾਈ ਜਾ ਰਹੀ ਹੈ, ਇਸ ਨਾਲ ਉਨ੍ਹਾਂ ਦੇ ਭਵਿੱਖ 'ਤੇ ਬਹੁਤ ਅਸਰ ਪਵੇਗਾ। ਕਿਉਂਕਿ ਪਿਛਲੇ ਸਾਲ ਤੋਂ ਹੀ ਬੱਚਿਆਂ ਦੀ ਪੜ੍ਹਾਈ ਪੂਰੀ ਤਰ੍ਹਾਂ ਨਾਲ ਨਹੀਂ ਹੋ ਸਕੀ ਜਿਸ ਕਰਕੇ ਬੱਚਿਆਂ ਦੀ ਪੜ੍ਹਾਈ ਤੋਂ ਰੁਚੀ ਘਟਦੀ ਜਾਪਦੀ ਹੈ। ਆਨਲਾਈਨ ਪੜ੍ਹਾਈ ਨਾਲ ਕੁਝ ਹੱਦ ਤੱਕ ਸਿਰਫ਼ ਕਲਾਸਾਂ ਦਾ ਅਤੇ ਫੀਸ ਲੈਣ ਦਾ ਦਿਖਾਵਾ ਕੀਤਾ ਜਾ ਰਿਹਾ ਹੈ। ਪ੍ਰੰਤੂ ਬੱਚੇ ਇਸ ਨਾਲ ਗਿਆਨ ਨਹੀਂ ਪ੍ਰਾਪਤ ਕਰ ਰਹੇ। ਜੇਕਰ ਵੋਟਾਂ ਵੇਲੇ ਸਹੂਲਤਾਂ ਕਰਕੇ ਸਮੇਂ ਸਿਰ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ ਤਾਂ ਬੱਚਿਆਂ ਦੇ ਇਮਤਿਹਾਨ ਵੀ ਜਾਂ ਤਾਂ ਪਹਿਲਾਂ ਫਰਵਰੀ ਮਾਰਚ ਵਿਚ ਲਏ ਜਾ ਸਕਦੇ ਸਨ, ਜਿਸ ਵੇਲੇ ਕੋਰੋਨਾ ਦਾ ਕਹਿਰ ਘੱਟ ਸੀ ਜਾਂ ਫਿਰ ਹੁਣ ਉਪਾਅ ਕਰਕੇ ਬੱਚਿਆਂ ਦੇ ਇਮਤਿਹਾਨ ਲਏ ਜਾ ਸਕਦੇ ਹਨ।


-ਕਮਲਪ੍ਰੀਤ ਕੌਰ ਜੰਗਪੁਰਾ
ਮੁਹਾਲੀ।


ਸਕੂਲ ਨਹੀਂ ਖੁੱਲ੍ਹ ਸਕਦੇ
ਭਾਰਤ ਵਰਗੇ ਵੱਡੇ ਅਤੇ ਮਹਾਨ ਦੇਸ਼ ਵਿਚ ਰਾਜਨੀਤਕ ਰੈਲੀਆਂ ਵੀ ਵੱਡੀਆਂ-ਵੱਡੀਆਂ ਹੀ ਹੁੰਦੀਆਂ ਹਨ, ਜਿਨ੍ਹਾਂ ਨੂੰ ਮਹਾਂ-ਰੈਲੀਆਂ ਕਿਹਾ ਜਾਂਦਾ ਹੈ। ਇੰਜ ਹੀ ਵੱਡੇ-ਵੱਡੇ ਧਾਰਮਿਕ ਸਮਾਗਮ ਹੁੰਦੇ ਨੇ, ਮੇਲੇ ਲਗਦੇ ਨੇ। ਸ਼ਤਾਬਦੀਆਂ ਮਨਾਈਆਂ ਜਾਂਦੀਆਂ ਹਨ। ਕ੍ਰਿਕਟ ਵਰਗੇ ਵੱਡੇ ਖੇਡ ਸਮਾਰੋਹ ਹੁੰਦੇ ਨੇ, ਆਈ.ਪੀ.ਐਲ.ਖੇਡਿਆ ਜਾਂਦਾ ਹੈ। ਜਦਕਿ ਦੇਸ਼ ਵਿਚ ਚਾਰੇ ਪਾਸੇ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਪ੍ਰਚੰਡ ਰੂਪ ਧਾਰਨ ਕਰ ਰਹੀ ਹੈ। ਲੱਖਾਂ ਲੋਕ ਇਕੱਠੇ ਹੋ ਰਹੇ ਹਨ। ਬਸ ਸਿਰਫ਼ ਤੇ ਸਿਰਫ਼ ਸਕੂਲ ਖੋਲ੍ਹਣ ਦੀ ਮਨਾਹੀ ਹੈ। ਸਕੂਲਾਂ ਵਿਚ ਬੱਚੇ ਪੜ੍ਹਦੇ ਹਨ, ਗਿਆਨ ਪ੍ਰਾਪਤ ਕਰਦੇ ਹਨ। ਸ਼ਾਇਦ ਕੋਰੋਨਾ ਨੂੰ ਗਿਆਨ ਤੋਂ ਬੇਹੱਦ ਨਫ਼ਰਤ ਹੈ। ਕੋਰੋਨਾ ਦਾ ਡਰ ਸਿਰਫ਼ ਸਕੂਲ ਅਤੇ ਬੱਚਿਆਂ ਲਈ ਹੀ ਹੈ। ਹੋਰ ਭਾਵੇਂ ਕੋਈ ਜਿਥੇ ਮਰਜ਼ੀ ਤੁਰਿਆ ਫਿਰੇ। ਬਸ ਬੱਚੇ ਸਕੂਲ ਨਾ ਵੜਨ। ਉਂਜ ਚਾਹੇ ਮਾਂ-ਪਿਓ ਨਾਲ ਬੱਸਾਂ ਵਿਚ ਸਫਰ ਕਰਨ, ਵਿਆਹ-ਸ਼ਾਦੀਆਂ ਵਿਚ ਜਾਣ। ਧਾਰਮਿਕ ਸਮਾਗਮ ਵਿਚ ਸ਼ਾਮਿਲ ਹੋਣ, ਕੋਰੋਨਾ ਉਥੇ ਬੱਚਿਆਂ ਨੂੰ ਕੁਝ ਨਹੀਂ ਕਹਿੰਦਾ ਸਿਰਫ਼ ਸਕੂਲ ਵਿਚ ਆਉਣ 'ਤੇ ਕੋਰੋਨਾ ਗੁੱਸੇ ਹੁੰਦਾ ਹੈ। ਜੇਕਰ ਸਰਕਾਰ ਚਾਹੇ ਤਾਂ ਸਕੂਲ ਦੀ ਪੜ੍ਹਾਈ ਵੀ ਅਜਿਹੇ ਦੌਰ ਵਿਚ ਜਾਰੀ ਰਹਿ ਸਕਦੀ ਹੈ। ਇਨ੍ਹਾਂ ਬੱਚਿਆਂ ਨੂੰ ਕੋਈ ਵੀ ਸਿਸਟਮ ਬਣਾ ਕੇ ਪੜ੍ਹਾਇਆ ਜਾ ਸਕਦਾ ਹੈ। ਇੰਜ ਹੀ ਗਰੁੱਪ ਬਣਾ ਕੇ ਪੇਪਰ ਵੀ ਲਏ ਜਾ ਸਕਦੇ ਹਨ। ਕੋਰੋਨਾ ਦੀ ਆੜ ਵਿਚ ਵਿਦਿਆਰਥੀਆਂ ਦਾ ਭਵਿੱਖ ਤਬਾਹ ਕਰਨ ਦੀ ਕੋਈ ਡੂੰਘੀ ਸਾਜਿਸ਼ ਜਾਪਦੀ ਹੈ। ਵਿਸ਼ਾਲ ਰੈਲੀਆਂ ਹੋ ਸਕਦੀਆਂ ਹਨ, ਸਕੂਲ ਨਹੀਂ ਖੁੱਲ੍ਹ ਸਕਦੇ, ਪੇਪਰ ਨਹੀਂ ਹੋ ਸਕਦੇ।


-ਵਿਵੇਕ
ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ।


ਲੋੜ ਹੈ ਸਿਹਤ ਸਹੂਲਤਾਂ 'ਚ ਸੁਧਾਰ ਦੀ
ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਦਿਮਾਗ਼ ਹੁੰਦਾ ਹੈ, ਜਿਸ ਦੇਸ਼ ਦੇ ਲੋਕ ਤੰਦਰੁਸਤ ਹੋਣਗੇ, ਉਹ ਦੇਸ਼ ਤਰੱਕੀ ਕਰੇਗਾ, ਪਰ ਸਾਡੇ ਦੇਸ਼ ਵਿਚ ਸਿਹਤ ਸਹੂਲਤਾਂ ਦਾ ਬਹੁਤ ਮਾੜਾ ਹਾਲ ਹੈ। ਪੰਜਾਬ ਵਿਚ ਪ੍ਰਤੀ ਇਕ ਲੱਖ ਦੀ ਵਸੋਂ ਪਿਛੇ 277 ਉਪ-ਮੰਡਲ ਹਸਪਤਾਲਾਂ ਦੀ ਲੋੜ ਹੈ ਪਰ ਉਪਲਬਧ ਕੇਵਲ 183 ਹਨ, ਜਦੋਂਕਿ ਪ੍ਰਤੀ ਤਿੰਨ ਲੱਖ ਦੀ ਆਬਾਦੀ ਪਿੱਛੇ ਲੋੜੀਂਦੇ 923 ਪ੍ਰਾਇਮਰੀ ਹੈਲਥ ਸੈਂਟਰਾਂ ਦੀ ਥਾਂ 330 ਪੀ.ਐਚ.ਸੀ. ਅਤੇ ਪ੍ਰਤੀ ਪੰਜ ਹਜ਼ਾਰ ਦੀ ਆਬਾਦੀ ਪਿਛੇ ਲੋੜੀਂਦੇ 5541 ਸਬ ਸੈਂਟਰਾਂ ਦੀ ਥਾਂ 2950 ਸਬ-ਸੈਂਟਰ ਹੀ ਬਣਾਏ ਹਨ, ਜੋ ਕਿ ਮਰੀਜ਼ਾਂ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਅਸਮਰੱਥ ਹਨ, ਸਰਕਾਰਾਂ ਨੂੰ ਸਿਹਤ ਸਹੂਲਤਾਂ 'ਚ ਤੁਰੰਤ ਸੁਧਾਰ ਕਰਨ ਦੀ ਲੋੜ ਹੈ। ਸੋ, ਕੋਰੋਨਾ ਦੀ ਬਿਮਾਰੀ ਨੂੰ ਮੁੱਖ ਰੱਖਦੇ ਹੋਏ ਸਰਕਾਰਾਂ ਸਿਹਤ ਮਹਿਕਮੇ ਵਿਚ ਨਵੀਂ ਭਰਤੀ ਕਰ ਕੇ ਇਸ ਵਿਚ ਲੋੜੀਂਦਾ ਸੁਧਾਰ ਕਰੇ।


-ਡਾ: ਮਨਪ੍ਰੀਤ ਸੂਦ
ਸ਼ਹੀਦ ਭਗਤ ਸਿੰਘ ਨਗਰ।


ਜਾਗਰੂਕਤਾ ਦੀ ਘਾਟ
ਕੋਰੋਨਾ ਬੇਸ਼ੱਕ ਇਕ ਬਹੁਤ ਹੀ ਘਾਤਕ ਬਿਮਾਰੀ ਹੈ ਅਤੇ ਕੋਰੋਨਾ ਹਰ ਰੋਜ਼ ਨਵੇਂ ਰਿਕਾਰਡ ਤੋੜ ਰਿਹਾ ਹੈ। ਕੋਰੋਨਾ ਦੀ ਵੈਕਸੀਨ ਸਾਡੇ ਸਾਇੰਸਦਾਨਾਂ ਨੇ ਕਰੜੀ ਮਿਹਨਤ ਨਾਲ ਤਿਆਰ ਕਰ ਲਈ ਹੈ ਪਰ ਭਾਰਤ ਸਰਕਾਰ ਵੀ ਇਸ ਬਾਰੇ ਸੰਜੀਦਾ ਨਹੀਂ ਜਾਪਦੀ ਕਿਉਂਕਿ ਕੋਰੋਨਾ ਟੀਕਾ ਪਹਿਲਾਂ ਭਾਰਤੀ ਲੋਕਾਂ ਨੂੰ ਲੱਗਣਾ ਚਾਹੀਦਾ ਸੀ ਪਰ ਇਸ ਨੂੰ ਬਾਹਰਲੇ ਦੇਸ਼ਾਂ ਨੂੰ ਭੇਜ ਕੇ ਅਸੀਂ ਆਪਣੇ ਲੋਕਾਂ ਦੀ ਜਾਨ ਨਾਲ ਖਿਲਵਾੜ ਕਰ ਲਿਆ। ਸਰਕਾਰੀ ਅੰਕੜੇ ਅਜੇ 11 ਕਰੋੜ ਲੋਕਾਂ ਨੂੰ ਹੀ ਟੀਕਾਕਰਨ ਦੀ ਗੱਲ ਕਰ ਰਹੇ ਹਨ ਜਦਕਿ ਭਾਰਤ ਦੀ ਆਬਾਦੀ 135 ਕਰੋੜ ਹੈ। ਕਈ ਸ਼ਹਿਰਾਂ ਵਿਚ ਵੈਕਸੀਨ ਦੀ ਅਤੇ ਆਕਸੀਜਨ ਦੀ ਕਮੀ ਬਹੁਤ ਗੰਭੀਰ ਹਾਲਾਤ ਪੈਦਾ ਕਰ ਰਹੀ ਹੈ। ਕੋਰੋਨਾ ਕਾਰਨ ਸਕੂਲ ਕਾਲਜ ਤਾਂ ਬੰਦ ਕਰ ਦਿੱਤੇ ਗਏ ਪਰ ਰਾਜਨੀਤਕ ਰੈਲੀਆਂ ਅੱਜ ਵੀ ਬਹੁਗਿਣਤੀ ਨੂੰ ਖਤਰੇ ਵਿਚ ਪਾ ਰਹੀਆਂ ਹਨ। ਜੇਕਰ ਆਮ ਲੋਕ ਮਾਸਕ ਤੋਂ ਬਿਨਾਂ ਨਜ਼ਰ ਆਉਣ ਤਾਂ ਭਾਰੀ ਜੁਰਮਾਨਾ ਤੇ ਚਲਾਨ ਹੈ ਪਰ ਜੇਕਰ 40-50 ਹਜ਼ਾਰ ਦੀ ਰੈਲੀ ਵਿਚ 50 ਫ਼ੀਸਦੀ ਜਨਤਾ ਬਿਨਾਂ ਮਾਸਕ ਤੋਂ ਹੋਵੇ ਤਾਂ ਕੀ ਸਮਝਿਆ ਜਾਵੇ। ਸਕੂਲ, ਕਾਲਜ ਬੰਦ ਕਰਕੇ ਬੱਚਿਆਂ ਦਾ ਭਵਿੱਖ ਧੁੰਦਲਾ ਕਰਨਾ, ਇਕ ਵੱਡੀ ਸਾਜ਼ਿਸ਼ ਦਾ ਹਿੱਸਾ ਹੈ।


-ਬਲਦੇਵ ਸਿੰਘ ਵਿਰਕ
ਪਿੰਡ ਤੇ ਡਾਕ: ਝੂਰੜ ਖੇੜਾ, ਤਹਿਸੀਲ ਅਬੋਹਰ।


ਕੁਝ ਸੋਚੇ ਸਰਕਾਰ
ਸਰਕਾਰ ਦਾ ਫੈਸਲਾ ਆਇਆ ਕਿ ਪੰਜਵੀਂ, ਅੱਠਵੀਂ ਤੇ ਦਸਵੀਂ ਤੱਕ ਦੇ ਵਿਦਿਆਰਥੀਆਂ ਦੇ ਬਿਨਾਂ ਪੇਪਰ ਲਏ ਹੀ ਅਗਲੀ ਜਮਾਤ ਵਿਚ ਕੀਤਾ ਜਾਵੇ ਅਤੇ ਬਾਰ੍ਹਵੀਂ ਬਾਰੇ ਅਜੇ ਫੈਸਲਾ ਆਉਣਾ ਬਾਕੀ ਹੈ। ਜੇ ਗੱਲ ਕੀਤੀ ਜਾਵੇ ਪਿਛਲੇ ਸਾਲ ਦੀ ਤਾਂ ਉਸ ਵੇਲੇ ਵੀ ਵਿਦਿਆਰਥੀਆਂ ਨੂੰ ਬਿਨਾਂ ਪੇਪਰ ਲਏ ਪਾਸ ਕਰ ਦਿੱਤਾ ਗਿਆ ਸੀ। ਸਰਕਾਰ ਦਾ ਬਿਨਾਂ ਪੇਪਰ ਲਏ ਪਾਸ ਕਰਨ ਦਾ ਫੈਸਲਾ ਵਿਦਿਆਰਥੀਆਂ ਦੇ ਭਵਿੱਖ ਵਿਚ ਬੜਾ ਹੀ ਨੁਕਸਾਨਦਾਇਕ ਸਿੱਧ ਹੋ ਸਕਦਾ ਹੈ। ਇਸ ਲਈ ਸਰਕਾਰ ਦਾ ਇਹ ਫੈਸਲਾ ਨਿੰਦਣਯੋਗ ਹੈ ਕਿਉਂਕਿ ਜੇ ਹੋਰ ਸਾਰੀਆਂ ਸੇਵਾਵਾਂ ਚਾਲੂ ਹਨ, ਤਾਂ ਵਿਦਿਆਰਥੀਆਂ ਦੇ ਪੇਪਰ ਕਿਉਂ ਨਹੀਂ ਲਏ ਜਾ ਸਕਦੇ? ਸੋ, ਅੰਤ ਵਿਚ ਮੈਂ ਇਹੀ ਗੁਜ਼ਾਰਿਸ਼ ਕਰਦਾ ਹਾਂ ਕਿ ਸਰਕਾਰ ਨੂੰ ਪੇਪਰਾਂ ਸਬੰਧੀ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ, ਬੱਚਿਆਂ ਦੇ ਭਵਿੱਖ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ।


-ਏਕਮਨੂਰ ਸਿੰਘ
ਪਿੰਡ ਫੱਜੂਪੁਰ, ਡਾਕ: ਧਾਰੀਵਾਲ, ਜ਼ਿਲ੍ਹਾ ਗੁਰਦਾਸਪੁਰ।

16-04-2021

 ਪੰਜਾਬ ਸਰਕਾਰ ਦੇ ਧਿਆਨ ਹਿਤ
ਪੰਜਾਬ ਦੇ ਮੁਲਾਜ਼ਮਾਂ ਨੂੰ ਪਹਿਲਾਂ 33 ਸਾਲ ਦੀ ਨੌਕਰੀ ਪੂਰੀ ਕਰਨ 'ਤੇ ਪੂਰੀ ਪੈਨਸ਼ਨ ਮਿਲਦੀ ਸੀ। ਭਾਵ ਕਿ ਪੂਰੀ ਤਨਖਾਹ ਦਾ 50 ਫ਼ੀਸਦੀ ਪੈਨਸ਼ਨ ਦੇ ਰੂਪ ਵਿਚ ਮਿਲਦਾ ਸੀ। ਪਰ 2012 ਤੋਂ ਪੰਜਾਬ ਦੀ ਅਕਾਲੀ ਸਰਕਾਰ ਨੇ 25 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਨੂੰ ਹੀ ਪੂਰੀ ਪੈਨਸ਼ਨ ਦੇ ਲਾਭ ਦੇ ਦਿੱਤੇ ਹਨ। ਸਵਾਲ ਖੜ੍ਹਾ ਹੁੰਦਾ ਹੈ ਕਿ ਜਿਹੜਾ ਮੁਲਾਜ਼ਮ ਠੀਕ-ਠਾਕ ਆਪਣੇ ਪੂਰੇ 25 ਸਾਲ ਪੂਰੇ ਕਰਕੇ ਸੇਵਾ-ਮੁਕਤ ਹੋ ਜਾਂਦਾ ਹੈ ਤਾਂ ਉਹ ਇਸ ਫ਼ੈਸਲੇ ਅਨੁਸਾਰ ਲਾਭ ਤਾਂ ਲੈ ਲੈਂਦਾ ਹੈ ਪਰ ਅਗਰ ਕੋਈ ਮੁਲਾਜ਼ਮ ਆਪਣੇ 25 ਸਾਲ ਸਾਫ਼ ਨੌਕਰੀ ਪੂਰੀ ਕਰ ਤਾਂ ਲੈਂਦਾ ਹੈ ਪਰ ਉਸ ਨੇ ਸੇਵਾ-ਮੁਕਤ ਆਪਣੇ 58 ਸਾਲ ਪੂਰੇ ਕਰਨ 'ਤੇ ਹੋਣਾ ਹੁੰਦਾ ਹੈ ਪਰ ਉਸ ਨੇ ਪੈਨਸ਼ਨ ਲਾਭ ਲੈਣ ਲਈ ਆਪਣੀ 25 ਸਾਲ ਵਾਲੀ ਸ਼ਰਤ ਪੂਰੀ ਕਰ ਲਈ ਹੁੰਦੀ ਹੈ। ਜੇਕਰ ਉਸ 'ਤੇ ਕਿਸੇ ਕਾਰਨ ਫ਼ੌਜਦਾਰੀ ਕੇਸ ਵਿਚ ਸਜ਼ਾ ਜ਼ਾਬਤਾ ਹੋ ਜਾਵੇ ਤਾਂ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਹੈ। ਉਸ ਦੀ ਪੈਨਸ਼ਨ 25 ਸਾਲ ਦੀ ਸਾਫ਼ ਸੇਵਾ ਨੂੰ ਮੁੱਖ ਰੱਖ ਕੇ ਪੈਨਸ਼ਨ ਲਾਭ ਦੇ ਦੇਣੇ ਚਾਹੀਦੇ ਹਨ। ਇਕ 25 ਸਾਲ ਦੀ ਨੌਕਰੀ ਕਰਕੇ ਪੂਰੀ ਪੈਨਸ਼ਨ ਲੈ ਜਾਂਦਾ ਹੈ। ਜਦ ਕਿ ਇਕ 28-29 ਸਾਲ ਦੀ ਸਾਫ਼ ਨੌਕਰੀ ਕਰਕੇ ਵੀ ਪੈਨਸ਼ਨ ਤੋਂ ਵਾਂਝਾ ਰਹਿ ਜਾਂਦਾ ਹੈ। ਆਸ ਹੈ ਸਰਕਾਰ ਇਸ ਮਸਲੇ ਵੱਲ ਧਿਆਨ ਦੇਵੇਗੀ।


-ਬਲਵਿੰਦਰ ਝਬਾਲ
ਪਿੰਡ ਤੇ ਡਾਕ: ਝਬਾਲ, ਤਰਨ ਤਾਰਨ।


ਸਿਆਸਤ ਨੂੰ ਲਗਦਾ ਸੂਰਜ ਗ੍ਰਹਿਣ
ਚੋਣਾਂ ਦਾ ਬਿਗਲ ਵੱਜਦਿਆਂ ਹੀ ਸਿਆਸੀ ਨੇਤਾਵਾਂ ਦੀ ਭੱਜ-ਦੌੜ ਵਧ ਜਾਂਦੀ ਹੈ। ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਦਾ ਇਹ ਅਜਿਹਾ ਸਮਾਂ ਇਹ ਹੁੰਦਾ ਹੈ ਕਿ ਭੱਜ-ਦੌੜ ਕੇ ਸਹੀ, ਸਿਆਸੀ ਮੈਦਾਨ ਵਿਚ ਆਪਣੀ ਜਿੱਤ ਪੱਕੀ ਕੀਤੀ ਜਾਵੇ। ਚੋਣਾਂ ਤੋਂ ਦੋ ਮਹੀਨੇ ਪਹਿਲਾਂ ਹਰ ਪਿੰਡ ਦਾ ਦੌਰਾ ਕੀਤਾ ਜਾਂਦਾ ਹੈ। ਉਹ ਪਿੰਡ ਜਿਥੇ ਕੇਵਲ ਚੋਣਾਂ ਵੇਲੇ ਹੀ ਵੋਟਾਂ ਮੰਗਣ ਲਈ ਜਾਇਆ ਜਾਂਦਾ ਹੈ, ਸਿਆਸੀ ਲੀਡਰ ਚੰਗੀ ਤਰ੍ਹਾਂ ਜਾਣਦੇ ਹਨ ਕਿ ਪਿੰਡਾਂ ਦੇ ਲੋਕਾਂ ਦੇ ਗਿਲੇ-ਸ਼ਿਕਵੇ ਕਿਵੇਂ ਦੂਰ ਕਰਨੇ ਹਨ। ਉਹ ਬਾਖੂਬੀ ਜਾਣਦੇ ਹਨ ਕਿ ਉਨ੍ਹਾਂ ਭੋਲੇ-ਭਾਲੇ ਲੋਕਾਂ ਨੂੰ ਕਿਸ ਤਰ੍ਹਾਂ ਭਰਮਾਇਆ ਜਾ ਸਕਦਾ ਹੈ। ਚੋਣਾਂ ਦੌਰਾਨ ਸਿਆਸੀ ਲੀਡਰਾਂ ਦੀ ਨੀਂਦ ਉਡ ਜਾਂਦੀ ਹੈ। ਸਿਆਸਤਦਾਨ ਵੱਡੇ-ਵੱਡੇ ਭਰਮ-ਭੁਲੇਖੇ ਝੂਠ ਦਾ ਪ੍ਰਚਾਰ ਕਰਕੇ ਭੋਲੇ-ਭਾਲੇ ਲੋਕਾਂ ਨੂੰ ਉਕਸਾਉਂਦੇ ਹਨ ਤੇ ਆਪਣੀ ਜਿੱਤ ਲਈ ਤਰਲਾ ਮਾਰਦੇ ਹਨ। ਪਰ ਇਹ ਮਿੰਨਤਾਂ-ਤਰਲੇ ਚੋਣਾਂ ਤੱਕ ਹੀ ਹਨ। ਇਸ ਸਮੇਂ ਕਿਸਾਨੀ ਤੂਫ਼ਾਨ ਕਰਕੇ ਸਿਆਸਤ ਦਾ ਮੈਦਾਨ ਹੁਣ ਪਹਿਲਾਂ ਵਰਗਾ ਸੌਖਾ ਨਹੀਂ ਰਿਹਾ। ਭਵਿੱਖ ਵਿਚ ਸਿਆਸੀ ਪਾਰਟੀਆਂ, ਸਿਆਸੀ ਲੀਡਰਾਂ ਲਈ ਇਹ ਚੁਣੌਤੀਪੂਰਨ ਰਹਿਣ ਵਾਲਾ ਹੈ। ਆਮ ਲੋਕਾਂ ਦੀ ਜਾਗਰੂਕਤਾ, ਉਨ੍ਹਾਂ ਦੀ ਚੇਤੰਨਤਾ ਸਿਆਸਤ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰਦੀ ਹੈ ਤੇ ਆਪਣੇ ਹੱਕਾਂ ਦੀ ਮੰਗ ਕਰਦੀ ਹੈ।


-ਜਗਸੀਰ ਜਟਾਣਾ।


ਗੰਭੀਰ ਚੁਣੌਤੀ
ਪਿਛਲੇ ਦਿਨੀਂ 'ਅਜੀਤ' ਦੀ ਸੰਪਾਦਕੀ ਨੇ ਛੱਤੀਸਗੜ੍ਹ ਵਿਚ ਪੀਪਲਜ਼ ਲਿਬਰੇਸ਼ਨ ਗੋਰੀਲਾ ਆਰਮੀ ਦੇ 400 ਦੇ ਕਰੀਬ ਨਕਸਲੀਆਂ ਵਲੋਂ ਸੁਰੱਖਿਆ ਬਲਾਂ ਦੇ 22 ਜਵਾਨਾਂ ਦੇ ਮਾਰੇ ਜਾਣ ਦਾ ਮੁੱਦਾ ਉਠਾਇਆ ਹੈ। ਦੱਸਿਆ ਕਿ ਜਿਨ੍ਹਾਂ ਪ੍ਰਾਂਤਾਂ ਅਤੇ ਇਲਾਕਿਆਂ ਵਿਚ ਨਕਸਲੀ ਲਹਿਰ ਮਜ਼ਬੂਤ ਹੈ ਉਸ ਨੂੰ 'ਲਾਲ ਗਲਿਆਰਾ' ਕਿਹਾ ਜਾਂਦਾ ਹੈ। ਅੰਦਾਜ਼ਨ 9 ਰਾਜਾਂ ਓਡੀਸ਼ਾ, ਮਹਾਰਾਸ਼ਟਰ, ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ 50 ਜ਼ਿਲ੍ਹਿਆਂ ਵਿਚ ਇਹ ਗਲਿਆਰਾ ਹੈ। ਇਨ੍ਹਾਂ ਰਾਜਾਂ ਵਿਚ ਲਗਾਤਾਰ ਅਜਿਹੀਆਂ ਹਿੰਸਕ ਵਾਰਦਾਤਾਂ ਜਾਰੀ ਹਨ। ਸੰਪਾਦਕੀ ਪੜ੍ਹ ਕੇ ਨਤੀਜਾ ਨਿਕਲਦਾ ਹੈ ਕਿ ਸਰਕਾਰਾਂ ਵਿਨਾਸ਼ ਤੇ ਵਿਕਾਸ ਦੇ ਦੋ ਰਾਹ ਫੜ ਕੇ ਵੀ ਅਜੇ ਤੱਕ ਸਮੱਸਿਆਵਾਂ ਦਾ ਥਾਹ ਨਹੀਂ ਪਾ ਸਕੀਆਂ। ਦੋਵੇਂ ਪਾਸੇ ਮਰ ਰਹੀ ਦੇਸ਼ ਦੀ ਜਵਾਨੀ ਨੂੰ ਬਚਾਉਣ ਲਈ ਸਰਕਾਰਾਂ ਦੀ ਸੱਚੀ-ਸੁੱਚੀ ਪ੍ਰਤੀਬੱਧਤਾ ਤੇ ਵੱਡੀ ਵਿਉਂਤਬੰਦੀ ਅਮਲ ਵਿਚ ਆਉਣੀ ਜ਼ਰੂਰੀ ਹੈ।


-ਰਸ਼ਪਾਲ ਸਿੰਘ
ਐਸ. ਜੇ. ਐਸ. ਨਗਰ, ਟਾਂਡਾ ਰੋਡ, ਹੁਸ਼ਿਆਰਪੁਰ।


ਅਵਾਰਾ ਪਸ਼ੂ
ਅਵਾਰਾ ਪਸ਼ੂ ਲੋਕਾਂ ਦੀ ਜਾਨ ਦਾ ਜੰਜਾਲ ਬਣੇ ਹੋਏ ਹਨ। ਦਿਨ ਵੇਲੇ ਸੜਕਾਂ ਤੇ ਗਲੀਆਂ ਵਿਚ ਉਤਪਾਦ ਤੇ ਰਾਤ ਸਮੇਂ ਖੇਤਾਂ ਵਿਚ ਉਜਾੜਾ ਕਰਦੇ ਹਨ ਅਤੇ ਨੁਕਸਾਨ ਕਰਦੇ ਹਨ। ਇਸ ਦੇ ਨਾਲ ਹੀ ਦੂਜੀ ਵੱਡੀ ਸਮੱਸਿਆ ਅਵਾਰਾ ਕੁੱਤਿਆਂ ਦੀ ਹੈ, ਜਿਸ ਕਾਰਨ ਰੋਜ਼ ਹਾਦਸੇ ਹੋ ਰਹੇ ਹਨ। ਬੱਚਿਆਂ ਨੂੰ ਨੋਚ ਕੇ ਖਾ ਜਾਂਦੇ ਹਨ ਪਰ ਜੰਗਲੀ ਜੀਵ ਸੁਰੱਖਿਆ ਵਾਲੇ ਜਾਂ ਸਰਕਾਰਾਂ ਇਸ ਪਾਸੇ ਧਿਆਨ ਨਹੀਂ ਦੇ ਰਹੀਆਂ। ਸਾਡੀ ਬੇਨਤੀ ਹੈ ਕਿ ਹਰ ਪੰਜਾਬੀ ਕਿਸਾਨ ਤੇ ਲੋਕਾਂ ਦੀ ਮੁਸ਼ਕਿਲ ਹੈ, ਸੋ ਕਿਰਪਾ ਕਰਕੇ ਸਾਡੀ ਗੱਲ ਸਰਕਾਰ ਤੱਕ ਪਹੁੰਚਾਈ ਜਾਵੇ ਕਿ ਇਸ ਦਾ ਕੋਈ ਠੋਸ ਹੱਲ ਕੱਢਿਆ ਜਾਵੇ। ਖੇਤਾਂ ਵਿਚ ਜ਼ਿਮੀਂਦਾਰਾਂ ਨੇ ਹਜ਼ਾਰਾਂ ਰੁਪਏ ਖਰਚ ਕੇ ਤਾਰਬੰਦੀ ਕੀਤੀ ਹੋਈ ਹੈ ਜੋ ਅਵਾਰਾ ਢੱਠੇ ਗਿਣਤੀ ਵਿਚ ਅਣਗਿਣਤ ਹਨ, ਤਾਰਾਂ ਵੀ ਤੋੜ ਦਿੰਦੇ ਹਨ। ਸਰਕਾਰ ਇਸ ਸਮੱਸਿਆ ਦਾ ਕੋਈ ਹੱਲ ਕੱਢੇ।


-ਬਲਦੇਵ ਸਿੰਘ ਵਿਰਕ ਅਤੇ ਸਮੂਹ ਨਗਰ ਨਿਵਾਸੀ
ਪਿੰਡ ਝੂਰੜ ਖੇੜਾ, ਤਹਿ: ਅਬੋਹਰ, ਜ਼ਿਲ੍ਹਾ ਫਾਜ਼ਿਲਕਾ।


ਕਮਰਤੋੜ ਮਹਿੰਗਾਈ
ਅਜੋਕੇ ਸਮੇਂ ਦੇਸ਼ ਦੀ ਜਨਤਾ ਅਤੇ ਖ਼ਾਸ ਕਰਕੇ ਮੱਧ ਅਤੇ ਹੇਠਲੇ ਵਰਗ ਦੇ ਲੋਕ ਸਖ਼ਤ ਪ੍ਰੇਸ਼ਾਨ ਅਤੇ ਦੁਖੀ ਹਨ ਅਤੇ ਸਮੇਂ ਦੀਆਂ ਸਰਕਾਰਾਂ ਨੂੰ ਕੋਸ ਰਹੇ ਹਨ, ਕਿਉਂਕਿ ਅੰਤਾਂ ਦੀ ਮਹਿੰਗਾਈ ਉਨ੍ਹਾਂ ਦਾ ਨਾ ਕੇਵਲ ਆਰਥਿਕ ਤੌਰ 'ਤੇ ਕਚੂਮਰ ਕੱਢ ਰਹੀ ਹੈ, ਸਗੋਂ ਉਨ੍ਹਾਂ ਦੀ ਕਮਰ ਵੀ ਤੋੜ ਰਹੀ ਹੈ। ਆਏ ਦਿਨ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧਾ ਹੋਣ ਕਰਕੇ ਜਨਤਾ ਅਤੇ ਖ਼ਾਸ ਕਰਕੇ ਗ਼ਰੀਬ ਲੋਕਾਂ ਦਾ ਸਾਹ ਸੂਤਿਆ ਜਾ ਰਿਹਾ ਹੈ। ਕੋਰੋਨਾ ਵਰਗੀ ਮਹਾਂਮਾਰੀ ਕਾਰਨ ਲੱਗੀ ਤਾਲਾਬੰਦੀ ਅਤੇ ਕਰਫ਼ਿਊ ਨੇ ਪਹਿਲਾਂ ਹੀ ਹਰ ਵਰਗ ਦੇ ਕਾਰੋਬਾਰਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ ਅਤੇ ਲੋਕ ਆਰਥਿਕਤਾ ਡਗਮਗਾ ਚੁੱਕੀ ਹੈ। ਸੋ ਲੋੜ ਹੈ, ਫੌਰੀ ਤੌਰ 'ਤੇ ਸਮੇਂ ਦੀਆਂ ਸਰਕਾਰਾਂ ਵਲੋਂ ਆਕਾਸ਼ਵੇਲ ਦੀ ਤਰ੍ਹਾਂ ਵਧ ਰਹੀ ਮਹਿੰਗਾਈ ਨੂੰ ਰੋਕਣ ਲਈ ਯੋਗ ਅਤੇ ਢੁਕਵੇਂ ਕਦਮ ਉਠਾਉਣ ਦੀ, ਤਾਂ ਕਿ ਆਮ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਅਜਿਹਾ ਕਰਨਾ ਸਮੇਂ ਦੀ ਮੰਗ ਹੀ ਨਹੀਂ, ਸਗੋਂ ਵੱਡੀ ਲੋੜ ਵੀ ਹੈ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

15-04-2021

 ਝੂਠੇ ਸਬਜ਼ਬਾਗ਼
ਪਿਛਲੇ ਦਿਨੀਂ ਪ੍ਰੋ: ਰਣਜੀਤ ਸਿੰਘ ਧਨੋਆ ਦਾ 'ਸਰਕਾਰਾਂ ਨੂੰ ਜਵਾਬਦੇਹ ਬਣਾਉਣ ਲਈ ਜ਼ਰੂਰੀ ਹੈ ਲੋਕਾਂ ਦਾ ਜਾਗਰੂਕ ਹੋਣਾ' ਜਨਤਾ ਨੂੰ ਤਾਂ ਸਰਕਾਰਾਂ ਪੂਰਾ ਬੇਵਕੂਫ਼ ਬਣਾ ਜਾਂਦੀਆਂ ਹਨ ਧਰਮਾਂ ਦੇ ਨਾਂਅ 'ਤੇ ਵੰਡੀਆਂ ਪਾ ਕੇ। ਪੈਸੇ ਦਾ ਲਾਲਚ ਦੇ ਕੇ। ਹੋਰ ਝੂਠੇ ਸਬਜ਼ਬਾਗ ਵਿਖਾ ਕੇ ਮੁਫ਼ਤ ਦੀਆਂ ਸਕੀਮਾਂ ਦੇ ਕੇ ਮੰਗਤੇ ਤਿਆਰ ਕਰਦੇ ਹਨ। ਜੇ ਲੋਕ ਜਾਗੇ ਹੋਣ ਤਾਂ ਮਾੜੇ ਲੀਡਰ ਅੱਗੇ ਆ ਨਹੀਂ ਸਕਦੇ। ਰਾਜਨੀਤੀ 'ਚ ਮਾੜੇ ਲੀਡਰ ਨਕਾਰੇ ਜਾਣ ਤਾਂ ਜਨਤਾ ਸੁਖੀ ਹੋ ਸਕਦੀ ਹੈ।


-ਕੁਲਜੀਤ ਸਿੰਘ ਰੰਧਾਵਾ।


ਧਰਤੀ 'ਤੇ ਵਧ ਰਹੀ ਤਪਸ਼
ਪਿਛਲੇ ਦਿਨੀਂ 'ਅਜੀਤ' 'ਚ 'ਵਾਤਾਵਰਨ ਦੀ ਸੁਰੱਖਿਆ ਲਈ ਵੱਡਾ ਅਵਸਰ' ਸੰਪਾਦਕੀ ਪੜ੍ਹਿਆ। ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਜੋ ਬਾਈਡਨ ਅੱਜ ਦੇ ਸਮੇਂ ਜਲਵਾਯੂ ਸਿਖ਼ਰ ਸੰਮੇਲਨ ਜੋ 22-23 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਵਲੋਂ ਬੇਹੱਦ ਮਹੱਤਵਪੂਰਨ ਉਪਲਾਲਾ ਹੈ।
ਬਦਲਦੇ ਜਲਵਾਯੂ ਵਾਤਾਵਰਨ ਨੇ ਮਨੁੱਖੀ ਸੱਭਿਅਤਾ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਅੱਜ ਵਿਗੜ ਰਹੇ ਜਲਵਾਯੂ ਵਾਤਾਵਰਨ ਨੇ ਵੱਡੇ ਦੇਸ਼ਾਂ ਨੂੰ ਜੋ ਬਾਈਡਨ ਨੇ ਇਕੱਠੇ ਹੋ ਕੇ ਇਸ ਗੰਭੀਰ ਮਸਲੇ 'ਤੇ ਵਿਚਾਰ-ਵਟਾਂਦਰਾ ਤੇ ਕੁਝ ਕਰਨ ਲਈ ਸੰਮੇਲਨ ਲਈ ਜੋ ਸੱਦਾ ਦਿੱਤਾ ਹੈ, ਮਹੱਤਵਪੂਰਨ ਹੈ। ਇਸ ਸਿਖ਼ਰ ਸੰਮੇਲਨ ਵਿਚ 40 ਦੇਸ਼ਾਂ ਦੇ ਮੁਖੀਆਂ ਨੂੰ ਸੱਦਾ ਪੱਤਰ ਭੇਜਿਆ ਹੈ ਪਰ ਇਸ ਸੰਮੇਲਨ ਵਿਚ ਵਿਸ਼ਵ ਦੀਆਂ ਸਾਰੀਆਂ ਧਿਰਾਂ ਨੂੰ ਸ਼ਾਮਿਲ ਕਰਨ ਦਾ ਜੋ ਯਤਨ ਹੋ ਰਿਹਾ ਹੈ, ਸ਼ਲਾਘਾਯੋਗ ਕਦਮ ਹੈ। ਧਰਤੀ ਸਾਰੇ ਜੀਵਾਂ ਲਈ ਸਵਰਗ ਹੈ ਪਰ ਮਨੁੱਖ ਦੀਆਂ ਲਾਲਸਾਵਾਂ ਨੇ ਇਸ ਨੂੰ ਨਰਕ ਬਣਾ ਕੇ ਰੱਖ ਦਿੱਤਾ ਹੈ। ਜੋ ਬਾਈਡਨ ਦਾ ਇਹ ਉਪਰਾਲਾ ਸਲਾਹੁਣਯੋਗ ਹੈ। 'ਅਜੀਤ' ਦਾ ਇਸ ਸੰਪਾਦਕੀ ਲਈ ਧੰਨਵਾਦ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਕੇਂਦਰ ਤੇ ਕਿਸਾਨ
ਅੱਜ ਮੋਰਚਾ ਲੱਗੇ ਨੂੰ 5 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਅੱਜ ਤੱਕ ਕੇਂਦਰ ਤੇ ਕਿਸਾਨਾਂ ਵਿਚਾਲੇ ਗੱਲ ਕਿਸੇ ਵੀ ਸਿਰੇ ਨਹੀਂ ਲੱਗੀ। ਦੂਜਾ, ਜੋ ਕੇਂਦਰ ਨੇ ਰਾਜਾਂ ਨੂੰ ਜ਼ਮੀਨ ਮਾਲਕ ਦੇ ਖਾਤੇ ਵਿਚ ਸਿੱਧੀ ਅਦਾਇਗੀ ਕਰਕੇ ਫ਼ਸਲ ਦੇ ਪੈਸੇ ਪਾਉਣ ਲਈ ਕਿਹਾ। ਇਹ ਵੀ ਅਸੰਭਵ ਹੈ ਕਿ ਜੋ ਕਿਸਾਨ ਆਪਣੀਆਂ ਜ਼ਮੀਨਾਂ ਠੇਕੇ 'ਤੇ ਦਿੰਦੇ ਹਨ। ਉਹ ਆਪ ਤਾਂ ਵਿਦੇਸ਼ਾਂ ਵਿਚ ਬੈਠੇ ਹਨ। ਜੇ ਫ਼ਸਲ ਦੀ ਰਕਮ ਉਨ੍ਹਾਂ ਦੇ ਖਾਤੇ ਵਿਚ ਚਲੀ ਜਾਂਦੀ ਹੈ ਤਾਂ ਠੇਕੇ ਵਾਲਾ ਕਿਸਾਨ ਆਪਣੀ ਜ਼ਰੂਰਤ ਦਾ ਲੈਣ-ਦੇਣ ਅਤੇ ਖਾਦ ਸਪਰੇਆਂ ਦੇ ਪੈਸੇ ਕਿਵੇਂ ਤੇ ਕਿੱਥੋਂ ਦੁਕਾਨਦਾਰ ਨੂੰ ਮੋੜੇਗਾ। (ਘੱਟੋ-ਘੱਟ 50 ਫ਼ੀਸਦੀ ਕਿਸਾਨ ਫ਼ਸਲਾਂ ਠੇਕੇ 'ਤੇ ਜ਼ਮੀਨ ਲੈ ਕੇ ਉਗਾਉਂਦੇ ਹਨ) ਤੀਜਾ, ਜਦੋਂ ਆੜ੍ਹਤੀਆਂ ਨਾਲ ਕੋਈ ਲੈਣ-ਦੇਣ ਨਾ ਰਿਹਾ ਤਾਂ ਆਉਣ ਵਾਲੀ ਫ਼ਸਲ ਲਈ ਆਪਣੀ ਜ਼ਰੂਰਤ ਕਿਸਾਨ ਕਿੱਥੋਂ ਪੂਰੀ ਕਰੇਗਾ। ਚੌਥਾ, ਜੇ ਕੇਂਦਰ ਸਰਕਾਰ ਸੂਬੇ ਦੀ ਸਰਕਾਰ ਨੂੰ ਫ਼ਸਲ ਖ਼ਰੀਦਣ ਲਈ ਪੇਮੈਂਟ ਨਹੀਂ ਕਰੇਗੀ ਤਾਂ ਸੂਬਾ ਸਰਕਾਰ ਏਨੀ ਰਕਮ ਕਿੱਥੋਂ ਲੈ ਕੇ ਆਵੇਗੀ। ਮਾਣਯੋਗ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਗੱਲਾਂ ਵੱਲ ਧਿਆਨ ਦੇਵੇ ਤੇ ਇਹ ਫ਼ੈਸਲਿਆਂ 'ਤੇ ਮੁੜ ਵਿਚਾਰ ਕਰੇ ਤਾਂ ਕਿ ਸਰਕਾਰਾਂ ਤੇ ਕਿਸਾਨਾਂ ਵਿਚਾਲੇ ਚੰਗੇ ਸਬੰਧ ਬਣ ਸਕਣ।


-ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ, ਮੋਗਾ।


ਵਿੱਦਿਆ ਦਾ ਮੌਲਿਕ ਅਧਿਕਾਰ
ਕੋਵਿਡ ਮਹਾਂਮਾਰੀ ਨੇ ਪੂਰੇ ਵਿਸ਼ਵ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਭਾਰਤ ਦੇ ਹਾਲਾਤ ਵੀ ਕੋਈ ਸਾਜ਼ਗਾਰ ਨਹੀਂ। ਪਰ ਭਾਰਤ ਭਾਰਤ ਵਰਗੇ ਦੇਸ਼ ਲਈ ਲੰਮੇ ਸਮੇਂ ਤੱਕ ਲਾਕਡਾਊਨ ਵਾਲੀ ਸਥਿਤੀ ਵਿਚ ਰਹਿਣਾ ਵੀ ਸੰਭਵ ਨਹੀਂ। 19 ਮਾਰਚ, 2021 ਨੂੰ ਸਰਕਾਰ ਨੇ ਪਹਿਲਾਂ 31 ਮਾਰਚ ਤੱਕ ਤੇ ਫਿਰ 10 ਅਪ੍ਰੈਲ ਤੱਕ ਸਿੱਖਿਆ ਸੰਸਥਾਵਾਂ ਬੰਦ ਕੀਤੀਆਂ ਜਿਸ ਨੂੰ ਹੁਣ 30 ਅਪ੍ਰੈਲ ਤੱਕ ਵਧਾ ਦਿੱਤਾ ਗਿਆ ਹੈ।
ਭਾਵੇਂ ਕਿ ਇਸ ਦੇ ਵਿਰੋਧ ਵਿਚ ਥਾਂ-ਥਾਂ ਧਰਨੇ-ਪ੍ਰਦਰਸ਼ਨ ਵੀ ਹੋ ਰਹੇ ਹਨ ਪਰ ਸਰਕਾਰ ਨੇ ਸਥਿਤੀ ਸਾਫ਼ ਕਰ ਦਿੱਤੀ ਹੈ ਕਿ ਉਹ ਕਿਸੇ ਹਾਲਤ ਵਿਚ ਵੀ ਇਸ ਦੀ ਆਗਿਆ ਨਹੀਂ ਦੇ ਸਕਦੇ। ਕਿਸੇ ਵੀ ਦੇਸ਼ ਦੇ ਭਵਿੱਖ ਦਾ ਅੰਦਾਜ਼ਾ ਉਥੋਂ ਦੀਆਂ ਵਿੱਦਿਅਕ ਸੰਸਥਾਵਾਂ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ, ਇਸ ਲਈ ਨਿਸਚਿਤ ਤੌਰ 'ਤੇ ਹੀ ਕਿਹਾ ਜਾ ਸਕਦਾ ਹੈ ਕਿ ਇਹ ਕੋਈ ਬਹੁਤਾ ਵਧੀਆ ਫ਼ੈਸਲਾ ਨਹੀਂ ਕਿਹਾ ਜਾ ਸਕਦਾ। ਇਸ ਲਈ ਕੁਝ ਜ਼ਰੂਰੀ ਸਾਵਧਾਨੀਆਂ ਨਾਲ ਵਿੱਦਿਅਕ ਅਦਾਰਿਆਂ ਨੂੰ ਖੋਲ੍ਹਣ ਬਾਰੇ ਸੋਚਣਾ ਚਾਹੀਦਾ ਹੈ।


-ਪਰਵਿੰਦਰ ਸਿੰਘ ਢੀਂਡਸਾ
ਪਿੰਡ ਉੱਭਾਵਾਲ (ਸੰਗਰੂਰ)।


ਅਧੂਰੀ ਆਜ਼ਾਦੀ
ਅਸਲ 'ਚ ਅੰਗਰੇਜ਼ਾਂ ਤੋਂ ਭਾਰਤ ਨੂੰ ਜੋ ਆਜ਼ਾਦੀ ਪ੍ਰਾਪਤ ਹੋਈ, ਉਹ ਇਤਿਹਾਸਕ ਹੁੰਦੇ ਹੋਏ ਵੀ ਮੌਜੂਦਾ ਸਮੇਂ 'ਚ ਅਧੂਰੀ ਹੈ। ਜਦੋਂ ਤੱਕ ਰਾਜਨੀਤਕ ਪਾਰਟੀਆਂ ਵਲੋਂ ਹਕੂਮਤ ਦਾ ਗ਼ਲਤ ਇਸਤੇਮਾਲ, ਔਰਤਾਂ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ, ਜਾਤੀਗਤ ਅਤੇ ਆਰਥਿਕ ਅਸਮਾਨਤਾ, ਰਾਜਨੀਤਕ ਅਤੇ ਆਰਥਿਕ ਸਵਾਰਥ, ਭ੍ਰਿਸ਼ਟਾਚਾਰ, ਭੁੱਖ, ਬੇਰੁਜ਼ਗਾਰੀ, ਭੇਦਭਾਵ, ਛੂਆਛਾਤ ਅਤੇ ਅੱਤਵਾਦ ਦਾ ਅੰਤ ਨਹੀਂ ਹੋ ਜਾਂਦਾ, ਉਦੋਂ ਤੱਕ ਡਾ. ਅੰਬੇਡਕਰ ਵਲੋਂ ਲਿਆ ਗਿਆ ਆਜ਼ਾਦ ਭਾਰਤ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ। ਇਸ ਦੇ ਲਈ ਨਾ ਸਿਰਫ ਸਿੱਖਿਆ ਨੂੰ ਰੁਜ਼ਗਾਰ ਨਾਲ ਜੋੜਨ ਦੀ ਲੋੜ ਹੈ, ਸਗੋਂ ਨੌਜਵਾਨ ਪੀੜ੍ਹੀ ਨੂੰ ਇਕੱਠਿਆਂ ਹੋ ਕੇ ਦੇਸ਼ ਹਿਤ ਲਈ ਵੱਧ-ਚੜ੍ਹ ਕੇ ਕੰਮ ਕਰਨ ਦੀ ਵੀ ਲੋੜ ਹੈ। ਸਹੀ ਮਾਅਨਿਆਂ 'ਚ ਅਤੇ ਹਕੀਕੀ ਰੂਪ 'ਚ ਅਸੀਂ ਉਦੋਂ ਹੀ ਆਜ਼ਾਦ ਹੋ ਪਾਵਾਂਗੇ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਸੁਪਨਿਆਂ ਨੂੰ ਪੂਰਾ ਕਰ ਸਕਾਂਗੇ।


-ਹਰਪ੍ਰੀਤ ਸਿੰਘ ਬਰਾੜ
ਮੇਨ ਏਅਰਫੋਰਸ ਰੋਡ, ਬਠਿੰਡਾ।



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX