ਤਾਜਾ ਖ਼ਬਰਾਂ


ਸ੍ਰੀ ਮੁਕਤਸਰ ਸਾਹਿਬ ਵਿਖੇ ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ
. . .  3 minutes ago
ਸ੍ਰੀ ਮੁਕਤਸਰ ਸਾਹਿਬ, 19 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 65 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚ ਸ੍ਰੀ ਮੁਕਤਸਰ ਸਾਹਿਬ ਦੇ 10, ਜ਼ਿਲ੍ਹਾ ਜੇਲ੍ਹ ਦੇ 12, ਮਲੋਟ ਦੇ 17, ਗਿੱਦੜਬਾਹਾ 7, ਡੱਬਵਾਲੀ ਢਾਬ 2, ਡੱਬਵਾਲੀ ਮਲਕੋ 1, ਤਰਖਾਣਵਾਲਾ 3, ਮਹਿਣਾ 1, ਮੰਡੀ...
ਭਾਰੀ ਮਾਤਰਾ 'ਚ ਹਰਿਆਣਾ ਮਾਰਕਾ ਸ਼ਰਾਬ ਸਣੇ ਤਿੰਨ ਕਾਬੂ
. . .  31 minutes ago
ਅਜਨਾਲਾ, 19 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸੀ. ਆਈ. ਏ. ਸਟਾਫ਼ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਵਲੋਂ 180 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਸਣੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ...
ਗਲਤ ਟੀਕਾ ਲੱਗਣ ਨਾਲ ਬੱਚੇ ਦੀ ਹੋਈ ਮੌਤ ਦੇ ਮਾਮਲੇ 'ਚ ਕਾਰਵਾਈ ਦੀ ਮੰਗ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਨੇ ਲਾਸ਼ ਚੌਕ 'ਚ ਰੱਖ ਕੇ ਲਾਇਆ ਧਰਨਾ
. . .  36 minutes ago
ਅਜਨਾਲਾ, 19 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਇੱਥੋਂ ਨੇੜਲੇ ਪਿੰਡ ਦੇ ਇੱਕ 9 ਸਾਲਾ ਬੱਚੇ ਦੀ ਗਲਤ ਟੀਕਾ ਲੱਗਣ ਮੌਤ ਹੋਣ 'ਤੇ ਅਜਨਾਲਾ ਦੇ ਇੱਕ ਮੈਡੀਕਲ ਸਟੋਰ ਦੇ ਮਾਲਕ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ...
ਪਠਾਨਕੋਟ ਪੁਲਿਸ ਵਲੋਂ ਲੁੱਟਾਂ-ਖੋਹਾਂ ਅਤੇ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਇੱਕ ਵਿਅਕਤੀ ਕਾਬੂ
. . .  42 minutes ago
ਡਮਟਾਲ, 19 ਸਤੰਬਰ (ਰਾਕੇਸ਼ ਕੁਮਾਰ)- ਪਠਾਨਕੋਟ ਪੁਲਿਸ ਵਲੋਂ ਐੱਸ. ਐੱਸ. ਪੀ. ਪਠਾਨਕੋਟ ਗੁਲਨੀਤ ਸਿੰਘ ਖੁਰਾਨਾ ਆਈ. ਪੀ. ਐੱਸ. ਦੀ ਅਗਵਾਈ ਹੇਠ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਥਾਣਾ ਨੰਗਲ...
ਹੁਸ਼ਿਆਰਪੁਰ 'ਚ 145 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 4 ਦੀ ਮੌਤ
. . .  50 minutes ago
ਹੁਸ਼ਿਆਰਪੁਰ, 19 ਸਤੰਬਰ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 145 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 3617 ਹੋ ਗਈ ਹੈ, ਜਦਕਿ 4 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ...
ਗੋਲੀ ਲੱਗਣ ਕਾਰਨ ਮਾਰੇ ਗਏ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਹਾਈਵੇਅ 'ਤੇ ਲਾਸ਼ ਰੱਖ ਕੇ ਕੀਤਾ ਪ੍ਰਦਰਸ਼ਨ
. . .  53 minutes ago
ਖਰੜ, 19 ਸਤੰਬਰ (ਜੰਡਪੁਰੀ)- ਬੀਤੇ ਦੋ ਦਿਨ ਪਹਿਲਾਂ ਤੜਕੇ ਗੋਲੀਬਾਰੀ 'ਚ ਜ਼ਖ਼ਮੀ ਹੋਏ ਵਿਅਕਤੀ ਅਰੁਣ ਕੁਮਾਰ ਦੀ ਅੱਜ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਇਸ ਤੋਂ ਬਾਅਦ ਮ੍ਰਿਤਕ ਅਰੁਣ ਕੁਮਾਰ ਦੇ ਪਰਿਵਾਰਕ ਮੈਂਬਰਾਂ...
ਤਪਾ ਵਿਖੇ ਕੋਰੋਨਾ ਕਾਰਨ ਇੱਕ ਹੋਰ ਵਿਅਕਤੀ ਨੇ ਤੋੜਿਆ ਦਮ
. . .  about 1 hour ago
ਤਪਾ ਮੰਡੀ, 19 ਸਤੰਬਰ (ਵਿਜੇ ਸ਼ਰਮਾ, ਪ੍ਰਵੀਨ ਗਰਗ)- ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਅਤੇ ਮੌਤਾਂ ਦਾ ਅੰਕੜਾ ਵਧਦਾ ਹੀ ਜਾ ਰਿਹਾ ਹੈ। ਇਸੇ ਤਹਿਤ ਤਪਾ ਮੰਡੀ ਦੇ ਇੱਕ ਹੋਰ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋਣ ਦੀ...
ਪਤਨੀ ਨੇ ਜਵਾਈ ਨਾਲ ਮਿਲ ਕੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ
. . .  about 1 hour ago
ਫ਼ਾਜ਼ਿਲਕਾ, 19 ਸਤੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਚੂਹੜੀ ਵਾਲਾ ਧੰਨਾ 'ਚ ਇੱਕ ਵਿਆਕਤੀ ਦੀ ਸ਼ੱਕੀ ਮੌਤ ਦੇ ਮਾਮਲੇ ਵਿਚ ਇਕ ਨਵਾਂ ਖ਼ੁਲਾਸਾ ਹੋਇਆ ਹੈ, ਜਿਸ 'ਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਦੀ ਪਤਨੀ ਨੇ ਆਪਣੇ...
ਮੋਗਾ 'ਚ ਕੋਰੋਨਾ ਦਾ ਕਹਿਰ ਜਾਰੀ, 27 ਹੋਰ ਮਾਮਲਿਆਂ ਦੀ ਪੁਸ਼ਟੀ
. . .  about 1 hour ago
ਮੋਗਾ, 19 ਸਤੰਬਰ (ਗੁਰਤੇਜ ਸਿੰਘ ਬੱਬੀ)- ਅੱਜ ਸਿਹਤ ਵਿਭਾਗ ਮੋਗਾ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ 'ਚ 27 ਹੋਰ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ ਦੇ ਨਾਲ ਹੀ ਹੁਣ ਜ਼ਿਲ੍ਹਾ ਮੋਗਾ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ...
ਪਠਾਨਕੋਟ 'ਚ ਕੋਰੋਨਾ ਦੇ 143 ਹੋਰ ਮਾਮਲੇ ਆਏ ਸਾਹਮਣੇ, ਤਿੰਨ ਮਰੀਜ਼ਾਂ ਦੀ ਮੌਤ
. . .  about 1 hour ago
ਪਠਾਨਕੋਟ, 19 ਸਤੰਬਰ (ਆਰ. ਸਿੰਘ)- ਸਿਹਤ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਪਠਾਨਕੋਟ 'ਚ ਅੱਜ 143 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ ਡਾਕਟਰ ਜੁਗਲ...
ਅੰਮ੍ਰਿਤਸਰ 'ਚ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ, 224 ਮਾਮਲੇ ਆਏ ਸਾਹਮਣੇ, 11 ਮਰੀਜ਼ਾਂ ਨੇ ਤੋੜਿਆ ਦਮ
. . .  about 1 hour ago
ਅੰਮ੍ਰਿਤਸਰ, 19 ਸਤੰਬਰ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 224 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 8041 ਹੋ ਗਏ ਹਨ...
ਚਾਲੂ ਭੱਠੀ , ਲਾਹਣ ਅਤੇ ਸ਼ਰਾਬ ਸਮੇਤ ਇੱਕ ਵਿਅਕਤੀ ਕਾਬੂ
. . .  about 1 hour ago
ਰਾਮ ਤੀਰਥ , 19 ਸਤੰਬਰ (ਧਰਵਿੰਦਰ ਸਿੰਘ ਔਲਖ)- ਪੁਲਿਸ ਚੌਕੀ ਰਾਮ ਤੀਰਥ (ਅੰਮ੍ਰਿਤਸਰ) ਨੇ ਛਾਪੇਮਾਰੀ ਕਰਕੇ ਪਿੰਡ ਪੱਧਰੀ ਦੇ ਇੱਕ ਵਿਅਕਤੀ ਸਾਹਬ ਸਿੰਘ ਨੂੰ ਚਾਲੂ ਭੱਠੀ ਸਮੇਤ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ...
ਖੇਤੀ ਆਰਡੀਨੈਂਸਾਂ ਨੂੰ ਲੈ ਕੇ ਕਾਂਗਰਸ ਨੇ ਲੰਬੀ ਵਿਖੇ ਨਰਿੰਦਰ ਮੋਦੀ ਅਤੇ ਪ੍ਰਕਾਸ਼ ਸਿੰਘ ਬਾਦਲ ਦਾ ਫੂਕਿਆ ਪੁਤਲਾ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 19 ਸਤੰਬਰ (ਰਣਜੀਤ ਸਿੰਘ ਢਿੱਲੋਂ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਲੋਕਾਂ 'ਚ ਰੋਹ ਵਧਦਾ ਜਾ ਰਿਹਾ ਹੈ। ਇਸ ਤਹਿਤ ਕਾਂਗਰਸ ਪਾਰਟੀ ਵਲੋਂ ਅੱਜ ਲੰਬੀ ਵਿਖੇ ਸੀਨੀਅਰ...
ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦਾ ਸਨਮਾਨ
. . .  about 1 hour ago
ਨਵੀਂ ਦਿੱਲੀ, 19 ਸਤੰਬਰ- ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਵਲੋਂ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦਾ ਸਨਮਾਨ ਕੀਤਾ ਗਿਆ। ਇਹ ਸਨਮਾਨ ਉਨ੍ਹਾਂ...
ਨਵਤੇਜ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਸੱਪ ਲੜਨ ਕਾਰਨ ਦਿਹਾਂਤ
. . .  about 1 hour ago
ਜਲੰਧਰ, 19 ਸਤੰਬਰ (ਅ. ਬ.)- ਨਵਤੇਜ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਅੱਜ ਸੱਪ ਲੜਨ...
ਸੀਨੀਅਰ ਪੱਤਰਕਾਰ ਰਜਿੰਦਰ ਸਿੰਘ ਕਪੂਰ ਦੀ ਕੋਰੋਨਾ ਕਾਰਨ ਮੌਤ
. . .  about 2 hours ago
ਨਾਭਾ, 19 ਸਤੰਬਰ (ਕਰਮਜੀਤ ਸਿੰਘ)- ਨਾਭਾ ਦੇ ਸੀਨੀਅਰ ਪੱਤਰਕਾਰ ਅਤੇ ਪ੍ਰੈੱਸ ਕਲੱਬ ਨਾਭਾ ਦੇ ਸਰਪ੍ਰਸਤ ਰਾਜਿੰਦਰ ਸਿੰਘ ਕਪੂਰ ਦੀ ਅੱਜ ਕੋਰੋਨਾ ਕਾਰਨ ਮੌਤ ਹੋ ਗਈ। ਉਹ ਪੰਜਾਬੀ ਦੇ ਕਈ ਅਖਬਾਰਾਂ ਨਾਲ ਜੁੜੇ ਹੋਏ ਸਨ...
ਪਾਕਿ 'ਚ ਸਿੱਖ ਲੜਕੀ ਬੁਲਬੁਲ ਕੌਰ ਦੀ ਅਗਵਾਕਾਰੀ ਨੂੰ ਲੈ ਕੇ ਸਿਰਸਾ ਅਤੇ ਕਾਲਕਾ ਵਲੋਂ ਵਿਦੇਸ਼ੀ ਮਾਮਲਿਆਂ ਦੇ ਸੰਯੁਕਤ ਸਕੱਤਰ ਜੇ. ਪੀ. ਸਿੰਘ ਨਾਲ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 19 ਸਤੰਬਰ- ਪਾਕਿਤਸਾਨ 'ਚ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਮੁੱਖ ਗ੍ਰੰਥੀ ਪ੍ਰੀਤਮ ਸਿੰਘ ਦੀ ਲੜਕੀ ਬੁਲਬੁਲ ਕੌਰ ਨੂੰ ਦੋ ਮੁਸਲਮਾਨ ਲੜਕਿਆਂ ਵਲੋਂ ਅਗਵਾ ਕਰਨ ਦੇ ਮਾਮਲੇ 'ਚ ਅੱਜ ਸਿੱਖ ਗੁਰਦੁਆਰਾ ਪ੍ਰਬੰਧਕ...
ਕੇਂਦਰ ਕੋਲੋਂ ਆਪਣੀ ਗੱਲ ਮਨਾਉਣ ਲਈ ਪੰਜਾਬੀਆਂ ਨੂੰ ਇੱਕ ਮੰਚ ਤਿਆਰ ਕਰਨਾ ਪਏਗਾ- ਚੰਦੂਮਾਜਰਾ
. . .  about 2 hours ago
ਕੋਰ ਕਮੇਟੀ ਦੀ ਬੈਠਕ 'ਚ ਤਿਆਰ ਕੀਤੀ ਜਾਵੇਗੀ ਅਗਲੀ ਰਣਨੀਤੀ- ਚੰਦੂਮਾਜਰਾ
. . .  about 2 hours ago
ਖੇਤੀ ਬਿੱਲਾਂ ਨੂੰ ਲੈ ਕੇ ਚੰਦੂਮਾਜਰਾ ਕੈਪਟਨ 'ਤੇ ਸਾਧੇ ਤਿੱਖੇ ਨਿਸ਼ਾਨੇ
. . .  about 2 hours ago
ਅਕਾਲੀ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਕੀਤਾ ਜਾ ਰਿਹਾ ਹੈ ਸੰਬੋਧਨ
. . .  about 2 hours ago
ਚੰਡੀਗੜ੍ਹ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫ਼ਰੰਸ
. . .  about 2 hours ago
ਹਰੀਕੇ ਮੰਡ ਖੇਤਰ 'ਚ ਸ਼ਰਾਬ ਤਸਕਰਾਂ ਵਿਰੁੱਝ ਕਾਰਵਾਈ ਦੂਜੇ ਦਿਨ ਵੀ ਜਾਰੀ, ਹਰੀਕੇ ਝੀਲ ਦੇ ਮਰੜ ਖੇਤਰ 'ਚ ਚੱਲ ਰਿਹੈ ਸਰਚ ਅਭਿਆਨ
. . .  about 2 hours ago
ਹਰੀਕੇ ਪੱਤਣ, 19 ਸਤੰਬਰ (ਸੰਜੀਵ ਕੁੰਦਰਾ)- ਐਕਸਾਈਜ਼ ਵਿਭਾਗ ਤਰਨਤਾਰਨ ਅਤੇ ਫਿਰੋਜ਼ਪੁਰ, ਤਰਨਤਾਰਨ ਪੁਲਿਸ ਅਤੇ ਜੰਗਲੀ ਜੀਵ ਤੇ ਵਣ ਵਿਭਾਗ ਹਰੀਕੇ ਵੱਲੋਂ ਹਰੀਕੇ ਝੀਲ ਦੇ ਮਰੜ ਖੇਤਰ 'ਚ ਸ਼ਰਾਬ ਤਸਕਰਾਂ ਦੇ...
ਪ੍ਰੀਤਮ ਸਿੰਘ ਦੀ ਖੁਦਕੁਸ਼ੀ ਨੇ ਉਧੇੜੇ ਕੈਪਟਨ ਸਰਕਾਰ ਵੱਲੋਂ ਕੀਤੇ ਸਮਝੌਤਿਆਂ ਦੇ ਪਾਜ
. . .  about 2 hours ago
ਮੰਡੀ ਕਿੱਲਿਆਂਵਾਲੀ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ), 19 ਸਤੰਬਰ (ਇਕਬਾਲ ਸਿੰਘ ਸ਼ਾਂਤ)- ਪਿੰਡ ਬਾਦਲ ਵਿਖੇ ਕਿਸਾਨ ਮੋਰਚੇ 'ਚ ਕਿਸਾਨ ਪ੍ਰੀਤਮ ਸਿੰਘ ਦੀ ਖ਼ੁਕਦੁਸ਼ੀ ਨੇ ਪੰਜਾਬ ਸਰਕਾਰ ਵੱਲੋਂ ਸੰਘਰਸ਼ਾਂ ਦੌਰਾਨ ਕਿਸਾਨ ਮੌਤਾਂ...
ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਨੂੰ ਦੱਸਿਆ ਸ਼ਲਾਘਾਯੋਗ ਕਦਮ
. . .  about 3 hours ago
ਸੁਲਤਾਨਪੁਰ ਲੋਧੀ, 19 ਸਤੰਬਰ (ਲਾਡੀ, ਹੈਪੀ, ਥਿੰਦ)- ਹਰਸਿਮਰਤ ਕੌਰ ਬਾਦਲ ਵਲੋਂ ਕੇਂਦਰੀ ਕੈਬਨਿਟ 'ਚੋਂ ਦਿੱਤੇ ਅਸਤੀਫ਼ੇ ਦੀ ਸ਼ਲਾਘਾ ਕਰਦਿਆਂ ਅੱਜ ਇੱਥੇ ਆੜ੍ਹਤੀ ਐਸੋਸੀਏਸ਼ਨ, ਕਿਸਾਨ ਸੰਘਰਸ਼ ਕਮੇਟੀ ਅਤੇ ਮਜ਼ਦੂਰ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 21 ਸਾਵਣ ਸੰਮਤ 552
ਵਿਚਾਰ ਪ੍ਰਵਾਹ: ਸਰਕਾਰਾਂ ਦੁਆਰਾ ਕਾਨੂੰਨ ਨੂੰ ਲਾਗੂ ਨਾ ਕਰ ਸਕਣ ਦੀ ਅਸਫਲਤਾ ਤੋਂ ਵੱਡਾ ਦੋਸ਼ ਹੋਰ ਕੁਝ ਵੀ ਨਹੀਂ ਹੈ। -ਅਲਬਰਟ ਆਈਨਸਟਾਈਨ

ਕਿਤਾਬਾਂ

2-08-2020

 ਯੁਗ ਵਾਰਤਾ
ਲੇਖਕ : ਕ੍ਰਿਪਾਲ ਸਿੰਘ ਪੂਨੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 96
ਸੰਪਰਕ : 0172-5027427.

'ਯੁਗ ਵਾਰਤਾ' ਕ੍ਰਿਪਾਲ ਸਿੰਘ ਪੂਨੀ ਦੀ ਸੱਤਵੀਂ ਕਾਵਿ ਪੁਸਤਕ ਹੈ। ਇਸ ਕਿਤਾਬ ਵਿਚ ਉਸ ਦੀਆਂ ਗ਼ਜ਼ਲਾਂ, ਗੀਤ ਤੇ ਕਵਿਤਾਵਾਂ ਸ਼ਾਮਿਲ ਹਨ, ਜਿਨ੍ਹਾਂ ਨੂੰ ਉਸ ਨੇ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਨੂੰ ਸਮਰਪਿਤ ਕੀਤਾ ਹੈ। ਸਾਰੀਆਂ ਗ਼ਜ਼ਲਾਂ ਨੂੰ ਉਨ੍ਹਾਂ ਦੇ ਰਦੀਫ਼ਾਂ ਅਤੇ ਜ਼ਮੀਨਾਂ ਅਨੁਸਾਰ ਸਿਰਲੇਖ ਦੇ ਕੇ ਛਾਪਿਆ ਗਿਆ ਹੈ। ਪਰ ਇਨ੍ਹਾਂ ਵਿਚ ਇਕ ਗ਼ਜ਼ਲ 'ਮਦਨ ਲਾਲ ਢੀਂਗਰਾ' ਵੀ ਹੈ। ਅਲ ਬਹਿਰ ਵਿਚ ਲਿਖੀ ਗਈ ਇਹ ਗ਼ਜ਼ਲ ਆਪਣੇ-ਆਪ ਵਿਚ ਇਕ ਪ੍ਰਯੋਗ ਹੈਮਦਨ ਲਾਲ ਢੀਂਗਰਾ ਦੀ ਗੌਰਵ ਗਾਥਾ ਦਾ ਮੁਸੱਲਸਲ ਗ਼ਜ਼ਲ ਰਾਹੀਂ ਬਿਆਨ ਇਸ ਗ਼ਜ਼ਲਕਾਰੀ ਦਾ ਨਿਵੇਕਲਾ ਹਾਸਲ ਹੈ
'ਢੀਂਗਰਾ' ਹਾਂ ਮੈਂ, ਹਨੇਰੀ ਦਾ ਕਰਾਂ ਮੈਂ ਸਾਹਮਣਾ,
ਖੌਫ਼ ਵਿਚ ਜੀਵਾਂ ਕਿਵੇਂ ਮੈਂ ਵਕਤ ਤੋਂ ਡਰਦਾ ਰਹਾਂ?
ਇਨ੍ਹਾਂ ਗ਼ਜ਼ਲਾਂ ਦੇ ਸ਼ਿਅਰ ਇਕ ਸਜਗ ਗ਼ਜ਼ਲਗੋ ਵਲੋਂ ਸਮਾਜ ਸੱਭਿਆਚਾਰ ਦੀ ਬਿਹਤਰੀ ਲਈ ਦਿੱਤੇ ਗਏ ਸੁਨੇਹਿਆਂ ਵਾਂਗ ਹਨ, ਜਿਨ੍ਹਾਂ ਵਿਚ ਪ੍ਰਤੱਖ ਜਾਂ ਪ੍ਰੋਖ ਰੂਪ ਵਿਚ ਮਨੁੱਖਤਾ ਲਈ ਦਰਦ ਵਿਦਮਾਨ ਹੈ। ਪੰਜਾਬ ਦੀ ਬਿਹਤਰੀ ਅਤੇ ਖੁਸ਼ਹਾਲੀ ਲਈ ਤੜਫ਼ ਇਸ ਗ਼ਜ਼ਲਕਾਰੀ ਦਾ ਮੂਲ ਸਰੋਕਾਰ ਹੈ।
ਐ ਮੇਰੇ ਪੰਜਾਬੀਓ! ਇਕ ਦਿਨ ਬੜੇ ਪਛਤਾਓਗੇ।
ਜੇ ਲੜੋਗੇ ਭਿੜ ਮਰੋਗੇ, ਫਿਰ ਉਜਾੜੇ ਜਾਓਗੇ।
ਜੇ ਨਹੀਂ ਸਮਝੇ ਤਾਂ ਫਿਰ ਖ਼ਾਬਾਂ 'ਚ ਖੰਡਰ ਹੋਣਗੇ
ਫਿਰ ਉਦਾਸੀ ਰੁੱਤ ਦੇ ਵਿਚ, ਕਿਸ ਤਰ੍ਹਾਂ ਮੁਸਕਰਾਓਗੇ।
ਕ੍ਰਿਪਾਲ ਸਿੰਘ ਪੂਨੀ ਲੰਮੇ ਸਮੇਂ ਤੋਂ ਇੰਗਲੈਂਡ ਵਿਚ ਰਹਿ ਕੇ ਵੀ ਆਪਣੀ ਮਿੱਟੀ, ਆਪਣੀ ਭਾਸ਼ਾ ਅਤੇ ਆਪਣੇ ਸੱਭਿਆਚਾਰ ਨਾਲ ਜੜਿਆ ਹੋਇਆ ਹੈ। ਉਸ ਨੇ ਆਪਣੇ ਅਨੁਭਵ ਨੂੰ ਅਭੀਵਿਅਕਤ ਕਰਨ ਲਈ ਗ਼ਜ਼ਲ ਦੀ ਸਿਨਫ਼ ਨੂੰ ਅਪਣਾਇਆ ਹੈ ਅਤੇ ਉਹ ਵੀ ਉਸ ਦੀਆਂ ਸਾਰੀਆਂ ਤਕਨੀਕੀ ਬੰਦਸ਼ਾਂ ਸਮੇਤ। ਬਹਿਰ ਵਜ਼ਨ ਦੀਆਂ ਲੋੜਾਂ ਦੀ ਉਸ ਨੂੰ ਗਹਿਰੀ ਸਮਝ ਹੈ ਅਤੇ ਉਸ ਨੂੰ ਬਹਿਰ ਦੀ ਰਵਾਨੀ ਬਣਾਉਣ ਦਾ ਬਲ ਆਉਂਦਾ ਹੈ। ਸ਼ਬਦ ਜੜਤ ਨੂੰ ਬਹਿਰ-ਵਜ਼ਨ ਅਨੁਸਾਰ ਪ੍ਰਵਾਨ ਚੜ੍ਹਾ ਕੇ ਰਚਨਾ ਵਿਚ ਗ਼ਜ਼ਲੀਅਤ ਪੈਦਾ ਕਰ ਲੈਣੀ ਉਸ ਦਾ ਹਾਸਲ ਹੈ। ਹਾਲਾਂਕਿ ਉਸ ਦੇ ਸਾਰੇ ਵਿਸ਼ੇ ਸਥੂਲ ਅਤੇ ਵਿਚਾਰਧਾਰਕ ਹਨ। ਰਵਾਇਤੀ ਵਿਸ਼ਿਆਂ ਦਾ ਸਮਕਾਲੀ ਸਥਿਤੀ ਦੇ ਵਿਸ਼ਲੇਸ਼ਣ ਤੱਕ ਫੈਲਾਓ ਕਰਨਾ ਅਤੇ ਸਮਕਾਲੀ ਲੋੜਾਂ ਅਨੁਸਾਰ ਪਾਠਕਾਂ ਨੂੰ ਜਾਗਰੂਕ ਕਰਨ ਦਾ ਯਤਨ ਕਰਦੇ ਹੋਏ ਸਾਹਿਤ ਦੇ ਸੁਨੇਹੇ ਪ੍ਰਤੀ ਸੁਚੇਤ ਹੋਣਾ ਇਸ ਗ਼ਜ਼ਲਕਾਰੀ ਦਾ ਸਾਰਥਕ ਫੈਲਾਓ ਹੈ। ਇਨ੍ਹਾਂ ਗ਼ਜ਼ਲਾਂ ਨੂੰ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਗ਼ਜ਼ਲ ਸ਼ਿਲਪ ਉਸਤਾਦੀ ਛੋਹਾਂ ਨਾਲ ਕਿੰਨੀ ਸਹਿਜ ਵੀ ਹੋ ਸਕਦੀ ਹੈ।
ਦਿਲ ਦੀ ਦੁਨੀਆ ਬੜੀ ਨਿਆਰੀ, ਰੋਜ਼ ਸਤਾਏ ਇਸ਼ਕ ਖੁਮਾਰੀ
ਟੁੱਟੇ ਤਾਰੇ ਅੰਦਰ ਤਾਂ ਹਿਲਦਾ ਹਿਜਰ ਭਇਆ ਮਨ ਇਸ਼ਕ ਖੁਆਰੀ
ਗ਼ਜ਼ਲ ਵੀ ਤੂੰ ਹੈ, ਗੀਤ ਵੀ ਤੂੰ ਹੈ, ਹੁਸਨ ਵੀ ਤੂੰ, ਪ੍ਰੀਤ ਵੀ ਤੂੰ ਹੈ
ਪਿਆਰ ਤੇਰਾ ਸਿਰ ਚੜ੍ਹ ਕੇ ਬੋਲੇ, ਦਰਦ ਵੀ ਤੂੰ ਹੈ, ਮੀਤ ਵੀ ਤੂੰ ਹੈ।
ਸ਼ਬਦਾਂ ਦੀ ਜੜਤ ਨੂੰ ਸੰਗੀਤਕ ਰਵਾਨਗੀ ਵਿਚ ਢਾਲ ਲੈਣਾ ਅਤੇ ਰਚਨਾ ਨੂੰ ਮਾਨਵੀ ਦਰਦ ਨਾਲ ਲਬਰੇਜ਼ ਕਰ ਦੇਣਾ ਇਨ੍ਹਾਂ ਰਚਨਾਵਾਂ ਦੀ ਵਿਲੱਖਣਤਾ ਹੈ।
ਗੀਤ ਮੇਰੇ ਵਿਚ ਪੀੜ ਅਵੱਲੀ
ਝੱਲਣੀ ਲੋਠਾ ਜਾਏ ਨਾ ਝੱਲੀ
ਦਿਲ ਅੰਬਰ ਤੋਂ ਟੁੱਟਿਆ ਤਾਰਾ
ਨੈਣਾਂ ਸਿੰਮਿਆ ਹੰਝੂ ਖਾਰਾ
ਕੌਣ ਸੁਣੇਗਾ, ਵੈਣ ਪਰਾਏ।
ਗੀਤ ਮੇਰਾ ਕਹਿਣੋਂ ਨਾ ਡਰਦਾ
ਜੋ ਭੀ ਸੁਣਦਾ, ਸਤ ਸਤ ਕਰਦਾ
ਐਸਾ ਸੱਚ ਦਾ ਰਸਤਾ ਫੜਿਆ
ਸੂਲੀ ਉੱਪਰ ਹਸ ਹਸ ਚੜ੍ਹਦਾ
ਜੀਵਨ ਕੀ ਕੀ ਰੰਗ ਵਿਖਾਏ
ਸਮਾਜ ਦੀ ਹਾਲਤ ਨੂੰ ਸ਼ਾਇਰੀ ਦੇ ਵੱਖ-ਵੱਖ ਰੰਗਾਂ ਰਾਹੀਂ ਬਿਆਨ ਕਰਨ ਵਾਲੀ ਅਤੇ ਸਮਾਜ ਦੀ ਬਿਹਤਰੀ ਦੇ ਸੰਕਲਪ ਨੂੰ ਸਾਹਿਤ ਰਾਹੀਂ ਉਜਾਗਰ ਕਰਨ ਅਤੇ ਪ੍ਰਸਾਰਿਤ ਕਰਨ ਵਾਲੀ ਇਸ ਸ਼ਾਇਰੀ ਦਾ ਸਵਾਗਤ ਹੈ।

ਡਾ: ਲਖਵਿੰਦਰ ਸਿੰਘ ਜੌਹਲ
ਮੋ: 94171-94812.

c c c

ਚਾਨਣ ਦੇ ਹਸਤਾਖ਼ਰ
ਗ਼ਜ਼ਲਕਾਰਾ : ਗੁਰਮੀਤ ਕੌਰ ਸੰਧਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 98767-46901.

ਸੰਧਾ ਨਿਯਮਪੂਰਬਕ ਗ਼ਜ਼ਲ ਕਹਿਣ ਵਾਲੀ ਗ਼ਜ਼ਲਕਾਰਾ ਹੈ। ਅਸੂਲਾਂ ਦੇ ਦਾਇਰੇ ਵਿਚ ਰਹਿਣ ਵਾਲੀ ਇਸ ਗ਼ਜ਼ਲਕਾਰਾ ਦੀਆਂ ਗ਼ਜ਼ਲਾਂ ਵਿਚ ਪੰਜਾਬ ਦੀ ਮਿੱਟੀ ਦੀ ਤਾਸੀਰ ਤੇ ਮਹਿਕ ਹੈ। 'ਚਾਨਣ ਦੇ ਹਸਤਾਖ਼ਰ' ਉਸ ਦੀ ਪੰਜਵੀਂ ਪੁਸਤਕ ਹੈ ਤੇ ਨਿਰੋਲ ਗ਼ਜ਼ਲਾਂ ਦਾ ਪਹਿਲਾ ਸੰਗ੍ਰਹਿ ਹੈ। ਬੇਸ਼ਕ ਉਸ ਦੀ ਗ਼ਜ਼ਲ ਦਾ ਸਫ਼ਰ ਬਹੁਤਾ ਲੰਬਾ ਨਹੀਂ ਹੈ ਪਰ ਉਸ ਨੇ ਇਸ ਖੇਤਰ ਵਿਚ ਆਪਣਾ ਜ਼ਿਕਰਯੋਗ ਸਥਾਨ ਬਣਾ ਲਿਆ ਹੈ। ਸ਼ਾਇਰੀ ਵਿਚ ਸਰਲਤਾ ਸਭ ਤੋਂ ਉੱਤਮ ਗੁਣ ਹੁੰਦਾ ਹੈ ਤੇ ਇਹ ਗੁਣ ਸੰਧਾ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿਚ ਮਹਿਸੂਸਿਆ ਜਾ ਸਕਦਾ ਹੈ। ਉਸ ਨੇ ਗੁੰਝਲਦਾਰ ਬੌਧਿਕਤਾ ਦੀ ਥਾਂ ਆਮ ਲੋਕਾਂ ਨੂੰ ਸਮਝ ਆਉਣ ਵਾਲੀ ਗ਼ਜ਼ਲ ਲਿਖੀ ਹੈ ਤੇ ਖ਼ੂਬਸੂਰਤ ਸ਼ਿਅਰਾਂ ਦੀ ਸਿਰਜਣਾ ਕੀਤੀ ਹੈ। ਆਪਣੀ ਪਹਿਲੀ ਗ਼ਜ਼ਲ ਵਿਚ ਹੀ ਉਹ ਮਾਯੂਸ ਲੋਕਾਂ ਵਿਚ ਊਰਜਾ ਭਰਨ ਦੀ ਕੋਸ਼ਿਸ਼ ਕਰਦੀ ਹੈ ਤੇ ਹੱਕ ਨਿਆਂ ਲਈ ਜੂਝਣ ਲਈ ਕਹਿੰਦੀ ਹੈ। ਦੂਸਰੀ ਗ਼ਜ਼ਲ ਵਿਚ ਉਹ ਪੂਰੇ ਅੰਬਰ ਦੀ ਥਾਂ ਇਕ ਅੱਧ ਸਿਤਾਰਾ ਚਾਹੁੰਦੀ ਹੈ ਤੇ ਤੀਸਰੀ ਗ਼ਜ਼ਲ ਵਿਚ ਸੰਧਾ ਲੜਨ ਦੀ ਸ਼ੈਲੀ ਬਾਰੇ ਸੁਚੇਤ ਕਰਦੀ ਹੈ। ਇੰਝ ਗ਼ਜ਼ਲਕਾਰਾ ਦੀਆਂ ਗ਼ਜ਼ਲਾਂ ਦੀ ਵਿਚਾਰਧਾਰਾ ਇਕ ਤਰਤੀਬ ਵਿਚੋਂ ਹੋ ਕੇ ਗੁਜ਼ਰਦੀ ਹੈ ਤੇ ਉਤਸ਼ਾਹ ਨਾਲ ਭਰਪੂਰ ਹੈ। ਪੁਸਤਕ ਵਿਚ ਕਿਤੇ-ਕਿਤੇ ਉਦਾਸੀ ਦਾ ਰੰਗ ਹੈ ਪਰ ਅਜੋਕੇ ਮਾਹੌਲ ਤੇ ਰਾਜਨੀਤਕ ਪ੍ਰਸਥਿਤੀਆਂ ਵਿਚ ਇਹ ਸੁਭਾਵਿਕ ਹੈ। ਉਸ ਨੂੰ ਚਾਨਣੀ ਦੀ ਤਲਾਸ਼ ਹੈ ਤੇ ਹਨ੍ਹੇਰ ਮੂੰਹਜ਼ੋਰ ਹੈ ਪਰ ਇੱਛਾ ਦੀ ਪ੍ਰਾਪਤੀ ਲਈ ਵਿੱਤ ਮੁਤਾਬਿਕ ਉਸ ਨੂੰ ਜੂਝਣਾ ਆਉਂਦਾ ਹੈ ਤੇ ਆਪਣੇ ਕਾਫ਼ਿਲੇ ਨੂੰ ਭਰਪੂਰ ਕਰਨ ਦਾ ਉਸ ਕੋਲ ਹੁਨਰ ਹੈ। ਇਹ ਪੁਸਤਕ ਮੁਹੱਬਤੀ ਚੋਚਲਿਆਂ ਤੋਂ ਦੂਰ ਹੈ ਤੇ ਜਿਊਣ ਲਈ ਮਨੁੱਖ ਦੀਆਂ ਮੁਢਲੀਆਂ ਲੋੜਾਂ ਤੇ ਉਨ੍ਹਾਂ ਦੀ ਪੂਰਤੀ ਲਈ ਪ੍ਰੇਰਨਾ ਦੀ ਕੜੀ ਹੈ।

ਗੁਰਦਿਆਲ ਰੌਸ਼ਨ
ਮੋ: 99884-44002

c c c

ਮਟਕ-ਚਾਨਣਾ
ਲੇਖਕ : ਤ੍ਰਿਪਤਾ ਬਰਮੌਤਾ
ਪ੍ਰਕਾਸ਼ਕ : ਨਵਰੰਗ ਪਬਲਿਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 97812-81565.

'ਮਟਕ-ਚਾਨਣਾ' ਮਿੰਨੀ ਕਹਾਣੀ-ਸੰਗ੍ਰਹਿ ਤ੍ਰਿਪਤਾ ਬਰਮੋਤਾ ਦੀ 12ਵੀਂ ਪੁਸਤਕ ਹੈ, ਜਿਸ ਵਿਚ ਉਸ ਨੇ 80 ਦੇ ਕਰੀਬ ਮਿੰਨੀ ਕਹਾਣੀਆਂ ਲਿਖੀਆਂ ਹਨ। ਲੇਖਿਕਾ ਵਿਗਿਆਨਕ ਸੱਚ ਦੀ ਧਾਰਨੀ ਹੈ, ਜਿਸ ਨੇ ਆਪਣੀਆਂ ਕਹਾਣੀਆਂ ਵਿਚ ਸਮਾਜਿਕ ਸਰੋਕਾਰਾਂ ਨੂੰ ਬਹੁਤ ਹੀ ਸ਼ਿੱਦਤ ਨਾਲ ਸਿਰਜਿਆ ਹੈ। ਕਹਾਣੀਕਾਰਾ ਨੇ ਸਮਾਜਿਕ ਘਟਨਾਵਾਂ ਨੂੰ ਅਨੁਭਵ ਕਰਕੇ ਹੀ ਕਹਾਣੀਆਂ ਨੂੰ ਕੁੱਜੇ ਵਿਚ ਸਮੁੰਦਰ ਬੰਦ ਕਰਨ ਵਾਂਗ ਲਿਖਿਆ ਹੈ, ਜਿਵੇਂ 'ਭੋਜਨ', 'ਹੈਪੀ ਰੇਨੀ ਡੇਅ', ਕਹਾਣੀਆਂ ਵਿਚ ਕਿੰਨੀ ਵੱਡੀ ਨਸੀਹਤ ਦਿੱਤੀ ਗਈ ਹੈ ਕਿ ਜਦੋਂ ਇਕ ਗ਼ਰੀਬ ਦਾ ਮੀਂਹ ਪੈਣ ਕਾਰਨ ਕੋਠਾ ਚੋਅ ਰਿਹਾ ਹੁੰਦਾ ਹੈ ਤਾਂ ਉਸ ਨੂੰ ਫੋਨ 'ਤੇ ਮੈਸੇਜ ਆਉਂਦਾ ਹੈ 'ਹੈਪੀ ਰੇਨੀ ਡੇਅ', ਪਰ ਉਹ ਇਹ ਪੜ੍ਹ ਕੇ ਉਦਾਸ ਹੋ ਜਾਂਦਾ ਹੈ ਕਿ ਉਸ ਦਾ ਤਾਂ ਅੱਜ 'ਬੈਡ ਰੇਨੀ ਡੇਅ' ਹੈ। ਇਸੇ ਤਰ੍ਹਾਂ ਹੀ 'ਮਟਕ-ਚਾਨਣਾ', 'ਡਿਗਰੀ', 'ਇਕ ਔਰਤ ਦੇ ਦੋ ਰੂਪ' ਅਤੇ 'ਹਮਬਿਸਤਰ' ਕਹਾਣੀਆਂ ਵਿਚ ਸਮਾਜਿਕ ਵਰਤਾਰਿਆਂ ਦੀ ਪੇਸ਼ਕਾਰੀ ਬਾਖੂਬੀ ਕੀਤੀ ਗਈ ਹੈ। 'ਪਿੰਜਰੇ ਨਾਲ ਪਿਆਰ' ਕਹਾਣੀ ਵਿਚ ਦੱਸਿਆ ਗਿਆ ਹੈ ਕਿ ਕੈਦੀ ਦੀ ਸਾਰੀ ਉਮਰ ਕੈਦ ਵਿਚ ਹੀ ਲੰਘ ਜਾਂਦੀ ਹੈ ਤੇ ਉਹ ਜੇਲ੍ਹਰ ਸਾਹਿਬ ਨੂੰ ਕਹਿੰਦਾ ਹੈ ਕਿ ਮੈਨੂੰ ਇੱਥੋਂ ਨਾ ਕੱਢੋ, ਮੈਨੂੰ ਇਸੇ ਪਿੰਜਰੇ ਵਿਚ ਹੀ ਰਹਿਣ ਦਿਓ। ਇਸ ਪ੍ਰਕਾਰ ਹੀ 'ਮੱਥੇ ਦੀਆਂ ਤਿਓੜੀਆਂ' ਕਹਾਣੀ ਵਿਚ ਇਕ ਅੜਬ ਪਤਨੀ ਦੇ ਸੁਭਾਅ ਨੂੰ ਦਰਸਾਇਆ ਗਿਆ ਹੈ ਕਿ ਜਦੋਂ ਸ਼ਹਿਰ ਵਿਚ ਦੰਗੇ ਮਚ ਰਹੇ ਹੁੰਦੇ ਹਨ ਤੇ ਉਸ ਦਾ ਪਤੀ ਰਾਸ਼ਨ ਲੈਣ ਗਿਆ ਹੁੰਦਾ ਹੈ ਪਰ ਖਾਲੀ ਝੋਲਾ ਲੈ ਕੇ ਵਾਪਸ ਘਰ ਆਉਂਦਾ ਹੈ ਤਾਂ ਉਸ ਦੀ ਪਤਨੀ ਮੱਥੇ ਤਿਉੜੀਆਂ ਪਾ ਲੈਂਦੀ ਹੈ ਪਰ ਆਪਣੇ ਪਤੀ ਦੀ ਮੁਸੀਬਤ ਨੂੰ ਨਹੀਂ ਦੇਖਦੀ। ਇਸ ਪ੍ਰਕਾਰ ਤ੍ਰਿਪਤਾ ਬਰਮੋਤਾ ਨੇ ਹਰੇਕ ਕਹਾਣੀ ਵਿਚ ਹੀ ਨਿੱਕੇ-ਨਿੱਕੇ ਸੁਨੇਹੇ ਦਿੱਤੇ ਹਨ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਲੇਖਿਕਾ ਨੇ ਸਾਡੀ ਸਮਾਜਿਕ ਜ਼ਿੰਦਗੀ ਦੇ ਅਜਿਹੇ ਵਿਸ਼ੇ ਲਏ ਹਨ, ਜਿਨ੍ਹਾਂ ਦਾ ਲੋਕ ਜੀਵਨ ਭਰ ਸੰਘਰਸ਼ ਕਰਦੇ ਰਹਿੰਦੇ ਹਨ ਅਤੇ ਆਪਸੀ ਪਿਆਰ ਵਿਚ ਵੀ ਤ੍ਰੇੜਾਂ ਪੈਂਦੀਆਂ ਰਹਿੰਦੀਆਂ ਹਨ ਅਤੇ ਪਰਿਵਾਰਕ ਰਿਸ਼ਤੇ ਖ਼ਤਮ ਹੋ ਰਹੇ ਹਨ। ਲੇਖਿਕਾ ਵਧਾਈ ਦੀ ਪਾਤਰ ਹੈ।

ਡਾ: ਗੁਰਬਿੰਦਰ ਕੌਰ ਬਰਾੜ
098553-95161

c c c

ਪਰਮਜੀਤ ਕੌਰ ਸਰਹਿੰਦ ਦੇ 31 ਨਿਬੰਧ
ਨਿਬੰਧਕਾਰ : ਪਰਮਜੀਤ ਕੌਰ ਸਰਹਿੰਦ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼, ਦਿੱਲੀ
ਮੁੱਲ : 450 ਰੁਪਏ, ਸਫ਼ੇ : 234
ਸੰਪਰਕ : 98728-98599.

ਇਸ ਪੁਸਤਕ ਵਿਚਲੇ 31 ਨਿਬੰਧ ਸਾਡੇ ਦਿਲ ਦਿਮਾਗ ਨੂੰ ਰੌਸ਼ਨ ਕਰਨ ਵਾਲੇ ਹਨ। ਪਹਿਲਾ ਲੇਖ ਪੰਜਾਬੀ ਭਾਸ਼ਾ ਅਤੇ ਲੋਕ ਕਾਵਿ ਦਾ ਚਿਤਰਨ ਕਰਦਾ ਹੈ। ਕੁਝ ਲੇਖ ਸਾਡੇ ਸੱਭਿਆਚਾਰ ਦਾ ਦਰਪਣ ਹਨ। ਅਲੋਪ ਹੋ ਰਹੇ ਵਿਰਸੇ ਦੀਆਂ ਬਾਤਾਂ ਪਾਉਂਦੇ ਕੁਝ ਲੇਖ ਬਹੁਤ ਭਾਵਪੂਰਤ ਹਨ। ਕੁਝ ਨਿਬੰਧ ਲੇਖਿਕਾ ਦੇ ਜੀਵਨ ਤਜਰਬਿਆਂ ਅਤੇ ਅਹਿਸਾਸਾਂ ਦੀ ਤਰਜਮਾਨੀ ਕਰਦੇ ਹਨ। ਪ੍ਰਵਾਸੀ ਪੰਜਾਬੀਆਂ ਦੇ ਦਰਦ ਅਤੇ ਹੱਦਾਂ ਸਰਹੱਦਾਂ ਦੇ ਵੈਰਾਗ ਦਿਲ ਨੂੰ ਟੁੰਬਦੇ ਹਨ। ਜੀਵਨ ਦਾ ਯਥਾਰਥ ਪੇਸ਼ ਕਰਦੇ ਇਹ ਨਿਬੰਧ ਸਾਡੀ ਚੇਤਨਾ ਨੂੰ ਜਗਾਉਂਦੇ ਹਨ। ਕੁਝ ਸਮਾਜਿਕ ਸਮੱਸਿਆਵਾਂ ਵੀ ਪੇਸ਼ ਕੀਤੀਆਂ ਗਈਆਂ ਹਨ ਜਿਵੇਂ ਨਸ਼ਿਆਂ ਦਾ ਕੋਹੜ, ਆਰਥਿਕ ਮੰਦਹਾਲੀ, ਨਾਰੀ ਦੀ ਦੁਰਦਸ਼ਾ ਅਤੇ ਕਿਰਤੀਆਂ ਕਿਸਾਨਾਂ ਦੀ ਵੇਦਨਾ। ਕੁਝ ਲੇਖਾਂ ਵਿਚ ਮਨੁੱਖੀ ਮਨ ਦੇ ਸਰਬਸਾਂਝੇ ਜਜ਼ਬਾਤ ਦ੍ਰਿਸ਼ਟੀਗੋਚਰ ਹੁੰਦੇ ਹਨ ਜਿਵੇਂ ਮੁਹੱਬਤ, ਨਫ਼ਰਤ, ਪ੍ਰੇਮ, ਵਿਜੋਗ, ਵਸਲ, ਪਰਿਵਾਰਕ ਅਤੇ ਭਾਈਚਾਰਕ ਸਾਂਝਾਂ। ਸਾਰੇ ਨਿਬੰਧ ਹੀ ਸਾਰਥਕ ਸੁਨੇਹੇ ਦਿੰਦੇ ਹਨ। ਲੋਕ ਕਾਵਿ, ਸ਼ਿਅਰਾਂ ਅਤੇ ਲੋਕ ਗੀਤਾਂ ਦੀ ਪੁੱਠ ਚਾੜ੍ਹ ਕੇ ਨਿਬੰਧਾਂ ਨੂੰ ਸੁਆਦਲਾ ਅਤੇ ਰਸਦਾਇਕ ਬਣਾਇਆ ਗਿਆ ਹੈ। ਲੋਕ ਬੋਲੀਆਂ ਅਤੇ ਗੀਤਾਂ ਨੇ ਨਿਬੰਧਾਂ ਦੀ ਖੁਸ਼ਕੀ ਦੂਰ ਕਰਕੇ ਰੌਚਿਕਤਾ ਵਿਚ ਵਾਧਾ ਕੀਤਾ ਹੈ। ਇਨ੍ਹਾਂ ਲੇਖਾਂ ਵਿਚ ਜ਼ਿੰਦਗੀ ਦੇ ਸਾਰੇ ਪੱਖਾਂ 'ਤੇ ਝਾਤ ਪੁਆਈ ਗਈ ਹੈ। ਪੰਜਾਬੀ ਲੋਕ ਗੀਤਾਂ ਵਿਚਲੀਆਂ ਮੱਤਾਂ ਸੁਮੱਤਾਂ, ਮਿਹਣੇ ਤਾਹਨੇ, ਦਰਦਾਂ ਦੇ ਦਰਿਆ, ਵਧਾਵੇ ਵਧਾਈਆਂ, ਦੋਹਰੇ ਬਿਰਹੜੇ ਅਤੇ ਸਿੱਠਣੀਆਂ ਦੇ ਖੱਟੇ ਮਿੱਠੇ ਜ਼ਾਇਕੇ ਨਿਬੰਧਾਂ ਵਿਚ ਵੱਖਰਾ ਹੀ ਰੰਗ ਭਰ ਦਿੰਦੇ ਹਨ। ਸਮੁੱਚੇ ਤੌਰ 'ਤੇ ਇਹ ਪੁਸਤਕ ਪੰਜਾਬ ਦੇ ਅਮੀਰ ਵਿਰਸੇ, ਮਾਣਮੱਤੇ ਸੱਭਿਆਚਾਰ ਅਤੇ ਪੇਂਡੂ ਜਨਜੀਵਨ ਦੀ ਸੁੰਦਰ ਨੁਹਾਰ ਪੇਸ਼ ਕਰਦੀ ਹੈ। ਇਸ ਮਹੱਤਵਪੂਰਨ ਪੁਸਤਕ ਦਾ ਤਹਿ ਦਿਲੋਂ ਸਵਾਗਤ ਹੈ।

ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

c c c

ਕਵਿਤਾ ਅੰਦਰ ਮੇਰੀ ਰੂਹ
ਗ਼ਜ਼ਲਕਾਰ : ਸੁਭਾਸ਼ ਦੀਵਾਨਾ
ਪ੍ਰਕਾਸ਼ਕ : ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ
ਮੁੱਲ : 100 ਰੁਪਏ, ਸਫ਼ੇ : 102
ਸੰਪਰਕ : 98888-29666.

ਸੁਭਾਸ਼ ਦੀਵਾਨਾ ਇਕ ਪ੍ਰੌੜ ਅਤੇ ਪੰਜਾਬੀ ਗ਼ਜ਼ਲ-ਤਕਨੀਕ ਅਤੇ ਆਤਮਾ ਤੋਂ ਭਲੀ-ਭਾਂਤ ਜਾਣੂ ਸ਼ਾਇਰ ਹੈ। 'ਕਵਿਤਾ ਅੰਦਰ ਮੇਰੀ ਰੂਹ' ਉਸ ਦਾ ਸਤਵਾਂ ਗ਼ਜ਼ਲ ਸੰਗ੍ਰਹਿ ਹੈ। ਹਥਲੇ ਗ਼ਜ਼ਲ ਸੰਗ੍ਰਹਿ ਵਿਚ 86 ਗ਼ਜ਼ਲਾਂ ਹਨ ਜਦੋਂ ਕਿ ਅੱਧੀ ਦਰਜਨ ਦੇ ਕਰੀਬ ਨਜ਼ਮਾਂ ਹਨ। ਅਖੀਰ ਵਿਚ ਸ਼ਾਇਰ ਨੇ ਇਕ ਦਰਜਨ ਦੋਹੇ ਸ਼ਾਮਿਲ ਕੀਤੇ ਹਨ। ਪ੍ਰਸਿੱਧ ਸਾਹਿਤਕਾਰ ਅਤੇ ਸਮਾਲੋਚਕ ਪ੍ਰੋ: ਕ੍ਰਿਪਾਲ ਸਿੰਘ ਯੋਗੀ ਹਥਲੀ ਪੁਸਤਕ ਦੀ ਭੂਮਿਕਾ ਵਿਚ ਲਿਖਦੇ ਹਨ ਕਿ ਦੀਵਾਨਾ ਜੀ ਨੇ ਇਲਮ ਅਰੂਜ਼ ਬਾਰੇ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਨ ਉਪਰੰਤ ਕਰੀਬ 15 ਸਾਲ ਪਹਿਲਾਂ ਗ਼ਜ਼ਲ ਲਿਖਣੀ ਆਰੰਭ ਕੀਤੀ ਸੀ। ਨਿਰੰਤਰ ਸ਼ਿਅਰ ਸਿਰਜਣਾ ਦੇ ਅਭਿਆਸ ਨੇ ਦੀਵਾਨਾ ਨੂੰ ਅੱਜ ਪੰਜਾਬੀ ਦੇ ਨਾਮਵਰ ਗ਼ਜ਼ਲਕਾਰ ਕਾਫ਼ਿਲੇ ਦੇ ਮੈਂਬਰ ਵਿਚ ਸ਼ੁਮਾਰ ਕਰ ਦਿੱਤਾ ਹੈ। ਅਜੋਕੇ ਦੌਰ ਵਿਚ ਜਿਹੜੀਆਂ ਢਾਹੂ ਸ਼ਕਤੀਆਂ ਸਾਡੇ ਸਮਾਜਿਕ ਪਤਨ ਦੀਆਂ ਜ਼ਿੰਮੇਵਾਰ ਹਨ, ਦੀਵਾਨਾ ਨੇ ਉਨ੍ਹਾਂ ਦੀ ਨਿਸ਼ਾਨਦੇਹੀ ਤੋਂ ਬਾਅਦ ਉਨ੍ਹਾਂ ਦੀ ਨਿੰਦਿਆ ਵੀ ਕੀਤੀ ਹੈ।
ਸੁਭਾਸ਼ ਦੀਵਾਨਾ ਦੇ ਸ਼ਿਅਰ ਅਕਸਰ ਗੰਭੀਰ ਵਿਅੰਗ ਦਾ ਸ਼ਾਨਦਾਰ ਨਮੂਨਾ ਹੁੰਦੇ ਹਨ। ਉਹ ਵਿਅੰਗ ਦਾ ਵੱਡਾ ਸ਼ਾਇਰ ਹੈ। ਉਹ ਮਨੁੱਖ ਨੂੰ ਰੂਹ ਤੋਂ ਚੇਤਨ ਹੋਣ ਦੀ ਪ੍ਰੇਰਨਾ ਦਿੰਦਾ ਹੈ। ਸਮਾਜਿਕ ਵਿਡੰਬਨਾ ਪ੍ਰਤੀ ਸ਼ਾਇਰ ਬੜੀ ਗੰਭੀਰਤਾ ਅਤੇ ਵਿਅੰਗ ਨਾਲ ਭੁਗਤਦਾ ਹੈ। ਉਸ ਦੀਆਂ ਗ਼ਜ਼ਲਾਂ ਵਿਚ ਧਾਰਮਿਕ, ਆਰਥਿਕ, ਰਾਜਨੀਤਕ ਅਤੇ ਸੱਭਿਆਚਾਰਕ ਕੁਰੀਤੀਆਂ ਪ੍ਰਤੀ ਸਿੱਧੀ ਉਂਗਲ ਉਠਾਈ ਮਿਲਦੀ ਹੈ। ਉਸ ਨੂੰ ਪਤਾ ਹੈ ਕਿ ਮੱਖਣ ਸਿੱਧੀਆਂ ਉਂਗਲਾਂ ਨਾਲ ਨਹੀਂ ਨਿਕਲਦਾ, ਇਸੇ ਲਈ ਉਹ ਆਪਣੇ ਸ਼ਿਅਰਾਂ ਨੂੰ ਵਿਲੱਖਣਤਾ ਸਹਿਤ ਪੇਸ਼ ਕਰਦਾ ਹੈ :
ਨੇਤਾਵਾਂ ਦੀ ਨਜ਼ਰ ਵਿਚ ਹੈ ਕੁਝ ਨੁਕਸ ਜ਼ਰੂਰ,
ਉਨ੍ਹਾਂ ਨੂੰ ਕੁੱਲ ਨਾਗਰਿਕ, ਦਿਸਦੇ ਕੇਵਲ ਵੋਟ।
ਤਾਕਤਵਰ ਹਥਿਆਰ ਹੈ ਧਰਮ ਸਿਆਸਤ ਕੋਲ,
ਬਾਬੇ ਬੈਠੇ ਧਰਮ ਦੀ ਭੰਗ ਰਹੇ ਨੇ ਘੋਟ।
ਭਾਸ਼ਨ ਕਰ ਕੇ ਨੇਤਾ, ਆਪਣਾ ਨਾਂਅ ਚਮਕਾ ਲੈ,
ਪਹਿਲਾਂ ਹੀ ਮੈਂ ਮੂਰਖ ਹਾਂ ਤੂੰ ਹੋਰ ਬਣਾ ਲੈ।
ਰੱਬ ਹੀ ਸੱਡਾ ਮੁਲਕ ਚਲਾਉਂਦੈ, ਰੱਬ ਹੀ ਸਾਡੇ ਪਰਦੇ ਢਕੇ....।
ਸੁਭਾਸ਼ ਦੀਵਾਨਾ ਦੀਆਂ ਗ਼ਜ਼ਲਾਂ ਦੇ ਸ਼ਿਅਰ ਤੁਹਾਨੂੰ ਕੁਤਕੁਤਾਰੀਆਂ ਕੱਢ ਕੇ ਆਪਣੇ ਆਪ ਦੀਆਂ ਬੇਵਕੂਫ਼ੀਆਂ ਉੱਤੇ ਹੱਸਣ ਦਾ ਮੌਕਾ ਦੇਣਗੇ।

ਸੁਲੱਖਣ ਸਰਹੱਦੀ
ਮੋ: 94174-84337.

ਪਾਰ ਗਾਥਾ
ਲੇਖਕ : ਰਵਿੰਦਰ ਰਵੀ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 320 ਰੁਪਏ, ਸਫ਼ੇ : 156
ਸੰਪਰਕ : 011-45555610.

ਰਵਿੰਦਰ ਰਵੀ ਇਸ ਸਮੇਂ ਇਕ ਲੀਜੇਂਡ ਕਵੀ ਅਤੇ ਸਾਹਿਤਕਾਰ ਵਜੋਂ ਹੈਸੀਅਤ ਰੱਖਣ ਸਦਕਾ ਪੰਜਾਬੀ ਭਾਸ਼ਾ ਦੇ ਪਾਠਕਾਂ 'ਚ ਜਾਣਿਆ-ਪਛਾਣਿਆ ਚਿਹਰਾ ਹੈ। ਪ੍ਰਯੋਗਸ਼ੀਲ ਕਾਵਿ-ਲਹਿਰ ਦੇ ਬਾਨੀਆਂ 'ਚ ਉਸ ਦਾ ਉੱਘਾ ਨਾਂਅ ਹੈ। ਇਸੇ ਲਈ ਉਸ ਨੇ ਇਸ ਕਾਵਿ ਲਹਿਰ ਨਾਲ ਜੁੜੇ ਕਵੀ ਮਿੱਤਰਾਂ ਮਨਜੀਤ ਮੀਤ, ਗੁਰਦਿਆਲ ਕੰਵਲ ਅਤੇ ਉੱਘੇ ਚਿੰਤਕ ਡਾ: ਜਸਬੀਰ ਸਿੰਘ ਆਹਲੂਵਾਲੀਆ ਨੂੰ 'ਪਾਰ-ਗਾਥਾ' ਕਾਵਿ-ਸੰਗ੍ਰਹਿ ਨੂੰ ਸਮਰਪਿਤ ਕੀਤਾ ਹੈ। ਇਸ ਕਾਵਿ-ਸੰਗ੍ਰਹਿ 'ਚ ਰਵਿੰਦਰ ਰਵੀ ਦੇ ਸੰਘਰਸ਼ਮਈ ਜੀਵਨ ਅਤੇ ਸਾਹਿਤ ਰਚਨਾ ਦਾ ਵੇਰਵਾ ਦਰਜ ਹੈ। 'ਹੁਣ ਵਾਦ' ਨੂੰ ਪਰਿਭਾਸ਼ਿਤ ਕਰਦੀ ਉਸ ਦੀ ਕਵਿਤਾ ਭੂਤਕਾਲ 'ਚੋਂ ਭਵਿੱਖ ਦਾ ਨਕਸ਼ਾ ਉਲੀਕਦੀ ਹੈ, ਜੋ ਪੀੜ੍ਹੀਆਂ ਦੇ ਨਿਰੰਤਰ ਸਫ਼ਰ ਦੀ ਦੱਸ ਪਾਉਂਦਾ ਹੈ :
ਮੁਰਦਾ ਭੂਤ, ਅਣਜੰਮਿਆ ਭਵਿੱਖ ਹੈ
ਅਸੀਂ ਤਾਂ 'ਹੁਣ' ਵਿਚ ਰਹਿਣਾ।
ਦਿਨ ਤੇ ਰਾਤ ਨੇ ਖੇਡ ਉਸ ਦੀ,
ਸੂਰਜ ਦਾ ਕਯਾ ਕਹਿਣਾ।
ਜੀਵਨ ਇਕ ਪ੍ਰਯੋਗਸ਼ਾਲਾ ਹੈ, ਜਿਸ ਵਿਚ ਨਿੱਤ ਵਾਪਰਦੇ ਵਰਤਾਰੇ ਪ੍ਰਯੋਗ ਹੀ ਹਨ। ਇਸੇ ਲਈ ਜੀਵਨ-ਯਥਾਰਥ ਦੀ ਸੋਝੀ 'ਚ ਉਪਜੀ ਕਵਿਤਾ ਵੀ ਇਨ੍ਹਾਂ ਨਿੱਤ ਨਵੇਂ ਵਰਤਾਰਿਆਂ ਦਾ ਪ੍ਰਯੋਗ ਹੀ ਕਿਆਸੀ, ਚਿਤਵੀ ਜਾ ਸਕਦੀ ਹੈ। ਮਨੁੱਖ ਵਰਤਮਾਨ ਤੋਂ ਅਸੰਤੁਸ਼ਟਤਾ ਦੀ ਪ੍ਰਕਿਰਿਆ ਥੀਂ ਗੁਜ਼ਰਦਾ ਨਿੱਤ-ਨਵੇਂ ਸੁਪਨਿਆਂ ਨੂੰ ਇਕ ਰਚਨਾ 'ਚ ਵਿਅਕਤ ਕਰਦਾ ਹੈ। ਚਿੰਤਨਸ਼ੀਲ ਵਿਅਕਤੀ ਮਨੁੱਖੀ ਜੀਵਨ ਦੇ ਪ੍ਰਾਪਤ ਯਥਾਰਥ ਨੂੰ ਹਮੇਸ਼ਾ ਹੀ ਨਵੀਨੀਕਰਨ ਦੇ ਮਾਰਗ 'ਤੇ ਤੋਰਨ ਦੀ ਸਫ਼ਲ ਅਕਾਂਖਿਆ ਕਰਦਾ ਹੈ। ਵਿਕਾਸ ਦੀ ਇਸ ਪ੍ਰਕਿਰਿਆ 'ਚ ਗੁਜ਼ਰਦੀ ਜ਼ਿੰਦਗੀ ਨੂੰ ਪਕੜਨਾ ਕੋਈ ਸਹਿਜ ਕਾਰਜ ਨਹੀਂ ਹੈ। ਇਸ ਲਈ ਮਨੁੱਖ ਲੌਕਿਕ ਸੰਸਾਰ ਵਿਚ ਵਿਚਰਦਿਆਂ 'ਪਾਰ ਲੌਕਿਕ ਸੰਸਾਰ' ਦੇ ਸੁੱਖਾਂ ਦੀ ਥਾਵੇਂ 'ਹੁਣ' ਥੀਂ ਵਿਚਰਦਿਆਂ ਇਨ੍ਹਾਂ ਸੁੱਖਾਂ ਦੀ ਪ੍ਰਾਪਤੀ ਲੋਚਦਾ ਹੈ :
ਕੱਲ੍ਹ, ਭਲਕ ਨਾ ਲਗਦੇ ਚੰਗੇ
'ਹੁਣ' ਦੀ ਇੱਛਾ 'ਹੁਣ' ਹੀ ਮੰਗੇ।
'ਹੁਣ' ਹੀ ਸੁਣਨਾ 'ਹੁਣ' ਹੀ ਕਹਿਣਾ।
'ਪਾਰ ਗਾਥਾ' ਤੋਂ ਲੈ ਕੇ 'ਧੀ ਦਾ ਸੱਚ' ਕਵਿਤਾਵਾਂ ਤੱਕ, ਕਵਿਤਾਵਾਂ ਦੇ ਸਿਰਲੇਖ, 'ਹੁਣ ਵਾਦ', 'ਮੇਰਾ ਘਰ', 'ਬਹਿਮੰਡ-ਬਾਣੀ', 'ਸੂਰਜ ਦਾ ਸਫ਼ਰ', 'ਇਸ਼ਕ, ਖ਼ੁਦਾ ਤੇ ਬੰਦਾ', 'ਪਾਰ-ਸ਼ਬਦੀ ਅਰਥ', 'ਨੀਰੋ ਨੇਤਾ', 'ਪਿਆਰ ਦੀ ਪਰਿਭਾਸ਼ਾ', 'ਤੰਗ ਜੁੱਤੀ', 'ਰਾਵਣ', 'ਖਪਤ-ਕਲਚਰ ਦਾ ਪਿਆਰ' ਅਤੇ 'ਹਵਾ ਵਿਚ ਹਵਾ' ਆਦਿ ਕਵੀ ਦੇ 'ਹੁਣ ਵਾਦ' ਵਰਗੇ ਨਵੇਂ ਦਰਸ਼ਨ ਦੀ ਟੋਹ ਅਤੇ ਵਿਆਖਿਆ ਕਰਦੇ ਜਾਪਦੇ ਹਨ। ਇਹ ਦਰਸ਼ਨ ਮਨੁੱਖ ਨੂੰ ਲਗਾਤਾਰ ਅੱਗੇ ਟੋਰੀ ਰੱਖਣ ਦੀ ਪ੍ਰੇਰਨਾ ਬਣਦਾ ਹੈ। ਕਵੀ ਦੀ ਇੱਛਾ ਹੈ ਕਿ ਉਸ ਦੇ ਪਾਠਕ ਉਸ ਦੇ ਇਸ ਕਾਵਿ-ਸੰਗ੍ਰਹਿ ਤੋਂ ਪ੍ਰੇਰਨਾ ਲੈ ਕੇ ਅੱਗੇ ਤੁਰਨ ਦੀ ਪ੍ਰਕਿਰਿਆ ਨੂੰ ਜਾਰੀ ਰੱਖਣਗੇ। ਆਮੀਨ।

ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

ਕਰਫ਼ਿਊ
ਲੇਖਕ : ਵਿਭੂਤੀ ਨਾਰਾਇਣ ਰਾਏ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 125 ਰੁਪਏ, ਸਫ਼ੇ : 80
ਸੰਪਰਕ : 096438-90121.

'ਕਰਫ਼ਿਊ' ਨਾਵਲ ਹਿੰਦੀ ਲੇਖਕ ਵਿਭੂਤੀ ਨਾਰਾਇਣ ਰਾਏ ਦਾ ਲਿਖਿਆ ਹੈ, ਜਿਸ ਦਾ ਪੰਜਾਬੀ ਅਨੁਵਾਦ ਸ: ਹਰਬੰਸ ਸਿੰਘ ਧੀਮਾਨ ਨੇ ਕੀਤਾ ਹੈ। ਇਸ ਨਾਵਲ ਵਿਚ ਪਰੰਪਰਕ ਨਾਵਲਾਂ ਵਾਂਗ ਕੋਈ ਕਹਾਣੀ ਨਹੀਂ ਹੈ। ਕੁਝ ਚਿਹਰੇ ਹਨ, ਕੁਝ ਪ੍ਰਭਾਵ ਹਨ, ਮੁਸ਼ਕਿਲਾਂ ਨੇ ਜੋ ਦੰਗਿਆਂ ਅਤੇ ਫ਼ਸਾਦਾਂ ਅਤੇ ਉਨ੍ਹਾਂ ਵਿਚੋਂ ਲੱਗੇ ਕਰਫ਼ਿਊ ਕਾਰਨ ਪੈਦਾ ਹੁੰਦੀਆਂ ਹਨ। ਦੰਗੇ ਕੌਣ ਕਰਵਾਉਂਦੇ ਹਨ? ਚੋਣਾਂ ਨਜ਼ਦੀਕ ਆ ਜਾਣ 'ਤੇ ਨੇਤਾਵਾਂ ਨੂੰ ਜਿੱਤ-ਹਾਰ ਦੀ ਫ਼ਿਕਰ ਸਤਾਉਣ ਲਗਦੀ ਹੈ। ਮੁਸਲਮਾਨ ਨੇਤਾ ਬਦਰੁੱਦੀਨ ਅਤੇ ਹਿੰਦੂ ਨੇਤਾ ਰਾਮ ਕ੍ਰਿਸ਼ਨ ਜੈਸਵਾਲ ਜਿਹੇ ਲੋਕ ਆਪਣਾ ਉੱਲੂ ਸਿੱਧਾ ਕਰਨ ਲਈ ਦੰਗੇ ਕਰਵਾਉਂਦੇ ਹਨ। ਮੰਦਰ ਦੀ ਕੰਧ 'ਤੇ ਫਟਾਕਾ ਫੋੜ ਕੇ, ਬੰਬ ਸੁੱਟਣ ਦਾ ਪ੍ਰਭਾਵ ਦਿੱਤਾ ਜਾਂਦਾ ਹੈ। ਮੁਸਲਮਾਨ ਆਬਾਦੀ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਣ ਲਗਦਾ ਹੈ। ਪੁਲਿਸ, ਫ਼ੌਜ, ਸੀ.ਆਰ.ਪੀ. ਦੀ ਗਸ਼ਤ ਉਨ੍ਹਾਂ ਬਸਤੀਆਂ ਵਿਚ ਤੇਜ਼ ਹੋਣ ਲਗਦੀ ਹੈ। ਛੋਟੇ-ਛੋਟੇ ਧੰਦੇ ਕਰਨ ਵਾਲੇ ਮਸਲਨ ਬੀੜੀ ਬਣਾਉਣ ਵਾਲੇ ਟੱਬਰ, ਦਰਜੀ ਅਤੇ ਛੋਟੇ ਬੱਚੇ ਨਿੱਕੇ-ਨਿੱਕੇ ਘਰਾਂ ਵਿਚ ਹੁੰਮਸ ਅਤੇ ਗਰਮੀ, ਭੁੱਖ ਨਾਲ ਬਿਲਬਿਲਾਉਂਦੇ ਨਜ਼ਰ ਆਉਂਦੇ ਹਨ। ਸਈਦਾ ਜਿਹੀਆਂ ਤ੍ਰੀਮਤਾਂ ਦੀਆਂ ਬਿਮਾਰ ਧੀਆਂ ਨੂੰ ਦਵਾਈ ਨਹੀਂ ਮਿਲ ਸਕਦੀ, ਮੌਤ ਘਰਾਂ 'ਤੇ ਮੰਡਰਾਉਣ ਲਗਦੀ ਹੈ। ਪਾਣੀ ਦੀ ਬੂੰਦ-ਬੂੰਦ ਨੂੰ ਤਰਸਦੇ ਨੇ ਇਹ ਲੋਕ। ਹਿੰਦੂ ਆਬਾਦੀ 'ਚ ਯੂਸਫ਼ ਦਰਜੀ ਜਿਹੇ ਲੋਕ ਸ਼ੱਕ ਦੇ ਘੇਰੇ ਵਿਚ ਆਉਂਦੇ ਹਨ। ਸ਼ਰਾਰਤੀ ਮੁੰਡੇ ਉਨ੍ਹਾਂ ਦੇ ਘਰਾਂ 'ਤੇ ਇੱਟਾਂ-ਪੱਥਰ ਸੁੱਟਦੇ ਹਨ। ਆਪਣੇ ਛੋਟੇ ਘਰਾਂ 'ਚ ਤੂੜੇ ਇਹ ਲੋਕ ਦੁੱਖ ਭੋਗਦੇ ਦਿਖਾਈ ਪੈਂਦੇ ਹਨ। ਕਰਫ਼ਿਊ ਦੀ ਭਿਆਨਕਤਾ, ਭੈਅ, ਸੰਸਾ ਅਤੇ ਸ਼ੱਕ ਇਸ ਲਘੂ ਨਾਵਲ ਵਿਚ ਉੱਭਰਵੇਂ ਰੂਪ ਵਿਚ ਪੇਸ਼ ਹੋਇਆ ਹੈ। ਗ਼ਰੀਬ ਦੁੱਖ ਭੋਗਦੇ ਹਨ, ਪੁਲਿਸ ਅਤੇ ਅਭਿਜਾਤ ਵਰਗ ਦੀ ਐਸ਼ਪ੍ਰਸਤੀ ਵਿਚ ਕੋਈ ਫ਼ਰਕ ਨਹੀਂ ਪੈਂਦਾ। ਕਰਫ਼ਿਊ ਦੌਰਾਨ ਭੁੱਖ, ਤੇਹ, ਮੌਤ, ਜਬਰ ਜਨਾਹ ਜਿਹੀਆਂ ਪੀੜਾਦਾਇਕ ਹੋਣੀਆਂ ਵਾਪਰਦੀਆਂ ਹਨ। ਜਬਰ ਜਨਾਹ ਨੂੰ ਸੰਕੇਤ ਵਜੋਂ ਪੇਸ਼ ਕੀਤਾ ਗਿਆ ਹੈ। ਪ੍ਰੋ: ਹਰਬੰਸ ਸਿੰਘ ਧੀਮਾਨ ਦੁਆਰਾ ਕੀਤਾ ਅਨੁਵਾਦ ਸਰਲ ਤੇ ਰਵਾਨੀ ਵਾਲਾ ਹੈ। ਆਮ ਬੰਦਾ ਦੁੱਖਾਂ ਦੀ ਚੱਕੀ ਵਿਚ ਪਿਸਦਾ ਪ੍ਰਤੀਤ ਹੁੰਦਾ ਹੈ।

ਕੇ.ਐਲ. ਗਰਗ
ਮੋ: 94635-37050

1-08-2020

 ਪਲੀਤ ਹੋਇਆ ਚੌਗਿਰਦਾ
ਕ੍ਰਿਤ : ਡਾ: ਬਰਜਿੰਦਰ ਸਿੰਘ ਹਮਦਰਦ
ਸੰਕਲਨ : ਕੁਲਬੀਰ ਸਿੰਘ ਸੂਰੀ
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ। ਮੁੱਲ : 350 ਰੁਪਏ, ਸਫ਼ੇ : 216
ਸੰਪਰਕ : 98889-24664.

ਮੌਜੂਦਾ ਦੌਰ ਕੁਢਰ ਅਰਥ-ਵਿਵਸਥਾ ਅਤੇ ਬੇ-ਲਗਾਮ ਢਾਂਚਾਗਤ ਵਿਕਾਸ ਦੇ ਪਾਗਲਪਨ ਦਾ ਹੈ, ਜਿਸ ਨੇ ਮਿੱਟੀ, ਜੰਗਲ, ਜਲ-ਸੋਮੇ, ਜੈਵ-ਵਿਭਿੰਨਤਾ, ਸਮੁੰਦਰ, ਵਾਤਾਵਰਨ ਅਤੇ ਖਣਿਜਾਂ ਨਾਲ ਲਬਰੇਜ਼ ਧਰਤੀ ਨੂੰ ਬੇਦਰਦੀ ਨਾਲ ਦੂਸ਼ਿਤ ਅਤੇ ਬਰਬਾਦ ਕੀਤਾ ਹੈ। ਜੇ ਅਸੀਂ ਨਾ ਸੰਭਲੇ ਤਾਂ ਕੁਦਰਤ 'ਚ ਲਾਲਸਾਗਤ ਦਖ਼ਲਅੰਦਾਜ਼ੀ ਸਾਨੂੰ ਸਭ ਨੂੰ ਲੈ ਬੈਠੇਗੀ। ਮਨੁੱਖ ਨੂੰ ਹੀ ਨਹੀਂ, ਸਮੁੱਚੀ ਕਾਇਨਾਤ ਨੂੰ ਵੀ। ਇਹੀ ਉਹ ਗੱਲ ਹੈ ਜਿਹੜੀ 'ਅਜੀਤ ਪ੍ਰਕਾਸ਼ਨ ਸਮੂਹ' ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਵਲੋਂ 'ਅਜੀਤ' ਅਖ਼ਬਾਰ ਵਿਚ ਲਿਖੀਆਂ ਗਈਆਂ ਸੰਪਾਦਕੀਆਂ 'ਤੇ ਆਧਾਰਿਤ ਪੁਸਤਕ 'ਪਲੀਤ ਹੋਇਆ ਚੌਗਿਰਦਾ' ਵਿਚੋਂ ਪ੍ਰਭਾਵੀ ਢੰਗ ਨਾਲ ਉੱਭਰਦੀ ਹੈ।
91 ਲੇਖ, ਹਰ ਲੇਖ 2 ਕੁ ਸਫ਼ੇ ਦਾ, ਕਲਾਵੇ 'ਚ ਲਈ ਬੈਠੀ ਇਹ ਪੁਸਤਕ 216 ਪੰਨਿਆਂ 'ਤੇ ਫੈਲੀ ਹੋਈ ਹੈ। ਹੋਰ ਜ਼ਰੂਰੀ ਜਾਣਕਾਰੀਆਂ ਵਾਲੇ ਪਹਿਲੇ 6 ਸਫ਼ੇ ਜੇ ਛੱਡ ਵੀ ਦੇਈਏ ਤਾਂ ਅਗਲੇ 4 ਪੰਨੇ ਤਤਕਰੇ ਵਾਲੇ ਅਤੇ ਅਗਲੇਰੇ ਤਿੰਨ ਪੰਨਿਆਂ ਵਿਚ ਲੇਖਕ ਬਾਰੇ ਅਤੇ ਪਤੇ ਸਮੇਤ, ਬਹੁ-ਪਰਤੀ ਸ਼ਖ਼ਸੀ ਜਾਣਕਾਰੀ ਦਰਜ ਹੈ। ਉਪਰੰਤ ਸਫ਼ਾ ਨੰ: 15 ਤੋਂ 18 ਤੱਕ ਕੁੱਲ ਚਾਰ ਪੰਨਿਆਂ 'ਤੇ ਉੱਘੇ ਵਿਦਵਾਨ ਡਾ: ਲਖਵਿੰਦਰ ਜੌਹਲ ਵਲੋਂ ਲਿਖੀ ਭਾਵਪੂਰਤ ਭੂਮਿਕਾ ਹੈ, ਜਿਹੜੀ ਇਸ ਕਿਤਾਬ ਦੀ ਮਹੱਤਤਾ ਉਭਾਰਦੀ ਹੈ।
ਸੰਨ 1993 ਦੇ ਕਰੀਬ ਆਖ਼ਰੀ ਮਾਹ ਤੋਂ 2019 ਦੇ ਅੱਧ ਤੱਕ ਸਾਢੇ 25 ਸਾਲਾਂ ਦੇ ਵਕਫ਼ੇ ਵਿਚ ਲਿਖੀਆਂ, ਵਾਤਾਵਰਨ ਅਤੇ ਕੁਦਰਤੀ ਸੋਮਿਆਂ ਦੀ ਮਹੱਤਤਾ ਅਤੇ ਨਿਘਾਰ ਦੇ ਕਾਰਨਾਂ ਨੂੰ ਬੁੱਝਦੀਆਂ, ਖ਼ਬਰਦਾਰ ਕਰਦੀਆਂ ਅਤੇ ਹੱਲ ਸੁਝਾਉਂਦੀਆਂ ਇਨ੍ਹਾਂ ਸੰਪਾਦਕੀਆਂ ਨੂੰ ਜਿਉਂ ਹੀ ਸ਼ੁਰੂ ਤੋਂ ਅਗਲੀਆਂ-ਅਗਲੇਰੀਆਂ, ਪੜਾਅਵਾਰ ਅਖੀਰ ਤੱਕ ਫਰੋਲਦੇ ਹਾਂ ਤਦ ਭਲੀਭਾਂਤ ਪਤਾ ਚਲਦਾ ਹੈ ਕਿ ਸਾਲ-ਦਰ-ਸਾਲ ਸਥਿਤੀ ਕਿਵੇਂ ਬਦ ਤੋਂ ਬਦਤਰ ਹੁੰਦੀ ਗਈ। ਮਨੁੱਖ ਅਤੇ ਵਿਸ਼ੇਸ਼ ਕਰਕੇ ਮੌਜੂਦਾ ਨਿਜ਼ਾਮ, ਜੇ ਇਸੇ ਤਰਜ਼ 'ਤੇ ਚਲਦੇ ਰਹੇ ਤਾਂ ਭਾਵੀ ਨੂੰ ਕੋਈ ਨਹੀਂ ਰੋਕ ਸਕੇਗਾ। ਪੁਸਤਕ ਚਿਤਾਵਨੀ ਦਿੰਦੀ ਹੈ, 'ਨਫ਼ੇ ਲਈ, ਦੌਲਤ ਲਈ ਅਤੇ ਹੋਰ ਦੌਲਤ ਹਥਿਆਉਣ ਲਈ, ਫਿਰ ਦੂਜਿਆਂ ਉੱਪਰ ਇਸੇ ਦੌਲਤ ਨਾਲ ਸੱਤਾ ਕਾਇਮ ਰੱਖਣ ਦੀ ਭੁੱਖ ਸਰਬੱਤ ਦੇ ਭਲੇ ਵਾਲੀਆਂ ਸਪੱਸ਼ਟ ਧਾਰਨਾਵਾਂ ਨੂੰ ਧੁੰਦਲਾ ਦਿੰਦੀ ਹੈ।'
ਹਾਲਾਤ ਅੱਗੇ ਤੋਂ ਅੱਗੇ ਵਿਗੜਦੇ ਰਹਿਣ ਕਾਰਨ ਹੀ ਸੰਪਾਦਕੀਆਂ ਦੀ ਸਮਾਂ-ਸੀਮਾ ਘਟਦੀ ਰਹੀ ਅਤੇ ਗਿਣਤੀ ਵਧਦੀ ਰਹੀ ਅਤੇ ਸੰਪਾਦਕੀਆਂ/ਲੇਖਾਂ ਵਿਚ ਵੀ ਤੱਥ ਆਧਾਰਿਤ ਨਿਖਾਰ ਆਉਂਦਾ ਰਿਹਾ। ਸੁਝਾਅ ਵੀ ਸਮੇਂ ਦੇ ਹਾਣ ਦੇ ਦਿੱਤੇ ਜਾਣ ਲੱਗੇ, ਕੁਝ ਕਰ ਗੁਜ਼ਰਨ ਅਤੇ ਚੇਤੰਨ ਹੋ ਜਾਣ ਦੇ ਹੋਕੇ ਸਮੇਤ ਕਾਰਜਸ਼ੀਲ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਵਡਿਆਇਆ ਵੀ ਗਿਆ। ਕੁਦਰਤ ਅਤੇ ਵਾਤਾਵਰਣੀ ਸਥਿਤੀ ਨੂੰ ਲਗਾਤਾਰ ਵਿਗਾੜਨ ਉਪਰੰਤ ਨਿਕਲਣ ਵਾਲੇ ਭੈੜੇ ਸਿੱਟਿਆਂ ਪ੍ਰਤੀ ਚਿਤਾਵਨੀਆਂ ਵਧਣ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪਹਿਲੇ ਸਾਢੇ 6 ਵਰ੍ਹਿਆਂ (11/1993 6/2000) ਵਿਚ ਸਿਰਫ 5, ਅਗਲੇ 10 ਵਰ੍ਹਿਆਂ (11/2001 11/2010) ਵਿਚ 27 ਅਤੇ ਅਗਲੇ 8 ਸਾਲਾਂ (4/2011 6/2019) ਵਿਚ 59 ਸੰਪਾਦਕੀਆਂ ਇਸ ਅਹਿਮ ਵਿਸ਼ੇ 'ਤੇ ਲਿਖੀਆਂ ਗਈਆਂ, ਜੋ ਕਨਸੋਆ ਦਿੰਦੀਆਂ ਹਨ ਕਿ ਪਿਛਲੇ ਦੋ ਦਹਾਕਿਆਂ, ਖ਼ਾਸ ਕਰਕੇ ਮਗਰਲੇ ਇਕ ਦਹਾਕੇ ਵਿਚ ਸਥਿਤੀ ਕਿੰਨੀ ਵਿਗੜੀ ਜਾਂ ਵਿਗਾੜੀ ਗਈ ਹੈ। ਜੇ ਨਾ ਸੰਭਲੇ ਤਾਂ ਕੀ ਭਾਣਾ ਵਾਪਰ ਸਕਦਾ ਹੈ? ਕੀ ਲੇਖਕ ਸਿਰਫ ਬਦਤਰ ਸਥਿਤੀ 'ਚੋਂ ਹੀ ਜਾਣੂ ਕਰਵਾਉਂਦਾ ਹੈ? ਨਹੀਂ, ਉਹ ਸੁਝਾਅ ਵੀ ਦਿੰਦਾ ਹੈ ਅਤੇ ਜੋ ਕੁਝ ਚੰਗਾ ਕਰ ਰਹੇ ਹਨ, ਉਨ੍ਹਾਂ ਨੂੰ ਵਡਿਆਉਂਦਾ ਵੀ ਹੈ। ਪਰ ਸਰਕਾਰਾਂ ਅਤੇ ਲੋਕ-ਸਮੂਹ ਕਿਉਂ ਨਹੀਂ ਉੱਠਦੇ, ਇਹ ਬੇਹੱਦ ਫ਼ਿਕਰਮੰਦੀ ਦਾ ਵਿਸ਼ਾ ਹੈ। ਦਰ-ਹਕੀਕਤ; 'ਸਾਡਾ ਭਵਿੱਖ ਪਦਾਰਥੀ ਸਹੂਲਤਾਂ ਅਤੇ ਰਾਜਨੀਤੀ ਦੇ ਤੱਕੜ ਵਿਚ ਨਹੀਂ ਸਗੋਂ ਭੌਤਿਕ ਤੱਕੜ ਵਿਚ ਲਟਕਦਾ ਹੈ ਅਤੇ ਚੌਗਿਰਦੇ ਨਾਲ ਜੁੜਿਆ ਹੋਇਆ ਹੈ। ਆਉਣ ਵਾਲੇ ਸਮੇਂ ਵਿਚ ਕੀ ਹੋਵੇਗਾ? ਇਸ ਦਾ ਨਿਤਾਰਾ ਇਸ ਗੱਲ ਉੱਪਰ ਆਧਾਰਿਤ ਹੈ ਕਿ ਅਸੀਂ ਕੁਦਰਤ ਦੀ ਸੰਭਾਲ ਕਿੰਨੀ ਕੁ ਕੀਤੀ ਹੈ।' ਇਹੀ ਉਹ ਚਿਤਾਵਨੀ ਹੈ, ਜੋ ਇਹ ਪੁਸਤਕ ਸਾਨੂੰ ਦਿੰਦੀ ਹੈ।
ਮਿੱਟੀ, ਪਾਣੀ, ਰੁੱਖਾਂ, ਹਵਾ, ਜੰਗਲਾਂ, ਜਲ-ਸੋਮਿਆਂ, ਗੱਲ ਕੀ ਕੁਦਰਤ ਦੇ ਹਰ ਪਹਿਲੂ ਨਾਲ ਮੋਹ ਦਿਖਾਉਂਦੀ ਇਹ ਕਿਤਾਬ, ਜਲ-ਥਲ-ਆਕਾਸ਼ ਦੇ ਪ੍ਰਦੂਸ਼ਣ ਅਤੇ ਘਾਣ ਪ੍ਰਤੀ ਬੇਹੱਦ ਫ਼ਿਕਰਮੰਦੀ ਜ਼ਾਹਰ ਕਰਦਿਆਂ ਬਹੁਤਾ ਭਾਵੇਂ ਮੌਜੂਦਾ ਪੰਜਾਬ ਦੇ ਹੱਦ-ਖੇਤਰ ਵਿਚ ਹੀ ਰਹਿੰਦੀ ਹੈ ਪਰ ਇਸ ਦੀ ਮਹੱਤਤਾ ਭਾਰਤੀ ਉਪ-ਮਹਾਂਦੀਪ ਦੀਆਂ ਹੱਦਾਂ ਉਲੰਘ ਕੇ ਸਮੁੱਚੇ ਵਿਸ਼ਵ ਦੇ ਪ੍ਰਸੰਗ ਵਿਚ ਵੀ ਹੈ। ਕਿਉਂ? ਕਿਉਂਕਿ ਧਰਤੀ ਹੇਠਲੇ ਪਾਣੀਆਂ, ਸਮੁੰਦਰਾਂ, ਹਵਾ, ਪੰਖੇਰੂਆਂ, ਗੱਲ ਕੀ ਕੁਦਰਤ ਦੀ ਗੱਲ ਕਿਸੇ ਇਕੋ ਦੇਸ-ਦੇਸਾਂਤਰ ਤੱਕ ਸੀਮਤ ਨਹੀਂ ਹੁੰਦੀ। ਸਭ ਪ੍ਰਭਾਵਿਤ ਹੋਣਗੇ। ਕਦੇ ਕੁਦਰਤੀ ਨਿਆਮਤਾਂ ਨਾਲ ਲਬਰੇਜ਼ ਪੰਜਾਬ, ਜਿਹੜਾ ਕਦੇ ਸਪਤ-ਸਿੰਧੂ, ਸੱਤ ਦਰਿਆਵਾਂ ਦੀ ਧਰਤੀ ਸੀ। ਫਿਰ ਪੰਜ-ਆਬ ਤੇ ਮਗਰੋਂ ਢਾਈ ਦਰਿਆਵਾਂ ਦੀ ਧਰਤੀ ਰਹਿ ਗਈ, ਅਸੀਂ ਉਹ ਵੀ ਗੰਧਲੇ ਕਰ ਛੱਡੇ ਹਨ। ਇਸ ਦੇ ਜਲ-ਸੋਮੇ ਮਰ ਮੁੱਕ ਰਹੇ ਹਨ। ਮਿੱਟੀ ਬਾਂਝ ਹੋ ਰਹੀ ਹੈ। ਖੇਤਾਂ ਵਿਚ ਹੁਣ ਮੌਤ ਉੱਗਦੀ ਹੈ, ਇਸ ਤਰ੍ਹਾਂ ਦੀਆਂ ਸਖ਼ਤ ਚਿਤਾਵਨੀਆਂ ਨਾਲ ਲਬਾਲਬ ਇਹ ਕਿਤਾਬ ਸਾਂਵੀਂ-ਸੁਥਰੀ ਜ਼ਿੰਦਗੀ ਜੀਣ ਲਈ ਪਾਣੀ, ਰੁੱਖਾਂ ਅਤੇ ਕੁੱਖਾਂ ਦਾ ਵਾਸਤਾ ਪਾਉਂਦੀ ਹੈ।
ਅਰਥਾਤ;
ਜੇ ਮਿੱਟੀ ਅਤੇ ਪਾਣੀ ਹੈ,
ਤਦ ਹੀ ਜੰਗਲ (ਬਨਸਪਤੀ) ਹੈ।
ਜੰਗਲ; ਜੋ ਵਰਖਾ ਦੇ ਸਾਖਸ਼ੀ ਹਨ,
ਵਰਖਾ; ਪਾਣੀ ਦਾ ਮੁਢਲਾ ਸੋਮਾ ਹੈ,
ਪਾਣੀ-ਮਿੱਟੀ; ਜੀਵਨ ਦੇ ਆਧਾਰ ਹਨ।
ਇਹੀ ਨਹੀਂ, ਹੋਰ ਵੀ ਬੜਾ ਕੁਝ ਸਮੇਟੀ ਬੈਠੀ ਹੈ ਇਹ ਪੁਸਤਕ, ਜਿਹੜੀ ਸਾਨੂੰ ਸਭ ਨੂੰ ਪੜ੍ਹਨੀ ਚਾਹੀਦੀ ਹੈ। ਪੜ੍ਹਨੀ ਹੀ ਨਹੀਂ, ਸਾਂਵੀਂ-ਸੁਥਰੀ ਜ਼ਿੰਦਗੀ ਦਾ ਅਨੰਦ ਮਾਣਨ ਲਈ ਸੁਹਜਮਈ ਕੁਝ ਕਰਨਾ ਵੀ ਪੈਣਾ ਹੈ। ਪੁਸਤਕ ਮੁਤਾਬਿਕ;
ਵੇਲਾ ਹੈ, ਆਓ ਹੁਣ :
ਬਿਰਖਾਂ ਦੀ ਗੱਲ ਕਰੀਏ,
ਦਰਿਆਵਾਂ ਦੀ ਬਾਂਹ ਫੜੀਏ,
ਧਰਤੀ ਦਾ ਅਦਬ ਕਰੀਏ।
ਕੁਝ ਤਾਂ ਕਰੋ ਯਾਰੋ, ਜਿੰਨਾ ਵੀ ਅਤੇ ਜਿਵੇਂ ਵੀ ਸੰਭਵ ਹੋਵੇ, ਆਖਰ ਬੂੰਦ-ਬੂੰਦ ਨਾਲ ਵੀ ਤਾਂ ਘੜਾ ਭਰ ਜਾਂਦਾ ਹੈ। ਇਹ ਸੁਨੇਹਾ ਵੀ ਇਸੇ ਕਿਤਾਬ ਵਿਚੋਂ ਹੈ।

ਵਿਜੈ ਬੰਬੇਲੀ
ਮੋ: 94634-39075

ਰੱਬ ਦੇ ਡਾਕੀਏ
ਲੇਖਕ : ਪਰਮਿੰਦਰ ਸੋਢੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 180 ਰੁਪਏ, ਸਫ਼ੇ : 136
ਸੰਪਰਕ : 98152-98459.

ਪਰਮਿੰਦਰ ਸੋਢੀ ਲੰਮੇ ਸਮੇਂ ਤੋਂ ਜਾਪਾਨ ਵਿਚ ਸਫ਼ਲ ਕਾਰੋਬਾਰੀ ਜੀਵਨ ਜੀਅ ਰਿਹਾ ਪੰਜਾਬੀ ਸਾਹਿਤਕਾਰ ਹੈ। ਕਵਿਤਾ ਤੇ ਵਾਰਤਕ ਦੋਵੇਂ ਵਿਧਾਵਾਂ ਵਿਚ ਉਸ ਨੇ ਜੋ ਕੁਝ ਵੀ ਲਿਖਿਆ ਹੈ, ਉਸ 'ਤੇ ਜਾਪਾਨੀ ਸਾਹਿਤਕ ਸੱਭਿਆਚਾਰਕ ਪਰੰਪਰਾਵਾਂ ਦੇ ਪ੍ਰਭਾਵ ਉਸ ਦੀਆਂ ਲਿਖਤਾਂ ਨੂੰ ਵੱਖਰਾ ਰੰਗ ਦਿੰਦੇ ਹਨ। ਉਸ ਨੇ ਹੀ ਪੰਜਾਬੀ ਵਿਚ ਜਾਪਾਨੀ ਹਾਈਕੂ ਦੀ ਗੱਲ ਛੇੜੀ। ਜਾਪਾਨ ਦੇ ਜੈਨ ਬੋਧੀ ਚਿੰਤਕ ਤਾਓ, ਕਨਫਿਊਸ਼ੀਅਸ ਦਾ ਜ਼ਿਕਰ ਉਸ ਦੀ ਵਾਰਤਕ ਵਿਚ ਥਾਂ-ਥਾਂ ਹੈ। ਜਾਪਾਨੀ/ਚੀਨੀ ਕਹਾਵਤਾਂ, ਚਿੰਤਕਾਂ ਦੇ ਵੇਰਵੇ ਹਨ। ਇਹ ਸਾਰਾ ਕੁਝ ਉਸ ਦੀ ਵਾਰਤਕ ਵਿਚ ਉਸ ਦੇ ਨਿੱਜ ਨਾਲ ਘੁਲ-ਮਿਲ ਕੇ ਪੇਸ਼ ਹੁੰਦਾ ਹੈ। 'ਰੱਬ ਦੇ ਡਾਕੀਏ' ਉਸ ਦੀ ਇਸ ਨਿਵੇਕਲੀ ਵਾਰਤਕ ਸ਼ੈਲੀ ਵਾਲੀ ਕਿਤਾਬ ਹੈ, ਜਿਸ ਵਿਚ ਵਾਰਤਕ, ਕਵਿਤਾ ਤੇ ਕਾਵਿਕਤਾ ਵਾਰ-ਵਾਰ ਇਕ-ਦੂਜੇ ਦੀਆਂ ਹੱਦਾਂ ਉਲੰਘਦੇ ਹਨ।
136 ਸਫ਼ੇ ਵਿਚ 25 ਨਿੱਕੇ-ਨਿੱਕੇ ਨਿਬੰਧਾਂ ਦਾ ਸੰਗ੍ਰਹਿ ਹੈ ਇਹ ਕਿਤਾਬ। ਇਹ ਨਿਬੰਧ ਵਿਭਿੰਨ ਵਿਸ਼ਿਆਂ ਉੱਤੇ ਲੇਖਕ ਦੇ ਕਲਪਨਾਸ਼ੀਲ ਸੁਤੰਤਰ ਚਿੰਤਨ ਦੀ ਉਪਜ ਹਨ। ਸਬੰਧਿਤ ਵਿਸ਼ੇ 'ਤੇ ਲੇਖਕ ਦੇ ਨਿੱਜੀ ਅਨੁਭਵ, ਦ੍ਰਿਸ਼ਟੀ, ਆਲੇ-ਦੁਆਲੇ, ਜਾਪਾਨੀ/ਬੋਧੀ/ਚੀਨੀ ਚਿੰਤਕ ਅਤੇ ਚਿੰਤਕਾਂ ਦੀਆਂ ਟਿੱਪਣੀਆਂ ਅਤੇ ਦ੍ਰਿਸ਼ਟਾਂਤ, ਮੁੱਲਾਂ ਨਸੀਰੂਦੀਨ ਦੇ ਟੋਟਕੇ ਇਨ੍ਹਾਂ ਦੀ ਕੱਚੀ ਸਮੱਗਰੀ ਹਨ। ਇਨ੍ਹਾਂ ਦੇ ਸੁਮੇਲ ਨਾਲ ਸਿਰਜੀ ਵਾਰਤਕ ਵਿਚ ਬਹੁਤੇ ਹੱਦ ਤੱਕ ਰੌਚਿਕਤਾ, ਸਹਿਜ ਅਤੇ ਹਲਕਾ-ਫੁਲਕਾਪਣ ਬਣਿਆ ਰਹਿੰਦਾ ਹੈ। ਇਸ ਕਾਰਨ ਇਹ ਨਿਬੰਧ ਜੀਵਨ ਦੀਆਂ ਵਡੇਰੀਆਂ ਸਚਾਈਆਂ ਨੂੰ ਨਾ ਸਿਰਫ ਉਜਾਗਰ ਕਰਨ ਵਿਚ ਸਫ਼ਲ ਹਨ, ਸਗੋਂ ਉਨ੍ਹਾਂ ਨੂੰ ਜੀਵਨ ਦਾ ਮਾਰਗ ਦਰਸ਼ਕ ਆਧਾਰ ਬਣਾਉਣ ਦੇ ਪ੍ਰੇਰਕ ਬਣਨ ਦੇ ਸਮਰੱਥ ਹਨ। ਫਿਰ ਵੀ ਕਿਤੇ-ਕਿਤੇ ਜੈਨ ਬੋਧੀਆਂ ਦਾ ਜਟਿਲ ਫਲਸਫ਼ਾ ਇਨ੍ਹਾਂ ਉੱਤੇ ਭਾਰੂ ਹੋ ਜਾਂਦਾ ਹੈ। ਉਥੇ ਵੀ ਭਾਸ਼ਾ ਦਾ ਸੁਹਜ ਪਾਠਕ ਨੂੰ ਆਪਣੇ ਨਾਲ ਜੋੜੀ ਰੱਖਦਾ ਹੈ। ਜਾਪਾਨੀ ਹਾਈਕੂ ਤੇ ਲਘੂ ਕਵਿਤਾਵਾਂ ਪੰਜਾਬੀ ਪਾਠਕਾਂ ਨੂੰ ਓਨਾ ਪ੍ਰਭਾਵਿਤ ਨਹੀਂ ਕਰਦੇ, ਜਿੰਨਾ ਪੰਜਾਬੀ ਦੀ ਆਪਣੀ ਨਵੀਂ ਪੁਰਾਣੀ ਕਵਿਤਾ। ਇਹ ਤੱਥ ਪੰਜਾਬੀ ਵਿਚ ਹਾਈਕੂ ਕਾਵਿ ਦੀ ਪ੍ਰਯੋਗਾਂ ਨੂੰ ਮਿਲੇ ਹੁੰਗਾਰੇ ਤੋਂ ਵੀ ਹੁਣ ਤੱਕ ਸਪੱਸ਼ਟ ਹੋ ਚੁੱਕਾ ਹੈ। ਸੋਢੀ ਦੀ ਇਸ ਕਿਤਾਬ ਦੀ ਵਾਰਤਕ ਪਾਠਕਾਂ ਦੀ ਸੁਹਜ ਤ੍ਰਿਪਤੀ ਵੀ ਕਰਦੀ ਹੈ ਅਤੇ ਮਾਰਗ ਦਰਸ਼ਨ ਵੀ।

ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਯਾਦਾਂ ਦੇ ਪਿਛਵਾੜੇ
ਲੇਖਕ : ਅਮੀਨ ਮਲਿਕ
ਪ੍ਰਕਾਸ਼ਕ : ਤਾਲਿਫ਼ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 180
ਸੰਪਰਕ : 99884-40812.

'ਯਾਦਾਂ ਦੇ ਪਿਛਵਾੜੇ' ਪਾਕਿਸਤਾਨੀ ਪੰਜਾਬੀ ਲੇਖਕ ਅਮੀਨ ਮਲਿਕ ਦੇ ਜੀਵਨ ਵੇਰਵੇ ਹਨ। ਇਕ ਤਰ੍ਹਾਂ ਦੀ ਸਵੈਜੀਵਨੀ। ਜਿਸ ਨੂੰ ਉਸ ਨੇ ਗਹਿਰੀ ਸੰਵੇਦਨਸ਼ੀਲਤਾ ਨਾਲ ਕਲਮਬੱਧ ਕੀਤਾ ਹੈ। ਸਿਰਜਣਾਤਮਿਕ ਵਾਰਤਕ ਦਾ ਇਹ ਸੰਗ੍ਰਹਿ ਸਮਾਜ, ਸੱਭਿਆਚਾਰ ਅਤੇ ਜ਼ਿੰਦਗੀ ਨੂੰ ਸਮਝਣ ਅਤੇ ਪ੍ਰਗਟਾਉਣ ਦੀ ਗਾਥਾ ਹੈ। ਛਪਣ ਦੀ ਦ੍ਰਿਸ਼ਟੀ ਤੋਂ ਵੇਖੀਏ ਤਾਂ ਇਹ ਕਿਤਾਬ ਅਮੀਨ ਮਲਿਕ ਦੀ ਆਖਰੀ ਕਿਤਾਬ ਹੈ। ਪਿਛਲੇ ਮਹੀਨੇ ਹੀ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਉਸ ਦਾ ਜੀਵਨ ਅਤਿ ਰੌਮਾਂਚਿਕ ਅਤੇ ਜੋਖ਼ਮਾਂ ਭਰਿਆ ਸੀ। ਆਪਣੀ ਮਿੱਟੀ, ਆਪਣੀ ਭਾਸ਼ਾ, ਆਪਣੇ ਸੱਭਿਆਚਾਰ ਅਤੇ ਆਪਣੇ ਆਲੇ-ਦੁਆਲੇ ਨੂੰ ਪਿਆਰ ਕਰਨ ਦੇ ਜਜ਼ਬੇ ਨਾਲ ਭਰਪੂਰ ਅਮੀਨ ਮਲਿਕ ਨੇ ਜ਼ਿੰਦਗੀ ਨੂੰ ਆਪਣੀਆਂ ਹੀ ਸ਼ਰਤਾਂ 'ਤੇ ਜੀਵਿਆ ਸੀ। 1947 ਦੀ ਵੰਡ ਦੇ ਦਰਦ ਨੂੰ ਬਿਆਨ ਕਰਦੀਆਂ ਉਸ ਦੀਆਂ ਰਚਨਾਵਾਂ ਬੇਮਿਸਾਲ ਹਨ। ਦੋਸਤਾਂ ਦੀ ਬੇਵਫ਼ਾਈ, ਸਰਕਾਰਾਂ ਦੇ ਸਿਤਮ, ਸੰਸਥਾਵਾਂ ਦੇ ਖੋਖਲੇਪਨ ਤੋਂ ਲੈ ਕੇ ਸਿਆਸਤ ਦੀਆਂ ਬੇਰੁਖ਼ੀਆਂ ਤੱਕ ਫੈਲਿਆਂ ਇਸ ਪੁਸਤਕ ਦਾ ਕੈਨਵਸ ਨਾ ਸਿਰਫ ਰੌਚਿਕ ਹੈ ਸਗੋਂ ਦਿਲ ਕੰਬਾਊ ਵੀ ਹੈ। ਇਸ ਸਿਤਾਬ ਵਿਚ ਦੋ ਲੇਖ ਉਨ੍ਹਾਂ ਦੀ ਧਰਮ ਪਤਨੀ ਰਾਣੀ ਮਲਿਕ ਦੇ ਵੀ ਸ਼ਾਮਿਲ ਹਨ, ਜਿਹੜੇ ਅਮੀਨ ਮਲਿਕ ਦੀ ਸ਼ਖ਼ਸੀਅਤ ਦੇ ਗਹਿਰੇ ਰੰਗਾਂ ਨੂੰ ਉਘਾੜਦੇ ਹਨ 'ਮੈਨੂੰ ਇਕੋ ਮਾਣ ਹੈ ਕਿ ਮੈਂ ਇਕ ਅਜਿਹੇ ਪੰਜਾਬੀ ਦੀ ਬੀਵੀ ਹਾਂ, ਜਿਸ ਦੇ ਲਹੂ ਵਿਚ ਪੰਜ ਦਰਿਆ ਹਨ ਅਤੇ ਜੁੱਸੇ ਨੂੰ ਪੰਜਾਬ ਦੀ ਮਿੱਟੀ ਨਾਲ ਲਿਪਿਆ ਪੋਚਿਆ ਗਿਆ ਹੈ।' ਅਮੀਨ ਮਲਿਕ ਲਿਖਦਾ ਹੈ ਮੰਚ ਉੱਪਰ ਹਾਰ ਪਾ ਕੇ ਬੈਠਣਾ, ਸਨਮਾਨ ਦੀ ਸਸਤੀ ਜਿਹੀ ਖਾਹਿਸ਼ ਲਈ ਹਫ਼-ਹਫ਼ ਕੇ ਮਰਨਾ, ਯੂਨੀਵਰਸਿਟੀਆਂ ਵਿਚ ਕਿਤਾਬਾਂ ਲਗਵਾਉਣ ਲਈ ਥੱਲੇ ਲੱਗ ਜਾਣਾ, ....... ਮੈਂ ਇਹੀ ਆਖਾਂਗਾ ਕਿ ਪ੍ਰਾਪਤੀ ਦੀ ਪਰਵਾਹ ਨਾ ਕਰਨਾ ਹੀ ਪ੍ਰਾਪਤੀ ਹੈ।' ਪੁਸਤਕ ਵਿਚ ਸ਼ਾਮਿਲ 21 ਲੇਖਾਂ ਵਿਚੋਂ 19 ਉਸ ਦੇ ਆਪਣੇ ਹਨ ਅਤੇ 'ਯਾਰਾਂ ਦੀ ਮਸਤੀ ਵੱਖਰੀ' ਦੇ ਇਕੋ ਸਿਰਲੇਖ ਵਾਲੇ ਦੋ ਲੇਖ ਹਨ। ਸੰਤਾਲੀ ਦੇ ਦਰਦ ਨੂੰ ਜਿਨ੍ਹਾਂ ਸ਼ਬਦਾਂ ਵਿਚ ਅਮੀਨ ਨੇ ਦੱਸਿਆ ਹੈ, ਉਹ ਅਜਬ ਗਹਿਰਾਈ ਵਾਲੇ ਹਨ 'ਪਾਣੀ ਵਿਚ ਰੁੜ੍ਹਦੀ ਜਾਂਦੀ ਇਕ ਚਿੱਟੇ ਸਿਰ ਵਾਲੀ ਮਾਈ ਨੂੰ ਬਾਹਰ ਕੱਢ ਕੇ ਦੁਬਾਰਾ ਦਰਿਆ ਵਿਚ ਵਗਾਹ ਮਾਰਿਆ, ਕਿਉਂਕਿ ਉਹ ਪੰਜਾਬੀਆਂ ਦੀ ਮਾਂ ਇਕ ਸਿੱਖ ਔਰਤ ਸੀ।' ਅਮੀਨ ਮਲਿਕ ਦੇ ਦਿਲ ਦਾ ਦਰਦ ਇਸ ਪੁਸਤਕ ਦੇ ਸਫ਼ਿਆਂ 'ਤੇ ਉਕਰਿਆ ਗਿਆ ਹੈ। ਕਾਫ਼ਲਾ ਜਦੋਂ ਕਮਾਦਾਂ ਵਿਚੋਂ ਦੀ ਲੰਘ ਰਿਹਾ ਸੀ ਤਾਂ ਮੌਤ ਨੇ ਮੂੰਹ ਆ ਅੱਡਿਆ ਇਕ ਦੋ ਫਾਇਰ ਵੱਜੇ। ਆਪਾਧਾਪੀ ਪਈ ਤੇ ਕਮਾਦਾਂ ਵਿਚੋਂ ਬਰਛੀਆਂ, ਛਵੀਆਂ ਅਤੇ ਕਿਰਪਾਨਾਂ ਵਾਲੇ ਕੋਈ ਦੋਸ਼ ਦੱਸੇ ਬਿਨਾਂ ਉੱਜੜੇ ਜਾਂਦੇ ਗੁਆਂਢੀਆਂ ਨੂੰ ਮੌਤ ਦੀ ਸਜ਼ਾ ਦੇਣ ਲੱਗੇ'.......... ਮੌਤਾਂ ਦਾ ਹਿਸਾਬ ਵੀ ਕੋਈ ਨਾ ਕਰ ਸਕਿਆ ਖਲੋ ਕੇ......' ਅਮੀਨ ਆਪਣੀ ਇਸ ਕਿਤਾਬ ਰਾਹੀਂ ਪੰਜਾਬੀਆਂ ਲਈ ਅਨੇਕਾਂ ਸਵਾਲ ਛੱਡਦਾ ਹੈ, ਜੋ ਦੋਵਾਂ ਦੇਸ਼ਾਂ ਦੀ ਵਿਗੜ ਰਹੀ ਭਾਸ਼ਾ ਬਾਰੇ ਵੀ ਹਨ ਸੱਭਿਆਚਾਰ ਬਾਰੇ ਵੀ ਹਨ ਮਾਨਵੀ ਕਦਰਾਂ-ਕੀਮਤਾਂ ਬਾਰੇ ਵੀ ਹਨ ਪਰ ਸਭ ਤੋਂ ਵੱਡਾ ਸਵਾਲ ਉਸ ਨੇ ਇਹ ਪਾਇਆ ਹੈ 'ਪੰਜਾਬੀ ਕਦੇ ਅਕਲ ਦੀ ਵਰਤੋਂ ਵੀ ਕਰਨਗੇ ਜਾਂ ਜਜ਼ਬਾਤੀ ਹੀ ਬਣੇ ਰਹਿਣਗੇ?' ਪੰਜਾਬ ਦੀ ਸਾਂਝੀ ਵਿਰਾਸਤ ਅਤੇ ਸੱਭਿਆਚਾਰ ਦੀਆਂ ਰਹਿਤਲਾਂ ਨੂੰ ਸਮਝਣ ਲਈ ਇਹ ਕਿਤਾਬ ਪੜ੍ਹਨੀ ਬਹੁਤ ਜ਼ਰੂਰੀ ਹੈ।

ਡਾ: ਲਖਵਿੰਦਰ ਸਿੰਘ ਜੌਹਲ
ਮੋ: 94171-94812.

c c c

ਰੰਗ
ਕਵੀ : ਪਵਨ 'ਗਿੱਲਾਂਵਾਲਾ'
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 111
ਸੰਪਰਕ : 0172-5027427.

ਇਕੋ ਸਮੇਂ ਗੀਤਕਾਰ, ਨਾਵਲਕਾਰ ਅਤੇ ਕਵੀ ਪਵਨ 'ਗਿੱਲਾਂਵਾਲਾ' ਆਪਣੀ 11ਵੀਂ ਪੁਸਤਕ ਰੰਗ (ਕਾਵਿ ਸੰਗ੍ਰਹਿ) ਰਾਹੀਂ ਪਾਠਕਾਂ ਦੇ ਰੂਬਰੂ ਹੋਇਆ ਹੈ। ਹਥਲੀ ਪੁਸਤਕ ਵਿਚ 99 ਕਾਵਿ, ਗੀਤ ਦੀਆਂ ਵੰਨਗੀਆਂ ਦਰਜ ਹਨ। ਸੰਵੇਦਨਸ਼ੀਲ ਕਵੀ/ਗੀਤਕਾਰ ਨੇ 'ਰੰਗ' ਸਿਰਲੇਖ ਹੇਠ ਦਰਜ ਰਚਨਾਵਾਂ ਵਿਚ ਮਨੁੱਖ ਦੀ ਜ਼ਿੰਦਗੀ ਦੇ ਕਈ ਵੰਨ-ਸੁਵੰਨੇ ਰੰਗਾਂ ਦੀ ਗੱਲ ਕਰਦਿਆਂ ਉਨ੍ਹਾਂ ਦੀ ਮਹੱਤਤਾ ਨੂੰ ਕਾਵਿਕ ਬਿੰਬਾਂ ਰਾਹੀਂ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਕਿਧਰੇ ਉਹ ਕੁਦਰਤ ਵਿਚ ਪਸਰੇ ਪਹਾੜਾਂ, ਫੁੱਲਾਂ, ਬੂਟਿਆਂ, ਝਰਨਿਆਂ, ਚੰਨ-ਸੂਰਜ, ਦਰਿਆਵਾਂ ਰਾਹੀਂ ਰੰਗਾਂ ਅਤੇ ਉਨ੍ਹਾਂ ਦੇ ਮਨੁੱਖੀ ਮਨ 'ਤੇ ਪੈਂਦੇ ਪ੍ਰਭਾਵਾਂ ਦੀ ਕਲਾਮਈ ਢੰਗ ਨਾਲ ਗੱਲ ਕਰਦਾ ਹੈ
ਰੁੱਤਾਂ ਨੇ ਬਸ ਰੰਗ ਹੀ ਬਦਲੇ
ਨਾਲ ਸਮੇਂ ਦੇ ਆ ਕੇ
ਦਿਲ ਦਾ ਪੰਛੀ ਖੌਰੇ ਕਿਉਂ
ਰੁੱਖੋਂ-ਬੇਮੁੱਖ ਹੋਇਆ।'
ਕੁਦਰਤੀ ਰੰਗਾਂ ਦੀ ਬਾਤ ਪਾਉਂਦਾ ਕਵੀ/ਗੀਤਕਾਰ ਪਵਨ ਮਨੁੱਖੀ ਜ਼ਿੰਦਗੀ ਦੇ ਮੁੱਖ ਪੜਾਵਾਂ ਬਚਪਨ, ਜਵਾਨੀ ਤੇ ਬੁਢਾਪੇ ਦੇ ਰੰਗਾਂ ਦੀ ਗੱਲ ਕਰਦਾ ਹੈ ਤੇ ਉਮਰ ਮੁਤਾਬਿਕ ਹਰੇਕ ਰੰਗ ਦੀ ਖੂਬਸੂਰਤੀ ਨੂੰ ਬਿਆਨ ਕਰਦਾ ਹੈ। ਇਹ ਰੰਗ ਰਚਨਾ ਜ਼ਿੰਦਗੀ ਦੇ ਰੰਗ, ਰੀਝਾਂ ਸਧਰਾਂ, ਚੰਨ ਵਾਲੀ ਚਾਨਣੀ, ਸੁਪਨੇ ਅਧੂਰੇ, ਹੁਸਨ ਜਵਾਨੀ, ਪੀਂਘ, ਮਾਂ ਦੀਆਂ ਚਿੜੀਆਂ, ਰੁੱਤ ਬਹਾਰਾਂ ਦੀ, ਇਸ਼ਕ ਬੁਖਾਰ, ਨਾ ਸੋਚਾਂ ਨਾ ਮਧਰਾਂ, ਆਦਿ ਵਿਚ ਖਿਲਰੇ ਪਏ ਹਨ। ਹਰੇਕ ਰਚਨਾ ਹੀ ਇਨ੍ਹਾਂ ਰੰਗਾਂ ਰਾਹੀਂ ਜਿਥੇ ਜ਼ਿੰਦਗੀ ਦੀ ਨਿਸ਼ਾਨਦੇਹੀ ਕਰਦੀ ਹੈ, ਉਥੇ ਸਮਾਜ ਨੂੰ ਇਕ ਸਾਰਥਕ ਅਤੇ ਸਿਹਤਮੰਦ ਸੁਨੇਹਾ ਦੇਣ ਦਾ ਉਪਰਾਲਾ ਵੀ ਕਰਦੀ ਹੈ। ਲੇਖਕ ਆਪਣੇ ਦਿਲ ਦੇ ਵਲਵਲਿਆਂ, ਜਜ਼ਬਾਤਾਂ ਅਤੇ ਭਾਵਨਾਵਾਂ ਨੂੰ ਧਰਤੀ ਦੇ ਵੱਖੋ-ਵੱਖਰੇ ਪ੍ਰਤੀਕਾਂ/ਬਿੰਬਾਂ ਰਾਹੀਂ ਜ਼ਿੰਦਗੀ ਦੇ ਕੈਨਵਸ 'ਤੇ ਚਿਤਰਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਾਹਮਣੇ ਦਿੱਸਦੇ ਰੰਗਾਂ ਵਿਚੋਂ ਵੀ ਉਹ ਰੰਗ ਉੱਭਰ ਕੇ ਸਾਹਮਣੇ ਆਉਂਦੇ ਹਨ, ਜਿਹੜੇ ਭਾਵੇਂ ਸਪੱਸ਼ਟ ਵਿਖਾਈ ਨਹੀਂ ਦਿੰਦੇ ਪਰ ਜ਼ਿੰਦਗੀ ਨੂੰ ਨਿਵੇਕਲਾ, ਮੋਕਲਾ ਤੇ ਸਦਾਬਹਾਰ ਬਣਾਉਣ ਵਿਚ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਰੰਗਾਂ ਨਾਲ ਹੀ ਜ਼ਿੰਦਗੀ ਧੜਕਦੀ ਹੈ, ਰਿਸ਼ਤੇ ਜਿਊਂਦੇ ਹਨ ਅਤੇ ਸਮਾਜ ਨਵਾਂ-ਨਰੋਇਆ ਤੇ ਜ਼ਿੰਦਗੀ ਨਾਲ ਲਬਾਲਬ ਭਰਿਆ ਰਹਿੰਦਾ ਹੈ।

ਡਾ: ਧਰਮਪਾਲ ਸਾਹਿਲ
ਮੋ: 98761-56964.



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX