ਤਾਜਾ ਖ਼ਬਰਾਂ


ਰਾਜਪੁਰਾ (ਪਟਿਆਲਾ) 'ਚ 4 ਕੋਰੋਨਾ ਪਾਜ਼ੀਟਿਵ ਆਉਣ ਕਾਰਨ ਦਹਿਸ਼ਤ ਦਾ ਮਾਹੌਲ
. . .  29 minutes ago
ਰਾਜਪੁਰਾ, 5 ਜੁਲਾਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿਚ ਕੋਰੋਨਾ ਦੀ ਭਿਆਨਕ ਬਿਮਾਰੀ ਨੇ ਮੁੜ ਤੋਂ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।ਇਸ ਦੇ ਚੱਲਦਿਆਂ 3 ਮਰੀਜ਼ ਸ਼ਹਿਰ ਵਿਚ ਅਤੇ ਇਕ ਔਰਤ ਨੇੜਲੇ ਪਿੰਡ ਸਾਹਲ ਵਿਚ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ । ਇਹ ਜਾਣਕਾਰੀ ਸੀ.ਐਮ.ਓ ਪਟਿਆਲਾ ਡਾ. ਹਰੀਸ਼ ਮਲਹੋਤਰਾ...
ਜੈਤੋ 'ਚ ਪੈਟਰੋਲ ਪੰਪ ਤੋਂ 7 ਹਜ਼ਾਰ ਦੀ ਲੁੱਟ, ਕੀਤੇ ਹਵਾਈ ਫਾਇਰ
. . .  58 minutes ago
ਜੈਤੋ, 5 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਜੈਤੋ-ਮੁਕਤਸਰ ਰੋਡ 'ਤੇ ਸਥਿਤ ਪਿੰਡ ਰਾਮੂੰਵਾਲਾ (ਡੇਲਿਆਂਵਾਲੀ) ਵਿਖੇ ਪ੍ਰਿੰਸ ਕਿਸਾਨ ਸੇਵਾ ਕੇਂਦਰ ਪੈਟਰੋਲ ਪੰਪ ਤੋਂ ਕਾਰ ਸਵਾਰ ਲੁਟੇਰਿਆਂ ਵੱਲੋਂ ਕਰਿੰਦੇ ਨੂੰ ਕਾਬੂ ਕਰ ਕੇ ਉਸ ਤੋਂ ਕਰੀਬ 7 ਹਜ਼ਾਰ ਰੁਪਏ ਦੀ ਲੁੱਟ ਤੋਂ ਬਾਅਦ ਦੋ ਹਵਾਈ ਫਾਇਰ ਕਰ ਕੇ ਫ਼ਰਾਰ ਹੋਣ ਜਾਣ ਦਾ ਪਤਾ ਲੱਗਿਆ ਹੈ। ਉਕਤ ਘਟਨਾ ਦੀ ਸੂਚਨਾ ਮਿਲਦਿਆ...
ਕੋਰੋਨਾ ਨੇ ਮਮਦੋਟ ਵਿਚ ਵੀ ਦਿੱਤੀ ਦਸਤਕ
. . .  about 1 hour ago
ਮਮਦੋਟ, 5 ਜੁਲਾਈ (ਸੁਖਦੇਵ ਸਿੰਘ ਸੰਗਮ) - ਕੋਰੋਨਾ ਵਾਇਰਸ ਦੀ ਮਮਦੋਟ ਵਿਚ ਦਸਤਕ ਨਾਲ ਪਹਿਲਾ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਮਮਦੋਟ ਡਾਕਟਰ ਰਜਿੰਦਰ ਮਨਚੰਦਾ ਨੇ ਦੱਸਿਆ ਕਿ ਅੱਜ ਆਈਆਂ ਰਿਪੋਰਟਾਂ ਦੌਰਾਨ ਬੀ.ਐੱਸ.ਐੱਫ ਦੀ 124 ਬਟਾਲੀਅਨ...
ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਵੱਡਾ ਧਮਾਕਾ
. . .  about 1 hour ago
ਲੁਧਿਆਣਾ, 5 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ ਵਿਚ ਅੱਜ ਕੋਰੋਨਾ ਵਾਇਰਸ ਦਾ ਜ਼ਬਰਦਸਤ ਧਮਾਕਾ ਹੋਇਆ ਹੈ ਜਿਸ ਨੇ ਕੇਵਲ ਲੁਧਿਆਣਾ ਹੀ ਨਹੀਂ ਬਲਕਿ ਸਮੁੱਚੇ ਪੰਜਾਬ ਨੂੰ ਕੰਬਣੀ ਛੇੜ ਕੇ ਰੱਖ ਦਿੱਤੀ ਹੈ। ਕਿਉਂਕਿ ਲੁਧਿਆਣਾ ਵਿਚ ਜਿੱਥੇ ਵੱਡੀ ਗਿਣਤੀ ਵਿਚ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਉੱਥੇ ਇਸ ਦੇ ਨਾਲ ਨਾਲ 2 ਕੋਰੋਨਾ ਪਾਜ਼ੀਟਿਵ...
ਪਠਾਨਕੋਟ 'ਚ 1 ਹੋਰ ਮਰੀਜ਼ ਆਇਆ ਕੋਰੋਨਾ ਪਾਜ਼ੀਟਿਵ
. . .  about 1 hour ago
ਪਠਾਨਕੋਟ, 5 ਜੁਲਾਈ (ਆਰ. ਸਿੰਘ) ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਪਠਾਨਕੋਟ ਦੇ ਇਕ ਹੋਰ ਮਰੀਜ਼ਾਂ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਹੈ । ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ ਡਾਕਟਰ ਭੁਪਿੰਦਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ 213 ਸੈਂਪਲ ਅੰਮ੍ਰਿਤਸਰ ਟੈਸਟ ਲਈ ਭੇਜੇ ਗਏ ਸਨ ਜਿਨ੍ਹਾਂ ਵਿਚੋਂ ਇਕ ਦੀ ਰਿਪੋਰਟ...
ਪਾਤੜਾਂ (ਪਟਿਆਲਾ) ਅੰਦਰ ਸਿਹਤ ਕਰਮੀ ਦੇ ਕੋਰੋਨਾ ਪਾਜ਼ੀਟਿਵ ਆਉਣ ਨਾਲ ਇਲਾਕੇ ਅੰਦਰ ਸਹਿਮ ਦਾ ਮਾਹੌਲ
. . .  about 2 hours ago
ਪਾਤੜਾਂ 5 ਜੁਲਾਈ (ਗੁਰਇਕਬਾਲ ਸਿੰਘ ਖਾਲਸਾ)- ਸਬ ਡਵੀਜ਼ਨ ਪਾਤੜਾਂ ਅਧੀਨ ਆਉਂਦੇ ਮੁੱਢਲਾ ਸਿਹਤ ਕੇਂਦਰ ਸ਼ੁਤਰਾਣਾ..
ਲੋਹੀਆਂ 'ਚ 2 ਪਾਜ਼ੀਟਿਵ ਮਰੀਜ਼ਾਂ ਨਾਲ ਕੋਰੋਨਾ ਨੇ ਮੁੜ ਦਿੱਤੀ ਦਸਤਕ
. . .  about 2 hours ago
ਲੋਹੀਆਂ ਖਾਸ, 5 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ)- ਪੰਜਾਬ 'ਚ ਭਾਵੇਂ ਲਾਕਡਾਊਨ 'ਚ ਦਿਨੋਂ ਦਿਨ ਢਿੱਲ ਦਿੱਤੀ ...
ਸ੍ਰੀ ਮੁਕਤਸਰ ਸਾਹਿਬ ਦੀ ਕੋਰੋਨਾ ਪੀੜਤ ਔਰਤ ਦੀ ਲੁਧਿਆਣਾ 'ਚ ਮੌਤ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 5 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਗਾਂਧੀ ਨਗਰ ਵਾਸੀ....
ਅੰਮ੍ਰਿਤਸਰ 'ਚ ਕੋਰੋਨਾ ਦੇ 7 ਮਾਮਲਿਆਂ ਦੀ ਪੁਸ਼ਟੀ
. . .  about 3 hours ago
ਅੰਮ੍ਰਿਤਸਰ, 5 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਦੇ 7 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ
ਸ਼ਾਹਕੋਟ ਦੇ ਪਿੰਡ ਫਾਜਲਪੁਰ 'ਚ ਦੋ ਕੋਰੋਨਾ ਮਰੀਜ਼ ਮਿਲਣ ਤੋਂ ਬਾਅਦ 25 ਲੋਕਾਂ ਨੂੰ ਕੀਤਾ ਗਿਆ ਇਕਾਂਤਵਾਸ
. . .  1 minute ago
ਸ਼ਾਹਕੋਟ, 5 ਜੁਲਾਈ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ) - ਕੋਰੋਨਾ ਮਹਾਂਮਾਰੀ ਦਰਮਿਆਨ ਮੁੱਢਲੀ ਕਤਾਰ 'ਚ ਲੋਕਾਂ ਦੀ ....
ਪੰਜਾਬ ਅੰਦਰ ਦਾਖਲ ਹੋਣ ਵਾਲੇ ਵਿਅਕਤੀਆਂ ਲਈ ਐਡਵਾਈਜ਼ਰੀ ਜਾਰੀ
. . .  about 3 hours ago
ਫ਼ਾਜ਼ਿਲਕਾ, 5 ਜੁਲਾਈ (ਪ੍ਰਦੀਪ ਕੁਮਾਰ)- ਕੋਰੋਨਾ ਮਹਾਂਮਾਰੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਬਾਹਰਲੇ ਰਾਜਾਂ ਤੋਂ ਯਾਤਰਾ ਕਰ ਕੇ ਸੂਬੇ ਅੰਦਰ ਦਾਖਲ...
ਫ਼ਰੀਦਕੋਟ ਜ਼ਿਲ੍ਹੇ 'ਚ ਕੋਰੋਨਾ ਦੇ 8 ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 3 hours ago
ਫ਼ਰੀਦਕੋਟ, 5 ਜੁਲਾਈ (ਜਸਵੰਤ ਸਿੰਘ ਪੁਰਬਾ)-ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਪ੍ਰਾਪਤ ਨਤੀਜਿਆਂ 'ਚ ਫ਼ਰੀਦਕੋਟ ...
ਮੋਗਾ ਵਿਖੇ 5 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਮੋਗਾ, 5 ਜੁਲਾਈ(ਗੁਰਤੇਜ ਸਿੰਘ ਬੱਬੀ)- ਅੱਜ ਸਿਹਤ ਵਿਭਾਗ ਮੋਗਾ ਨੂੰ ਮਿਲੀਆਂ ਰਿਪੋਰਟਾਂ 'ਚ 5 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ...
ਪਾਵਰਕਾਮ ਵਿਭਾਗ ਦਾ ਨਕਲੀ ਜੇ.ਈ. ਬਣ ਕੇ ਵਸੂਲੀ ਕਰਦਾ ਵਿਅਕਤੀ ਕਾਬੂ
. . .  about 3 hours ago
ਸਿੱਖ ਕਤਲੇਆਮ ਨਾਲ ਸੰਬੰਧਿਤ ਮਾਮਲੇ 'ਚ ਸਜ਼ਾ ਭੁਗਤ ਰਹੇ ਮਹਿੰਦਰ ਯਾਦਵ ਦੀ ਕੋਰੋਨਾ ਕਾਰਨ ਹੋਈ ਮੌਤ
. . .  about 4 hours ago
ਨਵੀਂ ਦਿੱਲੀ, 5 ਜੁਲਾਈ(ਜਗਤਾਰ ਸਿੰਘ)- ਸਿੱਖ ਕਤਲੇਆਮ ਨਾਲ ਸਬੰਧਿਤ ਇਕ ਮਾਮਲੇ 'ਚ ਜੇਲ੍ਹ ਦੀ ਸਜ਼ਾ ਭੁਗਤ ਰਹੇ ਸਾਬਕਾ ਵਿਧਾਇਕ ....
ਕੇਂਦਰੀ ਜੇਲ੍ਹ ਲੁਧਿਆਣਾ 'ਚ 26 ਕੈਦੀ ਪਾਏ ਗਏ ਕੋਰੋਨਾ ਪਾਜ਼ੀਟਿਵ
. . .  about 4 hours ago
ਲੁਧਿਆਣਾ, 5 ਜੁਲਾਈ (ਸਿਹਤ ਪ੍ਰਤੀਨਿਧੀ) - ਅੱਜ ਜਿਉਂ ਹੀ ਕੇਂਦਰੀ ਜੇਲ੍ਹ ਲੁਧਿਆਣਾ 'ਚ ਬੰਦ ਕੈਦੀਆਂ 'ਚ ਕੋਰੋਨਾ ਬੰਬ...
ਖੇਤੀ ਆਰਡੀਨੈਂਸਾਂ ਵਿਰੁੱਧ 27 ਨੂੰ ਸੂਬੇ ਭਰ 'ਚ ਕਿਸਾਨ ਕਰਨਗੇ ਟਰੈਕਟਰ ਰੋਸ ਮਾਰਚ- ਡਾ: ਸਤਨਾਮ
. . .  about 4 hours ago
ਅਜਨਾਲਾ, 5 ਜੁਲਾਈ (ਐੱਸ. ਪ੍ਰਸ਼ੋਤਮ)- ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਪੰਜਾਬ ਚੈਪਟਰ 'ਚ ਸ਼ਾਮਲ ਜਮਹੂਰੀ ਕਿਸਾਨ ਸਭਾ....
7 ਜੁਲਾਈ ਨੂੰ ਕਾਂਗਰਸ ਖ਼ਿਲਾਫ਼ ਸੂਬੇ ਭਰ 'ਚ ਰੋਸ ਪ੍ਰਦਰਸ਼ਨ ਕਰੇਗੀ ਅਕਾਲੀ ਦਲ : ਕਾਕਾ ਲੌਂਗੋਵਾਲ
. . .  about 4 hours ago
ਲੌਂਗੋਵਾਲ, 5 ਜੁਲਾਈ- (ਸ.ਸ.ਖੰਨਾ/ਵਿਨੋਦ)- ਤੇਲ ਦੀਆਂ ਵਧੀਆਂ ਕੀਮਤਾਂ ਅਤੇ ਸੂਬੇ ਅੰਦਰ ਕਾਂਗਰਸੀ ਆਗੂਆਂ ਵੱਲੋਂ ਕੀਤੇ ਗਏ ...
ਫ਼ਿਰੋਜ਼ਪੁਰ 'ਚ ਕੋਰੋਨਾ ਦੇ 12 ਹੋਰ ਮਾਮਲੇ ਆਏ ਸਾਹਮਣੇ
. . .  about 5 hours ago
ਫ਼ਿਰੋਜ਼ਪੁਰ, 5 ਜੁਲਾਈ (ਜਸਵਿੰਦਰ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵੱਲੋਂ ...
ਜਲੰਧਰ 'ਚ ਕੋਰੋਨਾ ਦਾ ਵੱਡਾ ਧਮਾਕਾ, 71 ਮਾਮਲਿਆਂ ਦੀ ਹੋਈ ਪੁਸ਼ਟੀ
. . .  about 5 hours ago
ਜਲੰਧਰ, 5 ਜੁਲਾਈ (ਐੱਮ.ਐੱਸ. ਲੋਹੀਆ) - ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੇ 71 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸ਼ਹਿਰ 'ਚ ਇਕ ਵਾਰ ਫਿਰ ਦਹਿਸ਼ਤ ....
ਪਿੰਡ ਮਰਦਾਂਹੇੜੀ 'ਚ ਹੋਇਆ ਸ਼ਹੀਦ ਲਾਂਸ ਨਾਇਕ ਸਲੀਮ ਖ਼ਾਨ ਨਮਿਤ ਸ਼ਰਧਾਂਜਲੀ ਸਮਾਗਮ
. . .  about 5 hours ago
ਪਟਿਆਲਾ, 5 ਜੁਲਾਈ (ਅਮਨਦੀਪ ਸਿੰਘ)- ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਦੇ ਹੋਏ ਡਿਊਟੀ ਦੌਰਾਨ ਸ਼ਹੀਦ ਹੋਏ ਪਟਿਆਲਾ...
ਤਲਵੰਡੀ ਭਾਈ (ਫ਼ਿਰੋਜ਼ਪੁਰ) 'ਚ 8 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 5 hours ago
ਤਲਵੰਡੀ ਭਾਈ, 5 ਜੁਲਾਈ (ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਦੇ 8 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ...
ਕੋਰੋਨਾ ਵਾਇਰਸ ਕਾਰਨ ਤਰਨ ਤਾਰਨ ਜ਼ਿਲ੍ਹੇ 'ਚ ਇਕ ਵਿਅਕਤੀ ਦੀ ਹੋਈ ਮੌਤ
. . .  about 5 hours ago
ਤਰਨਤਾਰਨ, 5 ਜੁਲਾਈ (ਹਰਿੰਦਰ ਸਿੰਘ)- ਕਰੋਨਾ ਮਹਾਂਮਾਰੀ ਦੇ ਚੱਲਦਿਆਂ ਜ਼ਿਲ੍ਹੇ 'ਚ ਦਮ ਤੋੜਨ ਵਾਲੇ ਵਿਅਕਤੀਆਂ ਦੀ ਗਿਣਤੀ 5 ਹੋ ...
ਤੇਜਿੰਦਰਪਾਲ ਸਿੰਘ ਸੰਧੂ ਨੇ ਕਾਂਗਰਸ ਦਾ ਛੱਡਿਆ ਪੱਲਾ
. . .  about 5 hours ago
ਪਟਿਆਲਾ, 5 ਜੁਲਾਈ (ਗੁਰਪ੍ਰੀਤ ਸਿੰਘ ਚੱਠਾ) - ਸਵਰਗੀ ਜਸਦੇਵ ਸਿੰਘ ਸੰਧੂ ਦੇ ਪੁੱਤਰ ਐੱਸ.ਐੱਸ ਬੋਰਡ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ....
ਕਿਸਾਨ ਵਿਰੋਧੀ ਆਰਡੀਨੈਂਸ ਦਾ ਸਮਰਥਨ ਕਰਕੇ ਅਕਾਲੀ ਦਲ ਨੇ ਪੰਜਾਬ ਦੇ ਹਿਤਾਂ ਨਾਲ ਕੀਤਾ ਧੋਖਾ : ਕੈਪਟਨ
. . .  about 6 hours ago
ਚੰਡੀਗੜ੍ਹ, 5 ਜੁਲਾਈ (ਅ.ਬ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁਕ 'ਤੇ ਇਕ ਪੋਸਟ ਸਾਂਝੀ ਕਰਦਿਆਂ ਕਿਹਾ ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 19 ਜੇਠ ਸੰਮਤ 552
ਵਿਚਾਰ ਪ੍ਰਵਾਹ: ਵਿਚਾਰ-ਪ੍ਰਵਾਹ ਇਸ ਗੱਲ ਨੂੰ ਯਕੀਨੀ ਬਣਾਓ ਕਿ ਤੁਹਾਡਾ ਹਰ ਕਦਮ ਤੁਹਾਡੇ ਮਿਥੇ ਨਿਸ਼ਾਨੇ ਵੱਲ ਸੇਧਤ ਹੋਵੇ। -ਸੁਕਰਾਤ

ਤੁਹਾਡੇ ਖ਼ਤ

31-05-2020

ਝੋਨੇ ਦੀ ਸਿੱਧੀ ਬਿਜਾਈ
ਪੰਜਾਬ ਸਰਕਾਰ ਵਲੋਂ ਭਾਵੇਂ ਕਿਸਾਨਾਂ ਨੂੰ ਸਮੇਂ-ਸਮੇਂ ਸਿਰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਤ ਕੀਤਾ ਜਾਂਦਾ ਰਿਹਾ ਹੈ, ਪੰ੍ਰਤੂ ਕਿਸਾਨ ਕੱਦੂ ਕਰਕੇ ਹੀ ਮਜ਼ਦੂਰਾਂ ਪਾਸੋਂ ਝੋਨਾ ਲਗਵਾਉਣ ਨੂੰ ਤਰਜੀਹ ਦਿੰਦੇ ਹਨ | ਹੁਣ ਕੋਵਿਡ-19 ਦੀ ਫੈਲੀ ਭਿਆਨਕ ਮਹਾਂਮਾਰੀ ਕਾਰਨ ਇਸ ਵਾਰ ਪ੍ਰਵਾਸੀ ਮਜ਼ਦੂਰਾਂ ਦੇ ਆਪਣੇ-ਆਪਣੇ ਰਾਜਾਂ ਨੂੰ ਚਲੇ ਜਾਣ ਕਾਰਨ ਮਜ਼ਦੂਰਾਂ ਦੀ ਹੋ ਰਹੀ ਘਾਟ ਕਾਰਨ ਪੰਜਾਬ ਦੇ ਕਈ ਕਿਸਾਨਾਂ ਵਲੋਂ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ | ਅਜਿਹਾ ਕਰਨ ਨਾਲ ਜਿਥੇ ਬਹੁਮੁੱਲੇ ਪਾਣੀ ਦੀ ਬੱਚਤ ਹੋਵੇਗੀ, ਉਥੇ ਹੀ ਜ਼ਮੀਨ ਵੀ ਕੱਦੂ ਕਰਾਈ, ਪਨੀਰੀ ਪੁੱਟ ਕੇ ਝੋਨਾ ਲਵਾਈ ਦਾ ਖਰਚਾ ਬਚਣ ਦੇ ਨਾਲ-ਨਾਲ ਪ੍ਰਵਾਸੀ ਮਜ਼ਦੂਰਾਂ 'ਤੇ ਨਿਰਭਰਤਾ ਵੀ ਘੱਟ ਜਾਵੇਗੀ | ਖੇਤੀਬਾੜੀ ਵਿਭਾਗ ਨੂੰ ਜ਼ਮੀਨੀ ਪੱਧਰ 'ਤੇ ਪੰਜਾਬ ਦੇ ਸਮੂਹ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਤ ਕਰਨ ਦੇ ਨਾਲ-ਨਾਲ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਕੁਦਰਤੀ ਸਰੋਤ ਪਾਣੀ ਨੂੰ ਬਚਾਇਆ ਜਾ ਸਕੇ |

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ |

ਵਾਤਾਵਰਨ ਦੇ ਦੁਸ਼ਮਣ
ਕੋਰੋਨਾ ਵਾਇਰਸ ਕਰਕੇ ਪੂਰੇ ਵਿਸ਼ਵ ਵਿਚ ਹਾਹਾਕਾਰ ਮਚੀ ਹੋਈ ਹੈ | ਭਾਰਤ ਵਿਚ ਤਕਰੀਬਨ 22 ਮਾਰਚ ਤੋਂ ਲਾਕਡਾਊਨ ਹੈ | ਵਾਤਾਵਰਨ ਸਾਫ਼ ਹੋ ਚੁੱਕਿਆ ਹੈ | ਫੈਕਟਰੀਆਂ ਦੀ ਰਹਿੰਦ-ਖੰੂਹਦ ਨੂੰ ਦਰਿਆਵਾਂ ਵਿਚ ਵੀ ਨਹੀਂ ਸੁੱਟਿਆ ਜਾ ਰਿਹਾ | ਦਰਿਆਵਾਂ ਦੇ ਕੰਢੇ ਪੰਛੀ ਅਠਖੇਲੀਆਂ ਕਰ ਰਹੇ ਹਨ | ਸਾਰੇ ਪਾਸੇ ਹਰਿਆਲੀ ਹੈ | ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਾਰਾ ਵਾਤਾਵਰਨ ਸਾਫ-ਸੁਥਰਾ ਹੋ ਚੁੱਕਿਆ ਹੈ | ਅਖ਼ਬਾਰਾਂ ਵਿਚ ਖ਼ਬਰਾਂ ਆ ਰਹੀਆਂ ਹਨ ਕਿ ਕਿਸਾਨ ਕਣਕ ਦੇ ਨਾੜ ਨੂੰ ਅੱਗ ਲਗਾ ਰਹੇ ਸਨ, ਜਿਸ ਨਾਲ ਵਾਤਾਵਰਨ ਪ੍ਰਦੂਸ਼ਤ ਹੋ ਰਿਹਾ ਹੈ | ਮਾਨਸਾ ਜ਼ਿਲ੍ਹੇ ਦੀ ਕਿਸਾਨੀ ਜਥੇਬੰਦੀਆਂ ਨੇ ਪ੍ਰਣ ਕੀਤਾ ਸੀ ਕਿ ਖੇਤ ਵਿਚ ਕੋਈ ਵੀ ਨਾੜ ਨੂੰ ਅੱਗ ਨਹੀਂ ਲਗਾਏਗਾ, ਜੋ ਕਿ ਸ਼ਲਾਘਾਯੋਗ ਪਹਿਲ ਹੈ | ਪੰਜਾਬ ਦੇ ਕਈ ਅਹਿਮ ਜ਼ਿਲਿ੍ਹਆਂ ਵਿਚ ਕਿਸਾਨਾਂ ਰਾਹੀਂ ਨਾੜ ਨੂੰ ਅੱਗ ਲਗਾਉਣ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲੀਆਂ | ਪਿਛਲੇ ਕਈ ਸਾਲਾਂ ਤੋਂ ਸਰਕਾਰਾਂ ਜੋ ਕਿਸਾਨ ਖੇਤਾਂ ਵਿਚ ਨਾੜ ਨੂੰ ਅੱਗ ਲਗਾਉਂਦੇ ਸਨ, ਉਨ੍ਹਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਸੀ | ਜਦੋਂ ਨਾੜ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਰਾਹਗੀਰਾਂ ਲਈ ਸੜਕ ਤੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ | ਜਿਸ ਕਾਰਨ ਹਾਦਸੇ ਵਾਪਰ ਜਾਂਦੇ ਹਨ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟ ਜਾਂਦੀ ਹੈ ਤੇ ਜੋ ਕਿਸਾਨਾਂ ਦੇ ਮਿੱਤਰ ਕੀੜੇ ਵੀ ਹੁੰਦੇ ਹਨ, ਉਹ ਵੀ ਮਰ ਜਾਂਦੇ ਹਨ | ਜਦੋਂ ਇਹ ਖੇਤ ਰਿਹਾਇਸ਼ੀ ਖੇਤਰਾਂ ਵਿਚ ਹੁੰਦੇ ਹਨ ਤਾਂ ਉਥੇ ਰਹਿ ਰਹੇ ਲੋਕਾਂ ਨੂੰ ਸਾਹ ਲੈਣ ਵਿਚ ਬਹੁਤ ਜ਼ਿਆਦਾ ਤਕਲੀਫ਼ ਹੁੰਦੀ ਹੈ | ਜਿਸ ਕਰਕੇ ਫੇਫੜੇ, ਦਿਲ ਦੇ ਰੋਗੀਆਂ ਲਈ ਸਮਾਂ ਗੁਜ਼ਾਰਨਾ ਮੁਸ਼ਕਿਲ ਹੋ ਜਾਂਦਾ ਹੈ | ਹੁਣ ਕਿਸਾਨ ਨਾੜ ਨੂੰ ਅੱਗ ਲਗਾ ਕੇ ਵਾਤਾਵਰਨ ਦੇ ਦੁਸ਼ਮਣ ਨਾ ਬਣਨ ਤੇ ਇਸ ਨੂੰ ਸਾਫ਼-ਸੁਥਰਾ ਰੱਖਣ ਵਿਚ ਆਪਣਾ ਸਹਿਯੋਗ ਦੇਣ |

-ਸੰਜੀਵ ਸਿੰਘ ਸੈਣੀ, ਮੋਹਾਲੀ |

29-05-2020

 ਸਰਕਾਰੀ ਕਣਕ ਵੰਡ

ਹੁਸ਼ਿਆਰਪੁਰ ਦੇ ਮੁਹੱਲਾ ਰੂਪ ਨਗਰ ਵਿਚ ਜਦੋਂ ਕਣਕ ਵੰਡੀ ਜਾਣ ਲੱਗੀ ਤਾਂ ਵੱਡੀ ਭੀੜ ਉਮੜ ਆਈ। ਦੇਹੀ ਦੀ ਦੂਰੀ ਦੀਆਂ ਹਦਾਇਤਾਂ ਦਾ ਕਿਸੇ ਨੂੰ ਧਿਆਨ ਤੱਕ ਨਹੀਂ ਸੀ। ਪੰਜਾਬ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਡਿਪੂਆਂ ਵਿਚ ਕਣਕ ਭੇਜੀ, ਪਰ ਅਫ਼ਸੋਸ ਕਿ ਇਹ ਅਸਲ ਲਾਭਪਾਤਰਾਂ ਦੀ ਥਾਂ ਖੁਸ਼ਹਾਲ ਲੋਕਾਂ ਵਿਚ ਵੰਡੀ ਜਾ ਰਹੀ ਸੀ। ਕਣਕ ਦੀ ਪ੍ਰਾਪਤੀ ਲਈ ਸਿਵਲ ਤੇ ਫ਼ੌਜ ਦੇ ਸੇਵਾ-ਮੁਕਤ ਪੈਨਸ਼ਨਰ, ਆਰਥਿਕ ਸਮਰੱਥ ਵਪਾਰੀ ਅਤੇ ਜ਼ਿਮੀਂਦਾਰ ਕਤਾਰਾਂ ਵਿਚ ਲੱਗੇ ਦੇਖੇ ਗਏ। ਡਿਪੂ ਦੀ ਕਣਕ ਲੈ ਕੇ ਡੇਅਰੀ ਮਾਲਕਾਂ ਨੂੰ ਵੇਚਣ ਦਾ ਕਾਰੋਬਾਰ ਵੀ ਚੱਲ ਰਿਹਾ ਹੈ। ਲੋੜਵੰਦ ਲੋਕਾਂ ਦੇ ਤਾਂ ਕਣਕ ਲੈਣ ਲਈ ਕਾਰਡ ਬਣੇ ਨਹੀਂ ਪਰ ਸੰਪੰਨ ਲੋਕਾਂ ਦੇ ਹੱਥਾਂ ਵਿਚ ਕਾਰਡ ਹਨ। ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਲੱਖਾਂ ਕਰੋੜਾਂ ਦੀ ਮਾਲੀ ਮਦਦ ਲੋੜਵੰਦਾਂ ਨੂੰ ਦਿੱਤੇ ਜਾਣ ਦੇ ਦਾਅਵੇ ਫੋਕੇ ਸਿੱਧ ਹੋਏ। ਸਰਕਾਰ ਕੋਲੋਂ ਮੰਗ ਹੈ ਕਿ ਅਸਲ ਲੋੜਵੰਦਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ ਅਤੇ ਜਾਅਲਸਾਜ਼ੀ ਵਿਰੁੱਧ ਕਾਰਵਾਈ ਕੀਤੀ ਜਾਵੇ। ਕੋਰੋਨਾ ਮਹਾਂਮਾਰੀ ਦੌਰਾਨ ਮੱਧ-ਵਰਗ ਤੇ ਨਿਮਨ ਵਰਗ ਨੂੰ ਰੋਟੀ-ਰੋਜ਼ੀ ਦੇ ਸੰਧੇ ਪਏ ਹੋਏ ਹਨ। ਬਿਜਲੀ ਕਾਰਪੋਰੇਸ਼ਨ ਨੇ ਬਿਨਾਂ ਮੀਟਰ ਪੜ੍ਹਤ ਦੇ ਪਿਛਲੇ ਵੱਧ ਰਾਸ਼ੀ ਵਾਲੇ ਬਿੱਲ ਦੇ ਆਧਾਰ 'ਤੇ ਬਿੱਲ ਵਸੂਲ ਲਏ ਹਨ। ਜਦ ਕਿ ਤਾਲਾਬੰਦੀ ਦੌਰਾਨ ਠੱਪ ਹੋਏ ਕਾਰੋਬਾਰਾਂ ਦੇ ਬਦਲੇ ਛੋਟੇ ਕਾਰੋਬਾਰੀਆਂ ਅਤੇ ਗ਼ਰੀਬਾਂ ਦੇ ਬਿਲ ਮੁਆਫ਼ ਕੀਤੇ ਜਾਣੇ ਚਾਹੀਦੇ ਸਨ।

-ਰਾਜਿੰਦਰ ਸਿੰਘ, ਰੂਪ ਨਗਰ, ਹੁਸ਼ਿਆਰਪੁਰ।

ਕੀ ਹੈ ਡਬਲਿਊ.ਐਚ.ਓ.?

ਲੇਖਿਕਾ ਸਰਵਿੰਦਰ ਕੌਰ ਚੀਫ ਐਗਜ਼ੀਕਿਊਟਿਵ 'ਅਜੀਤ ਪ੍ਰਕਾਸ਼ਨ ਸਮੂਹ' ਵਲੋਂ ਐਤਵਾਰ ਦੇ 'ਅਜੀਤ ਮੈਗਜ਼ੀਨ' 'ਚ ਕੀ ਹੈ W8® (ਡਬਲਿਊ.ਐਚ.ਓ.)? ਬਾਰੇ ਕਾਲਮ ਪੜ੍ਹ ਕੇ ਬਹੁਤ ਭਰਪੂਰ ਜਾਣਕਾਰੀ ਮਿਲੀ ਹੈ। ਕੋਵਿਡ-19 ਦੌਰਾਨ W8® ਬਾਰੇ ਚਰਚਾ ਰਹੀ ਹੈ। ਇਹ ਕਾਲਮ ਆਮ ਲੋਕਾਂ ਤੋਂ ਇਲਾਵਾ ਵਿਦਿਆਰਥੀਆਂ ਲਈ ਵਰਦਾਨ ਹੈ। ਇਸ ਡਬਲਿਊ.ਐਚ.ਓ. ਦਾ ਪੂਰਾ ਨਾਂਅ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਹੈ, ਜਿਸ ਦਾ ਦਫ਼ਤਰ ਸਵਿਟਜ਼ਰਲੈਂਡ ਜੀਨੇਵਾ ਸ਼ਹਿਰ ਵਿਚ ਹੈ, 6 ਖੇਤਰੀ ਦਫ਼ਤਰ ਤੇ 150 ਫੀਲਡ ਖੇਤਰ ਹਨ। ਜਿਸ ਦੇ 194 ਦੇਸ਼ ਮੈਂਬਰ ਹਨ ਤੇ 7 ਅਪ੍ਰੈਲ, 1948 ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੋਂਦ ਵਿਚ ਆਇਆ ਤੇ ਇਸ ਦਾ ਕੰਮ ਮਹਾਂਮਰੀਆਂ ਤੋਂ ਦੁਨੀਆ ਨੂੰ ਬਚਾਉਣਾ ਹੈ। ਪੂਰੇ ਵਿਸ਼ਵ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਬਿਮਾਰੀ ਤੋਂ ਮੁਕਤ ਕਰਨਾ ਤਾਂ ਕਿ ਲੋਕ ਦੁਬਾਰਾ ਫਿਰ ਆਪਣੀ ਜ਼ਿੰਦਗੀ ਦਾ ਅਨੰਦ ਲੈ ਸਕਣ ਤੇ ਲੋਕ ਆਪਣੇ ਰਿਸ਼ਤਿਆਂ ਦੀਆਂ ਮੋਹ ਤੰਦਾਂ 'ਚ ਬੱਝ ਸਕਣ। ਇਹ ਲੇਖ ਸਾਂਭਣਯੋਗ ਤੇ ਪਾਠ ਪੁਸਤਕਾਂ 'ਚ ਪ੍ਰਕਾਸ਼ਿਤ ਕਰਨਾ ਚਾਹੀਦਾ ਹੈ।

-ਮਾ: ਜਗੀਰ ਸਿੰਘ ਸਫਰੀ, ਅੰਮ੍ਰਿਤਸਰ।

ਬੇਚੈਨੀ ਦੇ ਆਲਮ 'ਚੋਂ ਗੁਜ਼ਰ ਰਿਹਾ ਹੈ ਅੰਨਦਾਤਾ

ਕੋਰੋਨਾ ਦੁਖਾਂਤ ਦੇ ਚਲਦਿਆਂ ਪ੍ਰਵਾਸੀ ਮਜ਼ਦੂਰਾਂ ਵਲੋਂ ਆਪੋ-ਆਪਣੇ ਪਿਤਰੀ ਸੂਬਿਆਂ ਵੱਲ ਪਰਵਾਸ ਕਰਨ ਦੀ ਸੂਰਤ ਵਿਚ ਸਾਡੇ ਸੂਬੇ ਵਿਚ ਬਾਹਰਲੇ ਕਾਮਿਆਂ ਦੀ ਹੋ ਰਹੀ ਘਾਟ ਨੂੰ ਮਹਿਸੂਸ ਕਰਦੇ ਹੋਏ ਪੰਜਾਬ ਸਰਕਾਰ ਵਲੋਂ ਬੇਸ਼ੱਕ ਰਾਜ ਦੇ ਕਿਸਾਨਾਂ ਨੂੰ ਰਾਹਤ ਦਿੰਦਿਆਂ ਇਸ ਵਾਰ ਸਾਉਣੀ ਦੀ ਮੁੱਖ ਫ਼ਸਲ ਝੋਨੇ ਦੀ ਲਵਾਈ ਦਾ ਕੰਮ 20 ਜੂਨ ਦੀ ਬਜਾਏ, 10 ਦਿਨ ਪਹਿਲਾਂ ਸ਼ੁਰੂ ਕਰਨ ਲਈ ਆਖ ਦਿੱਤਾ ਹੈ। ਪੰਜਾਬੀਆਂ ਨਾਲੋਂ ਪ੍ਰਵਾਸੀ ਮਜ਼ਦੂਰ ਝੋਨੇ ਦੀ ਲਵਾਈ ਦੇ ਕੰਮ ਵਿਚ ਵੱਧ ਮੁਹਾਰਤ ਰੱਖਦੇ ਹੋਣ ਕਰਕੇ ਸਾਡੇ ਕਿਸਾਨ ਭਰਾਵਾਂ ਦੀ ਪਹਿਲੀ ਪਸੰਦ ਇਹੋ ਕਾਮੇ ਬਣੇ ਹੋਏ ਹਨ। ਇਸੇ ਕਰਕੇ ਹੀ ਉਹ ਸੀਜ਼ਨ ਦੇ ਦਿਨਾਂ ਦੇ ਸ਼ੁਰੂ ਹੁੰਦਿਆਂ ਹੀ ਅਗੇਤੇ ਹੀ ਰੇਲਵੇ ਸਟੇਸ਼ਨਾਂ 'ਤੇ ਜਾ ਡੇਰੇ ਲਗਾਉਂਦੇ ਰਹੇ ਹਨ। ਪਹਿਲੇ ਸੀਜ਼ਨਾਂ ਦੌਰਾਨ ਆਲਮ ਇਹ ਹੁੰਦਾ ਸੀ ਕਿ ਸਾਡੇ ਕਿਸਾਨ ਵੀਰ ਗੱਡੀਉਂ ਉਤਰਦੇ ਕਾਮਿਆਂ ਦੁਆਰੇ ਘੇਰਾ ਘੱਤ ਲੈਂਦੇ ਸਨ ਤੇ ਉਨ੍ਹਾਂ ਦੀਆਂ ਸਾਰੀਆਂ ਸ਼ਰਤਾਂ ਮੰਨ ਕੇ ਆਪਣੇ ਨਾਲ ਪਿੰਡ ਲਿਆ ਕੇ ਖ਼ੁਦ ਨੂੰ ਬੜਾ ਵਡਭਾਗੀ ਸਮਝਦੇ ਸਨ ਪਰ ਇਸ ਵਾਰ ਹਾਲਾਤ ਇਸ ਦੇ ਉਲਟ ਬਣ ਚੁੱਕੇ ਹਨ, ਜਿਸ ਨੇ ਇਥੋਂ ਦੇ ਅੰਨਦਾਤੇ ਨੂੰ ਡਾਢੀ ਚਿੰਤਾ 'ਚ ਪਾ ਰੱਖਿਆ ਹੈ। ਲੇਬਰ ਦੀ ਥੁੜ ਪੈਦਾ ਹੋਣ ਕਾਰਨ ਫੀ ਏਕੜ ਲਵਾਈ ਦੇ ਰੇਟ ਵਧਣ ਦੇ ਸ਼ੰਕਿਆਂ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ। ਜੱਗ ਜ਼ਾਹਰ ਹੈ ਕਿ ਕਿਸਾਨ ਦੀ ਆਰਥਿਕ ਹਾਲਤ ਪਹਿਲਾਂ ਹੀ ਅਸਲੋਂ ਤਰਸਯੋਗ ਬਣੀ ਹੋਈ ਹੈ, ਜਦ ਕਿ ਅੱਜ ਦੇ ਇਨ੍ਹਾਂ ਮਾੜੇ ਹਾਲਾਤ ਨੇ ਬਿਨਾਂ ਕਸੂਰੋਂ ਪੰਜਾਬ ਦੇ ਕਿਸਾਨਾਂ ਖ਼ਾਸ ਕਰਕੇ ਛੋਟੇ ਕਿਸਾਨਾਂ ਨੂੰ ਘਾਟਾ ਸਹਿਣ ਲਈ ਮਜਬੂਰ ਕਰ ਦੇਣਾ ਹੈ, ਜਿਸ ਕਰਕੇ ਬੇਵੱਸ ਤੇ ਮਜਬੂਰ ਕਿਸਾਨ ਨਮੋਸ਼ੀ ਭਰੀ ਬੇਚੈਨੀ ਦੇ ਆਲਮ 'ਚੋਂ ਗੁਜ਼ਰ ਰਿਹਾ ਹੈ। ਸਾਡੀ ਸੂਬਾ ਸਰਕਾਰ ਨੂੰ ਪੁਰਜ਼ੋਰ ਅਪੀਲ ਹੈ ਕਿ ਸਮੁੱਚੇ ਦੇਸ਼ ਦਾ ਢਿੱਡ ਭਰਨ ਵਾਲੇ ਦੀਆਂ ਤੰਗੀਆਂ ਤੁਰਸ਼ੀਆਂ ਭਰੀ ਜ਼ਿੰਦਗੀ ਨੂੰ ਦੇਖਦੇ ਹੋਏ ਇਸ ਨੂੰ ਕੋਈ ਨਾ ਕੋਈ ਆਰਥਿਕ ਪੱਖੋਂ ਜ਼ਰੂਰ ਮਦਦ ਦਿੱਤੀ ਜਾਵੇ।

-ਮੰਗਲਮੀਤ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।

ਘੁਲਾਟੀਏ ਬਨਾਮ ਘੁਟਾਲੀਏ

ਵਿਰਾਸਤ ਵਿਚ ਸਾਨੂੰ ਸਾਡਾ ਦੇਸ਼ ਬਹੁਤ ਮਹਾਨ ਮਿਲਿਆ ਪਰ ਅਜੋਕੇ ਸਮੇਂ ਵਿਚ ਕੁਝ ਸਵਾਰਥੀ ਲੋਕ ਦੇਸ਼ ਨੂੰ ਬਰਬਾਦ ਕਰਨ 'ਤੇ ਤੁਲ ਚੁੱਕੇ ਹਨ। ਪੁਰਾਣੇ ਸਮੇਂ ਵਿਚ ਆਜ਼ਾਦੀ ਘੁਲਾਟੀਆਂ ਨੇ ਦੇਸ਼ ਦੇ ਲਈ ਲੜਾਈਆਂ ਲੜੀਆਂ ਪਰ ਅੱਜ ਕੋਈ ਘੁਲਾਟੀਆ ਤਾਂ ਨਜ਼ਰ ਨਹੀਂ ਆਉਂਦਾ ਪਰ ਘੁਟਾਲੀਏ ਬਹੁਤ ਹਨ, ਜੋ ਆਏ ਦਿਨ ਕਰੋੜਾਂ-ਅਰਬਾਂ ਦੇ ਘੁਟਾਲੇ ਕਰ ਰਹੇ ਹਨ ਜੋ ਕਿ ਸਾਡੇ ਮਹਾਨ ਦੇਸ਼ ਨੂੰ ਅੰਦਰੋ-ਅੰਦਰੀ ਖੋਖਲਾ ਕਰ ਰਹੇ ਹਨ। ਗ਼ਰੀਬ ਲੋਕਾਂ ਦੀ ਜ਼ਿੰਦਗੀ ਬਦ ਤੋਂ ਵੀ ਬਦਤਰ ਹੁੰਦੀ ਜਾ ਰਹੀ ਹੈ ਅਤੇ ਦਰਮਿਆਨੇ ਵਰਗ ਦਾ ਵੀ 'ਤੋਰੀ-ਫੁਲਕਾ' ਸੜਨਾ ਸ਼ੁਰੂ ਹੋ ਗਿਆ ਹੈ। ਇਹ ਘੁਟਾਲੀਆਂ ਦੀ ਨਸਲ ਹਰ ਪੰਜ ਸਾਲ ਬਾਅਦ ਦਿਖਾਈ ਜ਼ਰੂਰ ਦਿੰਦੀ ਹੈ ਪਰ ਫਿਰ ਅਲੋਪ ਹੋ ਜਾਂਦੀ ਹੈ। ਇਹ ਸਾਡੇ ਸਮਾਜ ਨੂੰ ਵਧਣ-ਫੁਲਣ ਤੋਂ ਰੋਕਣ ਲਈ ਕੋਹੜ ਦੇ ਰੋਗ ਤੋਂ ਵੀ ਖ਼ਤਰਨਾਕ ਹਨ। ਸਾਡੇ ਸਮਾਜ ਨੂੰ ਇਨ੍ਹਾਂ ਨੂੰ ਪਛਾਣ ਦੀ ਲੋੜ ਹੈ ਤਾਂ ਹੀ ਸਾਡਾ ਦੇਸ਼ ਤਰੱਕੀ ਦੀ ਰਾਹ 'ਤੇ ਪੈ ਸਕਦਾ ਹੈ ਨਹੀਂ ਤਾਂ ਕੰਮ ਔਖਾ ਹੀ ਜਾਪਦਾ ਹੈ। ਮੈਂ ਕਈ ਵਾਰ ਸੋਚਦਾ ਹਾਂ ਕਿ ਉੱਪਰ ਸਵਰਗਾਂ ਵਿਚ ਬੈਠੇ ਮਹਾਨ ਸ਼ਹੀਦ ਜਿਨ੍ਹਾਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੁਰਬਾਨੀਆਂ ਦਿੱਤੀਆਂ, ਉਹ ਕੀ ਸੋਚਦੇ ਹੋਣਗੇ।

-ਰਣਜੀਤ ਸਿੰਘ ਹਿਟਲਰ
ਫਿਰੋਜ਼ਪੁਰ।

28-05-2020

 ਵਿਸ਼ਵ ਸਿਹਤ ਸੰਗਠਨ ਬਾਰੇ
ਐਤਵਾਰ ਦਾ ਮੈਗਜ਼ੀਨ ਸਾਰਾ ਹੀ ਬੜੇ ਗਹੁ ਨਾਲ ਪੜ੍ਹਨ ਵਾਲਾ ਹੁੰਦਾ ਹੈ। ਇਸ ਵਿਚ ਛਪਦੇ ਲੇਖ, ਮਿੰਨੀ ਕਹਾਣੀਆਂ ਅਤੇ ਹੋਰ ਹਲਕਾ ਫੁਲਕਾ ਮੈਟਰ ਚੰਗਾ ਅਤੇ ਸਿੱਖਿਆਦਾਇਕ ਹੁੰਦਾ ਹੈ। ਪਾਠਕ ਇਸ ਨਾਲ ਲੰਬਾ ਸਮਾਂ ਖ਼ੂਬ ਮਨੋਰੰਜਨ ਕਰਦੇ ਹਨ। ਵੰਨ-ਸੁਵੰਨਤਾ ਐਤਵਾਰ ਮੈਗਜ਼ੀਨ ਨੂੰ ਚਾਰਚੰਨ ਲਾਉਂਦੀ ਹੈ। ਲੇਖਿਕਾ ਸਰਵਿੰਦਰ ਕੌਰ ਦੁਆਰਾ ਲਿਖਿਆ ਗਿਆ ਲੇਖ 'ਵਿਸ਼ਵ ਸਿਹਤ ਸੰਗਠਨ' ਸਬੰਧੀ ਕਾਫ਼ੀ ਗਿਆਨ ਵਧਾਊ ਅਤੇ ਰੌਚਕ ਸੀ। ਲੇਖਿਕਾ ਨੇ ਇਸ ਸੰਗਠਨ ਦੀ ਸਥਾਪਨਾ, ਲੋੜ, ਕੰਮ ਅਤੇ ਮਨੁੱਖੀ ਜੀਵਨ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਨਿਭਾਈ ਜਾ ਰਹੀ ਭੂਮਿਕਾ ਸਬੰਧੀ ਨਿੱਠ ਕੇ ਜਾਣਕਾਰੀ ਦਿੱਤੀ ਹੈ। ਸਾਡੇ ਦੇਸ਼ ਭਾਰਤ ਦੀ ਇਹ ਖ਼ੁਸ਼ਕਿਸਮਤੀ ਹੈ ਕਿ ਇਹ ਸੰਯੁਕਤ ਰਾਸ਼ਟਰ ਸੰਘ ਅਤੇ ਵਿਸ਼ਵ ਸਿਹਤ ਸੰਗਠਨ ਦਾ ਵੀ ਮੋਢੀ ਮੈਂਬਰ ਹੈ। ਕੋਵਿਡ-19 ਨੂੰ ਵਿਸ਼ਵ ਸਿਹਤ ਸੰਗਠਨ ਵਲੋਂ 13 ਮਾਰਚ ਨੂੰ ਮਹਾਂਮਾਰੀ ਐਲਾਨਦਿਆਂ ਇਸ ਦੇ ਮਨੁੱਖੀ ਸਿਹਤ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਸਬੰਧੀ ਅਗਾਊਂ ਸੁਚੇਤ ਕਰ ਦਿੱਤਾ ਗਿਆ ਸੀ।

-ਮੋਹਰ ਗਿੱਲ ਸਿਰਸੜੀ
ਪਿੰਡ : ਸਿਰਸੜੀ, ਨੇੜੇ : ਕੋਟਕਪੂਰਾ, ਫ਼ਰੀਦਕੋਟ।

ਵਧਦੀ ਦਿਖਾਵੇਬਾਜ਼ੀ
ਅਜੋਕੇ ਦੌਰ ਵਿਚ ਦਿਖਾਵੇਬਾਜ਼ੀ ਸਿਖਰਾਂ ਛੂਹ ਰਹੀ ਹੈ। ਇਨਸਾਨ ਆਪਣੇ ਨੈਤਿਕ ਫਰਜ਼ਾਂ ਨੂੰ ਘੱਟ ਨਿਭਾਅ ਕੇ ਦਿਖਾਵੇਬਾਜ਼ੀ ਵੱਲ ਜ਼ਿਆਦਾ ਕੇਂਦਰਿਤ ਹੋ ਗਿਆ ਹੈ। ਕਹਿੰਦੇ ਹਨ ਅਸਲੀ ਵਡਿਆਈ ਉਹ ਹੈ ਜੋ ਦੁਨੀਆ ਖ਼ੁਦ ਸਲਾਹੇ ਪਰ ਅਜੋਕੇ ਦੌਰ ਵਿਚ ਖ਼ੁਦ ਮੀਆਂ ਮਿੱਠੂ ਬਣਨ ਦੀ ਹੋੜ ਲੱਗੀ ਹੋਈ ਹੈ, ਜਿਸ ਵਿਚ ਸੋਸ਼ਲ ਮੀਡੀਆ ਦੇ ਵਟਸਐਪ ਸਟੇਟਸ ਅਤੇ ਫੇਸਬੁੱਕ ਨੇ ਇਨ੍ਹਾਂ ਲੋਕਾਂ ਦਾ ਪੂਰਾ ਸਾਥ ਦਿੱਤਾ। ਪੁਰਾਣੇ ਸਮਿਆਂ ਵਿਚ ਵੀ ਭਾਵੇਂ ਕੁਝ ਕੁ ਖੁਸ਼ਾਮਦ ਪਸੰਦ ਲੋਕ ਛੋਟਾ-ਮੋਟਾ ਕੰਮ ਕਰਕੇ ਆਪਣੇ ਨਾਂਅ ਦੀ ਤਖ਼ਤੀ ਜਾਂ ਪੱਥਰ 'ਤੇ ਲਿਖਵਾ ਕੇ ਇਹ ਕੰਮ ਕਰ ਲੈਂਦੇ ਸਨ ਪਰ ਅੱਜ ਦਾ ਦਿਖਾਵਾ ਅਤੇ ਡਰਾਮੇਬਾਜ਼ੀ ਤੇ ਇਸ ਤਰ੍ਹਾਂ ਸ਼ੇਅਰ ਕਰਦਾ ਹੈ, ਜਿਵੇਂ ਕੋਈ ਖ਼ਬਰਾਂ ਦਾ ਲਾਈਵ ਚੈਨਲ ਸਮੇਂ-ਸਮੇਂ 'ਤੇ ਰਿਪੋਰਟ ਦਿੰਦਾ ਹੋਵੇ। ਅਜੋਕੀ ਪੀੜ੍ਹੀ ਕੋਈ ਅਣਸੁਖਾਵੀਂ ਘਟਨਾ ਵਾਪਰਨ ਤੇ ਮੁਢਲੀ ਸਹਾਇਤਾ ਅਤੇ ਮਦਦ ਕਰਨ ਦੀ ਬਜਾਏ ਆਪਣੀ ਜੇਬ 'ਚੋਂ ਸਮਾਰਟ ਫੋਨ ਕੱਢ ਕੇ ਵੀਡੀਓ ਬਣਾਉਣ ਨੂੰ ਜ਼ਿਆਦਾ ਤਰਜੀਹ ਦੇਣ ਲੱਗ ਪਈ ਹੈ ਜੋ ਕਿ ਦੁਨੀਆ ਦੇ ਵਿਨਾਸ਼ ਦੀ ਨਿਸ਼ਾਨੀ ਹੈ। ਆਓ, ਆਪਣੇ ਫ਼ਰਜ਼ਾਂ ਨੂੰ ਸਮਝਦੇ ਹੋਏ ਝੂਠੀ ਦਿਖਾਵੇਬਾਜ਼ੀ ਤੋਂ ਬਚੀਏ ਅਤੇ ਮਨੁੱਖਤਾ ਦੀ ਸੱਚੇ ਦਿਲੋਂ ਸੇਵਾ ਕਰਦੇ ਹੋਏ ਸੱਚੀਂ ਕੁਝ ਕਰ ਦਿਖਾਈਏ।

-ਗੁਰਾਂਦਿੱਤਾ ਸਿੰਘ ਮਨੂ
ਮੈਥ ਮਾਸਟਰ, ਸ.ਹ. ਸਕੂਲ ਇੰਦਰਗੜ੍ਹ (ਮੋਗਾ)।

ਸ਼ਰਾਬ, ਅਸੀਂ ਤੇ ਸਰਕਾਰ
ਅੱਜ ਪੰਜਾਬ ਵਿਚ ਹਰ ਤਰ੍ਹਾਂ ਦੇ ਨਸ਼ੇ ਚੱਲ ਰਹੇ ਹਨ। ਮੇਰੀ ਸਮਝ ਅਨੁਸਾਰ ਸ਼ਰਾਬ ਹਰ ਨਸ਼ੇ ਦੀ ਮਾਂ ਹੈ। ਕਿਉਂਕਿ ਬਹੁਤੇ ਨਸ਼ੇੜੀ ਸਭ ਤੋਂ ਪਹਿਲਾਂ ਨਸ਼ਾ ਸ਼ਰਾਬ ਤੋਂ ਹੀ ਸ਼ੁਰੂ ਕਰਦਾ ਹੈ। ਸ਼ਰਾਬ ਨੂੰ ਤਾਂ ਸਾਡੀ ਸਰਕਾਰ ਨਸ਼ਾ ਹੀ ਨਹੀਂ ਮੰਨਦੀ। ਕਿਉਂਕਿ ਸਰਕਾਰ ਦੀ ਆਮਦਨ ਦਾ ਬਹੁਤ ਵੱਡਾ ਸ੍ਰੋਤ ਸ਼ਰਾਬ ਹੀ ਹੈ। ਕੋਈ ਸਮਾਂ ਸੀ ਜਦੋਂ ਪੰਜਾਬੀ ਸੱਭਿਆਚਾਰ ਵਿਚ ਸ਼ਰਾਬ ਦੀ ਕੋਈ ਥਾਂ ਨਹੀਂ ਸੀ ਹੁੰਦੀ। ਕੋਈ ਵੀ ਵਿਅਕਤੀ ਆਪਣੇ ਤੋਂ ਵੱਡੇ ਆਦਮੀ ਸਾਹਮਣੇ ਸ਼ਰਾਬ ਨਹੀਂ ਸੀ ਪੀਂਦਾ। ਆਪਣੇ ਮਾਂ-ਬਾਪ, ਦਾਦਾ-ਦਾਦੀ ਸਾਹਮਣੇ ਸ਼ਰਾਬ ਪੀਣ ਵਾਲੇ ਨੂੰ ਲੋਕ ਬਹੁਤ ਹੀ ਬੁਰਾ ਸਮਝਦੇ ਸੀ। ਅਜਿਹੇ ਆਦਮੀ ਨਾਲ ਆਪਣੇ ਬੱਚਿਆਂ ਨੂੰ ਕਦੇ ਵੀ ਨਹੀਂ ਸੀ ਰਲਣ ਦਿੰਦੇ। ਪਰ ਹੁਣ ਸਮੇਂ ਨੇ ਅਜਿਹੀ ਕਰਵਟ ਲਈ ਕਿ ਲੋਕ ਇਕ ਥਾਂ ਪਿਤਾ, ਪੁੱਤਰ, ਦਾਦਾ, ਨਾਨਾ ਆਦਿ ਇਕੱਠੇ ਸ਼ਰਾਬ ਪੀਣ ਲੱਗ ਪਏ ਹਨ। ਲੋਕ ਸ਼ਰਾਬੀ ਹੋਣ ਕਰਕੇ ਦੁਰਘਟਨਾ ਵੀ ਕਰ ਬੈਠਦੇ ਹਨ। ਇਸ ਰੁਝਾਨ ਨੂੰ ਠੱਲ੍ਹ ਪਾਉਣ ਦੀ ਸਖ਼ਤ ਲੋੜ ਹੈ। ਅਜਿਹਾ ਕਰਨ ਲਈ ਧਾਰਮਿਕ ਜਥੇਬੰਦੀਆਂ ਨੂੰ ਖੁੱਲ੍ਹ ਕੇ ਅੱਗੇ ਆਉਣਾ ਚਾਹੀਦਾ ਹੈ। ਨਾਲ ਹੀ ਪੰਜਾਬ ਸਰਕਾਰ ਨੂੰ ਵੀ ਆਪਣਾ ਫ਼ਰਜ਼ ਸਮਝਣਾ ਚਾਹੀਦਾ ਹੈ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਸ਼ਾਲਾਘਾਯੋਗ ਉੱਦਮ
ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦਿਆਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ, ਜਿਸ ਦਾ ਉਦੇਸ਼ ਹੈ ਕਿ ਇਸ ਤਾਲਾਬੰਦੀ ਦੀ ਸਥਿਤੀ ਵਿਚ ਸਕੂਲ ਵਿਚ ਪੜ੍ਹਦੇ ਬੱਚਿਆਂ ਦੀ ਪੜ੍ਹਾਈ ਦਾ ਕੋਈ ਨੁਕਸਾਨ ਨਾ ਹੋਵੇ। ਚਾਹੇ ਅਧਿਆਪਕ, ਬੱਚੇ, ਬੱਚਿਆਂ ਦੇੇ ਮਾਪੇ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰ ਰਹੇ ਹਨ ਪਰ ਫਿਰ ਵੀ ਇਹ ਬਹੁਤ ਹੀ ਵਧੀਆ ਤੇ ਸਲਾਹੁਣਯੋਗ ਉਪਰਾਲਾ ਹੈ। ਇਸ ਸਮੇਂ ਦੌਰਾਨ ਤਿਆਰ ਕੀਤੇ ਇਹ ਪਾਠ ਅਤੇ ਵੀਡੀਓ ਆਉਣ ਵਾਲੇ ਸਮੇਂ ਵਿਚ ਵੀ ਉਨ੍ਹਾਂ ਬੱਚਿਆਂ, ਅਧਿਆਪਕਾਂ ਅਤੇ ਸਕੂਲਾਂ ਦੀ ਮਦਦ ਕਰਨਗੇ, ਜਿਥੇ ਵਿਸ਼ਾ ਮਾਹਿਰ ਅਧਿਆਪਕਾਂ ਦੀ ਘਾਟ ਹੈ। ਪੰਜਾਬ ਦਾ ਕੋਈ ਹੀ ਸਕੂਲ ਹੋਵੇਗਾ, ਜਿਥੇ ਸਾਰੇ ਅਧਿਆਪਕ ਪੂਰੇ ਹੋਣ। ਅਧਿਆਪਕਾਂ ਦੀ ਘਾਟ ਦੇ ਚਲਦਿਆਂ ਅਕਸਰ ਹੀ ਹੋਰ ਵਿਸ਼ਿਆਂ ਦੇ ਅਧਿਆਪਕਾਂ ਨੂੰ ਦੂਜੇ ਵਿਸ਼ੇ ਵੀ ਪੜ੍ਹਾਉਣੇ ਪੈਂਦੇ ਹਨ। ਮਾਹਿਰ ਅਧਿਆਪਕਾਂ ਤੋਂ ਪੂਰੇ ਸਿਲੇਬਸ ਦੇ ਵੀਡੀਓਜ਼ ਅਤੇ ਨੋਟਿਸ ਬਣਵਾ ਕੇ ਐਜੂਸੈਟ ਜਾਂ ਈ ਕੰਟੈਂਟ ਰਾਹੀਂ ਸਕੂਲਾਂ ਨੂੰ ਮੁਹੱਈਆ ਕਰਵਾਏ ਜਾ ਸਕਦੇ ਹਨ, ਜਿਸ ਨਾਲ ਬੱਚਿਆਂ ਦਾ ਸਿੱਖਣ ਪੱਧਰ ਤਾਂ ਉੱਚਾ ਹੋਵੇਗਾ ਹੀ, ਦੂਸਰੇ ਵਿਸ਼ੇ ਦਾ ਅਧਿਆਪਕ ਵੀ ਉਸ ਵਿਸ਼ੇ ਨੂੰ ਪੜ੍ਹਾਉਂਦੇ ਸਮੇਂ ਉਨ੍ਹਾਂ ਵੀਡੀਓ ਅਤੇ ਨੋਟਿਸਾਂ ਦੀ ਮਦਦ ਨਾਲ ਬੱਚਿਆਂ ਨੂੰ ਸਿਖਾ, ਪੜ੍ਹਾ, ਲਿਖਾ ਸਕਦਾ ਹੈ ਅਤੇ ਆਪ ਵੀ ਉਸ ਵਿਸ਼ੇ ਬਾਰੇ ਬਹੁਤ ਕੁਝ ਨਵਾਂ ਸਿੱਖ ਸਕਦਾ ਹੈ।

-ਗੁਰਪ੍ਰੀਤ ਕੌਰ ਧਾਲੀਵਾਲ
ਸ.ਸ.ਸ.ਸ.ਸ. ਘੁਡਾਣੀ ਕਲਾਂ, ਲੁਧਿਆਣਾ।

ਜਾਣੀਏ, ਸਮਝੀਏ ਤੇ ਆਪਣੇ ਬੱਚਿਆਂ ਨੂੰ ਪੜ੍ਹਾਈਏ
ਕੋਰੋਨਾ ਦੇ ਕਹਿਰ ਤੋਂ ਨਿਜਾਤ ਪਾਉਣ ਲਈ ਸਭ ਦੀਆਂ ਨਿਗਾਹਾਂ ਵਿਗਿਆਨੀਆਂ 'ਤੇ ਲੱਗੀਆਂ ਹੋਈਆਂ ਹਨ ਕਿ ਕਦੋਂ ਕੋਈ ਦਵਾਈ ਤਿਆਰ ਕੀਤੀ ਜਾਵੇ ਤਾਂ ਜੋ ਇਸ ਬਿਮਾਰੀ ਨੂੰ ਠੱਲ੍ਹ ਪਾਈ ਜਾ ਸਕੇ। ਪਰ ਸੋਚਣ ਦਾ ਵਿਸ਼ਾ ਇਹ ਹੈ ਕਿ ਸਾਡੇ ਦੇਸ਼ ਵਿਚ ਹਰ ਇਕ ਇਲਾਕੇ ਵਿਚ ਕੋਈ ਨਾ ਕੋਈ ਸਾਧੂ-ਸੰਤ, ਬ੍ਰਹਮ ਗਿਆਨੀ ਆਦਿ ਵਸਿਆ ਹੋਇਆ ਹੈ, ਜਿਨ੍ਹਾਂ ਨੇ ਹਜ਼ਾਰਾਂ-ਲੱਖਾਂ ਦੀ ਗਿਣਤੀ ਵਿਚ ਲੋਕਾਂ ਨੂੰ ਦੁੱਖਾਂ-ਕਲੇਸ਼ਾਂ, ਬਿਮਾਰੀਆਂ ਆਦਿ ਤੋਂ ਬਚਾਅ ਕੇ ਰੱਖਣ ਦੇ ਵਿਸ਼ਵਾਸ ਤਹਿਤ ਆਪਣੇ ਨਾਲ ਜੋੜਿਆ ਹੋਇਆ ਹੈ। ਸਿਰਫ ਸਾਨੂੰ ਸਿਆਣੇ ਬਣਨ ਤੇ ਸਮਝਣ ਦੀ ਲੋੜ ਹੈ। ਇਨ੍ਹਾਂ ਬਿਮਾਰੀਆਂ ਦਾ ਇਲਾਜ ਵਿਗਿਆਨ ਹੀ ਲੱਭ ਸਕਦਾ ਹੈ। ਇਸ ਕਰਕੇ ਸਾਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣਾ ਚਾਹੀਦਾ ਹੈ ਤਾਂ ਜੋ ਉਹ ਸਮਾਜ ਲਈ ਕੁਝ ਵਧੀਆ ਕਰ ਸਕਣ। ਜੇਕਰ ਇਨ੍ਹਾਂ ਲੋਕਾਂ ਦਾ ਅਸਲੀ ਚਿਹਰਾ ਅਸੀਂ ਹੁਣ ਵੀ ਨਾ ਪਛਾਣ ਸਕੇ ਤਾਂ ਫਿਰ ਕਦੀ ਵੀ ਨਹੀਂ ਪਛਾਣ ਪਾਵਾਂਗੇ।

-ਗੁਰਿੰਦਰ ਜੀਤ ਸਿੰਘ ਕਲੇਰ
ਪਿੰਡ ਤੇ ਡਾਕ: ਕਲੇਰ ਕਲਾਂ, ਗੁਰਦਾਸਪੁਰ।

27-05-2020

 ਕਿਰਸਾਨੀ ਦਾ ਮੁੱਦਾ
ਦਿੱਲੀ ਵਿਚ ਜਦ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਲੋਕਾਂ ਨੇ ਪੰਜਾਬ ਵਿਚ ਨਵੀਂ ਆਉਣ ਵਾਲੀ ਸਰਕਾਰ ਹੁਣ ਤੋਂ ਹੀ ਕਿਆਫ਼ੇ ਲਾਉਣੇ ਸ਼ੁਰੂ ਕਰ ਦਿੱਤੇ ਹਨ। ਦਿੱਲੀ ਅਤੇ ਪੰਜਾਬ ਦੇ ਮੁੱਦੇ ਵੱਖ-ਵੱਖ ਹੋ ਸਕਦੇ ਹਨ। ਦਿੱਲੀ ਵਿਚ ਕੇਜਰੀਵਾਲ ਸਰਕਾਰ ਨੇ ਬਿਜਲੀ, ਪਾਣੀ, ਸਿੱਖਿਆ ਅਤੇ ਸਿਹਤ ਸਹੂਲਤਾਂ ਜਿਹੇ ਮੁੱਖ ਮੁੱਦਿਆਂ 'ਤੇ ਕੰਮ ਕੀਤਾ ਅਤੇ ਤੀਜੀ ਵਾਰ ਸਰਕਾਰ ਬਣਾਈ। ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ। ਇਥੇ ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤੀ ਦਿਵਾਉਣੀ ਮੁੱਖ ਮੁੱਦਾ ਰਹੇਗਾ। ਮੌਜੂਦਾ ਕੈਪਟਨ ਸਰਕਾਰ ਆਪਣੇ ਇਸ ਮਿਸ਼ਨ ਵਿਚ ਬਹੁਤਾ ਕਾਮਯਾਬ ਹੁੰਦੀ ਨਜ਼ਰ ਨਹੀਂ ਆ ਰਹੀ। ਇਸ ਲਈ ਕਿਸਾਨ ਖ਼ੁਦਕੁਸ਼ੀਆਂ ਵੀ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਇਥੋਂ ਦੇ ਲੋਕ ਆਪਣੀ ਕਿਸੇ ਖੇਤਰੀ ਭਰੋਸੇਯੋਗ ਪਾਰਟੀ ਦੀ ਹੀ ਸਰਕਾਰ ਬਣਾਉਣਗੇ, ਜਿਸ ਦੀ ਕਹਿਣੀ ਅਤੇ ਕਰਨੀ ਵਿਚ ਫ਼ਰਕ ਨਾ ਹੋਵੇ। ਜੋ ਸਹੀ ਮਾਇਨੇ ਵਿਚ ਕਿਸਾਨ ਪੱਖੀ ਕਹਾਉਣ ਦੀ ਹੱਕਦਾਰ ਹੋਵੇਗੀ।

-ਲਖਵਿੰਦਰ ਸਿੰਘ 'ਗਿੱਲ'
ਪਿੰਡ ਤੇ ਡਾਕ: ਧਨਾਨਸੂ, ਜ਼ਿਲ੍ਹਾ ਲੁਧਿਆਣਾ।

ਮਦਦ ਦੀ ਲੋੜ
ਮਦਦ ਬਹੁਤ ਹੀ ਛੋਟਾ ਸ਼ਬਦ ਹੈ। ਪਰ ਜਦੋਂ ਕਿਸੇ ਨੂੰ ਲੋੜ ਪੈਣ 'ਤੇ ਮਦਦ ਹੋ ਜਾਵੇ ਤਾਂ ਉਸ ਦੀ ਬਹੁਤ ਵੱਡੀ ਮੁਸ਼ਕਿਲ ਹੱਲ ਹੋ ਜਾਂਦੀ ਹੈ। ਪਰ ਹੁਣ ਦੇ ਚੱਲ ਰਹੇ ਹਾਲਾਤ ਅਨੁਸਾਰ ਹਰ ਇਕ ਵਿਅਕਤੀ ਨੂੰ ਮਦਦ ਦੀ ਬਹੁਤ ਲੋੜ ਹੈ। ਜ਼ਰੂਰੀ ਹੈ ਕਿ ਜ਼ਰੂਰੀ ਵਸਤੂਆਂ ਮਹਿੰਗੀਆਂ ਨਾ ਹੋਣ, ਜੋ ਕਿ ਆਮ ਹੀ ਦੇਖਣ ਵਿਚ ਗੱਲ ਆਈ ਹੈ। ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਹਰ ਪੱਖੋਂ ਸਫ਼ਾਈ ਵੱਲ ਧਿਆਨ ਦੇਈਏ। ਹਰੇਕ ਵਿਅਕਤੀ ਦੀ ਮਦਦ ਲਈ ਤਿਆਰ ਰਹੀਏ।
ਕਿਉਂਕਿ ਹੁਣ ਇਸ ਵਕਤ ਜੋ ਕੋਰੋਨਾ ਦੇ ਕਾਰਨ ਸਮਾਜ ਵਿਚ ਹਾਲਾਤ ਪੈਦਾ ਹੋਏ ਹਨ, ਉਨ੍ਹਾਂ ਨਾਲ ਨਜਿੱਠਣ ਦੀ ਲੋੜ ਹੈ। ਸਾਨੂੰ ਭਾਈਚਾਰਕ ਸਾਂਝ ਜਾਂ ਸਮਾਜ ਪ੍ਰਤੀ ਜੋ ਵੀ ਸਾਡੇ ਫ਼ਰਜ਼ ਬਣਦੇ ਹਨ, ਉਨ੍ਹਾਂ ਨੂੰ ਬਾਖੂਬੀ ਨਿਭਾਉਣਾ ਚਾਹੀਦਾ ਹੈ, ਤਾਂ ਹੀ ਅਸੀਂ ਉੱਚੀ ਸੋਚ ਅਤੇ ਚੰਗੇ ਨਾਗਰਿਕ ਕਹਾਵਾਂਗੇ ਅਤੇ ਸਾਨੂੰ ਹਰੇਕ ਵਿਅਕਤੀ ਨੂੰ ਇਸ ਭੈੜੀ ਬਿਮਾਰੀ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ, ਤਾਂ ਜੋ ਇਸ ਬਿਮਾਰੀ ਤੋਂ ਬਚਿਆ ਜਾ ਸਕੇ। ਹਾਲਾਤ ਏਨੇ ਭਿਆਨਕ ਹੋ ਗਏ ਹਨ ਕਿ ਹਰੇਕ ਵਿਅਕਤੀ ਦਾ ਕੰਮਕਾਰ ਠੱਪ ਹੋ ਚੁੱਕਾ ਹੈ। ਅਜਿਹੇ ਹਾਲਾਤ ਵਿਚ ਸਰਕਾਰ ਦੁਆਰਾ ਅਜਿਹੇ ਲੋਕਾਂ ਦੀ ਰੋਟੀ ਦੇ ਹੱਲ ਬਾਰੇ ਕੁਝ ਨਾ ਕੁਝ ਜ਼ਰੂਰ ਸੋਚਣਾ ਚਾਹੀਦਾ ਹੈ।

-ਰਮਨ ਮਾਨ ਕਾਲੇਕੇ।

26-05-2020

 ਆਨਲਾਈਨ ਪੜ੍ਹਾਈ ਇਕ ਵੱਡੀ ਚੁਣੌਤੀ
ਅੱਜ ਦੇ ਸਮੇਂ ਚੱਲ ਰਹੀ ਭਿਆਨਕ ਬਿਮਾਰੀ ਨੇ ਸਾਰੇ ਹੀ ਸੰਸਾਰ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਜਿਥੇ ਆਮ ਲੋਕਾਂ ਨੂੰ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਵਾਸਤੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਵਿਦਿਆਰਥੀ ਵੀ ਘਰ ਵਿਚ ਵਿਹਲੇ ਬੈਠ ਕੇ ਪ੍ਰੇਸ਼ਾਨ ਹੋ ਰਹੇ ਸਨ। ਸਾਰੇ ਹੀ ਸਕੂਲ ਵਲੋਂ ਆਪਣੇ ਅਧਿਆਪਕਾਂ ਨਾਲ ਰਾਬਤਾ ਕਾਇਮ ਕਰਕੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਉਣ ਲਈ ਕਿਹਾ ਗਿਆ। ਸ਼ੁਰੂਆਤੀ ਸਮੇਂ ਇਹ ਹਰ ਅਧਿਆਪਕ ਵਾਸਤੇ ਇਕ ਚੁਣੌਤੀ ਸੀ। ਕਿਉਂਕਿ ਹਰ ਕੋਈ ਮਾਪੇ ਅੱਜ ਦੇ ਯੁੱਗ ਦੀ ਤਕਨਾਲੋਜੀ ਤੋਂ ਵਾਕਿਫ ਨਹੀਂ ਹਨ। ਇਸ ਤੋਂ ਬਾਅਦ ਹਰ ਕੋਈ ਅਧਿਆਪਕ ਆਪਣੇ 24 ਘੰਟਿਆਂ 'ਚੋਂ 10 ਘੰਟੇ ਇਸ ਕੰਮ ਵਿਚ ਦੇਣ ਲੱਗਾ ਤਾਂ ਕਿ ਉਨ੍ਹਾਂ ਦੇ ਵਿਦਿਆਰਥੀਆਂ ਦਾ ਕੀਮਤੀ ਸਮਾਂ ਬਰਬਾਦ ਨਾ ਹੋਵੇ ਤੇ ਵਿਦਿਆਰਥੀਆਂ ਨੂੰ ਘਰ ਬੈਠੇ ਹੀ ਗਿਆਨ ਦਿੱਤਾ ਜਾਵੇ। 90 ਫ਼ੀਸਦੀ ਮਾਪਿਆਂ ਵਲੋਂ ਇਸ ਨੂੰ ਸਲਾਹਿਆ ਗਿਆ ਕਿ ਸਕੂਲ ਨੂੰ ਸਾਡੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਹੈ। ਪਰ ਅੱਜਕਲ੍ਹ ਕੁਝ ਲੋਕਾਂ ਵਲੋਂ ਅਧਿਆਪਕਾਂ ਦੀ ਇਸ ਮਿਹਨਤ 'ਤੇ ਪਾਣੀ ਫੇਰਿਆ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਸਕੂਲ ਵਲੋਂ ਲਾਕਡਾਊਨ ਖੁੱਲ੍ਹਣ ਤੋਂ ਬਾਅਦ ਫੀਸਾਂ ਇਕੱਠੀਆਂ ਕਰਨ ਲਈ ਡਰਾਮਾ ਕੀਤਾ ਜਾ ਰਿਹਾ ਹੈ ਜੋ ਕਿ ਇਕ ਇਨਸਾਨੀਅਤ ਦੇ ਨਾਤੇ ਬਹੁਤ ਗ਼ਲਤ ਹੈ। ਜੇਕਰ ਅਸੀਂ ਅਧਿਆਪਕਾਂ ਦਾ ਸਤਿਕਾਰ ਨਹੀਂ ਕਰਾਂਗੇ ਤਾਂ ਸਾਡੇ ਬੱਚੇ ਤੋਂ ਅਸੀਂ ਕੀ ਉਮੀਦ ਰੱਖਾਂਗੇ ਕਿ ਉਹ ਆਪਣੇ ਅਧਿਆਪਕ ਦੀ ਇੱਜ਼ਤ ਕਰਨਗੇ। ਅਧਿਆਪਕ ਦਾ ਪੇਸ਼ਾ ਇਕ ਧੰਨਵਾਦੀ ਪੇਸ਼ਾ ਹੈ। ਸਾਨੂੰ ਅਧਿਆਪਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਕਿਉਕਿ ਆਪਣੇ ਘਰ ਬੈਠਿਆਂ ਵੀ ਇਸ ਮੁਸ਼ਕਿਲ ਦੇ ਸਮੇਂ ਵਿਚ ਉਨ੍ਹਾਂ ਨੂੰ ਸਾਡੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਹੈ।

-ਜਗਦੇਵ ਸਿੰਘ।

ਹਾਲਾਤ ਤੋਂ ਸੁਚੇਤ ਰਹੋ
ਭਾਰਤ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਇਕ ਲੱਖ ਤੋਂ ਪਾਰ ਹੋ ਗਈ ਤੇ ਭਾਰਤ ਵਿਚ ਉਨ੍ਹਾਂ ਗਿਆਰਾਂ ਦੇਸ਼ਾਂ 'ਚ ਸ਼ਾਮਿਲ ਹੋ ਗਿਆ ਹੈ, ਜਿਨ੍ਹਾਂ ਵਿਚ ਮਰੀਜ਼ਾਂ ਦੀ ਗਿਣਤੀ ਇਕ ਲੱਖ ਤੋਂ ਜ਼ਿਆਦਾ ਹੈ। ਹਰ ਰੋਜ਼ ਭਾਰਤ ਵਿਚ ਕੋਰੋਨਾ ਮਰੀਜ਼ਾਂ ਦੀ ਸੰਖਿਆ 5000 ਤੋਂ ਜ਼ਿਆਦਾ ਹੋਣ ਲੱਗੀ ਹੈ। ਸਰਕਾਰ ਜ਼ਿਆਦਾ ਸਮਾਂ ਤਾਲਾਬੰਦੀ ਨਹੀਂ ਰੱਖ ਸਕਦੀ। ਤਕਰੀਬਨ ਸਾਰੇ ਦੇਸ਼ਾਂ ਦੀ ਆਰਥਿਕਤਾ ਕਮਜ਼ੋਰ ਹੋ ਰਹੀ ਹੈ, ਇਸ ਲਈ ਸਾਰੇ ਦੇਸ਼ ਥੋੜ੍ਹੀ-ਥੋੜ੍ਹੀ ਢਿੱਲ ਦੇ ਰਹੀ ਹੈ। ਤਾਲਾਬੰਦੀ ਦੀ ਦਿੱਤੀ ਢਿੱਲ ਜਾਂ ਹਟ ਰਹੇ ਕਰਫਿਊ ਦਾ ਕਾਰਨ ਇਹ ਨਾ ਸਮਝਣਾ ਕਿ ਕੋਰੋਨਾ ਖਤਮ ਹੈ। ਬਿਲੁਕਲ ਨਹੀਂ। ਕੋੋਰੋਨਾ ਨੂੰ ਖਤਮ ਹੋਣ 'ਚ ਲੰਮਾ ਸਮਾਂ ਲੱਗ ਸਕਦਾ ਹੈ ਤੇ ਸਾਰੇ ਦੇਸ਼ਾਂ ਦੀ ਅਰਥ-ਵਿਵਸਥਾ ਲੰਮੇ ਸਮੇਂ ਤੱਕ ਕਮਜ਼ੋਰ ਹੋਵੇਗੀ। ਇਥੋਂ ਤੱਕ ਕਿ ਬਹੁਤ ਸਾਰੇ ਦੇਸ਼ ਘਾਟੇ ਵਿਚ ਜਾਣ ਕਾਰਨ ਖ਼ਤਮ ਵੀ ਹੋ ਸਕਦੇ ਹਨ ਜਾਂ ਖਤਮ ਹੋਣ ਦੀ ਕਗਾਰ ਜਾ ਸਕਦੇ ਹਨ। ਇਸ ਲਈ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਦੇ ਹੋਏ ਸਾਨੂੰ ਘਰਾਂ 'ਚ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬੇਸ਼ੱਕ ਬਹੁਤ ਸਾਰੇ ਦੇਸ਼ ਵੈਕਸੀਨ ਬਣਾਉਣ ਵਿਚ ਲੱਗੇ ਹੋਏ ਹਨ ਤੇ ਕੁਝ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਵੈਕਸੀਨ ਬਣਾ ਲਈ ਹੈ ਪ੍ਰੰਤੂ ਜਿੰਨਾ ਚਿਰ ਉਹ ਵਰਤੋਂ ਵਿਚ ਨਹੀਂ ਆਉਂਦੀ, ਓਨਾ ਚਿਰ ਆਪਣੀ ਸਿਹਤ ਦਾ ਧਿਆਨ ਰੱਖਣ ਵਿਚ ਹੀ ਸਿਆਣਪ ਹੈ।

-ਸੁਰਜੀਤ ਸਿੰਘ 'ਦਿਲਾ ਰਾਮ'
ਫਿਰੋਜ਼ਪੁਰ।

ਪੰਜਾਬ ਦੀ ਆਰਥਿਕਤਾ
ਜਿਥੇ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦੇਸ਼ ਦਾ ਹਰ ਵਰਗ ਪ੍ਰਭਾਵਿਤ ਹੋਣ ਨਾਲ ਦੇਸ਼ ਦੀ ਆਰਤਿਕਤਾ 'ਤੇ ਅਸਰ ਪਿਆ ਹੈ, ਉਥੇ ਹੀ ਪੰਜਾਬ ਵਿਚ ਪਿਛਲੇ ਦੋ ਮਹੀਨਿਆਂ ਤੋਂ ਲਾਕਡਾਊਨ, ਕਰਫ਼ਿਊ ਦੇ ਚਲਦਿਆਂ ਪ੍ਰਵਾਸੀ ਮਜ਼ਦੂਰ, ਛੋਟੇ-ਛੋਟੇ ਹਰ ਕਿਸਮ ਦਾ ਮਾਲੀਆ ਬੰਦ ਹੋ ਜਾਣ ਨਾਲ ਪੰਜਾਬ ਦੀ ਆਰਥਿਕਤਾ 'ਤੇ ਵੀ ਬੁਰਾ ਅਸਰ ਪਿਆ ਹੈ। ਸਵੈ-ਸੇਵੀ ਸੰਸਥਾਵਾਂ ਅਤੇ ਸਰਕਾਰ ਵਲੋਂ ਭਾਵੇਂ ਪ੍ਰਵਾਸੀ ਮਜ਼ਦੂਰਾਂ ਦੀ ਆਪਣੇ ਢੰਗ ਨਾਲ ਮਦਦ ਕੀਤੀ ਜਾਂਦੀ ਰਹੀ ਹੈ ਪਰ ਉਹ ਕਾਫੀ ਦੁਸ਼ਵਾਰੀਆਂ ਦਾ ਸਾਹਮਣਾ ਕਰਦੇ ਹੋਏ ਆਪਣੇ ਘਰਾਂ ਨੂੰ ਜਾ ਰਹੇ ਹਨ, ਜਿਸ ਨਾਲ ਪੰਜਾਬ ਦੀ ਅਰਥ-ਵਿਵਸਥਾ ਇਕ ਵਾਰੀ ਤੇ ਚਿਰਮਰਾ ਗਈ ਹੈ। ਉਧਰ ਪਹਿਲਾਂ ਹੀ ਆਰਥਿਕ ਮੰਦਵਾੜੇ 'ਚੋਂ ਗੁਜ਼ਰ ਰਹੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਨੇ ਝੰਬਿਆ ਸੀ ਤੇ ਹੁਣ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਘਰ ਦੀ ਚਾਰਦੀਵਾਰੀ ਵਿਚ ਘਿਰ ਗਏ ਹਨ, ਜਿਸ ਨਾਲ ਉਨ੍ਹਾਂ ਨੂੰ ਪਰਿਵਾਰ ਦੇ ਫਿਕਰ ਅਤੇ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਪਰਮਾਤਮਾ ਕਰੇ ਸਭ ਕੁਝ ਆਮ ਵਰਗਾ ਹੋ ਜਾਵੇ ਅਤੇ ਸਾਰੇ ਕੰਮਕਾਰ ਫਿਰ ਉਸੇ ਤਰ੍ਹਾਂ ਚੱਲ ਪੈਣ ਅਤੇ ਲੋਕਾਂ ਨੂੰ ਰੁਜ਼ਗਾਰ ਮਿਲਣ ਨਾਲ ਪੰਜਾਬ ਦੀ ਆਰਥਿਕਤਾ ਦੀ ਗੱਡੀ ਫਿਰ ਪਟੜੀ 'ਤੇ ਦੌੜਨ ਲੱਗ ਪਵੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।

ਸੋਸ਼ਲ ਮੀਡੀਏ ਦੀ ਸੁਚੱਜੀ ਵਰਤੋਂ
ਪੂਰੀ ਦੁਨੀਆ ਵਿਚ ਭਿਅੰਕਰ ਮਹਾਂਮਾਰੀ ਕੋਰੋਨਾ ਦਾ ਕਹਿਰ ਜਾਰੀ ਹੈ, ਜਿਸ ਦੀ ਕਿ ਖਤਮ ਹੋਣ ਦੀ ਕੋਈ ਨਿਸ਼ਚਿਤ ਮਿਤੀ ਨਹੀਂ ਹੈ। ਇਸੇ ਹੀ ਦੌਰਾਨ ਬਹੁਤ ਦੇਸ਼ਾਂ ਨੂੰ ਲਾਕਡਾਊਨ ਕਰ ਦਿੱਤਾ ਗਿਆ ਹੈ ਪਰ ਸੋਸ਼ਲ ਮੀਡੀਆ ਨਿਰੰਤਰ ਜਾਰੀ ਹੈ। ਇਸ ਮੁਸ਼ਕਿਲ ਦੀ ਘੜੀ ਵਿਚ ਲੋਕਾਂ ਨੂੰ ਜੋੜਨ ਤੇ ਸਹੀ ਜਾਣਕਾਰੀ ਦੇਣ, ਮੁਸ਼ਕਿਲਾਂ ਸੁਣਨ ਤੇ ਲੋਕਾਂ ਨੂੰ ਸੁਚੇਤ ਕਰਨ ਦਾ ਸੋਸ਼ਲ ਮੀਡੀਆ ਇਕ ਸ੍ਰੇਸ਼ਠ ਸਾਧਨ ਹੈ ਪਰ ਕੁਝ ਲੋਕ ਨਿੱਜੀ ਸਵਾਰਥ ਜਾਂ ਅਰਾਜਕਤਾ ਫੈਲਾਉਣ ਖ਼ਾਤਰ ਸੋਸ਼ਲ ਮੀਡੀਏ ਦੀ ਗ਼ਲਤ ਵਰਤੋਂ ਕਰਦੇ ਹਨ, ਜਿਨ੍ਹਾਂ ਨੂੰ ਕਿ ਇਸ ਔਖੀ ਘੜੀ ਵਿਚ ਆਪਣੀ ਜ਼ਿੰਮੇਵਾਰੀ ਸਮਝਣ ਦੀ ਜ਼ਰੂਰਤ ਹੈ, ਸੋ ਸਾਨੂੰ ਸਾਰਿਆਂ ਨੂੰ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੋਸ਼ਲ ਮੀਡੀਏ ਦੀ ਸੁਚੱਜੀ ਵਰਤੋਂ ਕਰਨ ਦੀ ਜ਼ਰੂਰਤ ਹੈ।

-ਲਵਪ੍ਰੀਤ ਸਿੰਘ ਨਰਕਟ

ਸੇਧ ਲੈਣ ਦੀ ਲੋੜ
ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਵਾਇਰਸ ਦੇ ਲਗਾਤਾਰ ਵਧਦੇ ਕਹਿਰ ਨੇ ਜਿਥੇ ਇਕ ਪਾਸੇ ਸਮੁੱਚੀ ਦੁਨੀਆ ਵਿਚ ਘਬਰਾਹਟ ਅਤੇ ਦਹਿਸ਼ਤ ਪੈਦਾ ਕੀਤੀ ਹੋਈ ਹੈ, ਉਥੇ ਦੂਸਰੇ ਪਾਸੇ ਇਸ ਨੇ ਸਾਡੇ ਸੋਚਣ, ਸਮਝਣ ਅਤੇ ਵਿਚਰਨ ਦੇ ਢੰਗ ਉੱਤੇ ਵੀ ਗਹਿਰਾ ਅਸਰ ਪਾਇਆ ਹੈ।
ਭਾਵੇਂ ਡਰ ਜਾਂ ਬਚਾਅ ਕਰਕੇ ਹੀ ਸਹੀ, ਇਸ ਨਾਲ ਕਿਤੇ ਨਾ ਕਿਤੇ ਸਾਡੀ ਭੱਜ-ਦੌੜ ਅਤੇ ਅਸਥਿਰ ਜ਼ਿੰਦਗੀ ਵਿਚ ਕੁਝ ਸਮੇਂ ਲਈ ਸਥਿਰਤਾ ਅਤੇ ਟਿਕਾਅ ਜ਼ਰੂਰ ਪੈਦਾ ਹੋਇਆ ਹੈ, ਕਿਉਂਕਿ ਘਰ ਰਹਿਣ ਨਾਲ ਜਿਥੇ ਸਾਨੂੰ ਆਪਣੇ-ਆਪ ਨਾਲ ਅਤੇ ਆਪਣੇ ਪਰਿਵਾਰ ਨਾਲ ਜੁੜਨ ਦਾ ਅਵਸਰ ਪ੍ਰਾਪਤ ਹੋਇਆ ਹੈ, ਉਥੇ ਸਾਨੂੰ ਸਬਰ-ਸੰਤੋਖ ਨਾਲ ਆਪਣਾ ਜੀਵਨ ਜਿਊਣ ਅਤੇ ਸਾਦਗੀ ਨਾਲ ਆਪਣੇ ਸਭ ਕਾਰ-ਵਿਹਾਰ ਕਰਨ ਦਾ ਵੀ ਵਿਵੇਕ ਹਾਸਲ ਹੋਇਆ ਹੈ। ਇਸ ਦੇ ਨਾਲ ਹੀ ਕੁਦਰਤ ਦੇ ਸਭ ਜੀਵ-ਜੰਤੂਆਂ, ਪਸ਼ੂ-ਪੰਛੀਆਂ ਅਤੇ ਝੀਲਾਂ-ਦਰਿਆਵਾਂ ਨੂੰ ਵੀ ਕੁਝ ਸਮੇਂ ਲਈ ਮਨੁੱਖ ਦੁਆਰਾ ਫੈਲਾਏ ਜਾਂਦੇ ਹਰ ਪ੍ਰਕਾਰ ਦੇ ਪ੍ਰਦੂਸ਼ਣ ਤੋਂ ਵੱਡੀ ਰਾਹਤ ਮਿਲ ਗਈ ਹੈ। ਇਸ ਲਈ ਸਾਨੂੰ ਸਭ ਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਇਸ ਚੁਣੌਤੀਪੂਰਨ ਸਮੇਂ ਦੌਰਾਨ ਗ੍ਰਹਿਣ ਕੀਤੀਆਂ ਚੰਗੀਆਂ ਆਦਤਾਂ ਅਤੇ ਹਾਸਲ ਕੀਤੇ ਲਾਭਕਾਰੀ ਤਜਰਬਿਆਂ ਦਾ ਅਸੀਂ ਭਵਿੱਖ ਵਿਚ ਵੀ ਆਪਣੇ ਪਰਿਵਾਰ, ਸਮਾਜ ਅਤੇ ਮਾਨਵਤਾ ਦੀ ਭਲਾਈ ਲਈ ਨਿਰੰਤਰ ਉਪਯੋਗ ਕਰਦੇ ਰਹਾਂਗੇ।

-ਹਰਗੁਣਪ੍ਰੀਤ ਸਿੰਘ
137/2, ਗਲੀ ਨੰ: 5, ਅਰਜਨ ਨਗਰ, ਪਟਿਆਲਾ।

25-05-2020

 ਕਲਾਕਾਰਾਂ ਦੀ ਆਪਸੀ ਲੜਾਈ
ਇਕ ਪਾਸੇ ਤਾਂ ਅੱਜਕਲ੍ਹ ਕੁਝ ਕਲਾਕਾਰ ਭੜਕਾਊ ਗਾਣੇ ਬੋਲ ਕੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਹਨ, ਦੂਜੇ ਪਾਸੇ ਇਹ ਨੌਜਵਾਨਾਂ ਦੀ ਆਪਸੀ ਰੰਜਿਸ਼ ਵਧਾ ਰਹੇ ਹਨ। ਆਏ ਦਿਨ ਹੀ ਇਨ੍ਹਾਂ ਕਲਾਕਾਰਾਂ ਦੇ ਆਪਸ ਵਿਚ ਪੰਗੇ ਪੈਂਦੇ ਆਮ ਹੀ ਦੇਖੇ ਜਾ ਸਕਦੇ ਹਨ। ਪਹਿਲਾਂ ਤਾਂ ਇਹ ਆਮ ਹੀ ਆਪਣੇ ਸਟੇਜ ਸ਼ੋਆਂ 'ਤੇ ਇਕ-ਦੂਜੇ ਦੇ ਪ੍ਰਤੀ ਚੰਗਾ ਮਾੜਾ ਬੋਲਦੇ ਹਨ। ਬਾਅਦ ਵਿਚ ਇਨ੍ਹਾਂ ਦੇ ਪਿਛਲੱਗ ਪ੍ਰਸੰਸਕ ਸੋਸ਼ਲ ਮੀਡੀਆ 'ਤੇ ਆਪੋ-ਆਪਣੇ ਤਰੀਕੇ ਨਾਲ ਆਪਣੇ ਮਨਪਸੰਦ ਕਲਾਕਾਰ ਦੀ ਹਮਾਇਤ ਵਿਚ ਆ ਕੇ ਇਕ-ਦੂਜੇ ਪ੍ਰਤੀ ਮਨਾਂ ਦੀ ਭੜਾਸ ਕੱਢਦੇ ਹਨ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਪਿਛੇ ਨਾ ਲੱਗ ਕੇ ਆਪਣੇ ਆਉਣ ਵਾਲੇ ਭਵਿੱਖ ਬਾਰੇ ਸੋਚਣ ਤੇ ਇਨ੍ਹਾਂ ਪਿਛੇ ਲੱਗ ਕੇ ਆਪਣਾ ਵਰਤਮਾਨ ਸਮਾਂ ਤੇ ਭਵਿੱਖ ਨਾ ਬਰਬਾਦ ਕਰਨ। ਇਨ੍ਹਾਂ ਦੀ ਤਾਂ ਰੋਟੀ ਚੱਲੀ ਜਾਂਦੀ ਹੈ। ਸੋ, ਇਨ੍ਹਾਂ ਪਿਛੇ ਨਾ ਲੱਗੋ ਅਤੇ ਆਪਣੇ ਵਰਤਮਾਨ ਸਮੇਂ ਨੂੰ ਆਪਣਾ ਭਵਿੱਖ ਬਣਾਉਣ ਵਿਚ ਲਗਾਇਆ ਜਾਵੇ।

-ਬਲਜੀਤ ਸਿੰਘ ਮਮਦੋਟ
ਮਮਦੋਟ ਤਹਿਸੀਲ ਤੇ ਜ਼ਿਲ੍ਹਾ ਫਿਰੋਜ਼ਪੁਰ।

ਪੁਸਤਕਾਂ ਚੰਗੀਆਂ ਮਿੱਤਰ
ਪੁਸਤਕਾਂ ਸਾਡੇ ਜੀਵਨ ਭਰ ਦੀਆਂ ਮਿੱਤਰ ਹੁੰਦੀਆਂ ਹਨ। ਇਕੱਲ ਦੇ ਸਮੇਂ ਵਿਚ ਇਹ ਸਾਡਾ ਦਿਲ ਪ੍ਰਚਾਵਾ ਕਰਦੀਆਂ ਹਨ ਅਤੇ ਜ਼ਿੰਦਗੀ ਦੇ ਫਿਕਰਾਂ ਅਤੇ ਮੁਸ਼ਕਿਲਾਂ ਦੇ ਵਿਚੋਂ ਨਿਕਲਣ ਦਾ ਰਾਹ ਦੱਸਦੀਆਂ ਹਨ, ਸਾਡੇ ਗਿਆਨ ਨੂੰ ਵਧਾਉਂਦੀਆਂ ਹਨ ਅਤੇ ਸੂਝ ਨੂੰ ਤਿੱਖਾ ਕਰਦੀਆਂ ਹਨ। ਇਕ ਚੰਗੀ ਪੁਸਤਕ ਉਸ ਦੇ ਲੇਖਕ ਦੇ ਜੀਵਨ ਭਰ ਦੇ ਬਹੁ ਮੁੱਲੇ ਅਨੁਭਵਾਂ ਦੀ ਉਪਜ ਹੁੰਦੀਆਂ ਹਨ। ਮਹਾਨ ਲੇਖਕਾਂ ਦੁਆਰਾ ਲਿਖੀਆਂ ਪੁਸਤਕਾਂ ਸਦੀਵੀ ਮਹੱਤਵ ਰੱਖਦੀਆਂ ਹਨ ਅਤੇ ਸਦੀਆਂ ਤੋਂ ਮਨੁੱਖੀ ਬੁੱਧੀ ਅਤੇ ਬਲ ਦੇ ਵਿਕਾਸ ਵਿਚ ਹਿੱਸਾ ਪਾਉਂਦੀਆਂ ਹਨ। ਇਸੇ ਕਰਕੇ ਸਾਨੂੰ ਆਪਣੇ ਵਿਚ ਪੁਸਤਕਾਂ ਪੜ੍ਹਨ ਦੀ ਰੁਚੀ ਨੂੰ ਪ੍ਰਫੁੱਲਤ ਰੱਖਣਾ ਚਾਹੀਦਾ ਹੈ, ਇਹ ਸਾਨੂੰ ਬਚਪਨ ਵਿਚ ਖੁਸ਼ੀ, ਜਵਾਨੀ ਵਿਚ ਸੇਧ ਅਤੇ ਬੁਢਾਪੇ ਵਿਚ ਸੁਖ ਦਿੰਦੀਆਂ ਹਨ।

-ਸਿਮਰਨਪ੍ਰੀਤ ਕੌਰ
ਬਾਬਾ ਬਕਾਲਾ ਸਾਹਿਬ, ਅੰਮ੍ਰਿਤਸਰ।

ਨਸ਼ਿਆਂ 'ਚ ਖੜੋਤ
ਭਾਵੇਂ ਸਰਕਾਰ ਵਲੋਂ ਹਰੇਕ ਕਿਸਮ ਦੇ ਨਸ਼ੇ ਖਤਮ ਕਰਨ ਦੀ ਪੂਰੀ ਵਾਹ ਲਗਾਈ ਜਾਂਦੀ ਰਹੀ ਹੈ ਅਤੇ ਇਸ ਦੇ ਖਾਤਮੇ ਜਾਂ ਇਸ 'ਚ ਠੱਲ੍ਹ ਪੈਣ ਵਿਚ ਕੋਈ ਖਾਸ ਸਫ਼ਲਤਾ ਪ੍ਰਾਪਤ ਨਹੀਂ ਹੋਈ ਸੀ ਪ੍ਰੰਤੂ ਜਿਉਂ ਹੀ ਕੋਰੋਨਾ ਮਹਾਂਮਾਰੀ ਨਾਲ ਲਾਕਡਾਊਨ, ਕਰਫ਼ਿਊ ਦਾ ਐਲਾਨ ਹੋਇਆ ਹੈ, ਕਰੀਬ ਦੋ ਮਹੀਨੇ ਇਨ੍ਹਾਂ ਨਸ਼ਿਆਂ ਵਿਚ ਖੜੋਤ ਆ ਗਈ ਸੀ ਅਤੇ ਨਸ਼ਿਆਂ ਨਾਲ ਹੁੰਦੀਆਂ ਮੌਤਾਂ ਵੀ ਘਟ ਗਈਆਂ ਸਨ। ਭਾਵੇਂ ਲੋਕਾਂ ਨੂੰ ਸਾਰੇ ਕਾਰੋਬਾਰ ਬੰਦ ਹੋ ਜਾਣ ਕਾਰਨ ਆਰਥਿਕ ਤੰਗੀ ਝੱਲਣੀ ਪੈ ਰਹੀ ਸੀ ਪਰ ਲੋਕ ਸ਼ਰਾਬ ਅਤੇ ਹੋਰ ਨਸ਼ਿਆਂ ਤੋਂ ਸੁਖੀ ਸਨ। ਹੁਣ ਸ਼ਰਾਬ ਦੇ ਠੇਕੇ ਖੁੱਲ੍ਹਣ ਨਾਲ ਜਿਥੇ ਦੂਸਰੇ ਨਸ਼ੇ ਵੀ ਸਿਰ ਚੁੱਕ ਰਹੇ ਹਨ, ਉਥੇ ਹੀ ਐਡੀ ਮਹਿੰਗੀ ਸ਼ਰਾਬ ਖਰੀਦ ਕੇ ਪੀਣ ਨਾਲ ਪਹਿਲਾਂ ਹੀ ਆਰਥਿਕ ਮੰਦੀ 'ਚ ਗੁਜਰ ਰਹੇ ਪਰਿਵਾਰਾਂ ਵਿਚ ਤੰਗੀ-ਤੁਰਸ਼ੀ ਅਤੇ ਘਰੇਲੂ ਹਿੰਸਾ ਵਧ ਗਈ ਹੈ। ਭਾਵੇਂ ਸਰਕਾਰ ਨੂੰ ਸ਼ਰਾਬ ਤੋਂ ਕਾਫੀ ਮਾਲੀਆ ਇਕੱਠਾ ਹੁੰਦਾ ਹੈ ਪ੍ਰੰਤੂ ਲੋਕਾਂ ਦੀ ਸਿਹਤ ਅਤੇ ਆਰਥਿਕ ਮੰਦਹਾਲੀ ਕਾਰਨ ਹੋਰਨਾਂ ਕਈ ਰਾਜਾਂ ਵਾਂਗ ਪੰਜਾਬ ਵਿਚ ਵੀ ਦੂਜੇ ਨਸ਼ਿਆਂ ਵਾਂਗ ਸ਼ਰਾਬ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ ਤਾਂ ਹੀ ਪੰਜਾਬ ਵਿਚ ਸੰਪੂਰਨ ਰੂਪ ਵਿਚ ਨਸ਼ਿਆਂ ਦਾ ਖਾਤਮਾ ਹੋ ਸਕਦਾ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।

ਕੁਦਰਤੀ ਸਰੋਤਾਂ ਦੀ ਸੰਭਾਲ
ਜੇ ਮਨੁੱਖ ਨੇ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਚੰਗੀ ਤਰ੍ਹਾਂ ਕੀਤੀ ਹੁੰਦੀ, ਹਵਾ-ਪਾਣੀ, ਚੌਗਿਰਦੇ ਅਤੇ ਧਰਤ ਨੂੰ ਸ਼ੁੱਧ ਰੱਖਿਆ ਹੁੰਦਾ ਤਾਂ ਸ਼ਾਇਦ ਅੱਜ ਕੋਰੋਨਾ ਵਾਇਰਸ ਵਰਗਾ ਕੋਈ ਡਰ ਮਨੁੱਖੀ ਜੀਵਨ ਲਈ ਨਾ ਬਣਦਾ। ਮਨੁੱਖ ਨੇ ਕੁਦਰਤੀ ਸਰੋਤਾਂ ਨੂੰ ਤਹਿਸ-ਨਹਿਸ ਕਰਕੇ ਆਪਣਾ ਜੀਵਨ ਸੁਖਾਲਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਕੁਦਰਤ ਨਾਲ ਛੇੜ-ਛਾੜ ਕਰਕੇ ਮਨੁੱਖ ਆਪਣਾ ਜੀਵਨ ਸੁਖਾਲਾ ਕਰ ਲਵੇਗਾ। ਕੁਦਰਤ ਨੇ ਆਪਣੇ ਅੰਦਰ ਇਕ ਸੰਤੁਲਨ ਬਣਾ ਕੇ ਰੱਖਿਆ ਹੈ। ਮਨੁੱਖ ਨੂੰ ਸੰਤੁਲਨ ਦੀ ਰਾਖੀ ਕਰਨੀ ਚਾਹੀਦੀ ਹੈ ਨਾ ਕਿ ਉਸ ਨਾਲ ਛੇੜਛਾੜ। ਮਨੁੱਖ ਦੀ ਆਧੁਨਿਕਤਾ ਭਰਪੂਰ ਜੀਵਨ ਸ਼ੈਲੀ ਕਦੇ ਵੀ ਆਰਾਮਦਾਇਕ ਨਹੀਂ ਹੋ ਸਕਦੀ। ਮਨੁੱਖ ਨੂੰ ਵਿਖਾਵੇ ਵਾਲੀ ਜ਼ਿੰਦਗੀ ਛੱਡ ਕੇ ਕੁਦਰਤ ਨਾਲ ਇਕ-ਮਿਕ ਹੋਣਾ ਚਾਹੀਦਾ ਹੈ। ਅੱਜ ਇਸ ਗੱਲ ਦੀ ਫਿਰ ਲੋੜ ਜਾਪੀ ਹੈ ਕਿ ਮਨੁੱਖ ਕੁਦਰਤ ਵੱਲ ਮੁੜੇ ਅਤੇ ਕੁਦਰਤੀ ਸਰੋਤਾਂ ਨੂੰ ਸੰਭਾਲੇ।

-ਪ੍ਰੋ: ਸ਼ੇਰ ਸਿੰਘ ਸੰਧੂ
ਪਿੰਡ ਤੇ ਡਾਕ: ਕੰਧਵਾਲਾ ਹਾਜ਼ਰ ਖਾਂ, ਜ਼ਿਲ੍ਹਾ ਫਾਜ਼ਿਲਕਾ।

ਆਪਸੀ ਟਕਰਾਅ
ਤੇ ਮਤਭੇਦ

ਬਿਲਕੁਲ ਸੱਚ ਜੀ ਅੱਜ ਪੂਰਨ ਤੌਰ 'ਤੇ ਧਾਰਮਿਕ, ਬ੍ਰਹਮਗਿਆਨੀ, ਧਾਰਮਿਕ ਜਥੇਬੰਦੀਆਂ ਅਤੇ ਧਰਮੀ ਬਾਬਿਆਂ ਦਾ ਆਪਸੀ ਟਕਰਾਅ ਅਤੇ ਵੱਧ ਰਹੇ ਮਤਭੇਦ ਦੇਸ਼ ਲਈ ਘਾਤਕ ਸਿੱਧ ਹੋ ਰਹੇ ਹਨ ਤੇ ਉਪਰੋਂ ਧਾਰਮਿਕ ਪ੍ਰੰਪਰਾਵਾਂ ਤੋਂ ਜਮਾ ਹੀ ਮੁਨਕਰ ਹੋ ਚੁੱਕੀ ਹੈ ਅੱਜ ਦੀ ਲੀਡਰਸ਼ਿਪ ਅਤੇ ਨੌਜਵਾਨ ਪੀੜ੍ਹੀ। ਪਰ ਸੋਚਣ ਤੇ ਵਿਚਾਰਨ ਵਾਲੀ ਗੱਲ ਹੈ ਕਿ ਅਸੀਂ ਇਨ੍ਹਾਂ ਆਪਸੀ ਮਤਭੇਦ ਅਤੇ ਖਿਚੋਤਾਣ ਵਿਚ ਹੀ ਸਮਾਂ ਖਰਾਬ ਕਰਦੇ ਰਹਾਂਗੇ? ਜਾਂ ਦੇਸ਼ ਨੂੰ ਅੱਗੇ ਤਰੱਕੀ ਦੀਆਂ ਰਾਹਾਂ ਵੱਲ ਵੀ ਲੈ ਜਾਣ ਦੀ ਸੋਚਾਂਗੇ?
ਮੈਂ ਇਹੀ ਕਹਾਂਗੀ ਕਿ ਧਾਰਮਿਕ ਜਥੇਬੰਦੀਆਂ ਦੇ ਟਕਰਾਅ ਅਤੇ ਆਪਸੀ ਮਤਭੇਦ ਸਾਡੇ ਲਈ ਅਤੇ ਦੇਸ਼ ਦੀ ਲਈ ਸ਼ੁੱਭ ਸੰਕੇਤ ਨਹੀਂ ਹਨ ਜੀ। ਸਾਨੂੰ ਸਭ ਨੂੰ ਚਾਹੀਦਾ ਹੈ ਕਿ ਇਕਮੁੱਠ ਹੋ ਕੇ ਆਉਣ ਵਾਲੀਆਂ ਮੁਸ਼ਕਿਲਾਂ ਦਾ ਸਾਹਮਣਾ ਕਰੀਏ ਅਤੇ ਕੋਈ ਪੁਖਤਾ ਹੱਲ ਕਰੀਏ ਤਾਂ ਜੋ ਮੁਸ਼ਕਿਲਾਂ ਤੋਂ ਪੱਕੇ ਤੌਰ'ਤੇ ਛੁਟਕਾਰਾ ਪਾਇਆ ਜਾਵੇ। ਇਸ ਲਈ ਧਰਮ ਦੇ ਨਾਮ 'ਤੇ ਲੜਾਈ, ਝਗੜੇ ਨਾ ਕਰੀਏ ਅਤੇ ਨਾ ਹੀ ਧਰਮ ਦੀਆਂ ਵੰਡੀਆਂ ਪਾਈਏ। ਸਗੋਂ ਸਭ ਧਰਮਾਂ ਦਾ ਦਿਲੋਂ ਸਤਿਕਾਰ ਕਰਕੇ ਆਪਸੀ ਪਿਆਰ ਵਧਾਈਏ।

-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।

ਸੋਚ-ਸਮਝ ਕੇ ਚੱਲੋ
ਕਾਹਲੀ ਵਿਚ ਕੀਤੇ ਕੰਮ ਨਾਲ ਸਾਡਾ ਕੋਈ ਨਾ ਕੋਈ ਨੁਕਸਾਨ ਜ਼ਰੂਰ ਹੁੰਦਾ ਹੈ। ਅਸੀਂ ਅਕਸਰ ਹੀ ਦੇਖਦੇ ਹਾਂ ਕਿ ਕਈ ਲੋਕ ਸਪੀਡ ਲਿਮਟ ਵਾਲੇ ਸਥਾਨਾਂ ਜਾਂ ਬਜ਼ਾਰਾਂ ਵਿਚੋਂ ਗੁਜ਼ਰਦੇ ਹੋਏ ਆਪਣੇ ਵਹੀਕਲ ਓਵਰ ਸਪੀਡ ਨਾਲ ਚਲਾਉਂਦੇ ਹਨ। ਕਈ ਵਾਹਨ ਚਲਾਉਂਦੇ ਸਮੇਂ ਨਸ਼ੇ ਦੀ ਹਾਲਤ ਵਿਚ ਆਪਣਾ ਵਹੀਕਲ ਸਾਰੀ ਸੜਕ 'ਤੇ ਹੀ ਘੁਮਾਉਂਦੇ ਨਜ਼ਰੀਂ ਪੈਂਦੇ ਹਨ, ਜੇ ਇਨ੍ਹਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਜਾਵੇ ਤਾਂ ਇਹ ਅੱਗੋਂ ਗ਼ਲਤ ਬੋਲਣ ਤੱਕ ਜਾਂਦੇ ਹਨ। ਅਜਿਹੇ ਮਨੁੱਖ ਜਿਥੇ ਕਈ ਵਾਰ ਆਪਣਾ ਨੁਕਸਾਨ ਤਾਂ ਕਰਦੇ ਹੀ ਹਨ ਉਥੇ ਸਾਹਮਣੇ ਤੋਂ ਆ ਰਹੇ ਕਈ ਬੇਕਸੂਰਾਂ ਨੂੰ ਸਦਾ ਲਈ ਅਪਾਹਜ ਕਰਕੇ ਸੁੱਟ ਦਿੰਦੇ ਹਨ। ਹਮੇਸ਼ਾ ਸੋਚ ਸਮਝ ਕੇ ਚੱਲਣਾ ਚਾਹੀਦਾ ਹੈ ਤਾਂ ਕਿ ਦੂਜਿਆਂ ਲਈ ਅਸੀਂ ਮੁਸੀਬਤ ਦਾ ਕਾਰਨ ਨਾ ਬਣੀਏ।

-ਰਮੇਸ਼ ਸਹਿਗਲ
ਨਿਊ ਕ੍ਰਿਸ਼ਨਾ ਕਲਾਥ ਹਾਊਸ, ਮੇਨ ਬਾਜ਼ਾਰ ਭੁਲੱਥ, ਜ਼ਿਲ੍ਹਾ ਕਪੂਰਥਲਾ।

22-05-2020

 ਨਾੜ ਨੂੰ ਅੱਗ

ਭਾਵੇਂ ਕਣਕ ਦੇ ਨਾੜ ਤੇ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਪੂਰੀ ਮਨਾਹੀ ਹੈ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਕੀਤਾ ਜਾ ਸਕਦਾ ਹੈ ਪ੍ਰੰਤੂ ਫਿਰ ਵੀ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗਾਂ ਲਗਾ ਕੇ ਜਿਥੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ, ਉਥੇ ਹੀ ਅੱਗ ਨਾਲ ਆਲੇ-ਦੁਆਲੇ ਲੱਗੇ ਰੁੱਖ ਅਤੇ ਉਨ੍ਹਾਂ ਉਪਰ ਪੰਛੀਆਂ ਵਲੋਂ ਬਣਾਏ ਆਲ੍ਹਣੇ ਸੜ ਕੇ ਸੁਆਹ ਹੋ ਰਹੇ ਹਨ। ਇਸ ਨਾਲ ਜ਼ਮੀਨ ਵਿਚ ਕਿਸਾਨਾਂ ਦੇ ਮਿੱਤਰ ਕੀੜੇ ਵੀ ਸੜ ਜਾਂਦੇ ਹਨ। ਕਈ ਵਾਰ ਕਿਸਾਨਾਂ ਵਲੋਂ ਲਗਾਈ ਰਹਿੰਦ-ਖੂੰਹਦ ਨੂੰ ਅੱਗ ਨਾਲ ਜੰਗਲਾਤ ਵਿਭਾਗ ਦੇ ਦਰੱਖਤ ਵੀ ਸੜ ਜਾਂਦੇ ਹਨ, ਜਿਸ ਨਾਲ ਕਾਫੀ ਨੁਕਸਾਨ ਹੋ ਰਿਹਾ ਹੈ। ਤਾਲਾਬੰਦੀ ਦੌਰਾਨ ਜਿਥੇ ਵਾਤਾਵਰਨ ਸਾਫ਼ ਹੋਇਆ ਸੀ, ਹੁਣ ਧੂੰਏਂ ਨਾਲ ਵਾਤਾਵਰਨ ਪਲੀਤ ਹੋਣ ਦੇ ਨਾਲ-ਨਾਲ ਦੁਰਘਟਨਾਵਾਂ ਵੀ ਵਾਪਰ ਰਹੀਆਂ ਹਨ। ਜਿਥੇ ਕਿਸਾਨਾਂ ਨੂੰ ਕਣਕ ਦੇ ਨਾੜ ਤੇ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਥੇ ਹੀ ਖੇਤੀਬਾੜੀ ਵਿਭਾਗ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।

ਮੈਂ ਇਕ ਕਿਸਾਨ ਹਾਂ

ਅੱਜ ਜਦੋਂ ਮੈਂ ਕਣਕ ਵੇਚ ਕੇ ਘਰ ਵਾਪਸ ਆਇਆ ਤਾਂ ਹਿਸਾਬ-ਕਿਤਾਬ ਕਰਨ ਲੱਗ ਪਿਆ ਕਿ ਦੇਖਾਂ ਮੈਂ ਕੀ ਲਾਇਆ ਤੇ ਕੀ ਕਮਾਇਆ। ਮੇਰੇ ਕੋਲ 7 ਕਨਾਲ ਜ਼ਮੀਨ ਹੈ ਜਿਸ 'ਤੇ ਸਿੰਚਾਈ ਲਈ ਇੰਜਣ ਲੱਗਿਆ ਹੋਇਆ ਹੈ। ਇਸ 7 ਕਨਾਲ ਤੋਂ ਮੈਂ 12 ਕੁਇੰਟਲ 20 ਕਿੱਲੋ ਕਣਕ ਵੇਚ ਕੇ 23,790 ਰੁਪਏ ਕਮਾ ਕੇ ਘਰ ਆਇਆ। ਇਕ ਝਾਤ ਖਰਚੇ ਵੱਲ ਮਾਰੀ ਤਾਂ ਖਾਦ ਡਾਇਆ 1200 ਰੁਪਏ, ਬੀਜ 1200 ਰੁਪਏ, ਯੂਰੀਆ ਦੋ ਬੋਰੀਆਂ 540 ਰੁਪਏ, ਖੇਤ ਵਹਾਈ 900 ਰੁਪਏ, ਕਣਕ ਬਿਜਾਈ 760 ਰੁਪਏ, ਨਦੀਨਨਾਸ਼ਕ ਦਵਾਈ 550 ਰੁਪਏ, ਟਿੱਡਾ ਤੇ ਪੀਲੀ ਸੁੰਡੀ ਦਵਾਈ 390 ਰੁਪਏ, ਕਣਕ ਕਟਾਈ 1400 ਰੁਪਏ, ਮੰਡੀ ਲੈ ਜਾਣ ਦਾ ਖ਼ਰਚਾ 1000 ਰੁਪਏ, ਕੁੱਲ ਬਣਿਆ ਖ਼ਰਚਾ 7940 ਰੁਪਏ। ਇਸ ਵਾਰ ਡੀਜ਼ਲ ਦਾ ਖ਼ਰਚਾ ਬਚ ਗਿਆ ਕਿਉਂਕਿ ਮੀਂਹ ਪੈਂਦੇ ਰਹਿਣ ਕਾਰਨ ਕਣਕ ਨੂੰ ਪਾਣੀ ਲਾਉਣ ਦੀ ਜ਼ਰੂਰਤ ਹੀ ਨਹੀਂ ਪਈ।
ਮੇਰੇ ਕੋਲ ਅਗਲੀ ਫ਼ਸਲ ਬੀਜਣ, ਆਪਣੇ ਪਰਿਵਾਰ ਚਲਾਉਣ, ਬੱਚਿਆਂ ਦੀ ਪੜ੍ਹਾਈ, ਦਵਾਈ-ਦਾਰੂ, ਘਰ ਗ੍ਰਹਿਸਥੀ ਆਦਿ ਲਈ ਬਚ ਗਏ 15850 ਰੁਪਏ। ਇਨ੍ਹਾਂ ਪੈਸਿਆਂ ਨੂੰ ਵੇਖ ਕੇ ਮੈਂ ਆਪਣੀ ਹੱਡ ਭੰਨਵੀਂ ਮਿਹਨਤ ਨੂੰ ਭੁੱਲ ਹੀ ਗਿਆ। ਇਹ ਕੋਈ ਮਨਘੜਤ ਕਹਾਣੀ ਨਹੀਂ, ਇਕ ਸਚਾਈ ਹੈ। ਕਾਸ਼! ਕੋਈ ਜ਼ਿੰਮੇਵਾਰ ਵਿਅਕਤੀ ਇਸ ਨੂੰ ਪੜ੍ਹ ਲਵੇ ਤੇ ਇਕ ਕਿਸਾਨ ਦੇ ਦਰਦ ਨੂੰ ਵੀ ਮਹਿਸੂਸ ਕਰੇ। ਕਿਉਂਕਿ ਵੱਧ ਲਾਗਤ ਤੇ ਘੱਟ ਆਮਦਨ ਹੀ ਕਿਸਾਨ ਦੇ ਗਲੇ ਦਾ ਫਾਹਾ ਬਣ ਰਹੇ ਹਨ।

-ਗੁਰਿੰਦਰ ਕਲੇਰ
ਪਿੰਡ ਤੇ ਡਾਕ: ਕਲੇਰ ਕਲਾਂ

21-05-2020

 ਕਰਫ਼ਿਊ ਪ੍ਰਕਿਰਤੀ ਲਈ ਵਰਦਾਨ
ਕੋਰੋਨਾ ਨਾਮਕ ਵਾਇਰਸ ਨੇ ਵਿਸ਼ਵ ਭਰ ਲਈ ਵੱਡੀ ਚਿੰਤਾ ਖੜ੍ਹੀ ਕਰ ਦਿੱਤੀ ਹੈ। ਹਰੇਕ ਮੁਲਕ ਇਸ ਤੋਂ ਬਚਾਅ ਲਈ ਪੂਰੀ ਵਾਹ ਲਗਾ ਰਿਹਾ ਹੈ। ਸਭ ਦੇ ਬਾਵਜੂਦ ਇਹ ਮਹਾਂਮਾਰੀ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਜਿਥੇ ਇਨਸਾਨ ਇਸ ਵਾਇਰਸ ਦੇ ਬੁਣੇ ਮੱਕੜ ਜਾਲ ਵਿਚ ਫਸਦਾ ਜਾ ਰਿਹਾ ਹੈ, ਉਥੇ ਕੁਦਰਤ ਇਨਸਾਨ ਦੀ ਕੈਦ ਵਿਚੋਂ ਮੁਕਤ ਹੋ ਰਹੀ ਹੈ। ਕਰਫ਼ਿਊ ਲੱਗਣ ਕਾਰਨ ਮਨੁੱਖ ਘਰਾਂ ਵਿਚ ਬੰਦ ਹੈ ਅਤੇ ਕੁਦਰਤ ਆਜ਼ਾਦ ਹੋ ਗਈ ਹੈ। ਇਸ ਸਾਫ਼ ਵਾਤਾਵਰਨ ਵਿਚ ਹਰੇਕ ਜੀਵ-ਜੰਤੂ ਦਾ ਸਾਹ ਲੈਣਾ ਸੌਖਾ ਹੋ ਗਿਆ ਹੈ। ਉਦਯੋਗਿਕ ਇਕਾਈਆਂ ਅਤੇ ਆਵਾਜਾਈ ਸਾਧਨਾਂ ਦੇ ਰੁਕਣ ਕਰਕੇ ਹਵਾ ਗੁਣਵੱਤਾ ਵਿਚ ਭਾਰੀ ਉਛਾਲ ਆਇਆ ਹੈ। ਭਾਂਤ-ਭਾਂਤ ਦੀ ਮਸ਼ੀਨਰੀ ਦੀ ਖੜ-ਖੜ ਅਤੇ ਲਾਊਡ ਸਪੀਕਰਾਂ ਦਾ ਰੌਲਾ-ਰੱਪਾ ਵੀ ਮੁੱਕ ਗਿਆ ਹੈ। ਹੁਣ ਸ਼ੁੱਧ ਅਤੇ ਸਾਫ਼ ਵਾਤਾਵਰਨ ਇਨਸਾਨੀ ਸਰੀਰ ਨੂੰ ਤੰਦਰੁਸਤੀ ਪ੍ਰਦਾਨ ਕਰ ਰਿਹਾ ਹੈ। ਪਹਿਲਾਂ ਪ੍ਰਦੂਸ਼ਿਤ ਵਾਤਾਵਰਨ ਵਿਚ ਹਵਾ ਪੱਧਰ 400 ਤੱਕ ਵੀ ਚਲਾ ਜਾਂਦਾ ਸੀ, ਜੋ ਹੁਣ 50 ਤੋਂ ਵੀ ਘੱਟ ਦਰਜ ਕੀਤਾ ਗਿਆ ਹੈ। ਅਸੀਂ ਆਪਣੀਆਂ ਲੋੜਾਂ ਹੱਦੋਂ ਵੱਧ ਵਧਾ ਲਈਆਂ ਹਨ, ਜਿਸ ਦਾ ਖਮਿਆਜ਼ਾ ਕੁਦਰਤ ਨੂੰ ਅਦਾ ਕਰਨਾ ਪੈਂਦਾ ਰਿਹਾ ਹੈ। ਆਜ਼ਾਦੀ ਤੋਂ ਲੈ ਕੇ ਹੁਣ ਤੱਕ ਕਈ ਵਾਰ ਦੇਸ਼ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜੋ ਧਾਰਮਿਕ, ਰਾਜਸੀ ਅਤੇ ਨਿੱਜੀ ਅਧਿਕਾਰਾਂ ਦੀ ਖਾਤਰ ਸੀ। ਪ੍ਰਕਿਰਤੀ ਦੀ ਸ਼ੁੱਧਤਾ ਲਈ ਕਦੇ ਦੇਸ਼ ਬੰਦ ਦੀ ਆਵਾਜ਼ ਨਹੀਂ ਉੱਠੀ। ਪਰਮਾਤਮਾ ਅੱਗੇ ਅਰਦਾਸ ਹੈ ਕਿ ਇਹ ਮਹਾਂਮਾਰੀ ਜਲਦੀ ਖ਼ਤਮ ਹੋ ਜਾਵੇ। ਪਰ ਅਸੀਂ ਲੰਮੇ ਸਮੇਂ ਲਈ ਲੱਗੇ ਕਰਫ਼ਿਊ ਤੋਂ ਜੀਵਨ ਜਾਚ ਸਬੰਧੀ ਸਹੀ ਸੇਧ ਦੇਣ ਵਾਲੇ ਤਜਰਬੇ ਜ਼ਰੂਰ ਗ੍ਰਹਿਣ ਕਰੀਏ। ਪਰਮਾਤਮਾ ਨੇ ਸ੍ਰਿਸ਼ਟੀ ਰਚਨਾ ਕਰ, ਆਪ ਇਸ ਵਿਚ ਵਾਸ ਕੀਤਾ ਹੈ। ਸਾਨੂੰ ਹਮੇਸ਼ਾ ਇਸ ਦੀ ਸਵੱਛਤਾ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ।

-ਗੁਰਪ੍ਰੀਤ ਸਿੰਘ ਔਲਖ
ਪਿੰਡ ਦਿਆਲਗੜ੍ਹ, ਬਟਾਲਾ।

ਸਰਕਾਰੀ ਅਧਿਆਪਕਾਂ 'ਤੇ ਦੂਹਰੀ ਮਾਰ
ਤਾਲਾਬੰਦੀ ਦੇ ਚਲਦਿਆਂ ਦੁਨੀਆ ਦੀ ਅਰਥਵਿਵਸਥਾ ਖੜੋਤ ਵਿਚ ਹੈ। ਪੰਜਾਬ ਸਰਕਾਰ ਹਮੇਸ਼ਾ ਵਾਂਗ ਖਜ਼ਾਨਾ ਖਾਲੀ ਹੋਣ ਦਾ ਢੰਡੋਰਾ ਪਿੱਟ ਰਹੀ ਹੈ। ਕੀ ਕੈਪਟਨ ਵਲੋਂ ਨਵੇਂ ਅਹੁਦਿਆਂ ਦੀ ਮਨਜ਼ੂਰੀ ਨਾਲ ਮੁਸ਼ਕਿਲ ਘੜੀ ਦੌਰਾਨ ਹੋਰ ਵਾਧੂ ਵਜ਼ਨ ਪੈ ਗਿਆ ਜਾਂ ਫਿਰ ਸਰਕਾਰ ਤੇ ਜਨਤਾ ਦਾ ਖਜ਼ਾਨਾ ਅਲੱਗ-ਅਲੱਗ ਹੈ। ਇਥੇ ਇਹ ਸਮਝੋਂ ਬਾਹਰ ਹੈ ਕਿ ਹਕੂਮਤ ਵਲੋਂ ਖ਼ਰਚਿਆਂ ਦੀ ਕਟੌਤੀ ਵਾਲੀ ਨੀਤੀ ਕੀ ਜਨਤਾ 'ਤੇ ਹੀ ਲਾਗੂ ਹੁੰਦੀ ਹੈ। ਪਹਿਲਾਂ ਊਣੇ ਖਜ਼ਾਨੇ ਦੇ ਬਹਾਨੇ ਜ਼ਬਰਦਸਤੀ ਅਧਿਆਪਕਾਂ ਤੋਂ 2 ਸਾਲ 65 ਫ਼ੀਸਦੀ ਤਨਖ਼ਾਹ 'ਤੇ ਕੰਮ ਕਰਵਾਇਆ।
ਮੈਡੀਕਲ ਬਿੱਲ ਤੇ ਡੀ.ਏ. ਦੀਆਂ ਕਿਸ਼ਤਾਂ ਦਾ ਕਰੋੜਾਂ ਰੁਪਏ ਸਰਕਾਰ ਪਹਿਲਾਂ ਦੱਬੀ ਬੈਠੀ ਹੈ। ਹੁਕਮਰਾਨ ਪਾਰਟੀ ਸਮੇਤ ਦੂਜੇ ਵਿਧਾਇਕਾਂ ਦਾ ਕਦੇ ਕੋਈ ਤਨਖ਼ਾਹ ਕਟੌਤੀ, ਭੱਤਾ ਜਾਂ ਬਿੱਲ ਰੁਕਦੇ ਨਹੀਂ ਪੜ੍ਹਿਆ। ਕਰਮਚਾਰੀਆਂ ਨੂੰ ਸਰਕਾਰੀ ਤਨਖ਼ਾਹ ਕਟਵਾਉਣ 'ਤੇ ਜ਼ੋਰ ਪਾ ਰਹੀ ਹੈ ਤੇ ਆਪਣੀ ਸਿਰਫ ਬੇਸਿਕ ਤਨਖ਼ਾਹ ਵਿਚੋਂ ਹੀ ਕਟੌਤੀ ਕਰਵਾਉਣੀ ਹੈ। ਸਾਰੇ ਅਧਿਆਪਕਾਂ ਨੂੰ ਘਰੋਂ ਮੋਬਾਈਲ 'ਤੇ ਕੰਮ ਕਰਨ ਦੀਆਂ ਸਖ਼ਤ ਹਦਾਇਤਾਂ ਹਨ। ਜਿਸ ਵਿਚ ਆਨਲਾਈਨ ਮੀਟਿੰਗਾਂ, ਬੱਚਿਆਂ ਨੂੰ ਰੋਜ਼ ਵਟਸਐਪ ਰਾਹੀਂ ਪੜ੍ਹਾਉਣਾ ਅਤੇ ਸਟਾਫ ਦਾ ਆਪਸੀ ਤਾਲਮੇਲ ਵੀ ਜ਼ਰੂਰੀ ਹੈ।
ਮੋਬਾਈਲ ਕਾਲ ਨਾਲ ਲੋਕਾਂ ਨੂੰ ਦਾਖ਼ਲੇ ਲਈ ਵੀ ਉਤਸ਼ਾਹਿਤ ਕਰਨਾ ਹੈ। ਪਰ ਸਕੂਲ ਨਾ ਜਾਣ ਕਾਰਨ ਅਧਿਆਪਕਾਂ ਨੂੰ ਮਿਲਦਾ ਮੋਬਾਈਲ ਭੱਤਾ ਬੰਦ ਕਰ ਦਿੱਤਾ। ਕੀ ਅਜਿਹੇ ਹੁਕਮ ਮੁੱਖ ਮੰਤਰੀ ਨੇ ਘਰੋਂ ਕੰਮ ਕਰਦੇ ਵਿਧਾਇਕਾਂ, ਨਿੱਜੀ ਸਟਾਫ ਜਾਂ ਆਪਣੇ ਆਪ 'ਤੇ ਵੀ ਲਾਗੂ ਕੀਤੇ ਹਨ?

-ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ
ਪਿੰਡ ਨੱਥੂ ਮਾਜਰਾ।

ਗੁਆਚੇ ਹਾਸੇ
ਭਾਵੇਂ ਅਸੀਂ ਬਹੁਤ ਸਾਰੀ ਤਰੱਕੀ ਕਰਕੇ ਜੀਵਨ ਵਿਚ ਖੁਸ਼ੀਆਂ ਭਰਨ ਲਈ ਕਿੰਨੀਆਂ ਹੀ ਸੁਖਦਾਈ ਵਸਤੂਆਂ ਦਾ ਨਿਰਮਾਣ ਕਰ ਲਿਆ ਹੈ। ਪਰ ਫਿਰ ਵੀ ਖੁਸ਼ੀ ਅਤੇ ਹਾਸਾ ਸਾਡੇ ਚਿਹਰੇ ਤੋਂ ਗਾਇਬ ਹੁੰਦਾ ਜਾ ਰਿਹਾ ਹੈ। ਹਾਲ ਹੀ ਵਿਚ ਸੰਸਾਰ ਪੱਧਰ 'ਤੇ ਲੋਕਾਂ ਦੀ ਖੁਸ਼ੀ ਦਾ ਸਰਵੇ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਸੰਸਥਾ 'ਸਸਟੈਨੇਬਲ ਡਿਵੈਲਪਮੈਂਟ ਨੈੱਟਵਰਕ' ਨੇ ਆਪਣੀ 'ਵਰਲਡ ਹੈਪੀਨੈੱਸ-2020' ਸਬੰਧੀ ਸਾਲਾਨਾ ਰਿਪੋਰਟ ਜਾਰੀ ਕੀਤੀ ਹੈ। ਕੁੱਲ 156 ਦੇਸ਼ਾਂ ਦੇ ਕੀਤੇ ਗਏ ਸਰਵੇਖਣ ਵਿਚ ਅਸੀਂ ਭਾਰਤੀ ਲੋਕ ਖੁਸ਼ ਰਹਿਣ ਦੇ ਖੇਤਰ ਵਿਚ 144ਵੇਂ ਨੰਬਰ 'ਤੇ ਹਾਂ। ਇਸ ਰਿਪੋਰਟ ਅਨੁਸਾਰ ਅਸੀਂ ਹਰੇਕ ਸਾਲ ਜ਼ਿਆਦਾ ਨਾਖੁਸ਼ ਹੁੰਦੇ ਜਾ ਰਹੇ ਹਾਂ। ਕਿਉਂਕਿ ਪਿਛਲੇ ਸਾਲ ਅਸੀਂ ਭਾਰਤੀ ਲੋਕ 133ਵੇਂ ਅਤੇ 10 ਕੁ ਸਾਲ ਪਹਿਲਾਂ 111ਵੇਂ ਸਥਾਨ ਉੱਪਰ ਸਾਂ। ਕੁਝ ਕੁ ਅਤੀ ਪਛੜੇ ਦੇਸ਼ ਹੀ ਸਾਡੇ ਤੋਂ ਪਿੱਛੇ ਹਨ ਵਰਨਾ ਅਸੀਂ ਦੁਨੀਆ ਦੇ ਸਭ ਤੋਂ ਨਾਖੁਸ਼ ਲੋਕ ਹਾਂ। ਅਜਿਹੀ ਨਖੁਸ਼ੀ ਦਾ ਕਾਰਨ ਸਾਡੇ ਵਲੋਂ 'ਪ੍ਰਾਪਤ' ਸੁੱਖ ਸਹੂਲਤਾਂ ਦਾ ਆਨੰਦ ਨਾ ਲੈ ਕੇ ਪਹੁੰਚ ਤੋਂ ਦੂਰ ਸੁੱਖ ਸਹੂਲਤਾਂ ਵੱਲ ਨੂੰ ਦੌੜਨਾ ਹੈ। ਇਸ ਰਿਪੋਰਟ ਦੀ ਗੰਭੀਰਤਾ ਨੂੰ ਸਮਝਣ ਦੀ ਲੋੜ ਹੈ ਅਤੇ ਆਪਣੇ ਆਪ ਨੂੰ ਬੇਲੋੜੀਆਂ ਇੱਛਾਵਾਂ ਤੋਂ ਮੁਕਤ ਰੱਖਣਾ ਚਾਹੀਦਾ ਹੈ। ਸਾਨੂੰ ਇਹ ਗੱਲ ਭਲੀ-ਭਾਂਤ ਸਮਝ ਲੈਣੀ ਚਾਹੀਦੀ ਹੈ ਕਿ ਖੁਸ਼ੀ ਸੰਸਾਰਕ ਵਸਤੂਆਂ ਵਿਚੋਂ 'ਬਾਹਰੋਂ' ਨਹੀਂ ਬਲਕਿ ਆਪਣੇ ਮਨ ਦੇ ਪੱਧਰ ਤੇ 'ਅੰਦਰੋਂ' ਪ੍ਰਾਪਤ ਕੀਤੀ ਜਾ ਸਕਦੀ ਹੈ।

-ਲੈਕਚਰਾਰ ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।

20-05-2020

ਪੰਜਾਬ ਦੀ ਜਵਾਨੀ
ਪੰਜਾਬ ਵਿਚ ਬਹੁਤ ਸਾਰੇ ਗਾਇਕ ਪੰਜਾਬ ਦੀ ਨੌਜਵਾਨੀ ਨੂੰ ਬੇਸ਼ੱਕ ਆਪਣੇ ਵੱਲ ਖਿੱਚ ਰਹੇ ਹਨ। ਉਨ੍ਹਾਂ ਦੇ ਗੀਤਾਂ ਵਿਚ ਬੇਸ਼ੱਕ ਕੱਢਣ ਪਾਉਣ ਨੂੰ ਕੁਝ ਨਹੀਂ। ਪੰਜਾਬ ਦੀ ਅੱਲ੍ਹੜ ਤੇ ਉੱਭਰਦੀ ਜਵਾਨੀ ਉਨ੍ਹਾਂ ਨੂੰ ਪਸੰਦ ਕਰਦੀ ਹੈ। ਗੀਤਾਂ ਵਿਚ ਕੋਈ ਆਪਣੇ-ਆਪ ਨੂੰ ਮਾਂ-ਬੋਲੀ ਦਾ ਪਹਿਰੇਦਾਰ ਦੱਸ ਰਿਹਾ, ਕੋਈ ਟੂ ਪਾਕ ਬਣਦਾ। ਮਾਂ-ਬੋਲੀ ਦੇ ਪਹਿਰੇਦਾਰਾਂ ਦਾ ਉਦੋਂ ਪਤਾ ਚੱਲ ਹੀ ਜਾਂਦਾ ਜਦੋਂ ਟਿਕਟ ਜਾਂ ਕਿਸੇ ਹੋਰ ਲਾਲਚ ਵਿਚ ਮਾਂ ਦੀ ਜਗ੍ਹਾ ਮਾਸੀ ਨੂੰ ਵਧ ਅਹਿਮੀਅਤ ਮਿਲ ਜਾਂਦੀ ਹੈ। ਗੱਲ ਕਰੀਏ ਟੂ ਪਾਕ ਦੀ। ਟੂ ਪਾਕ ਇਕ ਅਜਿਹਾ ਵਿਦੇਸ਼ੀ ਗਾਇਕ ਸੀ, ਜਿਸ ਨੇ ਆਪਣੇ ਕਾਲੇ ਲੋਕਾਂ ਦੀ ਗੁਲਾਮੀ ਖਿਲਾਫ਼ ਗਾਇਆ, ਨਸਲਵਾਦ ਖਿਲਾਫ਼ ਗਾਇਆ ਜੋ ਗਾਉਂਦਾ-ਗਾਉਂਦਾ ਆਪਣੇ ਲੋਕਾਂ ਲਈ ਸ਼ਹੀਦ ਹੋਇਆ। ਪਰ ਇਹ ਟੂ ਪਾਕ ਦੀਆਂ ਪੈੜਾਂ ਵਿਚ ਪੈੜ ਰੱਖਣ ਦੇ ਚਾਹਵਾਨ ਪੰਜਾਬੀ ਗਾਇਕ ਸਟੇਟ ਦੀ ਖਾਤਰਦਾਰੀ ਕਰਦੇ ਨਜ਼ਰ ਆ ਰਹੇ ਹਨ। ਆਪਣੇ ਪੰਜਾਬੀ ਲੋਕਾਂ ਖਿਲਾਫ਼ ਹੁੰਦੇ ਜਬਰ ਖਿਲਾਫ਼ ਇਨ੍ਹਾਂ ਇਕ ਵੀ ਗੀਤ ਨਹੀਂ ਗਾਇਆ। ਸਗੋਂ ਪੰਜਾਬੀਆਂ ਦਾ ਭੰਡੀ ਪ੍ਰਚਾਰ ਕਰ ਕੇ ਆਪਣੀ ਤਾਰੀਫ਼ ਆਪਣੇ ਹੀ ਭਾੜੇ ਦੇ ਲੋਕਾਂ ਜਾਂ ਆਪਣੇ ਭਗਤਾਂ ਤੋਂ ਕਰਵਾ ਰਹੇ ਹਨ। ਇਨ੍ਹਾਂ ਦੇ ਭਗਤ ਉਨ੍ਹਾਂ ਨੂੰ ਗਾਲਾਂ ਕੱਢਦੇ ਹਨ। ਗਾਣਿਆਂ ਵਿਚ ਪੁਲਿਸ ਨੂੰ 'ਮਾਮੇ' ਕਹਿਣ ਵਾਲਿਆਂ ਦੀ ਹਕੀਕਤ ਕੁਝ ਹੋਰ ਹੀ ਹੈ। ਇਨ੍ਹਾਂ ਨੂੰ ਚਾਹੀਦਾ ਹੈ ਕਿ ਗਾਓ ਗਾਣੇ ਆਪਣੀ ਪੰਜਾਬੀਅਤ ਲਈ, ਆਪਣੇ ਹੱਕਾਂ ਲਈ। ਮਨੋਰੰਜਨ ਦੇ ਨਾਂਅ 'ਤੇ ਕਿੰਨਾ ਕੁ ਚਿਰ ਰਫ਼ਲਾਂ ਚਲਾ ਕੇ ਹਕੀਕਤ ਵਿਚ ਬਿਗਾਨੇ ਪੁੱਤਾਂ ਨੂੰ ਮਰਵਾਉਂਦੇ ਰਹੋਗੇ। ਮਸਲੇ ਉਠਾਓ, ਅਸਲ੍ਹੇ ਨਹੀਂ। ਹਾਂ, ਜਿਹੜੇ ਗਾਇਕ ਪਹਿਲਾਂ ਤੋਂ ਪੰਜਾਬੀਅਤ ਲਈ ਥੋੜ੍ਹਾ ਬਹੁਤ ਪਹਿਲਾਂ ਤੋਂ ਕੁਝ ਕਰ ਰਹੇ ਹਨ, ਉਨ੍ਹਾਂ ਨੂੰ ਲੱਖ ਵਾਰੀ ਸਿਜਦਾ। ਉਮੀਦ ਹੈ ਨਵੇਂ ਨਿਤਰਨਗੇ।

-ਗੁਰਦਿੱਤ ਸਿੰਘ ਸੇਖੋਂ
ਪਿੰਡ ਤੇ ਡਾਕ: ਦਲੇਲ ਸਿੰਘ ਵਾਲਾ।

ਗ਼ਰੀਬਾਂ ਦੀ ਵੀ ਸੁਣੋ
ਦੇਸ਼ ਵਿਚ ਤਾਲਾਬੰਦੀ ਹੋਏ ਨੂੰ ਕਰੀਬ ਦੋ ਮਹੀਨੇ ਹੋ ਵਾਲੇ ਹਨ। ਸਮੁੱਚਾ ਦੇਸ਼ ਬੰਦ ਹੋਣ ਕਾਰਨ ਅਰਥ-ਵਿਵਸਥਾ ਪਟੜੀ ਤੋਂ ਲਹਿ ਚੁੱਕੀ ਹੈ। ਕਾਰੋਬਾਰ, ਕੰਮ-ਧੰਦੇ ਸਭ ਠੱਪ ਹੋ ਚੁੱਕੇ ਹਨ। ਖਾਲੀ ਹੱਥ ਘਰੇ ਬੈਠੇ ਮਜ਼ਦੂਰ ਲੋਕਾਂ ਕੋਲ ਜ਼ਰੂਰੀ ਸਾਮਾਨ ਖਰੀਦਣ ਲਈ ਵੀ ਹੁਣ ਪੈਸੇ ਨਹੀਂ ਹਨ। ਕੋਰੋਨਾ ਕਾਹਦਾ ਆਇਆ ਗ਼ਰੀਬਾਂ ਲਈ ਜ਼ਿੰਦਗੀ ਮੌਤ ਦਾ ਸਵਾਲ ਬਣ ਗਿਆ। ਗ਼ਰੀਬ ਦਾ ਕੋਰੋਨਾ ਤੋਂ ਤਾਂ ਸ਼ਾਇਦ ਬਚਾਅ ਹੋ ਜਾਵੇਗਾ ਪਰ ਇਕ ਦਿਨ ਭੁੱਖ ਨਾਲ ਜ਼ਰੂਰ ਮਰ ਜਾਣਗੇ। ਲੋਕੀਂ ਛੋਟੇ ਬੱਚਿਆਂ ਨੂੰ ਮੋਢਿਆਂ 'ਤੇ ਚੁੱਕ ਕੇ 700 ਤੋਂ 1000 ਕਿਲੋਮੀਟਰ ਦੂਰੀ ਤੱਕ ਭੁੱਖਣ-ਭਾਣੇ ਆਪਣੇ ਘਰਾਂ ਨੂੰ ਤੁਰ ਪਏ। ਜੋ ਲੁਕ-ਛਿਪ ਕੇ ਟਰੱਕਾਂ ਜਾਂ ਕੰਟੇਨਰਾਂ 'ਚ ਆ ਰਹੇ ਸਨ, ਉਨ੍ਹਾਂ ਨੂੰ ਪੁਲਿਸ ਵਾਲਿਆਂ ਦੀ ਕੁੱਟ ਦਾ ਸ਼ਿਕਾਰ ਹੋਣਾ ਪਿਆ। ਇਹ ਲੋਕੀਂ ਆਪਣੇ ਦੇਸ਼ 'ਚ ਹੀ ਬੇਗਾਨੇ ਹੋ ਕੇ ਰਹਿ ਗਏ ਹਨ। ਜਦੋਂ ਕਿ ਜਹਾਜ਼ਾਂ ਰਾਹੀਂ ਬਾਹਰਲੇ ਮੁਲਕਾਂ 'ਚੋਂ ਆਉਣ ਵਾਲੇ ਭਾਰਤੀਆਂ ਨੂੰ ਮਹਿੰਗੇ ਹੋਟਲਾਂ 'ਚ ਠਹਿਰਾਉਣ ਦਾ ਪੂਰਾ ਪ੍ਰਬੰਧ ਸਰਕਾਰਾਂ ਕਰ ਰਹੀਆਂ ਹਨ। ਇਕ ਗਰਭਵਤੀ ਔਰਤ ਨਾਸਿਕ ਤੋਂ ਆਪਣੇ ਘਰ ਮੱਧ ਪ੍ਰਦੇਸ਼ ਇਕ ਹਜ਼ਾਰ ਕਿਲੋਮੀਟਰ ਆਪਣੇ ਪਤੀ ਸਮੇਤ ਤੁਰ ਪੈਂਦੀ ਹੈ। 70ਕਿਲੋਮੀਟਰ ਤੁਰਨ ਤੋਂ ਬਾਅਦ ਸੜਕ 'ਤੇ ਹੀ ਇਕ ਬੱਚੇ ਨੂੰ ਜਨਮ ਦਿੰਦੀ ਹੈ। ਬੱਚੇ ਦੇ ਜਨਮ ਦੇ ਇਕ ਘੰਟੇ ਬਾਅਦ ਔਰਤ ਨਵ-ਜਨਮੇ ਬੱਚੇ ਨੂੰ ਲੈ ਕੇ ਫਿਰ 160 ਕਿਲੋਮੀਟਰ ਫਿਰ ਤੁਰਦੀ ਹੈ। ਧੰਨ ਹੈ ਮੇਰੇ ਦੇਸ਼ ਦੀ ਸਰਕਾਰ। ਪਰ ਸਰਕਾਰਾਂ ਨੇ ਲੋਕਾਂ ਨੂੰ ਆਪਣੇ ਹਾਲ 'ਤੇ ਛੱਡ ਦਿੱਤਾ ਹੈ। ਆਉਣ ਵਾਲਾ ਸਮਾਂ ਗ਼ਰੀਬਾਂ ਲਈ ਹੋਰ ਵੀ ਦੁਖਦਾਈ ਹੋ ਸਕਦਾ ਹੈ।

-ਪਰਮ ਪਿਆਰ ਸਿੰਘ, ਨਕੋਦਰ।

ਸੜਕਾਂ ਦੀ ਸਫ਼ਾਈ
ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਲੱਗੀ ਤਾਲਾਬੰਦੀ ਕਰਕੇ ਸੜਕਾਂ 'ਤੇ ਆਵਾਜਾਈ ਨਾਮਾਤਰ ਹੀ ਹੈ। ਅਜਿਹੇ ਸਮੇਂ ਸਰਕਾਰ ਨੂੰ ਸੜਕਾਂ ਦੀ ਸਫ਼ਾਈ ਕਰਵਾ ਲੈਣੀ ਚਾਹੀਦੀ ਹੈ। ਸੜਕਾਂ ਦੀ ਬਣਦੀ ਮੁਰੰਮਤ ਵੀ ਕਰਵਾ ਲੈਣੀ ਚਾਹੀਦੀ ਹੈ। ਸੜਕਾਂ ਦੇ ਕੰਢਿਆਂ 'ਤੇ ਜੋ ਵੱਡਾ-ਵੱਡਾ ਘਾਹ ਉੱਗਿਆ ਹੋਇਆ ਹੈ, ਉਸ ਨੂੰ ਵੀ ਸਾਫ਼ ਕਰਵਾ ਦੇਣਾ ਚਾਹੀਦਾ ਹੈ। ਸੜਕਾਂ ਕਿਨਾਰੇ ਲਾਏ ਪੌਦਿਆਂ ਦੀ ਬਣਦੀ ਛੰਗਾਈ ਕਰਵਾ ਦੇਣੀ ਚਾਹੀਦੀ ਹੈ। ਸੜਕਾਂ ਸਾਫ਼ ਹੋਣ ਨਾਲ ਵਾਹਨ ਚਾਲਕ ਦੇ ਅੱਖਾਂ ਵਿਚ ਮਿੱਟੀ-ਘੱਟਾ ਨਹੀਂ ਪਵੇਗਾ ਅਤੇ ਸੜਕੀ ਦੁਰਘਟਨਾਵਾਂ ਹੋਣ ਤੋਂ ਵੀ ਬਚਾ ਹੋ ਜਾਵੇਗਾ। ਇਸ ਤੋਂ ਇਲਾਵਾ ਪਿੰਡਾਂ-ਸ਼ਹਿਰਾਂ ਦੀਆਂ ਗਲੀਆਂ-ਮੁਹੱਲਿਆਂ ਵਿਚ ਹੋਣ ਵਾਲੇ ਕੰਮ ਨੂੰ ਵੀ ਪੂਰਾ ਕਰ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਜਿਥੇ ਵਿਹਲੇ ਬੈਠੇ ਮਜ਼ਦੂਰਾਂ ਨੂੰ ਕੰਮ ਮਿਲੇਗਾ, ਉਥੇ ਬਿਨਾਂ ਕਿਸੇ ਨੂੰ ਪ੍ਰੇਸ਼ਾਨੀ ਹੋਏ ਇਹ ਕੰਮ ਵੀ ਨਿਬੜ ਜਾਣਗੇ। ਇਨ੍ਹਾਂ ਕੰਮਾਂ ਲਈ ਸਥਾਨਕ ਮਜ਼ਦੂਰਾਂ ਜਾਂ ਸਬੰਧਿਤ ਵਿਭਾਗ ਦੇ ਕਾਮਿਆਂ ਨੂੰ ਲਾਇਆ ਜਾ ਸਕਦਾ ਹੈ। ਪਰ ਕੋਰੋਨਾ ਤੋਂ ਬਚਣ ਲਈ ਜੋ ਪ੍ਰਹੇਜ਼ ਅਤੇ ਹਦਾਇਤਾਂ ਹਨ, ਉਨ੍ਹਾਂ ਦੀ ਪਾਲਣਾ ਅਤੇ ਟ੍ਰੇਨਿੰਗ ਇਨ੍ਹਾਂ ਕਾਮਿਆਂ ਨੂੰ ਪਹਿਲਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।

-ਹਰਪ੍ਰੀਤ ਮਾਣਕ ਮਾਜਰਾ
ਪਿੰਡ ਮਾਣਕ ਮਾਜਰਾ, ਤਹਿ: ਖੰਨਾ, ਜ਼ਿਲ੍ਹਾ ਲੁਧਿਆਣਾ।

ਵਿਦਿਆਰਥੀ ਲਈ ਵਿੱਤੀ ਸਹਾਇਤਾ
ਕੋਰੋਨਾ ਕਾਰਨ ਅੱਜ ਸਾਰੇ ਦੇਸ਼ ਦੇ ਸਕੂਲ ਬੰਦ ਪਏ ਹਨ। ਵਿਦਿਆਰਥੀਆਂ ਦੇ ਦਾਖਲੇ ਤੇ ਪੜ੍ਹਾਈ ਇੰਟਰਨੈੱਟ ਦੀ ਮਦਦ ਨਾਲ ਆਨਲਾਈਨ ਸ਼ੁਰੂ ਕੀਤੀ ਗਈ ਹੈ। ਪੰਜਾਬ ਦੇ ਬਹੁਤ ਸਾਰੇ ਵਿਦਿਆਰਥੀ ਅਜਿਹੇ ਵੀ ਹਨ ਜਿਨ੍ਹਾਂ ਦੇ ਘਰਾਂ ਵਿਚ ਇਕ ਵੀ ਸਮਾਰਟ ਫੋਨ ਨਹੀਂ, ਉਨ੍ਹਾਂ ਨੂੰ ਗੁਆਂਢੀਆਂ ਦੇ ਘਰਾਂ 'ਚ ਜਾ ਕੇ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਸਮਾਰਟ ਫੋਨ ਤੇ ਦਸ-ਦਸ ਵਿਦਿਆਰਥੀ ਕਲਾਸ ਲਾਉਣ ਤੇ ਮਜਬੂਰ ਹਨ। ਉਨ੍ਹਾਂ ਦੀਆਂ ਅੱਖਾਂ ਸਰਕਾਰ ਦੇ ਸਮਾਰਟ ਫੋਨਾਂ ਨੂੰ ਉਡੀਕ ਰਹੀਆਂ ਹਨ। ਆਰਥਿਕ ਤੌਰ 'ਤੇ ਕਮਜ਼ੋਰ ਮਾਪੇ ਬੱਚਿਆਂ ਦੀਆਂ ਇਛਾਵਾਂ ਵੀ ਪੂਰੀਆਂ ਨਹੀਂ ਕਰ ਸਕਦੇ। ਬਹੁਤ ਸਾਰੇ ਮਾਪੇ ਅਜਿਹੇ ਵੀ ਹਨ ਜਿਨ੍ਹਾਂ ਕੋਲ ਦੋ ਵਕਤ ਦੀ ਰੋਟੀ ਮਸਾਂ ਜੁੜਦੀ ਹੈ, ਉਹ ਬੱਚਿਆਂ ਨੂੰ ਪੈੱਨ, ਪੈਨਸਿਲ, ਕਾਪੀਆਂ ਆਦਿ ਵੀ ਨਹੀਂ ਲੈ ਕੇ ਦੇ ਸਕਦੇ। ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦੇ ਹੱਥ ਖੜ੍ਹੇ ਹੋ ਗਏ ਹਨ। ਜੇਕਰ ਨਵੇਂ ਸੈਸ਼ਨ ਵਿਚ ਦਾਖਲ ਹੋਏ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਵਿੱਤੀ ਸਹਾਇਤਾ ਦਿੱਤੀ ਜਾਵੇ ਤਾਂ ਉਹ ਥੋੜ੍ਹੀ ਰਾਹਤ ਮਹਿਸੂਸ ਕਰਨ ਤੇ ਪੜ੍ਹਾਈ ਨਾਲ ਸਬੰਧਿਤ ਹੋ ਰਹੇ ਖਰਚਿਆਂ ਨੂੰ ਵੀ ਪੂਰਾ ਕਰ ਸਕਣਗੇ। ਇਸ ਤਰ੍ਹਾਂ ਵਿਦਿਆਰਥੀਆਂ ਦਾ ਮਨੋਬਲ ਹੋਰ ਵੀ ਵਧੇਰੇ ਵਧੇਗਾ ਤੇ ਪੜ੍ਹਾਈ ਵੀ ਮਨ ਲਾ ਕੇ ਕਰਨਗੇ।

-ਸੁਰਜੀਤ ਸਿੰਘ ਦਿਲਾਰਾਮ, ਫਿਰੋਜ਼ਪੁਰ।

ਕਿਸਾਨਾਂ ਲਈ ਰਾਹਤ
ਅੱਜ ਸਰਕਾਰ ਕਿਸਾਨਾਂ ਨੂੰ ਰਾਹਤ ਦੇਣ ਦੇ ਸਥਾਨ 'ਤੇ ਕਰਜ਼ਾਈ ਬਣਾਉਣ ਦਾ ਪੈਕੇਜ਼ ਐਲਾਨ ਰਹੀ ਹੈ ਜਦੋਂ ਕਿ ਪਿਛਲੇ ਸਮੇਂ ਅੰਦਰ ਕਿਸਾਨਾਂ ਵਲੋਂ ਖ਼ੁਦਕੁਸ਼ੀਆਂ ਕਰਨ ਦਾ ਸਭ ਤੋਂ ਵੱਡਾ ਕਾਰਨ ਕਰਜ਼ਾ ਹੀ ਸੀ। ਜੇਕਰ ਅਸੀਂ ਪਿਛੋਕੜ ਵੱਲ ਝਾਤੀ ਮਾਰੀਏ ਤਾਂ ਪਤਾ ਲਗਦਾ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਫਸਲੀ ਮੁੱਲ ਦੇਣ ਦੇ ਸਥਾਨ 'ਤੇ ਨਿਗੁਣਾ ਮੁੱਲ ਦਿੱਤਾ ਜਾਂਦਾ ਰਿਹਾ ਹੈ। ਦਰਅਸਲ ਸਰਕਾਰ ਦੁਆਰਾ ਪੂੰਜੀਪਤੀ ਘਰਾਣਿਆਂ ਨੂੰ ਖ਼ੁਸ਼ ਕਰਨ ਲਈ ਇਹ ਚਾਲ ਚੱਲੀ ਗਈ। ਪਹਿਲਾਂ ਕਿਸਾਨਾਂ ਨੂੰ ਕਰਜ਼ਾਈ ਬਣਾਇਆ ਗਿਆ ਅਤੇ ਬਾਅਦ ਵਿਚ ਉਨ੍ਹਾਂ ਦੀਆਂ ਜ਼ਮੀਨਾਂ ਦੀ ਕੁਰਕੀ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਫਿਰ ਜਦੋਂ ਕਿਸਾਨ ਆਪਣੀ ਹਾਲਤ ਨੂੰ ਮੁੜ ਪੈਰਾਂ ਸਿਰ ਖੜ੍ਹਾ ਕਰਨ ਲਈ ਕਾਮਯਾਬ ਨਾ ਹੋਇਆ ਤਾਂ ਉਹ ਖੁਦਕੁਸ਼ੀਆਂ ਦੇ ਰਾਹ ਪੈ ਗਿਆ। ਜੇਕਰ ਸਰਕਾਰ ਭਗੌੜੇ ਪੂੰਜੀਪਤੀਆਂ ਦਾ ਕਰਜ਼ਾ ਮੁਆਫ਼ ਕਰ ਸਕਦੀ ਹੈ ਤਾਂ ਹਰ ਵਕਤ ਮਿਹਨਤ ਕਰਕੇ ਦੇਸ਼ ਨੂੰ ਪਾਲਣ ਵਾਲੇ ਦਾ ਕਰਜ਼ਾ ਮੁਆਫ਼ ਕਿਉਂ ਨਹੀਂ ਕੀਤਾ ਜਾ ਸਕਦਾ? ਅਜੇ ਵੀ ਸਰਕਾਰ ਨੂੰ ਆਪਣੇ ਫ਼ੈਸਲੇ ਪ੍ਰਤੀ ਮੁੜ ਨਜ਼ਰਸਾਨੀ ਕਰਨੀ ਚਾਹੀਦੀ ਹੈ ਅਤੇ ਜੇਕਰ ਸੱਚਮੁੱਚ ਹੀ ਉਹ ਕਿਸਾਨਾਂ ਦਾ ਭਲਾ ਚਾਹੁੰਦੀ ਹੈ ਤਾਂ ਉਨ੍ਹਾਂ ਦਾ ਪਿਛਲਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ।

-ਹਰਨੰਦ ਸਿੰਘ ਬੱਲਿਆਂਵਾਲਾ, ਤਰਨ ਤਾਰਨ।

18-05-2020

 ਕੱਟੇ ਨੀਲੇ ਕਾਰਡ ਚਾਲੂ ਕੀਤੇ ਜਾਣ

ਪੰਜਾਬ 'ਚ ਕਰਫ਼ਿਊ ਕਾਰਨ ਗਰੀਬ ਵਰਗ ਦੇ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ। ਹਕੀਕਤ ਤੋਂ ਕੋਹਾਂ ਦੂਰ ਸਰਕਾਰੀ ਦਾਅਵੇ ਬਹੁਤ ਕੀਤੇ ਜਾ ਰਹੇ ਹਨ। ਬਹੁਗਿਣਤੀ ਲੋਕ ਭੁੱਖੇ ਮਰਦੇ ਰਾਸ਼ਨ ਦੀ ਦੁਹਾਈ ਪਾ ਰਹੇ ਹਨ ਪਰ ਜ਼ਿਆਦਾਤਰ ਰਾਸ਼ਨ ਥੋੜ੍ਹਾ ਵੰਡ ਕੇ ਸੋਸ਼ਲ ਮੀਡੀਏ 'ਤੇ ਫ਼ੋਟੋਆਂ ਪਾਉਣ ਦਾ ਮਾਹੌਲ ਵਧੇਰੇ ਸਰਗਰਮ ਹੈ। ਗੱਲ ਕਰਦੇ ਹਾਂ ਨੀਲੇ ਕਾਰਡਾਂ ਬਾਰੇ, ਜਿਨ੍ਹਾਂ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਚਾਲੂ ਕਰਕੇ ਸਸਤੀ ਕਣਕ ਦਿੱਤੀ ਜਾਂਦੀ ਸੀ, ਪਰ ਹੁਣ ਸੂਬੇ ਅੰਦਰ ਵੱਡੀ ਪੱਧਰ 'ਤੇ ਬਹੁਗਿਣਤੀ ਗ਼ਰੀਬ ਲੋਕਾਂ ਦੀ ਇਹ ਕਾਰਡ ਕੱਟ ਕੇ ਉਨ੍ਹਾਂ ਨੂੰ ਕਣਕ ਦੇਣੀ ਬੰਦੀ ਕਰ ਦਿੱਤੀ ਗਈ। ਜਿਸ ਕਰਕੇ ਲੋੜਵੰਦ ਤਾਂ ਪਹਿਲਾਂ ਹੀ ਔਖੇ ਸਨ, ਪਰ ਹੁਣ ਕਰਫ਼ਿਊ ਕਾਰਨ ਉਹ ਹੋਰ ਵੀ ਮੁਸੀਬਤਾਂ ਦੇ ਸਨਮੁੱਖ ਹੋ ਰਹੇ ਹਨ। ਭਾਵੇਂ ਪ੍ਰਸ਼ਾਸਨ ਸਾਮਾਨ ਵੰਡਣ ਦੇ ਦਾਅਵੇ ਕਰ ਰਿਹਾ ਹੈ ਪਰ ਅਜੇ ਵੀ ਬਹੁਤ ਲੋਕ ਰਾਸ਼ਨ ਦੀ ਉਡੀਕ 'ਚ ਬੈਠੇ ਹਨ, ਜਿਨ੍ਹਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ ਹੈ ਅਤੇ ਪ੍ਰਾਈਵੇਟ ਦੁਕਾਨਾਂ ਵਾਲਿਆਂ 'ਚ ਵਧੇਰੇ ਦੁਕਾਨਦਾਰ ਸਾਮਾਨ ਮਹਿੰਗਾ ਕਰਕੇ ਵੇਚ ਰਹੇ ਹਨ, ਜਿਸ ਦੀ ਖ਼ਰੀਦ ਦਿਹਾੜੀਦਾਰ ਲੋਕ ਨਹੀਂ ਕਰ ਪਾ ਰਹੇ ਹਨ। ਇਸ ਲਈ ਚਾਹੀਦਾ ਹੈ ਕਿ ਹੁਣ ਕੱਟੇ ਗਏ ਨੀਲੇ ਕਾਰਡਾਂ ਨੂੰ ਚਾਲੂ ਕਰਕੇ ਇਨ੍ਹਾਂ ਕਾਰਡ ਧਾਰਕਾਂ ਨੂੰ ਸਸਤੇ ਰੇਟਾਂ 'ਤੇ ਸਾਮਾਨ ਨੀਲੇ ਕਾਰਡਾਂ 'ਤੇ ਦਿੱਤਾ ਜਾਵੇ। ਇਸ ਨਾਲ ਲੋੜਵੰਦ ਲੋਕਾਂ ਨੂੰ ਸਾਮਾਨ ਆਸਾਨੀ ਨਾਲ ਮਿਲ ਸਕੇਗਾ। ਇਸ ਬਾਰੇ ਸਰਕਾਰ ਨੂੰ ਜਲਦੀ ਕਦਮ ਚੁੱਕ ਕੇ ਅਮਲ ਕਰਨ ਦੀ ਜ਼ਰੂਰਤ ਹੈ ਤਾਂ ਕਿ ਕਰਫ਼ਿਊ ਦੌਰਾਨ ਲੋਕ ਭੁੱਖ ਨਾਲ ਨਾ ਮਰਨ।

-ਸੁਖਰਾਜ ਸਿੰਘ ਚਹਿਲ, ਧਨੌਲਾ (ਬਰਨਾਲਾ)।

ਪੁਲਿਸ ਮੁਲਾਜ਼ਮਾਂ ਦੀ ਡਿਊਟੀ

ਜਦੋਂ ਦੀ ਕੋਰੋਨਾ ਦੀ ਆਫ਼ਤ ਲੋਕਾਂ 'ਤੇ ਆਈ ਹੈ, ਉਦੋਂ ਤੋਂ ਸੋਸ਼ਲ ਮੀਡੀਆ ਤੇ ਅਖ਼ਬਾਰਾਂ ਵਿਚ ਇਹ ਖ਼ਬਰਾਂ ਪੜ੍ਹਨ ਨੂੰ ਮਿਲ ਰਹੀਆਂ ਹਨ ਕਿ ਜਦੋਂ ਕਿਸੇ ਦੇ ਬੱਚੇ ਦਾ ਜਨਮ ਦਿਨ ਹੁੰਦਾ ਹੈ ਤਾਂ ਲੋਕ ਆਪਣੇ ਬੱਚੇ ਲਈ ਜਨਮ ਦਿਨ ਮਨਾਉਣ ਲਈ ਸਬੰਧਿਤ ਥਾਣੇ ਦੇ ਪੁਲਿਸ ਮੁਲਾਜ਼ਮਾਂ ਨੂੰ ਕੇਕ ਦੇਣ ਲਈ ਫੋਨ ਕਰ ਦਿੰਦੇ ਹਨ ਤੇ ਪੁਲਿਸ ਮੁਲਾਜ਼ਮ ਉਨ੍ਹਾਂ ਦੇ ਬੱਚੇ ਦੀ ਖੁਸ਼ੀ ਲਈ ਕੇਕ ਤੇ ਹੋਰ ਖਾਣ-ਪੀਣ ਲਈ ਚੀਜ਼ਾਂ ਉਨ੍ਹਾਂ ਦੇ ਘਰ ਲੈ ਕੇ ਪਹੁੰਚਦੇ ਹਨ। ਪਰ ਸਾਡੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਨ੍ਹੀਂ ਦਿਨੀਂ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਬਹੁਤ ਸਖ਼ਤ ਹੈ। ਉਨ੍ਹਾਂ ਕੋਲ ਏਨਾ ਸਮਾਂ ਨਹੀਂ ਹੈ। ਨਾਲੇ ਜੇ ਸਾਡੇ ਲੋਕ ਇਸ ਵਾਰ ਆਪਣੇ ਬੱਚੇ ਦੇ ਜਨਮ ਦਿਨ 'ਤੇ ਕੇਕ ਨਾ ਕੱਟਣਗੇ, ਫਿਰ ਕੀ ਹੋ ਜਾਵੇਗਾ? ਇਸ ਸਮੇਂ ਸਾਡੇ ਲੋਕਾਂ ਨੂੰ ਕੋਰੋਨਾ ਦੀ ਲੜਾਈ ਲੜਨੀ ਚਾਹੀਦੀ ਹੈ। ਬੱਚਿਆਂ ਦੇ ਜਨਮ ਦਿਨ ਤੇ ਕੇਕ ਮੰਗਵਾਉਣ ਲਈ ਐਵੇਂ ਪੁਲਿਸ ਮੁਲਾਜ਼ਮਾਂ ਨੂੰ ਨਹੀਂ ਕਹਿਣਾ ਚਾਹੀਦਾ ਹੈ। ਬਹੁਤੇ ਪਿੰਡਾਂ ਵਿਚ ਗ਼ਰੀਬ ਲੋਕ ਰਾਸ਼ਨ ਨੂੰ ਤਰਸ ਰਹੇ ਹਨ। ਉਧਰ ਪੁਲਿਸ ਮੁਲਾਜ਼ਮ ਧਿਆਨ ਦੇਣ। ਜੇਕਰ ਪੁਲਿਸ ਕੇਕ ਨਾਲੋਂ ਕਿਸੇ ਗ਼ਰੀਬ ਦੇ ਘਰ ਰਾਸ਼ਨ ਲੈ ਕੇ ਜਾਵੇਗੀ, ਇਹ ਬਹੁਤ ਵੱਡੀ ਗੱਲ ਹੋਵੇਗੀ, ਜੋ ਉਸ ਰਾਸ਼ਨ ਨਾਲ ਸਾਰਾ ਗ਼ਰੀਬ ਪਰਿਵਾਰ ਰੋਟੀ ਖਾ ਸਕੇਗਾ। ਇਸੇ ਕਰਕੇ ਪੁਲਿਸ ਮੁਲਾਜ਼ਮ ਕੇਕ ਦੇਣ ਨਾਲੋਂ ਗ਼ਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਣ।

-ਸੁਖਦੇਵ ਸਿੱਧੂ ਕੁਸਲਾ
ਤਹਿ: ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ।

ਭਾਈ ਇੰਦਰ ਸਿੰਘ ਸਿੱਧੂ ਦੀ ਬਹਾਦਰੀ

ਦਿੱਲੀ ਦੰਗਿਆਂ ਦੌਰਾਨ ਭਾਈ ਇੰਦਰ ਸਿੰਘ ਸਿੱਧੂ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਮੁਸਲਮਾਨ ਭਰਾਵਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਜੋ ਬਹਾਦਰੀ ਦਿਖਾਈ, ਰਵਾਇਤੀ ਸਿੱਖੀ ਦਾ ਸ਼ਲਾਘਾਯੋਗ ਪ੍ਰਦਰਸ਼ਨ ਹੈ। ਅਕਾਲ ਤਖ਼ਤ ਸਾਹਿਬ ਅਤੇ ਹੋਰ ਸੰਸਥਾਵਾਂ ਵਲੋਂ ਭਾਈ ਇੰਦਰ ਸਿੰਘ ਸਿੱਧੂ ਦਾ ਸਨਮਾਨ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਇਕ ਉਸਾਰੂ ਪੈਗ਼ਾਮ ਜਾਏਗਾ ਅਤੇ ਹੋਰਨਾਂ ਨੂੰ ਵੀ ਚੰਗਾ ਕਰਨ ਲਈ ਪ੍ਰੇਰਿਤ ਕਰੇਗਾ।

-ਨਵਰਾਹੀ ਘੁਗਿਆਣਵੀ, ਫ਼ਰੀਦਕੋਟ।

ਮਗਨਰੇਗਾ ਮੁਲਾਜ਼ਮਾਂ ਦੀ ਵੀ ਸੁਣੋ

ਭਾਰਤ ਸਰਕਾਰ ਵਲੋਂ 2008 ਤੋਂ ਸਾਰੇ ਭਾਰਤ ਵਿਚ ਮਹਾਤਮਾ ਗਾਂਧੀ ਕੌਮੀ ਰੁਜ਼ਗਾਰ ਗਾਰੰਟੀ ਐਕਟ ਲਾਗੂ ਕਰਕੇ ਰੁਜ਼ਗਾਰ ਅਤੇ ਵਿਕਾਸ ਦਾ ਸੁਮੇਲ ਪੈਦਾ ਕੀਤਾ ਹੈ ਜੋ ਕਿ 2020 ਤੱਕ ਸਹੀ ਵਿਕਾਸਮਈ ਦਿਸ਼ਾ ਵੱਲ ਜਾ ਰਿਹਾ ਹੈ। ਹਰ ਸਾਲ ਭਾਰਤ ਸਰਕਾਰ ਵਲੋਂ ਇਸ ਲਈ ਵੱਖਰਾ ਬਜਟ ਰੱਖਿਆ ਜਾਂਦਾ ਹੈ। ਐਕਟ ਦੀ ਨਿਯਮਾਂਵਲੀ ਵਿਚ ਇਸ ਐਕਟ ਅਧੀਨ ਜੋ ਮੁਲਾਜ਼ਮ ਰੱਖੇ ਗਏ ਹਨ ਉਹ ਕਾਫ਼ੀ ਸਮੇਂ ਤੋਂ ਆਪਣੇ ਹੱਕ ਅਤੇ ਸੁਰੱਖਿਆ ਮੰਗਦੇ ਰਹਿੰਦੇ ਹਨ। ਸੰਘਰਸ਼ ਵੀ ਕਰਦੇ ਰਹਿੰਦੇ ਹਨ। ਪਰ ਆਸ ਰੱਖ ਕੇ ਦੁਬਾਰਾ ਕੰਮ 'ਤੇ ਆ ਜਾਂਦੇ ਹਨ। ਇਹ ਮੁਲਾਜ਼ਮ ਬਾਕੀ ਮੁਲਾਜ਼ਮਾਂ ਅਨੁਸਾਰ ਕੰਮ ਕਰਨ ਲਈ ਤਜਰਬਾ ਵੀ ਪ੍ਰਾਪਤ ਕਰ ਚੁੱਕੇ ਹਨ। ਕਈ ਵਾਰ ਦੇਖਿਆ ਗਿਆ ਹੈ ਕਿ ਇਨ੍ਹਾਂ ਨਾਲ ਕਿਤੇ-ਕਿਤੇ ਬੇਇਨਸਾਫ਼ੀ ਵੀ ਹੁੰਦੀ ਹੈ। ਫੀਲਡ ਵਿਚ ਇਹ ਆਪਣੀ ਵਧੀਆ ਸੇਵਾ ਨਿਭਾਉਂਦੇ ਹਨ। ਇਸ ਤੋਂ ਇਲਾਵਾ ਹੋਰ ਸਰਕਾਰੀ ਕੰਮਾਂ ਵਿਚ ਵੀ ਇਨ੍ਹਾਂ ਦੀ ਸੇਵਾ ਲਈ ਜਾਂਦੀ ਹੈ। ਹੁਣ ਕੋਰੋਨਾ ਮਹਾਂਮਾਰੀ ਖਿਲਾਫ਼ ਵੀ ਬਣਦਾ ਯੋਗਦਾਨ ਪਾ ਰਹੇ ਹਨ। ਇਸ ਲਈ ਇਨਸਾਫ਼ ਦਾ ਤਰਾਜੂ ਫੜ ਕੇ ਇਨ੍ਹਾਂ ਮੁਲਾਜ਼ਮਾਂ ਨੂੰ ਸੁਰੱਖਿਤ ਕਰਨ ਦੀ ਲੋੜ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ 'ਨਾਲੇ ਪੁੰਨ ਤੇ ਨਾਲੇ ਫਲੀਆਂ' ਦੇ ਸਿਧਾਂਤ ਅਨੁਸਾਰ ਇਨ੍ਹਾਂ ਨੂੰ ਬਾਕੀ ਮੁਲਾਜ਼ਮਾਂ ਵਾਂਗ ਪੱਕੇ ਕੀਤਾ ਜਾਵੇ ਤਾਂ ਜੋ ਇਹ ਵਰਗ ਸੁਰੱਖਿਅਤ ਮਹਿਸੂਸ ਕਰਦਿਆਂ ਵਿਕਾਸ ਦੀ ਗਤੀ ਨੂੰ ਹੋਰ ਵੀ ਤੇਜ਼ ਕਰੇ ।

-ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ (ਰੂਪਨਗਰ)।

ਕਰਫ਼ਿਊ ਖ਼ਤਮ ਤਾਲਾਬੰਦੀ ਜਾਰੀ

ਤਾਲਾਬੰਦੀ ਦਾ ਚੌਥਾ ਪੜਾਅ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਕਰਫ਼ਿਊ ਖ਼ਤਮ ਕਰ ਦਿੱਤਾ ਹੈ, ਪਰ ਤਾਲਾਬੰਦੀ 31 ਮਈ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਅਤੇ ਹੁਣ ਸਰਕਾਰ ਨੇ ਕਾਫੀ ਕੰਮਕਾਰ ਖੋਲ੍ਹ ਦਿੱਤੇ ਹਨ। ਭਾਵੇਂ ਆਮ ਲੋਕਾਂ, ਦਿਹਾੜੀਦਾਰਾਂ, ਦੁਕਾਨਦਾਰਾਂ, ਕਿਸਾਨਾਂ, ਵਪਾਰੀਆਂ, ਪ੍ਰਾਈਵੇਟ ਮੁਲਾਜ਼ਮਾਂ ਨੂੰ ਪਿਛਲੇ ਦੌਰ ਵਿਚ ਕਾਫੀ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪਿਆ ਹੈ, ਉਥੇ ਹੀ ਸਰਕਾਰ ਨੂੰ ਕਰੋੜਾਂ ਦਾ ਨੁਕਸਾਨ ਵੀ ਹੋਇਆ ਹੈ। ਹੁਣ ਲੋੜ ਇਸ ਗੱਲ ਦੀ ਹੈ ਕਿ ਭਾਵੇਂ ਸਰਕਾਰ ਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਮੁੱਖ ਰੱਖਦੇ ਹੋਏ ਇਹ ਕਦਮ ਚੁੱਕੇ ਹਨ ਪ੍ਰੰਤੂ ਹੁਣ ਸਾਰੇ ਨਾਗਰਿਕਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਕੋਰੋਨਾ ਵਾਇਰਸ ਦੇ ਨਾਲ ਜਿਊਣਾ ਸਿੱਖਣ, ਮਾਸਕ ਪਾ ਕੇ ਰੱਖਣ, ਸਮਾਜਿਕ ਦੂਰੀ ਬਣਾ ਕੇ ਰੱਖਣ, ਕਿਉਂਕਿ ਸਾਡੀ ਥੋੜ੍ਹੀ ਜਿਹੀ ਲਾਪ੍ਰਵਾਹੀ ਨਾਲ ਗੰਭੀਰ ਸਮੱਸਿਆ ਪੈਦਾ ਹੋ ਸਕਦੀ ਹੈ। ਸਾਡੇ ਵਲੋਂ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਸਰਕਾਰ ਨੂੰ ਵੀ ਮਜਬੂਰਨ ਸਖ਼ਤ ਕਦਮ ਚੁੱਕਣੇ ਪੈ ਸਕਦੇ ਹਨ। ਸਾਨੂੰ ਆਪ ਹੀ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ ਅਤੇ ਇਸ ਮਹਾਂਮਾਰੀ ਨੂੰ ਮਾਤ ਦੇਣੀ ਚਾਹੀਦੀ ਹੈ।

-ਅਮਰੀਕ ਸਿੰਘ ਚੀਮਾ, ਜਲੰਧਰ।

ਸਮੇਂ ਦੀ ਸੰਭਾਲ

ਜਿਵੇਂ ਕੋਰੋਨਾ ਵਾਇਰਸ ਅੱਜ ਇਕ ਮਹਾਂਮਾਰੀ ਦੇ ਰੂਪ ਵਿਚ ਸਾਡੇ ਸਾਹਮਣੇ ਹੈ। ਇਹ ਵੀ ਕਿਸੇ ਕਾਰਨਵੱਸ ਹੀ ਆਪਣੀ ਹੋਂਦ ਵਿਚ ਆਇਆ ਹੈ। ਸਭ ਤੋਂ ਪਹਿਲੀ ਗੱਲ ਕਿ ਇਹ ਸਾਰੀ ਸ੍ਰਿਸ਼ਟੀ ਪਰਮਾਤਮਾ ਦੁਆਰਾ ਸਿਰਜੀ ਹੋਈ ਹੈ। ਸਾਡਾ ਮਨੁੱਖੀ ਜਨਮ ਵੀ ਉਸ ਕਰਤੇ ਦੀਆਂ ਮਿਲੀਆਂ ਦਾਤਾਂ ਵਿਚੋਂ ਹੀ ਇਕ ਦਾਤ ਹੈ। ਅਸੀਂ ਉਸ ਦੁਆਰਾ ਬਣਾਈ ਕੁਦਰਤ ਦੇ ਨਿਯਮਾਂ ਦੀ ਪਾਲਣਾ ਕਰਨੀ ਵੀ ਛੱਡ ਦਿੱਤੀ, ਜਿਸ ਦੇ ਸਿੱਟੇ ਵਜੋਂ ਅੱਜ ਸਾਨੂੰ ਇਸ ਸੰਕਟ ਭਰੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸਜ਼ਾ ਹੈ, ਜੋ ਸਾਨੂੰ ਪਰਮਾਤਮਾ ਵਲੋਂ ਉਸ ਦੇ ਦਿੱਤੇ ਨਿਯਮਾਂ ਨੂੰ ਭੰਗ ਕਰਨ 'ਤੇ ਮਿਲੀ ਹੈ। ਪਿਛਲੀਆਂ ਗ਼ਲਤੀਆਂ ਨੂੰ ਪਿੱਛੇ ਛੱਡਦੇ ਹੋਏ ਇਕ ਨਵੀਂ ਸ਼ੁਰੂਆਤ ਕਰਨ ਦਾ ਮੌਕਾ ਤੇ ਸਮਾਂ ਅੱਜ ਸਾਡੇ ਕੋਲ ਹੈ। ਲੋੜ ਹੈ, ਵਕਤ ਵਿਚਾਰਨ ਦੀ। ਇਸ ਮਿਲੇ ਹੋਏ ਸਮੇਂ ਨੂੰ ਉਸ ਦਾਤੇ ਦੀ ਬਖਸ਼ਿਸ਼ ਸਮਝੀਏ। ਵੱਧ ਤੋਂ ਵੱਧ ਸਮਾਂ ਉਸ ਦੇ ਸਿਮਰਨ ਵਿਚ ਜੁੜੀਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰੀਏ।

-ਅਰਸ਼ਦੀਪ ਸਿੰਘ 'ਢੋਟੀਆਂ'।

18-05-2020

 ਜੰਮਣ ਭੋਇੰ ਦਾ ਮੋਹ
ਅੱਜ ਸੰਸਾਰ ਭਰ 'ਚ ਕੋਵਿਡ-19 (ਕੋਰੋਨਾ) ਮਹਾਂਮਾਰੀ ਦਾ ਪ੍ਰਕੋਪ ਜਾਰੀ ਹੈ, ਜਿਸ ਨਾਲ ਬਹੁਤ ਸਾਰੀਆਂ ਅਣਮੁੱਲੀਆਂ ਜਾਨਾਂ ਜਾ ਚੁੱਕੀਆਂ ਹਨ, ਇਸ ਨਾਲ ਲੱਖਾਂ ਦੀ ਤਾਦਾਦ ਵਿਚ ਲੋਕ ਪ੍ਰਭਾਵਿਤ ਹੋ ਰਹੇ ਹਨ। ਰੇਲ ਗੱਡੀਆਂ, ਹਵਾਈ ਜਹਾਜ਼, ਬੱਸਾਂ, ਆਟੋ ਰਿਕਸ਼ੇ ਆਦਿ ਸਭ ਬੰਦ ਪਏ ਹਨ। ਸਾਰੀ ਲੋਕਾਈ ਘਰਾਂ ਵਿਚ ਕੈਦ ਹੋ ਕੇ ਰਹਿ ਗਈ ਹੈ। ਜ਼ਿਕਰਯੋਗ ਹੈ ਕਿ ਸੰਸਾਰ ਭਰ 'ਚ ਮੰਦੀ ਦਾ ਆਲਮ ਹੋਣ ਕਰਕੇ ਬਹੁਤ ਸਾਰੀਆਂ ਕੰਪਨੀਆਂ, ਕਾਰਖਾਨੇ, ਉਦਯੋਗ ਆਦਿ ਬੰਦ ਪਏ ਹੋ ਗਏ ਹਨ, ਜਿਸ ਕਾਰਨ ਬਹੁਤ ਸਾਰੇ ਲੋਕ ਬਿਮਾਰੀ ਦੇ ਨਾਲ-ਨਾਲ ਬੇਰੁਜ਼ਗਾਰੀ ਦੀ ਮਾਰ ਵੀ ਝੱਲ ਰਹੇ ਹਨ ਅਤੇ ਨਾਮੀ ਕੰਪਨੀਆਂ ਨੇ ਵਰਕਰਾਂ ਨੂੰ ਕੰਮ ਸਬੰਧੀ ਨੋਟਿਸ ਵੀ ਜਾਰੀ ਕਰ ਦਿੱਤੇ ਹਨ। ਅਸੀਂ ਅਖ਼ਬਾਰਾਂ ਅਤੇ ਟੀ.ਵੀ. ਚੈਨਲਾਂ ਦੇ ਮਾਧਿਅਮ ਰਾਹੀਂ ਦੇਖ ਰਹੇ ਹਾਂ ਕਿ ਕਿਵੇਂ ਪ੍ਰਵਾਸੀ ਮਜ਼ਦੂਰ ਆਪਣੀ ਜਨਮ ਭੂਮੀ ਦੇ ਮੋਹ ਨੂੰ ਲੈ ਕੇ ਆਪਣੇ ਘਰਾਂ ਵੱਲ ਵਹੀਰਾਂ ਘੱਤ ਰਹੇ ਹਨ। ਬਹੁਤ ਸਾਰੇ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਕਰਫ਼ਿਊ ਲੱਗਾ ਹੋਣ ਕਰਕੇ ਰੇਲ ਪਟੜੀਆਂ ਰਾਹੀਂ ਆਪਣੇ ਘਰ ਵੱਲ ਚੱਲ ਪਏ। ਉਨ੍ਹਾਂ ਇਹ ਪਤਾ ਵੀ ਹੈ ਕਿ ਆਪਣੇ ਘਰ ਵਾਪਸੀ ਦੌਰਾਨ ਉਨ੍ਹਾਂ ਨੂੰ ਰੁਜ਼ਗਾਰ ਦੀ ਭਾਲ ਕਰਨ ਲਈ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ ਪਰ ਫਿਰ ਵੀ ਜਨਮ ਭੂਮੀ ਦੇ ਮੋਹ ਅੱਗੇ ਕੋਰੋਨਾ ਦਾ ਕਹਿਰ ਵੀ ਉਨ੍ਹਾਂ ਦਾ ਰਸਤਾ ਨਹੀਂ ਰੋਕ ਸਕਿਆ। ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਕਈ-ਕਈ ਸਾਲਾਂ ਤੋਂ ਪੰਜਾਬ ਵਰਗੇ ਹੋਰ ਵਿਕਸਿਤ ਸੂਬਿਆਂ ਵਿਚ ਆਪਣਾ ਕੰਮ ਕਾਰ ਕਰਕੇ ਪਰਿਵਾਰ ਪਾਲ ਰਹੇ ਸਨ ਪਰ ਲੱਖਾਂ ਗਿਣਤੀ ਵਿਚ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਕੂਚ ਕਰ ਗਏ ਹਨ।


-ਰਾਜ ਕੁਮਾਰ
ਪਿੰਡ ਤੇ ਡਾਕ; ਦੁੱਧੜ, ਜ਼ਿਲ੍ਹਾ ਪਟਿਆਲਾ।


ਮਾਪੇ ਅਤੇ ਬਿਰਧ ਆਸ਼ਰਮ
ਵੈਸੇ ਤਾਂ ਅੱਜ ਅਸੀਂ ਆਪਣੇ ਬੱਚਿਆਂ ਨੂੰ ਜਨਮ ਤੋਂ ਲੈ ਕੇ ਪਾਲਣ, ਪੋਸ਼ਣ, ਪੜ੍ਹਾਈ, ਲਿਖਾਈ, ਮਹਿੰਗੇ ਕੱਪੜੇ ਅਤੇ ਜ਼ਿੰਦਗੀ ਵਿਚ ਹਰ ਤ੍ਹਰਾਂ ਦੀ ਸਹੂਲਤ ਇੱਕ ਤੋਂ ਇੱਕ ਵੱਧ ਦੇ ਕੇ ਸਾਰੀਆਂ ਖਵਾਹਿਸ਼ਾਂ ਪੂਰੀਆਂ ਕਰਨ ਲਈ ਆਪਣੀ ਜਵਾਨੀ ਬੁਢਾਪੇ ਵਿਚ ਲੈ ਆਉਂਦੇ ਹਾਂ। ਪਰ ਕਿਤੇ ਨਾ ਕਿਤੇ ਚੰਗੇ ਸੰਸਕਾਰ ਅਤੇ ਮਾਪਿਆਂ ਪ੍ਰਤੀ ਜ਼ਰੂਰੀ ਫਰਜ਼ ਨਿਭਾਉਣ ਜਿਹੇ ਗੁਣ ਜਾਂ ਤਾਂ ਸਿਖਾਉਣ ਤੋਂ ਵਾਂਝੇ ਰਹਿ ਜਾਂਦੇ ਹਾਂ ਜਾਂ ਫਿਰ ਸਾਡੇ ਬੱਚੇ ਵੱਡੇ ਹੋ ਕੇ ਨਿਰਮੋਹੇ ਹੋ ਜਾਂਦੇ ਹਨ ਅਤੇ ਮਾਪਿਆਂ ਵਲੋਂ ਕੀਤਾ ਪਿਆਰ ਅਤੇ ਸੁੱਖ ਸਹੂਲਤਾਂ ਭੁੱਲ ਹੀ ਜਾਂਦੇ ਹਨ। ਪਰ ਇਕ ਕੁਆਰਾ ਕੁੜੀ, ਮੁੰਡਾ ਤਾਂ ਮਾਂ ਬਿਨਾਂ ਇਕ ਮਿੰਟ ਨਹੀਂ ਸੀ ਸਾਰਦੇ ਜਦੋਂ ਤੋਂ ਵਿਆਹ ਹੋ ਜਾਂਦਾ ਸਭ ਤੋਂ ਪਹਿਲਾਂ ਮਾਪੇ ਹੀ ਛੁੱਟਦੇ ਹਨ ਖਾਸ ਕਰਕੇ ਮੁੰਡਿਆਂ ਦੇ। ਪਰ ਥੋੜ੍ਹਾ ਸੋਚੋ ਤੇ ਵਿਚਾਰੋ 'ਜੈਸਾ ਬੀਜੋਗੇ ਵੈਸਾ ਵੱਢੋਗੇ' ਪਰਮਾਤਮਾ ਦੇ ਨਿਯਮ ਅਨੁਸਾਰ ਜੋ ਆਪਾਂ ਕਿਸੇ ਨੂੰ ਦਿੰਦੇ ਹਾਂ ਪ੍ਰਮਾਤਮਾ ਵਿਆਜ ਸਮੇਤ ਵਾਪਿਸ ਕਰਦਾ ਹੈ ਹੁਣ ਇਹ ਤੁਸੀਂ ਸੋਚਣਾ ਹੈ ਬੱਚਿਓ ਬਜ਼ਰਗਾਂ ਦੀ ਸੇਵਾ ਕਰ ਕੇ ਖ਼ੁਸ਼ੀ ਲੈਣੀ ਹੈ ਜਾਂ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰ ਕੇ ਗਮ, ਬਿਮਾਰੀ ਅਤੇ ਘਰ ਵਿਚੋਂ ਬਰਕਤ ਰਫੂ-ਚੱਕਰ ਕਰਨੀ ਹੈ। ਮੇਰੇ ਹਿਸਾਬ ਨਾਲ ਮਾਪਿਆਂ ਨੂੰ ਆਪਣੇ ਖਰਚ ਲਈ ਆਪਣੀ ਜਾਇਦਾਦ ਦਾ ਕੁਝ ਕੁ ਹਿੱਸਾ ਆਪਣੇ ਕੋਲ ਜ਼ਰੂਰ ਰੱਖਣਾ ਚਾਹੀਦਾ ਤਾਂ ਜੋ ਲੋੜ ਪੈਣ 'ਤੇ ਡਾਕਟਰੀ ਸਹੂਲਤਾਂ ਵਾਸਤੇ ਖਰਚ ਕਰਨ ਤੋਂ ਇਲਾਵਾ ਤੇ ਕੋਈ ਹੈਲਪਰ ਵਗੈਰਾ ਰੱਖਣ ਅਤੇ ਸਮੇਂ ਸਮੇਂ 'ਤੇ ਹੋਰ ਲੋੜੀਂਦੇ ਖਰਚੇ ਕੀਤੇ ਜਾ ਸਕਣ। ਜੇਕਰ ਬੱਚੇ ਮਾਪਿਆਂ ਪ੍ਰਤੀ ਆਪਣਾ ਨਜ਼ਰੀਆ ਦਰੁਸਤ ਰਖਦਿਆਂ ਆਪਣੇ ਖਿਆਲ ਮਾਪਿਆਂ ਦੀ ਸੇਵਾ ਕਰਦਿਆਂ ਸੁੱਖ ਸ਼ਾਂਤੀ ਨਾਲ ਘਰ ਵਿਚ ਰਹਿਣ ਤਾਂ ਬਿਰਧ ਆਸ਼ਰਮਾਂ ਦੀ ਲੋੜ ਕਦੇ ਨਾ ਪਵੇ।


-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।


ਮਗਨਰੇਗਾ ਮੁਲਾਜ਼ਮਾਂ ਦੀ ਵੀ ਸੁਣੋ
ਭਾਰਤ ਸਰਕਾਰ ਵਲੋਂ 2008 ਤੋਂ ਸਾਰੇ ਭਾਰਤ ਵਿਚ ਮਹਾਤਮਾ ਗਾਂਧੀ ਕੌਮੀ ਰੁਜ਼ਗਾਰ ਗਾਰੰਟੀ ਐਕਟ ਲਾਗੂ ਕਰਕੇ ਰੁਜ਼ਗਾਰ ਅਤੇ ਵਿਕਾਸ ਦਾ ਸੁਮੇਲ ਪੈਦਾ ਕੀਤਾ ਹੈ ਜੋ ਕੇ 2020 ਤੱਕ ਸਹੀ ਵਿਕਾਸਮਈ ਦਿਸ਼ਾ ਵੱਲ ਜਾ ਰਿਹਾ ਹੈ। ਹਰ ਸਾਲ ਭਾਰਤ ਸਰਕਾਰ ਵਲੋਂ ਇਸ ਲਈ ਵੱਖਰਾ ਬਜਟ ਰੱਖਿਆ ਜਾਂਦਾ ਹੈ। ਐਕਟ ਦੀ ਨਿਯਮਾਂਵਲੀ ਵਿਚ ਇਸ ਐਕਟ ਅਧੀਨ ਜੋ ਮੁਲਾਜ਼ਮ ਰੱਖੇ ਗਏ ਹਨ ਉਹ ਕਾਫ਼ੀ ਸਮੇਂ ਤੋਂ ਆਪਣੇ ਹੱਕ ਅਤੇ ਸੁਰੱਖਿਆ ਮੰਗਦੇ ਰਹਿੰਦੇ ਹਨ। ਸੰਘਰਸ਼ ਵੀ ਕਰਦੇ ਰਹਿੰਦੇ ਹਨ। ਪਰ ਆਸ ਰੱਖ ਕੇ ਦੁਬਾਰਾ ਕੰਮ 'ਤੇ ਆ ਜਾਂਦੇ ਹਨ। ਇਹ ਮੁਲਾਜ਼ਮ ਬਾਕੀ ਮੁਲਾਜ਼ਮਾਂ ਅਨੁਸਾਰ ਕੰਮ ਕਰਨ ਲਈ ਤਜਰਬਾ ਵੀ ਪ੍ਰਾਪਤ ਕਰ ਚੁੱਕੇ ਹਨ। ਕਈ ਵਾਰ ਦੇਖਿਆ ਗਿਆ ਹੈ ਕਿ ਇਨ੍ਹਾਂ ਨਾਲ ਕਿਤੇ-ਕਿਤੇ ਬੇਇਨਸਾਫ਼ੀ ਵੀ ਹੁੰਦੀ ਹੈ। ਫੀਲਡ ਵਿਚ ਇਹ ਆਪਣੀ ਵਧੀਆ ਸੇਵਾ ਨਿਭਾਉਂਦੇ ਹਨ। ਇਸ ਤੋਂ ਇਲਾਵਾ ਹੋਰ ਸਰਕਾਰੀ ਕੰਮਾਂ ਵਿਚ ਵੀ ਇਨ੍ਹਾਂ ਦੀ ਸੇਵਾ ਲਈ ਜਾਂਦੀ ਹੈ। ਹੁਣ ਕੋਰੋਨਾ ਮਹਾਂਮਾਰੀ ਖਿਲਾਫ਼ ਵੀ ਬਣਦਾ ਯੋਗਦਾਨ ਪਾ ਰਹੇ ਹਨ। ਇਸ ਲਈ ਇਨਸਾਫ਼ ਦਾ ਤਰਾਜੂ ਫੜ ਕੇ ਇਨ੍ਹਾਂ ਮੁਲਾਜ਼ਮਾਂ ਨੂੰ ਸੁਰੱਖਿਤ ਕਰਨ ਦੀ ਲੋੜ ਹੈ।


-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ (ਰੂਪਨਗਰ)।


ਚੌਕਸ ਰਹਿਣਾ ਵੀ ਜ਼ਰੂਰੀ
ਕੋਰੋਨਾ ਵਾਇਰਸ ਕਾਰਨ ਪੂਰੇ ਸੰਸਾਰ ਵਿਚ ਹਾਹਾਕਾਰ ਮਚੀ ਹੋਈ ਹੈ। ਤਾਲਾਬੰਦੀ ਦੇ ਵੱਖ-ਵੱਖ ਦੌਰਾਂ ਵਿਚੋਂ ਅਸੀਂ ਗੁਜ਼ਰ ਰਹੇ ਹਾਂ। ਸਰਕਾਰ ਹਰ ਰੋਜ਼ ਕੁਝ ਨਾ ਕੁਝ ਚੀਜ਼ਾਂ ਤੋਂ ਛੋਟ ਦੇ ਰਹੀ ਹੈ। ਦੁਕਾਨਾਂ ਦਾ ਸਮਾਂ ਹੁਣ ਸਵੇਰੇ 7 ਤੋਂ ਲੈ ਕੇ ਸ਼ਾਮ 6 ਵਜੇ ਤੱਕ ਹੋ ਗਿਆ ਹੈ। ਹੁਣ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਅੱਗੇ ਨਾਲੋਂ ਜ਼ਿਆਦਾ ਵਧ ਗਈ ਹੈ। ਅਸੀਂ ਬਿਨਾਂ ਮਤਲਬ ਤੋਂ ਝੁੰਡਾਂ ਦੇ ਝੁੰਡ ਬਣਾ ਕੇ ਬਾਜ਼ਾਰਾਂ ਵਿਚ ਨਹੀਂ ਘੁੰਮਣਾ ਹੈ। ਜਿੰਨਾ ਹੋ ਸਕੇ ਅਸੀਂ ਆਪਣਾ ਸਮਾਂ ਘਰ ਵਿਚ ਹੀ ਰਹਿਣਾ ਹੈ। ਜੇ ਕੋਈ ਜ਼ਿਆਦਾ ਜ਼ਰੂਰੀ ਵਸਤੂ ਲੈਣ ਲਈ ਬਾਜ਼ਾਰ ਜਾਣਾ ਹੈ ਤਾਂ ਆਪਣਾ ਮੂੰਹ ਢਕ ਕੇ ਜਾਣਾ ਹੈ ਤੇ ਕੋਸ਼ਿਸ਼ ਕਰੋ ਕਿ ਬਾਜ਼ਾਰ ਵਿਚ ਪੈਦਲ ਹੀ ਜਾਓ ਤੇ ਸਰੀਰਕ ਦੂਰੀ ਦੀ ਪੂਰੀ ਪਾਲਣਾ ਕਰੋ।


-ਸੰਜੀਵ ਸਿੰਘ ਸੈਣੀ
ਮੁਹਾਲੀ।


ਕੋਰੋਨਾ ਦਾ ਪ੍ਰਕੋਪ
ਅਸੀਂ ਸਾਰੇ ਜਾਣਦੇ ਹਾਂ ਪੂਰੇ ਦੇਸ਼ ਵਿਚ ਕੋਰੋਨਾ ਦਾ ਪ੍ਰਕੋਪ ਬੜੀ ਤੇਜ਼ੀ ਨਾਲ ਵਧ ਰਿਹਾ ਹੈ। ਦੂਜੇ ਪਾਸੇ ਬੱਚਿਆਂ ਦੀ ਪੜ੍ਹਾਈ ਉੱਤੇ ਇਸ ਦਾ ਬੁਰਾ ਪ੍ਰਭਾਵ ਪੈ ਰਿਹਾ ਹੈ। ਇਸ ਕਰ ਕੇ ਉਹ ਆਪਣੀ ਪੜ੍ਹਾਈ ਨੂੰ ਸਮਾਰਟਫੋਨਾਂ ਦੀ ਮਦਦ ਨਾਲ ਜਾਰੀ ਰੱਖ ਰਹੇ ਹਨ। ਜਿਨ੍ਹਾਂ ਕੋਲ ਸਮਾਰਟਫੋਨ ਦੀ ਸਹੂਲਤ ਨਹੀਂ ਹੈ, ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਇਸ ਦੌਰਾਨ ਕਿਸਾਨ ਬੜੀ ਮੰਦੀ ਵਿਚੋਂ ਲੰਘ ਰਹੇ ਹਨ। ਮੰਡੀਆਂ ਵਿਚ ਮਜ਼ਦੂਰਾਂ ਦੇ ਘਾਟੇ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਦੁਕਾਨਦਾਰਾਂ ਦੀ ਵਿਕਰੀ ਵਿਚ ਕਾਫੀ ਗਿਰਾਵਟ ਆ ਚੁੱਕੀ ਹੈ। ਬੜੇ-ਬੜੇ ਕਾਰਖਾਨਿਆਂ, ਸਕੂਲਾਂ, ਕਾਲਜਾਂ ਸਮੇਤ ਹੋਰ ਕਈ ਅਦਾਰਿਆਂ ਨੂੰ ਤਾਲ਼ਾ ਲੱਗ ਚੁੱਕਾ ਹੈ। ਇਸ ਨਾਲ ਸਰਕਾਰ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਸਰਕਾਰ ਵਲੋਂ ਕੁਝ ਨਿਰਦੇਸ਼ ਜਾਰੀ ਕੀਤੇ ਗਏ ਹਨ। ਕੁਝ ਲੋਕ ਇਨ੍ਹਾਂ ਦੀ ਉਲੰਘਣਾ ਤੇ ਕੁਝ ਇਨ੍ਹਾਂ ਦੀ ਪਾਲਣਾ ਕਰ ਰਹੇ ਹਨ। ਜੇ ਅਸੀਂ ਆਪਣੇ ਲਈ ਸੁਰੱਖਿਅਤ ਭਵਿੱਖ ਚਾਹੁੰਦੇ ਹਾਂ ਤਾਂ ਸਾਨੂੰ ਇਨ੍ਹਾਂ ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕਰਨੀ ਚਾਹੀਦੀ ਹੈ ਅਤੇ ਇਕਜੁੱਟ ਹੋ ਕੇ ਸਰਕਾਰ ਦੀਆਂ ਕੋਸ਼ਿਸ਼ਾਂ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ।


-ਮਨਵੀਰ ਸਿੰਘ ਦਿਆਲ
ਪਿੰਡ ਤੇ ਡਾਕ: ਕਾਲੇਵਾਲ ਬੀਤ, ਤਹਿਸੀਲ ਗੜ੍ਹਸ਼ੰਕਰ (ਹੁਸ਼ਿਆਰਪੁਰ)।

15-05-2020

 ਕੀ ਇਸੇ ਤਰ੍ਹਾਂ ਰਹੇਗਾ ਸਾਦੇ ਵਿਆਹਾਂ ਦਾ ਰੁਝਾਨ..?
ਕੋਵਿਡ-19 ਕੋਰੋਨਾ ਮਹਾਂਮਾਰੀ ਕਾਰਨ ਜਿਥੇ ਸਾਰੀ ਦੁਨੀਆ ਸੰਕਟ ਦੇ ਦੌਰ ਵਿਚੋਂ ਲੰਘ ਰਹੀ ਹੈ। ਉਥੇ ਹੀ ਕੱਝ ਰਾਹਤ ਵੀ ਮਿਲੀ, ਜਿਸ ਤੋਂ ਮੁਨਕਰ ਵੀ ਹੋਇਆ ਨਹੀਂ ਜਾ ਸਕਦਾ। ਤਾਲਾਬੰਦੀ ਦੀ ਸਥਿਤੀ ਵਿਚ ਪ੍ਰਦੂਸ਼ਣ ਵਿਚ ਰਿਕਾਰਡ ਪੱਧਰ 'ਤੇ ਗਿਰਾਵਟ ਆਈ ਅਤੇ ਹਵਾ-ਪਾਣੀ ਸ਼ੁੱਧ ਹੋਇਆ ਹੈ। ਇਸ ਤਰ੍ਹਾਂ ਦੇ ਹੋਰ ਵੀ ਕਈ ਵਿਸ਼ੇ ਹਨ, ਜਿਨ੍ਹਾਂ ਵਿਚ ਰਾਹਤ ਮਹਿਸੂਸ ਹੋਈ ਹੈ। ਉਨ੍ਹਾਂ ਵਿਚੋਂ ਇਹ ਵਿਸ਼ਾ ਸਾਦਗੀ ਨਾਲ ਕੀਤੇ ਜਾਂਦੇ ਵਿਆਹਾਂ ਅਤੇ ਮਰਗ ਦੇ ਭੋਗਾਂ ਦਾ ਵੀ ਹੈ। ਤਾਲਾਬੰਦੀ ਦੌਰਾਨ ਵਿਆਹ ਅਤੇ ਮਰਗ ਦੇ ਭੋਗਾਂ ਦੇ ਸਮਾਰੋਹ ਬਿਲਕੁਲ ਸਾਦੇ ਢੰਗ ਨਾਲ ਹੋ ਰਹੇ ਹਨ। ਕੋਈ ਵਿਆਹਾਂ 'ਤੇ ਫ਼ਾਲਤੂ ਅਤੇ ਬੇਲੋੜਾ ਖ਼ਰਚ ਨਹੀਂ, ਕੋਈ ਪੈਲੇਸ ਨਹੀਂ, ਕੋਈ ਡੀ. ਜੇ. ਨਹੀਂ ਅਤੇ ਨਾ ਹੀ ਕੋਈ ਸ਼ੋਰ ਸ਼ਰਾਬਾ ਹੈ। ਕਈ ਥਾਵਾਂ ਤੋਂ ਪ੍ਰਾਪਤ ਜਾਣਕਾਰੀਆਂ ਅਨੁਸਾਰ ਤੜਕੇ ਅੰਮ੍ਰਿਤ ਵੇਲੇ ਅਨੰਦ ਕਾਰਜ ਵੀ ਹੋਏ। ਮਹਾਂਮਾਰੀ ਨੇ ਅਸਲ ਅਤੇ ਸ਼ੋਸ਼ੇਬਾਜ਼ੀ ਵਾਲੀ ਜ਼ਿੰਦਗੀ ਦੀ ਪਹਿਚਾਣ ਵੀ ਚੰਗੀ ਤਰ੍ਹਾਂ ਕਰਵਾ ਦਿੱਤੀ ਹੈ। ਲੋਕਾਂ ਵਿਚ ਵਿਆਹਾਂ ਦੇ ਸਮਾਰੋਹ ਸਾਦੇ ਢੰਗ ਨਾਲ ਕਰਨ ਦਾ ਰੁਝਾਨ ਵੀ ਹੈ ਅਤੇ ਇਸ ਦੀ ਪ੍ਰਸੰਸਾ ਵੀ ਹੋ ਰਹੀ ਹੈ। ਮੁੱਕਦੀ ਗੱਲ ਇਹ ਹੈ ਕਿ ਮਹਾਂਮਾਰੀ ਤੋਂ ਨਿਜਾਤ ਮਿਲਣ ਤੋਂ ਬਾਅਦ ਵੀ ਇਸੇ ਤਰ੍ਹਾਂ ਸਾਦੇ ਢੰਗ ਨਾਲ ਸਮਾਰੋਹ ਕਰਨੇ ਜਾਰੀ ਰਹਿਣਗੇ ਜਾਂ ਸਿਰਫ਼ ਇਹ ਹੁਣ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਾ ਕੇ ਆਪਣੀ ਪ੍ਰਸੰਸਾ ਕਰਵਾਉਣ ਤੱਕ ਹੀ ਸੀਮਤ ਰਹੇਗੀ?

-ਪਰਗਟ ਸੇਹ
ਪਿੰਡ ਤੇ ਡਾਕ: ਸੇਹ, ਜ਼ਿਲ੍ਹਾ ਲੁਧਿਆਣਾ।

ਕੋਵਿਡ-19
ਕੋਵਿਡ ਤੋਂ ਭਾਵ ਹੈ ਕੋਰੋਨਾ ਵਾਇਰਸ ਡਿਸੀਜ਼ ਸਾਲ 2019। ਜਿਵੇਂ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਕੋਵਿਡ-19 ਨੇ ਪੂਰੇ ਵਿਸ਼ਵ 'ਚ ਅਸ਼ਾਂਤੀ ਫੈਲਾ ਰੱਖੀ ਹੈ। ਚਾਰ ਚੁਫੇਰਾ ਸੁੰਨਾ ਜਿਹਾ ਦਿਖਾਈ ਦਿੰਦਾ ਹੈ। ਜੇਕਰ ਇਸ ਤੋਂ ਬਚਣ ਦੇ ਉਪਰਾਲੇ ਨਾ ਕੀਤੇ ਗਏ ਤਾਂ ਇਹ ਸਭ ਨੂੰ ਆਪਣੀ ਲਪੇਟ ਵਿਚ ਲੈ ਲਵੇਗਾ। ਸਾਡੀ ਪੜ੍ਹਾਈ ਖ਼ਰਾਬ ਨਾ ਹੋਵੇ ਤੇ ਕਿਤਾਬਾਂ ਨਾਲ ਸਾਡਾ ਰਾਬਤਾ ਕਾਇਮ ਰਹੇ ਇਸ ਦੇ ਲਈ ਸਾਰੇ ਅਧਿਆਪਕ ਬਹੁਤ ਮਿਹਨਤ ਨਾਲ ਆਨਲਾਈਨ ਕੰਮ ਕਰਵਾ ਰਹੇ ਹਨ। ਬਹੁਤੇ ਮੇੇਰੇ ਵੀਰਾਂ ਭੈਣਾਂ ਕੋਲ ਤਾਂ ਇਹ ਸਮਾਰਟ ਫੋਨ ਵੀ ਨਹੀਂ ਹਨ। ਕਈ ਜਗ੍ਹਾ 'ਤੇ ਇਸ ਤਰ੍ਹਾਂ ਵੀ ਹੋ ਰਿਹਾ ਹੈ ਕਿ ਗਲੀ ਵਿਚ ਮੋਬਾਈਲ ਇਕ ਹੁੰਦਾ ਤੇ ਉਸ ਤੋਂ ਕੰਮ ਕਰਨ ਵਾਲੇ ਬੱਚੇ ਕਾਫ਼ੀ ਇਕੱਠੇ ਹੋ ਜਾਂਦੇ ਨੇ। ਕੀ ਇਸ ਤਰ੍ਹਾਂ ਏਨੇ ਹੱਥਾਂ ਨਾਲ ਮੋਬਾਈਲ ਪ੍ਰਭਾਵਿਤ ਨਹੀਂ ਹੋਵੇਗਾ? ਹੱਥਾਂ ਨੂੰ ਤਾਂ ਧੋਤਾ ਜਾ ਸਕਦਾ ਹੈ ਕੀ ਮੋਬਾਈਲ ਨੂੰ ਧੋ ਸਕਦੇ ਹਾਂ? ਉਸ ਨੂੰ ਸੈਨੇਟਾਈਜ਼ ਕਰ ਸਕਦੇ ਹਾਂ? ਪੜ੍ਹਾਈ ਲਈ ਕਾਪੀਆਂ, ਕਿਤਾਬਾਂ, ਪੈਨਸਿਲਾਂ ਬਾਜ਼ਾਰਾਂ ਵਿਚੋਂ ਮੁਹੱਈਆ ਕਰਵਾਉਣਾ ਵੀ ਔਖਾ ਹੋ ਰਿਹਾ ਹੈ। ਹਰ ਬੰਦਾ ਹਰ ਤਰ੍ਹਾਂ ਦੀ ਸਹੂਲਤ ਨਹੀਂ ਲੈ ਸਕਦਾ। ਪੇਟ ਨਾ ਪਈਆਂ ਰੋਟੀਆਂ ਸਭੇ ਗੱਲਾਂ ਖੋਟੀਆਂ। ਜ਼ਿਆਦਾਤਰ ਲੋਕ ਮਾਸਕ ਬਣਾਉਣ ਵਿਚ ਹੀ ਲੱਗੇ ਹੋਏ ਹਨ। ਮਾਸਕ ਤਾਂ ਬੰਦਾ ਘਰੇ ਵੀ ਬਣਾ ਲਊ ਪਰ ਆਟਾ ਨਹੀਂ ਬਣਾ ਸਕਦਾ। ਮਾਸਕ ਲਗਾ ਕੇ ਬਿਮਾਰੀ ਤੋਂ ਤਾਂ ਬਚਾ ਕਰ ਸਕਦੈ ਪਰ ਭੁੱਖ ਤੋਂ ਨਹੀਂ ਕਰ ਸਕਦਾ।

-ਹਰਗੁਣਜੀਤ ਸਿੰਘ, ਮਾਨਸਾ।

ਕਿਸਾਨ ਅਤੇ ਖੇਤ ਮਜ਼ਦੂਰ ਦਾ ਦਰਦ
ਸਾਡਾ ਦੇਸ਼ ਤੇ ਰਾਜ ਖੇਤੀ ਪ੍ਰਧਾਨ ਹੈ। ਇਸ ਵਿਚ ਬਹੁਗਿਣਤੀ ਕਿਸਾਨ ਤੇ ਖੇਤ ਮਜ਼ਦੂਰ ਦੀ ਆਰਥਿਕ ਸਥਿਤੀ ਚਿੰਤਾਜਨਕ ਹੈ। ਕੁਦਰਤੀ ਕਰੋਪੀ ਅਤੇ ਖੇਤੀ ਨੀਤੀਆਂ ਪ੍ਰਤੀ ਆਪਾਂ ਸਭ ਜਾਣੂ ਹਾਂ। ਕਿਸਾਨ ਤੇ ਖੇਤ ਮਜ਼ਦੂਰ ਨੇ ਹੱਡ-ਭੰਨਵੀਂ ਮਿਹਨਤ ਕਰਕੇ ਦੇਸ਼ ਨੂੰ ਅਨਾਜ ਲਈ ਆਤਮ-ਨਿਰਭਰ ਬਣਾਇਆ ਹੈ ਪਰ ਆਪ ਕਿਸਾਨ ਤੇ ਖੇਤ ਮਜ਼ਦੂਰ ਵਰਗ ਕਰਜ਼ੇ ਦੇ ਜਾਲ ਵਿਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ। ਇਹ ਕਰਜ਼ੇ 'ਚੋਂ ਨਿਕਲਣ ਲਈ ਕੋਈ ਹੋਰ ਚਾਰਾ ਨਾ ਚਲਦੇ ਹੋਏ ਖ਼ੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ। ਸਰਕਾਰਾਂ ਨੂੰ ਠੋਸ ਨੀਤੀਆਂ ਖੇਤੀਬਾੜੀ ਲਈ ਬਣਾ ਕੇ ਇਮਾਨਾਦਾਰੀ ਨਾਲ ਲਾਗੂ ਕਰਨੀਆਂ ਚਾਹੀਦੀਆਂ ਹਨ। ਇਸ ਗੰਭੀਰ ਵਿਸ਼ੇ 'ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਸਗੋਂ ਸਾਰਥਿਕ ਕਦਮ ਪੁੱਟਣੇ ਚਾਹੀਦੇ ਹਨ।

-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿ: ਪਟਿਆਲਾ।

ਦਸਵੀਂ ਦੇ ਵਿਦਿਆਰਥੀਆਂ ਦੀ ਪ੍ਰਮੋਟ ਨੀਤੀ
ਪੰਜਾਬ ਸਿੱਖਿਆ ਵਿਭਾਗ ਨੇ ਮੌਜੂਦਾ ਸੰਕਟ ਨੂੰ ਮੁੱੱਖ ਰੱਖਦਿਆਂ 2019-20 ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬਿਨਾਂ ਪ੍ਰੀਖਿਆ ਲਏ ਪ੍ਰੀ ਬੋਰਡ ਪ੍ਰੀਖਿਆ ਦੇ ਨਤੀਜੇ ਦੇ ਆਧਾਰ 'ਤੇ ਅਗਲੀ ਜਮਾਤ ਵਿਚ ਪ੍ਰਮੋਟ ਕਰਨ ਕਰਨ ਦਾ ਫ਼ਸਲਾ ਕੀਤਾ ਹੈ। ਕੁਝ ਕੁ ਵਿਦਿਆਰਥੀਆਂ, ਮਾਪਿਆਂ, ਪ੍ਰਾਈਵੇਟ ਸਕੂਲਾਂ ਅਤੇ ਆਮ ਲੋਕਾਂ ਵਲੋਂ ਇਸ ਫ਼ੈਸਲੇ ਪ੍ਰਤੀ ਵਿਰੋਧ ਪ੍ਰਗਟ ਕਰਨ ਦੀਆਂ ਖ਼ਬਰਾਂ ਹਨ। ਮੇਰੇ ਖਿਆਲ ਵਿਚ ਇਹ ਫ਼ੈਸਲਾ ਮੌਜੂਦਾ ਹਾਲਾਤ ਨੂੰ ਮੁੱਖ ਰੱਖ ਕੇ ਲਿਆ ਗਿਆ ਢੁਕਵਾਂ ਫ਼ੈਸਲਾ ਹੈ। ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਸਰਕਾਰ ਪ੍ਰੀਖਿਆ ਲੈਣ ਦਾ ਫ਼ੈਸਲਾ ਕਰ ਵੀ ਲੈਂਦੀ ਹੈ ਤਾਂ ਇਹ ਪ੍ਰੀਖਿਆ ਜੁਲਾਈ ਤੋਂ ਪਹਿਲਾਂ ਸੰਭਵ ਨਹੀਂ ਹੈ। ਸੋ ਸਿਆਣਪ ਇਸ ਨੀਤੀ ਵਿਚ ਹੀ ਹੈ ਕਿ ਸਕੂਲ ਖੁੱਲ੍ਹਦਿਆਂ ਹੀ ਨਵੀਂ ਕਲਾਸ ਦੀ ਪੜ੍ਹਾਈ ਵਿਚ ਡਟ ਜਾਈਏ। ਜੇਕਰ ਅਸੀਂ ਬਹੁਤੇ ਵਿਚਾਰਾਂ ਵਿਚ ਪਵਾਂਗੇ ਤਾਂ 'ਸਰੀਰਕ ਦੂਰੀ' ਦੀ ਪਾਲਣਾ ਕਾਰਨ ਕਰਕੇ ਕਿਤੇ ਵਿਦਿਆਰਥੀਆਂ ਨੂੰ ਇਕ ਸਾਲ ਦੀ ਪੜ੍ਹਾਈ ਦਾ ਨੁਕਸਾਨ ਨਾ ਉਠਾਉਣਾ ਪੈ ਜਾਵੇ? ਉਂਜ ਵੀ ਵਿਦਿਆਰਥੀਆਂ ਨੂੰ ਕਰੀਅਰ ਚੁਣਨ ਲਈ 10+2 ਹੀ ਆਧਾਰ ਹੈ।

-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ

14-05-2020

 ਸ਼ਰਾਬ ਦੇ ਆਦੀ-ਲੋਕ ਜਾਂ ਸਰਕਾਰਾਂ?
ਲੋਕਤੰਤਰਿਕ ਸਰਕਾਰਾਂ ਜੋ ਲੋਕਾਂ ਦੇ ਸਮੂਹਿਕ ਹਿਤਾਂ ਲਈ ਹਨ, ਸਮਾਜਿਕ ਕੁਰੀਤੀਆਂ ਦਾ ਖ਼ਾਤਮਾ ਵੀ ਇਨ੍ਹਾਂ ਦੀ ਜ਼ਿੰਮੇਵਾਰੀ ਹੈ, ਚਾਹੇ ਸਰਕਾਰ ਨੂੰ ਇਨ੍ਹਾਂ ਤੋਂ ਕਿੰਨਾ ਵੀ ਫਾਇਦਾ ਹੁੰਦਾ ਹੋਵੇ। ਸ਼ਰਾਬ ਵੀ ਇਕ ਅਜਿਹੀ ਕੁਰੀਤੀ ਹੈ ਜੋ ਆਪਣੇ ਨਾਲ ਹੋਰ ਵੀ ਬਹੁਤ ਅਲਾਮਤਾਂ ਨੂੰ ਜਨਮ ਦਿੰਦੀ ਹੈ ਜਿਵੇਂ ਚੋਰੀ, ਰੇਪ, ਘਰੇਲੂ ਹਿੰਸਾ, ਸਰੀਰਕ ਬਿਮਾਰੀਆਂ ਆਦਿ। ਏਮਜ਼ ਦੀ ਇਕ ਰਿਪੋਰਟ ਅਨੁਸਾਰ 5.7 ਕਰੋੜ ਭਾਰਤੀ ਇਸ ਦੇ ਆਦੀ ਹਨ। ਡਬਲਿਊ.ਐਚ.ਓ. ਦੀ ਰਿਪੋਰਟ ਅਨੁਸਾਰ ਹਰ ਸਾਲ 2,60,000 ਭਾਰਤੀਆਂ ਦੀ ਮੌਤ ਸ਼ਰਾਬ ਕਾਰਨ ਹੀ ਹੁੰਦੀ ਹੈ। ਕੁਝ ਰਾਜਾਂ ਵਿਚ ਤਾਂ ਠੇਕੇ ਖੋਲ੍ਹ ਦਿੱਤੇ ਗਏ ਹਨ ਪਰ ਇਸ ਦੇ ਨਾਲ ਹੀ ਸਮਾਜਿਕ ਦੂਰੀ ਦੀਆਂ ਧੱਜੀਆਂ ਉੱਡਦੀਆਂ ਵੀ ਦਿਖਾਈ ਦਿੱਤੀਆਂ। ਹਾਲੇ ਹੋਰ ਬੁਰੇ ਨਤੀਜੇ ਮਿਲ ਸਕਦੇ ਹਨ ਪਰ ਜਦੋਂ ਸ਼ਰਾਬ ਪੀਣ ਵਾਲਿਆਂ ਤੋਂ ਜ਼ਿਆਦਾ ਸਰਕਾਰਾਂ ਸ਼ਰਾਬ ਤੋਂ ਆਮਦਨ ਦੀਆਂ ਆਦੀ ਹੋਣ, ਇਸ ਦੀ ਖਪਤ ਘੱਟ ਕਰਨਾ ਤੇ ਫਿਰ ਖ਼ਤਮ ਕਰਨਾ ਔਖਾ ਹੈ। ਤਾਲਾਬੰਦੀ ਕਾਰਨ ਜਿਥੇ ਪਹਿਲਾਂ ਹੀ ਘਰੇਲੂ ਹਿੰਸਾ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਸੀ, ਸ਼ਰਾਬ ਕਾਰਨ ਇਸ ਦੀ ਗਤੀ ਹੋਰ ਤੇਜ਼ ਹੋ ਜਾਵੇਗੀ। ਸ਼ਰਾਬ 'ਤੇ ਖ਼ਰਚਾ ਘਰਾਂ ਦੀ ਪਹਿਲਾਂ ਤੋਂ ਡਾਵਾਂਡੋਲ ਹੋਈ ਸਥਿਤੀ ਨੂੰ ਹੋਰ ਵਿਗਾੜ ਦੇਵੇਗਾ। ਜਦੋਂ ਸ਼ਰਾਬ ਉੱਪਰ ਨਿਰਭਰਤਾ ਖ਼ਤਮ ਕਰਨ ਵਿਚ ਕੋਈ ਦਿੱਕਤ ਨਹੀਂ ਆਵੇਗੀ ਅਤੇ ਇਸ ਦੇ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਵੀ ਖ਼ਤਮ ਹੋ ਜਾਣਗੀਆਂ।

-ਰੌਬਿਨ ਚਾਵਲਾ
ਸ੍ਰੀ ਮੁਕਤਸਰ ਸਾਹਿਬ।

ਸੁਚੱਜੀ ਗਾਇਕੀ ਪ੍ਰਤੀ ਅਸਹਿਣਸ਼ੀਲਤਾ ਕਿਉਂ
ਅੱਜਕੱਲ੍ਹ ਰਣਜੀਤ ਬਾਵਾ ਵਲੋਂ ਗਾਇਆ ਤੇ ਬੀਰ ਸਿੰਘ ਵਲੋਂ ਲਿਖਿਆ ਗੀਤ 'ਮੇਰਾ ਕੀ ਕਸੂਰ' ਖੂਬ ਵਿਵਾਦਾਂ ਦਾ ਵਿਸ਼ਾ ਬਣਿਆ ਹੋਇਆ ਹੈ। ਭਾਵੇਂ ਪਰ ਡੂੰਘਾਈ ਤੇ ਗਹੁ ਨਾਲ ਦੇਖਣ ਅਤੇ ਵਿਚਾਰਨ ਤੇ ਪਤਾ ਚਲਦਾ ਹੈ ਕਿ ਉਹ ਸੱਚ ਦੀ ਹਾਮੀ ਭਰਨ ਵਾਲਾ ਸੁਚੱਜਾ ਗਾਇਕ ਹੈ, ਜਿਸ ਦੇ ਕੁਝ ਗੀਤ ਤਾਂ ਦੇਖਣ ਵਾਲਾ ਹਰ ਬੰਦਾ ਅੰਦਰੋਂ ਉਸ ਦੇ ਗਾਏ ਗੀਤ ਨਾਲ 100 ਫ਼ੀਸਦੀ ਸਹਿਮਤ ਹੋ ਜਾਂਦਾ ਹੈ। 'ਜੇ ਮੈਂ ਮਾੜੇ ਘਰ ਜੰਮਿਆ ਤਾਂ ਮੇਰਾ ਕੀ ਕਸੂਰ' ਇਕ ਅਜਿਹੀ ਤਲਖ਼ ਸਚਾਈ ਹੈ ਜਿਸ ਨੂੰ ਲਿਖਣਾ ਤੇ ਗਾ ਕੇ ਬਿਆਨ ਕਰਨਾ ਕਿਸੇ ਇਸ ਗੀਤ ਰਾਹੀਂ ਲੇਖਕ ਤੇ ਗਾਇਕ ਨੇ ਵਿਗਿਆਨਕ, ਸਮਾਜਿਕ ਤੇ ਇਨਸਾਨੀਅਤ ਪੱਖੋਂ ਸਦੀਆਂ ਤੋਂ ਲਤਾੜੇ ਕਿਰਤੀ ਵਰਗ ਦੀ ਗੱਲ ਕਰ ਕੇ ਬੇਹੱਦ ਕੌੜੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਤਾਂ ਉਹ ਇਸ ਗੀਤ ਦੇ ਬੋਲਾਂ ਵਿਚ ਕਿਤੇ ਵੀ ਨਹੀਂ ਝਲਕਦੀ। ਲੇਖਕ ਤੇ ਗਾਇਕ ਨੇ ਕਿਤੇ ਵੀ ਕਿਸੇ ਧਰਮ ਨੂੰ ਇਨਸਾਨੀਅਤ ਦੀ ਭਲਾਈ ਲਈ ਨਿਯਤ ਕੀਤੇ ਮਾਪਦੰਡਾਂ ਅਨੁਸਾਰ ਉਨ੍ਹਾਂ ਤੱਥਾਂ ਨੂੰ ਪੜਚੋਲਿਆ ਗਿਆ ਹੈ ਜੋ ਕੁਦਰਤ ਅਤੇ ਮਨੁੱਖਤਾ ਦੇ ਕਿਸੇ ਵੀ ਧਰਮ ਨੂੰ ਇਸ ਗੀਤ ਰਾਹੀਂ ਮਾੜਾ ਨਹੀਂ ਕਿਹਾ ਗਿਆ ਬਲਕਿ ਹਰ ਉਸ ਕੁਰੀਤੀ ਨੂੰ ਸੁਧਾਰਨ ਦਾ ਸੁਨੇਹਾ ਦਿੱਤਾ ਹੈ। ਇਸ ਗੀਤ ਦੇ ਅਸਲ ਮੰਤਵ ਨੂੰ ਜੇਕਰ ਸਮਝ ਲਿਆ ਜਾਵੇ ਤਾਂ ਧਰਮ ਜਾਂ ਤਬਕੇ ਦੇ ਸਰੋਤਿਆਂ ਤੇ ਬੁੱਧੀਜੀਵੀਆਂ ਨੂੰ ਇਸ ਤਰ੍ਹਾਂ ਦੀ ਸੁਹਿਰਦ ਕੋਸ਼ਿਸ਼ ਲਈ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਉਹ ਵੱਖਰੀ ਗੱਲ ਹੈ ਕਿ ਸੱਚ ਹੈ।

-ਡਾ: ਅਵਤਾਰ ਸਿੰਘ।

ਦਿਲਚਸਪੀਆਂ ਅੰਕ
ਪਿਛਲੇ ਦਿਲਚਸਪੀਆਂ ਅੰਕ ਵਿਚ ਵਿਅੰਗਕਾਰ ਸਰਵਨ ਸਿੰਘ ਪਤੰਗ ਦਾ ਵਿਅੰਗ 'ਲਾਡਕਾਊਨ ਤੋੜਨਾ ਮਨ੍ਹਾਂ ਹੈ' ਬਹੁਤ ਪਸੰਦ ਆਇਆ। ਜਿਸ ਤਰ੍ਹਾਂ ਕਿਸੇ ਬਲਦ ਦੀ ਸੁਸਤੀ ਦੂਰ ਕਰਨ ਲਈ ਉਸ ਨੂੰ ਹੱਥ ਵਿਚ ਫੜੀ ਆਰ ਲਾਈ ਜਾਂਦੀ ਹੈ, ਉਸੇ ਤਰ੍ਹਾਂ ਹੀ ਲੇਖਕ ਹਰ ਪਾਤਰ ਦੀ ਜ਼ੁਬਾਨ ਰੂਪੀ ਆਰ ਨੂੰ ਇਕ ਮਿੱਠੀ ਜਿਹੀ ਛੁਰੀ ਨਾਲ ਟਕੋਰ ਕਰਦਾ ਹੈ, ਜਿਸ ਨੂੰ ਪੜ੍ਹ ਕੇ ਹਾਸੇ ਤਾਂ ਮੱਲੋ ਜ਼ੋਰੀ ਆਉਂਦੇ ਹੀ ਹਨ। ਇਹ ਵਿਅੰਗ ਪਾਠਕ ਦਾ ਸਮਾਜ ਵਿਚ ਫੈਲੀਆਂ ਬਹੁਤ ਸਾਰੀਆਂ ਬੁਰਾਈਆਂ ਪ੍ਰਤੀ ਵੀ ਧਿਆਨ ਦਿਵਾਉਂਦਾ ਹੈ। ਸਾਹਿਤ ਫੁਲਵਾੜੀ ਵਿਚ ਪ੍ਰਿੰਸੀਪਲ ਵਿਜੈ ਕੁਮਾਰ ਦਾ ਵਿਅੰਗ 'ਰੱਬਾ ਇਨ੍ਹਾਂ ਦਿਨਾਂ ਵਿਚ ਨਾ ਲਜਾਈ ਵੀ ਸਿੱਖਿਆਦਾਇਕ ਹੈ। ਇਸ ਵਿਚ ਲੇਖਕ ਨੇ ਖ਼ੂਬਸੂਰਤ ਸ਼ਬਦਾਵਲੀ ਰਾਹੀਂ ਦੱਸਿਆ ਹੈ ਕਿ ਕਿਵੇਂ ਲੋਕ? ਫੋਕੀ ਟੌਹਰ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੇ ਪਾਪੜ ਵੇਲਦੇ ਹਨ। ਖ਼ੁਸ਼ੀ, ਗ਼ਮੀ ਦੇ ਵਕਤ ਦੋ-ਚਾਰ ਦਿਨਾਂ ਦੀ ਬੱਲੇ-ਬੱਲੇ ਵਾਸਤੇ ਵਿਤੋਂ ਵੱਧ ਖ਼ਰਚ ਕਰ ਕੇ ਬਾਅਦ ਵਿਚ ਸੋਚਦੇ ਹਨ ਕਿ ਕਿੱਥੋਂ ਪੰਗਾ ਲੈ ਲਿਆ। ਇਸੇ ਕਾਲਮ ਵਿਚ ਹੀ 'ਕੋਰੋਨਾ ਵਾਇਰਸ ਦੇ ਫਾਇਦੇ' ਵਿਚ ਬਲਰਾਜ ਸਿੰਘ ਦਾ ਵਿਅੰਗ ਵੀ ਕਾਬਲੇ ਤਾਰੀਫ਼ ਹੈ ਅਸੀਂ ਦੇਖਿਆ ਹੈ ਕਿ ਸਾਡੀਆਂ ਸਰਕਾਰਾਂ ਭਾਰਤ ਨੂੰ ਕੂੜਾ ਮੁਕਤ ਕਰਵਾਉਣ ਲਈ ਵੱਡੀਆਂ-ਵੱਡੀਆਂ ਮੁਹਿੰਮਾਂ ਚਲਾ ਕੇ ਵੀ ਉਹ ਪ੍ਰਾਪਤੀਆਂ ਨਹੀਂ ਕਰ ਸਕੀਆਂ ਜੋ ਉਹ ਚਾਹੁੰਦੀਆਂ ਸਨ। ਕੋਰੋਨਾ ਮਹਾਂਮਾਰੀ ਨਾਲ ਲੋਕਾਂ ਨੂੰ ਗਿਆਨ ਹੋ ਗਿਆ ਹੈ ਕਿ ਇਸ ਆਸੇ-ਪਾਸੇ ਖਿਲਰੇ ਗੰਦ ਨਾਲ ਕਿਤੇ ਸਾਨੂੰ ਇਹ ਲਾਗ (ਬਿਮਾਰੀ) ਹੀ ਨਾ ਲੱਗ ਜਾਵੇ। ਤਾਂ ਫਟਾਫਟ ਸਫ਼ਾਈ ਕਰਨ ਲੱਗ ਪਏ ਹਨ। ਕੋਰੋਨਾ ਕਰਕੇ ਅਤੇ ਤਾਲਾਬੰਦੀ ਕਾਰਨ ਹੋਰ ਵੀ ਕਈ ਤਰ੍ਹਾਂ ਦੇ ਪ੍ਰਦੂਸ਼ਣ ਨੂੰ ਠੱਲ੍ਹ ਪਈ ਹੈ। ਕੁੱਲ ਮਿਲਾ ਕੇ ਐਤਵਾਰ ਦਾ ਸਾਰਾ ਮੈਟਰ ਹੀ ਬਹੁਤ ਵਧੀਆ ਲੱਗਾ।

-ਮੰਗਲਮੀਤ ਪੱਤੋਂ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।

ਸਾਡੀ ਸੋਚ
ਅੱਜ ਜਿਸ ਹਾਲਾਤ ਵਿਚੋਂ ਗੁਜ਼ਰ ਰਿਹਾ ਹੈ ਸਾਡਾ ਮਜ਼ਦੂਰ ਵਰਗ ਉਹ ਹਲਾਤ ਕਿਸੇ ਤੋਂ ਲੁਕੇ-ਛਿਪੇ ਨਹੀਂ ਹਨ। ਕਿਉਂਕਿ ਤਾਲਾਬੰਦੀ ਕਰਕੇ ਅੱਜ ਮਜ਼ਦੂਰ ਵਰਗ ਭੁੱਖਮਰੀ ਦਾ ਸ਼ਿਕਾਰ ਹੋ ਰਿਹਾ ਹੈ। ਇਸ ਲਈ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਜਿਹੇ ਹਾਲਾਤ ਵਿਚ ਮਜ਼ਦੂਰਾਂ ਦੀ ਮਦਦ ਕਰੀਏ। ਅੱਜ ਹਰ ਵਿਅਕਤੀ ਆਪਣੇ ਵਦੇ ਹੋਏ ਕੰਮਕਾਰ ਵਿਚ ਮਜ਼ਦੂਰ ਰੱਖ ਕੇ ਆਪਣੇ ਕੰਮ ਜਲਦੀ ਅਤੇ ਸੌਖੇ ਢੰਗ ਨਾਲ ਨਿਪਟਾਉਣੇ ਚਾਹੁੰਦਾ ਹੈ। ਇਸ ਲਈ ਮਜ਼ਦੂਰ ਵਰਗ ਨਾਲ ਸਾਨੂੰ ਆਪਸੀ ਮੇਲ-ਜੋਲ ਅਤੇ ਭਾਈਚਾਰਕ ਸਾਂਝ ਵਾਲੀ ਸੋਚ ਬਣਾ ਕੇ ਰੱਖਣੀ ਚਾਹੀਦੀ ਹੈ। ਕੋਈ ਵੀ ਇਨਸਾਨ ਆਪਣੇ ਕੰਮ ਕਰ ਕੇ ਵੱਡਾ ਜਾਂ ਛੋਟਾ ਨਹੀਂ ਹੁੰਦਾ, ਬਸ ਸਾਡੀ ਸੋਚ ਦਾ ਹੀ ਫਰਕ ਹੁੰਦਾ ਹੈ। ਅੱਜ ਔਖੀ ਘੜੀ ਵਿਚ ਸਾਨੂੰ ਸਾਡੇ ਮਜ਼ਦੂਰ ਵਰਗ ਪ੍ਰਤੀ ਸਹੀ ਸੋਚ, ਨਿਮਰ ਸੁਭਾਅ ਅਤੇ ਇਨਸਾਨੀਅਤ ਕਾਇਮ ਰੱਖਣੀ ਚਾਹੀਦੀ ਹੈ। ਸੋ ਦੋਸਤੋ, ਮਜ਼ਦੂਰਾਂ ਪ੍ਰਤੀ ਸਹੀ ਸੋਚ ਤੇ ਸਹੀ ਰਵੱਈਆ ਅਪਣਾਓ ਅਤੇ ਆਪਣੇ ਇਨਸਾਨ ਹੋਣ ਦਾ ਫ਼ਰਜ਼ ਬਾਖੂਬੀ ਨਿਭਾਓ।

-ਪਰਮਜੀਤ ਕੌਰ ਸੋਢੀ
ਭਗਤਾ ਭਾਈਕਾ।

13-05-2020

 ਬੰਦ ਵਿਚ ਵੀ ਨਸ਼ੇ
ਕੋਰੋਨਾ ਦੀ ਬਿਮਾਰੀ ਕਾਰਨ ਪੂਰੀ ਦੁਨੀਆ ਵਿਚ ਲਾਕਡਾਊਨ ਚਲ ਰਿਹਾ ਹੈ। ਸਾਡੇ ਭਾਰਤ ਵਿਚ ਵੀ ਮੁਕੰਮਲ ਬੰਦ ਰਿਹਾ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕਰਫ਼ਿਊ ਦਾ ਐਲਾਨ ਕੀਤਾ। ਇਸ ਕਰਫ਼ਿਊ ਵਿਚ ਬੜਾ ਕੁਝ ਨਿਕਲ ਕੇ ਸਾਹਮਣੇ ਆਉਂਦਾ ਰਿਹਾ। ਪੁਲਿਸ ਨੇ ਸ਼ੁਰੂਆਤੀ ਸਮੇਂ ਵਿਚ ਕੁੱਟਮਾਰ ਕਰ ਕੇ ਆਪਣੀ ਜ਼ਿੰਮੇਵਾਰੀ ਅਜੀਬ ਤਰੀਕੇ ਨਾਲ ਨਿਭਾਈ। ਸਭ ਪਾਸੇ ਸਭ ਕੁਝ ਬੰਦ ਹੋਣ ਦੇ ਕਾਰਨ ਕੁਝ ਲੋਕਾਂ ਨੇ ਖਾਣ-ਪੀਣ ਦੀਆਂ ਜ਼ਰੂਰੀ ਵਸਤੂਆਂ ਬਹੁਤ ਮਹਿੰਗੇ ਭਾਅ ਖਰੀਦੀਆਂ। ਇਹ ਤਾਂ ਸੀ ਬੰਦ ਸਮੇਂ ਦੇ ਦੌਰਾਨ ਅਹਿਮ ਗੱਲਾਂ। ਲੰਮੇ ਸਮੇਂ ਤੱਕ ਚੱਲੇ ਇਸ ਬੰਦ ਦੇ ਸਮੇਂ ਦੌਰਾਨ ਸਭ ਤੋਂ ਵੱਧ ਹੈਰਾਨੀ ਇਸ ਗੱਲ ਦੀ ਦੇਖੀ ਕੇ ਲੋਕਾਂ ਲਈ ਬੇਸ਼ੱਕ ਖਾਣ-ਪੀਣ ਦੀਆਂ ਚੀਜ਼ਾਂ ਦੀ ਘਾਟ ਤਾਂ ਨਜ਼ਰ ਜ਼ਰੂਰ ਆਈ ਪਰ ਪੰਜਾਬ ਵਿਚ ਇਸ ਔਖੀ ਘੜੀ ਵਿਚ ਵੀ ਨਸ਼ਿਆਂ ਦਾ ਆਮ ਮਿਲਣਾ ਕਈ ਸਵਾਲ ਖੜ੍ਹੇ ਕਰ ਗਿਆ। ਜਦੋਂ ਕਰਫ਼ਿਊ ਦਾ ਦਿਨ ਹੋਵੇ ਚਿੜੀ ਫਰਕ ਨਾ ਸਕੇ, ਨਸ਼ਿਆਂ ਦਾ ਮਿਲਣਾ ਆਖਰ ਕੁਝ ਨਾ ਕੁਝ ਤਾਂ ਵਿਚ ਹੋਵੇਗਾ ਹੀ। ਕਈ ਥਾਵਾਂ ਉੱਤੇ ਨਸ਼ਾ ਸਪਲਾਈ ਕਰਨ ਵਾਲਿਆਂ ਦਾ ਪਿੰਡਾਂ ਵਿਚ ਲੱਗੇ ਨਾਕਿਆਂ ਉੱਪਰ ਤਕਰਾਰ ਹੋਇਆ ਤੇ ਕਈ ਥਾਵਾਂ 'ਤੇ ਝਗੜੇ ਵੀ ਹੋਏ। ਗੋਲੀ ਵੀ ਚੱਲੀ ਤੇ ਮੌਤਾਂ ਵੀ ਹੋਈਆਂ, ਇਸ ਸਮੇਂ ਨਸ਼ਾ ਸਪਲਾਈ ਕਰਨ ਵਾਲਿਆਂ ਦੇ ਨਾਲ ਪੁਲਿਸ ਹੋਣ ਦੀਆਂ ਵੀਡੀਓਜ਼ ਵੀ ਆਈਆਂ। ਉਸ ਵੇਲੇ ਤਾਂ ਹੱਦ ਹੀ ਹੋ ਗਈ ਜਦੋਂ ਖੰਨਾ ਨਜ਼ਦੀਕ ਨਕਲੀ ਸ਼ਰਾਬ ਤਿਆਰ ਕਰਨ ਦੀ ਫੈਕਟਰੀ ਵੀ ਇਨ੍ਹਾਂ ਦਿਨਾਂ ਵਿਚ ਚਲਦੀ ਫੜੀ ਗਈ, ਇਹ ਸਭ ਦੇਖ ਕੇ ਬੜੀ ਨਿਰਾਸ਼ਤਾ ਹੁੰਦੀ ਹੈ ਕਿ ਜਦੋਂ ਇਸ ਬੰਦ ਦੇ ਸਮੇਂ ਦੌਰਾਨ ਵੀ ਕਿਸੇ ਨਾ ਕਿਸੇ ਤਰੀਕੇ ਨਸ਼ੇ ਵਿਕਦੇ ਹੋਣ ਫਿਰ ਆਮ ਦਿਨਾਂ ਵਿਚ ਕੀ ਹੁੰਦਾ ਹੋਵੇਗਾ?

-ਬਲਬੀਰ ਸਿੰਘ ਬੱਬੀ ਤੱਖਰਾਂ
ਪਿੰਡ ਤੇ ਡਾਕ: ਤੱਖਰਾਂ, ਜ਼ਿਲ੍ਹਾ ਲੁਧਿਆਣਾ।

ਮੁਲਾਜ਼ਮਾਂ ਦੀਆਂ ਤਨਖ਼ਾਹਾਂ 'ਚ ਕਟੌਤੀ
ਕੋਰੋਨਾ ਆਫ਼ਤ ਦੇ ਕਹਿਰ ਨੇ ਪੰਜਾਬ ਸਰਕਾਰ ਦੇ ਸਰਕਾਰੀ ਖ਼ਜ਼ਾਨੇ ਨੂੰ ਵੀ ਵਿੱਤੀ ਤੌਰ 'ਤੇ ਡਾਢੀ ਢਾਅ ਲਾਈ ਹੈ। ਜਿਸ ਦੇ ਚਲਦਿਆਂ ਸੂਬਾ ਸਰਕਾਰ ਵਲੋਂ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ 'ਚੋਂ (ਵੇਤਨ ਦੇ ਹਿਸਾਬ ਅਨੁਸਾਰ) 10.20 'ਤੇ 30 ਫ਼ੀਸਦੀ ਕਟੌਤੀ ਕਰਨ ਦੀਆਂ ਅਖ਼ਬਾਰਾਂ 'ਚ ਖ਼ਬਰਾਂ ਪੜ੍ਹਨ ਨੂੰ ਮਿਲ ਰਹੀਆਂ ਹਨ ਤਾਂ ਜੋ ਸਰਕਾਰ ਦੇ ਖ਼ਜ਼ਾਨੇ ਨੂੰ ਆਰਥਿਕ ਤੌਰ 'ਤੇ ਕੁਝ ਹੁਲਾਰਾ ਮਿਲ ਸਕੇ। ਪਰ ਰਾਜ ਦੇ ਮੁਲਾਜ਼ਮ ਵਰਗ ਵਲੋਂ ਇਸ ਕਟੌਤੀ ਦਾ ਪੁਰਜ਼ੋਰ ਵਿਰੋਧ ਕੀਤੇ ਜਾਣ ਦਾ ਸਮਾਚਾਰ ਵੀ ਪ੍ਰਕਾਸ਼ਿਤ ਹੋ ਰਹੇ ਹਨ। ਸਾਡੀ ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਪਹਿਲਾਂ ਤੋਂ ਹੀ ਬੇਲਗਾਮ ਹੋਈ ਮਹਿੰਗਾਈ ਦੀ ਚੱਕੀ 'ਚ ਪਿਸ ਰਹੇ ਰਾਜ ਦੇ ਸਰਕਾਰੀ ਕਰਮਚਾਰੀਆਂ ਦੇ ਵੇਤਨ 'ਤੇ ਕੱਟ ਲਗਾਉਣਾ ਹੈ ਤਾਂ ਇਥੋਂ ਦੇ ਵਿਧਾਇਕਾਂ ਖਾਸ ਕਰਕੇ ਇਕ ਤੋਂ ਵੱਧ ਪੈਨਸ਼ਨਾਂ ਲੈਣ ਵਾਲੇ ਮੰਤਰੀ ਸਾਹਿਬਾਨਾਂ ਨੂੰ ਵੀ ਸਰਕਾਰੀ ਖਜ਼ਾਨੇ ਦੀ ਆਰਥਿਕ ਮਦਦ ਕਰਨ ਦੀ ਅਪੀਲ ਕਰੇ। ਪੈਨਸ਼ਨਾਂ ਦੇ ਰੂਪ ਵਿਚ ਲੱਖਾਂ ਰੁਪਏ ਪ੍ਰਤੀ ਮਹੀਨਾ ਵਸੂਲਣ ਵਾਲੇ ਇਨ੍ਹਾਂ ਵਿਧਾਇਕਾਂ ਨੂੰ ਖੁਦ ਨੂੰ ਵੀ ਇਸ ਸੰਕਟ ਦੀ ਘੜੀ 'ਚ ਸਰਕਾਰੀ ਖ਼ਜ਼ਾਨੇ ਦੀ ਆਰਥਿਕ ਸਹਾਇਤਾ ਕਰਨ ਲਈ ਦਰਿਆਦਿਲੀ ਨਾਲ ਅੱਗੇ ਆਉਣਾ ਚਾਹੀਦਾ ਹੈ।

-ਯਸ਼ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।

ਬੱਚਿਆਂ ਦੀ ਪੜ੍ਹਾਈ
ਕੋਰੋਨਾ ਦੇ ਕਹਿਰ ਤੋਂ ਨਿਜਾਤ ਪਾਉਣ ਲਈ ਸਭ ਦੀਆਂ ਨਿਗਾਹਾਂ ਵਿਗਿਆਨੀਆਂ 'ਤੇ ਲੱਗੀਆਂ ਹੋਈਆਂ ਹਨ ਕਿ ਕਦੋਂ ਕੋਈ ਦਵਾਈ ਤਿਆਰ ਕੀਤੀ ਜਾਵੇ ਤਾਂ ਜੋ ਇਸ ਬਿਮਾਰੀ ਨੂੰ ਠੱਲ੍ਹ ਪਾਈ ਜਾ ਸਕੇ। ਪਰ ਸੋਚਣ ਦਾ ਵਿਸ਼ਾ ਇਹ ਹੈ ਕਿ ਸਾਡੇ ਦੇਸ਼ ਵਿਚ ਹਰ ਇਕ ਇਲਾਕੇ ਵਿਚ ਕੋਈ ਨਾ ਕੋਈ ਸਾਧੂ, ਸੰਤ, ਬ੍ਰਹਮ ਗਿਆਨੀ ਆਦਿ ਵਸਿਆ ਹੋਇਆ ਹੈ। ਜਿਨ੍ਹਾਂ ਨੇ ਹਜ਼ਾਰਾਂ, ਲੱਖਾਂ ਦੀ ਗਿਣਤੀ ਵਿਚ ਲੋਕਾਂ ਨੂੰ ਦੁੱਖ-ਕਲੇਸ਼ਾਂ, ਬਿਮਾਰੀਆਂ ਆਦਿ ਤੋਂ ਬਚਾਅ ਕੇ ਰੱਖਣ ਦੇ ਵਿਸ਼ਵਾਸ ਤਹਿਤ ਆਪਣੇ ਨਾਲ ਜੋੜਿਆ ਹੋਇਆ ਹੈ।
ਸਵਾਲ ਇਹ ਹੈ ਕਿ ਇਸ ਔਖੀ ਘੜੀ ਵਿਚ ਇਹ ਬਾਬੇ ਕਿੱਥੇ ਚਲੇ ਗਏ? ਇਸ ਬਿਮਾਰੀ ਦਾ ਇਲਾਜ ਆਪਣੀ ਪਰਮਾਤਮਾ ਤੱਕ ਦੀ ਪਹੁੰਚ ਹੋਣ ਦੇ ਦਾਅਵੇ ਕਰਨ, ਵਾਲਿਆਂ ਨੂੰ ਕਿਉਂ ਨਹੀਂ ਲੱਭਿਆ। ਸੱਚ ਇਹ ਹੈ ਕਿ ਇਨ੍ਹਾਂ ਦੇ ਹੱਥ ਵੱਸ ਕੁਝ ਨਹੀਂ। ਗੱਲਾਂ ਦੇ ਜਾਲ ਵਿਚ ਫਸਾ ਕੇ ਸਧਾਰਨ ਤੇ ਭੋਲੇ ਲੋਕਾਂ ਨੂੰ ਠੱਗ ਰਹੇ ਹਨ। ਸਿਰਫ਼ ਸਾਨੂੰ ਸਿਆਣੇ ਬਣਨ ਤੇ ਸਮਝਣ ਦੀ ਲੋੜ ਹੈ।

-ਗੁਰਿੰਦਰਜੀਤ ਸਿੰਘ ਕਲੇਰ
ਪਿੰਡ ਤੇ ਡਾਕ: ਕਲੇਰ ਕਲਾਂ, ਜ਼ਿਲ੍ਹਾ ਗੁਰਦਾਸਪੁਰ।

ਘੁਟਾਲਿਆਂ ਦਾ...
ਹਿੰਦੁਸਤਾਨ ਇਕ ਅਜਿਹਾ ਦੇਸ਼ ਹੈ ਜਿਥੇ ਹਰ ਸਰਕਾਰ ਨੇ ਜਨਤਕ ਹਿੱਤਾਂ ਨੂੰ ਛਿੱਕੇ ਟੰਗ ਕੇ ਅਪਰਾਧੀਆਂ, ਗੈਂਗਸਟਰਾਂ, ਤਸਕਰਾਂ, ਧੋਖਾਧੜੀਆਂ, ਘੁਟਾਲੇਬਾਜ਼ਾਂ ਆਦਿ ਦੀ ਪਿੱਠ ਥਾਪੜੀ ਹੈ। ਸਰਕਾਰਾਂ ਨੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ 'ਚ ਅੜਿੱਕੇ ਡਾਹ ਕੇ ਦੇਸ਼ ਦੇ ਧੋਖੇਬਾਜ਼ਾਂ ਨੂੰ ਬਚਾਉਣ ਲਈ ਹਰ ਜਾਇਜ਼-ਨਾਜਾਇਜ਼ ਹਰਬਾ ਵਰਤਣ ਤੋਂ ਸੰਕੋਚ ਨਹੀਂ ਕੀਤਾ ਭਾਵੇਂ ਬਾਅਦ ਵਿਚ ਉਨ੍ਹਾਂ ਨੂੰ ਕਾਨੂੰਨੀ ਉਲਝਣਾਂ ਕਾਰਨ ਸ਼ਰਮਸਾਰ ਵੀ ਹੋਣਾ ਪਿਆ।
ਦੇਸ਼ ਦੀ ਜਨਤਾ ਭਰੋਸਾ ਕਿਸ 'ਤੇ ਕਰੇ, ਸਿਆਸਤ 'ਚ ਅਪਰਾਧਕ ਪਿਛੋਕੜ ਅਤੇ ਬਿਰਤੀ ਵਾਲੇ ਸਿਆਸਤਦਾਨਾਂ ਨਾਲ ਭਰੀ ਪਈ ਹੈ। ਹਰ ਖੇਤਰ 'ਚ ਲੀਡਰਾਂ ਦੇ ਘੁਟਾਲਿਆਂ ਦੀ ਲਿਸਟ ਲੰਮੀ ਹੈ। ਜਨਤਾ ਦੇ ਹਿੱਤ ਪਿਸ ਰਹੇ। ਸਿਆਸੀ ਲੋਕ ਜਨਤਕ ਹਿੱਤਾਂ ਦੀ ਅਣਦੇਖੀ ਕਰ ਕੇ ਜਨਤਾ ਦੇ ਟੈਕਸਾਂ 'ਤੇ ਐਸ਼ਪ੍ਰਸਤੀ ਦੀ ਜ਼ਿੰਦਗੀ ਅਤੇ ਘੁਟਾਲਿਆਂ ਦੇ ਤਰੀਕਿਆਂ 'ਚ ਮਸ਼ਰੂਫ਼ ਹਨ। ਬਹੁਤ ਹੀ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਕੋਰੋਨਾ ਮਹਾਂਮਾਰੀ ਨਾਲ ਪੀੜਤ ਦੁਨੀਆ 'ਚੋਂ ਹਿੰਦੁਸਤਾਨ 'ਚ ਅੱਜ ਵੀ ਸਰਕਾਰੀ ਹਸਪਤਾਲ ਬਿਨਾਂ ਸਹੂਲਤਾਂ ਅਤੇ ਦਵਾਈਆਂ ਤੋਂ ਜਨਤਾ ਨੂੰ ਸੰਭਾਲ ਰਹੇ ਹਨ ਪਰ ਇਸ ਦੇ ਨਾਲ ਹੀ ਕਈ ਨਿੱਜੀ ਹਸਪਤਾਲ (ਜਿਨ੍ਹਾਂ ਕਈ-ਕਈ ਵੈਂਟੀਲੇਟਰ ਵੀ ਹਨ) ਇਸ ਸੰਕਟ ਸਮੇਂ ਬੰਦ ਪਏ ਹੋਏ ਹਨ। ਲੀਡਰ ਅਜਿਹੇ ਗੰਭੀਰ ਅਤੇ ਸੂਖਮ ਸਮੇਂ ਵੀ ਸਿਆਸੀ ਰੋਟੀਆਂ ਸੇਕਣ 'ਚ ਮਸ਼ਰੂਫ਼ ਹਨ। ਇਸੇ ਦੌਰਾਨ ਕੇਂਦਰ ਸਰਕਾਰ ਦੇ ਆਪਣੇ ਬੈਂਕ ਘੁਟਾਲੇਬਾਜ਼ ਚਹੇਤਿਆਂ ਨੂੰ ਬਚਾਉਣ ਅਤੇ ਉਨ੍ਹਾਂ ਦੇ ਕਰਜ਼ ਮੁਆਫ਼ੀ ਨੇ ਇਕ ਨਵੀਂ ਚਰਚਾ ਛੇੜ ਦਿੱਤੀ ਹੈ। ਕੀ ਬਣੇਗਾ ਸਾਡੇ ਦੇਸ਼ ਦਾ? ਜਨਤਾ ਇਮਾਨਦਾਰ ਅਤੇ ਸੰਜੀਦਾ ਲੀਡਰ ਕਿਥੋਂ ਲੱਭੇ? ਇਹ ਇਕ ਭਵਿੱਖ 'ਤੇ ਬਹੁਤ ਵੱਡਾ ਸਵਾਲ ਹੈ।

-ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।

12-05-2020

 ਅਫ਼ਵਾਹ, ਆਫ਼ਤ ਅਤੇ ਅਫ਼ਸਰਸ਼ਾਹੀ

ਅੱਜ ਸੰਸਾਰ ਦੇ ਲਗਪਗ 200 ਦੇਸ਼ ਕੋਰੋਨਾ ਵਾਇਰਸ ਦੀ ਚਪੇਟ ਵਿਚ ਹਨ, ਜਿਸ ਕਾਰਨ ਜਨਤਾ ਤਾਲਾਬੰਦੀ ਦਾ ਸਾਹਮਣਾ ਕਰ ਰਹੀ ਹੈ। ਅਜਿਹੇ ਸਮੇਂ ਚੰਗੀ ਖ਼ਬਰ ਜਾਂ ਸੁਲਝੇ ਵਿਚਾਰ ਮਨ ਨੂੰ ਸ਼ਾਂਤ ਕਰਦੇ ਹਨ। ਉਂਜ ਆਫ਼ਤ ਦੇ ਨਾਲ ਨਵੀਆਂ ਅਫ਼ਵਾਹਾਂ ਦੀ ਵੀ ਕਮੀ ਨਹੀਂ ਹੁੰਦੀ, ਜਿਹੜੀਆਂ ਕਿ ਸਮੱਸਿਆਵਾਂ ਨੂੰ ਹੋਰ ਉਲਝਾਉਂਦੀਆਂ ਹਨ। ਅਫ਼ਵਾਹ ਮੂਲ ਰੂਪ ਵਿਚ ਲਤੀਨੀ ਸ਼ਬਦ ਰਿਊਮਰ ਦਾ ਪੰਜਾਬੀ ਅਨੁਵਾਦ ਹੈ, ਜਿਸ ਦਾ ਅਰਥ 'ਸ਼ੋਰ' ਹੈ। ਅਜਿਹਾ ਸ਼ੋਰ ਮੌਜੂਦਾ ਸਮੇਂ ਜਨਤਾ ਤੇ ਪ੍ਰਸ਼ਾਸਨ ਲਈ ਬਹੁਤ ਘਾਤਕ ਹੈ। ਪਿਛਲੇ ਦਿਨੀਂ ਮੀਡੀਆ ਵਿਚ ਕੋਵਿਡ-19 ਨਾਲ ਮਰਨ ਉਪਰੰਤ ਵਾਇਰਸ ਫੈਲਣ ਦੀ ਗ਼ਲਤ ਸੂਚਨਾ ਫੈਲੀ, ਜਿਸ ਨਾਲ ਮਨੁੱਖੀ ਮ੍ਰਿਤਕ ਸਰੀਰਾਂ ਦੀ ਦੁਰਗਤੀ ਹੋਈ। ਪਹਿਲਾ ਭਾਈ ਨਿਰਮਲ ਸਿੰਘ ਖ਼ਾਲਸਾ ਜੀ ਸਮੇਂ ਸ਼ਮਸ਼ਾਨਘਾਟ ਦੀ ਤਾਲਾਬੰਦੀ ਅਤੇ ਦੂਜੇ ਕੁਝ ਪਰਿਵਾਰਾਂ ਵਲੋਂ ਸਸਕਾਰ ਤੋਂ ਜਵਾਬ ਦੇਣ ਨਾਲ ਪੰਜਾਬੀਅਤ ਦਾ ਸਿਰ ਨੀਵਾਂ ਹੋਇਆ। ਕਰਫ਼ਿਊ ਜਾਂ ਤਾਲਾਬੰਦੀ ਸਮੇਂ ਅਫ਼ਵਾਹਾਂ, ਝੂਠੀਆਂ ਕਾਲਾਂ ਤੇ ਨਿਯਮਾਂ ਦੀ ਉਲੰਘਣਾ ਇਕ ਜੁਰਮ ਹੈ, ਜਿਸ ਦਾ ਦੋਸ਼ੀ ਕੈਦ ਜਾਂ ਜੁਰਮਾਨੇ ਜਾਂ ਦੋਵੇਂ ਸਜ਼ਾਵਾਂ ਲਈ ਜ਼ਿੰਮੇਵਾਰ ਹੈ।
ਸੋ, ਅਜਿਹੇ ਸਮੇਂ ਸਾਨੂੰ ਵੀ ਸਰਕਾਰਾਂ ਦਾ ਸਾਥ ਦੇਣਾ ਚਾਹੀਦਾ ਹੈ, ਜੋ ਸਾਡੀ ਸੁਰੱਖਿਆ ਤੇ ਮੁਢਲੀਆਂ ਲੋੜਾਂ ਲਈ ਦਿਨ-ਰਾਤ ਇਕ ਕਰ ਰਹੇ ਹਨ। ਸਰਕਾਰੀ ਖਾਮੀਆਂ ਦੇ ਚਲਦਿਆਂ ਬਿਨਾਂ ਸੁਰੱਖਿਆ ਕਿੱਟਾਂ ਦੇ ਡਾਕਟਰ, ਪੁਲਿਸ ਤੇ ਸਫ਼ਾਈ ਕਰਮੀ ਕੋਰੋਨਾ ਵਿਰੁੱਧ ਲੜਾਈ ਦੇ ਮਹਾਨ ਯੋਧੇ ਹਨ। ਉਨ੍ਹਾਂ ਲਈ ਸੰਜਮ ਤੇ ਸਤਿਕਾਰ ਦੀ ਅਤਿ ਲੋੜ ਹੈ। ਅਸੀਂ ਵੀ ਘਰਾਂ ਵਿਚ ਰਹਿ ਕੇ ਉਨ੍ਹਾਂ ਦੇ ਹੌਸਲੇ ਵਧਾ ਸਕਦੇ ਹਾਂ, ਜਿਸ ਨਾਲ ਮਹਾਂਮਾਰੀ ਦਾ ਖ਼ਾਤਮਾ ਵੀ ਸੰਭਵ ਹੈ। ਆਫ਼ਤ ਸਮੇਂ ਅਫ਼ਵਾਹਾਂ ਛੱਡ ਅਫ਼ਸਰਸ਼ਾਹੀ ਦੇ ਹੁਕਮਾਂ ਦੀ ਪਾਲਣਾ ਦਾ ਫ਼ਰਜ਼ ਨਾ ਭੁੱਲੀਏ ਤਾਂ ਜੋ ਸੁਖਨਮਈ ਤੇ ਸੁਹਾਵਣੇ ਦਿਨ ਵਾਪਸ ਪਰਤ ਆਵਣ।

-ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ
ਪਿੰਡ ਨੱਥੂਮਾਜਰਾ, ਜ਼ਿਲ੍ਹਾ ਸੰਗਰੂਰ।

ਕੋਰੋਨਾ ਤੇ ਮੱਧ ਵਰਗ ਦੀ ਮਜਬੂਰੀ

ਕੋਰੋਨਾ ਦਾ ਕਹਿਰ ਅਮੀਰ, ਗ਼ਰੀਬ ਅਤੇ ਮੱਧ ਵਰਗੀ ਪਰਿਵਾਰਾਂ 'ਤੇ ਮਾਰ ਕਰ ਰਿਹਾ ਹੈ। ਅਮੀਰ ਵਰਗ ਨੂੰ ਤਾਲਾਬੰਦੀ ਤਹਿਤ ਮਿਲਣ ਵਾਲੀਆਂ ਸਭ ਪ੍ਰਕਾਰ ਦੀਆਂ ਸਹੂਲਤਾਂ ਬਹੁਤ ਆਸਾਨੀ ਨਾਲ ਮਿਲ ਰਹੀਆਂ ਹਨ। ਉਨ੍ਹਾਂ ਨੂੰ ਰਾਸ਼ਨ, ਸਬਜ਼ੀ, ਦੁੱਧ, ਫਲ, ਦਵਾਈਆਂ ਅਤੇ ਹਰ ਇਕ ਆਰਾਮ ਅਤੇ ਮਨੋਰੰਜਕ ਖੇਡਾਂ ਦਾ ਸਾਮਾਨ ਮਿਲ ਰਿਹਾ ਹੈ। ਗ਼ਰੀਬ ਵਰਗ ਨੂੰ ਰਾਸ਼ਨ ਦੀ ਅਤੇ ਵਿੱਤੀ ਸਹਾਇਤਾ ਵੀ ਮਿਲ ਰਹੀ ਹੈ ਪਰ ਮੱਧ ਵਰਗ ਨੂੰ ਨਾ ਤਾਂ ਅਮੀਰਾਂ ਵਾਂਗ ਸਹੂਲਤਾਂ ਮਿਲ ਰਹੀਆਂ ਹਨ। ਆਪਣੇ-ਆਪ ਅਤੇ ਨਾ ਹੀ ਉਹ ਗ਼ਰੀਬ ਵਰਗ ਵਾਂਗ ਮੰਗ ਕੇ ਸਹੂਲਤਾਂ ਪ੍ਰਾਪਤ ਕਰ ਸਕਦਾ ਹੈ। ਸਮਾਜ ਸੇਵੀ ਸੰਸਥਾਵਾਂ ਵੀ ਗ਼ਰੀਬ ਪਰਿਵਾਵਾਂ ਦੀ ਮਦਦ ਕਰ ਰਹੀਆਂ ਹਨ। ਮੱਧ ਵਰਗੀ ਲੋਕ ਆਪਣੇ ਸਵੈ-ਅਭਿਮਾਨ ਕਾਰਨ ਰਾਸ਼ਨ ਦੀ ਮੰਗ ਵੀ ਨਹੀਂ ਕਰ ਰਹੇ। ਇਸ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਨੂੰ ਮੱਧ ਵਰਗ ਤੱਕ ਸਹੂਲਤਾਂ, ਸਾਮਾਨ, ਜ਼ਰੂਰੀ ਚੀਜ਼ਾਂ ਉਨ੍ਹਾਂ ਦੇ ਘਰ ਤੱਕ ਪਹੁੰਚਾਉਣੀਆਂ ਚਾਹੀਦੀਆਂ ਹਨ।

-ਗੌਰਵ ਸ਼ਰਮਾ
ਅਧਿਆਪਕ, ਸਟੇਟ ਐਵਾਰਡੀ, ਧਰਮਕੋਟ।

ਤਾਲਾਬੰਦੀ ਦੌਰਾਨ ਤੰਦਰੁਸਤ ਹੋਣ ਦੀ ਲੋੜ

ਕੋਰੋਨਾ ਬਿਮਾਰੀ ਦੇ ਚਲਦੇ ਤਾਲਾਬੰਦੀ ਦੌਰਾਨ ਲੋਕ ਘਰ ਵਿਚ ਰਹਿ ਕੇ ਇੰਟਰਨੈੱਟ ਰਾਹੀਂ ਉਹ ਸਭ ਕੁਝ ਸਿੱਖ ਕੇ ਖਾ ਰਹੇ ਹਨ ਜੋ ਤਾਲਾਬੰਦੀ ਦੌਰਾਨ ਉਨ੍ਹਾਂ ਨੂੰ ਬਾਜ਼ਾਰ ਵਿਚੋਂ ਨਹੀਂ ਮਿਲਦਾ। ਇੰਟਰਨੈੱਟ 'ਤੇ ਸਭ ਤਰ੍ਹਾਂ ਦੇ ਖਾਣਿਆਂ ਦੀਆਂ ਵਿਧੀਆਂ ਆਸਾਨੀ ਨਾਲ ਮਿਲ ਜਾਂਦੀਆਂ ਹਨ। ਲੋਕ ਘਰ ਵਿਚ ਤਲੇ ਹੋਏ ਅਤੇ ਸਿਹਤ ਨੂੰ ਖ਼ਰਾਬ ਕਰਨ ਵਾਲੇ ਖਾਣੇ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ। ਇਕ-ਦੂਜੇ ਦੀ ਰੀਸ ਕਰ ਕੇ ਲੋਕ ਨਵੇਂ-ਨਵੇਂ ਖਾਣੇ ਬਣਾ ਰਹੇ ਹਨ। ਸਮੋਸੇ, ਪਕੋੜੇ, ਡੋਸੇ, ਪੀਜ਼ੇ, ਗੋਲ-ਗੱਪੇ, ਟਿੱਕੀਆਂ, ਗੁਲਾਬ ਜਾਮਨ, ਰਸ-ਗੁੱਲੇ ਆਦਿ ਘਰ ਵਿਚ ਬਣਾ ਕੇ ਖਾ ਰਹੇ ਹਨ। ਨਾਲ ਹੀ ਇਨ੍ਹਾਂ ਦੀਆਂ ਫੋਟੋਆਂ ਇਕ-ਦੂਜੇ ਨੂੰ ਸ਼ੇਅਰ ਕਰ ਰਹੇ ਹਨ। ਤਾਲਾਬੰਦੀ ਦਾ ਮਤਲਬ ਘਰ ਵਿਚ ਰਹਿ ਕੇ ਤੰਦਰੁਸਤ ਅਤੇ ਸੁਰੱਖਿਅਤ ਰਹਿਣ ਲਈ ਹੈ, ਨਾ ਕਿ ਆਪਣੀ ਸਿਹਤ ਨੂੰ ਵਿਗਾੜਨ ਲਈ। ਘਰ ਵਿਚ ਰਹਿ ਕੇ ਅਸੀਂ ਹੁਣ ਉਹ ਕੰਮ ਕਰ ਸਕਦੇ ਹਾਂ, ਜਿਸ ਨੂੰ ਕਰਨ ਲਈ ਅਸੀਂ ਹਮੇਸ਼ਾ ਇਹੀ ਕਹਿੰਦੇ ਸੀ ਕਿ ਸਾਡੇ ਕੋਲ ਸਮਾਂ ਨਹੀਂ ਹੈ। ਘਰ ਵਿਚ ਰਹਿ ਕੇ ਸਭ ਤੋਂ ਪਹਿਲਾਂ ਸਾਨੂੰ ਸਰੀਰ 'ਚ ਰੋਗਾਂ ਤੋਂ ਲੜਣ ਦੀ ਸ਼ਕਤੀ ਵਧਾਉਣੀ ਚਾਹੀਦੀ ਹੈ। ਜਿਸ ਇੰਟਰਨੈੱਟ ਰਾਹੀਂ ਅਸੀਂ ਸਿਹਤ ਨੂੰ ਵਿਗਾੜਨ ਲਈ ਨਵੇਂ-ਨਵੇਂ ਖਾਣੇ ਬਣਾਉਣੇ ਸਿੱਖ ਰਹੇ ਹਾਂ ਉਸੇ ਇੰਟਰਨੈੱਟ ਰਾਹੀਂ ਅਸੀਂ ਤੰਦਰੁਸਤ ਰਹਿਣ ਲਈ ਖਾਣੇ, ਯੋਗ ਅਤੇ ਹੋਰ ਕਸਰਤਾਂ ਵੀ ਸਿੱਖ ਸਕਦੇ ਹਾਂ ਅਤੇ ਇਹੀ ਕੁਝ ਅਸੀਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਸਕਦੇ ਹਾਂ, ਜਿਸ ਨਾਲ ਸਾਡੇ ਕਰੀਬੀ ਵੀ ਤੰਦਰੁਸਤ ਰਹਿਣ।

-ਇਸ਼ਟ ਪਾਲ ਵਿੱਕੀ।

ਅਖ਼ਬਾਰਾਂ ਦਾ ਆਰਥਿਕ ਸੰਕਟ

ਇਸ ਸਮੇਂ ਅਖ਼ਬਾਰ ਆਰਥਿਕ ਸੰਕਟ ਨਾਲ ਜੂਝ ਰਹੇ ਹਨ, ਜੇਕਰ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਉਸ ਵਿਚ 70 ਫ਼ੀਸਦੀ ਅਫ਼ਵਾਹਾਂ ਹਨ ਅਤੇ 30 ਕੁ ਫ਼ੀਸਦੀ ਸੱਚ ਸਾਡੇ ਤੱਕ ਪਹੁੰਚਦਾ ਹੈ। ਅਖ਼ਬਾਰਾਂ 'ਤੇ ਕੋਰੋਨਾ ਫੈਲਣ ਦੀਆਂ ਖ਼ਬਰਾਂ ਵੀ ਸੋਸ਼ਲ ਮੀਡੀਆ 'ਤੇ ਫੈਲਾਈਆਂ ਗਈਆਂ, ਜਿਸ ਕਾਰਨ ਬਹੁਤ ਸਾਰੇ ਲੋਕਾਂ ਨੇ ਅਖ਼ਬਾਰਾਂ ਲੈਣੀਆਂ ਬੰਦ ਕਰ ਦਿੱਤੀਆਂ। ਇਥੇ ਇਹ ਦੱਸਣਾ ਬਣਦਾ ਹੈ ਕਿ ਸਾਨੂੰ ਸਹੀ ਜਾਣਕਾਰੀ ਅਖ਼ਬਾਰਾਂ ਤੋਂ ਹੀ ਮਿਲਦੀ ਹੈ, ਕਿਉਂਕਿ ਅਖ਼ਬਾਰ ਦੀ ਖ਼ਬਰ ਸਹੀ ਤੱਥਾਂ ਦੀ ਪੜਚੋਲ ਕਰਕੇ ਲਗਾਈ ਜਾਂਦੀ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਡਾਕਟਰਾਂ ਅਤੇ ਬੁੱਧੀਜੀਵੀਆਂ ਦੇ ਲੇਖ ਸਾਨੂੰ ਕੋਰੋਨਾ ਬਿਮਾਰੀ ਦੀ ਸਹੀ ਜਾਣਕਾਰੀ ਦਿੰਦੇ ਹਨ। ਇਨ੍ਹਾਂ ਲੇਖਕਾਂ ਦੇ ਲੇਖ ਕੋਰੋਨਾ ਬਿਮਾਰੀ ਕਾਰਨ ਫੈਲਾਏ ਜਾ ਰਹੇ ਡਰ ਤੋਂ ਸਾਨੂੰ ਨਿਜਾਤ ਦਿਵਾਉਂਦੇ ਹਨ। ਇਸ ਲਈ ਅਜਿਹੇ ਸਮੇਂ ਅਖ਼ਬਾਰਾਂ ਦੀ ਲੋਕਾਂ ਤੱਕ ਪਹੁੰਚ ਜ਼ਰੂਰੀ ਹੈ। ਅੱਜ ਸਾਰੇ ਅਖ਼ਬਾਰ ਆਰਥਿਕ ਸੰਕਟ ਵਿਚੋਂ ਗੁਜ਼ਰ ਰਹੇ ਹਨ। ਇਸ ਸੰਕਟ ਦੇ ਬਾਵਜੂਦ ਅਖ਼ਬਾਰਾਂ ਦੇ ਅਦਾਰੇ ਅਤੇ ਪੱਤਰਕਾਰ ਆਪਣੀਆਂ ਜ਼ਿੰਮੇਵਾਰੀਆਂ ਨਿਭਾਅ ਰਹੇ ਹਨ। ਅਸੀਂ ਪਾਠਕ, ਸਰਕਾਰ ਅੱਗੇ ਬੇਨਤੀ ਕਰਦੇ ਹਾਂ ਕਿ ਅਖ਼ਬਾਰਾਂ ਨੂੰ ਸਰਕਾਰੀ ਸਹਾਇਤਾ ਦਿੱਤੀ ਜਾਵੇ, ਤਾਂ ਜੋ ਇਨ੍ਹਾਂ ਅਦਾਰਿਆਂ ਨੂੰ ਲਗਾਤਾਰ ਚਲਦਾ ਰੱਖਿਆ ਜਾਵੇ, ਕਿਉਂਕਿ ਇਸ ਸਮੇਂ ਅਖ਼ਬਾਰਾਂ ਦੇ ਪੰਨੇ ਘਟ ਹੋ ਰਹੇ ਹਨ। ਇਸ ਲਈ ਕੇਂਦਰੀ ਅਤੇ ਰਾਜ ਸਰਕਾਰਾਂ ਨੂੰ ਜਲਦੀ ਤੋਂ ਜਲਦੀ ਅਖ਼ਬਾਰੀ ਅਦਾਰਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ।

-ਹਰਨੰਦ ਸਿੰਘ ਬੱਲਿਆਂਵਾਲਾ
ਪਿੰਡ ਬੱਲਿਆਵਾਂਵਾਲਾ (ਤਰਨ ਤਾਰਨ)।

10-05-2020

ਪ੍ਰਵਾਸੀ ਮਜ਼ਦੂਰ
ਭਾਵੇਂ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਰਾਸ਼ਨ ਆਦਿ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਸਨ ਪੰ੍ਰਤੂ ਉਹ ਰਜਿਸਟ੍ਰੇਸ਼ਨ ਕਰਵਾ ਕੇ ਆਪਣੀ ਇੱਛਾ ਨਾਲ ਆਪਣੇ ਰਾਜਾਂ ਨੂੰ ਜਾ ਰਹੇ ਹਨ | ਉਨ੍ਹਾਂ ਨੂੰ ਵਾਪਸ ਭੇਜਣ ਲਈ ਰਾਜ ਸਰਕਾਰ ਨੇ ਆਪਣੇ ਖਰਚੇ 'ਤੇ ਵਿਸ਼ੇਸ਼ ਰੇਲ ਗੱਡੀਆਂ ਦਾ ਪ੍ਰਬੰਧ ਕੀਤਾ ਹੈ | ਪ੍ਰਵਾਸੀ ਮਜ਼ਦੂਰਾਂ ਦੀ ਆਪਣੇ ਘਰਾਂ ਨੂੰ ਜਾਣ ਦੀ ਕੋਈ ਨਵੀਂ ਗੱਲ ਨਹੀਂ ਹੈ, ਇਹ ਆਏ ਸਾਲ ਆਪਣੇ ਪਰਿਵਾਰਾਂ ਨੂੰ ਮਿਲਣ ਜਾਂਦੇ ਹਨ | ਕਈਆਂ ਨੇ ਤਾਂ ਪੰਜਾਬ ਵਿਚ ਘਰ ਬਣਾਏ ਹੋਏ ਹਨ ਅਤੇ ਜਿਉਂ ਹੀ ਆਮ ਵਰਗੇ ਹਾਲਾਤ ਹੋਣਗੇ, ਉਹ ਵਾਪਸ ਆ ਜਾਣਗੇ | ਫਿਰ ਗੱਡੀ ਉਸੇ ਤਰ੍ਹਾਂ ਲੀਹਾਂ 'ਤੇ ਆ ਜਾਣੀ ਹੈ | ਇਕਦਮ ਪ੍ਰਵਾਸੀ ਮਜ਼ਦੂਰਾਂ ਦੇ ਚਲੇ ਜਾਣ ਕਰਕੇ ਝੋਨੇ ਦੀ ਲਵਾਈ, ਉਦਯੋਗ, ਸੈਨੇਟਰੀ, ਹੌਜ਼ਰੀ ਅਤੇ ਹੋਰ ਛੋਟੇ-ਮੋਟੇ ਕੰਮਾਂ 'ਤੇ ਜ਼ਰੂਰ ਅਸਰ ਪਵੇਗਾ ਅਤੇ ਇਸ ਨਾਲ ਪੰਜਾਬ ਦੀ ਅਰਥ-ਵਿਵਸਥਾ 'ਤੇ ਵੀ ਅਸਰ ਪੈ ਸਕਦਾ ਹੈ | ਸੋ, ਪੰਜਾਬੀ ਮਜ਼ਦੂਰਾਂ ਤੇ ਬੇਰੁਜ਼ਗਾਰਾਂ ਨੂੰ ਚਾਹੀਦਾ ਹੈ ਕਿ ਉਹ ਮੌਕਾ ਸੰਭਾਲ ਕੇ ਮਿਹਨਤ ਕਰਨ | ਇਸ ਨਾਲ ਪੰਜਾਬ ਤਰੱਕੀਆਂ ਦੀਆਂ ਬੁਲੰਦੀਆਂ ਨੂੰ ਛੂਹੇਗਾ | ਪਰਮਾਤਮਾ ਕਰੇ ਇਸ ਮਹਾਂਮਾਰੀ ਤੋਂ ਜਲਦੀ ਛੁਟਕਾਰਾ ਮਿਲੇ |

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ |

ਸੱਚੀ ਸੇਵਾ
ਕੋਰੋਨਾ ਵਾਇਰਸ ਦੇ ਕਹਿਰ ਕਾਰਨ ਸਮੁੱਚੀ ਲੋਕਾਈ ਨੂੰ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਤਾਲਾਬੰਦੀ ਨੇ ਹਰ ਵਰਗ ਨੂੰ ਡੰੂਘੀ ਸੱਟ ਮਾਰੀ ਹੈ | ਕਰੋੜਾਂ ਲੋਕ ਰੋਜ਼ੀ-ਰੋਟੀ ਤੋਂ ਅਤੁਰ ਦਿਖਾਈ ਦੇ ਰਹੇ ਹਨ | ਅਨੇਕਾਂ ਜੀਵ-ਜੰਤੂ ਵੀ ਚਾਰਾ-ਪਾਣੀ ਨਾ ਮਿਲਣ ਕਰ ਕੇ ਇਸ ਤੋਂ ਪ੍ਰਭਾਵਿਤ ਨਜ਼ਰ ਆ ਰਹੇ ਹਨ | ਸਰਕਾਰ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਰਾਸ਼ਨ ਵੰਡ ਰਹੀਆਂ ਹਨ, ਲੰਗਰ ਤਿਆਰ ਕਰਕੇ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ ਜੋ ਕਿ ਇਕ ਸ਼ਲਾਘਾਯੋਗ ਕਦਮ ਹੈ ਪਰ ਹਰ ਥਾਂ ਹਰ ਘਰ ਰਾਸ਼ਨ ਨਹੀਂ ਪਹੁੰਚਾਇਆ ਜਾ ਸਕਦਾ | ਹਰ ਕੋਨੇ 'ਤੇ ਪੁਹੰਚ ਅਸੰਭਵ ਹੈ | ਜੇਕਰ ਮਾੜਾ ਸਮਾਂ ਸਾਡੇ ਦਰ 'ਤੇ ਅੱਜ ਆ ਖੜ੍ਹਾ ਹੈ ਤਾਂ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਇਸ ਔਖੀ ਘੜੀ ਵਿਚ ਸਭ ਨੂੰ ਪਰਮਾਤਮਾ ਦਾ ਰੂਪ ਸਮਝ ਕੇ ਸਭ ਦਾ ਸਾਥ ਦੇਈਏ | ਆਪਣੇ ਆਸ-ਪਾਸ ਬਹੁਤ ਸਾਰੇ ਲੋੜਵੰਦ ਅਤੇ ਜਾਨਵਰ ਹੋਣਗੇ ਆਓ ਸਭ ਦੀ ਤਨ, ਮਨ ਲੋਕ ਅਤੇ ਧਨ ਨਾਲ ਮਦਦ ਕਰੀਏ ਤਾਂ ਕਿ ਉਹ ਭੁੱਖ-ਪਿਆਸ ਦਾ ਸ਼ਿਕਾਰ ਨਾ ਹੋਣ | ਆਓ, ਰਲ-ਮਿਲ ਕੇ ਆਪਣੇ ਆਸ-ਪਾਸ ਲੋੜਵੰਦਾਂ ਦੀ ਮਦਦ ਕਰੀਏ ਕਿਉਂਕਿ ਇਸ ਮੁਸ਼ਕਿਲ ਘੜੀ ਵਿਚ ਕੀਤੀ ਮਦਦ ਹੀ ਸੱਚਾ ਦਾਨ ਅਤੇ ਸੱਚੀ ਸੇਵਾ ਹੋਵੇਗੀ |

-ਹਰਪ੍ਰੀਤ ਸਿੰਘ
ਨਾਭਾ ਕੈਂਟ |

ਸਖ਼ਤ ਸੰਦੇਸ਼
ਮੇਰੇ ਮਨ ਦੇ ਕਿਸੇ ਅਨਜਾਣ ਕੋਨੇ ਦੀ ਇਕ ਸੋਚ ਸਦਾ ਹੀ ਹਲੂਣਦੀ ਰਹਿੰਦੀ ਹੈ ਸੀ ਕਿ ਕਦੇ ਧਰਤੀ ਉਪਰਲੀ ਮਨੁੱਖਤਾ ਦੀ ਰਫ਼ਤਾਰ ਵੀ ਰੁਕ ਸਕਦੀ ਹੈ? ਸ਼ਾਇਦ ਉਸੇ ਹੀ ਸੋਚ ਪ੍ਰਸ਼ਨ ਦਾ ਜਵਾਬ ਪ੍ਰਤੱਖ ਰੂਪ ਹੈ ਕੋਵਿਡ-19, ਸ਼ਾਇਦ ਇਹ ਮਾਨਵਤਾ ਨੂੰ ਸਿਰਜਣਹਾਰ ਵਲੋਂ ਦਿੱਤਾ ਸਖ਼ਤ ਸੰਦੇਸ਼ ਹੈ | ਇਨਸਾਨ ਦੀ ਗ਼ਲਤ ਪ੍ਰਵਿਰਤੀ ਦੀ ਹੱਦ ਹੋਣ ਅਤੇ ਉਸ ਨੂੰ ਗਫ਼ਲਤ ਦੀ ਨੀਂਦ 'ਚੋਂ ਜਗਾਉਣ ਦਾ ਵਿਲੱਖਣ ਢੰਗ ਹੈ | ਕਿਸੇ ਨੇ ਕਦੇ ਵੀ ਨਹੀਂ ਸੋਚਿਆ ਹੋਵੇਗਾ ਕਿ ਚੀਤੇ ਦੀ ਰਫ਼ਤਾਰ ਨਾਲ ਦੌੜਨ ਵਾਲੀ ਆਰਥਿਕਤਾ ਵਾਲੇ ਵਿਕਸਿਤ ਦੇਸ਼ ਵੀ ਘੋਗਾ ਬਣ ਕੇ ਰਹਿ ਜਾਣਗੇ | ਭਾਰਤ ਅਤੇ ਖਾਸ ਕਰ ਪੰਜਾਬ ਦੀ ਧਰਤੀ ਵਾਲੇ ਭਾਵੇਂ ਸਿਹਤ ਅਮਲਾ ਹੋਵੇ, ਪ੍ਰਸ਼ਾਸਨਿਕ ਅਧਿਕਾਰੀ, ਪੁਲਿਸ ਵਿਭਾਗ, ਮੀਡੀਆ ਕਰਮੀ, ਸਮਾਜਿਕ ਸੰਸਥਾਵਾਂ ਆਦਿ ਸਾਰੇ ਹੀ ਕੋਰੋਨਾ ਵਿਰੋਧੀ ਜੰਗ ਦੀ ਕਮਾਨ ਸਾਂਭੀ ਬੈਠੇ ਹਨ | ਸਿਰਫ਼ ਇਹ ਜੰਗ ਜਿੱਤਣੀ ਹੀ ਕਾਫੀ ਹੈ?... ਨਹੀਂ | ਸਗੋਂ ਅਕਾਲ-ਪੁਰਖ, ਕੁਦਰਤ ਦੇ ਨਿਯਮਾਂ ਦੀ ਉਲੰਘਣਾ ਰੋਕਣੀ ਅਤੇ ਪਦਾਰਥਵਾਦੀ ਦੌੜ 'ਤੇ ਅੰਕੁਸ਼ ਲਾਉਣਾ ਹੀ ਸਹੀ ਅਰਥਾਂ ਵਿਚ ਜਿੱਤ ਦਾ ਸੰਕੇਤ ਹੋਵੇਗਾ | ਸੋ, ਰੱਬ ਦੇ ਵਿਖਾਏ ਇਸ ਕੋਰੋਨਾ ਰੂਪੀ ਟਰੇਲਰ ਪ੍ਰਤੀ ਜਾਗਰੂਕ ਹੁੰਦਿਆਂ ਕੁਦਰਤ ਦੇ ਮਿੱਤਰ ਬਣੀਏ, ਸਮਾਜਿਕ ਦੂਰੀ ਬਰਕਰਾਰ ਰੱਖੀਏ, ਕਰਿਫਊ ਦੇ ਨਿਯਮਾਂ ਦੀ ਪਾਲਣਾ ਕਰੀਏ ਅਤੇ ਅੱਗੇ ਤੋਂ ਕੁਦਰਤੀ ਸੋਮਿਆਂ ਨੂੰ ਹੋਰ ਪਲੀਤ ਕਰਨ ਤੋਂ ਤੌਬਾ ਕਰੀਏ |

-ਡਾ: ਗੌਤਮਬੀਰ ਸਿੰਘ ਸੋਢੀ
ਮੈਡੀਕਲ ਅਫ਼ਸਰ ਡੈਂਟਲ, ਸਿਵਲ ਹਸਪਤਾਲ, ਮੋਗਾ |

ਸੰਘਰਸ਼ ਕਰੋ
ਕਈ ਲੋਕੀਂ ਭਵਿੱਖ ਜਾਨਣ ਲਈ ਜੋਤਿਸ਼ੀਆਂ ਅਤੇ ਤਾਂਤਰਿਕਾਂ ਦੇ ਚੱਕਰ ਵਿਚ ਪਏ ਰਹਿੰਦੇ ਹਨ | ਅਖ਼ਬਾਰਾਂ 'ਚ ਆਪਣਾ ਰਾਸ਼ੀਫਲ ਵੇਖਦੇ ਹਨ | ਆਉਣ ਵਾਲੇ ਕੱਲ੍ਹ ਦੇ ਪ੍ਰਤੀ ਉਪਜੇ ਸ਼ੰਕੇ ਉਨ੍ਹਾਂ ਦੇ ਮਨ 'ਚ ਡਰ ਪੈਦਾ ਕਰੀ ਰੱਖਦੇ ਹਨ | ਇਹ ਲੋਕ ਭੁੱਲ ਜਾਂਦੇ ਹਨਕਿ ਉਨ੍ਹਾਂ ਦਾ ਭਵਿੱਖ ਤਾਂ ਖੁਦ ਉਨ੍ਹਾਂ ਦੇ ਹੱਥਾਂ ਵਿਚ ਹੈ | ਭਵਿੱਖ ਕਰਮ ਹੈ | ਜਿਹਾ ਕੰਮ ਤਿਹਾ ਭਵਿੱਖ ਬਿਨਾਂ ਮਿਹਨਤ ਕੀਤੇ, ਕੋਈ ਅਜਿਹਾ ਸਾਧਨ ਹੈ ਈ ਨਹੀਂ ਕਿ ਤੁਹਾਡੀਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਜਾਣ | ਸਾਰੀਆਂ ਕੀ, ਇਕ ਵੀ ਇੱਛਾ ਬਿਨਾਂ ਕੰਮ ਕੀਤਿਆਂ ਪੂਰੀ ਨਹੀਂ ਹੋ ਸਕਦੀ | ਇਸ ਲਈ ਭਵਿੱਖ ਜਾਨਣ ਦੀ ਬਜਾਏ ਸੰਘਰਸ਼ ਕਰੋ |

-ਸੰਦੀਪ ਕੰਬੋਜ
ਪਿੰਡ ਗੋਲੂ ਕਾ ਮੋੜ, ਤਹਿਸੀਲ ਗੁਰੂ ਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ |

ਝੂਠੇ ਦਾਅਵੇ ਤੋਂ ਗੁਰੇਜ਼ ਕਰੋ
ਸਰਕਾਰ, ਸਵੈ-ਸੇਵੀ ਜਥੇਬੰਦੀਆਂ ਅਤੇ ਧਾਰਮਿਕ ਸੰਸਥਾਵਾਂ ਵਲੋਂ ਕੋਰੋਨਾ ਖਿਲਾਫ਼ ਲੜਾਈ ਵਿਚ ਇਕਸੁਰਤਾ ਨਾਲ ਯੋਗਦਾਨ ਨੂੰ ਉਸ ਸਮੇਂ ਗ੍ਰਹਿਣ ਲੱਗ ਜਾਂਦਾ ਹੈ | ਜਦੋਂ ਬੇਲੋੜੇ ਵੀ ਆਪਣਾ ਦਾਅਵਾ ਰਾਸ਼ਨ ਲੈਣ ਅਤੇ ਹੋਰ ਸਹੂਲਤਾਂ ਲਈ ਪੇਸ਼ ਕਰ ਦਿੰਦੇ ਹਨ | ਕਈ ਜਾਣ-ਬੁੱਝ ਕੇ ਅਜਿਹਾ ਕਰਦੇ ਹਨ ਕਿ ਕੁਝ ਤਾਂ ਸਰਕਾਰ ਵਲੋਂ ਮਿਲ ਹੀ ਜਾਣਾ ਹੈ | ਛੋਟੇ ਤੋਂ ਵੱਡਾ ਮੁਲਾਜ਼ਮ ਬਿਮਾਰੀ ਤੋਂ ਇਲਾਵਾ ਅਜਿਹੇ ਹਾਲਾਤ ਨਾਲ ਨਜਿੱਠਣ ਲਈ ਅੰਦਰੋਂ ਡਰਿਆ ਪਿਆ ਹੈ | ਇਸ ਨਾਲ ਸਰਕਾਰ ਦਾ ਸਮਾਂ ਬਰਬਾਦ ਹੁੰਦਾ ਹੈ | ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਇਸ ਮਹਾਂਮਾਰੀ ਦੌਰਾਨ ਝੂਠ ਫਰੇਬ ਭਾਰੂ ਹਨ | ਜਿਸ ਨਾਲ ਸਰਕਾਰ ਦਾ ਧਿਆਨ ਭਟਕਦਾ ਹੈ | ਸਰਕਾਰ ਵਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ | ਜਿਸ ਦਾ ਨਤੀਜਾ ਲੋੜਵੰਦ ਦੀ ਲੋੜ ਪੂਰੀ ਹੋਈ | ਰਾਜਨੀਤਕ ਅਤੇ ਨਿੱਜੀ ਮੁਫਾਦਾਂ ਲਈ ਅਫ਼ਵਾਹਾਂ ਉੱਡ ਕੇ ਸਰਕਾਰ ਦੀ ਸਾਰਥਿਕ ਪਹੁੰਚ ਕਰਕੇ ਠੁੱਸ ਹੋ ਜਾਂਦੀਆਂ ਹਨ | ਸਰਕਾਰ ਵਲੋਂ ਭਾਵੇਂ ਨਰਮ ਵਤੀਰਾ ਰੱਖਿਆ ਜਾਂਦਾ ਹੈ | ਪਰ ਇਸ ਦੁਖਦ ਘੜੀ ਵਿਚ ਝੂਠਾ ਦਾਅਵਾ, ਝੂਠੀ ਸ਼ਿਕਾਇਤ ਵਾਲੇ ਨਾਲ ਸਖ਼ਤੀ ਕਰਨੀ ਚਾਹੀਦੀ ਹੈ | ਅੱਜ ਸਮਾਂ, ਸਥਿਤੀ ਅਤੇ ਸਥਾਨ ਮੁਤਾਬਿਕ ਗੱਲ ਅਤੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਇਕਜੁਟਤਾ ਨਾਲ ਇਸ ਬਿਮਾਰੀ ਦਾ ਟਾਕਰਾ ਕਰ ਸਕੀਏ |

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ, (ਰੂਪ ਨਗਰ) |

ਅਜੋਕੀ ਗਾਇਕੀ ਦਾ ਪ੍ਰਭਾਵ
ਅਜੋਕੇ ਸਮੇਂ ਵਿਚ ਸਾਫ-ਸੁਥਰੀ ਗਾਇਕੀ ਅਲੋਪ ਹੋ ਗਈ ਹੈ | ਬਹੁਤ ਸਾਰੇ ਗੀਤ ਅਜਿਹੇ ਹਨ ਜਿਨ੍ਹਾਂ ਵਿਚ ਜੱਟ ਨੂੰ ਨਸ਼ਾ ਕਰਦਾ, ਹਥਿਆਰਾਂ ਨਾਲ ਡਾਕੇ ਮਾਰਦਾ ਤੇ ਘਰਾਂ 'ਚੋਂ ਬਾਹਰ ਰਹਿ ਕੇ ਮਸਤੀ ਕਰਦਾ ਹੋਇਆ ਦਿਖਾਇਆ ਜਾ ਰਿਹਾ ਹੈ | ਬਹੁਤ ਸਾਰੇ ਪੰਜਾਬ ਦੇ ਨੌਜਵਾਨ ਇਨ੍ਹਾਂ ਗੀਤਾਂ ਤੋਂ ਪ੍ਰੇਰਿਤ ਹੋ ਕੇ ਨਸ਼ਾ ਕਰਨ ਲੱਗ ਪਏ ਹਨ | ਉੱਚੀ-ਉੱਚੀ ਆਵਾਜ਼ ਵਿਚ ਡੈੱਕਾਂ ਦੇ ਵੱਜਣ ਵਾਲੇ ਗੀਤਾਂ ਨੇ ਪੰਜਾਬ ਦੀ ਨੌਜਵਾਨੀ ਦਾ ਭਵਿੱਖ ਖਤਰੇ ਵਿਚ ਪਾ ਦਿੱਤਾ ਹੈ | ਕਿਸੇ ਵੇਲੇ ਪੰਜਾਬ ਨੂੰ ਗੁਰੂਆਂ, ਸੰਤਾਂ ਤੇ ਫਕੀਰਾਂ ਦੀ ਧਰਤੀ ਕਰਕੇ ਜਾਣਿਆ ਜਾਂਦਾ ਸੀ ਤੇ ਅੱਜ ਨਸ਼ੇ ਕਰਕੇ | ਉਹ ਕੌਮਾਂ ਹਮੇਸ਼ਾ ਬੁਲੰਦੀਆਂ ਪ੍ਰਾਪਤ ਕਰ ਲੈਂਦੀਆਂ ਨੇ ਜੋ ਆਪਣੇ ਵੱਡੇ ਵਡੇਰਿਆਂ ਤੋਂ ਸਿੱਖ ਕੇ ਅੱਗੇ ਵਧਦੀਆਂ ਹਨ ਜੇ ਸਾਨੂੰ ਸਮਝ ਹੈ ਤਾਂ ਅਸੀਂ ਵੀ ਆਪਣੇ ਵਡੇਰਿਆਂ ਤੋਂ ਸਿੱਖ ਕੇ ਅੱਗੇ ਵਧੀਏ ਨਾ ਕਿ ਨਸ਼ੇ, ਲੱਚਰਤਾ ਤੇ ਹਥਿਆਰਾਂ ਕਰਕੇ |

-ਸੁਰਜੀਤ ਸਿੰਘ 'ਦਿਲਾ ਰਾਮ', ਫਿਰੋਜ਼ਪੁਰ |

08-05-2020

 ਸਿੱਖਿਆ ਵਿਭਾਗ ਦੇ ਕਰਮਚਾਰੀਆਂ ਦਾ ਯੋਗਦਾਨ
ਕੋਰੋਨਾ ਮਹਾਂਮਾਰੀ ਨੇ ਪੂਰੇ ਸੰਸਾਰ ਨੂੰ ਆਪਣੀ ਚਪੇਟ ਵਿਚ ਲਿਆ ਹੋਇਆ ਹੈ। ਜਿਸ ਦੇ ਚਲਦੇ ਭਾਰਤ ਵਿਚ ਪਿਛਲੇ ਇਕ ਮਹੀਨੇ ਤੋਂ ਤਾਲਾਬੰਦੀ ਲਾਗੂ ਹੈ। ਇਸ ਤਾਲਾਬੰਦੀ ਵਿਚ ਜਿਥੇ ਡਾਕਟਰ, ਹੈਲਥ ਕੇਅਰ ਵਰਕਰ ਅਤੇ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਕਰਦੇ ਹੋਏ ਕੋਰੋਨਾ ਨਾਲ ਲੜਨ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ। ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ, ਲੈਕਚਰਾਰ ਅਤੇ ਮਾਸਟਰ ਇਸ ਮੁਸ਼ਕਿਲ ਦੀ ਘੜੀ ਵਿਚ ਦਿਨ-ਰਾਤ ਡਿਊਟੀ ਕਰ ਰਹੇ ਹਨ। ਉਨ੍ਹਾਂ ਦੀ ਡਿਊਟੀ ਲੋੜਵੰਦ ਗ਼ਰੀਬ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਵਿਚ, ਕੰਟਰੋਲ ਰੂਮ ਵਿਚ, ਸ਼ੈਲਟਰ ਹੋਣ ਵਿਚ ਅਤੇ ਕੋਰੋਨਾ ਅਵੇਅਰਨੈੱਸ ਮੁਹਿੰਮ ਵਿਚ ਲੱਗੀ ਹੋਈ ਹੈ। ਇਸ ਤੋਂ ਇਲਾਵਾ ਇਹ ਅਧਿਆਪਕ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਘਰ ਬੈਠੇ ਹੀ ਆਨਲਾਈਨ ਪੜ੍ਹਾਈ ਵੀ ਕਰਵਾ ਰਹੇ ਹਨ। ਅਜਿਹੀ ਨਾਜ਼ੁਕ ਸਥਿਤੀ ਵਿਚ ਸਿੱਖਿਆ ਵਿਭਾਗ ਦੇ ਇਨ੍ਹਾਂ ਕਰਮਚਾਰੀਆਂ ਵਲੋਂ ਸਮਾਜ ਦੀ ਬਿਹਤਰੀ ਲਈ ਨਿਭਾਈ ਜਾ ਰਹੀ ਡਿਊਟੀ ਸੱਚਮੁੱਚ ਤਾਰੀਫ਼ ਦੀ ਹੱਕਦਾਰ ਹੈ। ਸਾਡਾ ਵੀ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਵੀ ਇਨ੍ਹਾਂ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨਾਲ ਮਿਲ ਕੇ ਸਰਕਾਰ ਵਲੋਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਨਿਭਾਈਏ। ਸਾਨੂੰ ਇਹ ਸਮਝਣਾ ਪਵੇਗਾ ਕਿ ਇਹ ਸਾਰੇ ਕਰਮਚਾਰੀ ਸਾਡੀ ਅਤੇ ਸਮਾਜ ਦੀ ਬਿਹਤਰੀ ਲਈ ਕੰਮ ਕਰ ਰਹੇ ਹਨ। ਉਮੀਦ ਕਰਦਾ ਹਾਂ ਕਿ ਅਸੀਂ ਜਲਦੀ ਹੀ ਇਸ ਭਿਆਨਕ ਮਹਾਂਮਾਰੀ 'ਤੇ ਕਾਬੂ ਪਾ ਲਵਾਂਗੇ।

-ਦਵਿੰਦਰ ਕੌਸ਼ਿਕ।

ਕਿਸਾਨ ਲਈ ਮੁਸ਼ਕਿਲ ਸਥਿਤੀ
ਕਿਸਾਨ ਨੇ ਛਿਮਾਹੀ ਫ਼ਸਲ 'ਤੇ ਹੀ ਆਪਣੇ ਘਰੇਲੂ ਖ਼ਰਚੇ ਦਾ ਪ੍ਰਬੰਧ ਉਲੀਕਿਆ ਹੁੰਦਾ ਹੈ, ਜਿਸ ਵਿਚ ਬੈਂਕ ਦਾ ਕਰਜ਼, ਆੜ੍ਹਤੀਏ ਦਾ ਕਰਜ਼, ਕਰਿਆਨੇ ਦਾ ਪੈਸਾ, ਪਿਛਲੀ ਫ਼ਸਲ ਸਾਂਭਣ ਤੇ ਨਵੀਂ ਦੀ ਤਿਆਰੀ, ਬਚਿਆਂ ਦੀ ਪੜ੍ਹਾਈ ਅਤੇ ਹੋਰ ਕਈ ਪ੍ਰਕਾਰ ਦੇ ਘਰੇਲੂ ਖ਼ਰਚ ਸ਼ਾਮਿਲ ਹੁੰਦੇ ਹਨ। ਅਸੀਂ ਸੋਚ ਸਕਦੇ ਹਾਂ ਕਿ ਕਿਸਾਨ ਦੀ ਕੁੱਲ ਖਪਤ ਅਤੇ ਪੈਦਾਵਾਰ ਦਾ ਖ਼ਰਚ ਫ਼ਸਲਾਂ 'ਤੇ ਹੀ ਟਿਕਿਆ ਹੁੰਦਾ ਹੈ। ਜੇਕਰ ਉਸ ਨੂੰ ਫ਼ਸਲ ਸਾਂਭਣ ਸਮੇਂ ਮੁਸ਼ਕਿਲ ਸਥਿਤੀ ਵਿਚੋਂ ਗੁਜ਼ਰਨਾ ਪੈ ਜਾਵੇ ਤਾਂ ਉਸ ਦੀ ਸਥਿਤੀ ਨਾਜ਼ੁਕ ਬਣ ਜਾਂਦੀ ਹੈ। ਕੋਰੋਨਾ ਮਹਾਂਮਾਰੀ ਕਾਰਨ ਕੀਤੀ ਤਾਲਾਬੰਦੀ ਦੇ ਦਿਨਾਂ ਦੌਰਾਨ ਉਸ ਦੀ ਸਥਿਤੀ ਕੋਈ ਅਜਿਹੀ ਹੀ ਬਣੀ ਹੋਈ ਹੈ, ਕਿਉਂਕਿ ਉਸ ਨੂੰ ਕਣਕ ਦੀ ਫ਼ਸਲ ਵੇਚਣ ਵਿਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੈਦਾ ਹੋਈ ਅਜਿਹੀ ਸਥਿਤੀ ਕਾਰਨ ਕਿਸਾਨਾਂ ਨੂੰ ਆਪਣੀ ਕਣਕ ਘਰਾਂ ਵਿਚ ਹੀ ਸਾਂਭਣੀ ਪੈ ਰਹੀ ਹੈ। ਦੂਸਰਾ ਬੇਮੌਸਮੀ ਬਰਸਾਤ ਵੀ ਉਸ ਦੀ ਫ਼ਸਲ ਵੇਚਣ ਅਤੇ ਸਾਂਭਣ ਵਿਚ ਅੜਿੱਕਾ ਬਣੀ ਹੋਈ ਹੈ। ਇਸ ਤਰ੍ਹਾਂ ਕਿਸਾਨ ਨੂੰ ਫ਼ਸਲ ਸਾਂਭਣ ਤੇ ਵੇਚਣ ਕਾਰਨ ਦੋਹਰੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਨੇ ਪਿੰਡਾਂ ਵਿਚ ਮੰਡੀਆਂ ਬਣਾ ਕੇ ਕਣਕ ਖ਼ਰੀਦਣ ਲਈ ਨਿਰਦੇਸ਼ ਜਾਰੀ ਕੀਤੇ ਸਨ ਪਰ ਇਸ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਕਿਸਾਨ ਕਣਕ ਵੇਚਣ ਲਈ ਦੁਵਿਧਾ ਵਿਚ ਪਏ ਹੋਏ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਲਦੀ ਤੋਂ ਜਲਦੀ ਕਿਸਾਨਾਂ ਦੀ ਫ਼ਸਲ ਸਾਂਭਣ ਦਾ ਪ੍ਰਬੰਧ ਕਰੇ ਤਾਂ ਜੋ ਉਹ ਆਪਣੀਆਂ ਪਿਛਲੀਆਂ ਦੇਣਦਾਰੀਆਂ ਨਬੇੜ ਕੇ ਆਉਣ ਵਾਲੀ ਫ਼ਸਲ ਦੀ ਬਿਜਾਈ ਦਾ ਪ੍ਰਬੰਧ ਸਮੇਂ ਸਿਰ ਕਰ ਸਕਣ।

-ਹਰਨੰਦ ਸਿੰਘ ਬੱਲਿਆਂਵਾਲਾ
ਪਿੰਡ ਬੱਲਿਆਂਵਾਲਾ (ਤਰਨ ਤਾਰਨ)।

ਮਿਡਲ ਕਲਾਸ ਦੇ ਲੋਕਾਂ ਬਾਰੇ ਸੋਚੇ ਸਰਕਾਰ
ਕੋਰੋਨਾ ਵਾਇਰਸ ਬਿਮਾਰੀ ਫੈਲਣ ਕਾਰਨ ਸਾਰੇ ਹੀ ਕਾਰੋਬਾਰ ਸਰਕਾਰ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਬੰਦ ਕੀਤੇ ਗਏ ਹਨ ਤਾਂ ਜੋ ਇਹ ਬਿਮਾਰੀ ਹੋਰ ਜ਼ਿਆਦਾ ਨਾ ਫੈਲੇ ਤੇ ਸਾਰੇ ਲੋਕ ਸੁਰੱਖਿਅਤ ਰਹਿਣ, ਇਸ ਲਈ ਪੂਰੇ ਭਾਰਤ ਵਿਚ ਨਹੀਂ ਬਲਕਿ ਦੁਨੀਆ ਦੇ ਕਈ ਹੋਰ ਵੱਡੇ ਦੇਸ਼ਾਂ ਵਿਚ ਵੀ ਲਾਕਡਾਊਨ ਕੀਤਾ ਗਿਆ ਹੈ। ਲਾਕਡਾਊਨ ਕਰਕੇ ਕਿਸੇ ਵੀ ਇਨਸਾਨ ਨੂੰ ਘਰੋਂ ਬਾਹਰ ਨਿਕਲਣ ਦੀ ਆਗਿਆ ਨਹੀਂ ਹੈ ਤੇ ਲੋਕ ਸਰਕਾਰ ਦੇ ਇਸ ਕਾਨੂੰਨ ਦਾ ਸਮਰਥਨ ਕਰ ਰਹੇ ਹਨ। ਇਸ ਸਮੇਂ ਹਰ ਮਨੁੱਖ ਨੂੰ ਖਾਣ-ਪੀਣ ਦੀਆਂ ਵਸਤਾਂ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਤੇ ਵੰਡੀਆਂ ਵੀ ਜਾ ਰਹੀਆਂ ਹਨ ਪਰ ਇਹ ਸਹੂਲਤਾਂ ਸਿਰਫ਼ ਕੁਝ ਕੁ ਰਾਖਵੇਂ ਲੋਕਾਂ ਲਈ ਹਨ। ਅਮੀਰ ਲੋਕਾਂ ਦਾ ਗੁਜ਼ਾਰਾ ਤਾਂ ਵਧੀਆ ਚਲਦਾ ਹੀ ਰਹੇਗਾ। ਪਰ ਮਿਡਲ ਕਲਾਸ ਲੋਕਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ ਹੈ। ਜਿਥੇ ਕਿ ਸਾਰਿਆਂ ਦਾ ਹੱਕ ਬਣਦਾ ਹੈ ਕਿਉਂਕਿ ਵੋਟਾਂ ਤਾਂ ਸਰਕਾਰ ਨੂੰ ਸਾਰਿਆਂ ਨੇ ਹੀ ਪਾਈਆਂ ਹਨ। ਕਿਸੇ ਦਾ ਇਕੱਲਾ ਪੱਕਾ ਘਰ ਦੇਖ ਕੇ ਰਾਸ਼ਨ ਦੇਣਾ ਨਾ ਬੰਦ ਕਰੋ। ਕੰਮ ਤਾਂ ਸਭ ਦੇ ਹੀ ਠੱਪ ਹਨ।

-ਸੁਖਚੈਨ ਸਿੰਘ, ਠੱਠੀ ਭਾਈ।

ਲੋਕਾਂ ਦੀ ਭੂਮਿਕਾ
ਦੁਨੀਆ ਭਰ ਵਿਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਤੋਂ ਬਚਾਅ ਵਾਸਤੇ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਸਮੇਂ ਪਿੰਡਾਂ ਦੇ ਆਮ ਲੋਕਾਂ, ਪੁਲਿਸ ਪ੍ਰਸ਼ਾਸਨ, ਸਮਾਜ ਸੇਵੀ ਜਥੇਬੰਦੀਆਂ, ਦਾਨੀ ਸੱਜਣਾਂ ਅਤੇ ਕਾਰ ਸੇਵਾ ਵਾਲੇ ਬਾਬਿਆਂ, ਡਾਕਟਰਾਂ, ਨਰਸਾਂ, ਸਫ਼ਾਈ ਸੇਵਕਾਂ, ਬਿਜਲੀ ਮਹਿਕਮੇ ਆਦਿ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਪੰਜਾਬ ਵਿਚ ਕਰਫ਼ਿਊ ਲਗਾਉਣ ਤੋਂ ਪਹਿਲਾਂ ਸਰਕਾਰ ਵਲੋਂ ਕੋਈ ਵੀ ਯੋਜਨਾ ਤਿਆਰ ਨਹੀਂ ਸੀ ਕੀਤੀ ਗਈ, ਜਿਸ ਕਾਰਨ ਆਮ ਲੋਕ ਜਾਂ ਰੋਜ਼ਾਨਾ ਕਮਾ ਕੇ ਖਾਣ ਵਾਲੇ ਲੋਕਾਂ ਦੇ ਚੁੱਲ੍ਹੇ ਠੰਢੇ ਹੋ ਗਏ ਸਨ, ਸਰਕਾਰੀ ਸਹਾਇਤਾ ਬਹੁਤ ਪੱਛੜ ਕੇ ਮਿਲੀ ਪਰ ਉਸ ਤੋਂ ਪਹਿਲਾਂ ਪੰਚਾਇਤਾਂ, ਆਮ ਲੋਕਾਂ ਵਲੋਂ ਘਰ ਜਾ ਕੇ ਰਾਸ਼ਨ ਵੰਡ ਕੇ ਇਕ ਮਿਸਾਲ ਕਾਇਮ ਕੀਤੀ ਗਈ ਹੈ। ਮੱਧ ਵਰਗ ਦੇ ਬਹੁਤ ਸਾਰੇ ਲੋਕਾਂ ਦੇ ਹਾਲਤ ਵੀ ਏਨੇ ਮਾੜੇ ਹਨ ਕਿ ਉਨ੍ਹਾਂ ਦੇ ਘਰ ਦੋ ਸਮੇਂ ਦੀ ਰੋਟੀ ਪੱਕਣੀ ਮੁਸ਼ਕਿਲ ਹੈ ਪਰ ਵੇਖਣ ਵਿਚ ਆਇਆ ਹੈ ਕਿ ਉਨ੍ਹਾਂ ਦੀ ਕਿਸੇ ਨੇ ਸਾਰ ਨਹੀਂ ਲਈ। ਕੁਝ ਲੋਕ ਇਸ ਨਾਲ ਆਪਣੀ ਸਿਆਸਤ ਵੀ ਚਮਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਨਿਸ਼ਕਾਮ ਸੇਵਾ ਕਰਨ ਵਾਲੇ ਲੋਕਾਂ ਅੱਗੇ ਸਿਰ ਝੁਕਦਾ ਹੈ।

-ਧਰਵਿੰਦਰ ਸਿੰਘ ਔਲਖ
ਪਿੰਡ ਤੇ ਡਾਕ: ਕੋਹਾਲੀ, ਰਾਮ ਤੀਰਥ ਰੋਡ, ਜ਼ਿਲ੍ਹਾ ਅੰਮ੍ਰਿਤਸਰ।

07-05-2020

 ਉੱਚਿਤ ਪ੍ਰਬੰਧਾਂ ਦੀ ਲੋੜ
ਹਜ਼ੂਰ ਸਾਹਿਬ ਤੋਂ ਆਈ ਸੰਗਤ ਜਿਨ੍ਹਾਂ ਨੂੰ ਸਕੂਲਾਂ ਅਤੇ ਡੇਰਿਆਂ ਵਿਚ ਇਕਾਂਤਵਾਸ ਕੀਤਾ ਹੋਇਆ ਹੈ, ਉਨ੍ਹਾਂ ਦੀਆਂ ਕਾਫੀ ਵੀਡੀਓਜ਼ ਸਾਹਮਣੇ ਆਈਆਂ ਹਨ ਕਿ ਇਕਾਂਤਵਾਸ ਵਾਲੀਆਂ ਥਾਵਾਂ 'ਤੇ ਪੂਰੇ ਪ੍ਰਬੰਧ ਨਾ ਹੋਣ ਕਰਕੇ ਸੰਗਤ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਂਝੇ ਬਾਥਰੂਮਾਂ ਅਤੇ ਸਹੀ ਢੰਗ ਨਾਲ ਲੰਗਰ ਪਾਣੀ ਅਤੇ ਸੇਵਾਦਾਰਾਂ ਦਾ ਪ੍ਰਬੰਧ ਨਾ ਹੋਣ ਕਰਕੇ ਤੰਦਰੁਸਤ ਲੋਕਾਂ ਨੂੰ ਵੀ ਬਿਮਾਰ ਹੋਣ ਦਾ ਖ਼ਤਰਾ ਪੈਦਾ ਹੋ ਰਿਹਾ ਹੈ, ਇਸ ਮਸਲੇ ਦੇ ਹੱਲ ਲਈ ਸਮੂਹ ਸ਼ਰਧਾਲੂਆਂ ਨੂੰ ਗੁਰੂ ਘਰਾਂ ਦੀਆਂ ਸਰਾਵਾਂ ਅਤੇ ਗੁਰੂ ਘਰਾਂ 'ਚ ਪੂਰੀ ਸਾਵਧਾਨੀ ਨਾਲ ਤਿਆਰ ਕੀਤਾ ਭੋਜਨ ਸਿੱਖਿਅਤ ਸੇਵਾਦਾਰਾਂ ਰਾਹੀਂ ਸ਼ਰਧਾਲੂਆਂ ਤੱਕ ਪੁੱਜਣ ਨਾਲ ਇਸ ਸੰਕਟ ਦੇ ਸਮੇਂ ਨੂੰ ਆਸਾਨੀ ਨਾਲ ਲੰਘਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਹੋਰ ਰਾਜਾਂ 'ਚੋਂ ਖੇਤ ਮਜ਼ਦੂਰਾਂ, ਕੰਬਾਈਨ ਚਾਲਕਾਂ ਅਤੇ ਵਿਦਿਆਰਥੀਆਂ ਲਈ ਬਣਾਏ ਇਕਾਂਤਵਾਸ ਕੇਂਦਰਾਂ 'ਚ ਉੱਚਿਤ ਸਿਹਤ ਸਹੂਲਤਾਂ, ਮਿਆਰੀ ਭੋਜਨ, ਮਾਸਕ, ਸੈਨੀਟਾਈਜ਼ਰ ਅਤੇ ਮੱਛਰਾਂ ਤੋਂ ਬਚਾਅ ਲਈ ਪੱਖਿਆਂ ਆਦਿ ਦਾ ਉੱਚਿਤ ਪ੍ਰਬੰਧ ਕੀਤਾ ਜਾਵੇ।

-ਕੁਲਤਾਰ ਸਿੰਘ ਸੰਧਵਾਂ
ਐਮ.ਐਲ.ਏ. ਕੋਟਕਪੂਰਾ।

ਪੂਸਾ ਝੋਨੇ ਦੀ ਲਵਾਈ ਬਾਰੇ ਸਪੱਸ਼ਟ ਕਰੇ ਸਰਕਾਰ
ਅੱਜ ਪੂਰਾ ਵਿਸ਼ਵ ਕੋਰੋਨਾ ਵਾਇਰਸ ਮਹਾਂਮਾਰੀ ਦੀ ਮਾਰ ਝੱਲ ਰਿਹਾ ਹੈ ਜਿਸ ਦੇ ਮਾਰੂ ਅਸਰ ਮਨੁੱਖਤਾ ਤੋਂ ਇਲਾਵਾ ਹਰੇਕ ਦੇਸ਼ ਦੀ ਆਰਥਿਕਤਾ ਨੂੰ ਪ੍ਰਭਾਵਿਤ ਕਰ ਰਹੇ ਹਨ। ਜੇਕਰ ਗੱਲ ਪੰਜਾਬ ਸੂਬੇ ਦੀ ਕੀਤੀ ਜਾਵੇ ਤਾਂ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਅਨੇਕ ਪ੍ਰਕਾਰ ਦੀਆਂ ਚੁਣੌਤੀਆਂ ਉੱਭਰ ਕੇ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਵਿਚੋਂ ਇਕ ਹੈ ਪੂਸਾ ਝੋਨੇ ਦੀ ਕਾਸ਼ਤ ਬਾਰੇ। ਮਈ ਦਾ ਪਹਿਲਾ ਪੰਦ੍ਹਰਵਾੜਾ ਉਹ ਸਮਾਂ ਹੁੰਦਾ ਹੈ, ਜਦੋਂ ਕਿਸਾਨ ਆਪਣੇ ਝੋਨੇ ਦੀ ਲਵਾਈ ਲਈ ਪਨੀਰੀ ਬੀਜਦਾ ਹੈ, ਪਰ ਕੁਝ ਦਿਨ ਤੋਂ ਪੂਸਾ 44 ਝੋਨੇ ਸਬੰਧੀ ਸੋਸ਼ਲ ਮੀਡੀਆ, ਅਖ਼ਬਾਰਾਂ ਵਿਚ ਇਕ ਖ਼ਬਰ ਨਸ਼ਰ ਕੀਤੀ ਜਾ ਰਹੀ ਹੈ ਕਿ ਪੂਸਾ ਝੋਨੇ ਦੀ ਖ਼ਰੀਦ ਨਹੀਂ ਹੋਵੇਗੀ, ਪਰ ਇਸ ਮਸਲੇ 'ਤੇ ਪੰਜਾਬ ਸਰਕਾਰ ਵਲੋਂ ਸਪੱਸ਼ਟ ਨਿਰਦੇਸ਼ ਨਹੀਂ ਦਿੱਤੇ ਗਏ, ਜਿਸ ਕਾਰਨ ਕਿਸਾਨ ਵੀ ਦੁਚਿੱਤੀ ਵਿਚ ਹੀ ਹਨ। ਪੂਸਾ 44 ਝੋਨਾ ਜ਼ਿਆਦਾ ਸਮੇਂ ਤੋਂ ਜ਼ਿਆਦਾ ਝਾੜ ਦੇਣ ਵਾਲੀ ਅਤੇ ਜ਼ਿਆਦਾ ਵਾਤਾਵਰਨ ਪ੍ਰਦੂਸ਼ਿਤ ਕਰਨ ਵਾਲੀ ਕਿਸਮ ਹੈ ਜੋ ਪੱਕਣ ਵਿਚ ਜ਼ਿਆਦਾ ਸਮਾਂ, ਜ਼ਿਆਦਾ ਪਾਣੀ ਤੇ ਸਪਰੇਆਂ ਅਤੇ ਅੰਤ ਪਰਾਲੀ ਵੀ ਜ਼ਿਆਦਾ ਪੈਦਾ ਕਰਦੀ ਹੈ। ਇਸ ਕਰਕੇ ਹੀ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ। ਪੀ.ਏ.ਯੂ. ਘੱਟ ਸਮੇਂ ਵਿਚ ਨਵੀਆਂ ਕਿਸਮਾਂ ਦੀ ਸਿਫ਼ਾਰਸ਼ ਤਾਂ ਕਰਦੀ ਹੈ। ਪਰ ਉਹ ਝਾੜ ਦੇ ਵਜੋਂ ਪੂਸਾ 44 ਦਾ ਮੁਕਾਬਲਾ ਨਹੀਂ ਕਰਦੀਆਂ। ਸੋ, ਸਰਕਾਰ ਇਸ ਮਸਲੇ 'ਤੇ ਸਪੱਸ਼ਟ ਕਰੇ ਕਿ ਇਸ ਸੀਜ਼ਨ ਵਿਚ ਪੂਸਾ ਝੋਨੇ ਦੀ ਲਵਾਈ ਹੋਵੇਗੀ ਜਾਂ ਨਹੀਂ? ਸਰਕਾਰ ਇਸ ਝੋਨੇ ਦੀ ਸਰਕਾਰੀ ਖ਼ਰੀਦ ਕਰੇਗੀ ਜਾਂ ਨਹੀਂ? ਕਿਰਸਾਨੀ ਵੀ ਡਰੀ ਹੋਈ ਹੈ। ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਅਨੇਕਾਂ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਜੇਕਰ ਅਜਿਹੇ ਵਿਚ ਸਰਕਾਰ ਕੋਈ ਸਖ਼ਤ ਫ਼ੈਸਲਾ ਲੈਂਦੀ ਹੈ ਤਾਂ ਕਿਰਸਾਨੀ ਨੂੰ ਨਵੀਂ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਪੂਸਾ ਝੋਨੇ ਦੇ ਬੀਜ ਤੋਂ ਇਲਾਵਾ ਘੱਟ ਸਮੇਂ ਵਿਚ ਪੱਕਣ ਵਾਲੇ ਬੀਜ ਬਾਜ਼ਾਰ ਤੋਂ ਖ਼ਰੀਦਣੇ ਪੈਣਗੇ ਜਿਸ ਨਾਲ ਬੀਜਾਂ ਦੀ ਕਾਲਾਬਾਜ਼ਾਰੀ ਕਾਰਨ ਕਿਸਾਨਾਂ ਨੂੰ ਲੁੱਟ ਦਾ ਸ਼ਿਕਾਰ ਹੋਣਾ ਪਵੇਗਾ।

-ਪ੍ਰੋ: ਗੁਰਵੀਰ ਸਿੰਘ ਸਰੌਦ, ਮਲੇਰਕੋਟਲਾ।

ਅਧਿਆਪਕ ਵਰਗ ਦਾ ਧੰਨਵਾਦ
ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਕਰਕੇ ਜਿਥੇ ਲੋਕਾਂ ਦੀ ਸੇਵਾ ਵਿਚ ਜੁੱਟੇ ਸਿਹਤ ਵਿਭਾਗ, ਪੁਲਿਸ ਪ੍ਰਸ਼ਾਸਨ, ਸਫ਼ਾਈ ਕਰਮਚਾਰੀ ਤੇ ਮੀਡੀਆ ਨੂੰ ਹਰ ਕੋਈ ਸਲਾਮ ਤੇ ਧੰਨਵਾਦ ਕਰ ਰਿਹਾ ਹੈ, ਉਥੇ ਹੀ ਲਾਕਡਾਊਨ ਤੇ ਕਰਫ਼ਿਊ ਕਾਰਨ ਘਰਾਂ ਵਿਚ ਬੈਠੇ ਬੱਚਿਆਂ ਨੂੰ ਆਨਲਾਈਨ ਸਟੱਡੀ ਬੜੀ ਮਿਹਨਤ ਨਾਲ ਅਧਿਆਪਕ ਵਰਗ ਜੋ ਕਰਵਾ ਰਿਹਾ ਹੈ, ਇਨ੍ਹਾਂ ਦਾ ਵੀ ਧੰਨਵਾਦ ਵਿਸ਼ੇਸ਼ ਤੌਰ 'ਤੇ ਕਰਨਾ ਬਣਦਾ ਹੈ। 21 ਅਪ੍ਰੈਲ ਨੂੰ 'ਅਜੀਤ' ਅਖ਼ਬਾਰ ਵਿਚ ਛਪੀ ਇਕ ਖ਼ਬਰ ਮੁਤਾਬਿਕ ਪੱਛਮੀ ਬੰਗਾਲ ਦਾ ਇਕ ਅਧਿਆਪਕ ਘਰ ਵਿਚ ਇੰਟਰਨੈੱਟ ਦੀ ਰੇਂਜ ਨਾ ਆਉਣ ਕਰਕੇ ਦਰੱਖਤ 'ਤੇ ਚੜ੍ਹ ਕੇ ਫੋਨ ਦੀ ਰੇਂਜ ਬਣਾ ਕੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਾ ਰਿਹਾ ਸੀ। ਅਜਿਹੇ ਅਧਿਆਪਕ ਨੂੰ ਦਿਲੋਂ ਸਲਾਮ ਹੈ। ਸੱਚਮੁੱਚ ਹੀ ਅਧਿਆਪਕ ਵਰਗ ਦੀ ਮਿਹਨਤ ਨੂੰ ਸਲਾਮ ਅਤੇ ਧੰਨਵਾਦ ਕਰਨਾ ਬਣਦਾ ਹੈ।

-ਗੁਰਪ੍ਰੀਤ ਸਹੋਤਾ, ਹੁਸ਼ਿਆਰਪੁਰ।

ਮਨ ਕੀ ਬਾਤ
ਪ੍ਰਧਾਨ ਮੰਤਰੀ ਜੀ ਨੇ 'ਮਨ ਕੀ ਬਾਤ' ਵਿਚ ਸਾਰੇ ਦੇਸ਼ਵਾਸੀਆਂ ਨੂੰ ਕਿਹਾ ਹੈ ਕਿ ਕੋਰੋਨਾ ਵਾਇਰਸ ਨਾਲ ਦੇਸ਼ ਦਾ ਹਰ ਨਾਗਰਿਕ ਲੜ ਰਿਹਾ ਹੈ, ਇਹ ਸਾਂਝੀ ਲੜਾਈ ਹੈ। ਮੋਦੀ ਨੇ ਕਿਹਾ ਕਿ ਹਰ ਵਿਅਕਤੀ ਯੋਧਾ ਹੋ ਕੇ ਇਸ ਯੁੱਧ ਦੀ ਅਗਵਾਈ ਕਰ ਰਿਹਾ ਹੈ। ਸਾਨੂੰ ਪ੍ਰਸ਼ਾਸਨ ਤੇ ਸਰਕਾਰਾਂ ਦਾ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ। ਜਿਸ ਮਾਸਕ ਨਾਲ ਅਸੀਂ ਆਪਣਾ ਮੂੰਹ ਢਕਦੇ ਹਨ, ਉਹ ਸਾਡੀ ਸੱਭਿਅਤਾ ਦਾ ਹਿੱਸਾ ਹੈ। ਜਨਤਕ ਥਾਵਾਂ 'ਤੇ ਕਈ ਲੋਕ ਥੁੱਕਦੇ ਆਮ ਦੇਖੇ ਜਾਂਦੇ ਸਨ ਪਰ ਹੁਣ ਇਹ ਥੁੱਕਣ ਦੀ ਆਦਤ ਖ਼ਤਮ ਹੋ ਜਾਵੇਗੀ। ਲੋਕਾਂ ਨੇ ਯੋਗ ਤੇ ਆਯੁਰਵੇਦ ਵੱਲ ਜ਼ਿਆਦਾ ਧਿਆਨ ਦਿੱਤਾ ਹੈ। ਮੋਦੀ ਜੀ ਨੇ ਲੋਕਾਂ ਨੂੰ ਕੋਵਿਡ ਵਾਰੀਅਰਜ਼ ਦੇ ਵਲੰਟੀਅਰ ਬਣਨ ਦਾ ਵੀ ਸੱਦਾ ਦਿੱਤਾ ਹੈ। ਅੱਜ ਕਈ ਲੋਕ ਜ਼ਰੂਰਤਮੰਦ ਲੋਕਾਂ ਨੂੰ ਖਾਣਾ ਅਤੇ ਹੋਰ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾ ਰਹੇ ਹਨ। ਪ੍ਰਧਾਨ ਮੰਤਰੀ ਜੀ ਨੇ ਆਸ ਰੱਖੀ ਹੈ ਕਿ ਅਗਲੇ 'ਮਨ ਕੀ ਬਾਤ' ਪ੍ਰੋਗਰਾਮ ਤੱਕ ਸੁੱਖ ਦੀ ਰਾਹਤ ਭਰੀ ਖ਼ਬਰ ਆਏਗੀ।

-ਸੰਜੀਵ ਸਿੰਘ ਸੈਣੀ, ਮੁਹਾਲੀ।

06-05-2020

 ਸਿਹਤ ਵਿਭਾਗ ਸੁਚੇਤ ਰਹੇ
'ਕੀ ਭਾਰਤ ਕੋਰੋਨਾ ਨਾਲ ਅੰਤਿਮ ਲੜਾਈ ਲੜਨ ਲਈ ਤਿਆਰ ਹੈ' ਦੇ ਸਿਰਲੇਖ ਹੇਠ 'ਅਜੀਤ' ਵਿਚ ਸਰਗੋਸ਼ੀਆਂ ਲੇਖਕ ਦੁਆਰਾ ਲਿਖਿਆ ਪੜ੍ਹਿਆ, ਕਾਫੀ ਜਾਣਕਾਰੀ ਪ੍ਰਾਪਤ ਹੋਈ ਹੈ। ਕੋਰੋਨਾ ਮਹਾਂਮਾਰੀ ਕਾਰਨ ਇਸ ਸਮੇਂ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਵਿਕਸਿਤ ਦੇਸ਼ਾਂ ਵਿਚ ਇਸ ਮਹਾਂਮਾਰੀ ਕਾਰਨ ਬਹੁਤ ਜਾਨੀ ਨੁਕਸਾਨ ਹੋਇਆ ਹੈ। ਕਿਸੇ ਵੀ ਮਹਾਂਮਾਰੀ ਨਾਲ ਨਿਪਟਣ ਵਿਚ ਜ਼ਿਆਦਾ ਭੂਮਿਕਾ ਸਿਹਤ ਵਿਭਾਗ ਦੀ ਹੁੰਦੀ ਹੈ। ਸਿਹਤ ਵਿਭਾਗ ਨੂੰ ਸਮੇਂ-ਸਮੇਂ 'ਤੇ ਅਪਡੇਟ ਰਹਿਣਾ ਚਾਹੀਦਾ ਹੈ। ਇਸ ਸਮੇਂ ਵੈਂਟੀਲੇਟਰਾਂ ਦੀ ਉਪਲੱਬਧਤਾ ਤਾਂ ਬਹੁਤ ਹੀ ਘੱਟ ਹੈ। ਇਸ ਸਮੇਂ ਹਰ ਇਕ ਹਸਪਤਾਲ ਵਿਚ ਕੈਮਰੇ ਲਾਏ ਜਾਣ, ਜਿਨ੍ਹਾਂ ਦਾ ਕਿਸੇ ਹੋਰ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਕੰਟਰੋਲ ਰੂਮ ਨਾਲ ਜੁੜਿਆ ਹੋਣਾ ਚਾਹੀਦਾ ਹੈ ਅਤੇ ਇਹ ਕੈਮਰੇ ਲਗਾਤਾਰ ਲਾਈਵ ਚਲਦੇ ਰਹਿਣੇ ਚਾਹੀਦੇ ਹਨ। ਇਸ ਸਮੇਂ ਦੇਸ਼ ਅਜਿਹੀ ਸਥਿਤੀ ਵਿਚੋਂ ਲੰਘ ਰਿਹਾ ਹੈ, ਜਿਸ ਵਿਚੋਂ ਨਿਕਲਣ ਲਈ ਸਾਧਨਾਂ ਦੀ ਪਹਿਲਾਂ ਹੀ ਘਾਟ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਪੂਰੇ ਦੇਸ਼ ਨੂੰ ਸਿਹਤ ਸੇਵਾਵਾਂ ਤੋਂ ਉਪਜੇ ਹਾਲਾਤ ਤੋਂ ਸਬਕ ਲੈਣ ਦੀ ਜ਼ਰੂਰਤ ਹੈ। ਭਵਿੱਖ ਵਿਚ ਸਿਹਤ ਸੇਵਾਵਾਂ ਸਬੰਧੀ ਕ੍ਰਾਂਤੀਕਾਰੀ ਬਦਲਾਅ ਕੀਤੇ ਜਾਣ, ਤਾਂ ਜੋ ਕੋਰੋਨਾ ਨੂੰ ਪੂਰੀ ਤਰ੍ਹਾਂ ਕੰਟਰੋਲ ਕੀਤਾ ਜਾ ਸਕੇ। 'ਅਜੀਤ' ਅਖ਼ਬਾਰ ਰਾਹੀਂ ਸਾਰੇ ਪਾਠਕਾਂ ਨੂੰ ਕਾਫੀ ਜਾਣਕਾਰੀ ਮਿਲਦੀ ਹੈ। ਆਦਾਰਾ 'ਅਜੀਤ' ਦਾ ਧੰਨਵਾਦ।

-ਕਸ਼ਮੀਰੀ ਲਾਲ ਚੂਹੜਪੁਰ, ਨਵਾਂਸ਼ਹਿਰ।

ਕੋਰੋਨਾ ਨੇ ਬਦਲੀ ਰਿਸ਼ਤਿਆਂ ਦੀ ਪਰਿਭਾਸ਼ਾ
ਮੌਤ ਦੇ ਖੌਫ਼ ਕਾਰਨ ਤਿੜਕ ਰਹੇ ਰਿਸ਼ਤਿਆਂ ਦਾ ਦੁਖ਼ਦਾਈ ਮੰਜ਼ਰ ਉਂਝ ਤਾਂ ਸੰਸਾਰ ਭਰ 'ਚ ਹੀ ਵੇਖਣ ਨੂੰ ਸਾਹਮਣੇ ਆ ਰਿਹਾ ਹੈ ਪਰ ਸਾਡੇ ਸਮਾਜਿਕ ਤਾਣੇ-ਬਾਣੇ ਅੰਦਰ ਇਹ ਦੁਖ਼ਾਂਤ ਪਹਿਲੀ ਵਾਰ ਵੇਖਣ ਨੂੰ ਮਿਲ ਰਿਹਾ ਹੈ। ਦੁਨੀਆ ਭਰ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਕੋਰੋਨਾ ਦੀ ਦਹਿਸ਼ਤ ਕਾਰਨ ਕਿਤੇ ਪੁੱਤਰ ਨੇ ਆਪਣੇ ਪਿਤਾ ਦੀ ਚਿਖਾ ਨੂੰ ਅੱਗ ਦੇਣ ਤੋਂ ਇਨਕਾਰ ਕਰ ਦਿੱਤਾ, ਕਿਤੇ ਮਾਪਿਆਂ ਨੇ ਆਪਣੇ ਹੀ ਕੋਰੋਨਾ ਪੀੜਤ ਬੱਚਿਆਂ ਨੂੰ ਮੌਤ ਦੇ ਮੂੰਹ ਵਿਚ ਤੜਪਦਿਆਂ ਛੱਡ ਕੇ ਮੂੰਹ ਮੋੜ ਲਿਆ ਅਤੇ ਕਿਤੇ ਲੋਕਾਂ ਨੇ ਹੀ ਮ੍ਰਿਤਕ ਦਾ ਸੰਸਕਾਰ ਨਹੀਂ ਹੋਣ ਦਿੱਤਾ। ਬੇਸ਼ੱਕ ਇਸ ਪਿੱਛੇ ਮੌਤ ਦਾ ਡਰ ਲੁਕਿਆ ਹੋਇਆ ਹੈ ਪਰ ਖ਼ੂਨ ਦੇ ਰਿਸ਼ਤਿਆਂ ਵਿਚ ਅਜਿਹਾ ਵਰਤਾਰਾ ਬਹੁਤ ਹੀ ਮੰਦਭਾਗਾ, ਨਿੰਦਣਯੋਗ ਅਤੇ ਸ਼ਰਮਨਾਕ ਹੈ। ਇਸ ਬਿਮਾਰੀ ਦੇ ਮ੍ਰਿਤਕ ਸਰੀਰ ਨਾਲ ਅਜਿਹਾ ਵਿਵਹਾਰ ਕਰਨ ਪਿੱਛੇ ਚਾਹੇ ਕਾਰਨ ਕੁਝ ਵੀ ਹੋਣ ਪਰ ਇਸ ਨੇ ਸਾਡੇ ਖ਼ੂਨ ਅਤੇ ਸਮਾਜਿਕ ਰਿਸ਼ਤਿਆਂ ਦੇ ਚਿਹਰੇ ਤੋਂ ਮੌਖਟੇ ਉਤਾਰ ਕੇ ਇਨ੍ਹਾਂ ਦੀ ਸਹੀ ਤਰਜਮਾਨੀ ਕਰ ਦਿੱਤੀ ਹੈ। ਕੋਰੋਨਾ ਅੱਜ ਹੈ ਤੇ ਸਮਾਂ ਬੀਤਣ 'ਤੇ ਇਹ ਵੀ ਬੀਤੇ ਸਮੇਂ ਦੀ ਗੱਲ ਬਣ ਕੇ ਰਹਿ ਜਾਵੇਗਾ ਪਰ ਜੋ ਰਿਸ਼ਤੇ ਇਸ ਸਮੇਂ ਦੌਰਾਨ ਤਿੜਕ ਗਏ ਉਹ ਸਮਾਜ ਅੰਦਰ ਹਮੇਸ਼ਾ ਲਈ ਆਪਣੀ ਹੋਂਦ ਗੁਆ ਲੈਣਗੇ।

-ਬਰਾੜ ਆਰ. ਸਿੰਘ (ਡਾ:), ਬਠਿੰਡਾ।

ਕੋਰੋਨਾ ਬਨਾਮ ਘਰੇਲੂ ਹਿੰਸਾ
ਮਹਾਂਮਾਰੀ ਦਾ ਪ੍ਰਕੋਪ ਸਾਰੇ ਵਿਸ਼ਵ ਨੂੰ ਹੀ ਝੱਲਣਾ ਪੈ ਰਿਹਾ ਹੈ। ਇਸ ਦੇ ਮਾਰੂ ਪ੍ਰਭਾਵ ਦੇ ਕੀ ਸਿੱਟੇ ਨਿਕਲਣਗੇ, ਇਸ ਬਾਬਤ ਕੋਈ ਵੀ ਕਿਆਸਅਰਾਈ ਲਾਉਣੀ ਬੇਫਜ਼ੂਲੀ ਜਿਹੀ ਜਾਪਦੀ ਹੈ। ਬਹਰਹਾਲ ਸਮੁੱਚੇ ਵਿਸ਼ਵੀਕਰਨ ਦਾ ਦਾਰੋਮਦਾਰ ਇਸ ਦੀ ਜੱਦ ਵਿਚੋਂ ਬਚ ਨਿਕਲਣ ਦੀਆਂ ਕੋਸ਼ਿਸ਼ਾਂ ਕਰਨ ਲੱਗਾ ਹੋਇਆ ਹੈ। ਕੋਰੋਨਾ ਨੇ ਜਿਥੇ ਆਰਥਿਕ, ਉਦਯੋਗਿਕ, ਆਵਾਜਾਈ ਅਤੇ ਖੇਤੀਬਾੜੀ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਹੈ, ਉਥੇ ਇਸ ਕਾਰਨ ਘਰੇਲੂ ਹਿੰਸਾ ਦੇ ਕੇਸ ਵੀ ਦਿਨ-ਬ-ਦਿਨ ਵਧਦੇ ਜਾ ਰਹੇ ਹਨ। ਔਰਤਾਂ ਉੱਪਰ ਹੁੰਦੇ ਅੱਤਿਆਚਾਰਾਂ ਦੇ ਮਾਮਲਿਆਂ ਵਿਚ ਪਹਿਲਾਂ ਨਾਲੋਂ ਵਾਧਾ ਹੋਇਆ ਹੈ। ਮਹਿਲਾ ਕਮਿਸ਼ਨ ਨੇ ਵੀ ਇਸ ਮਾਮਲੇ ਉੱਪਰ ਚਿੰਤਾ ਪ੍ਰਗਟ ਕੀਤੀ ਹੈ। ਸਰਕਾਰ ਨੂੰ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਮਹਿਲਾ ਕਮਿਸ਼ਨ ਨੂੰ ਲੋੜੀਂਦੀ ਕਾਰਵਾਈ ਕਰਨ ਲਈ ਵਿਸ਼ੇਸ਼ ਅਧਿਕਾਰ ਦੇਣੇ ਚਾਹੀਦੇ ਹਨ ਤਾਂ ਕਿ ਮਹਿਲਾ ਕਮਿਸ਼ਨ ਲੋੜੀਂਦੀ ਕਾਰਵਾਈ ਕਰਨ ਵਿਚ ਦੇਰੀ ਨਾ ਕਰੇ ਤੇ ਘਰੇਲੂ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿਚ ਉਹ ਆਪਣਾ ਯੋਗਦਾਨ ਪਾ ਸਕੇ।

-ਇੰਸ: ਗੁਰਪ੍ਰੀਤ ਸਿੰਘ ਚੰਬਲ. ਪਟਿਆਲਾ।

ਕੋਰੋਨਾ ਵਾਇਰਸ ਦਾ ਖ਼ਤਰਾ
ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੀ ਮੁਸਤੈਦੀ ਕਾਰਨ ਦੁਨੀਆ ਦੇ ਬਾਕੀ ਦੇਸ਼ਾਂ ਨਾਲੋਂ ਭਾਰਤ ਵਿਚ ਕੋਰੋਨਾ ਮਹਾਂਮਾਰੀ 'ਤੇ ਸਹਿਜੇ-ਸਹਿਜੇ ਕਾਬੂ ਪਾਇਆ ਜਾ ਰਿਹਾ ਹੈ। ਕਿਉਂ ਜੋ ਭਾਰਤ ਜਿਹੇ ਦੇਸ਼ ਵਿਚ ਸਿਹਤ ਸਹੂਲਤਾਂ ਵੀ ਕੋਈ ਜ਼ਿਆਦਾ ਵਧੀਆ ਨਹੀਂ ਹਨ। ਤਾਲਾਬੰਦੀ ਨੂੰ ਜੇ ਜੂਨ ਵਿਚ ਹਟਾਇਆ ਜਾਵੇ ਤਾਂ ਜ਼ਿਆਦਾ ਕਾਰਗਰ ਸਿੱਧ ਹੋ ਸਕਦਾ ਹੈ। ਕਿਉਂ ਜੋ ਗਰਮੀ ਕਾਰਨ ਇਹ ਵਾਇਰਸ ਖ਼ਤਮ ਹੋਣ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ। ਬੇਸ਼ੱਕ ਇਸ ਤਾਲਾਬੰਦੀ ਨਾਲ ਸਰਕਾਰ ਤੇ ਨਿੱਜੀ ਲੋਕਾਂ ਨੂੰ ਵਪਾਰਕ ਪੱਖੋਂ ਕਾਫੀ ਘਾਟਾ ਪੈ ਰਿਹਾ ਹੈ। ਪਰ ਸਾਨੂੰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਜੇ ਜਾਨ ਹੈ ਤਾਂ ਜਹਾਨ ਹੈ। ਦੁਨੀਆ ਵਿਚ ਘਾਟੇ-ਵਾਧੇ ਚਲਦੇ ਹੀ ਰਹਿੰਦੇ ਹਨ।

-ਜਸਦੀਪ ਸਿੰਘ ਖ਼ਾਲਸਾ, ਖੰਨਾ।

ਖੋਖਲੀ ਸਿਹਤ ਵਿਵਸਥਾ
ਭਾਰਤ ਵਰਗੇ ਸੰਘਣੀ ਆਬਾਦੀ ਵਾਲੇ ਦੇਸ਼ ਵਿਚ ਕਿੰਨੇ ਵੈਂਟੀਲੇਟਰ ਨੇ, ਸ਼ਾਇਦ ਅੱਜ ਤੱਕ ਕਿਸੇ ਨੇ ਸੋਚਿਆ ਨਹੀਂ ਸੀ, ਕਿਉਂਕਿ ਗੱਲ ਕਦੇ ਖੁੱਲ੍ਹ ਕੇ ਬਾਹਰ ਹੀ ਨਹੀਂ ਆਈ। ਇਸ ਵਾਇਰਸ ਦੇ ਆਉਣ ਨਾਲ ਇਹ ਵੀ ਪਤਾ ਲੱਗ ਗਿਆ ਕਿ ਸਾਡੀ ਸਿਹਤ ਵਿਵਸਥਾ ਕਿੰਨੀ ਖੋਖਲੀ ਹੈ। ਪ੍ਰਸ਼ਾਸਨ ਆਪਣੇ-ਆਪ ਨੂੰ ਬੇਵੱਸ ਤੇ ਲਾਚਾਰ ਦਿਖਾਉਂਦਾ ਹੈ ਪਰ ਅਸਲ ਵਿਚ ਇਸ ਦੇ ਹੱਥ ਵੱਸ ਸਭ ਕੁਝ ਹੈ। ਜਿਵੇਂ ਕਿ ਸਾਰੇ ਪੰਜਾਬ ਵਿਚ ਨਸ਼ੇ ਦਾ ਏਨਾ ਵਿਰੋਧ ਹੋਣ ਦੇ ਬਾਵਜੂਦ ਕੁਝ ਨਹੀਂ ਹੋ ਸਕਿਆ। ਲੋਕ ਹਾਏ-ਹੱਲਾ ਕਰਕੇ ਬੈਠ ਗਏ ਪਰ ਹੋਇਆ ਕੁਝ ਵੀ ਨਹੀਂ। ਉਵੇਂ ਹੀ ਨਸ਼ਾ ਆਉਂਦਾ ਰਿਹਾ ਤੇ ਵਿਕਦਾ ਰਿਹਾ ਤੇ ਪੁਲਿਸ ਤੇ ਪ੍ਰਸ਼ਾਸਨ ਨਸ਼ਾ ਤਸਕਰਾਂ ਨੂੰ ਰੋਕ ਨਾ ਸਕੇ। ਪਰ ਹੁਣ ਕਰਫ਼ਿਊ ਲਗਦਿਆਂ ਹੀ ਆਮ ਤੇ ਸ਼ਰੀਫ਼ ਲੋਕਾਂ ਨੂੰ ਵੀ ਅੰਦਰ ਤਾੜ ਹੋਣ ਲਈ ਮਜਬੂਰ ਹੋਣਾ ਪੈਂਦਾ ਹੈ। ਜੋ ਪੁਲਿਸ ਨਸ਼ਾ ਤਸਕਰਾਂ 'ਤੇ ਲਾਠੀਚਾਰਜ ਕਰਨ ਵੇਲੇ ਬੇਵੱਸ ਸੀ, ਉਹ ਹੁਣ ਜ਼ਰੂਰੀ ਕੰਮ ਜਾਣ ਵਾਲਿਆਂ ਦੇ ਵੀ ਹੱਡ ਸੇਕ ਰਹੀ ਹੈ। ਕਾਰਨ ਸਾਫ਼ ਹੈ, ਨਸ਼ਾ ਜਾਂ ਕੋਈ ਹੋਰ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਵੇਲੇ ਇਨ੍ਹਾਂ ਹੱਥ ਕੋਈ ਤਾਕਤਾਂ ਨਹੀਂ ਸਨ, ਹੁਣ ਤਾਕਤਾਂ ਮਿਲੀਆਂ ਹਨ ਤਾਂ ਨਤੀਜਾ ਸਭ ਦੇ ਸਾਹਮਣੇ ਹੈ। ਸਰਕਾਰ ਅਸਲ ਵਿਚ ਜੋ ਕਰਨਾ ਚਾਹੁੰਦੀ ਹੈ, ਉਹ ਕੰਮ ਝੱਟ ਹੋ ਜਾਂਦਾ ਹੈ ਤੇ ਜੋ ਨਹੀਂ ਕਰਨਾ ਚਾਹੁੰਦੀ, ਉਸ ਦਾ ਨਾਟਕ ਆਪਾਂ ਦੇਖਦੇ ਆ ਹੀ ਰਹੇ ਹਾਂ।

-ਲਖਵਿੰਦਰ ਸਿੰਘ।

04-05-2020

 ਸਮਾਜਿਕ ਦੂਰੀ
ਭਾਵੇਂ ਕਿ ਪੂਰੇ ਪੰਜਾਬ ਵਿਚ ਲਾਕ ਡਾਊਨ ਤੇ ਕਰਫਿਊ ਜਾਰੀ ਹੈ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਵੀ ਪ੍ਰਸ਼ਾਸਨ ਵਲੋਂ ਅਪੀਲ ਕੀਤੀ ਗਈ ਹੈ, ਪ੍ਰੰਤੂ ਜਿਥੇ ਕਈ ਲੋਕ ਲਾਕਡਾਊਨ, ਕਰਫਿਊ ਦੀ ਪ੍ਰਵਾਹ ਨਹੀਂ ਕਰਦੇ ਉਥੇ ਹੀ ਸਮਾਜਿਕ ਦੂਰੀ ਵੀ ਨਹੀਂ ਰੱਖ ਰਹੇ। ਸਬਜ਼ੀ ਮੰਡੀਆਂ ਵਿਚ ਆੜ੍ਹਤੀਆਂ ਤੇ ਕਿਸਾਨਾਂ ਦੇ ਪਾਸ ਬਣਾਏ ਜਾਂਦੇ ਹਨ ਪ੍ਰੰਤੂ ਉਥੇ ਆਮ ਲੋਕ ਵੀ ਸਬਜ਼ੀ ਮੰਡੀ ਵਿਚ ਘੁੰਮ ਰਹੇ ਹੁੰਦੇ ਹਨ। ਦਾਣਾ ਮੰਡੀਆਂ ਵਿਚ ਬੋਲੀ ਸਮੇਂ ਵੀ ਸਮਾਜਿਕ ਦੂਰੀ ਦਾ ਖਿਆਲ ਨਹੀਂ ਰੱਖਿਆ ਜਾ ਰਿਹਾ। ਕਈ ਥਾਵਾਂ 'ਤੇ ਨੀਲੇ ਕਾਰਡ ਵਾਲਿਆਂ ਨੂੰ ਰਾਸ਼ਨ ਵੰਡਣ ਸਮੇਂ ਵੀ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ। ਸ਼ਹਿਰਾਂ ਵਿਚ ਕਈ ਦੁਕਾਨਦਾਰਾਂ ਵਲੋਂ ਬਿਨਾਂ ਵਜ੍ਹਾ ਇਕੱਠ ਕਰਕੇ ਕੋਰੋਨਾ ਬਿਮਾਰੀ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਜਿਥੇ ਆਮ ਲੋਕਾਂ ਨੂੰ ਕਰਫਿਊ, ਲਾਕਡਾਊਨ ਦੀ ਪਾਲਣਾ ਕਰਨੀ ਚਾਹੀਦੀ ਹੈ, ਉਥੇ ਹੀ ਸਮਾਜਿਕ ਦੂਰੀ ਵੀ ਬਣਾ ਕੇ ਰੱਖਣ ਦੀ ਲੋੜ ਹੈ ਅਤੇ ਜੇਕਰ ਬਹੁਤ ਹੀ ਜ਼ਰੂਰੀ ਕੰਮ ਲਈ ਘਰੋਂ ਬਾਹਰ ਜਾਣਾ ਪੈਂਦਾ ਹੈ ਤਾਂ ਉਹ ਮਾਸਿਕ, ਦਸਤਾਨੇ ਵਗੈਰਾ ਪਾ ਕੇ ਹੀ ਬਾਹਰ ਨਿਕਲਣ। ਪ੍ਰਸ਼ਾਸਨ, ਪੰਜਾਬ ਮੰਡੀ ਬੋਰਡ, ਸਿਹਤ ਵਿਭਾਗ ਨੂੰ ਵੀ ਇਸ ਸਬੰਧੀ ਸਖਤੀ ਵਰਤਣ ਦੀ ਲੋੜ ਹੈ, ਤਾਂ ਜੋ ਇਸ ਨਾਮੁਰਾਦ ਬਿਮਾਰੀ ਤੋਂ ਬਚਿਆ ਜਾ ਸਕੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।

ਕੁਦਰਤ ਦੇ ਮਿੱਤਰ ਬਣੀਏ
ਪਿਛਲੇ ਦਿਨੀਂ 'ਅਜੀਤ' ਦੇ ਸਫਾ 3 'ਤੇ ਘੱਗਰ ਦਰਿਆ ਦੇ ਸਬੰਧ ਵਿਚ ਲੱਗੀ ਖਬਰ 'ਚ ਪਹਿਲੇ 'ਤੇ ਹੁਣ ਦੇ ਵਗਦੇ ਪਾਣੀ ਦੀ ਤਸਵੀਰ ਵੇਖੀ। ਵੇਖ ਕੇ ਮਨ ਨੂੰ ਹੈਰਾਨੀ ਭਰਿਆ ਸਕੂਨ ਮਿਲਿਆ। ਲਾਕਡਾਊਨ ਕਾਰਨ ਠੱਪ ਹੋਏ ਕਾਰੋਬਾਰ ਨਾਲ ਭਾਵੇਂ ਦੇਸ਼ ਦਾ ਆਰਥਿਕ ਤੇ ਹੋਰ ਪੱਖਾਂ ਤੋਂ ਕਾਫ਼ੀ ਨੁਕਸਾਨ ਹੋਇਆ ਹੈ, ਹੋ ਵੀ ਰਿਹਾ ਹੈ ਪਰ ਇਸ ਦੇ ਨਾਲ ਬਹੁਤ ਸਾਰੇ ਹਾਂ-ਪੱਖੀ ਨਤੀਜੇ ਵੀ ਸਾਹਮਣੇ ਆ ਰਹੇ ਹਨ। ਕੁਦਰਤ ਦੇ ਆਪਣੇ ਨਿਯਮ ਹਨ, ਜਿੰਨਾ ਵੀ ਮਨੁੱਖ ਨੇ ਆਪਣੇ ਨਿੱਜੀ ਹਿੱਤਾਂ ਲਈ ਕੁਵਰਤੋਂ ਕਰ ਕੇ ਪਾਣੀ, ਹਵਾ ਤੇ ਧਰਤ ਨੂੰ ਗੰਧਲਾ ਤੇ ਜ਼ਹਿਰੀਲਾ ਕਰਕੇ ਮਨੁੱਖਤਾ ਵਾਸਤੇ ਬਹੁਤ ਸਾਰੀਆਂ ਅਲਾਮਤਾਂ ਸਹੇੜ ਦਿੱਤੀਆਂ ਹਨ, ਜਿਸ ਦਾ ਨਤੀਜਾ ਇਹ ਹੈ ਕਿ ਹਰ ਘਰ ਇਕ ਤਰ੍ਹਾਂ ਦੀ ਡਿਸਪੈਂਸਰੀ ਬਣ ਗਿਆ ਹੈ। ਹੁਣ ਤਾਲਾਬੰਦੀ ਕਰਕੇ ਬਹੁਤ ਸਾਰੇ ਪ੍ਰਦੂਸ਼ਣ ਆਪਣੇ ਆਪ ਹੀ ਖਤਮ ਹੋ ਰਹੇ ਹਨ। ਜਿਵੇਂ ਨਦੀਆਂ ਵਿਚ ਸੁੱਟੇ ਜਾ ਰਹੇ ਪਲਾਸਟਿਕ, ਕੈਮੀਕਲ ਅਤੇ ਹੋਰ ਕਈ ਕੁਝ ਨੂੰ ਰੋਕ ਲੱਗੀ ਹੈ, ਜਿਸ ਨਾਲ ਪਾਣੀ ਸਾਫ਼-ਸੁਥਰਾ ਹੋਣ ਲੱਗ ਪਿਆ ਹੈ। ਘਸਮੈਲਾ ਦਿਸਦਾ ਅਕਾਸ਼ ਆਪਣੇ ਸਹੀ ਰੂਪ ਵਿਚਨੀਲਾ ਅਸਮਾਨੀ ਦਿਸਣ ਲੱਗਾ ਹੈ। ਦੁਪਹਿਰ ਦੀ ਖਿੜੀ-ਖਿੜੀ ਧੁੱਪ ਤੇ ਰਾਤ ਨੂੰ ਟਿਮਟਿਮਾਉਂਦੇ ਤਾਰੇ ਮਨ ਮੋਹ ਲੈਂਦੇ ਹਨ ਅਤੇ ਨਾਲ ਹੀ ਆਵਾਜ਼ ਪ੍ਰਦੂਸ਼ਣ ਵਲੋਂ ਲੋਕਾਂ ਦੇ ਕੰਨਾਂ ਨੂੰ ਵੀ ਵੱਡੀ ਰਾਹਤ ਮਹਿਸੂਸ ਹੋ ਰਹੀ ਹੈ।
ਇਨ੍ਹਾਂ ਦਿਨਾਂ ਵਿਚ ਵਿਆਹ-ਸ਼ਾਦੀਆਂ, ਖ਼ੁਸ਼ੀ-ਗ਼ਮੀ ਅਤੇ ਹੋਰ ਬਹੁਤ ਸਾਰੇ ਪ੍ਰੋਗਰਾਮ ਸਾਦੇ ਢੰਗ ਨਾਲ ਹੋ ਰਹੇ ਹਨ, ਜਿਸ ਕਰਕੇ ਆਰਥਿਕ ਪੱਖੋਂ ਵੀ ਲੋਕਾਈ ਦਾ ਫਾਇਦਾ ਹੋ ਰਿਹਾ ਹੈ। ਕਾਸ਼, ਇਨ੍ਹਾਂ ਹਾਲਤਾਂ ਨੂੰ ਮੁੱਖ ਰੱਖਦੇ ਹੋਏ ਸਮਾਜ ਦੇ ਲੋਕ ਕੋਰੋਨਾ ਮਹਾਂਮਾਰੀ ਤੋਂ ਬਾਅਦ ਵੀ ਨਿੱਜੀ ਹਿੱਤਾਂ ਅਤੇ ਫੌਕੀ ਟੋਹਰ ਦਾ ਤਿਆਗ ਕਰਕੇ ਕੁਦਰਤੀ ਸੋਮਿਆਂ ਨੂੰ ਪਲੀਤ ਕਰਨ ਤੋਂ ਗੁਰੇਜ਼ ਕਰਨਗੇ।

-ਮੰਗਲਮੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ

ਕੇਕ ਮੰਗਵਾ ਕੇ ਕੋਰੋਨਾ ਯੋਧਿਆਂ ਲਈ ਮੁਸੀਬਤ ਨਾ ਖੜ੍ਹੀ ਕਰੋ
ਇਸ ਸਮੇਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੁਲਿਸ ਪ੍ਰਸ਼ਾਸਨ, ਡਾਕਟਰ, ਸਫ਼ਾਈ ਕਰਮਚਾਰੀ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਅ ਰਹੇ ਹਨ। ਖ਼ਬਰਾਂ ਸੁਣਨ ਨੂੰ ਮਿਲੀਆਂ ਕਿ ਬੱਚੇ ਦੇ ਜ਼ਿੱਦ ਕਰਨ 'ਤੇ ਮਾਂ-ਬਾਪ ਪੁਲਿਸ ਪ੍ਰਸ਼ਾਸਨ ਨੂੰ ਫੋਨ ਕਰਦਾ ਹੈ ਤਾਂ ਪੁਲਿਸ ਪ੍ਰਸ਼ਾਸਨ ਆਪਣੀ ਜਾਨ ਖਤਰੇ ਵਿਚ ਪਾ ਕੇ ਬੱਚੇ ਦੇ ਘਰ ਕੇਕ ਪਹੁੰਚਾਉਂਦੇ ਹਨ। ਪੁਲਿਸ ਪ੍ਰਸ਼ਾਸਨ ਬੱਚੇ ਦੀ ਫ਼ਰਮਾਇਸ਼ ਪੂਰੀ ਕਰਦਾ ਹੈ ਜੋ ਕਿ ਇਹ ਸ਼ਲਾਘਾਯੋਗ ਵੀ ਹੈ। ਪ੍ਰੰਤੂ ਮਾਂ-ਬਾਪ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਬੱਚੇ ਦਾ ਜਨਮ ਦਿਨ ਹੈ ਤਾਂ ਬੱਚੇ ਨੂੰ ਸਮਝਾਉਣਾ ਚਾਹੀਦਾ ਹੈ ਕਿ ਤੇਰਾ ਜਨਮ ਦਿਨ ਅਸੀਂ ਕੇਕ ਤੋਂ ਬਿਨਾਂ ਘਰ ਦੀ ਬਣੀ ਚੀਜ਼ ਨਾਲ ਮਨਾਵਾਂਗੇ। ਆਪਣੇ ਘਰ ਵਿਚ ਦੇਸੀ ਘਿਓ ਦੀ ਦੇਗ ਬਣਾ ਕੇ, ਗੁੜ ਵਾਲੇ ਚਾਵਲ ਬਣਾ ਕੇ, ਵੇਸਣ ਦੇ ਪਕੌੜੇ ਬਣਾ ਕੇ ਵੀ ਬੱਚੇ ਦਾ ਜਨਮ ਦਿਨ ਮਨਾ ਸਕਦੇ ਹਾਂ। ਅਸੀਂ ਕੋਰੋਨਾ ਯੋਧਿਆਂ ਲਈ ਵੀ ਮੁਸੀਬਤ ਖੜ੍ਹੀ ਕਰ ਰਹੇ ਹਾਂ। ਦਿਨ ਸਮੇਂ ਪੁਲਿਸ ਪ੍ਰਸ਼ਾਸਨ ਲੰਗਰ ਵਰਤਾਉਣ ਦੀ ਸੇਵਾ ਕਰਦਾ ਹੈ ਤੇ ਰਾਤ ਨੂੰ ਆਪਣੀ ਡਿਊਟੀ ਨਿਭਾਅ ਰਿਹਾ ਹੈ। ਪਰਿਵਾਰ ਤਾਂ ਪੁਲਿਸ ਵਾਲਿਆਂ ਦੇ ਵੀ ਹਨ। ਜੇ ਕੋਰੋਨਾ ਯੋਧੇ ਇਸ ਬਿਮਾਰੀ ਦੇ ਨਾਲ ਪੀੜਤ ਹੋ ਗਏ ਤਾਂ ਉਹ ਆਪਣੀ ਡਿਊਟੀ ਕਿਵੇਂ ਨਿਭਾਉਣਗੇ? ਮਾਂ-ਬਾਪ ਦੀ ਅਹਿਮ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਬੱਚਿਆਂ ਦੇ ਅੱਗੇ ਨਾ ਝੁਕਣ ਤੇ ਕੋਰੋਨਾ ਯੋਧਿਆਂ ਨੂੰ ਆਪਣੀਆਂ ਫਰਮਾਇਸ਼ਾਂ ਪੂਰੀਆਂ ਕਰਨ ਲਈ ਫੋਨ ਨਾ ਕਰਨ।

-ਸੰਜੀਵ ਸਿੰਘ ਸੈਣੀ
ਮੁਹਾਲੀ।

ਲਾਸ਼ ਮੇਰੀ ਵੀ ਹੋ ਸਕਦੀ ਹੈ!
ਕਿਸੇ ਲਾਸ਼ ਨੂੰ ਨਮਸਤਕ ਹੋਣਾ, ਮੋਢਾ ਦੇਣਾ ਅਤੇ ਲੱਕੜ ਵਿਖਾਉਣਾ ਸਾਡੇ ਸੱਭਿਆਚਾਰ ਦਾ ਹਿੱਸਾ ਮੰਨਿਆ ਜਾਂਦਾ ਸੀ ਅਤੇ ਚੰਗੇ ਸੰਸਕਾਰਾਂ ਦਾ ਸੰਕੇਤ ਵੀ ਸੀ। ਪਰ ਕੀ ਵਾਕਈ ਇਹ ਸਾਡੇ ਸੰਸਕਾਰ ਹਨ ਜਾਂ ਫੇਰ ਸਾਡੇ ਅੰਦਰ ਦਾ ਡਰ? ਕੋਰੋਨਾ ਕਾਰਨ ਹੋਈਆਂ ਮੌਤਾਂ ਸਦਕਾ ਲਾਸ਼ਾਂ ਦੇ ਅੰਤਿਮ ਸੰਸਕਾਰ ਵੇਲੇ ਅਸੀਂ ਇਸ ਗੱਲ ਨੂੰ ਸਾਬਤ ਕਰ ਦਿੱਤਾ ਕਿ ਅਧਾਰਮਿਕ ਹੋਣ ਦੇ ਨਾਲ-ਨਾਲ ਹੱਦ ਤੋਂ ਵੱਧ ਖੁਦਗਰਜ਼ ਵੀ ਹਾਂ। ਪੰਥ ਦੀ ਸ਼ਾਨ ਭਾਈ ਨਿਰਮਲ ਸਿੰਘ ਦੀ ਦੇਹ ਦਾ ਅੰਤਿਮ ਸੰਸਕਾਰ ਨਾ ਕਰਨ ਦੇਣਾ, ਘਰ ਦੇ ਸਕੇ-ਸਬੰਧੀਆਂ ਦਾ ਅੰਤਿਮ ਸੰਸਕਾਰ ਵਿਚ ਸ਼ਾਮਿਲ ਨਾ ਹੋਣਾ ਜਾਂ ਫਿਰ ਲਾਸ਼ਾਂ ਨੂੰ ਸਾਂਭਣ ਵਾਲੇ ਨੇਕਦਿਲ ਲੋਕਾਂ 'ਤੇ ਹਮਲਾ ਕਰਨਾ, ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਅਸੀਂ ਅਸਲ ਵਿਚ ਏਨੇ ਖੁਦਗਰਜ਼ ਹੋ ਚੁੱਕੇ ਹਾਂ ਕਿ ਅਸੀਂ ਇਹ ਵੀ ਭੁੱਲ ਗਏ ਹਾਂ ਕਿ 'ਕੋਰੋਨਾ ਵਾਲੀਆਂ ਇਨ੍ਹਾਂ ਲਾਸ਼ਾਂ ਵਿਚੋਂ ਇਕ ਲਾਸ਼ ਸਾਡੀ ਵੀ ਹੋ ਸਕਦੀ ਹੈ', ਡਾਕਟਰਾਂ ਦੇ ਵਾਰ-ਵਾਰ ਇਹ ਕਹਿਣ 'ਤੇ ਵੀ ਕਿ ਲਾਸ਼ ਤੋਂ ਕੋਰੋਨਾ ਦਾ ਖਤਰਾ ਨਹੀਂ ਹੁੰਦਾ, ਅਸੀਂ ਏਸ ਖੁਦਗਰਜ਼ੀ ਦਾ ਸਬੂਤ ਦਿੱਤਾ।
ਆਓ, ਸੋਚੀਏ ਕਿ ਜੇ ਇਹ ਕੋਰੋਨਾ ਵਾਲੀ ਲਾਸ਼ ਮੇਰੀ ਜਾਂ ਤੁਹਾਡੀ ਹੁੰਦੀ ਅਤੇ ਲੋਕੀਂ ਏਸੇ ਤਰ੍ਹਾਂ ਦਾ ਵਰਤਾਓ ਕਰਦੇ ਤਾਂ ਆਪਣੇ 'ਤੇ ਕੀ ਬੀਤਦੀ? ਉਹ ਭੈਣ-ਭਰਾ ਕੀ ਮਹਿਸੂਸ ਕਰਦੇ ਹੋਣਗੇ ਜਿਨ੍ਹਾਂ ਦੀਆਂ ਲਾਸ਼ਾਂ ਦੇ ਨਾਲ ਆਪਾਂ ਏਸ ਤਰ੍ਹਾਂ ਦੇ ਕਾਰੇ ਕੀਤੇ? ਹੇ ਪ੍ਰਮਾਤਮਾ! ਸਾਡੀ ਏਸ ਖੁਦਰਜ਼ੀ ਨੂੰ ਮੁਆਫ਼ ਕਰ ਦੇ ਕਿਉਂਕਿ ਅਤੇ ਸਾਡਾ ਇਹ ਭੁਲੇਖਾ ਦੂਰ ਕਰਦੇ ਕਿ ਅਸੀਂ ਏਸ ਦੁਨੀਆ ਨੂੰ ਇਕ ਸਰਾਂ ਸਮਝਣ ਦੀ ਥਾਂ ਪੱਕਾ ਘਰ ਸਮਝ ਕੇ ਬੈਠੇ ਹੋਏ ਹਾਂ।

-ਡਾ: ਸੁਰਿੰਦਰ ਸਿੰਘ ਕੁੱਕਲ
ਡੀਨ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ।

01-05-2020

 ਪੱਖਪਾਤੀ ਰਵੱਈਆ ਨਿੰਦਣਯੋਗ
ਕੋਰੋਨਾ ਵਾਇਰਸ ਨੇ ਮਹਾਂਮਾਰੀ ਦੇ ਰੂਪ ਵਿਚ ਦੁਨੀਆ ਨੂੰ ਭੈਅ-ਭੀਤ ਜ਼ਿੰਦਗੀ ਜਿਊਣ ਲਈ ਮਜਬੂਰ ਕਰ ਦਿੱਤਾ ਹੈ। ਮਨੁੱਖਤਾ ਸੰਕਟਮਈ ਅਤੇ ਘਾਤਕ ਦੌਰ 'ਚੋਂ ਗੁਜ਼ਰ ਰਹੀ ਹੈ। ਕੋਰੋਨਾ ਵਾਇਰਸ ਦੇ ਫੈਲਾਅ ਅਤੇ ਪੀੜਤ ਹੋਣ ਤੋਂ ਬਚਾਅ ਲਈ ਲਾਕਡਾਊਨ ਦੇ ਨਾਲ ਕਰਫਿਊ ਵੀ ਲਗਾਇਆ ਗਿਆ, ਜਿਸ ਨਾਲ ਲੋਕਾਂ ਦੇ ਰੁਜ਼ਗਾਰ ਦੇ ਸਾਧਨ ਬੰਦ ਹੋ ਗਏ। ਰੋਜ਼ਮਰ੍ਹਾ ਕਮਾ ਕੇ ਖਾਣ ਵਾਲੇ ਭੁੱਖ ਨਾਲ ਕੁਰਲਾਉਣ ਲੱਗੇ। ਇਸ ਭਾਵੁਕ ਅਤੇ ਖਤਰਨਾਕ ਸਮੇਂ ਇਨਸਾਨੀਅਤ ਦੇ ਨਾਤੇ ਗਰੀਬ ਅਤੇ ਲੋੜਵੰਦਾਂ ਦੀਆਂ ਬੁਨਿਆਦੀ ਜ਼ਰੂਰਤਾਂ ਦੀ ਪੂਰਤੀ ਲਈ ਸਰਕਾਰਾਂ, ਸਮਾਜ ਸੇਵੀ ਅਤੇ ਮਨੁੱਖਤਾਵਾਦੀ ਸੰਸਥਾਵਾਂ ਨੇ ਪੁਰਜ਼ੋਰ ਕੋਸ਼ਿਸ਼ ਕੀਤੀ ਪਰ ਸਰਕਾਰੀ ਰਾਸ਼ਨ ਦੀ ਵੰਡ ਨੂੰ ਲੈ ਕੇ ਰਾਜਨੀਤੀਵਾਨਾਂ ਦੇ ਪੱਖਪਾਤੀ ਰਵੱਈਏ ਦੀ ਤਸਵੀਰ ਸਾਹਮਣੇ ਆਈ ਹੈ। ਜ਼ਮੀਨੀ ਪੱਧਰ 'ਤੇ ਬਹੁਤ ਹੀ ਜ਼ਰੂਰੀ ਲੋੜੀਂਦੀਆਂ ਵਸਤਾਂ ਦੀ ਲੋੜਵੰਦਾਂ ਤੱਕ ਸਪਲਾਈ ਦੇ ਦਾਅਵੇ ਅਤੇ ਵਾਅਦਿਆਂ ਦੀਆਂ ਹਕੀਕਤਾਂ ਅਤੇ ਅਸਲੀਅਤਾਂ 'ਚ ਜ਼ਮੀਨਅਸਮਾਨ ਦਾ ਫਰਕ ਹੈ। ਹੇਠਲੇ ਪੱਧਰ 'ਤੇ ਮਹੱਲਾ ਲੀਡਰਾਂ ਜਾਂ ਪੰਚਾਇਤੀ ਨੁਮਾਇੰਦਿਆਂ ਨੇ ਰਾਜਨੀਤੀ ਤੋਂ ਉਪਰ ਉਠ ਕੇ ਇਨਸਾਨੀਅਤ ਨਾਤੇ ਅਸਲ ਲੋੜਵੰਦਾਂ ਦੀ ਸ਼ਨਾਖਤ ਕੀਤੇ ਬਗੈਰ ਰਾਸ਼ਨ ਵੰਡਣ 'ਚ ਭਾਈ ਭਤੀਜਾਵਾਦ, ਰਾਜਨੀਤੀ ਪੱਖ ਨੂੰ ਮੂਲ ਮੱਦੇਨਜ਼ਰ ਰੱਖ ਕੇ ਰਾਸ਼ਨ ਵੰਡ ਕੀਤੀ। ਰਾਸ਼ਨ ਲੈਣ ਵਾਲਿਆਂ ਨੇ ਵੀ ਲੋੜੋਂ ਵੱਧ ਰਾਸ਼ਨ ਇਕੱਠਾ ਕਰਨ ਦੀ ਹੋੜ 'ਚ ਅਸਲ ਲੋੜਵੰਦਾਂ ਤੱਕ ਰਾਸ਼ਨ ਪਹੁੰਚਾਉਣ 'ਚ ਦਿੱਕਤ ਖੜ੍ਹੀ ਕੀਤੀ ਹੈ। ਇਸ ਸੰਕਟਮਈ ਸਥਿਤੀ ਵਿਚ ਡਿਪੂਆਂ ਤੋਂ ਕਣਕ ਲੈ ਕੇ ਆਟਾ ਚੱਕੀਆਂ ਤੇ ਵੇਚਣ ਦੀਆਂ ਕਨਸੋਆਂ ਵੀ ਗ਼ੈਰ-ਇਖਲਾਕੀ ਅਤੇ ਗ਼ੈਰ-ਇਨਸਾਨੀਅਤ ਵਾਲੇ ਕਾਰਜ ਹਨ। ਇਸ ਬਿਪਤਾ ਦੀ ਘੜੀ 'ਚ ਇਨਸਾਨੀਅਤ ਨਾਤੇ ਮਦਦ ਲਈ ਪਹਿਲਕਦਮੀ ਕਰਨ ਦੀ ਲੋੜ ਸੀ ਪਰ ਫਿਰ ਵੀ ਅਜਿਹੇ ਨਾਜ਼ੁਕ ਸਮੇਂ ਰਾਜਨੀਤੀ ਅਤੇ ਪੱਖਪਾਤੀ ਰਵੱਈਆ ਨਿੰਦਣਯੋਗ ਹੈ।

-ਸਤਨਾਮ ਸਿੰਘ ਮੱਟੂ, ਬੀਂਬੜ ਸੰਗਰੂਰ।

ਬੱਚਿਆਂ ਵਿਚ ਵਧ ਰਹੀ ਅਸਹਿਣਸ਼ੀਲਤਾ
ਪਟਿਆਲਾ ਵਿਚ ਇਕ ਬੜੀ ਮੰਦਭਾਗੀ ਘਟਨਾ ਵਾਪਰੀ ਹੈ। ਇਕ 11 ਸਾਲ ਦੇ ਸੱਤਵੀਂ ਜਮਾਤ ਦੇ ਵਿਦਿਆਰਥੀ ਨੇ ਆਪਣੀ ਮਾਂ ਦੀ ਜਾਇਜ਼ ਝਿੜਕ ਵੀ ਨਾ ਸਹਿੰਦੇ ਹੋਏ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ ਹੈ। ਬੱਚੇ ਦੀ ਮਾਤਾ ਨੇ ਬੱਚੇ ਨੂੰ ਮੋਬਾਈਲ ਉੱਪਰ ਘੰਟਿਆਂਬੱਧੀ 'ਪਬਜੀ' ਨਾਂਅ ਦੀ ਆਨਲਾਈਨ ਗੇਮ ਖੇਡਣ ਤੋਂ ਵਰਜਿਆ ਸੀ। ਇਸ ਤਰ੍ਹਾਂ ਹੀ ਕੁਝ ਦਿਨ ਪਹਿਲਾਂ ਲੁਧਿਆਣਾ ਵਿਖੇ ਇਕ ਵਿਦਿਆਰਥੀ ਨੇ ਆਪਣੇ ਅਧਿਆਪਕ ਦੇ ਝਿੜਕਣ ਕਾਰਨ 'ਲਾਈਵ ਖ਼ੁਦਕੁਸ਼ੀ' ਕਰ ਲਈ ਸੀ। ਇਸ ਤਰ੍ਹਾਂ ਦੀਆਂ ਦੁਖਦਾਈ ਘਟਨਾਵਾਂ ਕਈ ਸਵਾਲ ਖੜ੍ਹੇ ਕਰਦੀਆਂ ਹਨ, ਨਾਲ ਹੀ ਅੱਜ ਦੇ ਬੱਚਿਆਂ ਵਿਚ ਪੈਦਾ ਹੋ ਰਹੀ ਅਸਹਿਣਸ਼ੀਲਤਾ ਦਾ ਭਿਆਨਕ ਸੰਕੇਤ ਹਨ। ਦਰਅਸਲ ਆਧੁਨਿਕ ਸੰਚਾਰ ਸਾਧਨਾਂ ਨੇ ਬਚਪਨ ਨੂੰ ਵੱਡਿਆਂ ਦੀ ਸੰਗਤ ਤੋਂ ਵਿਰਵੇ ਕਰ ਦਿੱਤਾ ਹੈ। ਹਰ ਬੱਚਾ ਆਪਣੀ ਵਿਹਲ ਨੂੰ ਸਰੀਰਕ ਖੇਡਾਂ ਦੀ ਥਾਂ ਮੋਬਾਈਲ ਨਾਲ ਚਿਪਕ ਕੇ ਬਤੀਤ ਕਰਦਾ ਹੈ। ਅੱਜ ਨਹੀਂ ਤਾਂ ਕੱਲ੍ਹ ਇਸ ਤਰ੍ਹਾਂ ਦੇ ਵਰਤਾਰੇ ਦੇ ਮਾੜੇ ਸਿੱਟੇ ਨਿਕਲਣੇ ਹੀ ਹਨ। ਕੌਣ ਨਹੀਂ ਚਾਹੁੰਦਾ ਕਿ ਉਸ ਦਾ ਬੱਚਾ ਜ਼ਿੰਦਗੀ ਵਿਚ ਤਰੱਕੀ ਨਾ ਕਰੇ? ਮੇਰਾ ਨਿੱਜੀ ਵਿਚਾਰ ਹੈ ਕਿ ਮਾਤਾ-ਪਿਤਾ, ਅਧਿਆਪਕ ਅਤੇ ਵੱਡਿਆਂ ਨੂੰ ਜਾਇਜ਼ ਝਿੜਕ ਮਾਰਨ ਦਾ ਹੱਕ ਹੈ। ਅੱਜ ਦੇ ਬੱਚਿਆਂ ਲਈ ਨੈਤਿਕਤਾ ਦੀ ਸਿੱਖਿਆ ਲਾਜ਼ਮੀ ਹੋਣੀ ਚਾਹੀਦੀ ਹੈ।

-ਲੈਕ: ਰਜਿੰਦਰ ਸਿੰਘ 'ਪਹੇੜੀ', ਪਟਿਆਲਾ।

ਲਾਚਾਰ ਲੋਕਾਂ ਨੂੰ ਰਾਹਤ ਦੇਵੇ ਸਰਕਾਰ
ਕੋਰੋਨਾ ਵਾਇਰਸ ਸੰਕਟ ਨਾਲ ਨਿਪਟਣ ਲਈ ਸਰਕਾਰ ਪੂਰਾ ਤਾਣ ਲਾ ਰਹੀ ਹੈ। ਬੱਚਿਆਂ ਤੋਂ ਬਜ਼ੁਰਗਾਂ ਤੱਕ ਲੋਕ ਹੋਰ ਵੀ ਸਾਧਾਰਨ ਤੋਂ ਗੰਭੀਰ ਰੋਗਾਂ ਨਾਲ ਪੀੜਤ ਹਨ, ਜਿਨ੍ਹਾਂ ਦਾ ਇਲਾਜ ਵਿਸ਼ੇਸ਼ ਡਾਕਟਰ ਹੀ ਕਰਦੇ ਹਨ, ਜਿਵੇਂ ਕਿ ਦਿਲ, ਗੁਰਦੇ ਆਦਿ ਦੇ ਰੋਗ। ਵਰਤਮਾਨ ਹਾਲਤ ਵਿਚ ਅਜਿਹੇ ਮਰੀਜ਼ ਲੰਮੇ ਸਮੇਂ ਤੋਂ ਇਲਾਜ ਕਰਵਾਉਣ ਲਈ ਅਸਮਰੱਥ ਹਨ। ਜੇ ਕਰਫ਼ਿਊ ਵਿਚ ਸਰਕਾਰ ਢਿੱਲ ਵੀ ਦਿੰਦੀ ਹੈ ਤੇ ਆਵਾਜਾਈ ਦੇ ਸਾਧਨ ਨਾ ਹੋਣ ਕਾਰਨ ਡਾਕਟਰਾਂ ਤੱਕ ਪਹੁੰਚ ਨਹੀਂ ਹੋ ਸਕਦੀ। ਕਿਉਂਕਿ ਆਟੋ ਰਿਕਸ਼ਾ, ਸਾਈਕਲ ਰਿਕਸ਼ਾ ਸਭ ਬੰਦ ਹਨ। ਜਿਨ੍ਹਾਂ ਕੋਲ ਕਾਰਾਂ ਜਾਂ ਸਕੂਟਰ ਹਨ, ਉਹ ਹੀ ਜਾ ਸਕਣਗੇ। ਪਰ ਸਾਰਿਆਂ ਕੋਲ ਤਾਂ ਸਾਈਕਲ ਵੀ ਨਹੀਂ ਹਨ। ਜਿਹੜੇ ਬਜ਼ੁਰਗ 85-90 ਸਾਲ ਦੇ ਹਨ, ਜਿਨ੍ਹਾਂ ਦੇ ਧੀਆਂ-ਪੁੱਤਰ ਨਹੀਂ ਹਨ ਜਾਂ ਜਿਨ੍ਹਾਂ ਦਾ ਹੋਰ ਕੋਈ ਸਹਾਰਾ ਹੀ ਨਹੀਂ, ਉਨ੍ਹਾਂ ਨੂੰ ਆਪਣੀਆਂ ਲੋੜਾਂ, ਦਵਾਈ ਆਦਿ ਦਾ ਪ੍ਰਬੰਧ ਤੇ ਤਾਂ ਹੀ ਸੰਭਵ ਹੈ ਜੇ ਕੋਈ ਟਰਾਂਸਪੋਰਟ ਦਾ ਸਾਧਨ ਹੋਵੇਗਾ। ਮਾਣਯੋਗ ਸਰਕਾਰ ਅਜਿਹੇ ਲਾਚਾਰ ਲੋਕਾਂ ਨੂੰ ਰਾਹਤ ਦੇਣ ਦਾ ਉਪਰਾਲਾ ਕਰੇ।

-ਹਰਭਜਨ ਸਿੰਘ, ਮਕਸੂਦਾਂ, ਜਲੰਧਰ।

ਕੋਰੋਨਾ ਸੰਕਟ ਸਮੇਂ ਨਿੱਜੀ ਹਸਪਤਾਲ ਵੀ ਖੋਲ੍ਹੇ ਜਾਣ
ਕੋਰੋਨਾ ਵਾਇਰਸ ਨੇ ਭਾਰਤ ਸਮੇਤ ਸਾਰੀ ਦੁਨੀਆ ਨੂੰ ਆਪਣੀ ਮਾਰ ਹੇਠ ਲੈ ਲਿਆ ਹੈ। ਭਾਰਤ ਵਿਚ ਵੀ ਇਸ ਦੀ ਰਫ਼ਤਾਰ ਚਿੰਤਤ ਕਰਨ ਵਾਲੀ ਹੋ ਗਈ ਹੈ। ਸਮੁੱਚਾ ਦੇਸ਼ ਇਸ ਮਹਾਂਮਾਰੀ ਵਿਰੁੱਧ ਲੜ ਰਿਹਾ ਹੈ। ਸਰਕਾਰੀ ਡਾਕਟਰ ਤੇ ਹੋਰ ਅਮਲਾ, ਸਫ਼ਾਈ ਸੇਵਕ, ਸੁਰੱਖਿਆ ਕਰਮੀ, ਰਾਜਸੀ ਲੋਕ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਅਤੇ ਲੋਕ ਵੀ ਘਰ ਬਹਿ ਕੇ ਇਸ ਜੰਗ ਵਿਚ ਆਪਣਾ-ਆਪਣਾ ਯੋਗਦਾਨ ਪਾ ਰਹੇ ਹਨ। ਥੁੜ੍ਹਾਂ ਮਾਰੇ ਸਰਕਾਰੀ ਹਸਪਤਾਲ ਤੇ ਇਨ੍ਹਾਂ ਦਾ ਸਮੁੱਚਾ ਸਟਾਫ਼ ਆਪਣੀ ਜਾਨ ਤਲੀ 'ਤੇ ਧਰ ਕੇ ਇਸ ਸੰਕਟ ਵਿਚੋਂ ਲੋਕਾਂ ਨੂੰ ਬਚਾਉਣ ਲਈ ਜੂਝ ਰਿਹਾ ਹੈ। ਇਸ ਸਮੁੱਚੇ ਵਰਤਾਰੇ ਵਿਚ ਆਮ ਬਿਮਾਰੀਆਂ ਨਾਲ ਪਹਿਲਾਂ ਹੀ ਪੀੜਤ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ ਕਿਉਂਕਿ ਸਰਕਾਰੀ ਹਸਪਤਾਲ ਕੋਰੋਨਾ ਪੀੜਤਾਂ ਨੂੰ ਸਾਂਭ ਰਹੇ ਹਨ ਤੇ ਨਿੱਜੀ ਹਸਪਤਾਲਾਂ ਦਾ ਵੱਡਾ ਹਿੱਸਾ ਅੱਜ ਸੰਕਟ ਦੀ ਘੜੀ 'ਚ ਨਜ਼ਰ ਨਹੀਂ ਆ ਰਿਹਾ। ਵੱਡੇ-ਛੋਟੇ ਹਸਪਤਾਲ ਜਾਂ ਤਾਂ ਬੰਦ ਹਨ ਜਾਂ ਫਿਰ ਬੰਦ ਵਰਗੇ ਹਨ ਜੋ ਆਮ ਬਿਮਾਰ ਲੋਕਾਂ ਨੂੰ ਵੀ ਡਰ ਕਾਰਨ ਨਹੀਂ ਸਾਂਭ ਰਹੇ। ਨਿੱਜੀ ਹਸਪਤਾਲਾਂ ਕੋਲ ਤਾਂ ਆਮ ਲੋਕਾਂ ਤੇ ਕੋਰੋਨਾ ਪ੍ਰਭਾਵਿਤ ਲੋਕਾਂ ਨੂੰ ਸਾਂਭਣ ਲਈ ਸਾਧਨ ਸਮਰੱਥਾ ਤੇ ਆਰਥਿਕ ਸਮਰੱਥਾ ਹੈ। ਉਨ੍ਹਾਂ ਨੂੰ ਵੀ ਇਸ ਜੰਗ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ ਕਿਉਂਕਿ ਆਮ ਹਾਲਤਾਂ 'ਚ ਇਨ੍ਹਾਂ ਦਾ ਯੋਗਦਾਨ ਸਰਕਾਰੀ ਸਿਹਤ ਸੇਵਾਵਾਂ ਤੋਂ ਕਿਤੇ ਵੱਧ ਹੁੰਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਪ੍ਰਾਈਵੇਟ ਹਸਪਤਾਲਾਂ ਨੂੰ ਡਾਕਟਰੀ ਕਰਮੀਆਂ ਤੇ ਸੇਵਾਵਾਂ ਦੀ ਸੁਰੱਖਿਆ ਦੇ ਮਿਆਰ ਨੂੰ ਧਿਆਨ 'ਚ ਰੱਖ ਕੇ ਦਿਸ਼ਾ-ਨਿਰਦੇਸ਼ ਜਾਰੀ ਕਰੇ ਤਾਂ ਜੋ ਇਹ ਹਸਪਤਾਲ ਵੀ ਪ੍ਰੇਸ਼ਾਨ ਹੋ ਰਹੇ ਮਰੀਜ਼ਾਂ ਨੂੰ ਰਾਹਤ ਦੇ ਸਕਣ।

-ਹਰਜੀਤ ਸਿੰਘ ਬਲਾੜ੍ਹੀ, ਬਲਾੜ੍ਹੀ ਕਲਾਂ (ਫ਼ਤਹਿਗੜ੍ਹ ਸਾਹਿਬ)।

30-04-2020

 ਝੋਨੇ ਦੀ ਬਿਜਾਈ ਸਮੇਂ...
ਇਕੱਲੇ ਭਾਰਤ ਹੀ ਨਹੀਂ, ਸਗੋਂ ਸਮੁੱਚੇ ਸੰਸਾਰ ਦੀ ਅਰਥ ਵਿਵਸਥਾ ਕੋਰੋਨਾ ਵਾਇਰਸ ਕਾਰਨ ਪ੍ਰਭਾਵ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ। ਪਿਛਲੇ ਤਿੰਨ ਹਫ਼ਤਿਆਂ ਤੋਂ ਚੱਲ ਰਹੇ ਲਾਕਡਾਊਨ ਕਾਰਨ ਸਮੁੱਚਾ ਕਾਰੋਬਾਰੀ ਢਾਂਚਾ ਠੱਪ ਹੋਇਆ ਪਿਆ ਹੈ। ਪੰਜਾਬ ਵਿੱਚ ਅਪ੍ਰੈਲ ਮਹੀਨਾ ਕਣਕਾਂ ਦੀ ਵਾਢੀ ਅਤੇ ਮਈ ਮਹੀਨਾ ਝੋਨੇ ਦੀ ਬਿਜਾਈ ਦੇ ਪੱਖ ਤੋਂ ਬਹੁਤ ਹੀ ਅਹਿਮ ਹੁੰਦੇ ਹਨ। ਪ੍ਰੰਤੂ ਇਸ ਵਾਰ ਕੋਰੋਨਾ ਦੇ ਪ੍ਰਕੋਪ ਦੇ ਸਹਿਮ ਕਾਰਨ ਪੰਜਾਬ ਵਿਚੋਂ ਯੂ.ਪੀ. ਅਤੇ ਬਿਹਾਰ ਨਾਲ ਸਬੰਧਿਤ ਜ਼ਿਆਦਾਤਰ ਕਿਰਤੀ ਭਾਈਚਾਰਾ ਹਿਜ਼ਰਤ ਕਰ ਕੇ ਜਾ ਚੁੱਕਾ ਹੈ। ਅਜਿਹੇ ਵਿਚ ਕਣਕ ਦੀ ਕਟਾਈ ਵਿਚ ਸਮੱਸਿਆ ਆ ਰਹੀ ਹੈ। ਬਦਲਦੇ ਹੋਏ ਸਮੇਂ ਵਿਚ ਕਣਕ ਦੀ ਕਟਾਈ ਲਈ ਕੰਬਾਈਨਾਂ ਦੇ ਆਉਣ ਕਾਰਨ ਕਣਕਾਂ ਦੀ ਵਾਢੀ ਲਈ ਦਿਹਾੜੀਦਾਰ ਕਾਮਿਆਂ 'ਤੇ ਨਿਰਭਰਤਾ ਜ਼ਰੂਰ ਘੱਟ ਗਈ ਹੈ, ਇਸ ਕਾਰਨ ਸ਼ਾਇਦ ਕਣਕਾਂ ਦੀ ਵਾਢੀ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀ ਕਮੀ ਦਾ ਬਹੁਤਾ ਅਹਿਸਾਸ ਨਾ ਹੋਵੇ। ਪਰੰਤੂ ਕਣਕਾਂ ਦੀ ਕਟਾਈ ਤੋਂ ਬਾਅਦ ਝੋਨੇ ਦੀ ਲਵਾਈ ਸਮੇਂ ਇਨ੍ਹਾਂ ਪ੍ਰਵਾਸੀ ਕਾਮਿਆਂ ਦੀ ਕਮੀ ਦੀ ਚਿੰਤਾ ਕਿਸਾਨ ਵਰਗ ਨੂੰ ਵੱਢ-ਵੱਢ ਕੇ ਖਾ ਰਹੀ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਪਿਛਲੇ ਕਈ ਸਾਲਾਂ ਤੋਂ ਕਿਸਾਨ ਵਿਚ ਝੋਨੇ ਦੀ ਲੁਆਈ ਦਾ ਜ਼ਿਆਦਾਤਰ ਕੰਮ ਇਨ੍ਹਾਂ ਪ੍ਰਵਾਸੀ ਕਾਮਿਆਂ ਵਲੋਂ ਹੀ ਕੀਤਾ ਜਾਂਦਾ ਹੈ। ਝੋਨੇ ਦੀ ਬਿਜਾਈ ਨਾਲ ਜੁੜੇ ਕਿਸਾਨਾਂ ਦਾ ਮੰਨਣਾ ਹੈ ਕਿ ਪੰਜਾਬੀ ਕਾਮਿਆਂ ਵਿੱਚ ਝੋਨੇ ਦੀ ਲੁਆਈ ਵਿਚ ਉਹ ਫੁਰਤੀ ਅਤੇ ਮੁਹਾਰਤ ਨਹੀਂ ਹੈ ਜੋ ਮੁਹਾਰਤ ਪ੍ਰਵਾਸੀ ਕਾਮਿਆਂ ਨੂੰ ਹਾਸਲ ਹੈ। ਸੋ, ਜਿੱਥੇ ਕੋਰੋਨਾ ਦੇ ਪ੍ਰਭਾਵ ਨਾਲ ਹੋਏ ਲਾਕਡਾਊਨ ਕਾਰਨ ਵਪਾਰ ਅਤੇ ਹੋਰ ਕਾਰੋਬਾਰ ਪ੍ਰਭਾਵਿਤ ਹੋਏ ਹਨ, ਉੱਥੇ ਆਉਣ ਵਾਲੇ ਸਮੇਂ ਦੌਰਾਨ ਇਸ ਦਾ ਖੇਤੀ ਦੇ ਖੇਤਰ ਵਿਚ ਵੀ ਪ੍ਰਭਾਵ ਲਾਜ਼ਮੀ ਪਵੇਗਾ।

-ਡਾ: ਪ੍ਰਦੀਪ ਕੌੜਾ
13516-ਏ, ਗਲੀ ਨੰਬਰ : 5, ਠਾਕੁਰ ਕਾਲੋਨੀ, ਬਠਿੰਡਾ।

ਮੋਟਾਪਾ ਨਾ ਸਹੇੜੋ
ਮੋਟਾਪਾ ਅੱਜ ਪੂਰੀ ਦੁਨੀਆ ਵਿਚ ਇਕ ਗੰਭੀਰ ਸਮੱਸਿਆ ਬਣੀ ਹੋਈ ਹੈ। ਮੋਟਾਪਾ ਇਕਦਮ ਨਹੀਂ ਆਉਂਦਾ, ਬਲਕਿ ਇਸ ਨੂੰ ਸੱਦਾ ਦਿੱਤਾ ਜਾਂਦਾ ਹੈ। ਮਾਂ-ਪਿਓ ਦਾ ਮੋਟਾਪਾ ਬੱਚਿਆਂ ਵਿਚ ਚਲਾ ਜਾਂਦਾ ਹੈ ਜਿਸ ਕਰ ਕੇ ਕਈ ਬੱਚੇ ਅੱਠ-ਦਸ ਸਾਲ ਵਿਚ ਹੀ ਥੁਲਥਲੇ ਤੇ ਬੋਝਲ ਹੋ ਜਾਂਦੇ ਹਨ, ਜਿਸ ਕਰਕੇ ਸਾਥੀ ਬੱਚਿਆਂ ਨਾਲ ਖੇਡਦਿਆਂ ਉਨ੍ਹਾਂ ਵਿਚ ਹੀਣਭਾਵਨਾ ਪੈਦਾ ਹੋ ਜਾਂਦੀ ਹੈ ਤੇ ਬੱਚੇ ਦਾ ਵਿਕਾਸ ਭਟਕ ਜਾਂਦਾ ਹੈ। ਇਹ ਪੁਸ਼ਤੈਨੀ ਹੈ ਜਿਸ ਪ੍ਰਤੀ ਮਾਪਿਆਂ ਨੂੰ ਗੰਭੀਰ ਹੋਣਾ ਚਾਹੀਦਾ ਹੈ। ਪੰਜਾਬ ਵਿਚ ਖੇਤੀ ਹੁੰਦੀ ਸੀ, ਜਿਸ ਲਈ ਭਾਰੀ ਮੁਸ਼ੱਕਤ ਦੀ ਲੋੜ ਸੀ, ਇਸੇ ਲਈ ਚੰਗੀ ਖੁਰਾਕ ਲਈ ਪੰਜਾਬ ਵਿਚ ਦੁੱਧ ਲੱਸੀ ਦੀ ਸਭਿਅਤਾ ਪ੍ਰਬਲ ਹੋਈ , ਪਰ ਅੱਜ ਖੇਤੀ ਦਾ ਪੂਰੀ ਤਰ੍ਹਾਂ ਮਸ਼ੀਨੀਕਰਨ ਹੋਣ ਕਰਕੇ ਸਰੀਰਕ ਮੁਸ਼ੱਕਤ ਘਟ ਗਈ ਹੈ ਪਰ ਸਾਡੀ ਖੁਰਾਕ ਉਹੀ ਭਾਰੀ ਹੈ। ਮੋਟਾਪੇ ਨਾਲ ਸ਼ੂਗਰ, ਬਲੱਡ ਪ੍ਰੈਸ਼ਰ, ਥਕੇਵਾਂ, ਸਾਹ ਚੜ੍ਹਨਾ, ਸੁਸਤੀ, ਕਬਜ਼, ਤੇ ਹੋਰ ਕਈ ਕਿਸਮ ਦੀਆਂ ਅਲਾਮਤਾਂ ਪੈਦਾ ਹੋ ਸਕਦੀਆਂ ਹਨ। ਐਲੋਪੈਥੀ ਵਿਚ ਕਈ ਵਾਰ ਵਾਧੂ ਚਰਬੀ ਨੂੰ ਅਪ੍ਰਰੇਸ਼ਨ ਨਾਲ ਕੱਢਣਾ ਪੈਂਦਾ ਹੈ। ਮੋਟਾਪਾ ਲਿਆਉਣਾ ਬਹੁਤ ਸੌਖਾ ਹੈ ਪਰ ਇਸ ਨੂੰ ਖ਼ਤਮ ਕਰਨਾ ਆਸਾਨ ਨਹੀਂ ।

-ਤਰਲੋਚਨ ਸਮਾਧਵੀ

ਫਜ਼ੂਲ ਖ਼ਰਚੀ ਨੂੰ ਠੱਲ੍ਹ ਪਈ
ਲਾਕਡਾਊਨ ਕਰਕੇ ਲੋਕ ਸਾਦੀ ਜ਼ਿੰਦਗੀ ਜਿਊਣ ਨੂੰ ਤਰਜੀਹ ਦੇ ਰਹੇ ਹਨ। ਅਖ਼ਬਾਰਾਂ ਵਿਚ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਕਿ ਲੋਕ ਆਪਣੇ ਬੱਚਿਆਂ ਦਾ ਸਾਦਾ ਵਿਆਹ ਕਰ ਰਹੇ ਹਨ। ਸੰਸਾਰ ਵਿਚ ਕਹਿੰਦੇ-ਕਹਾਉਂਦੇ ਪੰਜਾਬੀ ਵਿਆਹ 'ਤੇ ਲੱਖਾਂ ਰੁਪਏ ਖਰਚ ਦਿੰਦੇ ਸਨ। ਅੱਜ ਸਿਰਫ਼ ਪਰਿਵਾਰ ਦੇ ਪੰਜ ਜਾਂ ਸੱਤ ਮੈਂਬਰ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਇਸ ਕੰਮ ਨੂੰ ਨੇਪਰੇ ਚੜ੍ਹਾ ਰਹੇ ਹਨ। ਦੋ ਜਾਂ ਤਿੰਨ ਘੰਟੇ ਵਿਚ ਹੀ ਵਿਆਹ ਦੀਆਂ ਰਸਮਾਂ ਨਿਬੇੜ ਲਈਆਂ ਜਾਂਦੀਆਂ ਹਨ।
ਵਿਆਹ ਤੋਂ ਬਾਅਦ ਮੋਟਰਸਾਈਕਲ 'ਤੇ ਜੋੜੇ ਆਪਣੇ ਘਰ ਪੁੱਜ ਰਹੇ ਹਨ। ਅੱਜ ਕੁਦਰਤ ਦੀ ਅਜਿਹੀ ਖੇਡ ਹੋਈ ਕਿ ਬੈਂਡਬਾਜਾ, ਮਹਿੰਗੀਆਂ-ਮਹਿੰਗੀਆਂ ਕਾਰਾਂ, ਮਹਿੰਗੇ ਖਾਣੇ, ਮਹਿੰਗੇ ਹੋਟਲ ਸਭ ਤੋਂ ਜ਼ਿਆਦਾ ਦਾਜ, ਇਸ ਤਰ੍ਹਾਂ ਦਾ ਖਰਚਾ ਬਚ ਚੁੱਕਿਆ ਹੈ। ਆਵਾਜ਼ ਪ੍ਰਦੂਸ਼ਣ ਬਿਲਕੁਲ ਵੀ ਨਹੀਂ ਹੈ। ਜ਼ਿੰਦਗੀ ਵਿਚ ਇਕ ਤਰ੍ਹਾਂ ਦਾ ਠਹਿਰਾਅ ਵੇਖਣ ਨੂੰ ਮਿਲ ਰਿਹਾ ਹੈ। ਪਿਓ ਕੁੜੀ ਨੂੰ ਸਾਦੇ ਢੰਗ ਨਾਲ ਤੋਰ ਰਿਹਾ ਹੈ। ਆਮ ਵੇਖਣ ਵਿਚ ਆਉਂਦਾ ਸੀ ਕੁੜੀ ਵਾਲਿਆਂ ਨੂੰ ਇਹ ਹੁੰਦਾ ਸੀ ਕਿ ਅਸੀਂ ਆਪਣੀ ਬਾਰਾਤ ਦੀ ਵਧੀਆ ਆਓ ਭਗਤ ਕਰੀਏ, ਤਾਂ ਜੋ ਮੁੰਡੇ ਵਾਲੇ ਸਾਡੀ ਕੁੜੀ ਦੀ ਬਹੁਤ ਇੱਜ਼ਤ ਕਰਨ। ਪੁਰਾਣੇ ਸਮਿਆਂ ਦਾ ਵੇਲਾ ਅੱਜ ਲਾਕਡਾਊਨ ਨੇ ਮੁੜ ਚੇਤੇ ਕਰਵਾ ਦਿੱਤਾ ਹੈ।

-ਸੰਜੀਵ ਸਿੰਘ ਸੈਣੀ
ਮੁਹਾਲੀ।

ਬਹੁਤਾ ਮੁਨਾਫਾ ਕਮਾਉਣ ਦੀ ਹੋੜ
ਸਾਡੇ ਲੋਕਾਂ ਦੀ ਅਤੇ ਖਾਸ ਕਰਕੇ ਵਪਾਰੀ ਤਬਕੇ ਦੀ ਮਾਨਸਿਕਤਾ ਇਹ ਬਣ ਚੁੱਕੀ ਹੈ ਕਿ ਹਰ ਇਕ ਵਿਕਣ ਵਾਲੀ ਵਸਤੂ ਵਿਚੋਂ ਕਿਸ ਤਰ੍ਹਾਂ ਬਹੁਤਾ ਮੁਨਾਫਾ ਕਮਾਇਆ ਜਾਵੇ। ਉਨ੍ਹਾਂ ਨੂੰ ਲੋਕਾਂ ਦੇ ਦੁੱਖ ਤਕਲੀਫ਼ ਅਤੇ ਉਨ੍ਹਾਂ ਦੀਆਂ ਤੰਗੀਆਂ-ਤੁਰਸ਼ੀਆਂ ਨਾਲ ਕੋਈ ਲੈਣ-ਦੇਣ ਨਹੀਂ ਹੈ। ਵਪਾਰੀ ਸੋਚ ਤਾਂ ਮਨੁੱਖਤਾ ਉੱਪਰ ਆਈ ਹਰ ਸੰਕਟ ਦੀ ਘੜੀ ਨੂੰ ਆਪਣੇ ਮੁਨਾਫੇ ਦੀ ਘੜੀ ਹੀ ਸਮਝਦੇ ਹਨ। ਜਿਵੇਂ ਅੱਜ ਕੋਰੋਨਾ ਮਹਾਂਮਾਰੀ ਨਾਲ ਲੋਕ ਤਰਾਹ-ਤਰਾਹ ਕਰਦੇ ਭੁੱਖ ਨਾਲ ਤੜਫ, ਵਿਲਕ ਅਤੇ ਜੂਝ ਰਹੇ ਹਨ। ਪਰ ਮੁਨਾਫਾਖੋਰ ਸੋਚ ਇਸ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਤਾਕ ਵਿਚ ਲਗਾਤਾਰ ਲੱਗਿਆ ਹੋਇਆ ਹੈ। ਆਮ ਹੀ ਦੇਖਿਆ ਜਾ ਸਕਦਾ ਹੈ ਕਿ ਬਹੁਤ ਸਾਰੇ ਦੁਕਾਨਦਾਰ ਘੱਟ ਮੁੱਲ ਵਾਲੀ ਵਸਤੂ ਨੂੰ ਵੀ ਡੂਢੇ ਜਾਂ ਦੁੱਗਣੇ ਭਾਅ ਵਿਚ ਵੇਚ ਰਹੇ ਹਨ। ਇਹ ਵੀ ਵੇਖਿਆ ਗਿਆ ਹੈ ਕਿ ਕੈਮੀਕਲਾਂ ਨਾਲ ਤਿਆਰ ਕੀਤੇ ਦੁੱਧ, ਪਨੀਰ ਆਦਿ ਫੜੇ ਜਾਂਦੇ ਹਨ। ਇਨ੍ਹਾਂ ਦੇ ਸੈਂਪਲ ਵੀ ਭਰੇ ਜਾਂਦੇ ਹਨ ਪਰ ਹੁਣ ਤੱਕ ਮਿਲਾਵਟਖੋਰਾਂ ਨੂੰ ਕੀ ਸਜ਼ਾ ਹੋਈ ਹੈ? ਕਿਸੇ ਨੂੰ ਕੋਈ ਪਤਾ ਨਹੀਂ। ਲੋਕਾਂ ਦੀ ਭਾਖਿਆ ਹੈ ਕਿ ਭਾਈ ਸਭ ਰਲੇ ਹੋਏ ਹਨ। ਹਰ ਇਕ ਖਾਧ ਖੁਰਾਕ ਵਿਚ ਮਿਲਾਵਟ ਹੋ ਰਹੀ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਮਿਲਾਵਟ ਕਰਨ ਵਾਲੇ ਜੋ ਦੂਜਿਆਂ ਲਈ ਜ਼ਹਿਰੀਲਾ ਖਾਣਾ ਤਿਆਰ ਕਰਦੇ ਹਨ, ਉਹ ਆਪ ਵੀ ਉਨ੍ਹਾਂ ਦੇ ਬੱਚੇ, ਮਾਂ, ਬਾਪ, ਸਾਕ-ਸਬੰਧੀ ਵੀ ਉਹੀ ਖਾਣਾ ਖਾਂਦੇ ਹਨ ਪਰ ਅਜਿਹੇ ਲੋਕ ਫਿਰ ਵੀ ਘਟੀਆ ਕੰਮ ਕਰਨੋਂ ਨਹੀਂ ਹਟਦੇ।

-ਮੰਗਲਮੀਤ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।

29-04-2020

 ਸਮੇਂ ਦੀਆਂ ਹਾਣੀ ਨਹੀਂ ਰਹੀਆਂ ਪਿੰਡਾਂ ਦੀਆਂ ਸੰਪਰਕ ਸੜਕਾਂ
ਮੋਟੇ ਤੌਰ 'ਤੇ ਪੰਜਾਬ ਦੇ ਸਾਢੇ ਬਾਰਾਂ ਹਜ਼ਾਰ ਪਿੰਡਾਂ 'ਚੋਂ ਅਜੇ ਵੀ ਕਈ ਪਿੰਡਾਂ 'ਚ 9 ਫ਼ੁੱਟ ਚੌੜਾਈ ਵਾਲੀ ਸੰਪਰਕ (ਲਿੰਕ) ਸੜਕਾਂ ਵਰਤੋਂ 'ਚ ਆ ਰਹੀਆਂ ਹਨ। ਇਹ ਵੀ ਸੱਚਾਈ ਹੈ ਕਿ ਪਿਛਲੇ ਕਈ ਦਹਾਕਿਆਂ 'ਚ ਪੰਜਾਬ ਦੇ ਬਹੁਤ ਸਾਰੇ ਪਿੰਡਾਂ 'ਚ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਸੰਪਰਕ ਸੜਕਾਂ ਚੌੜੀਆਂ ਹੋ ਕੇ 18 ਫ਼ੁੱਟ ਦੀਆਂ ਬਣ ਚੁੱਕੀਆਂ ਹਨ। ਬਿਨਾਂ ਸ਼ੱਕ ਇਨ੍ਹਾਂ ਕਾਰਨ ਪਿੰਡਾਂ ਦੇ ਲੋਕਾਂ ਦੀ ਸ਼ਹਿਰਾਂ, ਕਸਬਿਆਂ ਨੂੰ ਆਉਣ-ਜਾਣ 'ਚ ਕਾਫ਼ੀ ਜ਼ਿਆਦਾ ਸੁਖਿਆਈ ਆਈ ਹੈ। ਪਰ ਅਜੇ ਵੀ ਬਹੁਤੇ ਪਿੰਡਾਂ 'ਚ ਲਿੰਕ ਸੜਕਾਂ ਹੀ ਆਉਣ-ਜਾਣ ਦੇ ਮੁੱਖ ਰਸਤੇ ਵਜੋਂ ਕੰਮ ਆ ਰਹੀਆਂ ਹਨ। ਅਜੋਕੇ ਦੌਰ 'ਚ ਇਨ੍ਹਾਂ ਨੂੰ ਬਾਬੇ ਆਦਮ ਵੇਲੇ ਦੀਆਂ ਸੜਕਾਂ ਕਹਿ ਦਿੱਤਾ ਜਾਵੇ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਪਹਿਲੀ ਨਵੰਬਰ 1966 ਨੂੰ ਜਦ ਭਾਸ਼ਾ ਦੇ ਆਧਾਰ 'ਤੇ ਨਵਾਂ ਪੰਜਾਬ ਹੋਂਦ ਵਿਚ ਆਇਆ।
ਜਦ ਪੰਜਾਬ ਦੇ ਮੁੱਖ ਮੰਤਰੀ ਮਰਹੂਮ ਲਛਮਣ ਸਿੰਘ ਗਿੱਲ ਚੂਹੜਚੱਕ ਬਣੇ ਤਾਂ ਉਨ੍ਹਾਂ ਨੇ ਖ਼ਾਸ ਕਰਕੇ ਪੇਂਡੂ ਲੋਕਾਂ ਦੀ ਸਮੱਸਿਆ ਨੂੰ ਸਮਝਦਿਆਂ ਸ਼ਹਿਰਾਂ ਅਤੇ ਕਸਬਿਆਂ ਨੂੰ ਆਉਣ-ਜਾਣ ਵਾਸਤੇ ਵਰਤੋਂ 'ਚ ਆ ਰਹੇ ਕੱਚੇ ਰਾਹਾਂ ਨੂੰ ਪੱਕੇ ਕਰ ਕੇ ਲਿੰਕ ਸੜਕਾਂ ਦਾ ਰੂਪ ਦਿਵਾਉਣ 'ਚ ਵਿਸ਼ੇਸ਼ ਦਿਲਚਸਪੀ ਵਿਖਾਈ। ਉਪਰੰਤ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਵੀ ਲਿੰਕ ਸੜਕਾਂ ਬਣਾਉਣ 'ਚ ਜ਼ਿਕਰਯੋਗ ਯੋਗਦਾਨ ਪਾਇਆ। ਭਾਰੇ ਵਹੀਕਲ ਲੰਘਣ ਕਾਰਨ ਇਹ ਸੜਕਾਂ ਕਿਨਾਰਿਆਂ ਤੋਂ ਟੁੱਟਣੀਆਂ ਸ਼ੁਰੂ ਹੁੰਦੀਆਂ ਹਨ। ਇਨ੍ਹਾਂ 'ਤੇ ਸਵੇਰੇ ਸਵੱਖਤੇ ਤੋਂ ਲੈ ਕੇ ਦੇਰ ਰਾਤ ਤੱਕ ਸਾਰਾ ਦਿਨ ਹਜ਼ਾਰਾਂ ਵਹੀਕਲਾਂ ਦੀ ਆਵਾਜਾਈ ਹੋਣ ਲੱਗ ਪਈ ਹੈ। ਸੋ, ਅਜੋਕਾ ਸਮਾਂ ਤੇ ਹਾਲਾਤ ਮੰਗ ਕਰਦੇ ਹਨ ਕਿ ਵਧਦੀ ਆਬਾਦੀ ਅਤੇ ਮਸ਼ੀਨਰੀ ਦੇ ਲਿਹਾਜ਼ ਨਾਲ ਪੰਜਾਬ ਦੀਆਂ ਸਾਰੀਆਂ ਲਿੰਕ ਸੜਕਾਂ ਨੂੰ ਚੌੜਾ ਕਰ ਕੇ 18 ਫੁੱਟ ਕੀਤਾ ਜਾਵੇ।

-ਮੋਹਰ ਗਿੱਲ ਸਿਰਸੜੀ
ਪਿੰਡ ਸਿਰਸੜੀ, ਨੇੜੇ ਕੋਟਕਪੂਰਾ (ਫ਼ਰੀਦਕੋਟ)।

ਬੱਚਿਆਂ ਨੂੰ ਕਹੋ ਨਾਂਹ
ਅਕਸਰ ਦੇਖਣ ਵਿਚ ਆਉਂਦਾ ਹੈ ਕਿ ਮਾਤਾ-ਪਿਤਾ ਬੱਚਿਆਂ ਦੀ ਹਰ ਜਾਇਜ਼ ਜਾਂ ਨਾਜਾਇਜ਼ ਮੰਗ ਪੂਰੀ ਕਰਦੇ ਹਨ ਅਤੇ ਇਸ ਪਿੱਛੇ ਉਨ੍ਹਾਂ ਦਾ ਤਰਕ ਹੁੰਦਾ ਹੈ ਕਿ ਅਸੀਂ ਪੈਸਾ ਕਿਸ ਲਈ ਕਮਾਉਂਦੇ ਹਾਂ। ਬਿਨਾਂ ਸ਼ੱਕ ਹਰ ਮਾਤਾ-ਪਿਤਾ ਦਾ ਇਹ ਸਪਨਾ ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨ ਅਤੇ ਇਸ ਵਿਚ ਕੋਈ ਬੁਰਾਈ ਵੀ ਨਹੀਂ ਹੈ ਪਰ ਕਈ ਚੀਜ਼ਾਂ ਬੱਚਿਆਂ ਲਈ ਸਹੀ ਨਹੀਂ ਹੁੰਦੀਆਂ ਪਰ ਬੱਚੇ ਉਨ੍ਹਾਂ ਚੀਜ਼ਾਂ ਨੂੰ ਪ੍ਰਾਪਤ ਕਰਨ ਦੀ ਜਿੱਦ ਕਰਦੇ ਹਨ ਅਤੇ ਮਾਤਾ-ਪਿਤਾ ਸਿਰਫ ਇਸ ਕਰਕੇ ਜਿੱਦ ਨੂੰ ਪੂਰਾ ਕਰਦੇ ਹਨ ਕਿ ਉਨ੍ਹਾਂ ਦੇ ਨਾਂਹ ਕਹਿਣ ਨਾਲ ਬੱਚਿਆਂ ਦੇ ਕੋਮਲ ਮਨ ਨੂੰ ਠੇਸ ਪਹੁੰਚੇਗੀ ਪਰ ਮਾਤਾ-ਪਿਤਾ ਇਸ ਵੇਲੇ ਇਹ ਗੱਲ ਭੁੱਲ ਜਾਂਦੇ ਹਨ ਕਿ ਬੱਚਿਆਂ ਦੀ ਹਰ ਜਾਇਜ਼ ਨਾਜਾਇਜ਼ ਗੱਲ ਮੰਨ ਕੇ ਉਹ ਆਪਣੇ ਲਈ ਪ੍ਰੇਸ਼ਾਨੀਆਂ ਖੜ੍ਹੀਆਂ ਕਰ ਰਹੇ ਹਨ। ਮਾਤਾ-ਪਿਤਾ ਨੂੰ ਜਾਇਜ਼ ਮੰਗ ਬਾਰੇ ਆਪਣੇ ਬੱਚੇ ਨੂੰ ਵਿਸਥਾਰ ਨਾਲ ਸਮਝਾ ਕੇ ਉਸ ਨੂੰ ਇਸ ਗੱਲ ਦਾ ਅਹਿਸਾਸ ਕਰਵਾ ਦੇਣਾ ਚਾਹੀਦਾ ਹੈ ਕਿ ਮਾਤਾ-ਪਿਤਾ ਸਹੀ ਕਹਿ ਰਹੇ ਹਨ ਜੇਕਰ ਬਚਪਨ ਤੋਂ ਹੀ ਬੱਚੇ ਨੂੰ ਉਸ ਦੀ ਨਾਜਾਇਜ਼ ਮੰਗ ਲਈ ਨਾਂਹ ਕਿਹਾ ਜਾਵੇ ਤਾਂ ਬੱਚੇ ਨੂੰ ਹੌਲੀ-ਹੌਲੀ ਇਸ ਗੱਲ ਦਾ ਅਹਿਸਾਸ ਹੋਣ ਲਗਦਾ ਹੈ ਕਿ ਮੇਰੀ ਹਰ ਗੱਲ ਮਾਤਾ-ਪਿਤਾ ਵਲੋਂ ਮੰਨੀ ਨਹੀਂ ਜਾਣੀ ਅਤੇ ਇਹ ਮੇਰੇ ਲਈ ਫਾਇਦੇਮੰਦ ਹੈ। ਕੁਝ ਸਮੇਂ ਬਾਅਦ ਉਹ ਖ਼ੁਦ ਸੋਚ-ਸਮਝ ਕੇ ਆਪਣੀ ਮੰਗ ਮਾਤਾ-ਪਿਤਾ ਅੱਗੇ ਰੱਖੇਗਾ। ਇਸ ਨਾਲ ਜਿਥੇ ਬੱਚਾ ਭਵਿੱਖ ਵਿਚ ਇਕ ਚੰਗਾ ਨਾਗਰਿਕ ਬਣੇਗਾ, ਉਥੇ ਹੀ ਮਾਤਾ-ਪਿਤਾ ਵਲੋਂ ਆਪਣੇ ਬੱਚੇ ਦਾ ਸਰਵ ਪੱਖੀ ਵਿਕਾਸ ਵੀ ਕੀਤਾ ਜਾ ਸਕੇਗਾ।

-ਪ੍ਰਿੰਸ ਅਰੋੜਾ, ਮਲੌਦ, ਲੁਧਿਆਣਾ।

ਹੁਣ ਨਹੀਂ ਲੱਭਦੇ ਦਿਹਾੜੀਦਾਰ
ਇਕ ਪਾਸੇ ਕੋਰੋਨਾ ਮਹਾਂਮਾਰੀ ਨੇ ਲੋਕਾਂ ਦੇ ਸਾਹ ਸੂਤ ਛੱਡੇ ਹਨ, ਦੂਜੇ ਪਾਸੇ ਕਣਕ ਦੀ ਵਾਢੀ, ਸ਼ਾਹੂਕਾਰਾਂ ਦੇ ਕਰਜ਼ੇ, ਆਮਦਨ ਦੇ ਰਾਹਾਂ ਉੱਪਰ ਤਾਲਾਬੰਦੀ ਨਾਲ ਜਿਥੇ ਕਬੀਲਦਾਰੀ ਨੂੰ ਵੱਡੀ ਢਾਹ ਲੱਗ ਰਹੀ ਹੈ, ਦਿਹਾੜੀਦਾਰਾਂ ਦੀਆਂ ਅੱਖਾਂ ਵਿਚ ਲਹੂ, ਘੱਟ ਆਮਦਨ ਕਾਰਨ ਉਤਰ ਰਿਹਾ ਹੈ। ਵਾਢੀ ਨੂੰ ਤਰਸਦੇ ਕਿਸਾਨ ਇਨ੍ਹੀਂ ਦਿਨੀਂ ਤੂੜੀ ਤੰਦ ਸਾਂਭ ਰਹੇ ਹੁੰਦੇ ਹਨ। ਪਰ ਇਸ ਵਾਰ ਕੋਰੋਨਾ ਮਹਾਂਮਾਰੀ ਕਾਰਨ ਸਰਕਾਰ ਵਲੋਂ ਵਾਢੀਆਂ ਉੱਤੇ ਵੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗ ਗਈਆਂ ਹਨ। ਪ੍ਰਵਾਸੀ ਮਜ਼ਦੂਰਾਂ ਦੇ ਵਾਪਸ ਆਪਣੇ ਰਾਜਾਂ 'ਚ ਪਰਤਨ ਕਾਰਨ ਵਾਢੀਆਂ ਮਹਿੰਗੀਆਂ ਅਤੇ ਔਖੀਆਂ ਹੋ ਰਹੀਆਂ ਹਨ। ਮੌਜੂਦਾ ਹਾਲਾਤ ਵਿਚ ਸਰਕਾਰ ਵਲੋਂ ਲਗਾਏ ਜਾ ਰਹੇ ਬੇਲੋੜੇ ਅੜਿੱਕੇ ਕਾਰਨ ਮੰਡੀਆਂ ਵਿਚ ਇਸ ਸਾਲ ਫਿਰ ਰੁਲੇਗਾ।
ਭਾਵੇਂ ਇਕ ਪਾਸੇ ਬੰਪਰ ਪੈਦਾਵਾਰ ਦੇ ਦਾਅਵੇ ਠੋਕੇ ਗਏ ਹਨ ਪਰ ਜੇ ਸਮੇਂ ਸਿਰ ਕਟਾਈ ਜਾਂ ਚੁਕਾਈ ਨਾ ਹੋਈ ਤਾਂ ਲੋਕ ਆਟਾ ਮਹੰਗੇ ਭਾਅ 'ਤੇ ਖਰੀਦਣ ਲਈ ਮਜਬੂਰ ਹੋ ਜਾਣਗੇ। ਹਾਲਾਤ ਮਾੜੇ ਮੰਡੀਆਂ ਤੇ ਸੜਕਾਂ 'ਤੇ ਸਾਫ਼ ਦਿਸਣਗੇ। ਸਮੇਂ ਸਿਰ ਨਵੇਂ ਬਾਰਦਾਨੇ ਦੀ ਘਾਟ, ਟੋਕਨ ਸਿਸਟਮ ਰਾਹੀਂ ਕਣਕ ਦੀ ਵੇਚ, ਮੰਡੀਆਂ 'ਚ ਆਉਣ-ਜਾਣ ਲਈ ਪਾਸ ਦਾ ਹੋਣਾ ਆਵਾਜਾਈ ਦੇ ਸਾਧਨਾਂ 'ਤੇ ਰੋਕ, ਫ਼ਸਲ ਕਟਾਈ ਦੇ ਉਪਕਰਨਾਂ ਦਾ ਨਾ ਮਿਲਣਾ ਵੀ ਆਉਣ ਵਾਲੇ ਦਿਨਾਂ 'ਚ ਕਿਸਾਨਾਂ ਲਈ ਵੱਡੀ ਸਿਰਦਰਦੀ ਬਣ ਸਕਦੀ ਹੈ।
ਭਾਵੇਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੇਸ਼ ਦੀ ਤਾਲਾਬੰਦੀ ਕਰਵਾ ਕੇ ਦੇਸ਼ ਨੂੰ ਇਟਲੀ ਅਤੇ ਅਮਰੀਕਾ ਵਰਗੇ ਹਾਲਾਤ ਹੋਣ ਤੋਂ ਬਚਾ ਲਿਆ ਹੈ ਪਰ ਦਿਹਾੜੀਦਾਰ ਮੋਦੀ ਜੀ ਵੱਲ ਆਰਥਿਕ ਸਥਿਤੀ ਵਿਚ ਸੁਧਾਰ ਵੱਲ ਵੇਖ ਰਹੇ ਹਨ। ਉਨ੍ਹਾਂ ਵਲੋਂ ਨਿੱਤ ਦਿਨ ਮੋਦੀ ਜੀ ਦੇ ਭਾਸ਼ਨ ਵਿਚੋਂ ਰਾਸ਼ਨ ਡਿਗਣ ਦੀ ਉਮੀਦ ਜਿੰਦਾ ਹੈ। ਜਿਹੜੇ ਪ੍ਰਵਾਸੀ ਮਜ਼ਦੂਰ ਦੂਰ-ਦੁਰਾਡੇ ਇਲਾਕੇ ਸੂਬਿਆਂ 'ਚ ਰੋਜ਼ੀ ਕਮਾਉਣ ਆਏ ਸੀ, ਵਾਪਸ ਜਾਣ ਕਰਕੇ ਲੋਕਲ ਦਿਹਾੜੀ ਹੋਰ ਮਹਿੰਗੀ ਕਰ ਦਿੱਤੀ ਹੈ ਜਿਸ ਦਾ ਸਿੱਧਾ ਅਸਰ ਸਾਉਣੀ ਦੀ ਬਿਜਾਈ 'ਤੇ ਵੀ ਪਵੇਗਾ।

-ਰਜੇਸ਼ ਉੱਪਲ।

28-04-2020

 ਮਜ਼ਦੂਰੀ ਕਰਨ ਦੀ ਇਜਾਜ਼ਤ ਦੇਵੇ ਸਰਕਾਰ

ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਸਰਕਾਰ ਵਲੋਂ ਦੇਸ਼ ਵਿਚ 22 ਮਾਰਚ ਤੋਂ ਲਾਕਡਾਊਨ ਕੀਤਾ ਹੋਇਆ ਹੈ। ਇਸ ਤਾਲਾਬੰਦੀ ਵਿਚ ਸਰਕਾਰ ਵਲੋਂ ਸਭ ਲੋਕਾਂ ਦੇ ਘਰ ਤੋਂ ਬਾਹਰ ਨਿਕਲਣ 'ਤੇ ਪਾਬੰਦੀ ਲਗਾ ਦਿੱਤੀ ਹੈ ਪਰ ਇਸ ਲੰਬੇ ਸਮੇਂ ਦੇ ਲਾਕਡਾਊਨ ਕਾਰਨ ਗ਼ਰੀਬ ਲੋਕਾਂ ਦਾ ਸਾਰਾ ਕੰਮਕਾਰ ਛੁੱਟ ਗਿਆ ਹੈ ਜਿਸ ਕਾਰਨ ਗ਼ਰੀਬ ਲੋਕਾਂ ਨੂੰ ਭੁੱਖਮਰੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਗ਼ਰੀਬ ਲੋਕ ਜੋ ਕਮਾਉਂਦੇ ਹਨ, ਉਹੀ ਖਾਂਦੇ ਹਨ। ਸਰਕਾਰ ਗ਼ਰੀਬ ਲੋਕਾਂ ਨੂੰ ਘਰ ਤੋਂ ਬਾਹਰ ਨਿਕਲ ਕੇ, ਨਾ ਤਾਂ ਆਪਣਾ ਤੇ ਨਾ ਆਪਣੇ ਭੁੱਖੇ ਮਰ ਰਹੇ ਪਰਿਵਾਰ ਦਾ ਪੇਟ ਭਰਨ ਲਈ ਕੰਮ ਕਰਨ ਦੇ ਰਹੀ ਹੈ ਅਤੇ ਨਾ ਹੀ ਭੁੱਖੇ ਮਰ ਰਹੇ ਦਿਹਾੜੀਦਾਰ ਮਜ਼ਦੂਰ ਤੇ ਗ਼ਰੀਬ ਪਰਿਵਾਰਾਂ ਨੂੰ ਪੇਟ ਭਰਨ ਲਈ ਰਾਸ਼ਨ ਦੇ ਰਹੀ ਹੈ। ਸਰਕਾਰ ਵਲੋਂ ਜੋ ਗ਼ਰੀਬ ਲੋਕਾਂ ਲਈ ਰਾਸ਼ਨ ਭੇਜਿਆ ਜਾਂਦਾ ਹੈ, ਉਹ ਸਹੀ ਢੰਗ ਨਾਲ ਲੋੜਵੰਦ ਗ਼ਰੀਬ ਪਰਿਵਾਰਾਂ ਤੱਕ ਨਹੀਂ ਪਹੁੰਚ ਰਿਹਾ। ਸਰਕਾਰ ਨੂੰ ਬੇਨਤੀ ਹੈ ਕਿ ਕਿਸੇ ਭੇਦਭਾਵ ਤੋਂ ਸੁੱਕਾ ਰਾਸ਼ਨ ਹਰ ਇਕ ਗ਼ਰੀਬ ਦੇ ਘਰ ਪਹੁੰਚਾਇਆ ਜਾਵੇ। ਸਰਕਾਰ ਇਹ ਕੰਮ ਆਪਣੀ ਨਿਗਰਾਨੀ ਹੇਠ ਕਰੇ। ਦੇਸ਼ ਵਿਚ ਲਾਗੂ ਹੋਏ ਲੰਬੇ ਕਰਫ਼ਿਊ ਕਾਰਨ ਗ਼ਰੀਬ ਲੋਕਾਂ ਦੇ ਸਾਰੇ ਕੰਮਕਾਰ ਛੁੱਟ ਜਾਣ ਕਰਕੇ ਗ਼ਰੀਬ ਲੋਕ ਹੋਰ ਗ਼ਰੀਬ ਹੋ ਗਏ ਹਨ। ਗ਼ਰੀਬ ਲੋਕ ਆਪਣੇ ਕਰਜ਼ੇ ਭਰਨ ਤੋਂ ਅਸਮਰੱਥ ਹੋ ਗਏ ਹਨ, ਇਸ ਕਰਕੇ ਸਰਕਾਰ ਵਲੋਂ ਸਾਰੇ ਗ਼ਰੀਬ ਮਜ਼ਦੂਰ ਪਰਿਵਾਰਾਂ ਦੇ ਹਰ ਪ੍ਰਕਾਰ ਦੇ ਕਰਜ਼ੇ ਮੁਆਫ਼ ਕੀਤੇ ਜਾਣ।

-ਜਗਸੀਰ ਸਿੰਘ ਕਰੜਾ
ਕੌਮੀ ਪ੍ਰਧਾਨ, ਸਮਾਜਵਾਦੀ ਲੋਕ ਰਾਜ ਪਾਰਟੀ, ਪਟਿਆਲਾ।

ਮੌਜੂਦਾ ਹਾਲਾਤ 'ਤੇ

ਮਨ ਬਹੁਤ ਉਦਾਸ ਹੈ, ਕੁਝ ਵੀ ਠੀਕ ਹੁੰਦਾ ਦਿਖਾਈ ਨਹੀਂ ਦੇ ਰਿਹਾ, ਲਗਾਤਾਰ ਕੋਰੋਨਾ ਪੰਜਾਬ ਵਿਚ ਆਪਣੇ ਪੈਰ ਪਸਾਰ ਰਿਹਾ ਹੈ ਰੋਜ਼ ਪਨਪ ਰਿਹਾ ਹੈ ਨਵੇਂ-ਨਵੇਂ ਸ਼ਹਿਰਾਂ-ਕਸਬਿਆਂ ਵਿਚ, ਮੌਤਾਂ ਹੋ ਰਹੀਆਂ ਹਨ, ਕਰਫ਼ਿਊ ਖ਼ਤਮ ਹੋਣ ਦੇ ਰੱਤੀ ਭਰ ਵੀ ਆਸਾਰ ਦਿਖਾਈ ਨਹੀਂ ਦੇ ਰਹੇ। ਬੇਸ਼ੱਕ ਅਸੀਂ ਆਪਣੇ ਪਰਿਵਾਰਾਂ ਨਾਲ ਆਪਣੇ ਘਰਾਂ ਵਿੱਚ ਹਾਂ ਪਰ ਸਾਡਾ ਸਭਦਾ ਇਕ ਸਮਾਜਿਕ ਜੀਵਨ ਵੀ ਹੈ। ਤਕਰੀਬਨ ਅਸੀਂ ਸਾਰੇ ਹੀ ਆਪਣੇ ਪੁਰਾਣੇ ਦਿਨਾਂ ਨੂੰ ਤਰਸ ਗਏ ਹਾਂ ਕਿ ਕਦੋਂ ਗਲੀਆਂ-ਬਾਜ਼ਾਰਾਂ ਵਿਚ ਫੇਰ ਤੋਂ ਚਹਿਲ-ਪਹਿਲ ਹੋਵੇ। ਮੈਨੂੰ ਦੁੱਖ ਲਗਦਾ ਹੈ ਬੰਦ ਪਈਆਂ ਦੁਕਾਨਾਂ ਦੇਖ ਕੇ, ਸੁੰਨ-ਮਸਾਣ ਸੜਕਾਂ, ਖਾਲੀ ਖੜ੍ਹੀਆਂ ਰੇਹੜੀਆਂ ਦੇਖ ਕੇ, ਹਰ ਪਾਸੇ ਪਸਰੀ ਚੁੱਪ ਪ੍ਰੇਸ਼ਾਨ ਕਰਦੀ ਹੈ। ਨਾਕੇ ਲਗਾ ਕੇ ਖੜ੍ਹੇ ਪੁਲਿਸ ਦੇ ਜਵਾਨ ਜੋ ਜ਼ੋਖਮ ਭਰੇ ਮੰਜ਼ਰ ਵਿਚ ਖੜ੍ਹੇ ਹਨ ਆਪਣੇ ਪਰਿਵਾਰਾਂ ਤੋਂ ਦੂਰ ਆਪਣੀ ਜ਼ਿੰਮੇਵਾਰੀ ਨਿਭਾਉਣ ਖ਼ਾਤਰ ਜਾਂ ਨਜ਼ਰ ਆਉਂਦੇ ਹਨ, ਕੁਝ ਸਮਾਜ ਸੇਵੀ ਵੀਰ ਜੋ ਰੋਜ਼ੀ-ਰੋਟੀ ਦੀ ਕਿੱਲਤ ਝੱਲ ਰਹੇ ਪਰਿਵਾਰਾਂ ਨੂੰ ਰਾਸ਼ਨ/ਖਾਣਾ ਪਹੁੰਚਾਉਣ ਲਈ ਨਿਰਵਿਘਨ ਕਾਰਜਸ਼ੀਲ ਹਨ। ਆਓ, ਸਾਰੇ ਰਲ-ਮਿਲ ਕੇ ਦੁਆ ਕਰੀਏ ਕਿ ਮਨੁੱਖੀ ਸੱਭਿਅਤਾ ਉੱਤੇ ਆਣ ਪਈ ਭੀੜ ਦਾ ਜਲਦੀ ਅੰਤ ਹੋਵੇ ਅਤੇ ਜ਼ਿੰਦਗੀ ਫੇਰ ਤੋਂ ਪ੍ਰਗਤੀ ਦੀਆਂ ਪਗਡੰਡੀਆਂ ਉੱਤੇ ਆਪਣੇ ਮੁਬਾਰਕ ਕਦਮ ਰੱਖੋ।

-ਸੰਜੀਵ ਅਨਮੋਲ
(ਸੋਨੂੰ ਚਾਹਲ) ਨੂਰਮਹਿਲ।

ਵਿਦਿਆਰਥੀਆਂ ਦੇ ਨਾਂਅ ਕੁਝ ਸ਼ਬਦ

ਪਿਆਰੇ ਵਿਦਿਆਰਥੀਓ, 27 ਅਪ੍ਰੈਲ ਨੂੰ ਤਾਲਾਬੰਦੀ ਦੇ 33 ਦਿਨ ਪੂਰੇ ਹੋ ਚੁੱਕੇ ਹਨ, ਆਸ ਹੈ ਕਿ ਆਪ ਸਭ ਆਪਣੇ ਮਾਤਾ-ਪਿਤਾ ਅਤੇ ਭੈਣ-ਭਰਾਵਾਂ ਨਾਲ ਆਪਣੇ ਘਰਾਂ ਵਿਚ ਵਧੀਆ ਸਮਾਂ ਬਤੀਤ ਕਰ ਰਹੇ ਹੋਵੋਗੇ। ਬੱਚਿਓ ਹਰ ਪੀੜ੍ਹੀ ਆਪਣੇ ਸਮੇਂ ਅਨੁਸਾਰ ਕੁਝ ਨਾ ਕੁਝ ਬਦਲਾਅ ਕਰ ਕੇ ਜਾਂਦੀ ਹੈ ਅਤੇ ਹਮੇਸ਼ਾ ਅਗਲੀਆਂ ਪੀੜ੍ਹੀਆਂ ਲਈ ਇਤਿਹਾਸ ਬਣ ਜਾਂਦੀ ਹੈ। ਅਸੀਂ ਵੀ ਅੱਜ ਦੇ ਸਮੇਂ ਦੇ ਉਸ ਮੁਕਾਮ 'ਤੇ ਖੜ੍ਹੇ ਹਾਂ ਜੋ ਕਿ ਸ਼ਾਇਦ ਹੀ ਇਤਿਹਾਸ ਵਿਚ ਕਦੀ ਵਾਪਰਿਆ ਹੋਵੇਗਾ। ਅੱਜ ਅਸੀਂ ਸਭ ਲੋਕ ਦੇਸ਼, ਸਮੇਂ ਅਤੇ ਪ੍ਰਧਾਨ ਮੰਤਰੀ ਜੀ ਦੀ ਇਕ ਆਵਾਜ਼ 'ਤੇ ਆਪਣੇ-ਆਪਣੇ ਘਰਾਂ ਵਿਚ ਰਹਿਣ ਲਈ ਇਕ ਚੰਗੇ ਭਵਿੱਖ ਲਈ ਕੁਝ ਸਮੇਂ ਲਈ ਮਜਬੂਰ ਹੋ ਗਏ ਹਾਂ। ਅਸੀਂ ਜ਼ਿੰਦਗੀ ਦੀ ਦੌੜ ਵਿਚ ਏਨੇ ਜ਼ਿਆਦਾ ਰੁੱਝ ਗਏ ਸੀ ਕਿ ਆਪਣੀ ਧਰਤੀ ਮਾਂ 'ਤੇ ਪੈ ਰਹੇ ਲਗਾਤਾਰ ਬੋਝ ਨੂੰ ਵੀ ਭੁੱਲ ਗਏ। ਅਸੀਂ ਲਗਾਤਾਰ ਅੱਗੇ ਵਧਣ ਦੀ ਚਾਹ ਵਿਚ ਅੰਧਾਧੁੰਦ ਕਾਰਖਾਨਿਆਂ ਦਾ ਨਿਰਮਾਣ, ਕਾਰਾਂ, ਗੱਡੀਆਂ ਅਤੇ ਆਵਾਜ਼ ਦੀ ਧੁਨੀ ਤੋਂ ਤੇਜ਼ ਚੱਲਣ ਵਾਲੇ ਰਾਕੇਟ ਅਤੇ ਹਵਾਈ ਜਹਾਜ਼ਾਂ ਦੀ ਇਜਾਦ ਵਿਚ ਰੁੱਝ ਗਏ। ਇਸ ਜੀਵਨ ਦੀ ਹੋੜ ਵਿਚ ਯੁੱਧ ਕਰਨ ਦੇ ਘਾਤਕ ਹਥਿਆਰ ਤੱਕ ਪੈਦਾ ਕਰ ਲਏ ਜੋ ਕਿ ਮਨੁੱਖਤਾ ਨੂੰ ਕੁਝ ਪਲਾਂ ਵਿਚ ਖ਼ਤਮ ਕਰਨ ਦੀ ਸਮਰੱਥਾ ਰੱਖਦੇ ਹਨ। ਇਸੇ ਲੜੀ ਵਿਚ ਅਸੀਂ ਇਕ ਨਵੀਂ ਕੋਵਿਡ-19 ਨਾਂਅ ਦੀ ਮਹਾਂਮਾਰੀ ਦਾ ਵੀ ਇਜਾਦ ਕਰ ਬੈਠੇ ਹਾਂ। ਅੱਜ ਸਾਡੀ ਹਾਲਤ ਉਸ ਲੱਕੜਹਾਰੇ ਵਰਗੀ ਹੋ ਗਈ ਹੈ, ਜੋ ਜਿਸ ਟਾਹਣੀ 'ਤੇ ਬੈਠਾ ਹੈ, ਉਸ ਨੂੰ ਹੀ ਕੱਟੀ ਜਾ ਰਿਹਾ ਹੈ।
ਆਓ, ਵਿਦਿਆਰਥੀਓ ਅਸੀਂ ਅੱਜ ਪ੍ਰਣ ਕਰੀਏ ਕਿ ਅਸੀਂ ਆਪਣੇ-ਆਪਣੇ ਘਰਾਂ ਅੰਦਰ ਰਹਿ ਕੇ ਆਪਣੇ ਮਾਤਾ-ਪਿਤਾ ਅਤੇ ਭੈਣ-ਭਰਾਵਾਂ ਨਾਲ ਮਿਲ ਕੇ ਨਵੇਂ ਸਮਾਜ ਦੀ ਸਿਰਜਣਾ ਕਰੀਏ। ਉਨ੍ਹਾਂ ਕੋਲੋਂ ਜੀਵਨ ਦੇ ਤਜਰਬਿਆਂ ਦੀ ਸਾਂਝ ਕਰਦੇ ਹੋਏ ਆਪਣੇ ਦੇਸ਼, ਮਨੁੱਖਤਾ ਅਤੇ ਸਮੁੱਚੀ ਮਾਨਵ ਜਾਤੀ ਦੀ ਤਰੱਕੀ ਲਈ ਆਪਣਾ-ਆਪਣਾ ਯੋਗਦਾਨ ਪਾਈਏ ਅਤੇ ਰੁਕੀ ਹੋਈ ਜ਼ਿੰਦਗੀ ਨੂੰ ਕੁਦਰਤੀ ਤੌਰ 'ਤੇ ਅੱਗੇ ਲੈ ਕੇ ਚੱਲੀਏ, ਜਿਥੇ ਤਰੱਕੀ ਤਾਂ ਹੋਵੇ ਪਰ ਕੁਦਰਤੀ ਸੋਮਿਆਂ ਦੀ ਸੰਭਾਲ ਵੀ ਨਾਲੋ-ਨਾਲ ਹੋਵੇ। ਅੱਗੇ ਵਧਣ ਦੀ ਚਾਹ ਤਾਂ ਹੋਵੇ ਪਰ ਭਰਾ ਮਾਰੂ ਜੰਗ ਦੀ ਲੋੜ ਨਾ ਹੋਵੇ। ਜੈਵਿਕ ਹਥਿਆਰ ਅਤੇ ਪ੍ਰਮਾਣੂ ਹਥਿਆਰਾਂ ਤੋਂ ਬਿਨਾਂ ਅਸੀਂ ਅੱਗੇ ਵਧਣਾ ਹੈ। ਆਓ, ਅਸੀਂ ਇਨ੍ਹਾਂ ਸਭ ਗੱਲਾਂ ਦਾ ਧਿਆਨ ਰੱਖਦੇ ਹੋਏ ਸਾਫ਼-ਸੁਥਰੇ ਅਤੇ ਬਿਮਾਰੀਆਂ ਤੋਂ ਰਹਿਤ ਇਕ ਖੂਬਸੂਰਤ ਸਮਾਜ ਦੀ ਸਿਰਜਣਾ ਕਰੀਏ ਅਤੇ ਸਰਕਾਰੀ ਨਿਯਮਾਂ ਦਾ ਪਾਲਣ ਕਰਦੇ ਹੋਏ ਆਪਣੇ ਪਿਆਰੇ ਦੇਸ਼ ਨਾਲ ਚੱਲੀਏ, ਯਾਦ ਰੱਖਣਾ ਅੰਤ ਨੂੰ ਜਿੱਤ ਸਾਡੀ ਹੀ ਹੋਵੇਗੀ।

-ਗੁਰਵਿੰਦਰ ਕੌਰ
ਅਧਿਆਪਕਾ, ਸਰਕਾਰੀ ਪ੍ਰਾਇਮਰੀ ਸਕੂਲ, ਮੁਸਤਫ਼ਾਪੁਰ (ਬਲਾਕ ਕਰਤਾਰਪੁਰ), ਜਲੰਧਰ।

ਕੁਦਰਤੀ ਸੋਮਿਆਂ ਨੂੰ ਸਾਂਭੀਏ

ਦੇਸ਼ ਵਿਚ ਲਾਗੂ ਤਾਲਾਬੰਦੀ ਨੇ ਵਾਤਾਵਰਨ ਦਾ ਮਿਜਾਜ਼ ਹੀ ਬਦਲ ਦਿੱਤਾ ਹੈ। ਇੰਜ ਲਗਦਾ ਹੈ ਕਿ ਜਿਵੇਂ ਸਾਰਾ ਵਾਤਾਵਰਨ ਹੀ ਰੀਫਰੈਸ਼ ਹੋ ਗਿਆ ਹੈ। ਪੰਛੀ ਚਹਿ-ਚਹਾ ਰਹੇ ਹਨ, ਆਬੋ-ਹਵਾ ਘੁਟਣ ਤੋਂ ਮੁਕਤ ਹੋ ਚੁੱਕੀ ਹੈ, ਨੀਲਾ ਅੰਬਰ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ। ਕੁਦਰਤ ਦਾ ਇਹ ਵੀ ਇਕ ਸੁਨੇਹਾ ਹੈ ਕਿ ਬਿਮਾਰੀਆਂ/ਕੁਦਰਤੀ ਆਫਤਾਂ ਤੇ ਵਾਤਾਵਰਨ ਵਿਚ ਆ ਰਹੇ ਗੰਧਲੇਪਣ ਲਈ ਮਨੁੱਖ ਜਾਤੀ ਖੁਦ ਹੀ ਦੋਸ਼ੀ ਹੈ। ਵਿਕਾਸ ਦੀ ਰਾਹ ਤੇ ਤੇਜ਼ ਰਫਤਾਰ ਤੁਰਨ ਦੀ ਦੌੜ ਵਿਚ ਮਨੁੱਖ ਨੇ ਕੁਦਰਤੀ ਵਸੀਲਿਆਂ ਦੀ ਰੱਜ ਕੇ ਬਰਬਾਦੀ ਕੀਤੀ ਹੈ, ਜਿਸ ਦੇ ਨਤੀਜੇ ਸਾਡੇ ਸਾਹਮਣੇ ਆ ਰਹੇ ਹਨ। ਧੜਾਧੜ ਰੁੱਖਾਂ ਦੀ ਕਟਾਈ, ਆਵਾਜਾਈ ਸਾਧਨਾਂ ਦੀ ਲੋੜ ਤੋਂ ਵੱਧ ਵਰਤੋਂ, ਕੀਟਨਾਸ਼ਕਾਂ ਦੀ ਵਧੇਰੇ ਵਰਤੋਂ, ਫੈਕਟਰੀਆਂ ਦੇ ਗੰਦੇ ਧੂੰਏਂ ਨੇ ਪ੍ਰਕਿਰਤੀ ਦੇ ਸੰਤੁਲਨ ਨੂੰ ਵਿਗਾੜ ਰੱਖਿਆ ਹੈ। ਪ੍ਰਕਿਰਤੀ ਦੇ ਅਨਮੋਲ ਖਜ਼ਾਨਿਆਂ ਦੀ ਵਰਤੋਂ ਸਬਰ ਤੇ ਸੰਜਮ ਨਾਲ ਕਰੀਏ ਤਾਂ ਕਿ ਇਹ ਅਜਾਈਂ ਨਾ ਜਾਣ। ਲੋੜ ਹੈ ਕਿ ਕੁਦਰਤੀ ਸੋਮਿਆਂ ਨੂੰ ਸਾਂਭਣ ਲਈ ਯਤਨ ਕਰੀਏ ਤੇ ਕੁਦਰਤ ਨਾਲ ਮਿਲ ਕੇ ਚੱਲੀਏ ਤਾਂ ਭਵਿੱਖ ਦੀਆਂ ਸਮੱਸਿਆਵਾਂ ਤੋਂ ਬਚ ਸਕੀਏ।

-ਲਖਵੀਰ ਸਿੰਘ
ਪਿੰਡ ਤੇ ਡਾਕ: ਉਦੈਕਰਨ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

27-04-2020

ਕੋਰੋਨਾ ਵਾਇਰਸ ਬਨਾਮ ਮੱਧ ਵਰਗ
ਭਾਵੇਂ ਕਿ ਸਮੇਂ-ਸਮੇਂ 'ਤੇ ਸੰਸਾਰ ਨੇ ਬਹੁਤ ਸਾਰੀਆਂ ਮਹਾਂਮਾਰੀਆਂ ਦਾ ਸਾਹਮਣਾ ਕੀਤਾ ਹੈ ਪਰ ਮੌਜੂਦਾ ਸਮੇਂ ਦੌਰਾਨ ਚੀਨ ਤੋਂ ਚੱਲੀ ਕੋਰੋਨਾ ਮਹਾਂਮਾਰੀ ਨੇ ਸੰਸਾਰ ਦੇ ਕਈ ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲਿਆ ਹੈ | ਪ੍ਰਧਾਨ ਮੰਤਰੀ ਵਲੋਂ ਪੂਰੇ ਭਾਰਤ ਨੂੰ ਪਹਿਲਾਂ 21 ਦਿਨ ਅਤੇ ਮੁੜ 3 ਮਈ ਤੱਕ ਲਾਕਡਾਊਨ ਕਰਨ ਦਾ ਐਲਾਨ ਕੀਤਾ ਗਿਆ | ਸਕੂਟਰਾਂ, ਮੋਟਰਸਾਈਕਲਾਂ ਤੋਂ ਲੈ ਕੇ ਜਹਾਜ਼ਾਂ ਤੱਕ ਨੂੰ ਅੱਡਿਆਂ 'ਤੇ ਖੜ੍ਹੇ ਕਰ ਦਿੱਤਾ ਗਿਆ | ਭਾਵੇਂ ਕਿ ਇਸ ਫੈਸਲੇ ਤੋਂ ਦੇਸ਼ ਵਾਸੀ ਬਹੁਤ ਖੁਸ਼ ਹੋਏ ਅਤੇ ਇਹ ਫ਼ੈਸਲਾ ਸਹੀ ਸਾਬਤ ਵੀ ਸਿੱਧ ਹੋਇਆ ਪਰ ਇਸ ਕਰਫਿਊ ਦੌਰਾਨ ਜਿਥੇ ਸਮੁੱਚੇ ਦੇਸ਼ ਦੇ ਹਰ ਇਕ ਇਨਸਾਨ ਨੂੰ ਆਰਥਿਕ ਘਾਟਾ ਪਿਆ ਉਥੇ ਹੀ ਸਭ ਤੋਂ ਵੱਡਾ ਝਟਕਾ ਮੱਧ ਵਰਗ ਨੂੰ ਪਿਆ ਹੈ | ਜਿਨ੍ਹਾਂ 'ਚ ਛੋਟੇ ਦੁਕਾਨਦਾਰ, ਪ੍ਰਾਈਵੇਟ ਨੌਕਰੀ ਵਾਲੇ ਅਤੇ ਹੋਰ ਛੋਟੇ ਪੇਸ਼ੇ ਵਾਲੇ ਲੋਕ ਸ਼ਾਮਿਲ ਹਨ | ਜੇਕਰ ਦੇਖਿਆ ਜਾਵੇ ਤਾਂ ਰੋਜ਼ ਕਮਾਊ, ਰੋਜ਼ ਖਾਊ ਵਾਲੇ ਇਹ ਪਰਿਵਾਰ ਅੱਜ ਲਾਚਾਰ ਹੋ ਕੇ ਰਹਿ ਗਏ ਹਨ ਅਤੇ ਰੋਟੀ ਤੋਂ ਵੀ ਮੁਥਾਜ ਹੁੰਦੇ ਜਾ ਰਹੇ ਹਨ ਅਤੇ ਭਵਿੱਖ ਵਿਚ ਇਨ੍ਹਾਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ, ਬਿਜਲੀ ਦੇ ਬਿੱਲ ਅਤੇ ਹੋਰ ਘਰੇਲੂ ਖਰਚਿਆਂ ਦਾ ਡਰ ਸਤਾ ਰਿਹਾ ਹੈ | ਗੱਲ ਜੇਕਰ ਵੱਡੇ ਵਪਾਰੀਆਂ ਜਾਂ ਉੱਚ ਘਰਾਣਿਆਂ ਦੀ ਕੀਤੀ ਜਾਵੇ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ | ਪਰ ਮੱਧ ਵਰਗ ਬੇਵੱਸ ਹੋ ਕੇ ਰਹਿ ਗਿਆ ਹੈ ਅਤੇ ਉਸ ਲਈ ਇਹ ਕਰਫਿਊ ਕਿਸੇ ਸਰਾਪ ਤੋਂ ਘੱਟ ਨਹੀਂ | ਸੋ, ਜਿਥੇ ਹੁਣ ਸਰਕਾਰਾਂ ਨੂੰ ਚਾਹੀਦਾ ੈਹ ਕਿ ਉਹ ਆਉਣ ਵਾਲੇ ਸਮੇਂ ਵਿਚ ਮੱਧ ਵਰਗ ਲਈ ਹਰ ਪੱਖੋਂ ਕੋਈ ਵਿਸ਼ੇਸ਼ ਰਣਨੀਤੀ ਤਿਆਰ ਕਰੇ, ਉਥੇ ਹੀ ਸਾਰੀਆਂ ਸੰਸਥਾਵਾਂ ਨੂੰ ਵੀ ਚਾਹੀਦਾ ਹੈ ਕਿ ਇਸ ਵਰਗ ਦਾ ਵੀ ਪੱਲਾ ਫੜੇ ਅਤੇ ਜਿੰਨਾ ਕੁ ਹੋ ਸਕੇ ਮੱਧ ਵਰਗ ਦੀ ਮਦਦ ਜ਼ਰੂਰ ਕਰੇ |

-ਸ਼ੰਕਰ ਮੋਗਾ

ਵਿਸਾਖੀ ਲਾਟਰੀ
ਪੰਜਾਬ ਸਰਕਾਰ ਨੇ 17 ਅਪ੍ਰੈਲ, 2020 ਨੂੰ ਵਿਸਾਖੀ ਲਾਟਰੀ ਦੀਆਂ ਟਿਕਟਾਂ ਦੀ ਵਿਕਰੀ ਘੱਟ ਹੋਣ ਕਰਕੇ ਰੱਦ ਕਰ ਦਿੱਤੀ ਹੈ | ਚੰਗਾ ਹੁੰਦਾ ਭਾਵੇਂ ਦੋ ਮਹੀਨੇ ਦੀ ਨਵੀਂ ਤਰੀਕ ਦੇ ਕੇ ਲਾਟਰੀ ਕੱਢੀ ਜਾਵੇ | ਰੱਦ ਨਾ ਕੀਤੀ ਜਾਵੇ |

-ਆਈ.ਜੇ. ਸਿੰਘ
ਲੁਧਿਆਣਾ |


ਡਰਾਈ ਡੇਅ!
ਗਰਮੀਆਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਮੱਛਰਾਂ ਦੀ ਭਰਮਾਰ ਵਧਣ ਜਿਹੀ ਲਗਦੀ ਹੈ ਪਰ ਇਸ ਵਾਰ ਕੋਰੋਨਾ ਦੀ ਮਾਰ ਨੇ ਤਾਂ ਮੱਤ ਜਿਹੀ ਮਾਰ ਦਿੱਤੀ, ਮੰਨਿਆਂ ਕਿ ਇਸ ਔਖੇ ਸਮੇਂ ਵਿਚ ਵੱਡੀਆਂ-ਵੱਡੀਆਂ ਗੱਲਾਂ ਅੱਖੋਂ-ਪਰੋਖੇ ਹੋ ਰਹੀਆਂ ਨੇ ਪਰ ਸਿਹਤ ਵਿਭਾਗ ਆਪਣੀ ਜ਼ਿੰਮੇਵਾਰੀ ਨਹੀਂ ਭੁੱਲਿਆ | ਸਿਹਤ ਵਿਭਾਗ ਨੇ ਆਪਣੀ ਟੀਮ ਨੂੰ ਕੋਵਿਡ-19 ਦੇ ਨਾਲ-ਨਾਲ ਮਲੇਰੀਆ ਤੋਂ ਬਚਾਅ ਅਤੇ ਸਾਵਧਾਨੀਆਂ ਦਾ ਪਾਠ ਘਰ-ਘਰ ਪੜ੍ਹਾਉਣ ਲਈ ਵਚਨਬੱਧ ਕਰ ਦਿੱਤਾ ਹੈ | ਹੁਣ ਫੀਲਡ ਵਿੱਚ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਸਿਹਤ ਕਾਮੇ ਮੱਛਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਡੇਂਗੂ-ਮਲੇਰੀਆ ਤੋਂ ਬਚਣ ਲਈ ਜਾਣਕਾਰੀ ਵੀ ਦੇਣਗੇ | ਘਰਾਂ ਵਿੱਚ ਬੈਠ ਕੇ ਕੋਰੋਨਾ ਵਿਰੋਧੀ ਜੰਗ ਵਿੱਚ ਹਿੱਸਾ ਪਾਉਣ ਵਾਲੇ ਲੋਕੋ ਹੁਣ ਮੱਛਰਾਂ ਦੇ ਪਨਪਣ ਦਾ ਸਮਾਂ ਵੀ ਸ਼ੁਰੂੂ ਹੋ ਗਿਆ ਹੈ , ਜਿਸ ਨਾਲ ਮਲੇਰੀਆ, ਡੇਂਗੂ, ਚਿਕਨਗੁਨੀਆਂ, ਜੀਕਾ ਵਾਇਰਸ ਆਦਿ ਬੁਖਾਰਾਂ ਦੇ ਫੈਲਣ ਦਾ ਖਦਸ਼ਾ ਵੱਧ ਜਾਂਦਾ ਹੈ, ਸੋ ਆਪਾਂ ਆਪਣੇ ਘਰਾਂ ਵਿਚ ਹਰ ਪਾਣੀ ਵਾਲੇ ਬਰਤਨਾਂ ਨੂੰ ਢੱਕ ਕੇ ਰੱਖੀਏ, ਹਰ ਹਫ਼ਤੇ ਖਾਲੀ ਕਰਕੇ ਸੁਕਾਉਣਾ ਬਹੁਤ ਜ਼ਰੂਰੀ ਹੈ, ਕੋਠਿਆਂ ਦੀਆਂ ਛੱਤਾਂ ਉਪਰ ਪਏ ਪੁਰਾਣੇ ਟਾਇਰ-ਟੱਪੇ, ਕਬਾੜ ਆਦਿ ਨੂੰ ਛੱਤ ਹੇਠਾਂ ਰੱਖੀਏ, ਪਸ਼ੂਆਂ ਨੂੰ ਪਾਣੀ ਪਿਲਾਉਣ ਵਾਲੀਆਂ ਹੌਦੀਆਂ ਨੂੰ ਹਫ਼ਤੇ ਤੋਂ ਪਹਿਲਾਂ ਖਾਲੀ ਕਰਕੇ ਸੁਕਾਈਏ, ਕੂਲਰਾਂ ਨੂੰ ਵੀ ਹਫ਼ਤੇ ਤੋਂ ਪਹਿਲਾਂ ਖਾਲੀ ਕਰਕੇ ਸੁਕਾਉਣਾ ਬਹੁਤ ਜ਼ਰੂਰੀ ਹੈ, ਇਸੇ ਤਰ੍ਹਾਂ ਫਰਿੱਜ ਦੇ ਪਿਛਲੇ ਪਾਸੇ ਲੱਗੀ ਟੇ੍ਅ ਨੂੰ ਖਾਲੀ ਕਰਕੇ ਸੁਕਾਈਏ, ਪੰਛੀਆਂ ਦੇ ਪੀਣ ਲਈ ਪਾਣੀ ਵਾਲੇ ਕਟੋਰੇ ਦੀ ਸਫਾਈ ਕਰਨੀ ਬਹੁਤ ਜਰੂਰੀ ਹੈ, ਬਚਾਅ ਲਈ ਖੜ੍ਹੇ ਪਾਣੀ ਦੇ ਸੋਮਿਆਂ ਤੇ ਕਾਲਾ ਸੜਿਆ ਤੇਲ ਪਾਉਣਾ ਚਾਹੀਦਾ ਹੈ ਤਾਂ ਜੋ ਮੱਛਰ ਦੇ ਅੰਡੇ ਖਤਮ ਹੋ ਜਾਣ ਅਤੇ ਮੱਛਰਾਂ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕੇ | ਸੋ ਆਓ ਆਪਾਂ ਜਿੱਥੇ ਕੋਵਿਡ-19 ਵਿਰੋਧੀ ਜੰਗ ਲੜ ਰਹੇ ਹਾਂ, ਉੱਥੇ ਮੱਛਰਾਂ ਦੇ ਖਾਤਮੇ ਲਈ ਵੀ ਯਤਨਸ਼ੀਲ ਹੋਈਏ , ਸਿਹਤ ਵਿਭਾਗ ਦਾ ਸਹਿਯੋਗ ਦਈਏ-ਸਾਥ ਦਈਏ |

-ਡਾ: ਪ੍ਰਭਦੀਪ ਸਿੰਘ ਚਾਵਲਾ
ਬਲਾਕ ਐਕਸਟੈਂਸ਼ਨ ਐਜੂਕੇਟਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ , ਫਰੀਦਕੋਟ |

ਮੱਧ ਵਰਗੀ ਹਾਲਾਤ
ਕੋਰਨਾ ਵਾਇਰਸ ਨੇ ਪੂਰੀ ਦੁਨੀਆ 'ਚ ਹਾਹਾਕਾਰ ਮਚਾ ਦਿੱਤੀ ਹੈ | ਅਮਰੀਕਾ ਵਰਗੇ ਵਿਸ਼ਵ ਸ਼ਕਤੀ ਦੇਸ਼ਾਂ ਨੇ ਵੀ ਇਸ ਵਾਇਰਸ ਅੱਗੇ ਗੋਡੇ ਟੇਕ ਦਿੱਤੇ ਹਨ | ਇਸ ਮਹਾਂਮਾਰੀ ਦੇ ਫੈਲਾਅ ਅਤੇ ਬਚਾਅ ਦੇ ਮੱਦੇਨਜ਼ਰ ਦੁਨੀਆ ਭਰ ਦੇ ਦੇਸ਼ਾਂ 'ਚ ਲਾਕ ਡਾਊਨ ਜਾਂ ਕਰਫਿਊ ਲਗਾ ਕੇ ਸਥਿਤੀ ਨੂੰ ਕਾਬੂ 'ਚ ਰੱਖਣ ਦੇ ਯਤਨ ਜਾਰੀ ਹਨ | ਇਸ ਸੰਕਟਮਈ ਸਥਿਤੀ 'ਚ ਲੋਕਾਂ ਨੂੰ ਜਿਊਾਦਾ ਰੱਖਣ ਲਈ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ | ਅਮੀਰ ਅਤੇ ਧਨਾਢ ਲੋਕਾਂ ਨੂੰ ਸਰਕਾਰ ਵੱਲ ਝਾਕਣ ਦੀ ਲੋੜ ਨਹੀਂ, ਗਰੀਬ ਪੁਕਾਰ ਪੁਕਾਰ ਕੇ ਰਾਸ਼ਨ ਦੀ ਮੰਗ ਕਰ ਰਹੇ ਹਨ ਪਰ ਇਨ੍ਹਾਂ ਵਿਚਕਾਰ ਇਕ ਮੱਧ ਵਰਗੀ ਸਮੂਹ ਸਾਰੀਆਂ ਸਹੂਲਤਾਂ ਤੋਂ ਵਾਂਝਾ ਹੈ |
ਉਹ ਗਰੀਬ ਬਣਨਾ ਨਹੀਂ ਚਾਹੁੰਦਾ ਅਤੇ ਅਮੀਰ ਉਹ ਹੈ ਨਹੀਂ | ਉਨ੍ਹਾਂ ਵਿਚ ਛੋਟੇ ਮੋਟੇ ਕੰਮ ਕਰਨ ਵਾਲੇ ਦੁਕਾਨਦਾਰ, ਵਰਕਸ਼ਾਪਾਂ, ਛੋਟੇ ਹੋਟਲ, ਢਾਬੇ, ਕਬਾੜ ਵਾਲੇ, ਛੋਟੇ ਕਾਰਖਾਨੇ ਆਦਿ ਆਉਂਦੇ ਹਨ, ਪ੍ਰਤੀ ਵੀ ਸਰਕਾਰ ਨੂੰ ਸੋਚਣ ਦੀ ਲੋੜ ਹੈ |

-ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ |

ਕੋਰੋਨਾ ਨੂੰ ਹਰਾਉਣਾ
ਸੰਪਾਦਕੀ ਪੰਨੇ 'ਤੇ 'ਸਤਨਾਮ ਸਿੰਘ ਮਾਣਕ' ਦਾ ਲੇਖ ਪੰਜਾਬ ਦੇ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਲਈ ਅੱਜ ਦੀ ਤਾਜ਼ਾ ਸਥਿਤੀ ਨੂੰ ਬਿਆਨ ਕਰਦਾ ਹੈ | ਅੱਜ ਕੋਰੋਨਾ ਵਾਇਰਸ ਨੇ ਪੂਰੇ ਵਿਸ਼ਵ ਵਿਚ ਹਾਹਾਕਾਰ ਮਚਾਈ ਹੋਈ ਹੈ | ਇਸ ਵਾਇਰਸ ਨੇ ਪੰਜਾਬ ਵਿਚ ਵੀ ਕਈ ਜਾਨਾਂ ਲੈ ਲਈਆਂ ਹਨ | ਇਸ ਵਾਇਰਸ ਦੀ ਸਿਰਫ਼ ਇਕ ਹੀ ਦਵਾਈ ਹੈ, ਆਪਣੇ ਘਰ ਵਿਚ ਰਹਿਣਾ ਤੇ ਘਰ ਤੋਂ ਬਾਹਰ ਬਿਲਕੁਲ ਵੀ ਨਹੀਂ ਨਿਕਲਣਾ | ਪੂਰੇ ਦੇਸ਼ ਦੀ ਤਰ੍ਹਾਂ ਪੰਜਾਬ ਵੀ ਇਸ ਜੰਗ ਵਿਚੋਂ ਗੁਜ਼ਰ ਰਿਹਾ ਹੈ | ਲੋਕਾਂ ਨੂੰ ਸਰਕਾਰ ਤੇ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ | ਪੁਲਿਸ ਪ੍ਰਸ਼ਾਸਨ ਜੋ ਲੋਕ ਬਿਨਾਂ ਮਤਲਬ ਤੋਂ ਸੜਕਾਂ 'ਤੇ ਘੰੁਮ ਰਹੇ ਹਨ, ਉਨ੍ਹਾਂ 'ਤੇ ਸਖ਼ਤੀ ਕਰ ਰਿਹਾ ਹੈ | ਇਹ ਬਹੁਤ ਹੀ ਜ਼ਰੂਰੀ ਹੈ |
ਸਰਬੱਤ ਦਾ ਭਲਾ ਟਰੱਸਟ ਦੇ ਸੰਚਾਲਕ ਡਾ: ਐਸ.ਪੀ. ਉਬਰਾਏ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਹਨ | ਮੈਡੀਕਲ ਸਟਾਫ਼ ਕਈ-ਕਈ ਘੰਟੇ ਦੀ ਲਗਾਤਾਰ ਡਿਊਟੀ ਕਰ ਰਿਹਾ ਹੈ | ਸਾਨੂੰ ਡਾਕਟਰਾਂ, ਪੁਲਿਸ ਪ੍ਰਸ਼ਾਸਨ, ਸਫਾਈ ਕਰਮਚਾਰੀਆਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੀਦਾ ਹੈ | ਇਹ ਗੱਲ ਮੁੜ ਤੋਂ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਕੋਰੋਨਾ ਵਾਇਰਸ ਦੇ ਖਿਲਾਫ਼ ਅੰਤਿਮ ਲੜਾਈ ਸਾਡੇ ਸਿਹਤ ਢਾਂਚੇ ਅਤੇ ਸਾਡੇ ਸਿਹਤ ਕਰਮੀਆਂ ਨੇ ਹੀ ਲੜਨੀ ਹੈ ਤੇ ਜਿੱਤਣੀ ਹੈ | ਸਾਨੂੰ ਇਨ੍ਹਾਂ ਦੇ ਹੌਸਲੇ ਵਧਾਉਣੇ ਚਾਹੀਦੇ ਹਨ |

-ਸੰਜੀਵ ਸਿੰਘ ਸੈਣੀ
ਮੁਹਾਲੀ |

24-04-2020

 ਡਾਕ ਵਿਭਾਗ ਦੇ ਉਪਰਾਲੇ
ਅੱਜ ਵੀ ਬਹੁਤ ਸਾਰੇ ਲੋਕ ਦੂਰ-ਦੁਰਾਡੇ ਬੈਠੇ ਆਪਣੇ ਸਕੇ ਸਬੰਧੀਆਂ ਦਾ ਹਾਲ ਜਾਣਨ ਲਈ ਚਿੱਠੀ ਪੱਤਰ ਲਿਖਣ ਨੂੰ ਤਰਜੀਹ ਦਿੰਦੇ ਹਨ। ਭਾਵੇਂ ਅੱਜ ਮੋਬਾਈਲ ਜਾਂ ਈਮੇਲ ਵਰਗੀਆਂ ਸਹੂਲਤਾਂ ਉਪਲਬੱਧ ਹਨ ਪਰ ਜੋ ਮਜ਼ਾ ਖ਼ਤ ਲਿਖਣ ਅਤੇ ਅੱਗੋਂ ਜਵਾਬੀ ਖ਼ਤ ਦੀ ਉਡੀਕ ਵਿਚ ਹੁੰਦਾ, ਉਹ ਹੋਰ ਕਿਧਰੇ ਨਹੀਂ। ਭਾਰਤੀ ਡਾਕ ਸੇਵਾ ਨੇ ਸਮੇਂ-ਸਮੇਂ 'ਤੇ ਇਸ ਸੇਵਾ ਵਿਚ ਨਿਖਾਰ ਲਿਆਂਦਾ ਹੈ ਅਤੇ ਦਿਲੀ ਸਾਂਝਾਂ ਨੂੰ ਮਜ਼ਬੂਤ ਕੀਤਾ ਹੈ। ਐਤਵਾਰ ਦੇ 'ਅਜੀਤ ਮੈਗਜ਼ੀਨ' ਵਿਚ ਲੇਖਿਕਾ ਸਰਵਿੰਦਰ ਕੌਰ ਦੁਆਰਾ 'ਡਾਕੀਆ ਦਵਾਈ ਲਾਇਆ' ਬਹੁਤ ਸੋਹਣੇ ਸ਼ਬਦਾਂ ਵਿਚ ਲਿਖਿਆ ਜਾਣਕਾਰੀ ਭਰਪੂਰ ਲੇਖ ਹੈ। ਪਤਾ ਲੱਗਾ ਹੈ ਕਿ ਇਨ੍ਹਾਂ ਸੰਕਟਮਈ ਹਾਲਤਾਂ ਦੇ ਮੱਦੇਨਜ਼ਰ ਡਾਕ ਵਿਭਾਗ ਨੇ ਫਿਰ ਤੋਂ ਲਾਲ ਰੰਗ ਦੀਆਂ ਡਾਕ ਵਾਲੀਆਂ ਗੱਡੀਆਂ ਲੋਕ ਸਹੂਲਤਾਂ ਲਈ ਸੜਕਾਂ ਉੱਪਰ ਲੈ ਆਂਦੀਆਂ ਹਨ, ਜਿਨ੍ਹਾਂ ਰਾਹੀਂ ਖ਼ਾਸ ਦਵਾਈਆਂ ਅਤੇ ਹੋਰ ਲੋੜੀਂਦੇ ਉਪਕਰਨ ਇੱਧਰ-ਉੱਧਰ ਪਹੁੰਚਾਏ ਜਾਣਗੇ। ਇਸ ਦੁਖਦਾਈ ਦੌਰ ਦੇ ਚਲਦਿਆਂ ਭਾਰਤੀ ਡਾਕ ਸੇਵਾ ਨੇ ਪਹਿਲਾਂ ਗੁਜਰਾਤ ਵਿਚ ਦਵਾਈਆਂ, ਕੋਵਿਡ-19 ਟੈਸਟ ਕਿੱਟਾਂ, ਐਨ-95 ਮਾਸਕ ਅਤੇ ਵੈਂਟੀਲੇਟਰ ਅਲੱਗ-ਅਲੱਗ ਥਾਵਾਂ 'ਤੇ ਪਹੁੰਚਾਉਣ ਦਾ ਸਮਝੌਤਾ ਕੀਤਾ ਹੈ ਜੋ ਕਿ ਬੇਹੱਦ ਸ਼ਲਾਘਾਯੋਗ ਕਾਰਜ ਹੈ। ਸਾਡੇ ਲਈ ਇਹ ਵਾਕਿਆ ਮਾਣ ਵਾਲੀ ਗੱਲ ਹੈ ਕਿ ਭਾਰਤੀ ਡਾਕ ਦਾ ਨੈੱਟਵਰਕ ਦੁਨੀਆ ਵਿਚ ਸਭ ਤੋਂ ਵੱਡਾ ਅਤੇ ਵਿਸ਼ਾਲ ਨੈੱਟਵਰਕ ਹੈ। ਇਸੇ ਤਰ੍ਹਾਂ ਲੇਖਿਕਾ ਨੇ ਹੋਰ ਵੀ ਕਾਫੀ ਦਿਲਚਸਪ ਜਾਣਕਾਰੀ ਲੇਖ ਰਾਹੀਂ ਸਾਂਝੀ ਕੀਤੀ ਹੈ। ਬਹੁਤ ਸਾਰੇ ਲੋਕਾਂ ਨੂੰ ਇਸ ਲੇਖ ਜ਼ਰੀਏ ਡਾਕ ਵਿਭਾਗ ਸਬੰਧੀ ਵਿਲੱਖਣ ਜਾਣਕਾਰੀ ਪ੍ਰਾਪਤ ਹੋਈ ਹੈ।

-ਬੇਅੰਤ ਗਿੱਲ ਭਲੂਰ
ਪਿੰਡ ਭਲੂਰ (ਮੋਗਾ)।

ਕਰਫ਼ਿਊ ਦੀ ਅਹਿਮੀਅਤ
ਭਾਵੇਂ ਪਿੰਡਾਂ ਵਿਚ ਪਿੰਡ ਵਾਸੀਆਂ ਵਲੋਂ ਆਪਣੇ ਤੌਰ 'ਤੇ ਹੀ ਠੀਕਰੀ ਪਹਿਰੇ ਲਗਾਏ ਗਏ ਹਨ ਅਤੇ ਕਿਸੇ ਵੀ ਆਉਣ-ਜਾਣ ਵਾਲੇ ਦੀ ਪੂਰੀ ਪੁੱਛ-ਪੜਤਾਲ ਕਰ ਕੇ ਹੀ ਪਿੰਡ ਵਿਚ ਦਾਖ਼ਲ ਹੋਣ ਦਿੱਤਾ ਜਾਂਦਾ ਹੈ, ਪ੍ਰੰਤੂ ਸ਼ਹਿਰਾਂ ਦੇ ਕੁਝ ਇਲਾਕਿਆਂ ਵਿਚ ਅਜਿਹੀ ਸਖ਼ਤੀ ਨਜ਼ਰ ਨਹੀਂ ਆ ਰਹੀ। ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਏ ਅਤੇ ਲੋਕਾਂ ਨੂੰ ਘਰਾਂ ਵਿਚ ਹੀ ਰੱਖਣ ਲਈ ਪ੍ਰਸ਼ਾਸਨ ਵਲੋਂ ਕਰਫ਼ਿਊ ਲਗਾਇਆ ਜਾਂਦਾ ਹੈ। ਕਰਫ਼ਿਊ ਦਾ ਜਿਉਂ-ਜਿਉਂ ਸਮਾਂ ਵਧ ਰਿਹਾ ਹੈ ਲੋਕ ਓਨੇ ਹੀ ਬੇਪ੍ਰਵਾਹ ਹੋ ਰਹੇ ਹਨ। ਕਈ ਲੋਕ ਮਾਸਕ ਪਾਉਣ ਤੋਂ ਬਿਨਾਂ ਹੀ ਸੈਰਾਂ ਕਰਦੇ ਫਿਰਦੇ ਹਨ। ਜਿਥੇ ਕਾਫੀ ਲੋਕ ਚੋਰੀ-ਛਿਪੇ ਦੁਕਾਨਾਂ ਖੋਲ੍ਹਦੇ ਹਨ, ਉਥੇ ਹੀ ਕਈ ਲੋਕ ਸੜਕਾਂ, ਬਾਜ਼ਾਰਾਂ, ਗਲੀਆਂ ਵਿਚ ਕਾਰਾਂ, ਮੋਟਰਸਾਈਕਲਾਂ 'ਤੇ ਘੁੰਮਦੇ ਨਜ਼ਰ ਆਉਂਦੇ ਹਨ। ਭਾਵੇਂ ਕਿ ਪ੍ਰਸ਼ਾਸਨ ਨੇ ਰਾਸ਼ਨ, ਸਬਜ਼ੀਆਂ, ਫਲ਼, ਦੁੱਧ ਆਦਿ ਦੀ ਸਪਲਾਈ ਘਰਾਂ ਤੱਕ ਪਹੁੰਚਾਉਣ ਦੇ ਪੁਖਤਾ ਪ੍ਰਬੰਧ ਵੀ ਕੀਤੇ ਹਨ। ਜੇਕਰ ਇਸੇ ਤਰ੍ਹਾਂ ਹੀ ਲੋਕ ਸੜਕਾਂ 'ਤੇ ਘੁੰਮਦੇ ਰਹੇ ਤਾਂ ਕੋਰੋਨਾ ਮਹਾਂਮਾਰੀ 'ਤੇ ਕਿਵੇਂ ਕਾਬੂ ਪਾਇਆ ਜਾ ਸਕੇਗਾ। ਜਿਥੇ ਲੋਕਾਂ ਨੂੰ ਗੰਭੀਰਤਾ ਨਾਲ ਕਰਫ਼ਿਊ ਦੀ ਪਾਲਣਾ ਕਰਨੀ ਚਾਹੀਦੀ ਹੈ, ਉਥੇ ਹੀ ਘਰਾਂ ਵਿਚ ਰਹਿਣ ਨੂੰ ਤਰਜੀਹ ਦੇਣੀ ਚਾਹੀਦੀ ਹੈ ਉਥੇ ਹੀ ਪ੍ਰਸ਼ਾਸਨ ਨੂੰ ਕਰਫ਼ਿਊ ਦੀ ਅਹਿਮੀਅਤ ਨਾ ਸਮਝਣ ਵਾਲੇ ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।

ਪ੍ਰਦੂਸ਼ਣ ਮੁਕਤ ਵਾਤਾਵਰਨ
ਕੋਰੋਨਾ ਨਾਂਅ ਦੀ ਭਿਆਨਕ ਬਿਮਾਰੀ ਨੇ ਸਾਰਾ ਸੰਸਾਰ ਘਰਾਂ ਵਿਚ ਬੰਦ ਕਰ ਦਿੱਤਾ ਹੈ। ਸਰਕਾਰਾਂ ਨੇ ਲਾਕਡਾਊਨ ਅਤੇ ਕਰਫ਼ਿਊ ਲਾ ਕੇ ਸਭ ਆਵਾਜਾਈ ਬੰਦ ਕਰਕੇ ਲੋਕਾਂ ਨੂੰ ਦੱਸਿਆ ਕਿ ਬੱਸ ਘਰਾਂ ਵਿਚ ਬੈਠ ਕੇ ਹੀ ਇਸ ਨਾਮੁਰਾਦ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਪਿਛਲੇ ਜਿੰਨੇ ਦਿਨਾਂ ਤੋਂ ਸਭ ਕੁਝ ਬੰਦ ਹੋਇਆ ਹੈ, ਇਸ ਦੇ ਦੂਜੇ ਪਾਸੇ ਵਾਤਾਵਰਨ ਪੂਰੀ ਤਰ੍ਹਾਂ ਸਾਫ਼ ਹੋ ਗਿਆ। ਹਰ ਰੋਜ਼ ਦੀ ਅੰਨ੍ਹੇਵਾਹ ਆਵਾਜਾਈ ਨੇ ਲੋਕਾਂ ਨੂੰ ਸਾਹ ਲੈਣਾ ਔਖਾ ਕੀਤਾ ਹੋਇਆ ਸੀ। ਇਥੋਂ ਤੱਕ ਕਿ ਦਮੇ ਵਰਗੀ ਬਿਮਾਰੀ ਤੋਂ ਪ੍ਰਭਾਵਿਤ ਲੋਕਾਂ ਨੂੰ ਇਸ ਪ੍ਰਦੂਸ਼ਣ ਮੁਕਤ ਵਾਤਾਵਰਨ ਵਿਚ ਪੁਨਰਜਨਮ ਹੋਇਆ ਮਹਿਸੂਸ ਹੋ ਰਿਹਾ ਹੈ। ਇਸ ਸਾਫ਼-ਸੁਥਰੇ ਵਾਤਾਵਰਨ ਵਿਚ ਆਕਾਸ਼ ਚਮਕਾਂ ਮਾਰ ਰਿਹਾ ਹੈ। ਆਪਣੇ ਘਰ ਦੀ ਛੱਤ ਤੋਂ ਦੂਰ-ਦੂਰ ਤੱਕ ਦੇ ਪਹਾੜੀ ਦ੍ਰਿਸ਼ ਆਮ ਹੀ ਵਿਖਾਈ ਦੇਣ ਲੱਗ ਪਏ ਹਨ। ਹੋਰ ਤਾਂ ਹੋਰ ਪਸ਼ੂ ਪੰਛੀ ਵੀ ਇਸ ਸਾਫ਼-ਸੁਥਰੇ ਵਾਤਾਵਰਨ ਵਿਚ ਖੁਸ਼ੀ ਦੀਆਂ ਉਡਾਰੀਆਂ ਲਾਉਂਦੇ ਫਿਰਦੇ ਹਨ।

-ਡਾ: ਜਰਨੈਲ ਸਿੰਘ, ਪਿੰਡ ਭੈਣੀ ਬੜਿੰਗਾ, ਲੁਧਿਆਣਾ।

ਭਵਿੱਖ ਦੱਸਣ ਵਾਲੇ ਬਾਬੇ ਅਤੇ ਜੋਤਸ਼ੀ ਹੋਏ ਗਾਇਬ
ਹਰ ਪਿੰਡ ਸ਼ਹਿਰ ਵਿਚ ਭਵਿੱਖ ਦੱਸਣ ਵਾਲੇ ਜੋਤਸ਼ੀਆਂ ਅਤੇ ਬਾਬਿਆਂ ਦੀ ਭਰਮਾਰ ਹੈ। ਅਖ਼ਬਾਰਾਂ ਤੇ ਟੀ.ਵੀ. ਚੈਨਲਾਂ 'ਤੇ ਇਨ੍ਹਾਂ ਜੋਤਸ਼ੀਆਂ, ਬਾਬਿਆਂ ਦੇ ਇਸ਼ਤਿਹਾਰ ਆਮ ਹੀ ਦੇਖੇ ਜਾ ਸਕਦੇ ਹਨ। ਇਹ ਲੋਕਾਂ ਦੇ ਦੁੱਖ ਕਲੇਸ਼ ਖ਼ਤਮ ਕਰਨ, ਵਿਦੇਸ਼ ਭੇਜਣ ਵਿਚ ਸਹਾਇਤਾ ਕਰਨ, ਰੁੱਸੇ ਪ੍ਰੇਮੀ ਜਾਂ ਪ੍ਰੇਮਿਕਾ ਨੂੰ ਮਨਾਉਣ ਲਈ ਅਤੇ ਹੋਰ ਪਤਾ ਨਹੀਂ ਕੀ-ਕੀ ਠੀਕ ਕਰਨ ਦੇ ਦਾਅਵੇ ਕਰਦੇ ਹਨ। ਪਰ ਜਦੋਂ ਤੋਂ ਕੋਰੋਨਾ ਵਾਇਰਸ ਨੇ ਦੁਨੀਆ ਵਿਚ ਅੱਤ ਮਚਾਈ ਹੈ, ਉਦੋਂ ਤੋਂ ਇਹ ਭਵਿੱਖ ਦੱਸਣ ਵਾਲੇ ਜੋਤਸ਼ੀ ਅਤੇ ਬਾਬੇ ਗਾਇਬ ਹੀ ਹੋ ਗਏ ਹਨ। ਪਿੰਡਾਂ ਸ਼ਹਿਰਾਂ ਵਿਚ ਦੇਖਿਆ ਗਿਆ ਹੈ ਕਿ ਬਾਬੇ ਆਪ ਕੋਰੋਨਾ ਤੋਂ ਡਰਦੇ ਮਾਰੇ ਆਪਣੀਆਂ ਭਵਿੱਖ ਦੱਸਣ ਵਾਲੀਆਂ ਦੁਕਾਨਾਂ ਬੰਦ ਕਰਕੇ ਘਰਾਂ ਵਿਚ ਬੈਠ ਗਏ ਹਨ। ਹੁਣ ਟੀ.ਵੀ. ਚੈਨਲਾਂ 'ਤੇ, ਅਖ਼ਬਾਰਾਂ 'ਤੇ ਇਨ੍ਹਾਂ ਦੇ ਇਸ਼ਤਿਹਾਰ ਆਉਣੇ ਬੰਦ ਹੋ ਗਏ ਹਨ। ਕਿਉਂਕਿ ਕੁਝ ਜਾਗਰੂਕ ਕਿਸਮ ਦੇ ਲੋਕ ਇਨ੍ਹਾਂ ਬਾਬਿਆਂ ਨੂੰ ਸਵਾਲ ਕਰਨ ਲੱਗ ਪਏ ਹਨ ਕਿ ਬਾਬਾ ਜੀ ਦੱਸੋ ਆਹ ਤਾਲਾਬੰਦੀ ਭਲਾ ਕਦੋਂ ਤੱਕ ਖ਼ਤਮ ਹੋ ਜਾਵੇਗੀ, ਇਹ ਕੋਰੋਨਾ ਵਾਇਰਸ ਤੋਂ ਦੁਨੀਆ ਦਾ ਖਹਿੜਾ ਕਦੋਂ ਤੱਕ ਛੁੱਟ ਜਾਵੇਗਾ ਪਰ ਬਾਬਾ ਜੀ ਕੀ ਦੱਸਣ, ਉਨ੍ਹਾਂ ਨੂੰ ਆਪ ਇਸ ਬਾਰੇ ਕੁਝ ਵੀ ਨਹੀਂ ਪਤਾ ਹੈ। ਉਹ ਤਾਂ ਆਪ ਕੋਰੋਨਾ ਤੋਂ ਡਰਦੇ ਮਾਰੇ ਘਰ ਬੈਠੇ ਹਨ। ਪਰ ਅਫ਼ਸੋਸ ਇਹ ਕੋਰੋਨਾ ਦੀ ਬਿਮਾਰੀ ਖ਼ਤਮ ਹੋ ਜਾਣ ਦਿਓ ਫਿਰ ਲੋਕਾਂ ਦੀਆਂ ਭੀੜਾਂ ਪਾਖੰਡੀਆਂ ਦੀਆਂ ਦੁਕਾਨਾਂ 'ਤੇ ਲੱਗ ਜਾਣੀਆਂ ਹਨ। ਫਿਰ ਲੋਕ ਇਨ੍ਹਾਂ ਤੋਂ ਆਪਣਾ ਭਵਿੱਖ ਪੁੱਛਦੇ ਨਜ਼ਰ ਆਉਣਗੇ।

-ਕੁਲਵਿੰਦਰ ਸਿੰਘ ਬਿੱਟੂ।

23-04-2020

 ਮਹਾਂਮਾਰੀ ਦਾ ਖੌਫ਼
ਕੋਰੋਨਾ ਮਹਾਂਮਾਰੀ ਦੇ ਚਲਦੇ ਕੀਤੀ ਤਾਲਾਬੰਦੀ ਕਾਰਨ ਲੋਕ ਘਰਾਂ ਵਿਚ ਬੰਦ ਹਨ। ਉਹ ਟੀ.ਵੀ. ਅਤੇ ਸੋਸ਼ਲ ਮੀਡੀਆ ਜ਼ਰੀਏ ਮਹਾਂਮਾਰੀ ਬਾਰੇ ਪਲ-ਪਲ ਦੀ ਜਾਣਕਾਰੀ ਹਾਸਲ ਕਰ ਰਹੇ ਹਨ। ਵਧ ਰਹੇ ਮਰੀਜ਼ਾਂ ਤੇ ਮੌਤਾਂ ਦੀ ਗਿਣਤੀ ਉਨ੍ਹਾਂ ਨੂੰ ਚਿੰਤਾ ਵਿਚ ਪਾ ਰਹੀ ਹੈ। ਮਾਨਸਿਕ ਤਣਾਅ ਵਧਣ ਕਾਰਨ ਕਈ ਲੋਕ ਹਸਪਤਾਲਾਂ ਦਾ ਰੁਖ਼ ਕਰਨ ਲਈ ਮਜਬੂਰ ਹਨ। ਮਨੋਰੋਗਾਂ ਦੇ ਮਾਹਿਰਾਂ ਅਨੁੁਸਾਰ ਉਨ੍ਹਾਂ ਕੋਲ ਰੋਜ਼ਾਨਾ ਦਰਜਨਾਂ ਅਜਿਹੇ ਕੇਸ ਆ ਰਹੇ ਹਨ ਜੋ ਤਾਲਾਬੰਦੀ ਕਾਰਨ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਦਰਅਸਲ ਚਿੰਤਾ ਚਿਤਾ ਦੇ ਬਰਾਬਰ ਹੁੰਦੀ ਹੈ, ਇਸ ਲਈ ਲੋਕਾਂ ਨੂੰ ਖ਼ਬਰਾਂ ਵੱਲ ਘੱਟ ਧਿਆਨ ਦੇਣਾ ਚਾਹੀਦਾ ਹੈ। ਜੇਕਰ ਜ਼ਰੂਰੀ ਹੈ ਤਾਂ ਫਿਰ ਅਖ਼ਬਾਰਾਂ ਪੜ੍ਹਨ ਕਿਉਂਕਿ ਅਖ਼ਬਾਰ ਵਿਚ ਕਿਸੇ ਤਰ੍ਹਾਂ ਦੀ ਕੋਈ ਅਫ਼ਵਾਹ ਨਹੀਂ ਹੁੰਦੀ ਅਤੇ ਖ਼ਬਰਾਂ ਸਹੀ ਮਿਲਦੀਆਂ ਹਨ। ਦੂਸਰਾ ਅਖ਼ਬਾਰਾਂ ਵਿਚ ਬਹੁਤ ਸਾਰੇ ਬੁੱਧੀਜੀਵੀ ਤੇ ਮਾਹਿਰਾਂ ਦੇ ਲੇਖ ਹੁੰਦੇ ਹਨ, ਜੋ ਸਾਨੂੰ ਜ਼ਿੰਦਗੀ, ਮਨੋਵਿਗਿਆਨ, ਵਿਗਿਆਨ, ਇਤਿਹਾਸ ਆਦਿ ਬਾਰੇ ਜਾਣਕਾਰੀ ਦਿੰਦੇ ਹਨ ਅਤੇ ਕਈ ਵਿਦੇਸ਼ਾਂ ਦੀਆਂ ਸੈਰਾਂ ਵੀ ਕਰਵਾਉਂਦੇ ਹਨ, ਜਿਨ੍ਹਾਂ ਨੂੰ ਪੜ੍ਹ ਕੇ ਅਸੀਂ ਤਣਾਅ ਮੁਕਤ ਹੋ ਸਕਦੇ ਹਨ। ਜੇਕਰ ਸਾਡੇ ਤੱਕ ਅਖ਼ਬਾਰ ਨਹੀਂ ਪੁੱਜਦੀ ਤਾਂ ਫਿਰ ਸਾਨੂੰ ਕਿਤਾਬਾਂ ਨਾਲ ਜੁੜਨਾ ਚਾਹੀਦਾ ਹੈ, ਜਿਨ੍ਹਾਂ ਤੋਂ ਜੀਵਨ ਸੇਧ ਮਿਲਦੀ ਹੈ। ਸੋ, ਤਣਾਅ ਮੁਕਤ ਰਹਿ ਕੇ ਹੀ ਅਸੀਂ ਕੋਰੋਨਾ ਵਰਗੀ ਮਹਾਂਮਾਰੀ ਨੂੰ ਹਰਾ ਸਕਦੇ ਹਨ, ਨਹੀਂ ਤਾਂ ਮਹਾਂਮਾਰੀ ਤੋਂ ਵੀ ਵੱਧ ਖ਼ਤਰਨਾਕ ਮਾਨਸਿਕ ਤਣਾਅ ਹੋ ਨਿਬੜਦਾ ਹੈ। ਇਸ ਲਈ ਆਓ ਸਾਰੇ ਇਕਜੁੱਟ ਹੋ ਕੇ ਇਸ ਮੁਸ਼ਕਿਲ ਭਰੇ ਸਮੇਂ 'ਤੇ ਜਿੱਤ ਪ੍ਰਾਪਤ ਕਰੀਏ।

-ਹਰਨੰਦ ਸਿੰਘ ਬੱਲਿਆਂਵਾਲਾ
ਪਿੰਡ ਬੱਲਿਆਂਵਾਲਾ (ਤਰਨ ਤਾਰਨ)।

ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ
ਅੱਜ ਵਿਸ਼ਵ ਪੱਧਰ 'ਤੇ ਫੈਲ ਚੁੱਕੀ ਕੋਰੋਨਾ ਬਿਮਾਰੀ ਕਾਰਨ ਮੌਤਾਂ ਦੀ ਗਿਣਤੀ ਵਧ ਰਹੀ ਹੈ ਤੇ ਮਰੀਜ਼ਾਂ ਦੀ ਗਿਣਤੀ ਵੀ ਵਧ ਰਹੀ ਹੈ। ਸਾਨੂੰ ਲੋੜ ਹੈ ਕਿ ਅਸੀਂ ਇਸ ਬਿਮਾਰੀ ਨਾਲ ਲੜਨ ਵਾਸਤੇ ਆਪਣੇ-ਆਪ ਨੂੰ ਚੜ੍ਹਦੀ ਕਲਾ ਵਿਚ ਰੱਖੀਏ। ਸਾਨੂੰ ਜਿਵੇਂ-ਕਿਵੇਂ ਵੀ ਦਿਨ ਕਟੀ ਕਰਨੀ ਪਵੇ, ਉਹ ਕਰਨੀ ਪਵੇਗੀ। ਅਸੀਂ ਆਪਣੇ-ਆਪ ਨੂੰ ਕਈ ਵਾਰ ਕੈਦੀ ਮਹਿਸੂਸ ਕਰ ਰਹੇ ਹਾਂ। ਪਰ ਅਸੀਂ ਹਾਂ ਤਾਂ ਆਪਣੇ ਘਰ ਵਿਚ ਹੀ ਕੈਦ। ਕਿਸੇ ਜੇਲ੍ਹ ਦੇ ਕੈਦੀ ਥੋੜ੍ਹੀ ਹਾਂ। ਅਸੀਂ ਉਹ ਅੰਕੜੇ ਵੇਖ ਕੇ ਹੈਰਾਨ ਹੁੰਦੇ ਹਾਂ ਜੋ ਕਿ ਮੰਦਭਾਗੇ ਹੁੰਦੇ ਹਨ ਪਰ ਉਹ ਅੰਕੜੇ ਵੀ ਯਾਦ ਰੱਖੋ ਕਿ ਅੱਜ ਕਿੰਨੇ ਵਿਅਕਤੀ ਠੀਕ ਹੋ ਗਏ ਹਨ। ਕਿੰਨਿਆਂ ਦੀ ਰਿਪੋਰਟਾਂ ਸਹੀ ਪਾਈਆਂ ਗਈਆਂ ਹਨ। ਕਿੰਨੇ ਲੋਕ ਸਾਡੇ ਮੁਹੱਲੇ ਵਿਚ ਸਾਡੇ ਪਿੰਡ ਵਿਚ ਸਾਡੇ ਸ਼ਹਿਰ ਵਿਚ ਤੇ ਜ਼ਿਲ੍ਹੇ ਵਿਚ ਹਾਲੇ ਠੀਕ-ਠਾਕ ਹਨ। ਇਹ ਨਾ ਹੋਵੇ ਕਿ ਅਸੀਂ ਵਹਿਮ ਪਾਲਦੇ ਹੀ ਬਿਮਾਰ ਹੋ ਜਾਈਏ। ਇਸ ਲੜਾਈ ਵਿਚ ਸਾਡਾ ਸਹਿਯੋਗ ਏਨਾ ਹੀ ਹੋਵੇਗਾ ਕਿ ਅਸੀਂ ਆਪਣਾ ਬਣਦਾ ਯੋਗਦਾਨ ਪਾਈਏ ਤੇ ਬਣਦਾ ਸਹਿਯੋਗ ਕਰੀਏ। ਆਪਣਾ ਮਨੋਬਲ ਉੱਚਾ ਰੱਖੀਏ। ਸਰਬੱਤ ਦਾ ਭਲਾ ਮੰਗੀਏ ਅਤੇ ਭਲਾ ਕਰੀਏ ਵੀ।

-ਹੀਰਾ ਸਿੰਘ ਤੂਤ
ਜ਼ਿਲ੍ਹਾ ਫ਼ਿਰੋਜ਼ਪੁਰ।

ਕੋਰੋਨਾ ਅਤੇ ਸਿਹਤ ਸਹੂਲਤਾਂ
ਦੁਨੀਆ 'ਚ ਕੋਰੋਨਾ ਵਾਇਰਸ ਇਕ ਮਹਾਂਮਾਰੀ ਬਣ ਕੇ ਫੈਲ ਗਿਆ ਹੈ। ਕਾਦਰ ਦੀ ਕੁਦਰਤ ਇਸ ਵਾਇਰਸ ਦਾ ਵੱਡੀਆਂ-ਵੱਡੀਆਂ ਟਾਹਰਾਂ ਮਾਰਨ ਵਾਲੇ ਇਨਸਾਨ ਕੋਲ ਕੋਈ ਹੱਲ ਜਾਂ ਇਲਾਜ ਨਹੀਂ। ਸਰਕਾਰਾਂ ਅਤੇ ਮਨੁੱਖਤਾ ਬੇਵੱਸ ਅਤੇ ਲਾਚਾਰ ਜਾਪਦੀ ਹੈ। ਅੱਜ ਤਾਲਾਬੰਦੀ ਦੇ ਨਾਂਅ ਹੇਠ ਦੁਨੀਆ ਘਰ ਦੀ ਵਲਗਣ 'ਚ ਕੈਦ ਹੈ। ਜਦੋਂ ਰੱਬ ਦੇ ਅਖੌਤੀ ਘਰਾਂ ਨੇ ਵੀ ਇਸ ਵਾਇਰਸ ਤੋਂ ਭੈਭੀਤ ਹੋ ਕੇ ਦਰਵਾਜ਼ੇ ਇਨਸਾਨ ਲਈ ਭੇੜ ਲਏ ਹਨ ਤਾਂ ਇਸ ਵਾਇਰਸ ਤੋਂ ਪੀੜਤ ਮਰੀਜ਼ਾਂ ਅਤੇ ਆਮ ਲੋਕਾਂ ਲਈ ਸਰਕਾਰੀ ਹਸਪਤਾਲ, ਸਰਕਾਰੀ ਡਾਕਟਰ ਅਤੇ ਸਿਹਤ ਅਮਲਾ ਰੱਬ ਬਣ ਬਹੁੜ ਗਲ ਨਾਲ ਲਾ ਰਹੇ ਹਨ, ਜਦ ਕਿ ਪ੍ਰਾਈਵੇਟ ਹਸਪਤਾਲਾਂ ਤੋਂ ਕਿਸੇ ਨੇ ਵੀ ਇਹ ਬਿਪਤਾ ਦੀ ਘੜੀ 'ਚ ਸਰਕਾਰੀ ਮਦਦ ਲਈ ਪਹਿਲਕਦਮੀ ਨਹੀਂ ਕੀਤੀ। ਸਰਕਾਰਾਂ ਸਾਵਧਾਨੀ ਰੱਖਣ ਲਈ ਪ੍ਰੇਰਿਤ ਕਰਨ ਤੋਂ ਇਲਾਵਾ ਹਸਪਤਾਲਾਂ 'ਚ ਇਸ ਵਾਇਰਸ ਨਾਲ ਪੀੜਤਾਂ ਨਾਲ ਜੂਝ ਰਹੇ ਅਮਲੇ ਲਈ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ 'ਚ ਅਸਮਰੱਥ ਅਤੇ ਅਣਗੌਲਿਆ ਨਜ਼ਰ ਆ ਰਹੀਆਂ ਹਨ। ਸਰਕਾਰਾਂ ਹੋਰਨਾਂ ਦੇਸ਼ਾਂ 'ਚ ਇਸ ਵਾਇਰਸ ਦੇ ਮਚਾਏ ਕਹਿਰ ਤੋਂ ਸਬਕ ਲੈ ਕੇ ਸਿਹਤ ਸਹੂਲਤਾਂ ਦੇ ਵਿਸ਼ੇਸ਼ ਯਤਨਾਂ ਤੋਂ ਅਵੇਸਲੀਆਂ ਨਜ਼ਰ ਆ ਰਹੀਆਂ ਹਨ। ਸੋ, ਸਰਕਾਰਾਂ ਨੂੰ ਕਿਸੇ ਵੱਡੀ ਸਮੱਸਿਆ ਨਾਲ ਨਜਿੱਠਣ ਲਈ ਵਿਸ਼ੇਸ਼ ਉਪਰਾਲੇ ਅਤੇ ਸਿਹਤ ਸਹੂਲਤਾਂ ਜਲਦੀ ਉਪਲਬੱਧ ਕਰਵਾਉਣ ਯਤਨਸ਼ੀਲਤਾ 'ਚ ਤੇਜ਼ੀ ਲਿਆਉਣ ਦੀ ਲੋੜ ਹੈ।

-ਇੰਜੀ: ਸਤਨਾਮ ਸਿੰਘ ਮੱਟੂ, ਸੰਗਰੂਰ।

ਬੰਦ ਹੋਵੇ ਫੋਟੋ ਲੈਣੀ...
ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਅੰਦਰ, ਦੇਸ਼ ਤੇ ਦੁਨੀਆ ਅੰਦਰ ਕੋਰੋਨਾ ਵਾਇਰਸ ਦਾ ਪ੍ਰਕੋਪ ਚੱਲ ਰਿਹਾ ਹੈ ਤੇ ਸਭ ਕੁਝ ਬੰਦ ਹੋਣ ਕਾਰਨ ਲੋੜਮੰਦਾਂ ਤੱਕ ਅਨੇਕਾਂ ਸਮਾਜਿਕ ਸੰਸਥਾਵਾਂ, ਪਤਵੰਤੇ ਸੱਜਣ ਉਨ੍ਹਾਂ ਦੀ ਮਦਦ ਕਰ ਰਹੇ ਹਨ। ਸਾਰੀਆਂ ਸਮਾਜਿਕ ਸੰਸਥਾਵਾਂ, ਦਾਨਵੀਰ ਸੱਜਣਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਜਦੋਂ ਵੀ ਤੁਸੀਂ ਕਿਸੇ ਗ਼ਰੀਬ, ਲੋੜਮੰਦ ਦੀ ਮਦਦ ਰਾਸ਼ਨ, ਪੈਸਿਆਂ ਜਾਂ ਹੋਰ ਵਸਤਾਂ ਨਾਲ ਕਰਦੇ ਹੋ ਤਾਂ ਉਸ ਦੀ ਫੋਟੋ ਸੋਸ਼ਲ ਮੀਡੀਆ 'ਤੇ ਜਾਂ ਅਖ਼ਬਾਰਾਂ ਦੇ ਪੱਤਰਕਾਰਾਂ ਨੂੰ ਨਾ ਭੇਜਿਆ ਕਰੋ, ਕਿਉਂਕਿ ਇਸ ਤਰ੍ਹਾਂ ਫੋਟੋ ਨਾਲ ਦਾਨ ਲੈਣ ਵਾਲਾ ਲੋੜਮੰਦ ਇਨਸਾਨ ਆਪਣੇ-ਆਪ ਨੂੰ ਬਹੁਤ ਲਾਚਾਰ, ਗ਼ਰੀਬ ਜਾਂ ਹੀਣ ਭਾਵਨਾ ਦਾ ਸ਼ਿਕਾਰ ਸਮਝਦਾ ਹੈ, ਸੋ ਕ੍ਰਿਪਾ ਕਰਕੇ ਜੇ ਫੋਟੋ ਲਗਾਉਣੀ ਜਾਂ ਭੇਜਣੀ ਹੋਵੇ ਤਾਂ ਕਿਰਪਾ ਕਰਕੇ ਇਕੱਲੇ ਰਾਸ਼ਨ ਜਾਂ ਦਿੱਤੀ ਜਾ ਰਹੀ ਸਮੱਗਰੀ ਨਾਲ ਦੇਣ ਵਾਲਾ ਫੋਟੋ ਕਰਵਾ ਲਵੇ, ਰਾਸ਼ਨ ਲੈਣ ਵਾਲੇ ਦੀ ਫੋਟੋ ਪਾਉਣ ਤੋਂ ਗੁਰੇਜ਼ ਕਰਿਆ ਕਰੋ।

-ਗੁਰਪ੍ਰੀਤ ਸਹੋਤਾ
ਪਿੰਡ ਤੇ ਡਾਕ: ਡੱਫਰ, ਤਹਿ: ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ।

ਭਾਈ ਨਿਰਮਲ ਸਿੰਘ ਜੀ ਖ਼ਾਲਸਾ ਦੀ ਯਾਦ ਵਿਚ
ਭਾਈ ਨਿਰਮਲ ਸਿੰਘ ਜੀ ਖ਼ਾਲਸਾ ਨੂੰ ਸਾਡੇ ਤੋਂ ਵਿਛੜਿਆਂ ਕਈ ਹਫ਼ਤੇ ਬੀਤ ਚੁੱਕੇ ਹਨ। ਪਰ ਉਨ੍ਹਾਂ ਵਲੋਂ ਮਧੁਰ ਆਵਾਜ਼ ਵਿਚ ਗਾਇਨ ਕੀਤਾ 'ਆਸਾ ਦੀ ਵਾਰ' ਅਤੇ ਗੁਰਬਾਣੀ ਦੇ ਹੋਰ ਸ਼ਬਦ ਅਜੇ ਤੱਕ ਕੰਨਾਂ ਵਿਚ ਗੂੰਜ ਰਹੇ ਹਨ। ਉਹ ਇਕ ਤਰ੍ਹਾਂ ਨਾਲ ਸਿੱਖੀ ਦੇ ਸਫ਼ੀਰ ਸਨ। ਦੇਸ਼-ਵਿਦੇਸ਼ ਵਿਚ ਨਿਰੰਤਰ ਸਿੱਖੀ ਦੇ ਪ੍ਰਚਾਰ ਦੇ ਨਾਲ-ਨਾਲ ਆਪਣੇ ਰੂਹਾਨੀ ਤੇ ਵੈਰਾਗਮਈ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਆ ਰਹੇ ਸਨ। ਪਰ ਇਨ੍ਹਾਂ ਔਖੇ ਸਮਿਆਂ ਵਿਚ ਜਿਸ ਤਰ੍ਹਾਂ ਦਾ ਵਤੀਰਾ ਸਾਡੇ ਪ੍ਰਸ਼ਾਸਨ, ਸੰਸਥਾਵਾਂ ਤੇ ਕੁਝ ਲੋਕਾਂ ਵਲੋਂ ਉਨ੍ਹਾਂ ਨਾਲ ਕੀਤਾ ਗਿਆ, ਉਹ ਹੁਣ ਇਤਿਹਾਸ ਦਾ ਹਿੱਸਾ ਹੈ। ਪਰ ਇਸ ਸਭ ਕੁਝ ਦੀ ਚੁੰਬਣ ਅਜੇ ਵੀ ਮਹਿਸੂਸ ਹੋ ਰਹੀ ਹੈ। ਇਕ ਹੋਰ ਗੱਲ ਵੀ ਮੇਰੇ ਮਨ ਵਿਚ ਆ ਰਹੀ ਹੈ ਕਿ ਜਿਸ ਸਮੇਂ ਉਨ੍ਹਾਂ ਦੇ ਵਿਛੋੜੇ ਦੀ ਖ਼ਬਰ ਆਈ ਤਾਂ ਦਿੱਲੀ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕਥਾ ਕਰ ਰਹੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਵਲੋਂ ਕਥਾ ਰੋਕ ਕੇ ਉਨ੍ਹਾਂ ਦੇ ਵਿਛੋੜੇ 'ਤੇ ਦੁੱਖ ਪ੍ਰਗਟ ਕੀਤਾ ਗਿਆ ਪਰ ਉਸੇ ਸਮੇਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਜੋ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ (ਸ੍ਰੀ ਹਰਿਮੰਦਰ ਸਾਹਿਬ) ਅੰਮ੍ਰਿਤਸਰ ਵਿਖੇ ਕਥਾ ਕਰ ਰਹੇ ਸਨ, ਵਲੋਂ ਅਜਿਹਾ ਨਹੀਂ ਕੀਤਾ ਗਿਆ, ਜਦੋਂ ਕਿ ਸੰਗਤ ਉਨ੍ਹਾਂ ਤੋਂ ਵੀ ਅਜਿਹੇ ਹੀ ਦੁੱਖ ਪ੍ਰਗਟਾਵੇ ਦੀ ਆਸ ਰੱਖਦੀ ਸੀ। ਗੁਰੂ ਰਾਮਦਾਸ ਜੀ ਦੇ ਘਰ ਦੇ ਮਹਾਨ ਕੀਰਤਨੀਏ ਨੂੰ ਏਨਾ ਕੁ ਸਤਿਕਾਰ ਤਾਂ ਦਿੱਤਾ ਹੀ ਜਾਣਾ ਚਾਹੀਦਾ ਸੀ।

-ਗਿਆਨ ਸਿੰਘ ਭਾਨਾ, ਜਰਮਨੀ।

22-04-2020

 ਅਖ਼ਬਾਰ ਅਤੇ ਕੋਰੋਨਾ
ਲੋਕਤੰਤਰ ਦੇ ਚਾਰ ਸਤੰਭਾਂ ਵਿਚ ਅਖ਼ਬਾਰ ਮਹੱਤਵਪੂਰਨ ਸਥਾਨ ਰੱਖਦਾ ਹੈ। ਮੀਡੀਆ ਦੇ ਮਾਧਿਅਮਾਂ ਦੇ ਪਸਾਰ ਦੇ ਬਾਵਜੂਦ, ਆਮ ਆਦਮੀ ਲਈ ਖ਼ਬਰਾਂ, ਨਿਰਪੱਖ ਟਿੱਪਣੀਆਂ, ਸੁਲਝੇ ਅਤੇ ਜ਼ਿੰਮੇਵਾਰ ਵਿਚਾਰਾਂ ਤੱਕ ਪਹੁੰਚਣ ਦਾ ਇਹ ਮੁੱਖ ਸਾਧਨ ਹਨ। ਲੋਕਾਂ ਨੂੰ ਹਨੇਰੇ ਵਿਚ ਰੱਖਣ ਦੀ ਲੋੜ ਪੈਣ 'ਤੇ ਹਰ ਦੇਸ਼ ਦੀ ਸਰਕਾਰ ਸਭ ਤੋਂ ਪਹਿਲਾਂ ਅਖ਼ਬਾਰਾਂ 'ਤੇ ਪਾਬੰਦੀਆਂ ਲਗਾਉਂਦੀ ਹੈ। 1975 ਦੀ ਐਮਰਜੈਂਸੀ ਵੇਲੇ ਸੈਂਸਰਸ਼ਿਪ ਲਗਾ ਕੇ ਅਖ਼ਬਾਰਾਂ ਦਾ ਗਲਾ ਘੁੱਟ ਦਿੱਤਾ ਗਿਆ ਸੀ। ਹੁਣ ਟੀ.ਵੀ. ਹੈ, ਸੋਸ਼ਲ ਮੀਡੀਆ ਹੈ ਪਰ ਉਨ੍ਹਾਂ ਦੀ ਭਰੋਸੇਯੋਗਤਾ ਅਤੇ ਜਵਾਬਦੇਹੀ ਅਖ਼ਬਾਰਾਂ ਜਿੰਨੀ ਨਹੀਂ ਹੁੰਦੀ। ਬਦਕਿਸਮਤੀ ਨਾਲ, ਕੋਰੋਨਾ ਵਾਇਰਸ ਦੇ ਫੈਲਣ ਨਾਲ ਇਹ ਬਿਲਕੁਲ ਬੇਬੁਨਿਆਦ ਅਫ਼ਵਾਹ ਫੈਲ ਗਈ ਕਿ ਇਹ ਬਿਮਾਰੀ ਅਖ਼ਬਾਰ ਰਾਹੀਂ ਵੀ ਫੈਲ ਸਕਦੀ ਹੈ। ਕੁਝ ਲੋਕ ਨਾ ਚਾਹੁੰਦੇ ਹੋਏ ਵੀ ਇਸ ਤੋਂ ਦੂਰੀ ਵੱਟਣ ਲੱਗ ਪਏ ਹਨ। ਨਿਰਪੱਖ ਵਿਗਿਆਨੀਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਅਖ਼ਬਾਰ ਬਿਲਕੁਲ ਸੁਰੱਖਿਅਤ ਹੈ। ਇੰਗਲੈਂਡ ਦੇ 'ਜੌਹਨ ਇਨਜ਼ ਕੇਂਦਰ' ਦੇ ਮਸ਼ਹੂਰ ਵਾਇਰਸ-ਵਿਗਿਆਨੀ ਜਾਰਜ ਲੈਮਨੋਸੌਫ਼ ਅਨੁਸਾਰ ਇਸ ਦੇ ਤਿੰਨ ਕਾਰਨ ਹਨ। ਪਹਿਲਾ, ਅਖ਼ਬਾਰੀ ਕਾਗਜ਼ ਮੁਸਾਮਦਾਰ ਹੁੰਦਾ ਹੈ ਜਿਸ ਉੱਤੇ ਕੋਈ ਵਾਇਰਸ ਮੁਸ਼ਕਿਲ ਨਾਲ ਹੀ ਚਿਪਕ ਸਕਦਾ ਹੈ। ਦੂਜੇ, ਛਪਾਈ ਲਈ ਵਰਤੀ ਜਾਣ ਵਾਲੀ ਰਸਾਇਣ-ਯੁਕਤ ਸਿਆਹੀ ਕਾਗਜ਼ ਨੂੰ ਕੀਟਾਣੂ-ਮੁਕਤ ਕਰ ਦਿੰਦੀ ਹੈ। ਤੀਜੇ, ਮਸ਼ੀਨੀਕਰਨ ਨਾਲ ਅਖ਼ਬਾਰਾਂ ਦੀ ਤਿਆਰੀ, ਛਪਾਈ, ਪੈਕਿੰਗ ਅਤੇ ਵੰਡ ਪ੍ਰਣਾਲੀ ਏਨੀ ਸਵੈਚਾਲਿਤ ਹੋ ਗਈ ਹੈ ਕਿ ਅਖ਼ਬਾਰ ਵੰਡਣ ਵਾਲਿਆਂ ਤੋਂ ਇਲਾਵਾ ਸ਼ਾਇਦ ਹੀ ਕੋਈ ਹੱਥ ਇਨ੍ਹਾਂ ਨੂੰ ਛੂੰਹਦਾ ਹੋਵੇ। ਜਦ ਅਸੀਂ ਅਣਗਿਣਤ ਹੱਥਾਂ ਵਿਚੋਂ ਹੋ ਕੇ ਆਉਣ ਵਾਲੀਆਂ ਸਬਜ਼ੀਆਂ, ਫਲ, ਦੁੱਧ ਆਦਿ ਖ਼ਰੀਦ ਰਹੇ ਹਾਂ, ਤਾਂ ਏਨੀ ਸਫ਼ਾਈ ਵਿਚ ਮਸ਼ੀਨਾਂ ਰਾਹੀਂ ਤਿਆਰ ਕੀਤੇ ਅਖ਼ਬਾਰਾਂ ਤੋਂ ਕਿਉਂ ਡਰੀਏ। ਇਸ ਸੰਕਟ ਦੀ ਘੜੀ ਵਿਚ ਸਾਨੂੰ ਇਨ੍ਹਾਂ ਰਾਹੀਂ ਯੋਗ ਅਗਵਾਈ ਲੈਣ ਦੀ ਬਹੁਤ ਲੋੜ ਹੈ। ਸਾਵਧਾਨੀ ਜ਼ਰੂਰ ਵਰਤੀਏ ਪਰ ਸਰੀਰ ਦੇ ਨਾਲ ਦਿਮਾਗ ਅਤੇ ਰੂਹ ਨੂੰ ਤਾਲਾਬੰਦ ਨਾ ਕਰੀਏ।

-ਪ੍ਰੋ: ਬਸੰਤ ਸਿੰਘ ਬਰਾੜ
305, ਮਾਡਲ ਟਾਊਨ (ਫੇਜ਼-1), ਬਠਿੰਡਾ।

ਬਿਮਾਰੀ ਦਾ ਡਟ ਕੇ ਮੁਕਾਬਲਾ ਕਰੋ
ਪਿਛਲੇ ਕੁਝ ਦਿਨਾਂ ਤੋਂ ਮੀਡੀਆ ਦੇ ਵੱਖ-ਵੱਖ ਸਾਧਨਾਂ ਉੱਪਰ ਇਹ ਪੜ੍ਹ-ਸੁਣ ਕੇ ਬਹੁਤ ਨਿਰਾਸ਼ਾ ਹੋ ਰਹੀ ਹੈ ਕਿ ਕੋਰੋਨਾ ਵਾਇਰਸ ਦੇ ਡਰ ਕਾਰਨ ਅਤੇ ਤਾਲਾਬੰਦੀ ਦੀ ਜਕੜ ਕਾਰਨ ਬਹੁਤ ਲੋਕਾਂ ਵਿਚ ਮਾਨਸਿਕ ਤਣਾਅ ਅਤੇ ਡਿਪਰੈਸ਼ਨ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਭਾਵੇਂ ਇਸ ਡਰ ਅਤੇ ਖੌਫ਼ ਪਿੱਛੇ ਕਈ ਸਰੀਰਕ, ਆਰਥਿਕ ਅਤੇ ਸਮਾਜਿਕ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ ਪਰ ਮਨੋਵਿਗਿਆਨਕ ਤੌਰ 'ਤੇ ਕਿਸੇ ਰੋਗ ਸਬੰਧੀ ਸੰਪੂਰਨ ਜਾਣਕਾਰੀ ਅਤੇ ਜਾਗਰੂਕਤਾ ਦੀ ਘਾਟ ਹੀ ਸਾਡੇ ਮਨਾਂ ਵਿਚ ਉਸ ਬਿਮਾਰੀ ਪ੍ਰਤੀ ਕਈ ਪ੍ਰਕਾਰ ਦੇ ਡਰ ਭੈਅ ਅਤੇ ਵਹਿਮ-ਭਰਮ ਉਪਜਾਉਂਦੀ ਹੈ। ਜਦੋਂ ਮਨੁੱਖ ਦਾ ਆਲਾ-ਦੁਆਲਾ ਅਤੇ ਪ੍ਰਸਥਿਤੀ ਅਚਾਨਕ ਬਦਲ ਜਾਵੇ ਅਤੇ ਉਸ ਨੂੰ ਮਹਾਂਮਾਰੀ ਦੇ ਸਹੀ ਕਾਰਨਾਂ, ਲੱਛਣਾਂ ਅਤੇ ਉਪਚਾਰ ਦੀ ਸਹੀ ਪਛਾਣ ਨਾ ਹੋਵੇ ਤਾਂ ਉਸ ਦੀ ਸੋਚ ਅਤੇ ਸਮਝ ਅਕਸਰ ਬੇਸਹਾਰਾ, ਬੇਚੈਨ ਅਤੇ ਬੇਵੱਸ ਹੋ ਜਾਂਦੀ ਹੈ। ਅਜਿਹੇ ਚੁਣੌਤੀਪੂਰਨ ਮਾਹੌਲ ਵਿਚ ਸਾਨੂੰ ਸਭ ਨੂੰ ਆਪਣੇ ਨਿੱਜੀ ਹਿਤਾਂ ਤੋਂ ਉੱਪਰ ਉੱਠ ਕੇ ਅਤੇ ਪੁਰਾਣੀਆਂ ਰੰਜਿਸ਼ਾਂ ਨੂੰ ਵਿਸਾਰ ਕੇ ਪੂਰੀ ਏਕਤਾ, ਜਾਗਰੂਕਤਾ ਅਤੇ ਨਿਡਰਤਾ ਨਾਲ ਆਪਣੀ ਸਾਂਝੀ ਦੁਸ਼ਮਣ ਬਿਮਾਰੀ ਦਾ ਡਟ ਕੇ ਮੁਕਾਬਲਾ ਕਰ ਕੇ ਇਸ ਉੱਤੇ ਫ਼ਤਹਿ ਪ੍ਰਾਪਤ ਕਰਨੀ ਚਾਹੀਦੀ ਹੈ।

-ਹਰਗੁਣਪ੍ਰੀਤ ਸਿੰਘ
137/2, ਗਲੀ ਨੰ: 5, ਅਰਜਨ ਨਗਰ, ਪਟਿਆਲਾ।

ਯੋਗ ਪ੍ਰਬੰਧਾਂ ਦੀ ਲੋੜ
ਦੁਨੀਆ ਦੇ ਵੱਡੇ ਹਿੱਸੇ ਵਿਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਫੈਲੀ ਹੋਈ ਹੈ। ਦੇਸ਼ ਦੁਨੀਆ ਵਿਚ ਮੌਤਾਂ ਦਾ ਕਹਿਰ ਜਾਰੀ ਹੈ। ਪੰਜਾਬ ਅੰਦਰ ਕਰਫ਼ਿਊ ਲੱਗਾ ਹੋਇਆ ਹੈ। ਅਜਿਹੀ ਸਥਿਤੀ ਵਿਚ ਲੋਕਾਂ ਦਾ ਘਰਾਂ ਅੰਦਰ ਰਹਿਣਾ ਲਾਜ਼ਮੀ ਹੈ। ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਕਣਕ ਦੀ ਵਾਢੀ ਦਾ ਸੀਜ਼ਨ ਆ ਗਿਆ ਹੈ। ਕਿਸਾਨਾਂ ਦੀਆਂ ਮੁਸ਼ਕਿਲਾਂ ਵਿਚ ਇਜ਼ਾਫ਼ਾ ਹੋ ਰਿਹਾ ਹੈ। ਮਜ਼ਦੂਰਾਂ ਦੀ ਕਿੱਲਤ ਹੋ ਰਹੀ ਹੈ। ਮੰਡੀਕਰਨ ਦੀ ਸਮੱਸਿਆ ਮੂੰਹ ਅੱਡੀ ਖੜ੍ਹੀ ਹੈ। ਸਰਕਾਰ ਨੂੰ ਇਸ ਮੁਸ਼ਕਿਲ ਦੀ ਘੜੀ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਕਿਸਾਨ ਤੇ ਆੜ੍ਹਤੀਏ ਦਾ ਰਿਸ਼ਤਾ ਬਹੁਤ ਸੁਖਾਵਾਂ ਹੈ। ਆੜ੍ਹਤੀਏ ਦੀ ਡਿਊਟੀ ਲਾ ਦੇਣੀ ਚਾਹੀਦੀ ਹੈ ਕਿ ਕਿਸਾਨਾਂ ਨੂੰ ਪਾਸ ਮੁਹੱਈਆ ਕਰਵਾਏ। ਇਕ ਕਿਸਾਨ ਦੀ ਪੂਰੀ ਫ਼ਸਲ ਦੀ ਚੁਕਾਈ ਇਕ ਵਾਰ ਹੋ ਜਾਵੇ। ਪੰਜ ਏਕੜ ਤੱਕ ਦੇ ਕਿਸਾਨਾਂ ਦੀ ਫ਼ਸਲ ਦੀ ਚੁਕਾਈ ਪਹਿਲਾਂ ਹੋ ਜਾਵੇ। ਵੱਡੇ ਕਿਸਾਨਾਂ ਨੂੰ ਕੁਝ ਦਿਨਾਂ ਲਈ ਰੋਕ ਲਿਆ ਜਾਵੇ ਤਾਂ ਸਮੱਸਿਆ ਹੱਲ ਹੋ ਜਾਵੇਗੀ। ਮੰਡੀਆਂ ਵਿਚ ਯੋਗ ਪ੍ਰਬੰਧ ਕਰ ਦਿੱਤੇ ਜਾਣ। ਪਿੰਡਾਂ ਦੇ ਪਤਵੰਤੇ ਲੋਕਾਂ ਦੀਆਂ ਕਮੇਟੀਆਂ ਬਣਾ ਕੇ ਉਸਾਰੂ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਤਰ੍ਹਾਂ ਅਸੀਂ ਇਸ ਸਮੱਸਿਆ ਤੋਂ ਬਾਹਰ ਆ ਸਕਦੇ ਹਾਂ।

-ਸੀਰਾ ਗਰੇਵਾਲ
ਰੌਂਤਾ, ਮੋਗਾ।

ਅਫ਼ਗਾਨਿਸਤਾਨ 'ਚ ਹੋਇਆ ਹਮਲਾ
ਅਫ਼ਗਾਨਿਸਤਾਨ 'ਚ ਗੁਰਦੁਆਰੇ 'ਤੇ ਹੋਏ ਹਮਲੇ ਨੇ ਸਾਕਾ ਨਨਕਾਣਾ ਸਾਹਿਬ ਦਾ ਚੇਤੇ ਕਰਵਾ ਦਿੱਤਾ। 1921 ਈ: ਵਿਚ ਵੀ ਮਹੰਤ ਨਰੈਣ ਦਾਸ ਦੇ ਗੁੰਡਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਸ਼ਾਂਤ ਬੈਠੇ ਸਿੱਖਾਂ 'ਤੇ ਹਮਲਾ ਕਰਵਾ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਸੀ। ਇਹ ਹਮਲਾ ਵੀ ਬਿਲਕੁਲ ਉਸੇ ਤਰ੍ਹਾਂ ਹੀ ਕੀਤਾ ਗਿਆ। ਕਰਨ ਤੇ ਕਰਾਉਣ ਵਾਲੇ ਲਾਪਤਾ ਦੱਸੇ ਜਾ ਰਹੇ ਹਨ। ਇਤਿਹਾਸ ਗਵਾਹ ਹੈ ਜਦੋਂ ਵੀ ਕੋਈ ਆਫ਼ਤ ਆਈ ਹੈ ਤਾਂ ਸਿੱਖਾਂ ਨੇ ਹਰੇਕ ਮੁਸੀਬਤ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਚਾਹੇ ਉਹ ਫ਼ੌਜੀ ਜੰਗ ਹੋਵੇ ਜਾਂ ਲੋੜਵੰਦਾਂ ਨੂੰ ਰਹਿਣ, ਖਾਣ-ਪੀਣ ਲਈ ਭੋਜਨ ਦੀ ਲੋੜ ਹੀ ਕਿਉਂ ਨਾ ਹੋਵੇ। ਪਰ ਕਦੇ ਵੀ ਸਿੱਖਾਂ ਦੀ ਸੁਰੱਖਿਆ ਲਈ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਗਏ। ਇਸ ਹਮਲੇ ਨੇ ਸਿੱਖਾਂ ਦੀ ਆਤਮਾ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ। ਅਜਿਹੇ ਅੱਤਵਾਦੀ ਹਮਲੇ ਰੁਕਣੇ ਚਾਹੀਦੇ ਹਨ। ਇਹ ਮਨੁੱਖਤਾ ਦੀ ਸੁਰੱਖਿਆ ਲਈ ਕੋਈ ਚੰਗੇ ਸੰਕੇਤ ਨਹੀਂ।

-ਸੁਰਜੀਤ ਸਿੰਘ 'ਦਿਲਾ ਰਾਮ'
ਫ਼ਿਰੋਜ਼ਪੁਰ।

21-04-2020

 ਪ੍ਰਦੂਸ਼ਣ ਮੁਕਤ ਵਾਤਾਵਰਨ

ਕੋਰੋਨਾ ਨਾਂਅ ਦੀ ਭਿਆਨਕ ਬਿਮਾਰੀ ਨੇ ਸਾਰਾ ਸੰਸਾਰ ਘਰਾਂ ਵਿਚ ਬੰਦ ਕਰ ਦਿੱਤਾ ਹੈ। ਸਰਕਾਰਾਂ ਨੇ ਤਾਲਾਬੰਦੀ ਅਤੇ ਕਰਫ਼ਿਊ ਲਾ ਕੇ ਸਭ ਆਵਾਜਾਈ ਬੰਦ ਕਰ ਕੇ ਲੋਕਾਂ ਨੂੰ ਦੱਸਿਆ ਕਿ ਬੱਸ ਘਰਾਂ ਵਿਚ ਬੈਠ ਕੇ ਹੀ ਇਸ ਨਾਮੁਰਾਦ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਪਿਛਲੇ ਜਿੰਨੇ ਦਿਨਾਂ ਤੋਂ ਸਭ ਕੁਝ ਬੰਦ ਹੋਇਆ ਹੈ, ਇਸ ਦੇ ਦੂਜੇ ਪਾਸੇ ਵਾਤਾਵਰਨ ਪੂਰੀ ਤਰ੍ਹਾਂ ਸਾਫ਼ ਹੋ ਗਿਆ। ਹਰ ਰੋਜ਼ ਦੀ ਅੰਨ੍ਹੇਵਾਹ ਆਵਾਜਾਈ ਨੇ ਲੋਕਾਂ ਨੂੰ ਸਾਹ ਲੈਣਾ ਔਖਾ ਕੀਤਾ ਹੋਇਆ ਸੀ। ਇਥੋਂ ਤੱਕ ਕਿ ਦਮੇ ਵਰਗੀ ਬਿਮਾਰੀ ਤੋਂ ਪ੍ਰਭਾਵਿਤ ਲੋਕਾਂ ਨੂੰ ਇਸ ਪ੍ਰਦੂਸ਼ਣ ਮੁਕਤ ਵਾਤਾਵਰਨ ਵਿਚ ਪੁਨਰਜਨਮ ਹੋਇਆ ਮਹਿਸੂਸ ਹੋ ਰਿਹਾ ਹੈ। ਇਸ ਸਾਫ਼-ਸੁਥਰੇ ਵਾਤਾਵਰਨ ਵਿਚ ਆਕਾਸ਼ ਚਮਕਾ ਮਾਰ ਰਿਹਾ ਹੈ। ਆਪਣੇ ਘਰ ਦੀ ਛੱਤ ਤੋਂ ਦੂਰ-ਦੂਰ ਤੱਕ ਦੇ ਪਹਾੜੀ ਦ੍ਰਿਸ਼ ਆਮ ਹੀ ਵਿਖਾਈ ਦੇਣ ਲੱਗ ਪਏ ਹਨ। ਹੋਰ ਤਾਂ ਹੋਰ ਪਸ਼ੂ ਪੰਛੀ ਵੀ ਇਸ ਸਾਫ਼-ਸੁਥਰੇ ਵਾਤਾਵਰਨ ਵਿਚ ਖੁਸ਼ੀ ਦੀਆਂ ਉਡਾਰੀਆਂ ਲਾਉਂਦੇ ਫਿਰਦੇ ਹਨ।

-ਡਾ: ਜਰਨੈਲ ਸਿੰਘ
ਪਿੰਡ ਭੈਣੀ ਬੜਿੰਗਾ, ਜ਼ਿਲ੍ਹਾ ਲੁਧਿਆਣਾ।

ਰਾਸ਼ਨ ਦੀ ਵੰਡ

ਸਾਰਾ ਸੰਸਾਰ ਕੋਰੋਨਾ ਨਾਂਅ ਦੀ ਇਸ ਨਾਮੁਰਾਦ ਬਿਮਾਰੀ ਨਾਲ ਲੜ ਰਿਹਾ ਹੈ। ਸਰਕਾਰ ਵਲੋਂ ਲੋਕਾਂ ਨੂੰ ਘਰਾਂ ਵਿਚ ਰਹਿਣ ਲਈ ਕਿਹਾ ਗਿਆ ਹੈ। ਗ਼ਰੀਬ ਲੋਕ ਇਸ ਸਮੇਂ ਵਿਚ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ, ਕਿਉਂਕਿ ਉਨ੍ਹਾਂ ਦਾ ਚੁੱਲ੍ਹਾ ਹਰ ਰੋਜ਼ ਦੀ ਕਮਾਈ ਨਾਲ ਹੀ ਚਲਦਾ ਸੀ। ਬੇਸ਼ੱਕ ਸਮਾਜ ਸੇਵੀ ਸੰਸਥਾਵਾਂ ਅਤੇ ਰਾਜਨੀਤਕ ਆਗੂਆਂ ਵਲੋਂ ਇਨ੍ਹਾਂ ਲੋੜਵੰਦ ਲੋਕਾਂ ਨੂੰ ਘਰ ਦਾ ਜ਼ਰੂਰਤੀ ਰਾਸ਼ਨ ਵੰਡਿਆ ਜਾ ਰਿਹਾ ਹੈ। ਪਰ ਬਹੁਤ ਸਾਰੇ ਲੋੜਵੰਦ ਘਰ ਇਸ ਰਾਸ਼ਨ ਦੀ ਵੰਡ ਤੋਂ ਕਾਫੀ ਦੂਰ ਰਹਿ ਜਾਂਦੇ ਹਨ। ਇਸ ਵੰਡ ਸਮੇਂ ਕਾਫੀ ਮੁਹਤਬਰ ਬੰਦੇ ਆਪਣੀ ਪ੍ਰਧਾਨਗੀ ਦੀ ਵੀ ਧੋਂਸ ਜਮਾਉਂਦੇ ਹੋਣਗੇ। ਬਾਕੀ ਰਾਸ਼ਨ ਵੰਡਣ ਸਮੇਂ ਹੋ ਸਕੇ ਤਾਂ ਫੋਟੋ ਖਿੱਚਣ ਤੋਂ ਵੀ ਪ੍ਰਹੇਜ਼ ਕਰ ਲਿਆ ਕਰੋ ਕਿਉਂਕਿ ਇਹ ਰਾਸ਼ਨ ਵੀ ਤਾਂ ਹੀ ਵੰਡਿਆ ਜਾ ਰਿਹਾ ਹੈ। ਜੇਕਰ ਅੱਜ ਮਾੜਾ ਸਮਾਂ ਸਾਡੇ ਦਰਾਂ 'ਤੇ ਆ ਖੜ੍ਹਾ ਹੋਇਆ ਹੈ। ਇਹ ਸਭ ਮਿਹਨਤੀ ਲੋਕ ਨੇ ਇਹ ਵੀ ਪਹਿਲਾਂ ਕਦੇ ਮੰਗ ਕੇ ਨਹੀਂ ਖਾਂਦੇ ਸਨ ਅਤੇ ਆਪਾਂ ਵੀ ਹਰ ਰੋਜ਼ ਦਾਨ ਨਹੀਂ ਕਰਦੇ ਸੀ। ਸੋ, ਇਸ ਔਖੀ ਘੜੀ ਵਿਚ ਸਭ ਨੂੰ ਪਰਮਾਤਮਾ ਦਾ ਰੂਪ ਸਮਝ ਕੇ ਸਭ ਦਾ ਸਾਥ ਦੇਈਏ।

-ਲੈਕ: ਸੁਖਦੀਪ 'ਸੁਖਾਣਾ'
ਪਿੰਡ ਸੁਖਾਣਾ, ਜ਼ਿਲ੍ਹਾ ਲੁਧਿਆਣਾ।

ਪੱਤਰਕਾਰਾਂ ਦਾ ਵੀ ਕੀਤਾ ਜਾਵੇ ਬੀਮਾ

ਜਿਸ ਤਰ੍ਹਾਂ ਪੁਲਿਸ ਹੈਲਥ ਵਿਭਾਗ ਦੇ ਕਰਮਚਾਰੀ, ਡਾਕਟਰ, ਨਰਸਾਂ ਕੋਰੋਨਾ ਵਾਇਰਸ ਦੇ ਚਲਦਿਆਂ ਆਪਣੇ-ਆਪ ਨੂੰ ਜੋਖ਼ਮ ਵਿਚ ਪਾ ਕੇ ਡਿਊਟੀ ਕਰ ਰਹੇ ਹਨ, ਉਨ੍ਹਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਨੇ ਜੀਵਨ ਬੀਮਾ ਯੋਜਨਾ ਦਾ 50 ਲੱਖ ਦਾ ਐਲਾਨ ਕੀਤਾ ਹੈ। ਸ਼ਲਾਘਾਯੋਗ ਫ਼ੈਸਲਾ ਹੈ। ਇਸ ਨਾਲ ਕਰਮਚਾਰੀਆਂ ਦਾ ਮਨੋਬਲ ਵਧੇਗਾ ਤੇ ਉਨ੍ਹਾਂ ਵਿਚ ਰੋਗੀਆਂ ਦੀ ਸੇਵਾ ਕਰਨ ਦੀ ਭਾਵਨਾ ਪੈਦਾ ਹੋਵੇਗੀ। ਹਰ ਇਕ ਇਮਾਨਦਾਰੀ ਨਾਲ ਡਿਊਟੀ ਨਿਭਾਏਗਾ। ਕੋਰੋਨਾ ਨੂੰ ਮਾਰ ਭਜਾਏਗਾ। ਪੱਤਰਕਾਰ ਵੀ ਦੇਸ਼ ਦੀ ਹੱਡੀ ਹਨ। ਆਪਣੇ-ਆਪ ਨੂੰ ਜੋਖ਼ਮ ਵਿਚ ਪਾ ਕੇ ਆਪ ਨੂੰ ਰੋਜ਼ਾਨਾ ਤਾਜ਼ੀਆਂ ਖ਼ਬਰਾਂ ਦਿੰਦੇ ਹਨ। ਹੁਣ ਕੋਰੋਨਾ ਵਾਇਰਸ ਦੇ ਚਲਦਿਆਂ ਭੀੜ-ਭੜੱਕੇ ਵਾਲੀ ਜਗ੍ਹਾ ਜਾ ਕੇ ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਜਾਣਕਾਰੀ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਦੀ ਵੀ ਸਿਹਤ ਤੇ ਸੁਰੱਖਿਆ ਨੂੰ ਮੁੱਖ ਰੱਖ ਕੇ ਉਨ੍ਹਾਂ ਨੂੰ ਵੀ ਬੀਮੇ ਦੀ ਸਹੂਲਤ ਦੇਣੀ ਚਾਹੀਦੀ ਹੈ। ਇਸ ਨਾਲ ਪੱਤਰਕਾਰ ਜਦੋਂ ਸੱਚੀ ਖ਼ਬਰ ਦਿੰਦੇ ਹਨ, ਉਨ੍ਹਾਂ ਦੀ ਜਾਨ ਨੂੰ ਵੀ ਖ਼ਤਰਾ ਬਣਿਆ ਰਹਿੰਦਾ ਹੈ।
ਹੁਣ ਜਦੋਂ ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕ ਘਰਾਂ ਵਿਚ ਬੈਠੇ ਹਨ, ਇਹ ਲੋਕ ਫੀਲਡ ਵਿਚ ਸੇਵਾ ਕਰ ਰਹੇ ਹਨ। ਸਰਕਾਰ ਨੂੰ ਜਲਦੀ ਤੋਂ ਜਲਦੀ ਇਨ੍ਹਾਂ ਨੂੰ ਵੀ ਬੀਮਾ ਦੇਣ ਦਾ ਹੁਕਮ ਪਾਸ ਕਰ ਦੇਣਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ।

ਕੋਰੋਨਾ ਪ੍ਰਤੀ ਗੰਭੀਰਤਾ

ਕੋਰੋਨਾ ਦੇ ਮਾਤਮ ਹੇਠ ਸਾਰਾ ਸੰਸਾਰ ਨਾਜ਼ੁਕ ਦੌਰ ਵਿਚੋਂ ਗੁਜ਼ਰ ਰਿਹਾ ਹੈ। ਇਸ ਕੋਵਿਡ-19 ਨਾਮਕ ਭਿਆਨਕ ਵਾਇਰਸ ਨੇ ਵਿਕਸਿਤ ਦੇਸ਼ਾਂ ਦੇ ਹੱਥ ਖੜ੍ਹੇ ਕਰਵਾ ਦਿੱਤੇ ਹਨ। ਹੁਣ ਸਾਡੇ ਦੇਸ਼ ਲਈ ਇਮਤਿਹਾਨ ਦੀ ਘੜੀ ਚੱਲ ਰਹੀ ਹੈ। ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਵਿਸ਼ਵ ਦੇ ਘੱਟ ਆਬਾਦੀ ਵਾਲੇ, ਸਿਹਤ ਸਹੂਲਤਾਂ ਪੱਖੋਂ ਸਮਰੱਥ, ਅਮੀਰ ਦੇਸ਼ ਇਸ ਬਿਮਾਰੀ ਸਾਹਮਣੇ ਬੇਵੱਸ ਨਜ਼ਰ ਆਏ ਹਨ। ਜੇ ਅਸੀਂ ਆਪਣੇ ਭਾਰਤ ਪ੍ਰਾਂਤ ਦੀ ਗੱਲ ਕਰੀਏ ਤਾਂ ਇਹ ਸੰਘਣੀ ਵਸੋਂ ਵਾਲਾ ਗ਼ਰੀਬ ਦੇਸ਼ ਹੈ।
ਇਥੇ ਸਿਹਤ ਸਹੂਲਤਾਂ ਦੀ ਕਮੀ ਹੈ ਅਤੇ ਸਰਕਾਰੀ ਹਸਪਤਾਲਾਂ ਦੇ ਹਾਲਾਤ ਵੀ ਬਹੁਤੇ ਚੰਗੇ ਨਹੀਂ ਹਨ। ਜਿੰਨਾ ਸੰਭਵ ਹੋ ਸਕੇ, ਇਸ ਮਹਾਂਮਾਰੀ ਨੂੰ ਰੋਕਣ ਦੇ ਯਤਨ ਕਰਨੇ ਚਾਹੀਦੇ ਹਨ। ਹਾਲੇ ਤਾਂ ਇਹ ਵਾਇਰਸ ਕਾਬੂ ਹੇਠ ਹੈ। ਜੇਕਰ ਇਹ ਵਾਇਰਸ ਜ਼ਿਆਦਾ ਫੈਲਦਾ ਹੈ ਤਾਂ ਇਸ ਨਾਲ ਨਿਪਟਣਾ ਅਤਿ ਕਠਿਨ ਹੋਵੇਗਾ। ਦੇਸ਼ ਦੀ ਆਰਥਿਕਤਾ ਅਤੇ ਵਿਕਾਸ ਦਰ ਪਹਿਲਾਂ ਨਾਲੋਂ ਵੀ ਘੱਟ ਜਾਵੇਗੀ। ਨਾਗਰਿਕਾਂ ਨੂੰ ਮਜ਼ਾਕ ਅਤੇ ਅਫ਼ਵਾਹਾਂ ਦਾ ਰੁਝਾਨ ਛੱਡ ਸਰਕਾਰ ਅਤੇ ਪ੍ਰਸ਼ਾਸਨ ਦੇ ਹੁਕਮਾਂ ਦਾ ਪਾਲਣ ਕਰਨ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਸਰਕਾਰ ਨੂੰ ਸਹਿਯੋਗ ਦੇ ਕੇ ਅਸੀਂ ਕੋਰੋਨਾ ਦੀ ਰੋਕਥਾਮ ਕਰ ਸਕਦੇ ਹਾਂ।

-ਗੁਰਪ੍ਰੀਤ ਸਿੰਘ ਔਲਖ
ਪਿੰਡ ਦਿਆਲਗੜ੍ਹ, ਬਟਾਲਾ।

ਕਿਸੇ ਨੂੰ ਵੀ ਬੁਰਾ-ਭਲਾ ਕਹਿਣ ਤੋਂ ਬਚਿਆ ਜਾਏ

ਅੱਜ ਸਮੁੱਚੇ ਵਿਸ਼ਵ ਵਿਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਕਾਫੀ ਉਥਲ-ਪੁਥਲ ਮਚਾਈ ਹੋਈ ਹੈ। ਹਰ ਕੋਈ ਇਸ ਮਹਾਂਮਾਰੀ ਤੋਂ ਘਬਰਾ ਗਿਆ ਹੈ। ਪਰਮਾਤਮਾ ਕਰੇ! ਇਸ ਭਿਅੰਕਰ ਮਹਾਂਮਾਰੀ ਤੋਂ ਸਮੁੱਚੇ ਵਿਸ਼ਵ ਨੂੰ ਜਲਦੀ ਤੋਂ ਜਲਦੀ ਨਿਜ਼ਾਤ ਮਿਲੇ ਅਤੇ ਹਰ ਕੋਈ ਆਪਣੇ ਘਰ-ਪਰਿਵਾਰ ਸਮੇਤ ਤੰਦਰੁਸਤ, ਖੁਸ਼ ਅਤੇ ਚੜ੍ਹਦੀ ਕਲਾ ਵਿਚ ਰਹੇ। ਇਸ ਸੰਕਟ ਦੀ ਘੜੀ ਵਿਚ ਸਾਨੂੰ ਵੈਰ-ਵਿਤਕਰੇ ਭੁੱਲ-ਭੁਲਾ ਕੇ ਸਮੁੱਚੇ ਮਾਨਵਤਾ ਦੀ ਭਲਾਈ ਲਈ ਯਥਾਸੰਭਵ ਉਪਰਾਲੇ ਕਰਨ ਨੂੰ ਤਰਜੀਹ ਦੇਣੀ ਬਣਦੀ ਹੈ ਅਤੇ ਅਨੇਕਾਂ ਮਹਾਂਪੁਰਖ, ਧਾਰਮਿਕ ਸੰਸਥਾਵਾਂ, ਸਵੈ-ਸੇਵੀ ਸੰਸਥਾਵਾਂ, ਸਮਾਜ ਭਲਾਈ ਸਬੰਧੀ ਸੰਸਥਾਵਾਂ ਅਤੇ ਹੋਰ ਪਰਉਪਕਾਰੀ ਇਨਸਾਨ ਮਨੁੱਖਤਾ ਦੀ ਭਲਾਈ ਲਈ ਆਪਣੇ ਪੱਧਰ 'ਤੇ ਤਰ੍ਹਾਂ-ਤਰ੍ਹਾਂ ਦੇ ਉਪਰਾਲੇ ਕਰ ਰਹੇ ਹਨ। ਸਾਨੂੰ ਸਾਫ਼-ਸਫ਼ਾਈ, ਹੱਥਾਂ-ਪੈਰਾਂ ਨੂੰ ਧੋਣਾ, ਘਰੋਂ ਬਾਹਰ ਨਾ ਨਿਕਲਣਾ ਆਦਿ ਸਾਵਧਾਨੀਆਂ ਵੀ ਜ਼ਰੂਰ ਰੱਖਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਸਾਨੂੰ ਸੋਸ਼ਲ ਮੀਡੀਆ ਆਦਿ 'ਤੇ ਇਸ ਮਹਾਂਮਾਰੀ ਸਬੰਧੀ ਜਾਂ ਹੋਰ ਮਾਨਵਤਾ ਵਿਰੋਧੀ ਨਕਾਰਾਤਮਕ ਸੂਚਨਾਵਾਂ, ਅਫ਼ਵਾਹਾਂ ਜਾਂ ਸਮਾਜ ਵਿਰੋਧੀ ਤੇ ਭੜਕਾਊ ਸੰਦੇਸ਼ ਭੇਜਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਤਾਂ ਜੋ ਪੰਜਾਬ ਅਤੇ ਸਮੁੱਚੇ ਦੇਸ਼ ਵਿਚ ਅਮਨ ਸ਼ਾਂਤੀ ਬਣੀ ਰਹੇ। ਪ੍ਰਵਾਸੀ ਪੰਜਾਬੀਆਂ ਦਾ ਦੇਸ਼ ਦੀ ਰਾਜਨੀਤੀ, ਆਰਥਿਕਤਾ ਅਤੇ ਸਮਾਜ ਭਲਾਈ ਦੇ ਕੰਮਾਂ ਵਿਚ ਬਹੁਤ ਅਹਿਮ ਯੋਗਦਾਨ ਰਿਹਾ ਹੈ। ਇਸ ਮਹਾਂਮਾਰੀ ਨੂੰ ਕਿਸੇ ਖ਼ਾਸ ਸਥਾਨ ਨਾਲ ਜੋੜਨ ਅਤੇ ਉਸ ਨੂੰ ਬੁਰਾ-ਭਲਾ ਕਹਿਣ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ, ਤਾਂ ਜੋ ਸਮੁੱਚੇ ਦੇਸ਼ ਵਿਚ ਅਤੇ ਪੰਜਾਬ ਵਿਚ ਸਾਰੇ ਰਲ-ਮਿਲ ਕੇ ਅਮਨ-ਅਮਾਨ ਅਤੇ ਆਪਸੀ ਭਾਈਚਾਰਕ ਸਾਂਝ ਵਿਚ ਰਹਿਣ ਅਤੇ ਡਟ ਕੇ ਇਸ ਸਮੱਸਿਆ ਨਾਲ ਲੜ ਸਕਣ।

-ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ।

19-04-2020

ਪੁਲਿਸ ਦੀ ਭੂਮਿਕਾ
ਕੋਰੋਨਾ ਮਹਾਂਮਾਰੀ ਦੇ ਚਲਦੇ ਜਿਥੇ ਡਾਕਟਰ, ਨਰਸਾਂ, ਪੈਰਾ-ਮੈਡੀਕਲ ਸਟਾਫ ਤੇ ਸਫਾਈ ਕਰਮਚਾਰੀ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਦਿਨ-ਰਾਤ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ, ਉਥੇ ਹੀ ਪੁਲਿਸ ਵਾਲੇ ਵੀ ਕਰਫਿਊ, ਲਾਕਡਾਊਨ ਨੂੰ ਪੂਰੀ ਤਰ੍ਹਾਂ ਲਾਗੂ ਕਰਾਉਣ ਦੇ ਨਾਲ-ਨਾਲ ਲੋੜਵੰਦ ਲੋਕਾਂ ਦੀ ਤਨਦੇਹੀ ਨਾਲ ਮਦਦ ਕਰ ਰਹੇ ਹਨ | ਪੁਲਿਸ ਨੂੰ ਹਰ ਵਕਤ ਲੋਕਾਂ ਵਿਚੋਂ ਗੁਜ਼ਰਨਾ ਪੈਂਦਾ ਹੈ ਅਤੇ ਕਈ ਪੁਲਿਸ ਅਧਿਕਾਰੀ ਤੇ ਕਰਮਚਾਰੀ ਇਸ ਭਿਆਨਕ ਬਿਮਾਰੀ ਨਾਲ ਪੀੜਤ ਹੋ ਰਹੇ ਹਨ ਅਤੇ ਲੋਕਾਂ ਦੇ ਗ਼ੈਰ-ਮਨੁੱਖੀ ਵਰਤਾਰੇ ਦਾ ਵੀ ਸ਼ਿਕਾਰ ਹੋ ਰਹੇ ਹਨ, ਜਿਵੇਂ ਕਿ ਪਿਛਲੇ ਦਿਨੀਂ ਪਟਿਆਲਾ ਵਿਚ ਇਕ ਪੁਲਿਸ ਅਧਿਕਾਰੀ ਨਾਲ ਦੁਖਾਂਤ ਵਾਪਰਿਆ ਹੈ, ਜਿਹੜੀ ਕਿ ਬੜੀ ਹੀ ਨਿੰਦਣਯੋਗ ਘਟਨਾ ਹੈ | ਇਸੇ ਹੀ ਤਰ੍ਹਾਂ ਪਿਛਲੇ ਦਿਨੀਂ ਪੁਲਿਸ ਵਲੋਂ ਇਕ ਔਰਤ ਦੀ ਡਲਿਵਰੀ ਕਰਾਉਣ ਵਿਚ ਪੂਰਾ ਸਹਿਯੋਗ ਕੀਤਾ ਅਤੇ ਇਕ ਔਰਤ ਜਿਸ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ, ਸਸਕਾਰ ਵੀ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਵਲੋਂ ਕੀਤਾ ਗਿਆ, ਜਦੋਂ ਕਿ ਉਸ ਔਰਤ ਦੇ ਆਪਣੇ ਉਸ ਤੋਂ ਪਾਸਾ ਵੱਟ ਗਏ ਸਨ | ਕੋਰੋਨਾ ਦੀ ਚਲਦੀ ਮਹਾਂਮਾਰੀ ਵਿਚ ਪੁਲਿਸ ਦੀ ਛਵੀ ਵਿਚ ਬਹੁਤ ਬਦਲਾਅ ਆਇਆ ਹੈ | ਸੋ, ਸਰਕਾਰ ਨੂੰ ਅਜਿਹੇ ਹੋਰ ਵੀ ਬਹਾਦਰ ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਨੂੰ ਵਿਸ਼ੇਸ਼ ਤਰੱਕੀਆਂ ਅਤੇ ਸਨਮਾਨ ਦਿੱਤੇ ਜਾਣੇ ਚਾਹੀਦੇ ਹਨ |

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ |

ਕਾਹਲ ਕਿਸ ਕੰਮ ਆਈ...?
ਬਹੁਤ ਕਾਹਲ ਹੁੰਦੀ ਸੀ | ਕਿਤੇ ਜਾਣ ਦੀ ਕਿਤੋਂ ਆਉਣ ਦੀ | ਇੰਜ ਲਗਦਾ ਸੀ ਕਿਤੇ ਕੋਈ ਟਾਈਮ ਨਾ ਖੁੰਝ ਜਾਵੇ | ਮੈਂ ਉਸ ਕੰਮ ਤੋਂ ਰਹਿ ਨਾ ਜਾਵਾਂ, ਮੇਰੇ ਬਿਨਾਂ ਇਹ ਕੰਮ ਹੋ ਹੀ ਨਹੀਂ ਸਕਦਾ | ਮੈਂ ਸਭ ਤੋਂ ਪਹਿਲਾਂ ਜਾਵਾਂ, ਸਭ ਤੋਂ ਅੱਗੇ ਹੋਵਾਂ | ਪਰ ਹੁਣ ਕੀ ਹੋ ਗਿਆ 22 ਤਰੀਕ ਤੋਂ ਸਭ ਕੁਝ ਬੰਦ ਸਾਰਾ ਸੰਸਾਰ ਹੀ ਬੰਦ, ਸਾਰੇ ਇਨਸਾਨਾਂ ਨੂੰ ਕੀ ਹੋ ਗਿਆ, ਸਭ ਖ਼ਤਮ ਹੋ ਗਿਆ | ਕਾਹਲ ਮੁੱਕ ਗਈ, ਹਾਰਨ ਸ਼ੋਰ ਗੁੱਲ ਕਿਧਰ ਗਿਆ, ਸਭ ਫਾਟਕ ਤਾਂ ਖੱੁਲ੍ਹੇ ਹਨ ਪਰ ਲੰਘ ਕੋਈ ਨਹੀਂ ਰਿਹਾ, ਬਿਨਾਂ ਪੰਛੀਆਂ, ਜਾਨਵਰਾਂ ਤੋਂ, ਸਭ ਕਿਧਰ ਗਏ | ਕੋਈ ਬੱਚਾ, ਕੋਈ ਬੁੱਢਾ, ਜਵਾਨ ਦਿਸ ਨਹੀਂ ਰਹੇ | ਸਭ ਪਾਸੇ ਸੁੰਨਸਾਨ ਕਿਉਂ ਹੈ | ਕੀ ਇਹ ਸਾਡੀ ਕਾਹਲ ਦਾ ਨਤੀਜਾ ਹੈ | ਸੋਚਣ ਵਾਲੀ ਗੱਲ ਹੈ | ਸੋਚੋ ਸਾਰੇ, ਪਰ ਘਰ ਬੈਠ ਕੇ ਕਾਹਲ ਸਾਡੇ ਕਿਸ ਕੰਮ ਆਈ, ਸਮਝੋ ਬਾਹਰ...?

-ਅਵਤਾਰ ਕਮਾਲ
ਆਦਰਸ਼ ਨਗਰ, ਧਰਮਕੋਟ |

ਬੱਚਿਆਂ ਨੂੰ ਕਾਬਲ ਬਣਾਈਏ
ਵਧਦੀ ਅਬਾਦੀ ਦੇ ਨਾਲ-ਨਾਲ ਦਿਨੋ-ਦਿਨ ਘਟ ਰਹੇ ਰੁਜ਼ਗਾਰ ਦੇ ਵਸੀਲੇ ਨੌਜਵਾਨ ਵਰਗ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ | ਦੂਸਰਾ ਸਾਡੇ ਸਕੂਲਾਂ ਦੀ ਸਿੱਖਿਆ ਨੂੰ ਸਿਰਫ ਨੌਕਰੀ ਦੇ ਨਜ਼ਰੀਏ ਤੋਂ ਹੀ ਵੇਖਿਆ ਜਾਂਦਾ ਹੈ | ਜਦਕਿ ਸਿੱਖਿਆ ਨੂੰ ਸ਼ਖ਼ਸੀਅਤ ਅਤੇ ਕੰਮ ਕਰਨ ਦੀ ਯੋਗਤਾ ਤੇ ਵਿਕਾਸ ਦੇ ਨਜ਼ਰੀਏ ਤੋਂ ਦੇਖੇ ਜਾਣ ਦੀ ਲੋੜ ਹੈ | ਅਸੀਂ ਆਪਣੇ ਬੱਚਿਆਂ ਨੂੰ ਮਹਿੰਗੇ ਤੋਂ ਮਹਿੰਗੇ ਸਕੂਲ ਵਿਚ ਅਤੇ ਮਹਿੰਗੇ ਤੋਂ ਮਹਿੰਗੇ ਕੋਰਸ ਵਿਚ ਸਿਰਫ ਇਸ ਲਈ ਦਾਖਲ ਕਰਵਾਉਂਦੇ ਹਾਂ ਕਿ ਸਾਡਾ ਬੱਚਾ ਚੰਗੀ ਨੌਕਰੀ 'ਤੇ ਲਗ ਜਾਵੇ | ਪਰ ਸਾਡੇ ਬੱਚੇ ਰੱਟੇ-ਰਟਾਏ ਸਵਾਲਾਂ ਦੇ ਜਵਾਬ ਦੇ ਕੇ ਡਿਗਰੀ ਕਰ ਲੈਂਦੇ ਹਨ | ਪਰ ਇਨ੍ਹਾਂ ਵਿਚ ਕਮੀ ਪ੍ਰਤੀ ਪੂਰੀ ਯੋਗਤਾ ਨਾ ਹੋਣ ਕਾਰਨ ਉਨ੍ਹਾਂ ਦੀ ਕਿਤੇ ਵੀ ਮੰਗ ਨਹੀਂ ਹੁੰਦੀ | ਚੰਗੇ ਨੰਬਰ ਤਾਂ ਕੋਈ ਵੀ ਵਿਦਿਆਰਥੀ ਰੱਟਾ ਲਾ ਕੇ ਜਾਂ ਨਕਲ ਮਾਰ ਕੇ ਪ੍ਰਾਪਤ ਕਰ ਸਕਦਾ ਹੈ, ਪਰ ਲੋੜ ਹੈ ਗਿਆਨ ਅਤੇ ਹੁਨਰ ਵਧਾ ਕੇ ਬੱਚਿਆਂ ਨੂੰ ਕਾਬਲ ਬਣਾਉਣ ਦੀ |

-ਸੰਦੀਪ ਕੰਬੋਜ
ਗੋਲੂ ਕਾ ਮੋੜ, ਤਹਿਸੀਲ ਗੁਰੂਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ |

ਕੋਰੋਨਾ ਵਾਇਰਸ ਦਾ ਖੌਫ਼
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਸਫੇ 'ਤੇ ਡਾ: ਸੁਖਦੇਵ ਸਿੰਘ ਦਾ ਲੇਖ 'ਕੋਰੋਨਾ ਮਹਾਂਮਾਰੀ ਦਾ ਖੌਫ਼' ਪੜਿ੍ਹਆ | ਜਿਸ ਵਿਚ ਲੇਖਕ ਨੇ ਕੋਰੋਨਾ ਮਹਾਂਮਾਰੀ ਫੈਲਣ ਦੇ ਕਾਰਨ ਅਤੇ ਬਾਅਦ 'ਚ ਉਪਜਣ ਵਾਲੀ ਸਥਿਤੀ ਬਾਰੇ ਖੁੱਲ੍ਹ ਕੇ ਆਪਣੇ ਵਿਚਾਰ ਪੇਸ਼ ਕੀਤੇ ਕਿ ਕਿਸੇ ਮਨੁੱਖ ਜਾਂ ਦੇਸ਼ ਦੀ ਛੇੜਖਾਨੀ ਕਰਕੇ ਉਪਜਿਆ ਕੋਰੋਨਾ ਨਾਮਕ ਅਜਿਹਾ ਖੌਫ਼ਨਾਕ ਵਾਇਰਸ ਹੈ ਜਿਸ ਦੇ ਖੂਨੀ ਪੰਜੇ ਵਿਚ ਪੈਦਾ ਕਰਨ ਵਾਲਾ ਵੀ ਤੇ ਦੁਸ਼ਮਣ ਵੀ ਫਸੇ ਪਏ ਹਨ | ਅੱਜ ਹਰ ਕੋਈ ਆਪਣੀ ਸਮਝ ਅਨੁਸਾਰ ਸੋਚ ਰਿਹਾ ਹੈ ਕਿ ਆਖਰ ਅਜਿਹਾ ਕਿਉਂ ਵਾਪਰ ਰਿਹਾ ਹੈ? ਹੁਣ ਤੱਕ ਕੋਰੋਨਾ ਨੇ ਲਗਪਗ ਸਮੁੱਚੇ ਸੰਸਾਰ ਨੂੰ ਆਪਣੀ ਪਕੜ ਵਿਚ ਲੈ ਲਿਆ ਹੈ | ਕੋਰੋਨਾ ਨਾਲ ਸਬੰਧਿਤ ਮਰੀਜ਼ਾਂ ਤੇ ਮੌਤਾਂ ਦੇ ਅੰਕੜੇ ਪਲ-ਪਲ ਵਧ ਰਹੇ ਹਨ ਜਿਸ ਦੇ ਪ੍ਰਭਾਵਾਂ ਬਾਰੇ ਵਿਸ਼ਲੇਸ਼ਣ ਤਾਂ ਆਉਣ ਵਾਲੇ ਸਮੇਂ ਵਿਚ ਹੋਣਗੇ ਪੰ੍ਰਤੂ ਕੁਝ ਸੰਭਾਵਨਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ | ਇਹ ਮਹਾਂਮਾਰੀ ਸੰਸਾਰ ਵਿਚ ਕੁਦਰਤੀ ਆਫਤਾਂ, ਮਹਾਂਮਾਰੀਆਂ ਅਤੇ ਜੰਗਾਂ ਦੇ ਪ੍ਰਭਾਵਾਂ ਤੋਂ ਵੀ ਭਿਅੰਕਰ ਨਤੀਜੇ ਉਪਜਾ ਸਕਦੀ ਹੈ ਕਿਉਂਕਿ ਪਹਿਲਾਂ ਕਦੇ ਵੀ ਕੁਦਰਤੀ ਆਫਤਾਂ ਦੌਰਾਨ ਮਨੁੱਖੀ ਜੀਵਨ ਏਨੇ ਵੱਡੇ ਪੱਧਰ 'ਤੇ ਖੜੋਤ ਵਿਚ ਨਹੀਂ ਆਇਆ | ਸ਼ਾਇਦ ਕਦੇ ਵੀ ਏਨੀ ਉਥਲ-ਪੁਥਲ ਨਹੀਂ ਹੋਈ ਜਿਸ ਦੀ ਕੁੜਿੱਕੀ ਵਿਚ ਅੱਤ ਗਰੀਬ ਤੋਂ ਲੈ ਕੇ ਅਮੀਰ ਵੀ ਫਸੇ ਹੋਏ ਹਨ | ਮਨੁੱਖੀ ਜੀਵਨ ਦੇ ਬਚਾਅ ਹਿਤ ਸਮਾਜ 'ਚ ਲਾਕਡਾਊਨ, ਭਾਵ ਲੋਕਾਂ ਦੇ ਘਰੋਂ ਨਿਕਲਣ 'ਤੇ ਪਾਬੰਦੀ ਦੇ ਨਾਲ-ਨਾਲ ਅੰਤਰਰਾਸ਼ਟਰੀ ਹੱਦਾਂ ਦੀ ਸੀਲਬੰਦੀ ਤੇ ਹਵਾਈ ਆਵਾਜਾਈ ਨੂੰ ਮੁਕੰਮਲ ਤੌਰ 'ਤੇ ਰੋਕਣਾ ਆਦਿ ਕਾਰਜ ਕੀਤੇ ਜਾ ਰਹੇ ਹਨ ਕਿਉਂਕਿ ਕੋਰੋਨਾ ਮਹਾਂਮਾਰੀ ਦੀ ਦਵਾਈ ਦੀ ਅਣਹੋਂਦ ਕਾਰਨ ਸਮਾਜਿਕ ਵਖਰੇਵਾਂ ਹੀ ਲਾਹੇਵੰਦ ਦੱਸਿਆ ਜਾ ਰਿਹਾ ਹੈ |

-ਗੁਰਪ੍ਰੀਤ ਸਿੰਘ ਬੇਦੀ
ਡੋਗਰ ਬਸਤੀ, ਗਲੀ ਨੰਬਰ 8-ਐਲ, ਫਰੀਦਕੋਟ |

ਬਹੁਤ ਹੀ ਵਧੀਆ ਮੌਕਾ ਹੈ 

ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਤਕਰੀਬਨ 22 ਮਾਰਚ ਤੋਂ ਅਸੀਂ ਆਪਣੇ ਘਰਾਂ ਵਿਚ ਬੰਦ ਹਾਂ | ਕੋਰੋਨਾ ਵਾਇਰਸ ਕਰਕੇ ਪੂਰੇ ਵਿਸ਼ਵ ਵਿਚ ਹਾਹਾਕਾਰ ਮਚੀ ਹੋਈ ਹੈ | ਬਹੁਤ ਹੀ ਜਾਨਾਂ ਜਾ ਚੁੱਕੀਆਂ ਹਨ | ਸਾਨੂੰ ਘਰ ਬੈਠੇ ਹੀ ਸਰਕਾਰਾਂ ਤੇ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ | ਅਸੀਂ ਸਾਰੇ ਹੀ ਪਰਿਵਾਰਾਂ ਵਿਚ ਵਿਚਰਦੇ ਹਾਂ | ਪਰਿਵਾਰਾਂ ਵਿਚ ਸਾਡੇ ਕਈ ਵਾਰ ਥੋੜ੍ਹੀ ਜਿਹੀ ਬੋਲ-ਬੁਲਾਈ ਹੋ ਜਾਂਦੀ ਹੈ | ਫਿਰ ਕਈ ਅਜਿਹੇ ਨਾਜ਼ੁਕ ਰਿਸ਼ਤੇ ਟੁੱਟ ਜਾਂਦੇ ਹਨ ਜੋ ਕਦੇ ਵੀ ਫਿਰ ਲੀਹ ਤੇ ਨਹੀਂ ਆਉਂਦੇ | ਇਹ ਹੁਣ ਬਹੁਤ ਹੀ ਵਧੀਆ ਮੌਕਾ ਹੈ ਕਿਉਂਕਿ ਅਸੀਂ ਹੁਣ ਪਰਿਵਾਰਾਂ ਨਾਲ ਘਰ ਹੀ ਰਹਿ ਰਹੇ ਹਾਂ | ਜੇ ਬੱਚਿਆਂ ਤੋਂ ਕੋਈ ਗ਼ਲਤੀ ਹੋ ਚੁੱਕੀ ਹੋਈ ਹੈ ਜਾਂ ਉਨ੍ਹਾਂ ਦਾ ਆਪਣੇ ਮਾਂ-ਪਿਓ ਨਾਲ ਤਕਰਾਰ ਹੈ ਤਾਂ ਉਹ ਬੱਚੇ ਆਪਣੇ ਮਾਂ-ਬਾਪ ਕੋਲ ਮੁਆਫੀ ਮੰਗਣ | ਛੋਟੇ-ਮੋਟੇ ਤਕਰਾਰ ਤਾਂ ਚਲੋ ਹੋ ਹੀ ਜਾਂਦੇ ਹਨ ਪਰ ਅਜਿਹਾ ਵੀ ਤਕਰਾਰ ਹੋ ਜਾਂਦੇ ਹਨ ਕਿ ਸ਼ਕਲ ਦੇਖਣਾ ਪਸੰਦ ਨਹੀਂ ਕਰਦੇ | ਬੱਚਿਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਮਾਂ-ਬਾਪ ਨਾਲ ਸਮਾਂ ਬਿਤਾਉਣ | ਮਾਂ ਬਾਪ ਕੋਲ ਬੈਠ ਕੇ ਦੂਰੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ | ਕਿਉਂਕਿ ਇਨ੍ਹਾਂ ਰਿਸ਼ਤਿਆਂ ਦਾ ਬੱਚਿਆਂ ਜਾਂ ਆਉਣ ਵਾਲੀ ਪੀੜ੍ਹੀਆਂ 'ਤੇ ਬਹੁਤ ਪ੍ਰਭਾਵ ਪੈਂਦਾ ਹੈ | ਉਹ ਕੀ ਸੋਚਣਗੇ ਕਿ ਸਾਡੇ ਮਾਂ-ਬਾਪ ਸਾਡੇ ਦਾਦਾ-ਦਾਦੀ ਨਾਲ ਨਹੀਂ ਬੋਲਦੇ | ਬੱਚਿਆਂ ਦਾ ਸੁਭਾਅ ਹੁੰਦਾ ਹੈ ਕਿ ਉਹ ਘਰ ਦੀਆਂ ਗੱਲਾਂ ਬਾਹਰ ਵੀ ਕਰ ਜਾਂਦੇ ਹਨ | ਸਾਡੇ ਕੋਲ ਬਹੁਤ ਵਧੀਆ ਮੌਕਾ ਹੈ ਤਾਂ ਜੋ ਸਮਾਂ ਰਹਿੰਦਿਆਂ ਅਸੀਂ ਇਨ੍ਹਾਂ ਰਿਸ਼ਤਿਆਂ ਨੂੰ ਸੰਭਾਲ ਤੇ ਮਾਂ-ਬਾਪ ਦੀ ਸੇਵਾ ਕਰੀਏ ਪਾਈਏ |

-ਸੰਜੀਵ ਸਿੰਘ ਸੈਣੀ
ਮੁਹਾਲੀ |
<br/>



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX