ਤਾਜਾ ਖ਼ਬਰਾਂ


ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਚਾਰ ਨਕਸਲੀ ਢੇਰ, ਹਥਿਆਰ ਵੀ ਬਰਾਮਦ
. . .  21 minutes ago
ਰਾਏਪੁਰ, 26 ਮਾਰਚ- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਚਾਰ ਨਕਸਲੀਆਂ ਨੂੰ ਢੇਰ ਕਰ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੁਕਮਾ ਜ਼ਿਲ੍ਹੇ ਦੇ ਚਿੰਤਲਾਨਾਰ ਥਾਣਾ ਖੇਤਰ ਅਧੀਨ ਪੈਂਦੇ ਕਰਕਨਗੁੜਾ ਪਿੰਡ ਦੇ ਨਜ਼ਦੀਕ ਅੱਜ...
ਅਗਸਤਾ ਵੈਸਟਲੈਂਡ ਮਾਮਲੇ 'ਚ ਈ.ਡੀ. ਨੇ ਇਕ ਗ੍ਰਿਫਤਾਰੀ ਕੀਤੀ
. . .  about 1 hour ago
ਨਵੀਂ ਦਿੱਲੀ, 26 ਮਾਰਚ - ਅਗਸਤਾ ਵੈਸਟਲੈਂਡ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕਥਿਤ ਵਿਚੋਲੀਏ ਸੁਸ਼ੇਨ ਮੋਹਨ ਗੁਪਤਾ ਨੂੰ ਬੀਤੀ ਲੰਘੀ ਰਾਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਅੱਜ ਦਿੱਲੀ ਦੇ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤਾ...
ਉਤਰ ਪ੍ਰਦੇਸ਼ ਲਈ ਭਾਜਪਾ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ, ਅਡਵਾਨੀ ਦਾ ਨਾਂ ਸ਼ਾਮਲ ਨਹੀਂ
. . .  about 1 hour ago
ਨਵੀਂ ਦਿੱਲੀ, 26 ਮਾਰਚ - ਭਾਜਪਾ ਨੇ ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਉਤਰ ਪ੍ਰਦੇਸ਼ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ, ਅਰੁਣ ਜੇਤਲੀ, ਨਿਤਿਨ ਗਡਕਰੀ, ਸੁਸ਼ਮਾ ਸਵਰਾਜ ਤੇ ਊਮਾ ਭਾਰਤੀ ਜ਼ਿਕਰਯੋਗ...
ਮੇਰੇ ਤੋਂ ਪੁੱਛੇ ਬਗੈਰ ਭਾਜਪਾ ਨੇ ਮੇਰੀ ਸੀਟ ਬਦਲੀ - ਗਿਰੀਰਾਜ ਸਿੰਘ
. . .  about 1 hour ago
ਨਵੀਂ ਦਿੱਲੀ, 26 ਮਾਰਚ - ਕੇਂਦਰੀ ਮੰਤਰੀ ਤੇ ਭਾਜਪਾ ਦੇ ਸੀਨੀਅਰ ਨੇਤਾ ਗਿਰੀਰਾਜ ਸਿੰਘ ਨੂੰ ਭਾਜਪਾ ਨੇ ਇਸ ਵਾਰ ਬੈਗੁਸਰਾਏ (ਬਿਹਾਰ) ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਪਰੰਤੂ ਗਿਰੀਰਾਜ ਸਿੰਘ ਬੈਗੁਸਰਾਏ ਤੋਂ ਨਹੀਂ ਬਲਕਿ ਨਵਾਦਾ (ਬਿਹਾਰ) ਤੋਂ ਹੀ ਚੋਣ ਲੜਨਾ ਚਾਹੁੰਦੇ ਹਨ। ਗਿਰੀਰਾਜ ਸਿੰਘ ਪਹਿਲਾ...
ਅੱਜ ਦਾ ਵਿਚਾਰ
. . .  about 1 hour ago
ਐੱਮ ਪੀ ਦੇ ਨਾਂਅ 'ਤੇ ਲਿਆਏ ਜਾ ਰਹੇ ਬੈਂਚਾਂ ਨੂੰ ਚੋਣ ਅਧਿਕਾਰੀਆਂ ਨੇ ਕੀਤਾ ਕਾਬੂ
. . .  1 day ago
ਤਪਾ ਮੰਡੀ,25 ਮਾਰਚ (ਪ੍ਰਵੀਨ ਗਰਗ) -ਸਥਾਨਕ ਸ਼ਹਿਰ ਵਿਖੇ ਚੋਣ ਅਧਿਕਾਰੀਆਂ ਦੀ ਟੀਮ ਵੱਲੋਂ ਇੱਕ ਟਰੈਕਟਰ ਟਰਾਲੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਮੈਂਬਰ ਪਾਰਲੀਮੈਂਟ ਭਗਵੰਤ ...
ਆਈ ਪੀ ਐੱਲ 2019 - ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 14 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2019 - ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 185 ਦੌੜਾਂ ਦਾ ਦਿੱਤਾ ਟੀਚਾ
. . .  1 day ago
ਪ੍ਰਿਅੰਕਾ ਦੇ ਆਉਣ ਨਾਲ ਕਾਂਗਰਸ ਦੀ ਡੁੱਬਦੀ ਬੇੜੀ ਨਹੀਂ ਬਚੇਗੀ- ਮਜੀਠੀਆ
. . .  1 day ago
ਫ਼ਾਜ਼ਿਲਕਾ ,25 (ਪ੍ਰਦੀਪ ਕੁਮਾਰ)- ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਫ਼ਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ...
ਆਈ ਪੀ ਐੱਲ 2019 - 15 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ 3 ਵਿਕਟ ਗਵਾ ਕੇ ਬਣਾਈਆਂ 144 ਦੌੜਾਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 14 ਫੱਗਣ ਨਾਨਕਸ਼ਾਹੀ ਸੰਮਤ 544
ਵਿਚਾਰ ਪ੍ਰਵਾਹ: ਮਨੁੱਖ ਦਾ ਮਾਪਦੰਡ ਉਸ ਦੀ ਸੰਪਤੀ ਨਹੀਂ, ਉਸ ਦੀ ਬੁੱਧੀਮਾਨਤਾ ਹੈ। -ਟੀ. ਐਲ. ਵਾਸਵਾਨੀ

ਤੁਹਾਡੇ ਖ਼ਤ

ਤੁਹਾਡੇ ਖ਼ਤ 20-2-2013

 ਆਵਾਜ਼ ਪ੍ਰਦੂਸ਼ਣ
ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਆਪਣੇ-ਆਪਣੇ ਖੇਤਰ ਅਧੀਨ ਆਉਂਦੇ ਸਮੂਹ ਗੁਰਦੁਆਰਿਆਂ ਵਿਚ ਉੱਚੀ ਆਵਾਜ਼ ਵਿਚ ਵੱਜਦੇ ਲਾਊਡ ਸਪੀਕਰਾਂ ਦੀ ਆਵਾਜ਼ ਨੂੰ ਸਿਰਫ ਗੁਰਦੁਆਰਿਆਂ ਦੀ ਹਦੂਦ ਅੰਦਰ ਸੀਮਤ ਕਰਨ ਲਈ ਕਦਮ ਚੁੱਕਣ। ਸਿੱਖਿਆ ਵਿਭਾਗ ਦਾ ਇਹ ਫ਼ੈਸਲਾ ਸ਼ਲਾਘਾਯੋਗ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਪੇਪਰਾਂ ਦੇ ਮੱਦੇਨਜ਼ਰ ਪੜ੍ਹਾਈ ਲਈ ਇਹ ਜਨਵਰੀ, ਫਰਵਰੀ ਅਤੇ ਮਾਰਚ ਦੇ ਮਹੀਨੇ ਵਿਦਿਆਰਥੀਆਂ ਲਈ ਅਹਿਮ ਗਿਣੇ ਜਾਂਦੇ ਹਨ। ਹੁਣ ਜੇਕਰ ਦੂਸਰੇ ਪਾਸੇ ਦੇਖਿਆ ਜਾਵੇ, ਇਨ੍ਹਾਂ ਮਹੀਨਿਆਂ ਵਿਚ ਪਿੰਡਾਂ ਵਿਚ ਵਿਆਹਾਂ, ਪਾਰਟੀਆਂ ਆਦਿ ਵਿਚ ਵੱਜਦੇ ਕੰਨ-ਪਾੜਵੇਂ ਡੀ.ਜੇ. ਵੀ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਬੇਹੱਦ ਰੁਕਾਵਟ ਬਣਦੇ ਹਨ। ਇਨ੍ਹਾਂ ਦਿਨਾਂ ਵਿਚ ਵਿਆਹਾਂ ਵਿਚ ਚਲਦੇ ਡੀ. ਜੇ. ਦੀ ਭਾਰੀ-ਭਰਕਮ ਆਵਾਜ਼ ਲੋਕਾਂ ਖਾਸ ਕਰਕੇ ਮਰੀਜ਼ਾਂ ਨੂੰ ਬੇਹੱਦ ਤੰਗ ਕਰਦੀ ਹੈ। ਸੋ, ਸਰਕਾਰ ਨੂੰ ਇਨ੍ਹਾਂ ਦੀ ਆਵਾਜ਼ ਅਤੇ ਸਮਾਂ ਸੀਮਤ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਇਕਾਗਰਤਾ ਬਣ ਸਕੇ ਅਤੇ ਆਮ ਇਨਸਾਨ ਸੁੱਖ ਦੀ ਨੀਂਦ ਸੌਂ ਸਕੇ।

-ਰਾਜਾ ਗਿੱਲ (ਚੜਿੱਕ)
ਗਿੱਲ ਸੀਮੈਂਟ ਸਟੋਰ, ਚੜਿੱਕ (ਮੋਗਾ)।

ਤੁਹਾਡੇ ਖ਼ਤ 19-2-2013

 ਸੜਕ ਦੁਰਘਟਨਾਵਾਂ
ਪੰਜਾਬ ਅੰਦਰ ਵਾਹਨਾਂ ਦੀ ਗਿਣਤੀ ਕਾਫੀ ਵਧ ਗਈ ਹੈ, ਜਿਸ ਕਾਰਨ ਥੋੜ੍ਹੀ ਅਣਗਹਿਲੀ ਤੇ ਤੇਜ਼ੀ ਕਰਨ ਨਾਲ ਬਹੁਤ ਸਾਰੇ ਹਾਦਸੇ ਵਾਪਰ ਰਹੇ ਹਨ। ਪਰ ਫਿਰ ਵੀ ਅਸੀਂ ਕੋਈ ਸਬਕ ਨਹੀਂ ਸਿਖਦੇ। ਨਸ਼ੇ, ਟ੍ਰੈਫਿਕ ਚਿੰਨ੍ਹਾਂ ਦੀ ਸਮਝ ਨਾ ਹੋਣ ਕਾਰਨ ਹਾਦਸੇ ਵਾਪਰ ਰਹੇ ਹਨ। ਲਾਇਸੰਸ ਬਣਾਉਣ ਵੇਲੇ ਸਿਫ਼ਾਰਸ਼ ਨਹੀਂ ਦੇਖਣੀ ਚਾਹੀਦੀ, ਬਲਕਿ ਯੋਗ ਵਿਅਕਤੀਆਂ ਦੇ ਤੇ ਪਾਰਦਰਸ਼ਤਾ ਢੰਗ ਨਾਲ ਲਾਇਸੰਸ ਬਣਾਉਣੇ ਚਾਹੀਦੇ ਹਨ। ਵਾਹਨ ਚਾਲਕਾਂ ਨੂੰ ਵੀ ਵਾਹਨ ਚਲਾਉਂਦੇ ਸਮੇਂ ਆਪਣੀ ਤੇ ਸਾਹਮਣੇ ਆਉਣ ਵਾਲੇ ਦੀ ਚਿੰਤਾ ਕਰਨੀ ਚਾਹੀਦੀ ਹੈ। ਓਵਰਟੇਕ ਕਰਨ ਸਮੇਂ ਕਦੇ ਵੀ ਕਾਹਲੀ ਨਹੀਂ ਕਰਨੀ ਚਾਹੀਦੀ। ਮੋੜ ਕਟਦੇ ਸਮੇਂ ਡਿਪਰ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇ ਸਾਹਮਣਿਉਂ ਆ ਰਹੀ ਗੱਡੀ ਦੀਆਂ ਲਾਈਟਾਂ ਅੱਖਾਂ ਵਿਚ ਵੱਜਣ ਤਾਂ ਦੁਰਘਟਨਾ ਵਾਪਰ ਸਕਦੀ ਹੈ। ਪਰ ਫਿਰ ਵੀ ਲੋਕ ਇਸ ਗੱਲ ਦਾ ਧਿਆਨ ਨਹੀਂ ਕਰਦੇ। ਕਾਹਲੀ ਨਾਲ ਵੀ ਦੁਰਘਟਨਾ ਵਾਪਰਦੀ ਹੈ। ਨਿੱਜੀ ਸਕੂਲਾਂ ਦੇ ਵਾਹਨ ਜਿਥੇ ਵੇਖ, ਉਥੇ ਹੀ ਗੱਡੀ ਰੋਕ ਲੈਂਦੇ ਹਨ। ਸਿਆਣਾ ਡਰਾਈਵਰ ਉਹੀ ਹੈ, ਜੋ ਸੜਕ 'ਤੇ ਵਿੱਥ ਦੇਖ ਗੱਡੀ ਰੋਕਦਾ ਹੈ। ਆਓ, ਅਸੀਂ ਸਾਰਿਆਂ ਦੀ ਸੁੱਖ ਮੰਗੀਏ ਤੇ ਲੰਮਾ ਪੈਂਡਾ ਤੈਅ ਕਰੀਏ।

-ਜਸਦੀਪ ਸਿੰਘ ਖੰਨਾ
ਕ੍ਰਿਸ਼ਨਾ ਨਗਰ, ਗਲੀ ਨੰ: 10, ਖੰਨਾ।

ਧੀਆਂ-ਭੈਣਾਂ ਦੀ ਇੱਜ਼ਤ
ਅੱਜ ਭਾਰਤ ਦੇ ਹੋਰ ਰਾਜਾਂ ਵਾਂਗ ਸਾਡੇ ਪੰਜਾਬ ਵਿਚ ਵੀ ਜਬਰ-ਜਨਾਹਾਂ ਦਾ ਦਿਨੋ-ਦਿਨ ਵਾਧਾ ਹੋ ਰਿਹਾ ਹੈ, ਜਿਸ ਕਰਕੇ ਹਰੇਕ ਦੀ ਭੈਣ ਅਤੇ ਹਰੇਕ ਮਾਪੇ ਦੀ ਧੀ ਅੱਜ ਅਸੁਰੱਖਿਅਤ ਅਤੇ ਡਰ ਦੇ ਮਾਹੌਲ ਵਿਚ ਵਿਚਰ ਰਹੀ ਹੈ ਅਤੇ ਹਰੇਕ ਧੀ ਦੇ ਮਾਪੇ ਮੂੰਹ ਵਿਚ ਉਂਗਲਾਂ ਪਾ ਕੇ ਸੋਚਣ ਲਈ ਮਜਬੂਰ ਹੋ ਗਏ ਹਨ। ਸੂਝਵਾਨ ਮੁੰਡੇ-ਕੁੜੀਆਂ ਨੂੰ ਜਬਰ-ਜਨਾਹਾਂ ਵਿਰੁੱਧ ਖੁੱਲ੍ਹ ਕੇ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਇਸ ਪ੍ਰਤੀ ਭਾਰਤ ਸਰਕਾਰ ਨੂੰ ਸਖ਼ਤ ਤੋਂ ਸਖ਼ਤ ਕਾਨੂੰਨ ਬਣਾ ਕੇ ਅਮਲ ਵਿਚ ਲਿਆਉਣਾ ਚਾਹੀਦਾ ਹੈ। ਸਾਡੇ ਪੰਜਾਬ ਵਿਚ ਜਬਰ-ਜਨਾਹਾਂ ਵਰਗੇ ਅਪਰਾਧਾਂ ਦਾ ਹੋਣਾ ਸਾਡੇ ਗੁਰੂਆਂ-ਪੀਰਾਂ ਦਾ ਅਪਮਾਨ ਹੋਣ ਦੇ ਬਰਾਬਰ ਹੈ।

-ਟੈਕਨੀਸ਼ੀਅਨ ਕੇਵਲ ਸਿੰਘ ਬਾਠਾਂ
ਅਮਰਗੜ੍ਹ, ਸੰਗਰੂਰ।

ਹੈਲੀਕਾਪਟਰ ਘੁਟਾਲਾ
ਪਿਛਲੇ ਦਿਨੀਂ 'ਅਜੀਤ' ਦਾ ਸੰਪਾਦਕੀ ਲੇਖ 'ਹੈਲੀਕਾਪਟਰਾਂ ਦੀ ਖਰੀਦ 'ਚ ਦਲਾਲੀ' ਪੜ੍ਹਿਆ। ਆਪਣੀ ਬੇਬਾਕ ਟਿੱਪਣੀ ਰਾਹੀਂ ਸੰਪਾਦਕ ਨੇ ਪਾਠਕਾਂ ਨੂੰ ਇਸ ਵਿਸ਼ੇ ਤੋਂ ਜਾਣੂ ਕਰਵਾਇਆ ਹੈ। ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਅਤੇ ਦਲਾਲੀ ਦੇ ਮਾਮਲੇ ਵਿਚ ਭਾਰਤੀ ਫ਼ੌਜ ਲਈ ਹੈਲੀਕਾਪਟਰਾਂ ਦੀ ਖਰੀਦ ਦਾ ਮਾਮਲਾ ਅਟਕ ਗਿਆ ਹੈ। ਜਿਸ ਇਟਲੀ ਦੀ ਕੰਪਨੀ ਨਾਲ ਸਾਡੇ ਦੇਸ਼ ਦਾ ਹੈਲੀਕਾਪਟਰਾਂ ਦੀ ਖਰੀਦ ਦਾ ਕਰਾਰ ਹੋਇਆ ਸੀ, ਉਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ ਲਗਭਗ 15 ਮਹੀਨਿਆਂ ਦੀ ਲੰਮੀ ਜਾਂਚ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਥੋਂ ਹੀ ਇਹ ਮਾਮਲਾ ਉਜਾਗਰ ਹੋਇਆ ਹੈ। ਆਪਣਾ ਮਾਲ ਸਾਡੇ ਦੇਸ਼ ਨੂੰ ਵੇਚਣ ਲਈ ਇਸ ਤਰ੍ਹਾਂ ਦੇ ਭ੍ਰਿਸ਼ਟਾਚਾਰ ਤੋਂ ਬਚਣ ਲਈ ਵਿਦੇਸ਼ੀ ਕੰਪਨੀਆਂ 'ਤੇ ਖਾਸ ਨਜ਼ਰ ਰੱਖਣ ਦੀ ਲੋੜ ਹੈ। ਸਰਕਾਰ ਦਲਾਲੀ ਦੇ ਇਸ ਅਹਿਮ ਮਾਮਲੇ ਵਿਚ ਜਲਦੀ ਤੋਂ ਜਲਦੀ ਦਖ਼ਲ ਦੇਵੇ। ਫ਼ੌਜ ਵਿਚ ਤਾਂ ਭ੍ਰਿਸ਼ਟਾਚਾਰ ਬਰਦਾਸਤ ਹੀ ਨਹੀਂ ਕੀਤਾ ਜਾ ਸਕਦਾ। ਇਸ ਲਈ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਜ਼ਰੂਰੀ ਹੈ।

-ਵਰਿੰਦਰ ਸ਼ਰਮਾ
ਮੁਹੱਲਾ ਪੱਬੀਆਂ, ਧਰਮਕੋਟ।

ਪਾਣੀ ਦੀ ਬੱਚਤ ਕਰੀਏ
ਪਾਣੀ ਮਨੁੱਖ ਨੂੰ ਜਿਊਂਦਾ ਰਹਿਣ ਲਈ ਅਹਿਮ ਰੋਲ ਅਦਾ ਕਰਦਾ ਹੈ। ਅੱਜ ਉਹੀ ਪਾਣੀ ਡਾਕਟਰੀ ਮਾਹਿਰਾਂ ਅਨੁਸਾਰ ਜ਼ਹਿਰ ਬਣ ਰਿਹਾ ਹੈ। ਪਾਣੀ ਵਿਚ ਯੂਰੇਨੀਅਮ ਦੀ ਵਧ ਰਹੀ ਮਾਤਰਾ ਦੀਆਂ ਖ਼ਬਰਾਂ ਲਗਾਤਾਰ ਅਖ਼ਬਾਰਾਂ ਵਿਚ ਆ ਰਹੀਆਂ ਹਨ। ਲਗਭਗ ਸਾਰਾ ਪੰਜਾਬ ਹੀ ਇਸ ਦੀ ਲਪੇਟ ਵਿਚ ਆਉਣ ਵਾਲਾ ਹੈ। ਅੱਜ ਕੋਈ ਵੀ ਪੰਜਾਬੀ ਆਪਣੇ-ਆਪ ਨੂੰ ਤੰਦਰੁਸਤ ਮਹਿਸੂਸ ਨਹੀਂ ਕਰ ਸਕਦਾ। ਮਨੁੱਖ ਨੂੰ ਪਤਾ ਹੀ ਨਹੀਂ ਲਗਦਾ ਕਿ ਉਹ ਕਿਸ ਸਮੇਂ ਕਿਸ ਬਿਮਾਰੀ ਦਾ ਸ਼ਿਕਾਰ ਹੋ ਜਾਵੇ। ਅੱਗੇ ਮਨੁੱਖ ਭੁੱਖ ਮਿਟਾਉਣ ਖਾਤਰ ਵਧੀਆ ਭੋਜਨ ਖਾਂਦਾ ਸੀ, ਖਾਦ ਸਪਰੇਅ ਦੀ ਲੋੜ ਨਹੀਂ ਸੀ ਹੁੰਦੀ ਪਰ ਅੱਜ ਮਨੁੱਖ ਮੰਡੀ ਖਾਤਰ ਉਤਪਾਦਨ ਕਰ ਰਿਹਾ ਹੈ ਅਣਗਿਣਤ ਖਾਦ ਸਪਰੇਅ ਦੀ ਵਰਤੋਂ ਕਰਕੇ। ਧਰਤੀ ਹੇਠਲਾ ਪਾਣੀ ਦਿਨੋ-ਦਿਨ ਦੂਸ਼ਿਤ ਹੋ ਰਿਹਾ ਹੈ। ਪੰਜਾਬ ਵਿਚ ਬਹੁਤੇ ਪਿੰਡਾਂ ਵਿਚ ਆਰ. ਓ. ਸਿਸਟਮ ਰਾਹੀਂ ਲੋਕਾਂ ਨੂੰ ਰਾਜ ਸਰਕਾਰ ਵੱਲੋਂ ਪਾਣੀ ਸਾਫ਼ ਮੁਹੱਈਆ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਹ ਸਰਕਾਰ ਦਾ ਵਧੀਆ ਕਦਮ ਹੈ ਤੇ ਨਾਲ ਹੀ ਜਿਹੜਾ ਵਾਧੂ ਪਾਣੀ ਨਿਕਲਦਾ ਹੈ, ਉਸ ਬਾਰੇ ਵੀ ਠੋਸ ਉਪਰਾਲੇ ਦੀ ਲੋੜ ਹੈ।

-ਪ੍ਰਸ਼ੋਤਮ ਪੱਤੋ
ਸ.ਸ.ਸ. ਸਕੂਲ, ਪੱਤੋ ਹੀਰਾ ਸਿੰਘ (ਮੋਗਾ)।

ਪੰਜਾਬ ਵਿਚ ਕੈਂਸਰ
ਪਿਛਲੇ ਦਿਨੀਂ ਰੋਜ਼ਾਨਾ 'ਅਜੀਤ' ਵਿਚ ਸੰਪਾਦਕ ਸ: ਬਰਜਿੰਦਰ ਸਿੰਘ ਹਮਦਰਦ ਜੀ ਵੱਲੋਂ ਲਿਖਿਆ ਸੰਪਾਦਕੀ ਲੇਖ 'ਕੈਂਸਰ ਨਾਲ ਝੰਬਿਆ ਪੰਜਾਬ' ਪੜ੍ਹ ਕੇ ਪੰਜਾਬ ਵਿਚ ਕੈਂਸਰ ਦੇ ਵਧ ਰਹੇ ਰੋਗੀਆਂ ਦੀ ਗਿਣਤੀ ਬਾਰੇ ਜਾਣਕਾਰੀ ਪ੍ਰਾਪਤ ਹੋਈ। ਇਸ ਲੇਖ ਤੋਂ ਪਤਾ ਲੱਗਾ ਕਿ ਔਸਤਨ ਪੰਜਾਬ ਵਿਚ ਕੈਂਸਰ ਦੇ 90 ਤੋਂ ਵਧੇਰੇ ਗਿਣਤੀ ਦੇ ਵਿਅਕਤੀ ਹਨ, ਜੋ ਕਿ ਦੇਸ਼ ਦੀ ਔਸਤਨ ਤੋਂ ਵੱਧ ਹੈ। ਇਸ ਦੇ ਕਈ ਕਾਰਨਾਂ ਵਿਚੋਂ ਦਰਿਆਵਾਂ ਦਾ ਦੂਸ਼ਿਤ ਹੋਣਾ, ਹਵਾ, ਪਾਣੀ, ਮਿੱਟੀ ਦਾ ਪ੍ਰਦੂਸ਼ਣ, ਸਨਅਤਾਂ ਦੇ ਰਸਾਇਣਾਂ ਨਾਲ ਜ਼ਹਿਰੀਲਾ ਹੋਇਆ ਪਾਣੀ, ਖੇਤੀ ਦੀ ਵਧ ਉਪਜ ਲਈ ਰਸਾਇਣਾਂ ਦੀ ਵਰਤੋਂ ਹਨ। ਪਾਣੀ 'ਚ ਯੂਰੇਨੀਅਮ ਦੀ ਮਾਤਰਾ ਵੀ ਵੱਧ ਚੁੱਕੀ ਹੈ। ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੂੰ ਰੋਕਣ ਲਈ ਸਰਕਾਰ ਨੂੰ ਇਸ ਨੂੰ ਚੁਣੌਤੀ ਵਜੋਂ ਲਿਆ ਜਾਣਾ ਚਾਹੀਦਾ ਹੈ।

-ਤਰਮਿੰਦਰ ਪ੍ਰੀਤ ਸਿੰਘ ਮੱਲ੍ਹੀ
ਮੁਹੱਲਾ ਜੱਟਪੁਰਾ, ਕਪੂਰਥਲਾ।

ਤੁਹਾਡੇ ਖ਼ਤ 13-2-2013

 ਸ਼ਲਾਘਾਯੋਗ ਲੇਖ
ਪਿਛਲੇ ਦਿਨੀਂ ਰੋਜ਼ਾਨਾ 'ਅਜੀਤ' ਦੇ ਸੰਪਾਦਕੀ ਸਫ਼ੇ 'ਤੇ 'ਕਿਛੁ ਸੁਣੀਐ ਕਿਛੁ ਕਹੀਐ' ਕਾਲਮ ਤਹਿਤ ਸ੍ਰੀ ਸਤਨਾਮ ਸਿੰਘ ਮਾਣਕ ਦਾ ਛਪਿਆ ਲੇਖ 'ਪੰਜਾਬ ਸਰਕਾਰ ਫੈਲ ਰਹੇ ਕੈਂਸਰ ਨੂੰ ਗੰਭੀਰਤਾ ਨਾਲ ਲਵੇ' ਪੜ੍ਹਿਆ ਜੋ ਕਿ ਬਹੁਤ ਹੀ ਸਲਾਹੁਣਯੋਗ ਸੀ। ਬਿਨਾਂ ਸ਼ੱਕ ਅਖੌਤੀ ਹਰੇ ਇਨਕਲਾਬ ਨੇ ਕੁਝ ਦਹਾਕਿਆਂ ਤੱਕ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤੀ ਬਖਸ਼ੀ ਸੀ ਪਰ ਅੱਜ ਇਹ ਹਰਾ ਇਨਕਲਾਬ ਰਾਜ ਲਈ ਉਲਟ ਪ੍ਰਭਾਵੀ ਸਿੱਧ ਹੋ ਰਿਹਾ ਹੈ। ਇਸ ਨੇ ਜੋ ਕੰਡੇ ਬੀਜੇ ਹਨ, ਉਨ੍ਹਾਂ ਨੂੰ ਚੁਗਣ ਲਈ ਇਹ ਜ਼ਰੂਰੀ ਹੈ ਕਿ ਖੇਤੀ ਨੂੰ ਮੁੜ ਤੋਂ ਕੁਦਰਤ-ਪੱਖੀ ਬਣਾਇਆ ਜਾਵੇ ਅਤੇ ਖੇਤੀ ਉਤਪਾਦਨ ਲਈ ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ। ਜਿਹੜੀਆਂ ਸਨਅਤਾਂ ਗੰਦੇ ਅਤੇ ਤੇਜ਼ਾਬੀ ਪਾਣੀ ਨਦੀਆਂ-ਨਾਲੀਆਂ ਵਿਚ ਪਾ ਕੇ ਪ੍ਰਦੂਸ਼ਣ ਪੈਦਾ ਕਰਦੀਆਂ ਹਨ ਅਤੇ ਵਾਰ-ਵਾਰ ਚਿਤਾਵਨੀਆਂ ਦੇਣ ਦੇ ਬਾਵਜੂਦ ਉਹ ਅਜਿਹਾ ਕਰਨ ਤੋਂ ਨਹੀਂ ਰੁਕਦੀਆਂ, ਉਨ੍ਹਾਂ ਨੂੰ ਬੰਦ ਕਰਵਾ ਦੇਣਾ ਹੀ ਰਾਜ ਦੇ ਲੋਕਾਂ ਦੇ ਹਿਤ ਵਿਚ ਹੈ।

-ਰਾਜਵੰਤ ਸਿੰਘ ਰਾਜੂ
ਗੁਰੂ ਨਾਨਕ ਆਟੋ ਸਪੇਅਰਜ਼, ਰਾਏਕੋਟ।

ਨਸ਼ਿਆਂ ਦੀ ਅਲਾਮਤ
ਪੰਜਾਬ ਦੀ ਜਵਾਨੀ ਨਸ਼ਿਆਂ ਦੀ ਦਲਦਲ ਵਿਚ ਬੁਰੀ ਤਰ੍ਹਾਂ ਧਸਦੀ ਜਾ ਰਹੀ ਹੈ। ਨਸ਼ਿਆਂ ਦੀ ਅਲਾਮਤ ਨੇ ਰੰਗਲੇ ਪੰਜਾਬ ਦੀ ਜਵਾਨੀ ਕੱਖੋਂ ਹੌਲੀ ਕਰ ਦਿੱਤੀ ਹੈ। ਸਰੂ ਵਰਗੇ ਜਵਾਨ ਹੱਡੀਆਂ ਦੀ ਮੁੱਠ ਬਣ ਕੇ ਰਹਿ ਗਏ ਹਨ। ਨਸ਼ਿਆਂ ਦੇ ਸ਼ਿਕਾਰ ਨੌਜਵਾਨ ਲੁੱਟਾਂ-ਖੋਹਾਂ 'ਚ ਗਲਤਾਨ ਹਨ। ਹਜ਼ਾਰਾਂ ਪਰਿਵਾਰ ਨਸ਼ਿਆਂ ਨੇ ਬਰਬਾਦ ਕਰ ਦਿੱਤੇ ਹਨ। ਵਸਦੇ-ਰਸਦੇ ਪਰਿਵਾਰ ਨਸ਼ੇ ਕਾਰਨ ਟੁੱਟ ਰਹੇ ਹਨ। ਨਸ਼ੇ ਲੜਾਈ-ਝਗੜੇ ਦੀ ਜੜ੍ਹ ਹਨ। ਜੇਕਰ ਸਕੂਲਾਂ ਦੇ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾ ਦਿੱਤਾ ਜਾਵੇ ਤਾਂ ਇਸ ਬੁਰਾਈ ਨੂੰ ਕਾਬੂ ਕੀਤਾ ਜਾ ਸਕਦਾ ਹੈ। ਸਰਕਾਰ ਨੂੰ ਵੀ ਇਸ ਅਲਾਮਤ ਦੇ ਖ਼ਾਤਮੇ ਲਈ ਠੋਸ ਉਪਰਾਲੇ ਕਰਨੇ ਚਾਹੀਦੇ ਹਨ। ਆਓ, ਸਾਰੇ ਰਲ ਕੇ ਨਸ਼ਿਆਂ ਦੇ ਛੇਵੇਂ ਵਗਦੇ ਦਰਿਆਂ ਨੂੰ ਬੰਨ੍ਹ ਮਾਰੀਏ।

-ਸਨਦੀਪ ਕੌਰ ਲੁਹਾਰਾ
ਕਲਾਸ ਦਸਵੀਂ, ਸਰਕਾਰੀ ਹਾਈ ਸਕੂਲ, ਕੁੱਸਾ (ਮੋਗਾ)।

ਹਸਪਤਾਲਾਂ ਦਾ ਹਾਲ
ਇਹ ਇਕ ਮਹੱਤਵਪੂਰਨ ਤੱਥ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਲੋਕਾਂ ਦਾ ਤਸੱਲੀਬੱਖਸ਼ ਇਲਾਜ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਸਫ਼ਾਈ ਦਾ ਢੁਕਵਾਂ ਪ੍ਰਬੰਧ ਹੁੰਦਾ ਹੈ। ਸਰਕਾਰੀ ਹਸਪਤਾਲਾਂ ਵਿਚ ਲੋਕ ਖੱਜਲ-ਖੁਆਰ ਹੁੰਦੇ ਹਨ ਅਤੇ ਕਈ ਵਾਰ ਡਾਕਟਰਾਂ ਦੀ ਅਣਗਹਿਲੀ ਮਰੀਜ਼ਾਂ ਦੀ ਮੌਤ ਦਾ ਕਾਰਨ ਬਣ ਜਾਂਦੀ ਹੈ। ਵਧੇਰੇ ਡਾਕਟਰ ਨਿੱਜੀ ਹਸਪਤਾਲਾਂ ਨੂੰ ਤਰਜੀਹ ਦਿੰਦੇ ਹਨ ਅਤੇ ਲੋਕਾਂ ਤੋਂ ਮੋਟੀਆਂ ਰਕਮਾਂ ਬਟੋਰਦੇ ਹਨ। ਡਾਕਟਰਾਂ ਵੱਲੋਂ ਸਰਕਾਰ ਦੁਆਰਾ ਭੇਜੀਆਂ ਦਵਾਈਆਂ ਮਰੀਜ਼ਾਂ ਨੂੰ ਨਹੀਂ ਦਿੱਤੀਆਂ ਜਾਂਦੀਆਂ, ਸਗੋਂ ਲੋਕਾਂ ਨੂੰ ਇਹ ਦਵਾਈਆਂ ਮਹਿੰਗੇ ਭਾਅ 'ਤੇ ਬਾਹਰੀ ਮੈਡੀਕਲ ਸਟੋਰਾਂ ਤੋਂ ਖਰੀਦਣੀਆਂ ਪੈਂਦੀਆਂ ਹਨ। ਹਸਪਤਾਲਾਂ ਵਿਚ ਸੁਧਾਰ ਦੀ ਬਹੁਤ ਲੋੜ ਹੈ। ਸਾਰੇ ਲੋਕ ਮਹਿੰਗੇ ਇਲਾਜ ਕਰਾਉਣ ਦੇ ਸਮਰੱਥ ਨਹੀਂ ਹੁੰਦੇ, ਪਰ ਸਰਕਾਰੀ ਹਸਪਤਾਲਾਂ ਦੀ ਖੱਜਲ-ਖੁਆਰੀ ਤੋਂ ਡਰਦੇ ਵੀ ਹਨ। ਸਰਕਾਰ ਨੂੰ ਜਨਤਾ ਦੀਆਂ ਸਿਹਤ ਸੁਵਿਧਾਵਾਂ ਦੀ ਪ੍ਰਵਾਹ ਕਰਦਿਆਂ ਸਰਕਾਰੀ ਹਸਪਤਾਲਾਂ ਦਾ ਸਮੇਂ-ਸਮੇਂ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ।

-ਨਵਤੇਜ ਸਿੰਘ ਮੱਲ੍ਹੀ
ਪਿੰਡ ਭਾਗੋਕਾਵਾਂ, ਡਾਕ: ਮਗਰਮੂਦੀਆਂ, ਤਹਿ: ਤੇ ਜ਼ਿਲ੍ਹਾ ਗੁਰਦਾਸਪੁਰ।

ਸਮਾਜਿਕ ਸੁਧਾਰ
ਔਰਤ ਬਿਨਾਂ ਹਰ ਰਿਸ਼ਤਾ, ਇਹ ਸਮਾਜ, ਇਹ ਸ੍ਰਿਸ਼ਟੀ ਅਧੂਰੀ ਹੈ। ਜਿਹੜੇ ਮਾਨਸਿਕ ਤੌਰ 'ਤੇ ਬਿਮਾਰ ਮਰਦ ਔਰਤ ਨੂੰ ਆਪਣੇ ਪੈਰ ਦੀ ਜੁੱਤੀ ਸਮਝਦੇ ਹਨ, ਉਹ ਹੀ ਔਰਤ ਤੋਂ ਬਿਨਾਂ ਇਸ ਧਰਤੀ 'ਤੇ ਨਾ ਆਉਂਦੇ ਔਰਤ ਤੋਂ ਬਿਨਾਂ ਉਨ੍ਹਾਂ ਦੀ ਜ਼ਿੰਦਗੀ ਅਧੂਰੀ ਤੇ ਬੇਮਾਨੀ ਹੈ। ਸਾਰੇ ਮਰਦ ਗ਼ਲਤ ਨਹੀਂ ਹੁੰਦੇ ਤੇ ਸਾਰੀਆਂ ਔਰਤਾਂ ਵੀ ਗ਼ਲਤ ਨਹੀਂ ਹੁੰਦੀਆਂ। ਇਹ ਤਾਂ ਹਰ ਇਨਸਾਨ ਦੇ ਆਪਣੀ ਜ਼ਮੀਰ 'ਤੇ ਨਿਰਭਰ ਕਰਦਾ ਹੈ ਕਿ ਉਹ ਦੂਜੇ ਇਨਸਾਨ ਨੂੰ ਸਨੇਹ, ਪਿਆਰ, ਮੋਹ ਤੇ ਇੱਜ਼ਤ ਦੇਵੇ, ਚਾਹੇ ਉਹ ਔਰਤ ਹੋਵੇ ਤੇ ਚਾਹੇ ਮਰਦ। ਲੋੜ ਹੈ ਆਪਣੇ ਅੰਦਰਲੀ ਇਨਸਾਨੀਅਤ ਨੂੰ ਜਗਾਉਣ ਦੀ। ਹਰ ਇਨਸਾਨ ਅਗਰ ਦੂਜੇ ਇਨਸਾਨ ਨੂੰ ਪਿਆਰ ਤੇ ਇੱਜ਼ਤ ਦੇਵੇ ਤਾਂ ਸ਼ੋਸ਼ਣ ਨਾਂਅ ਦੀ ਚੀਜ਼ ਹੀ ਖ਼ਤਮ ਹੋ ਜਾਵੇਗੀ। ਔਰਤ ਦਾ ਵਧੀਆ ਚਰਿੱਤਰ ਤੇ ਆਤਮ-ਵਿਸ਼ਵਾਸ ਉਸ ਨੂੰ ਹਰ ਸ਼ੋਸ਼ਣ ਖਿਲਾਫ਼ ਲੜਨ ਦੀ ਤਾਕਤ ਦਿੰਦਾ ਹੈ।

-ਮੀਨਾ
ਪਿੰਡ ਰੱਤੜੇ, ਡਾਕ: ਪੱਸੀ ਕੰਢੀ, (ਹੁਸ਼ਿਆਰਪੁਰ)

ਏਡਜ਼ ਤੇ ਪੰਜਾਬ
ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਦੀ ਰਿਪੋਰਟ ਅਨੁਸਾਰ ਦੇਸ਼ ਵਿਚ ਐਚ.ਆਈ.ਵੀ. ਏਡਜ਼ ਦੇ ਮਰੀਜ਼ਾਂ ਦੀ ਗਿਣਤੀ 20 ਲੱਖ 80 ਹਜ਼ਾਰ ਤੱਕ ਪਹੁੰਚ ਚੁੱਕੀ ਹੈ। ਅੱਜ ਕੋਈ ਵੀ ਇਨਸਾਨ ਅਜਿਹਾ ਨਹੀਂ ਹੋਵੇਗਾ, ਜਿਸ ਨੂੰ ਏਡਜ਼ ਵਰਗੀ ਨਾਮੁਰਾਦ ਬਿਮਾਰੀ ਬਾਰੇ ਪਤਾ ਨਾ ਹੋਵੇ। ਪਰ ਫਿਰ ਵੀ ਏਡਜ਼ ਦੇ ਮਰੀਜ਼ਾਂ ਦੀ ਵਧ ਰਹੀ ਗਿਣਤੀ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਏਡਜ਼ ਦਾ ਸ਼ਿਕਾਰ ਕੋਈ ਵੀ ਵਿਅਕਤੀ ਹੋ ਸਕਦਾ ਹੈ। ਭਾਵੇਂ ਉਹ ਮਾਂ ਦੇ ਗਰਭ ਵਿਚ ਪਲ ਰਿਹਾ ਬੱਚਾ ਹੀ ਕਿਉਂ ਨਾ ਹੋਵੇ, ਬਸ਼ਰਤੇ ਕਿ ਮਾਂ ਨੂੰ ਵੀ ਏਡਜ਼ ਹੋਵੇ। ਕਈ ਆਦਮੀ ਅਣਜਾਣੇ ਵਿਚ ਹੀ ਏਡਜ਼ ਦਾ ਸ਼ਿਕਾਰ ਬਣ ਜਾਂਦੇ ਹਨ। ਸਾਨੂੰ ਸਭ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ, ਨਹੀਂ ਤਾ ਆਉਣ ਵਾਲੇ ਸਮੇਂ ਵਿਚ ਇਹ ਇਕ ਤਬਾਹੀ ਬਣ ਸਕਦਾ ਹੈ।

-ਪ੍ਰਸ਼ੋਤਮ ਪੱਤੋ
ਪੱਤੋ ਹੀਰਾ ਸਿੰਘ (ਮੋਗਾ)।

ਤੁਹਾਡੇ ਖ਼ਤ 12-2-2013

 ਨਾਬਾਲਗ ਨੂੰ ਛੋਟ ਦਾ ਮਸਲਾ
ਦਿੱਲੀ ਕਾਂਡ ਤੋਂ ਬਾਅਦ ਵਿਧਾਨ ਪਾਲਿਕਾ ਅਤੇ ਨਿਆਂਪਾਲਿਕਾ ਨੂੰ ਇਹ ਤੱਥ ਵਿਸ਼ੇਸ਼ ਤੌਰ 'ਤੇ ਵਿਚਾਰਨਾ ਹੋਵੇਗਾ ਕਿ ਇਲੈਕਟ੍ਰਾਨਿਕ ਅਤੇ ਇੰਟਰਨੈੱਟ ਮੀਡੀਏ ਦੀ ਆਮ ਵਰਤੋਂ ਅਤੇ ਜਨਤਕ ਅਤੇ ਕਾਰਪੋਰੇਟ ਸੈਕਟਰ ਦੀਆਂ ਗਲੈਮਰ ਵਾਲੀਆਂ ਕੰਮ ਦੀਆਂ ਥਾਵਾਂ 'ਤੇ ਮੁੰਡੇ-ਕੁੜੀਆਂ ਦੇ ਖੁੱਲ੍ਹੇ ਅਤੇ ਆਮ ਮਿਲਣ ਨਾਲ ਵਿਰੋਧੀ ਲਿੰਗ ਪ੍ਰਤੀ ਕੁਦਰਤੀ ਖਿੱਚ ਨਾਲ ਉਪਰੋਕਤ ਕਾਂਡ ਜਿਹੇ ਵਰਤਾਰੇ ਆਮ ਹੋਣ ਦੀ ਸੰਭਾਵਨਾ ਹੈ। 16 ਸਾਲ ਦੀ ਉਮਰ ਤੋਂ ਬਾਅਦ ਹਰ ਜਵਾਨ ਵਿਚ ਉਪਜੇ ਬਾਲਗਾਂ ਜਿਹੇ ਵਰਤਾਰੇ ਨਾਲ ਇਨ੍ਹਾਂ ਤਿੰਨਾਂ ਸਾਲਾਂ ਵਿਚ ਕੀਤੇ ਅਜਿਹੇ ਘਿਨਾਉਣੇ ਅਪਰਾਧ ਨੂੰ ਨਾਬਾਲਗ ਦੀ ਛੋਟ ਦੇਣਾ ਵਾਜਬ ਨਹੀਂ ਹੋਵੇਗਾ। ਭਾਰਤ ਜਿਹੇ ਪੁਰਸ਼ ਪ੍ਰਧਾਨ ਦੇਸ਼ ਵਿਚ ਵਿਸ਼ੇਸ਼ ਤੌਰ 'ਤੇ 16-18 ਸਾਲ ਦੇ ਮੁੰਡਿਆਂ ਅਤੇ (ਕੁੜੀਆਂ ਵਿਚ ਵੀ) ਅਜਿਹੀਆਂ ਜਾਣੇ-ਅਨਜਾਣੇ ਵਿਚ ਕੀਤੀਆਂ ਗ਼ਲਤੀਆਂ-ਕੁਤਾਹੀਆਂ ਲਈ ਵਿਸ਼ੇਸ਼ ਕਾਨੂੰਨ ਦੀ ਲੋੜ ਹੈ, ਤਾਂ ਜੋ ਇਕ ਕਾਨੂੰਨੀ ਡਰ ਦੀ ਭਾਵਨਾ ਕਾਇਮ ਰੱਖੀ ਜਾ ਸਕੇ ਅਤੇ ਇਕ ਸਿਹਤਮੰਦ ਅਤੇ ਸੱਭਿਅਕ ਸਮਾਜ ਦੀ ਉਸਾਰੀ ਕੀਤੀ ਜਾ ਸਕੇ।

-ਜਸਵਿੰਦਰ ਸਿੰਘ 'ਜਸ'
ਪਿੰਡ ਬਾਘੇਵਾਲਾ,
ਜ਼ਿਲ੍ਹਾ ਫਾਜ਼ਿਲਕਾ।

ਭਾਰਤੀ ਸ਼ਾਸਕ ਤੇ ਆਮ ਲੋਕ
ਪਿਛਲੇ ਦਿਨੀਂ ਸ੍ਰੀ ਐਸ. ਐਲ. ਵਿਰਦੀ ਐਡਵੋਕੇਟ ਹੋਰਾਂ ਦਾ ਲਿਖਿਆ 'ਭਾਰਤੀ ਸ਼ਾਸਕਾਂ ਦੀ 63 ਸਾਲਾਂ ਦੀ ਕਾਰਗੁਜ਼ਾਰੀ ਅਤੇ ਆਮ ਲੋਕ' ਸਿਰਲੇਖ ਹੇਠ ਲੇਖ ਪੜ੍ਹਿਆ, ਜਿਸ ਵਿਚ ਲੇਖਕ ਨੇ ਮਾਫ਼ੀਆ ਗਰੋਹਾਂ, ਪੂੰਜੀਪਤੀਆਂ, ਸਨਅਤਕਾਰਾਂ, ਵਪਾਰੀਆਂ, ਲੀਡਰਾਂ, ਅਖੌਤੀ ਸਾਧ-ਬਾਬਿਆਂ ਅਤੇ ਉੱਚ ਅਫ਼ਸਰਾਂ ਦੁਆਰਾ ਦੇਸ਼ ਦੇ ਧਨ-ਦੌਲਤ ਦੀ ਲੁੱਟ-ਖਸੁੱਟ ਅਤੇ ਆਮ ਲੋਕਾਂ ਦੇ ਨਰਕ ਭਰੇ ਜੀਵਨ ਉਤੇ ਝਾਤ ਪਾਈ। ਗਰੀਬੀ ਵਿਚ ਲੋਕ ਕਿਵੇਂ ਆਪਣੇ ਬੱਚਿਆਂ ਨੂੰ ਵੇਚ ਰਹੇ ਹਨ? ਬਹੁਤੇ ਲੋਕਾਂ ਨੂੰ ਤਿੰਨ-ਚਾਰ ਪਾਸਿਆਂ ਤੋਂ ਆਉਂਦੀ ਆਮਦਨ ਨੂੰ ਸਰਕਾਰ ਰੋਕ ਕੇ, ਸਿਰਫ ਇਕ ਆਦਮੀ-ਇਕ ਰੁਜ਼ਗਾਰ ਦਾ ਕਾਨੂੰਨ ਬਣਾਵੇ। ਦੂਜੇ ਰੁਜ਼ਗਾਰਾਂ ਨੂੰ ਉਨ੍ਹਾਂ ਤੋਂ ਖੋਹ ਕੇ ਹੋਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਜਾਵੇ। ਗਰੀਬੀ ਰੇਖਾ ਦੀ ਤਰ੍ਹਾਂ ਅਮੀਰੀ ਰੇਖਾ ਵੀ ਸਰਕਾਰ ਤੈਅ ਕਰੇ। ਸਰਕਾਰ ਆਰਥਿਕ ਸ਼ੋਸ਼ਣ, ਸਮਾਜਿਕ ਸ਼ੋਸ਼ਣ, ਸਰੀਰਕ ਸ਼ੋਸ਼ਣ, ਬੇਰੁਜ਼ਗਾਰੀ ਅਤੇ ਮਹਿੰਗਾਈ ਨੂੰ ਰੋਕਣ ਦੇ ਕਾਰਗਰ ਉਪਰਾਲੇ ਕਰੇ, ਤਾਂ ਹੀ ਆਜ਼ਾਦੀ ਘੁਲਾਟੀਆਂ ਦੇ ਸੁਪਨੇ ਸਾਕਾਰ ਹੋ ਸਕਦੇ ਹਨ।

-ਬਲਬੀਰ ਸਿੰਘ
ਇੰਸ. ਉਦਯੋਗਿਕ ਸਿਖਲਾਈ ਸੰਸਥਾ,
ਬਗਵਾਈਂ (ਗੜਸ਼ੰਕਰ)।

ਡੂੰਘੀ ਖੱਡ ਵੱਲ
ਅੱਜ ਅਸੀਂ ਪਹਿਲਾਂ ਜਿਹੇ ਨਹੀਂ ਰਹੇ। ਬਹੁਤ ਵੱਡਾ ਫ਼ਰਕ ਆ ਗਿਆ ਹੈ ਸਾਡੀ ਸੋਚ ਵਿਚ। ਸਾਡੀ ਸੋਚ ਤੰਗ ਦਿਲ ਹੋ ਗਈ ਹੈ। ਅਸੀਂ ਆਪਣੇ ਮਹਾਨ ਸੱਭਿਆਚਾਰ ਨਾਲੋਂ ਟੁੱਟ ਰਹੇ ਹਾਂ। ਡੂੰਘੀ ਖਾਈ ਵੱਲ ਵਧਦੇ ਜਾ ਰਹੇ ਹਨ ਸਾਡੇ ਕਦਮ। ਹੌਲੀ-ਹੌਲੀ ਸਾਡੇ ਵਿਚੋਂ ਅਣਖ ਮੁੱਕਦੀ ਜਾ ਰਹੀ ਹੈ। ਕਿਸੇ 'ਤੇ ਹੋ ਰਹੇ ਜ਼ੁਲਮ ਨੂੰ ਵੇਖ ਕੇ ਅੱਖਾਂ ਮੀਟਣ ਦੀ ਭਾਵਨਾ ਆ ਗਈ ਹੈ ਸਾਡੀ ਸੋਚ ਵਿਚ। ਨਾ ਜਾਣੇ ਕਿਹੋ ਜਿਹੀਆਂ ਮਜਬੂਰੀਆਂ ਨੇ ਸਾਡੀ ਸੋਚ ਨੂੰ ਜੰਗਾਲ ਲਾ ਦਿੱਤਾ ਹੈ। ਇਸ ਦਾ ਵੱਡਾ ਕਾਰਨ ਹੈ ਪੱਛਮੀ ਸੱਭਿਅਤਾ, ਪੱਛਮੀ ਮਾਨਸਿਕਤਾ ਅਤੇ ਪੱਛਮੀ ਸੱਭਿਅਤਾ ਨੂੰ ਅੱਖਾਂ ਬੰਦ ਕਰਕੇ ਕਬੂਲ ਕਰਨਾ। ਪੱਛਮੀ ਸੱਭਿਆਚਾਰ ਦਾ ਬੂਟਾ ਭਾਰਤੀ ਸੱਭਿਆਚਾਰਕ ਧਰਤੀ 'ਤੇ ਬਹੁਤੀ ਦੇਰ ਟਿਕ ਨਹੀਂ ਸਕੇਗਾ। ਅਸੀਂ ਤਬਾਹੀ ਦੀ ਡੂੰਘੀ ਖਾਈ ਵੱਲ ਵਧਦੇ ਕਦਮਾਂ ਨੂੰ ਫਿਰ ਹੀ ਰੋਕ ਸਕਦੇ ਹਾਂ, ਜਦੋਂ ਅਸੀਂ ਆਪਣੇ ਗੌਰਵਮਈ ਵਿਰਸੇ ਅਤੇ ਵਿਰਾਸਤ ਨੂੰ ਆਪਣੀ ਮੰਜ਼ਿਲ ਬਣਾਵਾਂਗੇ।

-ਤਲਵਿੰਦਰ ਸ਼ਾਸਤਰੀ
ਪ੍ਰਧਾਨ, ਭਗਵਾਨ ਸ੍ਰੀ ਪਰਸ਼ੂਰਾਮ ਸੇਵਾ ਸੰਘ,
ਪੰਜਾਬ, ਮਾਲੇਰਕੋਟਲਾ।

ਤੁਹਾਡੇ ਖ਼ਤ 11-2-2013

 ਕੁੜੀਆਂ ਦੀ ਲੋਹੜੀ
ਪਿਛਲੇ ਦਿਨੀਂ ਪੰਜਾਬ ਅਤੇ ਹੋਰ ਕਈ ਦੇਸ਼ਾਂ ਵਿਚ ਲੋਹੜੀ ਦਾ ਤਿਉਹਾਰ ਬੜੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸ ਸਾਲ ਪੰਜਾਬ ਦੇ ਕਈ ਪਿੰਡਾਂ, ਸ਼ਹਿਰਾਂ ਵਿਚ ਕੁੜੀਆਂ ਦੀ ਲੋਹੜੀ ਖੁਸ਼ੀਆਂ ਨਾਲ ਮਨਾਈ ਗਈ। ਪੁਰਾਤਨ ਸਮੇਂ ਵਿਚ ਸਿਰਫ ਮੁੰਡਿਆਂ ਦੀ ਲੋਹੜੀ ਹੀ ਮਨਾਈ ਜਾਂਦੀ ਸੀ ਪਰ ਅੱਜਕਲ੍ਹ ਦੇ ਸਾਇੰਸ ਯੁੱਗ ਵਿਚ ਕੁੜੀਆਂ ਦੀ ਲੋਹੜੀ ਵੀ ਬੜੀ ਧੂਮ-ਧਾਮ ਨਾਲ ਮਨਾਈ ਜਾਂਦੀ ਹੈ। ਕੁੜੀਆਂ ਤੋਂ ਬਿਨਾਂ ਸਾਡੀ ਜ਼ਿੰਦਗੀ ਅਧੂਰੀ ਹੈ। ਕੁੜੀਆਂ ਦੀ ਲੋਹੜੀ ਮਨਾਉਣ ਨਾਲ ਸਮਾਜ ਵਿਚ ਇਕ ਨਵੀਂ ਚੇਤਨਤਾ ਆਉਂਦੀ ਹੈ ਕਿਉਂਕਿ ਅੱਜਕਲ੍ਹ ਦੀਆਂ ਕੁੜੀਆਂ ਵਿਗਿਆਨ, ਡਾਕਟਰੀ, ਪੜ੍ਹਾਈ, ਪਾਇਲਟ, ਖੇਡਾਂ, ਗੱਲ ਕੀ ਹਰ ਵਿਸ਼ੇ 'ਤੇ ਮੋਹਰੀ ਹਨ ਪਰ ਬੜੇ ਦੁੱਖ ਦੀ ਗੱਲ ਹੈ ਕਿ ਭਰੂਣ ਹੱਤਿਆ ਵਰਗੀ ਸਮਾਜਿਕ ਬਿਮਾਰੀ ਨੇ ਸਾਡੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

-ਡਾ: ਰੂਪ ਸਿੰਘ ਰੂਪਾ ਬੱਸੀਆਂ
ਪਿੰਡ ਤੇ ਡਾਕ: ਬੱਸੀਆਂ, ਜ਼ਿਲ੍ਹਾ ਲੁਧਿਆਣਾ।

ਤੰਗਨਜ਼ਰੀ
ਭਾਰਤ ਇਕ ਧਰਮ ਨਿਰਪੱਖ ਅਤੇ ਲੋਕਤੰਤਰਿਕ ਦੇਸ਼ ਹੈ, ਜਿਸ ਵਿਚ ਸਭ ਨੂੰ ਬੋਲਣ ਦੀ ਅਤੇ ਵਿਚਾਰਾਂ ਨੂੰ ਪ੍ਰਗਟ ਕਰਨ ਦੀ ਅਜ਼ਾਦੀ ਪ੍ਰਾਪਤ ਹੈ। ਪਰ ਪਿਛਲੇ ਦਿਨੀਂ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜੋ ਸੰਕੇਤ ਕਰਦੀਆਂ ਹਨ ਕਿ ਸਾਡਾ ਸਮਾਜ ਅਤੇ ਸਰਕਾਰਾਂ ਅਸਹਿਣਸ਼ੀਲ ਹੁੰਦੀਆਂ ਜਾ ਰਹੀਆਂ ਹਨ ਅਤੇ ਪ੍ਰਗਟਾਵੇ ਦੀ ਅਜ਼ਾਦੀ ਤੇ ਅੰਕੁਸ਼ ਲਗਾਉਣਾ ਚਾਹੁੰਦੀਆਂ ਹਨ। ਸਮਾਜ ਸ਼ਾਸਤਰੀ ਅਸ਼ੀਸ਼ ਨੰਦੀ ਦੁਆਰਾ ਕੀਤੀਆਂ ਗਈਆਂ ਟਿੱਪਣੀਆਂ ਤੋਂ ਪੈਦਾ ਹੋਇਆ ਤਿੱਖਾ ਪ੍ਰਤੀਕਰਮ, ਅਦਾਕਾਰ ਅਤੇ ਨਿਰਦੇਸ਼ਕ ਕਮਲ ਹਸਨ ਦੀ ਫਿਲਮ 'ਵਿਸ਼ਵਰੂਪਮ' ਉੱਪਰ ਤਾਮਿਲਨਾਡੂ ਸਰਕਾਰ ਦੁਆਰਾ ਰੋਕ ਲਗਾਉਣਾ, ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦਾ ਕਾਰਟੂਨ ਬਣਾਉਣ 'ਤੇ ਇਕ ਪ੍ਰੋਫੈਸਰ ਖਿਲਾਫ਼ ਕਾਰਵਾਈ ਹੋਣਾ ਅਤੇ ਕਸ਼ਮੀਰੀ ਕੁੜੀਆਂ ਦੇ ਸੰਗੀਤਕ ਬੈਂਡ ਪ੍ਰਗਾਸ਼ ਖਿਲਾਫ਼ ਧਾਰਮਿਕ ਅਤੇ ਕੱਟੜਪੰਥੀ ਆਗੂਆਂ ਦੁਆਰਾ ਜਾਰੀ ਕੀਤਾ ਗਿਆ ਫਤਵਾ ਇਹੀ ਦਰਸਾਉਂਦਾ ਹੈ। ਕਸ਼ਮੀਰੀ ਕੁੜੀਆਂ ਦੇ ਬੈਂਡ ਦੇ ਖਿਲਾਫ਼ ਫਤਵਾ ਵੀ ਇਹੀ ਦਰਸਾਉਂਦਾ ਹੈ ਕਿ ਕੁਝ ਧਾਰਮਿਕ ਆਗੂ ਆਪਣੇ ਨਜ਼ਰੀਏ ਨਾਲ ਹੀ ਇਸਲਾਮ ਦੀ ਵਿਆਖਿਆ ਕਰਦੇ ਰਹਿੰਦੇ ਹਨ। ਉਨ੍ਹਾਂ ਦੀ ਨਜ਼ਰ ਵਿਚ ਸੰਗੀਤ ਗ਼ੈਰ-ਇਸਲਾਮਿਕ ਹੈ। ਕੁਝ ਕੱਟੜਪੰਥੀਆਂ ਦੁਆਰਾ ਸੰਗੀਤ ਨੂੰ ਗ਼ੈਰ-ਇਸਲਾਮਿਕ ਕਰਾਰ ਦੇਣਾ ਹਜ਼ਰਤ ਅਮੀਰ ਖੁਸਰੋ ਅਤੇ ਬਾਬਾ ਬੁੱਲ੍ਹੇ ਸ਼ਾਹ ਨੂੰ ਇਸਲਾਮ ਵਿਰੋਧੀ ਕਹਿਣ ਦੇ ਬਰਾਬਰ ਹੈ।

-ਸੰਦੀਪ ਆਰੀਆ
ਬੀ-774, ਆਰੀਆ ਨਗਰ, ਫਾਜ਼ਿਲਕਾ।


ਇਨਸਾਫ਼ ਦਾ ਸੰਕਲਪ
ਸਮੇਂ ਸਿਰ ਮਿਲਿਆ ਇਨਸਾਫ਼ ਹੀ ਸਹੀ ਅਰਥਾਂ ਵਿਚ ਨਿਆਂ ਮੰਨਿਆ ਜਾਂਦਾ ਹੈ। ਭਾਰਤੀ ਨਿਆਂਪਾਲਿਕਾ 'ਤੇ ਅਕਸਰ ਇਸ ਗੱਲੋਂ ਉਂਗਲੀ ਉੱਠਦੀ ਰਹੀ ਹੈ ਕਿ ਇਥੇ ਪੀੜਤਾਂ ਨੂੰ ਇਨਸਾਫ਼ ਲਈ ਲੰਮੀ ਥਕਾ ਦੇਣ ਵਾਲੀ ਦੁਖਦਾਈ ਉਡੀਕ ਕਰਨੀ ਪੈਂਦੀ ਹੈ। ਕਈ ਕੇਸਾਂ 'ਚ ਤਾਂ ਇਨਸਾਫ਼ ਦੇ ਇੰਤਜ਼ਾਰ 'ਚ ਹੀ ਪੀੜਤ ਰੱਬ ਨੂੰ ਪਿਆਰੇ ਹੋ ਜਾਂਦੇ ਹਨ। ਵਧਦੀ ਵਸੋਂ ਅਤੇ ਸਿੱਖਿਆ ਦੇ ਪਸਾਰੇ ਕਾਰਨ ਮੁਕੱਦਮਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਪਰ ਉਸੇ ਅਨੁਪਾਤ ਵਿਚ ਅਦਾਲਤਾਂ ਅਤੇ ਜੱਜਾਂ 'ਚ ਵਾਧਾ ਨਹੀਂ ਹੋ ਰਿਹਾ। ਚਰਚਿਤ ਦੁਰਾਚਾਰ ਦੇ ਮਾਮਲਿਆਂ ਕਾਰਨ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਅਤੇ ਪੀੜਤਾਂ ਨੂੰ ਜਲਦੀ ਨਿਆਂ ਦੀ ਮੰਗ ਪ੍ਰਚੰਡ ਹੋਈ। ਇਸ ਸੰਦਰਭ ਵਿਚ ਇਕ ਅਦਾਲਤ ਨੇ ਦੋ ਦਿਨਾਂ 'ਚ ਦੁਰਾਚਾਰ ਦੇ ਮਾਮਲੇ ਦਾ ਨਿਪਟਾਰਾ ਕਰਕੇ ਨਵਾਂ ਇਤਿਹਾਸ ਸਿਰਜਿਆ। ਹੋਰ ਵੀ ਕਈ ਮਾਣਯੋਗ ਅਦਾਲਤਾਂ ਨੇ ਥੋੜ੍ਹੇ ਸਮੇਂ ਅੰਦਰ ਹੀ ਦੋਸ਼ੀਆਂ ਨੂੰ ਸਜ਼ਾਵਾਂ ਦੇ ਕੇ ਪੀੜਤਾਂ ਨੂੰ ਨਿਆਂ ਦੇਣ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਇਨਸਾਫ਼ 'ਚ ਤੇਜ਼ੀ ਲਿਆ ਕੇ ਸਾਡੀ ਨਿਆਂਪਾਲਿਕਾ ਨੇ ਪ੍ਰਸੰਸਾ ਖੱਟੀ ਹੈ।

-ਭੁਪਿੰਦਰ ਸਿੰਘ ਢਿੱਲੋਂ
ਦੀਪਗੜ੍ਹ (ਬਰਨਾਲਾ)।

ਤੁਹਾਡੇ ਖ਼ਤ 10-2-2013

 ਸ਼ਲਾਘਾਯੋਗ ਉਪਰਾਲਾ
ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਜੋ ਲਾਊਡ ਸਪੀਕਰਾਂ ਦੀ ਆਵਾਜ਼ ਗੁਰਦੁਆਰਾ ਸਾਹਿਬ ਦੇ ਚੌਗਿਰਦੇ ਤੱਕ ਹੀ ਸੀਮਤ ਰੱਖਣ ਦੇ ਆਦੇਸ਼ ਦਿੱਤੇ ਗਏ ਹਨ, ਇਹ ਸ਼੍ਰੋਮਣੀ ਕਮੇਟੀ ਦਾ ਇਕ ਸ਼ਲਾਘਾਯੋਗ ਉਪਰਾਲਾ ਹੈ ਕਿਉਂਕਿ ਉੱਚੀ ਆਵਾਜ਼ ਕਾਰਨ ਬੱਚਿਆਂ ਦੀ ਪੜ੍ਹਾਈ ਵਿਚ ਵਿਘਨ ਪੈਂਦਾ ਹੈ, ਕਈ ਵਾਰ ਬਜ਼ੁਰਗਾਂ ਜਾਂ ਬਿਮਾਰ ਵਿਅਕਤੀਆਂ ਨੂੰ ਵੀ ਇਸ ਕਾਰਨ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਜਿਸ ਤਰ੍ਹਾਂ ਕਾਹਨ ਸਿੰਘ ਪੰਨੂੰ ਨੇ ਇਸ ਮਸਲੇ ਨੂੰ ਸਾਰੇ ਧਰਮਾਂ ਨੂੰ ਬੇਨਤੀ ਕਰਕੇ ਸਹਿਯੋਗ ਦੇਣ ਦੀ ਗੱਲ ਕੀਤੀ ਹੈ, ਇਸ ਲਈ ਪੰਨੂੰ ਵੀ ਵਧਾਈ ਦੇ ਪਾਤਰ ਹਨ। ਬਾਕੀ ਧਾਰਮਿਕ ਅਸਥਾਨਾਂ ਨੂੰ ਵੀ ਇਸ ਗੱਲ 'ਤੇ ਅਮਲ ਕਰਨਾ ਚਾਹੀਦਾ ਹੈ ਕਿਉਂਕਿ ਇਹ ਲੋਕਾਂ ਨਾਲ ਜੁੜਿਆ ਹੋਇਆ ਮਸਲਾ ਹੈ। ਭਾਰਤ ਦੀ ਮਾਣਯੋਗ ਸਰਬ-ਉੱਚ ਅਦਾਲਤ ਵੱਲੋਂ ਪਹਿਲਾਂ ਹੀ ਸ਼ੋਰ ਪ੍ਰਦੂਸ਼ਣ ਨਿਯੰਤਰਨ ਅਤੇ ਰੋਕਥਾਮ ਐਕਟ-2000 ਤਹਿਤ ਸਰਕਾਰ ਨੂੰ ਇਹ ਗੱਲ ਯਕੀਨੀ ਬਣਾਉਣ ਲਈ ਹਦਾਇਤਾਂ ਦਿੱਤੀਆਂ ਹੋਈਆਂ ਹਨ ਕਿ ਧਾਰਮਿਕ ਅਸਥਾਨਾਂ ਦੇ ਲਾਊਡ ਸਪੀਕਰਾਂ ਦੀ ਆਵਾਜ਼ ਹਦੂਦ ਤੱਕ ਹੀ ਸੀਮਤ ਰਹੇ।

-ਬਿਕਰਮਜੀਤ ਸਿੰਘ 'ਚੌਧਰੀ'
ਪਿੰਡ ਗੋਬਿੰਦਪੁਰਾ, ਤਹਿ: ਨਾਭਾ।

ਸਾਰਥਿਕ ਸਰਗਰਮੀ
ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ 20 ਫਰਵਰੀ ਨੂੰ ਸਾਲਾਨਾ ਦਿਵਸ ਮਨਾਉਣ ਸਬੰਧੀ ਖ਼ਬਰ ਪੜ੍ਹੀ। ਪ੍ਰਾਇਮਰੀ ਸਿੱਖਿਆ ਦੇ ਚੰਗੇਰੇ ਵਿਕਾਸ ਲਈ ਕੀਤਾ ਜਾ ਰਿਹਾ ਇਹ ਉਪਰਾਲਾ ਸ਼ਲਾਘਾਯੋਗ ਕਦਮ ਕਿਹਾ ਜਾ ਸਕਦਾ ਹੈ। ਪੇਂਡੂ ਸਿੱਖਿਆ ਦੇ ਵਿਕਾਸ ਦੀ ਨੀਂਹ ਕਹੇ ਜਾਣ ਵਾਲੇ ਪੇਂਡੂ ਅਤੇ ਸ਼ਹਿਰੀ ਪ੍ਰਾਇਮਰੀ ਸਕੂਲਾਂ ਵਿਚ ਅਜਿਹੀਆਂ ਗਤੀਵਿਧੀਆਂ ਸਮੇਂ ਦੀ ਲੋੜ ਹੀ ਸੀ। ਸਰਵ-ਸਿੱਖਿਆ ਅਭਿਆਨ ਅਥਾਰਟੀ, ਪੰਜਾਬ ਵੱਲੋਂ ਨਵੀਆਂ ਛਪੀਆਂ ਪੁਸਤਕਾਂ ਭੇਜੀਆਂ ਜਾ ਰਹੀਆਂ ਹਨ, ਜਿਸ ਨਾਲ ਵਿਦਿਆਰਥੀ ਵਰਗ ਨੂੰ ਸਮੇਂ ਦੇ ਹਾਣ ਦਾ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਸਮੇਂ ਲੋੜ ਸੀ ਤਾਂ ਸਿਰਫ਼ ਅਜਿਹੇ ਸਮਾਗਮਾਂ ਦੀ ਜੋ ਕਿ ਵਿਦਿਆਰਥੀ ਵਰਗ ਨੂੰ ਆਪਣੇ ਅੰਦਰ ਛੁਪੀ ਕਲਾ, ਭਾਸ਼ਣ, ਗੀਤ, ਕਵੀਸ਼ਰੀ, ਕਵਿਤਾ, ਸੁੰਦਰ ਲਿਖਤ, ਗਿੱਧਾ, ਭੰਗੜਾ, ਕੋਰੀਓਗ੍ਰਾਫ਼ੀ ਆਦਿ ਨੂੰ ਚੰਗੇ ਢੰਗ ਨਾਲ ਉਜਾਗਰ ਕਰਨ ਦਾ ਮੌਕਾ ਦੇਵੇ। ਪ੍ਰਾਇਮਰੀ ਸਿੱਖਿਆ ਲਈ ਪੁੱਟੇ ਇਸ ਨਿਵੇਕਲੇ ਕਦਮ ਨੂੰ ਜੀ ਆਇਆਂ ਕਹਿਣਾ ਬਣਦਾ ਹੈ।

-ਬਲਵਿੰਦਰ ਸਿੰਘ ਮਕੜੌਨਾ
ਮਕੜੌਨਾ ਕਲਾਂ (ਰੋਪੜ)।

ਔਰਤਾਂ ਬਾਰੇ ਆਰਡੀਨੈਂਸ
ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸੁਪਰੀਮ ਕੋਰਟ ਦੇ ਸੇਵਾਮੁਕਤ ਚੀਫ਼ ਜਸਟਿਸ ਜੇ. ਐਸ. ਵਰਮਾ ਕਮੇਟੀ ਦੀਆਂ ਸਿਫਾਰਸ਼ਾਂ 'ਤੇ ਆਧਾਰਿਤ ਆਰਡੀਨੈਂਸ ਉਤੇ ਦਸਤਖਤ ਕਰ ਦਿੱਤੇ ਹਨ। ਜਿਹੜਾ ਆਰਡੀਨੈਂਸ ਹੁਣ ਲਾਗੂ ਕੀਤਾ ਜਾਵੇਗਾ, ਉਸ ਵਿਚ ਭਾਵੇਂ ਸਖਤ ਸਜ਼ਾਵਾਂ ਦੀ ਵਿਵਸਥਾ ਹੈ ਪਰ ਅਜਿਹੇ ਕਾਨੂੰਨਾਂ ਦਾ ਲਾਭ ਤਾਂ ਹੀ ਹੈ ਜੇਕਰ ਅਸੀਂ ਆਪਣੇ ਪੂਰੇ ਤੰਤਰ ਨੂੰ ਮਜ਼ਬੂਤ ਬਣਾਈਏ। ਇਸ ਆਰਡੀਨੈਂਸ ਵਿਚ ਔਰਤਾਂ ਦਾ ਸੋਸ਼ਣ ਕਰਨ ਵਾਲਿਆਂ ਜਾਂ ਉਨ੍ਹਾਂ ਨਾਲ ਬਲਾਤਕਾਰ ਕਰਨ ਵਾਲਿਆਂ ਖਿਲਾਫ਼ ਸਖਤ ਸਜ਼ਾਵਾਂ ਦੀ ਵਿਵਸਥਾ ਵੀ ਹੈ ਅਤੇ ਸਿਰੇ ਦੇ ਕੇਸਾਂ ਵਿਚ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਜਿਹੜੇ ਕਾਨੂੰਨ ਸਨ, ਉਹ ਵੀ ਵਧੀਆ ਸਨ ਪਰ ਸਾਡੇ ਦੇਸ਼ ਅੰਦਰ ਸਿਸਟਮ ਕੁਝ ਅਜਿਹਾ ਹੈ, ਜਿਸ ਕਾਰਨ ਅਕਸਰ ਹੀ ਮਹਿਲਾਵਾਂ ਨੂੰ ਨਿਆਂ ਨਹੀਂ ਮਿਲਦਾ। ਹੁਣ ਸਾਡੇ ਸਿਸਟਮ ਵਿਚ ਵੀ ਕੁਝ ਤਬਦੀਲੀਆਂ ਆਈਆਂ ਹਨ। ਲੋਕਾਂ ਵਿਚ ਕਾਨੂੰਨ ਦਾ ਡਰ ਹੋਣਾ ਚਾਹੀਦਾ ਹੈ।

-ਨਵਰੂਪ ਕਿਰਨਦੀਪ ਚੌਹਾਨ, ਜੁਗਨੂੰ ਚੌਹਾਨ
1, ਆਦਰਸ਼ ਨਗਰ, ਪਟਿਆਲਾ।

ਤੁਹਾਡੇ ਖ਼ਤ 8-2-2013

 ਅਨਾਜ ਦੀ ਬੇਕਦਰੀ

ਸੰਪਾਦਕੀ ਵਿਚ ਆਪ ਜੀ ਦੇ ਵਿਚਾਰ 'ਅੰਨ ਭੰਡਾਰਨ ਦੀ ਸਮੱਸਿਆ' ਸਿਰਲੇਖ ਹੇਠ ਪੜ੍ਹ ਕੇ ਬਹੁਤ ਵਧੀਆ ਲੱਗਾ ਅਤੇ ਇਹ ਬਹੁਤ ਹੀ ਸਿੱਖਿਆਦਾਇਕ ਵਿਚਾਰ ਹਨ। ਇਸ ਗੱਲ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਅੱਜ ਦਿਨੋ-ਦਿਨ ਦੇਸ਼ ਵਿਚ ਅੰਨ ਭੰਡਾਰਨ ਦੀ ਸਮੱਸਿਆ ਵਧਦੀ ਜਾ ਰਹੀ ਹੈ। ਕਈ ਸਥਾਨਾਂ 'ਤੇ ਕਈ ਟਨ ਅਨਾਜ ਸੜ ਜਾਂਦਾ ਹੈ। ਇਸ ਵਿਸ਼ੇ ਵਿਚ ਬਹੁਤ ਸਾਰੀਆਂ ਖ਼ਬਰਾਂ 'ਅਜੀਤ' ਅਖ਼ਬਾਰ ਵਿਚ ਪੜ੍ਹਦੇ ਰਹੇ ਹਾਂ। ਸੰਪਾਦਕੀ ਵਿਚ ਆਪ ਜੀ ਨੇ ਬਿਲਕੁਲ ਸਹੀ ਕਿਹਾ ਹੈ ਕਿ ਇਕ ਸਮਾਂ ਹੁੰਦਾ ਸੀ, ਜਦੋਂ ਦੇਸ਼ ਵਿਚ ਅਨਾਜ ਦੀ ਭਾਰੀ ਕਿੱਲਤ ਹੁੰਦੀ ਸੀ ਤੇ ਇਸ ਨੂੰ ਅਨਾਜ ਅਮਰੀਕਾ ਵਰਗੇ ਦੇਸ਼ਾਂ ਤੋਂ ਮੰਗਵਾਉਣ ਦੀ ਜ਼ਰੂਰਤ ਪੈਂਦੀ ਸੀ। ਪਰ ਹੁਣ ਅਨਾਜ ਦੇ ਉਤਪਾਦਨ ਦੇ ਮਾਮਲੇ ਵਿਚ ਦੇਸ਼ ਪੰਜਾਬ ਅਤੇ ਹਰਿਆਣਾ ਵਰਗੇ ਸੂਬਿਆਂ ਦੀ ਬਦੌਲਤ ਆਤਮ-ਨਿਰਭਰ ਹੋ ਗਿਆ ਹੈ ਅਤੇ ਹੁਣ ਅਨਾਜ ਦੀ ਬੇਕਦਰੀ ਕੀਤੀ ਜਾ ਰਹੀ ਹੈ। ਅਨਾਜ ਦੀ ਬੇਕਦਰੀ ਦਾ ਮੁੱਖ ਕਾਰਨ ਗੁਦਾਮਾਂ ਦੀ ਕਮੀ ਹੈ। ਅੱਜ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਮਸਲੇ ਨੂੰ ਗੰਭੀਰਤਾ ਨਾਲ ਲਵੇ ਅਤੇ ਅਨਾਜ ਦੀ ਬੇਕਦਰੀ ਨੂੰ ਰੋਕਣ ਵਾਸਤੇ ਉਚੇਚੇ ਤੌਰ 'ਤੇ ਕਦਮ ਚੁੱਕੇ।

-ਸਿਮਰਨ ਰੰਧਾਵਾ
13/245, ਸੰਤ ਨਗਰ, ਧੁੱਪ ਸੜੀ, ਵੇਰਕਾ, ਅੰਮ੍ਰਿਤਸਰ।

ਪਾਕਿਸਤਾਨ ਤੇ ਅਮਨ

ਪਾਕਿਸਤਾਨੀ ਫ਼ੌਜ ਦੁਆਰਾ ਅਸਲ ਕੰਟਰੋਲ ਰੇਖਾ ਦੀ ਉਲੰਘਣਾ ਕਰਕੇ ਭਾਰਤੀ ਪਾਸੇ ਵੱਲ ਤਕਰੀਬਨ 100 ਮੀਟਰ ਅੰਦਰ ਆ ਕੇ ਭਾਰਤੀ ਫ਼ੌਜ 'ਤੇ ਹਮਲਾ ਕਰਨਾ ਅਤੇ ਦੋ ਫ਼ੌਜੀਆਂ ਦੇ ਸਿਰ ਕਲਮ ਕਰਨਾ ਦਰਿੰਦਗੀ ਅਤੇ ਵਹਿਸ਼ੀਪੁਣੇ ਦੀ ਤਾਜ਼ਾ ਮਿਸਾਲ ਹੈ। ਇਹ ਕੋਈ ਪਹਿਲੀ ਵਾਰੀ ਨਹੀਂ ਹੈ ਜਦੋਂ ਪਾਕਿਸਤਾਨ ਨੇ ਕੰਟਰੋਲ ਰੇਖਾ ਦੀ ਉਲੰਘਣਾ ਕੀਤੀ ਹੋਵੇ। ਤਾਜ਼ਾ ਦਰਦਨਾਕ ਘਟਨਾ ਉਸੇ ਕੜੀ ਵਿਚ ਵਾਧਾ ਹੈ। 1948 ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਸਾਨੂੰ ਧੋਖਾ ਹੀ ਦਿੰਦਾ ਆ ਰਿਹਾ ਹੈ ਪਰ ਸਾਡੀ ਸਿਖਰਲੀ ਲੀਡਰਸ਼ਿਪ ਪਾਕਿਸਤਾਨ ਦੀ ਬਦਨੀਅਤੀ ਨੂੰ ਸਮਝ ਨਹੀਂ ਪਾ ਰਹੀ। ਪਿਛਲੇ ਦਿਨੀਂ ਪਾਕਿਸਤਾਨ ਦੇ ਗ੍ਰਹਿ ਮੰਤਰੀ ਭਾਰਤ ਫੇਰੀ ਦੌਰਾਨ ਇਹ ਕਹਿ ਰਹੇ ਸਨ ਕਿ ਉਹ ਪਾਕਸਤਾਨ ਵੱਲੋਂ ਭਾਰਤ ਵਾਸਤੇ ਅਮਨ ਅਤੇ ਮੁਹੱਬਤ ਦਾ ਪੈਗਾਮ ਲੈ ਕੇ ਆਏ ਹਨ। ਕੀ ਅਸਲ ਕੰਟਰੋਲ ਰੇਖਾ ਦੀ ਵਾਰ-ਵਾਰ ਉਲੰਘਣਾ ਕਰਨਾ, ਭਾਰਤ ਵਿਚ ਅੱਤਵਾਦੀ ਹਮਲੇ ਕਰਾਉਣਾ ਅਤੇ ਧੋਖੇ ਨਾਲ ਭਾਰਤੀ ਸੈਨਿਕਾਂ ਦੇ ਸਿਰ ਕਲਮ ਕਰਨ ਵਰਗੇ ਅਣਮਨੁੱਖੀ ਕਾਰੇ ਪਾਕਿਸਤਾਨ ਦੀ ਨਜ਼ਰ ਵਿਚ ਅਮਨ ਅਤੇ ਮੁਹੱਬਤ ਦਾ ਪੈਗਾਮ ਹਨ? ਸਾਨੂੰ 'ਸਾਫਟ ਸਟੇਟ' ਵਾਲੇ ਅਕਸ ਨੂੰ ਤੋੜਨਾ ਹੀ ਪਵੇਗਾ ਅਤੇ ਪਾਕਿਸਤਾਨ ਨੂੰ ਠੀਕ ਰਸਤੇ 'ਤੇ ਲਿਆਉਣ ਲਈ ਸਾਨੂੰ ਉਸ ਨਾਲ ਉਸੇ ਦੀ ਭਾਸ਼ਾ ਵਿਚ ਗੱਲ ਕਰਨੀ ਪਏਗੀ।

-ਸੰਦੀਪ ਆਰੀਆ
ਬੀ-774, ਆਰੀਆ ਨਗਰ, ਫਾਜ਼ਿਲਕਾ।

ਜਵਾਨਾਂ ਦੀ ਹੱਤਿਆ

ਪਾਕਿਸਤਾਨੀ ਫ਼ੌਜ ਵੱਲੋਂ ਭਾਰਤੀ ਫ਼ੌਜ ਦੇ ਦੋ ਫ਼ੌਜੀਆਂ ਦੀ ਕੀਤੀ ਬੇਕਿਰਕ ਹੱਤਿਆ ਬਹੁਤ ਦੁਖਦਾਈ ਘਟਨਾ ਹੈ। ਪਾਕਿਸਤਾਨ ਵਿਚ ਸਮੇਂ-ਸਮੇਂ ਭਾਰਤ ਵਿਰੋਧੀ ਘਟਨਾਵਾਂ ਘਟੀਆਂ ਹਨ, ਜਿਨ੍ਹਾਂ ਦਾ ਨਤੀਜਾ ਪਾਕਿਸਤਾਨ ਨੂੰ ਹਾਰ ਦਾ ਮੂੰਹ ਹੀ ਦੇਖਣਾ ਪਿਆ ਹੈ। ਪਰ ਉਹ ਆਪਣੀਆਂ ਬੇਹੂਦਾ ਕਾਰਵਾਈਆਂ ਤੋਂ ਬਾਜ਼ ਨਹੀਂ ਆਇਆ। ਅਜਿਹੀ ਘਟਨਾ ਦੋਵਾਂ ਦੇਸ਼ਾਂ ਦੇ ਆਪਸੀ ਸਬੰਧ ਹੋਰ ਵੀ ਵਿਗਾੜ ਸਕਦੀ ਹੈ। ਫ਼ੌਜੀਆਂ ਦੇ ਸਿਰ ਕਲਮ ਕਰਨ ਵਾਲੀ ਕਾਰਵਾਈ ਬਿਲਕੁਲ ਅਸਹਿਣਯੋਗ ਹੈ। ਦੋਵਾਂ ਦੇਸ਼ਾਂ ਦੀ ਜਨਤਾ ਵਿਚ (ਇਹ ਕਾਰਵਾਈ ਜੋ ਪਾਕਿਸਤਾਨੀ ਫ਼ੌਜ ਨੇ ਅਸਲ ਕੰਟਰੋਲ ਰੇਖਾ 'ਤੇ ਗੋਲੀਬਾਰੀ ਕਰਨ ਅਤੇ ਦੋ ਫ਼ੌਜੀਆਂ ਦੇ ਸਿਰ ਕਲਮ ਕਰਕੇ ਕੀਤੀ ਹੈ) ਕੋਈ ਚੰਗਾ ਸੰਦੇਸ਼ ਨਹੀਂ ਜਾਵੇਗਾ। ਦੋਵਾਂ ਦੇਸ਼ਾਂ ਦੀ ਜਨਤਾ ਵਿਚ ਰੋਸ ਹੋਣਾ ਆਮ ਜਿਹੀ ਗੱਲ ਹੈ। ਅਜਿਹੀ ਉਲੰਘਣਾ ਆਪਣੇ-ਆਪ ਵਿਚ ਹੀ ਵੱਡੀ ਚਿੰਤਾ ਦੀ ਗੱਲ ਹੈ। ਜੇਕਰ ਇਸ ਨੂੰ ਨੱਥ ਨਾ ਪਾਈ ਗਈ ਤਾਂ ਇਸ ਦਾ ਅਸਰ ਦੋਵਾਂ ਦੇਸ਼ਾਂ 'ਤੇ ਹੀ ਉਲਟ ਪਵੇਗਾ। ਪਾਕਿਸਤਾਨ ਦੀ ਇਹ ਕਾਰਵਾਈ ਬਿਲਕੁਲ ਨਾ ਬਰਦਾਸ਼ਤ ਕਰਨਯੋਗ ਹੈ। ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਉਹ ਥੋੜ੍ਹੀ ਹੈ। ਪਾਕਿਸਤਾਨ ਵੱਲੋਂ ਦੋ ਭਾਰਤੀ ਸੈਨਿਕਾਂ ਦੀ ਵਹਿਸ਼ੀਆਨਾ ਹੱਥਿਆ ਤੋਂ ਉਨ੍ਹਾਂ ਦੇ ਅਸਲ ਇਰਾਦੇ ਸਾਹਮਣੇ ਆ ਗਏ ਹਨ।

-ਸੁਖਵਿੰਦਰ ਕਲੇਰ ਬੱਸੀਆਂ
ਪਿੰਡ ਤੇ ਡਾਕ: ਬੱਸੀਆਂ, ਜ਼ਿਲ੍ਹਾ ਲੁਧਿਆਣਾ।

ਨਿੱਜੀ ਸਕੂਲਾਂ ਦਾ ਰੁਝਾਨ

ਲੋਕਾਂ ਦਾ ਪ੍ਰਾਈਵੇਟ ਸਕੂਲਾਂ ਉੱਪਰ ਵਧ ਰਿਹਾ ਵਿਸ਼ਵਾਸ ਅਜੋਕੇ ਸਮੇਂ ਵਿਚ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿਚ ਪੜ੍ਹਾਉਣ ਦੀ ਬਜਾਏ ਪ੍ਰਾਈਵੇਟ ਸਕੂਲਾਂ ਵੱਲ ਕਿਉਂ ਦੌੜ ਰਹੇ ਹਨ। ਅੱਜਕਲ੍ਹ ਸਕੂਲਾਂ ਵਿਚ ਛੋਟੇ ਬੱਚਿਆਂ ਦੇ ਦਾਖਲੇ ਲਈ ਮਾਰਾਮਾਰੀ ਹੋ ਰਹੀ ਹੈ ਅਤੇ ਸਰਕਾਰ ਹਰ ਸਹੂਲਤ ਦੇ ਰਹੀ ਹੈ। ਬਾਦਲ ਸਰਕਾਰ ਸਿੱਖਿਆ ਦੇ ਪ੍ਰਸਾਰ ਉਪਰ ਬਹੁਤ ਜ਼ੋਰ ਲਗਾ ਰਹੀ ਹੈ। ਫੀਸਾਂ ਨਾਮਾਤਰ ਹਨ, ਕਿਤਾਬਾਂ ਮਿਲਦੀਆਂ ਹਨ। ਵਜ਼ੀਫ਼ੇ ਅਤੇ ਹੋਰ ਸਹੂਲਤਾਂ ਮਿਲ ਰਹੀਆਂ ਹਨ ਪਰ ਫਿਰ ਵੀ ਲੋਕ ਸਰਕਾਰੀ ਸਕੂਲਾਂ ਦੀ ਬਜਾਏ ਪ੍ਰਾਈਵੇਟ ਸਕੂਲਾਂ ਵੱਲ ਕਿਉਂ ਦੌੜ ਰਹੇ ਹਨ। ਇਸ ਪਾਸੇ ਸਰਕਾਰਾਂ ਨੂੰ ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ ਅਤੇ ਕੋਈ ਅਜਿਹਾ ਸਿਸਟਮ ਲਾਗੂ ਹੋਵੇ ਕਿ ਲੋਕਾਂ ਦਾ ਮੋਹ ਸਰਕਾਰੀ ਸਕੂਲਾਂ ਵੱਲ ਵਧੇ।

-ਐਸ. ਆਰ. ਸਿੰਗਲਾ
23952, ਗਲੀ ਨੰ: 16, ਧੋਬੀਆਣਾ ਰੋਡ, ਬਠਿੰਡਾ।

ਤੁਹਾਡੇ ਖ਼ਤ 7-2-2013

 ਲੋਕ ਮੰਚ ਦੀਆਂ ਰਚਨਾਵਾਂ

ਆਪ ਜੀ ਦੇ ਅਖ਼ਬਾਰ ਨੇ ਲੋਕ ਮੰਚ ਰਾਹੀਂ ਆਮ ਲੋਕਾਂ ਅਤੇ ਪੁੰਗਰਦੇ ਲੇਖਕਾਂ ਨੂੰ ਆਪਣੀ ਗੱਲ ਕਹਿਣ ਦਾ ਮੰਚ ਮੁਹੱਈਆ ਕੀਤਾ ਹੈ। ਇਸ ਦੁਆਰਾ ਸਾਧਾਰਨ ਲੋਕ ਵੀ ਦਰਪੇਸ਼ ਮਸਲਿਆਂ ਨੂੰ ਬਿਆਨ ਕਰਨ ਦੇ ਸਮਰੱਥ ਹੋਏ ਹਨ। ਭੁਪਿੰਦਰ ਸਿੰਘ ਢਿੱਲੋਂ ਨੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਦੁਆਰਾ ਮਚਾਈ ਅੰਨ੍ਹੀ ਲੁੱਟ ਨੂੰ ਨਿਵੇਕਲੇ ਅੰਦਾਜ਼ ਨਾਲ ਅਤੇ ਧੜੱਲੇ ਨਾਲ ਕਹਾਣੀ ਰਾਹੀਂ ਬਿਆਨ ਕੀਤਾ ਹੈ। ਇੰਜ ਲੇਖਕ ਨੇ ਸਮਾਜ ਪ੍ਰਤੀ ਆਪਣੇ ਫਰਜ਼ ਬਾਖੂਬੀ ਨਿਭਾਏ ਹਨ। ਨਾਮਵਰ ਲੇਖਕ ਅਮਰੀਕ ਸਿੰਘ ਤਲਵੰਡੀ ਨੇ ਖੇਤੀਬਾੜੀ ਵਿਸ਼ੇ ਦੀ ਸਾਰਥਿਕਤਾ ਅਤੇ ਮਹੱਤਤਾ ਬਾਰੇ ਭਰਵੀਂ ਰੌਸ਼ਨੀ ਪਾਈ ਹੈ। ਬੂਟਾ ਸਿੰਘ ਲੋਹਟ ਅਤੇ ਗੁਰਪ੍ਰੀਤ ਕੌਰ ਦੀਆਂ ਲਿਖਤਾਂ ਵੀ ਚੰਗੀਆਂ ਲੱਗੀਆਂ। ਅਸੀਂ ਚਾਹੁੰਦੇ ਹਾਂ ਕਿ ਲੋਕ ਮੰਚ ਦੀ ਪ੍ਰਕਾਸ਼ਨਾ ਹਫ਼ਤੇ 'ਚ ਘੱਟੋ-ਘੱਟ ਦੋ ਦਿਨ ਜ਼ਰੂਰ ਕੀਤੀ ਜਾਵੇ ਤਾਂ ਕਿ ਲੋਕ ਮਸਲੇ ਲੋਕ ਕਚਹਿਰੀ 'ਚ ਪੇਸ਼ ਕੀਤੇ ਜਾ ਸਕਣ। ਉਸਾਰੂ ਰਚਨਾਵਾਂ ਦੇ ਲੇਖਕਾਂ ਨੂੰ ਵੀ ਮੁਬਾਰਕਬਾਦ ਅਤੇ ਛਾਪਣ ਲਈ ਅਖ਼ਬਾਰ ਦਾ ਵੀ ਧੰਨਵਾਦ।

-ਮਹਿੰਦਰ ਕੌਰ ਢਿੱਲੋਂ
ਪ੍ਰਿੰਸੀਪਲ ਦਸਮੇਸ਼ ਪਬਲਿਕ ਸੀ: ਸੈ: ਸਕੂਲ ਬਿਲਾਸਪੁਰ (ਮੋਗਾ)।

ਘਿਣਾਉਣਾ ਜੁਰਮ

ਭਾਰਤੀ ਔਰਤ, ਜਿਸ ਨੇ ਪਤਾ ਨਹੀਂ ਕਿੰਨੇ ਕੁ ਸੂਰਮੇ, ਭਗਤ ਅਤੇ ਯੋਧੇ ਮਹਾਂਬਲੀ ਪੈਦਾ ਕੀਤੇ ਹਨ ਪਰ ਇਨ੍ਹਾਂ ਦੀ ਅੱਜ ਜੋ ਹਾਲਤ ਹੈ, ਉਸ ਨੂੰ ਵੇਖ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਛੇੜਛਾੜ ਦੀਆਂ ਘਟਨਾਵਾਂ ਤੋਂ ਲੈ ਕੇ ਜਬਰ-ਜਨਾਹ ਜਿਹੇ ਘਿਨਾਉਣੇ ਜੁਰਮ ਦੀ ਸ਼ਿਕਾਰ ਭਾਰਤੀ ਔਰਤ ਇਥੋਂ ਦੇ ਮਰਦਾਂ ਦੀ ਮਰਦਾਨਗੀ ਦਾ ਸ਼ਿਕਾਰ ਹੁੰਦੀ ਹੈ। ਇਸ ਸਮੇਂ ਦੌਰਾਨ ਇਨ੍ਹਾਂ ਦੀ ਸੁਰੱਖਿਆ ਲਈ ਬਣਾਏ ਗਏ ਕਾਨੂੰਨ ਇਕ ਕਾਗਜ਼ੀ ਹਾਥੀ ਦੀ ਗਵਾਹੀ ਭਰਦੇ ਹਨ। ਦਿੱਲੀ ਵਿਚ ਵਾਪਰੀ ਬਲਾਤਕਾਰ ਦੀ ਘਟਨਾ ਦੀ ਚਰਚਾ ਅੰਤਰਰਾਸ਼ਟਰੀ ਪੱਧਰ 'ਤੇ ਹੋਈ ਹੈ। ਇਸ ਨਾਲ ਸਾਡੇ ਦੇਸ਼ ਦਾ ਮਾਣ ਕਿੰਨਾ ਕੁ ਹੋਇਆ ਹੈ, ਇਸ ਬਾਰੇ ਅਸੀਂ ਭਲੀ ਭਾਂਤ ਜਾਣੂੰ ਹਾਂ। ਇਸ ਵਿਚ ਸਾਡਾ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ, ਦਿੱਲੀ ਵਿਚ ਪੂਰੇ 40 ਮਿੰਟ ਇਹ ਜੁਰਮ ਹੁੰਦਾ ਰਿਹਾ ਪਰ ਸਾਡੀ ਪੁਲਿਸ ਇਸ ਬਾਰੇ ਸੁਚੇਤ ਨਹੀਂ ਸੀ। ਇਸ ਲਈ ਪੁਲਿਸ ਪ੍ਰਸ਼ਾਸਨ ਇਸ ਲਈ ਜ਼ਿੰਮੇਵਾਰ ਹੈ। ਜਿਸ ਲੜਕੀ ਨਾਲ ਜਬਰ-ਜਨਾਹ ਹੋਇਆ ਹੈ, ਜੇਕਰ ਉਹ ਬਚ ਜਾਂਦੀ ਤਾਂ ਸਮਾਜ ਵਿਚ ਉਸ ਦੀ ਕੀ ਅਹਿਮੀਅਤ ਰਹਿ ਜਾਂਦੀ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਘਿਨਾਉਣੇ ਜੁਰਮਾਂ ਨੂੰ ਜ਼ਿੰਦਗੀ ਦੀ ਭੈੜੀ ਦਾਸਤਾਨ ਬਣਨ ਤੋਂ ਪਹਿਲਾਂ ਹੀ ਸਖ਼ਤ ਕਾਨੂੰਨ ਬਣਾਏ ਜਾਣ ਤਾਂ ਕਿ ਕਲਪਨਾ ਦੀ ਉਡਾਰੀ ਮਾਰਨ ਵਾਲੀਆਂ ਇਹ ਕੁੜੀਆਂ ਆਪਣੀ ਜ਼ਿੰਦਗੀ ਦੇ ਮਕਸਦਾਂ ਵਿਚ ਕਾਮਯਾਬ ਹੋਣ ਨਾ ਕਿ ਦਰਿੰਦਿਆਂ ਦੀ ਹਵਸ ਦਾ ਸ਼ਿਕਾਰ ਹੋਣ।

-ਮਨਜੀਤ ਸਿੰਘ ਦਿਹੜ
ਪਿੰਡ ਕੰਗਣਵਾਲ (ਸੰਗਰੂਰ)।

ਕੈਂਸਰ ਦਾ ਪ੍ਰਕੋਪ

ਪਿਛਲੇ ਦਿਨੀਂ 'ਅਜੀਤ' ਵਿਚ ਸੰਪਾਦਕੀ ਸਫ਼ੇ 'ਤੇ ਸ੍ਰੀ ਸਤਨਾਮ ਸਿੰਘ ਮਾਣਕ ਦਾ ਲਿਖਿਆ ਲੇਖ 'ਪੰਜਾਬ ਸਰਕਾਰ ਫੈਲ ਰਹੇ ਕੈਂਸਰ ਨੂੰ ਗੰਭੀਰਤਾ ਨਾਲ ਲਵੇ' ਪੜ੍ਹਿਆ। ਰਾਜ ਵਿਚ ਫੈਲ ਰਹੀ ਨਾਮੁਰਾਦ ਬਿਮਾਰੀ ਕੈਂਸਰ ਦਾ ਅਮਰ ਵੇਲ ਵਾਂਗ ਫੈਲਣਾ ਘਾਤਕ ਹੈ। ਇਸ ਜਾਨਲੇਵਾ, ਤਨ ਅਤੇ ਧਨ ਦਾ ਨੁਕਸਾਨ ਕਰਨ ਵਾਲੀ ਬਿਮਾਰੀ ਤੋਂ ਨਿਜਾਤ ਦਿਵਾਉਣ ਲਈ ਸਰਕਾਰ ਨੂੰ ਕੋਈ ਮੁਹਿੰਮ ਚਲਾਉਣੀ ਚਾਹੀਦੀ ਹੈ। ਇਸ ਬਿਮਾਰੀ ਨੂੰ ਫੈਲਾਉਣ ਵਾਲੇ ਕਾਰਨਾਂ ਦੀ ਪਰਖ ਕਰਨ ਲਈ ਸਰਕਾਰ ਨੂੰ ਸਾਰਥਕ ਕਦਮ ਪੁੱਟਣੇ ਚਾਹੀਦੇ ਹਨ। ਹਰ ਵਰਗ ਦੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈਣ ਵਾਲੀ ਇਸ ਬਿਮਾਰੀ ਦੇ ਇਲਾਜ ਲਈ ਜਿਥੇ ਹਰ ਬਲਾਕ, ਸ਼ਹਿਰ ਵਿਚ ਪ੍ਰਬੰਧ ਕਰਨੇ ਚਾਹੀਦੇ ਹਨ, ਉਥੇ ਲੋਕਾਂ ਦੀ ਮੈਡੀਕਲ ਜਾਂਚ ਕਰਕੇ ਉਨ੍ਹਾਂ ਨੂੰ ਇਸ ਬਿਮਾਰੀ ਤੋਂ ਬਚਾਅ ਕਰਨ ਦੀ ਜਾਣਕਾਰੀ ਵੀ ਦੇਣੀ ਚਾਹੀਦੀ ਹੈ ਤਾਂ ਜੋ ਪਹਿਲੀ ਸਟੇਜ 'ਤੇ ਹੀ ਇਸ ਬਿਮਾਰੀ ਨੂੰ ਫੜਿਆ ਜਾ ਸਕੇ।

ਸੁਖਬੀਰ ਸਿੰਘ ਖੁਰਮਣੀਆਂ
477/21 ਕਿਰਨ ਕਾਲੋਨੀ ਬਾਈਪਾਸ, ਗੁਮਟਾਲਾ, ਅੰਮ੍ਰਿਤਸਰ।

ਨਕਲ ਕਿਵੇਂ ਰੁਕੇ?

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਵੇਂ ਕੇਂਦਰਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਹੈਰਾਨੀ ਹੋਈ। ਪ੍ਰੀਖਿਆ ਕੇਂਦਰ ਤਾਂ ਪਹਿਲਾਂ ਹੀ ਲੋੜ ਤੋਂ ਵੱਧ ਹਨ। ਕੇਂਦਰਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਲੋੜੀਂਦੀ ਚੈਕਿੰਗ ਕਦੇ ਵੀ ਨਹੀਂ ਹੋ ਸਕੀ। ਨਕਲ ਦਾ ਬਾਜ਼ਾਰ ਹਮੇਸ਼ਾ ਗਰਮ ਰਿਹਾ ਹੈ। ਨਕਲ ਮਾਰਨ ਦੇ ਤਰੀਕੇ ਹੀ ਬਦਲ ਗਏ ਹਨ। ਪ੍ਰੀਖਿਆ ਕੇਂਦਰਾਂ ਦੇ ਬਾਹਰ ਕਦੇ ਲਗਦੀ ਭੀੜ ਗਾਇਬ ਹੋ ਚੁੱਕੀ ਹੈ। ਮਾਪਿਆਂ ਨੂੰ ਦੱਸ ਦਿੱਤਾ ਜਾਂਦਾ ਹੈ ਕਿ ਤੁਸੀਂ ਫਿਕਰ ਨਾ ਕਰੋ, ਤੁਹਾਡੇ ਬੱਚਿਆਂ ਨੂੰ ਪੇਪਰ ਕਰਵਾ ਦਿੱਤਾ ਜਾਵੇਗਾ। ਬੱਚਿਆਂ ਨੂੰ ਗਰੁੱਪਾਂ ਵਿਚ ਬਿਠਾ ਕੇ ਨਕਲ ਕਰਵਾ ਦਿੱਤੀ ਜਾਂਦੀ ਹੈ। ਬਹੁਤੇ ਨਿੱਜੀ ਸਕੂਲ ਤਾਂ ਨਕਲ ਦਾ ਖੱਟਿਆ ਖਾ ਰਹੇ ਹਨ। ਜੇਕਰ ਅਸੀਂ ਚਾਹੁੰਦੇ ਹਾਂ ਕਿ ਇਸ ਕੈਂਸਰ ਤੋਂ ਪੰਜਾਬ ਨੂੰ ਬਚਾਇਆ ਜਾਵੇ ਤਾਂ ਕੁਝ ਸੁਝਾਅ ਹਨ-ਪ੍ਰੀਖਿਆ ਕੇਂਦਰਾਂ ਦੀ ਗਿਣਤੀ ਘਟਾਈ ਜਾਵੇ। ਪ੍ਰੀਖਿਆ ਸਵੇਰੇ-ਸ਼ਾਮ ਕਰ ਲਈ ਜਾਵੇ। ਕੇਂਦਰਾਂ ਨੂੰ ਮੁੱਖ ਸਕੂਲ ਕੰਪਲੈਕਸ ਤੋਂ ਵੱਖ ਕਰ ਦਿੱਤਾ ਜਾਵੇ ਕਿਉਂਕਿ ਜਿਥੇ ਕੇਂਦਰ ਬਣਦੇ ਹਨ, ਉਥੋਂ ਦੇ ਅਧਿਆਪਕ ਨਕਲ ਕਰਵਾਉਣਾ ਆਪਣਾ ਜਨਮਸਿੱਧ ਅਧਿਕਾਰ ਸਮਝਦੇ ਹਨ। ਸੀ.ਸੀ.ਟੀ.ਵੀ. ਕੈਮਰਿਆਂ ਦੀ ਵਰਤੋਂ ਕੀਤੀ ਜਾਵੇ?

-ਬਲਦੇਵ ਸਿੰਘ
ਇਕ ਨਿੱਜੀ ਸਕੂਲ ਦਾ ਪ੍ਰਿੰਸੀਪਲ (ਬਟਾਲਾ)।

ਤੁਹਾਡੇ ਖ਼ਤ 4-2-2013

 ਮਾਂ-ਬੋਲੀ ਦੀ ਤਰੱਕੀ
ਪਿਛਲੇ ਦਿਨੀਂ ਰੋਜ਼ਾਨਾ 'ਅਜੀਤ' ਦੇ ਸੰਪਾਦਕੀ ਪੰਨੇ 'ਤੇ ਛਪਿਆ ਲੇਖ ਪੰਜਾਬੀ ਕੰਪਿਊਟਰ ਦੇ ਮਾਹਰ ਸੀ.ਪੀ. ਕੰਬੋਜ ਦਾ ਲਿਖਿਆ ਹੋਇਆ 'ਪੰਜਾਬੀ ਕੰਪਿਊਟਰ 'ਤੇ ਪਿਛਲਝਾਤ, ਮਾਂ ਬੋਲੀ ਦੀ ਤਰੱਕੀ ਲਈ ਪੰਜਾਬੀ 'ਵਰਸਿਟੀ ਨੇ ਪਾਇਆ ਵੱਡਾ ਯੋਗਦਾਨ' ਪੜ੍ਹਿਆ, ਜੋ ਬਹੁਤ ਹੀ ਚੰਗਾ ਲੱਗਿਆ। ਇਸ ਲੇਖ ਨੂੰ ਪੜ੍ਹ ਕੇ ਖੁਸ਼ੀ ਹੋਈ ਕਿ ਪਿਛਲੇ ਦਿਨੀਂ ਮੁੰਬਈ ਵਿਖੇ ਜੋ 'ਅੰਤਰਰਾਸ਼ਟਰੀ ਕੰਪਿਊਟਰ ਕਾਨਫ਼ਰੰਸ' ਹੋਈ, ਉਸ ਵਿਚੋਂ ਪੰਜਾਬੀ ਯੂਨੀਵਰਸਿਟੀ ਦੀ ਟੀਮ ਨੇ ਪੰਜਾਬੀ ਤੇ ਹੋਰ ਭਾਰਤੀ ਭਾਸ਼ਾਵਾਂ ਦੇ ਸਾਫਟਵੇਅਰਾਂ ਦਾ ਪ੍ਰਦਰਸ਼ਨ ਕਰਕੇ ਖੂਬ ਵਾਹ! ਵਾਹ! ਖੱਟੀ ਤੇ ਚੌਥੇ ਨੰਬਰ 'ਤੇ ਇਸ 'ਵਰਸਿਟੀ ਦੀ ਟੀਮ ਆਈ। ਕੰਬੋਜ ਸਾਹਿਬ ਨੇ ਇਸ ਲੇਖ ਵਿਚ ਇਹ ਵੀ ਦੱਸਿਆ ਕਿ ਪਿਛਲੇ ਵਰ੍ਹੇ ਅੱਧੀ ਦਰਜਨ ਪੰਜਾਬੀ ਸਾਫਟਵੇਅਰ ਇਸ ਯੂਨੀਵਰਸਿਟੀ ਨੇ ਪੰਜਾਬੀਆਂ ਦੀ ਝੋਲੀ ਵਿਚ ਪਾਏ ਹਨ। ਇਸ ਕੰਪਿਊਟਰ ਵਿਦਵਾਨ ਤੇ ਪੰਜਾਬੀ ਯੂਨੀਵਰਸਿਟੀ ਦੁਆਰਾ ਪੰਜਾਬੀ ਮਾਂ ਬੋਲੀ ਦੀ ਸੇਵਾ ਸਬੰਧੀ ਪੰਜਾਬੀ ਜਗਤ ਇਨ੍ਹਾਂ ਦਾ ਸਦਾ ਰਿਣੀ ਰਹੇਗਾ।

-ਡਾ: ਰਮੇਸ਼ ਰੰਗੀਲਾ
ਪ੍ਰਧਾਨ ਸਾਹਿਤ ਸਭਾ (ਰਜਿ:) ਜਲਾਲਾਬਾਦ, ਫਾਜ਼ਿਲਕਾ।


ਜਥੇਬੰਦੀਆਂ ਦੇ ਫਰਜ਼
ਅੱਜ ਦੇ ਸਮੇਂ ਹਰੇਕ ਮਹਿਕਮੇ ਵਿਚ ਟੈਕਨੀਕਲ ਅਤੇ ਵੱਖੋ-ਵੱਖ ਨਾਵਾਂ ਦੀਆਂ ਜਥੇਬੰਦੀਆਂ ਦੀ ਭਰਮਾਰ ਹੈ। ਨਿੱਜੀਕਰਨ, ਸੰਸਾਰੀਕਰਨ ਦੇ ਮੁੱਦਿਆਂ ਉਤੇ ਲੋਕਾਂ ਨੂੰ ਲਾਮਬੰਦ ਕਰਨਾ ਬਹੁਤ ਜ਼ਰੂਰੀ ਹੈ। ਲੋਕ ਹਿੱਤਾਂ ਨੂੰ ਦਰ-ਨਿਕਾਰ ਕਰਕੇ ਕੁਝ-ਕੁ ਵਰਗ ਦੇ ਲੋਕਾਂ ਤੱਕ ਮਹਿਫੂਜ਼ ਪਹੁੰਚ ਅਪਣਾ ਕੇ ਆਪਣਾ ਏਕਾ-ਅਧਿਕਾਰ ਦਰਸਾਉਣਾ ਜਥੇਬੰਦਕ ਸੰਘਰਸ਼ ਨਹੀਂ ਹੋ ਸਕਦਾ। ਅੱਜ ਆਰਥਿਕ ਲੁੱਟ-ਖਸੁੱਟ ਦਾ ਸ਼ਿਕਾਰ ਬਹੁਤੇ ਉਹ ਲੋਕ ਹਨ, ਜੋ ਸਾਧਨ ਵਿਹੂਣੇ ਹਨ। ਉਹ ਕਾਗਜ਼ੀਤੰਤਰ ਦੀਆਂ ਉਨ੍ਹਾਂ ਮੱਦਾਂ ਦਾ ਮੂੰਹ ਚਿੜ੍ਹਾਉਂਦੇ ਹਨ ਜੋ ਗਰੀਬ ਭਾਰਤੀਆਂ ਨੂੰ 'ਗ੍ਰੇਟ ਇੰਡੀਅਨ' ਦਰਸਾ ਰਹੀਆਂ ਹਨ। 'ਸਾਡਾ ਹੱਕ ਇਥੇ ਰੱਖ' ਦੀ ਪਹੁੰਚ ਤੋਂ ਪਹਿਲਾਂ 'ਸਾਡਾ ਫਰਜ਼, ਦੇਸ਼ ਦਾ ਕਰਜ਼' ਦੇ ਅਰਥਾਂ ਨੂੰ ਸਮਝਣਾ ਅਤੇ ਅਪਣਾਉਣਾ ਹਰੇਕ ਲੜਾਕੂ ਧਿਰ ਦੀ ਨੈਤਿਕ ਜ਼ਿੰਮੇਵਾਰੀ ਵੀ ਹੈ।


-ਬਲਵਿੰਦਰ ਸਿੰਘ ਮੀਆਂਪੁਰੀ
ਮੋ: 94657-77209


ਅਕਾਲੀ ਦਲ ਦਾ ਇਤਿਹਾਸ
ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਪਿਛਲਾ ਇਤਿਹਾਸ ਦੇਖੀਏ ਤਾਂ ਇਸ ਅੱਗੇ ਆਪਮੁਹਾਰੇ ਹੀ ਸਿਰ ਝੁਕ ਜਾਂਦੈ। ਕਿਉਂਕਿ ਇਸ ਦਲ ਨੇ ਹਮੇਸ਼ਾ ਹੀ ਦੇਸ਼, ਕੌਮ, ਗਊ-ਗਰੀਬ, ਧੀਆਂ-ਭੈਣਾਂ ਅਤੇ ਮਜ਼ਲੂਮਾਂ ਦੀ ਰੱਖਿਆ ਲਈ ਆਪਣੀਆਂ ਜਾਨਾਂ ਤੱਕ ਕੁਰਬਾਨ ਕੀਤੀਆਂ। ਪਰ ਅਜੋਕੇ ਸਮੇਂ ਦੇ ਕੁਝ ਮਾਡਰਨ ਅਖਵਾਉਂਦੇ ਅਕਾਲੀ ਆਗੂ ਜੋ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਨੀਤੀਆਂ ਤੋਂ ਉੱਕਾ ਹੀ ਵਾਕਿਫ਼ ਨਹੀਂ ਹਨ, ਆਏ ਦਿਨ ਕੋਈ ਨਾ ਕੋਈ ਕੋਝੀ ਕਰਤੂਤ ਕਰਕੇ ਇਸ ਦਲ ਨੂੰ ਕਲੰਕਿਤ ਕਰਨ 'ਚ ਅੱਡੀ-ਚੋਟੀ ਦਾ ਜ਼ੋਰ ਲਗਾ ਰਹੇ ਹਨ। ਅਜੇ ਫ਼ਰੀਦਕੋਟ ਤੇ ਅੰਮ੍ਰਿਤਸਰ ਦੇ ਕੁਝ ਵਿਗੜੇ ਯੂਥ ਅਕਾਲੀਆਂ ਵੱਲੋਂ ਮਚਾਏ ਕੁਹਰਾਮ ਦੀਆਂ ਖ਼ਬਰਾਂ ਦੀ ਅਖ਼ਬਾਰਾਂ 'ਚੋਂ ਸਿਆਹੀ ਨਹੀਂ ਸੀ ਸੁੱਕੀ ਉਤੋਂ ਅਮਲੋਹ ਵਿਖੇ ਇਕ ਯੂਥ ਅਕਾਲੀ ਆਗੂ ਵੱਲੋਂ ਇਕ ਥਾਣੇਦਾਰ ਦੇ ਥੱਪੜ ਮਾਰਨ ਦੀਆਂ ਖ਼ਬਰਾਂ ਆ ਗਈਆਂ। ਅਸੀਂ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰਦੇ ਹਾਂ ਕਿ ਸਮਾਜ 'ਚ ਗੜਬੜ ਪੈਦਾ ਕਰਨ ਵਾਲੇ ਅਜਿਹੇ ਗੁੰਡਾ ਅਨਸਰਾਂ ਨੂੰ ਸਖ਼ਤੀ ਨਾਲ ਨੱਥ ਪਾਈ ਜਾਵੇ ਅਤੇ ਅਜਿਹੇ ਹੁੱਲ੍ਹੜਬਾਜ਼ ਮੁਸ਼ਟੰਡਿਆਂ ਨੂੰ ਪਾਰਟੀ ਦੇ ਅਹੁਦਿਆਂ ਤੋਂ ਦੂਰ ਹੀ ਰੱਖਿਆ ਜਾਵੇ।

-ਯਸ਼ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

ਦੋਸ਼ ਦੋਵਾਂ ਦਾ
ਪਿਛਲੇ ਦਿਨੀਂ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਵੱਲੋਂ 'ਔਰਤਾਂ ਵਿਰੁੱਧ ਹੁੰਦੇ ਜੁਰਮਾਂ' ਪ੍ਰਤੀ ਲਿਖੇ ਲੇਖ ਵਿਚ ਸਮੱਸਿਆ ਦੇ ਮੁੱਖ ਕਾਰਨਾਂ ਦੀ ਸਵੈ-ਪੜਤਾਲ ਕੀਤੀ ਹੈ ਤੇ ਇਸ ਲਈ ਪੁਰਖ ਪ੍ਰਧਾਨ ਸਮਾਜ ਦੀ ਮਾਨਸਿਕਤਾ ਨੂੰ ਮੁੱਖ ਰੂਪ ਵਿਚ ਦੋਸ਼ੀ ਗਰਦਾਨਿਆ ਹੈ। ਪਰ ਜੇਕਰ ਉਪਰੋਕਤ ਕਾਰਨਾਂ ਦੀ ਸਵੈ-ਪੜਚੋਲ ਕੀਤੀ ਜਾਵੇ ਤਾਂ ਹੋ ਸਕਦਾ ਹੈ ਕਿ ਦੋਸ਼ ਦੋਵੇਂ ਪਾਸੀਂ ਨਜ਼ਰ ਆਵੇ। ਅੱਜ ਦਾ ਮਨੁੱਖ ਅਸਲ ਵਿਚ ਮਨੁੱਖਤਾ ਨੂੰ ਤਿਲਾਂਜਲੀ ਦੇ ਚੁੱਕਾ ਹੈ ਕਿਉਂਕਿ ਮਰਦ ਤੇ ਔਰਤ ਪਹਿਲਾਂ ਮਨੁੱਖ ਹਨ। ਆਈਟਮ ਗਰਲ ਜਾਂ ਪੰਜਾਬੀ ਗੀਤਾਂ ਵਿਚ ਨੱਚਦੀਆਂ ਕੁੜੀਆਂ ਤਾਂ ਰੱਜੀਆਂ-ਪੁੱਜੀਆਂ ਖਾਨਦਾਨਾਂ ਵਿਚੋਂ ਆਉਂਦੀਆਂ ਹਨ ਫਿਰ ਉਨ੍ਹਾਂ ਨੂੰ ਆਪਣਾ ਸਰੀਰ ਵਿਖਾਉਣ ਜਾਂ ਅਸ਼ਲੀਲਤਾ ਦੀਆਂ ਹੱਦਾਂ ਪਾਰ ਕਰਨ ਦੀ ਇਜਾਜ਼ਤ ਕੌਣ ਦਿੰਦਾ ਹੈ? ਸਾਨੂੰ ਯਾਦ ਰੱਖਣਾ ਪਵੇਗਾ ਕਿ ਸਭ ਪੁਰਸ਼ ਹੀ ਔਰਤਾਂ 'ਤੇ ਅੱਤਿਆਚਾਰ ਨਹੀਂ ਕਰਦੇ ਤੇ ਨਾ ਹੀ ਸਭ ਔਰਤਾਂ ਕੁਝ ਰੁਪਿਆਂ ਖਾਤਰ ਆਪਣੀ ਇੱਜ਼ਤ ਬੇਪਰਦਾ ਕਰਦੀਆਂ ਹਨ। ਉਪਰੋਕਤ ਵਰਤਾਰੇ ਨੂੰ ਰੋਕਣ ਲਈ ਸਾਰੇ ਸਮਾਜ ਨੂੰ ਆਪਣੀਆਂ ਹੱਦਾਂ ਵਿਚ ਰਹਿ ਕੇ ਆਪਣੇ ਅੰਦਰ ਮਨੁੱਖਤਾ ਨੂੰ ਜਗਾਉਣਾ ਪਵੇਗਾ ਤਾਂ ਹੀ ਇਹ ਵਿਕਰਾਲ ਔਕੜਾਂ ਕਾਬੂ ਵਿਚ ਆਉਣਗੀਆਂ।

-ਮਾ: ਜੀਵਨ ਕੁਮਾਰ
ਪਿੰਡ ਤੇ ਡਾਕ: ਹਰਸਾ ਮਾਨਸਰ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)

ਤੁਹਾਡੇ ਖ਼ਤ 3-2-2013

ਮਸਲਾ ਮਹਿਲਾ ਡਿਊਟੀ ਦਾ
ਨਿੱਤ ਦੀਆਂ ਛੇੜਛਾੜ ਅਤੇ ਬਲਾਤਕਾਰ ਦੀਆਂ ਘਟਨਾਵਾਂ ਨੇ ਸਾਡੇ ਦੇਸ਼ ਦੀ ਫ਼ਿਜ਼ਾ ਨੂੰ ਇਸ ਤਰ੍ਹਾਂ ਕਲੰਕਤ ਕੀਤਾ ਕਿ ਸਾਡੇ ਦੇਸ਼ ਦੀਆਂ ਔਰਤਾਂ ਆਪਣੇ-ਆਪ ਨੂੰ ਮਹਿਫੂਜ਼ ਨਹੀਂ ਸਮਝ ਰਹੀਆਂ ਅਤੇ ਇਕ ਖੌਫ਼ ਦੇ ਸਾਏ ਹੇਠ ਬਾਹਰ ਨਿਕਲਦੀਆਂ ਹਨ। ਇਸ ਪ੍ਰਤੀ ਸਰਕਾਰਾਂ ਕਈ ਤਰ੍ਹਾਂ ਦੇ ਕਦਮ ਵੀ ਚੁੱਕ ਰਹੀਆਂ ਹਨ। ਪਰ ਜ਼ਿਆਦਾ ਕਾਰਗਰ ਨਹੀਂ ਹਨ। ਸਾਡੇ ਸਿੱਖਿਆ ਮੰਤਰੀ ਨੇ ਇਸ ਸਬੰਧ ਵਿਚ ਪਹਿਲ ਕੀਤੀ ਅਤੇ ਵਿਭਾਗ ਅੰਦਰ ਔਰਤਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਔਰਤਾਂ ਦੀ ਡਿਊਟੀ ਪ੍ਰਤੀ ਵੱਖ-ਵੱਖ ਹੁਕਮ ਜਾਰੀ ਕੀਤੇ। ਪਰ ਇਨ੍ਹਾਂ ਦੇ ਹੁਕਮਾਂ ਦੀ ਫੂਕ ਉਸ ਸਮੇਂ ਨਿਕਲੀ ਜਦੋਂ ਮਹਿਲਾ ਅਧਿਆਪਕਾਂ ਦੀਆਂ ਆਰਥਿਕ ਜਨਗਣਨਾ ਵਿਚ ਡਿਊਟੀਆਂ ਲਗਾਈਆਂ ਗਈਆਂ, ਨਾਲ ਡੀ. ਜੀ. ਐਸ. ਈ. ਕਾਹਨ ਸਿੰਘ ਪੰਨੂੰ ਨੇ ਹੁਕਮ ਜਾਰੀ ਕੀਤੇ ਕਿ ਇਹ ਡਿਊਟੀਆਂ ਸਕੂਲ ਟਾਈਮ ਤੋਂ ਬਾਅਦ ਕੀਤੀਆਂ ਜਾਣਗੀਆਂ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਸਕੂਲ ਦੇ ਸਾਢੇ ਤਿੰਨ ਵਜੇ ਤੋਂ ਬਾਅਦ ਮਹਿਲਾ ਅਧਿਆਪਕ ਕਿਸ ਤਰ੍ਹਾਂ ਡਿਊਟੀ ਕਰਨਗੀਆਂ। ਉਸ ਟਾਈਮ ਤੇ ਖਾਸ ਕਰਕੇ ਪਿੰਡਾਂ ਵਿਚ ਨਸ਼ੇੜੀ ਲੋਕ ਨਸ਼ੇ ਵਿਚ ਗੁੱਟ ਹੋ ਕੇ ਮਿਲਣਗੇ। ਇਹੋ ਜਿਹੇ ਮਾਹੌਲ ਵਿਚ ਕੋਈ ਅਣਸੁਖਾਵੀਂ ਘਟਨਾ ਦੇਖਣ ਨੂੰ ਮਿਲ ਸਕਦੀ ਹੈ। ਸਾਡੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਾਂ ਤਾਂ ਮਹਿਲਾ ਅਧਿਆਪਕਾਂ ਦੀਆਂ ਡਿਊਟੀਆਂ ਨਾ ਲਗਾਈਆਂ ਜਾਣ ਜਾਂ ਫਿਰ ਸਕੂਲ ਟਾਈਮ ਵਿਚ ਡਿਊਟੀ ਕਰਨ ਦੀ ਖੁੱਲ੍ਹ ਦਿੱਤੀ ਜਾਵੇ।

-ਚੰਨਦੀਪ ਸਿੰਘ 'ਬੁਤਾਲਾ'
ਅੰਮ੍ਰਿਤਸਰ। ਮੋ: 94642-96611.

ਦਲਿਤਾਂ ਨਾਲ ਅਨਿਆਂ
ਪਿਛਲੇ ਦਿਨੀਂ 'ਅਜੀਤ' ਵਿਚ ਸ: ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ ਦਾ 'ਭਾਰਤ ਵਿਚ ਅਜੇ ਵੀ ਜਾਰੀ ਹੈ ਦਲਿਤਾਂ ਨਾਲ ਅਨਿਆਂ' ਸਿਰਲੇਖ ਹੇਠ ਇਕ ਲੇਖ ਪੜ੍ਹਿਆ, ਜਿਸ ਵਿਚ ਲੇਖਕ ਵੱਲੋਂ ਦਲਿਤਾਂ ਦੀ ਤਰਸਯੋਗ ਹਾਲਤ ਦਾ ਵਰਨਣ ਕੀਤਾ ਗਿਆ ਹੈ। ਕਿਵੇਂ ਦਲਿਤਾਂ ਨੂੰ ਘਟੀਆ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਦਲਿਤਾਂ ਦੇ ਜਿੰਮੇ ਸਿਰ 'ਤੇ ਮੈਲਾ ਢੋਣ, ਮਰੇ ਡੰਗਰ ਢੋਣ, ਮੁਰਦਿਆਂ ਦੀਆਂ ਕਬਰਾਂ ਪੁੱਟਣ ਜਿਹੇ ਬੇਗ਼ੈਰਤ ਕੰਮ ਕਰਵਾ ਕੇ ਦਲਿਤਾਂ ਦੇ ਮਨਾਂ ਵਿਚ ਹੀਣਭਾਵਨਾ ਭਰੀ ਜਾ ਰਹੀ ਹੈ। ਚਾਹੇ ਆਬਾਦੀ ਦੇ ਪੱਖੋਂ ਹਰ ਚੌਥਾ ਆਦਮੀ ਦਲਿਤ ਹੈ।ਚਾਹੇ ਸਾਡੇ ਦੇਸ਼ ਦੇ ਸੰਵਿਧਾਨ ਵਿਚ ਦਲਿਤਾਂ ਨੂੰ ਡਾ: ਅੰਬੇਡਕਰ ਸਾਹਿਬ ਦੇ ਯਤਨਾਂ ਸਦਕਾ ਅਤੇ ਹੋਰ ਦਲਿਤਾਂ ਦੇ ਰਹਿਬਰਾਂ ਦੁਆਰਾ ਦਲਿਤਾਂ ਪ੍ਰਤੀ ਹੋ ਰਹੀ ਹਿੰਸਾ ਨੂੰ ਠੱਲ੍ਹ ਪਾਉਣ ਲਈ ਯਤਨ ਕੀਤਾ ਗਿਆ ਪਰ ਅਜੋਕੇ ਸਮੇਂ ਵਿਚ ਦਲਿਤਾਂ ਦੀ ਹਾਲਤ ਤਰਸਯੋਗ ਹੈ। ਇਸ ਵਰਤਾਰੇ ਨੂੰ ਰੋਕਣ ਲਈ ਕਾਨੂੰਨ, ਸਰਕਾਰੀ ਨੀਤੀਆਂ ਬਣਾ ਕੇ ਔਰਤਾਂ ਵਿਰੁੱਧ ਹੁੰਦੀ ਹਿੰਸਾ ਨੂੰ ਰੋਕਣਾ, ਸਕੂਲਾਂ ਅਤੇ ਜਨਤਕ ਥਾਂਵਾਂ 'ਤੇ ਵਖਰੇਵਾਂ ਬੰਦ ਸਰਕਾਰਾਂ ਹੀ ਕਰ ਸਕਦੀਆਂ ਹਨ। ਪਰ ਅਜਿਹਾ ਕਰਨ ਵਿਚ ਸਰਕਾਰਾਂ ਪੂਰੀ ਤਰ੍ਹਾਂ ਅਸਫ਼ਲ ਹੋਈਆਂ ਹਨ।ਜੇਕਰ ਸਰਕਾਰਾਂ ਨੇ ਦਲਿਤਾਂ ਪ੍ਰਤੀ ਆਪਣੀ ਸੋਚ ਨੂੰ ਨਹੀਂ ਬਦਲਿਆ ਤਾਂ ਦੁਨੀਆ ਭਰ ਦੇ ਦਲਿਤ ਅਤੇ ਖਾਸ ਕਰਕੇ ਭਾਰਤ ਦੇਸ਼ ਦੇ ਦਲਿਤ ਜੋ ਕਿ ਆਪਣਾ ਆਤਮ-ਸਨਮਾਨ ਹੀ ਭੁੱਲ ਚੁੱਕੇ ਹਨ, ਭਾਰੀ ਗਿਣਤੀ ਵਿਚ ਇਕੱਠੇ ਹੋ ਕੇ ਦਲਿਤ ਲਹਿਰ ਚਲਾਉਣ ਲਈ ਉਤਾਵਲੇ ਦਿਖਾਈ ਦੇ ਰਹੇ ਹਨ।

-ਜਗਰਾਜ ਸਿੰਘ
ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਬਹੁਜਨ ਸਮਾਜ ਪਾਰਟੀ।

2-2-2013

 ਸਿਆਸੀ ਰੋਟੀਆਂ

ਦਿੱਲੀ ਜਿਹੀ ਰਾਜਧਾਨੀ ਜਿਥੇ ਦੀ ਮੁੱਖ ਮੰਤਰੀ ਵੀ ਇਕ ਮਹਿਲਾ ਹੈ, ਜੇ ਉਸੇ ਦੇ ਰਾਜ 'ਚ ਔਰਤਾਂ ਦੀ ਇੱਜ਼ਤ 'ਤੇ ਹਮਲੇ ਹੋਣਗੇ ਤਾਂ ਬਾਕੀ ਦੇਸ਼ ਦਾ ਕੀ ਹਾਲ ਹੋਵੇਗਾ, ਆਪ ਸੋਚ ਸਕਦੇ ਹਾਂ। ਇਸ ਮਾਮਲੇ 'ਚ ਨਾ ਤਾਂ ਹਾਲੇ ਤੱਕ ਨੌਜਵਾਨਾਂ ਦੇ ਨੇਤਾ ਕਹਾਉਣ ਵਾਲੇ ਅਗਾਂਹਵਧੂ ਸੋਚ ਦੇ ਮਾਲਕ ਰਾਹੁਲ ਗਾਂਧੀ ਕਿਤੇ ਨਜ਼ਰ ਆਏ ਤੇ ਨਾ ਹੀ ਸ਼ੀਲਾ ਦੀਕਸ਼ਤ ਨੇ ਕੁਝ ਕਿਹਾ। ਹਰ ਪਾਰਟੀ ਆਪਣੀਆਂ ਰੋਟੀਆਂ ਲੋਕਾਂ ਦੀਆਂ ਲਾਸ਼ਾਂ 'ਤੇ ਸੇਕਣ ਲਈ ਉਤਾਰੂ ਹੋਈ ਪਈ ਹੈ।

-ਸੰਦੀਪ ਜੈਤੋਈ
ਚੰਡੀਗੜ੍ਹ।

ਨਵੀਂ ਅਧਿਆਪਕ ਭਰਤੀ

ਪੰਜਾਬ ਵਿਚ ਸਿੱਖਿਆ ਅਧਿਕਾਰ ਐਕਟ ਲਾਗੂ ਹੋਣ ਕਾਰਨ ਅਧਿਆਪਕ ਲੱਗਣ ਲਈ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਕਰਨਾ ਲਾਜ਼ਮੀ ਹੈ। ਇਸ ਕੜੀ ਵਜੋਂ ਪੰਜਾਬ ਸਰਕਾਰ ਨੇ ਜੁਲਾਈ 2011 ਵਿਚ ਪਹਿਲੀ ਵਾਰ ਅਧਿਆਪਕ ਯੋਗਤਾ ਪ੍ਰੀਖਿਆ ਲਈ ਸੀ, ਜਿਸ ਵਿਚ 2 ਲੱਖ 25 ਹਜ਼ਾਰ ਈ.ਟੀ.ਟੀ. ਅਤੇ ਬੀ. ਐੱਡ. ਬੇਰੁਜ਼ਗਾਰ ਅਧਿਆਪਕ ਬੈਠੇ ਸਨ, ਜਿਨ੍ਹਾਂ ਵਿਚੋਂ ਲਗਭਗ 7 ਹਜ਼ਾਰ ਪਾਸ ਹੋਏ ਸਨ, ਜਿਨ੍ਹਾਂ ਵਿਚੋਂ 3442 ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ ਅਤੇ 5 ਹਜ਼ਾਰ ਪੋਸਟਾਂ ਲਈ ਹੋਰ ਭਰਤੀ ਦਾ ਇਸ਼ਤਿਹਾਰ ਹਾਈ ਕੋਰਟ ਦੀਆਂ ਘੁੰਮਣ-ਘੇਰੀਆਂ ਖਾ ਰਿਹਾ ਹੈ। ਦੂਸਰੇ ਪਾਸੇ ਦੇਖਿਆ ਜਾਵੇ ਤਾਂ ਪੰਜਾਬ ਵਿਚ ਕੋਈ 2.50 ਲੱਖ ਤੋਂ ਵੀ ਵੱਧ ਈ.ਟੀ.ਟੀ. ਅਤੇ ਬੀ. ਐੱਡ. ਅਧਿਆਪਕ ਜਾਂ ਤਾਂ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ ਜਾਂ ਫਿਰ ਪ੍ਰਾਈਵੇਟ ਸਕੂਲਾਂ ਵਿਚ 1500 ਤੋਂ ਲੈ ਕੇ 5000 ਤੱਕ ਦੀ ਨਿਗੁਣੀ ਤਨਖਾਹ ਨਾਲ ਪੇਟ ਪਾਲ ਰਹੇ ਹਨ। ਸਾਲ 2012 ਵਿਚ ਸਿੱਖਿਆ ਮੰਤਰੀ ਅਤੇ ਉੱਚ ਅਧਿਕਾਰੀ ਨਵੀਂ ਭਰਤੀ ਲਈ ਟੀ.ਈ.ਟੀ. ਟੈਸਟ ਲੈਣ ਲਈ ਕੋਈ ਨੀਤੀ ਨਹੀਂ ਘੜ ਸਕੇ। ਸੋ, ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਜਲਦੀ ਤੋਂ ਜਲਦੀ ਟੀ.ਈ.ਟੀ. ਪ੍ਰੀਖਿਆ ਲਈ ਜਾਵੇ ਤਾਂ ਜੋ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਮਿਲ ਸਕੇ।

-ਰਾਜਾ ਗਿੱਲ (ਚੜਿੱਕ)
ਗਿੱਲ ਸੀਮੈਂਟ ਐਂਡ ਹਾਰਡਵੇਅਰ ਸਟੋਰ, ਚੜਿੱਕ (ਮੋਗਾ)।

ਨਸ਼ਾ ਬਨਾਮ ਲਾਇਬਰੇਰੀ

ਨਸ਼ਾ ਸਿਹਤਮੰਤ ਸਮਜ ਦੇ ਰਸਤੇ ਵਿਚ ਰੁਕਾਵਟ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਸਮੇਂ-ਸਮੇਂ 'ਤੇ ਕਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਪਰ ਇਸ ਦੇ ਬਾਵਜੂਦ ਵੀ ਨਸ਼ਾ ਰੂਪੀ ਕੋਹੜ ਸਮਾਜ ਵਿਚ ਹੋਰ ਵਧੇਰੇ ਪੈਰ ਪਸਾਰ ਰਿਹਾ ਹੈ। ਅੱਜ ਇਹ ਚਿੰਤਾ ਦਾ ਵਿਸ਼ਾ ਹੈ ਕਿ ਨਸ਼ਈ ਮਾਨਸਿਕਤਾ ਤੋਂ ਛੁਟਕਾਰਾ ਕਿਵੇਂ ਮਿਲੇ? ਨੌਜਵਾਨ ਪੀੜ੍ਹੀ ਜਿਹੜੀ ਕਿ ਦੇਸ਼ ਦਾ ਭਵਿੱਖ ਹੈ, ਹੈਰੋਇਨ, ਅਫੀਮ, ਪੋਸਤ, ਸ਼ਰਾਬ ਆਦਿ ਨਸ਼ਿਆਂ ਦਾ ਸੇਵਨ ਕਰਕੇ ਜਵਾਨੀ ਤਬਾਹ ਕਰ ਰਹੀ ਹੈ। ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਲਾਇਬਰੇਰੀ ਅਹਿਮ ਭੂਮਿਕਾ ਨਿਭਾਅ ਸਕਦੀ ਹੈ। ਜ਼ਿਲ੍ਹੇ ਦੀਆਂ ਲਾਇਬਰੇਰੀਆਂ ਤੋਂ ਲੈ ਕੇ ਹਰ ਸ਼ਹਿਰ, ਨਗਰ ਪੰਚਾਇਤ ਅਤੇ ਪਿੰਡ ਪੰਚਾਇਤ ਵਿਚ ਲਾਇਬਰੇਰੀ ਹੋਣੀ ਚਾਹੀਦੀ ਹੈ, ਜਿਸ ਲਈ ਸਰਕਾਰ ਨੂੰ ਸਮੇਂ-ਸਮੇਂ ਪੁਸਤਕਾਂ ਮੁਹੱਈਆ ਕਰਵਾਉਂਦੇ ਰਹਿਣਾ ਚਾਹੀਦਾ ਹੈ। ਨੌਜਵਾਨਾਂ ਦੀ ਸੋਚ ਬਦਲਣ ਦੀ ਲੋੜ ਹੈ ਅਤੇ ਸੋਚ, ਕਿਤਾਬ ਬਦਲ ਸਕਦੀ ਹੈ। ਕਿਤਾਬਾਂ ਪੜ੍ਹਨ ਨਾਲ ਨੌਜਵਾਨ ਨੂੰ ਜੀਵਨ ਦੀ ਉਸਾਰੂ ਸੇਧ ਮਿਲੇਗੀ ਅਤੇ ਨਸ਼ੇ ਦੀ ਗੁਲਾਮ ਜ਼ਹਿਨੀਅਤ ਤੋਂ ਛੁਟਕਾਰਾ ਮਿਲੇਗਾ।

-ਨਵਤੇਜ ਸਿੰਘ ਮੱਲ੍ਹੀ
ਪਿੰਡ ਭਾਗੋਕਾਵਾਂ, ਡਾ: ਮਗਰਮੂਦੀਆਂ, ਜ਼ਿਲ੍ਹਾ/ਤਹਿ: ਗੁਰਦਾਸਪੁਰ।

1-2-13

 ਸਕੂਲੀ ਪਾਠਕ੍ਰਮ 'ਚ ਤਬਦੀਲੀ

ਪੰਜਾਬ ਦੇ ਵਿਦਿਆਰਥੀਆਂ ਨੂੰ ਵੀ ਤੇਜ਼ੀ ਨਾਲ ਬਦਲ ਰਹੀ ਦੁਨੀਆ ਦੇ ਹਾਣੀ ਬਣਾਉਣਾ ਸਮੇਂ ਦੀ ਜ਼ਰੂਰਤ ਹੈ। ਸਮਾਂ ਵਿਹਾਅ ਚੁੱਕੇ ਪਾਠਕ੍ਰਮ ਤੋਂ ਪਾੜ੍ਹਿਆਂ ਨੂੰ ਨਿਜਾਤ ਦਿਵਾਈ ਜਾਣੀ ਚਾਹੀਦੀ ਹੈ ਜਦ ਕਿ ਨਵੇਂ ਯੁੱਗ ਦੀ ਤਕਨਾਲੋਜੀ ਤੇ ਫਲਸਫ਼ੇ ਦੇ ਚੈਪਟਰ ਜੋੜੇ ਜਾਣੇ ਚਾਹੀਦੇ ਹਨ। ਪੰਜਾਬੀ ਸੱਭਿਆਚਾਰ, ਜੀਵਨ ਜਾਂਚ ਅਤੇ ਵਿਰਾਸਤ ਸਬੰਧੀ ਅਧਿਆਇ ਵੀ ਪਾਠਕ੍ਰਮ 'ਚ ਸ਼ਾਮਿਲ ਕੀਤੇ ਜਾਣੇ ਬਣਦੇ ਹਨ। ਚੇਤਨ ਲੋਕ ਤਾਂ ਨੈਤਿਕ ਸਿੱਖਿਆ ਨੂੰ ਸਕੂਲੀ ਸਿੱਖਿਆ ਦਾ ਜ਼ਰੂਰੀ ਅੰਗ ਬਣਾਉਣ ਦੀ ਅਕਸਰ ਮੰਗ ਉਠਾਉਂਦੇ ਰਹੇ ਹਨ। ਇਵੇਂ ਸਿਹਤ ਸਿੱਖਿਆ ਤੇ ਖੇਡਾਂ ਨੂੰ ਪਹਿਲਾਂ ਹੀ ਲਾਜ਼ਮੀ ਕੀਤੇ ਜਾਣ ਦਾ ਐਲਾਨ ਹੋ ਚੁੱਕਾ ਹੈ। ਪਰ ਇਹ ਵੀ ਵੇਖਣਾ ਹੋਵੇਗਾ ਕਿ ਵਿਦਿਆਰਥੀਆਂ ਨੂੰ ਬਹੁਤੇ ਵਿਸ਼ਿਆਂ ਅਤੇ ਬੋਝਲ ਪਾਠਕ੍ਰਮ ਦੇ ਭਾਰ ਥੱਲੇ ਨਾ ਦਬਾ ਦਿੱਤਾ ਜਾਵੇ। ਵਿਦਵਾਨਾਂ ਅਤੇ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਦੁਆਰਾ ਇਸ ਬਾਰੇ ਗੰਭੀਰ ਮੰਥਨ ਤੇ ਚਿੰਤਨ ਕੀਤਾ ਜਾਣਾ ਚਾਹੀਦਾ ਹੈ।

-ਮਹਿੰਦਰ ਕੌਰ ਢਿੱਲੋਂ
ਪ੍ਰਿੰਸੀਪਲ, ਦਸਮੇਸ਼ ਪਬਲਿਕ ਸੀਨੀ: ਸੈਕੰਡਰੀ ਸਕੂਲ, ਬਿਲਾਸਪੁਰ (ਮੋਗਾ)।

ਰਾਹੁਲ ਗਾਂਧੀ ਦੀ ਸਮਰੱਥਾ

ਜੈਪੁਰ ਵਿਚ ਕਾਂਗਰਸ ਨੇ ਪਿਛਲੇ ਸਮੇਂ ਦੀ ਕਾਰਗੁਜ਼ਾਰੀ ਦੇ ਸਬੰਧ ਵਿਚ ਜੋ ਚਿੰਤਨ ਸਮਾਗਮ ਆਯੋਜਿਤ ਕੀਤਾ, ਉਸ ਵਿਚ ਕਾਂਗਰਸ ਨੇ ਸਾਫ਼ ਸੰਕੇਤ ਦਿੱਤੇ ਹਨ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਰਾਹੁਲ ਗਾਂਧੀ ਦੀ ਲੀਡਰਸ਼ਿਪ ਵਿਚ ਲੜੀਆਂ ਜਾਣਗੀਆਂ। ਉਧਰ ਭਾਜਪਾ ਦੇ ਕਈ ਖੇਮਿਆਂ ਦੇ ਵਿਚ ਇਹ ਚਰਚਾ ਹੈ ਕਿ ਆਉਣ ਵਾਲੇ ਸਮੇਂ ਵਿਚ ਨਰਿੰਦਰ ਮੋਦੀ ਨੂੰ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਭਾਰਿਆ ਜਾਵੇਗਾ। ਇਸ ਲਈ ਇਹ ਕਿਹਾ ਜਾਂਦਾ ਰਿਹਾ ਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ ਨਰਿੰਦਰ ਮੋਦੀ ਬਨਾਮ ਰਾਹੁਲ ਗਾਂਧੀ ਹੋਣਗੀਆਂ। ਇਸ ਲਈ ਸਿਆਸੀ ਮਾਹਿਰ ਰਾਹੁਲ ਗਾਂਧੀ ਤੋਂ ਕੋਈ ਵੱਡੀ ਆਸ ਨਹੀਂ ਰੱਖ ਰਹੇ। ਰਾਹੁਲ ਗਾਂਧੀ ਦੇ ਬਿਆਨ ਤੋਂ ਕਈ ਵਰਗਾਂ ਵਿਚ ਕਿਆਫ਼ੇ ਲਗਾਏ ਜਾ ਰਹੇ ਹਨ ਕਿ ਜੇਕਰ ਇਨ੍ਹਾਂ ਲੋਕ ਸਭਾ ਚੋਣਾਂ ਦੇ ਵਿਚ ਕਾਂਗਰਸ ਵਧੀਆ ਕਾਰਗੁਜ਼ਾਰੀ ਨਾ ਦਿਖਾ ਸਕੀ, ਤਾਂ ਆਉਣ ਵਾਲੇ ਸਮੇਂ ਵਿਚ ਰਾਹੁਲ ਗਾਂਧੀ ਵੱਡੇ ਲੀਡਰ ਵਜੋਂ ਨਹੀਂ ਉੱਭਰ ਸਕਣਗੇ।

-ਮਿਸ ਜੁਗਨੂੰ ਚੌਹਾਨ
#1, ਆਦਰਸ਼ ਨਗਰ, ਭਾਦਸੋਂ ਰੋਡ, ਪਟਿਆਲਾ।

ਸ਼ਲਾਘਾਯੋਗ ਲੇਖ

ਪਿਛਲੀ ਲੰਘੀ 22 ਜਨਵਰੀ ਨੂੰ 'ਧਰਮ ਤੇ ਵਿਰਸਾ' ਸਪਲੀਮੈਂਟ ਵਿਚ ਲੇਖਕ ਮਿੰਟੂ ਗੁਰੂਸਰੀਆ ਦਾ ਲੇਖ ਸਮਾਜ ਲਈ 'ਖ਼ਤਰੇ ਦੀ ਘੰਟੀ ਹੈ ਅੰਧ-ਵਿਸ਼ਵਾਸ ਤੇ ਡੇਰਾਵਾਦ' ਪੜ੍ਹਿਆ। ਲੇਖਕ ਨੇ ਦੱਸਿਆ ਕਿ ਦੇਸ਼ ਦੇ ਦੂਰ-ਦੁਰਾਡੇ ਖੇਤਰਾਂ 'ਚ ਹਸਪਤਾਲ ਤਾਂ ਸੈਂਕੜੇ ਮੀਲਾਂ ਤੱਕ ਨਜ਼ਰ ਨਹੀਂ ਆਉਂਦਾ। ਪਰ ਅੰਧ-ਵਿਸ਼ਵਾਸ ਦਾ ਡੇਰਾ ਫਰਲਾਂਗ ਦੀ ਦੂਰੀ 'ਤੇ ਹੀ ਮਿਲ ਜਾਂਦਾ ਹੈ। ਲੋਕ ਆਪਣੇ ਖੂਨ ਪਸੀਨੇ ਦੀ ਕਮਾਈ ਇਨ੍ਹਾਂ ਡੇਰਿਆਂ ਉੱਪਰ ਚੜ੍ਹਾਵੇ ਦੇ ਰੂਪ ਵਿਚ ਚੜ੍ਹਾ ਕੇ ਆਰਥਿਕ ਪੱਖ ਤੋਂ ਖੋਖਲੇ ਹੋ ਰਹੇ ਹਨ। ਅਨਪੜ੍ਹ ਲੋਕਾਂ ਦੇ ਨਾਲ-ਨਾਲ ਜੇ ਦੇਖਿਆ ਜਾਵੇ ਤਾਂ ਪੜ੍ਹਿਆ-ਲਿਖਿਆ ਵਰਗ ਵੀ ਇਸ ਅੰਧ-ਵਿਸ਼ਵਾਸ ਦੇ ਜਾਲ ਵਿਚ ਫਸਿਆ ਨਜ਼ਰ ਆ ਰਿਹਾ ਹੈ। ਲੇਖਕ ਮੁਤਾਬਿਕ ਲੋਕਾਂ ਨੂੰ ਅੰਧ-ਵਿਸ਼ਵਾਸ ਤੋਂ ਉੱਪਰ ਉੱਠ ਕੇ ਮਿਹਨਤ ਨਾਲ ਜ਼ਿੰਦਗੀ ਜਿਊਣੀ ਚਾਹੀਦੀ ਹੈ ਕਿਉਂਕਿ ਇਸ ਦਾ ਮਜ਼ਾ ਹੀ ਵੱਖਰਾ ਹੈ।

-ਰਾਜਾ ਗਿੱਲ (ਚੜਿੱਕ)
ਪਿੰਡ ਤੇ ਡਾਕ: ਚੜਿੱਕ, ਜ਼ਿਲ੍ਹਾ ਮੋਗਾ।

ਤੁਹਾਡੇ ਖ਼ਤ 30-1-2013

 ਪੰਜਾਬੀ ਰੰਗ-ਮੰਚ ਦੀ ਸ਼ਤਾਬਦੀ
ਇਹ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬੀ ਨਾਟਕ ਦੀ ਨੀਂਹ ਇਕ ਅੰਗਰੇਜ਼ ਇਸਤਰੀ ਨੋਰਾ ਰਿੱਚਰਡਜ਼, ਨੇ ਅਣਵੰਡੇ ਪੰਜਾਬ ਦੀ ਰਾਜਧਾਨੀ ਲਾਹੌਰ ਵਿਖੇ ਉਸ ਸਮੇਂ ਰੱਖੀ ਜਦੋਂ ਅੰਗਰੇਜ਼ੀ ਤੇ ਅੰਗਰੇਜ਼ੀਅਤ ਦਾ ਬੋਲ-ਬਾਲਾ ਸੀ ਤੇ ਹਿੰਦੁਸਤਾਨ ਦੀ ਆਜ਼ਾਦੀ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸੀ।
ਮਿਸਿਜ਼ ਰਿੱਚਰਡਜ਼ ਸਾਲ 1911 ਵਿਚ ਆਪਣੇ ਪਤੀ ਨਾਲ ਦਿਆਲ ਸਿੰਘ ਕਾਲਜ, ਲਾਹੌਰ ਆਈ। ਸਾਲ 1912 ਦੌਰਾਨ ਉਸ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਵਿਚ ਨਾਟਕ ਲਿਖਣ ਤੇ ਖੇਡਣ ਲਈ ਪ੍ਰੇਰਿਆ ਤੇ ਇਕ ਮੁਕਾਬਲਾ ਵੀ ਰਖਿਆ ਜਿਸ ਵਿਚ ਆਈ.ਸੀ. ਨੰਦਾ ਦਾ ਨਾਟਕ 'ਦੁਲਹਨ' ਪਹਿਲੇ ਨੰਬਰ 'ਤੇ ਰਿਹਾ। ਇਹ ਨਾਟਕ 14 ਅਪਰੈਲ 1914 ਨੂੰ ਉਸੇ ਕਾਲਜ ਵਿਚ ਖੇਡਿਆ ਗਿਆ। ਮੇਰਾ ਸਮੂਹ ਪੰਜਾਬੀ ਪਿਆਰਿਆਂ ਨੂੰ, ਵਿਸ਼ੇਸ਼ ਕਰ ਰੰਗ-ਮੰਚ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ ਇਹ ਸੁਝਾਅ ਹੈ ਕਿ ਪੰਜਾਬੀ ਨਾਟਕ ਦੀ ਸ਼ਤਾਬਦੀ ਧੂਮ-ਧਾਮ ਨਾਲ ਮਨਾਈ ਜਾਏ। ਮੇਰਾ ਸਨਿਮਰ ਸੁਝਾਅ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜੋ ਨੋਰਾ ਦੀ ਮਹਾਨ ਵਿਰਾਸਤ ਦੀ ਵਾਰਿਸ ਹੈ, ਇਸ ਕਾਰਜ ਲਈ ਅੱਗੇ ਆਏ। ਯੂਨੀਵਰਸਿਟੀ ਦੇ ਡਰਾਮਾ ਵਿਭਾਗ ਦਾ ਨਾਂਅ ਸ੍ਰੀਮਤੀ ਨੋਰਾ ਦੇ ਨਾਂਅ 'ਤੇ ਰੱਖ ਦੇਣਾ ਚਾਹੀਦਾ ਹੈ। ਸਮਾਂ ਬਹੁਤ ਥੋੜ੍ਹਾ ਰਹਿ ਗਿਆ ਹੈ, ਇਹ ਸ਼ਤਾਬਦੀ ਮਨਾਉਣ ਲਈ ਵਿਸ਼ੇਸ਼ ਧਿਆਨ ਦਿਤਾ ਜਾਏ।

-ਹਰਬੀਰ ਸਿੰਘ ਭੰਵਰ
ਲੁਧਿਆਣਾ।

ਤਬਦੀਲੀਆਂ ਦੀ ਲੋੜ ਹੈ...
ਪਿਛਲੇ ਦਿਨੀਂ ਰੋਜ਼ਾਨਾ 'ਅਜੀਤ' ਵਿਚ ਲੇਖਕ ਸਤਨਾਮ ਸਿੰਘ ਮਾਣਕ ਵੱਲੋਂ ਲਿਖਿਆ ਲੇਖ 'ਕ੍ਰਾਂਤੀਕਾਰੀ ਤਬਦੀਲੀਆਂ ਦੀ ਲੋੜ ਹੈ ਦੇਸ਼ ਦੀ ਜਮਹੂਰੀ ਪ੍ਰਣਾਲੀ ਵਿਚ' ਪੜ੍ਹਿਆ, ਜੋ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਕਾਬਲੇ-ਤਾਰੀਫ਼ ਲੇਖ ਸੀ। ਇਸ ਲਈ ਲੇਖਕ ਵਧਾਈ ਦਾ ਪਾਤਰ ਹੈ। ਅੱਜ ਭਾਰਤ ਦੀ ਜਮਹੂਰੀਅਤ ਬੜੇ ਔਖੇ ਹਾਲਾਤ ਵਿਚੋਂ ਗੁਜ਼ਰ ਰਹੀ ਹੈ। ਇਸ ਲਈ ਹਾਲਾਤ ਸੁਖਾਵੇਂ ਬਣਾਉਣੇ ਬੇਹੱਦ ਜ਼ਰੂਰੀ ਹਨ। ਲੇਖਕ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਵਿਸਥਾਰ ਸਹਿਤ ਦੱਸਿਆ ਹੈ ਕਿ ਅਸੀਂ ਭਾਰਤੀ ਲੋਕ 64ਵਾਂ ਗਣਤੰਤਰ ਮਨਾਉਣ ਵਾਲੇ, 21ਵੀਂ ਸਦੀ ਵਿਚ ਪ੍ਰਵੇਸ਼ ਹੋਣ ਦੇ ਬਾਵਜੂਦ ਕਿੱਥੇ ਖੜ੍ਹੇ ਹਾਂ। ਜ਼ਰੂਰਤ ਹੈ ਬਹੁਤ ਕੁਝ ਤਬਦੀਲ ਕਰਨ ਦੀ। ਲੋੜ ਹੈ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਕੁੰਭਕਰਨੀ ਨੀਂਦ 'ਚੋਂ ਬਾਹਰ ਆਉਣ ਦੀ, ਤਾਂ ਹੀ ਹਰੇਕ ਇਨਸਾਨ ਸਹੀ ਜ਼ਿੰਦਗੀ ਦਾ ਆਨੰਦ ਮਾਣ ਸਕਦਾ ਹੈ

-ਸਿਕੰਦਰ ਬਰਾੜ ਜਰਮਨੀ

ਪਿੰਡ ਢਿਲਵਾਂ ਵਾਲਾ (ਮੋਗਾ)।

ਦਸਮ ਪਿਤਾ ਦੀ ਦੇਣ
ਹਾਲ ਹੀ ਵਿਚ ਅਸੀਂ ਦਸਮ ਪਿਤਾ, ਸਰਬੰਸਦਾਨੀ ਮਹਾਨ ਜਰਨੈਲ ਅਤੇ ਉੱਚ ਕੋਟੀ ਦੇ ਵਿਦਵਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਉਤਸਵ ਬੜੀ ਸ਼ਰਧਾ ਨਾਲ ਮਨਾ ਕੇ ਹਟੇ ਹਾਂ। ਪ੍ਰਕਾਸ਼ ਉਤਸਵ ਤੋਂ ਇਕ ਦਿਨ ਪਹਿਲਾਂ ਵੱਖ-ਵੱਖ ਥਾਵਾਂ ਉੱਪਰ ਨਗਰ ਕੀਰਤਨ ਸਜਾਏ ਗਏ, ਲੰਗਰ ਲਗਾਏ ਗਏ ਅਤੇ ਬਿਨਾਂ ਭੇਦ-ਭਾਵ ਦੇ ਸਭ ਲੋਕਾਂ ਨੇ ਇਨ੍ਹਾਂ ਸਮਾਗਮਾਂ ਵਿਚ ਸ਼ਿਰਕਤ ਕੀਤੀ। ਅਸਲ ਵਿਚ ਗੁਰੂ ਜੀ ਦਾ ਫਲਸਫ਼ਾ ਕੀ ਸੀ। ਕਸ਼ਮੀਰੀ ਪੰਡਿਤਾਂ ਦੇ ਧਰਮ ਪਰਿਵਰਤਨ ਨੂੰ ਰੋਕਣ ਲਈ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਦਾ ਚਾਂਦਨੀ ਚੌਕ ਵਿਚ ਬਲਿਦਾਨ, ਵੱਡੇ ਸਾਹਿਬਜ਼ਾਦਿਆਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਆਖਰ ਨੂੰ ਆਪਣਾ ਬਲਿਦਾਨ। ਇਹ ਸਭ ਕੁਝ ਕੀ ਦਰਸਾਉਂਦਾ ਹੈ? ਕੀ ਇਸ ਮਹਾਨ ਮਹਾਂਪੁਰਸ਼ ਸਰਬੰਸਦਾਨੀ ਦਾ ਬਲਿਦਾਨ ਸਮੁੱਚੇ ਭਾਰਤ ਲਈ ਨਹੀਂ ਸੀ? ਕੀ ਇਹ ਜ਼ਰੂਰੀ ਨਹੀਂ ਸੀ ਕਿ ਭਾਰਤ ਦੀ ਪਾਰਲੀਮੈਂਟ ਵਿਚ ਇਸ ਮਹਾਨ ਗੁਰੂ ਦੀਆਂ ਤਸਵੀਰਾਂ ਲਗਾਈਆਂ ਜਾਣ? ਉਨ੍ਹਾਂ ਦੇ ਪ੍ਰਕਾਸ਼ ਉਤਸਵ ਨੂੰ ਪੂਰੇ ਭਾਰਤ ਵਿਚ ਮਨਾਇਆ ਜਾਂਦਾ?

-ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

ਤੁਹਾਡੇ ਖ਼ਤ-29-1-2013

 ਪੱਤਰਕਾਰੀ ਦਾ ਮਨੋਰਥ

ਅੱਜ ਜੇ ਕਿਸੇ 'ਤੇ ਵਿਸ਼ਵਾਸ ਹੈ ਤਾਂ ਉਹ ਮੀਡੀਆ ਜਗਤ 'ਤੇ ਹੈ। ਮੀਡੀਆ ਨੂੰ ਸਮਾਜ ਦਾ ਚੌਥਾ ਥੰਮ੍ਹ ਹੋਣ ਦਾ ਮਾਣ ਵੀ ਹਾਸਲ ਹੈ। ਪਰ ਪਿਛਲੇ ਲੰਮੇ ਸਮੇਂ ਤੋਂ ਮੀਡੀਆ ਦੇ ਇਕ ਹਿੱਸੇ 'ਤੇ ਦੋਸ਼ ਲੱਗਦੇ ਆ ਰਹੇ ਹਨ ਕਿ ਉਹ ਸਬੰਧਤ ਵਿਅਕਤੀਆਂ ਤੋਂ ਖ਼ਬਰਾਂ ਲਾਉਣ ਜਾਂ ਪ੍ਰਸਾਰਿਤ ਕਰਨ ਲਈ ਵੱਡੀਆਂ ਰਕਮਾਂ ਲੈਂਦੇ ਹਨ। ਇਸੇ ਸੰਦਰਭ ਵਿਚ ਪਿਛਲੇ ਦਿਨਾਂ ਤੋਂ ਦੇਸ਼ ਦੇ ਸਨਅਤੀ ਘਰਾਣੇ ਜਿੰਦਲ ਗਰੁੱਪ ਦਾ ਨਾਂਅ ਕੋਲਾ ਬਲਾਕ ਦੀ ਵੰਡ ਦੇ ਘੁਟਾਲੇ ਵਿਚ ਆ ਰਿਹਾ ਹੈ। ਕੁਝ ਪੱਤਰਕਾਰਾਂ ਵੱਲੋਂ ਜਿੰਦਲ ਗਰੁੱਪ ਕੋਲੋਂ ਵੱਡੀਆਂ ਰਕਮਾਂ ਦੀ ਮੰਗ ਇਸ ਲਈ ਕੀਤੀ ਗਈ ਕਿ ਤੁਹਾਡੀ ਕੰਪਨੀ ਦੀ ਕੋਲਾ ਘੁਟਾਲੇ 'ਚ ਸ਼ਮੂਲੀਅਤ ਦੀ ਖ਼ਬਰ ਪ੍ਰਸਾਰਿਤ ਨਹੀਂ ਕੀਤੀ ਜਾਵੇਗੀ। ਭਾਵੇਂ ਇਹ ਗੱਲ ਸੱਚ ਹੈ ਜਾਂ ਨਹੀਂ ਪਰ ਇਸ ਤਰ੍ਹਾਂ ਦੀ ਚਰਚਾ ਨਾਲ ਮੀਡੀਆ ਆਪਣੀ ਵਿਸ਼ਵਾਸਯੋਗਤਾ ਹੀ ਗੁਆ ਰਿਹਾ ਹੈ। ਪੱਤਰਕਾਰੀ ਦਾ ਮਨੋਰਥ ਵਪਾਰਕ ਨਹੀਂ ਸਗੋਂ ਸਮਾਜ ਨੂੰ ਸਹੀ ਸੇਧ ਤੇ ਸਹੀ ਜਾਣਕਾਰੀ ਦੇਣਾ ਹੀ ਹੋਣਾ ਚਾਹੀਦਾ ਹੈ। ਪੱਤਰਕਾਰੀ ਉਹੀ ਸਥਾਈ ਹੁੰਦੀ ਹੈ, ਜਿਹੜੀ ਲੋਕਾਂ ਦੇ ਹੱਕੀ ਸੰਘਰਸ਼ਾਂ ਦੀ ਸਫਲਤਾ ਲਈ ਆਪਣੀ ਬਣਦੀ ਭੂਮਿਕਾ ਅਦਾ ਕਰਦੀ ਹੋਵੇ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਵਿਦੇਸ਼ ਜਾਣ ਦੀ ਲਲਕ

ਵਿਦੇਸ਼ ਜਾ ਕੇ ਪੈਸੇ ਕਮਾਉਣ ਦੀ ਲਾਲਸਾ ਹਰ ਇਕ ਪੰਜਾਬੀ ਨੌਜਵਾਨ ਵਿਚ ਪ੍ਰਬਲ ਹੋ ਰਹੀ ਹੈ। ਉਹ ਜਿਵੇਂ-ਕਿਵੇਂ ਵੀ ਕਰਜ਼ਾ ਲੈ ਕੇ, ਬਹੁਮੁੱਲੀਆਂ ਜ਼ਮੀਨਾਂ ਵੇਚ ਕੇ ਵਿਦੇਸ਼ ਜਾਣਾ ਚਾਹੁੰਦੇ ਹਨ। ਇਸ ਤਰ੍ਹਾਂ ਕਈ ਨੌਜਵਾਨ ਏਜੰਟਾਂ ਦੇ ਢਹੇ ਚੜ੍ਹ ਕੇ ਆਪਣਾ ਸਭ ਕੁਝ ਗੁਆ ਚੁੱਕੇ ਹਨ। ਕਿੰਨੇ ਦੁੱਖ ਦੀ ਗੱਲ ਹੈ ਕਿ ਨੌਜਵਾਨ ਇਥੇ ਆਪਣੇ ਵਤਨ ਵਿਚ ਰਹਿ ਕੇ ਘਰੇਲੂ ਛੋਟੇ ਧੰਦਿਆਂ ਅਤੇ ਖੇਤੀਬਾੜੀ ਧੰਦਿਆਂ ਨੂੰ ਅਪਣਾਉਣ ਵਿਚ ਸ਼ਰਮ ਮਹਿਸੂਸ ਕਰਦੇ ਹਨ। ਵਿਦੇਸ਼ਾਂ ਵਿਚ ਜਾ ਕੇ ਇਹ ਹੀ ਨੌਜਵਾਨ 14-14 ਘੰਟੇ ਭੁੱਖੇ ਰਹਿ ਕੇ ਸਖ਼ਤ ਮਿਹਨਤਾਂ ਕਰਦੇ ਹਨ। ਇਥੇ ਹੀ ਕੰਮ ਕਰਨ ਵਾਲੀਆਂ ਥਾਵਾਂ 'ਤੇ ਠੇਕੇਦਾਰਾਂ ਅਤੇ ਏਜੰਟਾਂ ਦੁਆਰਾ ਉਨ੍ਹਾਂ ਦਾ ਸ਼ੋਸ਼ਣ ਵੀ ਕੀਤਾ ਜਾਂਦਾ ਹੈ। ਨੌਜਵਾਨਾਂ ਦੇ ਨਾਲ-ਨਾਲ ਚੰਗੀ ਪ੍ਰਤਿਭਾ ਰੱਖਣ ਵਾਲੇ ਇਨ੍ਹਾਂ ਇਨਸਾਨਾਂ ਨੂੰ ਇਥੇ ਰਹਿ ਕੇ ਆਪਣੀ ਮਾਤਭੂਮੀ ਦਾ ਕਰਜ਼ ਉਤਾਰਨਾ ਚਾਹੀਦਾ ਹੈ। ਇਥੋਂ ਤੱਕ ਕਿ ਇਸ ਤੋਂ ਵੀ ਦੋ ਕਦਮ ਅੱਗੇ ਨਿਕਲ ਆਪਣੇ ਸ਼ਹਿਰਾਂ ਨੂੰ ਛੱਡ ਕੇ ਦੂਜੇ ਪਿੰਡ ਵਿਚ ਜਾਂ ਡਾਕਟਰ, ਅਧਿਆਪਕ ਅਤੇ ਉੱਚ ਅਧਿਕਾਰੀ ਆਪਣੀ ਜਨਮ ਭੂਮੀ ਦਾ ਕਰਜ਼ ਉਤਾਰਨ। ਇਸ ਤਰ੍ਹਾਂ ਉਨ੍ਹਾਂ ਦੇ ਪਿੰਡ ਜਾਂ ਸ਼ਹਿਰ ਦੀ ਸ਼ੋਭਾ ਵਧਦੀ ਹੈ।

-ਵਰਿੰਦਰ ਸ਼ਰਮਾ
ਲੈਕਚਰਾਰ ਅੰਗਰੇਜ਼ੀ
ਮੁਹੱਲਾ ਪੱਬੀਆਂ, ਧਰਮਕੋਟ, ਮੋਗਾ।

ਵਰਤਮਾਨ ਦਾ ਸੱਚ

ਅੱਜ ਸਾਡਾ ਲੋਕਤੰਤਰੀ ਭਾਰਤ ਦੇਸ਼ ਭ੍ਰਿਸ਼ਟਾਚਾਰ ਤੇ ਘਪਲਿਆਂ ਦਾ ਦੇਸ਼ ਬਣ ਕੇ ਰਹਿ ਗਿਆ ਹੈ। ਸਾਡੇ ਆਗੂਆਂ ਦੇ ਭ੍ਰਿਸ਼ਟ ਜਾਣ ਕਾਰਨ ਵਾੜ ਦੀ ਖੇਤ ਨੂੰ ਖਾਣ ਵਾਲੀ ਸਥਿਤੀ ਬਣ ਗਈ ਹੈ। ਭ੍ਰਿਸ਼ਟਾਚਾਰ ਸਾਡੇ ਸਮਾਜ ਦੇ ਮੱਥੇ 'ਤੇ ਬਹੁਤ ਵੱਡਾ ਕਲੰਕ ਹੈ। ਇਸ ਬਿਮਾਰੀ ਕਰਕੇ ਸਾਡਾ ਭਾਰਤ ਸੰਸਾਰ ਦੀ ਸਭ ਤੋਂ ਵੱਡੀ ਤਾਕਤ ਤਾਂ ਕੀ ਇਹ ਲੋਕਤੰਤਰ ਵੀ ਨਹੀਂ ਬਣ ਸਕਦਾ। ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਵੀ ਭ੍ਰਿਸ਼ਟਾਚਾਰ ਦੀ ਭੇਟ ਚੜ੍ਹ ਗਿਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਮਾਨਦਾਰ ਤੇ ਸਰੀਫ਼ ਵਿਅਕਤੀ ਵੀ ਹੁੰਦੇ ਹਨ ਪਰ ਉਨ੍ਹਾਂ ਦੀ ਗਿਣਤੀ ਹੱਥਾਂ 'ਤੇ ਕੀਤੀ ਜਾ ਸਕਦੀ ਹੈ। ਅਜਿਹੇ ਅਫਸਰਾਂ ਨੂੰ ਜਾਂ ਤਾਂ ਅਹੁਦੇ ਤੋਂ ਉਤਾਰ ਦਿੱਤਾ ਜਾਂਦਾ ਹੈ ਜਾਂ ਫਿਰ ਬਦਲੀ ਕਰ ਦਿੱਤੀ ਜਾਂਦੀ ਹੈ। ਸਾਡੇ ਆਗੂਆਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਰਾਜਨੀਤੀ ਦਾ ਭਾਵ ਸੇਵਾ ਕਰਨਾ ਹੈ ਨਾ ਕਿ ਜਨਤਾ ਨੂੰ ਲੁੱਟਣਾ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਭ੍ਰਿਸ਼ਟ ਅਫ਼ਸਰਾਂ ਨੂੰ ਸਖ਼ਤ ਸਜ਼ਾਵਾਂ ਦੇਵੇ ਤਾਂ ਜੋ ਕੋਈ ਵੀ ਰਿਸ਼ਵਤ, ਘੁਟਾਲੇ ਤੇ ਭ੍ਰਿਸ਼ਟਾਚਾਰੀ ਬਾਰੇ ਕੋਈ ਸੋਚ ਵੀ ਨਾ ਸਕੇ।

-ਜਸਵੀਰ ਕੌਰ ਚੌਹਾਨ
ਫਤਹਿਗੜ੍ਹ ਸਾਹਿਬ।

ਤੁਹਾਡੇ ਖ਼ਤ 23-1-2013

ਕੀਮਤਾਂ ਵਿਚ ਵਾਧਾ
ਸਰਕਾਰ ਵੱਲੋਂ ਡੀਜ਼ਲ, ਰਸੋਈ ਗੈਸ ਦੀਆਂ ਕੀਮਤਾਂ ਵਿਚ ਕੀਤਾ ਵਾਧਾ ਸਹਿਣ ਯੋਗ ਨਹੀਂ ਹੈ। ਡੀਜ਼ਲ ਨੂੰ ਕੰਟਰੋਲ ਮੁਕਤ ਕਰਨ ਨਾਲ ਇਸ ਦੇ ਰੇਟਾਂ ਵਿਚ ਕਾਫੀ ਵਾਧਾ ਹੋਵੇਗਾ। ਕੰਪਨੀਆਂ ਆਪਣੀ ਮਨਮਰਜ਼ੀ ਕਰਨਗੀਆਂ, ਜਿਸ ਨਾਲ ਮਹਿੰਗਾਈ ਹੋਰ ਵਧੇਗੀ, ਆਮ ਆਦਮੀ ਤਾਂ ਪਹਿਲਾਂ ਹੀ ਮਹਿੰਗਾਈ ਕਾਰਨ ਦੁਖੀ ਹੈ। ਹੋਰ ਮਹਿੰਗਾਈ ਵਧਣ ਨਾਲ ਆਮ ਆਦਮੀ ਦੀ ਕਮਰ ਹੀ ਟੁੱਟ ਜਾਵੇਗੀ। ਸਰਕਾਰ ਨੂੰ ਆਪਣੇ ਫ਼ੈਸਲੇ ਉੱਪਰ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ।

-ਐਸ. ਆਰ. ਸਿੰਗਲਾ ਬਰੇਟਾ
ਗਲੀ ਨੰ: 16, ਧੋਬੀਆਣਾ ਰੋਡ, ਬਠਿੰਡਾ।


ਬੱਚੇ ਕੁਪੋਸ਼ਣ ਦਾ ਸ਼ਿਕਾਰ

ਦੇਸ਼ ਨੂੰ ਆਜ਼ਾਦ ਹੋਏ 66 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਪਰ ਏਨੇ ਜ਼ਿਆਦਾ ਅੰਨ ਦੇ ਭੰਡਾਰ ਪੈਦਾ ਹੋਣ ਦੇ ਬਾਵਜੂਦ ਭਾਰਤ ਦੇ ਬੱਚੇ ਕੁਪੋਸ਼ਣ ਦੇ ਸ਼ਿਕਾਰ ਹੋ ਰਹੇ ਹਨ। ਤਾਜ਼ਾ ਅੰਕੜਿਆਂ ਮੁਤਾਬਿਕ ਭਾਰਤ ਦਾ ਲਗਭਗ ਹਰ ਦੂਜਾ ਬੱਚਾ ਕੁਪੋਸ਼ਣ ਦਾ ਸ਼ਿਕਾਰ ਹੈ। ਦੇਸ਼ ਅੰਦਰ ਹਰ ਸਾਲ ਲੱਖਾਂ-ਕਰੋੜਾਂ ਟਨ ਅਨਾਜ ਖੁੱਲ੍ਹੇ ਅਸਮਾਨ ਹੇਠਾਂ ਗਲ-ਸੜ ਰਿਹਾ ਹੈ। ਪਰ ਦੇਖੋ ਸਾਡੇ ਦੇਸ਼ ਦੇ ਬੱਚਿਆਂ ਦੀ ਕਿਸਮਤ ਜੋ ਅਨਾਜ ਦੇ ਪੱਖੋਂ ਸਰੀਰਕ ਤੇ ਮਾਨਸਿਕ ਤੌਰ 'ਤੇ ਕਮਜ਼ੋਰ ਹੋ ਰਹੇ ਹਨ। ਅੱਜ ਸਕੂਲਾਂ ਅੰਦਰ ਲਗਭਗ ਹਰ ਪਿੰਡ ਵਿਚ ਅਜਿਹੇ ਬੱਚੇ ਹਨ, ਜੋ ਕਿਸੇ ਕਾਰਨ ਮਾਨਸਿਕ ਤੌਰ 'ਤੇ ਕਮਜ਼ੋਰ ਹਨ। ਪਰ ਸਾਡੇ ਦੇਸ਼ ਦੀਆਂ ਖੁਰਾਕਾਂ ਦਾ ਤਾਂ ਰੱਬ ਹੀ ਰਾਖਾ ਹੈ। ਬੇਈਮਾਨੀ ਬਹੁਤ ਵਧ ਗਈ ਹੈ। ਮਿਲਾਵਟ ਸਾਡੇ ਹੱਡਾਂ ਵਿਚ ਰਚ ਗਈ ਹੈ। ਪਰ ਸਾਰੇ ਸੋਚੋ ਕਿ ਜੇ ਸਾਡੇ ਨੰਨ੍ਹੇ ਫੁੱਲ ਹੀ ਬਚਪਨ ਤੋਂ ਕਮਜ਼ੋਰ ਹੋਣਗੇ ਤਾਂ ਕੀ ਉਹ ਆਉਣ ਵਾਲੇ ਸਮੇਂ ਦਾ ਸੰਵਾਰਨਗੇ। ਇਹ ਬੇਹੱਦ ਗੰਭੀਰ ਸਮੱਸਿਆ ਹੈ। ਜੇ ਛੇਤੀ ਹੱਲ ਨਾ ਨਿਕਲਿਆ ਤਾਂ ਸਾਡਾ ਭਾਰਤ ਕਮਜ਼ੋਰ ਹੋਵੇਗਾ, ਜਿਸ ਦੀ ਜ਼ਿੰਮੇਵਾਰੀ ਕੌਣ ਲਵੇਗਾ, ਪਤਾ ਨਹੀਂ?

-ਜਸਦੀਪ ਸਿੰਘ ਖੰਨਾ
ਕ੍ਰਿਸ਼ਨਾ ਨਗਰ, ਗਲੀ ਨੰ: 10.

ਅਗਿਆਨਤਾ ਦਾ ਆਲਮ
ਪਿਛਲੇ ਦਿਨਾਂ ਦੇ ਅੰਕ ਵਿਚ ਬਰਜਿੰਦਰ ਸਿੰਘ ਜੀ ਹਮਦਰਦ ਦੀ ਸੰਪਾਦਕੀ 'ਬਾਪੂ ਆਸਾ ਰਾਮ ਦੀ ਬੋਲ-ਬਾਣੀ' ਕਾਬਲੇ ਤਾਰੀਫ਼ ਸੀ। ਇਕ ਪਾਸੇ ਤਾਂ ਅਜਿਹੇ ਅਨੇਕਾਂ ਹੀ 'ਸੰਤ' ਆਪਣੇ 'ਪ੍ਰਵਚਨਾਂ' ਅਤੇ ਅਸ਼ੀਰਵਾਦ ਨਾਲ ਕਰੋੜਾਂ ਲੋਕਾਂ ਦਾ ਜੀਵਨ ਸੁਧਾਰਨ ਦਾ ਦਾਅਵਾ ਕਰਦੇ ਹਨ। ਦੂਜੇ ਪਾਸੇ ਇਹ ਆਪਣੀ ਗ਼ੈਰ-ਜ਼ਿੰਮੇਵਾਰ ਬੋਲ-ਬਾਣੀ ਰਾਹੀਂ ਸਮਾਜ ਵਿਚ ਨਫ਼ਰਤ ਫੈਲਾ ਰਹੇ ਹਨ। ਸਦੀਆਂ ਤੋਂ ਅਨਪੜ੍ਹਤਾ ਅਤੇ ਗੁਰਬਤ ਦੇ ਮਾਰੇ ਲੋਕ ਆਪਣੀਆਂ ਆਰਥਿਕ ਅਤੇ ਪਰਿਵਾਰਕ ਸਮੱਸਿਆਵਾਂ ਦੇ ਹੱਲ ਲਈ ਕੋਈ ਠੁਮਣੇ ਭਾਲਦੇ ਹਨ, ਇਸ ਲਈ ਹੀ ਉਹ ਇਨ੍ਹਾਂ ਅਖੌਤੀ ਸਾਧਾਂ ਦੇ ਚੁੰਗਲ ਵਿਚ ਫਸ ਜਾਂਦੇ ਹਨ, ਕਿਉਂਕਿ ਗਿਆਨ ਦੀ ਘਾਟ ਕਾਰਨ ਅਨਪੜ੍ਹ ਆਦਮੀ ਸਮੱਸਿਆ ਦੀ ਤਹਿ ਤੱਕ ਨਹੀਂ ਜਾ ਪਾਉਂਦਾ। ਦੂਜੇ ਪਾਸੇ ਇਹ ਸਾਧ ਲੋਕਾਂ ਨੂੰ ਆਪਣੀਆਂ ਮੋਮੋਠੱਗਣੀਆਂ ਗੱਲਾਂ ਨਾਲ ਆਪਣੇ ਜਾਲ ਵਿਚ ਫਸਾ ਲੈਂਦੇ ਹਨ। ਜਦੋਂ ਤੱਕ ਲੋਕ ਗਿਆਨਵਾਨ ਨਹੀਂ ਹੋਣਗੇ, ਅਜਿਹੇ ਅਖੌਤੀ ਸਾਧਾਂ ਦੇ ਡੇਰੇ ਵਧਦੇ-ਫੁਲਦੇ ਰਹਿਣਗੇ।

-ਬੀ. ਐਸ. ਚੌਧਰੀ
ਪਿੰਡ ਗੋਬਿੰਦਪੁਰਾ, ਜ਼ਿਲ੍ਹਾ ਪਟਿਆਲਾ।

ਔਰਤਾਂ ਜਾਗਰੂਕ ਹੋਣ
ਮੌਜੂਦਾ ਦੌਰ ਵਿਚ ਔਰਤਾਂ ਉੱਤੇ ਹੋ ਰਹੇ ਜੁਰਮਾਂ ਦੇ ਖਿਲਾਫ਼ 'ਅਜੀਤ' ਦੇ ਸੰਪਾਦਕੀ ਪੰਨਿਆਂ ਵਿਚ ਵੱਖ-ਵੱਖ ਲੇਖਕਾਂ ਦੇ ਵਿਚਾਰ ਪੇਸ਼ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚੋਂ ਹੀ ਪਿਛਲੇ ਦਿਨੀਂ ਸੰਪਾਦਕੀ ਪੰਨੇ ਵਿਚ ਐਸ. ਐਲ. ਵਿਰਦੀ ਦੇ ਲਿਖੇ ਵਿਚਾਰ 'ਔਰਤਾਂ ਵਿਰੁੱਧ ਜੁਰਮ ਕਿਵੇਂ ਰੁਕਣ' ਪੜ੍ਹਿਆ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਸਰਕਾਰਾਂ ਨੂੰ ਔਰਤਾਂ ਦੀ ਭਲਾਈ ਲਈ ਬਣਾਏ ਕਾਨੂੰਨਾਂ ਨੂੰ ਇਨ-ਬਿਨ ਲਾਗੂ ਕਰਨਾ ਚਾਹੀਦਾ ਹੈ ਤਾਂ ਜੋ ਔਰਤਾਂ 'ਤੇ ਹੋ ਰਹੇ ਅੱਤਿਆਚਾਰਾਂ ਨੂੰ ਠੱਲ੍ਹ ਪੈ ਸਕੇ।

-ਕੇ. ਐਸ. ਪਾਪੜਾ
ਜ਼ਿਲ੍ਹਾ ਸੰਗਰੂਰ।

ਤੁਹਾਡੇ ਖੱਤ- 22-1-13

ਔਰਤ ਦਾ ਸਨਮਾਨ

ਪੰਜਾਬ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਨੂੰ ਅੱਤਵਾਦ ਤੋਂ ਕੋਈ ਖ਼ਤਰਾ ਨਹੀਂ ਹੈ। ਖ਼ਤਰਾ ਹੈ ਤਾਂ ਦੇਸ਼ ਵਿਚ ਹੋਣ ਵਾਲੇ ਔਰਤਾਂ ਪ੍ਰਤੀ ਧੱਕੇ ਤੋਂ ਹੈ। ਔਰਤਾਂ ਪ੍ਰਤੀ ਮੌਜੂਦਾ ਸਥਿਤੀ ਇਹ ਹੈ ਕਿ ਔਰਤ ਨੂੰ ਬੁਰੀਆਂ ਨਜ਼ਰਾਂ ਵੱਲੋਂ ਦਬੋਚ ਕੇ ਆਪਣੀ ਹਵਸ ਦਾ ਸ਼ਿਕਾਰ ਬਣਾ ਕੇ ਚਲੇ ਹੋਏ ਪਟਾਖੇ ਦੇ ਖੋਲ੍ਹ ਵਾਂਗ ਸੁੱਟ ਦਿੱਤਾ ਜਾਂਦਾ ਹੈ। ਅਜਿਹਾ ਕਿਉਂ? ਔਰਤ ਨੂੰ ਬਣਦਾ ਸਤਿਕਾਰ ਕਿਉਂ ਨਹੀਂ ਮਿਲ ਰਿਹਾ? ਜੇਕਰ ਮਰਦਾਂ ਨੂੰ ਰੱਬ ਨੇ ਮਰਦ ਦੀ ਜੂਨੀ ਪਾ ਕੇ ਸੰਸਾਰ 'ਤੇ ਭੇਜ ਦਿੱਤਾ ਤਾਂ ਕੀ ਮਰਦ ਰੱਬ ਬਣ ਗਿਆ? ਔਰਤ ਦਾ ਬਣਦਾ ਸਤਿਕਾਰ ਕਿੱਥੇ ਗਿਆ? ਮਰਦ ਇਹ ਕਿਉਂ ਭੁੱਲ ਗਿਆ ਹੈ ਕਿ ਉਸ ਨੂੰ ਔਰਤ ਦੇ ਪੇਟੋਂ ਹੀ ਜਨਮ ਮਿਲਦਾ ਹੈ। ਅੱਜ ਔਰਤ ਨੂੰ ਸਨਮਾਨ ਦੀ ਥਾਂ ਅਪਮਾਨਿਤ ਕੀਤਾ ਜਾ ਰਿਹਾ ਹੈ। ਦਿੱਲੀ ਵਰਗੀਆਂ ਘਟਨਾਵਾਂ ਵਾਪਰਨ ਨਾਲ ਜਾਪਦਾ ਹੈ ਜਿਵੇਂ ਦੇਸ਼ ਦੀ ਔਰਤ ਸੁਰੱਖਿਅਤ ਨਹੀਂ ਹੈ, ਦੇਸ਼ ਵਿਚ ਪੁਲਿਸ ਦਾ ਕੰਟਰੋਲ ਖੁਸ ਗਿਆ ਜਾਪਦਾ ਹੈ। ਹਰ ਘਟਨਾ 'ਤੇ ਬਾਜ਼ ਵਾਲੀ ਨਜ਼ਰ ਰੱਖਣ ਵਾਲੀ ਪੁਲਿਸ ਕੁੰਭਕਰਨੀ ਨੀਂਦ ਸੁੱਤੀ ਪਈ ਹੈ। 'ਔਰਤ ਦਾ ਸਨਮਾਨ, ਅਸਲ ਮਰਦ ਦੀ ਪਛਾਣ' ਸੋ ਸਾਨੂੰ ਦੇਸ਼ ਦੀ ਹਰ ਔਰਤ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ।

-ਸੁਖਵਿੰਦਰ ਕਲੇਰ ਬੱਸੀਆਂ
ਪਿੰਡ ਤੇ ਡਾਕ: ਬੱਸੀਆਂ, ਜ਼ਿਲ੍ਹਾ ਲੁਧਿਆਣਾ।

ਅੰਨਦਾਤੇ ਦੀ ਹਾਲਤ


ਮੇਰੇ ਦੇਸ਼ ਦੇ ਕਿਸਾਨ ਦੀ ਆਰਥਿਕ ਸਥਿਤੀ ਡਰਗਮਾਉਂਦੀ ਨਜ਼ਰ ਆ ਰਹੀ ਹੈ। ਆਪਣੀ ਸਖ਼ਤ ਮਿਹਨਤ ਦੇ ਜ਼ਰੀਏ ਦੂਜਿਆਂ ਦੇ ਪੇਟ ਭਰਨ ਵਾਲਾ ਇਹ ਅੰਨਦਾਤਾ ਅੱਜ ਖ਼ੁਦ ਭੁੱਖਾ ਸੌਣ ਲਈ ਅਤੇ ਆਤਮ-ਹੱਤਿਆਵਾਂ ਕਰਨ ਲਈ ਮਜਬੂਰ ਹੈ। ਇਸ ਦਾ ਮੁੱਖ ਕਾਰਨ ਖਾਦਾਂ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪਿਛਲੇ ਸਮੇਂ ਤੋਂ ਹੋ ਰਿਹਾ ਭਾਰੀ ਵਾਧਾ ਹੈ, ਜਿਸ ਦੇ ਸਿੱਟੇ ਵਜੋਂ ਖੇਤੀ ਲਾਗਤਾਂ ਵਧੀਆਂ ਹਨ ਅਤੇ ਖੇਤੀ ਉਤਪਾਦਨ ਵਿਚ ਕਮੀ ਆਈ ਹੈ। ਇਸ ਤੋਂ ਇਲਾਵਾ ਲਾਗਤਾਂ ਦੇ ਅਨੁਪਾਤ ਅਨੁਸਾਰ ਫਸਲਾਂ ਦੀ ਕੀਮਤ ਵਿਚ ਵਾਧਾ ਨਹੀਂ ਹੋ ਰਿਹਾ। ਪਿਛਲੇ ਦਿਨੀਂ ਕੇਂਦਰ ਸਰਕਾਰ ਦੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਵੱਲੋਂ ਕਣਕ ਦੇ ਖਰੀਦ ਮੁੱਲ 'ਚ 65 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਦੇ ਐਲਾਨ ਨਾਲ ਸਮੁੱਚੇ ਕਿਸਾਨ ਵਰਗ ਵਿਚ ਨਿਰਾਸ਼ਾ ਪੈਦਾ ਹੋਈ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਫਸਲ ਵਿਭਿੰਨਤਾ ਲਿਆਉਣ ਲਈ ਉਤਸ਼ਾਹਿਤ ਕਰਨ ਦੇ ਨਾਲ-ਨਾਲ ਖੇਤੀ ਲਾਗਤਾਂ ਦੇ ਅਨੁਸਾਰ ਫਸਲ ਦੀਆਂ ਕੀਮਤਾਂ ਦੇਵੇ। ਕਿਸਾਨ ਵਰਗ ਦੀ ਬਰਬਾਦੀ ਮੇਰੇ ਦੇਸ਼ ਲਈ ਖ਼ਤਰੇ ਦੀ ਘੰਟੀ ਹੈ।

-ਜਗਤਾਰ 'ਗੰਡੇਵਾਲ'
ਪਿੰਡ ਗੰਡੇਵਾਲ, ਤਹਿ: ਧੂਰੀ, ਸੰਗਰੂਰ।

ਸਿਹਤ ਸਹੂਲਤਾਂ ਦੀ ਘਾਟ


ਦਿੱਲੀ ਵਿਚ ਵਾਪਰੇ ਸਮੂਹਿਕ ਦੁਰਾਚਾਰ ਦੇ ਘਟਨਾਕ੍ਰਮ ਵਿਚ ਪੀੜਤ ਲੜਕੀ ਦੀ ਸਿੰਗਾਪੁਰ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ ਹੈ। ਇਸ ਘਟਨਾ ਨੇ ਸਾਰੇ ਭਾਰਤੀ ਲੋਕਾਂ ਦੇ ਦਿਲ ਦਹਿਲਾ ਦਿੱਤੇ ਹਨ। ਸ਼ਰੇਆਮ ਗੁੰਡਾਗਰਦੀ ਦਾ ਨਾਚ ਨੱਚਿਆ ਗਿਆ ਹੈ। ਲੜਕੀ ਦੀ ਮੌਤ ਨਾਲ ਇਹ ਗੱਲ ਖੁੱਲ੍ਹ ਕੇ ਸਾਹਮਣੇ ਆਈ ਹੈ ਕਿ ਭਾਰਤ ਵਿਚ ਸਿਹਤ ਸਹੂਲਤਾਂ ਦੀ ਵੱਡੀ ਘਾਟ ਹੈ। ਜੇਕਰ ਪੀੜਤ ਲੜਕੀ ਦਾ ਇਲਾਜ ਇਥੇ ਹੀ ਕੀਤਾ ਜਾਂਦਾ ਤਾਂ ਸ਼ਾਇਦ ਉਸ ਦੀ ਜ਼ਿੰਦਗੀ ਬਚ ਸਕਦੀ। ਅੱਜ ਸਾਡੇ ਮੰਤਰੀ ਸਾਹਿਬਾਨ, ਅਮੀਰ, ਵਪਾਰੀ, ਉਦਯੋਗਪਤੀ ਅਤੇ ਕ੍ਰਿਕਟਰ ਆਪਣੇ ਇਲਾਜ ਲਈ ਵਿਦੇਸ਼ ਜਾਂਦੇ ਹਨ। ਇਹ ਪ੍ਰਸ਼ਨ ਉੱਠਦਾ ਹੈ ਕਿ ਭਾਰਤ ਇਕ ਮਜ਼ਬੂਤ ਲੋਕਤੰਤਰੀ ਦੇਸ਼ ਹੋਣ 'ਤੇ ਵੀ ਸਿਹਤ ਸਹੂਲਤਾਂ ਲਈ ਕਿਉਂ ਅਮਰੀਕਾ, ਬਰਤਾਨੀਆ ਅਤੇ ਸਿੰਗਾਪੁਰ ਆਦਿ ਦੇਸ਼ਾਂ 'ਤੇ ਨਿਰਭਰ ਕਰਦਾ ਹੈ। ਅਜਿਹੀ ਸਥਿਤੀ ਵਿਚ ਗਰੀਬ ਲੋਕਾਂ ਦੀ ਸਿਹਤ ਦਾ ਕੀ ਹਾਲ ਹੋਵੇਗਾ। ਇਸ ਦਾ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ ਹੈ। ਅੱਜ ਲੋੜ ਹੈ ਵੱਡੇ ਘੁਟਾਲਿਆਂ ਤੋਂ ਵਿਹਲੇ ਹੋ ਕੇ ਵੱਡੇ ਹਸਪਤਾਲ, ਜਿਨ੍ਹਾਂ ਵਿਚ ਆਧੁਨਿਕ ਸਹੂਲਤਾਂ ਦੇ ਨਾਲ-ਨਾਲ ਵੱਡੇ ਡਾਕਟਰ ਵੀ ਹੋਣ, ਉਸਾਰੇ ਜਾਣ, ਤਾਂ ਜੋ ਭਾਰਤੀਆਂ ਨੂੰ ਸਿਹਤ ਸਹੂਲਤਾਂ ਲਈ ਵਿਦੇਸ਼ਾਂ 'ਤੇ ਨਿਰਭਰ ਨਾ ਰਹਿਣਾ ਪਵੇ।

-ਨਵਤੇਜ ਸਿੰਘ ਮੱਲ੍ਹੀ
ਫੋਨ : 88721-58240.

ਸੰਪਾਦਕ ਦੇ ਨਾਂਅ ਪੱਤਰ


ਪੰਛੀਆਂ ਦੇ ਬਚਾਅ ਲਈ
ਕੜਾਕੇ ਦੀ ਪੈ ਰਹੀ ਸਰਦੀ ਨੇ ਜਿਥੇ ਮਨੁੱਖਾਂ ਦੀ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਉਥੇ ਜੀਵ-ਜੰਤੂ ਵੀ ਇਸ ਦੀ ਮਾਰ ਤੋਂ ਨਹੀਂ ਬਚੇ। ਮਨੁੱਖ ਤਾਂ ਕਾਫੀ ਹੱਦ ਤੱਕ ਹੱਡ ਚੀਰਵੀਂ ਠੰਢ ਤੋਂ ਆਪਣਾ ਬਚਾਅ ਕਰ ਲੈਂਦਾ ਹੈ। ਪਰ ਬੇਜ਼ਬਾਨ ਜਾਨਵਰ ਤਾਂ ਵੱਡੀ ਗਿਣਤੀ 'ਚ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਰਹੇ ਹਨ। ਪੰਜਾਬ ਅੰਦਰ ਨਵੀਂ ਤਰਜ਼ 'ਤੇ ਬਣੇ ਮਕਾਨਾਂ ਅਤੇ ਆਧੁਨਿਕ ਖੇਤੀ ਦੇ ਢੰਗ ਅਪਣਾਏ ਜਾਣ ਸਦਕਾ ਵੱਡੇ ਦਰੱਖਤਾਂ ਦੇ ਖ਼ਾਤਮੇ ਨਾਲ ਪੰਛੀਆਂ ਦੇ ਬਸੇਰੇ ਖ਼ਤਮ ਹੋ ਗਏ ਹਨ। ਇਸ ਲਈ ਜਿਥੇ ਕੋਠਿਆਂ ਦੀਆਂ ਛੱਤਾਂ ਜਾਂ ਵਸੋਂ ਤੋਂ ਦੂਰ ਇਨ੍ਹਾਂ ਲਈ ਖਾਣ ਵਾਸਤੇ ਖੁਰਾਕ ਦਾ ਪ੍ਰਬੰਧ ਕਰੀਏ, ਉਥੇ ਦਰੱਖਤਾਂ ਵਗੈਰਾ 'ਤੇ ਬਨਾਉਟੀ ਆਲ੍ਹਣੇ ਬਣਾ ਕੇ ਟੰਗੀਏ ਤਾਂ ਕਿ ਸਾਡੀਆਂ ਭਵਿੱਖ ਦੀਆਂ ਪੀੜ੍ਹੀਆਂ ਰੰਗ ਬਿਰੰਗੇ ਪੰਛੀਆਂ ਦੀਆਂ ਭਾਂਤ-ਸੁਭਾਂਤੀਆਂ ਮਨਮੋਹਕ ਆਵਾਜ਼ਾਂ ਦਾ ਅਨੰਦ ਮਾਣ ਸਕਣ ਦੇ ਸਮਰੱਥ ਹੋ ਸਕਣ।

-ਭੁਪਿੰਦਰ ਸਿੰਘ ਢਿੱਲੋਂ
ਦੀਪਗੜ੍ਹ (ਬਰਨਾਲਾ)।

ਦਿੱਲੀ ਹੋਈ ਮੁਗ਼ਲਾਂ ਦੀ
ਰਾਜਧਾਨੀ ਦਿੱਲੀ ਵਿਚ ਵਾਪਰੀ ਸ਼ਰਮਨਾਕ ਘਟਨਾ ਦੀ ਚਰਚਾ ਰਾਸ਼ਟਰੀ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ਬਣ ਚੁੱਕੀ ਹੈ। ਅਰਥਾਤ ਅਸੀਂ ਪੂਰੀ ਦੁਨੀਆ ਵਿਚ ਸ਼ਰਮਸਾਰ ਹੋ ਚੁੱਕੇ ਹਾਂ। ਇਸ ਲਈ ਹੀ ਯੂ. ਐਨ. ਓ. ਦੇ ਜਨਰਲ ਸਕੱਤਰ ਨੂੰ ਇਹ ਬਿਆਨ ਦੇਣਾ ਪਿਆ ਕਿ ਭਾਰਤ ਬਲਾਤਕਾਰੀਆਂ ਖਿਲਾਫ਼ ਸਖ਼ਤ ਕਾਨੂੰਨ ਬਣਾਏ। ਇਕ ਸਮਾਂ ਸੀ ਜਦੋਂ ਮੁਗਲਾਂ ਦੇ ਅਤਿਆਚਾਰਾਂ ਨਾਲ ਦਿੱਲੀ ਕੰਬ ਉੱਠੀ ਸੀ। ਬਾਬਰ ਨੇ ਆਪਣੇ ਸਮੇਂ ਦੌਰਾਨ ਔਰਤਾਂ ਉੱਪਰ ਬੇਤਹਾਸ਼ਾ ਜ਼ੁਲਮ ਕੀਤੇ ਸਨ। ਉਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਆਪਣੀ ਬਾਣੀ 'ਬਾਬਰ ਬਾਣੀ' ਵਿਚ ਰੱਜ ਕੇ ਫਿਟਕਾਰ ਪਾਈ ਸੀ। ਅੱਜ ਆਜ਼ਾਦੀ ਮਿਲਣ ਦੇ 65 ਸਾਲਾਂ ਬਾਅਦ ਵੀ ਆਜ਼ਾਦ ਭਾਰਤ ਦੀ ਰਾਜਧਾਨੀ ਵਿਚ ਔਰਤਾਂ ਉੱਪਰ ਮੁਗਲਾਂ ਦੇ ਅਤਿਆਚਾਰ ਵਰਗੀਆਂ ਵਹਿਸ਼ੀ ਕਾਰਵਾਈਆਂ ਹੋ ਰਹੀਆਂ ਹਨ, ਜੋ ਬੇਹੱਦ ਸ਼ਰਮਨਾਕ ਹਨ। ਇਸ ਤਰ੍ਹਾਂ ਲਗਦਾ ਹੈ ਕਿ ਜਿਵੇਂ ਬਾਬਰ ਅਤੇ ਔਰੰਗਜੇਬ ਦੀ ਰੂਹ ਫਿਰ ਵਾਪਸ ਆ ਗਈ ਹੋਵੇ।

-ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

ਜਵਾਨੀ ਪਈ ਕੁਰਾਹੇ...
ਪਿਛਲੇ ਦਿਨੀਂ ਡਾ: ਰਘਬੀਰ ਸਿੰਘ ਬੈਂਸ ਦਾ 'ਅਜੋਕੀ ਨੌਜਵਾਨੀ ਨੂੰ ਭੜਕੀਲੀ ਫੈਸ਼ਨਪ੍ਰਸਤੀ ਤੋਂ ਬਚਾਇਆ ਜਾਵੇ' ਸਿਰਲੇਖ ਹੇਠ ਇਕ ਲੇਖ ਪੜ੍ਹਿਆ, ਜਿਸ ਵਿਚ ਲੇਖਕ ਵੱਲੋਂ ਸਮਾਜ ਦੀਆਂ ਨੈਤਿਕ ਕਦਰਾਂ-ਕੀਮਤਾਂ ਦੇ ਹੋ ਰਹੇ ਘਾਣ ਅਤੇ ਅਜੋਕੀ ਫੈਸ਼ਨਪ੍ਰਸਤੀ ਪ੍ਰਤੀ ਚਿੰਤਾ ਪ੍ਰਗਟਾਈ ਹੈ। ਅਜਿਹੀ ਚਿੰਤਾ ਨੂੰ ਲੇਖਕ ਦੀ ਨਿੱਜੀ ਨਾ ਸਮਝਦਿਆਂ ਹੋਇਆਂ ਸਾਨੂੰ ਸਾਰਿਆਂ ਨੂੰ ਸਾਡੇ ਸਮਾਜ ਵਿਚ ਆ ਰਹੇ ਅਜਿਹੇ ਨਿਘਾਰ ਪ੍ਰਤੀ ਸੁਚੇਤ ਹੋਣਾ ਪਵੇਗਾ। ਲੇਖਕ ਦੇ ਸ਼ਬਦਾਂ ਵਿਚ ਜੋ ਸਚਾਈ ਹੈ, ਜਿਸ ਨੂੰ ਦੱਬੀ ਜ਼ਬਾਨ ਵਿਚ ਤਾਂ ਅਸੀਂ ਸਾਰੇ ਸਵੀਕਾਰ ਕਰ ਰਹੇ ਹਾਂ ਪਰ ਪਤਾ ਨਹੀਂ ਕਿਹੜੀ ਮਜਬੂਰੀ ਕਾਰਨ ਅਸੀਂ ਇਸ ਨੂੰ ਰੋਕਣ ਲਈ ਅਸਮਰੱਥ ਦਿਖਾਈ ਦਿੰਦੇ ਹਾਂ। ਲੇਖਕ ਦੁਆਰਾ ਸਾਨੂੰ ਸਭ ਨੂੰ ਇਸ ਨਿਘਾਰ ਲਈ ਜ਼ਿੰਮੇਵਾਰ ਕਹਿਣਾ ਕੋਈ ਇਨਕਾਰੀ ਗੱਲੀ ਨਹੀਂ ਹੈ ਕਿਉਂਕਿ ਅਸੀਂ ਆਪ ਸਾਡੀ ਨੌਜਵਾਨ ਪੀੜ੍ਹੀ ਲਈ ਇਕ ਰੋਲ ਮਾਡਲ ਬਣਨ ਤੋਂ ਅਵੇਸਲੇ ਦਿਖਾਈ ਦੇ ਰਹੇ ਹਾਂ। ਅੰਤ ਵਿਚ ਲੇਖਕ ਦੇ ਵਿਚਾਰਾਂ ਨਾਲ ਸਹਿਮਤ ਹੁੰਦਿਆਂ ਹੋਇਆਂ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਾਨੂੰ, ਸਾਡੇ ਆਗੂਆਂ, ਸਮਾਜ ਸੇਵੀਆਂ, ਪਰਿਵਾਰਾਂ, ਸਰਕਾਰਾਂ ਅਤੇ ਮੀਡੀਆਂ ਨੂੰ ਆਪਣੀ ਆਪਣੀ ਬਣਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਦਿਆਂ ਸਮਾਂ ਸੰਭਾਲਣ ਦੀ ਲੋੜ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ 'ਘੜੀ ਦਾ ਖੁਸਿਆ, ਸੌ ਕੋਹ 'ਤੇ ਜਾਂ ਪੈਂਦਾ ਹੈ' ਵਾਲੇ ਅਖਾਣ ਦਾ ਸੱਚ ਹੋਣਾ ਕੋਈ ਬਹੁਤੀ ਦੂਰ ਦੀ ਗੱਲ ਨਹੀਂ ਹੈ।

-ਸਤਿਨਾਮ ਸਿੰਘ
ਯੂਨੀਵਰਸਲ ਕੰਪਿਊਟਰਜ਼, ਖਡੂਰ ਸਾਹਿਬ, ਤਰਨ ਤਾਰਨ।

ਤੁਹਾਡੇ ਖ਼ਤ 16-1-2013

 ਅਵਾਰਾ ਕੁੱਤਿਆਂ ਦੀ ਦਹਿਸ਼ਤ

ਸਾਡੇ ਸਮਾਜ ਅੰਦਰ ਅਵਾਰਾ ਕੁੱਤਿਆਂ ਦੀ ਸਮੱਸਿਆ ਕਿਸੇ ਬਿਮਾਰੀ ਨਾਲੋਂ ਘੱਟ ਨਹੀਂ, ਕਿਉਂਕਿ ਅੱਜਕਲ੍ਹ ਅਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢਣ ਦੀਆਂ ਘਟਨਾਵਾਂ ਆਮ ਹੀ ਸੁਣਨ ਅਤੇ ਵੇਖਣ ਨੂੰ ਮਿਲਦੀਆਂ ਹਨ। ਅਵਾਰਾ ਕੁੱਤਿਆਂ ਦੇ ਨਾਲ-ਨਾਲ ਪਾਲਤੂ ਕੁੱਤੇ ਵੀ ਇਸ ਸਮੱਸਿਆ ਦਾ ਹਿੱਸਾ ਹਨ। ਕਈ ਵਾਰ ਛੋਟੇ ਬੱਚੇ ਇਨ੍ਹਾਂ ਕੁੱਤਿਆਂ ਦੇ ਕਾਰਨ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ, ਜੋ ਬਹੁਤ ਚਿੰਤਾ ਦਾ ਵਿਸ਼ਾ ਹੈ। ਪਿਛਲੇ ਦਿਨੀਂ ਮਹਿਲ ਕਲਾਂ ਲਾਗਲੇ ਪਿੰਡ ਧਨੇਰ ਵਿਖੇ ਇਕ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਮਾਰ-ਮੁਕਾਇਆ। ਇਸੇ ਤਰ੍ਹਾਂ ਹੋਰ ਵੀ ਅਨੇਕਾਂ ਹਾਦਸੇ ਇਨ੍ਹਾਂ ਅਵਾਰਾ ਕੁੱਤਿਆਂ ਦੇ ਕਾਰਨ ਵਾਪਰਦੇ ਹਨ, ਜਿਨ੍ਹਾਂ ਨਾਲ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ। ਕਈ ਵਾਰ ਇਹ ਅਵਾਰਾ ਕੁੱਤੇ ਥੋੜ੍ਹਾ ਜ਼ਖਮ ਆਦਿ ਵੀ ਕਰ ਜਾਣ ਤਾਂ ਸਾਨੂੰ ਕੱਟਣ ਕਾਰਨ ਮਹਿੰਗੇ ਟੀਕੇ ਆਦਿ ਲਗਵਾਉਣੇ ਪੈਂਦੇ ਹਨ। ਅੱਜਕਲ੍ਹ ਅਵਾਰਾ ਕੁੱਤੇ ਸਮਾਜ ਲਈ ਵੱਡੀ ਚੁਣੌਤੀ ਬਣਦੇ ਜਾ ਰਹੇ ਹਨ, ਜਿਸ ਬਾਰੇ ਸਰਕਾਰ ਗੰਭੀਰ ਹੋਵੇ ਤਾਂ ਜੋ ਕੀਮਤੀ ਜਾਨਾਂ ਬਚ ਸਕਣ।

-ਗੁਰਮੀਤ ਸਿੰਘ ਬਰਾੜ
ਪਿੰਡ ਤੇ ਡਾਕ: ਖਾਈ, ਜ਼ਿਲ੍ਹਾ ਮੋਗਾ।

ਸਿੱਖਿਆ ਦਾ ਪਸਾਰ

ਪਿਛਲੇ ਦਿਨੀਂ 'ਅਜੀਤ' ਵਿਚ ਪੰਜਾਬ ਦੇ ਸਿੱਖਿਆ ਮੰਤਰੀ ਦਾ 'ਆੳ! ਸੂਬੇ ਅੰਦਰ ਵਿੱਦਿਆ ਦੀ ਲੋਅ ਹੋਰ ਪ੍ਰਚੰਡ ਕਰੀਏ' ਲੇਖ ਪੜ੍ਹਿਆ। ਮੰਤਰੀ ਜੀ ਦਾ ਲੇਖ ਬੇਹੱਦ ਵਧੀਆ, ਪ੍ਰਭਾਵਸ਼ਾਲੀ ਤੇ ਅਧਿਆਪਕ ਪੱਖੀ ਸੀ। ਸਿੱਖਿਆ ਦੀ ਸਹੀ ਦਿਸ਼ਾ, ਦਸ਼ਾ ਤੇ ਆਉਂਦੇ ਸਾਲਾਂ ਵਿਚ ਹੋਰ ਸੁਧਾਰ ਕਰਨ ਬਾਰੇ ਦੱਸਿਆ। ਬੇਸ਼ੱਕ ਮੰਤਰੀ ਜੀ ਨੂੰ ਅਹੁਦਾ ਸੰਭਾਲੇ ਅੱਠ ਮਹੀਨੇ ਦੇ ਕਰੀਬ ਹੀ ਹੋਇਆ ਹੈ ਪਰ ਫਿਰ ਵੀ ਮੰਤਰੀ ਸਾਹਿਬ ਨੇ ਮਹਿਕਮੇ ਨੂੰ ਸਹੀ ਲੀਹੇ ਤੋਰ ਲਿਆ ਹੈ। ਲੇਖ ਵਿਚ ਹਰ ਵਿਸ਼ੇ ਦੀ ਨਬਜ਼ ਫੜੀ ਹੈ। ਰੈਸ਼ਨੇਲਾਈਜ਼ੇਸ਼ਨ ਤਹਿਤ ਸ਼ਹਿਰਾਂ ਵਿਚ ਬੈਠੇ ਅਧਿਆਪਕਾਂ ਨੂੰ ਜ਼ਰੂਰਤ ਮੰਦ ਸਕੂਲਾਂ ਵਿਚ ਭੇਜਿਆ ਹੈ। ਨਸ਼ਿਆਂ ਵਿਰੁੱਧ ਜੋ ਰੈਲੀ ਪੰਜਾਬ ਦੇ ਹਰ ਪਿੰਡ ਤੇ ਸ਼ਹਿਰ 'ਚ ਕੱਢੀ, ਉਹ ਸ਼ਲਾਘਾਯੋਗ ਕਦਮ ਸੀ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਸਕੂਲੀ ਸਿੱਖਿਆ ਦੇ ਲਈ ਪੰਜਾਬ ਸਰਕਾਰ ਵੱਡੀ ਪੱਧਰ 'ਤੇ ਉਪਰਾਲੇ ਕਰ ਰਹੀ ਹੈ। ਪਰ ਇਕ ਗੱਲ ਕਹਿਣੀ ਬਣਦੀ ਹੈ ਕਿ ਜੋ ਗ਼ੈਰ-ਵਿੱਦਿਅਕ ਕੰਮ ਅਧਿਆਪਕਾਂ ਤੋਂ ਲਏ ਜਾ ਰਹੇ ਹਨ ਉਨ੍ਹਾਂ ਤੋਂ ਪੱਕੇ ਤੌਰ 'ਤੇ ਖਹਿੜਾ ਛੁਟਣਾ ਚਾਹੀਦਾ ਹੈ। ਇਸ ਵਿਚ ਵੀ ਕੋਈ ਸ਼ੱਕ ਨਹੀ ਕਿ ਪੰਜਾਬ ਦੇ ਅਧਿਆਪਕ ਪੂਰੀ ਮਿਹਨਤ ਤੇ ਲਗਨ ਨਾਲ ਪੜ੍ਹਾ ਰਹੇ ਹਨ। ਲੋੜ ਹੈ ਕਿ ਅਧਿਆਪਕ ਸਿੱਖਿਆ ਮੰਤਰੀ ਦੇ ਸੰਦੇਸ਼ ਨੂੰ ਆਪਣੇ ਸਕੂਲੀ ਜੀਵਨ ਵਿਚ ਅਪਣਾਉਣ ਤੇ ਆਪਣੇ ਕਿੱਤੇ ਨਾਲ ਸਹੀ ਇਨਸਾਫ਼ ਕਰਨ।

-ਜਸਦੀਪ ਸਿੰਘ ਖੰਨਾ
ਮੋ: 9463057786

ਮਾਨਵਤਾ ਦੀ ਮੌਤ

ਭਾਰਤ ਪੂਰੀ ਦੁਨੀਆ ਵਿਚ ਇਕ ਅਜਿਹਾ ਦੇਸ਼ ਹੈ, ਜਿਸ ਨੇ ਮਾਨਵ ਅਧਿਕਾਰ ਨੂੰ ਆਪਣੇ ਸੰਵਿਧਾਨ ਵਿਚ ਮੁੱਖ ਭੂਮਿਕਾ ਦਿੱਤੀ ਹੈ। ਪਰ ਹੁਣ ਇਸ ਤਰ੍ਹਾਂ ਲਗਦਾ ਹੈ ਕਿ ਇਸ ਦੇਸ਼ ਨੂੰ ਚਲਾਉਣ ਵਾਲੀ ਸਰਕਾਰ ਅਤੇ ਰਾਜ ਸਰਕਾਰਾਂ ਅਤੇ ਉੱਚ ਅਫਸਰ ਆਪਣੇ ਫਰਜ਼ਾਂ ਨੂੰ ਭੁੱਲਦੇ ਹੋਏ ਗਹਿਰੀ ਨੀਂਦ ਸੁੱਤੇ ਹਨ, ਜਿਸ ਨਾਲ ਦੇਸ਼ ਭਰ ਵਿਚ ਗੁੰਡਾਗਰਦੀ, ਭ੍ਰਿਸ਼ਟਾਚਾਰ, ਨਸ਼ੇ ਅਤੇ ਅੱਤਿਆਚਾਰ ਵਧਦੇ ਜਾ ਰਹੇ ਹਨ। ਬੇਕਸੂਰ ਅਤੇ ਸਰੀਫ਼ ਇਨਸਾਨ ਨਾਲ ਧੱਕੇਸ਼ਾਹੀ ਕਰਦੇ ਹੋਏ ਕੁਝ ਰਾਜਨੇਤਾ ਦੇ ਦਬਾਅ ਅਤੇ ਸਰਮਾਏਦਾਰਾਂ ਤੇ ਲਾਲਚ ਕਾਰਨ ਪੁਲਿਸ ਵੀ ਇਮਾਨਦਾਰੀ ਅਤੇ ਇਨਸਾਨੀਅਤ ਨੂੰ ਭੁਲਦੀ ਜਾ ਰਹੀ ਹੈ, ਜਿਸ ਕਰਕੇ ਸਾਡਾ ਦੇਸ਼ ਪੂਰੀ ਦੁਨੀਆ ਵਿਚ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਵਿਚ ਨੰਬਰ ਇਕ 'ਤੇ ਹੈ।

-ਆਸ਼ਨਾ
ਵਾਸੀ ਪਿੰਡ ਲਾਚੋਵਾਲ, ਤਹਿਸੀਲ ਤੇ
ਜ਼ਿਲ੍ਹਾ ਹੁਸ਼ਿਆਰਪੁਰ, ਪੰਜਾਬ।

ਤੁਹਾਡੇ ਖ਼ਤ - 15-1-2013

ਟਿਊਸ਼ਨ ਦਾ ਰੁਝਾਨ

ਜਿਵੇਂ-ਜਿਵੇਂ ਸਾਲਾਨਾ ਇਮਤਿਹਾਨ ਨੇੜੇ ਆਉਂਦੇ ਹਨ, ਵਿਦਿਆਰਥੀਆਂ ਵਿਚ ਪੜ੍ਹਾਈ ਦੀ ਚਿੰਤਾ ਵਧ ਜਾਂਦੀ ਹੈ | ਅਧਿਆਪਕਾਂ ਦੁਆਰਾ ਬੱਚਿਆਂ ਨੂੰ ਜੋ ਵਾਧੂ ਪੜ੍ਹਾਈ ਆਪਣੇ ਘਰਾਂ ਵਿਚ ਕਰਵਾਈ ਜਾਂਦੀ ਹੈ, ਉਸ ਨੂੰ ਹੀ ਟਿਊਸ਼ਨ ਕਿਹਾ ਜਾਂਦਾ ਹੈ | ਸਹੀ ਮਾਅਨਿਆਂ ਵਿਚ ਇਹ ਬੱਚਿਆਂ ਦਾ ਸ਼ੋਸ਼ਣ ਹੈ | ਸਰਦੀਆਂ ਵਿਚ ਸਕੂਲ ਟਾਈਮ ਤੋਂ ਪਹਿਲਾਂ ਠਰੰੂ-ਠਰੂੰ ਕਰਦੇ ਖਾਸ ਕਰ +1 ਅਤੇ +2 ਦੇ ਸਾਇੰਸ ਗਰੁੱਪ ਨਾਲ ਸਬੰਧਤ ਵਿਦਿਆਰਥੀ, ਟਿਊਸ਼ਨ ਦੁਆਰਾ ਦੂਹਰੀ ਛਿੱਲ ਲੁਹਾ ਰਹੇ ਹਨ, ਕਿਉਂਕਿ ਉਨ੍ਹਾਂ ਦੀ ਸੋਚ ਹੈ ਕਿ ਜੇਕਰ ਅਸੀਂ ਟਿਊਸ਼ਨ ਨਾ ਪੜ੍ਹੀ ਤੇ ਉਨ੍ਹਾਂ ਦੇ ਚਹੇਤੇ ਅਧਿਆਪਕ ਨੇ ਉਨ੍ਹਾਂ ਦੀ ਸਾਲਾਨਾ ਇਮਤਿਹਾਨ ਵਿਚ ਮਦਦ ਨਹੀਂ ਕਰਨੀ | ਸਰਕਾਰ ਦੁਆਰਾ ਸਕੂਲਾਂ ਵਿਚ ਹੀ ਇਨ੍ਹਾਂ ਵਿਸ਼ਿਆਂ ਨਾਲ ਸਬੰਧਤ ਵਾਧੂ ਪੜ੍ਹਾਈ ਕਰਵਾਈ ਜਾਏ ਤਾਂ ਹੋ ਸਕਦਾ ਹੈ ਇਹ ਬੱਚੇ ਇਸ ਦੂਹਰੀ ਮਾਰ ਤੋਂ ਬਚ ਸਕਣ | ਪਰ ਇਥੇ ਤਾਂ ਟਿਊਸ਼ਨ ਨੂੰ ਹੀ ਜ਼ਰੂਰੀ ਸਮਝਿਆ ਜਾਂਦਾ ਹੈ | ਅਧਿਆਪਕ ਇਕ ਗਿਆਨ ਦਾ ਮੁਜੱਸਮਾ ਹੈ, ਜੇਕਰ ਉਹ ਸਕੂਲ ਟਾਈਮ ਵਿਚ ਹੀ ਬੱਚੇ ਨੂੰ ਸਹੀ ਤਰੀਕੇ ਨਾਲ ਪੜ੍ਹਾ ਨਹੀਂ ਸਕਦਾ, ਫਿਰ ਕੀ ਫਾਇਦਾ ਡਿਗਰੀਆਂ, ਡਿਪਲੋਮੇ ਕਰਨ ਦਾ | ਆਓ! ਮਹਿੰਗਾਈ ਦੇ ਇਸ ਯੁੱਗ ਵਿਚ ਬੱਚਿਆਂ ਨੂੰ ਸਹੀ ਗਾਈਡ ਕਰਤਾ ਅਤੇ ਬਿਨਾਂ ਕਿਸੇ ਮਤਭੇਦ ਦੇ ਪੜ੍ਹਾਉਣ ਨੂੰ ਆਪਣਾ ਫਰਜ਼ ਸਮਝਦੇ ਹੋਏ ਨੈਤਿਕਤਾ ਦਾ ਪਾਠ ਪੜ੍ਹਾਈਏ |

-ਜਸਬੀਰ ਦੱਧਾਹੂਰ ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ |

 

ਸਮਾਜਿਕ ਸੁਰੱਖਿਆ

ਪਿਛਲੇ ਦਿਨਾਂ ਦੇ ਅੰਕ ਵਿਚ ਸ: ਸਵਰਨ ਸਿੰਘ ਭੰਗੂ ਦਾ ਲੇਖ 'ਸਮਾਜਿਕ ਸੁਰੱਖਿਆ ਤੋਂ ਵਿਰਵੀ ਹੋ ਰਹੀ ਹੈ ਭਾਰਤੀ ਨਾਰੀ' ਪੜਿ੍ਹਆ | ਦਿੱਲੀ 'ਚ ਚਲਦੀ ਬੱਸ ਵਿਚ ਇਕ 23 ਸਾਲਾ ਮੁਟਿਆਰ ਨਾਲ ਹੋਇਆ ਜਬਰ-ਜਨਾਹ ਵਾਕਿਆ ਹੀ ਦਿਲ-ਕੰਬਾਊ ਸੀ, ਜਿਸ 'ਤੇ ਬਹੁਤ ਦਰਦ ਅਤੇ ਅਫ਼ਸੋਸ ਹੋਣਾ ਲਾਜ਼ਮੀ ਹੈ | ਅਜਿਹੇ ਕਾਂਡ ਪਹਿਲਾਂ ਵੀ ਵਾਪਰੇ ਹਨ ਅਤੇ ਹੁਣ ਵੀ ਵਾਪਰ ਰਹੇ ਹਨ | ਭਵਿੱਖ ਵਿਚ ਵੀ ਅਜਿਹਾ ਕੁਝ ਮਾੜਾ ਹੋਣ ਦੀਆਂ ਸੰਭਾਵਨਾਵਾਂ ਪਈਆਂ ਹਨ ਕਿਉਂਕਿ ਸਰਕਾਰ ਦੀਆਂ ਉਦਾਰਵਾਦੀ ਨੀਤੀਆਂ ਨੇ ਮਾਹੌਲ ਹੀ ਇਹੋ ਜਿਹਾ ਸਿਰਜ ਦਿੱਤਾ ਜਿਸ ਵਿਚ ਨਿੱਜੀਕਰਨ ਦੀ ਮਾਰ ਹੇਠ ਆਇਆ ਅਤੇ ਬੇਰੁਜ਼ਗਾਰੀ ਦਾ ਭੰਨਿਆ ਨੌਜਵਾਨ ਤਬਕਾ ਨਸ਼ਿਆਂ ਦੇ ਰਾਹ ਪੈ ਗਿਆ | ਆਪਣੀ ਸੁਰੱਖਿਆ ਆਪ ਕਰਨ ਲਈ ਨਪੀੜੇ ਜਾ ਰਹੇ ਤਬਕਿਆਂ ਨੂੰ ਆਪਣੀ ਜਥੇਬੰਦਕ ਤਾਕਤ ਦੇ ਜ਼ੋਰ ਇਨਸਾਫ਼ ਲੈਣ ਲਈ ਮੈਦਾਨ-ਏ-ਜੰਗ ਵਿਚ ਕੁੱਦਣ ਤੋਂ ਬਿਨਾਂ ਚਾਰਾ ਨਹੀਂ | -ਅਜੀਤ ਪ੍ਰਦੇਸੀ 3397, ਆਦਰਸ਼ ਨਗਰ, ਰੋਪੜ | ਆਮ ਆਦਮੀ ਦੀ ਵੁੱਕਤ ਦਿੱਲੀ ਵਿਖੇ ਹੋਈ ਗੈਂਗਰੇਪ ਦੀ ਘਟਨਾ ਤੇ ਲੇਖਿਕਾ ਭਾਵਨਾ ਮਲਿਕ ਵੱਲੋਂ ਜਿਨ੍ਹਾਂ ਸਖ਼ਤ ਸ਼ਬਦਾਂ ਨਾਲ ਕਲਮ ਵਿਚੋਂ ਅੱਗ ਉਗਲੀ ਗਈ ਹੈ, ਸ਼ਾਇਦ ਅਜਿਹਾ ਜਜ਼ਬਾ ਕੇਂਦਰ ਤੇ ਦਿੱਲੀ ਦੀ ਸਰਕਾਰ ਅੰਦਰ ਨਹੀਂ ਹੈ | ਲੇਖਿਕਾ ਨੇ ਨਾਕਸ ਪੁਲਿਸ ਪ੍ਰਬੰਧਾਂ, ਪੀ.ਸੀ.ਆਰ. ਵੈਨਾਂ ਦੀ ਭਾਰੀ ਕਮੀ, ਵੀ.ਆਈ.ਪੀ. ਸੁਰੱਖਿਆ ਵਿਚ ਤਾਇਨਾਤ ਪੁਲਿਸ ਕਰਮੀ, ਫੋਰੈਂਸਿਕ ਵਿਭਾਗ ਤੋਂ ਸਾਧਨਾਂ ਦੀ ਕਮੀ ਤੇ ਆਮ ਨਾਗਰਿਕ ਵਿਚ (ਮੁਜਰਮਾਂ) ਕਾਨੂੰਨ ਤੇ ਪ੍ਰਸ਼ਾਸਨ ਦਾ ਡਰ ਨਾ ਹੋਣਾ ਆਦਿ ਅਨੇਕਾਂ ਅਜਿਹੇ ਕਾਰਨ ਗਿਣਾਏ ਹਨ, ਜੋ ਇਸ ਹੈਵਾਨੀਅਤ ਭਰੇ ਗੈਂਗਰੇਪ ਨਾਲ ਸੁਰਤਾਲ ਬਿਤਾਉਂਦੇ ਨਜ਼ਰ ਆਉਂਦੇ ਹਨ | ਸਿਆਸਤਦਾਨੋ, ਲੋਕਾਂ ਦੀਆਂ ਧੀਆਂ, ਭੈਣਾਂ ਦੀਆਂ ਇੱਜ਼ਤਾਂ ਨੂੰ ਮਹਿਫੂਜ਼ ਕਰੋ, ਨਹੀਂ ਤਾਂ ਗੁੱਸੇ ਦੀ ਅੱਗ ਵਿਚ ਇਕ ਦਿਨ ਤੁਸੀਂ ਸਭ ਵੀ ਸੜ ਮਰੋਗੇ |

-ਜੀਵਨ ਕੁਮਾਰ ਪਿੰਡ ਤੇ ਡਾਕ: ਹਰਸਾ ਮਾਨਸਰ ਤਹਿ: ਮੁਕੇਰੀਆਂ (ਹੁਸ਼ਿਆਰਪੁਰ) |


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX