ਤਾਜਾ ਖ਼ਬਰਾਂ


ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਪਹਿਲੀ ਪਾਰੀ 'ਚ ਇੰਗਲੈਂਡ ਦੀ ਪੂਰੀ ਟੀਮ 161 ਦੌੜਾਂ ਬਣਾ ਕੇ ਆਊਟ
. . .  18 minutes ago
1.67 ਕਰੋੜ ਰੁਪਏ ਦੇ ਸੋਨੇ ਸਮੇਤ ਤਿੰਨ ਗ੍ਰਿਫ਼ਤਾਰ
. . .  about 1 hour ago
ਮੁੰਬਈ, 19 ਅਗਸਤ - ਮੁੰਬਈ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਬੀਤੇ ਦਿਨ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ 6 ਸੋਨੇ ਦੀਆਂ ਬਾਰਾਂ ਦੀ ਕਥਿਤ ਤੌਰ 'ਤੇ ਤਸਕਰੀ ਦੇ ਦੋਸ਼ 'ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੀਆਂ ਗਈਆਂ ਇਨ੍ਹਾਂ ਸੋਨੇ ਦੀਆਂ ਬਾਰਾਂ ਦੀ...
ਏਸ਼ੀਅਨ ਖੇਡਾਂ 2018 : ਪਹਿਲਵਾਨ ਬਜਰੰਗ ਨੇ ਭਾਰਤ ਨੂੰ ਦਵਾਇਆ ਪਹਿਲਾਂ ਸੋਨ ਤਮਗ਼ਾ
. . .  about 1 hour ago
ਕਤਰ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 34.89 ਕਰੋੜ ਦੀ ਸਹਾਇਤਾ ਰਾਸ਼ੀ ਦਾ ਕੀਤਾ ਐਲਾਨ
. . .  about 1 hour ago
ਦੁਬਈ, 19 ਅਗਸਤ- ਸੰਯੁਕਤ ਅਰਬ ਅਮੀਰਾਤ ਤੋਂ ਬਾਅਦ ਹੁਣ ਕਤਰ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 34.89 ਕੋਰੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ। ਇਸ ਮੌਕੇ ਕਤਰ ਦੇ ਪ੍ਰਧਾਨ ਮੰਤਰੀ ਸ਼ੇਖ ਅਬਦੁੱਲਾ ਥਾਨੀ ਨੇ ਟਵੀਟ ਕਰਦਿਆ ਕਿਹਾ ਕਿ ਆਮੀਰ...
ਭਿਆਨਕ ਸੜਕ ਹਾਦਸੇ 'ਚ ਪਤਨੀ ਦੀ ਮੌਤ, ਪਤੀ ਜ਼ਖਮੀ
. . .  about 2 hours ago
ਖਨੌਰੀ, 19 ਅਗਸਤ(ਬਲਵਿੰਦਰ ਸਿੰਘ ਥਿੰਦ)- ਸੰਗਰੂਰ-ਦਿੱਲੀ ਮੁੱਖ ਮਾਰਗ ਤੇ ਪੁਰਾਣਾ ਸੇਲ ਟੈਕਸ ਬੈਰੀਅਰ ਕੋਲ ਇਕ ਹੋਟਲ ਦੇ ਸਾਹਮਣੇ ਸੜਕ 'ਤੇ ਖੜੇ ਕੈਂਟਰ ਨਾਲ ਕਾਰ ਦੀ ਟੱਕਰ ਹੋ ਜਾਣ ਕਾਰਨ ਰਾਜਸਥਾਨ ਦੇ ਕੋਟਾ ਬੂੰਦੀ ਸ਼ਹਿਰ ਵਿਖੇ ਪੜਾਈ ਕਰ ਰਹੇ ਆਪਣੇ...
ਕੌਮਾਂਤਰੀ ਸਰਹੱਦ ਨੇੜਿਓ ਦੋ ਕਿੱਲੋ ਹੈਰੋਇਨ ਬਰਾਮਦ
. . .  about 2 hours ago
ਬੱਚੀ ਵਿੰਡ, 19 ਅਗਸਤ(ਬਲਦੇਵ ਸਿੰਘ ਕੰਬੋ) -ਸੀਮਾ ਸੁਰੱਖਿਆ ਬਲ ਅਤੇ ਨਾਰਕੋਟਿਕ ਕੰਟਰੋਲ ਬਿਊਰੋ ਦੀ ਟੀਮ ਨੇ ਸਾਂਝੀ ਤਲਾਸ਼ੀ ਅਭਿਆਨ ਦੌਰਾਨ 2 ਕਿੱਲੋ ਹੈਰੋਇਨ ਫੜਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ, 17 ਬਟਾਲੀਅਨ ਬੀ.ਐਸ.ਐਫ. ਅਤੇ...
ਖੁਮਾਣੋਂ ਸ਼ੈਲਰ ਹਾਦਸਾ : ਮੁੱਖ ਮੰਤਰੀ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ
. . .  about 3 hours ago
ਖਮਾਣੋਂ, 19 ਅਗਸਤ- ਖਮਾਣੋਂ ਨੇੜਲੇ ਪਿੰਡ ਲਖਣਪੁਰ 'ਚ ਅੱਜ ਸਵੇਰੇ ਨਿਰਮਾਣ ਅਧੀਨ ਇੱਕ ਸ਼ੈਲਰ ਦੀ ਕੰਧ ਡਿੱਗ ਕਾਰਨ ਮਰਨ ਵਾਲੇ ਮਜ਼ਦੂਰਾਂ ਦੀ ਗਿਣਤੀ ਵੱਧ ਕੇ ਛੇ ਹੋ ਗਈ ਹੈ। ਇਸ ਹਾਦਸੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਲੰਚ ਤੱਕ ਇੰਗਲੈਂਡ 46/0
. . .  about 3 hours ago
ਪੰਜਾਬ ਦੇ ਦੋ ਨਸ਼ਾ ਤਸਕਰ ਜੰਮੂ 'ਚ ਗ੍ਰਿਫ਼ਤਾਰ
. . .  about 3 hours ago
ਜੰਮੂ, 19 ਅਗਸਤ- ਜੰਮੂ-ਕਸ਼ਮੀਰ ਪੁਲਿਸ ਨੇ ਅੱਜ ਦੋ ਨਸ਼ਾ ਤਸਕਰਾਂ ਨੂੰ ਨਸ਼ੀਲੇ ਪਦਾਰਥਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਤਸਕਰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੀ ਪਹਿਚਾਣ ਧਰਮਪਾਲ ਅਤੇ ਅਜੈ ਕੁਮਾਰ ਦੇ...
ਸਿੱਧੂ ਵਲੋਂ ਪਾਕਿ ਫੌਜ ਮੁਖੀ ਨੂੰ ਪਾਈ ਜੱਫੀ ਦਾ ਮੈਂ ਸਮਰਥਨ ਨਹੀਂ ਕਰਦਾ- ਕੈਪਟਨ
. . .  about 4 hours ago
ਨਵੀਂ ਦਿੱਲੀ, 19 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਨਵਤੋਜ ਸਿੰਘ ਸਿੱਧੂ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਸ਼ਾਮਲ ਹੋਣ 'ਤੇ ਕਿਹਾ ਕਿ ਉਹ ਉੱਥੇ ਨਿੱਜੀ ਤੌਰ 'ਤੇ ਗਏ ਸਨ। ਸਹੁੰ ਚੁੱਕ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਜੇਠ ਸੰਮਤ 550
ਵਿਚਾਰ ਪ੍ਰਵਾਹ: ਜਮਹੂਰੀਅਤ ਦਾ ਅਰਥ ਸੰਵਾਦ ਰਾਹੀਂ ਸਰਕਾਰ ਚਲਾਉਣਾ ਹੈ ਪਰ ਇਹ ਤਾਂ ਹੀ ਅਸਰਦਾਰ ਹੋ ਸਕਦੀ ਹੈ ਜੇ ਸ਼ੋਰ-ਸ਼ਰਾਬਾ ਨਾ ਹੋਵੇ। -ਕਲੀਮੈਂਟ ਐਟਲੀ
  •     Confirm Target Language  

ਤੁਹਾਡੇ ਖ਼ਤ

17-05-2018

 ਝੋਨੇ ਦੀ ਫ਼ਸਲ
ਝੋਨੇ ਦੀ ਫ਼ਸਲ ਦਾ ਮੱਛੀ ਵਾਂਗ ਪਾਣੀ ਤੋਂ ਬਿਨਾਂ ਗੁਜ਼ਾਰਾ ਨਹੀਂ। ਅਗਾਊਂ ਜੂਨ ਮਹੀਨੇ ਦੌਰਾਨ ਇਸ ਫ਼ਸਲ ਦੀ ਲਵਾਈ ਸ਼ੁਰੂ ਹੈ। ਸਰਕਾਰ ਨੇ ਭਾਵੇਂ ਪਾਣੀ ਦੇ ਪੱਧਰ ਨੂੰ ਹੇਠਾਂ ਜਾਣ ਤੋਂ ਬਚਾਉਣ ਲਈ ਇਸ ਵਾਰ ਝੋਨੇ ਦੀ ਬਿਜਾਈ 20 ਜੂਨ ਕਰ ਦਿੱਤੀ ਹੈ। ਝੋਨੇ ਦੀ ਖੇਤੀ ਕਿਸਾਨਾਂ ਅਤੇ ਸਰਕਾਰਾਂ, ਬਿਜਲੀ ਬੋਰਡ, ਕਮਿਸ਼ਨ ਏਜੰਟਾਂ ਲਈ ਚੁਣੌਤੀ ਭਰਿਆ ਕਾਰਜ ਹੈ। ਪਰ ਜਦੋਂ ਇਹ ਫ਼ਸਲ ਪੱਕਦੀ ਹੈ ਤਾਂ ਇਸ ਨੂੰ ਸੰਭਾਲਣ ਅਤੇ ਮੰਡੀਕਰਨ ਸਮੇਂ ਵੱਡੀਆਂ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ ਕਿਉਂਕਿ ਸਰਕਾਰ ਸਿਰਫ 16-17 ਫ਼ੀਸਦੀ ਨਮੀ ਵਾਲੇ ਝੋਨੇ ਨੂੰ ਸਹੀ ਮੰਨਦੀ ਹੈ ਜਦ ਕਿ 15 ਸਤੰਬਰ ਤੋਂ ਬਾਅਦ ਜਿਵੇਂ ਹੀ ਸੂਰਜ ਦੀ ਤਪਸ਼ ਮੱਠੀ ਪੈਂਦੀ ਹੈ ਤਾਂ ਇਹ ਫ਼ਸਲ ਫਿਰ ਸੁੱਕਦੀ ਨਹੀਂ ਤੇ ਨਮੀ 20 ਤੋਂ ਉੱਪਰ ਰਹਿੰਦੀ ਹੈ, ਘਟਦੀ ਨਹੀਂ, ਜੋ ਆੜ੍ਹਤੀਆਂ ਅਤੇ ਮਜ਼ਦੂਰਾਂ ਲਈ ਫਰੋਲਾ-ਫਰਾਲੀ ਮੰਡੀ ਵਿਚ ਸਿਰਦਰਦੀ ਬਣਦੀ ਹੈ। ਪਾਣੀ ਨੂੰ ਬਚਾਉਣ ਲਈ ਸਰਕਾਰ ਦਾ ਫ਼ੈਸਲਾ ਸ਼ਲਾਘਾਯੋਗ ਹੈ ਪਰ ਨਮੀ ਵਾਲੇ ਝੋਨੇ ਦੀ ਸਮੱਸਿਆ ਨਾਲ ਨਜਿੱਠਣ ਲਈ ਸਰਕਾਰਾਂ ਨੂੰ ਅਗਾਊਂ ਪ੍ਰਬੰਧਾਂ ਦੀ ਲੋੜ ਹੈ ਤਾਂ ਕਿ ਕਿਸਾਨ ਮਜ਼ਦੂਰ ਮੰਡੀਆਂ 'ਚ ਪ੍ਰੇਸ਼ਾਨ ਨਾ ਹੋਣ ਕਿਸਾਨ ਵੀ ਘੱਟ ਪਾਣੀ ਅਤੇ ਛੇਤੀ ਪੱਕਣ ਵਾਲੀਆਂ ਝੋਨੇ ਦੀ ਕਿਸਮਾਂ ਹੀ ਬੀਜਣ ਤਾਂ ਕਿ ਕਿਸਾਨੀ ਮੁਸ਼ਕਿਲਾਂ ਧਰਨਿਆਂ, ਅੰਦੋਲਨਾਂ ਦਾ ਰੂਪ ਨਾ ਧਾਰਨ। ਅਜਿਹੀ ਉਮੀਦ ਹੈ।


-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਜ਼ਿਲ੍ਹਾ ਲੁਧਿਆਣਾ।


ਸ਼ਲਾਘਾਯੋਗ ਕਦਮ
ਪਿਛਲੇ ਦਿਨੀਂ 'ਅਜੀਤ' ਵਿਚ ਲੱਗੀ ਖ਼ਬਰ ਮੁਤਾਬਿਕ ਪੰਜਾਬ ਸਰਕਾਰ ਵਲੋਂ ਸ਼ੱਕੀ ਕਿਰਦਾਰ ਵਾਲੇ ਸਰਕਾਰੀ ਅਧਿਕਾਰੀਆਂ ਦੀਆਂ ਸੇਵਾਵਾਂ ਵਿਚ ਕੀਤਾ ਵਾਧਾ ਵਾਪਸ ਲੈਣ ਸਬੰਧੀ ਇਹ ਫ਼ੈਸਲਾ ਲਿਆ ਗਿਆ ਕਿ ਮੁਲਾਜ਼ਮਾਂ ਦੇ ਸੇਵਾਕਾਲ ਵਿਚ ਵਾਧਾ ਉਨ੍ਹਾਂ ਮੁਲਾਜ਼ਮਾਂ ਨੂੰ ਨਹੀਂ ਦਿੱਤਾ ਜਾਵੇਗਾ, ਜਿਨ੍ਹਾਂ ਵਿਰੁੱਧ ਭ੍ਰਿਸ਼ਟਾਚਾਰ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਜਾਂ ਉਹ ਪਹਿਲੀ ਨਜ਼ਰੇ ਦੋਸ਼ੀ ਜਾਪਦਾ ਹੈ। ਇਹ ਸ਼ਲਾਘਾਯੋਗ ਕਦਮ ਹੈ। ਮੇਰੀ ਸੋਚ ਹੈ ਕਿ ਏਨੀ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਪੰਜਾਬ ਵਿਚ ਇਹ ਵਾਧਾ ਕਿਸੇ ਨੂੰ ਵੀ ਨਹੀਂ ਦੇਣਾ ਚਾਹੀਦਾ। ਇਹ ਵਾਧਾ ਬੇਰੁਜ਼ਗਾਰਾਂ ਨਾਲ ਧੋਖਾ ਹੈ। ਇਨ੍ਹਾਂ ਨੂੰ ਦਿੱਤੀ ਜਾਂਦੀ ਤਨਖਾਹ ਨਾਲ ਦੋ-ਤਿੰਨ ਬੇਰੁਜ਼ਗਾਰਾਂ ਨੂੰ ਨੌਕਰੀ ਦਿੱਤੀ ਜਾ ਸਕਦੀ ਹੈ। ਜੇ ਵਾਧਾ ਦੇਣਾ ਵੀ ਹੈ ਤਾਂ ਕਿਸੇ ਇਮਾਨਦਾਰ ਅਫਸਰ ਨੂੰ ਕੁਝ ਸਮੇਂ ਲਈ ਦਿੱਤਾ ਜਾ ਸਕਦਾ ਹੈ। ਪਰ ਹਰ ਮੁਲਾਜ਼ਮ ਨੂੰ ਨਹੀਂ ਦੇਣਾ ਚਾਹੀਦਾ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਖੰਡ ਮਿੱਲਾਂ 'ਚ ਖੱਜਲ ਖੁਆਰੀ
ਪੰਜਾਬ ਵਿਚ ਇਸ ਸਮੇਂ 16 ਖੰਡ ਮਿੱਲਾਂ ਚੱਲ ਰਹੀਆਂ ਹਨ, ਜਿਨ੍ਹਾਂ 'ਚੋਂ 7 ਨਿੱਜੀ ਤੇ 9 ਸਹਿਕਾਰੀ ਖੇਤਰ ਨਾਲ ਸਬੰਧਿਤ ਹਨ। ਸਾਡੇ ਦੇਸ਼ ਦਾ ਅੰਨਦਾਤਾ ਕਿਸਾਨ ਜੋ ਕਣਕ ਤੇ ਝੋਨੇ ਦੇ ਫ਼ਸਲੀ ਚੱਕਰ 'ਚੋਂ ਨਿਕਲ ਕੇ ਗੰਨਾ ਬੀਜਦਾ ਹੈ, ਉਸ ਨੂੰ ਸੀਜ਼ਨ ਆਉਣ 'ਤੇ ਮਿੱਲਾਂ ਵਿਚ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਗੰਨਾ ਇਕ ਰੋਕੜੀ ਫ਼ਸਲ ਹੈ ਇਕ ਵਾਰ ਕੀਤੀ ਬਿਜਾਈ ਕਈ ਸਾਲ ਫ਼ਸਲ ਦਿੰਦੀ ਹੈ। ਕਿਸਾਨ ਹੱਡ ਭੰਨਵੀਂ ਮਿਹਨਤ ਨਾਲ ਪਹਿਲਾਂ ਕਮਾਦ ਦੀ ਫ਼ਸਲ ਬੀਜਦਾ ਹੈ, ਫਿਰ ਰਸਾਇਣਕ ਖਾਦਾਂ ਤੇ ਗੰਨੇ ਦੀ ਕਟਾਈ ਸਮੇਂ ਦਿਹਾੜੀਦਾਰ ਤੇ ਟਰੈਕਟਰ-ਟਰਾਲੀ ਦਾ ਖਰਚ ਤੇ ਹੋਰ ਬਹੁਤ ਸਾਰੇ ਖਰਚੇ ਕਿਸਾਨ ਨੂੰ ਝੱਲਣੇ ਪੈਂਦੇ ਹਨ। ਪਰ ਉਸ ਨੂੰ ਗੰਨੇ ਦਾ ਸਹੀ ਭਾਅ ਕਦੇ ਨਹੀਂ ਮਿਲਦਾ। ਅੱਜ ਸਰਕਾਰ ਨੂੰ ਲੋੜ ਹੈ ਕਿ ਅਗਲੇ ਸੀਜ਼ਨ ਤੋਂ ਜੇ ਹੋ ਸਕੇ ਤਾਂ ਗੁਆਂਢੀ ਰਾਜ ਉੱਤਰ ਪ੍ਰਦੇਸ਼ ਤੇ ਹਰਿਆਣਾ ਦੇ ਭਾਅ ਮੁਤਾਬਿਕ ਹੀ ਗੰਨੇ ਦਾ ਭਾਅ ਤੈਅ ਕੀਤਾ ਜਾਵੇ। ਪਰਚੀਆਂ ਲੈਣ ਦੀ ਦਿੱਕਤ ਨੂੰ ਦੂਰ ਕਰਕੇ ਬਣਦੀ ਰੁਪਏ ਕਿਸਾਨ ਦੇ ਖਾਤੇ ਵਿਚ ਤੁਰੰਤ ਪਾਈ ਜਾਵੇ। ਅੱਜ ਲੋੜ ਹੈ ਘਾਟੇ 'ਚ ਚੱਲ ਰਹੀਆਂ ਸਹਿਕਾਰੀ ਖੰਡ ਮਿੱਲਾਂ ਦਾ ਨਵੀਨੀਕਰਨ ਪਹਿਲ ਦੇ ਆਧਾਰ 'ਤੇ ਕੀਤਾ ਜਾਵੇ। ਇਕ ਬੰਦ ਹੋ ਚੁੱਕੀ ਸਹਿਕਾਰੀ ਖੰਡ ਮਿਲ ਦੀ ਮਸ਼ੀਨਰੀ ਦੂਜੀ 'ਚ ਤਬਦੀਲ ਕਰਨ ਨਾਲੋਂ ਉਸੇ ਮਿਲ ਨੂੰ ਦੁਬਾਰਾ ਚਾਲੂ ਕੀਤਾ ਜਾਵੇ। ਸਹਿਕਾਰੀ ਖੰਡ ਮਿੱਲਾਂ ਦੀ ਮੁੜ ਸੁਰਜੀਤੀ ਤੇ ਨਵੀਆਂ ਖੰਡ ਮਿੱਲਾਂ ਲਗਾਉਣ ਨਾਲ ਜਿੱਥੇ ਕਿਸਾਨਾਂ ਨੂੰ ਫਾਇਦਾ ਹੋਵੇਗਾ, ਉਥੇ ਬੇਰੁਜ਼ਗਾਰੀ ਨੂੰ ਵੀ ਠੱਲ੍ਹ ਪਵੇਗੀ ਤੇ ਨੌਜਵਾਨਾਂ ਨੂੰ ਵੀ ਰੁਜ਼ਗਾਰ ਮਿਲੇਗਾ।


-ਸ਼ਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆਂ, ਡਾਕ: ਚੀਮਾਂ ਖੁੱਡੀ (ਗੁਰਦਾਸਪੁਰ)।


ਕੋਝੀ ਸਾਜਿਸ਼
ਬਾਰ੍ਹਵੀਂ ਜਮਾਤ ਦੀ 324 ਪੰਨਿਆਂ ਦੀ ਪੁਸਤਕ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 182 ਪੰਨਿਆਂ ਵਿਚ ਤਬਦੀਲ ਕਰ ਦਿੱਤਾ ਹੈ। ਪੰਜਾਬ ਦੇ ਇਤਿਹਾਸ ਨਾਲ ਸਬੰਧਿਤ ਸਿੱਖ ਗੁਰੂ ਸਾਹਿਬਾਨ, ਅੰਗਰੇਜ਼ਾਂ ਤੇ ਸਿੱਖਾਂ ਦੀਆਂ ਲੜਾਈਆਂ, ਮਹਾਰਾਜਾ ਰਣਜੀਤ ਸਿੰਘ ਅਤੇ ਪੰਜਾਬ ਉੱਪਰ ਅੰਗਰੇਜ਼ਾਂ ਦੇ ਕਬਜ਼ੇ ਨਾਲ ਸਬੰਧਿਤ ਸਾਰਾ ਵੇਰਵਾ ਇਸ ਵਿਚੋਂ ਕੱਢ ਦਿੱਤਾ ਗਿਆ। ਪੰਜਾਬ ਦੀ ਅਫ਼ਸਰਸ਼ਾਹੀ ਕਹਿ ਰਹੀ ਹੈ ਕਿ ਗਿਆਰ੍ਹਵੀਂ ਦੀ ਇਤਿਹਾਸ ਦੀ ਛਪ ਰਹੀ ਪੁਸਤਕ ਵਿਚ ਇਹ ਵੇਰਵਾ ਦਰਜ ਕੀਤਾ ਗਿਆ ਹੈ। ਹੱਕ ਸੱਚ ਦੀ ਗੱਲ ਕਰਨ ਵਾਲੇ। ਸਰਵਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲੇ। ਪੰਜਾਬੀ ਸ਼ੁਰੂ ਤੋਂ ਵਿਦੇਸ਼ੀ ਹਮਲਾਵਰਾਂ ਦਾ ਡਟ ਕੇ ਟਾਕਰਾ ਕਰਦੇ ਰਹੇ। ਆਜ਼ਾਦੀ ਸੰਗਰਾਮ ਦੀਆਂ ਵੱਖ-ਵੱਖ ਲਹਿਰਾਂ ਵਿਚ ਪੰਜਾਬੀਆਂ ਨੇ ਵਡਮੁੱਲਾ ਯੋਗਦਾਨ ਪਾਇਆ। ਇਹ ਸਾਡਾ ਗੌਰਵਮਈ ਵਿਰਸਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਾਡੀ ਪਾਠ-ਪੁਸਤਕ ਵਿਚੋਂ ਸਾਡੇ ਗੌਰਵਮਈ ਵਿਰਸੇ ਨੂੰ ਬਾਹਰ ਕੱਢ ਕੇ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਇਹ ਇਕ ਬੱਜਰ ਗ਼ਲਤੀ ਹੈ। ਪਾਠ ਪੁਸਤਕਾਂ ਨੂੰ ਹਰ ਹਾਲਤ ਵਿਚ ਠੀਕ ਢੰਗ ਨਾਲ ਸੋਧਣਾ ਹੀ ਹੋਵੇਗਾ।


-ਹਰੀ ਸਿੰਘ ਢੁੱਡੀਕੇ
ਪਿੰਡ ਤੇ ਡਾਕ: ਢੁੱਡੀਕੇ, ਤਹਿ : ਮੋਗਾ (ਮੋਗਾ)।


ਅਸਲੀ ਮੁੱਦੇ
ਅੱਜਕਲ੍ਹ ਹਰ ਰੋਜ਼ ਕੋਈ ਨਾ ਕੋਈ ਨਵਾਂ ਵਿਸ਼ਾ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਆ ਸ਼ਾਮਿਲ ਹੁੰਦਾ ਹੈ। ਉਹ ਚਾਹੇ ਫ਼ਿਲਮ 'ਨਾਨਕ ਸ਼ਾਹ ਫ਼ਕੀਰ' ਹੋਵੇ ਜਾਂ ਇਤਿਹਾਸ ਦੀਆਂ ਪਾਠ ਪੁਸਤਕਾਂ ਦਾ ਵਿਵਾਦ। ਇਤਿਹਾਸ ਦੀਆਂ ਪਾਠ ਪੁਸਤਕਾਂ ਵਿਚ ਸਿੱਖ ਇਤਿਹਾਸ ਮਨਫ਼ੀ ਕਰਨ ਸਬੰਧੀ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕੀ ਲੱਭਤ ਮਿਲੇਗੀ, ਕਿਸੇ ਦੇ ਸਮਝ ਵਿਚ ਨਹੀਂ ਆ ਰਿਹਾ। ਇਤਿਹਾਸ ਦੀਆਂ ਪਾਠ ਪੁਸਤਕਾਂ ਵਿਚ ਪਹਿਲਾਂ ਹੀ ਸਿੱਖ ਇਤਿਹਾਸ ਸੀਮਤ ਰੂਪ ਵਿਚ ਹੈ। ਇਤਿਹਾਸ ਦੀਆਂ ਪਾਠ ਪੁਸਤਕਾਂ ਵਿਚ ਸਿੱਖ ਇਤਿਹਾਸ ਨੂੰ ਘੱਟ ਨਹੀਂ ਸਗੋਂ ਹੋਰ ਖੁੱਲ੍ਹ ਕੇ ਦਰਜ ਕਰਨ ਦੀ ਜ਼ਰੂਰਤ ਹੈ। ਇਨ੍ਹਾਂ ਵਿਸ਼ਿਆਂ ਨੇ ਸਰਕਾਰ ਦਾ ਅਸਲੀ ਮੁੱਦਿਆਂ ਤੋਂ ਭਟਕਣ ਲਈ ਰਾਹ ਖੋਲ੍ਹ ਦਿੱਤਾ ਹੈ।


-ਸਰਵਨ ਸਿੰਘ ਪਤੰਗ
ਪਿੰਡ ਮਾਣੂਕੇ (ਮੋਗਾ)।


ਲੰਗਰ ਦੀ ਬਦਲਦੀ ਪ੍ਰਸੰਗਿਕਤਾ
ਮੇਰੀ ਪੋਸਟਿੰਗ ਵਾਲਾ ਸਕੂਲ ਮਾਨਸਾ ਤਲਵੰਡੀ ਸਾਬੋ ਸੜਕ 'ਤੇ ਸਥਿਤ ਹੈ। ਵਿਸਾਖੀ ਦੇ ਦਿਨਾਂ ਵਿਚ ਇਸ ਸੜਕ ਤੇ ਕਾਫੀ ਚਹਿਲ-ਪਹਿਲ ਦੇਖਣ ਨੂੰ ਮਿਲਦੀ ਹੈ ਕਿਉਂ ਜੋ ਸੰਗਤਾਂ ਦੂਰੋਂ-ਨੇੜਿਉਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਦਰਸ਼ਨ ਕਰਨ ਆਉਂਦੀਆਂ ਹਨ। ਇਨ੍ਹਾਂ ਹੀ ਦਿਨਾਂ ਵਿਚ ਪਿੰਡਾਂ ਦੇ ਲੋਕਾਂ ਵਲੋਂ ਇਕੱਠੇ ਹੋ ਕੇ ਸਾਂਝੇ ਤੌਰ 'ਤੇ ਜਾਂ ਕਿਸੇ ਵਿਅਕਤੀ ਵਲੋਂ ਨਿੱਜੀ ਤੌਰ 'ਤੇ ਸੜਕਾਂ ਦੇ ਕੰਢੇ ਲੰਗਰ ਲਗਾਉਣਾ। ਮੇਰੀ ਜਾਚੇ ਇਹ ਵਰਤਾਰਾ ਰੱਜਿਆਂ ਨੂੰ ਹੋਰ ਰਜਾਉਣ ਤੋਂ ਵੱਧ ਹੋਰ ਕੁਝ ਨਹੀਂ। ਚੰਗਾ ਹੋਵੇ ਜੇਕਰ ਇਹੀ ਭੋਜਨ ਲੋੜਵੰਦਾਂ ਨੂੰ, ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਮੁਸ਼ਕਿਲ ਨਾਲ ਨਸੀਬ ਹੁੰਦੀ ਹੈ, ਨੂੰ ਮੁਹੱਈਆ ਕਰਵਾਇਆ ਜਾਵੇ। ਸੋ ਪਿੰਡਾਂ ਦੇ ਨੌਜਵਾਨਾਂ ਤੇ ਅਗਾਂਹਵਧੂ ਸੋਚ ਦੇ ਵਿਅਕਤੀਆਂ ਨੂੰ ਚਾਹੀਦਾ ਹੈ ਕਿ ਬਜਾਏ ਅਜਿਹੇ ਲੰਗਰ ਲਗਾਉਣ ਦੇ, ਵਿਸਾਖੀ ਦੇ ਦਿਨ ਵੱਧ ਤੋਂ ਵੱਧ ਬੂਟਿਆਂ ਦਾ ਪ੍ਰਸ਼ਾਦ ਵੰਡਿਆ ਜਾਵੇ। ਉਂਜ ਵੀ ਵਿਸਾਖ ਦਾ ਮਹੀਨਾ ਨਵੇਂ ਪੌਦੇ ਲਗਾਉਣ ਲਈ ਢੁਕਵਾਂ ਹੁੰਦਾ ਹੈ। ਸਮੇਂ ਦੀ ਨਜ਼ਾਕਤ ਅਨੁਸਾਰ ਇਹ ਉਪਰਾਲਾ ਆਲਮੀ ਤਪਸ਼ ਨੂੰ ਕੁਝ ਹੱਦ ਤੱਕ ਘਟਾਉਣ ਵਿਚ ਕਾਰਗਰ ਸਿੱਧ ਹੋ ਸਕਦਾ ਹੈ। ਜੇਕਰ ਸਾਰੇ ਹੀ ਤਿਉਹਾਰ ਅਸੀਂ ਇਸ ਤਰ੍ਹਾਂ ਮਨਾਉਣ ਲੱਗ ਜਾਈਏ ਤਾਂ ਆਪਣੀ ਮਾਂ ਧਰਤੀ ਨੂੰ ਵਧੇਰੇ ਸਮੇਂ ਤੱਕ ਰਹਿਣਯੋਗ ਬਣਾਈ ਰੱਖ ਸਕਦੇ ਹਾਂ।


-ਗੁਰਪ੍ਰੀਤ ਕੌਰ ਚਹਿਲ
ਪੰਜਾਬੀ ਅਧਿਆਪਕਾ, ਸ.ਸ.ਸ. ਸਕੂਲ, ਚਹਿਲਾਂਵਾਲੀ, ਮਾਨਸਾ।

16-05-2018

 ਦਲਿਤਾਂ 'ਤੇ ਜ਼ੁਲਮ

ਪਿਛਲੇ ਦਿਨੀਂ ਸੰਪਾਦਕੀ ਸਫ਼ੇ 'ਤੇ ਐਚ.ਐਸ. ਦਾਰਾਪੁਰੀ ਦਾ ਲੇਖ, ਭਾਜਪਾ ਦੀ ਸੱਤਾ ਵਾਲੇ ਸੂਬਿਆਂ 'ਚ ਹੋਈਆਂ ਦਲਿਤਾਂ ਨਾਲ ਵੱਧ ਜ਼ਿਆਦਤੀਆਂ, ਪੜ੍ਹ ਕੇ ਬਹੁਤ ਦੁੱਖ ਵੀ ਹੋਇਆ ਤੇ ਹੈਰਾਨੀ ਵੀ। ਦਲਿਤਾਂ ਉੱਪਰ ਜ਼ੁਲਮਾਂ ਦੀਆਂ ਇਕਾ-ਦੁੱਕਾ ਘਟਨਾਵਾਂ ਤਾਂ ਆਮ ਤੌਰ 'ਤੇ ਹੀ ਸੁਣਨ ਨੂੰ ਮਿਲਦੀਆਂ ਹਨ, ਪਰ ਜਦੋਂ ਤੋਂ ਕੇਂਦਰ ਵਿਚ ਭਾਜਪਾ ਦੀ ਬਹੁਮਤ ਵਾਲੀ ਸਰਕਾਰ ਆਈ ਹੈ, ਉਦੋਂ ਤੋਂ ਭਾਜਪਾ ਦੀ ਸੱਤਾ ਵਾਲੇ ਰਾਜਾਂ ਵਿਚ ਦਲਿਤਾਂ ਉੱਪਰ ਹੋਣ ਵਾਲੇ ਜ਼ੁਲਮਾਂ ਵਿਚ ਹੈਰਾਨੀਜਨਕ ਵਾਧਾ ਹੋਇਆ ਹੈ। ਇਹ ਕੋਈ ਆਮ ਸੰਸਥਾ ਦਾ ਸਰਵੇਖਣ ਨਹੀਂ, ਸਗੋਂ ਭਾਰਤ ਸਰਕਾਰ ਦੀ ਸੰਸਥਾ ਕੌਮੀ ਅਪਰਾਧ ਰਿਕਾਰਡ ਬਿਊਰੋ ਵਲੋਂ ਇਕ ਰਿਪੋਰਟ ਜਾਰੀ ਕੀਤੀ ਗਈ ਹੈ। ਕਦੇ ਘੋੜਾ ਰੱਖਣ ਕਰਕੇ, ਕਦੇ ਪੱਗ ਬੰਨ੍ਹਣ ਕਰਕੇ, ਕਦੇ ਬਰਾਤ ਪਿੰਡ ਵਿਚੋਂ ਲਿਜਾਣ ਕਰਕੇ, ਦਲਿਤਾਂ ਨੂੰ ਤਸ਼ੱਦਦ ਝੱਲਣਾ ਪੈਂਦਾ ਹੈ। ਦਲਿਤਾਂ ਨੂੰ ਜੇਕਰ ਸੰਵਿਧਾਨ ਨੇ ਕੁਝ ਹੱਕ ਦਿੱਤੇ ਹਨ ਤਾਂ ਉਨ੍ਹਾਂ ਨੂੰ ਵੀ ਖੋਹਣ ਦੇ ਯਤਨ ਹੋ ਰਹੇ ਹਨ, ਜਿਸ ਨਾਲ ਸਰਕਾਰੀ ਧਿਰ ਵਲੋਂ ਕੀਤੇ ਜਾ ਰਹੇ ਝੂਠੇ ਦਲਿਤ ਮੋਹ ਦਾ ਪਰਦਾ ਫਾਸ਼ ਹੋ ਚੁੱਕਾ ਹੈ।

-ਪ੍ਰੀਤ ਸਿੰਘ ਸੰਦਲ
ਪਿੰਡ ਮਕਸੂਦੜਾ, ਤਹਿ: ਪਾਇਲ (ਲੁਧਿਆਣਾ)।

'ਇਤਿਹਾਸ ਵਿਸ਼ੇ ਦੀ ਕਿਤਾਬ ਸਬੰਧੀ ਵਿਵਾਦ'

ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰ੍ਹਵੀਂ ਕਲਾਸ ਦੇ ਇਤਿਹਾਸ ਵਿਸ਼ੇ ਦਾ ਪਾਠਕ੍ਰਮ ਬਦਲਣ ਦਾ ਮਾਮਲਾ ਭਖਿਆ ਹੋਇਆ ਹੈ, ਜਿਸ ਬਾਰੇ ਅਕਾਲੀ ਦਲ ਅਤੇ ਕਾਂਗਰਸ ਆਦਿ ਰਾਜਨੀਤਕ ਪਾਰਟੀਆਂ ਵੀ ਆਪਣੇ-ਆਪਣੇ ਵਿਚਾਰ ਦੇ ਰਹੀਆਂ ਹਨ, ਪਰ ਇਸ ਸਭ ਨਾਲ ਸਭ ਤੋਂ ਵੱਧ ਨੁਕਸਾਨ ਬੱਚਿਆਂ ਦਾ ਹੀ ਹੋ ਰਿਹਾ ਹੈ। 31 ਮਾਰਚ ਨੂੰ ਨਤੀਜਾ ਆਉਣ ਤੋਂ ਬਾਅਦ ਨਵੇਂ ਸੈਸ਼ਨ ਦੀ ਸ਼ੁਰੂਆਤ ਹੋ ਜਾਂਦੀ ਹੈ। ਸੋ ਨਵੇਂ ਸੈਸ਼ਨ ਦੀ ਸ਼ੁਰੂਆਤ ਹੋਈ ਨੂੰ ਡੇਢ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ, ਪਰ ਅਜੇ ਤੱਕ ਪਾਠਕ੍ਰਮ ਨੂੰ ਲੈ ਕੇ ਬਹਿਸ ਹੀ ਹੋ ਰਹੀ ਹੈ। ਬੋਰਡ ਨੂੰ ਚਾਹੀਦਾ ਹੈ ਕਿ ਜੇ ਉਹ ਕਿਸੇ ਕਲਾਸ ਦਾ ਸਿਲੇਬਸ ਬਦਲਣਾ ਚਾਹੁੰਦਾ ਹੈ ਤਾਂ ਉਸ ਦੀ ਤਿਆਰੀ ਪਹਿਲਾਂ ਤੋਂ ਹੀ ਕੀਤੀ ਜਾਣੀ ਚਾਹੀਦੀ ਹੈ।
ਦੂਸਰਾ ਇਤਿਹਾਸ ਦੀ ਪੁਰਾਣੀ ਕਿਤਾਬ ਵਿਚ ਪੰਜਾਬ ਦੇ ਭੂਗੋਲਿਕ ਹਾਲਾਤ, ਦਸ ਗੁਰੂ ਸਾਹਿਬਾਨਾਂ ਦਾ ਜੀਵਨ, ਬੰਦਾ ਸਿੰਘ ਬਹਾਦਰ ਦੇ ਜੀਵਨ, ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ, ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਅਤੇ ਉਸ ਦੇ ਵਿਸ਼ਾਲ ਖ਼ਾਲਸਾ ਰਾਜ ਦਾ ਵਰਨਣ ਬਹੁਤ ਵਧੀਆ ਢੰਗ-ਤਰੀਕੇ ਨਾਲ ਕੀਤਾ ਗਿਆ ਸੀ। ਜੇਕਰ ਅਸਲ ਵਿਚ ਇਸ ਇਤਿਹਾਸ ਨੂੰ ਕਿਤਾਬ ਵਿਚੋਂ ਖ਼ਤਮ ਕੀਤਾ ਜਾ ਰਿਹਾ ਹੈ ਜਾਂ ਸੰਖੇਪ ਕੀਤਾ ਜਾ ਰਿਹਾ ਹੈ ਤਾਂ ਇਹ ਬਹੁਤ ਮੰਦਭਾਗਾ ਕਦਮ ਹੈ, ਕਿਉਂਕਿ ਜੋ ਕੌਮਾਂ ਆਪਣਾ ਇਤਹਿਾਸ ਭੁੱਲ ਜਾਂਦੀਆਂ ਹਨ, ਉਹ ਕਦੇ ਤਰੱਕੀ ਨਹੀਂ ਕਰ ਸਕਦੀਆਂ।

-ਜਸਪ੍ਰੀਤ ਕੌਰ ਸੰਘਾ
ਪਿੰਡ ਤਨੂੰਲੀ, ਹੁਸ਼ਿਆਰਪੁਰ।

ਪੜ੍ਹੋ ਪੰਜਾਬ ਦਾ ਪ੍ਰਭਾਵ

ਪਿਛਲੇ ਦਿਨੀਂ ਸੰਪਾਦਕੀ ਪੰਨੇ 'ਤੇ ਹਰਪ੍ਰੀਤ ਸਿੰਘ ਹੈੱਡ ਟੀਚਰ ਵਲੋਂ ਲਿਖਿਆ ਲੇਖ 'ਪ੍ਰਾਇਮਰੀ ਸਿੱਖਿਆ 'ਤੇ ਉਲਟਾ ਪ੍ਰਭਾਵ ਪਾ ਰਿਹਾ ਹੈ ਪੜ੍ਹੋ ਪੰਜਾਬ' ਪੜ੍ਹਿਆ। ਲੇਖਕ ਨੇ ਪ੍ਰਾਜੈਕਟ ਸਬੰਧੀ ਅਧੂਰੇ ਅਤੇ ਇਕਪਾਸੜ ਵਿਚਾਰ ਪੇਸ਼ ਕੀਤੇ ਹਨ। ਲੇਖਕ ਨੂੰ ਚਾਹੀਦਾ ਹੈ ਕਿ ਉਹ ਪੜ੍ਹੋ ਪੰਜਾਬ ਪ੍ਰਾਜੈਕਟ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਹੁਣ ਦੇ ਨਤੀਜਿਆਂ ਦੇ ਅੰਕੜੇ ਦੇਖੇ। ਅਸਲੀਅਤ ਇਹ ਹੈ ਕਿ ਇਸ ਪ੍ਰਾਜੈਕਟ ਨੇ ਸਕੂਲਾਂ ਵਿਚ ਪੜ੍ਹਾਈ ਦਾ ਮਾਹੌਲ ਪੈਦਾ ਕੀਤਾ ਹੈ। ਅਧਿਆਪਕਾਂ ਨੂੰ ਸੈਮੀਨਾਰਾਂ ਰਾਹੀਂ ਬਹੁਤ ਡੂੰਘਾਈ ਤੱਕ ਜਾ ਕੇ ਬੱਚਿਆਂ ਦੇ ਮਾਨਸਿਕ ਪੱਧਰ ਨੂੰ ਸਮਝਣ ਦੇ ਯੋਗ ਬਣਾਇਆ ਹੈ। ਕਿਉਂਕਿ ਇਸ ਵਿਚ ਅਧਿਆਪਕ ਦੀ ਮਿਹਨਤ ਵੀ ਵਧੀ ਹੈ। ਇਸੇ ਪ੍ਰਾਜੈਕਟ ਦੇ ਅਨੁਸਾਰ ਹੀ ਜਮਾਤ ਨਤੀਜਿਆਂ ਦੇ ਆਧਾਰ 'ਤੇ ਅਧਿਆਪਕਾਂ ਦੀ ਸਾਲਾਨਾ ਗੁਪਤ ਰਿਪੋਰਟ (ਏ.ਸੀ.ਆਰ.) ਵਿਚ ਨੰਬਰ ਲਾਏ ਜਾਣੇ ਹਨ। ਇਹੀ ਕਾਰਨ ਹੈ ਕਿ ਉਹ ਅਧਿਆਪਕ ਜੋ ਮਿਹਨਤ ਦੇ ਵਧੇਰੇ ਆਦੀ ਨਹੀਂ ਸਨ ਉਨ੍ਹਾਂ ਨੇ ਇਸ ਪ੍ਰਾਜੈਕਟ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ। ਪਰ ਬੱਚਿਆਂ ਦੇ ਪੜ੍ਹਨ ਅਤੇ ਲਿਖਣ ਪੱਧਰ ਵਿਚ ਇਸ ਪ੍ਰਾਜੈਕਟ ਨੇ ਬਹੁਤ ਸੁਧਾਰ ਕੀਤਾ ਹੈ। ਇਸ ਪ੍ਰਾਜੈਕਟ ਵਿਚ ਸਮੇਂ-ਸਮੇਂ 'ਤੇ ਅਧਿਆਪਕ ਰਾਇ ਲੈ ਕੇ ਸੁਧਾਰ ਕੀਤੇ ਜਾਂਦੇ ਰਹੇ ਹਨ। ਇਸ ਵਾਰ ਇਸ ਪ੍ਰਾਜੈਕਟ ਨੂੰ ਪੂਰੀ ਤਰ੍ਹਾਂ ਸਿਲੇਬਸ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਲਈ ਇਹ ਕਹਿਣਾ ਕਿ ਇਹ ਪ੍ਰਾਜੈਕਟ ਪ੍ਰਾਇਮਰੀ ਸਿੱਖਿਆ 'ਤੇ ਉਲਟਾ ਪ੍ਰਭਾਵ ਪਾ ਰਿਹਾ ਹੈ ਬਿਲਕੁਲ ਤੱਥਹੀਣ ਤੇ ਸੱਚਾਈ ਤੋਂ ਦੂਰ ਦੀ ਗੱਲ ਹੈ। ਚੰਗਾ ਲੇਖਕ ਸਿੱਕੇ ਦੇ ਦੋਵਾਂ ਪਹਿਲੂਆਂ ਨੂੰ ਵਾਚਦਾ ਹੈ।

-ਪਰਮਜੀਤ ਕੌਰ ਸਰਾਂ

ਰਸੂਖਦਾਰ ਕਰਜ਼ਦਾਰਾਂ ਦੀ ਸੂਚੀ

ਪਿਛਲੇ ਦਿਨੀਂ ਪੰਜਾਬ ਸਰਕਾਰ ਦੁਆਰਾ ਰਾਜਨੀਤਕ ਨੇਤਾਵਾਂ ਤੇ ਵੱਡੇ ਕਿਸਾਨ ਆਗੂਆਂ ਦੀ ਕਰਜ਼ੇ ਦੀ ਸੂਚੀ ਜਨਤਕ ਕੀਤੀ ਗਈ। ਇਸ ਸੂਚੀ ਤੋਂ ਇਹ ਗੱਲ ਸਪੱਸ਼ਟ ਹੋ ਗਈ ਕਿ ਕਿਸ ਤਰ੍ਹਾਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਸਿਆਸੀ ਸ਼ਹਿ 'ਤੇ ਬੈਂਕਾਂ ਪਾਸੋਂ ਬਹੁਤ ਜ਼ਿਆਦਾ ਕਰਜ਼ੇ ਲੈ ਲਏ। ਇਨ੍ਹਾਂ ਲੋਕਾਂ ਨੂੰ ਸਿਆਸੀ ਰੁਤਬੇ ਕਰਕੇ ਹੀ ਇੰਨੇ ਜ਼ਿਆਦਾ ਕਰਜ਼ੇ ਮਿਲੇ ਪਰ ਇਸ ਨੂੰ ਵਾਪਸ ਨਾ ਕਰਨ ਦਾ ਵਾਧੂ ਬੋਝ ਵੀ ਆਮ ਕਿਸਾਨਾਂ 'ਤੇ ਹੀ ਪਵੇਗਾ।
ਜੇਕਰ ਆਮ ਕਿਸਾਨ ਸਿਰ ਕਰਜ਼ਾ ਹੋਵੇ ਤਾਂ ਉਸ ਦੀ ਸੂਚੀ ਜਨਤਕ ਕਰ ਦਿੱਤੀ ਜਾਂਦੀ ਹੈ ਤੇ ਬੈਂਕਾਂ ਦੇ ਕਰਮਚਾਰੀਆਂ ਦੁਆਰਾ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਦੋਹਰੀ ਨੀਤੀ ਨਾ ਅਪਣਾਈ ਜਾਵੇ। ਰਾਜਨੀਤਕ ਪਾਰਟੀਆਂ ਨੂੰ ਵੀ ਚਾਹੀਦਾ ਹੈ ਕਿ ਜੋ ਉਨ੍ਹਾਂ ਦੇ ਆਗੂ ਡਿਫਾਲਟਰ ਹਨ ਉਨ੍ਹਾਂ ਨੂੰ ਚੋਣ ਨਾ ਲੜਨ ਦਿੱਤੀ ਜਾਵੇ, ਕਿਉਂਕਿ ਜੇਕਰ ਸਰਕਾਰ ਵਿਚ ਇਸ ਤਰ੍ਹਾਂ ਦੇ ਲੋਕ ਹਨ ਤਾਂ ਇਸ ਨਾਲ ਸਰਕਾਰ ਦੇ ਅਕਸ 'ਤੇ ਬੁਰਾ ਪ੍ਰਭਾਵ ਪੈਂਦਾ ਹੈ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ।

ਮੁਫ਼ਤ ਬਿਜਲੀ

ਜਦੋਂ ਕਦੀ ਪੰਜਾਬ ਦੀ ਆਰਥਿਕ ਹਾਲਤ ਮਜ਼ਬੂਤ ਸੀ, ਉਦੋਂ ਤੋਂ ਹੀ ਕਿਸਾਨਾਂ ਅਤੇ ਦਲਿਤ ਵਰਗਾਂ ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਜਾਂਦੀ ਰਹੀ ਹੈ। 'ਮੁਫ਼ਤ ਬਿਜਲੀ ਜ਼ਰੂਰ ਦਿਓ' ਪਰ ਮੁਫ਼ਤ ਬਿਜਲੀ ਦੇਣ ਲਈ ਕੋਈ ਆਰਥਿਕ ਮਾਪ ਦੰਡ ਤਹਿ ਹੋਣਾ ਚਾਹੀਦਾ ਹੈ। ਜਿਹੜੇ ਵੱਡੇ ਕਿਸਾਨ ਹਨ ਅਤੇ ਨਾਲ ਸਰਕਾਰੀ ਨੌਕਰੀ ਵੀ ਕਰਦੇ ਹਨ ਅਤੇ ਦਲਿਤ ਭਾਈਚਾਰੇ ਵਿਚੋਂ ਵੀ ਕਈ ਲੋਕ ਵੱਡੇ-ਵੱਡੇ ਅਹੁਦਿਆਂ 'ਤੇ ਬਿਰਾਜਮਾਨ ਹਨ, ਅਜਿਹੇ ਲੋਕਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਬਿਜਲੀ ਦੇ ਬਿੱਲ ਲਗਾਉਣੇ ਚਾਹੀਦੇ ਹਨ। ਜੇਕਰ ਸਰਕਾਰ ਨੇ ਜ਼ਰੂਰ ਹੀ ਮੁਫ਼ਤ ਬਿਜਲੀ ਦੀ ਸਹੂਲਤ ਦੇਣੀ ਹੈ ਤਾਂ ਛੋਟੇ ਕਿਸਾਨਾਂ ਅਤੇ ਗ਼ਰੀਬ ਵਰਗ ਨੂੰ ਹੀ ਦਿੱਤੀ ਜਾਣੀ ਚਾਹੀਦੀ ਹੈ। ਪਰ ਹੁਣ ਸਥਿਤੀ ਅਜਿਹੀ ਬਣ ਗਈ ਹੈ ਕਿ ਜੇਕਰ ਮੌਜੂਦਾ ਸਰਕਾਰ ਕਿਸਾਨਾਂ ਆਦਿ ਪਾਸੋਂ ਇਹ ਸਹੂਲਤ ਵਾਪਸ ਲੈਣੀ ਚਾਹੁੰਦੀ ਹੈ ਤਾਂ ਵਿਰੋਧੀ ਧਿਰ ਇਸ ਸਬੰਧੀ ਵਾ-ਵੇਲਾ ਖੜ੍ਹਾ ਕਰ ਦਿੰਦਾ ਹੈ, ਜਿਵੇਂ ਕਿ ਹੁਣ ਹੋ ਰਿਹਾ ਹੈ ਅਤੇ ਇਹ ਸਹੂਲਤ ਸਰਕਾਰਾਂ ਲਈ ਗਲੇ ਦੀ ਹੱਡੀ ਬਣ ਗਈ ਹੈ। ਸੋ, ਮੌਜੂਦਾ ਸਰਕਾਰ ਨੂੰ ਇਸ ਬਾਰੇ ਪੰਜਾਬ ਦੇ ਹਿਤ ਨੂੰ ਮੁੱਖ ਰੱਖਦੇ ਹੋਏ ਉਸਾਰੂ ਅਤੇ ਠੋਸ ਕਦਮ ਚੁੱਕਣ ਦੀ ਲੋੜ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

15-05-2018

 ਸਿਆਸੀ ਦਬਾਅ ਤੋਂ ਮੁਕਤ ਹੋਵੇ ਪੁਲਿਸ
ਪੰਜਾਬ ਵਿਚ ਇਸ ਸਮੇਂ ਕਾਨੂੰਨ ਵਿਵਸਥਾ ਹਾਸ਼ੀਏ 'ਤੇ ਆ ਚੁੱਕੀ ਹੈ। ਸਮਾਜ ਵਿਰੋਧੀ ਦਿਨ ਦਿਹਾੜੇ ਲੁੱਟ-ਖੋਹ, ਕਤਲ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਲੋਕਾਂ ਦੁਆਰਾ ਹਮੇਸ਼ਾ ਇਹ ਸ਼ਿਕਾਇਤ ਰਹਿੰਦੀ ਹੈ ਕਿ ਪੁਲਿਸ ਇਨ੍ਹਾਂ ਖਿਲਾਫ਼ ਕਾਰਵਾਈ ਨਹੀਂ ਕਰ ਰਹੀ। ਪੁਲਿਸ ਪ੍ਰਸ਼ਾਸਨ ਦਾ ਹਮੇਸ਼ਾ ਇਹ ਤਰਕ ਰਹਿੰਦਾ ਹੈ ਕਿ ਸਿਆਸੀ ਦਬਾਅ ਕਰਕੇ ਉਹ ਇਨ੍ਹਾਂ ਅਨਸਰਾਂ ਖਿਲਾਫ਼ ਕਾਰਵਾਈ ਨਹੀਂ ਕਰ ਸਕਦੇ ਜੇਕਰ ਉਹ ਕਿਸੇ ਨੂੰ ਗ੍ਰਿਫ਼ਤਾਰ ਵੀ ਕਰਦੇ ਹਨ ਤਾਂ ਸਿਆਸੀ ਰਸੂਖ ਰੱਖਣ ਵਾਲੇ ਲੋਕ ਤੁਰੰਤ ਇਨ੍ਹਾਂ ਦੀ ਪੈਰਵੀ ਕਰ ਕੇ ਛੁਡਾਅ ਲੈਂਦੇ ਹਨ। ਆਮ ਤੌਰ 'ਤੇ ਛੋਟੇ ਪੱਧਰ 'ਤੇ ਪਿੰਡਾਂ ਵਿਚ ਦੇਖਿਆ ਜਾਂਦਾ ਹੈ ਕਿ ਜੇਕਰ ਕੋਈ ਛੋਟਾ ਤਸਕਰ ਪੁਲਿਸ ਦੁਆਰਾ ਕਾਬੂ ਕਰ ਲਿਆ ਜਾਵੇ ਤਾਂ ਪਿੰਡ ਦੇ ਮੋਹਤਬਰ ਵਿਅਕਤੀ ਜੋ ਸਿਆਸੀ ਰਸੂਖ ਰੱਖਦੇ ਹਨ ਤੁਰੰਤ ਉਨ੍ਹਾਂ ਨੂੰ ਛੁਡਾਉਣ ਲਈ ਪਹੁੰਚ ਜਾਂਦੇ ਹਨ। ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਜਿਹੇ ਲੋਕ ਇਕ ਦਿਨ ਉਨ੍ਹਾਂ ਦੇ ਬੱਚਿਆਂ ਨੂੰ ਹੀ ਨਸ਼ਿਆਂ ਵਰਗੀ ਭੈੜੀ ਅਲਾਮਤ ਦਾ ਸ਼ਿਕਾਰ ਬਣਾ ਲੈਂਦੇ ਹਨ। ਸਿਆਸੀ ਪਾਰਟੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਵੋਟ ਬੈਂਕ ਦੀ ਰਾਜਨੀਤੀ ਤੋਂ ਉਪਰ ਉਠ ਕੇ ਪੁਲਿਸ ਪ੍ਰਸ਼ਾਸਨ ਨੂੰ ਨਿਰਪੱਖ ਕੰਮ ਕਰਨ ਦੇਣ, ਤਾਂ ਜੋ ਇਕ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ઠ

ਕਮਲ ਬਰਾੜ। ઠ
ਪਿੰਡ ਕੋਟਲੀ ਅਬਲੂ।

ਪੰਜਾਬੀ ਗਾਇਕੀ
ਇਕ ਪਾਸੇ ਜਿਥੇ ਪੰਜਾਬੀ ਸਿਨੇਮਾ ਤਰੱਕੀ ਦੀ ਰਾਹ 'ਤੇ ਵਧ ਰਿਹਾ ਹੈ ਅਤੇ ਦੂਜੇ ਪਾਸੇ ਰੋਜ਼ਾਨਾ ਇਕ ਨਵਾਂ ਗਾਇਕ ਆ ਕੇ ਲੱਚਰ ਤੋਂ ਲੱਚਰ ਗੀਤ ਪੇਸ਼ ਕਰ ਰਿਹਾ ਹੈ। ਜਿਨ੍ਹਾਂ ਵਿਚ ਲੱਚਰਤਾ ਤਾਂ ਐਨੀ ਕੁੱਟ-ਕੁੱਟ ਕੇ ਭਰੀ ਹੁੰਦੀ ਹੈ ਕਿ ਸੱਭਿਆਚਾਰ ਦਾ ਤਾਂ ਕੁਝ ਵੀ ਦਿਖਾਈ ਨਹੀਂ ਦਿੰਦਾ। ਇਨ੍ਹਾਂ ਗੀਤਾਂ ਵਿਚ ਹਥਿਆਰਾਂ ਅਤੇ ਨਸ਼ੇ ਦੀਆਂ ਗੱਲਾਂ ਤਾਂ ਆਮ ਹੋਣ ਨਾਲ ਸਾਡੇ ਸੱਭਿਆਚਾਰ ਨੂੰ ਬਹੁਤ ਹੀ ਜ਼ਿਆਦਾ ਠੇਸ ਪਹੁੰਚ ਰਹੀ ਹੈ। ਇਸ ਲਈ ਪੰਜਾਬ ਸਰਕਾਰ ਨੂੰ ਇਕ ਨਵਾਂ ਸੈਂਸਰ ਬੋਰਡ ਬਣਾਉਣਾ ਚਾਹੀਦਾ ਹੈ ਅਤੇ ਉਸ ਵਿਚ ਅਜਿਹੇ ਲੋਕ ਚਾਹੀਦੇ ਹਨ, ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਮਾਂ-ਬੋਲੀ ਵਾਸਤੇ ਕੰਮ ਕੀਤੇ ਹੋਣ ਤਾਂ ਜੋ ਅੱਜ ਦੇ ਗਾਇਕ ਸਾਫ਼-ਸੁਥਰੀ ਗਾਇਕੀ ਨੂੰ ਪੇਸ਼ ਕਰ ਸਕਣ। ਇਸ ਲਈ ਸਾਡਾ ਸੱਭਿਆਚਾਰ ਵੀ ਬਚ ਸਕੇ ਤੇ ਸਾਡੀ ਨੌਜਵਾਨ ਪੀੜ੍ਹੀ ਵੀ ਸਹੀ ਰਾਹ 'ਤੇ ਚੱਲ ਸਕੇ।

-ਅਕਾਸ਼ਦੀਪ ਸਿੰਘ ਸੀਰਵਾਲੀઠ
(ਜਮਾਤ- ਦਸਵੀਂ )

ਬੇਜ਼ੁਬਾਨਾਂ ਲਈ ਰੱਖੋ ਪਾਣੀ
ਅੱਜਕਲ੍ਹ ਪੰਜਾਬ ਅਤੇ ਨਾਲ ਲਗਦੇ ਖੇਤਰਾਂ 'ਚ ਗਰਮੀ ਦਾ ਕਹਿਰ ਪੂਰੇ ਜ਼ੋਰਾਂ 'ਤੇ ਹੈ। ਇਸ ਗਰਮੀ ਦੇ ਕਹਿਰ ਨੇ ਜਿੱਥੇ ਮਨੁੱਖੀ ਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਇਸ ਨਾਲ ਬਹੁਤ ਸਾਰੇ ਜੀਵ-ਜੰਤੂ, ਪਸ਼ੂ ਅਤੇ ਪੰਛੀ ਵੀ ਪ੍ਰਭਾਵਿਤ ਹੋ ਰਹੇ ਹਨ। ਪੰਛੀ ਕੁਦਰਤ ਦਾ ਅਨਮੋਲ ਸਰਮਾਇਆ ਹੁੰਦੇ ਹਨ। ਇਨ੍ਹਾਂ ਨਾਲ ਕੁਦਰਤ ਬਹੁਤ ਸੁਹਾਵਣੀ ਲੱਗਦੀ ਹੈ। ਸੋ, ਇਨ੍ਹਾਂ ਪੰਛੀਆਂ ਨੂੰ ਗਰਮੀ ਤੋਂ ਬਚਾਉਣ ਲਈ ਸਾਡਾ ਸਭ ਦਾ ਇਹ ਨੈਤਿਕ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਘਰਾਂ ਦੀਆਂ ਛੱਤਾਂ, ਬਨੇਰਿਆਂ ਅਤੇ ਹੋਰ ਸਾਂਝੀਆਂ ਥਾਵਾਂ ਉੱਪਰ ਇਨ੍ਹਾਂ ਲਈ ਪਾਣੀ ਦਾ ਪ੍ਰਬੰਧ ਕਰੀਏ, ਤਾਂ ਜੋ ਇਹ ਬੇਜ਼ੁਬਾਨ ਪੰਛੀ ਆਪਣੀ ਪਿਆਸ ਬੁਝਾ ਸਕਣ। ਇਹ ਸਾਡੇ ਸਾਰਿਆਂ ਲਈ ਜਿੱਥੇ ਪੁੰਨ ਦਾ ਕੰਮ ਹੋਵੇਗਾ ਨਾਲ ਹੀ ਪੰਛੀਆਂ ਦੀ ਚਹਿ-ਚਹਾਉਂਦੀਆਂ ਆਵਾਜ਼ਾਂ ਨਾਲ ਸਾਡਾ ਆਲਾ-ਦੁਆਲਾ ਵੀ ਗੂੰਜਦਾ ਰਹੇਗਾ।

-ਸ਼ੰਕਰ ਦਾਸ
ਮੋਗਾ।

ਪੰਜਾਬ ਦਾ ਇਤਿਹਾਸ
ਪਿਛਲੇ ਦਿਨੀਂ ਵਿਸ਼ੇਸ਼ ਸੰਪਾਦਕੀ 'ਗਹਿਰੀ ਸਾਜਿਸ਼ ਹੈ ਗੌਰਵਮਈ ਇਤਿਹਾਸ 'ਤੇ ਲੀਕ ਮਾਰਨੀ' ਵਿਚ ਪੰਜਾਬੀਆਂ ਖਾਸ ਕਰ ਸਿੱਖਾਂ ਦੇ ਇਤਿਹਾਸ ਦੀ ਤਰਜਮਾਨੀ ਕੀਤੀ ਹੈ। ਸਿਕੰਦਰ ਤੋਂ ਲੈ ਕੇ ਦੱਰਾ ਖ਼ੈਬਰ ਰਾਹੀਂ ਜਿੰਨੇ ਵੀ ਹਮਲਾਵਰ ਆਏ ਸਭ ਨਾਲ ਪਹਿਲਾਂ ਪੰਜਾਬੀਆਂ ਨੇ ਹੀ ਟੱਕਰ ਲਈ ਹੈ। ਸਿੱਖਾਂ ਨੇ ਹਮੇਸ਼ਾ ਹੱਕ-ਸੱਚ ਦੀ ਲੜਾਈ ਲੜੀ ਹੈ। ਆਜ਼ਾਦੀ ਪ੍ਰਾਪਤੀ ਵਿਚ ਲਗਪਗ 80 ਫ਼ੀਸਦੀ ਕੁਰਬਾਨੀਆਂ ਦਿੱਤੀਆਂ ਹਨ। ਹਰ ਕੌਮ ਆਪਣੇ ਇਤਿਹਾਸ, ਸੱਭਿਆਚਾਰ ਤੇ ਮਾਂ-ਬੋਲੀ ਨਾਲ ਕਾਇਮ ਹੈ। ਇਹ ਸਭ ਕੁਝ ਆਪਣੀ ਕੁਰਸੀ ਦੀ ਖ਼ਾਤਰ ਆਪਣਾ ਦੀਨ-ਈਮਾਨ, ਜ਼ਮੀਰ, ਫ਼ਰਜ਼ ਤੇ ਨੈਤਿਕਤਾ ਨੂੰ ਛਿੱਕੇ ਟੰਗ ਕੇ ਕੀਤਾ ਜਾ ਰਿਹਾ ਹੈ।

-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ।

ਦਾਣਾ ਮੰਡੀਆਂ ਦੀ ਦੁਰਦਸ਼ਾ
ਦਾਣਾ ਮੰਡੀਆਂ ਦੀ ਹਾਲਤ ਤਰਸਯੋਗ ਬਣੀ ਹੈ। ਸਮੇਂ ਸਿਰ ਚੁਕਾਈ ਨਾ ਹੋਣ ਕਰਕੇ ਕਿਸਾਨ ਅਤੇ ਆੜ੍ਹਤੀਏ ਪ੍ਰੇਸ਼ਾਨ ਹਨ। ਬਹੁਤੀਆਂ ਮੰਡੀਆਂ ਵਿਚ ਬੋਰੀਆਂ ਦੇ ਅੰਬਾਰ ਲੱਗੇ ਹਨ। ਕਈ ਜਗ੍ਹਾ ਕਿਸਾਨਾਂ ਕੋਲੋਂ ਗੁੰਡਾ ਟੈਕਸ ਲੈਣ ਦੀਆਂ ਵੀ ਖ਼ਬਰਾਂ ਆਈਆਂ ਹਨ। ਸਰਕਾਰ ਵਲੋਂ ਟੈਂਡਰ ਦੇਣ ਦੀ ਦੇਰੀ, ਮਾਲ ਕਿਰਾਇਆ ਘੱਟ ਕਰਨ ਕਰਕੇ ਟਰੱਕ ਆਪ੍ਰੇਟਰਾਂ ਵਿਚ ਗੁੱਸਾ ਹੋਣਾ ਸੁਭਾਵਿਕ ਹੈ। ਕਿਸਾਨਾਂ ਦਾ ਗੱਡਾ ਟਰੈਕਟਰ-ਟਰਾਲੀ ਵੀ ਇਹ ਕਈ ਟਨ ਭਾਰਾ ਕੰਮ ਨਹੀਂ ਕਰ ਸਕਦਾ। ਖਰਾਬ ਮੌਸਮ ਦੇ ਚਲਦਿਆਂ ਕਿਸਾਨਾਂ ਦੀ ਖ਼ੂਨ-ਪਸੀਨੇ ਦੀ ਕਮਾਈ ਇਹ ਸੋਨੇ ਵਰਗੀ ਫ਼ਸਲ ਨਸ਼ਟ ਹੋ ਸਕਦੀ ਹੈ। ਸਰਕਾਰ ਆਪਣੀ ਜ਼ਿੰਮੇਵਾਰੀ ਕਬੂਲਦਿਆਂ ਸਮਾਂ ਰਹਿੰਦਿਆਂ ਯੋਗ ਪ੍ਰਬੰਧ ਕਰੇ, ਤਾਂ ਕਿ ਕੋਈ ਪ੍ਰੇਸ਼ਾਨੀ ਦਾ ਸਬੱਬ ਨਾ ਬਣੇ।

-ਲਖਵਿੰਦਰ ਸਿੰਘ ਗਿੱਲ
ਪਿੰਡ ਤੇ ਡਾਕ: ਧਨਾਨਸੂ, ਜ਼ਿਲ੍ਹਾ ਲੁਧਿਆਣਾ।

ਪੰਜਾਬ ਤੇ ਗੁਰ ਇਤਿਹਾਸ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਨੂੰ ਪਿਛਲੇ ਕਈ ਸਾਲਾਂ ਤੋਂ ਪੜ੍ਹਾਈ ਜਾਣ ਵਾਲੀ ਇਤਿਹਾਸ ਦੀ ਪਾਠ ਪੁਸਤਕ 'ਪੰਜਾਬ ਦਾ ਇਤਿਹਾਸ' ਨੂੰ ਨਵਿਓਂ ਸਿਰਿਉਂ ਸਿਰਫ਼ 'ਇਤਿਹਾਸ' ਸਿਰਲੇਖ ਹੇਠ ਛਾਪ ਕੇ ਪੰਜਾਬ ਦੇ ਗੌਰਵਮਈ ਇਤਿਹਾਸ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਪੁਸਤਕ ਦੇ ਪਹਿਲਾਂ 324 ਪੰਨੇ ਅਤੇ 23 ਚੈਪਟਰ ਸਨ। ਇਸ ਕਿਤਾਬ ਦੀ ਸ਼ੁਰੂਆਤ ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ, ਦਸ ਗੁਰੂ ਸਾਹਿਬਾਨਾਂ ਦਾ ਵਿਸਥਾਰਪੂਰਵਕ ਜੀਵਨ ਫਲਸਫ਼ਾ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦਾ ਪੂਰਨ ਹਾਲ ਆਦਿ ਸ਼ਾਮਿਲ ਸੀ।
ਪਰ ਹੁਣ ਪੰਜਾਬ ਅਤੇ ਸਿੱਖ ਵਿਰੋਧੀ ਤਾਕਤਾਂ ਦੇ ਦਬਾਅ ਹੇਠ ਸਿਰਫ਼ 'ਇਤਿਹਾਸ' ਸਿਰਲੇਖ ਹੇਠ ਛਪੀ ਇਸ ਪੁਸਤਕ ਦੇ ਸਿਰਫ਼ 182 ਪੰਨੇ ਹਨ। ਇਸ ਪੁਸਤਕ ਵਿਚੋਂ ਪੰਜਾਬ, ਗੁਰੂ ਸਾਹਿਬਾਨਾਂ ਦੇ ਵਿਸਥਾਰਪੂਰਵਕ ਜੀਵਨ ਫਲਸਫ਼ਾ ਅਤੇ ਸਿੱਖ ਇਤਿਹਾਸ ਦੇ ਪਰ ਕੁਤਰ ਦਿੱਤੇ ਗਏ। ਇਸੇ ਪ੍ਰਕਾਰ ਗਿਆਰ੍ਹਵੀਂ ਸ਼੍ਰੇਣੀ ਦੀ ਇਤਿਹਾਸ ਨਾਲ ਸਬੰਧਤ ਕਿਤਾਬ ਨਾਲ ਵੀ ਵੱਡੀ ਛੇੜਛਾੜ ਕੀਤੀ ਗਈ ਹੈ। ਸਿੱਖ ਗੁਰੂਆਂ ਅਤੇ ਸਿੱਖ ਕੌਮ ਦੇ ਜੁਝਾਰੂਆਂ ਨੇ ਜਬਰ ਜ਼ੁਲਮ ਦੇ ਖਿਲਾਫ਼ ਆਪਣੇ ਖ਼ੂਨ ਦਾ ਇਕ-ਇਕ ਕਤਰਾ ਵਹਾ ਕੇ ਜਿਥੇ ਆਪਣੇ ਪੰਜਾਬ ਦੀ ਪਤ ਬਚਾਈ, ਉਥੇ ਇਸ ਦੇਸ਼ ਦੀ ਆਨ-ਸ਼ਾਨ ਵੀ ਕਾਇਮ ਰੱਖੀ। ਪੰਜਾਬੀਆਂ ਨੂੰ ਇਹਦਾ ਮੁੱਲ ਜਿਹੜੇ ਢੰਗ ਵਿਚ ਮਿਲ ਰਿਹਾ ਹੈ, ਉਹ ਸਭ ਦੇ ਸਾਹਮਣੇ ਹੈ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ।

11-05-2018

 ਜ਼ਿੰਮੇਵਾਰੀ ਨਿਭਾਉਣੀ ਹੋਵੇਗੀ
ਉਹ ਕਿਹੜਾ ਮੁਕਾਮ ਹੈ ਜਿਸ ਨੂੰ ਅੱਜ ਦੀ ਬੇਟੀ ਪ੍ਰਾਪਤ ਨਹੀਂ ਕਰ ਸਕਦੀ। ਉੱਚੇ-ਉੱਚੇ ਅਹੁਦਿਆਂ 'ਤੇ ਪਹੁੰਚ ਕੇ ਮਾਂ-ਬਾਪ ਅਤੇ ਆਪਣੇ ਦੇਸ਼ ਦਾ ਨਾਂਅ ਰੌਸ਼ਨ ਕਰਨ ਅਤੇ ਅੰਤ ਤੱਕ ਆਪਣੇ ਮਾਂ-ਬਾਪ ਦਾ ਸਹਾਰਾ ਬਣ ਕੇ ਬੇਟੀਆਂ ਨੇ ਸਮਾਜ ਦੀ ਨਾਕਾਰਾਤਮਕ ਸੋਚ ਨੂੰ ਪਛਾੜ ਦਿੱਤਾ ਹੈ। ਪਰ ਫਿਰ ਵੀ ਅਗਿਆਨਤਾ ਦੀ ਘਾਟ ਕਾਰਨ ਕੁਝ ਲੋਕ ਅੱਜ ਵੀ ਬੇਟੀਆਂ ਦਾ ਤ੍ਰਿਸਕਾਰ ਕਰ ਰਹੇ ਹਨ। ਅੱਜ ਵੀ ਬੇਟੀਆਂ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਹਨ। ਦਿਨੋ-ਦਿਨ ਵਧ ਰਹੀ ਭਰੂਣ ਹੱਤਿਆ, ਜਬਰ ਜਨਾਹ ਅਤੇ ਕਤਲ ਨੇ ਬੇਟੀਆਂ ਨੂੰ ਦਬਾਉਣਾ ਸ਼ੁਰੂ ਕਰ ਦਿੱਤਾ ਹੈ। ਜੋ ਅੱਜ ਇਹ ਜੁਰਮ ਕਰ ਰਹੇ ਹਨ, ਉਹ ਕਿਉਂ ਨਹੀਂ ਸੋਚਦੇ ਕਿ ਉਨ੍ਹਾਂ ਦਾ ਆਪਣਾ ਪਰਿਵਾਰ ਵੀ ਇਸ ਸਮਾਜ ਵਿਚ ਰਹਿ ਰਿਹਾ ਹੈ, ਜਿਸ ਨੂੰ ਉਹ ਗੰਧਲਾ ਕਰ ਰਹੇ ਹਨ। ਜੇ ਦੂਜਿਆਂ ਦੀ ਬੇਟੀ ਦਾ ਸਤਿਕਾਰ ਕਰਾਂਗੇ ਤਾਂ ਹੀ ਸਾਡੀਆਂ ਬੇਟੀਆਂ ਸਤਿਕਾਰ ਨਾਲ ਜਿਊਣਗੀਆਂ। ਕੀ ਕਸੂਰ ਹੈ ਇਨ੍ਹਾਂ ਬੱਚੀਆਂ ਦਾ? ਕੌਣ ਜ਼ਿੰਮੇਵਾਰ ਹੈ ਇਸ ਦਾ? ਸੂਝਵਾਨ ਲੋਕੋ ਜਾਗੋ ਸਮਾਜ ਦੇ ਗੰਧਲੇ ਹੋ ਰਹੇ ਵਾਤਾਵਰਨ ਨੂੰ ਬਚਾਓ। ਬੇਟੀਆਂ ਦੀ ਸੁਰੱਖਿਆ ਯਕੀਨੀ ਬਣਾਓ। ਇਨਸਾਨੀ ਸੋਚ ਪੈਦਾ ਕਰਕੇ ਹੈਵਾਨੀਅਤ ਦੀ ਸੋਚ ਦਾ ਖ਼ਾਤਮਾ ਕਰੋ। ਬੇਟੀਆਂ ਦੀ ਸੁਰੱਖਿਆ ਲਈ ਸਭ ਤੋਂ ਪਹਿਲਾਂ ਆਮ ਇਨਸਾਨ ਨੂੰ ਅੱਗੇ ਹੋ ਕੇ ਆਪਣਾ ਪਰਜ਼ ਨਿਭਾਉਣਾ ਹੋਵੇਗਾ ਤਾਂ ਹੀ ਸਾਡੀਆਂ ਬੇਟੀਆਂ ਸੁਰੱਖਿਅਤ ਹੋ ਕੇ ਮਾਂ-ਬਾਪ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨਗੀਆਂ।


-ਬੀਰਪਾਲ ਕੌਰ ਸਿੱਧੂ
ਭਦੌੜ।


ਮਹਾਨ ਕਵੀਆਂ ਦੀਆਂ ਰਚਨਾਵਾਂ
ਪਿਛਲੇ ਦਿਨੀਂ 'ਧਰਮ ਤੇ ਵਿਰਸਾ' ਅੰਕ ਵਿਚ 'ਭਾਈ ਵੀਰ ਸਿੰਘ ਦੀ ਲਿਖਤ ਦੇ ਰਿਕਾਰਡਿੰਗ ਤਵੇ' ਸਿਰਲੇਖ ਤਹਿਤ ਗੁਰਮੁਖ ਸਿੰਘ ਲਾਲੀ ਦੀ ਲਿਖਤ ਪੜ੍ਹਨ ਨੂੰ ਮਿਲੀ। ਪੜ੍ਹ ਕੇ ਹੈਰਾਨੀ ਭਰੀ ਖੁਸ਼ੀ ਹੋਈ ਕਿ ਸਾਡੇ ਵਿਦਵਾਨ ਕਵੀ ਦੀਆਂ ਰਚਨਾਵਾਂ ਰਿਕਾਰਡ ਹੋ ਕੇ ਤਵੇ ਦੇ ਰੂਪ ਵਿਚ ਮੌਜੂਦ ਹਨ। ਪਰ ਹੁਣ ਤੱਕ ਅਸੀਂ ਬਨੇਰਿਆਂ 'ਤੇ ਵਜਦੇ ਲਾਊਡ ਸਪੀਕਰਾਂ ਤੋਂ ਵਾਂਝੇ ਹੀ ਰਹੇ। ਕਾਵਿ ਕਲਾ ਦੇ ਮਾਹਿਰ ਇਸ ਕਵੀ ਦੀਆਂ ਰਚਨਾਵਾਂ ਨੂੰ ਖੂਬ ਸ਼ਿੰਗਾਰਿਆ ਹੈ। ਲੇਖਕ ਨੇ ਸਾਹਿਤਕ, ਇਤਿਹਾਸਕ, ਵਿਰਾਸਤ ਨੂੰ ਪਾਠਕਾਂ ਨਾਲ ਸਾਂਝਾ ਕਰਕੇ ਸਾਡੇ ਆਮ ਗਿਆਨ ਵਿਚ ਵਾਧਾ ਕੀਤਾ ਹੈ। ਅੱਜ ਲੋੜ ਹੈ, ਇਹੋ ਜਿਹੇ ਤਵਿਆਂ ਨੂੰ ਮਿਊਜ਼ਿਕ ਦੇ ਨਵੇਂ ਮਾਧਿਅਮ 'ਚ ਲਿਆ ਕੇ ਸਰੋਤਿਆਂ ਨੂੰ ਇਹੋ ਜਿਹੇ ਵੱਡੇ ਤੇ ਮਹਾਨ ਕਵੀਆਂ ਦੀਆਂ ਰਚਨਾਵਾਂ ਨਾਲ ਜੋੜਨ ਦੀ।


-ਸਨੇਹਇੰਦਰ ਮੀਲੂ ਫਰੌਰ
ਖੰਨਾ, ਜ਼ਿਲ੍ਹਾ ਲੁਧਿਆਣਾ।


ਪ੍ਰਸ਼ਾਸਨ ਦੀ ਅਵੇਸਲੀ ਪਹੁੰਚ
ਨੈਸ਼ਨਲ ਗ੍ਰੀਨ ਟ੍ਰਿਬਿਉੂਨਲ (ਐਨ.ਜੀ.ਟੀ.) ਦੀਆਂ ਹਦਾਇਤਾਂ ਅਤੇ ਸਰਕਾਰ ਤੇ ਪ੍ਰਸ਼ਾਸਨ ਵਲੋਂ ਵਾਤਾਵਰਨ ਨੂੰ ਦੁੂਸ਼ਿਤ ਹੋਣ ਤੋਂ ਬਚਾਉਣ ਲਈ ਹਰ ਵਾਰੀ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ ਅਤੇ ਇਸ ਤੋਂ ਇਲਾਵਾ ਲੋਕਾਂ ਨੂੰ ਵਾਤਾਵਰਨ ਸੰਭਾਲ ਸਬੰਧੀ ਜਾਗਰੂਕ ਕਰਨ ਦੀਆਂ ਵੀ ਅਨੇਕਾਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ, ਪਰ ਕਿਸਾਨਾਂ ਤੱਕ ਇਹ ਜਾਣਕਾਰੀਆਂ ਪਹੁੰਚਣ ਦੇ ਬਾਵਜੂਦ ਕਿਸਾਨ ਫ਼ਸਲ ਦੀ ਕਟਾਈ ਤੋਂ ਬਾਅਦ ਕਣਕ ਦੇ ਬਚੇ ਨਾੜ ਨੂੰ ਅੱਗ ਦੇ ਹਵਾਲੇ ਕਰਕੇ ਵਾਤਾਵਰਨ ਨਾਲ ਛੇੜਛਾੜ ਵਿਚ ਲੱਗੇ ਹੋਏ ਹਨ। ਸਰਕਾਰ ਵਲੋਂ ਹਰੇਕ ਸਾਲ ਫ਼ਸਲ ਦੀ ਰਹਿੰਦ-ਖੂੰਹਦ ਨੂੰ ਸਾੜਨ 'ਤੇ ਪੂਰਨ ਪ੍ਰਾਬੰਦੀ ਲਗਾਈ ਜਾਂਦੀ ਹੈ ਪਰ ਇਸ ਦੇ ਬਾਵਜੂਦ ਕਿਸਾਨਾਂ ਵਲੋਂ ਸ਼ਰੇਆਮ ਕਣਕ ਦੇ ਬਚੇ ਨਾੜ ਨੂੰ ਸਾੜਿਆ ਜਾ ਰਿਹਾ ਹੈ। ਇਸ ਨਾਲ ਨਾ ਸਿਰਫ ਵੱਡੀ ਮਾਤਰਾ ਵਿਚ ਧੂੰਆਂ ਹਵਾ ਵਿਚ ਮਿਲ ਕੇ ਵਾਤਾਵਰਨ ਨੂੰ ਦੂਸ਼ਿਤ ਕਰਦਾ ਹੈ, ਸਗੋਂ ਇਹ ਧੂੰਆਂ ਸੜਕ ਹਾਦਸਿਆਂ ਦਾ ਕਾਰਨ ਵੀ ਬਣਦਾ ਹੈ। ਲੋੜ ਹੈ ਕਿਸਾਨਾਂ ਵਿਚ ਪਿੰਡ ਪੱਧਰ ਤੱਕ ਜਾਗਰੂਕਤਾ ਪੈਦਾ ਕਰਨ ਦੀ ਅਤੇ ਪ੍ਰਸ਼ਾਸਨ ਨੂੰ ਇਸ ਪ੍ਰਤੀ ਸਖ਼ਤ ਕਦਮ ਚੁੱਕਣ ਦੀ ਤਾਂ ਕਿ ਵਾਤਾਵਰਨ ਨੂੰ ਦੂੁਸ਼ਿਤ ਹੋਣ ਤੋਂ ਬਚਾਇਆ ਜਾ ਸਕੇ।


-ਪ੍ਰੋ: ਮਨਪ੍ਰੀਤ ਕੌਰ ਗੋਰਾਇਆਂ
ਪਿੰਡ ਸ਼ੇਖਾ (ਗੁਰਦਾਸਪੁਰ)।


ਡੋਪ ਟੈਸਟ ਜ਼ਰੂਰੀ
ਪੰਜਾਬ ਸਰਕਾਰ ਵਲੋਂ ਹਥਿਆਰ ਰੱਖਣ ਵਾਲੇ ਵਿਅਕਤੀਆਂ ਦੇ ਡੋਪ ਟੈਸਟ ਕਰਵਾਏ ਗਏ ਹਨ, ਜਿਨ੍ਹਾਂ ਵਿਚ 25 ਤੋਂ 30 ਫ਼ੀਸਦੀ ਵਿਅਕਤੀਆਂ ਵਿਚ ਨਸ਼ੇ ਦੇ ਆਦੀ ਹੋਣ ਦੇ ਲੱਛਣ ਪਾਏ ਗਏ ਦੱਸੇ ਹਨ। ਸਰਕਾਰ ਦਾ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਕਿਸੇ ਵੀ ਵਿਅਕਤੀ ਭਾਵੇਂ ਉਹ ਆਮ ਹੋਵੇ ਜਾਂ ਖਾਸ ਉਸ ਨੂੰ ਲਾਇਸੈਂਸ ਜਾਰੀ ਕਰਨ ਤੋਂ ਪਹਿਲਾਂ ਉਸ ਦੀ ਹੈਸੀਅਤ ਦੀ ਜਾਂਚ ਪੜਤਾਲ ਕਰੇ, ਉਸ ਦਾ ਆਰਥਿਕ ਪੱਧਰ ਅਤੇ ਉਸ ਦਾ ਸਮਾਜ ਵਿਚ ਕੀ ਰੁਤਬਾ ਹੈ ਅਤੇ ਉਸ ਨੂੰ ਜਾਨ ਮਾਲ ਦਾ ਖ਼ਤਰਾ ਹੈ ਵੀ ਜਾਂ ਨਹੀਂ ਅਤੇ ਕੀ ਉਹ ਨਸ਼ੇ ਦਾ ਆਦੀ ਤਾਂ ਨਹੀਂ? ਇਸ ਸਾਰੇ ਦੀ ਤਸਦੀਕ ਪਟਵਾਰੀ, ਕਾਨੂੰਨਗੋ ਅਤੇ ਤਹਿਸੀਲਦਾਰ ਤੋਂ ਕਰਵਾ ਕੇ ਹੀ ਲਾਇਸੈਂਸ ਜਾਰੀ ਕੀਤਾ ਜਾਵੇ ਤਾਂ ਜੋ ਬਿਨਾਂ ਵਜ੍ਹਾ ਹੋਣ ਵਾਲੀ ਕੋਈ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਭ੍ਰਿਸ਼ਟਾਚਾਰ ਦੇ ਗੁਲਾਮ
ਕੀ ਅਸੀਂ ਸੱਚਮੁੱਚ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਜਾਂ ਫਿਰ ਆਜ਼ਾਦੀ ਦੇ ਨਾਂਅ 'ਤੇ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਹੈ? ਸਿੱਖਿਆ, ਸਿਹਤ, ਕਾਨੂੰਨ, ਨਿਆਂ ਪ੍ਰਣਾਲੀ, ਕੁਦਰਤੀ ਸਰੋਤ ਆਖ਼ਰ ਅਸੀਂ ਕਿਸ ਪ੍ਰਤੀ ਇਮਾਨਦਾਰ ਹਾਂ? ਕੀ ਕਦੇ ਇਨ੍ਹਾਂ ਪ੍ਰਤੀ ਇਮਾਨਦਾਰ ਹੁੰਦੇ ਹਾਂ ਜਾਂ ਹੋਵਾਂਗੇ? ਸਾਡੇ ਭ੍ਰਿਸ਼ਟ ਨੇਤਾਵਾਂ ਨੇ ਸਾਡੇ ਦੇਸ਼ ਦੇ ਲੋਕਾਂ ਨੂੰ ਵੀ ਭ੍ਰਿਸ਼ਟ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਜੇ ਮਹਿੰਗਾਈ, ਧੱਕੇਸ਼ਾਹੀ, ਜਬਰ ਜਨਾਹ ਦੇ ਵਿਰੁੱਧ ਕੁਝ ਜਥੇਬੰਦੀਆਂ ਜਾਂ ਲੋਕ ਬੋਲਦੇ ਹਨ, ਉਨ੍ਹਾਂ 'ਤੇ ਝੂਠੇ ਕੇਸ ਪਾ ਕੇ ਜੇਲ੍ਹਾਂ 'ਚ ਡੱਕਿਆ ਜਾਂਦਾ ਹੈ। ਅੱਜ ਸਾਨੂੰ ਗੰਦੇ ਸੱਭਿਆਚਾਰ, ਵਿੱਦਿਆ ਪ੍ਰਣਾਲੀ, ਭ੍ਰਿਸ਼ਟ ਨਿਜ਼ਾਮ ਤੋਂ ਛੁਟਕਾਰਾ ਪਾਉਣ ਲਈ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ 'ਤੇ ਚਲਣਾ ਪਵੇਗਾ। ਅਜੇ ਵੇਲਾ ਹੈ ਕਿ ਹੱਕ, ਸੱਚ, ਇਨਸਾਫ਼ ਦੇ ਰਾਹ ਚੱਲ ਕੇ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਈਏ।


-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਮੋਗਾ।


ਆਸ਼ਾਵਾਦੀ ਸੋਚ
ਇਨਸਾਨ ਦੀ ਸੋਚ ਹੀ ਹੈ ਜੋ ਉਸ ਨੂੰ ਸਫ਼ਲ ਅਸਫ਼ਲ ਬਣਾਉਂਦੀ ਹੈ। ਨਿਰਾਸ਼ਾਵਾਦੀ ਸੋਚ ਵਾਲਾ ਇਨਸਾਨ ਹਮੇਸ਼ਾ ਅਸਫ਼ਲ ਹੀ ਹੁੰਦਾ ਹੈ ਅਤੇ ਆਸ਼ਾਵਾਦੀ ਸੋਚ ਵਾਲਾ ਇਨਸਾਨ ਹਮੇਸ਼ਾ ਸਫ਼ਲ ਹੁੰਦਾ ਹੈ। ਉਸ ਨੂੰ ਸਫ਼ਲਤਾ ਚਾਹੇ ਦੇਰ ਨਾਲ ਮਿਲੇ ਪਰ ਮਿਲਦੀ ਜ਼ਰੂਰ ਹੈ। ਸਿਆਣਿਆਂ ਵੀ ਕਿਹਾ ਹੈ, ਜਿਥੇ ਚਾਹ ਉਥੇ ਰਾਹ'। ਸੁੱਖ ਤੇ ਦੁੱਖ ਜ਼ਿੰਦਗੀ ਦਾ ਹਿੱਸਾ ਹਨ। ਦੁੱਖਾਂ ਤੋਂ ਬਿਨਾਂ ਸੁੱਖ ਦੀ ਵੀ ਕੋਈ ਕੀਮਤ ਨਹੀਂ। ਇਸ ਲਈ ਦੁੱਖ-ਸੁੱਖ ਨੂੰ ਬਰਾਬਰ ਸਮਝ ਕੇ ਹੀ ਚਲਣਾ ਚਾਹੀਦਾ ਹੈ। ਪਰਮਾਤਮਾ ਦੇ ਕੀਤੇ 'ਤੇ ਕਦੇ ਕਿੰਤੂ-ਪ੍ਰੰਤੂ ਨਹੀਂ ਕਰਨਾ ਚਾਹੀਦਾ, ਕਿਉਂਕਿ ਸਾਨੂੰ ਸਿਰਫ ਆਪਣੀ ਫ਼ਿਕਰ ਹੁੰਦੀ ਹੈ ਪਰ ਉਸ ਨੂੰ ਪੂਰੀ ਸ੍ਰਿਸ਼ਟੀ ਦੀ ਫ਼ਿਕਰ ਹੈ। ਜੇਕਰ ਪਰਮਾਤਮਾ ਦੀ ਰਜ਼ਾ ਵਿਚ ਰਹਿਣਾ ਆ ਜਾਵੇ ਤਾਂ ਜ਼ਿੰਦਗੀ ਜਿਊਣੀ ਆਸਾਨ ਹੋ ਜਾਂਦੀ ਹੈ।


-ਜਸਪ੍ਰੀਤ ਕੌਰ 'ਸੰਘਾ'
ਪਿੰਡ ਤਨੂੰਲੀ (ਹੁਸ਼ਿਆਰਪੁਰ)।

10-05-2018

 ਵਧਦੇ ਜੁਰਮ
ਬੀਤੇ ਦਿਨ ਸੰਪਾਦਕੀ 'ਬੱਚੀਆਂ ਵਿਰੁੱਧ ਵਧਦੇ ਜੁਰਮ' ਪੜ੍ਹਿਆ। ਉਸ ਵਿਚ ਅੰਕੜੇ ਅਤੇ ਤੱਥਾਂ ਦੇ ਆਧਾਰ 'ਤੇ ਪ੍ਰਤੀ ਦਿਨ ਦੇ ਹਿਸਾਬ ਨਾਲ ਮਾਸੂਮ ਬੱਚੀਆਂ ਅਤੇ ਔਰਤਾਂ ਨਾਲ ਜਬਰ ਜਨਾਹ ਕੇਸਾਂ ਦੀ ਗੱਲ ਕਹੀ ਅਤੇ ਅਜਿਹੇ ਜੁਰਮਾਂ ਵਿਚ ਵਾਧਾ, ਸ਼ਰਮਨਾਕ ਗੱਲ ਹੈ। ਰਿਸ਼ੀਆਂ, ਮੁਨੀਆਂ, ਗੁਰੂਆਂ, ਪੀਰਾਂ, ਪੈਗੰਬਰਾਂ ਦੀ ਪਵਿੱਤਰ ਧਰਤੀ ਭਾਰਤ 'ਚ ਅਜਿਹੇ ਜੁਰਮਾਂ ਨੂੰ ਕੋਈ ਥਾਂ ਨਹੀਂ। ਇਹ ਧਰਤੀ ਹੁਣ ਅਜਿਹੇ ਸ਼ਰਮਨਾਕ ਤੇ ਘਿਣਾਉਣੇ ਜੁਰਮਾਂ ਦਾ ਹੋਰ ਬੋਝ ਚੁੱਕਣ ਤੋਂ ਸ਼ਾਇਦ ਅਸਮਰੱਥ ਹੋ ਰਹੀ ਹੈ। ਕੇਂਦਰੀ ਮੰਤਰੀ ਮੰਡਲ ਵਲੋਂ ਅਤੇ ਮਾਣਯੋਗ ਰਾਸ਼ਟਰਪਤੀ ਜੀ ਵਲੋਂ ਹਵਸੀਆਂ ਅਤੇ ਇਨਸਾਨੀਅਤ ਤੋਂ ਗਿਰ ਚੁੱਕੇ ਅਨਸਰਾਂ ਨੂੰ ਅਜਿਹੇ ਘਿਨਾਉਣੇ ਕਾਰਨਾਮਿਆਂ ਨੂੰ ਅੰਜਾਮ ਦੇਣ ਵਾਲੇ ਮੁਜਮਰਾਂ ਨੂੰ ਫਾਂਸੀ ਦੀ ਸਖ਼ਤ ਸਜ਼ਾ ਦੇਣ ਵਾਲੇ ਕਾਨੂੰਨ ਪਾਸ ਕਰਕੇ ਅਮਲੀ ਜਾਮਾ ਦੇਣ ਦੇ ਆਰਡੀਨੈਂਸ ਲਿਆਉਣਾ ਸਮੇਂ ਦੀ ਲੋੜ ਸਮਝ ਕੇ ਆਪਣਾ ਫ਼ਰਜ਼ ਸਮਝਿਆ ਹੈ, ਜਿਸ ਦਾ ਚੁਫੇਰਿਉਂ ਸਵਾਗਤ ਕੀਤਾ ਜਾ ਰਿਹਾ ਹੈ।


-ਮਾਸਟਰ ਦੇਵਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਰਾਸ਼ਟਰਮੰਡਲ ਖੇਡਾਂ
ਪਿਛਲੇ ਦਿਨੀਂ ਆਸਟਰੇਲੀਆ ਦੇ ਗੋਲਡ ਕੋਸਟ ਵਿਚ ਹੋਏ ਰਾਸ਼ਟਰਮੰਡਲ ਖੇਡ ਮੁਕਾਬਲਿਆਂ 'ਚ ਭਾਰਤ ਦੇ ਖਿਡਾਰੀਆਂ ਨੇ ਚੰਗੀ ਖੇਡ ਵਿਖਾਉਂਦਿਆਂ ਦੇਸ਼ ਲਈ ਕੁੱਲ 66 ਤਗਮੇ ਜਿੱਤੇ। ਇਨ੍ਹਾਂ ਵਿਚੋਂ 26 ਸੋਨੇ ਦੇ ਤਗਮੇ ਹਨ ਜੋ ਦੇਸ਼ ਲਈ ਇਕ ਵੱਡੀ ਮਾਣ ਵਾਲੀ ਗੱਲ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਮੁਕਾਬਲਿਆਂ 'ਚ ਕੁੜੀਆਂ ਨੇ ਵੱਡੀ ਪੁਲਾਂਘ ਪੁੱਟੀ ਹੈ। ਭਾਵ ਜ਼ਿਆਦਾ ਤਗਮੇ ਕੁੜੀਆਂ ਦੇ ਹਿੱਸੇ ਆਏ। ਮਾੜੀ ਮਾਨਸਿਕਤਾ ਵਾਲਿਆਂ ਨੂੰ ਲੜਕੀਆਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਹੋਵੇਗੀ। ਅੱਜ ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਖਿਡਾਰੀਆਂ ਦੀ ਕਾਰਗੁਜ਼ਾਰੀ ਤੋਂ ਹਰ ਦੇਸ਼ਵਾਸੀ ਖੁਸ਼ ਹੈ। ਦੇਸ਼ਵਾਸੀ ਭਾਰਤੀ ਖਿਡਾਰੀਆਂ ਤੋਂ ਇਹ ਵੀ ਉਮੀਦ ਰੱਖਦੇ ਹਨ ਕਿ ਉਹ ਉਲੰਪਿਕ ਵਿਚ ਵੀ ਨਾਮਣਾ ਖੱਟਣਗੇ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਹੱਸਣ ਦੀ ਆਦਤ...
'ਅਜੀਤ' ਦੇ ਮੈਗਜ਼ੀਨ ਅੰਕ 'ਚ 'ਨੌਜਵਾਨ ਪੰਜਾਬੀ ਲੇਖਕ ਸ੍ਰੀ ਇਕਵਾਕ ਸਿੰਘ ਪੱਟੀ ਦਾ ਵਿਸ਼ਵ ਹਾਸ ਦਿਵਸ 'ਤੇ ਪ੍ਰਕਾਸ਼ਿਤ ਲੇਖ 'ਹੱਸਣ ਦੀ ਆਦਤ ਪਾ ਸੱਜਣਾ' ਬਹੁਤ ਹੀ ਵਧੀਆ ਲੱਗਾ। ਅੱਜ ਜਦੋਂ ਕਿਸੇ ਕਾਰਨ ਜਾਂ ਬਿਨਾਂ ਕਿਸੇ ਠੋਸ ਕਾਰਨ ਦੇ ਵੀ ਅਸੀਂ ਖਿਝਦੇ, ਖਪਦੇ ਤੇ ਚਿੰਤਾ 'ਚ ਗ੍ਰਸੇ ਰਹਿੰਦੇ ਹਾਂ। ਮੈਨੂੰ ਲੱਗਦਾ ਹੈ ਕਿ ਇਹ ਲੇਖ ਕਈਆਂ ਨੂੰ ਢਹਿੰਦੀ ਕਲਾ ਤੋਂ ਬਚਣ ਲਈ ਪ੍ਰੇਰਿਤ ਕਰ ਸਕਦਾ ਹੈ। ਮੇਰੇ ਵਰਗਿਆਂ ਨੂੰ ਤਾਂ ਅਖ਼ਬਾਰਾਂ ਹੀ ਦੱਸਦੀਆਂ ਹਨ ਕਿ ਅੱਜ ਵਿਸ਼ਵ ਹਾਸਾ ਦਿਵਸ ਹੈ। ਉਨ੍ਹਾਂ ਦੀ ਸੋਚ ਤੇ ਉੱਦਮ ਨੂੰ ਸਿਰ ਝੁਕਾਉਣਾ ਬਣਦੈ, ਜਿਨ੍ਹਾਂ ਸਾਨੂੰ ਅਜਿਹੇ ਦਿਵਸ ਦਿੱਤੇ।


-ਸੁਰਿੰਦਰ ਸਿੰਘ ਨਿਮਾਣਾ
ਅੰਮ੍ਰਿਤਸਰ।


ਟੀਕਾਕਰਨ ਅਤੇ ਅਫ਼ਵਾਹਾਂ
ਮੀਜ਼ਲ ਰੂਬੇਲਾ ਟੀਕਾਕਰਨ ਦੀ ਮੁਹਿੰਮ ਨੂੰ ਪੇਂਡੂ ਖੇਤਰਾਂ ਵਿਚ ਖੋਰਾ ਲੱਗ ਰਿਹਾ ਹੈ। ਸਮਾਜ ਵਿਰੋਧੀ ਤੱਤਾਂ ਦੀਆਂ ਫੈਲਾਈਆਂ ਅਫ਼ਵਾਹਾਂ ਲੋਕਾਂ ਦੇ ਦਿਲ ਦਿਮਾਗ 'ਚ ਘਰ ਕਰ ਚੁੱਕੀਆਂ ਹਨ। ਟੀਕੇ ਲਗਾਉਣ ਲਈ ਅਧਿਆਪਕ ਲੋਕਾਂ ਦੀਆਂ ਮਿੰਨਤਾਂ ਤਰਲੇ ਕਰ ਰਹੇ ਹਨ। ਪਰ ਮਾਪੇ ਹਨ ਕਿ ਇਕ ਵੀ ਸੁਣਨ ਲਈ ਤਿਆਰ ਨਹੀਂ। ਦੀਵਾਰ 'ਤੇ ਲਗਾਏ ਪੋਸਟਰ 'ਤੇ ਲਿਖੀਆਂ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਵੀ ਪੜ੍ਹਨ ਲਈ ਤਿਆਰ ਨਹੀਂ। ਬਿਨਾਂ ਕਿਸੇ ਦੀ ਗੱਲ ਸੁਣਿਆਂ ਮੋਬਾਈਲ 'ਤੇ ਚੱਲ ਰਹੀਆਂ ਅਫ਼ਵਾਹਾਂ ਦਾ ਹਵਾਲਾ ਦੇ ਕੇ ਅਧਿਆਪਕਾਂ ਨੂੰ ਮੱਤਾਂ ਦੇਣ ਲਗਦੇ ਹਨ। ਕਈ ਸਕੂਲ ਮੁਖੀਆਂ ਤੇ ਟੀਕਾਕਰਨ ਟੀਮਾਂ ਨੂੰ ਲੋਕਾਂ ਦੇ ਭਾਰੀ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਦੇ ਵਿਗਿਆਨਕ ਯੁੱਗ 'ਚ ਸਾਇੰਸ ਕਾਢਾਂ ਦਾ ਅਨੰਦ ਮਾਣਦੇ ਹੋਏ ਵੀ ਸੱਭਿਅਕ ਸਮਾਜ ਦੇ ਵਾਸੀ ਕਹਾਉਣ ਵਾਲੇ ਪੰਜਾਬੀ ਲੋਕਾਂ ਦੀਆਂ ਜੜ੍ਹਾਂ ਅੱਜ ਵੀ ਅਨਪੜ੍ਹਤਾ ਤੇ ਅੰਧਵਿਸ਼ਵਾਸ ਨੇ ਖੋਖਲੀਆਂ ਕੀਤੀਆਂ ਹੋਈਆਂ ਹਨ।


-ਪਰਮ ਪਿਆਰ ਸਿੰਘ
ਨਕੋਦਰ।


ਆਰ.ਟੀ.ਈ. ਕਾਨੂੰਨ
ਕੇਂਦਰ ਸਰਕਾਰ ਵਲੋਂ ਪਾਸ ਆਰ.ਟੀ.ਈ. ਕਾਨੂੰਨ ਜਿਸ ਵਿਚ ਇਹ ਸੀ ਕਿ ਕੋਈ ਬੱਚਾ ਅੱਠਵੀਂ ਤੱਕ ਫੇਲ੍ਹ ਨਹੀਂ ਕਰਨਾ, ਦਰਅਸਲ ਇਹ ਕਾਨੂੰਨ ਆਪ ਹੀ ਫੇਲ੍ਹ ਹੋ ਗਿਆ ਹੈ। ਇਸ ਨਵੀਂ ਨੀਤੀ ਨੇ ਦੇਸ਼ ਵਿਚੋਂ ਸਿੱਖਿਆ ਦੀ ਅਸਲੋਂ ਹੀ ਜੜ੍ਹ ਪੁੱਟ ਦਿੱਤੀ ਹੈ। ਸਰਕਾਰੀ ਸਿੱਖਿਆ ਜੋ ਕਿ ਪਹਿਲਾਂ ਹੀ ਨਿੱਜੀਕਰਨ ਕਾਰਨ ਮੰਦੜੇ ਹਾਲ ਹੈ, ਉਸ ਦੀ ਹੋਰ ਵੀ ਦੁਰਦਸ਼ਾ ਹੋ ਗਈ। ਪਿਛਲੇ 20 ਕੁ ਸਾਲਾਂ ਵਿਚ ਜਦੋਂ ਦੀ ਆਰਥਿਕ ਸੁਧਾਰ ਦੀ ਗੱਡੀ ਤੁਰੀ ਹੈ, ਜਿਸ ਨੇ ਨਿੱਜੀਕਰਨ ਵੱਲ ਰਫ਼ਤਾਰ ਫੜੀ ਹੋਈ ਹੈ, ਹੋਰ ਕੰਮਾਂ ਦੇ ਨਾਲ-ਨਾਲ ਸਿੱਖਿਆ ਨੂੰ ਵੀ ਲਪੇਟ ਲਿਆ ਹੈ। ਇਸ ਨਾਲ ਆਮ ਵਪਾਰੀਆਂ ਦੇ ਤਾਂ ਵਾਰੇ ਨਿਆਰੇ ਹੋ ਚੁੱਕੇ ਹਨ ਅਤੇ ਇਨ੍ਹਾਂ ਨੇ ਵਿੱਦਿਆ ਵਰਗੀ ਪਵਿੱਤਰ ਭਾਵਨਾ ਨੂੰ ਪੈਸੇ ਦੀ ਤੱਕੜੀ 'ਤੇ ਤੋਲ ਲਿਆ ਹੈ। ਜੇਕਰ ਦੇਸ਼ ਦੀ ਗ਼ਰੀਬ ਜਨਤਾ ਨੂੰ ਬਚਾਉਣਾ ਹੈ ਤਾਂ ਸਰਕਾਰੀ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇਣਾ ਪਵੇਗਾ। ਗੁਰੂ ਸਾਹਿਬਾਨ ਦੇ ਸਮਾਜ ਪ੍ਰਤੀ ਕੀਤੇ ਮਹਾਨ ਕਾਰ, ਇਥੋਂ ਦੇ ਸ਼ਹੀਦਾਂ ਬਾਰੇ, ਪੰਜਾਬੀਆਂ ਵਲੋਂ ਦੇਸ਼ ਲਈ ਕੀਤੀਆਂ ਕੁਰਬਾਨੀਆਂ ਦਾ ਇਤਿਹਾਸ ਆਦਿ ਦੀ ਸਹੀ ਜਾਣਕਾਰੀ ਸਮੇਤ ਵਿਦਿਆਰਥੀਆਂ ਤੱਕ ਪਹੁੰਚਦੀ ਕਰਕੇ ਤੇ ਪੰਜਾਬ ਦੀ ਸਰਕਾਰੀ ਸਿੱਖਿਆ ਵਿਚ ਵੀ ਮਿਆਰੀ ਸੁਧਾਰ ਕਰਕੇ ਇਸ ਨੂੰ ਸਮੇਂ ਦੇ ਹਾਣ ਦਾ ਬਣਾਇਆ ਜਾਵੇ।


-ਵਿਵੇਕ
ਕੋਟ ਈਸੇ ਖਾਂ (ਮੋਗਾ)।


ਸਕੂਲਾਂ ਵਿਚ ਲੁੱਟ
ਪ੍ਰਾਈਵੇਟ ਸਕੂਲਾਂ ਵਿਚ ਬੱਚਿਆਂ ਨੂੰ ਪੜ੍ਹਾਉਣਾ ਔਖਾ ਹੋ ਗਿਆ ਹੈ। ਪਹਿਲੀ ਗੱਲ ਕਿ ਹਰ ਸਾਲ ਦਾਖ਼ਲਾ ਸਿਸਟਮ ਬੰਦ ਹੋਣਾ ਚਾਹੀਦਾ ਹੈ। ਹਰ ਸਾਲ ਦਾਖ਼ਲਾ ਫੀਸ ਕਿਉਂ, ਫਿਰ ਥੋੜ੍ਹੀ ਫੀਸ ਨਹੀਂ, ਹਜ਼ਾਰਾਂ ਵਿਚ ਦਾਖ਼ਲਾ ਫੀਸ ਲੈਂਦੇ ਹਨ। ਬੱਚਿਆਂ ਦੀਆਂ ਕਿਤਾਬਾਂ, ਵਰਦੀਆਂ, ਬੂਟਾਂ ਤੱਕ ਇਨ੍ਹਾਂ ਸਕੂਲਾਂ ਵਾਲਿਆਂ ਨੇ ਦੁਕਾਨਦਾਰਾਂ ਨਾਲ ਕਮਿਸ਼ਨ ਕੀਤੀ ਹੁੰਦੀ ਹੈ। ਜੇਕਰ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਠੀਕ ਹੋਵੇ ਤਾਂ ਫਿਰ ਕੀ ਲੋੜ ਹੈ ਮਾਪਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ। ਇਹੀ ਪ੍ਰਾਈਵੇਟ ਸਕੂਲਾਂ ਵਾਲੇ, ਅਧਿਆਪਕਾਂ ਨਾਲ ਵੀ ਠੱਗੀਆਂ ਮਾਰਦੇ ਹਨ, ਅਧਿਆਪਕ ਦੀ ਮਾਸਿਕ ਤਨਖਾਹ 10,000 ਰੁਪਏ ਦਿਖਾਈ ਜਾਂਦੀ ਹੈ ਪਰ ਉਸ ਨੂੰ ਤਨਖਾਹ ਘੱਟ ਦਿੱਤੀ ਜਾਂਦੀ ਹੈ। ਜੇਕਰ ਸਾਡੀ ਸਰਕਾਰ (ਸਿੱਖਿਆ ਮੰਤਰੀ) ਇਸ ਪਾਸੇ ਧਿਆਨ ਦੇਣ ਤਾਂ ਅਜਿਹੇ ਮਾੜੇ ਰੁਝਾਨ ਨੂੰ ਠੱਲ੍ਹ ਪੈ ਸਕਦੀ ਹੈ।


-ਹਰਜਿੰਦਰਪਾਲ ਸਿੰਘ ਬਾਜਵਾ
ਵਿਜੇ ਨਗਰ, ਹੁਸ਼ਿਆਰਪੁਰ।

09-05-2018

 ਸਰਕਾਰ ਤੇ ਪੰਚਾਇਤਾਂ
ਪੰਜਾਬ ਵਿਚ ਅਸੀਂ ਸਾਰੇ ਮੰਨ ਰਹੇ ਹਾਂ ਕਿ ਸੱਚ ਹੀ ਨਸ਼ਿਆਂ ਦਾ ਹੜ੍ਹ ਆਇਆ ਹੋਇਆ ਹੈ ਤੇ ਇਹ ਹੈ ਵੀ ਬਿਲਕੁਲ ਸਹੀ ਹੀ। ਹੋਰ ਨਸ਼ਿਆਂ ਤੋਂ ਬਿਨਾਂ ਸ਼ਰਾਬ ਦੀ ਵਰਤੋਂ ਵੱਡੇ ਪੱਧਰ 'ਤੇ ਪੰਜਾਬ ਦੀ ਧਰਤੀ 'ਤੇ ਹੋ ਰਹੀ ਹੈ, ਜੋ ਕਿਸੇ ਤੋਂ ਲੁਕੀ ਛਿਪੀ ਵੀ ਨਹੀਂ। ਸ਼ਰਾਬ ਦਾ ਮਾਲੀਆ ਵਧਾਉਣ ਲਈ ਹੀ ਸਰਕਾਰ ਹਰ ਸਾਲ ਠੇਕਿਆਂ ਦੀ ਸਰਕਾਰੀ ਵੰਡ ਵਿਚ ਵਾਧਾ ਕਰਦੀ ਰਹਿੰਦੀ ਹੈ। ਸਮੁੱਚੇ ਪੰਜਾਬ ਵਿਚੋਂ ਕੁਝ ਸਮਝਦਾਰ ਪਿੰਡ ਸ਼ਹਿਰ ਜਾਂ ਕਈ ਜਥੇਬੰਦੀਆਂ ਹਨ, ਜੋ ਖ਼ਾਸ ਮਤੇ ਪਾ ਕੇ ਸਰਕਾਰ ਤੱਕ ਭੇਜਦੀਆਂ ਹਨ ਕਿ ਸਾਡੇ ਪਿੰਡ ਜਾਂ ਇਲਾਕੇ ਵਿਚ ਕੋਈ ਵੀ ਸ਼ਰਾਬ ਦਾ ਠੇਕਾ ਨਾ ਖੋਲ੍ਹਿਆ ਜਾਵੇ। ਸਲਾਮ ਹੈ ਉਨ੍ਹਾਂ ਲੋਕਾਂ ਦੀ ਵੀ ਸੋਚ ਨੂੰ ਜੋ ਰੰਗਲੇ ਪੰਜਾਬ ਨੂੰ ਨਸ਼ੇ ਦੀ ਜਕੜ ਵਿਚੋਂ ਕੱਢਣਾ ਚਾਹੁੰਦੇ ਹਨ। ਪਰ ਇਥੇ ਇਹ ਪੜ੍ਹ-ਸੁਣ ਕੇ ਦੁੱਖ ਹੁੰਦਾ ਹੈ ਕਿ ਇਸ ਵਾਰ ਕੁਝ ਪੰਚਾਇਤਾਂ ਵਲੋਂ ਠੇਕਿਆਂ ਵਿਰੁੱਧ ਪਾਏ ਮਤਿਆਂ ਨੂੰ ਸਰਕਾਰ ਨੇ ਵੱਡੀ ਪੱਧਰ 'ਤੇ ਰੱਦ ਕਰ ਨਵੇਂ ਠੇਕੇ ਖੋਲ੍ਹ ਦਿੱਤੇ ਹਨ। ਦੱਸੋ ਫਿਰ ਸਰਕਾਰ ਕਿਵੇਂ ਪੰਜਾਬ ਨੂੰ ਨਸ਼ਾ-ਮੁਕਤ ਕਰੇਗੀ।


-ਬਲਬੀਰ ਸਿੰਘ ਬੱਬੀ
ਪੰਜਾਬੀ ਸਾਹਿਤ ਸਭਾ, ਸਮਰਾਲਾ (ਲੁਧਿਆਣਾ)।


ਮੀਡੀਆ ਦੀ ਭੂਮਿਕਾ ਸ਼ਲਾਘਾਯੋਗ
ਪਿਛਲੇ ਦਿਨੀਂ ਸ੍ਰੀਨਗਰ ਦੇ ਕਠੂਆ ਤੇ ਉੱਤਰ ਪ੍ਰਦੇਸ਼ ਦੇ ਉਨਾਵ ਨਾਲ ਸਬੰਧਿਤ ਜਬਰ ਜਨਾਹ ਦੀਆਂ ਪੀੜਤ ਲੜਕੀਆਂ ਦੇ ਕੇਸ ਨੂੰ ਮੀਡੀਆ ਨੇ ਜਿਸ ਦ੍ਰਿੜ੍ਹਤਾ ਤੇ ਇਮਾਨਦਾਰੀ ਲਿਆ ਹੈ। ਉਹ ਸ਼ਲਾਘਾਯੋਗ ਹੈ। ਮੀਡੀਆ ਦੀ ਭੂਮਿਕਾ ਸਦਕਾ ਹੀ ਪੀੜਤਾਂ ਨੂੰ ਇਨਸਾਫ਼ ਦੀ ਆਸ ਜਾਗੀ ਹੈ, ਜਿਸ ਤਰ੍ਹਾਂ ਮੀਡੀਆ ਨੇ ਉਪਰੋਕਤ ਘਟਨਾਵਾਂ ਨੂੰ ਪੂਰੀ ਗੰਭੀਰਤਾ ਨਾਲ ਲਿਆ ਹੈ। ਜੇਕਰ ਉਹ ਇਸੇ ਭਾਵਨਾ ਨਾਲ ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ਨੂੰ ਲਵੇ ਤਾਂ ਦੇਸ਼ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾਂ ਮਿਲ ਸਕਦਾ ਹੈ। ਪਿਛਲੇ ਸਮੇਂ 'ਚ ਮੀਡੀਆ ਦੇ ਕੁਝ ਹਿੱਸੇ ਦੀ ਭਰੋਸੇਯੋਗਤਾ 'ਤੇ ਪ੍ਰਸ਼ਨ ਚਿੰਨ੍ਹ ਲਗਦੇ ਰਹੇ ਹਨ। ਪਰ ਉਪਰੋਕਤ ਘਟਨਾ ਮੌਕੇ ਸਮੁੱਚਾ ਮੀਡੀਆ ਇਕ ਸੁਰ ਹੋਇਆ ਨਜ਼ਰ ਆਇਆ। ਮੀਡੀਆ ਸਮਾਜ ਦਾ ਇਕ ਮਜ਼ਬੂਤ ਥੰਮ੍ਹ ਹੈ। ਇਸ ਥੰਮ੍ਹ ਦੀਆਂ ਜੜ੍ਹਾਂ ਖੋਖਲੀਆਂ ਨਹੀਂ ਸਗੋਂ ਪੂਰੀਆਂ ਮਜ਼ਬੂਤ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਲੋਕਾਂ ਦਾ ਵਿਸ਼ਵਾਸ ਮੀਡੀਆ 'ਤੇ ਬਣਿਆ ਰਹੇ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਸੰਸਦ ਦੇ ਕੰਮਕਾਜ ਵਿਚ ਅੜਿੱਕਾ
ਬਜਟ ਇਜਲਾਸ ਦੇ ਦੋਵੇਂ ਪੜਾਅ ਹੰਗਾਮੇ ਦੀ ਭੇਟ ਚੜ੍ਹ ਗਏ। ਸੰਸਦ ਦੀ ਕਾਰਵਾਈ ਚਲਾਉਣ ਲਈ ਪ੍ਰਤੀ ਘੰਟਾ ਖਰਚਾ ਲਗਪਗ 75 ਲੱਖ ਰੁਪਏ ਆਉਂਦਾ ਹੈ। ਅਜਿਹੇ 127 ਘੰਟੇ ਐਵੇਂ ਅਜਾਈਂ ਚਲੇ ਗਏ। ਇਹ ਪਹਿਲੀ ਵਾਰ ਸੀ, ਜਦੋਂ ਵਿਰੋਧੀ ਧਿਰ ਨਾਲੋਂ, ਸਰਕਾਰ ਜ਼ਿਆਦਾ ਚਾਹੁੰਦੀ ਸੀ ਕਿ ਸੰਸਦ ਨਾ ਚੱਲੇ। ਕਿਉਂਕਿ ਚੀਨ ਦੀ ਮੁੜ-ਮੁੜ ਘੁਸਪੈਠ, ਕਸ਼ਮੀਰ ਦੇ ਹਾਲਾਤ, ਜਾਤੀ ਅਤੇ ਫ਼ਿਰਤੂ ਤਣਾਅ, ਉੱਤਰ ਪ੍ਰਦੇਸ਼ ਦਾ ਜਬਰ ਜਨਾਹ ਕਰਨ ਵਾਲਾ ਵਿਧਾਇਕ ਆਦਿ ਅਜਿਹੇ ਸਵਾਲ ਹਨ, ਜਿਨ੍ਹਾਂ ਦਾ ਜਵਾਬ ਸਰਕਾਰ ਨੂੰ ਸੰਸਦ ਵਿਚ ਦੇਣਾ ਪੈਣਾ ਸੀ, ਪਰ ਸਰਕਾਰ ਕੋਲ ਆਪਣੀ ਨਾਕਾਮੀ ਤੋਂ ਇਲਾਵਾ ਹੋਰ ਕੋਈ ਜਵਾਬ ਨਹੀਂ ਸੀ। ਜਿਸ ਤਰ੍ਹਾਂ ਸਰਕਾਰ ਨੇ 24 ਲੱਖ ਕਰੋੜ ਰੁਪਏ ਦਾ ਬਜਟ ਅਤੇ ਵਿੱਤੀ ਬਿੱਲ ਵਿਰੋਧੀ ਧਿਰ ਦੀ ਗ਼ੈਰ-ਹਾਜ਼ਰੀ ਵਿਚ ਪਾਸ ਕੀਤੇ, ਉਹ ਅਤੀ ਨਿੰਦਣਯੋਗ, ਸਰਾਸਰ ਗ਼ਲਤ ਕਾਰਵਾਈ ਸੀ। ਸੰਸਦ ਨੂੰ ਚਲਾਉਣਾ ਭਾਵੇਂ ਸਾਰੀਆਂ ਪਾਰਟੀਆਂ ਦਾ ਪਰਮ ਧਰਮ ਹੈ ਪਰ ਸਰਕਾਰੀ ਧਿਰ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ।


-ਪ੍ਰੀਤ ਸਿੰਘ ਸੰਦਰ
ਪਿੰਡ ਮਕਸੂਦੜਾ, ਤਹਿ: ਪਾਇਲ (ਲੁਧਿਆਣਾ)।


ਵਧ ਰਹੇ ਸੜਕੀ ਹਾਦਸੇ
ਪੰਜਾਬ ਅੰਦਰ ਵਧ ਰਹੇ ਸੜਕੀ ਹਾਦਸੇ ਸ਼ਾਡੇ ਲਈ ਬਹੁਤ ਹੀ ਜ਼ਿਆਦਾ ਚਿੰਤਾਜਨਕ ਬਣਦੇ ਜਾ ਰਹੇ ਹਨ। ਹਰ ਰੋਜ਼ ਕੋਈ ਨਾ ਕੋਈ ਜਾਨੀ ਜਾ ਮਾਲੀ ਸੜਕੀ ਹਾਦਸੇ ਵਾਪਰਦੇ ਹਨ। ਕਈ ਸੜਕੀ ਹਾਦਸੇ ਐਨੇ ਭਿਆਨਕ ਤੇ ਦਿਲ ਕੰਬਾਊ ਹੁੰਦੇ ਹਨ, ਜਿਨ੍ਹਾਂ ਨੂੰ ਦੇਖਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ। ਕਈ ਸੜਕੀ ਹਾਦਸਿਆਂ ਨੂੰ ਅਸੀਂ ਖ਼ੁਦ ਪੈਦਾ ਕਰਦੇ ਹਾਂ। ਮੋਬਾਈਲ ਫੋਨ ਦੀ ਵਰਤੋਂ ਕਰਨਾ, ਹੈੱਡ ਫੋਨ ਲਗਾ ਕੇ ਗੱਡੀ ਚਲਾਉਣਾ, ਪ੍ਰੈਸ਼ਰ ਹਾਰਨ ਦੀ ਵਰਤੋੋਂ ਕਰਨਾ, ਆਪਣੇ ਸਾਧਨਾਂ ਉੱਪਰ ਉੱਚੀ ਆਵਾਜ਼ ਕਰਕੇ ਡੈੱਕ ਆਦਿ ਬਹੁਤ ਸਾਰੇ ਕਾਰਨ ਹਨ। ਅਸੀਂ ਸਭ ਇਕ ਗੱਲ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣਾ ਚਾਹੁੰਦੇ ਹਾਂ, ਜੋ ਅੱਜਕਲ੍ਹ ਇਹ ਦੇਖਣ ਵਿਚ ਆਇਆ ਹੈ ਕਿ ਬਹੁਤ ਛੋਟੀ ਉਮਰ ਦੇ ਮੁੰਡੇ-ਕੁੜੀਆਂ ਮੋਟਰਸਾਈਕਲ ਜਾਂ ਗੱਡੀਆਂ ਆਦਿ ਬਹੁਤ ਜ਼ਿਆਦਾ ਰਫ਼ਤਾਰ ਨਾਲ ਚਲਾਉਂਦੇ ਦੇਖੇ ਜਾਂਦੇ ਹਨ। ਉਨ੍ਹਾਂ ਪ੍ਰਤੀ ਸਖ਼ਤ ਰਵੱਈਆ ਵਰਤਿਆ ਜਾਵੇ ਤਾਂ ਜੋ ਉਹ ਕਿਸੇ ਬੇਕਸੂਰ ਰਾਹਗੀਰ ਨੂੰ ਜਾਂ ਆਪਣੇ-ਆਪ ਨੂੰ ਕੋਈ ਠੇਸ ਨਾ ਪਹੁੰਚਾ ਲੈਣ। ਸੜਕ 'ਤੇ ਜਾਂਦੇ ਸਮੇਂ ਸੜਕੀ ਨਿਯਮਾਂ ਦੀ ਉਲੰਘਣਾ ਨਾ ਕਰੋ ਤਾਂ ਜੋ ਅਸੀਂ ਸਮਾਂ ਰਹਿੰਦੇ ਹੋਏ ਕਿਸੇ ਵੱਡੇ ਹਾਦਸੇ ਨੂੰ ਰੋਕ ਸਕੀਏ।


-ਗੁਰਦੀਪ ਸਿੰਘ
ਘੋਲੀਆ ਕਲਾਂ,ਮੋਗਾ।


ਹਵਾ ਪ੍ਰਦੂਸ਼ਣ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਸਫ਼ੇ 'ਤੇ ਡਾ: ਚਰਨਜੀਤ ਸਿੰਘ ਨਾਭਾ ਵਲੋਂ ਲਿਖਿਆ ਵਿਸ਼ੇਸ਼ ਲੇਖ 'ਹਵਾ ਪ੍ਰਦੂਸ਼ਣ ਰੋਕਣ ਲਈ ਯਤਨਸ਼ੀਲ ਹੈ ਪੰਜਾਬ' ਪੜ੍ਹਿਆ। ਵਾਤਾਵਰਨ ਦੀ ਸਾਂਭ-ਸੰਭਾਲ ਸਬੰਧੀ ਇਸ ਲੇਖ ਵਿਚ ਬੜੀ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ। ਲੇਖ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਝੋਨੇ ਦੀ ਪਰਾਲੀ ਅਤੇ ਕਣਕ ਦੀ ਨਾੜ ਨੂੰ ਬਿਨਾਂ ਸਾੜਿਆਂ ਕਿਵੇਂ ਬਿਜਾਈ ਆਦਿ ਕੀਤੀ ਜਾਂਦੀ ਹੈ ਅਤੇ ਖਾਦ ਦੀ ਬੱਚਤ ਵੀ ਕੀਤੀ ਜਾ ਸਕਦੀ ਹੈ। ਸਮਾਜ ਵਿਚ ਰਹਿੰਦਿਆਂ ਸਾਡੀ ਹਰੇਕ ਨਾਗਰਿਕ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਰੱਖੀਏ ਤੇ ਵਾਤਾਵਰਨ ਨੂੰ ਸਵੱਛ ਰੱਖਣ ਲਈ ਆਪਣੇ ਵਲੋਂ ਬਣਦਾ ਯੋਗਦਾਨ ਜ਼ਰੂਰ ਪਾਈਏ।


-ਸ.ਸ. ਰਮਲਾ, ਸੰਗਰੂਰ।


ਸਿੱਖਿਆਵਾਂ ਨੂੰ ਪ੍ਰਚਾਰਿਆ ਜਾਵੇ
ਡਾ: ਰਣਜੀਤ ਸਿੰਘ ਦਾ ਲੇਖ 'ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਸਾਰਾ ਸਾਲ ਪ੍ਰਚਾਰਿਆ ਜਾਵੇ' ਅਖ਼ਬਾਰ ਵਿਚ ਪੜ੍ਹਨ ਨੂੰ ਮਿਲਿਆ। ਗੁਰੂ ਨਾਨਕ ਸਾਹਿਬ ਵਲੋਂ ਪਾਏ ਲਾਸਾਨੀ ਪੂਰਨਿਆਂ ਨੂੰ ਸਾਂਝਾ ਕੀਤਾ ਹੈ ਕਿ ਸਦੀਆਂ ਦੀ ਗੁਲਾਮੀ ਅਤੇ ਜਾਤ-ਪਾਤ ਆਦਿ ਵਧੀਕੀਆਂ ਵਿਰੁੱਧ ਜ਼ਾਲਮ ਨੂੰ ਲਲਕਾਰਿਆ, ਧਾਰਮਿਕ ਆਗੂਆਂ ਨੂੰ ਫਿਟਕਾਰਿਆ ਅਤੇ ਦੱਬੇ-ਕੁਚਲੇ ਲੋਕਾਂ ਨੂੰ ਹੱਕਾਂ ਦੀ ਰਾਖੀ ਲਈ ਵੰਗਾਰਿਆ। ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਿਰਜਣਾ ਕਰਕੇ ਇਨ੍ਹਾਂ ਵੰਡੀਆਂ ਨੂੰ ਕ੍ਰਿਪਾਨ ਦੇ ਇਕੋ ਝਟਕੇ ਨਾਲ ਹਮੇਸ਼ਾਂ ਲਈ ਖ਼ਤਮ ਕਰ ਦਿੱਤਾ। ਦਰਅਸਲ ਲੋੜ ਹੈ ਗੁਰੂ ਨਾਨਕ ਸਾਹਿਬ ਦੇ ਪ੍ਰਚਾਰ-ਪ੍ਰਸਾਰ ਢੰਗ ਨੂੰ ਅਪਣਾਉਣ ਦੀ, ਜਿਸ ਢੰਗ ਵਿਚ ਕਲਾਕਾਰੀ ਵਾਲਾ ਕਲਯੁੱਗ ਨਹੀਂ ਸਗੋਂ ਰੂਹਾਨੀਅਤ, ਸੇਵਾ ਤੇ ਸੂਰਬੀਰਤਾ ਹੈ। ਬੌਧਿਕ ਅਤੇ ਸਰੀਰਕ ਮਿਹਨਤ-ਮਜ਼ਦੂਰੀ ਭਰੀ ਪਈ ਹੈ। ਅੱਜ ਜਨਮ ਤੋਂ ਮਰਨ ਤੱਕ ਸਭ ਕੁਝ ਰਸਮਾਂ ਰਿਵਾਜ਼ ਅਤੇ ਧਾਰਮਿਕ ਸਮਾਗਮ ਕੇਵਲ ਤੇ ਕੇਵਲ ਕਿਸੇ ਨੁਮਾਇਸ਼ ਜਾਂ ਸ਼ਕਤੀ ਪ੍ਰਦਰਸ਼ਨ ਦਾ ਹਿੱਸਾ ਹਨ। ਗੁਰੂ ਨਾਨਕ ਸਾਹਿਬ ਦਾ ਅਮੋਲਕ ਸਿਧਾਂਤ ਅਲੋਪ ਹੈ। ਜੇ ਸੱਚ ਨਾਲ ਸਰੋਕਾਰ ਹੈ ਤਾਂ ਚਲੋ ਮੁੜ ਪਈਏ।


-ਰਸ਼ਪਾਲ ਸਿੰਘ
ਐਸ. ਜੇ. ਐਸ. ਨਗਰ, ਟਾਂਡਾ ਰੋਡ, ਹੁਸ਼ਿਆਰਪੁਰ।

08-05-2018

 ਧੀਆਂ ਦੀ ਸੁਰੱਖਿਆ ਜ਼ਰੂਰੀ
ਆਏ ਦਿਨ ਛੋਟੀ ਉਮਰ ਦੀਆਂ ਬੱਚੀਆਂ ਨਾਲ ਛੇੜਛਾੜ ਅਤੇ ਜਬਰ ਜਨਾਹ ਤੇ ਉਪਰੰਤ ਉਨ੍ਹਾਂ ਦੀ ਹੱਤਿਆ ਕਰਨ ਆਦਿ ਦੀਆਂ ਖ਼ਬਰਾਂ ਅਖ਼ਬਾਰਾਂ ਤੇ ਟੀ.ਵੀ. ਚੈਨਲਾਂ 'ਤੇ ਪੜ੍ਹਨ-ਸੁਣਨ ਨੂੰ ਮਿਲ ਰਹੀਆਂ ਹਨ, ਜਿਨ੍ਹਾਂ ਕਾਰਨ ਸਮਾਜ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਬੱਚੀ ਭਾਵੇਂ ਕਿਸੇ ਵੀ ਪ੍ਰਾਂਤ ਦੀ ਹੋਵੇ, ਉਹ ਭਾਰਤ ਦੇਸ਼ ਅਤੇ ਦੁਨੀਆ ਦੀ ਧੀ ਹੈ। ਅਜਿਹੀਆਂ ਅਣਮਨੁੱਖੀ ਤੇ ਘਿਣਾਉਣੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦਰਿੰਦੇ ਵਹਿਸ਼ੀਆਂ ਨੂੰ ਘੱਟੋ-ਘੱਟ ਮੌਤ ਦੀ ਸਜ਼ਾ ਤੋਂ ਘੱਟ ਦੇਣੀ ਨਹੀਂ ਬਣਦੀ। ਅਜਿਹੇ ਘਿਨਾਉਣੇ ਕਾਰਨਾਮਿਆਂ ਦੇ ਦੋਸ਼ੀਆਂ ਵਿਰੁੱਧ ਮਾਣਯੋਗ ਅਦਾਲਤਾਂ ਅੰਦਰ ਤੁਰੰਤ ਸਮਾਂਬੱਧ ਫ਼ੈਸਲੇ ਕਰਕੇ ਤੁਰੰਤ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਬਣਦੀਆਂ ਹਨ। ਸਰਕਾਰਾਂ ਨੂੰ ਸਖ਼ਤ ਰਵੱਈਆ ਅਜਿਹੇ ਗੈਰਤਮੰਦ ਅਨਸਰਾਂ ਪ੍ਰਤੀ ਅਪਣਾਉਣਾ ਹੋਵੇਗਾ ਤਾਂ ਹੀ ਲੋਕਾਂ 'ਚ ਫੈਲ ਰਿਹਾ ਦਹਿਸ਼ਤਵਾਦ ਦਾ ਮਾਹੌਲ ਘਟੇਗਾ। ਬੇਟੀਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਸਰਕਾਰਾਂ ਵਲੋਂ ਬੇਹੱਦ ਜ਼ਰੂਰੀ ਹੋ ਗਈ ਹੈ। ਸੋ ਢੁਕਵੇਂ ਸਖ਼ਤ ਕਦਮ ਚੁੱਕਣੇ ਹੋਣਗੇ।

-ਮਾਸਟਰ ਦੇਵਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

ਕਿਸਾਨੀ, ਕਰਜ਼ੇ ਅਤੇ ਖ਼ੁਦਕੁਸ਼ੀਆਂ...
ਨਿਰੋਲ ਕਿਸਾਨੀ ਕਿੱਤੇ ਲਈ ਲਿਆ ਗਿਆ ਕਰਜ਼ਾ ਔਖਿਆਂ ਸੌਖਿਆਂ ਹੋ ਕੇ ਮੋੜਿਆ ਜਾ ਸਕਦਾ ਹੈ। ਪੰਜਾਬ ਦੇ ਕਿਸਾਨ ਇਹ ਕੰਮ ਕਰਨ ਵਿਚ ਸਮਰੱਥ ਹਨ। ਸਾਨੂੰ ਇਹ ਸਮਝ ਲੈਣਾ ਅਤਿ ਜ਼ਰੂਰੀ ਹੈ ਕਿ ਜ਼ਿੰਦਗੀ ਜਿਊਣੀ ਜ਼ਰੂਰੀ ਹੈ ਨਾ ਕਿ ਫੋਕੀ ਵਾਹ-ਵਾਹ ਕਰਾਉਣੀ। ਖੇਤੀ ਲਈ ਕਰਜ਼ਾ ਲਏ ਬਿਨਾਂ ਸਾਰਿਆ ਜਾ ਸਕਦਾ ਹੋਵੇ ਤਾਂ ਜ਼ਰੂਰ ਸਾਰ ਲੈਣਾ ਚਾਹੀਦਾ ਹੈ ਜੇ ਉਸ ਤੋਂ ਬਿਨਾਂ ਕਿਸੇ ਹਾਲਤ ਵਿਚ ਵੀ ਨਾ ਸਰਦਾ ਹੋਵੇ ਤਾਂ ਸਰਕਾਰੀ ਅਦਾਰਿਆਂ ਤੋਂ ਕਰਜ਼ ਲੈਣ ਵਿਚ ਬੁਰਾਈ ਵੀ ਕੋਈ ਨਹੀਂ। ਪਰ ਵੱਧ ਵਿਆਜ ਉਤੇ ਗ਼ੈਰ-ਸਰਕਾਰੀ ਅਦਾਰੇ ਜਾਂ ਸ਼ਾਹੂਕਾਰਾਂ ਤੋਂ ਕਰਜ਼ਾ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜੋ ਬਾਅਦ ਵਿਚ ਕਿਸਾਨ ਲਈ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ, ਜਿਸ ਤੋਂ ਤੰਗ ਆਇਆ ਬੰਦਾ ਖ਼ੁਦਕੁਸ਼ੀ ਦਾ ਵਿਚਾਰ ਦਿਮਾਗ ਵਿਚ ਪੈਦਾ ਕਰ ਲੈਂਦਾ ਹੈ। ਇਹ ਫੋਕੀ ਸ਼ੋਹਰਤ, ਦਾਜ, ਐਸ਼-ਆਰਾਮ ਲਈ ਕਰਜ਼ੇ ਜੇਕਰ ਲੈਣੇ ਬੰਦ ਹੋ ਜਾਣ ਅਤੇ ਸਰਕਾਰਾਂ ਇਹ ਫਾਲਤੂ ਕਰਜ਼ ਦੇਣੇ ਬੰਦ ਕਰ ਦੇਣ ਤਾਂ ਆਤਮ-ਹੱਤਿਆਵਾਂ ਵਿਚ 95 ਫ਼ੀਸਦੀ ਤੱਕ ਗਿਰਾਵਟ ਆ ਸਕਦੀ ਹੈ। ਸਭ ਤੋਂ ਵੱਡੀ ਗੱਲ ਕਿ ਜੇਕਰ ਤੁਸੀਂ ਖ਼ੁਦ ਲਾਲਚ ਦਾ ਤਿਆਗ ਕਰਕੇ ਆਪਣੇ ਪੁੱਤਾਂ ਦੇ ਵਿਆਹਾਂ ਵਿਚ ਦਾਜ ਅਤੇ ਪੈਸੇ ਦੀ ਮੰਗ ਨਹੀਂ ਕਰੋਗੇ ਤਾਂ ਹੋ ਸਕਦਾ ਤੁਹਾਡੀ ਧੀ ਦੇ ਵਿਆਹ ਵੇਲੇ ਅਗਲੇ ਤੁਹਾਡੇ ਤੋਂ ਵੀ ਕੋਈ ਮੰਗ ਨਾ ਕਰਨ। ਇੰਜ ਹੀ ਪੰਜਾਬ ਖ਼ੁਦਕੁਸ਼ੀਆਂ ਨਾਲ ਚੱਲ ਰਹੀ ਜੰਗ ਨੂੰ ਜਿੱਤ ਸਕਦਾ ਹੈ।

-ਪਰਮਿੰਦਰ ਗੁੱਜਰ
ਐਮ.ਐਸ ਸੀ. ਐਗਰੋਨੋਮੀ, ਪੀ.ਏ.ਯੂ. ਲੁਧਿਆਣਾ।

ਸਾਰਥਕ ਯਤਨਾਂ ਦੀ ਲੋੜ
ਨਸ਼ਾ ਪੰਜਾਬ ਦੇ ਨੌਜਵਾਨਾਂ ਨੂੰ ਨਿਗਲਦਾ ਜਾ ਰਿਹਾ ਹੈ। ਕੋਈ ਵੀ ਦਿਨ ਅਜਿਹਾ ਨਹੀਂ ਹੁੰਦਾ, ਜਿਸ ਦਿਨ ਕਿਸੇ ਪਿੰਡ, ਸ਼ਹਿਰ ਜਾਂ ਕਸਬੇ ਵਿਚ ਕਿਸੇ ਨੌਜਵਾਨ ਦੀ ਨਸ਼ੇ ਕਾਰਨ ਮੌਤ ਨਾ ਹੁੰਦੀ ਹੋਵੇ। ਬਿਨਾਂ ਸ਼ੱਕ ਮੌਜੂਦਾ ਸਰਕਾਰ ਨੇ ਆਪਣੀ ਚੋਣ ਮਨੋਰਥ ਪੱਤਰ ਵਿਚ ਨਸ਼ੇ ਨੂੰ ਜੜੋਂ ਪੁੱਟਣ ਦਾ ਵਾਅਦਾ ਕੀਤਾ ਸੀ ਪਰ ਅਫ਼ਸੋਸ ਅਜਿਹਾ ਕਿੱਧਰੇ ਵੀ ਵੇਖਣ ਨੂੰ ਨਹੀਂ ਮਿਲ ਰਿਹਾ। ਬਹੁਤ ਸਮਾਂ ਇੰਜ ਹੀ ਲੰਘ ਗਿਆ ਹੈ। ਸਮੇਂ ਦੀ ਮੰਗ ਹੈ ਕਿ ਸਰਕਾਰ ਪ੍ਰਸ਼ਾਸਕ ਅਤੇ ਸਮਾਜ ਇਕੱਠੇ ਮਿਲ ਬੈਠ ਕੇ ਇਸ ਗੰਭੀਰ ਸਮੱਸਿਆ ਵੱਲ ਫੌਰੀ ਧਿਆਨ ਦੇਣ। ਨਸ਼ਾ ਕਰਨ ਵਾਲਿਆਂ ਨੌਜਵਾਨਾਂ ਨੂੰ ਨਸ਼ਾ ਛੱਡਣ ਲਈ ਉਤਸ਼ਾਹਿਤ ਕੀਤਾ ਜਾਵੇ। ਇਹ ਨੌਜਵਾਨ ਆਪਣੀ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਨਸ਼ਿਆਂ ਦਾ ਤਿਆਗ ਕਰ ਸਕਦੇ ਹਨ। ਨੌਜਵਾਨਾਂ ਲਈ ਪੁਨਰਵਾਸ ਦਾ ਪ੍ਰਬੰਧ ਕੀਤਾ ਜਾਵੇ। ਛੋਟੀਆਂ ਮੱਛੀਆਂ ਦੀ ਬਜਾਏ ਵੱਡੇ-ਵੱਡੇ ਮਗਰਮੱਛਾਂ ਨੂੰ ਨੱਥ ਪਾਈ ਜਾਣੀ ਜ਼ਰੂਰੀ ਹੈ। ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਆਪਣੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਦਾ ਹਰ ਯਤਨ ਕੀਤਾ ਜਾਵੇ। ਸਕੂਲਾਂ, ਕਾਲਜਾਂ 'ਚ ਨੈਤਿਕ ਸਿੱਖਿਆ ਦਿੱਤੀ ਜਾਵੇ। ਹੱਥੀਂ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਵਧੇਰੇ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਇਨ੍ਹਾਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾਣ।

-ਵਰਿੰਦਰ ਸ਼ਰਮਾ
ਧਰਮਕੋਟ, ਜ਼ਿਲ੍ਹਾ ਮੋਗਾ।

ਰੰਗ-ਬਿਰੰਗੀਆਂ ਕੁਲਫ਼ੀਆਂ
ਦਿਨੋ-ਦਿਨ ਵਧ ਰਹੀ ਤਪਸ਼ ਨੇ ਮਨੁੱਖ ਕੀ ਹਰ ਪਸ਼ੂ-ਪੰਛੀ, ਜੀਵ-ਜੰਤੂ ਦਾ ਜਿਊਣਾ ਬੇਹਾਲ ਕੀਤਾ ਹੈ। ਜਿਵੇਂ-ਜਿਵੇਂ ਗਰਮੀ ਵਧ ਰਹੀ ਹੈ ਸਾਡੇ ਗਲੀ-ਮੁਹੱਲਿਆਂ ਵਿਚ ਜਗ੍ਹਾ-ਜਗ੍ਹਾ ਕੁਲਫ਼ੀਆਂ ਵੇਚਣ ਵਾਲਿਆਂ ਦੇ ਹੋਕੇ ਸੁਣਾਈ ਦੇਣੇ ਸ਼ੁਰੂ ਹੋ ਗਏ ਹਨ। ਪਰ ਸਵਾਲ ਉੱਠਦਾ ਹੈ ਕਿ ਕੀ ਇਹ ਬੱਚਿਆਂ ਜਾਂ ਵੱਡਿਆਂ ਦੇ ਖਾਣ ਦੇ ਯੋਗ ਹਨ? ਵੇਖਣ ਵਿਚ ਇਹ ਆਉਂਦਾ ਹੈ ਕਿ ਇਨ੍ਹਾਂ ਵਿਚੋਂ 70 ਫ਼ੀਸਦੀ ਕੁਲਫ਼ੀਆਂ ਦਾ ਮਿਆਰ ਸਿਹਤ ਵਿਭਾਗ ਦੇ ਨਿਯਮਾਂ 'ਤੇ ਖਰਾ ਨਹੀਂ ਉਤਰਦਾ। ਪਰ ਫਿਰ ਵੀ ਦਿਨੋ-ਦਿਨ ਹਰ ਸਾਲ ਇਨ੍ਹਾਂ ਕੁਲਫ਼ੀਆਂ ਤੇ ਆਈਸ ਕਰੀਮ ਵੇਚਣ ਵਾਲਿਆਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਕਿੱਥੇ ਸੁੱਤਾ ਰਹਿੰਦਾ ਹੈ ਸਿਹਤ ਵਿਭਾਗ, ਇਨ੍ਹਾਂ ਦਾ ਸਟੈਂਡਰਡ ਚੈੱਕ ਕਿਉਂ ਨਹੀਂ ਕੀਤਾ ਜਾਂਦਾ? ਇਨ੍ਹਾਂ ਵਿਚ ਘਟੀਆ (ਗੰਦਾ) ਪਾਣੀ ਪ੍ਰਯੋਗ ਕੀਤਾ ਜਾਂਦਾ ਹੈ। ਕੁਲਫ਼ੀਆਂ ਵਿਚ ਘਟੀਆ ਦਰਜੇ ਦੇ ਰੰਗ, ਸੈਂਸ, ਫਲੇਵਰ ਆਦਿ ਪ੍ਰਯੋਗ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਦੁੱਧ ਦੀ ਥਾਂ ਅਰਾਰੋਟ, ਮੈਦਾ ਵਗੈਰਾ ਜਾਂ ਹੋਰ ਵੀ ਕਈ ਤਰ੍ਹਾਂ ਦੇ ਪਦਾਰਥ ਮਿਲਾ ਕੇ ਇਹ ਸੁੰਦਰ ਦਿਸਣ ਵਾਲੀਆਂ ਆਈਸ ਕਰੀਮਾਂ ਜਾਂ ਕੁਲਫ਼ੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਲੋੜ ਹੈ ਜਾਗਰੂਕ ਹੋਣ ਦੀ ਤੇ ਸਰਕਾਰ ਨੂੰ ਇਸ ਪਾਸੇ ਵੱਲ ਧਿਆਨ ਦੇਣ ਦੀ।

-ਪਾਰਸ ਨਾਥ ਬਾਂਸਲ
ਪਿੰਡ ਦਿਉਣ ਖੇੜਾ, ਸ੍ਰੀ ਮੁਕਤਸਰ ਸਾਹਿਬ।

ਸਖ਼ਤ ਕਾਨੂੰਨ ਬਣਨ
ਜਿਸ ਤਰ੍ਹਾਂ ਡਾ: ਮਨਮੋਹਨ ਸਿੰਘ ਦੀ ਕਾਂਗਰਸ ਸਰਕਾਰ ਦੇ ਵਿਰੁੱਧ 2012 ਵਿਚ ਵਿਰੋਧ ਦਿੱਲੀ ਦੇ ਨਿਰਭੈ ਕਾਂਡ ਸਮੇਂ ਹੋਇਆ। ਅਸਲ ਹਕੀਕਤ ਨਾ ਉਸ ਸਮੇਂ ਕਿਸੇ ਰਾਜਨੇਤਾ ਨੂੰ ਸੇਕ ਲੱਗਾ ਸੀ, ਨਾ ਹੁਣ। ਪਰ ਦੋਵਾਂ ਵਿਚਕਾਰ ਫ਼ਰਕ ਸਿਰਫ ਕਾਂਗਰਸ ਅਤੇ ਭਾਜਪਾ ਦੇ ਅਦਲਾ-ਬਦਲੀ ਦਾ ਹੀ ਹੈ, ਸਿਰਫ ਚਿਹਰੇ ਹੀ ਬਦਲੇ ਹਨ। ਸਗੋਂ ਕਾਂਗਰਸ ਉਸ ਸਮੇਂ ਨਿਰਭੈ ਕਾਂਡ ਵਿਚ ਸਿੱਧੀ ਦੋਸ਼ੀ ਨਹੀਂ ਸੀ, ਜਿਸ ਤਰ੍ਹਾਂ ਹੁਣ ਭਾਜਪਾ ਸਿੱਧੀ ਦੋਸ਼ੀ ਸਾਬਤ ਹੋ ਰਹੀ ਹੈ। ਕਿਉਂਕਿ ਉੱਤਰ ਪ੍ਰਦੇਸ਼ ਦੇ ਉਨਾਵ ਕਾਂਡ ਵਿਚ ਦੋਸ਼ੀ ਵਿਧਾਇਕ ਕੁਲਦੀਪ ਸਂਗਰ ਨੇ ਸਿਰਫ ਇਕ ਸਾਲ ਪਹਿਲਾਂ ਹੀ ਭਾਜਪਾ ਵਿਚ ਸ਼ਮੂਲੀਅਤ ਕੀਤੀ ਸੀ। ਇਸ ਤੋਂ ਪਹਿਲਾਂ ਬਸਪਾ, ਕਾਂਗਰਸ ਅਤੇ ਸਮਾਜਵਾਦੀ ਪਾਰਟੀਆਂ ਵਿਚੋਂ ਹੁੰਦੇ ਹੋਏ ਵਿਧਾਇਕ ਬਣੇ ਕੁਲਦੀਪ ਸੇਂਗਰ ਨੇ ਲੋਕਾਂ ਦੇ ਰੁਖ਼ ਨੂੰ ਪਛਾਣ ਲਿਆ ਸੀ। ਪਰ ਭਾਜਪਾ ਨੇ ਟਿਕਟ ਦੇਣ ਲੱਗੇ ਕੁਲਦੀਪ ਸੇਂਗਰ ਦੀ ਛਾਣਬੀਣ ਨਹੀਂ ਕੀਤੀ। ਪਰ ਕਠੂਆ ਵਿਚ ਜੋ 8 ਸਾਲ ਦੀ ਬੱਚੀ ਦੇ ਨਾਲ ਹੋਇਆ, ਜਿਨ੍ਹਾਂ 'ਤੇ ਅੱਤਿਆਚਾਰ ਅਤੇ ਜਬਰ ਜਨਾਹ ਦੇ ਦੋਸ਼ ਲੱਗੇ, ਉਨ੍ਹਾਂ ਨੂੰ ਬਚਾਉਣ ਲਈ ਭਾਜਪਾ ਲੀਡਰਸ਼ਿਪ ਨੇ ਜੋ ਮੁਸ਼ਤੈਦੀ ਦਿਖਾਈ ਹੈ, ਉਹੀ ਜ਼ੋਰ ਅਜਮਾਈ ਆਮ ਲੋਕਾਂ ਨਾਲ ਮੋਮਬੱਤੀਆਂ ਲੈ ਕੇ ਖੜ੍ਹਦੀ ਤਾਂ ਬਿਨਾਂ ਸ਼ੱਕ ਭਾਜਪਾ ਹੋਰ ਮਜ਼ਬੂਤ ਹੁੰਦੀ। ਕੇਂਦਰੀ ਮੰਤਰੀ ਮੰਡਲ ਨੇ ਨਵੇਂ ਕਾਨੂੰਨ ਬਣਾ ਕੇ 12 ਸਾਲ ਦੀਆਂ ਬੱਚੀਆਂ ਦੇ ਜਬਰ ਜਨਾਹ ਦੇ ਦੋਸ਼ੀਆਂ ਨੂੰ ਫਾਂਸੀ (ਮੌਤ) ਦੀ ਸਜ਼ਾ ਅਤੇ 16 ਸਾਲ ਦੀਆਂ ਬੱਚੀਆਂ ਦੇ ਜਬਰ ਜਨਾਹ ਦੇ ਦੋਸ਼ੀਆਂ ਨੂੰ ਉਮਰ ਕੈਦ ਦਾ ਪ੍ਰਾਵਧਾਨ ਕੀਤਾ ਹੈ। ਇਸ ਤਰ੍ਹਾਂ ਦੇ ਹੀ ਕੁਝ ਹੋਰ ਫ਼ੈਸਲੇ ਆਮ ਲੋਕਾਂ ਦੇ ਲੁਟੇਰੇ ਜਮ੍ਹਾਂਖੋਰਾਂ ਲਈ ਤੇ ਰਾਸ਼ਟਰੀ ਬੈਂਕਾਂ ਦੇ ਲੁਟੇਰੇ ਭਗੌੜਿਆਂ ਲਈ ਕਾਨੂੰਨ ਸਖ਼ਤ ਲਿਆਉਣ।

-ਹਰਭਜਨ ਸਿੰਘ
ਭਗਤਾ ਭਾਈ ਕਾ।

07-05-2018

 ਮੰਗਤਿਆਂ ਦੇ ਬੱਦਲ
ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਜਦ ਵੀ ਉਸ ਦੇ ਵਿਹੜੇ ਆ ਵੜਦੀ ਹੈ ਤਾਂ ਵਿਹਲੜ ਤੇ ਲੋਟੂ ਲੋਕਾਂ ਦਾ ਟੋਲਾ ਬੂਹੇ ਅੱਗੇ ਵੱਡੇ-ਵੱਡੇ ਬੋਰਿਆਂ ਦੇ ਮੂੰਹ ਖੋਲ੍ਹ ਬਹਿੰਦਾ ਹੈ। ਹੁਣ ਜਿਵੇਂ ਹੀ ਹਾੜ੍ਹੀ ਦੀ ਫ਼ਸਲ ਕਣਕ ਦੀ ਕਟਾਈ ਹੋਈ ਤਾਂ ਨਿੱਤ ਦਿਨ ਮੰਗਤਿਆਂ ਦੇ ਟੋਲੇ ਕਿਸਾਨ ਦੇ ਦਰਾਂ ਅੱਗੇ ਖੜ੍ਹੇ ਦੇਖਣ ਨੂੰ ਮਿਲ ਰਹੇ ਹਨ। ਪਤਾ ਨਹੀਂ ਇਹ ਲੋਕ ਕਿਸ ਤਰ੍ਹਾਂ ਦੇ ਵੰਨ-ਸੁਵੰਨੇ ਝੂਠ ਬੋਲ ਕੇ ਪਲਾਂ ਵਿਚ ਭੋਲੇ ਕਿਸਾਨ ਪਰਿਵਾਰ ਨੂੰ ਲੁੱਟ ਕੇ ਓਹ ਜਾਂਦੇ ਹਨ।
ਮੈਂ ਪਿੰਡਾਂ ਅੰਦਰ ਬਣੇ ਕਲੱਬ ਦੇ ਨੁਮਾਇੰਦਿਆਂ, ਗ੍ਰਾਮ ਪੰਚਾਇਤਾਂ ਅਤੇ ਪਿੰਡ ਦੇ ਹੋਰ ਉੱਦਮੀ ਵੀਰਾਂ ਨੂੰ ਅਪੀਲ ਕਰਦਾ ਹਾਂ ਕਿ ਆਪੋ-ਆਪਣੇ ਪਿੰਡ ਵਿਚ ਇਹ ਮਤੇ ਪਾਸ ਕਰੋ ਕਿ ਬਾਹਰਲੇ ਪਿੰਡਾਂ ਜਾਂ ਹੋਰ ਥਾਵਾਂ ਤੋਂ ਮੰਗਣ ਆਉਣ ਵਾਲਿਆਂ ਨੂੰ ਫ਼ਸਲ ਦਾ ਇਕ ਦਾਣਾ ਨਾ ਦਿੱਤਾ ਜਾਵੇ ਅਤੇ ਆਪਣੇ ਪਿੰਡ ਦੇ ਹੀ ਧਾਰਮਿਕ ਸਥਾਨਾਂ ਜਾਂ ਹੋਰ ਲੋੜਵੰਦ ਲੋਕਾਂ ਦਾ ਸਹਿਯੋਗ ਕੀਤਾ ਜਾਵੇ। ਇਸ ਤਰ੍ਹਾਂ ਦੇ ਉਪਰਾਲੇ ਕਰਨ ਨਾਲ ਅਸੀਂ ਕਿਸਾਨ ਵੀਰਾਂ ਦੀਆਂ ਮੁਸੀਬਤਾਂ ਨੂੰ ਕਾਫੀ ਠੱਲ੍ਹ ਪਾ ਸਕਦੇ ਹਾਂ।
ਸਾਨੂੰ ਸਮੁੱਚੇ ਦੇਸ਼ਵਾਸੀਆਂ ਨੂੰ ਅਜਿਹੀਆਂ ਮਾਨਸਿਕ ਬਿਮਾਰੀਆਂ 'ਚੋਂ ਨਿਕਲਣਾ ਪਵੇਗਾ ਅਤੇ ਦਾਨ ਦੇ ਅਸਲ ਮਹੱਤਵ ਨੂੰ ਸਮਝਣਾ ਵੀ ਪਵੇਗਾ।


-ਬੇਅੰਤ ਗਿੱਲ (ਭਲੂਰ)
ਪਿੰਡ ਤੇ ਡਾਕ: ਭਲੂਰ (ਮੋਗਾ)।


ਆਸਥਾ ਨਾਲ ਖਿਲਵਾੜ ਕਦੋਂ ਤੱਕ?
ਮਨੁੱਖ ਦਾ ਜਦੋਂ ਬੱਚੇ ਰੂਪ ਵਿਚ ਜਨਮ ਹੁੰਦਾ ਹੈ, ਉਸ ਤੋਂ ਬਾਅਦ ਪੂਰੇ ਜੀਵਨ ਕਾਲ ਦੌਰਾਨ ਅਤੇ ਅੰਤ ਵਿਚ ਸੰਸਾਰਿਕ ਯਾਤਰਾ ਪੂਰੀ ਕਰਨ ਤੱਕ ਹਰ ਮੌਕੇ 'ਤੇ ਧਾਰਮਿਕ ਰੀਤੀ-ਰਿਵਾਜ਼ ਤੇ ਵਿਸ਼ਵਾਸ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹੁੰਦੇ ਹਨ। ਸਾਡਾ ਧਾਰਮਿਕ ਵਿਸ਼ਵਾਸ ਚੱਟਾਨ ਵਰਗਾ ਪੱਕਾ ਹੁੰਦਾ ਹੈ ਅਤੇ ਛੋਟੇ-ਮੋਟੇ ਹਾਦਸੇ ਇਸ ਨੂੰ ਹਿਲਾ ਨਹੀਂ ਪਾਉਂਦੇ। ਕਈ ਵਾਰ ਲੋਕਾਂ ਦੁਆਰਾ ਧਾਰਮਿਕ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਨ ਲਈ ਬਾਬਿਆਂ ਅਤੇ ਡੇਰਿਆਂ ਦਾ ਸਹਾਰਾ ਲਿਆ ਜਾਂਦਾ ਹੈ। ਹੌਲੀ-ਹੌਲੀ ਇਹ ਵਿਸ਼ਵਾਸ, ਅੰਧ-ਵਿਸ਼ਵਾਸ ਦਾ ਰੂਪ ਲੈ ਲੈਂਦਾ ਹੈ ਅਤੇ ਅਸੀਂ ਉਨ੍ਹਾਂ ਅੰਦਰ ਹੀ ਰੱਬ ਲੱਭਣ ਲਗਦੇ ਹਾਂ। ਅਜਿਹੇ ਅੰਧ-ਵਿਸ਼ਵਾਸਾਂ ਕਾਰਨ ਹੀ ਪਾਖੰਡੀ ਬਾਬਿਆਂ ਅਤੇ ਡੇਰਿਆਂ ਦਾ ਗੋਰਖਧੰਦਾ ਚਲਦਾ ਜਾਂਦਾ ਹੈ। ਨੇਤਾਵਾਂ ਨੂੰ ਡੇਰਿਆਂ ਦੀ ਯਾਦ ਉਦੋਂ ਆਉਂਦੀ ਹੈ ਜਦੋਂ ਚੋਣਾਂ ਵੇਲੇ ਅੰਨ੍ਹੇ ਭਗਤਾਂ ਦੀ ਵੋਟਾਂ ਦੀ ਫ਼ਸਲ ਵੱਢਣੀ ਹੋਵੇ। ਜਦੋਂ ਮੀਡੀਆ ਦੀ ਜਾਗਰੂਕਤਾ ਕਾਰਨ ਅਜਿਹੇ ਢੋਂਗੀ ਬਾਬਿਆਂ ਦੀਆਂ ਕਾਲੀਆਂ ਕਰਤੂਤਾਂ ਦਾ ਸੱਚ ਸਾਹਮਣੇ ਆਉਂਦਾ ਹੈ ਅਤੇ ਸਾਡੇ ਵਿਸ਼ਵਾਸ ਦਾ ਕਿੱਲਾ ਟੁੱਟਦਾ ਹੈ ਤਾਂ ਫਿਰ ਕਿਸੇ ਸੱਚੇ ਸੰਤ 'ਤੇ ਵੀ ਛੇਤੀ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਦੇਸ਼ ਦੀਆਂ ਅਦਾਲਤਾਂ ਦੀ ਸੰਜੀਦਗੀ ਅਤੇ ਨਿਰਪੱਖਤਾ ਕਾਰਨ ਹੀ ਇਨ੍ਹਾਂ ਕਥਿਤ ਬਾਬਿਆਂ ਦੇ ਚਿਹਰਿਆਂ ਤੋਂ ਨਕਾਬ ਲੱਥੀ ਹੈ ਅਤੇ ਇਹ ਜੇਲ੍ਹਾਂ ਦੀ ਹਵਾ ਖਾ ਰਹੇ ਹਨ। ਇਸ ਨਾਲ ਭਾਵੇਂ ਕਾਨੂੰਨ ਦਾ ਰਾਜ ਸਥਾਪਿਤ ਹੋਇਆ ਹੈ ਪਰ ਜੋ ਸੱਟ ਲੋਕਾਂ ਦੇ ਧਾਰਮਿਕ ਵਿਸ਼ਵਾਸ ਨੂੰ ਲੱਗੀ ਹੈ, ਉਸ ਦਾ ਇਲਾਜ ਛੇਤੀ ਨਹੀਂ ਮਿਲਣਾ।


-ਲੈਫਟੀਨੈਂਟ ਕੁਲਦੀਪ ਸ਼ਰਮਾ
ਜਲੰਧਰ।


ਨਰਸਰੀ ਜਮਾਤਾਂ
ਨਵੰਬਰ 2017 ਦਾ 'ਬਾਲ ਦਿਵਸ' ਨਰਸਰੀ ਵਿਚ ਪੜ੍ਹਨ ਜਾਣ ਵਾਲੇ ਨੰਨ੍ਹੇ-ਮੁੰਨੇ ਬੱਚਿਆਂ ਨੂੰ ਸਮਰਪਿਤ ਸੀ। ਸਿੱਖਿਆ ਵਿਭਾਗ ਵਲੋਂ ਇਹ ਗੱਜ-ਵੱਜ ਕੇ ਐਲਾਨ ਕੀਤਾ ਗਿਆ ਸੀ ਕਿ ਇਸ ਦਿਨ ਤੋਂ ਸਰਕਾਰੀ ਸਕੂਲਾਂ ਵਿਚ ਨਰਸਰੀ ਦਾ ਦਾਖਲਾ ਸ਼ੁਰੂ ਹੋ ਜਾਵੇਗਾ। ਨਵੇਂ ਸੈਸ਼ਨ ਤੋਂ ਬੱਚਿਆਂ ਲਈ ਸਪੈਸ਼ਲ ਕਮਰੇ ਬਣਾਏ ਜਾਣਗੇ ਅਤੇ ਪਲੇਅ ਵੇ ਢੰਗ ਨਾਲ ਬੱਚਿਆਂ ਨੂੰ ਪੜ੍ਹਾਇਆ ਜਾਵੇਗਾ। ਹੁਣ ਨਵਾਂ ਸੈਸ਼ਨ ਸ਼ੁਰੂ ਹੋ ਚੁੱਕਾ ਹੈ। ਪੰਜਾਬ ਦੇ ਬਹੁਤ ਸਾਰੇ ਸਕੂਲਾਂ ਵਿਚ ਬੱਚੇ ਵੀ ਆਏ ਹਨ ਪਰ ਉਨ੍ਹਾਂ ਨੂੰ ਸਾਂਭਣ ਲਈ ਕੋਈ ਵੀ ਪ੍ਰਬੰਧ ਨਹੀਂ ਹੈ। ਬੱਚਿਆਂ ਲਈ ਸਿੱਖਿਆ ਉਨ੍ਹਾਂ ਦਾ ਮੌਲਿਕ ਹੱਕ ਹੈ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਸਿੱਖਿਆ ਉਨ੍ਹਾਂ ਲਈ ਸਾਰਥਕ ਹੋਵੇ। ਸਿੱਖਿਆ ਵਿਭਾਗ ਤੁਰੰਤ ਉਨ੍ਹਾਂ ਬੱਚਿਆਂ ਲਈ ਸਪੈਸ਼ਲ ਜਮਾਤ ਕਮਰੇ ਤਿਆਰ ਕਰਕੇ ਆਪਣੇ ਫ਼ਰਜ਼ ਨੂੰ ਨਿਭਾਏ।


-ਕੇ.ਐਸ. ਅਮਰ
ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।


ਪੰਚਾਇਤੀ ਚੋਣਾਂ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ 'ਚ ਗੁਰਪ੍ਰੀਤ ਸਿੰਘ ਸੰਧੂ ਦਾ ਲਿਖਿਆ ਲੇਖ 'ਪੰਚਾਇਤਾਂ ਦੇ ਵਿਗੜ ਰਹੇ ਪ੍ਰਭਾਵ ਨੂੰ ਬਚਾਉਣ ਦੀ ਲੋੜ' ਬਹੁਤ ਵਧੀਆ ਸੀ। ਪੰਚਾਇਤੀ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਹਨ। ਹਰੇਕ ਪਿੰਡ ਦੇ ਲੋਕਾਂ ਨੂੰ ਆਪਣੀ ਸੂਝ-ਬੂਝ ਤੋਂ ਕੰਮ ਲੈ ਕੇ ਯੋਗ ਆਦਮੀ ਨੂੰ ਸਰਬਸੰਮਤੀ ਨਾਲ ਚੁਣ ਲੈਣਾ ਚਾਹੀਦਾ ਹੈ। ਚੋਣ ਵੇਲੇ ਚੁਣਿਆ ਹੋਇਆ ਆਦਮੀ ਰਿਸ਼ਵਤਖੋਰੀ, ਧੋਖੇਬਾਜ਼ੀ, ਭੇਦਭਾਵ, ਅਨਪੜ੍ਹ ਤੇ ਨਸ਼ੇ ਕਰਨ ਵਾਲਾ ਨਾ ਹੋਵੇ। ਕਿਉਂਕਿ ਅਜਿਹਾ ਆਦਮੀ ਆਪਣੇ ਘਰ-ਪਰਿਵਾਰ ਦੀ ਸਹੀ ਢੰਗ ਨਾਲ ਸੰਭਾਲ ਤਾਂ ਨਹੀਂ ਕਰ ਸਕਦਾ ਤੇ ਪਿੰਡ ਦੀ ਸੰਭਾਲ ਕਿਵੇਂ ਕਰੇਗਾ। ਪਿੰਡਾਂ ਦੇ ਸਰਪੰਚਾਂ ਲਈ ਵਿਕਸਿਤ ਪਿੰਡਾਂ ਦਾ ਦੌਰਾ ਕਰਨਾ ਲਾਜ਼ਮੀ ਬਣਾ ਦਿੱਤਾ ਜਾਵੇ ਤਾਂ ਜੋ ਪੱਛੜੇ ਹੋਏ ਪਿੰਡਾਂ ਦਾ ਵਿਕਾਸ ਹੋ ਸਕੇ ਅਤੇ ਉਹ ਵਿਕਸਿਤ ਪਿੰਡਾਂ ਤੋਂ ਸਬਕ ਲੈ ਕੇ ਆਪਣੇ ਪਿੰਡ ਨੂੰ ਵੀ ਵਿਕਸਤ ਕਰ ਸਕਣ।


-ਗਗਨਦੀਪ ਕੌਰ ਸੀਰਵਾਲੀ


ਦਸਤਾਰ ਦਾ ਮਾਮਲਾ
ਪਿਛਲੇ ਦਿਨੀਂ ਦਸਤਾਰ ਸਬੰਧੀ ਸੁਪਰੀਮ ਕੋਰਟ ਦੇ ਫ਼ੈਸਲੇ ਨਾਲ ਜਿਥੇ ਸਿੱਖ ਕੌਮ ਨੂੰ ਧਾਰਮਿਕ ਤੌਰ 'ਤੇ ਠੇਸ ਪਹੁੰਚੀ, ਉਥੇ ਭਾਰਤ ਦੇ ਧਰਮ-ਨਿਰਪੱਖ ਦੇਸ਼ ਹੋਣ 'ਤੇ ਵੀ ਸਵਾਲ ਉੱਠਣਾ ਵਾਜਿਬ ਹੈ। ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਕੀ ਸਿੱਖਾਂ ਨੂੰ ਦਸਤਾਰ ਸਜਾਉਣਾ ਜ਼ਰੂਰੀ ਹੈ? ਇਸ ਫ਼ੈਸਲੇ ਨਾਲ ਸਿੱਖ ਭਾਈਚਾਰੇ ਦੇ ਮਨਾਂ ਨੂੰ ਠੇਸ ਤਾਂ ਪਹੁੰਚੀ ਹੈ, ਨਾਲ ਹੀ ਸਵਾਲ ਉੱਠਦਾ ਹੈ ਕਿ ਜੇਕਰ ਆਪਣੇ ਦੇਸ਼ ਵਿਚ ਕਿਸੇ ਕੌਮ ਨੂੰ ਆਜ਼ਾਦੀ ਨਹੀਂ ਹੈ ਤਾਂ ਦੂਸਰੇ ਦੇਸ਼ਾਂ ਵਿਚ ਉਸ ਦੇ ਹਿਤਾਂ ਦੀ ਰੱਖਿਆ ਕਿਵੇਂ ਕੀਤੀ ਜਾ ਸਕਦੀ ਹੈ। ਸੰਵਿਧਾਨ ਵਿਚ ਇਹ ਗੱਲ ਲਿਖੀ ਗਈ ਹੈ ਕਿ ਹਰੇਕ ਧਰਮ ਦੇ ਵਿਅਕਤੀ ਨੂੰ ਆਪਣੀਆਂ ਧਾਰਮਿਕ ਪਰੰਪਰਾਵਾਂ ਦਾ ਪਾਲਣ ਕਰਨ ਦਾ ਅਧਿਕਾਰ ਹੈ ਤਾਂ ਸਿੱਖ ਭਾਈਚਾਰੇ ਦਾ ਵੀ ਹੱਕ ਹੈ ਕਿ ਉਹ ਆਪਣੇ ਗੁਰੂ ਸਾਹਿਬਾਨਾਂ ਦੁਆਰਾ ਦਿੱਤੀ ਦਸਤਾਰ ਨੂੰ ਪਹਿਨਣ। ਧਾਰਮਿਕ ਮਸਲੇ ਬਹੁਤ ਸੰਜੀਦਾ ਹੁੰਦੇ ਹਨ ਜੋ ਸਬੰਧਿਤ ਫ਼ਿਰਕੇ ਦੇ ਲੋਕਾਂ 'ਤੇ ਬਹੁਤ ਜਲਦੀ ਪ੍ਰਭਾਵ ਪਾਉਂਦੇ ਹਨ। ਇਸ ਲਈ ਸੁਪਰੀਮ ਕੋਰਟ ਨੂੰ ਚਾਹੀਦਾ ਹੈ ਕਿ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਇਸ ਫ਼ੈਸਲੇ 'ਤੇ ਗ਼ੌਰ ਕਰੇ ਤੇ ਇਸ ਦਾ ਸੰਜੀਦਾ ਹੱਲ ਕੱਢੇ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।

04-05-2018

 ਬਾਕਮਾਲ ਸੰਪਾਦਕੀ
2 ਮਈ ਦੇ 'ਅਜੀਤ' ਵਿਚ ਸੰਪਾਦਕੀ ਪੰਨੇ 'ਤੇ ਸ: ਬਰਜਿੰਦਰ ਸਿੰਘ ਹਮਦਰਦ ਜੀ ਵਲੋਂ ਲਿਖੀ ਗਈ ਸੰਪਾਦਕੀ ਬਾਕਮਾਲ ਅਤੇ ਕਾਬਿਲੇ ਤਾਰੀਫ਼ ਹੈ। ਇਸ ਸੰਪਾਦਕੀ ਵਿਚ ਅੱਤਵਾਦ ਦੀ ਅੱਗ ਦੀ ਭੱਠੀ ਵਿਚ ਝੁਲਸ ਰਹੇ ਅਫ਼ਗਾਨਿਸਤਾਨ ਬਾਰੇ ਜਾਣਕਾਰੀ ਦਿੱਤੀ ਗਈ ਹੈ। ਚੌਥੇ ਪਹਿਰੇ ਵਿਚ ਬਿਲਕੁਲ ਸਹੀ ਲਿਖਿਆ ਹੈ ਕਿ 'ਅੱਜ ਦੁਨੀਆ ਭਰ ਦੇ ਦੇਸ਼ ਇਸ ਅੱਤਵਾਦ ਦੇ ਜ਼ਹਿਰੀਲੇ ਨਾਗ ਨੂੰ ਕੁਚਲਣ ਦੇ ਯਤਨ ਵਿਚ ਹਨ ਪਰ ਇਹ ਫਿਰ ਵੀ ਕਿਤੇ ਨਾ ਕਿਤੇ ਆਪਣਾ ਫਨ ਚੁੱਕ ਲੈਂਦਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਪੂਰੀ ਵਾਹ ਲਾਉਣ ਦੇ ਬਾਵਜੂਦ ਇਨ੍ਹਾਂ ਦਾ ਜ਼ੋਰ ਘਟਦਾ ਨਜ਼ਰ ਨਹੀਂ ਆ ਰਿਹਾ।' ਇਨ੍ਹਾਂ ਦੋ ਕੁ ਸਤਰਾਂ ਵਿਚ ਹੀ ਅੱਤਵਾਦ ਦਾ ਪੂਰਾ ਸੱਚ ਛੁਪਿਆ ਹੋਇਆ ਹੈ। ਇਨ੍ਹਾਂ ਸਤਰਾਂ ਦੇ ਅਰਥ ਬਹੁਤ ਡੂੰਘੇ ਹਨ।


-ਜਗਮੋਹਨ ਸਿੰਘ ਲੱਕੀ
ਲੱਕੀ ਨਿਵਾਸ, 61 ਏ ਵਿੱਦਿਆ ਨਗਰ, ਨੇੜੇ ਕੁੜੀਆਂ ਦਾ ਹੋਸਟਲ ਪਟਿਆਲਾ।


ਧਰਤੀ ਮਾਂ
ਧਰਤੀ ਸਾਡਾ ਸਭਨਾਂ ਦਾ ਘਰ ਹੈ। ਧਰਤੀ ਦਾ ਵਿਹੜਾ ਹਰਾ ਭਰਾ, ਫੁੱਲਾਂ, ਫਲਾਂ ਨਾਲ ਭਰਿਆ ਹੋਇਆ ਹੈ, ਜੋ ਸਾਨੂੰ ਮਾਂ ਦੀ ਨਿੱਘੀ ਗੋਦ ਦਾ ਅਹਿਸਾਸ ਦਿੰਦਾ ਹੈ। ਹਰੇਕ ਇਨਸਾਨ ਦੀਆਂ ਤਿੰਨ ਮਾਵਾਂ ਹੁੰਦੀਆਂ ਹਨ। ਜਨਮ ਦੇਣ ਵਾਲੀ ਮਾਂ, ਮਾਂ-ਬੋਲੀ ਤੇ ਧਰਤੀ ਮਾਂ। ਸਾਡਾ ਸਭ ਦਾ ਤਿੰਨਾਂ ਮਾਵਾਂ ਦੀ ਸੰਭਾਲ ਕਰਨ ਦਾ ਫ਼ਰਜ਼ ਬਣਦਾ ਹੈ।
ਧਰਤੀ ਮਾਂ ਦੀ ਗੋਦ ਵਿਚ ਬਚਪਨ, ਜਵਾਨੀ ਤੇ ਬੁਢਾਪਾ ਜੀਵਨ ਦੇ ਤਿੰਨੇ ਰੰਗ ਮਾਣ ਕੇ ਅਸੀਂ ਇਸ ਵਿਚ ਹੀ ਸਮਾਂ ਜਾਂਦੇ ਹਾਂ। ਅਸੀਂ ਇਸ ਦੀ ਸਾਂਭ-ਸੰਭਾਲ ਲਈ ਕੀ ਕਰਦੇ ਹਾਂ? ਉਸ ਲਈ ਆਪਾਂ ਆਪਣੇ ਅੰਦਰ ਝਾਤ ਮਾਰੀਏ, ਧਰਤੀ ਦਿਵਸ ਮਨਾਉਣ ਦਾ ਉਦੇਸ਼ ਵਾਤਾਵਰਨ ਪ੍ਰਤੀ ਚੇਤਨਾ ਪੈਦਾ ਕਰਨਾ ਹੈ। ਧਰਤੀ ਨੂੰ ਬੰਜਰ ਹੋਣ ਤੋਂ ਬਚਾਉਣਾ ਹਰ ਇਕ ਦਾ ਫ਼ਰਜ਼ ਬਣਦਾ ਹੈ। ਕੂੜਾ ਕਰਕਟ ਨੂੰ ਪਰ੍ਹੇ ਹਟਾਇਆ ਜਾਵੇ, ਧਰਤੀ ਵਿਚ ਜ਼ਹਿਰੀਲੇ ਪਾਣੀ ਨੂੰ ਘੁਲਣ ਤੋਂ ਰੋਕਿਆ ਜਾਵੇ, ਧਰਤੀ ਨੂੰ ਹਰੀ ਭਰੀ ਬਣਾਉਣ ਲਈ ਰੁੱਖ ਲਗਾਏ ਜਾਣ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣਾ ਸਿਹਤਮੰਦ ਜੀਵਨ ਬਸਰ ਕਰ ਸਕਣ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿ: ਪਟਿਆਲਾ


ਸੋਸ਼ਲ ਮੀਡੀਆ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਅੰਕ ਵਿਚ ਲਿਖਿਆ ਸਵਰਨ ਸਿੰਘ ਟਹਿਣਾ ਦਾ ਲੇਖ 'ਸੋਸ਼ਲ ਮੀਡੀਆ ਨੂੰ ਝੱਲ ਖਿਲਾਰਨ ਲਈ ਨਾ ਵਰਤੋ' ਪੜ੍ਹ ਕੇ ਬਹੁਤ ਵਧੀਆ ਲੱਗਾ। ਇਹ ਗੱਲ ਬਿਲਕੁਲ ਸੱਚ ਹੈ ਕਿ ਸਾਰੀ ਦੁਨੀਆ ਹੀ ਇੰਟਰਨੈੱਟ ਵਾਲੇ ਫੋਨਾਂ 'ਤੇ ਲੱਗੀ ਹੋਈ ਹੈ। ਉਹ ਇਸ ਦੀ ਵਰਤੋਂ ਜ਼ਿਆਦਾ ਝੱਲ ਖਿਲਾਰਨ ਲਈ ਕਰਦੇ ਹਨ ਨਾ ਕਿ ਸਾਰਥਿਕ ਕੰਮਾਂ ਲਈ। ਹਰੇਕ ਆਦਮੀ ਫੇਸਬੁੱਕ, ਵਟੱਸਐਪ ਤੇ ਟਵਿੱਟਰ ਆਦਿ 'ਤੇ ਲੱਗਾ ਹੋਇਆ ਹੈ, ਜਿਸ ਕਾਰਨ ਉਸ ਨੂੰ ਕੋਈ ਪਤਾ ਨਹੀਂ ਲਗਦਾ ਕਿ ਉਸ ਦੇ ਆਲੇ-ਦੁਆਲੇ ਕੀ ਹੋ ਰਿਹਾ ਹੈ? ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਸੋਸ਼ਲ ਮੀਡੀਆ ਦੀ ਵਰਤੋਂ ਆਪਣਾ ਕਾਰੋਬਾਰ ਚਲਾਉਣ ਜਾਂ ਆਪਣੀ ਅੱਡਰੀ ਪਛਾਣ ਬਣਾਉਣ ਲਈ ਕਰਨ।


-ਗਗਨਦੀਪ ਕੌਰ ਸੀਰਵਾਲੀ
ਵਿਦਿਆਰਥਣ, ਜਮਾਤ 10ਵੀਂ।


ਚੰਗਾ ਉੱਦਮ
ਪੰਜਾਬ ਦੀ ਨਾਮਵਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਵਿਚ 'ਇਕ ਪਿੰਡ ਇਕ ਗੁਰਦੁਆਰਾ ਸਾਹਿਬ' ਦੀ ਲਹਿਰ ਚਲਾਈ ਹੋਈ ਹੈ। ਹੁਣ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਹਰ ਥਾਂ 'ਤੇ ਇਕ ਹੀ ਸ਼ਮਸ਼ਾਨ ਘਾਟ ਹੋਵੇਗਾ। ਇਹ ਵੱਖ-ਵੱਖ ਧਰਮਸ਼ਾਲਾਵਾਂ ਅਤੇ ਸ਼ਮਸ਼ਾਨ ਘਾਟ ਦਰਅਸਲ ਗੁਲਾਮੀ ਵੇਲੇ ਪਾੜੋ ਤੇ ਰਾਜ ਕਰੋ ਦੀ ਨੀਤੀ ਅਧੀਨ ਬਣਾਏ ਜਾਂਦੇ ਸਨ ਤਾਂ ਕਿ ਸਾਰਾ ਸਮਾਜ ਇਕਜੁੱਟ ਨਾ ਰਹਿ ਸਕੇ। ਕਿਉਂਕਿ ਪਵਿੱਤਰ ਗੁਰਬਾਣੀ ਵਿਚ ਦਰਜ ਹੈ ਕਿ ਅਸੀਂ ਸਾਰੇ ਕੁਦਰਤ ਦੇ ਬੰਦੇ ਹਾਂ ਤੇ ਕਿਸੇ ਵਿਚ ਕੋਈ ਭਿੰਨ ਭੇਦ ਨਹੀਂ ਹੈ। ਇਸ ਲਈ ਜਿਊਂਦੇ ਜੀਅ ਅਤੇ ਮਰਨ ਉਪਰੰਤ ਕਿਸੇ ਨਾਲ ਵੀ ਜਾਤੀਗਤ ਜਾਂ ਧਾਰਮਿਕ ਵਿਤਕਰੇਬਾਜ਼ੀ ਕਰਨੀ ਗੁਰੂ ਸਾਹਿਬਾਨ ਦੇ ਸਿਧਾਂਤ ਨੂੰ ਪਿੱਠ ਵਿਖਾਉਣ ਵਾਂਗ ਹੈ। ਇਹ ਚੰਗਾ ਉੱਦਮ ਹੈ।


-ਵਿਵੇਕ।


ਆਓ ਨਸ਼ਾ ਮੁਕਾਈਏ
ਨਸ਼ਾ ਪੂਰੇ ਭਾਰਤ ਲਈ ਇਕ ਵੱਡੀ ਸਮੱਸਿਆ ਬਣਿਆ ਹੋਇਆ ਹੈ। ਪਰ ਜੇ ਮੈਂ ਗੱਲ ਇਕੱਲੇ ਪੰਜਾਬ ਸੂਬੇ ਦੀ ਕਰਾਂ ਤਾਂ ਹਾਲਾਤ ਬਹੁਤ ਜ਼ਿਆਦਾ ਗੰਭੀਰ ਨਜ਼ਰ ਆਉਂਦੇ ਹਨ। ਨਸ਼ੇ ਦੀ ਸਮੱਸਿਆ ਤੋਂ ਸੂਬੇ ਦੇ ਲੋਕ ਬੇਹੱਦ ਦੁਖੀ ਹਨ। ਮਾਵਾਂ ਦੇ ਜਵਾਨ ਪੁੱਤ ਆਪਣੇ ਦੂਸ਼ਿਤ ਆਲੇ-ਦੁਆਲੇ ਕਰਕੇ ਨਸ਼ੇ ਦੇ ਚੁੰਗਲ ਵਿਚ ਫਸ ਜਾਂਦੇ ਹਨ।
ਅਸੀਂ ਸਾਰੇ ਸਿਆਸੀ ਮਾਹਿਰਾਂ ਨੂੰ ਬਾਹਰੋਂ ਆਉਂਦਾ ਨਸ਼ਾ ਰੋਕਣ ਲਈ ਜ਼ੋਰ ਪਾ ਰਹੇ ਹਾਂ, ਇਹ ਜ਼ਰੂਰੀ ਵੀ ਹੈ ਪਰ ਇਸ ਦਾ ਇਕ ਹੋਰ ਬਹੁਤ ਹੀ ਧਿਆਨ ਦੇਣਯੋਗ ਪਹਿਲੂ ਇਹ ਹੈ ਕਿ ਸਾਨੂੰ ਆਪਣੇ ਘਰਾਂ ਦੇ ਆਲੇ-ਦੁਆਲੇ ਖੜ੍ਹੇ ਹਰੇ ਨਸ਼ੇ ਦੇ ਬੂਟੇ ਨੂੰ ਖ਼ਤਮ ਕਰਨਾ ਪਏਗਾ। ਮੇਰੀ ਅਪੀਲ ਹੈ ਹਰ ਪਿੰਡ ਦੇ ਮੋਢੀ ਅਤੇ ਸ਼ਹਿਰ ਦੀ ਦੇਖ-ਰੇਖ ਕਰਨ ਵਾਲੇ ਹਰ ਅਧਿਕਾਰੀ ਨੂੰ ਕਿ ਆਓ ਆਪਾਂ ਪ੍ਰਸ਼ਾਸਨ ਦੀ ਸਹਾਇਤਾ ਨਾਲ ਲਹਿਰ ਚਲਾਈਏ ਤੇ ਇਨ੍ਹਾਂ ਨਸ਼ੇ ਦੇ ਬੂਟਿਆਂ ਨੂੰ ਪੱਟ ਸੁੱਟੀਏ।


-ਜੀਤ ਹਰਜੀਤ
ਪ੍ਰੀਤ ਨਗਰ, ਹਰੇੜੀ ਰੋਡ, ਸੰਗਰੂਰ।


ਵਕਾਰ ਨੂੰ ਸੱਟ
ਪਿਛਲੇ ਦਿਨੀਂ ਵਿਸਾਖੀ 'ਤੇ ਭਾਰਤੀ ਪੰਜਾਬ ਤੋਂ ਸਿੱਖ ਸ਼ਰਧਾਲੂਆਂ ਦਾ ਇਕ ਜਥਾ ਜਿਸ ਵਿਚ 1796 ਸਿੱਖ ਯਾਤਰੂ ਸਨ, ਪਾਕਿਸਤਾਨ ਵਿਚ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਗਿਆ। ਇਸ ਵਾਰ ਜਥੇ ਨਾਲ ਸਬੰਧਿਤ ਇਕ-ਦੋ ਵਿਵਾਦਾਂ ਕਰਕੇ ਸਮੁੱਚੇ ਜਥੇ ਦੇ ਵਕਾਰ ਨੂੰ ਸੱਟ ਵੱਜੀ ਹੈ।
ਪਹਿਲਾਂ ਜਥੇ ਵਿਚ ਸ਼ਾਮਿਲ ਸ਼ਰਧਾਲੂਆਂ ਨੇ ਹੀ ਇਹ ਖੁਲਾਸਾ ਕੀਤਾ ਕਿ ਗੁਰਧਾਮਾਂ ਦੇ ਦਰਸ਼ਨਾਂ ਦੀ ਆੜ ਹੇਠ ਕੁਝ ਵਪਾਰੀ ਲੋਕ ਜਿਸ ਵਿਚ ਔਰਤਾਂ ਵੀ ਸ਼ਾਮਿਲ ਹਨ, ਸਿਰਫ ਪਾਕਿਸਤਾਨ ਵਿਚ ਆ ਕੇ ਆਪਣਾ ਸਾਮਾਨ ਵੇਚਦੇ ਹਨ। ਇਹ ਵੀ ਸ਼ੰਕਾ ਜ਼ਾਹਰ ਕੀਤਾ ਕਿ ਇਹ ਸਬੰਧਿਤ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਨਹੀਂ ਹੋ ਸਕਦਾ। ਦੂਸਰਾ ਮਸਲਾ ਨਿਯਮਾਂ ਨੂੰ ਛਿੱਕੇ ਟੰਗ ਕੇ ਧੋਖੇ ਨਾਲ ਜਥੇ ਨਾਲੋਂ ਰਹਿ ਗਏ ਦੋ ਵਿਅਕਤੀਆਂ ਦਾ ਹੈ। ਅੱਗੇ ਤੋਂ ਸਾਡੇ ਖੁਫ਼ੀਆ ਤੰਤਰ ਤੇ ਕਮੇਟੀ ਨੂੰ ਹੋਰ ਸੁਚੇਤ ਅਤੇ ਸਖ਼ਤ ਹੋਣ ਦੀ ਲੋੜ ਹੈ।


-ਮਾਸਟਰ ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਤਰਨ ਤਾਰਨ ਸਾਹਿਬ।

02-05-2018

 ਮਨੁੱਖਤਾ ਦਾ ਘਾਣ ਕਦੋਂ ਤੱਕ?
ਪਿਛਲੇ ਦਿਨੀਂ 'ਅਜੀਤ' ਵਿਚ ਛਪੀ 39 ਲਾਪਤਾ ਭਾਰਤੀਆਂ ਦੇ ਮਾਰੇ ਜਾਣ ਦੀ ਖ਼ਬਰ ਅਤੇ ਇੰਜੀ: ਮਨਵਿੰਦਰ ਵਲੋਂ ਸੀਰੀਆ ਸੰਕਟਾਂ 'ਤੇ ਲਿਖਿਆ ਲੇਖ ਹਰ ਸੂਝਵਾਨ ਨੂੰ ਝੰਜੋੜ ਗਿਆ। ਛੋਟੀ ਜਿਹੀ ਬਗ਼ਾਵਤ ਤੋਂ ਫੈਲਿਆ ਸੰਘਰਸ਼ ਦੋ ਵੱਡੀਆਂ ਤਾਕਤਾਂ ਅਮਰੀਕਾ ਅਤੇ ਰੂਸ ਦੇ ਹੱਥੀਂ ਚੜ੍ਹ ਗਿਆ, ਜਿਨ੍ਹਾਂ ਨੇ ਮਨੁੱਖਤਾ ਦਾ ਰੱਜ ਕੇ ਕਤਲ ਕੀਤਾ।
ਪ੍ਰਾਚੀਨ ਇਤਿਹਾਸਕ ਮਹੱਤਤਾ ਵਾਲੇ ਸ਼ਹਿਰ ਖੰਡਰ ਬਣ ਗਏ। ਉਹ ਸੀਰੀਆ, ਜੋ ਮੁਸੀਬਤ ਵੇਲੇ ਸਾਰਿਆਂ ਦੇਸ਼ਾਂ ਦੇ ਨਾਗਰਿਕਾਂ ਨੂੰ ਪਨਾਹ ਦਿੰਦਾ ਰਿਹਾ, ਉਸ ਦੇ ਆਪਣੇ ਨਾਗਰਿਕਾਂ ਨੂੰ ਕੋਈ ਗਲੇ ਨਹੀਂ ਲਗਾ ਰਿਹਾ। ਕੀ ਸਚਮੁੱਚ ਮਨੁੱਖਤਾ ਮਰ ਗਈ ਹੈ? ਦੁਨੀਆ 'ਤੇ ਛਾ ਜਾਣ ਦੇ ਸੁਪਨੇ ਵੇਖਣ ਵਾਲਾ ਭਾਰਤ ਆਪਣੇ 39 ਨਾਗਰਿਕਾਂ ਦੇ ਅਲੋਪ ਹੋਣ ਤੋਂ ਚਾਰ ਸਾਲਾਂ ਤੱਕ ਖ਼ਬਰ ਨਹੀਂ ਲੈ ਸਕਿਆ। ਸਾਰੇ ਗੁਆਂਢੀ ਦੇਸ਼ਾਂ ਦੇ ਧਾਰਮਿਕ ਅਤੇ ਸਮਾਜਿਕ ਵਿਭਾਗਾਂ ਵਲੋਂ ਇਸ ਪ੍ਰਤੀ ਗੰਭੀਰ ਆਵਾਜ਼ ਉਠਾਉਣੀ ਚਾਹੀਦੀ ਹੈ। ਅਸਲ ਵਿਚ ਸਭ ਤੋਂ ਵੱਡਾ ਅੱਤਵਾਦ ਅਜਿਹੀ ਰਾਜ ਸੱਤਾ ਹੁੰਦੀ ਹੈ, ਜਿਹੜੀ ਆਪਣੇ ਨਾਗਰਿਕਾਂ ਨੂੰ ਨਿਆਂ ਦੇਣ ਵਿਚ ਅਸਮਰੱਥ ਹੁੰਦੀ ਹੈ।


-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ,ਭੱਟੀਵਾਲ, ਗੁਰਦਾਸਪੁਰ।


ਚਿੱਟ ਫੰਡ ਕੰਪਨੀਆਂ...
ਪਿਛਲੇ ਦਿਨੀਂ 'ਅਜੀਤ' ਵਿਚ 'ਚਿੱਟ ਫੰਡ ਕੰਪਨੀਆਂ ਮੁੜ ਲੱਗੀਆਂ ਪੈਰ ਪਸਾਰਨ' ਖ਼ਬਰ ਪੜ੍ਹੀ। ਖ਼ਬਰ ਪੜ੍ਹ ਕੇ ਪਤਾ ਲੱਗਿਆ ਕਿ ਇਕ ਚਿੱਟ ਫੰਡ ਕੰਪਨੀ ਨੇ ਲਹਿਰਾਗਾਗਾ ਵਿਖੇ ਇਕ ਪਬਲਿਕ ਮੀਟਿੰਗ ਕਰਕੇ ਲੋਕਾਂ ਨੂੰ ਮੈਂਬਰ ਬਣਨ ਅਤੇ ਰੁਪਏ ਕਮਾਉਣ ਦੇ ਢੰਗ ਤਰੀਕੇ ਦੱਸ ਕੇ ਭਰਮਾਉਣ ਦੀ ਕੋਸ਼ਿਸ਼ ਕੀਤੀ ਹੈ। ਕਿੰਨੇ ਦੁੱਖ ਦੀ ਗੱਲ ਹੈ ਕਿ ਪਹਿਲਾਂ ਕਿੰਨੀਆਂ ਚਿੱਟ ਫੰਡ ਕੰਪਨੀਆਂ ਨੇ ਪੰਜਾਬ ਵਾਸੀਆਂ ਨੂੰ ਲੁੱਟ ਕੇ ਕੰਗਾਲ ਕੀਤਾ ਹੈ ਪਰ ਅਜੇ ਵੀ ਲੋਕ ਇਨ੍ਹਾਂ ਲੁਟੇਰਿਆਂ ਦੇ ਝਾਂਸੇ ਵਿਚ ਆ ਕੇ ਆਪਣੀ ਖੂਨ ਪਸੀਨੇ ਦੀ ਕਮਾਈ ਇਨ੍ਹਾਂ ਦੀ ਝੋਲੀ ਵਿਚ ਪਾਈ ਜਾ ਰਹੇ ਹਨ। ਕਰਾਊਨ, ਡੀ.ਟੀ.ਐਨ., ਰੋਜ਼ ਵੈਲੀ, ਅਲਪਾਇਨ, ਨੈਸਰਗਰੀਨ, ਐਨਮਾਰਟ ਵਰਗੀਆਂ ਅਨੇਕਾਂ ਹੀ ਕੰਪਨੀਆਂ ਨੇ ਲੋਕਾਂ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਇਆ ਹੋਇਆ ਹੈ। ਪਰਲਜ਼ ਦੇ ਏਜੰਟਾਂ ਤੇ ਖਾਤੇਦਾਰਾਂ ਨੇ ਦਿੱਲੀ 'ਚ ਜੰਤਰ-ਮੰਤਰ ਵਿਖੇ ਦੇਸ਼ ਪੱਧਰ 'ਤੇ ਵੱਡੇ ਮੁਜ਼ਾਹਰੇ ਕਰਕੇ ਵੇਖ ਲਏ ਹਨ ਪਰ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ, ਹੋਰ ਤਾਂ ਹੋਰ ਸੰਗਰੂਰ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੰਸਦ ਵਿਚ ਪਰਲਜ਼ ਪੀੜਤਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਵੀ ਮਾਰਿਆ ਸੀ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ।


-ਸ. ਸ. ਰਮਲਾ,
ਸੰਗਰੂਰ।


ਅਧਿਆਪਕ ਦੀ ਖੁਦਕੁਸ਼ੀ
ਗ਼ਰੀਬੀ ਤੇ ਲਾਚਾਰੀ ਭਰਿਆ ਜੀਵਨ ਜਿਊਂਦਿਆਂ ਸਰਕਾਰੀ ਨੌਕਰ ਹੁੰਦਿਆਂ ਇਕ ਅਪਾਹਜ ਅਧਿਆਪਕ ਨੇ ਫਿਰੋਜ਼ਪੁਰ ਨਹਿਰ ਵਿਚ ਛਾਲ ਮਾਰ ਕੇ ਆਪਣੀ ਦੁੱਖ ਭਰੀ ਜ਼ਿੰਦਗੀ ਤੋਂ ਨਿਜਾਤ ਪਾ ਲਈ। ਘਰ ਦੀ ਹਾਲਤ ਤਾਂ ਇਹ ਸੀ ਕਿ ਪੂਰੇ ਪਰਿਵਾਰ ਸਮੇਤ ਇਕ ਹੀ ਖਸਤਾ ਹਾਲਤ ਕਮਰੇ 'ਚ ਰਹਿ ਰਿਹਾ ਸੀ। 2009 ਵਿਚ ਪੰਝੀ ਸੌ ਰੁਪਏ ਤੇ ਰੱਖੇ ਗਏ ਇਹ ਸਿੱਖਿਆ ਕਰਮੀ ਇਸ ਸਮੇਂ ਅੱਤ ਦੀ ਮਹਿੰਗਾਈ ਵਿਚ ਸਿਰਫ ਅੱਠ ਹਜ਼ਾਰ ਰੁਪਏ ਮਹੀਨਾ ਤਨਖਾਹ ਲੈ ਕੇ ਬੜੀ ਮੁਸ਼ਕਿਲ ਨਾਲ ਆਰਥਿਕ ਤੰਗੀਆਂ-ਤੁਰਸ਼ੀਆਂ 'ਚੋਂ ਗੁਜਰ ਕੇ ਜ਼ਿੰਦਗੀ ਕੱਟ ਰਹੇ ਹਨ।
ਪਿਛਲੇ ਦਿਨੀਂ ਸਿੱਖਿਆ ਵਿਭਾਗ ਨੇ ਇਨ੍ਹਾਂ ਦੀਆਂ ਮੰਗਾਂ ਠੁਕਰਾਉਂਦੇ ਹੋਏ ਕਿਸੇ ਵੀ ਤਰ੍ਹਾਂ ਦੀ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਸਰਕਾਰ ਦੇ ਇਸੇ ਵਤੀਰੇ ਤੇ ਪੰਜ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਮਾਨਸਿਕ ਪ੍ਰੇਸ਼ਾਨੀ ਤੇ ਚਲਦਿਆਂ ਚੰਨਣ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਉਸ ਦੇ ਹੋਰ ਵੀ ਕਈ ਸਾਥੀ ਇਹੀ ਦੁੱਖ ਹੰਢਾ ਰਹੇ ਹਨ। ਕਈ ਤਾਂ ਵਿਚਾਰੇ ਦੁਖੀ ਮਨ ਅੱਖਾਂ ਭਰ ਇਹ ਵੀ ਕਹਿੰਦੇ ਨੇ ਹੁਣ ਏਨੇ ਸਾਲਾਂ ਬਾਅਦ ਨਾ ਹੀ ਨੌਕਰੀ ਛੱਡ ਸਕਦੇ ਨਾ ਹੀ ਕਰਨ ਨੂੰ ਜੀਅ ਕਰਦਾ। ਜਦ ਕਿ ਇਸ ਵੇਲੇ ਇਹ ਪ੍ਰਾਇਮਰੀ ਸਕੂਲਾਂ ਦੀ ਰੀੜ੍ਹ ਦੀ ਹੱਡੀ ਹਨ। ਪੜ੍ਹਾਈ ਤੋਂ ਨਤੀਜਾ ਵੀ ਵਧੀਆ ਦੇ ਰਹੇ ਹਨ। ਹਰ ਕੰਮ ਲਗਨ ਮਿਹਨਤ ਨਾਲ ਕਰਦੇ ਹਨ। ਇਹ ਸਭ ਕੁਝ ਮਹਿਕਮਾ ਵੀ ਭਲੀ-ਭਾਂਤ ਜਾਣਦਾ ਹੈ। ਹੋਰ ਕੁਝ ਨਹੀਂ ਤਾਂ ਇੱਜ਼ਤ ਭਰਿਆ ਜੀਵਨ ਬਸਰ ਕਰਨ ਜੋਗੀ ਤਨਖਾਹ ਦਿੱਤੀ ਜਾਵੇ।


-ਪਰਮ ਪਿਆਰ ਸਿੰਘ
ਨਕੋਦਰ।


ਜ਼ਿੰਮੇਵਾਰ ਕੌਣ
ਕੰਪਿਊਟਰ ਪ੍ਰੋਫ਼ੈਸ਼ਨਲ ਸੰਘ ਹਰਿਆਣਾ ਦੀ ਅਣਮਿਥੇ ਸਮੇਂ ਦੀ ਹੜਤਾਲ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਾਰੀ ਹੈ। ਇਸ ਹੜਤਾਲ ਕਾਰਨ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਸੀ.ਐਮ. ਵਿੰਡੋ ਤੋਂ ਲੈ ਕੇ ਵਾਹਨ ਪੰਜੀਕਰਨ, ਲਾਇਸੰਸ, ਇੰਤਕਾਲ, ਜਮਾਂਬੰਦੀ, ਜ਼ਮੀਨ ਰਜਿਸਟਰੇਸ਼ਨ, ੍ਰਮਾਣ ਪੱਤਰ, ਰਾਸ਼ਨ ਕਾਰਡ ਬਣਾਉਣ ਸਹਿਤ ਸਾਰੀਆਂ ਆਨ-ਲਾਈਨ ਸੇਵਾਵਾਂ ਬੰਦ ਹਨ। ਕੰਪਿਊਟਰ ਅਪਰੇਟਰਾਂ ਅਤੇ ਸਰਕਾਰ ਵਿਚਕਾਰ ਚਲ ਰਹੇ ਇਸ ਸੰਘਰਸ਼ ਦਰਮਿਆਨ ਆਮ ਲੋਕ ਬੁਰੀ ਤਰ੍ਹਾਂ ਪਿਸਦੇ ਨਜ਼ਰ ਆ ਰਹੇ ਹਨ।
ਲੋਕ ਰੋਜ਼ਾਨਾ ਤਹਿਸੀਲ ਕੰਪਲੈਕਸ ਦੇ ਗੇੜੇ ਮਾਰਦੇ ਨਜ਼ਰ ਆ ਰਹੇ ਹਨ ਪਰ ਸੂਬੇ ਦੇ ਈ-ਦਿਸ਼ਾ ਕੇਂਦਰਾਂ ਵਿਚ ਪਈ ਸੁੰਨਸਾਨ ਕਾਰਨ ਲੋਕ ਸਾਰਾ-ਸਾਰਾ ਦਿਨ ਖੱਜਲ-ਖੁਆਰ ਹੋ ਕੇ ਆਖਰ ਆਥਣ ਵੇਲੇ ਨਿਰਾਸ਼ ਹੋ ਕੇ ਘਰਾਂ ਨੂੰ ਪਰਤ ਜਾਂਦੇ ਹਨ। ਇਹ ਸਿਲਸਿਲਾ ਪਿਛਲੇ ਕਈ ਦਿਨਾਂ ਤੋਂ ਨਿਰੰਤਰ ਜਾਰੀ ਹੈ। ਲੋਕਾਂ ਦੀ ਇਸ ਸਮੱਸਿਆ ਦਾ ਹੱਲ ਕੱਢਣ ਲਈ ਹਰਿਆਣਾ ਸਰਕਾਰ ਵਲੋਂ ਅਜੇ ਤੱਕ ਕੋਈ ਵੀ ਕਦਮ ਨਹੀ ਚੁੱਕਿਆ ਗਿਆ। ਸਵਾਲ ਪੈਦਾ ਹੁੰਦਾ ਹੈ ਕਿ ਹਰਿਆਣਾ ਸਰਕਾਰ ਦੇ ਖਜ਼ਾਨੇ ਨੂੰ ਪੈ ਰਿਹਾ ਘਾਟਾ ਤਾਂ ਹੜਤਾਲ ਖੁੱਲ੍ਹਣ ਤੋਂ ਬਾਅਦ ਵੀ ਪੂਰਾ ਹੋ ਜਾਵੇਗਾ ਪਰ ਆਮ ਲੋਕਾਂ ਦੀ ਰੋਜ਼ਾਨਾ ਤਹਿਸੀਲ ਕੰਪਲੈਕਸ ਵਿਚ ਹੋ ਰਹੀ ਖੱਜਲ-ਖੁਆਰੀ ਲਈ ਜ਼ਿੰਮੇਵਾਰ ਕੌਣ ਹੈ? ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੱਢਿਆ ਜਾਵੇ ਤਾਂ ਕਿ ਆਮ ਲੋਕ ਪ੍ਰੇਸ਼ਾਨੀਆਂ ਤੋਂ ਬਚ ਸਕਣ।


-ਜਗਤਾਰ ਸਮਾਲਸਰ
ਏਲਨਾਬਾਦ, ਸਿਰਸਾ।

27-04-2018

 ਸਿੱਖਿਆ ਦੀ ਸਾਰਥਿਕਤਾ
ਅਜੋਕੇ ਯੁੱਗ ਵਿਚ ਸਿੱਖਿਆ ਦੀ ਸਾਰਥਿਕਤਾ ਅਹਿਮ ਵਿਸ਼ਾ ਹੈ। ਸਿੱਖਿਆ ਅਤੇ ਸਾਰਥਿਕਤਾ ਇਕ ਸਿੱਕੇ ਦੇ ਦੋ ਪਾਸੇ ਹਨ। ਸਿੱਖਿਆ ਦਾ ਸਾਰਥਿਕ ਹੋਣਾ ਹੀ ਸਿੱਖਿਆ ਦੇ ਉਦੇਸ਼ ਦੀ ਪ੍ਰਾਪਤੀ ਹੋ ਸਕਦਾ ਹੈ। ਬਿਨਾਂ ਸਿੱਖਿਆ ਮਨੁੱਖ ਕੋਰਾ ਕਾਗਜ਼ ਹੀ ਹੁੰਦਾ ਹੈ। ਸਿੱਖਿਆ ਦਾ ਮੂਲ ਭਾਵ ਹਨੇਰਾ ਮਿਟਾਉਣਾ ਹੁੰਦਾ ਹੈ। ਅਤੀਤ ਦੇ ਤਜਰਬੇ ਅਤੇ ਗਿਆਨ ਤੋਂ ਸੇਧ ਲੇ ਕੇ ਸਿੱਖਿਆ ਸਬੰਧੀ ਸੁਧਾਰ ਅਤਿ ਜ਼ਰੂਰੀ ਹਨ। ਜੋ ਸਿੱਖਿਆ ਹੋਇਆ ਹੈ, ਉਸ ਨੂੰ ਸਹੀ ਅਰਥਾਂ ਵਿਚ ਲੋਕ ਭਲਾਈ ਲਈ ਅੱਗੇ ਸਿਖਾਉਣ ਲਈ ਵੀ ਉਪਰਾਲਾ ਹੋਣਾ ਚਾਹੀਦਾ ਹੈ। ਸ਼ੇਖ ਸ਼ਾਅਦੀ ਦਾ ਕਥਨ ਹੈ, 'ਜੋ ਸਿੱਖਦਾ ਹੈ ਪਰ ਵਿੱਦਿਆ ਦਾ ਉਪਯੋਗ ਨਹੀਂ ਕਰਦਾ, ਉਹ ਕਿਤਾਬਾਂ ਨਾਲ ਲੱਦਿਆ ਭਾਰ ਢੋਣ ਵਾਲਾ ਪਸ਼ੂ ਹੈ'। ਇਸ ਕਥਨ ਵਿਚ ਸਿੱਖਿਆ ਦੀ ਸਾਰਥਿਕਤਾ ਛੁਪੀ ਹੋਈ ਹੈ।
ਸਿੱਖਿਆ ਦਾ ਸਾਰਥਿਕ ਸੁਭਾਅ ਬੱਚੇ ਦੀ ਪਹਿਲੀ ਕਿਲਕਾਰੀ ਤੋਂ ਹੀ ਸ਼ੁਰੂ ਹੋ ਜਾਣਾ ਚਾਹੀਦਾ ਹੈ। ਬੱਚੇ ਦੇ ਚਰਿੱਤਰ ਨਿਰਮਾਣ ਨਾਲ ਜੋੜ ਕੇ ਹੀ ਸਿੱਖਿਆ ਦੀ ਸਾਰਥਿਕ ਪਹੁੰਚ ਪੈਦਾ ਕੀਤੀ ਜਾ ਸਕਦੀ ਹੈ। ਗ਼ੈਰ-ਮਿਆਰੀ ਅਤੇ ਗ਼ੈਰ-ਸਾਰਥਿਕ ਸਿੱਖਿਆ 'ਤੇ ਪਾਬੰਦੀ ਹੋਣੀ ਚਾਹੀਦੀ ਹੈ। ਸਿੱਖਿਆ ਸਬੰਧੀ ਨੀਤੀਆਂ ਵਿਚ ਨੈਤਿਕ ਗੁਣ ਹੋਣੇ ਚਾਹੀਦੇ ਹਨ। ਸਿੱਖਿਆ ਆਪਣੇ ਉਦੇਸ਼ ਦੀ ਪੂਰਤੀ ਤਦ ਹੀ ਕਰ ਸਕਦੀ ਹੈ ਜੇ ਗ਼ੈਰ-ਮਿਆਰੀ ਅਤੇ ਗ਼ੈਰ-ਲੋੜੀਂਦੀ ਸਿੱਖਿਆ ਦੀ ਸ਼ਨਾਖਤ ਕਰਕੇ ਸਮੇਂ ਦੀ ਮੰਗ ਅਨੁਸਾਰ ਇਸ ਨੂੰ ਪਰ੍ਹੇ ਕੀਤਾ ਜਾਵੇ। ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਸਿੱਖਿਆ ਦਾ ਸਾਰਥਿਕ ਹੋਣਾ ਅਤਿਅੰਤ ਜ਼ਰੂਰੀ ਹੈ। ਇਸ ਨਾਲ ਹੀ ਸਮਾਜ ਦਾ ਸੰਤੁਲਨ ਬਣਿਆ ਰਹਿ ਸਕਦਾ ਹੈ।


-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।


ਨਵੀਂ ਬਦਲੀ ਨੀਤੀ
ਪਿਛਲੇ ਦਿਨੀਂ ਪੰਜਾਬ ਸਰਕਾਰ ਦੇ ਉੱਚ ਸਿੱਖਿਆ ਅਧਿਕਾਰੀਆਂ ਦੁਆਰਾ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਦੀਆਂ ਬਦਲੀਆਂ ਕਰਨ ਲਈ ਇਕ ਨੀਤੀ ਬਣਾਈ ਗਈ ਹੈ, ਜਿਸ ਅਧੀਨ ਹਰ ਇਕ ਜ਼ਿਲ੍ਹੇ ਨੂੰ ਪੰਜ ਖੇਤਰਾਂ ਵਿਚ ਵੰਡ ਕੇ ਹਰ ਇਕ ਕਰਮਚਾਰੀ ਦੀ ਨਿੱਜੀ ਯੋਗਤਾ ਦੇ ਆਧਾਰ 'ਤੇ ਉਸ ਦੀ ਬਦਲੀ ਕੀਤੀ ਜਾਵੇਗੀ ਅਤੇ ਪਿਛਲੇ 7 ਸਾਲ ਜਾਂ ਉਸ ਤੋਂ ਵੱਧ ਸਮੇਂ ਤੋਂ ਕਿਸੇ ਇਕ ਸਟੇਸ਼ਨ 'ਤੇ ਬੈਠੇ ਅਧਿਆਪਕ ਦੀ ਲਾਜ਼ਮੀ ਤੌਰ 'ਤੇ ਬਦਲੀ ਕੀਤੀ ਜਾਵੇਗੀ। ਜੇਕਰ ਨਿਰਪੱਖ ਹੋ ਕੇ ਦੇਖਿਆ ਜਾਵੇ ਤਾਂ ਇਸ ਨੀਤੀ ਵਿਚ ਕੁਝ ਵੀ ਗ਼ਲਤ ਨਹੀਂ ਹੈ।
ਜੇਕਰ ਕਰਮਚਾਰੀਆਂ ਨੇ ਪਿਛਲੇ ਸਮੇਂ ਦੌਰਾਨ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਈ ਹੈ ਤਾਂ ਉਹ ਨਵੇਂ ਸਟੇਸ਼ਨ 'ਤੇ ਜਾ ਕੇ ਵੀ ਵਧੀਆ ਕਾਰਗੁਜ਼ਾਰੀ ਦਿਖਾਉਣਗੇ। ਸੱਚ ਤਾਂ ਇਹ ਹੈ ਕਿ ਕੇਵਲ ਉਹ ਲੋਕ ਹੀ ਇਸ ਨੀਤੀ ਦਾ ਵਿਰੋਧ ਕਰ ਰਹੇ ਹਨ, ਜਿਨ੍ਹਾਂ ਨੇ ਰਾਜਨੀਤਕ ਦਬਾਅ ਨਾਲ ਸ਼ਹਿਰੀ ਸਟੇਸ਼ਨਾਂ 'ਤੇ ਕਬਜ਼ਾ ਕੀਤਾ ਹੋਇਆ ਹੈ। ਅਜਿਹੇ ਲੋਕ ਇਹ ਬਰਦਾਸ਼ਤ ਕਰ ਹੀ ਨਹੀਂ ਸਕਦੇ ਕਿ ਬਦਲੀਆਂ ਦੀ ਕਿਸੇ ਨਵੀਂ ਨੀਤੀ ਅਧੀਨ ਉਨ੍ਹਾਂ ਨੂੰ ਕਿਸੇ ਪੇਂਡੂ ਖੇਤਰ ਵਿਚ ਕੰਮ ਕਰਨਾ ਪਵੇ। ਇਸ ਲਈ ਮੈਂ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਇਸ ਨਵੀਂ ਬਦਲੀ ਨੀਤੀ ਦਾ ਜ਼ੋਰਦਾਰ ਸ਼ਬਦਾਂ ਵਿਚ ਸਮਰਥਨ ਕਰਦੀ ਹਾਂ।


-ਗੁਰਕ੍ਰਿਪਾਲ ਕੌਰ
ਆਰਟ ਐਂਡ ਕਰਾਫਟ ਟੀਚਰ, ਜ਼ਿਲ੍ਹਾ ਲੁਧਿਆਣਾ।


ਉਧਾਰ
ਉਧਾਰ ਲੈਣਾ ਅਤੇ ਉਧਾਰ ਦੇਣਾ ਸਾਡੇ ਸਮਾਜਿਕ ਜੀਵਨ ਦਾ ਹਿੱਸਾ ਹੈ। ਇਹ ਲੈਣ-ਦੇਣ ਪੁਰਾਣੇ ਸਮੇਂ ਤੋਂ ਹੀ ਚੱਲਿਆ ਆ ਰਿਹਾ ਹੈ, ਕਿਉਂਕਿ ਤੰਗੀਆਂ ਮਨੁੱਖ ਨਾਲ ਸ਼ੁਰੂ ਤੋਂ ਹੀ ਜੁੜੀਆਂ ਰਹੀਆਂ ਹਨ। ਉਧਾਰ ਲੈਣ ਵਿਚ ਕੋਈ ਬੁਰਾਈ ਨਹੀਂ ਹੈ ਪਰ ਜਦੋਂ ਅਸੀਂ ਉਧਾਰ ਲੈ ਕੇ ਉਧਾਰ ਦੇਣ ਵਾਲੇ ਇਨਸਾਨ ਦਾ ਸ਼ੁਕਰਾਨਾ ਨਹੀਂ ਕਰਦੇ ਜਾਂ ਉਧਾਰ ਵਾਪਸ ਹੀ ਨਹੀਂ ਕਰਦੇ ਤਾਂ ਇਹ ਗੱਲ ਗ਼ਲਤ ਹੈ। ਕਿਹਾ ਜਾਂਦਾ ਹੈ ਕਿ ਰਿਸ਼ਤੇਦਾਰੀ ਜਾਂ ਦੋਸਤੀ ਵਿਚ ਵਿਗਾੜ ਪਾਉਣਾ ਹੋਵੇ ਤਾਂ ਉਸ ਇਨਸਾਨ ਨੂੰ ਪੈਸੇ ਉਧਾਰ ਦੇ ਦਿਓ। ਇਹੀ ਵਰਤਾਰਾ ਅੱਜ ਚੱਲ ਰਿਹਾ ਹੈ। ਅਸੀਂ ਜਿੰਨੇ ਮੂੰਹ ਦੇ ਮਿੱਠੇ ਬਣ ਕੇ ਉਧਾਰ ਲੈਂਦੇ ਹਾਂ, ਉਧਾਰ ਵਾਪਸ ਕਰਨ ਸਮੇਂ ਓਨੇ ਹੀ ਬੇਰੁਖ਼ੇ ਹੋ ਜਾਂਦੇ ਹਾਂ ਜਾਂ ਫਿਰ ਜਿਸ ਵਿਅਕਤੀ ਨੂੰ ਪੈਸੇ ਵਾਪਸ ਕਰਨੇ ਹੁੰਦੇ ਹਨ, ਉਸ ਨਾਲ ਬੋਲਚਾਲ ਹੀ ਬੰਦ ਕਰ ਲੈਂਦਾ ਹਾਂ ਤਾਂ ਕਿ ਪੈਸੇ ਵਾਪਸ ਹੀ ਨਾ ਦੇਣੇ ਪੈਣ। ਅਜਿਹੀ ਮਤਲਬੀ ਸੋਚ ਕਾਰਨ ਹੀ ਹੌਲੀ-ਹੌਲੀ ਇਨਸਾਨ ਦਾ ਇਨਸਾਨੀਅਤ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ।


-ਜਸਪ੍ਰੀਤ ਕੌਰ 'ਸੰਘਾ'
ਪਿੰਡ ਤਨੂੰਲੀ, ਜ਼ਿਲ੍ਹਾ ਹੁਸ਼ਿਆਰਪੁਰ।


ਆਵਾਰਾ ਪਸ਼ੂ ਤੇ ਸੜਕ ਹਾਦਸੇ
ਪਿਛਲੇ ਦਿਨੀਂ ਜਦੋਂ ਮੈਂ ਸਕੂਲ ਜਾਣ ਲਈ ਘਰ ਤੋਂ ਨਿਕਲੀ ਤਾਂ ਇਕ ਅਜਿਹਾ ਹਾਦਸਾ ਦੇਖਿਆ ਕਿ ਮੇਰੀ ਰੂਹ ਕੰਬ ਗਈ। ਇਕ ਗੱਡੀ ਵਿਚ ਪੰਜ ਮੈਂਬਰ ਸਵਾਰ ਹੋ ਕੇ ਕਿਸੇ ਵਿਆਹ ਵਿਚ ਸ਼ਾਮਿਲ ਹੋਣ ਜਾ ਰਹੇ ਸਨ ਕਿ ਉਨ੍ਹਾਂ ਦੀ ਗੱਡੀ ਅੱਗੇ ਇਕ ਆਵਾਰਾ ਬਲਦ ਅਚਾਨਕ ਆ ਗਿਆ। ਜਿਵੇਂ ਹੀ ਡਰਾਈਵਰ ਬਲਦ ਬਚਾਉਣ ਲਈ ਬ੍ਰੇਕ ਲਾਉਣ ਲੱਗਾ ਕਿ ਅਚਾਨਕ ਪਿੱਛੇ ਚਲਦੀ ਗੱਡੀ ਨੂੰ ਟੱਕਰ ਵੱਜ ਗਈ। ਹੋਇਆ ਇਹ ਕਿ ਦੋਵੇਂ ਗੱਡੀਆਂ ਇਕ-ਦੂਜੇ ਵਿਚ ਵੱਜ ਗਈਆਂ।
ਅੱਗੇ ਵਾਲੀ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਖੰਭੇ ਨਾਲ ਜਾ ਵੱਜੀ। ਪਿਛਲੀ ਗੱਡੀ ਵੀ ਸਮੇਂ 'ਤੇ ਬ੍ਰੇਕ ਨਾ ਲੱਗਣ ਕਾਰਨ ਸੜਕ ਤੋਂ ਉਤਰ ਕੇ ਦੂਜੇ ਪਾਸੇ ਜਾ ਵੱਜੀ। ਇਸ ਹਾਦਸੇ ਵਿਚ ਲਗਪਗ 7 ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਸਾਰਿਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਕਾਸ਼! ਜੇਕਰ ਨਾ ਉਹ ਬਲਦ ਗੱਡੀ ਸਾਹਮਣੇ ਆਉਂਦਾ ਤੇ ਨਾ ਹੀ ਇਹ ਹਾਦਸਾ ਹੋਣਾ ਸੀ। ਲਗਾਤਾਰ ਹੋ ਰਹੇ ਹਾਦਸਿਆਂ ਵਿਚ ਕਿਤੇ ਨਾ ਕਿਤੇ ਇਹ ਆਵਾਰਾ ਪਸ਼ੂ ਵੀ ਜ਼ਿੰਮੇਵਾਰ ਹਨ। ਆਖ਼ਰ ਕਦੋਂ ਤੱਕ ਇਕ ਦੀ ਗ਼ਲਤੀ ਦੀ ਸਜ਼ਾ ਕਿਸੇ ਹੋਰ ਨੂੰ ਮਿਲੇਗੀ। ਸਰਕਾਰ ਨੂੰ ਇਸ ਗੱਲ 'ਤੇ ਜ਼ਰੂਰ ਗ਼ੌਰ ਕਰਨਾ ਚਾਹੀਦਾ ਹੈ। ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਕੋਈ ਠੋਸ ਕਦਮ ਚੁੱਕਣੇ ਚਾਹੀਦੇ ਹਨ।


-ਨਵਿਤਾ ਰਾਣੀ
ਪਿੰਡ ਮੀਢਵਾਂ ਅੱਪਰ, ਅਨੰਦਪੁਰ ਸਾਹਿਬ,
ਜ਼ਿਲ੍ਹਾ ਰੋਪੜ।


ਦਸਤਾਰ ਸਾਡੀ ਸ਼ਾਨ
ਪਿਛਲੇ ਦਿਨੀਂ 'ਅਜੀਤ' ਵਿਚ 'ਦਸਤਾਰ ਸਜਾਓ ਮਾਰਚ' ਬਾਰੇ ਪੜ੍ਹਿਆ ਤਾਂ ਮੇਰਾ ਵੀ ਕੁਝ ਦਸਤਾਰ ਬਾਰੇ ਲਿਖਣ ਦਾ ਮਨ ਹੋਇਆ। ਆਪਣੇ ਧਰਮ ਵਿਚ ਵਿਸ਼ਵਾਸ, ਪਿਆਰ ਅਤੇ ਇਮਾਨ ਉਸ ਦੀ ਸ਼ਰਧਾ 'ਤੇ ਹੀ ਨਿਰਭਰ ਕਰਦੇ ਹਨ। ਇਸੇ ਤਰ੍ਹਾਂ ਦਸਤਾਰ ਆਪਣੀ ਸਿੱਖੀ ਦੀ ਨਿਸ਼ਾਨੀ ਹੈ। ਉੱਥੇ ਦਸਤਾਰ ਇਕ ਸਰਦਾਰ ਲਈ ਸਿਰ ਦਾ ਤਾਜ ਹੈ, ਆਣ ਹੈ, ਸਿੱਖੀ ਦੀ ਸ਼ਾਨ ਹੈ ਤੇ ਇਸ ਦੇ ਨਾਲ-ਨਾਲ ਇਹ ਸ਼ਬਦ ਸੋਨੇ 'ਤੇ ਸੁਹਾਗਾ ਹੋ ਨਿਬੜਦੇ ਹਨ ਕਿ ਸਾਨੂੰ ਸਿੱਖ ਹੋਣ 'ਤੇ ਮਾਣ ਹੈ। ਦਸਤਾਰ ਵਾਲੇ ਸਰਦਾਰ ਬਹੁਤ ਵੱਡੇ ਇਕੱਠ ਵਿਚੋਂ ਅਲੱਗ ਹੀ ਪਹਿਚਾਣੇ ਜਾਂਦੇ ਹਨ। ਪਰ ਅੱਜ ਦਾ ਨੌਜਵਾਨ ਦਸਤਾਰ ਸਜਾਉਣ ਵਿਚ ਦਿਲਚਸਪੀ ਥੋੜ੍ਹੀ ਘੱਟ ਦਿਖਾ ਰਿਹਾ ਹੈ, ਕਿਉਂਕਿ ਕਲੀਨ ਸੇਵ ਹੋਣ ਦਾ ਫੈਸ਼ਨ ਅੱਜ ਦੀ ਪੀੜ੍ਹੀ ਵਿਚ ਜ਼ਿਆਦਾ ਹੀ ਵਧ ਰਿਹਾ ਹੈ। ਇਥੇ ਮੈਂ ਇਸ ਦਾ ਦੋਸ਼ ਇਕੱਲੇ ਲੜਕਿਆਂ ਨੂੰ ਨਹੀਂ ਦੇਵਾਂਗੀ, ਨਾਲ-ਨਾਲ ਸਾਡੀਆਂ ਭੈਣਾਂ, ਮਾਤਾਵਾਂ ਵੀ ਓਨੀਆਂ ਹੀ ਜ਼ਿੰਮੇਵਾਰ ਹਨ, ਕਿਉਂਕਿ ਜਿਹੜੀਆਂ ਆਪ ਫੈਸ਼ਨਾਂ ਦੀ ਹੋੜ ਵਿਚ ਵਹਿ ਕੇ ਪਾਰਲਰ ਜਾਂਦੀਆਂ ਹਨ, ਫਿਰ ਬੱਚਿਆਂ ਨੂੰ ਦਸਤਾਰ ਦੀ ਪਰਿਭਾਸ਼ਾ ਕੀ ਸਿਖਾਉਣਗੀਆਂ। ਸੋ, ਵੀਰੋ, ਭੈਣੋ, ਮਾਤਾਵੋ ਦੇਸ਼ਾਂ-ਵਿਦੇਸ਼ਾਂ ਵਿਚ ਵੀ ਦਸਤਾਰਧਾਰੀ ਬੱਚਿਆਂ ਨੇ ਬਹੁਤ ਸਾਰੀਆਂ ਮੱਲਾਂ ਮਾਰੀਆਂ ਹਨ। ਜਿਵੇਂ ਕੈਨੇਡਾ ਦੀ ਪਹਿਲੀ ਦਸਤਾਰਧਾਰੀ ਜੱਜ ਬੀਬੀ ਪਲਬਿੰਦਰ ਕੌਰ ਸ਼ੇਰਗਿੱਲ ਬਣੀ ਹੈ। ਨੀਟ ਦੀ ਪ੍ਰੀਖਿਆ ਵਿਚੋਂ ਦਸਤਾਰਧਾਰੀ ਸਿੱਖ ਨਵਦੀਪ ਸਿੰਘ ਦੇਸ਼ ਭਰ 'ਚੋਂ ਪਹਿਲੇ ਸਥਾਨ 'ਤੇ ਰਿਹਾ ਹੈ। ਸੋ, ਬੱਚਿਓ ਦਸਤਾਰ ਸਜਾਓ ਤੇ ਆਉਣ ਵਾਲੀ ਪੀੜ੍ਹੀ ਦੇ ਰੋਲ ਮਾਡਲ ਬਣੋ।


-ਪਰਮਜੀਤ ਕੌਰ ਸੋਢੀ।

26-04-2018

 ਸ਼ਲਾਘਾਯੋਗ ਫ਼ੈਸਲਾ
ਇਸ ਵਾਰ ਦੀਆਂ ਸਾਲਾਨਾ ਪ੍ਰੀਖਿਆ ਦੌਰਾਨ ਨਕਲ ਨੂੰ ਰੋਕਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪ੍ਰੀਖਿਆ ਪ੍ਰਣਾਲੀ ਵਿਚ ਜੋ ਬਦਲਾਅ ਕੀਤੇ ਗਏ, ਇਹ ਬਦਲਾਅ ਵਿਦਿਆਰਥੀਆਂ ਦੇ ਆਉਣ ਵਾਲੇ ਭਵਿੱਖ ਵਿਚ ਉਸਾਰੂ ਭੂਮਿਕਾ ਅਦਾ ਕਰਨਗੇ। ਬੋਰਡ ਦੇ ਇਸ ਫ਼ੈਸਲੇ ਨੇ ਜਿਥੇ ਨਕਲ ਉੱਪਰ ਕਾਬੂ ਪਾਇਆ, ਉਥੇ ਪੜ੍ਹਾਈ ਦੀ ਮਹੱਤਤਾ ਨੂੰ ਵਿਸਾਰ ਚੁੱਕੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਲੜ ਵੀ ਲਾਇਆ। ਮੈਂ ਖ਼ੁਦ ਵਿਦਿਆਰਥੀ ਵਰਗ ਨਾਲ ਸਬੰਧਿਤ ਹਾਂ। ਮੇਰੇ ਆਲੇ-ਦੁਆਲੇ ਦੇ ਵਿਦਿਆਰਥੀ, ਜਿਨ੍ਹਾਂ ਨੇ ਗਾਰੰਟੀ ਨਾਲ ਜਮਾਤਾਂ ਪਾਸ ਕਰਨ ਲਈ ਕੰਢੀ ਖੇਤਰਾਂ ਵਿਚ ਦਾਖ਼ਲੇ ਭਰੇ ਸਨ, ਇਸ ਵਾਰ ਨਕਲ ਨਾ ਵੱਜਣ ਕਾਰਨ ਉਨ੍ਹਾਂ ਨੇ ਪੂਰੀ ਮਿਹਨਤ ਨਾਲ ਪੜ੍ਹਾਈ ਕਰਕੇ ਪੇਪਰ ਦਿੱਤੇ ਹਨ। ਸਿੱਖਿਆ ਬੋਰਡ ਦਾ ਫ਼ੈਸਲਾ ਬਹੁਤ ਸ਼ਲਾਘਾਯੋਗ ਹੈ, ਜਿਸ ਦੇ ਦੂਰਗਾਮੀ ਸਿੱਟੇ ਨਿਕਲਣਗੇ।

-ਸਿਮਰਨ ਔਲਖ
ਪਿੰਡ ਸੀਰਵਾਲੀ (ਸ੍ਰੀ ਮੁਕਤਸਰ ਸਾਹਿਬ)।

ਸਖ਼ਤ ਕਾਨੂੰਨ ਬਣਾਓ
ਬਹੁਤ ਹੀ ਦੁਖਦਾਇਕ ਖ਼ਬਰ ਸੀ ਕਿ ਅੱਠ ਸਾਲਾਂ ਦੀ ਬੱਚੀ ਨਾਲ ਸੱਤ-ਅੱਠ ਆਦਮੀਆਂ ਵਲੋਂ ਵਹਿਸ਼ੀਆਨਾ ਤਰੀਕੇ ਨਾਲ ਜਬਰ ਜਨਾਹ ਕਰਕੇ ਮਾਰ ਦਿੱਤਾ ਗਿਆ। ਬਾਹਰਲੇ ਮੁਲਕਾਂ 'ਚ ਵੀ ਇਸ ਖ਼ਬਰ ਨਾਲ ਕਾਫ਼ੀ ਹਲਚਲ ਮਚੀ। ਅੱਠ ਸਾਲਾਂ ਦਾ ਬੱਚਾ ਹੁੰਦਾ ਕੀ ਹੈ? ਉਸ ਨੂੰ ਸਮਝ ਕੀ ਹੁੰਦੀ ਹੈ? ਪਰ ਇਨ੍ਹਾਂ ਬੇਰਹਿਮ ਲੋਕਾਂ ਨੂੰ ਤਰਸ ਨਾ ਆਇਆ। ਏਨਾ ਘਿਨਾਉਣਾ ਕਾਂਡ ਸੁਣ ਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਸੋਚੋ ਕਿਸ ਤਰ੍ਹਾਂ ਦਾ ਉਹ ਸਮਾਂ ਹੋਵੇਗਾ। ਉਹ ਰਾਖਸ਼ਸ਼ ਮਾਸਾ ਵੀ ਤਰਸ ਨਾ ਕਰ ਸਕੇ। ਭਾਰਤ ਦੇ ਕਾਨੂੰਨ ਘਾੜਿਓ, ਹਾੜਾ ਓਏ। ਕੁਝ ਕਰੋ। ਬੇਵਸ ਬਾਲਕਾਂ ਨਾਲ ਧੱਕਾ ਨਾ ਕਰੋ। ਲਿਬਨਾਨ 'ਚ ਅਜਿਹਾ ਕਰਨ ਵਾਲੇ ਦੀ ਸਜ਼ਾ ਦੱਸੀਏ ਤਾਂ ਕੋਈ ਅਜਿਹਾ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਭਾਰਤ ਦੇਸ਼ ਦੇ ਨੇਤਾਵੋ ਰਾਜਨੀਤੀ ਨਾ ਕਰਿਆ ਕਰੋ, ਕੁਝ ਕਾਨੂੰਨ ਬਣਾਓ ਕਿ ਕਿਸੇ ਦੀ ਜੁਰਅਤ ਨਾ ਹੋਵੇ ਅਜਿਹਾ ਕਰਨ ਦੀ। ਅਜਿਹੀਆਂ ਘਟਨਾਵਾਂ ਜਦ ਟੀ.ਵੀ. 'ਤੇ ਆਉਂਦੀਆਂ ਹਨ ਤਾਂ ਬਾਹਰਲੇ ਦੇਸ਼ਾਂ 'ਚ ਸਿਰ ਸ਼ਰਮ ਨਾਲ ਝੁਕਦਾ ਹੈ।

-ਸਰਤਾਜ ਸਿੰਘ ਧੌਲ
ਮੈਲਬੌਰਨ।

ਪੰਚਾਇਤ ਚੋਣਾਂ
ਪੰਜਾਬ ਵਿਚ ਕੁਝ ਮਹੀਨਿਆਂ ਤੱਕ ਪੰਚਾਇਤ ਚੋਣਾਂ ਹੋਣ ਜਾ ਰਹੀਆਂ ਹਨ। ਸਰਪੰਚੀ, ਮੈਂਬਰੀ ਦੇ ਚਾਹਵਾਨਾਂ ਵਲੋਂ ਚੋਣਾਂ ਜਿੱਤਣ ਲਈ ਪੈਸੇ ਵੰਡਣ, ਨਸ਼ੇ ਵੰਡਣ ਅਤੇ ਗਰੀਬਾਂ ਦੀਆਂ ਵੋਟਾਂ ਖਰੀਦਣ ਲਈ ਹਰ ਹਰਬਾ ਵਰਤਿਆ ਜਾਵੇਗਾ, ਜੋ ਕਿ ਗ਼ਰੀਬੀ ਅਤੇ ਮਾੜੇ ਆਰਥਿਕ ਹਾਲਤਾਂ ਨਾਲ ਜੂਝਦੇ ਸਮਾਜ ਲਈ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਸਮਾਜ ਦੇ ਅਗਾਂਹਵਧੂ ਨੌਜਵਾਨਾਂ ਨੂੰ ਅਜਿਹੇ ਮੌਕੇ ਅੱਗੇ ਆਉਣਾ ਚਾਹੀਦਾ ਹੈ। ਸ਼ਰਾਬੀ, ਲਾਲਚੀ, ਬੇਈਮਾਨ ਅਤੇ ਨਾ-ਬਰਾਬਰੀ ਫੈਲਾਉਣ ਵਾਲੇ ਉਮੀਦਵਾਰਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ। ਸੂਝਵਾਨ, ਨਿਆਂ ਦੇਣ ਵਾਲੇ ਨਿਰਸੁਆਰਥੀ, ਸੇਵਾ ਭਾਵਨਾ ਵਾਲੇ ਉਮੀਦਵਾਰਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ, ਜੋ ਕਿ ਪਿੰਡ ਅਤੇ ਬੇਰੁਜ਼ਗਾਰੀ ਦੇ ਮਾਰੇ ਹੋਏ ਨੌਜਵਾਨ ਤਬਕੇ ਲਈ ਹੋਰ ਬਿਹਤਰ ਤਰੀਕੇ ਨਾਲ ਕੰਮ ਕਰ ਸਕੇ। ਨਸ਼ਿਆਂ ਵਿਚ ਰੁੜ੍ਹਦੇ ਪੈਸੇ ਨੂੰ ਪਿੰਡ ਅਤੇ ਸਮਾਜ ਦੀ ਭਲਾਈ ਲਈ ਲਗਾਇਆ ਜਾ ਸਕਦਾ ਹੈ। ਅਜਿਹਾ ਕਰਨ ਨਾਲ ਹੀ ਸਮਾਜ ਅਤੇ ਭਾਈਚਾਰਕ ਸਾਂਝ ਦੇ ਡਿਗਦੇ ਮਿਆਰ ਨੂੰ ਉੱਪਰ ਚੁੱਕਿਆ ਜਾ ਸਕਦਾ ਹੈ।

-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ ਘੁਮਾਣ, ਗੁਰਦਾਸਪੁਰ।

ਪ੍ਰਵਾਸ
ਪੰਜਾਬੀਆਂ ਅੰਦਰ ਪ੍ਰਵਾਸ ਦੀ ਰੁਚੀ ਕਾਫ਼ੀ ਪੁਰਾਣੀ ਹੈ। ਪਰ ਅੱਜਕਲ੍ਹ ਇਹ ਦਰ ਬਹੁਤ ਵਧ ਚੁੱਕੀ ਹੈ। ਇਉਂ ਜਾਪਦਾ ਹੈ ਕਿ ਹਰ ਪੰਜਾਬੀ ਵਿਦੇਸ਼ ਉਡਾਰੀ ਮਾਰਨ ਨੂੰ ਕਾਹਲਾ ਹੈ, ਭਾਵੇਂ ਇਸ ਲਈ ਉਸ ਨੂੰ ਕੁਝ ਵੀ ਕਰਨਾ ਪਵੇ। ਇਸ ਰੁਝਾਨ ਦਾ ਵਿਸ਼ਲੇਸ਼ਣ ਕਰਨ 'ਤੇ ਇਹ ਤੱਥ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਪੜ੍ਹੇ-ਲਿਖੇ ਵਰਗ ਅੰਦਰ ਵਧੀ ਹੋਈ ਬੇਰੁਜ਼ਗਾਰੀ ਅਤੇ ਸਾਡੇ ਦੇਸ਼ ਅੰਦਰ ਰੁਜ਼ਗਾਰ ਦੇ ਮੌਕੇ ਨਾ ਮਿਲਣੇ ਇਸ ਦਾ ਮੁੱਖ ਕਾਰਨ ਹੈ। ਕਾਬਲ ਨੌਜਵਾਨਾਂ ਨੂੰ ਦੇਸ਼ ਦੀ ਸਰਕਾਰ ਪ੍ਰਤੀ ਡਾਢਾ ਗਿਲਾ ਹੈ ਕਿ ਉਨ੍ਹਾਂ ਦੀ ਕਾਬਲੀਅਤ ਦੀ ਇਥੇ ਕਦਰ ਨਹੀਂ ਪੈਂਦੀ। ਪਰ ਇਧਰ ਚੰਗੇ ਕੰਮਾਂ 'ਤੇ ਲੱਗੇ ਨੌਜਵਾਨ ਵੀ ਵਿਕਸਤ ਦੇਸ਼ਾਂ ਵੱਲ ਜਾ ਰਹੇ ਹਨ। ਇਸ ਤਬਕੇ ਦਾ ਤਰਕ ਹੈ ਕਿ ਸਾਡੇ ਦੇਸ਼ ਦੇ ਨਿੱਘਰੇ ਹਾਲਾਤ ਕਾਰਨ ਉਹ ਇਥੇ ਰਹਿਣਾ ਨਹੀਂ ਚਾਹੁੰਦੇ।
ਦਰਅਸਲ ਇਹ ਵਰਗ ਇਕ ਤਰ੍ਹਾਂ ਨਾਲ ਹਿਜ਼ਰਤ ਕਰ ਰਿਹਾ ਹੈ, ਜੋ ਕਿ ਸੂਬੇ ਤੇ ਰਾਸ਼ਟਰ ਦੇ ਭਵਿੱਖ ਲਈ ਘਾਤਕ ਹੈ। ਇਸ ਪ੍ਰਤੀ ਸਾਡੇ ਦੇਸ਼ ਦੇ ਹਾਕਮ ਅੱਖਾਂ ਮੀਟੀ ਬੈਠੇ ਹਨ। ਸ਼ਾਇਦ ਉਨ੍ਹਾਂ ਨੂੰ ਤਾਂ ਸਿਰਫ ਆਪਣੀ ਤਿਜੌਰੀਆਂ ਭਰਨ ਦੀ ਹੀ ਚਿੰਤਾ ਹੈ ਨਾ ਕਿ ਰਾਸ਼ਟਰ ਦੇ ਭਵਿੱਖ ਦੀ।

-ਪ੍ਰਿੰ: ਭੁਪਿੰਦਰ ਸਿੰਘ ਢਿੱਲੋਂ
ਦੀਪਗੜ੍ਹ (ਬਰਨਾਲਾ)।

ਬਦਲਵੀਂ ਖੇਤੀ
ਇਕ ਪਾਸੇ ਸਾਡੀ ਸਰਕਾਰ ਕਿਸਾਨਾਂ ਨੂੰ ਝੋਨੇ, ਕਣਕ ਦੇ ਫ਼ਸਲੀ ਚੱਕਰ 'ਚ ਨਿਕਲਣ ਦੀ ਗੱਲ ਕਰਦੀ ਹੈ। ਦੂਜੇ ਪਾਸੇ ਕਿਸਾਨਾਂ ਸਾਹਮਣੇ ਕੋਈ ਬਦਲ ਵੀ ਪੇਸ਼ ਨਹੀਂ ਕੀਤਾ ਜਾਂਦਾ। ਨਾ ਹੀ ਕਿਸਾਨਾਂ ਦੀ ਇਸ ਚੱਕਰ ਵਿਚੋਂ ਨਿਕਲਣ ਲਈ ਕੋਈ ਮਦਦ ਕੀਤੀ ਜਾਂਦੀ ਹੈ। ਜੇ ਕਿਸਾਨ ਆਪਣੀ ਮਰਜ਼ੀ ਨਾਲ ਸਬਜ਼ੀਆਂ, ਗੰਨਾ ਆਦਿ ਦੀ ਖੇਤੀ ਕਰਦਾ ਹੈ ਤਾਂ ਉਸ ਨੂੰ ਉਸ ਫ਼ਸਲ ਦਾ ਸਹੀ ਮੁੱਲ ਨਹੀਂ ਦਿੱਤਾ ਜਾਂਦਾ। ਹੁਣ ਫ਼ਿਰੋਜ਼ਪੁਰ ਤੋਂ ਖ਼ਬਰ ਆਈ ਹਰੀਆਂ ਤੇ ਸ਼ਿਮਲਾ ਮਿਰਚਾਂ ਦੇ ਭਾਅ ਡਿੱਗੇ ਮੂਧੇ ਮੂੰਹ। ਘਾਟੇ ਦਾ ਸੌਦਾ ਸਾਬਤ ਹੋਣ ਕਰਕੇ ਮਿਰਚਾਂ ਵਾਹੁਣ ਲੱਗੇ ਕਿਸਾਨ। ਕਿਉਂਕਿ ਤੁੜਾਈ ਦਾ ਮੁੱਲ ਵੀ ਨਹੀਂ ਸੀ ਪੂਰਾ ਹੁੰਦਾ। ਕਿਸਾਨ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਕੌਡੀਆਂ ਦੇ ਭਾਅ ਵੇਚਣ ਲਈ ਮਜਬੂਰ ਹੈ। ਇਹੋ ਹਾਲ ਦੂਜੀਆਂ ਸਬਜ਼ੀਆਂ ਦਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਬਜ਼ੀਆਂ ਨੂੰ ਡੱਬਾ ਬੰਦ ਕਰਕੇ ਦੇਸ਼-ਵਿਦੇਸ਼ ਵਿਚ ਵੇਚੇ, ਤਾਂ ਕਿ ਕਿਸਾਨਾਂ ਨੂੰ ਸਬਜ਼ੀਆਂ ਦਾ ਸਹੀ ਮੁੱਲ ਮਿਲ ਸਕੇ ਤੇ ਕਿਸਾਨ ਝੋਨੇ-ਕਣਕ ਦੇ ਫ਼ਸਲੀ ਚੱਕਰ 'ਚੋਂ ਨਿਕਲ ਸਕੇ। ਇਸੇ ਵਿਚ ਪੰਜਾਬ ਦੀ ਭਲਾਈ ਹੈ। ਸੋ, ਸਰਕਾਰ ਨੂੰ ਇਸ ਪਾਸੇ ਜਲਦੀ ਧਿਆਨ ਦੇਣਾ ਚਾਹੀਦਾ ਹੈ, ਤਾਂ ਕਿ ਪੰਜਾਬ ਦੀ ਧਰਤੀ, ਪਾਣੀ ਤੇ ਹਵਾ ਨੂੰ ਬਚਾਇਆ ਜਾ ਸਕੇ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਵਿਗਿਆਨਕ ਸੋਚ
ਪਿਛਲੇ ਦਿਨੀਂ 'ਅਜੀਤ' ਵਿਚ ਗੁਰਚਰਨ ਸਿੰਘ ਨੂਰਪੁਰ ਦਾ ਸੰਪਾਦਕੀ ਲੇਖ 'ਵਿਗਿਆਨਕ ਸੋਚ ਹੀ ਮਨੁੱਖ ਦੇ ਕਲਿਆਣ ਦਾ ਰਾਹ' ਪੜ੍ਹਿਆ, ਜੋ ਬੇਹੱਦ ਕਾਬਲ-ਏ-ਤਾਰੀਫ਼ ਸੀ। ਇਹ ਬਿਲਕੁਲ ਸੱਚ ਹੈ ਕਿ ਆਦਿਕਾਲ ਤੋਂ ਧਰਮ ਦੇ ਠੇਕਾਦਾਰਾਂ ਨੇ ਪ੍ਰਚਾਰਿਆ ਕਿ ਮਨੁੱਖ ਸਰੀਰ ਕਰਕੇ ਮਰਦਾ ਹੈ ਤੇ ਆਤਮਿਕ ਤੌਰ 'ਤੇ ਜਿਊਂਦਾ ਰਹਿੰਦਾ ਹੈ। ਸਿੱਟੇ ਵਜੋਂ ਪੁਜਾਰੀਆਂ ਨੇ ਮਨੁੱਖ ਦੀ ਮੌਤ 'ਤੇ ਵੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਅੰਧ-ਵਿਸ਼ਵਾਸਾਂ ਅਤੇ ਵਹਿਮਾਂ-ਭਰਮਾਂ ਵਿਚ ਪਾ ਕੇ ਹਮੇਸ਼ਾ ਹੀ ਲੁੱਟਿਆ ਹੈ। ਅੱਜ ਸੂਚਨਾ ਤੇ ਪ੍ਰਸਾਰਨ ਦੇ ਸਾਧਨ ਜਿੰਨੀ ਤੇਜ਼ੀ ਨਾਲ ਵਧ ਰਹੇ ਹਨ ਓਨੀ ਹੀ ਤੇਜ਼ੀ ਨਾਲ ਅੰਧ-ਵਿਸ਼ਵਾਸ ਤੇ ਵਹਿਮਾਂ-ਭਰਮਾਂ ਦਾ ਫੈਲਾਅ ਵੀ ਹੋ ਰਿਹਾ ਹੈ। ਪਰ ਦੁਨੀਆ ਵਿਚ ਇਕੋ-ਇਕ ਸਿੱਖ ਧਰਮ ਹੀ ਇਕ ਅਜਿਹਾ ਵਿਲੱਖਣ ਧਰਮ ਹੈ ਜਿਸ ਦੇ ਗੁਰੂ ਸਾਹਿਬਾਨਾਂ ਨੇ ਮਨੁੱਖ ਨੂੰ ਵਿਗਿਆਨਕ ਸੋਚ ਅਪਨਾਉਣ ਦੇ ਨਾਲ-ਨਾਲ ਸਭ ਅੰਧ-ਵਿਸ਼ਵਾਸਾਂ ਤੋਂ ਬਚਣ ਲਈ ਪਵਿੱਤਰ ਗੁਰਬਾਣੀ ਰਾਹੀਂ ਅਧਿਆਤਮਿਕਤਾ ਦਾ ਰਾਹ ਅਪਣਾਉਣ 'ਤੇ ਜ਼ੋਰ ਦਿੱਤਾ ਹੈ। ਸੋ, ਅਜੋਕੇ ਸਮੇਂ ਜਟਿਲ ਹੋ ਰਹੀਆਂ ਸਮੱਸਿਆਵਾਂ ਨੂੰ ਸਮਝਣ ਲਈ ਵਿਗਿਆਨਕ ਸੋਚ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਡੀ ਲੋੜ ਹੈ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ।

25-04-2018

 ਸ਼ਲਾਘਾਯੋਗ ਫ਼ੈਸਲਾ
ਇਸ ਵਾਰ ਦੀਆਂ ਸਾਲਾਨਾ ਪ੍ਰੀਖਿਆ ਦੌਰਾਨ ਨਕਲ ਨੂੰ ਰੋਕਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪ੍ਰੀਖਿਆ ਪ੍ਰਣਾਲੀ ਵਿਚ ਜੋ ਬਦਲਾਅ ਕੀਤੇ ਗਏ, ਇਹ ਬਦਲਾਅ ਵਿਦਿਆਰਥੀਆਂ ਦੇ ਆਉਣ ਵਾਲੇ ਭਵਿੱਖ ਵਿਚ ਉਸਾਰੂ ਭੂਮਿਕਾ ਅਦਾ ਕਰਨਗੇ। ਬੋਰਡ ਦੇ ਇਸ ਫ਼ੈਸਲੇ ਨੇ ਜਿਥੇ ਨਕਲ ਉੱਪਰ ਕਾਬੂ ਪਾਇਆ, ਉਥੇ ਪੜ੍ਹਾਈ ਦੀ ਮਹੱਤਤਾ ਨੂੰ ਵਿਸਾਰ ਚੁੱਕੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਲੜ ਵੀ ਲਾਇਆ। ਮੈਂ ਖ਼ੁਦ ਵਿਦਿਆਰਥੀ ਵਰਗ ਨਾਲ ਸਬੰਧਿਤ ਹਾਂ। ਮੇਰੇ ਆਲੇ-ਦੁਆਲੇ ਦੇ ਵਿਦਿਆਰਥੀ, ਜਿਨ੍ਹਾਂ ਨੇ ਗਾਰੰਟੀ ਨਾਲ ਜਮਾਤਾਂ ਪਾਸ ਕਰਨ ਲਈ ਕੰਢੀ ਖੇਤਰਾਂ ਵਿਚ ਦਾਖ਼ਲੇ ਭਰੇ ਸਨ, ਇਸ ਵਾਰ ਨਕਲ ਨਾ ਵੱਜਣ ਕਾਰਨ ਉਨ੍ਹਾਂ ਨੇ ਪੂਰੀ ਮਿਹਨਤ ਨਾਲ ਪੜ੍ਹਾਈ ਕਰਕੇ ਪੇਪਰ ਦਿੱਤੇ ਹਨ। ਸਿੱਖਿਆ ਬੋਰਡ ਦਾ ਫ਼ੈਸਲਾ ਬਹੁਤ ਸ਼ਲਾਘਾਯੋਗ ਹੈ, ਜਿਸ ਦੇ ਦੂਰਗਾਮੀ ਸਿੱਟੇ ਨਿਕਲਣਗੇ।


-ਸਿਮਰਨ ਔਲਖ
ਪਿੰਡ ਸੀਰਵਾਲੀ (ਸ੍ਰੀ ਮੁਕਤਸਰ ਸਾਹਿਬ)।


ਸਖ਼ਤ ਕਾਨੂੰਨ ਬਣਾਓ
ਬਹੁਤ ਹੀ ਦੁਖਦਾਇਕ ਖ਼ਬਰ ਸੀ ਕਿ ਅੱਠ ਸਾਲਾਂ ਦੀ ਬੱਚੀ ਨਾਲ ਸੱਤ-ਅੱਠ ਆਦਮੀਆਂ ਵਲੋਂ ਵਹਿਸ਼ੀਆਨਾ ਤਰੀਕੇ ਨਾਲ ਜਬਰ ਜਨਾਹ ਕਰਕੇ ਮਾਰ ਦਿੱਤਾ ਗਿਆ। ਬਾਹਰਲੇ ਮੁਲਕਾਂ 'ਚ ਵੀ ਇਸ ਖ਼ਬਰ ਨਾਲ ਕਾਫ਼ੀ ਹਲਚਲ ਮਚੀ। ਅੱਠ ਸਾਲਾਂ ਦਾ ਬੱਚਾ ਹੁੰਦਾ ਕੀ ਹੈ? ਉਸ ਨੂੰ ਸਮਝ ਕੀ ਹੁੰਦੀ ਹੈ? ਪਰ ਇਨ੍ਹਾਂ ਬੇਰਹਿਮ ਲੋਕਾਂ ਨੂੰ ਤਰਸ ਨਾ ਆਇਆ। ਏਨਾ ਘਿਨਾਉਣਾ ਕਾਂਡ ਸੁਣ ਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਸੋਚੋ ਕਿਸ ਤਰ੍ਹਾਂ ਦਾ ਉਹ ਸਮਾਂ ਹੋਵੇਗਾ। ਉਹ ਰਾਖਸ਼ਸ਼ ਮਾਸਾ ਵੀ ਤਰਸ ਨਾ ਕਰ ਸਕੇ। ਭਾਰਤ ਦੇ ਕਾਨੂੰਨ ਘਾੜਿਓ, ਹਾੜਾ ਓਏ। ਕੁਝ ਕਰੋ। ਬੇਵਸ ਬਾਲਕਾਂ ਨਾਲ ਧੱਕਾ ਨਾ ਕਰੋ। ਲਿਬਨਾਨ 'ਚ ਅਜਿਹਾ ਕਰਨ ਵਾਲੇ ਦੀ ਸਜ਼ਾ ਦੱਸੀਏ ਤਾਂ ਕੋਈ ਅਜਿਹਾ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਭਾਰਤ ਦੇਸ਼ ਦੇ ਨੇਤਾਵੋ ਰਾਜਨੀਤੀ ਨਾ ਕਰਿਆ ਕਰੋ, ਕੁਝ ਕਾਨੂੰਨ ਬਣਾਓ ਕਿ ਕਿਸੇ ਦੀ ਜੁਰਅਤ ਨਾ ਹੋਵੇ ਅਜਿਹਾ ਕਰਨ ਦੀ। ਅਜਿਹੀਆਂ ਘਟਨਾਵਾਂ ਜਦ ਟੀ.ਵੀ. 'ਤੇ ਆਉਂਦੀਆਂ ਹਨ ਤਾਂ ਬਾਹਰਲੇ ਦੇਸ਼ਾਂ 'ਚ ਸਿਰ ਸ਼ਰਮ ਨਾਲ ਝੁਕਦਾ ਹੈ।


-ਸਰਤਾਜ ਸਿੰਘ ਧੌਲ
ਮੈਲਬੌਰਨ।


ਪੰਚਾਇਤ ਚੋਣਾਂ
ਪੰਜਾਬ ਵਿਚ ਕੁਝ ਮਹੀਨਿਆਂ ਤੱਕ ਪੰਚਾਇਤ ਚੋਣਾਂ ਹੋਣ ਜਾ ਰਹੀਆਂ ਹਨ। ਸਰਪੰਚੀ, ਮੈਂਬਰੀ ਦੇ ਚਾਹਵਾਨਾਂ ਵਲੋਂ ਚੋਣਾਂ ਜਿੱਤਣ ਲਈ ਪੈਸੇ ਵੰਡਣ, ਨਸ਼ੇ ਵੰਡਣ ਅਤੇ ਗਰੀਬਾਂ ਦੀਆਂ ਵੋਟਾਂ ਖਰੀਦਣ ਲਈ ਹਰ ਹਰਬਾ ਵਰਤਿਆ ਜਾਵੇਗਾ, ਜੋ ਕਿ ਗ਼ਰੀਬੀ ਅਤੇ ਮਾੜੇ ਆਰਥਿਕ ਹਾਲਤਾਂ ਨਾਲ ਜੂਝਦੇ ਸਮਾਜ ਲਈ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਸਮਾਜ ਦੇ ਅਗਾਂਹਵਧੂ ਨੌਜਵਾਨਾਂ ਨੂੰ ਅਜਿਹੇ ਮੌਕੇ ਅੱਗੇ ਆਉਣਾ ਚਾਹੀਦਾ ਹੈ। ਸ਼ਰਾਬੀ, ਲਾਲਚੀ, ਬੇਈਮਾਨ ਅਤੇ ਨਾ-ਬਰਾਬਰੀ ਫੈਲਾਉਣ ਵਾਲੇ ਉਮੀਦਵਾਰਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ। ਸੂਝਵਾਨ, ਨਿਆਂ ਦੇਣ ਵਾਲੇ ਨਿਰਸੁਆਰਥੀ, ਸੇਵਾ ਭਾਵਨਾ ਵਾਲੇ ਉਮੀਦਵਾਰਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ, ਜੋ ਕਿ ਪਿੰਡ ਅਤੇ ਬੇਰੁਜ਼ਗਾਰੀ ਦੇ ਮਾਰੇ ਹੋਏ ਨੌਜਵਾਨ ਤਬਕੇ ਲਈ ਹੋਰ ਬਿਹਤਰ ਤਰੀਕੇ ਨਾਲ ਕੰਮ ਕਰ ਸਕੇ। ਨਸ਼ਿਆਂ ਵਿਚ ਰੁੜ੍ਹਦੇ ਪੈਸੇ ਨੂੰ ਪਿੰਡ ਅਤੇ ਸਮਾਜ ਦੀ ਭਲਾਈ ਲਈ ਲਗਾਇਆ ਜਾ ਸਕਦਾ ਹੈ। ਅਜਿਹਾ ਕਰਨ ਨਾਲ ਹੀ ਸਮਾਜ ਅਤੇ ਭਾਈਚਾਰਕ ਸਾਂਝ ਦੇ ਡਿਗਦੇ ਮਿਆਰ ਨੂੰ ਉੱਪਰ ਚੁੱਕਿਆ ਜਾ ਸਕਦਾ ਹੈ।


-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ ਘੁਮਾਣ, ਗੁਰਦਾਸਪੁਰ।


ਪ੍ਰਵਾਸ
ਪੰਜਾਬੀਆਂ ਅੰਦਰ ਪ੍ਰਵਾਸ ਦੀ ਰੁਚੀ ਕਾਫ਼ੀ ਪੁਰਾਣੀ ਹੈ। ਪਰ ਅੱਜਕਲ੍ਹ ਇਹ ਦਰ ਬਹੁਤ ਵਧ ਚੁੱਕੀ ਹੈ। ਇਉਂ ਜਾਪਦਾ ਹੈ ਕਿ ਹਰ ਪੰਜਾਬੀ ਵਿਦੇਸ਼ ਉਡਾਰੀ ਮਾਰਨ ਨੂੰ ਕਾਹਲਾ ਹੈ, ਭਾਵੇਂ ਇਸ ਲਈ ਉਸ ਨੂੰ ਕੁਝ ਵੀ ਕਰਨਾ ਪਵੇ। ਇਸ ਰੁਝਾਨ ਦਾ ਵਿਸ਼ਲੇਸ਼ਣ ਕਰਨ 'ਤੇ ਇਹ ਤੱਥ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਪੜ੍ਹੇ-ਲਿਖੇ ਵਰਗ ਅੰਦਰ ਵਧੀ ਹੋਈ ਬੇਰੁਜ਼ਗਾਰੀ ਅਤੇ ਸਾਡੇ ਦੇਸ਼ ਅੰਦਰ ਰੁਜ਼ਗਾਰ ਦੇ ਮੌਕੇ ਨਾ ਮਿਲਣੇ ਇਸ ਦਾ ਮੁੱਖ ਕਾਰਨ ਹੈ। ਕਾਬਲ ਨੌਜਵਾਨਾਂ ਨੂੰ ਦੇਸ਼ ਦੀ ਸਰਕਾਰ ਪ੍ਰਤੀ ਡਾਢਾ ਗਿਲਾ ਹੈ ਕਿ ਉਨ੍ਹਾਂ ਦੀ ਕਾਬਲੀਅਤ ਦੀ ਇਥੇ ਕਦਰ ਨਹੀਂ ਪੈਂਦੀ। ਪਰ ਇਧਰ ਚੰਗੇ ਕੰਮਾਂ 'ਤੇ ਲੱਗੇ ਨੌਜਵਾਨ ਵੀ ਵਿਕਸਤ ਦੇਸ਼ਾਂ ਵੱਲ ਜਾ ਰਹੇ ਹਨ। ਇਸ ਤਬਕੇ ਦਾ ਤਰਕ ਹੈ ਕਿ ਸਾਡੇ ਦੇਸ਼ ਦੇ ਨਿੱਘਰੇ ਹਾਲਾਤ ਕਾਰਨ ਉਹ ਇਥੇ ਰਹਿਣਾ ਨਹੀਂ ਚਾਹੁੰਦੇ।
ਦਰਅਸਲ ਇਹ ਵਰਗ ਇਕ ਤਰ੍ਹਾਂ ਨਾਲ ਹਿਜ਼ਰਤ ਕਰ ਰਿਹਾ ਹੈ, ਜੋ ਕਿ ਸੂਬੇ ਤੇ ਰਾਸ਼ਟਰ ਦੇ ਭਵਿੱਖ ਲਈ ਘਾਤਕ ਹੈ। ਇਸ ਪ੍ਰਤੀ ਸਾਡੇ ਦੇਸ਼ ਦੇ ਹਾਕਮ ਅੱਖਾਂ ਮੀਟੀ ਬੈਠੇ ਹਨ। ਸ਼ਾਇਦ ਉਨ੍ਹਾਂ ਨੂੰ ਤਾਂ ਸਿਰਫ ਆਪਣੀ ਤਿਜੌਰੀਆਂ ਭਰਨ ਦੀ ਹੀ ਚਿੰਤਾ ਹੈ ਨਾ ਕਿ ਰਾਸ਼ਟਰ ਦੇ ਭਵਿੱਖ ਦੀ।


-ਪ੍ਰਿੰ: ਭੁਪਿੰਦਰ ਸਿੰਘ ਢਿੱਲੋਂ
ਦੀਪਗੜ੍ਹ (ਬਰਨਾਲਾ)।


ਬਦਲਵੀਂ ਖੇਤੀ
ਇਕ ਪਾਸੇ ਸਾਡੀ ਸਰਕਾਰ ਕਿਸਾਨਾਂ ਨੂੰ ਝੋਨੇ, ਕਣਕ ਦੇ ਫ਼ਸਲੀ ਚੱਕਰ 'ਚ ਨਿਕਲਣ ਦੀ ਗੱਲ ਕਰਦੀ ਹੈ। ਦੂਜੇ ਪਾਸੇ ਕਿਸਾਨਾਂ ਸਾਹਮਣੇ ਕੋਈ ਬਦਲ ਵੀ ਪੇਸ਼ ਨਹੀਂ ਕੀਤਾ ਜਾਂਦਾ। ਨਾ ਹੀ ਕਿਸਾਨਾਂ ਦੀ ਇਸ ਚੱਕਰ ਵਿਚੋਂ ਨਿਕਲਣ ਲਈ ਕੋਈ ਮਦਦ ਕੀਤੀ ਜਾਂਦੀ ਹੈ। ਜੇ ਕਿਸਾਨ ਆਪਣੀ ਮਰਜ਼ੀ ਨਾਲ ਸਬਜ਼ੀਆਂ, ਗੰਨਾ ਆਦਿ ਦੀ ਖੇਤੀ ਕਰਦਾ ਹੈ ਤਾਂ ਉਸ ਨੂੰ ਉਸ ਫ਼ਸਲ ਦਾ ਸਹੀ ਮੁੱਲ ਨਹੀਂ ਦਿੱਤਾ ਜਾਂਦਾ। ਹੁਣ ਫ਼ਿਰੋਜ਼ਪੁਰ ਤੋਂ ਖ਼ਬਰ ਆਈ ਹਰੀਆਂ ਤੇ ਸ਼ਿਮਲਾ ਮਿਰਚਾਂ ਦੇ ਭਾਅ ਡਿੱਗੇ ਮੂਧੇ ਮੂੰਹ। ਘਾਟੇ ਦਾ ਸੌਦਾ ਸਾਬਤ ਹੋਣ ਕਰਕੇ ਮਿਰਚਾਂ ਵਾਹੁਣ ਲੱਗੇ ਕਿਸਾਨ। ਕਿਉਂਕਿ ਤੁੜਾਈ ਦਾ ਮੁੱਲ ਵੀ ਨਹੀਂ ਸੀ ਪੂਰਾ ਹੁੰਦਾ। ਕਿਸਾਨ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਕੌਡੀਆਂ ਦੇ ਭਾਅ ਵੇਚਣ ਲਈ ਮਜਬੂਰ ਹੈ। ਇਹੋ ਹਾਲ ਦੂਜੀਆਂ ਸਬਜ਼ੀਆਂ ਦਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਬਜ਼ੀਆਂ ਨੂੰ ਡੱਬਾ ਬੰਦ ਕਰਕੇ ਦੇਸ਼-ਵਿਦੇਸ਼ ਵਿਚ ਵੇਚੇ, ਤਾਂ ਕਿ ਕਿਸਾਨਾਂ ਨੂੰ ਸਬਜ਼ੀਆਂ ਦਾ ਸਹੀ ਮੁੱਲ ਮਿਲ ਸਕੇ ਤੇ ਕਿਸਾਨ ਝੋਨੇ-ਕਣਕ ਦੇ ਫ਼ਸਲੀ ਚੱਕਰ 'ਚੋਂ ਨਿਕਲ ਸਕੇ। ਇਸੇ ਵਿਚ ਪੰਜਾਬ ਦੀ ਭਲਾਈ ਹੈ। ਸੋ, ਸਰਕਾਰ ਨੂੰ ਇਸ ਪਾਸੇ ਜਲਦੀ ਧਿਆਨ ਦੇਣਾ ਚਾਹੀਦਾ ਹੈ, ਤਾਂ ਕਿ ਪੰਜਾਬ ਦੀ ਧਰਤੀ, ਪਾਣੀ ਤੇ ਹਵਾ ਨੂੰ ਬਚਾਇਆ ਜਾ ਸਕੇ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਵਿਗਿਆਨਕ ਸੋਚ
ਪਿਛਲੇ ਦਿਨੀਂ 'ਅਜੀਤ' ਵਿਚ ਗੁਰਚਰਨ ਸਿੰਘ ਨੂਰਪੁਰ ਦਾ ਸੰਪਾਦਕੀ ਲੇਖ 'ਵਿਗਿਆਨਕ ਸੋਚ ਹੀ ਮਨੁੱਖ ਦੇ ਕਲਿਆਣ ਦਾ ਰਾਹ' ਪੜ੍ਹਿਆ, ਜੋ ਬੇਹੱਦ ਕਾਬਲ-ਏ-ਤਾਰੀਫ਼ ਸੀ। ਇਹ ਬਿਲਕੁਲ ਸੱਚ ਹੈ ਕਿ ਆਦਿਕਾਲ ਤੋਂ ਧਰਮ ਦੇ ਠੇਕਾਦਾਰਾਂ ਨੇ ਪ੍ਰਚਾਰਿਆ ਕਿ ਮਨੁੱਖ ਸਰੀਰ ਕਰਕੇ ਮਰਦਾ ਹੈ ਤੇ ਆਤਮਿਕ ਤੌਰ 'ਤੇ ਜਿਊਂਦਾ ਰਹਿੰਦਾ ਹੈ। ਸਿੱਟੇ ਵਜੋਂ ਪੁਜਾਰੀਆਂ ਨੇ ਮਨੁੱਖ ਦੀ ਮੌਤ 'ਤੇ ਵੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਅੰਧ-ਵਿਸ਼ਵਾਸਾਂ ਅਤੇ ਵਹਿਮਾਂ-ਭਰਮਾਂ ਵਿਚ ਪਾ ਕੇ ਹਮੇਸ਼ਾ ਹੀ ਲੁੱਟਿਆ ਹੈ। ਅੱਜ ਸੂਚਨਾ ਤੇ ਪ੍ਰਸਾਰਨ ਦੇ ਸਾਧਨ ਜਿੰਨੀ ਤੇਜ਼ੀ ਨਾਲ ਵਧ ਰਹੇ ਹਨ ਓਨੀ ਹੀ ਤੇਜ਼ੀ ਨਾਲ ਅੰਧ-ਵਿਸ਼ਵਾਸ ਤੇ ਵਹਿਮਾਂ-ਭਰਮਾਂ ਦਾ ਫੈਲਾਅ ਵੀ ਹੋ ਰਿਹਾ ਹੈ। ਪਰ ਦੁਨੀਆ ਵਿਚ ਇਕੋ-ਇਕ ਸਿੱਖ ਧਰਮ ਹੀ ਇਕ ਅਜਿਹਾ ਵਿਲੱਖਣ ਧਰਮ ਹੈ ਜਿਸ ਦੇ ਗੁਰੂ ਸਾਹਿਬਾਨਾਂ ਨੇ ਮਨੁੱਖ ਨੂੰ ਵਿਗਿਆਨਕ ਸੋਚ ਅਪਨਾਉਣ ਦੇ ਨਾਲ-ਨਾਲ ਸਭ ਅੰਧ-ਵਿਸ਼ਵਾਸਾਂ ਤੋਂ ਬਚਣ ਲਈ ਪਵਿੱਤਰ ਗੁਰਬਾਣੀ ਰਾਹੀਂ ਅਧਿਆਤਮਿਕਤਾ ਦਾ ਰਾਹ ਅਪਣਾਉਣ 'ਤੇ ਜ਼ੋਰ ਦਿੱਤਾ ਹੈ। ਸੋ, ਅਜੋਕੇ ਸਮੇਂ ਜਟਿਲ ਹੋ ਰਹੀਆਂ ਸਮੱਸਿਆਵਾਂ ਨੂੰ ਸਮਝਣ ਲਈ ਵਿਗਿਆਨਕ ਸੋਚ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਡੀ ਲੋੜ ਹੈ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ।

24-04-2018

 ਅਜੋਕੀ ਗਾਇਕੀ ਗੁੰਮਰਾਹਕੁਨ
ਪਿਛਲੇ ਦਿਨੀਂ ਪੰਜਾਬੀ ਗਾਇਕੀ ਵਿਚ ਘਰ ਕਰ ਚੁੱਕੇ ਵਿਗਾੜ ਨੂੰ ਦੂਰ ਕਰਨ ਲਈ ਕੁਝ ਮਿੱਤਰਾਂ ਨੇ ਮਾਣਯੋਗ ਪੰਜਾਬ-ਹਰਿਆਣਾ ਉੱਚ ਅਦਾਲਤ ਵਿਚ ਪਹੁੰਚ ਕੀਤੀ ਹੈ। ਆਸ ਹੈ ਕਿ ਅਦਾਲਤ ਕੋਈ ਸਹੀ ਫ਼ੈਸਲਾ ਕਰੇਗੀ। ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿਚ ਸੈਂਸਰ ਬੋਰਡ ਬਣਾਉਣ ਦੀ ਮੰਗ ਉੱਠਦੀ ਰਹੀ ਹੈ ਪਰ ਸਰਕਾਰਾਂ ਦੀਆਂ ਆਪਣੀਆਂ ਮਜਬੂਰੀਆਂ ਸਮਝ ਆਉਂਦੀਆਂ ਹਨ। ਲੱਚਰਤਾ ਤੇ ਮਾਰਧਾੜ ਨਾਲ ਭਰੀ ਗਾਇਕੀ ਨੇ ਸਾਡੇ ਉੱਚੇ-ਸੁੱਚੇ ਅਮੀਰ ਸੱਭਿਆਚਾਰ ਨੂੰ ਛਲਣੀ ਕਰਨ ਦੇ ਨਾਲ-ਨਾਲ ਪੰਜਾਬੀ ਦੀ ਮਹਾਨਤਾ ਨੂੰ ਮਿੱਟੀ ਵਿਚ ਰੋਲਣ ਤੋਂ ਇਲਾਵਾ ਪੰਜਾਬੀ ਪਰਿਵਾਰਾਂ ਦੀ ਸੁਹਜਮਈ ਸੋਚ ਨੂੰ ਬਦ ਤੋਂ ਬਦਤਰ ਬਣਾ ਕੇ ਰੱਖ ਦਿੱਤਾ ਹੈ। ਪਿਛਲੇ ਦਿਨਾਂ 'ਚ ਪੁਲਿਸ ਅਧਿਕਾਰੀਆਂ ਨੇ ਜ਼ਿਲ੍ਹਾ ਪੱਧਰ 'ਤੇ ਗਾਇਕਾਂ ਨਾਲ ਮੀਟਿੰਗਾਂ ਕਰਕੇ ਕਿਹਾ ਹੈ ਕਿ ਉਹ ਅਜਿਹਾ ਨਾ ਗਾਉਣ, ਜੋ ਪੰਜਾਬ ਦੇ ਹਿਤ ਵਿਚ ਨਾ ਹੋਵੇ। ਹੁਣ ਸਮਾਂ ਆ ਗਿਆ ਹੈ ਇਸ ਮਾੜੇ ਵਰਤਾਰੇ ਨੂੰ ਰੋਕਣ ਲਈ ਗੱਲਾਂ ਦੀ ਨਹੀਂ ਡੰਡੇ ਦੀ ਲੋੜ ਹੈ। ਆਸ ਹੈ ਕਿ ਮਾਣਯੋਗ ਅਦਾਲਤ ਉਪਰੋਕਤ ਕੇਸ ਨੂੰ ਪੂਰੀ ਗੰਭੀਰਤਾ ਨਾਲ ਲਵੇਗੀ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਸ਼ਾਨਦਾਰ ਪ੍ਰਦਰਸ਼ਨ
ਪਿਛਲੇ ਦਿਨੀਂ ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਦਾ ਨਾਂਅ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ ਹੈ। ਇਨ੍ਹਾਂ ਖੇਡਾਂ ਵਿਚ ਜਿਸ ਤਰ੍ਹਾਂ ਦੇਸ਼ ਦੇ ਬੱਚੇ ਵੱਖ-ਵੱਖ ਖੇਡਾਂ ਵਿਚ ਮੱਲਾਂ ਮਾਰਦੇ ਹੋਏ ਤਗਮੇ ਲੈ ਕੇ ਆਏ ਹਨ, ਸਾਰੇ ਹੀ ਤਾਰੀਫ਼ ਦੇ ਹੱਕਦਾਰ ਹਨ। ਇਨ੍ਹਾਂ ਖੇਡਾਂ ਵਿਚ ਕੇਵਲ ਲੜਕਿਆਂ ਨੇ ਨਹੀਂ, ਅੱਜ ਦੇਸ਼ ਦੀਆਂ ਧੀਆਂ ਨੇ ਵੀ ਮਾਅਰਕਾ ਮਾਰਿਆ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਉਨ੍ਹਾਂ ਮਾਪਿਆਂ ਨੂੰ ਸਬਕ ਲੈਣਾ ਚਾਹੀਦਾ ਹੈ ਜੋ ਆਪਣੀਆਂ ਧੀਆਂ ਨੂੰ ਬੋਝ ਸਮਝਦੇ ਹਨ। ਹਰ ਇਕ ਮਾਤਾ-ਪਿਤਾ ਨੂੰ ਆਪਣੇ ਧੀਆਂ-ਪੁੱਤਰਾਂ ਨੂੰ ਚੰਗੀ ਸਿੱਖਿਆ ਦਿਵਾਉਣ ਦਾ ਆਪਣਾ ਫਰਜ਼ ਨਿਭਾਉਣ ਦੇ ਨਾਲ-ਨਾਲ ਆਪਣੇ ਬੱਚਿਆਂ ਵਿਚ ਜੋ ਵੀ ਕਲਾ ਹੈ, ਉਸ ਨੂੰ ਉਜਾਗਰ ਕਰਨ ਲਈ ਹੱਲਾਸ਼ੇਰੀ ਦੇਣੀ ਚਾਹੀਦੀ ਹੈ, ਤਾਂ ਜੋ ਬੱਚੇ ਵਿੱਦਿਅਕ ਖੇਤਰ ਵਿਚ ਤਰੱਕੀ ਕਰਨ ਦੇ ਨਾਲ-ਨਾਲ ਮਾਨਸਿਕ ਤੌਰ 'ਤੇ ਵੀ ਮਜ਼ਬੂਤ ਹੋਣ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨ।

-ਮਲਟੀ
ਅਧਿਆਪਕਾ, ਸੇਂਟ ਥੌਮਸ ਕਾਨਵੈਂਟ ਸਕੂਲ, ਰਾਜਾਸਾਂਸੀ।

ਵਿਸਫੋਟਕ ਸਥਿਤੀ 'ਚੋਂ ਲੰਘ ਰਿਹੈ ਪੰਜਾਬ
ਪਿਛਲੇ ਦਿਨੀਂ 'ਅਜੀਤ' ਵਿਚ ਪੰਜਾਬ ਦੀ ਮੌਜੂਦਾ ਸਮਾਜਿਕ ਤਾਣੇ-ਬਾਣੇ ਦੀ ਸਥਿਤੀ ਪੜ੍ਹ ਕੇ ਹਰ ਪਾਠਕ ਨੂੰ ਇਹ ਮਹਿਸੂਸ ਹੋਇਆ ਕਿ ਜਦੋਂ ਵੀ ਅਖ਼ਬਾਰ ਵਿਚ ਲਿਖਦਾ ਹੈ ਤਾਂ ਬੇਧੜਕ ਤੇ ਦਲੇਰੀ ਨਾਲ ਪੰਜਾਬ ਦੇ ਹਰ ਸੰਕਟ ਦੇ ਕਾਰਨਾਂ ਤੋਂ ਪਰਦਾ ਚੁੱਕਦਾ ਹੈ। ਪੰਜਾਬ ਦਾ ਹਰ ਆਮ ਆਦਮੀ, ਨੌਜਵਾਨ ਤੇ ਇਸਤਰੀ ਜਾਤੀ ਨਾਲ ਜੋ ਬੀਤ ਰਹੀ ਹੈ, ਪ੍ਰਸ਼ਾਸਨ ਅੱਖਾਂ ਬੰਦ ਕਰਕੇ ਵੇਖ ਰਿਹਾ ਹੈ।
ਹਾਲਤ ਇਹ ਹੈ ਕਿ ਅੱਜ ਨਾਲੋਂ ਆਉਣ ਵਾਲਾ ਕੱਲ੍ਹ ਬੜਾ ਭਿਆਨਕ ਤੇ ਡਰਾਉਣਾ ਹੁੰਦਾ ਜਾ ਰਿਹਾ ਹੈ। ਸਿਆਸੀ ਆਗੂ ਐਨੇ ਢੀਠ ਤੇ ਬੇਦਰਦ ਹੋ ਗਏ ਹਨ ਕਿ ਵਿਸਫੋਟਕ ਸਥਿਤੀ 'ਚੋਂ ਲੰਘ ਰਹੇ ਪੰਜਾਬ ਨੂੰ ਹੋਰ ਡੂੰਘੀ ਖੱਡ ਵੱਲ ਧਕੇਲ ਰਹੇ ਹਨ। ਦਲੇਰੀ ਨਾਲ ਬਿਆਨ ਕੀਤੀ ਖ਼ਬਰ ਤੋਂ ਸਰਕਾਰ ਅਤੇ ਸਿਆਸੀ ਆਗੂਆਂ ਨੂੰ ਆਪਣੇ-ਆਪ ਨੂੰ ਸੰਭਾਲ ਲੈਣਾ ਚਾਹੀਦਾ ਹੈ, ਤਾਂ ਕਿ ਪੰਜਾਬ ਵਾਸੀਆਂ ਦਾ ਡਰ ਤੇ ਸਹਿਮ ਹੋਰ ਨਾ ਵਧੇ।

-ਸਵਰਨ ਸਿੰਘ ਪਤੰਗ
ਪਿੰਡ ਮਾਣੂਕੇ, ਮੋਗਾ।

ਹਿੰਸਾ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਅੰਕ ਵਿਚ ਲਿਖਿਆ ਹੋਇਆ ਲੇਖ 'ਦੇਸ਼ ਦੇ ਹਿਤ ਨਹੀਂ ਹੈ ਹਿੰਸਕ ਅੰਦੋਲਨਾਂ ਦੀ ਰਾਜਨੀਤੀ' ਬਹੁਤ ਪਸੰਦ ਆਇਆ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਹਿੰਸਕ ਅੰਦੋਲਨਾਂ ਦੀ ਰਾਜਨੀਤੀ ਸਾਡੇ ਦੇਸ਼ ਦੇ ਹਿਤ ਵਿਚ ਨਹੀਂ, ਕਿਉਂਕਿ ਇਸ ਨਾਲ ਸਾਡੇ ਦੇਸ਼ ਦਾ ਹੀ ਨੁਕਸਾਨ ਹੁੰਦਾ ਹੈ। ਹਰੇਕ ਦੇਸ਼ ਵਿਚ ਭੰਨ-ਤੋੜ, ਨਾਅਰੇਬਾਜ਼ੀ, ਧਰਨੇ ਆਦਿ ਆਮ ਹੀ ਹੁੰਦੇ ਰਹਿੰਦੇ ਹਨ। ਪਰ ਇਸ ਨੂੰ ਕਰਨ ਵਾਲੇ ਲੋਕ ਇਹ ਭੁੱਲ ਜਾਂਦੇ ਹਨ ਕਿ ਉਹ ਆਪਣੇ ਦੇਸ਼ ਦਾ ਹੀ ਨੁਕਸਾਨ ਕਰ ਰਹੇ ਹਨ। ਰੋਸ ਸ਼ਾਂਤੀ ਢੰਗ ਨਾਲ ਪ੍ਰਗਟਾਉਣ ਲਈ ਸਾਨੂੰ ਸੜਕਾਂ 'ਤੇ ਧਰਨੇ, ਭੰਨ-ਤੋੜ ਆਦਿ ਕਰਕੇ ਕਿਸੇ ਨੂੰ ਤੰਗ-ਪਰੇਸ਼ਾਨ ਨਹੀਂ ਕਰਨਾ ਚਾਹੀਦਾ। ਦੁਕਾਨਾਂ ਬੰਦ ਕਰਨ ਦੀ ਥਾਂ ਰੋਸ ਪ੍ਰਗਟਾਉਣ ਵਾਲੇ ਦੁਕਾਨਾਂ ਦੇ ਸਾਹਮਣੇ ਕਾਲੇ ਝੰਡੇ ਜਾਂ ਘਰਾਂ 'ਤੇ ਕਾਲੇ ਝੰਡੇ ਲਗਾ ਕੇ ਸ਼ਾਂਤੀ ਨਾਲ ਰੋਸ ਪ੍ਰਗਟਾਅ ਸਕਦੇ ਹਨ, ਕਿਉਂਕਿ ਹਿੰਸਕ ਅੰਦੋਲਨਾਂ ਨਾਲ ਜਿਥੇ ਦੇਸ਼ ਪਿਛਾਂਹ ਨੂੰ ਜਾਂਦਾ ਹੈ, ਉਥੇ ਦੇਸ਼ ਦੀ ਤਰੱਕੀ ਵੀ ਰੁਕਦੀ ਹੈ। ਕਿਉਂਕਿ ਕੁਝ ਕਰਨ ਦਾ ਜਜ਼ਬਾ ਰੱਖਣ ਵਾਲੇ ਲੋਕ ਨਿੱਤ ਦੀ ਹਿੰਸਾ ਤੋਂ ਤੰਗ ਆ ਕੇ ਵਿਦੇਸ਼ਾਂ ਵਿਚ ਚਲੇ ਜਾਂਦੇ ਹਨ, ਜਿਸ ਕਾਰਨ ਦੇਸ਼ ਕਾਬਲ ਲੋਕਾਂ ਨੂੰ ਖੋਹ ਦਿੰਦਾ ਹੈ।

-ਗਗਨਦੀਪ ਕੌਰ ਸੀਰਵਾਲੀ
ਜਮਾਤ 10ਵੀਂ।

ਨਕਲ ਵਿਰੁੱਧ ਸਖ਼ਤੀ
ਪੰਜਾਬ ਸਰਕਾਰ ਨੇ ਨਕਲ ਰੋਕਣ ਸਬੰਧੀ ਜੋ ਫ਼ੈਸਲਾ ਲਿਆ ਹੈ, ਉਹ ਕਾਫੀ ਹੱਦ ਤੱਕ ਸਫ਼ਲ ਹੁੰਦਾ ਜਾ ਰਿਹਾ ਹੈ। ਭਵਿੱਖ ਵਿਚ ਇਸ ਦੇ ਚੰਗੇ ਨਤੀਜੇ ਨਿਕਲਣਗੇ। ਨਕਲ ਦੀ ਆਸ ਵਿਚ ਸਾਰਾ ਸਾਲ ਵਿਦਿਆਰਥੀ ਆਪਣਾ ਸਿਲੇਬਸ ਪੂਰਾ ਨਹੀਂ ਕਰਦੇ, ਜਿਸ ਨਾਲ ਉਹ ਲੋੜੀਂਦੇ ਗਿਆਨ ਤੋਂ ਕੋਰੇ ਰਹਿ ਜਾਂਦੇ ਹਨ। ਨਕਲ ਰੁਕਣ ਨਾਲ ਆਪਣੀ ਪੜ੍ਹਾਈ ਵੱਲ ਹੋਰ ਚੰਗੀ ਤਰ੍ਹਾਂ ਧਿਆਨ ਦੇਣਗੇ। ਅਧਿਆਪਕ ਵਰਗ ਵੀ ਹੋਰ ਤਨ-ਦੇਹੀ ਨਾਲ ਵਿਦਿਆਰਥੀ ਵਰਗ ਨੂੰ ਪੜ੍ਹਨ ਲਈ ਪ੍ਰੇਰਿਤ ਕਰੇਗਾ।

-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ, ਗੁਰਦਾਸਪੁਰ।

ਬੱਚੀਆਂ ਨਾਲ ਕੁਕਰਮ
ਉਨਾਵ ਅਤੇ ਕਠੂਆ 'ਚ ਮਾਸੂਮ ਬੱਚੀਆਂ ਨਾਲ ਵਾਪਰੀਆਂ ਸ਼ਰਮਨਾਕ, ਵਹਿਸ਼ੀ ਤੇ ਦਿਲ ਦਹਿਲਾ ਦੇਣ ਵਾਲੀਆਂ ਖ਼ਬਰਾਂ ਦੀ ਅਜੇ ਅਖ਼ਬਾਰਾਂ 'ਚੋਂ ਸਿਆਹੀ ਵੀ ਨਹੀਂ ਸੁੱਕੀ ਸੀ ਕਿ ਹੁਣ ਫਿਰ 18 ਅਪ੍ਰੈਲ ਨੂੰ ਉੱਤਰ ਪ੍ਰਦੇਸ਼ ਦੇ ਏਟਾ 'ਚ ਇਕ 7 ਸਾਲਾ ਨਾਬਾਲਿਗ ਬੱਚੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਸ ਦੀ ਹੱਤਿਆ ਕੀਤੇ ਜਾਣ ਦੀ ਮੰਦਭਾਗੀ ਖ਼ਬਰ ਪੜ੍ਹਨ ਨੂੰ ਮਿਲ ਗਈ। ਖ਼ਬਰ ਅਨੁਸਾਰ ਦਰਿੰਦਗੀ ਦਾ ਸ਼ਿਕਾਰ ਹੋਈ ਉਕਤ ਮਰਹੂਮ ਲੜਕੀ ਆਪਣੇ ਮਾਤਾ-ਪਿਤਾ ਨਾਲ ਕਿਸੇ ਵਿਆਹ ਸਮਾਗਮ 'ਤੇ ਵਿਆਹ ਦੀਆਂ ਖੁਸ਼ੀਆਂ 'ਚ ਸ਼ਰੀਕ ਹੋਣ ਗਈ ਸੀ। ਜਿਥੇ ਕਿ ਵਿਆਹ 'ਚ ਟੈਂਟ ਲਗਾਉਣ ਵਾਲਾ ਇਕ 19 ਸਾਲਾ ਸਿਰਫਿਰਿਆ ਦਰਿੰਦਾ ਉਕਤ ਬੱਚੀ ਨੂੰ ਕਿਸੇ ਤਰੀਕੇ ਨਾਲ ਉਥੋਂ ਨਜ਼ਦੀਕੀ ਉਸਾਰੀ ਅਧੀਨ ਘਰ 'ਚ ਲੈ ਗਿਆ ਤੇ ਕੁਕਰਮ ਕਰਨ ਮਗਰੋਂ ਬੱਚੀ ਦੀ ਰੱਸੀ ਨਾਲ ਗਲਾ ਦਬਾਅ ਕੇ ਹੱਤਿਆ ਕਰ ਦਿੱਤੀ। ਬਿਨਾਂ ਸ਼ੱਕ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਨਿੱਤ ਦਿਨ ਬੱਚੀਆਂ ਨਾਲ ਵਾਪਰ ਰਹੀਆਂ ਅਤਿ ਘਿਨੌਣੀਆਂ ਘਟਨਾਵਾਂ ਨੂੰ ਦੇਖਦੇ ਹੋਏ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਜਿੰਨਾ ਚਿਰ ਅਪਰਾਧੀਆਂ ਨੂੰ ਮਿਸਾਲੀ ਸਜ਼ਾਵਾਂ ਨਹੀਂ ਮਿਲਦੀਆਂ, ਓਨਾ ਚਿਰ ਉਪਰੋਕਤ ਜਿਹੇ ਨਿੰਦਣਯੋਗ ਕਾਰਿਆਂ ਨੂੰ ਠੱਲ੍ਹਣਾ ਮੁਮਕਿਨ ਨਹੀਂ।

-ਯਸ਼ ਪੱਤੋ
ਪਿੰਡ ਪੱਤੋ ਹੀਰਾ ਸਿੰਘ (ਮੋਗਾ)।

 

23-04-2018

 ਸਦਨ ਦੀ ਮਾਣ ਮਰਯਾਦਾ
ਪਿਛਲੇ ਦਿਨੀਂ ਸੰਪਾਦਕੀ 'ਜ਼ਿੰਮੇਵਾਰੀ ਤੋਂ ਕੰਮ ਲੈਣ ਸਿਆਸੀ ਦਲ' ਪੜ੍ਹੀ, ਜਿਸ ਵਿਚ ਸੰਸਦ ਦੀ ਅਜੋਕੀ ਕਾਰਗੁਜ਼ਾਰੀ 'ਤੇ ਰੌਸ਼ਨੀ ਪਾਈ ਗਈ ਹੈ। ਨਾ ਹੀ ਕੋਈ ਠੋਸ ਦਲੀਲ ਦਿੰਦਾ ਹੈ ਤੇ ਨਾ ਹੀ ਵਿਰੋਧੀ ਸੁਣਨ ਲਈ ਤਿਆਰ ਹਨ। ਕਈ ਪਾਰਟੀਆਂ ਦਾ ਭਾਵ ਹੁੰਦਾ ਹੈ ਕਿ ਸਦਨ ਦਾ ਕੰਮ ਚੱਲਣ ਹੀ ਨਹੀਂ ਦੇਣਾ। ਇਕ ਦਿਨ ਵਿਚ 11 ਵਾਰ ਕਾਰਵਾਈ ਰੋਕਣੀ ਪਈ, ਬਹੁਤ ਸ਼ਰਮਨਾਕ ਗੱਲ ਹੈ। ਦੇਸ਼ ਦੇ ਕਰੋੜਾਂ ਰੁਪਏ ਦਾ ਨੁਕਸਾਨ ਤੇ ਲੋਕਤੰਤਰ ਦਾ ਹੋ ਰਿਹਾ ਘਾਣ ਕਿਸੇ ਦੇ ਯਾਦ ਵਿਚ ਨਹੀਂ ਹੈ। ਸਿਰਫ਼ ਇਕ ਬਿੱਲ ਅਜਿਹਾ ਹੈ ਜੋ ਨਿਰਵਿਰੋਧ ਅਤੇ ਸਰਬਸੰਮਤੀ ਨਾਲ ਪਾਸ ਹੋ ਜਾਂਦਾ ਹੈ। ਉਹ ਬਿੱਲ ਹੈ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀਆਂ ਤਨਖਾਹਾਂ, ਭੱਤੇ ਤੇ ਹੋਰ ਸਹੂਲਤਾਂ ਵਿਚ ਵਾਧਾ।
ਲੋਕ ਸਭ ਜਾਣਦੇ ਹਨ ਕਿ ਇਨ੍ਹਾਂ ਵਿਧਾਨਪਾਲਿਕਾਵਾਂ ਵਿਚ ਵੱਡੀ ਗਿਣਤੀ ਉਨ੍ਹਾਂ ਲੋਕਾਂ ਦੀ ਹੈ ਜੋ ਕਈ ਪ੍ਰਕਾਰ ਦੇ ਕੇਸਾਂ ਵਿਚ ਫਸੇ ਹੋਏ ਹਨ ਜਾਂ ਕਈਆਂ ਦਾ ਪਿਛੋਕੜ ਅਪਰਾਧੀ ਹੈ। ਬਸ ਪੈਸੇ ਦੇ ਜ਼ੋਰ ਨਾਲ ਜਿੱਤ ਕੇ ਆਏ ਹਨ। ਉਹ ਦੇਸ਼ ਤੇ ਲੋਕਾਂ ਦੀ ਕੀ ਸੇਵਾ ਕਰਨਗੇ?
ਯਿਹ ਇਨਕਲਾਬ ਗਰਦਿਸ਼ੇ ਦੌਰਾਂ ਤੋਂ ਦੇਖੀਏ,
ਮੰਜ਼ਿਲ ਉਨਹੇਂ ਮਿਲੀ ਜੋ ਸ਼ਰੀਕੇ ਸਫ਼ਰ ਨਾ ਥੇ।


-ਮਾ: ਮਹਿੰਦਰ ਸਿੰਘ ਸਿੱਧੂ
ਸਿਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ।


ਸਖ਼ਤ ਕਾਨੂੰਨ ਦੀ ਲੋੜ
ਬੀਤੇ ਦਿਨੀਂ 'ਲੋਕ ਮੰਚ' ਪੰਨੇ 'ਤੇ ਸਤਿਕਾਰਯੋਗ ਲੇਖਿਕਾ ਬੇਅੰਤ ਕੌਰ ਗਿੱਲ ਹੁਰਾਂ ਦਾ ਲੇਖ 'ਚੰਗੇ ਸਮਾਜ ਲਈ ਰੂੜੀਵਾਦੀ ਸੋਚ ਤਿਆਗਣੀ ਹੋਵੇਗੀ' ਪੜ੍ਹਿਆ, ਜੋ ਸਮਾਜ ਨੂੰ ਸੇਧ ਦੇਣ ਵਾਲਾ ਸੀ। ਉਨ੍ਹਾਂ ਵਲੋਂ ਜਿਸ ਢੰਗ ਦੁਆਰਾ ਅੱਜ ਜਬਰ-ਜਨਾਹ ਵਰਗੀਆਂ ਘਟਨਾਵਾਂ 'ਤੇ ਚਿੰਤਾ ਵਿਅਕਤ ਕੀਤੀ ਗਈ, ਉਨ੍ਹਾਂ ਦੇ ਵਿਚਾਰਾਂ ਨਾਲ ਸਭ ਬੁੱਧੀਜੀਵੀ ਤੇ ਸੁਹਿਰਦ ਸਮਾਜ ਨੂੰ ਸਹਿਮਤ ਹੋਣਾ ਹੀ ਪੈਣਾ ਹੈ। ਰੋਜ਼ਾਨਾ ਅਖ਼ਬਾਰਾਂ ਜਾਂ ਟੀ.ਵੀ. ਚੈਨਲਾਂ 'ਤੇ ਅਸ਼ਲੀਲਤਾ ਨਾਲ ਸਬੰਧ ਰੱਖਦੀਆਂ ਖ਼ਬਰਾਂ ਅਕਸਰ ਪੜ੍ਹਨ, ਸੁਣਨ ਨੂੰ ਮਿਲ ਰਹੀਆਂ ਹਨ ਅਤੇ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ, ਜੋ ਬੇਹੱਦ ਚਿੰਤਾ ਦਾ ਵਿਸ਼ਾ ਹੈ। ਕੁਝ ਜਥੇਬੰਦੀਆਂ ਵਧੀਆ ਆਚਰਣ, ਨੈਤਿਕ ਕਦਰਾਂ-ਕੀਮਤਾਂ ਪ੍ਰਤੀ ਸੁਚੇਤ ਕਰਨ 'ਚ ਲੱਗੀਆਂ ਹੋਈਆਂ ਹਨ, ਪਰ ਦੂਜੇ ਪਾਸੇ ਧਿਆਨ ਮਾਰੀਏ ਤਾਂ ਲਗਦਾ ਹੈ ਕਿ ਕੁਝ ਵਹਿਸ਼ੀਆਨਾ ਲੋਕਾਂ ਤੇ ਉਨ੍ਹਾਂ ਦੀ ਸਿੱਖਿਆ 'ਤੇ ਸਖ਼ਤ ਸਜ਼ਾਵਾਂ ਵਾਲੇ ਕਾਨੂੰਨਾਂ ਦਾ ਵੀ ਅਸਰ ਨਹੀਂ ਹੋ ਰਿਹਾ। ਸਾਡੇ ਸੱਭਿਆਚਾਰ 'ਚ ਲੱਚਰ ਸੰਗੀਤ (ਗਾਇਕੀ) ਤੇ ਵੱਧ ਨੰਗੇਜ਼ ਦਰਸਾ ਕੇ ਪੈਸੇ ਕਮਾਉਣ ਦੀ ਲੱਗੀ ਦੌੜ ਵੀ ਅਜਿਹੇ ਮਾੜੇ ਅਨਸਰਾਂ ਦੀ ਦਰਿੰਦਗੀ ਸੋਚ ਨੂੰ ਉਕਸਾਉਣ ਦਾ ਕੰਮ ਕਰਦੀ ਹੈ, ਇਹ ਵੀ ਮੁਕੰਮਲ ਬੰਦ ਹੋਣੀ ਚਾਹੀਦੀ ਹੈ। ਸਰਕਾਰ ਨੂੰ ਇਨ੍ਹਾਂ ਪ੍ਰਤੀ ਸਖ਼ਤ ਕਦਮ ਚੁੱਕਣੇ ਹੋਣਗੇ।


-ਮਾ: ਦੇਵਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਸਹਿਣਸ਼ੀਲਤਾ
ਅੱਜ ਦੇ ਸਮੇਂ ਵਿਚ ਸਮਾਜ ਵਿਚ ਵੈਰ, ਈਰਖਾ, ਕ੍ਰੋਧ ਏਨਾ ਵਧ ਚੁੱਕਿਆ ਹੈ ਕਿ ਹਰ ਵਿਅਕਤੀ ਇਨ੍ਹਾਂ ਬੁਰਾਈਆਂ ਦਾ ਸ਼ਿਕਾਰ ਹੋ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅੱਜ ਦੇ ਮਨੁੱਖ ਵਿਚ ਸਹਿਣਸ਼ੀਲਤਾ ਦਾ ਪਤਨ ਹੁੰਦਾ ਜਾ ਰਿਹਾ ਹੈ। ਹਰੇਕ ਵਿਅਕਤੀ ਛੋਟੀ ਜਿਹੀ ਗੱਲ ਨੂੰ ਲੈ ਕੇ ਹਿੰਸਕ ਰੂਪ ਧਾਰਨ ਕਰ ਲੈਂਦਾ ਹੈ। ਰਿਸ਼ਤੇ ਖ਼ਤਮ ਹੁੰਦੇ ਜਾ ਰਹੇ ਹਨ, ਕਿਉਂਕਿ ਛੋਟੀ-ਛੋਟੀ ਗੱਲ 'ਤੇ ਝਗੜੇ ਪੈਦਾ ਹੋ ਜਾਂਦੇ ਹਨ। ਮਨੁੱਖ ਵਿਚ ਹਿੰਸਕ ਪ੍ਰਵਿਰਤੀ ਵਧ ਰਹੀ ਹੈ, ਕਿਉਂਕਿ ਉਸ ਨੂੰ ਸਮਾਜ ਵਿਚ ਸਾਰਥਿਕ ਮਾਹੌਲ ਨਹੀਂ ਮਿਲ ਰਿਹਾ। ਇਸ ਲਈ ਜੇਕਰ ਸੁਚਾਰੂ ਸੋਚ ਪੈਦਾ ਕਰਨੀ ਹੈ ਤਾਂ ਮਨੁੱਖ ਨੂੰ ਚੰਗਾ ਸਾਹਿਤ ਪੜ੍ਹਨਾ ਚਾਹੀਦਾ ਹੈ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।


ਰੁੱਤ ਵਾਢੀਆਂ ਦੀ
ਪੰਜਾਬ ਦੇ ਖੇਤਾਂ 'ਚੋਂ ਸੁਨਹਿਰੀ ਸੋਨਾ ਭਾਵ ਕਣਕ ਦੀ ਫ਼ਸਲ ਦੀ ਕਟਾਈ ਲਗਪਗ ਜ਼ੋਰਾਂ 'ਤੇ ਹੈ। ਭਾਵੇਂ ਹੱਥੀਂ ਵਾਢੀ ਦਾ ਰੁਝਾਨ ਖਤਮ ਹੈ ਪਰ ਫਿਰ ਵੀ ਮੱਧ ਵਰਗੀ ਲੋਕਾਂ ਨੂੰ ਇਸ ਫ਼ਸਲ ਤੋਂ ਦਾਣਿਆਂ ਦੀ ਆਸ ਹੁੰਦੀ ਹੈ ਕਿਉਂਕਿ ਕਣਕ ਹਰ ਇਕ ਦੇ ਭੋਜਨ ਦਾ ਜ਼ਰੂਰੀ ਹਿੱਸਾ ਹੈ। ਪਰ ਕਣਕ ਦੀ ਰਹਿੰਦ-ਖੂੰਹਦ ਨੂੰ ਥੋੜ੍ਹਾ ਸੰਜਮ ਅਤੇ ਤਰੀਕੇ ਨਾਲ ਸੰਭਾਲਣ ਦੀ ਲੋੜ ਹੈ, ਜਿਥੇ ਕਣਕ ਦੇ ਨਾੜ ਨੂੰ ਅੱਗ ਲਾਉਣ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਹੈ, ਉਥੇ ਕਈ ਛੋਟੇ ਜੀਵ-ਜੰਤੂ ਅਤੇ ਪੌਦੇ ਵੀ ਇਸ ਦੀ ਲਪੇਟ ਵਿਚ ਆ ਕੇ ਸੜ ਜਾਂਦੇ ਹਨ, ਜਿਨ੍ਹਾਂ ਨੂੰ ਬਚਾਉਣਾ ਸਮੇਂ ਦੀ ਵੱਡੀ ਲੋੜ ਹੈ। ਕਈ ਲੋਕ ਕਣਕ ਦੀਆਂ ਬੱਲੀਆਂ ਅਤੇ ਕੰਬਾਈਨਾਂ ਦੀ ਰਹਿੰਦ-ਖੂੰਹਦ ਵੱਡੀਆਂ ਅਤੇ ਛੋਟੀਆਂ ਲਿੰਕ ਸੜਕਾਂ 'ਤੇ ਸੁੱਟ ਦਿੰਦੇ ਹਨ ਤਾਂ ਕਿ ਦਾਣੇ ਅਲੱਗ ਹੋ ਜਾਣ ਪਰ ਇਨ੍ਹਾਂ ਨਾਲ ਭਿਆਨਕ ਹਾਦਸੇ ਵੀ ਵਾਪਰਦੇ ਹਨ। ਸੋ, ਆਓ ਆਪਾਂ ਅਜਿਹੀ ਅਣਗਹਿਲੀ ਨਾ ਵਰਤੀਏ ਜਿਸ ਨਾਲ ਸਮਾਜ ਦਾ ਨੁਕਸਾਨ ਹੋ ਰਿਹਾ ਹੋਵੇ।


-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।


ਰੇਤ 'ਤੇ ਸਰਕਾਰੀ ਕੰਟਰੋਲ
ਹਰ ਇਕ ਮਨੁੱਖ ਜੋ ਵੀ ਇਸ ਧਰਤੀ 'ਤੇ ਆਇਆ ਹੈ, ਉਸ ਨੂੰ ਆਪਣੇ ਜੀਵਨ ਲਈ ਤਿੰਨ ਮੁਢਲੀਆਂ ਲੋੜਾਂ ਦੀ ਜ਼ਰੂਰਤ ਹੈ, ਰੋਟੀ, ਕੱਪੜਾ ਅਤੇ ਮਕਾਨ। ਮਨੁੱਖ ਦੇ ਰਹਿਣ ਲਈ ਘਰ ਬਣਾਉਣ ਲਈ ਰੇਤ ਦਾ ਇਕ ਅਹਿਮ ਸਥਾਨ ਹੈ, ਜਿਸ ਦੀ ਮਕਾਨ ਬਣਾਉਣ ਲਈ ਸਭ ਤੋਂ ਵੱਧ ਲੋੜ ਹੁੰਦੀ ਹੈ ਅਤੇ ਇਸ ਦੇ ਭਾਅ ਹੁਣ ਅਸਮਾਨੀਂ ਚੜ੍ਹੇ ਹੋਏ ਹਨ ਅਤੇ ਇਹ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ। ਹੁਣੇ ਹੀ ਪੰਜਾਬ ਸਰਕਾਰ ਨੇ ਮਾਈਨਿੰਗ ਪ੍ਰਕਿਰਿਆ ਅਤੇ ਰੇਤ ਵੇਚਣ ਦਾ ਕੰਮ ਪੂਰੀ ਤਰ੍ਹਾਂ ਆਪਣੇ ਕੰਟਰੋਲ ਵਿਚ ਕਰਨ ਦਾ ਯਤਨ ਕੀਤਾ ਹੈ, ਜੋ ਕਿ ਬਹੁਤ ਹੀ ਵਧੀਆ ਫ਼ੈਸਲਾ ਹੈ। ਹੋਰ ਵੀ ਕਈ ਸੂਬਿਆਂ ਵਿਚ ਰੇਤ 'ਤੇ ਸਰਕਾਰੀ ਕੰਟਰੋਲ ਹੈ। ਜੇਕਰ ਸਰਕਾਰ ਸਹੀ ਅਰਥਾਂ ਵਿਚ ਜ਼ਮੀਨੀ ਪੱਧਰ 'ਤੇ ਇਸ ਨੂੰ ਲਾਗੂ ਕਰ ਦੇਵੇ ਅਤੇ ਸਿੱਧਾ ਸਰਕਾਰ ਹੀ ਇਸ ਨੂੰ ਵੇਚੇ ਤਾਂ ਆਮ ਆਦਮੀ ਬਿਨਾਂ ਵਜ੍ਹਾ ਠੇਕੇਦਾਰ ਜਾਂ ਹੋਰ ਕਰਿੰਦਿਆਂ ਤੋਂ ਲੁੱਟੇ ਨਹੀਂ ਜਾਣਗੇ। ਅਜਿਹਾ ਕਰਨ ਨਾਲ ਜਿਥੇ ਸਰਕਾਰ ਦੀ ਆਮਦਨ ਵਧੇਗੀ, ਉਥੇ ਆਮ ਬੰਦੇ ਨੂੰ ਵੀ ਸੁਖ ਦਾ ਸਾਹ ਆਵੇਗਾ।


-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ, ਜਲੰਧਰ।

20-04-2018

 ਕਿਸਾਨਾਂ ਦੀਆਂ ਸਮੱਸਿਆਵਾਂ
ਕਿਸਾਨਾਂ ਨਾਲ ਗੱਲ ਕਰਕੇ ਪਤਾ ਲੱਗਦਾ ਹੈ ਕਿ ਕਿਸਾਨੀ ਕਿੰਨੀ ਕੁ ਔਖੀ ਹੈ। ਵੇਖਣ ਵਾਲੇ ਨੂੰ ਤਾਂ ਕਿਸਾਨੀ ਬਹੁਤ ਸੌਖੀ ਦਿਸ ਰਹੀ ਹੁੰਦੀ ਹੈ। ਪਰ ਫ਼ਸਲ ਬੀਜਣ ਤੋਂ ਲੈ ਕੇ ਪੱਕਣ ਤੱਕ ਦਾ ਸਫ਼ਰ ਵੀ ਕਿਸਾਨ ਲਈ ਕਾਫੀ ਮੁਸ਼ਕਿਲਾਂ ਵਿਚੋਂ ਲੰਘ ਕੇ ਤੈਅ ਹੁੰਦਾ ਹੈ। ਕਦੇ ਪਾਣੀ ਦੀ ਘਾਟ, ਬਿਜਲੀ ਬੰਦ, ਰੇਹ, ਸਪਰੇਅ ਆਦਿ। ਪਰ ਜਦੋਂ ਫ਼ਸਲ ਘਰ ਆਉਣ ਦਾ ਸਮਾਂ ਹੋ ਜਾਂਦਾ ਹੈ ਤਾਂ ਕਦੇ ਮੌਸਮ ਬੇਇਮਾਨ ਕਦੇ ਕੁਦਰਤ ਦਾ ਕਹਿਰ, ਕਦੇ ਮੰਡੀਕਰਨ ਦਾ ਝੰਜਟ, ਕਟਾਈ, ਛਟਾਈ ਅਤੇ ਅੰਤ ਵਿਚ ਆੜ੍ਹਤੀਆਂ ਦਾ ਕਰਜ਼ ਪੂਰਾ ਸਾਲ ਹੱਡ ਭੰਨਵੀਂ ਮਿਹਨਤ ਤੋਂ ਬਾਅਦ ਵੀ ਕਿਸਾਨ ਦੇ ਪੱਲੇ ਕੁਝ ਨਹੀਂ ਪੈਂਦਾ। ਸਰਕਾਰ ਨੂੰ ਚਾਹੀਦਾ ਹੈ ਪਹਿਲ ਦੇ ਆਧਾਰ 'ਤੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇ ਅਤੇ ਕਿਸਾਨ ਦੀ ਫ਼ਸਲ ਦਾ ਚੰਗਾ ਮੁੱਲ ਦੇਵੇ। ਸਮੇਂ-ਸਮੇਂ 'ਤੇ ਕਿਸਾਨਾਂ ਨੂੰ ਨਵੀਂ ਤਕਨੀਕ, ਨਵਾਂ ਬੀਜ ਤੇ ਖੇਤੀ ਮਾਹਿਰਾਂ ਨਾਲ ਮਿਲ ਕੇ ਕਿਸਾਨੀ ਦੇ ਸਬੰਧ ਵਿਚ ਸੁਝਾਅ ਦਿੱਤੇ ਜਾਣ, ਤਾਂ ਕਿ ਕਿਸਾਨ ਖ਼ੁਦਕੁਸ਼ੀਆਂ ਤੋਂ ਬਚ ਸਕਣ।


-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।


ਹਾਦਸੇ ਬਣੇ ਸੁਰਖੀਆਂ
ਬੇਹੱਦ ਦੁਖਦਾਇਕ ਗੱਲ ਹੈ ਕਿ ਸੜਕ ਦੁਰਘਟਨਾਵਾਂ ਆਏ ਦਿਨ ਮੀਡੀਆ ਦੀਆਂ ਸੁਰਖੀਆਂ ਬਣ ਰਹੀਆਂ ਹਨ। ਸੜਕ ਹਾਦਸਿਆਂ ਰਾਹੀਂ ਪਰਿਵਾਰਾਂ ਦੇ ਪਰਿਵਾਰਾਂ ਦਾ ਮੌਤ ਦੇ ਮੂੰਹ ਜਾਣਾ ਆਮ ਹੁੰਦਾ ਜਾ ਰਿਹਾ ਹੈ। ਅੱਜ ਅੰਕੜੇ ਇਹ ਹਨ ਕਿ ਹਰ ਸਾਲ ਹਾਦਸਿਆਂ ਦੌਰਾਨ ਚਾਰ ਹਜ਼ਾਰ ਤੋਂ ਉੱਪਰ ਲੋਕ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ। ਅਜਿਹਾ ਭਿਆਨਕ ਵਰਤਾਰਾ ਕਿਉਂ ਪਨਪ ਰਿਹਾ ਹੈ? ਇਹ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸੁਖਾਵਾਂ ਤੇ ਵਧੀਆ ਜੀਵਨ ਜਿਊਣ ਲਈ ਨਿਯਮਾਂ ਦਾ ਪਾਲਣ ਕਰਨਾ ਬੇਹੱਦ ਜ਼ਰੂਰੀ ਹੈ। ਨਸ਼ਾ ਕਰਕੇ ਡਰਾਈਵਿੰਗ ਕਰਨਾ ਗ਼ੈਰ-ਕਾਨੂੰਨੀ ਤਾਂ ਹੈ ਹੀ ਤੇ ਨਾਲ ਹੀ ਮੌਤ ਨੂੰ ਆਵਾਜ਼ ਮਾਰਨ ਦੇ ਬਰਾਬਰ ਵੀ ਹੈ। ਦੋ ਪਹੀਆ ਵਾਹਨ 'ਤੇ ਤਿੰਨ ਤੋਂ ਚਾਰ ਵਿਦਿਆਰਥੀਆਂ ਦਾ ਬੈਠਣਾ ਵੀ ਨਿਯਮਾਂ ਦੀ ਉਲੰਘਣਾ ਹੈ। ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕਤਾ ਮੁਹਿੰਮ ਪੂਰੀ ਗੰਭੀਰਤਾ ਨਾਲ ਚਲਾਈ ਜਾਵੇ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਿਆ ਜਾਵੇ। ਸਫ਼ਰ ਦੌਰਾਨ ਯਾਦ ਰੱਖੋ ਕਿ ਤੁਹਾਨੂੰ ਘਰ 'ਚ ਕੋਈ ਉਡੀਕ ਰਿਹਾ ਹੈ। ਨਿਯਮਾਂ 'ਚ ਰਹਿਣਾ ਹੀ ਸਾਡੇ ਹਿਤ ਵਿਚ ਹੈ।


-ਬੰਤ ਘੁਡਾਣੀ
ਪਿੰਡ ਤੇ ਡਾਕ : ਘੁਡਾਣੀ ਕਲਾਂ, ਲੁਧਿਆਣਾ।


ਦੁੱਖਦਾਈ ਦਾਸਤਾਨ
ਇਰਾਕ ਦੇਸ਼ ਦੇ ਮੋਸੂਲ ਸ਼ਹਿਰ ਵਿਚ 39 ਭਾਰਤੀ ਕਾਮਿਆਂ ਨੂੰ ਇਸਲਾਮਿਕ ਅੱਤਵਾਦੀ ਸੰਗਠਨ ਨੇ ਹਿਰਾਸਤ ਵਿਚ ਲੈ ਕੇ ਮਾਰ ਦਿੱਤਾ ਸੀ। ਪਿਛਲੇ ਦਿਨੀਂ ਭਾਰਤੀ ਕਾਮਿਆਂ ਦੀਆਂ ਅਸਥੀਆਂ ਦੇ ਤਾਬੂਤ ਭਾਰਤ ਪੁੱਜੇ ਹਨ। ਭਾਰਤ ਅਤੇ ਪੰਜਾਬ ਵਿਚ ਮਾਹੌਲ ਗ਼ਮਗੀਨ ਹੋ ਗਿਆ। ਇਨ੍ਹਾਂ ਵਿਛੜ ਗਏ ਨੌਜਵਾਨਾਂ ਨੇ ਤਾਂ ਵਾਪਸ ਨਹੀਂ ਆਉਣਾ ਪਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਲੋਂ ਪ੍ਰਭਾਵਿਤ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਦੇ ਐਲਾਨ ਨਾਲ ਥੋੜ੍ਹੀ ਜਿਹੀ ਢਾਰਸ ਜ਼ਰੂਰ ਹੋਈ ਹੈ। ਸੋਚਣਾ ਬਣਦਾ ਹੈ ਇਸ ਦੁਖਦਾਈ ਘਟਨਾ ਬਾਰੇ ਅਤੇ ਦੇਸ਼ ਦੇ ਬੇਰੁਜ਼ਗਾਰ ਨੌਜਵਾਨ ਬਾਰੇ ਜੋ ਲਗਾਤਾਰ ਵਿਦੇਸ਼ਾਂ ਵਿਚ ਰੁਜ਼ਗਾਰ ਦੀ ਭਾਲ ਵਿਚ ਪ੍ਰਵਾਸ ਕਰ ਰਹੇ ਹਨ। ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਨੂੰ ਵੱਧ ਤੋਂ ਵੱਧ ਰੁਜ਼ਗਾਰ ਪੈਦਾ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ, ਤਾਂ ਜੋ ਨੌਜਵਾਨ ਰੁਜ਼ਗਾਰ ਦੀ ਖ਼ਾਤਰ ਵਿਦੇਸ਼ਾਂ ਵਿਚ ਨਾ ਭਟਕਣ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿ: ਪਟਿਆਲਾ।


ਆਵਾਜ਼ ਪ੍ਰਦੂਸ਼ਣ
ਆਦਮੀ ਨੇ ਕੁਦਰਤ ਨਾਲ ਛੇੜਛਾੜ ਕਰਕੇ ਮਾਨਸਿਕ ਪ੍ਰੇਸ਼ਾਨੀਆਂ ਪੈਦਾ ਕਰ ਲਈਆਂ ਹਨ। ਵਾਤਾਵਰਨ ਪ੍ਰਦੂਸ਼ਿਤ ਹੋ ਜਾਣ ਕਾਰਨ ਭਿਆਨਕ ਬਿਮਾਰੀਆਂ ਆਮ ਲੋਕਾਂ ਨੂੰ ਲੱਗ ਰਹੀਆਂ ਹਨ। ਇਸ ਤਰ੍ਹਾਂ ਆਵਾਜ਼ ਪ੍ਰਦੂਸ਼ਣ ਦੇ ਵਧ ਰਹੇ ਰੁਝਾਨ ਕਾਰਨ ਆਮ ਆਦਮੀ ਪ੍ਰਭਾਵਿਤ ਹੋ ਰਿਹਾ ਹੈ। ਪਿੰਡ-ਪਿੰਡ, ਸ਼ਹਿਰ-ਸ਼ਹਿਰ ਮੰਦਰ, ਗੁਰੂ ਘਰ ਆਦਿ ਉਸਾਰੇ ਜਾ ਰਹੇ ਹਨ। ਕਈ ਥਾਵਾਂ 'ਤੇ ਆਪਸੀ ਦੂਰੀ ਵੀ 200 ਗਜ਼ ਤੱਕ ਦੀ ਹੁੰਦੀ ਹੈ। ਜਿਉਂ ਹੀ ਸ਼ਾਮ ਹੁੰਦੀ ਹੈ ਜਾਂ ਦਿਨ ਚੜ੍ਹਦਾ ਹੈ ਤਾਂ ਉੱਚੀ-ਉੱਚੀ ਆਵਾਜ਼ ਵਿਚ ਭਜਨ, ਕੀਰਤਨ, ਕਥਾ ਆਦਿ ਸ਼ੁਰੂ ਹੋ ਜਾਂਦੀ ਹੈ।
ਉਕਤ ਸਪੀਕਰਾਂ ਦੀ ਉੱਚੀ ਆਵਾਜ਼ ਟਕਰਾ ਕੇ ਆਵਾਜ਼ ਪ੍ਰਦੂਸ਼ਣ ਕਰ ਰਹੀ ਹੁੰਦੀ ਹੈ, ਕਿਸੇ ਦੇ ਪੱਲੇ ਕੁਝ ਨਹੀਂ ਪੈਂਦਾ। ਰਾਤ ਨੂੰ ਅਕਸਰ ਜਗਰਾਤੇ ਕੀਤੇ ਜਾਂਦੇ ਹਨ। ਸਾਰੀ-ਸਾਰੀ ਰਾਤ ਉੱਚੀ ਆਵਾਜ਼ 'ਚ ਸਪੀਕਰ ਲਾ ਕੇ ਪ੍ਰੋਗਰਾਮ ਕੀਤੇ ਜਾਂਦੇ ਹਨ, ਜਿਸ ਕਾਰਨ ਬਿਮਾਰ ਲੋਕਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਆਉਂਦੀ ਹੈ। ਆਵਾਜ਼ ਪ੍ਰਦੂਸ਼ਣ ਰੋਕਣ ਲਈ ਪ੍ਰਸ਼ਾਸਨ ਤੇ ਆਮ ਜਥੇਬੰਦੀਆਂ ਨੂੰ ਠੋਸ ਉਪਰਾਲੇ ਕਰਨ ਦੀ ਜ਼ਰੂਰਤ ਹੈ ਤਾਂ ਜੋ ਮਾਨਸਿਕ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਇਆ ਜਾ ਸਕੇ।


-ਹਰਭਜਨ ਸਿੰਘ ਝੰਡਾ
ਸਰਦੂਲਗੜ੍ਹ।


ਸਹੀ ਸੇਧ ਦੀ ਜ਼ਰੂਰਤ
ਅੱਜਕਲ੍ਹ ਦਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ? ਅਸੀਂ ਜਦੋਂ ਰੋਜ਼ ਸਵੇਰੇ ਅਖ਼ਬਾਰ ਪੜ੍ਹਦੇ ਹਾਂ ਜਾਂ ਟੀ.ਵੀ. 'ਤੇ ਖ਼ਬਰਾਂ ਦੇਖਦੇ ਹਾਂ ਤਾਂ ਕਿਸੇ ਸੁਖਾਵੀਂ ਖ਼ਬਰ ਦੀ ਆਸ ਵਿਚ ਅੱਖਾਂ ਅਤੇ ਕੰਨ ਤਰਸ ਜਾਂਦੇ ਹਨ। ਜ਼ਿਆਦਾਤਰ ਖ਼ਬਰਾਂ ਕਿਸੇ ਅਣਸੁਖਾਵੀਂ ਘਟਨਾ ਬਾਰੇ, ਬੱਚਿਆਂ ਨਾਲ ਦੁਸ਼ਕਰਮ ਬਾਰੇ, ਦੇਸ਼ ਵਿਚ ਹੋ ਰਹੇ ਘੁਟਾਲਿਆਂ ਬਾਰੇ ਜਾਂ ਬੇਰੁਜ਼ਗਾਰੀ ਤੋਂ ਤੰਗ ਆਏ ਨੌਜਵਾਨਾਂ ਦੁਆਰਾ ਕੀਤੀਆਂ ਹੜਤਾਲਾਂ ਅਤੇ ਮੁਜ਼ਾਹਰਿਆਂ ਨਾਲ ਭਰੀਆਂ ਹੁੰਦੀਆਂ ਹਨ। ਸਮਾਜ ਵਿਚ ਸਹਿਣਸ਼ੀਲਤਾ ਹੇਠਲੇ ਪੱਧਰ ਤੱਕ ਡਿੱਗ ਚੁੱਕੀ ਹੈ। ਲੋਕਾਂ ਵਿਚ ਗੁੱਸਾ ਏਨਾ ਭਰਿਆ ਪਿਆ ਹੈ ਕਿ ਛੋਟੀ ਜਿਹੀ ਗੱਲ ਦਾ ਬਤੰਗੜ ਬਣ ਜਾਂਦਾ ਹੈ ਅਤੇ ਲੋਕ ਇਕ-ਦੂਜੇ ਦੇ ਲਹੂ ਦੇ ਪਿਆਸੇ ਹੋ ਜਾਂਦੇ ਹਨ। ਜ਼ਿਆਦਾਤਰ ਮੁਜ਼ਾਹਰੇ ਅਤੇ ਦੰਗੇ ਗ਼ਰੀਬ ਦੀ ਆਵਾਜ਼ ਦੇ ਨਾਂਅ 'ਤੇ ਕੀਤੇ ਜਾਂਦੇ ਹਨ ਪਰ ਉਸੇ ਗ਼ਰੀਬ ਘਰ ਜਦੋਂ ਸ਼ਾਮ ਨੂੰ ਚੁੱਲ੍ਹਾ ਨਹੀਂ ਬਲਦਾ, ਉਸ ਨੂੰ ਪੁੱਛਣ ਵਾਲਾ ਕੋਈ ਨਹੀਂ ਹੁੰਦਾ। ਅੱਜ ਦੇ ਸਮਾਜ ਵਿਚ ਲੋੜ ਇਸ ਗੱਲ ਦੀ ਹੈ ਕਿ ਆਪਸੀ ਭਾਈਚਾਰਾ ਵਧੇ-ਫੁੱਲੇ। ਲੋਕ ਅਤੇ ਖ਼ਾਸ ਕਰਕੇ ਨੌਜਵਾਨ ਵਰਗ ਅਫਵਾਹਾਂ ਸੁਣ ਕੇ ਉਕਸਾਵੇ ਵਿਚ ਨਾ ਆਉਣ ਅਤੇ ਆਪਣੀ ਸ਼ਕਤੀ ਨੂੰ ਉਸਾਰੂ ਕੰਮ ਵਿਚ ਲਾ ਕੇ ਦੇਸ਼ ਦੀ ਨੁਹਾਰ ਬਦਲਣ ਵਿਚ ਆਪਣੀ ਭੂਮਿਕਾ ਨਿਭਾਉਣ।


ਕੁਲਦੀਪ ਸ਼ਰਮਾ
ਜਲੰਧਰ।


ਇਕ ਸ਼ਰਮਨਾਕ ਸੱਚ
ਅਜਿਹਾ ਸੱਚ ਜਿਸ ਨੂੰ ਸੁਣ ਕੇ ਸਾਡੀਆਂ ਅੱਖਾਂ ਸ਼ਰਮ ਨਾਲ ਨੀਵੀਆਂ ਹੋ ਗਈਆਂ। ਉਸ ਮਾਸੂਮ ਦੀਆਂ ਭਾਵਨਾਵਾਂ ਨਾਲ ਖੇਡਣ ਵਾਲੇ ਨੂੰ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਅਜਿਹਾ ਕਰਨ ਬਾਰੇ ਕੋਈ ਸੋਚ ਵੀ ਨਾ ਸਕੇ। ਜਬਰ ਜਨਾਹ ਵਰਗੀਆਂ ਸ਼ਰਮਨਾਕ ਘਟਨਾਵਾਂ ਪਹਿਲਾਂ ਵੀ ਕਿੰਨੀ ਵਾਰ ਸੁਣਨ ਨੂੰ ਮਿਲੀਆਂ। ਹਰ ਰੋਜ਼ ਅਖ਼ਬਾਰਾਂ 'ਚ ਪੜ੍ਹਦੇ ਹਾਂ ਅਸੀਂ, ਪਰ ਅਜਿਹੀ ਗੰਦੀ ਹਰਕਤ ਕਰਨ ਵਾਲਿਆਂ ਨੂੰ ਸਜ਼ਾ ਦੀ ਘਾਟ ਕਰਕੇ ਹੀ ਧੀਆਂ ਵਾਲੇ ਅਸੁਰੱਖਿਅਤ ਹਨ। ਛੋਟੀਆਂ-ਛੋਟੀਆਂ ਬੱਚੀਆਂ ਨਾਲ ਸਰੀਰਕ ਸ਼ੋਸ਼ਣ ਹੋ ਰਿਹਾ ਹੈ।
ਕਈ ਸਾਲ ਪਹਿਲਾਂ ਦਿੱਲੀ ਵਿਚ ਹੋਏ ਬੱਸ ਕਾਂਡ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਅਜਿਹੇ ਦਰਿੰਦਿਆਂ 'ਤੇ ਸਖ਼ਤ ਤੋਂ ਸਖ਼ਤ ਕਾਨੂੰਨ ਲਾਗੂ ਕੀਤਾ ਜਾਣਾ ਚਾਹੀਦਾ ਹੈ। ਇਹੋ ਜਿਹੀ ਸਜ਼ਾ ਹੋਵੇ ਤਾਂ ਜੋ ਜਬਰ ਜਨਾਹ ਦੀ ਇਹ ਖੂਨੀ ਖੇਡ ਜੜ੍ਹ ਤੋਂ ਖ਼ਤਮ ਹੋ ਸਕੇ। ਅਜਿਹੇ ਸੱਚ ਦਾ ਸਾਹਮਣਾ ਮਾਸੂਮ ਬੱਚੀਆਂ ਕਿਉਂ ਕਰਨ? ਜਿਨ੍ਹਾਂ ਦੀ ਖੇਡਣ ਦੀ ਉਮਰ ਹੁੰਦੀ ਹੈ। ਆਸਿਫਾ ਲਈ ਇਨਸਾਫ਼ ਦੀ ਸਾਰਿਆਂ ਨੂੰ ਉਡੀਕ ਹੈ।


-ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ (ਲੁਧਿਆਣਾ)।

19-04-2018

 ਖਸਤਾ ਹਾਲਤ ਵਿਚ ਸਕੂਲੀ ਬੱਸਾਂ
ਪਿਛਲੇ ਦਿਨੀਂ ਇਕ ਸਕੂਲੀ ਬੱਸ ਖੱਡ ਵਿਚ ਡਿੱਗਣ ਕਾਰਨ 27 ਬੱਚੇ ਮਰਨ ਦੀ ਖ਼ਬਰ ਨੇ ਦਿਲ ਨੂੰ ਬੜੀ ਠੇਸ ਪਹੁੰਚਾਈ। ਅੱਜਕਲ੍ਹ ਪ੍ਰਾਈਵੇਟ ਸਕੂਲਾਂ ਖਿਲਾਫ਼ ਬੜਾ ਰੌਲਾ ਪਿਆ ਹੋਇਆ ਹੈ ਕਿ ਸਕੂਲ ਫੀਸਾਂ ਵਧ ਲੈ ਰਹੇ ਹਨ। ਸਹੀ ਸਹੂਲਤਾਂ ਨਹੀਂ ਦੇ ਰਹੇ। ਵਰਦੀ, ਕਿਤਾਬਾਂ ਆਦਿ 'ਚ ਕਮਿਸ਼ਨ ਲੈਂਦੇ ਹਨ। ਭਾਵ ਸਾਡੀ ਆਰਥਿਕ ਲੁੱਟ ਕਰ ਰਹੇ ਹਨ। ਪਰ ਇਸ ਤੋਂ ਵੀ ਮਹੱਤਵਪੂਰਨ ਹੈ ਕਿ ਬੱਚਿਆਂ ਦੀ ਜਾਨ। ਜੋ ਇਨ੍ਹਾਂ ਸਕੂਲਾਂ ਦੀਆਂ ਘਟੀਆ ਬੱਸਾਂ ਦਾ ਮਸਲਾ ਹੈ, ਜਿਨ੍ਹਾਂ ਵੱਲ ਅਸੀਂ ਲੋੜੀਂਦਾ ਧਿਆਨ ਨਹੀਂ ਦੇ ਰਹੇ। ਇਨ੍ਹਾਂ ਤੋਂ ਵੀ ਅਗਾਂਹ ਕਈ ਸਕੂਲਾਂ ਵਿਚ ਤਾਂ ਜਗਾੜੂ ਸਾਧਨ ਬਣਾ ਕੇ ਉਨ੍ਹਾਂ ਵਿਚ ਬੱਚਿਆਂ ਨੂੰ ਸਕੂਲ ਲਿਜਾਇਆ ਜਾਂਦਾ ਹੈ, ਜਿਨ੍ਹਾਂ ਦਾ ਕਿਰਾਇਆ ਕੁਝ ਘੱਟ ਹੋਣ ਕਰਕੇ ਮਾਪੇ ਵੀ ਕੋਈ ਪਰਵਾਹ ਨਹੀਂ ਕਰਦੇ। ਕਿਸੇ ਹਾਦਸੇ ਵਾਪਰਨ 'ਤੇ ਸਰਕਾਰ ਵੀ ਗੋਂਗਲੂਆਂ ਤੋਂ ਮਿੱਟੀ ਝਾੜ ਛੱਡਦੀ ਹੈ। ਕੁਝ ਚਿਰ ਬਾਅਦ ਫਿਰ ਉਹੀ ਸਭ ਕੁਝ ਚਲਦਾ ਰਹਿੰਦਾ ਹੈ। ਸੋ, ਫੀਸਾਂ ਤੋਂ ਵੀ ਪਹਿਲਾਂ ਸਕੂਲਾਂ ਦੀਆਂ ਬੱਸਾਂ ਤੇ ਹੋਰ ਜਗਾੜੂ ਸਾਧਨਾਂ ਜਾਂ ਰਿਕਸ਼ਾ ਆਦਿ 'ਤੇ ਵੱਧ ਗਿਣਤੀ ਵਿਚ ਬਿਠਾਏ ਬੱਚੇ ਵੀ ਹਾਦਸੇ ਦੇ ਸ਼ਿਕਾਰ ਹੋ ਜਾਂਦੇ ਹਨ। ਇਸ ਗੱਲ ਵੱਲ ਮਾਪਿਆਂ ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਸਰਕਾਰ ਨੂੰ ਅਜਿਹੇ ਸਕੂਲਾਂ 'ਤੇ ਸਖ਼ਤੀ ਵਰਤਣੀ ਚਾਹੀਦੀ ਹੈ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਬੰਦ ਕੋਈ ਸਾਰਥਕ ਹੱਲ ਨਹੀਂ
ਭਾਰਤ ਵਿਚ ਪਿਛਲੇ ਸਮੇਂ ਤੋਂ ਵਿਆਪਕ ਪੱਧਰ 'ਤੇ ਬੰਦ ਦੇ ਐਲਾਨ ਦੇਸ਼ ਹਿਤ ਵਿਚ ਨਹੀਂ ਹਨ। ਇਸ ਬੰਦ ਦੇ ਐਲਾਨ ਨਾਲ ਜਿਥੇ ਆਮ ਲੋਕਾਂ ਦੇ ਕੰਮਕਾਜ ਪ੍ਰਭਾਵਿਤ ਹੁੰਦੇ ਹਨ, ਉਥੇ ਹੀ ਵਿਦਿਅਕ ਸੰਸਥਾਵਾਂ ਦੇ ਬੰਦ ਹੋਣ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੁੰਦੀ ਹੈ। ਸਭ ਤੋਂ ਜ਼ਿਆਦਾ ਨੁਕਸਾਨ ਸਰਕਾਰੀ ਤੰਤਰ ਨੂੰ ਹੁੰਦਾ ਹੈ। ਸਰਕਾਰੀ ਸੰਸਥਾਵਾਂ ਬੰਦ ਹੋਣ ਕਰਕੇ ਕੇਂਦਰ ਤੇ ਰਾਜ ਸਰਕਾਰਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ। ਪਿਛਲੇ ਦਿਨੀਂ ਬੰਦ ਦਾ ਸਭ ਤੋਂ ਭਿਆਨਕ ਰੂਪ ਉੱਭਰ ਕੇ ਸਾਹਮਣੇ ਆਇਆ ਹੈ ਕਿ ਜਾਤੀ ਵਰਗ ਦੇ ਆਧਾਰ 'ਤੇ ਬੰਦ ਦੇ ਸੱਦੇ ਜਿਥੇ ਦੇਸ਼ ਵਿਚ ਫ਼ਿਰਕੂਵਾਦ ਫੈਲਾਅ ਰਹੇ ਹਨ, ਉਥੇ ਦੇਸ਼ ਇਕ ਜਾਤੀ ਦੇ ਲੋਕਾਂ ਦੀ ਦੂਸਰੀ ਜਾਤੀ ਦੇ ਲੋਕਾਂ ਨਾਲ ਹਿੰਸਾ ਵੀ ਵਧ ਰਹੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਝੂਠੀਆਂ ਖ਼ਬਰਾਂ ਇਨ੍ਹਾਂ ਘਟਨਾਵਾਂ ਨੂੰ ਹੋਰ ਬੜਾਵਾ ਦਿੰਦੀਆਂ ਹਨ। ਇਸ ਲਈ ਰਾਜਸੀ ਪਾਰਟੀਆਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਖਾਸ ਜਾਤੀ ਵਰਗ ਦੀ ਰਾਜਨੀਤੀ ਨਾ ਕਰਨ, ਸਾਰੇ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਨਿਆਇਕ ਅਦਾਲਤਾਂ ਦੇ ਫ਼ੈਸਲਿਆਂ ਨੂੰ ਸਵੀਕਾਰ ਕਰਨ। ਜੇਕਰ ਉਨ੍ਹਾਂ ਨੂੰ ਲਗਦਾ ਹੈ ਕਿ ਫ਼ੈਸਲਾ ਉਨ੍ਹਾਂ ਦੇ ਹਿਤਾਂ ਦੇ ਖਿਲਾਫ਼ ਹੈ ਤਾਂ ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਰਾਹੀਂ ਇਸ ਦਾ ਹੱਲ ਕਰਨਾ ਚਾਹੀਦਾ ਹੈ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।


ਕਿਹੜੀ ਮਰਿਆਦਾ ਭੰਗ ਹੋਈ?
26 ਮਾਰਚ ਦੇ ਅੰਕ ਵਿਚ 'ਬੇਬੇ ਨਾਨਕੀ ਗੁਰਮਤਿ ਸਮਾਗਮ' ਸਬੰਧੀ ਖ਼ਬਰ ਛਪੀ, ਜਿਸ ਮੁਤਾਬਿਕ ਬੀਬੀਆਂ ਵਲੋਂ ਮੰਜੀ ਸਾਹਿਬ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਮਰਿਆਦਾ ਦੀ ਉਲੰਘਣਾ ਕੀਤੀ ਗਈ। ਇਹ ਅਖੌਤੀ ਮਰਿਆਦਾ ਦਰਬਾਰ ਸਾਹਿਬ ਕੰਪਲੈਕਸ 'ਤੇ ਲੰਮਾ ਸਮਾਂ ਕਾਬਜ਼ ਰਹੇ ਧੀਰਮੱਲੀਆ ਦੀ ਦੇਣ ਹੈ, ਜੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਜੰਗਾਂ ਵਿਚ ਉਲਝਣ ਮਗਰੋਂ ਹਾਲਾਤ ਦਾ ਫਾਇਦਾ ਉਠਾ ਕੇ ਦਰਬਾਰ ਸਾਹਿਬ 'ਤੇ ਕਾਬਜ਼ ਹੋ ਗਏ ਸਨ।
ਗੁਰੂ ਦੀ ਸਿੱਖੀ ਸਿਰਫ ਮਰਦਾਂ ਲਈ ਰਾਖਵੀਂ ਨਹੀਂ ਹੈ, ਸਗੋਂ ਸਿੱਖ ਬੀਬੀਆਂ ਵੀ ਬਰਾਬਰ ਦੀਆਂ ਹਿੱਸੇਦਾਰ ਹਨ। ਮੀਰ ਮੰਨੂੰ ਦੀ ਕੈਦ ਵਿਚ ਬੱਚਿਆਂ ਦੇ ਟੋਟੇ ਕਰਵਾ ਕੇ ਝੋਲੀ ਪਵਾਉਣ ਵਾਲੀਆਂ ਬੀਬੀਆਂ ਗੁਰੂ ਦੀ ਤਾਬਿਆ ਬੈਠਣ ਦੀਆਂ ਹੱਕਦਾਰ ਕਿਉਂ ਨਹੀਂ ਹੋ ਸਕਦੀਆਂ? ਇਸ ਦਾ ਜਵਾਬ ਗੁਰਧਾਮਾਂ 'ਤੇ ਕਾਬਜ਼ ਲੋਕਾਂ ਨੂੰ ਦੇਣਾ ਚਾਹੀਦਾ ਹੈ।


-ਗੁਰਬਖਸ਼ ਸਿੰਘ
ਪਿੰਡ ਨਸੀਰਪੁਰ, ਡਾਕ: ਨੱਲ੍ਹ, ਤਹਿ: ਸ਼ਾਹਕੋਟ (ਜਲੰਧਰ)।


ਇਮਤਿਆਜ਼ ਕਿਉਂ?
ਬੋਰਡ ਦੀਆਂ ਕਲਾਸਾਂ ਦੇ ਨਤੀਜੇ ਭਾਵੇਂ ਮਈ-ਜੂਨ 'ਚ ਆਉਣੇ ਹਨ ਪਰ ਨਵੇਂ ਸੈਸ਼ਨ ਅਪ੍ਰੈਲ ਵਿਚ ਸ਼ੁਰੂ ਹੋ ਜਾਂਦੇ ਹਨ। ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਆਟੇ 'ਚ ਲੂਣ ਸਮਾਨ ਰਹਿ ਗਈ ਹੈ, ਜਿਸ ਦਾ ਜ਼ਿੰਮੇਵਾਰ ਕੌਣ ਹੈ? ਸਰਕਾਰ ਹੋਰ ਸਭ ਪਾਸੇ ਤਾਂ ਪੂਰਾ ਸ਼ਿਕੰਜਾ ਕੱਸ ਰਹੀ ਹੈ ਪਰ ਸਕੂਲਾਂ 'ਤੇ ਕਿਉਂ ਨਹੀਂ? ਮਹਿੰਗੇ ਸਕੂਲਾਂ ਵਿਚ ਬੱਚੇ ਪੜ੍ਹਾਉਣਾ ਅੱਜ ਸਭ ਦੀ ਮਜਬੂਰੀ ਬਣ ਗਈ ਹੈ। ਪਰ ਇਕ ਗੱਲ ਸਮਝੋਂ ਬਾਹਰ ਹੈ ਕਿ ਜਿਨ੍ਹਾਂ ਸਕੂਲਾਂ ਵਿਚ ਉੱਚ ਸਿੱਖਿਆ ਪ੍ਰਾਪਤ ਅਧਿਆਪਕ ਹਨ, ਉਥੇ ਤਾਂ ਸਾਨੂੰ ਯਕੀਨ ਨਹੀਂ ਜਿਥੇ ਸਾਡੀ ਚੰਗੀ ਤਰ੍ਹਾਂ ਛਿੱਲ ਲਹਿੰਦੀ ਹੈ ਤੇ ਅਧਿਆਪਕ ਵੀ ਬੀ.ਏ. ਪਾਸ ਹੁੰਦੇ ਹਨ, ਉਥੇ ਸਾਨੂੰ ਪੂਰਾ ਯਕੀਨ ਹੈ। ਸਰਕਾਰ ਨੂੰ ਇਕ ਗੱਲ ਸਖ਼ਤੀ ਨਾਲ ਲਾਗੂ ਕਰਨੀ ਬਣਦੀ ਹੈ ਕਿ ਜਿੰਨੇ ਵੀ ਸਰਕਾਰੀ ਮੁਲਾਜ਼ਮ ਹਨ, ਸਭ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਨਗੇ, ਨੌਕਰੀ ਸਮੇਂ ਇਹ ਸ਼ਰਤ ਯਕੀਨੀ ਹੋਵੇ ਤਾਂ ਜ਼ਰੂਰ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਧੇਗੀ। ਜਦੋਂ ਇਹ ਇਮਤਿਆਜ਼ (ਭੇਦਭਾਵ) ਖ਼ਤਮ ਹੋ ਜਾਵੇਗਾ, ਜ਼ਰੂਰ ਹੀ ਸਿੱਖਿਆ ਦਾ ਪੱਧਰ ਉੱਚਾ ਹੋਵੇਗਾ। ਅਜਿਹੀ ਉਮੀਦ ਹੈ।


-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।


ਪੈਨਸ਼ਨਾਂ
ਇਸ ਸਮੇਂ ਪੰਜਾਬ ਵਿਚ ਬੁਢਾਪਾ, ਵਿਧਵਾ, ਅਪੰਗ ਤੇ ਆਸ਼ਰਿਤ ਬੱਚਿਆਂ ਨੂੰ ਪੈਨਸ਼ਨ ਬੈਂਕਾਂ ਰਾਹੀਂ ਦਿੱਤੀ ਜਾ ਰਹੀ ਹੈ। ਜਿਸ ਕਰਕੇ ਲੋਕਾਂ ਨੂੰ ਕਤਾਰਾਂ 'ਚ ਲੱਗ ਕੇ ਪੈਨਸ਼ਨ ਲੈਣ ਲਈ ਬੜਾ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਬੈਂਕ ਮੁਲਾਜ਼ਮ ਪਹਿਲਾਂ ਹੀ ਜ਼ਿਆਦਾ ਕੰਮ ਦੇ ਬੋਝ ਥੱਲੇ ਦੱਬੇ ਹੋਏ ਹਨ, ਉੱਥੇ ਸਰਕਾਰ ਪੈਨਸ਼ਨਾਂ ਵੰਡਣ ਦਾ ਕੰਮ ਬੈਂਕਾਂ ਨੂੰ ਦੇ ਕੇ ਆਪਣੀ ਨਲਾਇਕੀ ਸਾਬਤ ਕਰ ਚੁੱਕੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਬੈਂਕਾਂ ਨੂੰ ਪੈਨਸ਼ਨ ਵੰਡਣ ਦੇ ਕੰਮ ਤੋਂ ਲਾਂਭੇ ਰੱਖਿਆ ਜਾਵੇ, ਕਿਉਂਕਿ ਬੈਂਕਾਂ ਵਿੱਚ ਮੁਲਾਜ਼ਮਾਂ ਦੀ ਕਮੀ ਹੋਣ ਕਰਕੇ ਬੈਂਕ ਦੇ ਹੋਰ ਕੰਮ ਹੀ ਮਸਾਂ ਪੂਰੇ ਹੁੰਦੇ ਹਨ।
ਪੈਨਸ਼ਨਾਂ ਵੰਡਣ ਦਾ ਕੰਮ ਪਿੰਡਾਂ ਵਿਚ ਸਰਪੰਚ ਤੇ ਸੈਕਟਰੀ ਦੇ ਹਵਾਲੇ ਕੀਤਾ ਜਾਵੇ ਪਰ ਸਮੇਂ-ਸਮੇਂ 'ਤੇ ਚੈਕਿੰਗ ਕਰਵਾ ਕੇ ਇਹ ਯਕੀਨੀ ਬਣਾਇਆ ਜਾਵੇ ਕਿ ਪੈਨਸ਼ਨ ਲਾਭਪਾਤਰੀਆਂ ਨੂੰ ਵੰਡੀ ਜਾ ਰਹੀ ਹੈ ਜਾਂ ਨਹੀਂ। ਸਰਕਾਰ ਨੂੰ ਇਸ ਸਮੱਸਿਆ ਦੇ ਹੱਲ ਲਈ ਪਿੰਡ 'ਚ ਪੈਨਸ਼ਨ ਵੰਡਣੀ ਲਾਗੂ ਕਰਕੇ ਹਰ ਮਹੀਨੇ ਪੈਨਸ਼ਨ ਦੇਣੀ ਲਾਜ਼ਮੀ ਕਰਨੀ ਚਾਹੀਦੀ ਹੈ, ਤਾਂ ਹੀ ਲੋਕਾਂ ਨੂੰ ਇਸ ਖੱਜਲ ਖੁਆਰੀ ਤੋਂ ਨਿਜ਼ਾਤ ਮਿਲ ਸਕੇਗੀ।


-ਸ਼ਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆਂ, ਡਾਕ: ਚੀਮਾਂ ਖੁੱਡੀ, ਜ਼ਿਲ੍ਹਾ ਗੁਰਦਾਸਪੁਰ।

18-04-2018

 ਭਾਰਤ ਬੰਦ ਬਾਰੇ

ਕੋਈ ਵੀ ਵਰਗ ਹੌਲੇ ਜਿਹੇ ਮੂੰਹ ਨਾਲ ਬੰਦ ਦਾ ਸੱਦਾ ਦੇ ਦਿੰਦਾ ਹੈ ਪਰ ਇਸ ਦਾ ਨੁਕਸਾਨ ਕਿੰਨਾ ਹੁੰਦਾ ਹੈ, ਇਸ ਬਾਰੇ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ। ਬੰਦ ਤੋਂ ਬਾਅਦ ਟੀ.ਵੀ. 'ਤੇ ਖ਼ਬਰ ਆ ਰਹੀ ਸੀ ਕਿ ਪੀ.ਆਰ.ਟੀ.ਸੀ. ਰੋਜ਼ਾਨਾ ਡੇਢ ਕਰੋੜ ਰੁਪਏ ਕਮਾਉਂਦੀ ਹੈ ਅਤੇ ਇਸ ਵਿਚੋਂ 50 ਲੱਖ ਦੇ ਕਰੀਬ ਉਸ ਦਾ ਖਰਚਾ ਕੱਢ ਦਿੱਤਾ ਜਾਵੇ ਤਾਂ ਫਿਰ ਬੰਦ ਦੌਰਾਨ ਉਸ ਨੂੰ ਘੱਟੋ-ਘੱਟ ਇਕ ਕਰੋੜ ਦਾ ਨੁਕਸਾਨ ਹੋਇਆ ਹੈ।
ਇਸ ਤੋਂ ਇਲਾਵਾ ਗ਼ਰੀਬ, ਦਿਹਾੜੀਦਾਰ ਮਜ਼ਦੂਰ ਤਬਕਾ ਦੁਖੀ ਹੁੰਦਾ ਹੈ, ਕਿਉਂਕਿ ਉਨ੍ਹਾਂ ਨੇ ਹਰ ਰੋਜ਼ ਕਮਾਉਣਾ ਅਤੇ ਖਾਣਾ ਹੁੰਦਾ ਹੈ। ਅਸੀਂ ਇਹ ਨਹੀਂ ਕਹਿ ਰਹੇ ਕਿ ਆਪਣੇ ਹੱਕ ਦੀ ਖਾਤਰ ਲੜਾਈ ਨਹੀਂ ਲੜਨੀ ਚਾਹੀਦੀ ਪਰ ਇਸ ਦਾ ਢੰਗ ਸ਼ਾਂਤਮਈ ਹੋਵੇ। ਸਾਰਾ ਪੁਆੜਾ ਰਾਜਨੀਤੀ ਦਾ ਹੈ। ਵੋਟਾਂ ਖਾਤਰ ਕਈ ਵਾਰ ਗ਼ਲਤ ਫ਼ੈਸਲੇ ਲੈ ਲਏ ਜਾਂਦੇ ਹਨ, ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਅਜਿਹੇ ਮਾਹੌਲ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੂੰ ਵੀ ਥੋੜ੍ਹੀ-ਬਹੁਤ ਸਖ਼ਤੀ ਵਰਤਣ ਦੀ ਲੋੜ ਹੈ।

-ਹਰਜਿੰਦਰਪਾਲ ਸਿੰਘ ਬਾਜਵਾ
ਕੋਠੀ 536, ਗਲੀ 5 ਬੀ, ਵਿਜੇ ਨਗਰ, ਹੁਸ਼ਿਆਰਪੁਰ।

ਨਿੰਦਣਯੋਗ ਘਟਨਾ

ਪਿਛਲੇ ਦਿਨੀਂ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ 'ਤੇ ਹੋਏ ਹਮਲੇ ਕਰਕੇ ਪੰਜਾਬੀ ਮਨੋਰੰਜਨ ਜਗਤ ਬਹੁਤ ਸਦਮੇ ਵਿਚ ਹੈ। ਪੰਜਾਬ ਵਿਚ ਇਸ ਸਮੇਂ 'ਗੰਨ ਤੇ ਗੈਂਗ' ਦਾ ਰੁਝਾਨ ਆਮ ਲੋਕਾਂ ਲਈ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਆਹ ਸਮਾਗਮ 'ਤੇ ਚਲਦੀਆਂ ਗੋਲੀਆਂ ਨਾਲ ਕੁਝ ਲੋਕ ਇਸ ਦਾ ਸ਼ਿਕਾਰ ਹੋ ਚੁੱਕੇ ਹਨ।
ਸਰਕਾਰ ਸਮੇਂ-ਸਮੇਂ 'ਤੇ ਗੈਂਗਸਟਰਾਂ ਨੂੰ ਕਾਬੂ ਕਰਨ ਦੀ ਗੱਲ ਕਰਦੀ ਹੈ ਪਰ ਸਥਿਤੀ ਦਿਨੋਂ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਗੋਲੀ ਕਿਸੇ ਮਸਲੇ ਦਾ ਹੱਲ ਨਹੀਂ ਜੇ ਕੋਈ ਗਾਇਕ ਇਤਰਾਜ਼ਯੋਗ ਗੀਤ ਗਾਉਂਦਾ ਹੈ ਤਾਂ ਉਸ ਨੂੰ ਸਮਝਾਉਣ ਦੇ ਹੋਰ ਵੀ ਤਰੀਕੇ ਹਨ। ਕਲਾਕਾਰ ਕੋਲੋਂ ਪੈਸੇ ਮੰਗਣੇ, ਤੰਗ ਪ੍ਰੇਸ਼ਾਨ ਕਰਨਾ ਤੇ ਫਿਰ ਗੋਲੀ ਮਾਰ ਦੇਣੀ ਬਹੁਤ ਮਾੜੀ ਗੱਲ ਹੈ। ਪੰਜਾਬ ਦੇ ਇਸ ਸਮੇਂ ਜੋ ਹਾਲਾਤ ਹਨ ਉਸ ਲਈ ਸਰਕਾਰ ਵੀ ਕਾਫੀ ਹੱਦ ਤੱਕ ਜ਼ਿੰਮੇਵਾਰ ਹੈ। ਇਸ ਸਥਿਤੀ ਨੂੰ ਜਲਦੀ ਹੀ ਸੰਭਾਲਣਾ ਪਵੇਗਾ ਨਹੀਂ ਤਾਂ ਇਹ ਸੰਕਟ ਗਹਿਰਾ ਹੋਵੇਗਾ।

ਸ਼ਮਸ਼ੇਰ ਸਿੰਘ ਸੋਹੀ।

ਐਂਬੂਲੈਂਸ ਤੇ ਮੁਲਾਜ਼ਮ

ਭਾਰਤ ਸਰਕਾਰ ਨੇ 'ਨੈਸ਼ਨਲ ਰੂਰਲ ਹੈਲਥ ਮਿਸ਼ਨ' ਬਿਮਾਰ, ਹਾਦਸਾਗ੍ਰਸਤ ਤੇ ਗਰਭਵਤੀ ਔਰਤਾਂ ਲਈ ਐਂਬੂਲੈਂਸ 108 ਨੂੰ ਛੇ ਸਾਲ ਪਹਿਲਾਂ ਲਿਆਂਦਾ ਗਿਆ ਸੀ। ਇਹ ਯੋਜਨਾ ਕੇਂਦਰ ਸਰਕਾਰ ਤੇ ਰਾਜ ਸਰਕਾਰ ਦੀ ਭਾਈਵਾਲੀ ਨਾਲ ਚਲਾਈ ਗਈ ਸੀ। ਪੰਜਾਬ ਵਿਚ 108 ਐਂਬੂਲੈਂਸ ਨੂੰ ਯੁਗੀਸ਼ਾ ਹੈਲਥ ਕੇਅਰ ਲਿਮਟਿਡ ਚਲਾ ਰਹੀ ਹੈ। ਐਂਬੂਲੈਂਸ 'ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਲੇਬਰ ਐਕਟ ਤੋਂ ਘੱਟ ਤਨਖਾਹ ਦੇ ਕੇ ਕੰਪਨੀ ਤੇ ਸਰਕਾਰ ਜਿਥੇ ਉਨ੍ਹਾਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਕਰ ਰਹੀ ਹੈ, ਉਥੇ ਕਿਰਤ ਕਾਨੂੰਨ ਦੀ ਵੀ ਸ਼ਰੇਆਮ ਉਲੰਘਣਾ ਵੀ ਕੀਤੀ ਜਾ ਰਹੀ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਿਹਤ ਮੰਤਰੀ ਤੇ ਹੋਰ ਨੇਤਾਵਾਂ ਨੂੰ ਮੰਗ ਪੱਤਰ ਦਿੱਤੇ ਹਨ ਪਰ ਉਨ੍ਹਾਂ ਲਾਰਿਆਂ ਤੋਂ ਬਿਨਾਂ ਕੁਝ ਵੀ ਪੱਲੇ ਨਹੀਂ ਪਿਆ।

-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

ਵਿਦਿਆਰਥੀ ਖ਼ੁਦਕੁਸ਼ੀਆਂ ਦਾ ਰੁਝਾਨ

ਪਿਛਲੇ ਸਮੇਂ ਤੋਂ ਇਕ ਹੋਰ ਗੰਭੀਰ ਸਮੱਸਿਆ ਉੱਭਰ ਕੇ ਸਾਹਮਣੇ ਆ ਰਹੀ ਹੈ, ਉਹ ਹੈ ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ। ਅੰਕੜਿਆਂ ਮੁਤਾਬਿਕ ਦੇਸ਼ ਵਿਚ ਪਿਛਲੇ ਤਿੰਨ ਸਾਲਾਂ ਤੋਂ 27 ਹਜ਼ਾਰ ਦੇ ਕਰੀਬ ਵਿਦਿਆਰਥੀ ਖ਼ੁਦਕੁਸ਼ੀਆਂ ਕਰ ਚੁੱਕੇ ਹਨ। ਇਨ੍ਹਾਂ ਖ਼ੁਦਕੁਸ਼ੀਆਂ ਪਿੱਛੇ ਤਰਕ ਹਮੇਸ਼ਾ ਇਹ ਦਿੱਤਾ ਜਾਂਦਾ ਹੈ ਕਿ ਬੇਰੁਜ਼ਗਾਰੀ ਇਸ ਦਾ ਸਭ ਤੋਂ ਵੱਡਾ ਕਾਰਨ ਹੈ। ਇਸ ਦਾ ਕੋਈ ਸਾਰਥਕ ਹੱਲ ਕੱਢਣ ਦੀ ਲੋੜ ਹੈ। ਵਿਦਿਆਰਥੀ ਜੀਵਨ ਦਾ ਸਮਾਂ ਉਮਰ ਦਾ ਇਕ ਅਜਿਹਾ ਪੜਾਅ ਹੁੰਦਾ ਹੈ, ਜਦੋਂ ਉਸ ਨੇ ਆਪਣਾ ਭਵਿੱਖ ਬਣਾਉਣਾ ਹੁੰਦਾ ਹੈ। ਵਿਦਿਆਰਥੀਆਂ ਦੇ ਮਨ ਵਿਚ ਪੜ੍ਹਾਈ ਦਾ ਮੰਤਵ ਹੀ ਪੈਸੇ ਕਮਾਉਣਾ ਭਰ ਦਿੱਤਾ ਜਾਂਦਾ ਹੈ ਪਰ ਜਦੋਂ ਉਨ੍ਹਾਂ ਨੂੰ ਡਿਗਰੀਆਂ ਕਰਨ ਤੋਂ ਬਾਅਦ ਕੁਝ ਨਹੀਂ ਮਿਲਦਾ ਤਾਂ ਉਹ ਬੇਵੱਸ ਹੋ ਜਾਂਦੇ ਹਨ। ਇਸ ਲਈ ਵਿਦਿਅਕ ਸੰਸਥਾਵਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਨ੍ਹਾਂ ਨੂੰ ਵਿਦਿਆਰਥੀਆਂ ਨੂੰ ਮਾਨਸਿਕ ਤੌਰ 'ਤੇ ਪੂਰਾ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਹੱਥੀਂ ਕਿਰਤ ਕਰਨ ਦਾ ਪਾਠ ਪੜ੍ਹਾਉਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਵੀ ਚਾਹੀਦਾ ਹੈ ਕਿ ਆਪਣੇ ਸ਼ੌਕ ਸੀਮਤ ਕਰਕੇ ਬੇਝਿਜਕ ਹੋ ਕੇ ਕੋਈ ਛੋਟਾ ਕੰਮ ਕਰਨ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ।

ਬਾਲ ਮਜ਼ਦੂਰੀ

ਬਾਲ ਮਜ਼ਦੂਰੀ 'ਤੇ ਭਾਵੇਂ ਰੋਕ ਲੱਗੀ ਹੈ ਪਰ ਉਹ ਸਿਰਫ ਕਾਗਜ਼ਾਂ ਵਿਚ ਰਹਿ ਗਈ, ਕਿਉਂਕਿ ਮੰਚਾਂ ਉੱਪਰ ਖੜ੍ਹ ਕੇ ਬਾਹਾਂ ਫੈਲਾਅ ਕੇ ਭਾਸ਼ਣ ਦੇਣੇ ਬਹੁਤ ਸੌਖੇ ਹੁੰਦੇ ਹਨ ਪਰ ਉਨ੍ਹਾਂ ਨੂੰ ਅਸਲੀ ਰੂਪ 'ਚ ਲਿਆਉਣਾ ਬਹੁਤ ਔਖਾ ਹੁੰਦਾ ਹੈ। ਅੱਜ ਅਸੀਂ ਇਹ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਅੱਜ ਬਹੁਤ ਸਾਰੇ ਛੋਟੇ-ਛੋਟੇ ਬੱਚੇ ਵੱਡਿਆਂ ਘਰਾਂ ਵਿਚ ਝਾੜੂ, ਪੋਚੇ ਲਗਾਉਂਦੇ, ਖਾਣਾ ਬਣਾਉਂਦੇ ਆਦਿ ਕੰਮ ਕਰਦੇ ਹਨ। ਪੰਜਾਬ ਵਿਚ ਬਹੁਤ ਸਾਰੇ ਹੋਟਲਾਂ, ਢਾਬਿਆਂ ਵਿਚ ਛੋਟੇ-ਛੋਟੇ ਬੱਚੇ ਆਦਿ ਝਾੜੂ ਪੋਚੇ, ਭਾਂਡੇ ਮਾਂਜਣ ਆਦਿ ਦਾ ਕੰਮ ਕਰਦੇ ਦੇਖੇ ਜਾਂਦੇ ਹਨ। ਪੈਸਿਆਂ ਦੇ ਲਾਲਚ ਵਿਚ ਆ ਕੇ ਜਾਂ ਖਾਣ-ਪੀਣ ਦੇ ਲਾਲਚ ਵਿਚ ਆ ਕੇ ਸਕੂਲ ਜਾਣਾ ਬੰਦ ਕਰ ਦਿੰਦੇ ਹਨ। ਕਈ ਬੱਚੇ ਗ਼ਲਤ ਸੰਗਤ ਵਿਚ ਰਲ ਕੇ ਨਸ਼ੇ ਕਰਨ ਲੱਗ ਪੈਂਦੇ ਹਨ, ਜੋ ਕਿ ਉਨ੍ਹਾਂ ਦੇ ਆਉਣ ਵਾਲੇ ਭਵਿੱਖ ਲਈ ਬਹੁਤ ਹੀ ਜ਼ਿਆਦਾ ਘਾਤਕ ਸਿੱਧ ਹੋਵੇਗਾ। ਕਈ ਮਾਪੇ ਘਰ ਦੀ ਗ਼ਰੀਬੀ ਕਰਕੇ ਆਪਣੇ ਬੱਚਿਆਂ ਨੂੰ ਸਕੂਲੋਂ ਹਟਾ ਲੈਂਦੇ ਹਨ, ਜੋ ਕਿ ਉਨ੍ਹਾਂ ਲਈ ਬਹੁਤ ਗ਼ਲਤ ਗੱਲ ਹੈ, ਕਿਉਂਕਿ ਇਹ ਛੋਟੀ ਜਿਹੀ ਉਮਰ ਖੇਡਣ ਤੇ ਪੜ੍ਹਨ ਦੀ ਹੈ, ਨਾ ਕਿ ਮਜ਼ਦੂਰੀ ਕਰਨ ਦੀ।

-ਗੁਰਦੀਪ ਸਿੰਘ ਘੋਲੀਆ, ਚੜਿੱਕ।

ਬੇਰੁਜ਼ਗਾਰੀ ਦਾ ਕਲੰਕ

ਪਿਛਲੇ ਲੰਮੇ ਸਮੇਂ ਤੋਂ ਸੂਬੇ ਵਿਚ ਬੇਰੁਜ਼ਗਾਰੀ ਇਸ ਕਦਰ ਵਧਦੀ ਜਾ ਰਹੀ ਹੈ ਕਿ ਇਸ ਦਾ ਕੋਈ ਢੁਕਵਾਂ ਹੱਲ ਕੱਢਣਾ ਅੱਜ ਸਰਕਾਰਾਂ ਲਈ ਬੇਹੱਦ ਜ਼ਰੂਰੀ ਹੋ ਗਿਆ ਹੈ। ਪਿਛਲੇ ਦਿਨੀਂ ਜ਼ਿਲ੍ਹਾ ਕਚਹਿਰੀ ਹੁਸ਼ਿਆਰਪੁਰ 'ਚ 9 ਚਪੜਾਸੀ ਦੀਆਂ ਅਸਾਮੀਆਂ ਲਈ ਇੰਟਰਵਿਊ ਦੇਣ ਸੂਬੇ ਭਰ ਤੋਂ 2400 ਦੇ ਕਰੀਬ ਲੜਕੇ-ਲੜਕੀਆਂ ਪੁੱਜੇ ਹੋਏ ਸਨ। ਤਰਾਸਦੀ ਇਹ ਵੀ ਸੀ ਕਿ ਇਸ ਅੱਠਵੀਂ ਪਾਸ ਯੋਗਤਾ ਵਾਲੀ ਅਸਾਮੀ ਲਈ ਉੱਚ ਯੋਗਤਾ ਪ੍ਰਾਪਤ ਉਮੀਦਵਾਰ ਪਹੁੰਚੇ ਹੋਏ ਸਨ। ਬੇਰੁਜ਼ਗਾਰੀ ਕਾਰਨ ਹੀ ਦੇਸ਼ ਦੇ ਨੌਜਵਾਨਾਂ ਦੀ ਵੱਡੀ ਗਿਣਤੀ ਵਿਦੇਸ਼ਾਂ 'ਚ ਰੁਲਣ ਲਈ ਮਜਬੂਰ ਹੋ ਰਹੀ ਹੈ। ਬੇਰੁਜ਼ਗਾਰੀ ਕਾਰਨ ਹੀ ਅਪਰਾਧ ਵਧ ਰਹੇ ਹਨ। ਸਮੇਂ ਦੀ ਮੰਗ ਇਹ ਹੈ ਕਿ ਸਰਕਾਰਾਂ ਆਪਣੀਆਂ ਨੀਤੀਆਂ 'ਚ ਬਦਲਾਅ ਲਿਆਉਣ ਤੇ ਪਹਿਲ ਦੇ ਆਧਾਰ 'ਤੇ ਬੇਰੁਜ਼ਗਾਰੀ ਦੀ ਰੋਕਥਾਮ ਲਈ ਪੂਰੀ ਗੰਭੀਰਤਾ ਨਾਲ ਢੁਕਵੇਂ ਪ੍ਰਬੰਧ ਕਰਨ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਰੁੱਤ ਸਾਵਧਾਨੀ ਦੀ ਆਈ

ਅੱਜਕਲ੍ਹ ਪੰਜਾਬ ਦੇ ਖੇਤਾਂ 'ਚ ਚਾਰੇ ਪਾਸੇ ਕਣਕ ਪੱਕ ਚੁੱਕੀ ਹੈ। ਸੁੱਕੀ ਕਣਕ ਬਰੂਦ ਦੀ ਤਰ੍ਹਾਂ ਹੁੰਦੀ ਹੈ, ਜਿਸ ਨੂੰ ਅੱਗ ਬਰੂਦ ਦੀ ਤਰ੍ਹਾਂ ਦੂਰੋਂ ਹੀ ਪੈਂਦੀ ਹੈ। ਇਸ ਲਈ ਅੱਗ ਤੋਂ ਬਚਣ ਲਈ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ। ਇਸ ਲਈ ਸਭ ਤੋਂ ਪਹਿਲਾਂ ਜਿਸ ਕਣਕ ਵਿਚ ਟਰਾਂਸਫਾਰਮਰ ਜਾਂ ਬਿਜਲੀ ਦੇ ਜੋੜ ਹਨ, ਉਸ ਥਾਂ ਤੋਂ ਕਣਕ ਨੂੰ ਕੱਟ ਕੇ ਦੂਰ ਕਰ ਦਿੱਤਾ ਜਾਵੇ ਤੇ ਉਸ ਥਾਂ ਨੂੰ ਵਾਹ ਦਿੱਤਾ ਜਾਵੇ ਤਾਂ ਕਿ ਸ਼ਾਰਟ ਨਾਲ ਅੱਗ ਨਾ ਲੱਗ ਜਾਵੇ। ਇਸ ਤੋਂ ਇਲਾਵਾ ਖੇਤ ਵਿਚ ਕਿਸੇ ਪ੍ਰਕਾਰ ਦੀ ਅੱਗ ਨੂੰ ਖੇਤ ਤੋਂ ਦੂਰ ਰੱਖਿਆ ਜਾਵੇ। ਖੇਤ 'ਚ ਚਾਹ ਆਦਿ ਬਣਾਉਣ ਲੱਗਿਆਂ ਪੂਰੀ ਸਾਵਧਾਨੀ ਵਰਤੀ ਜਾਵੇ। ਟਰੈਕਟਰ ਦੀ ਬੈਟਰੀ ਵਾਲੀਆਂ ਤੇ ਹੋਰ ਹਰ ਤਰ੍ਹਾਂ ਤਾਰਾਂ ਨੂੰ ਚੈੱਕ ਕਰ ਲੈਣਾ ਚਾਹੀਦਾ। ਇਸ ਤੋਂ ਇਲਾਵਾ ਖੇਤਾਂ ਵਿਚ ਪਾਣੀ ਵਾਲੀਆਂ ਖੇਲ, ਡਿੱਗੀ ਆਦਿ ਨੂੰ ਭਰ ਕੇ ਰੱਖਣਾ ਚਾਹੀਦਾ ਹੈ। ਜੇ ਪਿੰਡ ਵਿਚ ਪਾਣੀ ਵਾਲੀ ਟੈਂਕੀ ਹੈ ਤਾਂ ਉਸ ਨੂੰ ਵੀ ਭਰ ਕੇ ਰੱਖਣਾ ਚਾਹੀਦਾ ਹੈ। ਇਸ ਤਰ੍ਹਾਂ ਨਿੱਕੀਆਂ-ਨਿੱਕੀਆਂ ਗੱਲਾਂ ਦਾ ਧਿਆਨ ਰੱਖ ਕੇ ਫ਼ਸਲ ਕਣਕ ਨੂੰ ਅੱਗ ਤੋਂ ਬਚਾਇਆ ਜਾ ਸਕਦਾ ਹੈ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

* ਕਣਕ ਦੀ ਫ਼ਸਲ ਪੱਕ ਰਹੀ ਹੈ। ਛੇ ਮਹੀਨੇ ਕਿਸਾਨਾਂ ਨੇ ਖ਼ੁਦ ਪਸੀਨਾ ਇਕ ਕਰਕੇ ਫ਼ਸਲ ਨੂੰ ਪੁੱਤਾਂ ਵਾਂਗ ਪਾਲਿਆ ਹੈ। ਕਿਸੇ ਵੀ ਫ਼ਸਲ ਦੇ ਪੱਕਣ ਮੌਕੇ ਕਿਸਾਨ ਦਿਲ ਵਿਚ ਸੌ-ਸੌ ਤਰ੍ਹਾਂ ਦੇ ਸੁਪਨੇ ਸਿਰਜਦਾ ਹੈ। ਜੇਕਰ ਕਿਸਾਨ ਦੀ ਪੱਕੀ ਫ਼ਸਲ ਨੂੰ ਅੱਗ ਲੱਗ ਜਾਵੇ ਤਾਂ ਇਸ ਤੋਂ ਮਾੜੀ ਗੱਲ ਕੋਈ ਹੋਰ ਨਹੀਂ ਹੋ ਸਕਦੀ। ਕਿਉਂਕਿ ਖੇਤ ਵਿਚ ਕਿਸਾਨ ਦੀ ਫ਼ਸਲ ਹੀ ਨਹੀਂ ਮੱਚਦੀ, ਸਗੋਂ ਉਸ ਦੇ ਸੁਪਨੇ, ਚਾਅ, ਮਲਾਰ ਅਤੇ ਭਵਿੱਖ ਵੀ ਮਚ ਜਾਂਦਾ ਹੈ।
ਪਿਛਲੇ ਕਈ ਸਾਲਾਂ ਤੋਂ ਪੱਕੀ ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਹੈਰਾਨੀਜਨਕ ਵਾਧਾ ਹੋਇਆ। ਅੱਗ ਲੱਗਣ ਦੇ ਕਈ ਕਾਰਨ ਹੋ ਸਕਦੇ ਹਨ, ਪਰ ਸਭ ਤੋਂ ਵੱਡਾ ਕਾਰਨ ਖੇਤਾਂ ਵਿਚੋਂ ਲੰਘਦੀਆਂ ਬਿਜਲੀ ਦੀਆਂ ਢਿੱਲੀਆਂ ਤਾਰਾਂ ਦਾ ਸ਼ਾਰਟ ਹੋ ਜਾਣਾ ਹੁੰਦਾ ਹੈ। ਸੋ, ਸਾਡੀ ਬਿਜਲੀ ਮਹਿਕਮੇ ਦੇ ਮੁਲਾਜ਼ਮਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਸਮਾਂ ਰਹਿੰਦੇ ਢਿੱਲੀਆਂ ਤਾਰਾਂ ਨੂੰ ਕੱਸਿਆ ਜਾਵੇ, ਤਾਂ ਕਿ ਅਜਿਹੀ ਅਣਹੋਣੀ ਤੋਂ ਬਚਿਆ ਜਾ ਸਕੇ।

-ਪ੍ਰੀਤ ਸਿੰਘ ਸੰਦਲ
ਪਿੰਡ ਮਕਸੂਦੜਾ, ਤਹਿ: ਪਾਇਲ (ਲੁਧਿਆਣਾ)।

17-04-2018

 ਬੰਦ ਦਾ ਅਸਰ

ਹੁਣ ਹਰ ਦਿਨ ਕੋਈ ਨਾ ਕੋਈ ਮੁੱਦਾ ਉਠਾ ਕੇ ਭਾਰਤ ਬੰਦ ਦਾ ਐਲਾਨ ਕਰ ਦਿੱਤਾ ਜਾਂਦਾ ਹੈ। ਸਮਝ ਨਹੀਂ ਆਉਂਦੀ ਇਹ ਹੋ ਕੀ ਰਿਹਾ? ਪੰਜਾਬ ਬੰਦ ਤੇ ਕਦੇ ਭਾਰਤ ਬੰਦ ਦਾ ਕਿੱਸਾ ਤਾਂ ਸਾਡੇ ਸਮਾਜ ਦੇ ਲੋਕਾਂ ਨੇ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਰਕਾਰ ਕੋਲੋਂ ਆਪਣੇ ਅਧਿਕਾਰਾਂ ਦੀ ਮੰਗ ਕਰਨਾ ਸਾਡਾ ਪਹਿਲਾ ਅਧਿਕਾਰ ਹੈ ਪਰ ਆਪਣੇ ਇਸ ਅਧਿਕਾਰ ਦੀ ਦੁਰਵਰਤੋਂ ਕਰਨਾ ਕਿੱਥੋਂ ਤੱਕ ਜਾਇਜ਼ ਹੈ। ਕੀ ਆਪਣੀਆਂ ਮੰਗਾਂ ਦੌਰਾਨ ਅਜਿਹੇ ਐਲਾਨ ਕਰਨ ਵਾਲੇ ਇਹ ਨਹੀਂ ਸੋਚਦੇ ਕਿ ਉਨ੍ਹਾਂ ਦੀਆਂ ਅਜਿਹੀਆਂ ਨੀਤੀਆਂ ਕਾਰਨ ਸਾਰਾ ਦੇਸ਼ ਪ੍ਰਭਾਵਿਤ ਹੋ ਰਿਹਾ ਹੈ। ਇਕ ਇਨਸਾਨ ਜੋ ਗ਼ਰੀਬੀ ਰੇਖਾ ਤੋਂ ਹੇਠਲੇ ਪੱਧਰ 'ਤੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ ਤੇ ਜੋ ਸ਼ਾਮ ਨੂੰ ਕਮਾ ਕੇ ਲਿਆਏਗਾ ਤਾਂ ਹੀ ਉਨ੍ਹਾਂ ਦੇ ਬੱਚਿਆਂ ਨੂੰ ਰੋਟੀ ਮਿਲੇਗੀ, ਉਨ੍ਹਾਂ ਲਈ ਅਜਿਹੇ ਐਲਾਨ ਕਿੰਨੇ ਦੁਖਦਾਈ ਸਿੱਧ ਹੋ ਸਕਦੇ ਹਨ, ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ। ਸਮਾਜਿਕ ਅਹੁਦਿਆਂ 'ਤੇ ਬਿਰਾਜਮਾਨ ਅਤੇ ਸਮਾਜ ਦੇ ਲੋਕਾਂ ਨੂੰ ਬੇਨਤੀ ਹੈ ਕਿ ਅਜਿਹੇ ਐਲਾਨਾਂ ਨਾਲ ਸਬੰਧਿਤ ਨੀਤੀ ਬਣਾਉਣ ਤੋਂ ਪਹਿਲਾਂ ਗ਼ਰੀਬ ਜਨਤਾ ਦੇ ਹਿਤਾਂ ਨੂੰ ਵੀ ਮੁੱਖ ਰੱਖਣ।

-ਨੂਰਦੀਪ ਕੋਮਲ
ਸੰਗਰੂਰ।

ਸ਼ਹੀਦਾਂ ਦੇ ਸੁਪਨੇ

ਪਿਛਲੇ ਦਿਨੀਂ 23 ਮਾਰਚ ਦੇ ਸ਼ਹੀਦਾਂ ਦੀ ਯਾਦ 'ਚ ਦੇਸ਼ ਦੇ ਕਈ ਹਿੱਸਿਆਂ ਦੇ ਨਾਲ-ਨਾਲ ਪੰਜਾਬ ਭਰ 'ਚ ਵੀ ਥਾਂ-ਥਾਂ ਇਨਕਲਾਬੀ ਸਮਾਗਮ ਕਰਵਾਏ ਗਏ। ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਵਰਗੇ ਸੈਂਕੜੇ ਆਜ਼ਾਦੀ ਪ੍ਰਵਾਨਿਆਂ ਨੇ ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਵਾਇਆ। ਦੁੱਖ ਇਸ ਗੱਲ ਦਾ ਹੈ ਕਿ ਉਨ੍ਹਾਂ ਦੀ ਸੋਚ ਦੀ ਝਲਕ ਦੇਸ਼ ਵਿਚ ਕਿਧਰੇ ਦੇਖਣ ਨੂੰ ਨਹੀਂ ਮਿਲ ਰਹੀ।
ਇਸ ਦੇ ਉਲਟ ਸਮਾਜ 'ਚ ਮਾਰਧਾੜ, ਗੁੰਡਾਗਰਦੀ, ਜਬਰ-ਜਨਾਹ, ਤੇਜ਼ਾਬ ਕਾਂਡ, ਭਰੂਣ ਹੱਤਿਆ, ਦਾਜ ਪ੍ਰਥਾ, ਊਚ-ਨੀਚ, ਜਾਤ-ਪਾਤ, ਅਮੀਰ-ਗ਼ਰੀਬ 'ਚ ਵਧਦਾ ਪਾੜਾ, ਸਮਾਜਿਕ ਸੁਰੱਖਿਆ ਦੀ ਘਾਟ, ਨੌਜਵਾਨੀ ਦਾ ਵਿਦੇਸ਼ਾਂ ਨੂੰ ਪ੍ਰਵਾਸ, ਚੰਗੀਆਂ ਸਿਹਤ ਸਹੂਲਤਾਂ ਦੀ ਘਾਟ, ਵਧਦੀ ਜਾ ਰਹੀ ਬੇਰੁਜ਼ਗਾਰੀ, ਮਹਿੰਗਾਈ, ਮਿਲਾਵਟਖੋਰੀ, ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਆਦਿ ਸਾਡੇ ਸਭ ਦੇ ਸਾਹਮਣੇ ਹੈ। ਉਪਰੋਕਤ ਬੁਰਾਈਆਂ ਭਰਿਆ ਵਰਤਾਰਾ ਸਪੱਸ਼ਟ ਕਰਦਾ ਹੈ ਕਿ ਸ਼ਹੀਦਾਂ ਦੇ ਸੁਪਨੇ ਸਾਕਾਰ ਹੋਣੇ ਅਜੇ ਬਹੁਤ ਦੂਰ ਦੀ ਗੱਲ ਹੈ।

-ਬੰਤ ਘੁਡਾਣੀ
ਪਿੰਡ ਤੇ ਡਾਕ : ਘੁਡਾਣੀ ਕਲਾਂ, ਲੁਧਿਆਣਾ।

ਪਾਣੀ ਦੀ ਦੁਰਵਰਤੋਂ

ਪੰਜ ਪਾਣੀਆਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਪੰਜਾਬ ਅੱਜ ਖ਼ੁਦ ਪਿਆਸਾ ਹੁੰਦਾ ਨਜ਼ਰ ਆ ਰਿਹਾ ਹੈ। ਆਏ ਸਾਲ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਹੁੰਦਾ ਜਾ ਰਿਹਾ ਹੈ। ਅਸੀਂ ਸਭ ਭਲੀ-ਭਾਂਤ ਜਾਣਦੇ ਹਾਂ ਕਿ ਪਾਣੀ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਪਰ ਇਹ ਸਭ ਜਾਣਦੇ ਹੋਏ ਵੀ ਅਸੀਂ ਸਭ ਇਸ ਅਣਮੁੱਲੀ ਵਸਤੂ ਦੀ ਦੁਰਵਰਤੋਂ ਕਰਨ 'ਤੇ ਤੁਲੇ ਹੋਏ ਹਾਂ। ਸਮਾਂ ਰਹਿੰਦੇ ਜੇਕਰ ਅਸੀਂ ਇਸ ਗੰਭੀਰ ਮਸਲੇ ਪ੍ਰਤੀ ਸੁਚੇਤ ਨਾ ਹੋਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਸ ਦੀ ਘਾਟ ਕਾਰਨ ਅਸੀਂ ਅਨੇਕਾਂ ਮੁਸ਼ਕਿਲਾਂ ਵਿਚ ਘਿਰ ਜਾਵਾਂਗੇ। ਸੋ, ਸਰਕਾਰ ਦੇ ਨਾਲ-ਨਾਲ ਸਾਨੂੰ ਸਭ ਨੂੰ ਇਸ ਪ੍ਰਤੀ ਸੋਚਣ ਦੀ ਅਹਿਮ ਲੋੜ ਹੈ।

-ਰਾਜਾ ਗਿੱਲ (ਚੜਿੱਕ)
ਪਿੰਡ ਤੇ ਡਾਕ: ਚੜਿੱਕ (ਮੋਗਾ)।

* ਪਾਣੀ ਸਾਡੀ ਜ਼ਿੰਦਗੀ ਦਾ ਅਹਿਮ ਸਰੋਤ ਹੈ, ਜਿਸ ਨੂੰ ਉਸ ਪਰਮਾਤਮਾ ਨੇ ਸਾਡੇ ਲਈ, ਜੀਵ-ਜੰਤੂਆਂ ਲਈ, ਪੌਦਿਆਂ ਆਦਿ ਲਈ ਇਕ ਵਰਦਾਨ ਵਜੋਂ ਦਿੱਤਾ ਹੈ। ਕਿਤੇ ਵੀ ਫਾਲਤੂ ਪਾਣੀ ਵਗਦਾ ਜਾ ਡੁੱਲ੍ਹਦਾ ਹੋਵੇ ਉਸ ਨੂੰ ਆਪਣਾ ਫਰਜ਼ ਸਮਝ ਕੇ ਬੰਦ ਕਰ ਦੇਵੋ। ਪਾਣੀ ਦੇ ਗੁਣਾਂ ਬਾਰੇ ਸਕੂਲ, ਕਾਲਜਾਂ, ਪਿੰਡਾਂ, ਸ਼ਹਿਰਾਂ, ਕਸਬਿਆਂ ਆਦਿ ਵਿਚ ਸਮੇਂ-ਸਮੇਂ ਸਿਰ ਪਾਣੀ ਪ੍ਰਤੀ ਜਾਗਰੂਕਤਾ ਕੈਂਪ, ਸੈਮੀਨਾਰ ਆਦਿ ਲਾਏ ਜਾਣ ਤਾਂ ਜੋ ਸਮੇਂ ਸਿਰ ਸਭ ਨੂੰ ਪਾਣੀ ਦੀ ਸੰਭਾਲ ਬਾਰੇ ਪੂਰੀ ਜਾਣਕਾਰੀ ਮਿਲਦੀ ਰਹੇ। ਕਿਉਂਕਿ ਜੇਕਰ ਅੱਜ ਅਸੀਂ ਸਭ ਰਲ ਕੇ ਪਾਣੀ ਦੀ ਸੰਭਾਲ ਕਰਾਂਗੇ ਤਾਂ ਹੀ ਅਸੀਂ ਆਪਣੇ ਲਈ ਜੀਵ-ਜੰਤੂਆਂ ਲਈ ਪੇੜ-ਪੌਦਿਆਂ ਲਈ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਕੁਦਰਤੀ ਸਰੋਤ ਨੂੰ ਸਾਂਭ ਕੇ ਰੱਖ ਸਕਾਂਗੇ।

-ਗੁਰਦੀਪ ਸਿੰਘ
ਘੋਲੀਆ ਕਲਾਂ(ਮੋਗਾ)।

ਸਥਾਈ ਹੱਲ ਜ਼ਰੂਰੀ

ਅੱਜ ਜੇਕਰ ਅਸੀਂ ਬੇਖ਼ਬਰ, ਬੇਖੌਫ਼ ਹੋ ਕੇ ਰਹਿ ਰਹੇ ਹਾਂ ਤਾਂ ਸਿਰਫ ਤੇ ਸਿਰਫ ਉਨ੍ਹਾਂ ਨੌਜਵਾਨ ਵੀਰ ਫ਼ੌਜੀਆਂ ਦੀ ਬਦੌਲਤ ਜੋ ਸਰਹੱਦਾਂ 'ਤੇ ਦਿਨ-ਰਾਤ ਬਹੁਤ ਹੀ ਸੰਜੀਦਗੀ ਨਾਲ ਆਪਣੇ ਪਰਿਵਾਰਾਂ ਤੋਂ ਦੂਰ ਰਹਿੰਦੇ ਹੋਏ ਸਾਡੇ ਦੇਸ਼ ਦੀ ਰੱਖਿਆ ਕਰ ਰਹੇ ਹਨ।
ਉਹ ਦੇਸ਼ ਦੇ ਸੱਚੇ ਸਿਪਾਹੀ ਹਨ। ਸ਼ਾਂਤੀ ਦੇ ਸਮੇਂ ਵੀ ਉਨ੍ਹਾਂ ਨੂੰ ਬਹੁਤ ਹੀ ਮੁਸ਼ਕਿਲ ਹਾਲਤਾਂ 'ਚ ਰਹਿਣਾ ਪੈ ਰਿਹਾ ਹੈ। ਦੇਸ਼ ਲਈ ਜਿਊਣਾ ਅਤੇ ਮਰਨਾ ਉਨ੍ਹਾਂ ਦਾ ਪਰਮ ਧਰਮ ਹੈ ਪਰ ਅਫ਼ਸੋਸ ਦੇਸ਼ ਦੀਆਂ ਸਰਹੱਦਾਂ 'ਤੇ ਸਾਡੇ ਵੀਰ ਬਹਾਦਰ ਫ਼ੌਜੀ ਦੇਸ਼ ਧ੍ਰੋਹੀਆਂ, ਦੁਸ਼ਮਣਾਂ ਦੀ ਫ਼ੌਜ ਦਾ ਮੁਕਾਬਲੇ ਕਰਦੇ ਸ਼ਹੀਦ ਹੋ ਰਹੇ ਹਨ। ਬਿਨਾਂ ਸ਼ੱਕ ਸਰਕਾਰਾਂ ਵਲੋਂ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਫੌਰੀ ਆਰਥਿਕ ਮਦਦ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਅਤੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ ਜਾਂਦਾ ਹੈ। ਸਮੇਂ ਦੀ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਰੋਜ਼ਾਨਾ ਹੋ ਰਹੇ ਅਣਐਲਾਨੇ ਯੁੱਧ ਦਾ ਕੋਈ ਸਥਾਈ ਹੱਲ ਤੁਰੰਤ ਲੱਭਿਆ ਜਾਵੇ। ਇਸ ਨਾਲ ਰੋਜ਼ਾਨਾ ਦੇ ਹੋ ਰਹੇ ਜਾਨ-ਮਾਲ ਦੇ ਨੁਕਸਾਨ ਤੋਂ ਬਚਿਆ ਜਾ ਸਕੇ।

-ਲੈਕਚਰਾਰ ਵਰਿੰਦਰ ਸ਼ਰਮਾ
ਧਰਮਕੋਟ, ਜ਼ਿਲ੍ਹਾ ਮੋਗਾ।

ਬੇਟੀ ਤੇ ਅੱਤਿਆਚਾਰ

ਮੋਦੀ ਸਰਕਾਰ ਦੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਅਭਿਆਨ ਨੂੰ ਉਸ ਵੇਲੇ ਭਾਰੀ ਧੱਕਾ ਲੱਗਾ ਜਦੋਂ ਉੱਤਰ ਪ੍ਰਦੇਸ਼ ਵਿਚ ਉਨਾਵ ਕੇਸ ਦੀ ਪੀੜਤ ਲੜਕੀ ਨੇ ਭਾਜਪਾ ਸੰਸਦ ਮੈਂਬਰ 'ਤੇ ਜਬਰ ਜਨਾਹ ਕਰਨ ਤੇ ਨਾਲ ਹੀ ਦਬੰਗਾਂ ਵਲੋਂ ਕੇਸ ਵਾਪਸ ਲੈਣ ਤੇ ਸਾਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਮਿਲਦੀਆਂ ਧਮਕੀਆਂ ਦਾ ਦੋਸ਼ ਲਗਾ ਦਿੱਤਾ। ਦਬੰਗਾਂ ਨੇ ਅਮਲੀ ਰੂਪ ਦਿੰਦਿਆਂ ਪਿਤਾ ਨੂੰ ਤਸੀਹੇ ਦੇ ਕੇ ਤੜਫਾ-ਤੜਫਾ ਕੇ ਮਾਰ ਵੀ ਦਿੱਤਾ। ਪੀੜਤ ਨੇ ਨੇਤਾ ਦੇ ਧਮਕੀ ਭਰੇ ਰਿਕਾਰਡ ਫੋਨ ਤੇ ਪਿਤਾ ਨੂੰ ਕੁੱਟ ਕੇ ਮਾਰਨ ਦੇ ਵੀਡੀਓ ਵੀ ਦਿਖਾਏ। ਪਰ ਯੋਗੀ ਸਰਕਾਰ ਦੀ ਪਤਾ ਨਹੀਂ ਕੀ ਮਜਬੂਰੀ ਜਾਂ ਲਾਚਾਰੀ ਹੈ ਕਿ ਉਸ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਹ ਤਾਂ ਭਲਾ ਹੋਵੇ ਮੀਡੀਆ ਦਾ ਜੋ ਲਗਾਤਾਰ ਤਿੰਨ ਦਿਨਾਂ ਤੋਂ ਚੀਕ ਪੁਕਾਰ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਦੀ ਦੁਹਾਈ ਪਾ ਰਿਹਾ ਸੀ। ਲੋਕ ਤਾਂ ਸੜਕਾਂ 'ਤੇ ਵੀ ਆ ਗਏ ਸਨ। ਭਾਜਪਾ ਮੈਂਬਰ ਵਿਰੋਧੀ ਪਾਰਟੀਆਂ ਤੇ ਮੀਡੀਆ 'ਤੇ ਤਿੱਖੇ ਸਵਾਲਾਂ ਦਾ ਜਵਾਬ ਦੇਣ ਤੋਂ ਕੰਨੀ ਕਤਰਾ ਰਹੇ ਸਨ। ਪਰ ਸਵਾਲ ਪੈਦਾ ਹੁੰਦਾ ਹੈ ਕਿ ਕੀ ਹਰ ਪੀੜਤ ਲੜਕੀ ਨੂੰ ਏਨਾ ਕੁਝ ਗੁਆ ਕੇ ਤੇ ਕਸ਼ਟ ਝੱਲ ਕੇ ਹੀ ਇਨਸਾਫ਼ ਮਿਲੇਗਾ? ਬਿਨਾਂ ਸ਼ੱਕ ਇਸ ਕੇਸ ਵਿਚ ਵਰਤੀ ਗਈ ਢਿੱਲਮੱਠ ਤੇ ਪੱਖਪਾਤ ਨਾਲ ਸਰਕਾਰ ਦੀ ਸਾਖ਼ ਨੂੰ ਵੱਡਾ ਧੱਕਾ ਲੱਗਾ ਹੈ।

-ਪਰਮ ਪਿਆਰ ਸਿੰਘ
ਨਕੋਦਰ।

16-04-2018

 ਤਿਉਹਾਰਾਂ ਦਾ ਸੰਦੇਸ਼ ਸਮਝਣ ਦੀ ਲੋੜ
ਵਿਸਾਖੀ ਦਾ ਤਿਉਹਾਰ ਹਰ ਸਾਲ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਅਤੇ ਇਕ ਅਜਿਹੀ ਕੌਮ ਤਿਆਰ ਕੀਤੀ ਸੀ ਜੋ ਨਿਡਰ ਅਤੇ ਯੋਧਾ ਸੀ। ਗਰੀਬ ਅਤੇ ਦੁਖੀਆਂ ਦੀ ਮਦਦ ਕਰਦੀ ਸੀ। ਅਸੀਂ ਹਰ ਸਾਲ ਇਸ ਤਿਉਹਾਰ ਨੂੰ ਬਹੁਤ ਹੀ ਚਾਅ ਨਾਲ ਮਨਾਉਂਦੇ ਹਾਂ ਪਰ ਕੀ ਗੁਰੂਆਂ ਦੇ ਦੱਸੇ ਹੋਏ ਸਿਧਾਂਤਾਂ 'ਤੇ ਚੱਲ ਰਹੇ ਹਾਂ? ਕੀ ਅਸੀਂ ਕਿਸੇ ਮਾਸੂਮਾਂ 'ਤੇ ਹੋ ਰਹੇ ਅੱਤਿਆਚਾਰਾਂ ਦਾ ਵਿਰੋਧ ਕਰਦੇ ਹਾਂ? ਕੀ ਅਸੀਂ ਕਿਸੇ ਮਾਸੂਮ ਨਾਲ ਹੋਏ ਜਬਰ-ਜਨਾਹ ਦੇ ਖਿਲਾਫ਼ ਆਵਾਜ਼ ਉਠਾਉਂਦੇ ਹਾਂ? ਅਜਿਹੇ ਕਿੰਨੇ ਹੀ ਸਵਾਲ ਨੇ ਜੋ ਦਿਲ-ਦਿਮਾਗ 'ਚ ਆਉਂਦੇ ਹਨ, ਜੋ ਝੰਜੋੜ ਕੇ ਰੱਖ ਦਿੰਦੇ ਹਨ। ਲੋੜ ਹੈ ਇਨ੍ਹਾਂ ਤਿਉਹਾਰਾਂ ਦੇ ਅਸਲੀ ਸੰਦੇਸ਼ ਅਤੇ ਮਕਸਦ ਨੂੰ ਸਮਝਣ ਦੀ ਸਮਾਜ 'ਚ ਫੈਲ ਰਹੀਆਂ ਨਾ-ਮੁਰਾਦ ਬਿਮਾਰੀਆਂ ਦਾ ਹੱਲ ਲੱਭਣ ਦੀ ਅਤੇ ਗੁਰੂ ਸਾਹਿਬਾਨਾਂ ਦੇ ਸਿਧਾਂਤਾਂ 'ਤੇ ਚੱਲਣ ਦੀ, ਤਾਂ ਜੋ ਮਾਸੂਮ ਕੁੜੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਸਬਕ ਸਿਖਾਇਆ ਜਾਵੇ। ਆਓ, ਗੁਰੂ ਸਾਹਿਬਾਨਾਂ ਦੇ ਸਿਧਾਂਤਾਂ 'ਤੇ ਚੱਲਣ ਦੀ ਨਿੱਕੀ ਜਿਹੀ ਕੋਸ਼ਿਸ਼ ਕਰੀਏ ਅਤੇ ਆਪਣੇ ਨਵੇਂ ਸਮਾਜ ਦੀ ਸਿਰਜਣਾ ਕਰੀਏ।


-ਅਮਨ ਇਤਰ


ਦੋਹਰੀ ਨੀਤੀ
ਕਾਨੂੰਨੀ ਪ੍ਰਬੰਧ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਬਹੁਤ ਦੁੱਖ ਹੁੰਦਾ ਹੈ ਜਦੋਂ ਦੇਸ਼ ਦਾ ਪ੍ਰਸ਼ਾਸਨ ਦੋਹਰਾ ਰਵੱਈਆ ਅਪਣਾਉਂਦਾ ਹੈ। ਉਦਾਹਰਨ ਦੇ ਤੌਰ 'ਤੇ ਪੰਜਾਬ ਨੈਸ਼ਨਲ ਬੈਂਕ ਘੁਟਾਲਾ ਹੀ ਦੇਖ ਲਓ। ਜਦੋਂ ਕਿਸੇ ਕਿਸਾਨ ਤੋਂ ਫ਼ਸਲ ਮਰ ਜਾਣ ਦੀ ਸੂਰਤ ਜਾਂ ਕਿਸੇ ਹੋਰ ਸਮੱਸਿਆ ਕਰਕੇ ਬੈਂਕ ਤੋਂ ਲਿਆ ਕਰਜ਼ਾ ਸਮੇਂ ਸਿਰ ਵਾਪਸ ਨਹੀਂ ਕੀਤਾ ਜਾਂਦਾ ਤਾਂ ਬੈਂਕ ਅਧਿਕਾਰੀ ਉਸ ਦੀ ਜ਼ਮੀਨ ਅਤੇ ਘਰ 'ਤੇ ਕਬਜ਼ਾ ਕਰ ਲੈਂਦੇ ਹਨ। ਬੇਵਸ ਕਿਸਾਨ ਉਤੇ ਕੀਤੀ ਜਾ ਰਹੀ ਇਸ ਕਾਰਵਾਈ ਵਿਚ ਪੁਲਿਸ ਪ੍ਰਸ਼ਾਸਨ ਵੀ ਬੈਂਕਾਂ ਦਾ ਸਾਥ ਦਿੰਦਾ ਹੈ। ਦੂਜੇ ਪਾਸੇ ਜਦੋਂ ਗੱਲ ਰਸੂਖਵਾਨ ਲੋਕਾਂ ਦੀ ਹੁੰਦੀ ਹੈ ਤਾਂ ਅਰਬਾਂ ਰੁਪਈਆਂ ਦਾ ਘੁਟਾਲਾ ਹੋ ਜਾਣ ਬਾਅਦ ਵੀ ਉਹੀ ਬੈਂਕਾਂ ਅਤੇ ਉਹੀ ਪੁਲਿਸ ਪ੍ਰਸ਼ਾਸਨ ਉਨ੍ਹਾਂ ਨਾਲ ਮਾਣ ਭਰੇ ਤਰੀਕੇ ਨਾਲ ਪੇਸ਼ ਆਉਂਦੇ ਹਨ, ਜਿਸ ਦਾ ਫਾਇਦਾ ਉਠਾਉਂਦੇ ਹੋਏ ਇਹ ਲੋਕ ਅਰਬਾਂ ਦੇ ਘੁਟਾਲਿਆਂ ਨਾਲ ਦੇਸ਼ ਨੂੰ ਅਰਥ ਵਿਵਸਥਾ ਨੂੰ ਡਾਵਾਂਡੋਲ ਸਥਿਤੀ ਵਿਚ ਧੱਕ ਕੇ ਆਪ ਵਿਦੇਸ਼ਾਂ ਨੂੰ ਭੱਜ ਜਾਂਦੇ ਹਨ। ਆਦਮੀ ਦੇ ਮਨ ਉਤੇ ਇਹ ਦੋਹਰੀ ਨੀਤੀ ਵਾਲੀਆਂ ਘਟਨਾਵਾਂ ਬਹੁਤ ਪ੍ਰਭਾਵ ਪਾਉਂਦੀਆਂ ਹਨ।


-ਜੀਤ ਹਰਜੀਤ
ਪ੍ਰੀਤ ਨਗਰ ਹਰੇੜੀ ਰੋਡ, ਸੰਗਰੂਰ।


ਰੁੱਖਾਂ ਨਾਲ ਰਿਸ਼ਤਾ
ਸਾਡੀ ਹੋਂਦ ਤੋਂ ਲੈ ਕੇ ਹੁਣ ਤੱਕ ਰੁੱਖਾਂ ਨਾਲ ਸਾਡਾ ਗੂੜ੍ਹਾ ਰਿਸ਼ਤਾ ਹੈ ਪਰ ਅਜੋਕੇ ਦੌਰ ਵਿਚ ਰੁੱਖਾਂ ਦੀ ਕਟਾਈ ਬੜੀ ਬੇਰਹਿਮੀ ਨਾਲ ਕੀਤੀ ਜਾ ਰਹੀ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਜਿਸ ਤਰ੍ਹਾਂ ਸਾਡੀ ਆਬਾਦੀ ਵਧ ਰਹੀ ਹੈ, ਇਸ ਤਰ੍ਹਾਂ ਸਾਨੂੰ ਰੁੱਖਾਂ ਦੀ ਗਿਣਤੀ ਵਧਾਉਣੀ ਪਵੇਗੀ, ਨਹੀਂ ਤਾਂ ਅਸੀਂ ਵਾਤਾਵਰਨ ਅਸੰਤੁਲਨ ਪੈਦਾ ਕਰ ਲਵਾਂਗੇ। ਰੁੱਖ ਖ਼ੁਸ਼ਹਾਲੀ ਦਾ ਪ੍ਰਤੀਕ ਹਨ, ਕਿਉਂਕਿ ਇਨ੍ਹਾਂ ਨਾਲ ਵਾਤਾਵਰਨ ਹਰਿਆ-ਭਰਿਆ ਹੁੰਦਾ ਹੈ। ਇਹ ਸਾਡੇ ਜੀਵਨ ਦਾ ਆਧਾਰ ਹਨ ਅਤੇ ਉਸਾਰ ਵੀ ਹਨ। ਆਪਣੀ ਹੋਂਦ ਨੂੰ ਬਚਾਈ ਰੱਖਣ ਲਈ ਰੁੱਖ ਲਗਾਉਣਾ ਆਪਣੇ ਜੀਵਨ ਵਿਚ ਆਦਰਸ਼ ਬਣਾਉਣਾ ਪਵੇਗਾ। ਸਾਨੂੰ ਸਭ ਨੂੰ ਆਪਣੇ ਘਰਾਂ, ਖੇਤਾਂ, ਪਿੰਡਾਂ, ਸ਼ਹਿਰਾਂ ਦੀਆਂ ਖਾਲੀ ਥਾਵਾਂ 'ਤੇ ਬੋਹੜ, ਪਿੱਪਲ, ਟਾਹਲੀ, ਤੂਤ ਆਦਿ ਵੱਡੇ ਰੁੱਖ ਲਗਾ ਕੇ ਰੁੱਖਾਂ ਦੀ ਘਾਟ ਨੂੰ ਪੂਰਾ ਕਰਨਾ ਹੋਵੇਗਾ। ਸਾਨੂੰ ਆਪਣੇ ਸਮਾਜਿਕ ਜੀਵਨ ਵਿਚ ਜਨਮ ਦਿਨਾਂ 'ਤੇ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਵੀ ਕਰਨੀ ਚਾਹੀਦੀ ਹੈ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਪਟਿਆਲਾ।


ਸਮਾਜਿਕ ਏਕਤਾ ਦਾ ਆਧਾਰ
ਪਿਛਲੇ ਦਿਨੀਂ ਅਜੀਤ ਦੇ 'ਧਰਮ ਤੇ ਵਿਰਸਾ' ਅੰਕ ਵਿਚ ਛਪਿਆ ਸ: ਤਲਵਿੰਦਰ ਸਿੰਘ ਬੁੱਟਰ ਦਾ ਲੇਖ ਕਾਬਲ-ਏ-ਤਾਰੀਫ਼ ਸੀ। ਲੇਖਕ ਨੇ ਗੁਰਦੁਆਰਾ ਸੰਸਥਾ ਦੀ ਪਰਿਭਾਸ਼ਾ ਅਤੇ ਸੰਕਲਪ ਗੁਰਦੁਆਰਾ ਬਣਨ ਦਾ ਕਾਰਨ, ਇਕ ਗੁਰਦੁਆਰਾ ਮੁਹਿੰਮ ਦੀ ਸਾਰਥਿਕਤਾ ਸਬੰਧੀ ਇਸ ਲੇਖ ਵਿਚ ਆਪਣੇ ਵਿਚਾਰ ਢੁਕਵੀਂ ਸ਼ਬਦਾਵਲੀ ਰਾਹੀਂ ਵਧੀਆ ਢੰਗ ਨਾਲ ਪੇਸ਼ ਕੀਤੇ ਹਨ। ਇਸ ਵਿਚ ਦੋ ਰਾਵਾਂ ਨਹੀਂ ਕਿ 7 ਮਾਰਚ, 2018 ਨੂੰ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪਹਿਲਕਦਮੀ ਸਦਕਾ ਬਾਕਾਇਦਾ ਮਤਾ ਪਾਸ ਕਰ ਕੇ ਇਕ ਪਿੰਡ ਇਕ ਗੁਰਦੁਆਰਾ ਮੁਹਿੰਮ ਦਾ ਕੀਤਾ ਗਿਆ ਆਗਾਜ਼ ਇਕ ਦੂਰਅੰਦੇਸ਼ੀ, ਪ੍ਰੋੜ੍ਹ ਸੋਚ ਅਤੇ ਗੁਰਮਤਿ ਜੁਗਦ ਵਾਲਾ ਇਕ ਵਧੀਆ ਫ਼ੈਸਲਾ ਹੈ। ਜੇਕਰ ਇਹ ਫ਼ੈਸਲਾ ਸ਼੍ਰੋਮਣੀ ਕਮੇਟੀ ਵਲੋਂ ਸਮਰਪਿਤ ਹੋ ਕੇ ਸੰਜੀਦਗੀ ਨਾਲ ਲਾਗੂ ਕੀਤਾ ਜਾਂਦਾ ਹੈ ਤਾਂ ਭਵਿੱਖ 'ਚ ਇਸ ਦੇ ਸਾਰਥਿਕ ਨਤੀਜੇ ਲਾਜ਼ਮੀ ਸਾਹਮਣੇ ਆਉਣਗੇ ਅਤੇ ਇਹ ਸਮਾਜਿਕ ਏਕਤਾ ਦਾ ਆਧਾਰ ਬਣੇਗਾ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।


ਉਲੰਪਿਕ 'ਚ ਤਗਮੇ ਕਿਉਂ ਨਹੀਂ?
ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ ਵਿਖੇ 21ਵੀਂਆਂ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦੇ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕਰਕੇ ਕਈ ਤਗਮੇ ਪ੍ਰਾਪਤ ਕੀਤੇ ਹਨ। ਕੀ ਭਾਰਤ ਉਲੰਪਿਕ ਖੇਡਾਂ 'ਚ ਭਾਰਤ ਵੀ ਇਹ ਪ੍ਰਦਰਸ਼ਨ ਜਾਰੀ ਰੱਖ ਸਕੇਗਾ? ਸਾਲ 2020 'ਚ ਜਾਪਾਨ ਦੀ ਰਾਜਧਾਨੀ ਟੋਕੀਓ 'ਚ ਕਰਵਾਏ ਜਾ ਰਹੇ ਦੁਨੀਆ ਦੇ ਸਭ ਤੋਂ ਵੱਡੇ ਖੇਡ ਮਹਾਂਕੁੰਭ ਉਲੰਪਿਕ 'ਚ ਕਿੰਨੇ ਤਗਮੇ ਪ੍ਰਾਪਤ ਕਰੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਲੋੜ ਹੈ ਖਿਡਾਰੀਆਂ ਨੂੰ ਚੰਗੀ ਟ੍ਰੇਨਿੰਗ, ਵਧੀਆ ਕੋਚ ਅਤੇ ਵਧੀਆ ਖੇਡ ਸਹੂਲਤਾਂ ਤੇ ਬਜਟ ਵਿਚ ਖੇਡਾਂ ਲਈ ਜ਼ਿਆਦਾ ਫੰਡ ਮੁਹੱਈਆ ਕਰਵਾਇਆ ਜਾਵੇ। ਅਥਲੈਟਿਕਸ 'ਚ ਆਜ਼ਾਦੀ ਤੋਂ ਬਾਅਦ ਭਾਰਤ ਉਲੰਪਿਕ 'ਚ ਕਦੇ ਵੀ ਤਗਮਾ ਨਹੀਂ ਜਿੱਤ ਸਕਿਆ। ਭਾਰਤ ਵਾਸੀਆਂ ਨੂੰ ਤਗਮੇ ਦੀ ਅਸਲ ਖੁਸ਼ੀ ਤਾਂ ਉਦੋਂ ਹੋਵੇਗੀ ਜਦੋਂ ਦੇਸ਼ ਦੀਆਂ ਗਲੀਆਂ 'ਚੋਂ ਕੋਈ ਦੂਜਾ ਮਿਲਖਾ ਸਿੰਘ ਪੈਦਾ ਹੋਵੇਗਾ ਤੇ ਉਲੰਪਿਕ 'ਚ ਭਾਰਤ ਦਾ ਝੰਡਾ ਲਹਿਰਾਏਗਾ।


-ਸ਼ਮਸ਼ੇਰ ਸਿੰਘ ਸੋਹੀ, ਪਿੰਡ ਸੋਹੀਆਂ, ਡਾਕਖਾਨਾ ਚੀਮਾ ਖੁੱਡੀ, ਜ਼ਿਲ੍ਹਾ ਗੁਰਦਾਸਪੁਰ।

13-04-2018

 ਢੁਕਵੇਂ ਕਾਨੂੰਨ ਦੀ ਲੋੜ
ਲਚਕਦਾਰ ਕਾਨੂੰਨ ਦੇ ਕਾਰਨ ਸਾਡੇ ਸਮਾਜ 'ਚ ਅਪਰਾਧ ਦਾ ਗ੍ਰਾਫ਼ ਲਗਾਤਾਰ ਵਧ ਰਿਹਾ ਹੈ। ਮਹਾਨਗਰਾਂ, ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ 'ਚ ਅਪਰਾਧ ਬਹੁਤ ਵਧ ਰਹੇ ਹਨ। ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਹਨ ਜਬਰ ਜਨਾਹ ਦੇ ਮਾਮਲੇ। ਅਪਰਾਧਾਂ ਦੀ ਵਧਦੀ ਸੰਖਿਆ ਸਾਡੇ ਭਵਿੱਖ ਲਈ ਖ਼ਤਰੇ ਦੀ ਘੰਟੀ ਹੈ। ਹਾਲਾਤ ਬਹੁਤ ਹੀ ਨਾਜ਼ੁਕ ਹਨ।
ਵਿਦਿਆਰਥੀ ਆਪੇ ਤੋਂ ਬਾਹਰ ਹੋ ਰਹੇ ਹਨ। ਉਹ ਬਹੁਤ ਜ਼ਿਆਦਾ ਸ਼ਰਾਰਤੀ ਅਤੇ ਅਨੁਸ਼ਾਸਨਹੀਣ ਹੁੰਦੇ ਜਾ ਰਹੇ ਹਨ। ਆਪਣੇ ਦੇਸ਼ ਵਿਚ ਵਧਦੇ ਅਪਰਾਧਾਂ 'ਤੇ ਕਾਬੂ ਪਾਉਣ ਲਈ ਢੁਕਵੇਂ ਕਾਨੂੰਨ ਬਣਾਉਣ ਲਈ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਹੈ। ਅਪਰਾਧੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਕੋਈ ਵੀ ਅਪਰਾਧੀ ਕਾਨੂੰਨ ਤੋਂ ਨਾ ਬਚੇ। ਕਾਨੂੰਨ ਤੋਂ ਉੱਪਰ ਕੋਈ ਨਹੀਂ ਹੈ। ਸਮਾਜ, ਸਰਕਾਰਾਂ ਇਸ ਸਬੰਧੀ ਪਹਿਲ ਕਰਨ ਤਾਂ ਸਾਡੇ ਦੇਸ਼ ਦਾ ਭਲਾ ਹੋਵੇਗਾ।


-ਲੈਕਚਰਾਰ ਵਰਿੰਦਰ ਸ਼ਰਮਾ
ਮੁਹੱਲਾ ਪੱਬੀਆਂ, ਧਰਮਕੋਟ (ਮੋਗਾ)।


ਜਵਾਬਦੇਹੀ ਦੀ ਲੋੜ
ਪਿਛਲੇ ਦਿਨੀਂ ਸੰਪਾਦਕੀ ਸਫ਼ੇ 'ਤੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦਾ ਲੇਖ 'ਸਿਆਸੀ ਆਗੂਆਂ ਦੀ ਬਿਆਨਬਾਜ਼ੀ ਨੂੰ ਜਵਾਬਦੇਹ ਬਣਾਉਣ ਦੀ ਲੋੜ' ਵਧੀਆ ਸੀ। ਇਕ ਰਾਜਨੀਤਕ ਵਿਅਕਤੀ ਵਲੋਂ ਅਜਿਹਾ ਲੇਖ ਲਿਖਣਾ, ਬਹੁਤ ਮਾਇਨੇ ਰੱਖਦਾ ਹੈ। ਸਾਡੇ ਜ਼ਿਆਦਾਤਰ ਲੀਡਰ, ਚੋਣ ਜਿੱਤਣ ਨੂੰ ਹੀ ਮੁੱਖ ਟੀਚਾ ਮੰਨਦੇ ਹਨ। ਲੋਕਾਂ ਨਾਲ ਨਾ ਪੂਰੇ ਕੀਤੇ ਜਾਣ ਵਾਲੇ ਵਾਅਦੇ, ਸਿਆਸੀ ਵਿਰੋਧੀਆਂ ਖਿਲਾਫ਼ ਝੂਠੀ ਇਲਾਜ਼ਾਮਬਾਜ਼ੀ, ਸਾਰੇ ਵਰਗਾਂ ਨੂੰ ਖੁੱਲ੍ਹੇ ਗੱਫੇ ਦੇਣ ਦੇ ਐਲਾਨ, ਹੋਰ ਪਤਾ ਨਹੀਂ ਕੀ-ਕੀ।
ਚੋਣ ਬੋਰਡ ਨੂੰ ਚਾਹੀਦਾ ਹੈ ਕਿ ਉਹ ਕੋਈ ਅਜਿਹਾ ਕਾਨੂੰਨ ਬਣਾਏ, ਜਿਸ ਤਹਿਤ ਸਿਆਸੀ ਆਗੂ ਚੋਣਾਂ ਦਰਮਿਆਨ ਕੀਤੇ ਵਾਅਦਿਆਂ ਅਤੇ ਚੋਣ ਮਨੋਰਥ ਪੱਤਰ ਨੂੰ ਪੂਰਾ ਕਰਨ ਲਈ ਜਵਾਬਦੇਹ ਹੋਣ। ਇਕ ਨੀਯਤ ਸਮੇਂ ਵਿਚ ਆਪਣੇ ਵਾਅਦੇ ਅਤੇ ਚੋਣ ਮਨੋਰਥ ਪੱਤਰ ਨੂੰ ਪੂਰਾ ਨਾ ਕਰਨ ਵਾਲੀ ਸਰਕਾਰ ਨੂੰ ਅਯੋਗ ਸਮਝਿਆ ਜਾਵੇ। ਅਜਿਹੇ ਸਖ਼ਤ ਕਾਨੂੰਨ ਤੋਂ ਬਿਨਾਂ ਭਾਰਤੀ ਲੋਕਾਂ ਦਾ ਭਲਾ ਨਹੀਂ ਹੋ ਸਕਦਾ। ਕਿਉਂਕਿ ਸਿਆਸੀ ਲੋਕ ਜਾਣਦੇ ਹਨ, ਇਕ ਵਾਰ ਝੂਠ ਸੱਚ ਬੋਲ ਕੇ ਕੁਰਸੀ ਪ੍ਰਾਪਤ ਕਰੋ, ਫਿਰ ਪੰਜ ਸਾਲ, ਕੋਈ ਮੂਹਰੇ ਅੱਖ ਨਹੀਂ ਉਠਾ ਸਕਦਾ।


-ਕਵੀਸ਼ਰ ਪ੍ਰੀਤ ਸਿੰਘ ਸੰਦਲ
ਪਿੰਡ ਮਕਸੂਦੜਾ, ਤਹਿ: ਪਾਇਲ (ਲੁਧਿਆਣਾ)।


ਮਨੀਲਾ 'ਚ ਕਤਲ
ਦੇਸ਼ ਵਿਚ ਫੈਲੀ ਵੱਡੇ ਪੱਧਰ ਦੀ ਬੇਰੁਜ਼ਗਾਰੀ ਦੀ ਮਾਰ ਦੇ ਝੰਬੇ ਨੌਜਵਾਨ ਹਰ ਸਾਲ ਵੱਡੀ ਗਿਣਤੀ ਵਿਚ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ਵੱਲ ਕੂਚ ਕਰ ਰਹੇ ਹਨ। ਪਿਛਲੇ ਦਿਨੀਂ ਮੇਰੇ ਨੇੜਲੇ ਪਿੰਡ ਸਮਾਲਸਰ (ਮੋਗਾ) ਦੇ 32 ਸਾਲਾ ਨੌਜਵਾਨ ਕੁਲਦੀਪ ਸਿੰਘ ਦਾ ਮਨੀਲਾ (ਫਿਲਪਾਈਨ) ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਨੌਜਵਾਨ ਦੇ ਚੜ੍ਹਦੀ ਅਵਸਥਾ ਵਿਚ ਚਲੇ ਜਾਣ 'ਤੇ ਉਸ ਦੇ ਪਿਛਲੇ ਪਰਿਵਾਰ 'ਤੇ ਕੀ ਬੀਤਦੀ ਹੋਵੇਗੀ, ਇਹ ਤਾਂ ਉਸ ਦਾ ਪਰਿਵਾਰ ਹੀ ਜਾਣਦਾ ਹੈ। ਦੇਖਿਆ ਜਾਵੇ ਤਾਂ ਮਨੀਲਾ ਵਿਚ ਵਾਪਰੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਬਲਕਿ ਇਸ ਤੋਂ ਪਹਿਲਾਂ ਵੀ ਮਨੀਲਾ ਵਿਚ ਅਨੇਕਾਂ ਪੰਜਾਬੀਆਂ ਦੇ ਕਤਲ ਹੋ ਚੁੱਕੇ ਹਨ।
ਸੋ, ਸਰਕਾਰ ਨੂੰ ਮਨੀਲਾ ਵਿਚ ਹੋ ਰਹੇ ਪੰਜਾਬੀਆਂ ਦੇ ਇਨ੍ਹਾਂ ਕਤਲਾਂ ਨੂੰ ਬੇਹੱਦ ਗੰਭੀਰਤਾ ਨਾਲ ਲੈਂਦੇ ਹੋਏ ਮਨੀਲਾ ਸਰਕਾਰ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ ਤਾਂ ਜੋ ਇਥੇ ਰਹਿੰਦੇ ਹਰ ਪੰਜਾਬੀ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।


-ਰਾਜਾ ਗਿੱਲ (ਚੜਿੱਕ)
ਚੜਿੱਕ, ਮੋਗਾ।


ਸ਼ਲਾਘਾਯੋਗ ਉੱਦਮ
'ਅਜੀਤ' 'ਚ ਛਪੀ ਖ਼ਬਰ ਕਿ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਨੂੰ ਆਦੇਸ਼ ਦਿੱਤੇ ਹਨ ਕਿ ਸੂਬੇ ਦੀਆਂ ਸਾਰੀਆਂ ਸਰਕਾਰੀ ਸੰਸਥਾਵਾਂ ਅਤੇ ਵਿੱਦਿਅਕ ਅਦਾਰਿਆਂ ਦਾ ਊਰਜਾ ਆਡਿਟ ਕਰਵਾਇਆ ਜਾਵੇ, ਸ਼ਲਾਘਾਯੋਗ ਉੱਦਮ ਹੈ। ਵੱਡੇ ਅਦਾਰਿਆਂ ਜਿਵੇਂ ਕਿ ਹਸਪਤਾਲਾਂ, ਕਾਲਜਾਂ, ਯੂਨੀਵਰਸਿਟੀਆਂ, ਸਕੱਤਰੇਤਾਂ, ਮਿੰਨੀ ਸਕੱਤਰੇਤਾਂ ਆਦਿ 'ਚ ਬਿਜਲੀ ਦੀ ਬਹੁਤ ਬਰਬਾਦੀ ਹੋ ਰਹੀ ਦੇਖੀ ਜਾਂਦੀ ਹੈ। ਸਸਤੇ-ਸਸਤੇ ਉਪਾਅ ਕਰਕੇ ਊਰਜਾ ਦੀ ਚੋਖੀ ਬਚਤ ਕੀਤੀ ਜਾ ਸਕਦੀ ਹੈ। ਜ਼ਿਲ੍ਹਾ ਕੰਪਲੈਕਸ ਮੁਹਾਲੀ ਦੀ ਬੇਸਮੈਂਟ ਦੀਆਂ ਲਾਈਟਾਂ ਲੋੜ ਨਾ ਹੋਣ 'ਤੇ ਆਪਣੇ-ਆਪ ਬੰਦ ਹੋ ਜਾਂਦੀਆਂ ਹਨ।
ਜਦੋਂ ਵੀ ਕੋਈ ਲਿਫਟ ਕੋਲ ਪੁੱਜਦਾ ਹੈ ਤਾਂ ਸੈਂਸਰ ਇਨ੍ਹਾਂ ਲਾਈਟਾਂ ਨੂੰ ਫੌਰੀ ਚਾਲੂ ਕਰ ਦਿੰਦੇ ਹਨ। ਅਜਿਹੇ ਉਪਰਾਲੇ ਹਰ ਕਿਤੇ ਹੋਣੇ ਚਾਹੀਦੇ ਹਨ। ਵੱਡੀਆਂ ਸਰਕਾਰੀ ਇਮਾਰਤਾਂ ਤੋਂ ਬਾਅਦ ਧਾਰਮਿਕ ਅਦਾਰਿਆਂ ਨੂੰ ਵੀ ਊਰਜਾ ਆਡਿਟ ਕਰਵਾਉਣਾ ਚਾਹੀਦਾ ਹੈ। ਬਿਜਲੀ ਬਹੁਤ ਮਹਿੰਗੀ ਹੁੰਦੀ ਜਾ ਰਹੀ ਹੈ। ਬੱਚਤ ਕਰਨੀ ਬਹੁਤ ਜ਼ਰੂਰੀ ਹੈ।


-ਡਾ: ਸੁਰਿੰਦਰ ਕੁਮਾਰ ਜਿੰਦਲ
ਐਸ.ਏ.ਐਸ. ਨਗਰ।


ਸਾਂਝੇ ਯਤਨ ਕਰੀਏ
ਨਸ਼ਾ ਇਕ ਅਜਿਹੀ ਬਿਮਾਰੀ ਬਣ ਚੁੱਕਾ ਹੈ ਜੋ ਸਾਡੀ ਜਵਾਨੀ ਨੂੰ ਘੁਣ ਵਾਂਗ ਹੌਲੀ-ਹੌਲੀ ਅੰਦਰੋਂ ਖੋਖਲੇ ਕਰ ਰਿਹਾ ਹੈ, ਜੋ ਅੰਤ ਵਿਚ ਸਾਡੀ ਫੁੱਲਾਂ ਵਰਗੀ ਜਵਾਨੀ ਨੂੰ ਰਾਖ ਵਿਚ ਬਦਲ ਦਿੰਦਾ ਹੈ। ਨਸ਼ੇ ਨੂੰ ਰੋਕਣ ਲਈ ਸਾਨੂੰ ਸਭ ਨੂੰ ਜ਼ਮੀਨੀ ਪੱਧਰ 'ਤੇ ਰਲ ਮਿਲ ਕੇ ਯਤਨ ਕਰਨੇ ਚਾਹੀਦੇ ਹਨ। ਨਸ਼ਾ ਕਰ ਰਹੇ ਵਿਅਕਤੀ ਨਾਲ ਦੋਸਤਾਨਾ, ਸਹਿਜ, ਤਰੀਕੇ ਨਾਲ ਪੇਸ਼ ਆਉਣਾ ਚਾਹੀਦਾ ਹੈ, ਉਸ ਨੂੰ ਉਸ ਦੀ ਗ਼ਲਤੀ ਦਾ ਅਹਿਸਾਸ ਕਰਵਾਉਣਾ ਚਾਹੀਦਾ ਹੈ, ਗ਼ਲਤ ਵਤੀਰੇ ਜਾਂ ਹੀਣ ਭਾਵਨਾ ਪੈਦਾ ਹੋਣ ਕਾਰਨ ਮਸਲੇ ਵਿਗੜ ਜਾਂਦੇ ਹਨ। ਨਸ਼ੇ ਤੋਂ ਦੂਰ ਕਰਨਾ ਹੀ ਮਸਲੇ ਦਾ ਹੱਲ ਨਹੀਂ ਹੈ, ਨਸ਼ਾ ਕਰਨ ਦੇ ਕਾਰਨਾਂ ਦੀ ਘੋਖ ਕਰਨੀ ਬਣਦੀ ਹੈ। ਸਖ਼ਤ ਕਾਨੂੰਨ ਨਾਲ ਡਰ ਪੈਦਾ ਕੀਤਾ ਜਾ ਸਕਦਾ ਹੈ ਪਰ ਚੰਗੀ ਮਨੋਵਿਗਿਆਨਕ ਸੋਚ ਪੈਦਾ ਕਰਨ ਲਈ ਰੁਜ਼ਗਾਰ ਦੇ ਨਾਲ-ਨਾਲ ਚੰਗੇ ਸਾਹਿਤ ਨਾਲ ਸਮਾਜ ਦੀ ਬਿਹਤਰ ਸਿਰਜਣਾ ਵੀ ਕਰਨੀ ਚਾਹੀਦੀ ਹੈ, ਜਿਸ ਨਾਲ ਕਿ ਨੌਜਵਾਨੀ ਨੂੰ ਚੰਗੇ ਪਾਸੇ ਢਾਲਿਆਂ ਜਾ ਸਕੇ।


-ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾ, ਜ਼ਿਲ੍ਹਾ ਫਾਜ਼ਿਲਕਾ।

12-04-2018

 ਜੈਵਿਕ ਖੇਤੀ
ਭਾਰਤ ਦੇ ਪੂਰੇ ਖੇਤਰਫ਼ਲ ਦਾ ਪੰਜਾਬ 1.5 ਫ਼ੀਸਦੀ ਹੈ। ਹਰੀ ਕ੍ਰਾਂਤੀ ਦੇ ਨਾਂਹ-ਪੱਖੀ ਪ੍ਰਭਾਵਾਂ ਨੇ ਇਸ ਹਿੱਸੇ ਨੂੰ ਸ਼ੁੱਧਤਾ ਪੱਖੋਂ ਘਸਮੈਲਾ ਕਰ ਕੇ ਰੱਖ ਦਿੱਤਾ ਹੈ। ਅੱਜ ਜ਼ਮੀਨ ਨਸ਼ੱਈ ਹੋ ਚੁੱਕੀ ਹੈ। ਜੇ ਦੇਸੀ ਰੂੜੀ ਨਾਲ ਫ਼ਸਲ ਉਗਾਈਏ ਤਾਂ ਮਸਾਂ ਖਾਣ ਜੋਗੇ ਦਾਣੇ ਮਿਲਣਗੇ। ਅੰਮ੍ਰਿਤ ਮਈ ਪਾਣੀ ਪੀਣ ਯੋਗ ਨਹੀਂ ਰਿਹਾ। ਫ਼ਸਲੀ ਵਿਭਿੰਨਤਾ ਦਾ ਉਪਰਾਲਾ ਵੀ ਨਤੀਜੇ ਨਹੀਂ ਦੇ ਰਿਹਾ। 1950-51 ਤੋਂ ਅੱਜ ਤੱਕ ਫ਼ਸਲ ਦਾ ਵਾਧਾ 5 ਗੁਣਾਂ ਵਧਣ ਦਾ ਅਨੁਮਾਨ ਹੈ। ਇਸ ਸਮੇਂ ਦੌਰਾਨ ਬਿਮਾਰੀਆਂ ਦਾ ਰਿਕਾਰਡ ਘੋਖਿਆ ਜਾਵੇ ਤਾਂ ਹੱਦ-ਬੇਹੱਦ ਟੱਪ ਚੁੱਕਿਆ ਹੈੈ। ਦੁਸ਼ਮਣ ਨਾਲ ਲੜਨ ਦੀ ਰੀਤ ਬਜਾਏ ਖ਼ੁਦ ਦੀ ਸਿਹਤ ਨਾਲ ਲੜਨਾ ਪੈ ਰਿਹਾ ਹੈ। ਸਿਹਤ ਪ੍ਰਤੀ ਖਾਦਾਂ ਦਵਾਈਆਂ ਦੀ ਦੁਰਵਰਤੋਂ ਰੋਕਣ ਲਈ ਸਰਕਾਰੀ ਉਪਰਾਲੇ ਅਤੇ ਕਲਮਾਂ ਦੇ ਰੁੱਖ ਵੀ ਮੋੜਾ ਨਹੀਂ ਦੇ ਸਕੇ। ਜੈਵਿਕ ਖੇਤੀ ਸਮੇਂ ਦੀ ਮੰਗ ਹੈ। ਚੰਗਾ ਹੋਵੇ ਜੇ ਇਸ ਲਈ ਵੱਖਰਾ ਫੰਡ ਸਥਾਪਿਤ ਹੋਵੇ।
ਸਿਹਤ ਅਤੇ ਖੇਤੀ ਮਹਿਕਮਾ ਮਿਲਜੁਲ ਕੇ ਜੈਵਿਕ ਖੇਤੀ ਦਾ ਰੁਝਾਨ ਪੈਦਾ ਕਰਨ। ਆਰਥਿਕ ਅਤੇ ਸਿਹਤ ਦਾ ਸੰਤੁਲਨ ਬਣਾ ਕੇ ਰੱਖਣ। ਜੇ ਇਕੱਲਾ ਬੰਦਾ ਜੈਵਿਕ ਖੇਤੀ ਸ਼ੁਰੂ ਕਰੇ ਤਾਂ ਗੁਆਂਢੀ ਖੇਤਾਂ ਦੇ ਜੀਵ ਜੰਤੂ ਹੀ ਨੁਕਸਾਨ ਕਰ ਦਿੰਦੇ ਹਨ। ਇਸ ਲਈ ਲੋਕਾਂ ਦਾ ਸਹਿਯੋਗ ਅਤੇ ਸਰਕਾਰੀ ਉਪਰਾਲੇ ਜੈਵਿਕ ਖੇਤੀ ਲਈ ਅੱਜ ਤੋਂ ਸ਼ੁਰੂ ਕੀਤੇ ਜਾਣ ਇਸ ਵਿਚ ਹੀ ਸਿਹਤਮੰਦ ਅਤੇ ਖੁਸ਼ਹਾਲ ਪੰਜਾਬ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

ਭਟਕੇ ਆਗੂ
ਵੱਖ-ਵੱਖ ਪਾਰਟੀਆਂ ਨਾਲ ਸਬੰਧਿਤ ਨੇਤਾ ਸਰਕਾਰ ਅਤੇ ਲੋਕਾਂ ਵਿਚਕਾਰ ਇਕ ਕੜੀ ਦੀ ਭੂਮਿਕਾ ਨਿਭਾਉਂਦੇ ਹਨ। ਨੇਤਾ ਸਿਰਫ ਆਪਣੀ ਪਾਰਟੀ ਦੀ ਪ੍ਰਤੀਨਿਧਤਾ ਨਹੀਂ ਕਰਦੇ, ਸਗੋਂ ਲੱਖਾਂ ਲੋਕਾਂ ਦੀਆਂ ਆਸਾਂ-ਉਮੀਦਾਂ ਦੀ ਪ੍ਰਤੀਨਿਧਤਾ ਵੀ ਕਰਦੇ ਹਨ। ਗੁੱਸਾ ਹਰ ਇਕ ਦੇ ਵਿਵਹਾਰ ਵਿਚ ਸ਼ਾਮਿਲ ਹੁੰਦਾ ਹੈ। ਭਾਵੇਂ ਕੋਈ ਨੇਤਾ, ਅਭਿਨੇਤਾ ਜਾਂ ਆਮ ਮਨੁੱਖ ਹੋਵੇ। ਜੇਕਰ ਗੁੱਸੇ 'ਤੇ ਕਾਬੂ ਨਾ ਕੀਤਾ ਜਾਵੇ ਤਾਂ ਇਹ ਬੜੀ ਜਲਦੀ ਉਗਰ ਰੂਪ ਧਾਰ ਲੈਂਦਾ ਹੈ। ਪਰ ਸਾਡੇ ਸੱਭਿਅਕ ਸਮਾਜ ਦੇ ਨੇਤਾ ਗੁੱਸੇ ਵਿਚ ਸਾਰੀਆਂ ਹੱਦਾਂ ਪਾਰ ਕਰ ਕੇ ਅਸੱਭਿਅਕ ਭਾਸ਼ਾ ਦਾ ਪ੍ਰਯੋਗ ਕਰਦੇ ਹੋਏ ਇਕ-ਦੂਜੇ ਉੱਪਰ ਖੂਬ ਚਿੱਕੜ ਉਛਾਲਦੇ ਹਨ।
ਇਕ ਸਭਾ ਜਿੱਥੇ ਦੇਸ਼ ਜਾਂ ਰਾਜ ਨਾਲ ਸਬੰਧਿਤ ਸਮਾਜਿਕ ਆਰਥਿਕ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਕਰਕੇ ਕਲਿਆਣਕਾਰੀ ਰਾਜ ਦੀ ਤਕਦੀਰ ਘੜਨੀ ਹੁੰਦੀ ਹੈ ਉੱਥੇ ਨਿੱਜੀ ਰੰਜਿਸ਼ਾਂ ਕੱਢਦੇ ਹਨ। ਦੂਸ਼ਣਬਾਜ਼ੀ ਅਤੇ ਬੋਲ-ਕੁਬੋਲ ਹੁੰਦੇ ਆਪੇ ਤੋਂ ਬਾਹਰ ਹੋ ਕੇ ਇਹ ਲੋਕ ਪਵਿੱਤਰਤਾ ਦੇ ਪ੍ਰਤੀਕ ਮੰਚ ਨੂੰ ਦੂਸ਼ਿਤ ਕਰਕੇ ਨਾ ਮਿਟਣ ਵਾਲਾ ਧੱਬਾ ਲਾਉਂਦੇ ਹਨ। ਇਸ ਤੋਂ ਵੱਡੀ ਅਸੱਭਿਅਕਤਾ ਦੀ ਹੋਰ ਕੋਈ ਨਿਸ਼ਾਨੀ ਨਹੀਂ ਹੋ ਸਕਦੀ। ਆਪਣੇ ਅਹੁਦੇ ਅਤੇ ਲੋਕਾਂ ਦੀਆਂ ਉਮੀਦਾਂ ਵੱਲ ਤਵੱਜੋ ਦਿੰਦੇ ਹੋਏ ਇਨ੍ਹਾਂ ਆਗੂਆਂ ਨੂੰ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਗੁੱਸੇ ਵਿੱਚ ਹੋਸ਼ ਨਹੀਂ ਗਵਾਉਣਾ ਚਾਹੀਦਾ। ਲੋਕਾਂ ਅੱਗੇ ਵਧੀਆ ਉਦਾਹਰਨ ਬਣ ਕੇ ਪੇਸ਼ ਹੋਣਾ ਚਾਹੀਦਾ ਹੈ। ਜੇਕਰ ਸਾਡੇ ਆਗੂ ਹੀ ਭਟਕੇ ਹੋਣਗੇ ਤਾਂ ਉਹ ਸਮਾਜ ਨੂੰ ਕੀ ਸੇਧ ਦੇਣਗੇ।

-ਅੰਮ੍ਰਿਤ ਪਾਲ।

ਬਜ਼ੁਰਗਾਂ ਦਾ ਸਤਿਕਾਰ
ਸਾਨੂੰ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਸਾਨੂੰ ਇਹ ਦੁਨੀਆ ਦਿਖਾਈ, ਆਪ ਦੁੱਖ ਦੇਖ ਕੇ, ਦੁੱਖ ਸਹਿ ਕੇ ਜ਼ਿੰਦਗੀ ਵਿਚ ਜਿਊਣ ਦੇ ਕਾਬਲ ਬਣਾਇਆ। ਮਹਾਂਪੁਰਸ਼ ਵੀ ਇਹੀ ਕਹਿੰਦੇ ਹਨ ਕਿ ਜਿਨ੍ਹਾਂ ਦੇ ਘਰ ਮਾਂ-ਬਾਪ ਹਨ, ਉਨ੍ਹਾਂ ਨੂੰ ਗੁਰਦੁਆਰੇ ਆਉਣ ਦੀ ਲੋੜ ਨਹੀਂ, ਉਨ੍ਹਾਂ ਦੀ ਹੀ ਸੇਵਾ ਕਰੋ, ਗੁਰਦੁਆਰੇ ਆਉਣ ਦੇ ਬਰਾਬਰ ਹੀ ਹੋ ਜਾਂਦਾ ਹੈ। ਪਹਿਲਾਂ ਬਜ਼ੁਰਗ ਆਪਣੇ ਨੂੰਹ-ਪੁੱਤ ਨੂੰ ਘੂਰ ਵੀ ਲੈਂਦੇ ਸੀ ਅਤੇ ਉਹ ਅੱਗੋਂ 'ਸੀ' ਨਹੀਂ ਸੀ ਕਰਦੇ।
ਉਹ ਫਿਰ ਵੀ ਆਪਣੇ ਮਾਂ-ਬਾਪ ਦਾ, ਸੱਸ-ਸਹੁਰੇ ਦਾ ਸਤਿਕਾਰ ਕਰਦੇ ਸੀ ਪਰ ਅੱਜ ਸਮਾਂ ਏਨਾ ਬਦਲ ਗਿਆ ਹੈ ਕਿ ਬਹੁਤੇ ਬਜ਼ੁਰਗ ਆਪਣੇ ਨੂੰਹ-ਪੁੱਤ ਨੂੰ ਰੋਹਬ ਨਾਲ ਕੋਈ ਕੰਮ ਵੀ ਨਹੀਂ ਕਹਿ ਸਕਦੇ। ਅੱਜ ਨਵੀਂ ਪੀੜ੍ਹੀ ਦੇ ਤੌਰ-ਤਰੀਕੇ ਵੱਖਰੇ ਹਨ। ਉਨ੍ਹਾਂ ਦਾ ਰਹਿਣ-ਸਹਿਣ ਦਾ ਢੰਗ ਵੱਖਰਾ ਹੈ। ਨਵੀਂ ਪੀੜ੍ਹੀ ਤਾਂ ਇਹੀ ਚਾਹੁੰਦੀ ਹੈ ਕਿ ਕੋਈ ਬਜ਼ੁਰਗ ਉਨ੍ਹਾਂ ਨੂੰ ਰੋਕਣ-ਟੋਕਣ ਵਾਲਾ ਨਾ ਹੋਵੇ। ਉਹ ਅਜਿਹੀਆਂ ਗੱਲਾਂ ਤੋਂ ਸ਼ਰਮ ਮਹਿਸੂਸ ਕਰਦੇ ਹਨ। ਅਖੀਰ ਘਰ ਵਿਚ ਜੰਗ ਛਿੜ ਜਾਂਦੀ ਹੈ ਤੇ ਫਿਰ ਸਜ਼ਾ ਬਜ਼ੁਰਗਾਂ ਨੂੰ ਹੀ ਭੁਗਤਣੀ ਪੈਂਦੀ ਹੈ। ਪਰ ਨਵੀਂ ਪੀੜ੍ਹੀ ਨੂੰ ਇਹ ਨਹੀਂ ਪਤਾ ਕਿ ਘਰ ਵਿਚ ਬਜ਼ੁਰਗਾਂ ਦਾ ਹੀ ਪ੍ਰਤਾਪ ਹੈ। ਇਸ ਲਈ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰੋ, ਜੇ ਜ਼ਿੰਦਗੀ ਵਿਚ ਸਫ਼ਲ ਹੋਣਾ ਹੈ। ਉਨ੍ਹਾਂ ਦੇ ਸਤਿਕਾਰ ਨਾਲ ਤੁਹਾਡੀ ਜ਼ਿੰਦਗੀ ਹਰ ਪਾਸੇ ਤੋਂ ਖੁਸ਼ਹਾਲ ਹੋਵੇਗੀ, ਨਹੀਂ ਤਾਂ ਜਿਹੋ ਜਿਹਾ ਬੀਜੋਗੇ, ਉਹੋ ਜਿਹਾ ਵੱਢੋਗੇ।

-ਕਮਲ ਕੋਟਲੀ।

 

11-04-2018

 ਮਾੜਾ ਫ਼ੈਸਲਾ

ਅਕਸਰ ਹੀ ਰਾਜਨੀਤਕ ਪਾਰਟੀਆਂ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਾ ਸੁਨਹਿਰੀ ਸੁਪਨਾ ਦਿਖਾਉਂਦੀਆਂ ਹਨ। ਪਰ ਸਰਕਾਰ ਬਣਨ ਤੋਂ ਬਾਅਦ ਅਜਿਹੇ ਵਾਅਦੇ ਲਾਰੇ ਹੀ ਪ੍ਰਤੀਤ ਹੁੰਦੇ ਹਨ। ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਮੌਜੂਦਾ ਸਰਕਾਰ ਵੀ ਸੇਵਾ ਮੁਕਤ ਹੋ ਚੁੱਕੇ ਮੁਲਾਜ਼ਮਾਂ ਨੂੰ ਉੱਕਾ-ਪੁੱਕਾ ਤਨਖਾਹ ਦੇ ਕੇ ਦੁਬਾਰਾ ਫਿਰ ਭਰਤੀ ਕਰ ਰਹੀ ਹੈ ਜੋ ਕਿ ਇਕ ਨਿੰਦਣਯੋਗ ਕਾਰਵਾਈ ਹੀ ਨਹੀਂ, ਸਗੋਂ ਲੱਖਾਂ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇ ਦਿਖਾਏ ਗਏ ਸੁਪਨੇ ਨੂੰ ਕਤਲ ਕਰਨ ਦੇ ਤੁੱਲ ਹੈ। ਮੁਲਾਜ਼ਮਾਂ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਖਾਲੀ ਹੋਈਆਂ ਥਾਵਾਂ 'ਤੇ ਨੌਜਵਾਨਾਂ ਨੂੰ ਹੀ ਭਰਤੀ ਕਰਨਾ ਚਾਹੀਦਾ ਹੈ, ਤਾਂ ਕਿ ਵਿਕਰਾਲ ਰੂਪ ਧਾਰਨ ਕਰ ਚੁੱਕੀ ਬੇਰੁਜ਼ਗਾਰੀ ਦਾ ਸਾਹਮਣਾ ਕੀਤਾ ਜਾ ਸਕੇ। ਸਰਕਾਰਾਂ ਨੂੰ ਅਤੇ ਸੇਵਾਮੁਕਤ ਮੁਲਾਜ਼ਮਾਂ ਨੂੰ ਆਪਣੇ ਫਰਜ਼ ਪਛਾਨਣੇ ਚਾਹੀਦੇ ਹਨ।

-ਪ੍ਰੀਤ ਸਿੰਘ ਸੰਦਲ (ਕਵੀਸ਼ਰ),
ਪਿੰਡ ਤੇ ਡਾਕ: ਮਕਸੂਦੜਾ (ਲੁਧਿਆਣਾ)।

ਸਹੀ ਯੋਜਨਾ ਦੀ ਲੋੜ

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਹਰ ਸਾਲ ਬੋਰਡ ਪ੍ਰੀਖਿਆਵਾਂ ਵਿਚ ਨਕਲ ਰੋਕਣ ਦੇ ਯਤਨ ਕੀਤੇ ਜਾਂਦੇ ਹਨ। ਇਸ ਸਾਲ ਨਕਲ ਰੋਕਣ ਲਈ ਪ੍ਰੀਖਿਆ ਕੇਂਦਰਾਂ ਦੀ ਅਦਲਾ-ਬਦਲੀ ਕੀਤੀ ਗਈ ਹੈ। ਨਕਲ ਬੰਦ ਹੋਣੀ ਬਹੁਤ ਜ਼ਰੂਰੀ ਹੈ ਪਰ ਨਾਲ ਹੀ ਸਿੱਖਿਆ ਪ੍ਰਬੰਧ ਵਿਚ ਵੀ ਵੱਡੇ ਸੁਧਾਰਾਂ ਦੀ ਲੋੜ ਹੈ। ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਜਿਸ ਵਿਸ਼ੇ ਦਾ ਅਧਿਆਪਕ ਹੀ ਸਕੂਲ ਵਿਚ ਨਹੀਂ, ਵਿਦਿਆਰਥੀ ਉਸ ਵਿਸ਼ੇ ਦੀ ਪ੍ਰੀਖਿਆ ਕਿਵੇਂ ਦੇਵੇਗਾ? ਅਧਿਆਪਕ ਵਰਗ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਤੇ ਬੱਚਿਆਂ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਪੜ੍ਹਾਉਣਾ ਚਾਹੀਦਾ ਹੈ। ਅਧਿਆਪਕ ਯੋਗਤਾ ਟੈਸਟ (ਟੀ.ਈ.ਟੀ.) ਦੀ ਪਾਸ ਫ਼ੀਸਦੀ (3-4 ਫ਼ੀਸਦੀ) ਦੱਸਦਾ ਹੈ ਕਿ ਦੇਸ਼ ਵਿਚ ਚੰਗੇ ਅਧਿਆਪਕਾਂ ਦੀ ਵੱਡੀ ਘਾਟ ਹੈ।

-ਭੁਪਿੰਦਰ ਸਿੰਘ
ਪਿੰਡ ਤੇ ਡਾਕ: ਕੋਹਾਲੀ, ਜ਼ਿਲ੍ਹਾ ਅੰਮ੍ਰਿਤਸਰ।

ਪੰਚਾਇਤੀ ਚੋਣਾਂ

ਪੰਜਾਬ 'ਚ ਪੰਚਾਇਤੀ ਚੋਣਾਂ ਹੋਣ 'ਚ ਕੋਈ ਬਹੁਤਾ ਸਮਾਂ ਨਹੀਂ ਹੈ। ਸਰਪੰਚੀ ਦੇ ਦਾਅਵੇਦਾਰਾਂ ਨੇ ਅੰਦਰਖਾਤੇ ਆਪੋ-ਆਪਣੇ ਪੱਧਰ 'ਤੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪੰਚਾਇਤੀ ਚੋਣਾਂ ਬਾਕੀ ਚੋਣਾਂ ਨਾਲੋਂ ਲੋਕਾਂ ਲਈ ਜ਼ਿਆਦਾ ਖਿੱਚ ਦਾ ਕੇਂਦਰ ਹੁੰਦੀਆਂ ਹਨ। ਬਹੁਤੇ ਲੋਕ ਇਨ੍ਹਾਂ ਚੋਣਾਂ ਨੂੰ ਵੱਕਾਰ ਦਾ ਸਵਾਲ ਬਣਾ ਬੈਠਦੇ ਹਨ। ਸਿੱਟੇ ਵਜੋਂ ਪੈਸੇ ਵੰਡਣ, ਲਾਲਚ ਦੇਣ, ਡਰਾਵੇ ਧਮਕੀਆਂ ਦੇਣ ਦੇ ਨਾਲ-ਨਾਲ ਲੜਾਈ-ਝਗੜੇ ਤੱਕ ਵੀ ਨੌਬਤ ਆ ਜਾਂਦੀ ਹੈ। ਕਈ ਵਾਰ ਤਾਂ ਕਤਲ ਤੱਕ ਵੀ ਹੋ ਜਾਂਦੇ ਹਨ। ਅਸਲ ਵਿਚ ਜਿਥੋਂ ਤੱਕ ਪੰਚਾਇਤੀ ਚੋਣਾਂ ਨੂੰ ਨੇੜੇ ਤੋਂ ਵੇਖਿਆ-ਘੋਖਿਆ ਗਿਆ ਹੈ। ਉਹ ਪੇਂਡੂ ਭਾਈਚਾਰੇ ਲਈ ਘਾਤਕ ਹੀ ਸਾਬਤ ਹੋਇਆ ਹੈ। ਬਹੁਤੀ ਥਾਈਂ ਆਪਸੀ ਭਾਈਚਾਰਾ ਲੀਰੋ-ਲੀਰ ਹੋ ਕੇ ਰਹਿ ਗਿਆ ਹੈ। ਜਦੋਂ ਕਿ ਹੋਣਾ ਤਾਂ ਇਹ ਚਾਹੀਦਾ ਹੈ ਕਿ ਮਿਲੀ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਅ ਕੇ ਵਿਕਾਸ ਕਾਰਜਾਂ ਨੂੰ ਬੜਾਵਾ ਦੇ ਕੇ ਜਿਥੇ ਪਿੰਡ ਨੂੰ ਸੰਵਾਰਿਆ ਜਾਵੇ, ਉਥੇ ਹੋਰਨਾਂ ਲਈ ਪ੍ਰੇਰਨਾ ਦਾ ਸਰੋਤ ਵੀ ਬਣਿਆ ਜਾਵੇ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

39 ਭਾਰਤੀਆਂ ਦਾ ਗ਼ਮ

ਕੁਝ ਅਰਸਾ ਪਹਿਲਾਂ ਰੋਜ਼ੀ-ਰੋਟੀ ਖ਼ਾਤਰ ਵਿਦੇਸ਼ (ਇਰਾਕ) ਗਏ 39 ਭਾਰਤੀਆਂ, ਜਿਨ੍ਹਾਂ ਵਿਚ ਬਹੁਗਿਣਤੀ ਪੰਜਾਬੀਆਂ ਦੀ ਸੀ, ਸਬੰਧੀ ਪਿਛਲੇ ਕੁਝ ਸਮੇਂ ਤੋਂ ਅਚਾਨਕ ਲਾਪਤਾ ਹੋਣ ਦੀਆਂ ਖ਼ਬਰਾਂ ਮੀਡੀਏ ਰਾਹੀਂ ਲਗਾਤਾਰ ਮਿਲ ਰਹੀਆਂ ਸਨ ਅਤੇ ਉਦੋਂ ਤੋਂ ਹੀ ਉਨ੍ਹਾਂ ਦੀ ਭਾਲ ਸਬੰਧੀ ਯਤਨ ਜਾਰੀ ਸਨ। ਹੁਣ ਉਨ੍ਹਾਂ ਲਾਪਤਾ ਭਾਰਤੀਆਂ ਦੀਆਂ ਲਾਸ਼ਾਂ ਇਰਾਕ ਦੇ ਪਹਾੜੀ ਇਲਾਕੇ ਵਿਚੋਂ ਮਿਲਣ ਉਪਰੰਤ ਜਿਉਂ ਹੀ ਉਨ੍ਹਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਆਈਆਂ, ਤਿਉਂ ਹੀ ਦੇਸ਼ ਵਾਸੀਆਂ ਅਤੇ ਖ਼ਾਸ ਕਰਕੇ ਲਾਪਤਾ ਵਿਅਕਤੀਆਂ ਦੇ ਸਕੇ-ਸਬੰਧੀਆਂ ਦੇ ਮਨ ਡੂੰਘੇ ਗ਼ਮ ਦੇ ਸਮੁੰਦਰ ਵਿਚ ਡੁੱਬ ਗਏ। ਬਿਨਾਂ ਸ਼ੱਕ ਇਹ ਇਕ ਨਾ ਬਰਦਾਸ਼ਤਯੋਗ ਅਤੇ ਨਾ ਪੂਰਾ ਹੋਣ ਵਾਲਾ ਘਾਟਾ ਹੈ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

ਫ਼ੌਜ ਦੀ ਨੌਕਰੀ

ਪਿਛਲੇ ਦਿਨੀਂ ਅਖ਼ਬਾਰਾਂ ਵਿਚ ਪੜ੍ਹਿਆ ਹੈ ਕਿ ਸੰਸਦੀ ਕਮੇਟੀ ਨੇ ਸਿਫ਼ਾਰਸ਼ ਕੀਤੀ ਹੈ ਕਿ ਕਾਨੂੰਨ ਬਣਾਇਆ ਜਾਵੇ ਕਿ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਫ਼ੌਜ ਵਿਚ 5 ਸਾਲ ਨੌਕਰੀ ਜ਼ਰੂਰੀ ਕਰਾਰ ਕੀਤੀ ਜਾਵੇ। ਮੇਰੀ ਰਾਇ ਹੈ ਕਿ ਹਰ ਇਕ ਵਿਧਾਇਕ ਜਾਂ ਲੋਕ ਸਭਾ ਦੀ ਚੋਣ ਲੜਨ ਵਾਲੇ ਉਮੀਦਵਾਰ ਨੂੰ ਵੀ 5 ਸਾਲ ਦੀ ਫ਼ੌਜ ਵਾਲੀ ਸ਼ਰਤ ਵੀ ਲਾਜ਼ਮੀ ਹੋਣੀ ਚਾਹੀਦੀ ਹੈ ਤਾਂ ਕਿ ਅਨੁਸ਼ਾਸਿਤ ਲੋਕ ਹੀ ਸਿਆਸਤ ਵਿਚ ਆ ਸਕਣ।

-ਕੁਸਮ ਸ਼ਰਮਾ, ਫ਼ਰੀਦਕੋਟ।

ਪਰਾਈ ਆਸ ਕਰੇ ਨਿਰਾਸ਼

ਜ਼ਿੰਦਗੀ ਵਿਚ ਜੇਕਰ ਸਫ਼ਲ ਹੋਣਾ ਹੈ ਤਾਂ ਇਕ ਗੱਲ ਜ਼ਰੂਰ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਪਰਾਈ ਆਸ ਹਮੇਸ਼ਾ ਨਿਰਾਸ਼ ਹੀ ਕਰਦੀ ਹੈ। ਮੁੱਲ ਹਮੇਸ਼ਾ ਮਿਹਨਤ ਦਾ ਹੀ ਪੈਂਦਾ ਹੈ। ਹਿੰਮਤੀ ਵਿਅਕਤੀ ਹਨੇਰ-ਸਵੇਰ ਆਪਣੀ ਮੰਜ਼ਿਲ 'ਤੇ ਪਹੁੰਚ ਹੀ ਜਾਂਦਾ ਹੈ। ਮਿਹਨਤ ਤੋਂ ਵੱਡਾ ਸਫ਼ਲਤਾ ਦਾ ਕੋਈ ਸਾਧਨ ਨਹੀਂ। ਹਮੇਸ਼ਾ ਦੂਸਰਿਆਂ 'ਤੇ ਆਸ ਰੱਖਣ ਵਾਲਾ ਜਾਂ ਹਮੇਸ਼ਾ ਕਿਸਮਤ ਨੂੰ ਕੋਸਣ ਵਾਲਾ ਵਿਅਕਤੀ ਕਦੇ ਸਫ਼ਲ ਨਹੀਂ ਹੋ ਸਕਦਾ। ਇਨਸਾਨ ਦੀ ਕੀਤੀ ਮਿਹਨਤ ਕਦੇ ਵੀ ਵਿਅਰਥ ਨਹੀਂ ਜਾਂਦੀ, ਉਸ ਦਾ ਫਲ ਉਸ ਨੂੰ ਕਿਸੇ ਨਾ ਕਿਸੇ ਰੂਪ ਵਿਚ ਜ਼ਰੂਰ ਮਿਲ ਜਾਂਦਾ ਹੈ।

-ਜਸਪ੍ਰੀਤ ਕੌਰ 'ਸੰਘਾ'
ਪਿੰਡ ਤਨੂੰਲੀ,
ਜ਼ਿਲ੍ਹਾ ਹੁਸ਼ਿਆਰਪੁਰ।

ਕਣਕ, ਕੁਦਰਤ ਅਤੇ ਕਰੋਪੀ

ਕਣਕ ਪੰਜਾਬੀਆਂ ਦੀ ਜਿੰਦ ਜਾਨ ਹੈ। ਕੁਦਰਤ ਨਾਲ ਕਣਕ ਦਾ ਗੂੜ੍ਹਾ ਰਿਸ਼ਤਾ ਵੀ ਹੈ ਜੋ ਕਿ ਅਤੀਤ ਤੋਂ ਵਰਤਮਾਨ ਤੱਕ ਕਾਇਮ ਹੈ। ਪੰਜਾਬੀਆਂ ਦੇ ਜੀਵਨ ਨਿਰਬਾਹ ਅਤੇ ਆਰਥਿਕਤਾ ਦਾ ਧੁਰਾ ਕਣਕ ਹੀ ਹੈ। ਕਣਕ ਬੀਜਣ, ਵੱਢਣ ਅਤੇ ਸਾਂਭਣ ਦੇ ਤਰੀਕੇ ਸਮੇਂ ਅਨੁਸਾਰ ਢਲਦੇ ਗਏ।
ਕੁਦਰਤ ਨੇ ਕਣਕ ਦੇ ਮਨੁੱਖੀ ਜੀਵਨ ਪ੍ਰਤੀ ਕਈ ਪੱਖਾਂ ਨੂੰ ਪ੍ਰਭਾਵਿਤ ਕੀਤਾ ਹੈ। ਕੁਦਰਤ ਨਾਲ ਹੋਈ ਛੇੜਛਾੜ ਨੇ ਮੌਸਮ ਦਾ ਲਿਹਾਜ ਵਿਗਾੜ ਦਿੱਤਾ। ਦਾਤੀ ਨੂੰ ਘੁੰਗਰੂ ਲਾਉਣ ਦੇ ਨਾਲ-ਨਾਲ ਮੌਸਮ ਨੂੰ ਦੇਖ ਕੇ ਸਾਹ ਸੂਤੇ ਜਾਂਦੇ ਹਨ। ਮਨੁੱਖੀ ਜੀਵਨ ਤੇ ਕਣਕ ਰਾਹੀਂ ਹੋ ਰਹੀ ਅਲਰਜੀ ਸਭ ਤੋਂ ਵੱਧ ਕਰੋਪਵਾਨ ਹੈ। ਕਣਕ ਨੂੰ ਖਾਣ ਅਤੇ ਕਣਕ ਦੀ ਧੂੜ ਨੇ ਅੱਜ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਇਹ ਕੁਦਰਤ ਦੀ ਕਰੋਪੀ ਹੀ ਹੈ। ਭਵਿੱਖ ਜੈਵਿਕ ਖੇਤੀ ਦੀ ਮੰਗ ਕਰਦਾ ਹੈ। ਇਸ ਕਰਕੇ ਕੁਦਰਤ, ਕਣਕ ਵਿਚ ਕਰੋਪੀ ਦਾ ਵਿਛੋੜਾ ਪੈਣ ਦੀ ਆਸ ਬੱਝੇਗੀ। ਇਸ ਨਾਲ ਹੀ ਖੁਸ਼ਹਾਲ ਜੀਵਨ ਲਈ ਵੀ ਕੁਦਰਤ ਦਾ ਸੰਤੁਲਨ ਬਣੇਗਾ। ਇਸ ਨਾਲ ਹੀ ਭਵਿੱਖ ਖੁਸ਼ਹਾਲ ਅਤੇ ਅਰੋਗਤਾ ਭਰਿਆ ਹੋਣ ਦੀ ਆਸ ਬੱਜੇਗੀ। ਕਣਕ ਨਾਲ ਕੁਦਰਤ ਦਾ ਮੇਲ ਮੁੜ ਲੀਹਾਂ 'ਤੇ ਆਉਣ ਨਾਲ ਹੀ ਕਰੋਪੀ ਦਾ ਅੰਤ ਹੋਵੇਗਾ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

10-04-2018

 ਨਸ਼ਿਆਂ ਦੀ ਦਲਦਲ
ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ। ਬਿਨਾਂ ਸ਼ੱਕ ਸਰਕਾਰ ਦੁਆਰਾ ਨਸ਼ਿਆਂ ਦਾ ਕਾਰੋਬਾਰ ਖ਼ਤਮ ਕਰਨ ਦੀ ਗੱਲ ਕਹੀ ਜਾ ਰਹੀ ਹੈ ਪਰ ਜ਼ਮੀਨੀ ਪੱਧਰ 'ਤੇ ਸਥਿਤੀ ਹੋਰ ਹੈ। ਅੱਜ ਵੀ ਪੰਜਾਬ ਵਿਚ ਉਸ ਤਰ੍ਹਾਂ ਹੀ ਨਸ਼ਿਆਂ ਦਾ ਕਾਰੋਬਾਰ ਹੋ ਰਿਹਾ ਹੈ। ਬਿਨਾਂ ਸ਼ੱਕ ਛੋਟੇ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਪਰ ਵੱਡੇ ਤਸਕਰ ਅੱਜ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ ਹਨ। ਕੈਗ ਦੀ ਰਿਪੋਰਟ ਅਨੁਸਾਰ ਨਸ਼ਿਆਂ ਦੀ ਵਰਤੋਂ ਕਰਨ ਵਿਚ ਪੰਜਾਬ ਪਹਿਲੇ ਸਥਾਨ 'ਤੇ ਆ ਗਿਆ ਹੈ, ਜੋ ਕਿ ਪੰਜਾਬ ਲਈ ਬਹੁਤ ਨਮੋਸ਼ੀ ਵਾਲੀ ਗੱਲ ਹੈ। ਇਕ ਅਧਿਐਨ ਅਨੁਸਾਰ ਪੰਜਾਬ ਵਿਚ 75 ਫੀਸਦੀ ਨੌਜਵਾਨ ਨਸ਼ੀਲੇ ਪਦਾਰਥਾਂ ਦੀ ਲਪੇਟ ਵਿਚ ਹਨ, 67 ਫੀਸਦੀ ਘਰਾਂ ਵਿਚ ਘੱਟ ਤੋਂ ਘੱਟ ਇਕ ਵਿਅਕਤੀ ਨਸ਼ੇ ਦਾ ਸੇਵਨ ਕਰਦਾ ਹੈ ਤੇ ਹਰ ਸੱਤ ਦਿਨਾਂ ਵਿਚ ਇਕ ਵਿਅਕਤੀ ਦੀ ਨਸ਼ੇ ਨਾਲ ਮੌਤ ਹੁੰਦੀ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਜ਼ਮੀਨੀ ਪੱਧਰ 'ਤੇ ਨਸ਼ਿਆਂ ਨੂੰ ਖ਼ਤਮ ਕੀਤਾ ਜਾਵੇ। ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਪੱਧਰ 'ਤੇ ਸਰਕਾਰ ਤੇ ਪੁਲਿਸ ਦਾ ਸਹਿਯੋਗ ਕਰਨ, ਕਿਉਂਕਿ ਸਾਰਿਆਂ ਦੇ ਸਹਿਯੋਗ ਨਾਲ ਹੀ ਇਸ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

-ਕਮਲ ਬਰਾੜ,
ਪਿੰਡ ਕੋਟਲੀ ਅਬਲੂ।

ਸ਼ਹਾਦਤ ਦਿਵਸ
ਕੌਮੀ ਪਰਵਾਨਿਆਂ ਨੇ ਸਾਡੇ ਦੇਸ਼ ਨੂੰ ਗੁਲਾਮੀ-ਮੁਕਤ ਦੇਖਣ ਲਈ ਆਪਣੇ ਗਲਾਂ 'ਚ ਫਾਂਸੀ ਦੇ ਰੱਸਿਆਂ ਨੂੰ ਹਾਰ ਸਮਝ ਇਸ ਲਈ ਪਹਿਨਿਆ ਕਿ ਆਜ਼ਾਦ ਭਾਰਤ ਦਾ ਹਰ ਇਕ ਨੌਜਵਾਨ ਆਜ਼ਾਦ ਫਿਜ਼ਾ 'ਚ ਇਕ ਬੁਲੰਦ ਸੋਚ ਰਾਹੀਂ ਨਵੇਂ ਦਿਸਹੱਦਿਆਂ ਦੀ ਭਾਲ 'ਚ ਇਕ ਵੱਖਰਾ ਇਤਿਹਾਸ ਰਚੇ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਗੁਲਾਮ-ਏ-ਜ਼ੰਜੀਰ ਕੱਟਣ ਵਾਲੀ ਸੋਚ ਕਿੱਥੇ ਕੁ ਖੜ੍ਹੀ ਹੈ, ਇਹ ਇਕ ਵੱਡਾ ਸਵਾਲ ਸਾਡੇ ਸਾਹਮਣੇ ਹੈ, ਕਿਤੇ ਅਸੀਂ ਮੁੜ ਗੁਲਾਮੀ ਵੱਲ ਤਾਂ ਨਹੀਂ ਵਧ ਰਹੇ। ਅੱਜ ਸਾਡਾ ਜ਼ਿਆਦਾਤਰ ਨੌਜਵਾਨ ਵਰਗ ਗੈਂਗਸਟਰ ਦੀ ਆੜ 'ਚ ਆਪਣਾ ਵਜੂਦ ਖ਼ਤਮ ਕਰ ਰਿਹਾ ਹੈ। ਗਾਹੇ-ਬਗਾਹੇ ਲੱਭਦੀਆਂ ਛੋਟੀ ਸੂਈ ਵਾਲੀਆਂ ਸਰਿੰਜਾਂ ਕੁਰਾਹੇ ਪਈ ਜਵਾਨੀ ਦਾ ਪ੍ਰਤੀਕ ਹਨ। ਭਗਤ ਸਿੰਘ ਦੇ ਸੁਪਨਿਆਂ ਦਾ ਸੰਸਾਰ ਤਿਲਸਮ ਸਾਬਤ ਹੋ ਰਿਹਾ ਹੈ, ਕਿਉਂਕਿ ਅੱਜ ਉਸ ਦੇ ਜੀਵਨ ਵਰਗੀ ਸਾਦਗੀ, ਸਹਿਜਤਾ, ਸੁਹਜਤਾ, ਸੂਰਤ, ਸੀਰਤ ਅਤੇ ਹਲੀਮੀ ਨੌਜਵਾਨਾਂ 'ਚ ਮਨਫ਼ੀ ਹੋ ਰਹੀ ਹੈ। ਕੇਸਰੀ ਪੱਗ ਵੀ ਅੱਜ ਲੁਕਵੇਂ ਮੰਤਵਾਂ ਦੀ ਆੜ 'ਚ ਨਿੱਜ ਹਿਤਾਂ ਲਈ ਦਮ ਤੋੜਦੀ ਜਾਪਦੀ ਹੈ। ਬਹੁਤ ਸਾਰੇ ਨੌਜਵਾਨ ਜੋ ਸੁੱਚਮਤਾ ਨਾਲ ਸਮਾਜ ਸੇਵਾ ਵਿਚ ਜੁਟੇ ਹੋਏ ਹਨ, ਨਰੋਏ ਸਮਾਜ ਸਿਰਜਣ ਦੀ ਨੀਂਹ ਨੂੰ ਮਜ਼ਬੂਤ ਕਰ ਰਹੇ ਹਨ, ਉਹ ਦੇਸ਼ ਲਈ ਸ਼ੁੱਭ ਸੰਕੇਤ ਹਨ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਲੁਧਿਆਣਾ।

ਪ੍ਰਸ਼ਨ ਪੱਤਰ ਲੀਕ ਮਾਮਲਾ
ਦੇਸ਼ ਵਿਚ ਸਿੱਖਿਆ ਖੇਤਰ ਦੀ ਵਕਾਰੀ ਸੰਸਥਾ ਸੀ. ਬੀ. ਐਸ. ਈ. ਦੇ ਹੋ ਰਹੇ ਸਾਲਾਨਾ ਇਮਤਿਹਾਨਾਂ ਦੌਰਾਨ ਦਸਵੀਂ ਦਾ ਗਣਿਤ ਤੇ ਬਾਰ੍ਹਵੀਂ ਦਾ ਅਰਥ-ਸ਼ਾਸਤਰ ਦੇ ਪੇਪਰ ਲੀਕ ਹੋਣ ਨਾਲ ਇਹ ਗੱਲ ਜੱਗ ਜ਼ਾਹਰ ਹੋ ਗਈ ਹੈ ਕਿ ਦੇਸ਼ ਦਾ ਤੰਤਰ ਕਿੰਨਾ ਭ੍ਰਿਸ਼ਟ ਹੋ ਚੁੱਕਾ ਹੈ। ਰਾਜਨੀਤਕ ਤੇ ਪ੍ਰਸ਼ਾਸਨਿਕ ਖੇਤਰ ਤਾਂ ਭ੍ਰਿਸ਼ਟਾਚਾਰ ਦੀ ਦਲਦਲ ਵਿਚ ਫਸੇ ਹੀ ਸਨ ਪਰ ਸਿੱਖਿਆ ਖੇਤਰ ਵਿਚ ਵਾਪਰੀ ਅਜਿਹੀ ਘਟਨਾ ਤੋਂ ਸਾਰਾ ਦੇਸ਼ ਦੰਗ ਰਹਿ ਗਿਆ। ਪਰ ਇਸ ਦੀ ਸਜ਼ਾ ਬੇਕਸੂਰ ਮਾਪੇ ਤੇ ਵਿਦਿਆਰਥੀ ਭੁਗਤ ਰਹੇ ਹਨ। ਬਿਨਾਂ ਕੁਝ ਖਾਦੇ-ਪੀਤਿਆਂ ਦਿਨ-ਰਾਤ ਇਕ ਕਰਕੇ ਕੀਤੀ ਮਿਹਨਤ 'ਤੇ ਝਟਕੇ 'ਚ ਪਾਣੀ ਫਿਰ ਗਿਆ। ਅਪਰਾਧੀ ਨੂੰ ਲੱਭਣ ਲਈ ਕ੍ਰਾਈਮ ਬ੍ਰਾਂਚ ਤੇ ਐਸ. ਆਈ. ਟੀ. ਵਲੋਂ ਕਈ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ ਪਰ ਇਕ ਵਾਰੀ ਜੋ ਕਲੰਕ ਇਸ ਸਿੱਖਿਆ ਸੰਸਥਾ 'ਤੇ ਲੱਗ ਗਿਆ, ਧੋਣਾ ਮੁਸ਼ਕਿਲ ਹੈ।

-ਪਰਮ ਪਿਆਰ ਸਿੰਘ,
ਨਕੋਦਰ।

ਵੀ.ਆਈ.ਪੀ. ਸੱਭਿਆਚਾਰ
ਧਾਰਮਿਕ ਸਥਾਨ ਆਮ ਲੋਕਾਂ ਦੀ ਆਸਥਾ ਦਾ ਕੇਂਦਰ ਹੁੰਦੇ ਹਨ। ਸਿੱਖ ਗੁਰੂਆਂ ਨੇ ਮਨੁੱਖੀ ਮਹਾਨਤਾ ਦਾ ਹੋਕਾ ਪ੍ਰਚੰਡ ਕੀਤਾ ਹੈ ਪਰ ਅਜੋਕੇ ਸਮੇਂ ਧਾਰਮਿਕ ਸਥਾਨ ਰਾਜਨੀਤੀ ਦਾ ਕੇਂਦਰ ਬਣੇ ਹੋਏ ਹਨ। ਅੱਜ ਧਾਰਮਿਕ ਸਥਾਨਾਂ 'ਤੇ ਵੀ.ਆਈ.ਪੀ. ਸੱਭਿਆਚਾਰ ਅਤੇ ਸਿਫਾਰਸ਼ਾਂ ਦਾ ਬੋਲਬਾਲਾ ਹੈ। ਉੱਚੀ ਪਹੁੰਚ ਰੱਖਣ ਵਾਲੇ ਕਮੇਟੀਆਂ ਦੇ ਅਹੁਦੇਦਾਰਾਂ ਅਤੇ ਪ੍ਰਬੰਧਕਾਂ ਦੇ ਸਿਫ਼ਾਰਸ਼ੀਆਂ ਨੂੰ ਮੱਥਾ ਟੇਕਣ ਅਤੇ ਕਮਰਿਆਂ ਨੂੰ ਰਾਖਵੇਂ ਰੱਖਣ ਆਦਿ ਲਈ ਪਹਿਲ ਦੇਣਾ ਖ਼ਤਰਨਾਕ ਰੁਝਾਨ ਹੈ, ਜੋ ਕਿ ਲੋਕਾਂ ਦੀ ਆਸਥਾ ਨੂੰ ਸੱਟ ਮਾਰਨ ਵਾਲਾ ਹੈ। ਭਾਵੇਂ ਬਜ਼ੁਰਗਾਂ ਜਾਂ ਅਪਾਹਜਾਂ ਲਈ ਪੌੜੀ, ਲਿਫਟਾਂ ਜਾਂ ਚੜ੍ਹਾਈ ਚੜ੍ਹਾਉਣ ਲਈ ਵਿਸ਼ੇਸ਼ ਗੱਡੀਆਂ ਦੇ ਪ੍ਰਬੰਧ ਦਾ ਪ੍ਰਚਾਰ ਕੀਤਾ ਜਾਂਦਾ ਹੈ ਪਰ ਅਸਲ ਵਿਚ ਪ੍ਰਬੰਧ ਨਾਮਾਤਰ ਹੁੰਦੇ ਹਨ। ਸਿਰਫ ਅਖ਼ਬਾਰਾਂ ਦੀਆਂ ਸੁਰਖੀਆਂ ਲਈ ਤਸਵੀਰਾਂ ਖਿਚਵਾਉਣ ਤੱਕ ਹੀ ਸੀਮਤ ਹੁੰਦੇ ਹਨ। ਪਹਿਰੇਦਾਰਾਂ ਦਾ ਅੱਖੜ ਸੁਭਾਅ ਅਤੇ ਅੜੀਅਲ ਵਤੀਰਾ ਬਲਦੀ 'ਤੇ ਤੇਲ ਪਾਉਣ ਦਾ ਕੰਮ ਕਰਦਾ ਹੈ ਅਤੇ ਹਿਰਦੇ ਵਲੂੰਧਰਦਾ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ ਤਾਂ ਅਕਬਰ ਵਰਗੇ ਬਾਦਸ਼ਾਹ ਨੂੰ ਪੰਗਤ ਵਿਚ ਬੈਠ ਕੇ ਲੰਗਰ ਛਕਣ ਤੋਂ ਬਾਅਦ ਹੀ ਦਰਸ਼ਨ ਦਿੱਤੇ ਸਨ, ਜੋ ਕਿ ਵੀ.ਆਈ.ਪੀ. ਸੱਭਿਆਚਾਰ ਵਿਰੁੱਧ ਸਪੱਸ਼ਟ ਸੰਕੇਤ ਅਤੇ ਉਪਦੇਸ਼ ਸੀ। ਵੀ.ਆਈ.ਪੀ. ਸੱਭਿਆਚਾਰ ਖ਼ਤਮ ਕਰਕੇ, ਲੋੜਵੰਦਾਂ ਅਤੇ ਅਪਾਹਜ ਵਿਅਕਤੀਆਂ ਨੂੰ ਪਹਿਲ ਅਤੇ ਵਿਸ਼ੇਸ਼ ਸਹੂਲਤਾਂ ਦੇਣ ਦੀ ਪਹਿਲਕਦਮੀ ਕਰਨੀ ਚਾਹੀਦੀ ਹੈ।

-ਚਰਨਜੀਤ ਸਿੰਘ,
ਲੈਕਚਰਾਰ ਪੰਜਾਬੀ, ਸ: ਸੀ: ਸੈ: ਸਕੂਲ, ਬਾਸੋਵਾਲ (ਰੂਪਨਗਰ)।

 


ਅਧਿਆਪਕਾਂ ਦਾ ਸਤਿਕਾਰ
ਮੇਰੀ ਲਿਖਤ ਸਾਰੇ ਅਧਿਆਪਕਾਂ ਨੂੰ ਬਾਸਤਿਕਾਰ ਸਮਰਪਿਤ ਹੈ। ਮਸ਼ਹੂਰ ਪਾਕਿਸਤਾਨੀ ਅਦੀਬ ਮਰਹੂਮ ਅਸਫਾਕ ਅਹਿਮਦ ਨੇ ਲਿਖਿਆ ਹੈ : ਰੋਮ (ਇਟਲੀ) ਵਿਚ ਮੇਰਾ ਚਾਲਾਨ ਹੋਇਆ ਪਰ ਮਸਰੂਫ਼ ਹੋਣ ਕਾਰਨ ਫ਼ੀਸ ਸਮੇਂ ਸਿਰ ਜਮ੍ਹਾਂ ਨਾ ਕਰਵਾ ਸਕਿਆ। ਲਿਹਾਜ਼ਾ ਅਦਾਲਤ ਜਾਣਾ ਪੈ ਗਿਆ। ਜੱਜ ਦੇ ਸਾਹਮਣੇ ਪੇਸ਼ ਹੋਇਆ ਤਾਂ ਉਸ ਨੇ ਵਜ੍ਹਾ ਪੁੱਛੀ। ਮੈਂ ਕਿਹਾ ਕਿ ਪ੍ਰੋਫੈਸਰ ਹਾਂ, ਮਸਰੂਫ਼ ਹੋਣ ਕਾਰਨ ਵਕਤ ਹੀ ਨਹੀਂ ਮਿਲਿਆ। ਇਸ ਤੋਂ ਪਹਿਲਾਂ ਕਿ ਮੈਂ ਆਪਣੀ ਗੱਲ ਪੂਰੀ ਕਰਦਾ, ਜੱਜ ਬੋਲਿਆ ਕਿ ਇਕ ਅਧਿਆਪਕ ਅਦਾਲਤ ਵਿਚ ਮੌਜੂਦ ਹੈ....॥.... ਸਾਰੇ ਜਣੇ ਖੜ੍ਹੇ ਹੋ ਗਏ ਤੇ ਮੈਥੋਂ ਮਾਫ਼ੀ ਮੰਗ ਕੇ ਚਾਲਾਨ ਰੱਦ ਕਰ ਦਿੱਤਾ। ਉਸ ਵੇਲੇ ਮੁਲਕ ਦੀ ਕਾਮਯਾਬੀ ਦਾ ਰਾਜ ਪਤਾ ਲੱਗਾ। ਅਮਰੀਕਾ ਵਿਚ ਸਿਰਫ ਦੋ ਤਰ੍ਹਾਂ ਦੇ ਲੋਕ ਹੀ ਵੀ.ਆਈ.ਪੀ. ਮੰਨੇ ਜਾਂਦੇ ਹਨ ਵਿਗਿਆਨੀ ਅਤੇ ਅਧਿਆਪਕ। ਫਰਾਂਸ ਵਿਚ ਅਦਾਲਤਾਂ 'ਚ ਸਿਰਫ ਅਧਿਆਪਕਾਂ ਨੂੰ ਹੀ ਕੁਰਸੀ 'ਤੇ ਬੈਠਣ ਦਾ ਹੱਕ ਹਾਸਲ ਹੈ। ਜਾਪਾਨ ਦੀ ਪੁਲਿਸ ਸਰਕਾਰ ਦੀ ਇਜਾਜ਼ਤ ਤੋਂ ਬਾਅਦ ਹੀ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ। ਦੱਖਣੀ ਕੋਰੀਆ ਵਿਚ ਹਰ ਅਧਿਆਪਕ ਨੂੰ ਉਹ ਸਾਰੇ ਹੱਕ ਹਾਸਲ ਹਨ ਜੋ ਭਾਰਤ ਵਿਚ ਵਜ਼ੀਰਾਂ ਨੂੰ ਮਿਲੇ ਹੋਏ ਹਨ।

-ਹਰਜਿੰਦਰ ਪਾਲ ਸਿੰਘ
ਜਵੱਦੀ ਕਲਾਂ, ਲੁਧਿਆਣਾ।

09-04-2018

 ਕਿਸਾਨ ਖੁਦਕੁਸ਼ੀਆਂ
ਅਖ਼ਬਾਰ ਦੇ ਮੁੱਖ ਪੰਨੇ 'ਤੇ ਤਿੰਨ ਸਾਲਾਂ 'ਚ 36 ਹਜ਼ਾਰ ਕਿਸਾਨਾਂ ਵਲੋਂ ਖੁਦਕੁਸ਼ੀਆਂ ਦੀ ਖ਼ਬਰ ਪੜ੍ਹੀ, ਜਿਸ ਨੂੰ ਪੜ੍ਹ ਕੇ ਦਿਲ ਨੂੰ ਬਹੁਤ ਦੁੱਖ ਹੋਇਆ। ਪੰਜਾਬ ਵਿਚ ਬੇਰੁਜ਼ਗਾਰੀ, ਮਹਿੰਗਾਈ ਅਤੇ ਕਰਜ਼ੇ ਦੀ ਮਾਰ ਨੇ ਕਿਸਾਨਾਂ ਦੇ ਜੀਵਨ ਨੂੰ ਐਨਾ ਪ੍ਰਭਾਵਿਤ ਕੀਤਾ ਹੈ ਕਿ ਉਨ੍ਹਾਂ ਦਾ ਜੀਵਨ ਦਿਨੋਂ-ਦਿਨ ਮੌਤ ਦੇ ਮੂੰਹ ਵਿਚ ਜਾ ਰਿਹਾ ਹੈ। ਜੋ ਬੈਂਕ ਸਰਕਾਰ ਵਲੋਂ ਕਿਸਾਨਾਂ ਦੀ ਮਦਦ ਲਈ ਖੋਲ੍ਹੇ ਗਏ ਸਨ, ਉਹੀ ਬੈਂਕ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਕਾਰਨ ਬਣ ਰਹੇ ਹਨ। ਜੀਵਨ ਦੁੱਖਾਂ ਅਤੇ ਸੁੱਖਾਂ ਦਾ ਸੁਮੇਲ ਹੈ। ਜੇ ਇਨਸਾਨ ਸੁੱਖ ਦੀ ਘੜੀ ਨੂੰ ਖਿੜੇ ਮੱਥੇ ਕਬੂਲਦਾ ਹੈ ਤਾਂ ਉਹ ਦੁੱਖ ਦੀ ਘੜੀ ਵਿਚ ਹੌਸਲਾ ਕਿਉਂ ਛੱਡ ਦਿੰਦਾ ਹੈ? ਇਸ ਵਿਚ ਕੋਈ ਸ਼ੱਕ ਨਹੀਂ ਕਿ ਇਕ ਸੂਝਵਾਨ ਵਿਅਕਤੀ ਜੇਕਰ ਚਾਹੇ ਤਾਂ ਥੋੜ੍ਹੀ ਕਮਾਈ ਵਿਚ ਵੀ ਆਪਣਾ ਗੁਜ਼ਾਰਾ ਕਰ ਸਕਦਾ ਹੈ, ਲੋੜ ਹੈ ਤਾਂ ਆਪਣੀ ਚਾਦਰ ਦੇਖ ਕੇ ਪੈਰ ਪਸਾਰਨ ਦੀ। ਸਰਕਾਰ ਓਨੀ ਦੇਰ ਤੱਕ ਖੁਦਕੁਸ਼ੀਆਂ ਦਾ ਸਿਲਸਿਲਾ ਨਹੀਂ ਰੋਕ ਸਕਦੀ, ਜਦੋਂ ਤੱਕ ਸਮਾਜ ਦਾ ਹਰ ਵਿਅਕਤੀ ਜਿਊਣ ਦੀ ਇੱਛਾ ਨੂੰ ਬਰਕਰਾਰ ਨਹੀਂ ਰੱਖੇਗਾ।


-ਨੂਰਦੀਪ ਕੋਮਲ,
ਸੰਗਰੂਰ।


ਸ਼ੋਰ ਪ੍ਰਦੂਸ਼ਣ
ਸੰਪਾਦਕੀ ਪੰਨੇ 'ਤੇ ਯਾਦਵਿੰਦਰ ਸਿੰਘ ਸਤਕੋਹਾ ਦਾ ਲੇਖ 'ਪੰਜਾਬੀਆਂ ਦੇ ਜੀਵਨ ਵਿਚ ਬੁਰੀ ਤਰ੍ਹਾਂ ਘਰ ਕਰ ਗਿਆ ਹੈ ਆਵਾਜ਼ ਪ੍ਰਦੂਸ਼ਣ' ਵਿਚ ਲੇਖਕ ਨੇ ਸਿਰਫ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਦੀ ਤੇ ਵਿਆਹਾਂ 'ਚ ਚਲਦੇ ਡੀ.ਜੇ. ਦੀ ਹੀ ਗੱਲ ਕੀਤੀ ਹੈ, ਜਦੋਂ ਕਿ ਪੰਜਾਬ ਦੇ ਹਰ ਪਿੰਡ ਵਿਚ 10-15 ਮਿੰਟਾਂ ਬਾਅਦ ਸਬਜ਼ੀ ਤੇ ਹੋਰ ਸਾਮਾਨ ਵੇਚਣ ਵਾਲਾ ਸਪੀਕਰਾਂ ਰਾਹੀਂ ਆਵਾਜ਼ ਦਿੰਦਾ ਹੈ, ਜੋ ਬਹੁਤ ਸ਼ੋਰ ਪਾਉਂਦੇ ਹਨ। ਇਸ ਤੋਂ ਬਿਨਾਂ ਲੋਕ ਟਰੈਕਟਰਾਂ 'ਤੇ ਵੀ ਵੱਡੇ ਪੱਧਰ 'ਤੇ ਗਾਣੇ ਵਜਾ ਕੇ ਸ਼ੋਰ ਪੈਦਾ ਕਰ ਰਹੇ ਹਨ। ਪਿੰਡਾਂ-ਸ਼ਹਿਰਾਂ ਵਿਚ ਦੀ ਲੰਘਦੇ ਟਰੱਕ-ਬੱਸ ਆਦਿ ਦੇ ਪ੍ਰੈਸ਼ਰ ਹਾਰਨ ਵੀ ਹਨ। ਅੱਜਕਲ੍ਹ ਲੋਕ ਵਿਆਹਾਂ ਜਾਂ ਹੋਰ ਖੁਸ਼ੀ ਦੇ ਮੌਕੇ 'ਤੇ ਪਟਾਕੇ ਵੀ ਅੱਧੀ ਰਾਤ ਤੱਕ ਵਜਾਉਂਦੇ ਸੁਣਦੇ ਹਨ।


-ਜਸਕਰਨ ਲੰਡੇ,
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਸੀਰੀਆ ਗ੍ਰਹਿ ਯੁੱਧ
ਪਿਛਲੇ ਕੁਝ ਸਮੇਂ ਤੋਂ ਸੀਰੀਆ ਦੀ ਤਬਾਹੀ ਦੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲ ਰਹੀਆਂ ਹਨ। ਹੈਵਾਨੀਅਤ ਦੇ ਇਸ ਗੰਦੇ ਨਾਚ ਨੂੰ ਦੇਖ ਕੇ ਇਨਸਾਨੀਅਤ ਸ਼ਰਮਸਾਰ ਹੁੰਦੀ ਜਾਪਦੀ ਹੈ। ਨਫਰਤ ਨਾਲ ਭਰੀ ਦੁਨੀਆ ਵਿਚ ਇਨਸਾਨੀ ਜ਼ਿੰਦਗੀ ਦੀ ਕੋਈ ਕੀਮਤ ਹੀ ਨਜ਼ਰੀਂ ਨਹੀਂ ਆਉਂਦੀ। ਸੀਰੀਆ ਗ੍ਰਹਿ ਯੁੱਧ ਦੀ ਸ਼ੁਰੂਆਤ 2011 ਵਿਚ ਹੋਈ, ਜਦੋਂ ਸਥਾਨਕ ਲੋਕਾਂ ਨੇ ਰਾਸ਼ਟਰਪਤੀ ਬਸ਼ਰ-ਉਲ-ਅਸਦ ਖਿਲਾਫ ਵਿਦਰੋਹ ਸ਼ੁਰੂ ਕੀਤਾ। ਇਸ ਵਿਦਰੋਹ ਦੀ ਹੋਂਦ 2006 ਤੋਂ 2011 ਤੱਕ ਪਏ ਸੋਕੇ ਦੇ ਪ੍ਰਭਾਵ ਕਾਰਨ ਉਪਜੀ ਬੇਰੁਜ਼ਗਾਰੀ, ਭੁੱਖਮਰੀ 'ਤੇ ਟਿਕੀ ਹੋਈ ਸੀ ਪਰ ਸਥਾਨਕ ਸਰਕਾਰ ਨੇ ਇਸ ਨੂੰ ਅਣਮਨੁੱਖੀ ਢੰਗ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੇ ਸਿੱਟੇ ਵਜੋਂ 'ਰੈਬਲਜ਼ ਆਰਮੀ' ਵਿਦਰੋਹੀਆਂ ਨੇ ਬਣਾਈ, ਜਿਸ ਦਾ ਉਦੇਸ਼ ਮੌਜੂਦਾ ਸਰਕਾਰ ਨੂੰ ਖ਼ਤਮ ਕਰਨਾ ਸੀ। ਇਸ ਗ੍ਰਹਿ ਯੁੱਧ ਵਿਚ ਅਮਰੀਕਾ ਜਿਥੇ 'ਰੈਬਲਜ਼ ਆਰਮੀ' ਦੇ ਹੱਕ ਵਿਚ ਹੈ, ਉਥੇ ਹੀ ਰੂਸ ਸੀਰੀਆ ਦੇ ਰਾਸ਼ਟਰਪਤੀ ਦੇ ਹੱਕ ਵਿਚ ਹੈ। ਸਾਰਕ ਅਤੇ ਯੂ. ਐਨ. ਓ. ਵਰਗੀਆਂ ਅੰਤਰਰਾਸ਼ਟਰੀ ਸੰਸਥਾਵਾਂ ਵੀ ਇਸ ਗ੍ਰਹਿ ਯੁੱਧ ਨੂੰ ਰੋਕਣ ਵਿਚ ਅਸਫਲ ਰਹੀਆਂ। ਇਹ ਸੰਘਰਸ਼ ਦੂਜੀ ਵਿਸ਼ਵ ਜੰਗ ਤੋਂ ਬਾਅਦ ਦੁਨੀਆ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਮਨੁੱਖੀ ਸੰਕਟ ਬਣ ਚੁੱਕਾ ਹੈ। ਇਸ ਗ੍ਰਹਿ ਯੁੱਧ ਵਿਚ ਜਿੱਤ ਕਿਸੇ ਦੀ ਹੋਵੇ ਪਰ ਹਾਰ ਮਨੁੱਖਤਾ ਦੀ ਹੀ ਹੋਈ ਹੈ।


-ਜਸਪ੍ਰੀਤ ਕੌਰ ਸੰਘਾ,
ਪਿੰਡ ਤਨੂੰਲੀ, ਹੁਸ਼ਿਆਰਪੁਰ।


ਅਨੁਸ਼ਾਸਨ ਦੀ ਮਹੱਤਤਾ
ਅਨੁਸ਼ਾਸਨ ਦਾ ਅਰਥ ਹੈ ਕਿ ਕਿਸੇ ਵਿਅਕਤੀ ਦੇ ਦਿਮਾਗ ਅਤੇ ਆਚਰਨ ਨੂੰ ਇਸ ਤਰ੍ਹਾਂ ਦੀ ਸਿਖਲਾਈ ਦੇਣਾ, ਜਿਸ ਨਾਲ ਉਹ ਆਪਣੇ-ਆਪ ਉੱਤੇ ਕਾਬੂ ਰੱਖਣਾ ਸਿੱਖ ਜਾਵੇ। ਅਨੁਸ਼ਾਸਨ ਨਾਲ ਹੀ ਵਿਅਕਤੀ ਸੰਸਕਾਰਾਂ ਵਿਚ ਰਹਿਣਾ ਸਿੱਖਦਾ ਹੈ। ਅਨੁਸ਼ਾਸਨ ਕਿਸੇ ਵੀ ਵਿਅਕਤੀ ਦੇ ਮਨ ਨੂੰ ਸਥਿਰਤਾ ਪ੍ਰਦਾਨ ਕਰਦਾ ਹੈ। ਇਹ ਸਥਿਰਤਾ ਹੀ ਉਸ ਨੂੰ ਜੀਵਨ ਦੇ ਸੰਘਰਸ਼ ਵਿਚ ਅੱਗੇ ਵਧਣ ਵਿਚ ਸਹਾਇਤਾ ਕਰਦੀ ਹੈ।
ਇਕ ਵਿਦਿਆਰਥੀ ਲਈ ਤਾਂ ਅਨੁਸ਼ਾਸਨ ਦਾ ਮਹੱਤਵ ਬਹੁਤ ਜ਼ਿਆਦਾ ਹੈ, ਕਿਉਂਕਿ ਵਿਦਿਆਰਥੀ ਜੀਵਨ ਹੀ ਮਨੁੱਖ ਦੀ ਸ਼ਖ਼ਸੀਅਤ ਦਾ ਆਧਾਰ ਹੁੰਦਾ ਹੈ। ਇਸ ਸਮੇਂ ਦੌਰਾਨ ਵਿਦਿਆਰਥੀ ਜੋ ਵੀ ਗੁਣ ਜਾਂ ਔਗੁਣ ਗ੍ਰਹਿਣ ਕਰਦਾ ਹੈ, ਉਸ ਦੇ ਅਨੁਸਾਰ ਹੀ ਉਸ ਦੇ ਆਚਰਨ ਦਾ ਨਿਰਮਾਣ ਹੁੰਦਾ ਹੈ। ਜੇਕਰ ਬੱਚਿਆਂ ਨੂੰ ਬਚਪਨ ਤੋਂ ਹੀ ਅਨੁਸ਼ਾਸਨ ਵਿਚ ਰਹਿਣਾ ਸਿਖਾਇਆ ਜਾਵੇ ਤਾਂ ਉਹ ਇਨ੍ਹਾਂ ਸਭ ਬੁਰਾਈਆਂ ਤੋਂ ਦੂਰ ਰਹਿ ਸਕਦੇ ਹਨ ਅਤੇ ਇਕ ਚੰਗੇ ਇਨਸਾਨ ਬਣ ਕੇ ਆਪਣਾ, ਆਪਣੇ ਮਾਂ-ਬਾਪ ਅਤੇ ਆਪਣੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕਦੇ ਹਨ।


-ਜਸ਼ਨਦੀਪ ਕੌਰ ਢਿੱਲੋਂ,
ਭੁੱਟੀਵਾਲਾ।


ਸਰਹੱਦਾਂ ਦਾ ਮਾਹੌਲ ਚਿੰਤਾਜਨਕ
ਜੰਮੂ-ਕਸ਼ਮੀਰ ਵਿਚ ਆਏ ਦਿਨੀਂ ਗੁਆਂਢੀ ਮੁਲਕ ਪਾਕਿਸਤਾਨ ਵਲੋਂ ਗੋਲੀਬਾਰੀ ਦੀ ਉਲੰਘਣਾ ਕੀਤੀ ਜਾ ਰਹੀ ਹੈ। ਪਾਕਿਸਤਾਨ ਦਾ ਇਹ ਵਰਤਾਰਾ ਲੰਮੇ ਸਮੇਂ ਤੋਂ ਜਾਰੀ ਹੈ। ਗੋਲੀਬਾਰੀ ਤੋਂ ਪ੍ਰਭਾਵਿਤ ਆਏ ਦਿਨੀਂ ਫੌਜ ਦੇ ਜਵਾਨ ਅਤੇ ਉਥੋਂ ਦੇ ਵਸਨੀਕ ਹੁੰਦੇ ਹਨ। ਲੰਮੇ ਸਮੇਂ ਤੋਂ ਇਹ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਬਿਨਾਂ ਕਿਸੇ ਜੰਗ ਦੇ ਨਿੱਤ ਹੀ ਮਾਵਾਂ ਦੇ ਪੁੱਤ ਸ਼ਹੀਦ ਹੋ ਰਹੇ ਹਨ, ਜਿਸ ਦਾ ਕਾਰਨ ਇਹ ਬੇਵਜ੍ਹਾ ਹੋ ਰਹੀ ਗੋਲੀਬਾਰੀ ਬਣ ਰਹੀ ਹੈ। ਕੇਂਦਰ ਸਰਕਾਰ ਨੂੰ ਇਸ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ, ਤਾਂ ਜੋ ਗੁਆਂਢੀ ਮੁਲਕ ਪਾਕਿਸਤਾਨ ਨਾਲ ਗੱਲਬਾਤ ਰਾਹੀਂ ਇਸ ਮਸਲੇ ਦਾ ਹੱਲ ਕੱਢਿਆ ਜਾ ਸਕੇ।


-ਜੀਤ ਹਰਜੀਤ,
ਪ੍ਰੀਤ ਨਗਰ, ਹਰੇੜੀ ਰੋਡ, ਸੰਗਰੂਰ।

06-04-2018

 ਆਟੋ ਰਿਕਸ਼ਿਆਂ ਦੀ ਭਰਮਾਰ

ਅੱਜ ਸ਼ਹਿਰ ਵਿਚ ਜਿਸ ਪਾਸੇ ਵੀ ਜਾਓ, ਆਟੋ ਰਿਕਸ਼ਾ ਵਾਲਿਆਂ ਦੀ ਭਰਮਾਰ ਹੈ। ਇਕ ਗੱਲ ਤਾਂ ਠੀਕ ਹੈ ਕਿ ਆਟੋ ਰਿਕਸ਼ਾ ਦੀ ਸਹੂਲਤ ਹੈ ਕਿ ਸ਼ਹਿਰ ਵਿਚ ਇਕ ਥਾਂ ਤੋਂ ਦੂਜੀ ਥਾਂ 'ਤੇ ਜਾਣ ਲਈ ਕਿਸੇ ਬੱਸ ਦੀ ਜ਼ਿਆਦਾ ਉਡੀਕ ਨਹੀਂ ਕਰਨੀ ਪੈਂਦੀ ਤੇ ਆਟੋ ਰਿਕਸ਼ਾ ਵਾਲੇ ਤੁਹਾਨੂੰ ਘਰ ਤੋਂ ਬਾਹਰ ਨਿਕਲਦੇ ਹੀ ਮਿਲ ਜਾਣਗੇ। ਪਰ ਅੱਜਕਲ੍ਹ ਸਹੂਲਤ ਦੇ ਨਾਂਅ 'ਤੇ ਗੁੰਡਾਗਰਦੀ ਵਧ ਰਹੀ ਹੈ। ਕੁਝ ਸ਼ਰਾਰਤੀ ਕਿਸਮ ਦੇ ਨੌਜਵਾਨ ਆਟੋ ਰਿਕਸ਼ਾ ਚਲਾਉਂਦੇ ਹਨ, ਜੋ ਕਿ ਬਹੁਤ ਉੱਚੀ ਆਵਾਜ਼ ਵਿਚ ਸਪੀਕਰ ਲਗਾ ਕੇ ਗੀਤ ਵਜਾਉਂਦੇ ਹੋਏ ਲੰਘਦੇ ਹਨ। ਕੁਝ ਆਟੋ ਰਿਕਸ਼ਾ ਵਾਲੇ ਤਾਂ ਸੜਕ 'ਤੇ ਵਿਚਕਾਰ ਹੀ ਆਟੋ ਖੜ੍ਹਾ ਕਰਕੇ ਸਵਾਰੀ ਚੁੱਕਣ ਲੱਗ ਜਾਂਦੇ ਹਨ, ਜਿਸ ਕਰਕੇ ਆਵਾਜਾਈ ਦੀ ਸਮੱਸਿਆ ਪੇਸ਼ ਆਉਂਦੀ ਹੈ। ਪਿਛਲੇ ਦਿਨੀਂ ਪ੍ਰਸ਼ਾਸਨ ਵਲੋਂ ਕੁਝ ਸਖ਼ਤੀ ਕੀਤੀ ਗਈ ਪਰ ਉਸ ਦਾ ਵੀ ਕੋਈ ਖ਼ਾਸ ਅਸਰ ਹੋਇਆ ਨਹੀਂ ਦਿਸਦਾ। ਆਟੋ ਰਿਕਸ਼ਾ ਵਾਲੇ ਨਿਯਮਾਂ ਤੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਆਪਣੀ ਆਵਾਰਾਗਰਦੀ ਉਸੇ ਤਰ੍ਹਾਂ ਜਾਰੀ ਰੱਖ ਰਹੇ ਹਨ। ਆਖ਼ਰ ਇਹ ਕਦੋਂ ਤੱਕ ਚਲਦਾ ਰਹੇਗਾ।

-ਗੁਰਪ੍ਰੀਤ ਸਿੰਘ
ਜਲੰਧਰ।

ਕੈਰੀਅਰ ਦੀ ਚੋਣ

ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਕੈਰੀਅਰ ਦੀ ਚੋਣ ਆਪ ਕਰਨ। ਇਸ ਤਰ੍ਹਾਂ ਹੀ ਉਹ ਅੱਗੇ ਜਾ ਕੇ ਜ਼ਿੰਦਗੀ ਵਿਚ ਸਫ਼ਲ ਹੋ ਸਕਦੇ ਹਨ। ਵਿਦਿਆਰਥੀਆਂ ਦੇ ਇਹ ਵੀ ਧਿਆਨ ਵਿਚ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਜਿਸ ਵਿਸ਼ੇ ਜਾਂ ਫਿਰ ਕਿਸੇ ਕੰਪਿਊਟਰ ਦਾ ਕੋਰਸ ਆਦਿ ਵਿਚ ਦਿਲ ਕਰਦਾ ਹੈ, ਉਨ੍ਹਾਂ ਨੂੰ ਉਹੀ ਵਿਸ਼ਾ ਜਾਂ ਫਿਰ ਕੋਰਸ ਕਰਨਾ ਚਾਹੀਦਾ ਹੈ। ਮਾਤਾ-ਪਿਤਾ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚੇ ਦਾ ਜਿਸ ਵਿਸ਼ੇ ਵਿਚ ਮਨ ਕਰਦਾ ਹੈ, ਉਸ ਨੂੰ ਉਹੀ ਵਿਸ਼ਾ ਪੜ੍ਹਾਇਆ ਜਾਵੇ। ਅੱਜਕਲ੍ਹ ਦੇ ਮੁੰਡੇ-ਕੁੜੀਆਂ ਕੈਰੀਅਰ ਲਈ ਗੁੰਮਰਾਹ ਹੋ ਰਹੇ ਹਨ। ਉਨ੍ਹਾਂ ਨੂੰ ਤਜਰਬੇਕਾਰ ਅਧਿਆਪਕ ਕੋਲੋਂ ਰਾਇ ਲੈਣੀ ਚਾਹੀਦੀ ਹੈ। ਅਸੀਂ ਸਭ ਕੁਝ ਕਰ ਸਕਦੇ ਹਾਂ, ਕੁਝ ਵੀ ਔਖਾ ਨਹੀਂ ਹੁੰਦਾ। ਇਰਾਦਾ ਮਜ਼ਬੂਤ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚ ਸਕਦੇ ਹਾਂ।

-ਪ੍ਰੋ: ਜਗਸੀਰ ਸਿੰਘ
ਕਿਸ਼ਨਗੜ੍ਹ ਫਰਵਾਹੀ (ਮਾਨਸਾ)।

ਲਾਵਾਰਸ ਪਸ਼ੂਆਂ ਲਈ ਜ਼ਿੰਮੇਵਾਰ ਸਮਾਜ

ਰੋਜ਼ਮਰਾ ਅਕਸਰ ਦੇਖਣ 'ਚ ਆਇਆ ਹੈ ਕਿ ਭੁੱਖੇ ਪਸ਼ੂ ਆਪਣੀ ਭੁੱਖ ਮਿਟਾਉਣ ਲਈ ਵਿਚਾਰੇ ਬੇਜ਼ਬਾਨੇ ਇਧਰ-ਉਧਰ ਭਟਕਦੇ ਫ਼ਸਲਾਂ 'ਚ ਪੇਟ ਭਰਨ ਲਈ ਜਾਂਦੇ ਹਨ। ਫ਼ਸਲ ਦਾ ਉਜਾੜਾ ਹੋ ਜਾਂਦਾ ਹੈ। ਯਕੀਨਨ ਹੀ ਉਹ ਕਿਸਾਨ ਦੁਖੀ ਹੋਵੇਗਾ। ਪਰ ਇਸ ਸਭ ਲਈ ਸਾਡਾ ਸਮਾਜ, ਸਰਕਾਰਾਂ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਕਿਉਂਕਿ ਇਨ੍ਹਾਂ ਪਸ਼ੂਆਂ ਦਾ ਖੂਨ-ਪਸੀਨਾ ਨਿਚੋੜ ਕੇ ਆਪਣਾ ਮਤਲਬ ਕੱਢ ਕੇ ਬੇਕਾਰ ਹੋਏ ਸਮਝ ਕੇ ਪਸ਼ੂਆਂ ਦੇ ਸੰਗਲ ਖੋਲ੍ਹ ਆਵਾਰਾ ਛੱਡ ਦਿੰਦੇ ਹਨ ਅਤੇ ਵਿਚਾਰੇ ਅਣਮਨੁੱਖੀ ਅੱਤਿਆਚਾਰ ਦੇ ਸ਼ਿਕਾਰ ਹੋ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਦੇ ਵਸੇਬੇ ਲਈ ਜੋ ਲੱਖਾਂ ਰੁਪਏ ਟੈਕਸ ਲਿਆ ਜਾਂਦਾ ਹੈ ਇਨ੍ਹਾਂ ਲਈ ਉਚਿਤ ਪ੍ਰਬੰਧ ਰੱਖ-ਰਖਾਅ ਲਈ ਕੋਈ ਉਪਰਾਲਾ ਕਰੇ ਅਤੇ ਜੋ ਵਿਅਕਤੀ ਇਨ੍ਹਾਂ ਨੂੰ ਜਦੋਂ ਬੇਕਾਰ ਸਮਝ ਕੇ ਸੰਗਲ ਖੋਲ੍ਹ ਆਵਾਰਾ ਛੱਡ ਦਿੰਦੇ ਹਨ, ਦੇ ਵਿਰੁੱਧ ਸਖ਼ਤ ਕਾਨੂੰਨ ਬਣਾਇਆ ਜਾਵੇ। ਇਸ ਨਾਲ ਫ਼ਸਲਾਂ ਦਾ ਉਜਾੜਾ ਤੇ ਸੜਕਾਂ 'ਤੇ ਰੋਜ਼ਮਰਾ ਦੁਰਘਟਨਾਵਾਂ, ਬੇਜ਼ਬਾਨੇ ਪਸ਼ੂਆਂ 'ਤੇ ਅੱਤਿਆਚਾਰਾਂ ਨੂੰ ਠੱਲ੍ਹ ਪਾਈ ਜਾ ਸਕੇ।

-ਹਰਦੇਵ ਸਿੰਘ
ਭੋਜਾ ਪੱਟੀ, ਨਗਰ ਬਿਲਗਾ, ਤਹਿ: ਫਿਲੌਰ (ਜਲੰਧਰ)।

ਵਿਦਿਆਰਥੀ ਚੋਣ

ਪਿਛਲੇ ਦਿਨੀਂ ਪੰਜਾਬ ਸਰਕਾਰ ਦੁਆਰਾ ਵਿਦਿਆਰਥੀ ਚੋਣਾਂ ਕਰਵਾਉਣ ਦਾ ਐਲਾਨ ਕਰਨਾ ਇਕ ਸ਼ਲਾਘਾਯੋਗ ਕਦਮ ਹੈ। ਇਸ ਤੋਂ ਪਹਿਲਾਂ 1984 ਵਿਚ ਸਾਰੇ ਸੂਬੇ ਵਿਚ ਵਿਦਿਆਰਥੀ ਚੋਣਾਂ ਹੋਈਆਂ ਸਨ ਪਰ ਉਸ ਸਮੇਂ ਕਈ ਹਿੰਸਕ ਘਟਨਾਵਾਂ ਵਾਪਰਨ ਕਰਕੇ ਉਸ ਤੋਂ ਬਾਅਦ ਇਹ ਚੋਣਾਂ ਬੰਦ ਕਰ ਦਿੱਤੀਆਂ ਸਨ। ਇਨ੍ਹਾਂ ਚੋਣਾਂ ਨਾਲ ਜਿਥੇ ਪੰਜਾਬ ਦੇ ਨੌਜਵਾਨਾਂ ਵਿਚ ਅਗਵਾਈ ਵਾਲੇ ਗੁਣ ਪੈਦਾ ਕੀਤੇ ਜਾ ਸਕਦੇ ਹਨ, ਉਥੇ ਵਿਦਿਆਰਥੀ ਆਪਣੀਆਂ ਮੰਗਾਂ ਲਈ ਵੀ ਸੰਘਰਸ਼ ਕਰ ਸਕਦੇ ਹਨ। ਪੰਜਾਬ ਵਿਚ ਜ਼ਿਆਦਾਤਰ ਨੇਤਾ ਵਿਦਿਆਰਥੀ ਯੂਨੀਅਨਾਂ ਤੋਂ ਉੱਠ ਕੇ ਹੀ ਆਉਂਦੇ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਚੋਣਾਂ ਨਿਰਪੱਖ ਹੋ ਕੇ ਕਰਵਾਈਆਂ ਜਾਣ। ਵਿਦਿਆਰਥੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਕਾਨੂੰਨ ਨੂੰ ਆਪਣੇ ਹੱਥ ਵਿਚ ਲੈ ਕੇ ਹੁੱਲੜਬਾਜ਼ੀ ਨਾ ਕਰਨ, ਕਿਸੇ ਨਾਲ ਵੀ ਜਾਤੀ ਰੰਜਿਸ਼ ਨਾ ਕੱਢਣ, ਆਪਣੀ ਹੈਂਕੜ ਜ਼ਾਹਰ ਨਾ ਕਰਨ। ਬਸ ਆਏ ਨਤੀਜਿਆਂ ਨੂੰ ਕਬੂਲ ਕਰਨਾ ਹੀ ਆਪਣੇ ਅਤੇ ਪੰਜਾਬ ਦੇ ਹਿਤ ਵਿਚ ਹੋਵੇਗਾ। ਇਸ ਦੇ ਨਾਲ ਹੀ ਇਨ੍ਹਾਂ ਚੋਣਾਂ ਵਿਚ ਕਿਸੇ ਕਿਸਮ ਦੇ ਨਸ਼ਿਆਂ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਜੋ ਇਕ ਵਧੀਆ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ, ਕਿਉਂਕਿ ਕਿਸੇ ਵੀ ਦੇਸ਼ ਦਾ ਭਵਿੱਖ ਉਥੋਂ ਦੇ ਨੌਜਵਾਨਾਂ 'ਤੇ ਨਿਰਭਰ ਕਰਦਾ ਹੈ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ।

ਅੰਨ੍ਹੀ ਲੁੱਟ

ਸਰਕਾਰ ਵਲੋਂ ਸਰਕਾਰੀ ਸਕੂਲਾਂ ਪ੍ਰਤੀ ਅਪਣਾਈ ਬੇਰੁਖ਼ੀ ਨੀਤੀ ਕਾਰਨ ਅੱਜ ਥਾਂ-ਥਾਂ 'ਤੇ ਨਿੱਜੀ ਸਕੂਲ ਧੜਾਧੜ ਖੁੱਲ੍ਹਦੇ ਨਜ਼ਰ ਆ ਰਹੇ ਹਨ। ਸਰਕਾਰੀ ਸਕੂਲਾਂ ਵਿਚ ਅੱਜ ਖ਼ਾਸ ਕਰਕੇ ਪ੍ਰਾਇਮਰੀ ਪੱਧਰ ਦੀ ਵਿੱਦਿਆ ਦਾ ਮਿਆਰ ਦਿਨ-ਬਦਿਨ ਨਿਘਾਰ ਵੱਲ ਜਾ ਰਿਹਾ ਹੈ। ਸਰਕਾਰੀ ਸਕੂਲਾਂ ਵਿਚ ਬਣੇ ਅਜਿਹੇ ਹਾਲਾਤ ਕਾਰਨ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਭੇਜਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਅਸੀਂ ਦੇਖ ਹੀ ਰਹੇ ਹਾਂ ਕਿ ਕਿਵੇਂ ਇਨ੍ਹਾਂ ਨਿੱਜੀ ਸਕੂਲਾਂ ਵਲੋਂ ਹਰ ਸਾਲ ਦਾਖ਼ਲਾ ਫੀਸ, ਕਿਤਾਬਾਂ, ਕਾਪੀਆਂ, ਵਰਦੀਆਂ ਦੇ ਨਾਂਅ 'ਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਵੱਡੀ ਲੁੱਟ ਕੀਤੀ ਜਾ ਰਹੀ ਹੈ। ਇਸ ਹੋ ਰਹੀ ਵੱਡੀ ਲੁੱਟ ਦੇ ਜੇਕਰ ਸਮੁੱਚੇ ਵਰਤਾਰੇ ਨੂੰ ਦੇਖੀਏ ਤਾਂ ਇਹ ਗੋਰਖ ਧੰਦਾ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਮਰਜ਼ੀ ਤੋਂ ਬਿਨਾਂ ਨਹੀਂ ਚੱਲ ਸਕਦਾ।
ਸੋ, ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਜਿਥੇ ਨਿੱਜੀ ਸਕੂਲਾਂ ਦੀਆਂ ਬੇਨਿਯਮੀਆਂ ਪ੍ਰਤੀ ਬੇਹੱਦ ਸਖ਼ਤੀ ਵਾਲਾ ਰੁਖ਼ ਅਖ਼ਤਿਆਰ ਕਰਨਾ ਚਾਹੀਦਾ ਹੈ, ਉਥੇ ਸਰਕਾਰੀ ਸਕੂਲਾਂ ਵਿਚ ਪੈਦਾ ਹੋਈਆਂ ਹਰ ਤਰ੍ਹਾਂ ਦੀਆਂ ਊਣਤਾਈਆਂ ਨੂੰ ਦੂਰ ਕਰਨ ਲਈ ਯਤਨਸ਼ੀਲ ਹੋਣਾ ਵੀ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ।

-ਰਾਜਾ ਚੜਿੱਕ
ਚੜਿੱਕ (ਮੋਗਾ)।

ਮੂੰਹੋਂ ਨਿਕਲਣ ਵਾਲੇ ਬੋਲ

ਬੋਲਣਾ ਸਾਡੀ ਅਜਿਹੀ ਕਿਰਿਆ ਹੈ ਜਿਸ ਤੋਂ ਬਿਨਾਂ ਅਸੀਂ ਆਪਣੇ ਭਾਵ ਪ੍ਰਗਟ ਨਹੀਂ ਕਰ ਸਕਦੇ। ਆਪਣੇ ਬੋਲਾਂ ਰਾਹੀਂ ਅਸੀਂ ਦੂਜਿਆਂ ਨੂੰ ਆਪਣੇ ਤੋਂ ਜਾਣੂ ਕਰਵਾਉਂਦੇ ਹਾਂ। ਇਸ ਲਈ ਜ਼ਰੂਰੀ ਹੈ ਕਿ ਸਾਡੇ ਬੋਲ ਏਨੀ ਸਮਰੱਥਾ ਰੱਖਦੇ ਹੋਣ ਕਿ ਅਸੀਂ ਦੂਜਿਆਂ ਦੇ ਮਨ 'ਚ ਆਪਣੇ ਲਈ ਚੰਗੀ ਜਗ੍ਹਾ ਬਣਾ ਸਕੀਏ। ਕਈ ਵਾਰ ਅਸੀਂ ਅਜਿਹੀ ਬੋਲੀ ਬੋਲਦੇ ਹਾਂ ਦੂਜੇ ਦੁਖੀ ਹੋ ਜਾਂਦੇ ਹਨ। ਇਸ ਲਈ ਸਾਨੂੰ ਨਿਮਰਤਾ ਨਾਲ ਬੋਲਣਾ ਚਾਹੀਦਾ ਹੈ। ਆਪਣੀ ਬੋਲੀ ਸੁਧਾਰ ਕੇ ਰੱਖਣੀ ਚਾਹੀਦੀ ਹੈ। ਕਿਤੇ ਨਾ ਕਿਤੇ ਸਾਡੇ ਬੋਲਾਂ ਦਾ ਸਾਡੇ ਮਾਣ-ਸਨਮਾਨ 'ਤੇ ਪ੍ਰਭਾਵ ਜ਼ਰੂਰ ਪੈਂਦਾ ਹੈ। ਜੇਕਰ ਅਸੀਂ ਦੂਜਿਆਂ ਨਾਲ ਢੰਗ ਨਾਲ ਬੋਲਾਂਗੇ ਤਾਂ ਹੀ ਸਾਹਮਣੇ ਵਾਲਾ ਸਾਨੂੰ ਸਨਮਾਨ ਦਿੰਦਾ ਹੈ। ਬੱਚੇ ਵੀ ਵੱਡਿਆਂ ਤੋਂ ਹੀ ਸਿੱਖਦੇ ਹਨ ਤੇ ਉਸੇ ਤਰ੍ਹਾਂ ਦੀ ਬੋਲੀ ਅਪਣਾ ਲੈਂਦੇ ਹਨ, ਜਿਸ ਦਾ ਅਸਰ ਜੀਵਨ ਭਰ ਦੇਖਣ ਨੂੰ ਮਿਲਦਾ ਹੈ। ਸਾਡੇ ਬੋਲ ਹੀ ਹਨ, ਜਿਨ੍ਹਾਂ ਤੋਂ ਸਾਡੀ ਸਾਰੀ ਅਸਲੀਅਤ ਚਿਹਰੇ 'ਤੇ ਝਲਕਣ ਲਗਦੀ ਹੈ। ਸਾਡੀ ਬੋਲੀ ਸਾਡੇ ਜੀਵਨ ਦਾ ਸ਼ਿੰਗਾਰ ਹੈ, ਜਿਸ ਤੋਂ ਸਾਡੇ ਪੂਰੇ ਖਾਨਦਾਨ ਦੀ ਪਛਾਣ ਹੋ ਜਾਂਦੀ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਸਮਾਜ ਦੇ ਜੰਮਪਲ ਹਾਂ। ਇਸ ਲਈ ਜ਼ਰੂਰੀ ਹੈ ਕਿ ਅਸੀਂ ਚੰਗੇ ਸੁਭਾਅ ਦੇ ਮਾਲਕ ਬਣੀਏ, ਅਸੀਂ ਆਪਣੇ ਬੋਲ ਵਾਚ ਕੇ ਹੀ ਮੂੰਹੋਂ ਕੱਢੀਏ, ਜੀ ਕਹੀਏ ਤੇ ਜੀ ਕਹਾਈਏ।

-ਨਵਲੀਨ ਕੌਰ ਸਾਉਕੇਂ
ਪੱਤਰਕਾਰੀ ਵਿਭਾਗ, ਗੁਰੂ ਨਾਨਕ ਕਾਲਜ ਫਾਰ ਗਰਲਜ਼, ਸ੍ਰੀ ਮੁਕਤਸਰ ਸਾਹਿਬ

05-04-2018

 ਦਾਨ ਦੀ ਦਿਸ਼ਾ ਬਦਲਣ ਦੀ ਲੋੜ
ਜਦੋਂ ਅਸੀਂ ਦਾਨ ਦੀ ਗੱਲ ਕਰਦੇ ਹਾਂ ਤਾਂ ਆਮ ਤੌਰ 'ਤੇ ਦਾਨ ਨੂੰ ਧਾਰਮਿਕ ਖੇਤਰ ਨਾਲ ਜੋੜ ਲੈਂਦੇ ਹਾਂ। ਪਰ ਜੇਕਰ ਅੱਜ ਸਮਾਜ ਦੇ ਹਾਲਾਤ ਦੇਖੀਏ ਤਾਂ ਲਗਦਾ ਹੈ ਕਿ ਅੱਜ ਦਾਨ ਦੀ ਦਿਸ਼ਾ ਬਦਲਣ ਦੀ ਬਹੁਤ ਜ਼ਰੂਰਤ ਹੈ। ਸਾਡੇ ਸਮਾਜ ਦੀਆਂ ਬਹੁਤ ਸਾਰੀਆਂ ਅਜਿਹੀਆਂ ਜ਼ਰੂਰਤਾਂ ਹਨ, ਜੋ ਧਾਰਮਿਕ ਸਥਾਨਾਂ 'ਤੇ ਸੰਗਮਰਮਰ ਲਗਾਉਣ ਜਾਂ ਲੰਗਰ ਲਗਾਉਣ ਨਾਲੋਂ ਜ਼ਿਆਦਾ ਜ਼ਰੂਰੀ ਹਨ। ਜੇਕਰ ਲੰਗਰ ਲਗਾਉਣਾ ਹੈ ਤਾਂ ਵਿੱਦਿਆ ਦਾ ਲੰਗਰ ਲਗਾਓ, ਲੋੜਵੰਦ ਬੱਚਿਆਂ ਨੂੰ ਕਿਤਾਬਾਂ ਲੈ ਕੇ ਦਿਓ, ਗ਼ਰੀਬ ਬੱਚਿਆਂ ਦੀ ਫੀਸ ਦਿਓ, ਤਾਂ ਕਿ ਉਹ ਬੱਚੇ ਜੋ ਗ਼ਰੀਬੀ ਕਾਰਨ ਸਕੂਲ ਨਹੀਂ ਜਾ ਸਕਦੇ, ਉਨ੍ਹਾਂ ਦਾ ਸਕੂਲ ਜਾਣ ਦਾ ਸੁਪਨਾ ਵੀ ਪੂਰਾ ਹੋ ਸਕੇ। ਪਿੰਡਾਂ, ਸ਼ਹਿਰਾਂ ਵਿਚ ਵਧੀਆ ਡਿਸਪੈਂਸਰੀਆਂ ਖੋਲ੍ਹੀਆਂ ਜਾ ਸਕਦੀਆਂ ਹਨ, ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਜਾ ਸਕਦੀਆਂ ਹਨ। ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਏ ਜਾ ਸਕਦੇ ਹਨ, ਕਿਸੇ ਗ਼ਰੀਬ ਦੀ ਲੜਕੀ ਦਾ ਵਿਆਹ ਕੀਤਾ ਜਾ ਸਕਦਾ ਹੈ। ਸਮਾਜ ਦੇ ਵਿਕਾਸ ਲਈ ਸਿੱਖਿਆ ਸਹੂਲਤਾਂ ਤੇ ਸਿਹਤ ਸਹੂਲਤਾਂ ਦਾ ਹੋਣਾ ਜ਼ਰੂਰੀ ਹੈ।


-ਜਸਪ੍ਰੀਤ ਕੌਰ 'ਸੰਘਾ'
ਪਿੰਡ ਤਨੂੰਲੀ, ਜ਼ਿਲ੍ਹਾ ਹੁਸ਼ਿਆਰਪੁਰ।


ਨਕਲੀ ਦੁੱਧ ਦਾ ਗੋਰਖਧੰਦਾ
ਭਾਵੇਂ ਕਿ ਸੂਬੇ ਦੀ ਹਰ ਸਰਕਾਰ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾਉਣ ਲਈ ਪ੍ਰਚਾਰ ਕਰ ਰਹੀ ਹੈ ਪਰ ਅਫ਼ਸੋਸ ਸਰਕਾਰ ਦੇ ਨੱਕ ਹੇਠ ਹੀ ਬੈਠੇ ਉੱਚ ਅਧਿਕਾਰੀ ਚੋਰਾਂ ਨਾਲ ਰਲ ਕੇ ਭ੍ਰਿਸ਼ਟਾਚਾਰ ਨੂੰ ਅੰਜਾਮ ਦੇ ਰਹੇ ਹਨ। ਨਕਲੀ ਦੁੱਧ ਤਿਆਰ ਕਰਕੇ ਪੰਜਾਬ ਅਤੇ ਦੂਜਿਆਂ ਸੂਬਿਆਂ ਦੇ ਲੋਕਾਂ ਨੂੰ ਦੁੱਧ ਦੇ ਪੈਕਟਾਂ ਅਤੇ ਇਸ ਤੋਂ ਬਣਨ ਵਾਲੀਆਂ ਮਿਠਾਈਆਂ ਰਾਹੀਂ ਜ਼ਹਿਰ ਪਰੋਸਿਆ ਜਾ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਪਿਛਲੇ ਦਿਨੀਂ ਸੰਗਰੂਰ ਜ਼ਿਲ੍ਹੇ ਦੇ ਇਕ ਪਿੰਡ ਵਿਚਲੇ ਵੇਰਕਾ ਮਿਲਕ ਪਲਾਂਟ ਨਾਲ ਸਬੰਧਿਤ ਕੇਂਦਰ, ਜਿਥੋਂ ਹਰ ਰੋਜ਼ ਛੇ ਹਜ਼ਾਰ ਲੀਟਰ ਦੁੱਧ ਵੇਰਕਾ ਮਿਲਕ ਪਲਾਂਟ ਨੂੰ ਭੇਜਿਆ ਜਾਂਦਾ ਸੀ, ਦੀ ਛਾਪੇਮਾਰੀ ਦੌਰਾਨ ਫੜਿਆ ਗਿਆ। ਸੋ, ਸਰਕਾਰ ਨੂੰ ਚਾਹੀਦਾ ਹੈ ਕਿ ਜੇ ਉਹ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਸਥਿਤੀ 'ਚ ਨਹੀਂ ਤਾਂ ਲੋਕਾਂ ਵਲੋਂ ਕੀਤੀ ਜਾ ਰਹੀ ਹੱਕ-ਸੱਚ ਦੀ ਕਮਾਈ 'ਤੇ ਡਾਕਾ ਮਾਰਨ ਵਾਲਿਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ, ਤਾਂ ਕਿ ਅੱਗੇ ਤੋਂ ਕੋਈ ਵੀ ਆਦਮੀ ਇਹੋ ਜਿਹਾ ਗੋਰਖਧੰਦਾ ਕਰਨ ਦੀ ਜੁਰਅਤ ਨਾ ਕਰੇ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ।


ਸਿੱਖਿਆ ਦੀ ਸਾਰਥਿਕਤਾ
ਸਿੱਖਿਆ ਦਾ ਸਾਰਥਿਕ ਹੋਣਾ ਹੀ ਸਿੱਖਿਆ ਦੇ ਉਦੇਸ਼ ਦੀ ਪ੍ਰਾਪਤੀ ਹੋ ਸਕਦਾ ਹੈ। ਬਿਨਾਂ ਸਿੱਖਿਆ ਮਨੁੱਖ ਕੋਰਾ ਕਾਗਜ਼ ਹੀ ਹੁੰਦਾ ਹੈ। ਅਤੀਤ ਦੇ ਤਜਰਬੇ ਅਤੇ ਗਿਆਨ ਤੋਂ ਸੇਧ ਲੇ ਕੇ ਸਿੱਖਿਆ ਸਬੰਧੀ ਸੁਧਾਰ ਅਤਿ ਜ਼ਰੂਰੀ ਹਨ। ਸ਼ੇਖ ਸ਼ਾਅਦੀ ਦਾ ਕਥਨ ਹੈ, 'ਜੋ ਸਿੱਖਦਾ ਹੈ ਪਰ ਵਿੱਦਿਆ ਦਾ ਉਪਯੋਗ ਨਹੀਂ ਕਰਦਾ, ਉਹ ਕਿਤਾਬਾਂ ਨਾਲ ਲੱਦਿਆ ਭਾਰ ਢੋਣ ਵਾਲਾ ਪਸ਼ੂ ਹੈ।' ਇਸ ਕਥਨ ਵਿਚ ਸਿੱਖਿਆ ਦੀ ਸਾਰਥਿਕਤਾ ਛੁਪੀ ਹੋਈ ਹੈ। ਬੱਚੇ ਦੇ ਚਰਿੱਤਰ ਨਿਰਮਾਣ ਨਾਲ ਜੋੜ ਕੇ ਹੀ ਸਿੱਖਿਆ ਦੀ ਸਾਰਥਿਕ ਪਹੁੰਚ ਪੈਦਾ ਕੀਤੀ ਜਾ ਸਕਦੀ ਹੈ। ਸਿੱਖਿਆ ਸਬੰਧੀ ਨੀਤੀਆਂ ਵਿਚ ਨੈਤਿਕ ਗੁਣ ਭਰਪੂਰ ਹੋਣੇ ਚਾਹੀਦੇ ਹਨ। ਸਿੱਖਿਆ ਆਪਣੇ ਉਦੇਸ਼ ਦੀ ਪੂਰਤੀ ਤਦ ਹੀ ਕਰ ਸਕਦੀ ਹੈ ਜੇ ਗ਼ੈਰ-ਮਿਆਰੀ ਅਤੇ ਗ਼ੈਰ-ਲੋੜੀਂਦੀ ਸਿੱਖਿਆ ਦੀ ਸ਼ਨਾਖਤ ਕਰਕੇ ਸਮੇਂ ਦੀ ਮੰਗ ਅਨੁਸਾਰ ਇਸ ਨੂੰ ਪਰੇ ਕੀਤਾ ਜਾਵੇ। ਅੱਜ ਦੇ ਪਦਾਰਥਵਾਦੀ ਯੁੱਗ ਵਿਚ ਸਿੱਖਿਆ ਦਾ ਸਾਰਥਿਕ ਹੋਣਾ ਅਤਿਅੰਤ ਜ਼ਰੂਰੀ ਹੈ। ਇਸ ਨਾਲ ਹੀ ਸਮਾਜ ਦਾ ਸੰਤੁਲਨ ਬਣਿਆ ਰਹਿ ਸਕਦਾ ਹੈ।


-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।


ਕਰਜ਼ਾ ਮੁਆਫ਼ੀ
ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਸਮੇਂ ਪੰਜਾਬ ਦੇ ਕਿਸਾਨਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਸ਼ੁਰੂਆਤ ਕਰਦਿਆਂ ਨਕੋਦਰ ਰੈਲੀ ਵਿਚ 29,192 ਕਿਸਾਨਾਂ ਨੂੰ 162.16 ਕਰੋੜ ਦੇ ਕਰਜ਼ਾ ਮੁਆਫ਼ੀ ਸਰਟੀਫਿਕੇਟ ਸੌਂਪੇ ਗਏ। ਸਰਕਾਰ ਦੇ ਇਸ ਫ਼ੈਸਲੇ ਨਾਲ ਕਰਜ਼ੇ 'ਚ ਜਕੜੇ ਗਏ ਲੋਕਾਂ ਨੇ ਕੁਝਸੁੱਖ ਦਾ ਸਾਹ ਲਿਆ। ਹੁਣ ਸ਼ਾਇਦ ਹਰ ਰੋਜ਼ ਅਖ਼ਬਾਰਾਂ ਵਿਚ ਕਿਸਾਨ ਆਤਮ-ਹੱਤਿਆਵਾਂ ਦੀਆਂ ਖ਼ਬਰਾਂ ਵੀ ਪੜ੍ਹਨ ਨੂੰ ਨਹੀਂ ਮਿਲਣਗੀਆਂ। ਜੇਕਰ ਸਰਕਾਰ ਅਸਲ ਵਿਚ ਲੋਕਾਂ ਦੀਆਂ ਸਮੱਸਿਆਵਾਂ ਲਈ ਗੰਭੀਰ ਹੈ ਤਾਂ ਕਾਂਗਰਸ ਪਾਰਟੀ ਨੂੰ ਮਜ਼ਦੂਰ ਵਰਗ ਦੇ ਲੋਕਾਂ ਦੇ ਕਰਜ਼ੇ ਵੀ ਮੁਆਫ਼ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਹਰ ਰੋਜ਼ ਅਧਿਆਪਕਾਂ ਦੇ ਹੋ ਰਹੇ ਰੋਸ ਮੁਜ਼ਾਹਰਿਆਂ ਦੇ ਹੱਲ ਲਈ ਵੀ ਸੁਹਿਰਦ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਹਰ ਵਰਗ ਦਾ ਕੁਝ ਸੰਤੁਸ਼ਟ ਹੋਣਾ ਹੀ ਸਰਕਾਰ ਦੀ ਕਾਮਯਾਬੀ ਅਤੇ ਹਰਮਨ-ਪਿਆਰਤਾ ਦਾ ਸਬੂਤ ਹੋਵੇਗਾ।


-ਪਰਮ ਪਿਆਰਾ ਸਿੰਘ
ਨਕੋਦਰ।


ਪੰਜਾਬ ਦੇ ਕਿਸਾਨ

ਅੱਜ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੋ ਗਈ ਹੈ ਤੇ ਉਹ ਨਾਜ਼ੁਕ ਦੌਰ ਵਿਚੋਂ ਗੁਜ਼ਰ ਰਹੇ ਹਨ। ਪੰਜਾਬ ਦਾ ਕਿਸਾਨ ਕੇਂਦਰੀ ਅਨਾਜ ਭੰਡਾਰ ਵਿਚ ਸਭ ਤੋਂ ਵੱਧ ਹਿੱਸਾ ਪਾ ਰਿਹਾ ਹੈ। ਫਿਰ ਵੀ ਕੇਂਦਰ ਕਿਸਾਨਾਂ ਦੀ ਬਾਂਹ ਫੜਨ ਨੂੰ ਤਿਆਰ ਨਹੀਂ। ਕੇਂਦਰੀ ਨੀਤੀ ਆਯੋਗ ਨੇ ਤਾਂ ਇਹ ਕਹਿ ਕੇ ਆਪਣਾ ਪੱਲਾ ਝਾੜ ਲਿਆ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫ਼ਿਕਰ ਕਰੇ ਅਤੇ ਅਸੀਂ ਅਨਾਜ ਦਾ ਹੋਰ ਪ੍ਰਬੰਧ ਕਰ ਲਵਾਂਗੇ। ਆਖ਼ਰ ਕੇਂਦਰ ਦਾ ਇਹ ਬੇਰੁਖ਼ੀ ਵਾਲਾ ਕਿਸਾਨਾਂ ਪ੍ਰਤੀ ਵਤੀਰਾ ਕਿਉਂ? ਪੰਜਾਬ ਸਰਕਾਰ ਵੀ ਕਿਸਾਨਾਂ ਦਾ ਸਾਰਾ ਕਰਜ਼ਾ ਕਿਵੇਂ ਮੁਆਫ਼ ਕਰ ਸਕਦੀ ਹੈ। ਇਹ ਤਾਂ ਹੁਣ ਕਿਸਾਨਾਂ ਨੂੰ ਇਸ ਪ੍ਰਤੀ ਸੋਚਣਾ ਪਵੇਗਾ, ਖ਼ੁਦਕੁਸ਼ੀ ਕਰਜ਼ੇ ਤੋਂ ਛੁਟਕਾਰੇ ਦਾ ਹੱਲ ਨਹੀਂ।


-ਸੁਖਚੈਨ ਸਿੰਘ ਢਿੱਲੋਂ
ਖਿੱਪਾਂ ਵਾਲੀ, ਫਾਜ਼ਿਲਕਾ।


ਬੁਲਾਵਾ
ਐਤਵਾਰ ਮੈਗਜ਼ੀਨ ਅੰਕ ਵਿਚ ਆਤਿਸ਼ ਵਲੋਂ ਲਿਖਿਆ ਲੇਖ 'ਚਲੋ ਬੁਲਾਵਾ ਆਇਆ ਹੈ' ਪੜ੍ਹ ਕੇ ਬਹੁਤ ਹੀ ਵਧੀਆ ਲੱਗਾ। ਇਕ ਦਿਨ ਸਭ ਨੇ ਸੰਸਾਰ ਤੋਂ ਆਪਣੀ ਯਾਤਰਾ ਪੂਰੀ ਕਰਕੇ ਜਾਣਾ ਹੀ ਹੁੰਦਾ ਹੈ। ਇਸ ਲੇਖ ਵਿਚ ਜ਼ਿੰਦਗੀ ਦੀ ਅਸਲ ਹਕੀਕਤ ਵਿਅੰਗਮਈ ਢੰਗ ਨਾਲ ਪੇਸ਼ ਕੀਤੀ ਗਈ। ਇਹ ਵੀ ਬਿਲਕੁਲ ਸਹੀ ਲਿਖਿਆ ਕਿ ਕਿਸ ਤਰ੍ਹਾਂ ਰੱਬ ਵਲੋਂ ਤਿਆਰ ਕੀਤੀ ਗਈ ਧਰਤੀ 'ਤੇ ਜਾਤ-ਪਾਤ ਦੇ ਨਾਂਅ 'ਤੇ ਲੜਾਈਆਂ-ਝਗੜੇ ਪਏ ਹੋਏ ਹਨ। ਇਨਸਾਨ ਨੂੰ ਰੱਬ ਦੀ ਇਸ ਰਚਨਾ 'ਤੇ ਸ਼ਾਂਤਮਈ ਵਾਤਾਵਰਨ ਪੈਦਾ ਕਰਨਾ ਚਾਹੀਦਾ ਹੈ।


-ਮਲਟੀ
ਅਧਿਆਪਕਾ, ਸੇਂਟ ਥੌਮਸ ਕਾਨਵੈਂਟ ਸਕੂਲ, ਰਾਜਾਸਾਂਸੀ।


ਸਾਡੇ 'ਤੇ ਰਹਿਮ ਕਰੋ
ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀਂ 207 ਅਸਾਮੀਆਂ ਸਬੰਧੀ ਇਸ਼ਤਿਹਾਰ ਜਾਰੀ ਕੀਤਾ, ਜਿਸ ਨੂੰ ਆਨਲਾਇਨ ਭਰਨ ਦੀ ਆਖਰੀ ਮਿਤੀ 3 ਅਪ੍ਰੈਲ, 2018 ਸੀ। ਦਿਲਚਸਪ ਗੱਲ ਤਾਂ ਇਹ ਰਹੀ ਕਿ ਇਹ ਅਸਾਮੀ ਅਪਲਾਈ ਕਰਨ ਲਈ ਸਰਕਾਰ ਨੇ ਵੱਡੀ ਫੀਸ ਰੱਖ ਦਿੱਤੀ। ਜਨਰਲ ਤੇ ਹੋਰਾਂ ਲਈ 3000 ਰੁਪਏ, ਪੰਜਾਬ ਦੇ ਅਨੁਸੂਚਿਤ ਜਾਤੀ/ਪਛੜੀ ਜਾਤੀ ਲਈ 1125 ਰੁਪਏ, ਪੰਜਾਬ ਦੇ ਅੰਗਹੀਣਾਂ ਲਈ 1750 ਰੁਪਏ, ਪੰਜਾਬ ਦੇ ਸਾਬਕਾ ਫ਼ੌਜੀਆਂ ਲਈ 500 ਰੁਪਏ ਫੀਸ ਨਿਰਧਾਰਿਤ ਕੀਤੀ ਗਈ ਹੈ। ਸਰਕਾਰ ਦੁਆਰਾ ਅਜਿਹਾ ਕਰਨ ਨਾਲ ਸਮੁੱਚੇ ਨੌਜਵਾਨ ਵਰਗ ਨੂੰ ਗਹਿਰੀ ਠੇਸ ਪਹੁੰਚੀ ਹੈ। ਇਕ ਪਾਸੇ ਤਾਂ ਬੇਰੁਜ਼ਗਾਰੀ ਦੀ ਮਾਰ ਨੇ ਸਾਡੀ ਮੱਤ ਮਾਰ ਰੱਖੀ ਹੈ ਅਤੇ ਦੂਜੇ ਪਾਸੇ ਨੌਕਰੀਆਂ ਦੀ ਆੜ ਹੇਠ ਸਾਡੇ ਤੋਂ ਭਾਰੀ ਫੀਸਾਂ ਵਸੂਲੀਆਂ ਜਾ ਰਹੀਆਂ ਹਨ। ਕੀ ਸਾਡੀਆਂ ਚੁਣੀਆਂ ਸਰਕਾਰਾਂ ਹੀ ਨਹੀਂ ਚਾਹੁੰਦੀਆਂ ਕਿ ਅਸੀਂ ਅੱਗੇ ਵਧ ਸਕੀਏ? ਅੱਜ ਮੇਰੀ ਯੋਗਤਾ ਅਨੁਸਾਰ ਮੈਂ ਇਸ ਅਸਾਮੀ ਲਈ ਯੋਗ ਹਾਂ, ਪਰ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਮੈਂ ਇਹ ਅਸਾਮੀ ਨਹੀਂ ਭਰ ਸਕਾਂਗਾ। ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ 'ਤੇ ਰਹਿਮ ਕਰੋ ਘੱਟੋ-ਘੱਟ ਸਾਨੂੰ ਇਸ ਕਾਬਲ ਤਾਂ ਰਹਿਣ ਦਿਓ ਕਿ ਅਸੀਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀਆਂ ਰਾਜ ਪੱਧਰੀ ਪ੍ਰੀਖਿਆਵਾਂ ਤਾਂ ਦੇ ਸਕੀਏ।


-ਸਤਨਾਮ ਸਿੰਘ
satti93india@gmail.com

04-04-2018

 ਫੌਰੀ ਮਦਦ ਦੀ ਲੋੜ

ਵਿਦੇਸ਼ ਮੰਤਰੀ ਦਾ ਇਰਾਕ ਦੇ ਸ਼ਹਿਰ ਮੋਸੂਲ ਵਿਚ 39 ਭਾਰਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕਰਨ ਨਾਲ ਹੀ ਪੀੜਤ ਪਰਿਵਾਰਾਂ 'ਤੇ ਮੁਸੀਬਤਾਂ ਦਾ ਪਹਾੜ ਆਣ ਡਿਗਿਆ ਹੈ। ਪਰਿਵਾਰਾਂ ਨੂੰ ਮੌਤ ਬਾਰੇ ਸ਼ੰਕੇ ਤਾਂ ਪਹਿਲਾਂ ਹੀ ਸਨ ਪਰ ਸਰਕਾਰ ਦੁਆਰਾ ਦਿੱਤੀ ਜਾ ਰਹੀ ਝੂਠੀ ਤਸੱਲੀ ਨਾਲ ਉਨ੍ਹਾਂ ਦੇ ਦਿਲ ਵਿਚ ਆਸ ਦੀ ਕਿਰਨ ਸੀ। ਪਰ ਹੁਣ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਜਵਾਨ ਪੁੱਤਰਾਂ ਨੂੰ ਉਡੀਕਦਿਆਂ ਮਾਵਾਂ ਦੀਆਂ ਅੱਖਾਂ ਦਾ ਪਾਣੀ ਮੁੱਕ ਚੁੱਕਾ ਸੀ। ਪਤਨੀਆਂ, ਬੱਚਿਆਂ ਦਾ ਦਰਦ ਦੇਖਿਆ ਨਹੀਂ ਜਾ ਰਿਹਾ। ਕੋਈ ਆਸ ਦੀ ਕਿਰਨ ਦਿਖਾਈ ਨਹੀਂ ਦੇ ਰਹੀ। ਕੇਂਦਰ ਜਾਂ ਪੰਜਾਬ ਸਰਕਾਰ ਵਲੋਂ ਪੀੜਤ ਪਰਿਵਾਰਾਂ ਦਾ ਦੁੱਖ ਘੱਟ ਕਰਨ ਲਈ ਕੋਈ ਖ਼ਾਸ ਐਲਾਨ ਨਹੀਂ ਕੀਤਾ ਗਿਆ। ਇਨ੍ਹਾਂ ਕਿਸਮਤ ਮਾਰੇ ਲੋਕਾਂ ਦੀ ਕੇਂਦਰ ਤੇ ਪੰਜਾਬ ਸਰਕਾਰ ਨੂੰ ਬਿਨਾਂ ਦੇਰੀ ਕੀਤਿਆਂ ਫੌਰੀ ਮਦਦ ਕਰਨੀ ਚਾਹੀਦੀ ਹੈ।

-ਪਰਮ ਪਿਆਰ ਸਿੰਘ
ਨਕੋਦਰ।

c c c

ਸਹੀ ਸਿਫ਼ਾਰਸ਼

ਸੰਸਦ ਦੀ ਸਥਾਈ ਕਮੇਟੀ ਵਲੋਂ ਅਮਲੇ ਅਤੇ ਸਿਖਲਾਈ ਵਿਭਾਗ ਨੂੰ ਇਹ ਸਿਫ਼ਾਰਸ਼ ਕੀਤੀ ਗਈ ਹੈ ਕਿ ਕੋਈ ਵੀ ਸਰਕਾਰੀ ਨੌਕਰੀ ਪ੍ਰਾਪਤ ਕਰਨ ਤੋਂ ਪਹਿਲਾਂ ਇਕ ਤੋਂ ਪੰਜ ਸਾਲ ਤੱਕ ਫ਼ੌਜ ਵਿਚ ਨੌਕਰੀ ਕਰਨ ਨੂੰ ਲਾਜ਼ਮੀ ਬਣਾਇਆ ਜਾਵੇ। ਤਰਕ ਇਹ ਦਿੱਤਾ ਗਿਆ ਹੈ ਕਿ ਫ਼ੌਜ ਵਿਚ ਨੌਕਰੀ ਕਰਨ ਨਾਲ ਲੋਕ ਅਨੁਸ਼ਾਸਿਤ ਅਤੇ ਦੇਸ਼-ਭਗਤੀ ਦੀ ਭਾਵਨਾ ਨਾਲ ਲਬਰੇਜ਼ ਹੋਣਗੇ। ਇਹ ਬਿਲਕੁਲ ਸਹੀ ਹੈ। ਕਿਉਂਕਿ ਸੈਨਾ ਦੇ ਤਿੰਨੇ ਅੰਗ ਇਸ ਵਕਤ ਅਫ਼ਸਰਾਂ ਅਤੇ ਜਵਾਨਾਂ ਦੀ ਜ਼ਬਰਦਸਤ ਘਾਟ ਨਾਲ ਜੂਝ ਰਹੇ ਹਨ। ਸੈਨਾ ਤੋਂ ਇਲਾਵਾ ਹੋਰ ਸਰਕਾਰੀ ਨੌਕਰੀਆਂ ਲਈ ਗਿਣਤੀ ਦੀਆਂ ਅਸਾਮੀਆਂ ਖਾਤਰ ਲੱਖਾਂ ਦੀ ਤਦਾਦ ਵਿਚ ਅਰਜ਼ੀਆਂ ਆ ਜਾਂਦੀਆਂ ਹਨ ਪਰ ਸੈਨਾ ਨੂੰ ਲੋਕ ਤਰਜੀਹ ਨਹੀਂ ਦਿੰਦੇ। ਸਾਡੀ ਸੰਸਦ ਦੀ ਸਥਾਈ ਕਮੇਟੀ ਅੱਗੇ ਇਕ ਬੇਨਤੀ ਹੈ ਕਿ ਇਹ ਸ਼ਰਤ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਹੀ ਨਹੀਂ ਸਗੋਂ ਰਾਜਨੀਤੀ ਵਿਚ ਆਉਣ ਵਾਲਿਆਂ ਲਈ ਵੀ ਲਾਜ਼ਮੀ ਕੀਤੀ ਜਾਵੇ ਤਾਂ ਕਿ ਉਨ੍ਹਾਂ ਵਿਚ ਵੀ ਦੇਸ਼-ਭਗਤੀ ਅਤੇ ਸੰਵਿਧਾਨ ਪ੍ਰਤੀ ਵਫ਼ਾਦਾਰੀ ਦੀ ਭਾਵਨਾ ਪੈਦਾ ਹੋ ਸਕੇ।

-ਕਵੀਸ਼ਰ ਪ੍ਰੀਤ ਸਿੰਘ ਸੰਦਲ
ਪਿੰਡ ਮਕਸੂਦੜਾ, ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ।

 

 c c

ਬੇਰੁਜ਼ਗਾਰੀ ਦੀ ਮਾਰ

ਪੰਜਾਬ ਵਿਚ ਦਿਨ-ਬਦਿਨ ਬੇਰੁਜ਼ਗਾਰੀ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਬੇਰੁਜ਼ਗਾਰੀ ਦੇ ਝੰਬੇ ਹਰ ਸਾਲ ਅਨੇਕਾਂ ਬੇਰੁਜ਼ਗਾਰ ਆਪਣੀਆਂ ਜੱਦੀ ਪੁਸ਼ਤੀ ਜ਼ਮੀਨਾਂ ਵੇਚ ਕੇ ਜਾਂ ਗਹਿਣੇ ਧਰ ਕੇ ਵਿਦੇਸ਼ਾਂ ਵੱਲ ਉਡਾਰੀਆਂ ਮਾਰਦੇ ਨਜ਼ਰ ਆ ਰਹੇ ਹਨ। ਦੇਖਿਆ ਜਾਵੇ ਤਾਂ ਸੂਬੇ ਵਿਚ ਅੱਜ ਬੇਰੁਜ਼ਗਾਰੀ ਇਸ ਹੱਦ ਤੱਕ ਵਧ ਚੁੱਕੀ ਹੈ ਕਿ ਅੱਜ ਉੱਚ ਡਿਗਰੀਆਂ ਪ੍ਰਾਪਤ ਕਰਕੇ ਵੀ ਨੌਜਵਾਨ ਨੌਕਰੀ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਅਸੀਂ ਸਭ ਨੇ ਪੜ੍ਹਿਆ ਕਿ ਕਿਵੇਂ ਹੁਸ਼ਿਆਰਪੁਰ ਕਚਹਿਰੀਆਂ 'ਚ ਚਪੜਾਸੀ ਦੀ ਨਾਮਾਤਰ 9 ਅਸਾਮੀਆਂ ਲਈ ਸੂਬੇ ਦੇ ਕੋਨੇ-ਕੋਨੇ ਤੋਂ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਉਮੀਦਵਾਰ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੇ ਹੋਏ ਸਨ। ਸੋ, ਸਰਕਾਰ ਨੂੰ ਬੇਰੁਜ਼ਗਾਰੀ ਦੀ ਇਸ ਗੰਭੀਰ ਹੋ ਰਹੀ ਸਮੱਸਿਆਵਾਂ ਦੇ ਹੱਲ ਲਈ ਫੋਕੇ ਹਵਾਈ ਬਿਆਨਾਂ ਦੀ ਬਜਾਏ ਹਕੀਕਤ ਵਿਚ ਕੁਝ ਕਰਨ ਦੇ ਯਤਨ ਕਰਨੇ ਚਾਹੀਦੇ ਹਨ।

-ਰਾਜਾ ਗਿੱਲ (ਚੜਿੱਕ)।

c c c

ਸ਼ੁਰੂਆਤ ਆਪਣੇ-ਆਪ ਤੋਂ ਹੋਏ

ਹਰ ਸਾਲ 1992 ਤੋਂ ਅੰਤਰਰਾਸ਼ਟਰੀ ਜਲ ਦਿਵਸ ਮਨਾਇਆ ਜਾਂਦਾ ਹੈ। ਧਰਤੀ 'ਤੇ 71 ਫ਼ੀਸਦੀ ਜਲ ਹੋਣ ਦੇ ਬਾਵਜੂਦ ਖੋਜਾਂ ਇਹ ਦੱਸਦੀਆਂ ਹਨ ਕਿ ਆਉਣ ਵਾਲੇ ਕੁਝ ਸਾਲਾਂ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੋਰ ਭਿਆਨਕ ਰੂਪ ਧਾਰਨ ਕਰ ਲਵੇਗੀ, ਕਿਉਂਕਿ ਧਰਤੀ ਹੇਠਲਾ ਪਾਣੀ ਦਿਨੋ-ਦਿਨ ਖ਼ਤਮ ਹੁੰਦਾ ਜਾ ਰਿਹਾ ਹੈ। ਪੰਜਾਬ ਵਿਚ ਇਸ ਦਾ ਇਕ ਹੋਰ ਸਬੂਤ ਤੇਜ਼ੀ ਨਾਲ ਡਾਰਕ ਜ਼ੋਨ ਵਾਲੇ ਬਲਾਕਾਂ ਦੀ ਗਿਣਤੀ ਵਿਚ ਵਾਧਾ ਹੋਣਾ ਹੈ। ਇਹ ਕੋਈ ਕੁਦਰਤੀ ਵਰਤਾਰਾ ਨਹੀਂ, ਸਗੋਂ ਇਸ ਵਿਚ ਸਭ ਤੋਂ ਵੱਡੀ ਨਾਂਹ-ਪੱਖੀ ਭੂਮਿਕਾ ਮਨੁੱਖ ਜਾਤੀ ਦੀ ਹੈ। ਪਾਣੀ ਦੀ ਇਸ ਸਮੱਸਿਆ ਦਾ ਹੱਲ ਸਾਨੂੰ ਆਪਣੇ ਘਰ ਤੋਂ ਸ਼ੁਰੂ ਕਰਨਾ ਹੋਵੇਗਾ। 'ਜਲ ਹੀ ਜੀਵਨ ਹੈ', 'ਪਾਣੀ-ਪਿਤਾ' ਤੇ ਹੋਰ ਧਾਰਮਿਕ ਗ੍ਰੰਥਾਂ ਦੀਆਂ ਤੁਕਾਂ ਨੂੰ ਆਪਣੇ ਜ਼ਿਹਨ ਦਾ ਅਹਿਮ ਹਿੱਸਾ ਬਣਾਉਣਾ ਪਵੇਗਾ। ਇਸ ਮਿਸ਼ਨ ਵਿਚ ਵਿਦਿਅਕ ਅਤੇ ਧਾਰਮਿਕ ਸੰਸਥਾਵਾਂ ਆਪਣੀ ਅਹਿਮ ਭੂਮਿਕਾ ਨਿਭਾਅ ਸਕਦੀਆਂ ਹਨ।

-ਮੋਹਿੰਦਰ ਪ੍ਰਤਾਪ।

c c c

ਹੈਲਮਿਟ

ਅੱਜਕੱਲ੍ਹ ਬਹੁਤ ਸਾਰੇ ਸੜਕੀ ਹਾਦਸੇ ਵਾਪਰ ਰਹੇ ਹਨ ਜੋ ਸਾਡੀਆਂ ਬਹੁਤ ਸਾਰੀਆਂ ਗ਼ਲਤੀਆਂ ਕਰਕੇ ਵਾਪਰਦੇ ਹਨ, ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਮੌਤਾਂ ਹੈਲਮਿਟ ਨਾ ਪਾਉਣ ਕਰਕੇ ਸਿਰ ਵਿਚ ਸੱਟ ਵੱਜਣ ਕਾਰਨ ਹੁੰਦੀਆਂ ਹਨ। ਸੋ, ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਹਰ ਪਿੰਡ ਤੇ ਸ਼ਹਿਰ ਵਿਚ ਹੈਲਮਿਟ ਪਾਉਣਾ ਜ਼ਰੂਰੀ ਕੀਤਾ ਜਾਵੇ ਤਾਂ ਜੋ ਅਸੀਂ ਆਪਣੇ-ਆਪ ਨੂੰ ਸਿਰ ਵਿਚ ਸੱਟ ਵੱਜਣ ਤੋਂ ਬਚਾ ਸਕੀਏ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਹਰ ਪਿੰਡ, ਸ਼ਹਿਰ ਵਿਚ ਸੜਕੀ ਨਿਯਮਾਂ ਸਬੰਧੀ ਜਾਗਰੂਕਤਾ ਕੈਂਪ ਲਾਏ ਜਾਣ ਤਾਂ ਜੋ ਸਮੇਂ ਸਿਰ ਲੋਕਾਂ ਨੂੰ ਸੜਕੀ ਨਿਯਮਾਂ ਸਬੰਧੀ ਜਾਣਕਾਰੀ ਮਿਲਦੀ ਰਹੇ।

-ਗੁਰਦੀਪ ਸਿੰਘ ਘੋਲੀਆ
ਜੀ.ਐਸ. ਲੈਬ,ਚੜਿੱਕ।

c c c

23 ਮਾਰਚ ਨੂੰ ਨਸ਼ਿਆਂ ਨੂੰ ਰੋਕਣ ਵਾਸਤੇ ਜੋ ਮੁਹਿੰਮ ਸ਼ੁਰੂ ਕੀਤੀ ਹੈ, ਬਹੁਤ ਸ਼ਲਾਘਾਯੋਗ ਕਦਮ ਹੈ। ਪੰਜਾਬ ਵਿਚ ਨਸ਼ੇ ਨੇ ਤਬਾਹੀ ਮਚਾਈ ਹੋਈ ਹੈ। ਸਿਆਸੀ ਲੋਕ ਇਸ 'ਤੇ ਵੀ ਰੋਟੀਆਂ ਸੇਕਣ ਬੈਠ ਜਾਂਦੇ ਹਨ। ਪ੍ਰਤੀਸ਼ਤ ਵੱਧ-ਘੱਟ ਦੀ ਲੜਾਈ ਸ਼ੁਰੂ ਹੋ ਜਾਂਦੀ ਹੈ। ਨਸ਼ਾ ਬੰਦ ਕਰਨ ਵਾਸਤੇ ਬਹੁਤ ਸਾਰੇ ਕਦਮ ਚੁੱਕਣੇ ਪੈਣੇ ਹਨ। ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸਣਾ ਬਹੁਤ ਜ਼ਰੂਰੀ ਹੈ। ਬਹੁਤ ਸਾਰੇ ਨਸ਼ਾ ਛੁਡਾਊ ਕੇਂਦਰ ਬਣੇ ਹੋਏ ਹਨ, ਜਿਥੇ 10 ਹਜ਼ਾਰ ਤੋਂ 20 ਹਜ਼ਾਰ ਜਾਂ ਇਸ ਤੋਂ ਵੀ ਉੱਪਰ ਰੁਪਏ ਮਹੀਨੇ ਦੇ ਲਏ ਜਾਂਦੇ ਹਨ। ਲੋਕ ਤਾਂ ਇਸ ਦਲਦਲ ਵਿਚ ਫਸੇ ਹੋਏ ਹਨ। ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਸਮੱਸਿਆ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਇਹ ਵੀ ਅੱਤਵਾਦ ਹੀ ਹੈ। ਇਸ ਸਮੱਸਿਆ ਵਾਸਤੇ ਸਾਰੀਆਂ ਪਾਰਟੀਆਂ ਨੂੰ ਇਕ ਹੋ ਕੇ ਕੰਮ ਕਰਨਾ ਚਾਹੀਦਾ ਹੈ। ਇਕ-ਦੂਸਰੇ 'ਤੇ ਤੋਹਮਤਾਂ ਲਗਾਉਣੀਆਂ ਤੇ ਆਪਣੀ ਪਿੱਠ ਠੋਕਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਲੋਕਾਂ ਨੇ ਵੋਟਾਂ ਦੇ ਕੇ ਤੁਹਾਨੂੰ ਨਾਗਰਿਕਾਂ ਲਈ ਕੰਮ ਕਰਨ ਲਈ ਚੁਣਿਆ ਹੈ। ਨੌਜਵਾਨਾਂ ਨੂੰ ਮਿਆਰੀ ਸਿੱਖਿਆ ਦਿਓ, ਰੁਜ਼ਗਾਰ ਦਿਓ, ਨਸ਼ਿਆਂ ਨੂੰ ਸਮਾਜ ਵਿਚ ਪਹੁੰਚਾਉਣ ਵਾਲਿਆਂ 'ਤੇ ਵੀ ਸਖ਼ਤੀ ਵਰਤੋ। ਨਸ਼ੇ ਨੂੰ ਖ਼ਤਮ ਕਰਨਾ ਬਹੁਤ ਜ਼ਰੂਰੀ ਹੈ ਤੇ ਵਕਤ ਦੀ ਮੰਗ ਵੀ।

-ਪ੍ਰਭਜੋਤ ਕੌਰ ਢਿੱਲੋਂ,
ਮੁਹਾਲੀ।

c c c

03-04-2018

 ਬੇਨਿਯਮੀਆਂ
ਅਸੀਂ ਪੰਜਾਬ ਸੁਬਾਰਡੀਨੇਟ ਸਟਾਫ ਸਿਲੈਕਸ਼ਨ ਬੋਰਡ ਰਾਹੀਂ ਜਾਰੀ ਕੀਤੀਆਂ ਗਈਆਂ ਐਕਸਾਈਜ਼ ਅਤੇ ਟੈਕਸੇਸ਼ਨ ਇੰਸਪੈਕਟਰ ਅਤੇ ਇਲੈਕਸ਼ਨ ਕਾਨੂੰਨਗੋ ਦੀਆਂ ਅਸਾਮੀਆਂ (adv. no. 1 of 2016)) ਲਈ ਫਾਰਮ ਭਰੇ ਸਨ। ਹੁਣ ਵਿਭਾਗ ਦੋ ਸਾਲ ਬਾਅਦ ਦੋਵੇਂ ਅਸਾਮੀਆਂ ਲਈ ਇਕੋ ਸਮੇਂ ਇਕੋ ਦਿਨ ਵੱਖ-ਵੱਖ ਪ੍ਰੀਖਿਆਵਾਂ ਲੈਣ ਜਾ ਰਿਹਾ ਹੈ। ਜਦੋਂ ਵਿਭਾਗ ਵਲੋਂ ਦੋਵੇਂ ਪ੍ਰੀਖਿਆਵਾਂ ਲਈ ਵੱਖੋ-ਵੱਖਰੀ ਫੀਸ ਲਈ ਗਈ ਹੈ ਤਾਂ ਫਿਰ ਉਹ ਕਿਸ ਤਰ੍ਹਾਂ ਇਕੋ ਦਿਨ ਇਕੋ ਸਮੇਂ ਦੋਵੇਂ ਪ੍ਰੀਖਿਆਵਾਂ ਲੈ ਸਕਦੇ ਹਨ। ਇਸ ਮਾਮਲੇ ਸਬੰਧੀ ਸਾਡੀ ਕੋਈ ਸੁਣਵਾਈ ਵੀ ਨਹੀਂ ਹੋ ਰਹੀ।

-ਇੰਦਰ ਬੱਲ।
inderbal67@yahoo.in


ਸਾਲਾਨਾ ਫੀਸਾਂ ਦੀ ਲੁੱਟ
ਸਿੱਖਿਆ ਦੇ ਨਾਂਅ 'ਤੇ ਨਿੱਜੀ ਸਕੂਲ ਹਰ ਸਾਲ ਹੀ ਲੋਕਾਂ ਦੀ ਲੁੱਟ-ਖਸੁੱਟ ਕਰ ਰਹੇ ਹਨ। ਪ੍ਰਾਈਵੇਟ ਸਕੂਲਾਂ ਵਲੋਂ ਹਰ ਸਾਲ ਹੀ ਸਾਲਾਨਾ ਫੀਸ ਲਈ ਜਾਂਦੀ ਹੈ, ਜੋ ਕਿ ਸਰਾਸਰ ਗ਼ਲਤ ਹੈ। ਜਦੋਂ ਬੱਚੇ ਦਾ ਦਾਖ਼ਲਾ ਪਹਿਲੀ ਵਾਰ ਸਕੂਲ ਵਿਚ ਕਰਵਾਇਆ ਜਾਂਦਾ ਹੈ ਤਾਂ ਉਦੋਂ ਹੀ ਬੱਚਿਆਂ ਦੇ ਮਾਪਿਆਂ ਵਲੋਂ ਦਾਖ਼ਲਾ ਫੀਸ ਵੀ ਜਮ੍ਹਾਂ ਕਰਵਾ ਦਿੱਤੀ ਜਾਂਦੀ ਹੈ ਪਰ ਪ੍ਰਾਈਵੇਟ ਸਕੂਲਾਂ ਵਲੋਂ ਹਰ ਸਾਲ ਹੀ ਬੱਚਿਆਂ ਦੇ ਮਾਪਿਆਂ ਤੋਂ ਬੱਚਿਆਂ ਦੀ ਮਹੀਨਾ ਫੀਸ ਤੋਂ ਇਲਾਵਾ ਸਾਲਾਨਾ ਫੀਸ ਅਲੱਗ ਲਈ ਜਾਂਦੀ ਹੈ, ਜੋ ਕਿ ਮਾਪਿਆਂ ਦੀ ਸਿੱਧੀ ਲੁੱਟ ਹੈ। ਸਕੂਲਾਂ ਵਲੋਂ ਹੋਰ ਵੀ ਕਈ ਤਰ੍ਹਾਂ ਦੇ ਨਾਵਾਂ ਹੇਠ ਫੰਡ ਲਏ ਜਾਂਦੇ ਹਨ। ਇਸ ਤਂੋ ਇਲਾਵਾ ਸਕੂਲਾਂ ਵਲੋਂ ਹੀ ਨਿਸਚਿਤ ਕੀਤੀਆਂ ਦੁਕਾਨਾਂ ਤੋਂ ਹੀ ਬੱਚਿਆਂ ਦੀਆਂ ਕਾਪੀਆਂ, ਕਿਤਾਬਾਂ ਅਤੇ ਵਰਦੀਆਂ ਮਿਲਦੀਆਂ ਹਨ, ਜਿਸ ਕਾਰਨ ਮਾਪਿਆਂ ਦੀਆਂ ਕਿਤਾਬਾਂ, ਕਾਪੀਆਂ ਦੇ ਮਾਮਲੇ ਵਿਚ ਵੀ ਲੁੱਟ ਕੀਤੀ ਜਾਂਦੀ ਹੈ। ਮਾਪਿਆਂ ਦੀ ਮੰਗ ਹੈ ਕਿ ਪ੍ਰਸ਼ਾਸਨ ਸਖ਼ਤੀ ਨਾਲ ਇਨ੍ਹਾਂ ਸਕੂਲਾਂ ਵਾਲਿਆਂ ਵਲੋਂ ਲੋਕਾਂ ਦੀ ਕੀਤੀ ਜਾਂਦੀ ਲੁੱਟ-ਖਸੁੱਟ ਬੰਦ ਕਰਵਾਏ ਅਤੇ ਸਾਲਾਨਾ ਫੀਸ ਉੱਪਰ ਵੀ ਰੋਕ ਲਗਾਈ ਜਾਵੇ।

-ਪ੍ਰਾਈਵੇਟ ਸਕੂਲਾਂ ਤੋਂ ਪੀੜਤ ਮਾਪੇ
ਖਮਾਣੋਂ ।


ਚੰਗੀ ਪਹਿਲਕਦਮੀ

ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਗੋਬਿੰਦ ਸਿੰਘ ਲੌਂਗੋਵਾਲ ਨੇ ਜੋ 'ਇਕ ਪਿੰਡ ਇਕ ਗੁਰਦੁਆਰਾ' ਬਾਰੇ ਫ਼ੈਸਲਾ ਕੀਤਾ ਹੈ, ਬਹੁਤ ਵਧੀਆ ਫ਼ੈਸਲਾ ਹੈ। ਅੱਜਕਲ੍ਹ ਪਿੰਡਾਂ ਵਿਚ ਵੱਖ-ਵੱਖ ਜਾਤਾਂ ਦੇ ਵੱਖ-ਵੱਖ ਗੁਰਦੁਆਰੇ ਬਣਾਉਣ ਦਾ ਜੋ ਰਿਵਾਜ ਵਧਦਾ ਜਾ ਰਿਹਾ ਸੀ, ਉਸ ਨਾਲ ਵੱਖ-ਵੱਖ ਗੁਰਦੁਆਰਿਆਂ ਦੀਆਂ ਪ੍ਰਬੰਧਕੀ ਕਮੇਟੀਆਂ ਬਣਾਉਣ ਸਬੰਧੀ ਵੀ ਪਿੰਡਾਂ ਵਿਚ ਧੜੇਬੰਦੀ ਵਧਦੀ ਜਾ ਰਹੀ ਸੀ, ਜਿਸ ਨਾਲ ਲੜਾਈ-ਝਗੜੇ ਹੋਣ ਕਰਕੇ ਸਮਾਜ ਵਿਚ ਸਿੱਖ ਕੌਮ ਨੂੰ ਸ਼ਰਮਿੰਦਗੀ ਉਠਾਉਣੀ ਪੈਂਦੀ ਸੀ। ਪਿੰਡਾਂ ਵਿਚ ਇਕ-ਇਕ ਗੁਰਦੁਆਰਾ ਹੋਣ ਕਰਕੇ ਸਾਰੇ ਪਿੰਡ ਦੀ ਸੰਗਤ ਇਕ ਹੀ ਗੁਰਦੁਆਰੇ ਵਿਚ ਇਕੱਠੀ ਹੋਵੇਗੀ ਅਤੇ ਸਾਰੇ ਪਿੰਡ ਦੇ ਵਿਚਕਾਰ ਭਾਈਚਾਰਕ ਸਾਂਝ ਵੀ ਵਧੇਗੀ।

-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ ਘੁਮਾਣ, ਗੁਰਦਾਸਪੁਰ।


ਬੁਲੇਟ ਟ੍ਰੇਨ ਦਾ ਸੁਪਨਾ

ਵੱਡੇ ਪੱਧਰ 'ਤੇ ਰੇਲ ਹਾਦਸਿਆਂ ਕਾਰਨ ਅਕਸਰ ਰੇਲ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿਚ ਆ ਖੜ੍ਹਾ ਹੁੰਦਾ ਹੈ। ਇਸ ਤੋਂ ਇਲਾਵਾ ਰੇਲ ਗੱਡੀਆਂ ਦਾ ਆਪਣੇ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਆਉਣਾ ਆਮ ਜਿਹੀ ਗੱਲ ਹੈ। ਅਕਸਰ ਇਸ ਦੌਰਾਨ ਆਮ ਲੋਕਾਂ ਨੂੰ ਹੋਈ ਪ੍ਰੇਸ਼ਾਨੀ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ। ਰੇਲ ਗੱਡੀਆਂ ਦੇ ਦੇਰੀ ਨਾਲ ਚੱਲਣ 'ਚ ਜ਼ਿੰਮੇਵਾਰ ਕੌਣ ਹੈ? ਕੀ ਸਾਡੇ ਰੇਲ ਕਰਮਚਾਰੀ ਜਾਂ ਅਧਿਕਾਰੀ ਆਪਣਾ ਕੰਮ ਸਮੇਂ ਸਿਰ ਨਹੀਂ ਕਰ ਰਹੇ? ਇਸ ਤਰ੍ਹਾਂ ਦੇ ਸਵਾਲ ਅਕਸਰ ਰੇਲ ਵਿਚ ਸਫ਼ਰ ਕਰਦਿਆਂ ਕਿੰਨੇ ਲੋਕਾਂ ਦੇ ਜ਼ਿਹਨ ਵਿਚ ਉਪਜਦੇ ਹਨ ਪਰ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ। ਜੇਕਰ ਰੇਲ ਪ੍ਰਸ਼ਾਸਨ ਦਾ ਇਹੀ ਹਾਲ ਰਿਹਾ ਤਾਂ ਸ਼ਾਇਦ ਭਾਰਤ ਵਿਚ ਬੁਲੇਟ ਟ੍ਰੇਨ ਚਲਾਉਣ ਦਾ ਸੁਪਨਾ ਕਦੇ ਪੂਰਾ ਨਹੀਂ ਹੋਣਾ।

-ਪ੍ਰਭਜੋਤ ਸਿੰਘ
ਬੀ.ਏ. ਜਰਨਲਿਜ਼ਮ, ਪੰਜਾਬੀ ਯੂਨੀਵਰਸਿਟੀ, ਪਟਿਆਲਾ।


ਮੁਫ਼ਤ ਬਿਜਲੀ

ਜਦੋਂ ਪੰਜਾਬ ਦੀ ਆਰਥਿਕ ਹਾਲਤ ਮਜ਼ਬੂਤ ਸੀ, ਉਦੋਂ ਤੋਂ ਹੀ ਕਿਸਾਨਾਂ ਅਤੇ ਦਲਿਤ ਵਰਗਾਂ ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਜਾਂਦੀ ਰਹੀ ਹੈ। ਪਰ ਹੁਣ ਪੰਜਾਬ ਦੀ ਆਰਥਿਕ ਹਾਲਤ ਮਾੜੀ ਚੱਲ ਰਹੀ ਹੈ। ਜਿਹੜੇ ਵੱਡੇ ਕਿਸਾਨ ਹਨ ਅਤੇ ਨਾਲ ਸਰਕਾਰੀ ਨੌਕਰੀ ਵੀ ਕਰਦੇ ਹਨ ਅਤੇ ਦਲਿਤ ਭਾਈਚਾਰੇ ਵਿਚੋਂ ਵੀ ਕਈ ਲੋਕ ਵੱਡੇ-ਵੱਡੇ ਅਹੁਦਿਆਂ 'ਤੇ ਬਿਰਾਜਮਾਨ ਹਨ, ਅਜਿਹੇ ਲੋਕਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਬਿਜਲੀ ਦੇ ਬਿੱਲ ਲਗਾਉਣੇ ਚਾਹੀਦੇ ਹਨ। ਜੇਕਰ ਸਰਕਾਰ ਨੇ ਜ਼ਰੂਰੀ ਹੀ ਇਹ ਸਹੂਲਤ ਦੇਣੀ ਹੈ ਤਾਂ ਛੋਟੇ ਕਿਸਾਨਾਂ ਅਤੇ ਗ਼ਰੀਬ ਵਰਗ ਨੂੰ ਹੀ ਦਿੱਤੀ ਜਾਵੇ। ਪਰ ਹੁਣ ਸਥਿਤੀ ਅਜਿਹੀ ਬਣ ਗਈ ਹੈ ਕਿ ਜੇਕਰ ਮੌਜੂਦਾ ਸਰਕਾਰ ਕਿਸਾਨਾਂ ਆਦਿ ਪਾਸੋਂ ਇਹ ਸਹੂਲਤ ਵਾਪਸ ਲੈਣਾ ਚਾਹੁੰਦੀ ਹੈ ਤਾਂ ਵਿਰੋਧੀ ਧਿਰ ਇਸ ਸਬੰਧੀ ਵਾਵੇਲਾ ਖੜ੍ਹਾ ਕਰ ਦਿੰਦਾ ਹੈ, ਜਿਵੇਂ ਕਿ ਹੁਣ ਹੋ ਰਿਹਾ ਹੈ ਅਤੇ ਇਹ ਸਹੂਲਤ ਹੁਣ ਸਰਕਾਰਾਂ ਲਈ ਗਲੇ ਦੀ ਹੱਡੀ ਬਣ ਗਈ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਰੁਜ਼ਗਾਰ ਵਾਧੇ ਨੂੰ ਨਕਾਰਦਾ ਬਜਟ

ਉਦਯੋਗਾਂ ਲਈ ਬਿਜਲੀ ਸਬਸਿਡੀ ਤੋਂ ਇਲਾਵਾ ਨਵੇਂ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਇਸ ਬਜਟ ਵਿਚ ਕੁਝ ਨਹੀਂ, ਜਿਸ ਨਾਲ ਰੁਜ਼ਗਾਰ ਪੈਦਾ ਹੋ ਸਕੇ। ਘਰੇਲੂ ਅਤੇ ਛੋਟੇ ਉਦਯੋਗਾਂ ਵਲੋਂ ਵੱਡੀ ਮਾਤਰਾ ਵਿਚ ਰੁਜ਼ਗਾਰ ਪੈਦਾ ਕੀਤਾ ਗਿਆ ਸੀ ਪਰ ਇਸ ਬਜਟ ਵਿਚ ਉਨ੍ਹਾਂ ਇਕਾਈਆਂ ਲਈ ਕੁਝ ਨਹੀਂ ਰੱਖਿਆ ਗਿਆ। ਕੈਂਸਰ ਸੈਟਰਾਂ ਦਾ ਅੰਮ੍ਰਿਤਸਰ ਅਤੇ ਫਾਜ਼ਿਲਕਾ ਖੋਲ੍ਹਣਾ ਉਤਸ਼ਾਹਿਤ ਹੈ, 4015 ਕਰੋੜ ਰੁਪਏ, ਮੁਢਲੀ ਅਤੇ ਸੈਕੰਡਰੀ ਸਿਹਤ ਸੇਵਾ ਲਈ ਰੱਖਣਾ ਉਤਸ਼ਾਹਜਨਕ ਹੈ ਪਰ ਇਸ ਨੂੰ ਪਿੰਡਾਂ ਵਿਚ ਕੇਂਦਰਿਤ ਕਰਨਾ ਚਾਹੀਦਾ ਹੈ। ਹਰ ਮਹੀਨੇ ਪਹਿਲਾਂ ਟੈਕਸ ਦੇਣ ਵਾਲਿਆਂ 'ਤੇ 200 ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ, ਜੋ ਨਵਾਂ ਟੈਕਸ ਹੈ, ਉਹ ਜਾਇਜ਼ ਨਹੀਂ, ਅਸਲ ਵਿਚ ਬਜਟ ਵਿਚ ਬਹੁਤ ਸੀਮਤ ਸਾਧਨਾਂ ਨਾਲ ਵੱਡੀਆਂ ਪ੍ਰਾਪਤੀਆਂ ਦੀ ਕੋਸ਼ਿਸ਼ ਕੀਤੀ ਗਈ ਹੈ।

-ਡਾ. ਐਸ.ਐਸ. ਛੀਨਾ
ਸੀਨੀਅਰ ਫੈਲੋਸ਼ਿਪ ਆਫ ਇੰਸਟੀਚਿਊਟ ਸੋਸ਼ਲ ਸਾਇੰਸਸ, ਨਵੀ ਦਿੱਲੀ।

 

 

ਮਾਨਸਿਕ ਤਣਾਅ
ਅਸੀਂ ਰੋਜ਼ ਖ਼ਬਰਾਂ ਪੜ੍ਹਦੇ-ਸੁਣਦੇ ਹਾਂ ਦਿਲ ਦੇ ਦੌਰੇ ਨਾਲ ਮੌਤ ਜਾਂ ਖ਼ੁਦਕੁਸ਼ੀਆਂ ਕਰਦੇ ਲੋਕ। ਇਹ ਸਭ ਮਾਨਸਿਕ ਤਣਾਅ ਕਰਕੇ ਹੀ ਹੋ ਰਿਹਾ ਹੈ। ਸਿਆਣੇ ਕਹਿੰਦੇ ਹਨ ਆਪਣੀ ਚਾਦਰ ਵੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਹਨ। ਪਰ ਅੱਜ ਦਾ ਮਨੁੱਖ ਇਸ 'ਤੇ ਅਮਲ ਨਹੀਂ ਕਰ ਰਿਹਾ। ਵਿਗਿਆਨ ਨੇ ਮਨੁੱਖ ਨੂੰ ਅਰਾਮਦਾਇਕ ਜ਼ਿੰਦਗੀ ਜਿਊਣ ਲਈ ਬਹੁਤ ਯੰਤਰ ਬਣਾ ਦਿੱਤੇ। ਮਨੁੱਖ ਕੁਦਰਤੀ ਜ਼ਿੰਦਗੀ ਨਾਲੋਂ ਟੁੱਟਦਾ ਜਾ ਰਿਹਾ ਹੈ। ਇਨ੍ਹਾਂ ਸਹੂਲਤਾਂ ਨੂੰ ਮਾਨਣ ਲਈ ਪੈਸੇ ਦੀ ਜ਼ਰੂਰਤ ਹੈ। ਆਮਦਨ ਵਿਚ ਓਨਾ ਵਾਧਾ ਨਹੀਂ ਹੋਇਆ ਜਿੰਨਾ ਖਰਚੇ ਵਿਚ ਵਾਧਾ ਹੋ ਗਿਆ। ਜਿਥੇ ਸਰਕਾਰੀ ਸਕੂਲਾਂ ਵਿਚ ਮੁਫ਼ਤ ਵਿੱਦਿਆ ਮਿਲਦੀ ਸੀ, ਹੁਣ ਨਿੱਜੀ ਸਕੂਲਾਂ ਵਿਚ ਲੱਖਾਂ ਰੁਪਏ ਲਗਦੇ ਹਨ। ਹਰ ਘਰ ਦਾ ਖਰਚਾ ਉਹਦੀ ਆਮਦਨ ਨਾਲੋਂ ਵੱਧ ਹੋ ਗਿਆ ਹੈ। ਜ਼ਰੂਰੀ ਲੋੜਾਂ ਉਹ ਕਰਜ਼ਾ ਚੁੱਕ ਕੇ ਪੂਰੀਆਂ ਕਰਦਾ ਹੈ। ਜਦੋਂ ਕਰਜ਼ਾ ਵਾਪਸ ਨਹੀਂ ਹੁੰਦਾ ਤਾਂ ਉਹ ਮਾਨਸਿਕ ਤਣਾਅ ਵਿਚ ਰਹਿਣ ਲਗਦਾ ਹੈ ਭਾਵੇਂ ਘਰਾਂ ਵਿਚ ਲੜਾਈ-ਝਗੜੇ ਦੇ ਹੋਰ ਵੀ ਕਈ ਕਾਰਨ ਹਨ ਪਰ ਆਰਥਿਕ ਤੰਗੀ ਵੀ ਘਰ 'ਚ ਕਲੇਸ਼ ਪੈਦਾ ਕਰ ਦਿੰਦੀ ਹੈ। ਸਰਕਾਰਾਂ ਦੀਆਂ ਗ਼ਲਤ ਨੀਤੀਆਂ ਨੇ ਆਮ ਲੋਕਾਂ ਦੀ ਜ਼ਿੰਦਗੀ ਦੁਭਰ ਕਰ ਦਿੱਤੀ ਹੈ। ਮਿਹਨਤ ਦਾ ਪੂਰਾ ਮੁੱਲ ਨਾ ਮਿਲਣ ਕਰਕੇ ਉਹਦੀ ਖਰੀਦ ਸ਼ਕਤੀ ਵੀ ਕਮਜ਼ੋਰ ਹੋ ਗਈ ਹੈ।

-ਗੁਰਾਂਦਿੱਤਾ ਸੰਧੂ।
gurandittasukhanwala@gmail.com

 

30-03-2018

 ਬੇਗਾਨਾ ਹੁੰਦਾ ਇਨਸਾਨ
ਪੰਜਾਬੀ ਪਰਿਵਾਰ ਪੰਜਾਬੀ ਸੱਭਿਆਚਾਰ ਦੀ ਇਕ ਮਹੱਤਵਪੂਰਨ ਸੰਸਥਾ ਹੈ। ਇਹ ਸਮਾਜ ਅਤੇ ਸੱਭਿਆਚਾਰ ਵਿਚਲੀ ਰਿਸ਼ਤਾ ਪ੍ਰਣਾਲੀ ਦੀ ਬੁਨਿਆਦੀ ਧਰਾਤਲ ਭੂਮੀ ਹੈ। ਵੈਦਿਕ ਕਾਲ ਤੋਂ ਹੀ ਪੰਜਾਬੀ ਸਮਾਜ ਵਿਚ ਇਹ ਪ੍ਰਥਾ ਚਲਦੀ ਆ ਰਹੀ ਸੀ ਕਿ ਸਾਰਾ ਟੱਬਰ ਇਕੋ ਛੱਤ ਥੱਲੇ ਵਿਚਰਦਿਆਂ ਜ਼ਿੰਦਗੀ ਦੀਆਂ ਖੁਸ਼ੀਆਂ ਗ਼ਮੀਆਂ ਸਾਂਝੀਆਂ ਕਰਦਾ ਹੁੰਦਾ ਸੀ। ਇਸ ਵਿਚ ਪਰਿਵਾਰ ਦਾ ਸਭ ਤੋਂ ਸਿਆਣਾ ਵਿਅਕਤੀ ਪਰਿਵਾਰ ਦਾ ਮੁਖੀ ਹੁੰਦਾ ਹੈ, ਜਿਸ ਨੂੰ 'ਲਾਣੇਦਾਰ' ਵੀ ਕਿਹਾ ਜਾਂਦਾ ਸੀ। ਪਰ ਅੱਜ ਤਰੱਕੀ ਦੀ ਚਕਾਚੌਂਧ ਨੇ ਅਜਿਹੀ ਲਿਸ਼ਕੋਰ ਮਾਰੀ ਕਿ ਆਪਣੇ ਵੀ ਬੇਗਾਨੇ ਜਾਪਣ ਲੱਗੇ। ਆਪਣਿਆਂ ਦੀ ਭਾਵਨਾ ਦਿਨੋ-ਦਿਨ ਦਮ ਤੋੜਨ ਲੱਗੀ। ਪੰਜਾਬੀ ਸਮਾਜ ਵਿਚ ਇਕਹਿਰੇ ਪਰਿਵਾਰ ਦੀ ਪ੍ਰਵਿਰਤੀ ਭਾਰੂ ਹੋ ਗਈ ਹੈ। ਜੇ ਅਸੀਂ ਸੋਚੀਏ ਤਾਂ ਸਾਡੀ ਤਰੱਕੀ ਸਾਨੂੰ ਵਿਨਾਸ਼ ਵੱਲ ਲਿਜਾ ਰਹੀ ਹੈ। ਪੈਸੇ ਦੀ ਦੌੜ ਵਿਚ ਮਨੁੱਖ ਕਿਸੇ ਨੂੰ ਬੁਲਾ ਕੇ ਖੁਸ਼ ਨਹੀਂ। ਪੱਛਮੀ ਚਕਾਚੌਂਧ ਵਿਚ ਇਕ ਤਰ੍ਹਾਂ ਨਾਲ ਅਸੀਂ ਮਸ਼ੀਨਾਂ ਬਣ ਬੈਠੇ ਹਾਂ। ਕਿੱਥੇ ਗਏ ਅੱਜ ਉਹ ਕਾਂ ਜੋ ਸਾਡੇ ਘਰਾਂ ਦੇ ਬਨੇਰਿਆਂ 'ਤੇ ਆ ਕੇ ਰਿਸ਼ਤੇਦਾਰਾਂ ਦੇ ਆਉਣ ਦਾ ਸੁਨੇਹਾ ਦਿੰਦੇ ਸਨ।


-ਜਤਿੰਦਰ ਸਿੰਘ ਧਾਲੀਵਾਲ
ਪਿੰਡ ਬੂਰ ਵਾਲਾ, ਜ਼ਿਲ੍ਹਾ ਫਾਜ਼ਿਲਕਾ।


ਡਿਜੀਟਲ ਇੰਡੀਆ
ਭਾਵੇਂ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਪਿਛਲੇ ਤਿੰਨ ਸਾਲਾਂ ਤੋਂ ਪੂਰੇ ਦੇਸ਼ ਵਿਚ ਡਿਜੀਟਲ ਇੰਡੀਆ ਦਾ ਨਾਅਰਾ ਦੇ ਕੇ ਜਨਤਾ ਨੂੰ ਸਾਰੀਆਂ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਜਦ ਕਿ ਸਰਹੱਦੀ ਜ਼ਿਲ੍ਹੇ ਦੇ ਇਲਾਕੇ ਅੰਦਰ ਸਥਿਤ ਸਰਕਾਰੀ ਪ੍ਰਾਇਮਰੀ, ਮਿਡਲ ਸਕੂਲਾਂ ਵੱਲ ਝਾਤ ਮਾਰੀ ਜਾਵੇ ਤਾਂ ਸ਼ਾਇਦ ਬਹੁਤ ਘੱਟ ਮਾਤਰਾ ਵਿਚ ਸਕੂਲਾਂ ਦੇ ਵਿਦਿਆਰਥੀਆਂ ਨੂੰ ਡਿਜੀਟਲ ਇੰਡੀਆ ਬਾਰੇ ਜਾਣਕਾਰੀ ਹੋਵੇਗੀ। ਹਰ ਖੇਤਰ ਦਾ ਤੇਜ਼ ਗਤੀ ਨਾਲ ਵਿਕਾਸ ਹੋਵੇ, ਇਸ ਸਕੀਮ ਰਾਹੀਂ ਹਰੇਕ ਖੇਤਰ ਨੂੰ ਇੰਟਰਨੈਟ ਨਾਲ ਜੋੜਨਾ ਅਤੇ ਤਕਨੀਕ ਦੇ ਖੇਤਰ ਵਿਚ ਦੇਸ਼ ਨੂੰ ਮਜ਼ਬੂਤ ਬਣਾਉਣ ਦਾ ਟੀਚਾ ਹੈ। ਅੰਤਰਰਾਸ਼ਟਰੀ ਸਰਹੱਦ ਹੋਣ ਕਾਰਨ ਭਾਰਤ ਸੰਚਾਰ ਨਿਗਮ ਲਿਮਟਿਡ ਤੋਂ ਇਲਾਵਾ ਕੋਈ ਵੀ ਮੋਬਾਈਲ ਕੰਪਨੀ ਸਰਹੱਦੀ ਖੇਤਰਾਂ ਵਿਚ ਸੇਵਾਵਾਂ ਨਹੀਂ ਦਿੰਦੀ। ਪਰ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਆਜ਼ਾਦ ਭਾਰਤ ਦੇ ਹੋਰਨਾਂ ਨਾਗਰਿਕਾਂ ਵਰਗੀਆਂ ਸਹੂਲਤਾਂ ਅੱਜ ਤੱਕ ਸਰਹੱਦੀ ਖੇਤਰਾਂ ਦੇ ਲੋਕਾਂ ਨੂੰ ਨਹੀਂ ਮਿਲ ਸਕੀਆਂ ਤਾਂ ਇਥੇ ਡਿਜੀਟਲ ਕ੍ਰਾਂਤੀ ਕਿਵੇਂ ਆਏਗੀ। ਇਸ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਸਰਹੱਦੀ ਖੇਤਰਾਂ ਵਿਚ ਪੜ੍ਹਾਈ ਦਾ ਪੱਧਰ ਉੱਚਾ ਚੁੱਕਣ ਲਈ ਵਿਸ਼ੇਸ਼ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ।


-ਪ੍ਰੋ: ਮਨਪ੍ਰੀਤ ਗੌਰਾਇਆ
ਪਿੰਡ ਸ਼ੇਖਾ (ਗੁਰਦਾਸਪੁਰ)।


ਪੰਜਾਬ ਦੇ ਹਾਲਾਤ ਨਾਜ਼ੁਕ
ਪੰਜਾਬ ਸਰਕਾਰ ਮਾਰਚ ਵਿਚ ਆਪਣਾ ਇਕ ਸਾਲ ਪੂਰਾ ਕਰ ਚੁੱਕੀ ਹੈ। ਸਰਕਾਰ ਨਸ਼ਿਆਂ, ਕਿਸਾਨਾਂ, ਬੇਰੁਜ਼ਗਾਰੀ, ਰੇਤਾ ਬਜਰੀ ਵਰਗੇ ਮੁੱਦਿਆਂ ਨੂੰ ਲੈ ਕੇ ਸੱਤਾ ਵਿਚ ਆਈ ਸੀ ਪਰ ਇਨ੍ਹਾਂ ਸਾਰੇ ਮੁੱਦਿਆਂ 'ਤੇ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋਈ ਹੈ। ਬਿਨਾਂ ਸ਼ੱਕ ਸਰਕਾਰ ਦੁਆਰਾ ਕੁਝ ਕਿਸਾਨਾਂ ਦੇ ਸਹਿਕਾਰੀ ਬੈਂਕਾਂ ਦੇ ਕਰਜ਼ੇ ਮੁਆਫ਼ ਕੀਤੇ ਗਏ ਹਨ ਪਰ ਇਹ ਸਿਰਫ ਵਾਅਦਾ ਪੂਰਾ ਕਰਨ ਦੀ ਕਵਾਇਦ ਹੀ ਕੀਤੀ ਗਈ ਹੈ। ਆੜ੍ਹਤੀਆਂ ਅਤੇ ਦੂਜੇ ਬੈਂਕਾਂ ਦੇ ਕਰਜ਼ੇ ਅੱਜ ਵੀ ਕਿਸਾਨਾਂ ਲਈ ਸਮੱਸਿਆ ਬਣੇ ਹੋਏ ਹਨ। ਗ਼ੈਰ-ਕਾਨੂੰਨੀ ਮਾਈਨਿੰਗ ਵੀ ਇਕ ਪ੍ਰਮੁੱਖ ਸਮੱਸਿਆ ਬਣੀ ਹੋਈ ਹੈ ਜਦ ਕਿ ਸਰਕਾਰ ਦੁਆਰਾ ਇਸ ਸਬੰਧੀ ਸੁਚੱਜੀ ਨੀਤੀ ਬਣਾਉਣ ਦੀ ਗੱਲ ਕਹੀ ਗਈ ਸੀ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਸਾਰਥਕ ਕਦਮ ਚੁੱਕੇ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX