ਤਾਜਾ ਖ਼ਬਰਾਂ


ਗੋਆ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਸਾਬਤ ਕੀਤਾ ਬਹੁਮਤ
. . .  28 minutes ago
ਪਣਜੀ, 20 ਮਾਰਚ- ਗੋਆ ਦੇ ਨਵੇਂ ਬਣੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਅੱਜ ਵਿਧਾਨ ਸਭਾ 'ਚ ਬਹੁਮਤ ਸਾਬਤ ਕਰ ਦਿੱਤਾ ਹੈ। ਵਿਧਾਨ ਸਭਾ 'ਚ ਭਾਜਪਾ ਸਰਕਾਰ ਦੇ ਪੱਖ 'ਚ ਕੁੱਲ 20 ਵੋਟਾਂ ਪਈਆਂ। ਉੱਥੇ ਹੀ 15 ਵਿਧਾਇਕਾਂ ਨੇ...
ਮਾਇਆਵਤੀ ਦਾ ਐਲਾਨ- ਮੈਂ ਨਹੀਂ ਲੜਾਂਗੀ ਲੋਕ ਸਭਾ ਚੋਣਾਂ
. . .  44 minutes ago
ਨਵੀਂ ਦਿੱਲੀ, 20 ਮਾਰਚ- ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਅੱਜ ਇਹ ਐਲਾਨ ਕੀਤਾ ਹੈ ਕਿ ਉਨ੍ਹਾਂ ਵਲੋਂ ਇਸ ਵਾਰ ਲੋਕ ਸਭਾ ਚੋਣਾਂ ਨਹੀਂ ਲੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਜੇ ਉਨ੍ਹਾਂ ਦੇ ਜਿੱਤਣ ਨਾਲੋਂ ਗਠਜੋੜ ਦੀ ਸਫ਼ਲਤਾ ਵਧੇਰੇ ਜ਼ਰੂਰੀ...
ਵਿਦਿਆਰਥਣ ਕੋਲੋਂ ਪੇਪਰ ਨਾ ਲਏ ਜਾਣ ਦਾ ਮਾਮਲਾ, ਪ੍ਰਿੰਸੀਪਲ ਤੇ ਅਧਿਆਪਕ ਵਿਰੁੱਧ ਪਰਚਾ ਦਰਜ
. . .  about 1 hour ago
ਪਟਿਆਲਾ, 20 ਮਾਰਚ (ਧਰਮਿੰਦਰ ਸਿੰਘ ਸਿੱਧੂ)- ਇੱਥੋਂ ਦੇ ਇੱਕ ਪ੍ਰਾਈਵੇਟ ਸਕੂਲ ਵਲੋਂ 6ਵੀਂ ਜਮਾਤ ਦੀ ਵਿਦਿਆਰਥਣ ਨੂੰ ਫੀਸ ਨਾ ਭਰਨ ਕਾਰਨ ਪੇਪਰ 'ਚ ਨਾ ਬੈਠਣ ਦੇਣ 'ਤੇ ਬੀਤੇ ਦਿਨ ਉਕਤ ਵਿਦਿਆਰਥਣ ਨੇ ਪਰੇਸ਼ਾਨ ਹੋ ਕੇ ਘਰ ਜਾ ਕੇ ਨੀਂਦ ਦੀਆਂ ਗੋਲੀਆਂ...
ਹੋਲੀ ਮੌਕੇ ਸੀ. ਆਰ. ਪੀ. ਐੱਫ. ਵਲੋਂ ਨਹੀਂ ਕੀਤਾ ਜਾਵੇਗਾ ਕਿਸੇ ਵੀ ਪ੍ਰੋਗਰਾਮ ਦਾ ਆਯੋਜਨ
. . .  about 1 hour ago
ਨਵੀਂ ਦਿੱਲੀ, 20 ਮਾਰਚ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਪਿਛਲੇ ਮਹੀਨੇ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ 40 ਜਵਾਨਾਂ ਦੇ ਸਨਮਾਨ 'ਚ ਇਸ ਸਾਲ ਸੀ. ਆਰ. ਪੀ. ਐੱਫ. ਵਲੋਂ ਹੋਲੀ ਨਹੀਂ ਮਨਾਈ ਜਾਵੇਗੀ। ਇਸ ਸੰਬੰਧੀ ਸੀ. ਆਰ. ਪੀ. ਐੱਫ. ਦੇ ਡੀ. ਜੀ. ਆਰ. ਐੱਸ...
ਓਡੀਸ਼ਾ ਦੇ ਮੁੱਖ ਮੰਤਰੀ ਨੇ ਭਰਿਆ ਨਾਮਜ਼ਦਗੀ ਪੱਤਰ
. . .  about 1 hour ago
ਭੁਵਨੇਸ਼ਵਰ, 20 ਮਾਰਚ- ਓਡੀਸ਼ਾ ਦੇ ਮੁੱਖ ਮੰਤਰੀ ਅਤੇ ਬੀਜੂ ਜਨਤਾ ਦਲ (ਬੀ. ਜੇ. ਡੀ.) ਦੇ ਮੁਖੀ ਨਵੀਨ ਪਟਨਾਇਕ ਨੇ ਗੰਜਮ ਜ਼ਿਲ੍ਹੇ ਦੇ ਹਿੰਜਿਲੀ ਵਿਧਾਨ ਸਭਾ ਹਲਕੇ ਤੋਂ ਨਾਮਜ਼ਦਗੀ ਪੱਤਰ ਭਰਿਆ ਹੈ। ਦੱਸ ਦਈਏ ਕਿ ਓਡੀਸ਼ਾ 'ਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇੱਕੋ...
ਗੋਆ 'ਚ ਭਾਜਪਾ ਸਰਕਾਰ ਦਾ ਬਹੁਮਤ ਪ੍ਰੀਖਣ, ਮੁੱਖ ਮੰਤਰੀ ਨੂੰ ਜਿੱਤ ਦਾ ਭਰੋਸਾ
. . .  about 1 hour ago
ਪਣਜੀ, 20- ਗੋਆ 'ਚ ਮਨੋਹਰ ਪਾਰੀਕਰ ਦੇ ਦੇਹਾਂਤ ਤੋਂ ਬਾਅਦ ਭਾਜਪਾ ਸਰਕਾਰ ਬਣਾਉਣ 'ਚ ਤਾਂ ਸਫ਼ਲ ਹੋ ਗਈ ਹੈ ਪਰ ਸਿਆਸੀ ਖਿੱਚੋਤਾਣ ਅਜੇ ਖ਼ਤਮ ਨਹੀਂ ਹੋਈ ਹੈ। ਕਾਂਗਰਸ ਨੇ ਰਾਜਪਾਲ 'ਤੇ ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ ਉਸ ਨੂੰ ਸਰਕਾਰ ਗਠਨ ਦਾ...
ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਣ ਲਈ ਜਰਮਨੀ ਨੇ ਕੀਤੀ ਵੱਡੀ ਪਹਿਲ
. . .  about 2 hours ago
ਨਵੀਂ ਦਿੱਲੀ, 20 ਮਾਰਚ- ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਣ ਲਈ ਜਰਮਨੀ ਨੇ ਵੱਡੀ ਪਹਿਲ ਕੀਤੀ ਹੈ। ਡਿਪਲੋਮੈਟਿਕ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਰਮਨੀ, ਯੂਰਪੀ ਯੂਨੀਅਨ (ਈ. ਯੂ.) 'ਚ ਮਸੂਦ ਅਜ਼ਹਰ ਨੂੰ...
ਮੁੰਬਈ 'ਚ ਅੱਜ ਹੋਲਿਕਾ ਦੇ ਨਾਲ ਸੜੇਗਾ ਅੱਤਵਾਦੀ ਮਸੂਦ ਅਜ਼ਹਰ!
. . .  about 2 hours ago
ਮੁੰਬਈ, 20 ਮਾਰਚ- ਅੱਜ ਦੇਸ਼ ਭਰ 'ਚ ਹੋਲਿਕਾ ਦਹਿਨ ਕੀਤਾ ਜਾਵੇਗਾ। ਇਸੇ ਵਿਚਾਲੇ ਮੁੰਬਈ ਦੇ ਵਰਲੀ ਇਲਾਕੇ 'ਚ ਇੱਕ ਅਨੋਖੀ ਹੋਲਿਕਾ ਬਣਾਈ ਗਈ ਹੈ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਵਰਲੀ 'ਚ ਇਸ ਵਾਰ ਹੋਲਿਕਾ ਦੇ ਨਾਲ ਜੈਸ਼-ਏ...
ਭਿਆਨਕ ਅੱਗ ਲੱਗਣ ਕਾਰਨ 200 ਘਰ ਸੜ ਕੇ ਹੋਏ ਸੁਆਹ
. . .  about 2 hours ago
ਪਟਨਾ, 20 ਮਾਰਚ- ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਅਹਿਆਪੁਰ ਥਾਣਾ ਖੇਤਰ ਅਧੀਨ ਆਉਂਦੇ ਇੱਕ ਪਿੰਡ ਦੀ ਇੱਕ ਬਸਤੀ 'ਚ ਬੀਤੀ ਰਾਤ ਅੱਗ ਲੱਗਣ ਕਾਰਨ 200 ਕੱਚੇ ਘਰ ਸੜ ਕੇ ਸੁਆਹ ਹੋ ਗਏ। ਇਸ ਹਾਦਸੇ 'ਚ ਛੇ ਲੋਕ ਵੀ ਝੁਲਸੇ ਹਨ। ਹਾਦਸੇ ਸੰਬੰਧੀ ਅੱਜ...
ਪਟੜੀ ਤੋਂ ਉਤਰੀ ਟਰੇਨ, ਵਾਲ-ਵਾਲ ਬਚੇ ਯਾਤਰੀ
. . .  about 3 hours ago
ਚੰਡੀਗੜ੍ਹ, 20 ਮਾਰਚ- ਹਰਿਆਣਾ ਦੇ ਪਾਣੀਪਤ ਜ਼ਿਲ੍ਹੇ 'ਚ ਅੱਜ ਸਵੇਰੇ ਇੱਕ ਵੱਡਾ ਟਰੇਨ ਹਾਦਸਾ ਹੋਣੋਂ ਟਲ ਗਿਆ। ਜਾਣਕਾਰੀ ਮੁਤਾਬਕ ਦਿੱਲੀ ਤੋਂ ਕਾਲਕਾ ਜਾਣ ਵਾਲੀ ਹਿਮਲਾਅਨ ਕੁਈਨ ਯਾਤਰੀ ਟਰੇਨ ਜਦੋਂ ਪਾਣੀਪਤ ਦੇ ਭੋੜਵਾਲ ਮਾਜਰੀ ਸਟੇਸ਼ਨ ਕੋਲ ਪਹੁੰਚੀ ਤਾਂ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 28 ਸਾਉਣ ਸੰਮਤ 548
ਵਿਚਾਰ ਪ੍ਰਵਾਹ: ਸਾਰੀਆਂ ਸਰਕਾਰਾਂ ਦਾ ਉਦੇਸ਼ ਸਮਾਜ ਦਾ ਸੁੱਖ ਹੋਣਾ ਚਾਹੀਦਾ ਹੈ। -ਜਾਰਜ ਵਾਸ਼ਿੰਗਟਨ

ਤੁਹਾਡੇ ਖ਼ਤ

11-08-2016

 ਕਿਰਤ ਦਾ ਮਹੱਤਵ
ਹੱਥੀਂ ਕੰਮ ਕਰਕੇ ਕਮਾਈ ਹੋਈ ਦੌਲਤ ਨੂੰ ਹੱਕ ਹਲਾਲ ਦੀ ਕਮਾਈ ਕਿਹਾ ਜਾਂਦਾ ਹੈ। ਅੱਜ ਦੇ ਜ਼ਮਾਨੇ ਵਿਚ ਹੱਥੀਂ ਕੰਮ ਕਰਕੇ ਖਾਣ ਨੂੰ ਲੋਕ ਤਰਜੀਹ ਨਹੀਂ ਦੇ ਰਹੇ। ਨਵੀਂ ਪੀੜ੍ਹੀ ਚਾਹੁੰਦੀ ਹੈ ਕਿ ਬਿਨਾਂ ਪਸੀਨਾ ਵਹਾਇਆਂ ਰਾਤੋ-ਰਾਤ ਅਮੀਰ ਹੋਇਆ ਜਾਵੇ। ਇਸੇ ਵਿਚੋਂ ਹੀ ਜੁਰਮ ਪੈਦਾ ਹੁੰਦਾ ਹੈ। ਮਿਹਨਤ ਨਾਲ ਕਮਾਈ ਰੋਟੀ ਦਾ ਆਪਣਾ ਵੱਖਰਾ ਹੀ ਸਵਾਦ ਹੁੰਦਾ ਹੈ। ਅਸੀਂ ਪੰਜਾਬੀ ਲੋਕ ਕਿਰਤ ਨੂੰ ਆਪਣੇ ਜੀਵਨ ਵਿਚੋਂ ਮਨਫ਼ੀ ਕਰੀ ਬੈਠੇ ਹਾਂ। ਬਾਬੇ ਨਾਨਕ ਹੋਰਾਂ ਨੇ ਵੀ ਭਾਈ ਲਾਲੋ ਦੀ ਰੁੱਖੀ-ਸੁੱਕੀ ਰੋਟੀ ਨੂੰ ਭਾਗੋ ਦੇ ਸ਼ਾਹੀ ਪਕਵਾਨਾਂ ਤੋਂ ਉੱਤਮ ਦੱਸਿਆ ਸੀ। ਅਧਿਆਪਕ, ਇੰਜੀਨੀਅਰ, ਡਾਕਟਰ, ਪੁਲਿਸ ਅਫਸਰ ਜੇ ਆਪਣੀ ਡਿਊਟੀ ਲੋਕਾਂ ਨੂੰ ਸਮਰਪਤ ਹੋ ਕੇ ਤਨਦੇਹੀ ਨਾਲ ਕਰਦੇ ਹਨ ਤਾਂ ਉਸ ਨੂੰ ਵੀ ਸੱਚੀ ਸੁੱਚੀ ਕਿਰਤ ਹੀ ਸਮਝਿਆ ਜਾਂਦਾ ਹੈ। ਹੱਥੀਂ ਕੀਤੀ ਕਮਾਈ ਵਿਚੋਂ ਲੋੜਵੰਦ ਦੀ ਸਹਾਇਤਾ ਕਰਨ ਨਾਲ ਅਥਾਹ ਖੁਸ਼ੀ ਮਿਲਦੀ ਹੈ। ਲੁੱਟ-ਖਸੁੱਟ ਜਾਂ ਹੇਰਾ-ਫੇਰੀ ਨਾਲ ਕੀਤਾ ਦਾਨ ਅਜਿਹੇ ਦਾਨੀ ਨੂੰ ਰਾਸ ਨਹੀਂ ਆ ਸਕਦਾ। ਮਿਹਨਤ ਜਾਂ ਕਿਰਤ ਕਰਨ ਵਾਲਾ ਵਿਅਕਤੀ ਡਾਕਟਰਾਂ, ਹਕੀਮਾਂ ਦੇ ਚੱਕਰਾਂ 'ਚੋਂ ਬਚਿਆ ਰਹਿੰਦਾ ਹੈ। ਕਿਰਤੀ ਲੋਕ ਬਾਂਹ ਸਰ੍ਹਾਣੇ ਰੱਖ ਕੇ ਰਾਤ ਨੂੰ ਪੂਰੀ ਨੀਂਦ ਲੈਂਦੇ ਹਨ। ਇਸ ਦੇ ਉਲਟ ਵਿਹਲੜ ਲੋਕ ਨੀਂਦ ਦੀਆਂ ਗੋਲੀਆਂ ਖਾ ਕੇ ਵੀ ਰਾਤਾਂ ਅਵਾਜ਼ਾਰੀ ਨਾਲ ਕੱਟਦੇ ਹਨ। ਆਓ, ਸਾਰੇ ਸੱਚੀ ਸੁੱਚੀ ਕਿਰਤ ਨੂੰ ਸਮਰਪਤ ਹੋਈਏ, ਨਹੀਂ ਤਾਂ ਅਜੋਕੀ ਭੱਜ-ਦੌੜ ਮਨੁੱਖਤਾ ਨੂੰ ਨਿਗਲ ਜਾਵੇਗੀ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਸਿਆਸੀ ਸ਼ਬਦਾਵਲੀ

ਜਿਵੇਂ-ਜਿਵੇਂ ਚੋਣਾਂ ਨਜ਼ਦੀਕ ਆ ਰਹੀਆਂ ਹਨ, ਉਵੇਂ-ਉਵੇਂ ਹੀ ਰਾਜਨੀਤਕ ਲੀਡਰ ਅਤੇ ਨੇਤਾ ਗਰਮ ਹੁੰਦੇ ਜਾ ਰਹੇ ਹਨ। ਇਨ੍ਹਾਂ ਲੀਡਰਾਂ ਦੀ ਗਰਮੀ ਏਨੀ ਵਧ ਜਾਂਦੀ ਹੈ ਕਿ ਪੜ੍ਹੇ-ਲਿਖੇ ਅਤੇ ਸੂਝਵਾਨ ਹੋਣ 'ਤੇ ਵੀ ਏਨੀ ਗਰਮੀ ਖਾ ਜਾਂਦੇ ਹਨ ਕਿ ਆਪਣੀ ਹੋਸ਼ ਭੁਲਾ ਜਾਂਦੇ ਹਨ ਅਤੇ ਇਕ-ਦੂਜੇ ਪ੍ਰਤੀ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ। ਇਸ ਨਾਲ ਮਾਹੌਲ ਖਰਾਬ ਹੁੰਦਾ ਹੈ। ਸਾਡੇ ਲੀਡਰਾਂ ਨੂੰ ਸੁਚੇਤ ਅਤੇ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਇਕ-ਦੂਜੇ ਪ੍ਰਤੀ ਪਿਆਰ ਅਤੇ ਮੇਲ-ਮਿਲਾਪ ਦੀ ਸ਼ਬਦਾਵਲੀ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਤੋਂ ਲੋਕਾਂ ਤੇ ਦੇਸ਼ ਨੂੰ ਚੰਗੀ ਸੇਧ ਮਿਲ ਸਕੇ ਅਤੇ ਭਾਰਤ ਦੀ ਸਿਆਸਤ ਨੂੰ ਗੰਧਲਾ ਹੋਣ ਤੋਂ ਬਚਾਇਆ ਜਾ ਸਕੇ।


-ਹਰਿੰਦਰ ਸਿੰਘ ਗਰਚਾ
ਆਤਮ ਨਗਰ, ਜਗਰਾਉਂ।

10-08-2016

 ਮਾਂ-ਬੋਲੀ ਦਾ ਮਹੱਤਵ
ਸਾਡੀ ਆਪਣੀ ਮਾਂ-ਬੋਲੀ ਸਾਡੇ ਲਈ ਮਹੱਤਵ ਰੱਖਦੀ ਹੈ। ਸੰਸਾਰ ਵਿਚ ਸ਼ਾਇਦ ਹੀ ਅਜਿਹਾ ਦੇਸ਼ ਜਾਂ ਇਲਾਕਾ ਹੋਵੇ, ਜਿਥੋਂ ਦੇ ਲੋਕ ਆਪਣੀ ਮਾਂ-ਬੋਲੀ ਨੂੰ ਪਿਆਰ ਨਾ ਕਰਦੇ ਹੋਣ। ਇਹ ਪਿਆਰ ਇਕ ਕੁਦਰਤੀ ਗੱਲ ਹੈ। ਕਿਉਂਕਿ ਬੱਚੇ ਦਾ ਮਾਂ-ਬੋਲੀ ਨਾਲ ਸ਼ੁਰੂ ਤੋਂ ਹੀ ਲਗਾਅ ਹੁੰਦਾ ਹੈ। ਇਸ ਵਿਚ ਦੱਸੀ ਗੱਲ ਉਸ ਦੀ ਛੇਤੀ ਸਮਝ ਆ ਜਾਂਦੀ ਹੈ। ਆਪਣੀ ਮਾਂ-ਬੋਲੀ ਵਿਚ ਬੋਲਣ ਲਈ ਉਚੇਚ ਕੋਸ਼ਿਸ਼ ਦੀ ਲੋੜ ਨਹੀਂ ਪੈਂਦੀ, ਭਾਵ ਇਹ ਸਹਿਜ-ਸੁਭਾਵਿਕ ਆ ਜਾਂਦੀ ਹੈ। ਸੰਗੀਤ ਦੀਆਂ ਸੁਰਾਂ ਭਾਵੇਂ ਕਿਸੇ ਵੀ ਦੇਸ਼ ਦੀਆਂ ਹੋਣ, ਮਨ ਨੂੰ ਖਿੱਚਦੀਆਂ ਹਨ, ਇਸ ਲਈ ਅਸੀਂ ਪੰਜਾਬੀ ਦੀਆਂ ਕਹਾਣੀਆਂ, ਕਵਿਤਾਵਾਂ, ਲੋਕ ਗੀਤ ਅਤੇ ਹੋਰ ਰਚਨਾਵਾਂ ਆਨੰਦ ਲੈ ਕੇ ਪੜ੍ਹਦੇ ਅਤੇ ਸੁਣਦੇ ਹਾਂ। ਬੰਗਾਲੀ ਲੋਕ ਆਪਣੀ ਮਾਂ-ਬੋਲੀ ਨੂੰ ਬਹੁਤ ਪਿਆਰ ਕਰਦੇ ਹਨ। ਇਸ ਦੇ ਉਲਟ ਪੰਜਾਬੀ ਥੋੜ੍ਹੀ-ਮੋਟੀ ਅੰਗਰੇਜ਼ੀ ਪੜ੍ਹ ਕੇ ਪੂਰੇ ਅੰਗਰੇਜ਼ ਬਣਨ ਦੀ ਕੋਸ਼ਿਸ਼ ਕਰਦੇ ਹਨ। ਕਈ ਲੋਕ ਕਹਿੰਦੇ ਹਨ ਕਿ ਪੰਜਾਬੀ ਗਵਾਰਾਂ ਤੇ ਪੇਂਡੂਆਂ ਦੀ ਬੋਲੀ ਹੈ ਪਰ ਇਹ ਚੰਗੀ ਗੱਲ ਨਹੀਂ। ਜੇ ਅਜਿਹਾ ਹੁੰਦਾ ਤਾਂ ਪੰਜਾਬੀ ਬੋਲਣ ਵਾਲੇ ਹੋਰਨਾਂ ਦੇਸ਼ਾਂ ਵਿਚ ਜਾ ਕੇ ਤਰੱਕੀ ਨਾ ਕਰਦੇ। ਇਹ ਵੀ ਗੱਲ ਗ਼ਲਤ ਹੈ ਕਿ ਪੰਜਾਬੀ ਸਿੱਖਾਂ ਦੀ ਬੋਲੀ ਹੈ। ਪਾਕਿਸਤਾਨ ਵਿਚ ਵੀ ਤਾਂ ਲੋਕ ਪੰਜਾਬੀ ਬੋਲਦੇ ਹਨ। ਜੇਕਰ ਇਹ ਪੰਜਾਬੀਆਂ ਦੀ ਬੋਲੀ ਹੁੰਦੀ ਤਾਂ ਸ਼ਾਹ ਹੁਸੈਨ, ਵਾਰਿਸ ਸ਼ਾਹ ਆਦਿ ਵਰਗੇ ਸਾਹਿਤਕਾਰ ਸਾਹਿਤ ਕਿੱਦਾਂ ਰਚ ਦਿੰਦੇ। ਇਸ ਲਈ ਮੁੱਕਦੀ ਗੱਲ ਇਹ ਹੈ ਕਿ ਜੇਕਰ ਅਸੀਂ ਹੋਰਨਾਂ ਸੂਬਿਆਂ ਤੇ ਇਲਾਕਿਆਂ ਦੀ ਬੋਲੀ ਨੂੰ ਮਹੱਤਵ ਦਿੰਦੇ ਹਾਂ ਤਾਂ ਸਾਨੂੰ ਆਪਣੀ ਮਾਂ-ਬੋਲੀ ਦਾ ਵੀ ਸਤਿਕਾਰ ਕਰਨਾ ਚਾਹੀਦੀ ਹੈ। ਭਾਵ ਸਾਨੂੰ ਹੋਰਨਾਂ ਸੂਬਿਆਂ ਦੀ ਮਾਂ-ਬੋਲੀ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ ਤੇ ਆਪਣੀ ਮਾਂ-ਬੋਲੀ ਨੂੰ ਵੀ ਨਹੀਂ ਭੁੱਲਣਾ ਚਾਹੀਦਾ।


-ਰਮਨਦੀਪ ਕੌਰ
ਖਿੜਕੀਆਂ ਵਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।


ਵਿਵਸਥਾ ਠੀਕ ਕਰੋ
ਸਰਕਾਰੀ ਸਕੂਲਾਂ ਦੇ ਨਤੀਜੇ ਮਾੜੇ ਕਿਉਂ ਆ ਰਹੇ ਹਨ, ਸਰਕਾਰ ਨੂੰ ਹੋਰ ਤਾਂ ਕੋਈ ਦਿਸਦਾ ਨਹੀਂ, ਬੱਸ ਅਧਿਆਪਕਾਂ ਨੂੰ ਖਿੱਚ ਲੈਂਦੀ ਹੈ, ਅਧਿਆਪਕ ਵੀ ਕੀ ਕਰਨ, ਜਦੋਂ ਅੱਠਵੀਂ ਤੱਕ ਤਾਂ ਸਾਰੇ ਪਾਸ ਹੀ ਹਨ, ਇਨਸਾਨ ਨੂੰ ਇਨਸਾਨ ਬਣਾਉਣ ਲਈ 'ਡਰ' ਜ਼ਰੂਰੀ ਹੈ। ਜੇ ਬੱਚਿਆਂ ਨੂੰ ਪਤਾ ਹੀ ਹੈ ਕਿ ਉਹ ਪਾਸ ਹੀ ਹਨ ਤਾਂ ਉਨ੍ਹਾਂ ਦਾ ਪੜ੍ਹਨ ਨੂੰ ਵੀ ਜੀਅ ਨਹੀਂ ਕਰਨਾ, ਕਿਉਂਕਿ ਸਾਡੇ ਸਮਾਜ 'ਚ ਡਰ ਅੱਗੇ ਹੀ ਭੂਤ ਨੱਚਦੇ ਹਨ। ਪੜ੍ਹਾਈ ਦਾ ਵਿਕਾਸ ਕਰੋ, ਵਿਨਾਸ਼ ਨਾ ਕਰੋ, ਚਾਹੀਦਾ ਤਾਂ ਇਹ ਸੀ ਕਿ ਪੰਜਵੀਂ ਵੀ ਬੋਰਡ 'ਚ ਸ਼ਾਮਿਲ ਕੀਤੀ ਜਾਵੇ ਪਰ ਸਾਡੇ ਆਧੁਨਿਕ ਮੰਤਰੀਆਂ ਨੇ ਅੱਠਵੀਂ ਦਾ ਬੋਰਡ ਵੀ ਤੋੜ ਦਿੱਤਾ। ਸਰਕਾਰ ਨੇ ਬੋਰਡ ਤੋੜਨਾ, ਬਹੁਤੇ ਵਿਦਿਆਰਥੀਆਂ ਨੇ ਬਸਤਾ ਰੋੜ੍ਹਤਾ ਤੇ ਧਿਆਨ 'ਵੱਟਸਐਪ' 'ਚ ਜੋੜਤਾ। ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਵਿਗੜਿਆ ਨਹੀਂ, ਪੰਜਵੀਂ-ਅੱਠਵੀਂ ਦੇ ਪੇਪਰ ਬੋਰਡ ਰਾਹੀਂ ਲਏ ਜਾਣ, ਤਾਂ ਹੀ ਸਾਡੀ ਪੜ੍ਹਾਈ ਦਾ ਮਿਆਰ ਉੱਚਾ ਹੋਵੇਗਾ, ਅਧਿਆਪਕਾਂ ਦਾ ਮਨੋਬਲ ਵੀ ਉੱਚਾ ਹੋਵੇਗਾ, ਸਰਕਾਰੀ ਸਕੂਲਾਂ ਦਾ ਪੱਧਰ ਵੀ ਉੱਚਾ ਹੋਵੇਗਾ, ਹੁਣ ਸਰਕਾਰ ਨੂੰ ਉੱਚ ਪੱਧਰੀ ਸਿਆਣਪ ਦਿਖਾ ਕੇ ਸੋਚਣਾ ਚਾਹੀਦਾ ਹੈ।


-ਦਰਸ਼ੀ ਗੋਇਲ
ਪ੍ਰਧਾਨ ਏਕਤਾ ਕਲੱਬ, ਬਾਘਾ ਪੁਰਾਣਾ।

9-8-2016

 ਬੇਰੁਜ਼ਗਾਰੀ

ਅੱਜਕਲ੍ਹ ਬੇਰੁਜ਼ਗਾਰੀ ਏਨੀ ਵਧ ਗਈ ਹੈ ਕਿ ਕਿਸੇ ਮਹਿਕਮੇ ਵਿਚ ਇਸ ਦੀ ਪੂਰਤੀ ਨਹੀਂ ਕੀਤੀ ਜਾ ਰਹੀ। ਬੇਰੁਜ਼ਗਾਰ ਸੜਕਾਂ 'ਤੇ ਰੁਲ੍ਹ ਰਿਹਾ ਹੈ। ਬੱਚੇ ਏਨੇ ਪੜ੍ਹ ਲਿਖ ਕੇ ਵੀ ਸੜਕਾਂ 'ਤੇ ਫਿਰ ਰਹੇ ਹਨ। ਕੋਈ ਸੁਣਨ ਵਾਲਾ ਨਹੀਂ। ਜੇ ਥੋੜ੍ਹੀ-ਬਹੁਤ ਪੂਰਤੀ ਨਾਲੋਂ-ਨਾਲ ਹੁੰਦੀ ਰਹੇ ਤਾਂ ਸਮੱਸਿਆ ਇਕਸਾਰ ਰਹਿੰਦੀ ਹੈ। ਜੇ ਕਰਨਾ ਹੀ ਕੁਝ ਨਹੀਂ ਤਾਂ ਫਿਰ ਬੇਚੈਨੀ ਵਧਣੀ ਹੀ ਵਧਣੀ ਹੈ। ਇਸ ਕਰਕੇ ਬੱਚੇ ਵਿਹੜੇ ਫਿਰਦੇ ਹੋਏ ਲੁੱਟਾਂ-ਖੋਹਾਂ ਕਰ ਰਹੇ ਹਨ। ਇਕ ਗੱਲ ਇਥੇ ਲਿਖਣਯੋਗ ਹੈ ਕਿ ਇਕ ਘਰ ਵਿਚ ਮਾਂ-ਬਾਪ, ਲੜਕਾ-ਲੜਕੀ ਨੌਕਰੀ ਕਰ ਰਹੇ ਹਨ ਤਾਂ ਇਕ ਘਰ ਵਿਚ ਇਕ ਨੂੰ ਵੀ ਨੌਕਰੀ ਨਹੀਂ ਮਿਲ ਰਹੀ। ਇਸ ਦੀ ਪੜਚੋਲ ਕਰਕੇ ਨੌਕਰੀਆਂ ਦੇ ਕੇ ਕਾਫੀ ਹੱਦ ਤੱਕ ਸਮੱਸਿਆ ਹੱਲ ਹੋ ਸਕਦੀ ਹੈ।

-ਹਰਜਿੰਦਰਪਾਲ ਸਿੰਘ ਬਾਜਵਾ
536, ਗਲੀ 5-ਬੀ, ਵਿਜੇ ਨਗਰ, ਹੁਸ਼ਿਆਰਪੁਰ।

ਮੰਗਤਿਆਂ ਦੀ ਵਧਦੀ ਗਿਣਤੀ

ਇਕ ਸਰਵੇ ਮੁਤਾਬਿਕ ਭਾਰਤ ਵਿਚ ਕਰੀਬ-ਕਰੀਬ ਇਕ ਲੱਖ ਮੰਗਤੇ ਇਸ ਵੇਲੇ ਭੀਖ ਮੰਗ ਕੇ ਗੁਜ਼ਾਰਾ ਕਰ ਰਹੇ ਹਨ। ਬਹੁਤੇ ਜਾਣਬੁੱਝ ਕੇ ਵਿਹਲੇ ਰਹਿ ਕੇ, ਨਸ਼ਿਆਂ ਦੀ ਪੂਰਤੀ ਲਈ, ਆਦਤਨ ਅਤੇ ਝੁੱਗੀਆਂ ਝੌਂਪੜੀਆਂ ਵਿਚ ਰਹਿਣ ਵਾਲੇ ਲੋਕ ਇਸ ਨੂੰ ਆਸਾਨ ਸਮਝ ਕੇ ਆਪਣਾ ਗੁਜ਼ਾਰਾ ਚਲਾਉਂਦੇ ਹਨ। ਇਨ੍ਹਾਂ ਵੱਲੋਂ ਮੰਗਣ ਦੇ ਕਈ ਤਰੀਕੇ ਇਜ਼ਾਦ ਕੀਤੇ ਗਏ ਹਨ। ਕੋਈ ਹੱਥ ਪੈਰ ਕਟਾ ਕੇ ਕੋਈ ਬੱਚਿਆਂ ਦੇ ਨਾਂਅ 'ਤੇ ਕੋਈ ਹੋਰ ਢੰਗ ਅਪਣਾ ਕੇ ਆਪਣਾ ਬੁੱਤਾ ਸਾਰਦੇ ਹਨ। ਇਸ ਤਬਕੇ ਨੂੰ ਸਿਖਿਅਤ ਕਰਨ, ਲੋੜ ਮੁਤਾਬਿਕ ਕੌਂਸਲਿੰਗ ਅਤੇ ਰੁਜ਼ਗਾਰ ਮੁਹੱਈਆ ਕਰਵਾਉਣਾ ਸਰਕਾਰਾਂ ਦਾ ਪਹਿਲਾ ਕਦਮ ਹੋਣਾ ਚਾਹੀਦਾ ਹੈ। ਇਹ ਲੋਕ ਮਰੀ ਹੋਈ ਜਮੀਰ ਅਧੀਨ ਜ਼ਿੰਦਗੀ ਬਤੀਤ ਕਰਦੇ ਹਨ, ਕਦੇ ਵੀ ਇਸ ਤੋਂ ਉੱਪਰ ਉੱਠਣ ਦੀ ਕੋਸ਼ਿਸ਼ ਵੀ ਨਹੀਂ ਕਰਦੇ। ਸਮਾਜ-ਸੇਵੀ ਸੰਸਥਾਵਾਂ ਅਤੇ ਸਰਕਾਰਾਂ ਨੂੰ ਇਨ੍ਹਾਂ ਵੱਲ ਵਿਸ਼ੇਸ਼ ਧਿਆਨ ਦੀ ਲੋੜ ਹੈ। ਨਹੀਂ ਤਾਂ ਆਉਂਦੇ ਕੁਝ ਸਾਲਾਂ ਵਿਚ ਇਨ੍ਹਾਂ ਦੀ ਗਿਣਤੀ ਲੱਖਾਂ ਕਰੋੜਾਂ ਵਿਚ ਪਹੁੰਚ ਜਾਣੀ ਹੈ।

-ਅਸ਼ਵਨੀ ਕੁਮਾਰ ਪੰਡੋਰੀ
ਸ.ਸ.ਸ.ਸ. ਝੜੌਲੀ (ਗੁਰਦਾਸਪੁਰ)।

ਜੈਵਿਕ ਖੇਤੀ ਲਾਹੇਵੰਦ ਤਰੀਕਾ

ਕਈ ਜ਼ਿਲ੍ਹਿਆਂ 'ਚੋਂ ਆ ਰਹੀਆਂ ਤਾਜ਼ਾ ਰਿਪੋਰਟਾਂ ਤੋਂ ਪਤਾ ਚੱਲਿਆ ਕਿ ਸਾਡੀ ਧਰਤੀ ਮਾਂ ਨੂੰ ਪਿਆਰ ਕਰਨ ਵਾਲੇ ਸਾਡੇ ਦੇਸ਼ ਵਿਚ ਕੁਝ ਅਜਿਹੇ ਹੀਰੇ ਕਿਸਾਨ ਪੁੱਤ ਵੀ ਹਨ, ਜੋ ਆਪਣੀ ਧਰਤੀ ਮਾਂ ਨੂੰ ਜ਼ਹਿਰੀਲੀ ਹੋਣ ਤੋਂ ਰੋਕਣ ਲਈ ਰਸਾਇਣਕ ਖੇਤੀ ਦੀ ਬਜਾਏ 'ਜੈਵਿਕ ਖੇਤੀ' ਯਾਨੀ 'ਕੁਦਰਤੀ ਖੇਤੀ' ਨੂੰ ਤਰਜੀਹ ਦੇ ਰਹੇ ਨੇ, ਜੋ ਮਹਿੰਗੀਆਂ ਰੇਹਾਂ-ਸਪਰੇਆਂ ਕਰਨ ਵਾਲੇ ਕਿਸਾਨਾਂ ਲਈ ਇਕ ਮਿਸਾਲ ਵਜੋਂ ਉੱਭਰ ਕੇ ਸਾਹਮਣੇ ਆਏ ਹਨ। ਜਿਹੜੇ ਲਾਈਲੱਗ ਕਿਸਾਨ ਰਸਾਇਣਕ ਖੇਤੀ ਅਪਣਾ ਕੇ ਮਹਿੰਗੇ ਕੀਟਨਾਸ਼ਕ ਤੇ ਮਹਿੰਗੀਆਂ ਰੇਹਾਂ-ਸਪਰੇਆਂ ਖਰੀਦ ਕੇ ਕੰਪਨੀਆਂ ਅਤੇ ਡੀਲਰਾਂ ਦੀਆਂ ਤਿਜੌਰੀਆਂ ਭਰ ਰਹੇ ਹਨ ਤੇ ਧਰਤੀ ਦੀ ਹਿੱਕ 'ਤੇ ਜ਼ਹਿਰਾਂ ਦਾ ਛਿੜਕਾਅ ਕਰ ਰਹੇ ਹਨ। ਉਨ੍ਹਾਂ ਕਿਸਾਨ ਭਰਾਵਾਂ ਨੂੰ ਜੈਵਿਕ ਖੇਤੀ ਅਪਣਾਉਣ ਵਾਲੇ ਕਿਸਾਨਾਂ ਤੋਂ ਕੁਝ ਪ੍ਰੇਰਨਾ ਲੈਣੀ ਚਾਹੀਦੀ ਹੈ ਤਾਂ ਜੋ ਦੂਸ਼ਿਤ ਪਾਣੀ, ਖ਼ਤਰਨਾਕ ਬਿਮਾਰੀਆਂ, ਮਹਿੰਗਾਈ ਅਤੇ ਖ਼ੁਦਕੁਸ਼ੀਆਂ ਵਰਗੀਆਂ ਭੈੜੀਆਂ ਅਲਾਮਤਾਂ ਨੂੰ ਕੁਝ ਠੱਲ੍ਹ ਪੈ ਸਕੇ ਤੇ ਦੇਸ਼ ਦੀ ਲੀਹੋਂ ਲੱਥੀ ਕਿਸਾਨੀ ਨੂੰ ਲੀਹ 'ਤੇ ਲਿਆਉਣ ਲਈ ਅਤੇ ਸਮੁੱਚੇ ਦੇਸ਼ ਨੂੰ ਸਦੀਆਂ ਤਾਈਂ ਹਰਿਆ-ਭਰਿਆ ਰੱਖਣ ਲਈ ਜੈਵਿਕ ਖੇਤੀ ਲਾਹੇਵੰਦ ਤਰੀਕਾ ਹੈ। ਇਸ ਲਈ ਕਿਸਾਨ ਭਰਾਵਾਂ ਨੂੰ ਇਕੋ ਅਰਜ਼ੋਈ ਹੈ ਕਿ ਕੁਦਰਤੀ ਖੇਤੀ ਨੂੰ ਅਪਣਾਉਣ ਲਈ ਤੁਹਾਡੇ ਹੰਭਲੇ ਦੀ ਲੋੜ ਹੈ, ਨਹੀਂ ਤਾਂ ਸਾਡੀ ਇਹ ਉਪਜਾਊ ਧਰਤੀ ਆਉਣ ਵਾਲੀਆਂ ਨਸਲਾਂ ਨੂੰ ਅੰਨ ਦੀ ਥਾਂ ਜ਼ਹਿਰਾਂ ਪਰੋਸ ਕੇ ਦੇਵੇਗੀ।

-ਤਰਸੇਮ ਮਹਿਤੋ
ਪਿੰਡ ਬਈਏਵਾਲ (ਸੰਗਰੂਰ)।

8-08-2016

 ਲੋਕ ਸਭਾ 'ਚ ਚਰਚਾ

ਪਿਛਲੇ ਦਿਨੀਂ ਲੋਕ ਸਭਾ 'ਚ ਮਹਿੰਗਾਈ ਦੇ ਮੁੱਦੇ 'ਤੇ ਵੱਡੀ ਪੱਧਰ 'ਤੇ ਚਰਚਾ ਹੋਈ। ਅਸੀਂ ਚਾਹੁੰਦੇ ਹਾਂ ਕਿ ਮਹਿੰਗਾਈ ਦੇ ਮੁੱਦੇ 'ਤੇ ਚਰਚਾ ਵਾਰ-ਵਾਰ ਹੋਣੀ ਚਾਹੀਦੀ ਹੈ। ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਖੁਰਾਕੀ ਵਸਤਾਂ ਦੀਆਂ ਕੀਮਤਾਂ ਅਮਰਵੇਲ ਵਾਂਗ ਵਧਦੀਆਂ ਹੀ ਜਾ ਰਹੀਆਂ ਹਨ। ਸਰਕਾਰਾਂ ਅਕਸਰ ਹੀ ਮਹਿੰਗਾਈ ਨੂੰ ਰੋਕਣ ਲਈ ਕੁਝ ਪ੍ਰਭਾਵੀ ਕਦਮ ਚੁੱਕਣ ਦੀ ਬਜਾਏ ਇਸ ਨੂੰ ਮੌਸਮ ਦੀ ਕਰੋਪੀ ਨਾਲ ਜੋੜ ਕੇ ਪੱਲਾ ਝਾੜ ਲੈਂਦੀਆਂ ਹਨ। ਅੱਜ ਦੇਸ਼ ਦੀ 85 ਫੀਸਦੀ ਜਨਤਾ ਮਹਿੰਗਾਈ ਦੀ ਚੱਕੀ ਵਿਚ ਪਿਸ ਰਹੀ ਹੈ। ਵੱਡੀ ਗਿਣਤੀ ਗੁਰਬਤ ਭਰਿਆ ਜੀਵਨ ਜਿਉਣ ਲਈ ਮਜਬੂਰ ਹੈ। ਇਹ ਵੀ ਸੱਚ ਹੈ ਕਿ ਆਮ ਨਾਗਰਿਕ ਨੂੰ ਦੋ ਵਕਤ ਦੀ ਰੋਟੀ ਦੀ ਚਿੰਤਾ 24 ਘੰਟੇ ਘੇਰੀ ਰੱਖਦੀ ਹੈ। ਮਹਿੰਗਾਈ ਅੱਗੇ ਗੋਡੇ ਟੇਕਦੀ ਜਾ ਰਹੀ ਜਨਤਾ ਦੀ ਬਾਂਹ ਫੜਨੀ ਅੱਜ ਜ਼ਰੂਰੀ ਹੋ ਗਈ ਹੈ। ਅਫ਼ਸੋਸ ਇਸ ਗੱਲ ਦਾ ਹੈ ਕਿ ਪਹਿਲੀ ਤੇ ਅੱਜ ਦੀ ਸਰਕਾਰ ਨੇ ਬਹੁਤਾ ਧਿਆਨ ਉਦਯੋਗਾਂ ਤੇ ਉਦਯੋਗਪਤੀਆਂ ਵੱਲ ਹੀ ਦਿੱਤਾ ਹੈ ਜਾਂ ਦਿੱਤਾ ਜਾ ਰਿਹਾ ਹੈ ਪਰ ਸੋਚਣ ਵਾਲੀ ਗੱਲ ਹੈ ਕਿ ਨਿਰਾ ਉਦਯੋਗੀਕਰਨ ਹੀ ਇਕ ਅਰਬ 27 ਕਰੋੜ ਲੋਕਾਂ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦਾ। ਇਸ ਤਰ੍ਹਾਂ ਤਾਂ ਅਮੀਰ ਤੇ ਗਰੀਬ 'ਚ ਪਾੜਾ ਹੀ ਵਧਦਾ ਹੈ। ਮਹਿੰਗਾਈ, ਗਰੀਬੀ ਤੇ ਬੇਰੁਜ਼ਗਾਰੀ ਵਰਗੀ ਸਮੱਸਿਆ ਮੂੰਹ ਅੱਡੀ ਖੜ੍ਹੀ ਹੈ। ਲੋੜ ਹੈ ਸਮੁੱਚੇ ਦੇਸ਼ ਵਾਸੀਆਂ ਨੂੰ ਵਿਕਾਸ ਨਾਲ ਜੋੜਿਆ ਜਾਵੇ ਤੇ ਮਹਿੰਗਾਈ ਦੇ ਚੁੰਗਲ 'ਚੋਂ ਕੱਢਿਆ ਜਾਵੇ, ਨਾ ਕਿ ਜਨਤਾ ਨੂੰ ਮੁਢਲੀਆਂ ਲੋੜਾਂ 'ਚ ਹੀ ਉਲਝਾ ਕੇ ਰੱਖਿਆ ਜਾਵੇ।

-ਬੰਤ ਘੁਡਾਣੀ,
ਪਿੰਡ ਤੇ ਡਾਕ: ਘੁਡਾਣੀ ਕਲਾਂ (ਲੁਧਿਆਣਾ)।

ਰੁੱਖ ਲਗਾਓ

ਰੁੱਖ ਹੀ ਮਨੁੱਖ ਦੇ ਸਹੀ ਜਿਊਣ ਦਾ ਸਾਧਨ ਹਨ। ਸਾਡੀ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਰੁੱਖ ਹੀ ਪੂਰੀਆਂ ਕਰਦੇ ਹਨ। ਰੁੱਖ ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤੱਕ ਨਾਲ-ਨਾਲ ਚਲਦੇ ਹਨ। ਜੇਕਰ ਰੁੱਖ ਜ਼ਿਆਦਾ ਹੋਣਗੇ ਤਾਂ ਵਰਖਾ ਵੀ ਸਮੇਂ ਸਿਰ ਹੋਵੇਗੀ ਤੇ ਪਾਣੀ ਦੀ ਵੀ ਪੂਰਤੀ ਹੋਵੇਗੀ। ਹੁਣ ਵੀ ਵੇਲਾ ਹੈ, ਅਜੇ ਕੁਝ ਨਹੀਂ ਵਿਗੜਿਆ। ਹਰ ਮਨੁੱਖ ਆਪਣੀ ਨਿੱਜੀ ਜ਼ਿੰਮੇਵਾਰੀ ਸਮਝੇ ਤੇ ਰੁੱਖ ਲਗਾਵੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਢੰਗ ਨਾਲ ਆਪਣਾ ਜੀਵਨ ਬਤੀਤ ਕਰ ਸਕਣਗੀਆਂ। ਇਹ ਮੌਸਮ ਰੁੱਖ ਲਗਾਉਣ ਦਾ ਹੈ, ਬਰਸਾਤ 'ਚ ਲਾਏ ਰੁੱਖ ਜ਼ਮੀਨ 'ਚ ਸਿੱਲ੍ਹ ਹੋਣ ਕਰਕੇ ਛੇਤੀ ਜੜ੍ਹ ਫੜ ਲੈਂਦੇ ਹਨ। ਜਿਥੇ ਅਸੀਂ ਉਤਸ਼ਾਹ ਨਾਲ ਰੁੱਖ ਲਾਉਂਦੇ ਹਾਂ, ਉਥੇ ਨਾਲ ਦੀ ਨਾਲ ਸਾਨੂੰ ਇਨ੍ਹਾਂ ਦੀ ਸਾਂਭ-ਸੰਭਾਲ ਦਾ ਵੀ ਖਾਸ ਖਿਆਲ ਰੱਖਣਾ ਚਾਹੀਦਾ ਹੈ।

-ਤਿਲਕ ਰਾਜ ਰਾਜੂ,
ਬਸੀ ਗੁਲਾਮ ਹੁਸੈਨ, ਹੁਸ਼ਿਆਰਪੁਰ-146021. ਮੋਬਾ: 93650-42793

ਆਜ਼ਾਦ ਦੇਸ਼ ਦੇ ਗੁਲਾਮ ਵਾਸੀ

ਸਾਡੇ ਦੇਸ਼ ਨੂੰ ਆਜ਼ਾਦ ਹੋਇਆਂ ਅੱਜ ਕਈ ਸਾਲ ਬੀਤ ਗਏ ਹਨ ਪਰ ਕੀ ਅਸੀਂ ਆਜ਼ਾਦ ਹਾਂ? ਨਹੀਂ, ਸੱਚ ਤਾਂ ਇਹ ਹੈ ਕਿ ਅਸੀਂ ਅੱਜ ਵੀ ਗੁਲਾਮ ਹਾਂ। ਬਸ ਗੁਲਾਮੀ ਦੀ ਪਰਿਭਾਸ਼ਾ ਬਦਲੀ ਹੈ। ਅਸੀਂ ਅੱਜ ਵੀ ਗੁਲਾਮ ਹਾਂ ਆਪਣੀ ਸੌੜੀ ਮਾਨਸਿਕਤਾ ਦੇ। ਜਿਸ ਦੇਸ਼ ਵਿਚ ਰੋਜ਼ ਧਰਮ ਦੇ ਨਾਂਅ 'ਤੇ, ਜਾਤ ਦੇ ਨਾਂਅ 'ਤੇ ਖੂਨ-ਖਰਾਬਾ ਹੋਵੇ, ਰੋਜ਼ ਮਾਸੂਮ ਧੀਆਂ-ਭੈਣਾਂ ਦੀ ਇੱਜ਼ਤ ਤਾਰ-ਤਾਰ ਕੀਤੀ ਜਾਵੇ, ਗਰੀਬੀ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਜਿਸ ਦੇਸ਼ ਦੇ ਸੂਤਰਧਾਰ ਹੋਣ, ਕੀ ਉਹ ਦੇਸ਼ ਆਜ਼ਾਦ ਹੋ ਸਕਦਾ ਹੈ? ਸੱਚ ਤਾਂ ਇਹੀ ਹੈ ਕਿ ਸਾਡੀ ਗੁਲਾਮੀ ਦਾ ਰੂਪ ਬਦਲ ਗਿਆ ਹੈ। ਪਹਿਲਾਂ ਅਸੀਂ ਅੰਗਰੇਜ਼ਾਂ ਦੇ ਗੁਲਾਮ ਸੀ, ਹੁਣ ਅਸੀਂ ਆਪਣੇ ਹੀ ਸੌੜੇ ਰੀਤੀ-ਰਿਵਾਜਾਂ, ਸੌੜੀ ਸੋਚ ਤੇ ਝੂਠੀ ਮਾਣ-ਮਰਿਆਦਾ ਦੇ ਗੁਲਾਮ ਬਣ ਗਏ ਹਾਂ। ਅਸੀਂ ਉਸ ਦਿਨ ਆਜ਼ਾਦ ਹੋਵਾਂਗੇ, ਜਦੋਂ ਅਨਪੜ੍ਹਤਾ, ਗਰੀਬੀ, ਭੁੱਖਮਰੀ, ਭ੍ਰਿਸ਼ਟਾਚਾਰ, ਭੇਦ-ਭਾਵ ਜਿਹੇ ਦੁਸ਼ਮਣਾਂ ਨੂੰ ਖਤਮ ਕਰਕੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦੇਣਗੇ। ਜਿਸ ਦਿਨ ਸਾਡੀਆਂ ਧੀਆਂ-ਭੈਣਾਂ ਇਸ ਸਮਾਜ ਵਿਚ ਸੁਰੱਖਿਅਤ ਹੋਣਗੀਆਂ ਅਤੇ ਇਨਸਾਨੀਅਤ ਹੀ ਸਭ ਦੀ ਪਹਿਚਾਣ ਹੋਵੇਗੀ।

-ਜਸਪ੍ਰੀਤ ਕੌਰ ਸੰਘਾ,
ਪਿੰਡ ਤਨੂੰਲੀ (ਹੁਸ਼ਿਆਰਪੁਰ)। ਮੋਬਾ: 99150-33176

ਸਮਾਜ ਤੇ ਅਪਰਾਧ

ਅੱਜਕਲ੍ਹ ਅਖ਼ਬਾਰਾਂ, ਟੀ. ਵੀ., ਫਿਲਮਾਂ ਅਤੇ ਆਮ ਜਨ-ਜੀਵਨ ਵਿਚ ਬਹੁਤ ਸਾਰੇ ਅਪਰਾਧ ਦੇਖਣ, ਸੁਣਨ ਅਤੇ ਪੜ੍ਹਨ ਲਈ ਮਿਲਦੇ ਹਨ। ਸਮਾਜ ਵਿਚੋਂ ਅਪਰਾਧਾਂ ਨੂੰ ਘੱਟ ਕਰਨ ਲਈ ਪਹਿਲਾਂ ਅਗਿਆਨਤਾ ਨੂੰ ਖਤਮ ਕਰਨਾ ਪਵੇਗਾ। ਅਗਿਆਨਤਾ ਨੂੰ ਖਤਮ ਕਰਨ ਲਈ ਸਰਕਾਰੀ ਅਤੇ ਗ਼ੈਰ-ਸਰਕਾਰੀ ਏਜੰਸੀਆਂ, ਮੀਡੀਆ ਅਤੇ ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਪਵੇਗੀ, ਤਾਂ ਕਿ ਸਮਾਜ ਵਿਚੋਂ ਅਪਰਾਧੀਕਰਨ ਰੋਕਿਆ ਜਾ ਸਕੇ। ਫਿਲਮਾਂ ਵਿਚ ਅਤੇ ਟੀ. ਵੀ. ਸੀਰੀਅਲਾਂ ਵਿਚ ਅਪਰਾਧੀਆਂ ਨੂੰ ਅਪਰਾਧ ਕਰਦੇ ਹੋਏ ਤਾਂ ਦਿਖਾਇਆ ਜਾਂਦਾ ਹੈ ਪਰ ਅਪਰਾਧ ਕਰਨ ਪਿੱਛੋਂ ਉਸ ਦੇ ਨਤੀਜੇ ਭਾਵ ਉਸ ਦੀ ਸਜ਼ਾ ਜਾਂ ਹੁੰਦੀ ਬੁਰੀ ਹਾਲਤ ਬਾਰੇ ਨਹੀਂ ਦਿਖਾਇਆ ਜਾਂਦਾ। ਇਹ ਵਿਖਾਉਣਾ ਲਾਜ਼ਮੀ ਹੈ ਤਾਂ ਕਿ ਫਿਲਮਾਂ ਅਤੇ ਟੀ. ਵੀ. ਸੀਰੀਅਲ ਦੇਖਣ ਵਾਲੇ ਲੋਕ ਸਬਕ ਸਿੱਖ ਸਕਣ ਅਤੇ ਅਪਰਾਧੀਕਰਨ ਨੂੰ ਠੱਲ੍ਹ ਪੈ ਸਕੇ।

-ਅਵਤਾਰ ਸਿੰਘ ਕੈਂਥ,
ਪਿੰਡ ਝੋਰੜਾਂ (ਲੁਧਿਆਣਾ)।

ਤਿੰਨ ਵੱਡੀਆਂ ਸਮੱਸਿਆਵਾਂ

ਪੁਰਾਣੇ ਸਮਿਆਂ ਵਿਚ ਲੋਕ ਰੇਡੀਓ ਨੂੰ ਹੀ ਹੌਲੀ ਆਵਾਜ਼ ਵਿਚ ਸੁਣਦੇ ਸਨ ਅਤੇ ਵਿਆਹਾਂ-ਸ਼ਾਦੀਆਂ ਦੇ ਮੌਕੇ 'ਤੇ ਵੀ ਜ਼ਿਆਦਾ ਸ਼ੋਰ-ਸ਼ਰਾਬਾ ਨਹੀਂ ਕੀਤਾ ਜਾਂਦਾ ਸੀ ਪਰ ਹੁਣ ਜ਼ਮਾਨਾ ਬਦਲ ਗਿਆ ਹੈ। ਅਜੋਕੇ ਸਮੇਂ ਵਿਚ ਲੋਕ ਵਿਆਹਾਂ-ਸ਼ਾਦੀਆਂ ਦੇ ਮੌਕੇ 'ਤੇ ਉੱਚੀ ਸਪੀਕਰ ਲਗਾ ਕੇ ਸ਼ੋਰ ਪ੍ਰਦੂਸ਼ਣ ਪੈਦਾ ਕਰਦੇ ਹਨ। ਅੱਜ ਦੇ ਨੌਜਵਾਨ ਗੱਡੀਆਂ-ਕਾਰਾਂ ਵਿਚ ਉੱਚੀ ਗਾਣੇ ਲਗਾਉਂਦੇ ਹਨ ਅਤੇ ਹਾਰਨਾਂ ਵੀ ਵਜਾਉਂਦੇ ਹਨ। ਘਰਾਂ ਵਿਚ ਨੌਜਵਾਨ ਉੱਚੀ ਆਵਾਜ਼ ਵਿਚ ਗਾਣੇ ਸੁਣਦੇ ਹਨ, ਭਾਵੇਂ ਘਰ ਵਿਚ ਕੋਈ ਬਜ਼ੁਰਗ ਬਿਮਾਰ ਪਿਆ ਹੋਵੇ, ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਸ ਤੋਂ ਬਾਅਦ ਦੂਜੀ ਸਮੱਸਿਆ ਹੈ ਹਵਾ ਪ੍ਰਦੂਸ਼ਣ। ਫੈਕਟਰੀਆਂ ਦਾ ਧੂੰਆਂ ਹਵਾ ਵਿਚ ਮਿਲ ਕੇ ਉਸ ਨੂੰ ਪ੍ਰਦੂਸ਼ਿਤ ਕਰਦਾ ਹੈ। ਲੋਕ ਆਪਣੇ ਘਰਾਂ ਦਾ ਕੂੜਾ-ਕਰਕਟ ਖੁੱਲ੍ਹੇ ਵਿਚ ਜਲਾਉਂਦੇ ਹਨ ਅਤੇ ਹਵਾ ਨੂੰ ਪ੍ਰਦੂਸ਼ਿਤ ਕਰਦੇ ਹਨ। ਟ੍ਰੈਫਿਕ ਸਮੇਂ ਵਾਹਨਾਂ ਵਿਚੋਂ ਨਿਕਲਦਾ ਧੂੰਆਂ ਵੀ ਹਵਾ ਨੂੰ ਪ੍ਰਦੂਸ਼ਿਤ ਕਰਨ ਵਾਲਾ ਮੁੱਖ ਕਾਰਨ ਹੈ। ਤੀਜੀ ਸਮੱਸਿਆ ਹੈ ਪਾਣੀ ਦਾ ਪ੍ਰਦੂਸ਼ਣ। ਫੈਕਟਰੀਆਂ ਵਿਚੋਂ ਨਿਕਲਣ ਵਾਲੇ ਵਾਧੂ ਪਦਾਰਥ ਨਦੀਆਂ ਦੇ ਪਾਣੀ ਵਿਚ ਮਿਲ ਕੇ ਉਸ ਨੂੰ ਪ੍ਰਦੂਸ਼ਿਤ ਕਰਦੇ ਹਨ। ਜੇਕਰ ਅਸੀਂ ਚਾਹੀਏ ਤਾਂ ਅਸੀਂ ਇਨ੍ਹਾਂ ਸਮੱਸਿਆਵਾਂ 'ਤੇ ਰੋਕ ਲਗਾ ਸਕਦੇ ਹਾਂ। ਬਾਹਰਲੇ ਦੇਸ਼ਾਂ ਵਿਚ ਜਾ ਕੇ ਅਸੀਂ ਜੋ ਢੰਗ ਅਪਣਾਉਂਦੇ ਹਾਂ, ਉਹ ਆਪਣੇ ਇਥੇ ਵੀ ਅਪਣਾ ਸਕਦੇ ਹਾਂ। ਇਸੇ ਤਰ੍ਹਾਂ ਹੀ ਸਾਡਾ ਸੂਬਾ ਹੀ ਨਹੀਂ, ਬਲਕਿ ਸਾਡਾ ਦੇਸ਼ ਵੀ ਸਫ਼ਾਈ ਵਾਲਾ ਦੇਸ਼ ਕਹਾਏਗਾ।

-ਮਮਤਾ,
ਜਨ-ਸੰਚਾਰ ਵਿਭਾਗ, ਐੱਚ. ਐੱਮ. ਵੀ., ਜਲੰਧਰ।

 

5-8-2016

ਖ਼ੁਦਕੁਸ਼ੀਆਂ ਵਿਚ ਵਾਧਾ ਕਿਉਂ?

ਅੱਜਕਲ੍ਹ ਹਰ ਰੋਜ਼ ਅਖ਼ਬਾਰਾਂ ਵਿਚ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲ ਰਹੀਆਂ ਹਨ। ਖ਼ੁਦਕੁਸ਼ੀ ਦਾ ਮਤਲਬ ਆਪਣੀ ਜ਼ਿੰਦਗੀ ਤੋਂ ਹਾਰ ਜਾਣਾ ਹੈ। ਅਸੀਂ ਜ਼ਿੰਦਗੀ ਨੂੰ ਜਿੱਤਣਾ ਹੈ, ਹਾਰਨਾ ਨਹੀਂ। ਜ਼ਿੰਦਗੀ ਵਿਚ ਆਉਣ ਵਾਲੀਆਂ ਹਰ ਮੁਸ਼ਕਿਲਾਂ ਦਾ ਹਮੇਸ਼ਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ। ਮਾਪਿਆਂ ਨੂੰ ਆਪਣੇ ਬੱਚਿਆਂ ਦੇ ਨਾਲ ਖੜ੍ਹੇ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਅੱਗੇ ਵਧਣ ਦਾ ਹੌਸਲਾ ਦੇਣਾ ਚਾਹੀਦਾ ਹੈ। ਚੰਗਾ ਜਾਂ ਬੁਰਾ ਸਮਾਂ ਤਾਂ ਚਲਦਾ ਹੀ ਰਹਿੰਦਾ ਹੈ। ਥੋੜ੍ਹਾ ਸਬਰ ਕਰਨਾ ਹੀ ਔਖਾ ਹੁੰਦਾ ਹੈ। ਜਿੱਤ ਜਾਂ ਹਾਰ ਤਾਂ ਜ਼ਿੰਦਗੀ ਦਾ ਇਕ ਹਿੱਸਾ ਹਨ। ਨੌਕਰੀਆਂ ਜਾਂ ਪੈਸਾ ਤਾਂ ਆ ਹੀ ਜਾਂਦਾ ਹੈ, ਪਰ ਇਸ ਦੁਨੀਆ ਤੋਂ ਗਿਆ ਬੰਦਾ ਕਦੀ ਵਾਪਸ ਨਹੀਂ ਆਉਂਦਾ। ਸੋ, ਹਰ ਕਦਮ ਸੋਚ ਕੇ ਚੱਲੋ।

-ਹਰਿੰਦਰ ਸਿੰਘ ਗਰਚਾ
ਆਤਮ ਨਗਰ, ਜਗਰਾਉਂ।

ਮਸਲਾ ਰਾਖਵੇਂਕਰਨ ਦਾ

ਸਰਕਾਰੀ ਵਿਭਾਗਾਂ ਵਿਚ ਨੌਕਰੀਆਂ ਦੇ ਰਾਖਵੇਂਕਰਨ ਦਾ ਮਸਲਾ ਅੱਜਕਲ੍ਹ ਖੂਬ ਭਖ ਰਿਹਾ ਹੈ। ਪਿਛਲੇ ਦਿਨੀਂ ਇਸੇ ਸਬੰਧ ਵਿਚ ਹੋਏ ਪ੍ਰਦਰਸ਼ਨਾਂ 'ਚ ਬਹੁਤ ਭੰਨ-ਤੋੜ ਹੋਈ ਅਤੇ ਸ਼ਰਮਨਾਕ ਹੱਦ ਤੱਕ ਮੁਜ਼ਾਹਰੇ ਕੀਤੇ ਗਏ। ਇਨ੍ਹਾਂ ਪ੍ਰਦਰਸ਼ਨਾਂ ਵਿਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ। ਹੁਣ ਸਮਾਂ ਆ ਗਿਆ ਹੈ ਕਿ ਮਾਣਯੋਗ ਸੁਪਰੀਮ ਕੋਰਟ ਇਹ ਮਾਮਲਾ ਆਪਣੇ ਹੱਥ ਵਿਚ ਲੈ ਕੇ ਇਸ ਦਾ ਸਥਾਈ ਹੱਲ ਕਰੇ ਤਾਂ ਜੋ ਦੇਸ਼ ਵਿਚ ਅਮਨ-ਚੈਨ ਦੀ ਸਥਿਤੀ ਪੈਦਾ ਹੋ ਸਕੇ। ਰਾਖਵੇਂਕਰਨ ਦਾ ਆਧਾਰ ਆਰਥਿਕਤਾ ਹੋਣਾ ਚਾਹੀਦਾ ਹੈ ਤਾਂ ਜੋ ਇਸ ਹੱਕ ਦਾ ਲਾਭ ਗ਼ਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਲੋਕ ਉਠਾ ਸਕਣ।

-ਮਾ: ਮਹਿੰਦਰ ਸਿੰਘ ਬਾਜਵਾ
ਮਸੀਤਾਂ, ਜ਼ਿਲ੍ਹਾ ਕਪੂਰਥਲਾ।

ਵਧਦੇ ਸੜਕ ਹਾਦਸੇ

ਸੜਕਾਂ ਉੱਤੇ ਆਵਾਜਾਈ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਸੜਕਾਂ ਉੱਤੇ ਬੰਦਿਆਂ ਤੇ ਮਾਲ ਦੀ ਢੋਆ-ਢੁਆਈ ਕਰਦੇ ਟਰੱਕਾਂ, ਬੱਸਾਂ, ਕਾਰਾਂ ਆਦਿ ਦਾ ਤਾਂਤਾ ਲੱਗਿਆ ਰਹਿੰਦਾ ਹੈ। ਕੰਮਾਂਕਾਰਾਂ ਆਦਿ ਦੇ ਵਧਣ ਕਾਰਨ ਲੋਕਾਂ ਵਿਚ ਕਾਹਲ ਵਧ ਗਈ ਹੈ ਅਤੇ ਠਰ੍ਹੰਮਾ ਘਟ ਗਿਆ ਹੈ। ਦੁਰਘਟਨਾ ਦਾ ਇਕ ਕਾਰਨ ਹਰ ਇਕ ਦਾ ਤੇਜ਼ ਸਪੀਡ ਨਾਲ ਚਲਣਾ ਹੈ। ਬਹੁਤ ਸਾਰੀਆਂ ਦੁਰਘਟਨਾਵਾਂ ਡਰਾਈਵਰਾਂ ਦੀ ਲਾਪਰਵਾਹੀ ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਕਰਕੇ ਹੁੰਦੀਆਂ ਹਨ। ਉਨ੍ਹਾਂ ਦੁਆਰਾ ਵਰਤੀ ਸਾਵਧਾਨੀ ਨਾਲ ਹੀ ਇਸ ਸਮੱਸਿਆ ਨੂੰ ਨਜਿੱਠਿਆ ਜਾ ਸਕਦਾ ਹੈ। ਦੁਰਘਟਨਾਵਾਂ ਤੋਂ ਬਚਣ ਲਈ ਸਾਨੂੰ ਕਾਹਲੀ ਨਹੀਂ ਕਰਨੀ ਚਾਹੀਦੀ। ਜੇਕਰ ਸੜਕਾਂ 'ਤੇ ਆਵਾਜਾਈ ਸਮੇਂ ਆਪਣਾ ਤੇ ਦੂਜਿਆਂ ਦਾ ਖਿਆਲ ਰੱਖਿਆ ਜਾਵੇ ਤਾਂ ਦੁਰਘਟਨਾਵਾਂ ਟਲ ਸਕਦੀਆਂ ਹਨ।

-ਅਵਤਾਰ ਸਿੰਘ ਕੈਂਥ
ਪਿੰਡ ਝੋਰੜਾਂ, ਜ਼ਿਲ੍ਹਾ ਲੁਧਿਆਣਾ।

3-8-2016

 ਪੰਜਾਬੀ ਅਧਿਆਪਕਾਂ ਨਾਲ ਧੱਕਾ ਕਿਉਂ?
ਪੰਜਾਬੀ ਅਧਿਆਪਕ ਜੋ ਆਪਣੀ ਮਾਂ-ਬੋਲੀ ਨੂੰ ਪਿਆਰ ਕਰਦੇ ਹਨ, ਅੱਜ ਆਪਣੇ ਹੀ ਵਿਭਾਗ ਦੁਆਰਾ ਲਿਤਾੜੇ ਜਾ ਰਹੇ ਹਨ। ਪਹਿਲੀ ਵਾਰ ਜਦੋਂ 2012 ਵਿਚ ਪੰਜਾਬੀ ਵਿਸ਼ੇ ਦੇ 381 ਲੈਕਚਰਾਰ ਪਦਉਨਤ ਕੀਤੇ ਗਏ ਤਾਂ ਉਦੋਂ ਮਾਤ ਭਾਸ਼ਾ ਦੇ ਕੇਵਲ 55 ਅਧਿਆਪਕ ਹੀ ਲੈਕਚਰਾਰ ਪਦਉਨਤ ਹੋਏ। ਐਸ.ਐਸ.-177, ਗਣਿਤ 69, ਸਾਇੰਸ 67, ਡੀ.ਪੀ. 11 ਅਤੇ ਹਿੰਦੀ ਵਿਸ਼ੇ ਦੇ 2 ਅਧਿਆਪਕ ਕੁੱਲ 326 ਲੈਕਚਰਾਰ ਗ਼ੈਰ-ਪੰਜਾਬੀ ਵਿਸ਼ਿਆਂ ਦੇ ਪਦਉਨਤ ਹੋ ਗਏ। ਫਿਰ 2014 ਵਿਚ ਪੰਜਾਬੀ ਲੈਕਚਰਾਰਾਂ ਦੀਆਂ 371 ਪਦਉਨਤੀਆਂ ਵਿਚ ਮਾਂ-ਬੋਲੀ ਦੇ ਕੇਵਲ 58 ਅਧਿਆਪਕ ਹੀ ਪ੍ਰਮੋਟ ਹੋ ਸਕੇ ਜਦਕਿ ਐਸ.ਐਸ. 154, ਗਣਿਤ 67, ਸਾਇੰਸ 78, ਡੀ.ਪੀ.ਆਈ. 8 ਅਤੇ ਹਿੰਦੀ 6 ਅਧਿਆਪਕ ਅਰਥਾਤ 313 ਅਧਿਆਪਕ ਗ਼ੈਰ ਪੰਜਾਬੀ ਵਿਸ਼ਿਆਂ ਦੇ ਪੰਜਾਬੀ ਲੈਕਚਰਾਰ ਬਣ ਗਏ। ਹਾਲ ਹੀ ਵਿਚ 3 ਜੁਲਾਈ, 2016 ਨੂੰ 520 ਪੰਜਾਬੀ ਪਦਉਨਤ ਪੰਜਾਬੀ ਲੈਕਚਰਾਰਾਂ ਵਿਚ 373 ਸ਼ੁੱਧ ਪੰਜਾਬੀ ਵਿਸ਼ੇ ਦੇ ਹਨ। ਪ੍ਰੰਤੂ ਇਸ ਵਾਰ ਵੀ ਐਸ.ਐਸ. 72, ਸਾਇੰਸ 24, ਗਣਿਤ 43, ਹਿੰਦੀ 7 ਅਤੇ ਅੰਗਰੇਜ਼ੀ-1, ਕੁੱਲ 147 ਲੈਕਚਰਾਰ ਗ਼ੈਰ-ਪੰਜਾਬੀ ਵਿਸ਼ਿਆਂ ਦੇ ਪ੍ਰਮੋਟ ਹੋਏ ਹਨ। ਬੜੀ ਹੈਰਾਨੀ ਦੀ ਗੱਲ ਹੈ ਕਿ ਪਿਛਲੇ 4 ਸਾਲਾਂ ਦੌਰਾਨ ਪੰਜਾਬੀ ਲੈਕਚਰਾਰਾਂ ਦੀਆਂ ਕੁੱਲ 1272 ਪਦਉਨਤੀਆਂ ਵਿਚ ਪਹਿਲੀ ਜਮਾਤ ਤੋਂ ਐਮ.ਏ. ਤੱਕ ਪੰਜਾਬੀ ਮਾਂ-ਬੋਲੀ ਨੂੰ ਵਿਸ਼ੇ ਵਜੋਂ ਪੜ੍ਹਨ ਵਾਲੇ ਕੇਵਲ 486 ਪੰਜਾਬੀ ਲੈਕਚਰਾਰ ਹੀ ਪਦਉਨਤ ਹੋਏ ਹਨ ਜੋ ਕੇਵਲ 38.20 ਫ਼ੀਸਦੀ ਹੀ ਬਣਦੇ ਹਨ, ਜਦਕਿ ਗ਼ੈਰ-ਪੰਜਾਬੀ ਵਿਸ਼ਿਆਂ ਦੇ ਨਕਲੀ ਲੈਕਚਰਾਰਾਂ ਦੀ ਗਿਣਤੀ 786 ਹੈ, ਜੋ 61.79 ਫ਼ੀਸਦੀ ਬਣਦੇ ਹਨ, ਜਿਨ੍ਹਾਂ ਨੇ ਪੰਜਾਬੀ ਵਿਸ਼ਾ ਕੇਵਲ ਦਸਵੀਂ ਤੱਕ ਹੀ ਪੜ੍ਹਿਆ ਸੀ ਅਤੇ ਪ੍ਰੋਫੈਸ਼ਨਲ ਡਿਗਰੀ ਬੀ ਐੱਡ ਵਿਚ ਵੀ ਉਨ੍ਹਾਂ ਨੇ ਪੰਜਾਬੀ ਨੂੰ ਟੀਚਿੰਗ ਵਿਸ਼ੇ ਵਜੋਂ ਨਹੀਂ ਪੜ੍ਹਿਆ। ਉਪਰੋਕਤ ਪੰਜਾਬੀ ਲੈਕਚਰਾਰ ਵਿਸ਼ਾ ਮਾਹਿਰ ਨਹੀਂ ਹੋ ਸਕਦੇ ਅਤੇ ਨਾ ਹੀ ਉਹ ਵਿਦਿਆਰਥੀਆਂ ਨਾਲ ਨਿਆਂ ਕਰ ਸਕਦੇ ਹਨ। ਫਿਰ ਨਤੀਜੇ ਵਧੀਆ ਹੋਣ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ। ਜੇਕਰ ਅਸੀਂ ਸਿੱਖਿਆ ਅਧਿਕਾਰ ਕਾਨੂੰਨ 2009 ਨੂੰ ਚੈਲਿੰਜ ਕਰ ਸਕਦੇ ਹਾਂ ਜੋ ਬੱਚਿਆਂ ਦਾ ਨੁਕਸਾਨ ਕਰ ਰਿਹਾ ਹੈ ਤਾਂ ਫਿਰ ਇਸ ਨਿਯਮ ਨੂੰ ਕਿਉਂ ਨਹੀਂ? 20 ਸਾਲ ਤੱਕ ਮੈਥ, ਸਾਇੰਸ, ਹਿੰਦੀ, ਅੰਗਰੇਜ਼ੀ, ਸਰੀਰਕ ਸਿੱਖਿਆ ਪੜ੍ਹਾਉਣ ਵਾਲੇ ਨੂੰ ਜੇ ਤੁਸੀਂ ਉਸ ਦੀ ਸੇਵਾ ਦਾ ਲਾਭ ਦੇਣਾ ਚਾਹੁੰਦੇ ਹੋ ਤਾਂ ਇਹ ਉਸ ਦੇ ਵਿਸ਼ੇ ਵਿਚ ਹੀ ਹੋਵੇ ਨਾ ਕਿ ਉਸ ਨੂੰ ਪੰਜਾਬੀ ਲੈਕਚਰਾਰ ਬਣਾ ਦੇਵੋ। ਵਿਸ਼ੇ ਦਾ ਮਾਹਿਰ ਅਧਿਆਪਕ ਹੀ ਵਿਸ਼ੇ ਨਾਲ ਇਨਸਾਫ਼ ਕਰ ਸਕਦਾ ਹੈ, ਦੂਜਾ ਵਿਸ਼ਾ ਮਾਹਿਰ ਨਹੀਂ। ਮੇਰੀ ਬੇਨਤੀ ਹੈ ਕਿ ਪੰਜਾਬੀ ਅਧਿਆਪਕ ਦਾ ਮਾਣ-ਸਤਿਕਾਰ ਕਾਇਮ ਰੱਖਿਆ ਜਾਵੇ। ਸਿੱਖਿਆ ਵਿਭਾਗ ਵਿਚਾਲੇ ਇਹੋ ਜਿਹੇ ਪੁਰਾਣੇ ਨਿਯਮ ਤੁਰੰਤ ਬਦਲੇ ਜਾਣ।


-ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀ ਖ਼ਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।


ਦਲਿਤਾਂ 'ਤੇ ਹਮਲੇ

ਪਿਛਲੇ ਸਮੇਂ 'ਤੇ ਨਿਗ੍ਹਾ ਮਾਰੀ ਜਾਵੇ ਤਾਂ ਪਿਛਲੇ ਅਤੇ ਅੱਜ ਦੇ ਸਮੇਂ ਵਿਚ ਕੋਈ ਜ਼ਿਆਦਾ ਫਰਕ ਨਜ਼ਰ ਨਹੀਂ ਆਉਂਦਾ। ਦਲਿਤਾਂ 'ਤੇ ਪਹਿਲਾਂ ਦੀ ਤਰ੍ਹਾਂ ਹੀ ਹਮਲੇ ਹੋਣਾ ਇਸ ਗੱਲ ਦੀ ਗਵਾਹੀ ਭਰਦਾ ਹੈ। ਪਰ ਗੱਲ ਸਮਝ ਤੋਂ ਬਾਹਰ ਲਗਦੀ ਹੈ ਕਿ ਊਚ-ਨੀਚ, ਛੂਆ-ਛਾਤ ਦਾ ਪਾੜਾ ਕਿਹੜੀ ਸਦੀ ਵਿਚ ਖਤਮ ਹੋਊ। ਭਾਵੇਂ ਕੇਂਦਰ ਸਰਕਾਰਾਂ ਅਤੇ ਰਾਜ ਸਰਕਾਰਾਂ ਇਸ ਛੂਆ-ਛਾਤ ਦੀ ਬਿਮਾਰੀ ਨੂੰ ਜੜ੍ਹੋਂ ਪੁੱਟਣ ਦਾ ਸੰਕਲਪ ਲੈਂਦੀਆਂ ਹਨ ਪ੍ਰੰਤੂ ਇਸ ਬਿਮਾਰੀ ਦਾ ਇਲਾਜ ਹੋਣਾ ਅਜੇ ਬਾਕੀ ਹੈ। ਅੱਜ ਦਾ ਯੁੱਗ ਬਹੁਤ ਹੀ ਪੜ੍ਹਿਆ-ਲਿਖਿਆ ਯੁੱਗ ਹੈ। ਸੋ, ਸਾਨੂੰ ਜਾਤਾਂ-ਪਾਤਾਂ ਦਾ ਵਿਤਕਰਾ ਹਮੇਸ਼ਾ-ਹਮੇਸ਼ਾ ਲਈ ਖਤਮ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ ਅਤੇ ਸਾਰੀ ਹੀ ਅਵਾਮ ਦਾ ਇਹ ਮੁਢਲਾ ਫਰਜ਼ ਬਣਦਾ ਹੈ ਕਿ ਜਿਥੇ ਕਿਤੇ ਵੀ ਦਲਿਤ ਪਰਿਵਾਰ ਨਾਲ ਜ਼ਬਰਦਸਤੀ ਜਾਂ ਧੱਕੇਸ਼ਾਹੀ ਹੁੰਦੀ ਹੈ, ਉਸ ਵਿਰੁੱਧ ਸਾਨੂੰ ਪੱਥਰ ਦੀ ਚਟਾਨ ਵਾਂਗ ਦਲਿਤ ਪਰਿਵਾਰ ਨਾਲ ਖੜ੍ਹ ਕੇ ਉਸ ਦਾ ਡਟ ਕੇ ਸਾਥ ਦੇਣਾ ਚਾਹੀਦਾ ਹੈ। ਇਸ ਵਿਚ ਹੀ ਕੁੱਲ ਦੁਨੀਆ ਦਾ ਭਲਾ ਹੈ।


-ਕੇਵਲ ਸਿੰਘ ਬਾਠਾਂ
ਮੋਬਾਈਲ : 81950-84314.

29-7-2016

 ਦੋਸ਼ਪੂਰਨ ਸਿੱਖਿਆ

ਸਿੱਖਿਆ ਮਨੁੱਖ ਦਾ ਤੀਜਾ ਨੇਤਰ ਹੈ, ਵਿੱਦਿਆ ਤੋਂ ਬਿਨਾਂ ਮਨੁੱਖ ਪਸ਼ੂ ਸਮਾਨ ਹੈ। ਸਾਡੇ ਦੇਸ਼ ਵਿਚ ਸਿੱਖਿਆ ਪ੍ਰਾਪਤੀ ਲਈ ਅਨੇਕਾਂ ਪ੍ਰਾਈਵੇਟ, ਸਰਕਾਰੀ ਸਕੂਲ, ਕਾਲਜ, ਯੂਨੀਵਰਸਿਟੀਆਂ ਹਨ, ਜਿਹੜੀਆਂ ਹਰੇਕ ਸਾਲ ਲੱਖਾਂ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਦੇ ਕੇ ਸਰਬਪੱਖੀ ਵਿਕਾਸ ਕਰਕੇ ਸੰਪੂਰਨ ਮਨੁੱਖ ਬਣਾਉਣ ਲਈ ਯਤਨਸ਼ੀਲ ਹਨ। ਪ੍ਰੰਤੂ ਵਿਹਾਰਕ ਸਥਿਤੀ ਚਿੰਤਾਜਨਕ ਹੈ, ਵਿਦਿਆਰਥੀ ਤਕਨੀਕੀ ਤੇ ਉੱਚੀ ਵਿੱਦਿਆ ਪ੍ਰਾਪਤੀ ਦੇ ਬਾਵਜੂਦ ਜ਼ਿੰਦਗੀ ਦੇ ਮੈਦਾਨ ਵਿਚ ਘੱਟ ਹੀ ਸਫਲ ਹੁੰਦੇ ਹਨ। ਅਜਿਹਾ ਕਿਉਂ? ਮੇਰੀ ਸੋਚ ਅਨੁਸਾਰ ਸਿੱਖਿਆ ਅਜੇ ਅਧੂਰੀ ਤੇ ਦੋਸ਼ਪੂਰਨ ਹੈ। ਸੰਪੂਰਨ ਸਿੱਖਿਆ ਲਈ ਅਧਿਆਤਮਕ ਗਿਆਨ, ਛੁਪੇ ਗੁਣਾਂ ਦਾ ਗਿਆਨ, ਲੀਡਰਸ਼ਿਪ ਗੁਣਾਂ ਦਾ ਵਿਕਾਸ, ਵਪਾਰਕ ਸੂਝਬੂਝ, ਚੰਗਾ ਵਿਵਹਾਰ ਬਣਨਾ ਜ਼ਰੂਰੀ ਹੈ। ਅਫ਼ਸੋਸ ਦੀ ਗੱਲ ਹੈ ਕਿ ਉਪਰੋਕਤ ਗਿਆਨ ਤੇ ਗੁਣ ਪੈਦਾ ਕਰਨ ਵਾਲੇ ਸਿਲੇਬਸ ਸਾਡੀ ਵਿੱਦਿਆ ਪ੍ਰਣਾਲੀ ਵਿਚ ਨਾਂ-ਮਾਤਰ ਹੀ ਹੈ। ਸਾਡੇ ਕੋਲ ਇਸ ਸਿਲੇਬਸ ਦਾ ਮੁਫ਼ਤ ਪ੍ਰਬੰਧ ਹੈ।

-ਭਾਈ ਕੁਲਵਿੰਦਰ ਸਿੰਘ
ਪਿੰਡ ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ।

ਸੜਕ ਦੁਰਘਟਨਾਵਾਂ

ਵਧਦੀ ਜਨਸੰਖਿਆ ਕਾਰਨ ਸੜਕਾਂ ਉੱਪਰ ਆਵਾਜਾਈ ਦਿਨੋ-ਦਿਨ ਵਧ ਰਹੀ ਹੈ, ਜਿਸ ਕਾਰਨ ਹਰ ਰੋਜ਼ ਸੜਕ ਦੁਰਘਟਨਾਵਾਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਹਰੇਕ ਵਿਅਕਤੀ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਕਈ ਲੋਕ ਬੇਵਕਤੀ ਮੌਤ ਮਰ ਜਾਂਦੇ ਹਨ। ਉਨ੍ਹਾਂ ਦਾ ਜੀਵਨ ਮਿੰਟਾਂ ਵਿਚ ਤਬਾਹ ਹੋ ਜਾਂਦਾ ਹੈ। ਹਰੇਕ ਵਿਅਕਤੀ ਦਾ ਫ਼ਰਜ਼ ਹੈ ਟ੍ਰੈਫਿਕ ਨਿਯਮਾਂ ਦਾ ਠੀਕ ਢੰਗ ਨਾਲ ਪਾਲਣ ਕਰੇ। ਕਿਉਂਕਿ ਬਚਾਅ ਵਿਚ ਹੀ ਬਚਾਅ ਹੁੰਦਾ ਹੈ। ਹਰੇਕ ਵਿਅਕਤੀ ਨੂੰ ਇਹ ਗੱਲ ਕਦੇ ਵੀ ਨਹੀਂ ਭੁਲਾਉਣੀ ਚਾਹੀਦੀ ਤੇਜ਼ ਰਫ਼ਤਾਰੀ ਮੌਤ ਦੀ ਤਿਆਰੀ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਠੋਸ ਕਦਮ ਉਠਾਏ ਜਾਣ।

-ਰਾਜਵੀਰ ਕੌਰ
ਪਿੰਡ ਰਾਜਪੁਰ ਭਾਈਆਂ, ਜ਼ਿਲ੍ਹਾ ਹੁਸ਼ਿਆਰਪੁਰ।

ਵਧਦੀ ਆਬਾਦੀ ਦਾ ਬੋਝ

ਸਾਲ-ਦਰ-ਸਾਲ ਆਬਾਦੀ ਦਾ ਬੋਝ ਵਧ ਰਿਹਾ ਹੈ। ਉਸੇ ਹਿਸਾਬ ਨਾਲ ਕੁਦਰਤੀ ਸਾਧਨਾਂ ਦੀ ਵਰਤੋਂ ਵੀ ਲਗਾਤਾਰ ਵਧ ਰਹੀ ਹੈ, ਜਿਵੇਂ ਕਿ ਹਵਾ, ਪਾਣੀ, ਜ਼ਮੀਨ, ਪੇੜ-ਪੌਦੇ, ਤੇਲ, ਗੈਸ ਆਦਿ ਦੀ ਵਰਤੋਂ ਲਗਾਤਾਰ ਵਧ ਰਹੀ ਹੈ। ਕਹਿੰਦੇ ਹਨ 25 ਸਾਲਾਂ ਵਿਚ ਦੁਨੀਆ ਦੀ ਆਬਾਦੀ ਵਿਚ ਕਰੀਬ ਇਕ ਤਿਹਾਈ ਦਾ ਵਾਧਾ ਹੋਇਆ ਹੈ। ਜੇ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਬਹੁਤ ਮੁਸ਼ਕਿਲ ਹੋ ਜਾਏਗੀ।

-ਸੁੁਿਰੰਦਰ ਸਿੰਘ
ਗਰਚਾ ਨਰਸਰੀ, ਧਨੌਲਾ ਰੋਡ, ਬਰਨਾਲਾ।

28/07/2016

 ਪ੍ਰੇਸ਼ਾਨੀ ਦਾ ਕਾਰਨ ਬਣਦੀਆਂ ਹਨ ਰੋਸ ਰੈਲੀਆਂ
ਜਿਵੇਂ-ਜਿਵੇਂ ਪੰਜਾਬ ਵਿਚ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ, ਵੱਖ-ਵੱਖ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਮੰਨਵਾਉਣ ਲਈ ਰੋਸ ਰੈਲੀਆਂ, ਹੜਤਾਲਾਂ ਦਾ ਸਿਲਸਿਲਾ ਤੇਜ਼ ਕਰ ਦਿੱਤਾ ਹੈ। ਸਰਕਾਰ 'ਤੇ ਜ਼ੋਰ ਪਾਉਣ ਲਈ ਜਥੇਬੰਦੀਆਂ ਹਰ ਸ਼ਹਿਰ, ਕਸਬੇ ਵਿਚ ਧੜਾ-ਧੜ ਰੈਲੀਆਂ ਕਰ ਰਹੀਆਂ ਹਨ। ਇਨ੍ਹਾਂ ਰੋਸ ਰੈਲੀਆਂ ਦੌਰਾਨ ਆਮ ਤੌਰ 'ਤੇ ਜਥੇਬੰਦੀਆਂ ਸੜਕਾਂ 'ਤੇ ਰੋਸ ਮਾਰਚ ਕਰਦੀਆਂ ਹਨ। ਕਈ ਵਾਰ ਜਾਮ ਵੀ ਲਗਾ ਦਿੱਤੇ ਜਾਂਦੇ ਹਨ, ਜਿਸ ਨਾਲ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਗਰਮੀ ਦੇ ਮੌਸਮ ਵਿਚ ਤਾਂ ਹਾਲਤ ਹੋਰ ਵੀ ਖਰਾਬ ਹੋ ਜਾਂਦੀ ਹੈ। ਖ਼ਾਸ ਕਰ ਬਜ਼ੁਰਗ, ਬੱਚੇ ਅਤੇ ਮਰੀਜ਼ਾਂ ਨੂੰ ਵੀ ਇਸ ਦਾ ਖਮਿਆਜਾ ਭੁਗਤਣਾ ਪੈਂਦਾ ਹੈ। ਜੇਕਰ ਜਥੇਬੰਦੀਆਂ ਨੂੰ ਸਵਾਲ ਕੀਤਾ ਜਾਂਦਾ ਹੈ ਕਿ ਉਹ ਇਸ ਤਰ੍ਹਾਂ ਕਿਉਂ ਕਰਦੇ ਹਨ ਤਾਂ ਜਵਾਬ ਮਿਲਦਾ ਹੈ ਕਿ ਜਦੋਂ ਤੱਕ ਉਹ ਸੜਕਾਂ ਉੱਤੇ ਨਹੀਂ ਉੱਤਰਦੇ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਵੱਲ ਵੀ ਧਿਆਨ ਨਹੀਂ ਦਿੰਦੀ। ਅਜਿਹੀਆਂ ਰੋਸ ਰੈਲੀਆਂ ਦੌਰਾਨ ਕਈ ਵਾਰ ਰਾਹੀਗਰਾਂ ਅਤੇ ਜਥੇਬੰਦੀਆਂ ਵਿਚ ਹਿੰਸਕ ਟਕਰਾਅ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਜਿੱਥੇ ਜਥੇਬੰਦੀਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਰੋਸ ਰੈਲੀਆਂ ਦੌਰਾਨ ਆਮ ਲੋਕਾਂ ਦੀਆਂ ਸਮੱਸਿਆਵਾਂ ਵਿਚ ਵਾਧਾ ਨਾ ਕਰਨ, ਉੱਥੇ ਹੀ ਸਰਕਾਰਾਂ ਦਾ ਵੀ ਇਹ ਫ਼ਰਜ਼ ਹੈ ਕਿ ਉਹ ਇਨ੍ਹਾਂ ਜਥੇਬੰਦੀਆਂ ਦੀਆਂ ਜਾਇਜ਼ ਮੰਗਾਂ 'ਤੇ ਸਮੇਂ ਸਿਰ ਅਤੇ ਹਮਦਰਦੀ ਨਾਲ ਵਿਚਾਰ ਕਰਨ।


-ਰਣਜੀਤ ਸਿੰਘ ਸੈਣੀ
ਖ਼ਾਲਸਾ ਸਕੂਲ, ਸ੍ਰੀ ਅਨੰਦਪੁਰ ਸਾਹਿਬ।

 


ਮੋਹ ਦੇ ਰਿਸ਼ਤੇ
ਮਨੁੱਖੀ ਜ਼ਿੰਦਗੀ ਦੇ ਫੁੱਲਾਂ ਵਿਚੋਂ ਜਦੋਂ ਤੱਕ ਸਵਾਰਥ ਪੂਰਤੀ/ਜ਼ਰੂਰਤਾਂ ਪੂਰੀਆਂ ਕਰਨ ਦੀਆਂ ਖੁਸ਼ਬੋਆਂ ਆਉਂਦੀਆਂ ਰਹਿਣਗੀਆਂ, ਉਦੋਂ ਤੱਕ ਖੂਨ ਦੇ ਰਿਸ਼ਤਿਆਂ ਦੇ ਭੌਰੇ ਨੇੜੇ-ਤੇੜੇ ਮੰਡਰਾਉਂਦੇ ਰਹਿਣਗੇ। ਜਿਉਂ ਹੀ ਜ਼ਿੰਦਗੀ ਸਵਾਰਥ ਪੂਰਨ ਕਰਨ ਤੋਂ ਬੇਵੱਸ ਹੋਈ, ਉਦੋਂ ਹੀ ਖੂਨ ਦੇ ਰਿਸ਼ਤਿਆਂ ਦੇ ਭੌਰੇ ਉਡਾਰੀਆਂ ਮਾਰ ਜਾਂਦੇ ਹਨ। ਜਿਨ੍ਹਾਂ ਰਿਸ਼ਤਿਆਂ ਨੂੰ ਮਨੁੱਖ ਖੂਨ ਨਾਲ ਸਿੰਜਦੈ, ਮੌਕਾ ਆਉਣ 'ਤੇ ਬੁਢਾਪਾ ਆਉਣ 'ਤੇ ਉਹੀ ਰਿਸ਼ਤੇ ਮੂੰਹ ਵਿਚ ਪਾਣੀ ਦੀ ਚਮਚਾ ਪਾਉਣ ਤੋਂ ਵੀ ਅੱਖਾਂ ਫੇਰ ਲੈਣਗੇ।
ਇਹ ਕੌੜੀ ਸਚਾਈ ਹੈ ਕਿ ਅੱਜ ਰਿਸ਼ਤਿਆਂ ਵਿਚ ਮੋਹ ਨਹੀਂ ਰਿਹਾ। ਰਿਸ਼ਤਿਆਂ ਦਾ ਖੂਨ ਲਾਲ ਤੋਂ ਸਫੈਦ ਨਹੀਂ ਬਲਕਿ ਕਾਲਾ ਹੋ ਗਿਐ? ਇਕ ਹੌਲਨਾਕ ਘਟਨਾ ਦਾ ਜ਼ਿਕਰ ਕਰਨਾ ਬਣਦਾਂ'ਮੌਤ ਦੇ ਬਿਸਤਰੇ 'ਤੇ ਪਈ ਮਾਂ ਕੋਲ ਬੈਠੇ ਆਪਣੇ ਬੱਚੇ ਵੱਲੋਂ ਪਰੰਪਰਾ ਮੁਤਾਬਿਕ ਮੂੰਹ 'ਚ ਪਾਣੀ ਪਾਉਣ ਤੋਂ ਇਨਕਾਰ ਕਰਨਾ ਸਗੋਂ ਇਹ ਕਹਿਣਾ ਕਿ ਇਸ ਨੇ ਸਾਡਾ ਕੀਤਾ ਹੀ ਕੀ ਹੈ? ਅਸੀਂ ਜੋ ਕੁਝ ਬਣਾਇਆ, ਆਪਣੇ ਹੱਥੀਂ ਬਣਾਇਆ।'
ਸਮਾਜ ਵਿਚ ਵਾਪਰਦੀਆਂ ਅਜਿਹੀਆਂ ਹੌਲਨਾਕ ਘਟਨਾਵਾਂ ਸੱਚੀ-ਮੁੱਚੀ ਦਿਲ ਨੂੰ ਬੇਚੈਨ ਕਰਦੀਆਂ ਹਨ। ਅੱਜ ਸੰਵੇਦਨਾਵਾਂ ਤੋਂ ਕੋਰੇ ਰਿਸ਼ਤੇ ਬਿਮਾਰੀ ਜਾਂ ਬੁਢਾਪੇ ਦੀ ਹਾਲਤ ਵਿਚ ਆਪਣੇ ਖੂਨ ਦੇ ਰਿਸ਼ਤਿਆਂ ਦੀ ਮੌਤ ਦਾ ਇੰਤਜ਼ਾਰ ਕਰਦੇ ਆਮ ਦੇਖੇ ਜਾ ਸਕਦੇ ਹਨ। ਕਿਸੇ ਕੋਲ ਕਿਸੇ ਲਈ ਵਕਤ ਨਹੀਂ ਰਿਹਾ। ਇਨਸਾਨ, ਸਮਾਜ ਤੇਜ਼ੀ ਨਾਲ ਤਬਾਹੀ ਵੱਲ ਵਧ ਰਿਹੈ। ਅੱਜ ਦਾ ਯੁੱਗ ਟੁੱਟ-ਭੱਜ ਦਾ ਯੁੱਗ ਬਣ ਗਿਐ। ਅਸੀਂ ਆਪਣੇ ਪਵਿੱਤਰ ਗ੍ਰੰਥਾਂ ਦਾ ਫਲਸਫ਼ਾ ਭੁੱਲ ਚੁੱਕੇ ਹਾਂਂਸਾਡਾ ਮਾਣਮੱਤਾ ਵਿਰਸਾ, ਸਾਡਾ ਸੱਭਿਆਚਾਰ ਤਾਂ ਸਾਨੂੰ 'ਸਾਰੀ ਧਰਤੀ ਹੀ ਪਰਿਵਾਰ ਹੈ' ਦੀ ਸਿੱਖਿਆ ਦਿੰਦੈ। ...ਫਿਰ ਅਸੀਂ ਏਨਾ ਬੇਰਹਿਮ ਕਿਉਂ ਹੋ ਗਏ ਹਾਂ? ਸਾਡੇ ਰਿਸ਼ਤਿਆਂ 'ਚੋਂ ਮੋਹ ਦੀ ਭਾਵਨਾ ਕਿਉਂ ਮਰ ਚੁੱਕੀ ਹੈ? ਇਸ ਦਾ ਜਵਾਬ ਸਾਨੂੰ ਇਕ ਦਿਨ ਲੱਭਣਾ ਹੋਵੇਗਾ।


ਂਤਲਵਿੰਦਰ ਸ਼ਾਸਤਰੀ
ਮਲੇਰਕੋਟਲਾ (ਸੰਗਰੂਰ)।


ਅਪਰਾਧ ਦਾ ਬੋਲਬਾਲਾ

ਜਨਗਣਨਾ ਰਿਪੋਰਟ ਵਿਚ ਪੰਜਾਬ ਦੇ ਪਿੰਡਾਂ ਦੀ 31.86 ਫ਼ੀਸਦੀ ਆਬਾਦੀ ਕੋਰੀ ਅਨਪੜ੍ਹ ਹੈ। ਭ੍ਰਿਸ਼ਟਾਚਾਰ, ਬੇਇਮਾਨੀ, ਨਸ਼ਾਖੋਰੀ, ਬੇਰੁਜ਼ਗਾਰੀ ਅਤੇ ਆਰਥਿਕ ਮੰਦਹਾਲੀ ਮੁੱਖ ਮੁੱਦੇ ਹਨ। ਕਤਲ, ਲੁੱਟ-ਖੋਹ, ਜਬਰ-ਜਨਾਹ, ਚੋਰੀਆਂ, ਏ.ਟੀ.ਐਮ. ਪੁੱਟਣ ਜਾਂ ਫਿਰ ਠੱਗੀ ਮਾਰਨ ਦੀਆਂ ਵਾਰਦਾਤਾਂ ਆਏ ਦਿਨ ਵਾਪਰਦੀਆਂ ਹਨ। ਗੈਂਗਸਟਰਾਂ ਦਾ ਗੁੰਡਾ ਰਾਜ ਦਿਨ-ਦਿਹਾੜੇ ਸ਼ਰੇਆਮ ਕਤਲ ਦੀਆਂ ਵਾਰਦਾਤਾਂ ਕਰਦਾ ਹੈ। ਗੈਂਗਸਟਰਾਂ ਦੀ ਆਪਸੀ ਲੜਾਈ ਵਿਚ ਵੀ ਸ਼ਰੇਆਮ ਦਿਨ-ਦਿਹਾੜੇ ਗੋਲੀਆਂ ਚਲਦੀਆਂ ਹਨ, ਕਤਲ ਹੁੰਦੇ ਹਨ। ਪੰਜਾਬ ਵਿਚ ਗੈਂਗਸਟਰਾਂ ਦਾ ਗੁੰਡਾ ਰਾਜ ਅਮਨ ਸ਼ਾਂਤੀ ਨੂੰ ਪੂਰੀ ਤਰ੍ਹਾਂ ਲਾਂਬੂ ਲਾ ਰਿਹਾ ਹੈ। ਨਿਕੰਮੇ ਪੁਲਿਸ ਪ੍ਰਬੰਧਾਂ ਕਾਰਨ ਗੈਂਗਸਟਰਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ। ਸਿਆਸੀ ਆਗੂਆਂ ਦੀ ਸ਼ਹਿ 'ਤੇ ਗੈਂਗਸਟਰਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ। ਪੰਜਾਬ ਵਿਚ ਕਾਨੂੰਨ ਵਿਵਸਥਾ ਚਰਮਰਾ ਗਈ ਹੈ। ਸਖ਼ਤ ਕਾਨੂੰਨ ਨਾ ਹੋਣ ਕਰਕੇ ਮਾੜੇ ਅਨਸਰਾਂ ਦੁਆਰਾ ਅਪਰਾਧ ਵਧ ਰਹੇ ਹਨ।


-ਹਰਜਿੰਦਰ ਪਾਲ ਸਿੰਘ
ਜਵੱਦੀ ਕਲਾਂ, ਲੁਧਿਆਣਾ।


ਇਨਸਾਫ਼ ਕਿਉਂ ਨਹੀਂ?
ਪਿਛਲੇ ਦਿਨੀਂ ਇਕ ਦੁਖਦਾਇਕ ਖ਼ਬਰ ਪੜ੍ਹਨ ਨੂੰ ਮਿਲੀ, ਜਿਸ ਵਿਚ ਇਕ 26 ਸਾਲਾ ਤੇਜ਼ਾਬ ਪੀੜਤਾ ਲੜਕੀ ਇਨਸਾਫ਼ ਨਾ ਮਿਲਣ ਕਾਰਨ ਦੇਸ਼ ਦੇ ਰਾਸ਼ਟਰਪਤੀ ਕੋਲੋਂ ਇੱਛਾ ਮੌਤ ਦੀ ਮੰਗ ਕਰ ਰਹੀ ਹੈ। ਇਹ ਮੰਗ ਅੱਜ ਆਜ਼ਾਦ ਦੇਸ਼ ਦੇ ਹੁਕਮਰਾਨਾਂ ਤੇ ਕਾਨੂੰਨ ਦੇ ਰਖਵਾਲਿਆਂ ਦੇ ਮੂੰਹ 'ਤੇ ਕਰਾਰੀ ਚਪੇੜ ਤੋਂ ਰਤਾ ਵੀ ਘੱਟ ਨਹੀਂ ਹੈ। ਇਨਸਾਫ਼ ਮਿਲਣ ਦੀ ਮੁੱਕ ਚੁੱਕੀ ਆਸ ਤੇ ਆਰਥਿਕ ਪੱਖ ਤੋਂ ਬੁਰੀ ਤਰ੍ਹਾਂ ਟੁੱਟ ਚੁੱਕੀ ਲੜਕੀ ਦੀ ਵਿਥਿਆ ਹਿਰਦੇ ਵਲੂੰਧਰਨ ਤੋਂ ਘੱਟ ਨਹੀਂ ਹੈ। ਪੀੜਤ ਲੜਕੀ ਦਾ ਸਵਾਲ ਹੈ ਕਿ ਆਖਰ ਉਸ ਨੂੰ ਕਿਹੜੇ ਜੁਰਮ ਦੀ ਸਜ਼ਾ ਮਿਲ ਰਹੀ ਹੈ। ਉਪਰੋਂ ਘਟਨਾ ਨਾਲ ਸਬੰਧਤ ਦੋਸ਼ੀ ਜ਼ਮਾਨਤਾਂ ਲੈ ਕੇ ਬਾਹਰ ਆ ਗਏ ਹਨ, ਜਦੋਂ ਕਿ ਲੜਕੀ ਉਮਰ ਭਰ ਲਈ ਨਕਾਰਾ ਹੋ ਕੇ ਰਹਿ ਗਈ ਹੈ। ਪੀੜਤਾ ਨੇ ਰਾਸ਼ਟਰਪਤੀ ਨੂੰ ਭੇਜੇ ਪੱਤਰ ਦੀਆਂ ਕਾਪੀਆਂ ਦੇਸ਼ ਦੇ ਪ੍ਰਧਾਨ ਮੰਤਰੀ, ਪੰਜਾਬ ਦੇ ਮੁੱਖ ਮੰਤਰੀ, ਦਿੱਲੀ ਦੇ ਮੰਤਰੀ ਤੋਂ ਇਲਾਵਾ ਦੇਸ਼ ਦੀ ਸੁਪਰੀਮ ਕੋਰਟ ਤੇ ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਵੀ ਭੇਜੀਆਂ ਹਨ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਪੀੜਤ ਲੜਕੀ ਨੂੰ ਇੱਛਾ ਮੌਤ ਲਈ ਆਗਿਆ ਮਿਲਦੀ ਹੈ ਜਾਂ ਫਿਰ ਉਸ ਨੂੰ ਇਨਸਾਫ਼, ਜਿਸ ਦੀ ਉਹ ਹੱਕਦਾਰ ਹੈ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

27-7-2016


ਕਿਸਾਨੀ ਦਾ ਸੰਕਟ
ਅੱਜ ਕਿਸਾਨੀ ਪੂਰੀ ਤਰ੍ਹਾਂ ਮਰਨ ਕਿਨਾਰੇ ਹੈ। ਖੇਤੀਬਾੜੀ ਦਾ ਧੰਦਾ ਲਾਹੇਵੰਦ ਨਾ ਹੋ ਕੇ ਫਾਹੇਵੰਦ ਹੋ ਗਿਆ ਹੈ। ਰੋਜ਼ਾਨਾ ਅਖ਼ਬਾਰੀ ਅੰਕੜਿਆਂ ਮੁਤਾਬਿਕ 3 ਤੋਂ 5 ਕਿਸਾਨ ਮੌਤ ਲਾੜੀ ਨੂੰ ਗਲੇ ਲਾ ਰਿਹਾ ਹੈ। ਇਸ ਪਿੱਛੇ ਜਿਥੇ 70 ਫ਼ੀਸਦੀ ਸਰਕਾਰੀ ਗ਼ਲਤ ਨੀਤੀਆਂ ਜਾਂ ਮਾਰੂ ਨੀਤੀਆਂ ਦੋਸ਼ੀ ਹਨ, ਉਥੇ 30 ਫ਼ੀਸਦੀ ਦੇ ਕਿਸਾਨ ਖ਼ੁਦ ਵੀ ਦੋਸ਼ੀ ਹਨ, ਕਿਉਂਕਿ ਕਿਸਾਨੀ ਪਰਿਵਾਰ ਗੀਤਾਂ, ਫ਼ਿਲਮਾਂ ਦੇ ਪਿੱਛੇ ਲੱਗ ਕੇ ਆਪਣਾ ਜੀਵਨ ਢਾਲਦੇ ਹਨ। ਫਿਰ ਦੁਸ਼ਵਾਰੀਆਂ, ਕਰਜ਼ਿਆਂ ਤੋਂ ਸਿਵਾਏ ਉਨ੍ਹਾਂ ਦੇ ਪੱਲੇ ਕੁਝ ਵੀ ਨਹੀਂ ਪੈ ਰਿਹਾ। ਦਿਨੋਂ-ਦਿਨ ਜ਼ਿਦੋ-ਜ਼ਿਦੀ ਖੇਤਾਂ ਦੇ ਮਾਮਲੇ ਵਧਾਉਣੇ ਵੀ ਇਕ ਮੁੱਖ ਕਾਰਨ ਹੈ। ਕਿਸਾਨੀ ਨੂੰ ਘਾਟੇ ਵੱਲ ਲਿਜਾਣ ਲਈ ਜ਼ਿਮੀਂਦਾਰਾਂ ਨੂੰ ਵੀ ਆਪਣੀ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ। ਵਿਆਹਾਂ, ਸ਼ਾਦੀਆਂ, ਮਾਮਲੇ ਵਧਾਉਣੇ, ਰੀਸੋ-ਰੀਸੀ ਖਰਚੇ ਵਧਾਉਣੇ ਵੀ ਕਰਜ਼ਿਆਂ ਦੀ ਮਾਰ ਹੇਠ ਆਉਣ ਦੇ ਕਾਰਨ ਹਨ। ਲੋੜ ਹੈ ਕਿਸਾਨੀ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ ਦੀ, ਕਿਉਂਕਿ ਅੱਜ ਕਿਸਾਨੀ ਦੀ ਹਾਲਤ ਖੂਹ ਦੀ ਮਿੱਟੀ ਖੂਹ ਨੂੰ ਲੱਗਣ ਵਾਲੀ ਗੱਲ ਹੈ। ਸਰਕਾਰਾਂ ਨੂੰ ਚਾਹੀਦਾ ਹੈ, ਜੇ ਦੇਸ਼ ਬਚਾਉਣਾ ਹੈ ਤਾਂ ਕਿਸਾਨੀ ਨੂੰ ਪਹਿਲ ਦੇ ਆਧਾਰ 'ਤੇ ਬਚਾਉਣ।


-ਮਨਜੀਤ ਸਿੰਘ ਭਾਮ
ਮੋ: 94784-00012.


ਪੰਜਾਬੀ ਸੰਗੀਤ ਅਰਸ਼ ਤੋਂ ਫਰਸ਼ ਵੱਲ
ਪੰਜਾਬੀ ਸੰਗੀਤ ਪੰਜਾਬੀ ਸੱਭਿਆਚਾਰ ਦੀ ਜਿੰਦ-ਜਾਨ ਹੈ। ਗੁਰਦਾਸ ਮਾਨ, ਯਮਲਾ ਜੱਟ, ਕੁਲਦੀਪ ਮਾਣਕ, ਸੁਰਿੰਦਰ ਕੌਰ ਜਿਹੇ ਕਲਾਕਾਰਾਂ ਨੇ ਪੰਜਾਬੀ ਸੰਗੀਤ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾਇਆ ਹੈ। ਪੰਜਾਬੀ ਸੰਗੀਤ ਪੰਜਾਬੀਆਂ ਲਈ ਰੂਹ ਦੀ ਖੁਰਾਕ ਹੈ। ਪਰ ਅਜੋਕੇ ਸਮੇਂ ਵਿਚ ਪੰਜਾਬੀ ਸੰਗੀਤ ਨਿਘਾਰ ਵੱਲ ਜਾ ਰਿਹਾ ਹੈ। ਅੱਜ ਦੇ ਗਾਇਕ ਜੋ ਕੁਝ ਗਾ ਰਹੇ ਹਨ, ਜੋ ਕੁਝ ਦਿਖਾ ਰਹੇ ਹਨ, ਉਸ ਨੂੰ ਇਨਸਾਨ ਪਰਿਵਾਰ ਵਿਚ ਬੈਠ ਕੇ ਤਾਂ ਕੀ ਇਕੱਲਾ ਬੈਠ ਕੇ ਵੀ ਨਹੀਂ ਸੁਣ ਸਕਦਾ ਤੇ ਨਾ ਹੀ ਦੇਖ ਸਕਦਾ ਹੈ। ਗਾਇਕੀ ਦੇ ਨਾਂਅ 'ਤੇ ਜੋ ਨੰਗੇਜ਼ ਦਰਸ਼ਕਾਂ ਅੱਗੇ ਪੇਸ਼ ਕੀਤਾ ਜਾ ਰਿਹਾ ਹੈ, ਉਹ ਬਹੁਤ ਹੀ ਸ਼ਰਮਨਾਕ ਹੈ। ਧੀਆਂ, ਭੈਣਾਂ ਦੀ ਤੁਲਨਾ ਬੱਸਾਂ, ਬੋਤਲਾਂ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਲਈ ਪੁਰਜ਼ਾ, ਯੈਕਣ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਨਸ਼ਿਆਂ ਤੇ ਹਥਿਆਰਾਂ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ। ਜੋ ਸਰਦਾਰੀ ਸਾਡੇ ਬਜ਼ੁਰਗਾਂ ਨੇ ਅਨੇਕਾਂ ਕੁਰਬਾਨੀਆਂ ਦੇ ਕੇ ਲਈ ਹੈ, ਉਸ ਦੀ ਤਾਂ ਪਰਿਭਾਸ਼ਾ ਹੀ ਬਦਲ ਦਿੱਤੀ ਹੈ ਅੱਜ ਦੇ ਗਾਇਕਾਂ ਨੇ। ਅੱਜ ਲੋੜ ਹੈ ਹਰ ਗਾਇਕ, ਗੀਤਕਾਰ, ਸੰਗੀਤਕਾਰ ਨੂੰ ਪੰਜਾਬੀ ਸੰਗੀਤ ਪ੍ਰਤੀ ਬਣਦੀ ਆਪਣੀ ਜ਼ਿੰਮੇਵਾਰੀ ਸਮਝਣ ਤੇ ਨਿਭਾਉਣ ਦੀ। ਦਰਸ਼ਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਘਟੀਆ ਗੀਤਾਂ ਦਾ ਵਿਰੋਧ ਕਰਨ।


-ਜਸਪ੍ਰੀਤ ਕੌਰ 'ਸੰਘਾ'
ਪਿੰਡ ਤਨੂੰਲੀ, ਜ਼ਿਲ੍ਹਾ ਹੁਸ਼ਿਆਰਪੁਰ।

26-07-2016

 ਪਾਣੀ ਬਚਾਈਏ

ਅੱਜ ਭਰੂਣ ਹੱਤਿਆ ਦੇ ਵਿਰੋਧ ਵਾਂਗ ਪਾਣੀ ਬਚਾਉਣ ਦੇ ਨਾਅਰਿਆਂ ਦੀ ਵੀ ਭਰਮਾਰ ਹੈ। ਇਸ ਵਿਸ਼ੇ 'ਤੇ ਲੈਕਚਰ ਹਰ ਕੋਈ ਦੇ ਰਿਹਾ ਹੈ, ਜਦੋਂ ਕਿ ਅਸਲੀਅਤ ਇਹ ਹੈ ਕਿ ਲਗਦੈ ਜਿਵੇਂ ਅਸੀਂ ਸਾਰੇ ਪਾਣੀ ਦੀ ਦੁਰਵਰਤੋਂ ਦਾ ਕੋਈ ਰਿਕਾਰਡ ਬਣਾ ਰਹੇ ਹੋਈਏ। ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਬਲਾਕਾਂ ਦਾ ਪਾਣੀ ਲਗਪਗ ਖ਼ਤਮ ਹੋਣ ਦੀ ਸਥਿਤੀ ਵਿਚ ਹੈ, ਜਿਹੜਾ ਰਹਿ ਗਿਆ ਹੈ, ਉਹ ਵੀ ਪੀਣ ਯੋਗ ਨਹੀਂ। ਫਿਰ ਵੀ ਆਲਮ ਇਹ ਹੈ ਕਿ ਅਸੀਂ ਗੱਡੀਆਂ ਧੋਣ, ਡੰਗਰਾਂ ਨੂੰ ਨੁਹਾਉਣ ਜਾਂ ਬਗੀਚੀ ਨੂੰ ਸਿੰਜਣ ਲਈ ਸਿੱਧਾ ਸਬਮਰਸੀਬਲ ਪੰਪ ਹੀ ਖੋਲ੍ਹ ਦਿੰਦੇ ਹਾਂ। ਟੁੱਲੂ ਪੰਪ ਚਲਾ ਕੇ ਭੁੱਲ ਹੀ ਜਾਂਦੇ ਹਾਂ, ਅੱਧਾ-ਅੱਧਾ ਘੰਟਾ ਟੈਂਕੀ ਭਰ ਕੇ ਡੁੱਲ੍ਹਦੀ ਰਹਿੰਦੀ ਹੈ। ਖੇਤੀਬਾੜੀ ਵਿਭਾਗ ਦਾ ਪੂਰਾ ਜ਼ੋਰ ਲੱਗਿਆ ਪਿਆ ਹੈ ਕਿ ਝੋਨੇ ਦੀ ਫ਼ਸਲ ਦੀ ਸਿੱਧੀ ਬਿਜਾਈ ਕਰੋ ਪਰ ਮੰਨਦਾ ਕੌਣ ਹੈ? ਜੇਕਰ ਜਿਊਣਾ ਹੈ ਤਾਂ ਪਾਣੀ ਤਾਂ ਬਚਾਉਣਾ ਹੀ ਪਵੇਗਾ।

-ਪ੍ਰੀਤ ਸਿੰਘ ਸੰਦਲ
ਪਿੰਡ ਮਕਸੂਦੜਾ, ਤਹਿ: ਪਾਇਲ (ਲੁਧਿਆਣਾ)।

ਪੰਜਾਬੀ ਗਾਣਿਆਂ ਬਾਰੇ ਸੈਂਸਰ ਬੋਰਡ ਬਣੇ

ਅੱਜਕਲ੍ਹ ਦੇ ਪੰਜਾਬੀ ਗਾਣਿਆਂ ਵਿਚ ਲੱਚਰਤਾ ਬਹੁਤ ਹੀ ਵਧ ਗਈ ਹੈ। ਵੱਡੀ ਗਿਣਤੀ 'ਚ ਪੰਜਾਬੀ ਗਾਣੇ ਪਰਿਵਾਰ ਵਿਚ ਬੈਠ ਕੇ ਨਹੀਂ ਸੁਣੇ ਜਾ ਸਕਦੇ। ਇਨ੍ਹਾਂ ਗਾਣਿਆਂ ਵਿਚ ਦੋਹਰੇ ਅਰਥਾਂ ਵਾਲੇ ਸ਼ਬਦ ਹੁੰਦੇ ਹਨ ਅਤੇ ਇਨ੍ਹਾਂ ਦਾ ਫ਼ਿਲਮਾਂਕਣ ਬਹੁਤ ਹੀ ਅਸ਼ਲੀਲ ਹੁੰਦਾ ਹੈ। ਚਾਹੀਦਾ ਤਾਂ ਇਹ ਹੈ ਕਿ ਪੰਜਾਬੀ ਗਾਣਿਆਂ ਸਬੰਧੀ ਵੀ ਸੈਂਸਰ ਬੋਰਡ ਬਣਾਇਆ ਜਾਵੇ, ਜਿਸ ਵਿਚ ਹਰ ਗੀਤ ਤੇ ਗਾਣਾ ਸੈਂਸਰ ਕਰਕੇ ਪਾਸ ਕੀਤਾ ਜਾਵੇ। ਇਸ ਤਰ੍ਹਾਂ ਕਰਨ ਨਾਲ ਪੰਜਾਬੀ ਗਾਣਿਆਂ ਵਿਚ ਆਏ ਲੱਚਰਤਾ ਦੇ ਹੜ੍ਹ ਨੂੰ ਬੰਨ੍ਹ ਪੈ ਸਕੇਗਾ। ਪੰਜਾਬ ਸਰਕਾਰ ਨੂੰ ਜਲਦੀ ਤੋਂ ਜਲਦੀ ਪੰਜਾਬੀ ਗਾਣਿਆਂ ਸਬੰਧੀ ਸੈਂਸਰ ਬੋਰਡ ਬਣਾਉਣਾ ਚਾਹੀਦਾ ਹੈ, ਤਾਂ ਕਿ ਪੰਜਾਬੀ ਗਾਣਿਆਂ ਰਾਹੀਂ ਫੈਲਾਈ ਜਾ ਰਹੀ ਲੱਚਰਤਾ ਨੂੰ ਠੱਲ੍ਹ ਪਾਈ ਜਾ ਸਕੇ।

-ਜਗਮੋਹਨ ਸਿੰਘ ਲੱਕੀ
ਲੱਕੀ ਨਿਵਾਸ, 61 ਏ, ਵਿਦਿਆ ਨਗਰ, ਪਟਿਆਲਾ।

ਰੁੱਖ ਲਾਉਣੇ ਵੀ ਜ਼ਰੂਰੀ ਹਨ...

ਬਰਸਾਤ ਦਾ ਮੌਸਮ ਹੈ। ਕੁਝ ਦਰਦ ਰੱਖਦੀਆਂ ਸੰਸਥਾਵਾਂ ਰੁੱਖ ਲਾਉਣ ਦੀਆਂ ਮੁਹਿੰਮਾਂ ਸ਼ੁਰੂ ਕਰਨ ਵਾਲੀਆਂ ਹਨ। ਕਿਸੇ ਨੇਤਾ ਨੂੰ ਸੱਦ ਕੇ, ਕਿਸੇ ਪ੍ਰੈੱਸ ਫੋਟੋਗ੍ਰਾਫਰ ਨੂੰ ਸੱਦ ਕੇ ਨੇਤਾ ਹੱਥੋਂ ਬੂਟਾ ਲਗਵਾਇਆ, ਫੁਹਾਰੇ ਨਾਲ ਪਾਣੀ ਪਾਇਆ ਤੇ ਚਾਹ ਪਾਣੀ ਪੀ ਅਹੁ ਗਏ ਅਹੁ ਗਏ। ਪਿੱਛੇ ਰਹਿ ਗਿਆ ਵਿਚਾਰਾ ਬੂਟਾ ਪਾਣੀ ਖੁਣੋਂ ਸਹਿਕਦਾ। ਇਕ ਜਾਗਰੂਕ ਮੁਹਿੰਮ ਉਸਾਰਨ ਦੀ ਲੋੜ ਹੈ, ਜਿਸ ਜਗ੍ਹਾ ਬੂਟੇ ਲਗਦੇ ਹਨ, ਚਾਹੇ ਸਕੂਲ ਹੋਵੇ, ਸੜਕਾਂ ਹੋਣ ਜਾਂ ਹੋਰ ਸਾਂਝੀਆਂ ਥਾਵਾਂ, ਆਲੇ-ਦੁਆਲੇ ਦੇ ਲੋਕਾਂ ਨੂੰ ਰੁੱਖਾਂ ਦੀ ਮਹੱਤਤਾ ਬਾਰੇ ਦੱਸਦੇ ਹੋਏ ਉਨ੍ਹਾਂ ਦਾ ਫ਼ਰਜ਼ ਦੱਸਦੇ ਹੋਏ, ਰੁੱਖਾਂ ਨੂੰ ਪਾਣੀ ਦੀ ਲੋੜ, ਗੋਡੀ ਕਰਨਾ, ਆਵਾਰਾ ਪਸ਼ੂਆਂ ਤੋਂ ਬਚਾਉਣਾ ਪਰਮ ਧਰਮ ਸਮਝਦੇ ਹੋਏ ਦੱਸਣਾ ਜ਼ਰੂਰੀ ਹੈ। ਰੁੱਖ ਹੋਣਗੇ ਤਾਂ ਜੀਵਨ ਹੋਵੇਗਾ। ਧਰਤੀ 'ਤੇ ਹਰਿਆਲੀ, ਜੀਵਨ ਵਿਚ ਖੁਸ਼ਹਾਲੀ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

21-07-2016

ਪੰਜਾਬ ਤੇਰਾ ਕੌਣ ਬੇਲੀ!
ਇਸ ਵਕਤ ਪੰਜਾਬ ਕਈ ਸਮੱਸਿਆਵਾਂ ਦਾ ਝੰਬਿਆ ਹੋਇਆ ਬਲਦੀ ਦੇ ਬੂਥੇ ਆਇਆ ਹੋਇਆ ਹੈ। ਭਾਰਤ ਨੂੰ ਰਜਾਉਣ ਵਾਲਾ ਪੰਜਾਬੀ ਕਿਸਾਨ ਆਪ ਭੁੱਖਾ ਮਰਨ ਦੀ ਹਾਲਤ ਤੱਕ ਪਹੁੰਚ ਗਿਆ ਹੈ। ਖੇਤ ਮਜ਼ਦੂਰਾਂ ਦਾ ਹਾਲ ਹੋਰ ਵੀ ਮਾੜਾ ਹੈ। ਖੇਤੀ ਦਾ ਧੰਦਾ ਹੁਣ ਲਾਹੇਵੰਦ ਨਹੀਂ ਰਿਹਾ। ਚਾਹੁੰਦਾ ਹੋਇਆ ਵੀ ਕਿਸਾਨ ਖੇਤੀ ਨਹੀਂ ਛੱਡ ਸਕਦਾ। ਵਕਤ ਦੀਆਂ ਮਾਰਾਂ ਦੇ ਪੈਰੋਂ ਹਿਲਾਏ ਕਿਸਾਨਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਕਰਨ ਤਾਂ ਕੀ ਕਰਨ? ਸਰਕਾਰ ਕਣਕ-ਝੋਨੇ ਦੇ ਫ਼ਸਲੀ ਚੱਕਰ ਤੋਂ ਬਾਹਰ ਆਉਣ ਦਾ ਹੋਕਾ ਦੇ ਕੇ ਚੁੱਪ ਕਰ ਜਾਂਦੀ ਹੈ। ਕਿਸਾਨ ਹੌਸਲਾ ਕਰਕੇ ਜੇਕਰ ਕੋਈ ਹੋਰ ਫ਼ਸਲ ਬੀਜਦਾ ਵੀ ਤਾਂ ਉਹਦਾ ਖਰੀਦਦਾਰ ਕੋਈ ਨਹੀਂ ਮਿਲਦਾ। ਪਿਛਲੇ ਦਿਨੀਂ ਮੰਡੀਆਂ ਵਿਚ ਮੂੰਗੀ ਦਾ ਕੀ ਹਾਲ ਹੋਇਆ ਸਭ ਨੂੰ ਪਤਾ।
ਪੰਜਾਬ ਦੇ ਦੌਰੇ 'ਤੇ ਆਏ ਜੇਤਲੀ ਸਾਹਿਬ ਕਿਸਾਨਾਂ ਨੂੰ ਇਕੱਲੀ ਖੇਤੀ 'ਤੇ ਨਿਰਭਰ ਨਾ ਰਹਿ ਕੇ ਸਨਅਤ ਵੱਲ ਆਉਣ ਦੀ ਸਲਾਹ ਦੇ ਕੇ ਚਲੇ ਗਏ। ਜੱਗ ਜਾਣਦਾ ਹੈ ਕਿ ਕੇਂਦਰ ਸਰਕਾਰ ਨੇ ਹਿਮਾਚਲ ਪ੍ਰਦੇਸ਼ ਅਤੇ ਹੋਰ ਪਹਾੜੀ ਰਾਜਾਂ ਵਿਚ ਸਨਅਤਾਂ ਲਗਾਉਣ ਲਈ ਰਿਆਇਤਾਂ ਦੇ ਗੱਫੇ ਦੇ ਰੱਖੇ ਨੇ। ਨਵੀਆਂ ਤਾਂ ਨਵੀਆਂ, ਸਗੋਂ ਪੁਰਾਣੀਆਂ ਸਨਅਤਾਂ ਵੀ ਪੰਜਾਬ ਵਿਚੋਂ ਬਾਹਰ ਜਾ ਰਹੀਆਂ ਹਨ। ਅਜੇ ਤੱਕ ਕੇਂਦਰ ਨੇ ਕਿਸਾਨਾਂ ਦੀ ਕਣਕ ਦੇ ਪੈਸੇ, ਟਰਾਂਸਪੋਰਟਰਾਂ ਦੀ ਢੁਆਈ ਦੇ ਪੈਸੇ, ਵੱਖ-ਵੱਖ ਕੇਂਦਰੀ ਸਕੀਮਾਂ ਦੀ ਸਬਸਿਡੀ ਦੇ ਪੈਸੇ ਪੰਜਾਬ ਸਰਕਾਰ ਨੂੰ ਨਹੀਂ ਦਿੱਤੇ। ਲਗਦਾ ਹੈ ਇਸ ਸਮੇਂ ਪੰਜਾਬ ਦੀ ਬਾਂਹ ਫੜਨ ਵਾਲਾ ਕੋਈ ਨਹੀਂ। ਭਾਰਤ ਦੀ ਆਜ਼ਾਦੀ ਲਈ ਪ੍ਰਾਣਾਂ ਦੀ ਅਹੂਤੀ ਦੇਣ ਵਾਲੇ ਪੰਜਾਬੀਆਂ ਨੂੰ ਵੀ ਇਹ ਗੱਲ ਦੁੱਖ ਪਹੁੰਚਾਉਂਦੀ ਹੋਵੇਗੀ।


-ਪ੍ਰੀਤ ਸਿੰਘ ਸੰਦਲ
ਪਿੰਡ ਮਕਸੂਦੜਾ, ਤਹਿ: ਪਾਇਲ (ਲੁਧਿਆਣਾ)।


ਸਹੂਲਤ ਕਿ ਪ੍ਰੇਸ਼ਾਨੀ
ਸਰਕਾਰ ਵੱਲੋਂ ਟੀ. ਵੀ. ਚੈਨਲਾਂ 'ਤੇ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਲੋਕਾਂ ਦੀ ਸੁਵਿਧਾ ਲਈ ਬਿਜਲੀ ਸਬੰਧੀ ਸ਼ਿਕਾਇਤ ਲਈ ਇਕ ਨੰਬਰ 1912 ਸਥਾਪਤ ਕੀਤਾ ਹੈ। ਪਟਿਆਲੇ ਵਿਚ ਹਰੇਕ ਜ਼ੋਨ ਦੇ ਵੱਖੋ-ਵੱਖ 4-5 ਸ਼ਿਕਾਇਤ ਕੇਂਦਰ ਸਨ ਪਰ ਹੁਣ ਸਾਰੇ ਪਟਿਆਲੇ ਦਾ ਸ਼ਿਕਾਇਤ ਕੇਂਦਰ ਇਕ ਨੰਬਰ 'ਤੇ ਕਰ ਦਿੱਤਾ ਗਿਆ ਹੈ। ਉਪਰੋਕਤ ਨੰਬਰਾਂ 'ਤੇ ਟੈਲੀਫੋਨ ਬਿਜ਼ੀ ਹੀ ਰਹਿੰਦੇ ਹਨ ਕਿਉਂਕਿ ਸ਼ਿਕਾਇਤਕਰਤਾ ਜ਼ਿਆਦਾ ਹੁੰਦੇ ਹਨ।
ਮੈਂ ਬਜ਼ੁਰਗ ਨਾਗਰਿਕ ਹਾਂ ਰਾਤ ਬਿਜਲੀ ਦੀ ਸ਼ਿਕਾਇਤ ਕਰਨ ਲਈ ਅੱਧੇ ਘੰਟੇ ਤੋਂ ਵੱਧ ਸਮਾਂ ਟੈਲੀਫੋਨ ਕਰਦਾ ਰਿਹਾ ਪਰ ਹਮੇਸ਼ਾ ਫੋਨ ਰੁੱਝਾ ਹੀ ਹੁੰਦਾ ਸੀ। ਜੇ ਇਹ ਨੰਬਰ ਮਿਲ ਵੀ ਜਾਵੇ ਤਾਂ ਉਹ ਸ਼ਿਕਾਇਤ ਨੂੰ ਅੱਗੇ ਤੋਂ ਅੱਗੇ ਦਰਜ ਕਰਵਾਉਂਦੇ ਹਨ। ਸ਼ਿਕਾਇਤਕਰਤਾ ਨੂੰ ਇਹ ਪਤਾ ਹੀ ਨਹੀਂ ਚਲਦਾ ਕਿ ਸ਼ਿਕਾਇਤ ਦਾ ਕੀ ਬਣਿਆ। ਸਮਝ ਨਹੀਂ ਆਉਂਦੀ ਕਿ ਇਹ ਸੁਵਿਧਾਵਾਂ ਹਨ ਜਾਂ ਪ੍ਰੇਸ਼ਾਨੀਆਂ। ਚਾਹੀਦਾ ਤਾਂ ਇਹ ਹੈ ਕਿ ਵੱਧ ਤੋਂ ਵੱਧ ਸ਼ਿਕਾਇਤ ਸੈਂਟਰ ਖੋਲ੍ਹੇ ਜਾਣ ਤਾਂ ਕਿ ਲੋਕ ਆਸਾਨੀ ਨਾਲ ਆਪਣੀ ਸ਼ਿਕਾਇਤ ਦਰਜ ਕਰਵਾ ਸਕਣ। ਕਿਰਪਾ ਕਰਕੇ ਸਰਕਾਰ ਇਸ ਪਾਸੇ ਧਿਆਨ ਦੇ ਕੇ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਬਚਾਏ।


-ਸਤਿੰਦਰਵੀਰ ਸਿੰਘ
144/5, ਮੁਹੱਲਾ ਖਰਾਦੀਆਂ, ਪੁਲਿਸ ਡਵੀਜ਼ਨ ਨੰ: 2 ਦੇ ਪਿੱਛੇ, ਪਟਿਆਲਾ।ਰੁੱਖ ਲਗਾਓ, ਵਾਤਾਵਰਨ ਬਚਾਓ
ਅੱਜ ਦੇ ਪਦਾਰਥਵਾਦੀ ਯੁੱਗ ਵਿਚ ਮਨੁੱਖ ਏਨਾ ਸਵਾਰਥੀ ਹੋ ਚੁੱਕਾ ਹੈ ਕਿ ਉਹ ਆਪਣੇ ਫਾਈਦੇ ਲਈ ਰੁੱਖਾਂ ਨੂੰ ਹੀ ਲਗਾਤਾਰ ਖ਼ਤਮ ਕਰ ਰਿਹਾ ਹੈ। ਰੁੱਖ ਜੋ ਸਾਡੀ ਖਾਤਰ ਤੇਜ਼ ਧੁੱਪਾਂ, ਝੱਖੜਾਂ ਨੂੰ ਜਰਦੇ ਹਨ ਪਰ ਸਾਨੂੰ ਹਮੇਸ਼ਾ ਠੰਢੀਆਂ ਛਾਵਾਂ ਹੀ ਦਿੰਦੇ ਹਨ। ਰੁੱਖਾਂ ਤੋਂ ਹੀ ਮਨੁੱਖ ਨੂੰ ਫੁੱਲ, ਫਲ, ਲੱਕੜ ਪ੍ਰਾਪਤ ਹੁੰਦੀ ਹੈ। ਮਨੁੱਖ ਅੱਜ ਉਨ੍ਹਾਂ ਰੁੱਖਾਂ ਦਾ ਹੀ ਦੁਸ਼ਮਣ ਬਣਿਆ ਹੋਇਆ ਹੈ। ਕਿਤੇ ਸ਼ਹਿਰੀਕਰਨ ਦੇ ਪ੍ਰਭਾਵ ਹੇਠ, ਕਿਤੇ ਫੈਕਟਰੀਆਂ ਲਗਾਉਣ ਲਈ, ਕਿਤੇ ਸੜਕਾਂ ਚੌੜੀਆਂ ਕਰਨ ਲਈ ਲਗਾਤਾਰ ਰੁੱਖਾਂ ਦੀ ਕਟਾਈ ਹੋ ਰਹੀ ਹੈ। ਰੁੱਖਾਂ ਦੀ ਇਸ ਤਰ੍ਹਾਂ ਲਗਾਤਾਰ ਕਟਾਈ ਕਰਕੇ ਅਸੀਂ ਕੁਦਰਤ ਨਾਲ ਛੇੜਛਾੜ ਕਰ ਰਹੇ ਹਾਂ ਅਤੇ ਵਿਨਾਸ਼ ਨੂੰ ਸੱਦਾ ਦੇ ਰਹੇ ਹਾਂ। ਸੋ, ਹਰ ਮਨੁੱਖ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਜੀਵਨ ਵਿਚ ਘੱਟੋ-ਘੱਟ ਇਕ ਰੁੱਖ ਜ਼ਰੂਰ ਲਗਾਏ ਤੇ ਉਸ ਦੀ ਸੰਭਾਲ ਕਰਕੇ ਵਾਤਾਵਰਨ ਨੂੰ ਸੁੰਦਰ ਬਣਾਉਣ ਵਿਚ ਆਪਣਾ ਯੋਗਦਾਨ ਪਾਵੇ।


-ਜਸਪ੍ਰੀਤ ਕੌਰ 'ਸੰਘਾ'
ਪਿੰਡ ਤਨੂੰਲੀ, ਜ਼ਿਲ੍ਹਾ ਹੁਸ਼ਿਆਰਪੁਰ।ਸਖ਼ਤ ਕਾਨੂੰਨ ਦੀ ਲੋੜ
ਪੰਜਾਬ ਵਿਚ ਸ਼ਰਾਬ ਦੇ ਠੇਕੇਦਾਰ ਕਾਨੂੰਨ ਦੀ ਖੁੱਲ੍ਹੇਆਮ ਦੁਰਵਰਤੋਂ ਕਰਦੇ ਹਨ। ਪਿੰਡਾਂ ਵਿਚ ਸ਼ਰਾਬ ਦੇ ਸ਼ਰੇਆਮ ਨਜਾਇਜ਼ ਠੇਕੇ ਖੁੱਲ੍ਹੇ ਮਿਲਦੇ ਹਨ, ਜਿਨ੍ਹਾਂ ਨੂੰ ਬੰਦ ਕਰਵਾਉਣਾ ਕਾਨੂੰਨ ਦੇ ਵਸ ਤੋਂ ਬਾਹਰ ਹੈ। ਸ਼ਹਿਰਾਂ ਵਿਚ ਸ਼ਰਾਬ ਦੇ ਠੇਕੇ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੋਂ ਤੋਂ ਰਾਤ ਦੇ 11 ਵਜੇ ਤੱਕ ਹੈ। ਪਰ ਸ਼ਰਾਬ ਦੇ ਠੇਕੇਦਾਰ ਸਵੇਰੇ ਛੇ ਵਜੇ ਠੇਕੇ ਖੋਲ੍ਹ ਕੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹਨ। ਸਹੀ ਮਾਅਨੇ ਵਿਚ ਸ਼ਰਾਬ ਦੇ ਠੇਕੇ ਖੁੱਲ੍ਹਣ ਦਾ ਸਮਾਂ ਦੁਪਹਿਰ ਦੋ ਵਜੇ ਤੋਂ ਰਾਤ ਦੇ ਬਾਰਾਂ ਵਜੇ ਤੱਕ ਹੋਣਾ ਚਾਹੀਦਾ ਹੈ। ਸ਼ਟਰ ਵਿਚ ਚੋਰ ਮੋਰੀ ਵੀ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦੀ ਹੈ। ਇਸ ਨੂੰ ਬੰਦ ਕਰਨਾ ਚਾਹੀਦਾ ਹੈ। ਬੋਰਡ ਦਾ ਆਕਾਰ ਵੀ ਕਾਨੂੰਨ ਮੁਤਾਬਿਕ ਲੱਗਣਾ ਚਾਹੀਦਾ ਹੈ। ਸ਼ਰਾਬ ਦੀ ਰੇਟ ਲਿਸਟ ਅਤੇ ਖੁੱਲ੍ਹਣ ਤੇ ਬੰਦ ਹੋਣ ਦਾ ਸਮਾਂ ਵੀ ਲਿਖਣਾ ਚਾਹੀਦਾ ਹੈ। ਪੱਕਾ ਬਿੱਲ ਦੇਣ ਦਾ ਵੀ ਕਾਨੂੰਨ ਬਣਾਉਣਾ ਚਾਹੀਦਾ ਹੈ, ਤਾਂ ਜੋ ਨਕਲੀ ਜਾਂ ਮਿਲਾਵਟੀ ਸ਼ਰਾਬ ਦੀ ਵਰਤੋਂ ਘੱਟ ਹੋ ਸਕੇ।


-ਹਰਜਿੰਦਰ ਪਾਲ ਸਿੰਘ
ਜਵੱਦੀ ਕਲਾਂ, ਲੁਧਿਆਣਾ।


 

ਪ੍ਰੀਖਿਆ ਕੇਂਦਰ ਦੂਰ-ਦੁਰੇਡੇ ਕਿਉਂ?
ਸਿੱਖਿਆ ਵਿਭਾਗ, ਪੰਜਾਬ ਦੁਆਰਾ ਮਾਸਟਰ ਕਾਡਰ ਵਿਚ ਸਮਾਜਿਕ ਸਿੱਖਿਆ, ਸਾਇੰਸ, ਅੰਗਰੇਜ਼ੀ, ਹਿੰਦੀ, ਸੰਸਕ੍ਰਿਤ, ਪੰਜਾਬੀ, ਹਿਸਾਬ ਵਿਸ਼ਿਆਂ ਲਈ 6050 ਅਸਾਮੀਆਂ ਲਈ 20 ਨਵੰਬਰ, 2015 ਨੂੰ ਵਿਗਿਆਪਨ ਦਿੱਤਾ ਗਿਆ ਸੀ, ਜਿਸ ਦੀ ਲਿਖਤੀ ਪ੍ਰੀਖਿਆ ਮਿਤੀ 29.7.2016 ਤੋਂ 31.7.2016 ਤੱਕ ਲਈ ਜਾ ਰਹੀ ਹੈ। ਇਹ ਲਿਖਤੀ ਪ੍ਰੀਖਿਆ ਲਈ ਵੱਖ-ਵੱਖ ਸ਼ਹਿਰਾਂ ਵਿਚ ਪ੍ਰੀਖਿਆ ਕੇਂਦਰ ਬਣਾਏ ਗਏ ਹਨ, ਜਿਨ੍ਹਾਂ ਵਿਚ ਅੰਮ੍ਰਿਤਸਰ, ਬਠਿੰਡਾ, ਲੁਧਿਆਣਾ, ਮੋਹਾਲੀ ਆਦਿ ਸ਼ਹਿਰ ਸ਼ਾਮਿਲ ਹਨ। ਸਿੱਖਿਆ ਵਿਭਾਗ ਦੁਆਰਾ ਅੰਮ੍ਰਿਤਸਰ, ਗੁਰਦਾਸਪੁਰ ਦੇ ਵਸਨੀਕ ਉਮੀਦਵਾਰਾਂ ਦੇ ਪ੍ਰੀਖਿਆ ਕੇਂਦਰ ਮੋਹਾਲੀ ਬਣਾਏ ਗਏ ਹਨ, ਜਦ ਕਿ ਮੋਹਾਲੀ ਦੇ ਵਸਨੀਕ ਉਮੀਦਵਾਰਾਂ ਦੇ ਪ੍ਰੀਖਿਆ ਕੇਂਦਰ ਅੰਮ੍ਰਿਤਸਰ ਵਿਖੇ ਬਣਾਏ ਗਏ। ਇਸੇ ਤਰ੍ਹਾਂ ਹੀ ਬਾਕੀ ਸ਼ਹਿਰਾਂ ਦੇ ਉਮੀਦਵਾਰਾਂ ਲਈ ਦੂਰ-ਦੁਰਾਡੇ ਦੇ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਸਾਰੇ ਹੀ ਉਮੀਦਵਾਰਾਂ ਨੂੰ ਪੰਜਾਬ ਦੇ ਇਕ ਕੋਨੇ ਤੋਂ ਦੂਜੇ ਕੋਨੇ ਵਿਚ ਪ੍ਰੀਖਿਆ ਕੇਂਦਰ ਅਲਾਟ ਕੀਤੇ ਗਏ ਹਨ, ਜੋ ਕਿ 250 ਤੋਂ 300 ਕਿਲੋਮੀਟਰ ਦੂਰ ਹਨ, ਜੋ ਕਿ ਉਨ੍ਹਾਂ ਨਾਲ ਬਹੁਤ ਹੀ ਜ਼ਿਆਦਾ ਬੇਇਨਸਾਫ਼ੀ ਹੈ। ਪ੍ਰੀਖਿਆ ਕੇਂਦਰ ਦੂਰ ਹੋਣ ਕਾਰਨ ਉਮੀਦਵਾਰਾਂ ਦਾ ਜ਼ਿਆਦਾਤਰ ਸਮਾਂ ਸਫ਼ਰ ਵਿਚ ਹੀ ਲੰਘ ਜਾਂਦਾ ਹੈ, ਜਿਸ ਦਾ ਅਸਰ ਉਨ੍ਹਾਂ ਦੀ ਪ੍ਰੀਖਿਆ 'ਤੇ ਵੀ ਪੈਂਦਾ ਹੈ।
ਬਹੁਤ ਸਾਰੇ ਉਮੀਦਵਾਰਾਂ ਨੇ ਦੋ-ਦੋ ਵਿਸ਼ਿਆਂ ਲਈ ਅਪਲਾਈ ਕੀਤਾ ਹੈ ਅਤੇ ਉਨ੍ਹਾਂ ਨੂੰ ਪ੍ਰੀਖਿਆ ਦੇਣ ਲਈ 2 ਦਿਨ ਪ੍ਰੀਖਿਆ ਕੇਂਦਰ ਵਾਲੇ ਸ਼ਹਿਰ ਵਿਚ ਹੀ ਰਹਿਣਾ ਪਏਗਾ। ਪ੍ਰੀਖਿਆ ਕੇਂਦਰ ਘਰ ਤੋਂ ਦੂਰ ਹੋਣ ਕਾਰਨ ਉਮੀਦਵਾਰ ਵਾਪਸ ਘਰ ਵੀ ਨਹੀਂ ਜਾ ਸਕੇਗਾ ਅਤੇ ਸਵੇਰੇ 9 ਵਜੇ ਪੇਪਰ ਹੋਣ ਕਾਰਨ ਉਸ ਨੂੰ ਇਕ ਦਿਨ ਪਹਿਲਾਂ ਹੀ ਪ੍ਰੀਖਿਆ ਕੇਂਦਰ ਵਾਲੇ ਸ਼ਹਿਰ ਵਿਚ ਪਹੁੰਚਣਾ ਪਏਗਾ। ਸਿੱਖਿਆ ਵਿਭਾਗ ਨੂੰ ਚਾਹੀਦਾ ਹੈ ਕਿ ਉਮੀਦਵਾਰਾਂ ਲਈ ਨੇੜੇ ਦੇ ਸ਼ਹਿਰਾਂ ਵਿਚ ਪ੍ਰੀਖਿਆ ਕੇਂਦਰ ਅਲਾਟ ਕੀਤੇ ਜਾਣ ਤਾਂ ਜੋ ਉਹ ਪੇਪਰ ਵੀ ਆਸਾਨੀ ਨਾਲ ਦੇ ਸਕਣ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ।


-ਰਾਜਬੀਰ ਸਿੰਘ, ਕਮਲੇਸ਼ ਰਾਣੀ, ਅਮਰ ਸਿੰਘ।

19-07-2016


ਬਹੁਤਾ ਸੁਣੀਏ, ਬੋਲੀਏ ਘੱਟ
ਸਮਾਜ ਵਿਚ ਦੋ ਤਰ੍ਹਾਂ ਦੇ ਮਨੁੱਖ ਹੁੰਦੇ ਹਨ ਚੁੱਪ ਭਾਵ ਘੱਟ ਬੋਲਣ ਵਾਲੇ ਅਤੇ ਬੜਬੋਲੇ। ਚੁੱਪ ਦਾ ਅਰਥ ਹੈ ਢੁਕਵੇਂ ਤੇ ਅਰਥ ਭਰਪੂਰ ਸ਼ਬਦਾਂ ਦੀ ਵਰਤੋਂ। ਘੱਟ ਬੋਲਣਾ, ਮਨੁੱਖ ਦੀ ਆਤਮਿਕ ਪਛਾਣ ਅਤੇ ਡੂੰਘਾਈ ਨੂੰ ਦਰਸਾਉਂਦਾ ਹੈ। ਦੂਜੇ ਪਾਸੇ ਬੜਬੋਲੇ ਭਾਵ ਜ਼ਿਆਦਾ ਬੋਲਣ ਵਾਲੇ ਮੂੰਹਫੱਟ ਲੋਕਾਂ ਦੀ ਗੱਲ ਵਜ਼ਨਦਾਰ ਨਾ ਹੋਣ ਕਰਕੇ ਉਨ੍ਹਾਂ ਦਾ ਲੋਕਾਂ ਵਿਚ ਬਹੁਤਾ ਪ੍ਰਭਾਵ ਨਹੀਂ ਕਬੂਲਿਆ ਜਾਂਦਾ।
ਬੜਬੋਲਾ ਆਦਮੀ ਆਪਣੀ ਗੱਲ ਨੂੰ ਅਸਰਦਾਰ ਬਣਾਉਣ ਲਈ ਉੱਚੀ ਆਵਾਜ਼ ਵਿਚ ਗੱਲ ਨੂੰ ਵਾਰ-ਵਾਰ ਦੁਹਰਾਉਂਦਾ ਹੈ। ਦੁਹਰਾਓ ਅਤੇ ਉੱਚੀ ਆਵਾਜ਼ ਵਿਚ ਗੱਲ ਕਰਨ ਵਾਲੇ ਆਦਮੀ ਦੀ ਦਲੀਲ ਕਮਜ਼ੋਰ ਅਤੇ ਖੋਖਲੀ ਹੁੰਦੀ ਹੈ। ਬੌਧਿਕ ਪੱਖੋਂ ਊਣੇ ਵਿਅਕਤੀ ਸ਼ੋਰ ਤੇ ਭੀੜ ਦਾ ਸਹਾਰਾ ਲੈਂਦੇ ਹਨ। ਚੁੱਪ, ਮਨੁੱਖ ਨੂੰ ਸੁੱਘੜ ਅਤੇ ਜ਼ਿੰਮੇਵਾਰ ਬਣਾਉਂਦੀ ਹੈ। ਪੰਛੀ ਅਤੇ ਜਾਨਵਰ ਕੁਦਰਤ ਨਾਲ ਇਕਮਿਕ ਹੋਣ ਕਰਕੇ ਕੁਦਰਤ ਦੇ ਵਧੇਰੇ ਨੇੜੇ ਹਨ, ਜਿਸ ਕਰਕੇ ਇਹ ਸਿਰਫ ਉਦੋਂ ਬੋਲਦੇ ਹਨ, ਜਦੋਂ ਉਨ੍ਹਾਂ ਨੂੰ ਵਿਸ਼ੇਸ਼ ਲੋੜ ਹੋਵੇ, ਪਰ ਮਨੁੱਖ ਬੇਲੋੜਾ ਅਤੇ ਫਜ਼ੂਲ ਬੋਲਦਾ ਹੈ। ਦੋ ਕੰਨ, ਦੋ ਅੱਖਾਂ ਤੇ ਇਕ ਮੂੰਹ ਇਸੇ ਲਈ ਹਰ ਮਨੁੱਖ ਦੇ ਪਾਸ ਹੈ ਕਿ ਉਹ ਸੁਣੇ ਜ਼ਿਆਦਾ, ਵੇਖੇ ਜ਼ਿਆਦਾ ਪਰ ਬੋਲੇ ਘੱਟ।


-ਗੁਰਬਚਨ ਸਿੰਘ ਲਾਲੀ
ਲੇਖਕ ਮੰਚ, ਪੱਟੀ।


ਸਮਾਜ ਦੀ ਸਿਹਤ
ਪਿਛਲੇ ਦਿਨੀਂ ਯੋਗਾ ਦਿਵਸ ਮਨਾਇਆ ਗਿਆ, ਜਿਸ ਵਿਚ ਬਹੁਤ ਸਾਰੇ ਲੋਕਾਂ ਨੇ ਹਿੱਸਾ ਲਿਆ। ਦੇਸ਼ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਲੋਕਾਂ ਨੂੰ ਯੋਗਾ ਕਰਨ ਵੱਲ ਆਕਰਸ਼ਿਤ ਕਰਨ ਲਈ ਯਤਨ ਕੀਤਾ। ਨਾਲ ਇਸ ਦੇ ਫਾਇਦੇ ਦੱਸਦਿਆਂ ਸਿਹਤ ਲਈ ਸਸਤੀ ਸਹੂਲਤ ਪ੍ਰਚਾਰਿਆ। ਯੋਗਾ ਕਰਨਾ ਮਾੜੀ ਗੱਲ ਨਹੀਂ, ਸਰੀਰ ਨੂੰ ਫਿੱਟ ਰੱਖਣ ਲਈ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਵਰਜਿਸ਼ ਕਰਨੀ ਜ਼ਰੂਰੀ ਹੈ ਪਰ ਜੋ ਰਾਜਨੀਤਕ ਨੇਤਾ ਸਾਡੀ ਸਿਹਤ ਦਾ ਫ਼ਿਕਰ ਕਰਦੇ ਹੋਏ ਯੋਗਾ ਕਰਨ ਲਈ ਸਾਨੂੰ ਪ੍ਰੇਰਿਤ ਕਰ ਰਹੇ ਹਨ, ਉਨ੍ਹਾਂ ਦਾ ਇਕ ਜ਼ਰੂਰੀ ਫਰਜ਼ ਵੀ ਬਣਦਾ ਹੈ।
ਜੇਕਰ ਧਿਆਨ ਦਿੱਤਾ ਜਾਵੇ, ਕੁਸ਼ਲ ਪ੍ਰਬੰਧ ਤੋਂ ਬਗੈਰ ਤਰਾਹ-ਤਰਾਹ ਕਰਦੀ ਕਿਸਾਨੀ ਤੇ ਜਵਾਨੀ ਆਪ ਦਾ ਧਿਆਨ ਮੰਗਦੀ ਹੈ, ਸਿਰਫ ਵਾਅਦਿਆਂ ਅਤੇ ਲਾਰਿਆਂ ਨਾਲ ਜਨਤਾ ਦੇ ਅੱਛੇ ਦਿਨ ਨਹੀਂ ਆਉਣੇ। ਪਹਿਲਾਂ ਸਮਾਜ ਨੂੰ ਨਸ਼ਾ ਮੁਕਤ ਤੇ ਭ੍ਰਿਸ਼ਟਾਚਾਰ ਮੁਕਤ ਕੀਤਾ ਜਾਵੇ ਤਾਂ ਕਿ ਲੋਕ ਤਣਾਅ ਮੁਕਤ ਹੋ ਕੇ ਇਸ (ਯੋਗਾ) ਨੂੰ ਅਪਣਾ ਸਕਣ। ਜਦੋਂ ਤੱਕ ਮਨੁੱਖਤਾ ਮਾਨਸਿਕ ਤੌਰ 'ਤੇ ਤਿਆਰ ਨਹੀਂ, ਉਦੋਂ ਤੱਕ ਯੋਗਾ ਕਰਨ ਦੀਆਂ ਸੌਖੀਆਂ ਕਿਰਿਆਵਾਂ ਵੀ ਔਖੀਆਂ ਲੱਗਣੀਆਂ।


-ਡਾ: ਜਗਸੀਰ ਸਿੰਘ
ਪਿੰਡ ਹਿੰਮਤਪੁਰਾ, ਤਹਿ: ਨਿ: ਸਿ: ਵਾਲਾ, ਜ਼ਿਲ੍ਹਾ ਮੋਗਾ।

17-7-2016

 ਜਾਂਚ ਦਰ ਜਾਂਚ

1984 'ਚ ਹੋਏ ਯੋਜਨਾਬੱਧ ਸਿੱਖ ਕਤਲੇਆਮ ਨੂੰ ਵਾਪਰਿਆਂ 32 ਸਾਲ ਹੋ ਚੱਲੇ ਹਨ। ਪਿਛਲੇ ਦਿਨੀਂ ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਮੁੜ ਵਿਸ਼ੇਸ਼ ਜਾਂਚ ਟੀਮ ਬਣਾਈ ਹੈ। ਅਖੇ ਇਹ ਜਾਂਚ ਟੀਮ ਉਨ੍ਹਾਂ ਕੇਸਾਂ ਦੀ ਮੁੜ ਜਾਂਚ ਕਰੇਗੀ, ਜਿਹੜੇ ਕੇਸਾਂ ਦੀਆਂ ਫਾਈਲਾਂ ਬੰਦ ਹੋ ਚੁੱਕੀਆਂ ਹਨ। ਏਨਾ ਵੱਡਾ ਕਤਲੇਆਮ ਹੋਇਆ ਹੋਵੇ, ਜਿਸ ਵਿਚ 3325 ਲੋਕ ਮਾਰੇ ਗਏ ਹੋਣ। ਧੀਆਂ ਦੀ ਇੱਜ਼ਤ ਲੁੱਟੀ ਗਈ ਹੋਵੇ। ਬਾਰੇ ਜਾਂਚ-ਦਰ-ਜਾਂਚ ਟੀਮਾਂ ਬਣਾ ਕੇ ਪਿਛਲੇ ਲੰਮੇ ਸਮੇਂ ਤੋਂ ਇਨਸਾਫ਼ ਦੀ ਆਸ ਲਾਈ ਬੈਠੀ ਸਿੱਖ ਕੌਮ ਨਾਲ ਮਜ਼ਾਕ ਨਹੀਂ ਤਾਂ ਹੋਰ ਕੀ ਹੈ? ਸਮੇਂ-ਸਮੇਂ 'ਤੇ ਬਣੀਆਂ ਜਾਂਚ ਟੀਮਾਂ ਅੱਜ ਤੱਕ ਦੋਸ਼ੀਆਂ ਨੂੰ ਹੀ ਨਹੀਂ ਲੱਭ ਸਕੀਆਂ। ਦੋਸ਼ੀਆਂ ਨੂੰ ਸਜ਼ਾਵਾਂ ਦੇਣੀਆਂ ਤਾਂ ਦੂਰ ਦੀ ਗੱਲ ਹੈ। ਇਕ ਤਾਂ ਘੱਟ ਗਿਣਤੀ ਦਾ ਹੋਇਆ ਵੱਡੀ ਪੱਧਰ ਤੇ ਕਤਲੇਆਮ ਤੇ ਦੂਜਾ 32 ਸਾਲ ਗੁਜ਼ਰ ਜਾਣ 'ਤੇ ਵੀ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣਾ ਦੇਸ਼ ਦੇ ਮੱਥੇ 'ਤੇ ਵੱਡਾ ਕਲੰਕ ਹੈ। ਇਸ ਕਲੰਕ ਨੂੰ ਧੋਣ ਲਈ ਜਾਂਚ ਟੀਮਾਂ ਦੀ ਨਹੀਂ ਸਗੋਂ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਲੋੜ ਹੈ। ਪਿਛਲੇ 32 ਸਾਲਾਂ ਤੋਂ ਇਸ ਕਤਲੇਆਮ 'ਤੇ ਸਿਆਸਤ ਕਰਦੀਆਂ ਆ ਰਹੀਆਂ ਸਿਆਸੀ ਪਾਰਟੀਆਂ ਹੁਣ ਇਕ ਮਤ ਹੋ ਕੇ ਸਿੱਖ ਕੌਮ ਨੂੰ ਇਨਸਾਫ਼ ਦਿਵਾਉਣ। ਨਹੀਂ ਤਾਂ ਦੇਸ਼ ਦੀ ਜਨਤਾ ਦਾ ਬਚਿਆ-ਖੁਸਿਆ ਵਿਸ਼ਵਾਸ ਵੀ ਸਿਆਸੀ ਪਾਰਟੀਆਂ ਤੋਂ ਉਠ ਜਾਵੇਗਾ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਗੈਂਗਸਟਰਾਂ ਦਾ ਅੰਤ ਮਾੜਾ

ਅੱਜਕਲ੍ਹ ਵਿਹਲੀ ਮੁੰਡ੍ਹੀਰ ਵਿਚ ਇਹ ਬਹੁਤ ਹੀ ਰੁਝਾਨ ਬਣ ਗਿਆ ਹੈ, ਗੈਂਗਸਟਰ ਵਿਚ ਭਰਤੀ ਹੋਣ ਦਾ। ਇਸ ਵਿਚ ਕੋਈ ਸ਼ੱਕ ਨਹੀਂ ਗੈਂਗਸਟਰਾਂ ਦੇ ਆਗੂ ਵੱਡੇ ਘਰਾਂ ਦੇ ਵਿਗੜੇ ਅਮੀਰਜ਼ਾਦੇ ਹੁੰਦੇ ਹਨ। ਉਨ੍ਹਾਂ ਨੂੰ ਆਪਣੇ ਘਰਦਿਆਂ ਦੀ ਪੂਰੀ ਮਾਇਕ ਮਦਦ ਹੁੰਦੀ ਹੈ। ਉਨ੍ਹਾਂ ਵੱਲ ਵੇਖ ਕੇ ਗਰੀਬੀ ਨਾਲ ਲੜਦਿਆਂ ਦੇ ਮਨ ਵੀ ਲਾਲਚਵੱਸ ਹੋ ਕੇ ਉਨ੍ਹਾਂ ਦੀਆਂ ਪੈੜਾਂ 'ਤੇ ਚੱਲ ਕੇ ਆਪਣੀ ਜ਼ਿੰਦਗੀ ਨੂੰ ਮੌਤ ਦੇ ਮੂੰਹ ਵਿਚ ਪਾ ਲੈਂਦੇ ਹਨ, ਥੋੜ੍ਹੇ ਦਿਨ ਉਨ੍ਹਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਅਮੀਰਜ਼ਾਦੇ ਪਹਿਲਾਂ ਉਨ੍ਹਾਂ ਦਾ ਖਰਚਾ ਚੁੱਕ ਲੈਂਦੇ ਹਨ, ਨਸ਼ਿਆਂ ਆਦਿ 'ਤੇ ਲਾ ਦਿੰਦੇ ਹਨ, ਫਿਰ ਉਨ੍ਹਾਂ ਤੋਂ ਉਨ੍ਹਾਂ ਦੀ ਮਰਜ਼ੀ ਦੇ ਉਲਟ ਕੰਮ ਕਰਵਾ ਕੇ ਗ਼ਲਤ ਰਸਤਿਆਂ ਦੇ ਪਾਂਧੀ ਬਣਾ ਦਿੰਦੇ ਹਨ, ਇਨ੍ਹਾਂ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਦੂਸਰਿਆਂ ਦੇ ਰਾਹ ਵਿਚ ਰੋੜਾ ਬਣਨ ਵਾਲਿਆਂ ਨੂੰ ਆਪਣੀ ਠੋਕਰ ਖਾਣੀ ਪੈਂਦੀ ਹੈ। ਅੱਤ ਦਾ ਅੰਤ ਮਾੜਾ ਹੀ ਹੁੰਦਾ ਹੈ। ਦੂਸਰਿਆਂ ਦੇ ਘਰਾਂ ਦੇ ਚਿਰਾਗ ਬੁਝਾਉਣ ਵਾਲਿਆਂ ਦੇ ਆਪਣੇ ਘਰ ਕਦੇ ਅੱਗ ਨਹੀਂ ਬਲਦੀ। ਗੈਂਗਸਟਰ ਦਾ ਅੰਤ ਕੁੱਤੇ ਦੀ ਮੌਤ ਹੈ।

-ਮਨਜੀਤ ਸਿੰਘ ਭਾਮ
ਹੁਸ਼ਿਆਰਪੁਰ। ਮੋ: 94784-00012.

ਵਿਗੜਿਆ ਰਸੋਈ ਦਾ ਬਜਟ

ਪਿਛਲੇ ਚਾਰ-ਪੰਜ ਮਹੀਨਿਆਂ ਵਿਚ ਮਹਿੰਗਾਈ ਨੇ ਲੋਕਾਂ ਦਾ ਕਚੂੰਮਰ ਹੀ ਕੱਢ ਕੇ ਰੱਖ ਦਿੱਤਾ ਹੈ। ਇਨ੍ਹਾਂ ਦਿਨਾਂ ਵਿਚ ਦਾਲਾਂ ਦੇ ਭਾਅ ਆਸਮਾਨ ਨੂੰ ਛੂਹ ਰਹੇ ਹਨ ਅਤੇ ਖੰਡ ਦੀਆਂ ਕੀਮਤਾਂ ਵਿਚ ਕਾਫ਼ੀ ਤੇਜ਼ੀ ਆਈ ਹੈ। ਜੇ ਮਹਿੰਗਾਈ ਦਾ ਇਹੀ ਹਾਲ ਰਿਹਾ ਤਾਂ ਆਮ ਆਦਮੀ ਲਈ ਦਾਲ-ਰੋਟੀ ਤਾਂ ਸੁਪਨੇ ਵਾਲੀ ਗੱਲ ਹੋ ਜਾਵੇਗੀ। ਸਰਕਾਰ ਆਮ ਜਨਤਾ ਵੱਲ ਦੇਖਦੇ ਹੋਏ ਮਹਿੰਗਾਈ ਘੱਟ ਕਰਨ ਦਾ ਉਪਰਾਲਾ ਕਰੇ ਤਾਂ ਜੋ ਲੋਕ ਦੋ ਵਕਤ ਦੀ ਰੋਟੀ ਆਸਾਨੀ ਨਾਲ ਖਾ ਸਕਣ।
-ਸੇਵਾ ਰਾਮ ਸਿੰਗਲਾ
ਮੇਨ ਅਜੀਤ ਰੋਡ, ਬਠਿੰਡਾ।
ਪੰਜਾਬੀ ਦਾ ਸਤਿਕਾਰ
ਅੱਜ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਅਸੀਂ ਮਾਂ ਬੋਲੀ ਪੰਜਾਬੀ ਤੋਂ ਦੂਰ ਹੁੰਦੇ ਜਾ ਰਹੇ ਹਾਂ ਅਤੇ ਪੰਜਾਬੀ ਬੋਲਣ ਵਿਚ ਝਿਜਕ ਮਹਿਸੂਸ ਕਰਦੇ ਹਾਂ ਜੋ ਕਿ ਸਾਡੇ ਲਈ ਬਹੁਤ ਸ਼ਰਮਵਾਲੀ ਗੱਲ ਹੈ। ਅਸੀਂ ਪੰਜਾਬੀ ਬੋਲਣ ਵਾਲੇ ਨੂੰ ਦੇਸੀ ਸਮਝਦੇ ਹਾਂ। ਸਾਡੇ ਉਪਰ ਹੋਰ ਭਾਸ਼ਾਵਾਂ ਭਾਰੂ ਹਨ। ਅੱਜ ਹਰ ਜਗ੍ਹਾ ਦਫਤਰਾਂ, ਬੈਂਕਾਂ, ਸਕੂਲਾਂ ਅਤੇ ਹੋਰ ਵਿਭਾਗਾਂ ਵਿਚ ਅੰਗਰੇਜ਼ੀ ਦਾ ਬੋਲਬਾਲਾ ਹੈ। ਹੋਰ ਤਾਂ ਹੋਰ ਪੰਜਾਬੀ ਗੀਤਾਂ ਵਿਚ ਵੀ ਅੰਗਰੇਜ਼ੀ ਭਾਰੂ ਹੈ। ਸਾਨੂੰ ਪੰਜਾਬੀ ਹੋਣ 'ਤੇ ਅਤੇ ਪੰਜਾਬੀ ਬੋਲਣ 'ਤੇ ਮਾਣ ਹੋਣਾ ਚਾਹੀਦਾ ਹੈ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਾਰੇ ਵਿਭਾਗਾਂ ਦਾ ਸਾਰਾ ਕੰਮ ਕਾਜ ਪੰਜਾਬੀ ਵਿਚ ਹੋਣਾ ਲਾਜ਼ਮੀ ਬਣਾਉਣ। ਸਾਨੂੰ ਇਸ ਕਥਨ 'ਤੇ ਪ੍ਰਪੱਕ ਰਹਿਣਾ ਚਾਹੀਦਾ ਹੈ। ਪੰਜਾਬੀ ਪੜ੍ਹੋ, ਪੰਜਾਬੀ ਲਿਖੋ, ਪੰਜਾਬੀ ਬੋਲੋ।

-ਮਨਦੀਪ ਸਿੰਘ
ਪਿੰਡ ਸ਼ਹਿਣਾ, ਜ਼ਿਲ੍ਹਾ ਬਰਨਾਲਾ।
ਮੋਬਾਈਲ: 95927-81264.

ਅਵਾਰਾ ਕੁੱਤੇ

ਅਜੋਕੇ ਦੌਰ ਵਿਚ ਹਰ ਤੀਜਾ ਮਨੁੱਖ ਬਿਮਾਰੀਆਂ ਦਾ ਸ਼ਿਕਾਰ ਹੈ। ਡਾਕਟਰ ਵੀ ਹਰ ਇਕ ਮਰੀਜ਼ ਨੂੰ ਸੈਰ ਕਰਨ ਦੀ ਸਲਾਹ ਦਿੰਦੇ ਹਨ ਪਰ ਕੋਈ ਸਵੇਰੇ-ਸ਼ਾਮ ਕਿਵੇਂ ਸੈਰ ਕਰੇ? ਕਿਉਂਕਿ ਹਰ ਗਲੀ ਮੁਹੱਲੇ ਵਿਚ ਅਵਾਰਾ ਕੁੱਤਿਆਂ ਦੇ ਟੋਲੇ ਘੁੰਮਦੇ ਹਨ। ਆਏ ਦਿਨ ਅਖ਼ਬਾਰ ਦੀਆਂ ਸੁਰਖੀਆਂ ਬਣਦੀਆਂ ਹਨ, ਇਨ੍ਹਾਂ ਦੀਆਂ ਮਾਸੂਮਾਂ ਨੂੰ ਵੱਢ ਖਾਣ ਦੀਆਂ ਖ਼ਬਰਾਂ, ਕਿੰਨੇ ਬੱਚੇ ਇਨ੍ਹਾਂ ਦੇ ਵੱਢਣ ਨਾਲ ਮੌਤ ਦੇ ਮੂੰਹ ਵਿਚ ਜਾ ਪਏ ਹਨ। ਕਿੰਨੇ ਮਨੁੱਖਾਂ ਨੂੰ ਪਾੜ ਸੁੱਟਿਆ ਹੈ। ਕਿਸਾਨ ਵਿਚਾਰੇ ਰਾਤਾਂ ਨੂੰ ਜਾਗ ਕੇ ਫ਼ਸਲਾਂ ਨੂੰ ਪਾਣੀ ਲਾਉਣ ਜਾਂਦੇ ਇਨ੍ਹਾਂ ਦਾ ਸ਼ਿਕਾਰ ਹੋ ਜਾਂਦੇ ਹਨ। ਔਰਤਾਂ ਅੰਮ੍ਰਿਤ ਵੇਲੇ ਗੁਰੂ ਘਰ ਜਾਣ ਤੋਂ ਡਰਦੀਆਂ ਨੇ ਇਨ੍ਹਾਂ ਅਵਾਰਾ ਕੁੱਤਿਆਂ ਤੋਂ। ਪਰ ਇਨ੍ਹਾਂ ਦੀ ਆਬਾਦੀ ਦਿਨੋ-ਦਿਨ ਵਧ ਰਹੀ ਹੈ। ਕਿੰਨੀ ਹੀ ਵਾਰੀ ਅਖ਼ਬਾਰਾਂ ਵਿਚ ਇਹ ਮਸਲੇ ਉਠੇ ਨੇ ਇਨ੍ਹਾਂ ਕੁੱਤਿਆਂ ਦਾ ਕੋਈ ਸਥਾਈ ਹੱਲ ਕੱਢਿਆ ਜਾਵੇ। ਪਰ ਸਰਕਾਰ ਨੇ ਕੰਨ 'ਤੇ ਜੂੰ ਤੱਕ ਨਹੀਂ ਸਰਕਦੀ। ਕੀ ਕਦੇ ਇਸ ਮਸਲੇ ਦਾ ਹੱਲ ਨਿਕਲੇਗਾ ਜਾਂ ਸਰਕਾਰ ਲਈ ਮਨੁੱਖਾਂ ਨਾਲੋਂ ਕੁੱਤਿਆਂ ਦੀ ਜ਼ਿੰਦਗੀ ਜ਼ਿਆਦਾ ਪਿਆਰੀ ਹੈ?

-ਸਤਵਿੰਦਰ ਸਿੰਘ ਗਿੱਲ
ਪਿੰਡ ਮੁੱਲਾਂਪੁਰ, ਜ਼ਿਲ੍ਹਾ ਲੁਧਿਆਣਾ।
ਮੋਬਾਈਲ : 98141-25694.

 

10-7-2016

 ਚੰਗੀ ਮਿਸਾਲ


ਇਕ ਅਨੋਖੀ ਖੁਸ਼ਖਬਰੀ 'ਅਜੀਤ' ਵਿਚ ਪੜ੍ਹਨ ਨੂੰ ਮਿਲੀ। ਜਗਰਾਉਂ ਹਲਕੇ ਦੇ ਵਿਧਾਇਕ ਸ੍ਰੀ ਐਸ.ਆਰ. ਕਲੇਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਦੇ ਕੰਮਾਂ ਦੀ ਇਲਾਕੇ ਦੀ ਵਿਰੋਧੀ ਧਿਰ ਭਾਵ ਕਾਂਗਰਸ ਪਾਰਟੀ ਦੇ ਆਗੂਆਂ, ਕੌਂਸਲਰਾਂ ਤੇ ਹੋਰ ਪਤਵੰਤਿਆਂ ਨੇ ਸ਼ਲਾਘਾ ਕੀਤੀ, ਧੰਨਵਾਦ ਕੀਤਾ ਤੇ ਵਿਕਾਸ ਦੇ ਕੰਮਾਂ ਵਿਚ ਸਹਿਯੋਗ ਕਰਨ ਦਾ ਵਾਅਦਾ ਕੀਤਾ। ਇਹ ਇਕ ਅਦਭੁਤ ਮਿਸਾਲ ਕਾਇਮ ਕੀਤੀ ਗਈ ਹੈ। ਲੋਕ ਭਲਾਈ ਕਾਰਜਾਂ ਵਿਚ ਇਕਜੁਟ ਹੋਣਾ ਉੱਤਮ ਨੀਤੀ ਹੈ। ਇਸ ਮੀਟਿੰਗ ਦੀ ਇਲਾਕੇ ਦੇ ਲੋਕ ਬੜੀ ਪ੍ਰਸੰਸਾ ਕਰ ਰਹੇ ਹਨ।
ਆਮ ਤੌਰ 'ਤੇ ਦੇਖਿਆ-ਸੁਣਿਆ ਜਾਂਦਾ ਹੈ ਕਿ ਸਮੇਂ ਦੀ ਸਰਕਾਰ ਵੱਲੋਂ ਕਿੰਨਾ ਵੀ ਚੰਗਾ ਤੇ ਲਾਭਦਾਇਕ ਮਤਾ ਪੇਸ਼ ਕੀਤਾ ਜਾਵੇ, ਵਿਰੋਧੀ ਧਿਰ ਨੇ ਰੌਲਾ-ਰੱਪਾ ਪਾ ਕੇ ਵਿਰੋਧ ਕਰਨਾ ਹੀ ਕਰਨਾ ਹੁੰਦਾ ਹੈ। ਕਾਸ਼! ਦੇਸ਼, ਕੌਮ ਤੇ ਲੋਕਾਂ ਦੇ ਭਲੇ ਲਈ ਕੀਤੇ ਜਾ ਰਹੇ ਯਤਨਾਂ ਵਿਚ ਪੰਚਾਇਤ, ਕੌਂਸਲ, ਨਿਗਮ, ਵਿਧਾਨ ਸਭਾ ਤੇ ਲੋਕ ਸਭਾ ਵਿਚ ਵੀ ਸਹਿਯੋਗ ਕੀਤਾ ਜਾਵੇ।

-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ। ਮੋਬਾਈਲ : 98720-86101.

ਖੇਤੀ ਸਬਸਿਡੀਆਂ ਦੀ ਗੱਲ


ਬਲਵੀਰ ਸਿੰਘ ਰਾਜੇਵਾਲ ਨੇ ਕੇਂਦਰ ਸਰਕਾਰ ਦੀਆਂ ਖੇਤੀ ਨੀਤੀਆਂ ਦਾ ਠੀਕ ਵਿਸ਼ਲੇਸ਼ਣ ਕੀਤਾ ਹੈ ਪਰ ਇਕ ਵਿਸ਼ੇ 'ਤੇ ਉਨ੍ਹਾਂ ਦੀ ਰਾਇ ਠੀਕ ਨਹੀਂ ਲਗਦੀ। ਮੇਰੀ ਰਾਇ ਮੁਤਾਬਿਕ ਰਸਾਇਣਕ ਖਾਦਾਂ ਦੀ ਸਬਸਿਡੀ, ਜੋ ਕਿ ਹਜ਼ਾਰਾਂ ਕਰੋੜ ਹੈ, ਸਿੱਧੀ ਕਿਸਾਨ ਨੂੰ ਦੇਣ ਵਿੱਚ ਕਿਸਾਨ, ਖੇਤੀ, ਜ਼ਮੀਨ ਅਤੇ ਦੇਸ਼ ਨੂੰ ਲਾਹਾ ਪਹੁੰਚੇਗਾ। ਅੱਜ ਇਸ ਸਬਸਿਡੀ ਦਾ ਲੈਣ-ਦੇਣ ਰਸਾਇਣ ਮੰਤਰਾਲੇ ਅਤੇ ਇੰਡਸਟਰੀ ਵਿਚਕਾਰ ਹੁੰਦਾ ਹੈ। ਇਹ ਸਬਸਿਡੀ ਇੰਡਸਟਰੀ ਦੀ ਮੰਗ 'ਤੇ ਨਿਰਧਾਰਤ ਹੁੰਦੀ ਹੈ। ਕਿਸਾਨ ਦੇ ਨਾਂਅ 'ਤੇ ਇਸ ਸਬਸਿਡੀ ਦਾ ਕੀ ਹੁੰਦਾ ਹੈ, ਰੱਬ ਹੀ ਜਾਣੇ। ਅੱਜ ਕੰਪਿਊਟਰ ਦੇ ਯੁੱਗ ਵਿਚ ਕਿਸੇ ਵੀ ਸਬਸਿਡੀ ਦੀ ਠੀਕ ਵੰਡ ਔਖਾ ਕੰਮ ਨਹੀਂ। ਇਹ ਅਸੀਂ ਗੈਸ ਸਬਸਿਡੀ ਦੇ ਮਾਮਲੇ 'ਚ ਦੇਖ ਹੀ ਲਿਆ ਹੈ। ਜਿਸ ਨਾਲ ਦੇਸ਼ ਦੇ 14000 ਕਰੋੜ ਰੁਪਏ ਪ੍ਰਤੀ ਸਾਲ ਬਚੇ ਵੀ ਹਨ, ਹਜ਼ਾਰਾਂ ਗਰੀਬਾਂ ਨੂੰ ਨਵੇਂ ਗੈਸ ਕੁਨੈਕਸ਼ਨ ਵੀ ਮਿਲ ਰਹੇ ਹਨ ਅਤੇ ਗੈਸ ਦੀਆਂ ਕੀਮਤਾਂ ਵੀ ਪਹਿਲਾਂ ਨਾਲੋਂ ਘਟੀਆਂ ਹਨ। ਉਮੀਦ ਹੈ ਉਸੇ ਤਰ੍ਹਾਂ ਖਾਦਾਂ ਦੀ ਜਿੰਨੀ ਕੀਮਤ ਅੱਜ ਇੰਡਸਟਰੀ ਵਿਖਾਉਂਦੀ ਹੈ, ਇਸ ਤੋਂ ਕਿਤੇ ਘੱਟ ਕੀਮਤ 'ਤੇ ਵਿਕਣਗੀਆਂ। ਇਸ ਸਬਸਿਡੀ ਨਾਲ ਇੰਡਸਟਰੀ ਆਪਣੀਆਂ ਕਮਜ਼ੋਰੀਆਂ ਵੀ ਛਿਪਾਉਂਦੀ ਹੈ।
ਦੂਸਰਾ ਖਾਦਾਂ ਦਾ ਅਸਲੀ ਮੁੱਲ਼ ਕਿਸਾਨ ਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਾਰੀਆਂ ਖਾਦਾਂ ਖ਼ਤਮ ਹੋਣ ਵਾਲੇ ਕੁਦਰਤੀ ਸੋਮਿਆਂ ਤੋਂ ਬਣਦੀਆਂ ਹਨ। ਇਨ੍ਹਾਂ ਦੀ ਸਹੀ ਵਰਤੋਂ ਨਾਲ ਹੀ ਇਨ੍ਹਾਂ ਨੂੰ ਦੇਰ ਤੱਕ ਵਰਤ ਸਕਦੇ ਹਾਂ। ਅੱਜ ਬਹੁਤ ਸਾਰੇ ਕਿਸਾਨ ਰੂੜੀ ਦੀ ਖਾਦ ਨੂੰ ਤਰਜੀਹ ਨਹੀਂ ਦਿੰਦੇ, ਜੋ ਮਿੱਟੀ ਦੀ ਸਿਹਤ ਵਾਸਤੇ ਬਹੁਤ ਜ਼ਰੂਰੀ ਹੈ।
ਤੀਸਰਾ ਮਿੱਟੀ ਸਿਹਤ ਕਾਰਡ ਦਾ ਕੋਈ ਫਾਇਦਾ ਨਹੀਂ। ਕਿਹੜਾ ਕਿਸਾਨ ਹੈ, ਜਿਸ ਨੂੰ ਆਪਣੀ ਮਿੱਟੀ ਦੀ ਸਿਹਤ ਦਾ ਪਤਾ ਨਹੀਂ। ਸਿਹਤ ਦਾ ਠੀਕ ਹੋਣਾ ਸਮੇਂ 'ਤੇ ਨਿਰਭਰ ਹੈ, ਅੱਜ ਸਿਹਤ ਠੀਕ ਹੈ ਕਲ੍ਹ ਖਰਾਬ ਹੋ ਸਕਦੀ ਹੈ। ਸਿਹਤ ਸਥਿਰ ਰਹਿਣ ਵਾਲੀ ਚੀਜ਼ ਨਹੀਂ। ਜਦੋਂ ਹੀ ਕਿਸੇ ਕਿਸਾਨ ਨੂੰ ਉਸ ਦੇ ਖੇਤ ਵਿਚ ਕੋਈ ਸਮੱਸਿਆ ਨਜ਼ਰ ਆਉਂਦੀ ਹੈ ਉਹ ਨੇੜੇ ਦੀ ਖੇਤੀ ਯੂਨੀਵਰਸਿਟੀ ਜਾਂ ਮਿੱਟੀ ਟੈਸਟ ਲੈਬਾਟਰੀ ਵਿਚ ਜਾ ਕੇ ਆਪਣੀ ਸਮੱਸਿਆ ਦਾ ਹੱਲ ਕਰ ਲੈਂਦੇ ਹਨ। ਮਿੱਟੀ ਵਿਭਾਗ ਪੀ. ਏ. ਯੂ. ਵਿਚ ਸਾਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਇਆ ਕਿ ਬਹੁਤ ਜ਼ਿਆਦਾ ਸੈਂਪਲ ਆ ਗਏ, ਜੋ ਅਸੀਂ ਟੈਸਟ ਨਹੀਂ ਕਰ ਸਕਦੇ। ਲੋੜ ਹੈ ਇਹੀ ਪੈਸਾ ਦੇ ਕੇ ਇਨ੍ਹਾਂ ਪ੍ਰਯੋਗਸ਼ਾਲਾਵਾਂ ਨੂੰ ਸੁਚੱਜੇ ਢੰਗ ਨਾਲ ਚਲਾਇਆ ਜਾਵੇ ਅਤੇ ਕਿਸਾਨ ਦੀ ਮਦਦ ਕੀਤੀ ਜਾਵੇ।

-ਡਾ: ਬਿੱਕਰ ਸਿੰਘ ਸਿੱਧੂ
ਸਾਬਕਾ ਪ੍ਰੋਫੈਸਰ ਮਿੱਟੀ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।

7-07-2016

ਰੁੱਖ ਲਗਾਓ
ਅੱਜ ਸਾਡੇ ਦੇਸ਼ ਨੂੰ ਹੀ ਨਹੀਂ, ਬਲਕਿ ਪੂਰੇ ਵਿਸ਼ਵ ਨੂੰ ਸ਼ੁੱਧ ਵਾਤਾਵਰਨ ਦੀ ਲੋੜ ਹੈ। ਜਿਸ ਤਰ੍ਹਾਂ ਦਿੱਲੀ ਵਰਗੇ ਵਿਕਸਤ ਸ਼ਹਿਰ ਪ੍ਰਦੂਸ਼ਿਤ ਵਾਤਾਵਰਨ ਦਾ ਭਿਆਨਕ ਨਤੀਜਾ ਭੁਗਤ ਰਹੇ ਨੇ, ਇਸ ਦਾ ਇਕ ਬਹੁਤ ਵੱਡਾ ਕਾਰਨ ਰੁੱਖਾਂ ਦੀ ਹੋ ਰਹੀ ਅੰਧਾਧੁੰਦ ਕਟਾਈ ਹੈ। ਆਓ ਪ੍ਰਣ ਕਰੀਏ ਕਿ ਵੱਧ ਤੋਂ ਵੱਧ ਰੁੱਖ ਲਗਾਈਏ ਤਾਂ ਕਿ ਸਾਡਾ ਵਾਤਾਵਰਨ ਸ਼ੁੱਧ ਹੋ ਸਕੇ ਤੇ ਸਾਡੀ ਧਰਤੀ ਹਰੀ-ਭਰੀ ਹੋ ਜਾਵੇ। ਜਿਸ ਤਰ੍ਹਾਂ ਇਨਸਾਨ ਆਪਣਾ ਜਨਮ ਦਿਨ ਮਨਾਉਂਦੇ ਹਨ, ਕਈ ਲੋਕ ਆਪਣੀ ਵਿਆਹ ਦੀ ਸਾਲਗਿਰਾਹ ਤੇ ਕੁਝ ਲੋਕ ਦਿਨ-ਤਿਉਹਾਰ।
ਜੇ ਅਸੀਂ ਇਨ੍ਹਾਂ ਦਿਨਾਂ 'ਤੇ ਇਕ-ਇਕ ਰੁੱਖ ਲਗਾਈਏ। ਜਿਥੇ ਇਹ ਰੁੱਖ ਤੁਹਾਡੀਆਂ ਯਾਦਾਂ ਨੂੰ ਸੰਭਾਲ ਕੇ ਰੱਖਣਗੇ, ਉਥੇ ਇਹ ਰੁੱਖ ਸਾਨੂੰ ਸ਼ੁੱਧ ਹਵਾ ਅਤੇ ਧਰਤੀ ਨੂੰ ਹਰਾ-ਭਰਾ ਵੀ ਰੱਖਣਗੇ। ਇੰਜ ਕਰਨ ਨਾਲ ਅਸੀਂ ਵਾਤਾਵਰਨ ਦੀ ਸ਼ੁੱਧਤਾ ਵਿਚ ਇਕ ਵਡਮੁੱਲਾ ਯੋਗਦਾਨ ਪਾ ਸਕਦੇ ਹਾਂ। ਜੇ ਸਾਡੀ ਧਰਤੀ 'ਤੇ ਜ਼ਿਆਦਾ ਰੁੱਖ ਹੋਣਗੇ ਤਾਂ ਸਾਡਾ ਜੀਵਨ ਵੀ ਬਿਮਾਰੀਆਂ ਰਹਿਤ ਤੇ ਖੁਸ਼ਹਾਲ ਹੋਵੇਗਾ। ਆਓ, ਅਸੀਂ ਸ਼ੁੱਧ ਹਵਾ ਦੇ ਲਈ ਵੱਧ ਤੋਂ ਵੱਧ ਰੁੱਖ ਲਗਾਈਏ।


-ਗੁਰਦੀਪ ਸਿੰਘ
ਪਿੰਡ ਬਾਹਮਣੀਆਂ, ਜਲੰਧਰ।


ਕੁਰਾਹੇ ਪਈ ਗਾਇਕੀ ਤੇ ਗੀਤਕਾਰੀ

ਇਹ ਗੱਲ ਸੌ ਫ਼ੀਸਦੀ ਸਹੀ ਹੈ ਕਿ ਕਿਸੇ ਇਲਾਕੇ ਦੇ ਗੀਤ ਸੁਣ ਕੇ ਉਸ ਇਲਾਕੇ ਦੇ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਸੋਚ ਕੇ ਰੂਹ ਕੰਬਦੀ ਹੈ ਕਿ ਕਿਸੇ ਹੋਰ ਖਿੱਤੇ ਦਾ ਵਿਦਵਾਨ ਸਾਡੀ ਅਜੋਕੀ ਗਾਇਕੀ ਤੇ ਗੀਤਕਾਰੀ ਤੋਂ ਪੰਜਾਬ ਬਾਰੇ ਕੀ ਅੰਦਾਜ਼ਾ ਲਾਉਂਦਾ ਹੋਵੇਗਾ।
ਮੌਜੂਦਾ ਸਮੇਂ ਦੇ ਗੀਤ ਯਥਾਰਥ ਤੋਂ ਕੋਹਾਂ ਦੂਰ ਨੇ। ਨਸ਼ਿਆਂ ਅਤੇ ਫ਼ਸਲਾਂ ਉੱਪਰ ਹੋ ਰਹੇ ਅਣਕਿਆਸੇ ਖਰਚ ਨੇ ਜੱਟਾਂ ਦੀ ਮੱਤ ਮਾਰੀ ਪਈ ਹੈ। ਜਾਨ ਹੂਲ ਕੇ ਪਾਲੀ ਫ਼ਸਲ ਨੂੰ ਵੇਚਣ ਲਈ ਵੀ ਧਰਨੇ ਲਗਾਉਣੇ ਪੈਂਦੇ ਨੇ। ਪਤਾ ਨਹੀਂ ਕਿਉਂ ਅਜੋਕੇ ਗਾਇਕਾਂ, ਗੀਤਕਾਰਾਂ ਨੂੰ ਮੱਲੋਮੱਲੀ ਪੈਂਦੀਆਂ ਬਿੱਜਾਂ ਦਾ ਮਾਰਿਆ, ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਜੱਟ ਕਿਉਂ ਨਹੀਂ ਦਿਸ ਰਿਹਾ। ਇਨ੍ਹਾਂ ਦੇ ਗੀਤਾਂ ਵਿਚਲਾ ਜੱਟ ਰਾਜੇ ਮਹਾਰਾਜਿਆਂ ਤੋਂ ਘੱਟ ਨਹੀਂ। ਬੇਸ਼ਰਮੀ ਦੀਆਂ ਹੱਦਾਂ ਪਾਰ ਕਰ ਚੁੱਕੇ ਇਨ੍ਹਾਂ ਗਾਇਕਾਂ ਦੇ ਗੀਤ ਸੁਣ ਕੇ ਲਗਦਾ ਹੈ ਕਿ ਪੰਜਾਬ ਵਿਚ ਸ਼ਰਮ, ਮੜ੍ਹਕ, ਅਣਖ ਨਾਂਅ ਦੀ ਕੋਈ ਚੀਜ਼ ਹੀ ਨਹੀਂ।
ਇੰਜ ਲਗਦਾ ਹੈ ਕਿ ਪੰਜਾਬ ਦੇ ਸਾਰੇ ਕਾਲਜ ਅਤੇ ਚੰਡੀਗੜ੍ਹ, ਆਸ਼ਕੀ ਅਤੇ ਬਦਮਾਸ਼ੀ ਦੇ ਮਨਜ਼ੂਰਸ਼ੁਦਾ ਅੱਡੇ ਹਨ। ਆਪਣੇ ਗੀਤਾਂ ਵਾਂਗ ਖ਼ਤਰਨਾਕ ਨਾਵਾਂ ਅਤੇ ਸ਼ਕਲਾਂ ਵਾਲੇ ਇਨ੍ਹਾਂ 'ਮਹਾਨ ਗਵੱਈਆਂ' ਨੂੰ ਸੈਂਸਰ ਬੋਰਡ ਜਾਂ ਕੋਈ ਹੋਰ ਸੰਸਥਾ ਰੋਕਣ ਦਾ ਜੇਰਾ ਨਹੀਂ ਕਰ ਰਹੀ। ਹੋਰ ਤਾਂ ਹੋਰ ਸਰਕਾਰ ਪਤਾ ਨਹੀਂ ਕਿਹੜੀ ਗੱਲੋਂ ਚੁੱਪ ਹੈ?


-ਪ੍ਰੀਤ ਸਿੰਘ ਸੰਦਲ
ਪਿੰਡ ਮਕਸੂਦੜਾ, ਤਹਿ: ਪਾਇਲ (ਲੁਧਿਆਣਾ)।


ਸਰਕਾਰ ਧਿਆਨ ਦੇਵੇ
ਪੰਜਾਬ ਵਿਚ ਬਹੁਤ ਸਾਰੇ ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਤੇ ਬੀ.ਐੱਡ ਟੈਟ ਪਾਸ (ਦੋਵੇਂ ਟੈਸਟ ਪਾਸ) ਕਰੀ ਫਿਰਦੇ ਹਨ। ਇਹ ਬੱਚੇ ਨੌਕਰੀ ਦੀ ਉਡੀਕ ਵਿਚ ਓਵਰਏਜ ਹੋ ਰਹੇ ਹਨ ਜਦੋਂਕਿ ਪੰਜਾਬ ਦੇ ਸਕੂਲਾਂ ਵਿਚ ਅਧਿਆਪਕਾਂ ਦੀਆਂ ਹਜ਼ਾਰਾਂ ਆਸਾਮੀਆਂ ਖਾਲੀ ਹਨ ਜੋ ਕੱਢੀਆਂ ਆਸਾਮੀਆਂ ਵਿਚ ਵਾਧਾ ਕਰਕੇ ਬੇਰੁਜ਼ਗਾਰ ਟੈਟ ਪਾਸ ਨੂੰ ਛੇਤੀ ਤੋਂ ਛੇਤੀ ਨੌਕਰੀ ਦਿੱਤੀ ਜਾਵੇ। ਬਠਿੰਡੇ ਵਿਚ ਬੇਰੁਜ਼ਗਾਰਾਂ ਨੇ ਆਪਣੇ ਹੱਕ ਲਈ ਮਰਨ ਵਰਤ ਰੱਖਿਆ ਹੋਇਆ ਹੈ, ਕੀ ਸਰਕਾਰ ਸੁੱਤੀ ਪਈ ਹੈ।


-ਗੁਰਪ੍ਰੀਤ ਕੌਰ ਨਾਭਾ
ਸੰਗਤਪੁਰਾ ਮੁਹੱਲਾ ਗਲੀ ਨੰ: 2, ਘਰ ਨੰ: 42, ਪਟਿਆਲਾ ਗੇਟ ਨਾਭਾ, ਜ਼ਿਲ੍ਹਾ ਪਟਿਆਲਾ।
ਮੋ: 98140-81600.

3-07-2016

 ਦੰਗਿਆਂ ਦਾ ਸੰਤਾਪ
ਪਿਛਲੇ ਦਿਨੀਂ ਉੱਘੇ ਕਾਲਮਨਵੀਸ ਕੁਲਦੀਪ ਨਈਅਰ ਵੱਲੋਂ 84 ਦੇ ਦੰਗਿਆਂ ਤੇ ਗੁਜਰਾਤ ਦੰਗਿਆਂ ਨੂੰ ਮੁੱਖ ਰੱਖ ਕੇ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੀ ਨੀਯਤ ਖੋਟੀ ਬਾਰੇ ਲਿਖਿਆ ਦੇਸ਼ ਦੀ ਆਜ਼ਾਦੀ ਵਿਚ 97 ਫ਼ੀਸਦੀ ਯੋਗਦਾਨ ਪਾਉਣ ਵਾਲੀ ਸਿੱਖ ਕੌਮ ਨੂੰ ਆਪਣੇ ਹੀ ਦੇਸ਼ 'ਚ ਬੇਗਾਨਗੀ ਦਾ ਅਹਿਸਾਸ ਕਰਵਾਇਆ ਗਿਆ। ਨਈਅਰ ਨੇ ਦੋਵਾਂ ਪਾਰਟੀਆਂ ਦੀਆਂ ਗ਼ਲਤ ਨੀਤੀਆਂ ਅਪਨਾ ਕੇ ਖ਼ੂਨ-ਖਰਾਬਾ ਕਰਕੇ ਮੁੜ ਗ਼ਲਤੀ ਦਾ ਅਹਿਸਾਸ ਨਾ ਕਰਕੇ ਹੈਂਕੜਬਾਜ਼ ਹੋਣ ਦਾ ਸਬੂਤ ਦੇ ਕੇ ਆਪਣੇ-ਆਪ ਨੂੰ ਜਰਵਾਣੇ ਹੋਣ ਬਾਰੇ ਦੋਵਾਂ ਪਾਰਟੀਆਂ ਬਾਰੇ ਖੁੱਲ੍ਹ ਕੇ ਲਿਖਿਆ ਇਸ ਦੇਸ਼ ਵਿਚ ਜਿੱਡਾ ਵੱਡਾ ਘਪਲੇਬਾਜ਼ ਓਡਾ ਤਕੜਾ ਲੀਡਰ, ਜਿੱਡੀ ਤਕੜੀ ਗੱਪ ਮਾਰਨ ਦਾ ਮਾਹਿਰ ਓਡਾ ਤਕੜਾ ਪਾਰਟੀ ਤੇ ਸਮਾਜ ਵਿਚ ਰੁਤਬਾ। ਜੇਕਰ 84 ਦੰਗਿਆਂ ਤੇ ਗੁਜਰਾਤ ਦੰਗਿਆਂ ਦੇ ਅਸਲ ਦੋਸ਼ੀਆਂ ਨੂੰ ਮੌਕੇ 'ਤੇ ਹੀ ਸਜ਼ਾਵਾਂ ਮਿਲ ਜਾਂਦੀਆਂ ਤਾਂ ਦੋਵੇਂ ਕੌਮਾਂ ਵਿਚ ਬੇਗਾਨਗੀ ਦੀ ਭਾਵਨਾ ਇੰਨੀ ਵਧਣੀ ਨਹੀਂ ਸੀ। ਅਜੀਤ ਉਸਾਰੂ ਤੇ ਸੱਚ ਦੀ ਚੋਟ 'ਤੇ ਲੇਖ ਲਿਖਣ ਛਾਪਣ ਲਈ ਵਧਾਈ ਦਾ ਪਾਤਰ।


-ਮਨਜੀਤ ਸਿੰਘ ਭਾਮ
ਮੋਬਾਈਲ : 94784-00012.


ਅਪਲਾਈ ਕਰਨ ਦੀ ਮਿਤੀ ਵਧਾਈ ਜਾਵੇ
ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੀ ਭਰਤੀ ਲਈ ਆਰੰਭੀ ਪ੍ਰਕਿਰਿਆ ਲਈ ਨੌਜਵਾਨਾਂ ਵਿਚ ਜਿਥੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਉਥੇ ਨਾਲ ਹੀ ਕਈ ਕਾਰਨਾਂ ਕਰਕੇ ਇਸ ਅਸਾਮੀ ਲਈ ਅਪਲਾਈ ਕਰਨ ਤੋਂ ਵਾਂਝੇ ਰਹਿ ਗਏ ਨੌਜਵਾਨ ਡਾਢੇ ਨਿਰਾਸ਼ ਹਨ। ਅਪਲਾਈ ਕਰਨ ਤੋਂ ਵਾਂਝੇ ਰਹਿ ਗਏ ਨੌਜਵਾਨਾਂ ਦਾ ਆਪਣਾ ਕੋਈ ਕਸੂਰ ਨਹੀਂ ਹੈ, ਬਲਕਿ ਅਜਿਹਾ ਇਨ੍ਹੀਂ ਦਿਨੀਂ ਚੱਲੀ ਮਨਿਸਟਰੀਅਲ ਕਾਮਿਆਂ ਦੀ ਹੜਤਾਲ ਅਤੇ ਬੇਹੱਦ ਬਿਜੀ ਹੋਈ ਵੈਬਸਾਈਟ ਹੈ। ਦਫਤਰੀ ਕਾਮਿਆਂ ਦੀ ਹੜਤਾਲ ਕਾਰਨ ਬਹੁਤ ਸਾਰੇ ਉਮੀਦਵਾਰ ਅਪਲਾਈ ਕਰਨ ਲਈ ਲੋੜੀਂਦੇ ਕਾਗਜ਼ਾਤ ਤਿਆਰ ਨਾ ਕਰ ਸਕੇ ਅਤੇ ਦੂਜੇ ਪਾਸੇ ਬਹੁਤ ਸਾਰੇ ਖਾਸ ਕਰਕੇ ਪੇਂਡੂ ਖੇਤਰਾਂ ਦੇ ਅਜਿਹੇ ਉਮੀਦਵਾਰ ਵੀ ਹਨ ਜੋ ਅਪਲਾਈ ਕਰਨ ਵਾਲੀ ਵੈਬਸਾਈਟ ਦੇ ਜ਼ਿਆਦਾ ਬਿਜੀ ਹੋਣ ਕਾਰਨ ਪੰਜਾਬ ਪੁਲਿਸ ਵਿਚ ਭਰਤੀ ਹੋਣ ਦਾ ਆਪਣਾ ਸੁਪਨਾ ਸਾਕਾਰ ਨਹੀਂ ਕਰ ਸਕੇ। ਅਪਲਾਈ ਕਰਨ ਤੋਂ ਵਾਂਝੇ ਰਹਿ ਗਏ ਬਹੁਤ ਸਾਰੇ ਨੌਜਵਾਨ ਮੁੰਡੇ-ਕੁੜੀਆਂ ਨੇ ਸਰੀਰਕ ਟੈਸਟ ਦੀ ਪੂਰੀ ਤਿਆਰੀ ਕੀਤੀ ਹੋਈ ਹੈ। ਭਰਤੀ ਦਾ ਸੁਨਹਿਰੀ ਮੌਕਾ ਹੱਥੋਂ ਖੁਸਦਾ ਵੇਖ ਨਿਰਾਸ਼ਾ ਦੇ ਆਲਮ ਵਿਚ ਡੁੱਬੇ ਇਨ੍ਹਾਂ ਨੌਜਵਾਨਾਂ ਨੂੰ ਹੋਰ ਮੌਕਾ ਦਿੰਦਿਆਂ ਅਪਲਾਈ ਕਰਨ ਦੀ ਮਿਤੀ ਵਿਚ ਵਾਧਾ ਕਰਨ ਦੀ ਜ਼ਰੂਰਤ ਹੈ।


-ਬਿੰਦਰ ਸਿੰਘ ਖੁੱਡੀ ਕਲਾਂ
ਮੋਬਾਈਲ : 98786-05965.


ਦਰਦ ਵਿਛੋੜੇ ਦਾ

ਸਿਆਣਿਆਂ ਦਾ ਕਥਨ ਹੈ ਕਿ ਵਿਛੋੜੇ ਦਾ ਦਰਦ ਬਹੁਤ ਵੱਡਾ ਹੋਇਆ ਕਰਦਾ ਹੈ, ਜਦੋਂ ਕਿਸੇ ਵਿਅਕਤੀ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ, ਪਰਿਵਾਰ ਦਾ ਮੈਂਬਰ ਜਾਂ ਸੱਜਣ-ਮਿੱਤਰ ਸਦੀਵੀ ਵਿਛੋੜਾ ਦੇ ਜਾਵੇ ਜਾਂ ਫਿਰ ਇਕ ਜਾਂ ਦੂਸਰੇ ਕਾਰਨ ਕਰਕੇ ਦੂਰ-ਦੁਰਾਡੇ ਘਰ ਤੋਂ ਚਲਾ ਜਾਵੇ ਤਾਂ ਉਸ ਵਿਅਕਤੀ ਦਾ ਹਿਰਦਾ ਵਿਛੋੜੇ ਦੇ ਦਰਦ ਕਾਰਨ ਦੁਖੀ ਅਤੇ ਪ੍ਰੇਸ਼ਾਨ ਹੋ ਜਾਂਦਾ ਹੈ। ਹਾਲਾਂਕਿ ਉਸ ਨੂੰ ਇਹ ਭਲੀ-ਭਾਂਤ ਪਤਾ ਹੁੰਦਾ ਹੈ ਕਿ ਜਿਹੜਾ ਵਿਅਕਤੀ ਇਸ ਫਾਨੀ ਦੁਨੀਆ ਤੋਂ ਚਲਾ ਗਿਆ ਹੈ, ਉਸ ਨੇ ਵਾਪਸ ਨਹੀਂ ਆਉਣਾ ਅਤੇ ਜਿਹੜਾ ਦੂਰ-ਦੁਰਾਡੇ ਗਿਆ ਹੈ, ਉਸ ਨੇ ਦੇਰ-ਸਵੇਰ ਵਾਪਸ ਆ ਜਾਣਾ ਹੈ ਪਰ ਇਸ ਦੇ ਬਾਵਜੂਦ ਉਸ ਵਿਅਕਤੀ ਦਾ ਹਿਰਦਾ ਦੁੱਖ ਅਤੇ ਗਮ ਨਾਲ ਭਰ ਜਾਂਦਾ ਹੈ। ਇਸ ਤੋਂ ਇਲਾਵਾ ਕਿ ਦਰਦ ਵਿਛੋੜਾ ਹੁੰਦਾ ਹੈ ਕਿਸੇ ਆਪਣੇ ਨਜ਼ਦੀਕੀ ਦੇ ਬਗੈਰ ਦੱਸੇ ਘਰੋਂ ਚਲੇ ਜਾਣ/ਲਾਪਤਾ ਹੋਣ ਕਰਕੇ, ਜੋ ਡਾਢਾ ਦੁਖਦਾਈ ਅਤੇ ਪ੍ਰੇਸ਼ਾਨੀ ਵਾਲਾ ਹੁੰਦਾ ਹੈ ਕਿਉਂਕਿ ਲਾਪਤਾ ਹੋਣ ਵਾਲੇ ਵਿਅਕਤੀ ਦੇ ਜਿਊਂਦਾ ਹੋਣ ਜਾਂ ਨਾ ਹੋਣ ਸਬੰਧੀ ਕੋਈ ਸੂਚਨਾ ਨਹੀਂ ਹੁੰਦੀ। ਸੋ, ਵਿਛੋੜੇ ਦਾ ਦਰਦ ਹੰਢਾਅ ਰਹੇ ਵਿਅਕਤੀਆਂ ਨਾਲ ਹਮਦਰਦੀ ਭਰੇ ਸ਼ਬਦਾਂ ਦੀ ਸਾਂਝ ਕਰਨ ਅਤੇ ਹੌਸਲਾ-ਦਿਲਾਸਾ ਦੇਣ ਨਾਲ ਉਨ੍ਹਾਂ ਦੇ ਦੁੱਖ-ਦਰਦ ਨੂੰ ਜੇ ਖਤਮ ਨਹੀਂ ਕੀਤਾ ਜਾ ਸਕਦਾ ਤਾਂ ਘਟਾਇਆ ਜ਼ਰੂਰ ਜਾ ਸਕਦਾ ਹੈ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

1-7-2016

 ਇਕ ਪੱਤਰ ਪਾਕਿਸਤਾਨ ਤੋਂ

ਰਮਜ਼ਾਨ ਦੇ ਰੋਜ਼ੇ ਤੇ ਇਸ ਰਹਿਮਤਾਂ ਵਾਲੇ ਮਹੀਨੇ ਦਾ ਤੁਹਾਨੂੰ ਸਲਾਮ! ਹਮਦਰਦ ਸਾਹਿਬ ਮੁਸਲਮਾਨਾਂ ਦੇ ਰੋਜ਼ੇ ਚੱਲ ਰਹੇ ਹਨ। ਗਰਮੀ ਵੀ ਆਪਣੀ ਸਿਖ਼ਰ 'ਤੇ ਪਹੁੰਚੀ ਹੋਈ ਹੈ। ਪਾਕਿਸਤਾਨ 'ਚ ਬਿਜਲੀ ਵੀ ਬਹੁਤ ਬੰਦ ਹੁੰਦੀ ਹੈ। ਦਿਨ ਮੁਸ਼ਕਿਲ ਤੇ ਰਾਤਾਂ ਵੀ ਔਖੀਆਂ ਹੁੰਦੀਆਂ ਹਨ। ਪਸੀਨਾ ਹੈ ਕਿ ਸੁੱਕਣ ਦਾ ਨਾਂਅ ਹੀ ਨਹੀਂ ਲੈਂਦਾ। ਪਰ ਦਿਲ ਵਿਚ ਫਿਰ ਵੀ ਤੁਹਾਡੀਆਂ ਯਾਦਾਂ ਦੀ ਬਹਾਰ ਹੈ। ਚੜ੍ਹਦਾ ਤੇ ਲਹਿੰਦਾ ਪੰਜਾਬ ਦਰਅਸਲ ਇਕ ਹੈ। ਦੋਵਾਂ ਪਾਸਿਆਂ ਦੇ ਪੰਜਾਬੀ ਵੀ ਇਕ ਹਨ। ਲੰਮੀ ਜੁਦਾਈ ਪਈ ਹੋਈ ਹੈ ਪੰਜਾਬੀਆਂ ਵਿਚਕਾਰ। ਪਰ ਇਕ ਦਿਨ ਇਹ ਮੁੱਕ ਜਾਣੀ ਹੈ। ਦੇਰ ਜ਼ਰੂਰ ਹੈ ਪਰ ਹਨੇਰ ਨਹੀਂ। ਪਾਕਿਸਤਾਨੀ ਹਿੰਦੁਸਤਾਨੀ ਕੌਮ ਮੇਲ-ਮਿਲਾਪ, ਦੋਸਤੀ ਦੇ ਖਾਹਿਸ਼ਮੰਦ ਹਨ ਪਰ ਸਰਕਾਰਾਂ ਕਿਉਂ ਨਹੀਂ?

-ਡਾ: ਤਾਹਿਰ ਮਹਿਮੂਦ
-ਖ਼ਾਲਸਾ ਹਾਊਸ, ਚੱਕ ਨੰ: 97/ਆਰਬੀ ਜੌਹਲ, ਤਹਿ: ਜੜਾਂਵਾਲਾ, ਜ਼ਿਲ੍ਹਾ ਫ਼ੈਸਲਾਬਾਦ, ਪਾਕਿਸਤਾਨ।

ਪਾਣੀ ਦਾ ਸੰਕਟ

'ਅਜੀਤ' ਨੇ ਪੰਜਾਬ ਵਿਚ ਘਟ ਰਹੇ ਪਾਣੀ 'ਤੇ ਚਿੰਤਾ ਭਰੇ ਲੇਖ ਪ੍ਰਕਾਸ਼ਿਤ ਕਰਕੇ ਆਉਣ ਵਾਲੀ ਆਫ਼ਤ ਬਾਰੇ ਲੋਕਾਂ ਨੂੰ ਸੁਚੇਤ ਕੀਤਾ ਹੈ। ਇਕ-ਦੂਜੇ ਤੋਂ ਅੱਗੇ ਵਧਣ ਦਾ ਝੱਸ, ਦਿਨੋ-ਦਿਨ ਵਧ ਰਿਹਾ ਕਰਜ਼ਾ ਤੇ ਸਰਕਾਰਾਂ ਦੀਆਂ ਕਿਸਾਨ-ਮਾਰੂ ਨੀਤੀਆਂ ਕਾਰਨ ਮਜਬੂਰ ਪੰਜਾਬੀ ਕਿਸਾਨ ਰਵਾਇਤੀ ਫ਼ਸਲੀ ਚੱਕਰ ਨਹੀਂ ਤਿਆਗ ਸਕਦਾ। ਸਰਕਾਰ ਬਾਕੀ ਫ਼ਸਲਾਂ ਦਾ ਚੰਗਾ ਮੁੱਲ ਤੈਅ ਕਰੇ ਤਾਂ ਕਿ ਕਿਸਾਨ ਝੋਨੇ ਦਾ ਖਹਿੜਾ ਛੱਡ ਸਕੇ। ਜੰਗਲਾਂ ਦੀ ਕਟਾਈ, ਨਵੇਂ ਰੁੱਖ ਨਾ ਲਗਾਉਣਾ, ਵੱਧ ਆਬਾਦੀ ਤੇ ਸਰਮਾਏਦਾਰੀ ਦੇ ਰੁਝਾਨ ਆਦਿ ਸਭ ਕੁਦਰਤੀ ਸੋਮਿਆਂ ਦੇ ਦੁਸ਼ਮਣ ਬਣ ਬੈਠੇ ਹਨ। ਕੁਦਰਤ ਨਾਲ ਛੇੜਛਾੜ ਕਦੀ ਵੀ ਮਨੁੱਖ ਦੇ ਹਿਤ ਵਿਚ ਨਹੀਂ ਜਾਵੇਗੀ। ਸਾਰੇ ਜੀਵ-ਜੰਤੂਆਂ, ਫ਼ਸਲਾਂ ਦਾ ਜੀਵਨਦਾਤਾ ਪਾਣੀ ਅੱਜ ਆਪ ਜਿਊਣ ਲਈ ਤਰਲੇ ਲੈ ਰਿਹਾ ਪ੍ਰਤੀਤ ਹੁੰਦਾ ਹੈ। ਰੱਬ ਕਰੇ, ਕਿਸੇ ਵੀ ਤਰ੍ਹਾਂ ਇਹ ਹਸਦੀ-ਵਸਦੀ ਪੰਜਾਬ ਦੀ ਧਰੀ ਪਾਣੀ ਬਾਝੋਂ ਰੇਗਿਸਤਾਨ ਨਾ ਬਣ ਜਾਵੇ।

-ਰਾਜਵੰਤ ਸਿੰਘ ਰਾਜੂ
ਗੁਰੂ ਨਾਨਕ ਆਟੋ ਸਪੇਅਰਜ਼, ਰਾਏਕੋਟ।

ਘਰ ਦਾ ਸੁਪਨਾ

ਅੱਜ ਦੇ ਦੌਰ ਵਿਚ ਵਧਦੀ ਹੋਈ ਮਹਿੰਗਾਈ ਕਾਰਨ ਆਪਣਾ ਖ਼ੁਦ ਦਾ ਘਰ ਬਣਾਉਣ ਦਾ ਸੁਪਨਾ ਹੁਣ ਸੁਪਨਾ ਹੀ ਬਣ ਕੇ ਰਹਿ ਗਿਆ ਹੈ। ਰੋਜ਼ਮਰ੍ਹਾ ਦੀ ਹਰ ਚੀਜ਼ ਏਨੀ ਮਹਿੰਗੀ ਹੋ ਚੁੱਕੀ ਹੈ ਕਿ ਇਨਸਾਨ ਦਾ ਘਰ ਬਣਾਉਣ ਦਾ ਸੁਪਨਾ ਹੁਣ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੋ ਚੁੱਕਾ ਹੈ। ਘਰ ਬਣਾਉਣ ਦੀਆਂ ਚੀਜ਼ਾਂ ਜਿਵੇਂ ਸੀਮੈਂਟ, ਰੇਤ, ਬਜਰੀ, ਲੇਬਰ, ਪਲਾਟ ਦੀਆਂ ਕੀਮਤਾਂ ਹਰ ਚੀਜ਼ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਚੁੱਕੀ ਹੈ। ਜੇਕਰ ਮਹਿੰਗਾਈ ਇੰਜ ਹੀ ਵਧਦੀ ਰਹੀ ਤਾਂ ਮਕਾਨ ਬਣਾਉਣਾ ਬਹੁਤ ਮੁਸ਼ਕਿਲ ਹੋ ਜਾਵੇਗਾ। ਸਰਕਾਰ ਨੂੰ ਸੋਚ ਕੇ ਕੁਝ ਕਰਨਾ ਚਾਹੀਦਾ ਹੈ ਤਾਂ ਜੋ ਹਰ ਕਿਸੇ ਨੂੰ ਆਪਣਾ ਘਰ ਮਿਲ ਸਕੇ।

-ਸੁਰਿੰਦਰ ਸਿੰਘ
ਗਰਚਾ ਨਰਸਰੀ, ਧਨੌਲਾ ਰੋਡ, ਬਰਨਾਲਾ।

26-06-2016


ਜਲ ਸੰਕਟ

ਸਾਡੇ ਦੇਸ਼ 'ਚ ਦਿਨੋਂ-ਦਿਨ ਜਲ ਸੰਕਟ ਤੇਜ਼ੀ ਨਾਲ ਵਧ ਰਿਹਾ ਹੈ। ਜੋ ਸਾਡੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਕੇਂਦਰੀ ਭੂ-ਜਲ ਬੋਰਡ ਨੇ ਆਪਣੇ ਅੰਕੜਿਆਂ 'ਚ ਸਰਵੇ ਦੀ ਰਿਪੋਰਟ ਮੁਤਾਬਿਕ ਖੁਲਾਸਾ ਕਰਦਿਆਂ ਕਿਹਾ ਕਿ 2001 'ਚ 1951 ਦੇ ਮੁਕਾਬਲੇ ਧਰਤੀ 'ਚ ਅੱਧਾ ਪਾਣੀ ਰਹਿ ਗਿਆ ਹੈ ਤੇ 2050 ਤੱਕ ਪਾਣੀ ਦੀ ਉਪਲਬੱਧਤਾ ਘੱਟ ਕੇ 25 ਫ਼ੀਸਦੀ ਹੀ ਰਹਿ ਜਾਵੇਗੀ। ਇਸ ਸੰਕਟ ਨਾਲ ਨਜਿੱਠਣ ਲਈ ਸਮੁੱਚੇ ਦੇਸ਼ ਵਾਸੀਆਂ ਨੂੰ ਪਾਣੀ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਣਾ ਪਵੇਗਾ ਅਤੇ ਕੁਦਰਤ ਦੇ ਇਸ ਅਨਮੋਲ ਖਜ਼ਾਨੇ ਨੂੰ ਬਚਾਉਣ ਲਈ ਵੱਧ ਤੋਂ ਵੱਧ ਉਪਰਾਲੇ ਕਰਨੇ ਪੈਣਗੇ, ਨਹੀਂ ਤਾਂ ਸਾਡਾ ਸੋਹਣਾ ਹਰਿਆ-ਭਰਿਆ ਦੇਸ਼ ਸੋਕੇ ਦੇ ਸ਼ਿਕਾਰ ਵਿਚ ਜਕੜਿਆ ਜਾਵੇਗਾ। ਕਿਸਾਨ ਵੀਰਾਂ ਨੂੰ ਵੀ ਹੱਥ ਜੋੜ ਕੇ ਅਰਜੋਈ ਕਰਦੇ ਹਾਂ ਕਿ ਝੋਨੇ ਦੀ ਖੇਤੀ ਦਾ ਖਹਿੜਾ ਛੱਡ ਕੇ ਵਿਭਿੰਨਤਾ ਖੇਤੀ ਨੂੰ ਤਰਜੀਹ ਦਿੱਤੀ ਜਾਵੇ।


-ਤਰਸੇਮ ਮਹਿਤੋ
ਪਿੰਡ ਬਈਏਵਾਲ (ਸੰਗਰੂਰ)। ਮੋਬਾਈਲ : 95019-36536.


ਅਵਾਰਾ ਕੁੱਤਿਆਂ ਦਾ ਕਹਿਰ
ਤਕਰੀਬਨ ਪਿਛਲੇ ਤਿੰਨ ਦਹਾਕਿਆਂ ਤੋਂ ਭਾਵ ਕਿ ਜਦੋਂ ਤੋਂ ਗਿਰਝਾਂ ਪੰਜਾਬ ਵਿਚੋਂ ਖ਼ਤਮ ਹੋਈਆਂ ਹਨ। ਅਵਾਰਾ ਕੁੱਤਿਆਂ ਨੂੰ ਸਰਕਾਰ ਨੇ ਮਾਰਨ ਤੋਂ ਮਨ੍ਹਾਂ ਕੀਤਾ ਹੋਇਆ ਹੈ ਅਤੇ ਇਨ੍ਹਾਂ ਦੀ ਗਿਣਤੀ ਵਿਚ ਦਿਨ ਪ੍ਰਤੀ ਦਿਨ ਬੇਸ਼ੁਮਾਰ ਵਾਧਾ ਹੋਇਆ ਹੈ ਅਤੇ ਇਨ੍ਹਾਂ ਅਵਾਰਾ ਕੁੱਤਿਆਂ ਦੇ ਮੂੰਹ ਲੱਗੇ ਮੁਰਦਾ ਜਾਨਵਰ ਹੁਣ ਬੱਚਿਆਂ, ਮਨੁੱਖਾਂ ਜਾਂ ਪਾਲਤੂ ਜਾਨਵਰਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਲੱਗ ਪਏ ਹਨ। ਹਰ ਰੋਜ਼ ਅਖ਼ਬਾਰਾਂ ਵਿਚ ਅਵਾਰਾ ਕੁੱਤਿਆਂ ਦੀਆਂ ਜਾਨਲੇਵਾ ਘਟਨਾਵਾਂ ਬਾਰੇ ਪੜ੍ਹਦੇ ਸੁਣਦੇ ਹਾਂ। ਪ੍ਰੰਤੂ ਬੜੇ ਅਫਸੋਸ ਦੀ ਗੱਲ ਹੈ ਕਿ ਸਰਕਾਰ ਨੇ ਇਸ ਪ੍ਰਤੀ ਬਿਲਕੁਲ ਚੁੱਪੀ ਵੱਟੀ ਹੋਈ ਹੈ। ਹਰ ਰੋਜ਼ ਮਾਸਾਹਾਰੀ ਅਵਾਰਾ ਕੁੱਤਿਆਂ ਦੇ ਕਹਿਰ ਨਾਲ ਕੀਮਤੀ ਜਾਨਾਂ ਜਾ ਰਹੀਆਂ ਹਨ। ਮੇਰਾ ਇਸ ਸਮੇਂ ਦੀ ਸਰਕਾਰ ਨੂੰ ਛੋਟਾ ਜਿਹਾ ਸੁਝਾਅ ਹੈ ਕਿ ਜੇਕਰ ਪਿੰਡ ਵਿਚੋਂ ਘੱਟੋ-ਘੱਟ 50 ਫ਼ੀਸਦੀ ਅਵਾਰਾ ਕੁੱਤਿਆਂ ਨੂੰ ਮਾਰਨ ਦੀ ਮੁਹਿੰਮ ਵਿੱਢੀ ਜਾਵੇ ਤਾਂ ਕਿਸੇ ਹੱਦ ਤੱਕ ਇਨ੍ਹਾਂ ਦੇ ਕਹਿਰ ਤੋਂ ਆਮ ਮਨੁੱਖ ਨੂੰ ਨਿਜ਼ਾਤ ਮਿਲ ਸਕਦੀ ਹੈ ਅਤੇ ਹਰ ਰੋਜ਼ ਜਾ ਰਹੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।


-ਕੇਵਲ ਸਿੰਘ ਬਾਠਾਂ
ਮੋਬਾਈਲ : 98557-44211.


ਯਾਦ 'ਤੇ ਸਿਆਸਤ

ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੇ 300ਵੇਂ ਸਾਲ ਦੇ ਮੌਕੇ 'ਤੇ ਦਿੱਲੀ ਵਿਖੇ ਆਲੀਸ਼ਾਨ ਪਾਰਕ ਵਿਚ ਲਾਏ ਜਾਣ ਵਾਲੇ ਉਨ੍ਹਾਂ ਦੇ ਬੁੱਤ ਦਾ ਮਾਮਲਾ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਆਪਸੀ ਖਹਿਬਾਜ਼ੀ ਦੀ ਭੇਟ ਚੜ੍ਹ ਗਿਆ। ਭਾਵੇਂ ਆਮ ਆਦਮੀ ਪਾਰਟੀ, ਅਦਾਲਤੀ ਹੁਕਮਾਂ ਅੱਗੇ, ਆਪਣੇ-ਆਪ ਨੂੰ ਮਜਬੂਰ ਦੱਸ ਰਹੀ ਹੈ। ਕਾਰਨ ਭਾਵੇਂ ਜਿਹੜੇ ਵੀ ਹੋਣ ਪਰ ਅਜਿਹਾ ਹੋਣਾ ਨਹੀਂ ਚਾਹੀਦਾ ਸੀ। ਸਿੱਖ ਕੌਮ ਦੇ ਪਹਿਲੇ ਸ਼ਾਸਕ, ਬਾਬਾ ਬੰਦਾ ਸਿੰਘ ਬਹਾਦਰ ਦੀ ਦੇਸ਼ ਅਤੇ ਕੌਮ ਨੂੰ ਮਹਾਨ ਦੇਣ ਹੈ। ਭਾਵੇਂ ਦਿੱਲੀ ਸਰਕਾਰ ਨੇ ਬਾਰਾਪੁਲਾ ਫਲਾਈ ਓਵਰ ਦਾ ਨਾਂਅ ਇਸ ਮਹਾਨ ਸ਼ਹੀਦ ਦੇ ਨਾਂਅ ਉੱਪਰ ਰੱਖ ਕੇ ਆਪਣੇ ਇਰਾਦੇ ਨੇਕ ਹੋਣ ਦਾ ਪ੍ਰਗਟਾਵਾ ਕੀਤਾ ਹੈ ਪਰ ਦਿੱਲੀ ਵਿਚ ਉਨ੍ਹਾਂ ਦੀ ਯਾਦਗਾਰ ਨਾ ਬਣਨ ਦੇਣ ਨੇ, ਉਨ੍ਹਾਂ ਲੱਖਾਂ ਹਿਰਦਿਆਂ ਨੂੰ ਵਲੂੰਧਰਿਆ ਹੈ, ਜਿਹੜੇ ਸ਼ਹੀਦਾਂ ਨੂੰ ਸਰਬ ਸਾਂਝੇ ਮੰਨਦੇ ਹਨ। ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਚਾਹੀਦਾ ਹੈ ਕਿ ਘੱਟੋ-ਘੱਟ ਸ਼ਹੀਦਾਂ ਦੇ ਨਾਂਅ 'ਤੇ ਤਾਂ ਸਿਆਸਤ ਨਾ ਖੇਡੀ ਜਾਵੇ। ਹਰੇਕ ਕੰਮ ਨੂੰ ਵੋਟਾਂ ਵਾਲੀ ਐਨਕ ਨਾਲ ਨਹੀਂ ਦੇਖਣਾ ਚਾਹੀਦਾ। ਪੰਜਾਬੀ ਦੀ ਕਹਾਵਤ ਹੈ ਕਿ 'ਇਕ ਘਰ ਤਾਂ ਡੈਣ ਵੀ ਛੱਡ ਦਿੰਦੀ ਐ।'


-ਪ੍ਰੀਤ ਸਿੰਘ ਸੰਦਲ (ਕਵੀਸ਼ਰ)
ਪਿੰਡ ਮਕਸੂਦੜਾ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ।

20-06-2016


ਰੁੱਖਾਂ ਪ੍ਰਤੀ ਪਹਿਲਕਦਮੀ
ਨਹਿਰਾਂ ਅਤੇ ਸੜਕਾਂ ਚੌੜੀਆਂ ਕਰਨ ਦੀ ਆੜ 'ਚ ਰੁੱਖਾਂ ਦੀ ਅੰਧਾਧੁੰਦ ਕਟਾਈ ਖ਼ਤਰੇ ਦੀ ਨਿਸ਼ਾਨੀ ਹੈ। ਐਨ.ਜੀ.ਟੀ. ਨੇ ਭਾਵੇਂ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਨੇ ਕਿ ਪ੍ਰਵਾਨਗੀ ਤੋਂ ਬਿਨਾਂ ਰੁੱਖਾਂ ਦੀ ਕਟਾਈ ਨਹੀਂ। ਪਰ ਕਣਕ ਦੀ ਕਟਾਈ ਤੋਂ ਬਾਅਦ ਖੇਤ ਵਿਹਲੇ ਹੋਣ ਕਰਕੇ ਖੇਤਾਂ ਵਿਚ ਖੜ੍ਹੇ ਇੱਕਾ-ਦੁੱਕਾ ਦਰੱਖਤਾਂ 'ਤੇ ਵੀ ਕੁਹਾੜਾ ਚਲਦਾ ਵੇਖਿਆ ਗਿਆ, ਕਿਉਂਕਿ ਕਿਸਾਨਾਂ ਦੀ ਸੋਚ ਹੈ ਕਿ ਦਰੱਖਤਾਂ ਦੀ ਛਾਂ ਫ਼ਸਲਾਂ ਨੂੰ ਮਾਰ ਕਰਦੀ ਹੈ। ਅਸੀਂ ਇਸ ਗੱਲ ਨੂੰ ਅੱਖੋਂ ਓਹਲੇ ਕਿਉਂ ਕਰਦੇ ਹਾਂ ਕਿ ਇਨ੍ਹਾਂ ਦਰੱਖਤਾਂ ਕਰਕੇ ਹੀ ਆਕਸੀਜਨ ਅਤੇ ਵਰਖਾ ਦੀ ਆਮਦ ਹੈ। ਇਨ੍ਹਾਂ ਰੁੱਖਾਂ ਦੀ ਬਦੌਲਤ ਹੀ ਅਸੀਂ ਜੀ ਰਹੇ ਹਾਂ।
ਇਹ ਰੁੱਖ ਹੀ ਅੱਜ ਸਾਡੇ ਇਕ ਸੱਚੇ ਮਿੱਤਰ ਹਨ ਜੋ ਆਪਣਾ ਤਨ ਧੁੱਪਾਂ ਵਿਚ ਸੇਕ ਕੇ ਸਾਨੂੰ ਸਾਫ਼ ਜਲਵਾਯੂ, ਠੰਢੀਆਂ ਛਾਵਾਂ ਪ੍ਰਦਾਨ ਕਰ ਰਹੇ ਹਨ ਜਦਕਿ ਮਨੁੱਖ ਤਾਂ ਏਨਾ ਖੁਦਗਰਜ਼ ਹੋ ਗਿਆ ਹੈ ਕਿ ਉਹ ਦੂਸਰੇ ਦੇ ਕੰਮ ਆਉਣ ਨੂੰ ਆਪਣਾ ਸਮਾਂ ਖਰਾਬ ਕਰਨਾ ਸਮਝਦਾ ਹੈ। ਇਕ ਪਾਸੇ ਅਸੀਂ ਪਾਣੀ ਦੇ ਬਚਾਓ ਪ੍ਰਤੀ ਗੰਭੀਰਤਾ ਨਹੀਂ ਲੈ ਰਹੇ, ਦੂਜੇ ਪਾਸੇ ਰੁੱਖਾਂ ਦੀ ਬਰਬਾਦੀ। ਕਲਪਨਾ ਕਰਕੇ ਦੇਖੋ ਪਾਣੀ ਅਤੇ ਰੁੱਖਾਂ ਬਿਨਾਂ ਸਾਡਾ ਭਵਿੱਖ ਕੀ ਹੋਵੇਗਾ? ਸਾਨੂੰ ਇਸ ਆਉਣ ਵਾਲੇ ਬਰਸਾਤ ਦੇ ਮੌਸਮ ਵਿਚ ਵੱਧ ਤੋਂ ਵੱਧ ਰੁੱਖ ਲਾ ਕੇ ਇਨ੍ਹਾਂ ਕੁਦਰਤੀ ਸਰੋਤਾਂ ਨੂੰ ਬਚਾਉਣ ਹਿਤ ਪਹਿਲਕਦਮੀ ਕਰਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਵਿਚ ਹੀ ਸਾਡੀ ਸਭ ਦੀ ਭਲਾਈ ਹੈ।


-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿਸੀਲ ਰਾਏਕੋਟ, ਜ਼ਿਲ੍ਹਾ ਲੁਧਿਆਣਾ।


ਵਧ ਰਹੀ ਹਿੰਸਾ
ਅਜੋਕੀ ਨੌਜਵਾਨ ਪੀੜ੍ਹੀ ਬੇਰੁਜ਼ਗਾਰੀ ਦੀ ਅੱਗ ਵਿਚ ਸੜ ਰਹੀ ਹੈ। ਪੜ੍ਹ-ਲਿਖ ਕੇ ਨਾ ਘਰ ਦੇ ਨਾ ਘਾਟ ਦੇ ਰਹਿ ਕੇ ਗ਼ਲਤ ਪਾਸੇ ਲੱਗ ਕੇ ਗੈਂਗਸਟਰ ਬਣ ਕੇ ਗ਼ਲਤ ਕੰਮਾਂ ਨੂੰ ਅੰਜਾਮ ਦੇ ਰਹੇ ਹਨ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਐਵੇਂ ਹੀ ਅਸਲੇ ਵੰਡ ਕੇ ਨੌਜਵਾਨ ਪੀੜ੍ਹੀ ਵਿਚ ਗ਼ਲਤ ਪਿਰਤ ਪਾ ਦਿੱਤੀ ਹੈ। ਰੋਜ਼ਾਨਾ ਹੀ ਕੋਈ ਨਾ ਕੋਈ ਮਾਰੂ ਖ਼ਬਰ ਦਿਲ ਦਹਿਲਾਉਣ ਵਾਲੀ ਪੜ੍ਹਨ ਨੂੰ ਮਿਲ ਜਾਂਦੀ ਹੈ। ਦਿਨੋ-ਦਿਨ ਵਧ ਰਹੀ ਹਿੰਸਾ ਆਉਣ ਵਾਲੇ ਸਮੇਂ ਲਈ ਘਾਤਕ ਤੇ ਮਾਰੂ ਨਿਸ਼ਾਨੀ ਹੈ।
ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪਹਿਲ ਦੇ ਆਧਾਰ 'ਤੇ ਬਣਾਵੇ ਤਾਂ ਜੋ ਵਿਹਲਾ ਮਨ ਸ਼ੈਤਾਨ ਦਾ ਘਰ ਨਾ ਬਣ ਸਕੇ। ਲੀਡਰਾਂ ਨੂੰ ਗੈਂਗਸਟਰਾਂ ਦੀ ਪੁਸ਼ਤਪਨਾਹੀ ਨਹੀਂ ਕਰਨੀ ਚਾਹੀਦੀ ਤੇ ਉਸਾਰੂ ਸੋਚ ਦੀ ਸੰਪਾਦਕੀ ਲਈ ਅਜੀਤ ਅਖ਼ਬਾਰ ਦੀ ਧੰਨਵਾਦ ਦੀ ਪਾਤਰ ਹੈ।


-ਮਨਜੀਤ ਸਿੰਘ ਭਾਮ
ਹੁਸ਼ਿਆਰਪੁਰ। ਮੋ: 94784-00012.


ਮਾੜੇ ਗੀਤ
ਪਿਛਲੇ ਸਮੇਂ ਤੋਂ ਪੰਜਾਬੀ ਗੀਤਾਂ ਵਿਚ ਨਸ਼ਿਆਂ, ਮਾਰਧਾੜ ਤੇ ਲੱਚਰ ਫਿਲਮਾਂਕਣਾਂ ਦੇ ਦ੍ਰਿਸ਼ਾਂ ਦਾ ਰੁਝਾਨ ਵਧਦਾ ਹੀ ਜਾ ਰਿਹਾ ਹੈ। ਇਸ ਦੇ ਉਲਟ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਦੇ ਗੀਤਾਂ ਦੀ ਗਿਣਤੀ ਦਿਨੋ-ਦਿਨ ਘਟਦੀ ਜਾ ਰਹੀ ਹੈ। ਜੋ ਪੰਜਾਬੀ ਸੱਭਿਆਚਾਰ ਨੂੰ ਦਿਲੋਂ ਪਿਆਰ ਕਰਨ ਵਾਲਿਆਂ ਲਈ ਵੱਡੀ ਚਿੰਤਾ ਦੀ ਗੱਲ ਹੈ। ਪੈਸੇ ਦੇ ਜ਼ੋਰ ਨਾਲ ਅੱਗੇ ਆ ਰਹੇ ਅਖੌਤੀ ਕਲਾਕਾਰ ਜਿਥੇ ਪੰਜਾਬੀ ਪਰਿਵਾਰਾਂ ਦੀ ਸੁਹਜਮਈ ਸੋਚ ਨੂੰ ਬਦ ਤੋਂ ਬਦਤਰ ਕਰ ਰਹੇ ਹਨ, ਉਥੇ ਉਹ ਪੰਜਾਬ ਦੀ ਜਵਾਨੀ ਨੂੰ ਕੁਰਾਹੇ ਵੀ ਪਾ ਰਹੇ ਹਨ। ਅਜਿਹਾ ਕਰਕੇ ਇਹ ਲੋਕ ਪੰਜਾਬ ਨਾਲ ਵੱਡਾ ਧ੍ਰੋਹ ਕਮਾ ਰਹੇ ਹਨ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਬਾਦਲ ਸਰਕਾਰ ਤੋਂ ਉਮੀਦ ਰੱਖਦੇ ਹਨ ਕਿ ਉਹ ਅਮਰਵੇਲ ਵਾਂਗ ਵਧਦੇ ਜਾ ਰਹੇ ਇਸ ਮਾੜੇ ਰੁਝਾਨ ਨੂੰ ਰੋਕਣ ਲਈ ਪੂਰੀ ਗੰਭੀਰਤਾ ਨਾਲ ਪੇਸ਼ ਆਵੇਗੀ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।

 

13-06-2016

ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਘਟਦੀ ਗਿਣਤੀ
ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਘਟ ਰਹੀ ਗਿਣਤੀ ਅੱਜ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ। ਉੱਚ ਵਰਗ ਤੇ ਮੱਧ ਵਰਗ ਤਾਂ ਆਪਣੇ ਬੱਚੇ ਨੂੰ ਸਰਕਾਰੀ ਸਕੂਲਾਂ ਵਿਚ ਭੇਜਣਾ ਹੀ ਨਹੀਂ ਚਾਹੁੰਦੇ। ਸਰਕਾਰੀ ਸਕੂਲ ਪ੍ਰਤੀ ਜਨਤਾ ਵਿਚ ਇਹ ਅਵਿਸ਼ਵਾਸ ਚਿੰਤਾ ਦਾ ਵਿਸ਼ਾ ਹੈ। ਭਾਵੇਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਕਾਫੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਇਸ ਦੇ ਬਾਵਜੂਦ ਮਾਪੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਵਿਚ ਪੜ੍ਹਾਉਣ ਨੂੰ ਹੀ ਤਰਜੀਹ ਦੇ ਰਹੇ ਹਨ। ਖ਼ੁਦ ਸਰਕਾਰੀ ਅਧਿਆਪਕਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਨਾ ਪੜ੍ਹ ਕੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਈ ਕਰ ਰਹੇ ਹਨ। ਅਜਿਹੇ ਵਿਚ ਉਹ ਦੂਸਰਿਆਂ ਨੂੰ ਸਰਕਾਰੀ ਸਕੂਲ ਵਿਚ ਪੜ੍ਹਾਈ ਕਰਨ ਲਈ ਕਿਵੇਂ ਪ੍ਰੇਰਿਤ ਕਰ ਸਕਣਗੇ। ਅਧਿਆਪਕਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਵਿਸ਼ਵਾਸ ਮੁੜ ਤੋਂ ਜਿੱਤ ਸਕਣ ਤੇ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਵਿਚ ਜੋ ਕਮੀਆਂ ਹਨ, ਸਰਕਾਰ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਦੂਰ ਕਰੇ।


-ਜਸਪ੍ਰੀਤ ਕੌਰ 'ਸੰਘਾ'
ਪਿੰਡ ਤਨੂੰਲੀ, ਜ਼ਿਲ੍ਹਾ ਹੁਸ਼ਿਆਰਪੁਰ।


ਕਰਮਚਾਰੀਆਂ ਦੀ ਕਾਰਗੁਜ਼ਾਰੀ ਕਿਵੇਂ ਸੁਧਰੇ?
ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਰਾਜ ਦੇ ਅਧਿਕਾਰੀ ਅਤੇ ਕਰਮਚਾਰੀ 'ਤੇ ਸ਼ਨੀਵਾਰ ਅਤੇ ਐਤਵਾਰ ਦੋਵੇਂ ਦਿਨ ਦੀ ਗਜ਼ਟਿਡ ਛੁੱਟੀ ਹੋਣ ਕਾਰਨ ਹੁਣ ਦਫ਼ਤਰਾਂ ਵਿਚ ਬੈਠ ਕੇ ਕੰਮ ਕਰਨ 'ਤੇ ਪਾਬੰਦੀ ਲਾ ਦਿੱਤੀ ਹੈ। ਸਰਕਾਰ ਦੀ ਰਾਏ ਹੈ ਕਿ ਇਨ੍ਹਾਂ ਦੋਵੇਂ ਦਿਨਾਂ ਵਿਚ ਜੋ ਕੰਮ ਕਰਮਚਾਰੀਆਂ ਵੱਲੋਂ ਸਰਕਾਰੀ ਦਫ਼ਤਰਾਂ ਵਿਚ ਬੈਠ ਕੇ ਕੀਤਾ ਜਾਂਦਾ ਹੈ ਕਿ ਨਿੱਜੀ ਸਵਾਰਥ ਦੇ ਹਿਤਾਂ ਲਈ ਹੁੰਦਾ ਹੈ। ਇਸ ਨਾਲ ਇਥੇ ਦੋ ਪਹਿਲੂ ਬਣਦੇ ਹਨ, ਇਕ ਤਾਂ ਮੁਲਾਜ਼ਮਾਂ ਦੀ ਘਾਟ ਏਨੀ ਹੈ ਕਿ ਕਰਮਚਾਰੀਆਂ ਤੋਂ ਉਨ੍ਹਾਂ ਦੇ ਵਿੱਤ ਤੋਂ ਜ਼ਿਆਦਾ ਕੰਮ ਲਿਆ ਜਾਂਦਾ ਹੈ। ਦੂਸਰਾ ਬਾਕੀ ਦਿਨਾਂ ਵਿਚ ਇਹ ਅਧਿਕਾਰੀ ਜਾਂ ਕਰਮਚਾਰੀ ਆਪਣੀ ਡਿਊਟੀ ਪ੍ਰਤੀ ਲਾਪਰਵਾਹੀ ਵਰਤਦੇ ਹਨ। ਦੂਸਰਾ ਕਾਰਨ ਜ਼ਿਆਦਾ ਠੋਸ ਲਗਦਾ ਹੈ।
ਸਰਕਾਰ ਦੀ ਇਸ ਪਾਬੰਦੀ ਨਾਲ ਕੁਝ ਨਹੀਂ ਹੋਣਾ, ਜੇਕਰ ਸਰਕਾਰ ਜਾਂ ਅਫਸਰਸ਼ਾਹੀ ਚਾਹੇ ਤਾਂ ਕੰਮ ਨੂੰ ਪੰਜ ਦਿਨਾਂ ਦੇ ਹਫ਼ਤੇ ਵਿਚ ਹੀ ਪਾਰਦਰਸ਼ੀ ਢੰਗ ਨਾਲ ਕਰਵਾ ਸਕਦੀ ਹੈ। ਕਰਮਚਾਰੀਆਂ ਦੇ ਕੰਮ ਦੀ ਰੋਜ਼ਾਨਾ ਚੈਕਿੰਗ ਹੋਵੇ। ਸਵੇਰ ਮੌਕੇ ਜਿਸ ਨੰਬਰ ਤੋਂ ਕੰਮ ਸ਼ੁਰੂ ਹੁੰਦਾ ਹੈ ਅਤੇ ਸ਼ਾਮ ਨੂੰ ਜਿਥੇ ਖ਼ਤਮ ਹੁੰਦਾ ਹੈ, ਉਥੇ ਉੱਚ ਅਧਿਕਾਰੀ ਦੇ ਦਸਤਖ਼ਤ ਹੋਣ ਅਤੇ ਉਸ ਦੀ ਕਾਪੀ ਸਕੈਨ ਕਰਕੇ ਕੰਪਿਊਟਰ ਵਿਚ ਸਮਾਂ ਤੇ ਮਿਤੀ ਲਿਖ ਕੇ ਪਾਈ ਜਾਵੇ। ਇਹ ਸਭ ਕੁਝ ਤਾਂ ਹੀ ਸੰਭਵ ਹੈ ਜੇਕਰ ਸਰਕਾਰ ਅਤੇ ਅਫਸਰਸ਼ਾਹੀ ਦੀ ਨੀਯਤ ਸਾਫ਼ ਹੋਵੇ, ਮਨ ਅੰਦਰ ਕੰਮ ਕਰਨ ਦੀ ਲਗਨ ਹੋਵੇ, ਕੋਈ ਨਿੱਜ ਸਵਾਰਥ ਨਾ ਹੋਵੇ।


-ਇੰਦਰਜੀਤ ਸਿੰਘ ਕੰਗ
ਕੋਟਲਾ ਸਮਸ਼ਪੁਰ (ਸਮਰਾਲਾ), ਜ਼ਿਲ੍ਹਾ ਲੁਧਿਆਣਾ।


ਨਿੱਜੀ ਸਕੂਲ
ਪੰਜਾਬ ਅੰਦਰ ਚੱਲ ਰਹੀਆਂ ਕਈ ਨਿੱਜੀ ਵਿਦਿਅਕ ਸੰਸਥਾਵਾਂ ਦੇ ਮਾਲਕ ਚੰਗੀਆਂ ਵਿੱਦਿਆ ਅਤੇ ਚੰਗੀਆਂ ਸਹੂਲਤਾਂ ਦਾ ਹੋਕਾ ਦੇ ਕੇ ਲੋਕਾਂ ਦੀ ਲੁੱਟ-ਖਸੁੱਟ ਕਰ ਰਹੇ ਹਨ। ਇਸ਼ਤਿਹਾਰਾਂ ਅਤੇ ਪੋਸਟਰਾਂ ਰਾਹੀਂ ਹਰ ਗਲੀ ਮੁਹੱਲੇ ਦੀਆਂ ਕੰਧਾਂ ਕਾਲੀਆਂ ਕੀਤੀਆਂ ਹਨ। ਜੇਕਰ ਸਕੂਲਾਂ ਵਿਚ ਜਾ ਕੇ ਵੇਖਿਆ ਜਾਵੇ ਤਾਂ ਹਕੀਕਤ ਕੁਝ ਹੋਰ ਹੈ। ਇਨ੍ਹਾਂ ਸਕੂਲਾਂ ਵਿਚ ਪੀਣ ਵਾਲੇ ਪਾਣੀ ਦਾ ਪ੍ਰਬੰਧ, ਮੈਡੀਕਲ ਅਤੇ ਟਰਾਂਸਪੋਰਟ ਸਹੂਲਤਾਂ ਭਗਵਾਨ ਭਰੋਸੇ ਹਨ। ਇਸ ਤੋਂ ਇਲਾਵਾ ਇਹ ਲੋਕ ਅਧਿਆਪਕਾਂ ਦਾ ਵੀ ਸ਼ੋਸ਼ਣ ਕਰ ਰਹੇ ਹਨ। ਬੱਚਿਆਂ ਤੋਂ ਭਾਰੀ ਫੀਸਾਂ ਵਸੂਲ ਕੇ ਨਿਗੂਣੀਆਂ ਤਨਖਾਹ ਦੇ ਰਹੇ ਹਨ।
ਸਰਕਾਰ ਗੱਲਾਂਬਾਤਾਂ ਨਾਲ ਚੰਗੀ ਸਿੱਖਿਆ ਦਾ ਢਿੰਡੋਰਾ ਪਿੱਟਣ ਨਾਲੋਂ ਸਾਊ ਸਿੱਖਿਆ ਦੇਣ ਲਈ ਅਤੇ ਲੁੱਟ-ਖਸੁੱਟ ਰੋਕਣ ਲਈ ਇਨ੍ਹਾਂ ਸਕੂਲਾਂ ਉੱਪਰ ਕੰਟਰੋਲ ਕਰੇ ਤਾਂ ਜੋ ਸਿੱਖਿਆ ਆਮ ਲੋਕਾਂ ਤੱਕ ਪਹੁੰਚ ਸਕੇ। ਸਾਰੇ ਨਿੱਜੀ ਸਕੂਲਾਂ ਦੇ ਕੰਟਰੋਲ ਲਈ ਇਕ ਅਥਾਰਿਟੀ ਬਣਾਈ ਜਾਵੇ।


-ਚੰਨਦੀਪ ਸਿੰਘ 'ਬੁਤਾਲਾ'
ਅੰਮ੍ਰਿਤਸਰ।

 

12-06-2016


ਸੜਕਾਂ ਦੀ ਹਾਲਤ

ਪੰਜਾਬ ਦੀਆਂ ਮਾੜੀਆਂ ਸੜਕਾਂ, ਡੂੰਘੇ ਟੋਏ ਮਾੜੇ ਸਿਸਟਮ ਦੀ ਦੇਣ ਹੈ। ਚੰਡੀਗੜ੍ਹ ਦੀਆਂ ਸੜਕਾਂ 8-10 ਸਾਲ ਨਹੀਂ ਟੁੱਟਦੀਆਂ ਪਰ ਪੰਜਾਬ ਵਿਚ ਬਣਨ ਵਾਲੀਆਂ ਸੜਕਾਂ ਦੀ ਗਾਰੰਟੀ ਇਕ ਸਾਲ ਦੀ ਵੀ ਨਹੀਂ ਹੈ। 'ਹਿੱਸਾ ਪੱਤੀ' ਅਤੇ 'ਸੇਵਾ' ਲੁੱਟ ਦੇ ਰਿਵਾਜ ਨੇ ਸੜਕਾਂ ਦੇ ਘਪਲੇ ਕਰਨ ਵਾਲਿਆਂ ਦੇ ਹੌਸਲੇ ਬੁਲੰਦ ਕਰ ਰੱਖੇ ਹਨ। ਲੁੱਕ ਵਿਚ ਡੀਜ਼ਲ ਮਿਲਾ ਕੇ ਪਤਲੀ ਕਰ ਲਈ ਜਾਂਦੀ ਹੈ। ਪਤਲੀ ਲੁੱਕ ਜ਼ਿਆਦਾ ਬਜਰੀ ਨੂੰ ਸਮੋ ਲੈਂਦੀ ਹੈ। ਮਿਸਾਲ ਵਜੋਂ ਨਵੀਂ ਸੜਕ ਬਣਾਉਣ ਸਮੇਂ ਪੱਥਰ ਦੀ ਤਹਿ ਦੀ ਮੋਟਾਈ ਘੱਟ ਰੱਖੀ ਜਾਂਦੀ ਹੈ। ਉਸ ਤੋਂ ਪਿਛੋਂ ਲੁੱਕ ਵਾਲੀ ਬੱਜਰੀ (ਪ੍ਰੀਮਿਕਸ) ਪਾਈ ਜਾਂਦੀ ਹੈ। ਜੇ ਬਜਰੀ ਚਾਰ ਇੰਚ ਮੋਟੀ ਪਾਉਣੀ ਤੈਅ ਹੋਈ ਹੈ ਤਾਂ ਉਹ ਤਿੰਨ ਇੰਚ ਹੀ ਪਾਉਣੀ ਹੈ। ਕਿਉਂਕਿ ਨਿਗਰਾਨਾਂ ਦਾ ਕੋਈ ਡਰ ਨਹੀਂ। ਸਾਰਿਆਂ ਨੂੰ ਰਿਸ਼ਵਤ ਦੀ ਹਿੱਸਾ-ਪੱਤੀ ਦਿੱਤੀ ਜਾਂਦੀ ਹੈ। ਸੜਕਾਂ ਦੇ ਟੈਂਡਰ ਪਾਸ ਕਰਵਾਉਣ ਲਈ ਵੀ ਸਬੰਧਤ ਅਫਸਰਾਂ ਦੀ ਸੇਵਾ ਕਰਨੀ ਪੈਂਦੀ ਹੈ। ਰਿਸ਼ਵਤਖੋਰ ਅਫਸਰਾਂ ਕਰਕੇ ਪੰਜਾਬ ਵਿਚ ਘਟੀਆ ਸੜਕਾਂ ਬਣ ਰਹੀਆਂ ਹਨ।


-ਹਰਜਿੰਦਰ ਪਾਲ ਸਿੰਘ
ਜਵੱਦੀ ਕਲਾਂ, ਲੁਧਿਆਣਾ।
ਮੋਬਾਈਲ : 96538-35033.


ਡੁੱਬਣ ਦੀਆਂ ਘਟਨਾਵਾਂ
ਬੱਚਿਆਂ ਦੇ ਨਹਾਉਣ ਸਮੇਂ ਡੁੱਬਣ ਦੀਆਂ ਖ਼ਬਰਾਂ ਨੇ ਬਹੁਤ ਹੀ ਦੁਖੀ ਕੀਤਾ ਹੈ। ਡੁੱਬਣ ਦੀਆਂ ਜ਼ਿਆਦਾ ਘਟਨਾਵਾਂ ਬੱਚਿਆਂ ਦੀਆਂ ਹੀ ਹੁੰਦੀਆਂ ਹਨ, ਜੋ ਤਰਨਾ ਨਹੀਂ ਜਾਣਦੇ ਹੁੰਦੇ। ਬਿਨਾਂ ਸੋਚੇ-ਸਮਝੇ ਗਰਮੀ ਤੋਂ ਨਿਜਾਤ ਪਾਉਣ ਲਈ ਬੱਚੇ ਡੂੰਘੇ ਪਾਣੀਆਂ 'ਚ ਛਾਲਾਂ ਮਾਰ ਦਿੰਦੇ ਹਨ।
ਕਈ ਵਾਰ ਤਾਂ ਆਪਣੇ ਸਾਥੀਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਆਪ ਵੀ ਮੌਤ ਦੇ ਸ਼ਿਕਾਰ ਹੋ ਜਾਂਦੇ ਹਨ। ਬੱਚੇ ਤਾਂ ਇਕ ਵਾਰ ਮਰਦੇ ਹਨ ਪਰ ਉਨ੍ਹਾਂ ਦੇ ਪਿਛਲੇ ਉਨ੍ਹਾਂ ਨੂੰ ਯਾਦ ਕਰਕੇ ਦਿਨ ਵਿਚ ਪਤਾ ਨਹੀਂ ਕਿੰਨੀ ਕੁ ਵਾਰ ਮਰਦੇ ਹਨ। ਮਾਂ-ਬਾਪ ਅਤੇ ਸਕੂਲ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਹਦਾਇਤਾਂ ਕੀਤੀਆਂ ਜਾਣ ਕਿ ਉਹ ਨਹਾਉਂਦੇ ਸਮੇਂ ਡੂੰਘੇ ਪਾਣੀਆਂ ਵਿਚ ਨਾ ਜਾਣ। ਦਰਿਆਵਾਂ ਕੰਢੇ ਨਹਾਉਣ ਵਾਲੀਆਂ ਥਾਵਾਂ 'ਤੇ ਚਿਤਾਵਨੀਆਂ ਦੇ ਬੋਰਡ ਲਗਾਏ ਜਾਣ। ਜੋ ਬੱਚੇ ਤਰਨਾ ਨਹੀਂ ਜਾਣਦੇ, ਉਹ ਡੂੰਘੇ ਪਾਣੀਆਂ ਵਿਚ ਨਾ ਜਾਣ। ਪ੍ਰਸ਼ਾਸਨ ਅਤੇ ਪੁਲਿਸ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੀਆਂ ਘਟਨਾਵਾਂ ਨੂੰ ਘਟਾਉਣ ਵਿਚ ਮਦਦ ਕਰਨ। ਜਾਨਾਂ ਬਹੁਤ ਕੀਮਤੀ ਹਨ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਸੜਕ ਹਾਦਸੇ
ਨਿਤ ਦਿਨ ਹੁੰਦੇ ਸੜਕ ਹਾਦਸੇ ਜਿਥੇ ਨਸ਼ਿਆਂ ਜਾਂ ਗ਼ਲਤ ਡਰਾਈਵਿੰਗ ਕਾਰਨ ਵਾਪਰ ਰਹੇ ਹਨ, ਉਥੇ ਇਨ੍ਹਾਂ ਹਾਦਸਿਆਂ ਨੂੰ ਸੜਕਾਂ ਦੇ ਕਿਨਾਰਿਆਂ 'ਤੇ ਖੜ੍ਹੇ ਰੁੱਖਾਂ ਦਾ ਸੜਕਾਂ ਵੱਲ ਨੂੰ ਝੁਕਿਆ ਹੋਣਾ ਵੀ ਇਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਦੋਵਾਂ ਪਾਸਿਆਂ ਤੋਂ ਸੜਕਾਂ ਵੱਲ ਨੂੰ ਝੁਕੇ ਹੋਏ ਰੁੱਖ ਆਮ ਕਰਕੇ ਲਿੰਕ ਤੇ ਮੇਨ ਸੜਕਾਂ 'ਤੇ ਦੇਖੇ ਜਾ ਸਕਦੇ ਹਨ। ਅੱਜ ਦੀ ਤੇਜ਼-ਤਰਾਰ ਜ਼ਿੰਦਗੀ ਵਿਚ ਇਹ ਝੁਕੇ ਹੋਏ ਰੁੱਖ ਰਾਹਗੀਰਾਂ ਲਈ ਵੱਡੀ ਸਿਰਦਰਦੀ ਬਣੇ ਹੋਏ ਹਨ। ਇਸ ਤੋਂ ਬਿਲਕੁਲ ਸੁੱਕ ਚੁੱਕੇ ਦਰੱਖਤ ਵੀ ਕਈ ਘਟਨਾਵਾਂ ਦਾ ਕਾਰਨ ਬਣ ਚੁੱਕੇ ਹਨ। ਸੋ, ਸਬੰਧਤ ਮਹਿਕਮੇ ਨੂੰ ਇਸ ਪਾਸੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਸੜਕ ਹਾਦਸਿਆਂ ਨੂੰ ਨੱਥ ਪਾਈ ਜਾ ਸਕੇ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।

02-06-2016


ਲੋਕਾਂ ਦੇ ਸਹਿਯੋਗ ਤੋਂ ਬਿਨਾਂ ਸਫਲ ਨਹੀ ਹੋ ਸਕਦੀ ਪੁਲਿਸ

ਪਿੰਡਾਂ ਵਿਚ ਪੁਲਿਸ ਦਾ ਜੋ ਕਿਰਦਾਰ ਹੈ ਉਹ ਬਹੁਤ ਹੀ ਮਾੜਾ ਹੈ। ਕੋਈ ਗਰੀਬ ਇਨਸਾਫ਼ ਲਈ ਦਰਖ਼ਾਸਤ ਦੇਣ ਜਾਵੇ ਤਾਂ ਪੁਲਿਸ ਚੌਕੀਆਂ ਜਾਂ ਥਾਣਿਆਂ ਵਿਚ ਤਾਂ ਪਹਿਲਾ ਪੁਲਿਸ ਕਰਮਚਾਰੀ ਚਾਹ-ਪਾਣੀ ਦੀ ਮੰਗ ਕਰਦਾ ਹੈ। ਪਿਛਲੇ ਦਿਨੀਂ ਇਕਬਾਲ ਸਿੰਘ ਲਾਲਪੁਰਾ ਦੇ ਲੇਖ ਵਿਚ ਦੱਸਿਆ ਗਿਆ ਸੀ ਕਿ ਅਪਰਾਧੀਆ ਦੀ ਗਿਣਤੀ 2 ਫ਼ੀਸਦੀ ਹੈ ਪਰ 98 ਫ਼ੀਸਦੀ ਲੋਕ ਪੁਲਿਸ ਤੇ ਅਪਰਾਧੀਆਂ ਦੀ ਦਹਿਸ਼ਤ ਵਿਚ ਜੀਅ ਰਹੇ ਹਨ। ਪੰਜਾਬ ਦੀ ਪੁਲਿਸ ਦਾ ਕੋਈ ਉੱਚ ਅਧਿਕਾਰੀ ਪਬਲਿਕ ਮੀਟਿੰਗ ਪਿੰਡ ਵਿਚ ਕਰਦਾ ਹੈ ਤਾਂ ਉਸ ਮੀਟਿੰਗ ਵਿਚ ਪੁਲਿਸ ਦੇ ਨਜ਼ਦੀਕ ਰਹਿਣ ਵਾਲੇ ਲੋਕ ਹੁੰਦੇ ਜਾਂ ਫਿਰ ਸੱਤਾਧਾਰੀ ਪਾਰਟੀ ਦੇ ਆਗੂ ਹੁੰਦੇ ਹਨ, ਜਿਨ੍ਹਾਂ ਨੇ ਪਿੰਡ ਦੇ ਲੋਕਾਂ ਨੂੰ ਫੜਾਉਣਾ ਜਾਂ ਛੁਡਾਉਣ ਹੁੰਦਾ ਹੈ। ਪਿੰਡਾਂ ਦੀਆਂ ਚੌਕੀਆਂ ਵਿਚ ਲੱਗੇ ਥਾਣੇਦਾਰ ਨੂੰ ਚਾਹੀਦਾ ਹੈ ਕਿ ਉਹ ਹਰੇਕ ਪਾਰਟੀ ਨੂੰ ਸੱਦਾ-ਪੱਤਰ ਦੇਵੇ ਤਾਂ ਹੀ ਲੋਕਾਂ ਦਾ ਸਹਿਯੋਗ ਪੁਲਿਸ ਲੈ ਸਕਦੀ ਹੈ। ਇਸ ਕਰਕੇ ਪੰਜਾਬ ਵਿਚ ਵਿਰੋਧੀ ਪਾਰਟੀ ਪੁਲਿਸ ਦਾ ਘਿਰਾਉ ਕਰਦੀ ਹੈ। ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਕਾਨੂੰਨ ਅਨੁਸਾਰ ਕੰਮ ਕਰਨ ਤਾਂ ਕਿ ਲੋਕਾਂ ਦਾ ਭਰਪੂਰ ਸਹਿਯੋਗ ਪੁਲਿਸ ਨੂੰ ਮਿਲੇ।


-ਮਾ: ਜਗੀਰ ਸਿੰਘ ਸਠਿਆਲਾ
ਅੰਮ੍ਰਿਤਸਰ।


ਸ਼ਰਮਨਾਕ
ਪਿਛਲੇ ਦਿਨੀਂ ਇਕ ਲੇਖ 'ਚ ਪੜ੍ਹਿਆ ਕਿ ਮਹਾਤਮਾ ਗਾਂਧੀ ਦੇ ਪੋਤੇ ਕੰਨੂ ਭਾਈ ਅਤੇ ਉਨ੍ਹਾਂ ਦੀ ਪਤਨੀ ਦੇ ਇਕ ਆਮ ਜਿਹੇ ਬਿਰਧ ਆਸ਼ਰਮ ਵਿਚ ਰਹਿਣ ਦੀ ਗੱਲ ਸੁਣ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਕ ਕੇਂਦਰੀ ਮੰਤਰੀ ਨੂੰ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਭੇਜਿਆ। ਜੇਕਰ ਰਾਸ਼ਟਰਪਿਤਾ ਕਹੇ ਜਾਂਦੇ ਮਹਾਤਮਾ ਗਾਂਧੀ ਵਰਗੇ ਨਾਇਕਾਂ ਦੇ ਪਰਿਵਾਰਕ ਮੈਂਬਰਾਂ ਦਾ ਬੁਢਾਪਾ ਬਿਰਧ-ਆਸ਼ਰਮਾਂ ਵਿਚ ਰੁਲਣ ਲਈ ਮਜਬੂਰ ਹੈ ਤਾਂ ਸਾਡੇ ਮਹਾਨ ਦੇਸ਼ ਲਈ ਇਸ ਤੋਂ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ? ਜਿਨ੍ਹਾਂ ਦੇਸ਼ ਭਗਤਾਂ ਨੇ ਦੇਸ਼ ਦੀ ਆਜ਼ਾਦੀ ਲਈ ਬਲਿਦਾਨ ਦਿੱਤਾ, ਉਨ੍ਹਾਂ ਦੇ ਗਰੀਬ ਪਰਿਵਾਰਾਂ ਦੀ ਮਦਦ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਕੰਨੂ ਭਾਈ ਵਰਗੇ ਗਰੀਬ ਪਰਿਵਾਰਾਂ ਨੂੰ ਭਾਰਤੀ ਹੋਣ 'ਤੇ ਕੁਝ ਮਾਣ ਮਹਿਸੂਸ ਹੋ ਸਕੇ।


-ਲੱਖੀ ਗਿੱਲ ਧਨਾਨਸੂ
ਜ਼ਿਲ੍ਹਾ ਲੁਧਿਆਣਾ।


ਬਚਾਅ ਲਓ ਪਾਣੀ

ਹਾਲ ਹੀ ਵਿਚ ਜਲ ਦਿਵਸ ਮਨਾਇਆ ਗਿਆ। ਇਹ ਗੱਲ ਕਿਸੇ ਤੋਂ ਛੁਪੀ ਨਹੀਂ ਕਿ ਪੂਰੇ ਵਿਸ਼ਵ ਨੂੰ ਜਲ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰਾਂ ਜਲ ਦਿਵਸ ਤਾਂ ਮਨਾਉਂਦੀਆਂ ਹਨ ਪਰ ਜਲ ਬੱਚਤ ਕਰਨਾ ਭੁੱਲ ਜਾਂਦੀਆਂ ਹਨ। ਪਾਣੀ ਦੀ ਬੱਚਤ ਲਈ ਲੋਕ ਖ਼ੁਦ ਜਾਗਰੂਕ ਹੋਣ ਤੇ ਪਾਣੀ ਦੀ ਅਹਿਮੀਅਤ ਨੂੰ ਸਮਝਦੇ ਹੋਏ ਪਾਣੀ ਦੀ ਬੱਚਤ ਬਾਰੇ ਸੋਚਣ, ਤਦ ਹੀ ਪਾਣੀ ਬਚ ਸਕੇਗਾ ਤੇ ਤਦ ਹੀ ਮਨੁੱਖੀ ਜੀਵਨ ਬਚ ਪਾਏਗਾ।


-ਸੇਵਾ ਰਾਮ ਸਿੰਗਲਾ
ਸਮਾਜ ਸੇਵਕ, ਮੇਨ ਅਜੀਤ ਰੋਡ, ਬਠਿੰਡਾ।


ਖ਼ੁਦਕੁਸ਼ੀਆਂ ਦਾ ਦੌਰ
ਅਖ਼ਬਾਰ ਦੇ ਪੰਨੇ ਪਲਟਦਿਆਂ ਜੋ ਖ਼ਬਰ ਹਰ ਰੋਜ਼ ਪੜ੍ਹਨ ਨੂੰ ਮਿਲਦੀ ਹੈ, ਉਹ ਹੈ ਕਰਜ਼ਈ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਦੀ ਖ਼ਬਰ। ਮਨ ਵਲੂੰਧਰਿਆ ਜਾਂਦਾ ਹੈ ਅਜਿਹੀਆਂ ਖ਼ਬਰਾਂ ਪੜ੍ਹ ਕੇ। ਦੇਸ਼ ਦਾ ਅੰਨਦਾਤਾ ਅੱਜ ਕਿਹੋ ਜਿਹੇ ਮਾੜੇ ਹਾਲਾਤ ਵਿਚੋਂ ਗੁਜ਼ਰ ਰਿਹਾ ਹੈ। ਇਸ ਕਰਜ਼ੇ ਦੇ ਬੋਝ ਨੇ ਹੋਰ ਕਿੰਨੇ ਘਰ ਤਬਾਹ ਕਰਨੇ ਹਨ? ਇਹ ਕਰਜ਼ੇ ਦਾ ਦੈਂਤ ਪੰਜਾਬ ਦੀ ਕਿਰਸਾਨੀ ਨੂੰ ਨਿਗਲਦਾ ਜਾ ਰਿਹਾ ਹੈ ਪਰ ਸਾਡੀਆਂ ਸਰਕਾਰਾਂ ਅਜੇ ਵੀ ਕੁੰਭਕਰਨੀ ਨੀਂਦ ਹੀ ਸੁੱਤੀਆਂ ਹੋਈਆਂ ਹਨ। ਆਖਰ ਹੋਰ ਕਿੰਨੇ ਮਾਪਿਆਂ ਤੋਂ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ, ਕਿੰਨੀਆਂ ਸੁਹਾਗਣਾਂ ਤੇ ਕਿੰਨੇ ਹੋਰ ਮਾਸੂਮ ਬੱਚਿਆਂ ਦੇ ਸਿਰ ਤੋਂ ਉਨ੍ਹਾਂ ਦੇ ਪਿਤਾ ਦਾ ਸਾਇਆ ਖੋਹਣਾ ਹੈ ਇਸ ਨੇ। ਅੱਜ ਲੋੜ ਹੈ ਸਾਡੀਆਂ ਸਰਕਾਰਾਂ ਤੇ ਸਮਾਜਿਕ ਜਥੇਬੰਦੀਆਂ ਨੂੰ ਇਨ੍ਹਾਂ ਗਰੀਬ ਕਿਸਾਨਾਂ ਦੀ ਬਾਂਹ ਫੜਨ ਦੀ ਤਾਂ ਜੋ ਉਨ੍ਹਾਂ ਨੂੰ ਕਰਜ਼ੇ ਦੇ ਇਸ ਮੱਕੜਜਾਲ ਵਿਚੋਂ ਕੱਢਿਆ ਜਾ ਸਕੇ।


-ਜਸਪ੍ਰੀਤ ਕੌਰ 'ਸੰਘਾ'
ਪਿੰਡ ਤਨੂੰਲੀ, ਜ਼ਿਲ੍ਹਾ ਹੁਸ਼ਿਆਰਪੁਰ।

 

24-05-2016

ਖੂਬਸੂਰਤ ਕਨੇਰਾਂ ਨਾ ਉਜਾੜੋ

ਸ਼ਾਇਦ ਇਹ ਮਨੁੱਖ ਦੀ ਫ਼ਿਤਰਤ ਹੀ ਬਣਦੀ ਜਾ ਰਹੀ ਹੈ ਕਿ ਉਹ ਆਪਣਾ ਕੰਮ ਆਸਾਨ ਕਰਨ ਲਈ ਆਪਣੀ ਡਿਊਟੀ ਤੇ ਲੋਕਾਂ ਪ੍ਰਤੀ ਬਣਦੀ ਆਪਣੀ ਜ਼ਿੰਮੇਵਾਰੀ ਨੂੰ ਭੁੱਲ ਜਾਂਦਾ ਹੈ। ਚਾਹੇ ਵਾਤਾਵਰਨ ਨੂੰ ਦੂਸ਼ਿਤ ਕਰਨ ਦਾ ਮਸਲਾ ਹੀ ਕਿਉਂ ਨਾ ਹੋਵੇ। ਨੈਸ਼ਨਲ ਹਾਈਵੇਅ ਉੱਪਰ ਬਣੇ ਡੀਵਾਈਡਰਾਂ ਉੱਪਰ ਲੱਗੇ ਕਨੇਰ ਦੇ ਰੰਗ-ਬਰੰਗੇ ਫੁੱਲਾਂ ਦੇ ਬੂਟੇ ਸ਼ਾਇਦ ਅੱਜ ਅਜਿਹੀ ਸੋਚ ਦਾ ਹੀ ਸ਼ਿਕਾਰ ਹੋ ਗਏ ਹਨ। ਉਂਜ ਤਾਂ ਪੰਜਾਬ ਵਿਚ ਹਰ 70-80 ਕਿਲੋਮੀਟਰ ਦੀ ਵਿੱਥ ਉੱਪਰ ਲੱਗੇ ਟੋਲ ਪਲਾਜ਼ੇ ਲੋਕਾਂ ਤੋਂ ਜਜੀਆਂ ਟੈਕਸ ਵਸੂਲ ਰਹੇ ਹਨ। ਹਾਈਵੇਅ ਟਰਾਂਸਪੋਰਟ ਤੋਂ ਟੈਕਸ ਲੈਣ ਵਾਲਿਆਂ ਦੀ ਇਹ ਡਿਊਟੀ ਵੀ ਬਣਦੀ ਹੈ ਕਿ ਹਾਈਵੇਅ ਉੱਪਰ ਲੱਗੇ ਇਨ੍ਹਾਂ ਖੂਬਸੂਰਤ ਪੌਦਿਆਂ ਦੀ ਹਿਫ਼ਾਜ਼ਤ ਵੀ ਕਰਨ ਪ੍ਰੰਤੂ ਪੌਦਿਆਂ ਦੀ ਸਾਫ਼-ਸਫ਼ਾਈ ਕਰਨ ਵਾਲੇ ਕਰਮਚਾਰੀ ਆਪਣਾ ਕੰਮ ਆਸਾਨ ਕਰਨ ਲਈ ਘਾਹ-ਫੂਸ ਨੂੰ ਅੱਗ ਲਗਾ ਦਿੰਦੇ ਹਨ, ਜਿਸ ਨਾਲ ਸਾਰੇ ਹਰੇ-ਭਰੇ ਬੂਟੇ ਝੁਲਸ ਕੇ ਰਹਿ ਗਏ ਹਨ। ਘਾਹ-ਫੂਸ ਤੋਂ ਬਣੀ ਕਾਲੀ ਸਵਾਹ ਚਲਦੇ ਵਾਹਨਾਂ ਨਾਲ ਉੱਡ ਕੇ ਲੋਕਾਂ ਦੇ ਸਿਰਾਂ ਉੱਪਰ ਪੈਂਦੀ ਹੈ। ਸ਼ਹਿਰ ਨੂੰ ਜਾਣ ਵਾਲਾ ਹਰ ਸ਼ਖ਼ਸ ਹੀ ਇਸ ਨਾਲ ਪ੍ਰੇਸ਼ਾਨ ਹੁੰਦਾ ਹੈ। ਸ਼ਰੇਆਮ ਨੈਸ਼ਨਲ ਹਾਈਵੇਅ ਉੱਪਰ ਅੱਗਾਂ ਲਾਉਣ ਵਾਲੇ ਇਹ ਲੋਕ ਸਰਕਾਰ ਨੂੰ ਨਜ਼ਰ ਕਿਉਂ ਨਹੀਂ ਆਉਂਦੇ।

-ਕੇ.ਐਸ. ਅਮਰ
ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

ਪ੍ਰਦੂਸ਼ਣ ਦਾ ਦੈਂਤ

ਵਿਸ਼ਵ ਸਿਹਤ ਸੰਗਠਨ ਵੱਲੋਂ ਦਰਸਾਏ ਗਏ ਅੰਕੜਿਆਂ ਮੁਤਾਬਿਕ ਦੁਨੀਆ ਦੇ 20 ਵੱਡੇ ਪ੍ਰਦੂਸ਼ਿਤ ਸ਼ਹਿਰਾਂ ਵਿਚ ਭਾਰਤ ਦੇ ਵੀ 10-11 ਸ਼ਹਿਰ ਅਤੇ ਪੰਜਾਬ ਦੇ 4 ਸ਼ਹਿਰ ਸ਼ਾਮਿਲ ਹਨ। ਸਾਨੂੰ ਪ੍ਰਦੂਸ਼ਣ ਰੋਕਣ ਅਤੇ ਘੱਟ ਕਰਨ ਦੇ ਤਰੀਕਿਆਂ 'ਤੇ ਡੂੰਘਾਈ ਨਾਲ ਸੋਚ-ਵਿਚਾਰ ਕਰਨੀ ਪਵੇਗੀ। ਵਧ ਰਹੀਆਂ ਫੈਕਟਰੀਆਂ ਅਤੇ ਉਨ੍ਹਾਂ ਦਾ ਧੂੰਆਂ, ਵਧ ਰਹੀਆਂ ਗੱਡੀਆਂ (ਟਰੱਕ, ਬੱਸ, ਕਾਰ, ਸਕੂਟਰ) ਆਦਿ ਅਤੇ ਵਧ ਰਹੀ ਵਸੋਂ ਇਸ ਦਾ ਮੁੱਖ ਕਾਰਨ ਹਨ। ਵੱਡੇ ਸ਼ਹਿਰਾਂ ਵਿਚ ਵਸੋਂ ਦਾ ਵਧਣਾ ਅਤੇ ਮਨੁੱਖੀ ਸੋਮਿਆਂ ਦੀ ਘਾਟ ਮਨੁੱਖਤਾ ਨੂੰ ਪ੍ਰਦੂਸ਼ਣ ਵੱਲ ਧਕੇਲ ਰਹੇ ਹਨ। ਹਵਾ ਅਤੇ ਪਾਣੀ ਦਾ ਪ੍ਰਦੂਸ਼ਤ ਹੋਣਾ ਸਭ ਤੋਂ ਵੱਧ ਖ਼ਤਰਨਾਕ ਹੈ। ਫੈਕਟਰੀਆਂ ਵਿਚ ਵਾਟਰ ਟਰੀਟਮੈਂਟ ਪਲਾਂਟ ਅਤੇ ਧੂੰਆਂ ਰਹਿਤ ਚਿਮਨੀਆਂ ਲਗਾਉਣ ਦੀ ਲੋੜ ਹੈ। ਚਿੱਟਾ ਧੂੰਆਂ ਛੱਡ ਰਹੀਆਂ ਗੱਡੀਆਂ ਨੂੰ ਕੰਡਮ ਕਰਨ ਦੀ ਲੋੜ ਹੈ। ਮਨੁੱਖੀ ਆਬਾਦੀ ਨੂੰ ਸਫ਼ਾਈ ਵੱਲ ਜਾਣ ਦੀ ਲੋੜ ਹੈ।

-ਡੀ.ਡੀ. ਧਵਨ
1160, ਅਰਬਨ ਅਸਟੇਟ-1, ਜਲੰਧਰ।

ਕੌਮਾਂਤਰੀ ਉਡਾਣਾਂ

ਅਸੀਂ ਚਾਹੁੰਦੇ ਹਾਂ ਕਿ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕੀਤੀਆਂ ਜਾਣ। ਸਾਰੇ ਪੰਜਾਬੀਆਂ ਨੂੰ ਵਿਦੇਸ਼ ਜਾਣ ਵਾਸਤੇ ਪਹਿਲਾਂ ਦਿੱਲੀ ਹਵਾਈ ਅੱਡੇ 'ਤੇ ਜਾਣਾ ਪੈਂਦਾ ਹੈ। ਅੰਮ੍ਰਿਤਸਰ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦੀ ਪੰਜਾਬੀਆਂ ਦੀ ਜਾਇਜ਼ ਮੰਗ ਪੂਰੀ ਕੀਤੀ ਜਾਵੇ।

-ਕਰਮਜੀਤ ਸਿੰਘ ਫਿਲੀਪੀਨਜ਼
ਮਨੀਲਾ।

23-05-2016

ਪੌਲੀਥੀਨ 'ਤੇ ਪਾਬੰਦੀ
ਪੰਜਾਬ ਸਰਕਾਰ ਨੇ ਸੂਬੇ ਵਿਚ ਪੌਲੀਥੀਨ ਦੀ ਵਰਤੋਂ 'ਤੇ ਪਾਬੰਦੀ ਲਾਗੂ ਕਰ ਦਿੱਤੀ ਹੈ। ਇਸ ਦੀ ਲੋੜ ਵੀ ਸੀ ਕਿਉਂਕਿ ਪੌਲੀਥੀਨ ਵਿਚ ਕਈ ਤਰ੍ਹਾਂ ਦੇ ਘਾਤਕ ਤੱਤ ਹੁੰਦੇ ਹਨ, ਜੋ ਇਨ੍ਹਾਂ ਵਿਚ ਪਾਈਆਂ ਜਾਣ ਵਾਲੀਆਂ ਖੁਰਾਕੀ ਵਸਤਾਂ ਵਿਚ ਰਲ ਕੇ ਮਨੁੱਖੀ ਸਿਹਤ 'ਤੇ ਉਲਟ ਪ੍ਰਭਾਵ ਪਾਉਂਦੇ ਹਨ। ਇਸ ਤੋਂ ਇਲਾਵਾ ਪੌਲੀਥੀਨ ਦਾ ਕੂੜਾ ਜਿਥੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦਾ ਹੈ, ਉਥੇ ਪਸ਼ੂਆਂ ਵੱਲੋਂ ਖਾਧੇ ਜਾਣ ਦੀ ਸੂਰਤ ਵਿਚ ਇਹ ਉਨ੍ਹਾਂ ਦੀ ਮੌਤ ਦਾ ਕਾਰਨ ਵੀ ਬਣਦਾ ਹੈ। ਪੌਲੀਥੀਨ ਦਾ ਕੂੜਾ ਸੈਂਕੜੇ ਵਰ੍ਹਿਆਂ ਤੱਕ ਖਤਮ ਨਹੀਂ ਹੁੰਦਾ ਅਤੇ ਨਾ ਹੀ ਨਸ਼ਟ ਹੁੰਦਾ ਹੈ। ਸ਼ਹਿਰਾਂ ਵਿਚ ਇਹ ਸੀਵਰੇਜ ਪ੍ਰਣਾਲੀ ਲਈ ਵੀ ਵੱਡੀ ਸਮੱਸਿਆ ਖੜ੍ਹੀ ਕਰਦਾ ਹੈ। ਇਸ ਤਰ੍ਹਾਂ ਪੌਲੀਥੀਨ ਇਸ ਧਰਤੀ 'ਤੇ ਵਾਤਾਵਰਨ ਅਤੇ ਮਨੁੱਖ ਦੋਵਾਂ ਲਈ ਹੀ ਇਕ ਵੱਡਾ ਖਤਰਾ ਹੈ।

-ਰਾਜਵੰਤ ਸਿੰਘ ਰਾਜੂ
ਗੁਰੂ ਨਾਨਕ ਆਟੋ ਸਪੇਅਰਜ਼, ਰਾਏਕੋਟ।

ਕੀ ਸਜ਼ਾ ਹੋਵੇਗੀ?
ਅੱਜਕਲ੍ਹ ਅਗਸਤਾ ਵੈਸਟਲੈਂਡ ਹੈਲੀਕਾਪਟਰ ਘਪਲੇ ਬਾਰੇ ਚਰਚਾ ਜ਼ੋਰਾਂ 'ਤੇ ਹੈ। ਐਚ.ਡੀ. ਡਬਲਿਊ. ਪਣਡੁੱਬੀ ਤੇ ਬੋਫੋਰਜ਼ ਤੋਪਾਂ ਦੇ ਸੌਦੇ ਤੋਂ ਬਾਅਦ ਘੁਟਾਲੇ ਪੂਰੀ ਤਰ੍ਹਾਂ ਲੋਕਾਂ ਦੇ ਧਿਆਨ ਵਿਚ ਆਉਣੇ ਸ਼ੁਰੂ ਹੋਏ ਸਨ ਪ੍ਰੰਤੂ ਕੋਈ ਕਾਰਵਾਈ ਸਿਰੇ ਨਹੀਂ ਚੜ੍ਹੀ। ਫਿਰ ਤਾਂ ਜਿਵੇਂ ਰਿਵਾਜ ਹੀ ਪੈ ਗਿਆ। ਠੱਗੀ, ਦਲਾਲੀ, ਸ਼ੇਅਰ ਘਪਲਾ, ਖੰਡ ਅਤੇ ਯੂਰੀਆ ਖਾਦ ਅਖ਼ਬਾਰਾਂ ਦੀਆਂ ਸੁਰਖੀਆਂ ਬਣੇ ਪਰ ਠੁੱਸ ਹੋ ਗਏ। ਬਿਹਾਰ ਵਿਚ ਪਸ਼ੂਆਂ ਦਾ ਚਾਰਾ ਫੰਡ ਹੜੱਪ ਕੀਤਾ ਗਿਆ। ਕਾਮਨਵੈਲਥ ਖੇਡਾਂ ਵਿਚ ਗਰੀਬ ਲੋਕਾਂ ਦਾ ਪੈਸਾ ਪਾਣੀ ਵਾਂਗ ਵਹਾਇਆ ਗਿਆ। ਦਿੱਲੀ ਤੇ ਕੇਂਦਰ ਸਰਕਾਰ ਨੇ ਚੁੱਪ ਧਾਰ ਲਈ। 2-ਜੀ ਘੁਟਾਲਾ, ਆਦਰਸ਼ ਹਾਊਸਿੰਗ ਖੱਟੇ ਵਿਚ ਪਾ ਦਿੱਤੇ ਗਏ। ਕੋਲਾ ਦਲਾਲੀ ਦਾ ਕੋਲਾ ਮੰਤਰੀ ਨੂੰ ਪਤਾ ਹੀ ਨਹੀਂ ਲੱਗਿਆ।
ਅਸਚਰਜਤਾ ਇਹ ਹੈ ਕਿ ਹੁਣ ਤੱਕ ਅਪਰਾਧੀ ਹੈ ਹੀ ਕੋਈ ਨਹੀਂ। ਕੋਈ ਮੁਜਰਮ ਹੋਵੇ ਤਾਂ ਹੀ ਮਜ਼ਾ ਮਿਲੇ। ਹੁਣ ਦੇਸ਼-ਵਿਦੇਸ਼ ਵਿਚ ਬੈਠੇ ਲੋਕਾਂ ਦੀ ਨਜ਼ਰ ਹੈਲੀਕਾਪਟਰ ਘੋਟਾਲੇ ਦੇ ਫ਼ੈਸਲੇ 'ਤੇ ਲੱਗੀ ਹੋਈ ਹੈ।

-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਜ਼ਿਲ੍ਹਾ ਹੁਸ਼ਿਆਰਪੁਰ।
ਮੋਬਾਈਲ : 98720-86101.

19-05-2016

 ਸਿਆਸੀ ਲੀਡਰਾਂ ਦੀ ਡੱਡੂ ਟਪੂਸੀ
ਦੇਸ਼ ਦਾ ਢਾਂਚਾ ਸਹੀ ਤਰੀਕੇ ਨਾਲ ਚਲਾਉਣ ਲਈ ਬਹੁਤ ਹੀ ਸੂਝ-ਬੂਝ ਵਾਲੇ ਨੇਕ ਇਨਸਾਨਾਂ ਦੀ ਜ਼ਰੂਰਤ ਹੁੰਦੀ ਹੈ। ਸੂਝ-ਬੂਝ ਰੱਖਣ ਵਾਲੇ ਲੋਕ ਦੇਸ਼ ਨੂੰ ਸਹੀ ਦਿਸ਼ਾ ਵੱਲ ਲਿਜਾਣ ਦੀ ਕੋਸ਼ਿਸ਼ ਕਰਿਆ ਕਰਦੇ ਹਨ। ਪ੍ਰੰਤੂ ਕੁਰਸੀ ਦੀ ਦੌੜ ਨੇ ਇਹ ਤਾਣਾ-ਬਾਣਾ ਕੁਝ ਹੋਰ ਹੀ ਬਣਾ ਕੇ ਰੱਖ ਦਿੱਤਾ ਹੈ। ਜਿਹੜੀ ਰਾਜਨੀਤਕ ਪਾਰਟੀ ਦਾ ਲੋਕਾਂ ਵਿਚ ਜ਼ੋਰ ਜ਼ਿਆਦਾ ਨਜ਼ਰ ਆਉਂਦਾ ਹੈ, ਕੁਰਸੀ ਦੇ ਚਾਹਵਾਨ ਰਾਜਸੀ ਲੀਡਰ ਆਪਣੀ ਪਾਰਟੀ ਨੂੰ ਅਲਵਿਦਾ ਕਹਿ ਕੇ ਜ਼ਿਆਦਾ ਪ੍ਰਭਾਵ ਵਾਲੀ ਪਾਰਟੀ ਵਿਚ ਡੱਡੂ ਟਪੂਸੀ ਲਗਾ ਜਾਂਦੇ ਹਨ। ਸੋ, ਸਿਆਸੀ ਲੀਡਰਾਂ ਨੂੰ ਰਾਜਸੀ ਕੁਰਸੀ ਦੀ ਖਾਤਰ ਡੱਡੂ ਟਪੂਸੀਆਂ ਨਹੀਂ ਲਾਉਣੀਆਂ ਚਾਹੀਦੀਆਂ, ਸਗੋਂ ਆਪਣੀ ਹੀ ਸੋਚ ਮੁਤਾਬਿਕ ਸੱਚੇ ਦਿਲ ਨਾਲ ਆਮ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ।


-ਕੇਵਲ ਸਿੰਘ ਬਾਠਾਂ
ਮੋ: 98557-44211.


ਮਾਰੂ ਸਿੱਟਿਆਂ ਤੋਂ ਬਚੋ
ਅੱਜ ਹਰੇਕ ਦੇਸ਼ ਆਪਣੀ ਪ੍ਰਮਾਣੂ ਸ਼ਕਤੀ ਰਾਹੀਂ ਦੂਸਰੇ ਦੇਸ਼ਾਂ 'ਤੇ ਦਬਾਅ ਬਣਾਉਣ ਲਈ ਲੱਗੀ ਦੌੜ ਵਿਚ ਲੱਗਾ ਹੋਇਆ ਹੈ। ਅੱਜ ਦੁਨੀਆ ਦੇ ਸਾਰੇ ਦੇਸ਼ ਮੰਦਹਾਲੀ ਦੀ ਹਾਲਤ ਵਿਚੋਂ ਗੁਜ਼ਰ ਰਹੇ ਹਨ। ਹਰੇਕ ਦੇਸ਼ ਵਿਚ ਲੋਕਾਂ ਦੀ ਹਾਲਤ ਤਰਸਯੋਗ ਹੈ। ਕੋਈ ਵੀ ਰੁਜ਼ਗਾਰ ਦੇ ਮੌਕੇ ਘੱਟ ਤੇ ਆਪਣੇ-ਆਪਣੇ ਬਾਹੂਬਲ ਨੂੰ ਵੱਡਾ ਦਰਸਾਉਣ ਵਿਚ ਲੱਗਾ ਹੋਇਆ ਹੈ। ਦੂਸਰਿਆਂ ਦੇ ਘਰਾਂ 'ਤੇ ਪੱਥਰ ਮਾਰਨ ਵਾਲੇ ਆਪ ਕਦੇ ਵੀ ਮਹਿਫ਼ੂਜ਼ ਨਹੀਂ ਰਹਿ ਸਕਦੇ। ਦੂਸਰੇ ਦੇ ਚੁੱਲ੍ਹਿਆਂ ਵਿਚ ਫੂਕਾਂ ਮਾਰਨ ਵਾਲਿਆਂ ਦੇ ਘਰ ਕਦੇ ਵੀ ਦੀਵੇ ਨਹੀਂ ਜਗਦੇ। ਇਸ ਲੱਗੀ ਹੋੜ ਤੋਂ ਹਰੇਕ ਦੇਸ਼ ਨੂੰ ਪਿੱਛੇ ਹਟ ਕੇ ਰੁਜ਼ਗਾਰ ਦੇ ਮੌਕੇ ਆਪਣੀ ਜਨਤਾ ਨੂੰ ਦੇਣੇ ਚਾਹੀਦੇ ਹਨ। ਇਸ ਵਿਚ ਹੀ ਸਰਬੱਤ ਦਾ ਭਲਾ ਹੈ।


-ਮਨਜੀਤ ਸਿੰਘ ਭਾਮ
ਹੁਸ਼ਿਆਰਪੁਰ।


ਚੋਣਾਂ ਦੀ ਤਿਆਰੀ
ਪੰਜਾਬ ਵਿਚ ਚੋਣਾਂ ਦਾ ਸਮਾਂ ਨੇੜੇ ਆ ਚੁੱਕਾ ਹੈ। ਹਰ ਪਾਰਟੀ ਦੇ ਵਰਕਰ ਪੱਬਾਂ ਭਾਰ ਹੋ ਚੁੱਕੇ ਹਨ। ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਲਈ ਵੱਖ-ਵੱਖ ਪਾਰਟੀਆਂ ਵੱਲੋਂ ਆਪੋ-ਆਪਣਾ ਪ੍ਰਦਰਸ਼ਨ ਕਰਨਾ ਆਰੰਭ ਕਰ ਦਿੱਤਾ ਗਿਆ ਹੈ। ਹੁਣ ਤੋਂ ਹੀ ਪੰਜਾਬ ਦੇ ਨੌਜਵਾਨਾਂ ਨੂੰ ਆਪਣੀ ਪਾਰਟੀ ਦੇ ਹੱਕ 'ਚ ਤੋਰਨ ਲਈ ਹਰ ਪਾਰਟੀ ਦੇ ਵਰਕਰ ਦਾ ਪੂਰਾ ਜ਼ੋਰ ਲੱਗਣਾ ਸ਼ੁਰੂ ਹੋ ਚੁੱਕਾ ਹੈ। ਪਰ ਨੌਜਵਾਨਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਅਸੀਂ ਕਿਸ ਪਾਰਟੀ ਨਾਲ ਤੁਰਨਾ ਹੈ, ਉਸ ਪਾਰਟੀ ਨਾਲ ਜੋ ਸਾਨੂੰ ਨਸ਼ਿਆਂ ਦਾ ਲਾਲਚ ਦੇ ਕੇ ਸਾਡੀਆਂ ਵੋਟਾਂ ਬਟੋਰ ਕੇ ਪੰਜਾਬ ਨੂੰ ਬਰਬਾਦੀ ਵੱਲ ਲਿਜਾਣਾ ਚਾਹੁੰਦੀ ਹੈ ਜਾਂ ਫਿਰ ਉਸ ਪਾਰਟੀ ਨਾਲ ਜੋ ਪੰਜਾਬ ਦੀ ਚੜ੍ਹਦੀ ਕਲਾ ਲਈ ਸਦਾ ਕੰਮ ਕਰਨਾ ਚਾਹੁੰਦੀ ਹੈ। ਅਖ਼ਬਾਰਾਂ ਵਿਚ ਆਪਣੇ ਲੇਖ ਪ੍ਰਕਾਸ਼ਿਤ ਕਰਵਾਉਣ ਵਾਲੇ ਲੇਖਕ ਸੱਜਣ ਵੀ ਨੌਜਵਾਨਾਂ ਲਈ ਵੋਟਾਂ ਪ੍ਰਤੀ ਜਾਣਕਾਰੀ ਭਰਪੂਰ ਲੇਖ ਲਿਖਣ ਕਿਉਂਕਿ ਅਖ਼ਬਾਰ ਨੌਜਵਾਨਾਂ ਲਈ ਸੋਨੇ 'ਤੇ ਸੁਹਾਗਾ ਵਾਲੀ ਕਹਾਵਤ 'ਤੇ ਪੂਰੇ ਉਤਰਦੇ ਹਨ।


-ਸੁਖਵਿੰਦਰ ਕਲੇਰ ਬੱਸੀਆਂ
ਪਿੰਡ ਤੇ ਡਾਕ: ਬੱਸੀਆਂ, ਜ਼ਿਲ੍ਹਾ ਲੁਧਿਆਣਾ।

16-5-2016

 ਜਲ ਸੰਕਟ
ਸਾਡੇ ਦੇਸ਼ 'ਚ ਦਿਨੋ-ਦਿਨ ਜਲ ਸੰਕਟ ਬੜੀ ਤੇਜ਼ੀ ਨਾਲ ਵਧ ਰਿਹਾ ਹੈ। ਜੋ ਸਾਡੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਕੇਂਦਰੀ ਭੂ-ਜਲ ਬੋਰਡ ਨੇ ਆਪਣੇ ਅੰਕੜਿਆਂ 'ਚ ਸਰਵੇ ਦੀ ਰਿਪੋਰਟ 'ਚ ਖੁਲਾਸਾ ਕੀਤਾ ਹੈ, ਕਿ 2001 'ਚ 1951 ਦੇ ਮੁਕਾਬਲੇ ਧਰਤੀ 'ਚ ਅੱਧਾ ਪਾਣੀ ਰਹਿ ਗਿਆ ਹੈ ਤੇ 2050 ਤੱਕ ਜਾਣੀ 34 ਕੁ ਸਾਲਾਂ 'ਚ ਪਾਣੀ ਦੀ ਉਪਲਬੱਧਤਾ ਘਟ ਕੇ 25 ਫ਼ੀਸਦੀ ਹੀ ਰਹਿ ਜਾਵੇਗੀ। ਇਸ ਸੰਕਟ ਨਾਲ ਨਜਿੱਠਣ ਲਈ ਸਮੁੱਚੇ ਦੇਸ਼ ਵਾਸੀਆਂ ਨੂੰ ਪਾਣੀ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਣਾ ਪਵੇਗਾ ਅਤੇ ਕੁਦਰਤ ਦੇ ਇਸ ਅਨਮੋਲ ਖਜ਼ਾਨੇ ਨੂੰ ਬਚਾਉਣ ਲਈ ਵੱਧ ਤੋਂ ਵੱਧ ਉਪਰਾਲੇ ਕਰਨੇ ਪੈਣਗੇ। ਨਹੀਂ ਤਾਂ ਸਾਡਾ ਸੋਹਣਾ ਹਰਿਆ-ਭਰਿਆ ਦੇਸ਼ ਸੋਕੇ ਦਾ ਸ਼ਿਕਾਰ ਹੋ ਜਾਵੇਗਾ। ਕਿਸਾਨ ਵੀਰਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਝੋਨੇ ਦੀ ਖੇਤੀ ਦਾ ਖਹਿੜਾ ਛੱਡ ਕੇ ਖੇਤੀ ਵਿਭਿੰਨਤਾ ਨੂੰ ਤਰਜੀਹ ਦਿੱਤੀ ਜਾਵੇ।


-ਤਰਸੇਮ ਮਹਿਤੋ
ਪਿੰਡ ਬਈਏਵਾਲ (ਸੰਗਰੂਰ)।
ਮੋਬਾਈਲ : 95019-36536.


ਨਿੱਜੀ ਸਕੂਲਾਂ ਦੀ ਫੀਸ

ਅੱਜ ਪੰਜਾਬ ਵਿਦਿਆ ਦੇ ਨਾਂਅ 'ਤੇ ਬਹੁਤੇ ਨਿੱਜੀ ਸਕੂਲਾਂ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਕੋਲੋਂ ਵੱਡੀਆਂ ਫੀਸਾਂ ਤੇ ਸਾਲਾਨਾ ਫੰਡ ਜਬਰੀ ਵਸੂਲਣ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲ ਰਹੀਆਂ ਹਨ ਜੋ ਸਿੱਖਿਆ ਨਿਯਮਾਂ ਦੀ ਉਲੰਘਣਾ ਤੋਂ ਘੱਟ ਨਹੀਂ ਹੈ। ਨਿੱਜੀ ਸਕੂਲਾਂ ਦੀਆਂ ਮਨਮਾਨੀਆਂ ਇਸ ਕਦਰ ਵਧ ਗਈਆਂ ਹਨ ਕਿ ਉਹ ਨਿੱਜੀ ਪ੍ਰਕਾਸ਼ਕਾਂ ਕੋਲੋਂ ਪੁਸਤਕਾਂ 'ਤੇ ਮਰਜ਼ੀ ਦੇ ਰੇਟ, ਬੱਸਾਂ ਦੇ ਵਾਧੂ ਕਿਰਾਏ, ਵਿਦਿਅਕ ਟੂਰ ਦੇ ਨਾਂਅ 'ਤੇ ਵਾਧੂ ਫੀਸਾਂ, ਮਰਜ਼ੀ ਦੀਆਂ ਟਿਊਸ਼ਨ ਫੀਸਾਂ, ਵਾਧੂ ਕਲਾਸ ਫੀਸਾਂ, ਬੱਚਿਆਂ ਤੋਂ ਹੋਈ ਛੋਟੀ ਗ਼ਲਤੀ ਦੇ ਨਾਂਅ 'ਤੇ ਵੱਡੇ ਜੁਰਮਾਨੇ ਵਸੂਲਣੇ ਅਤੇ ਇਨ੍ਹਾਂ ਨਿੱਜੀ ਸਕੂਲਾਂ 'ਚ ਪੰਜਾਬੀ ਵਿਚ ਗੱਲ ਕਰਨ 'ਤੇ ਵੀ ਬੱਚੇ ਨੂੰ ਜਿਥੇ ਸਰੀਰਕ ਕਸਟ ਦਿੱਤੇ ਜਾਂਦੇ ਹਨ ਉਥੇ ਜੁਰਮਾਨੇ ਦੇ ਨਾਂਅ 'ਤੇ ਵੱਡੀਆਂ ਰਕਮਾਂ ਵੀ ਬਟੋਰ ਲਈਆਂ ਜਾਂਦੀਆਂ ਹਨ। ਇਹ ਸਾਰਾ ਵਰਤਾਰਾ ਸਿੱਖਿਆ ਨਿਯਮਾਂ ਦੀ ਘੋਰ ਉਲੰਘਣਾ ਨਹੀਂ ਹੈ ਤਾਂ ਹੋਰ ਕੀ ਹੈ?
ਹਰ ਸਾਲ ਬੱਚਿਆਂ ਦੇ ਦਾਖਲੇ ਨਿੱਜੀ ਸਕੂਲਾਂ 'ਚ ਵੱਡੀ ਗਿਣਤੀ 'ਚ ਹੋਣਾ ਹੀ ਨਿੱਜੀ ਸਕੂਲਾਂ ਨੂੰ ਮਨਮਾਨੀਆਂ ਕਰਨ ਲਈ ਉਕਸਾਉਂਦਾ ਹੈ। ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰੇ ਤੇ ਖਾਲੀ ਅਸਾਮੀਆਂ ਤੁਰੰਤ ਭਰੇ। ਅਜਿਹਾ ਕਰਕੇ ਜਿਥੇ ਸਰਕਾਰੀ ਸਕੂਲਾਂ 'ਚ ਬੱਚਿਆਂ ਦੀ ਗਿਣਤੀ ਵਧਾਈ ਜਾ ਸਕਦੀ ਹੈ, ਉਥੇ ਨਿੱਜੀ ਸਕੂਲਾਂ ਦੀਆਂ ਆਪ-ਹੁਦਰੀਆਂ ਨੂੰ ਵੀ ਰੋਕਿਆ ਜਾ ਸਕਦਾ ਹੈ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।

04-5-2016

 ਕੋਹਿਨੂਰ ਹੀਰਾ

ਐਤਵਾਰ ਦੇ 'ਅਜੀਤ' ਵਿਚ ਕੋਹਿਨੂਰ ਨੂੰ ਮੁੱਖ ਰੱਖ ਕੇ ਲਿਖੇ ਦੋ ਲੇਖ ਪੜ੍ਹਨ ਨੂੰ ਮਿਲੇ। ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਾਹ ਸੁਜਾਹ ਨੇ ਆਪਣੀ ਜਾਨ ਦੀ ਹਿਫ਼ਾਜ਼ਤ ਬਦਲੇ ਭੇਟ ਕੀਤਾ ਸੀ। ਇਸ ਗੱਲ ਦੀ ਪ੍ਰੋੜ੍ਹਤਾ ਇਤਿਹਾਸ ਦੇ ਵਰਕੇ ਕਰਦੇ ਹਨ। ਅਗਰ ਇਹ ਹੀਰਾ ਮਹਾਰਾਜਾ ਦਲੀਪ ਸਿੰਘ ਨੇ ਅੰਗਰੇਜ਼ਾਂ ਨੂੰ ਤੋਹਫ਼ੇ ਵਜੋਂ ਦਿੱਤਾ ਹੁੰਦਾ ਤਾਂ ਉਨ੍ਹਾਂ ਅੰਗਰੇਜ਼ਾਂ ਦਾ ਨਾਂਅ ਵੀ ਕਿਤੇ ਨਾ ਕਿਤੇ ਲਿਖਿਆ ਮਿਲ ਹੀ ਜਾਂਦਾ ਪਰ ਅੱਜ ਤੱਕ ਅਜਿਹੀ ਕੋਈ ਲਿਖਤ ਸਾਹਮਣੇ ਨਹੀਂ ਆਈ। ਜੇ ਮਹਾਰਾਜਾ ਦਲੀਪ ਸਿੰਘ ਨੇ ਹੀਰਾ ਤੋਹਫ਼ੇ ਵਜੋਂ ਦਿੱਤਾ ਹੁੰਦਾ ਤਾਂ ਉਸ ਉੱਤੇ ਏਨੀਆਂ ਪਾਬੰਦੀਆਂ ਨਾ ਲਗਦੀਆਂ। ਅੰਗਰੇਜ਼ਾਂ ਨੇ ਕੋਹਿਨੂਰ ਲੁੱਟਿਆ। ਕਿਸੇ ਬੱਚੇ ਦੁਆਲੇ ਝੁਰਮੁਟ ਪਾ ਕੇ ਉਸ ਨੂੰ ਵਰਗਲਾ ਕੇ ਕੋਈ ਚੀਜ਼ ਲੈ ਲੈਣੀ ਤੋਹਫ਼ਾ ਨਹੀਂ ਹੁੰਦਾ, ਕਮੀਨੀ ਲੁੱਟ ਹੁੰਦੀ ਹੈ। ਉਹ ਗੱਲ ਵੱਖਰੀ ਹੈ ਕਿ ਉਹ ਹੀਰਾ ਕਿਸੇ ਵੀ ਹਾਲਤ ਵਿਚ ਉਹ ਨਹੀਂ ਦੇਣਗੇ। ਕਿਉਂਕਿ ਗੋਰੇ ਉਸ ਹੀਰੇ ਤੋਂ ਅਜੇ ਤੱਕ ਮੋਟੀ ਕਮਾਈ ਕਰ ਰਹੇ ਹਨ। ਜਿਸ ਟਾਵਰ ਆਫ ਲੰਡਨ ਵਿਚ ਉਹ ਤਾਜ ਪਿਆ ਹੈ, ਉਸ ਨੂੰ ਦੇਖਣ ਜਾਣ ਲਈ 25 ਪੌਂਡ ਦਾਖਲਾ ਫ਼ੀਸ ਹੈ। ਉਸ ਤਾਜ ਦੀ ਸ਼ੋਭਾ ਕੋਹਿਨੂਰ ਹੀਰੇ ਕਰਕੇ ਹੀ ਹੈ।

-ਭੁਪਿੰਦਰ ਉਸਤਾਦ।

ਗੁਣਾਂ ਦੀ ਸਾਂਝ ਕਰੋ

ਪੰਜਾਬ ਦੀ ਆਵਾਜ਼ 'ਅਜੀਤ' ਨੇ ਆਪਣੇ ਵਿਸਾਖੀ ਅੰਕ ਵਿਚ ਖ਼ਬਰ ਛਾਪੀ ਹੈ ਕਿ ਕੈਨੇਡੀਅਨ ਸਰਕਾਰ ਨੇ ਸਿੱਖ ਸੰਗਤਾਂ ਨਾਲ ਮਿਲ ਕੇ ਕੈਨੇਡਾ ਦੀ ਪਾਰਲੀਮੈਂਟ ਅੰਦਰ ਵਿਸਾਖੀ ਦਾ ਪੁਰਬ ਬੜੇ ਹਰਸੋ ਹੁਲਾਸ ਨਾਲ ਮਨਾਇਆ ਹੈ। ਪਾਰਲੀਮੈਂਟ ਵਿਚ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮਿਸਟਰ ਟਰੂਡੋ ਨੇ ਇਕ ਰਹੱਸਮਈ ਖੁਲਾਸਾ ਕਰਦਿਆਂ ਦੱਸਿਆ ਹੈ ਕਿ ਦੇਸ਼ ਵਿਚ ਚੋਣਾਂ ਸਮੇਂ ਦੇਸ਼ ਦੀ ਜਨਤਾ ਉਮੀਦਵਾਰਾਂ ਦੇ ਗੁਣਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਚੁਣਦੀ ਹੈ। ਕੈਨੇਡਾ ਵਿਚ ਧਰਮਾਂ, ਜਾਤਾਂ ਤੇ ਦੇਸ਼ਾਂ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਕਿਸੇ ਲਾਲਚ ਜਾਂ ਦਬਾਅ ਹੇਠ ਉਮੀਦਵਾਰ ਚੁਣੇ ਜਾਂਦੇ ਹਨ।
ਇਹੀ ਕਾਰਨ ਹੈ ਕਿ ਚੰਗੇ ਗੁਣਾਂ ਦੇ ਧਾਰਨੀ ਹੋਣ ਕਾਰਨ ਪੰਜਾਬੀ ਮੂਲ ਦੇ 13 ਮੈਂਬਰ ਪਾਰਲੀਮੈਂਟ ਚੁਣੇ ਗਏ ਹਨ। ਜੇਕਰ ਅਜੋਕੇ ਦੌਰ ਵਿਚ ਕੈਨੇਡਾ ਸੰਸਾਰ ਦਾ ਇਕ ਅਤਿ ਵਿਕਸਤ, ਖੁਸ਼ਹਾਲ ਅਤੇ ਭ੍ਰਿਸ਼ਟਾਚਾਰ-ਮੁਕਤ ਦੇਸ਼ ਬਣਿਆ ਹੈ ਤਾਂ ਇਸ ਵਿਚ ਦੇਸ਼ ਦੇ ਚੁਣੇ ਹੋਏ ਗੁਣਵਾਨ ਲੀਡਰਾਂ ਦਾ ਹੀ ਵੱਡਾ ਯੋਗਦਾਨ ਹੈ। ਇਸ ਸਮੇਂ ਕੈਨੇਡਾ ਵਿਚ ਪੰਜ ਲੱਖ ਤੋਂ ਵੱਧ ਪੰਜਾਬੀ ਲੋਕ ਵਸੇ ਹੋਏ ਹਨ। ਆਓ, ਅਸੀਂ ਪੰਜਾਬ ਵਾਸੀ, ਆਪਣੇ ਕੈਨੇਡੀਅਨ ਭਰਾਵਾਂ ਦੀ ਰੀਸ ਕਰਕੇ ਸੰਨ 2017 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਸਿਰਫ ਚੰਗੇ ਗੁਣਾਂ ਵਾਲੇ ਇਮਾਨਦਾਰ ਉਮੀਦਵਾਰਾਂ ਨੂੰ ਚੁਣ ਕੇ ਪੰਜਾਬ ਵਿਧਾਨ ਸਭਾ ਗਠਿਤ ਕਰੀਏ। ਇਹ ਪੰਜਾਬ ਦੀ ਬੜੀ ਵੱਡੀ ਸੇਵਾ ਹੋਵੇਗੀ।

-ਇੰਜੀ: ਕੁਲਦੀਪ ਸਿੰਘ ਲੁੱਧਰ
4724 ਗੁਰੂ ਨਾਨਕ ਵਾੜਾ, ਅੰਮ੍ਰਿਤਸਰ।

29-4-2016

 ਕੋਹਿਨੂਰ ਹੀਰਾ ਤੇ ਨਾਦਰਸ਼ਾਹ

ਕੋਹਿਨੂਰ ਹੀਰੇ ਬਾਰੇ ਅੱਜਕਲ੍ਹ ਭਾਰਤ ਵਿਚ ਚਰਚਾ ਗਰਮ ਹੈ। ਇਸ ਸਬੰਧ ਵਿਚ ਪਿਛਲੇ ਦਿਨੀਂ ਇਕ ਲੇਖ ਪ੍ਰਸਿੱਧ ਪੱਤਰਕਾਰ ਸ੍ਰੀ ਕੁਲਦੀਪ ਨਈਅਰ ਦਾ 27 ਅਪ੍ਰੈਲ ਦੇ 'ਅਜੀਤ' ਵਿਚ ਛਪਿਆ ਸੀ। ਇਸ ਵਿਚ ਕੋਹਿਨੂਰ ਹੀਰੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਇਕ ਵੱਡੀ ਗ਼ਲਤ-ਬਿਆਨੀ ਕਰ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ, 'ਸਾਡੇ ਸ਼ਾਸਕਾਂ ਵਿਚੋਂ ਇਕ ਅਹਿਮਦ ਸ਼ਾਹ ਅਬਦਾਲੀ ਨੇ ਨਾਦਰ ਸ਼ਾਹ ਨਾਲ ਜ਼ਬਰਦਸਤੀ ਪਗੜੀ ਵਟਾਈ ਸੀ, ਕਿਉਂਕਿ ਉਸ ਨੂੰ ਪਤਾ ਲੱਗਾ ਸੀ ਕਿ ਨਾਦਰਸ਼ਾਹ ਨੇ ਪਗੜੀ ਵਿਚ ਕੋਹਿਨੂਰ ਲੁਕਾਇਆ ਹੋਇਆ ਹੈ।' ਇਹ ਘਟਨਾ 1739 ਈ: ਦੀ ਹੈ। ਉਸ ਵੇਲੇ ਦਿੱਲੀ ਦਾ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਸੀ। ਉਹ ਮਹਾਂ ਅੱਯਾਸ਼ ਸੀ, ਇਸ ਕਰਕੇ ਉਸ ਨੂੰ 'ਮੁਹੰਮਦ ਸ਼ਾਹ ਰੰਗੀਲਾ' ਆਖਿਆ ਜਾਂਦਾ ਸੀ। ਅਹਿਮਦ ਸ਼ਾਹ ਅਬਦਾਲੀ ਉਦੋਂ ਤੱਕ ਦੇਸ਼-ਵਿਦੇਸ਼ ਵਿਚ ਕਿਤੇ ਵੀ ਪ੍ਰਗਟ ਨਹੀਂ ਹੋਇਆ ਸੀ। ਇਹ ਯਾਦ ਰੱਖਿਆ ਜਾਏ, ਨਾਦਰ ਸ਼ਾਹ ਈਰਾਨੀ ਸੀ। ਅਹਿਮਦ ਸ਼ਾਹ ਅਬਦਾਲੀ ਅਫਗ਼ਾਨ (ਪਠਾਣ) ਸੀ। ਜਦੋਂ ਨਾਦਰ ਸ਼ਾਹ 1747 ਵਿਚ ਕਤਲ ਹੋ ਗਿਆ ਤਾਂ ਅਬਦਾਲੀ ਅਫ਼ਗਾਨਿਸਤਾਨ ਦਾ ਬਾਦਸ਼ਾਹ ਬਣਿਆ ਤੇ ਉਸ ਨੇ ਅਗਲੇ 20 ਸਾਲਾਂ ਵਿਚ (1748 ਤੋਂ 1768 ਤੱਕ) ਭਾਰਤ ਉੱਤੇ ਵੀ ਹਮਲੇ ਕੀਤੇ ਸਨ। 1739 ਈ: ਵਿਚ ਨਾਦਰਸ਼ਾਹ ਨੇ ਆਪਣੇ ਹਮਲੇ ਵਿਚ ਕਰਨਾਲ ਦੀ ਲੜਾਈ ਵਿਚ ਮੁਹੰਮਦ ਸ਼ਾਹ ਰੰਗੀਲੇ ਨੂੰ ਹਰਾਇਆ ਸੀ। ਦਿੱਲੀ ਪਹੁੰਚ ਕੇ ਮੁਹੰਮਦ ਸ਼ਾਹ ਦਾ ਖਜ਼ਾਨਾ ਹਥਿਆ ਲਿਆ ਸੀ। ਮੋਰ ਦੀ ਸ਼ਕਲ ਵਰਗਾ ਸ਼ਾਹੀ ਤਖ਼ਤ (ਤਖ਼ਤੇ ਤਾਊਸ) ਵੀ ਲੈ ਗਿਆ। ਦਿੱਲੀ ਦੇ ਸ਼ਹਿਰੀ ਵੀ ਲੁੱਟੇ। ਉਹ ਕੋਹਿਨੂਰ ਹੀਰਾ ਵੀ ਲੈਣਾ ਚਾਹੁੰਦਾ ਸੀ ਪਰ ਮੁਹੰਮਦ ਸ਼ਾਹ ਨੇ ਇਹ ਹੀਰਾ ਆਪਣੀ ਪਗੜੀ ਵਿਚ ਲੁਕਾਇਆ ਹੋਇਆ ਸੀ। ਕਿਉਂਕਿ ਨਾਦਰ ਸ਼ਾਹ ਨੇ ਮੁਹੰਮਦ ਸ਼ਾਹ ਨੂੰ ਹਰਾਉਣ ਤੋਂ ਬਾਅਦ ਵੀ ਦਿੱਲੀ ਦੀ 'ਗੱਦੀ' ਮੁਹੰਮਦ ਸ਼ਾਹ ਪਾਸ ਹੀ ਰਹਿਣ ਦਿੱਤੀ, ਇਸ ਕਰਕੇ ਨਾਦਰ ਸ਼ਾਹ ਨੇ ਮੁਹੰਮਦ ਸ਼ਾਹ ਨਾਲ ਦੋਸਤੀ ਵਧਾਉਣ ਲਈ ਪਗੜੀਆਂ ਵਟਾ ਲੈਣ ਦੀ ਰਸਮ ਕੀਤੀ। ਆਪਣੀ ਪਗੜੀ ਉਸ ਦੇ ਸਿਰ ਉਤੇ ਰੱਖ ਦਿੱਤੀ ਤੇ ਉਸ ਦੀ ਪਗੜੀ ਆਪਣੇ ਸਿਰ ਉਤੇ ਰੱਖ ਲਈ। ਇੰਜ ਨਾਦਰ ਸ਼ਾਹ ਕੋਹਿਨੂਰ ਹੀਰਾ ਈਰਾਨ ਲੈ ਗਿਆ ਸੀ।

-ਪਿਆਰਾ ਸਿੰਘ ਭੋਗਲ
ਮੋ: 98720-42611

26-04-2016

 ਕਲਾਕਾਰ ਅਤੇ ਸਿਆਸਤ
ਜਿਉਂ-ਜਿਉਂ ਚੋਣਾਂ ਦਾ ਦੌਰ ਨੇੜੇ ਆਉਂਦਾ ਹੈ, ਤਿਉਂ-ਤਿਉਂ ਰਾਜਨੀਤਕ ਆਗੂ ਲੋਕਾਂ ਨੂੰ ਲੁਭਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੰਦੇ ਹਨ ਤੇ ਫਿਰ ਕੀ ਕਲਾਕਾਰ ਤੇ ਕੀ ਬਾਬੇ? ਹਰ ਪਾਰਟੀ ਦੀ ਇਹ ਪਹਿਲ-ਕਦਮੀ ਹੁੰਦੀ ਹੈ ਕਿ ਲੋਕਾਂ ਦੇ ਚਹੇਤੇ ਨੂੰ ਪਾਰਟੀ ਵਿਚ ਸ਼ਾਮਿਲ ਕੀਤਾ ਜਾਵੇ ਪਰ ਇਹ ਜ਼ਰੂਰੀ ਨਹੀਂ ਕਿ ਇਕ ਖੇਤਰ 'ਚ ਕਾਮਯਾਬ ਬੰਦਾ ਦੂਜੇ ਖੇਤਰ ਵਿਚ ਵੀ ਕਾਮਯਾਬ ਹੋ ਸਕੇ। ਰਾਜਨੀਤਕ ਪਾਰਟੀਆਂ ਦਾ ਕੰਮ ਤਾਂ ਭੀੜ ਇਕੱਠੀ ਕਰਨਾ ਹੁੰਦਾ ਹੈ, ਜਿਸ ਦਾ ਲਾਹਾ ਉਹ ਕਲਾਕਾਰਾਂ ਦੇ ਮਨੋਰੰਜਨ ਤੋਂ ਲੈਦੇ ਹਨ ਪਰ ਕਈ ਇਸ ਦਾਮਤਲਬ ਇਹ ਸਮਝ ਲੈਂਦੇ ਹਨ ਕਿ ਸ਼ਾਇਦ ਉਹ ਭੀੜ ਉਨ੍ਹਾਂ ਦੀ ਹੀ ਬਦੌਲਤ ਹੈ, ਜਿਸ ਕਾਰਨ ਉਹ ਆਪਣੇ ਕਿੱਤੇ ਨੂੰ ਛੱਡ ਰਾਜਸੀ ਲਾਹਾ ਲੈਣ ਬਾਰੇ ਸੋਚਣ ਲੱਗ ਜਾਂਦੇ ਹਨ। ਅੱਜ ਪੰਜਾਬ ਦੀ ਗੱਲ ਕਰੀਏ ਤਾਂ ਕਈ ਨਾਮਵਰ ਗਾਇਕ ਪਾਰਟੀਬਾਜ਼ੀ 'ਚ ਸ਼ਾਮਿਲ ਹੋ ਕੇ ਲੋਕਾਂ ਦੀ ਸੇਵਾ ਕਰਨ ਦੀ ਗੱਲ ਕਰ ਰਹੇ ਹਨ, ਪਰ ਕੀ ਸਾਹਿਤਕ ਗਤੀਵਿਧੀਆਂ, ਨਾਟਕਾਂ ਜਾਂ ਗੀਤ ਸੰਗੀਤ ਦੇ ਨਾਲ ਲੋਕਾਂ ਨੂੰ ਜਾਗਰੂਕ ਨਹੀਂ ਕੀਤਾ ਜਾ ਸਕਦਾ। ਪਰ ਜੇਕਰ ਕਲਾਕਾਰ ਮਨ ਬਣਾ ਕੇ ਸਿਆਸਤ ਵਿਚ ਆ ਹੀ ਜਾਂਦੇ ਹਨ ਤਾਂ ਇਕ ਪਾਰਟੀ ਨਾਲ ਰਹਿ ਕੇ ਆਪਣਾ ਵਜੂਦ ਕਾਇਮ ਰੱਖਣ ਨਾ ਕਿ ਅਹੁਦਿਆਂ ਦੀ ਲਾਲਸਾ ਪਿੱਛੇ ਲੋਕਾਂ ਦੇ ਵਿਚ ਆਪਣੇ ਵਿਸ਼ਵਾਸ ਤੇ ਵਜੂਦ ਨੂੰ ਵੀ ਖਤਮ ਕਰ ਲੈਣ।


-ਪਰਮਜੀਤ ਸਿੰਘ
ਵੀ.ਆਈ.ਪੀ. ਰੋਡ, ਸ੍ਰੀ ਅਨੰਦਪੁਰ ਸਾਹਿਬ।


ਪੰਜਾਬ ਦੀ ਵਿਰਾਸਤ
ਪੰਜਾਬ ਸਰਕਾਰ ਤੇ ਪੁਰਾਤਤਵ ਵਿਭਾਗ ਵੱਲੋਂ ਸਦੀਆਂ ਪੁਰਾਣੀਆਂ ਪੰਜਾਬ ਦੀਆਂ ਇਤਿਹਾਸਕ ਵਿਰਾਸਤਾਂ ਜੋ ਸਾਂਭ-ਸੰਭਾਲ ਖੁਣੋਂ ਖੰਡਰ ਬਣਦੀਆਂ ਜਾ ਰਹੀਆਂ ਹਨ ਜਾਂ ਬਹੁਤੀਆਂ ਖੰਡਰ ਬਣ ਚੁੱਕੀਆਂ ਹਨ, ਵਿਚ ਮੁੜ ਜਾਨ ਪਾਉਣ ਲਈ ਜੋ ਕਾਰਜ ਕੀਤੇ ਜਾ ਰਹੇ ਹਨ, ਉਹ ਬੇਹੱਦ ਸ਼ਲਾਘਾਯੋਗ ਹਨ। ਪੂਰੇ ਪੰਜਾਬ ਵਿਚ ਇਸ ਤਰ੍ਹਾਂ ਦੇ ਅਸਥਾਨਾਂ ਦੀ ਨਿਸ਼ਾਨਦੇਹੀ ਕਰਕੇ ਤੇ ਉਨ੍ਹਾਂ ਨੂੰ ਮੁੜ ਸੁਰਜੀਤ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਜੋ ਇਤਿਹਾਸ ਸੰਭਾਲਣ ਦਾ ਯਤਨ ਕੀਤਾ ਜਾ ਰਿਹਾ ਹੈ, ਵੱਡੇ ਉੱਦਮ ਤੋਂ ਘੱਟ ਨਹੀਂ ਹੈ। ਇਸ ਮਹਾਨ ਕਾਰਜ ਲਈ ਪੰਜਾਬ ਸਰਕਾਰ ਤੇ ਪੁਰਾਤਤਵ ਵਿਭਾਗ ਵਧਾਈ ਦੇ ਪਾਤਰ ਹਨ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਸੜਕ ਹਾਦਸੇ ਬਨਾਮ ਨਿਯਮ

ਰੋਜ਼ਾਨਾ ਹੀ ਸੜਕ ਹਾਦਸਿਆਂ ਦੌਰਾਨ ਕਈ ਘਰ ਉੱਜੜ ਰਹੇ ਹਨ। ਲੋਕ ਅਪਾਹਜ ਹੋ ਰਹੇ ਹਨ। ਇਨ੍ਹਾਂ ਸੜਕ ਹਾਦਸਿਆਂ ਦੇ ਕਈ ਕਾਰਨ ਹੋ ਸਕਦੇ ਹਨ ਪ੍ਰੰਤੂ ਜੇਕਰ ਅਸੀਂ ਸੜਕ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰੀਏ ਤਾਂ ਇਨ੍ਹਾਂ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ। ਸਾਨੂੰ ਇਕ-ਦੂਸਰੇ ਉਪਰ ਇਲਜ਼ਾਮ ਲਾਉਣ ਦੀ ਥਾਂ ਆਪਣੇ-ਆਪ ਨੂੰ ਦਰੁਸਤ ਕਰਨ ਦੀ ਲੋੜ ਹੈ। ਸਾਨੂੰ ਸੜਕ ਹਾਦਸਿਆਂ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ।


-ਬਿਕਰਮਜੀਤ ਸਿੰਘ ਬੱਲ
ਸਠਿਆਲਾ (ਅੰਮ੍ਰਿਤਸਰ)

 

25-04-2016

ਲੀਡਰਾਂ ਦੀ ਸੇਵਾਮੁਕਤੀ
ਮਸ਼ਹੂਰ ਅਖਾਣ ਹੈ ਕਿ ਇਕ ਤੰਦਰੁਸਤ ਸਰੀਰ ਵਿਚ ਇਕ ਤੰਦਰੁਸਤ ਮਨ ਹੁੰਦਾ ਹੈ। ਤੰਦਰੁਸਤ ਲੋਕ ਹੀ ਸਮਾਜ ਅਤੇ ਦੇਸ਼ ਦਾ ਕੁਝ ਸਵਾਰ ਸਕਦੇ ਹਨ। ਸਰਕਾਰੀ ਕਰਮਚਾਰੀਆਂ ਦੀ ਤੰਦਰੁਸਤੀ ਦਾ ਖਿਆਲ ਰੱਖ ਕੇ ਉਨ੍ਹਾਂ ਨੂੰ 58 ਸਾਲ ਉਮਰ ਪੁਗਣ ਉਤੇ ਸੇਵਾਮੁਕਤ ਕਰ ਦਿੱਤਾ ਜਾਂਦਾ ਹੈ। ਪ੍ਰੰਤੂ ਸਰਕਾਰੀ ਕਰਮਚਾਰੀਆਂ ਵਾਲੀ ਸਰਕਾਰ ਚਲਾਉਣ ਵਾਲੇ ਲੀਡਰਾਂ ਦੀ ਸੇਵਾਮੁਕਤੀ ਦੀ ਕੋਈ ਹੱਦ ਨੀਯਤ ਨਹੀਂ ਹੈ। ਇਸੇ ਲਈ ਉਹ ਅੱਸੀ ਜਾਂ ਨੱਬੇ ਸਾਲਾਂ ਦੀ ਉਮਰ ਵਿਚ ਜਿਊਂਦੇ ਰਹਿਣ ਤੱਕ ਗੱਦੀਆਂ ਦਾ ਤਿਆਗ ਨਹੀਂ ਕਰਦੇ। ਬੁਢਾਪਾ ਵਧਣ ਦੇ ਨਾਲ-ਨਾਲ ਲਾਲਚ ਵੀ ਵਧਦਾ ਜਾਂਦਾ ਹੈ। ਫਿਰ ਉਹ ਖਾਹਸ਼ ਪਾਲ ਬੈਠਦੇ ਹਨ ਕਿ ਉਹ ਆਖਰੀ ਸਾਹ ਲੈਣ ਤੋਂ ਪਹਿਲਾਂ ਆਪਣੇ ਪੁੱਤਰ ਨੂੰ ਪ੍ਰਧਾਨ ਮੰਤਰੀ, ਮੁੱਖ ਮੰਤਰੀ ਜਾਂ ਮੰਤਰੀ ਅਹੁਦਾ ਗ੍ਰਹਿਣ ਕਰਵਾ ਦੇਣ। ਉਹ ਭੁੱਲ ਜਾਂਦੇ ਹਨ ਕਿ ਦੇਸ਼ ਵਿਚ ਲੋਕ ਰਾਜ ਦੇ ਹੁੰਦਿਆਂ, ਮੰਤਰੀ ਦਾ ਪੁੱਤਰ ਮੰਤਰੀ ਬਣਾਉਣ ਨਾਲ ਮੁੜ ਤੋਂ ਰਜਵਾੜਾਸ਼ਾਹੀ ਦਾ ਦੌਰ ਸ਼ੁਰੂ ਹੋ ਸਕਦਾ ਹੈ।
ਸੋ, ਇਨਸਾਫ਼ ਦਾ ਤਕਾਜ਼ਾ ਇਹੀ ਹੈ ਕਿ 65 ਸਾਲਾਂ ਦੀ ਉਮਰ ਪੁੱਗਣ ਉਤੇ ਹਰੇਕ ਲੀਡਰ ਨੂੰ ਸਤਿਕਾਰ ਸਹਿਤ ਸੇਵਾਮੁਕਤ ਕਰਨ ਦਾ ਕਾਨੂੰਨ ਪਾਸ ਕਰ ਦਿੱਤਾ ਜਾਵੇ। ਅਜਿਹਾ ਕਾਨੂੰਨ ਦੇਸ਼ ਵਿਚ ਇਕ ਕੁਸ਼ਲ ਰਾਜ ਪ੍ਰਬੰਧ ਦੀ ਠੋਸ ਨੀਂਹ ਸਾਬਤ ਹੋਵੇਗਾ।

-ਇੰਜ: ਕੁਲਦੀਪ ਸਿੰਘ ਲੁੱਧਰ
ਗੁਰੂ ਨਾਨਕ ਵਾੜਾ, ਅੰਮ੍ਰਿਤਸਰ।

ਪਹਾੜੇ ਯਾਦ ਕਰਵਾਉਣਾ...
ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਬੱਚਿਆਂ ਨੂੰ ਪਹਾੜੇ ਯਾਦ ਕਰਨ ਦਾ ਟੀਚਾ ਦਿੱਤਾ ਜਾਂਦਾ ਹੈ। ਜਮਾਤ ਅਨੁਸਾਰ ਬੱਚਿਆਂ ਨੂੰ ਪਹਾੜੇ ਰਟਣ ਲਈ ਕਿਹਾ ਜਾਂਦਾ ਹੈ। ਚੌਥੀ ਅਤੇ ਪੰਜਵੀਂ ਜਮਾਤ ਨੂੰ 20 ਤੱਕ ਪਹਾੜੇ ਰਟਣ ਦਾ ਟੀਚਾ ਹੈ। ਜੇ ਬੱਚਾ ਟੈਸਟਿੰਗ ਦੌਰਾਨ ਤੋਤੇ ਵਾਂਗ ਪਹਾੜੇ ਬੋਲ ਜਾਏ ਤਾਂ ਉਸ ਦਾ ਟੀਚਾ ਪਾਰ ਹੋ ਜਾਂਦਾ ਹੈ, ਤੇ ਕਿਤੇ ਅਟਕ ਜਾਏ ਤਾਂ ਟੀਚਾ ਪਾਰ ਨਹੀਂ ਗਿਣਿਆ ਜਾਂਦਾ। ਇਹ ਹੈ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਸਚਾਈ। ਪਰ ਮੇਰਾ ਸਵਾਲ ਇਹ ਹੈ ਕਿ ਕੀ ਬੱਚਿਆਂ ਨੂੰ ਪਹਾੜੇ ਤੋਤੇ ਵਾਂਗ ਰਟਾਉਣਾ ਜ਼ਰੂਰੀ ਹੈ?
ਬੱਚਿਆਂ ਨੂੰ ਪਹਾੜੇ ਤੋਤੇ ਵਾਂਗ ਬੋਲਣੇ ਨਹੀਂ, ਖੁਦ ਆਪਣੇ-ਆਪ ਬਣਾਉਣੇ ਆਉਣੇ ਚਾਹੀਦੇ ਹਨ। ਬੱਚਿਆਂ ਨੇ ਇਨ੍ਹਾਂ ਪਹਾੜਿਆਂ ਦੀ ਵਰਤੋਂ ਅਸਲ ਜ਼ਿੰਦਗੀ ਵਿਚ ਕਿਵੇਂ ਕਰਨੀ ਹੈ, ਇਹ ਇਨ੍ਹਾਂ ਨੂੰ ਆਉਣਾ ਚਾਹੀਦਾ ਹੈ। ਜਦ ਬੱਚਿਆਂ ਨੂੰ ਪਹਾੜੇ ਬਣਾਉਣੇ ਆ ਗਏ, ਉਨ੍ਹਾਂ ਦੀ ਵਰਤੋਂ ਆ ਗਈ, ਫਿਰ ਉਹ ਪਹਾੜਿਆਂ ਦੀ ਵਰਤੋਂ ਕਰਦੇ-ਕਰਦੇ, ਜਿੰਨੀ ਕੁ ਉਸ ਨੂੰ ਜ਼ਰੂਰਤ ਹੋਵੇਗੀ, ਉਨੇ ਕੁ ਪਹਾੜੇ ਉਸ ਨੂੰ ਆਪਣੇ-ਆਪ ਹੀ ਆ ਜਾਵਣਗੇ।
ਮੈਨੂੰ ਇਕ ਗੱਲ ਸਮਝ ਨਹੀਂ ਆਉਂਦੀ ਕਿ ਅੱਜ ਵੀ ਆਪਾਂ ਬੱਚਿਆਂ ਨੂੰ ਇਕ ਕਲੈਰੀਕਲ ਪੜ੍ਹਾਈ ਹੀ ਕਿਉਂ ਦਿੰਦੇ ਹਾਂ। ਉਸ ਤੋਂ ਪਹਾੜੇ ਰਟਾਉਣੇ, ਨਾਂਅ ਅਤੇ ਮਿਤੀਆਂ ਰਟਾਉਣੀਆਂ, ਇਹ ਸਭ ਚੀਜ਼ਾਂ ਮਹਾਂਮੂਰਖ ਤੋਤੇ ਹੀ ਪੈਦਾ ਕਰਨਗੀਆਂ, ਇਨਸਾਨ ਨਹੀਂ। ਅੰਗਰੇਜ਼ਾਂ ਨੇ ਕਲੈਰੀਕਲ ਸਿੱਖਿਆ ਭਾਰਤ ਵਿਚ ਸ਼ੁਰੂ ਕੀਤੀ ਸੀ, ਕਿਉਂਕਿ ਉਨ੍ਹਾਂ ਨੂੰ ਆਪਣੇ ਲਈ ਕਲਰਕ ਚਾਹੀਦੇ ਸਨ, ਉਹੀ ਸਿੱਖਿਆ ਅੱਜ ਵੀ ਚੱਲ ਰਹੀ ਹੈ। ਭਾਵੇਂ ਲੱਖਾਂ ਸੁਧਾਰ ਸਿੱਖਿਆ ਵਿਚ ਕੀਤੇ ਜਾ ਰਹੇ ਹਨ, ਪਰ ਅੱਜ ਵੀ ਸਿੱਖਿਆ ਦੇ ਮੁੱਢ ਵਿਚ ਕਲੈਰੀਕਲ ਸਿੱਖਿਆ ਦਾ ਅਕਸ ਦਿਖਦਾ ਹੈ।

-ਅਮਨਪ੍ਰੀਤ ਸਿੰਘ
ਵਟਸਅੱਪ : 094655-54088.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX