ਦੀਨਾਨਗਰ 'ਚ ਵਾਪਰੀ ਅੱਤਵਾਦੀ ਘਟਨਾ ਦੁਖਦਾਈ
ਪਿਛਲੇ ਦਿਨੀਂ ਗੁਰਦਾਸਪੁਰ ਦੇ ਦੀਨਾਨਗਰ 'ਚ ਹੋਇਆ ਅੱਤਵਾਦੀ ਹਮਲਾ ਬੇਹੱਦ ਦੁਖਦਾਈ ਘਟਨਾ ਸੀ, ਜਿਸ 'ਚ ਕੁਝ ਨਾਗਰਿਕਾਂ ਸਮੇਤ ਕੁਝ ਪੁਲਿਸ ਅਧਿਕਾਰੀ ਤੇ ਕਰਮਚਾਰੀ ਸ਼ਹੀਦ ਹੋ ਗਏ। ਭਵਿੱਖ 'ਚ ਅਜਿਹੇ ਹਮਲੇ ਰੋਕਣ ਲਈ ਸਰਕਾਰ ਤੇ ਸੁਰੱਖਿਆ ਬਲਾਂ ਨੂੰ ਵਿਸ਼ੇਸ਼ ਉਪਰਾਲੇ ਕਰਨੇ ਹੋਣਗੇ। ਇਹ ਵੀ ਪਤਾ ਲਗਾਇਆ ਜਾਵੇ ਕਿ ਅਜਿਹੇ ਘਾਤਕ ਅਨਸਰਾਂ ਦੀ ਕੌਣ ਮਦਦ ਕਰ ਰਿਹਾ ਹੈ। ਅਜਿਹੇ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ, ਜਿਨ੍ਹਾਂ ਨਾਲ ਸਮਾਜ 'ਚ ਚੰਗੇ ਨਤੀਜੇ ਸਾਹਮਣੇ ਆਉਣ।
ਇੰਦਰਜੀਤ ਸਿੰਘ
Email : inderjit.europcar@gmail.com
ਡੁਬਈ
ਪੰਜਾਬ ਦੇ ਹਾਲਾਤ ਬਦਲਣ ਲਈ ਇਮਾਨਦਾਰ ਲੋਕਾਂ ਦੀ ਅਗਵਾਈ ਜ਼ਰੂਰੀ
ਪੰਜਾਬ ਦੇ ਹਲਾਤਾਂ ਨੂੰ ਕੀ ਹੋ ਗਿਆ ਹੈ। ਸੜਕਾਂ ਟ੍ਰੈਫਿਕ ਕਾਰਨ ਜਾਮ ਹਨ, ਇਥੋਂ ਤੱਕ ਕਿ ਹਾਈਵੇ ਵੀ। ਹਰ ਥਾਂ ਰੋਸ ਪ੍ਰਦਰਸ਼ਨ ਹੋ ਰਹੇ ਹਨ। ਲੋਕ ਦੂਜਿਆਂ ਦਾ ਹਿੱਸਾ ਖਾ ਰਹੇ ਹਨ। ਦੂਜਿਆਂ ਦੇ ਪੈਸੇ ਤੇ ਸੰਪਤੀ 'ਤੇ ਨਜ਼ਰ ਰੱਖੀ ਜਾਂਦੀ ਹੈ। ਲੋਕਾਂ 'ਚ ਸਬਰ ਸੰਤੋਖ ਲਗਦਾ ਹੈ ਖ਼ਤਮ ਹੋ ਗਿਆ ਹੈ। ਹਰ ਪਾਸੇ ਲੜਾਈ ਝਗੜਾ ਹੋ ਰਿਹਾ ਹੈ। ਇਹ ਸਭ ਕੁਝ ਬਦਲਣ ਦੀ ਲੋੜ ਹੈ। ਇਮਾਨਦਾਰ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਲੋਕਾਂ ਨੂੰ ਵੀ ਇਮਾਨਦਾਰ ਲੋਕਾਂ ਦਾ ਸਮਰਥਨ ਕਰਨਾ ਚਾਹੀਦਾ ਹੈ ਤਾਂ ਜੋ ਇਮਾਨਦਾਰ ਲੋਕ ਪ੍ਰਾਂਤ ਦੀ ਅਗਵਾਈ ਕਰਨ ਤੇ ਸਾਡਾ ਪ੍ਰਾਂਤ ਵੀ ਤਰੱਕੀ ਕਰੇ ਤੇ ਲੋਕਾਂ ਦਾ ਜੀਵਨ ਸੁਖੀ ਤੇ ਖੁਸ਼ਹਾਲ ਹੋਵੇ।
ਇੰਦਰਜੀਤ ਸਿੰਘ
inderjit.europcar@gmail.com
ਮੋਗਾ ਬੱਸ ਕਾਂਡ ਬੇਹੱਦ ਸ਼ਰਮਨਾਕ ਘਟਨਾ, ਸਮਾਜ ਨੂੰ ਸੋਚਣ ਦੀ ਲੋੜ
ਪਹਿਲਾ ਤਾਂ ਮੈਂ 'ਅਜੀਤ' ਦਾ ਬਹੁਤ ਧੰਨਵਾਦੀ ਹਾਂ, ਜੋ ਸਾਨੂੰ ਆਪਣੇ ਵਿਚਾਰ ਤੇ ਚਿੰਤਾਵਾਂ ਪ੍ਰਗਟ ਕਰਨ ਦਾ ਇਕ ਮੰਚ ਪ੍ਰਦਾਨ ਕਰਦਾ ਹੈ। ਇਥੇ ਮੈਂ ਮੋਗਾ ਬੱਸ ਕਾਂਡ ਸਬੰਧੀ ਆਪਣੀਆਂ ਚਿੰਤਾਵਾਂ ਪ੍ਰਗਟ ਕਰਨ ਜਾ ਰਿਹਾ ਹਾਂ। ਇਹ ਇਕ ਬੇਹੱਦ ਸ਼ਰਮਨਾਕ ਤੇ ਨਿੰਦਣਯੋਗ ਘਟਨਾ ਹੈ। ਅਜਿਹੀਆਂ ਘਟਨਾਵਾਂ ਦਾ ਮਤਲਬ ਸਾਫ਼ ਹੈ ਕਿ ਔਰਤਾਂ ਸਾਡੇ ਦੇਸ਼ 'ਚ ਮਹਿਫ਼ੂਜ਼ ਨਹੀਂ ਹਨ। ਅਜਿਹੇ ਘਟੀਆ ਕਾਰੇ ਸਾਡੇ ਦੇਸ਼ 'ਚ ਹੀ ਕਿਉਂ ਹੁੰਦੇ ਹਨ? ਅਜਿਹੇ ਹਾਦਸਿਆਂ ਪਿੱਛੇ ਮੀਡੀਆ ਦੇ ਕਿਰਦਾਰ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜਿੰਨੀ ਅਸ਼ਲੀਲਤਾ ਅੱਜ ਮੀਡੀਆ ਪਰੋਸ ਰਿਹਾ ਹੈ ਉਸ ਨਾਲ ਸਮਾਜ ਵਿਚੋਂ ਚੰਗੇ ਨਤੀਜੇ ਪ੍ਰਾਪਤ ਨਹੀਂ ਕੀਤੇ ਜਾ ਸਕਦੇ ਕਿਉਂਕਿ ਮੀਡੀਆ ਸਮਾਜ ਦਾ ਸ਼ੀਸ਼ਾ ਮੰਨਿਆ ਜਾਂਦਾ ਹੈ। ਇਸ ਸਮਾਜਿਕ ਬੁਰਾਈ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਾਨੂੰ ਅੱਜ ਡੂੰਘਾਈ ਨਾਲ ਚਿੰਤਨ ਕਰਨ ਦੀ ਜ਼ਰੂਰਤ ਹੈ। ਸਿੱਖਿਆ ਇਸ ਵਿਚ ਅਹਿਮ ਕਿਰਦਾਰ ਨਿਭਾਅ ਸਕਦੀ ਹੈ। ਸਮਾਜ ਨੂੰ ਅੱਜ ਡੂੰਘੀ ਨੀਂਦ ਤੋਂ ਜਾਗਣ ਦੀ ਲੋੜ ਹੈ।
ਹਰਦੀਪ ਨਿੱਝਰ
ਨਿਕੋਸ਼ੀਆ, ਸਾਈਪ੍ਰਸ
nijjardeep@yahoo.com
ਕੀ ਹੋ ਗਿਆ ਹੈ ਪੰਜਾਬੀਆਂ ਦੀ ਅਣਖ਼ ਨੂੰ
ਮੈਂ ਇਕ ਪੰਜਾਬ ਵਾਸੀ ਹਾਂ। ਪਰ ਹੁਣ ਮੈਨੂੰ ਆਪਣੇ ਪੰਜਾਬ 'ਤੇ ਤਰਸ ਆ ਰਿਹਾ ਹੈ, ਕਿਉਂਕਿ ਇਹ ਹੁਣ ਪਹਿਲਾਂ ਵਾਲਾ ਪੰਜਾਬ ਨਹੀਂ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਹੁੰਦਿਆਂ ਕੋਈ ਪੰਜਾਬ ਵੱਲ ਅੱਖ ਚੁੱਕ ਕੇ ਵੀ ਨਹੀਂ ਵੇਖ ਸਕਦਾ ਸੀ। ਉਸ ਵੇਲੇ ਸਾਡੇ 'ਚ ਅਣਖ਼ ਸੀ ਤੇ ਗੁਰੂ ਦੇ ਮਾਰਗ 'ਤੇ ਚੱਲਣ ਦਾ ਸਾਫ਼ ਰਾਹ ਵੀ ਸੀ। ਹੁਣ ਮੈਂ ਸੋਚਦਾ ਹਾਂ ਕਿ ਇਹ ਸਭ ਕੁਝ ਕਿਉਂ ਹੋ ਗਿਆ ਹੈ। ਸਾਡੇ ਅੰਦਰ ਜਜ਼ਬਾਤ ਤਾਂ ਉਹੀ ਹਨ ਪਰ ਜੋ ਅਣਖ਼ ਜਗਦੀ ਹੈ ਉਹ ਹੁਣ ਦਿਖਦੀ ਨਹੀਂ ਹੈ। ਇਹ ਜਾਂ ਤਾਂ ਸਰਕਾਰਾਂ ਦੇ ਦਬਾਅ ਕਰਕੇ ਹੈ ਜਾਂ ਮਹਿੰਗਾਈ ਕਰਕੇ। ਮਹਿੰਗਾਈ ਤੇ ਸਾਡੇ ਖਰਚੇ ਸਾਨੂੰ ਇਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਕਰਨ ਦਿੰਦੇ ਤੇ ਅਸੀਂ ਆਪਣੇ ਗੁਰੂ ਦੇ ਦੱਸੇ ਰਸਤੇ ਨੂੰ ਭੁੱਲ ਗਏ ਹਾਂ। ਸਰਕਾਰਾਂ ਵੀ ਉਨ੍ਹਾਂ ਸਿਧਾਂਤਾਂ 'ਤੇ ਨਹੀਂ ਚੱਲਦੀਆਂ, ਜਿਨ੍ਹਾਂ 'ਤੇ ਚੱਲਣ ਦੀ ਰਾਹ ਧਰਮ ਦਿਖਾਉਂਦਾ ਹੈ। ਲਗਦਾ ਹੈ ਕਿ ਸਿਰਫ਼ ਕੁਰਸੀ ਦੀ ਦੌੜ ਲੱਗੀ ਹੈ। ਲੋਕ ਆਪਣੀ ਅਣਖ਼ ਤੇ ਜਜ਼ਬਾਤ ਕਾਇਮ ਰੱਖਦੇ ਹਨ ਤਾਂ ਸਰਕਾਰ ਦੱਬ ਦਿੰਦੀ ਹੈ। ਜੇਕਰ ਚੰਗੇ ਖਿਆਲ ਵੀ ਆਉਂਦੇ ਹਨ ਤਾਂ ਮਹਿੰਗਾਈ ਦੱਬ ਦਿੰਦੀ ਹੈ। ਇਹ ਤਾਂ ਹੁਣ ਰੱਬ ਹੀ ਜਾਣਦਾ ਹੈ ਕਿ ਸਾਡੇ ਪੰਜਾਬ ਦਾ ਕੀ ਬਣੂੰ।
ਭੁਪਿੰਦਰ ਸਿੰਘ ਬੁਗਰਾ
ਦੁਬਈ ਯੂ.ਏ.ਈ.
ਈਮੇਲ: pinders123@gmail.com
ਵਿਦੇਸ਼ੀ ਕੰਪਨੀਆਂ ਵਿਰੁੱਧ ਝੂਠੀਆਂ ਰਿਪੋਰਟਾਂ ਲਿਖਾਉਣ ਤੋਂ ਗੁਰੇਜ਼ ਕੀਤਾ ਜਾਵੇ
ਮੈਂ, ਪੁਲਿਸ ਇੰਮੀਗਰੇਸ਼ਨ ਤੇ ਮੀਡੀਆ ਦੇ ਧਿਆਨ 'ਚ ਇਕ ਅਹਿਮ ਗੱਲ ਲਿਆਉਣਾ ਚਾਹੁੰਦਾ ਹਾਂ ਕਿ ਭਾਰਤੀ ਵਰਕਰਾਂ ਦੇ ਗ਼ਲਤ ਵਤੀਰੇ ਕਾਰਨ ਜਿਵੇਂ ਯੂ. ਏ. ਈ. 'ਚ ਵਪਾਰੀਆਂ ਤੇ ਕੰਪਨੀਆਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਥੇ ਵਰਕਰ ਵੀਜ਼ੇ ਲਈ 115,000 ਰੁਪਏ ਸਰਕਾਰੀ ਵਿਭਾਗਾਂ 'ਚ ਜਮ੍ਹਾਂ ਕਰਵਾਉਣੇ ਪੈਂਦੇ ਹਨ। ਇਹ ਇਕ ਲੰਬੀ ਪ੍ਰਕਿਰਿਆ ਹੈ। ਇਥੇ ਕੰਮ ਕਰਨ ਦਾ ਢੰਗ ਵੀ ਵੱਖਰਾ ਹੈ। ਜਦੋਂ ਭਾਰਤੀ ਵਰਕਰ ਕੰਪਨੀ ਅਨੁਸਾਰ ਇਥੇ ਕੰਮ ਨਹੀਂ ਕਰ ਸਕਦੇ ਤਾਂ ਕਈ ਵਾਰ ਉਹ ਯੂ. ਏ. ਈ. ਲੇਬਰ ਆਫਿਸ 'ਚ ਕੰਪਨੀ ਦੇ ਖਿਲਾਫ਼ ਝੂਠੀਆਂ ਰਿਪੋਰਟਾਂ ਕਰਵਾ ਦਿੰਦੇ ਹਨ। ਇੰਨਾ ਹੀ ਨਹੀਂ ਭਾਰਤ ਆਉਣ ਤੋਂ ਬਾਅਦ ਵੀ ਉਹ ਕੰਪਨੀਆਂ ਜਾਂ ਮੈਨੇਜਰ ਦੇ ਖ਼ਿਲਾਫ਼ ਰਿਪੋਰਟ ਲਿਖਵਾ ਦਿੰਦੇ ਹਨ, ਜਿਸ ਕਰਕੇ ਕੰਪਨੀ ਨੂੰ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਾਰੀਆਂ ਮੁਸ਼ਕਿਲਾਂ ਕਾਰਨ ਕੰਪਨੀਆਂ ਭਾਰਤੀ ਵਰਕਰਾਂ ਨੂੰ ਕੰਮ 'ਤੇ ਰੱਖਣਾ ਪਸੰਦ ਨਹੀਂ ਕਰਦੀਆਂ ਮੈਂ ਭਾਰਤ ਦੀ ਪੁਲਿਸ, ਇੰਮੀਗਰੇਸ਼ਨ ਤੇ ਮੀਡੀਆ ਨੂੰ ਬੇਨਤੀ ਕਰਦਾ ਹਾਂ ਕਿ ਉਹ ਅਜਿਹੀਆਂ ਝੂਠੀਆਂ ਰਿਪੋਰਟਾਂ ਨਾ ਲਿਖਣ ਤੇ ਅਜਿਹੇ ਲੋਕਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ।
ਜੀ. ਐਸ. ਮਨਕੂ
mansgur@gmail.com
ਵਿਵਾਦਤ ਬਿਆਨ ਲਈ ਗਿਰੀਰਾਜ ਸਿੰਘ ਅਸਤੀਫ਼ਾ ਦੇਣ
ਗਿਰੀਰਾਜ ਸਿੰਘ ਸਿਆਸਤ 'ਚ ਰਹਿਣ ਦੇ ਹੱਕਦਾਰ ਨਹੀਂ। ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮਾਜਿਕ ਕੀਮਤਾਂ ਤੇ ਸਦਾਚਾਰ ਪ੍ਰਤੀ ਆਦਰ ਰੱਖਦੇ ਹਨ ਤਾਂ ਉਨ੍ਹਾਂ ਨੂੰ ਗਿਰੀਰਾਜ ਦਾ ਅਸਤੀਫ਼ਾ ਲੈ ਲੈਣਾ ਚਾਹੀਦਾ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਇਕ ਗੱਲ ਪੱਕੀ ਹੈ ਕਿ ਇਹ ਸਾਰਾ ਕੁਝ ਉਨ੍ਹਾਂ ਦੀ ਸ਼ਹਿ 'ਤੇ ਹੀ ਹੋ ਰਿਹਾ ਹੈ। ਜੇਕਰ ਅਜਿਹੀ ਘਟਨਾ ਪੱਛਮੀ ਮੁਲਕਾਂ 'ਚ ਕੋਈ ਮੰਤਰੀ ਕਰਦਾ ਹੈ ਤਾਂ ਉਸ ਨੂੰ ਇਸ ਦਾ ਖਮਿਆਜਾ ਭੁਗਤਣਾ ਪੈਂਦਾ ਹੈ। ਪਰ ਇਹ ਭਾਰਤ ਮਹਾਨ ਦੇਸ਼ ਹੈ। ਇਸੇ ਕਰਕੇ ਮੰਤਰੀ ਇਥੇ ਅਜਿਹੇ ਬਿਆਨ ਦੇਣ ਤੋਂ ਬਾਅਦ ਵੀ ਸਾਫ਼ ਬਚ ਨਿਕਲਦੇ ਹਨ।
ਦਰਸ਼ਨ ਸਿੰਘ ਧਾਲੀਵਾਲ
darshan1840@gmail.com
ਅਵਾਰਾ ਗਊਆਂ ਦੀ ਸਮੱਸਿਆ ਦਾ ਸਹੀ ਹੱਲ ਲੱਭਿਆ
ਭਾਰਤ 'ਚ ਗਊ ਹੱਤਿਆ ਦੇ ਮਾਮਲੇ 'ਚ ਅੱਜਕਲ੍ਹ ਬਹੁਤ ਹੰਗਾਮਾ ਕੀਤਾ ਜਾ ਰਿਹਾ ਹੈ। ਕੀ ਇਨ੍ਹਾਂ ਲੋਕਾਂ ਨੇ ਕਦੇ ਸੋਚਿਆ ਹੈ ਕਿ ਸੜਕਾਂ 'ਤੇ ਫਿਰ ਰਹੀਆਂ ਅਵਾਰਾ ਗਊਆਂ ਕਿਸਾਨਾਂ ਦੀਆਂ ਫ਼ਸਲਾਂ ਦੀ ਤਬਾਹੀ ਕਰਦੀਆਂ ਹਨ। ਕੀ ਉਨ੍ਹਾਂ ਨੇ ਸੜਕਾਂ 'ਤੇ ਫਿਰਦੀਆਂ ਇਨ੍ਹਾਂ ਗਾਵਾਂ ਨੂੰ ਕਦੇ ਚਾਰਾ ਵੀ ਪਾਇਆ ਹੈ, ਜਿਨ੍ਹਾਂ ਕਰਕੇ ਅਕਸਰ ਸੜਕਾਂ 'ਤੇ ਹਾਦਸੇ ਵੀ ਵਾਪਰਦੇ ਹਨ। ਕੀ ਗਾਵਾਂ ਦੀ ਜ਼ਿੰਦਗੀ ਮਨੁੱਖੀ ਜ਼ਿੰਦਗੀ ਤੋਂ ਜ਼ਿਆਦਾ ਕੀਮਤੀ ਹੈ। ਅਜਿਹੀਆਂ ਸੰਸਥਾਵਾਂ ਤੋਂ ਜ਼ਿਆਦਾ ਕੀਮਤੀ ਹੈ। ਅਜਿਹੀਆਂ ਸੰਸਥਾਵਾਂ ਨੂੰ ਸੜਕਾਂ 'ਤੇ ਫਿਰ ਰਹੀਆਂ ਗਾਵਾਂ ਦੀ ਸਮੱਸਿਆ ਦਾ ਹੱਲ ਲੱਭਣਾ ਚਾਹੀਦਾ ਹੈ ਫਿਰ ਉਹ ਗਊ ਹੱਤਿਆ ਦਾ ਵਿਰੋਧ ਕਰਨ।
ਦਰਸ਼ਨ ਸਿੰਘ ਧਾਲੀਵਾਲ
darshan1840@gmail.com
ਪਿੰਡਾਂ 'ਚ ਵਿਕਾਸ ਦੀ ਲੋੜ
ਪੰਜਾਬ ਸਰਕਾਰ ਨੇ ਵੱਡੇ-ਵੱਡੇ ਪ੍ਰਾਜੈਕਟ ਸਿਰਫ਼ ਸ਼ਹਿਰਾਂ ਵਿਚ ਹੀ ਸ਼ੁਰੂ ਕੀਤੇ ਹਨ, ਜਦੋਂ ਕਿ ਪਿੰਡਾਂ 'ਚ ਜ਼ਿਆਦਾ ਜ਼ਰੂਰਤ ਹੈ। ਜਿਨ੍ਹਾਂ ਪਿੰਡਾਂ ਦੀ ਸਿਆਸੀ ਪਹੁੰਚ ਹੈ, ਉਥੇ ਵਿਕਾਸ ਜ਼ਰੂਰ ਹੋਇਆ ਹੈ। ਪਿੰਡਾਂ 'ਚ ਪਾਖਾਨਿਆਂ ਦੀ ਬਹੁਤ ਜ਼ਰੂਰਤ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਪਿੰਡਾਂ 'ਚ ਵੱਧ ਤੋਂ ਵੱਧ ਹਰ ਖੇਤਰ 'ਚ ਵਿਕਾਸ ਕਰੇ। ਪਿੰਡਾਂ 'ਚ ਖੇਡਾਂ 'ਚ ਕਾਫ਼ੀ ਖਰਚਾ ਕੀਤਾ ਜਾਂਦਾ ਹੈ, ਲੇਕਿਨ ਇਸ ਦੇ ਨਾਲ ਹੀ ਪਿੰਡਾਂ ਦੇ ਵਿਕਾਸ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ। ਸਕੂਲਾਂ ਵਿਚ ਵੀ ਪਾਖਾਨਿਆਂ ਦੀ ਘਾਟ ਹੈ। ਪਹਿਲ ਦੇ ਆਧਾਰ 'ਤੇ ਕਰਨਾ ਚਾਹੀਦਾ ਹੈ।
-ਲਾਲ ਚੀਮਾ ਭੌਰਾ
Icheema@sky.com
ਪੰਜਾਬ ਦੇ ਸਮਾਜ ਨੂੰ ਨਵੀਂ ਸੇਧ ਦੇਣ ਲਈ ਆਗੂ ਨਿਭਾਉਣ ਮੁੱਖ ਕਿਰਦਾਰ
ਪੰਜਾਬ ਦੇ ਸਮਾਜ ਵਿਚ ਅੱਜ ਫੋਕੀ ਸ਼ੁਹਰਤ ਦੇ ਕਾਰਨ ਖੁਸ਼ੀਆਂ-ਗਮੀਆਂ ਦੇ ਸਮਾਗਮਾਂ 'ਚ ਫਜ਼ੂਲ ਦਾ ਖਰਚਾ ਕੀਤਾ ਜਾਂਦਾ ਹੈ, ਜੋ ਕਿ ਅੱਜ ਦੇ ਪੰਜਾਬੀ ਸਮਾਜ ਵਿਚ ਇਹ ਗਲਤ ਰਿਵਾਜ ਹੈ। ਆਮ ਲੋਕ ਵੱਡੇ ਕਰਜ਼ੇ ਚੁੱਕ ਕੇ ਫੋਕੀ ਸ਼ੁਹਰਤ ਲਈ ਪੈਸਾ ਖਰਚ ਕਰ ਰਹੇ ਹਨ। ਮੇਰੇ ਮੁਤਾਬਿਕ ਇਸ ਪ੍ਰਚੱਲਤ ਰੀਤ ਨੂੰ ਰੋਕਣ ਲਈ ਸਿਆਸੀ ਆਗੂਆਂ ਤੇ ਧਾਰਮਿਕ ਆਗੂਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਆਗੂਆਂ ਨੂੰ ਆਪਣੇ ਸਮਾਰੋਹਾਂ ਨੂੰ ਸਾਦਾ ਰੱਖ ਕੇ ਨਵੀਂ ਰੀਤ ਚਲਾਉਣੀ ਚਾਹੀਦੀ ਹੈ ਤਾਂ ਜੋ ਸਮਾਜ 'ਚ ਨਿਰੋਆ ਸੰਦੇਸ਼ ਜਾ ਸਕੇ। ਅੱਜ ਕੱਲ੍ਹ ਹਰ ਕੋਈ ਨਸ਼ਿਆਂ ਦੇ ਵੱਧ ਰਹੇ ਰੁਝਾਨ ਤੋਂ ਪ੍ਰੇਸ਼ਾਨ ਹੈ, ਇਸ ਲਈ ਖੁਸ਼ੀਆਂ ਦੇ ਸਮਾਗਮਾਂ 'ਚ ਸ਼ਰਾਬ ਦੀ ਵਰਤੋਂ ਬਿਲਕੁਲ ਬੰਦ ਹੋਣੀ ਚਾਹੀਦੀ ਹੈ, ਕਿਉਂਕਿ ਸ਼ਰਾਬ ਹੀ ਹਰ ਨਸ਼ੇ ਦੀ ਮਾਂ ਹੈ।
ਰਾਜਾ ਸਿੰਘ ਮਿਸ਼ਨਰੀ
ਕੈਨੇਡਾ
rajassingh922@khalsa.com
ਪੱਖਪਾਤ ਰਹਿਤ 'ਅਜੀਤ' ਵੈੱਬ ਟੀ. ਵੀ. ਦੀ ਰਿਪੋਰਟਿੰਗ
ਸ੍ਰੀਮਾਨ ਜੀ, ਮੈਂ ਤੁਹਾਡੇ 'ਅਜੀਤ' ਵੈੱਬ ਟੀ. ਵੀ. 'ਤੇ ਪ੍ਰਸਾਰਣ ਹੋਣ ਵਾਲੇ ਪ੍ਰੋਗਰਾਮਾਂ ਨੂੰ ਬਹੁਤ ਧਿਆਨ ਨਾਲ ਦੇਖਦਾ ਹਾਂ। ਤੁਹਾਡੀ ਰਿਪੋਰਟਿੰਗ ਦੀ ਪੇਸ਼ਕਾਰੀ ਬਹੁਤ ਹੀ ਸਪੱਸ਼ਟ ਤੇ ਪੱਖਪਾਤ ਰਹਿਤ ਹੁੰਦੀ ਹੈ। ਮੈਂ ਪਿਛਲੇ ਦਿਨੀਂ 'ਅਜੀਤ' ਵੈੱਬ ਟੀ. ਵੀ. 'ਤੇ ਪੇਸ਼ ਕੀਤੀ ਗਈ ਰਿਪੋਰਟ 'ਅੱਡਾ ਦੇਹ ਵਪਾਰ' ਨੂੰ ਗਹੁ ਨਾਲ ਵਾਚਿਆ। ਇਸ ਵਿਚ ਸਥਾਨਕ ਪੁਲਿਸ ਨੇ ਦਾਅਵਾ ਕੀਤਾ ਕਿ ਕਰੀਬ ਦੋ ਸਾਲ ਤੋਂ ਇਹ 'ਧੰਦਾ' ਚੱਲ ਰਿਹਾ ਸੀ ਤੇ ਪੁਲਿਸ ਨੂੰ ਇਸ ਸਬੰਧ 'ਚ ਕੋਈ ਜਾਣਕਾਰੀ ਨਹੀਂ ਸੀ, ਜੋ ਕਿ ਸਥਾਨਕ ਪੁਲਿਸ ਦਾ ਇਹ ਦਾਅਵਾ ਗਲੇ ਨਹੀਂ ਉਤਰਦਾ। ਇਸ ਅੱਡੇ 'ਤੇ ਦੋ ਸਾਲ ਬਾਅਦ ਕਾਰਵਾਈ ਹੋਣਾ ਪੁਲਿਸ ਦੀ ਕਾਰਗੁਜ਼ਾਰੀ ਤੇ ਕਿਰਦਾਰ 'ਤੇ ਕਈ ਸਵਾਲ ਖੜ੍ਹੇ ਹੁੰਦੇ ਹਨ।
ਹਰਦੇਵ ਸਿੰਘ ਗਾਖਲ
ਕੈਨੇਡਾ
Email : maghroo9@gmail.com
ਮਾੜੇ ਅਨਸਰਾਂ ਨੂੰ ਹੁਣ ਕਾਨੂੰਨ ਦਾ ਕੋਈ ਖੌਫ ਨਹੀਂ
ਅਪਰਾਧੀ ਕਿਸਮ ਦੇ ਨੌਜਵਾਨ ਜੋ ਲੁੱਟਾਂ-ਖੋਹਾਂ, ਨਸ਼ੇ ਦੀ ਤਸਕਰੀ, ਹੱਤਿਆਵਾਂ ਤੇ ਹੋਰ ਬਹੁਤ ਕੁਝ ਕਰ ਰਹੇ ਹਨ ਪੁਲਿਸ ਇਨ੍ਹਾਂ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ 'ਚ ਪੇਸ਼ ਵੀ ਕਰਦੀ ਹੈ, ਪਰ ਕੁਝ ਸਮੇਂ ਦੀ ਸਜ਼ਾ ਭੁਗਤਣ ਤੋਂ ਬਾਅਦ ਇਹ ਛੁਟ ਜਾਂਦੇ ਹਨ ਅਤੇ ਇਹ ਅਪਰਾਧੀ ਲੋਕ ਫਿਰ ਆਪਣੀਆਂ ਪੁਰਾਣੀਆਂ ਕਾਰਵਾਈਆਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੰਦੇ ਹਨ, ਕਿਉਂਕਿ ਮੌਜੂਦਾ ਕਾਨੂੰਨਾਂ ਦਾ ਇਨ੍ਹਾਂ ਨੂੰ ਹੁਣ ਕੋਈ ਖੌਫ ਨਹੀਂ ਹੈ। ਮੇਰੀ ਬੇਨਤੀ ਹੈ ਕਿ ਕੁਝ ਅਜਿਹੇ ਸਖ਼ਤ ਕਾਨੂੰਨ ਬਣਾਏ ਜਾਣ, ਤਾਂ ਜੋ ਅਜਿਹੇ ਕਿਸਮ ਦੇ ਮਾੜੇ ਅਨਸਰਾਂ ਨੂੰ ਕਾਬੂ ਵਿਚ ਲਿਆਂਦਾ ਜਾ ਸਕੇ। ਸਰਕਾਰਾਂ ਇਸ ਪਾਸੇ ਵਿਸ਼ੇਸ਼ ਧਿਆਨ ਦੇਣ।
ਇੰਦਰਜੀਤ ਸਿੰਘ
ਸੰਯੁਕਤ ਅਰਬ ਅਮੀਰਾਤ
Email : inderjit.europcar@gmail.com
ਅੰਮ੍ਰਿਤਸਰ ਹਵਾਈ ਅੱਡੇ ਦੇ ਰੁਤਬੇ ਨੂੰ ਬਚਾਇਆ ਜਾਵੇ
ਸਤਿ ਸ੍ਰੀ ਅਕਾਲ ਜੀ, ਇਹ ਖ਼ਬਰ ਪੜ੍ਹ ਕੇ ਬਹੁਤ ਦੁੱਖ ਪਹੁੰਚਿਆ ਕਿ ਅੰਮ੍ਰਿਤਸਰ ਦਾ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਕੌਮਾਂਤਰੀ ਉਡਾਣਾਂ ਲਈ ਬੰਦ ਹੋ ਜਾਵੇਗਾ, ਜਿਸ ਨਾਲ ਯੂ. ਏ. ਈ. ਸਮੇਤ ਹੋਰ ਦੇਸ਼ਾਂ 'ਚ ਰਹਿੰਦੇ ਪੰਜਾਬੀਆਂ 'ਤੇ ਬੁਰਾ ਅਸਰ ਪਵੇਗਾ। ਕੇਰਲਾ ਵਿਚ ਇਸ ਸਮੇਂ 3 ਅੰਤਰਰਾਸ਼ਟਰੀ ਹਵਾਈ ਅੱਡੇ ਹਨ ਤੇ ਚੌਥਾ ਕੌਮਾਂਤਰੀ ਹਵਾਈ ਅੱਡਾ ਇਸ ਸਾਲ ਬਣ ਕੇ ਤਿਆਰ ਹੋ ਰਿਹਾ ਹੈ ਤੇ ਪੰਜਾਬ ਵਿਚ ਦੋ ਹਵਾਈ ਅੱਡੇ ਕਿਉਂ ਨਹੀਂ ਹੋ ਸਕਦੇ। ਬੇਨਤੀ ਹੈ ਕਿ ਪੰਜਾਬ ਦੇ ਸਿਆਸੀ ਆਗੂਆਂ ਨੂੰ ਇਸ ਵਿਸ਼ੇ 'ਤੇ ਖਾਸ ਧਿਆਨ ਦੇਣਾ ਚਾਹੀਦਾ ਹੈ, ਨਹੀਂ ਤਾਂ ਆਉਣ ਵਾਲੇ ਸਮੇਂ 'ਚ ਪੰਜਾਬੀਆਂ ਨੇ ਲੀਡਰਾਂ ਨੂੰ ਮੁਆਫ ਨਹੀਂ ਕਰਨਾ।
ਇੰਦਰਜੀਤ ਸਿੰਘ
ਸ਼ਾਰਜਾਹ
Email : inderjit.europcar@gmail.com
ਆਸਟ੍ਰੇਲੀਅਨ ਅਖ਼ਬਾਰ ਨੇ ਸਿੱਖਾਂ ਸਬੰਧੀ ਛਾਪਿਆ ਅਗਿਆਨਤਾ ਭਰਿਆ ਕਾਰਟੂਨ
ਆਸਟ੍ਰੇਲੀਆ ਦੇ ਅਖ਼ਬਾਰ 'ਸਿਡਨੀ ਮਾਰਨਿੰਗ ਹੈਰਾਲਡ' 'ਚ ਸਿੱਖਾਂ ਸਬੰਧੀ ਕਾਰਟੂਨ ਛਪਿਆ। ਉਸ ਕਾਰਟੂਨ 'ਚ ਸਿੱਖਾਂ ਨੂੰ ਮੁਸਲਮਾਨ ਦਰਸਾਇਆ ਗਿਆ। ਜੋ ਕਿ ਬਹੁਤ ਹੀ ਅਗਿਆਨਤਾ ਭਰਿਆ ਹੈ ਤੇ ਸਿੱਖਾਂ ਲਈ ਨਾਰਾਜ਼ਗੀ ਭਰਿਆ ਕਾਰਟੂਨ ਸੀ। ਜਿਸ ਦੀ ਮੈਂ ਖ਼ਤ ਲਿਖ ਕੇ ਵਿਰੋਧਤਾ ਵੀ ਕੀਤੀ ਹੈ ਕਿ ਸਿੱਖ ਨਾ ਤਾਂ ਹਿੰਦੂ ਹਨ ਤੇ ਨਾ ਹੀ ਮੁਸਲਮਾਨ। ਸਿੱਖ ਕੌਮ ਦੀ ਆਪਣੀ ਵੱਖਰੀ ਪਛਾਣ ਹੈ।
ਅਮਰਜੀਤ ਸਿੰਘ ਗਰੀਫਿਥ
ਆਸਟ੍ਰੇਲੀਆ
amarjitsingh41@yahoo.au
ਭਗਤ ਪੂਰਨ ਸਿੰਘ ਜੀ ਸਬੰਧੀ ਫਿਲਮ ਬਣਨਾ ਪ੍ਰਸੰਸਾਯੋਗ
ਸਤਿਕਾਰਯੋਗ ਸੰਪਾਦਕ ਜੀ, ਸਤਿ ਸ੍ਰੀ ਅਕਾਲ, ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਤਿਕਾਰਯੋਗ ਭਗਤ ਪੂਰਨ ਸਿੰਘ ਪਿੰਗਲਵਾੜਾ ਜੀ ਸਬੰਧੀ ਫਿਲਮ ਬਣ ਕੇ ਰਿਲੀਜ਼ ਹੋਣ ਜਾ ਰਹੀ ਹੈ। ਕਈ ਸਾਲ ਪਹਿਲਾਂ ਮੈਂ ਬੀ.ਬੀ.ਸੀ. ਦੇ ਪੱਤਰਕਾਰ ਮਾਰਕ ਟੱਲੀ ਨੂੰ ਮਿਲਿਆ ਸੀ ਤੇ ਬੇਨਤੀ ਕੀਤੀ ਸੀ ਕਿ ਉਹ ਭਗਤ ਜੀ ਬਾਰੇ ਕੋਈ ਡਾਕੂਮੈਂਟਰੀ ਫਿਲਮ ਬਣਾਉਣ 'ਤੇ ਉਸ ਦਾ ਖਰਚਾ ਮੈਂ ਦੇਣ ਨੂੰ ਤਿਆਰ ਹਾਂ ਪਰ ਯੋਜਨਾ ਸਿਰੇ ਨਾ ਚੜ੍ਹ ਸਕੀ। ਇਸ ਤੋਂ ਇਲਾਵਾ ਐਸ.ਜੀ.ਪੀ.ਸੀ ਨਾਲ ਵੀ ਇਸ ਸਬੰਧ 'ਚ ਗੱਲ ਕੀਤੀ ਗਈ ਪਰ ਉੱਥੇ ਵੀ ਗੱਲ ਨਾ ਬਣ ਸਕੀ। ਮੈਂ ਆਪਣੀ ਇਕ ਪੁਸਤਕ ਅੱਖੀਂ ਡਿੱਠੇ ਵੀ ਭਗਤ ਜੀ ਨੂੰ ਸਮਰਪਿਤ ਕੀਤੀ ਹੈ। ਸਿੱਖ ਜਥੇਬੰਦੀਆਂ ਨੂੰ ਭਗਤ ਜੀ ਵਰਗੀਆਂ ਤੇ ਅਨੇਕਾਂ ਹੋਰ ਸਿੱਖ ਸ਼ਖ਼ਸੀਅਤਾਂ ਦੇ ਸਨਮਾਨ 'ਚ ਅੱਗੇ ਆਉਣਾ ਚਾਹੀਦਾ ਹੈ।
ਆਤਮਾ ਸਿੰਘ ਬਰਾੜ
ਇੰਗਲੈਂਡ
atmabrar@yahoo.com
ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਰੋਕੇ ਪੁਲਿਸ
ਰਾਤ ਵੇਲੇ ਪੰਜਾਬ ਦੀਆਂ ਕਈ ਸੜਕਾਂ ਤੇ ਸ਼ਹਿਰਾਂ 'ਚ ਲੁੱਟ-ਖੋਹ ਹੋਣਾ ਆਮ ਹੋ ਗਿਆ ਹੈ। ਹੁਣ ਹਾਲ ਹੀ 'ਚ ਜਲੰਧਰ ਦੇ ਕਸਬਾ ਕਿਸ਼ਨਗੜ੍ਹ ਨਜ਼ਦੀਕ, ਜਲੰਧਰ-ਪਠਾਨਕੋਟ ਰੋਡ 'ਤੇ ਲੁੱਟ-ਖੋਹ ਦੀ ਵਾਰਦਾਤ ਹੋਈ। ਮੇਰੀ ਅਪੀਲ ਹੈ ਕਿ ਇਸ ਮੌਸਮ 'ਚ ਰਾਤ ਵੇਲੇ ਬਿਨਾਂ ਕਾਰਨ ਬਾਹਰ ਨਾ ਨਿਕਲਿਆ ਜਾਵੇ ਤੇ ਪੁਲਿਸ ਦੀ ਗਸ਼ਤ ਟੀਮ ਨੂੰ ਪ੍ਰਮੁੱਖ ਮਾਰਗਾਂ 'ਤੇ ਗਸ਼ਤ ਵਧਾ ਦੇਣੀ ਚਾਹੀਦੀ ਹੈ।
ਇੰਦਰਜੀਤ ਸਿੰਘ
ਸੰਯੁਕਤ ਅਰਬ ਅਮੀਰਾਤ
inderjit.europcar@gmail.com
ਗ੍ਰਹਿ ਮੰਤਰੀ ਵੱਲੋਂ ਸਿੱਖ ਵਿਰੋਧੀ ਦੰਗੇ ਨੂੰ ਨਸਲਕੁਸ਼ੀ ਕਰਾਰ ਦੇਣ ਲਈ ਧੰਨਵਾਦ
ਮੈਂ ਧੰਨਵਾਦੀ ਹਾਂ ਕਿ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਜਿਨ੍ਹਾਂ 1984 ਸਿੱਖ ਵਿਰੋਧੀ ਦੰਗਿਆਂ ਨੂੰ ਨਸਲਕੁਸ਼ੀ ਕਰਾਰ ਦਿੱਤਾ ਹੈ। ਵਿਦੇਸ਼ਾਂ 'ਚ ਵੱਸ ਰਹੇ ਸਿੱਖਾਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ 1984 ਸਿੱਖ ਵਿਰੋਧੀ ਦੰਗਿਆਂ ਨੂੰ ਨਸਲਕੁਸ਼ੀ ਐਲਾਨਿਆ ਜਾਵੇ। ਮੇਰੀ ਬੇਨਤੀ ਹੈ ਕਿ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੇ ਨਾਲ-ਨਾਲ ਨਸਲਕੁਸ਼ੀ ਦੇ ਕਾਤਲਾਂ ਨੂੰ ਵੀ ਫਾਂਸੀ 'ਤੇ ਚੜ੍ਹਾਇਆ ਜਾਵੇ।
ਅਮਰਜੀਤ ਸਿੰਘ ਗੁਰਾਇਆ
ਆਸਟ੍ਰੇਲੀਆ
amarjitsingh41@yahoo.co.au
'ਅਜੀਤ ਵੈੱਬ ਟੀ. ਵੀ.' 'ਤੇ ਰਣਜੀਤ ਕੌਰ ਦੀ ਦਿਖਾਈ ਗਈ ਮੁਲਾਕਾਤ ਪ੍ਰਸੰਸਾਯੋਗ
'ਅਜੀਤ ਵੈੱਬ ਟੀ. ਵੀ.' 'ਤੇ ਰਣਜੀਤ ਕੌਰ ਦੀ ਦਿਖਾਈ ਗਈ ਮੁਲਾਕਾਤ ਬਹੁਤ ਹੀ ਸਲਾਹੁਣਯੋਗ ਸੀ। ਰਣਜੀਤ ਕੌਰ ਨੂੰ ਸਟੇਜ ਪ੍ਰੋਗਰਾਮ 'ਤੇ ਗਾਉਣ ਤੋਂ ਇਲਾਵਾ ਬਹੁਤ ਹੀ ਘੱਟ ਬੋਲਦੇ ਹੋਏ ਦੇਖਿਆ ਗਿਆ। ਉਨ੍ਹਾਂ ਦੇ ਮੁਹੰਮਦ ਸਦੀਕ ਨਾਲ ਗਾਏ ਗੀਤ ਕਾਫੀ ਪ੍ਰਸਿੱਧ ਹੋਏ। ਦੋਵੇਂ ਆਪਣੇ ਸਮੇਂ ਦੇ ਪ੍ਰਸਿੱਧ ਕਲਾਕਾਰ ਸਨ ਤੇ ਦੋਵਾਂ ਦੀ ਪੇਸ਼ਕਾਰੀ ਬੇਜੋੜ ਸੀ। ਇਹ ਬਹੁਤ ਮੰਦਭਾਗਾ ਸੀ ਕਿ ਗਲੇ ਦੀ ਤਕਲੀਫ ਕਾਰਨ ਉਨ੍ਹਾਂ ਨੂੰ ਕੁਝ ਮੁਸ਼ਕਿਲ ਸਮੇਂ ਦਾ ਸਾਹਮਣਾ ਕਰਨਾ ਪਿਆ, ਪਰ ਜਿਵੇਂ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਗਲੇ ਦਾ ਇਲਾਜ ਕਰਵਾ ਰਹੇ ਹਨ ਅਤੇ ਅੱਗੇ ਨਾਲੋਂ ਉਹ ਬਿਹਤਰ ਹਨ। ਜੋ ਉਨ੍ਹਾਂ ਦੀ ਆਵਾਜ਼ ਤੋਂ ਵੀ ਸਿੱਧ ਹੋ ਰਿਹਾ ਸੀ। ਮੈਨੂੰ ਉਮੀਦ ਹੈ ਕਿ ਜਿਵੇਂ ਉਹ ਪਿਛਲੇ 30 ਸਾਲ ਪਹਿਲਾਂ ਗਾਉਂਦੇ ਸਨ, ਉਸੇ ਤਰ੍ਹਾਂ ਹੀ ਉਹ ਅੱਜ ਵੀ ਗਾਉਣਗੇ। ਆਪਣੀ ਮੁਲਾਕਾਤ ਵਿਚ ਸਰੋਤਿਆਂ ਨੂੰ ਉਨ੍ਹਾਂ ਨੇ ਜੋ ਅਪੀਲ ਕੀਤੀ ਹੈ ਕਿ ਸਰੋਤਿਆਂ ਨੂੰ ਪੁਰਾਣੇ ਗੀਤਾਂ ਵਿਚ ਝਲਕਦੇ ਪਿਆਰ ਮੁਹੱਬਤ ਨੂੰ ਨਹੀਂ ਭੁੱਲਣਾ ਚਾਹੀਦਾ। ਮੇਰੇ ਮੁਤਾਬਿਕ ਅੱਜ ਦਾ ਕੋਈ ਵੀ ਗਾਇਕ ਤੇ ਸੰਗੀਤਕਾਰ ਮੁਹੰਮਦ ਸਦੀਕ, ਰਣਜੀਤ ਕੌਰ ਤੇ ਕੁਲਦੀਪ ਮਾਣਕ ਵਰਗੇ ਕਲਾਕਾਰ ਤੇ ਉਨ੍ਹਾਂ ਦੀ ਕਲਾਕਾਰੀ ਦਾ ਮੁਕਾਬਲਾ ਨਹੀਂ ਕਰ ਸਕਦਾ। ਮੇਰੀ ਮੁਰਾਦ ਹੈ ਕਿ ਰਣਜੀਤ ਕੌਰ ਤੇ ਮੁਹੰਮਦ ਸਦੀਕ ਦੀ ਇਕੱਠਿਆਂ ਦੀ ਮੁਲਾਕਾਤ ਦਿਖਾਈ ਜਾਵੇ। ਧੰਨਵਾਦ!
ਏ. ਐਸ. ਕੰਗ
ਪੰਜਾਬੀ ਗਾਇਕ
Email : a.s.kang@live.com
ਭਾਰਤ ਦੇ ਮਹਾਨ ਸਪੂਤ ਜਨਰਲ ਮੋਹਨ ਸਿੰਘ ਨੂੰ ਬਣਦਾ ਸਨਮਾਨ ਦਿੱਤਾ ਜਾਵੇ
ਸਤਿਕਾਰਯੋਗ ਸੰਪਾਦਕ ਜੀ, ਬੇਨਤੀ ਹੈ ਕਿ 26 ਦਸੰਬਰ, 1989 ਵਿਚ ਭਾਰਤ ਦੇ ਸਨਮਾਨ ਯੋਗ ਬਹਾਦਰ ਸਪੂਤ ਜਨਰਲ ਮੋਹਨ ਸਿੰਘ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਉਨ੍ਹਾਂ ਦਾ ਭਾਰਤ ਦੀ ਆਜ਼ਾਦੀ ਦੀ ਜੰਗ ਲਈ ਮਹਾਨ ਯੋਗਦਾਨ ਸੀ। ਉਨ੍ਹਾਂ ਨੇ ਆਜ਼ਾਦ ਹਿੰਦ ਫ਼ੌਜ ਦੇ ਗਠਨ ਲਈ ਵਡਮੁੱਲਾ ਯੋਗਦਾਨ ਪਾਇਆ। ਸਾਰਾ ਬੰਗਾਲ ਨੇਤਾ ਸੁਭਾਸ਼ ਚੰਦਰ ਬੋਸ ਦੇ ਨਾਂਅ ਤੋਂ ਜਾਣੂ ਹੈ ਅਤੇ 23 ਜਨਵਰੀ ਨੂੰ ਸਾਰੇ ਪੱਛਮੀ ਬੰਗਾਲ 'ਚ ਉਨ੍ਹਾਂ ਦੇ ਜਨਮ ਦਿਨ ਨੂੰ ਵਧ-ਚੜ੍ਹ ਕੇ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਕੋਲਕਾਤਾ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂਅ ਵੀ ਨੇਤਾ ਜੀ ਦੇ ਨਾਂਅ 'ਤੇ ਹੈ ਪਰ ਅਸੀਂ ਪੰਜਾਬੀ ਜਨਰਲ ਮੋਹਨ ਸਿੰਘ ਬਾਰੇ ਕੋਈ ਵਧੇਰੇ ਜਾਣਕਾਰੀ ਨਹੀਂ ਰੱਖਦੇ ਤੇ ਨਾ ਹੀ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ। ਮੇਰੀ ਬੇਨਤੀ ਹੈ ਕਿ ਅਖ਼ੌਤੀ ਬਾਬਿਆਂ ਕੋਲੋਂ ਵਿਹਲ ਕੱਢ ਕੇ ਜਨਰਲ ਮੋਹਨ ਸਿੰਘ ਨੂੰ ਬਣਦਾ ਸਨਮਾਨ ਜ਼ਰੂਰ ਦਿੱਤਾ ਜਾਵੇ। ਭੁੱਲ-ਚੁੱਕ ਲਈ ਖਿਮਾਂ।
ਆਤਮਾ ਸਿੰਘ ਬਰਾੜ
ਇੰਗਲੈਂਡ
Email : atmabrar@yahoo.com
ਇਕ ਬੇਰੁਜ਼ਗਾਰ ਮਹਿਲਾ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਸਬੰਧੀ ਪੜ੍ਹ ਕੇ ਪਹੁੰਚਿਆ ਬਹੁਤ ਦੁੱਖ
ਇਹ ਪੜ੍ਹ ਕੇ ਬਹੁਤ ਦੁੱਖ ਪਹੁੰਚਿਆ ਕਿ ਇਕ ਬੇਰੁਜ਼ਗਾਰ ਮਹਿਲਾ ਨੇ ਚੰਡੀਗੜ੍ਹ 'ਚ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਖੁਦ ਨੂੰ ਅੱਗ ਲਗਾ ਲਈ ਅਤੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਹ ਬਿਲਕੁਲ ਵੀ ਸਹੀ ਨਹੀਂ ਹੈ ਕਿ ਮੁੱਖ ਮੰਤਰੀ ਨੂੰ ਕੋਈ ਵੀ ਆਸਾਨੀ ਨਾਲ ਮਿਲ ਸਕਦਾ ਹੈ, ਕਿਉਂਕਿ ਬਿਨਾਂ ਕਿਸੇ ਸਿਫਾਰਸ਼ ਤੋਂ ਅਫ਼ਸਰਸ਼ਾਹੀ ਅਜਿਹਾ ਨਹੀਂ ਹੋਣ ਦਿੰਦੀ। ਕਿਸੇ ਵੀ ਪਾਰਟੀ ਦੀ ਸਰਕਾਰ ਬਣ ਜਾਵੇ, ਸਭ ਗਰੀਬਾਂ ਨੂੰ ਭੁੱਲ ਜਾਂਦੇ ਹਨ। ਬੇਨਤੀ ਹੈ ਕਿ ਬੇਰੁਜ਼ਗਾਰੀ ਦੇ ਕੋਹੜ ਨੂੰ ਜਲਦ ਹੀ ਖਤਮ ਕੀਤਾ ਜਾਵੇ।
ਇੰਦਰਜੀਤ ਸਿੰਘ
ਸ਼ਾਰਜਾਹ
Email : inderjit.europcar@gmail.com
ਸਿੱਖ ਕੌਮ ਨੂੰ ਆਪਣੇ ਹਿਤਾਂ ਲਈ ਇਕੱਠੇ ਹੋਣ ਦੀ ਜ਼ਰੂਰਤ
ਭਾਈ ਗੁਰਬਖ਼ਸ਼ ਸਿੰਘ ਜੀ ਦੀ ਭੁੱਖ ਹੜਤਾਲ ਨੂੰ ਅੱਜ ਕਈ ਦਿਨ ਹੋ ਗਏ ਹਨ ਅਤੇ ਇਹ ਬੜੇ ਹੀ ਦੁੱਖ ਦੀ ਗੱਲ ਹੈ ਕਿ ਦੇਸ਼ਾਂ-ਵਿਦੇਸ਼ਾਂ 'ਚ ਬੈਠੀ ਸਿੱਖ ਕੌਮ ਜਾਂ ਜਥੇਬੰਦੀਆਂ ਉਨ੍ਹਾਂ ਦੇ ਸਮਰਥਨ ਵਿਚ ਪੂਰੀ ਤਰ੍ਹਾਂ ਨਿੱਤਰ ਨਹੀਂ ਰਹੀਆਂ। ਕੌਮ ਦੇ ਹਿਤ ਦੀ ਰਾਖੀ ਲਈ ਅੱਜ ਸਾਨੂੰ ਇਕੱਠੇ ਹੋ ਕੇ ਅੰਦੋਲਨ ਚਲਾਉਣ ਦੀ ਲੋੜ ਹੈ ਤਾਂ ਜੋ ਸਿੱਖ ਕੈਦੀਆਂ ਦੀ ਰਿਹਾਈ ਜਲਦ ਹੋ ਸਕੇ। ਉੱਠੋ ਸਿੱਖੋ ਉੱਠੋ ਸਿੱਖ ਕੌਮ ਦੇ ਹਿਤਾਂ ਦੀ ਆਵਾਜ਼ ਬੁਲੰਦ ਕਰੋ ਅਤੇ ਮਨੁੱਖਤਾ ਦੇ ਭਲੇ ਲਈ ਮਿਲ ਕੇ ਹੰਭਲਾ ਮਾਰੋ। ਭੁੱਲ ਚੁੱਕ ਲਈ ਖ਼ਿਮਾ।
ਆਤਮਾ ਸਿੰਘ ਬਰਾੜ
ਇੰਗਲੈਂਡ
Email : atmabrar@yahoo.com
ਕਮਿਊਨਿਸਟ ਅੰਦੋਲਨ ਦੇ ਭਾਰਤ 'ਚ ਅਸਫ਼ਲ ਹੋਣ ਦਾ ਕਾਰਨ
'ਅਜੀਤ' ਵਿਚ ਹਾਲ ਹੀ 'ਚ ਦੋ ਆਰਟੀਕਲ ਪ੍ਰਕਾਸ਼ਿਤ ਹੋਏ, ਜੋ ਭਾਰਤ ਵਿਚ ਕਮਿਊਨਿਸਟ ਅੰਦੋਲਨ ਦੇ ਅਸਫ਼ਲ ਹੋਣ 'ਤੇ ਸਨ। ਭਾਰਤ ਵਿਚ ਕਮਿਊਨਿਸਟ ਅੰਦੋਲਨ ਦੇ ਅਸਫ਼ਲ ਹੋਣ ਦਾ ਪਹਿਲਾ ਕਾਰਨ ਹੈ, ਅੰਨ੍ਹੇਵਾਹ ਧਰਮਾਂ ਦਾ ਵਿਰੋਧ ਜਦਕਿ 1918 'ਚ ਲੈਨਿਨ ਨੇ ਰੂਸੀ-ਕਮਿਊਨਿਸਟੀ ਪਾਰਟੀ ਨੂੰ ਸਲਾਹ ਦਿੱਤੀ ਸੀ ਕਿ ''ਧਰਮਾਂ ਦੀ ਉਸ ਹੱਦ ਤੱਕ ਵਿਰੋਧਤਾ ਨਾ ਹੋਵੇ ਤਾਂ ਜੋ 'ਪ੍ਰੋਲੇਤਾਰੀਅਤ' ਆਪਸ 'ਚ ਵੰਡੇ ਨਾ ਜਾਣ, ਕਿਉਂਕਿ ਜੇ ਕੋਈ ਇਕ ਪੁਜਾਰੀ ਚਾਹੇ ਤਾਂ ਉਹ ਕਮਿਊਨਿਸਟ ਪਾਰਟੀ ਦਾ ਮੈਂਬਰ ਬਣ ਸਕਦਾ ਹੈ।'' ਭਾਰਤ ਇਕ ਧਾਰਮਿਕ ਦੇਸ਼ ਹੈ ਅਤੇ ਜੋ ਪਾਰਟੀ ਧਰਮਾਂ ਦਾ ਖੰਡਨ ਕਰੇਗੀ ਉਹ ਕਦੀ ਵੀ ਭਾਰਤ 'ਚ ਸਫ਼ਲ ਨਹੀਂ ਹੋ ਸਕਦੀ। ਇਕ ਅਜਿਹਾ ਸਮਾਂ ਸੀ ਜਦੋਂ ਪੰਜਾਬ ਦੀ ਕਿਰਸਾਨੀ ਪੂਰੀ ਤਰ੍ਹਾਂ ਕਮਿਊਨਿਸਟ ਰੰਗ 'ਚ ਰੰਗੀ ਹੋਈ ਸੀ ਅਤੇ ਕਮਿਊਨਿਸਟ ਪੰਜਾਬ 'ਚ ਕਾਂਗਰਸ ਤੋਂ ਬਾਅਦ ਦੂਜੀ ਵੱਡੀ ਪਾਰਟੀ ਸੀ। ਕਮਿਊਨਿਸਟਾਂ ਵੱਲੋਂ ਪੰਜਾਬ 'ਚ ਸਿੱਖ ਭਾਵਨਾਵਾਂ ਦੀ ਕਦਰ ਨਾ ਕੀਤੇ ਜਾਣ ਕਾਰਨ ਅੱਜ ਪਾਰਟੀ ਦੀ ਪੰਜਾਬ 'ਚ ਤਰਸਯੋਗ ਹਾਲਤ ਹੈ। ਇਸੇ ਤਰ੍ਹਾਂ ਦਾ ਹਾਲ ਬਾਕੀ ਦੇਸ਼ ਦੇ ਸੂਬਿਆਂ 'ਚ ਵੀ ਹੋ ਰਿਹਾ ਹੈ।
ਅਮਰਜੀਤ ਸਿੰਘ ਗੁਰਾਇਆ
ਆਸਟਰੇਲੀਆ
amarjitsingh41@yahoo.com.au
ਐਨ.ਆਰ. ਆਈਜ਼ ਦੀ ਪੁਲਿਸ ਕੋਈ ਮਦਦ ਨਹੀਂ ਕਰਦੀ
ਮੈਂ ਪ੍ਰਦੀਪ ਕੁਮਾਰ ਇਹ ਦੱਸਣਾ ਚਾਹੁੰਦਾ ਹਾਂ ਕਿ ਬਾਦਲ ਸਰਕਾਰ ਵੱਲੋਂ ਜੋ ਐਨ. ਆਰ. ਆਈਜ਼ ਦੀ ਮਦਦ ਲਈ ਐਨ.ਆਰ.ਆਈ. ਪੁਲਿਸ ਥਾਣੇ ਹਨ, ਉਨ੍ਹਾਂ 'ਚ ਪੁਲਿਸ ਵੱਲੋਂ ਕੋਈ ਮਦਦ ਨਹੀਂ ਦਿੱਤੀ ਜਾਂਦੀ।
ਪ੍ਰਦੀਪ ਕੁਮਾਰ
ਦੋਹਾ ਕਤਰ
hiraqatar@yahoo.com
ਪੰਜਾਬ 'ਚ ਪਾਣੀ ਦੀ ਸਮੱਸਿਆ
ਪੰਜਾਬ 'ਚ ਵਧ ਰਹੀ ਪਾਣੀ ਦੀ ਸਮੱਸਿਆ ਚਿੰਤਾ ਦਾ ਵਿਸ਼ਾ ਹੈ। ਦਿਨ-ਬ-ਦਿਨ ਡਿਗ ਰਿਹਾ ਪਾਣੀ ਦਾ ਪੱਧਰ ਠੀਕ ਨਹੀਂ ਹੈ। ਪਾਣੀ ਦੀ ਬੱਚਤ ਬਹੁਤ ਜ਼ਰੂਰੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਵੱਲ ਧਿਆਨ ਦੇਵੇ ਤੇ ਬਰਬਾਦ ਹੋ ਰਹੇ ਪਾਣੀ ਨੂੰ ਰੋਕੇ। ਪਾਣੀ ਦੇ ਨਾਲ-ਨਾਲ ਖਾਣ ਦਾ ਸਾਮਾਨ ਵੀ ਕਾਫ਼ੀ ਬਰਬਾਰ ਹੋ ਜਾਂਦਾ ਹੈ। ਲੱਖਾਂ ਲੋਕ ਭੁੱਖੇ ਮਰ ਰਹੇ ਹਨ, ਜੇਕਰ ਇਹ ਖਾਣ ਦਾ ਸਾਮਾਨ ਸੰਭਾਲਿਆ ਜਾਵੇ ਤਾਂ ਭੁੱਖਿਆਂ ਨੂੰ ਖਾਣਾ ਬੜੀ ਆਸਾਨੀ ਨਾਲ ਮਿਲ ਸਕਦਾ ਹੈ।
ਅਜੀਤ ਸਿੰਘ
(ਅਮਰੀਕਾ)
ਈਮੇਲ :ajit@ajitsingh.ca
ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਦੀ ਸੁਣਵਾਈ ਸਮੇਂ ਸਿਰ ਹੋਵੇ
ਪੰਜਾਬ ਸਰਕਾਰ ਪ੍ਰਵਾਸੀ ਭਾਰਤੀਆਂ ਲਈ ਵਧੀਆ ਕਰ ਰਹੀ ਹੈ। ਪਰ ਬਹੁਤ ਵਾਰ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ, ਉਹ ਸਥਾਨਕ ਨੇਤਾਵਾਂ ਦੇ ਪ੍ਰਭਾਵ ਹੇਠ ਸੁਣੀਆਂ ਨਹੀਂ ਜਾਂਦੀਆਂ। ਮੇਰੀ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਬੇਨਤੀ ਹੈ ਕਿ ਉਹ ਸੰਬੰਧਿਤ ਥਾਣਿਆਂ ਦੇ ਮੁਖੀਆਂ ਨੂੰ ਸਖਤ ਹਦਾਇਤਾਂ ਦੇਣ ਤਾਂ ਕਿ ਉਨ੍ਹਾਂ ਦੀ ਸੁਣਵਾਈ ਵੇਲੇ ਸਿਰ ਹੋ ਸਕੇ। ਪ੍ਰਵਾਸੀ ਭਾਰਤੀ ਬੜੀ ਮਿਹਨਤ ਨਾਲ ਪੰਜਾਬ 'ਚ ਜਾਇਦਾਦਾਂ ਬਣਾਉਂਦੇ ਹਨ, ਪਰ ਇਨ੍ਹਾਂ ਜਾਇਦਾਦਾਂ 'ਤੇ ਬਹੁਤ ਸਾਰੇ ਲੋਕ ਕਬਜ਼ਾ ਕਰ ਲੈਂਦੇ ਹਨ। ਪ੍ਰਵਾਸੀ ਭਾਰਤੀਆਂ 'ਤੇ ਝੂਠੇ ਮੁਕੱਦਮੇ ਕਰਕੇ ਫਸਾਇਆ ਜਾਂਦਾ ਹੈ। ਸਰਕਾਰ ਅਜਿਹਾ ਕਰੇ ਕਿ ਪ੍ਰਵਾਸੀ ਭਾਰਤੀਆਂ ਨੂੰ ਧੱਕੇ ਨਾ ਖਾਣੇ ਪੈਣ।
ਨਰੇਸ਼ ਕੁਮਾਰ ਗੌਤਮ (ਯੂ.ਕੇ.)
ਈਮੇਲ : nareshkumargautam@ymail.com
ਹੁੱਲੜਬਾਜ਼ਾਂ ਨੂੰ ਜਨਤਕ ਜਾਇਦਾਦਾਂ ਤੋੜਨ ਲਈ ਸਖ਼ਤ ਤੋਂ ਸਖ਼ਤ ਸਜ਼ਾ ਹੋਵੇ
ਮੈਂ ਇਸ ਤੋਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ ਕਿ ਜੋ ਦੰਗਈ ਜਨਤਕ ਅਤੇ ਸਰਕਾਰੀ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਹੋਵੇ ਅਤੇ ਉਨ੍ਹਾਂ ਖਿਲਾਫ ਸਖ਼ਤ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ। ਇਨ੍ਹਾਂ ਕਾਰਵਾਈਆਂ ਨੂੰ ਰੋਕਣ ਲਈ ਮੀਡੀਆ ਵਿਸ਼ੇਸ਼ ਭੂਮਿਕਾ ਅਦਾ ਕਰਦਾ ਹੈ ਅਤੇ ਹੋਰ ਵੀ ਵਿਸ਼ੇਸ਼ ਜ਼ਿੰਮੇਵਾਰੀ ਨਿਭਾਅ ਸਕਦਾ ਹੈ। ਸੋ, ਇਸ ਲਈ ਜੋ ਹੁੱਲੜਬਾਜ਼ ਦੰਗੇ ਦੀ ਆੜ ਹੇਠ ਅਜਿਹਾ ਕਰਦੇ ਹਨ, ਉਨ੍ਹਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਇਆ ਜਾਵੇ, ਕਿਉਂਕਿ ਵਿਰੋਧ ਬੁਲੰਦ ਕਰਕੇ ਵੀ ਕੀਤਾ ਜਾ ਸਕਦਾ ਹੈ, ਨਾ ਕਿ ਲੋਕਾਂ ਦੀਆਂ ਜਾਇਦਾਦਾਂ ਨੂੰ ਨੁਕਸਾਨ ਪਹੁੰਚਾ ਕੇ ਕੀਤਾ ਜਾਵੇ।
ਇੰਦਰਜੀਤ ਸਿੰਘ
Email : inderjit.europcar@gmail.com
ਸ਼ਾਰਜਾਹ
1984 ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਸਹਾਇਤਾ ਮਿਲਣ 'ਤੇ ਸਰਕਾਰ ਦਾ ਧੰਨਵਾਦ
ਮੈਂ ਭਾਜਪਾ ਸਰਕਾਰ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ 1984 'ਚ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਸਹਾਇਤਾ ਦਿੱਤੀ। ਇਹ ਹੀ ਕਾਫੀ ਨਹੀਂ ਹੈ, ਅਸੀਂ ਚਾਹੁੰਦੇ ਹਾਂ ਕਿ ਭਾਜਪਾ ਸਰਕਾਰ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਵੀ ਦੇਵੇ। ਮੈਂ ਪਿਛਲੀਆਂ ਚੋਣਾਂ 'ਚ ਵੋਟ ਪਾਉਣ ਲਈ ਭਾਰਤ ਆਇਆ ਸੀ।
ਅਮਰਜੀਤ ਸਿੰਘ ਗੁਰਾਇਆ, ਆਸਟ੍ਰੇਲੀਆ
amarjitsingh41@yahoo.com.au.
ਕਾਮਰੇਡ ਸਰਵਨ ਸਿੰਘ ਚੀਮਾ 'ਤੇ ਲੇਖ ਵਧੀਆ ਸੀ
ਹਰਮਨ ਪਿਆਰੇ 'ਅਜੀਤ' 'ਚ ਕਾਮਰੇਡ ਸਰਵਨ ਸਿੰਘ ਚੀਮਾ ਦੀ ਬਰਸੀ ਮੌਕੇ ਕਾਮਰੇਡ ਲਹਿੰਬਰ ਸਿੰਘ ਤੱਗੜ ਦਾ ਲਿਖਿਆ ਲੇਖ ਪਸੰਦ ਆਇਆ। ਕਾਮਰੇਡ ਸਰਵਨ ਸਿੰਘ ਚੀਮਾ ਨੇ ਸਾਰੀ ਜ਼ਿੰਦਗੀ ਕਿਸਾਨਾਂ ਤੇ ਆਪਣੇ ਵਰਕਰਾਂ ਦੀ ਭਲਾਈ ਲਈ ਲਗਾ ਦਿੱਤੀ, ਉਨ੍ਹਾਂ ਦਾ ਤੁਰ ਜਾਣਾ ਵੱਡਾ ਘਾਟਾ ਸੀ। ਉਨ੍ਹਾਂ ਨੇ ਬਿਨਾਂ ਸਵਾਰਥ ਮਨੁੱਖਤਾ ਦੀ ਸੇਵਾ ਕੀਤੀ। ਮੇਰੇ ਵੱਲੋਂ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ
ਅਮਰਜੀਤ ਸਿੰਘ ਗੁਰਾਇਆ
ਆਸਟ੍ਰੇਲੀਆ
Email : amarjitsingh41@yahoo.com.au
ਮਹਾਰਾਸ਼ਟਰ 'ਚ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ
ਮਹਾਰਾਸ਼ਟਰ 'ਚ ਹੋਈਆਂ ਚੋਣਾਂ 'ਚ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉਭਰ ਕੇ ਸਾਹਮਣੇ ਆਈ ਹੈ। ਸ਼ਿਵ ਸੈਨਾ ਜੋ ਉਸ ਨੂੰ ਉਮੀਦ ਸੀ, ਉਸ ਤੋਂ ਬਹੁਤ ਘੱਟ ਸੀਟਾਂ ਉਸ ਨੂੰ ਮਿਲੀਆਂ ਹਨ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮਹਾਰਾਸ਼ਟਰ ਦੇ ਵੋਟਰਾਂ ਨੇ ਰਾਜ ਠਾਕਰੇ ਦਾ ਪੱਤਾ ਸਾਫ ਕਰ ਦਿੱਤਾ ਹੈ। ਭਾਰਤ ਇਕ ਬਹੁ-ਸੱਭਿਆਚਾਰਕ ਦੇਸ਼ ਹੈ। ਸਰਦਾਰ ਪਟੇਲ ਨੇ ਸਾਰਿਆਂ ਨੂੰ ਇਕ ਝੰਡੇ ਥੱਲੇ ਇਕੱਠੇ ਕਰਕੇ ਅੱਜ ਦੇ ਭਾਰਤ ਦੀ ਸਿਰਜਣਾ ਕੀਤੀ ਸੀ, ਪਰ ਅੱਜ ਦੇ ਨੌਜਵਾਨਾਂ ਨੂੰ ਕੀ ਪਤਾ। ਆਪਣੇ ਪੰਜਾਬ ਤੇ ਹਰਿਆਣਾ ਦੀਆਂ ਚੋਣਾਂ ਵੱਲ ਝਾਤ ਮਾਰੀਏ ਤਾਂ ਹਰਿਆਣਾ ਵਾਸੀਆਂ ਨੇ ਦਿਮਾਗ ਤੋਂ ਕੰਮ ਲਿਆ ਹੈ। ਨਤੀਜੇ ਸਭ ਦੇ ਸਾਹਮਣੇ ਹਨ।
ਪਰਮਪਾਲ ਸਿੰਘ
ਇੰਗਲੈਂਡ।
Email: paligandhi@gmail.com
ਅੱਜ ਦੇ ਆਧੁਨਿਕ ਯੁੱਗ 'ਚ ਵੀ ਲੋਕ ਵਹਿਮਾਂ 'ਚ ਫਸ ਕੇ ਨੁਕਸਾਨ ਉਠਾ ਰਹੇ ਹਨ
ਮੇਰੇ ਸਕੂਲ ਵਿਚ ਲਗਭਗ ਢਾਈ ਸੌ ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ, ਜਿਥੇ ਕਿ ਬਹੁਤ ਪੁਰਾਣੇ ਪਿੱਪਲ ਹਨ। ਕਈ ਵਾਰ ਵਿਦਿਆਰਥੀ ਖੇਡਦੇ ਹੋਏ ਜਾਂ ਉਂਜ ਕਿਸੇ ਬਿਮਾਰੀ ਦੀ ਹਾਲਤ ਵਿਚ ਚੱਕਰ ਖਾ ਕੇ ਡਿੱਗ ਪੈਂਦੇ ਹਨ। ਸਕੂਲ ਵਿਚ ਥੋੜ੍ਹੀ-ਬਹੁਤੀ ਫਸਟਏਡ ਦੇਣ ਨਾਲ ਉਹ ਠੀਕ ਵੀ ਹੋ ਜਾਂਦੇ ਹਨ, ਪਰ ਜਦੋਂ ਅਗਲੇ ਦਿਨ ਬੱਚਿਆਂ ਤੋਂ ਉਨ੍ਹਾਂ ਦੀ ਸਿਹਤ ਬਾਰੇ ਜਾਣਿਆ ਜਾਂਦਾ ਹੈ ਤਾਂ ਬੱਚੇ ਜਵਾਬ ਦਿੰਦੇ ਹਨ ਕਿ ਮਾਤਾ ਜੀ ਪਾਂਧੇ ਕੋਲ ਗਏ ਸਨ। ਉਨ੍ਹਾਂ ਕਿਹਾ ਕਿ ਸਕੂਲ ਵਾਲੇ ਪਿੱਪਲਾਂ 'ਤੇ ਭੂਤਾਂ ਦਾ ਵਾਸ ਹੈ। ਅਜਿਹੇ ਯੁੱਗ ਵਿਚ ਵੀ ਅਜਿਹੇ ਭਰਮਾਂ ਵਿਚ ਪੈ ਕੇ ਸਾਡੇ ਲੋਕ ਕਈ ਵਾਰ ਵੱਡਾ ਨੁਕਸਾਨ ਉਠਾ ਲੈਂਦੇ ਹਨ। ਲੋੜ ਹੈ ਸਿਰਫ ਇਨ੍ਹਾਂ ਲੋਕਾਂ ਨੂੰ ਜਾਗਰੂਕ ਕਰਨ ਦੀ। ਅਜਿਹੇ ਪਾਖੰਡੀ ਤਾਵੀਤਾਂ ਵਾਲਿਆਂ ਲਈ ਕਾਨੂੰਨ ਬਣਾਉਣ ਦੀ।
ਪ੍ਰੇਮ ਕੁਮਾਰ
ਸ. ਸ. ਮਾਸਟਰ ਸਟੇਟ ਐਵਾਰਡੀ
ਸਰਕਾਰੀ ਹਾਈ ਸਕੂਲ ਭੰਗਲ (ਰੂਪਨਗਰ)
Email : dhimanprem49@yahoo.in
ਭਗਵੰਤ ਮਾਨ ਦੇ ਲੋਕ ਪੱਖੀ ਯਤਨ ਕਾਬਲੇ ਤਾਰੀਫ
ਮੈਂ ਬਹੁਤ ਸਾਰੇ ਸਿਆਸੀ ਆਗੂ ਦੇਖੇ ਹਨ ਪਰ ਭਗਵੰਤ ਮਾਨ ਜਿਹਾ ਇਮਾਨਦਾਰ, ਮਿਹਨਤੀ ਤੇ ਬਹੁਤ ਹੀ ਲੋਕ ਪੱਖੀ ਨੇਤਾ ਅੱਜ ਤੱਕ ਨਹੀਂ ਦੇਖਿਆ। ਲੋਕਾਂ ਨੇ ਬੜੇ ਹੀ ਭਾਰੀ ਮਤ ਨਾਲ ਉਸ ਨੂੰ ਜਿਤਾਇਆ। ਉਹ ਭ੍ਰਿਸ਼ਟਾਚਾਰ, ਨਸ਼ਿਆਂ ਤੇ ਕਈ ਹੋਰ ਸਮਾਜਿਕ ਬੁਰਾਈਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦਾ ਦਿਖਾਈ ਦਿੰਦਾ ਹੈ। ਉਸ ਦੀਆਂ ਸੋਸ਼ਲ ਮੀਡੀਆ 'ਤੇ ਜਾਰੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਕਿਵੇਂ ਭ੍ਰਿਸ਼ਟ ਲੋਕਾਂ ਨਾਲ ਲੜਾਈ ਮੁੱਲ ਲੈ ਰਿਹਾ ਹੈ। ਉਸ ਨੇ ਇਰਾਕ 'ਚ ਫਸੇ ਬਹੁਤ ਸਾਰੇ ਪੰਜਾਬੀਆਂ ਨੂੰ ਬਚਾਉਣ ਲਈ ਭਰਪੂਰ ਯਤਨ ਕੀਤੇ ਤੇ ਉਨ੍ਹਾਂ 'ਚ ਸਫਲ ਵੀ ਰਿਹਾ। ਤਕਰੀਬਨ ਹਰ ਸਿਆਸੀ ਪਾਰਟੀ ਉਸ ਨੂੰ ਅਜੇ ਵੀ ਕਾਮੇਡੀਅਨ ਦੇ ਰੂਪ 'ਚ ਵਿਚਰਦਾ ਹੋਇਆ ਹੀ ਦੇਖ ਰਹੀ ਹੈ, ਪ੍ਰੰਤੂ ਉਹ ਬਿਲਕੁਲ ਹੀ ਗਲਤ ਹਨ। ਭਗਵੰਤ ਮਾਨ ਦੀ ਸੋਚ ਆਮ ਆਦਮੀ ਨਾਲ ਮਿਲਦੀ ਹੈ, ਇਸ ਲਈ ਉਸ ਨੇ ਬਹੁਤ ਸਾਰੇ ਲੋਕਾਂ ਦੇ ਦਿਲ ਜਿੱਤੇ ਹਨ। ਪੰਜਾਬ ਦੇ ਅੱਜ ਹਾਲਾਤ ਨਾਸਾਜ਼ਗਾਰ ਹਨ, ਜਿਸ ਤੋਂ ਸਾਰੇ ਹੀ ਵਾਕਫ ਹਨ। ਮੇਰੇ ਖਿਆਲ ਮੁਤਾਬਿਕ ਭਗਵੰਤ ਮਾਨ 'ਚ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਬਦਲਣ ਦੀ ਸਮਰੱਥਾ ਹੈ। ਉਹ ਸ਼ਹੀਦ ਭਗਤ ਸਿੰਘ ਜੀ ਦੇ ਸਿਧਾਂਤਾਂ ਦਾ ਪੱਕਾ ਪੈਰੋਕਾਰ ਹੈ। ਜੇ ਭਗਵੰਤ ਮਾਨ ਦੇ ਅਜਿਹੇ ਯਤਨ ਭਵਿੱਖ 'ਚ ਵੀ ਜਾਰੀ ਰਹਿੰਦੇ ਹਨ ਤਾਂ ਉਹ ਇਕ ਦਿਨ ਜ਼ਰੂਰ ਪੰਜਾਬ ਦਾ ਮੁੱਖ ਮੰਤਰੀ ਬਣੇਗਾ। ਮੈਂ ਕਿਸੇ ਵੀ ਸਿਆਸੀ ਦਲ ਦਾ ਸਮਰਥਕ ਨਹੀਂ ਹਾਂ, ਮੈਂ ਸਿਰਫ ਭਗਵੰਤ ਮਾਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸਮੀਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ।
ਅਵਤਾਰ ਸਿੰਘ ਵਰਨਾਲਾ
ਆਸਟ੍ਰੇਲੀਆ
Email : avtar2216@gmail.com
ਏਸ਼ੀਆਈ ਖੇਡਾਂ 'ਚ ਤਗਮਾ ਜੇਤੂ ਖਿਡਾਰੀਆਂ ਲਈ ਪੰਜਾਬ ਸਰਕਾਰ ਕਿਥੇ ਹੈ?
'ਅਜੀਤ' ਵੈੱਬ ਟੀ. ਵੀ. 'ਤੇ ਪੰਜਾਬੀ ਅਥਲੀਟਾਂ ਦੀ ਮੁਲਾਕਾਤ ਵੇਖੀ। ਇਹ ਉਹ ਅਥਲੀਟ ਸਨ, ਜਿਨ੍ਹਾਂ ਨੇ ਸਖ਼ਤ ਮਿਹਨਤ ਕਰਕੇ ਏਸ਼ੀਆਈ ਖੇਡਾਂ 'ਚ ਤਗਮੇ ਜਿੱਤ ਕੇ ਪੰਜਾਬ ਤੇ ਭਾਰਤ ਦਾ ਨਾਂਅ ਰੌਸ਼ਨ ਕੀਤਾ। ਮੁਲਾਕਾਤ ਦੌਰਾਨ ਉਨ੍ਹਾਂ ਦੇ ਚਿਹਰਿਆਂ ਉੱਪਰ ਮਾਯੂਸੀ ਦਾ ਆਲਮ ਸਾਫ ਦੇਖਿਆ ਜਾ ਸਕਦਾ ਸੀ, ਕਿਉਂਕਿ ਪੰਜਾਬ ਸਰਕਾਰ ਨੇ ਖਿਡਾਰੀਆਂ ਵੱਲੋਂ ਏਸ਼ੀਆਈ ਖੇਡਾਂ 'ਚ ਦਿਖਾਈ ਗਈ ਸ਼ਾਨਦਾਰ ਖੇਡ ਦਾ ਕੋਈ ਸਨਮਾਨ ਨਹੀਂ ਦਿੱਤਾ। ਜੇ ਕਬੱਡੀ ਦੀ ਗੱਲ ਕਰ ਲਈ ਜਾਵੇ ਤਾਂ ਪੰਜਾਬ ਸਰਕਾਰ ਵੱਡੇ ਦਮਗਜੇ ਮਾਰ ਕੇ ਕਹਿੰਦੀ ਹੈ ਕਿ ਉਸ ਨੇ ਮਾਂ ਖੇਡ ਨੂੰ ਕੌਮਾਂਤਰੀ ਪੱਧਰ 'ਤੇ ਪ੍ਰਸਿੱਧੀ ਦਿਵਾਈ ਹੈ ਪਰ ਅਸਲ 'ਚ ਇਹ ਉਹ ਪੰਜਾਬੀ ਕੈਨੇਡੀਅਨ ਸਨ, ਜਿਨ੍ਹਾਂ ਨੇ ਮਾਂ ਖੇਡ ਕਬੱਡੀ ਨੂੰ 1984 ਤੋਂ ਬਾਅਦ ਲਗਾਤਾਰ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਚਾਰਿਆ। ਅਖੀਰ 'ਚ ਮੇਰੀ ਇਹ ਬੇਨਤੀ ਹੈ ਕਿ 'ਆਓ! ਅਸੀਂ ਸਾਰੇ ਰਲ ਕੇ ਪੰਜਾਬ 'ਚ ਫੈਲਾਏ ਜਾ ਰਹੇ ਨਸ਼ਿਆਂ ਦੇ ਖਿਲਾਫ ਤੇ ਇਸ ਦੇ ਅਸਲ ਤਸਕਰਾਂ ਖਿਲਾਫ ਜੰਗ ਐਲਾਨੀਏ।'
ਹਰਦੇਵ ਗਾਖਲ
ਕੈਨੇਡਾ
Email : maghroo9@gmail.com
ਔਰਤਾਂ ਦੀ 'ਸੁਰੱਖਿਆ ਦਾ ਮੁੱਦਾ' ਬਣ ਰਿਹਾ ਗੰਭੀਰ
ਭਾਰਤ ਵਿਚ ਔਰਤਾਂ ਦੀ ਸੁਰੱਖਿਆ ਇਕ ਗੰਭੀਰ ਮੁੱਦਾ ਬਣ ਗਿਆ ਹੈ। ਅਸੀਂ ਹਰ ਰੋਜ਼ ਜਬਰ-ਜਨਾਹ ਤੇ ਔਰਤਾਂ 'ਤੇ ਹੋ ਰਹੇ ਜ਼ੁਲਮਾਂ ਬਾਰੇ ਪੜ੍ਹ ਰਹੇ ਹਾਂ। ਜੋ ਲੜਕੀਆਂ ਸਕੂਲ ਕਾਲਜ ਜਾਂਦੀਆਂ ਹਨ ਜਾਂ ਜੋ ਮਹਿਲਾਵਾਂ ਬਾਹਰ ਕੰਮ ਕਰਨ ਜਾਂਦੀਆਂ ਹਨ, ਉਨ੍ਹਾਂ ਦੀ ਸੁਰੱਖਿਆ ਇਕ ਗੰਭੀਰ ਮਸਲਾ ਹੈ। ਇਸ ਲਈ ਦਿਨ-ਬ-ਦਿਨ ਗੰਭੀਰ ਹੋ ਰਹੇ ਇਸ ਮੁੱਦੇ 'ਤੇ ਕੁਝ ਕੀਤਾ ਜਾਵੇ।
ਸੁਰਿੰਦਰ ਕੌਰ
ਕੈਨੇਡਾ
sur.cha@hotmail.com
'ਅਜੀਤ' ਨੇ ਹਮੇਸ਼ਾ ਚੰਗਾ ਸੰਦੇਸ਼ ਦਿੱਤਾ ਹੈ
ਸ: ਬਰਜਿੰਦਰ ਸਿੰਘ ਜੀ ਦਾ ਸੰਪਾਦਕੀ ਪੰਨੇ 'ਤੇ 'ਵਾਤਾਵਰਨ' ਸਬੰਧੀ ਲੇਖ ਪੜ੍ਹਨ ਨੂੰ ਮਿਲਿਆ। 'ਅਜੀਤ' ਨੇ ਹਮੇਸ਼ਾ ਹੀ ਪੰਜਾਬੀ ਅਤੇ ਵਿਸ਼ਵ ਨੂੰ ਇਕ ਚੰਗਾ ਸੰਦੇਸ਼ ਭੇਜਿਆ ਹੈ ਅਤੇ ਲੋਕਾਂ ਦੀ ਭਲਾਈ ਤੇ ਵਾਤਾਵਰਨ ਦੀ ਸੰਭਾਲ ਲਈ ਠੋਸ ਕਦਮ ਚੁੱਕੇ ਹਨ। ਡਾ: ਬਰਜਿੰਦਰ ਸਿੰਘ ਪ੍ਰੋ: ਮੋਹਨ ਸਿੰਘ ਵਾਂਗ ਰੁੱਖਾਂ ਪ੍ਰਤੀ ਬਹੁਤ ਸੰਵੇਦਨਸ਼ੀਲ ਲੱਗਦੇ ਹਨ। ਪ੍ਰੋ: ਹੁਰਾਂ ਨੇ ਕਿਹਾ ਸੀ ਕਿ 'ਰੁੱਖ ਮੈਨੂੰ ਭਰਾ, ਭੈਣ ਵਾਂਗ ਜਾਪਦੇ ਹਨ' ਜੋ ਕਿ ਕੁਦਰਤੀ ਤੌਰ 'ਤੇ ਸੱਚ ਜਾਪਦਾ ਹੈ। ਸਾਡੀ ਧਾਰਮਿਕ ਸੰਸਥਾ ਵੀ ਲੋੜਵੰਦਾਂ ਦੀ ਮੱਦਦ ਲਈ ਅਕਸਰ ਯੋਗਦਾਨ ਪਾਉਂਦੀ ਹੈ।
ਪ੍ਰੋ: ਕਰਨੈਲ ਸਿੰਘ ਸਿਡਨੀ
ਆਸਟ੍ਰੇਲੀਆ
Email : knbirring@yahoo.com.au
ਸਿੱਖਿਆ ਪ੍ਰਣਾਲੀ 'ਚ ਮਨੁੱਖੀ ਕਦਰਾਂ-ਕੀਮਤਾਂ ਦੀ ਤਾਕੀਦ ਕੀਤੀ ਜਾਵੇ
ਪ੍ਰਿੰ: ਵਿਜੈ ਕੁਮਾਰ ਦੇ 24/9/14 ਨੂੰ ਪ੍ਰਕਾਸ਼ਿਤ ਹੋਏ ਲੇਖ ਦੀ ਬਹੁਤ ਪ੍ਰਸੰਸਾ ਕਰਨੀ ਬਣਦੀ ਹੈ, ਜਿਸ ਵਿਚ ਬੇਸ਼ਕੀਮਤੀ ਵਿਚਾਰ ਰੱਖੇ ਗਏ ਸਨ। ਉਨ੍ਹਾਂ ਨੇ ਮਨੁੱਖੀ ਹੱਕਾਂ ਦੀ ਇੱਜ਼ਤ ਅਤੇ ਅਨੁਸ਼ਾਸਨ ਦੇ ਗੁਣਾਂ ਨੂੰ ਸਿੱਖਿਆ ਵਿਚ ਲਾਜ਼ਮੀ ਕਰਨ ਦੀ ਗੱਲ ਕਹੀ ਹੈ। ਜੇ ਸਿੱਖਿਆ ਦੌਰਾਨ ਆਤਮ ਸੰਜਮ ਦੇ ਗੁਣਾਂ ਦੀ ਤਾਕੀਦ ਕੀਤੀ ਜਾਵੇ ਤਾਂ ਘਰੇਲੂ ਹਿੰਸਾਵਾਂ ਤੋਂ ਆਸਾਨੀ ਨਾਲ ਮੁਕਤੀ ਪਾਈ ਜਾ ਸਕਦੀ ਹੈ। ਭਾਰਤ ਦਾ ਸੱਭਿਆਚਾਰ ਮਹਾਨ ਹੈ। ਇਸ ਲਈ ਚੰਗਾ ਇਨਸਾਨ ਬਣਨ ਲਈ ਅਤੇ ਭਾਰਤ ਦਾ ਚੰਗਾ ਨਾਗਰਿਕ ਬਣਨ ਲਈ ਸਿੱਖਿਆ ਦੇ ਖੇਤਰ 'ਚ ਮਨੁੱਖੀ ਕਦਰਾਂ-ਕੀਮਤਾਂ ਦੀ ਇੱਜ਼ਤ ਕਰਨੀ ਸਿਖਾਉਣੀ ਲਾਜ਼ਮੀ ਬਣਦੀ ਹੈ। ਇਸ ਤਰ੍ਹਾਂ ਭਾਰਤ ਹਰ ਪੱਖੋਂ ਖੁਸ਼ਹਾਲ ਬਣ ਜਾਵੇਗਾ।
ਸਾਕਾਤਾਰ ਸਿੰਘ
Email : sakatar.sandhu111@gmail.com
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX