ਤਾਜਾ ਖ਼ਬਰਾਂ


ਲੌਂਗੋਵਾਲ ਵੈਨ ਹਾਦਸੇ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਸਿਮਰਜੀਤ ਬੈਂਸ ਨੇ
. . .  1 day ago
ਲੌਂਗੋਵਾਲ 19 ਫਰਵਰੀ (ਵਿਨੋਦ, ਸ.ਸ. ਖੰਨਾ) - ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਲੌਂਗੋਵਾਲ ਪੁੱਜ ਕੇ ਵੈਨ ਹਾਦਸੇ ਵਿਚ ਮਾਰੇ ਗਏ ਮਾਸੂਮ ਬੱਚਿਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ। ਉਨਾਂ ਪਰਿਵਾਰ ਨਾਲ ...
ਚੰਡੀਗੜ੍ਹ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ ਲਈ 5 ਮਾਰਚ ਤੋਂ ਹਵਾਈ ਉਡਾਣ ਸ਼ੁਰੂ ਹੋਵੇਗੀ-ਪ੍ਰੋ. ਚੰਦੂਮਾਜਰਾ
. . .  1 day ago
ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਲੰਮੇ ਅਰਸੇ ਤੋਂ ਲੋਕਾਂ ਵੱਲੋਂ ਚੰਡੀਗੜ੍ਹ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ ਲਈ ਹਫਾਈ ...
ਡੇਰਾਬਸੀ ਰੇਲਵੇ ਲਾਈਨ ਤੋਂ ਨੌਜਵਾਨ ਦੀ ਬਿਨਾਂ ਸਿਰ ਮਿਲੀ ਲਾਸ਼
. . .  1 day ago
ਡੇਰਾਬਸੀ ,19 ਫਰਵਰੀ (ਸ਼ਾਮ ਸਿੰਘ ਸੰਧੂ)-ਡੇਰਾਬਸੀ ਕੈਂਟਰ ਯੂਨੀਅਨ ਨੇੜਿਉਂ ਲੰਘਦੀ ਰੇਲਵੇ ਲਾਈਨ ਤੋਂ ਇੱਕ 19 ਸਾਲਾਂ ਦੇ ਨੌਜਵਾਨ ਦੀ ਸ਼ੱਕੀ ਹਾਲਤ 'ਚ ਬਿਨਾਂ ਸਿਰ ਤੋਂ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਅਮਿਤ ਪੁੱਤਰ ਰਾਜੂ ਮੁਗ਼ਲ...
ਭਗਵੰਤ ਮਾਨ ਦੀ ਹਾਜ਼ਰੀ 'ਚ ਬਲਾਚੌਰ 'ਚ ਹੋਈ ਸਿਆਸੀ ਹਲਚਲ
. . .  1 day ago
ਬਲਾਚੌਰ, 19 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)- ਸਾਬਕਾ ਵਿਧਾਇਕ ਬਲਾਚੌਰ ਐਡਵੋਕੇਟ ਰਾਮ ਕਿਸ਼ਨ ਕਟਾਰੀਆ ਅਤੇ ਉਨ੍ਹਾਂ ਦੀ ਨੂੰਹ ਸੰਤੋਸ਼ ਕਟਾਰੀਆ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅੱਜ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਸਿਰਮੌਰ ਆਗੂਆਂ ਹਰਪਾਲ ਸਿੰਘ...
ਸੈਸ਼ਨ ਵਧਾਉਣ ਵਿਚ ਕੋਈ ਦਿੱਕਤ ਨਹੀਂ ਹੈ ਪਰ ਅਕਾਲੀ ਦਲ ਸੈਸ਼ਨ ਵਿਚ ਆਉਂਦਾ ਹੀ ਨਹੀਂ - ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ
. . .  1 day ago
ਫ਼ਾਜ਼ਿਲਕਾ, 19 ਫਰਵਰੀ (ਪ੍ਰਦੀਪ ਕੁਮਾਰ) - ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ ਕਰਕੇ ਬਜਟ ਇਜਲਾਸ ਦੇ ਸੈਸ਼ਨ ਨੂੰ ਵਧਾਉਣ ਦੀ ਮੰਗ ਤੇ ਫ਼ਾਜ਼ਿਲਕਾ ਫੇਰੀ ਦੌਰਾਨ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਪਾਰਟੀ ਤੋਂ ਪੰਜਾਬ...
ਅਕਾਲੀ ਦਲ ਬਾਦਲਾਂ ਤੋਂ ਮੁਕਤ ਤੇ ਸ਼੍ਰੋਮਣੀ ਕਮੇਟੀ ਮਸੰਦਾਂ ਤੋਂ ਮੁਕਤ ਕਰਵਾਉਣਾ ਸਾਡਾ ਮੁੱਖ ਮਕਸਦ - ਸਿਮਰਜੀਤ ਸਿੰਘ ਬੈਂਸ
. . .  1 day ago
ਲੌਂਗੋਵਾਲ,19 ਫਰਵਰੀ (ਸ.ਸ.ਖੰਨਾ,ਵਿਨੋਦ) - ਸਥਾਨਕ ਕਸਬੇ ਅੰਦਰ ਅੱਜ ਕਰਨੈਲ ਸਿੰਘ ਦੁੱਲਟ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਸਿਮਰਜੀਤ ਸਿੰਘ ਬੈਂਸ ਲੋਕ ਇਨਸਾਫ਼ ਪਾਰਟੀ ਪੰਜਾਬ ਦੇ ਪ੍ਰਧਾਨ ਵਿਸ਼ੇਸ਼ ਤੌਰ ਤੇ ਪਹੁੰਚੇ ਉੱਥੇ ਉਨ੍ਹਾਂ ਅਜੀਤ ਨਾਲ ਗੱਲਬਾਤ...
ਭਾਰਤ ਪਾਕਿਸਤਾਨ ਸਰਹੱਦ ਤੋਂ 20 ਕਰੋੜ ਦੀ ਹੈਰੋਇਨ, ਇਕ ਪਿਸਟਲ, ਦੋ ਮੈਗਜ਼ੀਨ, 56 ਗ੍ਰਾਮ ਅਫ਼ੀਮ, 25 ਰੌਂਦ ਬਰਾਮਦ
. . .  1 day ago
ਤਰਨ ਤਾਰਨ, 19 ਫਰਵਰੀ (ਹਰਿੰਦਰ ਸਿੰਘ)—ਤਰਨ ਤਾਰਨ ਪੁਲਿਸ ਨੇ ਭਾਰਤ ਪਾਕਿਸਤਾਨ ਸਰਹੱਦ 'ਤੇ ਸਥਿਤ ਜ਼ੀਰੋ ਲਾਈਨ 'ਤੇ ਬਾਬਾ ਸ਼ੇਖ ਬ੍ਰਹਮ ਜੀ ਦੀ ਮਜ਼ਾਰ ਦੇ ਕੋਲ ਪਾਕਿਸਤਾਨੀ ਸਮਗਲਰਾਂ ਵਲੋਂ ਭਾਰਤੀ ਸਮਗਲਰਾਂ ਲਈ ਭੇਜੀ 4 ਕਿੱਲੋ ਹੈਰੋਇਨ, ਇਕ ਪਿਸਟਲ...
194 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ ਵਿਚ ਅਕਾਲੀ ਆਗੂ ਅਨਵਰ ਮਸੀਹ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਅੰਮ੍ਰਿਤਸਰ, 19 ਫਰਵਰੀ (ਅਜੀਤ ਬਿਉਰੋ) - 194 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ ਵਿਚ ਅੱਜ ਐੱਸ.ਟੀ. ਐੱਫ ਵੱਲੋਂ ਅਕਾਲੀ ਆਗੂ ਅਨਵਰ ਮਸੀਹ ਨੂੰ ਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ, ਦੱਸਣਯੋਗ...
ਗ੍ਰਹਿ ਮੰਤਰੀ ਨਾਲ ਸ਼ਹੀਨ ਬਾਗ 'ਤੇ ਕੋਈ ਗੱਲਬਾਤ ਨਹੀਂ ਹੋਈ - ਕੇਜਰੀਵਾਲ
. . .  1 day ago
ਨਵੀਂ ਦਿੱਲੀ, 19 ਫਰਵਰੀ - ਦਿੱਲੀ ਵਿਧਾਨ ਸਭਾ ਚੋਣਾਂ ਵਿਚ ਜਿੱਤ ਹਾਸਲ ਕਰਨ ਤੋਂ ਬਾਅਦ ਪਹਿਲੀ ਵਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਬੁੱਧਵਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਉੱਥੇ ਹੀ, ਮੁਲਾਕਾਤ ਤੋਂ ਬਾਅਦ ਪ੍ਰੈਸ ਕਾਨਫ਼ਰੰਸ ਕਰਦੇ ਹੋਏ...
ਖੇਮਕਰਨ 'ਚ ਹੈਰੋਇਨ ਦੀ ਵੱਡੀ ਖੇਪ ਬਰਾਮਦ
. . .  1 day ago
ਖੇਮਕਰਨ, 19 ਫਰਵਰੀ (ਸੰਦੀਪ ਮਹਿਤਾ)- ਤਰਨਤਾਰਨ ਦੇ ਸੈਕਟਰ ਖੇਮਕਰਨ ਵਿਖੇ ਭਾਰਤੀ ਸਰਹੱਦੀ ਚੌਕੀ ਮੀਆਂਵਾਲਾ ਦੇ ਇਲਾਕੇ ਤੋਂ ਬੀ. ਐੱਸ. ਐੱਫ. ਅਤੇ ਪੁਲਿਸ ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 2 ਫੱਗਣ ਸੰਮਤ 551
ਵਿਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ। -ਜੇਮਸ ਅਰਲ ਕਾਰਟ

ਤੁਹਾਡੇ ਖ਼ਤ

14-02-2020

 ਰਿਸ਼ਵਤਖ਼ੋਰਾਂ ਦੇ ਚਿਹਰੇ
ਜਿਵੇਂ-ਜਿਵੇਂ ਮਹਿੰਗਾਈ ਵਧਦੀ ਜਾ ਰਹੀ ਹੈ, ਬੇਰੁਜ਼ਗਾਰੀ ਆਪਣੇ ਪੈਰ ਪਸਾਰਨ ਵਿਚ ਕੋਈ ਕਸਰ ਬਾਕੀ ਨਹੀਂ ਪਈ ਛੱਡਦੀ। ਮਹਿੰਗਾਈ ਨੂੰ ਵੇਖ ਕੇ ਰਿਸ਼ਵਤਖ਼ੋਰ ਲਗਾਤਾਰ ਰਿਸ਼ਵਤ ਲੈਣ ਵਿਚ ਜੁਟੇ ਹੋਏ ਹਨ। ਕੋਈ ਵੀ ਸਰਕਾਰੇ ਦਰਬਾਰੇ ਕੰਮ ਆਸਾਨੀ ਨਾਲ ਹੁੰਦਾ ਨਜ਼ਰ ਨਹੀਂ ਆ ਰਿਹਾ। ਜਿਹੜਾ ਕੰਮ ਮਹੀਨੇ ਵਿਚ ਹੁੰਦਾ ਹੋਵੇ, ਉਹ ਰਿਸ਼ਵਤ ਨਾਲ ਮਿੰਟਾਂ ਵਿਚ ਹੁੰਦਾ ਵੇਖਿਆ ਜਾ ਸਕਦਾ ਹੈ। ਕੋਈ ਦਿਨ ਇਹੋ ਜਿਹਾ ਆ ਵੀ ਜਾਂਦਾ ਕਿ ਜਦੋਂ ਰਿਸ਼ਵਤਖ਼ੋਰ ਕਾਨੂੰਨ ਦੇ ਅੜਿੱਕੇ ਚੜ੍ਹ ਜਾਂਦਾ ਹੈ। ਫਿਰ ਉਹ ਪੁਲਿਸ ਹਿਰਾਸਤ ਵਿਚ ਹੁੰਦਿਆਂ ਹੋਇਆਂ ਮੂੰਹ ਅੱਗੇ ਕੱਪੜਾ ਲੈ ਲੈਂਦਾ ਹੈ ਜੋ ਕਿ ਇਹ ਸਰਾਸਰ ਗ਼ਲਤ ਗੱਲ ਹੈ, ਜਿਹੜਾ ਗ਼ਰੀਬਾਂ ਦਾ ਖੂਨ ਚੂਸਤਾ ਹੋਇਆ ਸ਼ਰਮ ਨਹੀਂ ਕਰਦਾ। ਫਿਰ ਜਦੋਂ ਫੜਿਆ ਜਾਂਦਾ ਹੈ, ਫਿਰ ਮੂੰਹ ਕਿਉਂ ਛੁਪਾਉਂਦਾ ਹੈ। ਉਸ ਦਾ ਮੂੰਹ ਛਿਪਾਉਣ ਦੀ ਬਜਾਏ ਚਿਹਰਾ ਲੋਕਾਂ ਸਾਹਮਣੇ ਨੰਗਾ ਕਰਨਾ ਚਾਹੀਦਾ ਹੈ ਤਾਂ ਕਿ ਹੋਰ ਲੋਕਾਂ ਨੂੰ ਇਹ ਸਬਕ ਮਿਲੇ ਕਿ ਰਿਸ਼ਵਤ ਲੈਣ ਲੱਗਿਆਂ ਸੌ-ਸੌ ਵਾਰੀ ਸੋਚਣ। ਜੇਕਰ ਰਿਸ਼ਵਤਖ਼ੋਰਾਂ ਦਾ ਹਿਰਾਸਤ ਦੌਰਾਨ ਚਿਹਰਾ ਨੰਗਾ ਕਰ ਕੇ ਲੋਕਾਂ ਨੂੰ ਵਿਖਾਇਆ ਜਾਵੇ ਤਾਂ ਬਹੁਤ ਹੱਦ ਤੱਕ ਰਿਸ਼ਵਤ ਲੈਣੀ-ਦੇਣੀ ਘੱਟ ਸਕਦੀ ਹੈ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)।


ਇਹ ਹਨ ਸਾਡੇ ਨੇਤਾ
15 ਅਗਸਤ ਆਜ਼ਾਦੀ ਦਿਵਸ ਤੇ 26 ਜਨਵਰੀ ਗਣਤੰਤਰ ਦਿਵਸ ਦੋ ਦਿਹਾੜੇ ਸਾਡੇ ਦੇਸ਼ ਦੇ ਕੌਮੀ ਦਿਵਸ ਹਨ। ਦੋਵਾਂ ਹੀ ਦਿਨਾਂ ਦਾ ਵਿਸ਼ੇਸ਼ ਮਹੱਤਵ ਤੇ ਇਤਿਹਾਸ ਆਪੋ-ਆਪ ਵਿਚ ਅਲੱਗ ਹੈ। ਪ੍ਰਾਇਮਰੀ ਸਕੂਲਾਂ ਦੀ ਸਿੱਖਿਆ ਤੋਂ ਹੀ ਇਨ੍ਹਾਂ ਦੋ ਦਿਨਾਂ ਦੀ ਵਿਸ਼ੇਸ਼ ਜਾਣਕਾਰੀ ਬੱਚਿਆਂ ਲਈ ਪਾਠਕ੍ਰਮ ਵਿਚ ਸ਼ੁਰੂ ਹੋ ਜਾਂਦੀ ਹੈ ਤਾਂ ਕਿ ਬੱਚਿਆਂ ਨੂੰ ਅਹਿਮ ਜਾਣਕਾਰੀ ਤਾਂ ਮਿਲੇ, ਨਾਲ ਹੀ ਦੇਸ਼ ਭਗਤੀ ਦੀ ਭਾਵਨਾ ਵੀ ਪ੍ਰਗਟ ਹੋ ਸਕੇ। ਪਰ ਜਦੋਂ ਇਨ੍ਹਾਂ ਦੋ ਦਿਨਾਂ ਦੇ ਫ਼ਰਕ ਦਾ ਪਤਾ ਸਾਡੇ ਦੇਸ਼ ਦੇ ਨੇਤਾਵਾਂ ਨੂੰ ਹੀ ਨਾ ਹੋਵੇ ਤਾਂ ਫਿਰ ਕੀ ਬਣੇਗਾ? ਅੱਗੇ ਵੀ ਅਕਸਰ ਦੇਖਦੇ ਹਾਂ ਕਿ ਸਿਰਫ ਚੋਣਾਂ ਜਿੱਤ ਕੇ ਸੱਤਾ ਲਈ ਪ੍ਰਾਪਤ ਕੀਤੀ ਕੁਰਸੀ ਉੱਤੇ ਬਿਰਾਜਮਾਨ ਹੋਏ ਨੇਤਾ ਲੋਕ ਦੇਸ਼ ਪ੍ਰਤੀ ਡੂੰਘੀ ਤੇ ਅਹਿਮ ਜਾਣਕਾਰੀ ਬਹੁਤ ਘੱਟ ਹੀ ਰੱਖਦੇ ਹਨ। ਪਰ 26 ਜਨਵਰੀ ਦੇ ਮੌਕੇ ਝੰਡਾ ਲਹਿਰਾ ਰਹੇ ਪੰਜਾਬ ਸਰਕਾਰ ਦੇ ਇਕ ਮੰਤਰੀ ਇਸ ਦਿਨ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਹੀ ਸਟੇਜ ਤੋਂ ਲੋਕਾਂ ਨਾਲ ਸਾਂਝੀਆਂ ਕਰਦੇ ਰਹੇ। ਸੋਸ਼ਲ ਮੀਡੀਆ ਤੇ ਹੋਰ ਟੀ.ਵੀ. ਚੈਨਲਾਂ 'ਤੇ ਉਨ੍ਹਾਂ ਦੀ ਇਸ ਗ਼ਲਤੀ ਦੀ ਕਿਰਕਰੀ ਹੋ ਰਹੀ ਹੈ। ਕੀ ਕਹੀਏ ਸਾਡੇ ਰਾਜਨੇਤਾਵਾਂ ਨੂੰ।


-ਬਲਬੀਰ ਸਿੰਘ ਬੱਬੀ।


ਹਵਾ ਦਾ ਮਿਆਰ
ਜਿਵੇਂ ਕਿ ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਨੇ ਪੰਜਾਬ ਦੇ ਬੇਹੱਦ ਡੂੰਘੇ ਚਲੇ ਗਏ ਪਾਣੀ 'ਤੇ ਇਕਸੁਰ ਹੋ ਕੇ ਚਰਚਾ ਕੀਤੀ ਹੈ। ਠੀਕ ਇਸੇ ਤਰ੍ਹਾਂ ਦੀ ਹੀ ਚਰਚਾ ਹਵਾ 'ਚ ਫੈਲ ਚੁੱਕੇ ਪ੍ਰਦੂਸ਼ਣ 'ਚ ਸੁਧਾਰ ਲਿਆਉਣ ਲਈ ਵੀ ਕਰਨੀ ਚਾਹੀਦੀ ਹੈ। ਪਾਣੀ ਦਾ ਡੂੰਘਾ ਹੋਣਾ ਤੇ ਹਵਾ ਦਾ ਪ੍ਰਦੂਸ਼ਣ ਵਧਣਾ ਪੰਜਾਬ ਲਈ ਬੇਹੱਦ ਚਿੰਤਾਜਨਕ ਵਿਸ਼ੇ ਹਨ। ਇਨ੍ਹਾਂ ਦੇ ਸੁਧਾਰ ਲਈ ਬਿਨਾਂ ਦੇਰ ਕੀਤਿਆਂ ਕਾਰਜ ਆਰੰਭ ਕਰ ਦੇਣੇ ਚਾਹੀਦੇ ਹਨ। ਹਵਾ ਦੀ ਗੁਣਵੱਤਾ ਅੱਜ ਇਸ ਕਦਰ ਘਟ ਗਈ ਹੈ ਕਿ ਪੰਜਾਬ ਦੇ 90 ਫ਼ੀਸਦੀ ਲੋਕ ਪ੍ਰਦੂਸ਼ਿਤ ਹਵਾ 'ਚ ਸਾਹ ਲੈ ਰਹੇ ਹਨ। ਜਿਸ ਕਰਕੇ ਪੰਜਾਬ ਦੀ ਵੱਡੀ ਗਿਣਤੀ ਭਿਆਨਕ ਬਿਮਾਰੀਆਂ ਦੀ ਜਕੜ 'ਚ ਆ ਰਹੀ ਹੈ। ਸਿੱਟੇ ਵਜੋਂ ਪੰਜਾਬ ਦਵਾਈਆਂ ਦੀ ਵੱਡੀ ਖਪਤ ਮੰਡੀ ਵਜੋਂ ਵੀ ਉੱਭਰ ਕੇ ਸਾਹਮਣੇ ਆ ਰਿਹਾ ਹੈ। ਇਹ ਭਿਆਨਕ ਵਰਤਾਰਾ ਜਿਥੇ ਪੰਜਾਬੀਆਂ ਨੂੰ ਸਿਹਤ ਪੱਖੋਂ ਕਮਜ਼ੋਰ ਕਰ ਰਿਹਾ ਹੈ, ਉਥੇ ਇਹ ਪੰਜਾਬੀਆਂ ਨੂੰ ਆਰਥਿਕ ਪੱਖੋਂ ਵੀ ਵੱਡੀ ਢਾਅ ਲਾ ਰਿਹਾ ਹੈ। ਹਵਾ ਦੀ ਗੁਣਵੱਤਾ ਉੱਤੇ ਉੱਠੇ ਸਵਾਲਾਂ ਨੂੰ ਗੰਭੀਰਤਾ ਨਾਲ ਲੈਣਾ ਅੱਜ ਬੇਹੱਦ ਜ਼ਰੂਰੀ ਹੋ ਗਿਆ ਹੈ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਪਾਣੀ ਦੀ ਦੁਰਵਰਤੋਂ, ਕੁਝ ਸੁਝਾਅ
ਬਿਜਲੀ ਮੁਫ਼ਤ ਦੇਣ ਦੀ ਬਜਾਏ ਮੁੱਲ ਦਿੱਤੀ ਜਾਵੇ ਤੇ ਬਿੱਲ ਲਏ ਜਾਣ। ਸ਼ਹਿਰਾਂ ਵਿਚ ਟੁੱਲੂ ਪੰਪ, ਸਬਰਮਰਸੀਬਲ ਪੰਪਾਂ 'ਤੇ ਪਾਬੰਦੀ ਲਗਾਈ ਜਾਵੇ ਤਾਂ ਪਾਣੀ ਦੇ ਬਿੱਲ ਵਸੂਲੇ ਜਾਣ। ਖੇਤਾਂ ਨੂੰ ਨਹਿਰੀ ਪਾਣੀ ਠੀਕ ਸਮੇਂ 'ਤੇ ਪੂਰੀ ਮਾਤਰਾ ਵਿਚ ਦਿੱਤਾ ਜਾਵੇ। ਨਹਿਰਾਂ, ਰਜਵਾਹਿਆਂ, ਛੋਟੇ ਨਾਲਿਆਂ, ਕੱਸੀਆਂ ਦੀ ਹਾਲਤ ਸੁਧਾਰੀ ਜਾਵੇ। ਬੰਨ੍ਹ ਪੱਕੇ ਕੀਤੇ ਜਾਣ ਅਤੇ ਟੇਲਾਂ ਤੱਕ ਪੂਰਾ ਪਾਣੀ ਭੇਜਿਆ ਜਾਵੇ। ਜੇਕਰ ਸਰਕਾਰ ਚਾਹੁੰਦੀ ਹੈ ਕਿ ਪਾਣੀ ਦੀ ਯੋਗ ਵਰਤੋਂ ਹੋਵੇ ਅਤੇ ਕਿਸਾਨ ਝੋਨੇ ਅਤੇ ਕਣਕ ਤੋਂ ਛੁਟਕਾਰਾ ਪਾਉਣ ਤਾਂ ਸਰਕਾਰ ਨੂੰ ਫ਼ਸਲਾਂ ਵੇਚਣ ਲਈ ਮੰਡੀਕਰਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਜਦੋਂ ਕਿਸਾਨ ਫ਼ਸਲ ਮੰਡੀ ਵਿਚ ਲੈ ਕੇ ਆਏ, ਮੰਡੀ ਵਿਚ ਸੜਕਾਂ, ਪਾਣੀ, ਬਿਜਲੀ ਦਾ ਪ੍ਰਬੰਧ, ਰਾਤਾਂ ਰਹਿਣ ਦਾ ਸਹੀ ਪ੍ਰਬੰਧ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਣ। ਇਹ ਸਾਰਾ ਕੰਮ ਸਰਕਾਰਾਂ ਦਾ ਹੈ। ਬਾਰਦਾਨਿਆਂ ਦਾ ਪ੍ਰਬੰਧ ਕੀਤਾ ਜਾਵੇ। ਜੇ ਸਰਕਾਰਾਂ ਚਾਹੁੰਦੀਆਂ ਹਨ ਕਿ ਕਿਸਾਨ ਝੋਨੇ, ਕਣਕ ਤੋਂ ਇਲਾਵਾ ਬਾਕੀ ਫ਼ਸਲਾਂ ਬੀਜਣ 'ਤੇ ਪਾਣੀ ਦੀ ਬੱਚਤ ਹੋਵੇ ਤਾਂ ਸਰਕਾਰਾਂ ਨੂੰ ਫਸਲਾਂ ਦੇ ਭਾਅ ਅਗਾਊਂ ਐਲਾਨ ਕਰਨੇ ਚਾਹੀਦੇ ਹਨ ਅਤੇ ਮੰਡੀਕਰਨ ਦਾ ਯੋਗ ਪ੍ਰਬੰਧ ਕੀਤਾ ਜਾਵੇ। ਸਰਕਾਰ ਨੂੰ ਪਾਣੀ ਦੀ ਸੰਭਾਲ ਲਈ ਸਨਅਤਕਾਰਾਂ 'ਤੇ ਵੀ ਸਖ਼ਤੀ ਨਾਲ ਕਾਨੂੰਨ ਲਾਗੂ ਕਰਨਾ ਚਾਹੀਦਾ ਹੈ। ਉਨ੍ਹਾਂ ਕੋਲੋਂ ਵੀ ਪਾਣੀ ਦੇ ਬਿੱਲ ਮੀਟਰ ਲਾ ਕੇ ਵਸੂਲੇ ਜਾਣ ਤਾਂ ਸਨਅਤਕਾਰ ਵੀ ਪਾਣੀ ਦੀ ਬਰਬਾਦੀ ਰੋਕਣਗੇ। ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਨੂੰ ਇਨ੍ਹਾਂ ਸੁਝਾਵਾਂ 'ਤੇ ਮਿਲ ਕੇ ਕੰਮ ਕਰਨ ਦੀ ਲੋੜ ਹੈ।


-ਚਰਨਜੀਤ ਸਿੰਘ
ਮੁਹੱਲਾ ਨਾਨਕ ਨਗਰ, 838, ਗਲੀ ਨੰ: 8, ਨਵੀਂ ਸਬਜ਼ੀ ਮੰਡੀ, ਲੁਧਿਆਣਾ।

13-02-2020

 ਅਵਾਰਾ ਜਾਨਵਰਾਂ ਦਾ ਹੱਲ
ਗੁਰਚਰਨ ਸਿੰਘ ਨੂਰਪੁਰ ਦੀ ਰਚਨਾ 'ਕਿੰਨੀਆਂ ਹੋਰ ਮੌਤਾਂ ਤੋਂ ਬਾਅਦ ਜਾਗਣਗੀਆਂ ਸਰਕਾਰਾਂ' ਪੜ੍ਹੀ। ਆਏ ਦਿਨ ਇਨ੍ਹਾਂ ਅਵਾਰਾ ਜਾਨਵਰਾਂ ਦਾ ਸ਼ਿਕਾਰ ਹੋ ਰਹੇ ਕੀ ਬੱਚੇ ਕੀ ਬੁੱਢੇ ਜੋ ਜ਼ਿੰਦਗੀ ਤੋਂ ਹੱਥ ਧੋ ਲੈਂਦੇ ਹਨ, ਕਿਸਾਨਾਂ ਦੀਆਂ ਫ਼ਸਲਾਂ ਦਾ ਉਜਾੜਾ ਅਹਿਮ ਮੁੱਦੇ ਅਖ਼ਬਾਰਾਂ ਦੀਆਂ ਸੁਰਖੀਆਂ 'ਚ ਬਣੇ ਰਹਿੰਦੇ ਹਨ। ਪਹਿਲੇ ਵੀ ਖ਼ਬਰ ਪੜ੍ਹੀ ਸੀ ਪਟਿਆਲਾ ਵਿਖੇ ਲਾਵਾਰਸ ਸਾਨ੍ਹ ਨੇ ਲਈ ਨੌਜਵਾਨ ਦੀ ਜਾਨ। ਜਦੋਂ ਸਾਡਾ ਕੋਈ ਜਵਾਨ ਜੀਅ ਇਸ ਦੁਨੀਆ ਤੋਂ ਚਲਾ ਜਾਂਦਾ ਹੈ। ਫਿਰ ਸਾਨੂੰ ਦੂਸਰਿਆਂ ਦਾ ਦੁੱਖ ਮਹਿਸੂਸ ਹੁੰਦਾ ਹੈ। ਪ੍ਰਸ਼ਾਸਨ ਕੁੰਭ ਦੀ ਨੀਂਦ ਸੁੱਤਾ ਪਿਆ ਹੈ। ਮਨੁੱਖ ਨਾਲੋਂ ਜਾਨਵਰ ਦੀ ਕੀਮਤ ਜ਼ਿਆਦਾ ਹੈ। ਜੇਕਰ ਜਾਨਵਰਾਂ ਨੂੰ ਮਾਰਨਾ ਅਪਰਾਧ ਹੈ। ਘੱਟ ਤੋਂ ਘੱਟ ਅਸੀਂ ਉਨ੍ਹਾਂ ਦੀ ਨਸਬੰਦੀ ਕਰ ਕੇ ਇਨ੍ਹਾਂ ਦੀ ਤਾਦਾਦ 'ਚ ਕਮੀ ਕਰ ਸਕਦੇ ਹਾਂ। ਅਵਾਰਾ ਪਸ਼ੂਆਂ ਵਾਸਤੇ ਫਾਟਕਾਂ ਦਾ ਇੰਤਜ਼ਾਮ ਹੋ ਸਕਦਾ ਹੈ। ਜਿਸ ਮਾਂ ਦੇ ਬੱਚੇ ਬਾਰੇ ਕੁਝ ਦਿਨ ਪਹਿਲਾਂ ਵੀ ਅਖ਼ਬਾਰ ਨੇ ਇਨ੍ਹਾਂ ਅਵਾਰਾ ਜਾਨਵਰਾਂ ਦੇ ਸ਼ਿਕਾਰ ਹੋਣ ਬਾਰੇ ਬਿਆਨ ਕੀਤਾ ਸੀ, ਜੇਕਰ ਉਸ ਮਾਂ ਦੀ ਪੀੜਾ ਦਾ ਹਰ ਇਕ ਨੂੰ ਅਹਿਸਾਸ ਹੋ ਜਾਵੇਗਾ ਤਾਂ ਇਹੋ ਜਿਹੀਆਂ ਦੁਖਦਾਈ ਘਟਨਾਵਾਂ ਆਪਣੇ ਆਪ ਬੰਦ ਹੋ ਜਾਣਗੀਆਂ। ਲੋੜ ਹੈ ਪ੍ਰਸ਼ਾਸਨ ਤੇ ਸਰਕਾਰਾਂ ਨੂੰ ਸੰਜੀਦਗੀ ਨਾਲ ਵਿਚਾਰ ਕਰਨ ਦੀ।


-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ।


ਅੱਜ ਦੀ ਨੌਜਵਾਨ ਪੀੜ੍ਹੀ
ਨੌਜਵਾਨਾਂ ਨੂੰ ਏਨਾ ਕੁ ਨਿਕੰਮਾ ਤੇ ਆਲਸੀ ਬਣਾ ਕੇ ਰੱਖ ਦਿੱਤਾ ਹੈ ਕਿ ਕੋਈ ਕਹਿਣ ਦੀ ਗੱਲ ਹੀ ਨਹੀਂ ਰਹੀ। ਵੋਟਾਂ ਸਮੇਂ ਏਨੇ ਕੁ ਲਾਲਚ ਦੇ ਕੇ ਲੋਕਾਂ ਨੂੰ ਭਰਮਾ ਲਿਆ ਜਾਂਦਾ ਹੈ ਕਿ ਜਿਸ ਦੀ ਕੋਈ ਹੱਦ ਹੀ ਨਹੀਂ ਰਹਿੰਦੀ। ਜਦੋਂ ਉਨ੍ਹਾਂ ਦੀ ਸਰਕਾਰ ਬਣ ਜਾਂਦੀ ਹੈ ਤੇ ਲੋਕ ਫਿਰ ਉਹ ਜੋ ਲਾਲਚ ਦੇਣ ਦੀ ਗੱਲ ਕਰਕੇ ਗਏ ਸਨ, ਉਨ੍ਹਾਂ ਦੀ ਇੰਤਜ਼ਾਰ ਕਰਨ ਲੱਗ ਜਾਂਦੇ ਹਨ। ਭਾਰਤ ਦਾ ਤਾਂ ਇਹ ਸਿਲਸਿਲਾ ਪਿੱਛੇ 70-72 ਸਾਲ ਤੋਂ ਨਿਰੰਤਰ ਇਵੇਂ ਹੀ ਚੱਲ ਰਿਹਾ ਹੈ। ਕਈ ਨੌਜਵਾਨ ਹੌਲੀ-ਹੌਲੀ ਇਹ ਵੇਖਦੇ-ਵੇਖਦੇ ਬੁੱਢੇ ਹੋ ਗਏ ਹਨ ਪਰ ਹਾਸਲ ਕੁਝ ਨਹੀਂ ਹੋਇਆ। ਪਰ ਉਹ ਲੋਕ ਕਾਮਯਾਬ ਹੋ ਗਏ ਜਿਨ੍ਹਾਂ ਨੇ ਕੋਈ ਹੱਥ ਨਾਲ ਕੰਮ ਕਰਨ ਦੀ ਪਿਰਤ ਪਾਈ ਸੀ। ਕੰਮ ਕੋਈ ਵੱਡਾ ਜਾਂ ਛੋਟਾ ਨਹੀਂ ਹੁੰਦਾ ਬਸ ਸੋਚ ਦਾ ਫ਼ਰਕ ਹੁੰਦਾ ਹੈ। ਅੱਜ ਜ਼ਰੂਰਤ ਹੈ ਸੋਚ ਬਦਲਣ ਦੀ, ਹੱਥਾਂ ਨਾਲ ਕੰਮ ਕਰਨ ਦੀ। ਬਾਹਰ ਵੀ ਜਾ ਕੇ ਦਿਹਾੜੀਆਂ ਹੀ ਕਰਨੀਆਂ ਪੈਂਦੀਆਂ ਹਨ, ਉਹ ਇਥੇ ਕਿਉਂ ਨਹੀਂ ਕਰ ਸਕਦੇ। ਜਿਸ ਨੇ ਕੀਤੀ ਸ਼ਰਮ, ਉਸ ਦੇ ਫੁੱਟ ਜਾਂਦੇ ਹਨ ਕਰਮ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਪਿੰਡ ਤੇ ਡਾਕ: ਮਮਦੋਟ (ਫਿਰੋਜ਼ਪੁਰ)।


ਪੰਜਾਬ ਦੇ ਦਰਿਆਵਾਂ ਦਾ ਮਸਲਾ
ਪਿਛਲੇ ਦਿਨੀਂ 'ਅਜੀਤ' ਵਿਚ ਸ: ਕਿਰਪਾਲ ਸਿੰਘ ਦਰਦੀ ਹੁਰਾਂ ਦਾ ਲੇਖ 'ਪੰਜਾਬ ਦੇ ਪਾਣੀਆਂ ਦੇ ਮਸਲੇ ਦਾ ਹੱਲ ਕਿਵੇਂ ਹੋਵੇ?' ਪੜ੍ਹਿਆ। ਮਾਹਿਰ ਲੇਖਕ ਨੇ ਪੰਜਾਬ ਦੇ ਪਾਣੀਆਂ ਉੱਪਰ ਗੁਆਂਢੀ ਸੂਬਿਆਂ ਦਾ ਕਿੰਨਾ ਹੱਕ ਹੈ ਜਾਂ ਨਹੀਂ, ਬਾਰੇ ਕਾਨੂੰਨੀ ਅਤੇ ਭੂਗੋਲਿਕ ਸਥਿਤੀ ਬਾਰੇ ਭਰਪੂਰ ਜਾਣਕਾਰੀ ਮੁਹੱਈਆ ਕਰਵਾਈ ਹੈ। ਲੱਖਾਂ ਕਿਊਸਿਕ ਪਾਣੀ ਮੁਫ਼ਤ ਵਿਚ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਹੈ। ਜੇ ਇਸ ਪਾਣੀ ਦਾ ਮੁੱਲ ਪੰਜਾਬ ਵਸੂਲੇ ਤਾਂ ਕਈ ਲੱਖ ਕਰੋੜ ਰੁਪਏ ਪੰਜਾਬ ਦੇ ਖਜ਼ਾਨੇ ਵਿਚ ਜਮ੍ਹਾਂ ਹੋ ਕੇ ਪੰਜਾਬ ਦਾ ਵਿੱਤੀ ਸੰਕਟ ਖ਼ਤਮ ਹੋ ਜਾਵੇਗਾ। ਇਸੇ ਪ੍ਰਕਾਰ ਦਿੱਲੀ ਤੋਂ ਵੀ 0.20 ਐਮ.ਏ.ਐਫ. ਪਾਣੀ ਦੀ ਵਸੂਲੀ ਬਣਦੀ ਹੈ। ਖੇਤਾਂ ਨੂੰ ਸਿੰਜਾਈ ਪੌਣੇ ਪੰਦਰਾਂ ਲੱਖ ਟਿਊਬਵੈੱਲਾਂ ਰਾਹੀਂ ਹੋ ਰਹੀ ਹੈ ਜਿਸ ਕਰਕੇ ਧਰਤੀ ਹੇਠੋਂ ਪਾਣੀ ਖ਼ਤਮ ਹੋ ਰਿਹਾ ਹੈ ਤੇ ਪੰਜਾਬ ਬੰਜਰ ਹੋਣ ਵੱਲ ਦਿਨੋ-ਦਿਨ ਵਧ ਰਿਹਾ ਹੈ। ਸੋ, ਇਸ ਕਰਕੇ ਪੰਜਾਬ ਕੋਲ ਹਰਿਆਣੇ ਨੂੰ ਪਾਣੀ ਦੇਣ ਦੀ ਗੁੰਜਾਇਸ਼ ਕਿੱਥੇ ਹੈ?


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਤਰਨ ਤਾਰਨ।


ਸਮਾਰਟ ਇਮਾਰਤ ਨਹੀਂ ਸਿਸਟਮ ਦੀ ਜ਼ਰੂਰਤ
ਕੋਈ ਸ਼ੱਕ ਨਹੀਂ ਕਿ ਹਰ ਇਕ ਪਿੰਡ ਦੇ ਸਰਕਾਰੀ ਸਕੂਲ ਸਰਕਾਰ ਵਲੋਂ ਸਮਾਰਟ ਬਣਾਏ ਗਏ ਹਨ। ਪਰ ਇਨ੍ਹਾਂ ਨੂੰ ਸਮਾਰਟ ਬਣਾਉਣ ਦਾ ਸਿਹਰਾ ਸਰਕਾਰ ਲੈ ਰਹੀ ਹੈ, ਜਦ ਕਿ ਇਹ ਸਕੂਲ ਪਿੰਡ ਵਾਸੀਆਂ ਦੀ ਮਦਦ ਨਾਲ ਹੀ ਸਮਾਰਟ ਬਣੇ ਹਨ। ਹਰ ਇਕ ਪਿੰਡ ਦੇ ਮੋਹਤਬਾਰ ਅਤੇ ਪ੍ਰਦੇਸੀ ਵੀਰਾਂ ਦੇ ਸਹਿਯੋਗ ਨਾਲ ਇਸ ਮਿਸ਼ਨ ਨੂੰ ਸੰਪੂਰਨ ਕੀਤਾ ਗਿਆ ਹੈ। ਪਰ ਜੇ ਦੂਸਰਾ ਪੱਖ ਦੇਖਿਆ ਜਾਵੇ ਤਾਂ ਇਨ੍ਹਾਂ ਪੁਰਾਣੀਆਂ ਇਮਾਰਤਾਂ ਨੂੰ ਰੰਗ-ਰੋਗਨ ਕਰਨ ਨਾਲ ਇਹ ਸਮਾਰਟ ਨਹੀਂ ਬਣਨਗੇ, ਬਲਕਿ ਬਹੁਤ ਜ਼ਿਆਦਾ ਸੁਧਾਰ ਦੀ ਜ਼ਰੂਰਤ ਸਿਸਟਮ ਵਿਚ ਵੀ ਚਾਹੀਦੀ ਹੈ। ਲੋਕਾਂ ਦਾ ਸਰਕਾਰੀ ਸਕੂਲਾਂ, ਸਰਕਾਰੀ ਹਸਪਤਾਲਾਂ, ਹੋਰ ਵੀ ਸਹੂਲਤਾਂ ਵਲੋਂ ਮੁੱਖ ਮੋੜਨ ਦਾ ਕਾਰਨ ਵੀ ਲੱਭਣ ਦੀ ਲੋੜ ਹੈ। ਕਿਉਂ ਲੋਕ ਇਨ੍ਹਾਂ ਸਹੂਲਤਾਂ ਨੂੰ ਲੈ ਨਹੀਂ ਰਹੇ। ਜੇਕਰ ਅਜਿਹਾ ਹੀ ਹੁੰਦਾ ਗਿਆ ਤਾਂ ਫਿਰ ਸਰਕਾਰੀ ਨੌਕਰੀਆਂ ਵੀ ਹੌਲੀ-ਹੌਲੀ ਖ਼ਤਮ ਹੁੰਦੀਆਂ ਜਾਣਗੀਆਂ। ਇਸ ਲਈ ਜਿੱਥੇ ਅੱਜ ਦੇ ਯੁੱਗ ਵਿਚ ਐਨੀ ਜ਼ਿਆਦਾ ਬੇਰੁਜ਼ਗਾਰੀ ਵਧੀ ਹੋਈ ਹੈ, ਇਸ ਨੂੰ ਦੇਖਦੇ ਹੋਏ ਵਧੀਆ ਢਾਂਚੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਸਿਸਟਮ ਵਿਚ ਆ ਰਹੀਆਂ ਕਮੀਆਂ ਨੂੰ ਹੌਲੀ-ਹੌਲੀ ਸੁਧਾਰਨ ਦੇ ਯਤਨ ਜ਼ਰੂਰੀ ਕਰਨੇ ਚਾਹੀਦੇ ਹਨ। ਇਨ੍ਹਾਂ ਕਮਜ਼ੋਰ ਹੋ ਗਈਆਂ ਸਹੂਲਤਾਂ ਲਈ ਲੋਕਾਂ ਦਾ ਦੁਬਾਰਾ ਵਿਸ਼ਵਾਸ ਜਿੱਤਣ ਦੀ ਲੋੜ ਹੈ। ਇਹ ਤਾਂ ਹੀ ਸੰਭਵ ਹੋਵੇਗਾ, ਜੇਕਰ ਕਾਫ਼ੀ ਹੱਦ ਤੱਕ ਸੁਧਾਰ ਕੀਤੇ ਜਾਣ।


-ਸੁਖਦੀਪ ਸਿੰਘ 'ਸੁਖਾਣਾ'
ਪਿੰਡ-ਸੁਖਾਣਾ (ਲੁਧਿਆਣਾ)।


ਹਊਮੈ ਦਾ ਰੋਗ
ਇਨਸਾਨ ਦੇ ਅੰਦਰ ਚੱਲ ਰਹੇ ਵਲਿਆਂ ਵਿਚੋਂ ਕਈ ਵਿਚਾਰ ਉੱਭਰ ਕੇ ਬਾਹਰ ਨਿਕਲਦੇ ਹਨ। ਹਰ ਕੋਈ ਆਪਣੇ-ਆਪ ਨੂੰ ਹੀਰਾ ਸਮਝਦਾ ਹੈ ਤੇ ਨਾਲ ਖੜ੍ਹੇ ਹੋਏ ਇਨਸਾਨ ਨੂੰ ਕੋਲੇ ਦੀ ਨਿਆਈਂ ਸਮਝਦਾ ਹੈ ਜਦ ਕਿ ਸਾਰੇ ਇਨਸਾਨ ਰੱਬ ਨੇ ਇਕੋ ਬਣਾ ਕੇ ਧਰਤੀ 'ਤੇ ਭੇਜੇ ਹਨ। ਜੋ ਇਨਸਾਨ ਥੋੜ੍ਹੀ ਉੱਚ ਪਦਵੀ 'ਤੇ ਪਹੁੰਚ ਜਾਂਦਾ ਹੈ ਤਾਂ ਉਹ ਆਪਣੇ-ਆਪ 'ਤੇ ਜ਼ਿਆਦਾ ਮਾਣ ਕਰਦਾ ਹੈ, ਭਾਵ ਹਉਮੈ ਵਿਚ ਆ ਜਾਂਦਾ ਹੈ, ਇਹ ਹਉਮੈ ਦਾ ਠੀਕਰਾ ਅਕਸਰ ਹੀ ਅਸੀਂ ਰੱਬ ਦੇ ਸਿਰ ਭੰਨਦੇ ਹਾਂ। ਜਦ ਕਿ ਇਹ ਹਉਮੈ ਇਨਸਾਨ ਹੀ ਇਨਸਾਨ ਵਿਚ ਪੈਦਾ ਕਰਦਾ ਹੈ। ਉੱਚ ਪਦਵੀ ਵਾਲਾ ਇਨਸਾਨ ਆਪਣੇ ਤੋਂ ਛੋਟੇ ਲੈਵਲ ਵਾਲੇ ਇਨਸਾਨ ਨੂੰ ਨੀਵਾਂ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ। ਇਸ ਲਈ ਹਰ ਇਕ ਇਨਸਾਨ ਨੂੰ ਓਨਾ ਹੀ ਸਨਮਾਨ ਦਿਉ ਕਿ ਉਹ ਆਪਣੇ ਦਾਇਰੇ ਵਿਚ ਰਹਿ ਕੇ ਦੂਜੇ ਇਨਸਾਨਾਂ ਨੂੰ ਵੀ ਆਪਣੇ ਬਰਾਬਰ ਸਮਝੇ ਅਤੇ ਨਾ ਹੀ ਸਾਨੂੰ ਮੂੰਹੋਂ ਕੀਤੀ ਵਡਿਆਈ ਨੂੰ ਭੰਡਣਾ ਪਵੇ। ਇਸ ਤਰ੍ਹਾਂ ਕਰਨ ਨਾਲ ਹਉਮੈ ਵਾਲਾ ਰੋਗ ਵੀ ਘਟੇਗਾ ਤੇ ਸਮਾਜ ਵਿਚ ਰਹਿ ਰਹੇ ਇਨਸਾਨਾਂ ਵਿਚ ਬਰਾਬਰਤਾ ਵੀ ਹੋਵੇਗੀ।


-ਸੁਖਚੈਨ ਸਿੰਘ
ਠੱਠੀ ਭਾਈ (ਯੂ.ਏ.ਈ.)।

12-02-2020

 ਜਲ ਹੀ ਜੀਵਨ ਹੈ

ਜਲ ਹੀ ਜੀਵਨ ਹੈ ਇਸ ਸਿਧਾਂਤ 'ਤੇ ਚਲਦਿਆਂ ਅੱਜ ਲੋੜ ਹੈ ਕਿ ਪਾਣੀ ਦੀ ਬੱਚਤ ਕੀਤੀ ਜਾਵੇ। ਅੱਜ ਪਾਣੀ ਦਾ ਪੱਧਰ ਦਿਨੋ-ਦਿਨ ਥੱਲੇ ਜਾ ਰਿਹਾ ਹੈ। ਉਸ ਹਿਸਾਬ ਨਾਲ ਤਾਂ ਇਕ ਦਿਨ ਪਾਣੀ ਦਾ ਗੰਭੀਰ ਸੰਕਟ ਸਾਡੇ ਸਾਹਮਣੇ ਆਵੇਗਾ ਤਾਂ ਉਸ ਦਿਨ ਕੀ ਹੋਵੇਗਾ, ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਸੋ, ਭਵਿੱਖ ਲਈ ਸੋਚਦੇ ਹੋਏ ਪਾਣੀ ਦੀ ਬੱਚਤ ਕਰੀਏ ਤੇ ਪਾਣੀ ਨੂੰ ਬਰਬਾਦ ਹੋਣੋਂ ਰੋਕੀਏ।

-ਸੇਵਾ ਰਾਮ ਸਿੰਗਲਾ
351-ਫੇਜ਼-2, ਮਾਡਲ ਟਾਊਨ, ਬਠਿੰਡਾ।

ਖ਼ੁਦਕੁਸ਼ੀਆਂ ਚਿੰਤਾ ਦਾ ਵਿਸ਼ਾ

ਸਾਡਾ ਦੇਸ਼ ਖੇਤੀਬਾੜੀ ਪ੍ਰਧਾਨ ਹੈ। ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਖ਼ੁਦਕੁਸ਼ੀਆਂ ਕਰਨਾ ਚਿੰਤਾ ਦਾ ਵਿਸ਼ਾ ਹੈ। ਇਸ ਸਮੱਸਿਆ ਪ੍ਰਤੀ ਹਾਕਮ ਧਿਰਾਂ ਨੂੰ ਆਪਣੇ ਨਿੱਜੀ ਹਿਤਾਂ ਤੋਂ ਉੱਪਰ ਉੱਠ ਕੇ ਕਿਸਾਨਾਂ, ਖੇਤ ਮਜ਼ਦੂਰਾਂ ਲਈ ਭਲਾਈ ਸਕੀਮਾਂ ਬਣਾ ਕੇ, ਇਮਾਨਦਾਰੀ ਨਾਲ ਲਾਗੂ ਕਰਨਾ ਚਾਹੀਦਾ ਹੈ ਤਾਂ ਕਿ ਇਹ ਵਰਤਾਰਾ ਰੁਕ ਸਕੇ। ਖੇਤੀਬਾੜੀ ਮਨੁੱਖਤਾ ਦੀ ਜੀਵਨਧਾਰਾ ਹੈ, ਮਨੁੱਖਤਾ ਦਾ ਖੇਤੀਬਾੜੀ ਫ਼ਸਲਾਂ (ਵਸਤਾਂ) ਤੋਂ ਬਿਨਾਂ ਜੀਵਨ ਜਿਊਣਾ ਸੰਭਵ ਹੈ। ਕਿਸਾਨਾਂ ਤੇ ਮਜ਼ਦੂਰਾਂ ਨੂੰ ਖ਼ੁਦਕੁਸ਼ੀਆਂ ਨਹੀਂ ਕਰਨੀਆਂ ਚਾਹੀਦੀਆਂ। ਖ਼ੁਦਕੁਸ਼ੀਆਂ ਸਮੱਸਿਆਵਾਂ ਦਾ ਹੱਲ ਨਹੀਂ। ਇਹ ਵਰਤਾਰਾ ਪਿੱਛੇ ਰਹਿ ਗਏ ਪਰਿਵਾਰ ਦੇ ਜੀਆਂ ਦੀਆਂ ਸਮੱਸਿਆਵਾਂ ਨੂੰ ਵਧਾ ਦਿੰਦਾ ਹੈ।

-ਪਰਗਟ ਸਿੰਘ ਵਜੀਦਪਾਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿ: ਪਟਿਆਲਾ।

ਲੋਕਤੰਤਰੀ ਅਕਸ ਨੂੰ ਧੱਬਾ

ਪਿਛਲੇ ਦਿਨੀਂ ਇਕ ਸੰਸਥਾ ਵਲੋਂ 165 ਦੇਸ਼ਾਂ ਲਈ ਲੋਕਤੰਤਰੀ ਸੂਚਕ ਅੰਕ ਪੇਸ਼ ਕੀਤਾ ਗਿਆ, ਜਿਸ ਵਿਚ ਭਾਰਤ 10 ਅੰਕ ਹੇਠਾਂ ਆ ਕੇ 51ਵੇਂ ਸਥਾਨ 'ਤੇ ਗਿਆ ਹੈ। ਸੂਚਕ ਅੰਕ ਦੀ ਗਿਰਾਵਟ ਨੇ ਭਾਰਤੀ ਲੋਕਤੰਤਰ ਦੇ ਅਕਸ ਨੂੰ ਵੱਡਾ ਧੱਬਾ ਲਾਇਆ ਹੈ, ਜੋ ਭਾਰਤ ਲਈ ਦੁਨੀਆ ਭਰ 'ਚ ਸ਼ਰਮਸਾਰ ਹੋਣ ਵਾਲੀ ਗੱਲ ਹੈ। ਦੇਸ਼ ਦੀ ਜਨਤਾ ਨੇ ਲੋਕਤੰਤਰੀ ਢੰਗ ਨਾਲ ਸਰਕਾਰ ਚੁਣੀ ਹੈ। ਸਰਕਾਰ ਦੀ ਕਾਰਗੁਜ਼ਾਰੀ ਹਉਮੈ ਭਰੀ ਨਹੀਂ ਹੋਣੀ ਚਾਹੀਦੀ, ਸਗੋਂ ਦੇਸ਼ ਦੇ ਹਰ ਨਾਗਰਿਕ ਲਈ ਪ੍ਰਤੀਬੱਧਤਾ ਵਾਲੀ ਹੋਣੀ ਚਾਹੀਦੀ ਹੈ। ਸਰਕਾਰ ਕਾਹਲੀ ਵਿਚ ਅਜਿਹੇ ਫ਼ੈਸਲੇ ਜਾਂ ਕਾਨੂੰਨ ਨਾ ਬਣਾਏ ਜੋ ਦੇਸ਼ ਵਾਸੀਆਂ 'ਚ ਡਰ ਪੈਦਾ ਕਰਦੇ ਹੋਣ। ਸਰਕਾਰ ਕੋਲ ਸਮਾਂ ਹੈ। ਜੇਕਰ ਉਹ ਚਾਹੇ ਤਾਂ ਉਪਰੋਕਤ ਸੰਸਥਾ ਵਲੋਂ ਜਿਹੜੇ ਪੰਜ ਨੁਕਤਿਆਂ ਦੇ ਆਧਾਰ 'ਤੇ ਲੋਕਤੰਤਰੀ ਸੂਚਕ ਅੰਕ ਪੇਸ਼ ਕੀਤਾ ਹੈ, 'ਤੇ ਗੰਭੀਰਤਾ ਨਾਲ ਵਿਚਾਰ ਕਰ ਸਕਦੀ ਹੈ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਪੰਚਾਇਤੀ ਜ਼ਮੀਨਾਂ ਦਾ ਨਿੱਜੀਕਰਨ

ਪੰਜਾਬ ਸਰਕਾਰ ਨੇ ਪੰਚਾਇਤੀ ਜ਼ਮੀਨਾਂ ਨੂੰ ਕਾਰਪੋਰੇਟ ਅਦਾਰਿਆਂ ਨੂੰ ਵੇਚਣ ਦਾ ਜੋ ਫ਼ੈਸਲਾ ਕੀਤਾ ਹੈ, ਉਹ ਸਰਾਸਰ ਪੰਚਾਇਤਾਂ ਅਤੇ ਪਿੰਡਾਂ ਦੇ ਲੋਕਾਂ ਨਾਲ ਧੱਕਾ ਹੈ। ਪੰਚਾਇਤੀ ਜ਼ਮੀਨਾਂ ਕਿਸੇ ਵੀ ਪਿੰਡ ਦੀ ਆਮਦਨ ਦਾ ਵਸੀਲਾ ਹੁੰਦੀਆਂ ਹਨ। ਇਸੇ ਆਮਦਨ ਨਾਲ ਹੀ ਪੰਚਾਇਤਾਂ ਨੇ ਆਪਣੇ ਪਿੰਡਾਂ ਦਾ ਵਿਕਾਸ ਕਰਨਾ ਹੁੰਦਾ ਹੈ। ਹਸਪਤਾਲ, ਸ਼ਮਸ਼ਾਨਘਾਟ, ਧਰਮਸ਼ਾਲਾਵਾਂ ਵਗੈਰਾ ਉਸਾਰਨੀਆਂ ਹੁੰਦੀਆਂ ਹਨ। ਇਹ ਤਾਂ ਕਿਸੇ ਵੀ ਪਿੰਡ ਦੀ ਰੂਹ ਦੀ ਖੁਰਾਕ ਹੁੰਦੀਆਂ ਹਨ। ਜਦ ਕਿਸੇ ਵੀ ਪਿੰਡ ਤੋਂ ਉਸ ਦੀ ਖੁਰਾਕ ਹਥਿਆ ਲਈ ਜਾਵੇ ਤਾਂ ਉਸ ਪਿੰਡ ਦੀ ਰੂਹ ਹੀ ਮਰ ਮਿਟ ਜਾਂਦੀ ਹੈ। ਸਰਕਾਰ ਨੂੰ ਪਿੰਡਾਂ ਦੀ ਰੂਹ ਖ਼ਤਮ ਕਰਨ ਵਾਲਾ ਫ਼ੈਸਲਾ ਰੱਦ ਕਰਨਾ ਚਾਹੀਦਾ ਹੈ। ਨਹੀਂ ਤਾਂ ਲੋਕਾਂ 'ਚ ਰੋਹ ਦਾ ਲਾਵਾ ਫੁੱਟ ਸਕਦਾ ਹੈ।

-ਇੰਜੀ: ਰਛਪਾਲ ਸਿੰਘ 'ਚਨੂੰਵਾਲਾ'
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।

ਇਕ ਬੱਚੇ ਦੀ ਜ਼ਬਾਨੀ...

ਬੀਤੇ ਦਿਨੀਂ ਲੋਕ ਮੰਚ ਵਿਚ ਮਿਸਿਜ਼ ਵੰਦਨਾ ਵਰਮਾ ਦਾ ਲਿਖਿਆ 'ਇਕ ਬੱਚੇ ਦੀ ਜ਼ਬਾਨੀ ਆਪਣੇ ਘਰ ਅੰਦਰ ਹੁੰਦੇ ਅੱਤਿਆਚਾਰਾਂ ਦੀ ਸੱਚੀ ਕਹਾਣੀ' ਪੜ੍ਹਿਆ। ਅੱਜ ਦੇ ਜ਼ਮਾਨੇ ਵਿਚ ਬਹੁਤੇ ਘਰਾਂ ਵਿਚ ਕਿੱਤੇ ਘੱਟ ਕਿਤੇ ਵੱਧ ਇਹ ਹੀ ਵਰਤਾਰਾ ਹੁੰਦਾ ਹੈ। ਨੂੰਹ-ਪੁੱਤ ਘਰ ਦੇ ਬਜ਼ੁਰਗਾਂ ਵੱਲ ਪੂਰਾ ਧਿਆਨ ਨਹੀਂ ਦਿੰਦੇ। ਮੇਰੇ ਨਾਲ ਬਹੁਤ ਸਾਰੇ ਬਜ਼ੁਰਗ ਆਪਣੇ ਨਾਲ ਹੁੰਦੇ ਘਟੀਆ ਵਰਤਾਰੇ ਦੀਆਂ ਆਪ ਬੀਤੀਆਂ ਸਾਂਝੀਆਂ ਕਰਦੇ ਰਹਿੰਦੇ ਹਨ। ਨਾਲ ਇਹ ਵੀ ਕਹਿ ਦਿੰਦੇ ਹਨ ਕਿ ਸਾਡੀ ਨੂੰਹ ਤੇ ਪੁੱਤ ਨਾ ਦੱਸਿਓ। ਉਹ ਘਟੀਆ ਜੀਵਨ ਬਤੀਤ ਕਰ ਕੇ ਵੀ ਆਪਣੀ ਔਲਾਦ ਦਾ ਭਲਾ ਮੰਗਦੇ ਹਨ। ਉਹ ਆਪਣੇ ਪੋਤੇ-ਪੋਤੀਆਂ ਨਾਲ ਲਾਡ-ਲਡਾਉਣਾ ਚਾਹੁੰਦੇ ਹਨ ਪਰ ਬੱਚਿਆਂ ਦੇ ਮਾਤਾ-ਪਿਤਾ ਉਨ੍ਹਾਂ ਨੂੰ ਬਜ਼ੁਰਗਾਂ ਦੀ ਸੰਗਤ ਨਹੀਂ ਕਰ ਦਿੰਦੇ। ਇਹ ਮਾਹੌਲ ਵਿਗਾੜਨ ਵਿਚ ਟੀ.ਵੀ. ਸੀਰੀਅਲਾਂ ਦਾ ਵੀ ਕਾਫੀ ਪ੍ਰਭਾਵ ਹੈ। ਜਿਸ ਬੱਚੇ ਨੇ ਆਪਣੇ ਘਰ ਦੀ ਕਹਾਣੀ ਹੂ-ਬਹੂ ਸੱਚ ਸਕੂਲ ਵਿਚ ਸੁਣਾਈ ਹੈ, ਉਹ ਬੱਚਾ ਮਹਾਨ ਹੈ ਤੇ ਇਕ ਦਿਨ ਵੱਡਾ ਵਿਦਵਾਨ ਬਣੇਗਾ। ਮਿਸਿਜ਼ ਵੰਦਨਾ ਵਰਮਾ ਜਿਸ ਨੇ ਇਹ ਸੋਚ ਲੋਕ ਮੰਚ ਵਿਚ ਪੇਸ਼ ਕੀਤੀ ਹੈ, ਉਸ ਦੇ ਹੌਸਲੇ ਦੀ ਦਾਦ ਹੈ। ਅੱਜ ਦੇ ਬੱਚੇ ਮਾਂ-ਪਿਉਂ ਦੀ ਦੌਲਤ ਨੂੰ ਤਾਂ ਆਪਣਾ ਸਮਝਦੇ ਹਨ ਪਰ ਮਾਂ-ਪਿਉ ਨੂੰ ਆਪਣਾ ਨਹੀਂ ਸਮਝਦੇ। ਬੁਢਾਪਾ ਸਾਰਿਆਂ 'ਤੇ ਖੜ੍ਹਾ ਹੈ, ਸਾਰਿਆਂ ਦੀ ਵਾਰੀ ਆਉਣੀ ਹੈ। ਇਹ ਸੱਚ ਕਈਆਂ ਦਾ ਜੀਵਨ ਬਦਲ ਸਕਦਾ ਹੈ।

-ਤਰਲੋਕ ਸਿੰਘ ਫਲੋਰਾ
ਸੇਵਾ-ਮੁਕਤ ਲੈਕ: ਕਾਮਰਸ, ਬੰਗਾ (ਸ਼ਹੀਦ ਭਗਤ ਸਿੰਘ ਨਗਰ)।

ਬਿਜਲੀ ਦਰਾਂ ਵਿਚ ਵਾਧਾ

ਪੰਜਾਬ ਦੇ ਲੋਕ ਪਿਛਲੀ ਅਕਾਲੀ-ਭਾਜਪਾ ਸਰਕਾਰ ਦੁਆਰਾ ਲਏ ਗ਼ਲਤ ਫ਼ੈਸਲਿਆਂ ਦਾ ਭਾਰ ਸਹਿ ਰਹੇ ਹਨ। ਬਿਜਲੀ ਦਰਾਂ ਵਿਚ ਵਾਧਾ ਉਨ੍ਹਾਂ ਵਿਚੋਂ ਇਕ ਹੈ। ਮੌਜੂਦਾ ਕਾਂਗਰਸ ਸਰਕਾਰ ਨੂੰ ਪਿਛਲੀ ਸਰਕਾਰ ਦੁਆਰਾ ਦਸਤਖ਼ਤ ਕੀਤੇ ਗਏ ਬਿਜਲੀ ਖ਼ਰੀਦ ਸਮਝੌਤਿਆਂ ਨੂੰ ਖਤਮ ਕਰਨਾ ਚਾਹੀਦਾ ਹੈ, ਜਿਸ ਕਾਰਨ ਬਿਜਲੀ ਦਰਾਂ ਵਿਚ ਵਾਧਾ ਹੋਇਆ ਹੈ। ਨਾਲ ਲਗਦੇ ਰਾਜ ਬਹੁਤ ਸਸਤੇ ਰੇਟਾਂ 'ਤੇ ਲੋਕਾਂ ਨੂੰ ਬਿਜਲੀ ਦਿੰਦੇ ਆ ਰਹੇ ਹਨ। ਸਰਕਾਰ ਨੂੰ ਇਸ 'ਤੇ ਕੰਮ ਕਰਨਾ ਚਾਹੀਦਾ ਹੈ।

-ਨੇਹਾ ਜਮਾਲ, ਮੁਹਾਲੀ।

ਹਰੇਕ ਦਾ ਖਿਆਲ

ਪੰਜਾਬੀਆਂ ਦੀ ਆਵਾਜ਼ 'ਅਜੀਤ' 'ਚ ਬਹੁਤ ਹੀ ਉੱਚ-ਪਾਏ ਦੇ ਲੇਖ ਪ੍ਰਕਾਸ਼ਿਤ ਕੀਤੇ ਜਾਂਦੇ ਹਨ, ਇਹ ਲੇਖ ਪਰਿਵਾਰ ਨੂੰ ਅਤੇ ਨੌਜਵਾਨਾਂ ਨੂੰ ਸੇਧ ਦੇਣ ਵਾਲੇ ਹੁੰਦੇ ਹਨ। ਇਸ ਵਿਚ ਸੰਵੇਦਨਸ਼ੀਲਤਾ, ਸ੍ਰੇਸ਼ਟਤਾ, ਦਿਲਚਸਪੀ ਨਜ਼ਰ ਆਉਂਦੀ ਹੈ। ਇਸ ਤੋਂ ਉਪਰੰਤ ਅਖਬਾਰ ਵਿਚ ਅਨੁਸ਼ਾਸਨ ਅਨੁਸਾਰ ਲਿਖਤਾਂ ਦਰਜ ਕੀਤੀਆਂ ਜਾਂਦੀਆਂ ਹਨ। ਐਤਵਾਰ ਦੇ ਅਖ਼ਬਾਰ ਵਿਚ ਸਾਹਿਤ ਫੁਲਵਾੜੀ, ਮਿੰਨੀ ਕਹਾਣੀਆਂ, ਦਿਲਚਸਪੀਆਂ, ਕਾਵਿ-ਵਿਅੰਗ, ਹਾਸਾ-ਠੱਠਾ ਤੇ ਕਿਤਾਬਾਂ ਬਾਰੇ ਪੜਚੋਲ ਲਿਖੀ ਜਾਂਦੀ ਹੈ। 'ਬਾਲ ਸੰਸਾਰ' ਅਤੇ 'ਧਰਮ ਤੇ ਵਿਰਸਾ' ਅੰਕ ਸੇਧ ਪੂਰਨ ਹੁੰਦੇ ਹਨ ਅਤੇ ਮੁੱਕਦੀ ਗੱਲ ਕਿ ਹਰ ਵਰਗ ਤੇ ਹਰ ਉਮਰ ਦੇ ਵਿਅਕਤੀਆਂ ਦਾ ਖਿਆਲ ਰੱਖ ਕੇ ਅਖ਼ਬਾਰ ਨੂੰ ਹਰਮਨ ਪਿਆਰਾ ਬਣਾਇਆ ਗਿਆ ਹੈ।

-ਪ੍ਰਿੰਸੀਪਲ ਕਰਤਾਰ ਸਿੰਘ ਬੇਰੀ
ਦਸਮੇਸ਼ ਨਗਰ, ਸ੍ਰੀ ਮੁਕਤਸਰ ਸਾਹਿਬ।

ਮਾਂ ਦੀ ਹੋਂਦ ਨੂੰ ਸਿਸਕਦੇ ਪਲ!

ਮਾਵਾਂ ਜਿਹੀ ਦਲੀਪ ਕੌਰ ਟਿਵਾਣਾ ਦੇ ਸਦਾ ਲਈ ਤੁਰ ਜਾਣ 'ਤੇ ਦਿਲ ਨੂੰ ਬੜੀ ਖੋਹ ਪਈ ਹੈ। ਬੜੀ ਉੱਥਲ-ਪੁਥਲ ਮਚੀ ਹੈ ਦਿਲ ਅੰਦਰ! ਗਾਉਂਦੇ ਤਾਂ ਕਈ ਲੋਕ ਹੁੰਦੇ ਹੈਨ ਪਰ ਕਿਸੇ ਦੇ ਹੱਥੀਂ ਛੋਹੀਆਂ ਸੁਰਾਂ, ਸੁਣਨ ਵਾਲੇ ਦੇ ਦਿਲ ਨੂੰ ਟੁੰਬ ਜਾਂਦੀਆਂ ਹਨ, ਹਲੂਣ ਜਾਂਦੀਆਂ ਹਨ -ਵਜਦ ਵਿਚ ਲੈ ਜਾਂਦੀਆਂ ਹਨ। ਉਨ੍ਹਾਂ ਵਿਰਲਿਆਂ ਸੁਰਾਂ ਦੇ ਸਿਰਤਾਜਾਂ ਵਰਗੀ ਸੀ ਦਲੀਪ! ਉਸ ਦੀ ਕਲਮ ਦੇ ਲਿਖੇ ਸ਼ਬਦ ਦਿਲ ਨੂੰ ਟੁੰਬਦੇ ਸਨ। ਇਵੇਂ ਜਾਪਦਾ ਸੀ ਜਿਵੇਂ ਰੱਬ ਨੇ ਆਪਣੇ ਹੱਥੀਂ, ਉਸ ਦੇ ਹੱਥ ਕਲਮ ਦੇ ਕੇ, ਉਸ ਨੂੰ ਆਪਣੇ ਘਰੋਂ, ਧਰਤੀ ਉੱਪਰ ਘੱਲਿਆ ਸੀ। ਕਦੇ ਮੈਂ ਉਨ੍ਹਾਂ ਨੂੰ ਪਰਤੱਖ ਤਾਂ ਨਹੀਂ ਦੇਖ ਸਕਿਆ, ਜਿਸ ਦਾ ਅਹਿਸਾਸ ਸਾਰੀ ਉਮਰ ਦਿਲ ਨੂੰ ਰਹਿਣਾ ਹੈ, ਪਰ ਉਨ੍ਹਾਂ ਦੀਆਂ ਲਿਖਤਾਂ ਵਿਚੋਂ ਜਿੰਨੇ ਕੁ ਉਹ ਦਿਸੇ ਹਨ, ਸੀਰਤ ਦੇ ਬੜੇ ਸੋਹਣੇ ਅਤੇ ਨਿੱਘੇ ਸੁਭਾਅ ਵਾਲੀ ਸੁਆਣੀ ਵਜੋਂ ਦਿਖਾਈ ਪਏ ਹਨ। ਉਹ ਐਸੇ ਸਾਹਿਤਕਾਰ ਸਨ, ਜੋ ਧਰਤੀ ਵਿਚ ਆਪਣੀਆਂ ਜੜ੍ਹਾਂ ਲਾ ਕੇ ਜੀਵਨ ਤਾਈਂ ਪੀਂਦੇ ਸਨ ਤੇ ਤਦੋਂ ਲੋਕਾਈ 'ਤੇ ਜੀਵਨ ਤ੍ਰੌਂਕਦੇ ਸਨ। ਹੱਥੀਂ ਕਿਰਤ ਕਰਨ ਦੇ ਉਹ ਪੁੰਜ ਸਨ। ਟੀ. ਵੀ. 'ਤੇ ਇਕ ਇੰਟਰਵਿਊ ਵਿਚ ਉਨ੍ਹਾਂ ਸਾਂਝਾ ਕੀਤਾ ਸੀ ਕਿ ਇਕ ਵਾਰ ਉਨ੍ਹਾਂ ਕੋਲ ਪੜ੍ਹਦੀਆਂ ਕੁਝ ਕੁੜੀਆਂ ਉਨ੍ਹਾਂ ਨੂੰ ਮਿਲਣ ਲਈ ਘਰ ਆਈਆਂ ਤਾਂ ਉਹ ਤੱਕ ਕੇ ਹੈਰਾਨ ਹੋ ਗਈਆਂ ਕਿ ਉਸ ਵੇਲ਼ੇ ਦਲੀਪ ਕੌਰ ਹੱਥੀਂ ਕੱਪੜੇ ਧੋ ਰਹੇ ਸਨ। ਹੈਰਾਨੀ ਸੁਭਾਵਕ ਹੀ ਸੀ। ਆਖਣ ਲੱਗੀਆਂ, 'ਤੁਸੀਂ ਆਪਣੇ ਕੱਪੜੇ ਆਪ ਧੋਂਦੇ ਓ!' ਏਡੀ ਵੱਡੀ ਸਾਹਿਤਕਾਰ ਤੇ ਆਪਣੇ ਕੱਪੜੇ ਆਪ ਧੋਵੋ! ਤਦ ਦਲੀਪ ਕੌਰ ਨੇ ਉਨ੍ਹਾਂ ਨਵੀਆਂ ਕੁੜੀਆਂ ਨੂੰ ਹੱਥੀਂ ਕਿਰਤ ਦੀ ਮਹੱਤਤਾ ਦਰਸਾਉਂਦਿਆਂ ਆਖਿਆ ਸੀ ਕਿ ਹੱਥੀਂ ਕੰਮ ਕਰਦਿਆਂ ਸਾਡਾ ਆਪਾ ਵੀ ਨਿੱਖਰਦਾ ਹੈ, ਸਾਡੀ ਸ਼ਖ਼ਸੀਅਤ ਲਿਸ਼ਕਦੀ ਹੈ। ਉਨ੍ਹਾਂ ਕਿਹਾ ਸੀ ਕਿ ਸਿਆਣਪ ਨਾਲੋਂ ਹੁਣ ਚਤੁਰਤਾ ਵਧ ਗਈ ਹੈ। ਉਨ੍ਹਾਂ ਦੇ ਜਾਣ ਨਾਲ ਪੰਜਾਬੀ ਸਾਹਿਤ ਦਾ ਸੁੱਚਾ ਮੋਤੀ ਕਿਰ ਗਿਆ ਹੈ। ਪੰਜਾਬੀ ਚੇਤਿਆਂ ਵਿਚ ਸਦਾ ਉਹ ਵਸਦੇ ਰਹਿਣਗੇ। ਦੂਜੇ ਬੰਨੇ ਕਦੇ ਨਾ ਪੂਰਾ ਹੋਣ ਵਾਲਾ ਖਲਾਅ ਉਨ੍ਹਾਂ ਦੀ ਹੋਂਦ ਨੂੰ ਸਦਾ ਤਾਂਘਦਾ ਰਹੇਗਾ!

-ਡਾ: ਬਲਵੀਰ ਮੰਨਣ।

11-02-2020

 ਵਾਤਾਵਰਨ ਦਾ ਸੰਕਟ
ਪੰਜਾਬ ਵਿਚ ਦਿਨੋ-ਦਿਨ ਵਧ ਰਿਹਾ ਵਾਤਾਵਰਨ ਦਾ ਸੰਕਟ ਮਨੁੱਖ ਅਤੇ ਸਰਕਾਰਾਂ ਦੀ ਲਾਪਰਵਾਹੀ ਦੀ ਦੇਣ ਹੈ। ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਲਗਦੀ ਅੱਗ, ਸੜਕਾਂ 'ਤੇ ਵਧ ਰਹੀ ਆਵਾਜਾਈ, ਏਅਰ ਕੰਡੀਸ਼ਨਰ 'ਚੋਂ ਨਿਕਲਦੀਆਂ ਜ਼ਹਿਰੀਲੀਆਂ ਗੈਸਾਂ, ਫੈਕਟਰੀਆਂ ਦੇ ਧੂੰਏਂ ਅਤੇ ਦਰੱਖਤਾਂ ਦੀ ਕਟਾਈ ਨੇ ਪੰਜਾਬ ਦੇ ਵਾਤਾਵਰਨ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ।
ਇਸ ਨਾਲ ਨਿੱਤ ਨਵੀਆਂ ਬਿਮਾਰੀਆਂ ਤਾਂ ਜਨਮ ਲੈਂਦੀਆਂ ਹੀ ਹਨ, ਇੰਝ ਲਗਦਾ ਹੈ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਦੂਸ਼ਿਤ ਹਵਾ ਤੇ ਦੂਸ਼ਿਤ ਪਾਣੀ ਛੱਡ ਕੇ ਜਾਵਾਂਗੇ ਜਿਸ ਕਾਰਨ ਉਨ੍ਹਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਵੇਗਾ। ਅੱਜ ਹਰ ਕੋਈ ਆਪਣੇ ਫਰਜ਼ ਤੋਂ ਭੱਜਦਾ ਨਜ਼ਰ ਆ ਰਿਹਾ ਹੈ ਪਰ ਅਜਿਹਾ ਨਹੀਂ ਹੋਣਾ ਚਾਹੀਦਾ। ਵਾਤਾਵਰਨ ਨੂੰ ਸ਼ੁੱਧ ਕਰਨ ਲਈ ਹਰੇਕ ਇਨਸਾਨ ਨੂੰ ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ। ਸਰਕਾਰਾਂ ਨੂੰ ਵੀ ਵਾਤਾਵਰਨ ਸੰਕਟ ਦਾ ਵਿਸ਼ਾ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਇਸ ਵਿਸ਼ੇ 'ਤੇ ਵਿਧਾਨ ਸਭਾ ਵਿਚ ਵਿਸ਼ੇਸ਼ ਚਰਚਾ ਹੋਣੀ ਚਾਹੀਦੀ ਹੈ ਤਾਂ ਜੋ ਸਮੁੱਚੀ ਮਾਨਵਤਾ ਨੂੰ ਇਸ ਭਿਆਨਕ ਸਮੱਸਿਆ ਤੋਂ ਬਚਾਇਆ ਜਾ ਸਕੇ।

-ਨਿਤਿਨ ਬਜਾਜ
ਦਸਮੇਸ਼ ਪਬਲਿਕ ਸਕੂਲ, ਬਰਗਾੜੀ।

ਸਮਾਜ ਸੇਵਾ ਅਤੇ ਨੌਜਵਾਨ
ਨੌਜਵਾਨ ਪੀੜ੍ਹੀ ਦਾ ਸਮਾਜ ਦੇ ਵਿਕਾਸ ਵਿਚ ਅਹਿਮ ਯੋਗਦਾਨ ਹੁੰਦਾ ਹੈ। ਸਮਾਜ ਸੇਵਾ ਦੀ ਗੱਲ ਕਰੀਏ ਤਾਂ ਸਮਾਜ ਸੇਵਾ ਅੱਜ ਦੇ ਨੌਜਵਾਨ ਦੇ ਸੁਭਾਅ ਵਿਚ ਹੀ ਹੈ। ਨੌਜਵਾਨ ਸਮਾਜ ਭਲਾਈ ਦੇ ਕੰਮਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਅੱਜ ਨੌਜਵਾਨਾਂ ਵਲੋਂ ਕਈ ਗ਼ੈਰ-ਸਰਕਾਰੀ ਸੰਗਠਨ ਚਲਾਏ ਜਾ ਰਹੇ ਹਨ ਜੋ ਸਮਾਜ ਭਲਾਈ ਦੇ ਕੰਮ ਕਰਦੇ ਹਨ।
ਇਹ ਸੰਗਠਨ ਲੋੜਵੰਦਾਂ ਲਈ ਰੋਟੀ, ਕੱਪੜਾ, ਮਕਾਨ, ਸਿੱਖਿਆ ਅਤੇ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਦੇ ਹਨ। ਜਨਤਕ ਥਾਵਾਂ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਹਸਪਤਾਲਾਂ ਆਦਿ 'ਤੇ ਨੌਜਵਾਨਾਂ ਦਾ ਬਜ਼ੁਰਗਾਂ, ਅੰਗਹੀਣਾਂ ਪ੍ਰਤੀ ਚੰਗਾ ਵਿਹਾਰ ਦੇਖਣ ਨੂੰ ਮਿਲਦਾ ਹੈ, ਉਹ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਨੌਜਵਾਨ ਪੀੜ੍ਹੀ ਦੀ ਇਸ ਸਮਾਜ ਸੇਵੀ ਸੋਚ ਦਾ ਕਾਰਨ ਹੈ ਕਿ ਅੱਜ ਦਾ ਨੌਜਵਾਨ ਸਿੱਖਿਅਤ ਹੈ। ਸਿੱਖਿਆ ਦੁਆਰਾ ਹੀ ਵਿਅਕਤੀ ਨੈਤਿਕ ਮੁੱਲ ਸਿੱਖਦਾ ਹੈ।

-ਯਾਦਵਿੰਦਰ ਸਿੰਘ
ਪਿੰਡ ਰੱਲੀ, ਜ਼ਿਲ੍ਹਾ ਮਾਨਸਾ।

ਖ਼ਤਰਨਾਕ ਹੈ ਬੰਦ ਕਮਰੇ ਵਿਚ ਅੰਗੀਠੀ ਬਾਲਣਾ
ਸਰਦੀਆਂ ਵਿਚ ਅੱਤ ਦੀ ਬਰਫ਼ੀਲੀ ਠੰਢ ਤੋਂ ਬਚਣ ਲਈ ਕਮਰੇ ਨੂੰ ਨਿੱਘਾ ਕਰਨ ਲਈ ਕਮਰੇ ਵਿਚ ਕੋਲਿਆਂ ਦੀ ਅੰਗੀਠੀ ਬਾਲ ਕੇ ਬੂਹੇ-ਬਾਰੀਆਂ ਬੰਦ ਕਰ ਲਏ ਜਾਂਦੇ ਹਨ, ਜਿਸ ਨਾਲ ਕਈ ਜ਼ਿੰਦਗੀਆਂ ਜ਼ਿੰਦਗੀ ਤੋਂ ਹੱਥ ਧੋ ਬੈਠਦੀਆਂ ਹਨ। ਅਸਲ ਵਿਚ ਬੰਦ ਕਮਰੇ ਵਿਚ ਅੰਗੀਠੀ ਬਾਲਣ ਤੋਂ ਬਾਅਦ ਬੂਹੇ ਬਾਰੀਆਂ, ਰੌਸ਼ਨਦਾਨ ਬੰਦ ਕਰਨ ਨਾਲ ਅੰਦਰਲੀ ਤੇ ਬਾਹਰੀ ਹਵਾ ਦਾ ਸੰਪਰਕ ਟੁੱਟ ਜਾਂਦਾ ਹੈ।
ਅਜਿਹੇ ਹਾਦਸਿਆਂ ਤੋਂ ਬਚਣ ਲਈ ਸੌਣ ਤੋਂ ਪਹਿਲਾਂ ਜਾਂ ਤਾਂ ਕੋਲੇ ਦੀ ਅੰਗੀਠੀ ਨੂੰ ਕਮਰੇ ਤੋਂ ਬਾਹਰ ਲੈ ਜਾਇਆ ਜਾਣਾ ਚਾਹੀਦਾ ਹੈ ਤੇ ਜਾਂ ਫਿਰ ਕਮਰੇ ਦੇ ਸਾਰੇ ਦਰਵਾਜ਼ੇ, ਖਿੜਕੀਆਂ ਤੇ ਰੌਸ਼ਨਦਾਨ ਖੁੱਲ੍ਹੇ ਰੱਖਣੇ ਚਾਹੀਦੇ ਹਨ ਤਾਂ ਕਿ ਕਮਰੇ ਵਿਚ ਆਕਸੀਜਨ ਤੇ ਕਾਰਬਨ ਡਾਈਆਕਸਾਈਡ ਦਾ ਵਟਾਂਦਰਾ ਬਣਿਆ ਰਹੇ। ਇਥੇ ਇਹ ਵੀ ਵਰਨਣਯੋਗ ਹੈ ਕਿ ਕਾਰਬਨ ਡਾਈਆਕਸਾਈਡ ਗੈਸ ਆਮ ਹਵਾ ਨਾਲੋਂ ਭਾਰੀ ਹੁੰਦੀ ਹੈ ਅਤੇ ਥੋੜ੍ਹੀ ਮਾਤਰਾ ਵਿਚ ਧਰਤੀ ਦੀ ਸਤਹਿ ਨਾਲ ਚਿਪਕੀ ਰਹਿੰਦੀ ਹੈ। ਬਹੁਤਾਤ ਦੀ ਹਾਲਤ ਵਿਚ ਉੱਪਰ ਉੱਠਣ ਦੀ ਸਥਿਤੀ ਬਣ ਜਾਂਦੀ ਹੈ। ਸੋ, ਜਾਣਕਾਰੀ ਵਿਚ ਹੀ ਬਚਾਓ ਹੈ। ਆਪਣੇ ਆਲੇ-ਦੁਆਲੇ, ਗਲੀ-ਮੁਹੱਲੇ ਵਿਚ ਇਸ ਜਾਣਕਾਰੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਥੋੜ੍ਹੀ ਜਿਹੀ ਸਿਆਣਪ ਨਾਲ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ।

-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ, ਗੁਰਦਾਸਪੁਰ।

ਰੱਬ ਹੀ ਸੁਮੱਤ ਬਖਸ਼ੇ
ਲੋਕ ਮੰਚ ਅਧੀਨ ਪਿਛਲੇ ਦਿਨੀਂ ਛਪੇ ਲੇਖ 'ਇਕ ਬੱਚੇ ਦੀ ਜ਼ਬਾਨੀ ਆਪਣੇ ਘਰ ਅੰਦਰ ਹੁੰਦੇ ਅੱਤਿਆਚਾਰਾਂ ਦੀ ਸੱਚੀ ਕਹਾਣੀ' ਜੋ ਇਕ ਬੱਚੇ ਰਾਹੀਂ ਦਲੇਰੀ ਨਾਲ ਬਿਆਨ ਕੀਤੀ ਗਈ, ਪੜ੍ਹ ਕੇ ਰੌਂਗਟੇ ਖੜ੍ਹੇ ਹੋ ਗਏ ਅਤੇ ਇਕ ਸਾਹਿਤਕਾਰ ਹੋਣ ਦੇ ਨਾਤੇ ਜ਼ਿੰਦਗੀ ਵਿਚ ਪਹਿਲਾ ਪ੍ਰਤੀਕਰਮ ਲਿਖਣ ਲਈ ਮਜਬੂਰ ਹੋ ਗਿਆਂ। ਮਿਸਿਜ਼ ਵੰਦਨਾ ਵਰਮਾ ਵਲੋਂ ਸਮਾਜ ਦਾ ਜੋ ਘਿਨਾਉਣਾ ਅਤੇ ਸੱਚਾ ਪੱਖ ਪੇਸ਼ ਕਰਨ ਦੀ ਹਿੰਮਤ, ਹੌਸਲਾ ਅਤੇ ਦਲੇਰੀ ਕੀਤੀ, ਇਸ ਦਾ ਕੋਟਿਨ-ਕੋਟਿ ਧੰਨਵਾਦ। ਕਾਸ਼, ਅੱਜ ਦੀ ਪਨੀਰੀ ਇਸ ਤੋਂ ਕੁਝ ਸਿੱਖਿਆ ਲੈ ਕੇ ਆਪਣੇ ਆਉਣ ਵਾਲੇ ਕਾਲੇ ਭਵਿੱਖ ਨੂੰ ਉੱਜਲਾ ਕਰ ਸਕੇ ਅਤੇ ਭਵਿੱਖ ਦੀ ਪਨੀਰੀ ਦੀ ਜ਼ਿੰਦਗੀ ਦਾ ਰਾਹ ਰੁਸ਼ਨਾ ਸਕੇ। ਖੌਰੇ ਕਲਯੁੱਗ ਦੇ ਪ੍ਰਭਾਵ ਕਰਕੇ (ਟੀ.ਵੀ. ਅਤੇ ਮੋਬਾਈਲ ਕਰਕੇ) ਇਸ ਦੇ ਦਿਲ ਅਤੇ ਦਿਮਾਗ ਦੇ ਦਰਵਾਜ਼ੇ ਬੰਦ ਹੋ ਗਏ ਹਨ। ਇਥੋਂ ਤੱਕ ਕਿ ਸਾਡੇ ਅੱਜ ਦੇ ਬੱਚੇ ਆਪਣੇ ਮਾਤਾ-ਪਿਤਾ ਦੀ ਚਿੱਟੇ ਦਿਨ ਲਾਹ-ਪਾਹ ਕਰਨੀ ਅਤੇ ਉਹ ਵੀ ਆਪਣੇ ਬਰਾਬਰ ਦੇ ਬੱਚਿਆਂ ਸਾਹਮਣੇ, ਆਪਣੇ ਲਈ ਕੰਢੇ ਬੀਜਣ ਦੀ ਗੁਸਤਾਖ਼ੀ ਬੜੀ ਦਲੇਰੀ ਅਤੇ ਢੀਠ ਬਣ ਕੇ ਕਰਨ ਵਿਚ ਸ਼ਾਨ ਅਤੇ ਮਾਣ ਮਹਿਸੂਸ ਕਰਦੇ ਹਨ। ਰੱਬ ਹੀ ਸੁਮੱਤ ਬਖਸ਼ੇ।

-ਹਰਭਜਨ ਸਿੰਘ ਚਮਕ
ਗਲੋਟੀ ਰੋਡ, ਕੋਟ ਈਸੇ ਖਾਂ (ਮੋਗਾ)।

ਪੋਹ ਦੇ ਵਿਆਹ
ਇਹ ਗੱਲ ਸੁਣਦਿਆਂ ਬਿਰਧ ਹੋ ਚੁੱਕੇ ਹਾਂ ਕਿ ਸਾਡੇ ਵੱਡੇ-ਵਡੇਰੇ ਬਜ਼ੁਰਗ ਅੱਜ ਤੋਂ 50-60 ਸਾਲ ਪਹਿਲਾਂ ਪੋਹ ਦੇ ਮਹੀਨੇ ਵਿਆਹ ਸਮਾਗਮ ਨਹੀਂ ਕਰਦੇ ਸਨ। ਕਾਰਨ ਸਾਫ਼ ਸੀ ਕਿ ਪੋਹ ਦਾ ਮਹੀਨਾ ਸਿਖ਼ਰ ਦੀ ਠੰਢ ਵਾਲਾ ਮਹੀਨਾ ਹੁੰਦਾ ਹੈ ਅਤੇ ਇਸ ਮਹੀਨੇ ਦੇ ਦਿਨ ਵੀ ਬਹੁਤ ਛੋਟੇ ਹੁੰਦੇ ਹਨ। ਉਸ ਸਮੇਂ ਆਵਾਜਾਈ ਦੇ ਸਾਧਨਾਂ ਦੀ ਵੀ ਬੇਹੱਦ ਕਮੀ ਸੀ। ਲੋਕ ਵਕਤ ਵਿਚਾਰ ਕੇ ਚਲਦੇ ਸਨ। ਪਰ ਹੁਣ ਹਾਲਾਤ ਅਤੇ ਮਨੱਖ ਦੀ ਸੋਚ ਪੂਰੀ ਤਰ੍ਹਾਂ ਬਦਲ ਚੁੱਕੇ ਹਨ। ਅੱਜਕਲ੍ਹ ਸਾਧਨਾਂ ਦੀ ਭਰਮਾਰ ਹੋ ਚੁੱਕੀ ਹੈ। ਹਰ ਘਰ ਅਨੇਕਾਂ ਤਰ੍ਹਾਂ ਦੇ ਵਹੀਕਲ ਆ ਚੁੱਕੇ ਹਨ। ਸੜਕਾਂ ਦੇ ਜਾਲ ਵਿਛ ਗਏ ਹਨ। ਸੜਕਾਂ 'ਤੇ ਭੀੜਾਂ ਵਾਧੂ ਜੁੜ ਚੁੱਕੀਆਂ ਹਨ। ਤੇਜ਼ ਰਫ਼ਤਾਰ ਚਲਦੀਆਂ ਗੱਡੀਆਂ ਦਿਲ ਦੀਆਂ ਧੜਕਣਾਂ ਨੂੰ ਜ਼ਰਬਾਂ ਦਿੰਦੀਆਂ ਨਜ਼ਰੀਂ ਪੈਂਦੀਆਂ ਹਨ। ਅੱਜ ਭਾਵੇਂ ਮਾਹੌਲ ਬਦਲ ਗਿਆ ਹੈ ਪਰ ਮੌਸਮ ਦਾ ਮਿਜਾਜ਼ ਨਹੀਂ ਬਦਲਿਆ। ਛੋਟੇ ਦਿਨ, ਧੁੰਦ, ਠੰਢ ਦੀ ਪ੍ਰਵਾਹ ਕਰਨੀ ਅਸੀਂ ਛੱਡਦੇ ਜਾਂਦੇ ਹਾਂ। ਪੂਰਾ ਇਕ ਮਹੀਨਾ ਲੱਗ ਜਾਂਦਾ ਵਿਆਹ ਦੀ ਤਿਆਰੀ ਤੋਂ ਸਮਾਪਤੀ ਤੱਕ ਭੱਜ-ਨੱਠ ਕਰਦਿਆਂ। ਕਹਿੰਦਾ ਹਰ ਕੋਈ ਹੈ ਕਿ ਠੰਢੇ ਅਤੇ ਖ਼ਰਾਬ ਮੌਸਮ ਵਿਚ ਵਿਆਹ ਸਮਾਗਮ ਦਾ ਪੂਰਾ ਅਨੰਦ ਨਹੀਂ ਆਉਂਦਾ।
ਸੰਨ 2019-2020 ਦੇ ਇਸ ਸਾਲ 'ਚ ਆਏ ਪੋਹ ਮਹੀਨੇ ਦੇ ਕੜਾਕੇ ਦੀ ਠੰਢ ਆਪਣਾ ਰਿਕਾਰਡ ਕਾਇਮ ਕਰ ਗਈ ਹੈ ਅਤੇ ਸਾਰਾ ਪੋਹ ਦਾ ਮਹੀਨਾ ਅਤੇ ਅੱਧ ਮਾਘ ਤੱਕ ਵਿਆਹਾਂ ਵਾਲੀਆਂ ਗੱਡੀਆਂ ਦੇ ਕਾਫ਼ਲੇ ਹਰ ਰੋਜ਼ ਦੇਖੇ ਗਏ। ਅਖ਼ਬਾਰਾਂ ਦੱਸਦੀਆਂ ਹਨ ਕਿ ਇਸ ਵਾਰ 15 ਦਸੰਬਰ ਤੋਂ 31 ਜਨਵਰੀ ਤੱਕ ਧੁੰਦ ਅਤੇ ਖ਼ਰਾਬ ਮੌਸਮ ਕਾਰਨ ਬਹੁਤ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਸੋ, ਸਾਰਾ ਕੁਝ ਬਿਆਨ ਕਰਨ ਦਾ ਮੰਤਵ ਅਤੇ ਮਕਸਦ ਇਹੀ ਹੈ ਕਿ ਮਨੁੱਖਾ ਜਨਮ ਅਮੁੱਲ ਹੈ। ਇਸ ਨੂੰ ਸੁਰੱਖਿਅਤ ਅਤੇ ਤੰਦਰੁਸਤ ਰੱਖਣ ਵੱਲ ਫ਼ਿਕਰਮੰਦ ਹੋ ਕੇ ਧਿਆਨ ਦੇਣ ਦੀ ਲੋੜ ਹੈ। ਕਿਉਂਕਿ ਸਰੀਰ ਦੇ ਕਲਪੁਰਜ਼ੇ ਕਿਤੋਂ ਨਹੀਂ ਮਿਲਦੇ। 'ਬਚਾਓ 'ਚ ਹੀ ਬਚਾਓ ਹੈ' ਦਾ ਸੱਚ ਹਮੇਸ਼ਾ ਯਾਦ ਰੱਖ ਕੇ ਚੱਲਣ ਦੀ ਲੋੜ ਹੈ।

-ਬਲਵਿੰਦਰ ਸਿੰਘ ਰੋਡੇ
ਜ਼ਿਲ੍ਹਾ ਮੋਗਾ।

10-02-2020

 ਲਿਬਾਸ ਮਹਿੰਗਾ ਤੇ ਦਿਮਾਗ਼ ਸਸਤਾ
ਗੱਲ ਕੌੜੀ ਹੈ ਪਰ ਬਿਲਕੁਲ ਸੱਚ ਹੈ ਜੀ ਅੱਜਕਲ੍ਹ ਲੋਕ ਦੂਜਿਆਂ ਨੂੰ ਦਿਖਾਉਣ ਤੇ ਆਕਰਸ਼ਿਤ ਕਰਨ ਲਈ ਲਿਬਾਸ ਤਾਂ ਮਹਿੰਗੇ ਪਹਿਨਦੇ ਹਨ ਪਰ ਉਨ੍ਹਾਂ ਦੀਆਂ ਅਕਲਾਂ ਸਸਤੀਆਂ ਹੁੰਦੀਆਂ ਜਾ ਰਹੀਆਂ ਹਨ। ਉਦਾਹਰਨ ਲਈ ਅੱਜ ਇਕ ਅਮੀਰ ਪਰਿਵਾਰ ਦੇ ਬੱਚੇ ਨੂੰ ਹੀ ਲੈ ਲਓ। ਉਸ ਦੇ ਤੇ ਇਕ ਗ਼ਰੀਬ ਪਰਿਵਾਰ ਦੇ ਬੱਚੇ ਦੇ ਬੋਲਣ ਤੇ ਮਿਲਣ ਵਿਚ ਤੁਹਾਨੂੰ ਬਹੁਤ ਅੰਤਰ ਦਿਖਾਈ ਦੇਵੇਗਾ। ਗਰੀਬ ਪਰਿਵਾਰ ਦੇ ਬੱਚੇ ਦੀਆਂ ਅੱਖਾਂ ਵਿਚ ਆਪਣੇ ਮਾਂ-ਬਾਪ ਦੇ ਸੁਪਨੇ ਪੂਰੇ ਕਰਨ ਦਾ ਜਜ਼ਬਾ ਅਤੇ ਚਮਕ ਹੁੰਦੀ ਹੈ। ਇਸ ਦੇ ਉਲਟ ਇਕ ਅਮੀਰ ਪਰਿਵਾਰ ਦੇ ਜ਼ਿਆਦਾਤਰ ਬੱਚਿਆਂ ਵਿਚ ਮਾਂ-ਬਾਪ ਦੀ ਕਮਾਈ ਦਾ ਘੁਮੰਡ ਤੇ ਗੁਮਾਨ ਅਕਸਰ ਹੀ ਦੇਖਣ ਨੂੰ ਮਿਲਦਾ ਹੈ। ਪਰ ਇਹ ਹਰੇਕ ਅਮੀਰ ਪਰਿਵਾਰ ਦੇ ਲਈ ਨਹੀਂ ਹੈ ਕਿਉਂਕਿ ਕੁਝ ਸੰਸਕਾਰੀ ਪਰਿਵਾਰ ਆਪਣੇ ਬੱਚਿਆਂ ਨੂੰ ਨੈਤਿਕਤਾ ਦੇ ਪਾਠ ਤੇ ਸੰਸਕਾਰ ਸਿਖਾਉਂਦੇ ਹਨ ਤੇ ਸਾਰਿਆਂ ਨੂੰ ਹੀ ਇੰਜ ਕਰਨਾ ਚਾਹੀਦਾ ਹੈ ਪਰ ਅਜਿਹਾ ਨਹੀਂ ਹੋ ਰਿਹਾ। ਉਹ ਮਾਤਾ-ਪਿਤਾ ਜਿਨ੍ਹਾਂ ਨੇ ਆਪਣੇ ਬੱਚਿਆਂ ਦਾ ਭਵਿੱਖ ਸੁਧਾਰਨ ਲਈ ਉਨ੍ਹਾਂ ਨੂੰ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਵਿਚ ਦਾਖਲੇ ਦਿਵਾਏ ਤਾਂ ਕਿ ਆਪਣੇ ਪੈਰਾਂ 'ਤੇ ਖੜ੍ਹ ਸਕਣ ਪਰ ਉਹ ਉਥੇ ਕੀ ਕਰਦੇ ਹਨ? ਆਖਿਰ ਵਿਚ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਲਿਬਾਸ ਭਾਵੇਂ ਸਾਦਾ ਤੇ ਸਸਤਾ ਹੋਵੇ ਪਰ ਅਕਲਾਂ, ਪਿਆਰ, ਸਤਿਕਾਰ, ਸੱਭਿਆਚਾਰ ਨੂੰ ਅਮੀਰੀ ਬਖ਼ਸ਼ੋ। ਨਿਵਾਸ ਭਾਵੇਂ ਝੁੱਗੀ-ਝੌਂਪੜੀ ਵਿਚ ਹੀ ਕਿਉਂ ਨਾ ਹੋਵੇ ਨੈਤਿਕਤਾ ਤੇ ਸ਼ਖ਼ਸੀਅਤ ਦਾ ਪ੍ਰਭਾਵਸ਼ਾਲੀ ਹੋਣਾ ਬੇਹੱਦ ਜ਼ਰੂਰੀ ਹੈ।


-ਪੂਜਾ ਪੁੰਡਰਕ
ਮੂਣਕ, ਸੰਗਰੂਰ।


ਜਿਣਸਾਂ ਦੀ ਸਿੱਧੀ ਅਦਾਇਗੀ...
ਸਰਕਾਰ ਭਾਵੇਂ ਕੁਝ ਵੀ ਕਹੀ ਜਾਏ ਪਰ ਕਿਸਾਨਾਂ ਤੇ ਆੜ੍ਹਤੀਆਂ ਦਾ ਆਪਸ ਵਿਚ ਬਹੁਤਾ ਗੂੜ੍ਹਾ ਸਬੰਧ ਹੈ। ਜਿਵੇਂ ਆਪਾਂ ਸਾਰਿਆਂ ਨੇ ਇਹ ਕਹਾਵਤ ਸੁਣੀ ਹੈ ਕਿ 'ਗੁਰੂ ਬਿਨਾਂ ਗਤ ਨਹੀਂ ਨਹੀਂ ਤੇ ਸ਼ਾਹ ਬਿਨਾਂ ਪਤ ਨਹੀਂ', ਬੇਸ਼ੱਕ ਕੋਈ ਜਿੱਡਾ ਵੀ ਵੱਡਾ ਜਿਮੀਂਦਾਰ ਕਿਉਂ ਨਾ ਹੋਵੇ ਉਸ ਨੇ ਆੜ੍ਹਤੀਏ ਕੋਲ ਜਾਣਾ ਹੀ ਹੁੰਦਾ ਹੈ। ਵੇਲੇ-ਕੁਵੇਲੇ ਜਿਮੀਂਦਾਰਾਂ ਦਾ ਆੜ੍ਹਤੀਏ ਹੀ ਡੰਗ ਸਾਰਦੇ ਹਨ। ਜੇਕਰ ਪੰਜਾਬ ਖੇਤੀ ਉਤਪਾਦ ਮਾਰਕੀਟ ਐਕਟ (ਏ.ਪੀ.ਐਮ.ਸੀ.) ਜਿਣਸਾਂ ਦੀ ਸਿੱਧੀ ਅਦਾਇਗੀ ਵਾਲਾ ਕਾਨੂੰਨ ਲਾਗੂ ਹੋ ਜਾਂਦਾ ਹੈ ਤਾਂ ਬਹੁਤ ਪੁਆੜੇ ਪੈ ਜਾਣਗੇ, ਜ਼ਿਮੀਂਦਾਰਾਂ ਤੇ ਆੜ੍ਹਤੀਏ ਵਿਚਾਲੇ। ਕਿਉਂਕਿ ਜ਼ਿਮੀਂਦਾਰ ਨੇ ਵਰਤਣ ਵਾਸਤੇ ਪੈਸੇ ਆੜ੍ਹਤੀਏ ਕੋਲੋਂ ਲੈਣੇ ਹਨ। ਜਦੋਂ ਫ਼ਸਲ ਦੇ ਪੈਸੇ ਸਿੱਧੇ ਜ਼ਿਮੀਂਦਾਰ ਦੇ ਖਾਤੇ ਵਿਚ ਆ ਗਏ ਫਿਰ ਤੂੰ ਕੌਣ ਤੇ ਮੈਂ ਕੌਣ ਵਾਲੀ ਕਹਾਣੀ ਸ਼ੁਰੂ ਹੋ ਜਾਵੇਗੀ। ਗਰੀਬ ਜ਼ਿਮੀਂਦਾਰਾਂ ਨੂੰ ਕਿਸੇ ਆੜ੍ਹਤੀਏ ਨੇ ਇਕ ਦੁੱਕੀ ਨਹੀਂ ਦੇਣੀ। ਸਰਕਾਰ ਤਾਂ ਲੋਕਾਂ ਨੂੰ ਵਿਚੋਲਿਆਂ ਦੇ ਚੁੰਗਲ ਵਿਚੋਂ ਕੱਢਣ ਨੂੰ ਫਿਰਦੀ ਹੈ ਪਰ ਇਸ ਦੀ ਜ਼ਮੀਨੀ ਹਕੀਕਤ ਬਾਰੇ ਸ਼ਾਇਦ ਸਰਕਾਰ ਨੂੰ ਵਾਕਫੀਅਤ ਨਹੀਂ ਹੈ। ਕੇਂਦਰ ਸਰਕਾਰ ਨੂੰ ਸੂਬੇ ਦੀਆਂ ਸਰਕਾਰਾਂ ਤੋਂ ਸਲਾਹ-ਮਸ਼ਵਰਾ ਲੈ ਕੇ ਇਹੋ ਜਿਹੇ ਫੁਰਮਾਨ ਜਾਰੀ ਕਰਨੇ ਚਾਹੀਦੇ ਹਨ।


ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਪਿੰਡ ਮਮਦੋਟ (ਫਿਰੋਜ਼ਪੁਰ)।


ਪੰਜਾਬੀ ਲੇਖਕਾਂ ਦਾ ਵਿਛੋੜਾ
ਪਿਛਲੇ ਕੁਝ ਹੀ ਦਿਨਾਂ ਵਿਚ ਪੰਜਾਬੀ ਦੇ ਸੁਰਜੀਤ ਸਿੰਘ ਢਿੱਲੋਂ, ਸੁਰਜੀਤ ਹਾਂਸ, ਇੰਦਰ ਸਿੰਘ ਖਾਮੋਸ਼ (ਕਾਫ਼ਰ ਮਸੀਹਾ ਵਾਲੇ), ਦਲੀਪ ਕੌਰ ਟਿਵਾਣਾ ਅਤੇ ਨਾਵਲਕਾਰ ਜਸਵੰਤ ਸਿੰਘ ਕੰਵਲ ਵਰਗੇ ਸਿਰਮੌਰ ਲੇਖਕ ਇਕ ਇਕ ਕਰਕੇ ਮੌਤ ਦੀ ਗੋਦ ਵਿਚ ਜਾ ਬੈਠੇ ਹਨ। ਇਨ੍ਹਾਂ ਲੇਖਕਾਂ ਦੀ ਮੌਤ ਨਾਲ ਪੰਜਾਬੀ ਸਾਹਿਤ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ। ਸਾਹਿਤਕਾਰ ਕਿਸੇ ਭਾਸ਼ਾ ਦੀ ਜਿੰਦ ਜਾਨ ਹੁੰਦੇ ਹਨ। ਇਨ੍ਹਾਂ ਦੀਆਂ ਲਿਖਤਾਂ ਸਮਾਜ ਨੂੰ ਇਕ ਨਵੀਂ ਸੇਧ ਦਿੰਦੀਆਂ ਹਨ ਅਤੇ ਕਈ ਸਮਾਜਿਕ ਕ੍ਰਾਂਤੀਆਂ ਦਾ ਮੁੱਢ ਬੰਨ੍ਹਣ ਦੇ ਕਾਬਲ ਹੁੰਦੀਆਂ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ਲੇਖਕਾਂ ਦੀਆਂ 50-60 ਸਾਲ ਪਹਿਲਾਂ ਛਪ ਚੁੱਕੀਆਂ ਰਚਨਾਵਾਂ ਅੱਜ ਵੀ ਪਾਠਕਾਂ ਵਿਚ ਹਰਮਨ ਪਿਆਰੀਆਂ ਹਨ। 'ਏਹੁ ਹਮਾਰਾ ਜੀਵਣਾ', 'ਪੂਰਨਮਾਸ਼ੀ', 'ਰੂਪਧਾਰਾ', 'ਜੇਰਾ', 'ਪੰਜਾਬੀ ਤੇਰਾ ਕੀ ਬਣੂ' ਆਦਿ ਰਚਨਾਵਾਂ ਨੂੰ ਕੌਣ ਭੁੱਲ ਸਕਦਾ ਹੈ। ਅੱਜ-ਕੱਲ੍ਹ ਕਈ ਗਿਣਤੀ ਪੱਖੋਂ ਤਾਂ ਬਹੁਤ ਕਿਤਾਬਾਂ ਰਚੀਆਂ ਜਾਂ ਰਹੀਆਂ ਹਨ ਪਰ ਗੁਣਾਤਮਕ ਪੱਖੋਂ ਇਨ੍ਹਾਂ ਲੇਖਕਾਂ ਦੇ ਮੁਕਾਬਲੇ ਘੱਟ ਹਨ। ਜਦੋਂ ਵੀ ਕਦੀ ਪੰਜਾਬੀ ਭਾਸ਼ਾ ਉੱਪਰ ਕੋਈ 'ਹਮਲਾ' ਹੋਇਆਂ ਤਾਂ ਇਨ੍ਹਾਂ ਲੇਖਕਾਂ ਨੇ ਉਸ ਸਮੇਂ ਪੰਜਾਬੀ ਵਿਰੋਧੀ ਵਿਚਾਰ ਧਾਰਾ ਨੂੰ ਕਰਾਰਾ ਜਵਾਬ ਦਿੱਤਾ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਲੇਖਕਾਂ ਦੀ ਕੋਈ ਢੁਕਵੀਂ ਯਾਦਗਾਰ ਸਥਾਪਿਤ ਕੀਤੀ ਜਾਵੇ।


ਲੈਕਚਰਾਰ ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।


ਚੰਗਾ ਜੀਵਨ
ਹਰ ਕਿਸੇ ਵਿਅਕਤੀ ਦੀ ਜ਼ਿੰਦਗੀ ਉਸ ਦੀ ਵਿਚਾਰਧਾਰਾ ਅਨੁਸਾਰ ਬਤੀਤ ਹੁੰਦੀ ਹੈ। ਚੰਗੀ ਵਿਚਾਰਧਾਰਾ ਚੰਗੇ ਸਾਹਿਤ, ਚੰਗੇ ਦੋਸਤਾਂ ਅਤੇ ਵਿਵੇਕਸ਼ੀਲ ਬਜ਼ੁਰਗਾਂ ਦੇ ਸਾਥ ਤੇ ਸਹਿਯੋਗ ਸਦਕਾ ਪੈਦਾ ਹੁੰਦੀ ਹੈ। ਸਾਡੀ ਸਹੀ ਤੇ ਉੱਚੀ-ਸੁੱਚੀ ਵਿਚਾਰਧਾਰਾ ਸਾਨੂੰ ਉੱਚੀਆਂ ਮੰਜ਼ਿਲਾਂ ਤੱਕ ਪਹੁੰਚਾ ਦਿੰਦੀ ਹੈ। ਤਿੰਨ ਤੱਥ ਖ਼ੁਸ਼ੀ, ਸਕੂਨ ਤੇ ਆਨੰਦ ਸਾਡੇ, ਤੁਹਾਡੇ ਜੀਵਨ ਨੂੰ ਅਲੌਕਿਕ ਸ਼ਕਤੀ, ਅਥਾਹ ਊਰਜਾ, ਸੱਚਾ ਖੇੜਾ ਅਤੇ ਸ਼ਕਤੀ ਪ੍ਰਦਾਨ ਕਰਕੇ ਸਾਨੂੰ ਸੁਚੱਜਾ ਜੀਵਨ ਜਿਊਣ ਦੀ ਗੁੜ੍ਹਤੀ ਦਿੰਦੇ ਹਨ ਅਤੇ ਸਾਡਾ ਜੀਵਨ ਜੋ ਕਿ ਆਧੁਨਿਕ ਭੱਜ-ਦੌੜ ਵਿਚ ਉਲਝ ਕੇ ਰਹਿ ਗਿਆ ਹੈ, ਵਿਚ ਵੀ ਅਲੱਗ ਹੀ ਜਨੂੰਨ ਭਰ ਦਿੰਦੇ ਹਨ। ਇਸ ਲਈ ਸਾਨੂੰ ਦੂਸਰਿਆਂ ਨੂੰ ਖ਼ੁਸ਼ੀ, ਅਨੰਦ ਅਤੇ ਸਕੂਨ ਪਹੁੰਚਾਉਣ ਲਈ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ ਕਿਉਂਕਿ ਕਾਇਨਾਤ ਦੇ ਨਿਯਮਾਂ ਦੇ ਅਨੁਸਾਰ ਇਹ ਦੁੱਗਣੇ-ਚੌਗੁਣੇ ਹੋ ਕੇ ਵਾਪਸ ਸਾਡੇ ਵੱਲ ਜ਼ਰੂਰ ਆਉਣਗੇ।


-ਮਾ: ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ।


ਪ੍ਰਦੂਸ਼ਣ ਦੀ ਸਮੱਸਿਆ
ਪਿਛਲੇ ਦਿਨੀਂ ਡਾ: ਬਰਜਿੰਦਰ ਸਿੰਘ ਹਮਦਰਦ ਜੀ ਦੀ ਸੰਪਾਦਕੀ ਪ੍ਰਦੂਸ਼ਣ ਦੀ ਸਮੱਸਿਆ ਪੜ੍ਹਿਆ। ਸੰਪਾਦਕ ਸਾਹਿਬ ਨੇ ਤਾਜ਼ਾ ਸਥਿਤੀ ਨੂੰ ਬਿਆਨ ਕੀਤਾ ਹੈ। ਸਰਕਾਰਾਂ ਲਈ ਇਹ ਬਹੁਤ ਵੱਡੀ ਚੁਣੌਤੀ ਹੈ। ਤਾਜ਼ਾ ਸਰਵੇਖਣ ਮੁਤਾਬਿਕ ਪੰਜਾਬ ਦੇ 21 ਸ਼ਹਿਰ ਵੀ ਪ੍ਰਦੂਸ਼ਣ ਨਾਲ ਪ੍ਰਭਾਵਿਤ ਹਨ। ਸਰਕਾਰ ਨੂੰ ਸਭ ਤੋਂ ਪਹਿਲਾਂ ਜਨਸੰਖਿਆ ਕੰਟਰੋਲ ਕਰਨ ਲਈ ਕੋਈ ਕਾਨੂੰਨ ਲੈ ਕੇ ਆਉਣਾ ਚਾਹੀਦਾ ਹੈ। ਇੰਨੀ ਜਨਸੰਖਿਆ ਨੂੰ ਵਸਾਉਣ ਲਈ ਜੰਗਲ ਕੱਟਣੇ ਪੈਣਗੇ, ਜੇ ਦਰੱਖਤ ਨਹੀਂ ਰਹਿਣਗੇ ਤਾਂ ਪ੍ਰਦੂਸ਼ਣ ਫੈਲੇਗਾ। ਵਾਤਾਵਰਨ ਦੇ ਪ੍ਰਦੂਸ਼ਣ ਨੂੰ ਵਧਾਉਣ ਵਿਚ ਗ਼ੈਰ-ਕਾਨੂੰਨੀ ਮਾਈਨਿੰਗ, ਰੁੱਖਾਂ ਦੀ ਕਟਾਈ ਵੀ ਅਹਿਮ ਜ਼ਿਮੇਵਾਰ ਹੈ। ਸੂਬੇ ਦੇ ਤਾਪ ਬਿਜਲੀ ਉਤਪਾਦਨ ਵੀ ਪ੍ਰਦੂਸ਼ਣ ਫੈਲਾਉਣ 'ਚ ਅਹਿਮ ਭਾਗੀਦਾਰ ਹਨ। ਆਲਮੀ ਪੱਧਰ 'ਤੇ ਵੀ ਵਾਤਾਵਰਨ ਪ੍ਰਦੂਸ਼ਣ ਦੀ ਰੋਕਥਾਮ ਲਈ ਕੁਝ ਵਧੇਰੇ ਕੋਸ਼ਿਸ਼ਾਂ ਹੁੰਦੀਆਂ ਦਿਖਾਈ ਨਹੀਂ ਦਿੰਦੀਆਂ। ਸਮਾਜਿਕ ਪੱਧਰ 'ਤੇ ਜਾਗਰੂਕਤਾ ਪੈਦਾ ਕਰਨੀ ਵੀ ਜ਼ਰੂਰੀ ਹੈ। ਅਸੀਂ ਸਮਝਦੇ ਹਾਂ ਕਿ ਧਰਤੀ 'ਤੇ ਮਨੁੱਖੀ ਜੀਵਨ ਦੇ ਹਿਤ ਵਿਚ ਵਾਤਾਵਰਨ ਪ੍ਰਦੂਸ਼ਣ ਨੂੰ ਰੋਕਣ ਲਈ ਸਾਰੀਆਂ ਧਿਰਾਂ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ, ਤਾਂ ਹੀ ਸਾਰਥਿਕ ਨਤੀਜੇ ਆਉਣਗੇ।


-ਸੰਜੀਵਨ ਸਿੰਘ ਸੈਣੀ
ਮੁਹਾਲੀ।

07-02-2020

ਸ਼ਾਹੀਨ ਬਾਗ ਮੁਜ਼ਾਹਰਾ ਅਤੇ ਸਰਕਾਰ
ਨਾਗਰਿਕਤਾ ਸੋਧ ਕਾਨੂੰਨ ਬਿੱਲ ਸੰਸਦ 'ਚ ਪਾਸ ਕਰਕੇ ਸੱਤਾਧਾਰੀਆਂ ਨੇ ਦੇਸ਼ ਅੰਦਰ ਅਨਿਸਚਿਤਤਾ ਪੈਦਾ ਕਰ ਲਈ ਹੈ। ਦੇਸ਼ ਦੇ ਹਰ ਫ਼ਿਰਕੇ ਅੰਦਰ ਇਸ ਕਾਨੂੰਨ ਨੂੰ ਲੈ ਕੇ ਵਿਰੋਧ ਦੀ ਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਸ ਕਾਨੂੰਨ ਨਾਲ ਸੱਤਾਧਾਰੀ ਗਲਿਆਰੇ ਨੇ ਹਿੰਦੂ ਭਾਈਚਾਰੇ ਦੀ ਹਮਦਰਦੀ ਜਿੱਤਣ ਦੀ ਕੋਸ਼ਿਸ਼ ਕੀਤੀ ਹੈ ਅਤੇ ਮੁਸਲਿਮ ਭਾਈਚਾਰੇ ਨੂੰ ਇਸ ਤੋਂ ਬਾਹਰ ਰੱਖ ਕੇ ਦੇਸ਼ ਦੀ ਅਖੰਡਤਾ ਨੂੰ ਖੋਰਾ ਲਾਉਣ ਦੀ ਕੋਝੀ ਸਿਆਸਤ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਇਸ ਬਿੱਲ ਨੂੰ ਲੈ ਕੇ ਦਿੱਲੀ ਦੇ ਸ਼ਾਹੀਨ ਬਾਗ 'ਚ ਪਿਛਲੇ ਦੋ ਮਹੀਨਿਆਂ ਤੋਂ ਵੱਖ-ਵੱਖ ਵਰਗਾਂ ਦੇ ਲੋਕ, ਬੱਚੇ, ਇਸਤਰੀਆਂ ਆਦਿ ਧਰਨੇ 'ਤੇ ਬੈਠੇ ਹਨ ਪਰ ਸੱਤਾਧਾਰੀ ਕਿਸੇ ਵੀ ਨੇਤਾ ਨੇ ਸਿਆਸਤ ਦੇ ਨਸ਼ੇ 'ਚ ਅੱਜ ਤੱਕ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਜੋ ਲੋਕਤੰਤਰੀ ਪ੍ਰਣਾਲੀ ਅਤੇ ਅਧਿਕਾਰਾਂ ਨਾਲ ਨਾ ਇਨਸਾਫ਼ੀ ਹੈ। ਦੇਸ਼ ਦਾ ਮਾਹੌਲ ਖ਼ਰਾਬ ਕਰਨ ਵਾਲੇ ਸ਼ਰਾਰਤੀ ਅਤੇ ਅਖੌਤੀ ਹਿੰਦੂਵਾਦੀ ਠੇਕੇਦਾਰਾਂ ਖਿਲਾਫ਼ ਕਾਨੂੰਨੀ ਕਾਰਵਾਈ ਰਾਹੀਂ ਲਗਾਮ ਪਾਉਣ ਦੀ ਲੋੜ ਹੈ। ਸਰਕਾਰ ਨੂੰ ਹੈਂਕੜਬਾਜ਼ ਰਵੱਈਆ ਛੱਡ ਕੇ ਦੇਸ਼ ਦੀਆਂ ਸਮੱਸਿਆਵਾਂ, ਬੇਰੁਜ਼ਗਾਰੀ, ਇਨਸਾਫ਼, ਸਿੱਖਿਆ, ਸਿਹਤ ਸਹੂਲਤਾਂ, ਵਿਕਾਸ, ਸਰਹੱਦੀ ਰੱਖਿਆ, ਸੜਕਾਂ, ਮਹਿੰਗਾਈ, ਰੁਜ਼ਗਾਰ, ਜਨਸੰਖਿਆ, ਕੁਦਰਤੀ ਆਫ਼ਤਾਂ, ਭ੍ਰਿਸ਼ਟਾਚਾਰ, ਆਮਦਨ ਦੇ ਸਾਧਨ, ਮੁਢਲੀਆਂ ਜਨਤਕ ਲੋੜਾਂ, ਗ਼ਰੀਬੀ ਆਦਿ ਨਾਲ ਜੁੜੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਹੱਲ ਕਰਨ ਲਈ ਉੱਤਮ ਕਰਨ ਅਤੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ, ਸਮੁਮਾਇਦ ਆਦਿ ਨਾਲ ਸਰਕਾਰ ਨੂੰ ਗੱਲਬਾਤ ਅਤੇ ਗੁਣਾਤਮਕ ਵਿਧੀਆਂ ਰਾਹੀਂ ਉਨ੍ਹਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਯਤਨਾਂ ਨੂੰ ਪਹਿਲ ਦੇਣ ਦੀ ਲੋੜ ਹੈ।


-ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।


ਸ਼ਲਾਘਾਯੋਗ ਕਦਮ
ਵਰਤਮਾਨ ਸਮੇਂ ਰੁਜ਼ਗਾਰ ਪ੍ਰਾਪਤੀ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਅੰਗਰੇਜ਼ੀ ਭਾਸ਼ਾ ਨੂੰ ਨਜ਼ਰ ਅੰਦਾਜ਼ ਕਰਨਾ ਸੰਭਵ ਨਹੀਂ ਹੈ। ਇਸ ਭਾਸ਼ਾ ਵਿਚ ਨਿਪੁੰਨਤਾ ਨਾ ਹੋਣ ਕਾਰਨ ਕਈ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਨੌਕਰੀ ਤੋਂ ਹੱਥ ਧੋਣੇ ਪੈਂਦੇ ਹਨ। ਸੋ, ਇਹ ਵਿਚਾਰਯੋਗ ਮਸਲਾ ਹੈ ਕਿ ਕਿਸ ਤਰ੍ਹਾਂ ਬੱਚਿਆਂ ਅੰਦਰੋਂ ਅੰਗਰੇਜ਼ੀ ਭਾਸ਼ਾ ਦੇ ਖੌਫ਼ ਨੂੰ ਕੱਢਿਆ ਜਾਵੇ। ਪੜ੍ਹਾਉਣ ਲਈ ਸਹੀ ਵਿਧੀ ਦਾ ਪ੍ਰਯੋਗ ਨਾ ਕੀਤਾ ਜਾਣਾ ਵੀ ਪ੍ਰਮੁੱਖ ਸਮੱਸਿਆ ਹੈ। ਅਸੀਂ ਭਲੀਂ ਭਾਂਤ ਜਾਣੂ ਹਾਂ ਕਿ ਕਿਸੇ ਭਾਸ਼ਾ ਨੂੰ ਸਿੱਖਣ ਲਈ ਚਾਰ ਮੁੱਖ ਪੜਾਅ ਹੁੰਦੇ ਹਨ, ਜਿਨ੍ਹਾਂ ਵਿਚ ਕ੍ਰਮਵਾਰ ਸੁਣਨਾ, ਬੋਲਣਾ, ਪੜ੍ਹਨਾ ਅਤੇ ਲਿਖਣਾ ਆਦਿ ਸ਼ਾਮਿਲ ਹੈ। ਇਹ ਸਾਡੀ ਮਾਤ ਭਾਸ਼ਾ ਨਾ ਹੋਣ ਕਰਕੇ ਵੀ ਸਿੱਖਣ ਵਿਚ ਦਿੱਕਤ ਪੇਸ਼ ਆਉਂਦੀ ਹੈ। 'ਦੇਰ ਆਏ ਦਰੁਸਤ ਆਏ' ਆਖਰਕਾਰ ਸਿੱਖਿਆ ਵਿਭਾਗ ਨੇ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰਾਜੈਕਟ ਤਹਿਤ ਅੰਗਰੇਜ਼ੀ ਭਾਸ਼ਾ ਨੂੰ ਸਰਲ ਬਣਾਉਣ ਖਾਤਰ ਇਸ ਵਿਸ਼ੇ ਦੇ ਪ੍ਰੈਕਟੀਕਲ ਲੈਣ ਬਾਰੇ ਕ੍ਰਾਂਤੀਕਾਰੀ ਫ਼ੈਸਲਾ ਲਿਆ ਹੈ। ਇਸ ਮੰਤਵ ਲਈ ਸੈਸ਼ਨ ਦੇ ਆਰੰਭ ਵਿਚ ਹੀ ਮਹਿਕਮੇ ਨੇ ਵਿਦਿਆਰਥੀਆਂ ਨੂੰ ਸਿਲੇਬਸ ਦੇ ਆਧਾਰ 'ਤੇ ਮੁਫ਼ਤ ਵਿਚ 'ਪ੍ਰੈਕਟਿਸ ਸੀਟ' ਦੇ ਕੇ (ਭਾਸ਼ਾ ਦੀਆਂ ਚਾਰ ਮੁਹਾਰਤਾਂ) ਸੁਣਨਾ, ਬੋਲਣਾ, ਪੜ੍ਹਨਾ ਅਤੇ ਲਿਖਣਾ ਲਈ ਉਤਸ਼ਾਹਿਤ ਕੀਤਾ ਹੈ। ਪ੍ਰੈਕਟੀਕਲ ਦੇ ਕੁੱਲ ਨਿਰਧਾਰਿਤ 10 ਅੰਕਾਂ ਵਿਚੋਂ 6 ਅੰਕ ਲਿਸਨਿੰਗ ਅਤੇ 4 ਅੰਕ ਬੋਲਣ ਦੇ ਰੱਖੇ ਗਏ ਹਨ। ਵਿਦਿਆਰਥੀਆਂ ਦੇ ਅੰਗਰੇਜ਼ੀ ਵਿਸ਼ੇ ਵਿਚ ਪਛੜਨ ਦਾ ਵੱਡਾ ਕਾਰਨ 'ਸੁਣਨ' ਦੇ ਅਭਿਆਸ ਦੀ ਕਮੀ ਸੀ ਜੋ ਕਿ ਹੁਣ ਦੂਰ ਹੋ ਰਹੀ ਹੈ। ਉਮੀਦ ਕੀਤੀ ਜਾ ਸਕਦੀ ਹੈ ਕਿ ਸਰਕਾਰ ਦੇ ਇਹੋ ਜਿਹੇ ਸਾਕਾਰਾਤਮਕ ਕਦਮ ਵਿਦਿਆਰਥੀਆਂ ਨੂੰ ਆਪਣਾ ਉਜਵਲ ਭਵਿੱਖ ਬਣਾਉਣ ਵਿਚ ਜ਼ਰੂਰ ਮਦਦਗਾਰ ਸਿੱਧ ਹੋਣਗੇ।


-ਚਮਨਦੀਪ ਸ਼ਰਮਾ
ਮਹਾਰਾਜਾ ਯਾਦਵਿੰਦਰਾ ਇਨਕਲੇਵ, ਨਾਭਾ ਰੋਡ, ਪਟਿਆਲਾ।


ਅਹਿਮ ਮੁੱਦਿਆਂ ਤੋਂ ਭਟਕੀਆਂ ਸਰਕਾਰਾਂ
ਪਾਰਟੀਆਂ ਨੇ ਆਮ ਜਨਤਾ ਨੂੰ ਐਨ.ਆਰ.ਸੀ., ਸੀ.ਏ.ਏ. ਵਿਚ ਉਲਝਾ ਕੇ ਰੱਖ ਦਿੱਤਾ ਹੈ। ਜੋ ਸਰਕਾਰਾਂ ਲਈ ਅਹਿਮ ਮੁੱਦੇ ਸਨ, ਉਹ ਇਕ ਪਾਸੇ ਰਹਿ ਗਏ ਹਨ। ਬੇਰੁਜ਼ਗਾਰੀ, ਮਹਿੰਗਾਈ, ਪ੍ਰਦੂਸ਼ਣ, ਕਿਸਾਨੀ, ਖ਼ੁਦਕੁਸ਼ੀਆਂ, ਪੰਜਾਬ ਦਾ ਡੂੰਘਾ ਪਾਣੀ ਸੰਕਟ, ਵਧਦੀ ਆਬਾਦੀ ਅਜਿਹੇ ਅਹਿਮ ਮੁੱਦੇ ਕਿੱਥੇ ਚਲੇ ਗਏ। ਅਵਾਰਾ ਪਸ਼ੂਆਂ ਨੇ ਸੜਕਾਂ 'ਤੇ ਕਿੰਨੀਆਂ ਜਾਨਾਂ ਲੈ ਲਈਆਂ। ਅਵਾਰਾ ਕੁੱਤਿਆਂ ਦੀ ਵੀ ਬਹੁਤ ਦਹਿਸ਼ਤ ਹੈ। ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਵਹਿ ਰਿਹਾ ਹੈ। ਰੁਜ਼ਗਾਰ ਨਾ ਮਿਲਣ ਕਰਕੇ ਨੌਜਵਾਨ ਪੀੜ੍ਹੀ ਵਿਦੇਸ਼ਾਂ ਨੂੰ ਉਡਾਰੀ ਮਾਰ ਰਹੀ ਹੈ। ਭਾਰਤ ਆਰਥਿਕ ਮੰਦੀ 'ਚੋਂ ਗੁਜ਼ਰ ਰਿਹਾ ਹੈ। ਬਜਟ ਵਿਚ ਵਾਅਦੇ ਤਾਂ ਬਹੁਤ ਕੀਤੇ ਗਏ ਹਨ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਰਕਾਰ ਅਹਿਮ ਮੁੱਦਿਆਂ ਨੂੰ ਕਿਵੇਂ ਸੁਲਝਾ ਰਹੀ ਹੈ।


-ਸੰਜੀਵ ਸਿੰਘ ਸੈਣੀ, ਮੁਹਾਲੀ।


ਬੇਰੁਜ਼ਗਾਰੀ
ਪਿਛਲੇ ਦਿਨੀਂ ਡਾ: ਬਰਜਿੰਦਰ ਸਿੰਘ ਹਮਦਰਦ ਜੀ ਦਾ 'ਬੇਰੁਜ਼ਗਾਰੀ ਬਣੀ ਚੁਣੌਤੀ' ਦੇ ਸਬੰਧ ਵਿਚ ਵਿਸਥਾਰ ਨਾਲ ਛਪਿਆ ਲੇਖ, ਪੜ੍ਹਿਆ ਜੋ ਕਿ ਬਹੁਤ ਹੀ ਵਧੀਆ ਲੱਗਾ ਅਤੇ ਮੌਜੂਦਾ ਸਚਾਈ ਦੇ ਬਿਲਕੁਲ ਕਰੀਬ ਸੀ। ਵਾਕਿਆ ਹੀ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਤਾਂ ਪਿੰਡਾਂ ਦੇ ਲੋਕ ਸ਼ਹਿਰਾਂ ਦੀਆਂ ਫੈਕਟਰੀਆਂ ਆਦਿ ਵਿਚ ਸਾਈਕਲਾਂ 'ਤੇ ਝੁੰਡਾਂ ਦੇ ਰੂਪ ਵਿਚ ਕੰਮ ਕਰਨ ਲਈ ਜਾਂਦੇ ਹੁੰਦੇ ਸਨ ਅਤੇ ਜੋ ਰਹਿ ਜਾਂਦੇ, ਉਹ ਜ਼ਿਮੀਂਦਾਰਾਂ ਨਾਲ ਖੇਤੀ ਦੇ ਕੰਮ ਕਰਦੇ ਸਨ ਅਤੇ ਲਿਆਕਤ ਦੇ ਹਿਸਾਬ ਨਾਲ ਪੜ੍ਹਿਆਂ-ਲਿਖਿਆਂ ਨੂੰ ਵੀ ਕਿਸੇ ਵੀ ਸਿਫ਼ਾਰਸ਼ ਅਤੇ ਰਿਸ਼ਵਤ ਤੋਂ ਬਿਨਾਂ ਆਰਾਮ ਨਾਲ ਨੌਕਰੀਆਂ ਮਿਲ ਜਾਂਦੀਆਂ ਸਨ ਅਤੇ ਅਜਿਹਾ ਹੀ ਮੇਰੇ ਨਾਲ ਹੋਇਆ। ਹੁਣ ਬੇਰੁਜ਼ਗਾਰਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਉੱਚ ਸਿੱਖਿਆ ਪ੍ਰਾਪਤ ਨੌਜਵਾਨਾਂ ਦੀ ਗਿਣਤੀ ਵਿਚ ਵਾਧਾ ਹੋਣਾ ਚਿੰਤਾ ਦਾ ਵਿਸ਼ਾ ਹੈ। ਜਿਸ ਕਿਸੇ ਦਾ ਦਾਅ ਲਗਦਾ ਹੈ, ਉਹ ਵਿਦੇਸ਼ ਜਾ ਰਿਹਾ ਹੈ ਅਤੇ ਜਿਹੜੇ ਵਿਦੇਸ਼ ਜਾਂ ਕੋਈ ਕੰਮ ਕਾਰਾਂ 'ਤੇ ਨਹੀਂ ਲਗਦੇ, ਉਹ ਗ਼ੈਰ-ਸਮਾਜਿਕ ਕੰਮਾਂ ਵਿਚ ਫਸ ਜਾਂਦੇ ਹਨ ਜਾਂ ਨਸ਼ਿਆਂ ਦੇ ਰਾਹ ਤੁਰ ਪੈਂਦੇ ਹਨ ਅਤੇ ਉਨ੍ਹਾਂ ਦੀ ਸੋਚ ਵੀ ਨਾਂਹ-ਪੱਖੀ ਹੋ ਜਾਂਦੀ ਹੈ, ਜਿਸ ਨਾਲ ਕ੍ਰਾਈਮ ਵੀ ਵਧ ਜਾਂਦੇ ਹਨ। ਬੇਰੁਜ਼ਗਾਰੀ ਦੀ ਗੰਭੀਰ ਬਣੀ ਸਮੱਸਿਆ ਦਾ ਹੱਲ ਕਰਨਾ ਹੀ ਸਰਕਾਰ ਦੀ ਸਮਝਦਾਰੀ ਹੋਵੇਗੀ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

06-02-2020

 ਪਲਾਸਟਿਕ ਦੀ ਘਾਤਕ ਵਰਤੋਂ
ਅਸੀਂ ਸਾਰੇ ਪਲਾਸਟਿਕ 'ਤੇ ਨਿਰਭਰ ਹਾਂ। ਦਿਨ-ਪ੍ਰਤੀਦਿਨ ਜਿਸ ਤਰ੍ਹਾਂ ਪਲਾਸਟਿਕ ਦੀ ਵਧ ਰਹੀ ਮਾਤਰਾ ਵੇਖ ਬਿਨਾਂ ਪਲਾਸਟਿਕ ਦੁਨੀਆ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਲੰਘੇ ਕਈ ਵਰ੍ਹਿਆਂ ਤੋਂ ਦੇਸ਼ ਦੁਨੀਆ ਵਿਚ ਪਲਾਸਟਿਕ ਦੇ ਖਿਲਾਫ਼ ਮੁਹਿੰਮ ਛੇੜ ਰੱਖੀ ਹੈ। ਇਸ ਦੇ ਬਾਵਜੂਦ ਪਾਲੀਥੀਨ ਦੀ ਵਰਤੋਂ ਅਤੇ ਵਿਕਰੀ ਧੜੱਲੇ ਨਾਲ ਜਾਰੀ ਹੈ। ਪ੍ਰਧਾਨ ਮੰਤਰੀ ਨੇ ਹਰ ਨਾਗਰਿਕ ਨੂੰ ਇਕ ਵਾਰ ਵਰਤੋਂ (ਸਿੰਗਲ ਯੂਜ਼ ਪਲਾਸਟਿਕ) 'ਚ ਆਉਣ ਵਾਲੇ ਪਲਾਸਟਿਕ ਤੋਂ ਮੁਕਤੀ ਦਾ ਅਹਿਦ ਲੈਣ ਲਈ ਕਿਹਾ ਹੈ। ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਸਰਕਾਰ ਨੂੰ ਪਲਾਸਟਿਕ ਦੀਆਂ 64 ਵਸਤੂਆਂ ਬੰਦ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। 12 ਵਸਤੂਆਂ 'ਤੇ ਫੌਰਨ ਪਾਬੰਦੀ ਲਗਾਉਣ ਲਈ ਕਿਹਾ ਗਿਆ ਹੈ। ਅਮਰੀਕਾ ਦੀ ਸਟੇਨਫੋਰਡ ਯੂਨੀਵਰਸਿਟੀ ਦੀ ਹਾਲੀਆ ਖੋਜ ਮੁਤਾਬਿਕ ਧਰਤੀ ਉਪਰ ਤਕਰੀਬਨ 9.1 ਅਰਬ ਟਨ ਪਲਾਸਟਿਕ ਹੈ। ਇਸ ਸਮੇਂ ਦੁਨੀਆ ਦੀ ਆਬਾਦੀ ਕਰੀਬ 7.6 ਅਰਬ ਹੈ ਯਾਨੀ ਕਿ ਹਰ ਵਿਅਕਤੀ ਦੇ ਹਿੱਸੇ ਲਗਪਗ 1.2 ਟਨ ਪਲਾਸਟਿਕ ਆਉਂਦਾ ਹੈ। ਪਲਾਸਟਿਕ ਖਾਣਾ, ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਕਰਦਾ ਹੈ ਅਤੇ ਸਿਹਤ 'ਤੇ ਬੁਰਾ ਅਸਰ ਪਾਉਂਦਾ ਹੈ। ਮਾਈਕ੍ਰੋ ਪਲਾਸਟਿਕ ਦੇ ਹਾਨੀਕਾਰਕ ਕੈਮੀਕਲ ਸਰੀਰ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾ ਰਹੇ ਹਨ। ਹਰ ਇਨਸਾਨ ਪ੍ਰਤੀ ਦਿਨ ਅਣਜਾਣੇ 'ਚ ਮਾਈਕਰੋ ਪਲਾਸਟਿਕ ਦੇ 200 ਟੁਕੜੇ ਖਾ ਰਿਹਾ ਹੈ। ਇਸ ਦਾ ਬਦਲ ਵੀ ਸੰਭਵ ਨਹੀਂ ਕਿਉਂਕਿ 7.5 ਕਰੋੜ ਲੋਕ ਪਲਾਸਟਿਕ ਇੰਡਸਟਰੀ 'ਚ ਲੱਗੇ ਹਨ, ਉਨ੍ਹਾਂ ਦਾ ਰੁਜ਼ਗਾਰ ਖੁਸ ਸਕਦਾ ਹੈ। ਉਹ ਬੇਰੁਜ਼ਗਾਰ ਹੋ ਸਕਦੇ ਹਨ। ਹਾਂ, ਪਲਾਸਟਿਕ ਦੀ ਵਰਤੋਂ ਖਿਲਾਫ਼ ਦੇਸ਼ ਵਿਆਪੀ ਜਾਗਰੂਕਤਾ ਲਹਿਰ ਉਸਾਰਨੀ ਹੋਵੇਗੀ। ਸਰਕਾਰ ਦੀ ਇੱਛਾ ਸ਼ਕਤੀ ਅਤੇ ਪ੍ਰਸ਼ਾਸਨ ਦੀ ਵੀ ਅਹਿਮ ਭੂਮਿਕਾ ਦੀ ਲੋੜ ਹੋਵੇਗੀ।


-ਮੁਖ਼ਤਾਰ ਗਿੱਲ
ਪ੍ਰੀਤ ਨਗਰ, ਅੰਮ੍ਰਿਤਸਰ।


ਦੋ ਵੱਡੀਆਂ ਸ਼ਖ਼ਸੀਅਤਾਂ ਦਾ ਤੁਰ ਜਾਣਾ
ਪੰਜਾਬ ਵਿਚ ਪਿਛਲੇ ਦੋ ਦਿਨਾਂ ਵਿਚ ਦੋ ਵੱਡੇ ਸਾਹਿਤਕਾਰ ਡਾ: ਦਲੀਪ ਕੌਰ ਟਿਵਾਣਾ ਤੇ ਬਾਪੂ ਜਸਵੰਤ ਸਿੰਘ ਕੰਵਲ ਦਾ ਅਚਾਨਕ ਤੁਰ ਜਾਣਾ ਪੰਜਾਬੀ ਸਾਹਿਤ ਨੂੰ ਬਹੁਤ ਵੱਡਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਹ ਦੋਵੇਂ ਸ਼ਖ਼ਸੀਅਤਾਂ ਪੰਜਾਬੀ ਸਾਹਿਤ ਦੇ ਬਹੁਤ ਵੱਡੇ ਬੋਹੜ ਸਨ, ਜਿਨ੍ਹਾਂ ਨੇ ਅਣਗਿਣਤ ਹੀ ਕਿਤਾਬਾਂ ਲਿਖ ਕੇ ਸਾਡੀ ਝੋਲੀ ਪਾਈਆਂ ਹਨ। ਬਾਪੂ ਜਸਵੰਤ ਸਿੰਘ ਕੰਵਲ ਜਦੋਂ ਵੀ ਕਿਸੇ ਸਮਾਗਮ ਵਿਚ ਜਾਂਦੇ ਤਾਂ ਉਹ ਪੰਜਾਬ ਦੇ ਹਾਲਤਾਂ ਦੀ ਗੱਲ ਕਰਦੇ-ਕਰਦੇ ਅਕਸਰ ਰੋਣ ਲੱਗ ਜਾਂਦੇ ਸਨ। ਬਾਪੂ ਪੰਜਾਬ ਦੇ ਹੁਣ ਵਾਲੇ ਹਾਲਤਾਂ ਤੋਂ ਕਾਫੀ ਚਿੰਤਤ ਸਨ ਕਿ ਪਹਿਲਾਂ ਵਾਲਾ ਪੰਜਾਬ ਹੁਣ ਕੀ ਬਣ ਜਾਵੇਗਾ? ਉਨ੍ਹਾਂ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਦੁੱਖਾਂ-ਦਰਦਾਂ ਨੂੰ ਆਪਣਾ ਸਮਝਿਆ ਸੀ। ਇਸ ਲੇਖਕ ਦੀਆਂ ਲਿਖਤਾਂ ਵਿਚ ਪੰਜਾਬ ਦਾ ਬਹੁਤ ਦਰਦ ਸੀ, ਜਿਸ ਨੂੰ ਪੜ੍ਹ ਕੇ ਕਦੇ-ਕਦੇ ਮਨ ਉਦਾਸ ਹੋ ਜਾਂਦਾ ਸੀ। ਉਂਜ ਭਾਵੇਂ ਇਹ ਦੋਵੇਂ ਸ਼ਖ਼ਸੀਅਤਾਂ ਸਾਡੇ ਤੋਂ ਸਦਾ ਲਈ ਵਿਛੜ ਗਈਆਂ ਹਨ ਪਰ ਇਨ੍ਹਾਂ ਦੀਆਂ ਲਿਖੀਆਂ ਲਿਖਤਾਂ ਸਾਡੇ ਵਿਚ ਸਦਾ ਅਮਰ ਰਹਿਣਗੀਆਂ ਤੇ ਇਨ੍ਹਾਂ ਰੂਹਾਂ ਦੀ ਸਦਾ ਸਾਨੂੰ ਘਾਟ ਰੜਕਦੀ ਰਹੇਗੀ। ਪਰਮਾਤਮਾ ਇਨ੍ਹਾਂ ਵਿਛੜੀਆਂ ਰੂਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਤੇ ਪਿੱਛੇ ਪਰਿਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।


-ਸੁਖਦੇਵ ਸਿੱਧੂ ਕੁਸਲਾ
ਤਹਿ: ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ।


ਪਿੱਟਬੁੱਲ ਕੁੱਤੇ ਦੀ ਦਹਿਸ਼ਤ
ਪਿਛਲੇ ਦਿਨੀਂ ਜਲੰਧਰ ਵਿਚ ਇਕ 10 ਸਾਲ ਦੇ ਮਾਸੂਮ ਨੂੰ 'ਪਿੱਟਬੁੱਲ' ਨਸਲ ਦੇ ਕੁੱਤੇ ਦੁਆਰਾ 15 ਮਿੰਟ ਤੱਕ ਨੋਚਣ ਦੀ ਵੀਡੀਓ ਵਾਇਰਲ ਹੋਈ ਹੈ। ਇਹ ਖ਼ਤਰਨਾਕ ਨਸਲ ਦਾ ਮਾਸਖ਼ੋਰਾ ਕੁੱਤਾ ਲੋਕਾਂ ਵਲੋਂ ਡੰਡੇ-ਸੋਟਿਆਂ ਨਾਲ ਕੁੱਟਣ ਦੇ ਬਾਵਜੂਦ ਬੱਚੇ ਦੀਆਂ ਲੱਤਾਂ ਨੂੰ ਆਪਣੇ ਤਿੱਖੇ ਦੰਦਾਂ ਨਾਲ ਨੋਚਦਾ ਦਿਖਾਈ ਦਿੰਦਾ ਹੈ। ਸਾਲ ਕੁ ਪਹਿਲਾਂ ਸਮਾਣਾ ਸ਼ਹਿਰ ਵਿਖੇ ਇਕ ਅਜਿਹੀ ਨਸਲ ਦੇ ਕੁੱਤੇ ਨੇ ਆਪਣੇ ਨੌਜਵਾਨ ਮਾਲਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਮਾਝੇ ਦੇ ਇਕ ਪਿੰਡ ਵਿਚ ਇਸ ਨਸਲ ਦੇ ਕੁੱਤੇ ਦੁਆਰਾ ਇਕ ਗਊ ਨੂੰ ਨੋਚਦਿਆਂ ਦੀ ਵੀਡੀਓ ਤੋਂ ਇਸ ਦੀ ਖੂੰਖਾਰੀ ਦਾ ਪਤਾ ਲਗਦਾ ਹੈ। ਹੋਰ ਵੀ ਅਜਿਹੇ ਕਈ ਮਾਮਲਿਆਂ ਬਾਰੇ ਗਾਹੇ-ਬਗਾਹੇ ਪੜ੍ਹਨ/ਸੁਣਨ/ਦੇਖਣ ਨੂੰ ਮਿਲਦਾ ਰਹਿੰਦਾ ਹੈ। ਕਈ ਅਨੁਭਵੀ ਕੁੱਤਾ ਪਾਲਕ ਦੱਸਦੇ ਹਨ ਕਿ ਇਹ ਕੁੱਤਾ ਅਚਾਨਕ ਭੜਕਦਾ ਹੈ ਅਤੇ ਫਿਰ ਇਹ ਸਾਹਮਣੇ ਆਉਣ ਵਾਲੇ ਕਿਸੇ ਵੀ ਆਦਮੀ ਜਾਂ ਪਸ਼ੂ ਉੱਪਰ ਟੁੱਟ ਪੈਂਦਾ ਹੈ। ਇਸ ਕੁੱਤੇ ਦੀ ਇਸ ਮਾਸਖ਼ੋਰੀ ਆਦਤ ਦੇ ਬਾਵਜੂਦ ਪਤਾ ਨਹੀਂ ਕਿਉਂ ਲੋਕ ਆਪਣੀ ਅਤੇ ਦੂਸਰਿਆਂ ਦੀ ਜ਼ਿੰਦਗੀ ਨੂੰ ਦਾਅ 'ਤੇ ਲਾਉਂਦੇ ਹਨ? ਆਬਾਦੀ ਵਾਲੇ ਖੇਤਰ ਵਿਚ ਤਾਂ ਇਸ ਕੁੱਤੇ ਨੂੰ ਰੱਖਣ 'ਤੇ ਪੂਰਨ ਤੌਰ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਜੇਕਰ ਅਜਿਹਾ ਨਾ ਹੋਇਆ ਤਾਂ ਇਹ ਮਨੁੱਖੀ ਜ਼ਿੰਦਗੀ ਲਈ ਬਹੁਤ ਘਾਤਕ ਸਿੱਧ ਹੋਣ ਵਾਲਾ ਵਰਤਾਰਾ ਹੈ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।


ਕੀ ਬੱਚੇ ਆਜ਼ਾਦੀ ਲਈ ਵਿਦੇਸ਼ ਜਾ ਰਹੇ ਹਨ?
ਦਿਨ-ਬ-ਦਿਨ ਵਿਦੇਸ਼ ਜਾਣ ਦਾ ਰੁਝਾਨ ਵਧ ਰਿਹਾ ਹੈ। ਅੱਜ ਦੀ ਪੀੜ੍ਹੀ ਸਾਰਾ ਦਿਨ ਮੋਬਾਈਲ 'ਤੇ ਨੈੱਟ ਦੀ ਵਰਤੋਂ ਕਰ ਕੇ ਆਪਣੇ ਇਕੱਲੇਪਣ ਵਿਚ ਸਮਾਂ ਮਸਤੀ ਨਾਲ ਗੁਜ਼ਾਰ ਰਹੀ ਹੈ। ਉਨ੍ਹਾਂ ਨੂੰ ਨਾ ਕਿਸੇ ਰਿਸ਼ਤੇ ਨਾਤਿਆਂ ਦਾ ਪਤਾ ਅਤੇ ਨਾ ਹੀ ਕਦਰ ਹੈ। ਇਥੋਂ ਤੱਕ ਮੰਨ ਲਵੋ ਅੱਜ ਦੇ ਮਾਪੇ ਵੀ ਆਪਣੇ ਬੱਚਿਆਂ ਨੂੰ ਰਤਾ ਝਿੜਕਣ ਤੋਂ ਡਰਨ ਲੱਗ ਪਏ ਹਨ। ਹੁਣ ਬੱਚੇ ਆਪਣਾ ਫ਼ੈਸਲਾ ਆਪ ਲੈਂਦੇ ਹਨ। ਬੱਚਿਆਂ ਦਾ ਮਾਪਿਆਂ ਪ੍ਰਤੀ ਮੋਹ ਵੀ ਬੱਸ ਉੱਤੋਂ-ਉੱਤੋਂ ਹੀ ਨਜ਼ਰ ਆਉਂਦਾ ਹੈ। ਉਂਜ ਬੱਚੇ ਆਪਣੀ ਮਰਜ਼ੀ ਨਾਲ ਹੀ ਕਿੱਤਾ, ਰਹਿਣ-ਸਹਿਣ ਅਤੇ ਆਪਣਾ ਜੀਵਨ ਸਾਥੀ ਵੀ ਆਪਣੀ ਮਰਜ਼ੀ ਨਾਲ ਹੀ ਚੁਣਨਾ ਚਾਹੁੰਦੇ ਹਨ। ਇਸ ਲਈ ਇਸ ਆਜ਼ਾਦੀ ਅਤੇ ਨਜ਼ਾਰਿਆਂ ਲਈ ਬੱਚੇ ਵਿਦੇਸ਼ਾਂ ਦੀ ਧਰਤੀ ਨੂੰ ਪਹਿਲ ਦੇ ਰਹੇ ਹਨ। ਜ਼ਮੀਨਾਂ ਉੱਤੇ ਲਿਮਟਾਂ ਬਣਾ ਕੇ, ਕਰਜ਼ੇ ਦੀ ਮਾਰ ਹੇਠ ਲੱਖਾਂ ਰੁਪਏ ਇਕੱਠੇ ਕਰ ਕੇ ਫਿਰ ਕਿਤੇ ਵਿਦੇਸ਼ਾਂ ਵਿਚ ਪੜ੍ਹਾਈ ਲਈ ਜਾਇਆ ਜਾਂਦਾ ਹੈ। ਬੇਸ਼ੱਕ ਏਨੇ ਪੈਸੇ ਨਾਲ ਆਪਣੇ ਦੇਸ਼ ਵਿਚ ਵੀ ਵਧੀਆ ਕਾਰੋਬਾਰ ਚਲਾਇਆ ਜਾ ਸਕਦਾ ਹੈ। ਦੂਜਾ ਕਾਰਨ ਪੜ੍ਹ-ਲਿਖ ਕੇ ਬੇਰੁਜ਼ਗਾਰੀ ਦੀ ਸਮੱਸਿਆ ਤੋਂ ਵੀ ਡਰਦੇ ਵਿਦੇਸ਼ਾਂ ਨੂੰ ਭੱਜ ਰਹੇ ਹਨ। ਕੋਈ ਸਮਾਂ ਹੁੰਦਾ ਸੀ, ਜਦ ਬੱਚਿਆਂ ਤੋਂ ਪੁੱਛਿਆ ਜਾਂਦਾ ਸੀ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਤਾਂ ਬੱਚਾ ਕਹਿੰਦਾ ਸੀ ਕਿ ਮੈਂ ਮਾਸਟਰ, ਡਾਕਟਰ ਜਾਂ ਵਕੀਲ ਆਦਿ ਬਣਾਂਗਾ। ਪਰ ਅੱਜ ਜਦ ਪੁੱਛੀਏ ਤਾਂ ਹਰ ਬੱਚਾ ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਆਈਲਟਸ ਕਰ ਕੇ ਵਿਦੇਸ਼ ਜਾਣ ਵਾਰੇ ਹੀ ਕਹਿੰਦਾ ਹੈ। ਅਜਿਹਾ ਦੇਖ ਕੇ ਹੀ ਲਗਦਾ ਹੈ ਕਿ ਇਹ ਬੱਚੇ ਵਧੀਆ ਜ਼ਿੰਦਗੀ ਜਿਊਣ ਲਈ ਆਜ਼ਾਦੀ ਚਾਹੁੰਦੇ ਹਨ।


-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ-ਸੁਖਾਣਾ (ਲੁਧਿਆਣਾ)।

05-02-2020

 ਨਾਗਰਿਕਤਾ ਕਾਨੂੰਨ ਦਾ ਪ੍ਰਭਾਵ
ਕੁਝ ਦਿਨ ਪਹਿਲਾਂ ਭਾਰਤ ਸਰਕਾਰ ਨੇ ਨਾਗਰਿਕਤਾ ਕਾਨੂੰਨ ਬਣਾਇਆ। ਇਸ ਕਾਨੂੰਨ ਦਾ ਵਿਰੋਧ ਵੀ ਹੋ ਰਿਹਾ ਹੈ। ਇਸ ਕਾਨੂੰਨ ਦੇ ਸਬੰਧ ਵਿਚ ਭਾਰਤ ਸਰਕਾਰ ਨੇ ਯੂਰਪ ਦੇ ਕੁਝ ਸੰਸਦ ਮੈਂਬਰ ਭਾਰਤ ਸੱਦੇ ਤੇ ਉਨ੍ਹਾਂ ਮੈਂਬਰਾਂ ਨੂੰ ਕਸ਼ਮੀਰ ਘੁਮਾਇਆ ਤੇ ਉਹ ਵਾਪਸ ਚਲੇ ਗਏ। ਜਾਂਦੇ-ਜਾਂਦੇ ਉਨ੍ਹਾਂ ਨੇ ਇਕ ਕਾਗਜ਼ ਵੀ ਲਿਖ ਕੇ ਦਿੱਤਾ ਕਿ ਭਾਰਤ ਵਿਚ ਸਭ ਕੁਝ ਠੀਕ ਹੈ ਪਰ ਜਦੋਂ ਉਹ ਵਾਪਸ ਯੂਰਪ ਚਲੇ ਗਏ ਤਾਂ ਉਨ੍ਹਾਂ ਨੇ ਨਾਗਰਿਕਤਾ ਕਾਨੂੰਨ ਦਾ ਵਿਰੋਧ ਕੀਤਾ।
ਪਹਿਲੀ ਗੱਲ ਤਾਂ ਭਾਰਤ ਸਰਕਾਰ ਨੂੰ ਯੂਰਪ ਦੇ ਸੰਸਦ ਮੈਂਬਰਾਂ ਨੂੰ ਭਾਰਤ ਦੇ ਕਾਨੂੰਨ ਵਿਚ ਦਖ਼ਲ ਦਿਵਾਉਣ ਦੀ ਲੋੜ ਹੀ ਕਿਉਂ ਪਈ? ਉਹ ਸੰਸਦ ਮੈਂਬਰ ਯੂਰਪ ਵਿਚ ਜਾ ਕੇ ਵਿਰੋਧ ਕਰਨ ਲੱਗੇ। ਹੁਣ ਨਾਗਰਿਕਤਾ ਕਾਨੂੰਨ ਦਾ ਵਿਰੋਧ ਅੰਤਰਰਾਸ਼ਟਰੀ ਪੱਧਰ 'ਤੇ ਵੀ ਹੋਣਾ ਸ਼ੁਰੂ ਹੋ ਗਿਆ। ਹੁਣ ਜੋ ਫ਼ੈਸਲਾ ਯੂਰਪੀ ਸੰਸਦ ਵਿਚ ਹੋਣਾ ਹੈ, ਉਸ ਫ਼ੈਸਲੇ ਦਾ ਪ੍ਰਭਾਵ ਪਵੇਗਾ।


-ਅਕਾਸ਼ਦੀਪ ਸੀਰਵਾਲੀ
ਐਸ.ਬੀ.ਐਸ. ਮਾਡਲ ਸਕੂਲ, ਸੀਰਵਾਲੀ।


ਡਰ ਰਹਿਤ ਹੋਵੇ ਬਚਪਨ
ਅੱਜ ਸਮਾਜਿਕ ਵਰਤਾਰਾ ਇਸ ਕਦਰ ਡਰਾਉਣਾ ਹੋਇਆ ਹੈ ਕਿ ਅੱਜ ਦਾ ਬਚਪਨ ਵੀ ਸੁਰੱਖਿਅਤ ਨਹੀਂ ਹੈ। ਮਾਪੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਰਹਿੰਦੇ ਹਨ। ਹਾਲਾਤ ਇਸ ਤਰ੍ਹਾਂ ਦੇ ਪਨਪ ਚੁੱਕੇ ਹਨ ਕਿ ਬੱਚੇ ਨਾ ਘਰ ਵਿਚ ਨਾ ਹੀ ਬਾਹਰ ਭਾਵੇਂ ਸਕੂਲਾਂ ਵਿਚ ਵੀ ਬੱਚੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਇਸ ਤੋਂ ਇਲਾਵਾ ਬਚਪਨ ਦਾ ਇਕ ਵੱਡਾ ਹਿੱਸਾ ਬਾਲ ਮਜ਼ਦੂਰੀ ਦੀ ਭੇਟ ਚੜ੍ਹਿਆ ਹੋਇਆ ਹੈ। ਪੜ੍ਹਾਈ ਦੇ ਨਾਂਅ 'ਤੇ ਵੀ ਪੰਜ ਸਾਲ ਦੀ ਬਜਾਏ ਬੱਚੇ ਨੂੰ ਦੋ-ਢਾਈ ਸਾਲ ਦੀ ਉਮਰ 'ਚ ਹੀ ਸਕੂਲ ਤੋਰ ਦਿੱਤਾ ਜਾਂਦਾ ਹੈ। ਕੁਦਰਤੀ ਦਾਤ ਨੀਂਦ ਵੀ ਬੱਚੇ ਨੂੰ ਪੂਰੀ ਨਹੀਂ ਮਾਨਣ ਦਿੱਤੀ ਜਾ ਰਹੀ। ਬੱਚੇ ਦੇ ਵਜ਼ਨ ਤੋਂ ਭਾਰਾ ਸਕੂਲ ਬੈਗ ਬੱਚੇ ਦਾ ਮਾਨਸਿਕ ਤੇ ਸਰੀਰਕ ਸੰਤੁਲਨ ਵਿਗਾੜ ਰਿਹਾ ਹੈ। ਸਮੇਂ-ਸਮੇਂ 'ਤੇ ਬੱਚਿਆਂ ਨਾਲ ਹੁੰਦਾ ਜਿਣਸੀ ਸ਼ੋਸ਼ਣ ਤੇ ਬਾਅਦ 'ਚ ਬੱਚਿਆਂ ਦੀ ਹੱਤਿਆ ਕਰਨਾ, ਵੱਡੀ ਚਿੰਤਾ ਪੈਦਾ ਕਰ ਰਿਹਾ ਹੈ। ਬੱਚਿਆਂ ਦੀ ਸੁਰੱਖਿਆ ਲਈ ਭਾਵੇਂ ਕਈ ਕਾਨੂੰਨ ਬਣਾਏ ਗਏ ਹਨ ਪਰ ਬੱਚਿਆਂ ਦੇ ਬੌਧਿਕ ਵਿਕਾਸ ਤੇ ਸੁਰੱਖਿਆ ਲਈ ਬਹੁਤ ਕੁਝ ਕਰਨਾ ਅਜੇ ਬਾਕੀ ਹੈ।


-ਬੰਤ ਘੁਡਾਣੀ, ਲੁਧਿਆਣਾ।


ਪਤੀ-ਪਤਨੀ ਦੇ ਰਿਸ਼ਤੇ 'ਚ ਤ੍ਰੇੜ
ਇਹ ਸੱਚ ਹੈ ਕਿ ਜ਼ਿੰਦਗੀ ਜਿਊਣ ਲਈ ਮਾਂ-ਬਾਪ ਤੋਂ ਬਾਅਦ ਇਕੋ-ਇਕ ਰਿਸ਼ਤਾ ਜੋ ਸਾਥ ਨਿਭਾਉਂਦਾ ਹੈ, ਉਹ ਹੈ ਪਤੀ ਪਤਨੀ ਦਾ ਰਿਸ਼ਤਾ। ਜੇਕਰ ਆਪਣੇ ਨੇੜੇ ਕਿਸੇ ਰਿਸ਼ਤੇ ਬਾਰੇ ਸੋਚਣਾ ਵੀ ਹੈ ਤਾਂ ਸਭ ਤੋਂ ਨੇੜੇ ਦਾ ਰਿਸ਼ਤਾ ਇਕ ਪਤੀ ਪਤਨੀ ਵਿਚ ਹੀ ਹੈ। ਪਰ ਇਹ ਰਿਸ਼ਤਾ ਹੁਣ ਪਹਿਲਾਂ ਦੀ ਤਰ੍ਹਾਂ ਮਜ਼ਬੂਤ ਨਹੀਂ ਰਿਹਾ। ਪਤੀ ਪਤਨੀ ਬਸ ਲੋਕਾਂ ਦੀ ਨਿਗ੍ਹਾ ਵਿਚ ਹੀ ਰਹਿ ਗਏ, ਪਰ ਘਰ ਵਿਚ ਆ ਕੇ ਉਨ੍ਹਾਂ ਦਾ ਆਪਸੀ ਮਿਲਵਰਤਣ, ਬੋਲਚਾਲ, ਆਦਰ ਸਤਿਕਾਰ ਇਸ ਤੋਂ ਵੱਖਰਾ ਹੋ ਜਾਂਦਾ ਹੈ। ਆਪਸੀ ਗੁੱਸੇ ਗਿਲੇ ਐਨੇ ਵਧ ਗਏ ਹਨ ਕਿ ਕਈ ਵਾਰੀ ਗੱਲ ਅਖੀਰੀ ਪੜਾਅ ਭਾਵ ਤਲਾਕ 'ਤੇ ਵੀ ਚਲੀ ਜਾਂਦੀ ਹੈ। ਜੇਬ ਦਾ ਅਮੀਰ ਬੰਦਾ ਵਿਖਾਵੇ ਹੀ ਕਰ ਸਕਦਾ ਹੈ ਪਰ ਦਿਲ ਦਾ ਅਮੀਰ ਬੰਦਾ ਆਪਣੇ ਰਿਸ਼ਤੇ ਵਿਚ ਆਉਣ ਇਸ ਵਾਲੀ ਤ੍ਰੇੜ ਨੂੰ ਵਧਣ ਨਹੀਂ ਦਿੰਦਾ। ਬੇਸ਼ੱਕ ਉਹ ਕਦੀ ਸ਼ਾਪਿੰਗ ਜਾਂ ਮੂਵੀ ਵੇਖਣ ਨਹੀਂ ਗਿਆ, ਉਹ ਵਿਖਾਵਾ ਨਹੀਂ ਪਿਆਰ ਕਰਦਾ ਹੈ। ਪਤੀ ਪਤਨੀ ਦੇ ਰਿਸ਼ਤੇ ਵਿਚ ਜ਼ਿਆਦਾਤਰ ਤ੍ਰੇੜ ਦਾ ਵਧਣਾ ਇਹ ਹੈ ਕਿ ਦੋਵੇਂ ਇਕ-ਦੂਜੇ ਨੂੰ ਸਮਝਣ ਵਿਚ ਅਸਮਰੱਥ ਹਨ। ਪੜ੍ਹੇ ਲਿਖੇ ਹੋਣ ਦੇ ਬਾਵਜੂਦ ਇਨ੍ਹਾਂ ਵਿਚ ਅਨਪੜ੍ਹਤਾ ਦੀ ਝਲਕ ਜਿਹੀ ਨਜ਼ਰ ਆਉਂਦੀ ਹੈ। ਇਸ ਤ੍ਰੇੜ ਦਾ ਹੋਰ ਤਾਂ ਹੋਰ ਉਨ੍ਹਾਂ ਦੇ ਬੱਚਿਆਂ 'ਤੇ ਵੀ ਅਸਰ ਪੈਂਦਾ ਹੈ। ਉਹ ਵੀ ਆਪਣੇ ਮਾਪਿਆਂ ਬਾਰੇ ਕਾਫੀ ਚਿੰਤਾ ਵਿਚ ਰਹਿੰਦੇ ਹਨ। ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਅਗਲੇ ਜਨਮ ਕੀ ਹੋਣਾ ਕੀ ਨਹੀਂ ਕੀ ਨਹੀਂ, ਇਸ ਲਈ ਆਪਣੇ ਰਿਸ਼ਤਿਆਂ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਝੁਕਣਾ ਸਿੱਖੋ, ਤਾਂ ਜੋ ਇਹ ਜ਼ਿੰਦਗੀ ਸੁਖਾਲੀ ਲੰਘ ਜਾਵੇ।


-ਕੁਲਜਿੰਦਰ ਕੌਰ 'ਸੁਖਾਣਾ'
ਪਿੰਡ-ਸੁਖਾਣਾ (ਲੁਧਿਆਣਾ)।


ਗੰਭੀਰ ਖੇਤੀਬਾੜੀ ਸੰਕਟ
ਪਿਛਲੇ ਦਿਨੀਂ 'ਅਜੀਤ' 'ਚ ਸਤਨਾਮ ਸਿੰਘ ਮਾਣਕ ਹੁਰਾਂ ਦਾ ਫ਼ਿਕਰਮੰਦੀ ਭਰਿਆ ਲੇਖ ਪੜ੍ਹਿਆ, ਜਿਸ ਵਿਚ ਉਨ੍ਹਾਂ ਨੇ ਸਰਕਾਰ ਵਲੋਂ ਆਮ ਬਜਟ ਬਣਾਉਣ ਬਾਰੇ ਕਿਸਾਨ ਨੂੰ ਨਜ਼ਰਅੰਦਾਜ਼ ਕਰਨ ਬਾਰੇ ਹੈ। ਕਿਸਾਨੀ ਦੇਸ਼ ਦੀ ਰੀੜ੍ਹ ਦੀ ਹੱਡੀ ਸਮਝੀ ਜਾਂਦੀ ਹੈ। ਕਿਸਾਨੀ ਮਸਲਿਆਂ ਨੂੰ ਸਾਲਾਨਾ ਬਜਟ ਬਣਾਉਣ ਵੇਲੇ ਅੱਖੋਂ ਪਰੋਖੇ ਕਰਨਾ ਦੇਸ਼ ਲਈ ਬਹੁਤ ਬੁਰਾ ਵਰਤਾਰਾ ਹੈ। ਅਜੋਕੀਆਂ ਸਰਕਾਰਾਂ ਤਾਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਖੇਡ ਰਹੀਆਂ ਹਨ। ਅੱਜ ਖੇਤੀਬਾੜੀ ਸੰਕਟ ਬਹੁਤ ਡੂੰਘਾ ਹੋ ਗਿਆ ਹੈ। ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੇ ਲਾਹੇਵੰਦ ਭਾਅ ਵੀ ਨਹੀਂ ਮਿਲ ਰਹੇ। ਖੇਤੀ ਲਾਗਤਾਂ ਵਧ ਗਈਆਂ ਹਨ। ਖੇਤੀਬਾੜੀ ਦੇ ਸੰਦ ਬਣਾਉਣ ਦਾ ਧੰਦਾ ਵੀ ਕਾਰਪੋਰੇਟ ਨੇ ਸਾਂਭ ਲਿਆ ਹੈ। ਰਸਾਇਣਕ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਵੀ ਸਰਕਾਰਾਂ ਨਾਲ ਰਲੀਆਂ ਹੋਈਆਂ ਹਨ। ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਜੇ ਕਿਸਾਨੀ ਨਾ ਬਚੀ ਤਾਂ ਦੇਸ਼ ਵੀ ਨਹੀਂ ਬਚਣਾ। ਮਾਣਕ ਹੁਰਾਂ ਨੇ ਠੀਕ ਹੀ ਕਿਹਾ ਹੈ ਕਿ ਖੇਤੀਬਾੜੀ ਦਾ ਖੇਤਰ ਫ਼ੌਜ ਤੋਂ ਵੀ ਵੱਧ ਮਹੱਤਤਾ ਰੱਖਦਾ ਹੈ। ਖੇਤੀਬਾੜੀ ਮਾਹਿਰਾਂ ਦੀ ਰਾਇ ਤੋਂ ਬਗੈਰ ਕਿਸਾਨੀ ਸੰਕਟ ਹੱਲ ਨਹੀਂ ਹੋਣਾ। ਭਾਰਤ ਦਾ ਅੰਨ ਵਿਚ ਸਵੈ-ਨਿਰਭਰ ਹੋਣਾ ਗੌਰਵ ਦੀ ਗੱਲ ਹੈ। ਭਾਰਤ ਦੇ ਅਜੋਕੇ ਰਾਜਨੀਤੀਵਾਨ ਗੰਭੀਰ ਹੋਣ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਬੱਚਿਆਂ ਦੀਆਂ ਆਦਤਾਂ
ਬਚਪਨ ਤੋਂ ਹੀ ਕੋਈ ਬੱਚਾ ਜਿਸ ਕਿਸਮ ਦੇ ਮਾਹੌਲ ਵਿਚ ਪਲਦਾ ਹੈ, ਉਸ ਦੀਆਂ ਆਦਤਾਂ ਵਿਚ ਬਹੁਤ ਵੱਡਾ ਹਿੱਸਾ ਉਸ ਮਾਹੌਲ ਦਾ ਹੁੰਦਾ ਹੈ। ਉੱਚਾ ਬੋਲਣਾ, ਰੁੱਖਾ ਬੋਲਣਾ, ਜ਼ਿਆਦਾ ਹੱਸਣਾ, ਝੂਠ ਬੋਲਣਾ, ਬਹਾਨੇਬਾਜ਼ੀ ਕਰਨੀ, ਬਹਿਸ ਕਰਨੀ, ਝਗੜਾਲੂ ਹੋਣਾ ਜਾਂ ਚੋਰੀ ਕਰਨ ਵਰਗੀਆਂ ਬਚਪਨ ਵਿਚ ਪਈਆਂ ਆਦਤਾਂ ਛੇਤੀ ਕੀਤਿਆਂ ਬਿਨਾਂ ਕਿਸੇ 'ਸਬਕ' ਸਿੱਖਣ ਦੇ ਖਹਿੜਾ ਨਹੀਂ ਛੱਡਦੀਆਂ। ਇਹ ਆਦਤਾਂ ਚੰਗੇ ਤੋਂ ਚੰਗੇ ਮਨੁੱਖ ਨੂੰ ਸਮਾਜ ਵਿਚ ਖਲਨਾਇਕ ਬਣਾ ਕੇ ਰੱਖ ਦਿੰਦੀਆਂ ਹਨ। ਇਸ ਲਈ ਬੱਚੇ ਦੇ ਪਾਲਣ-ਪੋਸ਼ਣ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਮਾਪਿਆਂ ਨੂੰ ਖ਼ੁਦ ਚੰਗੇ ਗੁਣਾਂ ਦਾ ਧਾਰਨੀ ਬਣ ਕੇ ਬੱਚਿਆਂ ਲਈ ਇਕ ਮਾਡਲ ਬਣਨਾ ਚਾਹੀਦਾ ਹੈ। ਸਮੇਂ-ਸਮੇਂ ਬੱਚੇ ਦੀਆਂ ਹਰਕਤਾਂ ਅਤੇ ਉਸ ਦੀ ਸੰਗਤ ਉੱਪਰ ਵੀ ਪੈਨੀ ਨਜ਼ਰ ਰੱਖਣੀ ਚਾਹੀਦੀ ਹੈ। ਜਿੱਥੋਂ ਤੱਕ ਹੋ ਸਕੇ ਬੱਚੇ ਨੂੰ ਵੱਧ ਤੋਂ ਵੱਧ ਸਮਾਂ ਦਿਓ। ਬੱਚਿਆਂ ਨੂੰ ਵੱਧ ਤੋਂ ਵੱਧ ਆਪਣੇ ਕੰਮ ਆਪ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।

04-02-2020

 ਕੋਰੋਨਾ ਵਾਇਰਸ
ਚੀਨ ਕੋਰੋਨਾ ਵਾਇਰਸ ਦੇ ਪ੍ਰਭਾਵ ਅਤੇ ਹਮਲੇ ਨੇ ਸੈਂਕੜੇ ਜਾਨਾਂ ਲੈ ਲਈਆਂ ਹਨ ਅਤੇ ਹਜ਼ਾਰਾਂ ਲੋਕ ਇਸ ਵਾਇਰਸ ਦੀ ਲਪੇਟ 'ਚ ਹਨ। ਇਸ ਦੇ ਨਾਲ ਲਗਦੇ 25 ਹੋਰ ਦੇਸ਼ਾਂ 'ਚ ਫੈਲਣ ਦੀ ਸੂਚਨਾ ਨੇ ਦੇਸ਼ਾਂ ਅੰਦਰ ਚਿੰਤਾ ਪੈਦਾ ਕਰ ਦਿੱਤੀ ਹੈ। ਚੂੰ ਕਿ ਭਾਰਤ ਵੀ ਚੀਨ ਦੇ ਗੁਆਂਢੀ ਦੇਸ਼ਾਂ 'ਚ ਸ਼ੁਮਾਰ ਹੈ, ਇਥੇ ਵੀ ਕੋਰੋਨਾ ਵਾਇਰਸ ਦੇ ਪ੍ਰਭਾਵਿਤ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਭਾਰਤ ਸਰਕਾਰ ਨੂੰ ਆਪਣੇ ਨਾਗਰਿਕਾਂ ਨੂੰ ਇਸ ਵਾਇਰਸ ਦੇ ਪ੍ਰਭਾਵ ਤੋਂ ਮੁਕਤ ਰੱਖਣ ਲਈ ਅਗਾਊਂ ਪ੍ਰਬੰਧ ਕਰ ਲੈਣੇ ਚਾਹੀਦੇ ਹਨ। ਭਾਰਤ ਦੀ ਅਜੋਕੀ ਸਥਿਤੀ ਤੋਂ ਸਭ ਜਾਣੂ ਹਨ, ਇਥੇ ਤਾਂ ਜਨਤਾ ਦੇ ਪੀੜਤ ਹੋ ਜਾਣ 'ਤੇ ਸਥਿਤੀ ਕਾਬੂ ਨਾ ਰਹਿਣ ਤੋਂ ਬਾਅਦ ਤੋਂ ਪ੍ਰਬੰਧਾਂ ਲਈ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਸਿਹਤ ਵਿਭਾਗ ਨੂੰ ਆਪਣੇ ਪੱਧਰ 'ਤੇ ਚੈਰਿਟੀ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਸਹਿਯੋਗ ਸਥਿਤੀ ਨਾਲ ਨਿਪਟਣ ਲਈ ਸਰਕਾਰੀ ਹਦਾਇਤਾਂ ਨੂੰ ਬਿਨ ਉਡੀਕਿਆਂ ਹੀ ਯਤਨ ਆਰੰਭ ਦੇਣੇ ਚਾਹੀਦੇ ਹਨ। ਇਸ ਦੇ ਬਚਾਅ ਲਈ ਪ੍ਰਹੇਜ਼, ਮੁਢਲੀ ਸਹਾਇਤਾ ਅਤੇ ਪ੍ਰਭਾਵੀ ਨਿਸ਼ਾਨੀਆਂ ਸਬੰਧੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਕਰ ਦੇਣੀ ਚਾਹੀਦੀ ਹੈ। ਇਹ ਇਨਸਾਨੀਅਤ ਦੀ ਭਲਾਈ ਲਈ ਬਹੁਤ ਵੱਡੀ ਦੇਣ ਹੋਵੇਗੀ।

-ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।

ਚਾਈਨਾ ਡੋਰ ਦਾ ਰੁਝਾਨ
ਚਾਈਨਾ ਡੋਰ ਲੋਕਾਂ ਦੀ ਜਾਨ ਦਾ ਖੌਅ ਬਣ ਰਹੀ ਹੈ। ਇਸ ਦੀ ਵਰਤੋਂ ਦਾ ਆਲਮ ਇਹ ਹੈ ਕਿ ਇਸ ਦੀ ਲਪੇਟ ਵਿਚ ਆਉਣ ਵਾਲੇ ਵਿਅਕਤੀ ਜਾਂ ਪੰਛੀ ਦਰਦਨਾਕ ਮੌਤ ਦਾ ਸ਼ਿਕਾਰ ਹੁੰਦੇ ਹਨ। ਇਹ ਸੜਕ ਹਾਦਸਿਆਂ ਦਾ ਵੀ ਵੱਡਾ ਕਾਰਨ ਬਣਦੀ ਹੈ। ਚਾਈਨਾ ਡੋਰ ਨੇ ਕਿੰਨੇ ਹੀ ਘਰਾਂ ਦੇ ਚਿਰਾਗ ਬੁਝਾਏ ਹਨ ਪਰ ਲੋਕ ਅਜੇ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਮੈਡੀਕਲ ਮਾਹਰਾਂ ਦਾ ਕਹਿਣਾ ਹੈ ਕਿ ਇਸ ਡੋਰ ਨੂੰ ਤਿਆਰ ਕਰਨ ਲਈ ਕਈ ਤਰ੍ਹਾਂ ਦੇ ਹਾਨੀਕਾਰਕ ਕੈਮੀਕਲ ਤੇ ਹਲਕੀ ਕਿਸਮ ਦੀ ਪਲਾਸਟਿਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਡੋਰ ਨਾਲ ਬੱਚਿਆਂ ਦੇ ਹੱਥਾਂ ਅਤੇ ਉਂਗਲਾਂ 'ਤੇ ਡੂੰਘੇ ਕੱਟ ਲੱਗ ਜਾਂਦੇ ਹਨ ਅਤੇ ਸਰਦੀ ਦੇ ਮੌਸਮ ਵਿਚ ਇਨਫੈਕਸ਼ਨ ਹੋ ਜਾਂਦੀ ਹੈ। ਸਰਕਾਰ ਦੇ ਪਾਬੰਦੀ ਲਾਉਣ ਦੇ ਬਾਵਜੂਦ ਕਈ ਦੁਕਾਨਦਾਰ ਚੰਦ ਰੁਪਿਆਂ ਦੇ ਮੁਨਾਫ਼ੇ ਦੀ ਖਾਤਰ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਹਨ। ਵੱਡੀ ਗੱਲ ਅਜਿਹੇ ਦਰਦਨਾਕ ਹਾਦਸਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੀ ਹੈ। ਸਿੱਖਿਆ ਮਹਿਕਮਾ ਸਕੂਲਾਂ ਕਾਲਜਾਂ ਵਿਚ ਵੀ ਚਾਈਨਾ ਡੋਰ ਨਾਲ ਵਾਪਰਦੇ ਹਾਦਸਿਆਂ ਪ੍ਰਤੀ ਬੱਚਿਆਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਦੇ ਤੌਰ 'ਤੇ ਪਹਿਲਕਦਮੀ ਕਰੇ।

-ਪਰਮਜੀਤ ਕੌਰ ਸਰਾਂ

ਸੱਚ ਬਿਆਨ ਕਰਦੀ ਰਚਨਾ
ਪਿਛਲੇ ਦਿਨੀਂ ਗੁਰਚਰਨ ਸਿੰਘ ਨੂਰਪੁਰ ਦਾ ਲੇਖ 'ਕਿੰਨੀ ਕੁ ਦੇਰ ਚੱਲੇਗਾ ਲੋਕਾਂ ਨੂੰ ਵਰਗਲਾਉਣ ਦਾ ਦੌਰ' ਦੇਸ਼ ਦੀ ਅਜੋਕੀ ਸਥਿਤੀ ਬਾਰੇ ਸੱਚ ਬਿਆਨ ਕਰਦਾ ਹੈ। ਲੇਖਕ ਨੇ ਸੱਚ ਹੀ ਕਿਹਾ ਹੈ ਕਿ ਸੱਤਾ ਕੋਲ ਜਦੋਂ ਲੋਕ ਹਿਤਾਂ ਲਈ ਕੋਈ ਯੋਜਨਾ ਨਹੀਂ ਹੁੰਦੀ ਤਾਂ ਉਹ ਆਪਣੀ ਸੱਤਾ ਦੀ ਸਲਾਮਤੀ ਲਈ ਲੋਕਾਂ ਵਿਚ ਵੰਡੀਆਂ ਪਾਉਂਦੀ ਹੈ, ਜਿਸ ਤਰ੍ਹਾਂ ਕਿ ਅੱਜ ਸਾਡੇ ਦੇਸ਼ ਵਿਚ ਹੋ ਰਿਹਾ ਹੈ। ਅੱਜ ਸਾਨੂੰ ਨਾਗਰਿਕਤਾ ਸੋਧ ਕਾਨੂੰਨ, ਕੌਮੀ ਨਾਗਰਿਕਤਾ ਰਜਿਸਟਰ ਅਤੇ ਕੌਮੀ ਆਬਾਦੀ ਰਜਿਸਟਰ ਜਿਹੇ ਗ਼ੈਰ-ਸੰਵਿਧਾਨਕ ਕਾਨੂੰਨ ਬਣਾ ਕੇ ਉਲਝਾਇਆ ਜਾ ਰਿਹਾ ਹੈ। ਫਿਰ ਵੀ ਚੰਗੀ ਗੱਲ ਇਹ ਹੈ ਕਿ ਲੋਕ ਹਾਕਮਾਂ ਦੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਸਮਝ ਰਹੇ ਹਨ ਅਤੇ ਉਹ ਇਸ ਦਾ ਵਿਰੋਧ ਕਰ ਰਹੇ ਹਨ। ਅੱਜ ਸ਼ਾਹੀਨ ਬਾਗ ਵਿਚ ਸਭ ਧਰਮਾਂ ਦੇ ਲੋਕ ਸਰਕਾਰੀ ਨੀਤੀਆਂ ਖਿਲਾਫ਼ ਇਕੱਠੇ ਹੋ ਕੇ ਵਿਰੋਧ ਕਰ ਰਹੇ ਹਨ। ਸਮਾਂ ਮੰਗ ਕਰਦਾ ਹੈ ਕਿ ਦੇਸ਼ ਵਿਚ ਵੱਧ ਤੋਂ ਵੱਧ ਅਜਿਹੇ ਹੋਰ ਵੀ ਸ਼ਾਹੀਨ ਬਾਗ ਉਸਾਰੇ ਜਾਣ।

-ਹਰਨੰਦ ਸਿੰਘ ਬੱਲਿਆਂਵਾਲਾ
ਪਿੰਡ ਬੱਲਿਆਂਵਾਲਾ (ਤਰਨ ਤਾਰਨ)।

ਵਿਧਾਨ ਸਭਾ ਇਕ ਮਜ਼ਾਕ?
ਪੰਜਾਬ ਵਿਧਾਨ ਸਭਾ ਵਿਚ ਹੋਏ ਡਰਾਮਿਆਂ ਤੋਂ ਆਪਾਂ ਸਾਰੇ ਭਲੀ-ਭਾਂਤੀ ਵਾਕਿਫ਼ ਹਾਂ। ਪਹਿਲੇ ਦਿਨ ਦੇ ਵਿਧਾਨ ਸਭਾ ਸੈਸ਼ਨ ਵਿਚ ਅਕਾਲੀ ਦਲ ਦੇ ਵਿਧਾਇਕ ਛਣਕਣੇ ਲੈ ਕੇ ਚਲੇ ਗਏ ਤੇ ਦੂਜੇ ਦਿਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਅਰਥੀ ਲੈ ਕੇ ਵਿਧਾਨ ਸਭਾ ਵਿਚ ਚਲੇ ਗਏ। ਹਾਲਾਂਕਿ ਭਗਵੰਤ ਮਾਨ ਪੰਜਾਬ ਵਿਧਾਨ ਸਭਾ ਦੇ ਮੈਂਬਰ ਵੀ ਨਹੀਂ ਹਨ। ਇਨ੍ਹਾਂ ਵਿਧਾਇਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਵਿਧਾਨ ਸਭਾ ਵਿਚ ਆਮ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਜਾਂਦੇ ਹਾਂ ਨਾ ਕਿ ਕੋਈ ਡਰਾਮਾ ਪੇਸ਼ ਕਰਨ। ਇਨ੍ਹਾਂ ਵਿਧਾਇਕਾਂ ਲਈ ਤਾਂ ਵਿਧਾਨ ਸਭਾ ਇਕ ਮਜ਼ਾਕ ਬਣ ਕੇ ਰਹਿ ਗਈ ਹੈ। ਇਹੋ ਜਿਹੇ ਕਾਰਨਾਮਿਆਂ ਕਰਕੇ ਸਾਡੇ ਦੇਸ਼ ਦੇ ਸੰਵਿਧਾਨ ਦਾ ਵੀ ਅਪਮਾਨ ਹੁੰਦਾ ਹੈ।

-ਅਕਾਸ਼ਦੀਪ ਸੀਰਵਾਲੀ
ਜਮਾਤ 11ਵੀਂ (ਐਸ.ਬੀ.ਐਸ. ਮਾਡਲ ਸਕੂਲ)।

ਖ਼ਜ਼ਾਨੇ ਖਾਲੀ
ਪੰਜਾਬ ਦੀ ਕਾਂਗਰਸ ਸਰਕਾਰ ਦੇ ਕੈਪਟਨ ਅਮਰਿੰਦਰ ਸਿੰਘ ਨੇ ਚੁੱਪ ਚੁਪੀਤੇ ਆਈ. ਏ. ਐਸ. ਅਫਸਰਾਂ ਨੂੰ ਨਜ਼ਰਾਨਾ ਭੇਟ ਕਰਦੇ ਹੋਏ ਘਰਾਂ ਵਿਚ ਬਿਨਾਂ ਕਿਸੇ ਸ਼ਰਤ ਜਾਂ ਯੋਗਤਾ ਦੇ ਬਗੈਰ 15000 ਰੁਪਏ ਪ੍ਰਤੀ ਮਹੀਨੇ ਤੇ ਨਿੱਜੀ ਸਹਾਇਕ ਰੱਖਣ ਲਈ ਫੁਰਮਾਨ ਜਾਰੀ ਕਰ ਦਿੱਤੇ ਹਨ। ਜਦੋਂ ਕਿ ਇਸ ਵੇਲੇ ਪੰਜਾਬ ਦੀ ਨੌਜਵਾਨੀ ਰੁਜ਼ਗਾਰ ਲਈ ਜੂਝ ਰਹੀ ਹੈ, ਬਾਕੀ ਰਹਿੰਦੇ ਨੌਜਵਾਨ ਨਸ਼ਿਆਂ ਵਿਚ ਗਲਤਾਨ ਹਨ, ਸਿੱਖਿਆ ਦਾ ਅਤਿ ਮੰਦਾ ਹਾਲ ਹੈ, ਮੁਲਾਜ਼ਮ ਤਨਖਾਹਾਂ ਲਈ ਸੰਘਰਸ਼ ਕਰ ਰਹੇ ਹਨ, ਬਜ਼ੁਰਗ ਤੇ ਬਿਮਾਰ ਪੈਨਸ਼ਨਰ ਆਪਣੀਆਂ ਡੀ. ਏ. ਦੀਆਂ ਕਿਸ਼ਤਾਂ ਲਈ ਸੜਕਾਂ 'ਤੇ ਧੱਕੇ ਖਾ ਰਹੇ ਹਨ। ਇਨ੍ਹਾਂ ਪ੍ਰਾਈਵੇਟ ਸਹਾਇਕਾਂ ਦੀ ਬਦੌਲਤ ਸਰਕਾਰੀ ਖਜ਼ਾਨੇ 'ਤੇ ਸਾਲਾਨਾ ਸਵਾ ਦੋ ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਸਰਕਾਰ ਬਣਨ ਵੇਲੇ ਉਨ੍ਹਾਂ ਖੁਦ ਹੀ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਸੀ ਕਿ ਸਾਰਾ ਕੰਮ ਸਰਕਾਰੀ ਦਫ਼ਤਰਾਂ ਵਿਚ ਬੈਠ ਕੇ ਹੋਵੇਗਾ, ਕੋਈ ਵੀ ਕੰਮ ਕੈਂਪ ਦਫ਼ਤਰਾਂ ਵਿਚੋਂ ਨਹੀਂ ਹੋਵੇਗਾ, ਹੁਣ ਆਪਣੇ ਹੀ ਫ਼ੈਸਲਾ ਨੂੰ ਉਲਟਾ ਦਿੱਤਾ ਹੈ ਅਤੇ ਸਰਕਾਰੀ ਖਜ਼ਾਨੇ ਇਨ੍ਹਾਂ ਆਈ. ਏ. ਐਸ. ਅਫਸਰਾਂ, ਸਿਆਸੀ ਨੇਤਾਵਾਂ ਲਈ ਭਰੇ ਹੋਏ ਹਨ, ਜਦ ਕਿ ਆਮ ਲੋਕਾਂ ਲਈ ਸਰਕਾਰੀ ਖਜ਼ਾਨੇ ਖਾਲੀ ਹਨ। ਇਸ ਤਰ੍ਹਾਂ ਲੱਗ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਲੋਕਾਂ ਨਾਲ ਕੋਈ ਸਰੋਕਾਰ ਨਹੀਂ। ਹੈਰਾਨੀ ਹੋ ਰਹੀ ਹੈ ਕਿ ਅੱਜ ਪੰਜਾਬ ਕਿਧਰ ਨੂੰ ਜਾ ਰਿਹਾ ਹੈ, ਇੱਥੋਂ ਦੀ ਜਨਤਾ ਅੰਨ੍ਹੀ ਤੇ ਗੂੰਗੀ ਹੋ ਚੁੱਕੀ ਹੈ।

-ਇੰਦਰਜੀਤ ਸਿੰਘ ਕੰਗ
ਕੋਟਲਾ ਸਮਸ਼ਪੁਰ (ਸਮਰਾਲਾ), ਜ਼ਿਲ੍ਹਾ ਲੁਧਿਆਣਾ।

03-02-2020

 ਰੇਲਵੇ ਫਾਟਕ
ਇਹ ਆਮ ਹੀ ਵੇਖਣ ਵਿਚ ਆਉਂਦਾ ਹੈ ਕਿ ਜਦੋਂ ਗੱਡੀ ਆਉਣ ਕਾਰਨ ਰੇਲਵੇ ਫਾਟਕ ਬੰਦ ਕੀਤਾ ਜਾਂਦਾ ਹੈ ਤਾਂ ਪੈਦਲ ਰਾਹਗੀਰ, ਸਾਈਕਲਾਂ ਤੇ ਮੋਟਰਸਾਈਕਲਾਂ ਵਾਲੇ ਫਾਟਕ ਦੀਆਂ ਪਾਈਪਾਂ ਦੇ ਥੱਲਿਉਂ ਮੌਤ ਦੀ ਪ੍ਰਵਾਹ ਨਾ ਕਰਦੇ ਹੋਏ ਲੰਘਣ ਦਾ ਯਤਨ ਕਰਦੇ ਹਨ ਅਤੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹਨ। ਅਜਿਹਾ ਕਰਨ ਨਾਲ ਉਨ੍ਹਾਂ ਨਾਲ ਕੋਈ ਵੀ ਹਾਦਸਾ ਵਾਪਰ ਸਕਦਾ ਹੈ ਅਤੇ ਇਹ ਲੋਕ ਭੁੱਲ ਜਾਂਦੇ ਹਨ ਕਿ ਉਹ ਆਪਣੇ ਪਰਿਵਾਰ ਲਈ ਕਿੰਨੇ ਕੀਮਤੀ ਹੁੰਦੇ ਹਨ। ਮੈਂ ਕੈਨੇਡਾ 'ਚ ਵੇਖਿਆ ਕਿ ਉਥੇ ਸੜਕ 'ਤੇ ਕੋਈ ਫਾਟਕ ਨਹੀਂ ਹੁੰਦਾ ਸਗੋਂ ਜਦੋਂ ਗੱਡੀ ਨੇ ਆਉਣਾ ਹੁੰਦਾ ਹੈ ਤਾਂ ਸੜਕ 'ਤੇ ਲਾਲ ਬੱਤੀ ਜਗ ਜਾਂਦੀ ਹੈ ਅਤੇ ਦੋਵਾਂ ਪਾਸਿਆਂ ਤੋਂ ਸਾਰੀ ਆਵਾਜਾਈ ਰੁਕ ਜਾਂਦੀ ਹੈ ਅਤੇ ਕੋਈ ਵੀ ਸਿਗਨਲ ਤੋੜਨ ਦਾ ਯਤਨ ਨਹੀਂ ਕਰਦਾ ਅਤੇ ਗੱਡੀ ਲੰਘਣ ਤੋਂ ਬਾਅਦ ਸਾਰੀ ਆਵਾਜਾਈ ਸ਼ੁਰੂ ਹੁੰਦੀ ਹੈ। ਜਿਥੇ ਭਾਰਤ ਵਿਚ ਇਸ ਰੁਝਾਨ ਨੂੰ ਠੱਲ੍ਹ ਪਾਉਣ ਲਈ ਸਰਕਾਰ ਅਤੇ ਰੇਲਵੇ ਵਿਭਾਗ ਨੂੰ ਜ਼ਰੂਰੀ ਕਾਰਵਾਈ ਕਰਨੀ ਚਾਹੀਦੀ ਹੈ, ਉਥੇ ਹੀ ਫਾਟਕ ਦੇ ਹੇਠੋਂ ਲੰਘਣ ਵਾਲੇ ਲੋਕਾਂ ਦਾ ਵੀ ਇਹ ਫ਼ਰਜ਼ ਬਣਦਾ ਹੈ ਕਿ ਉਹ ਕੁਝ ਮਿੰਟਾਂ ਦੀ ਕਾਹਲੀ ਕਰਕੇ ਆਪਣੇ ਪਰਿਵਾਰ ਨੂੰ ਸਜ਼ਾ ਦਾ ਭਾਗੀ ਨਾ ਬਣਾਉਣ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਮਨਫੀ ਹੋ ਰਹੇ ਰਿਸ਼ਤੇ
ਪਰਿਵਰਤਨ ਕੁਦਰਤ ਦਾ ਨਿਯਮ ਹੈ। ਨਿਰਸੰਕੋਚ ਅੱਜ ਅਸੀਂ ਤਰੱਕੀ ਦੀਆਂ ਉਹ ਮੰਜ਼ਲਾਂ ਤਾਂ ਜ਼ਰੂਰ ਸਰ ਕਰ ਲਈਆਂ ਜੋ ਮਨੁੱਖੀ ਜੀਵਨ ਲਈ ਲੋੜੀਂਦੀਆਂ ਸਨ ਪਰ ਰਿਸ਼ਤਿਆਂ ਵਿਚ ਉਹ ਅਪਣੱਤ ਨਿੱਘ ਨਹੀਂ ਰਿਹਾ। ਅੱਜਕਲ੍ਹ ਫੋਨਾਂ ਨੇ ਰਿਸ਼ਤਿਆਂ 'ਚ ਨੇੜਤਾ ਖਤਮ ਕਰ ਦਿੱਤੀ ਹੈ। ਜੇਕਰ ਕੋਈ ਜਾਂਦਾ ਵੀ ਹੈ ਤਾਂ ਸਿਰਫ਼ ਮੂੰਹ ਦਿਖਾਉਣ ਕਿਉਂਕਿ ਅਣਲਿਮਟਿਡ ਕਾਲਾਂ ਨੇ ਦੂਰੀਆਂ ਮਿਟਾ ਦਰਾੜਾਂ ਖੜ੍ਹੀਆਂ ਕਰ ਦਿੱਤੀਆਂ ਹਨ। ਫੋਨਾਂ ਨੇ ਜਿੰਨਾ ਸਾਨੂੰ ਸੌਖਿਆਂ ਕੀਤਾ ਓਨਾ ਹੀ ਔਖਿਆਂ ਵੀ ਕੀਤਾ ਹੈ। ਬਿਨਾਂ ਸ਼ੱਕ ਬਹੁਤ ਸਾਰੀਆਂ ਰਿਸ਼ਤੇਦਾਰੀਆਂ ਫੋਨਾਂ ਦੀ ਮਨ-ਮੁਟਾਵ ਨੇ ਖਤਮ ਕਰ ਦਿੱਤੀਆਂ ਨੇ ਕਿਉਂਕਿ ਅੱਜ ਕਹਿਣ-ਸੁਣਨ ਦਾ ਲਗਪਗ ਖਤਮ ਹੈ। ਸਹਿਣਸ਼ੀਲਤਾ ਨਹੀਂ ਰਹੀ। ਪੁਰਾਤਨ ਸਮੇਂ ਵਿਚ ਲੋਕ ਪੁਰਾਣੀ ਤੋਂ ਪੁਰਾਣੀ ਰਿਸ਼ਤੇਦਾਰੀ ਵੀ ਛੇਤੀ ਕਿਤੇ ਤੋੜਦੇ ਨਹੀਂ ਸਨ ਪਰ ਅੱਜ ਕਰੀਬੀ ਰਿਸ਼ਤੇਦਾਰੀਆਂ ਵੀ ਖੇਰੂੰ-ਖੇਰੂੰ ਹੋ ਗਈਆਂ ਹਨ। ਆਪਣੇ-ਆਪਣੇ ਸੁਭਾਅ 'ਚ ਥੋੜ੍ਹੀ ਤਬਦੀਲੀ ਕਰ ਆਪਣੇ ਰਿਸ਼ਤਿਆਂ ਦੇ ਨਿੱਘ ਨੂੰ ਤਾਰ-ਤਾਰ ਹੋਣ ਤੋਂ ਬਚਾਈਏ।


-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਜ਼ਿਲ੍ਹਾ ਲੁਧਿਆਣਾ।


ਸਰਬ ਪਾਰਟੀ ਮੀਟਿੰਗ
ਪਿਛਲੇ ਦਿਨੀਂ ਪੰਜਾਬ ਵਿਚ ਡੂੰਘੇ ਹੋਏ ਪਾਣੀ ਦੇ ਸੰਕਟ ਦਾ ਕੋਈ ਠੋਸ ਹੱਲ ਕੱਢਣ ਲਈ ਜੋ ਸਰਬ ਪਾਰਟੀ ਮੀਟਿੰਗ ਬੁਲਾਈ ਗਈ ਸੀ ਉਹ ਬੇਹੱਦ ਜ਼ਰੂਰੀ ਸੀ ਕਿਉਂਕਿ ਪਾਣੀ ਸੰਕਟ ਆਉਣ ਵਾਲੇ ਸਮੇਂ ਵਿਚ ਪੰਜਾਬੀਆਂ ਲਈ ਗੰਭੀਰ ਸਮੱਸਿਆਵਾਂ ਲੈ ਕੇ ਆ ਰਿਹਾ ਹੈ। ਮੀਟਿੰਗ ਵਿਚ ਸਮੂਹ ਪਾਰਟੀਆਂ ਦੇ ਆਗੂਆਂ ਵਲੋਂ ਪਾਣੀ ਸੰਕਟ 'ਤੇ ਦਿਖਾਈ ਗਈ ਚਿੰਤਾ ਤੇ ਪਾਣੀਆਂ ਨੂੰ ਸੰਭਾਲਣ ਲਈ ਦਿਖਾਈ ਗਈ ਪ੍ਰਤੀਬੱਧਤਾ ਤੋਂ ਆਸ ਜਾਗਦੀ ਹੈ ਕਿ ਆਉਣ ਵਾਲੇ ਸਮੇਂ ਵਿਚ ਇਸ ਸਮੱਸਿਆ ਤੋਂ ਜ਼ਰੂਰ ਰਾਹਤ ਮਿਲੇਗੀ। ਪੰਜ ਆਬਾਂ ਵਾਲਾ ਪੰਜਾਬ ਅੱਜ ਢਾਈ ਕੁ ਆਬਾਂ ਦਾ ਹੀ ਰਹਿ ਗਿਆ ਹੈ। ਇਸ ਤੋਂ ਇਲਾਵਾ ਧਰਤੀ ਹੇਠਲਾ ਪਾਣੀ ਬੜੀ ਬੇਫਿਕਰੀ ਨਾਲ ਕੱਢਿਆ ਜਾ ਰਿਹਾ ਹੈ। ਅੱਜ ਸਮੂਹ ਪੰਜਾਬੀਆਂ ਦਾ ਮੁਢਲਾ ਫ਼ਰਜ਼ ਬਣਦਾ ਹੈ ਕਿ ਉਹ ਪਾਣੀ ਵਰਗੇ ਬਹੁਮੁੱਲੇ ਸਰੋਤ ਨੂੰ ਬਚਾਉਣ ਲਈ ਗੰਭੀਰ ਹੋਣ। ਪੰਜਾਬ ਸਰਕਾਰ ਦੇ ਨਾਲ-ਨਾਲ ਸਮੂਹ ਰਾਜਨੀਤਕ ਪਾਰਟੀਆਂ ਦੇਰ ਨਾਲ ਜਾਗੀਆਂ ਹਨ ਜੇ ਕਿਤੇ ਉਪਰੋਕਤ ਗੰਭੀਰਤਾ ਪਹਿਲਾਂ ਦਿਖਾਈ ਹੁੰਦੀ ਤਾਂ ਸ਼ਾਇਦ ਅੱਜ ਪਾਣੀ ਸੰਕਟ ਤੋਂ ਕਾਫੀ ਹੱਦ ਤੱਕ ਬਚ ਸਕਦਾ ਸੀ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।


ਕਿਸੇ 'ਤੇ ਆਸ ਨਾ ਰੱਖੋ
ਅਜੋਕੇ ਸਮੇਂ ਵਿਚ ਬਹੁਤ ਸਾਰੇ ਮਨੁੱਖ ਅਜਿਹੇ ਹਨ, ਜਿਹੜੇ ਮੁਫ਼ਤ ਸਭ ਕੁਝ ਹਾਸਲ ਕਰਨਾ ਚਾਹੁੰਦੇ ਹਨ। ਕੋਈ ਮਹਿਕਮਾ, ਸੰਸਥਾ ਜਾਂ ਕੋਈ ਨਿੱਜੀ ਅਦਾਰਾ ਕਿਉਂ ਨਾ ਹੋਵੇ ਹਰ ਜਗ੍ਹਾ 'ਤੇ ਅਜਿਹੇ ਮੁਫਤਖੋਰੇ ਲੋਕ ਮਿਲ ਜਾਣਗੇ। ਅਜਿਹੇ ਲੋਕ ਕਿਰਤ ਕਰਨੀ ਛੱਡ ਦਿੰਦੇ ਹਨ ਤੇ ਆਸ ਲਗਾਉਂਦੇ ਹਨ ਕਿ ਸਭ ਕੁਝ ਮੁਫ਼ਤ ਵਿਚ ਸਾਨੂੰ ਹਾਸਲ ਹੋ ਜਾਵੇਗਾ। ਲਾਟਰੀ ਵੇਚਣ ਵਾਲੇ ਮਨੁੱਖ ਕੋਲ ਲੱਗੀ ਭੀੜ ਮੁਫਤਖੋਰਾਂ ਦੀ ਸਭ ਤੋਂ ਵੱਡੀ ਉਦਾਹਰਨ ਹੈ। ਅਜਿਹੇ ਲੋਕ ਆਲਸੀ, ਕੰਮ ਚੋਰ ਤੇ ਕਮਜ਼ੋਰ ਹੋ ਜਾਂਦੇ ਹਨ ਜੋ ਮਨ, ਤਨ ਦੀ ਸੰਤੁਸ਼ਟੀ ਲਈ ਸ਼ਾਰਟਕਟ ਰਸਤਾ ਅਪਣਾਉਂਦੇ ਹਨ। ਦੂਸਰਿਆਂ 'ਤੇ ਨਿਰਭਰ ਰਹਿਣ ਵਾਲੇ ਮਨੁੱਖ ਨਾ ਤਾਂ ਕਦੇ ਸਮਾਜ ਨੂੰ ਸੁਧਾਰਨ ਦਾ ਯਤਨ ਕਰਦੇ ਨੇ ਤੇ ਨਾ ਹੀ ਆਪਣੇ-ਆਪ ਨੂੰ, ਸਗੋਂ ਉਹ ਸਮਾਜ ਲਈ ਇਕ ਬਹੁਤ ਵੱਡਾ ਖਤਰਾ ਬਣ ਜਾਂਦੇ ਹਨ। ਜੇਕਰ ਮਨੁੱਖ ਮੁਫਤਖੋਰੀ, ਆਲਸੀ, ਕੰਮਚੋਰ ਆਦਿ ਵਰਗੀਆਂ ਆਦਤਾਂ ਛੱਡ ਕੇ ਕਿਰਤੀ ਬਣ ਜਾਵੇ ਤਾਂ ਸੱਚਮੁੱਚ ਉਹ ਬਹੁਤ ਵੱਡਾ ਸਮਾਜ ਸੁਧਾਰਕ ਬਣ ਸਕਦਾ ਹੈ।


-ਸੁਰਜੀਤ ਸਿੰਘ 'ਦਿਲਾ ਰਾਮ'
ਜ਼ਿਲ੍ਹਾ ਫਿਰੋਜ਼ਪੁਰ।


ਆਰਥਿਕ ਬੇਇਨਸਾਫ਼ੀਆਂ
ਪਿਛਲੇ ਦਿਨੀਂ 'ਅਜੀਤ' 'ਚ ਡਾ: ਗਿਆਨ ਸਿੰਘ ਹੁਰਾਂ ਦਾ ਲੇਖ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਬਾਰੇ ਪੜ੍ਹਿਆ। ਬਹੁਤ ਹੀ ਵਿਸਥਾਰ ਸਹਿਤ ਇਸ ਮੰਦਭਾਗੀ ਸਮੱਸਿਆ ਬਾਰੇ ਲਿਖਿਆ ਹੈ ਪਰ ਸਰਕਾਰਾਂ ਦੀਆਂ ਨਾਕਾਮੀਆਂ ਕਰਕੇ ਇਨ੍ਹਾਂ ਦੋਵਾਂ ਅਹਿਮ ਜਮਾਤਾਂ ਨੂੰ ਬੁਰੇ ਹਲਾਤਾਂ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਜਦੋਂ ਦੇਸ਼ ਦੀ ਆਬਾਦੀ ਦਾ ਅੱਧਾ ਹਿੱਸਾ ਰੋਜ਼ੀ-ਰੋਟੀ ਲਈ ਕਿਸਾਨੀ 'ਤੇ ਨਿਰਭਰ ਹੈ ਤਾਂ ਰਾਸ਼ਟਰੀ ਆਮਦਨ ਵਿਚੋਂ 14 ਫ਼ੀਸਦੀ ਹਿੱਸਾ ਇਨ੍ਹਾਂ ਕਾਮਿਆਂ ਨੂੰ ਮਿਲਣਾ ਦੁਖਦਾਈ ਲਗਦਾ ਹੈ। ਇੰਨੇ ਕੁ ਹਿੱਸੇ ਨਾਲ ਗਰੀਬ ਲੋਕ ਗੁਜ਼ਾਰਾ ਕਿੱਦਾਂ ਕਰਦੇ ਹੋਣਗੇ? ਸੋਚਣਾ ਬਣਦਾ ਹੈ ਪਰ ਅੱਜ ਦੀਆਂ ਸਰਕਾਰਾਂ ਇਸ ਅਹਿਮ ਮੁੱਦੇ ਬਾਰੇ ਚੁੱਪ ਹਨ। ਜਦੋਂ ਕਿਸਾਨਾਂ ਦੀ ਆਰਥਿਕ ਹਾਲਤ ਬਦਤਰ ਹੈ ਤਾਂ ਇਨ੍ਹਾਂ 'ਤੇ ਨਿਰਭਰ ਖੇਤ ਮਜ਼ਦੂਰ ਕਿਵੇਂ ਗੁਜ਼ਾਰਾ ਕਰ ਸਕਦੇ ਹਨ। ਕਿਸਾਨਾਂ ਨੂੰ ਜਿਣਸਾਂ ਦਾ ਸਹੀ ਮੁੱਲ ਮਿਲੇ, ਸਹਾਇਕ ਧੰਦਿਆਂ ਦਾ ਸਹੀ ਮੁੱਲ ਪਵੇ, ਖੇਤੀ ਲਾਗਤਾਂ ਘਟਣ, ਖੇਤੀ ਮੰਤਰਾਲਾ ਕਿਸਾਨਾਂ ਪ੍ਰਤੀ ਗੰਭੀਰ ਹੋਵੇ ਤਾਂ ਹੀ ਇਹ ਦੋਵੇਂ ਜਮਾਤਾਂ ਖ਼ੁਦਕੁਸ਼ੀਆਂ ਤੋਂ ਬਚ ਸਕਣਗੀਆਂ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਪੋਲੀਥੀਨ ਉੱਪਰ ਪਾਬੰਦੀ
ਪੋਲੀਥੀਨ ਵਾਤਾਵਰਨ ਦਾ ਦੁਸ਼ਮਣ ਹੈ। ਇਸ ਉੱਪਰ ਪਾਬੰਦੀ ਜ਼ਰੂਰੀ ਹੈ, ਲੋਕਾਂ ਨੂੰ ਵੀ ਚਾਹੀਦਾ ਹੈ ਕਿ ਖਰੀਦਦਾਰੀ ਸਮੇਂ ਕੱਪੜੇ ਜਾਂ ਬੋਰੇ ਆਦਿ ਦੇ ਥੈਲਿਆਂ ਦੀ ਵਰਤੋਂ ਕਰਨ। ਪੋਲੀਥੀਨ ਖਤਮ ਨਹੀਂ ਹੁੰਦਾ, ਜੇਕਰ ਇਸ ਨੂੰ ਜਲਾਇਆ ਵੀ ਜਾਂਦਾ ਹੈ ਤਾਂ ਖਤਰਨਾਕ ਗੈਸਾਂ ਛੱਡਦਾ ਹੈ ਅਤੇ ਨਾ ਹੀ ਇਹ ਗਲਦਾ ਹੈ। ਸੋ ਪੋਲੀਥੀਨ ਦੀ ਵਰਤੋਂ ਬੰਦ ਹੋਣੀ ਚਾਹੀਦੀ ਹੈ ਇਸੇ ਵਿਚ ਸਭ ਦੀ ਭਲਾਈ ਹੈ।


-ਸੇਵਾ ਰਾਮ ਸਿੰਗਲਾ
ਮਾਡਲ ਟਾਊਨ ਫੇਜ-2, ਬਠਿੰਡਾ।

31-01-2020

 ਲੋਕਤੰਤਰ ਨੂੰ ਬਚਾਓ

ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ। ਲੋਕਤੰਤਰ ਦਾ ਮਹੱਤਵਪੂਰਨ ਪੱਖ ਚੋਣ ਅਮਲ ਹੈ, ਜਿਸ ਤੋਂ ਬਿਨਾਂ ਲੋਕਤੰਤਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਵੋਟ ਦੇਣ ਦਾ ਅਧਿਕਾਰ ਹੀ ਲੋਕਤੰਤਰੀ ਦੇਸ਼ ਦੇ ਨਾਗਰਿਕਾਂ ਨੂੰ ਆਪਣੇ ਨੇਤਾਵਾਂ ਦੀ ਚੋਣ ਕਰਨ ਅਤੇ ਜ਼ਰੂਰਤ ਪੈਣ 'ਤੇ ਸੱਤਾ ਪਰਿਵਰਤਨ ਕਰਨ ਦਾ ਹੱਕ ਦਿੰਦਾ ਹੈ। ਪਰ ਤ੍ਰਾਸਦੀ ਇਹ ਹੈ ਕਿ ਅੱਜ ਲੋਕਤੰਤਰੀ ਪ੍ਰਬੰਧ ਲੋਕਾਂ ਦਾ ਤੇ ਲੋਕਾਂ ਲਈ ਨਾ ਹੋ ਕੇ ਕੁਝ ਸਿਆਸੀ ਨੇਤਾਵਾਂ ਦੇ ਹਿਤਾਂ ਤੱਕ ਸੀਮਤ ਹੋ ਚੁੱਕਾ ਹੈ। ਇਸ ਲੋਕਤੰਤਰ ਵਿਚ ਬਰਾਬਰਤਾ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਹੋ ਚੁੱਕੀ ਹੈ, ਜਿਸ ਦਾ ਫਾਇਦਾ ਕੁਝ ਕੁ ਲੋਕ ਹੀ ਉਠਾ ਰਹੇ ਹਨ। ਲੋਕ ਸਿਰਫ ਵੋਟ ਬੈਂਕ ਤੱਕ ਸੀਮਤ ਹੋ ਚੁੱਕੇ ਹਨ, ਜਿਨ੍ਹਾਂ ਨੂੰ ਚੋਣਾਂ ਸਮੇਂ ਕਿਸੇ ਵੀ ਕਿਸਮ ਦਾ ਲਾਲਚ ਅਤੇ ਝੂਠੇ ਵਾਅਦੇ ਬਦਲੇ ਵਰਗਲਾਇਆ ਜਾਂਦਾ ਹੈ। ਇਸ ਤਰ੍ਹਾਂ ਲੱਖਾਂ ਰੁਪਏ ਖ਼ਰਚ ਕੇ, ਸੈਂਕੜੇ ਪੇਟੀਆਂ ਸ਼ਰਾਬ ਅਤੇ ਆਟਾ ਖੰਡ ਵੰਡ ਕੇ ਜਿੱਤਿਆ ਉਮੀਦਵਾਰ ਪਹਿਲਾਂ ਆਪਣੇ ਪੈਸੇ ਦੀ ਭਰਪਾਈ ਹੀ ਕਰਦਾ ਹੈ। ਇਸ ਤਰ੍ਹਾਂ ਉਹ ਨਾ ਤਾਂ ਇਮਾਨਦਾਰ ਲੋਕ ਸੇਵਕ ਬਣ ਸਕਦਾ ਹੈ ਅਤੇ ਨਾ ਹੀ ਉਸ ਤੋਂ ਲੋਕ ਸੇਵਾ ਜਾਂ ਇਨਸਾਫ਼ ਦੀ ਉਮੀਦ ਕੀਤੀ ਜਾ ਸਕਦੀ ਹੈ। ਮੌਜੂਦਾ ਹਾਲਾਤ ਦੇ ਕਾਰਨ ਪੈਦਾ ਬੇਇਨਸਾਫ਼ੀ, ਧੱਕੇਸ਼ਾਹੀ ਅਤੇ ਭ੍ਰਿਸ਼ਟਾਚਾਰ ਦਾ ਸਭ ਤੋਂ ਵੱਧ ਖਮਿਆਜ਼ਾ ਆਮ ਲੋਕਾਂ ਨੂੰ ਹੀ ਭੁਗਤਣਾ ਪੈ ਰਿਹਾ ਹੈ। ਇਸ ਲਈ ਜਾਗਰੂਕ ਲੋਕਾਂ ਤੇ ਨੌਜਵਾਨਾਂ ਦੀ ਮੁਢਲੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਤੰਤਰ ਨੂੰ ਬਚਾਉਣ ਲਈ ਯੋਗ ਕਦਮ ਚੁੱਕਣ ਤਾਂ ਕਿ ਲੋਕਤੰਤਰ ਨੂੰ ਖ਼ਤਮ ਹੋਣ ਤੋਂ ਬਚਾਇਆ ਜਾ ਸਕੇ।

-ਅਮਨਦੀਪ ਸਿੰਘ, ਪਿੰਡ ਜੁਗਿਆਣਾ।

ਅਜੋਕਾ ਮਨੁੱਖ ਅਤੇ ਨੈਤਿਕਤਾ

ਮਨੁੱਖ ਕਾਦਰ ਦੀ ਕੁਦਰਤ ਦਾ ਅਹਿਮ ਅੰਗ ਹੈ ਅਤੇ ਸ੍ਰਿਸ਼ਟੀ ਦੀਆਂ ਸਾਰੀਆਂ ਜੂਨਾਂ ਤੋਂ ਉੱਤਮ ਅਤੇ ਸਿਰਮੌਰ ਜੂਨੀ ਵਿਚ ਹੈ। ਮਨੁੱਖੀ ਜਾਮੇ ਵਿਚ ਹੀ ਇਹ ਉਸੇ ਪਰਵਰਦਗਾਰ ਦੀ ਅਰਾਧਨਾ ਕਰਕੇ ਉਸ ਵਿਚ ਅਭੇਦ ਹੋ ਸਕਦਾ ਹੈ ਅਤੇ ਚੁਰਾਸੀ ਦੇ ਗੇੜ ਤੋਂ ਬਚ ਸਕਦਾ ਹੈ। ਭਾਵੇਂ ਅਜੋਕੇ ਮਨੁੱਖ ਨੇ ਸੰਸਾਰਕ ਪੜ੍ਹਾਈ ਕਰਕੇ ਤਰੱਕੀ ਦੀਆਂ ਮੰਜ਼ਿਲਾਂ ਮਾਰੀਆਂ ਹਨ ਪਰ ਉਸ ਨੇ ਇਖਲਾਕੀ/ਨੈਤਿਕਤਾ ਪੱਖੋਂ ਓਨੀ ਤਰੱਕੀ ਨਹੀਂ ਕੀਤੀ, ਜਿੰਨੀ ਕਿ ਕਰਨੀ ਚਾਹੀਦੀ ਸੀ। ਸ਼ਾਇਦ ਅਜਿਹਾ ਪਰਮਾਰਥ ਵਿੱਦਿਆ ਦੀ ਘਾਟ ਕਰਕੇ ਹੋਇਆ ਹੈ ਤੇ ਇਸੇ ਕਰਕੇ ਹੀ ਅਜੋਕਾ ਮਨੁੱਖ ਇਨਸਾਨੀ ਕਦਰਾਂ-ਕੀਮਤਾਂ ਤੋਂ ਸੱਖਣਾ ਹੈ ਤੇ ਉਹ ਅਜਿਹੇ ਕਾਰੇ ਕਰ ਰਿਹਾ ਹੈ ਜੋ ਇਨਸਾਨੀ ਕਦਰਾਂ-ਕੀਮਤਾਂ ਦੀ ਕਸਵੱਟੀ ਉੱਪਰ ਖਰੇ ਨਹੀਂ ਉਤਰ ਰਹੇ। ਸੋ, ਲੋੜ ਹੈ ਅਜੋਕੇ ਮਨੁੱਖ ਨੂੰ ਨਾਮ ਸਿਮਰਨ ਅਤੇ ਪਰਉਪਕਾਰੀ ਕਾਰਜ ਕਰ ਕੇ ਨੈਤਿਕ ਪੱਖੋਂ ਉੱਚਾ ਹੋਣ ਦੀ। ਅਜਿਹਾ ਕਰਕੇ ਹੀ ਉਹ ਇਕ ਚੰਗਾ ਅਤੇ ਨੇਕ ਇਨਸਾਨ ਬਣ ਸਕਦਾ ਹੈ ਅਤੇ ਨਰੋਏ ਸਮਾਜ ਦੀ ਸਿਰਜਣਾ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਦਾ ਹੈ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

ਵਧਦੀ ਟ੍ਰੈਫਿਕ ਸਮੱਸਿਆ

ਦਿਨੋ-ਦਿਨ ਵਧ ਰਹੇ ਵਾਹਨ ਟ੍ਰੈਫਿਕ ਸਮੱਸਿਆ ਦਾ ਵੱਡਾ ਕਾਰਨ ਹਨ ਦੂਜਾ ਆਮ ਲੋਕਾਂ ਵਿਚੋਂ ਬਹੁਤਿਆਂ ਵਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨਾ ਵੀ ਟ੍ਰੈਫਿਕ ਸਮੱਸਿਆ ਵਿਚ ਵਾਧਾ ਕਰਦਾ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਵਾਹਨ ਬੋਝ ਪੈਣ 'ਤੇ ਹੀ ਵਰਤਣ ਨਹੀਂ ਤਾਂ ਪਬਲਿਕ ਟ੍ਰਾਂਸਪੋਰਟ ਦਾ ਇਸਤੇਮਾਲ ਕੀਤਾ ਜਾਵੇ ਤਾਂ ਕਾਫੀ ਹੱਦ ਤੱਕ ਟ੍ਰੈਫਿਕ ਸਮੱਸਿਆ 'ਤੇ ਕਾਬੂ ਪਾਇਆ ਜਾ ਸਕਦਾ ਹੈ ਤੇ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਮਿਲ ਸਕਦੀ ਹੈ।

-ਸੇਵਾ ਰਾਮ ਸਿੰਗਲਾ
351-ਫੇਜ਼ 2 ਮਾਡਲ ਟਾਊਨ, ਬਠਿੰਡਾ।

ਅਪਰਾਧਕ ਪਿਛੋਕੜ ਵਾਲੇ ਉਮੀਦਵਾਰ

ਤਾਜ਼ਾ ਮਿਲੀਆਂ ਰਿਪੋਰਟਾਂ ਅਨੁਸਾਰ ਸਾਡੇ ਦੇਸ਼ ਦੀ ਸੰਸਦ ਵਿਚ ਲਗਪਗ 46 ਫ਼ੀਸਦੀ ਮੈਂਬਰ ਅਪਰਾਧਕ ਪਿਛੋਕੜ ਵਾਲੇ ਹਨ, ਜਿਨ੍ਹਾਂ 'ਤੇ ਸੰਗੀਨ ਧਾਰਾਵਾਂ ਤਹਿਤ ਜਬਰ ਜਨਾਹ, ਕਤਲ, ਰਿਸ਼ਵਤ, ਘਪਲਾ ਅਤੇ ਲੁੱਟ-ਖੋਹ ਆਦਿ ਦੇ ਕੇਸ ਦਰਜ ਹਨ, ਜੋ ਕਿ ਨਮੋਸ਼ੀਜਨਕ ਗੱਲ ਹੈ। ਅਜਿਹੇ ਮੈਂਬਰਾਂ ਤੋਂ ਮੁਲਕ ਦੇ ਚੰਗੇ ਭਵਿੱਖ ਦੀ ਆਸ ਕਦਾਚਿਤ ਵੀ ਨਹੀਂ ਰੱਖੀ ਜਾ ਸਕਦੀ। ਸੁਪਰੀਮ ਕੋਰਟ ਵਲੋਂ ਇਸ ਸੰਗੀਨ ਮਾਮਲੇ ਦੀ ਰਿਪੋਰਟ ਇਕ ਹਫ਼ਤੇ ਵਿਚ ਪੇਸ਼ ਕਰਨ ਦੀ ਚੋਣ ਕਮਿਸ਼ਨ ਨੂੰ ਹਦਾਇਤ ਕੀਤੀ ਗਈ ਹੈ, ਜਿਸ 'ਤੇ ਚੋਣ ਕਮਿਸ਼ਨ ਅਤੇ ਸੁਪਰੀਮ ਕੋਰਟ ਨੂੰ ਜਲਦੀ ਅਤੇ ਸਖ਼ਤ ਕਾਰਵਾਈ ਕਰਨ ਦੀ ਜ਼ਰੂਰਤ ਹੈ।

ਇੰਜ: ਰਛਪਾਲ ਸਿੰਘ ਚੰਨੂੰਵਾਲਾ
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।

ਯੋਗ ਹੱਲ ਹੋਵੇ ਅਵਾਰਾ ਪਸ਼ੂਆਂ ਦਾ

ਅਵਾਰਾ ਫਿਰਦੀਆਂ ਗਾਵਾਂ ਤੋਂ ਅੱਜਕਲ੍ਹ ਸਭ ਵਰਗ ਦੇ ਲੋਕ ਪ੍ਰੇਸ਼ਾਨ ਹਨ, ਖ਼ਾਸ ਕਰਕੇ ਪਿੰਡਾਂ ਦੇ ਕਿਸਾਨ। ਅਵਾਰਾ ਗਾਵਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਕੁਝ ਵਿਦੇਸ਼ੀ ਗਾਵਾਂ ਐਚ.ਐਫ. ਤੇ ਅਮਰੀਕਨ ਚੰਗਾ ਰਹਿਣ-ਸਹਿਣ ਭਾਲਦੀਆਂ ਹਨ ਜੋ ਕਿ ਆਮ ਪਸ਼ੂ ਪਾਲਕ ਦੀ ਪਹੁੰਚ ਤੋਂ ਦੂਰ ਹੁੰਦਾ ਹੈ। ਇਨ੍ਹਾਂ ਵਿਦੇਸ਼ੀ ਗਾਵਾਂ ਨੂੰ ਸਾਡੇ ਦੇਸ਼ ਦਾ ਪੌਣ-ਪਾਣੀ ਸਹੀ ਨਹੀਂ ਬੈਠਦਾ। ਗਊਸ਼ਾਲਾ ਵਿਚ ਇਨ੍ਹਾਂ ਦੀ ਤਦਾਦ ਦਿਨੋ-ਦਿਨ ਵਧ ਰਹੀ ਹੈ। ਸੈਂਕੜੇ ਗਾਵਾਂ ਨੂੰ ਸੰਭਾਲਣ ਲਈ ਚੰਦ ਕੁ ਬੰਦੇ ਰੱਖੇ ਹੋਏ ਹੁੰਦੇ ਹਨ। ਬਹੁਤੀਆਂ ਗਊਸ਼ਾਲਾਵਾਂ ਵਿਚ ਇਹ ਅਵਾਰਾ ਫਿਰਨ ਨਾਲੋਂ ਵੀ ਬੁਰੀ ਜੂਨ ਹੰਢਾ ਰਹੀਆਂ ਹਨ। ਇਸ ਪ੍ਰਤੀ ਸਰਕਾਰ ਤੇ ਪ੍ਰਸ਼ਾਸਨ ਵੀ ਕਸੂਤੇ ਫਸੇ ਨਜ਼ਰ ਆ ਰਹੇ ਹਨ ਕਿਉਂਕਿ ਗਾਂ ਨੂੰ ਧਾਰਮਿਕ ਭਾਵਨਾ ਨਾਲ ਜੁੜੇ ਹੋਣ ਕਰਕੇ ਗਊਮਾਤਾ ਕਹਿ ਕੇ ਸਤਿਕਾਰਿਆ ਗਿਆ ਹੈ। ਪਰ ਜਦੋਂ ਅਵਾਰਾ ਗਾਵਾਂ ਕਰਕੇ ਸੜਕ ਦੁਰਘਟਨਾ ਵਿਚ ਕਿਸੇ ਦੀ ਮੌਤ ਹੁੰਦੀ ਹੈ ਤਾਂ ਉਸ ਦਾ ਦੁੱਖ ਤਾਂ ਉਹੀ ਸਮਝ ਸਕਦੇ ਹਨ ਜਿਸ ਪਰਿਵਾਰ ਨਾਲ ਬੀਤ ਚੁੱਕੀ ਹੋਵੇ, ਪਿੰਡਾਂ ਵਿਚ ਅਵਾਰਾ ਸਾਨ੍ਹ ਹਮਲਾਵਰ ਰੁਖ਼ ਨਾਲ ਕਿੰਨੇ ਹੀ ਲੋਕਾਂ ਦੀ ਜਾਨ ਲੈ ਚੁੱਕੇ ਹਨ। ਹੁਣ ਸਰਕਾਰ ਤੇ ਪ੍ਰਸ਼ਾਸਨ ਨੂੰ ਜਲਦ ਇਸ ਦਾ ਯੋਗ ਹੱਲ ਕੱਢਣਾ ਚਾਹੀਦਾ ਹੈ ਨਹੀਂ ਤਾਂ ਇਹ ਸਮੱਸਿਆ ਹੋਰ ਵੀ ਵੱਡਾ ਰੂਪ ਧਾਰ ਸਕਦੀ ਹੈ ਜਿਸ ਦੇ ਨਤੀਜੇ ਹੋਰ ਵੀ ਖ਼ਤਰਨਾਕ ਹੋ ਸਕਦੇ ਹਨ।

-ਜਸਵੰਤ ਸਿੰਘ ਲਖਣਪੁਰੀ
ਪਿੰਡ ਲਖਣਪੁਰ, ਤਹਿ: ਖਮਾਣੋਂ (ਫ.ਗ.ਸ.)।

30-01-2020

 ਪੁਸਤਕ ਸੱਭਿਆਚਾਰ

ਵਿਸ਼ਵ ਪੁਸਤਕ ਮੇਲਾ, ਗ਼ਦਰੀ ਬਾਬਿਆਂ ਦਾ ਮੇਲਾ ਅਤੇ ਪੀਪਲਜ਼ ਲਿਟਰੇਰੀ ਫੈਸਟੀਵਲ ਬਠਿੰਡਾ ਆਦਿ ਵਿਚ ਜਿਥੇ ਸਾਹਿਤ ਦੀ ਧੁੰਮ ਰਹਿੰਦੀ ਹੈ ਉੱਥੇ ਮੇਲੇ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦਾ ਜ਼ਰੀਆ ਬਣਦੇ ਹਨ। ਪ੍ਰਕਾਸ਼ਕਾਂ ਵਲੋਂ ਪਾਠਕ ਨਾ ਹੋਣ ਦਾ ਰੋਣਾ ਰੋਣ ਦੇ ਬਾਵਜੂਦ ਮੈਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਵਿਹੜੇ 'ਚ ਲੱਗੇ ਬੁੱਕ ਸਟਾਲਾਂ ਤੋਂ ਵੱਡੀ ਗਿਣਤੀ ਵਿਚ ਪਾਠਕਾਂ ਨੂੰ ਕਿਤਾਬਾਂ ਦੀ ਖ਼ਰੀਦ ਕਰਦੇ ਵੇਖਿਆ ਸੀ। ਭਾਵੇਂ ਪਾਠਕਾਂ ਨੂੰ ਗਿਲਾ ਰਹਿੰਦਾ ਹੈ ਕਿ ਪ੍ਰਕਾਸ਼ਕਾਂ ਵਲੋਂ ਕਿਤਾਬਾਂ ਦੀਆਂ ਕੀਮਤਾਂ ਉਨ੍ਹਾਂ ਦੇ ਮਨ-ਮਾਫਿਕ ਨਹੀਂ ਹੁੰਦੀਆਂ। ਇਹ ਜਾਣਨਾ ਵੀ ਘੱਟ ਦਿਲਚਸਪੀ ਨਹੀਂ ਕਿ ਪ੍ਰਕਾਸ਼ਕਾਂ ਵਲੋਂ ਕਿਤਾਬਾਂ ਦੇ ਖਰੀਦਦਾਰ ਨਾ ਹੋਣ ਦੇ ਇਲਜ਼ਾਮ ਦੇ ਬਾਵਜੂਦ ਪੁਸਤਕ ਬਾਜ਼ਾਰ ਵਧ ਫੁੱਲ ਕਿਵੇਂ ਰਿਹਾ ਹੈ। ਸਾਡੇ ਇਥੇ ਪੁਸਤਕ ਪ੍ਰਕਾਸ਼ਨ ਦੀ ਤ੍ਰਾਸਦੀ ਇਹ ਹੈ ਕਿ ਇਸ ਵਿਚੋਂ ਪ੍ਰਕਾਸ਼ਕ ਤਾਂ ਫਿਰ ਵੀ ਆਪਣਾ ਵਪਾਰ ਵਧਾ ਸਕਦਾ ਹੈ ਪਰ ਲੇਖਕ ਲਈ ਇਹ ਵੀ ਸੰਭਵ ਨਹੀਂ ਕਿ ਉਹ ਇਸ ਦੇ ਭਰੋਸੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਰ ਬਸਰ ਕਰ ਸਕੇ। ਜ਼ਿਆਦਾਤਰ ਲੇਖਕ ਪੱਲਿਓਂ ਰਾਸ਼ੀ ਦੇ ਕੇ ਕਿਤਾਬ ਛਪਵਾਉਂਦੇ ਹਨ। ਸਾਹਿਤ ਅਕਾਦਮੀਆਂ ਅਤੇ ਸਾਹਿਤਕ ਸੰਸਥਾਵਾਂ ਵੀ ਪੁਸਤਕ ਛਪਵਾਉਣ ਲਈ ਗ੍ਰਾਂਟ ਦਿੰਦੀਆਂ ਹਨ। ਇਸ ਵਰਤਾਰੇ ਨੂੰ ਸਮਝਦਿਆਂ ਚੰਗੇ ਸਾਹਿਤ ਦੀ ਪ੍ਰਕਾਸ਼ਨਾ ਤੇ ਪਾਠਕ ਤੱਕ ਸਹੀ ਮੁੱਲ 'ਤੇ ਪਹੁੰਚਾਉਣ ਲਈ ਕੋਈ ਕਾਰਗਰ ਨੀਤੀ ਬਣਾਉਣ ਦੀ ਲੋੜ ਹੈ। ਜੇ ਪੀਪਲਜ਼ ਫੋਰਮ ਬਰਗਾੜੀ 250 ਰੁਪਏ ਵਿਚ ਪੰਜ ਮਿਆਰੀ ਸਾਹਿਤਕ ਪੁਸਤਕਾਂ ਪਾਠਕ ਦੇ ਘਰ ਤੱਕ ਪਹੁੰਚਾ ਸਕਦੇ ਹਨ ਤਾਂ ਹੋਰ ਇਸ ਤਰ੍ਹਾਂ ਕਿਉਂ ਨਹੀਂ ਕਰ ਸਕਦੇ। ਕਾਸ਼! ਪ੍ਰਮੁਖ ਪ੍ਰਕਾਸ਼ਕ ਆਪਣੇ ਵਪਾਰਕ ਹਿੱਤਾਂ ਦੇ ਨਾਲ ਪਾਠਕਾਂ ਦੇ ਹਿੱਤ 'ਚ ਲੇਖਕਾਂ ਦੇ ਸਹਿਯੋਗ ਨਾਲ ਅਜਿਹੀ ਕਿਸੇ ਮੁਹਿੰਮ ਦਾ ਆਗਾਜ਼ ਕਰਨ।

-ਮੁਖਤਾਰ ਗਿੱਲ
ਪ੍ਰੀਤ ਨਗਰ (ਅੰਮ੍ਰਿਤਸਰ)।

ਅਵਾਰਾ ਕੁੱਤੇ ਬਣੇ ਮੌਤ ਦਾ ਖੌਫ਼

'ਅਜੀਤ' ਅਖ਼ਬਾਰ ਵਿਚ ਖ਼ਬਰ ਪੜ੍ਹੀ ਕਿ ਖੰਨਾ ਨੇੜੇ ਪੰਜ ਸਾਲਾ ਬੱਚਾ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਖਾਧਾ। ਇਸ ਤੋਂ ਪਹਿਲਾਂ ਵੀ ਅਨੇਕ ਘਟਨਾਵਾਂ ਵਾਪਰ ਰਹੀਆਂ ਹਨ ਤੇ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੈ। ਉਨ੍ਹਾਂ ਦੇ ਸਿਰ 'ਤੇ ਜੂੰਅ ਨਹੀਂ ਸਰਕਦੀ। ਅਵਾਰਾ ਜਾਨਵਰ ਲੋਕਾਂ ਦੇ ਡਰ ਦਾ ਕਾਰਨ ਬਣੇ ਪਏ ਹਨ। ਸਰਕਾਰ ਜਾਨਵਰਾਂ ਨੂੰ ਨਹੀਂ ਮਾਰਨਾ ਚਾਹੁੰਦੀ ਪਰ ਘੱਟੋ-ਘੱਟ ਕੁੱਤਿਆਂ ਦੀ ਨਸਬੰਦੀ ਤਾਂ ਕਰ ਸਕਦੀ ਹੈ। ਸਰਕਾਰ ਨੂੰ ਸੰਜੀਦਗੀ ਨਾਲ ਵਿਚਾਰ ਕਰ ਕੇ ਜਾਨਵਰਾਂ ਦੇ ਹੱਲ ਲਈ ਕੋਈ ਇੰਤਜ਼ਾਮ ਕਰਨੇ ਚਾਹੀਦੇ ਹਨ। ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੂੰ ਸਖ਼ਤ ਹਦਾਇਤਾਂ ਕਰ ਅਵਾਰਾ ਕੁੱਤੇ ਫੜ ਉਨ੍ਹਾਂ ਦੀ ਨਸਬੰਦੀ ਕਰ ਸ਼ਹਿਰ ਤੋਂ ਦੂਰ ਕਿਤੇ ਉਨ੍ਹਾਂ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ ਤਾਂ ਜੋ ਰੋਜ਼ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ।

ਆਰਥਿਕਤਾ ਵਿਚ ਨਿਘਾਰ

ਪਿਛਲੇ ਦਿਨੀਂ ਡਾ: ਰਣਜੀਤ ਸਿੰਘ ਘੁੰਮਣ ਦੁਆਰਾ ਆਰਥਿਕਤਾ ਵਿਚ ਨਿਘਾਰ ਦੇ ਵਿਸ਼ੇ ਉੱਪਰ ਲਿਖੇ ਲੇਖ ਵਿਚ ਡਾ: ਸਾਹਿਬ ਨੇ ਜੋ ਦੇਸ਼ ਦੀ ਪਿਛੋਕੜ ਆਰਥਿਕ ਸਥਿਤੀ ਅਤੇ ਅੱਜ ਦੀ ਦੇਸ਼ ਦੀ ਆਰਥਿਕ ਸਥਿਤੀ ਬਾਰੇ ਜੋ ਚਾਨਣਾ ਪਾਇਆ ਹੈ, ਉਹ ਬਾਕਮਾਲ ਹੈ। ਡਾ: ਸਾਹਿਬ ਨੇ ਆਰਥਿਕਤਾ ਦੇ ਵਿਚ ਆ ਰਹੇ ਲਗਾਤਾਰ ਨਿਘਾਰ ਅਤੇ ਵਧਦੀ ਹੋਈ ਬੇਰੁਜ਼ਗਾਰੀ ਦੇ ਕਾਰਨਾਂ ਨੂੰ ਬਾਖੂਬੀ ਦਰਸਾਇਆ ਹੈ। ਅੰਤ ਵਿਚ ਉਨ੍ਹਾਂ ਨੇ ਦੇਸ਼ ਦੇ ਅੰਦਰ ਨਿਵੇਸ਼ ਅਤੇ ਵਸਤਾਂ ਅਤੇ ਸੇਵਾਵਾਂ ਦੀ ਮੰਗ ਨੂੰ ਵਧਾ ਕੇ ਦੇਸ਼ ਦੀ ਡਿਗਦੀ ਹੋਈ ਆਰਥਿਕਤਾ ਨੂੰ ਮੁੜ ਲੀਹ 'ਤੇ ਲਿਆਉਣ ਦੀ ਇਕ ਚੰਗੀ ਤਜਵੀਜ਼ ਵੀ ਪੇਸ਼ ਕੀਤੀ ਹੈ।

-ਅਮਨਦੀਪ ਸਿੰਘ ਗਿਆਨਾ।

ਸਿੱਖਿਆ ਦਾ ਡਿਗਦਾ ਪੱਧਰ

ਦੇਸ਼ ਵਿਚ ਸਿੱਖਿਆ ਲੋਕਾਂ ਦਾ ਮੌਲਿਕ ਅਧਿਕਾਰ ਹੈ, ਸਿੱਖਿਆ ਖੁਸ਼ਹਾਲੀ ਤੇ ਵਿਕਾਸ ਦਾ ਆਧਾਰ ਹੁੰਦੀ ਹੈ, ਅਜੋਕੇ ਸਮੇਂ ਪੰਜਾਬ ਵਿਚ ਸਿੱਖਿਆ ਦਾ ਪੱਧਰ ਡਿਗਦਾ ਜਾ ਰਿਹਾ ਹੈ ਕਿਉਂਕਿ ਨਿੱਜੀ ਸਕੂਲਾਂ ਵਿਚ ਸਿੱਖਿਆ ਮਹਿੰਗੀ ਹੈ, ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਹੈ। ਕੁਝ ਸਰਕਾਰੀ ਸਕੂਲਾਂ ਵਿਚ ਯੋਗ ਸੇਧ ਨਾਲ ਕੁਝ ਕੁ ਅਧਿਆਪਕਾਂ ਨੇ ਕਾਫੀ ਸੁਧਾਰ ਕੀਤੇ ਹਨ ਪਰ ਉਨ੍ਹਾਂ ਜੋ ਵੀ ਸ਼ਲਾਘਾਯੋਗ ਕਾਰਜ ਕੀਤੇ ਹਨ ਉਹ ਫਿਰ ਵੀ ਘੱਟ ਹਨ। ਆਉਣ ਵਾਲੀਆਂ ਪੀੜ੍ਹੀਆਂ ਲਈ ਨੈਤਿਕ ਕਦਰਾਂ-ਕੀਮਤਾਂ ਅਤੇ ਗਿਆਨ, ਵਿਗਿਆਨ, ਸੱਭਿਆਚਾਰ ਆਧਾਰ ਭਰਪੂਰ ਸਿੱਖਿਆ ਨੀਤੀਆਂ ਬਣਾ ਕੇ ਇਮਾਨਦਾਰੀ ਨਾਲ ਲਾਗੂ ਕਰਨ ਦੀ ਜ਼ਰੂਰਤ ਹੈ, ਇਸੇ ਤਰ੍ਹਾਂ ਅਧਿਆਪਕਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ।

-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿ: ਪਟਿਆਲਾ।

ਦੁਕਾਨਦਾਰੀ ਕਰਨਾ ਵੀ ਕੋਈ ਸੌਖਾ ਕੰਮ ਨਹੀਂ

ਕਦੇ ਦੁਕਾਨਦਾਰੀ ਕਰਨ ਨੂੰ ਆਪਣੇ ਸਮਾਜ ਵਿਚ ਬਹੁਤ ਹੀ ਸੌਖੇ ਢੰਗ ਨਾਲ ਕਮਾਈ ਕਰਨ ਦਾ ਸਾਧਨ ਮੰਨਿਆ ਜਾਂਦਾ ਸੀ। ਪਰ ਅੱਜ ਦੇ ਸਮੇਂ ਵਿਚ ਦੁਕਾਨਦਾਰੀ ਕਰਨੀ ਕੋਈ ਸੌਖੀ ਗੱਲ ਨਹੀਂ ਹੈ। ਕਈ ਵਾਰ ਤਾਂ ਦੁਕਾਨਦਾਰ ਨੂੰ ਲੋਕ ਆਮ ਤੌਰ 'ਤੇ ਛੋਟੀ ਬੈਂਕ ਹੀ ਮੰਨਦੇ ਸਨ। ਕਿਉਂਕਿ ਨੇੜੇ-ਤੇੜੇ ਦੇ ਜਾਣ-ਪਛਾਣ ਵਾਲੇ ਲੋਕ ਜਦੋਂ ਸੌਦਾ ਲੈਣ ਆਉਂਦੇ ਤਾਂ ਲੋੜ ਜੋਗੇ ਪੈਸੇ ਵੀ ਦੁਕਾਨਦਾਰ ਤੋਂ ਫੜ ਲੈਂਦੇ ਅਤੇ ਫ਼ਸਲ ਆਈ ਤੋਂ ਵਿਆਜ ਸਮੇਤ ਮੋੜ ਦਿੰਦੇ ਸਨ। ਪਰ ਅੱਜ ਉਹ ਗੱਲਾਂ ਨਹੀਂ ਰਹੀਆਂ, ਕਿਉਂਕਿ ਦੁਕਾਨਦਾਰੀ ਵਿਚ ਮੁਨਾਫ਼ਾ ਘੱਟ ਅਤੇ ਖਰਚਾ ਵਧਦਾ ਜਾ ਰਿਹਾ ਹੈ ਅਤੇ ਨਾਲ-ਨਾਲ ਪੜ੍ਹਾਈ ਵੀ ਬਹੁਤ ਜ਼ਰੂਰੀ ਹੋ ਗਈ ਹੈ, ਕਿਉਂਕਿ ਨੋਟਬੰਦੀ ਤੋਂ ਬਾਅਦ, ਜੀ.ਐਸ.ਟੀ., ਰਿਟਰਨ ਭਰਨੀ, ਟੈਕਸ ਜਮ੍ਹਾਂ ਕਰਾਉਣਾ ਜਾਂ ਕੋਈ ਹੋਰ ਦੁਕਾਨਦਾਰੀ ਨਾਲ ਸਬੰਧੀ ਕੰਮ ਘੱਟ ਪੜ੍ਹਿਆ ਦੁਕਾਨਦਾਰ ਤਾਂ ਕਰ ਨਹੀਂ ਸਕਦਾ। ਹੋਰ ਤਾਂ ਹੋਰ ਏਨਾ ਸਭ ਕੁਝ ਕਰਨ ਤੋਂ ਬਾਅਦ ਵੀ ਦੁਕਾਨਦਾਰ ਆਨਲਾਈਨ ਸ਼ਾਪਿੰਗ ਦੀ ਮਾਰ ਹੇਠ ਆ ਰਿਹਾ ਹੈ। ਹਰ ਸ਼ਹਿਰ ਵਿਚ ਵੱਡੇ-ਵੱਡੇ ਮਾਲ ਖੁੱਲ੍ਹ ਗਏ ਹਨ। ਇਨ੍ਹਾਂ ਦੀ ਚਮਕ-ਦਮਕ ਵੇਖ ਕੇ ਗਾਹਕ ਵੀ ਉੱਥੇ ਜਾਣਾ ਹੀ ਪਸੰਦ ਕਰਦੇ ਹਨ। ਦੱਸੋ ਹੁਣ ਕੀ ਕਰੇ ਦੁਕਾਨਦਾਰ? ਸੋ, ਬਹੁਤ ਸਾਰੀਆਂ ਕਠਿਨਾਈਆ ਵਿਚੋਂ ਲੰਘ ਕੇ ਕਰਨੀ ਪੈਂਦੀ ਹੈ ਦੁਕਾਨਦਾਰੀ।

-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।

29-01-2020

 ਮਸਲਾ ਬੁੱਤਾਂ ਦਾ

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਗੁਰੂ ਕੀ ਨਗਰੀ ਹੈ ਤੇ ਸਭਨਾਂ ਲਈ ਮੁਕੱਦਸ ਧਾਰਮਿਕ ਸਥਾਨ ਵੀ ਹੈ। ਹਰ ਸਮੇਂ ਸੰਗਤਾਂ ਵੱਡੀ ਗਿਣਤੀ ਵਿਚ ਨਤਮਸਤਕ ਹੋਣ ਲਈ ਪੁੱਜਦੀਆਂ ਹਨ। ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਜਿਸ ਨੂੰ ਹੁਣ ਵਿਰਾਸਤੀ ਮਾਰਗ ਦਾ ਨਾਂਅ ਦਿੱਤਾ ਹੈ ਤੇ ਇਸ ਵਿਰਾਸਤੀ ਮਾਰਗ 'ਤੇ ਪਿਛਲੇ ਸਮੇਂ ਦੀ ਸਰਕਾਰ ਨੇ ਕਾਫੀ ਕੰਮ ਕਰਵਾਇਆ ਤੇ ਉਨ੍ਹਾਂ ਨੇ ਹੀ ਵਿਰਾਸਤੀ ਮਾਰਗ 'ਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਬੁੱਤ ਤੇ ਹੋਰ ਬੜਾ ਕੁਝ ਬਣਾਇਆ। ਪਿਛਲੇ ਦਿਨੀਂ ਕੁਝ ਨੌਜਵਾਨਾਂ ਨੇ ਧਾਰਮਿਕ ਪੱਖ ਤੋਂ ਇਨ੍ਹਾਂ ਬੁੱਤਾਂ ਦੀ ਭੰਨ-ਤੋੜ ਵੀ ਕੀਤੀ ਤੇ ਮਾਮਲਾ ਬਹੁਤ ਗਰਮ ਹੋ ਗਿਆ। ਬੁੱਤ ਤੋੜਨ ਵਾਲਿਆਂ 'ਤੇ ਪਤਾ ਨਹੀਂ ਕਿਉਂ ਧਾਰਾ 307 ਵੀ ਲੱਗ ਗਈ। ਪਰ ਮੈਂ ਇਥੇ ਥੋੜ੍ਹਾ ਪਿੱਛੇ ਜਾਵਾਂ ਤਾਂ ਗੱਲ ਵਿਚਾਰਨ ਵਾਲੀ ਹੈ ਕਿ ਜਦੋਂ ਇਹ ਬੁੱਤ ਸਥਾਪਿਤ ਕੀਤੇ ਤਾਂ ਵੀ ਸਭ ਦੇ ਸਾਹਮਣੇ ਹੀ ਕੀਤੇ। ਉਸ ਵੇਲੇ ਇਨ੍ਹਾਂ ਬੁੱਤਾਂ ਦਾ ਵਿਰੋਧ ਕਿਸੇ ਵੀ ਧਾਰਮਿਕ, ਰਾਜਨੀਤਕ ਤੇ ਹੋਰ ਜਥੇਬੰਦੀਆਂ ਨੇ ਕਿਉਂ ਨਾ ਕੀਤਾ। ਵੱਡੇ-ਛੋਟੇ ਧਾਰਮਿਕ ਆਗੂ ਤੇ ਹੋਰ ਸਭ ਸ਼ਰਧਾਲੂ ਇਨ੍ਹਾਂ ਬੁੱਤਾਂ ਕੋਲੋਂ ਦੀ ਹੀ ਗੁਜ਼ਰਦੇ ਸਨ। ਸਭ ਤੋਂ ਵੱਡੀ ਗ਼ਲਤੀ ਧਾਰਮਿਕ ਅਦਾਰੇ ਸ਼੍ਰੋਮਣੀ ਕਮੇਟੀ ਦੀ ਹੈ, ਜਿਸ ਨਾਲ ਸਬੰਧਿਤ ਪ੍ਰਧਾਨ, ਮੈਂਬਰਾਂ, ਕੀਰਤਨੀ, ਢਾਡੀ ਜਥੇ ਤੇ ਹੋਰ ਬਾਬਿਆਂ, ਪ੍ਰਚਾਰਕਾਂ ਨੇ ਬੁੱਤਾਂ ਦੀ ਸਥਾਪਤੀ ਸਮੇਂ ਚੁੱਪੀ ਧਾਰੀ ਰੱਖੀ।

-ਬਲਬੀਰ ਸਿੰਘ ਬੱਬੀ
ਤੱਖਰਾਂ, ਲੁਧਿਆਣਾ।

ਲੋਕ ਵਿਖਾਵਾ

ਭਾਰਤ ਨੂੰ ਬੜਾ ਚਾਅ ਹੁੰਦਾ ਹੈ ਜਦੋਂ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ। ਬੜੇ ਸੀਨੇ ਚੌੜੇ ਕਰਕੇ ਵੱਡੇ-ਵੱਡੇ ਅਹੁਦਿਆਂ 'ਤੇ ਬਿਰਾਜਮਾਨ ਲੋਕ ਭਾਸ਼ਨ ਦਿੰਦੇ ਹਨ। ਬਸ 26 ਜਨਵਰੀ ਵਾਲੇ ਦਿਨ ਸਾਰਿਆਂ ਦਾ ਧਿਆਨ ਇੰਡੀਆ ਗੇਟ ਵੱਲ ਖਿੱਚਣ ਵਾਸਤੇ ਫ਼ੌਜ ਦੀਆਂ ਟੁਕੜੀਆਂ ਤੇ ਹੋਰ ਝਾਕੀਆਂ ਵਿਖਾ ਕੇ ਗਣਤੰਤਰ ਦਿਵਸ ਮਨਾ ਲੈਣਾ ਕੋਈ ਗਣਰਾਜ ਨਹੀਂ ਬਣਦਾ। ਲੋਕਾਂ ਦੇ ਮਸਲੇ ਤਾਂ 70 ਸਾਲ ਤੋਂ ਉਵੇਂ ਦੇ ਉਵੇਂ ਹੀ ਲਟਕਦੇ ਪਏ ਹਨ। ਲੋਕ ਤਾਂ ਸੜਕਾਂ 'ਤੇ ਕਾਨੂੰਨ ਨੂੰ ਲੈ ਕੇ ਧਰਨਿਆਂ ਉੱਤੇ ਬੈਠੇ ਹੋਏ ਹਨ। ਬਸ ਬਾਹਰੋਂ ਇਕ ਮਹਿਮਾਨ ਬੁਲਾ ਕੇ ਉਸ ਦੇ ਅੱਗੇ-ਪਿੱਛੇ ਸੇਵਾ ਪਾਣੀ ਕਰਕੇ ਅੱਜਕਲ੍ਹ ਗਣਤੰਤਰ ਦਾ ਪੋਚਾ ਮਾਰਿਆ ਜਾਂਦਾ ਹੈ। ਇਸ ਵਾਰ ਵੀ ਇਹ ਬਹੁਤ ਵਧੀਆ ਲੋਕ ਵਿਖਾਵਾ ਹੋਇਆ। ਚੈਨਲਾਂ 'ਤੇ ਲੋਕਾਂ ਦਾ ਖੂਬ ਮਨੋਰੰਜਨ ਕਰਵਾਉਣ ਲਈ ਪ੍ਰਬੰਧ ਪੂਰੇ ਕੀਤੇ ਗਏ ਸਨ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)।

ਮਾਪੇ

ਪਿਛਲੇ ਦਿਨੀਂ 'ਅਜੀਤ' ਦੇ ਲੋਕ ਮੰਚ 'ਚ ਮਿਸਿਜ਼ ਵੰਦਨਾ ਵਰਮਾ ਦਾ ਲੇਖ 'ਇਕ ਬੱਚੇ ਦੀ ਜ਼ਬਾਨੀ ਆਪਣੇ ਘਰ ਹੁੰਦੇ ਅੱਤਿਆਚਾਰਾਂ ਦੀ ਸੱਚੀ ਕਹਾਣੀ' ਪੜ੍ਹਿਆ। ਪੜ੍ਹ ਕੇ ਇਹ ਅਹਿਸਾਸ ਹੋਇਆ ਕਿ ਪਤਾ ਨਹੀਂ ਅਜਿਹੇ ਕਿੰਨੇ ਕੁ ਮਾਪੇ ਹੋਣਗੇ ਜਿਹੜੇ ਪੁੱਤਾਂ ਤੇ ਨੂੰਹਾਂ ਦੇ ਅੱਤਿਆਚਾਰਾਂ ਤੋਂ ਤੰਗ ਹੋਣਗੇ ਪਰ ਉਨ੍ਹਾਂ ਦੀ ਸਮਾਜ ਵਿਚ ਇੱਜ਼ਤ ਬਣਾਈ ਰੱਖਣ ਲਈ ਚੁੱਪ-ਚੁਪੀਤੇ ਆਪਣਾ ਸਮਾਂ ਕੱਟ ਰਹੇ ਹੋਣਗੇ। ਅੱਜ ਦੇ ਲੋਕ ਰਿਸ਼ਤਿਆਂ ਦਾ ਘਾਣ ਕਰ ਚੁੱਕੇ ਹਨ। ਪੈਸੇ ਅਤੇ ਜ਼ਮੀਨਾਂ ਦੀ ਲਾਲਸਾ ਕੁਝ ਨਜ਼ਰ ਹੀ ਨਹੀਂ ਆਉਣ ਦਿੰਦੀ। ਜਦੋਂ ਮਾਂ-ਪਿਉ ਨੂੰ ਸਾਂਭਣ ਦਾ ਵੇਲਾ ਆਉਂਦਾ ਹੈ ਫਿਰ 'ਤੇਰੇ ਵੀ ਮਾਪੇ ਹਨ' ਇਹ ਸ਼ਬਦ ਔਲਾਦ ਦੇ ਮੂੰਹੋਂ ਇਕ ਦੂਜੇ ਲਈ ਵਰਤੇ ਜਾਂਦੇ ਹਨ ਜਾਂ ਸਾਫ਼ ਸ਼ਬਦਾਂ ਵਿਚ ਕਹਿ ਲਓ ਜ਼ਿੰਮੇਵਾਰੀ ਤੋਂ ਭੱਜਣ ਦਾ ਤਰੀਕਾ। ਜੇ ਕਿਤੇ ਗਲ ਪਿਆ ਢੋਲ ਵਜਾਉਣਾ ਪਏ ਭਾਵ ਮਾਪੇ ਸਾਂਭਣੇ ਪੈ ਜਾਣ ਤਾਂ ਉਨ੍ਹਾਂ ਨਾਲ ਦੁਰਵਿਹਾਰ ਕੀਤਾ ਜਾਂਦਾ ਹੈ। ਨਤੀਜਾ ਮਾਪੇ ਜਾਂ ਤਾਂ ਤੜਪ-ਤੜਪ ਕੇ ਦਮ ਤੋੜ ਦਿੰਦੇ ਹਨ ਜਾਂ ਬਿਰਧ ਆਸ਼ਰਮਾਂ ਵਿਚ ਰੁਲਦੇ ਹਨ ਪਰ ਹੈਰਾਨੀ ਦੀ ਗੱਲ ਹੈ ਮਾਪੇ ਫਿਰ ਵੀ ਔਲਾਦ ਨੂੰ ਮਾੜਾ ਨਹੀਂ ਕਹਿੰਦੇ, ਮਾਪੇ ਜੋ ਹੋਏ।

-ਅਮਰਜੀਤ ਕੌਰ 'ਲਾਲਪੁਰ', ਰੋਪੜ।

ਖਾਲੀ ਹੋਣ ਲੱਗਾ ਪੰਜਾਬ

ਪੰਜਾਬ ਵਿਚੋਂ ਹਰ ਸਾਲ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਲਈ ਨੌਜਵਾਨ 27 ਹਜ਼ਾਰ ਕਰੋੜ ਰੁਪਏ ਖ਼ਰਚ ਕਰ ਰਹੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉਪ ਕੁਲਪਤੀ ਡਾ: ਪੁਆਰ ਨੇ ਕਿਹਾ ਕਿ ਪੰਜਾਬ ਵਿਚੋਂ ਸਭ ਤੋਂ ਜ਼ਿਆਦਾ ਨੌਜਵਾਨ ਵਿਦੇਸ਼ ਉਡਾਰੀ ਮਾਰ ਰਿਹਾ ਹੈ। ਹਰ ਸਾਲ ਲੱਖਾਂ ਨੌਜਵਾਨਾਂ ਦਾ ਵਿਦੇਸ਼ ਜਾਣਾ ਖ਼ਤਰੇ ਦੀ ਘੰਟੀ ਹੈ। ਸਰਕਾਰ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸੰਜੀਦਾ ਤੇ ਠੋਸ ਨੀਤੀ ਤਿਆਰ ਕਰਨੀ ਚਾਹੀਦੀ ਹੈ। ਸਭ ਤੋਂ ਵੱਧ ਲੋਕ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਇੰਗਲੈਂਡ ਜਾ ਰਹੇ ਹਨ। ਜੇ ਇਹ ਸਿਲਸਿਲਾ ਚਲਦਾ ਰਿਹਾ ਤਾਂ ਪੰਜਾਬ ਇਕ ਦਿਨ ਖਾਲੀ ਹੋ ਜਾਏਗਾ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਦਸਤਾਵੇਜ਼ਾਂ ਵਿਚ ਗ਼ਲਤੀਆਂ

ਮਨਜਿੰਦਰ ਸਿੰਘ ਸਰੌਦ ਦਾ ਸਰਕਾਰੀ ਦਸਤਾਵੇਜ਼ਾਂ ਵਿਚ ਗ਼ਲਤੀਆਂ ਬਾਰੇ ਛਪਿਆ ਲੇਖ ਪੜ੍ਹ ਕੇ ਮਨ ਵਿਚ ਬਹੁਤ ਸਾਰੇ ਸਵਾਲ ਪੈਦਾ ਹੋਏ। ਜਿਸ ਤਰ੍ਹਾਂ ਉਨ੍ਹਾਂ ਨੇ ਲਿਖਿਆ ਕਿ ਪੰਜਾਬ ਵਿਚ ਹਰ ਰੋਜ਼ 20 ਤੋਂ 25 ਹਜ਼ਾਰ ਲੋਕ ਆਧਾਰ ਕਾਰਡ ਉੱਪਰ ਨਾਂਅ ਸਹੀ ਕਰਵਾ ਰਹੇ ਹੁੰਦੇ ਹਨ। ਇਸ ਤੋਂ ਇਹ ਪਤਾ ਲਗਦਾ ਹੈ ਕਿ ਇਹ ਸਮੱਸਿਆ ਕਿੰਨੀ ਗੰਭੀਰ ਹੈ ਤੇ ਇਸ ਉੱਪਰ ਧਿਆਨ ਦੇਣਾ ਕਿੰਨਾ ਜ਼ਰੂਰੀ ਹੈ। ਪੰਜਾਬੀ ਯੂਨੀਵਰਸਿਟੀ ਵਿਚ ਪੜ੍ਹਦਿਆਂ ਸਾਨੂੰ ਵੀ ਇਕ ਸੁਵਿਧਾ ਕੇਂਦਰ ਦੇ ਚੱਕਰ ਚੱਕਣੇ ਪੈਂਦੇ ਹਨ ਜਿਸ ਦਾ ਨਾਂਅ ਹੈ ਪ੍ਰਬੰਧਕੀ ਬਲਾਕ ਇਕ ਅਤੇ ਦੋ। ਇਥੇ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਿਤ ਵਿਦਿਆਰਥੀਆਂ ਦੇ ਸਾਰੇ ਕੰਮ ਕੀਤੇ ਜਾਂਦੇ ਹਨ। ਜਦੋਂ ਵੀ ਤੁਸੀਂ ਆਪਣੇ ਨਾਂਅ ਦੀ, ਫੀਸ ਦੀ ਜਾਂ ਫਿਰ ਪੜ੍ਹਾਈ ਨਾਲ ਸਬੰਧਿਤ ਕਿਸੇ ਵੀ ਦਸਤਾਵੇਜ਼ ਦੀ ਕੋਈ ਵੀ ਤਰੁਟੀ ਠੀਕ ਕਰਵਾਉਣ ਉਥੇ ਜਾਂਦੇ ਹੋ ਤਾਂ ਤੁਹਾਨੂੰ ਉਨ੍ਹਾਂ ਨਾਵਲਾਂ ਦੇ ਤੇ ਕਹਾਣੀਆਂ ਦੇ ਪਾਤਰਾਂ ਦੀ ਯਾਦ ਆਉਂਦੀ ਹੈ ਜੋ ਬਹੁਤ ਭੱਜ-ਨੱਠ ਕਰਕੇ ਵੀ ਖਾਲੀ ਹੱਥ ਪਰਤ ਆਉਂਦੇ ਹਨ। ਭਾਵੇਂ ਤੁਸੀਂ ਸਵੇਰੇ ਜਲਦੀ ਉੱਠ ਕੇ ਸਭ ਤੋਂ ਪਹਿਲਾਂ ਜਾ ਕੇ ਕੋਈ ਕੰਮ ਕਰਵਾਉਣ ਜਾਵੋ ਫਿਰ ਵੀ ਸਵੇਰੇ-ਸਵੇਰੇ ਤੁਹਾਨੂੰ ਕਿਸੇ ਨਾ ਕਿਸੇ ਕਲਰਕ ਦੇ ਗੁੱਸੇ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ ਹੈ। ਜ਼ਿਆਦਾਤਰ ਇਹ ਕੰਮ ਇਕ ਦਿਨ ਵਿਚ ਪੂਰੇ ਹੀ ਨਹੀਂ ਹੁੰਦੇ ਅਤੇ ਸਾਰੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਜੇਕਰ ਤੁਹਾਡਾ ਸਰਟੀਫਿਕੇਟ ਘਰ ਭੇਜ ਦਿੱਤੇ ਜਾਣ ਦਾ ਵਾਅਦਾ ਕੀਤਾ ਜਾਂਦਾ ਹੈ ਤਾਂ ਸਰਟੀਫਿਕਟੇ ਦੇ ਘਰੇ ਪਹੁੰਚ ਜਾਣ ਵਿਚ 6 ਮਹੀਨੇ, ਇਕ ਸਾਲ ਜਾਂ ਇਸ ਤੋਂ ਵੀ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਜਿਸ ਨਾਲ ਬਹੁਤ ਸਾਰੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿਚ ਪੈ ਜਾਂਦਾ ਹੈ। ਯੂਨੀਵਰਸਿਟੀ ਅਤੇ ਸਰਕਾਰ ਨੂੰ ਇਸ ਮਸਲੇ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਇਸ ਦਾ ਕੋਈ ਹੱਲ ਕੱਢ ਕੇ ਆਮ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ।

-ਗੁਰਵਿੰਦਰ ਸਿੰਘ
ਪੰਜਾਬੀ ਯੂਨੀਵਰਸਿਟੀ, ਪਟਿਆਲਾ।

28-01-2020

 ਬਿਜਲਈ ਕੂੜਾ
ਅਜੋਕੇ ਵਿਗਿਆਨਕ ਯੁੱਗ ਦੇ ਬਿਜਲਈ ਸਾਧਨ ਜਿਵੇਂ ਮੋਬਾਈਲ, ਲੈਪਟੋਪ, ਟੀ.ਵੀ., ਕੰਪਿਊਟਰ, ਕੈਲਕੁਲੇਟਰ, ਫਰਿੱਜ ਆਦਿ ਨੂੰ ਵਰਤਨ ਮਗਰੋਂ ਜਾਂ ਖ਼ਰਾਬ ਹੋਣ ਕਾਰਨ ਕੂੜੇ ਦੇ ਤੌਰ 'ਤੇ ਸੁੱਟ ਦਿੱਤੇ ਜਾਂਦੇ ਹਨ। ਇਸ ਕੂੜੇ ਨੂੰ ਹੀ ਬਿਜਲਈ ਕੂੜਾ ਜਾਂ ਈ-ਕੂੜਾ ਕਿਹਾ ਜਾਂਦਾ ਹੈ। ਇਸ ਕੂੜੇ ਦੀ ਮਾਤਰਾ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਕ ਅਨੁਮਾਨ ਅਨੁਸਾਰ ਸੰਸਾਰ ਭਰ ਵਿਚ ਹਰ ਸਾਲ ਤਕਰੀਬਨ 40 ਤੋਂ 50 ਮਿਲੀਅਨ ਟਨ ਨਵਾਂ ਈ-ਕੂੜਾ ਸੁੱਟ ਦਿੱਤਾ ਜਾਂਦਾ ਹੈ। ਸਭ ਤੋਂ ਵੱਧ ਈ-ਕੂੜਾ ਸੁੱਟਣ ਵਾਲੇ ਦੇਸ਼ ਹਨ ਚੀਨ, ਅਮਰੀਕਾ, ਜਪਾਨ ਅਤੇ ਜਰਮਨੀ। ਭਾਰਤ ਇਸ ਵਿਚ ਪੰਜਵੇਂ ਨੰਬਰ 'ਤੇ ਆਉਂਦਾ ਹੈ। ਕੁਝ ਲਾਲਚੀ ਲੋਕਾਂ ਦੁਆਰਾ ਇਸ ਵਿਚੋਂ ਸੋਨਾ ਅਤੇ ਚਾਂਦੀ ਵਰਗੀਆਂ ਧਾਤਾਂ ਕੱਢਣ ਖਾਤਰ ਈ-ਕੂੜੇ ਨੂੰ ਅੱਗ ਲਗਾਈ ਜਾਂਦੀ ਹੈ। ਵਿਗਿਆਨੀ ਦੱਸਦੇ ਹਨ ਕਿ ਈ-ਕੂੜੇ ਨੂੰ ਜ਼ਮੀਨ ਹੇਠ ਦਬਾਏ ਜਾਣ ਤੇ ਇਹ ਡਾਈਆਕਸਿਨ ਅਤੇ ਫੁਰਾਨ ਵਰਗੀਆਂ ਜ਼ਹਿਰੀਲੀਆਂ ਗੈਸਾਂ ਛੱਡਦਾ ਅਤੇ ਇਹ ਜ਼ਮੀਨ ਵਿਚੋਂ ਹੀ ਪੀਣ ਵਾਲੇ ਪਾਣੀ ਅੰਦਰ ਦਾਖ਼ਲ ਹੋ ਕੇ ਭਿਆਨਕ ਰੋਗਾਂ ਦਾ ਕਾਰਨ ਬਣਦਾ ਹੈ। ਇਸ ਵਿਚਲੀ ਲੈੱਡ ਅਤੇ ਪਾਰਾ ਵਰਗੀਆਂ ਭਾਰੀਆਂ ਧਾਤਾਂ ਗੁਰਦੇ ਅਤੇ ਜਿਗਰ ਦੇ ਰੋਗਾਂ ਦਾ ਕਾਰਨ ਬਣਦੀਆਂ ਹਨ। ਮਾਹਿਰਾਂ ਦਾ ਵਿਚਾਰ ਹੈ ਕਿ ਇਸ ਨੂੰ ਪਾਣੀ ਵਿਚ ਸੁੱਟੇ ਜਾਣ ਤੇ ਪਾਣੀ ਦੇ ਜੀਵਾਂ ਦਾ ਜੀਵਨ ਖ਼ਤਰੇ ਵਿਚ ਪੈ ਜਾਂਦਾ ਹੈ। ਈ-ਕੂੜੇ ਦਾ ਨਿਪਟਾਰਾ ਕਰਨ ਲਈ ਕੁਝ ਨੁਕਤੇ : ਪੁਰਾਣੇ ਹੋਏ ਕੰਪਿਊਟਰ ਨੂੰ ਸੁੱਟਣ ਤੋਂ ਪਹਿਲਾਂ ਹੋ ਸਕੇ ਤਾਂ ਉਸ ਨੂੰ ਅਪਗ੍ਰੇਡ ਕਰਕੇ ਵਰਤ ਲਓ। ਤੁਹਾਡਾ ਕੰਪਿਊਟਰ ਅਗਰ ਤੁਹਾਡੇ ਕੰਮ ਦਾ ਨਹੀਂ ਰਿਹਾ ਤਾਂ ਕਿਸੇ ਲੋੜਵੰਦ ਵਿਦਿਆਰਥੀ ਨੂੰ ਗਿਫ਼ਟ ਕਰ ਦਿਓ। ਨਵਾਂ ਕੰਪਿਊਟਰ ਖਰੀਦਣ ਲੱਗਿਆਂ ਦੁਕਾਨਦਾਰ ਕੋਲ ਹੀ ਪੁਰਾਣੇ ਕੰਪਿਊਟਰ ਦਾ ਵਟਾਂਦਰਾ ਕਰੋ।
ਉਕਤ ਕੁਝ ਨੁਕਤਿਆਂ ਰਾਹੀਂ ਅਸੀਂ ਆਪਣੇ ਚੁਗਿਰਦੇ ਨੂੰ ਜ਼ਹਿਰੀਲਾ ਹੋਣ ਤੋਂ ਬਚਾ ਸਕਦੇ ਹਾਂ।

-ਅਸ਼ਵਨੀ ਚਤਰਥ
ਸੇਵਾਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ।

ਮਹਿੰਗੀ ਹੋ ਰਹੀ ਬਿਜਲੀ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਸਫ਼ੇ 'ਤੇ ਡਾ: ਬਰਜਿੰਦਰ ਸਿੰਘ ਹਮਦਰਦ ਅਤੇ ਜਸਦੇਵ ਸਿੰਘ ਲਲਤੋਂ ਹੁਰਾਂ ਨੇ ਆਪਣੀਆਂ ਲਿਖਤਾਂ ਰਾਹੀਂ ਮਹਿੰਗੀ ਹੋ ਰਹੀ ਬਿਜਲੀ ਬਾਰੇ ਬੜੇ ਤੱਥਾਂ ਆਧਾਰਿਤ ਗੱਲ ਕੀਤੀ ਹੈ। ਸਮੇਂ ਦੀਆਂ ਸਰਕਾਰਾਂ ਨੇ ਆਪਣੇ ਨਿੱਜੀ ਮੁਫ਼ਾਦਾਂ ਲਈ ਲੋਕ ਹਿਤਾਂ ਨੂੰ ਛਿੱਕੇ ਟੰਗ ਕੇ ਜੋ ਸਮਝੌਤੇ ਕੀਤੇ ਹਨ, ਉਹ ਅਤਿ ਨਿੰਦਣਯੋਗ ਹਨ।
ਕਾਰਪੋਰੇਟ ਅਦਾਰਿਆਂ ਦੇ ਹਿਤਾਂ ਦੀ ਰਾਖੀ ਕਰਦਿਆਂ ਬਿਜਲੀ ਦੀ ਲੋੜ ਨਾ ਹੁੰਦਿਆਂ ਵੀ ਭੁਗਤਾਨ ਕੀਤੇ ਜਾ ਰਹੇ ਹਨ। ਸਬਸਿਡੀਆਂ ਦਾ ਭੁਗਤਾਨ ਪੰਜਾਬ ਸਰਕਾਰ ਵਲੋਂ ਸਮੇਂ ਸਿਰ ਨਹੀਂ ਕੀਤਾ ਜਾ ਰਿਹਾ। ਜਿਥੇ ਬਿਜਲੀ ਚੋਰੀ ਵੀ ਮਹਿੰਗੀ ਹੋ ਰਹੀ ਬਿਜਲੀ ਦਾ ਇਕ ਕਾਰਨ ਹੈ, ਉਥੇ ਸਭ ਤੋਂ ਵੱਡਾ ਕਾਰਨ ਸਮੇਂ ਦੀਆਂ ਸਰਕਾਰਾਂ 'ਚ ਫੈਲਿਆ ਭ੍ਰਿਸ਼ਟਾਚਾਰ ਵੀ ਹੈ। ਸੋ, ਆਮ ਲੋਕਾਂ ਨੂੰ ਇਨਸਾਫ਼ ਦੇਣ ਲਈ ਸਰਕਾਰਾਂ ਨੂੰ ਸਾਡੀ ਵਿਉਂਤਬੰਦੀ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੀ ਬੇਹੱਦ ਜ਼ਰੂਰਤ ਹੈ।

-ਰਛਪਾਲ ਸਿੰਘ ਚੱਨੂੰਵਾਲਾ
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।

ਚਾਈਨਾ ਡੋਰ 'ਤੇ ਪੂਰਨ ਪਾਬੰਦੀ ਹੋਵੇ
ਚਾਈਨਾ ਡੋਰ ਜਾਨਲੇਵਾ ਹੈ। ਇਸ ਉੱਪਰ ਪੂਰਨ ਰੂਪ ਨਾਲ ਪਾਬੰਦੀ ਲਾਈ ਜਾਵੇ। ਇਸ ਡੋਰ ਨਾਲ ਬਹੁਤ ਸਾਰੇ ਇਨਸਾਨ, ਪਸ਼ੂ, ਪੰਛੀ ਜ਼ਖ਼ਮੀ ਹੋ ਚੁੱਕੇ ਹਨ ਪਰ ਫਿਰ ਵੀ ਇਸ ਦਾ ਇਸਤੇਮਾਲ ਹੋ ਰਿਹਾ ਹੈ। ਚਾਈਨਾ ਡੋਰ ਜਾਨ ਲੇਵਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਉੱਪਰ ਸਖਤੀ ਨਾਲ ਪਾਬੰਦੀ ਲਾਈ ਜਾਵੇ ਤਾਂ ਜੋ ਲੋਕਾਂ ਦੇ ਜਾਨ-ਮਾਲ ਨੂੰ ਬਚਾਇਆ ਜਾ ਸਕੇ।

-ਸੇਵਾ ਰਾਮ ਸਿੰਗਲਾ
351-ਮਾਡਲ ਟਾਊਨ, ਫੇਜ਼-2, ਬਠਿੰਡਾ।

ਸਿੱਧ ਪੱਧਰੀ ਜ਼ਿੰਦਗੀ
ਸਾਡੇ ਮੁਲਕ ਦੇ ਲੋਕਾਂ ਦਾ ਖਾਸਾ ਹੈ ਕਿ ਅਸੀਂ ਅਤੀਤ ਜਾਂ ਭਵਿੱਖ ਵਿਚ ਜ਼ਿਆਦਾ ਜਿਊਂਦੇ ਹਾਂ ਜਦੋਂ ਕਿ ਵਰਤਮਾਨ ਨੂੰ 'ਕੱਲ੍ਹ' ਜਾਂ 'ਭਲਕ'ਦੇ ਚੱਕਰਾਂ ਵਿਚ ਗੁਆ ਬੈਠਦੇ ਹਾਂ। ਮੰਨਿਆਂ ਕਿ ਅਤੀਤ ਸਾਨੂੰ ਇਕ ਸਬਕ ਦਿੰਦਾ ਹੈ ਅਤੇ ਭਵਿੱਖ ਸਾਡੀ ਆਸ਼ਾਵਾਦੀ ਸੋਚ ਦਾ ਪ੍ਰਤੀਕ ਹੁੰਦਾ ਹੈ। ਪਰ ਜੇਕਰ 'ਅੱਜ' ਹੀ ਗੁਆਚ ਗਿਆ ਤਾਂ ਜ਼ਿੰਦਗੀ ਨੇ ਭਵਿੱਖ ਵੀ ਕੀ ਵੇਖਣਾ ਹੋਇਆ? ਅਕਸਰ ਕਿਹਾ ਜਾਂਦਾ ਹੈ ਕਿ ਇਨਸਾਨ ਆਪਣਾ ਭਵਿੱਖ ਸੁਆਰਨ ਲਈ ਸਿਹਤ ਦੀ ਵੀ ਪਰਵਾਹ ਨਹੀਂ ਕਰਦਾ, ਜਦੋਂ ਤੱਕ ਇਨਸਾਨ ਦਾ ਭਵਿੱਖ ਸੰਵਰਦਾ ਹੈ ਉਦੋਂ ਤੱਕ ਸਿਹਤ ਜਵਾਬ ਦੇ ਚੁੱਕੀ ਹੁੰਦੀ ਹੈ। ਬਹੁਤੀਆਂ ਸੋਚਾਂ ਦਾ ਖਲਾਰਾ ਵੀ ਸਿੱਧ ਪੱਧਰੀ ਜ਼ਿੰਦਗੀ ਦਾ ਤਾਣਾ ਉਲਝਾ ਕੇ ਰੱਖ ਦਿੰਦਾ ਹੈ। ਇਸ ਲਈ 'ਕੱਲ੍ਹ ਕਰਨਾ ਜੋ ਅੱਜ ਕਰ, ਅੱਜ ਕਰਨਾ ਸੋ ਹੁਣ...' ਵਾਲੀ ਸੱਚਾਈ ਨੂੰ ਯਾਦ ਰੱਖਦੇ ਹੋਏ ਸਹਿਜਤਾ ਨਾਲ ਜੀਵਨ ਬਤੀਤ ਕਰਦੇ ਰਹਿਣਾ ਚਾਹੀਦਾ ਹੈ।

-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।

ਸਮੱਸਿਆ ਦੇ ਹੱਲ ਲਈ ਯਤਨ ਕਰੀਏ
ਆਪ ਸਭ ਨੂੰ ਪਤਾ ਹੈ ਕਿ ਪਤੰਗਬਾਜ਼ੀ ਦੇ ਦਿਨ ਚੱਲ ਰਹੇ ਹਨ। ਪਹਿਲਾਂ ਜ਼ਿਆਦਾਤਰ ਪਤੰਗ ਸ਼ਹਿਰਾਂ ਵਿਚ ਹੀ ਉਡਾਏ ਜਾਂਦੇ ਸਨ ਪਰ ਹੁਣ ਪਿੰਡਾਂ ਵਿਚ ਵੀ ਖੂਬ ਪਤੰਗ ਉਡਾਏ ਜਾਂਦੇ ਹਨ। ਦੋਸਤੋ ਭਾਵੇਂ ਪਤੰਗ ਉਡਾਉਣੇ ਕੋਈ ਮਾੜੀ ਗੱਲ ਤਾਂ ਨਹੀਂ ਪਰ ਕੀ ਚਾਈਨਾ ਡੋਰ ਨਾਲ ਪਤੰਗ ਉਡਾਉਣਾ ਜ਼ਰੂਰੀ ਹੈ? ਇਹ ਬਹੁਤ ਹੀ ਚਿੰਤਾਜਨਕ ਗੱਲ ਹੈ। ਪਤੰਗਾਂ ਦਾ ਤਿਉਹਾਰ ਜ਼ਰੂਰ ਮਨਾਉ। ਪਰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਚਾਈਨਾ ਡੋਰ ਦੀ ਵਰਤੋਂ ਨਾ ਕਰੋ। ਕਿਉਂਕਿ ਇਸ ਜਾਨਲੇਵਾ ਡੋਰ ਵਿਚ ਫਸ ਕੇ ਬੇਜ਼ਬਾਨ ਪੰਛੀਆਂ ਦੀ ਮੌਤ ਹੋ ਰਹੀ ਹੈ। ਅਤੇ ਆਲ੍ਹਣਿਆਂ ਵਿਚ ਇਨ੍ਹਾਂ ਪੰਛੀਆਂ ਦੇ ਬੱਚੇ ਭੁੱਖੇ ਦਮ ਤੋੜ ਜਾਂਦੇ ਹਨ। ਹੋਰ ਤਾਂ ਹੋਰ ਇਸ ਨਾਲ ਰਾਹ ਜਾਂਦੇ ਵਾਹਨ ਚਾਲਕ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਹਨ।
ਜੇ ਇਸ ਦੀ ਵਰਤੋਂ ਅੱਗੇ ਵਧਦੀ ਗਈ ਤਾਂ ਇਹ ਆਉਣ ਵਾਲੇ ਸਮੇਂ 'ਚ ਬਹੁਤ ਘਾਤਕ ਸਿੱਧ ਹੋ ਸਕਦੀ ਹੈ। ਇਸ ਸਮੱਸਿਆ ਦਾ ਹੱਲ ਕੱਢਣ ਲਈ ਸਾਨੂੰ ਆਪ ਯਤਨਸ਼ੀਲ ਹੋਣਾ ਪਵੇਗਾ ਤੇ ਸਾਨੂੰ ਆਪ ਹੀ ਆਪਣੇ ਬੱਚਿਆਂ ਨੂੰ ਇਸ ਦੇ ਨੁਕਸਾਨ ਬਾਰੇ ਜਾਣੂ ਕਰਵਾਉਣਾ ਪਵੇਗਾ। ਆਓ, ਅਸੀਂ ਸਾਰੇ ਇਕੱਠੇ ਹੋ ਕੇ ਇਸ ਸਮੱਸਿਆ ਦੇ ਹੱਲ ਲਈ ਯਤਨ ਕਰੀਏ।

-ਗਰਵਿੰਦਰ 'ਗੋਸਲਾ'

24-01-2020

 ਸਭ ਕੁਝ ਲੁਟਾ ਕੇ...
ਪਿਛਲੇ ਦਿਨੀਂ ਸੰਪਾਦਕੀ 'ਸਭ ਕੁਝ ਲੁਟਾ ਕੇ...' ਸਿਰਲੇਖ ਤਹਿਤ ਪੜ੍ਹਨ ਨੂੰ ਮਿਲਿਆ, ਜੋ ਕੁਦਰਤੀ ਸਰੋਤ ਪਾਣੀ ਬਾਰੇ ਗੱਲਾਂ ਕਰਦਾ ਸੀ। ਸਾਡੀ ਧਰਤ ਮਾਂ ਤੋਂ ਸੱਚਾ-ਸੁੱਚਾ ਪਾਣੀ ਜਿਥੇ ਦਿਨ-ਪ੍ਰਤੀਦਿਨ ਘਟਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਗੰਧਲਾ ਵੀ ਹੋ ਰਿਹਾ ਹੈ। 90ਵਿਆਂ ਤੋਂ ਪਹਿਲਾਂ ਸਾਡੇ ਪੰਜਾਬ ਦਾ ਪਾਣੀ ਦੇਸੀ ਘਿਓ ਵਾਂਗ ਬੰਦੇ ਉੱਪਰ ਅਸਰ ਕਰਦਾ ਹੁੰਦਾ ਸੀ। ਅੱਜ ਸਾਨੂੰ ਖੁਸ਼ੀ ਗ਼ਮੀ ਦੇ ਸਮਾਗਮ 'ਚ ਬੰਦ ਬੋਦਲ, ਬੰਦ ਗਲਾਸ ਵਾਲੇ ਪਾਣੀ ਦਾ ਪ੍ਰਬੰਧ ਕਰਨਾ ਪੈਂਦਾ ਹੈ। ਕਿਉਂਕਿ ਸਾਨੂੰ ਨਲਕੇ ਤੇ ਟੂਟੀ ਵਾਲੇ ਪਾਣੀ 'ਤੇ ਵਿਸ਼ਵਾਸ ਨਹੀਂ ਰਿਹਾ। ਨਿਕਟ ਭਵਿੱਖ 'ਚ ਇਹ ਖ਼ਤਰੇ ਹੋਰ ਵਧਣ ਦੀ ਸੰਭਾਵਨਾ ਹੈ। ਡਾ: ਹਮਦਰਦ ਜੀ ਪੱਤਰਕਾਰੀ ਦਾ ਫ਼ਰਜ਼ ਨਿਭਾਉਂਦੇ ਹੋਏ ਆਪਣੇ ਸੰਪਾਦਕੀ 'ਚ ਦਰੁਸਤ ਲਿਖਿਆ ਹੈ। ਪਾਣੀ ਦੀ ਇਕ-ਇਕ ਬੂੰਦ ਪੈਸੇ ਨਾਲੋਂ ਕੀਮਤੀ ਹੈ। ਸੋ, ਪਾਣੀ ਨੂੰ ਸ਼ੁੱਧ ਅਤੇ ਬੱਚਤ ਲਈ ਹਰ ਇਕ ਨੂੰ ਪਹਿਲ ਕਰਨੀ ਚਾਹੀਦੀ ਹੈ। ਕੁਦਰਤੀ ਸਰੋਤਾਂ ਲਈ ਰਹਿਮ ਦਿਲ ਹੋਣਾ ਚਾਹੀਦਾ ਹੈ। ਜਿਹੜਾ ਪਾਣੀ ਤੁਹਾਨੂੰ ਜੀਵਨ ਦਿੰਦਾ ਹੈ, ਉਹ ਪਾਣੀ ਤੁਹਾਨੂੰ ਪੀੜ ਦੇ ਕੇ ਪੜ੍ਹਨੇ ਪਾ ਸਕਦਾ ਹੈ। ਸੋ, ਆਪ ਜੀ ਵਧਾਈ ਤੇ ਧੰਨਵਾਦ ਦੇ ਪਾਤਰ ਹੋ, ਕੁਦਰਤੀ ਸਰੋਤਾਂ ਬਾਰੇ ਲਿਖਣ ਲਈ।


-ਐਸ. ਮੀਲੂ ਫਰੌਰ
#932/25 ਖੰਨਾ (ਲੁਧਿਆਣਾ)।


ਡਰ ਦਾ ਅਹਿਸਾਸ
ਡਰ, ਕਿਸੇ ਵਿਚ ਕਿਸੇ ਇਕ ਚੀਜ਼ ਪ੍ਰਤੀ ਐਸੀ ਦਹਿਸ਼ਤ ਬਿਠਾ ਦੇਣ ਦਾ ਨਾਂਅ ਹੈ, ਜਿਸ ਨੂੰ ਸੁਣਨ ਤੋਂ ਵੀ ਡਰ ਆਪਣੀ ਹੋਂਦ ਪ੍ਰਗਟਾਉਂਦਾ ਹੈ। ਇਸੇ ਨੂੰ ਹੀ ਭੈਅ ਕਹਿੰਦੇ ਹਨ। ਇਸ ਦੇ ਅਨੁਸਾਰ ਸਮਾਜ ਵਿਚ ਵਿਚਰਨਾ ਹੀ ਇਸ ਦਾ ਅਹਿਸਾਸ ਜਤਾਉਂਦਾ ਹੈ। ਜ਼ਿਆਦਾਤਰ ਦੇਖਣ ਵਿਚ ਇਹ ਆਉਂਦਾ ਹੈ ਕਿ ਇਸ ਦੀ ਬੁਨਿਆਦ ਕਿਤੇ ਨਾ ਕਿਤੇ ਮਨੁੱਖ 'ਤੇ ਹੀ ਟਿਕੀ ਹੁੰਦੀ ਹੈ। ਅੱਜ ਦੇ ਦੌਰ ਵਿਚ ਹਰ ਕੋਈ ਆਪਣੇ ਆਪ ਨੂੰ ਉੱਚਾ-ਸੁੱਚਾ ਦਰਸਾਉਣ ਲਈ ਕੋਈ ਐਸਾ ਯਤਨ ਖਾਲੀ ਨਹੀਂ ਛੱਡ ਰਿਹਾ, ਜਿਸ ਤੋਂ ਉਹ ਆਪਣੀ ਪ੍ਰਸਿੱਧੀ ਖੱਟ ਸਕੇ। ਇਕ ਹਿਸਾਬ ਨਾਲ ਇਹ ਵੀ ਉਸ ਦੇ ਇਕ ਡਰ ਦਾ ਹਿੱਸਾ ਹੈ ਕਿ ਕਿਤੇ ਕਿਸੇ ਕੋਲੋਂ ਮੇਰੀ ਹੇਠੀ ਨਾ ਹੋ ਜਾਵੇ। ਇਸ ਦੀ ਕਾਮਯਾਬੀ ਦੇ ਯਤਨ ਵਿਚੋਂ ਸਮਾਜ ਪ੍ਰਤੀ ਡਰ ਦਾ ਪ੍ਰਗਟਾਵਾ ਹੁੰਦਾ ਹੈ। ਇਸੇ ਤਰ੍ਹਾਂ ਜੀਵਨ ਅੰਦਰ ਕਈ ਐਸੇ ਪੜਾਅ ਆਉਂਦੇ ਹਨ ਜਿਸ ਦੇ ਵਿਚ ਪ੍ਰਮੁੱਖਤਾ ਸਿਰਫ਼ ਇਸੇ ਚੀਜ਼ ਦੀ ਹੀ ਹੁੰਦੀ ਹੈ। ਇਸ ਸੰਸਾਰ ਅੰਦਰ ਅਸਲੀ ਸੂਰਮਾ ਉਹੀ ਹੈ ਜੋ ਇਸ ਉੱਪਰ ਜਿੱਤ ਪ੍ਰਾਪਤ ਕਰ ਕੇ ਨਿਡਰਤਾ ਭਰਪੂਰ ਜੀਵਨ ਬਤੀਤ ਕਰਦਾ ਹੈ, ਨਾ ਕਿ ਉਹ ਜੋ ਹਰ ਕਿਸੇ ਨੂੰ ਆਪਣਾ ਖੌਫ਼ ਵੰਡ ਰਿਹਾ ਹੈ।


-ਅਰਸ਼ਦੀਪ ਸਿੰਘ 'ਢੋਟੀਆਂ'
ਨਿਸ਼ਾਨ-ਏ-ਸਿੱਖੀ, ਖਡੂਰ ਸਾਹਿਬ।


ਚਾਈਨਾ ਡੋਰ
ਪਿਛਲੇ ਕਈ ਸਾਲਾਂ ਤੋਂ ਲੋਕਾਂ ਦੀ ਜ਼ਿੰਦਗੀ ਨਾਲ ਚਾਈਨਾ ਡੋਰ ਖਿਲਵਾੜ ਕਰਦੀ ਹੋਈ ਨਜ਼ਰ ਆ ਰਹੀ ਹੈ। ਜਿਵੇਂ-ਜਿਵੇਂ ਬਸੰਤ ਪੰਚਮੀ ਨੇੜੇ ਆ ਰਹੀ ਹੈ, ਉਵੇਂ-ਉਵੇਂ ਡੋਰ ਦੀ ਵਿਕਰੀ ਜ਼ੋਰ ਫੜਦੀ ਨਜ਼ਰ ਆ ਰਹੀ ਹੈ। ਬਿਨਾਂ ਰੋਕ-ਟੋਕ ਦੁਕਾਨਦਾਰ ਤੇ ਖਰੀਦਦਾਰ ਚਾਈਨਾ ਡੋਰ ਦਾ ਲੈਣ-ਦੇਣ ਕਰਦੇ ਪਏ ਹਨ। ਆਏ ਦਿਨ ਇਸ ਡੋਰ ਨਾਲ ਹਾਦਸੇ ਵਾਪਰ ਰਹੇ ਹਨ ਪਰ ਪੁਲਿਸ ਤੇ ਪ੍ਰਸ਼ਾਸਨ ਇਸ ਡੋਰ ਦੀ ਰੋਕਥਾਮ ਲਈ ਅਸਫਲ ਨਜ਼ਰ ਆ ਰਿਹਾ ਹੈ। ਲੋਕਾਂ ਦੀ ਜ਼ਿੰਦਗੀ ਦਾ ਕਿਸੇ ਨੂੰ ਕੋਈ ਖਿਆਲ ਨਹੀਂ ਭਾਵੇਂ ਅਗਲੇ ਨਾਲ ਕੁਝ ਵੀ ਘਟਨਾ ਵਾਪਰ ਜਾਏ ਕੋਈ ਪ੍ਰਵਾਹ ਨਹੀਂ। ਇਸ ਵਿਚ ਅਸੀਂ ਸਾਰੇ ਜ਼ਿੰਮੇਵਾਰ ਹਾਂ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਣਿਆਂ ਬੱਚਿਆਂ ਨੂੰ ਇਸ ਪ੍ਰਤੀ ਸੁਚੇਤ ਕੀਤਾ ਜਾਵੇ ਤੇ ਅਜਿਹੀ ਜਾਨ ਲੇਵਾ ਚਾਈਨਾ ਡੋਰ ਤੋਂ ਦੂਰ ਰੱਖਿਆ ਜਾਵੇ। ਪੁਲਿਸ ਤੇ ਪ੍ਰਸ਼ਾਸਨ ਵੀ ਇਸ ਪ੍ਰਤੀ ਆਪਣੀ ਪੂਰੀ ਵਫ਼ਾਦਾਰੀ ਨਾਲ ਰੋਕਥਾਮ ਕਰਨ ਤੇ ਤਾਂ ਹੋ ਸਕਦਾ ਇਸ ਡੋਰ ਦਾ ਇਸਤੇਮਾਲ ਘਟ ਜਾਵੇ ਤੇ ਲੋਕਾਂ ਦੀ ਜ਼ਿੰਦਗੀ ਨਾਲ ਕਿਸੇ ਪ੍ਰਕਾਰ ਦਾ ਖਿਲਵਾੜ ਨਾ ਹੋ ਸਕੇ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ, (ਫਿਰੋਜ਼ਪੁਰ)।


ਜਾਗਰੂਕਤਾ ਦੀ ਲੋੜ
ਪ੍ਰਿੰ: ਵਿਜੇ ਕੁਮਾਰ ਦੀ ਰਚਨਾ 'ਕਦੋਂ ਰੁਕੇਗਾ ਸੜਕ ਹਾਦਸਿਆਂ ਦਾ ਇਹ ਹੜ੍ਹ' ਵਧੀਆ ਸਿੱਖਿਆਦਾਇਕ ਲੱਗੀ। ਨਵੀਂ ਪੀੜ੍ਹੀ ਦੇ ਜਵਾਨ ਮੁੰਡੇ ਵਿਹਲੜ ਮਾਪਿਆਂ ਵਲੋਂ ਲਏ ਮਹਿੰਗੇ ਤੋਂ ਮਹਿੰਗੇ ਮੋਬਾਈਲ ਮੋਟਰ-ਸਾਈਕਲ ਸੜਕਾਂ 'ਤੇ ਭੂੰਡਾਂ ਵਾਂਗ ਪੂਰੀ ਤੇਜ਼ ਰਫ਼ਤਾਰ ਨਾਲ ਕੰਨਾਂ ਵਿਚ ਮੋਬਾਈਲ ਫੋਨ ਹੈੱਡ ਫੋਨ ਲਗਾ ਕੇ ਮੌਤ ਤੋਂ ਅਨਜਾਣ ਮੌਤ ਨੂੰ ਆਵਾਜ਼ਾਂ ਮਾਰਦੇ ਅਕਸਰ ਸੜਕਾਂ 'ਤੇ ਉੱਚੀ-ਉੱਚੀ ਪਟਾਕੇ ਵਰਗੇ ਪ੍ਰੈਸ਼ਰ ਹਾਰਨ ਵਜਾਉਂਦੇ ਦੇਖੇ ਜਾ ਸਕਦੇ ਹਨ। ਭਾਵੇਂ ਇਨ੍ਹਾਂ ਵਲੋਂ ਬਲੱਡ ਪ੍ਰੈਸ਼ਰ, ਦਿਲ ਦਾ ਮਰੀਜ਼ ਪੀੜਾ ਵਿਚ ਪੈ ਜਾਵੇ ਜਾਂ ਰਾਹਗੀਰ ਇਨ੍ਹਾਂ ਦੀ ਲਪੇਟ ਵਿਚ ਆ ਜਾਵੇ। ਮਾਪੇ ਵੀ ਇਨ੍ਹਾਂ ਅੱਗੇ ਲਾਚਾਰ ਹਨ। 'ਕੱਲਾ-'ਕੱਲਾ ਮੁੰਡਾ ਹੈ ਕੁਝ ਕਰ ਨਾ ਲਵੇ। ਜੇ ਚਲਾਨ ਥਾਣੇਦਾਰ ਕਰਦਾ ਹੈ ਨੇਤਾ ਨਾਲ ਫੋਨ 'ਤੇ ਗੱਲ ਕਰਵਾ ਦਿੰਦੇ ਹਨ। ਅਨੇਕਾਂ ਰੋਜ਼ ਘਟਨਾਵਾਂ ਜੋ ਲਾਪਰਵਾਹੀ ਕਰਕੇ ਵਾਪਰ ਰਹੀਆਂ ਹਨ। ਸਵਾਰਥੀ ਮਨੁੱਖ ਇਹ ਕਾਰਾ ਕਰੀ ਜਾ ਰਿਹਾ ਹੈ। ਕਾਨੂੰਨ ਤੋਂ ਤਾਂ ਉਸ ਨੇ ਕੀ ਡਰਨਾ ਹੈ ਮੌਤ ਤੋਂ ਵੀ ਨਹੀਂ ਡਰਦਾ। ਇਸ ਨੂੰ ਪਤਾ ਹੋਣਾ ਚਾਹੀਦਾ ਹੈ ਦੁਰਘਟਨਾ ਹੋਣ 'ਤੇ ਤੈਨੂੰ ਨੇਤਾ ਨੇ ਨਹੀਂ ਬਚਾਉਣਾ। ਲੋੜ ਹੈ ਇਸ ਵਿਗੜੀ ਹੋਈ ਔਲਾਦ ਨੂੰ ਸਕੂਲ ਤੇ ਕਾਲਜ ਪੱਧਰ 'ਤੇ ਸੈਮੀਨਾਰ ਲਗਾ ਕੇ ਜਾਗਰੂਕ ਕੀਤਾ ਜਾਵੇ। ਸ਼ਾਇਦ ਪਰਮਾਤਮਾ ਦੀ ਕਿਰਪਾ ਨਾਲ ਦੁਰਘਟਨਾਵਾਂ ਨਾਲ ਹੋਣ ਵਾਲੀਆਂ ਮੌਤਾਂ 'ਤੇ ਰੋਕ ਲੱਗ ਸਕੇ।


-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ।


ਮਿਲਾਵਟ ਕਰਨ ਵਾਲਿਆਂ ਖਿਲਾਫ਼ ਸਖ਼ਤੀ ਹੋਵੇ
ਅੱਜਕਲ੍ਹ ਖਾਣ-ਪੀਣ ਵਾਲੀਆਂ ਵਸਤਾਂ ਵਿਚ ਮਿਲਾਵਟ ਦਾ ਕੰਮ ਜ਼ੋਰਾਂ 'ਤੇ ਹੈ ਜੋ ਕਿ ਮਨੁੱਖੀ ਜ਼ਿੰਦਗੀ ਨਾਲ ਖਿਲਵਾੜ ਹੈ। ਰੋਜ਼ਾਨਾ ਹੀ ਖ਼ਬਰਾਂ ਵਿਚ ਪੜ੍ਹਨ-ਸੁਣਨ ਨੂੰ ਮਿਲਦਾ ਹੈ ਫਲਾਂ ਥਾਂ ਮਿਲਾਵਟਖੋਰ ਫੜੇ ਗਏ। ਜੇਕਰ ਮਿਲਾਵਟ ਕਰਨ ਵਾਲਿਆਂ ਖਿਲਾਫ਼ ਸਖ਼ਤ ਸਜ਼ਾ ਦਾ ਪ੍ਰਬੰਧ ਹੋਵੇ ਤਾਂ ਮਿਲਾਵਟ ਕਰਨ ਵਾਲਾ ਸਜ਼ਾ ਦੇ ਡਰ ਤੋਂ ਮਿਲਾਵਟ ਕਰਨਾ ਬੰਦ ਕਰ ਦੇਵੇ। ਮਿਲਾਵਟ ਕਰਨ ਵਾਲਿਆਂ ਖਿਲਾਫ਼ ਸਖ਼ਤੀ ਹੀ ਮਿਲਾਵਟਖੋਰੀ ਨੂੰ ਨੱਥ ਪਾਵੇਗੀ।


-ਸੇਵਾ ਰਾਮ ਸਿੰਗਲਾ, ਬਠਿੰਡਾ।

23-01-2020

 ਭੁਖਮਰੀ ਰਿਪੋਰਟ
ਗਲੋਬਲ ਹੰਗਰ ਇੰਡੈਕਸ ਨੇ ਹੁਣੇ-ਹੁਣੇ ਆਪਣੀ ਤਾਜ਼ਾ ਰਿਪੋਰਟ ਜਾਰੀ ਕੀਤੀ ਹੈ ਜਿਸ ਨੂੰ ਪੜ੍ਹ ਕੇ ਹਰੇਕ ਭਾਰਤੀ ਦਾ ਸ਼ਰਮ ਨਾਲ ਸਿਰ ਝੁਕ ਜਾਵੇਗਾ। ਸਾਡੇ ਦੇਸ਼ ਦੇ ਵਜ਼ੀਰ ਵੱਡੀਆਂ-ਵੱਡੀਆਂ ਫੜ੍ਹਾਂ ਆਪਣੇ ਭਾਸ਼ਨਾਂ ਵਿਚ ਹਰ ਰੋਜ਼ ਮਾਰ-ਮਾਰ ਕੇ ਲੋਕਾਂ ਨੂੰ ਖੁਸ਼ ਕਰਦੇ ਰਹਿੰਦੇ ਹਨ। ਰਿਪੋਰਟ ਮੁਤਾਬਿਕ 37 ਫ਼ੀਸਦੀ ਬੱਚੇ ਕੁਪੋਸ਼ਣ ਦੇ ਸ਼ਿਕਾਰ ਹੋ ਚੁੱਕੇ ਹਨ। 10 ਲੱਖ ਤੋਂ ਵੱਧ ਬੱਚੇ ਪੰਜ ਸਾਲ ਤੋਂ ਪਹਿਲਾਂ ਹੀ ਮਰ ਜਾਂਦੇ ਹਨ। ਸੜਕਾਂ ਕਿਨਾਰੇ ਭੁੱਖੇ ਤੇ ਨੰਗੇ ਕਿੰਨੇ ਹਜ਼ਾਰਾਂ ਬੱਚੇ, ਬਜ਼ੁਰਗ, ਅੰਗਹੀਣ ਵੇਖਣ ਨੂੰ ਮਿਲਦੇ ਹਨ, ਉਨ੍ਹਾਂ ਵਾਸਤੇ ਰਹਿਣ ਬਸੇਰੇ ਨਹੀਂ ਬਣਾਏ ਗਏ। ਏਨੇ ਵੱਡੇ ਦੇਸ਼ ਵਿਚ ਰੱਬ ਜਾਣੇ ਕਿੰਨਾ ਕੁ ਅੰਨ ਪੈਦਾ ਹੋ ਰਿਹਾ ਹੈ ਪਰ ਫਿਰ ਵੀ ਦੁਨੀਆ ਦੇ 117 ਦੇਸ਼ਾਂ ਵਿਚੋਂ ਸਭ ਤੋਂ ਵੱਧ 20 ਭੁਖਿਆਂ ਦੇਸ਼ਾਂ ਵਿਚ ਭਾਰਤ ਦਾ ਨਾਂਅ ਸ਼ਾਮਿਲ ਹੋ ਗਿਆ ਹੈ। ਯੂਨਾਈਟਿਡ ਨੇਸ਼ਨਜ਼ ਡਿਵੈਲਪਮੈਂਟ ਦੇ ਮੁਤਾਬਿਕ ਖਾਣੇ ਦਾ 40 ਫ਼ੀਸਦੀ ਹਿੱਸਾ ਬੇਕਾਰ ਹੋ ਰਿਹਾ ਹੈ ਜਿਸ ਵਿਚ ਹਰ ਸਾਲ 6700 ਕਰੋੜ ਕਿੱਲੋ ਖਾਣਾ ਬਰਬਾਦ ਹੋ ਰਿਹਾ ਹੈ, ਜਿਸ ਦੀ ਕੀਮਤ 90 ਹਜ਼ਾਰ ਕਰੋੜ ਬਣਦੀ ਹੈ। 23 ਮਿਲੀਅਨ ਟਨ ਦਾਲਾਂ, 12 ਮਿਲੀਅਨ ਟਨ ਫਲ ਤੇ 21 ਮਿਲੀਅਨ ਟਨ ਸਬਜ਼ੀਆਂ ਖ਼ਰਾਬ ਹੋ ਜਾਂਦੀਆਂ ਹਨ। ਚੋਣਾਂ ਦੌਰਾਨ ਲੋਕਾਂ ਨੂੰ ਅਸਲੀ ਮੁੱਦੇ ਤੋਂ ਹਟਾ ਕੇ ਦੂਸ਼ਣਬਾਜ਼ੀ ਵਿਚ ਉਲਝਾ ਲਿਆ ਜਾਂਦਾ ਹੈ ਜਿਸ ਕਰਕੇ ਅੱਜ ਇਸ ਹਾਲਤ ਵਿਚ ਦੇਸ਼ ਪਹੁੰਚ ਗਿਆ ਹੈ। ਪਰ ਆਵਾਮ ਨੂੰ ਜਗਾਉਣਾ ਕਿਸ ਨੇ ਹੈ, ਇਸ ਬਾਰੇ ਕਿਸੇ ਦਾ ਕੋਈ ਖਿਆਲ ਨਹੀਂ ਹੈ। ਜਿਸ ਦਿਨ ਲੋਕ ਜਾਗਰੂਕ ਹੋ ਗਏ, ਫਿਰ ਇਨ੍ਹਾਂ ਸਮੱਸਿਆਵਾਂ ਦਾ ਹੱਲ ਵੀ ਆਪਣੇ-ਆਪ ਲੱਭ ਜਾਵੇਗਾ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਪਿੰਡ ਤੇ ਡਾਕ: ਮਮਦੋਟ (ਫ਼ਿਰੋਜ਼ਪੁਰ)।


ਜਿਥੇ ਹਸਪਤਾਲ ਬਿਮਾਰ ਤੇ ਸਿਵੇ ਹੁਸ਼ਿਆਰ
ਜੀ ਹਾਂ, ਇਹ ਪੰਜਾਬ ਦੇ ਲਗਪਗ ਹਰ ਪਿੰਡ ਦੀ ਕਹਾਣੀ ਹੈ। ਸਾਡੇ ਪੰਜਾਬ ਦੇ ਬਹੁਤੇ ਪੇਂਡੂ ਸਰਕਾਰੀ ਹਸਪਤਾਲਾਂ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ। ਇਨ੍ਹਾਂ ਹਸਪਤਾਲਾਂ ਵਿਚ ਡਾਕਟਰਾਂ ਦੀ ਘਾਟ ਹੈ। ਇਸ ਦੇ ਨਾਲ-ਨਾਲ ਦੂਜਾ ਸਟਾਫ ਵੀ ਬਹੁਤ ਘੱਟ ਹੈ। ਹੁਣ ਤਾਂ ਸੁਣਨ ਵਿਚ ਆ ਰਿਹਾ ਹੈ ਕਿ ਇਨ੍ਹਾਂ ਵਿਚ ਦਵਾਈਆਂ ਦੀ ਵੀ ਭਾਰੀ ਕਿੱਲਤ ਹੈ। ਇਲਾਜ ਕਰਨ ਲਈ ਥਾਂ-ਥਾਂ ਪ੍ਰਾਈਵੇਟ ਹਸਪਤਾਲ ਖੁੱਲ੍ਹ ਚੁੱਕੇ ਹਨ। ਪਰ ਸਰਕਾਰ ਦਾ ਸਾਡੀ ਸਿਹਤ ਵੱਲ ਕੋਈ ਖ਼ਾਸ ਧਿਆਨ ਨਹੀਂ ਹੈ। ਦੂਜੇ ਪਾਸੇ ਸਰਕਾਰ ਪੇਂਡੂ ਸਰਕਾਰੀ ਹਸਪਤਾਲਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ ਤੇ ਸ਼ਮਸ਼ਾਨਘਾਟ ਭਾਵ ਸਿਵਿਆਂ ਨੂੰ ਗ੍ਰਾਂਟਾਂ ਵੰਡ ਰਹੀ ਹੈ। ਇਕ ਪਿੰਡ ਵਿਚ ਸਰਕਾਰੀ ਹਸਪਤਾਲ ਬੇਸ਼ੱਕ ਨਾ ਹੋਵੇ ਪਰ ਸ਼ਮਸ਼ਾਨਘਾਟ ਜ਼ਰੂਰ ਦੋ-ਚਾਰ ਹੁੰਦੇ ਹਨ। ਅੱਜ ਸਾਡੇ ਪੰਜਾਬ ਵਿਚ ਦਵਾਈ ਦੇ ਲੰਗਰ ਲਾਉਣ ਦੀ ਵੀ ਜ਼ਰੂਰਤ ਹੈ।


-ਜਸਕਰਨ ਲੰਡੇ, ਮੋਗਾ।


ਉੱਚ ਅਹੁਦਿਆਂ ਦੀ ਲਾਲਸਾ
ਅਕਾਲੀ ਆਗੂਆਂ ਦੀ ਉੱਚ ਅਹੁਦਿਆਂ ਦੀ ਦੌੜ ਨੇ ਸਿੱਖ ਕੌਮ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੈ। ਬਹੁਗਿਣਤੀ ਅਕਾਲੀ ਦਲ, ਸੰਗਠਨ ਅਤੇ ਪਾਰਟੀਆਂ ਹੋਂਦ ਵਿਚ ਆ ਗਈਆਂ ਹਨ। ਹਰ ਅਕਾਲੀ ਦਲ ਆਪਣੇ ਅੱਗੇ 'ਸ਼੍ਰੋਮਣੀ' ਦਾ ਸ਼ਬਦ ਜ਼ਰੂਰ ਲਾਉਂਦਾ ਹੈ। ਜਿਸ ਮੁੱਖਧਾਰਾ ਵਿਚ ਕਈ ਅਹੁਦਿਆਂ ਨੂੰ ਮਾਣਿਆ ਹੁੰਦਾ ਹੈ, ਉਸੇ ਪਾਰਟੀ ਨੂੰ ਛੱਡਣ ਸਾਰ ਸਾਡੇ ਆਗੂਆਂ ਨੂੰ ਉਸ ਦੀਆਂ ਖਾਮੀਆਂ ਯਾਦ ਆ ਜਾਂਦੀਆਂ ਹਨ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਇਕ ਨਿਸ਼ਾਨ, ਇਕ ਸੰਵਿਧਾਨ ਅਤੇ ਇਕ ਪ੍ਰਧਾਨ ਹੁੰਦਾ ਸੀ। ਇਸੇ ਪਾਰਟੀ ਨੇ ਪੰਜਾਬੀ ਸੂਬਾ ਤੇ ਪੰਜਾਬੀ ਬੋਲੀ ਲਈ ਪੂਰਾ ਸੰਘਰਸ਼ ਕੀਤਾ ਸੀ। ਜੇਲ੍ਹਾਂ ਕੱਟੀਆਂ, ਕੁਰਬਾਨੀਆਂ ਕੀਤੀਆਂ ਤੇ ਮੋਰਚੇ ਲਾਏ ਸੀ। ਇਸ ਜੱਦੋ-ਜਹਿਦ ਦਾ ਅਸਰ ਵੀ ਹੋਇਆ ਸੀ। ਕੁਰਸੀ ਦੌੜ ਨੇ ਤਾਂ ਸਿੱਖ ਭਾਈਚਾਰੇ ਨੂੰ 1984 ਦੇ ਕਾਰਨਾਮੇ ਵੀ ਭੁਲਾ ਦਿੱਤੇ ਹਨ।


-ਮਾਸਟਰ ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ ਜ਼ਿਲ੍ਹਾ ਲੁਧਿਆਣਾ।


ਮਹਿੰਗੀ ਬਿਜਲੀ ਦਾ ਬੋਝ
ਪੰਜਾਬ ਤਾਂ ਪਹਿਲਾਂ ਹੀ ਮਹਿੰਗਾਈ ਦੀ ਮਾਰ ਹੇਠ ਆਇਆ ਹੋਇਆ ਹੈ ਅਤੇ ਉਪਰੋਂ ਬਿਜਲੀ ਦਰਾਂ ਵਿਚ ਵਾਧੇ ਵਾਲੀ ਖ਼ਬਰ ਨੇ ਤਾਂ ਹਰੇਕ ਬੰਦੇ ਨੂੰ ਹੋਰ ਵੀ ਚਿੰਤਾ ਵਿਚ ਪਾ ਦਿੱਤਾ ਹੈ। ਹਰ ਕਿਸੇ ਦਾ ਬਜਟ ਘਾਟੇ ਵੱਲ ਜਾਂਦਾ ਹੈ ਤੇ ਹਰੇਕ ਇਸ ਬਿਜਲੀ ਵਾਧੇ ਨੂੰ ਆਪਣੇ 'ਤੇ ਸਰਕਾਰ ਵਲੋਂ ਪਾਇਆ ਬੋਝ ਹੀ ਸਮਝਦਾ ਹੈ। ਹੋਰ ਵਾਧੂ ਖਰਚੇ ਅਲੱਗ ਤੋਂ ਵਸੂਲੇ ਜਾਂਦੇ ਹਨ ਜਿਵੇਂ ਗਊ ਸੈੱਸ ਅਤੇ ਹੋਰ ਵੀ ਕਈ ਕੁਝ ਬਿਜਲੀ ਦੇ ਬਿੱਲ ਵਿਚ ਜੋੜ ਕੇ ਇਕ ਲੰਬੀ ਲਿਸਟ ਬਣਾ ਕੇ ਬਿਜਲੀ ਦਾ ਬਿੱਲ ਅਗਲੇ ਦੇ ਹੱਥ ਫੜਾ ਤੁਰਦੇ ਬਣਦੇ ਹਨ। ਕੀ ਸੋਚ ਕੇ ਬਾਹਰਲੇ ਸੂਬਿਆਂ ਤੋਂ ਮਹਿੰਗੇ ਭਾਅ ਦੀ ਬਿਜਲੀ ਖਰੀਦੀ ਜਾ ਰਹੀ ਹੈ? ਬਿਜਲੀ ਨਿਗਮ ਨੂੰ ਘਾਟੇ ਪੈਣ ਦਾ ਪਤਾ ਤਾਂ ਪਹਿਲਾ ਤੋਂ ਹੀ ਸੀ ਸਾਰਿਆਂ ਨੂੰ ਪਰ ਕਦੇ ਕਿਸੇ ਨੇ ਇਹ ਜਾਣਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਕਿ ਬਿਜਲੀ ਬੋਰਡ ਨੂੰ ਘਾਟਾ ਪੈ ਕਿਉਂ ਰਿਹਾ ਹੈ? ਸਾਡੀ ਸਰਕਾਰ ਝੂਠੇ ਲਾਰੇ ਤੇ ਤਰੱਕੀ ਦੇ ਦਾਅਵੇ ਸਿਰਫ ਭਾਸ਼ਨ ਦੇਣ ਵੇਲੇ ਹੀ ਕਰਦੀ ਹੈ। ਲੁੱਟ ਦਾ ਸ਼ਿਕਾਰ ਹੋ ਰਹੇ ਆਮ ਲੋਕ ਅੱਕੇ ਪਏ ਹਨ। ਸੋ ਸਮੇਂ ਦੀ ਸਰਕਾਰ ਨੂੰ ਬੇਨਤੀ ਹੈ ਕਿ ਲੋਕਾਂ ਦੀ ਹਾਲ ਦੁਹਾਈ ਵੱਲ ਧਿਆਨ ਦਿਉ ਤੇ ਬਿਜਲੀ ਸਸਤੀ ਕਰੋ ਤਾਂ ਕਿ ਪੰਜਾਬ ਦੇ ਲੋਕਾ ਨੂੰ ਕਰਜ਼ਾਈ ਹੋਣ ਤੋ ਬਚਾਇਆ ਜਾ ਸਕੇ।


-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।


ਬੱਚਿਆਂ ਦੀ ਬਗੀਚੀ
ਅਸੀਂ ਭਾਵੇਂ ਪਿੰਡ ਵਸੀਏ ਜਾਂ ਸ਼ਹਿਰ ਘਰ ਸਾਡਾ ਨਿੱਕਾ ਹੋਵੇ ਜਾਂ ਵੱਡਾ, ਹਰ ਘਰ ਵਿਚ ਘਰੇਲੂ ਬਗੀਚੀ ਵੱਡੀ ਜਾਂ ਛੋਟੀ ਜ਼ਰੂਰ ਹੁੰਦੀ ਹੈ। ਹੋਰ ਸਜਾਵਟ ਦੇ ਨਾਲ ਬਗੀਚੀ ਵੀ ਹਰ ਘਰ ਨੂੰ ਚਾਰ ਚੰਨ ਲਾਉਂਦੀ ਹੈ। ਆਮ ਵੇਖਦੇ ਹਾਂ ਕਿ ਘਰ ਦੇ ਵੱਡੀ ਉਮਰ ਦੇ ਮੈਂਬਰ ਜਾਂ ਫਿਰ ਮਾਲੀ ਹੀ ਇਸ ਬਗੀਚੀ ਦੀ ਦੇਖ-ਭਾਲ ਕਰਦਾ ਹੈ। ਕਿੰਨਾ ਚੰਗਾ ਹੋਵੇ ਜੇ ਅਸੀਂ ਇਕ ਦਿਨ ਘਰ ਦੇ ਬੱਚਿਆਂ ਨੂੰ ਨਾਲ ਲੈ ਕੇ ਛੋਟਾ ਮੋਟਾ ਕੰਮ ਕਰਵਾਈਏ। ਇਕ ਤਾਂ ਬੱਚਿਆਂ ਨੂੰ ਮੌਸਮੀ ਫਲ, ਫੁੱਲ ਤੇ ਸਬਜ਼ੀਆਂ ਆਦਿ ਦੀ ਸਮਝ ਆਵੇਗੀ। ਦੂਜਾ ਉਸ ਦਾ ਕੁਦਰਤੀ ਬਨਸਪਤੀ ਨਾਲ ਮੋਹ ਵੀ ਵਧੇਗਾ। ਅੱਜ ਹਰ ਘਰ ਵਿਚ ਬੱਚਿਆਂ ਪ੍ਰਤੀ ਸ਼ਿਕਾਇਤ ਹੈ ਕਿ ਉਹ ਮੋਬਾਈਲ ਨਾਲ ਚਿੰਬੜੇ ਰਹਿੰਦੇ ਹਨ। ਜੇ ਅਸੀਂ ਬੱਚਿਆਂ ਨੂੰ ਘਰੇਲੂ ਛੋਟੇ ਕੰਮਾਂ ਨਾਲ ਜੋੜ ਕੇ ਰੱਖੀਏ ਤਾਂ ਮੋਬਾਈਲ ਵਾਲੀ ਸ਼ਿਕਾਇਤ ਵੀ ਘਟ ਸਕਦੀ ਹੈ। ਸੋ, ਹੁਣ ਤੋਂ ਹੀ ਛੋਟੇ ਬੱਚਿਆਂ ਨੂੰ ਘਰੇਲੂ ਬਗੀਚੀ ਨਾਲ ਜੋੜਨ ਦਾ ਸਬੱਬ ਬਣਾਓ ਤੇ ਚੰਗੇ ਨਤੀਜੇ ਜਲਦੀ ਹੀ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ।


-ਬਲਬੀਰ ਸਿੰਘ ਬੱਬੀ।

22-01-2020

 ਜੰਗ ਜਾਂ ਅਮਨ
ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦੀ, ਸਗੋਂ ਵਿਨਾਸ਼ ਤੇ ਤਬਾਹੀ ਦਾ ਮੰਜ਼ਰ ਹੁੰਦੀ ਹੈ। ਜਦੋਂ ਜੰਗ ਤੋਂ ਬਾਅਦ ਵੀ ਮੇਜ਼ 'ਤੇ ਬੈਠ ਕੇ ਹੀ ਫਿਰ ਸਮਝੌਤੇ 'ਤੇ ਗੱਲ ਮੁੱਕਣੀ ਹੁੰਦੀ ਹੈ ਫਿਰ ਜਾਨ-ਮਾਲ ਦਾ ਨੁਕਸਾਨ ਕਿਉਂ ਕਰਨਾ ਹੈ? ਪਿਛਲੇ ਦੋ ਵਿਸ਼ਵ ਯੁੱਧਾਂ ਵਿਚ ਲੱਖਾਂ ਜਾਨਾਂ ਚਲੀਆਂ ਗਈਆਂ, ਖ਼ਰਬਾਂ ਰੁਪਏ ਦੀ ਜਾਇਦਾਦ ਖ਼ਰਾਬ ਹੋ ਗਈ ਪਰ ਆਮ ਲੋਕਾਂ ਨੇ ਕੀ ਖੱਟਿਆ? ਹੁਣ ਫਿਰ ਅਸੀਂ ਤੀਸਰੇ ਵਿਸ਼ਵ ਯੁੱਧ ਵੱਲ ਵਧ ਰਹੇ ਹਾਂ। ਤੀਸਰਾ ਵਿਸ਼ਵ ਯੁੱਧ ਪੂਰਨ ਵਿਨਾਸ਼ਕਾਰੀ ਹੋਵੇਗਾ। ਲਗਪਗ ਹਰ ਦੇਸ਼ ਕੋਲ ਪ੍ਰਮਾਣੂ ਸ਼ਕਤੀ ਹੈ ਸੋਚੋ ਕੀ ਹੋਵੇਗਾ। ਜਾਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਤੇ ਨਾਗਾਸਾਕੀ ਤੇ ਦੂਸਰੇ ਵਿਸ਼ਵ ਯੁੱਧ ਵਿਚ ਵਰਤੇ ਪ੍ਰਮਾਣੂਆਂ ਦੀ ਅੱਗ ਅੱਜ ਤੱਕ ਧੁਖ ਰਹੀ ਹੈ। ਸਮੁੱਚੀ ਮਾਨਵਤਾ ਨੂੰ ਜੰਗ ਦੇ ਖਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ ਨਹੀਂ ਤਾਂ ਪੁਰਾਤਨ ਸੱਭਿਅਤਾਵਾਂ ਵਾਂਗ ਅਸੀਂ ਵੀ ਸੱਭਿਅਤਾ ਦਾ ਇਕ ਹਿੱਸਾ ਮਾਤਰ ਰਹਿ ਜਾਵਾਂਗੇ।


-ਦਿਲਪ੍ਰੀਤ ਸਿੰਘ ਕਾਹਲੋਂ
ਪਿੰਡ ਸਹਿਗੇ, ਦਸੂਹਾ।


ਸਾਦੇ ਵਿਆਹ ਦੀ ਪਿਰਤ
ਇਕ ਨਾਮੀਂ ਹੈਸੀਅਤ ਦੇ ਮਾਲਕ ਵਿਅਕਤੀ ਨੇ ਆਪਣੀ ਧੀ ਦਾ ਵਿਆਹ ਸਾਦੀਆਂ ਰਸਮਾਂ ਨਾਲ ਕਰ ਕੇ ਵਧੀਆ ਉਦਾਹਰਨ ਪੇਸ਼ ਕੀਤੀ ਹੈ। ਉਸ ਨੇ ਵਿਆਹ ਦਾ ਸੱਦਾ ਪੱਤਰ ਬੜੀ ਨਿਮਰਤਾ ਸਹਿਤ ਵੱਟਸਐਪ ਰਾਹੀਂ ਬਿਨਾਂ ਕਿਸੇ ਉਚੇਚ ਤੋਂ ਆਪਣੇ ਜਾਣਕਾਰਾਂ ਨੂੰ ਭੇਜਿਆ ਹੈ। ਨਾਲ ਹੀ ਸਭ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਵਿਆਹ ਵਿਚ ਸਮੇਂ ਸਿਰ ਪਹੁੰਚਣ ਅਤੇ ਕੋਈ ਸ਼ਗਨ ਜਾਂ ਤੋਹਫ਼ੇ ਨਾ ਲਿਆਉਣ ਦੀ ਬੇਨਤੀ ਕੀਤੀ ਗਈ। ਜੇਕਰ ਉਹ ਚਾਹੁੰਦਾ ਤਾਂ ਆਪਣੀ ਹੈਸੀਅਤ ਮੁਤਾਬਿਕ ਲੱਖਾਂ ਰੁਪਏ ਇਕੱਠੇ ਕਰ ਸਕਦਾ ਸੀ। ਪਰ ਕਈ ਨੇੜਲੇ ਨਾਰਾਜ਼ ਹੋਣ ਦੇ ਬਾਵਜੂਦ ਉਸ ਵਲੋਂ ਕਿਸੇ ਤੋਂ ਕੋਈ ਸ਼ਗਨ ਜਾਂ ਤੋਹਫ਼ਾ ਨਹੀਂ ਲਿਆ ਗਿਆ। ਇਸ ਨਿਵੇਕਲੀ ਪਿਰਤ ਦੇ ਵਿਆਹ ਨੂੰ ਸਮੇਂ ਦੀ ਲੋੜ ਅਨੁਸਾਰ ਸ਼ੁਭ ਸੰਦੇਸ਼ ਸਮਝਣਾ ਚਾਹੀਦਾ ਹੈ। ਅੱਜਕਲ੍ਹ ਵਿਆਹਾਂ ਸ਼ਾਦੀਆਂ ਵਿਚ ਨੱਕ ਉੱਚਾ ਰੱਖਣ ਲਈ ਬਹੁਤ ਜ਼ਿਆਦਾ ਖਰਚਾ ਅਤੇ ਦਿਖਾਵਾ ਕੀਤਾ ਜਾ ਰਿਹਾ ਹੈ। ਕਈ ਬੇਲੋੜੀਆਂ ਰਸਮਾਂ ਉੱਪਰ ਰੁਪਈਏ ਪਾਣੀ ਵਾਂਗ ਵਹਾਏ ਜਾਂਦੇ ਹਨ। ਵਿਆਹਾਂ ਵਿਚ ਧਨ ਅਤੇ ਅੰਨ ਦੀ ਬਰਬਾਦੀ ਹੁੰਦੀ ਹੈ। ਇਸ ਤੋਂ ਬਿਨਾਂ ਦਿਖਾਵੇ ਵਾਲੇ ਵਿਆਹਾਂ ਕਾਰਨ ਪੈਦਾ ਹੁੰਦੀ ਟ੍ਰੈਫਿਕ, ਪ੍ਰਦੂਸ਼ਣ, ਖਰੂਦ, ਲੜਾਈ ਝਗੜੇ, ਕਰਜ਼ਾ ਅਤੇ ਸ਼ਰਾਬ ਦੀ ਅੰਨ੍ਹੀ ਵਰਤੋਂ ਸਮਾਜ ਲਈ ਘਾਤਕ ਹੈ, ਜਿਸ ਦੇ ਦੁਰਗਾਮੀ ਸਿੱਟੇ ਭਿਆਨਕ ਹੋਣਗੇ। ਸਮਾਜ ਅਤੇ ਸਰਕਾਰਾਂ ਨੂੰ ਅਜਿਹੇ ਸਾਦੇ ਕਿਸਮ ਦੇ ਵਿਆਹਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।


ਸੱਚੇ ਦੋਸਤ ਦੀ ਭਾਲ
ਅੱਜਕਲ੍ਹ ਅਸੀਂ ਸੱਚੀ ਦੋਸਤੀ ਹੋਣ ਦੇ ਬੜੇ ਭਰਮ ਪਾਲ ਲੈਂਦੇ ਹਾਂ। ਉਂਜ ਸਾਡੇ ਦੋਸਤ ਤਾਂ ਬਹੁਤ ਹੁੰਦੇ ਹਨ ਪਰ ਓਨੇ ਦੋਸਤ ਸਾਡੇ ਕਰੀਬੀ ਨਹੀਂ ਹੁੰਦੇ, ਜਿੰਨੇ ਅਸੀਂ ਸਮਝਦੇ ਹਾਂ। ਅੱਜ ਦੇ ਪਦਾਰਥਵਾਦੀ ਯੁੱਗ ਵਿਚ ਸੱਚੇ ਦੋਸਤ ਲੱਭਣੇ ਬੜੇ ਔਖੇ ਹੋ ਗਏ ਹਨ। ਹੁਣ ਦੇ ਬਹੁਤੇ ਲੋਕ ਦੋਸਤੀ ਆਪਣੇ ਮਤਲਬ ਤੱਕ ਹੀ ਸੀਮਤ ਰੱਖਦੇ ਹਨ। ਪਹਿਲਾਂ ਵਾਲੇ ਲੋਕ ਦੋਸਤੀ ਸੱਚੀ ਨਿਭਾਉਂਦੇ ਸੀ ਤੇ ਦੋਸਤ ਦੀ ਭੈਣ ਨੂੰ ਵੀ ਦਿਲੋਂ ਆਪਣੀ ਭੈਣ ਮੰਨਦੇ ਸੀ। ਹੁਣ ਸੱਚੀ ਦੋਸਤੀ ਸਾਨੂੰ ਬਹੁਤ ਹੀ ਘੱਟ ਮਿਲਦੀ ਹੈ। ਹੁਣ ਨਵਾਂ ਦੋਸਤ ਬਣਾਉਣ ਵਾਲੇ ਇਹੀ ਡਰ ਲਗਦਾ ਰਹਿੰਦਾ ਹੈ ਕਿ ਕਦੇ ਇਹ ਇਨਸਾਨ ਆਪਣੇ ਮਤਲਬ ਤੱਕ ਤਾਂ ਨਹੀਂ ਇਸ ਦੋਸਤੀ ਦਾ ਫ਼ਰਜ਼ ਨਿਭਾਅ ਰਿਹਾ? ਇਸ ਕਰਕੇ ਸੱਚਾ ਦੋਸਤ ਕੋਈ ਕੋਈ ਹੀ ਬਣਦਾ ਹੈ। ਨਹੀਂ ਤਾਂ ਉਂਜ ਦੋਸਤ ਗਿਣਤੀ ਦੇ ਹੀ ਹੁੰਦੇ ਹਨ। ਆਓ, ਸਾਰੇ ਰਲ ਕੇ ਆਪਾਂ ਸੱਚੇ ਦੋਸਤ ਹੋਣ ਦਾ ਸਬੂਤ ਦੇਈਏ।


-ਸੁਖਦੇਵ ਸਿੰਘ ਕੁਸਲਾ
ਤਹਿ: ਸਰਦੂਲਗੜ੍ਹ ਮਾਨਸਾ।


ਸੜਕਾਂ 'ਤੇ ਸੈਲਫ਼ੀਆਂ ਦਾ ਰੁਝਾਨ
ਇਹ ਆਮ ਹੀ ਦੇਖਿਆ ਜਾਂਦਾ ਹੈ ਕਿ ਨੌਜਵਾਨ ਲੜਕੇ-ਲੜਕੀਆਂ ਗੱਡੀ ਜਾਂ ਮੋਟਰਸਾਈਕਲ ਸੜਕ ਕਿਨਾਰੇ ਲਾ ਕੇ ਸੈਲਫੀਆਂ ਲੈਣ ਲੱਗ ਜਾਂਦੇ ਹਨ ਅਤੇ ਬਿਨਾਂ ਧਿਆਨ ਕੀਤਿਆਂ ਹੀ ਅੱਗੇ-ਪਿੱਛੇ ਹੋ ਰਹੇ ਹੁੰਦੇ ਹਨ ਅਤੇ ਕਈ ਵਾਰ ਤਾਂ ਸੜਕਾਂ ਦੇ ਵਿਚ ਆ ਜਾਂਦੇ ਹਨ, ਜਿਸ ਕਾਰਨ ਸੈਲਫੀ ਲੈਣ ਵਾਲਾ ਆਪਣੇ ਨਾਲ-ਨਾਲ ਕਿਸੇ ਰਾਹਗੀਰ ਦੀ ਜਾਨ ਵੀ ਖ਼ਤਰੇ ਵਿਚ ਪਾ ਸਕਦਾ ਹੈ। ਸੜਕਾਂ 'ਤੇ ਸੈਲਫੀਆਂ ਲੈਣ ਦਾ ਰੁਝਾਨ ਜਾਨਲੇਵਾ ਸਾਬਤ ਹੋ ਸਕਦਾ ਹੈ।


-ਬੂਟਾ ਅਰਮਾਨ।


ਸਾਵਧਾਨੀ ਵਰਤਣ ਦੀ ਲੋੜ
ਸਰਦੀਆਂ ਦਾ ਸੀਜ਼ਨ ਜ਼ੋਰਾਂ 'ਤੇ ਹੈ। ਅਸੀਂ ਦੇਖਦੇ ਹਾਂ ਕਿ ਕਿੰਨੀ ਸਰਦੀ ਪੈ ਰਹੀ ਹੈ। ਧੁੱਪਾਂ ਵੀ ਬਹੁਤ ਘੱਟ ਨਿਕਲਦੀਆਂ ਹਨ। ਸੂਰਜ ਦੇ ਦਰਸ਼ਨ ਵੀ ਦੁਰਲੱਭ ਹੋ ਗਏ ਹਨ। ਅਸੀਂ ਆਪਣੇ ਸਰੀਰ ਨੂੰ ਗਰਮ ਰੱਖਣ ਲਈ ਹੀਟਰ-ਅੰਗੀਠੀਆਂ ਦੀ ਵਰਤੋਂ ਕਰਦੇ ਹਾਂ ਤਾਂ ਕਿ ਸਾਡਾ ਸਰੀਰ ਗਰਮ ਰਹੇ। ਅਕਸਰ ਲੋਕ ਸਾਰੀ ਰਾਤ ਕਮਰੇ ਵਿਚ ਹੀਟਰ ਲਗਾ ਕੇ ਸੌਂ ਜਾਂਦੇ ਹਨ। ਪਿੱਛੇ ਵੀ ਅਸੀਂ ਦੇਖਿਆ ਕਿ ਕਮਰੇ ਵਿਚ ਸਾਰੀ ਰਾਤ ਅੰਗੀਠੀ ਜਲਾਉਣ ਨਾਲ ਪਰਿਵਾਰ ਦੇ 5 ਜੀਅ ਮਰ ਗਏ। ਅਜਿਹਾ ਇਸ ਕਾਰਨ ਹੁੰਦਾ ਹੈ ਕਿ ਸਾਰੀ ਰਾਤ ਜੇਕਰ ਅਸੀਂ ਹੀਟਰ ਜਾਂ ਅੰਗੀਠੀ ਬਾਲਦੇ ਹਾਂ ਤਾਂ ਕਮਰੇ ਵਿਚ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ। ਅਕਸਰ ਅੱਜਕਲ੍ਹ ਦੀ ਪੀੜ੍ਹੀ ਨੇ ਸਰੀਰ ਨੂੰ ਸੋਹਲ ਬਣਾ ਲਿਆ ਹੈ। 24 ਘੰਟੇ ਹੀਟਰਾਂ ਦੇ ਮੂਹਰੇ ਬੈਠਦੇ ਹਨ। ਜੇ ਹੀਟਰ ਦੀ ਵਰਤੋਂ ਕਰਨੀ ਹੈ ਤਾਂ ਕਮਰੇ ਵਿਚ ਗਿੱਲੇ ਕੱਪੜੇ ਜਾਂ ਪਾਣੀ ਦੀ ਬਾਲਟੀ ਭਰ ਕੇ ਰੱਖੋ। ਕਮਰੇ ਵਿਚ ਖਿੜਕੀਆਂ, ਦਰਵਾਜ਼ੇ ਖੋਲ੍ਹ ਕੇ ਰੱਖੋ। ਕਿਉਂਕਿ ਘਰ ਵਿਚ 'ਵੈਂਟੀਲੇਸ਼ਨ' ਬਹੁਤ ਜ਼ਰੂਰੀ ਹੈ। ਚਮੜੀ ਵੀ ਖੁਸ਼ਕ ਜਿਹੀ ਹੋ ਜਾਂਦੀ ਹੈ। ਹੀਟਰ ਦੀ ਜ਼ਿਆਦਾ ਵਰਤੋਂ ਅੱਖਾਂ ਦੀ ਨਮੀ ਨੂੰ ਵੀ ਖ਼ਤਮ ਕਰਦੀ ਹੈ, ਜਿਸ ਨਾਲ ਅੱਖਾਂ ਸਬੰਧੀ ਰੋਗ ਪੈਦਾ ਹੋ ਜਾਂਦੇ ਹਨ। ਉਂਜ ਤਾਂ ਹੀਟਰਾਂ, ਬਲੋਅਰਾਂ ਤੋਂ ਗੁਰੇਜ਼ ਕਰੋ। ਕਿਉਂਕਿ ਇਨ੍ਹਾਂ ਚੀਜ਼ਾਂ ਦੇ ਫਾਇਦੇ ਘੱਟ, ਨੁਕਸਾਨ ਜ਼ਿਆਦਾ ਹਨ। ਜੇ ਸਾਡੀ ਸਿਹਤ ਠੀਕ ਰਹੇਗੀ ਤਾਂ ਹੀ ਅਸੀਂ ਕੰਮ ਕਰ ਸਕਾਂਗੇ। ਨਹੀਂ ਤਾਂ ਡਾਕਟਰਾਂ ਕੋਲ ਜਾਣਾ ਪਏਗਾ। ਕਿਸੇ ਨੇ ਠੀਕ ਹੀ ਕਿਹਾ ਹੈ, 'ਸਿਹਤ ਹੈ ਤਾਂ ਜਹਾਨ ਹੈ'।


-ਸੰਜੀਪ ਸਿੰਘ ਸੈਣੀ
ਦੇਸੂ ਮਾਜਰਾ, ਡੇਰਾਬੱਸੀ, ਮੁਹਾਲੀ

21-01-2020

 ਛੱਪੜਾਂ ਦੀ ਦਸ਼ਾ
ਪੇਂਡੂ ਜਨਜੀਵਨ ਦਾ ਅਨਿੱਖੜਵਾਂ ਅੰਗ ਰਹੇ ਪਿੰਡਾਂ ਦੇ ਛੱਪੜ ਜੋ ਕਿਸੇ ਸਮੇਂ ਪਸ਼ੂਆਂ ਨੂੰ ਪਾਣੀ ਪਿਆਉਣ, ਨਹਾਉਣ, ਮੱਛੀ ਪਾਲਣ, ਸੁਆਣੀਆਂ ਵਲੋਂ ਛੱਪੜਾਂ ਵਿਚਲੀ ਚੀਕਣੀ ਮਿੱਟੀ ਨਾਲ ਘਰਾਂ 'ਚ ਲਿੱਪਾ ਪੋਚੀ ਕਰਨ ਤੇ ਕੱਪੜੇ ਧੋਣ ਲਈ ਵਰਤੇ ਜਾਂਦੇ ਸਨ, ਉਹ ਅੱਜ ਲਾਲਚੀ ਲੋਕਾਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਆਪਣੀ ਹੋਂਦ ਗੁਆ ਚੁੱਕੇ ਹਨ। ਨਾਜਾਇਜ਼ ਕਬਜ਼ੇ ਹੋਣ ਕਾਰਨ ਘਰਾਂ ਦਾ ਨਿਕਾਸੀ ਪਾਣੀ ਨਾਲੀਆਂ, ਸੜਕਾਂ ਤੇ ਖੇਤਾਂ ਵਿਚ ਖੜ੍ਹ ਰਿਹਾ ਹੈ, ਜਿਸ ਕਰਕੇ ਲੜਾਈ-ਝਗੜੇ ਹੋ ਰਹੇ ਹਨ ਤੇ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਸਫ਼ਾਈ ਨਾ ਹੋਣ ਕਰਕੇ ਛੱਪੜਾਂ ਦਾ ਦੂਸ਼ਿਤ ਪਾਣੀ ਪਿੰਡ ਦੇ ਜ਼ਮੀਨਦੋਜ਼ ਪਾਣੀਆਂ ਨੂੰ ਵੀ ਵਿਗਾੜ ਰਿਹਾ ਹੈ। ਸਰਪੰਚ ਨੂੰ ਚਾਹੀਦਾ ਹੈ ਕਿ ਮਨਰੇਗਾ ਸਕੀਮ ਤਹਿਤ ਆਉਂਦੀ ਗਰਾਂਟ ਸਿਰਫ ਛੱਪੜ ਦੀ ਸਫ਼ਾਈ ਲਈ ਹੀ ਵਰਤੇ ਤੇ ਵੋਟ ਤੋਂ ਉੱਪਰ ਉੱਠ ਕੇ ਨਾਜਾਇਜ਼ ਕਬਜ਼ੇ ਛੁਡਵਾਉਣ ਲਈ ਅੱਗੇ ਆਏ। ਛੱਪੜਾਂ ਦੀ ਹੋਂਦ ਨੂੰ ਬਚਾਉਣ ਲਈ ਪ੍ਰਸ਼ਾਸਨ ਨੂੰ ਮਾਲ ਵਿਭਾਗ ਤੋਂ ਨਿਸ਼ਾਨਦੇਹੀ ਲੈ ਕੇ ਪਿੰਡ ਦੇ ਛੱਪੜ ਦਾ ਰਕਬਾ ਪੂਰਾ ਕਰ ਕੇ ਇਨ੍ਹਾਂ ਨੂੰ ਪਹਿਲਾਂ ਵਾਲੀ ਸਥਿਤੀ ਵਿਚ ਲਿਆਉਣਾ ਚਾਹੀਦਾ ਹੈ। ਸੀਚੇਵਾਲ ਮਾਡਲ ਵਾਂਗ ਪੰਜਾਬ ਦੇ ਹੋਰਨਾਂ ਪਿੰਡਾਂ ਦੇ ਛੱਪੜਾਂ ਦੀ ਹਾਲਤ ਵੀ ਸੁਧਾਰੀ ਜਾਵੇ। ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿਗਦੇ ਮਿਆਰ ਨੂੰ ਸੁਧਾਰਨ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਛੱਪੜ ਦਾ ਪਾਣੀ ਇਕੱਠਾ ਕਰਕੇ ਸਿੰਜਾਈ ਲਈ ਵਰਤਣ ਲਈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੋਂ ਸਹਾਇਤਾ ਲੈ ਕੇ ਛੱਪੜਾਂ ਦੀ ਹਾਲਤ ਸੁਧਾਰਨੀ ਚਾਹੀਦੀ ਹੈ ਤਾਂ ਹੀ ਅਸੀਂ ਅਗਾਂਹਵਧੂ ਤੇ ਖੁਸ਼ਹਾਲ ਪਿੰਡ ਬਾਰੇ ਸੋਚ ਸਕਦੇ ਹਾਂ।

-ਸ਼ਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆਂ, ਡਾਕ: ਚੀਮਾਂ ਖੁੱਡੀ, ਜ਼ਿਲ੍ਹਾ ਗੁਰਦਾਸਪੁਰ।

ਵਧ ਰਹੀ ਆਬਾਦੀ ਦੀ ਚੁਣੌਤੀ
ਸੰਪਾਦਕੀ ਸਫ਼ੇ 'ਤੇ ਡਾ: ਬਰਜਿੰਦਰ ਸਿੰਘ ਹਮਦਰਦ ਜੀ ਦਾ ਲੇਖ 'ਵਧ ਰਹੀ ਆਬਾਦੀ ਦੀ ਚੁਣੌਤੀ' ਭਾਰਤ ਦੀ ਤਾਜ਼ਾ ਸਥਿਤੀ ਨੂੰ ਬਿਆਨ ਕਰਦਾ ਹੈ। ਇਹ ਇਕ ਚਿੰਤਾ ਦਾ ਵਿਸ਼ਾ ਹੈ। ਆਬਾਦੀ ਪੱਖੋਂ ਚੀਨ ਵਿਸ਼ਵ ਦਾ ਪਹਿਲਾ ਦੇਸ਼ ਹੈ। ਪਰ ਜੋ ਤਾਜ਼ਾ ਅੰਕੜੇ ਸਾਡੇ ਸਾਹਮਣੇ ਆਏ ਹਨ, ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਾਰਤ ਚੀਨ ਤੋਂ ਮੂਹਰੇ ਲੰਘ ਜਾਏਗਾ। ਚੀਨ ਵਿਚ ਆਬਾਦੀ 'ਤੇ ਕੰਟਰੋਲ ਕਰਨ ਲਈ ਯੋਜਨਾਵਾਂ ਨੂੰ ਲਾਗੂ ਵੀ ਕਰ ਦਿੱਤਾ ਗਿਆ ਹੈ। ਵਧਦੀ ਆਬਾਦੀ ਨਾਲ ਬੇਰੁਜ਼ਗਾਰੀ ਦੀ ਸਮੱਸਿਆ ਹੋਰ ਵਧੇਗੀ। ਪਹਿਲਾਂ ਹੀ ਭਾਰਤ ਦੀ ਅਰਥ-ਵਿਵਸਥਾ ਮੰਦੀ 'ਚੋਂ ਗੁਜ਼ਰ ਰਹੀ ਹੈ। ਆਬਾਦੀ ਵਧੇਗੀ ਤਾਂ ਅਨਪੜ੍ਹਤਾ ਵੀ ਵਧੇਗੀ। ਸਰਕਾਰਾਂ ਨੂੰ ਪਿੰਡਾਂ ਤੇ ਬਲਾਕ ਲੈਵਲ ਤੇ ਅਜਿਹੇ ਪ੍ਰੋਗਰਾਮ ਕਰਨੇ ਚਾਹੀਦੇ ਹਨ, ਜਿਸ ਨਾਲ ਲੋਕਾਂ ਨੂੰ ਪਰਿਵਾਰ ਨਿਯੋਜਨ ਬਾਰੇ ਜਾਣਕਾਰੀ ਮਿਲੇ। ਜ਼ਮੀਨ ਹੇਠਲਾ ਪਾਣੀ ਖ਼ਤਮ ਹੋ ਰਿਹਾ ਹੈ। ਖੇਤੀਯੋਗ ਜ਼ਮੀਨ ਘਟ ਰਹੀ ਹੈ। ਗਰਮੀ ਵਧ ਰਹੀ ਹੈ। ਹਰ ਜਗ੍ਹਾ ਲੋਕਾਂ ਦੀ ਭੀੜ ਹੀ ਭੀੜ ਦਿਖਦੀ ਹੈ। ਆਬਾਦੀ ਨੂੰ ਕੰਟਰੋਲ ਕਰਨ ਲਈ ਔਰਤਾਂ ਨੂੰ ਸਿੱਖਿਅਤ ਕਰਨਾ, ਸਿਹਤ ਸਹੂਲਤਾਂ ਵਿਚ ਸੁਧਾਰ ਕਰਨਾ, ਸਿੱਖਿਆ ਦਾ ਪ੍ਰਸਾਰ ਕਰਨਾ, ਨਸਬੰਦੀ ਕਰਨੀ। ਆਮ ਲੋਕਾਂ ਨੂੰ ਆਪਣੇ ਫ਼ਰਜ਼ਾਂ ਤੋਂ ਜਾਣੂ ਕਰਵਾਉਣਾ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਮਨੁੱਖੀ ਅਧਿਕਾਰਾਂ ਦੀ ਰਾਖੀ
ਜਦੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਤਾਂ ਪੀੜਤ ਲੋਕ ਨਿਆਂਪਾਲਿਕਾ ਦਾ ਸਹਾਰਾ ਲੈਂਦੇ ਹਨ। ਪਰ ਅੱਜ ਦੇ ਦੌਰ ਵਿਚ ਨਿਆਂਪਾਲਿਕਾ ਰਾਜਨੀਤੀਵਾਨਾਂ ਦੇ ਹੱਥਾਂ ਵਿਚ ਚਲੀ ਗਈ ਹੈ। ਆਮ ਆਦਮੀ ਸੋਚਣ ਲੱਗ ਪਿਆ ਹੈ ਕਿ ਉਹ ਨਿਆਂ ਲਈ ਕਿਸ ਅੱਗੇ ਫਰਿਆਦ ਕਰੇ। ਅੱਜ ਜਦੋਂ ਕੋਈ ਪੀੜਤ ਨਿਆਂ ਲੈਣ ਲਈ ਸਰਬਉੱਚ ਅਦਾਲਤ ਦਾ ਦਰਵਾਜ਼ਾ ਖੜਕਾਉਂਦਾ ਹੈ ਤਾਂ ਸਰਬਉੱਚ ਅਦਾਲਤ ਪੀੜਤ ਨੂੰ ਹੇਠਲੀ ਅਦਾਲਤ ਵਿਚ ਜਾਣ ਲਈ ਕਹਿੰਦੀ ਹੈ ਤਾਂ ਨਿਆਂ ਲੈਣ ਵਾਲਾ ਆਪਣੇ ਬੁਨਿਆਦੀ ਹੱਕਾਂ ਤੋਂ ਵਾਂਝਾ ਮਹਿਸੂਸ ਕਰਦਾ ਹੈ। ਬੁਨਿਆਦੀ ਅਧਿਕਾਰਾਂ ਦੀ ਜ਼ਿੰਮੇਵਾਰੀ ਜੇ ਨਿਆਂਪਾਲਿਕਾ ਨੇ ਨਹੀਂ ਲੈਣੀ ਤਾਂ ਪੀੜਤ ਕਿੱਥੇ ਜਾਵੇ? ਅੱਜ ਜੋ ਕੁਝ ਦੇਸ਼ ਵਿਚ ਹੋ ਰਿਹਾ ਹੈ, ਕੀ ਨਿਆਂਪਾਲਿਕਾ ਵੇਖ ਨਹੀਂ ਰਹੀ? ਅਜੋਕੀ ਨਿਆਂ ਵਿਵਸਥਾ ਨੇ ਭਾਰਤੀ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਖ਼ਾਸ ਤੌਰ 'ਤੇ ਘੱਟ-ਗਿਣਤੀ ਭਾਈਚਾਰਾ ਬੇਨਿਯਮੀਆਂ ਵਿਚ ਪਿਸ ਰਿਹਾ ਹੈ। ਅਸਫਲ ਹੋ ਰਹੀ ਨਿਆਂਪਾਲਿਕਾ ਨੂੰ ਆਪਣੇ ਫ਼ਰਜ਼ ਪਛਾਣਦਿਆਂ ਪੀੜਤ ਲੋਕਾਂ ਦੇ ਹੱਕ ਵਿਚ ਆਉਣਾ ਚਾਹੀਦਾ ਹੈ। ਅੱਜ ਸਾਡੀ ਸਰਬਉੱਚ ਅਦਾਲਤ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੀ ਗੱਲ ਨਹੀਂ ਕਰਦੀ ਤਾਂ ਸਾਡੇ ਭਾਰਤ ਵਾਸੀਆਂ ਦੀ ਬਦਕਿਸਮਤੀ ਹੈ।

-ਜਗਤਾਰ ਗਿੱਲ, ਬੱਲ ਸਚੰਦਰ, ਅੰਮ੍ਰਿਤਸਰ।

ਮਾਂ-ਬੋਲੀ ਦੇ ਸੇਵਕ
ਪੰਜਾਬੀ ਗਾਇਕਾਂ ਨੂੰ ਲੈ ਕੇ ਕੋਈ ਨਾ ਕੋਈ ਵਿਵਾਦ ਚਲਦਾ ਹੀ ਰਹਿੰਦਾ ਹੈ। ਇਹ ਵਿਵਾਦ ਭਾਵੇਂ ਉਨ੍ਹਾਂ ਦੇ ਆਪਸੀ ਕਾਟੋ ਕਲੇਸ਼ ਦਾ ਹੋਵੇ ਜਾਂ ਫਿਰ ਉਨ੍ਹਾਂ ਦੇ ਕਿਸੇ ਅਜਿਹੇ ਗੀਤ ਨੂੰ ਲੈ ਕੇ ਜੋ ਹਥਿਆਰਾਂ, ਲੜਾਈ-ਝਗੜਿਆਂ ਅਤੇ ਲੱਚਰਤਾ ਨੂੰ ਵਧਾਵਾ ਦੇ ਰਿਹਾ ਹੁੰਦਾ ਹੈ। ਜਦੋਂ ਕੋਈ ਅਖ਼ਬਾਰ ਜਾਂ ਟੀ.ਵੀ. ਚੈਨਲ ਇਨ੍ਹਾਂ ਗਾਇਕਾਂ ਨੂੰ ਅਸੱਭਿਅਕ ਗੀਤਾਂ ਲਈ ਲੱਗ ਰਹੇ ਇਲਜ਼ਾਮਾਂ ਬਾਰੇ ਸਵਾਲ ਕਰਦਾ ਹੈ ਤਾਂ ਇਨ੍ਹਾਂ ਹਰ ਇਕ ਦਾ ਇਹੀ ਘੜਿਆ-ਘੜਾਇਆ ਜਵਾਬ ਹੁੰਦਾ ਕਿ ਅਸੀਂ ਉਹੀ ਗਾ ਰਹੇ ਹਾਂ ਜੋ ਲੋਕ ਪਸੰਦ ਕਰਦੇ ਹਨ। ਪਰ ਇਹ ਜਵਾਬ ਗ਼ਲਤ ਉਸ ਸਮੇਂ ਹੁੰਦਾ ਜਦੋਂ ਇਨ੍ਹਾਂ ਹੀ ਗਾਇਕਾਂ ਦੇ ਮੂੰਹੋਂ ਬਹੁਤ ਵਾਰ ਇੰਟਰਵਿਊ ਰਾਹੀਂ ਬੋਲਦਿਆਂ ਇਹ ਵੀ ਸੁਣਿਆ ਕਿ ਅਸੀਂ ਪੰਜਾਬੀ ਮਾਂ-ਬੋਲੀ ਅਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੇ ਹਾਂ। ਅੱਜ ਦੇ ਦੌਰ ਵਿਚ ਇਹ ਦੋਵੇਂ ਗੱਲਾਂ ਵਿਰੋਧੀ ਹਨ। ਸਿਰਫ ਪੈਸਾ ਅਤੇ ਸ਼ੋਹਰਤ ਕਮਾਉਣ ਲਈ ਗਾਉਣਾ ਤਾਂ ਪੰਜਾਬੀ ਸੱਭਿਆਚਾਰ ਅਤੇ ਬੋਲੀ ਦੀ ਸੇਵਾ ਨਹੀਂ ਹੋ ਸਕਦੀ। ਜੇਕਰ ਪੰਜਾਬੀ ਭਾਸ਼ਾ ਦੀ ਸੇਵਾ ਕਰਨ ਵਾਲਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਮਹਾਨ ਪੰਜਾਬੀ ਲੇਖਕਾਂ ਅਤੇ ਬੁੱਧੀਜੀਵੀਆਂ ਦੇ ਨਾਂਅ ਸਾਹਮਣੇ ਆਉਂਦੇ ਹਨ, ਜਿਨ੍ਹਾਂ ਦੀ ਇਕ ਕਿਤਾਬ ਛਪ ਕੇ ਦੂਜੀ ਨੂੰ ਛਾਪਣ ਜੋਗੇ ਪੈਸੇ ਭਾਵੇਂ ਨਾ ਬਣਨ ਪਰ ਉਨ੍ਹਾਂ ਨੇ ਆਪਣੀ ਕਲਮ ਨਾਲ ਸਮਝੌਤਾ ਨਹੀਂ ਕੀਤਾ। ਜੇ ਚਾਹੁੰਦੇ ਤਾਂ ਉਹ ਵੀ ਆਪਣੀ ਕਲਮ ਵਿਚ ਸ਼ੋਹਰਤ ਤੇ ਪੈਸੇ ਦੀ ਕਮਾਈ ਵਾਲੀ ਸਿਆਹੀ ਭਰ ਸਕਦੇ ਸਨ ਪਰ ਜਾਗਦੀ ਜ਼ਮੀਰ ਵਾਲੇ ਅਜਿਹਾ ਨਹੀਂ ਕਰਦੇ।

-ਗੁਰਦੀਪ ਸਿੰਘ ਬਰਾੜ, ਕੋਟਲੀ ਅਬਲੂ।

ਚਾਇਨਾ ਡੋਰ
ਭਾਵੇਂ ਸਰਕਾਰ ਵਲੋਂ ਚਾਇਨਾ ਡੋਰ ਦੀ ਵਿਕਰੀ 'ਤੇ ਪੂਰੀ ਪਾਬੰਦੀ ਲਗਾਈ ਹੋਈ ਹੈ ਅਤੇ ਗਾਹੇ-ਬਗਾਹੇ ਚੈਕਿੰਗ ਵੀ ਕੀਤੀ ਜਾਂਦੀ ਹੈ ਪਰ ਫਿਰ ਵੀ ਚਾਇਨਾ ਡੋਰ ਦੀ ਵਿਕਰੀ ਹੋ ਰਹੀ ਹੈ। ਬੱਚੇ, ਜਵਾਨ ਸ਼ਰ੍ਹੇਆਮ ਅਜਿਹੀ ਡੋਰ ਨਾਲ ਪਤੰਗਾਂ ਉਡਾ ਰਹੇ ਹਨ, ਜਿਸ ਨਾਲ ਕਈ ਵਾਰ ਹਾਦਸੇ ਹੋਣ ਦੇ ਨਾਲ-ਨਾਲ ਪੰਛੀਆਂ ਅਤੇ ਰਾਹਗੀਰਾਂ ਲਈ ਮੁਸੀਬਤ ਦਾ ਕਾਰਨ ਬਣਦੀ ਹੈ। ਅਕਸਰ ਹੀ ਜਿਥੇ ਅਸਮਾਨ ਵਿਚ ਉਡਣ ਵਾਲੇ ਪੰਛੀ ਇਸ ਡੋਰ ਵਿਚ ਫਸ ਜਾਂਦੇ ਹਨ ਅਤੇ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ, ਉਥੇ ਹੀ ਇਹ ਡੋਰ ਪਤੰਗਾਂ ਦੇ ਨਾਲ ਬਿਜਲੀ ਦੀਆਂ ਤਾਰਾਂ ਵਿਚ ਫਸ ਜਾਂਦੀ ਹੈ ਜੋ ਕਿ ਖਿੱਚਣ ਨਾਲ ਟੁੱਟਦੀ ਨਹੀਂ। ਇਸ ਦੀ ਵਿਕਰੀ 'ਤੇ ਸੰਪੂਰਨ ਰੂਪ ਵਿਚ ਪਾਬੰਦੀ ਲੱਗਣੀ ਚਾਹੀਦੀ ਹੈ ਅਤੇ ਕੁਤਾਹੀ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

-ਅਮਰੀਕ ਚੀਮਾ, ਸ਼ਾਹਬਾਦੀਆ, ਜਲੰਧਰ।

20-01-2020

 ਵੱਡਾ ਟੀਚਾ ਰੱਖ ਕੇ ਜ਼ਿੰਦਗੀ ਜੀਓ
ਜ਼ਿੰਦਗੀ ਇਕ ਕਲਾ ਹੈ। ਜ਼ਿੰਦਗੀ ਤੋਂ ਬਹੁਤ ਕੁਝ ਸਿੱਖੋ। ਜ਼ਿੰਦਗੀ ਸਾਨੂੰ ਜੀਵਨ ਜੀਣ ਦਾ ਢੰਗ ਸਿਖਾਉਂਦੀ ਹੈ। ਜ਼ਿੰਦਗੀ ਨੂੰ ਵਧੀਆ ਨਿਖਾਰਨ ਲਈ ਇਕ ਟੀਚਾ ਰੱਖੋ। ਜੇ ਸਾਡਾ ਟੀਚਾ ਵਧੀਆ ਹੋਏਗਾ ਤਾਂ ਹੀ ਅਸੀਂ ਮੰਜ਼ਿਲ ਸਰ ਕਰ ਸਕਦੇ ਹਾਂ। ਕਈ ਲੋਕ ਸੋਚਦੇ ਹਨ ਕਿ ਮੈਂ ਵੱਡੀ ਗੱਡੀ ਲੈ ਲਈ ਜਾਂ ਮੈਂ ਵੱਡੀ ਕੋਠੀ ਜਾਂ ਮਕਾਨ ਲੈ ਲਿਆ ਜਾਂ ਸ਼ਹਿਰ ਵਿਚ ਬਹੁਤ ਜ਼ਿਆਦਾ ਜਾਇਦਾਦ ਬਣਾ ਲਈ ਇਸ ਨੂੰ ਜ਼ਿੰਦਗੀ ਦਾ ਉਦੇਸ਼ ਸਮਝਦੇ ਹਨ ਪਰ ਇਸ ਨੂੰ ਜ਼ਿੰਦਗੀ ਦਾ ਉਦੇਸ਼ ਨਹੀਂ ਕਹਿ ਸਕਦੇ। ਹਰ ਇਕ ਦਾ ਉਦੇਸ਼ ਹੁੰਦਾ ਹੈ ਕਿ ਜ਼ਿੰਦਗੀ ਵਿਚ ਉੱਚਾ ਤੇ ਵਧੀਆ ਟੀਚਾ ਹੋਵੇ ਹਰ ਇਕ ਦਿਨ ਨਵੀਂ ਉਮੀਦ ਲੈ ਕੇ ਆਉਂਦਾ ਹੈ। ਹਰ ਇਕ ਦਿਨ ਨੂੰ ਵਧੀਆ ਜੀਓ। ਹਮੇਸ਼ਾ ਵਧੀਆ ਸੋਚੋ। ਪਲਾਨਿੰਗ ਮੁਤਾਬਿਕ ਹਰ ਦਿਨ ਨੂੰ ਢਾਲੋ। ਜਦੋਂ ਤੁਸੀਂ ਟੀਚੇ ਤੇ ਪੁੱਜ ਜਾਂਦੇ ਹੋ ਉਹੀ ਜ਼ਿੰਦਗੀ ਦਾ ਮਹੱਤਵਪੂਰਨ ਸਮਾਂ ਜ਼ਿੰਦਗੀ ਦਾ ਉਦੇਸ਼ ਹੁੰਦਾ ਹੈ। ਕਦੇ ਵੀ ਝੂਠ ਦਾ ਸਹਾਰਾ ਨਾ ਲਵੋ। ਜੇ ਝੂਠ ਬੋਲਦੇ ਰਹਾਂਗੇ ਤਾਂ ਸਾਡਾ ਟੀਚਾ ਪੂਰਨ ਨਹੀਂ ਹੋਏਗਾ। ਆਪਣੇ ਮਨ ਨੂੰ ਚਾਹੇ ਟੀਚੇ ਤੱਕ ਮਿਹਨਤ ਨਾਲ ਪੁੱਜਣਾ ਹੀ ਤਰੱਕੀ ਹੈ। ਕਾਰਾਂ, ਕੋਠੀਆਂ, ਬੰਗਲੇ ਇਹ ਕੋਈ ਤਰੱਕੀ ਨਹੀਂ ਹੈ। ਜੇ ਤੁਸੀਂ ਜ਼ਿੰਦਗੀ ਵਿਚ ਆਪਣਾ ਉਦੇਸ਼ ਹਾਸਲ ਕਰ ਲਿਆ ਉਹੀ ਤਰੱਕੀ ਹੈ। ਜਦੋਂ ਵੀ ਮਾੜਾ ਸਮਾਂ ਆਉਂਦਾ ਡੋਲੋ ਨਾ। ਕਈ ਵਾਰ ਕਹਿੰਦੇ ਹਨ ਕਿ ਸਮਾਂ ਸਾਡੀ ਗਵਾਹੀ ਦਿੰਦਾ ਹੈ। ਤੁਸੀਂ ਆਪਣਾ ਕੰਮ ਕਰਦੇ ਰਹੋ ਤਾਂ ਹੀ ਤੁਸੀਂ ਵਧੀਆ ਟੀਚਾ ਹਾਸਲ ਕਰ ਸਕਦੇ ਹੋ।


-ਸੰਜੀਵ ਸਿੰਘ ਸੈਣੀ
ਦੇਸੂ ਮਾਜਰਾ, ਮੁਹਾਲੀ।


ਭ੍ਰਿਸ਼ਟ ਰਾਜਨੀਤਕ ਵਿਵਸਥਾ ਤੇ ਪ੍ਰਵਾਸੀ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਸਫੇ 'ਤੇ ਗੁਰਮੀਤ ਸਿੰਘ ਪਲਾਹੀ ਦਾ ਲੇਖ 'ਭ੍ਰਿਸ਼ਟ ਰਾਜਨੀਤਕ ਵਿਵਸਥਾ ਤੋਂ ਪ੍ਰੇਸ਼ਾਨ ਹਨ ਪ੍ਰਵਾਸੀ' ਪੜ੍ਹਿਆ। ਜੋ ਕਿ ਪ੍ਰਵਾਸੀਆਂ ਖਾਸ ਕਰ ਪੰਜਾਬੀ ਪ੍ਰਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਉਜਾਗਰ ਕਰਦਾ ਹੈ। ਵਾਕਈ ਅੱਜ ਪ੍ਰਵਾਸੀ ਪੰਜਾਬੀਆਂ ਦੀਆਂ ਜ਼ਮੀਨਾਂ, ਘਰਾਂ 'ਤੇ ਭੂ-ਮਾਫੀਏ ਅਤੇ ਰਿਸ਼ਤੇਦਾਰਾਂ ਵਲੋਂ ਕਬਜ਼ੇ ਕੀਤੇ ਜਾ ਰਹੇ ਹਨ। ਸਰਕਾਰਾਂ ਨੇ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਐਨ.ਆਰ.ਆਈ. ਸਭਾ ਅਤੇ ਐਨ.ਆਰ.ਆਈ. ਥਾਣਿਆਂ ਦਾ ਗਠਨ ਕੀਤਾ ਸੀ। ਪਰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਲੋੜ ਪੈਣ 'ਤੇ ਨਾ ਹੀ ਐਨ.ਆਰ.ਆਈ. ਸਭਾ ਪ੍ਰਵਾਸੀਆਂ ਦੀ ਬਾਂਹ ਫੜਦੀ ਹੈ ਅਤੇ ਨਾ ਹੀ ਭ੍ਰਿਸ਼ਟਾਚਾਰ ਤੋਂ ਮੁਕਤ ਇਨਸਾਫ਼ ਐਨ.ਆਰ.ਆਈ. ਥਾਣਿਆਂ ਤੋਂ ਮਿਲਦਾ ਹੈ। ਲੋੜ ਹੈ ਪ੍ਰਵਾਸੀਆਂ ਦੀਆਂ ਜ਼ਮੀਨੀ ਹਕੀਕਤਾਂ ਨੂੰ ਸਮਝ ਕੇ ਇਨਸਾਫ਼ ਦਿਵਾਇਆ ਜਾਵੇ ਤਾਂ ਕਿ ਪ੍ਰਵਾਸੀਆਂ ਦਾ ਆਪਣੀ ਮਾਤ-ਭੂਮੀ ਨਾਲ ਮੋਹ ਬਣਿਆ ਰਹੇ।


-ਇੰਜ: ਰਛਪਾਲ ਸਿੰਘ ਚਨੂੰਵਾਲਾ
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।


ਨਿਆਇਕ ਪ੍ਰਕਿਰਿਆ ਵਿਚ ਦੇਰੀ
ਦੇਸ਼ ਦੀਆਂ ਮਾਣਯੋਗ ਅਦਾਲਤਾਂ ਵਿਚ ਲਟਕ ਰਹੇ ਕੇਸਾਂ ਕਾਰਨ ਆਮ ਲੋਕਾਂ ਨੂੰ ਨਿਆਂ ਲੈਣ ਲਈ ਬਹੁਤ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ, ਬਹੁਤੇ ਆਮ ਲੋਕਾਂ ਦੀ 50 ਸਾਲ ਉਮਰ ਵਿਚ ਨਿਆਂ ਦੇ ਇੰਤਜ਼ਾਰ ਵਿਚ ਲੰਘ ਜਾਂਦੀ ਹੈ, ਬਹੁਤੇ ਕੇਸਾਂ ਵਿਚ 'ਦੇਰੀ ਨਾਲ ਮਿਲਿਆ ਨਿਆਂ ਵੀ ਅਨਿਆਂ' ਵਰਗਾ ਹੁੰਦਾ ਹੈ। ਅਦਾਲਤਾਂ ਵਿਚ ਕੇਸਾਂ ਦਾ ਵਧਣਾ ਆਬਾਦੀ ਦਾ ਵੱਧ ਹੋਣਾ ਵੀ ਹੈ। ਅਦਾਲਤਾਂ ਵਿਚ ਤਰੀਕ 'ਤੇ ਤਰੀਕ ਵਾਲੀ ਸਥਿਤੀ ਵੀ ਬਦਲਣੀ ਚਾਹੀਦੀ ਹੈ। ਕਾਰਜਪਾਲਿਕਾ ਤੇ ਵਿਧਾਨ ਪਾਲਿਕਾ ਅਤੇ ਨਿਆਂਪਾਲਿਕਾ ਕਿਸੇ ਵੀ ਰਾਸ਼ਟਰ ਦੇ ਥੰਮ੍ਹ ਹਨ, ਆਮ ਲੋਕਾਂ ਦਾ ਭਰੋਸਾ ਨਿਆਂਪਾਲਿਕਾ 'ਤੇ ਹੀ ਟਿਕਦਾ ਹੈ। ਨਿਆਂਪਾਲਿਕਾ ਨੂੰ ਸੱਭਿਅਕ ਰਾਸ਼ਟਰ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਹੈ। ਉੱਚ ਅਦਾਲਤ ਤੇ ਸਰਕਾਰਾਂ ਨੂੰ ਖਾਲੀ ਜੱਜਾਂ ਦੀਆਂ ਥਾਵਾਂ ਨੂੰ ਭਰਨਾ ਅਤੇ ਹੋਰ ਨਵੀਆਂ ਨਿਯੁਕਤੀਆਂ ਕਰਨੀਆਂ ਚਾਹੀਦੀਆਂ ਹਨ। ਆਮ ਲੋਕਾਂ ਨੂੰ ਨਿਆਂ ਬਿਨਾਂ ਦੇਰੀ ਤੋਂ ਮਿਲਣਾ ਚਾਹੀਦਾ ਹੈ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਪਟਿਆਲਾ।


ਭੁੱਖ ਬੁਰੀ...
ਭੁੱਖ ਇਨਸਾਨ ਨੂੰ ਕੀ ਕੁਝ ਕਰਨ ਲਈ ਮਜਬੂਰ ਕਰ ਦਿੰਦੀ ਹੈ, ਇਸ ਦੀ ਇਕ ਭਿਆਨਕ ਤਸਵੀਰ ਝਾਰਖੰਡ ਵਿਚ ਦੇਖਣ ਲਈ ਮਿਲੀ ਹੈ। ਇਥੇ ਕਈ ਦਿਨਾਂ ਤੋਂ ਭੁੱਖੀ ਇਕ ਔਰਤ ਨੂੰ ਜਦੋਂ ਖਾਣ ਲਈ ਕੁਝ ਹੋਰ ਨਾ ਮਿਲਿਆ ਤਾਂ ਉਸ ਨੇ ਇਕ ਕਬੂਤਰ ਫੜ ਕੇ ਜਿਊਂਦਾ ਹੀ ਖਾਣਾ ਸ਼ੁਰੂ ਕਰ ਦਿੱਤਾ। ਹੋਰ ਵੀ ਦੁਖਾਂਤਕ ਪਹਿਲੂ ਹੈ ਕਿ ਉਥੇ ਤਮਾਸ਼ਬੀਨਾਂ ਦੀ ਭੀੜ ਮਹਾਨ ਭਾਰਤ ਦੀ ਹੋਣੀ ਨੂੰ ਮੋਬਾਈਲਾਂ ਵਿਚ ਕੈਦ ਕਰਦੀ ਰਹੀ। ਕੂੜੇ ਦੇ ਢੇਰਾਂ ਵਿਚੋਂ ਭੁੱਖ ਮਿਟਾਉਣ ਦਾ ਯਤਨ ਹਰ ਸ਼ਹਿਰ ਦੀ ਕਹਾਣੀ ਬਣਦੀ ਜਾ ਰਹੀ ਹੈ। ਆਏ ਦਿਨ ਰੋਟੀ ਖੁਣੋਂ ਮੌਤ ਦਾ ਸ਼ਿਕਾਰ ਹੋਣ ਵਾਲੇ ਬੱਚਿਆਂ ਦੇ ਅੰਕੜੇ ਹਿਰਦੇ-ਵੇਦਕ ਹਨ। ਉਂਜ ਵੀ 'ਗਲੋਬਲ ਹੰਗਰ ਇੰਡੈਕਸ' ਦੀ ਰਿਪੋਰਟ ਅਨੁਸਾਰ ਭੁੱਖਮਰੀ ਵਿਚ 120 ਦੇਸ਼ਾਂ ਵਿਚੋਂ ਭਾਰਤ ਦਾ 107ਵਾਂ ਸਥਾਨ ਹੈ। ਇਸ ਤਰ੍ਹਾਂ ਸਾਡੇ ਦੇਸ਼ ਵਿਚ ਭੁੱਖਮਰੀ ਇਕ ਵੱਡੀ ਸਮੱਸਿਆ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਉਣ ਵਾਲੇ ਬਜਟ ਵਿਚ ਭੁੱਖਮਰੀ ਦੂਰ ਕਰਨ ਲਈ ਠੋਸ ਯਤਨ ਸ਼ੁਰੂ ਕਰੇ।


-ਲੈਕ: ਰਜਿੰਦਰ ਸਿੰਘ ਪਹੇੜੀ


ਕੰਮ ਦੀ ਭਾਲ
ਕੁਝ ਦਹਾਕੇ ਪਹਿਲਾਂ ਪਿੰਡਾਂ, ਸ਼ਹਿਰਾਂ ਵਿਚ ਦਾਣੇ ਭੁੰਨਣ ਵਾਲੀਆਂ ਭੱਠੀਆਂ ਆਮ ਹੀ ਹੁੰਦੀਆਂ ਸਨ, ਜਿਥੋਂ ਕਿ ਲੋਕ ਦਾਣੇ, ਖ਼ਾਸ ਕਰਕੇ ਮੂੰਗਫਲੀ, ਮੱਕੀ ਅਤੇ ਛੋਲੇ ਆਦਿ ਭੁਨਾ ਕੇ ਖਾਂਦੇ ਸਨ। ਭੱਠੀਆਂ 'ਤੇ ਖਾਸ ਕਰਕੇ ਲੋਹੜੀ 'ਤੇ ਰੌਣਕ ਵੇਖਣ ਵਾਲੀ ਹੀ ਹੁੰਦੀ ਸੀ। ਪੰਜਾਬਣਾਂ ਵਲੋਂ ਸਰਦੀਆਂ ਦੇ ਮੌਸਮ ਵਿਚ ਸਰਦੀ ਤੋਂ ਬਚਣ ਲਈ ਰੂੰ-ਪਿੰਜਣ ਵਾਲੀਆਂ ਮਸ਼ੀਨਾਂ 'ਤੇ ਜਾ ਕੇ ਨਵਾਂ ਜਾਂ ਪੁਰਾਣਾ ਰੂੰ ਪਿੰਜਾ ਕੇ ਰਜਾਈਆਂ/ਤਲਾਈਆਂ ਆਪ ਭਰੀਆਂ ਜਾਂਦੀਆਂ ਸਨ। ਪ੍ਰੰਤੂ ਕੰਮ ਦੀ ਭਾਲ ਵਿਚ ਪੰਜਾਬ ਆਏ ਪ੍ਰਵਾਸੀ ਮਜ਼ਦੂਰਾਂ ਨੇ ਤਕਰੀਬਨ ਹੁਣ ਇਹ ਕੰਮ ਖਾਸ ਕਰਕੇ ਸ਼ਹਿਰਾਂ ਅਤੇ ਕਈ ਪਿੰਡਾਂ ਵਿਚ ਸੰਭਾਲ ਹੀ ਲਿਆ ਹੈ ਅਤੇ ਉਥੇ ਹੀ ਦਾਣੇ ਭੁੰਨਣ ਦਾ ਕੰਮ ਵੀ ਜ਼ਿਆਦਾਤਰ ਪ੍ਰਵਾਸੀਆਂ ਵਲੋਂ ਸੜਕਾਂ ਕਿਨਾਰੇ ਜਾਂ ਰੇਹੜੀਆਂ 'ਤੇ ਕੀਤਾ ਜਾਂਦਾ ਆਮ ਦੇਖਿਆ ਜਾਂਦਾ ਹੈ, ਜਿਥੇ ਉਹ ਆਪਣਾ ਕੰਮ ਪੂਰੀ ਲਗਨ ਅਤੇ ਮਿਹਨਤ ਨਾਲ ਕਰਦੇ ਹਨ ਪਰ ਪ੍ਰਵਾਸੀ ਮਜ਼ਦੂਰਾਂ ਵਲੋਂ ਕੰਮ ਸਾਂਭਣ ਦੇ ਕਾਰਨ ਹੁਣ ਪੰਜਾਬੀ ਨੌਜਵਾਨ ਰੁਜ਼ਗਾਰ ਤੋਂ ਸੱਖਣੇ ਹੋ ਗਏ ਹਨ, ਜਿਸ ਕਰਕੇਜ਼ਿਆਦਾਤਰ ਪੰਜਾਬੀ ਵਿਦੇਸ਼ਾਂ ਵੱਲ ਨੂੰ ਕੰਮ ਦੀ ਭਾਲ ਵਿਚ ਜਾ ਰਹੇ ਹਨ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਸ਼ਾਹਾਂ ਦਾ ਕਰਜ਼ ਬੁਰਾ
ਸਵਰਗੀ ਗਾਇਕਾ ਜਗਮੋਹਨ ਕੌਰ ਦੇ ਗੀਤ ਦੀ ਪਹਿਲੀ ਤੁਕ 'ਸ਼ਾਹਾਂ ਦਾ ਕਰਜ਼ ਬੁਰਾ' ਕਾਫੀ ਕੁਝ ਸੋਚਣ ਲਈ ਮਜਬੂਰ ਕਰਦੀ ਹੈ। 'ਕਰਜ਼ਾ, ਬਿਮਾਰੀ ਅਤੇ ਦੁਸ਼ਮਣ ਨੂੰ ਕਦੇ ਛੋਟਾ ਨਾ ਸਮਝੋ' ਦਿਖਾਵੇ ਲਈ ਕਰਜ਼ਾ ਚੁੱਕਣਾ ਸਿਆਣਪ ਨਹੀਂ। ਸਾਈਕਲ ਤੋਂ ਲੈ ਕੇ ਵੱਡੇ ਵਾਹਨ ਕਰਜ਼ੇ 'ਤੇ ਆਸਾਨੀ ਨਾਲ ਮਿਲਦੇ ਹਨ। ਸਿਆਣੇ ਬਜ਼ੁਰਗ ਕਰਜ਼ੇ ਚੁੱਕਣ ਨਾਲੋਂ ਅੱਧੀ ਰੋਟੀ ਖਾ ਲਵੋ ਚੰਗਾ ਸਮਝਦੇ ਸਨ। ਭੋਗ ਜਾਂ ਵਿਆਹਾਂ 'ਤੇ ਕਰਜ਼ਾ ਚੁੱਕਣਾ ਸਿਆਣਪ ਨਹੀਂ। ਬੈਂਕਾਂ ਨਾਲੋਂ ਫਾਈਨਾਸਰਾਂ ਜਾਂ ਆੜ੍ਹਤੀਏ ਦਾ ਵਿਆਜ ਵਧ ਹੈ। ਕਰਜ਼ਾ ਲੈਣ ਵੇਲੇ ਸਸਤੇ ਵਿਆਜ 'ਤੇ ਵੀ ਫੈਸਲਾ ਕਰੋ। ਬੈਂਕਾਂ ਦੀ ਪ੍ਰੋਸੈਂਸਿੰਗ ਫੀਸ ਜਿਸ ਦੀ ਘੱਟ ਹੋਵੇ, ਉਥੇ ਹੀ ਕਰਜ਼ਾ ਲਵੋ। ਕਰਜ਼ੇ ਦੀ ਕਿਸ਼ਤ ਟੁੱਟਣ ਨਾ ਦੇਵੋ।


-ਹਰਜਿੰਦਰ ਪਾਲ ਸਿੰਘ
ਜਵੱਦੀ ਕਲਾਂ, ਲੁਧਿਆਣਾ।

17-01-2020

 ਚੰਗਾ ਲਿਖੋ, ਚੰਗਾ ਗਾਓ ਅਤੇ ਚੰਗਾ ਸੁਣੋ
ਪਿਛਲੇ ਦਿਨੀਂ ਸਵਰਨ ਸਿੰਘ ਟਹਿਣਾ ਦਾ ਲਿਖਿਆ, ਬੇਲੋੜੇ ਵਿਵਾਦਾਂ ਅਤੇ ਊਲ-ਜਲੂਲ ਗਾਉਣ ਵਾਲੇ ਗਾਇਕਾਂ ਦੇ ਨਾਂਅ ਰਿਹਾ ਵਰ੍ਹਾ 2019 ਪੜ੍ਹਿਆ। ਸੰਗੀਤ ਨੂੰ ਰੂਹ ਦੀ ਖ਼ੁਰਾਕ ਕਿਹਾ ਜਾਂਦਾ ਹੈ। ਗੀਤ ਸੰਗੀਤ ਸਾਡੇ ਦਿਲਾਂ ਨੂੰ ਸਕੂਨ ਦੇਣ ਦਾ ਸਭ ਤੋਂ ਵਧੀਆ ਸਾਧਨ ਹੈ। ਇਹ ਸਾਧਨ ਹੈ, ਭਗਤੀ ਹੈ ਤੇ ਰੱਬ ਨਾਲ ਜੋੜਨ ਦਾ ਰਸਤਾ ਵੀ ਹੈ। ਪੰਜਾਬ ਦੇ ਗੱਭਰੂ ਅਤੇ ਮੁਟਿਆਰਾਂ ਦਾ ਸੁਹੱਪਣ ਨੈਣ ਨਕਸ਼ ਸਾਰੇ ਭਾਰਤ ਵਿਚੋਂ ਸੋਹਣੇ ਹਨ। ਪਰ ਅੱਜਕਲ੍ਹ ਦੇ ਗੀਤਕਾਰਾਂ, ਅਖੌਤੀ ਗਾਇਕਾਂ ਨੇ ਇਨ੍ਹਾਂ ਨੂੰ ਅੱਯਾਸ਼ੀ (ਬਦਮਾਸ਼ੀ) ਆਸ਼ਕੀ ਵਿਚ ਸਮੋ ਲਿਆ ਹੈ। ਹੋਰ ਤਾਂ ਹੋਰ ਪੰਜਾਬੀ ਨੂੰ ਝਗੜਾਲੂ, ਨਸ਼ਈ ਆਦਿ ਕਹਿ ਕੇ ਪੰਜਾਬੀਆਂ ਦਾ ਅਕਸ ਵਿਗਾੜ ਦਿੱਤਾ ਹੈ। ਅੱਜ ਦੇ ਗੀਤਕਾਰ ਗੰਦਾ ਲਿਖੀ ਜਾ ਰਹੇ ਹਨ ਅਤੇ ਕਲਾਕਾਰ ਗੰਦਾ ਹੀ ਪੇਸ਼ ਕਰਕੇ ਪੈਸਾ ਕਮਾ ਰਹੇ ਹਨ। ਮੇਰੀ ਤਾਂ ਇਹੋ ਸਲਾਹ ਹੈ ਕਿ ਚੰਗਾ ਲਿਖੋ, ਚੰਗਾ ਗਾਓ ਅਤੇ ਚੰਗਾ ਸੁਣੋ, ਨਹੀਂ ਤਾਂ ਸਾਡਾ ਅੱਲਾ ਬੇਲੀ।


-ਡਾ: ਰਾਜ ਨਰਿੰਦਰ ਝਬੇਲਵਾਲੀ
ਪਿੰਡ ਤੇ ਡਾਕਖਾਨਾ ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।


ਜ਼ਬਰਦਸਤੀ ਗੱਲ ਮੰਨਵਾਉਣਾ
ਬਹੁਤ ਸਾਰੇ ਟੀ.ਵੀ. ਚੈਨਲਾਂ 'ਤੇ ਹਰ ਰੋਜ਼ ਦੇਸ਼ ਵਿਚ ਭਖ ਰਹੇ ਮੁੱਦਿਆਂ 'ਤੇ ਬਹਿਸਬਾਜ਼ੀ ਕਰਵਾਈ ਜਾਂਦੀ ਹੈ। ਉਸ ਬਹਿਸ ਵਿਚ ਹਿੱਸਾ ਲੈਣ ਵਾਲੇ ਜਿੰਨੇ ਵੀ ਮਨੁੱਖ ਹਾਜ਼ਰ ਹੁੰਦੇ ਹਨ, ਉਹ ਆਪਣੇ ਵਲੋਂ ਪੂਰੀ ਵਾਹ ਲਾ ਦਿੰਦੇ ਹਨ ਕਿ ਅਸੀਂ ਆਪਣੀ ਗੱਲ ਮੰਨਵਾ ਸਕੀਏ ਤੇ ਸੁਣਨ ਵਾਲਿਆਂ ਵਿਚ ਆਪਣਾ ਰਸੂਖ ਕਾਇਮ ਕਰ ਸਕੀਏ। ਚਾਹੇ ਉਹ ਕੋਈ ਪੱਤਰਕਾਰ ਹੋਵੇ, ਰਾਜਨੀਤਕ ਨੇਤਾ, ਲੇਖਕ ਜਾਂ ਕੋਈ ਹੋਰ। ਹਰ ਇਕ ਆਪਣੀ ਗੱਲ ਮੰਨਵਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਇਨ੍ਹਾਂ ਬਹਿਸਾਂ ਵਿਚੋਂ ਕੋਈ ਨਿਚੋੜ ਨਿਕਲ ਕੇ ਸਾਹਮਣੇ ਨਹੀਂ ਆਉਂਦਾ। ਜਿਹੜਾ ਮੁੱਦਾ ਛੇੜਿਆ ਜਾਂਦਾ ਹੈ, ਉਹ ਇਕ ਮੁੱਦਾ ਹੀ ਬਣ ਕੇ ਰਹਿ ਜਾਂਦਾ ਹੈ। ਆਖ਼ਰ ਕਿਉਂ? ਕੀ ਇਨ੍ਹਾਂ ਬਹਿਸਾਂ ਵਿਚ ਜ਼ਬਰਦਸਤੀ ਆਪਣੀ ਗੱਲ ਮੰਨਵਾਉਣਾ ਕੋਈ ਬਹਾਦਰੀ ਹੈ? ਇਹ ਗੱਲ ਇਕੱਲੀ ਟੀ.ਵੀ. ਚੈਨਲਾਂ ਦੀ ਨਹੀਂ ਜਿਥੇ ਕਿਤੇ ਵੀ ਕੋਈ ਆਮ ਮਨੁੱਖ ਆਪਣੇ ਵਿਚਾਰ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਗੱਲ ਦਬਾ ਕੇ ਆਪਣੀ ਗੱਲ ਥੋਪੀ ਜਾਂਦੀ ਹੈ। ਸਾਨੂੰ ਲਗਦਾ ਹੈ ਕਿ ਅਸੀਂ ਆਪਣੀ ਗੱਲ ਥੋਪ ਕੇ ਬਹੁਤ ਸਨਮਾਨ ਖੱਟ ਲਿਆ ਹੈ ਪਰ ਨਹੀਂ, ਤੁਸੀਂ ਸਨਮਾਨ ਨਹੀਂ ਆਪਣੀ ਕਦਰ ਘਟਾ ਲਈ ਹੈ। ਕਿਉਂਕਿ ਸਾਹਮਣੇ ਵਾਲੇ ਮਨੁੱਖ ਅੰਦਰ ਤੁਹਾਡੇ ਪ੍ਰਤੀ ਗ਼ਲਤ ਵਿਚਾਰ ਉੱਠਣੇ ਸ਼ੁਰੂ ਹੋ ਜਾਂਦੇ ਹਨ। ਸਮਾਜ ਵਿਚ ਕਦਰ ਉਨ੍ਹਾਂ ਲੋਕਾਂ ਦੀ ਕੀਤੀ ਜਾਂਦੀ ਹੈ ਜੋ ਘੱਟ ਬੋਲਣ ਤੇ ਸ਼ਾਂਤ ਸੁਭਾਅ ਦੇ ਹੁੰਦੇ ਹਨ। ਅਸੀਂ ਵੀ ਆਪਣਾ ਸੁਭਾਅ ਬਦਲੀਏ।


-ਸੁਰਜੀਤ ਸਿੰਘ 'ਦਿਲਾ ਰਾਮ'
ਜ਼ਿਲ੍ਹਾ ਫਿਰੋਜ਼ਪੁਰ।


ਮਨੁੱਖੀ ਰੂਹ ਨੂੰ ਹਲੂਣਾ
ਪਿਛਲੇ ਦਿਨੀਂ ਡਾ: ਬਰਜਿੰਦਰ ਸਿੰਘ ਹਮਦਰਦ ਜੀ ਦਾ ਲੇਖ 'ਸਾਰਥਕ ਸੁਨੇਹਾ' ਮਨੁੱਖੀ ਰੂਹ ਨੂੰ ਹਲੂਣਾ ਦਿੰਦਾ ਹੈ। ਇਸ ਲੇਖ ਵਿਚ ਉਨ੍ਹਾਂ ਨੇ ਸਾਡੇ ਸਮਾਜ ਦੀ ਨਾਂਹ-ਪੱਖੀ ਤਸਵੀਰ ਵੱਲ ਇਸ਼ਾਰਾ ਕੀਤਾ ਹੈ। ਜਿਵੇਂ ਅੰਧ-ਵਿਸ਼ਵਾਸਾਂ, ਜਾਦੂ-ਟੂਣਿਆਂ ਅਤੇ ਅਣਹੋਣੀਆਂ ਵਿਚ ਜਕੜੀ ਮਾਨਸਿਕਤਾ। ਅੱਜ ਅਸੀਂ ਅਜਿਹੀ ਮਾਨਸਿਕਤਾ ਕਰਕੇ ਹੀ ਰਸਾਤਲ ਵੱਲ ਜਾ ਰਹੇ ਹਾਂ ਅਤੇ ਹਾਕਮ ਧਿਰਾਂ ਸਾਨੂੰ ਅਜਿਹੇ ਕੰਮਾਂ ਵਿਚ ਉਲਝਾਈ ਰੱਖਣਾ ਚਾਹੁੰਦੀਆਂ ਹਨ। ਅਜਿਹੀ ਗੁਲਾਮ ਮਾਨਸਿਕਤਾ ਵਾਲੇ ਲੋਕਾਂ ਦੀ ਹਾਕਮ ਧਿਰਾਂ ਨੂੰ ਜ਼ਿਆਦਾ ਲੋੜ ਹੁੰਦੀ ਹੈ ਤਾਂ ਜੋ ਉਹ ਜੋ ਮਰਜ਼ੀ ਕਾਨੂੰਨ ਪਾਸ ਕਰੀ ਜਾਣ ਅਤੇ ਉਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਾ ਹੋਵੇ। ਸਮਾਂ ਮੰਗ ਕਰਦਾ ਹੈ ਕਿ ਅਸੀਂ ਅੱਜ ਅਜਿਹੀ ਮਾਨਸਿਕਤਾ ਵਿਚੋਂ ਬਾਹਰ ਆ ਕੇ ਸੱਚ ਨੂੰ ਪਛਾਨਣ ਦੀ ਕੋਸ਼ਿਸ਼ ਕਰੀਏ ਅਤੇ ਜੋ ਸਾਡੇ ਵਿਰੁੱਧ ਕਾਨੂੰਨ ਪਾਸ ਕੀਤੇ ਜਾ ਰਹੇ ਹਨ, ਉਨ੍ਹਾਂ ਵਿਰੁੱਧ ਲਾਮਬੰਦ ਹੋਈਏ।


-ਹਰਨੰਦ ਸਿੰਘ ਬੱਲਿਆਂਵਾਲਾ
ਪਿੰਡ ਬੱਲਿਆਂਵਾਲਾ (ਤਰਨ ਤਾਰਨ)।


ਨਿਰਭੈਆ ਕਾਂਡ ਵਿਚ ਫਾਂਸੀ ਦੀ ਸਜ਼ਾ
ਨਿਰਭੈਆ ਸਮੂਹਿਕ ਜਬਰ ਜਨਾਹ ਅਤੇ ਕਤਲ ਕਾਂਡ ਵਿਚ ਦਿੱਲੀ ਦੀ ਅਦਾਲਤ ਵਲੋਂ ਚਾਰੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ। ਇਹ ਫਾਂਸੀ 22 ਜਨਵਰੀ ਨੂੰ ਸਵੇਰੇ 7 ਵਜੇ ਦਿੱਤੀ ਜਾਵੇਗੀ। ਇਸ ਸਬੰਧ ਵਿਚ ਦੋਸ਼ੀਆਂ ਦਾ ਡੈਥ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ। ਨਿਰਭੈਆ ਦੀ ਮਾਂ ਨੂੰ ਏਨੀ ਲੰਮੀ ਲੜਾਈ ਤੋਂ ਬਾਅਦ ਆਖ਼ਰ ਇਨਸਾਫ਼ ਮਿਲਿਆ ਤੇ ਕਾਨੂੰਨ ਦੀ ਜਿੱਤ ਹੋਈ। ਇਨ੍ਹਾਂ ਕੇਸਾਂ ਵਿਚ ਫਾਸਟ ਟਰੈਕ ਕੋਰਟਾਂ ਵਿਚ ਵਾਧਾ ਕਰ ਇਨ੍ਹਾਂ ਕੇਸਾਂ ਵਿਚ ਪੜ੍ਹੀਆਂ-ਲਿਖੀਆਂ ਤਫ਼ਤੀਸ਼ ਵਿਚ ਮਾਹਿਰ ਮਹਿਲਾ ਸਬਇੰਸਪੈਕਟਰ ਤੇ ਸਟਾਫ਼ ਲਗਾਉਣਾ ਚਾਹੀਦਾ ਹੈ। ਫਾਰੈਂਸਿਕ ਸਾਇੰਸ ਤੇ ਲੈਬਾਰਟਰੀ ਦੀ ਮਦਦ ਲੈ ਕੇ ਵਿਗਿਆਨਕ ਤਰੀਕੇ ਨਾਲ ਤਫ਼ਤੀਸ਼ ਕਰ ਦੋਸ਼ੀਆਂ ਦੇ ਖਿਲਾਫ਼ ਵੱਧ ਤੋਂ ਵੱਧ ਸਬੂਤ ਇਕੱਠੇ ਕਰ ਸਜ਼ਾ ਦਿਵਾਉਣੀ ਚਾਹੀਦੀ ਹੈ। ਕੋਰਟ ਵਿਚ ਪੈਰਵਾਈ ਅਫ਼ਸਰ ਤੇ ਸਰਕਾਰੀ ਵਕੀਲ ਸਪੈਸ਼ਲ ਲਗਾ ਕੇ ਗਵਾਹਾਂ ਨੂੰ ਗਵਾਹੀ ਪੜ੍ਹਾ ਸਜ਼ਾ ਦਿਵਾਉਣੀ ਚਾਹੀਦੀ ਹੈ ਤਾਂ ਜੋ ਕੋਈ ਦੋਸ਼ੀ ਬਚ ਨਾ ਸਕੇ। ਫਿਰ ਨਿਰਭੈਆ ਵਰਗੇ ਕਾਂਡ ਨਾ ਹੋ ਸਕਣ। ਮੇਰੀ ਪਰਮਾਤਮਾ ਅੱਗੇ ਇਹੀ ਅਰਦਾਸ ਹੈ।


-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ।


ਸਿਆਸੀ ਕਾਨਫਰੰਸ ਕਿਉਂ?
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹੀਦੀ ਸਮਾਗਮਾਂ ਵਿਚ ਸਿਆਸੀ ਕਾਨਫ਼ਰੰਸਾਂ ਭਾਰੂ ਰਹੀਆਂ। ਦੇਸ਼ਾਂ-ਵਿਦੇਸ਼ਾਂ ਤੋਂ ਸੰਗਤਾਂ ਹੁੰਮ-ਹਮਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਅਤੇ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਆਉਂਦੀਆਂ ਹਨ ਜਦ ਕਿ ਇਨ੍ਹਾਂ ਸ਼ਹੀਦੀ ਦਿਹਾੜਿਆਂ ਵਾਲੇ ਦਿਨਾਂ ਵਿਚ ਸਿਆਸੀ ਪਾਰਟੀਆਂ ਆਪਣੀ ਕਾਨਫ਼ਰੰਸ ਰੱਖ ਕੇ ਦੂਰੋਂ-ਦੂਰੋਂ ਸ਼ਹੀਦਾਂ ਨੂੰ ਸ਼ਰਧਾ ਭੇਟ ਕਰਨ ਆਏ ਇਨ੍ਹਾਂ ਸ਼ਰਧਾਲੂਆਂ ਨੂੰ ਖੱਜਲ-ਖੁਆਰ ਕਰ ਦਿੰਦੇ ਹਨ। ਕਦੋਂ ਤੱਕ ਅਜਿਹਾ ਹੁੰਦਾ ਰਹੇਗਾ। ਅੱਜ ਦੀ ਨਵੀਂ ਪੀੜ੍ਹੀ ਨੂੰ ਇਨ੍ਹਾਂ ਸ਼ਹੀਦੀ ਦਿਨਾਂ ਦਾ ਇਤਿਹਾਸ ਵੀ ਪਤਾ ਨਹੀਂ ਹੈ। ਪਰ ਸਿਆਸੀ ਪਾਰਟੀਆਂ ਦਾ ਜ਼ਰੂਰ ਪਤਾ ਹੈ। ਇਸ ਤਰ੍ਹਾਂ ਇਹ ਸਿਆਸੀ ਕਾਨਫ਼ਰੰਸ ਛੱਡ ਕੇ ਸਾਨੂੰ ਸਾਂਝੇ ਤੌਰ 'ਤੇ ਧਾਰਮਿਕ ਸਮਾਗਮ ਕਰਨੇ ਚਾਹੀਦੇ ਹਨ ਤਾਂ ਕਿ ਸਾਡੇ ਬੱਚੇ, ਸਾਡੀ ਨਵੀਂ ਪੀੜ੍ਹੀ, ਸਾਡੇ ਧਰਮ, ਸਾਡੇ ਇਤਿਹਾਸ, ਸਾਡੇ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰ ਸਕਣ, ਕੁਝ ਸਿੱਖ ਸਕਣ। ਆਪਣੀ ਨਵੀਂ ਪੀੜ੍ਹੀ ਨੂੰ ਸੇਧ ਦੇਣ ਦੀ ਲੋੜ ਹੈ।


-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ-ਸੁਖਾਣਾ (ਲੁਧਿਆਣਾ)।

16-01-2020

 ਆਖ਼ਰ ਇਨਸਾਫ਼ ਹੋ ਗਿਆ
ਬੀਤੇ ਦਿਨੀਂ 'ਨਿਰਭੈਆ ਜਬਰ ਜਨਾਹ ਮਾਮਲਾ-ਆਖਰ ਇਨਸਾਫ਼ ਹੋ ਗਿਆ', ਸੰਪਾਦਕੀ ਲੇਖ ਪੜ੍ਹਿਆ ਇਹ ਸਾਡੀ ਸਾਰਿਆਂ ਦੀ ਜਿੱਤ ਹੈ। ਮੈਨੂੰ ਯਾਦ ਹੈ 1967 ਵਿਚ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਲੋਂ ਇਸਤਰੀਆਂ ਵਿਰੁੱਧ ਭੇਦ-ਭਾਵ ਨੂੰ ਸਮਾਪਤ ਕਰਨ ਦਾ ਐਲਾਨਨਾਮਾ ਪਾਸ ਕਰਦਿਆਂ ਕਿਹਾ ਗਿਆ ਕਿ ਔਰਤਾਂ ਵਿਰੁੱਧ ਵਿਤਕਰਾ ਬੁਨਿਆਦੀ ਤੌਰ 'ਤੇ ਅਨਿਆਂ-ਪੂਰਨ ਹੈ ਅਤੇ ਮਨੁੱਖੀ ਆਨ-ਸ਼ਾਨ ਦੇ ਵਿਰੁੱਧ ਇਕ ਅਪਰਾਧ ਹੈ। ਮੌਜੂਦਾ ਕਾਨੂੰਨਾਂ, ਰਸਮਾਂ, ਨਿਯਮਾਂ ਅਤੇ ਰਿਵਾਜਾਂ ਨੂੰ ਹਟਾਉਣ ਲਈ ਅਚਿੱਤ ਕਰਵਾਈ ਕੀਤੀ ਜਾਵੇਗੀ ਪਰ ਭਾਰਤ ਵਿਚ ਜਬਰ ਜਨਾਹ ਦੀ ਕਿਤੇ ਰੋਕਥਾਮ ਨਹੀਂ ਹੋਈ। ਉਮੀਦ ਹੈ ਕਿ ਇਸ ਫ਼ੈਸਲੇ ਨਾਲ ਗੁੰਡਿਆਂ ਦੀ ਮਾਨਸਿਕਤਾ ਵਿਚ ਕੋਈ ਡਰ ਪੈਦਾ ਹੋਵੇਗਾ।


-ਡਾ: ਰਾਜ ਨਰਿੰਦਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।


ਪਿੰਡ ਵਿਕਾਸ ਤੋਂ ਵਾਂਝੇ
ਪੰਜਾਬ ਵਿਚ ਅਨੇਕਾਂ ਹੀ ਪਿੰਡ ਇਹੋ ਜਿਹੇ ਹੋਣਗੇ, ਜਿਨ੍ਹਾਂ ਵਿਚ ਸਰਕਾਰੀ ਗ੍ਰਾਂਟਾਂ ਆਉਣ ਦੀ ਕੋਈ ਕਮੀ ਹੀ ਨਹੀਂ ਆਈ ਹੋਣੀ ਪਰ ਪਿੰਡਾਂ ਵਿਚ ਪਾਰਟੀਬਾਜ਼ੀ ਹੋਣ ਕਰਕੇ ਉਹ ਸਰਕਾਰੀ ਗ੍ਰਾਂਟਾਂ ਪਿੰਡਾਂ ਦੇ ਵਿਕਾਸ ਕੰਮਾਂ 'ਤੇ ਨਹੀਂ ਲੱਗ ਸਕੀਆਂ ਤੇ ਅਖ਼ੀਰ ਬਾਅਦ ਵਿਚ ਉਹ ਸਰਕਾਰੀ ਪੈਸਾ ਸਰਕਾਰੀ ਖਜ਼ਾਨੇ ਨੂੰ ਹੀ ਵਾਪਸ ਚਲਾ ਗਿਆ ਹੈ ਤੇ ਪਿੰਡਾਂ ਦੀਆਂ ਬੁਨਿਆਦੀ ਸਹੂਲਤਾਂ ਉਥੇ ਦੀਆਂ ਉਥੇ ਹੀ ਰਹਿ ਗਈਆਂ ਹਨ। ਪਿੰਡਾਂ ਦੇ ਮੁਹਤਬਰਾਂ ਨੂੰ ਚਾਹੀਦਾ ਹੈ ਕਿ ਉਹ ਆਪੋ-ਆਪਣੇ ਪਿੰਡਾਂ ਦੇ ਵਿਕਾਸ ਲਈ ਧੜੇਬੰਦੀ ਤੋਂ ਉੱਪਰ ਹੋ ਕੇ ਪਿੰਡ ਦਾ ਵਿਕਾਸ ਕਰਨ ਤੇ ਇਹ ਵਰਕਰ ਪਾਰਟੀਬਾਜ਼ੀ ਨੂੰ ਛੱਡ ਕੇ ਆਪਸੀ ਭਾਈਚਾਰਕ ਸਾਂਝ ਨਾਲ ਰਹਿਣ। ਪਿੰਡ ਵਿਚ ਇਕ-ਦੂਜੇ ਦੇ ਦੁੱਖ-ਸੁੱਖ ਵਿਚ ਪਹਿਲਾਂ ਸਾਡੇ ਲੋਕ ਹੀ ਕੰਮ ਆਉਂਦੇ ਹਨ ਨਾ ਕਿ ਇਹ ਲੀਡਰ। ਪੰਜਾਬ ਵਿਚ ਇਹੋ ਜਿਹੇ ਪਿੰਡ ਵੀ ਹਨ, ਜਿਨ੍ਹਾਂ ਦੀਆਂ ਪੰਚਾਇਤਾਂ ਨੇ ਪਿੰਡ ਨੂੰ ਇਕ ਮਾਡਲ ਬਣਾਇਆ ਹੋਇਆ ਹੈ ਤੇ ਕੋਈ ਵੀ ਪਿੰਡ ਵਿਚ ਪਾਰਟੀਬਾਜ਼ੀ ਨਹੀਂ ਹੈ ਤੇ ਲੋਕ ਪਿਆਰ ਨਾਲ ਆਪਣੇ ਪਿੰਡ ਦੀ ਤਰੱਕੀ ਕਰ ਰਹੇ ਹਨ। ਇਨ੍ਹਾਂ ਪਿੰਡਾਂ ਤੋਂ ਸਾਡੇ ਹੋਰਾਂ ਪਿੰਡਾਂ ਦੇ ਲੋਕਾਂ ਨੂੰ ਵੀ ਸੇਧ ਲੈਣ ਦੀ ਲੋੜ ਹੈ ਤੇ ਪਾਰਟੀਬਾਜ਼ੀ ਤੋਂ ਮੁਕਤ ਹੋ ਕੇ ਆਪਣੇ ਪਿੰਡ ਦਾ ਵਿਕਾਸ ਕਰਨ ਦੀ ਲੋੜ ਹੈ।


-ਸੁਖਦੇਵ ਸਿੱਧੂ ਕੁਸਲਾ
ਤਹਿ: ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ।


ਜ਼ਿੰਮੇਵਾਰੀ ਤੈਅ ਹੋਵੇ
ਰਾਜਸਥਾਨ ਦੇ ਸ਼ਹਿਰ ਕੋਟਾ ਦੇ ਜੇ.ਕੇ. ਲੋਨ ਹਸਪਤਾਲ ਵਿਚ ਪਿਛਲੇ ਦਿਨੀਂ 100 ਤੋਂ ਵੱਧ ਨਵਜਾਤ ਬੱਚਿਆਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਗੁਜਰਾਤ ਦੇ ਰਾਜਕੋਟ ਜ਼ਿਲ੍ਹੇ ਵਿਚ 111 ਅਤੇ ਅਹਿਮਦਾਬਾਦ ਵਿਚ 85 ਬੱਚਿਆਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਸੀ। ਰਾਜਕੋਟ ਦੇ ਪੰਡਤ ਦੀਨ ਦਿਆਲ ਉਪਾਧਿਆਇ ਹਸਪਤਾਲ ਵਿਚ ਅਕਤੂਬਰ ਮਹੀਨੇ 87 ਅਤੇ ਨਵੰਬਰ ਵਿਚ 71 ਬੱਚਿਆਂ ਦੀ ਮੌਤ ਹੋਈ। ਇਸੇ ਤਰ੍ਹਾਂ ਦਸੰਬਰ ਮਹੀਨੇ ਜੋਧਪੁਰ ਦੇ ਹਸਪਤਾਲ ਵਿਚ ਵੀ 100 ਤੋਂ ਵੱਧ ਬੱਚਿਆਂ ਦੀਆਂ ਮੌਤਾਂ ਹੋਈਆਂ। ਸਾਲ 2019 ਵਿਚ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਵਿਚ ਗਰਮੀਆਂ ਦੇ 5 ਮਹੀਨਿਆਂ 'ਚ 111 ਬੱਚਿਆਂ ਦੀ ਮੌਤ ਦਰਜ ਕੀਤੀ ਗਈ। ਵਰਨਣਯੋਗ ਹੈ ਕਿ ਦੋ ਸਾਲ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਹਲਕੇ ਗੋਰਖਪੁਰ ਦੇ ਬੀ.ਆਰ.ਡੀ. ਮੈਡੀਕਲ ਕਾਲਜ ਹਸਪਤਾਲ ਵਿਚ ਪੰਜ ਦਿਨਾਂ 'ਚ 64 ਬੱਚਿਆਂ ਦੀ ਮੌਤ ਹੋਈ, ਜਿਸ ਦਾ ਕਾਰਨ ਆਕਸੀਜਨ ਦੀ ਘਾਟ ਦੱਸੀ ਗਈ ਸੀ। ਸਰਕਾਰਾਂ ਨੇ ਸਿਹਤ ਅਤੇ ਸਿੱਖਿਆ ਦੇ ਨਿੱਜੀਕਰਨ ਤੇ ਵਪਾਰੀਕਰਨ ਨੂੰ ਉਤਸ਼ਾਹਿਤ ਕੀਤਾ ਹੈ। ਹਸਪਤਾਲਾਂ ਦੇ ਸੁਧਾਰ ਦੇ ਨਾਲ ਬੱਚਿਆਂ ਦੇ ਮਾਹਰ ਡਾਕਰਾਂ ਨੂੰ ਨਿਯੁਕਤ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਆਖਰ ਇਹ ਬੱਚੇ ਦੇਸ਼ ਦਾ ਭਵਿੱਖ ਹਨ ਸੋ ਇਨ੍ਹਾਂ ਦੀਆਂ ਜਾਨਾਂ ਬਹੁਤ ਕੀਮਤੀ ਹਨ।


-ਮੁਖਤਾਰ ਗਿੱਲ, ਪ੍ਰੀਤ ਨਗਰ (ਅੰਮ੍ਰਿਤਸਰ)।


ਅੰਤਿਮ ਸੰਸਕਾਰ ਸਮੇਂ ਮਾਨਸਿਕਤਾ
ਸ਼ਾਇਦ ਕੋਈ ਵਿਅਕਤੀ ਅਜਿਹਾ ਹੋਵੇ ਜੋ ਕਦੀ ਕਿਸੇ ਮ੍ਰਿਤਕ ਦੇ ਅੰਤਿਮ ਸੰਸਕਾਰ ਲਈ ਸ਼ਮਸ਼ਾਨਘਾਟ ਨਾ ਗਿਆ ਹੋਵੇ। ਅਜਿਹੇ ਸਮੇਂ ਹਰ ਕੋਈ ਵਿਅਕਤੀ ਕੁਝ ਸਮੇਂ ਲਈ ਗਮਗੀਨ ਹੋ ਜਾਂਦਾ ਹੈ। ਮ੍ਰਿਤਕ ਵਿਅਕਤੀ ਦੇ ਸੁਆਹ/ਖ਼ਾਕ ਹੋਣ ਸਮੇਂ ਪਲ ਦੀ ਪਲ ਮਨੁੱਖ ਮਨ ਹੀ ਮਨ ਆਪਣੇ ਜਾਣੇ/ਅਣਜਾਣੇ ਕੀਤੇ ਗੁਨਾਹਾਂ ਪ੍ਰਤੀ ਵੀ ਸੋਚਦਾ ਹੈ। ਅਜਿਹੇ ਸਮੇਂ ਹਰ ਕੋਈ ਜ਼ਿਆਦਾਤਰ ਮ੍ਰਿਤਕ ਦੇ ਚੰਗੇ ਗੁਣਾਂ ਨੂੰ ਹੀ ਚਿਤਾਰਦਾ ਹੈ। ਉਂਜ ਵੀ ਸਵਰਗ-ਧਾਮ ਵਿਚ ਸੰਸਾਰੀ ਨਾਸ਼ਵਾਨਤਾ ਦੀਆਂ ਲਿਖੀਆਂ ਗੱਲਾਂ ਹਰ ਇਕ ਨੂੰ ਕੁਝ ਸਮੇਂ ਨਿਰਮਲ ਬਣਾ ਦਿੰਦੀਆਂ ਹਨ। ਇਸ ਲਈ ਹੀ ਕਿਸੇ ਵਿਦਵਾਨ ਨੇ ਕਿਹਾ ਹੈ ਕਿ ਜਦੋਂ ਕਦੀ ਜ਼ਿਆਦਾ ਹੰਕਾਰ ਸਿਰ ਚੜ੍ਹ ਕੇ ਬੋਲਣਾ ਸ਼ੁਰੂ ਕਰ ਦੇਵੇ ਤਾਂ ਉਸ ਨੂੰ ਇਕ ਗੇੜਾ ਕਿਸੇ ਸ਼ਮਸ਼ਾਨਘਾਟ ਜਾਂ ਹਸਪਤਾਲ ਦਾ ਮਾਰ ਲੈਣਾ ਚਾਹੀਦਾ ਹੈ।


-ਲੈਕ: ਰਜਿੰਦਰ ਸਿੰਘ 'ਪਹੇੜੀ', ਪਟਿਆਲਾ।


ਬੱਚਿਆਂ ਦੀਆਂ ਵਧਦੀਆਂ ਮੌਤਾਂ ਬਾਰੇ
ਬੜੇ ਵੱਡੇ-ਵੱਡੇ ਦਾਅਵੇ ਕਰ ਕੇ ਲੋਕਾਂ ਤੋਂ ਵੋਟਾਂ ਲੈਣ ਵਾਲੇ ਗੱਦੀਨਸ਼ੀਨ ਹੋਣ ਤੋਂ ਬਾਅਦ ਚੁੱਪ ਵੱਟ ਜਾਂਦੇ ਹਨ। ਕਿਸੇ ਨੂੰ ਕੋਈ ਖਿਆਲ ਹੀ ਨਹੀਂ ਰਹਿੰਦਾ ਕਿ ਅਸੀਂ ਹੁਣ ਲੋਕ ਹਿਤ ਵਾਸਤੇ ਕੀ ਕਰਨਾ ਹੈ, ਜਿਸ ਦਾ ਨਤੀਜਾ ਆਮ ਜਨਤਾ ਨੂੰ ਭੁਗਤਣਾ ਪੈਂਦਾ ਹੈ ਜਿਵੇਂ ਅੱਜ ਗ਼ਰੀਬਾਂ ਦੇ ਬੱਚੇ ਭੁਗਤ ਰਹੇ ਹਨ ਜੋ ਇਸ ਜਹਾਨ ਵਿਚ ਪੈਰ ਪਾਉਣ ਤੋਂ ਪਹਿਲਾਂ ਹੀ ਰੁਖ਼ਸਤ ਹੁੰਦੇ ਜਾ ਰਹੇ ਹਨ। ਇਸ ਨੂੰ ਅਸੀਂ ਰੱਬ ਦੀ ਕਰਨੀ ਆਖ ਕੇ ਅੱਖੋਂ-ਪਰੋਖੇ ਨਹੀਂ ਕਰ ਸਕਦੇ, ਕਿਉਂਕਿ ਸਰਕਾਰੀ ਹਸਪਤਾਲਾਂ ਵਿਚ ਲੋੜੀਂਦੇ ਡਾਕਟਰ ਨਹੀਂ ਹਨ, ਦਵਾਈਆਂ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ। ਨਿੱਜੀਕਰਨ ਵਿਚ ਵਾਧਾ ਸਭ ਤੋਂ ਵੱਡਾ ਕਾਰਨ ਬਣਿਆ ਹੋਇਆ ਹੈ। ਇਸ ਪ੍ਰਤੀ ਸਾਨੂੰ ਸਾਰਿਆਂ ਨੂੰ ਗੰਭੀਰ ਹੋਣ ਦੀ ਜ਼ਰੂਰਤ ਹੈ ਜੋ 2019 ਦੇ ਬੱਚਿਆਂ ਦੀ ਮੌਤ ਦੇ ਅੰਕੜੇ ਲੂੰ ਕੰਡੇ ਖੜ੍ਹੇ ਕਰਨ ਵਾਲੇ ਭਾਰਤ ਦੇ ਸਾਹਮਣੇ ਆਏ ਹਨ। ਇਕ ਆਵਾਜ਼ ਉਠਾਉਣ ਦੀ ਜ਼ਰੂਰਤ ਹੈ ਤਾਂ ਕਿ ਗ਼ਰੀਬਾਂ ਦੇ ਬੱਚਿਆਂ ਨੂੰ ਮੌਤ ਦੇ ਮੂੰਹ ਵਿਚੋਂ ਕੱਢਿਆ ਜਾ ਸਕੇ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਪਿੰਡ ਤੇ ਡਾਕ: ਮਮਦੋਟ (ਫਿਰੋਜ਼ਪੁਰ)।


ਸੋਸ਼ਲ ਮੀਡੀਆ
ਸੋਸ਼ਲ ਮੀਡੀਆ ਇਕ ਅਜਿਹਾ ਮੰਚ ਹੈ ਜਿਸ 'ਤੇ ਨੌਜਵਾਨ ਤੇ ਹਰ ਕੋਈ ਲੋਕਾਂ ਸਾਹਮਣੇ ਆਪਣੀ ਰਾਇ ਆਦਿ ਪ੍ਰਗਟ ਕਰ ਸਕਦਾ ਹੈ। ਫੇਸਬੁੱਕ, ਵੱਟਸਐਪ, ਯੂ-ਟਿਊਬ, ਇੰਸਟਾਗ੍ਰਾਮ ਆਦਿ ਸੋਸ਼ਲ ਮੀਡੀਆ ਦਾ ਪ੍ਰਮੁੱਖ ਅੰਗ ਹੈ। ਇਨ੍ਹਾਂ ਦੀ ਵਰਤੋਂ ਕਰ ਕੇ ਅਸੀਂ ਬੈਠੇ-ਬਿਠਾਏ ਪੂਰੀ ਦੁਨੀਆ ਨਾਲ ਜੁੜ ਸਕਦੇ ਹਾਂ। ਨਵੇਂ ਦੋਸਤ ਬਣਾ ਸਕਦੇ ਹਾਂ, ਪੁਰਾਣੇ ਦੋਸਤਾਂ ਨੂੰ ਲੱਭ ਸਕਦੇ ਹਾਂ ਅਤੇ ਜਾਣਕਾਰੀ 'ਚ ਵਾਧੇ ਲਈ ਮਿਆਰੀ ਵੀਡੀਓ ਦੇਖ ਸਕਦੇ ਹਾਂ। ਆਪਣੀ ਕਲਾ ਅਤੇ ਪੜ੍ਹਾਈ ਅਤੇ ਅਧਿਐਨ ਲਈ ਸਮੱਗਰੀ ਵਿਦਿਆਰਥੀ ਪ੍ਰੀਖਿਆਵਾਂ ਦੇ ਦਿਨਾਂ 'ਚ ਪੜ੍ਹਨਯੋਗ ਸਮੱਗਰੀ ਤੇ ਨੋਟਿਸ ਆਦਿ ਹਾਸਲ ਕਰ ਸਕਦੇ ਹਨ, ਪਰ ਕੁਝ ਲੋਕ ਝੂਠੀ ਜਾਣਕਾਰੀ ਇਸ 'ਤੇ ਅਪਲੋਡ ਕਰ ਦਿੰਦੇ ਹਨ ਜੋ ਨੁਕਸਾਨਦੇਹ ਵੀ ਹੈ। ਸੋ ਇਸ ਦੀ ਸਹੀ ਵਰਤੋਂ ਹੀ ਫਾਇਦੇਮੰਦ ਹੈ।


-ਮਲਕੀਤ ਸਿੰਘ ਧਤੋਦਾ
ਜ਼ਿਲ੍ਹਾ ਫਤਹਿਗੜ੍ਹ ਸਾਹਿਬ।

15-01-2020

 ਬੇਰੁਜ਼ਗਾਰ ਨੌਜਵਾਨ
ਰਾਜਨੀਤਕ ਪਾਰਟੀਆਂ ਚੋਣਾਂ ਤੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ ਵਿਚ ਲੁਭਾਉਣੇ ਵਾਅਦੇ ਕਰਦੀਆਂ ਹਨ ਪਰ ਸੱਤਾ ਦੇ ਨਸ਼ੇ ਵਿਚ ਸਰਕਾਰ ਬਣਾਉਣ ਤੋਂ ਬਾਅਦ ਸਭ ਕੁਝ ਇਕ ਵੱਡੇ ਝੂਠ ਦੇ ਰੂਪ ਵਿਚ ਬਦਲ ਜਾਂਦਾ ਹੈ। ਚੋਣ ਕਮਿਸ਼ਨ ਨੂੰ ਇਹੋ ਜਿਹੀਆਂ ਸਿਆਸੀ ਪਾਰਟੀਆਂ ਉੱਪਰ ਕਾਰਵਾਈ ਕਰਨੀ ਚਾਹੀਦੀ ਹੈ ਜੋ ਵਾਅਦੇ ਕਰਕੇ ਮੁੱਕਰਦੀਆਂ ਹਨ। ਮਹਿੰਗਾਈ ਦੇ ਜ਼ਮਾਨੇ ਵਿਚ ਮਹਿੰਗੇ ਮੁੱਲ ਦੇ ਡਿਪਲੋਮੇ-ਡਿਗਰੀਆਂ ਚੁੱਕੀ ਫਿਰਦੇ ਨੌਜਵਾਨ ਲੜਕੇ-ਲੜਕੀਆਂ ਦੇ ਮਾਪੇ ਆਪਣੀਆਂ ਜ਼ਮੀਨਾਂ-ਜਾਇਦਾਦਾਂ ਤੇ ਗਹਿਣੇ ਵੇਚ ਕੇ ਆਪਣੀ ਔਲਾਦ ਨੂੰ ਪੜ੍ਹਾਈ ਕਰਵਾ ਚੁੱਕੇ ਹਨ ਪਰ ਨੌਕਰੀ ਦੀ ਬਜਾਏ ਨਸੀਬਾਂ ਵਿਚ ਲਾਠੀਚਾਰਜ ਤੇ ਧਰਨੇ-ਮੁਜ਼ਾਹਰੇ ਹਨ। ਬੇਰੁਜ਼ਗਾਰ ਪਿਛਲੇ ਚਾਰ-ਚਾਰ ਮਹੀਨਿਆਂ ਤੋਂ ਘਰ ਛੱਡ ਕੇ ਤੰਬੂਆਂ ਵਿਚ ਪੱਕੇ ਮੋਰਚੇ ਲਗਾ ਕੇ ਨੌਕਰੀਆਂ ਦੀ ਮੰਗ ਲਈ ਸੜਕਾਂ ਉੱਪਰ ਜ਼ਲੀਲ ਹੋ ਰਹੇ ਹਨ। ਇਨ੍ਹਾਂ ਬੇਰੁਜ਼ਗਾਰਾਂ ਦੇ ਨਾਅਰਿਆਂ ਤੋਂ ਘਰ-ਘਰ ਰੁਜ਼ਗਾਰ ਦੇਣ ਵਾਲੀ ਕੈਪਟਨ ਸਰਕਾਰ ਬੇਖ਼ਬਰ ਜਾਪ ਰਹੀ ਹੈ। ਬੇਰੁਜ਼ਗਾਰੀ ਦੀ ਮਾਰ ਦੇ ਝੰਬੇ ਨੌਜਵਾਨਾਂ ਦੇ ਹਾਲਾਤ ਨੂੰ ਵੇਖ ਕੇ ਨਵੀਂ ਪੀੜ੍ਹੀ ਦੇ ਜ਼ਿਆਦਾਤਰ ਨੌਜਵਾਨ ਮੁੰਡੇ-ਕੁੜੀਆਂ ਪ੍ਰਵਾਸੀ ਬਣਨ ਨੂੰ ਤਰਜੀਹ ਦੇ ਰਹੇ ਹਨ ਜੋ ਆਉਣ ਵਾਲੇ ਭਵਿੱਖ ਲਈ ਪੰਜਾਬ ਤੇ ਪੰਜਾਬੀਅਤ ਲਈ ਖ਼ਤਰਨਾਕ ਸਾਬਤ ਹੋਵੇਗੀ, ਜਿਸ ਬਾਰੇ ਸਾਰੀ ਜ਼ਿੰਮੇਵਾਰੀ ਖਾਲੀ ਖਜ਼ਾਨੇ ਵਾਲੀ ਸਰਕਾਰ ਦੀ ਹੋਵੇਗੀ।


-ਸਿਮਰਨਜੀਤ ਕੌਰ ਗਿੱਲ
ਪ੍ਰੋ: ਵਿੱਦਿਆ ਸਾਗਰ ਕਾਲਜ, ਧੂਰੀ।


ਈਦੂ ਸ਼ਰੀਫ਼ ਦਾ ਚਲਾਣਾ
ਪੰਜਾਬੀ ਗੀਤ-ਸੰਗੀਤ ਵਿਚ ਆਪਣੀ ਵੱਖਰੀ ਛਾਪ ਛੱਡਣ ਵਾਲੇ ਤੇ ਮਹਾਨ ਸੰਗੀਤਕ ਹਸਤੀ ਜਨਾਬ ਈਦੂ ਸ਼ਰੀਫ਼ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ ਹਨ। ਉਹ ਸੰਗੀਤ ਦੀ ਬਹੁਤ ਹੀ ਵੱਡੀ ਚਲਦੀ-ਫਿਰਦੀ ਇਕ ਮਹਾਨ ਲਾਇਬ੍ਰੇਰੀ ਸੀ। ਉਨ੍ਹਾਂ ਦੇ ਸੰਗੀਤਕ ਖਜ਼ਾਨੇ ਵਿਚ ਅਨੇਕਾਂ ਹੀ ਅਨਮੋਲ ਸੰਗੀਤਕ ਚੀਜ਼ਾਂ ਸਨ, ਜਿਨ੍ਹਾਂ ਦੀ ਸਾਡੇ ਸਮਾਜ ਜਾਂ ਸੰਗੀਤਕ ਖੇਤਰ ਨੇ ਬਹੁਤੀ ਕਦਰ ਨਹੀਂ ਪਾਈ। ਈਦੂ ਜੀ ਸੱਚ ਹੀ ਸੰਗੀਤ ਦੀ ਰੱਬੀ ਇਬਾਦਤ ਨਿਭਾਉਂਦੇ ਰਹੇ। ਜੇ ਅੱਜ ਵੇਖੀਏ ਤਾਂ ਗ਼ਲਤ ਤੇ ਲੱਚਰ ਗਾਉਣ ਵਾਲੇ ਪਤਾ ਨਹੀਂ ਕਿਵੇਂ ਰਾਤੋ-ਰਾਤ ਸਟਾਰ ਬਣ ਮਹਿੰਗੇ ਘਰ, ਕਾਰਾਂ, ਕੋਠੀਆਂ ਆਦਿ ਦੇ ਮਾਲਕ ਬਣ ਜਾਂਦੇ ਹਨ। ਪਰ ਇਥੇ ਈਦੂ ਜੀ ਨੇ ਵੀ ਰੱਜ ਕੇ ਹੀ ਗੁਰਬਤ ਹੰਢਾਈ। ਬੇਸ਼ੱਕ ਸਮੇਂ ਦੀ ਸਰਕਾਰ ਨੇ ਉਨ੍ਹਾਂ ਦੀ ਬਿਮਾਰੀ ਲਈ ਕੁਝ ਰਾਸ਼ੀ ਵੀ ਭੇਟ ਕੀਤੀ ਪਰ ਸੰਗੀਤਕ ਮਹਾਂਰਥੀਆਂ ਨੇ ਈਦੂ ਹੁਰਾਂ ਵੱਲ ਝਾਕਣ ਦੀ ਕੋਸ਼ਿਸ਼ ਨਾ ਕੀਤੀ।


-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿਆਣਾ)।


ਜੰਗ ਦੇ ਖ਼ਤਰਨਾਕ ਸਿੱਟੇ
ਇਨ੍ਹਾਂ ਦਿਨਾਂ ਵਿਚ ਅਮਰੀਕਾ ਅਤੇ ਇਰਾਕ ਦਰਮਿਆਨ ਜੰਗ ਦਾ ਮਾਹੌਲ ਬਣਦਾ ਜਾ ਰਿਹਾ ਹੈ। ਕਾਰਨ ਭਾਵੇਂ ਕੁਝ ਵੀ ਹੋਣ ਪਰ ਜੰਗ ਕਦੀ ਵੀ ਆਮ ਜਨਤਾ ਲਈ ਸੁਖਦ ਅਹਿਸਾਸ ਨਹੀਂ ਹੈ। ਜੰਗ ਵਿਚ ਕਿੰਨੇ ਹੀ ਸਰੂ ਵਰਗੇ ਫ਼ੌਜੀ ਨੌਜਵਾਨ ਅਤੇ ਆਮ ਲੋਕ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਅਰਬਾਂ-ਖਰਬਾਂ ਦੀ ਸੰਪਤੀ ਦਾ ਨੁਕਸਾਨ ਹੋ ਜਾਂਦਾ ਹੈ। ਇਹ ਜੰਗ ਕੁਦਰਤੀ ਸਾਧਨਾਂ ਦੀ ਤਬਾਹੀ ਦਾ ਕਾਰਨ ਬਣਦੇ ਹਨ। ਇਨ੍ਹਾਂ ਜੰਗਾਂ ਦੀ ਬਰਬਾਦੀ ਦਾ ਅਸਰ ਕਿੰਨ੍ਹਾ ਹੀ ਚਿਰ ਤੱਕ ਅੱਲ੍ਹੇ ਜ਼ਖ਼ਮਾਂ ਦੀ ਤਰ੍ਹਾਂ ਰਿਸਦਾ ਰਹਿੰਦਾ ਹੈ। ਇਹ ਵੀ ਸੱਚ ਹੈ ਕਿ ਵੱਡੀਆਂ ਤੋਂ ਵੱਡੀਆਂ ਜੰਗਾਂ ਦਾ ਅੰਤ ਆਖਰ ਗੱਲਬਾਤ ਹੀ ਹੈ। ਮੇਰੇ ਖਿਆਲ ਵਿਚ ਅੱਜ ਦੇ ਸਮੇਂ ਵਿਚ ਜੰਗ ਦੀ ਨੌਬਤ ਆਉਣੀ ਹੀ ਨਹੀਂ ਚਾਹੀਦੀ। ਇਸ ਸਮੇਂ ਸਾਰੀ ਦੁਨੀਆ ਹੀ ਇਕ ਪਿੰਡ ਬਣਦਾ ਜਾ ਰਿਹਾ ਹੈ। ਇਸ ਲਈ ਇਸ ਸੰਸਾਰ ਰੂਪੀ ਪਿੰਡ ਵਿਚ ਚੰਗੇ ਗੁਆਂਢੀ ਬਣ ਕੇ ਰਹਿਣ ਦੀ ਜ਼ਰੂਰਤ ਹੈ। ਅਜੋਕੇ ਸਮੇਂ ਦੇ ਜੰਗ ਮਨੁੱਖਤਾ ਦੇ ਵਿਨਾਸ਼ ਦਾ ਕਾਰਨ ਬਣ ਸਕਦੇ ਹਨ। ਇਸ ਲਈ ਸਾਰੇ ਮਸਲੇ ਗੱਲਬਾਤ ਰਾਹੀਂ ਹੱਲ ਕੀਤੇ ਜਾ ਸਕਦੇ ਹਨ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।


ਕੰਮ ਤੇ ਔਖਾ ਹੈ ਪਰ...
ਪਿਛਲੇ ਦਿਨੀਂ 'ਅਜੀਤ' 'ਚ ਮੋਹਨ ਸ਼ਰਮਾ ਦਾ ਲੇਖ 'ਨਸ਼ਿਆਂ ਕਾਰਨ ਹੜ੍ਹਦੇ ਪੰਜਾਬ ਨੂੰ ਬਚਾਇਆ ਜਾ ਸਕਦੈ' ਪੜ੍ਹਿਆ। ਮੋਹਨ ਸ਼ਰਮਾ ਪਹਿਲਾਂ ਵੀ ਆਪਣੀ ਲੇਖਣੀ ਰਾਹੀਂ ਇਸ ਗੰਭੀਰ ਸਮੱਸਿਆ ਬਾਰੇ ਪਾਠਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਹਨ। ਉਨ੍ਹਾਂ ਦਾ ਇਹ ਮਿਸ਼ਨ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੀ ਜਿੱਲ੍ਹਣ ਵਿਚੋਂ ਕੱਢਣ ਦਾ ਹੈ। ਇਹ ਕੰਮ ਔਖਾ ਜ਼ਰੂਰ ਹੈ ਪਰ ਹਿੰਮਤ ਦੀ ਲੋੜ ਹੈ। ਅਜਿਹੇ ਬੁਰੇ ਸਮੇਂ ਆਪਸ ਵਿਚ ਘੁਸਰ-ਮੁਸਰ ਕਰਨ ਦੀ ਬਜਾਏ ਨਸ਼ਿਆਂ ਦੇ ਸੌਦਾਗਰਾਂ ਨੂੰ ਸਮਾਜ ਵਿਚ ਨੰਗਿਆਂ ਕਰਨ ਲਈ ਸੋਚ ਵਾਲੇ ਲੋਕਾਂ ਨੂੰ ਅੱਗੇ ਆਉਣਾ ਪੈਣਾ ਹੈ। ਉਨ੍ਹਾਂ ਦੇ ਇਸ ਕਾਲੇ ਕਾਰੋਬਾਰ ਨੂੰ ਨੰਗਿਆਂ ਕਰਨ ਲਈ ਹਿੰਮਤ ਤੇ ਦਲੇਰੀ ਦੀ ਲੋੜ ਹੈ। ਇਨ੍ਹਾਂ 'ਪਤਵੰਤੇ' ਸੱਜਣਾਂ ਦਾ ਭਾਂਡਾ ਸਾਰੇ ਲੋਕ ਰਲ ਕੇ ਹੀ ਭੰਨ ਸਕਦੇ ਹਨ, ਸਿਰਫ ਮੋਹਨ ਸ਼ਰਮਾ ਵਰਗੇ ਲੋਕਾਂ ਦੇ ਕਾਫਲੇ ਵਿਚ ਸ਼ਾਮਿਲ ਹੋਣ ਦੀ ਹਿੰਮਤ ਚਾਹੀਦੀ ਹੈ। ਨਸ਼ਿਆਂ ਦੀ ਲੱਗੀ ਅੱਗ ਨੂੰ ਬੁਝਾਉਣ ਲਈ ਨਸ਼ਿਆਂ ਦੇ ਸੌਦਾਗਰਾਂ ਖਿਲਾਫ਼ ਮੁਹਿੰਮ ਚਲਾਉਣ ਦਾ ਸਮਾਂ ਆ ਗਿਆ ਹੈ। ਆਓ, ਹਿੰਮਤ ਤੇ ਦਲੇਰੀ ਤੋਂ ਕੰਮ ਲਈਏ।


-ਜਗਤਾਰ ਗਿੱਲ, ਬੱਲ ਸਚੰਦਰ, ਅੰਮ੍ਰਿਤਸਰ।


ਨਸ਼ੇ ਕਰਨ ਪਿੱਛੇ ਅਸਲੀ ਕਾਰਨ
ਹਰ ਰੋਜ਼ ਹਰ ਜ਼ਿਲ੍ਹੇ ਦੇ ਹਰ ਕਸਬੇ ਵਿਚ ਅਨੇਕਾਂ ਲੋਕ ਨਸ਼ੇ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ। ਇਹ ਸਮੱਸਿਆ ਦਿਨ-ਪ੍ਰਤੀਦਿਨ ਵਧਦੀ ਜਾ ਰਹੀ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਨਸ਼ੇ ਵਿਰੁੱਧ ਬਹੁਤ ਸਖ਼ਤ ਕਦਮ ਉਠਾਏ ਹਨ ਪਰ ਫਿਰ ਵੀ ਹੁਣ ਤੱਕ ਨਸ਼ੇ ਨੂੰ ਜੜ੍ਹੋਂ ਖ਼ਤਮ ਨਹੀਂ ਕੀਤਾ ਜਾ ਸਕਿਆ। ਪਹਿਲਾ ਪਹਿਲ ਇਸ ਦਾ ਸੇਵਨ ਇਕੱਲੇ ਮੁੰਡੇ ਹੀ ਕਰਦੇ ਸਨ ਪਰ ਅੱਜਕਲ੍ਹ ਨਸ਼ੇ ਦੇ ਖੇਤਰ ਵਿਚ ਕੁੜੀਆਂ ਵੀ ਪਿੱਛੇ ਨਹੀਂ ਹਨ। ਨਸ਼ੇ ਨੂੰ ਖ਼ਤਮ ਕਰਨ ਲਈ ਸਾਨੂੰ ਇਸ ਦੀ ਜੜ੍ਹ ਤੱਕ ਜਾਣਾ ਪਵੇਗਾ। ਨਸ਼ੇ ਦੀ ਜੜ੍ਹ ਤੋਂ ਭਾਵ ਨਸ਼ਾ ਵੇਚਣ ਵਾਲਿਆਂ ਨੂੰ ਫੜਨਾ ਨਹੀਂ ਸਗੋਂ ਇਹ ਜਾਣਨਾ ਕਿ ਲੋਕਾਂ ਦੀ ਨਸ਼ੇ ਕਰਨ ਜਾਂ ਨਸ਼ੇ ਵੇਚਣ ਪਿੱਛੇ ਅਸਲੀ ਮਜਬੂਰੀ ਕੀ ਹੈ? ਕਿਉਂ ਉਹ ਇਹ ਸਭ ਗ਼ਲਤ ਕੰਮ ਕਰਨ ਲਈ ਮਜਬੂਰ ਹਨ। ਦਿਨ-ਪ੍ਰਤੀਦਿਨ ਰੁਜ਼ਗਾਰ ਘਟ ਰਿਹਾ ਹੈ ਤੇ ਮਹਿੰਗਾਈ ਵਧ ਰਹੀ ਹੈ। ਇਕ ਆਰਥਿਕ ਤੌਰ 'ਤੇ ਤੰਗ ਆਦਮੀ ਇਨ੍ਹਾਂ ਮੁਸੀਬਤਾਂ ਨੂੰ ਦੇਖਦਾ ਹੋਇਆ ਨਸ਼ੇ ਦਾ ਸੇਵਨ ਕਰਦਾ ਹੈ। ਨਸ਼ੇ ਦੀ ਵਰਤੋਂ ਜ਼ਿਆਦਾਤਰ ਉਹ ਲੋਕ ਵੀ ਕਰਦੇ ਹਨ, ਜਿਨ੍ਹਾਂ ਦਾ ਸਮਾਜਿਕ ਸ਼ੋਸ਼ਣ ਹੋ ਰਿਹਾ ਹੁੰਦਾ ਹੈ। ਜਾਂ ਜਿਨ੍ਹਾਂ ਨੂੰ ਅਦਾਲਤਾਂ ਵਲੋਂ ਸਹੀ ਨਿਆਂ ਨਹੀਂ ਮਿਲਦਾ। ਉਹ ਵਿਅਕਤੀ ਸਮਾਜ ਤੋਂ ਤੰਗ ਆ ਕੇ ਨਸ਼ਾ ਕਰਨ ਲਗਦੇ ਹਨ। ਇਸ ਤਰ੍ਹਾਂ ਨਸ਼ੇ ਦੀ ਵਧ ਰਹੀ ਵਰਤੋਂ ਪਿੱਛੇ ਕਈ ਕਾਰਨ ਜ਼ਿੰਮੇਵਾਰ ਹਨ।


-ਮਨਿੰਦਰ ਕੌਰ ਧੁੰਨਾ
ਸਿਖਿਆਰਥੀ ਡਾਇਟ ਅਹਿਮਦਪੁਰ।

14-01-2020

 ਕਾਇਰਤਾ ਭਰੀ ਘਟਨਾ

ਪੰਜਾਬੀ 'ਅਜੀਤ' ਅਖ਼ਬਾਰ ਦੇ ਮੇਨ ਸਫ਼ੇ 'ਤੇ ਖ਼ਬਰ ਪਾਕਿਸਤਾਨ ਵਿਚ ਸਿੱਖ ਪੱਤਰਕਾਰ ਦੇ ਭਰਾ ਦੀ ਗੋਲੀ ਮਾਰ ਕੇ ਹੱਤਿਆ ਪੜ੍ਹੀ। ਪਾਕਿ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਹਮਲੇ ਦੀ ਘਟਨਾ ਦੇ ਦੋ ਦਿਨ ਬਾਅਦ ਪਰਵਿੰਦਰ ਸਿੰਘ ਦੀ ਹੱਤਿਆ ਨਾਲ ਸਿੱਖ ਕੌਮ ਵਿਚ ਗੁੱਸੇ ਤੇ ਸੋਗ ਦੀ ਲਹਿਰ ਦੌੜ ਪਈ ਹੈ। ਇਸ ਘਿਨਾਉਣੀ ਤੇ ਦਰਿੰਦਿਆਂ ਵਲੋਂ ਕੀਤੀ ਦਰਿੰਦਗੀ ਦੀ ਹਰ ਪਾਸਿਉਂ ਨਿਖੇਧੀ ਕਰ ਪਾਕਿ ਸਰਕਾਰ ਨੂੰ ਇਨ੍ਹਾਂ ਦਰਿੰਦਿਆਂ ਨੂੰ ਫੜ ਕੇ ਸਜ਼ਾ ਦੇਣ ਲਈ ਦੁਹਾਈ ਦਿੱਤੀ ਜਾ ਰਹੀ ਹੈ। ਹੁਣ ਸਿੱਖ ਕੌਮ ਨੂੰ ਇਕਮੁੱਠ ਹੋਣਾ ਚਾਹੀਦਾ ਹੈ ਕਿਉਂਕਿ ਵਿਰੋਧੀ ਨਹੀਂ ਚਾਹੁੰਦੇ ਕਿ ਇਹ ਇਕੱਠੇ ਹੋਣ। ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਸੈਂਟਰ ਦੀ ਸਰਕਾਰ 'ਤੇ ਜ਼ੋਰ ਪਾ ਕੇ ਘੱਟ-ਗਿਣਤੀ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਬਾਰੇ ਦਬਾਅ ਪਾਉਣਾ ਚਾਹੀਦਾ ਹੈ। ਇਕ ਪਾਸੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਕਰਤਾਰਪੁਰ ਲਾਂਘਾ ਖੋਲ੍ਹ ਸਿੱਖਾਂ ਨਾਲ ਹਮਦਰਦੀ ਕਰ ਰਹੇ ਹਨ, ਦੂਜੇ ਪਾਸੇ ਅਜਿਹੀਆਂ ਘਟਨਾਵਾਂ ਜੋ ਵਾਪਰ ਰਹੀਆਂ ਹਨ, ਰੋਕਣ ਲਈ ਕੁਝ ਨਹੀਂ ਕਰ ਰਹੇ।

-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ।

ਨਵਾਂ ਵਰ੍ਹਾ ਨਵੇਂ ਵਿਚਾਰ

ਨਵਾਂ ਵਰ੍ਹਾ ਸਾਰਿਆਂ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ। ਸਾਲ 2019 ਦੌਰਾਨ ਜਿਥੇ ਆਰਥਿਕ ਮੰਦਹਾਲੀ ਨਾਲ ਸਾਡੇ ਕਿਸਾਨ ਵੀਰ ਨਿਰਾਸ਼ ਹੋਏ ਹਨ, ਆਉਣ ਵਾਲਾ ਸਮਾਂ ਵੀ ਮੇਰੇ ਖਿਆਲ ਨਾਲ ਕਾਫੀ ਮਹਿੰਗਾ ਹੋ ਸਕਦਾ ਹੈ। ਮੇਰੇ ਦੇਸ਼ ਦੇ ਹਾਲਾਤ ਦੇਖਦੇ ਹੋਏ, ਪਹਿਲਾਂ ਤੋਂ ਹੀ ਘਰਾਂ ਦੇ ਵਧਾਏ ਹੋਏ ਬੇਲੋੜੇ ਖ਼ਰਚਿਆਂ ਤੋਂ ਪਰਹੇਜ਼ ਕੀਤਾ ਜਾਵੇ। ਵਿਆਹ-ਸ਼ਾਦੀਆਂ ਵਿਚ ਫਾਲੂਤ ਪੈਸਾ ਤੇ ਸਮਾਂ ਨਾ ਬਰਬਾਦ ਕੀਤਾ ਜਾਵੇ। ਸਾਦੇ ਵਿਆਹ ਤੇ ਸਾਦੇ ਭੋਗ ਪਾਏ ਜਾਣ। ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਆਪਣੇ ਖਾਣ-ਪੀਣ ਤੇ ਕਾਰੋਬਾਰ ਦੇ ਹਿਸਾਬ ਨਾਲ ਕਸਰਤ ਕਰਨੀ ਵੀ ਜ਼ਰੂਰੀ ਹੈ। ਵਧ ਰਹੀਆਂ ਸੜਕੀ ਦੁਰਘਟਨਾਵਾਂ ਨੂੰ ਗੰਭੀਰਤਾ ਨਾਲ ਲਿਆ ਜਾਵੇ ਤਾਂ ਕਿ ਅਸੀਂ ਗੱਡੀ ਆਦਿ ਨੂੰ ਚਲਾਉਂਦੇ ਹੋਏ ਸੁਰੱਖਿਅਤ ਰਹੀਏ। ਦੇਸ਼ ਵਿਚ ਵਧ ਰਹੀ ਬੇਰੁਜ਼ਗਾਰੀ ਤੇ ਨਸ਼ੇ ਖਿਲਾਫ਼ ਡਟ ਕੇ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ। ਜਿਹਾ ਕਰਨ ਨਾਲ ਸਾਡੇ ਨੌਜਵਾਨ ਮੁੰਡੇ-ਕੁੜੀਆਂ ਨਸ਼ਿਆਂ ਤੋਂ ਬਚ ਸਕਦੇ ਹਨ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਆਪਣੇ ਮਾਣਮੱਤੇ ਇਤਿਹਾਸ ਬਾਰੇ ਜਾਣੂ ਕਰਵਾਇਆ ਜਾਵੇ, ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਮਹਾਰਾਜਾ ਦਲੀਪ ਸਿੰਘ ਤੇ ਹੋਰ ਨਾਮਵਰ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਆਪਣੇ ਧਰਮ ਦੇ ਫਲਸਫ਼ੇ ਅੰਦਰ ਨਿਪੁੰਨ ਰਹੇ।

-ਸੁਖਚੈਨ ਸਿੰਘ
ਠੱਠੀ ਭਾਈ, (ਯੂ.ਏ.ਈ.)।

ਗੁਰਦੁਆਰਾ ਸਾਹਿਬ 'ਤੇ ਪਥਰਾਅ ਅਤਿ ਨਿੰਦਣਯੋਗ

ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਕੱਟੜਪੰਥੀਆਂ ਵਲੋਂ ਪਥਰਾਅ ਕਰਨਾ ਅਤਿ ਨਿੰਦਣਯੋਗ ਘਟਨਾ ਹੈ, ਜਿਸ ਨਾਲ ਸਿੱਖ ਸੰਗਤਾਂ 'ਚ ਭਾਰੀ ਰੋਸ ਜਤਾਇਆ ਜਾ ਰਿਹਾ ਹੈ। ਧਾਰਮਿਕ ਸਥਾਨ ਸਭਨਾਂ ਦੇ ਸਾਂਝੇ ਹੁੰਦੇ ਹਨ, ਸਿੱਖਾਂ ਨੇ ਕਦੇ ਵੀ ਕਿਸੇ ਵੀ ਧਰਮ 'ਤੇ ਪਥਰਾਅ ਨਹੀਂ ਕੀਤਾ ਅਤੇ ਨਾ ਹੀ ਕਿਸੇ ਧਰਮ ਨੂੰ ਮਾੜਾ ਕਿਹਾ ਹੈ, ਸਗੋਂ ਦੂਸਰੇ ਧਰਮਾਂ ਲਈ ਵੀ ਆਪਣੀਆਂ ਸ਼ਹਾਦਤਾਂ ਦਿੱਤੀਆਂ ਹਨ, ਜਿਸ ਦੀ ਇਤਿਹਾਸ ਗਵਾਹੀ ਭਰਦਾ ਹੈ। ਪਰ ਇਸ ਦੇ ਉਲਟ ਸਿੱਖਾਂ ਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ 'ਤੇ ਹਮਲੇ ਕੀਤੇ ਜਾ ਰਹੇ ਹਨ, ਜਿਸ ਨੂੰ ਸਿੱਖ ਕਦੇ ਵੀ ਭੁਲਾ ਨਹੀਂ ਸਕਦੇ। ਸ੍ਰੀ ਨਨਕਾਣਾ ਸਾਹਿਬ 'ਤੇ ਹੋਏ ਹਮਲੇ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਗੁਰਦੁਆਰਾ ਸਾਹਿਬ 'ਤੇ ਪੱਥਰਬਾਜ਼ੀ ਕਰਨ ਵਾਲਿਆਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

-ਰਵਿੰਦਰ ਸਿੰਘ ਖਿਆਲਾ
ਪਿੰਡ ਤੇ ਡਾਕ: ਮਲਕਪੁਰ, ਖਿਆਲਾ ਕਲਾਂ, ਤਹਿ: ਤੇ ਜ਼ਿਲ੍ਹਾ ਮਾਨਸਾ।

ਜਾਨਲੇਵਾ ਸਾਬਤ ਹੋ ਸਕਦਾ ਹੈ ਗੈਸ ਗੀਜ਼ਰ

ਸਰਦੀਆਂ ਦੇ ਮੌਸਮ ਵਿਚ ਗਰਮ ਪਾਣੀ ਨਾਲ ਨਹਾਉਣਾ ਜ਼ਰੂਰਤ ਬਣ ਜਾਂਦੀ ਹੈ। ਪਾਣੀ ਨੂੰ ਗਰਮ ਕਰਨ ਲਈ ਗੀਜ਼ਰ ਇਸ ਲਈ ਵਧੀਆ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿਚ ਬਸ ਇਕ ਸਵਿੱਚ ਦਬਾਉਂਦੇ ਹੀ ਤੁਹਾਨੂੰ ਗਰਮ ਪਾਣੀ ਮਿਲ ਜਾਂਦਾ ਹੈ। ਸਰਦੀਆਂ 'ਚ ਗਰਮ ਪਾਣੀ ਕਰਨ ਲਈ ਵਰਤੋਂ 'ਚ ਲਿਆਂਦੇ ਜਾ ਰਹੇ ਗੈਸ ਗੀਜ਼ਰ ਲਾਪਰਵਾਹੀ ਕਾਰਨ ਜਾਨਲੇਵਾ ਬਣ ਸਕਦੇ ਹਨ। ਗੈਸ ਗੀਜ਼ਰ ਅੱਜਕਲ੍ਹ ਕਾਫੀ ਵਰਤੋਂ ਵਿਚ ਹੈ। ਇਸ ਵਿਚ ਪਾਣੀ ਨੂੰ ਗਰਮ ਕਰਨ ਲਈ ਐਲਪੀ.ਜੀ. ਗੈਸ ਦਾ ਇਸਤੇਮਾਲ ਹੁੰਦਾ ਹੈ। ਇਸ ਵਿਚ ਪਾਣੀ ਨੂੰ ਗਰਮ ਕਰਨ ਲਈ ਗੈਸ ਬਰਨਰ ਦਾ ਇਸਤੇਮਾਲ ਹੁੰਦਾ ਹੈ। ਇਸ ਦੇ ਲਈ ਵੱਡੇ ਬਾਥਰੂਮ ਦੇ ਨਾਲ ਚੰਗੇ ਵੈਂਟੀਲੇਟਰ ਦੀ ਜ਼ਰੂਰਤ ਵੀ ਹੁੰਦੀ ਹੈ। ਇਸ ਦਾ ਖ਼ਰਚਾ ਇਲੈਕਟ੍ਰਾਨਿਕ ਗੀਜ਼ਰ ਦੀ ਤੁਲਨਾ ਵਿਚ ਲਗਪਗ ਅੱਧਾ ਹੁੰਦਾ ਹੈ। ਹਰ ਸਾਲ ਸਰਦੀਆਂ 'ਚ ਬੰਦ ਬਾਥਰੂਮਾਂ 'ਚ ਲੱਗੇ ਗੈਸ ਗੀਜ਼ਰ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ। ਘਰੇਲੂ ਰਸੋਈ ਗੈਸ ਜਦੋਂ ਗੈਸ ਗੀਜ਼ਰ 'ਚ ਵਰਤੀ ਜਾਂਦੀ ਹੈ ਤਾਂ ਹਵਾ ਨਾਲ ਮਿਲ ਕੇ ਕਾਰਬਨ ਮੋਨੋਆਕਸਾਈਡ ਗੈਸ ਬਣ ਜਾਂਦੀ ਹੈ, ਜੋ ਖ਼ਤਰਨਾਕ ਹੁੰਦੀ ਹੈ। ਜਿਵੇਂ-ਜਿਵੇਂ ਵਿਅਕਤੀ ਬੰਦ ਗੁਸਲਖਾਨੇ 'ਚ ਨਹਾਉਂਦੇ ਸਮੇਂ ਸਾਹ ਲੈਂਦਾ ਹੈ ਤਾਂ ਉਕਤ ਗੈਸ ਉਸ ਨੂੰ ਹੌਲੀ-ਹੌਲੀ ਬੇਹੋਸ਼ ਕਰ ਦਿੰਦੀ ਹੈ, ਜਿਸ ਦਾ ਵਿਅਕਤੀ ਨੂੰ ਪਤਾ ਨਹੀਂ ਲਗਦਾ ਤੇ ਇਹ ਗੈਸ ਬਾਅਦ 'ਚ ਜਾਨਲੇਵਾ ਬਣ ਜਾਂਦੀ ਹੈ। ਬੰਦ ਗੁਸਲਖਾਨਿਆਂ 'ਚ ਘਰੇਲੂ ਰਸੋਈ ਗੈਸ ਦੀ ਵਰਤੋਂ ਕਦੇ ਨਹੀਂ ਕਰਨੀ ਚਾਹੀਦੀ।

-ਸੰਦੀਪ ਕੰਬੋਜ
ਗੋਲੂ ਕਾ ਮੋੜ, ਫਿਰੋਜ਼ਪੁਰ।

ਮਿਹਨਤੀ ਲੋਕ

ਸਾਲ 2019 ਦੇ ਆਖਰੀ ਦਿਨਾਂ ਵਿਚ ਕਿਸੇ ਮਿੱਤਰ ਦਾ ਮੋਬਾਈਲ 'ਤੇ ਸੰਦੇਸ਼ ਆਇਆ ਕਿ ਉਨ੍ਹਾਂ ਸਭ ਸੱਜਣਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ, ਜੋ ਸਾਲ ਭਰ ਤੁਹਾਡੀ ਖੁਸ਼ੀ, ਸਲਾਮਤੀ, ਗਿਆਨ ਅਤੇ ਤੁਹਾਡੇ ਅਨੰਦ ਦਾ ਕਾਰਨ ਬਣੇ ਹਨ। ਮੇਰੇ ਵਲੋਂ ਇਸ ਪੱਧਰ ਦੇ ਕੀਤੇ ਵਿਸ਼ਲੇਸ਼ਣ ਵਿਚ ਉਨ੍ਹਾਂ ਅਖ਼ਬਾਰੀ ਹਾਕਰਾਂ ਦਾ ਧਿਆਨ ਆਇਆ ਜੋ ਮੀਂਹ, ਹਨ੍ਹੇਰੀ, ਗਰਮੀ, ਸਰਦੀ ਅਤੇ ਹੁਨਾਲ਼ੇ ਦੇ ਦਿਨਾਂ ਵਿਚ ਵੀ ਸੂਰਜ ਦੀ ਟਿੱਕੀ ਚੜ੍ਹਨ ਤੋਂ ਪਹਿਲਾਂ-ਪਹਿਲਾਂ ਅਖ਼ਬਾਰ ਘਰ ਦੀ ਦਹਿਲੀਜ਼ ਉੱਪਰ ਲਿਆ ਸੁੱਟਦੇ ਹਨ। ਜਿਸ ਵਕਤ ਅਸੀਂ ਬਿਸਤਰੇ ਉੱਪਰ ਲੇਟੇ ਹੁੰਦੇ ਹਾਂ ਉਸ ਸਮੇਂ ਇਹ ਸਿਰੜੀ ਲੋਕ ਬੱਸ ਸਟੈਂਡ, ਰੇਲਵੇ ਸਟੇਸ਼ਨ ਜਾਂ ਕਿਸੇ ਹੋਰ ਸਥਾਨ ਉੱਪਰ ਅਖ਼ਬਾਰਾਂ ਦੀ ਉਡੀਕ ਕਰ ਰਹੇ ਹੁੰਦੇ ਹਨ। ਅਖ਼ਬਾਰ ਪ੍ਰਾਪਤ ਕਰਕੇ ਛਾਂਟੀ ਕਰਨੀ, ਇਨ੍ਹਾਂ ਵਿਚ ਇਸ਼ਤਿਹਾਰ ਪਾਉਣੇ ਅਤੇ ਫੇਰ ਘਰ-ਘਰ ਪਹੁੰਚਾਉਣਾ ਕਿਸੇ ਭਗਤੀ ਤੋਂ ਘੱਟ ਨਹੀਂ ਹੈ। ਇਸ ਅਣਥੱਕ ਕਾਰਜ ਵਿਚ ਨਾ ਕੋਈ ਛੁੱਟੀ ਹੈ ਅਤੇ ਨਾ ਹੀ ਕੋਈ ਵਧੇਰੇ ਕਮਾਈ ਹੈ। ਇਸ ਲਈ ਸਾਡੇ ਤੱਕ ਗਿਆਨ ਦਾ ਪ੍ਰਮੁੱਖ ਅਤੇ ਸਸਤਾ ਸੋਮਾ ਪਹੁੰਚਾਉਣ ਵਾਲੇ ਇਹ ਅਖ਼ਬਾਰੀ ਹਾੱਕਰ ਬੀਤੇ ਲਈ ਅਤੇ ਵਰਤਮਾਨ ਲਈ ਵੀ ਸਿਜਦੇ ਦੇ ਕਾਬਿਲ ਹਨ।

-ਲੈਕ: ਰਜਿੰਦਰ ਸਿੰਘ ਪਹੇੜੀ, ਪਟਿਆਲਾ।

13-01-2020

 ਆਦਰਸ਼ ਸਮਾਜ
ਸਾਡੇ ਮੌਜੂਦਾ ਸਮਾਜ ਨੂੰ ਫਰੋਲਿਆ ਜਾਵੇ ਤਾਂ ਅਨੇਕਾਂ ਹੀ ਸਮੱਸਿਆਵਾਂ ਸਾਡੇ ਸਾਹਮਣੇ ਮੂੰਹ ਅੱਡ ਕੇ ਖਲੋਤੀਆਂ ਮਿਲਣਗੀਆਂ ਤੇ ਅਸੀਂ ਉਨ੍ਹਾਂ ਸਮੱਸਿਆਵਾਂ ਲਈ ਜ਼ਿੰਮੇਵਾਰ ਸਿੱਧੇ ਤੌਰ 'ਤੇ ਦੂਜਿਆਂ ਅਤੇ ਵਿਵਸਥਾ ਨੂੰ ਦੇ ਛੱਡਾਂਗੇ, ਜੋ ਕਿ ਸਾਡੀ ਅੰਤਰਝਾਤ ਤੋਂ ਮੂੰਹ ਮੋੜਨਾ ਹੈ। ਇਹ ਸਾਡਾ ਸੁਭਾਅ ਬਣ ਚੁੱਕਾ ਹੈ ਕਿ ਮੈਂ ਸੱਚਾ ਬਾਕੀ ਸਭ ਝੂਠ, ਜਦਕਿ ਅਸਲੀਅਤ ਇਸ ਤੋਂ ਵੱਖਰੀ ਹੈ ਤੇ ਜੇ ਇਹ ਕਹਿ ਲਿਆ ਜਾਵੇ ਕਿ ਸਾਡੇ ਸਮਾਜ ਵਿਚ ਹਰ ਬੰਦਾ ਸਮਾਜਿਕ ਸਮੱਸਿਆਵਾਂ ਦੀ ਪੰਡ ਲਈ ਬੈਠਾ ਹੈ ਤਾਂ ਦੋਸ਼ੀ ਦੂਜਿਆਂ ਨੂੰ ਸਮਝ ਰਿਹਾ ਹੈ ਤਾਂ ਇਹ ਕੋਈ ਅਤਿ ਕਥਨੀ ਨਹੀਂ। ਆਪਣੇ ਚਰਿੱਤਰ ਦਾ ਨਿਰਮਾਣ ਕਰਨਾ ਇਕ ਆਦਰਸ਼ ਸਮਾਜ ਦੀ ਸਥਾਪਨਾ ਦਾ ਮੂਲ ਹੈ। ਸਵੈ-ਚੰਗੇ ਚਰਿੱਤਰ ਦਾ ਨਿਰਮਾਣ ਕਰਨਾ ਕਹਿਣਾ ਜਿੰਨਾ ਆਸਾਨ ਲੱਗ ਰਿਹਾ ਹੈ ਅਸਲ 'ਚ ਓਨਾ ਹੀ ਔਖਾ ਹੈ ਕਿਉਂਕਿ ਆਪਣੇ ਸਾਧਾਰਨ ਵਿਵਹਾਰਕ ਵਿਚ ਸੁਧਾਰ ਸੌਖਾਲਿਆਂ ਨਹੀਂ ਆਉਂਦਾ, ਇਸ ਲਈ ਦ੍ਰਿੜ੍ਹ ਇੱਛਾ ਸ਼ਕਤੀ ਤੇ ਦ੍ਰਿੜ੍ਹ ਸੰਕਲਪ ਤੋਂ ਕੰਮ ਲਿਆ ਜਾ ਸਕਦਾ ਹੈ। ਆਦਰਸ਼ ਸਮਾਜ ਦੀ ਸਥਾਪਨਾ ਲਈ ਜ਼ਰੂਰੀ ਹੈ ਕਿ ਬਾਸ਼ਿੰਦਿਆਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ ਕਿਉਂਕਿ ਜਿਥੇ ਕਿਤਾਬਾਂ ਤੁਹਾਨੂੰ ਆਪਣੇ ਬਾਰੇ ਦੱਸਦੀਆਂ ਹਨ, ਉਥੇ ਹੀ ਤੁਹਾਨੂੰ ਦੂਜਿਆਂ ਬਾਰੇ ਵੀ ਦੱਸਦੀਆਂ ਹਨ।


-ਗੋਬਿੰਦਰ ਸਿੰਘ 'ਬਰੜ੍ਹਵਾਲ'
ਪਿੰਡ ਤੇ ਡਾਕ: ਬਰੜ੍ਹਵਾਲ (ਧੂਰੀ), ਜ਼ਿਲ੍ਹਾ ਸੰਗਰੂਰ।


ਸਮਾਰਟ ਫੋਨ ਦੀ ਲਤ
ਅੱਜ ਦਾ ਸਮਾਂ ਤਕਨਾਲੋਜੀ ਦਾ ਸਮਾਂ ਹੈ ਅਤੇ ਇਸ ਤਕਨਾਲੋਜੀ ਦੀਆਂ ਮਹੱਤਵਪੂਰਨ ਖੋਜਾਂ ਵਿਚੋਂ ਸਮਾਰਟ ਫੋਨ ਇਕ ਹੈ ਜੋ ਕਿ ਸਹੂਲਤਾਂ ਨਾਲ ਭਰਪੂਰ ਹੈ ਫਿਰ ਭਾਵੇਂ ਉਹ ਗੱਲਬਾਤ ਕਰਨੀ ਹੋਵੇ, ਮਨੋਰੰਜਨ ਕਰਨਾ ਹੋਵੇ, ਵਪਾਰ ਕਰਨਾ ਹੋਵੇ ਜਾਂ ਸ਼ੋਸ਼ਲ ਸਾਈਟ ਦੀ ਵਰਤੋਂ ਹੋਵੇ। ਅੱਜ ਤੋਂ ਕੁਝ ਕੁ ਸਾਲ ਪਹਿਲਾਂ ਫੋਨ ਸਿਰਫ ਗੱਲਬਾਤ ਕਰਨ ਦਾ ਸਾਧਨ ਹੁੰਦੇ ਸੀ ਜਿਸ ਨਾਲ ਅਸੀਂ ਵੇਲੇ ਕੁਵੇਲੇ ਆਪਣੇ ਸਕੇ-ਸਬੰਧੀਆਂ ਨਾਲ ਰਾਬਤਾ ਕਾਇਮ ਕਰ ਸਕਦੇ ਸੀ ਪਰ ਅੱਜ ਦੇ ਯੁੱਗ ਦਾ ਸਮਾਰਟ ਫੋਨ ਸਾਡਾ ਏਨਾ ਸਾਥੀ ਬਣ ਗਿਆ ਹੈ ਕਿ ਇਸ ਤੋਂ ਬਿਨਾਂ ਇਕ ਪਲ ਲੰਘਾਉਣਾ ਵੀ ਮੁਸ਼ਕਿਲ ਜਾਪਦਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ ਤੇ ਵੀਡੀਓ ਪਾਉਣ ਦੇ ਚੱਕਰਾਂ ਵਿਚ ਆਪਣੀ ਜਾਨ ਦੀ ਵੀ ਪ੍ਰਵਾਹ ਨਹੀਂ ਕਰਦੀ ਅਤੇ ਇਹ ਸਮਾਰਟ ਫੋਨ ਕਈ ਨੌਜਵਾਨਾਂ ਦੀ ਮੌਤ ਦਾ ਕਾਰਨ ਵੀ ਬਣ ਚੁੱਕਿਆ ਹੈ। ਹਰ ਇਨਸਾਨ ਆਪਣੇ ਕੰਮ ਤੋਂ ਹਫਤੇ ਵਿਚ ਇਕ ਦਿਨ ਛੁੱਟੀ ਕਰਦਾ ਹੈ ਤਾਂ ਜੋ ਉਹ ਆਪਣੇ ਦਿਮਾਗ਼ ਅਤੇ ਸਰੀਰ ਨੂੰ ਆਰਾਮ ਦੇ ਕੇ ਨਵੇਂ ਹਫ਼ਤੇ ਦੀ ਸ਼ੁਰੂਆਤ ਵਧੀਆ ਢੰਗ ਨਾਲ ਕਰ ਸਕੇ। ਸਮਾਰਟ ਫੋਨ ਦੀ ਵਰਤੋਂ ਕਰਨ ਵੇਲੇ ਵੀ ਇਨਸਾਨ ਨੂੰ ਹਫਤੇ ਵਿਚ ਇਕ ਦਿਨ ਇਸ ਦੀ ਵਰਤੋਂ ਤੋਂ ਬਿਨਾਂ ਗੁਜ਼ਾਰਨ ਦੀ ਆਦਤ ਪਾਉਣੀ ਚਾਹੀਦੀ ਹੈ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਲੋਕਾਂ ਨਾਲ ਮੇਲ-ਜੋਲ ਰੱਖੀਏ ਅਤੇ ਸਮਾਰਟ ਫੋਨ ਨੂੰ ਵਰਤਣ ਦਾ ਇਕ ਨਿਸਚਿਤ ਸਮਾਂ ਅਤੇ ਨਿਯਮ ਬਣਾ ਲਈਏ। ਘਰ ਜਾਂ ਦਫ਼ਤਰ ਵਿਚ ਕੁਝ ਖਾਸ ਖੇਤਰ ਵਿਚ ਫੋਨ ਦੀ ਐਂਟਰੀ ਬਿਲਕੁਲ ਨਹੀਂ ਹੋਣੀ ਚਾਹੀਦੀ ਪਹਿਲਾਂ ਪਹਿਲ ਇਹ ਗੱਲ ਔਖੀ ਜ਼ਰੂਰ ਲੱਗ ਸਕਦੀ ਹੈ ਪਰ ਹੌਲੀ-ਹੌਲੀ ਇਹ ਸਾਡੀ ਆਦਤ (ਸੁਭਾਅ) ਬਣ ਜਾਵੇਗੀ। ਅੱਜ ਦੀ ਪੀੜ੍ਹੀ ਇਸ ਸਮਾਰਟ ਫੋਨ ਦੀ ਬੇਲੋੜੀ ਵਰਤੋਂ ਨਾਲ ਆਪਣਾ ਕੀਮਤੀ ਸਮਾਂ, ਕੀਮਤੀ ਸਿਹਤ ਅਤੇ ਅਨਮੋਲ ਰਿਸ਼ਤੇ ਨਾਤਿਆਂ ਨੂੰ ਖਰਾਬ ਕਰ ਰਹੀ ਹੈ ਸਾਨੂੰ ਲੋੜ ਹੈ ਇਸ ਲਤ ਤੋਂ ਖੁਦ ਨੂੰ ਬਚਾ ਕੇ ਰੱਖਿਆ ਜਾਵੇ ਅਤੇ ਆਪਣੇ ਸਕੇ ਸਬੰਧੀਆਂ ਨਾਲ ਰਹਿੰਦੇ ਹੋਏ ਜੀਵਨ ਦਾ ਅਨੰਦ ਮਾਣਿਆ ਜਾ ਸਕੇ।


-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।


ਰੈਣ ਬਸੇਰੇ
ਭਾਵੇਂ ਸਰਕਾਰ ਵਲੋਂ ਲੱਖਾਂ ਰੁਪਏ ਖਰਚ ਕਰਕੇ ਕਈ ਸ਼ਹਿਰਾਂ ਵਿਚ ਰੈਣ ਬਸੇਰੇ ਬਣਾਏ ਗਏ ਹਨ, ਪਰ ਇਨ੍ਹਾਂ ਵਿਚ ਸਹੂਲਤਾਂ ਦੀ ਘਾਟ ਕਾਰਨ ਬੇਘਰੇ ਇਨ੍ਹਾਂ ਵਿਚ ਨਹੀਂ ਆ ਰਹੇ। ਕੜਾਕੇ ਦੀ ਠੰਢ ਹੋਣ ਦੇ ਬਾਵਜੂਦ ਵੀ ਜਿਥੇ ਬੇਘਰੇ ਇਨ੍ਹਾਂ ਰੈਣ-ਬਸੇਰਿਆਂ ਵਿਚ ਨਹੀਂ ਰਹਿੰਦੇ ਸਗੋਂ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਚੌਕਾਂ, ਫੁਟਪਾਥਾਂ ਅਤੇ ਧਾਰਮਿਕ ਅਸਥਾਨਾਂ 'ਤੇ ਮੰਗਣ ਲਈ ਬੈਠੇ ਰਹਿੰਦੇ ਹਨ, ਉਥੇ ਹੀ ਪੁਲਾਂ ਦੇ ਥੱਲੇ, ਕੂੜੇ ਦੇ ਢੇਰਾਂ ਅਤੇ ਗੰਦਗੀ ਵਾਲੀਆਂ ਥਾਵਾਂ 'ਤੇ ਠੰਢ ਤੋਂ ਬਚਣ ਲਈ ਅੱਗ ਸੇਕਦੇ ਨਜ਼ਰ ਆਉਂਦੇ ਹਨ। ਇਨ੍ਹਾਂ ਦੀ ਅਜਿਹੀ ਤਰਸਯੋਗ ਹਾਲਤ ਵੇਖ ਕੇ ਕਈ ਸੰਸਥਾਵਾਂ ਵਲੋਂ ਕੰਬਲ, ਗਰਮ ਕੱਪੜੇ ਵੀ ਵੰਡੇ ਜਾਂਦੇ ਹਨ। ਜਿਥੇ ਇਨ੍ਹਾਂ ਰੈਣ ਬਸੇਰਿਆਂ ਵਿਚ ਪੂਰੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ, ਉਥੇ ਹੀ ਪ੍ਰਸ਼ਾਸਨ ਨੂੰ ਜਨਤਕ ਥਾਵਾਂ 'ਤੇ ਬੈਠੇ ਤੇ ਭੀਖ ਮੰਗਦੇ ਇਨ੍ਹਾਂ ਲੋਕਾਂ ਨੂੰ ਰੈਣ ਬਸੇਰਿਆਂ ਵਿਚ ਭੇਜਣ ਲਈ ਢੁਕਵੀਂ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਇਨ੍ਹਾਂ ਦਾ ਠੰਢ ਤੋਂ ਬਚਾਅ ਹੋ ਸਕੇ ਅਤੇ ਸ਼ਹਿਰਾਂ ਦੀ ਖਰਾਬ ਹੁੰਦੀ ਦਿੱਖ ਵਿਚ ਸੁਧਾਰ ਆਵੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਨੌਜਵਾਨ ਤੇ ਨਸ਼ਾ
ਜੀ ਹਾਂ! ਅੱਜ ਆਪਾਂ ਗੱਲ ਕਰਦੇ ਹਾਂ ਨਸ਼ਾ ਕਿਉਂ ਕਰਦੇ ਹਨ ਅੱਜ ਦੇ ਨੌਜਵਾਨ ਅਤੇ ਚਾਹੁੰਦੇ ਹੋਏ ਵੀ ਕਿਉਂ ਨਹੀਂ ਛੱਡ ਸਕਦੇ ਨਸ਼ਾ ਇਹ ਬੱਚੇ? ਜੇਕਰ ਸਰਕਾਰ ਨਸ਼ੇ 'ਤੇ ਪੱਕੇ ਤੌਰ 'ਤੇ ਪਾਬੰਦੀ ਲਾ ਕੇ ਬੰਦ ਕਰ ਦੇਵੇ ਤਾਂ ਮਾਵਾਂ ਦੇ ਪੁੱਤ, ਭੈਣਾਂ ਦੇ ਭਰਾ, ਸੁਹਾਗਣਾਂ ਦੇ ਸੁਹਾਗ ਅਤੇ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਨਾ ਉਠੇ। ਕਈ ਬੱਚਿਆਂ ਦਾ ਕਹਿਣਾ ਹੈ ਕਿ ਅਸੀਂ ਨਸ਼ੇ ਤਾਂ ਛੱਡਣਾ ਚਾਹੁੰਦੇ ਹਾਂ ਜੇਕਰ ਮਾਪੇ, ਸਮਾਜ ਅਤੇ ਸਰਕਾਰ ਸਾਡਾ ਸਾਥ ਦੇਣ ਕਿਉਂਕਿ ਮਾਪੇ ਅਤੇ ਰਿਸ਼ਤੇਦਾਰ ਸਾਡੇ 'ਤੇ ਭਰੋਸਾ ਕਰਨ, ਸਮਾਜ ਸਾਨੂੰ ਨਸ਼ੇ ਛੱਡਣ ਤੋਂ ਬਾਅਦ ਵੀ ਨਸ਼ੇੜੀ ਕਹਿ ਕੇ ਬਲਾਉਂਦਾ ਹੈ ਤਾਂ ਬਹੁਤ ਦੁੱਖ ਲਗਦਾ ਹੈ। ਸਾਨੂੰ ਸਮਾਜ ਪੂਰਾ ਪਿਆਰ ਸਤਿਕਾਰ ਦੇਵੇ ਅਤੇ ਨਸ਼ੇੜੀ ਕਹਿ ਕੇ ਨਾ ਬੁਲਾਵੇ ਅਤੇ ਸਰਕਾਰ ਸਾਨੂੰ ਯੋਗਤਾ ਮੁਤਾਬਿਕ ਕੰਮ ਦੇਵੇ। ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਕਰਨ ਦੀ ਸਿਖਲਾਈ ਅਤੇ ਲੋੜ ਮੁਤਾਬਿਕ ਘੱਟ ਵਿਆਜ 'ਤੇ ਕਰਜ਼ਾ ਵਗੈਰਾ ਦੇਵੇ। ਸੋ ਆਓ ਸਾਰੇ ਰਲ-ਮਿਲ ਕੇ ਹੰਭਲਾ ਮਾਰੀਏ ਅਤੇ ਦੇਸ਼ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਲੈ ਆਈਏ।


-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।


ਖ਼ਤਰਨਾਕ ਡੋਰ ਵੇਚਣ ਵਾਲੇ...
ਹਰ ਸਾਲ ਅਸੀਂ ਅਖ਼ਬਾਰਾਂ ਵਿਚ ਪੜ੍ਹਦੇ ਹਾਂ, ਸੁਣਦੇ ਹਾਂ ਕਿ ਚਾਈਨਾ ਡੋਰ ਨਾਲ ਕਿੰਨੇ ਪੰਛੀਆਂ ਦੀ ਮੌਤ ਹੋ ਗਈ? ਕਈ ਮਨੁੱਖ ਵੀ ਇਸ ਦਾ ਸ਼ਿਕਾਰ ਹੋਏ, ਕਈਆਂ ਨੂੰ ਆਪਣੀ ਜਾਨ ਤੱਕ ਗੁਆਉਣੀ ਪਈ। ਪਿਛਲੇ ਸਾਲ ਖੰਨਾ ਸ਼ਹਿਰ ਵਿਚ ਅਜਿਹੀ ਵਾਰਦਾਤ ਹੋਈ ਕਿ ਬੰਦੇ ਦੀ ਗਰਦਨ ਵੱਢੀ ਗਈ। ਹਾਲਾਂਕਿ ਉਸ ਦੀ ਜਾਨ ਬਚ ਗਈ ਫਿਰ ਵੀ ਉਸ ਦੀ ਗਰਦਨ 'ਤੇ ਕਾਫੀ ਟਾਂਕੇ ਲੱਗੇ। ਪ੍ਰਸ਼ਾਸਨ ਨੂੰ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ। ਅਜਿਹੇ ਦੁਕਾਨਦਾਰ ਜੋ ਚਾਈਨਾ ਡੋਰ ਵੇਚਦੇ ਹਨ, ਉਨ੍ਹਾਂ 'ਤੇ ਸਖ਼ਤ ਕਾਰਵਾਈ ਹੋਵੇ। ਕਈ ਸਮਾਜਿਕ ਸੰਗਠਨਾਂ ਨੇ ਅੱਖਾਂ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ ਕੀਤਾ। ਚਾਈਨਾ ਡੋਰ ਪਲਾਸਟਿਕ ਦੀ ਬਣੀ ਹੋਣ ਕਾਰਨ ਟੁਟਦੀ ਵੀ ਨਹੀਂ ਤੇ ਜਿਥੇ ਵੀ ਸਰੀਰ ਨਾਲ ਛੂੰਹਦੀ ਹੈ, ਕੱਟ ਦਿੰਦੀ ਹੈ। ਚਾਈਨਾ ਡੋਰ ਜਾਂ ਜਾਨ-ਲੇਵਾ ਡੋਰ 'ਤੇ ਪਾਬੰਦੀ ਬਹੁਤ ਜ਼ਰੂਰੀ ਹੈ। ਬਸੰਤ ਪੰਚਮੀ ਦਾ ਤਿਉਹਾਰ ਖ਼ੁਸ਼ੀ ਨਾਲ ਮਨਾਉਣਾ ਚਾਹੀਦਾ ਹੈ। ਪਤੰਗ ਉਡਾਓ ਪਰ ਚਾਈਨਾ ਜਾਂ ਖ਼ਤਰਨਾਕ ਡੋਰ ਦਾ ਪ੍ਰਯੋਗ ਬਿਲਕੁਲ ਨਾ ਕਰੋ। ਆਓ, ਅਸੀਂ ਸਾਰੇ ਰਲ-ਮਿਲ ਕੇ ਇਸ ਸਮੱਸਿਆ ਦੇ ਹੱਲ ਲਈ ਯਤਨ ਕਰੀਏ।


-ਸੰਜੀਵ ਸਿੰਘ ਸੈਣੀ, ਮੋਹਾਲੀ।

10-01-2020

 ਨਵੇਂ ਵ੍ਹਰੇ ਦਿਆ ਸੂਰਜਾ
ਜਿਵੇਂ ਆਪਾਂ ਸਾਰੇ ਹੀ ਕਹਿੰਦੇ ਹਾਂ ਕਿ ਨਵੇਂ ਵ੍ਹਰੇ ਦਿਆ ਸੂਰਜਾ ਸਭ ਸੋਹਣਾ ਲੈ ਕੇ ਆ। ਮੇਰੇ ਹਿਸਾਬ ਨਾਲ ਪੁਰਾਣਾ ਵ੍ਹਰਾ ਜਿਹੜਾ ਬੀਤ ਗਿਆ ਉਸ ਦੇ ਚੰਗੇ, ਮਾੜੇ ਤਜਰਬੇ ਸਾਨੂੰ ਬਹੁਤ ਕੁਝ ਸਿਖਾ ਗਏ। ਕੁਝ ਮਾਂਵਾ ਦੇ ਪੁੱਤ ਖਾ ਲਏ ਨਸ਼ਿਆਂ ਨੇ ਤੇ ਕੁਝ ਕੈਨੇਡਾ ਖੋਹ ਕੇ ਲੈ ਗਿਆ, ਕੁਝ ਹੋਇਆ ਅਜਿਹਾ ਧੀਆਂ ਨਾਲ ਜੋ ਸਹਿਣਾ ਬੜਾ ਹੀ ਮੁਸ਼ਕਿਲ ਸੀ, ਕੁਝ ਲੱਕ ਤੋੜ ਮਹਿੰਗਾਈ ਨੇ ਸਾਨੂੰ ਦੁਨੀਆਦਾਰੀ ਸਿਖਾ ਦਿੱਤੀ, ਕੁਝ ਸਿੱਖਿਆ ਮਿਲੀ ਬੇਰੁਜ਼ਗਾਰੀ ਤੋਂ ਜਿਸ ਨੇ ਹੱਥੀਂ ਮਿਹਨਤ ਕਰਨੀ ਸਿਖਾ ਦਿੱਤੀ। ਪਰ ਜੋ ਬੀਤ ਗਿਆ ਉਸ ਤੋਂ ਸਬਕ ਸਿੱਖੀਏ ਅਤੇ ਨਵੇਂ ਵਰ੍ਹੇ ਦੀ ਸ਼ੁਰੂਆਤ ਚੰਗੀ ਸੋਚ, ਆਪਸੀ ਪਿਆਰ, ਵਿਸ਼ਵਾਸ, ਅੋਰਤਾਂ ਦੇ ਸਤਿਕਾਰ, ਨਸ਼ੇ ਰਹਿਤ ਅਤੇ ਸਭ ਧਰਮਾਂ ਦਾ ਸਤਿਕਾਰ ਕਰਨ ਤੋਂ ਸ਼ੁਰੂ ਕਰੀਏ। ਅਤੇ ਸਾਡੀ ਸਰਕਾਰ ਮਹਿੰਗਾਈ ਨੂੰ ਠੱਲ੍ਹ ਪਾਵੇ ਅਤੇ ਬੇਰੁਜ਼ਗਾਰੀ ਖ਼ਤਮ ਕਰੇ ਤਾਂ ਜੋ ਹਰ ਵਰਗ ਆਪਣੇ ਭਾਰਤ ਵਿਚ ਰਹਿ ਕੇ ਹੀ ਖੁਸ਼ ਹੋਵੇ। ਮੇਰੀ ਪ੍ਰਮਾਤਮਾ ਅੱਗੇ ਇਹੀ ਦੁਆ ਹੈ ਕਿ ਨਵੇਂ ਵਰ੍ਹੇ ਦਾ ਸੂਰਜ ਸਭਨਾਂ ਲਈ ਖੁਸ਼ੀਆਂ ਲੈ ਕੇ ਆਵੇ।


-ਪਰਮਜੀਤ ਕੌਰ ਸੋਢੀ, ਭਗਤਾ ਭਾਈ ਕਾ।


ਨਸ਼ੇ ਦਾ ਕਹਿਰ
ਪੰਜਾਬ ਵਿਚ ਨਸ਼ਿਆਂ ਦਾ 6ਵਾਂ ਦਰਿਆ ਵਗ ਰਿਹਾ ਹੈ। ਕੋਈ ਦਿਨ ਅਜਿਹਾ ਹੋਣਾ ਜਦੋਂ ਅਖ਼ਬਾਰ ਵਿਚ ਇਹ ਖ਼ਬਰ ਨਾ ਛਪੇ ਕਿ ਅੱਜ ਨੌਜਵਾਨ ਚਿੱਟੇ ਦੀ ਭੇਟ ਚੜ੍ਹਿਆ। ਹੁਣ ਤਾਂ ਕੁੜੀਆਂ ਵੀ ਇਸ ਦੀਆਂ ਆਦੀ ਹੋ ਗਈਆਂ ਹਨ। ਨਸ਼ਾ ਸਪਲਾਈ ਕਰਨ ਵਾਲੇ ਸੌਦਾਗਰਾਂ 'ਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ। ਜਦੋਂ ਕਾਂਗਰਸ ਸਰਕਾਰ ਹੋਂਦ ਵਿਚ ਆਈ, ਕੁਝ ਨਸ਼ਾ ਮਗਰਮੱਛਾਂ ਨੂੰ ਫੜਿਆ ਪਰ ਪੂਰੀ ਤਰ੍ਹਾਂ ਨਸ਼ਾ ਖ਼ਤਮ ਨਹੀਂ ਹੋਇਆ। ਨਸ਼ੇ ਦਾ ਵੱਡਾ ਕਾਰਨ ਬੇਰੁਜ਼ਗਾਰੀ ਵੀ ਹੈ। ਡਿਗਰੀਆਂ ਹੱਥਾਂ ਵਿਚ ਫੜੀ, ਨੌਕਰੀ ਦੀ ਪ੍ਰੇਸ਼ਾਨੀ, ਮਾਪਿਆਂ ਦੀਆਂ ਉਮੀਦਾਂ 'ਤੇ ਨਾ ਉਤਰਨਾ ਵੀ ਨਸ਼ੇ ਨੂੰ ਗ੍ਰਹਿਣ ਕਰਨਾ ਵੱਡਾ ਕਾਰਨ ਹੈ। ਭਾਵੇਂ ਸਰਕਾਰ ਨੇ ਨਸ਼ਾ-ਮੁਕਤੀਕੇਂਦਰ ਖੋਲ੍ਹੇ ਹਨ ਪਰ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿਚ ਮਨੋਵਿਗਿਆਨਕਾਂ ਦੀ ਘਾਟ ਹੈ। ਕੋਈ ਕੌਂਸਲਿੰਗ ਨਹੀਂ ਨਾ ਦਵਾਈਆਂ। ਕਈ ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰ ਮਰੀਜ਼ਾਂ ਦੀ ਚੰਗੀ ਲੁੱਟ-ਖਸੁੱਟ ਕਰ ਰਹੇ ਹਨ। 10 ਹਜ਼ਾਰ ਤੋਂ 25 ਹਜ਼ਾਰ ਤੱਕ ਵਸੂਲਦੇ ਹਨ। ਸਰਕਾਰਾਂ ਤੇ ਪ੍ਰਸ਼ਾਸਨ ਨੂੰ ਲੋੜੀਂਦੇ ਕਦਮ ਪੁੱਟਣ ਦੀ ਜ਼ਰੂਰਤ ਹੈ। ਨਸ਼ਾ ਇਕ ਕੋਹੜ ਵਰਗੀ ਬਿਮਾਰੀ ਹੈ, ਜੋ ਭਵਿੱਖ ਨੂੰ ਤਬਾਹ ਕਰ ਰਹੀ ਹੈ।


-ਸ: ਸਿੰਘ ਸੈਣੀ, ਦੇਸੂ ਮਾਜਰਾ।


ਬਾਲ ਮਜ਼ਦੂਰੀ
ਭਾਵੇਂ ਕੁਝ ਸਮਾਂ ਪਹਿਲਾਂ ਬਾਲ ਮਜ਼ਦੂਰੀ ਰੋਕਣ ਲਈ ਐਕਟ ਬਣਿਆ ਹੋਇਆ ਹੈ ਪਰ ਫਿਰ ਵੀ ਘਰਾਂ, ਜਨਤਕ ਥਾਵਾਂ, ਇੱਟਾਂ ਦੇ ਭੱਠਿਆਂ ਅਤੇ ਵਪਾਰਕ ਥਾਵਾਂ 'ਤੇ ਰੇੜੀਆਂ ਆਦਿ 'ਤੇ ਬਾਲ ਮਜ਼ਦੂਰੀ ਸ਼ਰ੍ਹੇਆਮ ਹੋ ਰਹੀ ਹੈ, ਜਿਸ ਨਾਲ ਜਿਥੇ ਬੱਚਿਆਂ ਦਾ ਭਵਿੱਖ ਤਾਂ ਖਰਾਬ ਹੋ ਹੀ ਰਿਹਾ ਹੈ, ਉਥੇ ਉਨ੍ਹਾਂ ਦਾ ਸ਼ੋਸ਼ਣ ਵੀ ਹੋ ਰਿਹਾ ਹੈ। ਬੱਚਿਆਂ ਦੇ ਵਿਕਾਸ ਲਈ ਕਈ ਵਿਭਾਗ ਵੀ ਕੰਮ ਕਰ ਰਹੇ ਹਨ ਪਰ ਬਾਲ ਮਜ਼ਦੂਰੀ ਬਿਨਾਂ ਰੋਕ-ਟੋਕ ਚੱਲ ਰਹੀ ਹੈ। ਬੱਚੇ ਹੀ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਜੇਕਰ ਉਨ੍ਹਾਂ ਦਾ ਬਚਪਨ ਹੀ ਰੁਲ ਗਿਆ ਤਾਂ ਦੇਸ਼ ਦੇ ਭਵਿੱਖ ਦਾ ਕੀ ਬਣੂ। ਸੋ, ਲੋੜ ਹੈ ਜਿਥੇ ਬਾਲ ਮਜ਼ਦੂਰੀ ਨੂੰ ਰੋਕਣ ਲਈ ਪ੍ਰਮੁੱਖਤਾ ਨਾਲ ਜਾਗਰੂਕਤਾ ਮੁਹਿੰਮਾਂ ਚਲਾਉਣ ਦੀ, ਉਥੇ ਹੀ ਸਬੰਧਿਤ ਵਿਭਾਗ ਨੂੰ ਬਾਲ ਮਜ਼ਦੂਰੀ ਨੂੰ ਰੋਕਣ ਲਈ ਜ਼ਮੀਨੀ ਪੱਧਰ 'ਤੇ ਉਪਰਾਲੇ ਕਰਨੇ ਚਾਹੀਦੇ ਹਨ।


-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ, ਜਲੰਧਰ


ਪ੍ਰਦੂਸ਼ਣ ਦਾ ਰੋਗ
ਪ੍ਰਦੂਸ਼ਣ ਸਾਡੇ ਪੰਜਾਬ ਵਿਚ ਹੀ ਨਹੀਂ ਸਗੋਂ ਪੂਰੇ ਵਿਸ਼ਵ ਵਿਚ ਇਕ ਬਹੁਤ ਵੱਡੀ ਸਮੱਸਿਆ ਹੈ, ਜੋ ਕਿ ਸਾਨੂੰ ਤਾਂ ਮੁਸ਼ਕਿਲ ਵਿਚ ਪਾ ਹੀ ਰਿਹਾ ਹੈ ਅਤੇ ਸਾਡੀਆਂ ਪੀੜ੍ਹੀਆਂ ਨੂੰ ਵੀ ਖਤਰੇ ਵਿਚ ਪਾ ਰਿਹਾ ਹੈ। ਸਾਡੇ ਪੰਜਾਬ ਵਿਚ ਤਾਂ ਹੁਣ ਬਹੁਤ ਜ਼ਿਆਦਾ ਨਹੀਂ ਪਰ ਦਿੱਲੀ 'ਚ ਬਹੁਤ ਹੀ ਪ੍ਰਦੂਸ਼ਣ ਦੇ ਰੋਗੀ ਹਨ। ਪ੍ਰਦੂਸ਼ਣ ਨਾਲ ਕਈ ਰੋਗ ਜਿਵੇਂ ਸਾਹ ਦਾ ਰੁਕਣਾ, ਦਮਾ, ਚਮੜੀ ਦੇ ਰੋਗ ਅਤੇ ਅੱਖਾਂ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਸਾਨੂੰ ਪਤਾ ਹੀ ਹੈ ਕਿ ਕੁਝ ਸਮੇਂ ਪਹਿਲਾਂ ਸਾਡੇ ਪੰਜਾਬ ਨੂੰ ਦਿੱਲੀ ਕੋਲੋਂ ਕਈ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪਈਆਂ ਸਨ। ਸਾਨੂੰ ਪਤਾ ਹੈ ਕਿ ਪ੍ਰਦੂਸ਼ਣ ਦੇ ਪਰਾਲੀ, ਸਨਅਤਾਂ, ਉਦਯੋਗਾਂ, ਗੱਡੀਆਂ-ਮੋਟਰਾਂ ਅਤੇ ਬਹੁਤ ਸਾਰੇ ਅਜਿਹੇ ਕਾਰਨ ਹਨ, ਜਿਸ ਨਾਲ ਪ੍ਰਦੂਸ਼ਣ ਪੈਦਾ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਪ੍ਰਦੂਸ਼ਣ ਜ਼ਿਆਦਾ ਪਰਾਲੀ ਨਾਲ ਪੈਦਾ ਹੁੰਦਾ ਹੈ ਪਰ ਕਿਸਾਨ ਕੀ ਕਰਨ, ਜੇ ਉਹ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ ਤਾਂ ਉਨ੍ਹਾਂ ਦੀ ਫ਼ਸਲ ਖਰਾਬ ਹੋ ਜਾਂਦੀ ਹੈ। ਸਰਕਾਰ ਤਾਂ ਕਹਿੰਦੀ ਹੈ ਕਿ ਪਰਾਲੀ ਨੂੰ ਅੱਗ ਨਾ ਲਾਓ ਪਰ ਉਹ ਕਰਨ ਤਾਂ ਕੀ ਕਰਨ। ਇਸ ਲਈ ਸਾਨੂੰ ਸਾਰਿਆਂ ਨੂੰ ਪੰਜਾਬ ਵਿਚ ਪੈਦਾ ਹੋਣ ਵਾਲੀ ਇਸ ਸਮੱਸਿਆ ਨਾਲ ਲੜਨਾ ਚਾਹੀਦਾ ਹੈ, ਨਹੀਂ ਤਾਂ ਸਾਡੀਆਂ ਪੀੜ੍ਹੀਆਂ ਵੀ ਮੁਸ਼ਕਿਲ ਵਿਚ ਪੈ ਜਾਣਗੀਆਂ।


-ਗੁਰਮਿੰਦਰ ਸਿੰਘ।


ਅਵਾਰਾ ਪਸ਼ੂਆਂ ਦਾ ਹੱਲ ਜ਼ਰੂਰੀ
ਕਿਸੇ ਵੀ ਸਮੱਸਿਆ ਵਲੋਂ ਅੱਖਾਂ ਮੀਟ ਲੈਣਾ ਉਸ ਸਮੱਸਿਆ ਨੂੰ ਵਿਕਰਾਲ ਰੂਪ ਧਾਰ ਲੈਣ ਦਾ ਮੌਕਾ ਦੇਣਾ ਹੈ। ਇਹੀ ਕੁਝ ਹੋਇਆ ਅਵਾਰਾ ਪਸ਼ੂਆਂ ਦੇ ਮਸਲੇ ਵਿਚ। ਪਹਿਲਾਂ ਟਰਾਲੀਆਂ ਭਰ ਕੇ ਇਕ ਪਿੰਡੋਂ ਦੂਜੇ ਪਿੰਡ, ਦੂਜਿਓਂ ਤੀਜੇ, ਇਸੇ ਤਰ੍ਹਾਂ ਚਲਦਾ ਸੀ। ਪਰ ਇਹ ਕੋਈ ਹੱਲ ਨਹੀਂ ਸੀ, ਸਿਰਫ ਆਪਣਾ ਬਚਾਅ ਕਰਕੇ ਦੂਜੇ ਨੂੰ ਮੁਸ਼ਕਿਲ ਵਿਚ ਪਾਉਣ ਵਾਲੀ ਗੱਲ ਸੀ। ਜਦੋਂ ਇਹ ਸਮੱਸਿਆ ਛੋਟੀ ਸੀ ਇਸ ਦਾ ਕੋਈ ਹੱਲ ਨਾ ਹੋ ਸਕਿਆ। ਗਊ ਸੈੱਸ ਲਾਉਣ ਤੋਂ ਬਾਅਦ ਵੀ ਕੋਈ ਹੱਲ ਨਹੀਂ। ਕੀਮਤੀ ਜਾਨਾਂ ਜਾਣ ਲੱਗੀਆਂ। ਹੁਣ ਵੀ ਸਿਰਫ ਰੌਲਾ ਰੱਪਾ ਹੀ ਸੁਣਾਈ ਦਿੰਦਾ ਹੈ। ਪਰ ਕੋਈ ਹੱਲ ਨਹੀਂ। ਸੜਕਾਂ 'ਤੇ 15-15, 20-20 ਪਸ਼ੂ ਤੁਰੇ ਫਿਰਦੇ ਹਨ। ਲੋਕ ਦਿਨ ਵੇਲੇ ਵੀ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਰੱਖਣ 'ਤੇ ਮਜਬੂਰ ਹੋ ਚੁੱਕੇ ਹਨ। ਇਨ੍ਹਾਂ ਪਸ਼ੂਆਂ ਕਰਕੇ ਕਈ ਘਰਾਂ ਦੇ ਚਿਰਾਗ ਬੁਝ ਗਏ ਹਨ। ਜਿਸ ਸਮੱਸਿਆ ਨਾਲ ਮਨੁੱਖੀ ਜਾਨਾਂ ਜਾਣ ਲੱਗ ਪੈਣ, ਉਸ ਦਾ ਹੱਲ ਬਹੁਤ ਜ਼ਰੂਰੀ ਹੋ ਜਾਂਦਾ ਹੈ। ਸਰਕਾਰਾਂ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਲਈ ਵਚਨਬੱਧ ਹੁੰਦੀਆਂ ਹਨ। ਪਰ ਹਰ ਕੰਮ ਵਿਚ ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਹੁੰਦਾ ਹੈ। ਸੋ, ਇਸ ਮਸਲੇ 'ਤੇ ਸਰਕਾਰਾਂ ਅਤੇ ਜਨਤਾ ਨੂੰ ਗੰਭੀਰਤਾ ਨਾਲ ਕੰਮ ਕਰਨ ਦੀ ਜ਼ਰੂਰ ਹੈ ਤਾਂ ਕਿ ਕੀਮਤੀ ਜਾਨਾਂ ਅਜਾਈਂ ਨਾ ਜਾਣ।


-ਅੰਮ੍ਰਿਤ ਕੌਰ
ਬਡਰੁੱਖਾਂ (ਸੰਗਰੂਰ)।


ਵਟਸਐਪ 'ਤੇ ਜ਼ਿੰਦਗੀ
ਜਦ ਕਿਤੇ ਪੁਰਾਣੇ ਬਜ਼ੁਰਗਾਂ ਤੋਂ ਗੱਲਾਂ ਸੁਣੀਆਂ ਤਾਂ ਉਸ ਲੰਘੇ ਸਮੇਂ 'ਚ ਲੁੱਟੇ ਨਜ਼ਾਰੇ ਅੱਜ ਨਾਲੋਂ ਕਿਤੇ ਵਧੀਆ ਜਾਪਦੇ ਨੇ। ਅੱਜ ਦੀ ਪੀੜ੍ਹੀ ਸਾਰਾ ਦਿਨ ਵਟਸਐਪ ਨੂੰ ਦੇਖ ਦੇਖ ਹੀ ਸਮਾਂ ਲੰਘਾ ਰਹੀ ਹੈ। ਬੜਾ ਅਜੀਬ ਲਗਦਾ ਜਦ ਕੋਈ ਖਾਣ ਵਾਲੀ ਚੀਜ਼ ਵੀ ਬਾਜ਼ਾਰ 'ਚੋਂ ਖ਼ਰੀਦ ਲਈਏ, ਉਹਦਾ ਸਟੇਟਸ ਜ਼ਰੂਰ ਲਾਉਣਾ ਤਾਂ ਕਿ ਲੋਕਾਂ ਨੂੰ ਪਤਾ ਲੱਗ ਜੇ ਕਿ ਅਸੀਂ ਵਧੀਆਂ ਚੀਜ਼ਾਂ ਖਾਂਦੇ ਹਾਂ। ਦੂਜੇ ਪਾਸੇ ਰਿਪਲਾਈ ਵਾਲਾ ਵੀ ਤਿਆਰ ਹੀ ਰਹਿੰਦਾ ਹੈ। ਜੇਕਰ ਕੋਈ ਵਟਸਐਪ ਉੱਤੇ ਮੈਸਿਜ ਦੇਖ ਕੇ ਰਿਪਲਾਈ ਨਾ ਕਰੇ ਤਾਂ ਵੀ ਦੁਨੀਆ ਲੜਨ ਤੱਕ ਪਹੁੰਚ ਜਾਂਦੀ ਹੈ। ਕੀ ਬੱਸ ਇਹੀ ਜ਼ਿੰਦਗੀ ਹੈ? ਰੋਟੀ ਲਈ ਸਮਾਂ ਮਿਲੇ ਜਾ ਨਾ ਪਰ ਵਟਸਐਪ ਲਈ ਸਮਾਂ ਕੱਢਣਾ ਜ਼ਰੂਰੀ ਹੋ ਗਿਆ। ਸਮਾਂ ਅੱਜ ਵੀ ਪਹਿਲਾਂ ਵਾਲੀ ਚਾਲ ਹੀ ਚੱਲ ਰਿਹਾ ਹੈ ਪਰ ਅਸੀਂ ਮੋਬਾਈਲ ਹੱਥਾਂ ਵਿਚ ਫੜ ਕੇ ਆਪਣਾ ਸਮਾਂ ਆਪ ਖਰਾਬ ਕਰਨ ਲੱਗੇ ਹੋਏ ਹਾਂ। ਇਕ ਦਿਨ ਮੋਬਾਈਲ ਨੂੰ ਆਪਣੇ ਹੱਥਾਂ ਵਿਚੋਂ ਪਰ੍ਹੇ ਕਰ ਦੇਵੋ, ਤੁਹਾਨੂੰ ਸਮੇਂ ਦੀ ਚਾਲ ਹੌਲੀ ਨਜ਼ਰ ਆਵੇਗੀ। ਮਨ ਨੂੰ ਸਕੂਨ ਜਿਹਾ ਮਹਿਸੂਸ ਹੋਵੇਗਾ, ਸਾਡਾ ਮਨ ਬੜਾ ਅਰਾਮਦਾਇਕ ਮਹਿਸੂਸ ਕਰੇਗਾ। ਸੋ ਆਓ ਇਨ੍ਹਾਂ ਚੀਜ਼ਾਂ ਦੀ ਵਰਤੋਂ ਨੂੰ ਆਪਣੇ ਦਾਇਰੇ ਵਿਚ ਰੱਖੀਏ, ਨਾ ਕਿ ਇਨ੍ਹਾਂ ਚੀਜ਼ਾਂ ਦੇ ਗੁਲਾਮ ਰਹਿ ਕੇ ਜ਼ਿੰਦਗੀ ਬਤਾਈਏ।


-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ-ਸੁਖਾਣਾ (ਲੁਧਿਆਣਾ)।

09-01-2020

ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ ਰਹੇ ਹਮਦਰਦ ਜੀ
2020 ਨੂੰ ਸੰਪਾਦਕੀ ਸਫ਼ੇ 'ਤੇ ਪ੍ਰੋ: ਪਿਆਰਾ ਸਿੰਘ ਭੋਗਲ ਦੁਆਰਾ ਲਿਖਿਆ ਲੇਖ ਪੰਜਾਬੀ 'ਅਜੀਤ' ਦੇ ਬਾਨੀ ਡਾ: ਸਾਧੂ ਸਿੰਘ ਹਮਦਰਦ ਜੀ ਦੀਆਂ ਜ਼ਿੰਦਗੀ ਦੀਆਂ ਅਹਿਮ ਗੱਲਾਂ ਉਨ੍ਹਾਂ ਦੇ 104ਵੇਂ ਜਨਮ ਦਿਹਾੜੇ ਵਾਲੇ ਦਿਨ ਸਾਂਝੀਆਂ ਕੀਤੀਆਂ। ਵਾਕਿਆ ਹੀ ਭਾਵੇਂ ਡਾ: ਸਾਧੂ ਸਿੰਘ ਹਮਦਰਦ ਨੇ ਪੰਜਾਬੀ ਨੂੰ ਮੁੱਖ ਭਾਸ਼ਾ ਬਣਾਉਣ ਵਾਸਤੇ ਪੱਤਰਕਾਰੀ ਜ਼ਰੀਆ ਬਣਾਇਆ ਸੀ। ਇਨ੍ਹਾਂ ਦੇ ਸਮਕਾਲੀ ਪੱਤਰਕਾਰ ਭਾਵੇਂ ਇਨ੍ਹਾਂ ਦਾ ਸਾਥ ਛੱਡ ਗਏ ਸੀ ਪਰ ਹਮਦਰਦ ਜੀ ਨੇ ਆਪਣਾ ਹੱਠ ਨਹੀਂ ਛੱਡਿਆ ਸੀ। ਲਾਹੌਰ ਤੋਂ ਜਲੰਧਰ ਵਿਚ ਆ ਕੇ ਦੁਬਾਰਾ ਅਖ਼ਬਾਰ ਨੂੰ ਸੁਰਜੀਤ ਕੀਤਾ। ਕਰੋੜਾਂ ਲੋਕਾਂ ਦੇ ਦਿਲ ਵਿਚ ਥਾਂ ਬਣਾਈ। ਜਿੰਨਾ ਸ਼ਾਇਦ ਆਪ ਨੂੰ ਪੰਜਾਬ ਤੇ ਪੰਜਾਬੀ ਨਾਲ ਪਿਆਰ ਸੀ, ਓਨਾ ਕਿਸੇ ਹੋਰ ਕੋਲੋਂ ਵੇਖਣ ਨੂੰ ਨਹੀਂ ਮਿਲਿਆ। ਆਪ ਪੰਜਾਬ ਦੇ ਸਾਰੇ ਮੁੱਦਿਆਂ ਨੂੰ ਉਭਾਰਦੇ ਰਹੇ। ਹਰੇਕ ਘਟਨਾਵਾਂ 'ਤੇ ਗਹਿਰੀ ਨਜ਼ਰ ਬਣਾ ਕੇ ਰੱਖਦੇ ਸਨ। ਜਦੋਂ ਵੀ ਪੰਜਾਬ ਜਾਂ ਪੰਜਾਬੀਅਤ ਨਾਲ ਧੱਕਾ ਹੋਇਆ, ਆਪ ਸਭ ਤੋਂ ਪਹਿਲਾਂ ਅੱਗੇ ਖੜ੍ਹਦੇ ਸੀ ਤੇ ਉਸ ਮੁੱਦੇ 'ਤੇ ਗੱਲ ਕਰਦੇ ਰਹੇ। ਅੱਜ ਉਸ ਮੁੱਦੇ ਨੂੰ ਲੈ ਕੇ ਉਨ੍ਹਾਂ ਦੇ ਫਰਜੰਦ ਡਾ: ਬਰਜਿੰਦਰ ਸਿੰਘ ਹਮਦਰਦ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲ ਰਹੇ ਹਨ। ਭਾਵੇਂ ਗ਼ਜ਼ਲੋ-ਗ਼ਜ਼ਲੀ ਹੋਵੇ ਤੇ ਭਾਵੇਂ ਐਡੀਟੋਰੀਅਲ ਲਿਖਤ ਹੋਵੇ, ਹਰੇਕ ਮਸਲੇ ਨੂੰ ਬਿਨਾਂ ਝਿਜਕ ਲੋਕਾਂ ਦੇ ਰੂਬਰੂ ਕਰ ਰਹੇ ਹਨ। ਵਾਹਿਗੁਰੂ ਇਨ੍ਹਾਂ ਨੂੰ ਹੋਰ ਬਲ ਬਖਸ਼ੇ ਤੇ ਇਹ ਹਮਦਰਦ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਦੇ ਰਹਿਣ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਪਿੰਡ ਤੇ ਡਾਕ: ਮਮਦੋਟ (ਫਿਰੋਜ਼ਪੁਰ)।


ਬੱਚਿਆਂ 'ਤੇ ਰਾਜਨੀਤੀ
ਪਿਛਲੇ ਕੁਝ ਦਿਨਾਂ ਵਿਚ ਰਾਜਸਥਾਨ ਦੇ ਸ਼ਹਿਰ ਕੋਟਾ ਦੇ ਇਕ ਹਸਪਤਾਲ ਵਿਚ 104 ਬੱਚਿਆਂ ਮੌਤ ਦੀ ਇਕ ਦਰਦਨਾਕ ਘਟਨਾ ਘਟੀ ਹੈ, ਜੋ ਕਿ ਬਹੁਤ ਹੀ ਦਿਲ ਨੂੰ ਦਹਿਲਾਉਣ ਵਾਲੀ ਗੱਲ ਹੈ। ਰਾਜਨੀਤਕ ਲੋਕਾਂ ਵਲੋਂ ਇਸ ਘਟਨਾਕ੍ਰਮ 'ਤੇ ਕੀਤੀ ਜਾ ਰਹੀ ਰਾਜਨੀਤੀ ਬਹੁਤ ਹੀ ਸ਼ਰਮਨਾਕ ਹੈ। ਇਸ ਤੋਂ ਪਹਿਲਾਂ ਵੀ ਜਦੋਂ ਪੰਜਾਬ ਵਿਚ ਇਕ ਬੱਚਾ ਬੋਰਵੇਲ ਦੇ ਵਿਚ ਡਿਗਿਆ ਸੀ ਤਾਂ ਕਾਫੀ ਰਾਜਨੀਤੀ ਹੋਈ ਸੀ ਜੇਕਰ ਹੁਣ ਉਸ ਘਰ ਦੇ ਹਾਲਾਤਾਂ ਨੂੰ ਦੇਖਿਆ ਜਾਵੇ ਤਾਂ ਹਾਲਾਤ ਪਹਿਲਾਂ ਵਾਂਗ ਹੀ ਹੋਣਗੇ ਪਰ ਹੁਣ ਕੋਈ ਰਾਜਨੀਤੀ ਵਾਲੇ ਲੋਕ ਕੋਈ ਵੀ ਉਥੇ ਨਹੀਂ ਆਉਂਦਾ ਹੋਵੇਗਾ। ਆਉਣਾ ਤਾਂ ਦੂਰ ਦੀ ਗੱਲ ਕੋਈ ਘਰ ਦੇ ਮੈਂਬਰ ਨੂੰ ਫੋਨ ਵੀ ਨਹੀਂ ਕਰਦਾ ਹੋਵੇਗਾ। ਇਸੇ ਤਰ੍ਹਾਂ ਬਿਹਾਰ ਵਿਚ ਜੂਨ 2019 ਦੇ ਵਿਚ 150 ਤੋਂ ਜ਼ਿਆਦਾ ਬੱਚਿਆਂ ਦੀ ਮੌਤ ਹੋਈ ਸੀ, ਜਿਸ ਨੂੰ ਲੈ ਕੇ ਵੀ ਕਾਫੀ ਰਾਜਨੀਤੀ ਹੋਈ ਸੀ, ਜੋ ਕਿ ਸਹੀ ਨਹੀਂ ਮੰਨਿਆ ਜਾ ਸਕਦਾ। ਸਮੂਹਿਕ ਰਾਜਨੀਤਕ ਪਾਰਟੀਆਂ ਨੂੰ ਇਸ 'ਤੇ ਸੋਚ ਵਿਚਾਰ ਕਰਨਾ ਚਾਹੀਦਾ ਹੈ। ਜਦੋਂ ਕੋਈ ਬਿਮਾਰੀ ਜਾਂ ਸਮੱਸਿਆ ਛੋਟੀ ਹੁੰਦੀ ਹੈ ਤਾਂ ਉਸੇ ਵੇੇਲੇ ਹੀ ਸੱਤਾਧਾਰੀ ਪਾਰਟੀਆਂ ਨੂੰ ਇਸ 'ਤੇ ਗ਼ੌਰ ਕਰ ਲੈਣਾ ਚਾਹੀਦਾ ਹੈ, ਤਾਂ ਜੋ ਛੋਟੇ-ਛੋਟੇ ਬੱਚਿਆਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।


-ਮਨਪ੍ਰੀਤ ਸਿੰਘ
ਹੁਸ਼ਿਆਰਪੁਰ।


ਵਿਦਿਆਰਥੀਆਂ 'ਤੇ ਹਮਲੇ ਅਸਹਿਣਯੋਗ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਕੈਂਪਸ ਅੰਦਰ ਹੋਏ ਘਿਨਾਉਣੇ ਹਿੰਸਕ ਘਟਨਾਕ੍ਰਮ ਦਾ ਦੇਸ਼ ਭਰ ਵਿਚ ਵਿਰੋਧ ਹੋਣਾ ਸੁਭਾਵਿਕ ਹੈ। ਲੋਹੇ ਦੀਆਂ ਰਾਡਾਂ, ਹਥੌੜਿਆਂ ਅਤੇ ਬੋਤਲਾਂ ਨਾਲ ਲੈਸ ਨਕਾਬਪੋਸ਼ਾਂ ਵਲੋਂ ਵਿਦਿਆਰਥੀਆਂ ਦੀ ਕੀਤੀ ਕੁੱਟਮਾਰ ਅਤੇ ਕਿਸੇ ਵੀ ਨਕਾਬਪੋਸ਼ ਦਾ ਫੜਿਆ ਨਾ ਜਾਣਾ ਹਰ ਭਾਰਤੀ ਨਾਗਰਿਕ ਨੂੰ ਚਿੰਤਤ ਕਰਦੀ ਹੈ। ਜੇ ਸੁਰੱਖਿਆ ਕਰਮੀ ਹੋਣ ਦੇ ਬਾਵਜੂਦ ਵਿਦਿਆਰਥੀ ਕੈਂਪਸ ਦੇ ਅੰਦਰ ਵੀ ਸੁਰੱਖਿਅਤ ਨਹੀਂ ਤਾਂ ਇਸ ਤੋਂ ਵੱਡੀ ਚਿੰਤਾ ਦੀ ਗੱਲ ਕੀ ਹੋ ਸਕਦੀ ਹੈ। ਜੋ ਵੀ ਦੇਸ਼ ਅੰਦਰ ਮੰਦਭਾਗੀਆਂ ਘਟਨਾਵਾਂ ਹੋ ਰਹੀਆਂ ਹਨ, ਇਨ੍ਹਾਂ ਨਾਲ ਸਾਰੇ ਦੇਸ਼ ਦੀ ਸਥਿਤੀ ਚਿੰਤਾਜਨਕ ਬਣਦੀ ਜਾ ਰਹੀ ਹੈ। ਜੇ ਸਮਾਂ ਰਹਿੰਦੇ ਸਹੀ-ਤਰੀਕੇ ਨਾਲ ਦੋਸ਼ੀਆਂ ਨੂੰ ਸਜ਼ਾਵਾਂ ਨਾ ਦਿੱਤੀਆਂ ਗਈਆਂ ਅਤੇ ਪੀੜਤਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਇਹ ਮਾਹੌਲ ਦੇਸ਼ ਅਤੇ ਸਮਾਜ ਲਈ ਘਾਤਕ ਸਿੱਧ ਹੋਵੇਗਾ।


-ਅੰਮ੍ਰਿਤ ਕੌਰ
ਬਡਰੁੱਖਾਂ (ਸੰਗਰੂਰ)।


ਸੱਭਿਅਕ ਹਾਸਾ
ਹਾਸਾ ਹਰ ਇਕ ਵਿਆਕਤੀ ਅਤੇ ਕੌਮ ਲਈ ਇਕ ਊਰਜਾ ਦਾ ਕੰਮ ਕਰਦਾ ਹੈ। ਪਰ ਕਿਸੇ ਅੰਗਹੀਣ, ਬਿਮਾਰ, ਮਜਬੂਰ, ਬਜ਼ੁਰਗ, ਗ਼ਰੀਬ ਉੱਪਰ ਅਤੇ ਬੇਢੰਗਾ ਹਾਸਾ ਅਸੱਭਿਅਕ ਅਖਵਾਉਂਦਾ ਹੈ। ਇਸ ਲਈ ਹੀ ਜਨਤਕ ਥਾਵਾਂ ਅਤੇ ਸਰਕਾਰੀ ਦਫ਼ਤਰਾਂ ਵਿਚ ਕੇਵਲ ਮੁਸਕਰਾਉਣ ਉੱਪਰ ਜ਼ੋਰ ਦਿੱਤਾ ਜਾਂਦਾ ਹੈ। ਬਚਪਨ ਦਾ ਹਾਸਾ ਨਿਰਛਲ, ਜਵਾਨੀ ਵਾਲਾ ਛਲ ਭਰਪੂਰ ਅਤੇ ਬੁਢਾਪੇ ਵਿਚਲਾ ਹਾਸਾ ਮਜਬੂਰੀ ਵਾਲਾ ਹਾਸਾ ਹੁੰਦਾ ਹੈ। ਇਸ ਉਮਰ ਵਿਚ ਚਾਹ ਕੇ ਵੀ ਸਰੀਰ ਹੱਸਣ ਵਿਚ ਸਾਥ ਨਹੀਂ ਦਿੰਦਾ। ਇਸ ਲਈ ਹਾਸਾ ਕੇਵਲ ਸੱਭਿਅਕ ਕਿਸਮ ਦਾ ਹੀ ਹੱਸਣਾ ਚਾਹੀਦਾ ਹੈ, ਜੋ ਕਿਸੇ ਹੋਰ ਲਈ ਪੀੜਾਦਾਇਕ ਨਾ ਬਣੇ। ਹੱਸਣ ਸਮੇਂ ਸਮਾਂ, ਸਥਾਨ ਅਤੇ ਸਥਿਤੀ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ। ਲੋੜ ਅਨੁਸਾਰ ਹਾਸੇ ਉੱਪਰ ਕੰਟਰੋਲ ਦੀ ਜਾਂਚ ਆਉਣੀ ਚਾਹੀਦੀ ਹੈ ਪਰ ਦੋਸਤਾਂ-ਮਿੱਤਰਾਂ ਅਤੇ ਪਰਿਵਰਕ ਮੈਂਬਰਾਂ ਵਿਚ ਬੈਠ ਕੇ ਖੁੱਲ੍ਹ ਕੇ ਹੱਸਣਾ ਚਾਹੀਦਾ ਹੈ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।


ਜੇ.ਐਨ.ਯੂ. 'ਚ ਗੁੰਡਾਗਰਦੀ
ਬਰਜਿੰਦਰ ਸਿੰਘ ਹਮਦਰਦ ਹੁਰਾਂ ਦੀ ਰਚਨਾ 'ਮੰਦਭਾਗਾ ਘਟਨਾਕ੍ਰਮ' ਪੜ੍ਹੀ, ਜਿਸ ਬਾਰੇ ਲੇਖਕ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਨਕਾਬਪੋਸ਼ਾਂ ਵਲੋਂ ਕੀਤੀ ਗਈ ਹਿੰਸਾ ਬਾਰੇ ਵਰਨਣ ਕਰ ਚਿੰਤਾ ਜਤਾਈ ਹੈ, ਕਾਬਲੇ ਗ਼ੌਰ ਸੀ। ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਨੂੰ ਮੰਦਰ ਦਾ ਦਰਜਾ ਦਿੱਤਾ ਹੈ। ਜੇਕਰ ਇਸ ਮੰਦਰ ਵਿਚ ਕੋਈ ਖੂਨੀ ਜੰਗ ਖੇਡ ਨੰਗਾ ਨਾਚ ਕਰਦਾ ਹੈ, ਇਹ ਬਰਦਾਸ਼ਤ ਕਰਨਾ ਔਖਾ ਹੈ। ਇਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਇਸ ਲਈ ਜ਼ਿੰਮੇਵਾਰ ਨਕਾਬਪੋਸ਼ ਤੇ ਉਨ੍ਹਾਂ ਨੂੰ ਸ਼ਹਿ ਦੇਣ ਵਾਲੇ, ਉਨ੍ਹਾਂ ਦੇ ਚਿਹਰੇ ਨੰਗੇ ਕਰਕੇ ਹਿੰਸਾ ਦੇ ਨਾਲ-ਨਾਲ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਕਤਲ ਦੀ ਕੋਸ਼ਿਸ਼ ਕਰਨ ਦਾ ਮੁਕੱਦਮਾ ਵੀ ਦਰਜ ਕਰ ਉਨ੍ਹਾਂ ਦੀ ਪਛਾਣ ਕਰਕੇ ਜੇਲ੍ਹਾਂ ਦੀਆਂ ਸਲਾਖਾਂ ਵਿਚ ਸੁੱਟ ਕੇ ਸਜ਼ਾ ਦਿਵਾਉਣੀ ਚਾਹੀਦੀ ਹੈ। ਪ੍ਰਾਪਰਟੀ ਦੇ ਨੁਕਸਾਨ ਦੀ ਭਰਪਾਈ ਇਨ੍ਹਾਂ ਤੋਂ ਕਰਨੀ ਚਾਹੀਦੀ ਹੈ। ਯੂਨੀਵਰਸਿਟੀ ਨੂੰ ਖੂਨੀ ਵਿਦਿਆਰਥੀ ਸਿਆਸਤ ਦਾ ਅਖਾੜਾ ਨਹੀਂ ਬਣਾਉਣਾ ਚਾਹੀਦਾ ਹੈ।


-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ।

08-01-2020

 ਛੁੱਟੀਆਂ ਵਾਲਾ ਦੇਸ਼ ਭਾਰਤ
ਜੀ ਹਾਂ, ਸ਼ਾਇਦ ਦੁਨੀਆ ਦਾ ਸਭ ਤੋਂ ਵੱਧ ਛੁੱਟੀਆਂ ਵਾਲਾ ਦੇਸ਼ ਭਾਰਤ ਹੀ ਹੈ। 25 ਦਸੰਬਰ ਦੇ 'ਅਜੀਤ' ਅਖ਼ਬਾਰ ਨੇ ਦੱਸਿਆ ਕਿ ਸਰਕਾਰ ਨੇ 2020 ਦੀਆਂ ਛੁੱਟੀਆਂ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ, ਜਿਸ ਵਿਚ ਮੁਲਾਜ਼ਮਾਂ ਨੂੰ 137 ਛੁੱਟੀਆਂ ਮਿਲਣਗੀਆਂ। ਇਥੇ ਹਰ ਹਫ਼ਤੇ ਸ਼ਨੀ, ਐਤਵਾਰ ਤੇ ਇਕ ਅੱਧੀ ਗਜ਼ਟ ਛੁੱਟੀ ਹੁੰਦੀ ਹੀ ਹੈ। ਕਦੇ ਮੁਲਾਜ਼ਮ ਵੀ ਛੁੱਟੀ ਕਰ ਲੈਂਦੇ ਹਨ। ਦੂਜਾ ਜ਼ਿਆਦਾਤਰ ਦਫ਼ਤਰਾਂ, ਸਕੂਲਾਂ ਵਿਚ ਸਟਾਫ਼ ਪੂਰਾ ਨਹੀਂ ਹੈ। ਅਜਿਹੇ ਹਾਲਾਤ ਵਿਚ ਦਫ਼ਤਰਾਂ ਦਾ ਕੰਮ ਅਤੇ ਸਕੂਲਾਂ 'ਚ ਪੜ੍ਹਾਈ ਦਾ ਪੂਰਾ ਹੋਣਾ ਮੁਸ਼ਕਿਲ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਕੂਲਾਂ ਵਿਚ ਬੱਚਿਆਂ ਦੇ ਰਹਿਣ ਲਈ ਅਜਿਹੀ ਜਗ੍ਹਾ ਬਣਾਵੇ ਸਕੂਲਾਂ ਵਿਚ ਗਰਮੀ ਸਰਦੀ ਦੀਆਂ ਛੁੱਟੀਆਂ ਘੱਟ ਕਰਨੀਆਂ ਪੈਣ। ਦੂਜਾ ਕਿਸੇ ਧਾਰਮਿਕ ਗੁਰੂ ਪੀਰ, ਸ਼ਹੀਦ ਦੇ ਨਾਂਅ 'ਤੇ ਛੁੱਟੀਆਂ ਨਾ ਕਰਨ, ਸਗੋਂ ਉਸ ਦਿਨ ਸਾਰਾ ਸਟਾਫ਼ ਤੇ ਸਕੂਲਾਂ ਵਿਚ ਬੱਚੇ ਇਕੱਠੇ ਹੋ ਕੇ ਘੰਟਾ ਦੋ ਘੰਟੇ ਉਹਦੇ ਬਾਰੇ ਵਿਚਾਰ ਚਰਚਾ ਕਰਨ। ਤਿਉਹਾਰਾਂ ਨੂੰ ਲੋਹੜੀ ਵਾਂਗ ਇਕੱਠੇ ਹੋ ਕੇ ਮਨਾਇਆ ਜਾਵੇ। ਇਸ ਤਰ੍ਹਾਂ ਕਰਨ ਨਾਲ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਮਜ਼ਬੂਤ ਹੋਵੇਗੀ। ਜੇ ਸਰਕਾਰ ਨੇ ਇਸੇ ਤਰ੍ਹਾਂ ਛੁੱਟੀਆਂ ਜਾਰੀ ਰੱਖੀਆਂ ਤਾਂ ਸਾਡਾ ਦੇਸ਼ ਦੂਜੇ ਦੇਸ਼ਾਂ ਦੇ ਮੁਕਾਬਲੇ ਹਰ ਖੇਤਰ ਵਿਚ ਪਛੜ ਜਾਵੇਗਾ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਜਮ੍ਹਾਂਖੋਰ ਤੇ ਮੁਨਾਫ਼ਾਖੋਰ ਲੋਕ
ਦੇਸ਼ ਵਿਚ ਚੀਜ਼ਾਂ ਜਮ੍ਹਾ ਕਰਕੇ ਚੀਜ਼ਾਂ ਦੀ ਥੁੜ ਪੈਦਾ ਕਰਨੀ ਤੇ ਚੀਜ਼ਾਂ ਦੀਆਂ ਕੀਮਤਾਂ ਵਧਾ ਕੇ ਮੁਨਾਫ਼ਾਖੋਰੀ ਕਰਨਾ, ਅਰਥ-ਵਿਵਸਥਾ ਨੂੰ ਢਾਅ ਲਗਾਉਣਾ, ਇਨਸਾਨੀਅਤ ਵਾਲੇ ਕੰਮ ਨਹੀਂ ਹਨ। ਇਨ੍ਹਾਂ ਲੋਕਾਂ ਨੂੰ ਮਿਹਨਤਕਸ਼ ਲੋਕਾਂ ਬਾਰੇ ਸੋਚਣਾ ਚਾਹੀਦਾ ਹੈ ਕਿ ਕਿਵੇਂ ਅੱਜ ਗ਼ਰੀਬ ਲੋਕਾਂ ਨੂੰ ਮਹਿੰਗਾਈ ਦੀ ਚੱਕੀ ਵਿਚ ਪਿਸਣਾ ਪੈ ਰਿਹਾ ਹੈ। ਸਾਨੂੰ ਸਭ ਨੂੰ ਜਮ੍ਹਾਂਖੋਰ ਤੇ ਮੁਨਾਫ਼ਾਖੋਰ ਲੋਕਾਂ ਨੂੰ ਨੱਥ ਪਾਉਣ ਲਈ ਸਰਕਾਰਾਂ ਦਾ ਸਹਿਯੋਗ ਦੇਣਾ ਚਾਹੀਦਾ ਹੈ, ਸਰਕਾਰਾਂ ਨੂੰ ਸਖ਼ਤ ਕਾਨੂੰਨਾਂ ਰਾਹੀਂ ਇਨ੍ਹਾਂ ਲੋਕਾਂ ਨੂੰ ਸਜ਼ਾਵਾਂ ਦਿਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਬਾਜ਼ਾਰ ਵਿਚ ਇਨ੍ਹਾਂ ਅਲਾਮਤਾਂ ਦਾ ਖ਼ਾਤਮਾ ਹੋ ਸਕੇ ਅਤੇ ਦੇਸ਼ ਹੋਰ ਆਰਥਿਕ ਤਰੱਕੀ ਤੇ ਖੁਸ਼ਹਾਲੀ ਪ੍ਰਾਪਤ ਕਰ ਸਕੇ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿ: ਪਟਿਆਲਾ।


ਨਵਾਂ ਸਾਲ ਤੇ ਤੋਹਫ਼ੇ
ਲੋਕ ਨਵੇਂ ਸਾਲ 'ਤੇ ਸੱਜਣਾਂ-ਮਿੱਤਰਾਂ ਨੂੰ ਸ਼ੁੱਭ ਕਾਮਨਾਵਾਂ ਦੇ ਕੇ ਖ਼ੁਸ਼ੀਆਂ ਸਾਂਝੀਆਂ ਕਰ ਨਵੇਂ ਸਾਲ ਦਾ ਸਵਾਗਤ ਕਰ ਰਹੇ ਸਨ। ਪਰ ਸਮੇਂ ਦੀਆਂ ਸਰਕਾਰਾਂ ਨੇ ਇਸ ਖ਼ਾਸ ਦਿਨ 'ਤੇ ਆਮ ਲੋਕਾਂ ਨੂੰ ਜੋ ਮਹਿੰਗਾਈ ਨਾਲ ਜੂਝ ਰਹੇ ਸਨ, ਨੂੰ ਤੋਹਫ਼ੇ ਦੇ ਕੇ ਨਿਵਾਜਿਆ। ਪਹਿਲਾ ਤੋਹਫ਼ਾ ਪੰਜਾਬ ਸਰਕਾਰ ਨੇ ਦਿੱਤਾ ਹੈ ਆਵਾਜਾਈ ਦੇ ਸਾਧਨਾਂ ਦਾ ਭਾਵ ਆਮ ਲੋਕਾਂ ਲਈ ਪੰਜਾਬ ਵਿਚ ਬੱਸਾਂ ਦੇ ਕਿਰਾਏ ਵਿਚ ਚੁੱਪ-ਚੁਪੀਤੇ ਹੀ ਵਾਧਾ ਕੀਤਾ ਹੈ। ਉਸ ਤੋਂ ਬਾਅਦ ਪੰਜਾਬ ਵਿਚ ਪਹਿਲਾਂ ਹੀ ਮਹਿੰਗੀ ਬਿਜਲੀ ਕਰ ਦੇਣ ਦਾ ਤੋਹਫ਼ਾ ਵੀ ਨਵੇਂ ਸਾਲ ਨੂੰ ਹੀ ਦਿੱਤਾ ਹੈ। ਜੇ ਪੰਜਾਬ ਸਰਕਾਰ ਨੇ ਕਿਰਾਏ 'ਤੇ ਬਿਜਲੀ ਵਧਾਏ ਹਨ ਤਾਂ ਕੇਂਦਰ ਸਰਕਾਰ ਵੀ ਇਸ ਦਿਨ 'ਤੇ ਪਿੱਛੇ ਨਹੀਂ ਰਹੀ। ਕੇਂਦਰ ਨੇ ਵੀ ਆਮ ਲੋਕਾਂ ਦੇ ਸਾਧਨ ਰੇਲਵੇ ਸਫ਼ਰ ਵਿਚ ਵੀ ਇਜ਼ਾਫ਼ਾ ਕੀਤਾ ਹੈ। ਹਰ ਪਾਸਿਉਂ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਦਾ ਹੋਰ ਕਚੂੰਮਰ ਕੱਢਿਆ ਜਾਵੇਗਾ। ਸਾਡੀਆਂ ਜੁੱਤੀਆਂ ਸਾਡਾ ਹੀ ਸਿਰ ਹਰ ਪਾਸੇ ਹੈ।


-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿਆਣਾ)।


ਬੇਇਨਸਾਫ਼ੀ ਕਿਉਂ?
ਸਮਾਜਿਕ ਕਾਰਜਕਰਤਾ ਵਕੀਲ ਸ੍ਰੀ ਦਿਨੇਸ਼ ਚੱਢਾ ਨੇ ਆਰ.ਟੀ.ਆਈ. ਤਹਿਤ ਜਾਣਕਾਰੀ ਲੈਂਦਿਆਂ ਖੁਲਾਸਾ ਕੀਤਾ ਹੈ ਕਿ ਦੇਸ਼ ਦੇ ਕਾਨੂੰਨ ਘਾੜਿਆਂ (ਰਾਜ ਸਭਾ ਮੈਂਬਰਾਂ) ਨੇ ਆਪਣੀ ਤਨਖਾਹ ਤੋਂ ਕਈ ਗੁਣਾਂ ਵੱਧ ਟੀ.ਏ., ਡੀ.ਏ. ਸਾਲ 2018-19 ਦੌਰਾਨ ਕਲੇਮ ਕੀਤਾ ਹੈ, ਜੋ ਕਿ ਔਸਤਨ 17 ਲੱਖ 30 ਹਜ਼ਾਰ ਰੁਪਏ ਪ੍ਰਤੀ ਮੈਂਬਰ ਬਣਦਾ ਹੈ। ਇਕ ਰਾਜ ਸਭਾ ਮੈਂਬਰ ਦੀ ਤਨਖਾਹ ਲਗਪਗ ਇਕ ਲੱਖ ਰੁਪਏ ਪ੍ਰਤੀ ਮਹੀਨਾ ਹੈ। ਇਸ ਦੇ ਉਲਟ ਮੁਲਾਜ਼ਮ, ਪੈਨਸ਼ਨਰ ਕਿਸੇ ਵੀ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਆਪਣੀਆਂ ਰੁਕੀਆਂ ਤਨਖਾਹਾਂ ਲਈ ਧਰਨੇ-ਮੁਜ਼ਾਹਰੇ ਕਰ ਰਹੇ ਹਨ। ਉਨ੍ਹਾਂ ਨੂੰ ਕਈ-ਕਈ ਮਹੀਨੇ ਦਾ ਡੀ.ਏ. ਦੀਆਂ ਕਿਸ਼ਤਾਂ ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ। ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨਹੀਂ ਲਾਗੂ ਕੀਤੀ ਜਾ ਰਹੀ। ਅਜਿਹੀ ਬੇਇਨਸਾਫ਼ੀ ਖਿਲਾਫ਼ ਮੁਲਾਜ਼ਮਾਂ, ਪੈਨਸ਼ਨਰਾਂ 'ਚ ਸਖ਼ਤ ਰੋਹ ਪਾਇਆ ਜਾ ਰਿਹਾ ਹੈ।


-ਇੰਜੀ: ਰਛਪਾਲ ਸਿੰਘ 'ਚਨੂੰਵਾਲਾ', ਮੋਗਾ।


ਪੁਲਿਸ ਦੀ ਮਿਲੀਭੁਗਤ
ਜੋ ਤੱਥ ਹੁਣ ਸਾਹਮਣੇ ਆ ਰਹੇ ਹਨ ਕਿ ਪੁਲਿਸ ਤੇ ਨਸ਼ਾ ਸਮੱਗਲਰ ਆਪਸ ਵਿਚ ਮਿਲੇ-ਜੁਲੇ ਹਨ। ਇਹ ਕੋਈ ਅਤਿ ਕਥਨੀ ਹੋਵੇਗੀ ਸਗੋਂ ਬਿਲਕੁਲ ਸੱਚ ਹੈ ਜਿਵੇਂ 'ਅਜੀਤ' ਦੇ ਸੰਪਾਦਕੀ ਸਫ਼ੇ 'ਤੇ ਜਤਿੰਦਰ ਦੇਵਗਨ ਨੇ ਆਪਣੇ ਲੇਖ 'ਜੇ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਤਾਂ ਉਸ ਖੇਤ ਦਾ ਕੀ ਬਣੇਗਾ' ਵਿਚ ਪੂਰੀ ਜਾਣਕਾਰੀ ਮੁਹੱਈਆ ਕਰਵਾਈ ਹੈ। ਹਰ ਰੋਜ਼ ਕਿਧਰੇ ਨਾ ਕਿਧਰੇ ਨਸ਼ੇ ਦਾ ਕਾਰੋਬਾਰ ਕਰਦੇ ਪੁਲਿਸ ਕਰਮਚਾਰੀਆਂ ਦੇ ਨਾਂਅ ਉਜਾਗਰ ਹੋ ਰਹੇ ਹਨ। ਜੇ ਦੋ-ਚਾਰ ਕਰਮਚਾਰੀਆਂ 'ਤੇ ਸਖ਼ਤ ਕਾਰਵਾਈ ਹੋ ਜਾਵੇ ਤਾਂ ਸ਼ਾਇਦ ਨਸ਼ੇ ਦੀ ਗੰਦੀ ਲਾਹਨਤ ਸਾਡੇ ਸਮਾਜ ਵਿਚੋਂ ਖ਼ਤਮ ਹੋ ਹੀ ਜਾਵੇ। ਪਰ ਜੇ ਕੋਈ ਇਮਾਨਦਾਰੀ ਨਾਲ ਆਪਣਾ ਫ਼ਰਜ਼ ਸਮਝੇ ਤਾਂ ਹੀ ਇਹ ਸਭ ਕੁਝ ਸੰਭਵ ਹੋ ਸਕਦਾ ਹੈ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਪਿੰਡ ਤੇ ਡਾਕ: ਮਮਦੋਟ (ਫਿਰੋਜ਼ਪੁਰ)।

07-01-2020

 ਔਰਤ ਕੀ ਕਰੇ?

ਪਿਛਲੇ ਕੁਝ ਦਿਨਾਂ ਵਿਚ ਅਖ਼ਬਾਰੀ ਟੀ.ਵੀ. ਖ਼ਬਰਾਂ ਵਿਚ ਔਰਤਾਂ ਬਾਰੇ ਬਹੁਤ ਹੀ ਦਰਦਨਾਕ ਤੇ ਨਾ ਸਹਿਣਯੋਗ ਖ਼ਬਰਾਂ ਪੜ੍ਹ-ਸੁਣ ਰਹੇ ਹਾਂ। ਸਮਝ ਨਹੀਂ ਆ ਰਹੀ ਕਿ ਸਮਾਜ ਦੇ ਕੁਝ ਲੋਕਾਂ ਦੀ ਸੋਚ ਕਿਹੜੇ ਪਾਸੇ ਜਾ ਕੇ ਕਿਹੋ ਜਿਹੇ ਜ਼ੁਲਮ ਕਰ ਰਹੀ ਹੈ। ਹਾਲੇ ਇਕ ਕੇਸ ਮੁੱਕਦਾ ਨਹੀਂ, ਦੂਜੇ ਦਿਨ ਨਵਾਂ ਹੀ ਚੰਨ ਚੜ੍ਹਿਆ ਨਜ਼ਰ ਆਉਂਦਾ ਹੈ। ਰੋਜ਼ਾਨਾ ਹੀ ਪੂਰੇ ਭਾਰਤ ਵਿਚ ਕਈ ਥਾਵਾਂ ਤੋਂ ਲੜਕੀਆਂ ਜਾਂ ਔਰਤਾਂ ਨਾਲ ਸ਼ਰਮਨਾਕ ਕਾਰੇ ਦੀਆਂ ਖ਼ਬਰਾਂ ਤਾਂ ਆਉਂਦੀਆਂ ਹੀ ਹਨ। ਕਈ ਇਲਾਕਿਆਂ ਵਿਚੋਂ ਤਾਂ ਇਹੋ ਜਿਹੀਆਂ ਘਟਨਾਵਾਂ ਰੋਜ਼ਾਨਾ ਹੀ ਆਉਣੀਆਂ ਸ਼ੁਰੂ ਹੋ ਗਈਆਂ ਹਨ। ਪਰ ਮਨ ਦੁਖੀ ਉਸ ਵੇਲੇ ਹੋਰ ਵੀ ਹੁੰਦਾ ਹੈ ਜਦੋਂ ਇਨ੍ਹਾਂ ਗ਼ਲਤ ਘਟਨਾਵਾਂ ਦਾ ਸਬੰਧ ਰਾਜਨੀਤਕ ਲੋਕਾਂ ਨਾਲ ਜੁੜਦਾ ਹੈ ਤੇ ਉਹ ਕਿਸੇ ਨਾ ਕਿਸੇ ਰੂਪ ਵਿਚ ਦੋਸ਼ੀਆਂ ਦੀ ਮਦਦ ਕਰਦੇ ਵੀ ਦਿਸਦੇ ਹਨ। ਇਹ ਵਧੀਆ ਦੇਸ਼ ਜਾਂ ਸਮਾਜ ਦੀ ਨਿਸ਼ਾਨੀ ਨਹੀਂ।

-ਬਲਬੀਰ ਸਿੰਘ ਬੱਬੀ, ਤੱਖਰਾਂ, ਲੁਧਿਆਣਾ।

ਬੇਰੁਜ਼ਗਾਰੀ

ਸੂਬੇ ਵਿਚ ਰਾਜ ਕਰਨ ਵਾਲੀਆਂ ਸਰਕਾਰਾਂ ਵਲੋਂ ਕੀਤੇ ਵਾਅਦੇ ਪੂਰੇ ਨਾ ਹੋਣ ਕਾਰਨ ਪੰਜਾਬ ਦੇ ਨੌਜਵਾਨਾਂ ਵਿਚ ਵਿਦੇਸ਼ ਜਾਣ ਦੀ ਇੱਛਾ ਹੱਦ ਤੋਂ ਵੱਧ ਸਿਰ ਚੜ੍ਹ ਕੇ ਬੋਲ ਰਹੀ ਹੈ। ਕਿਸਾਨੀ ਧੰਦੇ ਨਾਲ ਜੁੜੇ ਹੋਏ ਨੌਜਵਾਨ ਇਥੇ ਵਾਹੀ ਇਸ ਲਈ ਕਰਨਾ ਪਸੰਦ ਨਹੀਂ ਕਰਦੇ ਕਿਉਂਕਿ ਕਿਸਾਨੀ ਧੰਦਾ ਆਰਥਿਕ ਤੌਰ 'ਤੇ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਲੱਖਾਂ ਰੁਪਏ ਖਰਚ ਕਰਕੇ ਅਨੇਕਾਂ ਸਾਲ ਹੱਡ ਭੰਨਵੀਂ ਮਿਹਨਤ ਉਪਰੰਤ ਪ੍ਰਾਪਤ ਕੀਤੀਆਂ ਡਿਗਰੀਆਂ ਨਾਲ ਅੱਜ ਦੇ ਸਮੇਂ ਵਿਚ ਬੇਰੁਜ਼ਗਾਰਾਂ ਨੂੰ ਕੋਈ ਨੌਕਰੀ ਨਹੀਂ ਮਿਲਦੀ। ਜੇਕਰ ਸਰਕਾਰਾਂ ਨੇ ਬੇਰੁਜ਼ਗਾਰਾਂ ਲਈ ਨੌਕਰੀਆਂ ਪੈਦਾ ਕਰਨ ਦੇ ਵਸੀਲੇ ਪੈਦਾ ਨਾ ਕੀਤੇ ਤਾਂ ਜਲਦੀ ਹੀ ਪੰਜਾਬ ਵਿਚ ਰਹਿੰਦੀ-ਖੂੰਹਦੀ ਪਨੀਰੀ ਵੀ ਵਿਦੇਸ਼ਾਂ ਵੱਲ ਭੱਜ ਜਾਵੇਗੀ। ਇਸ ਲਈ ਸਰਕਾਰ ਨੂੰ ਨੌਕਰੀਆਂ ਦੇ ਪ੍ਰਬੰਧ ਕਰਨੇ ਚਾਹੀਦੇ ਹਨ, ਉਥੇ ਹੀ ਯੋਗਤਾ ਅਨੁਸਾਰ ਤਨਖਾਹ ਵੀ ਦੇਣੀ ਯਕੀਨੀ ਬਣਾਉਣੀ ਚਾਹੀਦੀ ਹੈ।

-ਅੰਗਰੇਜ਼ ਸਿੰਘ ਹੁੰਦਲ, ਪਿੰਡ ਬੰਡਾਲਾ।

ਰੁਜ਼ਗਾਰ ਮੰਗਦੇ ਅਧਿਆਪਕ

ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ ਘਰ-ਘਰ ਨੌਕਰੀ ਅਤੇ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਨੌਜਵਾਨਾਂ ਨਾਲ ਕੀਤਾ ਸੀ। ਸਰਕਾਰ ਬਣਨ ਦੇ ਤਿੰਨ ਸਾਲ ਮਗਰੋਂ ਵੀ ਅਜੇ ਸਰਕਾਰੀ ਵਾਅਦਿਆਂ ਨੂੰ ਬੂਰ ਨਹੀਂ ਪੈ ਰਿਹਾ। ਸਰਕਾਰ ਦੇ ਵਾਅਦੇ ਲਾਰਿਆਂ ਵਿਚ ਤਬਦੀਲ ਹੋਣ ਕਰਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣਾ ਘਰ-ਬਾਰ ਛੱਡ ਮਜਬੂਰਨ ਵਿਦੇਸ਼ਾਂ ਵੱਲ ਤੁਰੀ ਜਾ ਰਹੀ ਹੈ। ਭਾਰਤ ਦੀਆਂ ਸ਼ਰਤਾਂ ਪੂਰੀਆਂ ਕਰ ਨੌਕਰੀ ਮੰਗਣ ਆਏ ਬੇਰੁਜ਼ਗਾਰ ਅਧਿਆਪਕਾਂ ਨੂੰ ਪੁਲਿਸ ਦੀ ਮਾਰ ਝੱਲਣੀ ਪੈ ਰਹੀ ਹੈ। ਉੱਪਰੋਂ ਸਿੱਖਿਆ ਮੰਤਰੀ ਜੀ ਗਾਲ੍ਹਾਂ ਕੱਢ ਜ਼ਖ਼ਮਾਂ 'ਤੇ ਲੂਣ ਛਿੜਕ ਰਹੇ ਹਨ। ਜੇਕਰ ਟੈੱਟ ਦੀ ਕਠਿਨ ਪ੍ਰੀਖਿਆ ਪਾਸ ਅਧਿਆਪਕਾਂ ਨਾਲ ਸਰਕਾਰ ਦੁਆਰਾ ਅਜਿਹਾ ਵਤੀਰਾ ਕੀਤਾ ਜਾ ਰਿਹਾ ਹੈ ਤਾਂ ਬਾਕੀ ਦੇ 30-40 ਲੱਖ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਕਿਵੇਂ ਮਿਲੇਗਾ? ਸਕੂਲ ਖਾਲੀ ਪਏ ਹਨ ਅਤੇ ਅਧਿਆਪਕ ਨੌਕਰੀ ਲਈ ਧਰਨੇ 'ਤੇ ਬੈਠੇ ਹਨ। ਸਰਕਾਰ ਨੂੰ ਨੀਤੀ ਵਿਚ ਬਦਲਾਅ ਕਰਕੇ ਸਿੱਖਿਆ ਵਿਭਾਗ ਦੇ ਖਾਲੀ ਪਏ ਅਹੁਦੇ ਭਰਨ ਨੂੰ ਮਨਜ਼ੂਰੀ ਦੇਣੀ ਚਾਹੀਦੀ ਹੈ। ਨੌਕਰੀ ਪੂਰੀ ਕਰ ਚੁੱਕੇ, ਮੁਲਾਜ਼ਮਾਂ ਦੇ ਸੇਵਾਕਾਲ ਵਿਚ ਵਾਧਾ ਬੰਦ ਹੋਣਾ ਚਾਹੀਦਾ ਹੈ। ਸਮਾਜ ਦੇ ਨਿਰਮਾਤੇ ਅਧਿਆਪਕਾਂ ਨੂੰ ਡਾਂਗਾਂ ਦੀ ਬਜਾਏ ਨੌਕਰੀ ਮਿਲਣੀ ਚਾਹੀਦੀ।

-ਗੁਰਪ੍ਰੀਤ ਸਿੰਘ ਔਲਖ
ਪਿੰਡ ਦਿਆਲਗੜ੍ਹ, ਬਟਾਲਾ।

ਅਧਿਆਪਕਾਂ 'ਤੇ ਲਾਠੀਚਾਰਜ

ਬੱਚੇ ਦੀ ਸ਼ੁਰੂਆਤੀ ਜ਼ਿੰਦਗੀ ਵਿਚ ਮਾਪਿਆਂ ਦੇ ਪਾਲਣ ਪੋਸ਼ਣ ਦੇ ਨਾਲ-ਨਾਲ ਇਕ ਅਧਿਆਪਕ ਦੁਆਰਾ ਆਪਣੀ ਨਿਭਾਈ ਜਾਂਦੀ ਭੂਮਿਕਾ ਨੂੰ ਹਰ ਵਿਅਕਤੀ ਆਪਣੇ ਜੀਵਨ ਦੌਰਾਨ ਗਿਆਨ ਪ੍ਰਦਾਨ ਕਰਵਾਉਣ ਵਾਲੇ ਅਧਿਆਪਕ ਨੂੰ ਕਦੇ ਵੀ ਭੁਲਾ ਨਹੀਂ ਸਕਦਾ। ਪਰ ਜੋ ਹਾਉਕੇ ਭਰਦੀ ਤਰਾਸਦੀ ਅੱਜ ਪੰਜਾਬ ਦੀਆਂ ਸੜਕਾਂ, ਸੌ-ਸੌ ਫੁੱਟ ਉੱਚੀਆਂ ਪਾਣੀ ਵਾਲੀਆਂ ਟੈਂਕੀਆਂ ਉੱਪਰ ਮਨੁੱਖ ਦਾ ਤੀਜਾ ਨੇਤਰ ਖੋਲ੍ਹਣ ਵਾਲੇ ਅਧਿਆਪਕਾਂ ਪ੍ਰਤੀ ਆਪਣੇ ਹੱਕ ਮੰਗੇ ਜਾਣ 'ਤੇ ਸਰਕਾਰ ਦੁਆਰਾ ਕੀਤੀ ਜਾਂਦੀ ਹੈ, ਉਹ ਬਹੁਤ ਹੀ ਨਿੰਦਣਯੋਗ ਹੈ। ਇੱਥੇ ਇਹ ਗੱਲ੍ਹ ਵੀ ਬੜੇ ਅਫਸੋਸ ਨਾਲ ਆਖੀ ਜਾ ਰਹੀ ਹੈ ਕਿ ਕੋਰਸ ਦੀ ਡਿਗਰੀ ਹਾਸਲ ਕਰਨ ਉਪਰੰਤ ਅਧਿਆਪਕ ਯੋਗਤਾ ਟੈਸਟ ਪਾਸ ਕਰਨ ਦੇ ਨਾਲ-ਨਾਲ ਵਿਸ਼ੇ ਨਾਲ ਸਬੰਧਿਤ ਪੇਪਰ ਦੇਣਾ ਵੀ ਲਾਜ਼ਮੀ ਕਰਕੇ ਅੜਿੱਕਾ ਬਣਨ ਲਈ ਰੁਜ਼ਗਾਰ ਪ੍ਰਾਪਤੀ ਵਿਚ ਖੜ੍ਹੇ ਕੀਤੇ ਗਏ ਸਾਜਿਸ਼ਾਂ ਭਰੇ ਬੈਰੀਕੇਡ ਪਾਰ ਕਰਨ 'ਤੇ ਵੀ ਘਰ-ਘਰ ਨੌਕਰੀ ਦੇਣ ਵਾਲੀ ਸਰਕਾਰ ਵਲੋਂ ਪੁਲਿਸ ਦੀਆਂ ਡਾਂਗਾਂ, ਖਿੱਚ-ਧੂਹ, ਅੱਥਰੂ ਗੈਸ, ਪਾਣੀ ਦੀਆਂ ਬੁਛਾੜਾਂ ਤੇ ਭੱਦੀ ਸ਼ਬਦਾਵਲੀ ਇਕ ਅਧਿਆਪਕ ਦੇ ਹਿੱਸੇ ਦੇ ਕੇ ਕੀ ਸਾਬਤ ਕੀਤਾ ਜਾ ਰਿਹਾ ਹੈ।

-ਪ੍ਰੋ: ਸਿਮਰਨਜੀਤ ਕੌਰ ਗਿੱਲ।

ਵਿੱਦਿਆ ਦਾ ਅਧਿਕਾਰ

ਵਿੱਦਿਆ ਉਪਰ ਹਰ ਇਕ ਦਾ ਅਧਿਕਾਰ ਹੈ। ਇਹ ਕਥਨ ਕਾਫੀ ਸਮੇਂ ਤੋਂ ਵਰਤਿਆ ਜਾਂਦਾ ਹੈ। ਪਰ ਅਜੋਕੇ ਸਮੇਂ ਵਿਚ ਇਹ ਕਥਨ ਝੂਠਾ ਪੈ ਰਿਹਾ ਹੈ। ਅੱਜ ਵਿੱਦਿਆ ਉੱਪਰ ਉਸੇ ਦਾ ਅਧਿਕਾਰ ਹੈ ਜੋ ਅਮੀਰ ਹੈ। ਕਿਉਂਕਿ ਵਿੱਦਿਆ ਪ੍ਰਾਪਤ ਕਰਨਾ ਏਨਾ ਮਹਿੰਗਾ ਹੋ ਗਿਆ ਹੈ ਕਿ ਗ਼ਰੀਬ ਬੱਚਾ ਪੜ੍ਹਨ ਬਾਰੇ ਸੋਚ ਵੀ ਨਹੀਂ ਸਕਦਾ। ਬਹੁਤੇ ਸਕੂਲਾਂ ਵਿਚ ਤਾਂ ਵਿੱਦਿਆ ਦਾ ਵਪਾਰ ਹੀ ਹੋ ਰਿਹਾ ਹੈ। ਬੱਚਿਆਂ ਕੋਲੋਂ ਕਈ-ਕਈ ਮਹੀਨਿਆਂ ਦੀ ਫੀਸ ਪਹਿਲਾਂ ਹੀ ਲੈ ਲਈ ਜਾਂਦੀ ਹੈ ਤਾਂ ਜੋ ਬੱਚੇ ਛੇਤੀ ਸਕੂਲ ਨਾ ਛੱਡ ਸਕਣ। ਇਨ੍ਹਾਂ ਸਕੂਲਾਂ ਦਾ ਮਕਸਦ ਸਿਰਫ ਪੈਸਾ ਕਮਾਉਣਾ ਹੈ। ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਇਨ੍ਹਾਂ ਵਪਾਰੀ ਸਕੂਲਾਂ ਉੱਪਰ ਸ਼ਿਕੰਜਾ ਕੱਸਿਆ ਜਾਵੇ, ਸਕੂਲ ਦੇ ਮਾਲਕਾਂ, ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਸਖ਼ਤ ਹਿਦਾਇਤਾਂ ਦੇਣੀਆਂ ਚਾਹੀਦੀਆਂ ਹਨ ਕਿ ਬੱਚਿਆਂ ਕੋਲੋਂ ਜਾਇਜ਼ ਫੀਸ ਲਈ ਜਾਵੇ ਅਤੇ ਉਨ੍ਹਾਂ ਨੂੰ ਸਹੀ ਵਿੱਦਿਆ ਦਿੱਤੀ ਜਾਵੇ ਅਤੇ ਬੱਚਿਆਂ ਦਾ ਸਮਾਂ ਬਰਬਾਦ ਕਰਕੇ ਪਾਪ ਨਾ ਕਮਾਉਣ।

-ਗੁਰਲੀਨ ਸਿੰਘ
ਪਿੰਡ ਢਡਿਆਲਾ ਨੱਤ, ਬਟਾਲਾ।

ਹਾਲੋਂ ਬੇਹਾਲ ਮੇਰਾ ਪੰਜਾਬ

ਪਿਛਲੇ ਦਿਨੀਂ ਡਾ: ਬਰਜਿੰਦਰ ਸਿੰਘ ਹਮਦਰਦ ਜੀ ਦੁਆਰਾ ਲਿਖਿਆ ਸੰਪਾਦਕੀ ਲੇਖ 'ਗੰਭੀਰ ਆਰਥਿਕ ਸੰਕਟ' ਕਾਬਲੇ ਤਾਰੀਫ਼ ਸੀ। ਪੰਜਾਬ ਸਰਕਾਰ ਅੱਜਕਲ੍ਹ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੀ ਹੈ। ਕਰਜ਼ੇ ਦੀ ਪੰਡ ਦਿਨੋ-ਦਿਨ ਭਾਰੀ ਹੁੰਦੀ ਜਾ ਰਹੀ ਹੈ, ਜਿਸ ਕਾਰਨ ਪੰਜਾਬ ਵਰਗਾ ਖੁਸ਼ਹਾਲ ਸੂਬਾ ਅੱਜ ਕੰਗਾਲ ਦਿਖਾਈ ਦਿੰਦਾ ਹੈ। ਚੰਗੀ ਅਰਥ-ਵਿਵਸਥਾ ਕਿਸੇ ਰਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਜਿਸ ਨਾਲ ਕਿਸੇ ਸੂਬੇ ਦਾ ਸਾਰਾ ਢਾਂਚਾ ਚੁਸਤ-ਦਰੁਸਤ ਰਹਿੰਦਾ ਹੈ। ਅੱਜ ਪੰਜਾਬ ਵਰਗੇ ਖੁਸ਼ਹਾਲ ਸੂਬੇ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਖਜ਼ਾਨਾ ਖਾਲੀ ਹੈ, ਬੇਰੁਜ਼ਗਾਰ ਨੂੰ ਰੁਜ਼ਗਾਰ ਨਹੀਂ ਡਾਂਗਾਂ ਮਿਲ ਰਹੀਆਂ ਹਨ, ਕਾਨੂੰਨ ਵਿਵਸਥਾ ਡਾਵਾਂਡੋਲ ਹੈ, ਸ਼ਰ੍ਹੇਆਮ ਗੁੰਡਾਗਰਦੀ ਵਧ ਰਹੀ ਹੈ। ਅਪਾਹਜ ਤੇ ਬਜ਼ੁਰਗ ਪੈਨਸ਼ਨ ਉਡੀਕ ਰਹੇ ਹਨ, ਕਿਸਾਨਾਂ ਦੇ ਗੰਨੇ ਦੇ ਬਕਾਏ ਨਹੀਂ ਮਿਲੇ। ਬੇਰੁਜ਼ਗਾਰ, ਕਿਸਾਨ, ਮਜ਼ਦੂਰ ਹਾਲੋਂ-ਬੇਹਾਲ ਫਿਰ ਕਾਹਦੀ ਸਰਕਾਰ।

-ਕਾਜਲ
ਪੱਤਰਕਾਰੀ ਵਿਭਾਗ, ਪਟਿਆਲਾ ਯੂਨੀਵਰਸਿਟੀ।

ਨਾਗਰਿਕਤਾ ਕਾਨੂੰਨ

ਪਿਛਲੇ ਦਿਨੀਂ ਸੰਸਦ ਵਲੋਂ ਪਾਸ ਕੀਤੇ ਗਏ ਨਾਗਰਿਕਤਾ ਸੋਧ ਕਾਨੂੰਨ ਦੇ ਬਣਨ ਤੋਂ ਬਾਅਦ ਧਰਮ-ਨਿਰਪੱਖ ਅਖਵਾਉਣ ਵਾਲੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਉਪਜੇ ਅੰਦੋਲਨ ਨੇ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਧਰਮ ਅਤੇ ਜਾਤੀ ਤੋਂ ਉੱਪਰ ਉੱਠ ਕੇ ਇਸ ਕਾਨੂੰਨ ਦੀ ਵੱਡੇ ਪੱਧਰ 'ਤੇ ਆਲੋਚਨਾ ਹੋਈ ਹੈ। ਸੋ, ਇਸ ਕਰਕੇ ਇਹ ਵਿਸ਼ਵਾਸ ਜ਼ਰੂਰ ਪੱਕਾ ਹੋ ਗਿਆ ਹੈ ਕਿ ਅੱਗੇ ਤੋਂ ਦੇਸ਼ ਦੀਆਂ ਨੀਤੀਆਂ ਫ਼ਿਰਕੂ ਲੀਹਾਂ 'ਤੇ ਨਹੀਂ ਘੜੀਆਂ ਜਾਣੀਆਂ ਚਾਹੀਦੀਆਂ। ਦੇਸ਼ ਵਿਆਪੀ ਅਸਰ ਪਾਉਣ ਵਾਲੇ ਕਾਨੂੰਨ ਵਿਚ ਸੋਧ ਕਰਨ ਤੋਂ ਪਹਿਲਾਂ ਲੋਕ ਰਾਇ ਲਈ ਜਾਣੀ ਚਾਹੀਦੀ ਹੈ। ਲੋਕਤੰਤਰ ਵਿਚ ਕੋਈ ਵੀ ਕਾਨੂੰਨ ਲੋਕਾਂ ਦੀ ਭਲਾਈ ਲਈ ਬਣਨਾ ਚਾਹੀਦਾ ਹੈ ਨਾ ਕਿ ਕਿਸੇ ਖ਼ਾਸ ਧਰਮ, ਜਾਤੀ ਜਾਂ ਘੱਟ-ਗਿਣਤੀ ਉੱਪਰ ਠੋਸਿਆ ਜਾਣਾ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ (ਤਰਨ ਤਾਰਨ)।

06-01-2020

 ਸਿਰਜਣਹਾਰ ਚਿਹਰੇ
ਪਿਛਲੇ ਦਿਨੀਂ (27 ਦਸੰਬਰ ਨੂੰ) 'ਅਜੀਤ' ਦੇ ਨਾਰੀ ਅੰਕ ਵਿਚ ਔਰਤਾਂ ਦੀਆਂ ਦੇਸ਼ ਅਤੇ ਵਿਦੇਸ਼ਾਂ ਵਿਚ ਵੱਖ-ਵੱਖ ਖੇਤਰਾਂ ਵਿਚ ਜ਼ਿਕਰਯੋਗ ਪ੍ਰਾਪਤੀਆਂ ਨੂੰ ਤਸਵੀਰਾਂ ਸਮੇਤ ਦਿਖਾਇਆ ਗਿਆ ਹੈ, ਜੋ ਕਿ ਔਰਤਾਂ ਲਈ ਬੜੇ ਫ਼ਖਰ ਵਾਲੀ ਗੱਲ ਹੈ। ਨੌਜਵਾਨ ਲੜਕੀਆਂ ਲਈ ਪ੍ਰੇਰਨਾ ਸਰੋਤ ਹਨ। ਅੱਜ ਲੜਕੀਆਂ ਸਮਾਜ ਦੇ ਹਰ ਖੇਤਰ ਵਿਚ ਸ਼ਲਾਘਾਯੋਗ ਪ੍ਰਾਪਤੀਆਂ ਕਰ ਰਹੀਆਂ ਹਨ। ਜੇ ਮਾਪਿਆਂ, ਸਮਾਜ ਅਤੇ ਸਰਕਾਰਾਂ ਵਲੋਂ ਲੜਕੀਆਂ ਦੀ ਤਰੱਕੀ ਲਈ ਸਾਜ਼ਗਾਰ ਮਾਹੌਲ ਮਿਲਦਾ ਰਹੇ ਤਾਂ ਇਹ ਹੋਰ ਵੀ ਗੌਰਵਮਈ ਇਤਿਹਾਸ ਸਿਰਜਣ 'ਚ ਆਪਣਾ ਯੋਗਦਾਨ ਪਾ ਸਕਦੀਆਂ ਹਨ।


-ਇੰਜ: ਰਛਪਾਲ ਸਿੰਘ ਚਨੂੰਵਾਲਾ
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।


ਪੰਜਾਬ ਨਾਲ ਵਿਤਕਰਾ
ਕੁਝ ਸਮਾਂ ਪਹਿਲਾਂ ਕੇਂਦਰ ਸਰਕਾਰ ਵਲੋਂ ਪਹਾੜੀ ਸੂਬਿਆਂ ਨੂੰ ਸਨਅਤੀ ਵਿੱਤੀ ਰਿਆਇਤਾਂ ਦਿੱਤੀਆਂ ਗਈਆਂ ਸਨ ਅਤੇ ਇਸ ਵਿਚ ਵੀ ਪੰਜਾਬ ਨੂੰ ਕੋਈ ਸਹੂਲਤ ਨਹੀਂ ਦਿੱਤੀ ਗਈ ਸੀ ਪਰ ਹੁਣ ਫਿਰ ਇਕ 'ਜਲ ਯੋਜਨਾ' ਅਧੀਨ ਗੁਆਂਢੀ ਸੂਬਿਆਂ ਨੂੰ ਤਾਂ ਸ਼ਾਮਿਲ ਕੀਤਾ ਗਿਆ ਹੈ ਅਤੇ ਇਨ੍ਹਾਂ ਸੂਬਿਆਂ ਨੂੰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕਰੋੜਾਂ ਰੁਪਏ ਦੀ ਰਾਸ਼ੀ ਰੱਖ ਕੇ ਯੋਜਨਾਬੰਦੀ ਕੀਤੀ ਗਈ ਹੈ ਜਦੋਂ ਕਿ ਪੰਜਾਬ ਨੂੰ ਇਸ ਯੋਜਨਾ ਤੋਂ ਫਿਰ ਲਾਂਭੇ ਕਰ ਦਿੱਤਾ ਗਿਆ ਹੈ, ਜੋ ਕਿ ਪੰਜਾਬ ਨਾਲ ਫਿਰ ਸਰਾਸਰ ਵਿਤਕਰਾ ਤੇ ਬੇਇਨਸਾਫ਼ੀ ਹੋਈ ਹੈ। ਧਰਤੀ ਹੇਠਲੇ ਪਾਣੀ ਦੀ ਹਾਲਤ ਇਹ ਹੈ ਕਿ ਸੂਬੇ 'ਚ ਬੁਹਤੇ ਬਲਾਕਾਂ ਵਿਚ ਪਾਣੀ ਖਤਮ ਹੋ ਰਿਹਾ ਹੈ ਅਤੇ ਕਈ ਹਿੱਸੇ ਡਾਰਕ ਜ਼ੋਨ ਕਰਾਰ ਦਿੱਤੇ ਗਏ ਹਨ। ਬਦਲਵੀਆਂ ਫ਼ਸਲਾਂ ਦਾ ਕੋਈ ਚੰਗਾ ਮੰਡੀਕਰਨ ਨਾ ਹੋਣ ਕਾਰਨ ਕਿਸਾਨ ਅਜੇ ਤੱਕ ਕਣਕ, ਝੋਨੇ ਦੇ ਫਸਲੀ ਚੱਕਰ ਵਿਚੋਂ ਨਹੀਂ ਨਿਕਲ ਸਕਿਆ, ਜਿਸ ਕਾਰਨ ਸੂਬੇ ਵਿਚ ਲੱਗੇ ਟਿਊਬਵੈੱਲ ਬੇਫਿਕਰੀ ਨਾਲ ਧਰਤੀ ਹੇਠਲਾ ਪਾਣੀ ਮੁਕਾਈ ਜਾ ਰਹੇ ਹਨ। ਕੇਂਦਰ ਸਰਕਾਰ ਤੋਂ ਜਿਥੇ ਦੂਜੇ ਰਾਜਾਂ ਨੂੰ ਰਿਆਇਤਾਂ ਮਿਲਦੀਆਂ ਹਨ, ਉਸ ਵਿਚ ਪੰਜਾਬ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ, ਉਥੇ ਹੀ ਪੰਜਾਬ ਸਰਕਾਰ ਨੂੰ ਪੰਜਾਬ ਦੇ ਹਿੱਤ ਨੂੰ ਮੁੱਖ ਰੱਖਦੇ ਹੋਏ ਇਹ ਮਾਮਲਾ ਕੇਂਦਰ ਸਰਕਾਰ ਕੋਲ ਗੰਭੀਰਤਾ ਨਾਲ ਉਠਾਉਣਾ ਚਾਹੀਦਾ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਗਿਆਨ ਭਰੀ ਸੰਪਾਦਕੀ
ਹਾਲ ਹੀ ਵਿਚ ਕੇਂਦਰ ਸਰਕਾਰ ਰਾਹੀਂ ਨਾਗਰਿਕਤਾ ਸੋਧ ਕਾਨੂੰਨ ਬਣਾਇਆ ਗਿਆ। ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਨੇ ਸਾਨੂੰ ਇਸ ਦੇ ਫਾਇਦੇ ਤੇ ਨੁਕਸਾਨ ਦੱਸੇ। ਸੰਪਾਦਕ ਨੇ ਸਭ ਤੋਂ ਪਹਿਲਾਂ ਇਹ ਦੱਸਿਆ ਕਿ ਨਾਗਰਿਕਤਾ ਸੋਧ ਕਾਨੂੰਨ ਕੀ ਹੈ? ਕਿਉਂਕਿ ਜਦੋਂ ਤੱਕ ਸਾਨੂੰ ਇਸ ਕਾਨੂੰਨ ਦੇ ਬਾਰੇ ਨਹੀਂ ਪਤਾ ਲੱਗੇਗਾ ਕਿ ਇਹ ਕਾਨੂੰਨ ਕਿਉਂ ਬਣਾਇਆ ਗਿਆ? ਅਸੀਂ ਕਿਸੇ ਨੂੰ ਕੀ ਦੱਸਾਂਗੇ। ਸੰਪਾਦਕ ਸਾਹਬ ਨੇ ਮਹੱਤਵਪੂਰਨ ਜਾਣਕਾਰੀ ਦਿੱਤੀ। ਜੇ ਬੱਚੇ ਅਜੀਤ ਅਖ਼ਬਾਰ ਦੇ ਸਾਰੇ ਲੇਖ ਧਿਆਨ ਨਾਲ ਪੜ੍ਹਨ ਤੇ ਉਨ੍ਹਾਂ ਵਿਚੋਂ ਆਪਣੀ ਡਾਇਰੀ ਵਿਚ ਜ਼ਰੂਰੀ ਗੱਲਾਂ ਲਿਖਣ ਤਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਅੱਵਲ ਪਾਸ ਕਰ ਸਕਦੇ ਹਨ। ਵੈਸੇ ਤਾਂ ਪੂਰੀ 'ਅਜੀਤ' ਦੀ ਟੀਮ ਵਧਾਈ ਦੀ ਪਾਤਰ ਹੈ।


-ਸੰਜੀਵ ਸਿੰਘ ਸੈਣੀ, ਦੇਸੂ ਮਾਜਰਾ।


ਖਰੂਦੀ ਜਸ਼ਨ ਕਿਉਂ?
ਹਰ ਸਾਲ 31 ਦਸੰਬਰ ਦੀ ਰਾਤ ਨੂੰ ਨਵੇਂ ਸਾਲ ਦੇ ਨਾਂਅ 'ਤੇ ਤਰ੍ਹਾਂ-ਤਰ੍ਹਾਂ ਦੀਆਂ ਪਾਰਟੀਆਂ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਪਾਰਟੀਆਂ ਵਿਚ ਨੌਜਵਾਨ ਪੀੜ੍ਹੀ ਭਰਵੀਂ ਸ਼ਮੂਲੀਅਤ ਕਰਦੀ ਹੈ। ਇਨ੍ਹਾਂ ਪਾਰਟੀਆਂ ਵਿਚ ਕੰਨ ਪਾੜਨ ਵਾਲਾ ਸੰਗੀਤ, ਡਾਂਸ ਅਤੇ ਨਸ਼ਿਆਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਜਾਂਦੀ ਹੈ। ਮੀਡੀਆ ਦੀਆਂ ਖ਼ਬਰਾਂ ਹਨ ਕਿ ਇਨਾਂ ਪਾਰਟੀਆਂ ਵਿਚ ਪਾਬੰਦੀਸ਼ੁਦਾ ਡਰੱਗਜ਼ ਦੇ ਨਾਲ਼-ਨਾਲ਼ 'ਸਨੇਕ ਬਾਈਟ' ਵਰਗਾ ਜਾਨਲੇਵਾ ਨਸ਼ਾ ਵੀ ਕੀਤਾ ਜਾਂਦਾ ਹੈ। ਅਜਿਹੀਆਂ ਪਾਰਟੀਆਂ ਵਿਚ ਖਰੂਦ, ਲੜਾਈ-ਝਗੜੇ ਅਤੇ ਮਾਰ-ਕੁੱਟ ਵਰਗੀਆਂ ਘਟਨਾਵਾਂ ਅਕਸਰ ਹੀ ਵਾਪਰ ਜਾਂਦੀਆਂ ਹਨ। ਸਵਾਲ ਇਹ ਹੈ ਕਿ ਨਵੇਂ ਸਾਲ ਦੀ ਏਨੀ ਵੀ ਖੁਸ਼ੀ ਕਾਹਦੀ ਹੁੰਦੀ ਹੈ? ਅਸਲ ਵਿਚ ਤਾਂ ਇਹ ਜਸ਼ਨ ਵਿਦੇਸ਼ੀ ਸੱਭਿਆਚਾਰ ਦੀ ਦੇਣ ਹਨ। ਸਾਡੇ ਬਹੁਤੇ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਸਾਡਾ ਦੇਸੀ ਕੈਲੰਡਰ ਕਦੋਂ ਸ਼ੁਰੂ ਹੁੰਦਾ ਹੈ? ਜੇਕਰ ਵੇਖਿਆ ਜਾਵੇ ਤਾਂ ਹਰ ਦਿਨ ਹੀ ਸਾਲ ਬਾਅਦ ਆਉਂਦਾ ਹੈ ਇਸ ਲਈ ਇਨ੍ਹਾਂ ਜਸ਼ਨਾਂ ਨੂੰ ਤਹਿਜ਼ੀਬ ਯਾਫਤਾ ਢੰਗ ਨਾਲ ਦੋਸਤਾਂ ਮਿੱਤਰਾਂ ਨੂੰ ਸ਼ੁਭ ਕਾਮਨਾਵਾਂ ਦੇ ਕੇ ਮਨਾਉਣਾ ਚਾਹੀਦਾ ਹੈ।


-ਰਜਿੰਦਰ ਸਿੰਘ ਪਹੇੜੀ
ਆਨੰਦ ਨਗਰ-ਬੀ, ਪਟਿਆਲਾ।


ਦਵਾਈਆਂ ਦਾ ਲੰਗਰ
ਪਿਛਲੇ ਦਿਨੀਂ 'ਲੋਕ ਮੰਚ' ਵਿਚ ਸਿਕੰਦਰ ਸਿੰਘ ਬਰਾੜ ਜਰਮਨ ਦਾ ਛਪਿਆ ਲੇਖ 'ਸਮੇਂ ਦੀ ਮੁੱਖ ਲੋੜ ਦਵਾਈਆਂ ਦੇ ਲੰਗਰ' ਵਧੀਆ ਅਤੇ ਸਾਨੂੰ ਸਾਰਿਆਂ ਨੂੰ ਨੇਕ ਸਲਾਹ ਦੇਣ ਵਾਲਾ ਲੇਖ ਹੈ। ਇਸ ਵਿਚ ਕੋਈ ਸ਼ੱਕ ਨਹੀਂ ਪੰਜਾਬ ਬਿਮਾਰੀਆਂ ਦਾ ਘਰ ਨਹੀਂ। ਅੱਜ ਅਨੇਕਾਂ ਲੋਕ ਪੈਸੇ ਦੀ ਘਾਟ ਕਾਰਨ ਮਹਿੰਗੇ ਇਲਾਜ ਖੁਣੋਂ ਮਰ ਰਹੇ ਹਨ ਪਰ ਅਸੀਂ ਸਸਤੀ ਸ਼ੁਹਰਤ ਜਾਂ ਮਜਬੂਰੀ ਵੱਸ ਮਹਿੰਗੇ ਵਿਆਹ, ਭੋਗਾਂ, ਪਾਰਟੀਆਂ ਅਤੇ ਹੋਰ ਅਨੇਕਾਂ ਪ੍ਰੋਗਰਾਮਾਂ 'ਤੇ ਫਜ਼ੂਲ ਖਰਚ ਕਰ ਰਹੇ ਹਾਂ। ਸਾਨੂੰ ਸਾਰਿਆਂ ਨੂੰ ਇਸ ਲੇਖ ਤੋਂ ਸੇਧ ਲੈ ਕੇ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢ ਕੇ ਦਵਾਈਆਂ ਦੇ ਲੰਗਰ ਲਗਾਉਣੇ ਚਾਹੀਦੇ ਹਨ।


-ਦਰਸ਼ਨ ਸਿੰਘ ਬੰਗੜ
ਪਿੰਡ ਤੇ ਡਾਕ; ਕੱਟੂ, ਜ਼ਿਲ੍ਹਾ ਬਰਨਾਲਾ।


ਸਹਿਣ ਸ਼ਕਤੀ
ਅਕਸਰ ਹੀ ਅਸੀਂ ਉਨ੍ਹਾਂ ਮਨੁੱਖਾਂ ਦੁਆਰਾ ਕੀਤੇ ਹੋਏ ਮਜ਼ਾਕ ਦਾ ਗੁੱਸਾ ਕਰ ਜਾਂਦੇ ਹਾਂ ਜਿਹੜੇ ਸਾਡੇ ਖਾਸ ਜਾਂ ਜਿਨ੍ਹਾਂ ਨੂੰ ਖਾਸ ਸਮਝਦੇ ਹੁੰਦੇ ਹਾਂ। ਅਸਲ ਵਿਚ ਸਾਡੇ ਵਿਚ ਸਹਿਣ ਸ਼ਕਤੀ ਦੀ ਘਾਟ ਹੁੰਦੀ ਹੈ ਕਿਉਂਕਿ ਅਸੀਂ ਘਰ ਪਰਿਵਾਰ 'ਚ ਰਹਿੰਦੇ ਹੋਏ ਕਦੇ ਬੇਬੇ-ਬਾਪੂ, ਭੈਣ-ਭਰਾਵਾਂ ਦੀਆਂ ਗੱਲਾਂ ਦਾ ਗੁੱਸਾ ਨਹੀਂ ਕਰਦੇ। ਇਹ ਸਾਡੀ ਆਦਤ ਬਣ ਜਾਂਦੀ। ਅਜੋਕੇ ਸਮੇਂ ਵਿਚ ਬਹੁਗਿਣਤੀ ਨੌਜਵਾਨ ਕੁੜੀਆਂ ਦੇ ਹੋ ਰਹੇ ਤਲਾਕ ਦਾ ਕਾਰਨ ਵੀ ਸਹਿਣਸ਼ੀਲਤਾ ਦੀ ਕਮੀ ਹੈ। ਨਿੱਕੀ-ਨਿੱਕੀ ਗੱਲ ਤੋਂ ਗੁੱਸੇ ਹੋਣਾ ਇਹ ਸਾਡਾ ਸੁਭਾਅ ਬਣ ਜਾਂਦਾ ਹੈ ਤੇ ਸਾਡਾ ਮਨੁੱਖੀ ਸਰੀਰ ਵੀ ਉਸੇ ਸੁਭਾਅ ਅਨੁਸਾਰ ਕੰਮ ਕਰਨ ਲੱਗ ਪੈਂਦਾ ਹੈ। ਮਨੁੱਖ ਅੰਦਰ ਸਹਿਣਸ਼ੀਲਤਾ ਤੇ ਸਬਰ ਵਰਗੇ ਗੁਣਾਂ ਦਾ ਹੋਣਾ ਵੀ ਅਤਿ ਜ਼ਰੂਰੀ ਹੈ। ਅਜਿਹੇ ਗੁਣ ਸਾਡੀਆਂ ਅਨੇਕਾਂ ਸਮੱਸਿਆਵਾਂ ਦਾ ਹੱਲ ਹਨ।


-ਸੁਰਜੀਤ ਸਿੰਘ
ਪਿੰਡ ਦਿਲਾ ਰਾਮ, ਜ਼ਿਲ੍ਹਾ ਫਿਰੋਜ਼ਪੁਰ।


ਰੂਹ ਦੀ ਖੁਰਾਕ
ਪੰਜਾਬੀ ਅਖ਼ਬਾਰ ਅੱਜ ਦੇਸ਼-ਵਿਦੇਸ਼ ਵਿਚ ਆਪਣੀ ਪਕੜ ਬਣਾਈ ਬੈਠੇ ਹਨ। ਬੇਸ਼ੱਕ ਅੱਜ ਦੇ ਦੌਰ ਵਿਚ ਸੋਸ਼ਲ ਮੀਡੀਆ ਬੁਹਤ ਜਲਦੀ ਤੇ ਮਿੰਟ-ਮਿੰਟ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾ ਰਿਹਾ ਹੈ ਪਰ ਜਿਹੜੇ ਲੋਕ ਅਖ਼ਬਾਰਾਂ ਨਾਲ ਜੁੜੇ ਹੋਏ ਹਨ, ਉਹ ਕਦੇ ਵੀ ਨਹੀਂ ਟੁੱਟ ਸਕਦੇ, ਇਹ ਵੀ ਹਕੀਕਤ ਹੈ। ਕਿਉਂਕਿ ਅਖ਼ਬਾਰਾਂ ਬੜੇ-ਬੜੇ ਸਹੀ ਤੱਥ ਸਾਹਮਣੇ ਲਿਆ ਕੇ ਰੱਖ ਦਿੰਦੀਆਂ ਹਨ ਫਿਰ ਉਹ ਹੁੰਦੀਆਂ ਵੀ ਬਹੁਤ ਹੱਦ ਤੱਕ ਸਚਾਈ ਦੇ ਨੇੜੇ ਹਨ। ਅਖ਼ਬਾਰਾਂ ਲੋਕਾਂ ਦੀ ਰੂਹ ਦੀ ਖੁਰਾਕ ਬਣ ਚੁੱਕੀਆਂ ਹਨ ਇਹ ਗੱਲ ਸੱਚ ਹੈ। ਉਮੀਦ ਹੈ ਕਿ ਜਿਵੇਂ ਮੀਡੀਆ ਦੁਨੀਆ ਦੀ ਤੀਜੀ ਅੱਖ ਬਣ ਕੇ ਆਪਣਾ ਫਰਜ਼ ਨਿਭਾਅ ਰਿਹਾ ਹੈ, ਇਸੇ ਤਰ੍ਹਾਂ ਇਸ ਸਾਲ ਵੀ ਅਖਬਾਰਾਂ ਆਪਣਾ ਅਹਿਮ ਯੋਗਦਾਨ ਪਾਉਂਦੀਆਂ ਰਹਿਣ ਅਤੇ ਲੋਕਾਂ ਦੇ ਵਿਸ਼ਵਾਸ ਨੂੰ ਬਰਕਰਾਰ ਰੱਖਣ।


-ਜਸਵਿੰਦਰ ਸਿੰਘ ਭੁਲੇਰੀਆ
ਪਿੰਡ ਤੇ ਡਾਕ: ਮਮਦੋਟ, ਫਿਰੋਜ਼ਪੁਰ।

03-01-2020

 ਸਮੇਂ ਦੀ ਲੋੜ ਹੈ ਸਾਦੇ ਸਮਾਗਮ
ਅੱਜ ਅਸੀਂ ਵੇਖਦੇ ਹਾਂ ਕਿ ਲੋਕ ਸਮਾਗਮਾਂ 'ਤੇ ਆਪਣੀ ਸਮਰੱਥਾ ਤੋਂ ਵਧ ਕੇ ਬੇਲੋੜਾ ਖ਼ਰਚ ਕਰਦੇ ਹਨ। ਇਹ ਖ਼ਰਚ ਬੱਚਿਆਂ ਦੇ ਜਨਮ ਦਿਨ, ਵਿਆਹਾਂ ਤੇ ਸ਼ੋਕ ਸਮਾਗਮਾਂ 'ਤੇ ਕੀਤੇ ਜਾਂਦੇ ਹਨ। ਗ਼ਰੀਬ ਆਦਮੀ ਵੀ ਅਮੀਰਾਂ ਵੱਲ ਵੇਖ, ਉਨ੍ਹਾਂ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਚਾਦਰ ਤੋਂ ਵਧ ਕੇ ਪੈਰ ਪਸਾਰ ਲੈਂਦਾ ਹੈ। ਇਸ ਤਰ੍ਹਾਂ ਕਈ ਵਾਰ ਕਰਜ਼ੇ ਦੇ ਬੋਝ ਥੱਲੇ ਆ ਕੇ ਉਹ ਖ਼ੁਦਕੁਸ਼ੀ ਦੇ ਰਾਹ ਵੀ ਤੁਰ ਜਾਂਦਾ ਹੈ। ਦੂਸਰਾ ਵੱਡੇ-ਵੱਡੇ ਸਮਾਗਮਾਂ 'ਤੇ ਅਸੀਂ ਵੇਖਦੇ ਹਾਂ ਕਿ ਖਾਣਾ ਬਹੁਤ ਮਾਤਰਾ ਵਿਚ ਖ਼ਰਾਬ ਹੋ ਜਾਂਦਾ ਹੈ ਅਤੇ ਪਲਾਸਟਿਕ ਪੇਪਰ ਵਿਚ ਪਏ ਖਾਣੇ ਕਾਰਨ ਕਚਰਾ ਵੀ ਪੈਦਾ ਹੁੰਦਾ ਹੈ, ਜੋ ਕਿ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਜੇਕਰ ਇਹ ਖਾਣਾ ਗ਼ਰੀਬਾਂ ਲਈ ਵਰਤਿਆ ਜਾਵੇ ਤਾਂ ਉਨ੍ਹਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ। ਜਿਸ ਤਰ੍ਹਾਂ ਲੋਕ ਅੱਜ ਮੰਦਹਾਲੀ ਵਿਚ ਗੁਜ਼ਰ ਰਹੇ ਹਨ, ਤਾਂ ਸਮਾਂ ਮੰਗ ਕਰਦਾ ਹੈ ਕਿ ਉਹ ਸਾਦੇ ਪ੍ਰੋਗਰਾਮਾਂ ਨੂੰ ਤਰਜੀਹ ਦੇਣ ਅਤੇ ਆਪਣੀ ਹੱਡ ਭੰਨਵੀਂ ਮਿਹਨਤ ਦੁਆਰਾ ਕੀਤੀ ਕਮਾਈ ਨੂੰ ਖੋਰਾ ਲੱਗਣ ਤੋਂ ਬਚਾਉਣ। ਅੱਜ ਅਸੀਂ ਵੇਖਿਆ ਹੈ ਕਿ ਕਈ ਅਮੀਰ ਲੋਕ ਵੀ ਸਾਦੇ ਪ੍ਰੋਗਰਾਮਾਂ ਨੂੰ ਤਰਜੀਹ ਦੇਣ ਲੱਗ ਪਏ ਹਨ। ਇਹ ਸਮਾਜ ਲਈ ਇਕ ਚੰਗਾ ਸੰਦੇਸ਼ ਹੈ।


-ਹਰਨੰਦ ਸਿੰਘ ਬੱਲਿਆਂਵਾਲਾ
ਪਿੰਡ ਬੱਲਿਆਂਵਾਲਾ (ਤਰਨ ਤਾਰਨ)।


ਮੁਫ਼ਤ ਸਹੂਲਤਾਂ ਦੀ ਥਾਂ ਰੁਜ਼ਗਾਰ ਹੋਵੇ
ਚੀਨ ਦੀ ਇਕ ਕਹਾਵਤ ਹੈ ਕਿ ਬੱਚੇ ਨੂੰ ਮੱਛੀ ਨਾ ਦਿਓ ਬਲਕਿ ਉਸ ਨੂੰ ਮੱਛੀ ਫੜ੍ਹਨ ਦੀ ਜਾਚ ਸਿਖਾ ਦਿਓ ਤਾਂ ਕਿ ਉਹ ਸਾਰੀ ਉਮਰ ਇਸ ਕਾਬਲੀਅਤ ਦੀ ਬਦੌਲਤ ਆਪਣੇ ਜੀਵਨ ਵਿਚ ਕਿਸੇ ਦਾ ਮੁਹਤਾਜ਼ ਨਾ ਬਣੇ। ਇਹ ਅਖਾਣ ਸਾਡੇ ਦੇਸ਼ ਵਿਚ ਕੋਈ ਮਾਅਨੇ ਨਹੀਂ ਰੱਖਦਾ। ਇੱਥੇ ਹਰ ਛੋਟਾ ਵੱਡਾ ਦੂਜੇ ਦੇ ਹੱਥਾਂ ਵੱਲ ਝਾਕ ਰਿਹਾ ਹੈ। ਰਾਜਨੀਤਕ ਪਾਰਟੀਆਂ ਵਲੋਂ ਚੋਣਾਂ ਸਮੇਂ ਨੌਜਵਾਨਾਂ ਨੂੰ ਕਈ ਤਰ੍ਹਾਂ ਦੀਆਂ ਮੁਫ਼ਤ ਸਹੂਲਤਾਂ ਦਾ ਐਲਾਨ ਕੀਤਾ ਜਾਂਦਾ ਹੈ। ਕਿਉਂ ਅਜਿਹੇ ਰੁਜ਼ਗਾਰ ਦਾ ਐਲਾਨ ਨਹੀਂ ਕੀਤਾ ਜਾਂਦਾ ਜਿਸ ਨਾਲ ਹਰ ਇਨਸਾਨ ਸਬੰਧਿਤ ਸਹੂਲਤਾਂ ਪ੍ਰਾਪਤ ਕਰਨ ਦੇ ਯੋਗ ਹੋ ਜਾਵੇ। ਜੇਕਰ ਅਜਿਹਾ ਹੋ ਜਾਵੇ ਤਾ ਸਾਡੇ ਦੇਸ਼ ਦੀਆਂ ਕਈ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ। ਸਾਡੇ ਬਹੁਤੇ ਨੌਜਵਾਨਾਂ ਨੂੰ 'ਮੱਛੀ ਫੜਨ' ਦੀ ਕਲਾ ਤਾਂ ਇਕ ਪਾਸੇ ਬਲਕਿ ਉਹ ਆਪਣੇ ਜੀਵਨ ਦੇ ਟੀਚੇ ਬਾਰੇ ਹੀ ਸਪੱਸ਼ਟ ਨਹੀਂ ਹੁੰਦੇ। ਉਹ ਆਪਣੀ ਹੀ ਪ੍ਰਤਿਭਾ ਤੋਂ ਅਣਜਾਣ ਰਹਿੰਦੇ ਹਨ ਜਾਂ ਦੂਸਰਿਆਂ ਵੱਲ ਵੇਖਦਿਆਂ ਆਪਣੀ ਪ੍ਰਤਿਭਾ ਨੂੰ ਗੁਆ ਬੈਠਦੇ ਹਨ। ਸਾਡੀ ਸਿੱਖਿਆ ਪ੍ਰਣਾਲੀ ਵੀ ਬਦਲਣ ਦੀ ਜ਼ਰੂਰਤ ਹੈ, ਕਿਉਂਕਿ ਇਸ ਕਾਰਨ ਤਾਂ ਕਈ ਨੌਜਵਾਨ ਸਾਰੀ ਜ਼ਿੰਦਗੀ ਆਪਣੀ ਮੁਹਾਰਤ ਦੇ ਚੌਰਸ ਕਿੱਲੇ ਨੂੰ ਮਜਬੂਰੀ ਦੇ ਗੋਲ ਸੁਰਾਖ਼ਾਂ ਵਿਚ ਫਿੱਟ ਕਰੀ ਜਾਂਦੇ ਹਨ ਜਿਸ ਨਾਲ ਨਾ ਤਾਂ ਨੌਜਵਾਨਾਂ ਨੂੰ ਸਕੂਨ ਮਿਲਦਾ ਹੈ ਤਾਂ ਨਾ ਹੀ ਕੋਈ ਉਸਾਰੂ ਪ੍ਰਾਪਤੀ ਹੁੰਦੀ ਹੈ। ਬੱਚੇ ਦੇ ਰੁਜ਼ਗਾਰ ਸਬੰਧੀ ਟੀਚਾ ਪੜ੍ਹਾਈ ਦੇ ਮੁਢਲੇ ਦਿਨਾਂ ਵਿਚ ਹੀ ਨਿਰਧਾਰਤ ਹੋ ਜਾਣਾ ਚਾਹੀਦਾ ਹੈ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।


ਪੰਜਾਬ ਦੀ ਦੁਰਦਸ਼ਾ
ਹਰਪ੍ਰੀਤ ਕੌਰ ਦੀ ਰਚਨਾ 'ਕਿੱਥੇ ਗਵਾਚ ਗਿਆ ਮੇਰਾ ਰੰਗਲਾ ਪੰਜਾਬ' ਪੜ੍ਹੀ, ਜਿਸ ਵਿਚ ਲੇਖਿਕਾ ਨੇ ਪੁਰਾਤਨ ਪੰਜਾਬ ਅਤੇ ਵਰਤਮਾਨ ਪੰਜਾਬ ਦਾ ਵਿਵਰਨ ਕਰਕੇ ਵਿਸਥਾਰ ਪੂਰਵਕ ਮੁਕਾਬਲਾ ਕਰਕੇ ਬਿਆਨ ਕੀਤਾ ਹੈ ਤੇ ਪੰਜਾਬ ਵਿਚ ਵਧ ਰਹੀ ਬੇਰੁਜ਼ਗਾਰੀ, ਨਸ਼ਿਆਂ ਦਾ ਰੁਝਾਨ, ਕਿਸਾਨਾਂ ਦੀਆਂ ਖ਼ੁਦਕੁਸ਼ੀਆਂ, ਨੌਜਵਾਨਾਂ ਦਾ ਵਿਦੇਸ਼ 'ਚ ਪ੍ਰਵਾਸ ਬਾਰੇ ਚਿੰਤਾ ਜਤਾਈ ਹੈ। ਕਾਬਲੇ ਤਾਰੀਫ਼ ਹੈ। ਪਹਿਲਾਂ ਪੰਜਾਬ ਵਿਚ ਦਰੀਆਂ ਬੁਣਨਾ ਔਰਤਾਂ ਦਾ ਸ਼ੌਕ ਹੁੰਦਾ ਸੀ। ਫੁਲਕਾਰੀਆਂ ਕੱਢਣਾ, ਖੇਸ ਬੁਣਨੇ, ਪੱਖੀਆਂ ਬਣਾਉਣਾ, ਚਰਖੇ ਕੱਤਣੇ, ਜੀਵਨ ਦਾ ਅਹਿਮ ਕੰਮ ਹੁੰਦਾ ਸੀ। ਕੁੜੀਆਂ ਪੜ੍ਹਾਈ ਦੀ ਜਗ੍ਹਾ ਸਿਲਾਈ, ਕਢਾਈ, ਕਤਾਈ 'ਤੇ ਜ਼ੋਰ ਦਿੰਦੀਆਂ ਸਨ। ਮਿੱਟੀ ਦੇ ਭਾਂਡੇ, ਲੱਕੜ ਦੇ ਖਿਡਾਉਣੇ ਬਣਾਏ ਜਾਂਦੇ ਸਨ। ਧਾਤੂ ਕਲਾ, ਚਿੱਤਰਕਾਰੀ ਦਾ ਬੋਲਬਾਲਾ ਸੀ। ਪੁਰਾਣੇ ਸਾਜ਼, ਧੁੰਨਾਂ ਜੋ ਅੱਜਕਲ੍ਹ ਪੰਜਾਬ ਵਿਚੋਂ ਅਲੋਪ ਹੋ ਗਿਆ ਹੈ, ਦੁੱਧ, ਘਿਉ, ਮੱਖਣ ਕਾੜ੍ਹਨੇ ਦੀ ਮਲਾਈ ਚਾਟੀ ਦੀ ਲੱਸੀ, ਹਰੀਆਂ ਤਾਜ਼ੀਆਂ ਪੋਸ਼ਟਕ ਸਬਜ਼ੀਆਂ ਦੀ ਥਾਂ ਚਾਈਨੀ ਫੂਡ ਨੇ ਲੈ ਲਈ ਹੈ। ਹੁਣ ਦੇ ਪੰਜਾਬ ਵਿਚ ਬੇਰੁਜ਼ਗਾਰੀ ਕਾਰਨ ਲੋਕ ਨਸ਼ਿਆਂ ਦੇ ਆਦੀ ਹੋ ਗਏ ਹਨ, ਨੌਜਵਾਨਾਂ ਦਾ ਵਿਦੇਸ਼ਾਂ ਵੱਲ ਵਧਦਾ ਰੁਝਾਨ, ਕਿਸਾਨਾਂ ਦੀਆਂ ਖ਼ੁਦਕੁਸ਼ੀਆਂ, ਭਰੂਣ ਹੱਤਿਆ ਵਿਚ ਵਾਧਾ ਹੋਇਆ ਹੈ। ਇਸ ਸਬੰਧ ਵਿਚ ਬੁੱਧੀਜੀਵੀਆਂ, ਸਮਾਜਿਕ ਜਥੇਬੰਦੀਆਂ, ਖ਼ੁਦ ਲੋਕਾਂ ਨੂੰ ਅੱਗੇ ਆ ਕੇ ਪੰਜਾਬ ਬਾਰੇ ਸੋਚਣ ਦੀ ਲੋੜ ਹੈ।


-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ।


ਮਾਲਵੇ ਵਿਚ ਏਮਜ਼ ਦੀ ਸ਼ੁਰੂਆਤ
ਖੇਤਰ ਦੇ ਬਠਿੰਡਾ ਜ਼ਿਲ੍ਹੇ ਵਿਚ ਵਿਸ਼ਾਲ ਸਿਹਤ ਕੇਂਦਰ ਏਮਜ਼ ਹਸਪਤਾਲ ਕੇਂਦਰ ਸਰਾਕਰ ਨੇ ਖੋਲ੍ਹ ਕੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਹਸਪਤਾਲ ਖੁੱਲ੍ਹਣ ਤੋਂ ਪਹਿਲਾਂ ਲੋਕ ਜ਼ਿਆਦਾਤਰ ਰਾਜਸਥਾਨ ਦੇ ਗੰਗਾਨਗਰ ਵਿਚ ਕੈਂਸਰ ਦੇ ਹਸਪਤਾਲ ਵਿਚ ਜਾਂਦੇ ਹਨ। ਇਥੋਂ ਤੱਕ ਕਿ ਜਿਹੜੀ ਟ੍ਰੇਨ ਬਠਿੰਡਾ ਤੋਂ ਚਲਦੀ ਹੈ, ਲੋਕਾਂ ਨੇ ਉਸ ਟ੍ਰੇਨ ਦਾ ਨਾਂਅ ਵੀ ਕੈਂਸਰ ਟ੍ਰੇਨ ਹੀ ਰੱਖ ਦਿੱਤਾ ਸੀ। ਮਾਲਵੇ ਦੇ ਦੂਰ-ਦੂਰਾਡੇ ਇਲਾਕਿਆਂ ਵਿਚ ਜਿਥੇ ਹੋਰ ਸਾਫ਼ ਪਾਣੀ ਦੀਆਂ ਸਹੂਲਤਾਂ ਨਹੀਂ ਹਨ, ਫਿਰ ਮਜਬੂਰਨ ਲੋਕਾਂ ਨੂੰ ਨਹਿਰਾਂ ਦਾ ਪਾਣੀ ਵਰਤਣਾ ਪੈ ਰਿਹਾ ਹੈ, ਜਿਸ ਕਰਕੇ ਸਭ ਤੋਂ ਜ਼ਿਆਦਾ ਕੈਂਸਰ ਦਾ ਰੋਗ ਵੀ ਮਾਲਵੇ ਦੇ ਲੋਕਾਂ ਨੂੰ ਹੋ ਰਿਹਾ ਹੈ। ਹੁਣ ਜਿਵੇਂ ਦੱਸਿਆ ਗਿਆ ਹੈ ਕਿ ਇਕ ਦਿਨ ਵਿਚ ਇਕ ਹਜ਼ਾਰ ਮਰੀਜ਼ ਆਪਣਾ ਚੈੱਕ ਅੱਪ ਕਰਵਾ ਸਕਣਗੇ ਤੇ ਆਉਣ ਵਾਲੇ ਸਮੇਂ ਵਿਚ ਇਸ ਦੀ ਸਮਰੱਥਾ ਪੰਜ ਹਜ਼ਾਰ ਮਰੀਜ਼ ਚੈੱਕ ਕਰਵਾਉਣ ਦੀ ਹੋ ਜਾਵੇਗੀ। ਜੇਕਰ ਇਹ ਅੰਕੜੇ ਸਹੀ ਹਨ ਤਾਂ ਹੋ ਸਕਦਾ ਹੈ ਕਿ ਬਹੁਤ ਮਰੀਜ਼ ਇਥੋਂ ਆਪਣਾ ਇਲਾਜ ਕਰਵਾ ਸਕਣਗੇ। ਪਰ ਇਹ ਨਾ ਹੋਵੇ ਕਿ ਰਾਜਸਥਾਨ ਦੇ ਡਾਕਟਰਾਂ ਵਾਂਗ ਓ.ਪੀ.ਡੀ. ਵਿਚ ਘੱਟ ਤੇ ਘਰਾਂ ਵਿਚ ਬਣਾਏ ਕਲੀਨਿਕਾਂ ਵਿਚ ਜ਼ਿਆਦਾ ਮਰੀਜ਼ ਚੈੱਕ ਹੋਣੇ ਸ਼ੁਰੂ ਹੋ ਜਾਣ। ਬਿਲਡਿੰਗਾਂ ਭਾਵੇਂ ਘੱਟ ਉਸਰ ਜਾਣ, ਮਸ਼ੀਨਾਂ ਵੀ ਘੱਟ ਖਰੀਦਣ ਪਰ ਇਥੇ ਸੇਵਾ ਭਾਵਨਾ ਵਾਲੇ ਡਾਕਟਰਾਂ ਨੂੰ ਤਾਇਨਾਤ ਕੀਤਾ ਜਾਵੇ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਡਾਕ: ਮਮਦੋਟ (ਫਿਰੋਜ਼ਪੁਰ)

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX