ਤਾਜਾ ਖ਼ਬਰਾਂ


ਵੇਰਕਾ ਵੱਲਾ ਰੋਡ 'ਤੇ ਮੈਰਿਜ ਪੈਲੇਸ ਨੂੰ ਲੱਗੀ ਅੱਗ
. . .  1 day ago
ਵੇਰਕਾ ,20 ਫ਼ਰਵਰੀ{ਪਰਮਜੀਤ ਸਿੰਘ ਬੱਗਾ }- ਵੇਰਕਾ ਵੱਲਾ ਰੋਡ 'ਤੇ ਅਸਲਾ ਡੀਪੂ ਕੋਲ ਇਕ ਮੈਰਿਜ ਪੈਲੇਸ ਦੀ ਰਸੋਈ 'ਚ ਸਲੰਡਰ ਫੱਟਣ ਨਾਲ ਹੋਏ ਹਾਦਸੇ 'ਚ ਪੈਲੇਸ ਦਾ ਅੰਦਰਲ ਹਿੱਸਾ ਸੜ ਕੇ ਰਾਖ
ਹਾਦਸੇ ਦੌਰਾਨ ਇਕ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ
. . .  1 day ago
ਤਰਨ ਤਾਰਨ, 20 ਫਰਵਰੀ (ਪਰਮਜੀਤ ਜੋਸ਼ੀ)-ਇੱਥੋਂ ਨਜ਼ਦੀਕ ਸਰਹਾਲੀ ਰੋਡ 'ਤੇ ਇਕ ਬੱਸ ਅਤੇ ਸਵਿਫ਼ਟ ਕਾਰ ਵਿਚ ਹੋਈ ਭਿਆਨਕ ਟੱਕਰ ਦੌਰਾਨ ਕਾਰ ਸਵਾਰ ਪੁਲਿਸ ਮੁਲਾਜ਼ਮ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ ਦੀ ਹੋਰ ...
ਸਾਉਦੀ ਅਰਬ ਭਾਰਤ 'ਚ ਨਿਵੇਸ਼ ਕਰੇਗਾ 100 ਅਰਬ ਡਾਲਰ ਦਾ ਨਿਵੇਸ਼ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 20 ਫਰਵਰੀ - ਸਾਉਦੀ ਅਰਬ ਭਾਰਤ 'ਚ 100 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ...
ਯੇਦੀਯੁਰੱਪਾ ਵੱਲੋਂ ਆਡੀਓ ਟੇਪ ਦੇ ਦੋਸ਼ਾਂ ਦੀ ਐੱਫ.ਆਈ.ਆਰ ਖ਼ਾਰਜ ਕਰਨ ਲਈ ਪਟੀਸ਼ਨ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਟਕ ਭਾਜਪਾ ਪ੍ਰਮੁੱਖ ਬੀ.ਐੱਸ.ਯੇਦੀਯੁਰੱਪਾ ਨੇ ਉਨ੍ਹਾਂ ਖ਼ਿਲਾਫ਼ ਆਡੀਓ ਟੇਪ ਦੇ ਦੋਸ਼ਾਂ ਦੀ ਦਰਜ ਐੱਫ.ਆਈ.ਆਰ...
ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ, 5 ਫਸੇ
. . .  1 day ago
ਸ਼ਿਮਲਾ, 20 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਕਿੱਨੌਰ ਜ਼ਿਲ੍ਹੇ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ ਹੋ ਗਈ, ਜਦਕਿ 5 ਜਵਾਨ ਫਸੇ ਹੋਏ ਹਨ। ਸਥਾਨਕ...
ਫ਼ਰਾਰ ਕਾਂਗਰਸੀ ਵਿਧਾਇਕ ਗ੍ਰਿਫ਼ਤਾਰ - ਗ੍ਰਹਿ ਮੰਤਰੀ ਕਰਨਾਟਕ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਗ੍ਰਹਿ ਮੰਤਰੀ ਐਮ.ਬੀ ਪਾਟਿਲ ਨੇ ਦੱਸਿਆ ਕਿ ਫ਼ਰਾਰ ਕਾਂਗਰਸੀ ਵਿਧਾਇਕ ਜੇ.ਐਨ ਗਣੇਸ਼ ਨੂੰ ਪੁਲਿਸ ਨੇ ਗੁਜਰਾਤ ਦੇ ਸੋਮਨਾਥ ਤੋਂ ਗ੍ਰਿਫ਼ਤਾਰ...
ਸਮਾਂ ਆ ਗਿਆ ਹੈ ਧਾਰਾ 370 ਨੂੰ ਖ਼ਤਮ ਕਰਨ ਦਾ - ਰਾਜਪਾਲ ਰਾਜਸਥਾਨ
. . .  1 day ago
ਜੈਪੁਰ, 20 ਫਰਵਰੀ - ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦਾ ਕਹਿਣਾ ਹੈ ਕਿ ਧਾਰਾ 370 ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। ਕਿਉਂਕਿ ਇਹ ਵੱਖਵਾਦੀਆਂ ਨੂੰ ਉਤਸ਼ਾਹਿਤ...
ਰੂਹਾਨੀ ਰੰਗ 'ਚ ਰੰਗੀ 'ਪੰਜ ਤਖਤ ਐਕਸਪ੍ਰੈੱਸ' ਯਾਤਰਾ 'ਚ ਸ਼ਾਮਲ ਸ਼ਰਧਾਲੂ ਪਹੁੰਚੇ ਸ੍ਰੀ ਨਾਂਦੇੜ ਸਾਹਿਬ, ਦੇਖੋ ਤਸਵੀਰਾਂ
. . .  1 day ago
25 ਤੱਕ ਕਲਮ ਛੋੜ ਹੜਤਾਲ ਤੇ ਤਹਿਸੀਲ ਕਰਮਚਾਰੀ
. . .  1 day ago
ਖਮਾਣੋਂ, 20 ਫ਼ਰਵਰੀ (ਪਰਮਵੀਰ ਸਿੰਘ) - ਪੀ. ਐਮ. ਐਸ. ਯੂ ਪੰਜਾਬ ਦੇ ਸੱਦੇ ਤੇ ਤਹਿਸੀਲ ਕਰਮਚਾਰੀ 25 ਫ਼ਰਵਰੀ ਤੱਕ ਕਲਮ ਛੋੜ ਹਡ਼ਤਾਲ ਤੇ ਚਲੇ ਗਏ ਹਨ। ਮੰਗਾ ਨੂੰ ਲੈਕੇ...
ਪੰਜਾਬ ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ ਖੋਲ੍ਹੇਗਾ 'ਆਪ' ਦਾ ਯੂਥ ਵਿੰਗ
. . .  1 day ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਬੁਲਾਰੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਯੂਥ ਵਿੰਗ, ਪੰਜਾਬ ਦੇ ਪਿੰਡ-ਪਿੰਡ ਜਾ ਕੇ ਪੰਜਾਬ ਸਰਕਾਰ ਦੇ 2019-20 ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ .....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਮਾਘ ਸੰਮਤ 550
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ

ਤੁਹਾਡੇ ਖ਼ਤ

12-02-2019

 ਜਾਣਬੁੱਝ ਕੇ ਅੱਖਾਂ ਮੀਟੀ ਬੈਠੇ
ਅੱਜ ਦੇ ਜ਼ਮਾਨੇ ਵਿਚ ਤਕਰੀਬਨ ਹਰ ਵਰਗ ਦੇ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਲਗਾਉਣੇ ਹੀ ਪੈਂਦੇ ਹਨ, ਕਿਉਂਕਿ ਮਜਬੂਰੀਵੱਸ ਕੋਈ ਨਾ ਕੋਈ ਕੰਮ ਕਰਵਾਉਣ ਵਾਸਤੇ ਦਫ਼ਤਰਾਂ ਦੇ ਬਾਬੂਆਂ ਨਾਲ ਵਾਹ ਤਾਂ ਪੈਣਾ ਹੀ ਹੁੰਦਾ ਹੈ। ਪਿੰਡਾਂ ਦੇ ਡਾਕਖਾਨਿਆਂ ਦਾ ਹਾਲ ਦੇਖ ਕੇ ਬੜਾ ਹੀ ਦੁੱਖ ਆਉਂਦਾ ਹੈ ਕਿ ਇਕ ਤਾਂ ਜ਼ਰੂਰੀ ਅਮਲੇ ਦੀ ਕਮੀ, ਦੂਸਰਾ ਕੋਈ ਬਾਬੂ ਛੁੱਟੀ 'ਤੇ ਜਾਂਦਾ ਹੈ ਤਾਂ ਕੋਈ ਵੀ ਉਸ ਦੀ ਜਗ੍ਹਾ ਆਉਂਦਾ ਹੀ ਨਹੀਂ। ਜੇ ਆਉਂਦਾ ਹੈ ਤਾਂ ਉਹ ਇਹ ਕਹਿ ਕੇ ਟਾਲ ਦਿੰਦਾ ਹੈ ਕਿ ਮੈਨੂੰ ਪਾਸਵਰਡ ਹੀ ਨਹੀਂ ਮਿਲਿਆ। ਬਾਕੀ ਬਿਜਲੀ ਬੰਦ ਹੋਣ 'ਤੇ ਨਾਲ ਹੀ ਸਰਵਰ ਡਾਊਨ ਹੋ ਜਾਂਦੇ ਹਨ ਤੇ ਵਿਹਲੇ ਬੈਠ ਕੇ ਮੱਖੀਆਂ ਮਾਰਦੇ ਰਹਿੰਦੇ ਹਨ। ਕੋਈ ਬੈਟਰੀ ਦਾ ਇੰਤਜ਼ਾਮ ਵੀ ਨਹੀਂ ਹੁੰਦਾ। ਖਿਆਲ ਕਰੇ ਸਰਕਾਰ, ਉੱਚ ਅਧਿਕਾਰੀਆਂ ਨੂੰ ਪਤਾ ਹੁੰਦੇ ਹੋਏ ਵੀ ਅੱਖਾਂ ਮੀਟੀ ਬੈਠੇ ਰਹਿੰਦੇ ਹਨ। ਨਾ ਹੀ ਕੋਈ ਸੁਣਵਾਈ ਹੈ।

-ਕ੍ਰਿਸ਼ਨ ਖੇੜਾ
ਲੋਹੀਆਂ ਖਾਸ।

ਰਿਸ਼ਤਿਆਂ ਦਾ ਨਿੱਘ
ਬੀਤੇ ਦਿਨ 'ਅਜੀਤ' ਦੇ ਨਾਰੀ ਸੰਸਾਰ ਅੰਕ ਵਿਚ ਪ੍ਰਵੀਨ ਕੁਮਾਰੀ ਦਾ ਲੇਖ 'ਜ਼ਿੰਦਗੀ ਜਿਊਣ ਲਈ ਰਿਸ਼ਤਿਆਂ ਵਿਚ ਪਿਆਰ ਜ਼ਰੂਰੀ ਹੈ' ਪੜ੍ਹਿਆ, ਵਧੀਆ ਸੀ। ਸਮਾਜ ਨੂੰ ਸੇਧ ਦੇਣ ਵਾਲਾ ਸੀ। ਵਾਕਿਆ ਅੱਜ ਅਸੀਂ ਭੌਤਿਕ ਪਦਾਰਥਾਂ ਦੀ ਲੋੜ ਨੂੰ ਬੇਹੱਦ ਵਧਾ ਲਿਆ ਹੈ ਅਤੇ ਉਨ੍ਹਾਂ ਦੀ ਪੂਰਤੀ ਲਈ ਰਾਤ-ਦਿਨ ਦੌੜ ਵਿਚ ਲੱਗੇ ਹੋਏ ਹਾਂ ਜਿਸ ਕਾਰਨ ਜ਼ਿੰਦਗੀ ਵਿਚ ਭਾਰੀ ਉਥਲ-ਪੁਥਲ ਹੋ ਚੁੱਕੀ ਹੈ। ਪਦਾਰਥਵਾਦੀ ਸੋਚ ਸਾਡੇ 'ਤੇ ਭਾਰੂ ਹੋ ਚੁੱਕੀ ਹੈ, ਜਿਸ ਕਾਰਨ ਆਪਣੇ ਨਜ਼ਦੀਕੀ ਰਿਸ਼ਤਿਆਂ ਵੱਲ ਵੀ ਪੂਰਾ ਧਿਆਨ ਨਹੀਂ ਦੇ ਰਹੇ। ਸੋ ਅਜਿਹੇ ਨਾਲ ਸਾਡੀ ਰਿਸ਼ਤਿਆਂ ਦੀ ਸਾਂਝ ਅਤੇ ਪਿਆਰ ਵਿਚ ਭਾਰੀ ਫ਼ਰਕ ਪੈਂਦਾ ਜਾ ਰਿਹਾ ਹੈ। ਅਜਿਹਾ ਰੁਝਾਨ ਬਹੁਤ ਹੀ ਖ਼ਤਰਨਾਕ ਹੈ ਪਰ ਆਪਾਂ ਪਦਾਰਥਾਂ ਦੇ ਮੋਹ ਨੂੰ ਘਟਾਉਣਾ ਵੀ ਨਹੀਂ ਚਾਹੁੰਦੇ। ਅਜਿਹੇ ਮਾਹੌਲ ਵਿਚ ਆਪਾਂ ਆਪਣੀ ਸੰਤਾਨ ਨੂੰ ਚੰਗੇ ਸੰਸਕਾਰ ਦੇਣ ਵੱਲ ਵੀ ਪੂਰਾ ਧਿਆਨ ਨਹੀਂ ਦੇ ਪਾ ਰਹੇ।
ਸੋ, ਸਾਨੂੰ ਪਿਛਲੇ ਸਮਿਆਂ ਅੰਦਰ ਪਰਿਵਾਰਾਂ ਅੰਦਰ ਨਿੱਘੇ ਪਿਆਰ-ਰਿਸ਼ਤਿਆਂ ਅੰਦਰ ਪਕਿਆਈ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਉਸ ਸਮੇਂ ਨੂੰ ਯਾਦ ਰੱਖ ਕੇ ਰਿਸ਼ਤਿਆਂ ਅੰਦਰ ਪਿਆਰ ਦੀ ਸਾਂਝ ਵੱਲ ਧਿਆਨ ਦੇਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਆਪਣੀ ਸੰਤਾਨ ਨੂੰ ਸੰਸਕਾਰੀ ਗੁਣਾਂ ਤੋਂ ਵਾਂਝਿਆ ਰੱਖ ਕੇ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੁੱਲ ਮਿਲਾ ਕੇ ਸਾਨੂੰ ਪਦਾਰਥਵਾਦੀ ਯੁੱਗ ਅੰਦਰ ਰਹਿ ਕੇ ਵੀ ਆਪਣੇ ਨਿੱਘੇ ਤੇ ਕਰੀਬੀ ਰਿਸ਼ਤਿਆਂ 'ਚ ਪਿਆਰ ਦੀ ਸਾਂਝ ਨੂੰ ਮਜ਼ਬੂਤ ਰੱਖਣ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ।

-ਮਾਸਟਰ ਦੇਵਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

ਗ਼ਲਤ ਵਰਤਾਰਾ
ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇਕ ਬਜ਼ੁਰਗ ਦੀ ਨੌਜਵਾਨ ਕੁੜੀ ਨਾਲ ਵਿਆਹ ਕਰਵਾਉਣ ਦੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵੀਡੀਓ 'ਤੇ ਲੋਕ ਬਹੁਤ ਹੀ ਗ਼ਲਤ ਟਿੱਪਣੀਆਂ ਕਰ ਰਹੇ ਹਨ। ਇਸ ਬਜ਼ੁਰਗ ਦੀ ਉਮਰ ਦੀ ਲਿਹਾਜ਼ ਨਾਲ ਉਂਜ ਭਾਵੇਂ ਜਵਾਨ ਕੁੜੀ ਨਾਲ ਵਿਆਹ ਕਰਵਾਉਣਾ ਗ਼ਲਤ ਲਗਦਾ ਹੈ ਪਰ ਹਰੇਕ ਇਨਸਾਨ ਦੀ ਆਪੋ-ਆਪਣੀ ਨਿੱਜੀ ਜ਼ਿੰਦਗੀ ਹੈ, ਜਿਸ 'ਤੇ ਗਲਤ ਟਿੱਪਣੀ ਕਰਨਾ ਸਾਡਾ ਹੱਕ ਨਹੀਂ ਹੈ। ਪਰ ਸਾਡੇ ਲੋਕ ਇਸ ਵਿਆਹ ਦੀ ਵੀਡੀਓ ਨੂੰ ਵਟਸਐਪ, ਫੇਸਬੁੱਕ 'ਤੇ ਪਾ-ਪਾ ਕੇ ਪਤਾ ਨਹੀਂ ਆਪਣੀ ਕੀ ਪ੍ਰਾਪਤੀ ਦੱਸਣਾ ਚਾਹੁੰਦੇ ਹਨ, ਜੋ ਗ਼ਲਤ ਗੱਲ ਹੈ। ਉਸ ਕੁੜੀ ਤੇ ਬਜ਼ੁਰਗ ਨੂੰ ਬਹੁਤ ਬਦਨਾਮ ਕੀਤਾ ਜਾ ਰਿਹਾ ਹੈ। ਕੀ ਪਤਾ ਕਿਸੇ ਵਿਅਕਤੀ ਨੇ ਆਪਣੀ ਮਜਬੂਰੀ ਨੂੰ ਵੇਖ ਕੇ ਫ਼ੈਸਲਾ ਲਿਆ ਹੋਵੇ, ਜਿਸ ਨੂੰ ਲੋਕ ਮਜ਼ਾਕ ਬਣਾ ਕੇ ਬਦਨਾਮ ਕਰ ਰਹੇ ਹਨ।

-ਸੁਖਦੇਵ ਸਿੰਘ ਕੁਸਲਾ
ਤਹਿ: ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ।

ਬੁਢਾਪਾ ਪੈਨਸ਼ਨ ਜ਼ਰੂਰੀ
ਪਿਛਲੇ ਦਿਨੀਂ ਅਖ਼ਬਾਰ ਰਾਹੀਂ ਜੋ ਬੀਬੀ ਮਨਜਿੰਦਰ ਕੌਰ ਬੱਸੀ ਵਲੋਂ ਬੁਢਾਪਾ ਪੈਨਸ਼ਨ ਸਬੰਧੀ ਜਾਣਕਾਰੀ ਦਿੱਤੀ ਗਈ ਹੈ, ਬਹੁਤ ਹੀ ਚੰਗੇ ਵਿਚਾਰ ਹਨ। ਇਸ ਦੇ ਨਾਲ ਹੀ ਮੈਂ ਇਹ ਵੀ ਜੋੜਨਾ ਚਾਹੁੰਦਾ ਹਾਂ ਕਿ ਜਿਨ੍ਹਾਂ ਮੁਲਾਜ਼ਮਾਂ ਨੂੰ ਵੱਖ-ਵੱਖ ਮਹਿਕਮਿਆਂ ਵਿਚ ਕੰਮ ਕਰਨ ਉਪਰੰਤ ਸੇਵਾ ਮੁਕਤੀ 'ਤੇ ਪੈਨਸ਼ਨ ਨਹੀਂ ਲਗਦੀ ਅਤੇ ਨਾ ਹੀ ਕੋਈ ਹੋਰ ਸਹੂਲਤ ਮਿਲਦੀ ਹੈ, ਨੂੰ ਵੀ ਬੁਢਾਪਾ ਪੈਨਸ਼ਨ ਮਿਲਣੀ ਚਾਹੀਦੀ ਹੈ।
ਅਜਿਹੇ ਮਹਿਕਮਿਆਂ ਵਿਚ ਆਮਦਨ ਕਰ ਵੀ ਕੱਟਿਆ ਜਾਂਦਾ ਹੈ। ਮੱਧ ਵਰਗ ਦੇ ਪਰਿਵਾਰ ਵਾਲੇ ਖਰਚੇ ਪੂਰੇ ਕਰਨ ਹਿਤ ਬਚਤ ਦੀ ਬਜਾਏ ਵਧੇਰੇ ਆਮਦਨ ਕਰ ਅਦਾ ਕਰਦੇ ਹਨ। ਸਰਕਾਰ ਨੂੰ ਮਨੁੱਖੀ ਜੀਵਨ ਦੇ ਅਧਿਕਾਰਾਂ ਨੂੰ ਮੁੱਖ ਰੱਖਦਿਆਂ ਬੁਢਾਪਾ ਪੈਨਸ਼ਨ ਦੇ ਨਿਯਮਾਂ ਵਿਚ ਵੱਡੀ ਤਬਦੀਲੀ ਕਰਨ ਦੀ ਲੋੜ ਹੈ। ਨਵੇਂ ਬਜਟ ਮੁਤਾਬਿਕ ਜੇਕਰ ਸਭ ਨੂੰ ਬੁਢਾਪਾ ਪੈਨਸ਼ਨ ਦਾ ਲਾਭ ਮਿਲੇ ਤਾਂ ਬਹੁਤ ਹੀ ਚੰਗਾ ਹੋਵੇਗਾ।

-ਰਘਬੀਰ ਸਿੰਘ ਬੈਂਸ।

ਸਕੂਲ ਮਨਫ਼ੀ ਕਿਉਂ?
ਹਰੇਕ ਮਨੁੱਖ ਦੀ ਜ਼ਿੰਦਗੀ ਵਿਚ ਸਕੂਲ ਇਕ ਅਹਿਮ ਸਥਾਨ ਰੱਖਦਾ ਹੈ ਅਤੇ ਉਸ ਦੇ ਹਰ ਪੱਖ ਨੂੰ ਉਭਾਰਨ ਵਿਚ ਪੂਰਾ ਯੋਗਦਾਨ ਪਾਉਂਦਾ ਹੈ। ਸਕੂਲ ਇਕ ਅਜਿਹੀ ਵਰਕਸ਼ਾਪ ਹੈ, ਜਿਥੇ ਜ਼ਿੰਦਗੀ ਨੂੰ ਸਜਾਉਣ ਅਤੇ ਸੰਵਾਰਨ ਲਈ ਉੱਤਮ ਕਾਰਜ ਕੀਤੇ ਜਾਂਦੇ ਹਨ। ਆਪਣੀ ਕਾਮਯਾਬੀ ਅਤੇ ਰੁਤਬੇ ਦੀਆਂ ਜਿਥੇ ਫੜ੍ਹਾਂ ਮਾਰੀਆਂ ਜਾਂਦੀਆਂ ਹਨ, ਉਥੇ ਇਹ ਕਿਉਂ ਭੁਲਾ ਦਿੱਤਾ ਜਾਂਦਾ ਹੈ ਕਿ ਇਸ ਕਾਮਯਾਬੀ ਪਿੱਛੇ ਸਾਡੇ ਸਕੂਲ ਦਾ ਵਡਮੁੱਲਾ ਯੋਗਦਾਨ ਹੈ। ਇਸ ਕਰਕੇ ਸਕੂਲ ਇਸ ਗੱਲ ਦਾ ਹੱਕ ਅਤੇ ਮਾਣ ਰੱਖਦਾ ਹੈ ਕਿ ਉਹ ਸਾਡੇ ਤੋਂ ਕੁਝ ਆਸ ਕਰੇ। ਆਓ ਸਾਰੇ ਰਲ ਕੇ ਸਕੂਲਾਂ ਪ੍ਰਤੀ ਬਣਦੇ ਸਤਿਕਾਰ ਲਈ ਵਚਨਬੱਧ ਹੋਈਏ ਅਤੇ ਹੁਣ ਅਸੀਂ ਵੀ ਆਪਣਾ ਬਣਦਾ ਫ਼ਰਜ਼ ਅਦਾ ਕਰੀਏ।

-ਵਰਿੰਦਰ ਕੁਮਾਰ ਮੁੱਦਕੀ
ਗਣਿਤ ਅਧਿਆਪਕ, ਸਰਕਾਰੀ ਹਾਈ ਸਕੂਲ, ਵਾੜਾ ਭਾਈ (ਫ਼ਿਰੋਜ਼ਪੁਰ)।

11-02-2019

 ਸਿਵਲ ਹਸਪਤਾਲਾਂ 'ਚ ਮੁਫ਼ਤ ਖਾਣਾ
ਵੱਖ-ਵੱਖ ਧਾਰਮਿਕ ਸੰਸਥਾਵਾਂ ਵਲੋਂ ਜਿਥੇ ਸੜਕਾਂ ਕਿਨਾਰੇ ਲੰਗਰ ਲਗਾ ਕੇ ਤੇ ਗ਼ੈਰ ਲੋੜਵੰਦਾਂ ਨੂੰ ਰੋਕ-ਰੋਕ ਕੇ ਲੰਗਰ ਛਕਾਇਆ ਜਾਂਦਾ ਹੈ, ਸੜਕਾਂ ਦੇ ਕਿਨਾਰੇ ਗੰਦਗੀ ਫੈਲਾ ਕੇ ਵਾਤਾਵਰਨ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ, ਹਾਦਸਿਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਅਤੇ ਟ੍ਰੈਫਿਕ ਵਿਚ ਵਿਘਨ ਪਾਇਆ ਜਾਂਦਾ ਹੈ, ਉਥੇ ਹੀ ਕੁਝ ਗ਼ੈਰ-ਸਰਕਾਰੀ ਸੰਸਥਾਵਾਂ ਵਲੋਂ ਵੱਖ-ਵੱਖ ਸਿਵਲ ਹਸਪਤਾਲਾਂ ਵਿਚ ਮਰੀਜ਼ਾਂ ਅਤੇ ਲੋੜਵੰਦਾਂ ਨੂੰ ਸਵੇਰ, ਦੁਪਹਿਰ ਅਤੇ ਸ਼ਾਮ ਦਾ ਖਾਣਾ ਬਿਨਾਂ ਕਿਸੇ ਕੀਮਤ 'ਤੇ ਮੁਹੱਈਆ ਕਰਕੇ ਮਨੁੱਖਤਾ ਦੀ ਸੇਵਾ ਕਰਕੇ ਜ਼ਰੂਰਤਮੰਦਾਂ ਦੀ ਮਦਦ ਕੀਤੀ ਜਾ ਰਹੀ ਹੈ। ਜਿਥੇ ਅਜਿਹੀਆਂ ਸੰਸਥਾਵਾਂ ਵਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਸ਼ਲਾਘਾਯੋਗ ਹੈ, ਉਥੇ ਹੀ ਵੱਖ-ਵੱਖ ਧਰਮਾਂ ਨਾਲ ਸਬੰਧਿਤ ਧਾਰਮਿਕ ਸੇਵਾ ਸੁਸਾਇਟੀਆਂ ਆਦਿ ਨੂੰ ਸੜਕਾਂ ਦੇ ਕਿਨਾਰੇ ਲੰਗਰ ਲਗਾਉਣ ਦੀ ਬਜਾਏ ਹਸਪਤਾਲਾਂ ਜਾਂ ਲੋੜਵੰਦ ਸੰਸਥਾਵਾਂ ਵਿਚ ਲੰਗਰ ਲਗਾਉਣੇ ਚਾਹੀਦੇ ਹਨ ਤਾਂ ਜੋ ਸਹੀ ਅਰਥਾਂ ਵਿਚ ਮਨੁੱਖਤਾ ਦੀ ਸੇਵਾ ਹੋ ਸਕੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਮੁਰਦੇ ਦੀ ਹਿੱਕ 'ਤੇ ਘਿਓ ਲਾਉਣਾ
ਪ੍ਰੋ: ਅਭੈ ਕੁਮਾਰ ਦੂਬੇ ਦਾ ਲਿਖਿਆ ਲੇਖ 'ਕੀ ਬਜਟ ਦੀਆਂ ਰਿਆਇਤਾਂ ਲੋਕਾਂ ਨੂੰ ਲੁਭਾਉਣ 'ਚ ਸਫਲ ਹੋ ਸਕਣਗੀਆਂ?' ਪੜ੍ਹ ਕੇ ਬਹੁਤ ਵਧੀਆ ਲੱਗਿਆ। ਮੋਦੀ ਅਧੀਨ ਬਣੀ ਸਰਕਾਰ ਨੂੰ ਕਰੀਬ 4 ਸਾਲ 8 ਮਹੀਨੇ ਬੀਤਣ ਦੇ ਬਾਅਦ ਲੋਕਾਂ ਨੂੰ ਡਿਜੀਟਲ ਇੰਡੀਆ ਦੇ ਸੁਪਨੇ ਤੇ ਨੋਟਬੰਦੀ ਦੁਆਰਾ ਤੋੜੇ ਗਏ ਆਰਥਿਕ ਲੱਕ ਤੋਂ ਇਲਾਵਾ ਕੁਝ ਨਹੀਂ ਮਿਲਿਆ। ਹੁਣ ਲੋਕ ਸਭਾ ਵਿਚ ਜਿੱਤ ਪ੍ਰਾਪਤ ਕਰਨ ਲਈ ਸਰਕਾਰ ਵਲੋਂ ਪੇਸ਼ ਕੀਤਾ ਗਿਆ ਆਖਰੀ ਬਜਟ 'ਮੁਰਦੇ ਦੀ ਹਿੱਕ 'ਤੇ ਘਿਓ ਲਾਉਣ' ਵਾਲਾ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਬੇਰੁਜ਼ਗਾਰ ਤੱਕਲੇ ਦੇ ਗਲੋਟੇ ਵਾਂਗ ਵਧ ਰਹੇ ਹਨ। ਸਰਕਾਰ ਦੇ ਬਜਟ 'ਚ ਕਿਸਾਨਾਂ ਲਈ ਸ਼ੁਰੂ ਕੀਤੀ ਗਈ ਆਮਦਨ, 5 ਲੱਖ ਤੱਕ ਦੀ ਆਮਦਨ ਵਿਚ ਕਰ ਛੋਟ ਆਦਿ ਸਿਰਫ਼ ਆਪਣੀ ਰਾਜਨੀਤਕ ਗੱਡੀ ਨੂੰ ਟੇਸ਼ਨ ਤੱਕ ਪਹੁੰਚਾਉਣ ਦਾ ਹੀ ਜ਼ਰੀਆ ਹੈ।


-ਇਕਬਾਲ ਸਿੰਘ ਸਿੱਧੂ
ਐਮ.ਏ.-1, ਪੱਤਰਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।


ਲੁਭਾਵਣੀ ਪੇਸ਼ਕਸ਼
ਜਨਵਰੀ ਮਹੀਨਾ ਖਤਮ ਹੁੰਦੇ ਹੀ ਖੁੰਭਾਂ ਵਾਂਗ ਉੱਗੇ ਨਿੱਜੀ ਸਕੂਲ ਨਵੇਂ ਸੈਸ਼ਨ ਦੇ ਦਾਖਲੇ ਲਈ ਕੰਧਾਂ 'ਤੇ ਰੰਗਦਾਰ ਇਸ਼ਤਿਹਾਰ, ਫਲੈਕਸੀਆਂ ਆਦਿ ਲਾ ਆਪਣੇ-ਆਪਣੇ ਸਕੂਲਾਂ ਵੱਲ ਖਿੱਚਣ ਦਾ ਯਤਨ ਕਰਦੇ ਨੇ। ਮੁਕਾਬਲੇਬਾਜ਼ੀ ਦੇ ਇਸ ਦੌਰ ਵਿਚ ਸਰਕਾਰੀ ਸਕੂਲ ਦਮ ਤੋੜਦੇ ਨਜ਼ਰੀਂ ਪੈਂਦੇ ਨੇ। ਸਰਕਾਰੀ ਸਕੂਲਾਂ ਦੇ ਬੱਚੇ ਹਾਲੇ ਵਰਦੀਆਂ ਉਡੀਕ ਰਹੇ ਹੁੰਦੇ ਹਨ ਨਿੱਜੀ ਸਕੂਲ ਆਪਣੇ ਸੈਸ਼ਨ ਖਤਮ ਕਰ ਨਵੇਂ ਦਾਖਲੇ ਲੈਣ ਨੂੰ ਤਿਆਰ ਬੈਠੇ ਨੇ। ਸਰਕਾਰੀ ਸਕੂਲਾਂ ਵਿਚ ਘਟਦੀ ਬੱਚਿਆਂ ਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਨਾਲ ਆਉਣ ਵਾਲੇ ਬੱਚਿਆਂ ਦੇ ਭਵਿੱਖ ਦਾ ਰਾਹ ਤਾਂ ਬੰਦ ਹੋਵੇਗਾ ਹੀ ਅਨਪੜ੍ਹਤਾ ਵਧਣ ਦਾ ਵੀ ਖਦਸ਼ਾ ਹੈ ਕਿਉਂਕਿ ਮਹਿੰਗੀ ਸਿੱਖਿਆ ਜਦ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਈ ਫਿਰ ਸਿਰਫ਼ ਸਰਦੇ-ਪੁੱਜਦੇ ਘਰਾਂ ਦੇ ਬੱਚੇ ਹੀ ਸਿੱਖਿਆ ਗ੍ਰਹਿਣ ਕਰਨਗੇ।


-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।


ਚਿੰਤਾਜਨਕ ਸਥਿਤੀ
ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਗਏ ਅੰਤ੍ਰਿਮ ਬਜਟ ਦੀ ਵੱਡੀ ਚਰਚਾ ਹੋ ਰਹੀ ਹੈ ਅਤੇ ਸੂਬਿਆਂ ਦੀਆਂ ਸਰਕਾਰਾਂ ਵਲੋਂ ਵੀ ਆਪਣੇ ਬਜਟ ਪੇਸ਼ ਕੀਤੇ ਜਾਣੇ ਹਨ। ਕੇਂਦਰ ਸਰਕਾਰ ਦੇ ਰਾਸ਼ਟਰੀ ਨਮੂਨਾ ਸਰਵੇਖਣ ਸੰਗਠਨ (ਨੈਸ਼ਨਲ ਸੈਂਪਲ ਸਰਵੇ) ਦੀ ਬੇਰੁਜ਼ਗਾਰੀ ਸਬੰਧੀ ਰਿਪੋਰਟ ਬੇਹੱਦ ਚਿੰਤਾਜਨਕ ਹੈ। ਦੇਸ਼ ਦੀ ਤੇਜ਼ੀ ਨਾਲ ਵਧਦੀ ਆਬਾਦੀ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਕਰੋੜਾਂ ਹੀ ਲੋਕ, ਬੇਰੁਜ਼ਗਾਰ ਨੌਜਵਾਨਾਂ ਦਾ ਪੜ੍ਹ-ਲਿਖ ਕੇ ਬੇਰੁਜ਼ਗਾਰੀ ਵਧਣਾ ਬੇਹੱਦ ਚਿੰਤਾਜਨਕ ਵਿਸ਼ੇ ਹਨ। ਇਨ੍ਹਾਂ ਪ੍ਰਤੀ ਹਾਕਮ ਰਾਜਨੀਤਕ ਪਾਰਟੀਆਂ ਕਿੰਨਾ ਸੰਜੀਦਗੀ ਵਿਚ ਹਨ, ਆਪਾਂ ਸਭ ਭਲੀ-ਭਾਂਤ ਜਾਣੂ ਹਾਂ? ਦੇਸ਼ ਦਾ ਨੌਜਵਾਨ ਵਰਗ ਵਿਦੇਸ਼ ਪ੍ਰਵਾਸ ਕਰ ਰਿਹਾ ਅਤੇ ਦੇਸ਼ ਦਾ ਸਰਮਾਇਆ ਕਿੰਨਾ ਖਰਚ ਹੋ ਰਿਹਾ ਹੈ? ਕਿਸੇ ਰਾਜਨੀਤਕ ਪਾਰਟੀ ਨੂੰ ਕੋਈ ਚਿੰਤਾ ਨਹੀਂ ਹੈ ਸਭ ਆਪਣੀਆਂ ਰੋਟੀਆਂ ਸੇਕਣ ਵਿਚ ਲੱਗੇ ਹਨ। ਬੇਰੁਜ਼ਗਾਰੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਕੇਂਦਰ ਸਰਕਾਰ ਅਤੇ ਸੂਬਿਆਂ ਦੀਆਂ ਸਰਕਾਰਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ। ਭਾਸ਼ਣਾਂ, ਲਾਰਿਆਂ ਵਿਚ ਹੀ ਨਹੀਂ, ਸਾਰਥਿਕ ਉਪਰਾਲੇ ਕਰਨੇ ਚਾਹੀਦੇ ਹਨ।


-ਪ੍ਰਗਟ ਸਿੰਘ
ਪਿੰਡ ਤੇ ਡਾਕ: ਵਜੀਦਪੁਰ, ਤਹਿ:+ਜ਼ਿਲ੍ਹਾ ਪਟਿਆਲਾ।


ਖਸਤਾ ਹਾਲਤ ਵਿਚ ਸਕੂਲੀ ਬੱਸਾਂ
ਪਿਛਲੇ ਲੰਮੇ ਸਮੇਂ ਤੋਂ ਅਸੀਂ ਸਕੂਲਾਂ ਦੀਆਂ ਬੱਸਾਂ ਦੇ ਹਾਦਸੇ ਦੀਆਂ ਖ਼ਬਰਾਂ ਆਮ ਹੀ ਸੁਣਦੇ ਹਾਂ। ਅੱਜਕਲ੍ਹ ਪ੍ਰਾਈਵੇਟ ਸਕੂਲਾਂ ਖਿਲਾਫ਼ ਬੜਾ ਰੌਲਾ ਪਿਆ ਹੋਇਆ ਹੈ ਕਿ ਸਕੂਲ ਫੀਸਾਂ ਵੱਧ ਲੈ ਰਹੇ ਹਨ। ਸਹੀ ਸਹੂਲਤਾਂ ਨਹੀਂ ਦੇ ਰਹੇ। ਵਰਦੀ ਕਿਤਾਬਾਂ ਆਦਿ 'ਚ ਕਮਿਸ਼ਨ ਲੈਂਦੇ ਹਨ। ਭਾਵ ਸਾਡੀ ਆਰਥਿਕ ਲੁੱਟ ਕਰ ਰਹੇ ਹਨ। ਪਰ ਇਸ ਤੋਂ ਵੀ ਮਹੱਤਵਪੂਰਨ ਹੈ ਕਿ ਬੱਚਿਆਂ ਦੀ ਜਾਨ। ਜੋ ਇਨ੍ਹਾਂ ਸਕੂਲਾਂ ਦੀਆਂ ਖਟਾਰਾ ਬੱਸਾਂ ਦਾ ਮਸਲਾ ਹੈ। ਜਿਨ੍ਹਾਂ ਵੱਲ ਅਸੀਂ ਲੋੜੀਂਦਾ ਧਿਆਨ ਨਹੀਂ ਦੇ ਰਹੇ। ਇਨ੍ਹਾਂ ਤੋਂ ਵੀ ਅਗਾਂਹ ਕਈ ਸਕੂਲਾਂ ਵਿਚ ਤਾਂ ਜਗਾੜੂ ਸਾਧਨ ਬਣਾਕੇ ਉਨ੍ਹਾਂ ਵਿਚ ਬੱਚਿਆਂ ਨੂੰ ਸਕੂਲ ਲਿਜਾਇਆ ਜਾਂਦਾ ਹੈ। ਜਿਨ੍ਹਾਂ ਦਾ ਕਿਰਾਇਆਂ ਕੁਝ ਘੱਟ ਹੋਣ ਕਰਕੇ ਮਾਪੇ ਵੀ ਕੋਈ ਪ੍ਰਵਾਹ ਨਹੀਂ ਕਰਦੇ। ਕੋਈ ਹਾਦਸਾ ਵਾਪਰਨ 'ਤੇ ਸਰਕਾਰ ਵੀ ਗੋਂਗਲੂਆਂ ਤੋਂ ਮਿੱਟੀ ਝਾੜ ਛੱਡਦੀ ਹੈ। ਕੁਝ ਚਿਰ ਬਾਅਦ ਫਿਰ ਉਹੀ ਸਭ ਕੁਝ ਚਲਦਾ ਰਹਿੰਦਾ ਹੈ। ਇਸ ਗੱਲ ਵੱਲ ਮਾਪਿਆਂ ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਸਰਕਾਰ ਨੂੰ ਅਜਿਹੇ ਸਕੂਲਾਂ 'ਤੇ ਸਖਤੀ ਵਰਤਣੀ ਚਾਹੀਦੀ ਹੈ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।


-ਜਸਕਰਨ ਸਿੰਘ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

08-02-2019

 ਸ਼ੋਰ ਬਨਾਮ ਸਾਲਾਨਾ ਪ੍ਰੀਖਿਆਵਾਂ
ਆਗਾਮੀ ਮਹੀਨੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਬਹੁਤ ਅਹਿਮ ਹਨ ਕਿਉਂਕਿ ਹੁਣ ਸਮੂਹ ਵਿਦਿਆਰਥੀ ਵਰਗ ਦੀਆਂ ਸਾਲਾਨਾ ਪ੍ਰੀਖਿਆਵਾਂ ਹੋਣੀਆਂ ਹਨ। ਇਸ ਸਮੇਂ ਬੱਚੇ ਖੂਬ ਮਿਹਨਤ ਕਰ ਰਹੇ ਹਨ ਤਾਂ ਜੋ ਉਹ ਵਧੀਆ ਨਤੀਜੇ ਹਾਸਲ ਕਰ ਸਕਣ। ਪ੍ਰੀਖਿਆਵਾਂ ਦੀ ਤਿਆਰੀ ਲਈ ਬੱਚਿਆਂ ਨੂੰ ਸ਼ਾਂਤ ਮਾਹੌਲ ਦੀ ਅਹਿਮ ਲੋੜ ਹੁੰਦੀ ਹੈ ਤਾਂ ਜੋ ਉਹ ਆਪਣਾ ਧਿਆਨ ਕੇਂਦਰਿਤ ਕਰ ਸਕਣ ਪਰ ਵੇਖਣ ਵਿਚ ਆਇਆ ਹੈ ਕਿ ਕਈ ਧਾਰਮਿਕ ਸਥਾਨਾਂ 'ਤੇ ਸਵੇਰ ਅਤੇ ਸ਼ਾਮ ਵੇਲੇ ਬਹੁਤ ਉੱਚੀ ਆਵਾਜ਼ ਵਿਚ ਸਪੀਕਰ ਲਗਾਏ ਜਾਂਦੇ ਹਨ ਜੋ ਸ਼ੋਰ ਪ੍ਰਦੂਸ਼ਣ ਪੈਦਾ ਕਰਦੇ ਹਨ ਅਤੇ ਇਸ ਸ਼ੋਰ ਕਾਰਨ ਬੱਚਿਆਂ ਨੂੰ ਪੜ੍ਹਾਈ ਵਿਚ ਧਿਆਨ ਕੇਂਦਰਿਤ ਕਰਨ ਵਿਚ ਮੁਸ਼ਕਿਲ ਹੁੰਦੀ ਹੈ। ਪ੍ਰਸ਼ਾਸਨ ਵਲੋਂ ਸਖ਼ਤ ਹਦਾਇਤਾਂ ਹੋਣ ਦੇ ਬਾਵਜੂਦ ਉੱਚੀ ਆਵਾਜ਼ ਵਿਚ ਸਪੀਕਰ ਲਗਾਉਣ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਜ਼ਿਕਰਯੋਗ ਹੈ ਕਿ ਸ਼ੋਰ ਪ੍ਰਦੂਸ਼ਣ ਕਈ ਬਿਮਾਰੀਆਂ ਦਾ ਕਾਰਨ ਬਣਦਾ ਹੈ ਜਿਸ ਦੇ ਕਈ ਗੰਭੀਰ ਸਿੱਟੇ ਨਿਕਲ ਸਕਦੇ ਹਨ। ਪ੍ਰਸ਼ਾਸਨ ਨੂੰ ਅਪੀਲ ਹੈ ਕਿ ਉਹ ਇਸ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ 'ਤੇ ਕਰਨ ਤੇ ਉੱਚੀ ਆਵਾਜ਼ ਵਿਚ ਸਪੀਕਰਾਂ ਦੀ ਵਰਤੋਂ 'ਤੇ ਮੁਕੰਮਲ ਰੋਕ ਲਗਾਉਣ ਤਾਂ ਜੋ ਇਸ ਨਾਲ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਨਿਜਾਤ ਮਿਲ ਸਕੇ।


-ਮੀਤਕ ਸ਼ਰਮਾ ਬਰਾਰੀ 'ਮੀਤ'
ਪਿੰਡ ਬਰਾਰੀ, ਨੰਗਲ ਡੈਮ, ਰੂਪਨਗਰ।


ਵਿਸ਼ਵਾਸ
ਰਿਸ਼ਤਿਆਂ ਦਾ ਅਸਲੀ ਆਧਾਰ ਵਿਸ਼ਵਾਸ ਹੁੰਦਾ ਹੈ। ਅਜੋਕੇ ਸਮੇਂ ਵਿਚ ਰਿਸ਼ਤਿਆਂ ਦੇ ਜਲਦੀ ਟੁੱਟਣ ਦਾ ਕਾਰਨ ਵੀ ਵਿਸ਼ਵਾਸ ਦੀ ਤੰਦ ਦਾ ਕਮਜ਼ੋਰ ਹੋਣਾ ਹੈ। ਰਿਸ਼ਤਾ ਚਾਹੇ ਕੋਈ ਵੀ ਹੋਵੇ, ਹਰ ਰਿਸ਼ਤੇ ਵਿਚ ਵਿਸ਼ਵਾਸ ਦਾ ਹੋਣਾ ਜ਼ਰੂਰੀ ਹੁੰਦਾ ਹੈ। ਰਿਸ਼ਤਿਆਂ ਵਿਚ ਵਿਸ਼ਵਾਸ ਬਣਾਈ ਰੱਖਣ ਲਈ ਇਨਸਾਨ ਦੀ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ ਪਰ ਕਈ ਵਾਰ ਸਾਡੀ ਇਕ ਗ਼ਲਤੀ ਨਾਲ ਹੀ ਵਿਸ਼ਵਾਸ ਦੀ ਤੰਦ ਟੁੱਟ ਜਾਂਦੀ ਹੈ। ਇਨਸਾਨ ਜ਼ਿੰਦਗੀ ਵਿਚ ਸਭ ਕੁਝ ਪ੍ਰਾਪਤ ਕਰ ਸਕਦਾ ਹੈ ਪਰ ਟੁੱਟਿਆ ਹੋਇਆ ਵਿਸ਼ਵਾਸ ਵਾਪਸ ਜੋੜਨਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਲਈ ਰਿਸ਼ਤਿਆਂ ਦੀ ਡੋਰ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਹੈ ਕਿ ਵਿਸ਼ਵਾਸ ਦੀ ਤੰਦ ਨੂੰ ਬਿਖਰਨ ਤੋਂ ਬਚਾਇਆ ਜਾਵੇ। ਹਰ ਰਿਸ਼ਤੇ ਨੂੰ ਇਮਾਨਦਾਰੀ, ਸਚਾਈ, ਵਫ਼ਾਦਾਰੀ ਨਾਲ ਨਿਭਾਇਆ ਜਾਵੇ ਤਾਂ ਕਿ ਰਿਸ਼ਤਿਆਂ ਦਾ ਬਾਗ ਹਮੇਸ਼ਾ ਮਹਿਕਦਾ ਰਹੇ।


-ਜਸਪ੍ਰੀਤ ਕੌਰ ਸੰਘਾ, ਪਿੰਡ ਤਨੂੰਲੀ।


ਸਖੀ-ਵਨ ਸਟਾਪ ਸੈਂਟਰ
ਮਹਿਲਾਵਾਂ 'ਤੇ ਵਧ ਰਹੇ ਅੱਤਿਆਚਾਰਾਂ ਨੂੰ ਠੱਲ੍ਹ ਪਾਉਣ ਅਤੇ ਸਮੱਸਿਆਵਾਂ 'ਚ ਘਿਰੀਆਂ ਮਹਿਲਾਵਾਂ ਦੀ ਸਹਾਇਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਿਵਲ ਸਰਜਨ ਜਲੰਧਰ ਵਲੋਂ 'ਸਖੀ-ਵਨ ਸਟਾਪ ਸੈਂਟਰ' ਖੋਲ੍ਹਿਆ ਗਿਆ ਹੈ। ਇਸ ਸੈਂਟਰ ਵਿਚ ਡਾਕਟਰੀ, ਪੁਲਿਸ ਸਹਾਇਤਾ, ਕਾਨੂੰਨੀ ਕੇਸਾਂ ਦੇ ਪ੍ਰਬੰਧਨ, ਮਨੋਰੋਗੀ ਕਾਊਂਸਲਿੰਗ ਅਤੇ ਆਰਜ਼ੀ ਸੇਵਾਵਾਂ ਦੀ ਸਹੂਲਤ ਦਿੱਤੀ ਗਈ ਹੈ। ਅੱਜਕਲ੍ਹ ਮਹਿਲਾਵਾਂ 'ਤੇ ਜ਼ੁਲਮ ਵਧ ਰਹੇ ਹਨ ਅਤੇ ਉਹ ਕਈ ਕਿਸਮ ਦੀਆਂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ, ਬੱਚਿਆਂ ਦੇ ਸਰੀਰਕ ਸ਼ੋਸ਼ਣ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਇਨਸਾਫ਼ ਲਈ ਅਦਾਲਤਾਂ ਦੇ ਚੱਕਰ ਮਾਰਨੇ ਪੈਂਦੇ ਹਨ ਅਤੇ ਖੱਜਲ-ਖੁਆਰੀ ਵਧ ਰਹੀ ਹੈ। ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੀ ਲੋੜ ਹੈ। ਜਿਥੇ ਖੋਲ੍ਹੇ ਗਏ ਇਸ ਸੈਂਟਰ ਦਾ ਮਹਿਲਾਵਾਂ, ਛੋਟੇ ਬੱਚਿਆਂ ਨੂੰ ਫਾਇਦਾ ਉਠਾਉਣਾ ਚਾਹੀਦਾ ਹੈ, ਉਥੇ ਹੀ ਅਜਿਹੇ ਸੈਂਟਰ ਪੰਜਾਬ ਦੇ ਬਾਕੀ ਸ਼ਹਿਰਾਂ/ਕਸਬਿਆਂ ਵਿਚ ਖੋਲ੍ਹੇ ਜਾਣੇ ਚਾਹੀਦੇ ਹਨ ਤਾਂ ਜੋ ਹਿੰਸਾ ਤੋਂ ਪ੍ਰਭਾਵਿਤ ਔਰਤਾਂ, ਬੱਚਿਆਂ ਨੂੰ ਇਨ੍ਹਾਂ ਸੈਂਟਰਾਂ ਵਿਚ ਸੰਗਠਿਤ ਸੇਵਾਵਾਂ ਇਕ ਹੀ ਜਗ੍ਹਾ ਮਿਲ ਸਕਣ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਈ-ਸਿਗਰਟ
ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਇਥੇ ਸਮੇਂ-ਸਮੇਂ 'ਤੇ ਅਲੱਗ-ਅਲੱਗ ਪ੍ਰਕਾਰ ਦੇ ਨਸ਼ੇ ਦਸਤਕ ਦਿੰਦੇ ਰਹੇ ਹਨ। ਕਦੇ ਅਫ਼ੀਮ ਭੁੱਕੀ ਪੰਜਾਬ ਵਿਚ ਆਮ ਸੀ। ਫਿਰ ਸਮੈਕ ਦਾ ਦੌਰ ਚੱਲਿਆ ਜਿਸ ਨੇ ਜ਼ਿਆਦਾਤਰ ਅਜੋਕੀ ਨੌਜਵਾਨ ਪੀੜ੍ਹੀ ਨੂੰ ਆਪਣੀ ਪਕੜ ਵਿਚ ਲਿਆ। ਚਿੱਟੇ ਨੇ ਪੰਜਾਬ ਦੀ ਨੌਜਵਾਨੀ ਨੂੰ ਪੂਰੀ ਤਰ੍ਹਾਂ ਲੀਹੋਂ ਲਾਹ ਦਿੱਤਾ ਹੈ। ਪੰਜਾਬ ਵਿਚ ਹੈਰੋਇਨ ਤੇ ਚਿੱਟੇ ਤੋਂ ਬਾਅਦ ਈ-ਸਿਗਰਟ ਨਾਂਅ ਦਾ ਅਨੋਖਾ ਨਸ਼ਾ ਚੱਲ ਪਿਆ ਹੈ ਤੇ ਆਉਣ ਵਾਲੇ ਸਮੇਂ ਵਿਚ ਇਸ ਦੇ ਹੋਰ ਵੀ ਭਿਆਨਕ ਸਿੱਟੇ ਨਿਕਲਣ ਜਾ ਰਹੇ ਹਨ। ਵਿਦੇਸ਼ੀ ਕੰਪਨੀਆਂ ਦੁਆਰਾ ਇਸ ਨੂੰ ਚਾਕਲੇਟ ਦੇ ਰੂਪ ਵਿਚ ਵੇਚਿਆ ਜਾ ਰਿਹਾ ਹੈ। ਪੈਨ ਡਰਾਈਵ ਦੀ ਤਰ੍ਹਾਂ ਦਿਸਣ ਵਾਲੇ ਇਸ ਨਸ਼ੇ ਨੂੰ ਮੋਬਾਈਲ ਵਾਂਗ ਚਾਰਜ ਵੀ ਕੀਤਾ ਜਾ ਸਕਦਾ ਹੈ। ਇਸ ਵਿਚ ਨਿਕੋਟੀਨ ਪਦਾਰਥ ਹੁੰਦਾ ਹੈ ਜਿਸ ਕਰਕੇ ਇਸ ਦੇ ਸੇਵਨ ਨਾਲ ਦਿਲ ਫੇਫੜਿਆਂ ਦੀਆਂ ਬਿਮਾਰੀਆਂ ਦਾ ਖ਼ਤਰਾ ਵਧੇਰੇ ਹੈ। ਚਿੱਟੇ ਵਾਂਗ ਇਸ ਦੀ ਓਵਰਡੋਜ਼ ਕਰਕੇ ਵੀ ਮੌਤ ਹੋ ਸਕਦੀ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਹੁਣ ਤੋਂ ਹੀ ਇਸ ਨਸ਼ੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਤਾਂ ਜੋ ਇਸ ਦੇ ਮਾਰੂ ਪ੍ਰਭਾਵਾਂ ਤੋਂ ਬਚਿਆ ਜਾ ਸਕੇ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।

07-02-2019

 ਸੈਨਿਕਾਂ ਦਾ ਸਤਿਕਾਰ ਜ਼ਰੂਰੀ
ਦੇਸ਼ ਦੀ ਰਾਖੀ ਲਈ ਸਾਡੇ ਜਵਾਨ ਸਰਹੱਦਾਂ 'ਤੇ ਸਖ਼ਤ ਡਿਊਟੀ ਨਿਭਾਅ ਰਹੇ ਹਨ। ਜਿਸ ਜਗ੍ਹਾ 'ਤੇ ਜਾ ਕੇ ਆਮ ਇਨਸਾਨ ਕੁਝ ਕੁ ਘੰਟੇ ਰੁਕ ਨਹੀਂ ਸਕਦਾ, ਉਥੇ ਇਹ ਸੈਨਿਕ ਦਿਨ-ਰਾਤ ਬਿਨਾਂ ਅੱਕੇ ਅਤੇ ਥੱਕੇ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਕੰਮ ਕਰ ਰਹੇ ਹਨ। ਦੇਸ਼ ਵਿਚ ਕਿਸੇ ਵੀ ਕਿਸਮ ਦੀ ਕੋਈ ਆਫ਼ਤ ਆਉਣ 'ਤੇ ਫ਼ੌਜ ਦੀ ਮਦਦ ਜ਼ਰੂਰ ਲਈ ਜਾਂਦੀ ਹੈ ਫਿਰ ਭਾਵੇਂ ਉਹ ਹੜ੍ਹ ਹੋਣ ਜਾਂ ਭੁਚਾਲ। ਪਰ ਕਈ ਵਾਰ ਦੇਖਣ ਵਿਚ ਆਉਂਦਾ ਹੈ ਕਿ ਆਮ ਨਾਗਰਿਕਾਂ ਵਲੋਂ ਇਨ੍ਹਾਂ ਸੈਨਿਕਾਂ ਨਾਲ ਵਧੀਆ ਵਿਵਹਾਰ ਨਹੀਂ ਕੀਤਾ ਜਾਂਦਾ ਜਾਂ ਇਨ੍ਹਾਂ ਪ੍ਰਤੀ ਅਜਿਹੇ ਸ਼ਬਦ ਵਰਤੇ ਜਾਂਦੇ ਹਨ ਜਿਸ ਨਾਲ ਸੈਨਿਕਾਂ ਦੇ ਮਨੋਬਲ ਨੂੰ ਠੇਸ ਪੁੱਜਦੀ ਹੈ। ਸਾਡੀ ਰੱਖਿਆ ਕਰਨ ਲਈ ਹਰ ਵੇਲੇ ਇਹ ਜਵਾਨ ਖ਼ੁਦ ਲਈ ਖ਼ਤਰਾ ਲੈ ਰਹੇ ਹਨ। ਇਸ ਲਈ ਦੇਸ਼ ਦੇ ਨਾਗਰਿਕਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਦੇਸ਼ ਦੇ ਸੈਨਿਕਾਂ ਦਾ ਹਮੇਸ਼ਾ ਸਨਮਾਨ ਕਰਨ ਅਤੇ ਕੋਈ ਵੀ ਅਜਿਹੀ ਸ਼ਬਦਾਵਲੀ ਦਾ ਪ੍ਰਯੋਗ ਨਾ ਕਰਨ ਜਿਸ ਨਾਲ ਉਨ੍ਹਾਂ ਦੇ ਮਨ ਨੂੰ ਠੇਸ ਪੁੱਜੇ।


-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।


ਸਿਹਤ ਸਹੂਲਤਾਂ ਦੀ ਘਾਟ
ਸਮਾਜ ਵਿਚ ਸਿਹਤ ਸਹੂਲਤਾਂ ਦਾ ਬਹੁਤ ਮਾੜਾ ਹਾਲ ਹੈ। ਦੂਰ-ਦੁਰੇਡੇ ਮਹਿੰਗੇ ਹਸਪਤਾਲ, ਦਵਾਈਆਂ, ਟੈਸਟ, ਡਾਕਟਰਾਂ ਦੀਆਂ ਫੀਸਾਂ ਬੇਰੁਜ਼ਗਾਰੀ ਦੇ ਮਾਰੇ ਲੋਕਾਂ ਲਈ ਮੁਸੀਬਤਾਂ ਤੋਂ ਘੱਟ ਨਹੀਂ। ਸਰਕਾਰਾਂ ਨੂੰ ਘੱਟ-ਵਿਕਸਤ ਦੇਸ਼ ਕਿਊਬਾ ਦਾ ਮਾਡਲ ਅਪਣਾਉਣਾ ਚਾਹੀਦਾ ਹੈ ਜਿਸ ਦੀ ਬੱਚਿਆਂ ਦੀ ਮੌਤ ਦਰ ਸਿਰਫ 4 ਫ਼ੀਸਦੀ ਹੈ ਜੋ ਕਿ ਅਮਰੀਕਾ ਅਤੇ ਹੋਰ ਵਿਕਸਿਤ ਦੇਸ਼ਾਂ ਤੋਂ ਵੀ ਘੱਟ ਹੈ। ਮਾਡਲ ਮੁਤਾਬਿਕ 'ਘੱਟ ਤੋਂ ਘੱਟ ਇਲਾਜ ਅਤੇ ਵੱਧ ਤੋਂ ਵੱਧ ਸਿਹਤ ਸਿੱਖਿਆ' ਉੱਪਰ ਜ਼ੋਰ ਦਿੱਤਾ ਜਾਂਦਾ ਹੈ। ਪਹਿਲਾਂ ਸਕੂਲਾਂ ਵਿਚ ਸਫ਼ਾਈ ਅਤੇ ਸਰੀਰਕ ਬਣਤਰ ਵਿਸ਼ਾ ਪੜ੍ਹਾਇਆ ਜਾਂਦਾ ਸੀ, ਜਿਸ ਨੂੰ ਦੁਬਾਰਾ ਚਾਲੂ ਕਰਨ ਦੀ ਲੋੜ ਹੈ। ਸਰੀਰਕ ਸਿੱਖਿਆ ਦੀ ਲੋੜ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਣਾ ਜ਼ਰੂਰੀ ਹੈ। ਸਿਹਤ ਸਬੰਧੀ ਸਿੱਖਿਆ ਹੀ ਇਕ ਅਜਿਹਾ ਢੰਗ-ਤਰੀਕਾ ਹੈ ਜਿਸ ਨਾਲ ਬਿਮਾਰੀਆਂ ਤੋਂ ਕਾਫੀ ਹੱਦ ਤੱਕ ਬੱਚਿਆ ਜਾ ਸਕਦਾ ਹੈ।


-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ ਘੁਮਾਣ, ਗੁਰਦਾਸਪੁਰ।


ਗ਼ਲਤੀਆਂ ਤੋਂ ਸਿੱਖੋ
ਮਨੁੱਖ ਗ਼ਲਤੀਆਂ ਦਾ ਪੁਤਲਾ ਹੈ। ਬਿਨਾਂ ਸ਼ੱਕ ਇਸ ਦੁਨੀਆ 'ਤੇ ਕੋਈ ਅਜਿਹਾ ਇਨਸਾਨ ਨਹੀਂ ਹੋਵੇਗਾ, ਜਿਸ ਨੇ ਕਦੇ ਕੋਈ ਗ਼ਲਤੀ ਨਾ ਕੀਤੀ ਹੋਵੇ। ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ 'ਤੇ ਹਰ ਇਨਸਾਨ ਗ਼ਲਤੀ ਕਰਦਾ ਹੈ ਪਰ ਜਦੋਂ ਅਸੀਂ ਆਪਣੀਆਂ ਗ਼ਲਤੀਆਂ ਨੂੰ ਕਬੂਲ ਨਹੀਂ ਕਰਦੇ ਤੇ ਉਨ੍ਹਾਂ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਉਹ ਗ਼ਲਤ ਹੈ। ਕਿਉਂਕਿ ਗ਼ਲਤੀ ਸਿਰਫ ਇਕ ਵਾਰ ਹੁੰਦੀ ਹੈ ਪਰ ਉਸ ਗ਼ਲਤੀ ਨੂੰ ਵਾਰ-ਵਾਰ ਦੁਹਰਾਉਣਾ ਸਾਡੀ ਬੇਵਕੂਫੀ ਹੁੰਦੀ ਹੈ। ਜੇਕਰ ਅਸੀਂ ਆਪਣੀਆਂ ਗ਼ਲਤੀਆਂ ਤੋਂ ਸਿੱਖਣਾ ਸ਼ੁਰੂ ਕਰ ਦੇਈਏ ਤਾਂ ਸਾਡੀਆਂ ਗ਼ਲਤੀਆਂ ਹੀ ਸਾਨੂੰ ਸਫ਼ਲ ਬਣਾ ਦਿੰਦੀਆਂ ਹਨ। ਇਨਸਾਨ ਕਦੇ ਗ਼ਲਤੀ ਨਾ ਕਰੇ, ਇਹ ਸੰਭਵ ਨਹੀਂ ਪਰ ਆਪਣੀਆਂ ਗ਼ਲਤੀਆਂ ਨੂੰ ਸੁਧਾਰਨਾ ਇਨਸਾਨ ਦੇ ਆਪਣੇ ਹੱਥ ਹੁੰਦਾ ਹੈ। ਇਸ ਲਈ ਜਦੋਂ ਵੀ ਗ਼ਲਤੀ ਕਰੋ, ਉਸ ਨੂੰ ਕਬੂਲ ਕਰਨ ਅਤੇ ਸੁਧਾਰਨ ਦੀ ਹਿੰਮਤ ਰੱਖੋ।


-ਜਸਪ੍ਰੀਤ ਕੌਰ ਸੰਘਾ
ਪਿੰਡ ਤਨੂੰਲੀ।


ਪੰਚਾਇਤਾਂ ਦਾ ਸਿਆਸੀਕਰਨ
ਪੁਰਾਣੇ ਸਮੇਂ ਤੇ ਅੱਜ ਦੇ ਪੰਜਾਬ ਦੀਆਂ ਪੰਚਾਇਤਾਂ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਪੈ ਚੁੱਕਾ ਹੈ, ਅੱਜ ਦੇ ਪੰਜਾਬ ਦੀਆਂ ਪੰਚਾਇਤਾਂ 'ਤੇ ਸਿਆਸੀਕਰਨ ਪੂਰੀ ਤਰ੍ਹਾਂ ਭਾਰੂ ਹੋ ਚੁੱਕਾ ਹੈ। ਪੁਰਾਣੇ ਸਮਿਆਂ ਵਿਚ ਬਿਨਾਂ ਸ਼ੱਕ ਵਰਤਮਾਨ ਸਮੇਂ ਨਾਲੋਂ ਵਿਕਾਸ ਕਾਰਜ ਘੱਟ ਹੁੰਦੇ ਸਨ ਪਰ ਜੇਕਰ ਪਿੰਡ ਵਿਚ ਕੋਈ ਝਗੜਾ ਹੁੰਦਾ ਸੀ ਤਾਂ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦਿਆਂ ਦੁਆਰਾ ਪਿੰਡ ਵਿਚ ਹੀ ਨਿਬੇੜ ਲਿਆ ਜਾਂਦਾ ਸੀ। ਉਸ ਸਮੇਂ ਚੰਗਾ ਵਿਅਕਤੀ ਤੇ ਉਸ ਦੀਆਂ ਕਈ ਪੀੜ੍ਹੀਆਂ ਨੁਮਾਇੰਦਗੀ ਕਰ ਜਾਂਦੀਆਂ ਸਨ ਕਿਉਂਕਿ ਉਸ ਸਮੇਂ ਲੋਕ ਪਾਰਟੀਬਾਜ਼ੀ ਵਿਚ ਨਹੀਂ ਵੰਡੇ ਹੋਏ ਸੀ।
ਵਰਤਮਾਨ ਸਮੇਂ ਵਿਚ ਪੰਚਾਇਤਾਂ ਸਿਆਸੀ ਪਾਰਟੀਆਂ ਦਾ ਮੋਹਰਾ ਬਣ ਕੇ ਰਹਿ ਗਈਆਂ। ਪਿੰਡਾਂ ਦੇ ਹਿਤ, ਭਾਈਚਾਰਕ ਸਾਂਝ, ਆਪਸੀ ਏਕਤਾ ਸਭ ਖ਼ਤਮ ਹੋ ਗਿਆ ਹੈ। ਪਿੰਡਾਂ ਦੀਆਂ ਸੱਥਾਂ ਵਿਚ ਨਿਬੇੜੇ ਜਾਣ ਵਾਲੇ ਮਸਲੇ ਕੋਰਟ ਕਚਹਿਰੀਆਂ ਅਤੇ ਥਾਣਿਆਂ ਤੱਕ ਪਹੁੰਚ ਗਏ ਹਨ। ਜਿਸ ਧਿਰ ਨੂੰ ਸਿਆਸੀ ਸ਼ੈਅ ਪ੍ਰਾਪਤ ਹੁੰਦੀ ਹੈ, ਉਹ ਦੂਸਰੇ ਦਾ ਜਿੱਥੋਂ ਤੱਕ ਹੋ ਸਕਦਾ ਹੈ, ਨੁਕਸਾਨ ਕਰਦਾ ਹੈ। ਲੋਕਾਂ ਦੁਆਰਾ ਸਿਆਸੀ ਲੜਾਈ ਨੂੰ ਨਿੱਜੀ ਲੜਾਈ ਸਮਝਿਆ ਜਾ ਰਿਹਾ ਹੈ। ਵਰਤਮਾਨ ਪੰਚਾਇਤਾਂ ਨੂੰ ਵੀ ਚਾਹੀਦਾ ਹੈ ਕਿ ਉਹ ਕਿਸੇ ਸਿਆਸੀ ਪਾਰਟੀ ਦੀਆਂ ਪੰਚਾਇਤਾਂ ਬਣ ਕੇ ਨਹੀਂ ਸਗੋਂ ਪਿੰਡਾਂ ਦੇ ਲੋਕਾਂ ਦੀਆਂ ਪੰਚਾਇਤਾਂ ਬਣ ਕੇ ਫ਼ੈਸਲਿਆਂ ਦਾ ਨਿਪਟਾਰਾ ਕਰਨ ਤਾਂ ਪੰਚਾਇਤਾਂ ਦੀ ਪਹਿਲਾਂ ਵਾਲੀ ਪਵਿੱਤਰਤਾ ਬਹਾਲ ਕੀਤੀ ਜਾ ਸਕੇ।


-ਕਮਲ ਬਰਾੜ
ਪਿੰਡ ਕੋਟਲੀ।


ਖੇਤੀ, ਉਦਯੋਗ, ਰੁਜ਼ਗਾਰ ਲਈ ਕੁਝ ਨਹੀਂ
ਉਤਪਾਦਨ, ਆਮਦਨ ਅਤੇ ਖ਼ਰੀਦ ਮੁਕਤੀ ਵਿਚ ਵਾਧਾ, ਆਰਥਿਕਤਾ ਦਾ ਆਧਾਰ ਬਣਦਾ ਹੈ ਪਰ ਇਸ ਬਜਟ ਵਿਚ ਇਸ ਸਬੰਧੀ ਕੁਝ ਨਹੀਂ। ਪਿੰਡਾਂ ਦੇ ਵਿਕਾਸ, ਖੇਤੀ ਆਧਾਰਿਤ ਉਦਯੋਗਾਂ ਲਈ ਕੁਝ ਨਹੀਂ ਰੱਖਿਆ ਗਿਆ। 5 ਏਕੜ ਤੋਂ ਘੱਟ ਜੋਤ ਵਾਲੇ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਜਾਂ ਮਹੀਨੇ ਵਿਚ 500 ਰੁਪਏ ਕੁਝ ਵੀ ਨਹੀਂ ਜਦੋਂ ਕਿ ਪਹਿਲਾਂ ਹੀ ਬਿਜਲੀ ਅਤੇ ਹੋਰ ਸਬਸਿਡੀਆਂ ਦੀ ਮਾਤਰਾ ਇਸ ਤੋਂ ਜ਼ਿਆਦਾ ਹੈ। ਅਸੰਗਠਿਤ ਖੇਤਰ ਦੇ 10 ਕਰੋੜ ਲੋਕਾਂ ਲਈ ਪੈਨਸ਼ਨ ਦੀ ਵਿਵਸਥਾ ਕਰਨੀ ਚੰਗੀ ਗੱਲ ਹੈ, ਫਿਰ ਮੱਧ ਦਰਜੇ ਨੂੰ 5 ਲੱਖ ਤੱਕ ਦੀ ਆਮਦਨ ਤੋਂ ਟੈਕਸ ਮੁਕਤ ਕਰਨਾ ਸ਼ਲਾਘਾਯੋਗ ਹੈ, ਮਨਰੇਗਾ ਲਈ 60,000 ਕਰੋੜ ਰੱਖਣੇ ਸਲਾਹੁਣਯੋਗ ਹੈ। ਕੁੱਲ ਮਿਲਾ ਕੇ ਇਹ ਬਜਟ ਚੋਣਾਂ ਨੂੰ ਸਾਹਮਣੇ ਰੱਖ ਕੇ ਪੇਸ਼ ਕੀਤਾ ਗਿਆ ਹੈ।


-ਡਾ: ਸ.ਸ. ਛੀਨਾ।


ਵਿਚਾਰਨਯੋਗ ਮੁੱਦਾ
ਇਸ ਸਮੇਂ ਜੋ ਮੁੱਖ ਸੰਕਟ ਹੈ, ਉਹ ਇਹ ਹੈ ਕਿ ਅਜੋਕੀ ਪੀੜ੍ਹੀ ਵੱਡਿਆਂ ਦਾ ਆਦਰ ਨਹੀਂ ਕਰਦੀ। ਸਭ ਵਿਚ ਨਿੱਜਵਾਦ ਭਾਰੂ ਹੈ। ਕਿਸੇ ਨੂੰ ਵੀ ਆਪਣੇ ਵੱਡੇ ਜਾਂ ਰਿਸ਼ਤੇਦਾਰ, ਆਂਢ-ਗੁਆਂਢ ਰਹਿੰਦੇ ਪਰਿਵਾਰ ਨਾਲ ਮੋਹ-ਪਿਆਰ ਨਹੀਂ। ਸਗੋਂ ਉਨ੍ਹਾਂ ਨੂੰ ਇਕ ਪਾਸੇ ਕਰ ਖ਼ੁਦ ਨੂੰ ਸਿਆਣਾ ਦੱਸਣ ਦੀ ਬਿਰਤੀ ਕਿਸ਼ੋਰ ਬੱਚਿਆਂ ਵਿਚ ਪੂਰੀ ਤਰ੍ਹਾਂ ਘਰ ਕਰ ਚੁੱਕੀ ਹੈ। ਟੀ.ਵੀ. ਇਸ ਦਾ ਮੁੱਖ ਦੋਸ਼ੀ ਹੈ ਕਿਉਂ ਜੋ ਪ੍ਰੋਗਰਾਮ ਮਨੋਰੰਜਨ ਦੇ ਨਾਂਅ ਇਸ ਵੇਲੇ ਟੀ.ਵੀ. 'ਤੇ ਵਿਖਾਏ ਜਾਂਦੇ ਹਨ, ਉਹ ਕਹਿਣ ਨੂੰ ਤਾਂ ਪਰਿਵਾਰਕ ਹੁੰਦੇ ਹਨ ਪਰ ਉਨ੍ਹਾਂ 'ਚ ਸਿਰਫ ਇਕ-ਦੂਜੇ ਨੂੰ ਪਿਛਾਂਹ ਸੁੱਟਣ ਲਈ ਸਾਜਿਸ਼ ਧੋਖਾਧੜੀ ਅਤੇ ਕਤਲ ਤੱਕ ਕਰਦੇ ਵਿਖਾਏ ਜਾਂਦੇ ਹਨ। ਜਦੋਂ ਇਹੀ ਸਭ ਬੱਚੇ ਵੇਖਣਗੇ ਤਦ ਕਿੰਜ ਉਨ੍ਹਾਂ 'ਚ ਚੰਗੇ ਗੁਣ, ਚੰਗੇ ਵਿਚਾਰ ਪ੍ਰਸਾਰਿਤ ਹੋਣਗੇ। ਇਸ ਲਈ ਜ਼ਰੂਰੀ ਹੈ ਟੀ.ਵੀ. ਜੋ ਕਿ ਹਰ ਪਰਿਵਾਰ 'ਚ ਜ਼ਰੂਰੀ ਹੈ, ਉਸ 'ਚ ਸੁਧਾਰ ਕੀਤਾ ਜਾਵੇ। ਪਹਿਲਾਂ ਹੀ ਸਾਡੇ ਪ੍ਰੇਰਨਾ ਸਰੋਤ ਖ਼ਤਮ ਹੋ ਰਹੇ ਹਨ। ਇਸ ਲਈ ਜੇ ਕਿਸ਼ੋਰ ਬੱਚਿਆਂ ਦੀ ਸੋਚ ਉਸਾਰੂ ਬਣਾਉਣੀ ਹੈ ਤਾਂ ਅਜਿਹੇ ਪ੍ਰੋਗਰਾਮ ਬੰਦ ਹੋਣੇ ਚਾਹੀਦੇ ਹਨ।


-ਵਿਵੇਕ
ਕੋਟ ਈਸੇ ਖਾਂ।

06-02-2019

 ਨਾਗਰਿਕਤਾ ਦੇਣ ਦਾ ਮਸਲਾ
ਜਨਵਰੀ ਦੇ ਸ਼ੁਰੂ ਵਿਚ ਭਾਰਤ ਸਰਕਾਰ ਵਲੋਂ ਨਾਗਰਿਕਤਾ ਸੋਧ ਬਿੱਲ ਪਾਸ ਕਰ ਦਿੱਤਾ ਗਿਆ। ਆਜ਼ਾਦੀ ਤੋਂ ਬਾਅਦ ਸਰਹੱਦਾਂ ਕਮਜ਼ੋਰ ਰਹਿਣ ਕਰਕੇ ਪਾਕਿਸਤਾਨ, ਬੰਗਲਾਦੇਸ਼, ਅਫ਼ਗਾਨਿਸਤਾਨ ਤੋਂ ਸ਼ਰਨਾਰਥੀ ਭਾਰਤ ਦੀਆਂ ਪੂਰਬੀ ਸਰਹੱਦਾਂ ਨਾਲ ਵਸ ਗਏ ਸਨ। ਨਵੀਂ ਆਜ਼ਾਦੀ ਮਿਲਣ ਕਰਕੇ ਇਨ੍ਹਾਂ ਦਾ ਰਿਕਾਰਡ ਨਾ ਬਣ ਸਕਿਆ। ਇਕ ਸਰਵੇਖਣ ਮੁਤਾਬਿਕ ਇਕੱਲੇ ਨੇਫਾ (ਉੱਤਰੀ ਪੂਰਬੀ) ਵਿਚ 40 ਲੱਖ ਲੋਕ ਭਾਰਤ ਵਿਚ ਵਸ ਗਏ ਪਰ ਰਜਿਸਟਰ ਨਾ ਹੋ ਸਕੇ। ਭਾਰਤ ਸਰਕਾਰ ਨੇ ਇਨਸਾਨੀਅਤ ਨੂੰ ਮੰਨਦਿਆਂ 8 ਲੱਖ ਇਸਾਈ, ਜੈਨੀ, ਬੋਧੀ ਤੇ ਪਾਰਸੀਆਂ ਨੂੰ ਰਜਿਸਟਰ ਕਰਨ ਦਾ ਵਚਨ ਦੁਹਰਾਇਆ ਪਰ 32 ਲੱਖ ਮੁਸਲਮਾਨਾਂ ਨੂੰ ਇਸ ਕਾਰਵਾਈ ਤੋਂ ਬਾਹਰ ਰੱਖਿਆ ਗਿਆ। ਕੀ ਇਹ ਮੁਸਲਮਾਨ ਮਨੁੱਖਤਾ ਦੀ ਸ਼੍ਰੇਣੀ ਵਿਚ ਨਹੀਂ ਆਉਂਦੇ? 'ਧਰਮ-ਨਿਰਪੱਖਤਾ' ਦਾ ਹੋਕਾ ਦੇਣ ਵਾਲਾ ਭਾਰਤ ਆਪਣੇ ਦੇਸ਼ ਅੰਦਰ ਸਾਰੀਆਂ ਕੌਮਾਂ ਨੂੰ ਇਕ ਲੜੀ ਵਿਚ ਪਰੋ ਕੇ ਆਪਣਾ ਮਾਣ ਵਧਾ ਰਿਹਾ ਹੈ ਪਰ ਮੁਸਲਮਾਨਾਂ ਨੂੰ ਇਸ ਵਰਤਾਰੇ ਤੋਂ ਬਾਹਰ ਰੱਖ ਕੇ 'ਧਰਮ-ਨਿਰਪੱਖਤਾ' ਨੂੰ ਅੰਗੂਠਾ ਦਿਖਾਉਂਦਾ ਜਾਪ ਰਿਹਾ ਹੈ। ਕਈ ਗੁਆਂਢੀ ਦੇਸ਼ਾਂ ਵਿਚੋਂ ਰਾਜਸੀ ਦਬਾਅ ਕਰਕੇ ਇਨ੍ਹਾਂ ਲੋਕਾਂ ਨੂੰ ਬਾਹਰ ਕੱਢ ਦਿੱਤਾ ਗਿਆ। ਇਸ ਧਰਤੀ ਦੇ ਜਾਏ ਹੋਣ ਕਰਕੇ ਉਨ੍ਹਾਂ ਨੂੰ ਕੋਈ ਰਹਿਣ ਲਈ ਧਰਤੀ ਨਹੀਂ ਦੇ ਰਿਹਾ। ਇਹ ਕੈਸੀ ਮਨੁੱਖਤਾ ਹੈ? ਕਹਿੰਦੇ ਹਨ ਭਾਰਤ ਦੇ ਪਿੰਡਾਂ ਵਿਚ ਰੱਬ ਵਸਦਾ ਹੈ ਤਾਂ ਕਿਉਂ ਇਨ੍ਹਾਂ ਨੂੰ ਰਹਿਣ ਲਈ ਥਾਂ ਨਸੀਬ ਨਾ ਹੋਵੇ।


-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ। ਭੱਟੀਵਾਲ, ਗੁਰਦਾਸਪੁਰ।


ਹਥਿਆਰਾਂ ਦਾ ਸ਼ੌਕ
ਪੰਜਾਬੀਆਂ ਨੇ ਸਮੇਂ-ਸਮੇਂ ਬੜੇ ਵੱਖ-ਵੱਖ ਤਰ੍ਹਾਂ ਦੇ ਸ਼ੌਕ ਪਾਲ ਰੱਖੇ ਸਨ। ਜਿਹੜੇ ਪੰਜਾਬੀ ਕਦੇ ਭਾਰ ਚੁੱਕਣ, ਘੋਲ ਕਰਨ, ਕਬੱਡੀ ਖੇਡਣ, ਬਲਦ ਪਾਲਣ, ਘੋੜੇ ਪਾਲਣ ਦੇ ਨਾਲ-ਨਾਲ ਸੁਚੱਜਾ ਕੰਮ ਕਰਨ ਦਾ ਸ਼ੌਕ ਰੱਖਦੇ ਸਨ, ਹੁਣ ਪੰਜਾਬੀਆਂ ਨੇ ਆਪਣੇ ਇਨ੍ਹਾਂ ਸ਼ੌਕਾਂ ਨੂੰ ਤਿਲਾਂਜਲੀ ਦੇ ਕੇ ਖ਼ਤਰਨਾਕ ਸ਼ੌਕ ਪਾਲ ਲਏ ਹਨ। ਸਭ ਤੋਂ ਮਾੜਾ ਸ਼ੌਕ ਹਥਿਆਰਾਂ ਨਾਲ ਵਿਆਹਾਂ ਸ਼ਾਦੀਆਂ ਵਿਚ ਗੋਲੀ ਚਲਾਉਣ ਦਾ। ਇਸ ਸ਼ੌਕ ਨੇ ਹਰ ਵਾਰ ਵਿਆਹਾਂ ਸ਼ਾਦੀਆਂ 'ਚ ਕਈ ਲੋਕਾਂ ਦੀ ਜਾਨ ਲਈ ਹੈ ਤੇ ਇਹ ਵਤੀਰਾ ਲਗਾਤਾਰ ਜਾਰੀ ਹੈ। ਪਤਾ ਨਹੀਂ ਸਾਡੇ ਲੋਕਾਂ ਨੂੰ ਇਹ ਮਰਨ ਮਿੱਟੀ ਕਿਉਂ ਚੜ੍ਹਗੀ, ਹਰ ਰੋਜ਼ ਮੌਤ ਨੂੰ ਸੱਦਾ ਦੇਣ ਵਾਲੇ ਸ਼ੌਕ ਪਾਲ ਰਹੇ ਹਨ। ਖੁਸ਼ੀ ਦੇ ਸਮਾਗਮ ਵਿਚ ਭਲਾ ਹਥਿਆਰਾਂ ਦਾ ਕੀ ਕੰਮ? ਸਾਡੇ ਸਮਾਜ ਨੂੰ ਇਸ ਪਾਸੇ ਪਤਾ ਨਹੀਂ ਕਿਉਂ ਮੋੜਿਆ ਜਾ ਰਿਹਾ ਹੈ। ਛੋਟੇ-ਛੋਟੇ ਬੱਚਿਆਂ ਨੂੰ ਵੀ ਅਜਿਹੀਆਂ ਖੇਡਾਂ ਖੇਡਣ ਲਈ ਪਰੋਸੀਆਂ ਜਾਂਦੀਆਂ ਹਨ, ਜਿਸ ਵਿਚ ਉਹ ਜਾਂ ਤਾਂ ਗੋਲੀਆਂ ਮਾਰ ਕੇ ਬੰਦੇ ਮਾਰ ਰਹੇ ਹਨ ਜਾਂ ਕਾਰ ਭਜਾ ਕੇ ਬੰਦੇ ਮਾਰ ਰਹੇ ਹਨ। ਪਤਾ ਨਹੀਂ ਕਿਉਂ ਬੱਚਿਆਂ ਨੂੰ ਅਜਿਹੀਆਂ ਗੇਮਾਂ ਖੇਡਣ ਲਈ ਮਜਬੂਰ ਕੀਤਾ ਜਾਂਦਾ ਹੈ? ਰਹਿੰਦੀ ਕਸਰ ਸਾਡੇ ਅੱਜਕਲ੍ਹ ਦੇ ਗਾਇਕਾਂ ਨੇ ਪੂਰੀ ਕਰਤੀ ਜੋ ਗੀਤਾਂ ਵਿਚ ਹਥਿਆਰਾਂ ਦੀ ਹੀ ਗੱਲ ਕਰਦੇ ਹਨ। ਨੌਜਵਾਨ ਪੀੜ੍ਹੀ ਇਨ੍ਹਾਂ ਤੋਂ ਪ੍ਰਭਾਵਿਤ ਹੋ ਰਹੀ ਹੈ। ਹਰ ਤੀਜਾ ਚੌਥਾ ਗੀਤ ਹਥਿਆਰਾਂ 'ਤੇ ਹੀ ਆ ਰਿਹਾ ਹੈ। ਅਜਿਹੇ ਕਾਰਨ ਕਰਕੇ ਜਿਨ੍ਹਾਂ ਨੌਜਵਾਨਾਂ ਦੇ ਹੱਥ ਕਿਤਾਬ ਹੋਣੀ ਚਾਹੀਦੀ ਸੀ, ਅੱਜ ਉਨ੍ਹਾਂ ਦੇ ਹੱਥ ਹਥਿਆਰ ਆ ਰਹੇ ਹਨ ਜੋ ਬਹੁਤ ਮਾੜੀ ਗੱਲ ਹੈ। ਅੱਜ ਲੋੜ ਹੈ ਨੌਜਵਾਨ ਪੀੜ੍ਹੀ ਨੂੰ ਇਸ ਪਾਸੇ ਤੋਂ ਮੋੜਨ ਦੀ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਕੀ ਬਣ ਗਿਆ ਇਹ ਦੇਸ਼

ਪਿਛਲੇ ਦਿਨੀਂ ਸਵਰਨ ਸਿੰਘ ਟਹਿਣਾ ਦਾ ਖਰੀਆਂ-ਖਰੀਆਂ ਸਿਰਲੇਖ ਹੇਠ 'ਕੀ ਤੋਂ ਕੀ ਬਣ ਗਿਆ ਦੇਸ਼!' ਪੜ੍ਹ ਕੇ ਦੇਸ਼ ਦੇ ਹਾਲਾਤ ਬਾਰੇ ਕਾਫੀ ਕੁਝ ਜਾਣਦੇ ਹੋਏ ਵੀ ਹੋਰ ਨੇੜਿਓਂ ਜਾਣਨ ਦਾ ਮੌਕਾ ਮਿਲਿਆ। ਬੁਢਾਪਾ ਭਾਰਤ ਵਿਚ ਸ਼ਰਾਪ ਬਣ ਗਿਆ ਹੈ ਪਰ ਇੰਡੀਆ 'ਚ ਨਹੀਂ। ਇੰਡੀਆ ਕੋਲ ਉਹ ਸਭ ਕੁਝ ਹੈ ਜੋ ਭਾਰਤ ਕੋਲ ਨਹੀਂ। ਸਾਰੀ ਉਮਰ ਕਮਾਈ ਕਰਕੇ ਆਖਰੀ ਸਮੇਂ ਤੱਕ ਸੁੱਖ ਸ਼ਾਂਤੀ ਨਾਲ ਪੋਤੇ-ਪੋਤੀਆਂ ਤੇ ਦੋਹਤੇ-ਦੋਹਤੀਆਂ ਸੰਗ ਹੱਸਦੇ ਖੇਡਦੇ ਰੀਝ ਦੀ ਜ਼ਿੰਦਗੀ ਹਰ ਕੋਈ ਭਾਰਤੀ ਚਾਹੁੰਦਾ ਹੈ, ਪਰ ਅੱਜ ਇਹ ਸਾਰੀ ਖੇਡ ਇੰਡੀਆ ਦੇ ਹਿੱਸੇ ਆ ਗਈ ਜਾਪਦੀ ਹੈ। ਭਾਰਤ ਤਾਂ ਤਿਲ-ਤਿਲ ਕਰਕੇ ਮਰ ਰਿਹਾ ਹੈ। ਕਦੇ ਸ਼ੁੱਧ ਹਵਾ, ਪਾਣੀ ਤੇ ਰੋਟੀ ਖੁਣੋਂ, ਕਿਧਰੇ ਅਨਪੜ੍ਹਤਾ, ਬੇਰੁਜ਼ਗਾਰੀ, ਭੁੱਖਮਰੀ ਤੇ ਕਰਜ਼ੇ ਦੇ ਬੋਝ 'ਚ ਫਸੀ ਕਿਸਾਨੀ ਵਜੋਂ, ਕਿਧਰੇ ਖੋਹੀ ਜਾ ਰਹੀ ਮੁਢਲੀ ਸਿੱਖਿਆ ਤੇ ਸਰਕਾਰੀ ਨੌਕਰੀਆਂ ਤੋਂ ਹੱਥ ਪਿੱਛੇ ਖਿੱਚਣ ਖੁਣੋਂ ਦੇਸ਼ ਤਾਂ ਤਿਲ ਤਿਲ ਮਰ ਰਿਹਾ ਹੈ। ਵੋਟ ਰਾਜਨੀਤੀ ਦਾ ਸ਼ਿਕਾਰ ਹੋਏ ਗ਼ਰੀਬ ਭਾਰਤੀ ਲੋਕ ਵੱਡੀਆਂ ਮਜਬੂਰੀਆਂ ਤਹਿਤ ਚੰਦ ਛਿੱਲੜਾਂ ਖਾਤਰ ਇਹ ਛੁਣਛੁਣੇ/ਵਾਜੇ ਲੈਂਦੇ ਹਨ। ਇੰਡੀਆ ਤਕੜਾ ਹੋ ਰਿਹਾ ਹੈ, ਭਾਰਤ ਤਿਲ-ਤਿਲ ਕਰਕੇ ਮਰ ਰਿਹਾ ਹੈ। ਕੀ ਬਣੂ.....?


-ਬਲਵੀਰ ਸਿੰਘ ਬਾਸੀਆਂ।


ਇਕ ਚੰਗੀ ਕਵਾਇਦ
ਪਿਛਲੇ ਦਿਨੀਂ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ 'ੳ ਅ' ਨਾਂਅ ਦੀ ਪੰਜਾਬੀ ਫ਼ਿਲਮ ਨੇ ਦਸਤਕ ਦਿੱਤੀ। ਸਭ ਤੋਂ ਪਹਿਲਾਂ ਇਸ ਫ਼ਿਲਮ ਦਾ ਨਿਰਦੇਸ਼ਕ ਤੇ ਇਸ ਵਿਚ ਕੰਮ ਕਰਨ ਵਾਲੇ ਕਲਾਕਾਰ ਪ੍ਰਸੰਸਾ ਦੇ ਪਾਤਰ ਹਨ। ਇਸ ਫ਼ਿਲਮ ਦਾ ਵਿਸ਼ਾ ਕੁਝ ਹਟਵਾਂ ਹੈ ਤੇ ਇਸ ਵਿਚ ਅਲੋਪ ਹੋ ਰਹੇ ਠੇਠ ਪੰਜਾਬੀ ਸ਼ਬਦਾਂ ਤੇ ਭਾਸ਼ਾ ਨੂੰ ਦੁਬਾਰਾ ਜੀਵਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤਰ੍ਹਾਂ ਦੇ ਉਪਰਾਲੇ ਕਰਨ ਦੀ ਲੋੜ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਫ਼ਿਲਮਾਂ ਹੀ ਲੋਕਾਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਦੀਆਂ ਹਨ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਬਾਕੀ ਫ਼ਿਲਮਾਂ ਦੀ ਤਰ੍ਹਾਂ ਇਸ ਤਰ੍ਹਾਂ ਦੀਆਂ ਫ਼ਿਲਮਾਂ ਨੂੰ ਵੀ ਵੱਧ ਤੋਂ ਵੱਧ ਦੇਖਣ ਤਾਂ ਜੋ ਫ਼ਿਲਮ ਬਣਾਉਣ ਵਾਲਿਆਂ ਦਾ ਹੌਸਲਾ ਵਧੇ ਤੇ ਉਹ ਅੱਗੇ ਤੋਂ ਵੀ ਇਸ ਤਰ੍ਹਾਂ ਦੀਆਂ ਫ਼ਿਲਮਾਂ ਬਣਾਉਣ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਸੱਭਿਆਚਾਰਕ ਫ਼ਿਲਮਾਂ 'ਤੇ ਟੈਕਸ ਘਟਾਵੇ ਤਾਂ ਜੋ ਫ਼ਿਲਮ ਦੇਖਣ ਵਾਲਿਆਂ ਤੇ ਬਣਾਉਣ ਵਾਲਿਆਂ ਨੂੰ ਕੁਝ ਰਾਹਤ ਮਿਲ ਸਕੇ। ਬੁੱਧੀਜੀਵੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਫ਼ਿਲਮਾਂ ਦਾ ਪ੍ਰਚਾਰ ਕਰਨ ਤੇ ਫ਼ਿਲਮ ਦੀ ਸਾਰੀ ਟੀਮ ਨੂੰ ਸਾਂਝੇ ਮੰਚ 'ਤੇ ਸਨਮਾਨਿਤ ਕਰਨ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।

05-02-2019

 ਵਾਅਦੇ ਵਫ਼ਾ ਨਹੀਂ
ਲੰਘੀਆਂ ਪੰਚਾਇਤੀ ਚੋਣਾਂ ਵਿਚ ਬਹੁਤ ਸਾਰੇ ਪੰਚਾਂ-ਸਰਪੰਚਾਂ ਨੇ ਵੀ ਆਪਣੇ ਪਿੰਡਾਂ ਦੇ ਲੋਕਾਂ ਨਾਲ ਵਿਕਾਸ ਦੇ ਨਾਂਅ 'ਤੇ ਬਹੁਤ ਸਾਰੇ ਵਾਅਦੇ ਕੀਤੇ ਹਨ ਜਿਨ੍ਹਾਂ ਨੂੰ ਆਉਂਦੇ ਪੰਜਾਂ ਸਾਲਾਂ ਵਿਚ ਪੂਰੇ ਕੀਤੇ ਜਾਣਾ ਸ਼ਾਮਿਲ ਹੈ। ਮੁੱਛ ਦੇ ਸਵਾਲ 'ਤੇ ਇਹ ਪੰਚਾਇਤੀ ਚੋਣਾਂ ਲੜੀਆਂ ਗਈਆਂ। 15-20 ਦਿਨਾਂ ਵਿਚ ਹੀ ਕਈਆਂ ਨੇ ਲੱਖਾਂ ਰੁਪਏ ਪਾਣੀ ਵਾਂਗ ਵਹਾ ਦਿੱਤੇ ਪਰ ਸਵਾਲ ਇਹ ਖੜ੍ਹਾ ਹੈ ਕਿ ਕੀਤੇ ਵਾਅਦਿਆਂ ਨੂੰ ਸਰਕਾਰੀ ਟੇਕ ਤੋਂ ਬਿਨਾਂ ਪੂਰੇ ਕਰਨਾ 'ਦੁੱਧ ਦੀ ਨਦੀ' ਕੱਢਣ ਬਰਾਬਰ ਹੈ। ਦੋ ਸਾਲ ਦੇ ਕਰੀਬ ਆਪਣੇ 'ਚੋਣ ਜੁਮਲਿਆਂ' ਨਾਲ ਸੱਤਾ 'ਚ ਆਈ ਕਾਂਗਰਸ ਪਾਰਟੀ ਵੀ ਹਾਲੇ ਤੱਕ ਆਪਣੇ ਵਾਅਦੇ ਵਫ਼ਾ ਨਹੀਂ ਕਰ ਸਕੀ। ਘਰ-ਘਰ ਨੌਕਰੀ ਵਾਲਾ ਸੁਪਨਾ ਲੋਕਾਂ ਲਈ ਇਕ ਸਬਜ਼ਬਾਗ ਸਾਬਤ ਹੋਇਆ। ਯਾਦ ਰਹੇ ਸਰਕਾਰ ਮਾਘੀ ਤੋਂ ਫੋਨ ਵੰਡਣ ਦੇ ਆਪਣੇ ਵਾਅਦੇ ਤੋਂ ਮੁਨਕਰ ਹੋਈ ਜਾਪਦੀ ਹੈ। ਦਲਿਤ ਵਰਗ ਲਈ ਸ਼ਗਨ ਸਕੀਮ 50 ਹਜ਼ਾਰ ਵੀ ਇਕ ਸੁਪਨਾ ਸਾਬਤ ਹੋਈ ਹੈ। ਪਰ ਪੰਚਾਇਤਾਂ ਲੋਕਤੰਤਰ ਦਾ ਮੁੱਢ ਹੁੰਦੀਆਂ ਹਨ। ਪਿੰਡਾਂ ਦੇ ਲੋਕਾਂ ਨੇ ਵੱਡੀ ਹੱਦ ਤੱਕ ਸਾਫ਼-ਸੁਥਰੇ ਅਕਸ ਵਾਲੇ ਪੰਚਾਂ ਸਰਪੰਚਾਂ ਨੂੰ ਤਰਜੀਹ ਦਿੱਤੀ ਹੈ। ਜੇਕਰ ਅਸੀਂ ਸਚਮੁੱਚ ਪੰਜਾਬ ਦੇ ਪਿੰਡਾਂ ਦਾ ਵਿਕਾਸ ਚਾਹੁੰਦੇ ਹਾਂ ਤਾਂ ਸਾਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇਵਲ ਗਲੀਆਂ-ਨਾਲੀਆਂ ਤੱਕ ਹੀ ਸੀਮਤ ਨਹੀਂ ਰਹਿਣਾ ਹੋਵੇਗਾ। ਹਰ ਇਕ ਦੇ ਕੰਮ ਨੂੰ ਨੇਕ ਦਿਲੀ ਨਾਲ ਕਰ 'ਲੋਕ ਹਿਤੈਸ਼ੀ' ਦੀ ਭਾਵਨਾ ਨੂੰ ਉਜਾਗਰ ਕਰਨਾ ਹੋਵੇਗਾ ਨਹੀਂ ਤਾਂ ਵਾਅਦੇ ਫਿਰ ਵਫ਼ਾ ਨਹੀਂ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।

ਆਪਸੀ ਸਾਂਝ ਦਾ ਖ਼ਾਤਮਾ
ਮਹਿੰਦਰ ਸਿੰਘ ਦੋਸਾਂਝ ਦਾ ਲਿਖਿਆ ਲੇਖ 'ਸੱਭਿਆਚਾਰ ਨਾਲੋਂ ਟੁੱਟ ਕੇ ਖ਼ੁਦਕੁਸ਼ੀਆਂ ਦਾ ਕਸ਼ਟ ਭੋਗਦੇ ਕਿਸਾਨ' ਬਾਰੇ ਬਹੁਤ ਵਧੀਆ ਲੱਗਾ। ਜਦੋਂ ਦਾ ਅਸੀਂ ਆਪਣਾ ਭਾਈਚਾਰਾ ਇਕ-ਦੂਜੇ ਕੋਲੋਂ ਵੱਖ ਕਰ ਲਿਆ ਹੈ, ਉਦੋਂ ਤੋਂ ਦੁੱਖਾਂ, ਕਲੇਸ਼ਾਂ, ਮੁਸੀਬਤਾਂ ਨੂੰ ਆਪਣੇ ਗਲੀਂ ਪਾ ਲਿਆ ਹੈ। ਇਕ-ਦੂਜੇ ਨਾਲ ਦੁੱਖ-ਸੁੱਖ ਸਾਂਝਾ ਕਰਨਾ ਭੁੱਲ ਗਏ ਹਾਂ। ਆਪਸੀ ਰਿਸ਼ਤਿਆਂ ਦਾ ਸੰਸਾਰ ਖਿੰਡ-ਪੁੰਡ ਗਿਆ ਹੈ। ਘਰ, ਹਵੇਲੀਆਂ ਕਰਜ਼ੇ ਚੁੱਕ ਕੇ ਉਸਾਰ ਲਈਆਂ ਪਰ ਆਪਸੀ ਰਿਸ਼ਤੇ ਕੱਚੀਆਂ ਕੰਧਾਂ ਵਾਂਗ ਭੁਰ ਗਏ ਹਨ। ਇਕ-ਦੂਜੇ ਦੇ ਕੰਮ ਆਉਣਾ ਭੁੱਲ ਗਏ ਹਾਂ। ਪਿੰਡਾਂ ਦੀਆਂ ਸੱਥਾਂ ਸੁੰਨੀਆਂ ਹੋ ਗਈਆਂ ਹਨ, ਜਿਥੇ ਲੋਕ ਇਕੱਠੇ ਹੋ ਕੇ ਆਪਣੇ ਦੁੱਖ-ਸੁੱਖ ਆਪਸ ਵਿਚ ਸਾਂਝੇ ਕਰ ਲੈਂਦੇ ਸਨ। ਮੁਸੀਬਤਾਂ ਦੇ ਹੱਲ ਵੀ ਨਿਕਲ ਆਉਂਦੇ ਸਨ। ਪੀੜਤ ਪਰਿਵਾਰਾਂ ਨੂੰ ਭਾਈਚਾਰਾ ਹੌਸਲਾ ਤੇ ਸਹਿਯੋਗ ਵੀ ਦਿੰਦੇ ਸਨ। ਕਿਰਤ ਸੱਭਿਆਚਾਰ ਵੀ ਜਾਂਦਾ ਰਿਹਾ ਹੈ, ਉਲਟਾ ਕਿਰਤ ਨਾਲੋਂ ਟੁੱਟ ਕੇ ਕਈ ਤਰ੍ਹਾਂ ਦੀਆਂ ਅਲਾਮਤਾਂ ਗਲੀਂ ਪਾ ਲਈਆਂ ਹਨ। ਰਸਾਇਣਾਂ ਵਾਲਾ ਅੰਨ ਤੇ ਸਬਜ਼ੀਆਂ, ਫਲ ਖਾ ਕੇ ਬਿਮਾਰੀਆਂ ਨਾਲ ਗ੍ਰਸੇ ਪਏ ਹਾਂ। ਜ਼ਮੀਨਾਂ ਦੇ ਮਾਲਕ ਹੋ ਕੇ ਵੀ ਹਰ ਚੀਜ਼ ਬਾਜ਼ਾਰ 'ਚੋਂ ਖਰੀਦਣ ਦੇ ਆਦੀ ਹੋ ਕੇ ਪੈਸੇ ਤੇ ਸਿਹਤ ਦੀ ਬਰਬਾਦੀ ਕਰੀ ਬੈਠੇ ਹਾਂ। ਅੱਜ ਸਾਨੂੰ ਮਿਹਨਤਕਸ਼ ਹੋਣਾ ਪਵੇਗਾ, ਆਪਣੀ ਜ਼ਿੰਦਗੀ 'ਚ ਸਾਦਗੀ ਲਿਆਉਣੀ ਪਵੇਗੀ। ਆਪਣੇ ਪਿਛੋਕੜ ਵੱਲ ਜਾਤੀ ਮਾਰਨੀ ਪਵੇਗੀ।

-ਜਗਤਾਰ ਗਿੱਲ।

ਗ਼ੈਰ-ਜ਼ਿੰਮੇਵਾਰਾਨਾ ਕਾਰਜ
ਬੀਤੇ ਦਿਨ 'ਖੁੰਢ ਚਰਚਾ' ਵਿਚ ਬਿਰਧ ਆਸ਼ਰਮ ਸਮਾਜ 'ਤੇ ਕਲੰਕ ਪੜ੍ਹਿਆ। ਬਿਲਕੁਲ ਅਜਿਹੇ ਗ਼ੈਰ-ਜ਼ਿੰਮੇਵਾਰਾਨਾ ਕਾਰਜ ਸਮਾਜ ਦੇ ਮੱਥੇ 'ਤੇ ਕਲੰਕ ਹੀ ਕਹੇ ਜਾ ਸਕਦੇ ਹਨ। ਇਸ ਧਰਤੀ 'ਤੇ ਮਾਂ-ਬਾਪ ਦੇ ਪਵਿੱਤਰ ਰਿਸ਼ਤੇ ਤੋਂ ਉੱਤੇ ਹੋਰ ਕੋਈ ਰਿਸ਼ਤਾ ਨਹੀਂ। ਮਾਪੇ ਆਪਣੇ ਬੱਚਿਆਂ ਨੂੰ ਆਪਣੇ ਭਵਿੱਖ ਵਜੋਂ ਵੇਖਦੇ ਹਨ। ਕਿਵੇਂ ਹਰ ਮਾਂ-ਬਾਪ ਆਪਣੇ ਬੱਚਿਆਂ ਨੂੰ ਬੜੀ ਸ਼ਿੱਦਤ ਨਾਲ ਪਾਲਦੇ ਹਨ ਤਾਂ ਜੋ ਉਹ ਵੱਡੇ ਹੋ ਕੇ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਬਾਖੂਬੀ ਨਿਭਾਅ ਸਕਣ। ਪਰ ਅਜੋਕੀ ਪੀੜ੍ਹੀ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਣ 'ਚ ਕਿਤੇ ਨਾ ਕਿਤੇ ਅਵੇਸਲੀ ਨਜ਼ਰ ਆ ਰਹੀ ਹੈ। ਬਿਰਧ ਆਸ਼ਰਮਾਂ ਦੀ ਹਰ ਸ਼ਹਿਰ ਵਿਚ ਉਸਾਰੀ ਇਸ ਦੀ ਮੂੰਹ ਬੋਲਦੀ ਤਸਵੀਰ ਹੈ, ਜਿਸ ਤੋਂ ਨਵੀਂ ਅਜੋਕੀ ਪੀੜ੍ਹੀ ਵੀ ਮੁਨਕਰ ਨਹੀਂ ਹੋ ਸਕਦੀ। ਬਜ਼ੁਰਗ ਸਮਾਜ ਦੀ ਵਡਮੁੱਲੀ ਜਾਇਦਾਦ ਹਨ ਅਤੇ ਸਮਾਜ ਦਾ ਮੁੱਖ ਹਿੱਸਾ ਹਨ। ਜਦ ਕਿਤੇ ਪਰਿਵਾਰ ਜਾਂ ਹੋਰ ਕਿਸੇ ਮੁਸੀਬਤ ਵਿਚ ਫਸ ਜਾਂਦੇ ਸਨ ਤਾਂ ਬਜ਼ੁਰਗਾਂ ਦੀ ਸਲਾਹ ਹੀ ਕੰਮ ਆਉਂਦੀ ਸੀ। ਉਹ ਆਪਣੇ ਤਜਰਬੇ ਨਾਲ ਮੁਸ਼ਕਿਲ ਤੋਂ ਨਿਜਾਤ ਦਿਵਾਉਣ 'ਚ ਸਫ਼ਲ ਹੁੰਦੇ ਸਨ। ਅੱਜ ਸਭ ਕੁਝ ਉਲਟ ਹੋ ਰਿਹਾ ਹੈ। ਆਓ, ਸਭ ਆਪਣੇ ਬਜ਼ੁਰਗਾਂ ਦੀ ਦੇਖਭਾਲ ਲਈ ਉਨ੍ਹਾਂ ਨੂੰ ਸਮਾਂ ਦੇਈਏ। ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਬਣੀਏ ਅਤੇ ਇਹ ਵਧ ਰਹੇ ਗ਼ੈਰ-ਜ਼ਿੰਮੇਵਾਰਾਨਾ ਰੁਝਾਨ ਨੂੰ ਰੋਕਣ ਦੇ ਯਤਨ ਕਰੀਏ। ਮਾਂ-ਬਾਪ ਦੀ ਸੇਵਾ ਕਰਨਾ ਹੀ ਉੱਤਮ ਕਾਰਜ ਹੈ।

-ਮਾਸਟਰ ਦੇਵਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

ਬਿਜਲੀ ਦੀ ਬੱਚਤ
ਭਾਵੇਂ ਕਿ ਨਿੱਤ ਦਿਨ ਬਿਜਲੀ ਦੀ ਬੱਚਤ ਕਰਨ ਦੀ ਗੱਲ ਕਰਦੇ ਹਾਂ। ਕਈ ਅਗਾਂਹਵਧੂ ਸੋਚ ਰੱਖਣ ਵਾਲੇ ਨਾਗਰਿਕ ਇਸ ਗੱਲ 'ਤੇ ਅਮਲ ਵੀ ਕਰਦੇ ਹਨ, ਉਹ ਆਪਣੇ ਬੱਚਿਆਂ, ਪਰਿਵਾਰ ਅਤੇ ਕਈ ਵਾਰ ਆਂਢ-ਗੁਆਂਢ ਅਤੇ ਰਿਸ਼ਤੇਦਾਰਾਂ ਨੂੰ ਵੀ ਲੋੜ ਮੁਤਾਬਿਕ ਬਿਜਲੀ ਵਰਤਣ ਲਈ ਜਾਗਰੂਕ ਕਰਦੇ ਹਨ ਅਤੇ ਆਪ ਅਮਲ ਵੀ ਕਰਦੇ ਹਨ ਪਰ ਉਸ ਸਮੇਂ ਬੜਾ ਦੁੱਖ ਹੁੰਦਾ ਹੈ ਜਦੋਂ ਸੜਕਾਂ ਦੇ ਕਿਨਾਰੇ ਲੱਗੀਆਂ ਲਾਈਟਾਂ ਸੂਰਜ ਛਿਪਣ ਤੋਂ ਕਾਫੀ ਸਮਾਂ ਪਹਿਲਾਂ ਜਗਾ ਦਿੱਤੀਆਂ ਜਾਂਦੀਆਂ ਹਨ ਅਤੇ ਸਵੇਰੇ ਸੂਰਜ ਚੜ੍ਹਨ ਤੋਂ ਬਾਅਦ ਵੀ ਘੰਟਿਆਂਬੱਧੀ ਜਗਦੀਆਂ ਰਹਿੰਦੀਆਂ ਹਨ। ਸੋਚੋ ਤਾਂ ਜ਼ਰਾ ਜੇ ਇਹ ਲਾਈਟਾਂ ਸਮੇਂ ਸਿਰ ਜਗਾਈਆਂ 'ਤੇ ਬੰਦ ਕੀਤੀਆਂ ਜਾਣ ਤਾਂ ਕਿੰਨੀ ਬਿਜਲੀ ਬਚਾਈ ਜਾ ਸਕਦੀ ਹੈ।

-ਅੰਮ੍ਰਿਤ ਕੌਰ
ਬਡਰੁੱਖਾਂ (ਸੰਗਰੂਰ)।

 

04-02-2019

 ਆਬਾਦੀ 'ਚ ਬੇਤਹਾਸ਼ਾ ਵਾਧਾ
ਪੂਰੇ ਦੇਸ਼ ਵਿਚ ਵਧ ਰਹੀ ਆਬਾਦੀ ਜਿਥੇ ਗੰਭੀਰ ਸਮੱਸਿਆ ਬਣੀ ਹੋਈ ਹੈ, ਉਥੇ ਹੀ ਭਾਵੇਂ ਕਿ ਪੰਜਾਬੀਆਂ ਦਾ ਆਬਾਦੀ 'ਤੇ ਕੰਟਰੋਲ ਹੈ, ਪ੍ਰੰਤੂ ਪ੍ਰਵਾਸੀ ਮਜ਼ਦੂਰਾਂ ਦੀ ਦਿਨੋ-ਦਿਨ ਵਧ ਰਹੀ ਆਮਦ ਨਾਲ ਪੰਜਾਬ ਦੀ ਆਬਾਦੀ ਵਿਚ ਵੀ ਨਿਰੰਤਰ ਵਾਧਾ ਹੋ ਰਿਹਾ ਹੈ। ਆਬਾਦੀ ਵਧਣ ਨਾਲ ਅਨੇਕਾਂ ਤਰ੍ਹਾਂ ਦੀਆਂ ਸਮੱੱਸਿਆਵਾਂ ਉਤਪੰਨ ਹੋ ਰਹੀਆਂ ਹਨ। ਟ੍ਰੈਫਿਕ ਦੀ ਸਮੱਸਿਆ ਨੇ ਹਰੇਕ ਸ਼ਹਿਰ, ਕਸਬੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ। ਦੁਰਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਨਸਾਨ ਆਪਣੇ ਸਵਾਰਥ ਲਈ ਰੁੱਖਾਂ ਦੀ ਧੜਾਧੜ ਕਟਾਈ ਕਰ ਰਿਹਾ ਹੈ, ਜਿਸ ਨਾਲ ਕੁਦਰਤ ਨਾਲ ਵੀ ਖਿਲਵਾੜ ਕੀਤਾ ਜਾ ਰਿਹਾ ਹੈ, ਵਾਤਾਵਰਨ ਵੀ ਬੁਰੀ ਤਰ੍ਹਾਂ ਪਲੀਤ ਹੁੰਦਾ ਜਾ ਰਿਹਾ ਹੈ। ਪਾਣੀ ਦੀ ਜ਼ਿਆਦਾ ਖਪਤ ਨਾਲ ਧਰਤੀ ਹੇਠਲਾ ਪਾਣੀ ਵੀ ਦਿਨੋ-ਦਿਨ ਹੋਰ ਹੇਠਾਂ ਜਾ ਰਿਹਾ ਹੈ। ਆਬਾਦੀ 'ਤੇ ਕਾਬੂ ਪਾਉਣਾ ਮੌਜੂਦਾ ਸਮੇਂ ਦੀ ਮੁੱਖ ਲੋੜ ਹੈ। ਸਰਕਾਰਾਂ ਨੂੰ ਆਬਾਦੀ ਦੇ ਨਿਰੰਤਰ ਵਾਧੇ ਨੂੰ ਰੋਕਣ (ਕੰਟਰੋਲ) ਕਰਨ ਦੀ ਜਾਗਰੂਕ ਮੁਹਿੰਮ ਜਾਂ ਕੋਈ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ, ਤਾਂ ਜੋ ਆਬਾਦੀ ਵਿਚ ਹੋ ਰਿਹਾ ਬੇਤਹਾਸ਼ਾ ਵਾਧਾ ਦੇਸ਼ ਦੀ ਤਰੱਕੀ ਵਿਚ ਰੁਕਾਵਟ ਨਾ ਬਣੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਕੁੱਤਿਆਂ ਦੇ ਹਮਲੇ
ਅਵਾਰਾ ਕੁੱਤਿਆਂ ਦੁਆਰਾ ਆਮ ਲੋਕਾਂ ਨੂੰ ਵੱਢਣ ਦੀਆਂ ਖ਼ਬਰਾਂ ਹਰ ਰੋਜ਼ ਪੜ੍ਹਨ ਨੂੰ ਮਿਲ ਰਹੀਆਂ ਹਨ। ਖ਼ੂੰਖਾਰ ਕੁੱਤਿਆਂ ਵਲੋਂ ਨੋਚ-ਨੋਚ ਮਾਰ ਕੇ ਖਾਣ ਨਾਲ ਕਈ ਲੋਕੀਂ ਜਾਨ ਗੁਆ ਚੁੱਕੇ ਹਨ। ਅਜਿਹੀ ਹੀ ਨਾਭਾ ਨੇੜੇ ਇਕ ਦਰਦਨਾਕ ਘਟਨਾਂ ਨੂੰ ਅੰਜਾਮ ਦਿੰਦਿਆਂ ਖਤਰਨਾਕ ਕੁੱਤਿਆਂ ਦੇ ਝੁੰਡ ਨੇ ਇਕ ਮਾਸੂਮ ਨੂੰ ਘੇਰ ਨੋਚ ਕੇ ਖਾ ਲਿਆ। ਬੱਚੇ ਦੇ ਸਾਥੀ ਕਿਸੇ ਤਰ੍ਹਾਂ ਜਾਨ ਬਚਾ ਕੇ ਭੱਜਣ 'ਚ ਕਾਮਯਾਬ ਹੋ ਗਏ। ਕੁਝ ਸਮਾਂ ਪਹਿਲਾਂ ਵੀ ਇਸੇ ਸਥਾਨ 'ਤੇ ਇਨ੍ਹਾਂ ਹੀ ਕੁੱਤਿਆਂ ਨੇ ਬੇਪ੍ਰਵਾਹੀ ਨਾਲ ਹਮਲਾ ਕਰਦਿਆਂ ਇਕ ਨਿਹੱਥੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਸਮਝ ਤੋਂ ਬਾਹਰ ਕਿ ਪ੍ਰਸ਼ਾਸਨ ਨੇ ਪਹਿਲੀ ਘਟਨਾ ਤੋਂ ਬਾਅਦ ਕੋਈ ਕਾਰਗਰ ਉਪਰਾਲਾ ਕਿਉਂ ਨਾ ਕੀਤਾ? ਵਰਨਾ ਦੂਸਰੀ ਵਾਰੀ ਮਾਸੂਮ ਦੀ ਜਾਨ ਨਾ ਜਾਂਦੀ। ਅਸਲ ਵਿਚ ਦਿੱਲੀ ਬੈਠੇ ਕਾਨੂੰਨ ਘਾੜਿਆਂ ਨੂੰ ਲੋਕਾਂ ਦੀ ਜਾਨ ਨਾਲੋਂ ਕੁੱਤਿਆਂ ਦੀ ਜ਼ਿੰਦਗੀ ਜ਼ਿਆਦਾ ਕੀਮਤੀ ਲਗਦੀ ਹੈ। ਕੁੱਤਿਆਂ ਦਾ ਸਭ ਤੋਂ ਵੱਧ ਸ਼ਿਕਾਰ ਆਮ ਤੌਰ 'ਤੇ ਪੇਂਡੂ ਗ਼ਰੀਬ ਤਬਕਾ ਹੀ ਹੋਇਆ। ਜਿਨ੍ਹਾਂ ਦੀਆਂ ਚੀਕਾਂ ਦੀ ਆਵਾਜ਼ ਕਿਸੇ ਕਿਸੇ ਮੰਤਰੀ, ਨੇਤਾ ਤੱਕ ਨਹੀਂ ਪੁੱਜਦੀ। ਇਸ ਸਮੱਸਿਆ ਨਾਲ ਕਿਵੇਂ ਨਿਬੜਨਾ ਹੈ ਸਰਕਾਰ, ਪ੍ਰਸ਼ਾਸਨ ਕੋਲ ਕੋਈ ਜਵਾਬ ਨਹੀਂ ਹੈ। ਹੁਣ ਸਮੇਂ ਦੀ ਮੰਗ ਹੈ ਕਿ ਕੁੱਤਿਆਂ ਦੀ ਸੁਰੱਖਿਆ ਲਈ ਬਣਾਇਆ ਕਾਨੂੰਨ ਵਾਪਿਸ ਲਿਆ ਜਾਵੇ ਜਾਂ ਇਨ੍ਹਾਂ ਦੇ ਵਾਧੇ 'ਤੇ ਰੋਕ ਲਗਾਈ ਜਾਵੇ।


-ਪਰਮ ਪਿਆਰ ਸਿੰਘ, ਨਕੋਦਰ।


ਡੇਰਾਵਾਦ ਅਤੇ ਅੰਧ-ਵਿਸ਼ਵਾਸ
ਪਿਛਲੇ ਦਿਨੀਂ ਅਖ਼ਬਾਰਾਂ 'ਚ ਧਾਰਮਿਕ ਡੇਰੇ ਵਿਸ਼ੇਸ਼ ਦਾ ਪੰਜਾਬ 'ਚ ਉਭਾਰ, ਧਾਰਮਿਕ ਸਰਗਰਮੀਆਂ ਅਤੇ ਧਾਰਮਿਕ ਕੌਤਕਾਂ ਦਾ ਪ੍ਰਦਰਸ਼ਨ ਬਾਬਤ ਪੜ੍ਹ ਕੇ ਇਸ ਤਰ੍ਹਾਂ ਮਹਿਸੂਸ ਹੋਇਆ, ਜਿਵੇਂ ਅਸੀਂ ਫਿਰ 5 ਸਦੀਆਂ ਪਹਿਲਾਂ ਵਾਲੇ ਯੁੱਗ 'ਚ ਚਲੇ ਗਏ ਹੋਈਏ। ਅੱਜ ਓਹੀ ਝੂਠੇ ਅਡੰਬਰਾਂ, ਅੰਧ ਵਿਸ਼ਵਾਸ, ਟੂਣੇ, ਕੌਤਕ, ਵਸਤੂ ਸ਼ਾਸਤਰ 'ਚ ਅੰਨ੍ਹਾਪਣ, ਡੇਰਾਵਾਦ ਆਦਿ ਨੇ ਮਾਨਵਤਾ ਨੂੰ ਫੇਰ ਤਾਰ-ਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਗੁਰੂ ਸਾਹਿਬਾਨ ਦੀ ਫਿਲਾਸਫੀ ਅਤੇ ਗੁਰਬਾਣੀ ਦੀਆਂ ਤਾਕੀਦਾਂ ਅਖ਼ਬਾਰੀ ਰਿਪੋਰਟਾਂ ਮੁਤਾਬਿਕ ਝੂਠੀਆਂ ਪੈਂਦੀਆਂ ਜਾਪਦੀਆਂ ਹਨ। ਜਿਹੜੇ ਝੂਠੇ ਅਡੰਬਰਾਂ, ਅੰਧਵਿਸ਼ਵਾਸ, ਕੌਤਕਵਾਦੀ ਸੋਚਾਂ, ਕੱਟੜਵਾਦੀ ਵਿਚਾਰਾਂ ਤੋਂ ਬਚ ਕੇ ਸਾਨੂੰ ਗੁਰੂ ਸਾਹਿਬਾਨਾਂ ਨੇ ਮੁਕਤ ਕਰਵਾ ਕੇ ਸਾਰਥਿਕਤਾ ਭਰਪੂਰ ਮਾਨਵਤਾਵਾਦੀ ਜੀਵਨ ਜਿਉਣ ਦਾ ਹੋਕਾ ਦਿੱੱਤਾ ਸੀ, ਅੱਜ ਫਿਰ ਲੋਕ ਉਸੇ ਜਿੱਲ੍ਹਣ ਵਿਚ ਧਸਦੇ ਜਾ ਰਹੇ ਜਾਪਦੇ ਹਨ। ਇਸ ਵਿਚ ਕੋਈ ਦੋ ਰਾਵਾਂ ਨਹੀਂ ਹੈ, ਗੁਰਸਿੱਖ ਅੰਮ੍ਰਿਤਧਾਰੀ ਵੀ ਸਾਧਾਂ ਦੇ ਡੇਰਿਆਂ 'ਤੇ ਜਾ ਕੇ ਨਤਮਸਤਕ ਹੁੰਦੇ ਅਤੇ ਮੁਰਾਦਾਂ ਮੰਗਦੇ ਹਨ। ਇਹ ਇਕ ਬੇਹੱਦ ਮਾੜਾ ਰੁਝਾਨ ਹੈ।
ਧਾਰਮਿਕ ਸੰਸਥਾਵਾਂ, ਸਾਹਿਤਕ ਜਥੇਬੰਦੀਆਂ, ਵਿਦਵਾਨਾਂ, ਸੂਝਵਾਨ ਸ਼ਖ਼ਸੀਅਤਾਂ ਨੂੰ ਗੰਭੀਰਤਾ ਨਾਲ ਸੋਚ ਕੇ ਅਜਿਹੇ ਰੁਝਾਨਾਂ ਪ੍ਰਤੀ ਗੁਰਮਤਿ ਅਨੁਸਾਰ ਸੁਚੇਤ ਸੁਚੇਤ ਕਰਨ ਦੀ ਲੋੜ 'ਤੇ ਜ਼ੋਰ ਦੇਣ ਦੀ ਜ਼ਰੂਰਤ ਹੈ।


-ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।


ਲੋਕਾਂ ਦਾ ਸਮਾਂ...

ਪਿਛਲੇ ਦਿਨੀਂ ਲਕਸ਼ਮੀ ਕਾਂਤਾ ਚਾਵਲਾ ਦੇ ਲੇਖ 'ਲੋਕਾਂ ਦਾ ਸਮਾਂ ਖਰਾਬ ਕਰਨ ਵਾਲਿਆਂ ਨੂੰ ਮਿਲੇ ਸਜ਼ਾ' ਪੜ੍ਹ ਕੇ ਇਹ ਸੋਚਣ 'ਤੇ ਮਜਬੂਰ ਹੋ ਗਏ ਹਾਂ ਕਿ ਸੱਚਮੁੱਚ ਹੀ ਸਾਡੇ ਦੇਸ਼ ਵਿਚ ਸਮੇਂ ਦੀ ਬਰਬਾਦੀ ਬਹੁਤ ਜ਼ਿਆਦਾ ਹੁੰਦੀ ਹੈ। ਸਭ ਨੂੰ ਪਤਾ ਹੈ ਕਿ ਅਸੀਂ ਸਮੇਂ ਦਾ ਇਕ ਪਲ ਵੀ ਨਹੀਂ ਖਰੀਦ ਸਕਦੇ, ਫਿਰ ਵੀ ਸਮੇਂ ਦੀ ਬਰਬਾਦੀ ਕਰਦੇ ਹਾਂ। ਕਈ ਵਾਰੀ ਆਲਸ ਕਰ ਕੇ, ਕਈ ਵਾਰੀ ਬੇਵਸੀ ਹੁੰਦੀ ਐ ਅਤੇ ਕਈ ਵਾਰੀ ਨਾ ਸਮਝੀ ਵਿੱਚ। ਜਿਵੇਂ ਲੇਖਿਕਾ ਨੇ ਗੱਡੀਆਂ ਦੀ ਦੇਰੀ, ਜਲਸੇ ਅਤੇ ਰੈਲੀਆਂ ਲਈ ਲੋਕਾਂ ਦਾ ਇਕੱਠ ਅਤੇ ਸਰਕਾਰੀ ਦਫ਼ਤਰਾਂ ਅਤੇ ਅਦਾਲਤਾਂ ਵਿਚ ਖੱਜਲ-ਖੁਆਰ ਹੁੰਦੇ ਆਮ ਲੋਕਾਂ ਦੀ ਗੱਲ ਕੀਤੀ ਹੈ। ਸਹੀ ਗੱਲ ਐ ਜੇ ਕਿਤੇ ਦੂਜੇ ਦਾ ਸਮਾਂ ਬਰਬਾਦ ਕਰਨ ਵਾਲਿਆਂ ਨੂੰ ਸਜ਼ਾ ਮਿਲੇ ਤਾਂ ਹਰੇਕ ਸਰਕਾਰੀ ਕਰਮਚਾਰੀ ਆਪਣੀ ਡਿਊਟੀ ਵਧੀਆ ਤਰੀਕੇ ਨਾਲ ਨਿਭਾਏਗਾ। ਜਦੋਂ ਹਰ ਰੋਜ਼ ਕੰਮ ਸਹੀ ਢੰਗ ਨਾਲ ਹੋਣਗੇ ਤਾਂ ਸਮੇਂ ਦੀ ਬੱਚਤ ਤਾਂ ਹੋਵੇਗੀ ਹੀ, ਧਨ ਤੇ ਊਰਜਾ ਦੀ ਬੱਚਤ ਵੀ ਹੋਵੇਗੀ। ਇਹ ਸਜ਼ਾ ਲੋਕਾਂ ਦੁਆਰਾ ਚੁਣੇ ਨੁਮਾਇੰਦਿਆਂ 'ਤੇ ਵੀ ਲਾਗੂ ਹੋਣੀ ਚਾਹੀਦੀ ਹੈ ਤਾਂ ਕਿ ਸਮੇਂ ਦਾ ਸਦਉਪਯੋਗ ਹੋ ਸਕੇ।


-ਅੰਮ੍ਰਿਤ ਕੌਰ, ਬਡਰੁੱਖਾਂ, ਸੰਗਰੂਰ।

01-02-2019

 ਬੁਢਾਪਾ ਪੈਨਸ਼ਨ
ਸਾਡੇ ਦੇਸ਼ ਵਿਚ ਬੁਢਾਪਾ ਪੈਨਸ਼ਨ ਨਾ ਦੇ ਬਰਾਬਰ ਹੈ। ਸਰਕਾਰੀ ਮੁਲਾਜ਼ਮਾਂ, ਅਹੁਦੇਦਾਰਾਂ ਨੂੰ ਤਾਂ ਚੰਗੀ ਪੈਨਸ਼ਨ ਮਿਲਦੀ ਹੈ ਕਿਉਂਕਿ ਉਨ੍ਹਾਂ ਨੇ ਸਾਰੀ ਜ਼ਿੰਦਗੀ ਸਰਕਾਰ ਅਤੇ ਦੇਸ਼ ਦੀ ਸੇਵਾ ਕੀਤੀ ਹੁੰਦੀ ਹੈ। ਪਰ ਸਰਕਾਰ ਆਮ ਨਾਗਰਿਕਾਂ, ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰ ਜਾਂ ਘਰੇਲੂ ਇਸਤਰੀਆਂ ਨੂੰ ਇਸ ਯੋਗ ਨਹੀਂ ਸਮਝਦੀ ਕਿ ਉਨ੍ਹਾਂ ਨੂੰ ਚੰਗੀ ਪੈਨਸ਼ਨ ਦਿੱਤੀ ਜਾਵੇ। ਹਰ ਇਨਸਾਨ ਸਾਰੀ ਜ਼ਿੰਦਗੀ ਕੰਮ ਕਰਦਾ ਹੈ ਅਤੇ ਦੇਸ਼ ਨਿਰਮਾਣ ਵਿਚ ਸਭ ਦਾ ਯੋਗਦਾਨ ਹੁੰਦਾ ਹੈ। ਸਾਰੀ ਜ਼ਿੰਦਗੀ ਹੱਡ ਭੰਨਵੀਂ ਮਿਹਨਤ ਕਰਨ ਵਾਲਾ ਸਰਕਾਰ ਵਲੋਂ ਸਿਰਫ ਕੁਝ ਸੌ ਰੁਪਏ ਬੁਢਾਪਾ ਪੈਨਸ਼ਨ ਵਜੋਂ ਪਾਉਂਦਾ ਹੈ। ਉਮਰ ਭਰ ਮਜ਼ਦੂਰੀ ਕਰਨ ਵਾਲਾ ਆਪਣੇ ਬੁਢਾਪੇ ਲਈ ਪੈਸੇ ਵੀ ਨਹੀਂ ਜੋੜ ਸਕਦਾ। ਜਿਥੇ ਵਿਦੇਸ਼ਾਂ ਵਿਚ ਸਰਕਾਰਾਂ ਆਪਣੇ ਨਾਗਰਿਕ ਦਾ ਬੁਢਾਪਾ ਰੁਲਣ ਨਹੀਂ ਦਿੰਦੀਆਂ ਉਥੇ ਸਾਡੀ ਸਰਕਾਰ ਬਜ਼ੁਰਗਾਂ ਨੂੰ ਬਣਦੀ ਗੁਜ਼ਾਰੇ ਜੋਗੀ ਪੈਨਸ਼ਨ ਵੀ ਨਹੀਂ ਦਿੰਦੀ। ਦੁਕਾਨਦਾਰਾਂ ਤੋਂ ਸਰਕਾਰ ਸਾਰੀ ਉਮਰ ਟੈਕਸ ਭਰਵਾਉਂਦੀ ਹੈ ਪਰ ਬੁਢਾਪਾ ਪੈਨਸ਼ਨ ਨਹੀਂ ਦਿੰਦੀ। ਸਰਕਾਰ ਨੂੰ ਬੁਢਾਪਾ ਪੈਨਸ਼ਨ ਦੇ ਨਿਯਮਾਂ ਵਿਚ ਵੱਡੀ ਤਬਦੀਲੀ ਕਰਨ ਦੀ ਲੋੜ ਹੈ।


-ਮਨਿੰਦਰ ਕੌਰ ਬਸੀ
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ।


ਸ਼ਲਾਘਾਯੋਗ ਕਦਮ
ਪੰਜਾਬ ਦੇ ਪਿੰਡਾਂ ਵਿਚ ਇਕ ਨਵੀਂ ਸ਼ੁਰੂਆਤ ਹੋਈ ਹੈ ਕਿ ਹੁਣ ਉੱਦਮੀ ਨੌਜਵਾਨਾਂ ਵਲੋਂ ਸਤਿਕਾਰ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਕਮੇਟੀਆਂ ਜਿਥੇ ਸਮਾਜ ਭਲਾਈ ਦੇ ਕੰਮਾਂ ਲਈ ਤਤਪਰ ਹਨ, ਉਥੇ ਪਿੰਡਾਂ ਦੀ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰ ਰਹੀਆਂ ਹਨ, ਕਿਉਂਕਿ ਇਹ ਕਮੇਟੀਆਂ ਬਿਨਾਂ ਕਿਸੇ ਸਿਆਸੀ ਅਗਵਾਈ ਤੋਂ ਬਣਾਈਆਂ ਜਾ ਰਹੀਆਂ ਹਨ ਤੇ ਇਸ ਵਿਚ ਸਭ ਰਾਜਸੀ ਪਾਰਟੀਆਂ ਦੇ ਨੌਜਵਾਨ ਇਕ ਮੰਚ 'ਤੇ ਇਕੱਠੇ ਹੁੰਦੇ ਹਨ, ਉਥੇ ਇਹ ਕਮੇਟੀਆਂ ਵਿਚ ਸਾਰੀਆਂ ਜਾਤਾਂ ਦੇ ਲੋਕ ਸ਼ਾਮਿਲ ਹੁੰਦੇ ਹਨ, ਜਿਸ ਕਰਕੇ ਜਾਤੀ ਭੇਦਭਾਵ ਵੀ ਖ਼ਤਮ ਹੋ ਰਿਹਾ ਹੈ। ਇਨ੍ਹਾਂ ਕਮੇਟੀਆਂ ਵਲੋਂ ਦਸਵੰਧ ਕੱਢ ਕੇ ਸਮਾਜ ਭਲਾਈ ਦੇ ਕੰਮਾਂ ਜਿਵੇਂ ਲੋੜਵੰਦਾਂ ਦਾ ਇਲਾਜ, ਬੇਸਹਾਰਾ ਨੂੰ ਠੰਢ ਤੋਂ ਬਚਾਉਣ ਲਈ ਲੋੜੀਂਦੀ ਸਮੱਗਰੀ ਮੁਹੱਈਆ ਕਰਵਾਉਣ ਆਦਿ ਦਾ ਉਪਰਾਲਾ ਕੀਤਾ ਜਾਂਦਾ ਹੈ। ਨੌਜਵਾਨਾਂ ਦੇ ਇਸ ਉੱਦਮ ਦੀ ਪ੍ਰਸੰਸਾ ਕਰਨੀ ਬਣਦੀ ਹੈ ਤੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਕਮੇਟੀਆਂ ਨੂੰ ਵਿੱਤੀ ਸਹਾਇਤਾ ਦੇ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰੇ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।


ਫੋਕੀ ਟੋਹਰ ਲਈ ਗੋਲੀਬਾਰੀ
ਵਿਆਹ ਸਮਾਗਮ ਵਿਚ ਚੱਲੀ ਗੋਲੀ ਨਾਲ ਕਿਸੇ ਦੀ ਜਾਨ ਜਾਣ ਦੀਆਂ ਖ਼ਬਰਾਂ ਅਕਸਰ ਹੀ ਅਖ਼ਬਾਰਾਂ ਦੀਆਂ ਸੁਰਖੀਆਂ ਬਣੀਆਂ ਰਹਿੰਦੀਆਂ। ਇਸ ਦੇ ਬਾਵਜੂਦ ਵੀ ਲੋਕ ਆਪਣੀ ਫੋਕੀ ਟੋਹਰ ਦਿਖਾਉਣ ਲਈ ਵਿਆਹਾਂ ਵਿਚ ਹਥਿਆਰ ਚਲਾਉਣ ਤੋਂ ਨਹੀਂ ਹਟਦੇ ਤੇ ਇਸ ਗੱਲ ਦੀ ਵੀ ਪਰਵਾਹ ਨਹੀਂ ਕਰਦੇ ਕਿ ਇਸ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਵਿਆਹ ਵਿਚ ਗੋਲੀਬਾਰੀ ਨਾ ਕਰਨ ਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਵਿਆਹ ਸਮਾਗਮਾਂ ਵਿਚ ਗੋਲੀਬਾਰੀ ਕਰਨ ਵਾਲੇ ਵਾਲੇ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਗੋਲੀਬਾਰੀ ਕਰਨ ਦੀ ਜੁਰਅਤ ਨਾ ਕਰੇ। ਸਾਡੇ ਪੰਜਾਬੀ ਗੀਤਾਂ ਦਾ ਵੀ ਸਾਡੇ ਬੱਚਿਆਂ 'ਤੇ ਬਹੁਤ ਅਸਰ ਪੈਂਦਾ ਹੈ। ਮੌਜੂਦਾ ਸਮੇਂ ਪੰਜਾਬੀ ਗੀਤਾਂ ਵਿਚ ਹਥਿਆਰਾਂ ਨੂੰ ਪੇਸ਼ ਕੀਤਾ ਜਾਣਾ ਸਾਡੇ ਬੱਚਿਆਂ 'ਤੇ ਅਸਰ ਪਾ ਰਿਹਾ ਹੈ। ਇਸ ਲਈ ਸਾਡੇ ਪੰਜਾਬੀ ਗੀਤਕਾਰਾਂ ਤੇ ਗਾਇਕਾ ਨੂੰ ਵੀ ਚਾਹੀਦਾ ਹੈ ਕਿ ਉਹ ਬੰਦੂਕ ਸੱਭਿਆਚਾਰ ਨੂੰ ਵਧਾਉਣ ਵਾਲੇ ਗੀਤ ਨਾ ਲਿਖਣ ਤੇ ਨਾ ਗਾਉਣ। ਲੋਕਾਂ ਨੂੰ ਵੀ ਆਪਣੀ ਫੋਕੀ ਟੋਹਰ ਛੱਡ ਕੇ ਵਿਆਹ ਵਿਚ ਗੋਲੀਬਾਰੀ ਨਹੀਂ ਕਰਨੀ ਚਾਹੀਦੀ ਤਾਂ ਜੋ ਬੇਸ਼ਕੀਮਤੀ ਜਾਨ ਅਜਾਈਂ ਨਾ ਜਾ ਸਕੇ ਤੇ ਵਿਆਹ ਦਾ ਖੁਸ਼ੀਆਂ ਭਰਿਆ ਮਾਹੌਲ ਦੁਖਦਾਈ ਨਾ ਬਣੇ।


-ਸੰਗੀਤਾ ਭੰਡਾਰੀ, ਲੁਧਿਆਣਾ।


ਗ਼ਲਤੀਆਂ ਤੋਂ ਸਿੱਖੋ
ਮਨੁੱਖ ਗ਼ਲਤੀਆਂ ਦਾ ਪੁਤਲਾ ਹੈ। ਬਿਨਾਂ ਸ਼ੱਕ ਇਸ ਦੁਨੀਆ 'ਤੇ ਕੋਈ ਅਜਿਹਾ ਇਨਸਾਨ ਨਹੀਂ ਹੋਵੇਗਾ ਜਿਸ ਨੇ ਕਦੇ ਕੋਈ ਗ਼ਲਤੀ ਨਾ ਕੀਤੀ ਹੋਵੇ। ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ 'ਤੇ ਹਰ ਇਨਸਾਨ ਗ਼ਲਤੀ ਕਰਦਾ ਹੈ ਪਰ ਜਦੋਂ ਅਸੀਂ ਆਪਣੀਆਂ ਗ਼ਲਤੀਆਂ ਨੂੰ ਕਬੂਲਦੇ ਨਹੀਂ ਤੇ ਉਨ੍ਹਾਂ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਉਹ ਗ਼ਲਤ ਹੈ। ਕਿਉਂਕਿ ਗ਼ਲਤੀ ਸਿਰਫ ਇਕ ਵਾਰ ਹੁੰਦੀ ਹੈ ਪਰ ਉਸ ਗ਼ਲਤੀ ਨੂੰ ਵਾਰ-ਵਾਰ ਦੁਹਰਾਉਣਾ ਸਾਡੀ ਬੇਵਕੂਫੀ ਹੁੰਦੀ ਹੈ। ਜੇਕਰ ਅਸੀਂ ਆਪਣੀਆਂ ਗ਼ਲਤੀਆਂ ਤੋਂ ਸਿੱਖਣਾ ਸ਼ੁਰੂ ਕਰ ਦਈਏ ਤਾਂ ਸਾਡੀਆਂ ਗ਼ਲਤੀਆਂ ਹੀ ਸਾਨੂੰ ਸਫਲ ਬਣਾ ਦਿੰਦੀਆਂ ਹਨ। ਇਨਸਾਨ ਕਦੇ ਗ਼ਲਤੀ ਨਾ ਕਰੇ ਇਹ ਸੰਭਵ ਨਹੀਂ ਪਰ ਆਪਣੀਆਂ ਗ਼ਲਤੀਆਂ ਨੂੰ ਸੁਧਾਰਨਾ ਇਨਸਾਨ ਦੇ ਆਪਣੇ ਹੱਥ ਹੁੰਦਾ ਹੈ। ਇਸ ਲਈ ਜਦੋਂ ਵੀ ਗ਼ਲਤੀ ਕਰੋ, ਉਸ ਨੂੰ ਕਬੂਲ ਕਰਨ ਅਤੇ ਸੁਧਾਰਨ ਦੀ ਹਿੰਮਤ ਰੱਖੋ।


-ਜਸਪ੍ਰੀਤ ਕੌਰ ਸੰਘਾ
ਪਿੰਡ ਤਨੂੰਲੀ

31-01-2019

 ਜ਼ਿੰਦਗੀ ਦੀ 'ਸਟੋਰੀ'
ਅੱਜਕਲ੍ਹ ਸੋਸ਼ਲ ਮੀਡੀਆ ਜਿਵੇਂ ਫੇਸਬੁੱਕ, ਵਟਸਅੱਪ ਨੌਜਵਾਨੀ ਉੱਪਰ ਬਹੁਤ ਮਾੜਾ ਪ੍ਰਭਾਵ ਪਾ ਰਹੇ ਹਨ। ਵਟਸਅੱਪ ਨੇ ਤਾਂ ਵਿਅਕਤੀ ਦੀ ਨਿੱਜੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਜਨਤਕ ਕਰ ਦਿੱਤਾ ਹੈ। ਅਸੀਂ ਰੋਜ਼ਾਨਾ ਜੀਵਨ ਵਿਚ ਜੋ ਵੀ ਕਰਦੇ ਹਾਂ, ਉਸ ਨੂੰ ਤੁਰੰਤ ਅਪਲੋਡ ਕਰ ਦਿੰਦੇ ਹਾਂ। ਅੱਜਕਲ੍ਹ ਸੋਸ਼ਲ ਮੀਡੀਆ 'ਤੇ ਸਟੋਰੀ ਪਾਉਣ ਦੀ ਨਵੀਂ ਕਵਾਇਦ ਸ਼ੁਰੂ ਹੋਈ ਹੈ, ਜਿਸ ਦੇ ਹੋਰ ਵੀ ਮਾਰੂ ਪ੍ਰਭਾਵ ਦੇਖਣ ਨੂੰ ਮਿਲ ਰਹੇ ਹਨ ਤੇ ਅੱਗੇ ਤੋਂ ਹੋਰ ਵੀ ਦੇਖਣ ਨੂੰ ਮਿਲ ਸਕਦੇ ਹਨ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਨੌਜਵਾਨ ਜਦੋਂ ਕੋਈ ਵਾਹਨ ਚਲਾ ਰਹੇ ਹੁੰਦੇ ਹਨ ਤਾਂ ਉਹ ਮੋਬਾਈਲ ਹੱਥ ਵਿਚ ਫੜ ਕੇ ਵੀਡੀਓ ਬਣਾਉਂਦੇ ਹਨ ਤਾਂ ਜੋ ਉਹ ਤੁਰੰਤ ਸਟੋਰੀ ਪਾ ਸਕਣ ਜਿਸ ਕਰਕੇ ਕਈ ਸੜਕੀ ਦੁਰਘਟਨਾਵਾਂ ਵਾਪਰਦੀਆਂ ਹਨ। ਅਸੀਂ ਉਸ ਸਮੇਂ ਆਪਣੀ ਮੌਤ ਨੂੰ ਦਾਅਵਤ ਦੇ ਰਹੇ ਹੁੰਦੇ ਹਾਂ। ਸਾਡਾ ਸਾਰਾ ਧਿਆਨ ਮੋਬਾਈਲ ਵੱਲ ਇਕਾਗਰ ਹੁੰਦਾ ਹੈ। ਇਸ ਲਈ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਸਟੋਰੀ ਪਾਉਂਦੇ-ਪਾਉਂਦੇ ਜ਼ਿੰਦਗੀ ਦੀ ਸਟੋਰੀ ਨਾ ਖ਼ਤਮ ਕਰ ਲਈਏ ਕਿਉਂਕਿ ਜ਼ਿੰਦਗੀ ਬਹੁਤ ਕੀਮਤੀ ਹੈ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।


ਸਤਿਕਾਰ ਦੇ ਬੋਲ...
ਹਰ ਵਰਗ ਦਾ ਬੱਚਾ, ਨੌਜਵਾਨ, ਬੁੱਢਾ ਸਿਰਫ ਸਤਿਕਾਰ ਦੇ ਦੋ ਬੋਲਾਂ ਦੀ ਉਮੀਦ ਕਰਦਾ ਹੈ ਪਰ ਇਕ ਦਿਨ ਦਿਲ ਬਹੁਤ ਉਦਾਸ ਹੋਇਆ ਜਦੋਂ ਇਨਸਾਨ ਨੂੰ ਇਨਸਾਨੀਅਤ ਦੀ ਬੇਅਦਬੀ ਕਰਦਿਆਂ ਸੁਣਿਆ। ਹਰ ਰੁਤਬਾ, ਜੋ ਵੀ ਕੰਮ ਕਰਦਾ ਹੈ, ਚਾਹੇ ਉਹ ਸਰਕਾਰੀ ਹੋਵੇ ਜਾਂ ਪ੍ਰਾਈਵੇਟ, ਜਿਥੇ ਉਹ ਆਪਣਾ 100 ਫ਼ੀਸਦੀ ਦੇ ਕੇ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਹੈ, ਉਥੇ ਨਾਲ ਹੀ ਸਤਿਕਾਰ ਦੀ ਵੀ ਉਮੀਦ ਕਰਦਾ ਹੈ ਪਰ ਅਜੇ ਵੀ ਕੁਝ ਵਿਭਾਗ ਅਜਿਹੇ ਹਨ, ਜਿਨ੍ਹਾਂ ਨੂੰ ਸਤਿਕਾਰ ਦੇਣਾ ਤਾਂ ਦੂਰ ਦੀ ਗੱਲ, ਉਨ੍ਹਾਂ ਨੂੰ ਪ੍ਰਾਈਵੇਟ ਬੱਸਾਂ ਵਿਚ ਵੀ ਬੈਠਣ ਲਈ ਕਈ ਵਾਰ ਸੋਚਣਾ ਪੈਂਦਾ ਹੈ। ਸਾਰਾ ਦਿਨ ਉਨ੍ਹਾਂ ਸ਼ਬਦਾਂ ਦਾ ਅਸਰ ਕਿਸੇ ਨਾ ਕਿਸੇ ਤਰੀਕੇ ਉਸ ਇਨਸਾਨ ਦੇ ਦਿਮਾਗ 'ਤੇ ਜ਼ਰੂਰ ਰਹਿੰਦਾ ਹੈ। ਉਹ ਵੀ ਨਕਾਰਾਤਮਕ ਪ੍ਰਭਾਵ ਅਧੀਨ। ਕੁਝ ਪੈਸਿਆਂ ਲਈ ਅਸੀਂ ਭੁੱਲ ਜਾਂਦੇ ਹਾਂ ਕਿ ਇਹ ਪੁਲਿਸ ਵਿਭਾਗ ਹੀ ਹੈ ਜੋ ਆਪਣਾ ਦਿਨ-ਤਿਉਹਾਰ, ਖੁਸ਼ੀ-ਗ਼ਮੀ ਭੁੱਲ ਕੇ ਆਪਣੇ ਪਰਿਵਾਰ ਨੂੰ ਪਿੱਛੇ ਛੱਡ ਕੇ ਸਾਡੀ ਜਾਨ-ਮਾਲ, ਖੁਸ਼ੀਆਂ ਦੀ ਰਾਖੀ ਬਰਕਰਾਰ ਰੱਖਦੇ ਹਨ। ਇਸ ਲਈ ਉਨ੍ਹਾਂ ਦਾ ਸਤਿਕਾਰ ਕਰਨਾ ਸਾਡਾ ਨੈਤਿਕ ਫ਼ਰਜ਼ ਬਣਦਾ ਹੈ।


-ਕਵਲਪ੍ਰੀਤ ਕੌਰ
ਬਟਾਲਾ (ਗੁਰਦਾਸਪੁਰ)।

30-01-2019

 ਹੱਸ ਕੇ ਕੱਟ...
ਪਿਛਲੇ ਦਿਨੀਂ ਬੱਬੂ ਤੀਰ ਦਾ ਲਿਖਿਆ ਲੇਖ 'ਹੱਸ ਕੇ ਕੱਟ ਜਾਣ ਦਾ ਨਾਂਅ ਹੈ ਜ਼ਿੰਦਗੀ' ਬਹੁਤ ਹੀ ਵਧੀਆ ਸੁਨੇਹਾ ਦੇ ਗਿਆ। ਸਬਰ, ਸੰਤੋਖ ਨਾਲ ਹਉਮੈ ਰੋਗ 'ਤੇ ਕਾਬੂ ਪਾਇਆ ਜਾ ਸਕਦਾ ਹੈ। ਆਪਣੀ ਹਉਮੈ ਨੂੰ ਵੱਡਾ ਨਾ ਹੋਣ ਦੇਵੋ। ਜੇ ਕੋਈ ਤੁਹਾਡੇ 'ਤੇ ਬਿਨਾਂ ਵਜ੍ਹਾ ਗੁੱਸਾ ਕਰਦਾ ਹੈ, ਬਦਸਲੂਕੀ ਕਰਦਾ ਹੈ, ਚੰਗੀਆਂ ਗੱਲਾਂ ਦੀ ਸਮਝ ਨਹੀਂ ਰੱਖਦਾ ਤਾਂ ਉਹ ਤੁਹਾਡੀ ਹਮਦਰਦੀ ਦਾ ਪਾਤਰ ਹੈ, ਗੁੱਸੇ ਦਾ ਨਹੀਂ ਕਿਉਂਕਿ ਉਹ ਆਪਣੀਆਂ ਕਮੀਆਂ ਤੋਂ ਅਣਜਾਣ ਹੈ।


-ਮਨਿੰਦਰ ਕੌਰ ਬਸੀ
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ।


ਅਵਾਰਾ ਪਸ਼ੂਆਂ ਦੀ ਸਮੱਸਿਆ
ਪਿਛਲੇ ਦਿਨੀਂ ਸੁਖਰਾਜ ਸਿੰਘ ਚਹਿਲ ਦਾ ਲੇਖ 'ਅਵਾਰਾ ਪਸ਼ੂਆਂ ਕਾਰਨ ਕਿਸਾਨ ਠੰਢ 'ਚ ਰਾਤਾਂ ਬਿਤਾਉਣ ਲਈ ਮਜਬੂਰ' ਪੜ੍ਹਿਆ, ਜਿਸ ਵਿਚ ਲੇਖਕ ਨੇ ਬਹੁਤ ਹੀ ਗੰਭੀਰ ਮੁੱਦੇ ਨੂੰ ਉਭਾਰਿਆ ਅਤੇ ਪਿੰਡਾਂ 'ਚ ਕਿਸਾਨਾਂ ਨੂੰ ਅਵਾਰਾ ਪਸ਼ੂਆਂ ਦੇ ਕਾਰਨ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਚਾਨਣਾ ਪਾਇਆ। ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿਉਂਕਿ ਅਸੀਂ ਖ਼ੁਦ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ। ਅਵਾਰਾ ਪਸ਼ੂਆਂ ਦੁਆਰਾ ਕੀਤੇ ਗਏ ਫ਼ਸਲਾਂ ਦੇ ਉਜਾੜੇ ਦੀ ਕੋਈ ਸਰਕਾਰ ਭਰਪਾਈ ਨਹੀਂ ਕਰ ਰਹੀ, ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਤੌਰ 'ਤੇ ਨੁਕਸਾਨ ਝੱਲਣਾ ਪੈ ਰਿਹਾ ਹੈ। ਸਵਾਲ ਇੱਥੇ ਇਹ ਵੀ ਹੈ ਕਿ ਸਰਕਾਰ ਵਲੋਂ ਗਊ ਸੈੱਸ ਦੇ ਨਾਂਅ 'ਤੇ ਸਾਡੇ ਕੋਲੋਂ ਰੁਪਏ ਇਕੱਠੇ ਕੀਤੇ ਜਾ ਰਹੇ ਹਨ ਪਰ ਇਸ ਮਾਲੀਏ ਨੂੰ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਵਾਸਤੇ ਨਹੀਂ ਖਰਚਿਆ ਜਾਂਦਾ ਹੈ। ਜਿਥੇ ਇਨ੍ਹਾਂ ਪਸ਼ੂਆਂ ਕਰਕੇ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ, ਉਥੇ ਹੀ ਸੜਕੀ ਹਾਦਸਿਆਂ ਕਾਰਨ ਅਨੇਕਾਂ ਕੀਮਤੀ ਮਨੁੱਖੀ ਜਾਨਾਂ ਅਜਾਈਂ ਜਾ ਰਹੀਆਂ ਹਨ। ਇਸ ਲਈ ਇਸ ਸਮੱਸਿਆ ਬਾਰੇ ਸੋਚਣਾ ਸਮੇਂ ਦੀ ਮੁੱਖ ਲੋੜ ਹੈ।


-ਅਰਫ਼ਾਨ ਮੁਹੰਮਦ
ਪਿੰਡ ਬਰਕਤਪੁਰਾ (ਮਲੇਰਕੋਟਲਾ)।


ਸਖ਼ਤ ਕਾਰਵਾਈ ਹੋਵੇ
ਕੁਝ ਦਿਨ ਪਹਿਲਾਂ ਦੀ ਖ਼ਬਰ ਹੈ ਕਿ ਡੇਰਾ ਬੱਸੀ ਥਾਣੇ ਵਿਚ ਮੁਨਸ਼ੀ ਨੇ ਬੇਕਸੂਰ ਟ੍ਰੈਫਿਕ ਇੰਚਾਰਜ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਦੋਂ ਕਿ ਪੁਲਿਸ ਦਾ ਕੰਮ ਲੋਕਾਂ ਦੀ ਸੁਰੱਖਿਆ ਕਰਨਾ ਹੈ। ਮੁਨਸ਼ੀ ਨੇ ਡਿਊਟੀ ਸਮੇਂ ਸ਼ਰਾਬ ਪੀਤੀ ਹੋਈ ਸੀ। ਪੁਲਿਸ ਪ੍ਰਸ਼ਾਸਨ ਨੂੰ ਲੋੜੀਂਦੇ ਕਦਮ ਚੁੱਕਣ ਦੀ ਲੋੜ ਹੈ। ਜ਼ਿਲ੍ਹਾ ਪੁਲਿਸ ਮੁਖੀ ਨੂੰ ਰਾਤ ਨੂੰ ਮੈਡੀਕਲ ਅਫਸਰ ਨੂੰ ਨਾਲ ਲੈ ਕੇ ਥਾਣਿਆਂ 'ਤੇ ਛਾਪੇ ਮਾਰਨੇ ਚਾਹੀਦੇ ਹਨ। ਜੇ ਕੋਈ ਪੁਲਿਸ ਵਾਲਾ ਸ਼ਰਾਬੀ ਹਾਲਤ ਵਿਚ ਹੋਵੇ, ਉਸ ਨੂੰ ਤੁਰੰਤ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਹੋਰ ਪੁਲਿਸ ਵਾਲਿਆਂ ਨੂੰ ਵੀ ਅਕਲ ਆ ਸਕੇ, ਜੋ ਥਾਣਿਆਂ ਵਿਚ ਅਜਿਹੀ ਹਰਕਤ ਕਰਦੇ ਹਨ। ਜ਼ਿਆਦਾਤਰ ਪੁਲਿਸ ਵਾਲੇ ਜੋ ਰਾਤ ਨੂੰ ਡਿਊਟੀ 'ਤੇ ਹੁੰਦੇ ਹਨ, ਉਹ ਸ਼ਰਾਬ ਪੀ ਕੇ ਹੀ ਡਿਊਟੀ ਕਰਦੇ ਹਨ ਅਕਸਰ ਸੁਣਨ ਵਿਚ ਆਉਂਦਾ ਹੈ। ਇਸ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਸਖ਼ਤ ਕਾਰਵਾਈ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ।


-ਸੰਜੀਵ ਸਿੰਘ ਸੈਣੀ
ਦੇਸੂ ਮਾਜਰਾ (ਮੁਹਾਲੀ)।


ਓਵਰਲੋਡ ਵਾਹਨ
ਭਾਰੀ ਵਾਹਨ ਚਾਲਕਾਂ ਦੇ ਲੰਘਣ ਲਈ ਕੋਈ ਤੈਅ ਸਮਾਂ ਨਾ ਹੋਣ ਕਾਰਨ ਸ਼ਹਿਰ ਅੰਦਰ ਵਾਹਨਾਂ ਦੀ ਲੰਮੀ ਕਤਾਰ ਲੱਗ ਜਾਣ ਨਾਲ ਜਾਮ ਲੱਗ ਜਾਂਦੇ ਹਨ ਅਤੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਬਿਨਾਂ ਰੋਕ-ਟੋਕ ਸੜਕਾਂ 'ਤੇ ਦੌੜ ਰਹੇ ਓਵਰਲੋਡ ਵਾਹਨ ਜਿਥੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ, ਉਥੇ ਨਾਲ ਹੀ ਸੜਕੀ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਕਾਇਦੇ ਕਾਨੂੰਨ ਨੂੰ ਛਿੱਕੇ 'ਤੇ ਟੰਗਦਿਆਂ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਵੀ ਕਰ ਰਹੇ ਹਨ, ਜਿਸ ਕਾਰਨ ਓਵਰਲੋਡ ਵਾਹਨ ਭਿਆਨਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਕੁਝ ਸਿੱਕਿਆਂ ਦੀ ਖਾਤਰ ਲੋੜ ਨਾਲੋਂ ਵੱਧ ਸਾਮਾਨ ਵਾਹਨ 'ਤੇ ਲੱਦ ਕੇ ਇਹ ਲੋਕ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਇਸ ਲਈ ਪੁਲਿਸ ਨੂੰ ਇਨ੍ਹਾਂ ਓਵਰਲੋਡ ਵਾਹਨਾਂ ਦੇ ਚਲਾਨ ਕੱਟ ਕੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ 'ਚ ਓਵਰਲੋਡ ਵਾਹਨਾਂ ਕਾਰਨ ਹਾਦਸੇ ਨਾ ਵਾਪਰ ਸਕਣ ਜਦ ਕਿ ਪੁਲਸ ਸਕੂਟਰਾਂ, ਮੋਟਰਸਾਈਕਲਾਂ ਦੇ ਚਲਾਨ ਕੱਟਣ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ।


-ਹਰਮਿੰਦਰ ਸਿੰਘ ਭੱਟ
ਬਿਸਨਗੜ੍ਹ (ਬਈਏਵਾਲ) ਸੰਗਰੂਰ।


ਸਰਕਾਰ ਦੀ ਜ਼ਿੰਮੇਵਾਰੀ
ਸੰਪਾਦਕੀ ਪੰਨੇ 'ਤੇ ਛਪੀ ਸੰਪਾਦਕੀ 'ਸਿੱਖਿਆ ਤੇ ਸਿਹਤ ਆਪਣੀ ਜ਼ਿੰਮੇਵਾਰੀ ਸਮਝੇ ਸਰਕਾਰ' ਵਿਚ ਬਿਲਕੁਲ ਸੱਚਾਈ ਬਿਆਨ ਕੀਤੀ ਗਈ ਹੈ, ਕਿ ਸਿੱਖਿਆ ਅਤੇ ਸਿਹਤ ਖੇਤਰ ਵਿਚ ਸਮੇਂ ਦੀਆਂ ਸਰਕਾਰਾਂ ਵਲੋਂ ਡੰਗ ਟਪਾਊ ਨੀਤੀਆਂ ਹੀ ਅਮਲ ਵਿਚ ਲਿਆਂਦੀਆਂ ਜਾ ਰਹੀਆਂ ਹਨ। ਇਹ ਬਿਲਕੁਲ ਠੀਕ ਹੈ ਕਿ ਹੁਣ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਲਿਆਉਣ, ਦਵਾਈਆਂ ਦੇਣ, ਖਰੀਦਣ ਆਦਿ ਲਈ ਵੀ ਕਮਿਸ਼ਨ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਨਕਲੀ ਦਵਾਈਆਂ ਅਤੇ ਬਨਾਵਟੀ ਅੰਗਾਂ ਦਾ ਮਕੜਜਾਲ ਵੀ ਫੈਲਿਆ ਹੋਇਆ ਹੈ। ਇਸ ਦੇ ਬਾਵਜੂਦ ਸਮੇਂ ਦੀਆਂ ਸਰਕਾਰਾਂ ਸਰਕਾਰੀ ਸਿਹਤ ਸਹੂਲਤਾਂ ਵਿਚ ਵਾਧਾ ਕਰਨ ਦੀ ਥਾਂ ਦੋਵਾਂ ਖੇਤਰਾਂ ਦਾ ਨਿੱਜੀਕਰਨ ਕਰਨ ਨੂੰ ਤਰਜੀਹ ਦਿੰਦੀਆਂ ਰਹੀਆਂ ਹਨ। ਸਰਕਾਰ ਨੂੰ ਸਿੱਖਿਆ ਅਤੇ ਸਿਹਤ ਖੇਤਰਾਂ ਵਿਚ ਡੰਗ ਟਪਾਊ ਵਤੀਰਾ ਛੱਡ ਕੇ ਅਜਿਹੀਆਂ ਲੋਕ ਭਲਾਈ ਸਕੀਮਾਂ ਸ਼ੁਰੂ ਕਰ ਕੇ ਨਵੇਂ ਹਸਪਤਾਲ, ਨਵੇਂ ਸਕੂੁਲ ਬਣਾਉਣ ਦੇ ਨਾਲ ਨਾਲ ਪੁਰਾਣੇ ਸਕੂੁਲਾਂ ਅਤੇ ਪੁਰਾਣੇ ਹਸਪਤਾਲਾਂ ਦੀ ਹਾਲਤ ਵਿਚ ਵਾਧਾ ਕਰਨ ਅਤੇ ਹੋਰ ਸਹੂਲਤਾਂ ਮੁਹੱਈਆ ਕਰਨ ਦੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।


-ਜਗਮੋਹਨ ਸਿੰਘ ਲੱਕੀ
61 ਏ ਵਿਦਿਆ ਨਗਰ ਪਟਿਆਲਾ।

29-01-2019

ਨਸ਼ਿਆਂ ਦਾ ਰੁਝਾਨ
ਕਾਂਗਰਸ ਸਰਕਾਰ ਬਣਨ ਤੋਂ ਪਹਿਲਾਂ ਕਿਵੇਂ ਵਾਅਦੇ ਤੇ ਦਾਅਵੇ ਕੀਤੇ ਸਨ। ਇਸ ਸਭ ਤੋਂ ਆਪਾਂ ਸਭ ਭਲੀ ਬਾਂਤ ਜਾਣੂ ਹਾਂ। ਨਸ਼ਿਆਂ ਦਾ ਸਿਲਸਿਲਾ ਸਰਕਾਰ ਬਣਨ ਤੇ ਕੁਝ ਰੋਕਣ ਤੋਂ ਬਾਅਦ ਬਦਦਸਤੂਰ ਜਾਰੀ ਹੈ। ਇਸ ਨੂੰ ਰੋਕਣ ਲਈ ਲਿਪਾਪੋਤੀ ਹੀ ਕੀਤੀ ਗਈ ਸੀ। ਸਰਕਾਰ ਦੇ ਹੀ ਨੌਜਵਾਨ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਲੋਂ ਨਸ਼ਿਆਂ ਦੇ ਵਪਾਰੀਆਂ ਤੇ ਪੁਲਿਸ ਦੀ ਮਿਲੀਭੁਗਤ ਦਾ ਇਲਜ਼ਾਮ ਲਗਾਉਣਾ ਇਹ ਦਰਸਾਉਂਦਾ ਹੈ ਕਿ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਤੇ ਦਾਅਵੇ ਤੋਂ ਭੱਜ ਰਹੀ ਹੈ। ਇਸ ਤੋਂ ਇਹ ਪਤਾ ਲਗਦਾ ਹੈ ਕਿ ਨਸ਼ਿਆਂ ਸਬੰਧੀ ਸਰਕਾਰ ਕਿੰਨੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ? ਸਰਕਾਰ ਨੂੰ ਆਪਣੀ ਦਿਖ ਸਾਫ਼ ਸੁਥਰੀ ਰੱਖਣ ਲਈ ਨਸ਼ਿਆਂ ਨੂੰ ਰੋਕਣ ਲਈ ਨੀਅਤ ਤੇ ਨੀਤੀ ਨੂੰ ਬਦਲਣਾ ਪਵੇਗਾ ਤਾਂ ਜੋ ਨਸ਼ਿਆਂ 'ਚ ਗਲਤਾਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ।

-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਪਟਿਆਲਾ।

ਕਿਸਾਨ-ਮਜ਼ਦੂਰਾਂ ਦਾ ਕਰਜ਼ਾ
ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਆਫ਼ੀ 'ਤੇ ਕਈ ਲੋਕ ਕਹਿੰਦੇ ਹਨ ਕਿ ਲੋਕਾਂ ਦੇ ਦਿੱਤੇ ਟੈਕਸ ਵਿਚੋਂ ਇਹ ਕਿਸਾਨਾਂ ਜਾਂ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਨਹੀਂ ਕਰਨਾ ਚਾਹੀਦਾ ਪਰ ਉਨ੍ਹਾਂ ਨੂੰ ਪਤਾ ਨਹੀਂ ਕਿਸਾਨ ਆਪਣਾ ਖੋਹਿਆ ਹੋਇਆ ਹੱਕ ਮੰਗਦਾ ਹੈ। ਸਰਕਾਰ ਉਹ ਕਰਜ਼ਾ ਮੁਆਫ਼ ਕਰ ਦੇਵੇ ਜਾਂ ਨਕਦ ਦੇਵੇ। ਸੰਨ 1967 ਵਿਚ ਫ਼ਸਲਾਂ ਦੇ ਭਾਅ ਮਿਥੇ ਸਨ। ਕਣਕ ਦਾ ਭਾਅ 75 ਰੁਪਏ ਪ੍ਰਤੀ ਕੁਇੰਟਲ ਸੀ, ਭਾਵ 75 ਪੈਸੇ ਪ੍ਰਤੀ ਕਿਲੋ ਸੀ। ਡੀਜ਼ਲ 76 ਪੈਸੇ ਪ੍ਰਤੀ ਇਕ ਲੀਟਰ ਸੀ। ਦੋ ਕੁਇੰਟਲ ਕਣਕ ਨਾਲ 200 ਲੀਟਰ ਆ ਜਾਂਦਾ ਸੀ। ਹੁਣ ਜੇ ਕਣਕ ਦਾ ਭਾਅ 7000 ਰੁਪਏ ਪ੍ਰਤੀ ਕੁਇੰਟਲ ਹੋਵੇ ਤਾਂ ਹੀ ਦੋ ਕੁਇੰਟਲ ਨਾਲ 200 ਲੀਟਰ ਡੀਜ਼ਲ ਆ ਸਕਦਾ ਹੈ। ਹੋਰ ਚੀਜ਼ਾਂ ਖਾਦ, ਕੀੜੇਮਾਰ ਦਵਾਈਆਂ ਵਿਚ ਕਿਸਾਨ ਦੀ ਕਿਰਤ ਦੀ ਲੁੱਟ ਕੀਤੀ ਹੈ। ਕਿਸਾਨਾਂ ਸਿਰ ਕਰਜ਼ਾ ਨਹੀਂ, ਉਹਦਾ ਹੱਕ ਮਾਰ ਕੇ ਹੀ ਉਹਨੂੰ ਕਰਜ਼ਾਈ ਕੀਤਾ ਹੈ। ਇਸੇ ਕਰਕੇ ਹੀ ਮਜ਼ਦੂਰ ਨੂੰ ਮਜ਼ਦੂਰੀ ਘੱਟ ਮਿਲਦੀ ਹੈ। ਕਿਸਾਨਾਂ ਮਜ਼ਦੂਰਾਂ ਦੀ ਮੰਗ ਹੈਂਕਿਸਾਨੀ ਫ਼ਸਲਾਂ ਦੀ ਕੀਮਤ, ਮਜ਼ਦੂਰ ਦੀ ਦਿਹਾੜੀ, ਮੁਲਾਜ਼ਮ ਦੀ ਤਨਖਾਹ, ਕਾਰਖਾਨੇ ਵਿਚ ਬਣੀ ਹਰ ਚੀਜ਼ ਦੀ ਕੀਮਤ, ਕੀਮਤ ਸੂਚਕ ਅੰਕ ਨਾਲ ਜੋੜ ਕੇ ਮਿਲੇ ਤਾਂ ਹੀ ਹਰ ਇਕ ਨੂੰ ਆਰਥਿਕ ਨਿਆਂ ਮਿਲ ਸਕਦਾ ਹੈ। ਸਭ ਦੀ ਖਰੀਦ ਸ਼ਕਤੀ ਬਰਾਬਰ ਬਣੀ ਰਹੇਗੀ।

-ਗੁਰਾਂਦਿੱਤਾ ਸੰਧੂ।

ਪੱਖਪਾਤ
ਪੰਜਾਬ ਵਿਚ ਪਿਛਲੇ ਲੰਮੇ ਸਮੇਂ ਤੋਂ ਇਹ ਪਰੰਪਰਾ ਚਲੀ ਆ ਰਹੀ ਹੈ ਕਿ ਸੱਤਾਧਾਰੀ ਪਾਰਟੀ ਦੁਆਰਾ ਆਪਣੇ ਵਿਧਾਇਕਾਂ ਦੇ ਹਲਕਿਆਂ ਨੂੰ ਛੱਡ ਕੇ ਬਾਕੀ ਵਿਰੋਧੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਹਲਕਿਆਂ ਨਾਲ ਵਿਕਾਸ ਪੱਖੋਂ ਪੱਖਪਾਤ ਕੀਤਾ ਜਾਂਦਾ ਹੈ। ਸੱਤਾਧਾਰੀ ਪਾਰਟੀ ਦੁਆਰਾ ਆਪਣੀ ਪਾਰਟੀ ਦੇ ਸਥਾਨਕ ਨੇਤਾਵਾਂ ਨੂੰ ਵਿਕਾਸ ਕਾਰਜਾਂ ਲਈ ਫੰਡ ਸਮੇਂ-ਸਮੇਂ 'ਤੇ ਮੁਹੱਈਆ ਕਰਵਾਏ ਜਾਂਦੇ ਹਨ ਪਰ ਜਿਨ੍ਹਾਂ ਹਲਕਿਆਂ ਵਿਚ ਉਨ੍ਹਾਂ ਦੇ ਵਿਧਾਇਕ ਨਹੀਂ ਹੁੰਦੇ, ਉਨ੍ਹਾਂ ਹਲਕਿਆਂ ਨਾਲ ਪੱਖਪਾਤ ਕੀਤਾ ਜਾਂਦਾ ਹੈ। ਦੂਸਰੀ ਗੱਲ ਇਹ ਦੇਖਣ ਨੂੰ ਮਿਲ ਰਹੀ ਹੈ ਕਿ ਅੱਜ ਵੀ ਪੰਜਾਬ ਵਿਚ ਹਲਕਾ ਇੰਚਾਰਜ ਵਿਵਸਥਾ ਖ਼ਤਮ ਨਹੀਂ ਹੋਇਆ ਤੇ ਸੱਤਾਧਾਰੀ ਪਾਰਟੀ ਦੁਆਰਾ ਆਪਣੇ ਹਾਰੇ ਹੋਏ ਵਿਧਾਇਕਾਂ ਨੂੰ ਪੰਜ-ਪੰਜ ਕਰੋੜ ਦੇਣ ਦੀ ਗੱਲ ਕਹੀ ਗਈ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਇਸ ਨੂੰ ਲਾਗੂ ਕਿੰਨਾ ਕੁ ਕੀਤਾ ਜਾਵੇਗਾ। ਕੀ ਸਾਰੇ ਵਿਧਾਇਕਾਂ ਨੂੰ ਬਰਾਬਰ ਫੰਡ ਦਿੱਤੇ ਜਾਣਗੇ ਜਾਂ ਸਿਰਫ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਵਿਧਾਇਕਾਂ ਨੂੰ ਹੀ ਦਿੱਤੇ ਜਾਣਗੇ। ਸੰਵਿਧਾਨ ਅਨੁਸਾਰ ਸਾਰੇ ਹਲਕਿਆਂ ਦੇ ਨੁਮਾਇੰਦਿਆਂ ਨੂੰ ਬਰਾਬਰ ਅਧਿਕਾਰ ਹੈ ਕਿ ਉਨ੍ਹਾਂ ਨੂੰ ਸਾਰੇ ਵਿਧਾਇਕਾਂ ਦੇ ਸਮਾਨ ਫੰਡ ਦਿੱਤੇ ਜਾਣ ਕਿਉਂਕਿ ਸਾਰੇ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦੇ ਹੁੰਦੇ ਹਨ ਤੇ ਲੋਕਾਂ ਨੂੰ ਉਨ੍ਹਾਂ 'ਤੇ ਬਹੁਤ ਉਮੀਦਾਂ ਹੁੰਦੀਆਂ ਹਨ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ।

ਸਬਰ
ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਹਰ ਵਿਅਕਤੀ ਕਿਸੇ ਨਾ ਕਿਸੇ ਚਿੰਤਾ ਵਿਚ ਫਸਿਆ ਹੋਇਆ ਹੈ। ਕੋਈ ਵਿਰਲਾ ਇਨਸਾਨ ਹੋਵੇਗਾ ਜਿਸ ਦੇ ਚਿਹਰੇ 'ਤੇ ਸੰਤੁਸ਼ਟੀ ਦੀ ਝਲਕ ਪੈਂਦੀ ਹੈ।
ਅੱਜ ਸਾਡੇ ਕੋਲ ਨਾ ਤਾਂ ਧਨ-ਦੌਲਤ ਦੀ ਕਮੀ ਹੈ ਅਤੇ ਨਾ ਹੀ ਸਾਧਨਾਂ ਦੀ ਪਰ ਫਿਰ ਵੀ ਇਨਸਾਨ ਦੁਖੀ ਹੈ, ਜਿਸ ਦਾ ਇਕੋ-ਇਕ ਕਾਰਨ ਹੈ ਕਿ ਸਾਡੇ ਅੰਦਰ ਅੱਜ ਸਬਰ ਨਹੀਂ ਹੈ। ਸਾਡੇ ਕੋਲ ਜੋ ਕੁਝ ਵੀ ਹੈ ਅਸੀਂ ਉਸ ਦਾ ਕਦੇ ਸ਼ੁਕਰਾਨਾ ਨਹੀਂ ਕਰਦੇ ਸਗੋਂ ਜੋ ਨਹੀਂ ਹੈ, ਉਸ ਨੂੰ ਲੈ ਕੇ ਹਮੇਸ਼ਾ ਦੁਖੀ ਰਹਿੰਦੇ ਹਾਂ।
ਧਨ-ਦੌਲਤ ਜਿੰਨਾ ਮਰਜ਼ੀ ਆ ਜਾਵੇ ਜਦ ਤੱਕ ਸਬਰ ਨਹੀਂ ਆਉਂਦਾ ਜੀਵਨ ਵਿਚ ਸੰਤੁਸ਼ਟੀ ਨਹੀਂ ਆ ਸਕਦੀ। ਇੱਛਾ ਰੱਖਣੀ ਬੁਰੀ ਗੱਲ ਨਹੀਂ ਪਰ ਇੱਛਾ ਦੀ ਪੂਰਤੀ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਵੀ ਜ਼ਰੂਰੀ ਹੈ। ਜਿਸ ਵਿਅਕਤੀ ਅੰਦਰ ਸਬਰ, ਸੰਤੋਸ਼ ਦਾ ਗੁਣ ਆ ਜਾਵੇ, ਉਹ ਕੁੱਲੀ ਵਿਚ ਰਹਿ ਕੇ ਵੀ ਖੁਸ਼ ਰਹਿੰਦਾ ਹੈ ਪਰ ਜਿਸ ਵਿਅਕਤੀ ਅੰਦਰ ਸਬਰ ਨਹੀਂ, ਉਹ ਮਹਿਲਾਂ ਵਿਚ ਵੀ ਖੁਸ਼ ਨਹੀਂ ਰਹਿ ਸਕਦਾ। ਇਸ ਲਈ ਜ਼ਿੰਦਗੀ ਖੁਸ਼ੀ-ਖੁਸ਼ੀ ਜਿਊਣ ਲਈ ਇਹ ਜ਼ਰੂਰੀ ਹੈ ਕਿ ਛੋਟੀਆਂ-ਛੋਟੀਆਂ ਖੁਸ਼ੀਆਂ ਨੂੰ ਮਾਣੋ ਅਤੇ ਸਬਰ, ਸੰਤੋਖ, ਸ਼ੁਕਰਾਨੇ ਨੂੰ ਜੀਵਨ ਦਾ ਹਿੱਸਾ ਬਣਾਓ।

-ਜਸਪ੍ਰੀਤ ਕੌਰ ਸੰਘਾ
ਪਿੰਡ ਤਨੂੰਲੀ, ਜ਼ਿਲ੍ਹਾ ਹੁਸ਼ਿਆਰਪੁਰ।

 

28-01-2019

 ਪਾਣੀ ਦੇ ਨਾਜਾਇਜ਼ ਕੁਨੈਕਸ਼ਨ
ਪਾਣੀ ਤੇ ਸੀਵਰੇਜ ਦੀ ਘਟ ਰਹੀ ਵਸੂਲੀ ਕਾਰਨ ਨਗਰ ਨਿਗਮ ਨੇ ਸ਼ਹਿਰ ਵਿਚ ਚੱਲ ਰਹੇ ਪਾਣੀ ਦੇ ਨਾਜਾਇਜ਼ ਕੁਨੈਕਸ਼ਨਾਂ ਬਾਰੇ ਅਮਲੇ ਦਾ ਤਾਂ ਸ਼ਿਕੰਜਾ ਕੱਸਣਾ ਸ਼ੁਰੂ ਕੀਤਾ ਹੈ ਪਰ ਸ਼ਹਿਰਾਂ ਵਿਚ ਚੱਲ ਰਹੇ ਜਾਇਜ਼ ਕੁਨੈਕਸ਼ਨ ਖ਼ਾਸ ਕਰਕੇ ਖਾਲੀ ਪਲਾਟਾਂ ਦੇ, ਜਿਨ੍ਹਾਂ ਵਿਚ ਪਲਾਟ ਮਾਲਕਾਂ ਨੇ ਪ੍ਰਵਾਸੀ ਮਜ਼ਦੂਰ ਰੱਖੇ ਹੋਏ ਹਨ ਅਤੇ ਉਹ ਪਾਣੀ ਦੀ ਵੀ ਖੁੱਲ੍ਹ ਕੇ ਵਰਤੋਂ ਕਰਦੇ ਹਨ। ਇਨ੍ਹਾਂ ਪਲਾਟ ਮਾਲਕਾਂ ਨੂੰ ਨਿਗਮ ਵਲੋਂ ਸਮੇਂ ਸਿਰ ਪਾਣੀ ਤੇ ਸੀਵਰੇਜ ਦੇ ਬਿੱਲ ਵੀ ਭੇਜੇ ਜਾ ਰਹੇ ਹਨ ਅਤੇ ਇਨ੍ਹਾਂ ਬਿੱਲਾਂ ਦੀ ਰਕਮ ਕਈ-ਕਈ ਸਾਲਾਂ ਦੀ ਜਮ੍ਹਾਂ ਹੋ ਕੇ ਹਜ਼ਾਰਾਂ ਤੇ ਲੱਖਾਂ ਰੁਪਿਆ ਵਿਚ ਹੈ। ਨਾ ਹੀ ਇਹ ਲੋਕ ਨਿਗਮ ਦਫ਼ਤਰ ਬਿੱਲ ਜਮ੍ਹਾਂ ਕਰਾਉਂਦੇ ਹਨ ਅਤੇ ਨਾ ਹੀ ਵਿਭਾਗ ਵਲੋਂ ਇਸ ਰਕਮ ਦੀ ਵਸੂਲੀ ਕਰਨ ਸਬੰਧੀ ਕੋਈ ਢੁਕਵੀਂ ਉਚਿਤ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਨਾਲ ਸਰਕਾਰ ਨੂੰ ਲੱਖਾਂ ਦਾ ਹੀ ਚੂਨਾ ਲੱਗ ਰਿਹਾ ਹੈ। ਲੋੜ ਹੈ ਵਿਭਾਗ ਨੂੰ ਇਸ ਪਾਸੇ ਵੀ ਧਿਆਨ ਦੇਣ ਦੀ। ਬਕਾਇਆ ਬਿੱਲਾਂ ਦੀ ਵਸੂਲੀ ਹੋ ਜਾਣ ਨਾਲ ਜਿਥੇ ਸਰਕਾਰ ਨੂੰ ਮਾਲੀਆ ਇਕੱਠਾ ਹੋਵੇਗਾ, ਉਤੇ ਹੀ ਪਾਣੀ ਦੀ ਹੁੰਦੀ ਦੁਰਵਰਤੋਂ 'ਤੇ ਵੀ ਨਕੇਲ ਪੈ ਸਕਦੀ ਹੈ।

-ਅਮਰੀਕ ਸਿੰਘ ਚੀਮਾ
ਸ਼ਾਬਹਾਦੀਆ, ਜਲੰਧਰ।

ਫੈਲ ਰਿਹਾ ਭ੍ਰਿਸ਼ਟਾਚਾਰ
ਪੰਜਾਬੀ ਖੁੱਲ੍ਹਦਿਲੀ ਅਤੇ ਮਦਦਗਾਰ ਮਿਜਾਜ਼ ਦੇ ਲੋਕ ਹਨ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਲਈ ਅੱਗੇ ਰਹੇ ਹਨ। ਅਜਿਹੇ ਵਿਚ ਅਕਸਰ ਫੇਸਬੁੱਕ ਅਤੇ ਵਟਸਐਪ ਗਰੁੱਪਾਂ ਵਿਚ ਕੁਝ ਸੰਸਥਾਵਾਂ ਜਾਂ ਫਿਰ ਇਕੱਲਿਆਂ ਹੀ ਲੋਕ ਸਮਾਜ ਸੇਵਾ ਦਾ ਕੰਮ ਕਰਦੇ ਹਨ ਤੇ ਗ਼ਰੀਬ, ਬਿਮਾਰ ਲੋਕਾਂ ਅਤੇ ਗੁਰੂ ਘਰਾਂ ਦੀ ਸੇਵਾ ਦੇ ਨਾਂਅ 'ਤੇ ਪੋਸਟਾਂ ਪਾਈਆਂ ਜਾਂਦੀਆਂ ਹਨ ਤੇ ਮਦਦ ਦੀ ਗੁਹਾਰ ਲਗਾਈ ਜਾਂਦੀ ਹੈ। ਦਾਨੀ ਸੱਜਣ ਦਿਲ ਖੋਲ੍ਹ ਕੇ ਲੋੜਵੰਦਾਂ ਲਈ ਪੈਸਾ ਭੇਜਦੇ ਹਨ ਪਰ ਸੇਵਾ ਦਾ ਪ੍ਰਚਾਰ ਕਰਨ ਵਾਲੇ ਲੋਕ ਨਿਗੂਣੇ ਜਿਹੇ ਪੈਸੇ ਲੋੜਵੰਦਾਂ ਨੂੰ ਦੇ ਕੇ ਵਾਹ-ਵਾਹ ਲੁੱਟਦੇ ਹਨ ਤੇ ਮਾਇਆ ਦਾ ਬਹੁ ਹਿੱਸਾ ਆਪ ਡਕਾਰ ਜਾਂਦੇ ਹਨ। ਇਨ੍ਹਾਂ ਲੋਕਾਂ 'ਤੇ ਸਰਕਾਰ ਦੀ ਕੋਈ ਨਿਗਾਹ ਨਹੀਂ ਤੇ ਹਰ ਰੋਜ਼ ਪੰਜਾਬ ਵਿਚ ਕਰੋੜਾਂ ਰੁਪਈਆ ਸੇਵਾ ਭਾਵਨਾ ਦੇ ਨਾਂਅ 'ਤੇ ਖਾਧਾ ਜਾ ਰਿਹਾ ਹੈ। ਸੇਵਾ ਕਰਨਾ ਕੋਈ ਗ਼ਲਤ ਕੰਮ ਨਹੀਂ ਹੈ ਪਰ ਸਾਨੂੰ ਗ਼ਲਤ ਬੰਦਿਆਂ ਨੂੰ ਪਛਾਣਨਾ ਹੋਵੇਗਾ ਤਾਂ ਹੀ ਸਹੀ ਮਦਦ ਸਹੀ ਲੋਕਾਂ ਤੱਕ ਪਹੁੰਚੇਗੀ। ਸੋ ਗਲਤ ਬੰਦਿਆਂ ਦੀ ਪਛਾਣ ਕਰਕੇ ਉਨ੍ਹਾਂ 'ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।

-ਚੰਨਦੀਪ ਸਿੰਘ 'ਬੁਤਾਲਾ'
ਅੰਮ੍ਰਿਤਸਰ।

24-01-2019

 ਡੇਰਿਆਂ ਦੀ ਰਾਜਸੀ ਪੁਸ਼ਤਪਨਾਹੀ
ਕਾਲਮ 'ਕਿਛੁ ਸੁਣੀਐ, ਕਿਛੁ ਕਹੀਐ' ਵਿਚ ਪਿਛਲੇ ਦਿਨੀਂ ਸਤਨਾਮ ਸਿੰਘ ਮਾਣਕ ਵਲੋਂ ਡੇਰਿਆਂ ਦੇ ਰਾਜਸੀ ਪੁਸ਼ਤਪਨਾਹੀ ਦੇ ਉਧੇੜੇ ਬਖੀਏ ਕਾਬਲੇ ਤਾਰੀਫ਼ ਹਨ। ਸਾਡੇ ਰਾਜਸੀ ਆਗੂਆਂ ਨੇ ਤਾਂ ਮੁਲਕ ਵਿਚ ਡੇਰਾਵਾਦ ਜ਼ਰੀਏ ਫੈਲਾਏ ਜਾ ਰਹੇ ਅੰਧਵਿਸ਼ਵਾਸ ਤੋਂ ਜਿਵੇਂ ਅੱਖਾਂ ਹੀ ਮੀਚ ਕੇ ਉਨ੍ਹਾਂ ਨੂੰ ਮਨਮਾਨੀਆਂ ਕਰਨ ਦੀ ਪੂਰਨ ਆਜ਼ਾਦੀ ਹੀ ਦੇ ਰੱਖੀ ਹੈ। ਰਾਜਸੀ ਛਤਰ ਛਾਇਆ ਦੇ ਚਲਦਿਆਂ ਇਨ੍ਹਾਂ ਡੇਰਿਆਂ ਪ੍ਰਤੀ ਪ੍ਰਸ਼ਾਸਨ ਖ਼ਾਸ ਕਰਕੇ ਪੁਲਿਸ ਪ੍ਰਸ਼ਾਸਨ ਵੀ ਮਿਹਰਬਾਨ ਹੀ ਰਹਿੰਦਾ ਹੈ।
ਅਸਲ ਵਿਚ ਰਾਜਸੀ ਲੋਕਾਂ ਦਾ ਆਮ ਜਨਤਾ ਦੀਆਂ ਤਕਲੀਫ਼ਾਂ ਜਾਂ ਸਮਾਜ ਦੀ ਅਵਸਥਾ ਨਾਲ ਕੋਈ ਵਾਸਤਾ ਨਹੀਂ। ਰਾਜਸੀ ਲੋਕਾਂ ਨੂੰ ਤਾਂ ਸਿਰਫ ਆਪਣੇ ਵੋਟ ਬੈਂਕ ਦੀ ਚਿੰਤਾ ਰਹਿੰਦੀ ਹੈ। ਫਿਰ ਇਹ ਵੋਟਾਂ ਉਨ੍ਹਾਂ ਨੂੰ ਸਮਾਜ ਲਈ ਖ਼ਤਰਾ ਬਣੇ ਡੇਰਿਆਂ ਤੋਂ ਮਿਲੇ ਜਾਂ ਹੋਰ ਕਿਤੋਂ ਉਨ੍ਹਾਂ ਨੂੰ ਸਭ ਮਨਜ਼ੂਰ ਹੈ। ਜੇਕਰ ਰਾਜਸੀ ਲੋਕ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਰੱਤੀ ਭਰ ਵੀ ਗੰਭੀਰ ਹੋਣ ਤਾਂ ਡੇਰਿਆਂ ਵਲੋਂ ਫੈਲਾਈ ਜਾ ਰਹੀ ਅਰਾਜਕਤਾ ਤੋਂ ਨਿਜਾਤ ਮਿਲਦਿਆਂ ਦੇਰ ਨਹੀਂ ਲੱਗੇਗੀ।


-ਬਿੰਦਰ ਸਿੰਘ ਖੁੱਡੀ ਕਲਾਂ
ਗਲੀ ਨੰਬਰ 1, ਸ਼ਕਤੀ ਨਗਰ, ਬਰਨਾਲਾ।


ਕੋਈ ਰਾਜਾ 'ਬਿਆਹਣ' ਆਇਆ ਏ
ਪੰਜਾਬੀ ਸੱਭਿਆਚਾਰ ਬਹੁਤ ਹੀ ਨਿਰਾਲੀਆਂ ਰਹੁ ਰੀਤਾਂ ਅਤੇ ਵਿਲੱਖਣਤਾ ਭਰਪੂਰ ਵੰਨਗੀਆਂ ਨਾਲ ਲਬਰੇਜ਼ ਹੈ। ਖੁਸ਼ੀਆਂ, ਗਮੀਆਂ, ਮਹੀਨਿਆਂ, ਮੌਸਮਾਂ ਆਦਿ ਨਾਲ ਸਬੰਧਿਤ ਰਿਵਾਜਾਂ ਅਤੇ ਤਿਉਹਾਰਾਂ ਨੂੰ ਪੰਜਾਬੀਆਂ ਦੀ ਜਿੰਦ ਜਾਨ ਮੰਨਿਆ ਜਾਂਦਾ ਹੈ। ਇਸੇ ਕੜੀ ਦੇ ਪੰਜਾਬੀ ਸੱਭਿਆਚਾਰਕ ਰੀਤੀ ਰਿਵਾਜਾਂ 'ਚੋਂ ਲੜਕੀ ਦੇ ਵਿਆਹ ਕਾਰਜ ਸਮੇਂ ਲਾੜੇ ਸਮੇਤ ਬਰਾਤ ਦੇ ਲਾੜੀ ਦੇ ਘਰ ਪੁੱਜਣ ਦੀ ਰਸਮ 'ਢੁਕਾਅ' ਨੂੰ ਡਾ: ਰਾਜਵੰਤ ਕੌਰ ਪੰਜਾਬੀ ਨੇ ਪਿਛਲੇ ਦਿਨੀਂ 'ਅਜੀਤ ਮੈਗਜ਼ੀਨ' 'ਚ 'ਕੋਈ ਰਾਜਾ ਬਿਆਹਣ ਆਇਆ ਏ...' ਨੂੰ ਬਹੁਤ ਹੀ ਖੂਬਸੂਰਤੀ ਨਾਲ ਬਿਆਨਿਆ ਹੈ। ਲੇਖਿਕਾ ਨੇ ਢੁਕਾਅ ਦੀ ਰਸਮ ਨੂੰ ਬਹੁਤ ਬਰੀਕੀਆਂ 'ਚ ਜਾ ਕੇ ਉਦਾਹਰਨਾਂ ਸਹਿਤ ਦਿਲਚਸਪ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਅਜੋਕੀ ਪੀੜ੍ਹੀ ਨੂੰ ਮੈਰਿਜ ਪੈਲੇਸਾਂ ਦੇ ਦਿਖਾਵੇ ਮਾਤਰ ਰਿਵਾਜਾਂ ਦੀ ਬਜਾਏ ਸਮਾਜਿਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨਾਲ ਭਰਪੂਰ ਅਸਲੀਅਤ ਤੋਂ ਜਾਣੂ ਕਰਵਾਇਆ ਹੈ। ਇਹ ਲੇਖ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਅਲੰਬਰਦਾਰਤਾ ਦਾ ਸਿਖ਼ਰ, ਸੱਭਿਆਚਾਰ ਦੀ ਅਣਮੋਲਤਾ ਅਤੇ ਅਮੀਰੀ ਦਾ ਨਮੂਨਾ ਹੈ।


-ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।


ਚਿੰਤਾਜਨਕ ਰੁਝਾਨ
ਪਿਛਲੇ ਕੁਝ ਕੁ ਮਹੀਨਿਆਂ ਤੋਂ ਪੰਜਾਬ ਦੇ ਨੌਜਵਾਨ ਲੜਕੇ/ਲੜਕੀਆਂ ਦੀ ਵਿਦੇਸ਼ਾਂ ਵੱਲ ਨੂੰ ਤੇਜ਼ੀ ਨਾਲ ਪ੍ਰਵਾਸ ਕਰਨ ਦੀਆਂ ਖ਼ਬਰਾਂ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਆਲੰਬਰਦਾਰਾਂ ਨੂੰ ਡਾਹਢੀ ਚਿੰਤਾ ਵਿਚ ਪਾਇਆ ਹੋਇਆ ਹੈ। ਭਾਵੇਂ ਇਸ ਪ੍ਰਵਾਸ ਦਾ ਰੁਝਾਨ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ, ਪਰ ਸਰਕਾਰਾਂ ਨੂੰ ਇਸ ਦੀ ਭੋਰਾ ਫ਼ਿਕਰ ਨਹੀਂ ਜਾਪਦੀ। ਪਿਛਲੇ ਕੁਝ ਕੁ ਮਹੀਨਿਆਂ ਤੋਂ ਵੱਡੀ ਤਾਦਾਦ ਵਿਚ ਪ੍ਰਵਾਸ ਕਰਨ ਵਾਲੇ ਨੌਜਵਾਨਾਂ ਦੇ ਅੰਕੜੇ ਸੱਚਮੁੱਚ ਹੈਰਾਨ ਕਰਨ ਵਾਲੇ ਹਨ। ਭਾਵੇਂ ਮਨੁੱਖ ਦੀ ਪ੍ਰਵਾਸ ਦੀ ਕਹਾਣੀ ਯੁੱਗਾਂ ਤੋਂ ਚਲਦੀ ਆ ਰਹੀ ਹੈ। ਇਸ ਪ੍ਰਵਾਸ ਦਾ ਵੱਡਾ ਕਾਰਨ ਮਨੁੱਖ ਦੇ ਆਰਥਿਕ ਵਸੀਲੇ ਖ਼ਤਮ ਹੋਣ 'ਤੇ ਰੋਜ਼ੀ-ਰੋਟੀ ਦੀ ਭਾਲ ਵਿਚ ਮਨੁੱਖ ਵਲੋਂ ਇਕ ਤੋਂ ਦੂਜੀ ਜਗ੍ਹਾ ਪ੍ਰਵਾਸ ਕਰਨ ਬਾਰੇ ਪਤਾ ਚਲਦਾ ਹੈ। ਕੀ ਕਾਰਨ ਹੈ ਕਿ ਹਰ ਨੌਜਵਾਨ ਮੁਢਲੀ ਪੜ੍ਹਾਈ ਕਰਨ ਤੋਂ ਬਾਅਦ ਵਿਦੇਸ਼ ਜਾਣਾ ਚਾਹੁੰਦਾ ਹੈ? ਹਰ ਪਾਸੇ ਰਾਜਸੀ ਦਖ਼ਲਅੰਦਾਜ਼ੀ ਕਾਰਨ ਰਾਜ ਦੇ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਕੋਈ ਵੀ ਨਾਗਰਿਕ ਆਪਣੇ-ਆਪ ਨੂੰ ਇਥੇ ਮਹਿਫੂਜ਼ ਨਹੀਂ ਸਮਝ ਰਿਹਾ। ਦੂਸਰੇ ਪਾਸੇ ਸਰਕਾਰਾਂ ਨੂੰ ਪ੍ਰਵਾਸ ਦੇ ਕਾਰਨਾਂ ਦੀ ਘੋਖ ਕਰਕੇ ਇਨ੍ਹਾਂ ਦੇ ਹੱਲ ਲਈ ਸਮਾਂ ਰਹਿੰਦਿਆਂ ਯਤਨਸ਼ੀਲ ਹੋਣ ਦੀ ਲੋੜ ਹੈ।


-ਗੁਰਪ੍ਰੀਤ ਸਿੰਘ ਤਲਵੰਡੀ
ਵੈਨਕੂਵਰ (ਕੈਨੇਡਾ)।


ਮਹਿੰਗਾਈ ਤੇ ਪ੍ਰਦੂਸ਼ਣ
ਪਹਿਲਾਂ ਪਹਿਲ ਸਾਰੇ ਲੋਕ ਬੜੇ ਸਮਝਦਾਰ ਤੇ ਵਧੀਆ ਸੋਚ ਦੇ ਮਾਲਕ ਸਨ ਤੇ ਘਰ ਪਰਿਵਾਰ ਬੜੇ ਹੀ ਸਲੀਕੇ ਤੇ ਮਹਿਜ ਨਾਲ ਚਲਾਉਂਦੇ। ਵੱਡੇ ਪਰਿਵਾਰ ਹੁੰਦੇ ਸਨ ਪਰ ਸਾਰਿਆਂ ਵਿਚੋਂ ਇਕ ਲਾਣੇਦਾਰ ਹੁੰਦਾ ਜੋ ਸਾਰੇ ਘਰ ਦੀ ਜ਼ਿੰਮੇਵਾਰੀ ਸਾਂਭਦਾ ਸੀ। ਕਿਤੇ ਰਿਸ਼ਤੇਦਾਰੀ ਵਿਚ ਵੀ ਜੋ ਕੋਈ ਕੰਮ ਪੈਂਦਾ ਤਾਂ ਪਰਿਵਾਰ ਦਾ ਇਕ ਹੀ ਮੈਂਬਰ ਜਾਂਦਾ, ਉਦੋਂ ਜਾਣ ਦੇ ਸਾਧਨ ਮੋਟਰ ਗੱਡੀਆਂ ਨਹੀਂ ਸਨ। ਜ਼ਿਆਦਾਤਰ ਆਉਣ-ਜਾਣ ਵਿਚ ਪਸ਼ੂ ਹੀ ਸਹਾਈ ਹੁੰਦੇ ਜਿਵੇਂ ਬੈਲ ਗੱਡੀ 'ਟਾਂਗਾ' ਘੋੜਾ ਜਾਂ ਬੋਤਾ ਹੋਇਆ ਕਰਦਾ ਭਾਵੇਂ ਆਉਣ ਜਾਣ ਲਈ ਵੇਲਾ ਜ਼ਿਆਦਾ ਲਗਦਾ ਪਰ ਸਾਧਨ ਬਹੁਤ ਹੀ ਘੱਟ ਖਰਚੇ ਵਾਲੇ ਸਨ। ਇਸੇ ਕਰਕੇ ਉਦੋਂ ਏਨਾ ਧੂੰਆਂ ਧੱਪਾ ਨਹੀਂ ਸੀ। ਘਰ ਦਾ ਹਰ ਇਕ ਜੀਅ ਕੰਮ ਕਰਦਾ, ਔਰਤਾਂ ਨੇ ਕੱਪੜੇ ਸਿਊਣੇ, ਦਰੀਆਂ ਬੁਣਨੀਆਂ ਤੇ ਚਰਖੇ ਨਾਲ ਰੂੰ ਦੀਆਂ ਪੂਣੀਆਂ ਵੱਟ ਕੇ ਸੂਤ ਤਿਆਰ ਕਰਕੇ ਤਾਣੀ ਆਦਿ ਬੁਣਨੀ। ਅੱਜਕਲ੍ਹ ਕੁੜੀਆਂ ਨੂੰ ਚਰਖੇ ਦੇ ਕੰਮ ਦਾ ਬਹੁਤ ਹੀ ਘੱਟ ਪਤਾ ਹੈ ਕਿਉਂਕਿ ਹੁਣ ਸਭ ਕੁਝ ਮਸ਼ੀਨੀ ਹੋ ਗਿਆ ਹੈ। ਮਿਹਨਤ ਕਰਕੇ ਕੋਈ ਰਾਜ਼ੀ ਹੀ ਨਹੀਂ। ਬਸ ਸਭ ਨੇ ਬੇਲੋੜੇ ਖਰਚੇ ਘਰ ਵਿਚ ਹਰ ਇਕ ਮੈਂਬਰ ਕੋਲ ਮੋਬਾਈਲ ਰੱਖ ਕੇ ਵਧਾਏ ਹੋਏ ਹਨ, ਇਹ ਵੀ ਜੋ ਬਿਨਾਂ ਕੰਮ ਤੋਂ ਵਰਤਿਆ ਜਾਂਦਾ ਬਹੁਤ ਗ਼ਲਤ ਹੈ, ਜਿਸ ਦੀਆਂ ਤਰੰਗਾਂ ਨਾਲ ਕਈ ਸਾਰੇ ਜਾਨਵਰ ਖ਼ਤਮ ਹੋ ਰਹੇ ਹਨ ਤੇ ਬੱਚਿਆਂ ਦੇ ਮਾਨਸਿਕ ਵਿਕਾਸ ਦੇ ਵਾਧੇ 'ਤੇ ਵੀ ਬਹੁਤ ਮਾੜਾ ਅਸਰ ਪੈ ਰਿਹਾ ਹੈ। ਬਾਕੀ ਰਹੀ ਗੱਲ ਮੋਟਰ ਗੱਡੀਆਂ ਦੀ ਜੋ ਕਿ ਮਹਿੰਗੇ ਡੀਜ਼ਲ ਨਾਲ ਚੱਲ ਕੇ ਬਹੁਤ ਸਾਰੀ ਮਹਿੰਗਾਈ ਤੇ ਪ੍ਰਦੂਸ਼ਣ ਵਧਾ ਰਹੀਆਂ ਹਨ।


-ਸੁਖਚੈਨ ਸਿੰਘ 'ਠੱਠੀ ਭਾਈ'।

23-01-2019

ਇਕ ਹੋਰ ਸਿਆਸੀ ਪਾਰਟੀ
ਪੰਜਾਬ ਦੇ ਸਿਆਸੀ ਅਕਸ 'ਤੇ ਇਕ ਹੋਰ ਸਿਆਸੀ ਸਿਤਾਰੇ ਦਾ ਜਨਮ ਹੋ ਗਿਆ ਹੈ। ਇਹ ਕਿੰਨਾ ਕੁ ਚਿਰ ਚਮਕਦਾ ਹੈ ਅਤੇ ਕਿੰਜ ਆਪਣਾ ਸਫ਼ਰ ਤੈਅ ਕਰਦਾ ਹੈ, ਇਹ ਵੇਖਣ ਵਾਲੀ ਗੱਲ ਹੈ ਕਿਉਂਕਿ ਪੰਜਾਬ ਨੇ ਸਿਆਸਤ ਦੇ ਦੌਰ ਵਿਚ ਕਈ ਉਤਰਾਅ-ਚੜ੍ਹਾਅ ਵੇਖੇ ਹਨ ਪਰ ਅਫ਼ਸੋਸ ਇਹ ਹੈ ਕਿ ਕੋਈ ਵੀ ਪੰਜਾਬ ਅਤੇ ਪੰਜਾਬੀਆਂ ਦੀਆਂ ਉਮੀਦਾਂ 'ਤੇ ਖਰਾ ਨਹੀਂ ਉਤਰਿਆ। ਇਥੇ ਹਮੇਸ਼ਾ ਦੋ ਧਿਰੀ ਸਿਆਸਤ ਹੀ ਚਲਦੀ ਰਹੀ। ਕਾਮਰੇਡ ਵੀ ਪੰਜਾਬ ਦੀ ਸਿਆਸੀ ਧਰਤੀ 'ਤੇ ਪੈਰ ਨਹੀਂ ਜਮਾ ਸਕੇ। ਇਹ ਜਨਤਾ ਦੀ ਆਵਾਜ਼ ਨਾ ਬਣ ਸਕੇ। ਇਸੇ ਤਰ੍ਹਾਂ ਹੋਰਾਂ ਪਾਰਟੀਆਂ ਨੇ ਵੱਡੇ-ਵੱਡੇ ਦਾਅਵੇ ਕੀਤੇ ਪਰ ਸਿਆਸੀ ਅਖਾੜੇ ਵਿਚ ਆ ਚਿੱਤ ਹੋ ਗਈਆਂ। ਸਭ ਤੋਂ ਮਾੜਾ ਹਸ਼ਰ ਆਮ ਆਦਮੀ ਪਾਰਟੀ ਦਾ ਹੋਇਆ। ਪੂਰੀ ਤਰ੍ਹਾਂ ਪੰਜਾਬ ਵਿਚ ਆਪਣੀ ਹਵਾ ਬਣਾ ਕੇ ਐਨ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਲੀਰਾਂ ਦੀ ਗੇਂਦ ਵਾਂਗ ਖਿੱਲਰ ਰਹੀ ਇਹ ਸਿਆਸੀ ਜਮਾਤ ਅਜੇ ਤੱਕ ਪਾਟੋ ਧਾੜ ਹੋ ਰਹੀ ਹੈ। ਇਸੇ ਦਾ ਇਕ ਹਿੱਸਾ ਹੁਣ ਪੰਜਾਬੀ ਏਕਤਾ ਪਾਰਟੀ ਦੇ ਰੂਪ ਵਿਚ ਸਾਹਮਣੇ ਆਇਆ ਹੈ। ਪੰਜਾਬ ਵਾਸੀ ਬੜੀਆਂ ਹਸਰਤ ਭਰੀਆਂ ਨਜ਼ਰਾਂ ਨਾਲ ਇਸ ਵੱਲ ਵੇਖ ਰਹੇ ਹਨ ਕਿ ਭ੍ਰਿਸ਼ਟਾਚਾਰ, ਨਸ਼ੇਬਾਜ਼ੀ ਅਤੇ ਬੇਰੁਜ਼ਗਾਰੀ ਦੀ ਦਲਦਲ ਵਿਚ ਫਸਿਆ ਪੰਜਾਬ ਨਵੀਂ ਰਾਹ ਤੁਰੇਗਾ ਕਿ ਨਹੀਂ। ਇਸ ਦੇ ਨੇਤਾ ਸਿਰਫ ਆਪਣੇ ਬਾਰੇ ਹੀ ਸੋਚਦੇ ਹਨ ਕਿ ਪੰਜਾਬ ਲਈ ਕੁਝ ਕਰਨਗੇ। ਵੇਖੋ ਅਗਾਂਹ ਪੰਜਾਬ ਦੀ ਕਿਸਮਤ ਵਿਚ ਕੀ ਹੈ?


-ਵਿਵੇਕ
ਕੋਟ ਈਸੇ ਖਾਂ (ਮੋਗਾ)।


ਅਵਾਰਾ ਪਸ਼ੂ
ਅਵਾਰਾ ਪਸ਼ੂਆਂ ਦਾ ਕੋਈ ਪੁਖਤਾ ਹੱਲ ਕਰਨਾ ਬਹੁਤ ਜ਼ਰੂਰੀ ਹੈ। ਹਰ ਦਿਨ ਅਵਾਰਾ ਪਸ਼ੂਆਂ ਕਾਰਨ ਹੁੰਦੇ ਹਾਦਸਿਆਂ ਵਿਚ ਬੇਸ਼ਕਮਤੀ ਜਾਨਾਂ ਜਾਂਦੀਆਂ ਹਨ। ਕਿੰਨੇ ਹੀ ਘਰਾਂ ਦੇ ਚਿਰਾਗ ਬੁੱਝ ਚੁੱਕੇ ਹਨ। ਕਿੰਨੇ ਹੀ ਕੁਝ ਕਰ ਵਿਖਾਉਣ ਦੇ ਸੁਪਨੇ, ਜੋ ਮਾਪਿਆਂ ਨੇ ਬੱਚਿਆਂ ਲਈ ਜਾਂ ਫਿਰ ਬੱਚਿਆਂ ਨੇ ਆਪਣੇ ਲਈ ਅਤੇ ਆਪਣੇ ਪਰਿਵਾਰ ਲਈ ਵੇਖੇ ਹੁੰਦੇ ਹਨ, ਇਨ੍ਹਾਂ ਅਵਾਰਾ ਪਸ਼ੂਆਂ ਦੀ ਭੇਟ ਚੜ੍ਹ ਕੇ ਮਿੰਟਾਂ-ਸਕਿੰਟਾਂ ਵਿਚ ਹੀ ਖ਼ਤਮ ਹੋ ਜਾਂਦੇ ਹਨ।
ਇਹ ਕੋਈ ਹੱਲ ਨਹੀਂ ਕਿ ਇਕ ਪਿੰਡ ਵਾਲੇ ਰਾਤ ਨੂੰ ਟਰਾਲੀ ਭਰ ਕੇ ਦੂਜੇ ਪਿੰਡ ਛੱਡ ਜਾਂਦੇ ਹਨ ਅਤੇ ਦੂਜੇ ਪਿੰਡ ਵਾਲੇ ਤੀਜੇ ਪਿੰਡ। ਇਨ੍ਹਾਂ ਪਸ਼ੂਆਂ ਲਈ ਖਾਸ ਪ੍ਰਬੰਧ ਹੋਣੇ ਚਾਹੀਦੇ ਹਨ। ਹੁਣ ਤਾਂ ਗਊ ਸੈੱਸ ਦੇ ਨਾਂਅ 'ਤੇ ਲੋਕਾਂ ਕੋਲੋਂ ਟੈਕਸ ਵੀ ਵਸੂਲਿਆ ਜਾ ਰਿਹਾ ਹੈ, ਫਿਰ ਕਿਉਂ ਨਹੀਂ ਇਨ੍ਹਾਂ ਦੀ ਸਾਂਭ-ਸੰਭਾਲ ਲਈ ਕੁਝ ਕੀਤਾ ਜਾ ਰਿਹਾ। ਜੇ ਸਰਕਾਰਾਂ ਅਤੇ ਲੋਕ ਰਲ ਮਿਲ ਕੇ ਹਿੰਮਤ ਦਿਖਾਉਣ ਤਾਂ ਕੋਈ ਨਾ ਕੋਈ ਇੰਤਜ਼ਾਮ ਜ਼ਰੂਰ ਹੋ ਸਕਦਾ ਹੈ ਅਤੇ ਕਿੰਨੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।


-ਅੰਮ੍ਰਿਤ ਕੌਰ
ਬਡਰੁੱਖਾਂ, ਸੰਗਰੂਰ।


ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ
ਸੰਪਾਦਕੀ ਲੇਖ 'ਪੰਚਾਇਤੀ ਭਾਵਨਾ ਦੀ ਘੋਰ ਉਲੰਘਣਾ' ਪੜ੍ਹਿਆ। 80 ਫ਼ੀਸਦੀ ਵੋਟਾਂ ਦਾ ਭੁਗਤਾਨ ਉਤਸ਼ਾਹਿਤ ਤਾਂ ਲਗਦਾ ਹੈ ਪਰ ਬਹੁਤ ਸਾਰੇ ਪਿੰਡਾਂ ਵਿਚੋਂ ਖ਼ਤਮ ਹੋ ਰਹੀ ਪਿਆਰ ਮੁਹੱਬਤ ਦੀ ਭਾਵਨਾ ਕਿਧਰੇ ਵਿਖਾਈ ਨਹੀਂ ਦਿੰਦੀ। ਸਿਆਸੀ ਪਾਰਟੀਆਂ ਦਾ ਪਿੰਡਾਂ ਦੇ ਲੋਕਾਂ ਵਿਚ ਦਖ਼ਲ ਦੁਖਦਾਈ ਹੈ। ਰਾਜ ਕਰਦੀ ਪਾਰਟੀ ਦਾ ਦਖ਼ਲ ਤਾਂ ਪਰਜਾਤੰਤਰ ਦਾ ਜਲੂਸ ਹੈ। ਉਮੀਦਵਾਰਾਂ ਵਲੋਂ ਲੋਕਾਂ ਵਿਚ ਨਸ਼ਿਆਂ ਦਾ ਵੰਡਣਾ, ਆਪਸੀ ਪਿਆਰ ਭਾਵਨਾ ਨੂੰ ਠੇਸ ਪਹੁੰਚਾਉਂਦਾ ਹੈ ਕਿਉਂਕਿ ਨਸ਼ੇ ਹੀ ਲੜਾਈਆਂ ਝਗੜਿਆਂ ਦਾ ਕਾਰਨ ਬਣਦੇ ਹਨ। ਆਪਣੀ ਸਮਰੱਥਾ ਤੋਂ ਵੱਧ ਕੀਤਾ ਗਿਆ ਖਰਚ ਉਮੀਦਵਾਰਾਂ ਨੂੰ ਕਰਜ਼ੇ ਦੇ ਜਾਲ ਵਿਚ ਫਸਾਉਂਦਾ ਹੈ। ਸਿਆਸੀ ਪਾਰਟੀਆਂ ਨੇ ਪਿੰਡਾਂ ਵਿਚ ਦਖ਼ਲ ਦੇ ਕੇ ਭਾਈਚਾਰਕ ਸਾਂਝ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਸਿਆਸੀ ਪਾਰਟੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਸਮਾਜ ਦੇ ਲੋਕਾਂ ਨੂੰ ਆਪਸੀ ਪਿਆਰ ਮੁਹੱਬਤ ਦਾ ਰਾਹ ਵਿਖਾਉਣ। ਪਿੰਡਾਂ ਦੇ ਸਿਆਣੇ ਤੇ ਸੂਝਵਾਨ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਿਆਸੀ ਪਾਰਟੀਆਂ ਤੋਂ ਉੱਪਰ ਉੱਠ ਕੇ ਪਿੰਡਾਂ ਦੇ ਵਿਕਾਸ ਬਾਰੇ ਸੋਚਣ। ਧੜੇਬੰਦੀਆਂ 'ਚੋਂ ਕੁਝ ਨਹੀਂ ਮਿਲਣਾ। ਸਾਡੇ ਪੇਂਡੂ ਲੋਕ ਗਲੀਆਂ-ਨਾਲੀਆਂ ਵਿਚ ਹੀ ਨਾ ਉਲਝੇ ਰਹਿਣ। ਵਿਕਾਸ ਪੱਖੋਂ ਪਿੰਡ ਬਹੁਤ ਹੀ ਪਛੜੇ ਹੋਏ ਹਨ।


-ਜਗਤਾਰ ਗਿੱਲ
ਬਲ ਸਚੰਦਰ, ਅੰਮ੍ਰਿਤਸਰ।


ਚੁੱਲਾ ਟੈਕਸ
ਚੁੱਲ੍ਹਾ ਟੈਕਸ ਜਿਸ ਦਾ ਅਮਲੀ ਰੂਪ ਵਿਚ ਕੋਈ ਬਹੁਤ ਵਜੂਦ ਨਹੀਂ ਹੈ ਅਤੇ ਇਹ ਕੇਵਲ ਸੱਤ ਰੁਪਏ ਹੀ ਹੁੰਦਾ ਹੈ, ਫਿਰ ਵੀ ਪਿੰਡਾਂ ਦੇ ਲੋਕ ਇਸ ਨੂੰ ਸਮੇਂ ਸਿਰ ਜਮ੍ਹਾਂ ਨਹੀਂ ਕਰਾਉਂਦੇ ਅਤੇ ਜਿਸ ਦਾ ਖਮਿਆਜ਼ਾ ਚੋਣ ਲੜ ਰਹੇ ਉਮੀਦਵਾਰਾਂ ਨੂੰ ਪੰਚਾਇਤੀ ਚੋਣਾਂ ਦੌਰਾਨ, ਉਨ੍ਹਾਂ ਦੇ ਕਾਗਜ਼ ਰੱਦ ਹੋ ਜਾਣ ਕਾਰਨ ਭੁਗਤਣਾ ਪੈਂਦਾ ਹੈ। ਸ਼ਹਿਰੀ ਖੇਤਰ ਵਿਚ ਹਾਊਸ ਟੈਕਸ ਵਾਂਗ ਪਿੰਡਾਂ ਵਿਚ ਚੁੱਲ੍ਹਾ ਟੈਕਸ ਲਗਦਾ ਹੈ। ਸ਼ਹਿਰੀ ਲੋਕ ਇਸ ਨੂੰ ਸਮੇਂ ਸਿਰ ਜਮ੍ਹਾਂ ਕਰਾਉਂਦੇ ਹਨ ਜਦੋਂ ਕਿ ਪਿੰਡਾਂ ਵਾਲੇ ਇਸ ਨੂੰ ਜਮ੍ਹਾਂ ਕਰਵਾਉਣ ਵਿਚ ਦਿਲਚਸਪੀ ਨਹੀਂ ਲੈਂਦੇ ਅਤੇ ਨਾ ਹੀ ਪੰਚਾਇਤੀ ਵਿਭਾਗ ਇਸ ਨੂੰ ਉਤਰਾਉਣ ਦਾ ਉਪਰਾਲਾ ਕਰਦਾ ਹੈ ਅਤੇ ਇਸ ਦੀ ਯਾਦ ਪੂਰੇ ਪੰਜਾਂ ਸਾਲਾਂ ਬਾਅਦ ਪੰਚਾਇਤੀ ਚੋਣਾਂ ਦੌਰਾਨ ਆਉਂਦੀ ਹੈ। ਜਿਥੇ ਪਿੰਡਾਂ ਵਾਲਿਆਂ ਨੂੰ ਚੁੱਲ੍ਹਾ ਟੈਕਸ ਹਰੇਕ ਸਾਲ ਸਮੇਂ ਸਿਰ ਜਮ੍ਹਾਂ ਕਰਾਉਣਾ ਚਾਹੀਦਾ ਹੈ, ਉਥੇ ਹੀ ਪੰਚਾਇਤ ਵਿਭਾਗ ਨੂੰ ਇਹ ਟੈਕਸ ਵਸੂਲ ਕਰਨ ਵਿਚ ਅਵੇਸਲਾਪਨ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨਾ ਜਿਥੇ ਚੋਣਾਂ ਦੌਰਾਨ ਚੋਣ ਲੜ ਰਹੇ ਉਮੀਦਵਾਰਾਂ ਨੂੰ ਸਮੇਂ ਸਿਰ ਐਨ.ਓ.ਸੀ. ਮਿਲੇਗੀ, ਉਥੇ ਹੀ ਚੁੱਲ੍ਹਾ ਟੈਕਸ ਦੀ ਵਸੂਲੀ ਨਾਲ ਸਰਕਾਰ ਨੂੰ ਮਾਲੀਆ ਵੀ ਇਕੱਠਾ ਹੋਵੇਗਾ।


-ਅਮਰੀਕ ਸਿੰਘ ਚੀਮਾ
ਸ਼ਾਬਹਾਦੀਆ, ਜਲੰਧਰ।

22-01-2019

 ਗ਼ੈਰ-ਜ਼ਿੰਮੇਵਾਰ ਰਵੱਈਆ

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਸੰਤ ਅਤੇ ਲੋਹੜੀ ਦੀ ਆਮਦ 'ਤੇ ਚਾਈਨਾ ਡੋਰ ਦੀ ਵਿਕਰੀ ਸ਼ਰੇਆਮ ਤੇ ਜ਼ੋਰ-ਸ਼ੋਰ ਨਾਲ ਹੋ ਰਹੀ ਹੈ। ਪਿਛਲੇ ਕਈ ਸਾਲਾਂ ਤੋਂ ਚੀਨੀ ਡੋਰ ਭਾਵ ਖੂਨੀ ਡੋਰ ਅਲਾਮਤ ਮਨੁੱਖ ਨੂੰ ਚੰਬੜੀ ਹੋਈ ਹੈ। ਗਲੋਂ ਲੱਥਣ ਦਾ ਨਾਂਅ ਨਹੀਂ ਲੈ ਰਹੀ। ਪਿਛਲੇ ਵਰ੍ਹੇ ਵੀ ਅਨੇਕ ਹਾਦਸੇ ਇਸ ਖੂਨੀ ਡੋਰ ਕਾਰਨ ਵਾਪਰੇ ਸਨ ਹੁਣ ਵੀ ਅਜਿਹਾ ਹੀ ਵਾਪਰ ਰਿਹਾ ਹੈ। ਪਰ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਕੋਈ ਰੋਕਥਾਮ ਨਹੀਂ ਕੀਤੀ ਜਾ ਰਹੀ।
ਪੈਸਿਆਂ ਦੀ ਦੌੜ ਇਸ ਕਦਰ ਵਧ ਗਈ ਹੈ ਕਿ ਮਨੁੱਖ ਦੀ ਦੁਸ਼ਮਣ ਡੋਰ ਨੂੰ ਵੇਚਣ ਲਈ ਮਨੁੱਖ ਹੀ ਸਰਗਰਮ ਹੈ। ਗ਼ੈਰ-ਜ਼ਿੰਮੇਵਾਰੀਆਂ ਕਾਰਨ ਹੀ ਮਨੁੱਖ ਨੂੰ ਦਿਨ-ਬਦਿਨ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਚਣ ਵਾਲੀ ਗੱਲ ਹੈ ਕਿ ਇਸ ਸਾਰੇ ਲਈ ਦੋਸ਼ੀ ਕੇਵਲ ਪ੍ਰਸ਼ਾਸਨ ਜਾਂ ਸਰਕਾਰ ਹੀ ਨਹੀਂ ਹੈ, ਆਪਾਂ ਵੀ ਦੋਸ਼ ਤੋਂ ਮੁਕਤ ਨਹੀਂ ਹੋ ਸਕਦੇ। ਇਸ ਖੂਨੀ ਡੋਰ ਨਾਲ ਕਈ ਲੋਕ ਅਪਾਹਜ ਦੀ ਜ਼ਿੰਦਗੀ ਗੁਜ਼ਰ ਰਹੇ ਹਨ। ਕਈ ਲੋਕ ਮੌਤ ਦੇ ਮੂੰਹ ਜਾ ਚੁੱਕੇ ਹਨ। ਕੁੱਲ ਮਿਲਾ ਕੇ ਇਸ ਖੂਨੀ ਡੋਰ 'ਤੇ ਮੁਕੰੰਮਲ ਪਾਬੰਦੀ ਲੱਗਣੀ ਅਤਿ ਜ਼ਰੂਰੀ ਹੈ। ਲੋਕਾਂ ਨੂੰ ਵੀ ਸੁਚੇਤ ਹੋਣਾ ਚਾਹੀਦਾ ਹੈ ਤਾਂ ਜੋ ਇਸ ਭਿਆਨਕ ਖ਼ਤਰਨਾਕ ਚੀਨੀ ਡੋਰ ਤੋਂ ਨਿਜਾਤ ਪਾ ਸਕਣ।

-ਮਾਸਟਰ ਦੇਵਰਾਜ ਖੂੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

ਅਧਿਆਪਕ ਵਰਗ ਦੀ ਭੂਮਿਕਾ

ਲੋਕਤੰਤਰ ਵਿਚ ਚੋਣਾਂ ਬਹੁਤ ਅਹਿਮ ਹੁੰਦੀਆਂ ਹਨ। ਨਿਰਪੱਖ ਚੋਣਾਂ ਹੀ ਲੋਕਤੰਤਰ ਦਾ ਆਧਾਰ ਹੁੰਦੀਆਂ ਹਨ। ਜਦੋਂ ਵੀ ਚੋਣਾਂ ਹੁੰਦੀਆਂ ਹਨ ਤਾਂ ਸਾਰੇ ਵਿਭਾਗਾਂ ਦੇ ਸਰਕਾਰੀ ਅਧਿਕਾਰੀਆਂ ਦੀਆਂ ਡਿਊਟੀਆਂ ਚੋਣਾਂ ਨੂੰ ਸਿਰੇ ਚੜਾਉਣ ਵਿਚ ਲਗਦੀਆਂ ਹਨ। ਇਨ੍ਹਾਂ ਅਧਿਕਾਰੀਆਂ ਵਿਚ ਅਧਿਆਪਕ ਵਰਗ ਦੀ ਗਿਣਤੀ ਸਭ ਤੋਂ ਜ਼ਿਆਦਾ ਹੁੰਦੀ ਹੈ।
ਪਹਿਲਾ ਕਾਰਨ ਤਾਂ ਇਹ ਹੈ ਕਿ ਸਿੱਖਿਆ ਵਿਭਾਗ ਵਿਚ ਸਭ ਤੋਂ ਜ਼ਿਆਦਾ ਕਰਮਚਾਰੀ ਹਨ ਅਤੇ ਸਾਰੇ ਹੀ ਉੱਚ ਸਿੱਖਿਆ ਪ੍ਰਾਪਤ ਹਨ। ਸਾਰੇ ਵਿਭਾਗਾਂ ਦੇ ਕਰਮਚਾਰੀ ਡਿਊਟੀ ਤਨਦੇਹੀ ਨਾਲ ਕਰਦੇ ਹਨ ਪਰ ਅਧਿਆਪਕ ਵਰਗ ਦੁਆਰਾ ਡਿਊਟੀ ਨਿਭਾਉਣ ਲਈ ਨਿਵੇਕਲੀ ਤਿਆਰੀ ਕੀਤੀ ਜਾਂਦੀ ਹੈ।
ਚਾਹੇ ਸਰਕਾਰ ਸਾਰੇ ਫਾਰਮ, ਲਿਫਾਫੇ ਅਤੇ ਹੋਰ ਚੋਣ ਸਮੱਗਰੀ ਮੁਹੱਈਆ ਕਰਵਾਉਂਦੀ ਹੈ, ਪਰ ਅਧਿਆਪਕ ਵਰਗ ਕਿਸੇ ਵੀ ਤਤਕਾਲੀ ਸਮੱਸਿਆ ਨਾਲ ਨਜਿੱਠਣ ਲਈ ਜ਼ਿਆਦਾਤਰ ਸਮੱਗਰੀ ਘਰ ਤੋਂ ਲੈ ਕੇ ਜਾਂਦਾ ਹੈ। ਅਧਿਆਪਕ ਵਰਗ ਚੋਣਾਂ ਸਮੇਂ ਹੋਣ ਵਾਲੀ ਤਕਰਾਰਬਾਜ਼ੀ ਨੂੰ ਵੀ ਬੜੇ ਸਹਿਜੇ ਹੀ ਨਿਬੇੜ ਦਿੰਦਾ ਹੈ। ਅਧਿਆਪਕਾਂ ਦੀ ਤਿਆਰੀ ਨੂੰ ਦੇਖ ਕੇ ਲਗਦਾ ਹੈ ਕਿ ਉਹ ਸਾਰਾ ਚੋਣ ਪ੍ਰਬੰਧ ਆਪਣੇ ਪੱਧਰ 'ਤੇ ਹੀ ਕਰ ਰਹੇ ਹਨ। ਸਰਕਾਰ ਵੀ ਉਨ੍ਹਾਂ ਦੀ ਇਸ ਜ਼ਿੰਮੇਵਾਰੀ ਦੀ ਭਾਵਨਾ ਨੂੰ ਸਮਝਦੀ ਹੈ, ਜਿਸ ਕਾਰਨ ਵੱਡੇ ਵਰਗ ਨੂੰ ਚੋਣ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ।

-ਕੁਲਵਿੰਦਰ ਸਿੰਘ

ਵੋਟ ਰਾਜਨੀਤੀ

ਵੋਟਾਂ ਦਾ ਵਕਤ ਗੁਜ਼ਰ ਕੇ ਗਿਆ। ਅਜੇ ਵੋਟਾਂ ਦੇ ਰਗੜੇ ਘਰ ਠੀਕ ਨਹੀਂ ਆਏ। ਸਕੇ ਰਿਸ਼ਤੇ ਗਾਜਰ ਘਾਹ ਵਾਂਗ ਪੁੱਟ ਕੇ ਸੁੱਟੇ ਗਏ। ਨਵੀਆਂ ਬਣੀਆਂ ਪੰਚਾਇਤਾਂ ਦੁਆਰਾ, ਪਿੰਡਾਂ ਦੇ ਵਿਚ ਕੰਮ ਸ਼ੁਰੂ ਹੋ ਗਏ ਹਨ ਪਰ ਹਾਰੇ ਹੋਏ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ ਤਾਹਨੇ-ਮਿਹਣੇ ਮਾਰਦੇ ਹਨ। ਮੂੰਹ ਹਨੇਰੇ ਤਾਇਆ ਚਰਨਾ ਗਲੀ 'ਚ ਤੁਰਿਆ ਜਾਵੇ। ਬੱਲਾ ਬੱਲਾ ਆਹ ਤਾਂ ਬਹੁਤ ਵਧੀਆ ਕੀਤਾ। ਗਲੀ ਵਿਚ ਲਾਈਟਾਂ ਦਾ ਬੰਦੋਬਸਤ ਕਰ ਦਿੱਤਾ। ਹਨੇਰੇ ਵਿਚ ਕੁਝ ਦਿਸਦਾ ਹੀ ਨਹੀਂ ਸੀ। ਇਕੋ ਗਲੀ ਵਿਚ ਇਕ ਘਰ ਛੱਡ ਕੇ ਟਿਊਬ ਸੀ।
ਅਗੇ ਤਾਇਆ ਗਿਆ ਜਿਥੇ ਚਿੱਕੜ ਸੀ ਗਾਰਾ ਸੀ। ਪਰ ਉਥੇ ਟਿਊਬ ਨਹੀਂ ਸੀ। ਤਾਇਆ ਕਹਿੰਦਾ ਆਹ ਕਿਸ ਹਿਸਾਬ ਨਾਲ ਲਾਈਆਂ ਨੇ ਲਾਈਟਾਂ। ਜਿਥੇ ਗਲੀ ਪੱਕੀ ਤੇ ਸੁੱਕੀ ਆ ਉਤੇ ਦੋ ਲਾਈਟਾਂ ਪਰ ਜਿਥੋਂ ਲੰਘਣਾ ਮੁਸ਼ਕਿਲ ਆ ਉਥੇ ਹੈ ਨਹੀਂ। ਇਹ ਕੀ ਹਿਸਾਬ ਹੋਇਆ ਭਲਾ ਲੈ, ਉਥੋਂ ਸੀਤੋ ਬੋਲੀ ਪੁੱਤ ਚਰਨਿਆ ਲਾਈਟਾਂ ਹਨੇਰੇ ਜਾਂ ਗਾਰੇ ਦੇ ਹਿਸਾਬ ਨਾਲ ਨਹੀਂ ਲਾਈਆਂ। ਇਹ ਤਾਂ ਮੋਢੀ ਬੰਦਿਆਂ ਨੇ ਵੋਟ ਦੇ ਹਿਸਾਬ ਨਾਲ ਲਾਈਆਂ ਹਨ। ਇਹ ਵੀ ਵਕਤ ਆਉਣਾ ਸੀ, ਇਹ ਕਹਿ ਕੇ ਤਾਇਆ ਅੱਗੇ ਲੰਘ ਗਿਆ। ਸੋਚਦਾ ਰਿਹਾ ਇਹ ਹੁੰਦਾ ਵਿਕਾਸ, ਜੋ ਜ਼ੋਰਾਂ 'ਤੇ ਚੱਲ ਰਿਹਾ।

-ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ: ਸ਼ੇਰੋਂ, ਤਹਿ: ਸੁਨਾਮ,
ਜ਼ਿਲ੍ਹਾ ਸੰਗਰੂਰ।

ਵਿਧਾਇਕ ਦੀ ਮੁਅੱਤਲੀ

ਪਿਛਲੇ ਦਿਨੀਂ ਇਕ ਸਰਕਾਰੀ ਸਮਾਗਮ ਦਾ ਬਾਈਕਾਟ ਕਰਨ ਤੇ ਨਸ਼ਿਆਂ ਦੇ ਮੁੱਦੇ 'ਤੇ ਬੋਲਣ ਕਰਕੇ ਲੋਕਾਂ ਦੇ ਇਕ ਨੁਮਾਇੰਦੇ ਨੂੰ ਮੁਅੱਤਲ ਕਰ ਦਿੱਤਾ ਗਿਆ ਜਦ ਕਿ ਸਰਕਾਰ ਦੀ ਜ਼ਿੰਮੇਵਾਰੀ ਸੀ ਕਿ ਉਹ ਇਸ ਰਾਜਸੀ ਨੇਤਾ ਦੀ ਗੱਲ ਨੂੰ ਗੰਭੀਰਤਾ ਨਾਲ ਲੈਂਦੀ ਤੇ ਜਿਸ ਅਫਸਰ ਦਾ ਨਾਂਅ ਉਸ ਦੁਆਰਾ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ ਸੀ, ਉਸ ਖਿਲਾਫ਼ ਜਾਂਚ ਕੀਤੀ ਜਾਂਦੀ ਕਿ ਕੀ ਉਹ ਸਚਮੁੱਚ ਨਸ਼ਿਆਂ ਵਰਗੀ ਅਲਾਮਤ ਦੀ ਪੈਰਵੀ ਕਰ ਰਿਹਾ ਹੈ।
ਬੇਸ਼ੱਕ ਉਸ ਰਾਜਸੀ ਆਗੂ ਦਾ ਤਰੀਕਾ ਗ਼ਲਤ ਹੋ ਸਕਦਾ ਹੈ ਪਰ ਜੇਕਰ ਲੋਕਾਂ ਦੁਆਰਾ ਚੁਣਿਆ ਹੋਇਆ ਨੁਮਾਇੰਦਾ ਲੋਕ ਹਿਤਾਂ ਦੀ ਗੱਲ ਕਰਦਾ ਹੈ ਤਾਂ ਉਹ ਪ੍ਰਸੰਸਾ ਦਾ ਵੀ ਪਾਤਰ ਹੈ। ਇਸ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਵੀ ਇਸ ਲਈ ਜ਼ਿੰਮੇਵਾਰ ਹੈ। ਇਸ ਲਈ ਵਰਤਮਾਨ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਰਾਜਸੀ ਨੇਤਾ ਨੂੰ ਮੁਅੱਤਲ ਕਰਨਾ ਕੋਈ ਸਮੱਸਿਆ ਦਾ ਹੱਲ ਨਹੀਂ ਹੈ ਜਦ ਕਿ ਲੋੜ ਹੈ ਇਸ ਬੁਰਾਈ ਨੂੰ ਜੜ੍ਹੋਂ ਪੁੱਟਣ ਦੀ ਤੇ ਬਾਕੀ ਪਾਰਟੀਆਂ ਦੇ ਆਗੂਆਂ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਮੁੱਦੇ 'ਤੇ ਉਸ ਰਾਜਸੀ ਨੇਤਾ ਨਾਲ ਖੜ੍ਹਨ ਕਿਉਂਕਿ ਇਸ ਬੁਰਾਈ ਨੂੰ ਸਾਰਿਆਂ ਦੇ ਸਹਿਯੋਗ ਨਾਲ ਹੀ ਖ਼ਤਮ ਕੀਤਾ ਜਾ ਸਕਦਾ ਹੈ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ।

21-01-2019

ਖੇਤੀ ਨੀਤੀ
ਖੇਤੀ ਨੂੰ ਲਾਹੇਵੰਦਾ ਕਿੱਤਾ ਬਣਾਉਣ ਲਈ ਸਰਕਾਰ ਨੂੰ ਖੇਤੀ ਨੀਤੀ ਬਣਾਉਣੀ ਚਾਹੀਦੀ ਹੈ, ਜਿਸ ਤਹਿਤ ਖੇਤੀ ਵਿਚ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਹੋਵੇ। ਘੱਟੋ-ਘੱਟ, ਖੇਤੀ ਮਸ਼ੀਨਰੀ, ਕੀੜੇਮਾਰ ਦਵਾਈਆਂ, ਖਾਦਾਂ ਆਦਿ ਦੀਆਂ ਕੀਮਤਾਂ ਦਾ ਮੁੱਲ ਨਿਰਧਾਰਤ ਕਰਨ ਦੇ ਨਾਲ-ਨਾਲ ਕਿਸਾਨ ਅਤੇ ਖੇਤ ਮਜ਼ਦੂਰ ਦੀ ਘੱਟੋ-ਘੱਟ ਉਜਰਤ ਤੈਅ ਕੀਤੀ ਜਾਵੇ ਤਾਂ ਜੋ ਕਿਸਾਨ ਪ੍ਰਾਈਵੇਟ ਕੰਪਨੀਆਂ ਦੀ ਲੁੱਟ ਦਾ ਸ਼ਿਕਾਰ ਨਾ ਹੋਵੇ। ਸਰਕਾਰ ਨੂੰ ਜਿਥੇ ਕਿਸਾਨਾਂ ਦੀ ਫ਼ਸਲ ਖਾਸ ਕਰਕੇ ਗੰਨਾ, ਕਣਕ ਅਤੇ ਝੋਨੇ ਦੀ ਫਸਲ ਬੀਜਣ ਤੋਂ ਪਹਿਲਾਂ ਉਸ ਦਾ ਸਮਰਥਨ ਮੁੱਲ ਨਿਰਧਾਰਤ ਕਰਨਾ ਚਾਹੀਦਾ, ਉਥੇ ਹੀ ਫ਼ਸਲ ਪੱਕਣ 'ਤੇ ਮੰਡੀਆਂ ਅਤੇ ਮਿੱਲਾਂ ਵਿਚੋਂ ਫ਼ਸਲ ਨੂੰ ਸਮੇਂ ਸਿਰ ਖਰੀਦਣਾ ਵੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਇਸ ਦੇ ਨਾਲ ਕਿਸਾਨ ਨੂੰ ਹਰੇਕ ਫਸਲ ਦੀ ਅਦਾਇਗੀ ਵੀ ਉਸੇ ਵੇਲੇ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ। ਕਿਸਾਨ ਨੂੰ ਸਮੇਂ ਸਿਰ ਅਦਾਇਗੀ ਨਾ ਹੋਣ ਕਾਰਨ ਉਸ ਨੂੰ ਆਪਣੇ ਹੀ ਪੈਸੇ ਲੈਣ ਲਈ ਰੇਲਵੇ ਲਾਈਨਾਂ ਜਾਂ ਸੜਕਾਂ ਬੰਦ ਕਰਨੀਆਂ ਪੈਂਦੀਆਂ, ਜਿਸ ਨਾਲ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਲੋੜ ਹੈ, ਸਰਕਾਰ ਨੂੰ ਕਿਸਾਨੀ ਮਸਲਿਆਂ ਦਾ ਗੰਭੀਰਤਾ ਨਾਲ ਠੋਸ ਹੱਲ ਕੱਢਣ ਦੀ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਅਮਰੀਕੀ ਥਾਣੇਦਾਰੀ ਘਟੀ
ਪਿਛਲੇ ਦਿਨਾਂ ਵਿਚ ਅਮਰੀਕੀ ਰਾਸ਼ਟਰਪਤੀ ਵਲੋਂ ਸੀਰੀਆ ਅਤੇ ਅਫ਼ਗਾਨਿਸਤਾਨ ਵਿਚੋਂ ਇਹ ਕਹਿੰਦਿਆਂ ਆਪਣੀਆਂ ਫ਼ੌਜਾਂ ਕੱਢ ਲਈਆਂ ਕਿ ਉਹ ਹੁਣ ਆਪਣੇ ਫ਼ੌਜੀਆਂ ਦੀਆਂ ਜ਼ਿਆਦਾ ਮੌਤਾਂ ਨਹੀਂ ਚਾਹੁੰਦਾ। ਕਿਸੇ ਦੇ ਘਰ ਲੱਗੀ ਅੱਗ ਬੈਸੰਤਰ ਤੇ ਆਪਣੀ ਘਰ ਲੱਗੀ ਅੱਗ ਮੁਤਾਬਿਕ ਦੋ-ਤਿੰਨ ਦਹਾਕਿਆਂ ਤੋਂ ਦੂਰ ਦੇਸ਼ਾਂ ਦੇ ਨਾਰਾਜ਼ ਨਾਗਰਿਕ ਧੜਿਆਂ ਨੂੰ ਆਇਤ ਅਤੇ ਹਥਿਆਰ ਦੇ ਕੇ ਆਪਣੇ ਹਿਤਾਂ ਲਈ ਅਤੇ ਦੂਸਰੇ ਦੇਸ਼ਾਂ ਦੇ ਹਿਤਾਂ ਦੇ ਵਿਰੁੱਧ ਲੜਨ ਕਿੰਨਾ ਕੁ ਸਹੀ ਸਮਝਿਆ ਜਾ ਸਕਦਾ ਹੈ। ਮਿਸਾਲ ਵਜੋਂ ਤੁਰਕੀ ਵਿਚ ਬਕਰਵਾਲ ਤੇ ਭੇਡਾਂ ਪਾਲਣ ਵਾਲੇ, ਪਹਾੜੀ ਕਬੀਲੇ ਬਾਗੀ ਕੁਰਦਾਂ ਨੂੰ ਹਥਿਆਰ ਹਮਾਇਤ ਦੇ ਕੇ 'ਵੱਖਰੇ ਕੁਰਦਿਸਤਾਨ' ਦੇਸ਼ ਦੀ ਸਥਾਪਨਾ ਦਾ ਬੀਜ ਬੀਜਿਆ ਜਾ ਰਿਹਾ ਸੀ। ਨਵੇਂ ਦੇਸ਼ਾਂ ਦੀ ਬਣਤਰ, ਪੁਰਾਣੇ ਦੇਸ਼ਾਂ ਦੀਆਂ ਸਰਹੱਦਾਂ ਦੀ ਟੁੱਟ-ਭੱਜ, ਮਨੁੱਖਤਾ ਦੇ ਕਤਲੇਆਮ, ਕੌਮਾਂ ਦੇ ਸਮਾਜਿਕ, ਧਾਰਮਿਕ ਤੇ ਆਰਥਿਕ ਹਿਤਾਂ ਦੀ ਅਣਦੇਖੀ ਵਿਚੋਂ ਉਪਜਦੀ ਹੈ।ਜੇ ਸਾਰੇ ਦੇਸ਼ ਆਪਣੇ ਨਾਰਾਜ਼ ਨਾਗਰਿਕ ਸੰਗਠਨਾਂ ਦੀਆਂ ਸਮਾਜਿਕ, ਧਾਰਮਿਕ ਤੇ ਆਰਥਿਕ ਮੁਸ਼ਕਿਲਾਂ ਨੂੰ ਸਮਝਦੇ ਹੋਏ ਸਮੇਂ-ਸਮੇਂ ਉਨ੍ਹਾਂ ਦੇ ਹੱਲ ਕਰਦੇ ਰਹਿਣ ਤਾਂ ਕੋਈ ਕਾਰਨ ਨਹੀਂ, ਕੋਈ ਕੌਮ, ਕੋਈ ਸੰਗਠਨ, ਬਾਗੀਆਨਾ ਕਾਰਵਾਈਆਂ ਕਰਨ ਦੇ ਰਾਹ ਪਵੇ।


-ਮਾ: ਜਸਵੰਤ ਸਿੰਘ
ਘੁਮਾਣ, ਗੁਰਦਾਸਪੁਰ।


ਪਾਰਕਿੰਗ ਦੀ ਸਮੱਸਿਆ
ਜਨਸੰਖਿਆ ਦੇ ਪੱਖ ਤੋਂ ਸਾਡੇ ਦੇਸ਼ ਦਾ ਸਥਾਨ ਦੂਜੇ ਨੰਬਰ 'ਤੇ ਆਉਂਦਾ ਹੈ। ਵਧਦੀ ਜਨਸੰਖਿਆ ਦੇ ਕਾਰਨ ਅਨੇਕਾਂ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਰਹਿਣ ਲਈ ਘਰ, ਖਾਣ ਲਈ ਰੋਟੀ ਅਤੇ ਰੁਜ਼ਗਾਰ। ਕਿਸੇ ਵੇਲੇ ਆਵਾਜਾਈ ਦੇ ਸਾਧਨਾਂ ਦੀ ਖਰੀਦ ਕਰਨੀ ਇੱਕ ਕਠਿਨ ਕੰਮ ਸੀ ਪਰ ਅੱਜ ਤੁਸੀਂ ਆਪਣਾ ਆਧਾਰ ਕਾਰਡ ਦਿਉ ਅਤੇ ਕਾਰ ਜਾਂ ਸਕੂਟਰ ਕੰਪਨੀ ਵਾਲੇ ਤੁਹਾਡੇ ਘਰ ਦੇ ਜਾਂਦੇ ਹਨ।ਲੋਕਾਂ ਵੱਲੋ ਵੱਡੇ ਪੱਧਰ 'ਤੇ ਇਨ੍ਹਾਂ ਸਾਧਨਾਂ ਦੀ ਖਰੀਦ ਕੀਤੀ ਜਾ ਰਹੀ ਹੈ। ਪਾਰਕਿੰਗ ਦੀ ਸਮੱਸਿਆ ਵਿਸ਼ਵ ਵਿਆਪੀ ਬਣ ਚੁੱਕੀ ਹੈ ਪਰ ਸਾਡੇ ਦੇਸ਼ ਵਿਚ ਇਹ ਸਮੱਸਿਆ ਇਕ ਭਿਆਨਕ ਰੂਪ ਅਖ਼ਤਿਆਰ ਕਰ ਚੁੱਕੀ ਹੈ। ਪਾਰਕਿੰਗ ਦੀ ਅਣਹੋਂਦ ਦੇ ਕਾਰਨ ਵੱਡੇ ਸ਼ਹਿਰ ਵਿਚ ਲੋਕ ਘਰਾਂ ਦੇ ਬਾਹਰ ਆਪਣੀਆਂ ਗੱਡੀਆਂ ਖੜ੍ਹੀਆਂ ਕਰਨ ਲੈ ਕੇ ਮਜਬੂਰ ਹੋਏ ਪਏ ਹਨ।


-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।


ਭੁੱਲ ਬਖਸ਼ਾਉਣ...
ਅਕਾਲੀ ਦਲ ਵਲੋਂ ਜੋ ਇਹ ਭੁੱਲ ਬਖਸ਼ਾਉਣ ਬਾਰੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾ ਕੇ ਭੋਗ ਪਾ ਕੇ, ਜੋ ਇਹ ਗੱਲ ਕੀਤੀ ਗਈ ਹੈ ਕਿ ਇਹ ਗੱਲ ਕੁਝ ਹੱਦ ਤੱਕ ਠੀਕ ਨਹੀਂ ਹੈ। ਬਰਗਾੜੀ ਕਾਂਡ ਬਾਰੇ, ਡੇਰੇ ਦੇ ਸਾਧ ਦੀ ਮੁਆਫ਼ੀ ਬਾਰੇ ਜਾਂ ਹੋਰ ਵੀ ਜੋ ਗੱਲਾਂ ਹੋਈਆਂ ਹਨ, ਇਸ ਬਾਰੇ ਉਦੋਂ ਹੀ ਮੁਆਫ਼ੀ ਨਾਲ-ਨਾਲ ਮੰਗੀ ਜਾਂਦੀ ਤਾਂ ਇਸ ਦਾ ਸਿਹਰਾ ਅਕਾਲੀ ਦਲ ਨੂੰ ਜਾਣਾ ਸੀ ਪਰ ਹੁਣ ਵਕਤ ਲੰਘਾ ਕੇ ਮੁਆਫ਼ੀਆਂ ਮੰਗਣੀਆਂ ਕੋਈ ਸ਼ੋਭਾ ਨਹੀਂ ਦਿੰਦੀਆਂ। ਇਸ ਤਰ੍ਹਾਂ ਕਰਨ ਨਾਲ ਅਕਾਲੀ ਦਲ ਦਾ ਕੋਈ ਬਲ ਵਧਿਆ ਨਹੀਂ ਸਗੋਂ ਘਟਿਆ ਹੈ। ਇਨ੍ਹਾਂ ਦੇ ਆਪਣੇ ਹੀ ਪਾਰਟੀ ਨਾਲ ਨਾਰਾਜ਼ ਚਲ ਰਹੇ ਲੀਡਰਾਂ ਨੇ ਕਾਫੀ ਨੁਕਤਾਚੀਨੀ ਵਾਲੇ ਬਿਆਨ ਦਿੱਤੇ ਹਨ। ਵੈਸੇ ਚਾਹੀਦਾ ਤਾਂ ਇਹ ਹੈ ਕਿ ਉਮਰ ਦੇ ਤਕਾਜ਼ੇ ਅਨੁਸਾਰ ਵੱਡੇ ਬਾਦਲ ਨੂੰ ਸਿਆਸਤ ਛੱਡ ਕੇ ਰੱਬ ਦੀ ਭਗਤੀ ਵੱਲ ਧਿਆਨ ਦੇਣਾ ਚਾਹੀਦਾ ਹੈ।


-ਹਰਜਿੰਦਰਪਾਲ ਸਿੰਘ ਬਾਜਵਾ
ਵਿਜੈ ਨਗਰ, ਹੁਸ਼ਿਆਰਪੁਰ।


ਇਸ਼ਤਿਹਾਰੀ ਬੋਰਡ
ਬੀਤੇ ਦਿਨੀਂ ਮੈਂ ਸ੍ਰੀ ਅਨੰਦਪੁਰ ਸਾਹਿਬ ਗਿਆ ਤਾਂ ਮੈਂ ਦੇਖਿਆ ਕਿ ਗੁਰਦੁਆਰਾ ਕੇਸਗੜ੍ਹ ਸਾਹਿਬ ਦੀ ਹਦੂਦ ਅੰਦਰ ਥਾਂ-ਥਾਂ 'ਤੇ ਫਲੈਕਸ ਬੋਰਡ ਲੱਗੇ ਹੋਏ ਹਨ। ਇਨ੍ਹਾਂ ਬੋਰਡਾਂ ਉੱਪਰ ਜਿਥੇ ਲੋੜੀਂਦੀ ਸੂਚਨਾ ਦਿੱਤੀਗਈ ਹੈ, ਉਥੇ ਨਾਲ ਵੀ ਵੱਡਾ ਕਰਕੇ ਇਕ ਕੰਪਨੀ ਦਾ ਨਾਂਅ ਵੀ ਲਿਖਿਆ ਗਿਆ ਹੈ। ਇਸ ਤਰ੍ਹਾਂ ਇਹ ਸਿਰਫ਼ ਸੂਚਨਾ ਬੋਰਡ ਨਾ ਰਹਿ ਕੇ ਇਸ ਕੰਪਨੀ ਦੇ ਇਸ਼ਤਿਹਾਰ ਵਾਂਗ ਜ਼ਿਆਦਾ ਲਗਦਾ ਹੈ। ਹੋਰ ਤਾਂ ਹੋਰ ਇਹ ਇਸ਼ਤਿਹਾਰ ਲੰਗਰ ਹਾਲ ਦੇ ਅੰਦਰ ਵੀ ਲੱਗੇ ਹੋਏ ਹਨ। ਇਕ ਧਾਰਮਿਕ ਅਸਥਾਨ ਨੂੰ ਕਿਸੇ ਵਪਾਰਕ ਕੰਪਨੀ ਦੁਆਰਾ ਆਪਣੇ ਇਸ਼ਤਿਹਾਰ ਲਈ ਵਰਤਣਾ ਬਿਲਕੁਲ ਹੀ ਗ਼ਲਤ ਹੈ। ਮੈਂ ਇਹ ਸਮਝਣ 'ਚ ਬਿਲਕੁਲ ਹੀ ਅਸਮਰੱਥ ਹਾਂ ਕਿ ਪ੍ਰਬੰਧਕਾਂ ਵਲੋਂ ਅਜਿਹਾ ਕਰਨ ਦੀ ਆਗਿਆ ਕਿਸ ਆਧਾਰ 'ਤੇ ਦਿੱਤੀ। ਅਕਸਰ ਦਾਨੀ ਸੱਜਣਾਂ ਵਲੋਂ ਆਪਣੀ ਦਾਨ ਕੀਤੀ ਵਸਤੂ ਉੱਪਰ ਆਪਣਾ ਨਾਂਅ ਦਰਜ ਕਰਵਾ ਦਿੱਤਾ ਜਾਂਦਾ ਹੈ। ਪਰ ਸਾਨੂੰ ਕਿਸੇ ਵਿਅਕਤੀ ਵਿਸ਼ੇਸ਼ ਵਿਚ ਇਕ ਵਪਾਰਕ ਕੰਪਨੀ ਵਿਚਲੇ ਅੰਤਰ ਨੂੰ ਸਮਝਣਾ ਚਾਹੀਦਾ ਹੈ। ਵਿਅਕਤੀ ਵਿਸ਼ੇਸ਼ ਦੇ ਕੇਸ 'ਚ ਵਪਾਰਕ ਲਾਭ ਦੀ ਮੰਛਾ ਨਹੀਂ ਜੁੜੀ ਹੁੰਦੀ, ਜਦਕਿ ਕੰਪਨੀ ਦਾ ਵਿਗਿਆਪਨ ਸਿੱਧੇ ਰੂਪ ਨਾਲ ਉਸ ਦੇ ਵਪਾਰਕ ਲਾਭ ਨਾਲ ਜੁੜਿਆ ਹੁੰਦਾ ਹੈ। ਸੋ, ਮੈਂ ਉਮੀਦ ਕਰਦਾ ਹਾਂ ਕਿ ਇਸ ਮੁੱਦੇ ਉੱਪਰ ਗੰਭੀਰ ਵਿਚਾਰ ਉਪਰੰਤ ਇਨ੍ਹਾਂ ਵਿਗਿਆਪਨਾਂ ਨੂੰ ਹਟਾਉਣ ਦੀ ਕਾਰਵਾਈ ਕਰੋਗੇ।


-ਪਰਮਵੀਰ ਸਿੰਘ ਖ਼ਾਲਸਾ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।

18-01-2019

 ਵਿਦੇਸ਼ੀ ਲਾੜੀਆਂ ਤੋਂ ਤੰਗ ਲਾੜੇ
ਪਹਿਲਾਂ ਖ਼ਬਰਾਂ ਮੁਤਾਬਿਕ ਵਿਦੇਸ਼ੀ ਲਾੜੇ ਸਾਡੇ ਪੰਜਾਬ ਵਿਚ ਕੁੜੀਆਂ ਨਾਲ ਕਈ ਤਰ੍ਹਾਂ ਦੀਆਂ ਠੱਗੀਆਂ ਮਾਰ ਗਏ ਹਨ, ਪਰ ਹੁਣ ਇਹ ਖ਼ਬਰਾਂ ਸੁਣਨ ਵਿਚ ਆ ਰਹੀਆਂ ਹਨ ਕਿ ਵਿਦੇਸ਼ ਜਾਣ ਦੇ ਚੱਕਰ ਵਿਚ ਠੱਗੀ ਮਾਰਨ ਵਿਚ ਬਹੁਤ ਸਾਰੀਆਂ ਕੁੜੀਆਂ ਸ਼ਾਮਿਲ ਹਨ। ਜ਼ਿਆਦਾਤਰ ਸੁਣਨ ਵਿਚ ਇਹ ਆਉਂਦਾ ਹੈ ਕਿ ਫਲਾਣੀ ਕੁੜੀ ਨੇ ਆਈਲਟਸ ਕੀਤੀ ਸੀ, ਫਲਾਣੇ ਮੁੰਡੇ ਤੋਂ ਪੈਸੇ ਲਵਾ ਲਏ ਕਿ ਉਹ ਉਸ ਨਾਲ ਵਿਆਹ ਕਰਵਾ ਕੇ ਉਸ ਨੂੰ ਵਿਦੇਸ਼ ਸੈੱਟ ਕਰ ਦੇਵੇਗੀ ਪਰ ਉਹ ਵਿਦੇਸ਼ ਜਾ ਕੇ ਵਿਆਹ ਕਰਵਾਉਣ ਤੋਂ ਮੁੱਕਰ ਗਈ। ਮੁੰਡੇ ਵਾਲਿਆਂ ਦੇ ਏਨੇ ਲੱਖ ਰੁਪਏ ਲੈ ਕੇ ਵੀ ਮੁੱਕਰ ਗਈ। ਅਸੀਂ ਵਿਦੇਸ਼ ਜਾਣ ਲਈ ਹਰ ਤਰ੍ਹਾਂ ਦੇ ਹੱਥ-ਕੰਡੇ ਅਪਣਾ ਰਹੇ ਹਾਂ। ਇਹਦੇ ਲਈ ਸਾਡੀ ਸਰਕਾਰ ਦੀ ਕਮਜ਼ੋਰੀ ਹੈ ਜੋ ਇਥੇ ਸਾਨੂੰ ਰੁਜ਼ਗਾਰ ਤੇ ਜਿਊਣ ਦੀਆਂ ਸਹੂਲਤਾਂ ਨਹੀਂ ਦੇ ਰਹੀ ਜੋ ਅਸੀਂ ਚਾਹੁੰਦੇ ਹਾਂ। ਸਾਡੀ ਇਸੇ ਕਮਜ਼ੋਰੀ ਦਾ ਫਾਇਦਾ ਉਠਾ ਕੇ ਕਦੇ ਵਿਦੇਸ਼ੀ ਲਾੜੇ ਤੇ ਕਦੀ ਵਿਦੇਸ਼ੀ ਲਾੜੀਆਂ ਸਾਡੇ ਦੇਸ਼ ਦੇ ਨੌਜਵਾਨਾਂ ਨਾਲ ਠੱਗੀ ਮਾਰ ਰਹੇ ਹਨ। ਸੋ, ਸਾਨੂੰ ਲੋੜ ਹੈ ਅਜਿਹੇ ਠੱਗ ਲੋਕਾਂ ਤੋਂ ਬਚਣ ਦੀ। ਸਰਕਾਰ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਲੋਕਾਂ ਨੂੰ ਇਥੇ ਵੀ ਵਿਦੇਸ਼ਾਂ ਵਾਂਗ ਰੁਜ਼ਗਾਰ ਦੇਵੇ ਤਾਂ ਜੋ ਸਾਡੀ ਜਵਾਨੀ ਵਿਦੇਸ਼ ਜਾਣ ਲਈ ਇਸ ਤਰ੍ਹਾਂ ਦੀ ਠੱਗੀ ਤੋਂ ਬਚੇ। ਸਰਕਾਰ ਅਜਿਹਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਪੇਸ਼ ਆਵੇ ਤਾਂ ਜੋ ਹੋਰ ਲੋਕਾਂ ਨਾਲ ਅਜਿਹੀ ਠੱਗੀ ਨਾ ਵੱਜੇ। ਸਰਕਾਰ ਅਜਿਹਾ ਕਾਨੂੰਨ ਬਣਾਵੇ ਜਿਸ ਨਾਲ ਅਜਿਹੇ ਠੱਗ ਲੋਕਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਆਸ
ਜ਼ਿੰਦਗੀ ਨੂੰ ਜਿਊਣ ਲਈ ਆਸ, ਉਮੀਦ ਤੇ ਇੱਛਾ ਦਾ ਹੋਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਦੀ ਵਜ੍ਹਾ ਨਾਲ ਹੀ ਮਨੁੱਖ ਅੰਦਰ ਜ਼ਿੰਦਗੀ ਨੂੰ ਜਿਊਣ ਲਈ ਉਮੀਦ ਬਣੀ ਰਹੇਗੀ ਪਰ ਜੇਕਰ ਤੁਹਾਡੇ ਅੰਦਰ ਦੀਆਂ ਸਧਰਾਂ, ਆਸਾਂ ਖ਼ਤਮ ਹੋ ਜਾਣ ਤਾਂ ਜ਼ਿੰਦਗੀ ਜਿਊਣ ਦਾ ਮਕਸਦ ਖ਼ਤਮ ਹੋ ਜਾਂਦਾ ਹੈ। ਫਿਰ ਬੰਦਾ ਮੌਤ ਨੂੰ ਪਿਆਰ ਕਰਨ ਲੱਗ ਜਾਂਦਾ ਹੈ ਤੇ ਉਸ ਨੂੰ ਜੀਵਨ ਜਿਊਣ ਦਾ ਰਸ ਨਹੀਂ ਰਹਿੰਦਾ। ਕਈਆਂ ਨੇ ਇਸ ਕਰਕੇ ਖ਼ੁਦਕੁਸ਼ੀਆਂ ਵੀ ਕਰ ਲਈਆਂ ਹਨ। ਇਸ ਲਈ ਆਸ ਦਾ ਜੀਵਤ ਰਹਿਣਾ ਜੀਵਨ ਦੇ ਜਿਊਣ ਲਈ ਬਹੁਤ ਜ਼ਰੂਰੀ ਹੈ। ਇਸ ਨੂੰ ਦੂਜੇ ਰੂਪ ਵਿਚ ਅਸੀਂ ਸੁਪਨੇ ਲੈਣਾ ਵੀ ਕਹਿ ਸਕਦੇ ਹਾਂ ਸਾਡੇ ਅੰਦਰ ਦੀ ਸੋਚ ਦਾ ਸੁਪਨੇ ਲੈਣਾ ਫਿਰ ਉਸ ਨੂੰ ਪੂਰਾ ਕਰਨ ਦੀ ਤਾਂਘ ਰੱਖਣਾ ਜ਼ਿੰਦਗੀ ਨੂੰ ਇਕ ਨਵੀਂ ਦਿਸ਼ਾ ਵੱਲ ਲੈ ਜਾਵੇਗਾ ਪਰ ਜੇਕਰ ਸਾਡੇ ਕੋਲ ਕੋਈ ਲਕਸ਼, ਟੀਚਾ ਜਾਂ ਸੁਪਨਾ ਹੀ ਨਹੀਂ, ਸਾਡੇ ਵਿਚ ਕੋਈ ਆਸ ਉਮੀਦ ਨਹੀਂ ਰਹੇਗੀ ਤੇ ਜ਼ਿੰਦਗੀ ਬੇਰੰਗ ਜਿਹੀ ਜਾਪੇਗੀ। ਫਿਰ ਇਨਸਾਨ ਇਸ ਤੋਂ ਤੰਗ ਆ ਕੇ ਛੁਟਕਾਰਾ ਪਾਉਣ ਬਾਰੇ ਸੋਚੇਗਾ ਅਤੇ ਕਦੇ-ਕਦੇ ਫਿਰ ਗ਼ਲਤ ਕਦਮ ਵੀ ਚੁੱਕ ਲੈਂਦਾ ਹੈ। 'ਆਸ ਤੋਂ ਬਿਨਾਂ ਸਭ ਨਿਰਾਸ਼ ਹੈ, ਆਸ ਜ਼ਿੰਦਗੀ ਨੂੰ ਜਿਊਣ ਦੀ ਪਿਆਸ ਹੈ'।


-ਕਿਰਨਪ੍ਰੀਤ ਕੌਰ।


ਸਹਿਣਸ਼ੀਲਤਾ
ਬਿਨਾਂ ਸ਼ੱਕ ਅੱਜ ਦੇ ਵਿਗਿਆਨਕ ਯੁੱਗ ਵਿਚ ਮਨੁੱਖ ਨੇ ਬਹੁਤ ਤਰੱਕੀ ਕਰ ਲਈ ਹੈ। ਉਸ ਨੇ ਜੀਵਨ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਕਰ ਲਈ ਹੈ ਪਰ ਵਿਹਾਰ ਪੱਖੋਂ ਮਨੁੱਖ ਬਹੁਤ ਪਛੜ ਗਿਆ ਹੈ। ਉਸ ਵਿਚ ਨੈਤਿਕ ਕਦਰਾਂ-ਕੀਮਤਾਂ ਦਾ ਪਤਨ ਹੋ ਗਿਆ ਹੈ। ਵੈਰ, ਈਰਖਾ, ਗੁੱਸਾ ਵਧ ਰਿਹਾ ਹੈ ਜਦ ਕਿ ਸਹਿਣਸ਼ੀਲਤਾ ਘਟ ਰਹੀ ਹੈ। ਅੱਜ ਅਸੀਂ ਆਪਣੀ ਗੱਲ ਕਹਿਣੀ ਚਾਹੁੰਦੇ ਹਾਂ ਬੇਸ਼ੱਕ ਉਹ ਗ਼ਲਤ ਹੈ ਪਰ ਅਸੀਂ ਸੱਚ ਸੁਣਨ ਨੂੰ ਤਿਆਰ ਨਹੀਂ ਹਾਂ। ਨੌਜਵਾਨੀ ਤਾਂ ਬਿਲਕੁਲ ਵੀ ਸਹਿਣਸ਼ੀਲਤਾ ਵਰਗੇ ਗੁਣਾਂ ਤੋਂ ਵਿਹੂਣੀ ਹੋ ਗਈ ਹੈ। ਉਨ੍ਹਾਂ ਨੂੰ ਕੋਈ ਸੇਧ ਦੇਣ ਵਾਲਾ ਸਮਾਜ ਵਿਚ ਮਾਹੌਲ ਹੀ ਨਹੀਂ ਮਿਲ ਰਿਹਾ। ਉਹ ਜਿਸ ਤਰ੍ਹਾਂ ਦਾ ਦੇਖ ਰਹੇ ਹਨ ਉਸ ਤਰ੍ਹਾਂ ਦਾ ਕਰ ਰਹੇ ਹਨ। ਭੜਕਾਊ ਸੰਗੀਤ ਸਮੱਗਰੀ ਨੇ ਤਾਂ ਨੌਜਵਾਨੀ ਨੂੰ ਜਮ੍ਹਾਂ ਹੀ ਹਿੰਸਾ ਦੇ ਰਾਹ ਪਾ ਦਿੱਤਾ ਹੈ। ਗਾਇਕ, ਸੰਗੀਤਕ ਕੰਪਨੀਆਂ ਆਪਣੀ ਜ਼ਿੰਮੇਵਾਰੀ ਤੋਂ ਮੁਨਕਰ ਹੋ ਰਹੇ ਹਨ, ਉਨ੍ਹਾਂ ਦਾ ਹਮੇਸ਼ਾ ਇਹੀ ਤਰਕ ਹੁੰਦਾ ਹੈ ਜਿਸ ਤਰ੍ਹਾਂ ਦਾ ਲੋਕ ਸੁਣ ਰਹੇ ਹਨ ਅਸੀਂ ਪਰੋਸ ਰਹੇ ਹਾਂ, ਇਥੇ ਸਾਨੂੰ ਆਪਣੀ ਮਾਨਸਿਕਤਾ ਵੀ ਬਿਮਾਰ ਹੋਈ ਜਾਪਦੀ ਹੈ। ਇਸ ਲਈ ਲੋੜ ਹੈ ਕਿ ਨੌਜਵਾਨੀ ਨੂੰ ਸਾਹਿਤ ਵੱਲ ਮੋੜਿਆ ਜਾਵੇ ਤਾਂ ਜੋ ਉਸ ਵਿਚ ਨੈਤਿਕ ਕਦਰਾਂ-ਕੀਮਤਾਂ, ਸਹਿਣਸ਼ੀਲਤਾ ਵਰਗੇ ਗੁਣਾਂ ਦਾ ਵਿਕਾਸ ਕੀਤਾ ਜਾ ਸਕੇ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।


ਸਿਧਾਂਤਾਂ ਤੋਂ ਭਟਕੀ ਸ਼੍ਰੋਮਣੀ ਕਮੇਟੀ
ਪਿਛਲੇ ਦਿਨੀਂ ਸ: ਤਰਲੋਚਨ ਸਿੰਘ ਸਾਬਕਾ ਸੰਸਦ ਮੈਂਬਰ ਦਾ ਧਰਮ ਤੇ ਵਿਰਸਾ ਅੰਕ ਵਿਚ ਛਪਿਆ ਲੇਖ 'ਲੋਕਤੰਤਰਿਕ ਲੀਹਾਂ 'ਤੇ ਕੰਮ ਕਰੇ ਸ਼੍ਰੋਮਣੀ ਕਮੇਟੀ' ਕੇਵਲ ਪੜ੍ਹਨ ਤੇ ਵਿਚਾਰਨ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਤੁਰੰਤ ਸਾਵਧਾਨ ਹੋ ਕੇ ਇਸ 'ਤੇ ਅਮਲ ਕਰਨਾ ਜ਼ਰੂਰੀ ਹੈ। ਸੱਚ ਲਿਖਿਆ ਹੈ ਕਿ ਸਿੱਖ ਧਰਮ ਸ਼ਖ਼ਸੀ ਆਜ਼ਾਦੀ ਲਈ ਪ੍ਰਚਾਰ ਕਰਦਾ ਹੈ ਪਰ ਸ਼੍ਰੋਮਣੀ ਕਮੇਟੀ ਅੰਦਰ ਵਿਰੋਧੀਆਂ ਨੂੰ ਤਾਂ ਕੀ ਆਪਣਿਆਂ ਨੂੰ ਵੀ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਨਹੀਂ ਹੈ। ਨਵੰਬਰ ਦੇ ਮਹੀਨੇ ਕੇਵਲ ਪ੍ਰਧਾਨ ਤੇ ਕਾਰਜਕਾਰੀ ਕਮੇਟੀ ਚੁਣਨ ਲਈ ਅਤੇ ਮਾਰਚ ਮਹੀਨੇ ਬਜਟ ਪੇਸ਼ ਕਰਨ ਲਈ ਕੇਵਲ ਦੋ ਇਜਲਾਸ ਹੁੰਦੇ ਹਨ। ਇਕ-ਦੋ ਘੰਟਿਆਂ ਵਿਚ ਮੰਚ ਤੋਂ ਹੀ ਮਤੇ ਪੇਸ਼ ਕਰਕੇ ਜੈਕਾਰੇ ਲਾ ਕੇ ਇਜਲਾਸ ਦੀ ਸਮਾਪਤੀ ਕਰ ਦਿੱਤੀ ਜਾਂਦੀ ਹੈ। 1000 ਕਰੋੜ ਦਾ ਬਜਟ ਕੁਝ ਹੀ ਮਿੰਟਾਂ ਵਿਚ ਪਾਸ ਹੋ ਜਾਂਦਾ ਹੈ। ਨਿੱਗਰ ਸਵਾਲ ਹੈ ਕਿ ਜੇ ਪੰਥਕ ਵਿਚਾਰਾਂ ਸ਼੍ਰੋਮਣੀ ਕਮੇਟੀ ਦੀਆਂ ਮੀਟਿੰਗਾਂ ਵਿਚ ਨਹੀਂ ਹੋਣਗੀਆਂ ਤਾਂ ਫਿਰ ਕੌਣ ਕਰੇਗਾ? ਨਿਰਪੱਖ ਸੋਚ ਅਨੁਸਾਰ ਤਾਂ ਇਹ ਲੋਕਤੰਤਰਿਕ ਲੀਹ ਤੋਂ ਲੱਥੀ ਹੀ ਹੋਈ ਹੈ। ਇਸ ਦੀਆਂ ਤਾਂ ਆਮ ਚੋਣਾਂ ਵੀ ਕਈ ਦਹਾਕੇ ਪਛੜ ਜਾਂਦੀਆਂ ਹਨ।


-ਰਸ਼ਪਾਲ ਸਿੰਘ
ਐਸ.ਜੇ.ਐਸ. ਨਗਰ, ਟਾਂਡਾ ਰੋਡ, ਹੁਸ਼ਿਆਰਪੁਰ।

16-01-2019

 ਸ਼ਲਾਘਾਯੋਗ ਕਦਮ
ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਵਲੋਂ ਮਾਘੀ ਦੇ ਮੇਲੇ 'ਤੇ ਕਾਨਫ਼ਰੰਸ ਨਾ ਕਰਨ ਦਾ ਕੀਤਾ ਗਿਆ ਫ਼ੈਸਲਾ ਇਕ ਸ਼ਲਾਘਾਯੋਗ ਕਦਮ ਹੈ। ਆਮ ਤੌਰ 'ਤੇ ਵੇਖਿਆ ਜਾਂਦਾ ਹੈ ਕਿ ਧਾਰਮਿਕ ਅਸਥਾਨਾਂ 'ਤੇ ਸਿਆਸੀ ਪਾਰਟੀਆਂ ਦੁਆਰਾ ਕਾਨਫ਼ਰੰਸਾਂ ਕੀਤੀਆਂ ਜਾਂਦੀਆਂ ਹਨ ਪਰ ਉਥੇ ਸਿਰਫ ਇਕ-ਦੂਸਰੇ ਉੱਪਰ ਸਿਆਸੀ ਦੂਸ਼ਣਬਾਜ਼ੀ ਕੀਤੀ ਜਾਂਦੀ ਹੈ। ਧਾਰਮਿਕ ਅਸਥਾਨਾਂ ਨਾਲ ਸਬੰਧਿਤ ਗੁਰੂ ਸਾਹਿਬਾਨਾਂ ਦਾ ਜ਼ਿਕਰ ਬਿਲਕੁਲ ਨਹੀਂ ਕੀਤਾ ਜਾਂਦਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿਆਸੀ ਪਾਰਟੀਆਂ ਦੁਆਰਾ ਇਨ੍ਹਾਂ ਕਾਨਫ਼ਰੰਸਾਂ 'ਤੇ ਇਕੱਠ ਕਰਨ ਲਈ ਅਸਿੱਧੇ ਢੰਗਾਂ ਦੀ ਵਰਤੋਂ ਕੀਤੀ ਜਾਂਦੀ। ਸਾਰੇ ਸੂਬਿਆਂ 'ਚ ਇਨ੍ਹਾਂ ਸਿਆਸੀ ਪਾਰਟੀਆਂ ਦੁਆਰਾ ਆਵਾਜਾਈ ਦੇ ਸਾਧਨ ਭੇਜੇ ਜਾਂਦੇ ਹਨ, ਜਿਸ ਕਰਕੇ ਜਗ੍ਹਾ-ਜਗ੍ਹਾ 'ਤੇ ਆਵਾਜਾਈ ਜਾਮ ਹੋ ਜਾਂਦੀ ਹੈ।
ਰੈਲੀਆਂ ਦੀ ਸਮਾਪਤੀ ਦੇਰ ਸ਼ਾਮ ਹੋਣ ਕਰਕੇ ਰਾਤ ਨੂੰ ਦੁਰਘਟਨਾਵਾਂ ਵਾਪਰਦੀਆਂ ਹਨ। ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਕਾਨਫ਼ਰੰਸਾਂ ਨਾ ਕਰਕੇ ਧਾਰਮਿਕ ਅਸਥਾਨਾਂ ਦੀ ਪਵਿੱਤਰਤਾ ਨੂੰ ਬਹਾਲ ਕੀਤਾ ਜਾਵੇ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।


ਗੁਰਦੁਆਰਾ ਸਾਹਿਬਾਨ ਖੋਲ੍ਹਣ ਬਾਰੇ
ਪਿੰਡਾਂ ਵਿਚ ਜਾਂ ਸ਼ਹਿਰਾਂ ਵਿਚ ਆਮ ਦੇਖਣ ਵਿਚ ਆਇਆ ਹੈ ਕਿ ਜਗ੍ਹਾ-ਜਗ੍ਹਾ ਗੁਰਦੁਆਰਾ ਸਾਹਿਬਾਨ ਖੋਲ੍ਹੇ ਜਾ ਰਹੇ ਹਨ। ਇਹ ਰੁਝਾਨ ਗ਼ਲਤ ਹੈ। ਬਹੁਤੇ ਪਿੰਡਾਂ ਵਿਚ ਗੁਰਦੁਆਰਾ ਸਾਹਿਬਾਨ ਜਾਤ, ਪਾਤ ਦੇ ਆਧਾਰ 'ਤੇ ਖੋਲ੍ਹੇ ਹੋਏ ਹਨ। ਗੁਰੂ ਸਾਹਿਬ ਨੇ ਜਾਤ, ਪਾਤ ਖ਼ਤਮ ਕੀਤੀ ਸੀ ਪਰ ਅਸੀਂ ਅਜੇ ਵੀ ਇਸ ਬਿਰਤੀ ਵਿਚ ਵੰਡੇ ਹੋਏ ਹਾਂ। ਚਾਹੀਦਾ ਤਾਂ ਇਹ ਹੈ ਕਿ ਪਿੰਡ ਦਾ ਸਰਪੰਚ, ਇਕ ਜਾਂ ਦੋ ਗੁਰਦੁਆਰੇ ਹਨ ਤਾਂ ਉਨ੍ਹਾਂ ਦੇ ਮੁਹਤਬਰਾਂ ਨੂੰ ਸੱਦ ਕੇ ਸਮਝਾ, ਬੁਝਾ ਕੇ, ਇਕ ਗੁਰਦੁਆਰਾ ਬੰਦ ਕਰਕੇ ਦੂਜੇ ਗੁਰਦੁਆਰਾ ਸਾਹਿਬਾਨ ਵਿਚ ਸਾਂਝਾ ਪ੍ਰਕਾਸ਼ ਕੀਤਾ ਜਾਵੇ। ਇਕ ਤਾਂ ਧਾਰਮਿਕ ਬਿਰਤੀ ਵਧੇਗੀ, ਦੂਸਰਾ ਜਾਤ-ਪਾਤ ਦਾ ਮਸਲਾ ਵੀ ਖ਼ਤਮ ਹੋ ਜਾਵੇਗਾ। ਸੋ, ਜੇਕਰ ਗੁਰਦੁਆਰਾ ਸਾਹਿਬਾਨ ਜ਼ਿਆਦਾ ਹੋਣਗੇ ਤਾਂ ਸਤਿਕਾਰ ਘਟੇਗਾ, ਵਧੇਗਾ ਨਹੀਂ।


-ਹਰਜਿੰਦਰਪਾਲ ਸਿੰਘ ਬਾਜਵਾ
ਵਿਜੇ ਨਗਰ, ਹੁਸ਼ਿਆਰਪੁਰ।


ਜੇ ਹੁਣ ਵੀ ਨਾ ਜਾਗੇ
ਵਿਜੈ ਬੰਬੇਲੀ ਹੁਰਾਂ ਦਾ 'ਝੋਨੇ ਸਬੰਧੀ ਚਰਚਾ ਛੇੜਨਾ ਸਮੇਂ ਦੀ ਲੋੜ' ਪੜ੍ਹਿਆ। ਜਿਹੜੇ ਅੰਕੜੇ ਉਨ੍ਹਾਂ ਪਾਠਕਾਂ ਅੱਗੇ ਰੱਖੇ ਹਨ, ਪੜ੍ਹ ਕੇ ਪਤਾ ਲਗਦਾ ਹੈ ਕਿ ਅਸੀਂ ਹੱਦਾਂ ਤੋਂ ਵੀ ਅੱਗੇ ਲੰਘ ਚੁੱਕੇ ਹਾਂ। ਸਮਝਦਿਆਂ ਹੋਇਆਂ ਵੀ ਪੰਜਾਂ ਪਾਣੀਆਂ ਦੀ ਧਰਤੀ ਨੂੰ ਬੰਜਰ ਤੇ ਨਰਕ ਕੁੰਭੀ ਬਣਾ ਲਿਆ ਹੈ। ਸਰਕਾਰਾਂ ਨੇ ਵੀ ਨਹੀਂ ਸੋਚਿਆ ਕਿ ਝੋਨਾ ਸਾਡੀ ਧਰਤੀ ਦੀ ਫ਼ਸਲ ਨਹੀਂ। ਇਹ ਫ਼ਸਲ ਵੱਧ ਵਰਖਾ ਵਾਲੀਆਂ ਜਾਂ ਵੱਧ ਪਾਣੀ ਵਾਲੀਆਂ ਜ਼ਮੀਨਾਂ ਦੀ ਫ਼ਸਲ ਹੈ। ਫਿਰ ਇਹ ਸਾਡੀ ਖੁਰਾਕ ਦਾ ਹਿੱਸਾ ਵੀ ਨਹੀਂ। ਜੇ ਸਰਕਾਰਾਂ ਗੰਭੀਰ ਹੁੰਦੀਆਂ ਤਾਂ ਕਿਸਾਨਾਂ ਨੇ ਕਮਾਦ ਵੀ ਬੀਜਿਆ, ਸੂਰਜਮੁਖੀ ਵੀ ਲਾਇਆ, ਦਾਲਾਂ ਵੀ ਬੀਜ ਕੇ ਵੇਖ ਲਈਆਂ, ਮੱਕੀ ਵੀ ਬੀਜੀ ਪਰ ਇਨ੍ਹਾਂ ਫ਼ਸਲਾਂ ਦਾ ਪੂਰਾ ਭਾਅ ਨਾ ਮਿਲਣ ਕਰਕੇ ਕਿਸਾਨਾਂ ਦੁਖੀ ਹੋ ਕੇ ਇਨ੍ਹਾਂ ਫ਼ਸਲਾਂ ਵਲੋਂ ਮੂੰਹ ਮੋੜ ਲਿਆ।
ਹੁਣ ਤਾਂ ਸਾਡੀ ਬਾਸਮਤੀ ਵੀ ਕੌਮਾਂਤਰੀ ਮੰਡੀ 'ਚ ਫੇਲ੍ਹ ਹੋ ਗਈ ਹੈ। ਕਾਰਨ ਵਧ ਰਸਾਇਣਕ ਖਾਦਾਂ ਤੇ ਜ਼ਹਿਰਾਂ ਛਿੜਕ ਕੇ ਖਾਣ ਜੋਗੀ ਵੀ ਨਹੀਂ ਛੱਡਿਆ। ਸਰਕਾਰਾਂ ਨੂੰ ਵੀ ਅਤੇ ਕਿਸਾਨਾਂ ਨੂੰ ਵੀ ਜਾਗਣਾ ਪਵੇਗਾ। ਪੀਣ ਵਾਲਾ ਪਾਣੀ ਇਕ ਪਾਸੇ ਰਿਹਾ, ਫ਼ਸਲਾਂ ਨੂੰ ਲਾਉਣ ਵਾਸਤੇ ਵੀ ਨਹੀਂ ਮਿਲਣਾ। ਜਨਜੀਵਨ ਕਿੱਦਾਂ ਬਚੇਗਾ? ਸੋਚਣ ਦੀ ਲੋੜ ਹੈ, ਅੱਜ ਹੀ, ਕੱਲ੍ਹ ਨੂੰ ਦੇਰ ਹੋ ਜਾਵੇਗੀ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਨਾਜਾਇਜ਼ ਢੰਗ ਨਾਲ ਵਿਦੇਸ਼ ਨਾ ਜਾਓ
ਲਗਪਗ ਰੋਜ਼ ਹੀ ਅਖ਼ਬਾਰਾਂ ਵਿਚ ਏਜੰਟਾਂ ਵਲੋਂ ਨੌਜਵਾਨਾਂ ਨਾਲ ਠੱਗੀ ਮਾਰਨ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ, ਜਿਸ ਵਿਚ ਨੌਜਵਾਨਾਂ ਵਲੋਂ ਦੱਸਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਏਜੰਟ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿਚ ਪਾਇਆ ਗਿਆ ਹੈ। ਜਿਹੜੇ ਨੌਜਵਾਨ ਕਿਸੇ ਵੀ ਢੰਗ ਨਾਲ ਵਿਦੇਸ਼ ਜਾਣ ਲਈ ਸਹੀ ਢੰਗ ਨਾਲ ਵੀਜ਼ਾ ਨਹੀਂ ਲੈ ਪਾਉਂਦੇ, ਉਹ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਲਈ ਏਜੰਟਾਂ ਨਾਲ ਰਾਬਤਾ ਕਾਇਮ ਕਰਦੇ ਹਨ ਅਤੇ ਏਜੰਟਾਂ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਵਿਚ ਆ ਕੇ ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿਚ ਪਾਉਂਦੇ ਹਨ। ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾ ਕੇ ਅਸੀਂ ਜਿਥੇ ਆਪਣੇ ਮਾਪਿਆਂ ਦੀ ਖੂਨ-ਪਸੀਨੇ ਦੀ ਕਮਾਈ ਨੂੰ ਖ਼ਰਾਬ ਕਰਦੇ ਹਾਂ, ਉਥੇ ਹੀ ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿਚ ਵੀ ਪਾਉਂਦੇ ਹਾਂ। ਬਿਨਾਂ ਸ਼ੱਕ ਹਰ ਨੌਜਵਾਨ ਨੂੰ ਆਪਣੇ ਸੁਪਨੇ ਪੂਰੇ ਕਰਨ ਦਾ ਅਧਿਕਾਰ ਹੈ ਅਤੇ ਜਾਇਜ਼ ਢੰਗ ਨਾਲ ਵਿਦੇਸ਼ ਜਾਣ ਵਿਚ ਕੋਈ ਵੀ ਨੁਕਸਾਨ ਨਹੀਂ ਹੈ। ਪਰ ਕਿਸੇ ਵੀ ਹਾਲਤ ਵਿਚ ਸਾਨੂੰ ਨਾਜਾਇਜ਼ ਤਰੀਕੇ ਨਾਲ ਵਿਦੇਸ਼ ਨਹੀਂ ਜਾਣਾ ਚਾਹੀਦਾ।


-ਮਨਿੰਦਰ ਸਿੰਘ ਰਾਜੂ
ਬਰਨਾਲਾ।

15-01-2019

 ਸ਼ਰਮਨਾਕ ਵਿਵਸਥਾ
ਸਾਡੇ ਦੇਸ਼ ਦੀ ਸ਼ਰਮਨਾਕ ਵਿਵਸਥਾ ਇਹ ਹੈ ਕਿ ਇਕ ਪਾਸੇ ਤਾਂ ਅੰਨ ਦੇ ਭੰਡਾਰ ਗਲ-ਸੜ ਰਹੇ ਹਨ ਤੇ ਦੂਜੇ ਪਾਸੇ ਝਾਰਖੰਡ ਵਿਚ ਭੁੱਖ ਨਾਲ ਵਿਲਕਦੀ ਇਕ 11 ਸਾਲਾਂ ਦੀ ਬੱਚੀ ਮੌਤ ਦੇ ਮੂੰਹ ਚਲੀ ਜਾਂਦੀ ਹੈ। ਇਕ ਪਾਸੇ ਤਾਂ ਦੇਸ਼ ਦੇ ਧਨ ਕੁਬੇਰ ਵਧ-ਫੁੱਲ ਰਹੇ ਹਨ, ਜਿਨ੍ਹਾਂ ਦੀ ਸੁੱਤੇ ਪਇਆਂ ਦੀ ਆਮਦਨ ਵੀ ਵਧੀ ਜਾ ਰਹੀ ਹੈ ਤੇ ਦੂਜੇ ਪਾਸੇ ਇਕ ਮਜ਼ਦੂਰ ਸਾਰਾ ਦਿਨ ਕੰਮਕਾਰ ਕਰਕੇ ਸ਼ਾਮ ਨੂੰ ਆਪਣੀ ਬਣਦੀ ਦੋ-ਢਾਈ ਸੌ ਰੁਪਏ ਦੀ ਮਿਹਨਤ ਲੈਣ ਲਈ ਵੀ ਤਰਲੇ ਪਾਉਂਦਾ ਵੇਖਿਆ ਜਾ ਸਕਦਾ ਹੈ। ਸਾਡੇ ਦੇਸ਼ ਵਿਚ ਬੁੱਤਾਂ 'ਤੇ ਸੈਂਕੜੇ ਕਰੋੜਾਂ ਰੁਪਿਆਂ ਖਰਚ ਕਰਨ ਲਈ ਤਾਂ ਹੈ ਪਰ ਪਿਛਲੇ ਸੱਤ ਦਹਾਕਿਆਂ ਤੋਂ ਗੁਰਬਤ ਭਰਿਆ ਜੀਵਨ ਜੀਅ ਰਹੀ ਲੋਕਾਈ ਦੀ ਹਾਲਤ ਸੁਧਾਰਨ ਲਈ ਇਕ ਵੀ ਪੈਸਾ ਨਹੀਂ ਹੈ। ਸੰਵਿਧਾਨਕ ਤੌਰ 'ਤੇ ਭਾਵੇਂ ਲੋਕਾਂ ਕੋਲ ਵੋਟਾਂ ਰਾਹੀਂ ਆਪਣੀ ਪਸੰਦੀਦਾ ਉਮੀਦਵਾਰ ਚੁਣਨ ਦੀ ਤਾਕਤ ਹੈ ਪਰ ਇਸ ਸਮੇਂ ਲੋਕ ਗੁੰਮਰਾਹ ਹੋ ਜਾਂਦੇ ਹਨ। ਉਹ ਉਸ ਸਮੇਂ ਆਪਣੇ-ਆਪ ਨੂੰ ਲੁੱਟਿਆ ਮਹਿਸੂਸ ਕਰਦੇ ਹਨ ਜਦੋਂ ਉਨ੍ਹਾਂ ਦੇ ਪਿਛਲੇ ਸਮੇਂ ਤੋਂ ਰੁਕੇ ਕੰਮ ਨਹੀਂ ਹੁੰਦੇ। ਜਦੋਂ ਲੋਕਾਂ ਨੂੰ ਇਹ ਸਮਝ ਆਉਂਦੀ ਹੈ ਕਿ ਉਹ ਗ਼ਲਤ ਬੰਦਾ ਚੁਣ ਬੈਠੇ ਹਨ ਤਾਂ ਉਦੋਂ ਸਮਾਂ ਲੰਘ ਚੁੱਕਾ ਹੁੰਦਾ ਹੈ। ਬੜੇ ਦੁੱਖ ਦੀ ਗੱਲ ਇਹ ਵੀ ਹੈ ਕਿ 70 ਸਾਲਾਂ 'ਚ ਪਿੰਡਾਂ ਦੀਆਂ ਗਲੀਆਂ-ਨਾਲੀਆਂ ਹੀ ਨਹੀਂ ਬਣ ਸਕੀਆਂ। ਪਿੰਡਾਂ ਦੇ ਛੱਪੜਾਂ ਦੀ ਤਰਸਯੋਗ ਹਾਲਤ ਸਭ ਦੇ ਸਾਹਮਣੇ ਹੈ। ਆਮ ਲੋਕਾਂ ਦੀ ਹਾਲਤ ਕਦੋਂ ਸੁਧਰੇਗੀ? ਉਨ੍ਹਾਂ ਦੇ ਬਣਦੇ ਹੱਕ ਉਨ੍ਹਾਂ ਨੂੰ ਕਦੋਂ ਮਿਲਣਗੇ? ਇਸ ਬਾਰੇ ਦਾਅਵੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਰਾਖਵੇਂਕਰਨ ਦਾ ਦਾਅ
ਸੰਪਾਦਕੀ ਲੇਖ 'ਰਾਖਵੇਂਕਰਨ ਦਾ ਦਾਅ' ਵਿਚ ਸਚਾਈ ਦਾ ਵਰਨਣ ਕੀਤਾ ਗਿਆ ਹੈ ਕਿ ਇਹ ਐਲਾਨ ਮੋਦੀ ਸਰਕਾਰ ਦੀ ਘਬਰਾਹਟ ਨੂੰ ਦਰਸਾਉਂਦਾ ਹੈ। ਮੇਰਾ ਵਿਚਾਰ ਹੈ ਕਿ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਮੁਲਕ ਦੇ ਲੋਕਾਂ ਨੂੰ ਰਾਖਵੇਂਕਰਨ ਦੇ ਜਾਲ ਵਿਚ ਉਲਝਾਉਣ ਦੀ ਥਾਂ ਹਰ ਵਰਗ ਤੇ ਹਰ ਜਾਤੀ ਦੇ ਵਿਅਕਤੀ ਲਈ ਬਿਨਾਂ ਕਿਸੇ ਭੇਦਭਾਵ ਉਸ ਦੀ ਯੋਗਤਾ ਅਨੁਸਾਰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣੇ ਚਾਹੀਦੇ ਹਨ। ਸਮੇਂ ਦੀਆਂ ਸਰਕਾਰਾਂ ਨੂੰ ਆਪਣੀਆਂ ਨੀਤੀਆਂ ਰੁਜ਼ਗਾਰ ਪੱਖੀ ਬਣਾਉਣੀਆਂ ਚਾਹੀਦੀਆਂ ਹਨ, ਜਿਨ੍ਹਾਂ ਰਾਹੀਂ ਵੱਧ ਤੋਂ ਵੱਧ ਲੋਕਾਂ ਲਈ ਰੁਜ਼ਗਾਰ ਸਿਰਜਿਆ ਜਾ ਸਕੇ। ਜਦੋਂ ਰਾਖਵੇਂਕਰਨ ਦੀ ਥਾਂ ਯੋਗਤਾ ਦੇ ਆਧਾਰ 'ਤੇ ਮੁਲਕ ਦੇ ਹਰ ਵਿਅਕਤੀ ਨੂੰ ਰੁਜ਼ਗਾਰ ਮਿਲ ਜਾਵੇਗਾ ਤਾਂ ਰਾਸ਼ਟਰ ਦੀਆਂ ਕਈ ਵੱਡੀਆਂ ਸਮੱਸਿਆਵਾਂ ਆਪਣੇ-ਆਪ ਹੱਲ ਹੋ ਜਾਣਗੀਆਂ। ਰਾਖਵੇਂਕਰਨ ਦੀ ਥਾਂ ਯੋਗਤਾ ਨੂੰ ਪਹਿਲ ਦੇ ਕੇ ਹਰ ਘਰ ਰੁਜ਼ਗਾਰ ਮੁਹੱਈਆ ਕਰਨ ਵੱਲ ਸਮੇਂ ਦੀਆਂ ਸਰਕਾਰਾਂ ਨੂੰ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਇਸ ਵਿਚ ਹੀ ਸਾਡੇ ਮੁਲਕ ਦੀ ਭਲਾਈ ਹੈ।

-ਜਗਮੋਹਨ ਸਿੰਘ ਲੱਕੀ
61 ਏ ਵਿੱਦਿਆ ਨਗਰ, ਪਟਿਆਲਾ।

ਖ਼ਤਰਨਾਕ ਹੈ ਚਾਈਨਾ ਡੋਰ
ਕੋਈ ਸਮਾਂ ਸੀ ਜਦੋਂ ਦੇਸ਼ ਵਿਚ ਬਣੀ ਡੋਰ ਸਭ ਤੋਂ ਵਧੀਆ ਮੰਨੀ ਜਾਂਦੀ ਸੀ ਅਤੇ ਕਿਸੇ ਸਮੇਂ ਬਰੇਲੀ ਦੀ ਡੋਰ ਦੀ ਮੰਗ ਸਭ ਤੋਂ ਜ਼ਿਆਦਾ ਸੀ। ਇਹ ਡੋਰ ਦੂਜੀਆਂ ਦੇ ਮੁਕਾਬਲੇ ਵਧੀਆ ਕਿਸਮ ਦੀ ਹੁੰਦੀ ਸੀ ਅਤੇ ਕਿਸੇ ਵੀ ਪਸ਼ੂ ਪੰਛੀ ਜਾਂ ਇਨਸਾਨ ਲਈ ਜਾਨਲੇਵਾ ਸਾਬਤ ਨਹੀਂ ਹੁੰਦੀ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਬਾਜ਼ਾਰ ਵਿਚ ਚਾਈਨਾ ਦੀ ਬਣੀ ਡੋਰ ਦੀ ਮੰਗ ਬਹੁਤ ਜ਼ਿਆਦਾ ਹੈ। ਕਿਉਂਕਿ ਇਹ ਡੋਰ ਬਹੁਤ ਮਜ਼ਬੂਤ ਅਤੇ ਸਸਤੀ ਹੋਣ ਕਰਕੇ ਨੌਜਵਾਨਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ ਪਰ ਇਸ ਦੀ ਵਰਤੋਂ ਕਰਦੇ ਹੋਏ ਨੌਜਵਾਨ ਜਾਣੇ-ਅਣਜਾਣੇ ਵਿਚ ਜਿਥੇ ਆਪਣੀ ਜਾਨ ਨੂੰ ਖ਼ਤਰੇ ਵਿਚ ਪਾਉਂਦੇ ਹਨ, ਉਥੇ ਹੀ ਬੇਜ਼ਬਾਨ ਪੰਛੀਆਂ ਅਤੇ ਇਨਸਾਨਾਂ ਦੀ ਜ਼ਿੰਦਗੀ ਨੂੰ ਵੀ ਖ਼ਤਰੇ ਵਿਚ ਪਾਉਂਦੇ ਹਨ।
ਇਸ ਡੋਰ ਦੀ ਵਰਤੋਂ ਨਾਲ ਨੌਜਵਾਨਾਂ ਨੂੰ ਕਰੰਟ ਲੱਗਣ ਦੀਆਂ, ਗਲੇ ਵਿਚ ਫਸ ਕੇ ਜ਼ਖ਼ਮੀ ਹੋਣ ਦੀਆਂ ਅਤੇ ਕਈ ਵਾਰ ਨੌਜਵਾਨਾਂ ਅਤੇ ਰਾਹਗੀਰਾਂ ਦੀ ਮੌਤ ਦੀਆਂ ਖ਼ਬਰਾਂ ਵੀ ਸੁਣਨ ਨੂੰ ਮਿਲਦੀਆਂ ਹਨ। ਭਾਵੇਂ ਕਿ ਸਰਕਾਰ ਵਲੋਂ ਇਸ ਦੀ ਵਰਤੋਂ ਕਾਰਨ ਹੁੰਦੇ ਨੁਕਸਾਨ ਕਰਕੇ ਇਸ 'ਤੇ ਪੂਰਨ ਪਾਬੰਦੀ ਲਗਾਈ ਹੋਈ ਹੈ ਪਰ ਚੰਦ ਕੁ ਰੁਪਈਆਂ ਦੇ ਲਾਲਚ ਕਰਕੇ ਕਈ ਦੁਕਾਨਦਾਰ ਚੋਰੀ-ਛੁਪੇ ਇਸ ਦਾ ਵਪਾਰ ਕਰ ਰਹੇ ਹਨ ਅਤੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿਚ ਪਾ ਰਹੇ ਹਨ। ਦੁਕਾਨਦਾਰਾਂ ਨੂੰ ਵੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਇਸ ਨੂੰ ਵੇਚਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।

ਰੁਜ਼ਗਾਰ ਚਾਹੀਦਾ, ਨਾ ਕਿ ਸਮਾਰਟ ਫੋਨ
ਸਰਕਾਰਾਂ ਜਦ ਵੀ ਆਉਂਦੀਆਂ ਹਨ, ਆਉਣ ਤੋਂ ਪਹਿਲਾਂ ਬਹੁਤ ਵਾਅਦੇ ਕਰਦੀਆਂ ਹਨ। ਇਹ ਯਕੀਨੀ ਹੋ ਗਿਆ ਹੈ ਕਿ ਵਾਅਦੇ ਜਿੱਤਣ ਪਿੱਛੋਂ ਲਾਰਿਆਂ ਦਾ ਰੂਪ ਧਾਰਨ ਕਰ ਲੈਂਦੇ ਹਨ। ਇਹ ਕੋਈ ਇਕ-ਦੋ ਵਾਰ ਨਹੀਂ ਹੋਇਆ, ਹਰ ਵਾਰ ਹਰ ਸਰਕਾਰ ਇਹ ਡਰਾਮਾ ਰਚਦੀ ਹੈ। ਇਸੇ ਤਰ੍ਹਾਂ ਹੀ ਕਾਂਗਰਸ ਸਰਕਾਰ ਨੇ ਬਹੁਤ ਵਾਅਦੇ ਕੀਤੇ ਸੀ। ਚੋਣ ਮਨੋਰਥ ਦੀ ਕਿਤਾਬ ਹੀ ਛਾਪ ਦਿੱਤੀ ਸੀ। ਪਰ ਵਾਅਦਾ ਕੋਈ ਹੀ ਪੂਰਾ ਹੋਇਆ ਹੋਣਾ। ਕੈਪਟਨ ਸਾਹਬ ਨੇ ਘਰ-ਘਰ ਨੌਕਰੀ ਦਾ ਵਾਅਦਾ ਕੀਤਾ। ਨਾਲ ਹੀ ਫੋਨ ਦੇਣ ਦੀ ਗੱਲ ਕੀਤੀ। ਮੇਰੇ ਮੁਲਕ ਦਾ ਬੇਰੁਜ਼ਗਾਰੀ ਨਾਲ ਬਹੁਤ ਬੁਰਾ ਹਾਲ ਹੈ। ਨੌਜਵਾਨ ਮਹਿੰਗੀਆਂ ਪੜ੍ਹਾਈਆਂ ਕਰਕੇ ਸਰਕਾਰਾਂ ਦੇ ਮੂੰਹ ਵੱਲ ਵੇਖ ਰਹੇ ਹਨ। ਕੋਈ ਅਜਿਹਾ ਦਿਨ ਨਹੀਂ ਜਿਸ ਦਿਨ ਸਰਕਾਰ ਦੇ ਵਿਰੁੱਧ ਰੋਸ ਮੁਜ਼ਾਹਰਾ ਨਾ ਹੋਇਆ ਹੋਵੇ। ਕੈਪਟਨ ਸਾਹਬ ਯੋਗਤਾ ਅਨੁਸਾਰ ਰੁਜ਼ਗਾਰ ਦਿਓ। ਭਿਖਾਰੀ ਨਾ ਬਣਾਓ ਸਾਨੂੰ, ਜਦ ਰੁਜ਼ਗਾਰ ਮਿਲ ਗਿਆ ਇਹ ਸਭ ਅਸੀਂ ਖ਼ੁਦ ਖਰੀਦ ਲਵਾਂਗੇ। ਬੇਰੁਜ਼ਗਾਰਾਂ ਨੂੰ ਰੁਜ਼ਗਾਰ ਚਾਹੀਦਾ ਫੋਨ ਨਹੀਂ। ਬੇਰੁਜ਼ਗਾਰਾਂ ਨੂੰ ਇਨ੍ਹਾਂ ਬੇਕਾਰ ਗੱਲਾਂ ਵਿਚ ਨਾ ਉਲਝਾਓ। ਘਰ-ਘਰ ਨੌਕਰੀ ਵਾਲਾ ਵਾਅਦਾ ਪੂਰਾ ਕਰੋ। ਬਾਕੀ ਸਭ ਸਹੂਲਤਾਂ ਆਪ ਹਾਸਲ ਕਰ ਲਵਾਂਗੇ।

-ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ: ਸ਼ੇਰੋਂ ਤਹਿ: ਸੁਨਾਮ, ਜ਼ਿਲ੍ਹਾ ਸੰਗਰੂਰ।

14-01-2019

 ਪੰਚਾਇਤ ਚੋਣਾਂ
ਭਾਰਤੀ ਲੋਕਤੰਤਰ ਦੀ ਜੜ੍ਹ ਕਹੀਆਂ ਜਾਣ ਵਾਲੀਆਂ ਪੰਚਾਇਤੀ ਚੋਣਾਂ ਆਪਣਾ ਰੰਗ ਵਿਖਾ ਕਿਸੇ ਨੂੰ ਜਿਤਾ ਤੇ ਕਿਸੇ ਨੂੰ ਹਰਾ ਕੇ ਅੱਗੇ ਲੰਘ ਗਈਆਂ ਹਨ ਪਰ ਇਹ ਚੋਣਾਂ ਪਿਛੇ ਬਹੁਤ ਹੀ ਕਸੂਤੇ ਤੇ ਉਲਝਵੇਂ ਰੰਗ ਛੱਡ ਗਈਆਂ ਹਨ। ਇਨ੍ਹਾਂ ਚੋਣਾਂ ਦਾ ਰੰਗ ਕਿਸੇ ਨੂੰ ਬਹੁਤ ਹੀ ਚੜ੍ਹਿਆ ਤੇ ਕਿਸੇ ਨੂੰ ਬਿਲਕੁਲ ਬੇਰੰਗ ਕਰ ਗਿਆ। ਜੇ ਪਿੱਛੇ ਝਾਤ ਮਾਰੀਏ ਤਾਂ ਪਿਛਲੇ ਸਮੇਂ ਇਸ ਤਰ੍ਹਾਂ ਦੀ ਸਿਆਸਤ ਦਾ ਬੋਲਬਾਲਾ ਸਾਡੇ ਪਿੰਡ ਵਿਚ ਨਹੀਂ ਰਿਹਾ ਸੀ, ਹੁਣ ਨਿੱਤ ਨਵੀਂ ਤਾਣੀ ਉਲਝਦੀ ਅੱਗੇ ਆ ਰਹੀ ਹੈ ਤੇ ਕਈ ਥਾਵਾਂ 'ਤੇ ਇਨ੍ਹਾਂ ਚੋਣਾਂ ਦੇ ਸਿੱਟੇ ਮਾੜੇ ਨਿਕਲੇ। ਸਾਡੇ ਪਿੰਡਾਂ ਦੀ ਆਪਸੀ ਭਾਈਚਾਰਕ ਸਾਂਝ ਨੂੰ ਤੀਲਾ-ਤੀਲਾ ਕਰ ਗਈਆਂ ਹਨ, ਇਹ ਪੰਚਾਇਤੀ ਚੋਣਾਂ। ਲੋਕ ਸਿਆਸੀ ਚਾਲਾਂ ਨੂੰ ਸਮਝਣ ਦੀ ਥਾਂ ਇਨ੍ਹਾਂ ਚਾਲਾਂ ਦਾ ਸ਼ਿਕਾਰ ਹੋ ਗਏ। ਪਿਆਰ ਨਾਲ ਵੱਸਦੇ ਆਂਢੀ-ਗੁਆਂਢੀ, ਭਰਾ-ਭਰਾ, ਸੱਸ-ਨੂੰਹ ਤੇ ਹੋਰ ਪਰਿਵਾਰਕ ਰਿਸ਼ਤੇ ਵੀ ਇਨ੍ਹਾਂ ਚੋਣਾਂ ਦੀ ਭੇਂਟ ਚੜ੍ਹ ਗਏ। ਚੋਣਾਂ ਵਿਚ ਪੈਦਾ ਹੋਇਆ ਤਣਾਅ ਜਿਥੇ ਜਲਦੀ ਖਤਮ ਨਹੀਂ ਹੋਵੇਗਾ, ਉਥੇ ਝਗੜੇ-ਝੇੜੇ ਵੀ ਵਧੇ ਹਨ। ਇਹੋ ਜਿਹੀਆਂ ਚੋਣਾਂ ਨਹੀਂ ਚਾਹੀਦੀਆਂ ਜੋ ਸਮਾਜ ਨੂੰ ਵੰਡਣ।


-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ, ਜ਼ਿਲ੍ਹਾ ਲੁਧਿਆਣਾ।


ਨੇਕੀ ਦੀ ਦੀਵਾਰ
ਦਾਨੀ ਲੋਕਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵਲੋਂ 'ਨੇਕੀ ਦੀ ਦੀਵਾਰ' ਨਾਂਅ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਸਮਾਜ ਦੇ ਕਮਜ਼ੋਰ ਵਰਗਾਂ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਇਸ ਪ੍ਰੋਜੈਕਟ ਰਾਹੀਂ ਦਾਨੀ ਲੋਕ ਗ਼ਰੀਬ ਲੋਕਾਂ ਨੂੰ ਜੁੱਤੀਆਂ, ਕੱਪੜੇ, ਕੰਬਲ ਆਦਿ ਦੇ ਕੇ ਉਨ੍ਹਾਂ ਦੀ ਸਹਾਇਤਾ ਕਰ ਸਕਣਗੇ ਅਤੇ ਇਸ ਦੇ ਨਾਲ ਹੀ ਖਿਡੌਣਾ ਬੈਂਕ ਦੇ ਚਾਲੂ ਹੋ ਜਾਣ ਨਾਲ ਦਾਨੀ ਲੋਕ ਆਪਣੇ ਬੱਚਿਆਂ ਦੇ ਪੁਰਾਣੇ ਖਿਡੌਣੇ ਵੀ ਦਾਨ ਕਰ ਸਕਣਗੇ। ਜੋ ਗ਼ਰੀਬ ਲੋਕ ਆਪਣੇ ਬੱਚਿਆਂ ਨੂੰ ਨਵੇਂ ਖਿਡੌਣੇ ਖਰੀਦ ਕੇ ਨਹੀਂ ਦੇ ਸਕਦੇ, ਉਨ੍ਹਾਂ ਬੱਚਿਆਂ ਦੇ ਕੰਮ ਆਉਣਗੇ। ਅਜਿਹਾ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਬਹੁਤ ਵਧੀਆ ਕਦਮ ਉਠਾਇਆ ਹੈ। ਜਿਥੇ ਦਾਨੀ ਲੋਕਾਂ ਨੂੰ ਗ਼ਰੀਬ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ, ਉਥੇ ਹੀ ਅਜਿਹੇ ਪ੍ਰੋਜੈਕਟ ਪੰਜਾਬ ਦੇ ਬਾਕੀ ਸ਼ਹਿਰਾਂ, ਕਸਬਿਆਂ ਵਿਚ ਖੋਲ੍ਹੇ ਜਾਣ ਦੀ ਜ਼ਰੂਰਤ ਹੈ। ਅਜਿਹੇ ਮੰਚਾਂ 'ਤੇ ਦਾਨੀ ਲੋਕ ਦਾਨ ਕਰ ਸਕਣਗੇ ਅਤੇ ਗ਼ਰੀਬ ਲੋਕ ਇਸ ਦਾ ਫਾਇਦਾ ਉਠਾ ਸਕਣਗੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਸੰਘਰਸ਼ ਵਿੱਢਣਾ ਪਵੇਗਾ
ਅੱਜ ਪੰਜਾਬੀ ਭਾਸ਼ਾ ਸਾਹਮਣੇ ਬੇਸ਼ੁਮਾਰ ਚੁਣੌਤੀਆਂ ਹਨ। ਪੰਜਾਬੀ ਲੇਖਕ ਤੇ ਪੰਜਾਬੀ ਪ੍ਰੇਮੀ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਭਾਸ਼ਾ ਨੂੰ ਸਿਖ਼ਰ 'ਤੇ ਦੇਖਣਾ ਲੋਚਦੇ ਹਨ ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਤੇ ਅਫਸਰਸ਼ਾਹੀ ਦੀਆਂ ਪੰਜਾਬੀ ਭਾਸ਼ਾ ਵਿਰੋਧੀ ਨੀਤੀਆਂ ਇਸ ਦੇ ਵਿਕਾਸ ਵਿਚ ਵੱਡਾ ਰੋੜਾ ਬਣੀਆਂ ਹੋਈਆਂ ਹਨ।
ਪੰਜਾਬੀ ਭਾਸ਼ਾ ਦਾ ਇਸ ਤੋਂ ਵੱਡਾ ਨਿਰਾਦਰ ਹੋਰ ਕੀ ਹੋ ਸਕਦਾ ਹੈ ਕਿ ਸੂਬੇ ਦੇ ਪਬਲਿਕ ਸਕੂਲਾਂ ਵਿਚ ਵੀ ਪੰਜਾਬੀ ਬੋਲਣ 'ਤੇ ਮਨਾਹੀ ਹੈ। ਗਿਆਨ ਵਧਾਉਣ ਲਈ ਹੋਰ ਭਾਸ਼ਾਵਾਂ ਸਿੱਖਣਾ ਚੰਗੀ ਗੱਲ ਹੈ, ਪਰ ਮਾਤ ਭਾਸ਼ਾ ਤੋਂ ਜਾਣਬੁੱਝ ਕੇ ਮੁੱਖ ਮੋੜਨੇ ਜਾਂ ਮੁੜਵਾਉਣੇ ਬੇਹੱਦ ਮਾੜੀ ਗੱਲ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕਿਸੇ ਦੇਸ਼ ਜਾਂ ਸੂਬੇ ਦੀ ਤਰੱਕੀ ਵਿਚ ਉਥੋਂ ਦੀ ਮਾਤ-ਭਾਸ਼ਾ ਦਾ ਅਹਿਮ ਰੋਲ ਹੁੰਦਾ ਹੈ। ਪੰਜਾਬੀ ਭਾਸ਼ਾ ਦਾ ਨਿਰਾਦਰ ਪੰਜਾਬੀ ਹਿਤੈਸ਼ੀਆਂ ਲਈ ਅਸਹਿਣਯੋਗ ਹੈ। ਲਗਦਾ ਹੈ ਪੰਜਾਬੀ ਭਾਸ਼ਾ ਨੂੰ ਬਣਦਾ ਹੱਕ ਦਿਵਾਉਣ ਲਈ ਵੱਡਾ ਸੰਘਰਸ਼ ਵਿੱਢਣਾ ਪਵੇਗਾ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।


ਸਮਾਂ ਕਦੇ ਰੁੁਕਦਾ ਨਹੀਂ
ਵਕਤ ਜਾਂ ਸਮੇਂ ਦੀ ਗੱਲ ਕਰੀਏ ਤਾਂ ਇਹ ਬਹੁਤ ਸ਼ਕਤੀਸ਼ਾਲੀ ਹੈ। ਇਸ ਨੂੰ ਅੱਜ ਤੱਕ ਕੋਈ ਆਪਣੇ ਅਨੁਸਾਰ ਨਹੀਂ ਚਲਾ ਸਕਿਆ। ਇਹ ਹਮੇਸ਼ਾਂ ਆਪਣੀ ਚਾਲ ਚੱਲਦਾ ਰਹਿੰਦਾ ਹੈ। ਵਕਤ ਬਹੁਤ ਕੁਝ ਦਿੰਦਾ ਵੀ ਹੈ ਅਤੇ ਬਹੁਤ ਕੁਝ ਖੋਹ ਵੀ ਲੈਂਦਾ ਹੈ। ਸੱਚ ਕਹਿੰਦੇ ਨੇ ਸਿਆਣੇ ਵਕਤ ਬੜਾ ਬਲਵਾਨ ਹੁੰਦਾ ਹੈ। ਸਟੀਫ਼ਨ ਕਿੰਗ ਨੇ ਲਿਖਿਆ ਹੈ, 'ਵਕਤ ਹਰ ਚੀਜ਼ ਖੋਹ ਲੈਂਦਾ ਹੈ ਭਾਵੇਂ ਤੁਹਾਨੂੰ ਇਸ ਦੀ ਲੋੜ ਹੈ ਜਾਂ ਨਹੀਂ ਹੈ।' ਵਕਤ ਰਾਜੇ ਤੋਂ ਰੰਕ ਅਤੇ ਭਿਖਾਰੀ ਤੋਂ ਬਾਦਸ਼ਾਹ ਬਣਾ ਦਿੰਦਾ ਹੈ।
ਮਾਰਗਰੇਟ ਮੀ ਚੇਲ ਅਨੁਸਾਰ, 'ਮੌਤ, ਟੈਕਸ ਅਤੇ ਬੱਚੇ ਦੇ ਜੰਮਣ ਵਕਤ, ਇਨ੍ਹਾਂ ਤਿੰਨਾਂ ਦੇ ਵਾਪਰਨ ਦਾ ਕੋਈ ਉਚਿਤ ਸਮਾਂ ਨਹੀਂ ਹੁੰਦਾ। ਵਕਤ ਬਹੁਤ ਧਨ ਦੌਲਤ ਦਿੰਦਾ ਹੈ ਅਤੇ ਬੰਦੇ ਨੂੰ ਇਸ ਵਿੱਚ ਉਲਝਾ ਦਿੰਦਾ ਹੈ ਕਿ ਤੇਰੇ ਜਿੰਨਾ ਕੋਈ ਸ਼ਕਤੀਸ਼ਾਲੀ ਨਹੀਂ। ਇਵੇਂ ਹੀ ਬੁਰਾ ਵਕਤ ਆ ਜਾਵੇ ਤਾਂ ਘਬਰਾਉਣਾ ਨਹੀਂ ਚਾਹੀਦਾ। ਬੁਰਾ ਵਕਤ ਬਹੁਤ ਕੁਝ ਸਿਖਾ ਜਾਂਦਾ ਹੈ। ਓਸਕਰ ਵਾਈਲਡ ਅਨੁਸਾਰ, 'ਔਖੇ ਵਕਤ ਆਮ ਬੰਦਿਆਂ ਨੂੰ ਕਿਸੇ ਖ਼ਾਸ ਮੁਕਾਮ ਤੱਕ ਪਹੁੰਚਣ ਲਈ ਤਿਆਰ ਕਰਦੇ ਹਨ।' ਔਖੇ ਸਮੇਂ, ਗਰੀਬੀ ਜਾਂ ਤੰਗੀ ਵੇਖਕੇ ਪੈਸੇ ਦੀ ਅਤੇ ਵਕਤ ਦੀ ਕਦਰ ਕਰਨ ਦੀ ਸਮਝ ਆ ਜਾਂਦੀ ਹੈ। ਹਕੀਕਤ ਇਹ ਹੈ ਵਕਤ ਦੇ ਨਾਲ ਅਤੇ ਵਕਤ ਦੇ ਅਨੁਸਾਰ ਅਸੀਂ ਆਪਣੇ ਆਪ ਬਦਲ ਜਾਂਦੇ ਹਾਂ। ਚੰਗਾ ਹੋਵੇ ਜਾਂ ਮਾੜਾ ਵਕਤ ਜਾਂ ਸਮਾਂ ਕਦੇ ਹਮੇਸ਼ਾਂ ਲਈ ਨਹੀਂ ਹੁੰਦਾ ਕਿਉਂਕਿ ਇਹ ਰੁੱਕਦਾ ਨਹੀਂ।


ਪ੍ਰਭਜੋਤ ਕੌਰ ਢਿੱਲੋਂ
ਮੁਹਾਲੀ।

10-01-2019

ਮਿਥਿਹਾਸ ਦਾ ਤੜਕਾ ਨਾ ਲਾਉ
ਮਿਥਿਹਾਸ ਦੀਆਂ ਕਹਾਣੀਆਂ ਨੂੰ ਵਿਗਿਆਨ ਕਾਨਫ਼ਰੰਸ ਤੋਂ ਦੂਰ ਰੱਖਣ ਦੀ ਲੋੜ ਹੈ। ਇਹ ਸੱਚ ਹੈ ਕਿ ਪਿਛਲੇ ਸਮੇਂ ਤੋਂ ਜਦੋਂ ਦਾ ਮੋਦੀ ਰਾਜ ਆਇਆ ਹੈ ਇਸ ਨੇ ਮਿਥਿਹਾਸ ਨੂੰ ਇਤਿਹਾਸ ਬਣਾਉਣ ਦੀਆਂ ਉਦੋਂ ਤੋਂ ਹੀ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੈਸੇ ਵਿਚ ਬਹੁਤ ਤਾਕਤ ਹੁੰਦੀ ਹੈ। ਇਸ ਨਾਲ ਸਭ ਕੁਝ ਖਰੀਦਿਆ ਜਾ ਸਕਦਾ ਹੈ। ਇੱਥੋਂ ਤੱਕ ਕਿ ਵਿਗਿਆਨੀਆਂ ਨੂੰ ਵੀ। ਇਨ੍ਹਾਂ ਅਖੌਤੀ ਵਿਗਿਆਨੀਆਂ ਨੂੰ ਖਰੀਦ ਕੇ ਇਤਿਹਾਸ ਨੂੰ ਮਿਥਿਹਾਸ ਦਾ ਤੜਕਾ ਲਾਉਣ ਦੀਆਂ ਹਰ ਵਕਤ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਪਰ ਇਹ ਫਿਰ ਵੀ ਸਫ਼ਲ ਨਹੀਂ ਹੁੰਦੇ। ਸੱਚ ਹਮੇਸ਼ਾ ਸੱਚ ਹੀ ਰਹਿੰਦਾ ਹੈ। ਉਸ ਨੂੰ ਅੰਧਵਿਸ਼ਵਾਸ ਦੀ ਧੁੰਦ ਕਦੇ ਵੀ ਢਕ ਕੇ ਨਹੀਂ ਰੱਖ ਸਕਦੀ। ਮਿਥਿਹਾਸ ਵਿਚ ਅਜਿਹੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ ਕਿ ਜਿਨ੍ਹਾਂ ਨੂੰ ਬਿਆਨ ਕਰਨ ਵਿਚ ਸ਼ਰਮ ਮਹਿਸੂਸ ਹੁੰਦੀ ਹੈ। ਫਿਰ ਵੀ ਸੱਚ ਤਾਂ ਦੱਸਣਾ ਹੀ ਪੈਂਦਾ ਹੈ। ਲੱਖਾਂ ਸਾਲਾਂ ਦੇ ਝੂਠ ਦਾ ਬਾਬੇ ਨਾਨਕ ਨੇ ਇਨ੍ਹਾਂ ਦੇ ਅੰਧਵਿਸ਼ਵਾਸਾਂ ਦਾ ਸਾਹਮਣੇ ਭਾਂਡਾ ਭੰਨਿਆ ਸੀ ਪਰ ਫਿਰ ਵੀ ਸਿਆਸਤਦਾਨ ਇਕ-ਦੂਜੇ ਦੇ ਮੋਢਿਆਂ 'ਤੇ ਚੜ੍ਹ ਕੇ ਸਿਆਸਤ ਦਾ ਅਨੰਦ ਮਾਣਨ ਲਈ ਊਠ ਅਤੇ ਝੋਟੇ ਦਾ ਹਲ ਜੋੜ ਕੇ ਖੇਤੀ ਕਰਨ ਤੋਂ ਬਾਜ਼ ਨਹੀਂ ਆਉਂਦੇ ਤਾਂ ਹੀ ਸਾਡੇ ਦੇਸ਼ ਦਾ ਬੁਰਾ ਹਾਲ ਹੈ। ਮਿਥਿਹਾਸ ਵਿਚ ਤਾਂ ਕਈ ਕਹਾਣੀਆਂ ਐਸੀਆਂ ਹਨ ਕਿ ਪੜ੍ਹ ਕੇ ਹਾਸਾ ਵੀ ਆਉਂਦਾ ਹੈ। ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।


-ਸੁਖਮਿੰਦਰ ਬਾਗੀ
ਆਦਰਸ਼ ਨਗਰ, ਸਮਰਾਲਾ।


ਪਿਆਰ ਦੇ ਰੂਪ ਅਨੇਕ
ਪੂਰਨ ਚੰਦ ਸਰੀਨ ਦੀ ਲਿਖਤ 'ਅਨੇਕ ਰੂਪ ਹਨ ਪਿਆਰ ਦੇ' ਪੜ੍ਹੀ ਤੇ ਪੜ੍ਹ ਕੇ ਬਹੁਤ ਹੀ ਵਧੀਆ ਲੱਗੀ। ਪਿਆਰ ਇਕ ਛੋਟਾ ਜਿਹਾ ਸ਼ਬਦ ਹੈ ਪਰ ਇਹ ਸ਼ਬਦ ਆਪਣੇ ਅੰਦਰ ਹਰ ਰਿਸ਼ਤੇ ਨੂੰ, ਹਰ ਭਾਵਨਾ ਨੂੰ ਸਮੋਈ ਬੈਠਾ ਹੈ। ਕੁਦਰਤ ਨਾਲ ਪਿਆਰ ਕਰਨ ਵਾਲੇ ਨੂੰ ਆਪਣੇ ਆਲੇ-ਦੁਆਲੇ ਦੀ ਹਰ ਚੀਜ਼ ਆਪਣੀ ਲਗਦੀ ਹੈ ਅਤੇ ਉਹ ਹਰ ਉਸ ਕੁਦਰਤੀ ਚੀਜ਼ ਨੂੰ ਸਾਫ਼-ਸੁਥਰਾ ਅਤੇ ਸੰਭਾਲ ਕੇ ਰੱਖਣ ਲਈ ਹਮੇਸ਼ਾ ਤਤਪਰ ਰਹਿੰਦਾ ਹੈ। ਸੱਚੇ ਦਿਲੋਂ ਪਰਮਾਤਮਾ ਨਾਲ ਪਿਆਰ ਕਰਨ ਵਾਲੇ ਲਈ ਸਾਰੀ ਲੋਕਾਈ ਉਸ ਰੱਬ ਦਾ ਰੂਪ ਹੁੰਦੀ ਹੈ ਅਤੇ ਉਸ ਨੂੰ ਚਾਰੇ ਪਾਸੇ ਉਸ ਪਰਮਾਤਮਾ ਦਾ ਪਰਛਾਵਾਂ ਹੀ ਨਜ਼ਰ ਆਉਂਦਾ ਹੈ। ਜਿਸ ਰੂਹ ਵਿਚ ਸੱਚਾ ਪਿਆਰ ਸਮਾ ਜਾਵੇ, ਉਸ ਕੋਲ ਨਫ਼ਰਤ ਕਰਨ ਦਾ ਸਮਾਂ ਹੀ ਨਹੀਂ ਰਹਿੰਦਾ ਅਤੇ ਜਿਸ ਸੋਚ ਵਿਚ ਪਿਆਰ ਦੇ ਨਾਲ ਸਵਾਰਥ ਰਲ ਜਾਵੇ, ਉਹ ਕਦੇ ਕਿਸੇ ਨੂੰ ਸੱਚਾ ਪਿਆਰ ਨਹੀਂ ਕਰ ਸਕਦਾ। ਇਹੀ ਜ਼ਿੰਦਗੀ ਦਾ ਕੌੜਾ ਸੱਚ ਹੈ।


-ਬਲਦੇਵ ਸਿੰਘ ਸ਼ੇਖੂਪੁਰਾ
ਕੰਪਿਊਟਰ ਅਧਿਆਪਕ (ਜੱਸੋਵਾਲ ਕੁਲਾਰ)।


ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ
ਗੁਰਦੇਵ ਸਿੰਘ ਗਹੂਣ ਨੇ ਉਪਰੋਕਤ ਵਿਸ਼ੇ ਦੇ ਸਬੰਧ ਵਿਚ ਲੇਖ ਲਿਖਿਆ ਜੋ ਸਿੱਖਿਆ ਦੇ ਖੇਤਰ ਵਿਚ ਅੰਦਰਲੀਆਂ ਸਚਾਈਆਂ ਨੂੰ ਬਿਆਨਦਾ ਹੈ। ਇਹ ਪ੍ਰਾਜੈਕਟ ਮੌਜੂਦਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੀ ਕਾਢ ਹੈ। ਅਧਿਆਪਕ ਵਰਗ ਅਨੁਸਾਰ ਇਹ ਪ੍ਰਾਜੈਕਟ ਕੇਂਦਰ ਤੋਂ ਪ੍ਰਾਪਤ ਫੰਡਾਂ ਨੂੰ ਮੰਤਰੀਆਂ ਅਤੇ ਅਫ਼ਸਰਸ਼ਾਹੀ ਦੀਆਂ ਜੇਬਾਂ ਤੱਕ ਪਹੁੰਚਾਉਣ ਲਈ ਹੀ ਘੜਿਆ ਗਿਆ ਹੈ। ਇਸ ਪ੍ਰਾਜੈਕਟ ਤਹਿਤ ਵਿਗਿਆਨ ਗਣਿਤ, ਸਮਾਜਿਕ ਅਧਿਐਨ, ਅੰਗਰੇਜ਼ੀ, ਪੰਜਾਬੀ, ਹਿੰਦੀ ਆਦਿ ਵਿਸ਼ਿਆਂ ਦੀਆਂ ਸਰਗਰਮੀਆਂ ਇਕੋ ਸਮੇਂ ਕਰਵਾਉਣ ਨਾਲ ਵਿਦਿਆਰਥੀ ਵੀ ਪੜ੍ਹਾਈ 'ਤੇ ਧਿਆਨ ਕੇਂਦਰਿਤ ਨਹੀਂ ਕਰ ਪਾ ਰਹੇ ਹਨ, ਜਿਸ ਦੇ ਨਤੀਜੇ ਵਜੋਂ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਜ਼ਿਲ੍ਹਾ ਤਰਨ ਤਾਰਨ ਸਾਹਿਬ।


ਅਧਿਆਪਕ ਵਰਗ
ਪੰਜਾਬ ਦੀ ਜਵਾਨੀ ਦੇ ਸਿੱਖਿਅਤ ਹੋ ਕੇ ਰੁਜ਼ਗਾਰ ਲੈਣ ਦੇ ਸੁਪਨੇ 'ਤੜੱਕ-ਤੜੱਕ' ਕਰਕੇ ਟੁੱਟਦੇ ਹਨ ਜਦੋਂ ਉਨ੍ਹਾਂ ਦੀ ਪੂਰੀ ਤਨਖਾਹ 45000 ਤੋਂ 15000 ਦੇ ਕੇ ਭਿਖਾਰੀ ਬਣਾਇਆ ਜਾਂਦਾ ਹੈ ਜਦੋਂ ਕਿ 5 ਤੋਂ 8 ਜਮਾਤਾਂ ਪੜ੍ਹ ਕੇ ਅਸਿੱਖਿਅਤ ਰਹਿ ਕੇ ਵੀ ਇਕ ਮਜ਼ਦੂਰ 500 ਰੁਪਏ ਦਿਹਾੜੀ ਨੂੰ ਹੱਥ ਫੇਰ ਜਾਂਦਾ ਹੈ। ਇਹੀ ਕਾਰਨ ਹੈ ਕਿ ਪੰਜਾਬ ਦੀ ਜਵਾਨੀ ਆਪਣੀ ਮਾਤ-ਭੂਮੀ ਨੂੰ 'ਅਲਵਿਦਾ' ਕਹਿ ਕੇ ਆਪ ਤੇ ਆਪਣਾ ਕੀਮਤੀ ਸਰਮਾਇਆ ਲੈ ਕੇ 'ਮਜਬੂਰੀਵੱਸ' ਵਿਦੇਸ਼ਾਂ ਵਿਚ ਵਸਣ ਲਈ ਤਰਲੋਮੱਛੀ ਹੋ ਰਹੀ ਹੈ। ਜਦੋਂ ਵਿਧਾਨ ਸਭਾ ਦੇ ਮੈਂਬਰਾਂ ਨੇ ਆਪਣੀਆਂ ਤਨਖਾਹਾਂ, ਭੱਤੇ ਹੋਰ ਅਨੇਕਾਂ ਲਾਭ ਵਧਾਉਣੇ ਹੁੰਦੇ ਹਨ ਤਾਂ ਇਹ ਹਵਾ ਵੀ ਬਾਹਰ ਨਹੀਂ ਕੱਢਦੇ। ਚੁੱਪ-ਚੁਪੀਤੇ ਬਿਨਾਂ ਕਿਸੇ ਨੂੰ ਪੁੱਛੇ ਵਧਾ ਲੈਂਦੇ ਹਨ। ਅਸੀਂ ਸਰਕਾਰ ਦੀ ਇਸ ਧੱਕੇਸ਼ਾਹੀ ਦੀ ਨਿੰਦਾ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਅਧਿਆਪਕਾਂ ਦੀਆਂ ਪੂਰੀਆਂ ਤਨਖਾਹਾਂ ਅਤੇ ਜਾਇਜ਼ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ।


-ਮਾ: ਜਸਵੰਤ ਸਿੰਘ, ਗੁਰਦਾਸਪੁਰ।


ਪੰਚਾਇਤੀ ਮਤੇ
ਅੱਜ 21ਵੀਂ ਸਦੀ ਵਿਚ ਪ੍ਰਵੇਸ਼ ਹੋ ਕੇ ਵੀ ਮਨੁੱਖ ਤਰ੍ਹਾਂ-ਤਰ੍ਹਾਂ ਦੇ ਵਹਿਮਾਂ-ਭਰਮਾਂ ਵਿਚ ਜਕੜਿਆ ਪਿਆ ਹੈ ਅਤੇ ਖ਼ਾਸ ਕਰਕੇ ਮਰਗਾਂ ਦੇ ਭੋਗਾਂ 'ਤੇ ਫਜ਼ੂਲ ਖਰਚੇ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਿਹਾ ਅਤੇ ਫਜ਼ੂਲ ਖਰਚ ਕਰਨ ਨੂੰ ਉਹ ਆਪਣੀ ਮਜਬੂਰੀ ਦੱਸ ਰਿਹਾ ਹੁੰਦਾ ਹੈ। ਅਜਿਹੇ ਸਮਾਗਮਾਂ ਨੂੰ ਸਾਦੇ ਢੰਗ ਨਾਲ ਵੀ ਨੇਪਰੇ ਚਾੜ੍ਹਿਆ ਜਾ ਸਕਦਾ ਹੈ ਪਰ ਲੋਕਾਂ ਵਲੋਂ ਦੇਖੋ-ਦੇਖੀ ਬੇਲੋੜਾ ਖਰਚ ਕੀਤਾ ਜਾਂਦਾ ਹੈ। ਇਸ ਦੇ ਉਲਟ ਜਿਥੇ ਪੰਚਾਇਤ ਸੂਝਵਾਨ ਅਤੇ ਪੜ੍ਹੀ-ਲਿਖੀ ਹੁੰਦੀ ਹੈ, ਉਥੇ ਅਜਿਹੇ ਫਜ਼ੂਲ ਖਰਚਿਆਂ ਦੇ ਵਿਰੁੱਧ ਮਤੇ ਪਾਸ ਕੀਤੇ ਜਾਂਦੇ ਹਨ। ਨਵੀਆਂ ਪੰਚਾਇਤਾਂ ਨੂੰ ਵੀ ਫਜ਼ੂਲ ਖਰਚਿਆਂ ਵਿਰੁੱਧ ਵੱਧ ਤੋਂ ਵੱਧ ਮਤੇ ਪਾ ਕੇ ਮਹਿੰਗਾਈ ਦੀ ਚੱਕੀ ਵਿਚ ਪਿਸ ਰਹੀ ਸਮੁੱਚੀ ਆਵਾਮ ਦਾ ਹਮੇਸ਼ਾ ਭਲਾ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਵੀ ਸਾਡਾ ਖ਼ਤਮ ਹੋ ਰਿਹਾ ਪੰਜਾਬ ਕੁਝ ਹੱਦ ਤੱਕ ਕਾਮਯਾਬੀ ਦੀਆਂ ਬੁਲੰਦੀਆਂ ਹਾਸਲ ਕਰ ਸਕਦਾ ਹੈ।


-ਕੇਵਲ ਸਿੰਘ ਬਾਠਾਂ
ਡਾ: ਅੰਬੇਡਕਰ ਮਿਸ਼ਨ ਕਲੱਬ, ਮਲੇਰਕੋਟਲਾ।

08-01-2019

 ਕਿਸਾਨੀ ਸੰਕਟ
ਖੇਤੀਬਾੜੀ ਭਾਰਤੀ ਅਰਥ-ਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ। ਇਸ ਨੂੰ ਤੰਦਰੁਸਤ ਰੱਖਣ ਲਈ ਸਮੇਂ-ਸਮੇਂ ਦੀ ਕੇਂਦਰੀ ਸਰਕਾਰ ਨੂੰ ਇਸ ਪਾਸੇ ਵੱਲ ਸਭ ਪਹਿਲੂਆਂ ਤੋਂ ਵੱਧ ਧਿਆਨ ਦੇਣਾ ਚਾਹੀਦਾ ਸੀ ਪਰ ਅਫ਼ਸੋਸ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਿਸਾਨੀ ਸੰਕਟ ਲਗਾਤਾਰ ਵਧਦਾ ਹੀ ਆ ਰਿਹਾ ਹੈ। ਸਵਾਮੀਨਾਥਨ ਰਿਪੋਰਟ ਜਿਸ ਨੂੰ ਲਾਗੂ ਕਰਨ ਲਈ ਸਾਰੇ ਭਾਰਤ ਦੇ ਕਿਸਾਨ ਮੰਗ ਕਰ ਰਹੇ ਹਨ, ਜਿਸ ਨੂੰ ਨਾ ਤਾਂ ਕੇਂਦਰ ਵਿਚ ਲੰਮਾ ਸਮਾਂ ਰਾਜ ਕਰਦੀ ਕਾਂਗਰਸ ਪਾਰਟੀ ਨੇ ਲਾਗੂ ਕੀਤਾ ਹੈ ਤੇ ਨਾ ਹੀ ਭਾਜਪਾ ਨੇ। ਖ਼ਾਸ ਕਰਕੇ ਭਾਜਪਾ ਨੇ ਤਾਂ ਇਸ ਨੂੰ ਸਰਕਾਰ ਬਣਨ 'ਤੇ ਪਹਿਲ ਦੇ ਆਧਾਰ 'ਤੇ ਲਾਗੂ ਕਰਨ ਦੀ ਗੱਲ ਕੀਤੀ ਸੀ। ਅੱਜ ਖੇਤੀ ਲਾਗਤ ਲਗਾਤਾਰ ਵਧ ਰਹੀ ਹੈ ਤੇ ਆਮਦਨ ਲਗਾਤਾਰ ਘਟਦੀ ਜਾ ਰਹੀ ਹੈ। ਆਪਣੀ ਸਿਆਸਤ ਚਮਕਾਉਣ ਲਈ ਇਸ ਧਰਤੀ ਦੀ ਹਿੱਕ 'ਤੇ ਕਰੋੜਾਂ ਅਰਬਾਂ ਰੁਪਿਆਂ ਦੀਆਂ ਮੂਰਤੀਆਂ ਅਤੇ ਮੰਦਰ ਬਣਾਉਣ ਦੀ ਥਾਂ ਖ਼ੁਦਕੁਸ਼ੀਆਂ ਕਰ ਰਹੇ ਕਿਸਾਨਾਂ ਦੀਆਂ ਨਿੱਤ ਬਣਦੀਆਂ ਚਿਖਾਵਾਂ ਨੂੰ ਰੋਕੋ।

-ਮਾਸਟਰ ਜਸਪਿੰਦਰ ਸਿੰਘ ਗਿੱਲ
ਪਿੰਡ ਓਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ ਸਾਹਿਬ।

ਰੁਜ਼ਗਾਰ ਜ਼ਰੂਰੀ
ਅੱਜ ਦੇ ਨੌਜਵਾਨ ਦਾ ਸਭ ਤੋਂ ਵੱਡਾ ਦੁੱਖ ਜਾਂ ਉਸ ਦੀ ਤ੍ਰਾਸਦੀ ਇਹ ਹੈ ਕਿ ਉਸ ਕੋਲ ਰੁਜ਼ਗਾਰ ਨਹੀਂ ਹੈ। ਬੇਰੁਜ਼ਗਾਰ ਵਿਅਕਤੀ ਫ਼ਿਕਰਾਂ, ਚਿੰਤਾਵਾਂ, ਝੋਰਿਆਂ, ਤਰਸੇਵਿਆਂ, ਹਉਕਿਆਂ, ਪਛਤਾਵਿਆਂ ਦੀ ਜ਼ਿੰਦਗੀ ਬਸਰ ਕਰਦਾ ਹੈ। ਉਸ ਦਾ ਕੋਈ ਵੀ ਸੁਪਨਾ ਜਦੋਂ ਸਾਕਾਰ ਨਹੀਂ ਹੁੰਦਾ ਤਾਂ ਉਸ ਦੀ ਮਾਨਸਿਕਤਾ ਢਹਿੰਦੀ ਕਲਾ ਵੱਲ ਨੂੰ ਜਾਂਦੀ ਹੈ। ਢਹਿੰਦੀ ਕਲਾ ਵਾਲਾ ਵਿਅਕਤੀ ਹੋਰਾਂ ਨੂੰ ਤਾਂ ਕੀ ਆਪਣੇ-ਆਪ ਨੂੰ ਵੀ ਪਿਆਰ ਕਰਨਾ ਛੱਡ ਦਿੰਦਾ ਹੈ। ਅਜਿਹੇ ਵਿਅਕਤੀ ਤੋਂ ਸਮਾਜ ਅਤੇ ਦੇਸ਼, ਕੌਮ ਦੇ ਪਿਆਰ ਦੀ ਆਸ ਕਰਨੀ, ਆਸ ਕਰਨ ਵਾਲੇ ਦੀ ਬੇਸਮਝੀ ਹੀ ਕਿਹਾ ਜਾ ਸਕਦਾ ਹੈ। ਰੁਜ਼ਗਾਰ ਦੇ ਲੋੜੀਂਦੇ ਮੌਕਿਆਂ ਦੀ ਘਾਟ ਕਾਰਨ ਹੀ ਸਥਾਨਕ ਸੱਭਿਆਚਾਰਾਂ ਵਿਚ ਉਥਲ-ਪੁਥਲ ਹੋਣੀ ਪਈ ਹੈ ਤੇ ਹੋ ਰਹੀ ਹੈ। ਸਮਾਜਿਕ ਤਣਾਅ ਦਾ ਜ਼ਿਆਦਾ ਕਾਰਨ ਪਰਿਵਾਰਾਂ ਦਾ ਖਿੰਡਣਾ ਤੇ ਪਰਵਾਸ ਕਾਰਨ ਸੱਭਿਆਚਾਰਾਂ ਵਿਚ ਤੇਜ਼ੀ ਨਾਲ ਆ ਰਿਹਾ ਬਦਲਾਅ ਹੈ। ਜੇ ਅਸੀਂ ਸਮੁੱਚੇ ਵਿਸ਼ਵ ਵਿਚ ਅਮਨ ਸ਼ਾਂਤੀ, ਸੰਤੁਲਨ, ਭਰਾਤਰੀ ਭਾਵ ਬਣਾਈ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਸਭ ਨੂੰ ਆਪਣੇ ਲੋਕਾਂ ਲਈ ਉਨ੍ਹਾਂ ਦੀ ਜਨਮ ਭੂਮੀ 'ਤੇ ਰੁਜ਼ਗਾਰ ਦੇ ਲੋੜੀਂਦੇ ਮੌਕੇ ਜ਼ਰੂਰ ਹੀ ਪ੍ਰਦਾਨ ਕਰਨੇ ਹੋਣਗੇ।

-ਡਾ: ਬਲਵਿੰਦਰ ਸਿੰਘ ਕਾਲੀਆ
ਈਸ਼ਰ ਨਗਰ, ਬਲਾਕ ਸੀ, ਲੁਧਿਆਣਾ।

ਨੈਤਿਕ ਕਦਰਾਂ-ਕੀਮਤਾਂ
ਅਜੋਕੀ ਭੱਜ-ਨੱਸ ਦੇ ਜ਼ਿੰਦਗੀ ਵਿਚ ਮਨੁੱਖ ਏਨਾ ਉਲਝ ਗਿਆ ਹੈ ਕਿ ਉਹ ਅਹਿਮ ਫ਼ਰਜ਼ ਅਤੇ ਰਿਸ਼ਤਿਆਂ ਨੂੰ ਭੁੱਲ ਰਿਹਾ ਹੈ। ਚਾਚਾ-ਚਾਚੀ, ਤਾਇਆ-ਤਾਈ, ਮਾਸੜ-ਮਾਸੀ, ਭੂਆ-ਫੁੱਫੜ, ਮਾਮਾ-ਮਾਮੀ, ਨਾਨਾ-ਨਾਨੀ, ਦਾਦਾ-ਦਾਦੀ ਆਦਿ ਜੋ ਰਿਸ਼ਤੇ ਪੰਜਾਬੀ ਸੱਭਿਆਚਾਰ ਵਿਚ ਖਾਸ ਪਛਾਣ ਰੱਖਦੇ ਸਨ, ਅੱਜ ਉਨ੍ਹਾਂ ਦੀ ਅਹਿਮੀਅਤ ਘਟ ਰਹੀ ਹੈ। ਸਾਡੇ ਬੱਚੇ ਪੱਛਮੀ ਸੱਭਿਅਤਾ ਦੇ ਪ੍ਰਭਾਵ ਅਧੀਨ ਇਨ੍ਹਾਂ ਅਮੀਰ ਰਿਸ਼ਤਿਆਂ ਦੇ ਪਿਆਰ ਅਤੇ ਨਿੱਘ ਤੋਂ ਸੱਖਣੇ ਹੋ ਰਹੇ ਹਨ। ਬੱਚੇ ਇਨ੍ਹਾਂ ਰਿਸ਼ਤਿਆਂ ਤੋਂ ਜ਼ਿਆਦਾ ਮੋਬਾਈਲ ਅਤੇ ਸੋਸ਼ਲ ਮੀਡੀਆ ਦੇ ਨੇੜੇ ਜਾ ਰਹੇ ਹਨ। ਅਸੀਂ ਵਿਦੇਸ਼ੀ ਭਾਸ਼ਾ ਨੂੰ ਏਨੀ ਅਹਿਮੀਅਤ ਦੇ ਰਹੇ ਹਾਂ ਜਿਸ ਨਾਲ ਸਾਡੇ ਬੱਚੇ ਅਮੀਰ ਵਿਰਸੇ ਅਤੇ ਨੈਤਿਕਤਾ ਤੋਂ ਦੂਰ ਹੁੰਦੇ ਜਾ ਰਹੇ ਹਨ। ਨੈਤਿਕ ਕਦਰਾਂ-ਕੀਮਤਾਂ ਦਾ ਪਾਠ ਅਸੀਂ ਦਾਦੀ ਅਤੇ ਨਾਨੀ ਦੀਆਂ ਕਹਾਣੀਆਂ ਵਿਚੋਂ ਸਿੱਖ ਲਿਆ ਸੀ। ਬੱਚੇ ਕੋਰੇ ਕਾਗਜ਼ ਵਰਗੇ ਹੁੰਦੇ ਹਨ, ਜੋ ਮਰਜ਼ੀ ਲਿਖ ਦਿੱਤਾ ਜਾਵੇ। ਹਰ ਮਾਂ-ਬਾਪ ਨੂੰ ਚਾਹੀਦਾ ਹੈ, ਉਨ੍ਹਾਂ ਦੇ ਕੋਰੇ ਕਾਗਜ਼ ਉੱਪਰ ਕੀ ਲਿਖਿਆ ਜਾ ਰਿਹਾ ਹੈ, ਉਸ ਨੂੰ ਸਮੇਂ ਸਿਰ ਪੜ੍ਹਦੇ ਅਤੇ ਸੁਧਾਰਦੇ ਰਹਿਣ।

-ਗੁਰਦੀਪ ਸਿੰਘ, ਕੋਟਲੀ ਅਬਲੂ।

ਭਾਰਤ-ਪਾਕਿਸਤਾਨ ਸਰਹੱਦ
ਪਿਛਲੇ ਲੰਮੇ ਸਮੇਂ ਤੋਂ ਭਾਰਤ-ਪਾਕਿਸਤਾਨ ਸਰਹੱਦ 'ਤੇ ਤਣਾਅ ਵਧਦਾ ਜਾ ਰਿਹਾ ਹੈ। ਭਾਰਤ-ਪਾਕਿਸਤਾਨ ਦੀ ਵੰਡ ਉਪਰੰਤ ਸਰਹੱਦ ਦੇ ਵੱਖ-ਵੱਖ ਹਿੱਸਿਆਂ ਖ਼ਾਸ ਕਰ ਜੰਮੂ-ਕਸ਼ਮੀਰ ਵਿਖੇ ਰੋਜ਼ਾਨਾ ਹੀ ਸੁਰੱਖਿਆ ਬਲਾਂ ਦੇ ਜਵਾਨ ਸ਼ਹਾਦਤ ਦਾ ਜਾਮ ਪੀ ਰਹੇ ਹਨ। ਸਮੇਂ ਦੀਆਂ ਸਰਕਾਰਾਂ ਦੇ ਨੁਮਾਇੰਦੇ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਹੋਏ ਹਾਲਾਤ ਸੁਖਾਵੇਂ ਬਣਾਉਣ ਦੇ ਵੱਡੇ-ਵੱਡੇ ਦਾਅਵੇ ਤਾਂ ਕਰਦੇ ਹਨ ਪਰ ਹਾਲੇ ਤੱਕ ਇਸ ਰੋਜ਼ਾਨਾ ਵਾਪਰ ਰਹੇ ਵੱਡੇ ਦੁਖਾਂਤ ਨੂੰ ਠੱਲ੍ਹ ਪਾਉਣ ਵਿਚ ਅਸਮਰੱਥ ਰਹੇ ਹਨ। ਸੱਚ ਸਿਆਣੇ ਕਹਿੰਦੇ ਹਨ ਕਿ 'ਜਿਸ ਤਨ ਲਾਗੇ ਸੋ ਤਨ ਜਾਣੇ'। ਜਿਹੜੇ ਘਰਾਂ ਦੇ ਜਵਾਨ ਪੁੱਤਰ ਸ਼ਹੀਦ ਹੁੰਦੇ ਹਨ, ਉਨ੍ਹਾਂ ਦਾ ਅਸਲ ਦਰਦ ਉਹ ਪਰਿਵਾਰ ਹੀ ਸਮਝ ਸਕਦੇ ਹਨ ਜੋ ਆਪਣੇ ਜਿਊਂਦੇ ਜੀਅ ਹਰ ਪਲ ਵਿਛੜਨ ਵਾਲੇ ਦੀ ਪੀੜ ਹੰਢਾਉਂਦੇ ਹਨ। ਮੁੱਠੀ ਭਰ ਲੋਕਾਂ ਨੂੰ ਛੱਡ ਕੇ ਦੋਵੇਂ ਦੇਸ਼ਾਂ ਦੇ ਲੋਕ ਅਮਨ-ਚੈਨ ਚਾਹੁੰਦੇ ਹਨ। ਅੱਜ ਵੀ ਦੋਵਾਂ ਪਾਸਿਆਂ ਤੋਂ ਮਹਾਨ ਸਾਹਿਤਕਾਰ ਅਤੇ ਕਲਾਕਾਰ ਸਰਹੱਦ 'ਤੇ ਦੋਵਾਂ ਪਾਸਿਆਂ ਤੋਂ ਮੋਮਬੱਤੀਆਂ ਜਗਾ ਕੇ ਸ਼ਾਂਤੀ ਅਤੇ ਭਾਈਚਾਰੇ ਦੀ ਤਸਵੀਰ ਦਾ ਬੇਹੱਦ ਖੂਬਸੂਰਤ ਨਮੂਨਾ ਪੇਸ਼ ਕਰਦੇ ਹਨ।

-ਮਨਿੰਦਰ ਸਿੰਘ ਰਾਜੂ
ਬਰਨਾਲਾ।

07-01-2019

 ਧੜੇਬੰਦੀ ਤੋਂ ਉੱਪਰ
2018 ਜਾਂਦੇ-ਜਾਂਦੇ ਜਮਹੂਰੀਅਤ ਦੇ ਸਭ ਤੋਂ ਹੇਠਲੇ ਅਦਾਰੇ ਪੰਚਾਇਤਾਂ ਦੀਆਂ ਚੋਣਾਂ ਕਰਵਾ ਗਿਆ। ਕਾਫ਼ੀ ਸਮੇਂ ਤੋਂ ਲਟਕਦੀਆਂ ਇਨ੍ਹਾਂ ਚੋਣਾਂ ਦਾ ਫ਼ੈਸਲਾ ਸਾਲ ਦੇ ਅੰਤ 'ਚ ਹੋ ਗਿਆ। ਚੁਣੇ ਗਏ ਪੰਚ-ਸਰਪੰਚ ਸਭ ਵਧਾਈ ਦੇ ਪਾਤਰ ਨੇ ਪਰ ਸਰਪੰਚੀ ਦਾ ਤਾਜ ਪਹਿਨਣ ਵਾਲਾ ਪਿੰਡ ਦਾ ਸਾਂਝਾ ਨੁਮਾਇੰਦਾ ਹੁੰਦਾ ਹੈ। ਵੋਟ ਰਾਜਨੀਤੀ ਤੋਂ ਉੱਪਰ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਬਿਨਾਂ ਭੇਦ-ਭਾਵ ਕਰਨਾ ਉਸ ਦਾ ਪਹਿਲਾ ਫ਼ਰਜ਼ ਹੋਣਾ ਚਾਹੀਦਾ ਹੈ। ਚਲੋ ਜਿਵੇਂ ਮਰਜ਼ੀ ਪੰਜਾਬ ਵਿਚ ਨਵੀਆਂ ਪੰਚਾਇਤਾਂ ਚੁਣੀਆਂ ਜਾ ਚੁੱਕੀਆਂ ਹਨ ਪਰ ਪਿੰਡਾਂ ਦੇ ਲੋਕਾਂ ਨੂੰ ਧੜੇਬੰਦੀ ਤੋਂ ਉੱਪਰ ਉਠ ਇਕ-ਦੂਜੇ ਦੇ ਸੁਖ-ਦੁੱਖ 'ਚ ਪਹਿਲਾਂ ਵਾਂਗ ਹੀ ਸ਼ਰੀਕ ਤੋਂ ਪੇਂਡੂ ਭਾਈਚਾਰਕ ਸਾਂਝ ਦਾ ਸਬੂਤ ਦੇਣਾ ਹੋਵੇਗਾ। ਸਿਆਸਤ ਦੀ ਇਸ ਗੰਧਲੀ ਖੇਡ ਨੇ ਭਾਈਆਂ-ਭਾਈਆਂ ਦਾ ਖ਼ੂਨ ਸਫੈਦ ਕਰ ਦਿੱਤਾ ਪਰ ਵੋਟਾਂ ਨੂੰ ਸਿਰਫ਼ ਪਾਰਟੀ ਤੱਕ ਹੀ ਸੀਮਤ ਰੱਖਣਾ ਚਾਹੀਦਾ ਹੈ। ਪਿੰਡਾਂ ਵਿਚ ਸਾਡੇ ਲੋਕਾਂ ਨੂੰ ਬਿਨਾਂ ਕਿਸੇ ਨਿੱਜੀ ਰੰਜਿਸ਼ ਤਹਿਤ ਸਾਂਝੇ ਕਾਰਜਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਯਾਦ ਰਹੇ ਪਾਰਟੀਬਾਜ਼ੀ ਕਾਰਨ ਪਿੰਡਾਂ ਦੇ ਵਿਕਾਸ ਰੁਕ ਜਾਂਦੇ ਹਨ। ਚੁਣੇ ਪੰਚਾਂ-ਸਰਪੰਚਾਂ ਨੂੰ ਵੀ ਪਾਰਟੀਬਾਜ਼ੀ ਤੋਂ ਉੱਪਰ ਨਿਮਰਤਾ ਸਹਿਤ ਸਭ ਨੂੰ ਜੀ ਹਜ਼ੂਰੀਆਪਨ ਆਖਣਾ ਉਸ ਦਾ ਮੁਢਲਾ ਫ਼ਰਜ਼ ਹੋਣਾ ਚਾਹੀਦਾ ਹੈ। ਅੰਤ ਨਵਾਂ ਸਾਲ, ਨਵੇਂ ਸਰਪੰਚਾਂ ਦੇ ਨਵੇਂ ਪੈਗ਼ਾਮ ਸਭ ਲਈ ਸ਼ੁਭ ਹੋਵੇ।


-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਜ਼ਿਲ੍ਹਾ ਲੁਧਿਆਣਾ।


ਅੱਜ ਦੀ ਸਿੱਖਿਆ ਪ੍ਰਣਾਲੀ
ਪੁਰਾਣੇ ਸਮੇਂ 'ਚ ਸਿੱਖਿਆ ਗਿਆਨ ਦਾਨ ਦੀ ਪੁੰਨ ਵਾਲੀ ਪਰੰਪਰਾ ਸੀ, ਜੋ ਅੱਜ ਸਿਰਫ਼ ਪੈਸਾ ਇਕੱਠਾ ਕਰਨ ਦੀ ਯੋਜਨਾ ਬਣਕੇ ਰਹਿ ਗਈ ਹੈ। ਪਹਿਲਾਂ ਸਿੱਖਿਆ ਸੁਆਰਥ ਰਹਿਤ ਸੇਵਾ ਸੀ, ਜੋ ਸਭ ਦੇ ਹਿੱਤਾਂ ਨੂੰ ਦਰਸਾਉਂਦੀ ਸੀ। ਪਹਿਲਾਂ ਸਿੱਖਿਆ ਤੋਹਫ਼ੇ ਦਾ ਸਰੂਪ ਸੀ, ਅੱਜ ਉਹ ਸਿਰਫ਼ ਕਾਰੋਬਾਰ ਦਾ ਸੋਮਾ ਹੈ। ਅੱਜ ਸਿੱਖਿਆ ਵਿਸ਼ਵ ਬਾਜ਼ਾਰ 'ਚ ਏਨੇ ਵੱਡੇ ਕਾਰੋਬਾਰ ਦੇ ਰੂਪ 'ਚ ਤਬਦੀਲ ਹੋ ਗਈ ਹੈ ਜੋ ਅਸਲ ਵਿਚ ਇਕ ਕ੍ਰਿਸ਼ਮਾ ਲਗਦਾ ਹੈ। ਹਰੇਕ ਮਾਤਾ-ਪਿਤਾ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ ਪੜ੍ਹ-ਲਿਖ ਕੇ ਇਕ ਕਾਬਲ ਇਨਸਾਨ ਬਣੇ ਪਰ ਅਜੋਕੀ ਸਿੱਖਿਆ ਪ੍ਰਣਾਲੀ ਨੂੰ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਸਿੱਖਿਆ ਇਕ ਬਾਜ਼ਾਰ ਵਿਚ ਵੇਚੀ ਜਾਣ ਵਾਲੀ ਚੀਜ਼ ਬਣ ਗਈ ਹੈ। ਸੋ, ਮੇਰੀ ਪੰਜਾਬ ਸਰਕਾਰ ਅੱਗੇ ਅਪੀਲ ਹੈ ਕਿ ਸਰਕਾਰੀ ਸਕੂਲਾਂ ਵਿਚ ਵਿਸ਼ੇਸ਼ ਦਾਖਲਾ ਮੁਹਿੰਮ ਚਲਾ ਕੇ ਵੱਧ ਤੋਂ ਵੱਧ ਬੱਚੇ ਦਾਖ਼ਲ ਕੀਤੇ ਜਾਣ ਅਤੇ ਉਨ੍ਹਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ।


-ਮਣੀ ਕੁਲਦੀਪ
ਅਬਦਾਲ (ਅੰਮ੍ਰਿਤਸਰ)।


ਸੁਖੀ ਜੀਵਨ
ਜੀਵਨ ਵਿਚ ਦੁੱਖ ਅਤੇ ਸੁੱਖ ਇਕ ਸਿੱਕੇ ਦੇ ਦੋ ਪਹਿਲੂ ਹਨ ਅਤੇ ਹਰ ਮਨੁੱਖ ਨੂੰ ਇਨ੍ਹਾਂ ਦੋਵਾਂ ਸਥਿਤੀਆਂ ਵਿਚੋਂ ਲੰਘਣਾ ਹੀ ਪੈਂਦਾ ਹੈ। ਆਪਾਂ ਜਿੰਨੇ ਮਰਜ਼ੀ ਯਤਨ, ਉਪਰਾਲੇ ਕਰ ਲਈਏ ਪੈਸੇ ਨਾਲ ਆਪਾਂ ਐਸ਼ੋ-ਆਰਾਮ ਨਾਲ ਚੰਗਾ ਘਰ, ਗੱਡੀ, ਸਹੂਲਤਾਂ, ਕੱਪੜੇ ਆਦਿ ਤਾਂ ਖਰੀਦ ਸਕਦੇ ਹਾਂ ਪਰ ਚੰਗੀ ਸਿਹਤ, ਚੰਗੀ ਨੀਂਦ ਅਤੇ ਸਾਰੀ ਜ਼ਿੰਦਗੀ ਲਈ ਸੁੱਖ ਨਹੀਂ ਖਰੀਦ ਸਕਦੇ ਪਰ ਵੱਡਿਆਂ ਦਾ ਸਤਿਕਾਰ, ਛੋਟਿਆਂ ਨਾਲ ਪਿਆਰ, ਹੱਕ ਅਤੇ ਮਿਹਨਤ ਦੀ ਕਮਾਈ, ਸਹਿਣਸ਼ੀਲਤਾ, ਲੱਜਾ, ਪ੍ਰੇਮ ਅਤੇ ਨਾਮ ਜਪਣ ਜਿਹੇ ਗੁਣ ਤੁਹਾਡੇ ਦੁੱਖਾਂ-ਕਲੇਸ਼ਾਂ ਤੋਂ ਛੁਟਕਾਰਾ ਪਵਾ ਸਕਦੇ ਹਨ।


-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।


ਕੁਵੇਲੇ ਦਾ ਰਾਗ
ਪਿਛਲੇ ਦਿਨੀਂ ਸੰਪਾਦਕੀ ਲੇਖ 'ਕੁਵੇਲੇ ਦਾ ਰਾਗ' ਪੜ੍ਹਨ ਨੂੰ ਮਿਲਿਆ। ਕਈ ਦਹਾਕਿਆਂ ਬਾਅਦ ਦੁਸ਼ਮਣੀ ਦੇ ਮਾਰੇ ਭਾਰਤ-ਪਾਕਿਸਤਾਨ ਦੇ ਰਾਜਨੀਤਕ ਵਾਰਸਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਂਝੇ ਫਲਸਫੇ ਨੂੰ ਸਮਝਦਿਆਂ ਹੋਇਆਂ ਸਾਂਝੇ ਲਾਂਘੇ ਨੂੰ ਖੋਲ੍ਹਣ ਲਈ ਸਹਿਮਤੀ ਬਣਾਈ ਗਈ ਹੈ।
ਇਹ ਪਲ ਦੇਸ਼ਾਂ-ਵਿਦੇਸ਼ਾਂ ਵਿਚ ਵਸਦੇ ਕਰੋੜਾਂ ਹਿੰਦੂ, ਸਿੱਖ, ਮੁਸਲਮਾਨਾਂ ਦੇ ਸੁਖਦਮਈ ਪਲਾਂ ਦੀ ਤਰਜਮਾਨੀ ਕਰਦੇ ਹਨ। ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਰਾਜਨੀਕ ਪਾਰਟੀਆਂ ਦੇ ਕਾਰਕੁਨਾਂ ਨੇ ਜਿਹੜੀ 'ਅਕਲ ਦਾ ਮੁਜ਼ਾਹਰਾ' ਕੀਤਾ, ਬਹੁਤ ਨਿੰਦਣਯੋਗ ਹੈ। ਅਜਿਹੇ ਸੁਭਾਗੇ ਸਮੇਂ ਕੁਝ 'ਪਿਆਰ ਮੁਹੱਬਤਾਂ' ਵਾਲੇ ਬੋਲ ਬੋਲਣ ਦੀ ਬਜਾਇ 'ਜ਼ਹਿਰ' ਹੀ ਉਗਲਦੇ ਰਹੇ। ਹੁਣ ਜਦੋਂ ਪਾਕਿਸਤਾਨ ਵਾਲੇ ਪਾਸੇ ਵਲੋਂ ਠੰਢੇ ਬੁੱਲ੍ਹੇ ਆਉਣੇ ਸ਼ੁਰੂ ਹੋਣ ਦੇ ਮੌਕੇ ਬਣ ਰਹੇ ਹਨ ਤਾਂ ਸਾਡੇ 'ਸਰਦਾਰਾਂ' ਨੂੰ ਨਿੱਤ ਦੀ ਗੋਲਾਬਾਰੀ ਯਾਦ ਆਉਣ ਲੱਗ ਪਈ ਹੈ। ਅਸੀਂ ਇਸ ਸੁਭਾਗੇ ਸਮੇਂ ਘਟੀਆ ਭਾਸ਼ਣ ਦੀ ਨਿੰਦਾ ਕਰਦੇ ਹਾਂ। ਇਸ ਸਮੇਂ ਭਵਿੱਖ ਵਿਚ ਦੂਰੀਆਂ ਘਟਾਉਣ, ਸਮਾਜਿਕ ਤੇ ਆਰਥਿਕ ਸਾਂਝਾਂ ਵਧਾਉਣ, ਇਧਰ-ਉਧਰ ਦੇ ਲੇਖਕ ਵੀਰਾਂ ਦੀਆਂ ਦਿਲੀ ਭਾਵਨਾਵਾਂ ਨੂੰ ਸਮਝਣ ਦੀ ਲੋੜ ਹੈ।


-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ, ਘੁਮਾਣ, ਗੁਰਦਾਸਪੁਰ।

03-01-2019

 ਜੀਵਨ ਗਿਆਨ
ਮਨੁੱਖਾ ਜਨਮ ਨੂੰ ਖੁਸ਼ੀ ਤੇ ਖੁਸ਼ਹਾਲੀ ਨਾਲ ਬਤੀਤ ਕਰਨ ਲਈ ਗਿਆਨ ਦੀ ਲੋੜ ਹੁੰਦੀ ਹੈ। ਰਸਮੀ ਵਿੱਦਿਆ ਦੇ ਨਾਲ ਗ਼ੈਰ-ਰਸਮੀ ਵਿੱਦਿਆ, ਤਜਰਬੇ ਵੀ ਗਿਆਨ ਦੇ ਚੰਗੇ ਸਰੋਤ ਹਨ। ਗਿਆਨ ਦੀ ਪ੍ਰਾਪਤੀ ਦਾ ਵੱਡਾ ਸਾਧਨ ਮਨੁੱਖ ਦਾ ਆਪਣੇ-ਆਪ ਨੂੰ ਖੋਜਣਾ ਹੀ ਹੁੰਦਾ ਹੈ। ਆਮ ਤੌਰ 'ਤੇ ਦੁਨੀਆ ਬਾਹਰਮੁਖੀ ਹੋ ਕੇ ਦੂਜੇ ਮਨੁੱਖਾਂ ਤੇ ਦੂਜੀਆਂ ਚੀਜ਼ਾਂ ਬਾਰੇ ਵਧੇਰੇ ਗੱਲਾਂ ਕਰਦੀ ਹੈ ਪਰ ਅੰਦਰਮੁਖੀ ਹੋ ਕੇ ਆਪਣੀ ਪੀੜ੍ਹੀ ਥੱਲੇ ਝਾੜੂ ਫੇਰਨ ਵਾਲੇ ਵਿਅਕਤੀ ਬਹੁਤ ਘੱਟ ਹੀ ਹੁੰਦੇ ਹਨ। ਵਿਦਵਾਨਾਂ ਤੇ ਮਨੋਵਿਗਿਆਨੀਆਂ ਅਨੁਸਾਰ ਆਪਣੇ ਸੁਭਾਅ, ਵਿਵਹਾਰ, ਵਿਚਾਰ, ਕਲਪਨਾਵਾਂ ਤੇ ਸਰੀਰਕ ਹਰਕਤਾਂ ਬਾਰੇ ਸੋਚਦੇ-ਵਿਚਾਰਦੇ ਰਹਿਣਾ ਚਾਹੀਦਾ ਹੈ। ਜਦੋਂ ਮਨੁੱਖ ਆਪਣੇ-ਆਪ ਦਾ ਵਿਸ਼ਲੇਸ਼ਣ ਕਰੇ ਤਾਂ ਆਪਣੀਆਂ ਸਾਹਮਣੇ ਆਈਆਂ ਕਮੀਆਂ ਤੇ ਖੋਟਾਂ ਨੂੰ ਸੁਧਾਰਨਾ ਸ਼ੁਰੂ ਕਰ ਦੇਵੇ ਤਾਂ ਗਿਆਨ ਉਤਪੰਨ ਹੁੰਦਾ ਹੈ। ਜੀਵਨ ਦਾ ਅਸਲੀ ਗਿਆਨ ਹਰੇਕ ਮਨੁੱਖ ਦਾ ਆਪਣਾ ਨਿੱਜੀ ਹੁੰਦਾ ਹੈ ਤੇ ਦੁਨੀਆ ਦੇ ਦੋ ਮਨੁੱਖਾਂ ਦਾ ਗਿਆਨ ਬਰਾਬਰ ਤੇ ਸਮਾਨ ਨਹੀਂ ਹੁੰਦਾ। ਗਿਆਨ ਸਾਗਰ ਵਿਚ ਡੁੱਬ ਕੇ ਅਨੰਦ ਦੀ ਪ੍ਰਾਪਤੀ ਤੇ ਸੁੱਖ ਸ਼ਾਂਤੀ ਦਾ ਅਨੁਭਵ ਆਪਣਾ-ਆਪਣਾ ਹੀ ਹੁੰਦਾ ਹੈ। ਜੀਵਨ-ਗਿਆਨ ਦੀ ਅਲੌਕਿਕ ਤੇ ਚਮਤਕਾਰੀ ਪ੍ਰਾਪਤੀ ਉਸ ਸਮੇਂ ਹੁੰਦੀ ਹੈ ਜਦੋਂ ਮਨੁੱਖ ਮਨ ਤੇ ਦਿਮਾਗ ਦੀਆਂ ਕਿਰਿਆਵਾਂ ਦੀ ਜਗ੍ਹਾ ਧੁਨੀ ਉੱਪਰ ਧਿਆਨ ਕੇਂਦਰਿਤ ਹੋ ਜਾਵੇ, ਜਿਹੜਾ ਕਿ ਗਰਭ ਅਵਸਥਾ ਸਮੇਂ ਹੁੰਦਾ ਹੈ।


-ਵਿਚਾਰਧਾਰਾ ਕੇਂਦਰ
ਪਿੰਡ ਬਿਹਾਲਾ, ਜ਼ਿਲ੍ਹਾ ਹੁਸ਼ਿਆਪੁਰ।


ਜ਼ਹਿਰੀਲਾ ਪਾਣੀ
ਹਰ ਰੋਜ਼ ਬੇਸ਼ੁਮਾਰ ਗੰਦਗੀ ਡਰੇਨਾਂ ਤੇ ਨਾਲਿਆਂ ਰਾਹੀਂ ਸਤਲੁਜ ਦਰਿਆ ਨੂੰ ਪ੍ਰਦੂਸ਼ਿਤ ਕਰ ਰਹੀ ਹੈ ਅਤੇ ਸਤਲੁਜ ਦਰਿਆ ਦਾ ਪਾਣੀ ਹਰੀਕੇ ਵਿਚ ਜਾ ਕੇ ਬਿਆਸ ਦਰਿਆ ਦਾ ਸਾਫ਼ ਪਾਣੀ ਵੀ ਗੰਦਾ ਕਰ ਰਿਹਾ ਹੈ, ਜਿਸ ਨਾਲ ਕਈ ਵਾਰ ਹੀ ਜਲਚਰ ਜੀਵ ਅਤੇ ਮੱਛੀਆਂ ਇਸ ਜ਼ਹਿਰੀਲੇ ਪਾਣੀ ਦੀ ਭੇਟ ਚੜ੍ਹ ਚੁੱਕੀਆਂ ਹਨ। ਹਰੀਕੇ ਤੋਂ ਦੋਵਾਂ ਦਰਿਆਵਾਂ ਦਾ ਜ਼ਹਿਰੀਲਾ ਪਾਣੀ ਨਹਿਰਾਂ ਰਾਹੀਂ ਮਾਲਵੇ ਦੇ ਖੇਤਰ ਨੂੰ ਜਾਂਦਾ ਹੈ ਅਤੇ ਲੋਕ ਇਸ ਪਾਣੀ ਨੂੰ ਪੀਣ ਲਈ ਅਤੇ ਸਿੰਚਾਈ ਲਈ ਵਰਤਦੇ ਹਨ, ਜਿਸ ਨਾਲ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਹੁਣ ਸਰਕਾਰ ਦੀ ਇਸ ਅਣਦੇਖੀ ਕਾਰਨ ਕੌਮੀ ਗਰੀਨ ਟ੍ਰਿਬਿਊਨਲ ਨੇ ਭਾਰੀ ਜੁਰਮਾਨਾ ਕੀਤਾ ਹੈ। ਲੋਕਾਂ ਦੀ ਸਿਹਤ, ਜਲਚਰ ਜੀਵਾਂ ਦੀ ਸੰਭਾਲ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਪੰਜਾਬ ਸਰਕਾਰ ਨੂੰ ਠੋਸ ਅਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਲੋੜ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਜੰਝ ਘਰ ਤੋਂ ਪੈਲੇਸ ਬਣਾਉਣ ਦੀ ਲੋੜ
ਸਾਡੇ ਪਿੰਡਾਂ ਵਿਚ ਕਈ-ਕਈ ਧਰਮਸ਼ਾਲਾਵਾਂ ਹਨ। ਜਿਨ੍ਹਾਂ ਨੂੰ ਪਹਿਲਾਂ ਜੰਝ ਘਰ ਕਿਹਾ ਜਾਂਦਾ ਸੀ। ਹੁਣ ਇਹ ਆਪਣਾ ਸਮਾਂ ਲੰਘਾ ਚੁੱਕੀਆਂ ਹਨ। ਬਹੁਤ ਸਾਰੀਆਂ ਧਰਮਸ਼ਾਲਾ ਖੰਡਰ ਬਣ ਗਈਆਂ ਹਨ। ਜੋ ਨਸ਼ੇੜੀਆਂ ਦਾ ਅੱਡਾ ਬਣ ਗਈਆਂ ਹਨ। ਕਿਸੇ ਸਮੇਂ ਇਹ ਅਦਾਲਤ ਦਾ ਕੰਮ ਵੀ ਕਰਦੀਆਂ ਸਨ। ਉਸ ਸਮੇਂ ਪੰਚਾਇਤ ਪਿੰਡਾਂ ਦਾ ਹਰ ਫ਼ੈਸਲਾ ਇਨ੍ਹਾਂ ਧਰਮਸ਼ਾਲਾਵਾਂ ਵਿਚ ਹੀ ਕਰਦੀ ਸੀ। ਆਬਾਦੀ ਵਧਣ ਦੇ ਨਾਲ-ਨਾਲ ਪਿੰਡਾਂ ਵਿਚ ਇਨ੍ਹਾਂ ਦੀ ਗਿਣਤੀ ਵਿਚ ਵੀ ਕਾਫ਼ੀ ਵਾਧਾ ਹੋਇਆ ਸਭ ਤੋਂ ਮਾੜੀ ਗੱਲ ਇਹ ਹੋਈ ਕਿ ਇਹ ਜਾਤਾਂ-ਪਾਤਾਂ ਵਿਚ ਵੰਡੀਆਂ ਗਈਆਂ ਤੇ ਇਹ ਹੁਣ ਖੰਡਰ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਅੱਜ ਲੋੜ ਹੈ ਸਾਰੇ ਪਿੰਡਾਂ ਨੂੰ ਏਕਾ ਕਰਕੇ ਵੱਖ-ਵੱਖ ਜਾਤਾਂ ਦੇ ਆਧਾਰ 'ਤੇ ਬਣੀਆਂ ਧਰਮਸ਼ਾਲਾਵਾਂ ਤੋਂ ਇਕ ਪੈਲੇਸ ਬਣਾ ਦਿੱਤਾ ਜਾਵੇ। ਪਿੰਡ ਵਿਚ ਇਕ ਧਰਮਸ਼ਾਲਾ ਨੂੰ ਛੱਡ ਕੇ ਬਾਕੀ ਸਾਰੀਆਂ ਨੂੰ ਵੇਚ ਕੇ ਉਨ੍ਹਾਂ ਪੈਸਿਆਂ ਨਾਲ, ਜੇ ਕੁਝ ਘਟਣ ਤਾਂ ਪਿੰਡ 'ਚੋਂ ਹੋਰ ਇਕੱਠੇ ਕਰਕੇ ਪਿੰਡੋਂ ਬਾਹਰ ਨਿਕਲ ਇਕ ਪੈਲੇਸ ਤਿਆਰ ਕੀਤਾ ਜਾਵੇ ਅਤੇ ਇਸ ਤਰ੍ਹਾਂ ਪਿੰਡ ਵਿਚ ਪੈਲੇਸ ਜੰਝ ਘਰ ਵਾਂਗ ਹੋਵੇ, ਜਿਥੇ ਹਰ ਅਮੀਰ-ਗਰੀਬ ਆਪਣੀ ਲੜਕੀ ਦੀ ਸ਼ਾਦੀ ਕਰ ਸਕੇ। ਅੱਜ ਪਿੰਡਾਂ ਵਿਚ ਸਾਂਝੇ ਪੈਲੇਸ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਹੁਣ ਬਹੁਤੇ ਵਿਆਹ ਤਾਂ ਹੁੰਦੇ ਹੀ ਪੈਲੇਸਾਂ ਵਿਚ ਹਨ। ਪਿੰਡਾਂ ਵਿਚਲੇ ਬਹੁਤੇ ਲੋਕਾਂ ਦੀ ਆਮਦਨ ਘੱਟ ਹੋਣ ਕਰਕੇ ਉਹ ਮਹਿੰਗੇ ਪੈਲੇਸਾਂ ਦੇ ਖਰਚ ਝੱਲਣ ਦੇ ਅਸਮਰੱਥ ਹਨ। ਸੋ, ਅੱਜ ਸਮੇਂ ਦੀ ਲੋੜ ਹੈ ਜੰਝਘਰ ਦੀ ਥਾਂ ਸਾਂਝੇ ਪੈਲੇਸ ਬਣਾਏ ਜਾਣ। ਇਸ ਕੰਮ ਲਈ ਵਿਦੇਸ਼ੀ ਵੀਰਾਂ ਦੀ ਵੀ ਮਦਦ ਲਈ ਜਾ ਸਕਦੀ ਹੈ।


-ਜਸਕਰਨ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਅੰਧ-ਵਿਸ਼ਵਾਸ ਦੀ ਮਾਰ
ਭਾਰਤ ਵਿਚ ਅੰਧ-ਵਿਸ਼ਵਾਸ ਦੀਆਂ ਜੜ੍ਹਾਂ ਬੁਹਤ ਹੀ ਮਜ਼ਬੂਤ ਹਨ ਅਤੇ ਇਹ ਲੋਕ ਇਕ ਸਧਾਰਨ ਵਿਅਕਤੀ ਤੋਂ ਲੈ ਕੇ ਇਕ ਉੱਚ-ਕੋਟੀ ਦੇ ਲੀਡਰ ਜਾਂ ਸਿਆਸਤਦਾਨ ਤੱਕ ਅੰਧ-ਵਿਸ਼ਵਾਸ ਦੀ ਪਕੜ ਤੋਂ ਬਾਹਰ ਨਹੀਂ। ਵੋਟਾਂ ਵੇਲੇ ਜਾਂ ਕਿਸੇ ਹੋਰ ਸਿਆਸੀ ਮਕਸਦ ਵੇਲੇ ਲੀਡਰ ਜਾਂ ਆਮ ਲੋਕ ਮੜ੍ਹੀਆਂ-ਮਸਾਣੀਆਂ ਜਾਂ ਅਖੌਤੀ ਡੇਰਿਆਂ 'ਤੇ ਜਾ ਕੇ ਨੱਕ ਰਗੜਦੇ ਅਤੇ ਅਣਗਿਣਤ ਮਾਇਆ ਜਾਂ ਹੋਰ ਕੀਮਤੀ ਵਸਤੂਆਂ ਦਾਨ ਕਰਦੇ ਆਮ ਦੇਖੇ ਜਾ ਸਕਦੇ ਹਨ। ਅੰਧ-ਵਿਸ਼ਵਾਸ ਦੀ ਮਾਰ ਹੇਠ ਹੀ ਲੱਖਾਂ ਕਰੋੜਾਂ ਟਨ ਸੋਨਾ ਮੰਦਰਾਂ ਵਿਚ ਪਿਆ ਹੋਇਆ ਹੈ। ਸੋ, ਸਾਨੂੰ ਹਮੇਸ਼ਾ ਹੀ ਅੰਧ-ਵਿਸ਼ਵਾਸ ਦੀ ਬਿਮਾਰੀ ਤੋਂ ਖਹਿੜਾ ਛੁਡਾਉਣਾ ਪਊ ਤਾਂ ਹੀ ਸਾਡਾ ਭਾਰਤ ਤਰੱਕੀਆਂ ਵੱਲ ਜਾ ਸਕਦਾ ਹੈ।


-ਪ੍ਰਧਾਨ ਕੇਵਲ ਸਿੰਘ ਬਾਠਾਂ
ਮਲੇਰਕੋਟਲਾ।

02-01-2019

 ਭਾਈਚਾਰਕ ਸਾਂਝ
ਅੱਜਕਲ੍ਹ ਭਾਰਤ ਭੀੜਤੰਤਰ ਦੀ ਚਪੇਟ ਵਿਚ ਆਇਆ ਹੋਇਆ ਹੈ। ਇਹ ਦੇਸ਼ ਵੱਖ-ਵੱਖ ਸੱਭਿਆਚਾਰਕ ਫੁੱਲਾਂ ਦਾ ਸੋਹਣਾ ਜਿਹਾ ਗੁਲਦਸਤਾ ਹੈ ਜਿਸ ਵਿਚੋਂ ਭਾਈਚਾਰੇ ਤੇ ਏਕਤਾ ਦੀ ਸੁਗੰਧ ਆਉਂਦੀ ਹੈ। ਅਜਿਹੇ ਹਿੰਸਕ ਵਿਖਾਵੇ ਇਸ ਦੇਸ਼ ਦੀ ਖੂਬਸੂਰਤੀ 'ਤੇ ਭੱਦਾ ਦਾਗ਼ ਹੈ। ਦੇਸ਼ ਵਿਚ ਹਰੇਕ ਨਾਗਰਿਕ ਨੂੰ ਹਰੇਕ ਧਰਮ, ਜਾਤੀ ਅਤੇ ਵਰਗ ਨੂੰ ਸਹਿਣ ਦਾ ਪੂਰਾ-ਪੂਰਾ ਹੱਕ ਹੈ। ਹਰ ਕੋਈ ਆਪਣੇ ਵਿਸ਼ਵਾਸ ਅਤੇ ਸ਼ਰਧਾ ਮੁਤਾਬਿਕ ਕਾਰਜ ਕਰ ਸਕਦਾ ਹੈ। ਅਸੀਂ ਜ਼ੋਰ-ਜ਼ਬਰਦਸਤੀ ਨਾਲ ਕਿਸੇ 'ਤੇ ਵੀ ਆਪਣਾ ਰੰਗ ਨਹੀਂ ਚੜ੍ਹਾ ਸਕਦੇ। ਕਿਸੇ ਉੱਪਰ ਧੱਕੇ ਨਾਲ ਆਪਣੀ ਸੋਚ ਥੋਪ ਨਹੀਂ ਸਕਦੇ। ਹੁਣ ਜੇ ਇੰਜ ਹੀ ਫ਼ਿਰਕੂ ਮਾਹੌਲ ਬਣਦਾ ਰਿਹਾ ਤਾਂ ਲੋਕ ਜੋ ਰੁਜ਼ਗਾਰ ਤੇ ਰੋਟੀ ਦੀ ਭਾਲ ਵਿਚ ਹਨ, ਉਨ੍ਹਾਂ ਹੱਥ ਨਿਰਾਸ਼ਾ ਹੀ ਲੱਗੇਗੀ। ਨੌਜਵਾਨ ਤਾਂ ਹੁਣ ਇਸ ਦੇਸ਼ ਵਿਚ ਰਹਿਣਾ ਹੀ ਨਹੀਂ ਚਾਹੁੰਦੇ ਕਿਉਂਕਿ ਇਥੇ ਤਰੱਕੀ ਦੀ ਸੰਭਾਵਨਾ ਹੀ ਖ਼ਤਮ ਹੋ ਰਹੀ ਹੈ। ਇਸ ਲਈ ਸਰਕਾਰ ਭੀੜਤੰਤਰ ਨੂੰ ਨੱਥ ਪਾਵੇ। ਜੇ ਅਜਿਹਾ ਨਾ ਹੋਇਆ ਤਾਂ ਦੇਸ਼ ਹੋਰ ਵੀ ਭੀੜਤੰਤਰ ਦੇ ਚੁੰਗਲ ਵਿਚ ਫਸਦਾ ਜਾਵੇਗਾ, ਜਿਸ ਨਾਲ ਲੋਕਤੰਤਰ ਮਰਦਾ ਜਾਵੇਗਾ।


-ਵਿਵੇਕ
ਕੋਟ ਈਸੇ ਖਾਂ (ਮੋਗਾ)।


ਰੈਣ ਬਸੇਰੇ ਤੇ ਬੇਸਹਾਰਾ ਲੋਕ
ਪੰਜਾਬ ਦੇ ਕਈ ਸ਼ਹਿਰਾਂ ਵਿਚ ਜਿਥੇ ਬੇਸਹਾਰਾ ਲੋਕਾਂ ਲਈ ਰੈਣ-ਬਸੇਰੇ ਬਣਾਏ ਗਏ ਹਨ, ਉਥੇ ਹੀ ਕੜਾਕੇ ਦੀ ਪੈ ਰਹੀ ਸਰਦੀ ਵਿਚ ਗਰੀਬ ਅਤੇ ਬੇਸਹਾਰਾ ਲੋਕ ਸ਼ਹਿਰਾਂ ਵਿਚ ਲੱਗੇ ਕੂੜੇ ਦੇ ਢੇਰਾਂ, ਪੁਲਾਂ ਦੇ ਹੇਠਾਂ ਅਤੇ ਗੰਦੀਆਂ ਥਾਵਾਂ 'ਤੇ ਖਾਣਾ ਖਾਣ ਅਤੇ ਠੰਢੀਆਂ ਰਾਤਾਂ ਬਾਹਰ ਹੀ ਕੱਟਣ ਲਈ ਮਜਬੂਰ ਹਨ। ਇਹ ਲੋਕ ਕੂੜੇ ਦੇ ਢੇਰਾਂ 'ਤੇ ਹੀ ਸਰਦੀ ਤੋਂ ਬਚਣ ਲਈ ਅੱਗ ਸੇਕ ਕੇ ਆਪਣਾ ਬਚਾਅ ਕਰ ਰਹੇ ਹਨ ਅਤੇ ਪਸ਼ੂਆਂ ਵਾਲਾ ਜੀਵਨ ਬਤੀਤ ਕਰ ਰਹੇ ਹਨ। ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਆਦਿ ਨੂੰ ਇਨ੍ਹਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਇਸ ਦੇ ਨਾਲ ਹੀ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਨੂੰ ਵੀ ਚੁੱਕਣ ਦਾ ਪ੍ਰਬੰਧ ਕਰਨ ਦੀ ਲੋੜ ਹੈ। ਅਜਿਹਾ ਕਰਨ ਨਾਲ ਜਿਥੇ ਰੈਣ-ਬਸੇਰਿਆਂ ਵਿਚ ਇਨ੍ਹਾਂ ਬੇਸਹਾਰਾ ਲੋਕਾਂ ਦਾ ਸਰਦੀ ਤੋਂ ਬਚਾਅ ਹੋਵੇਗਾ, ਉਥੇ ਹੀ ਕੂੜੇ ਦੇ ਢੇਰ ਚੁੱਕੇ ਜਾਣ ਨਾਲ ਸ਼ਹਿਰਾਂ ਦੀ ਦਿੱਖ ਵੀ ਵਧੀਆ ਲੱਗੇਗੀ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਇਕ ਸ਼ਲਾਘਾਯੋਗ ਕਦਮ
ਸੰਨ 1947 ਵਿਚ ਹੋਈ ਭਾਰਤ-ਪਾਕਿਸਤਾਨ ਵੰਡ ਦੇ ਕਾਰਨ ਜਿੱਥੇ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਨੇ ਆਪਣਾ ਬਹੁਤ ਕੁਝ ਗੁਆਇਆ ਹੈ, ਉਥੇ ਹੀ ਭਾਰਤ ਦੀਆਂ ਸਿੱਖ ਸੰਗਤਾਂ ਆਪਣੇ ਪਿਆਰੇ ਗੁਰੂਧਾਮਾਂ ਕਰਤਾਰਪੁਰ ਸਾਹਿਬ ਅਤੇ ਨਨਕਾਣਾ ਸਾਹਿਬ ਤੋਂ ਵੀ ਦੂਰ ਹੋ ਗਈਆਂ। ਪੰਜਾਬ ਦੀ ਸਰਹੱਦ ਨਾਲ ਰਾਵੀ ਤੋਂ ਪਾਰ ਕੁਝ ਮੀਲ ਦੇ ਫ਼ਾਸਲੇ 'ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਸਥਿਤ ਹੈ। ਕਰਤਾਰਪੁਰ ਸਾਹਿਬ ਉਹ ਪਵਿੱਤਰ ਸਥਾਨ ਹੈ, ਜਿਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ 18 ਸਾਲ ਬਿਤਾਏ ਸਨ। ਭਾਰਤੀ ਸੰਗਤਾਂ ਸਾਲਾਂ ਤੋਂ ਇਸ ਪਵਿੱਤਰ ਸਥਾਨ ਨੂੰ ਸਿਰਫ ਦੂਰਬੀਨ ਰਾਹੀਂ ਹੀ ਨਿਹਾਰ ਸਕਦੀਆਂ ਸਨ ਪਰ ਹੁਣ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਸਾਂਝੇ ਯਤਨਾਂ ਸਦਕਾ ਕਰਤਾਰਪੁਰ ਲਾਂਘਾ ਖੁੱਲ੍ਹ ਗਿਆ ਹੈ। ਹੁਣ ਭਾਰਤੀ ਸੰਗਤਾਂ ਬਿਨਾਂ ਕਿਸੇ ਰੁਕਾਵਟ ਦੇ ਇਸ ਗੁਰਧਾਮ ਦੇ ਦਰਸ਼ਨ ਕਰ ਸਕਣਗੀਆਂ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਇਸ ਪਹਿਲਕਦਮੀ ਲਈ ਵਧਾਈ ਦੀਆਂ ਪਾਤਰ ਹਨ।


-ਜਸਪ੍ਰੀਤ ਕੌਰ ਸੰਘਾ
ਪਿੰਡ ਤਨੂੰਲੀ, ਜ਼ਿਲ੍ਹਾ ਹੁਸ਼ਿਆਰਪੁਰ।


ਵਰਤਮਾਨ ਸਥਿਤੀ
ਪੰਜਾਬ ਵਿਚ ਇਸ ਸਮੇਂ ਬੇਰੁਜ਼ਗਾਰੀ, ਕਿਸਾਨ ਖ਼ੁਦਕੁਸ਼ੀਆਂ, ਗ਼ੈਰ-ਕਾਨੂੰਨੀ ਖੁਦਾਈ, ਭ੍ਰਿਸ਼ਟਾਚਾਰ ਤੇ ਨਸ਼ਿਆਂ ਵਰਗੇ ਮੁੱਦੇ ਲੁਪਤ ਹੋ ਗਏ ਜਾਪਦੇ ਹਨ। ਪੰਜਾਬ ਦੀ ਸਿਹਤ ਤੇ ਸਿੱਖਿਆ ਦੇ ਖੇਤਰ ਵਿਚ ਸਥਿਤੀ ਤਰਸਯੋਗ ਬਣੀ ਹੋਈ ਹੈ। ਧਰਤੀ ਹੇਠਲਾ ਪਾਣੀ ਏਨਾ ਦੂਸ਼ਿਤ ਹੋ ਚੁੱਕਾ ਹੈ ਕਿ ਉਹ ਪੀਣਯੋਗ ਨਹੀਂ ਰਿਹਾ ਜਿਸ ਕਰਕੇ ਕੈਂਸਰ ਵਰਗੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ ਪਰ ਇਨ੍ਹਾਂ ਸਾਰੇ ਮੁੱਦਿਆਂ 'ਤੇ ਨਾ ਤਾਂ ਵਰਤਮਾਨ ਸਰਕਾਰ ਕੁਝ ਕਰ ਰਹੀ ਹੈ ਤੇ ਨਾ ਹੀ ਵਿਰੋਧੀ ਧਿਰ ਇਨ੍ਹਾਂ ਮੁੱਦਿਆਂ ਨੂੰ ਚੁੱਕਣ ਲਈ ਗੰਭੀਰ ਹੈ। ਪੰਜਾਬ ਵਿਚ ਇਸ ਸਮੇਂ ਕੋਈ ਵੀ ਸਿਆਸੀ ਪਾਰਟੀ ਆਪਣੀ ਜ਼ਿੰਮੇਵਾਰੀ ਠੀਕ ਤਰ੍ਹਾਂ ਨਹੀਂ ਨਿਭਾਅ ਰਹੀ। ਹਰੇਕ ਸਿਆਸੀ ਲੀਡਰ ਆਪਣਾ ਸਿਆਸੀ ਭਵਿੱਖ ਚਮਕਾਉਣਾ ਚਾਹੁੰਦਾ ਹੈ। ਸਹਾਰਾ ਲੋਕਾਂ ਦਾ ਲਿਆ ਜਾਂਦਾ ਹੈ ਪਰ ਉਨ੍ਹਾਂ ਦੇ ਮੁੱਦਿਆਂ ਦੀ ਗੱਲ ਕੋਈ ਨਹੀਂ ਕੀਤੀ ਜਾਂਦੀ। ਕੋਈ ਇਨਸਾਫ਼ ਮਾਰਚ ਕਰ ਰਿਹਾ ਹੈ, ਕੋਈ ਆਪਣੀਆਂ ਭੁੱਲਾਂ ਬਖਸ਼ਾਉਣ ਲਈ ਅਰਦਾਸਾਂ ਕਰ ਰਿਹਾ ਹੈ। ਹੁਣ ਸਿਆਸੀ ਪਾਰਟੀਆਂ ਨੂੰ ਚਾਹੀਦਾ ਹੈ ਕਿ ਆਪਸੀ ਅੰਦਰੂਨੀ ਖਿੱਚੋਤਾਣ ਖ਼ਤਮ ਕਰਕੇ ਸੱਤਾਧਾਰੀ ਪਾਰਟੀ ਤੇ ਵਿਰੋਧੀ ਪਾਰਟੀਆਂ ਲੋਕ ਮੁੱਦਿਆਂ ਦੀ ਗੱਲ ਕਰਨ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।

31-12-2018

 ਸ਼ੋਰ-ਸ਼ਰਾਬਾ...
ਸੰਸਦ ਵਿਚ ਲਗਾਤਾਰ ਸ਼ੋਰ-ਸ਼ਰਾਬਾ ਅਤੇ ਹੰਗਾਮਾ ਹੋਣ ਤੋਂ ਦੁਖੀ ਲੋਕ ਸਭਾ ਸਪੀਕਰ ਸਤਿਕਾਰਤ ਸੁਮਿੱਤਰਾ ਮਹਾਜਨ ਨੇ ਦੁਖੀ ਸ਼ਬਦਾਂ 'ਚ ਸੰਸਦ ਮੈਂਬਰਾਂ ਨੂੰ ਫਿਟਕਾਰ ਲਾਉਂਦੇ ਹੋਏ ਕਿਹਾ ਕਿ ਤੁਸੀਂ ਸਕੂਲੀ ਬੱਚਿਆਂ ਤੋਂ ਵੀ ਥੱਲੇ ਹੋ ਜੋ ਲੋਕਤੰਤਰ ਨੂੰ ਸ਼ਰਮਸਾਰ ਕਰ ਕੇ ਬਿਨਾਂ ਵਜ੍ਹਾ ਰੌਲਾ-ਰੱਪਾ ਪਾ ਕੇ ਸਰਕਾਰੀ ਕੰਮਕਾਜ ਅਤੇ ਲੋਕ ਹਿਤ ਦੇ ਬਿੱਲ ਪਾਸ ਨਹੀਂ ਹੋਣ ਦਿੰਦੇ, ਜਿਸ ਨਾਲ ਸੰਸਦ ਦੀ ਕਾਰਵਾਈ ਠੱਪ ਹੋ ਜਾਂਦੀ ਹੈ। ਬੱਚੇ ਤਾਂ ਕਹਿਣ ਜਾਂ ਝਿੜਕਣ 'ਤੇ ਮੰਨ ਜਾਂਦੇ ਹਨ ਪਰ ਤੁਸੀਂ ਤਾਂ ਕਿਸੇ ਦੀ ਸੁਣਦੇ ਹੀ ਨਹੀਂ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਰਬ ਸਾਂਝੀ ਸਿਆਸੀ ਮੀਟਿੰਗ ਵਿਚ ਸਾਰੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਸੀ ਕਿ ਇਹ ਆਖਰੀ ਸੈਸ਼ਨ ਹੈ ਅਤੇ ਇਹ ਸੁਚਾਰੂ ਰੂਪ ਵਿਚ ਚਲਾਇਆ ਜਾਵੇ। ਇਹ ਗੱਲ ਠੀਕ ਵੀ ਸੀ ਫਿਰ ਵੀ ਆਪੋ-ਆਪਣੀ ਪਾਰਟੀ ਕਰਕੇ ਵੱਖ-ਵੱਖ ਮੁੱਦਿਆਂ 'ਤੇ ਸੰਸਦ 'ਚ ਹੰਗਾਮਾ ਹੁੰਦਾ ਰਿਹਾ। ਕਿਸੇ ਵੀ ਸਿਆਸੀ ਪਾਰਟੀ ਨੂੰ ਦੇਸ਼ ਹਿਤ ਨਹੀਂ ਆਪਣੇ ਹਿਤ ਪਿਆਰੇ ਹਨ। ਕੁਝ ਸੰਸਦ ਮੈਂਬਰ ਤਾਂ ਸਦਨ ਵਿਚ ਹਾਜ਼ਰੀ ਘੱਟ ਟੈਲੀਵਿਜ਼ਨ 'ਤੇ ਹਾਜ਼ਰੀ ਜ਼ਿਆਦਾ ਭਰਦੇ ਹਨ। ਜੇ ਸਾਡੇ ਸੰਸਦ ਮੈਂਬਰ ਇੰਜ ਹੀ ਸੰਸਦ ਦੀ ਕਾਰਵਾਈ ਬਾਰੇ ਸੰਵੇਦਨਹੀਣਤਾ ਵਿਖਾਉਂਦੇ ਰਹੇ ਤਾਂ ਇਸ ਦੇਸ਼ ਦਾ ਅਤੇ ਇਥੋਂ ਦੇ ਲੋਕਾਂ ਦਾ ਭਵਿੱਖ ਧੁੰਦਲਾ ਹੀ ਰਹੇਗਾ।

-ਵਿਵੇਕ ਕੁਮਾਰ
ਕੋਟ ਈਸੇ ਖਾਂ (ਮੋਗਾ)

ਮਾਡਰਨ ਗ੍ਰਾਮ
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ-ਛੋਹ ਪ੍ਰਾਪਤ ਖੇਤਰਾਂ ਵਿਚ ਵਿਕਾਸ ਕਰਨ ਦਾ ਫ਼ੈਸਲਾ, ਪੰਜਾਬ ਸਰਕਾਰ ਵਲੋਂ ਕੀਤਾ ਗਿਆ ਹੈ ਅਤੇ 41 ਪਿੰਡਾਂ ਦੀ ਸੂਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਰਾਜ ਸਰਕਾਰ ਨੂੰ ਭੇਜੀ ਗਈ ਹੈ। ਇਥੇ ਇਹ ਵਰਨਣਯੋਗ ਹੈ ਕਿ ਬਟਾਲਾ ਦੇ ਨਜ਼ਦੀਕ ਕਾਦੀਆਂ ਰੋਡ 'ਤੇ ਸਥਿਤ ਪਿੰਡ ਵਡਾਲਾ ਗ੍ਰੰਥੀਆਂ 'ਮਾਡਰਨ ਗ੍ਰਾਮ' ਪਿੰਡਾਂ ਦੀ ਸੂਚੀ ਵਿਚ ਸ਼ਾਮਲ ਹੈ, ਜਿਥੇ ਕੇ ਫਲਾਹੀ ਸਾਹਿਬ ਗੁਰਦੁਆਰਾ ਸਥਿਤ ਹੈ, ਜਦੋਂ ਕਿ ਬਟਾਲਾ ਦੇ ਹੀ ਨਜ਼ਦੀਕ ਜਲੰਧਰ ਰੋਡ 'ਤੇ ਸਥਿਤ ਅੱਚਲ ਸਾਹਿਬ ਪਿੰਡ ਹੈ ਅਤੇ ਇਥੇ ਵੀ ਗੁਰੂ ਸਾਹਿਬ ਦੀ ਯਾਦ ਵਿਚ ਅੱਚਲ ਸਾਹਿਬ ਗੁਰਦੁਆਰਾ ਸੁਸ਼ੋਭਿਤ ਹੈ, ਜੋ ਕਿ ਇਸ ਸੂਚੀ ਵਿਚ ਸ਼ਾਮਿਲ ਨਹੀਂ ਹੈ। ਇਨ੍ਹਾਂ ਦੋਵਾਂ ਅਸਥਾਨਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ ਅਤੇ ਇਨ੍ਹਾਂ ਦਾ ਬਾਕਾਇਦਾ ਇਤਿਹਾਸ ਗੁਰੂ ਸਾਹਿਬ ਨਾਲ ਜੁੜਿਆ ਹੋਇਆ ਹੈ। ਜਿਥੇ ਇਨ੍ਹਾਂ ਪਿੰਡਾਂ ਨੂੰ ਵੀ 'ਮਾਡਰਨ ਗ੍ਰਾਮ' ਪਿੰਡਾਂ ਦੀ ਸੂਚੀ ਵਿਚ ਸ਼ਾਮਲ ਕਰਨਾ ਚਾਹੀਦਾ ਹੈ, ਉਥੇ ਹੀ ਇਨ੍ਹਾਂ ਦੋਵਾਂ ਪਿੰਡਾਂ ਵਿਚ ਬਣੇ ਇਤਿਹਾਸਕ ਅਸਥਾਨ ਵੀ ਸ਼ਾਮਲ ਕਰਨ ਦੀ ਲੋੜ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਕਮੇਟੀ ਅਤੇ ਰਾਜ ਸਰਕਾਰ ਨੂੰ ਇਨ੍ਹਾਂ ਧਾਰਮਿਕ ਅਸਥਾਨਾਂ ਦੇ ਸਰਬਪੱਖੀ ਵਿਕਾਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਲੋਕਤੰਤਰ ਦੀ ਉਲੰਘਣਾ
ਕੋਈ ਵੀ ਇਸ ਗੱਲ ਤੋਂ ਅਣਜਾਣ ਨਹੀਂ ਹੈ ਕਿ 30 ਦਸੰਬਰ ਨੂੰ ਹੋਈਆਂ ਪੰਚਾਇਤੀ ਚੋਣਾਂ ਲਈ ਹਰ ਪਿੰਡ ਵਿਚ ਇਕ ਜਾਂ ਇਕ ਤੋਂ ਵਧੇਰੇ ਉਮੀਦਵਾਰ ਆਪਣੇ ਨਾਮਜ਼ਦਗੀ ਕਾਗਜ਼ ਜਮ੍ਹਾਂ ਕਰਵਾ ਰਹੇ ਸਨ ਪਰ ਚੋਣ ਕਮਿਸ਼ਨ ਦੁਆਰਾ ਜਿਨ੍ਹਾਂ ਉਮੀਦਵਾਰਾਂ ਦੇ ਕਾਗਜ਼ ਜਮ੍ਹਾ ਨਹੀਂ ਕੀਤੇ ਗਏ ਜਾਂ ਕੋਈ ਕਮੀ ਕੱਢੀ ਗਈ ਤਾਂ ਉਨ੍ਹਾਂ ਉਮੀਦਵਾਰਾਂ ਵਲੋਂ ਇਹ ਗੱਲ ਮੰਨਣ ਦੀ ਬਜਾਏ ਲੜਾਈ, ਝਗੜੇ, ਗਾਲੀ-ਗਲੋਚ ਦਾ ਸਹਾਰਾ ਲੈ ਕੇ ਹਾਲਾਤ ਨੂੰ ਜ਼ਿਆਦਾ ਨਾਜ਼ੁਕ ਬਣਾਇਆ ਗਿਆ। ਇਥੋਂ ਤੱਕ ਕਿ ਜੇ ਇਨ੍ਹਾਂ ਮਸਲਿਆਂ ਵਿਚ ਪੁਲਿਸ ਅੱਗੇ ਆਈ ਤਾਂ ਉਨ੍ਹਾਂ ਲਈ ਵੀ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ। ਕੁਝ ਖੇਤਰਾਂ ਵਿਚ ਤਾਂ ਪੁਲਿਸ ਨੂੰ ਦਖਲਅੰਦਾਜ਼ੀ ਕਰਨ ਤੋਂ ਸਾਫ਼ ਮਨ੍ਹਾਂ ਕਰ ਦਿੱਤਾ ਗਿਆ। ਇਹ ਲੋਕਤੰਤਰ ਦੀ ਪਾਲਣਾ ਨਹੀਂ ਸਗੋਂ ਉਲੰਘਣਾ ਹੈ।

-ਕਵਲਪ੍ਰੀਤ ਕੌਰ
ਬਟਾਲਾ (ਗੁਰਦਾਸਪੁਰ)

ਕਾਨੂੰਨ 'ਚ ਵਿਸ਼ਵਾਸ ਵਧਿਆ
ਪਿਛਲੇ ਦਿਨੀਂ ਦਿੱਲੀ ਹਾਈਕੋਰਟ ਵਲੋਂ 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸੁਣਾਈ ਸਜ਼ਾ ਨਾਲ ਕਾਨੂੰਨ 'ਚ ਲੋਕਾਂ ਦਾ ਵਿਸ਼ਵਾਸ ਵਧਿਆ ਹੈ ਕਿਉਂਕਿ ਇਸ ਕਤਲੇਆਮ ਨੂੰ ਵਾਪਰਿਆਂ ਤਿੰਨ ਦਹਾਕੇ ਤੋਂ ਉੱਪਰ ਸਮਾਂ ਬੀਤ ਗਿਆ ਹੈ। 34 ਸਾਲਾਂ ਬਾਅਦ ਏਨੇ ਵੱਡੇ ਦੁਖਾਂਤ ਦਾ ਫੈਸਲਾ ਆਉਣਾ ਕਾਨੂੰਨੀ ਪ੍ਰਕਿਰਿਆ 'ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ। ਭਾਵੇਂ ਸੱਜਣ ਕੁਮਾਰ ਵਰਗੇ ਮੁੱਖ ਦੋਸ਼ੀ ਨੂੰ ਸਜ਼ਾ ਮਿਲਣ ਨਾਲ ਸਿੱਖ ਪੀੜਤਾਂ ਨੂੰ ਕੁਝ ਇਨਸਾਫ਼ ਜ਼ਰੂਰ ਮਿਲਿਆ ਹੈ ਪਰ ਪੂਰਾ ਇਨਸਾਫ਼ ਤਾਂ ਉਦੋਂ ਹੀ ਮਿਲੇਗਾ ਜਦੋਂ ਸਾਰੇ ਦੋਸ਼ੀਆਂ ਨੂੰ ਕਾਨੂੰਨ ਢੁੱਕਵੀਂ ਸਜ਼ਾ ਦੇਵੇਗਾ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।

ਅਵਾਰਾ ਪਸ਼ੂਆਂ ਤੇ ਕੁੱਤਿਆਂ ਦੀ ਸਮੱਸਿਆ
ਅਵਾਰਾ ਕੁੱਤਿਆਂ ਅਤੇ ਅਵਾਰਾ ਪਸ਼ੂਆਂ ਨੂੰ ਲੈ ਕੇ ਸਮਾਜ ਕਾਫ਼ੀ ਦੁਖੀ ਹੈ। ਰੋਜ਼ ਅਨੇਕਾਂ ਘਟਨਾਵਾਂ ਅਜਿਹੇ ਅਵਾਰਾ ਜਾਨਵਰਾਂ ਕਾਰਨ ਵਾਪਰ ਰਹੀਆਂ ਹਨ। ਅਵਾਰਾ ਕੁੱਤਿਆਂ ਦੀ ਗਿਣਤੀ ਵਿਚ ਧੜਾਧੜ ਵਾਧਾ ਚਿੰਤਾ ਦਾ ਵਿਸ਼ਾ ਹੈ। ਸਾਡੇ ਘਰਾਂ, ਮੁਹੱਲਿਆਂ, ਪਾਰਕਾਂ ਵਿਚ ਅਵਾਰਾ ਕੁੱਤਿਆਂ ਦੇ ਖੂੰਖਾਰ ਕਿਸਮ ਦੇ ਝੁੰਡ ਅਕਸਰ ਵੇਖਣ ਨੂੰ ਮਿਲਦੇ ਹਨ। ਸਮਾਜ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਬੀਤੇ ਦਿਨੀਂ ਜਲੰਧਰ ਤੇ ਚੰਡੀਗੜ੍ਹ ਵਿਚ ਕੁੱਤਿਆਂ ਵਲੋਂ ਨਿੱਕੇ-ਨਿੱਕੇ ਬੱਚਿਆਂ ਨੂੰ ਲਹੂ-ਲੁਹਾਣ ਕਰਨ ਦੀਆਂ ਖ਼ਬਰਾਂ ਪੜ੍ਹੀਆਂ ਜੋ ਅਤਿ ਚਿੰਤਾ ਦਾ ਵਿਸ਼ਾ ਹੈ। ਅਵਾਰਾ ਕੁੱਤੇ ਦਿਨ-ਦਿਹਾੜੇ ਹੀ ਔਰਤਾਂ ਤੇ ਬੱਚਿਆਂ 'ਤੇ ਹਮਲਾ ਕਰ ਦਿੰਦੇ ਹਨ, ਜਦਕਿ ਰਾਤ ਨੂੰ ਤਾਂ ਘਰੋਂ ਬਾਹਰ ਨਿਕਲਣਾ ਖਤਰੇ ਤੋਂ ਖਾਲੀ ਨਹੀਂ।
ਅਵਾਰਾ ਕੁੱਤਿਆਂ ਨੂੰ ਅਕਸਰ ਕਾਰਾਂ-ਸਕੂਟਰ ਸਵਾਰਾਂ ਦੇ ਮਗਰ ਦੂਰ ਤੱਕ ਦੌੜਦੇ ਵੇਖਿਆ ਜਾਂਦਾ ਹੈ। ਹਮਲਾਵਰ ਇਰਾਦੇ ਨਾਲ ਸੜਕਾਂ ਤੇ ਅਵਾਰਾ ਕੁੱਤੇ ਬੇਖੌਫ਼ ਫਿਰਦੇ ਹਨ। ਕੁਝ ਦਹਾਕੇ ਪਹਿਲਾਂ ਤਾਂ ਸਰਕਾਰਾਂ/ਪ੍ਰਸ਼ਾਸਨ ਸਮੇਂ-ਸਮੇਂ ਇਨ੍ਹਾਂ ਦੇ ਵਾਧੇ ਨੂੰ ਵੇਖਦਿਆਂ ਕਈ ਕਦਮ ਉਠਾਇਆ ਕਰਦੇ ਸਨ ਪਰ ਹੁਣ ਇਧਰ ਕੋਈ ਧਿਆਨ ਨਹੀਂ ਦੇ ਰਿਹਾ। ਸੋ, ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਸਮੱਸਿਆ ਪ੍ਰਤੀ ਸਖ਼ਤ ਕਦਮ ਚੁੱਕਣ ਦੀ ਲੋੜ ਹੈ।

-ਮਾ: ਦੇਵਰਾਜ ਖੁੰਡਾ
ਸ੍ਰੀਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

26-12-2018

 ਜਾਇਜ਼ ਢੰਗ ਨਾਲ ਵਿਦੇਸ਼ ਜਾਓ
ਜਿਹੜੇ ਨੌਜਵਾਨ ਕਿਸੇ ਵੀ ਢੰਗ ਨਾਲ ਵਿਦੇਸ਼ ਜਾਣ ਲਈ ਸਹੀ ਢੰਗ ਨਾਲ ਵੀਜ਼ਾ ਨਹੀਂ ਲੈ ਪਾਉਂਦੇ, ਉਹ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਲਈ ਏਜੰਟਾਂ ਨਾਲ ਰਾਬਤਾ ਕਾਇਮ ਕਰਦੇ ਹਨ ਅਤੇ ਏਜੰਟਾਂ ਦੀਆਂ ਮਿੱਠੀਆਂ ਗੱਲਾਂ ਵਿਚ ਆ ਕੇ ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿਚ ਪਾਉਂਦੇ ਹਨ। ਲਗਪਗ ਰੋਜ਼ ਹੀ ਅਖ਼ਬਾਰਾਂ ਦੇ ਵਿਚ ਏਜੰਟਾਂ ਵਲੋਂ ਨੌਜਵਾਨਾਂ ਨਾਲ ਠੱਗੀ ਮਾਰਨ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ, ਜਿਸ ਵਿਚ ਨੌਜਵਾਨਾਂ ਵਲੋਂ ਦੱਸਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਏਜੰਟ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿਚ ਪਾਇਆ ਹੈ। ਬਿਨਾਂ ਸ਼ੱਕ ਹਰ ਨੌਜਵਾਨ ਨੂੰ ਆਪਣੇ ਸੁਪਨੇ ਪੂਰੇ ਕਰਨ ਦਾ ਅਧਿਕਾਰ ਹੈ ਅਤੇ ਜਾਇਜ਼ ਢੰਗ ਨਾਲ ਵਿਦੇਸ਼ ਜਾਣ ਵਿਚ ਕੋਈ ਵੀ ਨੁਕਸਾਨ ਨਹੀਂ ਹੈ। ਪਰ ਕਿਸੇ ਵੀ ਹਾਲਤ ਵਿਚ ਸਾਨੂੰ ਨਾਜਾਇਜ਼ ਤਰੀਕੇ ਨਾਲ ਵਿਦੇਸ਼ ਨਹੀਂ ਜਾਣਾ ਚਾਹੀਦਾ। ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾ ਕੇ ਅਸੀਂ ਜਿਥੇ ਆਪਣੇ ਮਾਪਿਆਂ ਦੀ ਖ਼ੂਨ ਪਸੀਨੇ ਦੀ ਕਮਾਈ ਨੂੰ ਖ਼ਰਾਬ ਕਰਦੇ ਹਾਂ, ਉਥੇ ਹੀ ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿਚ ਵੀ ਪਾਉਂਦੇ ਹਾਂ।


-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।


ਪੰਚਾਇਤੀ ਚੋਣਾਂ
ਪੰਜਾਬ ਵਿਚ ਪੰਚਾਇਤੀ ਚੋਣਾਂ ਦਾ ਐਲਾਨ ਹੋਣ ਦੇ ਨਾਲ ਹੀ ਕੜਾਕੇ ਦੀ ਠੰਢ ਵਿਚ ਪਿੰਡਾਂ ਵਿਚਲੀ ਸਿਆਸਤ ਗਰਮਾਉਣੀ ਸ਼ੁਰੂ ਹੋ ਗਈ ਹੈ। ਪੰਚੀ-ਸਰਪੰਚੀ ਦੇ ਦਾਅਵੇਦਾਰਾਂ ਵਲੋਂ ਵੋਟਰਾਂ ਨੂੰ ਆਪਣੇ ਹੱਕ ਵਿਚ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ। ਕਈ ਥਾਈਂ ਇਹ ਚੋਣਾਂ ਸਰਬਸੰਮਤੀ ਨਾਲ ਜਿਥੇ ਨੇਪਰੇ ਚਾੜ੍ਹਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉਥੇ ਕਈ ਥਾਈਂ ਉਮੀਦਵਾਰਾਂ ਵਿਚ ਸਖ਼ਤ ਮੁਕਾਬਲੇ ਹੋਣ ਕਾਰਨ ਉਨ੍ਹਾਂ ਦੇ ਘਰ ਰੋਜ਼ਾਨਾ ਸ਼ਾਮ ਨੂੰ ਪਿਆਕੜਾਂ ਵਲੋਂ ਕੱਚ ਦੀਆਂ ਗਿਲਾਸੀਆਂ ਖੜਕਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਹੁਣ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਸਾਨੂੰ ਸਭ ਨੂੰ 5 ਸਾਲ ਬਾਅਦ ਇਕ ਵਾਰ ਫਿਰ ਸਰਪੰਚ ਦੇ ਰੂਪ ਵਿਚ ਆਪਣੇ ਪਿੰਡ ਦਾ ਮੁਖੀ ਚੁਣਨ ਦਾ ਮੌਕਾ ਮਿਲਿਆ ਹੈ। ਸੋ, ਸਾਨੂੰ ਸਭ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੜ੍ਹੇ-ਲਿਖੇ ਅਤੇ ਸਮਝਦਾਰ ਪੰਚਾਂ-ਸਰਪੰਚਾਂ ਦੀ ਹਮਾਇਤ ਕਰਨੀ ਚਾਹੀਦੀ ਹੈ, ਤਾਂ ਜੋ ਸਾਡੇ ਪਿੰਡਾਂ ਅਤੇ ਸੂਬੇ ਦਾ ਖੂਬ ਵਿਕਾਸ ਹੋ ਸਕੇ।


-ਰਾਜਾ ਗਿੱਲ, ਚੜਿੱਕ (ਮੋਗਾ)।


ਕਿਸਾਨਾਂ ਨਾਲ ਧੱਕੇਸ਼ਾਹੀ
ਇਕ ਪਾਸੇ ਸਰਕਾਰਾਂ ਕਿਸਾਨ ਨੂੰ ਅੰਨ ਦੇਵਤਾ ਕਹਿ ਰਹੀਆਂ ਹਨ ਪਰ ਦੂਸਰੇ ਪਾਸੇ ਕਿਸਾਨ ਦੀ ਕਿੰਨੀ ਬੇਕਦਰੀ ਹੋ ਰਹੀ ਹੈ। ਪਹਿਲਾਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਵਿਖੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਪਰ ਉਥੇ ਵੀ ਕੇਂਦਰ ਸਰਕਾਰ ਨੇ ਕਿਸਾਨ ਨੂੰ ਕੋਈ ਹੱਥ-ਪੱਲਾ ਨਹੀਂ ਫੜਾਇਆ। ਹੁਣ ਕਿਸਾਨ ਗੰਨੇ ਦੀ ਸਮੱਸਿਆ ਨਾਲ ਉਲਝ ਰਿਹਾ ਹੈ। ਮੁਲਾਜ਼ਮ ਨੂੰ ਇਕ ਮਹੀਨਾ ਤਨਖਾਹ ਨਾ ਮਿਲੇ ਤਾਂ ਉਹ ਕਿਵੇਂ ਦੁਖੀ ਹੁੰਦਾ ਹੈ। ਜਿਥੇ ਕਿਸਾਨ ਦਾ ਸਾਰਾ ਦਾਰੋਮਦਾਰ ਹੀ ਖੇਤੀ 'ਤੇ ਹੈ ਤੇ ਫਿਰ ਜੇਕਰ ਉਸ ਦੀ ਮਿਹਨਤ ਦਾ ਮੁੱਲ ਵਕਤ ਸਿਰ ਨਾ ਮਿਲੇ ਤਾਂ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ। ਸਰਕਾਰ ਪੰਜਾਬ ਦੇ ਸਾਰੇ ਮਸਲੇ ਫੌਰਨ ਹੱਲ ਕਰੇ ਤੇ ਆਪ ਵੀ ਚੈਨ ਨਾਲ ਸਰਕਾਰ ਚਲਾਵੇ ਤੇ ਪੰਜਾਬ ਦੇ ਲੋਕ ਵੀ ਚੈਨ ਦੀ ਜ਼ਿੰਦਗੀ ਜੀਅ ਸਕਣ।


-ਹਰਜਿੰਦਰਪਾਲ ਸਿੰਘ ਬਾਜਵਾ
ਵਿਜੇ ਨਗਰ, ਹੁਸ਼ਿਆਰਪੁਰ।


ਅਧਿਆਪਕ ਦਾ ਸਨਮਾਨ
ਪਿਛਲੇ ਕੁਝ ਸਮੇਂ ਤੋਂ ਸਾਡੀ ਕੌਮ ਦਾ ਨਿਰਮਾਤਾ ਹੀ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਿਹਾ ਹੈ। ਅਧਿਆਪਕਾਂ ਨਾਲ ਅਨਿਆਂ ਹੁੰਦਾ ਵੇਖ ਕੇ ਬਹੁਤ ਸਾਰੀਆਂ ਮੁਲਾਜ਼ਮ, ਵਿਦਿਆਰਥੀ, ਸਮਾਜ ਸੇਵੀ, ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਅਧਿਆਪਕ ਵਰਗ ਦੇ ਹੱਕ ਵਿਚ ਉੱਤਰ ਆਈਆਂ। ਭਾਵੇਂ ਸਰਕਾਰ ਨੇ ਅਧਿਆਪਕਾਂ ਪ੍ਰਤੀ ਅਜੇ ਤੱਕ ਹਾਂ-ਪੱਖੀ ਵਤੀਰਾ ਨਹੀਂ ਅਪਣਾਇਆ ਅਤੇ ਜਥੇਬੰਦੀਆਂ ਨਾਲ ਬੈਠ ਕੇ ਗੱਲਬਾਤ ਕਰਨ ਤੋਂ ਵੀ ਭੱਜਦੀ ਨਜ਼ਰ ਆਈ ਹੈ ਪਰ ਅਧਿਆਪਕਾਂ ਨੂੰ ਸਮਕਾਲੀ ਸਮਾਜ ਵਲੋਂ ਜੋ ਭਾਰੀ ਹਮਾਇਤ ਪ੍ਰਾਪਤ ਹੋਈ ਹੈ, ਉਹ ਹਰ ਅਧਿਆਪਕ ਲਈ ਮਾਣ ਵਾਲੀ ਗੱਲ ਹੈ। ਦੂਜੇ ਪਾਸੇ ਕੁਝ ਲੋਕ ਸੋਸ਼ਲ ਮੀਡੀਆ ਰਾਹੀਂ ਅਧਿਆਪਕ ਵਰਗ ਲਈ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਕੇ ਹਰ ਇਕ ਅਧਿਆਪਕ ਨੂੰ ਕਟਹਿਰੇ ਵਿਚ ਖੜ੍ਹਾ ਕਰ ਰਹੇ ਹਨ। ਕਣਕ ਵਿਚੋਂ ਕਾਂਗਿਆਰੀ ਖ਼ਤਮ ਕਰਨ ਲਈ ਸੁਨਹਿਰੀ ਦਾਣਿਆਂ ਨੂੰ ਵੀ ਝਾੜ ਨਹੀਂ ਦਿੱਤਾ ਜਾਂਦਾ। ਜਿਸ ਅਧਿਆਪਕ ਸਿਰ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਨਾਲ-ਨਾਲ ਉਨ੍ਹਾਂ ਅੰਦਰ ਨੈਤਿਕ ਕਦਰਾਂ-ਕੀਮਤਾਂ ਪੈਦਾ ਕਰਨ ਦੀ ਜ਼ਿੰਮੇਵਾਰੀ ਮਿਲੀ ਹੈ, ਉਸ ਲਈ ਸਮਾਜ ਤੋਂ ਮਿਲਣ ਵਾਲਾ ਮਾਣ-ਸਨਮਾਨ ਉਸ ਦੀਆਂ ਕੋਸ਼ਿਸ਼ਾਂ ਨੂੰ ਉਡਾਣ ਦੇ ਸਕਦਾ ਹੈ।


-ਗੁਰਦੀਪ ਸਿੰਘ
ਕੋਟਲੀ ਅਬਲੂ।

25-12-2018

 ਕਦੋਂ ਮਿਲੇਗੀ ਵਾਜਬ ਕੀਮਤ
ਅਜੋਕੇ ਸਮੇਂ ਦੇਸ਼ ਦਾ ਅੰਨਦਾਤਾ ਕਹਿਲਾਉਣ ਵਾਲਾ ਕਿਸਾਨ ਆਪਣੀ ਉਪਜ ਦੀ ਨਕਦ ਵਾਜਬ ਕੀਮਤ ਲੈਣ ਵਾਸਤੇ ਸੰਘਰਸ਼ ਦੇ ਰਾਹ ਪਿਆ ਹੋਇਆ ਹੈ। ਅਨੇਕਾਂ ਮੁਸ਼ਕਿਲਾਂ ਝਲਦੇ ਹੋਏ, ਤਿਆਰ ਆਪਣੀ ਫ਼ਸਲ ਨੂੰ ਜਦੋਂ ਮੰਡੀ ਜਾਂ ਗੰਨਾ ਮਿੱਲ ਵਿਚ ਲੈ ਕੇ ਜਾਂਦਾ ਹੈ ਤਾਂ ਉਥੇ ਉਸ ਦੀ ਉਪਜ ਦਾ ਨਾ ਤਾਂ ਵਾਜਬ ਮੁੱਲ ਮਿਲਦਾ ਹੈ ਅਤੇ ਨਾ ਹੀ ਨਕਦ ਪੈਸੇ। ਅਜਿਹੇ ਹਾਲਾਤ ਵਿਚ ਅੰਨਦਾਤੇ ਦਾ ਦੁਖੀ ਅਤੇ ਪ੍ਰੇਸ਼ਾਨ ਹੋਣਾ ਸੁਭਾਵਿਕ ਹੀ ਹੈ। ਕਈ ਵਾਰ ਕੁਦਰਤੀ ਕਰੋਪੀ ਕਾਰਨ ਵੀ ਕਿਸਾਨ ਦੀ ਫ਼ਸਲ ਬਰਬਾਦ ਹੋ ਜਾਂਦੀ ਹੈ, ਇਸ ਤਰ੍ਹਾਂ ਕਿਸਾਨ ਦੋਹਰੀ ਮਾਰ ਦਾ ਸ਼ਿਕਾਰ ਹੁੰਦਾ ਹੈ। ਜਦੋਂ ਕਿਸਾਨ ਦੀ ਉਪਜ ਦਾ ਸਹੀ ਮੁੱਲ ਨਾ ਮਿਲੇ ਅਤੇ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਣਾ ਪਵੇ ਤਾਂ ਉਸ ਸਮੇਂ ਜੋ ਕਿਸਾਨ ਦੇ ਦਿਲ 'ਤੇ ਬੀਤਦੀ ਹੈ, ਉਹ ਕੇਵਲ ਉਹੀ ਜਾਣ ਸਕਦਾ ਹੈ। ਕੀ ਸਮੇਂ ਦੀਆਂ ਸਰਕਾਰਾਂ ਅੰਨਦਾਤੇ ਦੀ ਮੰਦਹਾਲੀ ਵੱਲ ਕੋਈ ਉਚੇਚਾ ਧਿਆਨ ਦੇਣਗੀਆਂ? ਅਜਿਹਾ ਕਰਨਾ ਸਮੇਂ ਦੀ ਮੰਗ ਹੀ ਨਹੀਂ, ਸਗੋਂ ਵੱਡੀ ਲੋੜ ਵੀ ਹੈ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ (ਹੁਸ਼ਿਆਰਪੁਰ)।

ਅਖ਼ਬਾਰਾਂ ਲਈ ਨੁਕਸਾਨਦੇਹ
ਅਖ਼ਬਾਰ ਅੱਜ ਦੇ ਜ਼ਮਾਨੇ ਲਈ ਚਮਕਦਾ ਸੂਰਜ ਹੁੰਦੇ ਹਨ, ਜਿਸ ਦੀ ਉਡੀਕ ਹਰ ਨਵੀਂ ਸਵੇਰ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਆਮ ਪਾਠਕਾਂ ਨੂੰ ਚਿੱਟੇ ਦੇ ਨਸ਼ੇ ਤੋਂ ਵੀ ਵੱਧ ਪੜ੍ਹਨ ਦੀ ਲੱਗੀ ਰਹਿੰਦੀ ਹੈ। ਅਖ਼ਬਾਰਾਂ ਦੇ ਸੰਪਾਦਕ ਅਤੇ ਪ੍ਰਬੰਧਕਾਂ ਵਲੋਂ ਠੀਕ ਚਾਰ ਵਜੇ ਤੋਂ ਪਹਿਲਾਂ ਸ਼ਹਿਰਾਂ ਦੇ ਅਖ਼ਬਾਰ ਏਜੰਟਾਂ ਕੋਲ ਪਹੁੰਚਾ ਦਿੱਤੇ ਜਾਂਦੇ ਹਨ। ਪਰ ਕਈ ਏਜੰਟਾਂ ਵਲੋਂ ਹਰੇਕ ਅਖ਼ਬਾਰ ਵਿਚ ਬਿਮਾਰੀਆਂ, ਡਾਕਟਰਾਂ ਅਤੇ ਤਾਂਤਰਿਕਾਂ, ਜੋਤਸ਼ੀਆਂ ਵਲੋਂ ਵੱਡੀ ਗਿਣਤੀ ਵਿਚ ਇਸ਼ਤਿਹਾਰ ਪਾ ਦਿੱਤੇ ਜਾਂਦੇ ਹਨ। ਜਿਨ੍ਹਾਂ ਨੂੰ ਪਾਉਣ ਲਈ ਤਕਰੀਬਨ ਇਕ ਘੰਟਾ ਲੱਗ ਜਾਂਦਾ ਹੈ। ਪਿੰਡਾਂ ਨੂੰ ਇਹ ਅਖ਼ਬਾਰ ਹਾਕਰਾਂ ਕੋਲ ਬਹੁਤ ਦੇਰੀ ਨਾਲ ਪਹੁੰਚਦੇ ਹਨ, ਜਿਥੇ ਅਖ਼ਬਾਰਾਂ ਵਿਚ ਇਸ਼ਤਿਹਾਰ ਪਾਉਣੇ ਗ਼ੈਰ-ਕਾਨੂੰਨੀ ਹਨ, ਉਥੇ ਅਖ਼ਬਾਰਾਂ ਦੀ ਆਮਦਨੀ ਲਈ ਵੀ ਨੁਕਸਾਨਦੇਹ ਹਨ। ਇਸ਼ਤਿਹਾਰ ਸਿਰਫ਼ ਅਖ਼ਬਾਰ ਵਿਚ ਹੀ ਛਪਣੇ ਚਾਹੀਦੇ ਹਨ। ਜਦ ਪਾਠਕ ਅਖ਼ਬਾਰ ਪੜ੍ਹਨ ਲਈ ਚੁੱਕਦੇ ਹਨ ਤਾਂ 8-10 ਇਸ਼ਤਿਹਾਰ ਇਧਰ-ਉਧਰ ਬਿਖਰ ਜਾਂਦੇ ਹਨ ਤੇ ਅਖ਼ਬਾਰ ਪੜ੍ਹਨ ਵਿਚ ਵਿਘਨ ਪੈ ਜਾਂਦਾ ਹੈ। ਸੋ, ਅਖ਼ਬਾਰਾਂ ਦੇ ਏਜੰਟਾਂ ਨੂੰ ਅਖ਼ਬਾਰ ਵਿਚ ਇਸ਼ਤਿਹਾਰ ਖ਼ਾਸ ਕਰਕੇ ਤਾਂਤਰਿਕਾਂ ਵਲੋਂ ਅੰਧਵਿਸ਼ਵਾਸ ਫੈਲਾਉਣ ਵਾਲੇ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਤਾਂ ਕਿ ਅਖ਼ਬਾਰਾਂ ਦੀ ਹਰਮਨ-ਪਿਆਰਤਾ ਬਣੀ ਰਹੇ।

-ਸਰਵਨ ਸਿੰਘ ਪਤੰਗ
ਪਿੰਡ ਮਾਣੂੰਕੇ, ਮੋਗਾ।

ਵਿਗਿਆਨ ਤੇ ਰਿਸ਼ਤੇ
ਅੱਜ ਤੋਂ 15 ਕੁ ਸਾਲ ਪਹਿਲਾਂ ਜਦੋਂ ਵਿਗਿਆਨ ਦਾ ਦਿੱਤਾ ਹੋਇਆ ਮੋਬਾਈਲ ਯੰਤਰ ਜ਼ਿਆਦਾ ਨਹੀਂ ਸੀ ਉਪਲਬਧ ਹੋਇਆ, ਉਦੋਂ ਸਾਡੇ ਰਿਸ਼ਤਿਆਂ ਵਿਚ ਬਹੁਮੁੱਲਾ ਨਿੱਘ ਸੀ। ਸਾਰੇ ਰਿਸ਼ਤੇ ਨਾਤੇ ਤੇ ਪਿਆਰ ਭਰੇ ਸੁਨੇਹੇ ਚਿੱਠੀ ਪੱਤਰ ਰਾਹੀਂ ਸਭ ਤੱਕ ਪਹੁੰਚਦੇ ਕੀਤੇ ਜਾਂਦੇ ਸਨ। ਇਨ੍ਹਾਂ ਪਿਆਰ ਭਰੇ ਸੁਨੇਹਿਆਂ ਨੂੰ ਪੜ੍ਹ-ਸੁਣ ਕੇ ਸਵੀਕਾਰ ਕੀਤਾ ਜਾਂਦਾ ਸੀ, ਭੇਜੇ ਹੋਏ ਜਾਂ ਪਹੁੰਚੇ ਹੋਏ ਸੁਨੇਹੇ ਪੱਤਰ ਦਾ ਜਵਾਬ ਲੈਣ-ਦੇਣ ਦੀ ਉਤਸੁਕਤਾ ਰਹਿੰਦੀ ਸੀ। ਅਜਿਹਾ ਕਰਨ ਨਾਲ ਆਪਣੀ ਮਾਣ-ਮੱਤੇ ਇਤਿਹਾਸ ਤੇ ਮਾਂ-ਬੋਲੀ ਨਾਲ ਸਨੇਹ ਬਣਿਆ ਹੋਇਆ ਸੀ। ਇਹ ਸਾਡੀ ਬੋਲੀ ਸਾਡੇ ਲਈ ਉੱਤਮ ਰਿਸ਼ਤਾ ਸੀ, ਪਰ ਹੁਣ ਜਦੋਂ ਦਾ ਮੋਬਾਈਲ ਸੈੱਲ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਆਇਆ ਹੈ ਤਾਂ ਸਾਰੇ ਰਿਸ਼ਤਿਆਂ ਦੀਆਂ ਕਦਰਾਂ-ਕੀਮਤਾਂ ਘਟਣੀਆਂ ਸ਼ੁਰੂ ਹੋ ਗਈਆਂ ਹਨ। ਇਹ ਵਿਗਿਆਨ ਦੀ ਤਰੱਕੀ ਸਾਡੇ ਕਾਰੋਬਾਰਾਂ ਜਾਂ ਹੋਰ ਗੱਲਾਂਬਾਤਾਂ ਲਈ ਸਹੀ ਹੈ ਪਰ ਸਾਡੇ ਪਰਿਵਾਰਕ ਰਿਸ਼ਤਿਆਂ ਨੂੰ ਫਿੱਕੇ ਪਾਉਂਦੀ ਨਜ਼ਰ ਆ ਰਹੀ ਹੈ। ਆਓ, ਇਸ ਵਿਗਿਆਨ ਦੇ ਯੰਤਰ ਦੀ ਥੋੜ੍ਹੀ ਦੁਰਵਰਤੋਂ ਘਟਾਉਂਦੇ ਹੋਏ ਆਪਣੇ ਰਿਸ਼ਤਿਆਂ ਨਾਤਿਆਂ ਦਾ ਨਿੱਘ ਮਾਣੀਏ।

-ਸੁਖਚੈਨ ਸਿੰਘ ਠੱਠੀ ਭਾਈ, ਦੁਬਈ।

ਪੰਜਾਬੀ ਵਿਰੋਧੀ ਫ਼ੈਸਲੇ
ਪਿਛਲੇ ਦਿਨੀਂ ਡਾ: ਲਖਵਿੰਦਰ ਸਿੰਘ ਜੌਹਲ ਦਾ ਲੇਖ 'ਪੰਜਾਬੀ ਦੀ ਪੜ੍ਹਾਈ ਲਈ ਘਾਤਕ ਹੋਵੇਗਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਫ਼ੈਸਲਾ' ਪੜ੍ਹਿਆ। ਲੇਖ ਪੜ੍ਹਨ ਤੋਂ ਬਾਅਦ ਬੜਾ ਦੁੱਖ ਹੋਇਆ ਕਿ ਜਿਸ ਯੂਨੀਵਰਸਿਟੀ ਨੇ ਪੰਜਾਬੀ ਮਾਂ-ਬੋਲੀ ਅਤੇ ਇਸ ਦੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀ ਸੰਭਾਲ ਕਰਨੀ ਹੈ, ਉਸ ਵਲੋਂ ਹੀ 15 ਅਕਤੂਬਰ, 2018 ਦੀ ਸਿੰਡੀਕੇਟ ਦੀ ਮੀਟਿੰਗ ਵਿਚ ਪਾਸ ਕੀਤਾ ਗਿਆ ਪੰਜਾਬੀ ਵਿਰੋਧੀ ਨੋਟੀਫਿਕੇਸ਼ਨ ਪੰਜਾਬੀ ਦੀ ਪੜ੍ਹਾਈ ਉੱਤੇ ਕੀਤਾ ਗਿਆ ਦੂਸਰਾ ਹਮਲਾ ਹੈ। ਇਸ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਦੇ ਵਸਨੀਕ ਅਤੇ ਗ਼ੈਰ-ਵਸਨੀਕ ਜਿਨ੍ਹਾਂ ਨੇ ਦਸਵੀਂ ਤੱਕ ਪੰਜਾਬੀ ਨਹੀਂ ਪੜ੍ਹੀ, ਮੁਢਲੀ ਪੰਜਾਬੀ ਜਾਂ ਪੰਜਾਬ ਇਤਿਹਾਸ ਅਤੇ ਸੱਭਿਆਚਾਰ ਪੜ੍ਹ ਸਕਦੇ ਹਨ। ਇਸ ਦਾ ਮਤਲਬ ਸਾਫ਼ ਹੈ ਕਿ ਹੁਣ ਸਕੂਲਾਂ ਵਿਚ ਦਸਵੀਂ ਤੱਕ ਪੰਜਾਬੀ ਭਾਸ਼ਾ ਪੜ੍ਹਨੀ ਜ਼ਰੂਰੀ ਨਹੀਂ। ਇਹੋ ਹਾਲ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਹੈ ਜਿਸ ਦੇ ਵੱਡੇ ਅਹੁਦਿਆਂ 'ਤੇ ਬੈਠੇ ਅਧਿਕਾਰੀ ਪੰਜਾਬੀ ਭਾਸ਼ਾ, ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਨੂੰ ਕੱਟਣ-ਵੱਢਣ ਵਿਚ ਕੋਈ ਕਸਰ ਨਹੀਂ ਛੱਡ ਰਹੇ। ਇਹ ਸਭ ਕੁਝ ਅਗਿਆਨਤਾ ਵੱਸ ਹੋ ਰਿਹਾ ਹੈ ਜਾਂ ਫਿਰ ਪੰਜਾਬ ਅਤੇ ਪੰਜਾਬੀ ਵਿਰੋਧੀ ਕੁਝ ਤਾਕਤਾਂ ਕਰਵਾ ਰਹੀਆਂ ਹਨ, ਜਿਨ੍ਹਾਂ ਦੇ ਚਿਹਰੇ ਨੰਗੇ ਕਰਨ ਲਈ ਪੰਜਾਬੀਆਂ ਨੂੰ ਹੁਣ ਬਿਨਾਂ ਦੇਰੀ ਸੁਚੇਤ ਹੋਣਾ ਪਵੇਗਾ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਓਬੋਕੇ, ਤਰਨ ਤਾਰਨ ਸਾਹਿਬ

ਵਹਿਮ ਭਰਮ
ਅਜੋਕੇ ਸਮੇਂ ਵਿਚ ਵਿਗਿਆਨ, ਗਿਆਨ-ਧਿਆਨ ਤੇ ਸੱਭਿਅਤਾ ਦੀ ਉੱਨਤੀ ਤੇ ਵਿਕਾਸ ਦੇ ਨਾਲ-ਨਾਲ ਵਹਿਮਾਂ-ਭਰਮਾਂ ਵਿਚ ਵੀ ਕਾਫੀ ਵਾਧਾ ਤੇ ਵਿਕਾਸ ਹੋਇਆ ਹੈ। ਸਮਾਜ ਵਿਚ ਕਾਲਾ ਇਲਮ, ਜੋਤਿਸ਼ ਵਿੱਦਿਆ ਤੇ ਠੱਗ, ਨਕਲੀ ਬਾਬਿਆਂ ਵਿਚ ਲੋੜ ਤੋਂ ਜ਼ਿਆਦਾ ਵਿਸ਼ਵਾਸ ਵਧਿਆ ਹੈ, ਉਥੇ ਹੀ ਦਿਨਾਂ, ਤਿਉਹਾਰਾਂ, ਛਿੱਕਾਂ, ਬਿੱਲੀ ਜਾਂ ਕੁੱਤੇ ਦੇ ਰਸਤਾ ਕੱਟਣ, ਘਰੋਂ ਦਹੀਂ ਖਾ ਕੇ ਜਾਣਾ ਆਦਿ ਸਬੰਧੀ ਵਹਿਮਾਂ-ਭਰਮਾਂ ਦਾ ਪਸਾਰਾ ਵੀ ਅਜੇ ਤੱਕ ਕਾਇਮ ਹੈ। ਪ੍ਰਸ਼ਨ ਇਹ ਉੱਠਦਾ ਹੈ ਕਿ ਕੀ ਵਹਿਮਾਂ-ਭਰਮਾਂ ਵਿਚ ਸੱਚਾਈ ਹੁੰਦੀ ਹੈ ਜਾਂ ਵਿਗਿਆਨ ਦੀ ਤਰੱਕੀ ਵਿਚ ਕਮੀ ਹੈ। ਮੇਰੀ ਸੋਚ ਅਨੁਸਾਰ ਅੱਜ ਦੀ ਦੁਨੀਆ ਜ਼ਿੰਦਗੀ ਦੀਆਂ ਉਲਝਣਾਂ, ਸੋਚਾਂ, ਵਿਗਿਆਨ ਤੇ ਵਹਿਮਾਂ-ਭਰਮਾਂ ਦੇ ਚੌਰਾਹੇ ਵਿਚ ਆ ਖੜ੍ਹੀ ਹੋਈ ਹੈ। ਜਿਨ੍ਹਾਂ ਨੂੰ ਅਸੀਂ ਵਹਿਮ-ਭਰਮ ਆਖਦੇ ਹਾਂ, ਦਰਅਸਲ ਸਿਆਣਿਆਂ ਨੇ ਮਨ ਨੂੰ ਸਥਿਰਤਾ ਤੇ ਸਮਾਜ ਨੂੰ ਕੁਝ ਨਿਯਮਾਂ ਵਿਚ ਬੰਨ੍ਹਣ ਲਈ ਬਣਾਏ ਸਨ। ਵਿਗਿਆਨ ਅਤੇ ਖੋਜਾਂ ਵੀ ਅਜੇ ਸੰਪੂਰਨ ਜ਼ਿੰਦਗੀ ਦੇ ਸਾਰੇ ਪੱਖਾਂ 'ਤੇ ਕੇਂਦਰਿਤ ਨਹੀਂ ਹਨ ਅਤੇ ਸਮੱਸਿਆਵਾਂ ਦੇ ਅਨੁਸਾਰ ਅਧੂਰੀਆਂ ਖੋਜਾਂ ਹਨ। ਸਮਾਜ ਆਪਣੇ-ਆਪ ਦਾ ਸਹੀ ਮੁੱਲ-ਅੰਕਣ ਕਰਨ ਵਿਚ ਅਜੇ ਸਫਲ ਨਹੀਂ ਹੋਇਆ, ਕਿਉਂਕਿ ਕੁਦਰਤ ਦੇ ਵਿਸ਼ਾਲ ਭੇਦਾਂ ਸਾਹਮਣੇ ਵਿਗਿਆਨ ਦੀ ਅਜੇ ਸ਼ੁਰੂਆਤ ਹੀ ਹੋਈ ਹੈ।

-ਕੁਲਵਿੰਦਰ ਸਿੰਘ
ਪਿੰਡ ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ।

24-12-2018

 ਪੰਚਾਇਤੀ ਚੋਣਾਂ
ਪੰਜਾਬ ਵਿਚ ਪੰਚਾਇਤੀ ਚੋਣਾਂ ਨੇ ਜ਼ੋਰ ਫੜ ਲਿਆ ਹੈ ਅਤੇ 30 ਦਸੰਬਰ ਨੂੰ ਵੋਟਾਂ ਪੈਣ ਤੋਂ ਬਾਅਦ ਪੰਚਾਂ ਅਤੇ ਸਰਪੰਚਾਂ ਦੀ ਕਿਸਮਤ ਦਾ ਫ਼ੈਸਲਾ ਆ ਜਾਵੇਗਾ। ਪਿੰਡਾਂ ਦੇ ਲੋਕਾਂ ਵਿਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਨਿੰਦਣਯੋਗ ਹੈ ਪਿਛਲੇ ਚੁਣੇ ਗਏ ਸਰਪੰਚਾਂ ਨੂੰ ਉਨ੍ਹਾਂ ਦਾ ਬਣਦਾ ਭੱਤਾ ਹੀ ਨਹੀਂ ਦਿੱਤਾ ਗਿਆ। ਸਰਪੰਚਾਂ ਦਾ ਬਣਦਾ ਭੱਤਾ ਨਾ ਦੇਣਾ ਪੰਚਾਇਤਾਂ ਨਾਲ ਇਕ ਕੋਝਾ ਮਜ਼ਾਕ ਹੈ। ਦੂਸਰਾ ਪਿੰਡਾਂ ਨੂੰ ਦਿੱਤੀਆਂ ਜਾਣ ਵਾਲੀਆਂ ਗਰਾਂਟਾਂ ਬਿਨਾਂ ਭੇਦਭਾਵ ਦੇ ਪਾਰਟੀ ਪੱਧਰ ਤੋਂ ਉੱਪਰ ਉਠ ਕੇ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਕਿ ਸਾਰੇ ਪਿੰਡਾਂ ਦਾ ਵਿਕਾਸ ਹੋ ਸਕੇ। ਬੇਸ਼ੱਕ ਔਰਤਾਂ ਨੂੰ ਰਾਖਵਾਂਕਰਨ ਦਿੱਤਾ ਗਿਆ ਹੈ ਪਰ ਅਜੇ ਵੀ ਔਰਤਾਂ ਲੋਕਾਂ ਦੇ ਕੰਮਕਾਰ ਕਰਾਉਣ ਲਈ ਆਪਣੇ ਪਤੀਆਂ ਨੂੰ ਨਾਲ ਲੈ ਕੇ ਜਾਂਦੀਆਂ ਹਨ। ਔਰਤਾਂ ਨੂੰ ਅੱਗੇ ਆਉਣ ਲਈ ਆਤਮ-ਵਿਸ਼ਵਾਸ ਦੀ ਲੋੜ ਹੈ ਅਤੇ ਪੜ੍ਹਿਆ-ਲਿਖਿਆ ਹੋਣਾ ਜ਼ਰੂਰੀ ਹੈ। ਔਰਤਾਂ ਨੂੰ ਚੰਗਾ ਬੁਲਾਰਾ ਵੀ ਬਣਨ ਦੀ ਲੋੜ ਹੈ।


-ਸਮਿਤਰ ਸਿੰਘ ਦੋਸਤ
142, ਝੂੰਗੀਆਂ ਰੋਡ, ਸੈਕਟਰ-1, ਦਸਮੇਸ਼ ਨਗਰ, ਖਰੜ।


ਵਿਦੇਸ਼ ਪ੍ਰਵਾਸ ਤੇ ਬੇਰੁਜ਼ਗਾਰੀ
ਦੇਸ਼ ਨੇ ਸਾਰੇ ਖੇਤਰਾਂ ਵਿਚ ਬਹੁਤ ਤਰੱਕੀ ਕੀਤੀ ਹੈ ਪਰ ਅਜੋਕੇ ਸਮੇਂ ਡਾਕਟਰਾਂ, ਇੰਜੀਨੀਅਰਾਂ ਅਤੇ ਹੋਰ ਵਿਦਵਾਨ ਲੋਕਾਂ ਦਾ ਵਿਦੇਸ਼ਾਂ ਵਿਚ ਵੱਡੇ ਪੱਧਰ 'ਤੇ ਪ੍ਰਵਾਸ ਕਰਨਾ ਚਿੰਤਾ ਦਾ ਵਿਸ਼ਾ ਹੈ। ਇਹ ਲੋਕ ਦੇਸ਼ ਦੀ ਹੋਰ ਤਰੱਕੀ ਵਿਚ ਵੱਡਾ ਹਿੱਸਾ ਪਾ ਸਕਦੇ ਹਨ, ਜੇ ਇਨ੍ਹਾਂ ਨੂੰ ਇਥੇ ਇਨ੍ਹਾਂ ਦੀ ਯੋਗਤਾ ਮੁਤਾਬਿਕ ਮੌਕੇ ਮਿਲਣ ਇਨ੍ਹਾਂ ਦੇ ਵਿਦੇਸ਼ ਪ੍ਰਵਾਸ ਨਾਲ ਦੇਸ਼ ਦਾ ਸਰਮਾਇਆ ਬਾਹਰ ਜਾ ਰਿਹਾ ਹੈ ਪਰ ਰਾਜਨੀਤਕ ਪਾਰਟੀਆਂ ਤੇ ਸਰਕਾਰਾਂ ਇਕ-ਦੂਸਰੇ 'ਤੇ ਚਿੱਕੜ ਸੁੱਟਣ ਤੇ ਤਾਕਤ ਹਾਸਲ ਕਰਨ 'ਤੇ ਹੀ ਬਹੁਤਾ ਕੀਮਤੀ ਸਮਾਂ ਗਵਾਉਂਦੀਆਂ ਹਨ।
ਲੰਮੇ ਸਮੇਂ ਬਾਅਦ ਸੰਘਰਸ਼ਾਂ ਤੇ ਜੱਦੋ-ਜਹਿਦ ਬਾਅਦ ਦੇਸ਼ ਬਾਹਰਲੇ ਦੇਸ਼ਾਂ ਦੇ ਸਾਮਰਾਜ ਤੋਂ ਆਜ਼ਾਦ ਹੋਇਆ ਸੀ। ਅੱਜ ਰਾਜਨੇਤਾ ਉਨ੍ਹਾਂ ਸ਼ਹੀਦਾਂ ਦੇ ਪੂਰਨਿਆਂ 'ਤੇ ਕਿੰਨੇ ਕੁ ਚੱਲ ਰਹੇ ਹਨ? ਸਰਕਾਰਾਂ ਵਲੋਂ ਨੌਜਵਾਨਾਂ ਲਈ ਰੁਜ਼ਗਾਰ ਦੇ ਹੋਰ ਮੌਕੇ ਵੱਧ ਤੋਂ ਵੱਧ ਪੈਦਾ ਕੀਤੇ ਜਾਣ ਤਾਂ ਜੋ ਨੌਜਵਾਨਾਂ ਨੂੰ ਆਪਣੇ ਦੇਸ਼ ਵਿਚ ਰੁਜ਼ਗਾਰ ਦੇ ਵਧੇਰੇ ਮੌਕੇ ਮਿਲ ਸਕਣ।


-ਪ੍ਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿਸੀਲ ਪਟਿਆਲਾ।


ਧਰਨੇ ਤੇ ਗੰਦਗੀ
ਵੱਖ-ਵੱਖ ਜਥੇਬੰਦੀਆਂ ਵਲੋਂ ਆਪਣੇ ਹੱਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਧਰਨੇ ਦੇਣੇ ਪੈਂਦੇ ਹਨ ਅਤੇ ਰੈਲੀਆਂ ਕੀਤੀਆਂ ਜਾਂਦੀਆਂ ਹਨ। ਧਰਨੇ ਦੇਣਾ, ਰੈਲੀਆਂ ਕਰਨਾ ਹਰੇਕ ਦਾ ਡੈਮੋਕ੍ਰੇਟਿਕ ਅਧਿਕਾਰ ਹੈ, ਪ੍ਰੰਤੂ ਕਈ-ਕਈ ਦਿਨ ਧਰਨੇ, ਰੈਲੀਆਂ ਦੌਰਾਨ, ਧਰਨੇਕਾਰੀਆਂ ਵਲੋਂ ਧਰਨੇ ਵਾਲੀ ਜਗ੍ਹਾ ਗੰਦਗੀ ਫੈਲਾਈ ਜਾਂਦੀ ਹੈ, ਜਿਸ ਨਾਲ ਗੰਦਗੀ ਫੈਲਣ ਦੇ ਨਾਲ-ਨਾਲ ਵਾਤਾਵਰਨ ਵੀ ਪ੍ਰਦੂਸ਼ਿਤ ਹੁੰਦਾ ਹੈ। ਹੁਣ ਧਰਨੇਕਾਰੀਆਂ ਨੂੰ ਧਰਨੇ ਦੌਰਾਨ ਗੰਦਗੀ ਫੈਲਾਉਣਾ ਮਹਿੰਗਾ ਪੈ ਸਕਦਾ ਹੈ ਕਿਉਂਕਿ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਧਰਨਿਆਂ ਤੇ ਹੋਰ ਇਕੱਠਾਂ ਵਲੋਂ ਸੁੱਟੀ ਜਾਂਦੀ ਗੰਦਗੀ ਫੈਲਾਉਣ ਵਾਲਿਆਂ ਕੋਲੋਂ ਜੁਰਮਾਨਾ ਵਸੂਲਿਆ ਜਾਵੇਗਾ। ਲਗਾਏ ਜਾਣ ਵਾਲੇ ਜੁਰਮਾਨੇ ਦੀਆਂ, ਨਗਰ ਨਿਗਮਾਂ ਵਲੋਂ ਲੋਕਾਂ ਦੇ ਇਕੱਠ ਅਨੁਸਾਰ ਵੱਖ-ਵੱਖ ਦਰਾਂ ਤੈਅ ਕੀਤੀਆਂ ਜਾ ਰਹੀਆਂ ਹਨ। ਸੋ, ਧਰਨੇ ਲਗਾਉਣ ਵਾਲੇ ਲੋਕਾਂ ਨੂੰ ਧਰਨੇ ਦੌਰਾਨ ਗੰਦਗੀ ਫੈਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਜਿਥੇ ਜੁਰਮਾਨੇ ਤੋਂ ਬਚਿਆ ਜਾ ਸਕੇਗਾ, ਉਥੇ ਹੀ ਵਾਤਾਵਰਨ ਨੂੰ ਪਲੀਤ ਹੋਣ ਤੋਂ ਵੀ ਬਚਾਇਆ ਜਾ ਸਕੇਗਾ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਬੇਲੋੜੇ ਸ਼ਬਦ
ਕਈ ਵਾਰ ਕੀ ਅਕਸਰ ਅਸੀਂ ਬੇਲੋੜੇ ਸ਼ਬਦ ਬੋਲ ਜਾਂਦੇ ਹਾਂ, ਜਿਨ੍ਹਾਂ ਦੀ ਲੋੜ ਨਹੀਂ ਹੁੰਦੀ, ਉਨ੍ਹਾਂ ਨੂੰ ਜ਼ਬਾਨ ਦੀ ਵਰਤੋਂ 'ਚ ਲਿਆ ਅਸੀਂ ਊਰਜਾ ਨੂੰ ਨਸ਼ਟ ਕਰਦੇ ਰਹਿੰਦੇ ਹਾਂ। ਫਿਰ ਪਛਤਾਵੇ ਤੇ ਮੁਆਫ਼ੀ ਤੋਂ ਬਿਨਾਂ ਗੁਜ਼ਾਰਾ ਨਹੀਂ ਹੁੰਦਾ, ਕਈ ਬੁਲਾਰੇ ਵੀ ਆਪਣੇ ਭਾਸ਼ਣ ਨੂੰ ਬਿਨਾਂ ਲੋੜ ਤੋਂ ਲੰਬਾ ਕਰਦੇ ਹਨ। ਅੰਦਰੋਂ-ਅੰਦਰੀ ਸਾੜਾ, ਈਰਖਾ ਕਰਕੇ ਆਪਣਾ ਖ਼ੂਨ ਸਾੜੀ ਜਾਂਦੇ ਹਨ। ਦੂਸਰੇ ਨੂੰ ਮਾਨਸਿਕ ਪੀੜਾ ਦੇ ਕੇ ਆਪਣੇ ਲਈ ਬਦਦੁਆਵਾਂ, ਬਦਅਸੀਸਾਂ ਦੇ ਭੰਡਾਰ ਭਰੀ ਜਾਂਦੇ ਹਾਂ। ਕੋਈ ਫਾਇਦਾ ਨਹੀਂ। ਸੌ, ਅਸੀਂ ਸੁਣਦੇ ਘੱਟ, ਪੜ੍ਹਦੇ ਘੱਟ ਹਾਂ ਤੇ ਬੋਲਦੇ ਜ਼ਿਆਦਾ ਹਾਂ। ਘੱਟੋ ਘੱਟ ਲਫ਼ਜ਼ਾਂ 'ਚ ਬੋਲੋ, ਸਰਲ ਸੰਖੇਪ ਸ਼ੁੱਧ, ਸੱਚੇ-ਸੁੱਚੇ ਬੋਲਾਂ ਨਾਲ ਗੱਲਬਾਤ ਕਰੋ। ਇਹੋ ਜਿਹਾ ਲਫ਼ਜ਼ ਕਦੇ ਨਾ ਬੋਲੋ, ਜਿਸ ਨਾਲ ਸੁਣਨ ਵਾਲੇ ਨੂੰ ਠੇਸ ਪਹੁੰਚੇ। ਮਖੌਟੇ ਪਹਿਨਣ ਤੋਂ ਬਚ ਕੇ ਇਸ ਜੀਵਨ 'ਚ ਪਿਆਰ-ਮੁਹੱਬਤ ਹੈ, ਉਸ 'ਚ ਮਸਤ ਰਹੋ, ਦੂਜਿਆਂ ਦੇ ਕੰਮ 'ਚ ਬੇਲੋੜੀ ਦਖਲਅੰਦਾਜ਼ੀ ਨਾ ਕਰੋ।


-ਐਸ. ਮੀਲੂ ਫਰੌਰ
932/25, ਖੰਨਾ-141401.

21-12-2018

 ਕਿਸਾਨੀ ਸੰਕਟ
ਸੰਪਾਦਕੀ ਲੇਖ 'ਕਿਸਾਨੀ ਸੰਕਟ ਦੇ ਹੱਲ ਲਈ ਸੁਚੱਜੀ ਯੋਜਨਾਬੰਦੀ ਦੀ ਲੋੜ' ਸੌ ਫ਼ੀਸਦੀ ਸਹੀ ਤੇ ਦਰੁਸਤ ਹੈ। ਹੁਣ 200 ਦੇ ਲਗਪਗ ਜਥੇਬੰਦੀਆਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਸਰਕਾਰ ਵਿਰੁੱਧ ਮੰਗਾਂ ਨੂੰ ਲੈ ਕੇ ਪੂਰੇ ਸੰਗਠਤ ਹੋ ਕੇ ਤੇ ਜੋਸ਼ ਨਾਲ ਮੁਜ਼ਾਹਰਾ ਕੀਤਾ ਹੈ। ਇਹ ਮੁਜ਼ਾਹਰਾ ਅੱਜ ਦੇ ਸਮੇਂ ਦੀ ਲੋੜ ਹੈ। ਕਿਸਾਨ ਦੀ ਪੁੱਤਾਂ ਵਰਗੀ ਫ਼ਸਲ ਦਾ ਸਹੀ ਮੁੱਲ ਨਾ ਪੈਣਾ, ਉੱਪਰੋਂ ਸਰਕਾਰਾਂ ਵਲੋਂ ਵੋਟਾਂ ਸਮੇਂ ਕਰਜ਼ਾ ਮੁਆਫ਼ੀ ਦੇ ਲਾਰੇ ਲਾ ਕੇ ਵੋਟਾਂ ਲੈਣਾ, ਕਿਸਾਨਾਂ ਵਲੋਂ ਆਰਥਿਕ ਤੰਗੀ ਦੇ ਚਲਦਿਆਂ ਖ਼ੁਦਕੁਸ਼ੀਆਂ ਕਰਨਾ, ਸਵਾਮੀਨਾਥਨ ਰਿਪੋਰਟ ਦਾ ਲਾਗੂ ਨਾ ਹੋਣਾ, ਕਿਸਾਨੀ ਲਈ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ 'ਤੇ ਅਮਲ ਕਰਨ ਲਈ ਅਤੇ ਫ਼ਸਲਾਂ ਦਾ ਮੰਡੀਕਰਨ ਕਰਨ ਬਾਰੇ ਪੂਰੇ ਚੰਗੇ ਢੰਗ/ਤਰੀਕੇ ਨਾਲ ਯੋਜਨਾਬੰਦੀ ਬਣਾ ਕੇ ਫਿਰ ਉਸ ਨੂੰ ਅਮਲ 'ਚ ਲਿਆਉਣਾ ਚਾਹੀਦਾ ਹੈ ਤਾਂ ਜੋ ਅੱਜ ਦੀ ਕਿਸਾਨੀ ਨੂੰ ਬਚਾਇਆ ਜਾ ਸਕੇ ਕਿਉਂਕਿ ਸਾਡੇ ਦੇਸ਼ ਵਿਚ ਆਰਥਿਕਤਾ ਦਾ ਕੇਂਦਰ ਬਿੰਦੂ ਖੇਤੀਬਾੜੀ ਹੀ ਹੈ।


-ਜਗਜੀਤ ਸਿੰਘ 'ਗਿਆਨਾ'
ਬਠਿੰਡਾ।


ਗੰਧਲੀ ਰਾਜਨੀਤੀ
ਲੋਕਤੰਤਰ ਵਿਚ ਵੋਟ ਪਾਉਣ ਵਾਲਾ ਦਿਨ ਉਤਸਵ ਵਾਂਗ ਹੁੰਦਾ ਹੈ। ਸਾਰੀਆਂ ਸਿਆਸੀ ਪਾਰਟੀਆਂ ਵੋਟਾਂ ਲਈ ਧੂੰਆਂਧਾਰ ਪ੍ਰਚਾਰ ਵੀ ਕਰਦੀਆਂ ਹਨ। ਇਹ ਪ੍ਰਚਾਰ ਵੋਟਰ ਦੀ ਸਿਆਸੀ ਸੂਝ ਵਿਚ ਵਾਧਾ ਕਰਦਾ ਹੈ। ਸਾਡੇ ਭਾਰਤ ਵਿਚ ਇਹੀ ਪ੍ਰਚਾਰ ਗਾਲੀ-ਗਲੋਚ ਅਤੇ ਅਸ਼ਲੀਲ ਭਾਸ਼ਾ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਜਿਹੜੇ ਲੀਡਰ ਆਧੁਨਿਕ ਭਾਰਤ ਬਣਾਉਣ ਦਾ ਦਾਅਵਾ ਕਰਦੇ ਹੋਏ ਦੇਸ਼ ਵਿਚੋਂ ਜਾਤੀਵਾਦ ਖ਼ਤਮ ਕਰਨ ਦਾ ਦਾਅਵਾ ਕਰਦੇ ਹਨ, ਉਹੀ ਦੂਜੀ ਧਿਰ ਬਾਰੇ ਜਾਤੀਸੂਚਕ ਭਾਸ਼ਣ ਦਿੰਦੇ ਹਨ। ਵੋਟਾਂ ਦੇ ਪ੍ਰਚਾਰ ਮੌਕੇ ਸਿਆਸਤ ਹਰ ਮਰਿਆਦਾ ਤਾਰ-ਤਾਰ ਕਰ ਦਿੰਦੀ ਹੈ। ਅਜਿਹੀ ਸੰਵੇਦਨਹੀਣ ਅਤੇ ਲੋਕਤੰਤਰ ਦੇ ਅਸੂਲਾਂ ਤੋਂ ਡਿੱਗੀ ਹੋਈ ਰਾਜਨੀਤੀ ਕਦੇ ਵੀ ਜਨਤਾ ਅਤੇ ਦੇਸ਼ ਦਾ ਭਲਾ ਨਹੀਂ ਕਰ ਸਕਦੀ। ਹੁਣ ਵੋਟਰ ਨੂੰ ਹੀ ਤੈਅ ਕਰਨਾ ਪਵੇਗਾ ਕਿ ਵੋਟ ਉਤਸਵ ਅਤੇ ਲੋਕਤੰਤਰ ਨੂੰ ਗੰਧਲਾ ਕਰਦੀ ਸਿਆਸਤ ਨੂੰ ਇੰਜ ਹੀ ਚਲਦੀ ਰੱਖਣਾ ਹੈ ਜਾਂ ਫਿਰ ਵੋਟ ਤਾਕਤ ਰਾਹੀਂ ਅਜਿਹੀ ਬੇਅਸੂਲੀ ਭਾਸ਼ਾ ਦਾ ਉਪਯੋਗ ਕਰਨ ਵਾਲਿਆਂ ਨੂੰ ਹਾਸ਼ੀਏ 'ਤੇ ਧੱਕਣਾ ਹੈ।


-ਵਿਵੇਕ, ਕੋਟ ਈਸੇ ਖਾਂ (ਮੋਗਾ)।


ਅਧਿਆਪਕ ਦਾ ਸਨਮਾਨ
ਅਧਿਆਪਕ ਦਾ ਸਨਮਾਨ ਹੋਣਾ ਚਾਹੀਦਾ ਹੈ ਕਿਉਂਕਿ ਉਹ ਸਮਾਜ ਨੂੰ ਚੰਗਾ ਬਣਾਉਣ ਲਈ ਆਪਣਾ ਯੋਗਦਾਨ ਪਾਉਂਦਾ ਹੈ। ਉਹ ਸਮਾਜ ਦਾ ਰਾਹ ਦਸੇਰਾ ਹੈ। ਪਰ ਅਜੋਕੇ ਦੌਰ ਵਿਚ ਅਧਿਆਪਕ ਨੂੰ ਆਪਣੀਆਂ ਹੱਕੀ ਮੰਗਾਂ ਲਈ ਸਰਕਾਰਾਂ ਦੇ ਜਬਰ ਨੂੰ ਸਹਿਣ ਕਰਨਾ ਪੈ ਰਿਹਾ ਹੈ ਜੋ ਮੰਦਭਾਗਾ ਹੈ। ਸਿੱਖਿਆ ਦੇ ਖੇਤਰ ਨੂੰ ਵੀ ਨਿੱਜੀ ਹੱਥਾਂ ਵਿਚ ਦੇਣ ਦੀਆਂ ਕੋਝੀਆਂ ਚਾਲਾਂ ਚਲੀਆਂ ਜਾ ਰਹੀਆਂ ਹਨ। ਸਿੱਖਿਆ ਗ਼ਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ ਕਿਉਂਕਿ ਇਹ ਪਰਿਵਾਰ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਦਿਵਾਉਣ ਤੋਂ ਅਸਮਰੱਥ ਹੁੰਦੇ ਜਾ ਰਹੇ ਹਨ। ਦੇਸ਼ ਦੇ ਭਵਿੱਖ ਨੂੰ ਸਿੱਖਿਆ ਦੇ ਅਧਿਕਾਰ ਤੋਂ ਵਾਂਝਾ ਨਾ ਕੀਤਾ ਜਾਵੇ। ਜਿਹੜਾ ਦੇਸ਼, ਸਮਾਜ ਅਧਿਆਪਕ ਦਾ ਸਨਮਾਨ ਨਹੀਂ ਕਰਦਾ, ਉਹ ਆਪਣਾ ਭਵਿੱਖ ਵੀ ਖੁਸ਼ਹਾਲ ਨਹੀਂ ਬਣਾ ਸਕਦਾ। ਸਰਕਾਰਾਂ ਨੂੰ ਅਧਿਆਪਕਾਂ ਦੀਆਂ ਹੱਕੀ ਮੰਗਾਂ ਨੂੰ ਮੰਨ ਲੈਣਾ ਚਾਹੀਦਾ ਹੈ। ਸਿੱਖਿਆ ਦੇ ਬਜਟ ਵਿਚ ਵਾਧਾ ਕਰਨਾ ਚਾਹੀਦਾ ਹੈ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਪਟਿਆਲਾ।


ਧਰਮ ਬਨਾਮ ਸਿਆਸਤ
ਜ਼ਿੰਦਗੀ ਦੀ ਭੱਜ-ਦੌੜ ਤੇ ਰਿਸ਼ਤਿਆਂ ਦੀ ਟੁੱਟ-ਭੱਜ ਵਿਚੋਂ ਨੱਠ ਕੇ ਮਨ ਦਾ ਸਕੂਨ ਹਾਸਲ ਕਰਨ ਲਈ ਧਰਮ ਹੀ ਇਕ ਯੋਗ ਟਿਕਾਣਾ ਸੀ। ਪਰ ਹੋ ਕੀ ਰਿਹਾ ਹੈ? ਧਰਮ ਇਕ ਵਿਖਾਵਾ ਬਣ ਕੇ ਰਹਿ ਗਿਆ ਹੈ। ਸਿਆਸਤ, ਧਰਮ ਉੱਪਰ ਹਾਵੀ ਹੋ ਗਈ ਹੈ। ਚਲਾਕ ਸਿਆਸੀ ਲੋਕ ਧਰਮ ਦੀ ਕੁਵਰਤੋਂ ਕਰਕੇ ਕੁਰਸੀਆਂ ਤਾਂ ਮੱਲ ਲੈਂਦੇ ਹਨ ਪਰ ਆਪਣੇ ਰਾਜਨੀਤਕ ਧਰਮ ਦੀ ਪਾਲਣਾ ਨਹੀਂ ਕਰਦੇ। ਸੱਚ ਤਾਂ ਇਹ ਹੈ ਕਿ ਕੁਰਸੀ ਬਗੈਰ ਉਨ੍ਹਾਂ ਦਾ ਨਿਸ਼ਾਨਾ ਹੀ ਕੋਈ ਨਹੀਂ। ਮੌਜੂਦਾ ਮਾਹੌਲ ਵਿਚ ਤਲਖ਼ੀ ਵਧਣ ਦਾ ਮੁੱਖ ਕਾਰਨ ਹੀ ਇਹੀ ਹੈ।


-ਨਵਰਾਹੀ ਘੁਗਿਆਣਵੀ, ਫ਼ਰੀਦਕੋਟ।


ਹਨੇਰੇ 'ਚ ਛੁਪਿਆ ਸੱਚ
ਸਾਡੇ ਸਮਾਜ ਦੇ ਹਰ ਹਿੱਸੇ ਵਿਚ ਨਸ਼ਿਆਂ ਦੀ ਤੇਜ਼ ਹਨੇਰੀ ਵਗ ਰਹੀ ਹੈ, ਜਿਸ ਦੇ ਰੁਕਣ ਦੀ ਸੰਭਾਵਨਾ ਨਹੀਂ ਹੈ। ਇਸ ਲਈ ਕਿਤੇ ਨਾ ਕਿਤੇ ਸਰਕਾਰਾਂ ਦੀ ਦੋਗਲੀ ਸੋਚ ਤੇ ਪੁਲਿਸ ਵਿਭਾਗ ਦੀ ਨਿਕੰਮੀ ਕਾਰਗੁਜ਼ਾਰੀ ਜ਼ਿੰਮੇਵਾਰ ਹੈ। ਨਸ਼ਾ ਛੋਟਾ ਹੋਵੇ ਜਾਂ ਵੱਡਾ, ਉਹ ਨਸਲਾਂ ਤਬਾਹ ਕਰਨ ਲਈ ਬਰਾਬਰ ਦਾ ਹੱਕਦਾਰ ਹੈ। ਨਸ਼ਿਆਂ ਦੇ ਦਰੱਖਤ ਛਾਂਗਣ ਦੀ ਥਾਂ ਜੜ੍ਹ ਕਿਉਂ ਨਹੀਂ ਖ਼ਤਮ ਕਰਦੀ ਸਰਕਾਰ।
ਦੂਸਰੇ ਪਾਸੇ ਪੁਲਿਸ ਨਸ਼ਿਆਂ ਦੀ ਇਸ ਹਵਾ ਨੂੰ ਆਪਣੇ ਹਿਸਾਬ ਨਾਲ ਦਿਸ਼ਾ ਦੇ ਕੇ ਸਮਾਜ ਨੂੰ ਗੁੰਮਰਾਹ ਕਰ ਰਹੀ ਹੈ। ਸਾਰਾ ਵਿਭਾਗ ਗ਼ਲਤ ਨਹੀਂ ਹੋ ਸਕਦਾ। ਪਰ ਕੁਝ ਗ਼ਲਤ ਅਫ਼ਸਰ ਚੰਗੇ ਬੰਦਿਆਂ ਦਾ ਵੀ ਵਜੂਦ ਖ਼ਤਮ ਕਰ ਦਿੰਦੇ ਹਨ। ਨਸ਼ਾ ਛੁਡਾਊ ਕੇਂਦਰ ਨਸ਼ਿਆਂ ਦੇ ਅੱਡੇ ਬਣ ਚੁੱਕੇ ਹਨ। ਇਹ ਮਸਲਾ ਸਾਡੀ ਆਉਣ ਵਾਲੀ ਪੀੜ੍ਹੀ ਦੀ ਹੋਂਦ ਬਚਾਉਣ ਦਾ ਹੈ। ਆਓ, ਰਲ ਮਿਲ ਕੇ ਇਸ ਸਮੱਸਿਆ ਦੇ ਹੱਲ ਵੱਲ ਕੁਝ ਸਾਰਥਿਕ ਕਦਮ ਪੁੱਟੀਏ।


-ਅਤਿੰਦਰਪਾਲ ਸਿੰਘ ਪਰਮਾਰ।






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX