ਤਾਜਾ ਖ਼ਬਰਾਂ


ਮੋਦੀ ਦੇ ਮੰਤਰੀ ਦਾ ਬਿਆਨ, ਕਿਹਾ- ਭਾਜਪਾ ਵਰਕਰਾਂ 'ਤੇ ਉਂਗਲ ਚੁੱਕੀ ਤਾਂ ਖ਼ੈਰ ਨਹੀਂ
. . .  33 minutes ago
ਨਵੀਂ ਦਿੱਲੀ, 19 ਅਪ੍ਰੈਲ- ਕੇਂਦਰੀ ਮੰਤਰੀ ਮਨੋਜ ਸਿਨਹਾ ਨੇ ਧਮਕੀ ਦਿੱਤੀ ਹੈ ਕਿ ਜਿਹੜਾ ਵੀ ਵਿਅਕਤੀ ਕਿਸੇ ਭਾਜਪਾ ਵਰਕਰ ਵਿਰੁੱਧ ਉਂਗਲੀ ਚੁੱਕੇਗਾ, ਉਸ ਨੂੰ ਸਿਰਫ਼ 'ਚਾਰ ਘੰਟਿਆਂ' 'ਚ ਹੀ ਇਸ ਦੀ ਕੀਮਤ ਚੁਕਾਉਣੀ ਪਵੇਗੀ। ਉੱਤਰ ਪ੍ਰਦੇਸ਼ ਦੀ ਗਾਜੀਪੁਰ ਸੀਟ ਤੋਂ ਮੁੜ...
ਐਨ.ਡੀ. ਤਿਵਾੜੀ ਦੇ ਬੇਟੇ ਰੋਹਿਤ ਦੀ ਮੌਤ ਦਾ ਮਾਮਲਾ ਕ੍ਰਾਇਮ ਬ੍ਰਾਂਚ ਨੂੰ ਸੌਂਪਿਆ ਗਿਆ
. . .  1 minute ago
ਨਵੀਂ ਦਿੱਲੀ, 19 ਅਪ੍ਰੈਲ - ਯੂਪੀ-ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਐਨ.ਡੀ. ਤਿਵਾੜੀ ਦੇ ਬੇਟੇ ਰੋਹਿਤ ਸ਼ੇਖਰ ਤਿਵਾੜੀ ਦੀ ਸ਼ੱਕੀ ਹਾਲਤ 'ਚ ਹੋਈ ਮੌਤ ਦੇ ਮਾਮਲੇ ਦੀ ਜਾਂਚ ਨੂੰ ਕ੍ਰਾਇਮ ਬਰਾਂਚ ਨੂੰ ਸੌਂਪਿਆ ਗਿਆ ਹੈ। ਕ੍ਰਾਇਮ ਬ੍ਰਾਂਚ ਦੇ ਕੋਲ ਮਾਮਲਾ ਪਹੁੰਚਣ ਤੋਂ ਬਾਅਦ...
ਪਾਕਿਸਤਾਨ 'ਚ ਯਾਤਰੀ ਬੱਸ ਦੇ ਪਲਟਣ ਕਾਰਨ 8 ਲੋਕਾਂ ਦੀ ਮੌਤ
. . .  about 1 hour ago
ਇਸਲਾਮਾਬਾਦ, 19 ਅਪ੍ਰੈਲ- ਪਾਕਿਸਤਾਨ ਦੇ ਸਿੰਧ ਸੂਬੇ 'ਚ ਅੱਜ ਇੱਕ ਯਾਤਰੀ ਬੱਸ ਦੇ ਪਲਟਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ, ਜਦਕਿ 44 ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਇਹ ਹਾਦਸਾ ਸਿੰਧ ਸੂਬੇ ਦੇ ਬਦੀਨ 'ਚ ਮਾਰਝਾਰ ਇਲਾਕੇ ਨੇੜੇ ਵਾਪਰਿਆ...
ਜਲੰਧਰ : ਇਸ ਕਾਰਨ ਹੋਇਆ ਸੀ ਬਾਲਕ ਨਾਥ ਮੰਦਰ ਦੇ ਪੁਜਾਰੀ ਦਾ ਕਤਲ, ਪੁਲਿਸ ਨੇ ਸੁਲਝਾਈ ਗੁੱਥੀ
. . .  about 1 hour ago
ਜਲੰਧਰ, 19 ਅਪ੍ਰੈਲ- ਨਸ਼ਿਆਂ ਅਤੇ ਕਤਲ ਦੇ ਕਈ ਮਾਮਲਿਆਂ ਨੂੰ ਸੁਲਝਾਉਣ ਵਾਲੀ ਦਿਹਾਤੀ ਪੁਲਿਸ ਦੇ ਹੱਥ 'ਚ ਇੱਕ ਹੋਰ ਵੱਡੀ ਸਫ਼ਲਤਾ ਲੱਗੀ ਹੈ। ਕੁਝ ਦਿਨ ਪਹਿਲਾਂ ਬਾਬਾ ਬਾਲਕ ਨਾਥ ਮੰਦਰ ਕਰਤਾਰਪੁਰ ਦੇ ਪੁਜਾਰੀ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਵੀ ਪੁਲਿਸ ਨੇ...
ਦੱਖਣੀ ਅਫ਼ਰੀਕਾ 'ਚ ਚਰਚ ਦੀ ਛੱਤ ਡਿੱਗਣ ਕਾਰਨ 13 ਲੋਕਾਂ ਦੀ ਮੌਤ
. . .  about 1 hour ago
ਜੋਹਨਸਬਰਗ, 19 ਅਪ੍ਰੈਲ- ਦੱਖਣੀ ਅਫ਼ਰੀਕਾ ਦੇ ਪੂਰਬੀ ਸ਼ਹਿਰ ਡਰਬਨ ਦੇ ਨੇੜੇ ਪ੍ਰਾਰਥਨਾ ਦੌਰਾਨ ਇੱਕ ਚਰਚ ਦੀ ਛੱਤ ਡਿੱਗਣ ਕਾਰਨ 13 ਲੋਕਾਂ ਦੀ ਮੌਤ ਹੋ ਗਈ, ਜਦਕਿ 16 ਹੋਰ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਲੰਘੇ ਦਿਨ ਡਰਬਨ ਦੇ...
ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਜਗਮੀਤ ਸਿੰਘ ਬਰਾੜ
. . .  1 minute ago
ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਤੇਜ਼ ਤਰਾਰ ਆਗੂ ਅਤੇ ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੇ ਘਰ 'ਚ ਹੋਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ 'ਚ ਸ਼ਾਮਲ ਹੋ ਗਏ...
ਗੈਸਟ ਹਾਊਸ ਕਾਂਡ ਤੋਂ ਬਾਅਦ ਪਹਿਲੀ ਵਾਰ ਇੱਕੋ ਮੰਚ 'ਤੇ ਨਜ਼ਰ ਆਏ ਮੁਲਾਇਮ ਯਾਦਵ ਅਤੇ ਮਾਇਆਵਤੀ
. . .  about 2 hours ago
ਲਖਨਊ, 19 ਅਪ੍ਰੈਲ- ਉੱਤਰ ਪ੍ਰਦੇਸ਼ ਦੇ ਮੈਨਪੁਰੀ 'ਚ ਸਮਾਜਵਾਦੀ ਪਾਰਟੀ (ਸਪਾ), ਬਹੁਜਨ ਸਮਾਜ ਪਾਰਟੀ (ਬਸਪਾ) ਅਤੇ ਰਾਸ਼ਟਰੀ ਲੋਕ ਦਲ (ਰਾਲੋਦ) ਦੀ ਅੱਜ ਸਾਂਝੀ ਰੈਲੀ ਹੋਈ। ਇਸ ਰੈਲੀ 'ਚ ਸਪਾ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਅਤੇ ਬਸਪਾ ਮੁਖੀ...
ਸ਼ਿਵ ਸੈਨਾ 'ਚ ਸ਼ਾਮਲ ਹੋਈ ਪ੍ਰਿਅੰਕਾ ਚਤੁਰਵੇਦੀ
. . .  about 2 hours ago
ਮੁੰਬਈ, 19 ਅਪ੍ਰੈਲ- ਪ੍ਰਿਅੰਕਾ ਚਤੁਰਵੇਦੀ ਅੱਜ ਸ਼ਿਵ ਸੈਨਾ 'ਚ ਸ਼ਾਮਲ ਹੋ ਗਈ ਹੈ। ਉਨ੍ਹਾਂ ਨੇ ਮੁੰਬਈ 'ਚ ਪਾਰਟੀ ਪ੍ਰਧਾਨ ਊਧਵ ਠਾਕਰੇ ਦੀ ਮੌਜੂਦਗੀ 'ਚ ਸ਼ਿਵ ਸੈਨਾ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਜ਼ਿਕਰਯੋਗ ਹੈ ਕਿ ਕਾਂਗਰਸ 'ਚ 'ਗੁੰਡਿਆਂ' ਨੂੰ ਤਰਜ਼ੀਹ ਮਿਲਣ ਦਾ ਦੋਸ਼...
ਬਰਾਤੀਆਂ ਨੂੰ ਲਿਜਾ ਰਹੀ ਬੱਸ ਪਲਟੀ, ਸੱਤ ਦੀ ਮੌਤ
. . .  about 3 hours ago
ਰਾਏਪੁਰ, 19 ਅਪ੍ਰੈਲ- ਛੱਤੀਸਗੜ੍ਹ ਦੇ ਬਲੌਦਾ ਬਾਜ਼ਾਰ ਜ਼ਿਲ੍ਹੇ 'ਚ ਬਰਾਤੀਆਂ ਨੂੰ ਲੈ ਕੇ ਜਾ ਰਹੇ ਇੱਕ ਬੱਸ ਦੇ ਪਲਟਣ ਕਾਰਨ 7 ਲੋਕਾਂ ਦੀ ਮੌਤ ਹੋ ਗਈ, ਜਦਕਿ 25 ਹੋਰ ਜ਼ਖ਼ਮੀ ਹੋ ਗਏ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਬਲੌਦਾ ਬਾਜ਼ਾਰ ਜ਼ਿਲ੍ਹੇ 'ਚ ਬੀਤੀ ਰਾਤ ਕਸਡੋਰ...
ਮੁੰਬਈ ਹਮਲੇ 'ਚ ਸ਼ਹੀਦ ਹੋਏ ਏ. ਟੀ. ਐੱਸ. ਮੁਖੀ ਹੇਮੰਤ ਕਰਕਰੇ ਨੂੰ ਲੈ ਕੇ ਸਾਧਵੀ ਨੇ ਦਿੱਤਾ ਵਿਵਾਦਤ ਬਿਆਨ
. . .  about 3 hours ago
ਭੋਪਾਲ, 19 ਅਪ੍ਰੈਲ- ਲੋਕ ਸਭਾ ਹਲਕੇ ਭੋਪਾਲ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਠਾਕੁਰ ਵਲੋਂ ਮਹਾਰਾਸ਼ਟਰ ਦੇ ਸ਼ਹੀਦ ਅਤੇ ਸੀਨੀਅਰ ਪੁਲਿਸ ਅਧਿਕਾਰੀ ਹੇਮੰਤ ਕਰਕਰੇ ਨੂੰ ਲੈ ਕੇ ਇੱਕ ਵਿਵਾਦਤ ਬਿਆਨ ਦਿੱਤਾ ਹੈ। ਇਸ ਸੰਬੰਧੀ ਸਾਧਵੀ ਦੀ ਅੱਜ ਸੋਸ਼ਲ ਮੀਡੀਆ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਅੱਸੂ ਸੰਮਤ 550
ਵਿਚਾਰ ਪ੍ਰਵਾਹ: ਕਿਸਾਨਾਂ ਦਾ ਕਲਿਆਣ ਰਾਸ਼ਟਰ ਦੀ ਹੋਂਦ ਬਣਾਈ ਰੱਖਣ ਲਈ ਮਹੱਤਵਪੂਰਨ ਹੈ। -ਹੋਵਰਡ ਟੈਫਟ

ਤੁਹਾਡੇ ਖ਼ਤ

16-10-2018

 ਸੋਚ
ਸਿਆਣਿਆਂ ਦਾ ਕਹਿਣਾ ਹੈ, 'ਪਹਿਲਾਂ ਸੋਚੋ ਫਿਰ ਬੋਲੋ।' ਮਨੁੱਖ ਨੂੰ ਕੋਈ ਵੀ ਵਿਚਾਰ ਜਾਂ ਕੰਮ ਕਰਨਾ ਹੋਵੇ ਤਾਂ ਪਹਿਲਾ ਉਸ ਵਿਚਾਰ ਜਾਂ ਕੰਮ ਦੇ ਘਾਟੇ-ਵਾਧੇ, ਲਾਭ-ਹਾਨੀਆਂ ਤੇ ਹੋਰ ਸਭ ਪੱਖਾਂ ਬਾਰੇ ਗਹਿਰੀ ਸੋਚ ਸੋਚਣੀ ਚਾਹੀਦੀ ਹੈ ਤਾਂ ਹੀ ਕਿਸੇ ਕੰਮ ਦੀ ਮਜ਼ਬੂਤ ਨੀਂਹ ਰੱਖੀ ਜਾ ਸਕਦੀ ਹੈ। ਫਿਰ ਬਿਨਾਂ ਫਲ ਦੀ ਇੱਛਾ ਕੀਤਿਆਂ ਕੰਮ ਜਾਂ ਮਿਸ਼ਨ ਵਿਚ ਜੁਟ ਜਾਣਾ ਧਾਰਮਿਕ ਗ੍ਰੰਥਾਂ ਦਾ ਉਪਦੇਸ਼ ਹੈ। ਅੱਜ ਆਧੁਨਿਕ ਸਮਾਜ ਵਿਚ ਸਾਡੇ ਵਿਦਵਾਨਾਂ ਵਲੋਂ ਹਮੇਸ਼ਾ ਉੱਚੀ ਤੇ ਧਨਾਤਮਿਕ ਸੋਚ ਸੋਚਣ ਦਾ ਉਪਦੇਸ਼ ਦਿੱਤਾ ਜਾਂਦਾ ਹੈ ਅਤੇ ਹਮੇਸ਼ਾ ਨੀਵੀਂ ਤੇ ਰਿਣਾਤਮਿਕ ਸੋਚ ਤੋਂ ਬਚਣ ਦੀ ਸੇਧ ਦਿੱਤੀ ਜਾਂਦੀ ਹੈ, ਪਰ ਜੇਕਰ ਅਧਿਆਤਮਿਕ ਗਿਆਨ ਦੀ ਦੁਨੀਆ ਵਿਚ ਜਾ ਕੇ ਸੋਚ-ਵਿਚਾਰ ਕਰੀਏ ਤਾਂ ਪਤਾ ਲਗਦਾ ਹੈ ਕਿ ਕੁਦਰਤ ਨੇ ਸਭ ਪ੍ਰਕਾਰ ਦੀਆਂ ਸੋਚਾਂ ਨੂੰ ਬਰਾਬਰ ਮਾਨਤਾ ਦਿੱਤੀ ਹੋਈ ਹੈ। ਕੁਦਰਤ ਦੇ ਨਿਯਮਾਂ ਅਨੁਸਾਰ ਜਿਹੜੀ ਵੀ ਸੋਚ ਸੋਚੀਏ, ਉਹ ਚੰਗੀ ਤਰ੍ਹਾਂ ਸੋਚੀਏ ਤੇ ਉਸ ਸੋਚ ਨਾਲ ਸ੍ਰਿਸ਼ਟੀ, ਮਨੁੱਖ ਤੇ ਜੀਵ-ਜੰਤੂਆਂ ਨਾਲ ਸਬੰਧਿਤ ਹੋ ਕੇ ਦ੍ਰਿੜ੍ਹਤਾ ਨਾਲ ਪਹਿਰਾ ਦਿੰਦੇ ਹੋਏ ਸਮਾਜ ਦੇ ਨਿਯਮਾਂ ਅਨੁਸਾਰ ਚੱਲੀਏ, ਸਫ਼ਲਤਾ ਜ਼ਰੂਰ ਮਿਲੇਗੀ। ਇਹੀ ਕੁਦਰਤੀ ਸੋਚ ਹੈ।

-ਕੁਲਵਿੰਦਰ ਸਿੰਘ
ਪਿੰਡ ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ।

ਆਸ
ਬਰਸਾਤ ਤੋਂ ਬਾਅਦ ਹੁਣ ਮੌਸਮ ਬਹੁਤ ਹੀ ਖੁਸ਼ਨੁਮਾ ਹੋ ਰਿਹਾ ਹੈ। ਮੀਂਹ ਦੀਆਂ ਕਣੀਆਂ ਨੇ ਮਨੁੱਖਤਾ ਦੇ ਨਾਲ ਸਾਰੀ ਬਨਸਪਤੀ ਨੂੰ ਨਹਾ ਦਿੱਤਾ ਹੈ। ਸੋ, ਦਸਤਕ ਦੇ ਰਹੀ ਇਸ ਠੰਢੀ-ਮਿੱਠੀ ਰੁੱਤ ਨੂੰ ਮਾਣੀਏ। ਸਿਹਤਮੰਦ ਜੀਵਨ ਲਈ ਇਕ-ਦੂਜੇ ਲਈ ਕਾਮਨਾ ਕਰੀਏ ਅਤੇ ਖੂਬਸੂਰਤ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਬਣਾਈਏ। ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਕਰੀਏ। ਖ਼ਾਸ ਕਰਕੇ ਬਿਜਲੀ ਤੇ ਪਾਣੀ ਦੀ ਬੱਚਤ ਕਰ ਕੇ ਵਧੀਆ ਉਪਰਾਲਾ ਕਰੀਏ। ਹਵਾ ਦੀ ਸ਼ੁੱਧਤਾ ਹੀ ਅਸਲ 'ਚ ਸਾਡੀ ਜ਼ਿੰਦਗੀ ਹੈ। ਇਸ ਦੀ ਸਾਫ਼ ਸੁਥਰੀ ਆਵਾਜਾਈ ਨਾਲ ਸਾਡੇ ਨੈਣ-ਪ੍ਰਾਣ ਚਲਦੇ ਹਨ। ਪਾਣੀ ਅਤੇ ਹਵਾ ਨੂੰ ਗੰਧਲਾ ਕਰਨ ਤੋਂ ਸਾਨੂੰ ਪ੍ਰਹੇਜ਼ ਕਰਨਾ ਚਾਹੀਦਾ ਹੈ। ਆਪਣੀ ਅਤੇ ਲੋਕਾਈ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰੀਏ। ਇਸ ਲਈ ਜਾਗਰੂਕ ਹੋ ਕੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖ ਕੇ ਚੰਗੀਆਂ, ਉੱਚੀਆਂ-ਸੁੱਚੀਆਂ ਸੋਚਾਂ ਸੋਚ ਕੇ ਅੱਗੇ ਵਧੀਏ। ਕੁਦਰਤੀ ਸਾਧਨਾਂ ਦੀ ਸਾਡੇ ਜੀਵਨ 'ਚ ਬਹੁਤ ਵੱਡੀ ਭੂਮਿਕਾ ਹੈ, ਜਿਸ ਨੂੰ ਸਮਝਣ ਤੇ ਸਮਝਾਉਣ ਦੀ ਲੋੜ ਹੈ। ਆਲਾ-ਦੁਆਲਾ ਨਿਖਾਰਨ ਤੇ ਸੰਵਾਰਨ ਲਈ ਹਰੇਕ ਨਾਲ ਨੁਕਤੇ ਸਾਂਝੇ ਕਰਨੇ ਚਾਹੀਦੇ ਹਨ। ਆਓ, ਕੁਦਰਤ ਦੇ ਕਾਨੂੰਨ ਨੂੰ ਮੰਨੀਏ ਤੇ ਧਰਤੀ ਨੂੰ ਬੰਜਰ ਹੋਣ ਤੋਂ ਥੰਮੀਏ।

-ਐਸ. ਮੀਲੂ ਫਰੌਰ, ਖੰਨਾ।

ਤੇਲ ਕੀਮਤਾਂ
ਪਿਛਲੇ ਕੁਝ ਸਮੇਂ ਤੋਂ ਸਮੁੱਚੇ ਦੇਸ਼ ਅੰਦਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ ਤੇ ਅੱਜ ਤੇਲ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ। ਵਧਦੀਆਂ ਤੇਲ ਕੀਮਤਾਂ ਕਾਰਨ ਬਿਨਾਂ ਸ਼ੱਕ ਹਰ ਚੀਜ਼ ਦਾ ਮਹਿੰਗਾ ਹੋਣਾ ਵੀ ਲਾਜ਼ਮੀ ਹੈ, ਕਿਉਂਕਿ ਮਾਲ ਦੀ ਢੋਆ-ਢੁਆਈ ਲਈ ਵੱਡੇ ਵਾਹਨਾਂ ਦੀ ਲੋੜ ਪੈਂਦੀ ਹੈ ਤੇ ਇਨ੍ਹਾਂ ਲਈ ਤੇਲ ਖਪਤ ਵੀ ਵਧ ਜਾਂਦੀ ਹੈ ਤੇ ਚੀਜ਼ਾਂ ਦਾ ਮੁੱਲ ਵਧਣਾ ਵੀ ਲਾਜ਼ਮੀ ਹੈ ਤੇ ਇਹ ਅਸਰ ਆਮ ਲੋਕਾਂ 'ਤੇ ਪੈ ਰਿਹਾ ਹੈ ਤੇ ਜਨਤਾ ਵਿਚ ਵੀ ਰੋਸ ਪੈਦਾ ਹੋ ਰਿਹਾ ਹੈ। ਦੂਜੇ ਪਾਸੇ ਕੇਂਦਰ ਤੇ ਰਾਜ ਸਰਕਾਰਾਂ ਦੇ ਹਾਕਮ ਲੋਕ ਇਸ ਬਾਰੇ ਕੁਝ ਵੀ ਨਹੀਂ ਸੋਚ ਰਹੇ। ਸੋਚਣ ਵੀ ਕਿਉਂ ਉਨ੍ਹਾਂ ਲਈ ਤਾਂ ਵੱਡੀਆਂ ਗੱਡੀਆਂ ਤੇ ਤੇਲ ਆਦਿ ਸਭ ਮੁਫ਼ਤ ਹਨ, ਉਨ੍ਹਾਂ ਨੂੰ ਤਾਂ ਸ਼ਾਇਦ ਤੇਲ ਆਦਿ ਦੇ ਭਾਅ ਵੀ ਪਤਾ ਨਾ ਹੋਣ। ਅੱਜ ਦੀ ਕੇਂਦਰ ਸਰਕਾਰ ਨੇ ਮਹਿੰਗਾਈ ਦੇ ਮੁੱਦੇ 'ਤੇ ਕਈ ਗੱਲਾਂ ਕਰਕੇ ਕੁਰਸੀ ਸਾਂਭੀ ਸੀ। ਅਮੀਰ ਘਰਾਣਿਆਂ ਨਾਲ ਯਾਰੀ ਪੁਗਾ ਕੇ ਉਨ੍ਹਾਂ ਨੂੰ ਹੋਰ ਮੁਨਾਫ਼ਾ ਨਾ ਦਿੱਤਾ ਜਾਵੇ। ਆਮ ਜਨਤਾ ਦੀ ਭਲਾਈ ਲਈ ਸੋਚਣਾ ਸਰਕਾਰਾਂ ਦਾ ਕੰਮ ਹੈ।

-ਬਲਬੀਰ ਸਿੰਘ ਬੱਬੀ
ਤੱਖਰਾਂ, ਲੁਧਿਆਣਾ।

ਆਪਣੇ ਫਰਜ਼ ਪਛਾਣੋ
ਬਿਨਾਂ ਸ਼ੱਕ ਅਜੋਕੇ ਯੁੱਗ ਵਿਚ ਪੜ੍ਹੇ-ਲਿਖੇ ਵਿਅਕਤੀਆਂ ਦੀ ਗਿਣਤੀ ਦਿਨ-ਪ੍ਰਤੀਦਿਨ ਵਧਦੀ ਜਾਂਦੀ ਹੈ ਅਤੇ ਉਹ ਆਪਣੇ ਹੱਕਾਂ ਪ੍ਰਤੀ ਵੀ ਜਾਗਰੂਕ ਹੋ ਰਹੇ ਹਨ, ਪਰ ਆਪਣੇ ਹੱਕਾਂ ਦੇ ਨਾਲ-ਨਾਲ ਆਪਣੇ ਫ਼ਰਜ਼ਾਂ ਨੂੰ ਵੀ ਪਛਾਣੇ ਜਾਣ ਦੀ ਲੋੜ ਹੈ ਤਾਂ ਹੀ ਅਸੀਂ ਇਕ ਨਰੋਏ ਤੇ ਸੱਭਿਅਕ ਸਮਾਜ ਦਾ ਨਿਰਮਾਣ ਕਰ ਸਕਦੇ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਫ਼ਰਜ਼ਾਂ ਨੂੰ ਪਛਾਣਦੇ ਹੋਏ ਆਪਣੇ ਆਲੇ-ਦੁਆਲੇ ਨੂੰ ਖ਼ੁਦ ਸਾਫ਼ ਰੱਖੀਏ ਤੇ ਦੂਜਿਆਂ ਨੂੰ ਸਾਫ਼ ਕਰਨ ਦਾ ਸੁਝਾਅ ਦੇਈਏ। ਇਸ ਨਾਲ ਜਿਥੇ ਸਾਡਾ ਆਲਾ-ਦੁਆਲਾ ਸਾਫ਼ ਰਹੇਗਾ, ਉਥੇ ਨਾਲ ਹੀ ਅਸੀਂ ਗੰਦਗੀ ਕਾਰਨ ਫੈਲਣ ਵਾਲੀਆਂ ਕਈ ਬਿਮਾਰੀਆਂ ਤੋਂ ਵੀ ਬਚ ਸਕਾਂਗੇ। ਇਸੇ ਤਰ੍ਹਾਂ ਸੜਕਾਂ ਉੱਤੇ ਚਲਦੇ ਸਮੇਂ ਅਸੀਂ ਸੜਕਾਂ ਦੇ ਨਿਯਮਾਂ ਦੀ ਜਾਣਬੁੱਝ ਕੇ ਪਾਲਣਾ ਨਹੀਂ ਕਰਦੇ। ਲਾਲ ਬੱਤੀ ਦੀ ਉਲੰਘਣਾ, ਸੜਕ ਦੇ ਗ਼ਲਤ ਪਾਸੇ ਚੱਲਣਾ, ਡਿੱਪਰ ਦੀ ਵਰਤੋਂ ਨਾ ਕਰਨਾ ਅਤੇ ਤੇਜ਼ ਰਫ਼ਤਾਰ ਵਾਹਨ ਚਲਾਉਣਾ ਆਪਣੀ ਸ਼ੇਖੀ ਸਮਝਦੇ ਹਾਂ। ਇੰਜ ਸੜਕੀ ਨਿਯਮਾਂ ਨੂੰ ਤੋੜ ਕੇ ਅਸੀਂ ਕਈ ਵਾਰ ਆਪਣੀ ਮੌਤ ਦਾ ਜੋਖ਼ਮ ਖ਼ੁਦ ਸਹੇੜ ਲੈਂਦੇ ਹਾਂ। ਸਾਡੀ ਨਿੱਕੀ ਜਿਹੀ ਗ਼ਲਤੀ ਜਾਂ ਅਣਗਹਿਲੀ ਸਾਡੇ ਲਈ ਤਾਂ ਘਾਤਕ ਹੁੰਦੀ ਹੀ ਹੈ। ਜੇਕਰ ਅਸੀਂ ਛੋਟੇ ਨਿਯਮਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਈਏ ਤਾਂ ਸਾਡਾ ਸਮਾਜ ਇਕ ਸੱਭਿਅਕ ਸਮਾਜ ਦੇ ਤੌਰ 'ਤੇ ਬੜੀ ਛੇਤੀ ਵਿਕਸਤ ਹੋ ਸਕਦਾ ਹੈ।

-ਅਜੀਤ ਸਿੰਘ ਖੰਨਾ, ਲੁਧਿਆਣਾ।

15-10-2018

 ਲਾਂਘਾ ਕਰਤਾਰਪੁਰ ਸਾਹਿਬ ਦਾ
ਕਰਤਾਰਪੁਰ ਲਾਂਘੇ ਦੀ ਗੱਲ ਚੱਲੀ ਹੈ ਤਾਂ ਸਿਆਸੀ ਲੋਕ ਆਪਣੀਆਂ ਰੋਟੀਆਂ ਸੇਕਣ ਲੱਗ ਪਏ ਹਨ। ਸ਼ਾਇਦ ਇਨ੍ਹਾਂ ਨੇ ਆਟਾ ਪਹਿਲਾਂ ਹੀ ਗੁੰਨ੍ਹ ਕੇ ਰੱਖਿਆ ਹੁੰਦਾ ਹੈ। ਕਰਤਾਰਪੁਰ ਸਾਹਿਬ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ। ਜੇਕਰ ਇਹ ਲਾਂਘਾ ਬਣ ਜਾਂਦਾ ਹੈ ਤਾਂ ਸੰਭਾਵਨਾ ਹੈ ਕਿ ਲਾਂਘਾ ਭਾਰਤ-ਪਾਕਿ ਦੋਸਤੀ ਦਾ ਪਹਿਲਾ ਕਦਮ ਸਾਬਤ ਹੋਵੇ। ਆਪਸੀ ਮਤਭੇਦ ਭੁਲਾ ਕੇ ਸਾਨੂੰ ਇਸ ਭਲੇ ਕਾਰਜ ਲਈ ਇਕ-ਦੂਜੇ 'ਤੇ ਦੂਸ਼ਣਬਾਜ਼ੀ ਲਗਾਉਣ ਦੀ ਥਾਂ ਮਿਲ ਕੇ ਯਤਨ ਆਰੰਭ ਕਰਨੇ ਚਾਹੀਦੇ ਹਨ। ਸਿਰਫ਼ ਇਹੀ ਨਹੀਂ, ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਨੂੰ ਭਾਰਤ ਅਤੇ ਪਾਕਿਸਤਾਨ ਵਿਚ ਆਪਣੇ-ਆਪਣੇ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਨ ਲਈ ਵਿਸ਼ੇਸ਼ ਵੀਜ਼ਾ-ਪ੍ਰਣਾਲੀ ਦਾ ਆਗਾਜ਼ ਕਰਨਾ ਚਾਹੀਦਾ ਹੈ, ਤਾਂ ਜੋ ਦੋਵੇਂ ਦੇਸ਼ 70 ਸਾਲ ਦੀ ਦੁਸ਼ਮਣੀ ਨੂੰ ਭੁੱਲ ਕੇ ਸ਼ਾਂਤੀ ਦਾ ਵਾਤਾਵਰਨ ਪੈਦਾ ਕਰ ਸਕਣ।


-ਮਹਿੰਦਰ ਸਿੰਘ ਬਾਜਵਾ


ਸਰਕਾਰ ਤੇ ਸਿੱਖਿਆ

ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਿੱਖਿਆ ਬੁਰੀ ਤਰ੍ਹਾਂ ਤਿਲਮਿਲਾ ਚੁੱਕੀ ਹੈ। ਨਿੱਜੀ ਸਕੂਲਾਂ ਨੂੰ ਸਰਕਾਰ ਤਰਜੀਹ ਦੇ ਰਹੀ ਹੈ। ਸਿੱਖਿਆ ਤੇ ਸਿਹਤ ਵਿਚ ਸੁਧਾਰ ਕਰਨ ਵਿਚ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਸਰਕਾਰੀ ਸਕੂਲਾਂ ਨੂੰ ਕੋਈ ਗਰਾਂਟ ਨਹੀਂ ਮਿਲ ਰਹੀ। ਸਿੱਖਿਆ ਸਕੱਤਰ ਵਿਭਾਗ ਦੇ ਅਫ਼ਸਰਾਂ ਤੇ ਅਧਿਆਪਕਾਂ ਨੂੰ ਮੁਹਾਲੀ ਬੁਲਾ ਜ਼ਲੀਲ ਕਰ ਰਿਹਾ ਹੈ। ਅਧਿਆਪਕਾਂ ਤੋਂ ਪੜ੍ਹਾਈ ਦਾ ਕਾਰਜ ਖੋਹ ਕੇ ਰੋਜ਼ਾਨਾ ਡਾਕਾਂ, ਮਿਡ-ਡੇ-ਮੀਲ, ਈ-ਪੰਜਾਬ, ਕੋਈ ਨਾ ਕੋਈ ਪੰਦਰਵਾੜਾ ਮਨਾਉਣਾ ਉਨ੍ਹਾਂ ਦੀਆਂ ਫੋਟੋਆਂ, ਸਕੂਲਾਂ ਦੀ ਚੈਕਿੰਗ ਕਰ ਸਿੱਖਿਆ ਦੇ ਪੱਧਰ ਵਿਚ ਭਾਰੀ ਗਿਰਾਵਟ ਆਈ ਹੈ। ਜੇ ਪ੍ਰਾਇਮਰੀ ਪੱਧਰ ਦੀ ਗੱਲ ਕੀਤੀ ਜਾਵੇ ਤਾਂ ਸਿੱਖਿਆ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ। 'ਪੜ੍ਹੋ ਪੰਜਾਬ ਤੇ ਪੜ੍ਹਾਓ ਪੰਜਾਬ' ਨਾਲ ਅੰਕੜਿਆਂ ਦਾ ਹੀ ਢਿੱਡ ਭਰਿਆ ਜਾ ਰਿਹਾ ਹੈ। ਸਕੂਲਾਂ ਦੀਆਂ ਕੰਧਾਂ ਟੀਚਿਆਂ ਨਾਲ ਖਰਾਬ ਕੀਤੀਆਂ ਜਾ ਰਹੀਆਂ ਹਨ। ਅੱਜ ਲੋੜ ਹੈ ਕਿ ਅਧਿਆਪਕ ਨੂੰ ਸੁਤੰਤਰ ਰੂਪ ਵਿਚ ਪੜ੍ਹਾਉਣ ਦਿੱਤਾ ਜਾਵੇ। ਸਕੂਲਾਂ ਵਿਚ ਬੁਨਿਆਦੀ ਸਹੂਲਤਾਂ ਪੂਰੀਆਂ ਕਰਵਾਈਆਂ ਜਾਣ। ਸੀ.ਐਮ.ਟੀ. ਬੀ.ਐਮ.ਟੀ ਤੇ ਹੋਰ ਦਫ਼ਤਰਾਂ ਵਿਚ ਤਾਇਨਾਤ ਅਧਿਆਪਕਾਂ ਨੂੰ ਤੁਰੰਤ ਸਕੂਲਾਂ ਵਿਚ ਭੇਜਿਆ ਜਾਵੇ, ਤਾਂ ਜੋ ਸਿੱਖਿਆ ਵਿਚ ਸੁਧਾਰ ਹੋ ਸਕੇ।


-ਮਾ: ਰਘਬੀਰ ਸਿੰਘ
ਐਮ.ਐਸ.ਸੀ. ਮੈਂਬਰ, ਮਾਜਰੀ ਲੁਧਿਆਣਾ।


ਅੰਨਦਾਤੇ ਦੀ ਦੁਰਦਸ਼ਾ

ਅਜੋਕੇ ਸਮੇਂ ਅੰਨਦਾਤੇ ਵਜੋਂ ਜਾਣੇ ਜਾਂਦੇ ਕਿਸਾਨ ਦੀ ਹਾਲਤ ਬੜੀ ਹੀ ਤਰਸਯੋਗ ਬਣੀ ਹੋਈ ਹੈ। ਸਮੇਂ ਦੀਆਂ ਸਰਕਾਰਾਂ ਜਿਥੇ ਕਿਸਾਨ ਦੀ ਆਰਥਿਕ ਤੌਰ 'ਤੇ ਨਿਘਰ ਰਹੀ ਹਾਲਤ ਵਿਚ ਵੀ ਉਸ ਦੀ ਬਾਂਹ ਫੜਨ ਲਈ ਤਿਆਰ ਨਹੀਂ ਹੋ ਰਹੀਆਂ, ਉਥੇ ਦੇਸ਼ ਦਾ ਇਹ ਅੰਨਦਾਤਾ ਕੁਦਰਤੀ ਕਰੋਪੀ ਦਾ ਵੀ ਸ਼ਿਕਾਰ ਹੋ ਰਿਹਾ ਹੈ। ਮਹਿੰਗੇ ਭਾਅ ਦੀਆਂ ਖਾਦਾਂ, ਦਵਾਈਆਂ, ਖੇਤੀ ਸੰਦ, ਡੀਜ਼ਲ ਅਤੇ ਪੈਟਰੋਲ ਉਸ ਦੀ ਆਰਥਿਕਤਾ ਨੂੰ ਕਾਫ਼ੀ ਪ੍ਰਭਾਵਿਤ ਕਰ ਰਹੇ ਹਨ, ਸਿੱਟੇ ਵਜੋਂ ਉਸ ਦੀ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਰਹੀ ਹੈ।
ਪੁੱਤਾਂ ਵਾਂਗ ਪਾਲੀ ਹੋਈ ਫ਼ਸਲ/ਉਪਜ ਉੱਪਰ ਜਦੋਂ ਕਿਧਰੇ ਮੀਂਹ, ਗੜੇ ਪੈ ਜਾਣ ਜਾਂ ਫਿਰ ਮੰਡੀ ਵਿਚ ਉਸ ਦੀ ਉਪਜ ਦੀ ਵਾਜਬ ਕੀਮਤ ਨਾ ਮਿਲੇ ਤਾਂ ਜਿਹੜੀ ਮਾਨਸਿਕ ਪੀੜਾ ਵਿਚੋਂ ਦੀ ਕਿਸਾਨ ਨੂੰ ਗੁਜ਼ਰਨਾ ਪੈਂਦਾ ਹੈ, ਉਸ ਦਾ ਅੰਦਾਜ਼ਾ ਸ਼ਾਇਦ ਹਰ ਕੋਈ ਨਹੀਂ ਲਗਾ ਸਕਦਾ। ਕੀ ਸਮੇਂ ਦੀਆਂ ਸਰਕਾਰਾਂ ਕਿਸਾਨ ਦੀ ਆਰਥਿਕ ਦਸ਼ਾ ਸੁਧਾਰਨ ਵੱਲ ਕੋਈ ਠੋਸ ਕਦਮ ਉਠਾਉਣ ਦੀ ਖੇਚਲ ਕਰਨਗੀਆਂ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।


ਰੁੱਖ ਜ਼ਰੂਰੀ ਨੇ
ਪਿਛਲੇ ਦਿਨੀਂ 'ਲੋਕ ਮੰਚ' ਪੰਨੇ 'ਤੇ 'ਜੀਵਨ ਦੀ ਹੋਂਦ ਲਈ ਰੁੱਖ ਜ਼ਰੂਰੀ' ਪੜ੍ਹਿਆ ਬਹੁਤ ਵਧੀਆ ਤੇ ਸਮਾਜ ਨੂੰ ਸੇਧ ਦੇਣ ਵਾਲਾ ਲੇਖ ਸੀ। ਮੇਰੀ ਨਿੱਜੀ ਰਾਇ ਅਨੁਸਾਰ ਜਦ ਤੱਕ ਧਰਤੀ 'ਤੇ ਰੁੱਖ ਰਹਿਣਗੇ, ਉਦੋਂ ਤੱਕ ਮਨੁੱਖ ਰਹਿਣਗੇ। ਇਹ ਤਾਂ ਮਨੁੱਖ ਦੀ ਸਮਝ ਵਿਚ ਹੈ। ਬਾਕੀ ਅੱਜ ਮਨੁੱਖ ਸੁਚੇਤ ਹੈ, ਵੱਡੀ ਗਿਣਤੀ ਵਿਚ ਬੂਟੇ ਲਗਾਏ ਜਾ ਰਹੇ ਹਨ ਅਤੇ ਲਗਾਏ ਗਏ ਹਨ। ਮਨੁੱਖ ਧੜਾਧੜ ਜੰਗਲ ਕੱਟ ਕੇ ਪਛਤਾਅ ਤਾਂ ਰਿਹਾ ਹੋਵੇਗਾ, ਸੜਕਾਂ ਦਾ ਜਾਲ ਵਿਛਣ ਕਰਕੇ ਵੱਡੀ ਗਿਣਤੀ 'ਚ ਰੁੱਖ ਜੋ ਬੇਹੱਦ ਪੁਰਾਣੇ ਤੇ ਆਕਸੀਜਨ ਦਾ ਭੰਡਾਰ ਸਨ, ਕੱਟੇ ਗਏ ਭਾਵੇਂ ਕਿ ਅਨੇਕਾਂ ਵੱਡੇ ਰੁੱਖ ਕੱਟਣ ਤੋਂ ਬਚਾਏ ਜਾ ਸਕਦੇ ਸਨ, ਪ੍ਰੰਤੂ ਲਾਲਚਵਸ ਕੱਟ ਦਿੱਤੇ ਗਏ। ਜੇਕਰ ਕੋਈ ਵਿਅਕਤੀ ਰੁੱਖ ਨਹੀਂ ਲਗਾ ਸਕਦਾ ਤਾਂ ਨਹੀਂ ਜਾਂ ਹੋਰ ਕਾਰਨ ਪ੍ਰੰਤੂ ਜੋ ਲੱਗੇ ਹਨ, ਉਨ੍ਹਾਂ ਦੀ ਸਾਂਭ-ਸੰਭਾਲ ਵਿਚ ਆਪਣਾ ਯੋਗਦਾਨ ਪਾਵੇ। ਵਾਤਾਵਰਨ ਦੀ ਸਾਂਭ-ਸੰਭਾਲ ਸਾਡਾ ਸਭ ਦਾ ਸਾਂਝਾ ਕਾਰਜ ਹੈ ਤੇ ਮਨੁੱਖਤਾ ਤੇ ਜੀਵਾਂ ਦੇ ਭਲੇ ਦੀ ਗੱਲ ਹੈ।


-ਮਾ: ਦੇਵਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਖੂਹ ਤੇ ਖੂਹੀਆਂ
ਲਗਪਗ 50 ਸਾਲ ਪਹਿਲਾਂ ਖੇਤੀ ਦੀ ਸਿੰਜਾਈ ਲਈ ਅਤੇ ਘਰਾਂ ਵਿਚ ਵਰਤਿਆ ਜਾਣ ਵਾਲਾ ਪਾਣੀ ਖੂਹਾਂ ਅਤੇ ਖੂਹੀਆਂ ਤੋਂ ਹੀ ਲਿਆ ਜਾਂਦਾ ਸੀ। ਖੂਹਾਂ 'ਤੇ ਜਿਵੇਂ ਮੇਲੇ ਵਰਗਾ ਹੀ ਮਾਹੌਲ ਬਣਿਆ ਰਹਿੰਦਾ ਸੀ। ਬਲਦਾਂ ਦੀਆਂ ਟੱਲੀਆਂ ਦੀ ਆਵਾਜ਼ ਅਤੇ ਪਾਣੀ ਦੇ ਵਹਿਣ ਦੀ ਆਵਾਜ਼ ਹਵਾ ਵਿਚ ਅਜੀਬ ਜਿਹਾ ਸੰਗੀਤ ਭਰ ਦਿੰਦੀ ਸੀ। ਇਸ ਬਾਰੇ ਕਵੀ ਨੇ ਵੀ ਕਿਆ ਖੂਹ ਲਿਖਿਆ, 'ਟਿਕ ਟਿਕ ਰੀਂ ਰੀਂ ਖੂਹ ਕਰਦਾ, ਨੱਕੋ-ਨੱਕ ਨੱਕਿਆਂ ਨੂੰ ਜਾਵੇ ਭਰਦਾ' ਇਨ੍ਹਾਂ ਪੁਰਾਣੇ ਖੂਹਾਂ ਤੇ ਖੂਹੀਆਂ 'ਤੇ ਹੁਣ ਉਦਾਸੀ ਛਾਈ ਹੋਈ ਹੈ। ਹੁਣ ਕਿਸਾਨ ਵੀ ਇਨ੍ਹਾਂ ਵਿਚ ਖੇਤਾਂ ਦੀ ਰਹਿੰਦ-ਖੂੰਹਦ ਸੁੱਟ ਦਿੰਦੇ ਹਨ ਅਤੇ ਕਈਆਂ ਖੂਹਾਂ ਦੇ ਬਨੇਰੇ (ਮੌਣ) ਨਾ ਹੋਣ ਕਾਰਨ ਹਨੇਰੇ ਵਿਚ ਕਿਸੇ ਦੇ ਵੀ ਡਿੱਗਣ ਦਾ ਖ਼ਤਰਾ ਬਣੇ ਹੋਏ ਹਨ। ਕੁਝ ਮਾੜੇ ਅਨਸਰ ਵੀ ਕਾਨੂੰਨ ਤੋਂ ਬਚਣ ਲਈ ਇਨ੍ਹਾਂ ਅਧ-ਪੂਰੇ ਖੂਹਾਂ ਵਿਚ ਭਰੂਣ ਜਾਂ ਹੋਰ ਨਾਜਾਇਜ਼ ਵਸਤਾਂ ਸੁੱਟ ਦਿੰਦੇ ਹਨ। ਵਾਤਾਵਰਨ ਮਾਹਿਰਾਂ, ਖੇਤੀ ਅਤੇ ਭੂਮੀ ਸੰਭਾਲ ਮਹਿਕਮਿਆਂ ਨੂੰ ਇਨ੍ਹਾਂ ਪੁਰਾਣੇ ਖੂਹਾਂ ਦੀ ਸਾਫ਼-ਸਫ਼ਾਈ ਕਰਵਾ ਕੇ ਬਰਸਾਤੀ ਪਾਣੀ ਜਾਂ ਵਾਟਰ ਰਿਚਾਰਜਿੰਗ ਲਈ ਵਰਤਣ ਵੱਲ ਧਿਆਨ ਦੇਣ ਦੀ ਲੋੜ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਤੇਲ ਕੀਮਤਾਂ ਤੇ ਲੋਕ
ਅੱਜ ਹਾਲਾਤ ਏਨੇ ਗੰਭੀਰ ਹੋ ਗਏ ਹਨ ਕਿ ਹਰ ਆਦਮੀ ਨੂੰ ਆਪਣੀ ਜ਼ਿੰਦਗੀ ਦਾ ਇਕ-ਇਕ ਦਿਨ ਗੁਜ਼ਾਰਨਾ ਮੁਹਾਲ ਹੋਇਆ ਪਿਆ ਹੈ, ਆਏ ਦਿਨ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਨਾਲ ਬਾਕੀ ਚੀਜ਼ਾਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ। ਜਦੋਂ ਦੀ ਸਰਕਾਰ ਨੇ ਤੇਲ ਕੰਪਨੀਆਂ ਨੂੰ ਰੋਜ਼ਾਨਾ ਕੀਮਤਾਂ ਵਧਾਉਣ ਦੀ ਖੁੱਲ੍ਹ ਦਿੱਤੀ ਹੈ, ਉਦੋਂ ਤੋਂ ਤੇਲ ਕੀਮਤਾਂ ਕੰਟਰੋਲ ਤੋਂ ਬਾਹਰ ਹੋ ਚੁੱਕੀਆਂ ਹਨ। ਆਖਰਕਾਰ ਸਰਕਾਰ ਮਜਬੂਰ ਕਿਉਂ ਹੈ? ਕੇਂਦਰ ਤੇ ਰਾਜ ਸਰਕਾਰਾਂ ਮਿਲ ਕੇ ਪੈਟਰੋਲ ਉਤੇ 155 ਫੀਸਦੀ ਟੈਕਸ ਵਸੂਲਦੀਆਂ ਹਨ, ਤਾਂ ਹੀ ਸਰਕਾਰਾਂ ਲੋਕਾਂ ਨੂੰ ਲੁੱਟਦੀਆਂ ਹਨ। ਮੋਦੀ ਸਰਕਾਰ ਤੋਂ ਲੋਕਾਂ ਨੂੰ ਢੇਰ ਸਾਰੀਆਂ ਉਮੀਦਾਂ ਸਨ, ਪਰ ਚਾਰ ਸਾਲਾਂ 'ਚ ਆਮ ਆਦਮੀ ਅੱਛੇ ਦਿਨ ਦੀ ਬਜਾਏ ਠੱਗਿਆ-ਠੱਗਿਆ ਮਹਿਸੂਸ ਕਰ ਰਿਹਾ ਹੈ। ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੇ, ਲੋਕਾਂ ਕੋਲ ਬਹੁਤ ਤਾਕਤ ਹੁੰਦੀ ਹੈ ਜੇ ਲੋਕ ਲੀਡਰਾਂ ਨੂੰ ਸੱਤਾ 'ਤੇ ਬਿਠਾ ਸਕਦੇ ਹਨ ਤਾਂ ਇਹ ਲੋਕ ਲੀਡਰਾਂ ਨੂੰ ਸੱਤਾ ਤੋਂ ਲਾਂਭੇ ਕਰ ਅਰਸ਼ ਤੋਂ ਫਰਸ਼ 'ਤੇ ਵੀ ਲਿਆ ਸਕਦੇ ਹਨ।


-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ, ਜ਼ਿਲ੍ਹਾ ਮੋਗਾ।

12-10-2018

 ਫੁੱਲ ਕੱਢਦਾ ਫੁਲਕਾਰੀ...
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਆਲੰਬਰਦਾਰ 'ਅਜੀਤ ਮੈਗਜ਼ੀਨ' ਦਾ ਪੰਜਾਬੀ ਮਾਂ ਬੋਲੀ, ਸਾਹਿਤ ਅਤੇ ਸੱਭਿਆਚਾਰ ਨੂੰ ਜਿਊਂਦਾ ਰੱਖਣ ਲਈ ਅਹਿਮ ਯੋਗਦਾਨ ਹੈ। ਇਸੇ ਗਵਾਹੀ ਨੂੰ ਹਕੀਕਤ ਕਰਦਾ 30 ਸਤੰਬਰ ਦੇ ਅੰਕ 'ਚ ਪ੍ਰੋ: ਜਸਪ੍ਰੀਤ ਕੌਰ ਦਾ ਲੇਖ '...ਇਕ ਫੁੱਲ ਕੱਢਦਾ ਫੁਲਕਾਰੀ' ਪੰਜਾਬ ਦੇ ਅਮੀਰ ਵਿਰਸੇ 'ਤੇ ਖੂਬਸੂਰਤ ਝਾਤ ਮਾਰ ਗਿਆ। ਇਸ ਵਿਚ ਕੋਈ ਸ਼ੱਕ ਨਹੀਂ ਕਿ ਬੀਤੇ 'ਚ ਪੰਜਾਬੀ ਫੁਲਕਾਰੀ ਔਰਤਾਂ ਦੇ ਸ਼ਿੰਗਾਰ ਦਾ ਅਨਿੱਖੜਵਾਂ ਅੰਗ ਸੀ ਪਰ ਸਮੇਂ ਦੇ ਬਦਲਾਅ ਨਾਲ ਇਸ ਦੀ ਸ਼ਾਨੋ-ਸ਼ੌਕਤ ਵਿਚ ਕੋਈ ਫ਼ਰਕ ਨਹੀਂ ਪਿਆ। ਇਸੇ ਅੰਕ 'ਚ ਡਾ: ਦਰਸ਼ਨ ਸਿੰਘ ਆਸ਼ਟ ਦਾ 'ਖਿਡੌਣਿਆਂ ਦਾ ਕੋਮਲ ਮਾਨਸਿਕਤਾ ਉੱਪਰ ਅਸਰ' ਵੀ ਚੰਗਾ ਜਾਣਕਾਰੀ ਦੇ ਗਿਆ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਜੋਕੇ ਦੌਰ ਦੀਆਂ ਖੇਡਾਂ ਨੇ ਬੱਚਿਆਂ ਦੀਆਂ ਰੁਚੀਆਂ ਅਤੇ ਮਾਨਸਿਕਤਾ ਨੂੰ ਢਾਅ ਲਾਈ ਹੈ। ਇਲੈਕਟ੍ਰਾਨਿਕ ਖੇਡਾਂ, ਚੀਨੀ ਖਿਡੌਣਿਆਂ ਨੇ ਬੱਚਿਆਂ ਦਾ ਧਿਆਨ ਰਵਾਇਤੀ ਖੇਡਾਂ ਅਤੇ ਸਰਬਪੱਖੀ ਵਿਕਾਸ ਤੋਂ ਭਟਕਾ ਦਿੱਤਾ ਹੈ। ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਰਚਨਾਤਮਕ ਅਤੇ ਗੁਣਾਤਮਿਕ ਖੇਡਾਂ ਵਿਕਸਤ ਕਰਨ ਦੀ ਜ਼ਰੂਰਤ ਹੈ।


-ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।


ਅਵਾਰਾ ਪਸ਼ੂਆਂ ਦੀ ਸਮੱਸਿਆ
ਅਵਾਰਾ ਪਸ਼ੂਆਂ ਦੀ ਸਮੱਸਿਆ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ, ਜਿਸ ਕਾਰਨ ਇਕ ਪਾਸੇ ਪੁੱਤਾਂ ਵਾਂਗ ਪਾਲੀਆਂ ਫ਼ਸਲਾਂ ਤਬਾਹ ਹੋ ਰਹੀਆਂ ਹਨ ਤੇ ਦੂਜੇ ਪਾਸੇ ਖੇਤ 'ਚ ਪਿਓ ਦੇ ਡਾਹੇ ਮੰਜੇ ਕਾਰਨ ਮੇਰੇ ਤੇ ਮੇਰੇ ਵਰਗੇ ਹੋਰ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਦੀਆਂ ਨੀਂਦਾਂ ਹਰਾਮ ਹੋਈਆਂ ਪਈਆਂ ਹਨ। ਆਏ ਦਿਨ ਹੁੰਦੇ ਹਾਦਸਿਆਂ ਕਾਰਨ ਕੀਮਤੀ ਜਾਨਾਂ ਜਾ ਰਹੀਆਂ ਹਨ। ਸਵੱਛ ਭਾਰਤ ਮੁਹਿੰਮ ਦੀ ਫੂਕ ਨਿਕਲ ਚੁੱਕੀ ਹੈ, ਜੋ ਗੱਲ ਮੇਰੇ ਵਰਗੇ ਬੱਚਿਆਂ ਨੂੰ ਸਮਝ ਆ ਚੁੱਕੀ ਹੈ। ਪਰ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਗਾਂਧੀ ਜੀ ਦਾ ਚਸ਼ਮਾ ਲਗਾ ਕੇ ਪਤਾ ਨਹੀਂ ਕਿਹੜੇ ਸੁਪਨਿਆਂ ਵਿਚ ਖੋਏ ਹੋਏ ਹਨ। 2019 ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਮੋਦੀ ਜਾਣ ਜਾਣ ਅਤੇ ਸਮਝ ਜਾਣ ਕਿ ਐਪ 'ਤੇ ਵੋਟਿੰਗ ਕਰਕੇ ਜਾਂ ਝਾੜੂ ਚੁੱਕ ਕੇ ਤਸਵੀਰਾਂ ਖਿਚਵਾਉਣ ਨਾਲ ਦੇਸ਼ ਦਾ ਸੁੰਦਰੀਕਰਨ ਨਹੀਂ ਹੋ ਸਕਦਾ।


-ਅਕਾਸ਼ ਔਲਖ ਸੀਰਵਾਲੀ
ਜਮਾਤ ਦਸਵੀਂ।


ਕੀ ਸਾਬਕਾ ਸੈਨਿਕ ਕਿਸਾਨ ਨਹੀਂ?
ਫ਼ੌਜ ਵਿਚ ਅਕਸਰ ਹੀ ਦਰਮਿਆਨੇ ਅਤੇ ਗ਼ਰੀਬ ਕਿਸਾਨਾਂ ਦੇ ਮੁੰਡੇ ਭਰਤੀ ਹੁੰਦੇ ਹਨ। ਸੇਵਾ-ਮੁਕਤੀ ਤੋਂ ਬਾਅਦ 90 ਫ਼ੀਸਦੀ ਸਾਬਕਾ ਫ਼ੌਜੀ ਆਪਣਾ ਪਿਤਾ ਪੁਰਖੀ ਕਿੱਤਾ ਕਿਸਾਨੀ ਨੂੰ ਹੀ ਤਰਜੀਹ ਦਿੰਦੇ ਹਨ। ਪਰ ਪੰਜਾਬ ਸਰਕਾਰ ਨੇ ਕਰਜ਼ਾ ਮੁਆਫ਼ੀ ਦੇ ਸਬੰਧ ਵਿਚ ਸਾਬਕਾ ਸੈਨਿਕਾਂ ਨੂੰ ਦਰਕਿਨਾਰ ਕਰ ਦਿੱਤਾ ਹੈ। ਕੈਪਟਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਵੀ ਸਾਬਕਾ ਸੈਨਿਕ ਹਨ। ਉਨ੍ਹਾਂ ਨੂੰ ਫ਼ੌਜੀ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਵਿਚ ਪਹਿਲ ਦੇਣੀ ਚਾਹੀਦੀ ਸੀ ਪਰ ਉਨ੍ਹਾਂ ਨੇ ਤਾਂ ਇਨਾਂ ਨੂੰ ਕਿਸਾਨ ਹੀ ਨਹੀਂ ਸਮਝਿਆ। ਜ਼ਿਆਦਾ ਜ਼ਮੀਨ ਦੇ ਮਾਲਕਾਂ ਨੇ ਆਪਣੇ ਪੁੱਤਰਾਂ ਦੇ ਨਾਂਅ ਦੋ-ਦੋ ਕਿੱਲੇ ਲੁਆ ਦਿੱਤੇ ਅਤੇ ਉਨ੍ਹਾਂ ਨੂੰ ਮੁਆਫ਼ੀ ਦੇ ਕਾਬਲ ਬਣਾ ਦਿੱਤਾ। ਸਰਕਾਰ ਨੂੰ ਚਾਹੀਦਾ ਹੈ ਕਿ ਸਾਬਕਾ ਸੈਨਿਕਾਂ ਦੇ ਵੀ ਕਰਜ਼ੇ ਮੁਆਫ਼ ਕੀਤੇ ਜਾਣ।


-ਸਰਵਨ ਸਿੰਘ ਪਤੰਗ, (ਮੋਗਾ)।


ਨਿੰਦਣਯੋਗ ਕਦਮ
2 ਅਕਤੂਬਰ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਸਾਬਕਾ ਪ੍ਰਧਾਨ ਮੰਤਰੀ ਦਾ ਜਨਮ ਦਿਵਸ ਸੀ। ਵਰਨਣਯੋਗ ਹੈ ਕਿ ਰਾਸ਼ਟਰਪਿਤਾ ਅਹਿੰਸਾ ਦੇ ਪੁਜਾਰੀ ਸਨ ਅਤੇ ਸ਼ਾਸਤਰੀ ਜੀ ਨੇ 'ਜੈ ਜਵਾਨ, ਜੈ ਕਿਸਾਨ' ਦਾ ਨਾਅਰਾ ਦਿੱਤਾ ਸੀ ਪਰ ਇਸ ਮਹਾਨ ਦਿਨ 'ਤੇ ਦੇਸ਼ ਦੇ ਅੰਨਦਾਤੇ ਨਾਲ ਜੋ ਸਲੂਕ ਕੀਤਾ ਗਿਆ, ਉਹ ਨਾ ਕਾਬਲੇ ਬਰਦਾਸ਼ਤ ਸੀ। ਪੁਲਿਸ ਵਲੋਂ ਜਿਥੇ ਆਪਣੇ ਬਲ ਦਾ ਪ੍ਰਯੋਗ ਕੀਤਾ ਗਿਆ, ਉਥੇ ਹੀ ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਆਦਿ ਦੀ ਵਰਤੋਂ ਕੀਤੀ ਗਈ। ਸਾਡੇ ਦੇਸ਼ ਦੇ ਕਿਸਾਨਾਂ ਦੀ ਹਾਲਤ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਹਰ ਰੋਜ਼ ਹੀ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚੋਂ ਕਿਸਾਨਾਂ ਦੀ ਖ਼ੁਦਕੁਸ਼ੀ ਦੀਆਂ ਖ਼ਬਰਾਂ ਆਉਂਦੀਆਂ ਹਨ ਪਰ ਏਨਾ ਕੁਝ ਹੋਣ ਦੇ ਬਾਵਜੂਦ ਸਰਕਾਰ 'ਤੇ ਕੋਈ ਅਸਰ ਨਹੀਂ ਹੁੰਦਾ। ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਅੱਜ ਭੁੱਖਾ ਸੌਣ ਨੂੰ, ਆਤਮ ਹੱਤਿਆ ਕਰਨ ਨੂੰ ਮਜਬੂਰ ਹੈ। ਕਿਸੇ ਵੀ ਮੁਸ਼ਕਿਲ ਦਾ ਹੱਲ ਗੱਲਬਾਤ ਰਾਹੀਂ ਨਿਕਲਦਾ ਹੈ ਅਤੇ ਜੇਕਰ ਸਰਕਾਰ ਸਮਾਂ ਰਹਿੰਦੇ ਸੁਣ ਲੈਂਦੀ ਤਾਂ ਅਜਿਹੇ ਹਾਲਾਤ ਤੋਂ ਬਚਿਆ ਜਾ ਸਕਦਾ ਸੀ। ਸਰਕਾਰ ਅੱਗੇ ਬੇਨਤੀ ਹੈ ਕਿ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨਾਂ ਦੇ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕੀਤੇ ਜਾਣ।


-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।

11-10-2018

 ਮਨੁੱਖਤਾ ਦਾ ਘਾਣ
ਆਜ਼ਾਦ ਭਾਰਤ ਵਿਚ ਵੀ ਲਗਾਤਾਰ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ। ਰਾਜ ਸੱਤਾ ਪ੍ਰਾਪਤ ਕਰਕੇ ਚਹੇਤਿਆਂ ਨੂੰ ਲਾਭ ਦੇਣ ਲਈ ਘੱਟ-ਗਿਣਤੀਆਂ ਨਾਲ ਜ਼ਿਆਦਤੀਆਂ ਕੀਤੀਆਂ ਜਾਂਦੀਆਂ ਹਨ। ਜਦ ਮਨੁੱਖੀ ਅਧਿਕਾਰਾਂ ਦੇ ਵਾਰਸਾਂ ਵਲੋਂ ਇਨ੍ਹਾਂ ਕਤਲੇਆਮ ਤੇ ਨਰਸੰਹਾਰ ਨੂੰ ਨਾਜਾਇਜ਼ ਦਰਸਾਉਣ ਲਈ ਉੱਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਤਾਂ ਰਾਜ ਸੱਤਾ ਦੇ ਨਸ਼ੇ ਵਿਚ ਗਲਤਾਨ ਹਾਕਮਾਂ ਵਲੋਂ ਮਾਣਯੋਗ ਅਦਾਲਤਾਂ ਨੂੰ ਵੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ। ਇਸ ਦੀ ਤਾਜ਼ਾ ਮਿਸਾਲ ਮੁੱਖ ਮੰਤਰੀ ਪੰਜਾਬ ਵਲੋਂ ਖ਼ੁਦ ਗ੍ਰਹਿ ਮੰਤਰੀ ਤੇ ਸਾਲਿਸਟਰ ਜਨਰਲ ਨੂੰ ਮਿਲ ਕੇ ਅਰਜ਼ੀ ਦੇ ਕੇ ਸੈਂਕੜੇ ਦੋਸ਼ੀ ਪੁਲਿਸ ਅਫਸਰਾਂ ਦੇ ਕੇਸਾਂ ਸਬੰਧੀ ਮੁਆਫ਼ੀ ਦੀ ਮੰਗ ਕੀਤੀ ਹੈ, ਜੋ ਕਿ ਸੀ.ਬੀ.ਆਈ. ਵਲੋਂ ਦੋਸ਼ੀ ਪਾਏ ਗਏ। ਇਹ ਕਿਹੋ ਜਿਹਾ ਨਿਆਂ ਹੈ? ਇਹ ਮਨੁੱਖਤਾ ਦਾ ਘਾਣ ਨਹੀਂ? ਭਾਰਤੀ ਸੰਵਿਧਾਨ ਮੁਤਾਬਿਕ ਹਰ ਇਕ ਨੂੰ 'ਇੱਜ਼ਤ ਮਾਣ' ਨਾਲ ਜਿਊਣ ਦਾ ਅਧਿਕਾਰ ਹੈ ਭਾਵੇਂ ਨਾਗਰਿਕ ਕਿਸੇ ਵੀ ਰਾਜ, ਦੇਸ਼, ਕਿਸੇ ਵੀ ਖਿੱਤੇ ਦਾ ਹੋਵੇ, ਸਭ ਤੋਂ ਵੱਡਾ ਅੱਤਵਾਦ ਰਾਜ ਸੱਤਾ ਹੈ, ਜੋ ਨਿਆਂ ਦੇਣ ਦੇ ਅਸਮਰੱਥ ਹੋਵੇ।


-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ, ਘੁਮਾਣ, ਗੁਰਦਾਸਪੁਰ।


ਸੜਕਾਂ ਦਾ ਮੰਦਾ ਹਾਲ

ਪੰਜਾਬ ਦੀਆਂ ਸੜਕਾਂ ਦਾ ਬਹੁਤ ਹੀ ਮਾੜਾ ਹਾਲ ਹੋ ਗਿਆ ਹੈ। ਆਮ ਲੋਕਾਂ ਲਈ ਇਨ੍ਹਾਂ ਸੜਕਾਂ 'ਤੇ ਪੈਦਲ ਚੱਲਣਾ ਤੱਕ ਮੁਸ਼ਕਿਲ ਹੋਇਆ ਪਿਆ ਹੈ। ਇਨ੍ਹਾਂ ਸੜਕੀ ਟੋਇਆਂ ਕਾਰਨ ਹਾਦਸਿਆਂ ਵਿਚ ਚੋਖਾ ਵਾਧਾ ਹੋ ਰਿਹਾ ਹੈ। ਸਿਰਫ ਟੋਲ ਪਲਾਜਿਆਂ ਵਾਲੀਆਂ ਸੜਕਾਂ ਹੀ ਚੱਲਣ ਯੋਗ ਹਨ। ਬਾਕੀਆਂ 'ਤੇ ਤਾਂ ਰੱਬ ਹੀ ਰਾਖਾ ਹੈ। ਹਰ ਸੜਕ 'ਤੇ ਟੋਲ ਲਾਉਣਾ ਵੀ ਲੋਕਤੰਤਰ ਦੀ ਸਿੱਧੀ ਲੁੱਟ ਹੈ। ਇਥੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਰਕਾਰਾਂ ਕਿਵੇਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਹਨ। ਆਮ ਲੋਕਾਂ ਦੀ ਸਰਕਾਰ ਤੋਂ ਇਹੀ ਮੰਗ ਹੈ ਕਿ ਲੋਕਾਂ ਨੂੰ ਸੜਕੀ ਹਾਦਸਿਆਂ ਤੋਂ ਬਚਾਉਣ ਲਈ ਪੰਜਾਬ ਦੀਆਂ ਸੜਕਾਂ ਨੂੰ ਤਰਜੀਹੀ ਰੂਪ ਵਿਚ ਬਣਾਇਆ ਜਾਵੇ। ਠੇਕਾ ਦੇਣ ਤੋਂ ਪਹਿਲਾਂ ਠੇਕੇਦਾਰ ਤੋਂ ਸੜਕ ਦਾ ਪੰਜ ਸਾਲ ਨਾ ਟੁੱਟਣ ਜੇ ਟੁੱਟੇ ਤਾਂ ਮੁੜ ਸੰਵਾਰਨ ਦਾ ਕਰਾਰ ਕੀਤਾ ਜਾਵੇ। ਰਿਸ਼ਵਤਖੋਰੀ ਤੇ ਹਿੱਸੇਦਾਰੀ ਨੂੰ ਖ਼ਤਮ ਕੀਤਾ ਜਾਵੇ। ਸੋ ਸਰਕਾਰ ਜੀ ਸੜਕਾਂ ਨੂੰ ਬਣਾਓ ਤੇ ਕੀਮਤੀ ਜਾਨਾਂ ਬਚਾਓ।


-ਜਸਦੀਪ ਸਿੰਘ ਖ਼ਾਲਸਾ
ਖੰਨਾ।


ਪਾਣੀ ਦੀ ਸੰਭਾਲ ਕਰੋ
ਚਿੱਟਾ ਨਸ਼ਾ ਤੇ ਕਾਲਾ ਪਾਣੀ ਪੰਜਾਬ ਸਿਓਂ ਤੇਰੀ ਖ਼ਤਮ ਕਹਾਣੀ। ਅੱਜਕਲ੍ਹ ਨੌਜਵਾਨ ਇਸ ਮੁੱਦੇ ਨੂੰ ਸੋਸ਼ਲ ਮੀਡੀਏ ਰਾਹੀਂ ਬਹੁਤ ਚੱਕ ਰਹੇ ਹਨ। ਪਰ ਕੀ ਵਾਕਿਆ ਹੀ ਪੰਜਾਬ ਦੇ ਲੋਕ ਇਸ ਪ੍ਰਤੀ ਸੁਹਿਰਦ ਯਤਨ ਕਰ ਰਹੇ ਹਨ? ਤਾਂ ਜਵਾਬ ਨਾਂਹ ਵਿਚ ਹੀ ਹੋਵੇਗਾ। ਕਿਉਂਕਿ ਬਹੁਤੇ ਪੰਜਾਬੀ ਪੰਜਾਬ ਦੇ ਪਾਣੀ ਖਰਾਬ ਕਰਨ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਸਾਡਾ ਜਿਥੇ ਵੀ ਜਦੋਂ ਵੀ ਧਾਰਮਿਕ ਤੌਰ 'ਤੇ ਜਾਂ ਹੋਰ ਕਿਸੇ ਵੀ ਮੌਕੇ 'ਤੇ ਦਿਲ ਕਰਦਾ ਹੈ, ਬਿਨਾਂ ਸੋਚੇ ਸਮਝੇ ਪਾਣੀ ਗੰਧਲਾ ਕਰਨ ਲੱਗ ਜਾਂਦੇ ਹਾਂ। ਪਿੰਡਾਂ, ਸ਼ਹਿਰਾਂ ਦੇ ਜਿਹੜੇ ਘਰ ਸੂਏ, ਨਹਿਰ, ਕੱਸੀ ਆਦਿ ਦੇ ਨੇੜੇ ਹਨ, ਬਹੁਤੇ ਘਰਾਂ ਦਾ ਸੀਵਰੇਜ ਇਨ੍ਹਾਂ 'ਚ ਹੀ ਪੈਂਦਾ ਹੈ। ਧਾਰਮਿਕ ਸਮੱਗਰੀ ਧੂਫ, ਪੜ੍ਹਨ ਵਾਲੀ, ਆਦਿ ਸਭ ਪਾਣੀ ਵਿਚ ਹੀ ਵਗਾ ਦਿੰਦੇ ਹਾਂ। ਸਾਡੇ ਸੂਏ ਕੱਸੀਆਂ ਦੇ ਪਾਣੀ ਵਿਚ ਤਾਂ ਸੁਈ ਸਰਿੰਜ ਆਦਿ ਵੀ ਆ ਜਾਂਦੇ ਹਨ ਜੋ ਖੇਤ ਵਿਚ ਕੰਮ ਕਰਦੇ ਕਿਸਾਨਾਂ ਲਈ ਬਹੁਤ ਖ਼ਤਰਨਾਕ ਹਨ। ਇਸ ਦੇ ਨਾਲ ਹੀ ਸਰਕਾਰ ਵੀ ਪਾਣੀ ਗੰਧਲਾ ਕਰਨ ਵਾਲੇ ਨਾਲ ਸਖ਼ਤੀ ਨਾਲ ਪੇਸ਼ ਆਏ, ਵੱਧ ਤੋਂ ਵੱਧ ਜੁਰਮਾਨਾ ਕਰੇ ਤਾਂ ਕਿ ਲੋਕ ਪਾਣੀ ਗੰਧਲਾ ਕਰਨ ਦੀ ਹਿੰਮਤ ਹੀ ਨਾ ਕਰਨ। ਦੂਜੇ ਲੋਕਾਂ ਨੂੰ ਇਸ ਬਾਰੇ ਸੁਚੇਤ ਵੀ ਕੀਤਾ ਜਾਵੇ। ਸੋ, ਆਓ ਇਕੱਲੀਆਂ ਪੋਸਟਾਂ ਪਾਉਣ ਨਾਲ ਨਹੀਂ ਸਰਨਾ, ਦਿਲੋਂ ਪਾਣੀ ਦੀ ਸੰਭਾਲ ਕਰੀਏ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਚੰਗੀ ਪਹਿਲਕਦਮੀ
ਸਾਡਾ ਅਜੋਕਾ ਸਮਾਜ ਚੁਫੇਰਿਉਂ ਸਮਾਜਿਕ ਬੁਰਾਈਆਂ ਦਾ ਸਾਹਮਣਾ ਕਰ ਰਿਹਾ ਹੈ। ਇਨ੍ਹਾਂ ਬੁਰਾਈਆਂ ਵਿਚੋਂ ਇਕ ਘਿਣਾਉਣੀ ਲਾਹਨਤ ਹੈ ਦਹੇਜ ਪ੍ਰਥਾ। ਆਏ ਦਿਨ ਕਿਤੇ ਨਾ ਕਿਤੇ ਇਕ ਵਿਆਹੁਤਾ ਦਾਜ ਦੀ ਬਲੀ ਚੜ੍ਹ ਜਾਂਦੀ ਹੈ। ਵਿਆਹੁਤਾ ਦੇ ਗੁਣ ਅਤੇ ਉਸ ਦੀ ਲਿਆਕਤ ਨੂੰ ਸਲਾਮ ਕਰਨ ਦੀ ਥਾਂ 'ਤੇ ਉਸ ਦੀ ਤੁਲਨਾ ਉਸ ਦੁਆਰਾ ਪੇਕਿਆਂ ਤੋਂ ਲਿਆਂਦੇ ਦਹੇਜ ਨਾਲ ਕੀਤੀ ਜਾਂਦੀ ਹੈ। ਇਸ ਕੜੀ ਤਹਿਤ ਕੁਝ ਦਿਨ ਪਹਿਲਾਂ ਮੇਰੇ ਸ਼ਹਿਰ ਪੱਟੀ ਵਿਖੇ ਕਿਸੇ ਬੈਂਕ ਵਿਚ ਨੌਕਰੀ ਕਰਦੇ ਲੜਕੇ ਨਾਲ ਵਿਆਹ ਕਰਵਾਉਣ ਜਾ ਰਹੀ ਲੜਕੀ ਨੇ ਵਿਆਹ ਤੋਂ ਪਹਿਲਾਂ ਲਾੜੇ ਦੀ ਭੈਣ ਵਲੋਂ ਮੋਬਾਈਲ ਫੋਨ 'ਤੇ ਕੀਤੀ ਦਾਜ ਵਾਲੀ ਮੰਗ ਦੀ ਪੂਰੀ ਗੱਲਬਾਤ ਰਿਕਾਰਡ ਕਰ ਕੇ ਸੋਸ਼ਲ ਮੀਡੀਏ 'ਤੇ ਅਪਲੋਡ ਕਰ ਦਿੱਤੀ। ਜਿਸ ਵਿਚ ਲਾੜੇ ਦੀ ਭੈਣ ਵਲੋਂ ਸ਼ਾਨਦਾਰ ਪੈਲੇਸ ਦੇ ਨਾਲ ਬਰੇਜਾ ਕਾਰ ਤੋਂ ਸ਼ੁਰੂ ਹੋ ਕੇ ਸੋਨੇ ਦੇ ਕੜਿਆਂ, ਬਰੈਸਟਲ ਤੇ ਮੁੰਦਰੀਆਂ ਨਾਲ ਮਿਲਣੀਆਂ ਤੋਂ ਲੈ ਕੇ ਪੂਰੇ ਘਰ ਲਈ ਹਾਈ-ਫਾਈ ਫਰਨੀਚਰ ਦੀ ਸੂਚੀ ਸਮਝਾਈ ਗਈ, ਸੋਸ਼ਲ ਮੀਡੀਏ 'ਤੇ ਇਹ ਸਾਰੀ ਗੱਲਬਾਤ ਪਾਉਣ ਵਾਲੀ ਦਲੇਰ ਤੇ ਜਾਗਰੂਕ ਇਸ ਪੰਜਾਬ ਦੀ ਧੀ ਨੂੰ ਅਸੀਂ ਸਲਾਮ ਕਰਦੇ ਹਾਂ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ (ਤਰਨ ਤਾਰਨ ਸਾਹਿਬ)।

08-10-2018

 ਵਧ ਰਹੀਆਂ ਤੇਲ ਕੀਮਤਾਂ
ਪਿਛਲੇ ਕੁਝ ਅਰਸੇ ਦੌਰਾਨ ਤੇਲ (ਪੈਟਰੋਲ ਅਤੇ ਡੀਜ਼ਲ) ਦੀਆਂ ਕੀਮਤਾਂ ਵਿਚ ਚੋਖਾ ਵਾਧਾ ਹੋਇਆ ਹੈ ਅਤੇ ਇਹ ਵਾਧਾ ਅਜੇ ਵੀ ਬਾਦਸਤੂਰ ਜਾਰੀ ਹੈ। ਬਿਨਾਂ ਸ਼ੱਕ ਤੇਲ ਦੀਆਂ ਕੀਮਤਾਂ ਵਿਚ ਹੋਏ ਅਤੇ ਹੋ ਰਹੇ ਵਾਧੇ ਨਾਲ ਦੇਸ਼ ਦੀ ਜਨਤਾ ਖਾਸ ਕਰਕੇ ਗ਼ਰੀਬ ਅਤੇ ਮੱਧ ਵਰਗੀ ਲੋਕਾਂ ਉੱਪਰ ਮਾਰੂ ਪ੍ਰਭਾਵ ਪੈ ਰਿਹਾ ਹੈ। ਮਹਿੰਗਾਈ ਦੀ ਚੱਕੀ ਵਿਚ ਪਿਸ ਰਹੇ ਗ਼ਰੀਬ ਲੋਕ ਪਹਿਲਾਂ ਹੀ ਕਾਫ਼ੀ ਦੁਖੀ ਅਤੇ ਪ੍ਰੇਸ਼ਾਨ ਹਨ ਅਤੇ ਹੁਣ ਇਸ ਵਾਧੇ ਕਾਰਨ ਨਾ ਕੇਵਲ ਉਨ੍ਹਾਂ ਦੀ ਆਰਥਿਕਤਾ ਤਹਿਸ-ਨਹਿਸ ਹੋ ਰਹੀ ਹੈ, ਬਲਕਿ ਉਸ ਦੀਆਂ ਮੁਸ਼ਕਿਲਾਂ ਅਤੇ ਪ੍ਰੇਸ਼ਾਨੀਆਂ ਵਿਚ ਵੀ ਵਾਧਾ ਹੋ ਰਿਹਾ ਹੈ। ਕੀ ਇਹ ਜਨਤਾ ਨਾਲ ਧੱਕਾ ਅਤੇ ਬੇਇਨਸਾਫ਼ੀ ਨਹੀਂ? ਕੀ ਸਮੇਂ ਦੀਆਂ ਸਰਕਾਰਾਂ ਇਸ ਦਿਸ਼ਾ ਵੱਲ ਕੋਈ ਢੁਕਵੇਂ ਕਦਮ ਉਠਾਉਣਗੀਆਂ?


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।


ਚਿੰਤਾ ਦਾ ਵਿਸ਼ਾ ਅਵਾਰਾ ਪਸ਼ੂ
ਅੱਜ ਸਾਡੇ ਸਿਆਸੀ ਨੇਤਾਵਾਂ ਨੂੰ ਆਪਣੀ ਸ਼ੋਹਰਤ ਤੱਕ ਤੇ ਆਪਣੀ ਫੋਕੀ ਵਾਹ-ਵਾਹ ਤੱਕ ਮਤਲਬ ਹੈ। ਉਨ੍ਹਾਂ ਦਾ ਲੋਕਾਂ ਦੀਆਂ ਮੁਸ਼ਕਿਲਾਂ ਵੱਲ ਕੋਈ ਧਿਆਨ ਨਹੀਂ ਰਿਹਾ। ਅੱਜ ਅਸੀਂ ਆਮ ਹੀ ਸੜਕਾਂ ਦੇ ਉੱਪਰ ਅਵਾਰਾ ਪਸ਼ੂਆਂ ਨੂੰ ਫਿਰਦੇ ਵੇਖਦੇ ਹਾਂ। ਹਰ ਰੋਜ਼ ਇਨ੍ਹਾਂ ਅਵਾਰਾ ਪਸ਼ੂਆਂ ਦੇ ਵੱਗ ਆਮ ਹੀ ਸੜਕਾਂ ਤੇ ਤੁਰਦੇ-ਫਿਰਦੇ ਬੈਠੇ ਜਾਂ ਆਪਸ ਵਿਚ ਲੜਦੇ ਵਿਖਾਈ ਦਿੰਦੇ ਹਨ। ਅੱਜ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਵੇਖਣ ਨੂੰ ਮਿਲਦੀਆਂ ਹਨ। ਅਵਾਰਾ ਪਸ਼ੂ ਆਪਸ ਵਿਚ ਲੜ ਕੇ ਰਾਹਗੀਰਾਂ ਨੂੰ ਤੇ ਆਸ-ਪਾਸ ਖੜ੍ਹੇ ਵਾਹਨਾਂ ਨੂੰ ਬਹੁਤ ਸਾਰਾ ਨੁਕਸਾਨ ਪਹੁੰਚਾ ਰਹੇ ਹਨ ਅਤੇ ਭਿਆਨਕ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਇਨ੍ਹਾਂ ਦੁਆਰਾ ਫਸਲਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਅਸੀਂ ਸਰਕਾਰ ਨੂੰ ਗਊ ਟੈਕਸ ਦੇ ਰਹੇ ਹਾਂ ਕਦੋਂ ਤੱਕ ਸਰਕਾਰਾਂ ਲੋਕਾਂ ਨੂੰ ਇਨ੍ਹਾਂ ਟੈਕਸਾਂ ਦੇ ਨਾਂਅ 'ਤੇ ਲੁੱਟਦੀਆਂ ਰਹਿਣਗੀਆਂ ਕਿਉਂਕਿ ਇਨ੍ਹਾਂ ਅਵਾਰਾ ਪਸ਼ੂਆਂ ਦੀ ਗਿਣਤੀ ਦਿਨ-ਬਦਿਨ ਵਧਦੀ ਹੀ ਜਾ ਰਹੀ ਹੈ। ਸੋ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਹੈ ਕਿ ਜਲਦ ਤੋਂ ਜਲਦ ਇਨ੍ਹਾਂ ਦਾ ਕੋਈ ਹੱਲ ਕੱਢਿਆ ਜਾਵੇ।


-ਗੁਰਦੀਪ ਸਿੰਘ ਘੋਲੀਆ ਕਲਾਂ


ਪੰਚਾਇਤਾਂ ਭੰਗ

ਪੰਜਾਬ ਦੀ ਦੋ-ਤਿਹਾਈ ਵਸੋਂ ਪਿੰਡਾਂ ਵਿਚ ਵਸਦੀ ਹੈ ਤੇ ਪਿੰਡਾਂ ਦੇ ਲੋਕਾਂ ਦੇ ਕੰਮ ਉਨ੍ਹਾਂ ਦੁਆਰਾ ਚੁਣੀ ਹੋਈ ਪੰਚਾਇਤ ਰਾਹੀਂ ਚਲਦੇ ਹਨ ਪਰ ਪੰਜਾਬ ਸਰਕਾਰ ਨੇ ਪਿਛਲੇ ਮਹੀਨੇ ਸਮੁੱਚੇ ਪੰਜਾਬ ਦੀਆਂ ਪੰਚਾਇਤਾਂ ਭੰਗ ਕਰ ਦਿੱਤੀਆਂ ਹਨ। ਜਿਸ ਨਾਲ ਪਿੰਡਾਂ ਦੇ ਲੋਕਾਂ ਦੇ ਰੋਜ਼ਮਰ੍ਹਾ ਦੇ ਕੰਮ ਠੱਪ ਹੋ ਕੇ ਰਹਿ ਗਏ ਹਨ, ਜਦੋਂ ਕਿ ਦੇਖਿਆ ਗਿਆ ਹੈ ਕਿ ਨਵੀਆਂ ਪੰਚਾਇਤਾਂ ਬਣਨ ਤੱਕ ਪੁਰਾਣੀਆਂ ਪੰਚਾਇਤਾਂ ਅਕਸਰ ਹੀ ਕੰਮ ਕਰਦੀਆਂ ਰਹਿੰਦੀਆਂ ਹਨ। ਸਰਕਾਰ ਦੇ ਇਸ ਹੁਕਮ ਕਾਰਨ ਸਰਪੰਚ ਕਿਸੇ ਤਰ੍ਹਾਂ ਦੇ ਵੀ ਦਸਤਾਵੇਜ਼ ਆਦਿ ਤਸਦੀਕ ਕਰਨ ਤੋਂ ਅਸਮਰੱਥ ਹਨ ਤੇ ਲੋਕ ਡਾਢੇ ਪ੍ਰੇਸ਼ਾਨ ਹਨ। ਲੋਕਤੰਤਰ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਸਰਕਾਰ ਨੂੰ ਇਸ ਫੈਸਲੇ 'ਤੇ ਨਜ਼ਰਸਾਨੀ ਕਰਦੇ ਹੋਏ ਨਵੀਆਂ ਪੰਚਾਇਤਾਂ ਚੁਣੀਆਂ ਜਾਣ ਤੱਕ ਪੁਰਾਣੀਆਂ ਪੰਚਾਇਤਾਂ ਦੀਆਂ ਕੰਮ ਕਰਨ ਦੀਆਂ ਸ਼ਕਤੀਆਂ ਬਹਾਲ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਪਿੰਡਾਂ ਦੇ ਲੋਕ ਖੱਜਲ-ਖੁਆਰ ਨਾ ਹੋਣ।


-ਅਮਰੀਕ ਸਿੰਘ ਚੀਮਾ,
ਸ਼ਾਹਬਾਦੀਆ, ਜਲੰਧਰ।

05-10-2018

ਪੁਲਿਸ ਧੱਕੇਸ਼ਾਹੀ
ਪਿਛਲੇ ਕਾਫੀ ਸਮੇਂ ਤੋਂ ਪੁਲਿਸ ਦਾ ਆਮ ਲੋਕਾਂ 'ਤੇ ਗ਼ਲਤ ਤਰੀਕੇ ਨਾਲ ਕੀਤਾ ਹੋਇਆ ਅੱਤਿਆਚਾਰ ਕਿਸੇ ਨਾ ਕਿਸੇ ਰੂਪ ਵਿਚ ਸਾਹਮਣੇ ਆਉਂਦਾ ਹੀ ਰਹਿੰਦਾ ਹੈ, ਜੋ ਮਨੁੱਖਤਾ ਪ੍ਰਤੀ ਗ਼ਲਤ ਕਾਰਾ ਹੈ। ਪਿਛਲੇ ਦਿਨੀਂ ਅੰਮ੍ਰਿਤਸਰ 'ਚ ਵਾਪਰੀ ਅਜਿਹੀ ਘਿਨੌਣੀ ਪੁਲਸੀਆ ਕਾਰਵਾਈ ਸਾਡੇ ਸਾਹਮਣੇ ਆਈ, ਜੋ ਬਹੁਤ ਹੀ ਗ਼ਲਤ ਹੈ। ਉਂਜ ਤਾਂ ਇਸ ਤਰ੍ਹਾਂ ਦੀ ਕਾਰਵਾਈ ਹਰ ਇਕ ਲਈ ਹੀ ਗ਼ਲਤ ਹੈ ਪਰ ਜਦੋਂ ਔਰਤ 'ਤੇ ਅਜਿਹਾ ਜ਼ੁਲਮ ਹੋਵੇ ਤਾਂ ਹੋਰ ਵੀ ਗ਼ਲਤ ਹੈ। ਪਹਿਲਾਂ ਹੋਰ ਪਾਸੇ ਇਹੋ ਜਿਹੀਆਂ ਘਟਨਾਵਾਂ ਪੰਜਾਬ ਤੋਂ ਬਾਹਰ ਤਾਂ ਸੁਣਦੇ ਸਾਂ ਪਰ ਆਹ ਪੰਜਾਬ ਦੀ ਧਰਤੀ 'ਤੇ ਪੰਜਾਬ ਪੁਲਿਸ ਦੀ ਕਾਰਵਾਈ ਨੇ ਜਿਥੇ ਔਰਤ ਨੂੰ ਵੀ ਨਾ ਬਖਸ਼ਿਆ, ਉਥੇ ਪੰਜਾਬ ਪੁਲਿਸ ਨੂੰ ਵੀ ਇਸ ਮਸਲੇ 'ਤੇ ਹਰ ਪਾਸਿਓਂ ਨਮੋਸ਼ੀ ਨਾਲ ਤੱਕਿਆ ਜਾ ਰਿਹਾ ਹੈ। ਬੇਸ਼ੱਕ ਸਾਰੇ ਪੁਲਿਸ ਮੁਲਾਜ਼ਮ ਇਕੋ ਜਿਹੇ ਨਹੀਂ ਪਰ ਜੋ ਦਾਗ਼ ਲੱਗਾ ਹੈ, ਉਹ ਤਾਂ ਸਭ 'ਤੇ ਹੈ। ਇਕ ਛੋਟੇ ਜਿਹੇ ਕੇਸ ਵਿਚ ਔਰਤ ਨਾਲ ਇਸ ਤਰ੍ਹਾਂ ਪੇਸ਼ ਆਉਣਾ ਕੋਈ ਕਾਨੂੰਨ ਨਹੀਂ ਕਹਿੰਦਾ। ਵੱਡੇ ਪੁਲਿਸ ਅਫ਼ਸਰ ਜ਼ਰੂਰ ਹੀ ਇਸ ਕੇਸ ਨੂੰ ਵਾਚਣ ਤੇ ਦੋਸ਼ੀਆਂ ਨੂੰ ਸਜ਼ਾ ਦੇਣ।

-ਬਲਬੀਰ ਸਿੰਘ ਬੱਬੀ
(ਤੱਖਰਾਂ) ਲੁਧਿਆਣਾ।

ਪਰਾਲੀ ਤੇ ਮਸ਼ੀਨਰੀ
'ਅਜੀਤ' ਅਖ਼ਬਾਰ 'ਚ ਖ਼ਬਰ ਛਪੀ ਕਿ ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨਾਂ ਨੂੰ ਮਸ਼ੀਨਰੀ ਦੇਣ ਦੇ ਰਾਹ 'ਚ ਕੰਪਨੀ ਦੀ ਮੱਠੀ ਸਪਲਾਈ ਬਣੀ ਅੜਿੱਕਾ ਕਿਸਾਨਾਂ, ਸਹਿਕਾਰੀ ਸਭਾਵਾਂ ਤੇ ਸੀ.ਐਸ.ਸੀ. ਨੂੰ 24,942 ਮਸ਼ੀਨਾਂ ਦੇਣ ਦੇ ਟੀਚੇ 'ਚੋਂ 7729 ਮਸ਼ੀਨਰੀ ਦੀ ਹੋਈ ਸਪਲਾਈ। ਪਰ ਹੁਣ ਤੱਕ ਟੀਚੇ ਦਾ ਤੀਜਾ ਹਿੱਸਾ ਮਸ਼ੀਨਰੀ ਵੀ ਨਹੀਂ ਪਹੁੰਚੀ ਤਾਂ ਹੁਣ ਬਾਕੀ ਰਹਿੰਦੇ ਪੰਜ ਦਿਨਾਂ ਵਿਚ ਇਹ ਮਸ਼ੀਨਰੀ ਕਿਵੇਂ ਪੂਰੀ ਹੋਵੇਗੀ? ਇਹ ਸਵਾਲ ਵੀ ਮੂੰਹ ਅੱਡੀ ਖੜ੍ਹਾ ਹੈ। ਮਸ਼ੀਨਰੀ ਤੋਂ ਬਿਨਾਂ ਪੁਰਾਣੇ ਤਰੀਕੇ ਨਾਲ ਕਣਕ ਬੀਜਣ 'ਤੇ ਤੇਲ ਬਹੁਤ ਲੱਗੇਗਾ, ਜੋ ਪੰਜਾਬ ਦਾ ਕਿਸਾਨ ਲਾ ਨਹੀਂ ਸਕਦਾ, ਕਿਉਂਕਿ ਕਿਸਾਨ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ ਤੇ ਦੂਜਾ ਤੇਲ ਦੀ ਕੀਮਤ ਵੀ ਬਹੁਤ ਜ਼ਿਆਦਾ ਹੋ ਗਈ ਹੈ। ਜੋ ਕਿਸਾਨ ਦੇ ਵੱਸੋਂ ਬਾਹਰ ਦੀ ਗੱਲ ਹੈ। ਇਸ ਹਾਲਤ ਵਿਚ ਕਿਸਾਨ ਮਜਬੂਰਨ ਪਰਾਲੀ ਨੂੰ ਅੱਗ ਲਾਵੇਗਾ। ਇਸ ਲਈ ਸਰਕਾਰ ਕੰਪਨੀ 'ਤੇ ਦਬਾਅ ਪਾਵੇ ਕਿ ਉਹ ਮਸ਼ੀਨਰੀ ਦੀ ਪੂਰੀ ਸਪਲਾਈ ਛੇਤੀ ਤੋਂ ਛੇਤੀ ਪੂਰੀ ਕਰੇ ਜਾਂ ਸਰਕਾਰ ਕਿਸਾਨਾਂ ਨੂੰ ਤੇਲ ਘੱਟ ਤੋਂ ਘੱਟ ਭਾਅ 'ਤੇ ਦੇਵੇ, ਜਿਸ ਨਾਲ ਕਿਸਾਨ ਆਪਣੀ ਕਣਕ ਦੀ ਬਿਜਾਈ ਸਮੇਂ ਸਿਰ ਕਰ ਸਕੇ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਕੰਮ ਸੱਭਿਆਚਾਰ ਅਤੇ ਜ਼ਿਮੀਂਦਾਰ ਭਾਈਚਾਰਾ
ਇਸ ਵਿਚ ਕੋਈ ਸ਼ੱਕ ਨਹੀਂ ਕਿ ਕਿਸਾਨਾਂ ਦਾ ਖੇਤੀਬਾੜੀ ਨਾਲੋਂ ਮੋਹ ਭੰਗ ਹੋ ਰਿਹਾ ਹੈ। ਕਿਸਾਨ ਖੇਤੀਬਾੜੀ ਨੂੰ ਮਹਿੰਗਾਈ ਨਾਲ ਜੋੜ ਕੇ ਘਾਟੇ ਦਾ ਸੌਦਾ ਦੱਸ ਰਹੇ ਹਨ, ਜਦ ਕਿ ਕਾਰਨ ਕੁਝ ਹੋਰ ਹਨ। ਜ਼ਿਮੀਂਦਾਰ ਤਬਕੇ ਦੀਆਂ ਤਲਖ਼ ਹਕੀਕਤਾਂ ਨੂੰ ਬਿਆਨ ਕਰਦਾ ਡਾ: ਧਰਮ ਸਿੰਘ ਦਾ ਲੇਖ 'ਕੰਮ ਸੱਭਿਆਚਾਰ ਤੋਂ ਟੁੱਟਦਾ ਜਾ ਰਿਹੈ ਜ਼ਿਮੀਂਦਾਰ ਭਾਈਚਾਰਾ' ਪੜ੍ਹਿਆ। ਲੇਖਕ ਨੇ ਹਥਲੇ ਲੇਖ 'ਚ ਜ਼ਿਮੀਂਦਾਰਾਂ ਦੇ ਜ਼ਮੀਨਾਂ ਦੇ ਮਾਲਕ ਬਣਨ ਅਤੇ ਹੁਣ ਬੇਜ਼ਮੀਨੇ ਹੋਣ ਜਾ ਰਹੇ ਕਾਰਨਾਂ ਦੀਆਂ ਕੌੜੀਆਂ ਸਚਾਈਆਂ ਪਾਠਕਾਂ ਦੇ ਰੂਬਰੂ ਕੀਤੀਆਂ ਹਨ। ਫੋਕੀ ਚੌਧਰ, ਫੋਕਾ ਦਿਖਾਵਾ, ਟੌਹਰ, ਵਿਦੇਸ਼ੀ ਭੂਤ, ਸ਼ੌਂਕੀ ਨਸ਼ਿਆਂ, ਫਜ਼ੂਲ ਖਰਚਿਆਂ ਆਦਿ ਨੇ ਕਿਰਸਾਣੀ ਨੂੰ ਖੇਤੀ ਤੋਂ ਦੂਰ ਕਰ ਦਿੱਤਾ ਹੈ। ਸਿੱਟੇ ਵਜੋਂ ਮਿਹਨਤ ਤੋਂ ਕੋਰੇ ਖੇਤੀਬਾੜੀ ਨੂੰ ਘਾਟੇ ਦਾ ਸੌਦਾ ਦੱਸ ਸਰਕਾਰ ਵੱਲ ਸਬਸਿਡੀਆਂ ਦੀ ਤਾਂਘ ਲਗਾਈ ਰੱਖਦੇ ਹਨ। ਕਿਸੇ ਵੇਲੇ ਮਿਹਨਤੀ ਅਤੇ ਧਾਕੜ ਕੌਮ ਵਜੋਂ ਜਾਣੇ ਜਾਂਦੇ ਅੱਜ ਨਸ਼ੇ ਦੀ ਪੁੜੀ ਅੱਗੇ ਢੇਰੀ ਹੋਏ ਪਏ ਹਨ। ਆਪਣੀ ਸ਼ਾਨ ਲਈ ਖੇਤੀਬਾੜੀ ਨਾਲ ਪਿਆਰ ਪਾਉਣ ਦੀ ਲੋੜ ਹੈ।

-ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।

ਸਿੱਖਿਆ ਵਿਭਾਗ ਦਾ ਸਾਰਥਕ ਫ਼ੈਸਲਾ
ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦਾ ਪ੍ਰਾਇਵੇਟ ਐਸੋਸੀਏਟਿਡ ਸਕੂਲਾਂ ਨੂੰ 31 ਮਾਰਚ, 2019 ਤੋਂ ਬਾਅਦ ਮਾਨਤਾ ਨਾ ਦੇਣ ਦਾ ਫ਼ੈਸਲਾ ਬਿਲਕੁਲ ਸਹੀ ਹੈ। ਕਿਉਂਕਿ ਸਾਲ 2011-12 ਦੌਰਾਨ ਅਕਾਲੀ-ਭਾਜਪਾ ਸਰਕਾਰ ਦੇ ਨਿਰਦੇਸ਼ਾਂ ਤਹਿਤ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਬੰਧਿਤ ਗ਼ੈਰ-ਮਾਨਤਾ ਪ੍ਰਾਪਤ ਸਕੂਲ ਪ੍ਰਬੰਧਕਾਂ ਨੂੰ ਸਿਰਫ ਐਫੀਲੀਏਸ਼ਨ ਦੀਆਂ ਸ਼ਰਤਾਂ ਪੂਰੀਆਂ ਕਰਨ ਦੇ ਆਧਾਰ 'ਤੇ ਹੀ ਅਜਿਹੇ ਸਕੂਲਾਂ ਨੂੰ ਐਸੋਸੀਏਟਿਡ ਦਾ ਦਰਜਾ ਦਿੱਤਾ ਗਿਆ ਸੀ, ਤਾਂ ਜੋ ਸਕੂਲ ਪ੍ਰਬੰਧਕਾਂ ਨੂੰ ਸਕੂਲਾਂ ਦੇ ਢਾਂਚੇ ਨੂੰ ਦਰੁਸਤ ਕਰਨ ਲਈ ਕੁਝ ਸਮਾਂ ਮਿਲ ਸਕੇ। ਸੋ, ਸਬੰਧਿਤ ਸਮੇਂ ਦੌਰਾਨ ਕਾਫੀ ਸਕੂਲ ਪ੍ਰਬੰਧਕਾਂ ਨੇ ਲੋੜੀਂਦੀਆਂ ਸ਼ਰਤਾਂ ਦੀ ਪੂਰਤੀ ਕਰਕੇ ਬੋਰਡ ਪਾਸੋਂ ਐਫੀਲੀਏਸ਼ਨ ਵੀ ਪ੍ਰਾਪਤ ਕਰ ਲਈ ਹੈ। ਇੱਥੇ ਵਰਨਣਯੋਗ ਹੈ ਕਿ ਬੋਰਡ ਦੇ ਐਫੀਲੀਏਸ਼ਨ ਨਿਯਮਾਂ ਤਹਿਤ ਕਿਸੇ ਵੀ ਸੰਸਥਾ ਨੂੰ ਮਾਨਤਾ ਪ੍ਰਾਪਤ ਕਰਨ ਲਈ ਆਪਣੀ ਸੰਸਥਾ ਦੇ ਮਾਹੌਲ ਤੇ ਮੌਜੂਦਾ ਢਾਂਚੇ ਨੂੰ ਸਿੱਖਿਆ ਪ੍ਰਤੀ ਅਨਕੂਲ ਬਣਾਉਣਾ ਹੁੰਦਾ ਹੈ, ਤਾਂ ਜੋ ਬੱਚਿਆਂ ਨੂੰ ਮਿਆਰੀ ਸਿੱਖਿਆ ਹਾਸਲ ਹੋ ਸਕੇ। ਇਸ ਲਈ ਮੌਜੂਦਾ ਸਰਕਾਰ ਤੇ ਸਿੱਖਿਆ ਵਿਭਾਗ ਦਾ ਨਾ ਕੇਵਲ ਮਿਆਰੀ ਸਿੱਖਿਆ ਲਈ ਸਗੋਂ ਬੋਰਡ ਦੇ ਐਫੀਲੀਏਸ਼ਨ ਸਕੂਲਾਂ ਪ੍ਰਬੰਧਕਾਂ ਲਈ ਵੀ ਇਨਸਾਫ਼ ਪੂਰਨ ਫ਼ੈਸਲਾ ਹੈ।

-ਲਖਵੀਰ ਕੌਰ।

03-10-2018

 ਕਿਸਾਨ ਤੇ ਪ੍ਰਦੂਸ਼ਣ
ਅੱਜ ਸਾਡੀ ਪੌਣ, ਪਾਣੀ ਅਤੇ ਧਰਤੀ ਬੁਰੀ ਤਰ੍ਹਾਂ ਪ੍ਰਦੂਸ਼ਣ ਦੀ ਲਪੇਟ ਵਿਚ ਹਨ। ਇਸ ਪ੍ਰਦੂਸ਼ਣ ਦਾ ਕਾਰਨ ਸਰਕਾਰਾਂ ਦੀਆਂ ਗ਼ਲਤ ਨੀਤੀਆਂ, ਕਿਸਾਨਾਂ ਤੇ ਆਮ ਜਨਤਾ ਦੇ ਸਵਾਰਥੀ ਹਿਤ ਤੇ ਅਵੇਸਲਾਪਣ ਜ਼ਿੰਮੇਵਾਰ ਹਨ। ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਪਰਾਲੀ ਅਤੇ ਕਣਕ ਦਾ ਨਾੜ ਆਦਿ ਸਾੜਨ ਤੋਂ ਰੋਕਣ ਲਈ ਕਾਨੂੰਨ ਦਾ ਡਰ ਦਿੱਤਾ ਜਾਂਦਾ ਹੈ ਤੇ ਹੁਣ ਇਸ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਸਬਸਿਡੀ 'ਤੇ ਕਿਸਾਨਾਂ ਨੂੰ ਮਸ਼ੀਨਰੀ ਮੁਹੱਈਆ ਕਰਵਾਉਣ ਦੀ ਗੱਲ ਕਹੀ ਜਾ ਰਹੀ ਹੈ, ਜਿਸ ਦੇ ਸਾਰਥਿਕ ਸਿੱਟੇ ਨਿਕਲਣ ਦੀ ਆਸ ਘੱਟ ਹੀ ਕੀਤੀ ਜਾ ਸਕਦੀ ਹੈ। ਇਸ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਇਕ ਵੱਡੇ ਸਰਮਾਏ ਦੀ ਲੋੜ ਹੈ, ਜੋ ਇਕੱਲੀ ਪੰਜਾਬ ਸਰਕਾਰ ਲਾ ਨਹੀਂ ਸਕਦੀ। ਸੋ, ਇਸ ਵੱਡੀ ਸਮੱਸਿਆ ਦੇ ਹੱਲ ਲਈ ਕੇਂਦਰ ਨੂੰ ਰਾਜ ਸਰਕਾਰ ਦੀ ਵਿੱਤੀ ਮਦਦ ਦੇ ਨਾਲ-ਨਾਲ ਵਿਰੋਧੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਨੂੰ ਇਕ ਪਲੇਟਫਾਰਮ 'ਤੇ ਲਿਆ ਕੇ ਇਸ ਦਾ ਸਥਾਈ ਹੱਲ ਕਰਨਾ ਚਾਹੀਦਾ ਹੈ।


-ਮਾ: ਜਸਪਿੰਦਰ ਸਿੰਘ ਗਿੱਲ,
ਪਿੰਡ ਉਬੋਕੇ, ਤਹਿ: ਪੱਟੀ (ਤਰਨ ਤਾਰਨ ਸਾਹਿਬ)।


ਜਾਗਰੂਕ ਹੋਣ ਦੀ ਲੋੜ
ਸਾਡੇ ਵਿਚ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਅਤੇ ਕਰਾਉਣ ਦੀ ਹੋੜ ਲੱਗੀ ਹੋਈ ਹੈ। ਇਨ੍ਹਾਂ ਸਥਾਨਾਂ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਅਸੀਂ ਫੁੱਲੇ ਨਹੀਂ ਸਮਾਉਂਦੇ। ਸਾਡੇ ਕਈ ਬੇਈਮਾਨ ਸਿਆਸਤਦਾਨ ਇਹੀ ਚਾਹੁੰਦੇ ਹਨ ਕਿ ਅਸੀਂ ਆਪਣੀ ਸੋਚ ਦਾ ਪੱਧਰ ਇਥੋਂ ਤੱਕ ਸੀਮਤ ਰੱਖੀਏ। ਅੱਜ ਸਾਡਾ ਸਮਾਜ ਮਹਿੰਗਾਈ, ਭ੍ਰਿਸ਼ਟਾਚਾਰ, ਮਿਲਾਵਟ, ਬੇਰੁਜ਼ਗਾਰੀ, ਬੇਇਨਸਾਫ਼ੀ ਆਦਿ ਅਨੇਕਾਂ ਸਮੱਸਿਆਵਾਂ ਤੋਂ ਪੀੜਤ ਹੈ ਪ੍ਰੰਤੂ ਸਾਡਾ ਇਨ੍ਹਾਂ ਸਮੱਸਿਆਵਾਂ ਦੇ ਹੱਲ ਵੱਲ ਕੋਈ ਧਿਆਨ ਨਹੀਂ। ਹੋਵੇ ਵੀ ਕਿਉਂ? ਅਸੀਂ ਇਨ੍ਹਾਂ ਬੇਈਮਾਨ ਸਿਆਸਤਦਾਨਾਂ ਦੀ ਚਾਲ ਵਿਚ ਬੁਰੀ ਤਰ੍ਹਾਂ ਫਸ ਚੁੱਕੇ ਹਾਂ। ਇਨ੍ਹਾਂ ਸਿਆਸੀ, ਧਾਰਮਿਕ ਆਗੂਆਂ ਦੇ ਮੁੂੰਹੋਂ ਕਿਸੇ ਮੰਚ ਤੋਂ ਸਾਡੀਆਂ ਮੁਸ਼ਕਿਲਾਂ ਦੇ ਹੱਲ ਬਾਰੇ ਇਕ ਲਫ਼ਜ਼ ਵੀ ਨਹੀਂ ਸੁਣਿਆ। ਹੁਣ ਜਦੋਂ ਅਸੀਂ ਵੱਖ-ਵੱਖ ਤਰ੍ਹਾਂ ਦੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਵਿਚ ਘਿਰੇ ਹੋਏ ਹਾਂ ਤਾਂ ਸਾਨੂੰ ਹੀ ਇਸ ਘੁੰਮਣਘੇਰੀ ਵਿਚੋਂ ਬਾਹਰ ਨਿਕਲਣ ਦਾ ਰਾਹ ਲੱਭਣਾ ਪਵੇਗਾ। ਗੁਰੂ ਸਾਹਿਬ ਨੇ ਸਾਨੂੰ ਜੁਅਰਤ ਭਰੀ, ਗਿਆਨ ਭਰਪੂਰ, ਅੰਧ-ਵਿਸ਼ਵਾਸਾਂ ਤੋਂ ਮੁਕਤ ਜ਼ਿੰਦਗੀ ਜਿਊਣ ਦੀ ਸਿੱਖਿਆ ਦਿੱਤੀ ਹੈ। ਹੁਣ ਧਾਰਮਿਕ ਸਥਾਨਾਂ ਦੀ ਪੂਜਾ ਅਤੇ ਦਰਸ਼ਨ ਕਰਨ ਨਾਲੋਂ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਦਿਮਾਗ਼ ਵਿਚ ਵਸਾ ਕੇ ਗਿਆਨਵਾਨ ਹੋ ਕੇ ਆਪਣੀ ਕਿਰਤ ਕਮਾਈ ਨੂੰ ਸੰਭਾਲਣ ਦੀ ਲੋੜ ਹੈ।


-ਬਲਵਿੰਦਰ ਸਿੰਘ ਰੋਡੇ
ਮੋਗਾ।


ਕੂੜਾ, ਕੁੱਤੇ ਤੇ ਅਵਾਰਾ ਪਸ਼ੂ
ਥਾਂ-ਥਾਂ ਲੱਗੇ ਕੂੜੇ ਦੇ ਢੇਰ, ਕੁੱਤੇ ਤੇ ਅਵਾਰਾ ਪਸ਼ੂ ਸਥਾਨਕ ਵਸਨੀਕਾਂ ਲਈ ਮੁਸੀਬਤ ਬਣੇ ਹੋਏ ਹਨ। ਕੂੜੇ ਦੇ ਢੇਰਾਂ ਨਾਲ ਜਿਥੇ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਉਥੇ ਆਮ ਲੋਕ ਖਤਰਨਾਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਅਵਾਰਾ ਪਸ਼ੂ ਹਾਦਸਿਆਂ ਅਤੇ ਫ਼ਸਲਾਂ ਦੇ ਉਜਾੜੇ ਦਾ ਕਾਰਨ ਬਣ ਰਹੇ ਹਨ ਅਤੇ ਖੂੰਖਾਰ ਅਵਾਰਾ ਕੁੱਤੇ ਗਲੀਆਂ-ਮੁਹੱਲਿਆਂ ਵਿਚ ਝੁੰਡਾਂ ਦੇ ਰੂਪ ਵਿਚ ਹਰਲ-ਹਰਲ ਕਰਦੇ ਫਿਰਦੇ ਆਮ ਹੀ ਦੇਖੇ ਜਾ ਸਕਦੇ ਹਨ, ਜੋ ਕਿ ਰਾਹਗੀਰਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਨੋਚ-ਨੋਚ ਕੇ ਖਾ ਰਹੇ ਹਨ। ਪ੍ਰੰਤੂ ਪ੍ਰਸਾਸ਼ਨ ਵਲੋਂ ਇਸ ਕੰਮ ਨੂੰ ਬੜੀ ਮੱਠੀ ਰਫ਼ਤਾਰ ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਕਾਰਨ ਖਾਸ ਕਰਕੇ ਕੁੱਤਿਆਂ ਦੀ ਅਬਾਦੀ ਵਿਚ ਲਗਾਤਾਰ ਹੋਰ ਵਾਧਾ ਹੋ ਰਿਹਾ ਹੈ ਕਿਉਂਕਿ ਅਜੇ ਤੱਕ ਨਾਮਾਤਰ ਹੀ ਕੁੱਤਿਆਂ ਦੇ ਆਪ੍ਰੇਸ਼ਨ ਕੀਤੇ ਗਏ ਹਨ। ਭਾਵੇਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਪ੍ਰੰਤੂ ਪ੍ਰਸ਼ਾਸਨ ਤੇ ਸਰਕਾਰ ਨੂੰ ਇਨ੍ਹਾਂ ਕੰਮਾਂ ਨੂੰ ਵੀ ਜੰਗੀ ਪੱਧਰ 'ਤੇ ਨਜਿੱਠਣ ਦੀ ਲੋੜ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਨਹੀਂ ਹੋਵੇਗੀ ਆਧਾਰ ਦੀ ਦੁਰਵਰਤੋਂ
ਆਧਾਰ ਐਕਟ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਮਾਣਯੋਗ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਆਧਾਰ ਆਮ ਆਦਮੀ ਦੀ ਪਹਿਚਾਣ ਹੈ। ਫੈਸਲੇ ਤੋਂ ਪਹਿਲਾਂ ਇਸ ਦੀ ਵਰਤੋਂ ਹਰ ਖੇਤਰ ਵਿਚ ਲਾਜ਼ਮੀ ਮੰਨੀ ਜਾਂਦੀ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ। ਹੁਣ ਮਾਣਯੋਗ ਸੁਪਰੀਮ ਕੋਰਟ ਨੇ ਤੈਅ ਕਰ ਦਿੱਤਾ ਹੈ ਕਿ ਆਧਾਰ ਕਾਰਡ ਦੀ ਲੋੜ ਕਿਥੇ ਹੋਵੇਗੀ ਅਤੇ ਕਿਥੇ ਨਹੀਂ। ਆਧਾਰ ਕਾਰਡ ਦੀ ਲੋੜ ਇਨਕਮ ਟੈਕਸ ਭਰਨ ਲਈ ਅਤੇ ਪੈਨ ਨੂੰ ਆਧਾਰ ਨਾਲ ਜੋੜਨ ਲਈ ਪਵੇਗੀ। ਆਧਾਰ ਬੈਂਕ ਅਕਾਊਂਟ ਅਤੇ ਮੋਬਾਈਲ ਸਿਮ ਲਈ ਜ਼ਰੂਰੀ ਨਹੀਂ ਹੋਵੇਗਾ। ਕੋਈ ਵੀ ਨਿੱਜੀ ਕੰਪਨੀ ਇਸ ਦੀ ਮੰਗ ਨਹੀਂ ਕਰ ਸਕਦੀ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਕਿਸੇ ਵੀ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਆਧਾਰ ਨਾ ਦਿੱਤਾ ਜਾਵੇ। ਇਸ ਫੈਸਲੇ ਨਾਲ ਆਧਾਰ ਕਾਰਡ ਦੀ ਗ਼ਲਤ ਵਰਤੋਂ ਤੋਂ ਬਚਿਆ ਜਾ ਸਕਦਾ ਹੈ। ਯੂ.ਜੀ.ਸੀ. ਤੇ ਨਿਫਟ ਵਰਗੇ ਅਦਾਰੇ ਵੀ ਆਧਾਰ ਦੀ ਮੰਗ ਨਹੀਂ ਕਰ ਸਕਦੇ। ਇਹ ਕਦਮ ਉਠਾਉਣੇ ਬਹੁਤ ਹੀ ਜ਼ਰੂਰੀ ਸਨ। ਸੁਪਰੀਮ ਕੋਰਟ ਦੇ ਇਸ ਫੈਸਲੇ ਦੀ ਸਭ ਨੂੰ ਪਾਲਣਾ ਕਰਨੀ ਚਾਹੀਦੀ ਹੈ।


-ਵਰਸ਼ਾ ਵਰਮਾ
ਪਟਿਆਲਾ।

02-10-2018

 ਪੰਜਾਬ ਦਾ ਅਕਸ
ਅਮਰੀਕਾ ਦੇ ਫਰਿਜ਼ਨੋ ਸ਼ਹਿਰ ਵਿਚ ਇਕ ਪੰਜਾਬੀ ਵਲੋਂ ਇਕ ਪੰਜਾਬੀ ਔਰਤ ਅਤੇ ਮਰਦ ਦੇ ਕੀਤੇ ਦਰਦਨਾਕ ਕਤਲ ਦੀ ਖ਼ਬਰ ਪੜ੍ਹ ਕੇ ਮਨ ਬਹੁਤ ਉਦਾਸ ਹੋਇਆ। ਇਸ ਵੇਲੇ ਪੰਜਾਬੀ ਲੋਕ, ਪ੍ਰਵਾਸ ਕਰਕੇ, ਦੁਨੀਆ ਦੇ ਤਕਰੀਬਨ ਸਾਰੇ ਮੁਲਕਾਂ ਵਿਚ ਪਹੁੰਚ ਚੁੱਕੇ ਹਨ, ਖਾਸ ਕਰਕੇ ਯੂਰਪ ਵਿਚ। ਜਿਥੇ ਉਨ੍ਹਾਂ ਨੇ ਦਿਨ-ਰਾਤ ਮਿਹਨਤ ਕਰਕੇ ਆਪਣੇ ਜੀਵਨ ਪੱਧਰ ਨੂੰ ਹੀ ਉੱਚਾ ਨਹੀਂ ਚੁੱਕਿਆ, ਸਗੋਂ ਉਨ੍ਹਾਂ ਮੁਲਕਾਂ ਦੀ ਤਰੱਕੀ ਵਿਚ ਭਰਪੂਰ ਯੋਗਦਾਨ ਵੀ ਪਾਇਆ। ਮੰਤਰੀਆਂ ਦੇ ਅਹੁਦਿਆਂ ਤੱਕ ਪਹੁੰਚ ਕੇ, ਪੰਜਾਬ ਅਤੇ ਸਿੱਖੀ ਨੂੰ ਚਾਰ ਚੰਨ ਲਾਏ ਹਨ।
ਕੁਦਰਤੀ ਆਫ਼ਤਾਂ ਵੇਲੇ, ਬਿਨਾਂ ਭੇਦ-ਭਾਵ, ਕਰੋਪੀ ਮਾਰਿਆਂ ਦੀ ਸਹਾਇਤਾ ਕਰਨ ਕਰਕੇ, ਪੰਜਾਬੀਆਂ ਨੂੰ ਸਤਿਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਪਰ ਅਜਿਹੀਆਂ ਕਾਰਵਾਈਆਂ ਕਰਕੇ ਸਾਡੀਆਂ ਸਾਰੀਆਂ ਚੰਗਿਆਈਆਂ ਮਿੱਟੀ ਵਿਚ ਮਿਲ ਜਾਂਦੀਆਂ ਨੇ। ਇਨ੍ਹਾਂ ਦੇਸ਼ਾਂ ਦੇ ਮੂਲ ਬਸ਼ਿੰਦੇ ਸਾਨੂੰ ਹਿੰਸਕ ਅਤੇ ਅੱਤਵਾਦੀ ਸਮਝ ਕੇ, ਨਫ਼ਰਤ ਕਰਨ ਲੱਗਦੇ ਹਨ।

-ਪ੍ਰੀਤ ਸਿੰਘ ਸੰਦਲ (ਕਵੀਸ਼ਰ)
ਪਿੰਡ ਮਕਸੂਦੜਾ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ।

ਸਵੱਛ ਭਾਰਤ
ਮਾਨਯੋਗ ਪ੍ਰਧਾਨ ਮੰਤਰੀ ਵਲੋਂ ਜੋ ਸਵੱਛ ਭਾਰਤ ਮੁਹਿੰਮ ਚਲਾਈ ਗਈ ਹੈ, ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਹ ਕਹਾਵਤ ਸੌ ਫੀਸਦੀ ਸਹੀ ਹੈ 'ਜਿਥੇ ਸਫ਼ਾਈ ਹੈ, ਉਥੇ ਖੁਦਾਈ ਹੈ'। ਸਵੱਛਤਾ ਵਿਚ ਸਭ ਸੂਝਵਾਨ ਲੋਕ ਦਿਲਚਸਪੀ ਲੈ ਰਹੇ ਹਨ ਪਰ ਇਕ ਅਹਿਮ ਸਵਾਲ ਇਹ ਹੈ ਕਿ ਸਾਡੇ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਦੀਆਂ ਸੜਕਾਂ, ਗਲੀਆਂ, ਬਾਜ਼ਾਰਾਂ ਤੇ ਖਾਲੀ ਥਾਵਾਂ ਵਿਚ ਅਵਾਰਾ ਡੰਗਰ ਗੋਹਾ, ਮੋਕ ਤੇ ਮੂਤਰ ਦੁਆਰਾ ਲਗਾਤਾਰ ਗੰਦ ਪਾ ਰਹੇ ਹਨ। ਇਸ ਦਾ ਕੀ ਹੱਲ ਹੋਵੇ? ਇਸ ਦਾ ਜਵਾਬ ਸਰਕਾਰ, ਪ੍ਰਸ਼ਾਸਨ, ਕਿਸੇ ਸੰਸਥਾ ਜਾਂ ਅਦਾਰੇ ਕੋਲ ਨਹੀਂ ਹੈ। ਤਾਂ ਫਿਰ ਸਵੱਛਤਾ ਕਿਵੇਂ ਰਹਿ ਸਕਦੀ ਹੈ?

-ਮਾ: ਮਹਿੰਦਰ ਸਿੰਘ ਸਿੱਧੂ,
ਸਿੱਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ।

ਨੈਤਿਕ ਕਦਰਾਂ-ਕੀਮਤਾਂ ਦਾ ਘਾਣ
ਅਧਿਆਪਕ ਦਿਵਸ ਮਨਾ ਕੇ ਹਟੇ ਹਾਂ। ਮਾਤਾ-ਪਿਤਾ ਪਿੱਛੋਂ ਅਧਿਆਪਕ ਹੀ ਬੱਚੇ ਦੇ ਬੌਧਿਕ ਵਿਕਾਸ ਲਈ ਰਾਹ-ਦਸੇਰਾ ਹੁੰਦਾ ਹੈ। ਸਕੂਲਾਂ ਵਿਚ ਚੰਗੀ ਸਿੱਖਿਆ ਤੇ ਨੈਤਿਕ ਕਦਰਾਂ-ਕੀਮਤਾਂ (ਸਿਲੇਬਸ ਦੀਆਂ ਪੁਸਤਕਾਂ ਤੋਂ ਇਲਾਵਾ) ਚੰਗਾ ਪਾਠ ਪੜ੍ਹਾਉਣ ਵਿਚ ਅਤੇ ਸਮਾਜ ਨੂੰ ਵਧੀਆ ਮਨੁੱਖ ਦੇਣ ਵਿਚ ਇਕ ਚਾਨਣਮੁਨਾਰੇ ਅਧਿਆਪਕ ਦਾ ਹੀ ਹੱਥ ਹੁੰਦਾ ਹੈ। ਭਾਵੇਂ ਅੱਜ ਵਿੱਦਿਆ ਦਾ ਵਪਾਰ ਹੋਣ ਲੱਗ ਪਿਆ ਹੈ। ਚੰਗੀ ਸਿੱਖਿਆ ਦੇਣ ਵਾਲੇ ਅਧਿਆਪਕਾਂ ਦਾ ਸਨਮਾਨ ਹੋਣਾ ਚਾਹੀਦਾ ਹੈ ਪਰ ਅਫ਼ਸੋਸ ਹੈ ਕਿ ਅੱਜ ਸਨਮਾਨ ਲਈ ਅਧਿਆਪਕਾਂ ਨੂੰ ਆਪਣੀਆਂ ਉਪਲਬਧੀਆਂ ਆਪ ਹੀ ਲਿਖ ਕੇ ਦੇਣੀਆਂ ਪੈਂਦੀਆਂ ਹਨ। ਸਿੱਖਿਆ ਨੂੰ ਮੰਡੀ ਦੇ ਮੁਨਾਫੇ ਤੋਂ ਦੂਰ ਰੱਖਣ ਦੀ ਅੱਜ ਸਖ਼ਤ ਜ਼ਰੂਰਤ ਹੈ, ਨਹੀਂ ਤਾਂ ਵਿੱਦਿਆ 'ਵਿਚਾਰੀ' ਬਣ ਕੇ ਰਹਿ ਜਾਵੇਗੀ। ਨੈਤਿਕ ਕਦਰਾਂ-ਕੀਮਤਾਂ ਤੋਂ ਬਿਨਾਂ ਚੰਗੇ ਸਮਾਜ ਦੀ ਉਸਾਰੀ ਨਹੀਂ ਹੋ ਸਕਦੀ।

-ਜਗਤਾਰ ਗਿੱਲ,
ਬੱਲ ਸਚੰਦਰ, ਅੰਮ੍ਰਿਤਸਰ।

ਸੋਚ ਅਤੇ ਵਾਤਾਵਰਨ
ਸੋਚ ਅਤੇ ਵਾਤਾਵਰਨ ਦਾ ਆਪਸ ਵਿਚ ਗੂੜ੍ਹਾ ਰਿਸ਼ਤਾ ਹੈ। ਚੰਗਾ ਵਾਤਾਵਰਨ ਹਮੇਸ਼ਾ ਚੰਗੀ ਸੋਚ ਪੈਦਾ ਕਰਦਾ ਹੈ ਅਤੇ ਮਾੜਾ ਵਾਤਾਵਰਨ ਮਾੜੀ ਸੋਚ। ਮਨੁੱਖ ਦੀ ਸਫਲਤਾ ਪਿੱਛੇ ਉਸ ਦੇ ਵਾਤਾਵਰਨ ਦਾ ਕਾਫੀ ਰੋਲ ਹੁੰਦਾ ਹੈ। ਮਨੁੱਖ ਆਪਣੇ ਆਲੇ-ਦੁਆਲੇ ਤੋਂ ਬਹੁਤ ਕੁਝ ਸਿੱਖਦਾ ਹੈ। ਉਸ ਦਾ ਤਾਣਾ-ਬਾਣਾ, ਰਹਿਣ-ਸਹਿਣ, ਖਾਣ-ਪੀਣ, ਆਦਤਾਂ ਆਦਿ ਉਸ ਦੇ ਵਾਤਾਵਰਨ ਦੇ ਅਨੁਸਾਰ ਹੁੰਦੀਆਂ ਹਨ। ਇਸ ਲਈ ਮਨੁੱਖ ਦੀ ਸੋਚ ਉਦੋਂ ਸਕਾਰਾਤਮਕ ਅਤੇ ਸਹੀ ਹੋਵੇਗੀ, ਜਦੋਂ ਉਸ ਦਾ ਵਾਤਾਵਰਨ ਵਧੀਆ ਹੋਵੇਗਾ। ਇਸ ਲਈ ਇਨਸਾਨ ਨੂੰ ਆਪਣੇ ਆਲੇ-ਦੁਆਲੇ ਦੀ ਦੇਖਭਾਲ ਕਰਨੀ ਚਾਹੀਦੀ ਹੈ ਅਤੇ ਚੰਗਾ ਵਾਤਾਵਰਨ ਸਿਰਜਣਾ ਚਾਹੀਦਾ ਹੈ, ਤਾਂ ਜੋ ਇਕ ਚੰਗੀ ਸੋਚ ਵਾਲੇ ਇਨਸਾਨ ਪੈਦਾ ਹੋਣ, ਨਾ ਕਿ ਸੁਆਰਥੀ।

-ਨਰਿੰਦਰ ਮਾਹੋਰਾਣਾ,
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।

01-10-2018

 550ਵਾਂ ਪ੍ਰਕਾਸ਼ ਪੁਰਬ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪੰਜਾਬ ਸਰਕਾਰ ਵਲੋਂ ਸੂਬੇ ਨੂੰ ਹਰਿਆ-ਭਰਿਆ ਬਣਾਉਣ ਦੇ ਮਕਸਦ ਨਾਲ 7 ਲੱਖ ਪੌਦੇ ਲਗਾਉਣ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਮੁਹਿੰਮ ਤਹਿਤ ਖਾਲੀ ਪਈਆਂ ਸਰਕਾਰੀ ਥਾਵਾਂ 'ਤੇ ਇਹ ਬੂਟੇ ਲਗਾਏ ਜਾਣੇ ਹਨ। ਵਾਤਾਵਰਨ ਨੂੰ ਬਚਾਉਣ ਲਈ ਐਨ.ਆਰ.ਆਈ. ਅਤੇ ਈਕੋ ਵਰਗੀਆਂ ਸਿੱਖ ਸੰਸਥਾਵਾਂ ਵੀ ਇਸ ਮੁਹਿੰਮ ਵਿਚ ਆਪਣਾ ਯੋਗਦਾਨ ਪਾ ਰਹੀਆਂ ਹਨ। ਜਿਥੇ ਸਰਕਾਰ ਅਤੇ ਹੋਰ ਸੰਸਥਾਵਾਂ ਵਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ, ਉਥੇ ਆਮ ਲੋਕਾਂ ਨੂੰ ਵੀ ਆਪਣੇ ਘਰਾਂ ਆਲੇ-ਦੁਆਲੇ ਪਈਆਂ ਖਾਲੀ ਥਾਵਾਂ 'ਤੇ ਸਰਕਾਰ ਵਲੋਂ ਚਲਾਈ ਮੁਹਿੰਮ ਤਹਿਤ ਬੂਟੇ ਲਗਾ ਕੇ ਪੰਜਾਬ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਤੇ ਪ੍ਰਦੂਸ਼ਣ ਮੁਕਤ ਕਰਨ ਵਿਚ, ਵਾਤਾਵਰਨ ਸੰਭਾਲਣ ਮੁਹਿੰਮ ਨਾਲ ਜੁੜਨ ਦੀ ਲੋੜ ਹੈ ਤਾਂ ਜੋ ਅਜਿਹਾ ਕਾਰਜ ਕਰਕੇ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ਰਧਾ ਭੇਟ ਕਰ ਸਕੀਏ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਜਵਾਨ ਹੁੰਦੇ ਬੱਚੇ
ਬੀਤੇ ਦਿਨ 'ਨਾਰੀ ਸੰਸਾਰ' ਪੰਨੇ 'ਤੇ ਲੇਖਕ ਵਰਿੰਦਰ ਸਹੋਤਾ ਹੁਰਾਂ ਦਾ ਆਰਟੀਕਲ 'ਕਿੰਨੇ ਕੁ ਦੋਸਤ ਹਨ ਤੁਹਾਡੇ ਜਵਾਨ ਹੁੰਦੇ ਬੱਚੇ ਦੇ...' ਪੜ੍ਹਿਆ ਬਹੁਤ ਵਧੀਆ ਸੀ, ਉਨ੍ਹਾਂ ਦੀ ਲਿਖਤ ਅੱਜ ਦੇ ਦੌਰ ਵਿਚ ਬਹੁਤ ਮਹੱਤਵਪੂਰਨ ਸੰਦੇਸ਼ ਸੀ। ਉਨ੍ਹਾਂ ਵਲੋਂ ਕਹੀਆਂ ਗੱਲਾਂ ਅਮਲ ਵਿਚ ਲਿਆਉਣ ਨਾਲ ਜ਼ਿਆਦਾ ਲਾਭ ਹੋ ਸਕਦਾ ਹੈ। ਵਾਕਿਆ ਸਾਡੇ ਬੱਚੇ ਬਹੁਤ ਜ਼ਿਆਦਾ ਦੋਸਤ ਬਣਾ ਕੇ ਫਖਰ ਮਹਿਸੂਸ ਕਰਦੇ ਹਨ ਪ੍ਰੰਤੂ ਦੋਸਤ ਤਾਂ ਦੋ ਚਾਰ ਹੀ ਕਾਫ਼ੀ ਹੁੰਦੇ ਹਨ, ਜਿਨ੍ਹਾਂ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਆਂ। ਜ਼ਿਆਦਾ ਦੋਸਤਾਂ ਨਾਲ ਸਾਡਾ ਸਮਾਂ ਖਰਾਬ ਹੁੰਦਾ ਹੈ, ਸਾਰਿਆਂ ਨੂੰ ਸਮੰ ਦੇਣਾ, ਬਹੁਤ ਔਖਾ ਹੁੰਦਾ ਹੈ। ਮਾਂ-ਬਾਪ ਨੂੰ ਵੀ ਆਪਣੇ ਬੱਚਿਆਂ ਨੂੰ ਸਮੇਂ-ਸਮੇਂ ਸਮਝਾਉਂਦੇ ਰਹਿਣਾ ਚਾਹੀਦਾ ਹੈ। ਇਹ ਵੀ ਵੇਖਣਾ ਚਾਹੀਦਾ ਹੈ ਕਿ ਬੱਚੇ ਦੇ ਦੋਸਤ ਵੱਡੀ ਉਮਰ ਦੇ ਤਾਂ ਨਹੀਂ ਕਿਉਂਕਿ ਦੋਸਤ ਤਾਂ ਹਮਉਮਰ ਦੇ ਹੀ ਹੋਣਗੇ, ਤਦੇ ਹੀ ਵਿਚਾਰ, ਸੁਭਾਅ, ਆਦਤਾਂ ਮੇਲ ਖਾਣਗੀਆਂ। ਆਪਣੇ ਬੱਚਿਆਂ ਨੂੰ ਘਰ ਵਿਚ ਵੀ ਦੋਸਤਾਨਾ ਸਬੰਧ ਬਣਾ ਕੇ ਵਧੀਆ ਮਾਹੌਲ ਦੇਣਾ ਬਹੁਤ ਜ਼ਰੂਰੀ ਹੈ।


-ਮਾ: ਦੇਵਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

28-09-2018

 ਅਪਰਾਧਾਂ ਦਾ ਸਿਲਸਿਲਾ
ਡਾ: ਬਰਜਿੰਦਰ ਸਿੰਘ ਹਮਦਰਦ ਜੀ ਦਾ ਸੰਪਾਦਕੀ ਕਾਲਮ 'ਜਾਰੀ ਹੈ ਅਪਰਾਧਾਂ ਦਾ ਸਿਲਸਿਲਾ' ਪੜ੍ਹਿਆ। ਪੜ੍ਹਨ ਉਪਰੰਤ ਵਾਕਿਆ ਲੜਕੀਆਂ ਨਾਲ ਅਗਵਾ, ਜਬਰ-ਜਨਾਹ ਘਟਨਾਵਾਂ ਚਿੰਤਾ ਦਾ ਵਿਸ਼ਾ ਹੈ, ਥੰਮਣ ਦਾ ਨਾਂਅ ਨਹੀਂ ਲੈ ਰਹੀਆਂ। ਹਰਿਆਣਾ ਅੰਦਰ ਬੀਤੇ ਦਿਨ ਇਕ ਆਹਲਾ ਦਰਜੇ ਦੀ ਹੋਣਹਾਰ ਲੜਕੀ ਨਾਲ ਗ਼ੈਰ-ਸਮਾਜਿਕ ਅਨਸਰਾਂ ਵਲੋਂ ਅਤੀ ਘਿਨੌਣੀ ਸ਼ਰਮਨਾਕ ਹਰਕਤ ਵਰਤੀ ਗਈ ਜੋ ਸਿਰਫ ਹਰਿਆਣਾ ਹੀ ਨਹੀਂ ਪੂਰੇ ਦੇਸ਼ ਦੇ ਮੱਥੇ 'ਤੇ ਕਲੰਕ ਹੈ। ਹੈਰਾਨੀ ਤਾਂ ਇਹ ਵੀ ਹੋ ਰਹੀ ਹੈ ਕਿ ਸਰਕਾਰਾਂ ਅਜਿਹੇ ਜਬਰ ਜਨਾਹ ਜਿਹੇ ਅਪਰਾਧਕ ਮਾਮਲਿਆਂ ਪ੍ਰਤੀ ਗੰਭੀਰ ਹਨ ਅਤੇ ਮੌਤ ਤੱਕ ਦੀਆਂ ਸਜ਼ਾਵਾਂ, ਸਖ਼ਤ ਕਾਨੂੰਨ ਬਣਾ ਰਹੀਆਂ ਹਨ ਪਰ ਦੂਜੇ ਪਾਸੇ ਹੈਵਾਨੀਅਤ 'ਤੇ ਉਤਰੇ ਕੁਝ ਅਨਸਰਾਂ ਨੂੰ ਅਜਿਹੀਆਂ ਸਖ਼ਤ ਸਜ਼ਾਵਾਂ ਦੀ ਕੋਈ ਪ੍ਰਵਾਹ ਨਹੀਂ। ਮਰਦ ਸਮਾਜ ਨੂੰ ਔਰਤਾਂ, ਬੱਚੀਆਂ ਪ੍ਰਤੀ ਆਪਣਾ ਨਜ਼ਰੀਆ ਬਦਲਣ ਦੀ ਲੋੜ ਹੈ, ਉਹ ਵੀ ਸਮਾਜ ਦਾ ਪ੍ਰਮੁੱਖ ਹਿੱਸਾ ਹਨ। ਸਾਡਾ ਸਭ ਦਾ ਉਹ ਮਾਣ ਸਨਮਾਨ ਹਨ।


-ਮਾ: ਦੇਵਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਜ਼ਹਿਰਾਂ ਦੀ ਵਰਤੋਂ
ਹੁਣ ਜਦੋਂ ਕਿ ਝੋਨੇ, ਬਾਸਮਤੀ ਦੀ ਫ਼ਸਲ ਪੱਕਣ ਕਿਨਾਰੇ ਹੈ, ਕਿਸਾਨ ਵੀਰ ਨੇਤਾਵਾਂ ਦੇ ਕਹਿਣ 'ਤੇ ਖ਼ਤਰਨਾਕ ਦਵਾਈਆਂ ਦੀ ਵਧੇਰੇ ਮਾਤਰਾ ਵਿਚ ਸਪਰੇਅ ਕਰਕੇ ਫ਼ਸਲਾਂ ਤੇ ਆਪਣੇ ਧਨ ਦਾ ਨੁਕਸਾਨ ਕਰ ਰਹੇ ਹਨ, ਜਦ ਕਿ ਖੇਤੀਬਾੜੀ ਮਾਹਿਰ ਕਹਿ ਰਹੇ ਹਨ ਕਿ ਇਕ ਤਾਂ ਇਸ ਸਮੇਂ ਸਪਰੇਅ ਕੀਤੀ ਜ਼ਹਿਰ ਦਾ ਅਸਰ ਚੌਲਾਂ 'ਤੇ ਪਏਗਾ, ਦੂਸਰਾ ਮਿੱਤਰ ਕੀਟ ਵੀ ਮਾਰੇ ਜਾਣਗੇ। ਅਜਿਹੀ ਬਾਸਮਤੀ ਬਾਹਰਲੇ ਮੁਲਕ ਖਰੀਦਦੇ ਹੀ ਨਹੀਂ ਤੇ ਨਾ ਹੀ ਵਾਜਬ ਮੁੱਲ ਮਿਲਦਾ ਹੈ। ਸੋ, ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਖੇਤੀ ਮਾਹਿਰਾਂ ਦੀਆਂ ਸਿਫ਼ਾਰਸ਼ ਕੀਤੀਆਂ ਦਵਾਈਆਂ ਹੀ ਉਚਿਤ ਮਾਤਰਾ 'ਚ ਵਰਤਣ ਕਿਉਂਕਿ ਪੰਜਾਬ ਦਾ ਵਾਤਾਵਰਨ ਤਾਂ ਪਹਿਲਾਂ ਹੀ ਕਾਫੀ ਦੂਸ਼ਿਤ ਹੋ ਚੁੱਕਾ ਹੈ। ਕਿਸੇ ਵੇਲੇ ਤੰਦਰੁਸਤ ਪੰਜਾਬ ਦੇ ਲੋਕ ਹਰ ਰੋਜ਼ ਨਵੀਆਂ ਤੇ ਖ਼ਤਰਨਾਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਸੋ, ਆਪਣੇ ਲੋਕਾਂ, ਸਮਾਜ ਤੇ ਦੇਸ਼ ਦੀ ਬਿਹਤਰੀ ਲਈ ਜ਼ਹਿਰਾਂ ਦੀ ਵਰਤੋਂ ਘੱਟ ਅਤੇ ਸੋਚ ਸਮਝ ਕੇ ਕਰੋ।


-ਪਰਮ ਪਿਆਰ ਸਿੰਘ
ਬੀਰ ਪਿੰਡ, ਨਕੋਦਰ।


ਤਕਨੀਕ ਦੀ ਵਰਤੋਂ
ਇਕ ਖ਼ਬਰ ਅਨੁਸਾਰ ਸਿਰਫ 58.10 ਫ਼ੀਸਦੀ ਮਤਦਾਨ ਅਤੇ 50 ਤੋਂ ਜ਼ਿਆਦਾ ਥਾਵਾਂ 'ਤੇ ਹਿੰਸਕ ਝੜਪਾਂ ਹੋਣਾਂ ਲੋਕਤੰਤਰ ਅਤੇ ਲੋਕਤੰਤਰਿਕ ਵੋਟ ਪ੍ਰਣਾਲੀ ਨੂੰ ਸਹੀ ਅਰਥਾਂ ਵਿਚ ਲਾਗੂ ਕਰਨ ਲਈ ਸਵਾਲੀਆ ਚਿੰਨ੍ਹ ਹੈ। ਖੈਰ, ਜਿਵੇਂ ਹਰ ਖੇਤਰ ਵਿਚ ਡਿਜੀਟਲ ਤਕਨੀਕ ਦਾ ਪ੍ਰਭਾਵ ਵਧ ਰਿਹਾ ਹੈ ਭਾਵ ਜਿਸ ਕਦਰ ਡਿਜੀਟਲ ਇੰਡੀਆ ਦੇ ਨਾਅਰੇ ਨੂੰ ਦੁਹਰਾਇਆ, ਪ੍ਰਸਾਰਿਆ ਤੇ ਪ੍ਰਚਾਰਿਆ ਜਾ ਰਿਹਾ ਹੈ, ਕੀ ਭਵਿੱਖ ਵਿਚ ਸਮੁੱਚੀ ਵੋਟ ਪ੍ਰਣਾਲੀ ਨੂੰ ਡਿਜੀਟਲ ਤਕਨੀਕ ਨਾਲ ਜੋੜਨ ਬਾਰੇ ਵੀ ਸੋਚਿਆ ਜਾ ਸਕਦਾ ਹੈ? ਜਦੋਂ ਕਿ ਅਜਿਹਾ ਕਰ ਸਕਣਾ ਅਜੋਕੇ ਵਿਗਿਆਨ, ਸਿੱਖਿਆ ਅਤੇ ਤਕਨੀਕ ਦੇ ਇਸ ਯੁੱਗ ਵਿਚ 100 ਫ਼ੀਸਦੀ ਸੰਭਵ ਹੈ। ... ਤਾਂ ਫਿਰ ਇਸ ਤਕਨੀਕ ਜ਼ਰੀਏ ਕੋਈ ਅਜਿਹਾ ਤਰੀਕਾ ਲੱਭਿਆ ਜਾ ਸਕਣਾ ਕੀ ਸੰਭਵ ਹੈ ਕਿ ਜਿਸ ਦੀ ਵਰਤੋਂ ਨਾਲ 100 ਫ਼ੀਸਦੀ ਵੋਟਾਂ ਨੂੰ ਹਰ ਹਾਲਤ ਵਿਚ ਯਕੀਨੀ ਬਣਾਇਆ ਜਾਏ। ਕਿਉਂਕਿ ਇਸ ਦਾ ਹਰ ਨਾਗਰਿਕ ਕਿਸੇ ਵੀ ਲੋਕਤੰਤਰ ਦੇਸ਼ ਵਿਚ ਵੋਟ ਪ੍ਰਣਾਲੀ ਦਾ ਅਹਿਮ ਹਿੱਸਾ ਹੁੰਦਾ ਹੈ।


-ਲਾਲ ਚੰਦ ਸਿੰਘ
ਪਿੰਡ ਚੁੱਘੇ ਖੁਰਦ, ਬਠਿੰਡਾ।


ਪ੍ਰਦੂਸ਼ਣ ਦੀ ਸਮੱਸਿਆ

ਪਿਛਲੇ ਦਿਨੀਂ ਸੰਪਾਦਕੀ 'ਚ ਤੁਸੀਂ ਪੰਜਾਬ ਹੀ ਨਹੀਂ, ਬਲਕਿ ਸਮੁੱਚੇ ਦੇਸ਼ ਵਿਚ ਹਰ ਤਰ੍ਹਾਂ ਦੇ ਫੈਲ ਚੁੱਕੇ ਪ੍ਰਦੂਸ਼ਣ ਦੀ ਗੰਭੀਰ ਤੇ ਜਟਿਲ ਸਮੱਸਿਆ ਬਾਰੇ ਬੜੀ ਚਿੰਤਤ ਸ਼ਬਦਾਵਲੀ ਰਾਹੀਂ ਪਾਠਕਾਂ ਨੂੰ ਜਾਣੂ ਕਰਵਾਇਆ ਹੈ। ਸਰਕਾਰਾਂ ਦੇ ਲੱਖ ਯਤਨਾਂ ਦੇ ਬਾਵਜੂਦ ਮਨੁੱਖਤਾ ਦਾ ਘਾਣ ਕਰਨ ਵਾਲੀ ਇਹ ਨਾਮੁਰਾਦ ਸਮੱਸਿਆ ਘਟਣ ਦੀ ਬਜਾਏ ਸਗੋਂ ਦਿਨੋ-ਦਿਨ ਹੋਰ ਵਧਦੀ ਫੁਲਦੀ ਨਜ਼ਰ ਆ ਰਹੀ ਹੈ। ਹਾਲ ਹੀ 'ਚ ਸਾਡੀ ਸੂਬਾ ਸਰਕਾਰ ਵਲੋਂ ਰਾਜ ਵਿਚ ਪ੍ਰਦੂਸ਼ਣ ਨੂੰ ਘਟਾਉਣ ਦੀ ਮਨਸ਼ਾ ਹਿਤ ਇਥੋਂ ਦੇ ਸਾਰੇ ਭੱਠੇ ਇਕ ਅਕਤੂਬਰ, 2018 ਤੋਂ 31 ਜਨਵਰੀ, 2019 ਤੱਕ ਨਾ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਸੋ, ਸਾਡੀਆਂ ਸਰਕਾਰਾਂ ਨੂੰ ਪ੍ਰਦੂਸ਼ਣ ਦੀ ਇਸ ਗੁੰਝਲਦਾਰ ਮੁਸੀਬਤ ਨਾਲ ਨਿਪਟਣ ਲਈ ਅਜਿਹੀਆਂ ਵੱਡੀਆਂ ਤੇ ਕਾਰਗਰ ਯੋਜਨਾਵਾਂ ਉਲੀਕਣ ਦੀ ਜ਼ਰੂਰਤ ਹੈ, ਜਿਸ ਨਾਲ ਸਮੱਸਿਆ ਦਾ ਹੱਲ ਵੀ ਹੋ ਸਕੇ ਤੇ ਰਾਜ ਦੇ ਲੋਕਾਂ ਖ਼ਾਸ ਕਰਕੇ ਗ਼ਰੀਬ ਲੋਕਾਂ 'ਤੇ ਵੀ ਕੋਈ ਬੁਰਾ ਪ੍ਰਭਾਵ ਨਾ ਪਵੇ।


-ਯਸ਼ ਪੱਤੋ
ਪਿੰਡ ਪੱਤੋ ਹੀਰਾ ਸਿੰਘ (ਮੋਗਾ)।


ਇਤਿਹਾਸ ਤੇ ਅਜੋਕੇ ਪੰਜਾਬੀ
ਬੀਤੇ ਦਿਨੀਂ ਪੰਜਾਬ ਵਿਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਮੋਗਾ ਜ਼ਿਲ੍ਹੇ ਦੇ ਇਕ ਪਿੰਡ ਵਿਚ ਚੋਣ ਡਿਊਟੀ ਦੌਰਾਨ ਸ਼ਾਮ ਦੇ ਸਮੇਂ ਇਹ ਚਰਚਾ ਸੁਣਨ ਨੂੰ ਮਿਲੀ ਕਿ ਪੋਲਿੰਗ ਦੌਰਾਨ 18-20 ਸਾਲ ਦੇ ਨੌਜਵਾਨ ਮੁੰਡੇ ਕੁੜੀਆਂ ਦੀ ਵੋਟਿੰਗ ਦੀ ਗਿਣਤੀ ਬਿਲਕੁਲ ਨਾਮਾਤਰ ਹੀ ਰਹੀ। ਤਾਂ ਪਿੰਡ ਦੇ ਸੂਝਵਾਨ ਸੱਜਣਾਂ ਦੁਆਰਾ ਦੱਸਿਆ ਗਿਆ ਕਿ ਪੰਜਾਬ ਵਿਚ ਬੇਰੁਜ਼ਗਾਰੀ, ਨਸ਼ੇ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹੋਣ ਕਾਰਨ ਜ਼ਿਆਦਾਤਰ ਪੜ੍ਹੇ-ਲਿਖੇ ਨੌਜਵਾਨ ਮੁੰਡੇ-ਕੁੜੀਆਂ ਵਿਦੇਸ਼ਾਂ ਦਾ ਰੁਖ਼ ਕਰ ਚੁੱਕੇ ਹਨ। ਇਹੀ ਹਾਲਾਤ ਪੂਰੇ ਪੰਜਾਬ ਵਿਚ ਵੇਖਣ ਅਤੇ ਸੁਣਨ ਨੂੰ ਮਿਲਦੇ ਹਨ ਪਰ ਜੇਕਰ ਅਸੀਂ ਆਪਣੇ ਇਤਿਹਾਸ ਵੱਲ ਝਾਤ ਮਾਰੀਏ ਤਾਂ ਸਮੱਸਿਆਵਾਂ ਤੋਂ ਡਰ ਕੇ ਮੈਦਾਨ ਛੱਡ ਜਾਣਾ ਸਾਡਾ ਇਤਿਹਾਸ ਨਹੀਂ ਹੈ। ਠੀਕ ਹੈ ਕਿ ਅੱਜ ਪੰਜਾਬ ਬਹੁਤ ਸਾਰੀਆਂ ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ ਪਰ ਇਹ ਸਮੱਸਿਆਵਾਂ ਸਾਡੀ ਖ਼ੁਦਗਰਜ਼ੀ ਅਤੇ ਅਵੇਸਲੇਪਣ ਵਿਚੋਂ ਹੀ ਉਪਜੀਆਂ ਹਨ ਜਦ ਕਿ ਪੰਜਾਬ ਦੀ ਉਪਜਾਊ ਧਰਤੀ ਅਤੇ ਪੰਜਾਬ ਦਾ ਮੌਸਮ ਉਨ੍ਹਾਂ ਵਿਦੇਸ਼ੀ ਧਰਤੀਆਂ ਤੋਂ ਕਿਤੇ ਵਧੀਆ ਹੈ। ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਉਪਦੇਸ਼ 'ਤੇ ਇਮਾਨਦਾਰੀ ਨਾਲ ਚੱਲ ਪਈਏ ਤਾਂ ਵਿਦੇਸ਼ੀ ਧਰਤੀਆਂ ਦਾ ਸਵਰਗ ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਦੇ ਸਵਰਗ ਤੋਂ ਕਦੇ ਵੀ ਵਧੀਆ ਨਹੀਂ ਹੋ ਸਕਦਾ।


-ਮਾ: ਗੁਰਮੀਤ ਸਿੰਘ
ਸ.ਪ.ਸ. ਦਾਊਧਰ ਗਰਬੀ, ਜ਼ਿਲ੍ਹਾ ਮੋਗਾ।

27-09-2018

 ਸਿੱਖਿਆ ਦਾ ਅਧਿਕਾਰ
ਸਿੱਖਿਆ ਕਿਸੇ ਵੀ ਨਾਗਰਿਕ ਦਾ ਬੁਨਿਆਦੀ ਹੱਕ ਹੈ। ਭਾਰਤ ਸਰਕਾਰ 6 ਤੋਂ 14 ਸਾਲ ਦੇ ਵਿਦਿਆਰਥੀ ਲਈ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦੇਣ ਲਈ ਵਚਨਬੱਧ ਹੈ। ਇਸ ਲਈ ਸਰਕਾਰ ਵਲੋਂ ਸਰਕਾਰੀ ਅਤੇ ਮਾਨਤਾ ਪ੍ਰਾਪਤ ਨਿੱਜੀ ਸਕੂਲਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਵੱਧ ਤੋਂ ਵੱਧ ਲੋਕਾਂ ਨੂੰ ਸਿੱਖਿਅਤ ਕਰਨ ਲਈ ਸਰਕਾਰੀ ਸਕੂਲ ਆਪਣਾ ਯੋਗਦਾਨ ਦੇ ਰਹੇ ਹਨ, ਜਿਥੇ ਬੱਚਿਆਂ ਨੂੰ ਉੱਚ ਸਿੱਖਿਆ ਪ੍ਰਾਪਤ ਅਧਿਆਪਕਾਂ ਵਲੋਂ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਮਾਨਤਾ ਪ੍ਰਾਪਤ ਸਕੂਲਾਂ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਸਰਕਾਰ ਵਲੋਂ ਸਮੇਂ-ਸਮੇਂ 'ਤੇ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਪਰ ਬਹੁਤੀ ਵਾਰ ਇੰਜ ਹੁੰਦਾ ਨਹੀਂ। ਸਕੂਲ ਪ੍ਰਸ਼ਾਸਨ ਵਲੋਂ ਕਿਤਾਬਾਂ, ਕਾਪੀਆਂ, ਬਸਤੇ, ਵਰਦੀਆਂ ਆਦਿ ਸਾਮਾਨ ਸਕੂਲ ਵਿਚੋਂ ਮਹਿੰਗੇ ਮੁੱਲ 'ਤੇ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ ਜਦ ਕਿ ਉਹੀ ਸਾਮਾਨ ਬਾਜ਼ਾਰ ਵਿਚ ਘੱਟ ਕੀਮਤ 'ਤੇ ਉਪਲਬਧ ਹੈ। ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸੂਬੇ ਵਿਚ ਚੱਲ ਰਹੇ ਸਾਰੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿਚ ਇਕੋ ਜਿਹੇ ਨਿਯਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਇਆ ਜਾਵੇ ਤਾਂ ਜੋ ਸਾਰੇ ਵਿਦਿਆਰਥੀ ਇਕ ਸਮਾਨ ਸਹੂਲਤਾਂ ਤੇ ਸਿੱਖਿਆ ਪ੍ਰਾਪਤ ਕਰ ਸਕਣ।


-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।


ਸਾਡੇ ਵਿਚਾਰ
ਇਕ ਮਨੁੱਖ ਦੀ ਜ਼ਿੰਦਗੀ ਉਸ ਦੇ ਵਿਚਾਰਾਂ 'ਤੇ ਹੀ ਨਿਰਭਰ ਕਰਦੀ ਹੈ ਅਤੇ ਇਹ ਵਿਚਾਰ ਹੀ ਮਨੁੱਖ ਨੂੰ ਕਰਮ ਕਰਨ ਲਈ ਪ੍ਰੇਰਿਤ ਕਰਦੇ ਹਨ। ਜੇਕਰ ਸਾਡੇ ਵਿਚਾਰ ਉਸਾਰੂ ਹੋਣਗੇ ਤਾਂ ਸਾਡੀ ਸੋਚ ਵੀ ਉਸਾਰੂ ਹੋ ਸਕਦੀ ਹੈ ਅਤੇ ਇਕ ਉਸਾਰੂ ਸੋਚ ਹਮੇਸ਼ਾ ਚੰਗੇ ਕਦਮ ਹੀ ਕਰਨ ਲਈ ਪ੍ਰੇਰਿਤ ਕਰੇਗੀ। ਜਦੋਂ ਵਿਚਾਰ ਉਸਾਰੂ ਤੇ ਸਾਰਥਕ ਹੋਣਗੇ ਤਾਂ ਸਾਡੀ ਸੋਚ ਅਤੇ ਸਾਡਾ ਮਨ ਵੀ ਸਹੀ ਦਿਸ਼ਾ ਵਿਚ ਅੱਗੇ ਵਧੇਗਾ। ਫਿਰ ਉਸੇ ਤਰ੍ਹਾਂ ਦੇ ਚੰਗੇ ਸਾਡੇ ਕਰਮ ਹੋਣਗੇ ਅਤੇ ਜਿਹੋ ਜਿਹੇ ਅਸੀਂ ਕਰਮ ਕਰਾਂਗੇ ਉਸੇ ਤਰ੍ਹਾਂ ਦਾ ਸਾਨੂੰ ਫਲ ਮਿਲੇਗਾ। ਸਾਡੀ ਸਫਲਤਾ ਦੇ ਵਿਚ ਸਾਡੇ ਵਿਚਾਰਾਂ, ਸਾਡੀ ਸੋਚ ਅਤੇ ਸਾਡੇ ਮਨ ਦੀ ਹਾਲਤ ਦਾ ਡੂੰਘਾ ਸਬੰਧ ਹੁੰਦਾ ਹੈ। ਸਾਡਾ ਸਵੈ-ਵਿਸ਼ਵਾਸ ਸਾਨੂੰ ਸਾਡੇ ਦੁਆਰਾ ਮਿੱਥੀ ਹੋਈ ਮੰਜ਼ਿਲ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ।


-ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ।


ਸੰਜੀਦਾ ਹੋਣ ਦੀ ਜ਼ਰੂਰਤ
ਜੇਕਰ ਥੋੜ੍ਹਾ ਜਿਹਾ ਸੰਜੀਦਾ ਹੋ ਕੇ, ਆਪਣੇ ਰਾਜ, ਦੇਸ਼, ਸਮਾਜ ਅਤੇ ਹਰ ਇਕ ਦੇ ਭਵਿੱਖ ਨੂੰ ਲੈ ਕੇ ਸੋਚੀਏ ਤਾਂ ਇਕ ਆਵਾਜ਼ ਜ਼ਰੂਰ ਆਏਗੀ, ਉਸ ਨੂੰ ਸੁਣਨਾ ਬਹੁਤ ਜ਼ਰੂਰੀ ਹੈ। ਸਾਡੇ ਬਜ਼ੁਰਗਾਂ ਨੇ ਸਾਨੂੰ ਆਜ਼ਾਦੀ ਦਿਵਾਉਣ ਵਾਲਿਆਂ ਅਤੇ ਸਾਡੇ ਗੁਰੂਆਂ ਨੇ ਬਹੁਤ ਸਖ਼ਤ ਮਿਹਨਤ ਕੀਤੀ ਹੈ। ਉਹ ਕੰਮ ਕਰਨ ਵਿਚ ਵਿਸ਼ਵਾਸ ਰੱਖਦੇ ਸਨ ਅਤੇ ਆਪਣੇ ਕੰਮ ਪ੍ਰਤੀ ਇਮਾਨਦਾਰ ਸਨ। ਅੱਜ ਗੱਲ ਕਰਦੇ ਹਾਂ ਪੰਜਾਬ ਦੀ, ਇਥੇ ਛੁੱਟੀਆਂ ਦੀ ਭਰਮਾਰ ਹੈ। ਜਿਨ੍ਹਾਂ ਦੇ ਦਿਹਾੜਿਆਂ 'ਤੇ ਛੁੱਟੀਆਂ ਕੀਤੀਆਂ ਜਾਂਦੀਆਂ ਹਨ। ਜਿਸ ਜਗ੍ਹਾ ਲਗਾਤਾਰ ਪੰਜ ਦਿਨ ਤੱਕ ਸਰਕਾਰੀ ਦਫ਼ਤਰ ਬੰਦ ਰਹਿਣਗੇ, ਉਥੇ ਕੰਮ ਕੀ ਹੋਣੇ ਹਨ, ਲੋਕਾਂ ਦਾ ਕੀ ਹਾਲ ਹੁੰਦਾ ਹੈ ਕਿਸੇ ਨੂੰ ਪ੍ਰਵਾਹ ਨਹੀਂ. ਕੰਮ ਕਰਨ ਦਾ ਕਲਚਰ ਹੌਲੀ-ਹੌਲੀ ਖ਼ਤਮ ਹੁੰਦਾ ਜਾ ਰਿਹਾ ਹੈ, ਖ਼ਾਸ ਕਰਕੇ ਸਰਕਾਰੀ ਦਫ਼ਤਰਾਂ ਵਿਚ। ਜਿਵੇਂ ਦੇ ਹਾਲਾਤ ਬਣ ਗਏ ਨੇ, ਸਾਰਾ ਸਿਸਟਮ ਛੁੱਟੀਆਂ, ਰਿਸ਼ਵਤ ਅਤੇ ਭ੍ਰਿਸ਼ਟਾਚਾਰ ਦੀ ਬਲੀ ਚੜ੍ਹ ਗਿਆ। ਛੁੱਟੀਆਂ ਕਰਕੇ ਕਿਸੇ ਮਹਾਂਪੁਰਖ ਨੂੰ ਸ਼ਰਧਾਂਜਲੀ ਨਹੀਂ ਦਿੱਤੀ ਜਾਂਦੀ ਸਗੋਂ ਵਿਹਲੇ ਰਹਿਣ ਦਾ ਬਹਾਨਾ ਹੈ। ਉਥੇ ਕੀ ਵਿਕਾਸ ਹੋਏਗਾ ਅਤੇ ਕੀ ਅਗਲੀ ਪੀੜ੍ਹੀ ਦੇ ਭਵਿੱਖ ਲਈ ਹੋਵੇਗਾ, ਜਿਥੇ ਕੰਮ ਘੱਟ ਅਤੇ ਛੁੱਟੀਆਂ ਵਧੇਰੇ ਹੋਣ।


-ਪ੍ਰਭਜੋਤ ਕੌਰ ਢਿੱਲੋਂ
ਮੁਹਾਲੀ।


ਖੇਤੀ ਮਸ਼ੀਨਰੀ
ਪਰਾਲੀ ਆਦਿ ਦਾ ਨਿਪਟਾਰਾ ਕਰਨ ਲਈ ਖੇਤੀ ਮਸ਼ੀਨਰੀ ਦੀ ਅਣਹੋਂਦ ਕਾਰਨ ਬਹੁਤ ਸਾਰੇ ਕਿਸਾਨਾਂ ਨੂੰ ਹਰੇਕ ਸਾਲ ਝੋਨੇ ਦੀ ਪਰਾਲੀ ਅਤੇ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਹੀ ਅੱਗ ਨਾਲ ਸਾੜਨਾ ਪੈਂਦਾ ਹੈ, ਜਿਸ ਨਾਲ ਵਾਤਾਵਰਨ ਦੂਸ਼ਿਤ ਹੋਣ ਦੇ ਨਾਲ-ਨਾਲ ਸੜਕੀ ਹਾਦਸੇ ਵੀ ਹੁੰਦੇ ਹਨ ਅਤੇ ਧਰਤੀ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ। ਹੁਣ ਪੰਜਾਬ ਸਰਕਾਰ ਦੇ ਆਲ੍ਹਾ ਅਧਿਕਾਰੀ ਨੇ ਸੂਬੇ ਦੇ ਖੇਤੀਬਾੜੀ ਅਧਿਕਾਰੀਆਂ ਨੂੰ ਪੰਜਾਬ ਭਰ ਵਿਚ ਵਿੱਢੀ ਗਈ ਜਾਗਰੂਕਤਾ ਮੁਹਿੰਮ ਤਹਿਤ ਸਖ਼ਤ ਹਦਾਇਤਾਂ ਕੀਤੀਆਂ ਹਨ ਕਿ ਕਿਸਾਨਾਂ ਨੂੰ ਸਬਸਿਡੀ 'ਤੇ ਦਿੱਤੀ ਜਾਣ ਵਾਲੀ 'ਖੇਤੀ ਮਸ਼ੀਨਰੀ' ਉਨ੍ਹਾਂ ਨੂੰ ਝੋਨੇ ਦੀ ਵਾਢੀ ਸ਼ੁਰੂ ਹੋਣ ਤੋਂ ਪਹਿਲਾਂ ਮੁਹੱਈਆ ਕਰਵਾਈ ਜਾਵੇ। ਇਸ 'ਤੇ ਅਮਲ ਵੀ ਝੋਨੇ ਦੀ ਵਾਢੀ ਤੋਂ ਪਹਿਲਾਂ ਕੀਤਾ ਜਾਣਾ ਬਹੁਤ ਜ਼ਰੂਰੀ ਹੈ ਤਾਂ ਜੋ ਕਿਸਾਨ ਇਸ ਦਾ ਸਮੇਂ ਸਿਰ ਲਾਭ ਉਠਾ ਸਕਣ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਕੀਮਤਾਂ 'ਤੇ ਕੰਟਰੋਲ
ਅੱਜ ਦੇਖਣ ਨੂੰ ਮਿਲ ਰਿਹਾ ਹੈ ਕਿ ਕੀਮਤਾਂ 'ਤੇ ਕੰਟਰੋਲ ਨਹੀਂ ਹੋ ਰਿਹਾ, ਸਗੋਂ ਇਹ ਦਿਨ-ਬਦਿਨ ਵਧ ਰਹੀਆਂ ਹਨ। ਅੱਗੇ ਸਾਲ ਵਿਚ ਪੈਟਰੋਲ, ਡੀਜ਼ਲ ਦੀ ਕੀਮਤ ਇਕ ਜਾਂ ਦੋ ਵਾਰ ਵਧਦੀ ਸੀ, ਲੋਕ ਚੁੱਪ ਰਹਿੰਦੇ ਸਨ। ਹੁਣ ਇਸ ਦੇ ਰੋਜ਼ਾਨਾ ਵਾਧੇ ਨੇ ਲੋਕਾਂ ਦਾ ਨੱਕ ਵਿਚ ਦਮ ਕਰ ਰੱਖਿਆ ਹੈ। ਜਦੋਂ ਦੀ ਕੇਂਦਰ ਸਰਕਾਰ ਵਲੋਂ ਜੀ.ਐਸ.ਟੀ. ਲਾਈ ਹੈ, ਇਸ ਨਾਲ ਟੈਕਸ ਵਧੀ ਜਾ ਰਹੇ ਹਨ।
ਇਨ੍ਹਾਂ ਦੋਵਾਂ ਚੀਜ਼ਾਂ ਦੇ ਵਾਧੇ ਨੇ ਲੋਕਾਂ ਦਾ ਕਚੂਮਰ ਕੱਢ ਦਿੱਤਾ ਹੈ। ਸਗੋਂ ਹੁਣ ਤਾਂ ਗ਼ਰੀਬ ਜਨਤਾ ਨਾਲ ਵੀ ਧੋਖਾ ਹੋ ਰਿਹਾ ਹੈ। ਗੈਸ ਦੀ ਕੀਮਤ ਕਿੰਨੀ ਵੱਧ ਗਈ ਹੈ। ਜੇਕਰ ਸਰਕਾਰ ਨੇ ਇਨ੍ਹਾਂ ਚੀਜ਼ਾਂ 'ਤੇ ਕੰਟਰੋਲ ਨਾ ਕੀਤਾ ਤਾਂ ਸਰਕਾਰ ਨੂੰ ਲੈਣ ਦੇ ਦੇਣੇ ਪੈ ਜਾਣਗੇ। ਕਿਉਂਕਿ ਲੋਕਾਂ ਦਾ ਸਰਕਾਰ ਪ੍ਰਤੀ ਮੋਹ ਭੰਗ ਹੁੰਦਾ ਜਾ ਰਿਹਾ ਹੈ।


-ਹਰਜਿੰਦਰਪਾਲ ਸਿੰਘ ਬਾਜਵਾ
ਵਿਜੇ ਨਗਰ, ਹੁਸ਼ਿਆਰਪੁਰ।

24-09-2018

 ਦੁੱਧ ਪਦਾਰਥਾਂ ਵਿਚ ਮਿਲਾਵਟਖੋਰੀ
ਮਿਲਾਵਟਖੋਰੀ ਨੇ ਸਮਾਜ ਵਿਚ ਬਹੁਤ ਸਮੇਂ ਤੋਂ ਤਰਥੱਲੀ ਮਚਾਈ ਹੋਈ ਹੈ, ਜੋ ਕਿ ਪੰਜਾਬੀਆਂ ਦੀ ਸਿਹਤ ਨਾਲ ਲਗਾਤਾਰ ਖਿਲਵਾੜ ਕਰ ਰਹੀ ਸੀ। ਮਹੀਨੇ ਭਰ ਤੋਂ ਆਈਆਂ ਖ਼ਬਰਾਂ ਮੁਤਾਬਿਕ ਨਕਲੀ ਦੁੱਧ ਦੀ ਬਹੁਤਾਤ ਨੇ ਪੰਜਾਬੀਆਂ ਦੀ ਸਿਹਤ ਨੂੰ ਤਾਂ ਪ੍ਰਭਾਵਿਤ ਕੀਤਾ ਹੀ ਹੈ, ਕਿਸਾਨ ਤੇ ਮਜ਼ਦੂਰਾਂ ਦੀ ਰੀੜ੍ਹ ਦੀ ਹੱਡੀ ਜਾਣੇ ਜਾਂਦੇ 'ਡੇਅਰੀ ਦੇ ਧੰਦੇ' ਨੂੰ 'ਅਰਸ਼ ਤੋਂ ਫਰਸ਼' 'ਤੇ ਲੈ ਆਂਦਾ ਹੈ। ਇਨ੍ਹਾਂ ਮਿਲਾਵਟਖੋਰਾਂ ਦੀ ਮਿਹਰਬਾਨੀ ਸਦਕਾ 40 ਤੋਂ 50 ਰੁਪਏ ਕਿੱਲੋ ਵਿਕਣ ਵਾਲਾ ਸ਼ੁੱਧ ਦੁੱਧ ਪਾਣੀ ਦੀਆਂ ਬੋਤਲਾਂ ਦੇ ਭਾਅ ਬਰਾਬਰ ਆ ਗਿਆ ਹੈ। ਏਨੇ ਘੱਟ ਭਾਅ, ਪਸ਼ੂਆਂ ਦੀ ਸਾਂਭ-ਸੰਭਾਲ, ਖੁਰਾਕ ਦਵਾਈਆਂ, ਪਰਿਵਾਰ ਦੇ ਸਾਰੇ ਜੀਆਂ ਦੀ ਮਿਹਨਤ ਦੇ ਬਾਵਜੂਦ ਸ਼ੁੱਧ ਦੁੱਧ ਦਾ ਮੁੱਲ ਪਾਣੀ ਦੇ ਮੁੱਲ ਦੇ ਬਰਾਬਰ ਹੋਵੇ ਤਾਂ ਕਿਹੜਾ ਕਿਸਾਨ, ਮਜ਼ਦੂਰ ਡੇਅਰੀ ਦੇ ਧੰਦੇ ਨੂੰ ਹੱਥ ਪਾਵੇਗਾ? ਇਸ ਤੋਂ ਇਲਾਵਾ ਪਸ਼ੂਆਂ ਦੀਆਂ ਮਹਿੰਗੀਆਂ ਦਵਾਈਆਂ, ਹਸਪਤਾਲਾਂ ਦੀਆਂ ਪਰਚੀਆਂ, ਪਸ਼ੂਆਂ ਦੇ ਟੈਸਟ ਆਦਿ ਗੱਲ ਕੀ ਡਾਕਟਰੀ ਦਾ ਖਰਚਾ ਵੀ ਕਈ ਗੁਣਾ ਵਧ ਗਿਆ ਹੈ। ਅਸੀਂ ਇਨ੍ਹਾਂ ਛਾਪਿਆਂ ਦੀ ਪ੍ਰਸੰਸਾ ਕਰਦੇ ਹਾਂ ਜਿਹੜੇ ਮਿਲਾਵਟੀ ਸਾਮਾਨ ਫੜ ਕੇ ਇਨ੍ਹਾਂ ਮਿਲਾਵਟਖੋਰਾਂ ਦਾ ਅਸਲੀ ਚਿਹਰਾ ਸਭ ਦੇ ਸਾਹਮਣੇ ਲਿਆ ਰਹੇ ਹਨ। ਸ਼ੁੱਧ ਖੁਰਾਕ ਲੈਣੀ ਸਭ ਦਾ ਮੁਢਲਾ ਹੱਕ ਹੈ।


-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ, ਘੁਮਾਣ, ਗੁਰਦਾਸਪੁਰ।


ਸਰਹੱਦੀ ਕਿਸਾਨ
ਸਰਹੱਦੀ ਕਿਸਾਨਾਂ ਦੀ ਹਜ਼ਾਰਾਂ ਏਕੜ ਜ਼ਮੀਨ ਕੰਡਿਆਲੀ ਤਾਰ ਤੋਂ ਪਾਰ ਪੈਂਦੀ ਹੈ, ਜਿਨ੍ਹਾਂ ਵਿਚ ਕਿਸਾਨ ਆਪਣੀ ਮਰਜ਼ੀ ਨਾਲ ਫਸਲ ਨਹੀਂ ਬੀਜ ਸਕਦੇ। ਮਾਣਯੋਗ ਸੁਪਰੀਮ ਕੋਰਟ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ 50-50 ਫ਼ੀਸਦੀ ਹਿੱਸਾ ਪਾ ਕੇ ਸਬੰਧਿਤ ਕਿਸਾਨਾਂ ਨੂੰ ਬਣਦਾ ਸਾਲਾਨਾ ਦਸ ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣਾ ਤੈਅ ਕੀਤਾ ਹੈ ਅਤੇ ਇਸ ਫੈਸਲੇ ਅਨੁਸਾਰ ਕੇਂਦਰ ਸਰਕਾਰ ਨੇ ਆਪਣੇ ਹਿੱਸੇ ਦਾ 50 ਫ਼ੀਸਦੀ ਸਟੇਟ ਬੈਂਕ ਆਫ਼ ਇੰਡੀਆ ਵਿਚ ਜਮ੍ਹਾਂ ਕਰਵਾ ਦਿੱਤਾ ਹੈ। ਇਸ ਲਈ ਪੰਜਾਬ ਸਰਕਾਰ ਨੂੰ ਵੀ ਬਕਾਇਆ 50 ਫ਼ੀਸਦੀ ਹਿੱਸਾ ਪਾ ਕੇ ਸਰਹੱਦੀ ਕਿਸਾਨਾਂ ਦੇ ਖਾਤਿਆਂ ਵਿਚ ਜਮ੍ਹਾਂ ਕਰਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ, ਤਾਂ ਜੋ ਕਿਸਾਨਾਂ ਵਿਚ ਪਾਈ ਜਾ ਰਹੀ ਖੁਸ਼ੀ ਦੀ ਲਹਿਰ ਕਾਇਮ ਰਹਿ ਸਕੇ। ਭਾਵੇਂ ਇਹ ਮੁਆਵਜ਼ਾ ਬਹੁਤ ਜ਼ਿਆਦਾ ਨਹੀਂ ਹੈ ਪਰ ਫਿਰ ਵੀ ਮਾਣਯੋਗ ਸੁਪਰੀਮ ਕੋਰਟ ਨੇ ਸਬੰਧਿਤ ਸਰਕਾਰਾਂ ਰਾਹੀਂ ਕਿਸਾਨਾਂ ਦੀ ਆਰਥਿਕ ਮਦਦ ਕਰਨ ਦਾ ਸਹੀ ਫੈਸਲਾ ਕੀਤਾ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਭੰਡੀ ਪ੍ਰਚਾਰ
ਰੋਜ਼ਾਨਾ ਅਖ਼ਬਾਰਾਂ ਵਿਚ ਪੜ੍ਹ ਕੇ ਬਹੁਤ ਮਾੜਾ ਲਗ ਰਿਹਾ ਕਿ ਅਕਾਲੀ-ਭਾਜਪਾ, ਕਾਂਗਰਸੀ ਅਤੇ ਆਮ ਆਦਮੀ ਪਾਰਟੀ ਉਹੀ ਪੁਰਾਣੇ ਮੁੱਦੇ ਪੁੱਟ ਕੇ ਇਕ-ਦੂਜੇ 'ਤੇ ਦੂਸ਼ਣਬਾਜ਼ੀ ਕਰ ਕੇ ਇਕ-ਦੂਜੇ ਦਾ ਭੰਡੀ ਪ੍ਰਚਾਰ ਕਰ ਰਹੇ ਹਨ। ਸਰਕਾਰ ਨੂੰ ਘੇਰਨ ਲਈ ਲੋਕਾਂ ਦੀ ਭਲਾਈ ਵਾਸਤੇ ਕੋਈ ਨਵੇਂ ਮੁੱਦੇ ਚੁੱਕੋ, ਜਿਨ੍ਹਾਂ ਨਾਲ ਲੋਕਾਂ ਨੂੰ ਵੀ ਫਾਇਦਾ ਹੋਵੇ। ਇਸੇ ਤਰ੍ਹਾਂ ਕਾਂਗਰਸ ਨੂੰ ਆਪਣੀ ਬਦਲਾਖੋਰੀ ਵਾਲੀ ਨੀਤੀ ਛੱਡ ਕੇ ਚਾਹੀਦਾ ਹੈ ਕਿ ਪੰਜਾਬ ਵਾਸਤੇ ਕੁਝ ਸੋਚਣ, ਕਿਉਂਕਿ ਸਰਕਾਰ ਕੋਈ ਵੀ ਬਣਦੀ ਹੈ, ਤਾਂ ਲੋਕੀਂ ਇਨ੍ਹਾਂ ਦੇ ਮੂੰਹਾਂ ਵੱਲ ਦੇਖਦੇ ਹਨ, ਇਹ ਕੀ ਕਰ ਰਹੇ ਹਨ। ਜ਼ਿੰਦਾਬਾਦ, ਮੁਰਦਾਬਾਦ ਛੱਡ ਕੇ ਜਨਤਾ ਦਾ ਸੋਚੋ, ਵੱਡਾ ਮਸਲਾ ਬੇਰੁਜ਼ਗਾਰੀ ਦਾ ਹੈ, ਇਸ ਵਾਸਤੇ ਕੁਝ ਕਰੋ।


-ਹਰਜਿੰਦਰਪਾਲ ਸਿੰਘ ਬਾਜਵਾ
ਵਿਜੈ ਨਗਰ, ਹੁਸ਼ਿਆਰਪੁਰ।


ਵਧ ਰਹੀ ਫ਼ੈਸ਼ਨਪ੍ਰਸਤੀ
ਅੱਜ ਅਸੀਂ ਕਈ ਵਾਰ ਭੁਲੇਖਾ ਖਾ ਜਾਂਦੇ ਹਾਂ ਕਿ ਸਾਹਮਣਿਓਂ ਆ ਰਿਹਾ ਯੁਵਕ ਲੜਕਾ ਹੈ ਜਾਂ ਲੜਕੀ? ਕਿਉਂਕਿ ਅੱਜ ਫੈਸ਼ਨ ਨੇ ਏਨਾ ਜ਼ੋਰ ਫੜ ਲਿਆ ਹੈ ਕਿ ਲੜਕਾ ਗੁੱਤ ਜਾਂ ਵਾਲ ਖੁੱਲ੍ਹੇ ਛੱਡ ਕੇ ਫਿਰਦਾ ਹੈ ਅਤੇ ਲੜਕੀ ਵਾਲ ਕਟਾ ਕੇ ਬੁਆਏ ਕੱਟ ਹੋਣ ਦਾ ਫ਼ਖਰ ਮਹਿਸੂਸ ਕਰ ਰਹੀ ਹੈ। ਪਾਟੀਆਂ ਜੀਨਾਂ ਪਾ ਕੇ ਇਹ ਯੁਵਕ ਪਤਾ ਨਹੀਂ ਆਪਣੇ-ਆਪ ਨੂੰ ਕੀ ਸਿੱਧ ਕਰਨਾ ਚਾਹੁੰਦੇ ਹਨ। ਬੇਢੰਗੇ ਕੱਪੜੇ ਪਾਉਣਾ ਅੱਜ ਨੌਜਵਾਨ ਆਪਣਾ ਮੁਢਲਾ ਫ਼ਰਜ਼ ਸਮਝ ਰਹੇ ਹਨ। ਨਿੱਤ ਵਾਪਰ ਰਹੀਆਂ ਅਣਹੋਣੀਆਂ ਘਟਨਾਵਾਂ ਲਈ ਕਿਸੇ ਨਾ ਕਿਸੇ ਹੱਦ ਤੱਕ ਫੈਸ਼ਨ ਜ਼ਿੰਮੇਵਾਰ ਹੈ। ਆਓ, ਸਾਦਾ ਖਾਈਏ ਅਤੇ ਸਾਦਾ ਪਹਿਨੀਏ ਨੂੰ ਮੁੱਖ ਰੱਖ ਕੇ ਸੋਹਣੀ ਜ਼ਿੰਦਗੀ ਜਿਊਣ ਦਾ ਦਾਅਵਾ ਕਰੀਏ।


-ਰਾਜਿੰਦਰ ਸ਼ਰਮਾ


ਉਮੀਦਵਾਰਾਂ ਦਾ ਫ਼ਰਜ਼
ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਜਿੱਤਣ ਲਈ ਉਮੀਦਵਾਰਾਂ ਵਲੋਂ ਜੀਅ ਤੋੜ ਕੋਸ਼ਿਸ਼ਾਂ ਹੋ ਰਹੀਆਂ ਸਨ, ਘਰ-ਘਰ ਜਾ ਕੇ ਵੋਟਾਂ ਮੰਗਣ ਦਾ ਕੰਮ ਚੱਲ ਰਿਹਾ ਸੀ ਅਤੇ ਕੁਝ ਉਮੀਦਵਾਰਾਂ ਵਲੋਂ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਚੋਰੀ-ਛੁਪੇ ਨਸ਼ਿਆਂ ਦਾ ਸਹਾਰਾ ਵੀ ਲਿਆ ਜਾ ਰਿਹਾ ਸੀ। ਇਸ ਤੋਂ ਇਲਾਵਾ ਕੁਝ ਸੂਝਵਾਨ ਵੋਟਰਾਂ ਨੇ ਨਸ਼ੇ ਵੰਡਣ ਵਾਲਿਆਂ ਦਾ ਵਿਰੋਧ ਕੀਤਾ ਅਤੇ ਨਸ਼ਾ ਰਹਿਤ ਉਮੀਦਵਾਰਾਂ ਨੂੰ ਵੋਟ ਪਾਉਣ ਲਈ ਅਪੀਲ ਵੀ ਕੀਤੀ ਸੀ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਚੰਗੇ ਉਮੀਦਵਾਰ ਹੀ ਅੱਗੇ ਆਉਣ। ਹੁਣ ਜਿੱਤੇ ਹੋਏ ਉਮੀਦਵਾਰਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਨਾਲ ਸਮਾਜ ਦੀ ਭਲਾਈ ਕਰਨ ਅਤੇ ਲੋਕਾਂ ਨੂੰ ਸਹੀ ਰਸਤੇ 'ਤੇ ਲਿਆਉਣ, ਤਾਂ ਜੋ ਉਨ੍ਹਾਂ ਦਾ ਇਨ੍ਹਾਂ ਕੰਮਾਂ ਵੱਲ ਪੁੱਟਿਆ ਗਿਆ ਹਰ ਕਦਮ ਸ਼ਲਾਘਾਯੋਗ ਕਦਮ ਸਾਬਤ ਹੋਵੇ।


-ਅੰਮ੍ਰਿਤ ਕੌਰ
ਅੱਧੀ ਟਿੱਬੀ ਬਡਰੁੱਖਾਂ, ਸੰਗਰੂਰ।

20-09-2018

 ਸਰਬਸੰਮਤੀ ਦੀ ਲੋੜ
ਪਿੰਡਾਂ ਦੀਆਂ ਪੰਚਾਇਤਾਂ ਨੂੰ ਛੋਟੀਆਂ ਅਦਾਲਤਾਂ ਦਾ ਵੀ ਦਰਜਾ ਪ੍ਰਾਪਤ ਹੈ। ਆਉਣ ਵਾਲੇ ਸਮੇਂ ਦੌਰਾਨ ਇਨ੍ਹਾਂ ਪੰਚਾਇਤਾਂ ਦੀ ਚੋਣ ਸਾਡੇ ਲੋਕਾਂ ਦੁਆਰਾ ਕੀਤੀ ਜਾਣੀ ਹੈ। ਪਿਛਲੇ ਲੰਘੇ ਸਮਿਆਂ ਦੌਰਾਨ ਅਸੀਂ ਦੇਖਿਆ ਹੈ, ਇਨ੍ਹਾਂ ਚੋਣਾਂ 'ਚ ਪਾਰਦਰਸ਼ੀ ਢੰਗ ਦੀ ਵਰਤੋਂ ਨਹੀਂ ਕੀਤੀ ਗਈ ਤੇ ਖ਼ਾਸ ਕਰ ਸਰਪੰਚ ਚੁਣਨ 'ਤੇ ਕਈ ਪਿੰਡਾਂ ਵਿਚ ਸਾਡੇ ਲੋਕਾਂ ਨੇ ਲੱਖਾਂ ਰੁਪਏ ਵਹਾ ਦਿੱਤੇ। ਹੂ-ਬਹੂ ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਪੂਰੀ ਤਰ੍ਹਾਂ ਢੁਕੀ। ਵਧਾਈ ਦੇ ਪਾਤਰ ਰਹੇ ਉਹ ਪਿੰਡ ਜਿਥੇ ਸਰਬਸੰਮਤੀ ਹੋਈ। ਹੁਣ ਵੀ ਇਸ ਵਾਰ 13 ਹਜ਼ਾਰ ਤੋਂ ਉੱਪਰ ਪੰਚਾਇਤਾਂ ਦੀ ਚੋਣ ਹੋਣੀ ਹੈ। ਜੇਕਰ ਸਾਡੇ ਲੋਕ ਸਰਬਸੰਮਤੀ ਦੇ ਪਾਠ ਨੂੰ ਪੜ੍ਹਨ ਤਾਂ ਪਹਿਲਾਂ ਤੋਂ ਹੀ ਕਰਜ਼ਿਆਂ ਦੀ ਮਾਰ ਝੱਲ ਰਹੇ ਸਾਡੇ ਲੋਕ ਫਜ਼ੂਲ ਖਰਚਿਆਂ, ਕੀਮਤੀ ਸਮੇਂ, ਨਵੀਂ ਪੀੜ੍ਹੀ ਨੂੰ ਨਸ਼ਿਆਂ ਵੱਲ ਧੱਕਣ ਤੋਂ ਬਿਨਾਂ ਪੰਚਾਂ, ਸਰਪੰਚਾਂ ਦੀ ਚੋਣ ਬਿਨਾਂ ਕਿਸੇ ਧੜੇਬੰਦੀ ਤੋਂ ਕੀਤੀ ਜਾ ਸਕਦੀ ਹੈ। ਸਰਬਸੰਮਤੀ ਤੋਂ ਬਿਨਾਂ ਇਨ੍ਹਾਂ ਪੰਚਾਇਤੀ ਚੋਣਾਂ 'ਚ ਇਕ ਹੋਰ ਵੱਡੇ ਖਰਚ ਅਤੇ ਕੀਮਤੀ ਸਮੇਂ ਨੂੰ ਬਚਾਉਣ ਦਾ ਹੋਰ ਕੋਈ ਚਾਰਾ ਨਹੀਂ ਬਚੇਗਾ। ਆਓ! ਫਿਰ ਧੜੇਬੰਦੀ ਤੋਂ ਉੱਪਰ ਉੱਠ ਸਰਬਸੰਮਤੀ ਨੂੰ ਤਰਜੀਹ ਦੇਈਏ ਤਾਂ ਕਿ ਹੱਸਦੇ-ਵੱਸਦੇ ਪੰਜਾਬ ਦੀ ਮੁੜ ਤੋਂ ਆਸ ਬੱਝ ਸਕੇ।


-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ,
ਜ਼ਿਲ੍ਹਾ ਲੁਧਿਆਣਾ।


ਜ਼ਬਤ ਵਾਹਨ ਅਤੇ ਕਾਨੂੰਨ

ਅੱਜ ਸਾਡੇ ਸਮਾਜ ਵਿਚ ਹਰ ਪਾਸੇ ਜੁਰਮ ਦਾ ਵਾਧਾ ਹੋ ਰਿਹਾ ਹੈ। ਇਹ ਸਭ ਸਾਡੇ ਕਾਨੂੰਨ ਦੀ ਕਮਜ਼ੋਰੀ ਅਤੇ ਮੁਜ਼ਰਮਾਂ ਦੇ ਵਧੇ ਹੋਏ ਹੌਸਲੇ ਦਾ ਸਿੱਟਾ ਹੈ। ਅੱਜ ਪੰਜਾਬ ਦੇ ਹਰ ਪੁਲਿਸ ਥਾਣੇ ਅਤੇ ਚੌਕੀ ਦੇ ਵਿਹੜੇ ਅਤੇ ਛੱਤਾਂ ਉੱਪਰ ਪੁਲਿਸ ਵਜੋਂ ਫੜੇ ਗਏ ਵਾਹਨਾਂ ਨਾਲ ਭਰੇ ਪਏ ਹਨ। ਸਾਡੀ ਇਹ ਬਦਕਿਸਮਤੀ ਹੈ ਕਿ ਪੰਜਾਬ ਵਿਚ ਇਸ ਸਬੰਧੀ ਕੋਈ ਵੀ ਠੋਸ ਕਾਨੂੰਨ ਨਹੀਂ ਹੈ ਜਿਸ ਰਾਹੀਂ ਇਨ੍ਹਾਂ ਜ਼ਬਤ ਕੀਤੇ ਵਾਹਨਾਂ ਦਾ ਸਾਲ, ਦੋ ਸਾਲ ਜਾਂ ਤਿੰਨ ਸਾਲ ਬਾਅਦ ਨਿਪਟਾਰਾ ਹੋ ਸਕੇ। ਇਕ ਸਰਵੇਖਣ ਮੁਤਾਬਿਕ ਅੱਜ ਪੰਜਾਬ ਦੇ ਪੁਲਿਸ ਥਾਣਿਆਂ ਅਤੇ ਚੌਕੀਆਂ ਵਿਚ ਲਗਪਗ ਸਾਢੇ 34 ਹਜ਼ਾਰ ਛੋਟੇ ਤੋਂ ਲੈ ਕੇ ਵੱਡੇ ਵਾਹਨ ਗਲ ਸੜ ਰਹੇ ਹਨ। ਸੋ, ਪੰਜਾਬ ਸਰਕਾਰ ਨੂੰ ਕੋਈ ਇਸ ਸਬੰਧੀ ਨੀਤੀ ਬਣਾਉਣੀ ਚਾਹੀਦੀ ਹੈ।


-ਮਾਸਟਰ ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਤਰਨ ਤਾਰਨ ਸਾਹਿਬ।


ਹਰ ਮਨੁੱਖ ਲਾਵੇ ਕਈ ਰੁੱਖ
ਆਲਮੀ ਤਪਸ਼ ਦੇ ਵਧਣ ਨਾਲ ਸੰਸਾਰ ਭਰ ਵਿਚ ਮੌਸਮੀ ਤਬਦੀਲੀਆਂ ਹੋ ਰਹੀਆਂ ਹਨ। ਪਿਛਲੇ ਦਿਨੀਂ ਅਮਰੀਕਾ ਵਿਚ ਫਲੋਰੈਂਸ ਤੂਫ਼ਾਨ, ਹਾਂਗਕਾਂਗ, ਫਿਲਪਾਈਨ ਅਤੇ ਚੀਨ ਵਿਚ ਮੰਗਖੁਤ ਤੂਫ਼ਾਨ ਨਾਲ ਜਾਨ-ਮਾਲ ਦੀ ਵਿਆਪਕ ਤਬਾਹੀ ਇਸ ਦੇ ਸੱਜਰੇ ਸਬੂਤ ਹਨ, ਗਲੇਸ਼ੀਅਰ ਪਿਘਲ ਰਹੇ ਹਨ ਇਸ ਵਰਤਾਰੇ ਦਾ ਜ਼ਿੰਮੇਵਾਰ ਅੱਜ ਦਾ ਪਦਾਰਥਵਾਦੀ ਮਨੁੱਖ ਹੈ, ਜ਼ਰੂਰਤ ਤੋਂ ਜ਼ਿਆਦਾ ਪਾਉਣ ਲਈ ਕੁਦਰਤੀ ਸਰੋਤਾਂ ਦੀ ਰੱਜ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ। ਸਾਡੇ ਦੇਸ਼ ਵਿਚ ਇਸ ਸਮੇਂ 270 ਕਰੋੜ ਦਰੱਖਤਾਂ ਦੀ ਕਮੀ ਹੈ, ਇਸ ਕਮੀ ਨੂੰ ਪੂਰਾ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਆਪਣਾ ਬਣਦਾ ਯੋਗਦਾਨ ਪਾ ਰਹੀਆਂ ਹਨ। ਇਸ ਕਾਰਜ ਲਈ ਇਨ੍ਹਾਂ ਦੀ ਸਹਾਇਤਾ ਤੇ ਸਵਾਗਤ ਕਰਨਾ ਬਣਦਾ ਹੈ। ਪਿੰਡਾਂ ਦੀਆਂ ਫਿਰਨੀਆਂ 'ਤੇ ਉਤਸ਼ਾਹੀ ਨੌਜਵਾਨਾਂ ਵਲੋਂ ਲਾਏ ਬੂਟੇ ਆਉਣ ਵਾਲੇ ਭਵਿੱਖ ਲਈ ਸ਼ੁੱਭ ਸੰਕੇਤ ਹੈ। ਪਰ ਬੂਟਿਆਂ ਦੀ ਗਿਣਤੀ ਵਧਾਉਣ ਨਾਲੋਂ ਲਾਏ ਬੂਟਿਆਂ ਦੀ ਸੰਭਾਲ ਜ਼ਿਆਦਾ ਜ਼ਰੂਰੀ ਹੈ। ਇਨ੍ਹਾਂ ਸਾਰਥਿਕ ਯਤਨਾਂ ਨਾਲ ਮੁੜ ਹਰਿਆਲੀ ਪਰਤਣ ਦੀ ਆਸ ਬਣੀ ਹੈ।


-ਗੁਰਦੀਪ ਲੋਪੋਂ
ਪਿੰਡ ਤੇ ਡਾਕ: ਲੋਪੋਂ, ਜ਼ਿਲ੍ਹਾ ਮੋਗਾ।


ਤਰਕਹੀਣ ਅੰਨਾ ਜਨੂੰਨੀ ਵਰਤਾਰਾ
ਪਿਛਲੇ ਦਿਨੀਂ ਦੇ ਅੰਕ ਵਿਚ ਸਫ਼ਾ 5 'ਤੇ ਕਰਤਾਰਪੁਰ ਗੁਰਦੁਆਰੇ ਲਈ ਲਾਂਘੇ ਦੀ ਸਿੱਖ ਸ਼ਰਧਾ ਦੀ ਚਿਰੋਕਣੀ ਮੰਗ ਦੇ ਪੂਰੇ ਕੀਤੇ ਜਾਣ ਦਾ 'ਐਂਟੀ ਟੈਰਰਿਸਟ ਫਰੰਟ' ਵਲੋਂ ਤਰਕਹੀਣ ਵਿਰੋਧ ਕੀਤੇ ਜਾਣਾ ਛਪਿਆ ਹੈ। ਦੋਵਾਂ ਮਹਾਂਯੁੱਧਾਂ ਵਿਚ ਇੰਗਲੈਂਡ, ਫ਼ਰਾਂਸ, ਜਰਮਨ, ਇਟਲੀ ਨੇ ਇਕ-ਦੂਜੇ ਦੇ ਲੱਖਾਂ ਬੰਦੇ ਮਾਰੇ, ਬੇਓੜਕ ਪਿੰਡ ਸ਼ਹਿਰ ਬਰੂਦ ਨਾਲ ਝੁਲਸੇ। ਪਰ ਅੱਜ ਇਹ ਸਾਰੇ ਦੇਸ਼ ਜੰਗ ਨੂੰ ਸਿਆਸਤ ਦੀ ਮੂਰਖਤਾ ਕਹਿ ਕੇ ਆਪਸੀ ਮੇਲ ਜੋਲ ਕਰ ਚੁੱਕੇ ਹਨ। ਪਰ ਅਖੌਤੀ 'ਐਂਟੀ ਟੈਰਰਿਸਟ ਫਰੰਟ' ਦੇ ਬਿਬੇਕਹੀਣ ਜਨੂੰਨੀਆਂ ਦੀ ਛਾਤੀ 'ਤੇ ਰੱਬੀ ਨੂਰ ਦੀ ਏਕਤਾ ਦੇ ਰਹਿਨੁਮਾ, ਸਰਬਸਾਂਝੀਵਾਲਤਾ ਦੇ ਪੈਗੰਬਰ ਦੇ ਟਿਕਾਣੇ ਲਈ ਆਰਜ਼ੀ ਲਾਂਘਾ ਵੀ ਚੁੱਭਦਾ ਹੈ। ਜ਼ਹਿਰ ਦੇ ਕੰਡੇ ਖਿਲਾਰਨ ਵਾਲੇ, ਸ਼ਾਂਤੀ, ਭਰਾਤਰੀ ਭਾਵ, ਮਾਨਵਤਾ ਦੇ ਅਜਿਹੇ ਦੁਸ਼ਮਣਾਂ ਦੇ ਅੰਨ੍ਹੇ ਜਨੂੰਨੀ, ਮਾਰੂ ਵਰਤਾਰੇ ਬਾਰੇ ਸੋਚਣਾ ਵਿਚਾਰਨਾ ਜ਼ਰੂਰੀ ਹੈ।


-ਕਿਰਪਾਲ ਸਿੰਘ, ਦਤਾਰੀਏ ਵਾਲਾ, ਮੋਗਾ।


ਏ.ਟੀ.ਐਸ. ਦਾ ਪਸਾਰਾ
ਪਿਛਲੇ ਦਿਨੀਂ 'ਅਜੀਤ' ਅਖ਼ਬਾਰ 'ਚ ਪੜ੍ਹੀ ਕਿ ਚਿੱਟੇ ਤੋਂ ਬਾਅਦ ਹੁਣ ਏ.ਟੀ.ਐਸ. ਦਾ ਨਸ਼ਾ ਪੈਰ ਪਸਾਰਣ ਲੱਗਾ, ਪੜ੍ਹ ਕੇ ਬੜਾ ਦੁੱਖ ਹੋਇਆ ਕਿ ਹੁਣ ਆਹ ਨਵਾਂ ਨਸ਼ਾ ਕਿੱਧਰੋਂ ਆ ਗਿਆ। ਇਸ ਬਾਰੇ ਕਿਹਾ ਗਿਆ ਹੈ ਕਿ ਇਹ ਐਮਫੇਟਾਮਾਈਨ, ਟਾਈਮ, ਸਟਿਮੂਲੈਂਟਸ, ਦਵਾਈਆਂ ਦਾ ਮਿਸ਼ਰਣ ਹੈ ਜੋ ਬਹੁਤ ਹੀ ਘਾਤਕ ਹੈ। ਇਸ ਦੀ ਵਰਤੋਂ ਕਰਨ ਵਾਲਾ ਇਸ ਨੂੰ ਛੇਤੀ ਛੱਡ ਨਹੀਂ ਸਕਦਾ ਤੇ ਨਾ ਹੀ ਇਸ ਦਾ ਹਾਲੇ ਤੱਕ ਇਲਾਜ ਹੀ ਸੰਭਵ ਹੋਇਆ ਹੈ। ਦੂਜਾ ਜੇ ਇਹ ਨਾ ਮਿਲੇ ਤਾਂ ਇਸ ਦਾ ਆਦੀ ਆਤਮ ਹੱਤਿਆ ਕਰਨ ਲਈ ਤਿਆਰ ਹੋ ਜਾਂਦਾ ਹੈ। ਕਿਹਾ ਜਾਂਦਾ ਹੈ ਕਿ 30 ਸਾਲ ਪਹਿਲਾਂ ਹੈਰੋਇਨ ਵੀ ਇਸੇ ਤਰ੍ਹਾਂ ਪੰਜਾਬ ਵਿਚ ਦਾਖ਼ਲ ਹੋਈ ਸੀ। ਸੋ, ਇਸ ਨਸ਼ੇ ਦੇ ਪੰਜਾਬ ਵਿਚ ਵਧਣ ਦੇ ਬਹੁਤ ਜ਼ਿਆਦਾ ਮੌਕੇ ਹਨ। ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਇਸ ਪਾਸੇ ਵੱਲ ਧਿਆਨ ਦੇਵੇ ਤੇ ਲੋਕਾਂ ਨੂੰ ਇਸ ਪ੍ਰਤੀ ਸੁਚੇਤ ਕਰਨ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

19-09-2018

 ਨੌਜਵਾਨਾਂ ਨੂੰ ਅੱਗੇ ਆਉਣ ਦੀ ਲੋੜ
ਇਕ ਪਾਸੇ ਅਸੀਂ ਪੰਜਾਬ ਦੇ ਦਿਨੋ-ਦਿਨ ਡਿਗਦੇ ਮਿਆਰ ਲਈ ਚਿੰਤਤ ਹਾਂ, ਇਸ ਨੂੰ ਬਚਾ ਕੇ ਮੂਹਰਲੀਆਂ ਸਫ਼ਾਂ 'ਚ ਖਲੋਤਾ ਲੋਚਦੇ ਹਾਂ ਤੇ ਦੂਜੇ ਪਾਸੇ ਅਸੀਂ ਹਮੇਸ਼ਾ ਆਪਣੇ ਅਧਿਕਾਰ, ਆਪਣੇ ਸੁਪਨੇ ਤੇ ਆਪਣੇ ਪੰਜਾਬ ਨੂੰ ਸਹੀ ਅਰਥਾਂ 'ਚ ਤਰੱਕੀ ਦੇ ਰਾਹ 'ਤੇ ਤੁਰਦਿਆਂ ਵੇਖਣ ਦੀ ਲੋਚਾ ਨੂੰ ਅਜਿਹੇ ਵਿਅਕਤੀਆਂ ਦੇ ਹੱਥਾਂ ਵਿਚ ਸੌਂਪ ਦਿੰਦੇ ਹਾਂ, ਜਿਸ ਦਾ ਇਨਸਾਨੀਅਤ, ਦੇਸ਼ ਪ੍ਰੇਮ, ਭਾਈਚਾਰਾ ਆਦਿ ਨਾਲ ਦੂਰ ਨੇੜੇ ਦਾ ਵੀ ਕੋਈ ਰਿਸ਼ਤਾ ਨਹੀਂ ਹੁੰਦਾ। ਹਰ ਵਾਰ ਅਸੀਂ ਉਸ ਦੇ ਝੂਠੇ ਲਾਰੇ ਸੁਣਦੇ ਹਾਂ, ਉਸ ਦੀ ਪੰਜ ਸਾਲਾਂ ਦੀ ਕਾਰਗੁਜ਼ਾਰੀ 'ਤੇ ਪਿੱਟਦੇ ਹਾਂ। ਸ਼ਾਇਦ ਇਸ ਵਾਰ ਅਸੀਂ ਆਪਣੇ ਸੁਪਨਿਆਂ ਨੂੰ ਹਕੀਕਤ ਵਿਚ ਬਦਲਣ ਦੇ ਯੋਗ ਇਨਸਾਨਾਂ ਦੀ ਚੋਣ ਕਰਨ ਦੇ ਸਮਰੱਥ ਹੋ ਗਏ ਹੋਈਏ। ਪਰ 'ਜੇ' ਦੇ ਧੁੜਕੂ ਨੇ ਸਾਡੇ ਚੰਗੇਰੇ ਦੀ ਆਸ ਲਾਈ ਖੜ੍ਹੇ ਸਮੇਂ ਦੇ ਸਾਹ ਸੂਤ ਰੱਖੇ ਹਨ। ਇਹ ਸੋਚਦਿਆਂ ਹੀ ਸਮੇਂ ਦਾ ਤਰਾਹ ਨਿਕਲ ਜਾਂਦਾ ਹੈ ਕਿ ਜੇ ਇਹ ਲੋਕ ਅਜੇ ਵੀ ਨਾ ਜਾਗੇ, ਜੇ ਇਨ੍ਹਾਂ ਲੋਕਾਂ ਨੇ ਅਜੇ ਵੀ ਆਪਣੇ ਦਿਲ ਦੀ ਆਵਾਜ਼ ਨੂੰ ਨਸ਼ੇ ਜਾਂ ਪੈਸੇ ਦੇ ਲਾਲਚ ਵਿਚ ਅਣਸੁਣਿਆ ਕਰ ਦਿੱਤਾ, ਜੇ ਇਹ ਫਿਰ ਚਾਤਰ ਲੋਕਾਂ ਦੀਆਂ ਗੱਲਾਂ ਵਿਚ ਆ ਕੇ, ਉਨ੍ਹਾਂ ਦੇ ਦਿਖਾਏ ਸਬਜ਼ਬਾਗਾਂ ਨਾਲ ਪਰਚ ਗਏ ਤਦ ਕੀ ਹੋਵੇਗਾ। ਜੋ ਅੱਜ ਨਸ਼ੇ ਜਾਂ ਪੈਸੇ ਨਾਲ ਸਾਡੀ ਵੋਟ ਖਰੀਦ ਰਿਹਾ ਹੈ, ਉਹ ਕਾਤਲ ਹੀ ਹੋ ਸਕਦਾ ਹੈ ਸਾਡੇ ਚਾਵਾਂ ਦਾ ਰਾਖਾ ਨਹੀਂ ਹੋ ਸਕਦਾ। ਇਸ ਲਈ ਵੱਧ ਤੋਂ ਵੱਧ ਸੁਲਝੇ ਹੋਏ ਨੌਜਵਾਨਾਂ ਨੂੰ ਰਾਜਨੀਤੀ ਵਿਚ ਲਿਆਉਣ ਦੀ ਕੋਸ਼ਿਸ਼ ਕਰੋ।


-ਅਨੰਤ ਗਿੱਲ
ਪਿੰਡ ਤੇ ਡਾਕ: ਭਲੂਰ, ਜ਼ਿਲ੍ਹਾ ਮੋਗਾ।


ਚਿੰਤਾ ਦਾ ਵਿਸ਼ਾ
ਦੇਸ਼-ਵਿਦੇਸ਼ ਵਿਚ ਵਸਦੇ ਸਿੱਖਾਂ ਉੱਪਰ ਪਿਛਲੇ ਲੰਮੇ ਸਮੇਂ ਤੋਂ ਹੋ ਰਹੇ ਹਮਲੇ ਦਸਤਾਰ ਅਤੇ ਕੇਸਾਂ ਦੀ ਹੁੰਦੀ ਬੇਅਦਬੀ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਸ਼ਿਲਾਂਗ 'ਚ ਅਤੇ ਹੁਣ ਇਕ ਮਹੀਨੇ ਦੇ ਅੰਦਰ ਅਮਰੀਕਾ 'ਚ ਸਿੱਖਾਂ ਉੱਪਰ ਤਿੰਨ ਹਮਲੇ ਕੀਤੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਕ ਹੋਰ ਘਟਨਾ ਵਿਚ ਹਰਿਆਣਾ ਦੇ ਹਿਸਾਰ 'ਚ ਸਿੱਖ ਪਰਿਵਾਰ ਨਾਲ ਵਾਪਰੀ ਘਟਨਾ ਬੇਹੱਦ ਦੁਖਦਾਈ ਘਟਨਾ ਹੈ। ਕੁਝ ਨਸ਼ੇੜੀ ਨੌਜਵਾਨਾਂ ਵਲੋਂ ਹਮਲਾ ਕਰਕੇ ਸਿੱਖ ਮਰਦਾਂ ਨਾਲ ਕੁੱਟਮਾਰ ਤਾਂ ਕੀਤੀ ਹੀ ਨਾਲ ਹੀ ਨਾਲ ਗਰਭਵਤੀ ਔਰਤ 'ਤੇ ਹੱਥ ਵੀ ਚੁੱਕਿਆ, ਜਿਹੜੀ ਕਿ ਇਕ ਅਤਿ ਨਿੰਦਣਯੋਗ ਘਟਨਾ ਹੈ। ਇਸ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਨੂੰ ਸਿੱਖਾਂ ਨਾਲ ਹੋ ਰਹੇ ਵਿਤਕਰੇ ਲਈ ਸਿੱਧਾ ਦਖ਼ਲ ਦੇਣਾ ਚਾਹੀਦਾ ਹੈ। ਸਬੰਧਿਤ ਦੇਸ਼ਾਂ ਦੀਆਂ ਸਰਕਾਰਾਂ ਵੀ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤਾਂ ਜੋ ਦੇਸ਼ਾਂ ਦੀ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਬਣੀ ਰਹੇ।


-ਬਲਤੇਜ ਸੰਧੂ
ਬੁਰਜ ਲੱਧਾ (ਬਠਿੰਡਾ)।


ਨਮੀ 'ਚ ਛੂਟ
ਅਕਤੂਬਰ 'ਚ ਸੂਰਜ ਦੀ ਤਪਸ਼ ਕੁਝ ਮੱਠੀ ਪੈ ਜਾਂਦੀ ਹੈ ਤੇ ਫਿਰ ਝੋਨੇ 'ਚ ਨਮੀ ਦੀ ਮਾਤਰਾ ਫਿਰ ਛੇਤੀ ਘਟਦੀ ਨਹੀਂ ਜਦ ਕਿ ਸਰਕਾਰ ਸਿਰਫ 16-17 ਨਮੀ ਵਾਲੇ ਝੋਨੇ ਨੂੰ ਸਹੀ ਮੰਨਦੀ ਹੈ। ਝੋਨੇ ਦੀ ਨਮੀ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ, ਸ਼ੈਲਰ ਮਾਲਕਾਂ ਲਈ ਸਿਰਦਰਦੀ ਬਣਦੀ ਹੈ। ਝੋਨੇ ਦੀ ਬਿਜਾਈ ਨੂੰ ਲੇਟ ਦੇਖਦੇ ਹੋਏ ਇਸ ਵਾਰ ਝੋਨੇ ਦੀ ਨਮੀ 'ਚ ਛੂਟ ਸਰਾਕਰ ਨੂੰ ਦੇਣੀ ਹੋਵੇਗੀ ਤਾਂ ਕਿ ਅਗਲੀ ਫ਼ਸਲ 'ਚ ਦੇਰੀ ਅਤੇ ਝੋਨੇ ਦਾ ਸੀਜ਼ਨ ਲੰਮਾ ਨਾ ਜਾਏ। ਜੇਕਰ ਸਰਕਾਰ ਇਸ ਵਾਰ ਝੋਨੇ ਦੀ ਫ਼ਸਲ 'ਚ ਨਮੀ ਨਾਲ ਨਜਿੱਠਣ ਲਈ ਕੋਈ ਪੁਖਤਾ ਇੰਤਜ਼ਾਮ ਨਹੀਂ ਕਰਦੀ ਤਾਂ 'ਕਿਸਾਨ ਰੋਸ' ਦਾ ਵੱਡਾ ਸ਼ਿਕਾਰ ਹੋਣਾ ਪੈ ਸਕਦਾ ਹੈ। ਪਰ ਸਰਕਾਰ ਦਾ ਪਾਣੀ ਪ੍ਰਤੀ ਗੰਭੀਰ ਹੋਣਾ ਵੀ ਇਕ ਸ਼ੁੱਭ ਸੰਕੇਤ ਹੈ, ਜਿਸ ਦੀ ਸਾਡੇ ਕਿਸਾਨਾਂ ਨੇ ਪਾਲਣਾ ਵੀ ਕੀਤੀ। ਪਰ ਹੁਣ ਝੋਨੇ ਦੀ ਫ਼ਸਲ ਨੂੰ ਕਿਉਂਟਣ ਦੀ ਜ਼ਿੰਮੇਵਾਰੀ ਸਰਕਾਰ ਅਤੇ ਸ਼ੈਲਰ ਮਾਲਕਾਂ 'ਤੇ ਹੈ ਕਿਉਂਕਿ ਮੌਸਮ ਦੀ ਤਬਦੀਲੀ ਕੁਦਰਤ ਦੇ ਵੱਸ ਹੈ ਜੋ ਆਪਣੇ ਨਿਯਮ 'ਚ ਕੁਤਾਹੀ ਨਹੀਂ ਵਰਤਦੀ। ਆਓ, ਫਿਰ ਦੇਖਦੇ ਹਾਂ ਝੋਨੇ ਨਾਲ ਸਰਕਾਰ ਕਿਸ ਤਰ੍ਹਾਂ ਨਜਿੱਠਦੀ ਹੈ। ਯਾਦ ਰਹੇ 2019 'ਚ ਇਕ ਵੱਡਾ ਚੋਣ ਦੰਗਲ ਵੀ ਹੋਣ ਜਾ ਰਿਹਾ ਹੈ। ਉਮੀਦ ਹੈ ਸਰਕਾਰ ਕਿਸਾਨਾਂ ਦੀਆਂ ਮੰਗਾਂ 'ਤੇ ਪੂਰਾ ਉਤਰ 'ਕਿਸਾਨ ਹਿਤੈਸ਼ੀ' ਹੋਣ ਦਾ ਪੂਰਾ ਸਬੂਤ ਦੇਵੇਗੀ।


-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।


ਜ਼ਹਿਰੀਲੇ ਦੁੱਧ ਦਾ ਖ਼ਾਤਮਾ ਜ਼ਰੂਰੀ

ਮੁਹੰਮਦ ਜਮੀਲ ਜੌੜਾ ਦੇ 'ਨਕਲੀ ਦੁੱਧ ਦੇ ਗੋਰਖ ਧੰਦੇ ਦਾ ਖ਼ਾਤਮਾ ਜ਼ਰੂਰੀ' ਵਿਚਾਰ ਪੜ੍ਹੇ। ਉਨ੍ਹਾਂ ਦੀ ਕਹੀ ਗੱਲ ਬਿਲਕੁਲ ਠੀਕ ਹੈ, ਦੁੱਧ ਦਾ ਉਤਪਾਦਨ ਕਰਨ ਵਾਲੇ ਲੋਕਾਂ ਨੂੰ ਦੁੱਧ ਨਹੀਂ ਸਗੋਂ ਜ਼ਹਿਰ ਪਿਲਾ ਰਹੇ ਹਨ। ਦੁੱਧ ਵਿਚ ਪਾਣੀ ਤਾਂ ਪਾਉਂਦੇ ਹੀ ਹਨ ਤੇ ਨਾਲ ਇਕ ਖ਼ਾਸ ਕਿਸਮ ਦਾ ਪਾਊਡਰ ਵੀ ਮਿਲਾ ਦਿੰਦੇ ਹਨ। ਹੋਰ ਤਾਂ ਹੋਰ ਉਹ ਆਪਣੇ ਪਸ਼ੂਆਂ ਨੂੰ ਭੁੱਕ ਨਾਂਅ ਦਾ ਪਦਾਰਥ ਪਾਉਂਦੇ ਹਨ ਜੋ ਸ਼ਰਾਬ ਬਣਾਉਣ ਤੋਂ ਬਾਅਦ ਉਸ ਦੀ ਰਹਿੰਦ-ਖੂੰਹਦ ਹੁੰਦੀ ਹੈ। ਅਜਿਹੇ ਪਦਾਰਥ ਖਲਾਉਣ ਨਾਲ ਦੁੱਧ ਵਿਚੋਂ ਬਹੁਤ ਗੰਦੀ ਬਦਬੂ ਆਉਂਦੀ ਹੈ। ਪਰ ਇਹ ਲੋਕ ਬੇਫ਼ਿਕਰ ਹੋ ਕੇ ਅਜਿਹਾ ਦੁੱਧ ਪਿੰਡਾਂ ਵਿਚ ਅਤੇ ਸ਼ਹਿਰਾਂ ਵਿਚ ਲੋਕਾਂ ਨੂੰ ਵੇਚ ਰਹੇ ਹਨ, ਜੋ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ। ਸੋ, ਮੇਰਾ ਵੀ ਇਹੀ ਕਹਿਣਾ ਹੈ ਕਿ ਜ਼ਹਿਰੀਲਾ ਦੁੱਧ ਵੇਚਣ ਵਾਲਿਆਂ ਨੂੰ ਬੰਦ ਕਰਨ ਲਈ ਇਕ ਮੁਹਿੰਮ ਚਲਾਈ ਜਾਵੇ। ਪਿੰਡਾਂ ਵਿਚ ਦੁੱਧ ਦੀ ਜਾਂਚ-ਪੜਤਾਲ ਪਿੰਡ ਦੇ ਸਰਪੰਚ ਨੂੰ ਕਰਨੀ ਚਾਹੀਦੀ ਹੈ। ਉਸ ਨੂੰ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰਨਾ ਚਾਹੀਦਾ ਹੈ ਤੇ ਮਿਲਾਵਟ ਕਰਨ ਵਾਲਿਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।


-ਕਮਲਜੀਤ ਕੌਰ।


ਸਵੱਛ ਭਾਰਤ

ਸਵੱਛ ਭਾਰਤ ਅਭਿਆਨ 2 ਅਕਤੂਬਰ, 2014 ਨੂੰ ਭਾਰਤ ਸਰਕਾਰ ਦੁਆਰਾ ਪੂਰੇ ਦੇਸ਼ ਵਿਚ ਸ਼ੁਰੂ ਕੀਤਾ ਗਿਆ ਸੀ। ਅਸੀਂ ਕਿੰਨੇ ਜਾਗਰੂਕ ਹੋਏ ਤੇ ਇਹ ਅਭਿਆਨ ਕਿੰਨਾ ਸਫਲ ਹੋ ਸਕਿਆ। ਸਭ ਤੋਂ ਪਹਿਲਾਂ ਇਹ ਦੇਖਿਆ ਜਾਵੇ ਕਿੰਨਾ ਅਸੀਂ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ 'ਚ ਕਾਮਯਾਬ ਹੋਏ ਹਾਂ। ਆਪਣੇ ਘਰਾਂ ਦੀ ਸਫ਼ਾਈ ਤਾਂ ਕਰਦੇ ਹਾਂ ਪਰ ਉਹੀ ਕੂੜਾ ਗਲੀਆਂ, ਸੜਕਾਂ 'ਤੇ ਖਿਲਰਿਆ ਨਜ਼ਰ ਆਉਣ ਲਗਦਾ। ਕੀ ਇਹੀ ਪਹਿਲ ਸੀ ਇਸ ਅਭਿਆਨ ਦੀ। ਜੇ ਇਸ ਅਭਿਆਨ ਨੂੰ ਪੂਰਨ ਸਫਲ ਬਣਾਉਣਾ ਹੈ ਤਾਂ ਖ਼ੁਦ ਆਪਣੇ-ਆਪ ਨੂੰ ਬਦਲਣਾ ਪਏਗਾ। ਕੋਈ ਇਕ ਦਿਨ ਮਨਾਉਣ ਨਾਲ ਕੁਝ ਨਹੀਂ ਹੋ ਸਕਦਾ। ਬਹੁਤ ਵਾਰ ਕਹਿੰਦੇ ਸੁਣਿਆ ਹੋਵੇਗਾ ਕਿਤੇ ਉਹ ਮੁਲਕ ਬਹੁਤ ਸੋਹਣਾ ਹੈ। ਕਿਤੇ ਜ਼ਰਾ ਵੀ ਮਿੱਟੀ ਨਹੀਂ ਦਿਸਦੀ ਪਰ ਆਪ ਕੀ ਕਰ ਰਹੇ ਹਾਂ ਰਾਹ ਜਾਂਦੇ ਕਾਰਾਂ ਬੱਸਾਂ ਦੀ ਬਾਰੀ ਵਿਚੋਂ ਵਿਅਰਥ ਬੋਤਲਾਂ, ਲਿਫ਼ਾਫ਼ੇ ਆਦਿ ਬਾਹਰ ਸੁੱਟ ਦਿੰਦੇ ਹਾਂ। ਕੀ ਕੋਈ ਖ਼ੁਦ ਦੀ ਜ਼ਿੰਮੇਵਾਰੀ ਨਹੀਂ ਬਣਦੀ? ਆਉ ਇਕ ਪ੍ਰਣ ਕਰੀਏ ਆਪਣੇ ਘਰ ਦੀ ਤਰ੍ਹਾਂ ਆਪਣੇ ਆਲੇ-ਦੁਆਲੇ ਵੀ ਸਾਫ਼ ਵਾਤਾਵਰਨ ਰੱਖੀਏ।


-ਪ੍ਰੀਤ ਰਾਮਗੜ੍ਹੀਆ।

18-09-2018

 ਨੀਤੀ ਬਦਲੇ ਸਰਕਾਰ
ਸ: ਗੁਰਬਾਜ ਸਿੰਘ ਦਾ ਸੰਪਾਦਕੀ ਸਫ਼ੇ 'ਤੇ ਲੇਖ ਪੜ੍ਹਿਆ, ਬਹੁਤ ਵਧੀਆ ਗੱਲਾਂ ਕੀਤੀਆਂ। ਉਨ੍ਹਾਂ ਮੁਲਾਜ਼ਮਾਂ ਦੇ ਭਵਿੱਖ ਨੂੰ ਲੈ ਕੇ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਦੇ ਬੋਲੇ ਕੰਨਾਂ ਤੱਕ ਗੱਲ ਪੁੱਜਦੀ ਕਰਨ ਦਾ ਵਧੀਆ ਉਪਰਾਲਾ ਕੀਤਾ ਹੈ। ਸਰਕਾਰ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਵਰਤਾਓ ਕਰ ਰਹੀ ਹੈ। ਉਦਾਹਰਨ ਸਾਰਿਆਂ ਦੇ ਸਾਹਮਣੇ ਹੈ। ਮੁਲਾਜ਼ਮ ਨੂੰ ਨੌਕਰੀ 'ਤੇ ਤਿੰਨ ਸਾਲ ਲਈ ਕੇਵਲ ਮੁਢਲੀ ਤਨਖਾਹ 'ਤੇ ਰੱਖਿਆ ਜਾਂਦਾ ਹੈ। ਤਿੰਨ ਸਾਲ 10500 ਰੁਪਏ ਪ੍ਰਤੀ ਮਹੀਨਾ ਤਨਖਾਹ ਨਾਲ ਘਰ ਦਾ ਗੁਜ਼ਾਰਾ ਕਰਦਾ ਹੈ, ਜੋ ਮਹਿੰਗਾਈ ਦੇ ਦੌਰ ਵਿਚ ਬੇਹੱਦ ਮੁਸ਼ਕਿਲ ਹੈ ਪਰ ਦੂਜੇ ਪਾਸੇ ਰਾਜਨੇਤਾਵਾਂ ਨੂੰ ਵਿਧਾਇਕ ਬਣਨ ਉਪਰੰਤ ਮੋਟੀਆਂ ਤਨਖਾਹਾਂ, ਮੁਫ਼ਤ ਫੋਨ ਸਹੂਲਤਾਂ, ਸੈਂਕੜੇ ਲੀਟਰ ਮੁਫ਼ਤ ਪੈਟਰੋਲ, ਹੋਰ ਅਨੇਕਾਂ ਪ੍ਰਕਾਰ ਦੀਆਂ ਸਹੂਲਤਾਂ ਮੁਹੱਈਆ ਸਰਕਾਰ ਕਰਦੀ ਹੈ, ਸਾਰੀ ਉਮਰ ਦੀ ਪੈਨਸ਼ਨ। ਚਿੱਟੇ ਦਿਨ ਸਰਕਾਰ ਮੁਲਾਜ਼ਮਾਂ ਨਾਲ ਧੋਖਾ ਕਰ ਰਹੀ ਹੈ। 25-30 ਸਾਲ ਨੌਕਰੀ ਪਿੱਛੋਂ ਕੋਈ ਪੈਨਸ਼ਨ ਨਹੀਂ, ਮੁਲਾਜ਼ਮ ਦੇ ਬੁਢਾਪੇ ਦਾ ਕੋਈ ਪ੍ਰਬੰਧ ਨਹੀਂ। ਸਰਕਾਰ ਆਪਣੇ ਮੁਲਾਜ਼ਮਾਂ ਪ੍ਰਤੀ ਬਿਲਕੁਲ ਸੁਹਿਰਦ ਨਹੀਂ ਜਾਪਦੀ। ਸਰਕਾਰ ਨੂੰ ਮੁਲਾਜ਼ਮਾਂ ਪ੍ਰਤੀ ਹਮਦਰਦੀ ਭਰਿਆ ਵਤੀਰਾ ਅਪਣਾਉਣਾ ਚਾਹੀਦਾ ਹੈ। ਮੁਲਾਜ਼ਮਾਂ ਦੇ ਭਵਿੱਖ ਲਈ ਸਰਕਾਰ ਨੂੰ ਕੁਝ ਚਿੰਤਾ ਕਰਨੀ ਬਣਦੀ ਹੈ, ਹਾਂ-ਪੱਖੀ ਨੀਤੀ ਅਪਣਾਉਣ ਦੀ ਲੋੜ ਹੈ।

-ਮਾਸਟਰ ਦੇਵਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

ਵੱਡੇ ਯਤਨ ਜ਼ਰੂਰੀ
ਪੰਜਾਬ ਵਿਚ ਹੋ ਰਹੀ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਵਾਤਾਵਰਨ ਲਈ ਵੱਡੀ ਚੁਣੌਤੀ ਹੈ। ਅੱਜ ਮਨੁੱਖ ਪੁਰਾਣੇ ਲੱਗੇ ਰੁੱਖਾਂ ਨੂੰ ਕੱਟ ਕੇ ਉੱਚੀਆਂ-ਉੱਚੀਆਂ ਇਮਾਰਤਾਂ ਅਤੇ ਕਾਲੋਨੀਆਂ ਆਦਿ ਬਣਾ ਰਿਹਾ ਹੈ। ਮਨੁੱਖ ਅਤੇ ਰੁੱਖ ਦਾ ਰਿਸ਼ਤਾ ਬਹੁਤ ਪੁਰਾਣਾ ਹੈ। ਕੇਵਲ ਮਨੁੱਖ ਹੀ ਨਹੀਂ, ਪਸ਼ੂ ਅਤੇ ਪੰਛੀ ਰੁੱਖਾਂ ਉੱਤੇ ਨਿਰਭਰ ਹਨ। ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਨੂੰ ਰੋਕਣ ਲਈ ਕਾਨੂੰਨੀ ਅਤੇ ਸਮਾਜਿਕ ਉੱਦਮਾਂ ਦੀ ਲੋੜ ਹੈ। ਪੰਜਾਬ ਸਰਕਾਰ, ਬੁੱਧੀਜੀਵੀ, ਨੌਜਵਾਨਾਂ ਆਦਿ ਨੂੰ ਇਸ ਪ੍ਰਤੀ ਚਿੰਤਤ ਹੀ ਨਹੀਂ ਹੋਣਾ ਪਵੇਗਾ ਸਗੋਂ ਨਵੇਂ ਦਰੱਖਤਾਂ ਨੂੰ ਲਗਾਉਣ ਲਈ ਵੱਡੇ ਯਤਨ ਬਹੁਤ ਜ਼ਰੂਰੀ ਹਨ। ਸਾਨੂੰ ਸਭ ਨੂੰ ਰੁੱਖ ਵਧੇਰੇ ਲਗਾਉਣੇ ਚਾਹੀਦੇ ਹਨ, ਜਿਸ ਨਾਲ ਸਾਡਾ ਵਾਤਾਵਰਨ ਸਾਫ਼-ਸੁਥਰਾ ਰਹਿ ਸਕੇ। ਇਸ ਕੰਮ ਲਈ ਜਾਗ੍ਰਿਤੀ ਮੁਹਿੰਮ ਆਮ ਲੋਕਾਂ ਵਿਚ ਫੈਲਾਉਣ ਦੀ ਲੋੜ ਹੈ।

-ਬਲਰਾਮ ਜੀਤ ਸਿੰਘ ਵੜੈਚ
ਮ: ਨੰ: 738, ਮੁਹੱਲਾ ਧਰਮਪੁਰਾ, ਡਾਕ: ਕਾਦੀਆਂ, ਜ਼ਿਲ੍ਹਾ ਗੁਰਦਾਸਪੁਰ।

ਸੇਵਾ ਬਨਾਮ ਸਜ਼ਾ
ਸੰਸਦ ਮੈਂਬਰ ਅਤੇ ਸੀਨੀਅਰ ਅਕਾਲੀ ਨੇਤਾ ਬਲਵਿੰਦਰ ਸਿੰਘ ਭੂੰਦੜ ਦੁਆਰਾ ਅਬੋਹਰ ਰੈਲੀ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 'ਬਾਦਸ਼ਾਹ ਦਰਵੇਸ਼' ਆਖਣ 'ਤੇ ਤਖ਼ਤ ਦਮਦਮਾ ਸਾਹਿਬ ਨੇ ਧਾਰਮਿਕ ਸਜ਼ਾ ਸੁਣਾ ਦਿੱਤੀ ਜਿਸ ਵਿਚ ਉਹ ਤਿੰਨ ਦਿਨ ਇਕ ਘੰਟਾ ਕੀਰਤਨ ਸੁਣਨਾ, ਜੋੜੇ ਘਰ ਦੀ ਸੇਵਾ ਅਤੇ ਲੰਗਰ ਵਿਚ ਬਰਤਨ ਸਾਫ਼ ਕਰਨ ਦੀ ਸੇਵਾ ਕਰਨਗੇ। ਸਜ਼ਾ ਸੁਣਨ ਪਿੱਛੋਂ ਭੂੰਦੜ ਨੇ ਆਪਣਾ ਫ਼ੈਸਲਾ ਦੱਸਦੇ ਹੋਏ ਕਿਹਾ ਕਿ ਉਹ ਜ਼ਿਲ੍ਹਾ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਪਣੀ ਸਜ਼ਾ 20 ਸਤੰਬਰ ਤੋਂ ਬਾਅਦ ਹੀ ਕਰਨਗੇ। ਸਜ਼ਾ ਤਾਂ ਆਮ ਲੋਕਾਂ ਨੂੰ ਦਿਖਾਉਣ ਲਈ ਇਕ ਛਲਾਵਾ ਹੈ। ਦੂਸਰਾ ਇਨ੍ਹਾਂ ਰਾਜਸੀ ਨੇਤਾਵਾਂ ਲਈ ਤਾਂ ਇਹ ਧਾਰਮਿਕ ਸਜ਼ਾ ਸਿਰਫ ਤੇ ਸਿਰਫ ਖੇਡ ਬਣੀ ਹੋਈ ਹੈ ਜਾਂ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਆਉਣ ਲਈ ਇਹ ਸਾਰਾ ਕੁਝ ਜਾਣਬੁੱਝ ਕੇ ਕੀਤਾ ਜਾਂਦਾ ਹੈ। ਅਜਿਹੀਆਂ ਭੁੱਲਾਂ ਰਾਜਸੀ ਨੇਤਾਵਾਂ ਕੋਲੋਂ ਹੀ ਕਿਉਂ ਹੁੰਦੀਆਂ ਹਨ? ਇਨ੍ਹਾਂ ਨੇਤਾਵਾਂ ਜਾਂ ਡੇਰੇਦਾਰਾਂ ਦੁਆਰਾ ਕੀਤੀਆਂ ਭੁੱਲਾਂ ਦੀਆਂ ਗ਼ਲਤੀਆਂ ਨੂੰ ਬਖ਼ਸ਼ਾਉਣ ਦੀ ਕਾਹਲੀ ਜਥੇਦਾਰਾਂ ਨੂੰ ਜ਼ਿਆਦਾ ਹੁੰਦੀ ਹੈ। ਜੇਕਰ ਇਨ੍ਹਾਂ ਨੇਤਾਵਾਂ ਲਈ ਕੀਤਰਨ ਸੁਣਨਾ, ਭਾਂਡੇ ਸਾਫ਼ ਕਰਨਾ ਜਾਂ ਜੁੱਤੀਆਂ ਸਾਫ਼ ਕਰਨਾ ਸਜ਼ਾ ਹੈ ਤਾਂ ਲੱਖਾਂ ਸ਼ਰਧਾਲੂ ਰੋਜ਼ਾਨਾ ਧਾਰਮਿਕ ਸਥਾਨਾਂ 'ਤੇ ਕੀ ਸਜ਼ਾ ਭੁਗਤਦੇ ਹਨ। ਰੱਬ ਅਜੇ ਵੀ ਸੁਮੱਤ ਬਖਸ਼ੇ।

-ਇੰਦਰਜੀਤ ਸਿੰਘ ਕੰਗ
ਕੋਟਲਾ ਸਮਸ਼ਪੁਰ (ਸਮਰਾਲਾ), ਜ਼ਿਲ੍ਹਾ ਲੁਧਿਆਣਾ।

ਸ਼ਲਾਘਾਯੋਗ ਉਪਰਾਲਾ
ਸਿੱਖ ਕੌਮ ਅੱਜ ਵੀ ਆਪਣੇ ਗੁਰੂ ਸਾਹਿਬਾਨਾਂ ਦੀ ਵਿਚਾਰਧਾਰਾ ਮਾਨਵਤਾ ਦੀ ਸੇਵਾ 'ਤੇ ਅਮਲ ਕਰ ਰਹੀ ਹੈ ਤੇ ਇਸ ਦੀ ਉਦਾਹਰਨ ਖ਼ਾਲਸਾ ਏਡ ਨਾਂਅ ਦੀ ਅੰਤਰਰਾਸ਼ਟਰੀ ਪੱਧਰ ਦੀ ਸਮਾਜਿਕ ਸੰਸਥਾ ਖ਼ਾਲਸਾ ਏਡ ਹੈ ਜੋ ਵੱਖ-ਵੱਖ ਸਮਿਆਂ 'ਤੇ ਲੋਕਾਂ ਦੀਆਂ ਮੁਸੀਬਤਾਂ ਸਮੇਂ ਉਨ੍ਹਾਂ ਦੇ ਦੁੱਖ ਦਰਦ ਵਿਚ ਹਮੇਸ਼ਾ ਨਾਲ ਖੜ੍ਹਦੀ ਰਹੀ। ਮਹਾਂਮਾਰੀ ਦੀ ਮਾਰ ਝੱਲ ਚੁੱਕਾ ਮਹਾਰਾਸ਼ਟਰ ਦਾ ਲਾਤੂਰ ਸ਼ਹਿਰ ਜੋ ਕਿ 1993 ਵਿਚ ਭੁਚਾਲ ਦੀ ਮਾਰ ਹੇਠ ਆਉਣ ਨਾਲ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਸੀ ਅਤੇ ਹੁਣ ਫਿਰ ਇਹ ਸ਼ਹਿਰ ਪਾਣੀ ਦੀ ਘਾਟ ਹੋਣ ਕਾਰਨ ਸੋਕੇ ਦੀ ਮਹਾਂਮਾਰੀ ਦਾ ਸ਼ਿਕਾਰ ਹੋ ਗਿਆ ਹੈ। ਰੋਜ਼ਾਨਾ ਹੀ ਪਤਾ ਨਹੀਂ ਕਿੰਨੇ ਕੁ ਪਸ਼ੂ, ਪੰਛੀ ਅਤੇ ਮਨੁੱਖੀ ਜਾਨਾਂ ਪਾਣੀ ਨਾ ਮਿਲਣ ਕਾਰਨ ਅਜਾਈਂ ਜਾ ਰਹੀਆਂ ਹਨ। ਪਿਛਲੇ ਤਿੰਨ ਸਾਲਾਂ ਤੋਂ ਬਾਰਿਸ਼ ਨਹੀਂ ਹੋਈ। ਪਾਣੀ ਦਾ ਪੱਧਰ ਧਰਤੀ ਹੇਠਾਂ 700 ਫੁੱਟ 'ਤੇ ਜਾ ਚੁੱਕਾ ਹੈ। ਸਾਰੇ ਟਿਊਬਵੈੱਲ ਅਤੇ ਖੂਹ ਸੁੱਕ ਚੁੱਕੇ ਹਨ। ਇਥੇ ਪਾਣੀ ਦਾ ਮੁੱਖ ਸੋਮਾ ਧਨੇਗਾਂਓ ਡੈਮ ਹੀ ਹੈ। ਇਹ ਵੀ ਸੋਕੇ ਦੀ ਮਾਰ ਕਾਰਨ ਸੁੱਕ ਚੁੱਕਾ ਹੈ। ਖ਼ਾਲਸਾ ਏਡ ਇੰਡੀਆ ਦੇ ਨੌਜਵਾਨ ਰੋਜ਼ਾਨਾ ਇਕ ਲੱਖ ਲੀਟਰ ਪਾਣੀ ਮੁੱਲ ਖਰੀਦ ਕੇ ਲਾਤੂਰ ਵਾਸੀਆਂ ਨੂੰ ਮੁਫ਼ਤ ਵਿਚ ਦੇ ਰਹੇ। ਕੇਰਲ ਵਿਚ ਵੀ ਕੁਦਰਤ ਨੇ ਕਹਿਰ ਢਾਇਆ ਤੇ ਕਈ ਲੋਕ ਘਰੋਂ ਬੇਘਰ ਹੋ ਗਏ। ਇਥੇ ਵੀ ਖ਼ਾਲਸਾ ਏਡ ਨੇ ਖਾਣ ਪੀਣ ਦੀ ਰਸਦ ਤੋਂ ਇਲਾਵਾ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਣ ਵਿਚ ਵੀ ਮਦਦ ਕੀਤੀ। ਭਾਰਤ ਵਿਚ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਲੋਕ ਪ੍ਰਸੰਸਾ ਕਰ ਰਹੇ ਹਨ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ।

17-09-2018

 ਵਧੀਆਂ ਤੇਲ ਕੀਮਤਾਂ
ਤੇਲ ਕੀਮਤਾਂ ਦੇ ਵਾਧੇ ਨੇ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ। ਲਾਇਲਾਜ ਬਿਮਾਰੀ ਵਾਂਗ ਕੀਮਤਾਂ 'ਚ ਨਿੱਤ ਦਿਨ ਵਾਧਾ ਚਿੰਤਾ ਦਾ ਵਿਸ਼ਾ ਹੈ। ਤਕਰੀਬਨ ਪਿਛਲੇ ਦੋ ਸਾਲਾਂ ਵਿਚ ਹੋਇਆ ਡੇਢ ਗੁਣਾ ਵਾਧਾ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ 'ਤੇ ਬਹੁਤ ਵੱਡਾ ਆਰਥਿਕ ਬੋਝ ਹੈ। ਸਰਕਾਰ ਵਲੋਂ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਕਹਿ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਿਆ ਜਾ ਰਿਹਾ ਹੈ, ਲੋਕਾਂ ਦੀਆਂ ਜੇਬਾਂ 'ਚੋਂ ਟੈਕਸ ਰੂਪੀ ਡਾਕੇ ਨੂੰ ਘਟਾ ਕੇ ਰਾਹਤ ਦਿੱਤੀ ਜਾ ਸਕਦੀ ਹੈ, ਸਭ ਕੁਝ ਹੋ ਸਕਦਾ ਹੈ ਪਰ ਲੋੜ ਹੈ ਦਿਆਨਤਦਾਰੀ ਦੀ।


-ਗੁਰਦੀਪ ਲੋਪੋਂ
ਪਿੰਡ ਤੇ ਡਾਕ: ਲੋਪੋਂ, ਜ਼ਿਲ੍ਹਾ ਮੋਗਾ।


ਆਈ ਹਰਿਆਲੀ
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਸਰਕਾਰ ਨੇ ਘਰ-ਘਰ ਹਰਿਆਲੀ ਯੋਜਨਾ ਰਾਹੀਂ ਸੂਬੇ ਦੇ ਵਾਤਾਵਰਨ ਨੂੰ ਸਾਫ਼-ਸੁਥਰਾ ਤੇ ਪ੍ਰਦੂਸ਼ਤ ਰਹਿਤ ਬਣਾਉਣ ਦੇ ਮਕਸਦ ਨਾਲ 'ਆਈ ਹਰਿਆਲੀ' ਮੋਬਾਈਲ ਐਪ ਜਾਰੀ ਕੀਤੀ ਹੈ, ਜਿਸ ਨਾਲ ਐਪਲ ਕੰਪਨੀ ਦਾ ਮੋਬਾਈਲ ਵਰਤਣ ਵਾਲੇ ਆਪਣੀ ਨੇੜਲੀ ਸਰਕਾਰੀ ਨਰਸਰੀ ਤੋਂ ਆਪਣੀ ਚੋਣ ਮੁਤਾਬਿਕ ਬਿਲਕੁਲ ਮੁਫ਼ਤ ਬੂਟੇ ਪ੍ਰਾਪਤ ਕਰ ਸਕਦੇ ਹਨ। ਪ੍ਰੰਤੂ ਜੋ ਲੋਕ ਹੋਰ ਕੰਪਨੀਆਂ ਮੋਬਾਈਲ ਵਰਤਦੇ ਹਨ, ਉਨ੍ਹਾਂ ਨੂੰ ਵੀ ਇਹ ਸਹੂਲਤ ਮਿਲਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਪੂਰਾ ਪੰਜਾਬ ਹੀ ਸਰਕਾਰੀ ਨਰਸਰੀ ਤੋਂ ਬੂਟੇ ਪ੍ਰਾਪਤ ਕਰਕੇ ਪੂਰੇ ਪੰਜਾਬ ਵਿਚ ਲਗਾਏਗਾ ਤਾਂ ਹਰ ਘਰ ਵਿਚ ਹੀ ਹਰਿਆਲੀ ਆਵੇਗੀ। ਫਿਲਹਾਲ ਐਪਲ ਕੰਪਨੀ ਦਾ ਮੋਬਾਈਲ ਵਰਤਣ ਵਾਲਿਆਂ ਨੂੰ ਸਰਕਾਰ ਵਲੋਂ ਦਿੱਤੀ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਘਰ-ਘਰ ਹਰਿਆਲੀ ਯੋਜਨਾ ਕਾਮਯਾਬ ਕਰਨ ਦੇ ਨਾਲ ਪੰਜਾਬ ਦਾ ਵਾਤਾਵਰਨ ਮੁਕਤ ਕਰਨ ਵਿਚ ਆਪਣਾ ਯੋਗਦਾਨ ਪਾ ਸਕਦੇ ਹਾਂ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਸਿਹਤ ਸਹੂਲਤਾਂ ਦੀ ਲੋੜ
ਸਮਾਂ ਬਦਲਣ ਦੇ ਨਾਲ-ਨਾਲ ਲੋਕ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣ ਲੱਗ ਪਏ ਹਨ। ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਸੈਰ ਕਰਦੇ ਹਨ ਪਰ ਇੰਨੀ ਜਾਗਰੂਕਤਾ ਦੇ ਬਾਵਜੂਦ ਬਿਮਾਰੀਆਂ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਜ਼ਿਆਦਾਤਰ ਸਰਕਾਰੀ ਹਸਪਤਾਲਾਂ ਵਿਚ ਉਪਕਰਨ ਅਤੇ ਮਸ਼ੀਨਾਂ ਪੂਰੀ ਮਾਤਰਾ ਵਿਚ ਉਪਲਬੱਧ ਨਹੀਂ ਹਨ ਅਤੇ ਨਾ ਹੀ ਡਾਕਟਰ ਪੂਰੇ ਉਪਲਬੱਧ ਹਨ, ਜਿਸ ਦੇ ਬਾਵਜੂਦ ਮਜਬੂਰੀਵੱਸ ਲੋਕਾਂ ਨੂੰ ਨਿੱਜੀ ਹਸਪਤਾਲਾਂ ਵਿਚ ਇਲਾਜ ਕਰਵਾਉਣਾ ਪੈਂਦਾ ਹੈ ਜਿਥੇ ਸਾਰੀਆਂ ਸਹੂਲਤਾਂ ਮੁਹੱਈਆ ਹੋ ਜਾਂਦੀਆਂ ਹਨ ਪਰ ਬਿੱਲ ਵੱਡਾ ਬਣਦਾ ਹੈ ਤਾਂ ਚੰਗਾ-ਭਲਾ ਇਨਸਾਨ ਇਕ ਵਾਰ ਘਬਰਾ ਜਾਂਦਾ ਹੈ। ਇਸ ਨਾਲ ਮਰੀਜ਼ ਅਤੇ ਪਰਿਵਾਰਕ ਮੈਂਬਰਾਂ ਨੂੰ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਅਤੇ ਪ੍ਰਸ਼ਾਸਨ ਨੂੰ ਸਰਕਾਰੀ ਹਸਪਤਾਲਾਂ ਵਿਚ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਹਰੇਕ ਇਨਸਾਨ ਲੋੜ ਪੈਣ 'ਤੇ ਸਿਹਤ ਸਹੂਲਤਾਂ ਦਾ ਲਾਭ ਘੱਟ ਤੋਂ ਘੱਟ ਕੀਮਤ 'ਤੇ ਲੈ ਸਕੇ।


-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।


ਯੋਗ ਪੰਚਾਇਤਾਂ ਦੀ ਚੋਣ ਜ਼ਰੂਰੀ
ਭਾਰਤੀ ਲੋਕਤੰਤਰ ਦੀ ਸਭ ਤੋਂ ਛੋਟੀ ਇਕਾਈ ਪਿੰਡ ਹਨ ਅਤੇ ਪਿੰਡਾਂ ਵਿਚ ਪੰਚਾਇਤੀ ਚੋਣਾਂ ਨੇ ਦਸਤਕ ਦੇ ਦਿੱਤੀ ਹੈ। ਇਹ ਪਿੰਡਾਂ ਦਾ ਦੁਖਾਂਤ ਹੈ ਕਿ ਪੰਚਾਇਤੀ ਚੋਣਾਂ ਹਮੇਸ਼ਾ ਪਾਰਟੀਬਾਜ਼ੀ, ਧੜੇਬਾਜ਼ੀ ਦਾ ਸ਼ਿਕਾਰ ਹੋ ਜਾਂਦੀਆਂ ਹਨ ਅਤੇ ਪਿੰਡਾਂ ਦੀਆਂ ਮੂਲ ਸਮੱਸਿਆਵਾਂ ਜਿਉਂ ਦੀਆਂ ਤਿਉਂ ਬਣੀਆਂ ਰਹਿੰਦੀਆਂ ਹਨ।
ਪਾਰਟੀਬਾਜ਼ੀ ਅਤੇ ਧੜੇਬਾਜ਼ੀ ਨੇ ਪਿੰਡਾਂ ਵਿਚ ਅਜਿਹਾ ਪੀਹਣ ਪਾਇਆ ਹੋਇਆ ਹੈ ਕਿ ਬਹੁਤੇ ਯੋਗ ਲੋਕ ਤਾਂ ਪੰਚ, ਸਰਪੰਚ ਦੀ ਚੋਣ ਲੜਨ ਤੋਂ ਹੀ ਲਾਂਭੇ ਰਹਿੰਦੇ ਹਨ। ਸਮੇਂ-ਸਮੇਂ 'ਤੇ ਵਾਪਰੀਆਂ ਜਾਂ ਵਾਪਰਦੀਆਂ ਹਿੰਸਕ ਘਟਨਾਵਾਂ ਇਹ ਤਸਦੀਕ ਕਰਦੀਆਂ ਹਨ ਕਿ ਚੋਣ ਲੜਨ ਲਈ ਯੋਗ ਵਾਤਾਵਰਨ ਨਾ ਮੁਹੱਈਆ ਕਰਾ ਸਕਣਾ ਵਿਵਸਥਾ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ। ਸਿਹਤਮੰਦ ਸਮਾਜ ਸਿਰਜਣ ਅਤੇ ਸਮੇਂ ਦੇ ਹਾਣ ਲਈ ਪੜ੍ਹੀਆਂ-ਲਿਖੀਆਂ ਨਸ਼ਾਮੁਕਤ ਪੰਚਾਇਤਾਂ ਦਾ ਹੋਣਾ ਲਾਜ਼ਮੀ ਹੈ, ਸਬੰਧਿਤ ਟੀਚੇ ਦੀ ਪ੍ਰਾਪਤੀ ਲਈ ਵਿਵਸਥਾ ਵਲੋਂ ਨਿਯਮਾਂਵਲੀ ਵਿਚ ਲੋੜੀਂਦੇ ਸੁਧਾਰ ਕਰਕੇ ਚੋਣਾਂ ਲਈ ਲਾਜ਼ਮੀ ਸਿੱਖਿਅਕ ਪੱਧਰ ਹੋਣ ਦੇ ਨਾਲ-ਨਾਲ ਨਸ਼ੇ ਰਹਿਤ ਲੋਕਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।


-ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾ: ਬਰੜ੍ਹਵਾਲ ਲੰਮਾ ਪੱਤੀ, ਤਹਿ: ਧੂਰੀ (ਸੰਗਰੂਰ)।


ਪਾਣੀ ਦੀ ਸੰਭਾਲ
ਜੇਕਰ ਧਰਤੀ ਤੇ ਪਾਣੀ ਹੈ ਤਾਂ ਹੀ ਜੀਵਨ ਸੰਭਵ ਹੈ। ਪਾਣੀ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਰ ਜਿਸ ਤਰ੍ਹਾਂ ਪੰਜਾਬ ਅੰਦਰ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ, ਇਹ ਸਹੀ ਨਹੀਂ ਹੈ। ਇਕ ਪਾਸੇ ਫੈਕਟਰੀਆਂ ਦਾ ਗੰਦ ਦਰਿਆਵਾਂ ਵਿਚ ਸੁੱਟਿਆ ਜਾ ਰਿਹਾ ਹੈ, ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾਲ ਧਰਤੀ ਹੇਠਲਾ ਪਾਣੀ ਦੂਸ਼ਿਤ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ ਪਾਣੀ ਦੀ ਦੁਰਵਰਤੋਂ ਨਾਲ ਪਾਣੀ ਦਾ ਪੱਧਰ ਹੇਠਾਂ ਨੂੰ ਜਾ ਰਿਹਾ ਹੈ। ਇਸੇ ਕਾਰਨ ਪੰਜਾਬ ਬਿਮਾਰੀਆਂ ਦਾ ਘਰ ਬਣਦਾ ਜਾ ਰਿਹਾ ਹੈ। ਜੇਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਆਉਣ ਵਾਲੀਆਂ ਨਸਲਾਂ ਪਾਣੀ ਦੀ ਬੂੰਦ-ਬੂੰਦ ਲਈ ਤਰਸ ਜਾਣਗੀਆਂ। ਪਾਣੀ ਦੀ ਦੁਰਵਰਤੋਂ ਨੂੰ ਰੋਕਣਾ, ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਇਹ ਹਰ ਨਾਗਰਿਕ ਦਾ ਫ਼ਰਜ਼ ਹੈ।


-ਜਸਪ੍ਰੀਤ ਕੌਰ ਸੰਘਾ-
ਪਿੰਡ ਤਨੂੰਲੀ, ਜ਼ਿਲ੍ਹਾ ਹੁਸ਼ਿਆਰਪੁਰ।

14-09-2018

 ਫਾਲਤੂ ਰੌਲਾ
ਪਿਛਲੇ ਦਿਨੀਂ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਪੁਰਾਣੇ ਦੋਸਤ ਵਜੋਂ ਮਿਲਿਆ ਸੱਦਾ ਪ੍ਰਵਾਨ ਕਰਕੇ ਸਿੱਧੂ ਸਾਹਿਬ ਸਿਆਸਤ ਨੂੰ ਇਕ ਪਾਸੇ ਰੱਖ ਕੇ ਸ਼ਾਮਿਲ ਹੋਏ ਜਿਸ ਪ੍ਰਤੀ ਕੱਟੜਪੰਥੀਆਂ ਤੇ ਸੌੜੀ ਸੋਚ ਰੱਖਣ ਵਾਲਿਆਂ ਨੇ ਫਾਲਤੂ ਰੌਲਾ ਪਾਇਆ, ਜੋ ਕਿ ਨਿੰਦਣਯੋਗ ਸੀ। ਤੀਲੀ ਬਾਲ ਕੇ ਭਾਂਬੜ ਲਾਉਣੇ ਸੌਖੇ ਹੁੰਦੇ ਹਨ ਪਰ ਲੱਖਾਂ-ਕਰੋੜਾਂ ਦੇ ਨੁਕਸਾਨ ਕਰਵਾ ਕੇ ਅੱਗ ਬੁਝਾਉਣੀ ਬਹੁਤ ਔਖੀ ਹੁੰਦੀ ਹੈ। ਸਿੱਧੂ ਦੀ ਇਹ ਫੇਰੀ ਦੋਵਾਂ ਪਾਸਿਆਂ ਦੇ ਪੰਜਾਬੀਆਂ ਲਈ ਬਹੁਤ ਮਹੱਤਵਪੂਰਨ ਅਤੇ ਸਾਰਥਿਕ ਸੀ। ਭਰੀ ਸਭਾ ਵਿਚ 'ਕਲਮ ਕੱਲਾ' ਦਸਤਾਰਧਾਰੀ ਸਿੱਖ ਚੜ੍ਹਦੇ ਪੰਜਾਬੀਆਂ ਦਾ ਮਾਣ ਵਧਾ ਰਿਹਾ ਸੀ। ਹਰ ਪੰਜਾਬੀ ਸਿੱਖ ਹਰ ਰੋਜ਼ ਹੁੰਦੀ ਅਰਦਾਸ ਵਿਚ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਦੀ ਮੰਗ ਕਰਦਾ ਹੈ। ਵਿਰੋਧੀਆਂ ਨੂੰ ਅਜਿਹੇ ਸਾਰਥਿਕ ਮੁੱਦਿਆਂ ਉੱਤੇ ਘਟੀਆ ਰਾਜਨੀਤੀ ਨਹੀਂ ਕਰਨੀ ਚਾਹੀਦੀ।


-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ ਘੁਮਾਣ, ਗੁਰਦਾਸਪੁਰ।


ਥੋੜ੍ਹੀ ਜਿਹੀ ਹਿੰਮਤ
ਅੱਜਕਲ੍ਹ ਬਰਸਾਤ ਹੋਣ ਕਰਕੇ ਪਾਣੀ ਨਾਲ ਗਲੀਆਂ-ਨਾਲੀਆਂ ਤੇ ਸੜਕਾਂ ਦਾ ਬੁਰਾ ਹਾਲ ਹੋ ਗਿਆ ਹੈ। ਪਿੰਡਾਂ-ਸ਼ਹਿਰਾਂ ਦੀਆਂ ਸੜਕਾਂ ਖਰਾਬ ਹੋ ਗਈਆਂ ਹਨ। ਮੀਹਾਂ ਦੇ ਦਿਨਾਂ 'ਚ ਇਹ ਹੋਣਾ ਸੁਭਾਵਿਕ ਹੀ ਹੈ। ਪਰ ਜੇਕਰ ਇਕ ਝਾਤ ਪਿੰਡਾਂ, ਸ਼ਹਿਰਾਂ ਵੱਲ ਮਾਰੀਏ ਤਾਂ ਇਹ ਵੇਖਣ 'ਚ ਆਉਂਦਾ ਹੈ ਕਿ ਮਕਾਨ ਬਣਾਉਣ 'ਤੇ ਆਪਾਂ ਲੱਖਾਂ ਰੁਪਏ ਖਰਚ ਕਰ ਦਿੰਦੇ ਹਾਂ ਪਰ ਜੇਕਰ ਆਪਣੇ ਘਰ ਦੇ ਨਾਲ ਲਗਦੀ ਗਲੀ-ਨਾਲੀ ਨੂੰ ਥੋੜ੍ਹਾ ਜਿਹਾ ਖਰਚ ਕਰਕੇ ਨਾਲ ਹੀ ਸੰਵਾਰ ਦੇਈਏ ਤਾਂ ਇਸ ਨਾਲ ਸਾਨੂੰ ਸਾਰਿਆਂ ਨੂੰ ਬਹੁਤ ਲਾਭ ਹੋਵੇਗਾ। ਜੇਕਰ ਅਸੀਂ ਸਿਰਫ ਆਪਣੇ ਘਰ ਨਾਲ, ਜ਼ਮੀਨ ਨਾਲ ਲਗਦੀ ਗਲੀ-ਨਾਲੀ ਹੋਵੇ ਜਾਂ ਸੜਕ, ਉਸ ਨੂੰ ਸਮੇਂ-ਸਮੇਂ 'ਤੇ ਦੇਖਦੇ ਰਹੀਏ, ਲੋੜ ਮੁਤਾਬਿਕ ਉਸ ਦੀ ਮੁਰੰਮਤ ਕਰਵਾਈਏ, ਸੜਕ ਦੇ ਕਿਨਾਰਿਆਂ ਨੂੰ ਟੁੱਟਣ ਤੋਂ ਬਚਾਈਏ, ਲੋੜ ਪੈਣ 'ਤੇ ਮਿੱਟੀ ਲਗਾਉਂਦੇ ਰਹੀਏ, ਇਸ ਨਾਲ ਸਾਨੂੰ ਸਭ ਨੂੰ ਫਾਇਦਾ ਹੋਵੇਗਾ।


-ਗੁਰਚਰਨ ਸਿੰਘ
ਪਿੰਡ ਮਜਾਰਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ।


ਪੰਚਾਇਤਾਂ ਵਿਚੋਂ ਬੰਦ ਹੋਵੇ ਸਿਆਸੀ ਦਖ਼ਲ
ਪੰਜਾਬ ਵਿਚ ਸਿਆਸੀ ਪਾਰਟੀਆਂ ਨੇ ਪਿੰਡਾਂ ਦੇ ਲੋਕਾਂ ਨੂੰ ਪਹਿਲਾਂ ਹੀ ਧੜੇਬੰਦੀ ਵਿਚ ਬੁਰੀ ਤਰ੍ਹਾਂ ਵੰਡਿਆ ਹੋਇਆ ਹੈ। ਪਰ ਚੋਣਾਂ ਦੌਰਾਨ ਇਹ ਧੜੇਬੰਦੀ ਹੋਰ ਵਧ ਜਾਂਦੀ ਹੈ। ਸਿੱਟੇ ਵਜੋਂ ਪਿੰਡਾਂ ਵਿਚ ਖੂਨ ਖਰਾਬਾ ਤੇ ਫਿਰ ਸਿਆਸੀ ਧਿਰਾਂ ਆਪਣੀ ਵਿਰੋਧੀ ਪਾਰਟੀ ਤੇ ਪੁਲਿਸ ਕੇਸ ਦਰਜ ਕਰਾਉਣ ਲਈ ਪੂਰਾ ਜ਼ੋਰ ਲਾਉਂਦੀਆਂ ਹਨ। ਪੰਜਾਬ ਦੇ ਕੁਝ ਚੰਦ ਪਿੰਡਾਂ ਵਿਚ ਹੀ ਸਰਬਸੰਮਤੀ ਨਾਲ ਪੰਚਾਇਤਾਂ ਬਣਦੀਆਂ ਹਨ ਪਰ ਇਹਦੇ ਵਿਚ ਵੀ ਸੂਬੇ ਵਿਚ ਰਾਜ ਕਰਦੀ ਪਾਰਟੀ ਦਾ ਪੂਰੇ ਪਿੰਡ 'ਤੇ ਦਬਾਅ ਹੁੰਦਾ ਹੈ, ਜਿਸ ਨੂੰ ਸਰਬਸੰਮਤੀ ਦਾ ਨਾਂਅ ਦਿੱਤਾ ਜਾਂਦਾ ਹੈ। ਜਦੋਂ ਵਿਚਾਲਿਉਂ ਸੂਬੇ ਦੀ ਸਰਕਾਰ ਬਦਲ ਜਾਂਦੀ ਹੈ ਤਾਂ ਸੂਬੇ ਵਿਚ ਨਵੀਂ ਬਣੀ ਸਰਕਾਰ ਆਪਣੀ ਵਿਰੋਧੀ ਪਾਰਟੀ ਦੀ ਸਰਕਾਰ ਦੇ ਪੱਖ ਵਿਚ ਬਣੀ ਪੰਚਾਇਤ ਨਾਲ ਵਿਤਕਰਾ ਕਰਦੀ ਹੈ। ਇਥੋਂ ਤੱਕ ਕਿ ਕਈ ਵਾਰ ਗ੍ਰਾਂਟਾਂ ਵਿਚ ਹੇਰ-ਫੇਰ ਦੇ ਨਾਂਅ ਹੇਠ ਜਾਂਚ ਕਰਕੇ ਸਰਪੰਚ ਨੂੰ ਅਦਾਲਤਾਂ ਦੇ ਚੱਕਰ ਕਟਵਾਏ ਜਾਂਦੇ ਹਨ ਜਿਸ ਕਰਕੇ ਪਿੰਡ ਦਾ ਵਿਕਾਸ ਰੁਕ ਜਾਂਦਾ ਹੈ। ਸੋ, ਅੱਜ ਸਮਾਂ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ। ਇਸੇ ਕਰਕੇ ਪਿੰਡ ਦਾ ਸਰਪੰਚ ਅਤੇ ਪੰਚ ਪੜ੍ਹੇ ਲਿਖੇ ਅਤੇ ਇਮਾਨਦਾਰ ਹੋਣੇ ਜ਼ਰੂਰੀ ਹਨ ਤਾਂ ਕਿ ਸਰਕਾਰ ਵਲੋਂ ਮਿਲਦੀਆਂ ਸਭ ਸਹੂਲਤਾਂ ਨੂੰ ਉਹ ਪਿੰਡ ਦੀ ਭਲਾਈ ਲਈ ਵਰਤ ਸਕਣ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਤਰਨ ਤਾਰਨ ਸਾਹਿਬ।


ਸਾਈਨ ਬੋਰਡ

ਭਾਰਤ ਦੀ ਅਰਥ-ਵਿਵਸਥਾ ਸੜਕਾਂ ਨਾਲ ਜੁੜੀ ਹੋਈ ਹੈ। ਪਰ ਇਸ ਦੇ ਉਲਟ ਰਾਹੀਆਂ ਨੂੰ ਦਿਸ਼ਾ-ਨਿਰਦੇਸ਼ ਦੇਣ ਲਈ ਲਗਾਏ ਜਾਂਦੇ ਸਾਈਨ ਬੋਰਡਾਂ ਦੀ ਹਾਲਤ ਕਾਫੀ ਨਾਜ਼ੁਕ ਹੈ। ਜ਼ਿਆਦਾਤਰ ਤਾਂ ਦੇਖਿਆ ਜਾਂਦਾ ਹੈ ਕਿ ਪੀ.ਡਬਲਿਊ.ਡੀ. ਮਹਿਕਮੇ ਵਲੋਂ ਜਾਂ ਹਾਈਵੇ ਅਥਾਰਿਟੀ ਵਲੋਂ ਜੋ ਦਿਸ਼ਾ-ਨਿਰਦੇਸ਼ ਲਈ ਲਗਾਏ ਜਾਂਦੇ ਬੋਰਡਾਂ ਦੀ ਸਥਿਤੀ ਕਸਬੇ ਦੇ ਨਕਸ਼ੇ ਮੁਤਾਬਿਕ ਨਹੀਂ ਹੁੰਦੀ। ਜੇਕਰ ਬੋਰਡ ਲੱਗ ਵੀ ਜਾਂਦੇ ਹਨ ਤਾਂ ਉਨ੍ਹਾਂ ਦੀ ਦੇਖਭਾਲ ਲਈ ਮਹਿਕਮੇ ਕੋਲ ਕਰਮਚਾਰੀ ਨਹੀਂ ਹੁੰਦੇ। ਪਿੰਡਾਂ ਦੀਆਂ ਸੜਕਾਂ 'ਤੇ ਲੱਗੇ ਬੋਰਡਾਂ ਨਾਲ ਜ਼ਿਆਦਾਤਰ ਸ਼ਰਾਰਤੀ ਅਨਸਰਾਂ ਵਲੋਂ ਛੇੜਛਾੜ ਕੀਤੀ ਜਾਂਦੀ ਹੈ, ਜਿਸ 'ਤੇ ਕੋਈ ਕਾਰਵਾਈ ਨਹੀਂ ਹੁੰਦੀ। ਸਮਾਂ ਹੈ ਇਨ੍ਹਾਂ ਗ਼ਲਤੀਆਂ ਨੂੰ ਸੁਧਾਰਨ ਦਾ ਅਤੇ ਰਾਹੀਆਂ ਨੂੰ ਸਹੀ ਰਸਤਾ ਦਿਖਾਉਣ ਦਾ।


-ਪਰਮਜੀਤ ਸਿੰਘ, ਗੁਰਦਾਸਪੁਰ।


ਚੋਣਾਂ 'ਚ ਨੌਜਵਾਨ ਅੱਗੇ ਆਉਣ
ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਤੋਂ ਤੁਰੰਤ ਬਾਅਦ ਸਰਪੰਚੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਉਂਜ ਤਾਂ ਭਾਵੇਂ ਰਾਜਨੀਤੀ ਨੂੰ 'ਸ਼ਾਤਿਰ ਦਿਮਾਗਾਂ ਦੀ ਖੇਡ' ਜਾਂ 'ਗੰਦੀ ਰਾਜਨੀਤੀ' ਕਹਿ ਕੇ ਬੁਲਾਇਆ ਜਾਂਦਾ ਹੈ ਪਰ ਜੇ ਅਸੀਂ ਆਪਣੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਨੌਜਵਾਨਾਂ ਨੂੰ ਅੱਗੇ ਆਉਣਾ ਪਵੇਗਾ। ਪੰਜਾਬ ਦੀ ਵਾਗਡੋਰ ਮੂਹਰੇ ਹੋ ਕੇ ਸੰਭਾਲਣੀ ਹੋਵੇਗੀ। ਇਸ ਗੱਲ ਨੂੰ ਮੁੱਢੋਂ ਹੀ ਬਦਲਣਾ ਹੋਵੇਗਾ ਕਿ ਰਾਜਨੀਤੀ ਭ੍ਰਿਸ਼ਟ ਤੇ ਸ਼ਾਤਿਰ ਲੋਕਾਂ ਦੀ ਖੇਡ ਹੈ। ਇਕ ਪਾਸੇ ਅਸੀਂ ਦੇਸ਼ ਦੇ ਦਿਨੋ-ਦਿਨ ਡਿਗਦੇ ਮਿਆਰ ਲਈ ਚਿੰਤਤ ਹਾਂ, ਇਸ ਨੂੰ ਬਚਾ ਕੇ ਮੂਹਰਲੀਆਂ ਸਫ਼ਾਂ 'ਚ ਖਲੋਤਾ ਲੋਚਦੇ ਹਾਂ ਤੇ ਦੂਜੇ ਪਾਸੇ ਅਸੀਂ ਹਮੇਸ਼ਾ ਆਪਣੇ ਅਧਿਕਾਰ, ਆਪਣੇ ਸੁਪਨੇ ਤੇ ਆਪਣੇ ਪੰਜਾਬ ਨੂੰ ਸਹੀ ਅਰਥਾਂ 'ਚ ਤਰੱਕੀ ਦੇ ਰਾਹ 'ਤੇ ਤੁਰਦਿਆਂ ਵੇਖਣ ਦੀ ਲੋਚਾ ਨੂੰ ਅਜਿਹੇ ਵਿਅਕਤੀਆਂ ਦੇ ਹੱਥਾਂ ਵਿਚ ਸੌਂਪ ਦਿੰਦੇ ਹਾਂ ਜਿਨ੍ਹਾਂ ਦਾ ਇਨਸਾਨੀਅਤ, ਦੇਸ਼ ਪ੍ਰੇਮ, ਭਾਈਚਾਰਾ ਆਦਿ ਨਾਲ ਦੂਰ ਨੇੜੇ ਦਾ ਕੋਈ ਵੀ ਰਿਸ਼ਤਾ ਨਹੀਂ ਹੁੰਦਾ। ਇਹ ਸੋਚਦਿਆਂ ਹੀ ਤਰਾਹ ਨਿਕਲ ਜਾਂਦਾ ਹੈ ਕਿ ਜੇ ਲੋਕ ਅਜੇ ਵੀ ਨਾ ਜਾਗੇ, ਜੇ ਇਨ੍ਹਾਂ ਲੋਕਾਂ ਨੇ ਅਜੇ ਵੀ ਆਪਣੇ ਦਿਲ ਦੀ ਆਵਾਜ਼ ਨੂੰ ਨਸ਼ੇ ਜਾਂ ਪੈਸੇ ਦੇ ਲਾਲਚ ਵਿਚ ਅਣਸੁਣਿਆ ਕਰ ਦਿੱਤਾ, ਜੇ ਇਹ ਫਿਰ ਚਾਤਰ ਲੋਕਾਂ ਦੀਆਂ ਗੱਲਾਂ ਵਿਚ ਆ ਕੇ ਉਨ੍ਹਾਂ ਦੇ ਦਿਖਾਏ ਸਬਜ਼ਬਾਗਾਂ ਨਾਲ ਪਰਚ ਗਏ ਤਦ ਕੀ ਹੋਵੇਗਾ? ਇਸ ਲਈ ਵੱਧ ਤੋਂ ਵੱਧ ਸੁਲਝੇ ਹੋਏ ਨੌਜਵਾਨਾਂ ਨੂੰ ਰਾਜਨੀਤੀ ਵਿਚ ਲਿਆਉਣ ਦੀ ਕੋਸ਼ਿਸ਼ ਕਰੋ।


-ਅਨੰਤ ਗਿੱਲ
ਪਿੰਡ ਤੇ ਡਾਕ: ਭਲੂਰ, ਜ਼ਿਲ੍ਹਾ ਮੋਗਾ।

13-09-2018

 ਸੁੱਕਾ ਸਾਵਣ
ਪੰਜ ਪਾਣੀਆਂ ਦੀ ਧਰਤੀ ਵਜੋਂ ਜਾਣੇ ਜਾਂਦੇ ਪੰਜਾਬ ਦੀ ਧਰਤੀ ਅੱਜ ਖ਼ੁਦ ਪਿਆਸੀ ਹੋਈ ਨਜ਼ਰ ਆ ਰਹੀ ਹੈ। ਚੌੜੀਆਂ ਹੋ ਰਹੀਆਂ ਸੜਕਾਂ ਦੇ ਕਿਨਾਰਿਆਂ 'ਤੇ ਲੱਗੇ ਵੱਡੇ-ਵੱਡੇ ਰੁੱਖਾਂ ਦੀ ਕਟਾਈ ਹੋਣ ਕਾਰਨ ਲਗਾਤਾਰ ਪੰਜਾਬ ਵਿਚੋਂ ਹਰਿਆਲੀ ਖ਼ਤਮ ਹੁੰਦੀ ਜਾ ਰਹੀ ਹੈ। ਹਰ ਸਾਲ ਵੱਖ-ਵੱਖ ਸਕੂਲਾਂ, ਕਾਲਜਾਂ, ਕਲੱਬਾਂ, ਪੰਚਾਇਤਾਂ ਵਲੋਂ ਲਗਾਏ ਜਾਂਦੇ ਹਜ਼ਾਰਾਂ ਬੂਟੇ ਸਿਰਫ ਅਖ਼ਬਾਰਾਂ ਵਿਚ ਫੋਟੋਆਂ ਲਗਾਉਣ ਤੱਕ ਹੀ ਸੀਮਤ ਰਹਿ ਜਾਂਦੇ ਹਨ ਅਤੇ ਬਾਅਦ ਵਿਚ ਉਨ੍ਹਾਂ ਦੀ ਕੋਈ ਸਾਂਭ-ਸੰਭਾਲ ਨਾ ਹੋਣ ਕਾਰਨ ਉਹ ਵੱਡੇ ਹੋਣ ਤੋਂ ਪਹਿਲਾਂ ਹੀ ਦਮ ਤੋੜ ਜਾਂਦੇ ਹਨ। ਹੁੰਮਸ ਭਰੀ ਗਰਮੀ ਲੋਕਾਂ ਦਾ ਤ੍ਰਾਹ ਕੱਢ ਰਹੀ ਹੈ। ਪੰਜਾਬ ਅੰਦਰ ਪਾਣੀ ਦੀ ਇਸ ਗੰਭੀਰ ਹੋ ਰਹੀ ਸਮੱਸਿਆ ਪ੍ਰਤੀ ਸਰਕਾਰਾਂ ਦੇ ਨਾਲ-ਨਾਲ ਜੇ ਅਸੀਂ ਖ਼ੁਦ ਗੰਭੀਰ ਨਾ ਹੋਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ।


-ਰਾਜਾ ਗਿੱਲ
ਚੜਿੱਕ, ਮੋਗਾ।


ਸੁਚੇਤ ਰਹਿਣ ਪੰਜਾਬੀ
ਜਦੋਂ ਤੋਂ ਜਸਟਿਸ ਰਣਜੀਤ ਸਿੰਘ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲੀ ਰਿਪੋਰਟ ਸਾਹਮਣੇ ਆਈ ਹੈ, ਉਦੋਂ ਤੋਂ ਹੀ ਪੰਜਾਬ ਦੇ ਹਾਲਾਤ ਵਿਚ ਗਰਮਾਹਟ ਮਹਿਸੂਸ ਕੀਤੀ ਜਾ ਰਹੀ ਹੈ। ਪੰਜਾਬ ਦੀਆਂ ਦੋਵੇਂ ਪ੍ਰਮੁੱਖ ਰਾਜਨੀਤਕ ਪਾਰਟੀਆਂ ਇਸ ਸੰਵੇਦਨਸ਼ੀਲ ਮੁੱਦੇ 'ਤੇ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਅ ਰਹੀਆਂ ਹਨ। ਖ਼ੈਰ, ਰਾਜਨੀਤਕ ਪਾਰਟੀਆਂ ਤਾਂ ਆਪਣੀ ਖੇਡ ਖੇਡਣਗੀਆਂ ਹੀ ਪਰ ਚਿੰਤਾ ਤਾਂ ਇਸ ਗੱਲ ਦੀ ਹੈ ਕਿ ਹੁਣ ਸਿੱਖਾਂ ਦੀਆਂ ਜਥੇਬੰਦੀਆਂ ਹੀ ਆਪਸ 'ਚ ਭਿੜਨ ਲੱਗੀਆਂ ਹਨ ਜੋ ਬੇਹੱਦ ਚਿੰਤਾਜਨਕ ਹੈ। ਪੰਜਾਬ ਪਹਿਲਾਂ ਹੀ ਬਥੇਰਾ ਸੰਤਾਪ ਭੋਗ ਚੁੱਕਾ ਹੈ। ਹੁਣ ਲੋੜ ਇਸ ਗੱਲ ਦੀ ਹੈ ਕਿ ਸਮੂਹ ਪੰਥਕ/ਪੰਜਾਬੀ ਧਿਰਾਂ ਆਪਸੀ ਮਤਭੇਦ ਭੁਲਾ ਕੇ ਇਸ ਮਸਲੇ ਦਾ ਹੱਲ ਕਰਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਦੇ ਅਸਲ ਚਿਹਰੇ ਨੰਗੇ ਕਰਨ ਤਾਂ ਜੋ ਕਾਨੂੰਨ ਉਨ੍ਹਾਂ ਨੂੰ ਬਣਦੀ ਸਜ਼ਾ ਦੇਵੇ।


-ਜਗਜੀਤ ਸਿੰਘ ਸੱਗੂ
ਪਰਾਂ ਵਾਲਾ ਗੇਟ, ਸੁਨਾਮ (ਸੰਗਰੂਰ)।


ਅਵਾਰਾ ਜਾਨਵਰਾਂ ਦੀ ਸਮੱਸਿਆ
ਹਰ ਰੋਜ਼ ਅਖ਼ਬਾਰ ਵਿਚ ਜਾਨਵਰਾਂ ਦੁਆਰਾ ਕੀਤੇ ਹਮਲਿਆਂ ਵਿਚ ਇਨਸਾਨਾਂ ਦੀ ਬੇਵਕਤੀ ਮੌਤ ਬਾਰੇ ਪੜ੍ਹ ਕੇ ਮਨ ਬੁਰੀ ਤਰ੍ਹਾਂ ਵਿਚਲਿਤ ਹੋ ਜਾਂਦਾ ਹੈ। ਅਵਾਰਾ ਜਾਨਵਰਾਂ ਦੀ ਸਮੱਸਿਆ ਕਿਸੇ ਇਕ ਜਗ੍ਹਾ ਦੀ ਨਹੀਂ, ਬਲਕਿ ਸਾਰੇ ਹੀ ਪਿੰਡਾਂ ਅਤੇ ਸ਼ਹਿਰਾਂ ਦੀ ਹੈ। ਸੜਕਾਂ ਦੇ ਉੱਤੇ ਅਵਾਰਾ ਜਾਨਵਰਾਂ ਦੇ ਇਕਦਮ ਸਾਹਮਣੇ ਆ ਜਾਣ ਨਾਲ ਕਿੰਨੇ ਹੀ ਵਾਹਨ ਚਾਲਕਾਂ ਨੂੰ ਗੰਭੀਰ ਸੱਟਾਂ ਲੱਗ ਚੁੱਕੀਆਂ ਹਨ। ਸੜਕਾਂ 'ਤੇ ਸ਼ਹਿਰਾਂ ਦੇ ਚੌਕਾਂ ਵਿਚ, ਗੱਲੀ ਮੁਹੱਲਿਆਂ ਵਿਚ ਅਵਾਰਾ ਜਾਨਵਰ ਝੁੰਡਾਂ ਦੇ ਝੁੰਡ ਬਣਾ ਕੇ ਘੁੰਮ ਰਹੇ ਹਨ। ਕਈ ਲੋਕ ਇਨ੍ਹਾਂ ਲਈ ਸੜਕਾਂ ਉੱਪਰ ਖਾਣ-ਪੀਣ ਦਾ ਸਾਮਾਨ ਸੁੱਟ ਦਿੰਦੇ ਹਨ ਤੇ ਭੁੱਖ ਦੇ ਸਤਾਏ ਇਹ ਜਾਨਵਰ ਸੜਕਾਂ ਉਪਰ ਜਾਮ ਵਰਗੀ ਸਥਿਤੀ ਪੈਦਾ ਕਰ ਦਿੰਦੇ ਹਨ। ਕਦੇ-ਕਦੇ ਇਨ੍ਹਾਂ ਦੀ ਆਪਸੀ ਲੜਾਈ ਕਾਰਨ ਸੜਕਾਂ ਉੱਪਰ ਖੜ੍ਹੀਆਂ ਗੱਡੀਆਂ ਨੂੰ ਭਾਰੀ ਨੁਕਸਾਨ ਹੁੰਦਾ ਹੈ। ਕੋਈ ਵੀ ਪੱਕਾ ਹੱਲ ਨਾ ਮਿਲਣ ਕਰਕੇ ਪਿੰਡਾਂ ਵਾਲੇ ਆਪਣੇ ਪੱਧਰ 'ਤੇ ਇਨ੍ਹਾਂ ਜਾਨਵਰਾਂ ਨੂੰ ਫੜ ਕੇ ਇਕ ਪਿੰਡ ਤੋਂ ਦੂਜੇ ਪਿੰਡਾਂ ਵਿਚ ਰਾਤ-ਬਰਾਤੇ ਛੱਡ ਆਉਂਦੇ ਹਨ ਤੇ ਕਈ ਵਾਰ ਅਜਿਹੀਆਂ ਗੱਲਾਂ ਕਰਕੇ ਮਾਰ-ਮੁਕਾਈ ਤੱਕ ਹੋ ਜਾਂਦੀ ਹੈ। ਇਹ ਠੀਕ ਹੈ ਕਿ ਜਾਨਵਰਾਂ ਨੂੰ ਮਾਰਨਾ ਕਿਸੇ ਵੀ ਢੰਗ ਨਾਲ ਸਹੀ ਨਹੀਂ ਹੈ ਪਰ ਜਦੋਂ ਇਹੀ ਜਾਨਵਰ ਇਨਸਾਨਾਂ ਦੀ ਜਾਨ ਲੈਣ 'ਤੇ ਉਤਾਰੂ ਹੋ ਜਾਣ ਤਾਂ ਦੋਸ਼ ਕਿਸ ਨੂੰ ਦਿੱਤਾ ਜਾਵੇ? ਇਸ ਗੰਭੀਰ ਮਸਲੇ ਦਾ ਪੱਕਾ ਹੱਲ ਤੁਰੰਤ ਲਭਿਆ ਜਾਵੇ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਸਰਕਾਰ ਵਲੋਂ ਜੋ ਗਾਂ ਸੈੱਸ ਇਕੱਠਾ ਕੀਤਾ ਜਾ ਰਿਹਾ ਹੈ, ਉਸ ਦੀ ਸਹੀ ਢੰਗ ਨਾਲ ਵਰਤੋਂ ਕਰਕੇ ਅਤੇ ਨਵੀਂ ਨੀਤੀ ਤਿਆਰ ਕਰਕੇ ਬੇਜ਼ਬਾਨਾਂ ਦੀ ਰੱਖਿਆ ਕੀਤੀ ਜਾ ਸਕਦੀ ਹੈ।


-ਪ੍ਰਿੰਸ ਅਰੋੜਾ
ਮਲੌਦ (ਲੁਧਿਆਣਾ)।


ਪੋਲੀਥੀਨ 'ਤੇ ਰੋਕ
ਪੰਜਾਬ ਵਿਚ ਪਹਿਲੀ ਅਗਸਤ ਤੋਂ ਪੋਲੀਥੀਨ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਪਰ ਕੁਝ ਦੁਕਾਨਦਾਰ ਜਾਂ ਸਬਜ਼ੀਆਂ ਦੀਆਂ ਰੇਹੜੀਆਂ ਵਾਲੇ ਵਿਅਕਤੀ ਪੋਲੀਥੀਨ ਦੀ ਵਰਤੋਂ ਕਰ ਰਹੇ ਹਨ। ਪੋਲੀਥੀਨ ਇਕ ਅਜਿਹਾ ਜਾਨਲੇਵਾ ਜ਼ਹਿਰੀਲਾ ਪਲਾਸਟਿਕ ਹੈ ਕਿ ਜੇ ਇਸ ਨੂੰ ਅੱਗ ਲਗਾਈ ਜਾਵੇ ਤਾਂ ਇਸ ਨਾਲ ਬਹੁਤ ਸਾਰੀਆਂ ਜਾਨਲੇਵਾ ਬਿਮਾਰੀਆਂ ਲੱਗ ਸਕਦੀਆਂ ਹਨ ਤੇ ਇਸ ਨਾਲ ਵਿਅਕਤੀਆਂ ਦੀ ਮੌਤ ਹੋ ਸਕਦੀ ਹੈ। ਸਬੰਧਿਤ ਵਿਭਾਗ ਵਲੋਂ ਜੇਕਰ ਕਾਰਵਾਈ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਕਈ ਰੇਹੜੀ ਵਾਲਿਆਂ ਤੇ ਨਿੱਜੀ ਦੁਕਾਨਾਂ 'ਚੋਂ ਵਿਭਾਗ ਨੂੰ ਪੋਲੀਥੀਨ ਦੇ ਲਿਫ਼ਾਫ਼ੇ ਬਰਾਮਦ ਹੋ ਜਾਣਗੇ। ਸਰਕਾਰ ਨੂੰ ਚਾਹੀਦਾ ਹੈ ਕਿ ਸਪਲਾਈ ਲਾਈਨ ਨੂੰ ਤੋੜਿਆ ਜਾਵੇ ਅਤੇ ਪੋਲੀਥੀਨ ਦੀ ਸ਼ਹਿਰਾਂ ਵਿਚ ਆਮਦ ਬੰਦ ਹੋ ਸਕੇ।


-ਬਲਵਿੰਦਰ ਕੌਰ
ਹਿੰਦੂ ਕੰਨਿਆ ਕਾਲਜ, ਕਪੂਰਥਲਾ।


ਜਾਤੀਵਾਦ
21ਵੀਂ ਸਦੀ ਨੂੰ ਵਿਗਿਆਨ ਦੀ ਸਦੀ ਹੋਣ ਦਾ ਮਾਣ ਹਾਸਲ ਹੈ ਕਿਉਂਕਿ ਇਸ ਸਦੀ ਵਿਚ ਅਸੀਂ ਵਿਗਿਆਨਕ ਖੇਤਰ ਵਿਚ ਬਹੁਤ ਸਾਰੀਆਂ ਮੱਲਾਂ ਮਾਰੀਆਂ ਹਨ, ਪਰ ਦੁੱਖ ਹੈ ਕਿ ਇਸ ਅਗਾਂਹਵਧੂ ਸਦੀ ਵਿਚ ਊਚ-ਨੀਚ ਤੇ ਜਾਤ-ਪਾਤ ਦੇ ਨਾਂਅ 'ਤੇ ਵਖਰੇਵੇਂ ਪੈਦਾ ਕੀਤੇ ਜਾ ਰਹੇ ਹਨ ਜੋ ਦੇਸ਼ ਦੀ ਤਰੱਕੀ ਲਈ ਕੋਈ ਵਧੀਆ ਸੰਕੇਤ ਨਹੀਂ ਕਹੇ ਜਾ ਸਕਦੇ। ਅਜਿਹੀ ਮਾਨਸਿਕਤਾ ਦੇਸ਼ ਦੀ ਭਾਈਚਾਰਕ ਸਾਂਝ ਨੂੰ ਖੋਖਲਾ ਹੀ ਕਰਦੀ ਹੈ।
ਪਿਛਲੇ ਸਮਿਆਂ 'ਚ ਕੁਝ ਲੋਕਾਂ ਵਲੋਂ ਬੀਜੇ ਜਾਤ-ਪਾਤ, ਊਚ-ਨੀਚ ਤੇ ਨਫ਼ਰਤ ਦੇ ਬੀਜ ਅੱਜ ਬਹੁਤੀ ਥਾਈਂ ਦਰੱਖਤਾਂ ਦਾ ਰੂਪ ਧਾਰ ਚੁੱਕੇ ਹਨ ਜਦੋਂ ਕਿ ਧਾਰਮਿਕ ਸਥਾਨ ਸਾਨੂੰ ਵਖਰੇਵਿਆਂ ਦਾ ਨਹੀਂ, ਸਗੋਂ ਸਾਂਝੀਵਾਲਤਾ ਤੇ ਜੁੜ ਬੈਠਣ ਦਾ ਸੰਦੇਸ਼ ਦਿੰਦੇ ਹਨ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

11-09-2018

 ਨਜ਼ਰੀਆ ਹੀ ਹੈ ਜ਼ਿੰਦਗੀ
ਹਰ ਸਮੇਂ ਮਨੁੱਖ ਦੇ ਦਿਲ ਤੇ ਦਿਮਾਗ ਵਿਚ ਕੁਝ ਚਲਦਾ ਰਹਿੰਦਾ ਹੈ। ਇਹ ਹੀ ਉਸ ਦੀ ਸੋਚ ਹੈ ਅਤੇ ਇਹ ਸਾਕਾਰਾਤਮਿਕ ਅਤੇ ਨਕਾਰਾਤਾਮਿਕ ਦੋਵੇਂ ਹੁੰਦੀਆਂ ਹਨ। ਇਸੇ ਸੋਚ ਤੋਂ ਅੱਗੇ ਜਾ ਕੇ ਤੁਹਾਡਾ ਨਜ਼ਰੀਆ ਬਣਦਾ ਹੈ। ਤੁਸੀਂ ਇਸ ਜੀਵਨ ਨੂੰ ਜਾਂ ਕਿਸੇ ਵੀ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ, ਭਾਵ ਉਸ ਨੂੰ ਕਿਸ ਤਰ੍ਹਾਂ ਸੋਚਦੇ ਹੋ। ਇਸ ਨੂੰ ਨਜ਼ਰੀਆ ਕਹਿੰਦੇ ਹਨ ਅਤੇ ਨਜ਼ਰੀਆ ਸਾਡੀ ਸੋਚ ਦੀ ਉਪਜ ਹੈ। ਜੇਕਰ ਤੁਹਾਡੀ ਸੋਚ ਵਿਚ ਹਰ ਵਕਤ ਕਿਸੇ ਲਈ ਚੰਗੇ ਅਤੇ ਸਾਕਾਰਾਤਮਿਕ ਭਾਵ ਚੱਲਣਗੇ ਤਾਂ ਤੁਹਾਡਾ ਨਜ਼ਰੀਆ ਅਤੇ ਸੁਭਾਅ ਉਸ ਪ੍ਰਤੀ ਹਮੇਸ਼ਾ ਚੰਗਾ ਹੀ ਬਣਿਆ ਰਹੇਗਾ। ਸਾਡੇ ਨਜ਼ਰੀਏ ਦਾ ਸਭ ਤੋਂ ਵੱਡਾ ਅਸਰ ਸਾਡੀ ਆਪਣੀ ਜ਼ਿੰਦਗੀ 'ਤੇ ਹੈ। ਸਾਡੀ ਸੋਚ ਸਾਡੀ ਮਹਿਸੂਸ ਸ਼ਕਤੀ ਨੂੰ ਪ੍ਰਭਾਵਿਤ ਕਰਦੀ ਹੈ। ਸਾਕਾਰਾਤਮਿਕ ਅਤੇ ਚੰਗੀ ਸੋਚ ਨਾਲ ਅਸੀਂ ਖ਼ੁਦ ਨੂੰ ਵਧੇਰੇ ਹਾਂ-ਪੱਖੀ ਮਹਿਸੂਸ ਕਰ ਖੁਸ਼ੀਆਂ ਅਤੇ ਖੇੜੇ ਭਰਿਆ ਜੀਵਨ ਜੀਅ ਸਕਦੇ ਹਾਂ।

-ਕਿਰਨਪ੍ਰੀਤ ਕੌਰ।

ਦਾਨ ਤੇ ਦਿਖਾਵਾ
ਨਿਰਸਵਾਰਥ ਭਾਵ ਨਾਲ ਕਿਸੇ ਲੋੜਵੰਦ, ਮਜਬੂਰ, ਦੁਖੀ ਦੀ ਕੀਤੀ ਸਹਾਇਤਾ ਦਾਨ ਦੇ ਦਾਇਰੇ ਵਿਚ ਆ ਜਾਂਦੀ ਹੈ। ਕੀਤਾ ਹੋਇਆ ਦਾਨ ਉਹੀ ਸਹੀ ਹੁੰਦਾ ਹੈ, ਜਿਸ ਵਿਚ ਕੋਈ ਹੰਕਾਰ ਭਾਵ, ਸਵਾਰਥ ਭਾਵ, ਦਿਖਾਵਾ ਭਾਵ ਸ਼ਾਮਿਲ ਨਾ ਹੋਵੇ। ਦਾਨ ਕਰਨ ਸਮੇਂ ਕੀਤਾ ਦਿਖਾਇਆ ਦਿਖਾਵਾ ਸ਼ਾਂਤੀ, ਸਕੂਨ, ਮਾਨਵ ਭਾਵਨਾ ਨੂੰ ਕਿਤੇ ਨਾ ਕਿਤੇ ਮਾਨਸਿਕ, ਭਾਵਨਾਤਮਿਕ, ਸਮਾਜਿਕ ਤੌਰ 'ਤੇ ਠੇਸ ਪਹੁੰਚਾ ਸਕਦਾ ਹੈ। ਦਾਨ ਵਜੋਂ ਦਿੱਤੀ ਗਈ ਵਸਤੂ ਉੱਤੇ ਆਪਣੇ ਜਾਂ ਆਪਣੇ ਪਰਿਵਾਰ ਦੇ ਜਾਂ ਵੱਡੇ ਬਜ਼ੁਰਗਾਂ ਦੇ ਨਾਂਅ ਆਦਿ ਲਿਖਵਾਉਣੇ ਵੀ ਸ਼ਾਮਿਲ ਕਿਤੇ ਨਾ ਕਿਤੇ ਦਾਨ ਭਾਵਨਾ ਨੂੰ ਖੰਡਿਤ ਕਰਦੇ ਜਾਪਦੇ ਹਨ। ਸੋਚਣ ਅਤੇ ਸਮਝਣ ਵਾਲੀ ਇਕ ਚਿੱਤ ਗੱਲ ਹੈ ਕਿ 'ਕੀ ਦਿਖਾਵਾ ਰਹਿਤ ਦਾਨ ਨਹੀਂ ਹੋ ਸਕਦਾ?' ਦਿਖਾਵਾ ਕਦੇ ਦਾਨ ਨਹੀਂ ਹੋ ਸਕਦਾ ਅਤੇ ਦਾਨ ਦਿਖਾਵੇ ਦਾ ਮੋਹਤਾਜ ਨਹੀਂ। ਦਾਨ ਮਾਨਵਤਾ ਪ੍ਰਤੀ ਇਕ ਕਰਮ ਅਤੇ ਭਾਵਨਾ ਹੈ, ਨਾ ਕਿ ਦੁਨੀਆ ਨੂੰ ਦਿਖਾਉਣ ਲਈ ਕੋਈ ਸਾਧਨ। ਸਵਾਰਥ ਰਹਿਤ ਤੇ ਦਿਖਾਵਾ ਰਹਿਤ ਕੀਤੇ ਦਾਨ ਨੂੰ ਦੁਨੀਆ ਤਾਂ ਸ਼ਾਇਦ ਨਹੀਂ ਦੇਖਦੀ, ਪਰ ਪਰਮਾਤਮਾ ਜ਼ਰੂਰ ਦੇਖਦਾ ਹੈ ਤੇ ਭਾਗ ਲਾਉਂਦਾ ਹੈ। ਸੋ, ਦਾਨ ਦਿਖਾਵਾ ਰਹਿਤ ਹੋ ਕੇ ਅਤੇ ਪਰਮੇਸ਼ਰ ਨੂੰ ਸਮਰਪਿਤ ਹੋ ਕੇ ਦੇਣਾ ਹੀ ਸਹੀ ਹੈ।

-ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ।

ਅਸਾਮੀਆਂ ਖ਼ਤਮ ਕਰਨਾ ਮੰਦਭਾਗਾ
ਸਾਡੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਖੇਡ ਨੀਤੀ ਨੂੰ ਸੁਧਾਰਨ ਦੀ ਗੱਲ ਕਰ ਰਹੇ ਹਨ ਤੇ ਦੂਜੇ ਪਾਸੇ ਸਾਡੇ ਸਕੂਲਾਂ 'ਚ ਪੀ.ਟੀ.ਆਈ. ਤੇ ਡਰਾਇੰਗ ਮਾਸਟਰਾਂ ਦੀਆਂ ਪੋਸਟਾਂ ਹੀ ਖ਼ਤਮ ਕੀਤੀਆਂ ਜਾ ਰਹੀਆਂ ਹਨ। ਅਸੀਂ ਪੰਜਾਬੀ ਪਹਿਲਾਂ ਹੀ ਖੇਡਾਂ ਵਿਚ ਬਹੁਤ ਪਛੜੇ ਹੋਏ ਹਾਂ। ਏਨਾ ਪਛੜਨ ਦਾ ਇਕ ਕਾਰਨ ਹੈ ਕਿ ਸਾਡੀ ਖੇਡ ਨੀਤੀ ਵਿਚ ਕਿਤੇ ਨਾ ਕਿਤੇ ਨੁਕਸ ਜ਼ਰੂਰ ਹੈ। ਜੇਕਰ ਅਸੀਂ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਲੇ ਅਧਿਆਪਕ ਹੀ ਖ਼ਤਮ ਕਰ ਦਿੱਤੇ ਤਾਂ ਸਾਡਾ ਦੇਸ਼ ਖੇਡਾਂ ਵਿਚ ਹੋਰ ਵੀ ਪਛੜ ਜਾਵੇਗਾ ਅਧਿਆਪਕਾਂ ਤੋਂ ਬਿਨਾਂ ਖੇਡਣ ਵਾਲੀ ਪਨੀਰੀ ਕੌਣ ਤਿਆਰ ਕਰੇਗਾ? ਨੌਜਵਾਨ ਸਕੂਲਾਂ ਵਿਚ ਡਰਾਇੰਗ ਨਾਲ ਜੁੜ ਕੇ ਵੱਡੇ ਕਲਾਕਾਰ ਬਣਦੇ ਹਨ। ਜਦੋਂ ਸਕੂਲਾਂ 'ਚ ਇਹ ਵਿਸ਼ੇ ਹੀ ਖ਼ਤਮ ਕਰਤੇ ਸਾਡੇ ਦੇਸ਼ ਵਿਚ ਮੂਰਤੀਕਾਰ ਚਿੱਤਰਕਾਰ ਆਦਿ ਕਿੱਥੋਂ ਪੈਦਾ ਹੋਣਗੇ? ਸੋ, ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੀ ਇਸ ਨੀਤੀ ਨੂੰ ਵਾਪਸ ਲਵੇ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਤਾਕਤ ਦੀ ਦੁਰਵਰਤੋਂ
ਪੰਜਾਬ ਸਰਕਾਰ ਦੁਆਰਾ ਪਿਛਲੇ ਦਿਨੀਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਸੱਤਾਧਾਰੀ ਪਾਰਟੀ ਦੁਆਰਾ ਆਪਣੀ ਸੱਤਾ ਦੀ ਦੁਰਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਜੋ ਰਵਾਇਤ ਪਿਛਲੇ ਸਮੇਂ ਤੋਂ ਚਲੀ ਆ ਰਹੀ ਹੈ ਕਿ ਜੋ ਪਾਰਟੀ ਸੱਤਾ ਵਿਚ ਹੁੰਦੀ ਹੈ, ਉਹ ਆਪਣੇ ਪਾਰਟੀ ਦੇ ਸਥਾਨਕ ਨੁਮਾਇੰਦਿਆਂ ਨੂੰ ਜਿਤਾਉਣ ਲਈ ਹਰ ਤਰ੍ਹਾਂ ਦੇ ਢੰਗਾਂ ਦੀ ਵਰਤੋਂ ਕਰਦੀ ਹੈ। ਇਨ੍ਹਾਂ ਚੋਣਾਂ ਵਿਚ ਲੋਕ ਮੁੱਦਿਆਂ ਦੀ ਕੋਈ ਗੱਲ ਨਹੀਂ ਕੀਤੀ ਜਾਂਦੀ। ਸਥਾਨਕ ਪ੍ਰਸ਼ਾਸਨ ਪੂਰੀ ਤਰ੍ਹਾਂ ਸੱਤਾਧਾਰੀ ਪਾਰਟੀ ਦੇ ਹੱਥ ਵਿਚ ਹੁੰਦਾ ਹੈ। ਇਸ ਲਈ ਬਾਕੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਕਾਗਜ਼ ਰੱਦ ਤੱਕ ਕਰਵਾ ਦਿੱਤੇ ਜਾਂਦੇ ਹਨ। ਇਹ ਕਿੱਥੋਂ ਦਾ ਲੋਕਤੰਤਰ ਹੈ, ਜਿਥੇ ਇਸ ਤਰ੍ਹਾਂ ਦੀਆਂ ਚੋਣਾਂ ਹੁੰਦੀਆਂ ਹਨ। ਇਸ ਲਈ ਲੋੜ ਹੈ ਜੇਕਰ ਜੜ੍ਹਾਂ ਤੋਂ ਲੋਕਤੰਤਰ ਮਜ਼ਬੂਤ ਕਰਨਾ ਹੈ ਤਾਂ ਇਨ੍ਹਾਂ ਸਥਾਨਕ ਚੋਣਾਂ ਵਿਚ ਵੀ ਚੋਣ ਕਮਿਸ਼ਨ ਪੂਰੀ ਦਿਲਚਸਪੀ ਲੈ ਕੇ ਨਿਰਪੱਖ ਚੋਣਾਂ ਕਰਵਾਏ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ।

ਤਿਉਹਾਰ ਕਿੰਨੇ ਕੁ ਅਰਥਪੂਰਨ
ਅਸੀਂ ਕਈ ਤਿਉਹਾਰ ਮਨਾਉਂਦੇ ਹਾਂ, ਜਿਨ੍ਹਾਂ ਵਿਚੋਂ ਕਈ ਇਤਿਹਾਸ ਨਾਲ, ਕਈ ਮੌਸਮ ਨਾਲ ਤੇ ਕਈ ਵਹਿਮਾਂ-ਭਰਮਾਂ ਨਾਲ ਸਬੰਧਿਤ ਹੁੰਦੇ ਹਨ। ਜੇ ਮੈਂ ਪਹਿਲਾਂ ਹੋਲੀ ਦੀ ਗੱਲ ਕਰਾਂ ਤਾਂ ਮਨੁੱਖ ਜ਼ਹਿਰ ਰੂਪੀ ਰੰਗ ਇਸਤੇਮਾਲ ਕਰ ਕੇ ਆਪਣੇ ਹੀ ਸਰੀਰ ਨੂੰ ਰੋਗੀ ਬਣਾਉਂਦੇ ਹਨ। ਦੀਵਾਲੀ 'ਤੇ ਸਾਨੂੰ ਮੋਮਬੱਤੀਆਂ, ਦੀਵੇ, ਰੌਸ਼ਨੀਆਂ ਲਗਾਉਣੀਆਂ ਅਤੇ ਪਟਾਕੇ ਚਲਾਉਣੇ ਤਾਂ ਯਾਦ ਰਹਿੰਦੇ ਹਨ, ਜਿਸ ਨਾਲ ਪ੍ਰਦੂਸ਼ਣ ਫੈਲਦਾ ਹੈ ਅਤੇ ਸਾਡਾ ਸਮਾਂ ਤੇ ਪੈਸਾ ਦੋਵੇਂ ਫਾਲਤੂ ਜਾਂਦੇ ਹਨ। ਵਿਸਾਖੀ ਅਤੇ ਗੁਰਪੁਰਬਾਂ 'ਤੇ ਅਸੀਂ ਸਿਰਫ ਗੁਰਧਾਮਾਂ ਦੀ ਯਾਤਰਾ ਤੱਕ ਹੀ ਸੀਮਤ ਰਹਿ ਜਾਂਦੇ ਹਾਂ ਪਰ ਜਿਹੜੇ ਗੁਰੂਆਂ, ਭਗਤਾਂ ਤੇ ਪੀਰਾਂ ਦੇ ਦਿਨ ਮਨਾਉਂਦੇ ਹਾਂ, ਅਸਲ ਉਨ੍ਹਾਂ ਨੂੰ ਭੁੱਲ ਜਾਂਦੇ ਹਾਂ। ਸਾਨੂੰ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ ਪਰ ਅਸੀਂ ਉਹ ਅਨਮੋਲ ਪਲ ਮਸਤੀ 'ਚ ਹੀ ਗੁਜ਼ਾਰ ਦਿੰਦੇ ਹਾਂ। ਜਿਹੜੇ ਤਿਉਹਾਰ ਵਹਿਮ-ਭਰਮ ਨਾਲ ਸਬੰਧਿਤ ਹਨ, ਸਾਨੂੰ ਉਨ੍ਹਾਂ ਨੂੰ ਭੁੱਲ ਜਾਣਾ ਚਾਹੀਦਾ ਹੈ।

-ਅਮਨਜੋਤ ਸਿੰਘ ਸਢੌਰਾ
ਕਲਾਸ-8, ਗਲੀ ਨੰ: 4, ਆਜ਼ਾਦ ਨਗਰ, ਨਜ਼ਦੀਕ ਸਵੇਰਾ ਆਈਸਕਰੀਮਜ਼, ਯਮੁਨਾ ਨਗਰ।

10-09-2018

 ਸੁੱਕੇ ਰੁੱਖ
ਪੂਰੇ ਪੰਜਾਬ ਵਿਚ ਕਿਸੇ ਵੇਲੇ ਮੁੱਖ ਲਿੰਕ ਸੜਕਾਂ ਅਤੇ ਰੇਲਵੇ ਪਟਰੀਆਂ ਦੇ ਦੋਵੇਂ ਪਾਸੇ ਲੱਗੇ ਕਿੱਕਰ ਅਤੇ ਟਾਹਲੀ ਦੇ ਦਰੱਖਤ ਸ਼ਿੰਗਾਰ ਬਣੇ ਹੋਏ ਸਨ, ਪਰ ਹੁਣ ਉਮਰ ਪੂਰੀ ਕਰ ਚੁੱਕੇ ਇਹ ਰੁੱਖ ਸੁੱਕ ਜਾਣ ਕਾਰਨ ਬੁੱਤ ਬਣੇ ਖੜ੍ਹੇ ਹਨ। ਪੁਰਾਣੇ ਤਰਖਾਣ ਟਾਹਲੀ ਦੀ ਲੱਕੜ ਨਾਲ ਮੰਜੇ-ਪੀੜ੍ਹੇ ਬਣਾਉਂਦੇ ਸਨ ਅਤੇ ਕਿੱਕਰ ਦੀ ਲੱਕੜ ਕਿਸਾਨੀ ਦੇ ਸੰਦ ਬਣਾਉਣ ਦੇ ਕੰਮ ਆਉਂਦੀ ਸੀ। ਜਿਥੇ ਹੁਣ ਇਹ ਸੁੱਕੇ ਰੁੱਖ ਸੜਕਾਂ, ਰੇਲਵੇ ਲਾਈਨਾਂ ਦੀ ਸੁੰਦਰਤਾ ਖਰਾਬ ਕਰ ਰਹੇ ਹਨ, ਉਥੇ ਸੜਕਾਂ ਦੇ ਕਿਨਾਰੇ ਡਿੱਗੇ ਰੁੱਖ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ। ਭਾਵੇਂ ਕਿ ਟ੍ਰਿਬਿਊਨਲ ਵਲੋਂ ਅਜਿਹੇ ਸੁੱਕੇ ਰੁੱਖਾਂ ਦੀ ਕਟਾਈ 'ਤੇ ਵੀ ਪੂਰੀ ਰੋਕ ਹੈ, ਪ੍ਰੰਤੂ ਜੰਗਲਾਤ ਵਿਭਾਗ ਨੂੰ ਜਿਥੇ ਹਰ ਸਾਲ ਨਵੇਂ ਬੂਟੇ ਲਗਾ ਰਿਹਾ ਹੈ, ਉਥੇ ਇਹ ਉਮਰ ਵਿਹਾ ਚੁੱਕੇ ਸੁੱਕੇ ਰੁੱਖਾਂ ਦਾ ਨਿਪਟਾਰਾ ਵੀ ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਸਹਿਮਤੀ ਨਾਲ ਕੀਤਾ ਜਾਣਾ ਚਾਹੀਦਾ ਹੈ।


-ਅਮਰੀਕ ਸਿੰਘ ਚੀਮਾ, ਜਲੰਧਰ।


ਅਖੌਤੀ ਸਮਾਜ ਸੇਵਕ

ਇਕ ਪਵਿੱਤਰ ਸ਼ਬਦ ਦਾ ਨਾਂਅ ਹੈ, ਸਮਾਜ ਸੇਵਾ। ਅੱਜ ਸਮਾਜ ਵਿਚ ਬਹੁਤ ਸਾਰੀਆਂ ਸੰਸਥਾਵਾਂ ਸਮਾਜ ਸੇਵਾ ਵਾਲੇ ਕਾਰਜ ਵਿਚ ਤਨ, ਮਨ, ਧਨ ਦੇ ਨਾਲ ਦਿਲੋਂ ਸੇਵਾਵਾਂ ਨਿਭਾਅ ਰਹੀਆਂ ਹਨ, ਜੋ ਵਧਾਈ ਦੀਆਂ ਵੀ ਹੱਕਦਾਰ ਹਨ। ਸਹੀ ਮਾਅਨਿਆਂ ਵਿਚ ਸਮਾਜ ਸੇਵਾ ਦਾ ਦਾਇਰਾ ਬੇਹੱਦ ਵਿਸ਼ਾਲ ਹੈ। ਪਰ ਦੁੱਖ ਹੈ ਕਿ ਇਸ ਪਵਿੱਤਰ ਕਾਰਜ ਵਿਚ ਕੁਝ ਅਖੌਤੀ ਸਮਾਜ ਸੇਵਕਾਂ ਦੀ ਘੁਸਪੈਠ ਨੇ ਇਸ ਦੇ ਵਿਸ਼ਾਲ ਦਾਇਰੇ ਨੂੰ ਬੇਹੱਦ ਸੀਮਤ ਕਰਕੇ ਰੱਖ ਦਿੱਤਾ ਹੈ। ਅਜਿਹੀ ਮਾੜੀ ਮਾਨਸਿਕਤਾ ਵਾਲੇ ਲੋਕ ਸਮਾਜ ਦੇ ਮੱਥੇ 'ਤੇ ਕਲੰਕ ਤੋਂ ਘੱਟ ਨਹੀਂ ਹਨ। ਅਸਲ ਵਿਚ ਸਮਾਜ ਸੇਵਾ ਉਹ ਲੋਕ ਕਰ ਸਕਦੇ ਹਨ, ਜਿਨ੍ਹਾਂ ਦੇ ਮਨ ਸ਼ੁੱਧ ਹੋਣ। ਭਾਵ ਉਨ੍ਹਾਂ ਦੇ ਮਨਾਂ ਦੇ ਵਿਚ ਕੋਈ ਊਚ-ਨੀਚ ਵਾਲੀ ਧਾਰਨਾ ਨਾ ਹੋਵੇ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਨੌਜਵਾਨ ਤੇ ਸਰਕਾਰ
ਪਿਛਲੇ ਦਿਨੀਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨੌਜਵਾਨਾਂ ਦੇ ਦੋ ਧੜਿਆਂ ਵਿਚ ਚਿੱਟੇ ਦਿਨ ਖ਼ੂਨੀ ਝੜਪ ਹੋਈ, ਜਿਸ ਵਿਚ ਚਾਰ ਗੱਭਰੂ ਮੌਤ ਦੀ ਭੇਟ ਚੜ੍ਹ ਗਏ। ਸੂਬੇ ਦੀ ਸਰਕਾਰ ਭਾਵੇਂ ਕੋਈ ਵੀ ਹੋਵੇ, ਨੌਜਵਾਨੀ ਨੂੰ ਸੰਭਾਲਣ ਵਿਚ ਅਸਫ਼ਲ ਹੀ ਰਹੀ ਹੈ। ਅੱਜ ਹਜ਼ਾਰਾਂ ਨੌਜਵਾਨ ਪੜ੍ਹ-ਲਿਖ ਕੇ ਮਜਬੂਰਨ ਵਿਦੇਸ਼ਾਂ ਵਿਚ ਆਪਣਾ ਭਵਿੱਖ ਸੰਵਾਰਨ ਲਈ ਜਾ ਰਹੇ ਹਨ। ਜੇਕਰ ਇਹੋ ਨੌਜਵਾਨ ਸ਼ਕਤੀ ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਖਤਮ ਕਰਨ ਵੱਲ ਲੱਗ ਜਾਵੇ ਤਾਂ ਸਾਡਾ ਸਮਾਜ ਹੋਰ ਬਿਹਤਰ ਬਣ ਸਕਦਾ ਹੈ। ਸੋ, ਅੱਜ ਸਭ ਸਿਆਸੀ ਪਾਰਟੀਆਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਪਹਿਲ ਕਰਨ ਤੇ ਆਪਣੇ ਨਿੱਜੀ ਮੁਫ਼ਾਦਾਂ ਲਈ ਇਨ੍ਹਾਂ ਨੌਜਵਾਨਾਂ ਨੂੰ ਨਾ ਵਰਤਣ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ।


ਅਧਿਆਪਕ ਦੀ ਜ਼ਿੰਮੇਵਾਰੀ

ਅਧਿਆਪਕ ਦਿਵਸ 'ਤੇ ਵਿਸ਼ੇਸ਼ ਤੇ ਸ: ਗੁਰਬਿੰਦਰ ਸਿੰਘ ਦਾ ਲੇਖ ਪੜ੍ਹਿਆ ਅਤੇ ਵਧੀਆ ਲੱਗਾ ਕਿ ਅਧਿਆਪਕ ਇਕ ਮੋਮਬੱਤੀ ਵਾਂਗ ਹੈ ਜੋ ਆਪਾ ਵਾਰ ਕੇ ਦੂਜਿਆਂ ਨੂੰ ਰੁਸ਼ਨਾਉਂਦੇ ਹਨ। ਨਵੇਂ ਨਿਯੁਕਤ ਅਧਿਆਪਕਾਂ ਨੂੰ ਇਸ ਖੇਤਰ ਵਿਚ ਆਪਣੀ ਵੱਖਰੀ ਪਹਿਚਾਣ ਬਣਾਉਣੀ ਚਾਹੀਦੀ ਹੈ। ਕੁਝ ਅਧਿਆਪਕ ਤਾਂ ਆਪਣੇ ਸਕੂਲੀ ਬੱਚਿਆਂ ਦੇ ਭਵਿੱਖ ਲਈ ਆਪਣਾ ਸਾਰਾ ਸਮਾਂ ਹੀ ਬੱਚਿਆਂ ਦੇ ਲੇਖੇ ਲਾ ਰਹੇ ਹਨ। ਅਧਿਆਪਕ ਇਕ ਗੁਰੂ ਹੈ ਜੋ ਕਿ ਛੋਟੀ ਪਨੀਰੀ ਤਿਆਰ ਕਰ ਕੇ ਉਸ ਤੋਂ ਫਲ ਦੀ ਆਸ ਕਰਦਾ ਹੈ ਅਤੇ ਫਲ ਮਿਲਣ 'ਤੇ ਮਾਣ ਮਹਿਸੂਸ ਵੀ ਕਰਦਾ ਹੈ। ਇਹੋ ਜਿਹੇ ਮਿਹਨਤੀ ਅਧਿਆਪਕਾਂ ਨੂੰ ਵਿਭਾਗ ਵਲੋਂ ਸਮੇਂ ਸਿਰ ਤੇ ਪ੍ਰਸੰਸਾ ਪੱਤਰ ਦੇ ਸਨਮਾਨ ਕਰਨਾ ਬਣਦਾ ਹੈ ਤਾਂ ਜੋ ਨਵ-ਨਿਯੁਕਤਾਂ ਲਈ ਰੋਲ ਮਾਡਲ ਬਣਨ ਅਤੇ ਉਨ੍ਹਾਂ ਵਿਚ ਵੀ ਕੁਝ ਚੰਗਾ ਕਰਨ ਦੀ ਰੁਚੀ ਪੈਦਾ ਹੋਵੇ।


-ਬਲਜੀਤ ਸਿੰਘ ਗਿੱਲ,
ਪਿੰਡ ਟਹਿਣਾ।


ਮਿਲਾਵਟਖੋਰਾਂ ਨੂੰ ਸਖ਼ਤ ਸਜ਼ਾ ਮਿਲੇ
'ਸਾਡੇ ਪਿੰਡ ਸਾਡੇ ਖੇਤ' ਪੰਨੇ 'ਤੇ ਛਪਿਆ ਲੇਖ 'ਡੇਅਰੀ ਦਾ ਸਹਾਇਕ ਧੰਦਾ ਮਿਲਾਵਟਖੋਰੀ ਤੋਂ ਪ੍ਰਭਾਵਿਤ' ਵਿਚ ਲੇਖਕ ਨੇ ਦੱਸਿਆ ਹੈ ਕਿ ਪਿਛਲੇ ਦਿਨੀਂ ਅਚਾਨਕ ਛਾਪੇਮਾਰੀ ਵਿਚ ਦੁੱਧ ਦੇ ਲਏ ਨਮੂਨਿਆਂ ਵਿਚੋਂ 60 ਫ਼ੀਸਦੀ ਨਮੂਨੇ ਫੇਲ੍ਹ ਹੋਏ ਹਨ। ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਜਿਹੜੇ ਦੁੱਧ ਅਤੇ ਉਸ ਤੋਂ ਬਣੀਆਂ ਖਾਣ-ਪੀਣ ਵਾਲੀਆਂ ਵਸਤਾਂ ਨੂੰ ਅਸੀਂ ਆਪਣੀ ਸਿਹਤ ਨੂੰ ਚੰਗੀ ਬਣਾਉਣ ਲਈ ਵਰਤਦੇ ਹਾਂ, ਉਹੀ ਦੁੱਧ ਸਾਨੂੰ ਸਰੀਰਕ ਅਤੇ ਮਾਨਸਿਕ ਰੋਗੀ ਬਣਾ ਰਿਹਾ ਹੈ। ਮਿਲਾਵਟਖੋਰਾਂ ਨੇ ਅੰਮ੍ਰਿਤ ਰੂਪੀ ਦੁੱਧ ਨੂੰ ਜ਼ਹਿਰ ਬਣਾ ਕੇ ਰੱਖ ਦਿੱਤਾ ਹੈ। ਨਕਲੀ ਦੁੱਧ ਤਿਆਰ ਕਰਨ ਵਾਲਿਆਂ ਨੇ ਅਸਲੀ ਦੁੱਧ ਉਤਪਾਦਕਾਂ ਲਈ ਵੀ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਛਾਪੇਮਾਰੀ ਕਰਨ ਦਾ ਤਾਂ ਹੀ ਫਾਇਦਾ ਹੈ ਜੇ ਭੋਲੀ-ਭਾਲੀ ਜਨਤਾ ਦੀ ਖੂਨ-ਪਸੀਨੇ ਦੀ ਕਮਾਈ ਅਤੇ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਿਲਾਵਟਖੋਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਲੋਕਾਂ ਨੂੰ ਅਸਲੀ ਅਤੇ ਨਕਲੀ ਮਿਲਾਵਟੀ ਦੁੱਧ ਦੀ ਪਛਾਣ ਲਈ ਜਾਗਰੂਕ ਕਰਨਾ ਵੀ ਬਹੁਤ ਜ਼ਰੂਰੀ ਹੈ।


-ਅੰਮ੍ਰਿਤ ਕੌਰ-
ਅੱਧੀ ਟਿੱਬੀ ਬਡਰੁੱਖਾਂ, ਸੰਗਰੂਰ।

07-09-2018

 ਮਿਸ਼ਨ ਤੰਦਰੁਸਤ ਪੰਜਾਬ
'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਲਗਪਗ ਪਿਛਲੇ ਦੋ ਕੁ ਹਫ਼ਤਿਆਂ ਤੋਂ ਪੰਜਾਬ ਸਰਕਾਰ ਦੇ ਆਲ੍ਹਾ ਇਮਾਨਦਾਰ ਫੂਡ ਐਂਡ ਡਰਗਜ਼ ਕਮਿਸ਼ਨਰ ਪੰਜਾਬ ਸ: ਕਾਹਨ ਸਿੰਘ ਪਨੂੰ ਹੁਰਾਂ ਨੇ ਪੰਜਾਬ ਅੰਦਰ ਮਿਲਾਵਟੀ ਦੁੱਧ ਅਤੇ ਉਸ ਤੋਂ ਅਨੇਕਾਂ ਪ੍ਰਕਾਰ ਦੇ ਬਣੇ ਪਦਾਰਥ ਜਿਵੇਂ ਪਨੀਰ, ਘਿਓ ਅਤੇ ਮਠਿਆਈਆਂ ਦੇ ਕਾਲੇ ਧੰਦੇ ਦੇ ਕਾਰੋਬਾਰੀਆਂ ਨੂੰ ਭਾਜੜਾਂ ਪਾਈਆਂ ਹੋਈਆਂ ਹਨ। ਅਫ਼ਸੋਸ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਹ ਗ਼ੈਰ-ਮਨੁੱਖੀ ਵਰਤਾਰਾ ਜੋ ਸਿੱਧਾ ਸਿਹਤ ਨਾਲ ਜੁੜਿਆ ਹੋਇਆ ਹੈ, ਚੱਲ ਰਿਹਾ ਸੀ ਅਤੇ ਮਿਲਾਵਟਖੋਰ ਜ਼ਹਿਰੀਲਾ ਪਦਾਰਥ ਮਿਲਾ ਕੇ ਨਕਲੀ ਦੁੱਧ (ਸਿੰਥੈਟਿਕ) ਤਿਆਰ ਕਰ ਕੇ ਵੇਚ ਕੇ ਵੱਡਾ ਮੁਨਾਫ਼ਾ ਕਮਾ ਰਹੇ ਸਨ।
ਅੱਜ ਉਕਤ ਦਲੇਰ ਤੇ ਇਮਾਨਦਾਰ ਅਫ਼ਸਰ ਸਦਕਾ ਲੋਕਾਂ ਨੂੰ ਕੁਝ ਸ਼ੁੱਧ ਖਾਧ ਪਦਾਰਥ ਮਿਲਣ ਦੀ ਆਸ ਬੱਝੀ ਹੈ। ਸਿਹਤ ਵਿਭਾਗ ਵੀ ਹੁਣ ਹਰਕਤ ਵਿਚ ਆਇਆ ਹੈ। ਆਮ ਲੋਕਾਂ ਦੀ ਸਰਕਾਰ ਤੋਂ ਮੰਗ ਹੈ ਕਿ ਜਿੰਨੇ ਵੀ ਲੋਕ ਕਾਲੇ ਧੰਦੇ 'ਚ ਸ਼ਾਮਿਲ ਹਨ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਮਨੁੱਖਤਾ ਵਿਰੁੱਧ ਸੋਚ ਰੱਖਦੇ ਅਨਸਰ ਅਜਿਹਾ ਕਾਲਾ ਧੰਦਾ ਕਰਨ ਤੋਂ ਸੰਕੋਚ ਕਰਨ।


-ਮਾਸਟਰ ਦੇਵ ਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਨੌਜਵਾਨਾਂ ਦੀ ਵਿਦੇਸ਼ ਉਡਾਰੀ
ਪੰਜਾਬ ਵਿਚ ਢੁੱਕਵੇਂ ਰੁਜ਼ਗਾਰ ਨਾ ਮਿਲਣ ਕਾਰਨ ਹਰ ਸਾਲ ਨੌਜਵਾਨ ਲੱਖਾਂ ਦੀ ਗਿਣਤੀ ਵਿਚ ਵਿਦੇਸ਼ ਉਡਾਰੀ ਮਾਰ ਰਹੇ ਹਨ ਜਿਸ ਨਾਲ ਕਰੋੜਾਂ ਰੁਪਿਆ, ਆਈਲੈਟਸ ਫੀਸਾਂ ਅਤੇ ਵਿਦੇਸ਼ੀ ਕਾਲਜਾਂ ਦੀਆਂ ਫੀਸਾਂ ਦੇ ਰੂਪ ਵਿਚ ਵਿਦੇਸ਼ੀ ਸਰਕਾਰ ਕੋਲ ਜਾ ਰਿਹਾ ਹੈ। ਇਹ ਨੌਜਵਾਨ ਜਿਥੇ ਆਪਣਾ ਭਵਿੱਖ ਸੰਵਾਰਨ ਲਈ ਵਿਦੇਸ਼ ਜਾ ਰਹੇ ਹਨ, ਉਥੇ ਪੰਜਾਬ ਦਾ ਸੁਨਹਿਰੀ ਭਵਿੱਖ ਵੀ ਨਾਲ ਹੀ ਲੈ ਕੇ ਜਾ ਰਹੇ ਹਨ। ਪੰਜਾਬ ਦਾ ਨੌਜਵਾਨ ਪੜ੍ਹ-ਲਿਖ ਕੇ ਚੰਗੀ ਉਜਰਤ ਵਾਲੇ ਸੁਪਨੇ ਦੇਖਦਾ ਹੈ। ਸਰਕਾਰ ਨੂੰ ਪੜ੍ਹੇ-ਲਿਖੇ ਨੌਜਵਾਨਾਂ ਲਈ ਰੁਜ਼ਗਾਰ ਦੇ ਢੁੱਕਵੇਂ ਮੌਕੇ ਪੈਦਾ ਕਰਨ ਦੀ ਲੋੜ ਹੈ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਇਹ ਨੌਜਵਾਨ ਵਿਦੇਸ਼ ਜਾਣ ਲਈ ਮਜਬੂਰ ਹੋ ਜਾਣਗੇ, ਜਿਸ ਨਾਲ ਪੰਜਾਬ ਦੀ ਤਰੱਕੀ 'ਤੇ ਬੁਰਾ ਅਸਰ ਪਵੇਗਾ। ਇਸ ਲਈ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਸੂਬੇ ਦੇ ਨੌਜਵਾਨਾਂ ਨੂੰ ਢੁੱਕਵੇਂ ਰੁਜ਼ਗਾਰ ਪ੍ਰਦਾਨ ਕਰਵਾਏ ਤਾਂ ਜੋ ਇਹ ਨੌਜਵਾਨ ਪੰਜਾਬ ਤੋਂ ਬਾਹਰ ਜਾਂ ਵਿਦੇਸ਼ਾਂ ਵਿਚ ਜਾ ਕੇ ਦਰ-ਦਰ ਦੇ ਭਿਖਾਰੀ ਨਾ ਬਣਨ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਪਰਿਵਾਰਕ ਰਿਸ਼ਤਿਆਂ 'ਚ ਤਰੇੜ
ਬੀਤੇ ਦਿਨੀਂ ਇਕ ਅਜਿਹੀ ਖ਼ਬਰ ਵੀ ਪੜ੍ਹਨ ਨੂੰ ਮਿਲੀ ਕਿ ਇਕ ਨੌਜਵਾਨ ਨੇ ਆਪਣੀ ਸਕੀ ਭੈਣ ਦੇ ਚਰਿੱਤਰ 'ਤੇ ਸ਼ੱਕ ਹੋਣ 'ਤੇ ਹੱਤਿਆ ਕਰ ਦਿੱਤੀ। ਸਾਡੇ ਸਮਾਜ ਵਿਚ ਭੈਣ-ਭਰਾ ਦੇ ਰਿਸ਼ਤੇ ਨੂੰ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ। ਬੀਤੇ ਦਿਨੀਂ ਲੰਘੇ ਰੱਖੜੀ ਦੇ ਤਿਉਹਾਰ 'ਤੇ ਹਰੇਕ ਭਰਾ ਨੇ ਆਪਣੀ ਭੈਣ ਦੀ ਰੱਖਿਆ ਕਰਨ ਦਾ ਪ੍ਰਣ ਲਿਆ ਹੈ, ਪਰ ਇਸ ਘਟਨਾ ਨੂੰ ਸਮਾਜ ਦਾ ਨੈਤਿਕ ਪਤਨ ਹੀ ਕਿਹਾ ਜਾ ਸਕਦਾ ਹੈ ਕਿ ਇਕ ਭਰਾ ਹੀ ਆਪਣੀ ਭੈਣ ਨੂੰ ਮਾਰ ਮੁਕਾਏ। ਅਜਿਹੇ ਮਾਮਲਿਆਂ ਦਾ ਆਏ ਦਿਨ ਸਾਹਮਣੇ ਆਉਣਾ ਸਮਾਜਿਕ ਪਰਿਵਾਰਕ ਰਿਸ਼ਤਿਆਂ ਵਿਚ ਤਰੇੜ ਅਤੇ ਗਿਰਾਵਟ ਦਾ ਸੰਕੇਤ ਹੈ।
ਭਾਵੇਂ ਪੁਲਿਸ, ਕਾਨੂੰਨ ਅਤੇ ਆਮ ਲੋਕਾਂ ਦੀ ਨਜ਼ਰ ਵਿਚ ਇਹ ਸਾਧਾਰਨ ਅਪਰਾਧ ਹੋਵੇ, ਪਰ ਅਜਿਹੇ ਅਪਰਾਧ ਸਮਾਜਿਕ ਗਿਰਾਵਟ ਦੇ ਲੱਛਣ ਹਨ। ਸਮਾਜ ਸ਼ਾਸਤਰੀਆਂ ਅਤੇ ਸੰਤਾਂ ਮਹਾਂਪੁਰਸ਼ਾਂ ਨੂੰ ਅਜਿਹੀ ਸਮਾਜਿਕ ਬੁਰਾਈ ਦੇ ਵਿਰੁੱਧ ਅਤੇ ਲੋਕਾਂ ਦੀ ਮਾਨਸਿਕਤਾ ਬਦਲਣ ਲਈ ਜ਼ਰੂਰ ਪ੍ਰਚਾਰ ਕਰਨਾ ਚਾਹੀਦਾ ਹੈ ਅਤੇ ਇਸ ਬੁਰਾਈ 'ਤੇ ਕਾਬੂ ਪਾਉਣਾ ਚਾਹੀਦਾ ਹੈ।


-ਦਿਨੇਸ਼ ਖੇੜਾ
ਲੋਹੀਆਂ ਖ਼ਾਸ, ਜਲੰਧਰ।


ਨਕਲੀ ਗੋਰਖਧੰਦਾ
ਆਪਣੇ ਅਮੀਰ ਵਿਰਸੇ ਲਈ ਜਾਣੇ ਜਾਂਦੇ ਪੰਜਾਬ ਵਿਚ ਅੱਜ ਮਿਲਾਵਟਖੋਰੀ, ਨਸ਼ਾਖੋਰੀ, ਰਿਸ਼ਵਤਖੋਰੀ, ਜਮ੍ਹਾਂਖੋਰੀ ਨੇ ਪੂਰੀ ਤਰ੍ਹਾਂ ਪੈਰ ਪਸਾਰ ਲਏ ਹਨ। ਇਨ੍ਹਾਂ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਅੱਜ ਤੱਕ ਸੂਬੇ ਵਿਚ ਬਣੀ ਹਰ ਸਰਕਾਰ ਪੂਰੀ ਤਰ੍ਹਾਂ ਸਫ਼ਲ ਨਹੀਂ ਹੋ ਪਾਈ। ਹਰ ਸਾਲ ਦੀ ਤਰ੍ਹਾਂ ਪਿਛਲੇ ਕੁਝ ਦਿਨਾਂ ਤੋਂ ਮਿਲਾਵਟ ਰੋਕੂ ਮਹਿਕਮਿਆਂ ਵਲੋਂ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਨਕਲੀ ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਦੀਆਂ ਮਿਲਾਵਟੀ ਖੇਪਾਂ ਪੰਜਾਬ ਵਿਚੋਂ ਫੜੀਆਂ ਗਈਆਂ ਹਨ ਅਤੇ ਫੜੀਆਂ ਜਾ ਰਹੀਆਂ ਹਨ। ਕਿਵੇਂ ਇਹ ਮਿਲਾਵਟਖੋਰ ਨਾਜਾਇਜ਼ ਤਰੀਕੇ ਨਾਲ ਪੈਸੇ ਕਮਾ ਕੇ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਕਰਨ ਦੇ ਨਾਲ-ਨਾਲ ਸਮਾਜਿਕ ਅਰਥਚਾਰੇ ਨੂੰ ਤਬਾਹ ਕਰ ਰਹੇ ਹਨ। ਪੰਜਾਬ ਸਰਕਾਰ ਦਾ ਇਨ੍ਹਾਂ ਮਿਲਾਵਟਖੋਰਾਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਨਾਲ-ਨਾਲ ਇਨ੍ਹਾਂ ਲਈ ਸਖ਼ਤ ਸਜ਼ਾ ਦਾ ਲਿਆ ਫ਼ੈਸਲਾ ਸ਼ਲਾਘਾਯੋਗ ਹੈ। ਇਸ ਮੁਹਿੰਮ ਨੂੰ ਤਾਂ ਹੀ ਕਾਮਯਾਬ ਸਮਝਿਆ ਜਾਵੇਗਾ ਜੇਕਰ ਇਹ ਤਿਉਹਾਰਾਂ ਦੇ ਦਿਨਾਂ ਤੱਕ ਹੀ ਸੀਮਤ ਨਾ ਹੋ ਕੇ ਸਾਰਾ ਸਾਲ ਜਾਰੀ ਰਹੇ ਤਾਂ ਹੀ ਅਸੀਂ ਤੰਦਰੁਸਤ ਪੰਜਾਬ ਦੀ ਗੱਲ ਕਰ ਸਕਦੇ ਹਾਂ।


-ਮਾਸਟਰ ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਤਰਨ ਤਾਰਨ ਸਾਹਿਬ।

05-09-2018

 ਨਸ਼ਿਆਂ ਦੀ ਦਲਦਲ

ਅੱਜਕਲ੍ਹ ਨਸ਼ਿਆਂ ਨਾਲ ਹੋਣ ਵਾਲੀਆਂ ਘਟਨਾਵਾਂ ਦੀਆਂ ਖ਼ਬਰਾਂ ਆਮ ਹੀ ਹੋ ਚੁੱਕੀਆਂ ਹਨ। ਬਹੁਤੇ ਨੌਜਵਾਨ ਇਸ ਦੀ ਜਕੜ ਵਿਚ ਆ ਗਏ ਅਤੇ ਉਹ ਨਸ਼ਿਆਂ ਦੀ ਪੂਰਤੀ ਲਈ ਆਪਣੇ ਮਾਤਾ-ਪਿਤਾ ਤੋਂ ਪੈਸੇ ਲੈਣ ਲਈ ਉਨ੍ਹਾਂ ਨਾਲ ਮਾੜਾ ਵਰਤਾਓ ਕਰਦੇ ਹਨ। ਇਨ੍ਹਾਂ ਨਸ਼ੇ ਦੇ ਆਦੀਆਂ ਨੂੰ ਸਿਹਤ, ਪਰਿਵਾਰ ਅਤੇ ਸਮਾਜ ਸਬੰਧੀ ਕੋਈ ਫ਼ਿਕਰ ਨਹੀਂ ਹੁੰਦਾ। ਨਸ਼ਿਆਂ ਦੇ ਆਦੀ ਹੋਣ ਕਾਰਨ ਮਾਤਾ-ਪਿਤਾ ਦਾ ਦੁੱਖ-ਦਰਦ ਸਮਝ ਨਹੀਂ ਪਾਉਂਦੇ। ਅਜਿਹੀ ਮੁਸ਼ਕਿਲ ਵਿਚ ਫਸੇ ਨੌਜਵਾਨਾਂ ਨੂੰ ਆਪਣੇ ਨਜ਼ਦੀਕੀਆਂ ਲਈ ਹੀ ਇਸ ਅਲਾਮਤ ਨੂੰ ਛੱਡਣਾ ਪਵੇਗਾ। ਇਨ੍ਹਾਂ ਨੌਜਵਾਨਾਂ ਨੂੰ ਪਰਿਵਾਰ ਨੂੰ ਅੱਗੇ ਰੱਖ ਕੇ ਫ਼ੈਸਲਾ ਕਰਨਾ ਚਾਹੀਦਾ ਹੈ।

-ਜਗਦੀਪ ਕੌਰ
ਅੰਮ੍ਰਿਤਸਰ।

ਪਿੰਡਾਂ ਦੇ ਛੱਪੜ

ਕਿਸੇ ਸਮੇਂ ਛੱਪੜ ਪਿੰਡਾਂ ਦੀ ਸ਼ਾਨ ਤੇ ਪ੍ਰਮੁੱਖ ਲੋੜ ਹੁੰਦੇ ਸਨ। ਇਹ ਛੱਪੜ ਜਿਥੇ ਪਸ਼ੂਆਂ ਦੇ ਨਹਾਉਣ ਲਈ ਪ੍ਰਮੁੱਖ ਹੁੰਦੇ ਸਨ, ਉਥੇ ਛੱਪੜਾਂ ਦੇ ਕਿਨਾਰਿਆਂ ਤੇ ਬੋਹੜ ਦੀ ਛਾਂ ਹੇਠ ਬਜ਼ੁਰਗ ਸਾਰਾ ਦਿਨ ਤਾਸ਼ ਖੇਡਦੇ ਰਹਿੰਦੇ ਤੇ ਪਿੰਡ ਦੇ ਦੁੱਖ-ਸੁੱਖ ਦੀਆਂ ਗੱਲਾਂ ਕਰਦੇ ਰਹਿੰਦੇ, ਇਸ ਨਾਲ ਉਨ੍ਹਾਂ ਵਿਚ ਅਨੋਖੀ ਸਾਂਝ ਬਣੀ ਰਹਿੰਦੀ ਤੇ ਉਨ੍ਹਾਂ ਬਜ਼ੁਰਗਾਂ ਦਾ ਬੁਢਾਪਾ ਸੌਖਾ ਲੰਘ ਜਾਂਦਾ ਸੀ। ਅਜੋਕੇ ਸਮੇਂ ਵਿਚ ਪਿੰਡਾਂ ਦੇ ਛੱਪੜ ਖ਼ਤਮ ਹੋ ਗਏ ਹਨ। ਜ਼ਿਆਦਾਤਰ ਛੱਪੜ ਭਰ ਕੇ ਉਥੇ ਇਮਾਰਤਾਂ ਦੀ ਉਸਾਰੀ ਹੋ ਗਈ ਹੈ। ਛੱਪੜ ਨਾ ਹੋਣ ਕਰਕੇ ਲੋਕ ਘਰਾਂ ਵਿਚ ਪਸ਼ੂਆਂ ਨੂੰ ਨਹਾਉਣ ਨੂੰ ਤਰਜੀਹ ਦੇਣ ਲੱਗ ਪਏ ਹਨ, ਜਿਸ ਕਰਕੇ ਪਾਣੀ ਦੀ ਫਜ਼ੂਲ ਖਪਤ ਹੋਣ ਲੱਗੀ ਹੈ। ਇਸ ਲਈ ਲੋੜ ਹੈ ਕਿ ਪਿੰਡ ਦੇ ਸੀਵਰੇਜ ਦਾ ਪਾਣੀ ਦਾ ਨਿਕਾਸ ਇਕ ਸਾਰੇ ਛੱਪੜਾਂ ਵਿਚ ਨਾ ਕਰਕੇ ਇਕ ਪਿੰਡ ਵਿਚ ਘੱਟੋ-ਘੱਟ ਇਕ ਛੱਪੜ ਵਿਚ ਸਾਫ਼ ਪਾਣੀ ਪਾ ਕੇ ਪਸ਼ੂਆਂ ਲਈ ਰੱਖਿਆ ਜਾਵੇ।

-ਕਮਲ ਕੋਟਲੀ
ਅਬਲੂ।

ਫਰਜ਼ਾਂ ਦੀ ਗੱਲ ਕਰੀਏ...

ਅਸੀਂ ਹਮੇਸ਼ਾ ਆਪਣੇ ਹੱਕ ਲੈਣ ਲਈ ਲੜਦੇ ਹਾਂ, ਫਰਜ਼ਾਂ ਦੀ ਗੱਲ ਤਾਂ ਕੋਈ ਵਿਰਲਾ ਹੀ ਕਰਦਾ ਹੈ। ਜੇ ਅਸੀਂ ਸਰਕਾਰੀ ਕਰਮਚਾਰੀ ਹਾਂ ਤਾਂ ਸਾਨੂੰ ਤਨਖਾਹ ਸਮੇਂ 'ਤੇ ਨਾ ਮਿਲੇ ਤਾਂ ਅਸੀਂ ਦੁਹਾਈ ਪਾ ਦਿੰਦੇ ਹਾਂ ਪਰ ਜਿਹੜੇ ਅਸੀਂ ਆਮ ਜਨਤਾ ਦੇ ਕੰਮ ਸਮੇਂ ਸਿਰ ਨਹੀਂ ਕਰਦੇ, ਇਕ ਗੇੜੇ ਵਿਚ ਹੋਣ ਵਾਲੇ ਕੰਮ ਪਿੱਛੇ ਉਨ੍ਹਾਂ ਦੇ 10-10 ਗੇੜੇ ਮਰਵਾਉਂਦੇ ਹਾਂ, ਉਨ੍ਹਾਂ ਬਾਰੇ ਕਦੇ ਸੋਚਦੇ ਹੀ ਨਹੀਂ ਅਤੇ ਆਮ ਲੋਕ ਦਫ਼ਤਰਾਂ ਦੇ ਚੱਕਰ ਲਾਉਂਦੇ ਖੱਜਲ-ਖੁਆਰ ਹੁੰਦੇ ਹਨ। ਪਤਾ ਨਹੀਂ ਕੋਈ ਕਿੰਨਾ ਕੁ ਮਜਬੂਰ ਹੁੰਦਾ ਹੋਵੇਗਾ, ਜਿਸ ਨੂੰ ਅਸੀਂ ਦੁਖੀ ਕਰਦੇ ਹਾਂ। ਅਸੀਂ ਕਿਤੇ ਵੀ ਕੰਮ ਕਰਦੇ ਹਾਂ ਭਾਵੇਂ ਘਰ ਹੋਵੇ ਜਾਂ ਦਫ਼ਤਰ, ਸਰਕਾਰੀ ਹੋਵੇ ਜਾਂ ਪ੍ਰਾਈਵੇਟ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਸਹੀ ਸਮੇਂ 'ਤੇ ਪੂਰਾ ਕਰੀਏ ਤਾਂ ਬਹੁਤ ਸਾਰੀਆਂ ਚਿੰਤਾਵਾਂ, ਸਮੱਸਿਆਵਾਂ ਆਪਣੇ-ਆਪ ਹੀ ਖ਼ਤਮ ਹੋ ਜਾਣਗੀਆਂ। ਹੱਕਾਂ ਪ੍ਰਤੀ ਸੁਚੇਤ ਹੋਣਾ ਚੰਗੀ ਗੱਲ ਹੈ ਪਰ ਫਰਜ਼ਾਂ ਨੂੰ ਵੀ ਸੁਝਾਅ ਦਾ ਹਿੱਸਾ ਬਣਾਈਏ।

-ਅੰਮ੍ਰਿਤ ਕੌਰ
ਅੱਧੀ ਟਿੱਬੀ ਬਡਰੁੱਖਾਂ, ਸੰਗਰੂਰ।

ਪ੍ਰਸ਼ਾਸਨ ਧਿਆਨ ਦੇਵੇ

ਪਿਛਲੇ ਦਿਨੀਂ ਜਲੰਧਰ ਸ਼ਹਿਰ ਦੇ ਅੱਡਾ ਹੁਸ਼ਿਆਰਪੁਰ ਦੇ ਫਾਟਕ ਨੇੜੇ ਲਗਦੀ ਇਕ ਰੇਹੜੀ 'ਤੇ ਅਚਾਨਕ ਸਿਲੰਡਰ ਲੀਕ ਹੋ ਜਾਣ ਕਰਕੇ ਕਾਫੀ ਨੁਕਸਾਨ ਹੋ ਗਿਆ। ਫਿਰ ਵੀ ਅੱਗ ਬੁਝਾਊ ਅਮਲੇ ਦੀ ਹੁਸ਼ਿਆਰੀ ਨਾਲ ਅੱਗ 'ਤੇ ਜਲਦੀ ਕਾਬੂ ਪਾ ਲਿਆ ਗਿਆ।
ਇਸ ਦੇ ਵਿਚ ਕੋਈ ਸ਼ੱਕ ਨਹੀਂ ਕਿ ਸ਼ਹਿਰ ਵਿਚ ਭੀੜ-ਭੜੱਕੇ ਵਾਲੇ ਬਾਜ਼ਾਰਾਂ ਵਿਚ ਕਿਸੇ ਨਾ ਕਿਸੇ ਦੀ ਮਿਲੀਭੁਗਤ ਨਾਲ ਨਾਜਾਇਜ਼ ਕਬਜ਼ੇ ਕਰ ਕੇ ਅਣਗਿਣਤ ਖਾਣ-ਪੀਣ ਦੀਆਂ ਰੇਹੜੀਆਂ ਚੱਲ ਰਹੀਆਂ ਹਨ ਜੋ ਕਿ ਬਿਲਕੁਲ ਗ਼ੈਰ-ਕਾਨੂੰਨੀ ਹਨ ਅਤੇ ਘਰੇਲੂ ਸਿਲੰਡਰਾਂ ਦੀ ਵੀ ਵਰਤੋਂ ਕਰਦੇ ਰੇਹੜੀਆਂ ਵਾਲੇ ਆਮ ਦਿਖਾਈ ਦਿੰਦੇ ਹਨ। ਨਾਜਾਇਜ਼ ਕਬਜ਼ਿਆਂ ਕਰਕੇ ਹਮੇਸ਼ਾ ਜਾਮ ਲੱਗਾ ਰਹਿੰਦਾ ਹੈ। ਕ੍ਰਿਪਾ ਕਰਕੇ ਪ੍ਰਸ਼ਾਸਨ ਧਿਆਨ ਦੇਵੇ, ਜਿਸ ਨਾਲ ਆਮ ਜਨਤਾ ਨੂੰ ਕੁਝ ਰਾਹਤ ਮਿਲ ਸਕੇ ਅਤੇ ਹੋਣ ਵਾਲੇ ਹਾਦਸਿਆਂ ਤੋਂ ਵੀ ਬਚਿਆ ਜਾ ਸਕੇ।

-ਪ੍ਰੇਮ ਕੁਮਾਰ
ਮਕਸੂਦਾਂ, ਜਲੰਧਰ।

ਵੋਟ ਦਾ ਹੱਕ

ਵੋਟ ਦਾ ਹੱਕ ਸਾਨੂੰ ਜੱਦੋ-ਜਹਿਦ ਕਰਨ ਤੋਂ ਬਾਅਦ ਮਿਲਿਆ ਹੈ ਪਰ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਦਾ ਇਸਤੇਮਾਲ ਅਸੀਂ ਕਿਵੇਂ ਕਰ ਰਹੇ ਹਾਂ? ਜਿਸ ਤਰ੍ਹਾਂ ਕਰ ਰਹੇ ਹਾਂ, ਉਸ ਦਾ ਨੁਕਸਾਨ ਸਾਨੂੰ ਹੋ ਰਿਹਾ ਹੈ ਜਾਂ ਫਾਇਦਾ? ਅਸੀਂ ਰਿਸ਼ਵਤ, ਨਸ਼ੇ, ਭ੍ਰਿਸ਼ਟਾਚਾਰ ਅਤੇ ਢੇਰ ਸਾਰੀਆਂ ਸਮੱਸਿਆਵਾਂ ਵਿਚ ਫਸੇ ਹੋਏ ਹਾਂ। ਵੋਟਾਂ ਤੋਂ ਪਹਿਲਾਂ ਇਹ ਮੁੱਦਾ ਬਣ ਜਾਂਦਾ ਹੈ ਪਰ ਪਰਨਾਲਾ ਉਥੇ ਦਾ ਉਥੇ ਰਹਿੰਦਾ ਹੈ। ਪੰਚਾਇਤ ਦੀਆਂ ਚੋਣਾਂ ਆ ਗਈਆਂ, ਇਸ ਤੋਂ ਹੀ ਸ਼ੁਰੂਆਤ ਕਰ ਲਵੋ। ਕਿਸੇ ਪਾਰਟੀ ਦਾ ਸਰਪੰਚ ਨਾ ਚੁਣ ਕੇ ਪਿੰਡ ਦਾ ਸਰਪੰਚ ਨਿਰਪੱਖ ਆਦਮੀ ਨੂੰ ਚੁਣੋ। ਨਿੱਕੀਆਂ-ਮੋਟੀਆਂ ਲੜਾਈਆਂ ਵੀ ਥਾਣਿਆਂ ਦੇ ਵਿਚ ਜਾਣ ਲੱਗ ਪਈਆਂ। ਸਿਆਣੇ, ਪੜ੍ਹੇ-ਲਿਖੇ, ਸਾਂਝੇ ਬੰਦੇ ਜੋ ਗ਼ਲਤ ਨੂੰ ਗ਼ਲਤ ਅਤੇ ਠੀਕ ਨੂੰ ਠੀਕ ਕਹਿਣ ਦੀ ਜੁਅਰਤ ਰੱਖਣ, ਨੂੰ ਸਰਪੰਚ ਬਣਾਓ। ਇਵੇਂ ਦੇ ਹੀ ਪੰਚਾਇਤ ਮੈਂਬਰ ਚੁਣੋ। ਪਿੰਡਾਂ ਦੀਆਂ ਧੜੇਬੰਦੀਆਂ ਦਾ ਫਾਇਦਾ ਸਿਆਸਤਦਾਨ ਚੁੱਕਦੇ ਨੇ ਅਤੇ ਅਸੀਂ ਆਪਣਿਆਂ ਤੋਂ ਟੁੱਟ ਕੇ ਬੈਠ ਜਾਂਦੇ ਹਾਂ। ਪਿੰਡਾਂ ਦਾ ਭਾਈਚਾਰਾ ਦੁਬਾਰਾ ਜ਼ਿੰਦਾ ਕਰੋ। ਬਹੁਤ ਕੁਝ ਗੁਆ ਲਿਆ, ਵੋਟ ਦੀ ਸਹੀ ਵਰਤੋਂ ਆ ਰਹੀ ਆਪਣੀ ਪਿੰਡ ਦੀਆਂ ਪੰਚਾਇਤੀ ਚੋਣ ਤੋਂ ਸ਼ੁਰੂ ਕਰੋ।

-ਪ੍ਰਭਜੋਤ ਕੌਰ ਢਿੱਲੋਂ
ਮੁਹਾਲੀ।

ਸਕੂਲ ਸਿਹਤ ਪ੍ਰੋਗਰਾਮ

ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ ਸਕੂਲ ਸਿਹਤ ਪ੍ਰੋਗਰਾਮ ਉਲੀਕਿਆ ਗਿਆ ਹੈ। ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਖੁਰਾਕੀ ਪਦਾਰਥਾਂ ਦੀ ਮਿਲਾਵਟ ਨੂੰ ਰੋਕਣ ਲਈ ਨਮੂਨੇ ਲੈਣ ਦੀ ਪ੍ਰਕਿਰਿਆ ਤੇਜ਼ ਕਰਨ ਦੇ ਨਾਲ-ਨਾਲ ਜਿਥੇ ਕਿਤੇ ਆਈਰਨ ਅਤੇ ਹੋਰ ਦਵਾਈਆਂ ਦੀ ਕਮੀ ਪਾਈ ਜਾਂਦੀ ਹੈ, ਉਹ ਵੀ ਪੂਰੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਵਿਦਿਆਰਥੀ ਨਿਰੋਗ ਰਹਿ ਸਕਣ। ਸਿਹਤ ਵਿਭਾਗ ਵਲੋਂ ਸਕੂਲੀ ਵਿਦਿਆਰਥੀਆਂ ਦੀ ਭਲਾਈ ਲਈ ਸ਼ੁਰੂ ਕੀਤੇ ਸਿਹਤ ਪ੍ਰੋਗਰਾਮ ਤਹਿਤ ਸਾਰੇ ਵਿਦਿਆਰਥੀਆਂ ਨੂੰ ਲਾਭ ਪ੍ਰਾਪਤ ਹੋਣਾ ਚਾਹੀਦਾ ਹੈ ਅਤੇ ਅਧਿਕਾਰੀਆਂ ਨੂੰ ਇਸ ਪ੍ਰੋਗਰਾਮ ਸਬੰਧੀ ਪੂਰੀ ਸੰਜੀਦਗੀ ਨਾਲ ਯਤਨ ਕਰਨੇ ਚਾਹੀਦੇ ਹਨ। ਇਸ ਪ੍ਰੋਗਰਾਮ ਤਹਿਤ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੂੰ ਲਾਭ ਪਹੁੰਚਾਉਣਾ ਯਕੀਨੀ ਬਣਾਉਣ ਦੀ ਲੋੜ ਹੈ ਤਾਂ ਜੋ ਵੱਧ ਤੋਂ ਵੱਧ ਸਕੂਲੀ ਵਿਦਿਆਰਥੀ ਇਸ ਸਹੂਲਤ ਦਾ ਲਾਭ ਲੈ ਸਕਣ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆਂ, ਜਲੰਧਰ।

04-09-2018

 ਗੰਭੀਰ ਸਮੱਸਿਆ
ਬੀਤੇ ਦਿਨੀਂ 'ਅਜੀਤ' ਦੇ ਲੋਕ ਮੰਚ ਪੰਨੇ 'ਤੇ 'ਇਕ ਗੰਭੀਰ ਸਮੱਸਿਆ ਬੇਰੁਜ਼ਗਾਰੀ' ਲੇਖ ਪੜ੍ਹਿਆ। ਲੇਖ ਬੇਹੱਦ ਮਨ ਨੂੰ ਟੁੰਬਦਾ ਸੀ। ਨੌਜਵਾਨ ਹਰ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਜਿਸ ਦੇਸ਼ ਦੇ ਨੌਜਵਾਨ ਕੰਮਾਂ-ਕਾਰਾਂ 'ਚ ਰੁੱਝੇ ਹੋਏ ਹਨ, ਉਹ ਦੇਸ਼ ਦੁਨੀਆ ਦੇ ਨਕਸ਼ੇ 'ਚ ਸਭ ਉਪਰਲੀ ਕਤਾਰ 'ਤੇ ਹਨ। ਨੌਜਵਾਨ ਰੁਜ਼ਗਾਰਾਂ ਦੀ ਭਾਲ 'ਚ ਆਪਣਾ ਮੁਲਕ ਛੱਡੀ ਜਾ ਰਹੇ ਹਨ ਪਰ ਸਰਕਾਰਾਂ ਲਾਪਰਵਾਹ ਹੱਥ 'ਤੇ ਹੱਥ ਧਰੀ ਤਮਾਸ਼ਾ ਵੇਖ ਰਹੀਆਂ ਹਨ। ਕੀ ਦੇਸ਼ ਨੂੰ ਬੱਚਿਆਂ ਅਤੇ ਬਜ਼ੁਰਗਾਂ ਦੇ ਹਵਾਲੇ ਛੱਡ ਕੇ ਜਾ ਰਹੇ ਨੌਜਵਾਨ ਮੁੜ ਇਸ ਦੇਸ਼ ਪ੍ਰਤੀ ਬਣਦੀਆਂ ਜ਼ਿੰਮੇਵਾਰੀਆਂ ਨਿਭਾਅ ਸਕਣਗੇ। ਜਿਹੜੇ ਦੇਸ਼ ਉਨ੍ਹਾਂ ਨੂੰ ਰੁਜ਼ਗਾਰ ਦੇਣਗੇ, ਉਹ ਤਾਂ ਉਨ੍ਹਾਂ ਦਾ ਹੀ ਸੋਚਣਗੇ। ਸਰਕਾਰਾਂ ਆਪਣਾ 5-5 ਸਾਲ ਦਾ ਕਾਰਜਕਾਲ ਐਵੇਂ ਗ਼ੈਰ-ਜ਼ਿੰਮੇਵਾਰਾਨਾ ਢੰਗ ਨਾਲ ਨਾ ਲੰਘਾਉਣ। ਬੇਰੁਜ਼ਗਾਰੀ ਕਾਰਨ ਹੀ ਨੌਜਵਾਨ ਕੁਰਾਹੇ ਪੈ ਰਹੇ ਹਨ ਹਰ ਪਾਸੇ ਨਸ਼ਿਆਂ ਅਤੇ ਹੋਰ ਅਲਾਮਤਾਂ ਦਾ ਕਹਿਰ ਜਾਰੀ ਹੈ।

-ਮਾਸਟਰ ਦੇਵ ਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

ਚੰਗੀ ਨੌਕਰੀ ਜ਼ਰੂਰੀ
ਘਰ ਛੱਡਣ ਨੂੰ ਕਿਸੇ ਦਾ ਮਨ ਨਹੀਂ ਕਰਦਾ ਪਰ ਰੋਜ਼ੀ-ਰੋਟੀ ਦੀ ਤਲਾਸ਼ ਵਿਚ ਇਨਸਾਨ ਸ਼ਹਿਰ, ਰਾਜ ਅਤੇ ਦੇਸ਼ ਨੂੰ ਬਦਲ ਦਿੰਦਾ ਹੈ ਭਾਵੇਂ ਕਿ ਘਰ ਤੋਂ ਬਾਹਰ ਅਨੇਕਾਂ ਹੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਘਰ ਦੀਆਂ ਜ਼ਿੰਮੇਵਾਰੀਆਂ ਅਤੇ ਰੋਟੀ ਦੀ ਤਲਾਸ਼ ਇਨਸਾਨ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਰਹਿਣ ਨੂੰ ਮਜਬੂਰ ਕਰ ਦਿੰਦੀ ਹੈ। ਅੱਜ ਦੇਸ਼ ਵਿਚ ਪੜ੍ਹੇ-ਲਿਖੇ ਨੌਜਵਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਹੈ ਪਰ ਹਰ ਸਾਲ ਕਾਲਜਾਂ ਵਿਚੋਂ ਲੱਖਾਂ ਹੀ ਨੌਜਵਾਨ ਡਿਗਰੀਆਂ ਕਰਕੇ ਆ ਰਹੇ ਹਨ ਪਰ ਲੱਖਾਂ ਰੁਪਈਆ ਖਰਚ ਕਰਕੇ ਵੀ ਨੌਜਵਾਨਾਂ ਨੂੰ ਯੋਗਤਾ ਮੁਤਾਬਿਕ ਨੌਕਰੀ ਨਹੀਂ ਮਿਲ ਰਹੀ। ਜੇਕਰ ਕਿਸੇ ਖੁਸ਼ਕਿਸਮਤ ਨੂੰ ਨੌਕਰੀ ਮਿਲ ਵੀ ਜਾਂਦੀ ਹੈ ਤਾਂ ਉਸ ਦੀ ਤਨਖਾਹ ਏਨੀ ਘੱਟ ਹੁੰਦੀ ਹੈ ਕਿ ਉਸ ਨਾਲ ਰੋਟੀ ਦਾ ਖਰਚ ਵੀ ਨਹੀਂ ਚਲਾਇਆ ਜਾ ਸਕਦਾ। ਅਜਿਹੀਆਂ ਗੱਲਾਂ ਕਰਕੇ ਨੌਜਵਾਨ ਵਿਦੇਸ਼ਾਂ ਨੂੰ ਜ਼ਿਆਦਾ ਰੁੱਖ਼ ਕਰ ਰਹੇ ਹਨ। ਬਿਨਾਂ ਸ਼ੱਕ ਇਹ ਨੌਜਵਾਨ ਸਾਡੇ ਦੇਸ਼ ਦੀ ਤਰੱਕੀ ਵਿਚ ਵੀ ਆਪਣਾ ਯੋਗਦਾਨ ਪਾ ਸਕਦੇ ਹਨ ਲੋੜ ਸਿਰਫ ਇਕ ਮੌਕਾ ਦੇਣ ਦੀ ਹੈ। ਸਰਕਾਰ ਨੂੰ ਦੇਸ਼ ਵਿਚ ਵੀ ਵਧੀਆ ਨੌਕਰੀਆਂ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ ਤਾਂ ਜੋ ਨੌਜਵਾਨ ਇਥੇ ਰਹਿ ਕੇ ਆਪਣੇ ਅਤੇ ਪਰਿਵਾਰ ਲਈ ਰੋਟੀ ਦਾ ਇੰਤਜ਼ਾਮ ਕਰ ਸਕਣ।

-ਪ੍ਰਿੰਸ ਅਰੋੜਾ
ਮਲੌਦ (ਲੁਧਿਆਣਾ)।

ਫ਼ੈਸਲਾ ਤਰਕਸੰਗਤ ਨਹੀਂ
ਸਰਕਾਰੀ ਸਕੂਲਾਂ ਦੀ ਅਧਿਆਪਕ ਤਬਾਦਲਾ ਨੀਤੀ 2018 ਬਣ ਕੇ ਤਿਆਰ ਹੋ ਚੁੱਕੀ ਹੈ। ਜਿਸ ਵਿਚ ਸੂਬੇ ਦੇ ਸਾਰੇ ਮਿਡਲ ਸਕੂਲਾਂ ਵਿਚ ਹਿੰਦੀ ਅਤੇ ਪੰਜਾਬੀ ਵਿਸ਼ੇ ਨੂੰ ਪੜ੍ਹਾਉਣ ਲਈ ਹਿੰਦੀ ਜਾਂ ਪੰਜਾਬੀ ਇਕੋ ਅਧਿਆਪਕ ਰੱਖਣ ਦੀ ਤਜਵੀਜ਼ ਹੈ। ਇਸੇ ਤਰ੍ਹਾਂ ਹੀ ਡਰਾਇੰਗ ਤੇ ਸਰੀਰਕ ਸਿੱਖਿਆ ਦੇ ਵਿਸ਼ੇ ਨੂੰ ਪੜ੍ਹਾਉਣ ਲਈ ਇਕ ਹੀ ਅਸਾਮੀ ਦੀ ਤਜਵੀਜ਼ ਹੈ। ਸੂਬੇ ਦੇ ਸਾਰੇ ਮਿਡਲ ਸਕੂਲ ਆਰਥਿਕ ਪੱਖੋਂ ਕਮਜ਼ੋਰ ਹਨ। ਅਜਿਹੀ ਤਜਵੀਜ਼ ਬਣਾਉਣ ਵਾਲੇ ਅਧਿਕਾਰੀ ਪੰਜਾਬੀ ਤੇ ਹਿੰਦੀ ਭਾਸ਼ਾ ਦੀ ਤਾਸੀਰ ਨੂੰ ਨਹੀਂ ਸਮਝਦੇ। ਇਕ ਪਾਸੇ ਤਾਂ ਕੈਨੇਡਾ ਵਰਗੇ ਦੇਸ਼ ਪੰਜਾਬੀ ਜ਼ਬਾਨ ਨੂੰ ਆਪਣੇ ਦੇਸ਼ ਵਿਚ ਦੂਜੀ ਭਾਸ਼ਾ ਦਾ ਦਰਜਾ ਦੇ ਰਹੇ ਹਨ ਤਾਂ ਦੂਜੇ ਪਾਸੇ ਏ.ਸੀ. ਕਮਰਿਆਂ ਵਿਚ ਬੈਠੇ ਸਾਡੇ ਆਪਣੇ ਅਧਿਕਾਰੀ ਪੰਜਾਬੀ ਕਦਰਾਂ-ਕੀਮਤਾਂ, ਸੱਭਿਆਚਾਰ ਤੇ ਵਿਰਾਸਤ ਦਾ ਨੁਕਸਾਨ ਕਰ ਰਹੇ ਹਨ। ਸਿੱਖਿਆ ਵਿਭਾਗ ਦਾ ਇਹ ਫ਼ੈਸਲਾ ਕਦੀ ਵੀ ਤਰਕਸੰਗਤ ਨਹੀਂ ਹੋ ਸਕਦਾ। ਪੰਜਾਬੀ ਹਿਤੈਸ਼ੀ ਮੰਚ, ਜਥੇਬੰਦੀਆਂ ਤੇ ਵਿਦਵਾਨਾਂ ਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ।

-ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

ਆਵਾਰਾ ਪਸ਼ੂਆਂ ਦਾ ਇਕ ਹੱਲ
ਪੰਜਾਬ ਵਿਚ ਆਵਾਰਾ ਪਸ਼ੂ ਬਹੁਤ ਵੱਡੀ ਗਿਣਤੀ ਵਿਚ ਪਿੰਡਾਂ ਸ਼ਹਿਰਾਂ ਵਿਚ ਆਮ ਹੀ ਫਿਰਦੇ ਮਿਲਦੇ ਹਨ। ਜਿਥੇ ਇਹ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ ਕਰਦੇ ਹਨ, ਉਥੇ ਇਨ੍ਹਾਂ ਕਾਰਨ ਹਰ ਰੋਜ਼ ਕਈ ਕੀਮਤੀ ਜਾਨਾਂ ਦਾ ਨੁਕਸਾਨ ਵੀ ਹੋ ਰਿਹਾ ਹੈ। ਸਾਡੀ ਸਰਕਾਰ ਨੇ ਗਊ ਟੈਕਸ ਲਾ ਕੇ ਲੱਖਾਂ ਰੁਪਏ ਹਰ ਮਹੀਨੇ ਇਕੱਠੇ ਕਰਨੇ ਸ਼ੁਰੂ ਤਾਂ ਪਿਛਲੇ ਦੋ ਸਾਲਾਂ ਦੇ ਕੀਤੇ ਹਨ ਪਰ ਆਵਾਰਾ ਪਸ਼ੂਆਂ ਦਾ ਕੋਈ ਹੱਲ ਨਹੀਂ ਕੀਤਾ। ਸਰਕਾਰ ਵਲੋਂ ਇਕੱਠੇ ਕੀਤੇ ਪੈਸੇ ਗਊਸ਼ਾਲਾ ਨੂੰ ਦੇਣ ਦੀ ਗੱਲ ਕੀਤੀ ਹੈ। ਦੇਖਣ ਵਿਚ ਆਇਆ ਹੈ ਕਿ ਗਊਸ਼ਾਲਾ ਵਿਚ ਸਿਰਫ ਦੇਸੀ ਗਾਵਾਂ ਹੀ ਵੱਡੀ ਗਿਣਤੀ ਵਿਚ ਹੁੰਦੀਆਂ ਹਨ। ਪਰ ਦੁਰਘਟਨਾਵਾਂ ਤੇ ਕਿਸਾਨਾਂ ਦਾ ਨੁਕਸਾਨ ਜ਼ਿਆਦਾ ਅਮਰੀਕਨ ਗਾਵਾਂ, ਵੱਛੇ ਤੇ ਢੱਠੇ ਕਰਦੇ ਹਨ। ਜੋ ਟੀਕੇ ਆਮ ਭਰੇ ਜਾਂਦੇ ਹਨ, ਉਹਦੇ ਨਾਲ ਸਰਕਾਰੀ ਅੰਕੜੇ ਦੱਸਦੇ ਹਨ ਕਿ 70 ਫ਼ੀਸਦੀ ਵੱਛੇ ਪੈਦਾ ਹੁੰਦੇ ਹਨ, ਜੋ ਸਾਰੇ ਆਵਾਰਾ ਹੀ ਛੱਡ ਦਿੱਤੇ ਜਾਂਦੇ ਹਨ। ਜਦੋਂ ਕਿਸੇ ਕੋਲ ਯੋਗ ਡਾਕਟਰ ਹੀ ਨਹੀਂ ਹੈ, ਉਹ ਇਲਾਜ ਕਿੱਥੋਂ ਕਰਵਾਏ? ਆਰ.ਐਮ.ਪੀ. ਡਾਕਟਰਾਂ ਵਾਂਗ ਪਸ਼ੂਆਂ ਦੇ ਵੀ ਬਹੁਤ ਨੀਮ ਹਕੀਮ ਡਾਕਟਰ ਹਨ। ਸਰਕਾਰ ਸਾਰੇ ਸਰਕਾਰੀ ਹਸਪਤਾਲਾਂ ਵਿਚ ਡਾਕਟਰ ਭਰਤੀ ਕਰੇ। ਗਊ ਟੈਕਸ ਵਾਲਾ ਪੈਸਾ ਇਸ ਕੰਮ 'ਤੇ ਲਾਉਣਾ ਚਾਹੀਦਾ ਹੈ। ਇਸ ਨਾਲ ਚੰਗੇ ਨਤੀਜੇ ਸਾਹਮਣੇ ਆਉਣਗੇ।

-ਜਸਕਰਨ ਲੰਡੇ
ਪਿੰਡ ਤੇ ਡਾਕ ਲੰਡੇ, ਜ਼ਿਲ੍ਹਾ ਮੋਗਾ।

03-09-2018

 ਕੰਪਿਊਟਰ ਤੇ ਵਿਚਾਰਧਾਰਾ
ਅਜੋਕਾ ਯੁੱਗ ਵਿਗਿਆਨ ਦਾ ਸਿਰਮੌਰ ਸਮਾਂ ਹੈ ਤੇ ਵਿਗਿਆਨ ਦੀਆਂ ਕੰਪਿਊਟਰ ਤੇ ਮੋਬਾਈਲ ਫੋਨ ਦੀਆਂ ਖੋਜਾਂ ਨੇ ਮਨੁੱਖੀ ਜੀਵਨ ਵਿਚ ਵਿਸ਼ੇਸ਼ ਤਬਦੀਲੀ ਲਿਆਂਦੀ ਹੈ। ਇਨ੍ਹਾਂ ਖੋਜਾਂ ਦੇ ਸਹੀ ਇਸਤੇਮਾਲ ਨੇ ਜਿਥੇ ਜ਼ਿੰਦਗੀ ਨੂੰ ਸੌਖਾ ਤੇ ਅਸਾਨ ਬਣਾਇਆ ਹੈ, ਉਥੇ ਹੀ ਇਨ੍ਹਾਂ ਖੋਜਾਂ ਦੇ ਗ਼ਲਤ ਤੇ ਲੋੜ ਤੋਂ ਜ਼ਿਆਦਾ ਪ੍ਰਯੋਗ ਨੇ ਜ਼ਿੰਦਗੀ ਨੂੰ ਦੁਬਿਧਾ ਤੇ ਮੁਸ਼ਕਿਲ ਵਿਚ ਵੀ ਪਾਇਆ ਹੈ। ਵੱਡੀ ਦੁਬਿਧਾ ਤੇ ਭੁਲੇਖਾ ਇਹ ਹੈ ਕਿ ਅਜੋਕਾ ਸਮਾਜ ਇਨ੍ਹਾਂ ਖੋਜਾਂ ਨੂੰ ਹੀ ਮਨੁੱਖੀ ਜੀਵਨ ਸਮਝ ਰਿਹਾ ਹੈ, ਜਦੋਂ ਕਿ ਇਹ ਮਨੁੱਖੀ ਜੀਵਨ ਦਾ ਮਹੱਤਵਪੂਰਨ ਅੰਗ ਤੇ ਲੋੜ ਜ਼ਰੂਰ ਹਨ। ਸੰਪੂਰਨ ਮਨੁੱਖੀ ਜੀਵਨ ਵਿਗਿਆਨ ਦੇ ਨਾਲ ਧਰਮ ਦੀ ਮੰਗ ਕਰਦਾ ਹੈ ਅਰਥਾਤ ਕੰਪਿਊਟਰ ਦੇ ਨਾਲ-ਨਾਲ ਵਿਚਾਰਧਾਰਾ ਵੀ ਮਜ਼ਬੂਤ ਹੋਣੀ ਲਾਜ਼ਮੀ ਹੈ, ਤਾਂ ਹੀ ਮਨੁੱਖੀ ਜੀਵਨ ਵਿਚ ਸੱਚਾ ਸੁੱਖ ਤੇ ਸ਼ਾਂਤੀ ਕਾਇਮ ਰਹਿ ਸਕਦੀ ਹੈ। ਮਨੁੱਖ ਆਪਣੀ ਵਿਚਾਰਧਾਰਾ ਨੂੰ ਵਿਸ਼ਾਲ ਤੇ ਦ੍ਰਿੜ੍ਹ ਬਣਾਉਣ ਲਈ ਧਾਰਮਿਕ ਗ੍ਰੰਥਾਂ, ਭਾਸ਼ਾਵਾਂ ਦੇ ਸਾਹਿਤ, ਫਿਲਾਸਫੀ ਤੇ ਮਨੋਵਿਗਿਆਨ ਵਿਸ਼ਿਆਂ ਦਾ ਸਹਾਰਾ ਲੈ ਸਕਦਾ ਹੈ। ਜ਼ਿੰਦਗੀ ਦੀ ਕਾਮਯਾਬੀ ਲਈ ਜੀਵਨ ਦੇ ਸਾਰੇ ਪੱਖਾਂ 'ਤੇ ਵਿਚਾਰ ਕਰਕੇ ਉਨ੍ਹਾਂ ਵਿਚ ਸੰਤੁਲਨ ਕਾਇਮ ਰੱਖਣਾ ਜ਼ਰੂਰੀ ਹੈ।


-ਕੁਲਵਿੰਦਰ ਸਿੰਘ,
ਪਿੰਡ ਬਿਹਾਲਾ (ਹੁਸ਼ਿਆਰਪੁਰ)।


ਜਾਂਚ ਕਮਿਸ਼ਨ
ਪੰਜਾਬ ਸਰਕਾਰ ਦੁਆਰਾ ਝੂਠੇ ਕੇਸ ਦੇ ਮਾਮਲੇ, ਬੇਅਦਬੀ ਤੇ ਹੋਰ ਕਈ ਕੇਸਾਂ ਦੀ ਜਾਂਚ ਲਈ ਕਮਿਸ਼ਨ ਬਣਾਏ ਗਏ ਹਨ। ਇਸ ਤੋਂ ਪਹਿਲਾਂ ਦੀ ਸਰਕਾਰ ਨੇ ਵੀ ਕੁਝ ਇਸ ਤਰ੍ਹਾਂ ਦੇ ਕਮਿਸ਼ਨ ਬਣਾਏ ਸਨ। ਮਾਮਲਿਆਂ ਦੇ ਨਿਪਟਾਰੇ ਲਈ ਕਮਿਸ਼ਨ ਬਣਾਉਣੇ ਕੋਈ ਗ਼ਲਤ ਗੱਲ ਨਹੀਂ ਪਰ ਪਹਿਲੂ ਇਹ ਹੈ ਕਿ ਇਨ੍ਹਾਂ ਕਮਿਸ਼ਨਾਂ ਨੇ ਨਿਪਟਾਰਾ ਕਿੰਨੇ ਕੇਸਾਂ ਦਾ ਕੀਤਾ ਹੈ ਇਸ 'ਤੇ ਗੌਰ ਕਰਨ ਦੀ ਲੋੜ ਹੈ। ਜਦ ਕਮਿਸ਼ਨ ਕੋਈ ਕਾਰਵਾਈ ਕਰਨ ਦੇ ਨੇੜੇ ਆਉਂਦਾ ਹੈ ਤਾਂ ਜਾਂਚ ਸੀ. ਬੀ. ਆਈ. ਦੇ ਹਵਾਲੇ ਕਰ ਦਿੱਤੀ ਜਾਂਦੀ ਹੈ। ਇਨ੍ਹਾਂ ਨੂੰ ਨਿਰਪੱਖ ਕੰਮ ਕਰਨ ਦਿੱਤਾ ਜਾਵੇ ਤੇ ਇਹ ਕਮਿਸ਼ਨ ਜੋ ਰਿਪੋਰਟ ਪੇਸ਼ ਕਰਦੇ ਹਨ, ਉਸ ਦੇ ਨਾਲ ਸਬੰਧਤ ਦੋਸ਼ੀਆਂ 'ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਮਾਮਲਿਆਂ ਦੇ ਨਿਪਟਾਰੇ ਲਈ ਕਮਿਸ਼ਨਾਂ ਨੂੰ ਨਿਸਚਿਤ ਸਮਾਂ ਦਿੱਤਾ ਜਾਵੇ। ਇਸ ਲਈ ਲੋੜ ਹੈ ਕਿ ਇਨ੍ਹਾਂ ਕਮਿਸ਼ਨਾਂ ਦੀ ਸਾਰਥਿਕਤਾ ਬਹਾਲ ਕੀਤੀ ਜਾਵੇ, ਨਹੀਂ ਤਾਂ ਆਮ ਲੋਕਾਂ ਦਾ ਇਨ੍ਹਾਂ ਤੋਂ ਵਿਸ਼ਵਾਸ ਉੱਠ ਜਾਵੇਗਾ।


-ਕਮਲ ਬਰਾੜ,
ਪਿੰਡ ਕੋਟਲੀ ਅਬਲੂ।


ਰਾਜਸੀ ਕਾਨਫ਼ਰੰਸਾਂ
ਧਾਰਮਿਕ ਅਸਥਾਨਾਂ 'ਤੇ ਰਾਜਸੀ ਕਾਨਫਰੰਸਾਂ ਦਾ ਹੋਣਾ ਮੰਦਭਾਗਾ ਹੈ ਜੋ ਧਰਮ ਨੂੰ ਢਾਹ ਲਾਉਂਦੀਆਂ ਹਨ। ਧਾਰਮਿਕ ਸਥਾਨਾਂ ਤੋਂ ਧਰਮ ਪ੍ਰਚਾਰ ਹੀ ਹੋਵੇ ਅਤੇ ਦੁਰਵਰਤੋਂ ਨਾ ਹੋਵੇ, ਇਸ ਲਈ ਰਾਜਨੀਤਕ ਦਲਾਂ ਨੂੰ ਧਾਰਮਿਕ ਸਥਾਨਾਂ 'ਤੇ ਜੋੜ ਮੇਲਿਆਂ ਦੇ ਦਿਨ ਸਟੇਜਾਂ ਲਾਉਣ ਅਤੇ ਰਾਜਸੀ ਕਾਨਫਰੰਸਾਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸ਼ਰਧਾਲੂਆਂ ਨੂੰ ਕਥਾ ਕੀਰਤਨ ਅਤੇ ਗੁਰਮਤਿ ਨਾਲ ਜੁੜਨ ਦੇਣਾ ਚਾਹੀਦਾ ਹੈ, ਤਾਂ ਕਿ ਸਮਾਜ ਦਾ ਸੁਧਾਰ ਹੋਵੇ ਅਤੇ ਚੰਗੀ ਜੀਵਨ ਜੁਗਤ ਦਾ ਪਸਾਰਾ ਹੋਵੇ। ਧਰਮ ਸਥਾਨ ਹੀ ਸਾਡੇ ਨਿੱਜੀ ਚਰਿੱਤਰ ਨਿਰਮਾਣ ਦਾ ਆਧਾਰ ਹੁੰਦੇ ਹਨ। ਉਨ੍ਹਾਂ ਦੀ ਪਵਿੱਤਰਤਾ ਬਣਾਈ ਰੱਖਣ ਵਿਚ ਹੀ ਸਮਾਜ ਦਾ ਭਲਾ ਹੈ।


-ਮੇਜਰ ਜਸਬੀਰ ਸਿੰਘ,
724/9, ਰਣਜੀਤ ਐਵੀਨਿਊ, ਹਰਦੋਛੰਨੀ ਰੋਡ, ਗੁਰਦਾਸਪੁਰ।


ਤਸਵੀਰਾਂ ਵਾਲੀਆਂ ਕਾਪੀਆਂ
ਕਹਿੰਦੇ ਹਨ ਜਦੋਂ ਕਿਸੇ ਕੌਮ ਨੂੰ ਤਬਾਹ ਕਰਨਾ ਹੋਵੇ ਤਾਂ ਉਸ ਕੌਮ ਦੇ ਬੱਚਿਆਂ, ਨੌਜਵਾਨਾਂ ਦੀ ਸੋਚ ਸੌੜੀ ਕਰ ਦਿੱਤੀ ਜਾਵੇ। ਸਾਡੇ ਸੂਬੇ ਪੰਜਾਬ ਨੂੰ ਇਸ ਤਰ੍ਹਾਂ ਦੀ ਮਾਰ ਹਰ ਪਾਸੇ ਤੋਂ ਪੈ ਰਹੀ ਹੈ। ਇਕ ਪਾਸੇ ਸਾਡੇ ਨੌਜਵਾਨ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ, ਦੂਜੇ ਪਾਸੇ ਪੜ੍ਹਨ-ਲਿਖਣ ਵਾਲੀਆਂ ਕਾਪੀਆਂ ਜ਼ਰੀਏ ਲੱਚਰਤਾ, ਗੁੰਡਾਗਰਦੀ ਨੂੰ ਉਤਸ਼ਾਹਿਤ ਕਰਨ ਵਾਲੇ ਗਾਇਕਾਂ ਦੀਆਂ ਤਸਵੀਰਾਂ ਕਾਪੀਆਂ 'ਤੇ ਲਾ ਕੇ ਵਿਦਿਆਰਥੀਆਂ ਨੂੰ ਕੁਰਾਹੇ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਪਹਿਲਾਂ ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ, ਅੰਬੇਡਕਰ, ਕਰਤਾਰ ਸਿੰਘ ਸਰਾਭਾ ਆਦਿ ਦੇਸ਼ ਭਗਤਾਂ ਦੀਆਂ ਤਸਵੀਰਾਂ ਆਉਂਦੀਆਂ ਸਨ, ਜੋ ਸਾਡੇ ਦੇਸ਼ ਦੇ ਰੋਲ ਮਾਡਲ ਸਨ, ਜਿਨ੍ਹਾਂ ਦੀਆਂ ਤਸਵੀਰਾਂ ਨਾਲ ਬੱਚਿਆਂ ਵਿਚ ਦੇਸ਼ ਪ੍ਰੇਮ ਦੀ ਭਾਵਨਾ ਪੈਦਾ ਹੁੰਦੀ ਸੀ।
ਫਿਰ ਵਿਚ-ਵਿਚ ਖੇਡ ਭਾਵਨਾ ਪੈਦਾ ਕਰਨ ਵਾਲੀਆਂ ਤਸਵੀਰਾਂ ਅਤੇ ਕਦੇ-ਕਦੇ ਕਲਪਨਾ ਚਾਵਲਾ ਆਦਿ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਵੀ ਆਉਂਦੀਆਂ ਸਨ, ਜੋ ਕਿਸੇ ਹੱਦ ਤੱਕ ਠੀਕ ਵੀ ਸਨ ਪਰ ਆਹ ਲੱਚਰ ਗਾਇਕਾਂ ਦੀਆਂ ਤਸਵੀਰਾਂ ਸਰਾਸਰ ਗ਼ਲਤ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਜਿਹੀ ਹਰਕਤ ਕਰਨ ਵਾਲੇ ਲੋਕਾਂ ਨੂੰ ਨੱਥ ਪਾਵੇ।


-ਜਸਕਰਨ ਲੰਡੇ,
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਮਨੁੱਖਾ ਜੀਵਨ ਅਤੇ ਰੁੱਖ
ਰੁੱਖ ਜਿਥੇ ਸਾਨੂੰ ਜਿਊਂਦੇ ਰਹਿਣ ਲਈ ਆਕਸੀਜਨ ਦਿੰਦੇ ਹਨ, ਉਥੇ ਵਰਤਣ ਲਈ ਲੱਕੜ ਅਤੇ ਖਾਣ ਲਈ ਫਲ ਵੀ ਦਿੰਦੇ ਹਨ। ਇਸ ਲਈ ਰੁੱਖਾਂ ਦੀ ਮਨੁੱਖਾ ਜੀਵਨ ਅੰਦਰ ਖਾਸ ਅਹਿਮੀਅਤ ਹੈ। ਦੇਸ਼ ਦੀ ਤੇਜ਼ੀ ਨਾਲ ਵਧ ਰਹੀ ਅਬਾਦੀ ਦੇ ਮੱਦੇਨਜ਼ਰ ਜਿਥੇ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਅਤੇ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ, ਉਥੇ ਰੁੱਖਾਂ ਦੀ ਕਟਾਈ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ ਪਰ ਅਸੀਂ ਕਰ ਇਸ ਦੇ ਉਲਟ ਰਹੇ ਹਾਂ। ਅਰਥਾਤ ਰੁੱਖ ਲਗਾਉਂਦੇ ਅਤੇ ਸੰਭਾਲਦੇ ਘੱਟ ਹਾਂ ਅਤੇ ਉਨ੍ਹਾਂ ਦੀ ਕਟਾਈ ਲੋੜ ਤੋਂ ਕਿਤੇ ਜ਼ਿਆਦਾ ਕਰ ਰਹੇ ਹਾਂ। ਜੇ ਕੋਈ ਵਿਅਕਤੀ ਆਪਣੀ ਜ਼ਰੂਰਤ ਲਈ ਕੋਈ ਰੁੱਖ ਕੱਟਦਾ ਹੈ ਤਾਂ ਉਸ ਨੂੰ ਕੱਟੇ ਰੁੱਖ ਦੀ ਜਗ੍ਹਾ ਘੱਟੋ-ਘੱਟ ਇਕ ਰੁੱਖ ਨਵਾਂ ਜ਼ਰੂਰ ਲਗਾਉਣਾ ਚਾਹੀਦਾ ਹੈ। ਸੋ, ਸਰਕਾਰੀ ਅਤੇ ਗ਼ੈਰ-ਸਰਕਾਰੀ ਪੱਧਰ 'ਤੇ ਇਸ ਸਬੰਧੀ ਯੋਗ ਕਦਮ ਉਠਾਉਣੇ ਚਾਹੀਦੇ ਹਨ ਤਾਂ ਕਿ ਰੁੱਖਾਂ ਦੀ ਸੰਭਾਲ ਕਰਕੇ ਮਨੁੱਖਾ ਜੀਵਨ ਸੁਰੱਖਿਅਤ ਕੀਤਾ ਜਾ ਸਕੇ। ਅਜਿਹਾ ਕਰਨਾ ਸਮੇਂ ਦੀ ਮੰਗ ਹੀ ਨਹੀਂ, ਬਲਕਿ ਵੱਡੀ ਲੋੜ ਹੈ।


-ਜਗਤਾਰ ਸਿੰਘ ਝੋਜੜ,
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

31-08-2018

 ਕਾਨੂੰਨ ਦੀ ਦੁਰਵਰਤੋਂ
ਮਾਣਯੋਗ ਸਰਬਉੱਚ ਅਦਾਲਤ ਨੇ ਹੇਠਲੀਆਂ ਅਦਾਲਤਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਦਹੇਜ ਦੇ ਕਾਨੂੰਨ ਅਧੀਨ ਲੜਕੇ ਦੇ ਰਿਸ਼ਤੇਦਾਰਾਂ ਦੇ ਨਾਂਅ ਜੇ ਲਿਖਾਏ ਜਾਂਦੇ ਹਨ ਤਾਂ ਉਸ 'ਤੇ ਗੰਭੀਰਤਾ ਨਾਲ ਧਿਆਨ ਦਿੱਤਾ ਜਾਵੇ। ਜ਼ਮੀਨੀ ਹਕੀਕਤ ਇਹ ਹੈ ਕਿ ਇਸ ਵੇਲੇ ਕਾਨੂੰਨ ਦੀ ਦੁਰਵਰਤੋਂ ਧੜੱਲੇ ਨਾਲ ਹੋ ਰਹੀ ਹੈ। ਇਕਪਾਸੜ ਅਤੇ ਰਿਸ਼ਵਤ ਦੇ ਜ਼ੋਰ 'ਤੇ ਵਧੇਰੇ ਰਿਸ਼ਤੇਦਾਰਾਂ ਦੇ ਨਾਂਅ ਪਾ ਦਿੱਤੇ ਜਾਂਦੇ ਹਨ। ਇਸ ਵਕਤ ਦਹੇਜ ਦਾ ਰੌਲਾ ਘੱਟ ਹੈ ਅਤੇ ਬਦਲਾ ਲੈਣ ਦੀ ਭਾਵਨਾ ਵਧੇਰੇ ਹੈ। ਹਾਲਾਤ ਇਹ ਹਨ ਕਿ ਲੜਕੇ ਕੇਸਾਂ ਦੇ ਚੱਕਰਾਂ ਵਿਚ ਪੈਣ ਅਤੇ ਲੜਾਈ ਤੋਂ ਪਿੱਛਾ ਛੁਡਾਉਣ ਲਈ ਮਾਪਿਆਂ ਨੂੰ ਛੱਡ ਦਿੰਦੇ ਹਨ। ਜੇਕਰ ਵਕਤ ਬਦਲ ਗਿਆ ਹੈ ਤਾਂ ਵਿਆਹ ਵੇਲੇ ਸਭ ਲਿਖਤੀ ਰੂਪ ਵਿਚ ਹੋਵੇ, ਗੜਬੜ ਹੁੰਦੀ ਹੈ ਤਾਂ ਜੋ ਸਾਮਾਨ ਦਿੱਤਾ ਹੈ, ਦੋਵੇਂ ਧਿਰਾਂ ਨੇ ਵਾਪਸ ਕਰ ਦਿੱਤਾ ਜਾਵੇ। ਲੜਕੀ ਨੂੰ ਉਸ ਦੇ ਮਾਪੇ ਆਪਣੀ ਜਾਇਦਾਦ ਵਿਚੋਂ ਬਣਦਾ ਹਿੱਸਾ ਦੇਣ। ਮਹਿੰਗਾਈ ਅਤੇ ਖਰਚੇ ਸਿਰਫ ਲੜਕੀ ਵਾਲਿਆਂ ਨੂੰ ਹੀ ਪ੍ਰਭਾਵਿਤ ਨਹੀਂ ਕਰਦੀ, ਲੜਕੇ ਦੇ ਮਾਪਿਆਂ ਨੂੰ ਵੀ ਕਰਦੀ ਹੈ। ਜੇਕਰ ਲੜਕੀਆਂ ਸੁਹਰੇ ਪਰਿਵਾਰ ਨੂੰ ਆਪਣਾ ਸਮਝਦੀਆਂ ਹੁੰਦੀਆਂ ਤਾਂ ਏਨੀ ਤੇਜ਼ੀ ਨਾਲ ਬ੍ਰਿਧ ਆਸ਼ਰਮਾਂ ਨਾ ਬਣਦੇ।


-ਪ੍ਰਭਜੋਤ ਕੌਰ ਢਿੱਲੋਂ
ਮੁਹਾਲੀ।


ਜ਼ਿੰਮੇਵਾਰ ਹੋਣ ਦੀ ਲੋੜ
ਪੰਜਾਬ ਸਰਕਾਰ ਵਲੋਂ ਚਲੋ ਦੇਰ ਨਾਲ ਹੀ ਸਹੀ, ਦੁੱਧ ਤੇ ਖਾਣ-ਪੀਣ ਦੀਆਂ ਵਸਤਾਂ ਵਿਚ ਮਿਲਾਵਟ ਕਰਨ ਵਾਲਿਆਂ ਨੂੰ ਸਜ਼ਾ ਤੇ ਜੁਰਮਾਨੇ ਦੀ ਵਿਵਸਥਾ ਕੀਤੀ ਹੈ, ਸ਼ਲਾਘਾਯੋਗ ਕਦਮ ਹੈ। ਦੁੱਧ ਦਾ ਧੰਦਾ ਕਿਸਾਨ, ਮਜ਼ਦੂਰ ਦਾ ਵਧੀਆ ਸਹਾਇਕ ਧੰਦਾ ਸੀ ਪਰ ਨਕਲੀ ਦੁੱਧ ਨੇ ਧੰਦਾ ਖੂੰਜੇ ਲਾ ਦਿੱਤਾ। ਅੱਜ ਖੁਰਲੀਆਂ, ਕੀਲੇ ਸੁੰਨੇ ਹੁੰਦੇ ਜਾ ਰਹੇ ਹਨ ਕਿਉਂਕਿ ਖਰਚਾ ਵੱਧ ਆਮਦਨ ਘੱਟ। ਸ਼ਾਸਕਾਂ ਨੂੰ ਅਪੀਲ ਹੈ ਕਿ ਇਹ ਕਸਰ ਵੀ ਕੱਢ ਦਿਓ ਤੇ ਕੰਮ ਹੱਥੋ-ਹੱਥੀ ਹੋਵੇ ਕਿ ਛਾਪੇ ਸਮੇਂ ਸਾਰੀ ਟੀਮ 'ਤੇ ਖ਼ਾਸ ਕਰ ਚਲਦੀ-ਫਿਰਦੀ ਪ੍ਰਯੋਗਸ਼ਾਲਾ ਵੈਨ ਵੀ ਤਿਆਰ ਕਰੋ ਤਾਂ ਕਿ ਮੌਕੇ 'ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ, ਕਿਉਂਕਿ ਕਈ ਵਾਰੀ ਆਮ ਹੀ ਨਮੂਨੇ ਪ੍ਰਯੋਗਸ਼ਾਲਾਵਾਂ 'ਚ ਦੂਰ ਦੁਰਾਡੇ ਜਾਂਦੇ ਸਮਾਂ ਪਾ ਕੇ ਜ਼ਹਿਰ ਤੋਂ ਅੰਮ੍ਰਿਤ ਬਣ ਜਾਂਦੇ ਹਨ। ਸੋ, ਆਓ ਅਜੇ ਵੀ ਮੌਕਾ ਹੈ ਸੰਭਾਲੋ ਸੋਹਣੀਆਂ ਜਵਾਨੀਆਂ ਤੇ ਭਵਿੱਖ।


-ਹਰਮਿੰਦਰ ਸਿੰਘ ਝਨੇੜੀ
ਪਿੰਡ ਝਨੇੜੀ (ਸੰਗਰੂਰ)।


ਰੁੱਖਾਂ ਦੀ ਸੰਭਾਲ
ਰੁੱਖ ਸਾਡਾ ਸਾਥ ਆਖਰੀ ਸਾਹ ਤੱਕ ਦਿੰਦੇ ਹਨ। ਪਰ ਜਦੋਂ ਇਹ ਪਾਣੀ ਤੋਂ ਪਿਆਸੇ ਹੁੰਦੇ ਹਨ ਜਾਂ ਜੜ੍ਹੋਂ ਪੁੱਟ ਹੋ ਜਾਦੇ ਹਨ, ਤਾਂ ਅਸੀਂ ਅਕਸਰ ਇਨ੍ਹਾਂ ਨੂੰ ਅਣਡਿੱਠਾ ਕਰ ਦਿੰਦੇ ਹਾਂ। ਉਸ ਸਮੇਂ ਅਸੀਂ ਇਹ ਗੱਲ ਭੁੱਲ ਹੀ ਜਾਂਦੇ ਹਾਂ ਕਿ ਰੁੱਖ ਵੀ ਸਾਡੀ ਮਾਂ ਵਰਗੇ ਹਨ। ਸਾਨੂੰ ਸਾਹ, ਅੱਤ ਦੀ ਗਰਮੀ ਵਿਚ ਠੰਢੀ ਛਾਂ, ਖਾਣ ਲਈ ਫਲ ਤੇ ਭੋਜਨ ਪਕਾਉਣ ਲਈ ਲੱਕੜੀ ਪ੍ਰਦਾਨ ਕਰਦੇ ਹਨ। ਪਰ, ਮਨੁੱਖ ਇਕ ਕੱਪ ਇਸ ਨੂੰ ਪਾਣੀ ਵੀ ਨਹੀਂ ਦੇ ਸਕਦਾ। ਮਨੁੱਖ ਭੁੱਲ ਚੁੱਕਾ ਹੈ ਕਿ ਅੰਤਿਮ ਪਲਾਂ ਵਿਚ ਵੀ ਇਹ ਸਾਡੇ ਨਾਲ ਸੜਦਾ ਹੈ। ਅਸੀਂ ਰੁੱਖਾਂ ਦਾ ਕਰਜ਼ ਕਦੇ ਨਹੀਂ ਉਤਾਰ ਸਕਦੇ। ਸਾਨੂੰ ਚਾਹੀਦਾ ਹੈ ਕਿ ਅਸੀਂ ਇਨ੍ਹਾਂ ਰੁੱਖਾਂ ਦੀ ਸੰਭਾਲ ਆਪਣੇ ਪਰਿਵਾਰ ਵਾਂਗ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਵਿਚ ਮਨੁੱਖ ਦਾ ਤੇ ਜੀਵ-ਜੰਤੂਆਂ ਦਾ ਬਚਾਅ ਹੋ ਸਕੇ।


-ਤਜਿੰਦਰ ਮਿੱਠੂ।


ਮਿਲਾਵਟ ਬਾਰੇ
ਸਿਹਤ ਵਿਭਾਗ ਵਲੋਂ ਮਿਲਾਵਟ ਖੋਰਾਂ 'ਤੇ ਛਾਪੇ ਮਾਰੇ ਜਾ ਰਹੇ ਹਨ, ਰੋਜ਼ਾਨਾ ਪੜ੍ਹਨ ਨੂੰ ਮਿਲ ਰਿਹਾ ਹੈ। ਸਾਨੂੰ ਇਹ ਸਮਝ ਨਹੀਂ ਆਉਂਦੀ ਕਿ ਜੋ ਨਕਲੀ ਪਨੀਰ, ਘਿਓ, ਦੁੱਧ, ਮਠਿਆਈਆਂ ਬਣਾਈਆਂ ਤੇ ਵੇਚੀਆਂ ਜਾ ਰਹੀਆਂ ਹਨ, ਇਹ ਤਾਂ ਆਪਣੇ ਭਰਾਵਾਂ ਨੇ ਹੀ ਖਾਣੀਆਂ ਹਨ। ਇਨ੍ਹਾਂ ਨੂੰ ਬਣਾਉਣ ਵਾਲਿਆਂ ਦੇ ਆਪਣੇ ਕਿੰਨੇ ਕੁ ਰਿਸ਼ਤੇਦਾਰ ਹੋਣਗੇ। ਇਸ ਤਰ੍ਹਾਂ ਦਾ ਕਮਾਇਆ ਪੈਸਾ ਆਪਣੇ ਉੱਪਰ ਹੀ ਪੈ ਜਾਂਦਾ ਹੈ। ਘਰ ਵਿਚ ਉਨ੍ਹਾਂ ਦਾ ਕੋਈ ਜੀਅ ਬਿਮਾਰ ਪੈ ਗਿਆ ਤਾਂ ਉਹ ਕਮਾਇਆ ਸਾਰਾ ਪੈਸਾ ਉਸ ਉੱਪਰ ਹੀ ਲੱਗ ਜਾਣਾ ਹੈ। ਰੋਜ਼ਾਨਾ ਇਹ ਬੰਦੇ ਫੜੇ ਜਾ ਰਹੇ ਹਨ, ਫੈਕਟਰੀਆਂ ਸੀਲ ਕੀਤੀਆਂ ਜਾ ਰਹੀਆਂ ਹਨ, ਸਾਮਾਨ ਉਨ੍ਹਾਂ ਦਾ ਨਸ਼ਟ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਇਹ ਗ਼ਲਤ ਕੰਮ ਕਰਨ ਤੋਂ ਬਾਜ਼ ਨਹੀਂ ਆ ਰਹੇ। ਸੋ, ਇਸ ਲਈ ਸਖ਼ਤੀ ਵਰਤੀ ਜਾਵੇ, ਫੈਕਟਰੀ, ਦੁਕਾਨ ਆਦਿ ਸੀਲ ਕੀਤੀ ਜਾਵੇ। ਫੜੇ ਬੰਦੇ ਜੇਲ੍ਹਾਂ ਵਿਚ ਹੀ ਸੜਦੇ ਰਹਿਣ ਤਾਂ ਇਹ ਸੁਧਾਰ ਹੋ ਸਕੇਗਾ।


-ਹਰਜਿੰਦਰਪਾਲ ਸਿੰਘ ਬਾਜਵਾ
ਵਿਜੇ ਨਗਰ, ਹੁਸ਼ਿਆਰਪੁਰ।


ਇੱਛਾਵਾਂ ਅਤੇ ਸਬਰ
ਜੀਵਨ ਵਿਚ ਮਨੁੱਖ ਹਮੇਸ਼ਾ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਯਤਨਸ਼ੀਲ ਰਹਿੰਦਾ ਹੈ। ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਜੀਵਨ ਖ਼ਤਮ ਹੋ ਜਾਂਦਾ ਪਰ ਉਸ ਦੀਆਂ ਇੱਛਾਵਾਂ ਨਹੀਂ ਮੁੱਕਦੀਆਂ ਕਿਉਂਕਿ ਪਹਿਲੀ ਇੱਛਾ ਦੂਜੀ ਇੱਛਾ ਨੂੰ ਜਨਮ ਦਿੰਦੀ ਹੈ ਅਤੇ ਦੂਸਰੀ ਤੀਸਰੀ ਨੂੰ, ਸੋ ਇਸੇ ਤਰ੍ਹਾਂ ਇਹ ਸਿਲਸਿਲਾ ਨਿਰੰਤਰ ਜਾਰੀ ਰਹਿੰਦਾ ਹੈ। ਮਨ ਵਿਚ ਇੱਛਾਵਾਂ ਦਾ ਖਜ਼ਾਨਾ ਵਧਦਾ ਜਾਂਦਾ ਹੈ ਅਤੇ ਸੁਆਸਾਂ ਦੀ ਪੂੰਜੀ ਦਾ ਖਜ਼ਾਨਾ ਘਟਦਾ ਜਾਂਦਾ ਹੈ। ਇਸ ਤਰ੍ਹਾਂ ਇੱਛਾਵਾਂ ਨਾਲ ਭਰਿਆ ਮਨੁੱਖ ਸਦਾ ਚਿੰਤਾ ਵਿਚ ਗ੍ਰਸਿਆ ਜਾਂਦਾ ਹੈ। ਇੱਛਾਵਾਂ ਦੀ ਪੂਰਤੀ ਵਿਚ ਅਸਫਲਤਾ ਮਿਲਣ ਦੇ ਫਲਸਰੂਪ ਦੁੱਖਾਂ ਦਾ ਜਨਮ ਹੁੰਦਾ ਹੈ, ਜੋ ਆਤਮ ਹੱਤਿਆ ਤੱਕ ਦਾ ਸਫ਼ਰ ਵੀ ਮਨੁੱਖ ਕੋਲੋਂ ਕਰਵਾ ਜਾਂਦੇ ਹਨ। ਸੋ, ਮਨੁੱਖ ਕੋਲ ਜ਼ਿਆਦਾ ਧਨ ਹੋਣ ਤੋਂ ਭਾਵ ਇਹ ਬਿਲਕੁਲ ਨਹੀਂ ਕਿ ਉਹ ਅਮੀਰ ਹੈ। ਅਸਲ ਅਮੀਰੀ, ਅਸਲ ਸੁੱਖ ਅਤੇ ਜ਼ਿੰਦਗੀ ਦਾ ਅਸਲ ਆਨੰਦ ਕੇਵਲ ਸਬਰ ਵਿਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਨਾ ਕਿ ਇੱਛਾਵਾਂ ਦੇ ਵੱਸ ਹੋ ਕੇ।


-ਨਵਜੋਤ ਸਿੰਘ
ਵਿਦਿਆਰਥੀ, ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼ ਨਿਸ਼ਾਨ-ਏ-ਸਿੱਖੀ (ਖਡੂਰ ਸਾਹਿਬ)।

30-08-2018

 ਮੇਰਾ ਪਿੰਡ ਮੇਰਾ ਮਾਣ
ਪੰਜਾਬ ਸਰਕਾਰ ਵਲੋਂ 'ਮੇਰਾ ਪਿੰਡ ਮੇਰਾ ਮਾਣ' ਮੁਹਿੰਮ 2018 ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਪਿੰਡਾਂ ਦਾ ਸਰਬਪੱਖੀ ਵਿਕਾਸ ਕਰ ਕੇ ਪਿੰਡਾਂ ਦੀ ਨੁਹਾਰ ਬਦਲੀ ਜਾਵੇਗੀ ਅਤੇ ਸਭ ਤੋਂ ਸਾਫ਼ ਪਿੰਡ, ਸਕੂਲ, ਆਂਗਣਵਾੜੀ ਸੈਂਟਰ ਨੂੰ ਵਿਸ਼ੇਸ਼ ਇਨਾਮ ਦਿੱਤਾ ਜਾਵੇਗਾ। ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਸਭ ਤੋਂ ਪਹਿਲਾਂ ਪਿੰਡਾਂ ਦੇ ਦੋਵਾਂ ਪਾਸੇ ਬਣੇ ਹੋਏ ਛੱਪੜਾਂ, ਟੋਭਿਆਂ ਦੀ ਨਿਸ਼ਾਨਦੇਹੀ ਕਰ ਕੇ ਪਾਣੀ ਦੇ ਪ੍ਰਬੰਧ ਨਾਲ ਛੱਪੜ ਪਾਣੀ ਨਾਲ ਭਰਨੇ ਚਾਹੀਦੇ ਹਨ ਅਤੇ ਉਨ੍ਹਾਂ ਵਿਚ ਮੱਛੀ ਪਾਲਣ ਦਾ ਕੰਮ ਮਹਿਕਮੇ ਦੇ ਸਹਿਯੋਗ ਨਾਲ ਕਰਨਾ ਚਾਹੀਦਾ ਹੈ। ਪਿੰਡਾਂ ਦੇ ਚੁਫੇਰੇ ਸੜਕਾਂ 'ਤੇ ਖਿਲਰੇ ਰੂੜੀ ਦੇ ਢੇਰ ਟੋਇਆਂ ਵਿਚ ਭਰਨੇ ਚਾਹੀਦੇ ਹਨ, ਜੋ ਕਿ ਪਿੰਡਾਂ ਦੀਆਂ ਫਿਰਨੀਆਂ ਤਾਂ ਘੇਰਦੇ ਹੀ ਹਨ, ਸਗੋਂ ਪਿੰਡ ਦੀ ਦਿੱਖ ਵੀ ਖਰਾਬ ਕਰਦੇ ਹਨ। ਪਿੰਡਾਂ ਨੂੰ ਜਾਂਦੀਆਂ ਸੜਕਾਂ ਦੀ ਨਿਸ਼ਾਨਦੇਹੀ ਕਰਵਾ ਕੇ ਬੁਰਜੀਆਂ ਲਗਾ ਕੇ ਸੜਕਾਂ ਦੇ ਕਿਨਾਰੇ ਫੁਲਦਾਰ ਬੂਟੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੁਆਲੇ ਜੰਗਲੇ ਲਗਾ ਕੇ ਪੇਂਟ ਕਰਨੇ ਚਾਹੀਦੇ ਹਨ। ਪਿੰਡਾਂ ਦੇ ਸਰਬਪੱਖੀ ਵਿਕਾਸ ਕਰਨ ਲਈ ਹੋਰ ਵੀ ਬਹੁਤ ਕੰਮ ਹਨ, ਪਰ ਜੇਕਰ ਉਕਤ ਕੰਮ ਕਰ ਲਏ ਜਾਣ ਤਾਂ ਤੰਦਰੁਸਤ ਮਿਸ਼ਨ ਪੰਜਾਬ ਤਹਿਤ 'ਮੇਰਾ ਪਿੰਡ ਮੇਰਾ ਮਾਣ' ਮੁਹਿੰਮ ਕਾਫੀ ਹੱਦ ਤੱਕ ਕਾਮਯਾਬ ਹੋ ਸਕਦੀ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਸਵੱਛ ਭਾਰਤ ਅਭਿਆਨ
ਸਵੱਛ ਭਾਰਤ ਅਭਿਆਨ ਦਾ ਮੁੱਖ ਮਕਸਦ ਮਨੁੱਖੀ ਮਲ ਦਾ ਸਹੀ ਨਿਪਟਾਰਾ ਕਰਨ ਲਈ ਘਰ-ਘਰ ਵਿਚ ਪਖਾਨਿਆਂ ਦਾ ਨਿਰਮਾਣ ਕਰਨਾ ਹੈ। ਇਸ ਕੰਮ ਵਾਸਤੇ ਸਰਕਾਰ ਵਲੋਂ 15 ਹਜ਼ਾਰ ਰੁਪਏ ਤੱਕ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। 2014 ਵਿਚ 1,80,000 ਪਿੰਡ, 130 ਜ਼ਿਲ੍ਹੇ ਅਤੇ ਭਾਰਤ ਦੇ ਤਿੰਨ ਰਾਜ-ਸਿੱਕਮ, ਹਿਮਾਚਲ ਪ੍ਰਦੇਸ਼ ਅਤੇ ਕੇਰਲ ਖੁੱਲ੍ਹੇ 'ਚ ਸ਼ੌਚ ਮੁਕਤ ਹੋ ਚੁੱਕੇ ਹਨ।
ਸਰਕਾਰ 2019 ਤੋਂ ਪਹਿਲਾਂ 12 ਕਰੋੜ ਪਖਾਨੇ ਬਣਾਉਣ ਦਾ ਟੀਚਾ ਪੂਰਾ ਕਰਨਾ ਚਾਹੁੰਦੀ ਹੈ ਤਾਂ ਜੋ 2 ਅਕਤੂਬਰ, 2019 ਨੂੰ ਮਹਾਤਮਾ ਗਾਂਧੀ ਜੀ ਦੀ 150ਵੀਂ ਵਰ੍ਹੇਗੰਢ 'ਤੇ ਪੂਰਾ ਦੇਸ਼ ਖੁੱਲ੍ਹੇ 'ਚ ਸ਼ੌਚ ਮੁਕਤ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ। ਸਵੱਛ ਭਾਰਤ ਅਭਿਆਨ ਅੰਦੋਲਨ ਦਾ ਰੂਪ ਦੇਣ ਲਈ ਹਰ ਭਾਰਤ ਵਾਸੀ ਨੂੰ ਪੁਰਜ਼ੋਰ ਅਪੀਲ ਹੈ ਕਿ ਉਹ ਸਾਰੇ ਇਸ ਜਨ ਕਲਿਆਣ ਦੇ ਕੰਮ ਵਿਚ ਵੱਧ ਤੋਂ ਵੱਧ ਯੋਗਦਾਨ ਦੇਣ ਤਾਂ ਜੋ ਪੂਰਾ ਦੇਸ਼ ਖੁੱਲ੍ਹੇ 'ਚ ਸ਼ੌਚ ਮੁਕਤ ਹੋ ਸਕੇ।


-ਇਕਬਾਲ ਕਾਹਲੋਂ
ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਗੁਰਦਾਸਪੁਰ।


ਐਂਬੂਲੈਂਸ ਨੂੰ ਰਸਤਾ ਦਿਓ
ਅਕਸਰ ਹੀ ਅਖ਼ਬਾਰਾਂ ਵਿਚ ਐਂਬੂਲੈਂਸ ਨੂੰ ਰਸਤਾ ਨਾ ਦੇਣ ਕਰਕੇ ਅਤੇ ਇਲਾਜ ਵਿਚ ਹੋਈ ਦੇਰੀ ਕਾਰਨ ਮਰੀਜ਼ ਦੀ ਮੌਤ ਬਾਰੇ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਭਾਵੇਂ ਕਿ ਹਰ ਇਕ ਨਾਗਰਿਕ ਦਾ ਇਹ ਫ਼ਰਜ਼ ਬਣਦਾ ਹੈ ਕਿ ਹਰ ਹਾਲ ਵਿਚ ਐਂਬੂਲੈਂਸ ਨੂੰ ਰਸਤਾ ਦਿੱਤਾ ਜਾਵੇ ਪਰ ਕਈ ਵਾਰ ਵੀ.ਆਈ.ਪੀ. ਡਿਊਟੀ ਦਾ ਬਹਾਨਾ ਲਗਾ ਕੇ, ਧਰਨਿਆਂ ਦੇ ਕਰਕੇ, ਲੋੜ ਤੋਂ ਵੱਧ ਆਵਾਜਾਈ ਕਰਕੇ, ਲੋਕਾਂ ਦੇ ਪੱਥਰ ਦਿਲ ਹੋਣ ਕਰਕੇ ਐਂਬੂਲੈਂਸਾਂ ਜਾਮ ਵਿਚ ਫਸ ਜਾਂਦੀਆਂ ਹਨ। ਅਜਿਹੇ ਸਮੇਂ ਮਰੀਜ਼ ਦੇ ਨਾਲ ਬੈਠੇ ਪਰਿਵਾਰਕ ਮੈਂਬਰਾਂ 'ਤੇ ਕੀ ਬੀਤਦੀ ਹੋਵੇਗੀ, ਇਸ ਬਾਰੇ ਸੋਚ ਕੇ ਵੀ ਰੂਹ ਕੰਬ ਉੱਠਦੀ ਹੈ। ਅਜਿਹੀ ਦੇਰੀ ਕਾਰਨ ਕਿੰਨੇ ਹੀ ਮਰੀਜ਼ ਮੌਤ ਦੇ ਮੂੰਹ ਵਿਚ ਜਾ ਪਏ ਹਨ ਪਰ ਇਸ ਵਰਤਾਰੇ ਵਿਚ ਬਹੁਤੀ ਕਮੀ ਨਹੀਂ ਆਈ। ਸਾਨੂੰ ਸਾਰਿਆਂ ਨੂੰ ਇਨਸਾਨੀਅਤ ਨਾਤੇ ਐਂਬੂਲੈਂਸ ਨੂੰ ਰਸਤਾ ਦੇਣਾ ਆਪਣਾ ਫਰਜ਼ ਸਮਝਣਾ ਚਾਹੀਦਾ ਹੈ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ।


-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।


ਪੰਚਾਇਤ ਦੀ ਚੋਣ
ਅਕਸਰ ਪਿੰਡਾਂ ਵਿਚ ਹੁੰਦੀਆਂ ਧੜੇਬੰਦੀਆਂ ਆਪਸੀ ਰੰਜਿਸ਼ ਨੂੰ ਜਨਮ ਦੇ ਕੇ ਪਿੰਡਾਂ ਦੇ ਵਿਕਾਸ ਨੂੰ ਅੱਖੋਂ-ਪਰੋਖੇ ਕਰ ਦਿੰਦੀਆਂ ਹਨ, ਜਿਸ ਦਾ ਨੁਕਸਾਨ ਕੇਵਲ ਪਿੰਡ ਵਾਸੀ ਹੀ ਭੁਗਤਦੇ ਹਨ। ਪਿੰਡ ਵਿਚ ਕਿਹੋ ਜਿਹੀ ਪੰਚਾਇਤ ਚੁਣਨੀ ਹੈ, ਇਹ ਪਿੰਡ ਵਾਸੀਆਂ ਦੇ ਹੱਥ ਵਿਚ ਵਧੇਰੇ ਹੁੰਦਾ ਹੈ। ਭਾਵੇਂ ਹੁਣ ਨੌਜਵਾਨਾਂ ਵਿਚ ਵੀ ਕਾਫੀ ਜਾਗਰੂਕਤਾ ਆ ਗਈ ਹੈ ਪਰ ਫਿਰ ਵੀ ਵਧੇਰੇ ਪੰਚ/ਸਰਪੰਚ ਉਹੀ ਬਣਦੇ ਹਨ, ਜੋ ਪਹਿਲਾਂ ਬਣਦੇ ਆ ਰਹੇ ਹੁੰਦੇ ਹਨ।
ਇਕ ਆਮ ਬੰਦਾ ਉਮੀਦਵਾਰੀ ਨੂੰ ਮੁਫ਼ਤ ਦੀ ਸਿਰਦਰਦੀ ਤੇ ਵਿਹਲਿਆਂ ਦਾ ਕੰਮ ਸਮਝਦਾ ਹੈ, ਜਿਸ ਕਾਰਨ ਉਹੀ ਪੁਰਾਣੇ ਚਿਹਰੇ ਆਪ ਜਾਂ ਆਪਣੇ ਕਿਸੇ ਚਹੇਤੇ ਨੂੰ ਜਿਤਾ ਕੇ ਪੰਚਾਇਤ 'ਤੇ ਪੰਜ ਸਾਲ ਲਈ ਕਾਬਜ਼ ਹੋ ਜਾਂਦੇ ਹਨ। ਫਿਰ ਉਨ੍ਹਾਂ ਦੇ ਦਿਮਾਗ ਵਿਚ ਕੋਈ ਵਖਰੇਵੇਂ ਵਾਲੀ ਗੱਲ ਨਹੀਂ ਆਉਂਦੀ ਜੋ ਨਵੇਂ ਬਣੇ ਨੌਜਵਾਨ ਪੰਚ/ਸਰਪੰਚ ਨਾਲ ਆਉਣੀ ਹੁੰਦੀ ਹੈ। ਸੋ, ਪਿੰਡ ਵਾਲਿਆਂ ਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ, ਯੋਗ ਅਤੇ ਪੜ੍ਹੇ-ਲਿਖੇ ਸਹੀ ਉਮੀਦਵਾਰ ਚੁਣਨੇ ਚਾਹੀਦੇ ਹਨ, ਉਥੇ ਹੀ ਨੌਜਵਾਨਾਂ ਨੂੰ ਖੁੱਲ੍ਹ ਕੇ ਮੂਹਰੇ ਆਉਣਾ ਚਾਹੀਦਾ ਹੈ ਤਾਂ ਕਿ ਨਵੀਂ ਉਮਰ, ਨਵੀਂ ਸੋਚ, ਨਵੀਆਂ ਪੁਲਾਂਘਾਂ ਪੁੱਟਣ ਵਿਚ ਕਾਰਗਰ ਸਿੱਧ ਹੋ ਸਕੇ।


-ਜਸਵੰਤ ਸਿੰਘ ਲਖਣਪੁਰੀ
ਪਿੰਡ ਲਖਣਪੁਰ, ਤਹਿ: ਖਮਾਣੋਂ, ਫ਼ਤਹਿਗੜ੍ਹ ਸਾਹਿਬ।

29-08-2018

 ਸਵਾਰੀਆਂ ਦੀ ਲੁੱਟ-ਖਸੁੱਟ
ਪੰਜਾਬ ਵਿਚ ਵੱਡੀਆਂ ਟਰਾਸਪੋਰਟ ਕੰਪਨੀਆਂ ਅਤੇ ਹੋਰ ਬੱਸਾਂ ਵਾਲਿਆਂ ਵਲੋਂ ਪੂਰੇ ਜ਼ੋਰਾਂ 'ਤੇ ਲੁੱਟ ਕੀਤੀ ਜਾ ਰਹੀ ਹੈ। ਟਰਾਸਪੋਰਟ ਮੰਤਰੀ/ਵਿਭਾਗ ਵਲੋਂ ਵੀ ਵਧੇ ਕਿਰਾਇਆਂ ਬਾਰੇ ਕੋਈ ਨੋਟੀਫਿਕੇਸ਼ਨ ਜਾਂ ਅਖ਼ਬਾਰਾਂ ਵਿਚ .ਖਬਰਾਂ ਨਹੀਂ ਲਾਈਆਂ ਜਾ ਰਹੀਆਂ। ਸਵੇਰੇ ਬੱਸਾਂ ਵਾਲਿਆਂ ਤੋਂ ਹੀ ਪਤਾ ਲੱਗਦਾ ਹੈ ਕਿ ਕਿਰਾਇਆ ਵਧ ਚੁੱਕਾ ਹੈ। ਫਿਰ ਵਧਿਆ ਕਿਰਾਇਆ ਜਾਂ ਘਟਿਆ ਕਿਰਾਇਆ ਇਕ ਅਨੁਸਾਰ ਲਾਗੂ ਨਹੀਂ ਹੁੰਦਾ ਹੈ। ਪਿਛਲੇ ਦਿਨੀਂ ਮੈਨੂੰ ਗੋਨਿਆਣਾ ਤੋਂ ਕੋਟਕਪੂਰੇ ਦਾ ਸਫ਼ਰ ਕਰਨਾ ਪਿਆ। ਗੋਨਿਆਣੇ ਤੋਂ ਜਾਂਦੇ ਸਮੇਂ ਕੋਟਕਪੂਰੇ ਦੇ 35 ਰੁਪਏ ਅਤੇ ਅਗਲੇ ਦਿਨ ਕੋਟਕਪੂਰੇ ਤੋਂ ਗੋਨਿਆਣਾ ਦੇ 40 ਰੁਪਏ ਲੱਗੇ। ਜਦੋਂ ਕਿ ਗੋਨਿਆਣਾ ਤੋਂ ਕੋਟਕਪੂਰੇ ਦੇ ਸਫ਼ਰ ਸਮੇਂ ਦੋਵੇਂ ਬੱਸਾਂ ਇਕੋ ਕੰਪਨੀ ਦੀਆਂ ਸਨ। ਸ਼ਾਇਦ ਪੰਜਾਬ ਦੇ ਦੂਸਰੇ ਰਸਤਿਆਂ 'ਤੇ ਵੀ ਇਹੋ ਖੇਡ ਕਈ ਦੇਖ ਚੁੱਕੇ ਹੋਣਗੇ। ਸੋ ਕਿਰਾਏ ਵਾਧੇ ਦੀ ਗੱਲ ਨਹੀਂ। ਪਰ ਵਧਿਆ ਕਿਰਾਇਆ ਇਕੋ ਦਿਨ, ਇਕੋ ਸਮੇਂ ਸਭ ਬੱਸਾਂ 'ਤੇ ਲਾਗੂ ਹੋਣਾ ਚਾਹੀਦਾ ਹੈ। ਬੱਸਾਂ ਵਿਚ ਬਕਾਇਦਾ ਇਕ ਸੂਚੀ ਡੀ.ਸੀ. ਦੇ ਦਸਤਖ਼ਤ ਕਰਵਾ ਕੇ ਲੱਗੀ ਹੋਣੀ ਚਾਹੀਦੀ ਹੈ। ਵਿਭਾਗ ਨੂੰ ਬੱਸ ਕੰਪਨੀਆਂ ਦੇ ਮਾਲਕਾਂ ਅਤੇ ਕਰਮਚਾਰੀਆਂ ਤੇ ਸ਼ਿਕੰਜਾ ਕੱਸ ਕੇ ਰੱਖਣਾ ਵੀ ਜ਼ਰੂਰੀ ਹੈ ਤਾਂ ਕਿ ਸਵਾਰੀਆਂ ਦੀ ਲੁੱਟ-ਖਸੁੱਟ ਬਚਾਈ ਜਾ ਸਕੇ।


-ਅਰਸ਼ਦੀਪ
ਬੜਿੰਗ ਬਰਨਾਲਾ।


ਵਿਦੇਸ਼ਾਂ ਵਿਚ ਭਾਰਤੀਆਂ ਦੀ ਲੁੱਟਮਾਰ
ਵਿਦੇਸ਼ਾਂ ਵਿਚ ਪੰਜਾਬੀਆਂ 'ਤੇ ਕੀਤੇ ਜਾਂਦੇ ਹਮਲੇ ਬਹੁਤ ਹੀ ਚਿੰਤਾ ਦਾ ਵਿਸ਼ਾ ਹਨ, ਜਿਨ੍ਹਾਂ ਵਿਚ ਅਕਸਰ ਹੀ ਰੋਜ਼ੀ-ਰੋਟੀ ਕਮਾਉਣ ਗਏ ਵਿਚਾਰੇ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਹਰ ਰੋਜ਼ ਦੀਆਂ ਦੁਖਦਾਇਕ ਅਖ਼ਬਾਰੀ ਖ਼ਬਰਾਂ ਪੜ੍ਹ ਕੇ ਦਿਲ ਇਕ ਵਾਰ ਤਾਂ ਪਸੀਜ਼ ਕੇ ਰਹਿ ਜਾਂਦਾ ਹੈ। ਕਦੀ ਮਨੀਲਾ, ਇਰਾਕ ਵਿਚ ਤੇ ਕਦੇ ਕੈਨੇਡਾ ਵਿਚ ਹਮਲਿਆਂ ਅਤੇ ਕਤਲਾਂ ਦੀ ਗਿਣਤੀ ਕਾਫੀ ਵਧ ਗਈ ਹੈ। ਪਿਛਲੇ ਦਿਨੀਂ ਫਿਲਪਾਈਨ ਵਿਚ ਇਕ ਗੁਰਸਿੱਖ ਨੌਜਵਾਨ ਦਾ ਗੋਲੀਆਂ ਮਾਰ ਕੇ ਸ਼ਰੇਆਮ ਕਤਲ ਕਰ ਦਿੱਤਾ ਗਿਆ। ਦੋਸ਼ੀਆਂ ਦਾ ਕੋਈ ਥਹੁ ਪਤਾ ਨਹੀਂ ਹੈ। ਪੈਸੇ ਪਿੱਛੇ ਇਨਸਾਨ ਦਾ ਖੂਨ ਚਿੱਟਾ ਹੋ ਗਿਆ ਹੈ। ਇਸ ਨਾਲ ਰਿਸ਼ਤਿਆਂ ਦੀ ਗੰਢ ਪਿਚਕ ਕੇ ਰਹਿ ਗਈ ਹੈ ਜੋ ਕਿ ਇਕ ਬਹੁਤ ਹੀ ਨਮੋਸ਼ੀਜਨਕ ਵਰਤਾਰਾ ਹੈ। ਸਾਡੇ ਦੇਸ਼ ਦੇ ਲੋਕ ਬੇਰੁਜ਼ਗਾਰੀ ਹੱਥੋਂ ਮਜਬੂਰ ਹੋਏ ਰੋਜ਼ੀ ਰੋਟੀ ਕਮਾਉਣ ਲਈ ਬਾਹਰਲੇ ਦੇਸ਼ਾਂ ਵਿਚ ਜਾਂਦੇ ਹਨ। ਪਰ ਉਥੇ ਇਨ੍ਹਾਂ ਨੂੰ ਸਭ ਤੋਂ ਪਹਿਲਾਂ ਜ਼ੁਲਮਾਂ ਦਾ ਟਾਕਰਾ ਕਰਨਾ ਪੈਂਦਾ ਹੈ। ਠੀਕ ਹੈ ਬਹੁਤੇ ਵਿਦੇਸ਼ਾਂ ਵਿਚ ਪਨਾਹ ਨਾ ਮਿਲਣ ਕਾਰਨ ਸਾਡੇ ਭਾਰਤੀ ਚੋਰੀ ਛੁਪੇ ਰੋਜ਼ੀ ਰੋਟੀ ਦੀ ਭਾਲ ਵਿਚ ਰਹਿ ਰਹੇ ਹਨ। ਪਰ ਫਿਰ ਵੀ ਵਿਦੇਸ਼ੀ ਸਰਕਾਰਾਂ ਨੂੰ ਅਜਿਹੇ ਗੁੰਡਾ ਅਨਸਰਾਂ ਨੂੰ ਨਕੇਲ ਪਾਉਣ ਲਈ ਠੋਸ ਕਾਨੂੰਨ ਲੈ ਕੇ ਆਉਣੇ ਚਾਹੀਦੇ ਹਨ ਤਾਂ ਜੋ ਵਿਅਕਤੀ ਸੁਰੱਖਿਅਤ ਹੋ ਸਕੇ।


-ਤਰਸੇਮ ਲੰਡੇ
ਪਿੰਡ ਲੰਡੇ, ਮੋਗਾ।


ਕੀ ਇਹ ਨਸ਼ਾ ਨਹੀਂ?
ਇਕ ਪਾਸੇ ਤਾਂ ਪੰਜਾਬ 'ਚ ਦਿਨੋ-ਦਿਨ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਦੇ ਕਾਰਨ ਹਾਹਾਕਾਰ ਮਚੀ ਹੋਈ ਹੈ। ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਦੇ ਕਰਕੇ ਲੋਕਾਂ ਨੇ ਚਿੱਟੇ ਖਿਲਾਫ਼ ਕਾਲਾ ਹਫ਼ਤਾ ਮਨਾਇਆ। ਲੋਕਾਂ ਨੂੰ ਝੂਠੇ ਲਾਰੇ ਲਾ ਕੇ ਕੁੰਭ ਕਰਨੀ ਨੀਂਦ ਸੁੱਤੇ ਪਏ ਨੇਤਾਵਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਨ੍ਹਾਂ ਵਲੋਂ ਕੀਤੇ ਵਾਅਦੇ ਯਾਦ ਕਰਵਾਏ ਗਏ। ਪਰ ਕੁਝ ਸਿਆਸੀ ਲੋਕ ਇਸ ਗੰਭੀਰ ਮਸਲੇ 'ਤੇ ਵੀ ਸਿਆਸਤ ਖੇਡਦੇ ਨਜ਼ਰ ਆਏ। ਮੇਰੇ ਦਿਮਾਗ 'ਚ ਵਾਰ-ਵਾਰ ਇਹ ਸਵਾਲ ਆ ਰਿਹਾ ਹੈ ਕਿ ਕੀ ਸਿਗਰਟ, ਬੀੜੀ, ਤੰਬਾਕੂ, ਗੁਟਕਾ ਆਦਿ ਨਸ਼ੇ ਨਹੀਂ। ਇਨ੍ਹਾਂ ਨਸ਼ਿਆਂ ਦਾ ਅਸੀਂ ਕਦੇ ਵਿਰੋਧ ਹੀ ਨਹੀਂ ਕੀਤਾ। ਇਹ ਛੋਟੇ-ਛੋਟੇ ਨਸ਼ੇ ਹਰ ਪਿੰਡ ਸ਼ਹਿਰ ਹਰ ਗਲੀ ਮੁਹੱਲੇ ਕਰਿਆਨੇ ਦੀਆਂ ਦੁਕਾਨਾਂ ਤੋਂ ਆਮ ਬੜੀ ਆਸਾਨੀ ਨਾਲ ਮਿਲ ਜਾਂਦੇ ਹਨ। ਸਰਕਾਰ ਇਨ੍ਹਾਂ ਨਸ਼ਿਆਂ ਨੂੰ ਬਣਾਉਣ ਵਾਲੀਆਂ ਫੈਕਟਰੀਆਂ ਅਤੇ ਕਾਰਖਾਨਿਆਂ ਤੋਂ ਟੈਕਸ ਦੇ ਰੂਪ 'ਚ ਇਕੱਠੇ ਕੀਤੇ ਪੈਸੇ ਨੂੰ ਖਜ਼ਾਨਾ ਭਰਨ ਲਈ ਵਰਤਦੀ ਹੈ। ਜੇਕਰ ਸਰਕਾਰ ਦੀ ਵਾਕਿਆ ਹੀ ਨਸ਼ਾ ਬੰਦ ਕਰਨ ਦੀ ਇੱਛਾ ਹੈ ਤਾਂ ਉਸ ਨੂੰ ਜ਼ਮੀਨੀ ਪੱਧਰ ਤੋਂ ਨਸ਼ਾ ਬੰਦ ਕਰਨ ਲਈ ਹੰਭਲਾ ਮਾਰਨਾ ਪਵੇਗਾ।


-ਬਲਤੇਜ ਸੰਧੂ
ਬੁਰਜ ਲੱਧਾ, ਬਠਿੰਡਾ।


ਸ਼ੌਕ ਤੇ ਮਜਬੂਰੀ
ਕਿਸੇ ਦੇ ਧੀ ਪੁੱਤ ਨੂੰ ਨਸ਼ਾ ਕਰਨ ਲਾਉਣਾ ਬਹੁਤ ਸ਼ਰਮਨਾਕ ਕਾਰਾ ਹੈ। ਅਜਿਹੇ ਲੋਕਾਂ ਅਤੇ ਮਿੱਤਰਾਂ ਤੋਂ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ ਹੈ, ਜੋ ਤਹਾਨੂੰ ਨਸ਼ਾ ਕਰਨ ਲਈ ਪ੍ਰੇਰਿਤ ਕਰਨ। ਆਮ ਤੌਰ 'ਤੇ ਸਕੂਲਾਂ, ਕਾਲਜਾਂ, ਬੱਸ ਅੱਡਿਆਂ ਆਦਿ ਥਾਵਾਂ 'ਤੇ ਛੋਟੀ-ਵੱਡੀ ਉਮਰ ਦੇ ਲੜਕੇ ਇਕੱਠੇ ਬੈਠ ਕੇ ਸਿਗਰਟਾਂ, ਤਮਾਕੂ, ਬੀੜੀਆਂ, ਸ਼ਰਾਬ, ਜੂਆ ਆਦਿ ਖਾਂਦੇ-ਪੀਂਦੇ ਅਤੇ ਖੇਡਦੇ ਨਜ਼ਰ ਆਉਂਦੇ ਹਨ ਉਹ ਆਪਣੇ ਆਪ ਨੂੰ ਇਹ ਕਹਿ ਕੇ ਨਸ਼ਾ ਕਰਦੇ ਹਨ ਕਿ ਉਹ ਇਹ ਨਸ਼ਾ ਤਾਂ ਸ਼ੌਕੀਆ ਤੌਰ 'ਤੇ ਕਰਦੇ ਹਨ। ਪਰ ਉਨ੍ਹਾਂ ਲੋਕਾਂ ਦੀ ਇਹ ਸੋਚ ਬਿਲਕੁਲ ਗ਼ਲਤ ਹੈ, ਕਿਉਂਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹ ਸ਼ੌਕ-ਸ਼ੌਕ ਕੀਤਾ ਨਸ਼ਾ, ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਮਜਬੂਰੀ ਬਣ ਕੇ ਰਹਿ ਜਾਵੇਗਾ।


-ਗੁਰਦੀਪ ਸਿੰਘ
ਘੋਲੀਆ ਕਲਾਂ।

28-08-2018

 ਕੁਦਰਤ ਦੀ ਕਰੋਪੀ
ਕੁਦਰਤ ਨੇ ਇਨਸਾਨ ਨੂੰ ਅਨਮੋਲ ਤੋਹਫ਼ਿਆਂ ਨਾਲ ਨਿਵਾਜਿਆ ਹੈ ਜਿਵੇਂ ਕਿ ਜੰਗਲ, ਸਮੁੰਦਰ, ਨਦੀਆਂ, ਪਹਾੜ, ਸਾਫ਼ ਹਵਾ, ਸੂਰਜ ਦੀ ਰੌਸ਼ਨੀ ਅਤੇ ਅਣਗਿਣਤ ਖਣਿਜ ਪਦਾਰਥ ਆਦਿ। ਅਸੀਂ ਕੁਦਰਤ ਦੀਆਂ ਇਨ੍ਹਾਂ ਦਾਤਾਂ ਦਾ ਆਨੰਦ ਬਿਲਕੁਲ ਮੁਫ਼ਤ ਮਾਣ ਰਹੇ ਹਾਂ ਪਰ ਪਿਛਲੇ ਕੁਝ ਸਾਲਾਂ ਤੋਂ ਇਨਸਾਨੀ ਲਾਲਚ ਦੇ ਕਾਰਨ ਅਸੀਂ ਇਨ੍ਹਾਂ ਵਸਤੂਆਂ ਦੀ ਲਾਪਰਵਾਹੀ ਨਾਲ ਵਰਤੋਂ ਕਰ ਰਹੇ ਹਾਂ, ਜਿਸ ਕਰਕੇ ਪ੍ਰਕਿਰਤੀ ਵਿਚ ਅਸੰਤੁਲਨ ਪੈਦਾ ਹੋ ਗਿਆ ਹੈ। ਅੱਜ ਇਹ ਸੋਚਣ ਦਾ ਵਿਸ਼ਾ ਹੈ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਲਈ ਕੀ ਛੱਡ ਕੇ ਜਾ ਰਹੇ ਹਾਂ। ਇਨਸਾਨ ਦੀਆਂ ਗ਼ਲਤੀਆਂ ਕਾਰਨ ਕੁਦਰਤੀ ਆਫ਼ਤਾਂ ਹਰ ਸਾਲ ਆ ਰਹੀਆਂ ਹਨ ਕਿਧਰੇ ਭੁਚਾਲ, ਕਿਧਰੇ ਹੜ੍ਹ, ਕਿਧਰੇ ਸੋਕਾ ਅਤੇ ਹੋਰ ਕੁਦਰਤੀ ਆਫ਼ਤਾਂ ਦੇ ਕਾਰਨ ਹਜ਼ਾਰਾਂ ਲੋਕ ਮੌਤ ਦੇ ਮੂੰਹ ਵਿਚ ਜਾ ਰਹੇ ਹਨ ਪਰ ਫਿਰ ਵੀ ਮਨੁੱਖ ਕੋਈ ਸਬਕ ਨਹੀਂ ਸਿੱਖ ਰਿਹਾ ਹੈ। ਸਾਨੂੰ ਇਸ ਨੂੰ ਅਣਗੌਲਿਆ ਨਾ ਕਰਕੇ ਪ੍ਰਕਿਰਤੀ ਦੇ ਸੰਤੁਲਨ ਨੂੰ ਕਾਇਮ ਰੱਖਣਾ ਚਾਹੀਦਾ ਹੈ ਤਾਂ ਜੋ ਇਨਸਾਨ ਆਪਣਾ ਜੀਵਨ ਖੁਸ਼ਹਾਲੀ ਨਾਲ ਬਤੀਤ ਕਰ ਸਕੇ।

-ਪ੍ਰਿੰਸ ਅਰੋੜਾ
ਮਲੌਦ (ਲੁਧਿਆਣਾ)।

ਵਿਚਾਰ ਹੋਣਾ ਜ਼ਰੂਰੀ
ਮੈਂ ਪਟਿਆਲਾ ਤੋਂ ਇਕ ਪੱਗ ਖਰੀਦੀ, ਘਰ ਲਿਆ ਕੇ ਪੱਗ ਧੋ ਕੇ ਸਾਂਭ ਲਈ ਤੇ ਲਿਫ਼ਾਫ਼ਾ ਮੇਜ਼ 'ਤੇ ਰੱਖ ਦਿੱਤਾ। ਲਿਫ਼ਾਫ਼ੇ 'ਤੇ ਗੁਰੂ ਰਾਮ ਦਾਸ ਪੱਗੜੀ ਸੈਂਟਰ ਲਿਖਿਆ ਹੋਇਆ ਸੀ। ਸ਼ਾਮ ਨੂੰ ਘਰ ਦਿਆਂ ਨੇ ਪਿੰਡੋਂ ਆਈ ਹਰੀ ਸਬਜ਼ੀ ਪਾ ਕੇ ਦੋਸਤ ਦੇ ਘਰ ਭੇਜ ਦਿੱਤੀ। ਅਗਲੀ ਸ਼ਾਮ ਨੂੰ ਸੈਰ ਕਰਨ ਤੋਂ ਬਾਅਦ ਦੋਸਤ ਮੈਨੂੰ ਮੋਚੀ ਦੀ ਦੁਕਾਨ 'ਤੇ ਲੈ ਗਿਆ, ਜਿਥੇ ਦੋਸਤ ਨੇ ਜੁੱਤੇ ਮੁਰੰਮਤ ਕਰਨ ਲਈ ਦਿੱਤੇ ਹੋਏ ਸਨ। ਮੈਂ ਦੇਖਿਆ ਮੋਚੀ ਨੇ ਉਹੀ ਪੱਗ ਵਾਲਾ ਲਿਫ਼ਾਫ਼ਾ ਆਪ ਪੈਰਾਂ ਹੇਠ ਰੱਖੀ ਬੈਠਾ ਸੀ, ਉਸ ਨੇ ਜੁੱਤੇ ਚੁੱਕ ਕੇ ਉਸ ਲਿਫ਼ਾਫ਼ੇ ਵਿਚ ਪਾ ਦਿੱਤੇ। ਮੇਰਾ ਸਿਰ ਸ਼ਰਮ ਨਾਲ ਝੁਕ ਗਿਆ। ਮੈਂ ਸਿੱਖ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਗੁਰੂਆਂ ਦੀ ਨਾਂਅ ਦੀ ਵਰਤੋਂ ਨਾ ਕਰੋ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੂੰ ਵੀ ਬੇਨਤੀ ਕਰਦਾ ਹਾਂ ਕਿ ਇਨ੍ਹਾਂ ਲੋਕਾਂ ਨੂੰ ਸੁਨੇਹਾ ਦਿਉ ਕਿ ਲਿਫ਼ਾਫ਼ਿਆਂ 'ਤੇ ਗੁਰੂ ਸਾਹਿਬ ਜੀ ਦਾ ਨਾਂਅ ਲਿਖ ਕੇ ਗੁਰੂਆਂ ਦੇ ਬੇਇੱਜ਼ਤੀ ਨਾ ਕਰੋ।

-ਨਿਰਮਲ ਸਿੰਘ
ਏ.ਐਸ.ਆਈ. ਪੰਜਾਬ ਪੁਲਿਸ, ਪਟਿਆਲਾ।

ਨਕਲੀ ਦੁੱਧ
ਪੰਜਾਬ ਵਿਚ ਅਜੇ ਤਿਉਹਾਰਾਂ ਦਾ ਮੌਸਮ ਤਾਂ ਸ਼ੁਰੂ ਨਹੀਂ ਹੋਇਆ ਪਰ ਵੱਖ-ਵੱਖ ਸ਼ਹਿਰਾਂ, ਕਸਬਿਆਂ ਵਿਚੋਂ ਨਕਲੀ ਦੁੱਧ, ਘਿਓ, ਪਨੀਰ ਆਦਿ ਵਿਕਣ ਦੀਆਂ ਖ਼ਬਰਾਂ ਆਉਣੀਆਂ ਸ਼ੁਰ ਹੋ ਵੀ ਗਈਆਂ ਹਨ। ਵੱਡੀ ਮਾਤਰਾ ਵਿਚ ਵਿਕ ਰਹੇ ਇਸ ਦੁੱਧ ਨਾਲ ਜਿਥੇ ਸਾਡੀ ਸਿਹਤ ਨਾਲ ਬੇਹੱਦ ਖਿਲਵਾੜ ਹੋ ਰਿਹਾ ਹੈ, ਉਥੇ ਅਸਲੀ ਦੁੱਧ ਦੇ ਭਾਅ ਵਿਚ ਆਈ ਗਿਰਾਵਟ ਨੇ ਪਸ਼ੂ ਪਾਲਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਸੋ, ਅੱਜ ਲੋੜ ਹੈ ਸਰਕਾਰ ਨੂੰ ਅਜਿਹੇ ਲੋਕਾਂ ਖ਼ਿਲਾਫ਼ ਲਗਾਤਾਰ ਛਾਪੇਮਾਰੀ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਯਕੀਨੀ ਬਣਾਉਣੀ ਚਾਹੀਦੀ ਹੈ ਤਾਂ ਜੋ ਇਹ ਮਿਲਾਵਟਖੋਰੀ ਕਰਨ ਵਾਲੇ ਲੋਕ ਦੁਬਾਰਾ ਅਜਿਹਾ ਘਿਨੋਣਾ ਕਾਰਨਾਮਾ ਕਰਨ ਲੱਗੇ ਇਕ ਵਾਰ ਨਹੀਂ, ਬਲਕਿ ਸੌ ਵਾਰ ਸੋਚਣ।

-ਰਾਜਾ ਗਿੱਲ
ਚੜਿੱਕ (ਮੋਗਾ)।

ਖ਼ਜ਼ਾਨਾ ਤੇ ਸਰਕਾਰ
ਪਿਛਲੇ ਦਿਨੀਂ ਸੰਪਾਦਕੀ 'ਮੰਤਰੀ ਮੰਡਲ ਦੇ ਫ਼ੈਸਲੇ' ਵਿਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਮੰਤਰੀ ਮੰਡਲ ਵਿਚ ਵਿਧਾਇਕਾਂ ਨੂੰ ਲਾਭ ਵਾਲੇ ਅਹੁਦੇ ਦੇਣ ਸਬੰਧੀ ਜੋ ਫ਼ੈਸਲਾ ਲਿਆ ਜਾ ਰਿਹਾ ਹੈ, ਉਹ ਪੰਜਾਬ ਲਈ ਘਾਤਕ ਹੈ। ਕਿਉਂਕਿ ਇਕ ਪਾਸੇ ਤਾਂ ਉੱਚ ਅਦਾਲਤਾਂ ਅਤੇ ਸਰਬਉੱਚ ਅਦਾਲਤ ਨੇ ਮੰਤਰੀ ਮੰਡਲ 15 ਫ਼ੀਸਦੀ ਤੋਂ ਵਧ ਨਾ ਕਰਨ ਦਾ ਉਦੇਸ਼ ਦਿੱਤਾ ਹੈ। ਪਰ ਸਰਕਾਰ ਆਪਣੇ ਵਿਧਾਇਕਾਂ ਨੂੰ ਚੋਰ ਮੋਰੀਆਂ ਰਾਹੀਂ ਸੰਸਦੀ ਸਕੱਤਰ ਲਾ ਕੇ ਲਾਭ ਪਹੁੰਚਾ ਰਹੀ ਸੀ। ਪਰ ਸਰਬਉੱਚ ਅਦਾਲਤ ਨੇ ਇਹ ਵੀ ਰੱਦ ਕਰ ਦਿੱਤਾ ਸੀ। ਇਕ ਪਾਸੇ ਸਰਕਾਰ ਮੁਲਾਜ਼ਮਾਂ ਦੀਆਂ ਤਨਖਾਹਾਂ ਤਾਂ ਕਈ-ਕਈ ਮਹੀਨੇ ਦਿੰਦੀ ਨਹੀਂ। ਦੂਜੇ ਪਾਸੇ ਇਹੋ ਜਿਹੇ ਕਾਨੂੰਨ ਬਣਾ ਕੇ ਖ਼ਜ਼ਾਨੇ ਦੀ ਲੁੱਟ ਕਰਾਉਣ ਦੇ ਕਾਨੂੰਨ ਲਾਗੂ ਕਰਕੇ ਸੂਬੇ ਨਾਲ ਧੋਖਾ ਕਰ ਰਹੀ ਹੈ। ਇਹ ਦੀ ਲੁੱਟ ਸਾਡੇ ਸੇਵਾਦਾਰ ਅਖਵਾਉਣ ਵਾਲਿਆਂ ਨੂੰ ਕਰਵਾ ਰਹੀ ਹੈ, ਜੋ ਸਰਾਸਰ ਧੱਕਾ ਹੈ। ਅਜਿਹੇ ਮੁੱਦੇ ਨੂੰ ਉਭਾਰਨਾ ਅਦਾਰੇ ਦਾ ਪੰਜਾਬ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਵਾਲੀ ਗੱਲ ਹੈ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

27-08-2018

 ਜੱਫੀ ਜਾਇਜ਼ ਸੀ
ਸਿਆਣਿਆਂ ਦਾ ਕਹਿਣਾ ਹੈ ਕਿ ਜੇਕਰ ਦੁਸ਼ਮਣ ਵੀ ਘਰ ਆ ਜਾਏ ਤਾਂ ਉਸ ਨੂੰ ਜੀ ਆਇਆਂ ਕਹਿਣਾ ਚਾਹੀਦਾ ਹੈ। ਸਿੱਧੂ ਅਤੇ ਬਾਜਵੇ ਦੀ ਜੱਫੀ 'ਤੇ ਕਾਫ਼ੀ ਟੀਕਾ-ਟਿੱਪਣੀ ਚਲ ਰਹੀ ਹੈ। ਕਾਫੀ ਅਰਸੇ ਤੋਂ ਸਿੱਖਾਂ ਵਲੋਂ ਡੇਰਾ ਬਾਬਾ ਨਾਨਕ ਸਰਹੱਦ 'ਤੇ ਕਰਤਾਰਪੁਰ ਲਾਂਘੇ ਦੀ ਮੰਗ ਕੀਤੀ ਜਾ ਰਹੀ ਹੈ, ਪਰ ਕਿਸੇ ਪਾਸਿਉਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਸਿੱਧੂ ਨੇ ਬਾਜਵੇ ਪਾਸੋਂ ਕਰਤਾਰਪੁਰ ਲਾਂਘੇ ਦੀ ਮੰਗ ਨਹੀਂ ਕੀਤੀ ਸਗੋਂ ਬਾਜਵੇ ਨੇ ਖੁਦ ਇਸ ਲਾਂਘੇ ਦਾ ਜ਼ਿਕਰ ਕੀਤਾ ਹੈ। ਜੇਕਰ ਪਾਕਿਸਤਾਨ ਲਾਂਘਾ ਦਿੰਦਾ ਹੈ ਤਾਂ ਹੋ ਸਕਦਾ ਹੈ ਭਾਰਤ-ਪਾਕਿ ਦੋਸਤੀ ਦੀ ਸ਼ੁਰੂਆਤ ਹੋ ਜਾਵੇ। ਪਾਕਿਸਤਾਨ ਨੇ ਦੇਖ ਲਿਆ ਹੈ ਕਿ 70 ਸਾਲ ਦੀ ਦੁਸ਼ਮਣੀ ਵਿਚ ਕੀ ਖੱਟਿਆ ਹੈ। ਸਿਰਫ਼ ਵਿਰੋਧ ਲਈ ਵਿਰੋਧ ਨਹੀਂ ਕੀਤਾ ਜਾਣਾ ਚਾਹੀਦਾ। ਜੇਕਰ ਦੁਸ਼ਮਣ ਨਾਲ ਹੱਥ ਮਿਲਾਇਆ ਜਾ ਸਕਦਾ ਹੈ ਤਾਂ ਦਿਲ ਨਾਲ ਦਿਲ ਮਿਲਾਉਣ ਵਿਚ ਕੀ ਹਰਜ਼ ਹੈ।


-ਮਹਿੰਦਰ ਸਿੰਘ ਬਾਜਵਾ
ਪਿੰਡ ਮਸੀਤਾਂ, ਜ਼ਿਲ੍ਹਾ ਕਪੂਰਥਲਾ।


ਰੋਸ ਪ੍ਰਦਰਸ਼ਨ...
ਦੁੱਧ ਉਤਪਾਦਕਾਂ ਵਲੋਂ ਪਿਛਲੇ ਦਿਨੀਂ ਜੰਤਰ-ਮੰਤਰ ਦਿੱਲੀ ਵਿਖੇ ਦੁੱਧ ਰੋੜ੍ਹ ਕੇ ਜੋ ਪ੍ਰਦਰਸ਼ਨ ਕੀਤਾ ਗਿਆ, ਇਹ ਮੰਦਭਾਗਾ ਵਤੀਰਾ ਲੱਗਾ। ਡੇਅਰੀ ਧੰਦਾ ਖੇਤੀ ਵਾਂਗ ਲਾਹੇਵੰਦਾ ਨਹੀਂ ਰਿਹਾ। ਵੱਡੀਆਂ ਡੇਅਰੀਆਂ ਆਪਣੀ ਮਨਮਰਜ਼ੀ ਨਾਲ, ਬਾਜ਼ਾਰ ਵਿਚ ਦੁੱਧ ਤੇ ਦੁੱਧ ਤੋਂ ਬਣੀਆਂ ਵਸਤਾਂ ਲੋਕਾਂ ਵਿਚ ਮਨਮਰਜ਼ੀ ਦੇ ਭਾਅ ਲਾ ਕੇ ਦਿਲਖਿਚਵੀਂ ਪੈਕਿੰਗ ਕਰ ਕੇ ਲੁੱਟ ਮਚਾ ਰਹੀਆਂ ਹਨ। ਪਰ ਦੁੱਧ ਉਤਪਾਦਕਾਂ ਦੇ ਪੱਲੇ ਨਿਰਾਸ਼ਾ ਹੀ ਪੈ ਰਹੀ ਹੈ। ਪਰ ਦੂਜੇ ਪਾਸੇ ਗ਼ਰੀਬੀ ਮਾਰੇ ਲੋਕਾਂ ਨੂੰ ਦੁੱਧ ਦੀ ਤਿਪ ਵੀ ਹਾਸਲ ਨਹੀਂ ਹੁੰਦੀ। ਦੁੱਧ ਪੀਣ ਦੀ ਉਮਰੇ ਛੋਟੇ ਬੱਚੇ ਦੁੱਧ ਨੂੰ ਤਰਸਦੇ ਹਨ ਤੇ ਸਾਡੇ ਦੁੱਧ ਉਤਪਾਦਕ ਕੀਮਤੀ ਸਰਮਾਏ ਨੂੰ ਪੈਰਾਂ 'ਚ ਡੋਲ੍ਹ ਕੇ ਕੀ ਸੰਦੇਸ਼ ਦੇਣਾ ਚਾਹੁੰਦੇ ਹਨ? ਸਮਾਜ ਨੂੰ ਗਰੀਬ ਬਸਤੀਆਂ ਵਿਚ ਦੁੱਧ ਨੂੰ ਗਰੀਬ ਲੋਕਾਂ ਵਿਚ ਮੁਫ਼ਤ ਵੰਡ ਕੇ ਵੀ ਆਪਣਾ ਰੋਸ ਪ੍ਰਦਰਸ਼ਨ ਕਰ ਸਕਦੇ ਹਨ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਚੰਗੇ ਸ਼ੌਕ

ਕਹਿੰਦੇ ਉਹ ਲੋਕ ਬੜੇ ਖੁਸ਼ਕਿਸਮਤ ਹੁੰਦੇ ਹਨ, ਜਿਹੜੇ ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਦੌਰ 'ਚ ਹੀ ਕੋਈ ਨਾ ਕੋਈ ਸ਼ੌਕ ਲੱਭ ਲੈਂਦੇ ਹਨ। ਸੱਚੇ ਸੁੱਚੇ ਸ਼ੌਕ ਸ਼ਖ਼ਸੀਅਤ ਅਤੇ ਸੋਚ ਨੂੰ ਨਿਖਾਰਦੇ ਹਨ। ਅਜਿਹੇ ਸ਼ੌਕ ਸੌਗਾਤ ਬਣ ਕੇ ਸੰਤੁਸ਼ਟਤਾ ਪ੍ਰਦਾਨ ਕਰਦੇ ਹਨ। ਅੱਛੇ ਲੋਕਾਂ ਦੀ ਸੰਗਤ ਕਰਨ ਦਾ ਸ਼ੌਕ ਸਦਾਚਾਰ, ਸਿਸਟਾਚਾਰ ਤੇ ਸੁੰਦਰਤਾ ਨਾਲ ਭਰਪੂਰ ਹੋ ਕੇ ਸੁਖਦ ਹੋ ਜਾਂਦਾ ਹੈ। ਸੋਝੀ ਤੇ ਸਮਝ ਅਨੁਸਾਰ ਸਮਾਂ ਤੇ ਸ਼ੌਕ ਬਦਲਦੇ ਰਹਿੰਦੇ ਹਨ। ਆਲੇ-ਦੁਆਲੇ ਨੂੰ ਸੁੰਦਰ ਅਤੇ ਸਾਫ਼-ਸੁਥਰਾ ਰੱਖਣ ਦਾ ਸ਼ੌਕ ਕੁਦਰਤ ਦੇ ਨੇੜੇ ਹੋਣ ਦਾ ਅਹਿਸਾਸ ਕਰਵਾਉਂਦਾ ਹੈ। ਸਰੀਰ ਨੂੰ ਸੰਭਾਲਣ ਦਾ ਸ਼ੌਕ ਤੰਦਰੁਸਤ ਭਰੀ ਲੰਮੀ ਉਮਰ ਲਈ ਸਹਾਈ ਹੁੰਦਾ ਹੈ। ਘਰੇਲੂ ਬਗੀਚੀ 'ਚ ਸਬਜ਼ੀਆਂ ਉਗਾਉਣ ਦਾ ਸ਼ੌਕ ਸਾਡੇ ਘਰੇਲੂ ਬਜਟ ਨੂੰ ਸਹੀ ਰੱਖਦਾ ਹੈ। ਕਿਤਾਬਾਂ ਪੜ੍ਹਨ ਦਾ ਸ਼ੌਕ ਇਕੱਲਤਾ ਤੇ ਤਣਾਓ ਤੋਂ ਮੁਕਤ ਕਰਦਾ ਹੈ। ਧਰਤੀ ਨੂੰ ਹਰਿਆ-ਭਰਿਆ ਕਰਨ ਲਈ ਪੌਦੇ ਲਾਉਣ ਦਾ ਸ਼ੌਕ ਪਾਲੋ। ਸ਼ੌਕ ਨੂੰ ਜੀਵਤ ਰੱਖੋ।


-ਐਸ. ਮੀਲੂ ਫਰੌਰ
# 932/25 ਖੰਨਾ-141401.


ਸੁਪਰੀਮ ਕੋਰਟ ਦਾ ਆਦੇਸ਼

'ਅਜੀਤ' ਵਿਚ 11 ਅਗਸਤ ਨੂੰ ਮੁੱਖ ਪੰਨੇ 'ਤੇ ਸੁਪਰੀਮ ਕੋਰਟ ਦੇ ਹਿੰਸਕ ਕਾਂਵੜੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਆਦੇਸ਼, ਬਾਰੇ ਪੜ੍ਹ ਕੇ ਮਨ ਨੂੰ ਤਸੱਲੀ ਹੋਈ। ਕਾਂਵੜੀਆਂ ਦੁਆਰਾ ਕੀਤੀਆਂ ਜਾ ਰਹੀਆਂ ਹਿੰਸਕ ਘਟਨਾਵਾਂ, ਸ਼ਰਾਬ ਅਤੇ ਹੋਰ ਨਸ਼ੇ ਕਰਦਿਆਂ ਦੀਆਂ ਨਸ਼ਰ ਹੋਈਆਂ ਤਸਵੀਰਾਂ ਅਤੇ ਫਿਲਮਾਂ ਕਰਕੇ ਮਾਹੌਲ ਭੈਅ ਮਈ ਹੋ ਗਿਆ ਹੈ। ਭਗਵਾਨ ਭੋਲੇ ਨਾਥ ਨੂੰ ਖੁਸ਼ ਕਰਨ ਲਈ ਕੀਤੀ ਜਾਂਦੀ ਕਾਂਵੜ ਯਾਤਰਾ ਆਮ ਤੌਰ 'ਤੇ ਸ਼ਾਂਤਮਈ ਹੀ ਹੁੰਦੀ ਸੀ, ਪ੍ਰੰਤੂ ਪਿਛਲੇ ਤਿੰਨ-ਚਾਰ ਸਾਲਾਂ ਤੋਂ ਇਹਦਾ ਰੂਪ ਹਿੰਸਕ ਹੋ ਗਿਆ ਹੈ। ਪਰ ਜਿਸ ਤਰ੍ਹਾਂ ਟੈਲੀਵਿਜ਼ਨ ਵਿਚਾਰ-ਚਰਚਾਵਾਂ ਇਕ ਰਾਸ਼ਟਰੀ ਪੱਧਰ ਦੇ ਰਾਜਨੀਤੀਵਾਨਾਂ ਅਤੇ ਆਪੇ ਬਣੇ ਸੰਤਾਂ ਨੇ ਇਨ੍ਹਾਂ ਦਾ ਪੱਖ ਪੂਰਿਆ ਉਹ ਚਿੰਤਾਜਨਕ ਹੈ। ਵੋਟ ਨੀਤੀ ਕਰਕੇ ਅਸੀਂ ਇੰਨੇ ਨੀਵੇਂ ਕਿਵੇਂ ਹੋ ਜਾਂਦੇ ਹਾਂ ਕਿ ਗੁੰਡਾਗਰਦੀ ਕਰਨ ਵਾਲਿਆਂ ਨੂੰ ਅਸੀਂ ਗੁੰਡਾ ਵੀ ਨਹੀਂ ਕਹਿ ਸਕਦੇ? ਦੇਸ਼ ਦਾ ਸੰਵਿਧਾਨ ਸਭ ਤੋਂ ਪਹਿਲਾਂ ਹੈ, ਬਾਕੀ ਸਭ ਕੁਝ ਉਸਤੋਂ ਬਾਅਦ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਗੁੰਡਿਆਂ ਨੂੰ ਜਲਦੀ ਤੋਂ ਜਲਦੀ ਉਨ੍ਹਾਂ ਦੇ ਅਸਲੀ ਘਰ (ਜੇਲ੍ਹ) ਵਿਚ ਪਹੁੰਚਾਇਆ ਜਾਵੇ।


-ਪ੍ਰੀਤ ਸੰਦਲ, ਮਕਸੂਦੜਾ
ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ।


ਪੰਜਾਬ ਦਾ ਵਿਕਾਸ
ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਵਿਚ ਬਹੁਤ ਸਾਰੇ ਸਰਕਾਰੀ, ਗ਼ੈਰ-ਸਰਕਾਰੀ ਕਾਲਜਾਂ, ਯੂਨੀਵਰਸਿਟੀਆਂ ਵਿਚ ਬੇਸ਼ੁਮਾਰ ਵਿਕਾਸ ਹੋਇਆ ਹੈ ਪ੍ਰੰਤੂ ਇਹ ਸਾਰਾ ਪੰਜਾਬ ਦਾ ਵਿਕਾਸ ਹੋਣ ਦੇ ਬਾਵਜੂਦ ਪੰਜਾਬ ਦਾ ਨੌਜਵਾਨ ਪੜ੍ਹ-ਲਿਖ ਕੇ ਬੇਰੁਜ਼ਗਾਰ ਵਿਹਲਾ ਫਿਰ ਰਿਹਾ ਹੈ। ਸਵੈ-ਰੁਜ਼ਗਾਰ ਅਤੇ ਖੇਤੀਬਾੜੀ ਵਿਚ ਇਨ੍ਹਾਂ ਨੌਜਵਾਨਾਂ ਦੀ ਕੋਈ ਦਿਲਚਸਪੀ ਨਹੀਂ। ਇਹ ਨੌਜਵਾਨ ਸਰਕਾਰੀ, ਅਰਧ-ਸਰਕਾਰੀ ਨੌਕਰੀਆਂ ਨੂੰ ਤਰਜੀਹ ਦਿੰਦੇ ਹਨ। ਵਿਹਲੇ ਨੌਜਵਾਨ ਮਾਪਿਆਂ 'ਤੇ ਬੋਝ ਬਣਨ ਦੇ ਨਾਲ-ਨਾਲ, ਲੁੱਟ-ਖਸੁੱਟ, ਚੋਰੀ, ਡਾਕੇ ਅਤੇ ਨਸ਼ਿਆਂ ਦੀ ਦਲਦਲ ਵਿਚ ਧਸਦੇ ਜਾ ਰਹੇ ਹਨ।
ਰੋਜ਼ਗਾਰ ਵਿਭਾਗ ਨੂੰ ਬੇਰੁਜ਼ਗਾਰਾਂ ਦੀ ਰਜਿਸਟ੍ਰੇਸ਼ਨ ਕਰਨ ਅਤੇ ਦੂਸਰੇ ਵਿਭਾਗਾਂ ਤੋਂ ਅੰਕੜੇ ਇਕੱਠੇ ਕਰਨ ਦੇ ਨਾਲ-ਨਾਲ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵੀ ਪ੍ਰਬੰਧ ਕਰਨਾ ਚਾਹੀਦਾ ਹੈ। ਸੋ ਪੜ੍ਹੇ-ਲਿਖੇ ਨੌਜਵਾਨਾਂ ਨੂੰ ਪੰਜਾਬ ਵਿਚ ਸਰਕਾਰੀ, ਅਰਧ-ਸਰਕਾਰੀ ਨੌਕਰੀਆਂ ਦੇਣ ਵੱਲ ਵੀ ਸਰਕਾਰ ਨੂੰ ਉਚੇਚਾ ਧਿਆਨ ਦੇਣ ਦੀ ਹੋਰ ਲੋੜ ਹੈ, ਕਿਉਂਕਿ ਰੁਜ਼ਗਾਰ ਰਹਿਤ ਵਿਕਾਸ ਅਸਲੀ ਵਿਕਾਸ ਨਹੀਂ ਹੁੰਦਾ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

24-08-2018

 ਗ਼ੈਰ-ਜ਼ਰੂਰੀ ਵਿਵਾਦ ਸਬੰਧੀ
'ਅਜੀਤ' ਵਿਚ ਆਪ ਜੀ ਦੀ ਕਲਮ 'ਚੋਂ ਨਿਕਲੀ ਨਿਰਪੱਖ ਸੰਪਾਦਕੀ 'ਗ਼ੈਰ-ਜ਼ਰੂਰੀ ਵਿਵਾਦ' ਪੜ੍ਹ ਕੇ ਮਨ ਨੂੰ ਸਕੂਨ ਮਿਲਿਆ ਕਿ ਕੋਈ ਤਾਂ ਹੈ ਜੋ ਅੱਜ ਦੇ ਇਸ ਬੇਲੋੜੇ ਵਿਵਾਦ ਬਾਰੇ ਆਪਣੇ ਦਿਲ ਦੀ ਸੁਣ ਕੇ ਤੇ ਹਜ਼ਾਰਾਂ ਪੰਜਾਬੀਆਂ ਦੀ ਮਨ ਦੀ ਅਵਸਥਾ ਨੂੰ ਸਮਝ ਕੇ ਸੱਚ ਬੋਲਣ ਦੀ ਹਿੰਮਤ ਰੱਖਦਾ ਹੈ। ਅੱਜ ਰਾਜਨੀਤਕ ਪਾਰਟੀਆਂ ਦੇ ਹਾਲਾਤ ਇਹ ਹਨ ਕਿ ਉਹ ਸਿਰਫ ਤੇ ਸਿਰਫ ਹਰ ਗੱਲ ਵਿਚ ਆਪਣਾ ਰਾਜਨੀਤਕ ਲਾਭ ਜਾਂ ਹਾਨੀ ਨੂੰ ਮੁੱਖ ਰੱਖ ਕੇ ਹੀ ਰਣਨੀਤੀ ਤੈਅ ਕਰਦੀਆਂ ਹਨ। ਹਰ ਪੰਜਾਬੀ ਬੀਤੇ ਲੰਮੇ ਸਮੇਂ ਤੋਂ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਲਈ ਰੋਜ਼ਾਨਾ ਅਰਦਾਸ ਕਰਦਾ ਹੈ ਤੇ ਚਾਹੁੰਦਾ ਹੈ ਕਿ ਸਰਹੱਦੀ ਸੂਬਾ ਹੋਣ ਕਰਕੇ ਪੰਜਾਬ 'ਚ ਸੁੱਖ ਸ਼ਾਂਤੀ ਰਹੇ ਤੇ ਦੋਵਾਂ ਪੰਜਾਬਾਂ 'ਚ ਆਪਸੀ ਸਾਂਝ ਤੇ ਵਪਾਰ ਪ੍ਰਫੁਲਿਤ ਹੋਵੇ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਸ੍ਰੀ ਕਰਤਾਰਪੁਰ ਸਾਹਿਬ, ਜਿਸ ਵਾਸਤੇ ਲਾਂਘਾ ਖੋਲ੍ਹਣ ਲਈ ਕਈ ਸਾਲਾਂ ਤੋਂ ਅਰਦਾਸ ਹੋ ਰਹੀ ਹੈ, ਬਾਰੇ ਸਾਕਾਰਾਤਮਕ ਹੁੰਗਾਰਾ ਸੁਣ ਕੇ ਨਵਜੋਤ ਸਿੰਘ ਸਿੱਧੂ ਤਾਂ ਕੀ, ਕੋਈ ਵੀ ਸ਼ਰਧਾਵਾਨ ਸਿੱਖ ਭਾਵੁਕ ਹੋ ਸਕਦਾ ਹੈ। ਕਿਉਂਕਿ ਅੱਜ ਇਸ ਨਾਜ਼ੁਕ ਵਿਸ਼ੇ ਨੂੰ ਹਵਾ ਦੇ ਕੇ ਭੜਕਾਉਣ ਵਾਲੇ ਤਾਂ ਬਹੁਤ ਹਨ ਪਰ ਸ਼ਾਂਤੀ ਦਾ ਛਿੱਟਾ ਦੇਣ ਵਾਲੇ ਆਪ ਜਿਹੇ ਪੰਜਾਬ ਤੇ ਦੇਸ਼ ਹਿਤੈਸ਼ੀ ਬੜੇ ਘੱਟ ਹਨ।

-ਜਗਜੀਤ ਸਿੰਘ ਸੱਗੂ
ਪੀਰਾਂ ਵਾਲਾ ਗੇਟ, ਸੁਨਾਮ।

ਆਓ, ਸਰਬੱਤ ਦਾ ਭਲਾ ਮੰਗੀਏ...
ਅਗਰ ਸੁੱਖ/ਖ਼ੈਰ ਮੰਗਣੀ ਹੈ ਤਾਂ ਸਭ ਦੀ ਮੰਗੋ। ਆਪਣੇ ਲਈ ਸੁੱਖ ਮੰਗਣ ਦੀ ਦੇਖਿਓ ਲੋੜ ਈ ਨਹੀਂ ਪੈਣੀ। ਜੇ ਅਸੀਂ ਆਪਣੇ ਗੁਆਂਢੀਆਂ ਦੀ ਉੱਚੀ ਸ਼ਾਨੋ-ਸ਼ੌਕਤ ਦੇਖ ਕੇ ਸੜਦੇ ਹਾਂ, ਕਿਸੇ ਨੂੰ ਸੁਖੀ ਨਹੀਂ ਦੇਖ ਸਕਦੇ, ਗੁਆਂਢੀਆਂ ਦੇ ਬੱਚਿਆਂ ਜਾਂ ਪਰਿਵਾਰਕ ਮੈਬਰਾਂ ਨੂੰ ਗ਼ਲਤ ਮੱਤਾਂ ਦੇ ਕੇ ਕੁਰਾਹੇ ਪਾਉਂਦੇ ਹਾਂ, ਨਸ਼ੇ ਦੀ ਲੱਤ ਲਾਉਂਦੇ ਹਾਂ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਅੱਗ ਅਸੀਂ ਦੂਜੇ ਦੇ ਘਰ 'ਚ ਲਾਉਂਦੇ ਹਾਂ ਤਾਂ ਸਾਡਾ ਆਪਣਾ ਘਰ ਉਸ ਅੱਗ ਦੇ ਸੇਕ ਤੋਂ ਦੂਰ ਨਹੀਂ ਰਹਿ ਸਕਦਾ। ਤੁਸੀਂ ਖ਼ੁਦ ਸਰਵੇਖਣ ਕਰਕੇ ਦੇਖਿਓ ਕਦੇ, ਜੋ ਅਜਿਹਾ ਮਾੜਾ ਦੂਜਿਆਂ ਨਾਲ ਕਰਦੇ ਨੇ, ਉਲਟਾ ਉਹੀ ਉਨ੍ਹਾਂ ਨਾਲ ਹੋਣ ਲੱਗਦਾ ਹੈ। ਸੋ, ਆਓ ਅਸੀਂ ਸਭ ਤੋਂ ਪਹਿਲਾਂ ਆਪਣੇ ਗੁਆਂਢ, ਪਿੰਡ, ਸਭ ਦੀ ਸੁੱਖ ਮੰਗੀਏ, ਸਰਬੱਤ ਦਾ ਭਲਾ ਮੰਗੀਏ, ਸਾਡਾ ਆਪਣਾ ਭਲਾ ਵੀ ਇਸੇ 'ਚ ਹੀ ਹੋ ਜਾਵੇਗਾ।

-ਕੁਲਦੀਪ ਕੌਰ
ਪਿੰਡ ਧਰਮੂ ਚੱਕ, ਅੰਮ੍ਰਿਤਸਰ।

ਆਜ਼ਾਦੀ ਦੇ ਜਸ਼ਨ ਬਾਰੇ
'ਅਜੀਤ' ਵਿਚ ਸ: ਬਲਬੀਰ ਸਿੰਘ ਰਾਜੇਵਾਲ ਅਤੇ ਸ: ਪਿਆਰਾ ਸਿੰਘ ਭੋਗਲ ਦੇ ਲੇਖ ਪੜ੍ਹੇ ਤਾਂ ਪਤਾ ਲਗਦਾ ਹੈ ਕਿ ਕਿੰਨੇ ਕੁ ਲੋਕ ਆਜ਼ਾਦੀ ਦਿਵਸ ਮੌਕੇ ਹਾਜ਼ਰ ਹੋ ਕੇ ਆਜ਼ਾਦੀ ਮਨਾ ਰਹੇ ਹੁੰਦੇ ਹਨ। ਵਾਕਿਆ ਹੀ ਆਜ਼ਾਦੀ ਦਿਵਸ ਵਿਚ ਸਿਰਫ ਰਾਜਨੇਤਾ, ਅਫ਼ਸਰਸ਼ਾਹੀ, ਸਰਕਾਰੀ ਮਸ਼ੀਨਰੀ ਅਤੇ ਸਕੂਲਾਂ ਦੇ ਬੱਚੇ ਹੀ ਸ਼ਾਮਿਲ ਹੁੰਦੇ ਹਨ। ਦੇਸ਼ ਦਾ ਕਿਸਾਨ, ਮਜ਼ਦੂਰ, ਗ਼ਰੀਬ, ਦੁਕਾਨਦਾਰ ਕਿੰਨਾ ਕੁ ਇਸ ਸਮਾਗਮ ਵਿਚ ਹਿੱਸਾ ਲੈਂਦਾ ਹੈ। ਇਨ੍ਹਾਂ ਰਾਜਸੀ ਨੇਤਾਵਾਂ ਨੇ ਸਰਕਾਰੀ ਤੰਤਰ ਵਿਚ ਵਿੱਦਿਆ ਦਾ ਮਿਆਰ ਹੀ ਖ਼ਤਮ ਕਰ ਦਿੱਤਾ ਹੈ। ਪ੍ਰਾਈਵੇਟ ਤੇ ਉੱਚ ਵਿੱਦਿਆ ਹੀ ਮਹਿੰਗੀ ਕਰ ਦਿੱਤੀ ਹੈ, ਜੋ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ। ਇਹ ਨੇਤਾ ਲੋਕ ਵੋਟਾਂ ਸਮੇਂ ਪੈਸਾ, ਸ਼ਰਾਬ, ਨਸ਼ਾ ਵੰਡ ਕੇ ਵੋਟਾਂ ਹਥਿਆ ਕੇ ਸਰਕਾਰ ਬਣਾ ਲੈਂਦੇ ਹਨ। ਰਾਜਸੀ ਪਾਰਟੀਆਂ ਦੇ ਚੌਧਰੀ ਲੋਕਾਂ ਨੂੰ ਲੜਾ ਕੇ ਆਪਣਾ ਉੱਲੂ ਸਿੱਧਾ ਕਰਦੇ ਹਨ।
ਪੰਜਾਬ ਵਿਚ ਇਸ ਸਮੇਂ ਸਭ ਕੁਝ ਹੈ ਪਰ ਰੁਜ਼ਗਾਰ ਨਹੀਂ, ਇਸੇ ਕਰਕੇ ਪੰਜਾਬ ਦਾ ਨੌਜਵਾਨ ਭਟਕ ਰਿਹਾ ਹੈ, ਵਿਹਲੇਪਨ ਕਰਕੇ ਨਸ਼ਿਆਂ ਵੱਲ ਧੱਕਿਆ ਜਾ ਰਿਹਾ ਹੈ। ਇਨ੍ਹਾਂ ਕਾਰਨਾਂ ਕਰਕੇ ਹੀ ਬਹੁਤ ਸਾਰੇ ਲੋਕ ਇਨ੍ਹਾਂ ਜਸ਼ਨਾਂ ਤੋਂ ਦੂਰ ਹੋਈ ਜਾ ਰਹੇ ਹਨ।

-ਹਰਜਿੰਦਰਪਾਲ ਸਿੰਘ ਬਾਜਵਾ
ਵਿਜੇ ਨਗਰ, ਹੁਸ਼ਿਆਰਪੁਰ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX