ਤਾਜਾ ਖ਼ਬਰਾਂ


ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 17 ਦੌੜਾਂ ਨਾਲ ਹਰਾਇਆ
. . .  1 day ago
ਲੜਕੀ ਨੂੰ ਅਗਵਾ ਕਰ ਸਾੜ ਕੇ ਮਾਰਿਆ, ਪੁਲਿਸ ਵੱਲੋਂ 2 ਲੜਕੇ ਕਾਬੂ
. . .  1 day ago
ਸ਼ੁਤਰਾਣਾ, 24 ਅਪ੍ਰੈਲ (ਬਲਦੇਵ ਸਿੰਘ ਮਹਿਰੋਕ)-ਪਟਿਆਲਾ ਜ਼ਿਲ੍ਹੇ ਦੇ ਪਿੰਡ ਗੁਲਾਹੜ ਵਿਖੇ ਇਕ ਨਾਬਾਲਗ ਲੜਕੀ ਨੂੰ ਪਿੰਡ ਦੇ ਹੀ ਕੁੱਝ ਲੜਕਿਆਂ ਵੱਲੋਂ ਅਗਵਾ ਕਰਕੇ ਉਸ ਨੂੰ ਅੱਗ ਲਗਾ ਕੇ ਸਾੜ ਕੇ ਮਾਰ ਦਿੱਤਾ ਗਿਆ ਹੈ। ਪੁਲਿਸ ...
ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 203 ਦੌੜਾਂ ਦਾ ਦਿੱਤਾ ਟੀਚਾ
. . .  1 day ago
29 ਨੂੰ ਕਰਵਾਉਣਗੇ ਕੈਪਟਨ ਸ਼ੇਰ ਸਿੰਘ ਘੁਬਾਇਆ ਦੇ ਕਾਗ਼ਜ਼ ਦਾਖਲ
. . .  1 day ago
ਜਲਾਲਾਬਾਦ ,24 ਅਪ੍ਰੈਲ (ਹਰਪ੍ਰੀਤ ਸਿੰਘ ਪਰੂਥੀ ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਨਾਮਜ਼ਦਗੀ ਪੱਤਰ ਭਰਵਾਉਣ ਲਈ ਮੁੱਖ ਮੰਤਰੀ ਕੈਪਟਨ ...
ਆਈ.ਪੀ.ਐਲ 2019 : ਟਾਸ ਜਿੱਤ ਕੇ ਪੰਜਾਬ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕਾਰ ਵੱਲੋਂ ਟੱਕਰ ਮਾਰੇ ਜਾਣ ਕਾਰਨ ਐਕਟਿਵਾ ਸਵਾਰ ਲੜਕੀ ਦੀ ਮੌਤ
. . .  1 day ago
ਗੜ੍ਹਸ਼ੰਕਰ, 24 ਅਪ੍ਰੈਲ (ਧਾਲੀਵਾਲ) - ਗੜੰਸ਼ਕਰ-ਹੁਸ਼ਿਆਰਪੁਰ ਰੋਡ 'ਤੇ ਪਿੰਡ ਖਾਬੜਾ ਮੋੜ 'ਤੇ ਇੱਕ ਕਾਰ ਵੱਲੋਂ ਐਕਟਿਵਾ ਤੇ ਬੁਲਟ ਨੂੰ ਟੱਕਰ ਮਾਰੇ ਜਾਣ 'ਤੇ ਐਕਟਿਵਾ ਸਵਾਰ...
ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ 'ਤੇ ਰੋਕ ਹਟਾਈ
. . .  1 day ago
ਚੇਨਈ, 24 ਅਪ੍ਰੈਲ - ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ ਵੀਡੀਓ ਐਪ 'ਤੇ ਲੱਗੀ ਰੋਕ ਹਟਾ ਦਿੱਤੀ...
ਅੱਗ ਨਾਲ 100 ਤੋਂ 150 ਏਕੜ ਕਣਕ ਸੜ ਕੇ ਸੁਆਹ
. . .  1 day ago
ਗੁਰੂਹਰਸਹਾਏ, ੨੪ ਅਪ੍ਰੈਲ - ਨੇੜਲੇ ਪਿੰਡ ਸਰੂਪੇ ਵਾਲਾ ਵਿਖੇ ਤੇਜ ਹਵਾਵਾਂ ਦੇ ਚੱਲਦਿਆਂ ਬਿਜਲੀ ਦੀਆਂ ਤਾਰਾਂ ਸਪਾਰਕ ਹੋਣ ਕਾਰਨ ਲੱਗੀ ਅੱਗ ਵਿਚ 100 ਤੋਂ 150 ਏਕੜ ਕਣਕ...
ਜ਼ਬਰਦਸਤ ਹਨੇਰੀ ਤੂਫ਼ਾਨ ਨੇ ਕਿਸਾਨਾਂ ਨੂੰ ਪਾਇਆ ਚਿੰਤਾ 'ਚ
. . .  1 day ago
ਬੰਗਾ, 24 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਵੱਖ ਵੱਖ ਇਲਾਕਿਆਂ 'ਚ ਚੱਲ ਰਹੀ ਤੇਜ ਹਨੇਰੀ ਅਤੇ ਝਖੜ ਨੇ ਕਿਸਾਨਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਹਨੇਰੀ ਕਾਰਨ ਆਵਾਜ਼ਾਈ...
ਸੁਖਬੀਰ ਬਾਦਲ 26 ਨੂੰ ਦਾਖਲ ਕਰਨਗੇ ਨਾਮਜ਼ਦਗੀ
. . .  1 day ago
ਮਮਦੋਟ 24 ਅਪ੍ਰੈਲ (ਸੁਖਦੇਵ ਸਿੰਘ ਸੰਗਮ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ 26 ਅਪ੍ਰੈਲ ਨੂੰ ਆਪਣੇ ਨਾਮਜ਼ਦਗੀ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 28 ਸਾਉਣ ਸੰਮਤ 548
ਵਿਚਾਰ ਪ੍ਰਵਾਹ: ਸਾਰੀਆਂ ਸਰਕਾਰਾਂ ਦਾ ਉਦੇਸ਼ ਸਮਾਜ ਦਾ ਸੁੱਖ ਹੋਣਾ ਚਾਹੀਦਾ ਹੈ। -ਜਾਰਜ ਵਾਸ਼ਿੰਗਟਨ

ਕਿਤਾਬਾਂ

7-08-2016

 ਜਿਨਾਹ ਬਨਾਮ ਗਾਂਧੀ
ਮੂਲ ਅੰਗਰੇਜ਼ੀ : ਰੌਡਰਿਕ ਮੈਥਿਊਜ਼
ਪੰਜਾਬੀ ਰੂਪ: ਗੁਰਨਾਮ ਕੰਵਰ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 295 ਰੁਪਏ, ਸਫ਼ੇ : 384
ਸੰਪਰਕ : 0172-4608699
.

ਪਾਕਿਸਤਾਨੀ/ਭਾਰਤੀ ਇਤਿਹਾਸ ਨਾਲ ਸਬੰਧਤ ਜਿਨਾਹ ਤੇ ਗਾਂਧੀ ਬਾਰੇ ਇਹ ਕਿਤਾਬ ਇਨ੍ਹਾਂ ਦੇਸ਼ਾਂ ਨਾਲ ਕਿਸੇ ਵੀ ਤਰ੍ਹਾਂ ਜੁੜੇ ਹਰ ਬੰਦੇ ਦੇ ਪੜ੍ਹਨ ਵਾਲੀ ਹੈ। ਵਧੀਆ ਕਿਤਾਬ ਦਾ ਇਸ ਤੋਂ ਵਧੀਆ ਅਨੁਵਾਦ ਸ਼ਾਇਦ ਨਾ ਹੋ ਸਕੇ। ਬੜੀਆਂ ਭ੍ਰਾਂਤੀਆਂ ਤੋੜਦੀ ਹੈ ਕਿਤਾਬ। ਜਿਨਾਹ ਬਾਰੇ ਨਫ਼ਰਤ ਤੇ ਜ਼ਹਿਰ ਉਗਲਣ ਵਾਲੀ ਸੌੜੀ ਮਾਨਸਿਕਤਾ ਵਾਲੀ ਆਰ.ਐਸ.ਐਸ. ਤੇ ਬੀ.ਜੇ.ਪੀ. ਨੇ ਇਸ ਕਿਤਾਬ ਵਰਗੀਆਂ ਕੁਝ ਭਾਵਨਾਵਾਂ ਪ੍ਰਗਟ ਕਰਨ ਪਿੱਛੇ ਸੀਨੀਅਰ ਆਗੂ ਜਸਵੰਤ ਸਿੰਘ ਨੂੰ ਪਾਰਟੀ ਵਿਚੋਂ ਹੀ ਕੱਢ ਦਿੱਤਾ ਸੀ। ਉਂਜ ਘੱਟ ਉਨ੍ਹਾਂ ਨਹਿਰੂ, ਗਾਂਧੀ ਤੇ ਕਾਂਗਰਸ ਨਾਲ ਵੀ ਨਹੀਂ ਕੀਤੀ।
ਇਹ ਕਿਤਾਬ ਦੱਸਦੀ ਹੈ ਕਿ ਜਿਨਾਹ ਤੇ ਗਾਂਧੀ ਦੋਵੇਂ ਗੁਜਰਾਤੀ ਸਨ। ਦੋਵੇਂ ਵਕੀਲ। ਦੋਵੇਂ ਦੇਸ਼ ਭਗਤ, ਉਦਾਰ ਕਾਂਗਰਸੀ। ਗੋਖਲੇ ਦੇ ਸ਼ਰਧਾਲੂ। ਦੇਸ਼ ਵੰਡ ਤੋਂ ਪਹਿਲਾਂ ਹੀ ਦੋਵੇਂ ਹੌਲੀ-ਹੌਲੀ ਆਪਣੇ ਦੇਸ਼ਾਂ ਵਿਚ ਅਲੱਗ-ਥਲੱਗ ਹੋਣ ਲੱਗੇ ਸਨ। ਆਜ਼ਾਦੀ ਤੋਂ ਛੇਤੀ ਪਿੱਛੋਂ ਜਿਨਾਹ ਥੱਕਿਆ ਹੋਇਆ ਕਮਜ਼ੋਰ ਤੇ ਬਿਮਾਰ ਲੱਗਣ ਲੱਗਾ। ਉਹ ਕੁਦਰਤੀ ਮੌਤੇ ਮਰ ਗਿਆ। ਗਾਂਧੀ ਨੂੰ ਸੰਕੀਰਨ ਹਿੰਦੂ ਸੋਚ ਵਾਲੇ ਗੌਡਸੇ ਨੇ ਕਤਲ ਕਰ ਦਿੱਤਾ। ਜਿਨਾਹ 'ਕਾਇਦੇ ਆਜ਼ਮ' ਹੋ ਗਿਆ ਤੇ ਗਾਂਧੀ 'ਬਾਪੂ'। ਦੋਵਾਂ ਦੇਸ਼ਾਂ ਦੇ ਸਿਆਸਤਦਾਨਾਂ ਨੇ ਉਨ੍ਹਾਂ ਦੇ ਸਿਧਾਂਤਾਂ/ਆਦਰਸ਼ਾਂ ਉੱਤੇ ਪਹਿਰਾ ਘੱਟ ਦਿੱਤਾ। ਉਨ੍ਹਾਂ ਦੇ ਨਾਂਅ ਉੱਤੇ ਸਿਆਸਤ ਖੂਬ ਕੀਤੀ। ਗਾਂਧੀ ਦੇ ਕਾਤਲ ਅੱਜਕਲ੍ਹ ਵਡਿਆਏ ਜਾ ਰਹੇ ਹਨ। ਨਾਇਕ ਬਣ ਰਹੇ ਹਨ। ਬਹੁਤ ਘੱਟ ਲੋਕ ਜਾਣਦੇ ਹਨ ਕਿ ਗੋਖਲੇ, ਗਾਂਧੀ, ਆਜ਼ਾਦੀ, ਆਦਿ ਭਾਰਤੀ ਕਾਂਗਰਸੀ ਨੇਤਾ ਜਿਨਾਹ ਦੀ ਉਦਾਰ, ਉਸਾਰੂ, ਧਰਮ-ਨਿਰਪੇਖ ਸੋਚ ਦੇ ਪ੍ਰਸੰਸਕ ਸਨ। 1920 ਦੇ ਨੇੜੇ-ਤੇੜੇ ਜਿਨਾਹ ਮੁਸਲਿਮ ਵਰਗ ਦੇ ਹੱਕਾਂ ਲਈ ਸੁਚੇਤ ਰੂਪ ਵਿਚ ਸਰਗਰਮ ਹੋਇਆ ਤੇ ਦੇਰ ਤੱਕ ਭਾਰਤ ਦੀ ਇਕ ਢਿੱਲੀ-ਢਾਲੀ ਫੈਡਰਲ ਸਰਕਾਰ ਵਿਚ ਹੀ ਪਾਕਿਸਤਾਨ ਲਈ ਵੀ ਸਹਿਮਤ ਰਿਹਾ। ਉਸ ਦੀ ਇੱਛਾ ਮੁਸਲਿਮ ਘੱਟ-ਗਿਣਤੀ ਨੂੰ ਬਹੁਗਿਣਤੀ ਹਿੰਦੂਆਂ ਦੀ ਸੰਭਵ ਜ਼ਿਆਦਤੀ ਤੋਂ ਬਚਾਉਣਾ ਸੀ। ਮਾਊਂਟ ਬੈਟਨ ਉਸ ਨਾਲ ਸਹਿਮਤ ਨਾ ਹੋਇਆ। ਗਾਂਧੀ ਵੀ ਸਹਿਮਤ ਸੀ। ਬਾਕੀ ਕਾਂਗਰਸ ਸਹਿਮਤ ਨਹੀਂ ਸੀ। ਗੱਲ ਦੇਸ਼ ਵੰਡ ਤੱਕ ਜਾ ਪਹੁੰਚੀ। ਵੰਡ ਸਮੇਂ ਵੀ ਉਹ ਆਪਣੇ ਨਵੇਂ ਦੇਸ਼ ਨੂੰ ਧਰਮ-ਨਿਰਪੱਖ ਉਦਾਰ ਦੇਸ਼ ਬਣਾਉਣ ਲਈ ਵਚਨਬੱਧ ਦਿੱਸਦਾ ਹੈ। ਜਿਨਾਹ ਤੇ ਗਾਂਧੀ ਦੋਵਾਂ ਨਾਲ ਇਨਸਾਫ਼ ਕਰਦਾ ਹੈ ਲੇਖਕ।

ਫ ਫ ਫ

ਸੰਵਾਦ ਅੰਕ-3
ਮੁੱਖ ਸੰਪਾਦਕ ਤੇ ਸਰਪ੍ਰਸਤ :
ਪ੍ਰਿੰ: ਮਹਿਲ ਸਿੰਘ
ਪ੍ਰਕਾਸ਼ਕ : ਖਾਲਸਾ ਕਾਲਜ, ਅੰਮ੍ਰਿਤਸਰ
ਮੁੱਲ : 125 ਰੁਪਏ, ਸਫ਼ੇ : 208

1892 ਵਿਚ ਸਥਾਪਤ ਖਾਲਸਾ ਕਾਲਜ, ਅੰਮ੍ਰਿਤਸਰ ਵੱਡੇ ਇਤਿਹਾਸ, ਵੱਡੀਆਂ ਪ੍ਰਾਪਤੀਆਂ ਤੇ ਪਰੰਪਰਾਵਾਂ ਦਾ ਮਾਲਕ ਹੈ। ਪੰਜਾਬੀ ਦੀ ਐਮ.ਏ. ਦੀ ਸ਼ੁਰੂਆਤ ਪੰਜਾਬ ਵਿਚ ਇਸੇ ਕਾਲਜ ਦੇ ਕੈਂਪਸ ਤੋਂ ਹੋਈ। ਕਾਲਜ ਦੀ ਵਾਗਡੋਰ ਇਸ ਸਮੇਂ ਪੰਜਾਬੀ ਦੇ ਹੀ ਵਿਦਵਾਨ ਅਧਿਆਪਕ ਪ੍ਰੋ: ਮਹਿਲ ਸਿੰਘ ਕੋਲ ਹੈ। ਉਸ ਨੇ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਇਕ ਰਿਸਰਚ ਜਰਨਲ ਪ੍ਰਕਾਸ਼ਿਤ ਕਰਨ ਦਾ ਉੱਦਮ ਸ਼ੁਰੂ ਕੀਤਾ ਹੈ। ਆਮ ਕਰਕੇ ਅਜਿਹੇ ਜਰਨਲ ਯੂਨੀਵਰਸਿਟੀਆਂ ਕੱਢਦੀਆਂ ਹਨ। ਖਾਲਸਾ ਕਾਲਜ ਦਾ ਇਹ ਉਪਰਾਲਾ ਉਚੇਰੀ ਸਿੱਖਿਆ ਤੇ ਖੋਜ ਦੇ ਖੇਤਰ ਵਿਚ ਸਵਾਗਤਯੋਗ ਕਦਮ ਹੈ। ਜਰਨਲ ਵਿਚ ਪ੍ਰਕਾਸ਼ਿਤ ਸਮੱਗਰੀ, ਸੰਪਾਦਨ ਤੇ ਵਿਉਂਤ ਇਸ ਨੂੰ ਨਿਸਚੇ ਹੀ ਪ੍ਰਸੰਸਾ ਦਾ ਹੱਕਦਾਰ ਬਣਾਉਂਦੇ ਹਨ।
ਸੰਪਾਦਕ ਦੇ ਨਾਲ ਕਾਲਜ ਦੀ ਤਜਰਬਾਕਾਰ ਅਧਿਆਪਕਾਂ ਦੀ ਟੀਮ ਹੈ। ਖੋਜ ਜਰਨਲ ਵਿਚ ਇਨ੍ਹਾਂ ਅਧਿਆਪਕਾਂ ਤੋਂ ਇਲਾਵਾ ਪੰਜਾਬ ਦੇ ਹੋਰ ਕਾਲਜਾਂ, ਯੂਨੀਵਰਸਿਟੀਆਂ ਦੇ ਖੋਜ ਪੱਤਰ ਹਨ। ਨਵੀਂ ਤੇ ਪੁਰਾਣੀ ਪੀੜ੍ਹੀ ਵਿਚ ਸਚਮੁੱਚ ਸੰਵਾਦ ਜਾਰੀ ਰੱਖਣ ਲਈ ਸੰਪਾਦਕਾਂ ਨੇ ਪੁਰਾਣੀ ਪੀੜ੍ਹੀ ਦੇ ਸੀਨੀਅਰ ਲੇਖਕਾਂ ਦੀਆਂ ਰਚਨਾਵਾਂ ਨੂੰ ਬਾਕਾਇਦਾ ਪ੍ਰਕਾਸ਼ਿਤ ਕਰਨ ਦੀ ਰੀਤ ਤੋਰੀ ਹੈ। ਇਸ ਅੰਕ ਦਾ ਆਰੰਭਕ ਨਿਬੰਧ ਮਰਹੂਮ ਡਾ: ਰਵਿੰਦਰ ਰਵੀ ਦਾ ਹੈ। ਇਸ ਉਪਰੰਤ ਡਾ: ਧਰਮ ਸਿੰਘ, ਡਾ: ਸੁਰਿੰਦਰ ਦਵੇਸ਼ਵਰ ਤੇ ਡਾ: ਪਰਮਜੀਤ ਸਿੰਘ ਢੀਂਗਰਾ ਦੇ ਵਿਭਿੰਨ ਵਿਸ਼ਿਆਂ ਉੱਤੇ ਖੋਜ ਪੱਤਰ ਹਨ। ਨਵੇਂ/ਪੁਰਾਣੇ ਲੇਖਕਾਂ ਦਾ ਫੋਕਸ ਖੋਜ ਪ੍ਰਬੰਧ ਲੇਖਣ ਦੇ ਵਿਭਿੰਨ ਸਰੋਕਾਰ ਹਨ ਤੇ ਜਾਂ ਸਾਹਿਤ ਆਲੋਚਨਾ ਦੀਆਂ ਨਵੀਆਂ ਵਿਧੀਆਂ। ਉਪਰੋਕਤ ਦੋਵੇਂ ਬਿੰਦੂ ਸਾਰਥਕ ਸੰਵਾਦ ਛੇੜ ਕੇ ਪੰਜਾਬੀ ਅਧਿਐਨ ਅਧਿਆਪਨ ਨੂੰ ਅਮੀਰ ਬਣਾਉਣ ਦੀ ਸੰਭਾਵਨਾ ਵਾਲੇ ਹਨ। ਡਾ: ਆਤਮ ਰੰਧਾਵਾ (ਉਤਰ ਸੰਰਚਨਾਵਾਦੀ ਵਿਧੀ), ਡਾ: ਪਰਮਿੰਦਰ ਸਿੰਘ (ਨਾਰੀਵਾਦੀ ਪੜ੍ਹਤ), ਡਾ: ਕੁਲਦੀਪ ਸਿੰਘ ਢਿੱਲੋਂ (ਅਸਤਿੱਤਵਵਾਦੀ ਵਿਧੀ), ਡਾ: ਪਰਦੀਪ ਕੌਰ (ਮਿੱਥ ਵਿਗਿਆਨਕ ਵਿਧੀ), ਡਾ: ਜਸਬੀਰ ਸਿੰਘ (ਥੀਮ ਵਿਗਿਆਨਕ ਵਿਧੀ), ਡਾ: ਮੰਗਤ ਰਾਮ (ਸ਼ੈਲੀ ਵਿਗਿਆਨਕ ਵਿਧੀ), ਪਲਵਿੰਦਰ ਕੌਰ (ਉਤਰ ਬਸਤੀਵਾਦੀ ਪੱਧਤੀ) ਤੇ ਡਾ: ਮਨਜਿੰਦਰ ਸਿੰਘ (ਅਰਥ ਵਿਗਿਆਨਕ ਸਿਧਾਂਤ) ਖਾਸੀਆਂ ਨਵੀਆਂ ਅੰਤਰ-ਦ੍ਰਿਸ਼ਟੀਆਂ ਪੇਸ਼ ਕਰ ਰਹੇ ਹਨ। ਸੰਪਾਦਕੀ ਟੀਮ ਇਸ ਕਾਰਜ ਨੂੰ ਮਿਆਰੀ ਰੂਪ ਵਿਚ ਨੇਪਰੇ ਚਾੜ੍ਹਨ ਲਈ ਮੁਬਾਰਕ ਦੀ ਹੱਕਦਾਰ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਵੇਦਨ ਕਹੀਏ ਕਿਸ?
ਲੇਖਕ : ਡਾ: ਗੁਰਬਚਨ ਸਿੰਘ ਰਾਹੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 150 ਰੁਪਏ, ਸਫ਼ੇ :96
ਸੰਪਰਕ : 98780-36188
.

ਡਾ: ਗੁਰਬਚਨ ਸਿੰਘ ਰਾਹੀ ਬਹੁਪੱਖੀ ਪ੍ਰਤਿਭਾ ਤੇ ਸ਼ਖ਼ਸੀਅਤ ਦਾ ਮਾਲਕ ਹੈ। ਹਥਲਾ ਕਾਵਿ-ਸੰਗ੍ਰਹਿ 'ਵੇਦਨ ਕਹੀਏ ਕਿਸ' ਉਸ ਦਾ ਅੱਠਵਾਂ ਸੰਗ੍ਰਹਿ ਹੈ, ਜਿਸ ਵਿਚ ਕਵਿਤਾਵਾਂ, ਟੱਪੇ, ਮਿੰਨੀ ਕਵਿਤਾਵਾਂ, ਚੌਬਰਗੇ, ਗ਼ਜ਼ਲਾਂ ਤੇ ਸ਼ਿਅਰ ਸ਼ਾਮਿਲ ਹਨ। ਇਨ੍ਹਾਂ ਵੱਖ-ਵੱਖ ਰੂਪਾਂ ਵਿਚ ਸਮਾਜਿਕ, ਰਾਜਨੀਤਕ ਤੇ ਧਾਰਮਿਕ ਵਿਸ਼ਿਆਂ ਨੂੰ ਉਭਾਰਨ ਦਾ ਸੁਚੱਜਾ ਉਪਰਾਲਾ ਕੀਤਾ ਹੈ।
ਲੇਖਕ ਅਗਾਂਹਵਧੂ ਸੋਚ ਤੇ ਵਿਚਾਰਧਾਰਾ ਦਾ ਹਾਮੀ ਹੋਣ ਕਾਰਨ ਵਿਅਕਤੀਵਾਦੀ ਵਿਕਾਸ ਤੋਂ ਉਤਾਂਹ ਉਠ ਕੇ ਸਮੁੱਚੇ ਮਾਨਵ, ਸਮਾਜ ਤੇ ਵਿਸ਼ਵ ਦੇ ਵਿਕਾਸ ਵੱਲ ਰੁਚਿਤ ਹੈ। ਉਸ ਦੀ ਚਾਹਤ ਹੈ ਕਿ ਮਨੁੱਖ ਪਦਾਰਥਵਾਦੀ ਸੌੜੀ ਸੋਚ ਤੋਂ ਉੱਪਰ ਉੱਠ ਕੇ ਸਿਹਤਮੰਦ ਕਦਰਾਂ-ਕੀਮਤਾਂ ਦਾ ਧਾਰਨੀ ਬਣੇ ਅਤੇ ਸਾਡੇ ਮਹਾਂਪੁਰਖਾਂ ਦੀਆਂ ਪਾਈਆਂ ਉੱਚ ਪਾਏ ਦੀਆਂ ਕੀਮਤਾਂ ਸਾਡੇ ਜੀਵਨ ਦਾ ਅੰਗ ਬਣਨ। ਉਹ ਜਦੋਂ ਲਿਖਦਾ ਹੈ :
ਜ਼ਿੰਦਗੀ ਦੀ ਖਾਮੋਸ਼ੀ ਨੂੰ ਤੋੜ
ਨਵਾਂ ਤਰਨਾ ਗਾ
ਪ੍ਰਭਾਤ ਦੀ ਉਡੀਕ ਕਰ
ਦਿਨਕਰ ਦਾ ਸਾਥ ਨਿਭਾਅ।
ਤਾਂ ਉਸ ਦੀ ਉਸਾਰੂ ਸੋਚ ਉੱਭਰ ਕੇ ਸਾਹਮਣੇ ਆਉਂਦੀ ਹੈ। ਆਸ਼ਾਵਾਦੀ ਨਜ਼ਰੀਏ ਦੀਆਂ ਪ੍ਰਤੀਕ ਕਵਿਤਾਵਾਂ ਹਨਂਐ ਹਰਿਮੰਦਰ, ਪ੍ਰਭਾਤ ਦੀ ਉਡੀਕ ਕਰ, ਉਹ ਜੀਣਾ ਚਾਹੁੰਦੀ ਸੀ, ਜ਼ਿੰਦਗੀ ਤੇ ਮੇਰਾ ਵਿਰਸਾ ਅਮੀਰ ਆਦਿ। ਮਿੰਨੀ ਕਵਿਤਾਵਾਂ ਵਿਚ ਬੁਢਾਪਾ, ਕਿਰਤੀ, ਵਿਸ਼ਵਾਸ, ਗਰੀਬੀ, ਰਾਜਸੀ ਚਾਲਾਂ, ਦੇਸ਼ ਦੀ ਗੁਰਬਤ ਤੇ ਮਜ਼ਦੂਰ, ਮਾਪੇ ਰੁਲਦੇ ਬਿਰਧ-ਆਸ਼ਰਮਾਂ ਵਿਚ, ਧਾਰਮਿਕ ਏਕਤਾ, ਆਦਿਕ ਵਿਸ਼ੇ ਪੇਸ਼ ਕਰਕੇ ਸਮਾਜਿਕ ਬੁਰਾਈਆਂ ਉੱਤੇ ਵਿਅੰਗ ਵੀ ਕੀਤਾ ਹੈ। ਚੌਬਰਗੇ ਤੇ ਗ਼ਜ਼ਲਾਂ ਵਿਚ ਬਿਰਹਾ, ਦਰਦ, ਵਿਛੋੜਾ, ਪਿਆਰ, ਮਿਲਾਪ ਤੇ ਰਾਮ-ਰਾਜ ਆਦਿ ਵਿਸ਼ੇ ਉਲੀਕੇ ਗਏ ਹਨ। ਵਿਅੰਗ ਦਾ ਇਕ ਰੂਪ ਵੇਖੋਂ
ਸੁਣਿਆ ਸੀ ਆਪਣੇ ਦੇਸ਼ ਵਿਚ ਆਏਗਾ ਰਾਮ-ਰਾਜ।
ਸੰਵਰਨਗੇ ਸਾਰੇ ਲੋਕਾਂ ਦੇ ਵਿਗੜੇ ਹੋਏ ਕੰਮ-ਕਾਜ।
ਲੇਖਕ ਨੇ ਕਵਿਤਾਵਾਂ, ਗ਼ਜ਼ਲਾਂ ਵਿਚ ਤੋਲ ਤੁਕਾਂਤ ਨੂੰ ਕਾਇਮ ਵੀ ਰੱਖਿਆ ਹੈ ਪਰ ਕਿਧਰੇ-ਕਿਧਰੇ ਖੁੱਲ੍ਹ ਵੀ ਲੈ ਲਈ ਹੈ ਪਰ ਉਸ ਦਾ ਮਕਸਦ ਆਪਣੀ ਵਿਸ਼ਾਲ ਸੋਚ ਨੂੰ ਪਾਠਕਾਂ ਤੱਕ ਪੁੱਜਦਾ ਕਰਨਾ ਹੈ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਪਾਣੀ ਦੇ ਰੰਗ
ਲੇਖਕ : ਡਾ: ਡੇਵਿਡ ਤੇਜਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ (ਪਟਿਆਲਾ)
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 81466-02218.

'ਕੌੜੇ ਨਾਰੀਅਲ' ਤੋਂ ਬਾਅਦ 'ਪਾਣੀ ਦੇ ਰੰਗ' ਡਾ: ਡੇਵਿਡ ਤੇਜਾ ਦਾ ਦੂਸਰਾ ਕਹਾਣੀ-ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਕੁੱਲ 21 ਕਹਾਣੀਆਂ ਸ਼ਾਮਿਲ ਕੀਤੀਆਂ ਹਨ।
'ਪਾਣੀ ਦੇ ਰੰਗ' ਕਹਾਣੀ ਨੂੰ ਛੱਡ ਕੇ ਬਾਕੀ ਸਾਰੀਆਂ ਕਹਾਣੀਆਂ ਮਰਦ-ਔਰਤ ਦੇ ਆਪਸੀ ਸਬੰਧਾਂ ਦੀਆਂ ਕਹਾਣੀਆਂ ਹਨ। 'ਪਾਣੀ ਦੇ ਰੰਗ' ਕਹਾਣੀਆਂ ਇਸ ਦਾਰਸ਼ਨਿਕ ਆਧਾਰ 'ਤੇ ਖਲੋਤੀ ਹੈ ਕਿ ਪਾਣੀ ਨੂੰ ਕਿਵੇਂ ਹੋਰ ਪਾਣੀ ਵਿਚ ਮਿਲਾ ਦੇਈਏ ਤਾਂ ਦੋਵੇਂ ਇਕੋ ਰੰਗ ਦੇ ਹੋ ਜਾਂਦੇ ਹਨ ਤੇ ਜੇ ਪਾਣੀ ਨੂੰ ਕਿਸੇ ਹੋਰ ਰੰਗਦਾਰ ਪਾਣੀ ਵਿਚ ਮਿਲਾ ਦੇਈਏ ਤਾਂ ਉਸ ਦਾ ਰੰਗ ਵੀ ਉਸ ਪਾਣੀ ਜਿਹਾ ਹੀ ਹੋ ਜਾਂਦਾ ਹੈ ਪਰ ਮਨੁੱਖ ਆਪਸ ਵਿਚ ਲੜਦੇ ਤੇ ਮਾਰੋ-ਮਾਰ ਕਰਦੇ ਰਹਿੰਦੇ ਹਨ, ਕਦੀ ਇਕ-ਦੂਸਰੇ ਨਾਲ ਮਿਲ ਕੇ ਨਹੀਂ ਰਹਿੰਦੇ।
ਇਹ ਕਹਾਣੀਆਂ ਔਰਤ-ਮਰਦ ਦੇ ਸਬੰਧਾਂ ਦੀਆਂ ਕਹਾਣੀਆਂ ਹਨ। ਹਰੇਕ ਕਹਾਣੀ ਕਿਸੇ ਨਾ ਕਿਸੇ ਅਹਿਸਾਸ ਨੂੰ ਪੇਸ਼ ਕਰਦੀ ਹੈ। ਵਿਰਹੋਂ, ਮਿਲਾਪ, ਇਕ ਦੂਸਰੇ ਦੀ ਸਮਝ, ਕੁਰਬਾਨੀ ਤੇ ਜਜ਼ਬਿਆਂ ਨੂੰ ਹੀ ਕਹਾਣੀ ਦੀ ਬੁਣਤੀ ਵਿਚ ਪੇਸ਼ ਕੀਤਾ ਗਿਆ ਹੈ। 'ਕਦੇ ਪੱਥਰ ਵੀ ਹੱਸਦੇ ਨੇ' ਦੀ ਸਵਪਨਾ ਨੂੰ ਕੁੜੀ ਦੇ ਰੂਪ ਵਿਚ ਪੱਥਰ ਹੀ ਸਮਝਿਆ ਗਿਆ ਤੇ ਇਸ ਪੱਥਰਪੁਣੇ ਦਾ ਅਹਿਸਾਸ ਹੀ ਉਹ ਸਾਰੀ ਉਮਰ ਢੋਂਦੀ ਰਹੀ। 'ਪਲਕੀ' ਜਿਹੀ ਕੁੜੀ ਦੀ ਮੌਤ ਉਸ ਦੀ ਸਹੇਲੀ ਰਚਨਾ ਲਈ ਇਕ ਬੁਝਾਰਤ ਹੀ ਬਣੀ ਰਹਿੰਦੀ ਹੈ। 'ਗੁਰਬਤ ਦੀ ਭਾਜੀ' ਦੀ ਸ਼ਮੀ ਸਾਰੀ ਉਮਰ ਆਪਣੀ ਗੁਰਬਤ ਦਾ ਭਾਰ ਹੀ ਢੋਂਦੀ ਰਹਿੰਦੀ ਹੈ। 'ਖੁਰਦਰਾ ਸਪਰਸ਼' ਦੀ ਸ਼ੈਲਜਾ ਜਿਸਮ ਤੋਂ ਵੱਧ ਵੀ ਆਪਸੀ ਰਿਸ਼ਤਿਆਂ ਵਿਚ ਕੁੱਦਣਾ ਚਾਹੁੰਦੀ ਹੈ ਪਰ ਪਵਨ ਤਾਂ ਉਸ ਦੇ ਖੁਰਦਰੇ ਤੇ ਅਧੂਰੇ ਸਪਰਸ਼ 'ਚ ਹੀ ਅਟਕਿਆ ਹੋਇਆ ਹੈ। 'ਰਿਸ਼ਤਾ ਹਵਾ ਤੇ ਜੰਗਲ ਦਾ' ਦੇ ਸੁਹੇਲ ਤੇ ਸ਼ਸ਼ੀ ਸਿਵਲ ਮੈਰਿਜ ਕਰਵਾਉਂਦੇ ਹਨ ਪਰ ਉਨ੍ਹਾਂ ਨੂੰ ਮਿਲਣ ਦਾ ਸਮਾਂ ਸਾਲ ਵਿਚ ਚਾਰ ਦਿਨ ਹੀ ਨਸੀਬ ਹੁੰਦਾ ਹੈ।
ਇਹ ਸਾਰੀਆਂ ਕਹਾਣੀਆਂ ਸੰਘਣੀ ਬੁਣਤੀ ਵਾਲੀਆਂ ਹਨ, ਜਿਨ੍ਹਾਂ ਥਾਵੀਂ ਬਹੁਤ ਸੋਚ ਸਮਝ ਕੇ ਲੰਘਣਾ ਪੈਂਦਾ ਹੈ। ਸੂਖ਼ਮ ਅਹਿਸਾਸਾਂ ਦੀ ਤੰਦ ਫੜਨ ਲਈ ਪਾਠਕ ਦੇ ਅਹਿਸਾਸ ਵੀ ਤਾਂ ਸੂਖਮ ਹੀ ਹੋਣੇ ਚਾਹੀਦੇ ਹਨ।

ਫ ਫ ਫ

ਕੁਰਾਹੇ ਜਵਾਨੀ
ਲੇਖਕ : ਅਮਨਦੀਪ ਸਿੰਘ ਜੌਹਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 90815-00001

ਇਹ ਪੁਸਤਕ ਨਸ਼ਿਆਂ ਦੇ ਕਾਰਨਾਂ, ਪ੍ਰਭਾਵ ਅਤੇ ਇਲਾਜ ਦੇ ਢੰਗ-ਤਰੀਕੇ ਦੱਸਦੀ ਹੈ। ਨਸ਼ੇ ਵਿਚ ਗਲਤਾਨ ਮੁੰਡਿਆਂ ਕੁੜੀਆਂ ਦੇ ਲੱਛਣਾਂ ਦੀ ਪੁਣਛਾਣ ਕਰਦਾ ਹੈ। ਨਸ਼ੇ ਲਈ ਪੈਸੇ ਕਿੱਥੋਂ ਆਉਂਦੇ ਹਨ। ਕਿਸ ਤਰ੍ਹਾਂ ਦੇ ਬਹਾਨੇ ਬਣਾ ਕੇ ਨਸ਼ੇੜੀ ਪੈਸੇ ਪ੍ਰਾਪਤ ਕਰਦਾ ਹੈ ਤੇ ਨਸ਼ਿਆਂ ਦਾ ਪ੍ਰਬੰਧ ਕਰਦਾ ਹੈ। ਨਸ਼ਿਆਂ ਦੇ ਵਾਧੇ ਵਿਚ ਮਾਪਿਆਂ ਦਾ, ਸਮਾਜ ਦਾ ਤੇ ਮੀਡੀਆ ਦਾ ਕੀ ਰੋਲ ਹੁੰਦਾ ਹੈ, ਜਿਸ ਕਾਰਨ ਨਸ਼ਿਆਂ ਦਾ ਰੁਝਾਨ ਵਧਦਾ ਜਾਂਦਾ ਹੈ। ਲੇਖਕ ਮਾਵਾਂ ਨੂੰ ਇਸ ਲਈ ਕਸੂਰਵਾਰ ਮੰਨਦਾ ਹੈ। ਨਸ਼ਾ ਆਰੰਭ ਹੋਣ ਵੇਲੇ ਹੀ ਮਾਂ ਬੱਚੇ ਦੇ ਕਾਰਿਆਂ 'ਤੇ ਪਰਦਾ ਪਾਉਂਦੀ ਰਹਿੰਦੀ ਹੈ ਤੇ ਆਖਰ ਉਦੋਂ ਹੀ ਪਤਾ ਲਗਦਾ ਹੈ ਜਦੋਂ ਇਹ ਬਿਮਾਰੀ ਲਾਇਲਾਜ ਹੋ ਜਾਂਦੀ ਹੈ। ਨਸ਼ੇੜੀ ਬੰਦੇ ਦਾ ਕੋਈ ਕਿਰਦਾਰ ਨਹੀਂ ਹੁੰਦਾ। ਉਸ ਦਾ ਇਖ਼ਲਾਕ ਵੀ ਡਿਗਦਾ ਰਹਿੰਦਾ ਹੈ। ਧਾਰਮਿਕ ਪ੍ਰਪੰਚਾਂ ਤੱਕ ਦੀ ਆੜ ਵਿਚ ਵੀ ਉਹ ਯਤਨ ਕਰਦਾ ਹੈ ਜਿਵੇਂ ਨਕਲੀ ਛਬੀਲਾਂ ਆਦਿ ਦਾ ਪ੍ਰਬੰਧ ਕਰਕੇ ਲੋਕਾਂ ਦੀਆਂ ਧਾਰਮਿਕ ਬਿਰਤੀਆਂ ਦੀ ਦੁਰਵਰਤੋਂ ਕਰਨ ਵਿਚ ਵੀ ਉਹ ਸੰਕੋਚ ਨਹੀਂ ਕਰਦਾ। ਲੇਖਕ ਨਸ਼ੇ ਖ਼ਤਮ ਕਰਨ ਲਈ ਮਾਪਿਆਂ, ਅਧਿਆਪਕਾਂ ਤੇ ਡਾਕਟਰਾਂ ਵੱਲੋਂ ਕੀਤੇ ਜਾਂਦੇ ਉਪਰਾਲਿਆਂ ਦਾ ਵੀ ਜ਼ਿਕਰ ਕਰਦਾ ਹੈ। ਪਿਆਰ, ਮੋਹ, ਮਨੋਵਿਗਿਆਨਕ ਢੰਗਾਂ ਦੀ ਵਰਤੋਂ ਕਰਕੇ ਨਸ਼ਿਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਪੰਜਾਬੀ ਲੋਕ ਮਿਹਨਤੀ ਹਨ ਤੇ ਲੇਖਕ ਉਨ੍ਹਾਂ ਨੂੰ ਉਸੇ ਜਲੌਅ ਵਿਚ ਦੇਖਣ ਦਾ ਅਭਿਲਾਸ਼ੀ ਹੈ। ਇਹ ਕਿਤਾਬ ਕਿਸੇ ਸਕੂਲੀ ਸਿਲੇਬਸ ਦਾ ਹਿੱਸਾ ਹੋਣੀ ਚਾਹੀਦੀ ਹੈ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

ਮਹਾਂਰਿਸ਼ੀ ਪਤੰਜਲੀ ਦਾ ਯੋਗਦਰਸ਼ਨ
ਅਨੁਵਾਦਕ ਅਤੇ ਵਿਆਖਿਆਕਾਰ :
ਡਾ: ਹਰਸ਼ ਕੁਮਾਰ ਮਹਿਤਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 150 ਰੁਪਏ, ਸਫ਼ੇ : 94
ਸੰਪਰਕ : 0172-4608699
.

ਡਾ: ਮਹਿਤਾ ਪੁਸਤਕ ਦੀ ਪ੍ਰਸਤਾਵਨਾ ਵਿਚ ਹੀ ਸੰਕੇਤ ਕਰਦੇ ਹਨ ਕਿ ਮਹਾਂਰਿਸ਼ੀ ਪਤੰਜਲੀ ਤੋਂ ਪਹਿਲਾਂ ਵੀ ਯੋਗਦਰਸ਼ਨ ਰਚਿਆ ਗਿਆ ਸੀ ਅਤੇ ਪਤੰਜਲੀ ਦਾ ਵਿਚਾਰਾਧੀਨ ਯੋਗ ਦਰਸ਼ਨ ਉਸੇ ਦੀ ਪੁਨਰ-ਪ੍ਰਵਚਨ ਛਾਪ ਹੈ। ਅਨੁਵਾਦਕ ਨੇ ਆਪਣਾ ਕਾਰਜ ਕਰਦਿਆਂ ਬੜੀ ਸੂਝ-ਬੂਝ ਤੋਂ ਕੰਮ ਲਿਆ ਹੈ ਤਾਂ ਕਿ ਇਹ ਪੁਸਤਕ ਪੰਜਾਬੀ ਪਾਠਕਾਂ ਲਈ ਲਾਭਦਾਇਕ ਬਣ ਸਕੇ। ਇਸ ਮਨੋਰਥ ਦੀ ਪੂਰਤੀ ਲਈ ਪਹਿਲਾਂ ਉਹ ਪਤੰਜਲੀ ਦਾ ਸੂਤਰ ਦਿੰਦਾ ਹੈ। ਫਿਰ ਉਸ ਸੂਤਰ ਦੇ ਪਦ-ਅਰਥ ਕਰਦਾ ਹੈ ਅਤੇ ਬਾਅਦ ਵਿਚ ਸੂਤਰ ਦੀ ਸਰਲ ਪੰਜਾਬੀ ਵਿਚ ਵਿਆਖਿਆ ਪੇਸ਼ ਕੀਤੀ ਜਾਂਦੀ ਹੈ। ਇਸ ਯੋਗਦਰਸ਼ਨ ਨੂੰ ਚਾਰ ਕਾਂਡਾਂ ਵਿਚ ਵੰਡਿਆ ਗਿਆ ਹੈ। ਇਨ੍ਹਾਂ ਚਾਰਾਂ ਕਾਂਡਾਂ ਦੇ ਨਾਂਅ ਕ੍ਰਮਵਾਰਂਸਮਾਧਿਪਾਦ, ਸਾਧਨਾਪਾਦ, ਵਿਭੂਤੀਪਾਦ ਅਤੇ ਕੈਵਲਯਪਾਦ ਹਨ। ਸਮਾਧਿਪਾਦ ਵਿਚ 51, ਸਾਧਨਾਪਾਦ ਵਿਚ 55, ਵਿਭੂਤੀਪਾਦ ਵਿਚ 55 ਅਤੇ ਕੈਵਲਯ ਪਾਦ ਵਿਚ 34 ਸੂਤਰ ਸ਼ਾਮਿਲ ਹਨ। ਪਹਿਲੇ ਪਾਦ ਵਿਚ ਸਾਧਕ ਲਈ ਯੋਗ ਦਾ ਉਪਦੇਸ਼ ਹੈ। ਇਸ ਵਿਚ ਯੋਗ ਦਾ ਸਰੂਪ, ਉਸ ਦੇ ਭੇਦ ਅਤੇ ਲਾਭ ਦੱਸੇ ਗਏ ਹਨ। ਸੰਸਕਾਰਾਂ ਦੇ ਬੀਜ ਦੇ ਖ਼ਾਤਮੇ ਲਈ ਸਾਧਕ ਨਿਰਬੀਜ ਸਮਾਧੀ ਵਿਚ ਪ੍ਰਵੇਸ਼ ਕਰ ਜਾਂਦਾ ਹੈ। ਦੂਜੇ ਕਾਂਡ ਸਾਧਨਾਪਾਦ ਵਿਚ ਨਿਰਬੀਜ ਸਮਾਧੀ ਪ੍ਰਾਪਤ ਕਰਨ ਦੀਆਂ ਵਿਧੀਆਂ ਦੱਸੀਆਂ ਗਈਆਂ ਹਨ। ਤੀਸਰੇ ਕਾਂਡ ਵਿਭੂਤੀਪਾਦ ਵਿਚ ਧਾਰਨਾ, ਧਿਆਨ, ਸਮਾਧੀ, ਇਕਾਗਰ ਅਵਸਥਾ, ਧਰਮ, ਕਰਮ, ਸੰਜਮਾਂ ਆਦਿ ਬਾਰੇ ਵਿਸਤ੍ਰਿਤ ਚਰਚਾ ਹੈ। ਸਿੱਧੀਆਂ ਦੀ ਵਿਆਖਿਆ ਤਾਂ ਹੈ ਪਰ ਇਨ੍ਹਾਂ ਤੋਂ ਬਚਣ ਦੇ ਸੰਕੇਤ ਵੀ ਮਿਲਦੇ ਹਨ। ਪੰਜ ਤੱਤਾਂ ਦੀਆਂ ਅਵਸਥਾਵਾਂ ਦਾ ਜ਼ਿਕਰ ਹੈ। ਇਸ ਕਾਂਡ ਦੇ ਅੰਤਲੇ ਸੂਤਰ ਵਿਚ ਮੁਕਤੀ ਦਾ ਸਰੂਪ ਦੱਸਿਆ ਹੈ। ਅਖੀਰਲੇ ਕਾਂਡ ਵਿਚ ਨਿਰਣਾ ਦਿੱਤਾ ਗਿਆ ਹੈ ਕਿ ਕਾਰਜ ਆਪਣੇ ਪ੍ਰਯੋਜਨ ਪੂਰੇ ਕਰਕੇ ਕਾਰਨ ਵਿਚ ਸਮਾ ਜਾਂਦੇ ਹਨ। ਇਹੋ ਅਵਸਥਾ ਹੀ ਮੁਕਤੀ (ਕੈਵਲਯ) ਹੈ। ਅੰਤ ਵਿਚ ਵਿਦਵਾਨ ਅਨੁਵਾਦਕ ਨੇ ਗੁਰਮੁਖੀ ਲਿਪੀ ਵਿਚ ਸੰਸਕ੍ਰਿਤ ਲਿਖਣ ਲਈ ਸੰਕੇਤ ਸੂਚੀ ਦਿੱਤੀ ਹੈ। ਇੰਜ ਇਹ ਪੁਸਤਕ ਯੋਗਦਰਸ਼ਨ ਦੇ ਜਿਗਿਆਸੂਆਂ ਲਈ ਹਿਤਕਾਰੀ ਹੋ ਨਿਬੜੀ ਹੈ।

ਫ ਫ ਫ

ਪੰਜਾਬੀ ਬੀਰ ਕਾਵਿ
ਇਕ ਅਧਿਐਨ
ਲੇਖਕ : ਪ੍ਰਿੰ: ਭਗਤ ਸਿੰਘ ਵੇਦੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 125 ਰੁਪਏ, ਸਫ਼ੇ : 66
ਸੰਪਰਕ : 98886-71606

ਇਹ ਗਿਆਨਵਰਧਕ ਅਤੇ ਪੰਜਾਬੀ ਦੀਆਂ ਪ੍ਰਮੁੱਖ ਬੀਰ ਰਸੀ ਰਚਨਾਵਾਂ ਦੀ ਆਲੋਚਨਾ ਵਾਲੀ ਕਿਰਤ ਮੱਧਕਾਲੀਨ ਸਾਹਿਤ ਦੇ ਵਿਸ਼ੇਸ਼ੱਗ ਪ੍ਰਿੰ: ਭਗਤ ਸਿੰਘ ਵੇਦੀ ਦੀ ਰਚਨਾ ਹੈ। ਲੇਖਕ ਨੇ ਬੜੀ ਵਿਦਵਤਾ ਨਾਲ ਵੈਦਿਕ ਕਾਲ ਤੋਂ ਲੈ ਕੇ ਸਿੰਘਾਂ ਅਤੇ ਅੰਗਰੇਜ਼ਾਂ ਦੇ ਯੁੱਧ ਅਤੇ ਇਸ ਤੋਂ ਵੀ ਅੱਗੇ ਭਾਰਤ-ਪਾਕਿ ਦੇ ਯੁੱਧਾਂ ਤੱਕ ਦਾ ਇਤਿਹਾਸ ਉਲੀਕਿਆ ਹੈ। ਸਮੇਂ-ਸਮੇਂ 'ਤੇ ਇਨ੍ਹਾਂ ਯੁੱਧਾਂ ਬਾਰੇ ਕਵੀਆਂ ਨੇ ਬੀਰ-ਰਸੀ ਕਾਵਿ ਦੀ ਸਿਰਜਣਾ ਕੀਤੀ, ਜਿਸ ਦਾ ਵਿਸਤ੍ਰਿਤ ਵਿਸ਼ਲੇਸ਼ਣ ਇਸ ਪੁਸਤਕ ਦਾ ਹਾਸਲ ਹੈ। ਸਿਗਮੰਡ ਫਰਾਇਡ ਮਨੋਵਿਗਿਆਨੀ ਦੇ ਹਵਾਲੇ ਨਾਲ ਯੁੱਧਾਂ ਦੇ ਕਾਰਨਾਂ ਪਿੱਛੇ ਇਕ ਕਾਰਨ ਮਰੋ ਜਾਂ ਮਾਰੋ (ਵਿਸ਼ ਟੂ ਕਿਲ, ਵਿਲ ਟੂ ਡਾਈ) ਦੀ ਪ੍ਰਵਿਰਤੀ ਨੂੰ ਕਾਰਜਸ਼ੀਲ ਦੱਸਿਆ ਹੈ। ਲੇਖਕ ਨੇ ਯੁੱਧਾਂ ਪਿੱਛੇ ਹੋਰ ਕਾਰਨਾਂ ਦੀ ਵੀ ਨਿਸ਼ਨਦੇਹੀ ਕੀਤੀ ਹੈ। ਪੰਜਾਬੀ ਸਾਹਿਤ ਵਿਚ ਇਨ੍ਹਾਂ ਯੁੱਧਾਂ ਵਿਚ ਲੜਾਕੇ ਬਹਾਦਰਾਂ ਦਾ ਜਸ ਗਾਇਣ ਬੀਰ-ਰਸੀ ਕਾਵਿ ਦੁਆਰਾ ਕੀਤਾ ਗਿਆ ਹੈ। ਭਰਤ ਮੁਨੀ ਨੇ ਉਤਸ਼ਾਹ ਨੂੰ ਬੀਰ-ਰਸ ਦਾ ਸਥਾਈ ਭਾਵ ਨਿਰਧਾਰਤ ਕੀਤਾ ਹੈ, ਜਿਸ ਵਿਚ ਕ੍ਰੋਧ ਅਤੇ ਜਿੱਤ ਦੇ ਭਾਵ ਮਿਲੇ ਹੁੰਦੇ ਹਨ। ਪੰਜਾਬ ਦੀ ਰੱਖਿਆ ਅਤੇ ਬੀਰਤਾ ਦੀ ਗੁੜ੍ਹਤੀ ਪੰਜਾਬੀਆਂ ਨੂੰ ਮਾਂ ਦੇ ਦੁੱਧ ਤੋਂ ਹੀ ਪ੍ਰਾਪਤ ਹੈ। ਵਿਸ਼ਿਆਂ ਦੇ ਪੱਖ ਤੋਂ ਪੰਜਾਬੀ ਬੀਰ-ਕਾਵਿ ਦੀ ਵਿਵਿਧਤਾ ਮਿਥਿਹਾਸਕ, ਇਤਿਹਾਸਕ, ਕਲਪਨਾਤਮਕ ਅਤੇ ਅਧਿਆਤਮਕ ਹੈ। ਬੀਰ-ਕਾਵਿ ਦੀ ਭਾਸ਼ਾ ਅਤੇ ਤਕਨੀਕ ਹੋਰਨਾਂ ਕਾਵਿ-ਰੂਪਾਂ ਨਾਲੋਂ ਵੱਖਰੀ ਭਾਂਤ ਦੀ ਹੈ। ਇਸ ਦੀ ਤਕਨੀਕ ਵਿਚ ਅਤੇ ਭਾਸ਼ਾ ਦੇ ਪ੍ਰਯੋਗ ਵਿਚ ਨਿਰਾਲਾਪਨ ਹੈ। ਤਕਨੀਕ ਵਿਚ ਮੰਗਲਾਚਰਨ, ਕਲ ਤੇ ਨਾਰਦ ਦਾ ਰੋਲ, ਸਰਦਾਰ ਜਾਂ ਰਾਜੇ ਭਾਵ ਨਾਇਕ/ਨਾਇਕਾ ਦੀ ਪ੍ਰਸੰਸਾ ਹੈ। ਸ਼ਗਨ/ਅਪਸ਼ਗਨ ਵਿਚਾਰੇ ਜਾਂਦੇ ਹਨ। ਮਾਰੂ ਵਾਜਿਆਂ ਦੀ ਘਨਘੋਰ, ਵਰਤੇ ਗਏ ਹਥਿਆਰ, ਯੁੱਧ ਦਾ ਦ੍ਰਿਸ਼, ਯੁੱਧ ਬਾਅਦ ਔਰਤਾਂ ਦੀ ਦਸ਼ਾ ਅਤੇ ਬੀਰ ਕਾਵਿ ਦਾ ਅਧਿਐਨ/ਪਾਠ ਕਰਨ ਵਾਲਿਆਂ ਲਈ ਮੁਕਤੀ ਦੀ ਕਾਮਨਾ ਕੀਤੀ ਜਾਂਦੀ ਹੈ। ਵਾਰਾਂ ਵਿਚ ਪਉੜੀ ਛੰਦ ਪਰ ਜੰਗਨਾਮਿਆਂ ਵਿਚ ਬੈਂਤ ਦਾ ਪ੍ਰਯੋਗ ਵੀ ਉਪਲਬਧ ਹੈ। ਸ਼ਿੰਗਾਰ ਰਸ ਅਤੇ ਕਰੁਣਾਰਸ ਘੱਟ ਹੁੰਦਾ ਹੈ। ਭਾਸ਼ਾ ਹਥਿਆਰਾਂ ਵਾਂਗ ਹੀ ਖੜਕਵੀਂ ਹੁੰਦੀ ਹੈ। ਪੁਸਤਕ ਭਾਵੇਂ ਆਕਾਰ ਵਿਚ ਛੋਟੀ ਹੈ ਪਰ ਛੋਟਾ ਆਕਾਰ (ਛੋਟਾ ਮੂੰਹ) ਵੀ ਕਈ ਵਾਰ ਵੱਡੀ ਗੱਲ ਕਹਿ ਜਾਂਦਾ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਮੇਰੀ ਆਵਾਜ਼
ਲੇਖਕ : ਅਮਨ ਮਾਨਵ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : ਰੁਪਏ 160, ਸਫ਼ੇ : 95
ਸੰਪਰਕ : 94177-73909
.

'ਮੇਰੀ ਆਵਾਜ਼' ਨੌਜਵਾਨ ਕਵੀ ਅਮਨ ਮਾਨਵ ਰਚਿਤ ਕਾਵਿ ਸੰਗ੍ਰਹਿ ਹੈ, ਜਿਸ ਵਿਚ ਮਿੰਨੀ ਨਜ਼ਮਾਂ ਨੂੰ ਵੱਡੀ ਗਿਣਤੀ ਵਿਚ ਸੰਮਿਲਿਤ ਕੀਤਾ ਗਿਆ ਹੈ। ਇਨ੍ਹਾਂ ਨਜ਼ਮਾਂ ਦਾ ਮਰਕਜ਼ ਮਨੁੱਖੀ ਸਮਾਜ ਹੈ। ਇਨ੍ਹਾਂ ਨਜ਼ਮਾਂ ਦਾ ਵਸਤੂ ਜਗਤ ਬਹੁਭਾਂਤੀ ਅਤੇ ਬਹੁਪਾਸਾਰੀ ਹੈ। ਕਵੀ ਦੀਆਂ ਇਨ੍ਹਾਂ ਨਜ਼ਮਾਂ ਵਿਚੋਂ ਸਮਾਜ ਪ੍ਰਤੀ ਇਹ ਗ਼ਿਲਾ ਸਾਫ਼ ਵਿਖਾਈ ਦਿੰਦਾ ਹੈ ਕਿ ਅਜੋਕਾ ਮਨੁੱਖ ਜਿਸ ਨੂੰ 'ਤਰੱਕੀ' ਦਾ ਨਾਂਅ ਦੇ ਰਿਹਾ ਹੈ, ਉਹ ਅਸਲ ਵਿਚ ਮਨੁੱਖੀ ਆਚਰਣ ਅਤੇ ਜੀਵਨ ਮੁੱਲਾਂ ਦਾ ਪਤਨ ਹੈ, ਗਿਰਾਵਟ ਹੈ। ਇਸ ਪ੍ਰਸੰਗ ਵਿਚ ਕਵੀ ਦੀਆਂ ਚਾਰ-ਸਤਰੀ ਨਜ਼ਮਾਂ ਵਿਸ਼ੇਸ਼ ਤੌਰ 'ਤੇ ਮਹੱਤਵ ਦੀਆਂ ਧਾਰਣੀ ਹਨ। ਕਵੀ ਆਪਣੀ ਇਕ ਮਿੰਨੀ ਨਜ਼ਮ 'ਰਾਵਣ' ਵਿਚ ਵਿਸਫੋਟਕ ਸਥਿਤੀ ਇਸ ਪ੍ਰਕਾਰ ਪੈਦਾ ਕਰਦਾ ਹੈ :
ਰਾਵਣ, ਇਹ ਸੀਤਾ ਤੇਰੇ ਕੋਲ ਹੀ ਚੰਗੀ ਸੀ
ਅੱਜ ਦੇ ਇਸ ਰਾਮ ਨਾਲੋਂ
ਸੀਤਾ ਤੇਰੀ ਲੰਕਾ ਵਿਚ ਹੀ ਮਹਿਫ਼ੂਜ਼ ਸੀ
ਅੱਜ ਦੇ ਇਸ ਖੁੱਲ੍ਹੇਆਮ ਨਾਲੋਂ। (ਪੰਨਾ 34)
ਇਸ ਪੁਸਤਕ ਵਿਚਲੀਆਂ ਕੁਝ ਖ਼ਾਸ ਨਜ਼ਮਾਂ ਵਿਚੋਂ 'ਨੇਤਾ', 'ਪੰਜਾਬ ਮੇਰਾ', 'ਗ਼ੁਲਾਮ ਲੋਕੋ', 'ਨਿੱਕੇ ਨਿੱਕੇ ਹੱਥ', 'ਸੁੱਤੀ ਪਈ ਸਰਕਾਰ', 'ਇਨਕਲਾਬ', 'ਸਮਾਂ', 'ਰੁਜ਼ਗਾਰ', 'ਸਰਪੰਚੀ', 'ਲੁਕਿਆ ਦਰਦ', 'ਰਿਸ਼ਤੇਦਾਰ', 'ਹਾਏ ਪੈਸਾ', 'ਬੇਈਮਾਨ ਜਿਹੇ', 'ਅਸ਼ਨਾਈ', 'ਦਿਹਾਤੀ ਵਰਗ', 'ਰੇਤ','ਦੋਸਤ' ਅਤੇ 'ਅੱਖ ਦੀ ਨਮੀ' ਨਜ਼ਮਾਂ ਵੀ ਮਾਨਵੀ ਚੌਗਿਰਦੇ ਵਿਚ ਵਾਪਰ ਰਹੀਆਂ ਘਟਨਾਵਾਂ ਪ੍ਰਤੀ ਸਾਵਧਾਨ ਕਰਦੀਆਂ ਹਨ। ਇਸ ਪੁਸਤਕ ਵਿਚ ਕਵੀ ਨੇ ਉਰਦੂ, ਫ਼ਾਰਸੀ ਦੇ ਕਈ ਸ਼ਬਦਾਂ ਦਾ ਢੁੱਕਵਾਂ ਇਸਤੇਮਾਲ ਕੀਤਾ ਹੈ ਜਿਸ ਨਾਲ ਨਜ਼ਮਾਂ ਵਿਚ ਓਜ ਪੈਦਾ ਹੋ ਗਿਆ ਹੈ ਪਰੰਤੂ ਇਸ ਗੱਲ ਦੀ ਸਮਝ ਨਹੀਂ ਆਈ ਕਿ ਪੁਸਤਕ ਦੇ ਟਾਈਟਲ ਉਪਰ ਕਵੀ ਦਾ ਨਾਂਅ 'ਅਮਨ ਮਾਨਵ' ਛਪਿਆ ਹੈ ਪ੍ਰੰਤੂ ਪੁਸਤਕ ਦੇ ਅੰਦਰ 'ਅਮਨਦੀਪ ਸ਼ਰਮਾ'। ਸ਼ਾਇਦ ਇਹ ਲੇਖਕ ਦਾ ਅਸਲ ਨਾਂਅ ਹੋਵੇ ਪਰੰਤੂ ਕਵੀ ਨੂੰ ਪੁਸਤਕ ਦੇ ਅੰਦਰ ਵੀ ਆਪਣਾ ਸਾਹਿਤਕ ਨਾਂਅ ਹੀ ਦੇਣਾ ਚਾਹੀਦਾ ਸੀ।

ਫ ਫ ਫ

ਭਾਰਤ ਦੀ ਵੰਡ ਲੋਕਾਂ ਦੀ ਝੰਡ
ਲੇਖਕ : ਇੰਜ: ਮਹਿੰਦਰ ਸਿੰਘ ਹੇਅਰ
ਪ੍ਰਕਾਸ਼ਕ : ਲੇਖਕ ਆਪ
ਮੁੱਲ : 100 ਰੁਪਏ, ਸਫ਼ੇ : 72
ਸੰਪਰਕ : 78887-62181

ਇਸ ਪੁਸਤਕ ਦਾ ਪਹਿਲਾ ਅੱਧਾ ਹਿੱਸਾ ਲੇਖਾਂ ਨਾਲ ਅਤੇ ਦੂਜਾ ਅੱਧਾ ਹਿੱਸਾ ਕਵਿਤਾਵਾਂ ਨਾਲ ਸਬੰਧਤ ਹੈ। ਲੇਖਕ ਨੇ ਪੁਸਤਕ ਦੇ ਆਰੰਭ ਵਿਚ ਲੇਖਕ ਨੇ ਪਾਕਿਸਤਾਨ ਤੋਂ ਉਜੜ ਕੇ ਆਏ ਕਾਫ਼ਲਿਆਂ ਦਾ ਹਕੀਕੀ ਬਿਆਨ ਕੀਤਾ ਹੈ, ਕਿਉਂਕਿ ਜੋ ਉਸ ਨੇ ਵਿਅਕਤੀਗਤ ਤੌਰ 'ਤੇ ਕਾਫ਼ਲਿਆਂ ਵਿਚ ਸ਼ਮੂਲੀਅਤ ਦੇ ਦਰਦ ਨੂੰ ਹੱਡੀਂ ਹੰਢਾਇਆ ਹੈ। ਲੇਖਕ ਸਾਂਝੇ ਪੰਜਾਬ ਦੀਆਂ ਖ਼ੁਸ਼ਹਾਲ ਬਾਰਾਂ, ਰਹਿਤਲ, ਮੁਹੱਬਤ, ਇਕ-ਦੂਜੇ ਦੇ ਦੁੱਖ-ਸੁੱਖ ਵਿਚ ਭਾਈਵਾਲ ਹੋਣ ਦੀ ਭਾਵਨਾ ਅਤੇ ਰਮਣੀਕ ਮਾਹੌਲ ਨੂੰ ਯਾਦ ਕਰਦਾ ਹੋਇਆ ਰੁਦਨ ਕਰਦਾ ਹੈ ਕਿ ਦੇਸ਼ ਵੰਡ ਨਾਲ ਭੂਗੋਲਿਕ, ਸਮਾਜਿਕ, ਆਰਥਿਕ, ਵਿਦਿਅਕ, ਪਰਿਵਾਰਕ, ਸੱਭਿਆਚਾਰਕ ਅਤੇ ਨੈਤਿਕ ਪ੍ਰਵਿਰਤੀਆਂ ਦਾ ਬਹੁਤ ਨੁਕਸਾਨ ਹੋਇਆ ਹੈ। ਲੇਖਕ ਫ਼ਿਰਕੂ ਫ਼ਸਾਦਾਂ ਵਿਚ ਜਾਣ ਵਾਲੀਆਂ ਲੱਖਾਂ ਜਾਨਾਂ ਪ੍ਰਤੀ ਵੀ ਖ਼ਾਸ ਦੁੱਖ ਅਭਿਵਿਅਕਤ ਕਰਦਾ ਹੈ। ਲੇਖਕ ਨੂੰ ਨੇਤਾਵਾਂ ਪ੍ਰਤੀ ਇਹ ਵੀ ਸ਼ਿਕਵਾ ਹੈ ਕਿ ਦੇਸ਼ ਵੰਡ ਉਪਰੰਤ ਕੌਮ ਦੀ ਵਾਗ ਡੋਰ ਸੰਭਾਲਣ ਵਾਲੇ ਨੇਤਾਵਾਂ ਨੇ ਆਪਣੇ ਨਿੱਜੀ ਮੁਫ਼ਾਦਾਂ ਦੀ ਦਲਦਲ ਵਿਚ ਫਸ ਕੇ ਆਜ਼ਾਦੀ ਪਰਵਾਨਿਆਂ ਦੇ ਉਸਾਰੂ ਸੁਪਨਿਆਂ ਨੂੰ ਤਾਰ-ਤਾਰ ਕਰਕੇ ਰੱਖ ਦਿੱਤਾ ਹੈ। ਲੇਖਕ ਬੇਰੁਜ਼ਗਾਰੀ, ਨਸ਼ਾਖੋਰੀ ਅਤੇ ਨਾਰੀ ਸ਼ੋਸ਼ਣ ਦੇ ਦਮ ਘੋਟੂ ਮਾਹੌਲ ਵਿਚ ਆਗੂਆਂ ਨੂੰ ਸਵਾਲ ਕਰਦਾ ਹੈ ਕਿ ਕੀ ਅਸੀਂ ਭਾਰਤੀ ਹਾਂ? ਇਸ ਪ੍ਰਸੰਗ ਵਿਚ ਉਸ ਦੇ ਕੁਝ ਅਹਿਮ ਲਿਖਤਾਂ ਵਿਚੋਂ 'ਰਾਜਾ ਧਰਮ ਨਿਰਪੱਖ ਚਾਹੀਦਾ', 'ਵੰਡ ਦੀ ਸਭ ਤੋਂ ਵੱਧ ਕੀਮਤ ਔਰਤਾਂ ਨੇ ਅਦਾ ਕੀਤੀ', 'ਪੰਜਾਬ ਦੇ ਕਿਸਾਨਾਂ ਦੀ ਹਾਲਤ ਵੱਲ ਤੱਕੋ', 'ਹੇ ਪੰਜਾਬ ਤੇਰਾ ਕੀ ਬਣੂੰ?' ਅਤੇ 'ਸਰਕਾਰ ਨੂੰ ਖ਼ਤ' ਵਿਚ ਉਦੋਂ ਅਤੇ ਹੁਣ ਦੇ ਪੰਜਾਬ ਦਾ ਮੁਕਾਬਲਤਨ ਅਧਿਐਨ ਕਰਦਾ ਹੈ। ਇਸ ਪੁਸਤਕ ਵਿਚ ਅਣਵੰਡੇ ਅਤੇ ਵੰਡੇ ਪੰਜਾਬ ਦੇ ਨਕਸ਼ੇ, ਬਾਰ 'ਚੋਂ ਉਜੜੇ ਲੋਕਾਂ ਸਬੰਧੀ ਅੰਕੜਿਆਂ ਸਮੇਤ ਬਿਊਰੇ ਵੀ ਦਿੱਤੇ ਗਏ ਹਨ।

ਂਦਰਸ਼ਨ ਸਿੰਘ 'ਆਸ਼ਟ' (ਡਾ:)
ਮੋ: 9814423703
ਫ ਫ ਫ

ਮਿਰਗਾਵਲੀ
ਸ਼ਾਇਰ : ਗੁਰਭਜਨ ਗਿੱਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 100 ਰੁਪਏ, ਸਫ਼ੇ : 112
ਸੰਪਰਕ : 98726-31199
.

ਪ੍ਰੋ: ਗੁਰਭਜਨ ਸਿੰਘ ਗਿੱਲ ਕਾਵਿ-ਸਾਧਨਾ ਵਿਚ ਨਿਰੰਤਰ ਜੁੜਿਆ ਰਹਿਣ ਵਾਲਾ ਆਧੁਨਿਕ ਦੌਰ ਦਾ ਇਕ ਪ੍ਰਮੁੱਖ ਕਵੀ ਹੈ। ਹੁਣ ਤੱਕ ਗੁਰਭਜਨ ਗਿੱਲ ਦੇ ਲਗਪਗ 12 ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਪਿਛਲੇ ਕੁਝ ਵਰ੍ਹਿਆਂ ਤੋਂ ਉਸ ਦੀ ਪੰਜਾਬੀ ਗ਼ਜ਼ਲ ਵੱਲ ਰੁਚੀ ਕਾਫੀ ਵਧੀ ਹੈ। ਇਸ ਸਿਨਫ਼ ਦੇ ਦੁਆਰਾ ਉਹ ਪੰਜਾਬੀ ਸੱਭਿਆਚਾਰ (ਸਮਾਜ ਅਤੇ ਸਿਆਸਤ) ਵਿਚ ਆ ਰਹੀਆਂ ਵਿਸੰਗਤੀਆਂ ਦਾ ਚਿਤਰਣ ਵਧੇਰੇ ਕੁਸ਼ਲਤਾ ਨਾਲ ਕਰ ਲੈਂਦਾ ਹੈ। ਪੰਜਾਬੀ ਵਿਚ ਆਤਮ-ਵਿਸ਼ਲੇਸ਼ਣ ਵਾਲੀ ਗ਼ਜ਼ਲ ਵੀ ਕਾਫੀ ਮਾਤਰਾ ਵਿਚ ਲਿਖੀ ਜਾ ਰਹੀ ਹੈ ਪ੍ਰੰਤੂ ਗਿੱਲ ਦਾ ਵਿਚਾਰ ਹੈ ਕਿ ਸਮਕਾਲੀ ਸਮਾਜ ਅਤੇ ਸੱਭਿਆਚਾਰ ਦੀਆਂ ਵਿਸੰਗਤੀਆਂ ਦਾ ਵਿਸ਼ਲੇਸ਼ਣ ਵਧੇਰੇ ਜ਼ਰੂਰੀ ਹੈ ਕਿਉਂਕਿ ਸਾਧਨ-ਸੰਪੰਨ ਲੋਕਾਂ ਅਤੇ ਸੱਤਾਧਾਰੀ ਵਰਗ ਨੇ ਆਮ ਆਦਮੀ ਦੀ ਜਿਉਣਾ ਦੁੱਭਰ ਕਰ ਰੱਖਿਆ ਹੈ। ਗਿੱਲ ਅੰਤਰਮੁਖੀ ਕਿਸਮ ਦਾ ਵਿਅਕਤੀ ਨਹੀਂ ਹੈ। ਉਹ ਕਿਸੇ ਵੀ ਅਨੁਚਿਤ ਵਰਤਾਰੇ ਨੂੰ 'ਹਊ-ਪਰ੍ਹੇ' ਨਹੀਂ ਆਖ ਸਕਦਾ ਬਲਕਿ ਸਮਾਜਿਕ ਅਨਿਆਇ ਕਰਨ ਵਾਲੀਆਂ ਧਿਰਾਂ ਨੂੰ ਵੰਗਾਰਨ ਤੋਂ ਸੰਕੋਚ ਨਹੀਂ ਕਰਦਾ। ਉਸ ਦੀਆਂ ਗ਼ਜ਼ਲਾਂ ਦੇ ਬਹੁਤੇ ਸ਼ਿਅਰ ਆਮ ਲੋਕਾਂ ਦੀ ਬੇਬਸੀ ਅਤੇ ਮਜਬੂਰੀ ਵਿਚ ਉਸ ਦੀ ਧਿਰ ਬਣ ਕੇ ਸੰਵਾਦ ਰਚਾਉਂਦੇ ਹਨ। ਦੇਖੋ :
ਅਕਲਾਂ ਵਾਲੇ ਕਿੱਧਰ ਤੁਰ ਪਏ
ਭਾਸ਼ਨ ਝਾੜੀ ਜਾਂਦੇ ਨੇ।
ਚਾਰ ਘਰਾਣੇ ਵਣਜਾਂ ਪਿੱਛੇ,
ਵਤਨ ਉਜਾੜੀ ਜਾਂਦੇ ਨੇ।
ਲੋਕਤੰਤਰੀ ਲੀਲ੍ਹਾ ਓਹਲੇ
ਵੇਖੋ ਕੀ ਕੁਝ ਵਾਪਰਦਾ,
ਰਖਵਾਲੇ ਹੀ ਚੋਰ ਲੁਟੇਰੇ,
ਸੰਸਦ ਵਾੜੀ ਜਾਂਦੀ ਨੇ।
'ਮਿਰਗਾਵਲੀ' ਵਿਚ ਕਵੀ ਦੀਆਂ 102 ਗ਼ਜ਼ਲਾਂ ਸੰਗ੍ਰਹਿਤ ਹਨ। ਗ਼ਜ਼ਲ ਲੇਖਣ ਲਈ ਉਹ ਕਿਸੇ ਰਸਮੀ ਭਾਸ਼ਾ ਦਾ ਆਵਿਸ਼ਕਾਰ ਨਹੀਂ ਕਰਦਾ, ਹਾਲਾਂਕਿ ਮੇਰੇ ਵਰਗੇ ਬਹੁਤੇ ਲੋਕ ਗ਼ਜ਼ਲ ਨੂੰ ਰਸਮੀ ਪ੍ਰਵਚਨ ਮੰਨਦੇ ਹਨ। ਉਸ ਨੇ ਗ਼ਜ਼ਲ ਨੂੰ ਪੰਜਾਬੀ ਸੱਭਿਆਚਾਰ ਦੇ ਅਨੁਸਾਰ ਰੰਗ ਲਿਆ ਹੈ ਅਤੇ ਇਸ ਦੇ ਉਰਦੂ-ਫ਼ਾਰਸੀ ਲਹਿਜੇ ਨੂੰ ਝਾੜ ਦਿੱਤਾ ਹੈ। ਉਹ ਡਾ: ਹਮਦਰਦ ਅਤੇ ਤਖ਼ਤ ਸਿੰਘ ਦੀ ਪਰੰਪਰਾ ਦਾ ਸ਼ਾਇਰ ਹੈ। ਨਿਰਸੰਦੇਹ ਉਸ ਨੇ ਪੰਜਾਬੀ ਗ਼ਜ਼ਲ ਦੇ ਮਿਜਾਜ਼ ਨੂੰ ਬਦਲ ਕੇ ਰੱਖ ਦਿੱਤਾ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਗੁਲਮੋਹਰ
ਲੇਖਿਕਾ : ਹਰਜੀਤ ਕੌਰ ਬਾਜਵਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200, ਸਫ਼ੇ : 119
ਸੰਪਰਕ : 98159-91950
.

'ਗੁਲਮੋਹਰ' ਹਰਜੀਤ ਕੌਰ ਬਾਜਵਾ ਦਾ ਤੀਜਾ ਕਹਾਣੀ ਸੰਗ੍ਰਹਿ ਹੈ। ਹਥਲੇ ਕਹਾਣੀ ਸੰਗ੍ਰਹਿ ਵਿਚ ਕਹਾਣੀਕਾਰਾ ਨੇ 15 ਕਹਾਣੀਆਂ ਦੀ ਪੇਸ਼ਕਾਰੀ ਆਮ ਜੀਵਨ ਦੀਆਂ ਘਟਨਾਵਾਂ ਵਿਚੋਂ ਕੀਤੀ ਹੈ। ਪਹਿਲੀ ਕਹਾਣੀ 'ਮਿੰਦੋ ਕਮਲੀ' ਹੈ, ਜਿਸ ਵਿਚ ਇਕ ਬੇਸਮਝ ਪਾਗਲ ਕੁੜੀ ਨਾਲ ਵੀ ਘਿਨੌਣਾ ਕਾਰਜ ਹੋ ਜਾਂਦਾ ਹੈ ਜੋ ਕਿ ਔਰਤ ਦੀ ਤ੍ਰਾਸਦੀ ਹੈ। 'ਪੀਹੜੀ' ਕਹਾਣੀ ਵਿਚ ਬੱਚਿਆਂ ਦੀਆਂ ਯਾਦਾਂ ਕਿ ਕਿਵੇਂ ਚਾਚੇ ਨੂੰ ਪੀਹੜੀ 'ਤੇ ਬਿਠਾ ਕੇ ਖਿਡਾਇਆ ਜਾਂਦਾ ਸੀ ਪਰ ਨਾਲ ਹੀ ਕੋਝੀ ਔਰਤ ਨੂੰ ਨਾ ਪਸੰਦ ਕਰਨ ਵਾਲੇ ਵਿਹਲੜ ਆਦਮੀ ਦਾ ਗਲਪੀ ਬਿੰਬ ਉਸਾਰਿਆ ਗਿਆ ਹੈ। ਅਗਲੀ ਕਥਾ 'ਕੌੜਾ ਸੱਚ' ਵਿਚ ਔਰਤ ਦੀ ਮਰਦ ਤੋਂ ਬਗੈਰ ਨਾ ਰਹਿ ਸਕਣ ਦੀ ਕਥਾਕਾਰੀ ਹੈ। 'ਬਿਸ਼ਨੀ' ਕਹਾਣੀ ਵਿਚ ਅਮੀਰ ਲੋਕ ਜੋ ਗਰੀਬਾਂ ਦੀਆਂ ਖਾਹਸ਼ਾਂ ਤੇ ਚਾਵਾਂ ਨੂੰ ਮਾਰਦੇ ਹਨ ਅਤੇ ਬਾਅਦ ਵਿਚ ਆਪਣੇ ਆਪ ਨੂੰ ਬੌਣਾ ਮਹਿਸੂਸ ਕਰਦੇ ਹਨ, ਦੀ ਕਥਾ ਹੈ। 'ਅਤੀਤ ਦੇ ਪਰਛਾਵੇਂ' ਕਹਾਣੀ ਵਿਚ ਪਿਆਰ, ਵਿਆਹ ਅਤੇ ਮਾਂ-ਬਾਪ ਛੱਡਣ ਦੀ ਕਥਾਕਾਰੀ ਹੈ, ਇਸੇ ਤਰ੍ਹਾਂ 'ਬਲਾਟਿੰਗ ਪੇਪਰ' ਕਹਾਣੀ ਵਿੱਚ ਆਪਣੀਆਂ ਧੀਆਂ ਨੂੰ ਲਾਲਚ ਖਾਤਰ ਬੱਚੇ ਨਾਲ ਵਿਆਉਣ ਦੀ ਕਥਾ ਹੈ।
'ਪਰਾਂਤ' ਕਹਾਣੀ ਜੋ ਰੌਲੇ ਵੇਲੇ ਦੀ ਹੈ, ਵਿਚ ਤਾਈ ਦਾ ਆਪਣੀ ਪਰਾਂਤ ਨਾਲ ਮੋਹ ਵਿਖਾਇਆ ਗਿਆ ਹੈ ਕਿ ਉਸ ਨੂੰ ਆਪਣੀ ਹੀ ਪਰਾਂਤ ਇਕ ਭਾਂਡਿਆਂ ਵਾਲੀ ਦੁਕਾਨ ਤੋਂ ਮਿਲਦੀ ਹੈ, ਜਿਸ ਨੂੰ ਦੇਖ ਕੇ ਉਹ ਦਮ-ਤੋੜ ਜਾਂਦੀ ਹੈ। 'ਸਜ਼ਾ' ਕਹਾਣੀ ਇਕ ਮਾਂ ਦੀ ਸੱਚੀ ਸ਼ਰਧਾਂਜਲੀ ਦੀ ਪੇਸ਼ਕਾਰੀ ਹੈ। 'ਗੁਲਮੋਹਰ' ਕਹਾਣੀ ਵਿਚ ਭੈਣ-ਭਰਾ ਦਾ ਪਵਿੱਤਰ ਪਿਆਰ ਗੁਲਮੋਹਰ ਦੇ ਦਰੱਖਤ ਵਿਚ ਵਸਦਾ ਦਿਖਾਇਆ ਗਿਆ ਹੈ ਅਤੇ ਅਖੀਰਲੀ ਕਹਾਣੀ 'ਸੁਰਖਰੂ' ਕਹਾਣੀ ਵਿਚ ਗਰੀਬਾਂ ਦੀਆਂ ਧੀਆਂ ਨਾਲ ਖਿਲਵਾੜ ਕਰਨ ਵਾਲੇ ਅਮੀਰਜ਼ਾਦਿਆਂ ਦੀ ਕਹਾਣੀ ਹੈ।

ਫ ਫ ਫ

ਜ਼ਿੰਦਗੀ ਜ਼ਿੰਦਾਬਾਦ
ਲੇਖਕ : ਦਰਸ਼ਨ ਸਿੰਘ ਦਰਦੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100, ਸਫ਼ੇ : 128
ਸੰਪਰਕ : 94177-28568.

'ਜ਼ਿੰਦਗੀ ਜ਼ਿੰਦਾਬਾਦ' ਦਰਸ਼ਨ ਸਿੰਘ ਦਰਦੀ ਦਾ ਪਹਿਲਾ ਕਹਾਣੀ-ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਜ਼ਿੰਦਗੀ ਨੂੰ ਜਿਊਣ ਦੇ ਢੰਗ ਦੱਸੇ ਹਨ। ਹਥਲੇ ਸੰਗ੍ਰਹਿ ਵਿਚ ਕੁੱਲ 21 ਪਾਠ ਅੰਕਿਤ ਕੀਤੇ ਗਏ ਹਨ, ਜਿਨ੍ਹਾਂ ਵਿਚ ਲੇਖਕ ਨੇ ਸਮਝੌਤੀਆਂ ਦਿੱਤੀਆਂ ਹਨ। ਲੇਖਕ ਦਾ ਉਪਰਾਲਾ ਚੰਗਾ ਹੈ ਪਰ ਇਹ ਕਹਾਣੀਆਂ ਘੱਟ ਅਤੇ ਨਿਬੰਧ ਸੰਗ੍ਰਹਿ ਜ਼ਿਆਦਾ ਲਗਦੇ ਹਨ, ਜਿਨ੍ਹਾਂ ਵਿਚ ਕਥਾਕਾਰ ਨੇ ਰੂਹ ਨੂੰ ਖੁਸ਼ ਰੱਖਣ ਦੇ ਨੁਕਤੇ ਵੀ ਦੱਸੇ ਹਨ ਅਤੇ ਜ਼ਿੰਦਗੀ ਵਿਚ ਮਿਹਨਤ, ਲਗਨ ਅਤੇ ਸੰਘਰਸ਼ ਨਾਲ ਜ਼ਿੰਦਗੀ ਜਿਊਣ ਵਾਲਿਆਂ ਦੀਆਂ ਤਰੱਕੀਆਂ ਦੀ ਗੱਲ ਕੀਤੀ ਹੈ। ਲੇਖਕ ਨੇ ਸਮਾਜਿਕ ਬੁਰਾਈਆਂ ਕਿਸਾਨਾਂ ਦੇ ਕਰਜ਼ਿਆਂ ਨੂੰ ਖ਼ੁਦਕੁਸ਼ੀ ਨਾਲ ਨਹੀਂ, ਸਗੋਂ ਇਕ ਚੰਗੇ ਰਾਹ 'ਤੇ ਚੱਲ ਕੇ ਮਿਹਨਤ ਕਰਨ ਨੂੰ ਤਰਜੀਹ ਦਿੱਤੀ ਹੈ। ਹਰ ਮੁਸ਼ਕਿਲ ਦਾ ਟਾਕਰਾ ਬੁਲੰਦ ਹੌਸਲੇ ਨਾਲ ਕਰਨ ਲਈ ਨਿਵਾਜਿਆ ਹੈ। ਜ਼ਿੰਦਗੀ ਵਿਚ ਘਬਰਾਹਟ ਦੂਰ ਕਰਕੇ ਮਿਹਨਤ ਅਤੇ ਧੀਰਜ ਨਾਲ ਸਫਲ ਹੋਣ ਦੀ ਗੱਲ ਕੀਤੀ ਹੈ। ਲੇਖਕ ਦਾ ਪਰਮਾਤਮਾ ਨਾਲ ਵੀ ਲਗਾਉ ਹੈ ਜੋ ਹਰ ਮੁਸ਼ਕਿਲ ਵਿਚ ਸਹਾਈ ਹੁੰਦਾ ਹੈ। ਅਜੋਕੇ ਯੁੱਗ ਵਿਚ ਜਿੱਥੇ ਪੈਸੇ ਦੀ ਦੌੜ ਵਧਦੀ ਜਾਂਦੀ ਹੈ, ਉੱਥੇ ਸਮੇਂ ਦੀ ਘਾਟ ਹੁੰਦੀ ਜਾ ਰਹੀ ਹੈ। ਸੁਖੀ ਰਹਿਣ, ਚੈਨ ਦੀ ਨੀਂਦ ਸੌਣ ਅਤੇ ਰਿਸ਼ਤੇ-ਨਾਤੇ ਨਿਭਾਉਣ ਨਾਲ ਰੂਹ ਵਿਚ ਤਾਜ਼ਗੀ ਆਉਂਦੀ ਹੈ ਅਤੇ ਪ੍ਰੇਸ਼ਾਨੀਆਂ ਤੋਂ ਮੁਕਤੀ ਮਿਲਦੀ ਹੈ।
ਜਿਹੜੇ ਬੰਦੇ ਆਪਣਾ ਰੋਜ਼ਾਨਾ ਦਾ ਟੀਚਾ ਮਿਥ ਕੇ ਕੰਮ ਕਰਦੇ ਹਨ, ਸੂਝ-ਬੂਝ ਵਰਤਦੇ ਹਨ, ਉਨ੍ਹਾਂ ਨੂੰ ਸਹਿਜੇ ਹੀ ਸਫਲਤਾ ਮਿਲ ਜਾਂਦੀ ਹੈ। ਲੇਖਕ ਨੇ ਆਪਣੇ ਸਕੂਲ, ਆਪਣੀਆਂ ਯਾਦਾਂ ਅਤੇ ਪਤਨੀ ਨੂੰ ਪੜ੍ਹਾ ਕੇ ਨੌਕਰੀ 'ਤੇ ਵੀ ਲਵਾਇਆ ਹੈ, ਜੋ ਮਰਦ ਪ੍ਰਧਾਨ ਸਮਾਜ ਨੂੰ ਸੇਧ ਵੀ ਹੈ ਅਤੇ ਉਤਸ਼ਾਹ ਵੀ।

ਂਗੁਰਬਿੰਦਰ ਕੌਰ ਬਰਾੜ
ਮੋ: 09855395161
ਫ ਫ ਫ

ਬਲਦੀਵੜਾ
ਲੇਖਕ : ਸੋਹਣ ਲਾਲ ਖਟਕੜ
ਪ੍ਰਕਾਸ਼ਕ : ਨਵਰੋਜ਼ ਪ੍ਰਕਾਸ਼ਨ, ਬੰਗਾ (ਨਵਾਂਸ਼ਹਿਰ)
ਮੁੱਲ : 100 ਰੁਪਏ, ਸਫ਼ੇ : 96
ਸੰਪਰਕ 98725-39533.

ਸੋਹਣ ਲਾਲ ਖਟਕੜ ਦੀ 'ਬਲਦੀਵੜਾ' ਦੂਸਰੀ ਕਾਵਿ ਪੁਸਤਕ ਹੈ। ਇਸ ਤੋਂ ਪਹਿਲਾਂ ਉਹ 'ਚਾਨਣ ਦੀ ਲੱਪ' ਕਾਵਿ-ਸੰਗ੍ਰਹਿ ਨਾਲ ਪੰਜਾਬੀ ਕਾਵਿ-ਜਗਤ ਵਿਚ ਪ੍ਰਵੇਸ਼ ਪਾ ਚੁੱਕਾ ਹੈ। 'ਲਾਚੀ ਦੀ ਖੁਸ਼ਬੋ' ਮਿੰਨੀ ਕਹਾਣੀ-ਸੰਗ੍ਰਹਿ ਵੀ ਉਸ ਨੇ ਪ੍ਰਕਾਸ਼ਿਤ ਕਰਵਾਇਆ ਹੈ। ਕਵਿਤਾ ਦਿਲ ਦੀ ਬਾਤ ਕਹਿੰਦੀ ਹੋਈ ਵੀ ਸਮਾਜਿਕ ਸਰੋਕਾਰਾਂ ਨਾਲ ਆਪਣੀ ਤੰਦ ਜੋੜੀ ਰੱਖਦੀ ਹੈ। ਸੋਹਣ ਲਾਲ ਖਟਕੜ ਦੀਆਂ ਇਸ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਅਤੇ ਗੀਤ ਸਮਾਜਿਕ ਸਰੋਕਾਰਾਂ ਨਾਲ ਜੁੜੇ ਮਸਲਿਆਂ ਨੂੰ ਹੀ ਪੇਸ਼ ਕਰਦੇ ਹਨ। ਸਮਾਜਿਕ ਸਰੋਕਾਰਾਂ ਵਿਚ ਪ੍ਰਮੁੱਖ ਤੌਰ 'ਤੇ ਮਾਦਾ ਭਰੂਣ ਹੱਤਿਆ, ਨਸ਼ਾਖੋਰੀ, ਭ੍ਰਿਸ਼ਟਾਚਾਰ, ਸਮਾਜ ਵਿਚ ਫੈਲੀ ਆਪਾਧਾਪੀ, ਆਰਥਿਕ ਨਾਬਰਾਬਰੀ, ਕਾਣੀ ਵੰਡ, ਸਮਾਜਿਕ ਭੇਦਭਾਵ, ਸੱਭਿਆਚਾਰਕ ਅਤੇ ਧਾਰਮਿਕ ਬੰਦਸ਼ਾਂ ਅਤੇ ਹੋਰ ਅਨੇਕਾਂ ਇਨ੍ਹਾਂ ਸਰੋਕਾਰਾਂ ਨਾਲ ਜੁੜੇ ਮਸਲੇ 'ਬਲਦੀਵੜਾ' ਕੁੜੀ-ਮੁੰਡੇ ਦੇ ਵਿਆਹ ਸਮੇਂ ਪਿੰਡ 'ਚ ਨਾਨਕਿਆਂ ਵੱਲੋਂ ਰਾਤ ਵੇਲੇ ਘੁਮਾਈ ਜਾਂਦੀ 'ਜਾਗੋ' ਦਾ ਇਕ ਅਹਿਮ ਹਿੱਸਾ ਹੈ, ਜੋ ਲੋਕਾਂ ਨੂੰ ਜਾਗਰੂਕ ਕਰਨ ਦਾ ਅਹਿਮ ਵਸੀਲਾ ਜਾਂ ਸਾਧਨ ਹੈ :
ਜਿਹੜਾ ਘਰ ਨਸ਼ਾ ਮੁਕਤ ਹੋਵੇ
ਚੰਗੀ ਜਿਹੀ ਹੋਈ ਯੁਕਤ ਹੋਵੇ
ਮੈਂ ਉਹਦੇ ਘਰੇ ਜਾਣਾ।
ਸਮਾਜਿਕ ਨਾਬਰਾਬਰੀ, ਊਚ-ਨੀਚ ਖਿਲਾਫ਼ ਭਗਤੀ ਲਹਿਰ ਦਾ ਅਹਿਮ ਰੋਲ ਹੈ। ਸਤਿਕਾਰਤ ਭਗਤਾਂ ਨੇ 'ਬਾਣੀ' ਰਾਹੀਂ ਉਸ ਸਮੇਂ ਦੇ ਲੋਕਾਂ ਨੂੰ ਸੁਚੇਤ ਕੀਤਾ। ਸ੍ਰੀ ਗੁਰੂ ਰਵਿਦਾਸ ਉਸੇ ਸਮੇਂ ਦੀ ਇਕ ਅਹਿਮ ਸ਼ਖ਼ਸੀਅਤ ਹਨ। ਉਨ੍ਹਾਂ ਵੱਲੋਂ ਉਠਾਏ ਮੁੱਦਿਆਂ ਪ੍ਰਥਾਏ 'ਜੋਕਾਂ' ਅਤੇ ਸੁਧਾਰ ਕਵਿਤਾ ਨੂੰ ਵਿਚਾਰਿਆ ਜਾ ਸਕਦਾ ਹੈ। ਸ਼ਾਇਰ ਖਟਕੜ ਕਲਾਂ ਪਿੰਡ ਦਾ ਵਾਸੀ ਹੈ, ਇਸ ਪਿੰਡ ਨਾਲ ਸ: ਭਗਤ ਸਿੰਘ ਦਾ ਗਹਿਰਾ ਨਾਤਾ ਹੈ। ਉਸ ਦਾ ਅਸਰ ਵੀ 'ਤੇਈ ਮਾਰਚ' ਕਵਿਤਾ ਵਿਚ ਦੇਖਿਆ ਜਾ ਸਕਦਾ ਹੈ। ਉਸ ਦਾ ਪੋਤਰਾ ਵੀ ਸ਼ਾਇਲ ਹੈ ਜੋ ਇੰਗਲੈਂਡ 'ਚ ਵਸਦਾ ਹੈ। ਉਸ ਨੂੰ ਵੀ ਉਹ ਪ੍ਰੇਰਨਾ ਦਿੰਦਾ ਹੋਇਆ ਲਗਾਤਾਰ ਇਸ ਕਾਰਜ ਨਾਲ ਜੁੜੇ ਰਹਿਣ ਦੀ ਤਾਕੀਦ ਕਰਦਾ ਹੈ। ਸ਼ਾਇਰ ਇਨ੍ਹਾਂ ਮਸਲਿਆਂ ਨੂੰ ਭਾਵੁਕਤਾ ਦੀ ਪੱਧਰ 'ਤੇ ਸਰਲਤਾ, ਸਪੱਸ਼ਟਤਾ ਨਾਲ ਤਾਂ ਬਿਆਨ ਕਰਦਾ ਹੈ ਪ੍ਰੰਤੂ ਇਨ੍ਹਾਂ ਵਰਤਾਰਿਆਂ ਪਿੱਛੇ ਗੁੱਝੇ ਭੇਤਾਂ ਦੀ ਨਿਸ਼ਾਨਦੇਹੀ ਨਹੀਂ ਕਰਦਾ ਕਿ ਵਰਤਾਰਾ ਕਿਉਂ ਵਾਪਰ ਰਿਹਾ ਹੈ। ਉਹ ਮਿਹਨਤੀ ਹੈ, ਸਿਰੜੀ ਹੈ, ਉਸ ਪਾਸੋਂ ਆਉਣ ਵਾਲੇ ਸਮੇਂ ਵਿਚ ਗੰਭੀਰ ਸ਼ਾਇਰੀ ਦੀ ਆਸ ਕੀਤੀ ਜਾ ਸਕਦੀ ਹੈ। ਕਾਵਿ-ਸੰਗ੍ਰਹਿ ਦਾ ਸਵਾਗਤ ਹੈ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਡਾ: ਰਵਿੰਦਰ ਰਵੀ ਦਾ ਸਾਹਿਤ ਚਿੰਤਨ
ਲੇਖਿਕਾ : ਡਾ: ਰੂਪਾ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 111
ਸੰਪਰਕ : 98146-73236.

ਡਾ: ਰਵਿੰਦਰ ਸਿੰਘ ਰਵੀ ਨੇ ਆਪਣੇ ਅਧਿਐਨ-ਅਧਿਆਪਨ ਕਾਲ 'ਚ ਪੰਜਾਬੀ ਸਾਹਿਤ ਦੇ ਮੰਥਨ ਦੇ ਸੰਦਰਭ 'ਚ ਦੇਸ਼ੀ, ਵਿਦੇਸ਼ੀ ਅਨੇਕ ਪ੍ਰਕਾਰ ਦੀਆਂ ਆਲੋਚਨਾਤਮਕ ਪੱਧਤੀਆਂ ਦਾ ਡੂੰਘਾ ਅਧਿਐਨ ਕਰਕੇ ਆਪਣੇ ਸਾਹਿਤ-ਚਿੰਤਨ ਅਨੁਭਵ ਅਤੇ ਇਸ ਦੇ ਪ੍ਰਗਟਾਵੇ ਨੂੰ ਖੂਬ ਰਿੜਕਿਆ। ਇਸ ਉਪਰੰਤ ਨਵੇਂ ਆਲੋਚਨਾਤਮਕ ਮਾਨਦੰਡਾਂ ਦੀ ਸਥਾਪਨਾ ਕੀਤੀ ਅਤੇ ਆਪਣੀ ਨਿਵੇਕਲੀ ਹੋਂਦ-ਦ੍ਰਿਸ਼ਟੀ ਦੀ ਸਥਾਪਨਾ ਕੀਤੀ। ਇਸ ਨਵ-ਚਿੰਤਨਧਾਰਾ ਨੂੰ ਸਾਹਿਤ ਵਿਚ ਡਾ: ਰਵੀ ਨੇ ਜਿਸ ਕਦਰ ਪਛਾਣਿਆ, ਉਸ ਦਾ ਨਿਰੂਪਣ ਡਾ: ਰੂਪਾ ਕੌਰ ਨੇ ਹਥਲੀ ਪੁਸਤਕ ਵਿਚ ਮਸਾਂ ਹੀ ਦੋ ਕਾਂਡਾਂ 'ਚ ਪਾਠਕਾਂ ਦੇ ਸਨਮੁੱਖ ਕੀਤਾ ਹੈ। ਪਹਿਲਾ ਕਾਂਡ ਡਾ: ਰਵਿੰਦਰ ਸਿੰਘ ਰਵੀ ਦੀ ਮਧਕਾਲੀਨ ਪੰਜਾਬੀ ਸਾਹਿਤ ਸਬੰਧੀ ਆਲੋਚਨਾ-ਦ੍ਰਿਸ਼ਟੀ ਦਾ ਪ੍ਰਗਟਾਵਾ ਹੈ। ਇਸ ਕਾਂਡ ਦੇ ਨਿਭਾਓ-ਸਿਲਸਿਲੇ ਦੇ ਅੰਤਰਗਤ ਡਾ: ਰਵੀ ਨੇ ਕਿਸ ਦ੍ਰਿਸ਼ਟੀ ਤੋਂ ਪਹਿਲਕਿਆਂ ਆਲੋਚਕਾਂ ਨੇ ਕਿਸ ਦ੍ਰਿਸ਼ਟੀ ਤੋਂ ਪੰਜਾਬੀ ਸਾਹਿਤ ਦਾ ਵਿਰੇਚਨ ਕੀਤਾ, ਉਸ ਤੋਂ ਬਾਅਦ ਨਵੀਨ ਚਿੰਤਕਾਂ ਨੇ ਪੰਜਾਬੀ ਸਾਹਿਤ ਨੂੰ ਕਿਸ ਦ੍ਰਿਸ਼ਟੀ ਤੋਂ ਸਮਝਿਆ ਭਾਵੇਂ ਕਿ ਇਹ ਸਾਹਿਤ ਗੁਰਮਤਿ ਕਾਵਿ, ਸੂਫ਼ੀ ਕਾਵਿ, ਕਿੱਸਾ ਕਾਵਿ, ਵਾਰ ਕਾਵਿ ਆਦਿ ਨਾਲ ਸਬੰਧਤ ਸੀ, ਬਾਬਤ ਗੰਭੀਰ ਨਿਵੇਕਲੀਆਂ ਟਿੱਪਣੀਆਂ ਕੀਤੀਆਂ, ਦਾ ਉਲੇਖ ਪੁਸਤਕ ਵਿਚ ਅੰਕਿਤ ਹੈ। ਡਾ: ਰਵੀ ਦੀਆਂ ਅਨੇਕਾਂ ਯੁੱਗ ਬੋਧ ਟਿਪੱਣੀਆਂ ਨੂੰ ਲੇਖਿਕਾ ਨੇ ਆਪਣੇ ਮਤ ਦੀ ਸਥਾਪਨਾ ਵਜੋਂ ਵਰਤ ਕੇ ਵਿਚਾਰਨਯੋਗ ਹੋਰ ਸਿੱਟਿਆਂ ਦੀ ਸਥਾਪਨਾ ਵੀ ਕੀਤੀ ਹੈ। ਇਸੇ ਤਰ੍ਹਾਂ ਪੁਸਤਕ ਦਾ ਦੂਜਾ ਅਧਿਆਇ ਡਾ: ਰਵਿੰਦਰ ਰਵੀ ਦੀ ਆਧੁਨਿਕ ਪੰਜਾਬੀ ਸਾਹਿਤ ਸਬੰਧੀ ਆਲੋਚਨਾ ਦ੍ਰਿਸ਼ਟੀ ਦੇ ਪ੍ਰਤਿਮਾਨਾਂ ਨੂੰ ਸਾਹਮਣੇ ਲਿਆਉਂਦਾ ਪ੍ਰਤੀਤ ਹੁੰਦਾ ਹੈ। ਮੋਹਨ ਸਿੰਘ ਦੀਵਾਨਾ, ਭਾਈ ਵੀਰ ਸਿੰਘ, ਪ੍ਰੋ: ਕਿਰਪਾਲ ਸਿੰਘ ਕਸੇਲ, ਸੰਤ ਸਿੰਘ ਸੇਖੋਂ, ਪ੍ਰੋ: ਕਿਸ਼ਨ ਸਿੰਘ ਆਦਿ ਚਿੰਤਕਾਂ ਦੀ ਸੋਚ ਦ੍ਰਿਸ਼ਟੀ ਤੋਂ ਅੱਗੇ ਜਾ ਕੇ ਆਧੁਨਿਕ ਪੰਜਾਬੀ ਕਵੀਆਂ, ਨਾਟਕਕਾਰਾਂ, ਵਾਰਤਕਕਾਰਾਂ, ਗਲਪਕਾਰਾਂ, ਰੇਖਾ-ਚਿੱਤਰ ਲੇਖਕਾਂ ਅਤੇ ਅਣਗਿਣਤ ਕਵੀਆਂ ਸਮੇਤ ਹੋਰ ਸਾਹਿਤਕਾਰਾਂ ਬਾਬਤ ਜੋ ਚਿੰਤਨਧਾਰਾ ਪ੍ਰਗਟਾਈ ਹੈ, ਉਸ ਸਬੰਧੀ ਲੇਖਿਕਾ ਨੇ ਹਥਲੀ ਪੁਸਤਕ 'ਚ ਡਾ: ਰਵੀ ਦੁਆਰਾ ਕੀਤੀਆਂ ਟਿੱਪਣੀਆਂ ਜਾਂ ਸਮੀਖਿਆਵਾਂ ਦੀ ਬਾਖੂਬੀ ਮੈਟਾ-ਆਲੋਚਨਾ ਪੇਸ਼ ਕੀਤੀ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਸੱਜਰੇ ਹੰਝੂ
ਕਹਾਣੀਕਾਰ : ਸ਼ਮਸ਼ੇਰ ਸਿੰਘ ਕਾਹਲੋਂ ਪ੍ਰਿੰਸੀਪਲ
ਪ੍ਰਕਾਸ਼ਕ : ਲੇਖਕ ਆਪ
ਮੁੱਲ : 200 ਰੁਪਏ, ਸਫ਼ੇ : 131
ਸੰਪਰਕ : 0183-2573200
.

ਸ਼ਮਸ਼ੇਰ ਸਿੰਘ ਕਾਹਲੋਂ ਪੰਜਾਬੀ ਸਾਹਿਤਕ ਖੇਤਰ ਵਿਚ ਇਕ ਅਜਿਹਾ ਸਾਹਿਤਕਾਰ ਹੈ ਜੋ ਆਪਣੀਆਂ ਰਚਨਾਵਾਂ ਵਿਚ ਬਗੈਰ ਸ਼ਬਦ ਜਾਲ ਬੁਣੇ ਸਧਾਰਨ ਵਿਸ਼ਿਆਂ ਬਾਰੇ ਸਰਲਤਾ ਅਤੇ ਸਾਦਗੀ ਨਾਲ ਸਾਹਿਤ ਰਚਨਾ ਕਰਦਾ ਹੈ। ਇਸੇ ਕਰਕੇ ਹੀ ਉਸ ਦੀਆਂ ਰਚਨਾਵਾਂ ਇਕ ਸਧਾਰਨ ਪਾਠਕ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ ਤੇ ਸਾਹਿਤ ਦੀ ਗੂੜ੍ਹ ਸੋਝੀ ਰੱਖਣ ਵਾਲੇ ਪਾਠਕ ਦੀ ਸੁਹਜ ਭੁੱਖ ਵੀ ਤ੍ਰਿਪਤ ਕਰਦੀਆਂ ਹਨ। 'ਸੱਜਰੇ ਹੰਝੂ' ਸ਼ਮਸ਼ੇਰ ਸਿੰਘ ਕਾਹਲੋਂ ਦਾ ਅਜਿਹਾ ਕਹਾਣੀ-ਸੰਗ੍ਰਹਿ ਹੈ ਜਿਸ ਵਿਚ ਉਸ ਨੇ ਇਸ ਸੰਗ੍ਰਹਿ ਦੇ ਦੋ ਭਾਗਾਂ ਤਹਿਤ ਪਹਿਲਾਂ 12 ਕਹਾਣੀਆਂ ਅਤੇ ਫਿਰ 37 ਮਿੰਨੀ ਕਹਾਣੀਆਂ ਪੇਸ਼ ਕੀਤੀਆਂ ਹਨ। ਜੇਕਰ ਸ਼ਮਸ਼ੇਰ ਸਿੰਘ ਕਾਹਲੋਂ ਦੀ ਕਹਾਣੀ ਰਚਨਾ ਨੂੰ ਗਹੁ ਨਾਲ ਦੇਖਿਆ ਜਾਵੇ ਤਾਂ ਇਹ ਕਹਾਣੀਆਂ ਉਸ ਦੇ ਆਲੇ-ਦੁਆਲੇ ਵਿਚ ਵਾਪਰਦੀਆਂ ਘਟਨਾਵਾਂ ਵਿਚੋਂ ਹੀ ਸਰੂਪ ਗ੍ਰਹਿਣ ਕਰਦੀਆਂ ਹਨ। ਇਨ੍ਹਾਂ ਵਿਚਲੇ ਪਾਤਰ ਵੀ ਤਕਰੀਬਨ ਉਸ ਦੇ ਜਾਣੇ-ਪਛਾਣੇ ਹੀ ਜਾਪਦੇ ਹਨ ਅਤੇ ਜ਼ਿੰਦਗੀ ਦੀਆਂ ਨਿੱਕੀਆਂ-ਨਿੱਕੀਆਂ ਰੀਝਾਂ ਲੋੜਾਂ-ਥੁੜਾਂ ਨਾਲ ਹੀ ਜੂਝਦੇ ਹਨ, ਮਿਸਾਲ ਵਜੋਂ ਉਸ ਦੀਆਂ ਕਹਾਣੀਆਂ ਵਿਚ ਦੇਸ਼ ਵੰਡ ਦਾ ਦਰਦ ਵੀ ਹੈ, ਸਮਾਜਿਕ ਨਾਇਨਸਾਫ਼ੀ, ਸਮਾਜ ਵਿਚ ਅਖੌਤੀ ਬਾਬਿਆਂ ਵੱਲੋਂ ਲੋਕਾਂ ਦੀ ਲੁੱਟ-ਖਸੁੱਟ, ਧੀਆਂ ਪ੍ਰਤੀ ਲੋਕਾਂ ਦਾ ਬੇਗਾਨਗੀ ਭਰਿਆ ਨਜ਼ਰੀਆ, ਭ੍ਰਿਸ਼ਟਾਚਾਰੀ ਪ੍ਰਬੰਧ ਆਦਿ ਦੇ ਚਿੱਤਰ ਵੀ ਮਿਲਦੇ ਹਨ। ਕਾਹਲੋਂ ਦੀ ਕਹਾਣੀ ਵਿਚ ਮਾਨਵੀ ਦ੍ਰਿਸ਼ਟੀਕੋਣ ਲਗਾਤਾਰ ਕਾਇਮ ਰਹਿੰਦਾ ਹੈ। ਮਾਨਵਤਾ ਦੇ ਪ੍ਰਤੀ ਉਸ ਦੀ ਸੁਹਿਰਦ ਤਬੀਅਤ ਕਿਸੇ ਦੇ ਦੁੱਖ, ਤਕਲੀਫ਼ ਨੂੰ ਚਿਤਰਦਿਆਂ ਉਸ ਵਿਚ ਆਪ ਸ਼ਾਮਿਲ ਹੋ ਜਾਂਦੀ ਹੈ, ਇਸੇ ਕਰਕੇ ਕਿਤੇ-ਕਿਤੇ ਕਹਾਣੀ ਦੀ ਤੋਰ ਮੱਧਮ ਵੀ ਹੋ ਜਾਂਦੀ ਹੈ। ਮਿੰਨੀ ਕਹਾਣੀਆਂ ਲੋਕ-ਕਹਾਣੀਆਂ ਦੀ ਤਰਜ਼ 'ਤੇ ਲਿਖੀਆਂ ਸਵੈ-ਜੀਵਨੀ ਮੂਲਕ ਵੇਰਵਿਆਂ ਦੇ ਰੂਪ ਵਿਚ ਪੇਸ਼ ਹੋਈਆਂ ਹਨ। ਕਹਾਣੀ-ਸੰਗ੍ਰਹਿ ਪਾਠਕਾਂ ਦੀ ਕਚਹਿਰੀ ਵਿਚ ਹਾਜ਼ਰ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

5-8-2016

 ਕਾਲਾ ਇਲਮ
ਕਹਾਣੀਕਾਰ : ਕਿਰਪਾਲ ਕਜ਼ਾਕ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 118
ਸੰਪਰਕ : 98726-44428
.

ਸ੍ਰੀ ਕਿਰਪਾਲ ਕਜ਼ਾਕ ਜੀਵਨ ਦੇ ਵੱਖ-ਵੱਖ ਸ਼ੋਬ੍ਹਿਆਂ ਵਿਚਲੇ ਅੰਤਰਵਿਰੋਧਾਂ ਅਤੇ ਵਿਸੰਗਤੀਆਂ ਬਾਰੇ ਡੂੰਘਾ ਅਨੁਭਵ ਰੱਖਣ ਵਾਲਾ ਕਹਾਣੀਕਾਰ ਹੈ। 'ਕਾਲਾ ਇਲਮ' ਉਸ ਦਾ ਪਹਿਲਾ ਕਹਾਣੀ ਸੰਗ੍ਰਹਿ ਹੈ, ਜੋ ਪਹਿਲੀ ਵਾਰ 1970-71 ਵਿਚ ਛਪਿਆ ਸੀ। ਇਸ ਪੁਸਤਕ ਦੇ ਦੂਜੇ ਸੰਸਕਰਣ ਨੇ ਉਸ ਦੇ ਸਾਹਿਤਕ ਗੌਰਵ ਵਿਚ ਹੋਰ ਵੀ ਵਾਧਾ ਕਰ ਦਿੱਤਾ ਹੈ।
ਕਿਰਪਾਲ ਕਜ਼ਾਕ ਨੇ ਆਪਣੇ ਜੀਵਨ ਦੀਆਂ ਦੁਸ਼ਵਾਰੀਆਂ ਨਾਲ ਨਿਰੰਤਰ ਆਢਾ ਲਾਈ ਰੱਖਿਆ ਹੈ। ਇਹੀ ਕਾਰਨ ਹੈ ਕਿ ਉਸ ਦੀਆਂ ਕਹਾਣੀਆਂ ਵਿਚਲੇ ਵੇਰਵੇ ਪਾਠਕ ਦੀ ਉਤਸੁਕਤਾ ਨੂੰ ਟੁੰਬਦੇ ਹੋਏ ਉਸ ਨੂੰ ਹੈਰਾਨ ਵੀ ਕਰ ਦਿੰਦੇ ਹਨ। ਸ਼ੀਰਸ਼ਕ ਕਹਾਣੀ (ਕਾਲਾ ਇਲਮ), 1947 ਵਿਚ ਪਾਕਿਸਤਾਨ ਤੋਂ ਉਜੜੇ ਦੋ ਨਜੂਮੀਆਂ (ਪਚਾਧਿਆਂ) ਜੁੰਮਾ ਤੇ ਵੀਰੂ ਦੀ ਚੁਸਤ-ਚਲਾਕੀ ਅਤੇ ਹਾਜ਼ਰ-ਜਵਾਬੀ ਦਾ ਬੜਾ ਦਿਲਚਸਪ ਬਿਰਤਾਂਤ ਪੇਸ਼ ਕਰਦੀ ਹੈ। 'ਕਿਰਨਾਂ ਦੇ ਹਾਸ਼ੀਏ' ਅਤੇ 'ਉਤਾਰ' ਵਿਚ ਕਹਾਣੀਕਾਰ ਨਾਰੀ ਦੇ ਅਦਭੁਤ ਚਰਿੱਤਰ ਨੂੰ ਰੂਪਮਾਨ ਕਰਦਾ ਹੈ। 'ਮਰਯਾਦਾ' ਵਿਚ ਕਹਾਣੀਕਾਰ ਮਰਦ ਅਤੇ ਔਰਤ ਵਿਚਲੇ ਸਬੰਧਾਂ ਨੂੰ ਆਧੁਨਿਕ ਪਰਿਪੇਖ ਵਿਚ ਰੱਖ ਕੇ ਵਿਸ਼ਲੇਸ਼ਿਤ ਕਰਦਾ ਹੈ। 'ਬੁਤ ਤਰਾਸ਼' ਵਿਚ ਪੇਂਡੂ ਲੋਕਾਂ ਦੀ ਸਿਆਸਤ ਦੇ ਬਖੀਏ ਉਧੇੜੇ ਹਨ। ਸਿਆਸਤ ਖੇਡਣ ਵਿਚ ਪਿੰਡਾਂ ਦੇ ਲੋਕ ਸ਼ਹਿਰੀਆਂ ਦੇ ਪੈਰ ਨਹੀਂ ਲੱਗਣ ਦਿੰਦੇ। 'ਅੰਤਹਕਰਨ' ਅਤੇ 'ਬਾਰੂਦ' ਯੌਨ-ਸਬੰਧਾਂ ਦੀ ਵਚਿੱਤਰਤਾ ਨੂੰ ਦਰਸਾਉਣ ਵਾਲੀਆਂ ਕੁਝ ਹੋਰ ਦਿਲਚਸਪ ਕਹਾਣੀਆਂ ਹਨ।
ਕਿਰਪਾਲ ਕਜ਼ਾਕ ਕਹਾਣੀ ਦੇ ਮਿਾਜਜ਼ ਅਤੇ ਸਮਰੱਥਾ ਬਾਰੇ ਭਰਪੂਰ ਜਾਣਕਾਰੀ ਰੱਖਦਾ ਹੈ। ਉਹ ਕਹਾਣੀ ਸੁਣਾਉਂਦਾ ਵੀ ਹੈ ਅਤੇ ਵਿਖਾਉਂਦਾ ਵੀ ਹੈ। ਵਿਖਾਉਣ ਸਮੇਂ ਉਹ ਵਾਰਤਾਲਾਪ ਤੋਂ ਬੜਾ ਸੁਚੱਜਾ ਕੰਮ ਲੈਂਦਾ ਹੈ। ਇਕ ਚਿਤਰਕਾਰ ਅਤੇ ਭਵਨ-ਨਿਰਮਾਤਾ ਰਿਹਾ ਹੋਣ ਕਰਕੇ ਉਹ ਆਪਣੇ ਪਾਤਰਾਂ ਦੀ ਸ਼ਕਲ-ਸੂਰਤ ਅਤੇ ਉਨ੍ਹਾਂ ਦੇ ਪਰਿਵੇਸ਼ ਨੂੰ ਦੋ-ਚਾਰ ਵਾਕਾਂ ਦੁਆਰਾ ਹੀ ਪੂਰੀ ਤਰ੍ਹਾਂ ਉਜਾਗਰ ਕਰ ਦਿੰਦਾ ਹੈ। ਉਹ ਆਪਣੀਆਂ ਕਹਾਣੀਆਂ ਵਿਚ ਇਕ ਲੇਖਕ ਦੇ ਤੌਰ 'ਤੇ ਖ਼ੁਦ ਪ੍ਰਵੇਸ਼ ਕਰਨ ਦੀ ਜ਼ਿਦ ਨਹੀਂ ਕਰਦਾ ਬਲਕਿ ਕਥਾਵਾਚਕ ਨੂੰ ਪੂਰੀ ਆਜ਼ਾਦੀ ਨਾਲ ਆਪਣਾ ਕੰਮ ਕਰਨ ਦਿੰਦਾ ਹੈ।

ਫ ਫ ਫ

ਸਾਡੀਆਂ ਰਸਮਾਂ ਸਾਡੇ ਗੀਤ
ਲੇਖਿਕਾ : ਨੀਲਮ ਸੈਣੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 220 ਰੁਪਏ, ਸਫ਼ੇ : 344
ਸੰਪਰਕ : 78377-18723


ਸ੍ਰੀਮਤੀ ਨੀਲਮ ਸੈਣੀ ਨੂੰ ਪੰਜਾਬੀ ਸੱਭਿਆਚਾਰ ਦੀਆਂ ਰਵਾਇਤਾਂ ਅਤੇ ਇਨ੍ਹਾਂ ਰਵਾਇਤਾਂ ਨੂੰ ਊਰਜਾ ਦੇਣ ਵਾਲੇ ਸਹਿਯੋਗੀ ਗੀਤਾਂ ਨਾਲ ਡੂੰਘਾ ਲਗਾਅ ਹੈ। ਬੇਸ਼ੱਕ ਉਹ ਕੈਲੀਫੋਰਨੀਆ ਦੇ ਇਕ ਸ਼ਹਿਰ ਹੇਵਰਡ ਵਿਚ ਰਹਿੰਦੀ ਹੈ ਪਰ ਉਸ ਨੇ ਪੰਜਾਬੀ ਸੱਭਿਆਚਾਰ ਨਾਲ ਆਪਣਾ ਕਰੀਬੀ ਨਾਤਾ ਬਰਕਰਾਰ ਰੱਖਿਆ ਹੋਇਆ ਹੈ। ਪੰਜਾਬੀ ਸੱਭਿਆਚਾਰ ਵਿਚ ਮਨੁੱਖ ਦੇ ਜੀਵਨ ਨਾਲ ਸਬੰਧਤ ਹਰ ਰਸਮ ਬਾਰੇ ਅਨੇਕ ਗੀਤ ਮਿਲ ਜਾਂਦੇ ਹਨ। ਪੰਜਾਬੀਆਂ ਦਾ ਗਾਉਣ ਨਾਲ ਬੜਾ ਗੂੜ੍ਹਾ ਸਬੰਧ ਹੈ। ਇਹੀ ਕਾਰਨ ਹੈ ਕਿ ਅੱਜਕਲ੍ਹ ਪੰਜਾਬ ਵਿਚ ਅਨੇਕ ਗਾਇਕ ਅਤੇ ਗੀਤਕਾਰ ਮਿਲ ਜਾਂਦੇ ਹਨ। ਬਾਲੀਵੁੱਡ ਵਿਚ ਵੀ ਪੰਜਾਬੀ ਗਾਇਕੀ ਅਤੇ ਗੀਤਕਾਰੀ ਛਾਈ ਹੋਈ ਹੈ। ਨੀਲਮ ਸੈਣੀ ਦੇ ਅਵਚੇਤਨ ਵਿਚ ਪੰਜਾਬੀ ਲੋਕ ਗਾਇਕੀ ਦੀਆਂ ਅਨੇਕ ਟੁਕੜੀਆਂ ਰਚੀਆਂ-ਵਸੀਆਂ ਸਨ। ਪੱਛਮ ਦੀ ਬੇਹੱਦ ਰੁੱਝੀ ਹੋਈ ਜ਼ਿੰਦਗੀ ਵਿਚ ਜਦੋਂ ਹੀ ਉਸ ਨੂੰ ਕੁਝ ਵਕਤ ਮਿਲਿਆ, ਉਸ ਨੇ ਲੋਕ ਗੀਤਾਂ ਦਾ ਇਕ ਕਾਫੀ ਭਾਰਾ-ਗੌਰਾ ਸੰਗ੍ਰਹਿ ਤਿਆਰ ਕਰਕੇ ਪਾਠਕਾਂ ਨੂੰ ਦੇ ਦਿੱਤਾ ਹੈ।
ਇਸ ਸੰਗ੍ਰਹਿ ਵਿਚ ਲੋਰੀਆਂ, ਸੁਹਾਗ ਗੀਤ, ਵਿਆਹ ਦੀਆਂ ਰਸਮਾਂ ਨਾਲ ਸਬੰਧਤ ਵਿਭਿੰਨ ਪ੍ਰਕਾਰ ਦੇ ਗੀਤ (ਜਿਵੇਂ ਕੁੜਮਾਈ ਦੀ ਰਸਮ, ਸ਼ਗਨ ਦੀ ਰਸਮ, ਵਟਣੇ ਦੀ ਰਸਮ, ਮਾਂਹ ਭਿਉਣ ਦੀ ਰਸਮ, ਨਾਨਕਾ ਮੇਲ, ਨਾਨਕੀ ਛੱਕ, ਮਹਿੰਦੀ ਦੀ ਰਸਮ, ਘੋੜੀਆਂ, ਨਿਉਂਦੇ ਦੀ ਰਸਮ) ਸੰਕਲਿਤ ਹਨ। ਇਨ੍ਹਾਂ ਤੋਂ ਬਿਨਾਂ ਢੋਲਾ, ਮਾਹੀਆ, ਟੱਪੇ, ਲੰਮੇ ਗੀਤ, ਸਿੱਠਣੀਆਂ, ਦੁਪਹਿਰ ਅਤੇ ਰਾਤ ਦੇ ਖਾਣੇ ਨਾਲ ਸਬੰਧਤ ਗੀਤ, ਪਾਣੀ ਵਾਰਨਾ, ਦੁੱਧ ਪਿਲਾਉਣਾ, ਗਾਨਾ/ਕੰਙਣਾ ਖੇਡਣਾ, ਮੁੜਦਾ ਫੇਰਾ ਆਦਿ ਨਾਲ ਸਬੰਧਤ ਗੀਤ ਵੀ ਦਰਜ ਕੀਤੇ ਗਏ ਹਨ। ਪੰਜਾਬੀ ਗੀਤਾਂ ਦੀ ਇਕ ਪ੍ਰਮੁੱਖ ਵਿਲੱਖਣਤਾ ਇਹ ਹੈ ਕਿ ਇਨ੍ਹਾਂ ਨੂੰ ਸਬੰਧਤ ਵਿਅਕਤੀ (ਪੁਰਸ਼/ਨਾਰੀ) ਆਪ ਨਹੀਂ ਗਾਉਂਦੇ। ਉਹ ਤਾਂ ਕਿਸੇ ਨਾ ਕਿਸੇ ਰਸਮ ਦੇ ਨਾਇਕ/ਨਾਇਕਾਂ ਹੁੰਦੇ ਹਨ। ਫਿਰ ਉਹ ਗੀਤ ਕਿਵੇਂ ਗਾਉਣ? ਗੀਤ ਗਾਉਣ ਲਈ ਉਨ੍ਹਾਂ ਦੇ ਆਸ-ਪਾਸ ਇਕੱਠੀਆਂ ਹੋਈਆਂ ਔਰਤਾਂ ਦਾ ਇਕ ਕੋਰਸ ਮੌਜੂਦ ਰਹਿੰਦਾ ਹੈ, ਜਿਵੇਂ ਯੂਨਾਨੀ ਦੁਖਾਂਤ ਪਰੰਪਰਾ ਵਿਚ ਹੁੰਦਾ ਸੀ।
ਇਹ ਕੋਰਸ ਆਪਣੇ ਗੀਤਾਂ ਨਾਲ ਸੰਜੋਗ, ਵਿਜੋਗ ਅਤੇ ਆਉਣ ਵਾਲੇ ਨਵੇਂ ਜੀਵਨ ਦੀ ਰਹੱਸਾਤਮਕਤਾ ਨੂੰ ਮਾਦਕ ਅਤੇ ਖੂਬਸੂਰਤ ਬਣਾ ਦਿੰਦਾ ਸੀ। ਵਿਆਹ-ਸ਼ਾਦੀ ਅਤੇ ਹੋਰ ਰਸਮਾਂ ਦੌਰਾਨ ਨਾਰੀਆਂ, ਕੇਵਲ ਯਾਦ ਕੀਤੇ ਗੀਤ ਹੀ ਨਹੀਂ ਦੁਹਰਾਉਂਦੀਆਂ, ਟੈਕਸਟ ਤਾਂ ਉਨ੍ਹਾਂ ਲਈ ਇਕ ਪਲੇਟਫਾਰਮ ਦਾ ਹੀ ਕੰਮ ਕਰਦੀ ਹੈ। ਟੈਕਸਟ ਨੂੰ ਉਹ ਮੌਕੇ ਮੁਤਾਬਿਕ ਨਿਰੰਤਰ ਵਿਸਤਾਰਦੀਆਂ-ਨਿਖਾਰਦੀਆਂ ਰਹਿੰਦੀਆਂ ਹਨ। ਬੀਬਾ ਨੀਲਮ ਸੈਣੀ ਦੀ ਇਸ ਪੁਸਤਕ ਨੇ ਮੇਰੇ ਭਾਵਾਂ ਨੂੰ ਅੰਦੋਲਿਤ ਕਰ ਦਿੱਤਾ ਹੈ। ਉਸ ਦਾ ਬਹੁਤ-ਬਹੁਤ ਧੰਨਵਾਦ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਬੋਲ ਅਨਮੋਲ
ਕਵੀ : ਡਾ: ਗੁਰਬਚਨ ਸਿੰਘ ਰਾਹੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 98780-36188
.

ਮਨੁੱਖੀ ਭਾਵਨਾਵਾਂ, ਜਜ਼ਬਿਆਂ ਅਤੇ ਵਲਵਲਿਆਂ ਨੂੰ ਬਿਆਨ ਕਰਨ ਲਈ ਕਵਿਤਾ ਸਭ ਤੋਂ ਵੱਧ ਅਸਰਦਾਰ ਹੈ। ਇਸ ਲਈ ਧਾਰਮਿਕ ਅਤੇ ਸਾਹਿਤਕ ਸੰਸਾਰ ਵਿਚ ਸਭ ਤੋਂ ਵੱਧ ਕਵਿਤਾ ਹੀ ਰਚੀ ਗਈ ਹੈ। ਸਾਡੇ ਪੁਰਾਤਨ ਸਾਹਿਤ ਵਿਚ ਦੋਹਾ ਜਾਂ ਦੋਹਿਰਾ ਬਹੁਤ ਪ੍ਰਚਲਤ ਰਿਹਾ ਹੈ ਪਰ ਹੁਣ ਇਹ ਬਹੁਤ ਘੱਟ ਰਚਿਆ ਜਾ ਰਿਹਾ ਹੈ। ਹਥਲੀ ਪੁਸਤਕ ਵਿਚ ਕਵੀ ਨੇ ਪ੍ਰਭਾਵਸ਼ਾਲੀ ਦੋਹੇ ਰਚ ਕੇ ਇਸ ਘਾਟ ਨੂੰ ਪੂਰਾ ਕੀਤਾ ਹੈ। ਇਨ੍ਹਾਂ ਦੋਹਿਆਂ ਵਿਚ ਅਧਿਆਤਮਕ, ਸਮਾਜਿਕ, ਸਦਾਚਾਰਕ ਅਤੇ ਸਾਹਿਤਕ ਪੱਖਾਂ ਨੂੰ ਛੂਹਿਆ ਗਿਆ ਹੈ। ਇਹ ਬੋਲ ਸੱਚਮੁੱਚ ਹੀ ਅਨਮੋਲ ਹਨ, ਜੋ ਜੀਵਨ ਦੇ ਯਥਾਰਥ ਅਤੇ ਸਾਰੇ ਪੱਖਾਂ ਨੂੰ ਉਜਾਗਰ ਕਰਦੇ ਹਨ। ਆਓ ਕੁਝ ਝਲਕਾਂ ਮਾਣੀਏਂ
-ਧਰਤੀ ਬੰਜਰ, ਸੂਏ ਸੁੱਕੇ, ਦਰਿਆਵਾਂ ਬਦਲੇ ਵਹਿਣ।
ਸੁਣਨ ਵਾਲਾ ਰਿਹਾ ਨਾ ਕੋਈ, ਕਿਸੇ ਨੂੰ ਜਾ ਕੇ ਕਹਿਣ।
-ਜ਼ਿੰਦਗੀ ਇਕ ਖੇਡ ਹੈ, ਕਦੇ ਹਰਖ ਕਦੇ ਸੋਗ।
ਕਿਸੇ ਵਿਛੋੜਾ ਦੇਂਵਦੀ, ਕਿਸੇ ਦਏ ਸੰਯੋਗ।
-ਆਕਾਸ਼ ਦੇ ਵਿਚ ਚਮਕਦੇ, ਲੱਖਾਂ ਤਾਰੇ ਚੰਨ।
ਅਦਭੁੱਤ ਲੀਲ੍ਹਾ ਉਸ ਦੀ, ਭਾਵੇਂ ਮੰਨ ਨਾ ਮੰਨ।
-ਕਾਵਾਂ ਸ਼ੋਰ ਮਚਾਇਆ, ਕਦੇ ਨਾ ਫਟਦੇ ਢੋਲ।
ਜੇ ਤੂੰ ਚਾਹੇਂ ਮਰਤਬਾ, ਸਭ ਨਾਲ ਮਿੱਠਾ ਬੋਲ।
-ਸੋਹਣੀ ਧਰਤ ਪੰਜਾਬ ਦੀ, ਵਗਦੇ ਸੀ ਪੰਜ ਆਬ।
ਹੁਣ ਤਾਂ ਏਥੇ ਵਗ ਰਹੀ, ਭੁੱਕੀ ਪੋਸਤ ਸ਼ਰਾਬ।
ਇਨ੍ਹਾਂ ਦੋਹਿਆਂ ਵਿਚ ਸ਼ੁੱਭ ਭਾਵਨਾ ਸਮਾਈ ਹੋਈ ਹੈ। ਦੋਹੇ ਦੀਆਂ ਦੋ ਤੁਕਾਂ ਵਿਚ 23 ਜਾਂ 24 ਮਾਤ੍ਰਾਵਾਂ ਹੁੰਦੀਆਂ ਹਨ। ਭਾਵੇਂ ਕਈ ਦੋਹਿਆਂ ਦੀਆਂ ਮਾਤ੍ਰਾਵਾਂ ਵੱਧ-ਘੱਟ ਹਨ ਪਰ ਭਾਵ ਵਿਚ ਕੋਈ ਕਮੀ ਨਹੀਂ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਇਕ ਸਵਾਲ
ਕਵੀ : ਦਰਸ਼ਨ ਸਿੰਘ ਰਾਹੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 80
ਸੰਪਰਕ : 99142-96096
.

ਇਸ ਪੁਸਤਕ ਦੇ 80 ਸਫ਼ਿਆਂ ਵਿਚ ਫੈਲੀਆਂ 30 ਭਾਵਪੂਰਤ ਕਵਿਤਾਵਾਂ ਹਨ। ਇਹ ਕਵਿਤਾਵਾਂ ਭਾਵੇਂ ਖੁੱਲ੍ਹੀ ਕਵਿਤਾ ਦੀ ਪਰਿਪਾਟੀ ਵਿਚ ਹੀ ਆਉਂਦੀਆਂ ਹਨ ਪਰ ਇਨ੍ਹਾਂ ਵਿਚ ਲੈਅ ਸਲਾਹੁਣਯੋਗ ਹੈ। ਕਵਿਤਾਵਾਂ ਦੇ ਛੋਟੇ-ਛੋਟੇ ਹਿੱਸੇ ਬਣਾ ਕੇ ਵਿਦਵਤਾ ਭਰਪੂਰ ਅਤੇ ਜਜ਼ਬਾਤੀ ਕਾਵਿ ਸਿਰਜਿਆ ਗਿਆ ਹੈ। ਰਾਹੀ ਦਾ ਕਾਵਿ ਪਾਤਰ ਅਜਿਹਾ ਮਨੁੱਖ ਹੈ ਜਿਹੜਾ ਸ਼ਿਸ਼ਟਾਚਾਰੀ ਜੀਵਨ ਦਾ ਧਾਰਨੀ ਅਤੇ ਸੰਵੇਦਨਸ਼ੀਲ ਹੈ। ਉਸ ਦੇ ਕਾਵਿ ਵਿਚ ਜੀਵਨ ਪ੍ਰਤੀ ਨੈਤਿਕਤਾ ਝਲਕਦੀ ਹੈ। ਜੀਵਨ ਵਿਚ ਇਕ ਆਮ ਮਨੁੱਖ ਨੂੰ ਕੀ ਕਮੀਆਂ-ਪੇਸ਼ੀਆਂ ਆਉਂਦੀਆਂ ਹਨ, ਇਹ ਇਨ੍ਹਾਂ ਕਵਿਤਾਵਾਂ ਦੇ ਵਿਸ਼ੇ ਹਨ। ਸਮਾਜ ਵਿਚ ਕਿਰਤੀ-ਕਾਮੇ ਨੂੰ ਵਿਵਸਥਾ ਕਿਸ ਤਰ੍ਹਾਂ ਹਾਸ਼ੀਏ ਉੱਤੇ ਰੱਖਦੀ ਹੈ, ਇਸ ਬਾਰੇ ਉਹ ਕਹਿੰਦਾ ਹੈ : 'ਮੰਤਰੀ ਦੀ ਇਕ ਵੋਟ ਹੈ/ਮਜ਼ਦੂਰ ਦੀ ਇਕ ਵੋਟ ਹੈ/ਮੰਤਰੀ ਹੇਠ ਨਿੱਤ ਨਵੀਂ ਕਾਰ ਹੈ/ਮਜ਼ਦੂਰ ਰੋਟੀ ਤੋਂ ਵੀ ਲਾਚਾਰ ਹੈ...' 'ਚੋਰਾਂ ਦੇ ਨਾਲ ਗਲਵਕੜੀ ਪਾ ਕੇ/ਠੱਗਾਂ ਨੂੰ ਆਪਣਾ ਯਾਰ ਬਣਾ ਕੇ/ਗੁਰੂ-ਧਾਮਾਂ ਗੁਰੂ ਘਰਾਂ ਤੋਂ ਲੁੱਟ ਕੇ ਪੈਸਾ/ਦੇਸ਼ ਪਰਾਏ ਜਾ ਬੈਠਾ ਮਹਿਲ ਸਜਾ ਕੇ/ਕਿਰਤੀ ਕਾਮੇ ਨੂੰ ਕਿਰਤ ਨਹੀਂ ਹੈ/ਮੰਦਿਰਾਂ ਦੇ ਕਲਸਾਂ 'ਤੇ ਸੋਨੇ ਦੇ ਪੱਤਰੇ/ਗੁਰੂ ਬਹਾਨੇ ਸਭ ਠੱਗੀ ਜਾਣ ਧਰਮ ਦੇ ਨਾਂਅ 'ਤੇ ਇਥੇ ਬਹੁਰੂਪੀਏ/ਲੋਕਾਂ ਨੂੰ ਦਿਨ ਦਿਹਾੜੇ ਵੰਡੀ ਜਾਣ/ਮੰਦਿਰ ਮਸਜਿਦ ਤੇ ਗੁਰਦੁਆਰੇ/ਭਾਈ ਪੰਡਿਤ ਤੇ ਮੁੱਲਾਂ ਠੱਗੀ ਜਾਣ...।'
ਦਰਸ਼ਨ ਸਿੰਘ ਰਾਹੀ ਆਪਣੀਆਂ ਕਵਿਤਾਵਾਂ ਵਿਚ ਕਿਰਤੀ ਵਰਗ ਨੂੰ ਚੇਤਨਾ ਦਾ ਪਾਠ ਯਾਦ ਕਰਾਉਂਦਾ ਹੈ। ਉਹ ਕਹਿੰਦਾ ਹੈ ਕਿ ਜਦ ਤੱਕ ਕਿਰਤੀ ਵਰਗ ਆਪਣੀ ਮੰਦੀ ਹਾਲਤ ਅਤੇ ਆਪਣੀ ਕਿਰਤ ਦੀ ਲੁੱਟ ਪ੍ਰਤੀ ਚੇਤੰਨ ਨਹੀਂ ਅਤੇ ਇਹ ਵਰਗ ਜਥੇਬੰਦ ਹੋ ਕੇ ਆਪਣੇ ਹੱਕ ਪ੍ਰਾਪਤ ਕਰਨ ਲਈ ਤੁਰਦਾ ਨਹੀਂ ਤਦ ਤੱਕ ਉਸ ਦੀ ਹਾਲਤ ਸੁਧਰ ਨਹੀਂ ਸਕਦੀ। ਭਾਵੇਂ ਬਹੁਤੀਆਂ ਕਵਿਤਾਵਾਂ ਕਿਰਤੀਆਂ ਦੇ ਜੀਵਨ ਬਾਰੇ ਹਨ ਪਰ ਕੁਝ ਕਵਿਤਾਵਾਂ ਵਿਚ ਸਹਿਜ ਸੁੰਦਰਤਾ ਅਤੇ ਨਿਰਛਲ ਪ੍ਰੇਮ ਦੇ ਵਲਵਲੇ ਵੀ ਹਨ।

ਂਸੁਲੱਖਣ ਸਰਹੱਦੀ
ਮੋ: 94174-84337
ਫ ਫ ਫ

ਸੁਪਨਿਆਂ ਦੀ ਸਰਦਲ
ਲੇਖਕ : ਆਤਮਾ ਰਾਮ ਰੰਜਨ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 200 ਰੁਪਏ, ਸਫ਼ੇ : 127
ਸੰਪਰਕ : 94787-02793
.

ਅਜੋਕੀ ਪੰਜਾਬੀ ਗ਼ਜ਼ਲ ਨੂੰ ਨਵੇਂ ਮੁਹਾਂਦਰੇ 'ਚ ਪੇਸ਼ ਕਰਨ ਵਾਲਿਆਂ ਵਿਚੋਂ ਆਤਮਾ ਰਾਮ ਰੰਜਨ ਦਾ ਇਹ ਗ਼ਜ਼ਲ ਸੰਗ੍ਰਹਿ ਵਿਲੱਖਣਤਾ ਦਾ ਪ੍ਰਗਟਾਵਾ ਹੈ, ਕਿਉਂ ਜੋ ਇਸ ਸੰਗ੍ਰਹਿ 'ਚ ਦਰਜ ਗ਼ਜ਼ਲਾਂ ਪਿਛੋਕੜਲੇ ਪਰੰਪਰਾਇਕ ਮੁਹਾਂਦਰੇ ਤੋਂ ਬਿਲਕੁਲ ਨਿਰਲੇਪ ਹਨ। ਇਨ੍ਹਾਂ ਗ਼ਜ਼ਲਾਂ ਦਾ ਕਾਵਿ-ਭਾਸ਼ਕ ਅਥਵਾ ਸ਼ਬਦਾਵਲੀ ਦਾ ਸਰੂਪ ਬਿਲਕੁਲ ਵੱਖਰੀ ਭਾਂਤ ਦਾ ਹੋ ਕੇ ਲੋਕ-ਜਨ-ਜੀਵਨ ਸ਼ੈਲੀ ਦੇ ਸਮਾਜਿਕ, ਆਰਥਿਕ, ਰਾਜਨੀਤਕ, ਨੈਤਿਕ, ਧਾਰਮਿਕ ਅਤੇ ਸੱਭਿਆਚਾਰਕ ਜੀਵਨ-ਸ਼ੈਲੀ ਦੇ ਸਰੋਕਾਰਾਂ ਨਾਲ ਜੁੜਿਆ ਹੋਇਆ ਹੈ। 'ਸੁਪਨਿਆਂ ਦੀ ਸਰਦਲ' ਤੋਂ ਭਾਵ ਮਾਨਵ ਜੀਵਨ ਦੀ ਖੁਸ਼ਹਾਲੀ, ਪ੍ਰਗਤੀ ਅਤੇ ਸੁੱਖ-ਸਾਂਦ ਦੀ ਜੀਵਨ-ਸ਼ੈਲੀ ਦੇ ਚੱਜ-ਆਚਾਰ ਨੂੰ ਸਥਾਪਿਤ ਕਰਕੇ ਕਲਿਆਣਕਾਰੀ ਮਨੁੱਖ, ਸਮਾਜ ਅਤੇ ਰਾਸ਼ਟਰ ਦੀ ਸਥਾਪਨਾ ਕਰਨਾ ਹੈ। ਕਵੀ ਦੇ ਗੰਭੀਰ ਚਿੰਤਨ ਨੂੰ ਇਹ ਸ਼ਿਅਰ ਪ੍ਰਗਟ ਕਰਦਾ ਸਪੱਸ਼ਟ ਹੈ ਕਿਂ
ਅੱਗਾਂ ਨਾਲ ਜੋ ਅੱਗ ਬੁਝਾਵੇ, ਪਾਣੀ ਇਸ ਨੂੰ ਕਹਿ ਕੇ ਯਾਰ।
ਉਹ ਕੀ ਜਾਣੇ ਸੋਕੇ ਇਸ ਦੇ, ਵੇਖੇ ਨਾ ਜਿਸ ਸਹਿ ਕੇ ਯਾਰ।
ਕਵੀ ਰੰਜਨ ਗ਼ਜ਼ਲ ਦੇ ਭਾਵ-ਬੋਧ ਜ਼ਰੀਏ ਚਾਹੁੰਦਾ ਹੈ ਕਿ ਮਨੁੱਖਤਾ ਸੁੱਖੀਂ-ਸਾਦੀਂ ਵਸੇ, ਜਾਤੀ-ਪਾਤੀ ਮੁਵਾਦ ਨਾ ਉੱਠਣ, ਊਚ-ਨੀਚ ਦਾ ਭੇਦ ਨਾ ਉੱਭਰੇ, ਗੰਦਗੀ, ਦਹਿਸ਼ਤ ਅਤੇ ਬਰੂਦੀ ਧੂੰਏਂ ਨਾ ਪੈਦਾ ਹੋਣ। ਸਗੋਂ ਮਾਨਵ-ਹਿਤੈਸ਼ੀ ਜਜ਼ਬਿਆਂ ਦੇ ਵਹਿਣ ਪ੍ਰਵਾਹਮਾਨ ਹੋਣ, ਸੁੱਚੇ ਪਿਆਰ-ਮੁਹੱਬਤਾਂ ਅਤੇ ਰਿਸ਼ਤਿਆਂ ਦੀ ਨੇੜਤਾ ਦੀ ਪਛਾਣ ਸਥਾਪਿਤ ਹੋਵੇ। ਮਾਨਵ ਵਾਸਤੇ ਹਰ ਸੂਰਜ, ਚੰਦ, ਸਿਤਾਰਾ ਸ਼ੁੱਭ ਕਾਮਨਾਵਾਂ ਸਹਿਤ ਸ਼ੁੱਭ ਅਵਸਰ ਲੈ ਕੇ ਆਏ, ਇਹੋ ਲੋਚਾ ਇਸ ਸ਼ਾਇਰ ਦੇ ਹਰ ਸ਼ਿਅਰ ਵਿਚੋਂ ਝਲਕਦੀ ਪ੍ਰਤੀਤ ਹੁੰਦੀ ਹੈ। ਨਿਰਸੰਦੇਹ, ਇਹ ਸ਼ਾਇਰੀ ਜਨ-ਸਾਧਾਰਨ ਪਾਠਕ ਤੋਂ ਲੈ ਕੇ ਵਿਅਕਤੀ-ਵਿਸ਼ੇਸ਼ ਪਾਠਕ ਤਕ ਦੇ ਮਨਾਂ 'ਚ ਵਸ ਜਾਣ ਵਾਲੀ ਹੈ ਕਿਉਂਕਿ ਇਸ ਵਿਚ ਲੋਕਤਾ ਪ੍ਰਤੀ ਹਮਦਰਦੀ, ਲੋਕ-ਸੰਵੇਦਨਾ ਦੀ ਹੂਕ ਅਤੇ ਉਸ ਦੀਆਂ ਅੰਤਰੀਵੀ ਭਾਵਨਾਵਾਂ ਦਾ ਬਿੰਬ ਠੇਠ ਅਤੇ ਲੋਕ-ਮੁਹਾਵਰੇ ਜ਼ਰੀਏ ਪ੍ਰਗਟ ਹੁੰਦਾ ਹੈ। ਗ਼ਜ਼ਲ ਦੇ ਪ੍ਰਬੀਨ ਪਰ ਸਰਲ ਬਹਿਰ-ਵਜ਼ਨ ਜਿਨ੍ਹਾਂ 'ਚ 'ਫ਼ੇਲੁਨ', ਜਾਂ 'ਫ਼ਾਇ-ਲਾ-ਤੁਨ' ਆਦਿ ਦੀਆਂ ਵਿਭਿੰਨ ਸ਼ਬਦ ਜੜਤਾਂ ਹਨ, ਉਨ੍ਹਾਂ ਨੂੰ ਵੀ ਇਸ ਸ਼ਾਇਰ ਨੇ ਬਾ-ਖੂਬੀ ਨਿਭਾਇਆ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਪੌਣਾਂ ਉੱਤੇ ਦਸਤਖ਼ਤ
ਗ਼ਜ਼ਲਕਾਰ : ਬਰਜਿੰਦਰ ਚੌਹਾਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 72
ਸੰਪਰਕ : 98189-69601
.

ਬਰਜਿੰਦਰ ਚੌਹਾਨ ਨੂੰ ਗ਼ਜ਼ਲਕਾਰੀ ਦੀ ਸਿਨਫ਼ ਵਿਰਸੇ 'ਚੋਂ ਮਿਲੀ ਹੈ। 'ਪੌਣਾਂ ਉੱਤੇ ਦਸਤਖ਼ਤ' ਬਰਜਿੰਦਰ ਚੌਹਾਨ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਸੀ ਤੇ ਹੁਣ ਇਸ ਪੁਸਤਕ ਦਾ ਤੀਸਰਾ ਸੰਸਕਰਣ ਨਵੇਂ ਲਿਬਾਸ ਨਾਲ ਸਾਹਮਣੇ ਆਇਆ ਹੈ ਜਿਸ ਵਿਚ ਉਸ ਦੀਆਂ ਅਠਤਾਲੀ ਗ਼ਜ਼ਲਾਂ ਪ੍ਰਕਾਸ਼ਤ ਹੋਈਆਂ ਹਨ। ਗ਼ਜ਼ਲਕਾਰ ਗ਼ਜ਼ਲ ਦੇ ਸ਼ਿਲਪ ਤੋਂ ਵਾਕਿਫ਼ ਹੈ ਤੇ ਉਹ ਆਪਣੇ ਅਨੁਭਵਾਂ ਨੂੰ ਸੌਖਿਆਂ ਹੀ ਸ਼ਿਅਰੀ ਢਾਂਚੇ ਵਿਚ ਢਾਲਣ ਵਿਚ ਸਮਰੱਥ ਹੈ। ਸ਼ਾਇਰ ਦੇ ਸ਼ਿਅਰਾਂ ਅਨੁਸਾਰ ਹਾਦਸੇ ਹਮੇਸ਼ਾ ਉਸ ਦੇ ਅੰਗ-ਸੰਗ ਰਹਿੰਦੇ ਹਨ ਤੇ ਇਨ੍ਹਾਂ ਨਾਲ ਉਸ ਦਾ ਸਦੀਵੀ ਨਾਤਾ ਹੈ। ਉਸ ਮੁਤਾਬਿਕ ਦੁਨੀਆ ਵਿਚ ਆਪਾ ਧਾਪੀ ਤੇ ਮਤਲਬਪ੍ਰਸਤੀ ਦਾ ਹਨ੍ਹੇਰ ਗੂੜ੍ਹਾ ਹੋ ਰਿਹਾ ਹੈ ਤੇ ਕਿਸੇ ਨੂੰ ਵੀ ਕਿਸੇ 'ਤੇ ਇਤਬਾਰ ਹੀ ਨਹੀਂ ਰਿਹਾ। ਬਰਜਿੰਦਰ ਦਾਅਵਾ ਕਰਦਾ ਹੈ ਕਿ ਉਹ ਗ਼ਜ਼ਲ ਬਹਿਰ ਅੰਦਰ ਹੀ ਕਹੇਗਾ ਪਰ ਸ਼ਿਅਰਾਂ 'ਚੋਂ ਰੱਤ ਦੇ ਵਹਿਣ ਵਰਗਾ ਇਹਸਾਸ ਹੋਏਗਾ। ਸੁਲਘਦੀ ਦੁਪਹਿਰ ਵਿਚ ਉਹ ਆਪਣੇ ਪਰਛਾਵੇਂ ਨੂੰ ਆਪਣਾ ਹਮਸਫ਼ਰ ਸਮਝਦਾ ਹੈ ਤੇ ਸਭ ਕੁਝ ਸਹਿੰਦੇ ਰਹਿਣਾ ਉਸ ਦੀਆਂ ਆਦਤਾਂ ਵਿਚ ਸ਼ੁਮਾਰ ਹੋ ਗਿਆ ਹੈ। ਭਾਵੇਂ ਉਸ ਨੂੰ ਸ਼ਹਿਰ ਬਾਂਸ ਦੇ ਜੰਗਲ ਵਾਂਗ ਡਰਾਉਂਦਾ ਹੈ ਪਰ ਜੰਗਲ ਦਾ ਸੱਨਾਟਾ ਵੀ ਉਸ ਨੂੰ ਬੇਚੈਨ ਕਰਦਾ ਹੈ। ਬਰਜਿੰਦਰ ਦੀਆਂ ਗ਼ਜ਼ਲਾਂ ਦੇ ਸ਼ਿਅਰ ਪਾਠਕਾਂ ਲਈ ਮੁਸ਼ਕਿਲਾਂ ਖੜ੍ਹੀਆਂ ਨਹੀਂ ਕਰਦੇ ਤੇ ਨਾ ਹੀ ਉਨ੍ਹਾਂ ਦੀ ਪ੍ਰੀਖਿਆ ਲੈਂਦੇ ਹਨ। ਇਹ ਅਧੁਨਿਕਤਾ ਦੇ ਨਾਂਅ 'ਤੇ ਮੱਥੇ ਨਾਲ ਉਲਝਣ ਦੀ ਥਾਂ ਸਰਲ ਹਨ ਤੇ ਆਮ ਪਾਠਕ ਵੀ ਇਨ੍ਹਾਂ ਨੂੰ ਮਾਣ ਸਕਦਾ ਹੈ। ਹਾਂ, ਗ਼ਜ਼ਲਕਾਰ ਵਹਾਓ ਵਿਚ ਕੁਝ ਅਜਿਹੀਆਂ ਤਸ਼ਬੀਹਾਂ ਤੇ ਅਲੰਕਾਰਾਂ ਦਾ ਪ੍ਰਯੋਗ ਕਰਦਾ ਹੈ ਜਿਨ੍ਹਾਂ ਨਾਲ ਕੁਝ ਲੋਕਾਂ ਵੱਲੋਂ ਵਾਸਤਵ ਵਿਚ ਸਹਿਮਤ ਨਹੀਂ ਹੋਇਆ ਜਾ ਸਕਦਾ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

31-07-2016

 ਸਰਦਾਰ ਭਗਤ ਸਿੰਘ ਦੀ ਨਾਸਤਿਕਤਾ : ਇਕ ਪੜਚੋਲ
ਲੇਖਕ : ਕੰਵਰ ਅਜੀਤ ਸਿੰਘ
ਪ੍ਰਕਾਸ਼ਕ : ਗੁਰਮਤਿ ਵਿਚਾਰ ਕੇਂਦਰ, ਪਟਿਆਲਾ
ਮੁੱਲ : 260 ਰੁਪਏ, ਸਫ਼ੇ : 212
ਸੰਪਰਕ : 98151-56818.

ਸ਼ਹੀਦ ਭਗਤ ਸਿੰਘ (1907-1931) ਸਮੁੱਚੇ ਭਾਰਤ ਦਾ ਆਮ ਕਰਕੇ ਅਤੇ ਪੰਜਾਬੀਆਂ ਦਾ ਖ਼ਾਸ ਕਰਕੇ ਹਰਮਨ ਪਿਆਰਾ ਨਾਇਕ ਹੈ। ਅੰਗਰੇਜ਼ ਹਾਕਮਾਂ ਨੂੰ ਵੰਗਾਰਨ ਵਾਲਾ ਦੇਸ਼ ਭਗਤ। ਉਹ ਸਮਾਜਵਾਦੀ ਮਾਰਕਸਵਾਦੀ ਕ੍ਰਾਂਤੀਕਾਰੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਸੀ। ਖਾਨਦਾਨੀ ਰੂਪ ਵਿਚ ਉਸ ਦੇ ਸੰਧੂ ਪਰਿਵਾਰ ਦੇ ਵਡੇਰੇ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਨੌਕਰ ਪੂਰਨ ਗੁਰਸਿੱਖ ਸਨ। ਵਹਿਮਾਂ-ਭਰਮਾਂ, ਕਰਮਕਾਂਡ ਤੇ ਮੂਰਤੀ ਪੂਜਾ ਦੇ ਵਿਰੋਧ ਵਿਚ ਪੰਜਾਬ ਵਿਚ ਜਦੋਂ ਆਰੀਆ ਸਮਾਜੀ ਸਰਗਰਮ ਹੋਏ ਤਾਂ ਸੁੰਦਰ ਸਿੰਘ ਮਜੀਠੀਆ, ਨਨਕਾਣਾ ਸਾਹਿਬ ਵਾਲੇ ਸ਼ਹੀਦ ਭਾਈ ਲਛਮਣ ਸਿੰਘ ਤੇ ਗਿ: ਦਿੱਤ ਸਿੰਘ ਜਿਹੇ ਬਹੁਤ ਸਾਰੇ ਨਾਮਵਰ ਸਿੱਖ ਆਰੀਆ ਸਮਾਜ ਨਾਲ ਜੁੜ ਗਏ। ਭਗਤ ਸਿੰਘ ਦਾ ਦਾਦਾ ਵੀ ਉਦੋਂ ਹੀ ਆਰੀਆ ਸਮਾਜੀ ਬਣਿਆ। ਭਗਤ ਸਿੰਘ ਡੀ.ਏ.ਵੀ. ਸਕੂਲ ਤੇ ਨੈਸ਼ਨਲ ਕਾਲਜ ਵਿਚ ਪੜ੍ਹਿਆ। ਚੜ੍ਹਦੀ ਉਮਰੇ ਰੂਸੀ ਕ੍ਰਾਂਤੀ ਵਾਲੀ ਮਾਰਕਸੀ ਵਿਚਾਰਧਾਰਾ ਨਾਲ ਜੁੜਿਆ। ਨੌਜਵਾਨ ਭਾਰਤ ਸਭਾ, ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਤੇ ਅੰਤ ਹਿੰਦੁਸਤਾਨ ਸੋਸ਼ਲਿਸਟ ਰੀਪਬਲਿਕ ਐਸੋਸੀਏਸ਼ਨ ਉਸ ਦੀ ਸਰਗਰਮੀ ਦੀਆਂ ਗਵਾਹ ਹਨ। ਸਾਂਡਰਸ ਦਾ ਕਤਲ, ਅਸੈਂਬਲੀ ਦਾ ਬੰਬ ਕਾਂਡ, ਲਾਹੌਰ ਸਾਜ਼ਿਸ਼ ਕੇਸ ਦਾ ਮੁਕੱਦਮਾ ਅਤੇ ਫਾਂਸੀ ਦਾ ਤਖ਼ਤਾ ਉਸ ਦੇ ਜੀਵਨ ਦੇ ਅਹਿਮ ਕਾਂਡ ਹਨ। ਕੰਵਰ ਅਜੀਤ ਸਿੰਘ ਨੇ ਉਕਤ ਸਾਰੇ ਵੇਰਵਿਆਂ ਉੱਤੇ ਚਰਚਾ ਉਪਰੰਤ ਭਗਤ ਸਿੰਘ ਲਿਖਤ ਪੈਂਫਲਿਟ 'ਮੈਂ ਨਾਸਤਿਕ ਕਿਉਂ ਹਾਂ' ਦੀ ਆੜ ਵਿਚ ਸਿੱਖ ਧਰਮ ਤੇ ਸਿੱਖ ਵਿਰਸੇ ਉੱਤੇ ਚੇਤ ਅਚੇਤ ਹੋਣ ਵਾਲੇ ਹਮਲਿਆਂ, ਸਾਜ਼ਿਸ਼ਾਂ ਉਤੇ ਜ਼ੋਰਦਾਰ ਹਮਲਾ ਕੀਤਾ ਹੈ। ਉਹ ਭਗਤ ਸਿੰਘ ਦੀ ਦਲੇਰੀ/ਕੁਰਬਾਨੀ ਦਾ ਪ੍ਰਸੰਸਕ ਹੈ ਪਰ ਧਰਮ ਅਤੇ ਸਿੱਖ ਧਰਮ ਬਾਰੇ ਉਸ ਦੇ ਅਧਿਐਨ ਦੀਆਂ ਸੀਮਾਵਾਂ ਉੱਤੇ ਉਂਗਲ ਰੱਖਦਾ ਹੈ। ਸਿੱਖ ਧਰਮ ਦੀ ਦੇਣ, ਮੁਢਲੇ ਕਮਿਊਨਿਸਟਾਂ ਤੇ ਗਦਰੀਆਂ ਦੇ ਅੰਮ੍ਰਿਤਧਾਰੀ ਸਿੱਖ ਹੋਣ, ਸੰਤ ਵਿਸਾਖਾ ਸਿੰਘ, ਬਾਬਾ ਜਵਾਲਾ ਸਿੰਘ, ਸੋਹਨ ਸਿੰਘ ਭਕਨਾ ਤੇ ਭਾ: ਰਣਧੀਰ ਸਿੰਘ ਜਿਹੇ ਦੇਸ਼ ਭਗਤਾਂ ਦੇ ਸਿੱਖ ਧਰਮ ਵਿਚ ਵਿਸ਼ਵਾਸ ਅਤੇ ਇਸ ਨੂੰ ਪ੍ਰੇਰਨਾ-ਸ੍ਰੋਤ ਸਵੀਕਾਰਨ ਦੇ ਅਕੱਟ ਦਸਤਾਵੇਜ਼ੀ ਪ੍ਰਮਾਣ ਦਿੰਦਾ ਹੈ। ਉਹ ਧਰਮ ਨੂੰ ਅਫੀਮ ਕਹਿ ਕੇ ਨਿੰਦਣ ਦਾ ਵਿਰੋਧ ਕਰਦਾ ਹੈ। ਤਰਕਸ਼ੀਲਤਾ ਦੇ ਨਾਂਅ 'ਤੇ ਸਿੱਖ ਰਹਿਤ ਸਿਧਾਂਤ ਅਤੇ ਇਤਿਹਾਸ 'ਤੇ ਕਿੰਤੂ-ਪ੍ਰੰਤੂ ਕਰਨ ਵਾਲੇ ਹਰ ਸਿੱਖ/ਗ਼ੈਰ-ਸਿੱਖ ਚਿੰਤਕ/ਜਥੇਬੰਦੀ ਦਾ ਦਲੀਲ ਤੇ ਵਿਵੇਕ ਨਾਲ ਖੰਡਨ ਕਰਦਾ ਹੈ। ਉਹ ਪੰਜਾਬ, ਦੇਸ਼ ਤੇ ਵਿਸ਼ਵ ਦੇ ਕਲਿਆਣ ਵਾਸਤੇ ਸਿੱਖ ਧਰਮ/ਦਰਸ਼ਨ ਨੂੰ ਰੋਲ ਮਾਡਲ ਵਜੋਂ ਪੇਸ਼ ਕਰਦਾ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਦਿਲ ਦੀ ਆਵਾਜ਼
ਸ਼ਾਇਰ : ਰਾਠੇਸ਼ਵਰ ਸਿੰਘ 'ਰਾਠੀ'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 95
ਸੰਪਰਕ : 0161-2413613

ਰਾਠੇਸ਼ਵਰ ਸਿੰਘ 'ਰਾਠੀ' ਪਰਵਾਸੀ ਲੇਖਕ ਹੈ, ਜਿਸ ਨੇ ਕਹਾਣੀ ਲੇਖਣ ਤੇ ਕਵਿਤਾ 'ਤੇ ਬਰਾਬਰ ਕਲਮ ਅਜ਼ਮਾਈ ਹੈ। 'ਦਿਲ ਦੀ ਆਵਾਜ਼' ਵਿਚ ਸ਼ਾਇਰ ਦੀਆਂ ਉਣਾਠ ਕਵਿਤਾਵਾਂ ਸ਼ਾਮਿਲ ਹਨ ਜਿਨ੍ਹਾਂ 'ਚੋਂ ਵਧੇਰੇ ਵਿਅੰਗ ਤੇ ਹਾਸਰਸ 'ਤੇ ਆਧਾਰਿਤ ਹਨ। ਬਹੁਤੀਆਂ ਕਵਿਤਾਵਾਂ ਦੇ ਵਿਸ਼ੇ ਪਰਵਾਸ ਨਾਲ ਹੀ ਸੰਬੰਧਿਤ ਹਨ। ਉਸ ਮੁਤਾਬਿਕ ਵਿਦੇਸ਼ਾਂ ਵਿਚ ਕਮਾਈ ਕਰਨੀ ਸੌਖੀ ਨਹੀਂ ਪਰ ਪਿੱਛੇ ਰਹਿ ਗਏ ਪਰਿਵਾਰਕ ਮੈਂਬਰ ਵਿਦੇਸ਼ਾਂ ਵਿਚ ਡਾਲਰਾਂ ਦੀ ਪ੍ਰਾਪਤੀ ਨੂੰ ਸੌਖ ਨਾਲ ਹੀ ਜੋੜ ਦਿੰਦੇ ਹਨ। ਵਿਦੇਸ਼ਾਂ ਵਿਚ ਰਹਿ ਕੇ ਸਰਫ਼ਾ ਕਰਨਾ ਪੈਂਦਾ ਹੈ ਤੇ ਹੱਡ ਭੰਨਵੀਂ ਮਿਹਨਤ ਕਰਨੀ ਪੈਂਦੀ ਹੈ। ਪੰਜਾਬ ਵਿਚ ਬਣੀਆਂ ਜਹਾਜ਼ਾਂ ਵਾਲੀਆਂ ਕੋਠੀਆਂ ਦਾ ਚਾਅ ਪੰਜਾਬ ਵਿਚ ਵਸਣ ਵਾਲਿਆਂ ਨੂੰ ਹੀ ਵਧੇਰੇ ਹੁੰਦਾ ਹੈ ਤੇ ਵਿਦੇਸ਼ਾਂ ਵਿਚ ਰੁਲ਼-ਖੁਲ਼ ਕੇ ਮਜ਼ਦੂਰੀ ਕਰਨ ਵਾਲੇ ਲੋਕ ਜਾਣਦੇ ਹਨ ਕਿ ਪੈਸਾ ਬਣਦਾ ਕਿੰਨਾ ਔਖਾ ਹੈ। ਸ਼ਾਇਰ 'ਅਮਰੀਕਾ' ਕਵਿਤਾ ਵਿਚ ਦਰਸਾਉਂਦਾ ਹੈ ਕਿ ਕਿਵੇਂ ਇਥੇ ਆ ਕੇ ਕੁਝ ਲੋਕ ਰੀਸੋ-ਰੀਸ ਖੁੱਲ੍ਹਾਂ ਲੈਣ ਦੀ ਕੋਸ਼ਿਸ਼ ਕਰਦੇ ਹਨ ਤੇ ਕਈ ਤਾਂ ਆਪਣੀ ਉਮਰ ਦਾ ਵੀ ਖ਼ਿਆਲ ਨਹੀਂ ਕਰਦੇ। 'ਮੇਰੇ ਹਾਣਦੀਆਂ' ਰਚਨਾ ਵਿਚ ਉਹ ਵਾਪਸ ਪਹੁੰਚੇ ਪ੍ਰਵਾਸੀਆਂ ਦੇ ਹੁੰਦੇ ਸਵਾਰਥੀ ਸਵਾਗਤ 'ਤੇ ਵੀ ਵਿਅੰਗ ਕਰਦਾ ਹੈ। 'ਬਦਲ ਗਏ' ਕਵਿਤਾ ਵਿਚ ਉਸ ਦੇ ਵਿਅੰਗ ਦੀ ਚੋਭ ਹੋਰ ਵੀ ਤਿੱਖੀ ਹੈ ਜਿਸ ਵਿਚ ਉਹ ਆਖਦਾ ਹੈ ਕਿ ਵਿਦੇਸ਼ੋਂ ਪਰਤੇ ਬੰਦੇ ਦੇ ਕੱਪੜੇ ਤਕ ਲਾਹੁਣ ਦਾ ਯਤਨ ਕੀਤਾ ਜਾਂਦਾ ਹੈ। ਇੰਜ ਇਸ ਪੁਸਤਕ ਦੀਆਂ ਬਹੁਤੀਆਂ ਕਵਿਤਾਵਾਂ ਪਰਵਾਸੀਆਂ ਦੀਆਂ ਭਾਵਨਾਵਾਂ ਨੂੰ ਜ਼ਬਾਨ ਦੇਣ ਵਿਚ ਸਫ਼ਲ ਹਨ। 'ਦਿਲ ਦੀ ਆਵਾਜ਼' ਦੀ ਇਕ ਕਵਿਤਾ ਪੰਜਾਬੀ ਜ਼ਬਾਨ ਨੂੰ ਸਮਰਪਤ ਹੈ ਜਿਸ ਤੋਂ ਸ਼ਾਇਰ ਦੇ ਪਰਵਾਸੀ ਹੁੰਦੇ ਹੋਏ ਵੀ ਆਪਣੀ ਭਾਸ਼ਾ ਪ੍ਰਤੀ ਮੋਹ ਦਾ ਪਤਾ ਚਲਦਾ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਬਾਬਾ ਸਾਹਿਬ
ਡਾ: ਅੰਬੇਡਕਰ ਜੀਵਨੀ
ਅਨੁਵਾਦਕ : ਸੋਹਣ ਸਹਿਜਲ
ਪ੍ਰਕਾਸ਼ਕ : ਪਰਮਿੰਦਰਾ ਆਰਟ ਪ੍ਰੈੱਸ, ਨੰਗਲ (ਖੇੜਾ), ਫਗਵਾੜਾ
ਮੁੱਲ : 150 ਰੁਪਏ, ਸਫ਼ੇ : 152
ਸੰਪਰਕ : 95014-77278.

ਡਾ: ਭੀਮ ਰਾਓ ਅੰਬੇਡਕਰ ਦੇ ਜੀਵਨ ਬਾਰੇ ਜਿੰਨਾ ਲਿਖਿਆ ਜਾਵੇ, ਥੋੜ੍ਹਾ ਹੈ। ਉਨ੍ਹਾਂ ਪੂਰੀ ਹੱਯਾਤੀ ਦਲਿਤਾਂ ਅਤੇ ਸਮਾਜ ਵੱਲੋਂ ਦੁਰਕਾਰੇ ਲੋਕਾਂ ਦੀ ਸਾਰ ਲੈਣ ਦੇ ਲੇਖੇ ਲਾ ਦਿੱਤੀ। ਉਨ੍ਹਾਂ ਸਮਾਜਿਕ ਬਰਾਬਰੀ ਵਾਲੇ ਸਮਾਜ ਦੀ ਕਾਮਨਾ ਕੀਤੀ, ਜਿਸ ਵਿਚ ਨਾ ਕੋਈ ਊਚ ਨੀਚ ਹੋਵੇ ਤੇ ਨਾ ਗ਼ਰੀਬ-ਅਮੀਰ ਦਾ ਪਾੜਾ। 'ਬਾਬਾ ਸਾਹਿਬ ਡਾ: ਅੰਬੇਡਕਰ ਜੀਵਨੀ' ਡਾ: ਅੰਬੇਡਕਰ ਦੀ ਸੰਘਰਸ਼ੀਲ ਜ਼ਿੰਦਗੀ ਨਾਲ ਸਬੰਧਤ ਛੋਟੀ ਜਿਹੀ ਕਿਤਾਬ ਹੈ। ਇਸ ਕਿਤਾਬ ਦੇ ਮੂਲ ਲੇਖਕ ਧਨੰਜੇ ਕੀਰ ਹਨ ਤੇ ਇਸ ਨੂੰ ਪੰਜਾਬੀ ਜਾਮਾ ਸੋਹਣ ਸਹਿਜਲ ਨੇ ਪੁਆਇਆ ਹੈ, ਜਿਨ੍ਹਾਂ ਹੁਣ ਤੱਕ ਕਈ ਕਿਤਾਬਾਂ ਦੀ ਰਚਨਾ ਕੀਤੀ ਹੈ।
ਇਸ ਪੁਸਤਕ ਵਿਚ ਡਾ: ਅੰਬੇਡਕਰ ਦੇ ਸੁਪਨਿਆਂ ਦੀ ਗੱਲ ਕੀਤੀ ਗਈ ਹੈ ਕਿ ਉਨ੍ਹਾਂ ਆਪਣੀ ਜ਼ਿੰਦਗੀ ਦਾ ਕੀ ਮਕਸਦ ਬਣਾਇਆ ਸੀ ਤੇ ਅੱਜ ਤੱਕ ਕੀ ਹੋਇਆ ਹੈ। ਕਿਤਾਬ ਵਿਚ ਡਾ: ਸਾਹਿਬ ਦੇ ਬਚਪਨ ਤੋਂ ਲੈ ਕੇ ਅੰਤਿਮ ਸਫ਼ਰ ਤੱਕ ਬਾਰੇ ਪ੍ਰਭਾਵਸ਼ਾਲੀ ਤਰੀਕੇ ਨਾਲ ਲਿਖਿਆ ਗਿਆ ਹੈ। ਉਨ੍ਹਾਂ ਨੇ ਗੁਲਾਮੀ ਨੂੰ ਚੁਣੌਤੀ ਕਿਵੇਂ ਦਿੱਤੀ, ਸ਼ੁਹਰਤ ਦੇ ਸਿਖਰ ਵੱਲ ਕਿਵੇਂ ਵਧੇ, ਮਜ਼ਦੂਰਾਂ ਦੇ ਆਗੂ ਕਿਵੇਂ ਬਣੇ, ਬੋਧੀ ਮਾਰਗ 'ਤੇ ਕਿਵੇਂ ਤੁਰੇ, ਸੰਵਿਧਾਨ ਅਸੰਬਲੀ 'ਤੇ ਜਾਦੂ ਕਿਵੇਂ ਛਾਇਆ ਤੇ ਹੋਰ ਬੜਾ ਕੁਝ ਇਸ ਨਿੱਕੜੀ ਕਿਤਾਬ ਵਿੱਚ ਦਰਜ ਹੈ।
ਡਾ. ਅੰਬੇਡਕਰ ਦੇ ਰਾਜਨੀਤਕ ਸਫ਼ਰ ਬਾਬਤ ਵੀ ਕਿਤਾਬ ਵਿਚ ਦੱਸਿਆ ਗਿਆ ਹੈ ਅਤੇ ਪੂਰੇ ਹਵਾਲਿਆਂ ਨਾਲ ਜਾਣਕਾਰੀ ਦਿੱਤੀ ਗਈ ਹੈ ਕਿ ਉਨ੍ਹਾਂ ਕਿਹੋ ਜਿਹੇ ਸਮਾਜ ਦੀ ਚਾਹਨਾ ਕੀਤੀ ਸੀ। ਬੇਸ਼ੱਕ ਡਾ: ਅੰਬੇਡਕਰ ਦੇ ਜੀਵਨ ਨਾਲ ਸਬੰਧਤ ਪਹਿਲਾਂ ਵੀ ਬੜੀਆਂ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ, ਪਰ ਇਹ ਛੋਟੀ ਜਿਹੀ ਕਿਤਾਬ ਵੀ ਮੁੱਲਵਾਨ ਹੈ।

ਂਸਵਰਨ ਸਿੰਘ ਟਹਿਣਾ
ਮੋ: 98141-78883
ਫ ਫ ਫ

ਤਹਿਆਂ ਵਾਲਾ ਦਰਦ
ਲੇਖਕ : ਅਸ਼ੋਕ ਮੌਜੀ
ਪ੍ਰਕਾਸ਼ਕ : ਸਾਂਝ ਪ੍ਰਕਾਸ਼ਨ, ਜਲੰਧਰ
ਮੁੱਲ : 80 ਰੁਪਏ, ਸਫ਼ੇ : 64
ਸੰਪਰਕ : 95010-33415

ਅਸ਼ੋਕ ਮੌਜੀ ਨੇ ਆਪਣੇ ਹੱਥਲੇ ਮਿੰਨੀ ਕਹਾਣੀ ਸੰਗ੍ਰਹਿ 'ਤਹਿਆਂ ਵਾਲਾ ਦਰਦ' ਵਿਚ ਸਮਾਜ ਦੇ ਘੁੱਟਵੇਂ ਵਾਤਾਵਰਨ ਵਿਚ ਅਮਰਵੇਲ ਵਾਂਗ ਵਧਦੀਆਂ ਜਾ ਰਹੀਆਂ ਕੁਰੀਤੀਆਂ ਨੂੰ ਭੰਡਣ ਦਾ ਪ੍ਰਯਤਨ ਕੀਤਾ ਹੈ। ਇਸ ਸੰਗ੍ਰਹਿ ਵਿਚਲੀਆਂ ਕੁੱਲ 53 ਮਿੰਨੀ ਕਹਾਣੀਆਂ ਨਸ਼ਾਖ਼ੋਰੀ, ਭ੍ਰਿਸ਼ਟ ਨਿਜਾਮ, ਹਉਮੈਂ, ਠਿੱਬੀਮਾਰ ਰਾਜਨੀਤੀ, ਸੁਆਰਥੀ ਸੋਚ, ਇਨਸਾਨੀਅਤ ਦਾ ਪਤਨ, ਅਧਿਆਪਨ-ਪਤਨ, ਆਚਰਣਹੀਣਤਾ ਅਤੇ ਔਰਤ ਦੀ ਬੇਪਤੀ ਵਰਗੇ ਵਿਸ਼ਿਆਂ ਉੱਪਰ ਕੇਂਦ੍ਰਿਤ ਹਨ। ਇਨ੍ਹਾਂ ਕਹਾਣੀਆਂ ਦੇ ਕਿਰਦਾਰ ਪਰਉਪਕਾਰੀ, ਸਾਊ ਅਤੇ ਹੌਸਲੇ ਵਾਲੇ ਹਨ ਪਰੰਤੂ ਦੂਜੇ ਪਾਸੇ ਕੁਝ ਕਿਰਦਾਰ ਅਜਿਹੇ ਵੀ ਹਨ ਜਿਨ੍ਹਾਂ ਦੇ ਚਿਹਰਿਆਂ 'ਤੇ ਦੰਭ ਦੇ ਮੁਖੌਟੇ ਪਹਿਨੇ ਹੋਏ ਹਨ। ਅਜਿਹੇ ਕਿਰਦਾਰ ਡਿੱਗੇ ਹੋਏ ਵਿਅਕਤੀ ਨੂੰ ਵੇਖ ਕੇ ਉਸ ਦਾ ਉਪਹਾਸ ਉਡਾਉਂਦੇ ਹਨ, ਕਹਿਣੀ ਤੇ ਕਥਨੀ ਵਿਚ ਜ਼ਮੀਨ ਤੇ ਅਸਮਾਨ ਦਾ ਫ਼ਰਕ ਹੈ ਅਤੇ ਔਰਤ ਪ੍ਰਤੀ ਨਕਾਰਾਤਮਕ ਅਤੇ ਗ਼ੈਰ ਆਚਰਣਕ ਰਵੱਈਆ ਰੱਖਦੇ ਹਨ। ਵਰਤਮਾਨ ਮਨੁੱਖੀ ਸਮਾਜ ਦੀ ਅਜਿਹੀ ਗ਼ੈਰ ਮਨੁੱਖੀ ਸੋਚ ਨੂੰ 'ਇਨਸਾਨੀਅਤ', 'ਸਲੀਕਾ', 'ਚੈਕਰ', 'ਨਸ਼ਾਬੰਦੀ', 'ਕਰਵਾ ਚੌਥ', 'ਪਹਿਰੇਦਾਰ', 'ਸੇਵਾ', 'ਕੰਤੀ ਬਨਾਮ ਸੀਤਾ' ਅਤੇ 'ਸੱਚਾਈ' ਆਦਿ ਮਿੰਨੀ ਕਹਾਣੀਆਂ ਵਿਚੋਂ ਉਸਾਰੂ ਸੰਦੇਸ਼ ਮਿਲਦੇ ਹਨ ਪਰੰਤੂ ਦੂਜੇ ਪਾਸੇ 'ਜੋਤਸ਼ੀ', 'ਪਲਾਸਟਿਕ ਦੇ ਲਿਫ਼ਾਫ਼ੇ' ਅਤੇ 'ਮੁਆਫ਼ੀ' ਹਲਕੇ ਪੱਧਰ ਦੀਆਂ ਮਿੰਨੀ ਕਹਾਣੀਆਂ ਹਨ ਅਤੇ ਚੁਟਕਲਾਬਾਜ਼ੀ ਤੋਂ ਉਪਰ ਨਹੀਂ ਉਠਦੀਆਂ। ਲੇਖਕ ਨੂੰ ਮਿੰਨੀ ਕਹਾਣੀ ਵਿਚਲੀ ਚੋਭ, ਚੀਸ ਅਤੇ ਡੰਗ ਨੂੰ ਕਲਾਮਈ ਅਤੇ ਨਾਟਕੀ ਜੁਗਤ ਨਾਲ ਪੇਸ਼ ਕਰਨ ਲਈ ਹੋਰ ਮਿਹਨਤ ਕਰਨ ਦੀ ਜ਼ਰੂਰਤ ਹੈ। ਕੁੱਲ ਮਿਲਾ ਕੇ ਇਹ ਮਿੰਨੀ ਕਹਾਣੀਆਂ ਅਜੋਕੇ ਸਮਾਜ ਦੇ ਭਿੰਨ-ਭਿੰਨ ਕਿਰਦਾਰਾਂ ਦੇ ਪਰਦੇ ਫਾਸ਼ ਕਰਦੀਆਂ ਹਨ।

ਫ ਫ ਫ

ਨਵੀਂ ਸਵੇਰ
ਲੇਖਕ : ਅਤਰ ਸਿੰਘ ਤਰਸਿੱਕਾ
ਪ੍ਰਕਾਸ਼ਕ : ਨਵਜੋਤ ਪਬਲੀਕੇਸ਼ਨ ਤਰਸਿੱਕਾ (ਅੰਮ੍ਰਿਤਸਰ)
ਮੁੱਲ : 100 ਰੁਪਏ, ਸਫ਼ੇ : 74
ਸੰਪਰਕ : 99141-60554.

ਪੰਜਾਬੀ ਸਾਹਿਤ ਵਿਚ ਪਿਛਲੇ ਲੰਮੇ ਅਰਸੇ ਤੋਂ ਵਾਰਤਕ, ਕਹਾਣੀ, ਬਾਲ ਸਾਹਿਤ ਅਤੇ ਵਿਅੰਗ ਖੇਤਰਾਂ ਵਿਚ ਕਲਮ ਅਜ਼ਮਾਈ ਕਰਨ ਵਾਲੇ ਲੇਖਕ ਅਤਰ ਸਿੰਘ ਤਰਸਿੱਕਾ ਨੇ ਆਪਣੇ ਨਵ-ਪ੍ਰਕਾਸ਼ਿਤ ਕਹਾਣੀ ਸੰਗ੍ਰਹਿ 'ਨਵੀਂ ਸਵੇਰ' ਨਾਲ ਹਾਜ਼ਰੀ ਲਗਵਾਈ ਹੈ। ਇਸ ਸੰਗ੍ਰਹਿ ਵਿਚ ਕੁੱਲ 17 ਕਹਾਣੀਆਂ ਸ਼ਾਮਿਲ ਹਨ। ਇਹ ਕਹਾਣੀਆਂ ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਹੋਈਆਂ ਹਨ। ਲੇਖਕ ਨੇ ਵਰਤਮਾਨ ਦੌਰ ਵਿਚ ਮਨੁੱਖ ਹੱਥੋਂ ਮਨੁੱਖ ਦੀ ਦੁਰਦਸ਼ਾ ਅਤੇ ਜ਼ੁਲਮਾਂ ਨੂੰ ਬਿਆਨਦਿਆਂ ਉਨ੍ਹਾਂ ਕਾਰਨਾਂ ਦੀ ਨਿਸ਼ਾਨਦੇਹੀ ਕਰਨ ਦਾ ਵੀ ਪ੍ਰਯਤਨ ਕੀਤਾ ਹੈ ਜਿਨ੍ਹਾਂ ਸਦਕਾ ਸਮਾਜਿਕ ਰਿਸ਼ਤਿਆਂ ਵਿਚ ਤਰੇੜਾਂ ਆ ਰਹੀਆਂ ਹਨ। ਤਰਸਿੱਕਾ ਦੀ ਕਹਾਣੀ 'ਨਵੀਂ ਸਵੇਰ' ਨਾਇਕਾ ਸੁਸ਼ਮਾ, ਜੋ ਬਚਪਨ ਵਿਚ ਹੀ ਮਾਂ-ਬਾਪ ਦਾ ਸਾਇਆ ਸਿਰ ਤੋਂ ਉਠ ਜਾਣ ਕਾਰਨ ਚਾਚੇ ਰੱਖਾ ਰਾਮ ਕੋਲ ਆ ਕੇ ਪੜ੍ਹ-ਲਿਖ ਕੇ ਨੌਕਰੀ ਹਾਸਲ ਕਰਦੀ ਹੈ ਪਰੰਤੂ ਉਹ ਚਿੰਤਾਜਨਕ ਦੌਰ ਵਿਚ ਉਦੋਂ ਦਾਖ਼ਲ ਹੁੰਦੀ ਹੈ ਜਦੋਂ ਉਸ ਦਾ ਲਾਲਚੀ ਸਹੁਰਾ ਪਰਿਵਾਰ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ। ਸੁਸ਼ਮਾ ਆਤਮ ਰੱਖਿਆ ਲਈ ਜਦੋਂ ਲਾਲਚੀ ਸਹੁਰੇ ਪਰਿਵਾਰ ਦਾ ਖ਼ਾਤਮਾ ਕਰਦੀ ਹੈ ਤਾਂ ਉਸ ਨੂੰ ਮਹਿਸੂਸ ਹੁੰਦਾ ਹੈ ਜਿਵੇਂ ਉਸ ਦੀ ਜ਼ਿੰਦਗੀ ਵਿਚ ਨਵੀਂ ਸਵੇਰ ਆ ਗਈ ਹੋਵੇ। 'ਹੱਤਿਆ' ਕਹਾਣੀ ਵੀ ਔਰਤ ਦੇ ਦਰਦ ਨੂੰ ਬਿਆਨਦੀ ਹੈ ਜਿਸ ਵਿਚ ਸਤਵੰਤ ਦੇ ਪੇਟ ਵਿਚ ਪਲਦੀ ਬੱਚੀ ਦਾ ਅਬਾਰਸ਼ਨ ਕਰਵਾ ਕੇ ਸਕੂਨ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। 'ਮਿੱਠੀ ਕੈਦ', 'ਪੱਥਰ ਦਾ ਭਾਰ', 'ਮਸੀਹਾ', ਅਤੇ 'ਅਤੀਤ ਦੇ ਪ੍ਰਛਾਵੇਂ' ਕਹਾਣੀਆਂ ਵੀ ਸਮਾਜ ਦੇ ਦਰਦ ਨੂੰ ਵੀ ਬਿਆਨ ਕਰਦੀਆਂ ਹਨ ਅਤੇ ਕੁਝ ਚੰਗਾ ਕਰਨ ਲਈ ਉਸਾਰੂ ਪੈਗ਼ਾਮ ਵੀ ਦਿੰਦੀਆਂ ਹਨ। ਤਰਸਿੱਕਾ ਦੀਆਂ ਬਹੁਤੀਆਂ ਕਹਾਣੀਆਂ ਦੇ ਸਿਰਲੇਖ ਪ੍ਰਤੀਕਾਤਮਕ ਹਨ ਅਤੇ ਪਾਤਰਾਂ ਦੀ ਵਾਰਤਾਲਾਪ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਵੇਸ ਭੂਸ਼ਾ ਦੇ ਅਨੁਕੂਲ ਹੈ। ਹਾਂ, ਕਿਤੇ-ਕਿਤੇ ਗ਼ਲਤੀਆਂ ਜ਼ਰੂਰ ਰੜਕਦੀਆਂ ਹਨ। ਪੁਸਤਕ ਵਿਚ ਹਰ ਕਹਾਣੀ ਦੇ ਨਾਲ ਲੇਖਕ ਦਾ ਨਾਂਅ ਛਪਣਾ ਵੀ ਅਣਉਚਿਤ ਹੈ ਕਿਉਂਕਿ ਟਾਈਟਲ 'ਤੇ ਛਪਿਆ ਲੇਖਕ ਦਾ ਨਾਂਅ ਹੀ ਇਹ ਦੱਸਣ ਲਈ ਕਾਫੀ ਹੁੰਦਾ ਹੈ ਕਿ ਇਹ ਪੁਸਤਕ ਕਿਸ ਲੇਖਕ ਦੀ ਲਿਖੀ ਹੋਈ ਹੈ। ਕੁੱਲ ਮਿਲਾ ਕੇ ਇਸ ਕਹਾਣੀ ਸੰਗ੍ਰਹਿ ਦੇ ਮਾਧਿਅਮ ਦੁਆਰਾ ਪੰਜਾਬੀ ਵਿਚ ਲਿਖੀ ਜਾ ਰਹੀ ਵਰਤਮਾਨ ਕਹਾਣੀ ਦੀ ਟੋਰ ਦਾ ਪਤਾ ਲੱਗਦਾ ਹੈ।

ਂਦਰਸ਼ਨ ਸਿੰਘ 'ਆਸ਼ਟ' (ਡਾ:)
ਮੋ: 9814423703
ਫ ਫ ਫ

ਖੋਲਿ ਡਿਠਾ ਖਜਾਨਾ
ਲੇਖਕ : ਮਾਸਟਰ ਜਸਵੰਤ ਸਿੰਘ ਗਿੱਲ
ਪ੍ਰਕਾਸ਼ਕ : ਕੇ. ਜੇ. ਗ੍ਰਾਫਿਕਸ, ਅੰਮ੍ਰਿਤਸਰ
ਮੁੱਲ : 350 ਰੁਪਏ, ਸਫ਼ੇ : 200
ਸੰਪਰਕ : 89683-03787.

ਅਸੀਂ ਬਹੁਤ ਹੀ ਅਮੀਰ ਸੱਭਿਆਚਾਰ, ਇਤਿਹਾਸ ਅਤੇ ਵਿਰਸੇ ਦੇ ਮਾਲਕ ਹਾਂ ਪਰ ਦੇਖਦੇ ਹੀ ਦੇਖਦੇ ਇਹ ਸੱਭਿਆਚਾਰਕ ਸ਼ਾਨ ਅਤੇ ਵਿਰਾਸਤ ਹਿਚਕੀਆਂ 'ਤੇ ਆ ਗਈ ਹੈ। ਔਖੇ ਤੋਂ ਔਖੇ ਹਾਲਾਤ ਵਿਚ ਵੀ ਚੜ੍ਹਦੀ ਕਲਾ ਵਿਚ ਵਿਚਰਦੇ ਨਿਹੰਗ ਸਿੰਘਾਂ ਦੇ ਬੋਲੇ ਮੁਸ਼ਕਿਲਾਂ ਨੂੰ ਟਿੱਚਰਾਂ ਕਰਦੇ ਸਨ, ਮੌਤ ਦੀ ਅੱਖ ਵਿਚ ਅੱਖ ਪਾ ਸਕਦੇ ਸਨ ਅਤੇ ਹਰ ਹਾਲ ਵਿਚ ਉੱਚੀ ਆਨ-ਸ਼ਾਨ ਨੂੰ ਬਰਕਰਾਰ ਰੱਖਦੇ ਸਨ। ਲੋੜ ਹੈ ਢਹਿੰਦੀ ਕਲਾ ਵਿਚ ਜਾ ਰਹੇ ਸਮਾਜ ਨੂੰ, ਖ਼ੁਦਕੁਸ਼ੀਆਂ ਕਰ ਰਹੇ ਕਿਸਾਨਾਂ ਨੂੰ ਅਤੇ ਨਸ਼ਿਆਂ ਦੇ ਸ਼ਿਕਾਰ ਹੋਏ ਨੌਜਵਾਨਾਂ ਨੂੰ ਆਪਣੇ ਉੱਚੇ-ਸੁੱਚੇ ਮੁੱਲਾਂ ਨਾਲ ਜੋੜਿਆ ਜਾਵੇ। ਇਸ ਪੁਸਤਕ ਵਿਚ ਲੇਖਕ ਨੇ 15 ਲੇਖਾਂ ਵਿਚ ਬੜੀ ਰੀਝ ਅਤੇ ਨੀਝ ਨਾਲ ਆਪਣੇ ਵਿਰਾਸਤੀ ਪਿੰਡ ਸਰਹਾਲੀ ਖੁਰਦ ਦੇ ਵਿਰਾਸਤੀ ਖਜ਼ਾਨੇ 'ਤੇ ਝਾਤ ਪੁਆਈ ਹੈ। ਸਾਰੇ ਲੇਖਾਂ ਦੇ ਸਿਰਲੇਖ ਗੁਰਬਾਣੀ ਦੀਆਂ ਤੁਕਾਂ 'ਤੇ ਆਧਾਰਿਤ ਹਨ। ਲੇਖਕ ਅਨੁਸਾਰ ਪਿਉ-ਦਾਦੇ ਦੇ ਖਜ਼ਾਨੇ ਦੇ ਵਾਰਸਾਂ ਵੱਲੋਂ ਸੁਣਾਏ ਜਾਂਦੇ ਅਤੇ ਸੁਣੇ ਜਾਂਦੇ ਲਾਭਕਾਰੀ ਵਿਚਾਰਾਂ ਦੀ ਬਹੁਤ ਸਾਰਥਕਤਾ ਅਤੇ ਉਪਯੋਗਤਾ ਹੈ। ਪੁਸਤਕ ਦੇ ਅੰਤ ਵਿਚ ਉਸ ਨੇ ਦੇਸੀ ਅਤੇ ਵਿਦੇਸ਼ੀ ਵਿਚਾਰਵਾਨਾਂ, ਚਿੰਤਕਾਂ ਅਤੇ ਲੇਖਕਾਂ ਦੇ ਅਨਮੋਲ ਵਿਚਾਰ ਦਰਜ ਕੀਤੇ ਹਨ, ਜਿਵੇਂ ਅਰਸਤੂ, ਐਮਰਸਨ, ਐਡਮਜ਼, ਸ਼ੇਖ ਸਾਹਦੀ, ਸੁਕਰਾਤ, ਸਿਸਰੋ, ਸ਼ੈਕਸਪੀਅਰ, ਹਜ਼ਰਤ ਅਲੀ, ਕਨਫਿਊਸ਼ਸ਼, ਕੁਰਾਨ ਸ਼ਰੀਫ਼, ਕਾਰਲਾਈਲ, ਖ਼ਲੀਲ ਜਿਬਰਾਨ, ਮਹਾਤਮਾ ਗਾਂਧੀ, ਰਬਿੰਦਰ ਨਾਥ ਟੈਗੋਰ, ਟੈਨੀਸਨ, ਟਾਲਸਟਾਇ ਨੈਪੋਲੀਅਨ, ਨਿਤਸ਼ੇ, ਪ੍ਰੇਮ ਚੰਦ, ਬਾਲਮੀਕ, ਬਾਈਬਲ, ਬਹਾਦਰ ਸ਼ਾਹ ਜ਼ਫ਼ਰ, ਭਰਥਰੀ, ਬੇਕਨ, ਗਿਆਨੀ ਸੰਤ ਸਿੰਘ ਮਸਕੀਨ, ਹਜ਼ਰਤ ਮੁਹੰਮਦ, ਮਦਰ ਟੈਰੇਸਾ, ਰਸੂਲ ਹਮਜ਼ਾਤੋਵ, ਮੌਲਾਨਾ ਰੂਮ ਆਦਿ। ਪੰਜਾਬੀ ਸੱਭਿਆਚਾਰ ਵਿਚ ਜਨਮ, ਵਿਆਹ ਦੇ ਗੀਤ ਅਤੇ ਸਿੱਠਣੀਆਂ, ਛੰਦ ਅਤੇ ਹੋਰ ਰਸਮੋ-ਰਿਵਾਜਾਂ ਦਾ ਵਰਨਣ ਬੜੇ ਰੌਚਕ ਢੰਗ ਨਾਲ ਕੀਤਾ ਹੈ। ਤੀਆਂ, ਤ੍ਰਿੰਞਣ, ਗਾਥਾ ਆਦਿ ਵੀ ਲੇਖਾਂ ਵਿਚ ਗੁੰਦੇ ਹੋਏ ਹਨ। ਪੇਂਡੂ ਖੇਡਾਂ ਜਿਵੇਂ ਖਿੱਦੋ ਖੂੰਡੀ, ਕਬੱਡੀ, ਰੱਸਾ ਖਿੱਚਣਾ, ਮੂੰਗਲੀਆਂ ਫੇਰਨਾ, ਟੋਕਾ ਗੇੜਨਾ, ਕੁਸ਼ਤੀ ਕਰਨਾ, ਬਲਦ ਭਜਾਉਣੇ, ਗਤਕਾ ਖੇਡਣਾ ਅਤੇ ਕੌਡੀਆਂ ਸੁੱਟਣਾ ਆਦਿ ਦਿਲਚਸਪੀ ਵਿਚ ਵਾਧਾ ਕਰਦੀਆਂ ਹਨ। ਸਮੁੱਚੇ ਤੌਰ 'ਤੇ ਇਹ ਇਕ ਦਿਲਚਸਪ, ਲਾਭਕਾਰੀ ਅਤੇ ਗਿਆਨ ਵਰਧਕ ਪੁਸਤਕ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਆਪਣੀ ਹੋਂਦ ਦੀ ਤਲਾਸ਼
ਲੇਖਕ : ਦੇਵਿੰਦਰ ਦੀਦਾਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 123
ਸੰਪਰਕ : 98142-45911.

ਹਥਲੀ ਪੁਸਤਕ ਵਿਚ 17 ਨਿਬੰਧ ਹਨ, ਜਿਨ੍ਹਾਂ ਨੂੰ ਅੰਸ਼ਕ ਰੂਪ ਵਿਚ ਪਾਠਕ ਅਖ਼ਬਾਰਾਂ ਵਿਚ ਪੜ੍ਹ ਚੁੱਕੇ ਹਨ। ਪੁਸਤਕ ਦੇ ਆਰੰਭ ਵਿਚ ਲੇਖਕ ਨੇ ਆਪਣੇ ਪ੍ਰਸੰਸਕਾਂ ਤੇ ਆਲੋਚਕਾਂ ਦੇ ਵਿਚਾਰ ਖੁੱਲ੍ਹ ਕੇ ਲਿਖੇ ਹਨ। ਨਿਬੰਧਾਂ ਦੀ ਮੁੱਖ ਸੁਰ ਹੈ ਕਿ ਵਰਤਮਾਨ ਸਮਾਂ ਲਗਪਗ ਹਰ ਦਿਸ਼ਾ ਵਿਚ ਪੂਰੀ ਤਰ੍ਹਾਂ ਨਿਘਰ ਚੁੱਕਾ ਹੈ। ਪਹਿਲਾ ਵੇਲਾ ਹੁਣ ਨਾਲੋਂ ਕਿਤੇ ਚੰਗਾ ਸੀ। ਲੋਕਾਂ ਦਾ ਸਲੀਕਾ, ਮੋਹ-ਪਿਆਰ ਸੀ। ਹੁਣ ਤਾਂ ਬੰਦੇ ਨੂੰ ਬੰਦਾ ਪਛਾਣਦਾ ਨਹੀਂ। ਘੋਰ ਕਲਿਯੁਗ ਹੈ। ਇਸ ਫ਼ਲਸਫ਼ੇ ਨੂੰ ਤਰਕਸ਼ੀਲਤਾ ਦੇ ਦਾਇਰੇ ਵਿਚ ਹਰੇਕ ਨਿਬੰਧ ਵਿਚ ਛੋਹਿਆ ਗਿਆ ਹੈ। ਲੇਖਕ ਦਾ ਨਿੱਜੀ ਮਤ ਹੈ ਕਿ ਹੁਣ ਦੀ ਤਕਨੀਕ ਤੇ ਵਿਗਿਆਨ ਨੇ ਮੁੱਖ ਨੂੰ ਅਨੇਕਾਂ ਮੁਸ਼ਕਿਲਾਂ ਵਿਚ ਪਾ ਦਿੱਤਾ ਹੈ। ਬਿਮਾਰੀਆਂ ਦਾ ਕੋਈ ਅੰਤ ਨਹੀਂ ਰਹਿ ਗਿਆ। ਸਿੱਖਿਆ ਤੇ ਸਿਹਤ ਦਾ ਬੁਰਾ ਹਾਲ ਹੈ। ਉਹ ਚੰਗਾ ਵੇਲਾ ਸੀ ਜਦ ਪੰਜ-ਸੱਤ ਜਮਾਤਾਂ ਪਾਸ ਬੰਦਾ ਨੌਕਰੀ ਦੇ ਯੋਗ ਹੋ ਜਾਂਦਾ ਸੀ। ਸੁਖ ਦੀ ਰੋਟੀ ਖਾਂਦਾ ਸੀ। ਹੁਣ ਦੇ ਡਿਗਰੀਆਂ ਵਾਲਿਆਂ ਕੋਲ ਕੋਈ ਹੁਨਰ ਨਹੀਂ। ਮਾਂ-ਬੋਲੀ ਵਿਚ ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਇਕ ਮਿਆਰ ਸੀ। ਹੁਣ ਖੁੰਬਾਂ ਵਾਂਗ ਖੁੱਲ੍ਹੇ ਸਕੂਲ-ਕਾਲਜ ਦੋ ਦਰਜਨ ਦੇ ਕਰੀਬ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚੋਂ ਨਿਕਲੇ ਪਾੜ੍ਹੇ ਬੇਰੁਜ਼ਗਾਰੀ ਦੀ ਕਤਾਰ ਲੰਮੀ ਕਰਦੇ ਜਾ ਰਹੇ ਹਨ। ਸਰਕਾਰਾਂ ਕੋਲ ਕੋਈ ਪ੍ਰੋਗਰਾਮ ਨਹੀਂ ਹੈ। ਨਿਬੰਧ ਮਾਂ ਬੋਲੀ, ਮਨੁੱਖੀ ਕਦਰਾਂ-ਕੀਮਤਾਂ, ਸਿਆਸਤ ਵਿਚ ਨਿਘਾਰ, ਫਜ਼ੂਲ ਖਰਚੇ, ਕਰਜ਼ਾਈ ਕਿਸਾਨੀ, ਕੰਮ ਕਰਨ ਦੀ ਰੁਚੀ ਦਾ ਘਟ ਜਾਣਾ, ਦੂਸ਼ਿਤ ਲੋਕਤੰਤਰ ਆਦਿ ਵਿਸ਼ਿਆਂ ਦੁਆਲੇ ਹਨ। ਨਿਬੰਧ ਸੰਘਣੀ ਛਾਂ ਵਾਲੇ ਬੋਹੜ, ਬੀਤੇ ਨੂੰ ਵਾਜਾਂ ਮਾਰਦਾ ਪੰਜਾਬ, ਆਪਣੀ ਹੋਂਦ ਦੀ ਤਲਾਸ਼, ਮਾਂ-ਬੋਲੀ ਦਾ ਵਪਾਰੀਕਰਨ, ਚਿੜੀ ਵਿਚਾਰੀ ਕੀ ਕਰੇ, ਅਧਵਾਟੇ ਗੁਆਚੇ ਲੋਕ, ਅਧੂਰੇ ਸਿਰਨਾਵਿਆਂ ਵਾਲੇ ਖ਼ਤ, ਯੁੱਧ ਜੋ ਸਾਰੇ ਹਾਰ ਗਏ, ਸੜਦੇ ਰੁੱਖਾਂ ਤੇ ਆਲ੍ਹਣੇ ਦੀ ਮਿਆਰੀ ਸ਼ੈਲੀ, ਤਕਨੀਕ, ਜਾਣਕਾਰੀ, ਇਤਿਹਾਸ ਤੇ ਵਿਰਾਸਤ ਮੂੰਹੋਂ ਬੋਲਦੇ ਹਨ।

ਂਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160
ਫ ਫ ਫ

ਪਰਵਾਨੇ
ਲੇਖਕ : ਪ੍ਰਿੰ: ਬਲਵਿੰਦਰ ਸਿੰਘ ਫ਼ਤਹਿਪੁਰੀ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 176
ਸੰਪਰਕ 98146-19342
.

ਲੇਖਕ ਹੁਣ ਤੱਕ ਕਾਵਿ ਸੰਗ੍ਰਹਿ, ਨਿਬੰਧ ਸੰਗ੍ਰਹਿ, ਰੇਖਾ ਚਿੱਤਰ ਤੇ ਨਾਵਲ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾ ਚੁੱਕਿਆ ਹੈ। ਹਥਲੀ ਪੁਸਤਕ 'ਪਰਵਾਨੇ' ਉਸ ਦਾ ਦੂਸਰਾ ਨਾਵਲ ਹੈ, ਜੋ ਮਾਝੇ ਦੇ ਪੇਂਡੂ ਜੀਵਨ ਦੀ ਸੰਘਰਸ਼ਮਈ ਗਾਥਾ ਹੈ।
ਨਾਵਲ ਦਾ ਮੁੱਖ ਪਾਤਰ ਕੇਸਰ ਸਿੰਘ ਗਦਰੀ ਭਾਵਨਾ ਨਾਲ ਓਤਪੋਤ ਹੈ। ਲੇਖਕ ਨੇ ਪਾਤਰਾਂ ਦਾ ਚਿਤਰਨ ਇਸ ਤਰ੍ਹਾਂ ਕੀਤਾ ਹੈ ਕਿ ਨੌਜਵਾਨ ਪੀੜ੍ਹੀ ਜਾਗਰੂਕ ਹੋ ਸਕੇ ਅਤੇ ਦੇਸ਼ ਭਗਤਾਂ ਕੋਲੋਂ ਪ੍ਰੇਰਨਾ ਲੈ ਸਕਣ। ਕੁਝ ਪਾਤਰ ਸੰਘਰਸ਼ ਕਰਦੇ ਦਰਸਾਏ ਹਨ ਤੇ ਕੁਝ ਸੁਖ-ਆਰਾਮ ਦਾ ਜੀਵਨ ਭੋਗਣ ਵਿਚ ਵਿਸ਼ਵਾਸ ਕਰਦੇ ਹਨ। ਪਰ ਜਾਨ ਦੀ ਅਹੂਤੀ ਦੇਣ ਵਾਲੇ ਪਰਵਾਨੇ ਮੁੱਖ ਪਾਤਰ ਹਨ। ਗਦਰ ਦੇ ਆਗੂ ਖੁੱਲ੍ਹ ਕੇ ਵਿਅੰਗ ਕਰਦੇ ਹਨਂ'ਸਮੁੱਚੇ ਭਾਰਤ ਵਿਚ ਅੰਗਰੇਜ਼ਾਂ ਦੀ ਕੁੱਲ ਗਿਣਤੀ ਤਿੰਨ ਲੱਖ ਤੋਂ ਵੱਧ ਨਹੀਂ। ਜੇ 30 ਕਰੋੜ ਭਾਰਤੀ ਇਕ ਮੰਚ 'ਤੇ ਇਕੱਠੇ ਹੋ ਜਾਣ ਤਾਂ ਗੋਰਿਆਂ ਨੂੰ ਭੱਜਣ ਲਈ ਰਾਹ ਨਹੀਂ ਲੱਭੇਗਾ।' ਪਰ ਅਫ਼ਸੋਸ ਭਾਰਤੀਆਂ ਵਿਚ ਗੱਦਾਰ ਵੀ ਮੌਜੂਦ ਹਨ। ਲੇਖਕ ਨੇ ਅਨੇਕਾਂ ਵਿਸ਼ੇ ਨਾਵਲ ਵਿਚ ਛੋਹੇ ਹਨ, ਜਿਵੇਂ ਕਿ ਆਜ਼ਾਦੀ ਦੀ ਭਾਵਨਾ, 13 ਅਪ੍ਰੈਲ ਦੀ ਖੂਨੀ ਵਿਸਾਖੀ, ਪੁਲਿਸ ਦਾ ਜਬਰ, ਨਨਕਾਣੇ ਦਾ ਖੂਨੀ ਸਾਕਾ, ਬੱਬਰ ਅਕਾਲੀ ਲਹਿਰ, ਮੁਖਬਰਾਂ ਨੂੰ ਸੋਧਣਾ, ਭਗਤ ਸਿੰਘ ਤੇ ਦੋਸਤਾਂ ਦੀ ਸ਼ਹੀਦੀ, ਦੇਸ਼ ਦੀ ਵੰਡ-ਕੁਰਸੀਆਂ ਦੀ ਸਿਆਸਤ, ਕੇਂਦਰ ਦੀਆਂ ਸਿੱਖ ਵਿਰੋਧੀ ਨੀਤੀਆਂ, ਪੰਜਾਬੀ ਸੂਬਾ ਤੇ ਸਿਆਸਤ, ਆਦਿ। ਏਨਾ ਹੀ ਨਹੀਂ ਹੋਰ ਸਮਾਜਿਕ ਤੇ ਵਿਦਿਅਕ ਭ੍ਰਿਸ਼ਟਾਚਾਰ ਨੂੰ ਵੀ ਖੁੱਲ੍ਹ ਕੇ ਉਲੀਕਿਆ ਹੈਂਪ੍ਰੋ: ਵਿਰੁੱਧ ਭ੍ਰਿਸ਼ਟਾਚਾਰ ਤੇ ਵਿਦਿਆਰਥੀ ਜਥੇਬੰਦੀਆਂ ਦੀਆਂ ਕਾਰਵਾਈਆਂ, ਸਿੱਖਿਆਦਾਤੇ ਨਿੱਜੀ ਕੰਮ ਕਰਵਾਉਂਦੇ, ਦਾਜ ਦੀ ਮੰਗ, ਭ੍ਰਿਸ਼ਟਾਚਾਰ, ਕਈ ਪੜ੍ਹੇ-ਲਿਖੇ ਵੀ ਪਿਛਾਂਹਖਿਚੂ ਸੋਚ ਰੱਖਦੇ, ਵਿਧਾਇਕ ਭ੍ਰਿਸ਼ਟ, ਸਰਕਾਰੀ ਪੈਸਾ ਖੁਰਦ-ਬੁਰਦ ਹੋਣਾ, ਨਿੱਜੀ ਮਿਹਨਤ ਦਾ ਰੰਗ ਲਿਆਉਣਾ, ਡਾ: ਇੰਦਰਜੀਤ ਕੌਰ ਸਰਪ੍ਰਸਤ ਪਿੰਗਲਵਾੜਾ ਸੁਸਾਇਟੀ ਦੀ ਨਿਸ਼ਕਾਮ ਸੇਵਾ ਤੇ ਉੱਚ ਵਿਚਾਰ, ਨਿੱਜੀ ਮਿਹਨਤ ਜ਼ਰੂਰਤ ਰੰਗ ਲਿਆਏਗੀ, ਲੋਕ ਸੇਵਾ ਵਿਚ ਜੁੜੇ ਲੋਕ, ਵਿਦਿਅਕ ਸੁਧਾਰਾਂ ਦੀ ਲੋੜ, ਨਸ਼ੇ ਦਾ ਕਹਿਰ ਨੌਜਵਾਨ ਪੀੜ੍ਹੀ ਦਾ ਵਿਨਾਸ਼, ਗੁਰਦਿਆਂ ਦਾ ਵਪਾਰ, ਡਾਕਟਰ ਭ੍ਰਿਸ਼ਟ, ਦਵਾਈਆਂ ਨਕਲੀ ਆਦਿ। ਗੱਲ ਕੀ ਲੇਖਕ ਨੇ ਨਾਵਲ ਨੂੰ ਵਿਸ਼ਾਲ ਪਾਸਾਰ ਵਿਚ ਚਿਤਰਿਆ ਹੈ ਅਤੇ ਸਮਾਜ ਵਿਚ ਪ੍ਰਚਲਤ ਬੁਰਾਈਆਂ ਨੂੰ ਸਾਡੇ ਸਾਹਮਣੇ ਉਭਾਰ ਕੇ ਪੇਸ਼ ਕੀਤਾ ਹੈ ਪਰ ਨਾਲ ਹੀ ਸੁਧਾਰ ਵੱਲ ਚੁੱਕੇ ਜਾਣ ਵਾਲੇ ਕਦਮਾਂ ਵੱਲ ਵੀ ਇਸ਼ਾਰਾ ਕੀਤਾ ਹੈ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 098555-84298.
ਫ ਫ ਫ

ਪ੍ਰੇਰਨਾ
ਲੇਖਕ : ਹਰਚੰਦ ਸਿੰਘ ਵੜਿੰਗ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98153-75172
.

ਹਰਚੰਦ ਸਿੰਘ ਵੜਿੰਗ ਸਿਆਸਤ ਰਸੀਆ ਵੀ ਹੈ ਤੇ ਸਾਹਿਤ ਰਸੀਆ ਵੀ। 'ਪ੍ਰੇਰਨਾ' ਉਸ ਦਾ ਪ੍ਰਕਾਸ਼ਿਤ ਕੀਤਾ ਨਵਾਂ ਕਹਾਣੀ-ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚ ਉਸ ਦੀਆਂ ਕੁੱਲ 25 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ।
ਵੜਿੰਗ ਭਾਵੇਂ ਸ਼ੌਕ ਲਈ ਲਿਖਦਾ ਹੈ ਪਰ ਉਸ ਦੀਆਂ ਕਹਾਣੀਆਂ ਸਮਾਜੀ ਮਸਲਿਆਂ ਬਾਰੇ ਆਪਣਾ ਬਿਰਤਾਂਤ ਪੇਸ਼ ਕਰਨ ਦਾ ਆਹਰ ਹਨ। ਸਮਕਾਲੀ ਕਹਾਣੀ ਦੇ ਭਾਵੇਂ ਉਹ ਮੇਚ ਦਾ ਨਹੀਂ ਹੈ ਪਰ ਆਪਣੇ ਸਮੇਂ ਦੇ ਯਥਾਰਥ ਨੂੰ ਉਹਦੀਆਂ ਕਹਾਣੀਆਂ ਬਾਖੂਬੀ ਪੇਸ਼ ਕਰਦੀਆਂ ਹਨ।
'ਦੂਹਰਾ ਖਰਚਾ' ਤੇ 'ਖ਼ੁਦਕੁਸ਼ੀ' ਕਹਾਣੀਆਂ ਗ਼ੈਰ-ਕੁਦਰਤੀ ਰਿਸ਼ਤਿਆਂ ਦੀ ਗੱਲ ਕਰਦੀਆਂ ਹਨ। 'ਵਾਦੀ ਜਾਂ ਮਾਫ਼ਕ' ਪ੍ਰਵਾਸੀ ਜੀਵਨ ਦੀ ਵਿਸੰਗਤੀ ਨੂੰ ਪੇਸ਼ ਕਰਨ ਵਾਲੀ ਕਹਾਣੀ ਹੈ। ਵੜਿੰਗ ਦਾ ਸਿੱਖੀ ਮਾਣ-ਮਰਿਆਦਾ ਅਤੇ ਸ਼ਰਧਾ ਵਿਚ ਅਟੁੱਟ ਵਿਸ਼ਵਾਸ ਹੈ। 'ਪ੍ਰੇਰਨਾ', 'ਟੇਕ', ਆਦਿ ਕਹਾਣੀਆਂ ਸਿੱਖੀ ਮਾਣਤਾ ਅਤੇ ਜਲੌਅ ਦਾ ਪ੍ਰਗਟਾਵਾ ਕਰਨ ਵਾਲੀਆਂ ਕਹਾਣੀਆਂ ਹਨ। 'ਧੌਲਾ' ਕਹਾਣੀ ਬਜ਼ੁਰਗਾਂ ਦੇ ਮਾਣ-ਸਨਮਾਨ ਦੀ ਸਮੱਸਿਆ ਵੱਲ ਸੰਕੇਤ ਕਰਦੀ ਹੈ। 'ਬੁੜਾ ਸਰਦਾਰ' ਸਥਿਤੀ 'ਤੇ ਵਿਅੰਗ ਕਰਦੀ ਕਹਾਣੀ ਹੈ। 'ਲਤੀਫ਼ਾ' ਨੂੰ ਲੇਖਕ 'ਲਤੀਫ਼ਾ' ਆਖਦਾ ਹੈ ਪਰ ਇਹ ਹਾਸ-ਵਿਅੰਗ ਦੀ ਉੱਤਮ ਰਚਨਾ ਹੈ। 'ਨਾਮਰਦ' ਮਾਨਵੀ ਰਿਸ਼ਤਿਆਂ ਦੀ ਤੁੱਛਤਾ ਦਾ ਆਭਾਸ਼ ਕਰਵਾਉਂਦੀ ਹੈ। 'ਬਲਾਟਿੰਗ ਪੇਪਰ' ਬੱਚਿਆਂ ਵੱਲੋਂ ਮਾਪਿਆਂ ਨਾਲ ਕੀਤੀ ਹੇਰਾ-ਫੇਰੀ ਦਾ ਪ੍ਰਮਾਣ ਪੇਸ਼ ਕਰਦੀ ਹੈ। ਵੜਿੰਗ ਕਹਾਣੀ ਦਾ ਨਾਂਅ ਹੀ ਅਜਿਹਾ ਰੱਖਦਾ ਹੈ ਜਿਸ ਤੋਂ ਕਹਾਣੀ ਦਾ ਸਿੱਟਾ ਨਾਂਅ ਵਾਲਾ ਹੀ ਨਿਕਲਦਾ ਹੋਵੇ। ਕਹਾਣੀ ਦੇ ਆਖਰ 'ਚ ਵਿਸਫੋਟ ਹੁੰਦਾ ਹੈ ਜਿਸ ਦੀ ਗੂੰਜ ਸਾਰੀ ਕਹਾਣੀ ਵਿਚੋਂ ਸੁਣਾਈ ਦਿੰਦੀ ਹੈ। ਇਨ੍ਹਾਂ ਕਹਾਣੀਆਂ ਵਿਚ ਕੋਈ ਉਚੇਚ ਨਹੀਂ, ਕੋਈ ਵਿੰਗ ਵਲ ਨਹੀਂ। ਸਾਦ ਮੁਰਾਦੀਆਂ ਘਟਨਾਵਾਂ ਸਿੱਧੀ ਸਾਦੀ ਭਾਸ਼ਾ ਵਿਚ ਪੇਸ਼ ਕਰ ਦਿੱਤੀਆਂ ਗਈਆਂ ਹਨ। ਵੜਿੰਗ ਨੂੰ ਸਮਕਾਲੀ ਕਹਾਣੀ ਦੇ ਹਾਣ ਦਾ ਹੋਣ ਵਾਲੀ ਹਾਲੇ ਹੋਰ ਮਿਹਨਤ ਕਰਨੀ ਪੈਣੀ ਹੈ ਤੇ ਬਹੁਤ ਤੇਜ਼ ਤੁਰਨਾ ਪੈਣਾ ਹੈ।

ਫ ਫ ਫ

ਸਮਾਜਿਕ/ਵਿਗਿਆਨਕ ਜਨਰਲ ਨਾਲਿਜ
ਸੰਪਾਦਕ : ਸਰਜੀਤ ਤਲਵਾਰ/ਅਮਿਤ ਮਿੱਤਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ ਹਰੇਕ, ਸਫ਼ੇ : 120/128
ਸੰਪਰਕ : 78377-18723
.

ਅਦਾਰਾ 'ਤਰਕ ਭਾਰਤੀ' ਤਰਕਸ਼ੀਲ, ਅਗਾਂਹਵਧੂ ਤੇ ਪ੍ਰਗਤੀਸ਼ੀਲ ਸਾਹਿਤ ਨੂੰ ਪਰਣਾਇਆ ਹੋਇਆ ਹੈ। ਖੱਬੇ ਪੱਖੀ ਵਿਚਾਰਧਾਰਾ ਦਾ ਬਹੁਤਾ ਸਾਹਿਤ ਇਸੇ ਅਦਾਰੇ ਵੱਲੋਂ ਸਸਤੇ ਮੁੱਲ 'ਤੇ ਆਮ ਪਾਠਕਾਂ ਤੱਕ ਪਹੁੰਚਾਇਆ ਜਾਂਦਾ ਹੈ। ਹਥਲੀਆਂ ਦੋ ਪੁਸਤਕਾਂ ਸਮਾਜਿਕ/ਵਿਗਿਆਨਕ ਜਨਰਲ ਨਾਲਿਜ ਵੀ ਇਸੇ ਉਦੇਸ਼ ਨਾਲ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਸੰਪਾਦਕ ਜੋੜੀ ਨੇ ਇਨ੍ਹਾਂ ਪੁਸਤਕਾਂ ਵਿਚ ਸਮਾਜਿਕ ਤੇ ਵਿਗਿਆਨਕ ਪਰਿਪੇਖ ਨਾਲ ਸਬੰਧਤ ਸੌ-ਸੌ ਪ੍ਰਸ਼ਨਾਂ ਦੇ ਵਿਸਥਾਰ ਨਾਲ ਉੱਤਰ ਦਿੱਤੇ ਹਨ। ਸਮਾਜਿਕ ਤੱਤਾਂ ਵਿਚ ਪੁਰਾਣੇ ਸ਼ਹਿਰ ਕਿਹੜੇ ਹਨ, ਡਿਕਸ਼ਨਰੀ ਕਦੋਂ ਚਾਲੂ ਹੋਈ, ਇੰਕਾ ਲੋਕ ਕੌਣ ਸਨ, ਟਰੋਜਨ ਘੋੜਾ ਕੀ ਹੈ ਆਦਿ ਇਤਿਹਾਸਕ ਤੇ ਸਮਾਜਿਕ ਵੇਰਵਿਆਂ ਦੀ ਜਾਣਕਾਰੀ ਦਿੱਤੀ ਗਈ ਹੈ। ਵਿਗਿਆਨਕ ਜਨਰਲ ਨਾਲਿਜ ਵਿਚ ਗ੍ਰਹਿਆਂ, ਉਪਗ੍ਰਹਿਆਂ, ਪੌਦੇ, ਬਨਸਪਤੀ, ਜੀਵ-ਜੰਤੂਆਂ ਦੀ ਬਹੁਮੁੱਲੀ ਜਾਣਕਾਰੀ ਇਕੱਠੀ ਕੀਤੀ ਗਈ ਹੈ। ਇਹ ਪੁਸਤਕਾਂ ਕੇਵਲ ਵਿਦਿਆਰਥੀਆਂ ਲਈ ਹੀ ਨਹੀਂ, ਸਗੋਂ ਪ੍ਰਬੁੱਧ ਪਾਠਕਾਂ ਲਈ ਵੀ ਲਾਹੇਵੰਦ ਹੋਣਗੀਆਂ। ਇਨ੍ਹਾਂ ਰਾਹੀਂ ਉਨ੍ਹਾਂ ਦੇ ਗਿਆਨ ਦੀ ਪੱਧਰ ਉੱਚੀ ਹੁੰਦੀ ਹੈ। ਇਤਿਹਾਸ ਅਤੇ ਵਿਗਿਆਨ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਪਾਠਕ ਗਿਆਨ ਦਾ ਉਦੈ ਹੋਣ ਨਾਲ ਲਗਾਤਾਰ ਤਰਕਸ਼ੀਲ ਹੁੰਦਾ ਜਾਂਦਾ ਹੈ। ਅੱਜਕਲ੍ਹ ਦੇ ਕੰਪੀਟੀਸ਼ਨਾਂ ਵਿਚ ਸਫਲ ਹੋਣ ਲਈ ਵੀ ਇਹ ਪੁਸਤਕਾਂ ਲਾਭਕਾਰੀ ਸਿੱਧ ਹੋਣਗੀਆਂ। ਪਾਠਕ ਦੀ ਆਮ ਜਾਣਕਾਰੀ ਵੱਧ ਹੋ ਜਾਣਾ ਤੇ ਉਸ ਦੀ ਬੁੱਧੀ ਤੀਖਣ ਹੁੰਦੀ ਹੈ ਤੇ ਆਮ ਬਹਿਸ ਵਿਚਾਰ-ਵਟਾਂਦਰਿਆਂ ਵਿਚ ਉਹ ਸਿਰ ਉੱਚਾ ਕਰਕੇ ਭਾਗ ਲੈ ਸਕਦਾ ਹੈ। ਕਈ ਤਰ੍ਹਾਂ ਦੇ ਭਰਮ-ਭੁਲੇਖੇ ਦੂਰ ਹੁੰਦੇ ਹਨ। ਗ੍ਰਹਿ ਤੇ ਉਪਗ੍ਰਹਿਾਂ ਬਾਰੇ ਸਾਡੇ ਅੰਧ-ਵਿਸ਼ਵਾਸ ਤੇ ਗ਼ਲਤ ਧਾਰਨਾਵਾਂ ਨੂੰ ਸਹੀ ਸੇਧ ਮਿਲਦੀ ਹੈ। ਹੁਣ ਤੱਕ ਅਸੀਂ ਚੰਦਰਮਾ ਨੂੰ ਮਾਮਾ ਹੀ ਸਮਝਦੇ ਰਹੇ ਤੇ ਸ਼ਨੀ ਨੂੰ ਕਠੋਰ ਦੇਵਤਾ ਹਾਲਾਂਕਿ ਉਂਜ ਵੀ ਦੂਸਰੇ ਗ੍ਰਹਿਆਂ ਜਿਹਾ ਹੀ ਇਕ ਗ੍ਰਹਿ ਹੈ। ਇਹ ਦੋਵੇਂ ਪੁਸਤਕਾਂ ਪਾਠਕਾਂ ਲਈ ਬਹੁਤ ਕੰਮ ਦੀਆਂ ਹਨ, ਮੈਂ ਇਨ੍ਹਾਂ ਨੂੰ ਪੜ੍ਹਨ ਤੇ ਪਚਾਉਣ ਦੀ ਸਿਫ਼ਾਰਸ਼ ਕਰਦਾ ਹਾਂ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

ਡਾਰ ਤੋਂ ਵਿਛੜੇ
ਲੇਖਕ : ਸੱਯਦ ਮੁਹੰਮਦ ਅਸ਼ਰਫ਼
ਅਨੁਵਾਦਕ : ਭਜਨਬੀਰ ਸਿੰਘ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੋਹਾਲੀ
ਮੁੱਲ : 250 ਰੁਪਏ, ਸਫ਼ੇ : 190
ਸੰਪਰਕ : 98556-75724
.

'ਡਾਰ ਤੋਂ ਵਿਛੜੇ' ਸੱਯਦ ਮੁਹੰਮਦ ਅਸ਼ਰਫ਼ ਦਾ ਕਹਾਣੀ-ਸੰਗ੍ਰਹਿ ਹੈ, ਜਿਸ ਨੂੰ ਭਜਨਬੀਰ ਸਿੰਘ ਨੇ ਪੰਜਾਬੀ ਭਾਸ਼ਾ ਵਿਚ ਅਨੁਵਾਦਿਤ ਕੀਤਾ ਹੈ। ਇਸ ਕਹਾਣੀ-ਸੰਗ੍ਰਹਿ ਵਿਚ 19 ਕਹਾਣੀਆਂ (ਆਦਮੀ, ਚੱਕਰ, ਲੱਕੜਬੱਘਾ ਹੱਸਿਆ, ਵੱਡੇ ਪੁਲ ਦੀਆਂ ਘੰਟੀਆਂ, ਕਾਅਬੇ ਦਾ ਹਿਰਨ, ਲੱਕੜਬੱਘਾ ਰੋਇਆ, ਦੂਜਾ ਕਿਨਾਰਾ, ਗਿੱਧ, ਲੱਕੜਬੱਘਾ ਚੁੱਪ ਹੋ ਗਿਆ, ਉਹ ਇਕ ਪਲ, ਡਾਰ ਤੋਂ ਵਿਛੜੇ, ਜਨਰਲ ਨੌਲੇਜ ਤੋਂ ਬਾਹਰ ਦਾ ਸਵਾਲ, ਮੰਜ਼ਰ, ਕਿੱਕਰ ਦੇ ਕੰਡੇ, ਬੁਲਬੁਲਾ, ਪੁਰਾਤਨ ਮਾਅਬਦਾਂ ਦਾ ਰਾਖਾ ਕੁਰਬਾਨੀ ਦਾ ਬੱਕਰਾ, ਆਖਰੀ ਬਨਵਾਸ, ਰੋਗੀ) ਸ਼ਾਮਿਲ ਕੀਤੀਆਂ ਗਈਆਂ ਹਨ। ਸਈਦ ਮੁਹੰਮਦ ਅਸ਼ਰਫ਼ ਅਜੋਕੀ ਉਰਦੂ ਕਹਾਣੀ ਦਾ ਇਕ ਸਥਾਪਤ ਨਾਂਅ ਹੈ। ਬਲਦੇਵ ਸਿੰਘ ਧਾਲੀਵਾਲ ਨੇ ਇਸ ਕਹਾਣੀ-ਸੰਗ੍ਰਹਿ ਨੂੰ 'ਅਜੋਕੀ ਉਰਦੂ ਕਹਾਣੀ ਵੱਲ ਖੁਲ੍ਹਦੀ ਖਿੜਕੀ' ਕਹਿ ਕੇ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਨਾਲ ਇਕ ਸਾਂਝ ਦੇ ਪ੍ਰਤੀਕ ਵਜੋਂ ਲਿਆ ਹੈ। ਕਹਾਣੀ ਦਾ ਸਰੋਕਾਰ ਮਨੁੱਖੀ ਜ਼ਿੰਦਗੀ ਦੇ ਮਸਲਿਆਂ ਨਾਲ ਤਾਂ ਜੁੜਿਆ ਹੋਇਆ ਹੀ ਹੈ ਪਰ ਅੱਜ ਕਹਾਣੀ ਮਨੁੱਖੀ ਵਿਹਾਰ ਦੀਆਂ ਬਦਲਦੀਆਂ ਪ੍ਰਸਥਿਤੀਆਂ ਦੇ ਕਾਰਨਾਂ ਨੂੰ ਵੀ ਆਪਣੇ ਕਲੇਵਰ ਵਿਚ ਲੈ ਰਹੀ ਹੈ। ਜ਼ਿੰਦਗੀ ਵਿਚ ਵਾਪਰਦੀਆਂ ਨਿਗੂਣੀਆਂ ਘਟਨਾਵਾਂ ਵੀ ਕਈ ਵਾਰ ਵੱਡੇ-ਵੱਡੇ ਕਾਰਨਾਮਿਆਂ ਨੂੰ ਸਿਰਜਣ ਵਿਚ ਕਾਮਯਾਬ ਹੋ ਜਾਂਦੀਆਂ ਹਨ। ਇਨ੍ਹਾਂ ਕਹਾਣੀਆਂ ਵਿਚ ਵੰਡ ਸਮੇਂ ਵਾਪਰੇ ਦੁਖਾਂਤ ਅਤੇ ਉਸ ਤੋਂ ਬਾਅਦ ਆਪਣੀ ਜੰਮਣ-ਭੌਇੰ ਨਾਲ ਜੁੜਨ ਦੀ ਤਾਂਘ, ਮਨੁੱਖੀ ਵੇਦਨਾ, ਸੰਵੇਦਨਾ, ਮੁਲਕਾਂ ਦੀਆਂ ਆਪਣੀਆਂ-ਆਪਣੀਆਂ ਮਜਬੂਰੀਆਂ, ਜਿਸ ਤਰ੍ਹਾਂ ਮਨੁੱਖ ਦੀਆਂ ਭਾਵਨਾਵਾਂ ਨੂੰ ਜ਼ਿਬਾਹ ਕਰਦੀਆਂ ਹਨ, ਇਹ ਕਹਾਣੀਆਂ ਉਨ੍ਹਾਂ ਸਰੋਕਾਰਾਂ ਨੂੰ ਮਾਰਮਿਕ ਢੰਗ ਨਾਲ ਪੇਸ਼ ਕਰਦੀਆਂ ਹਨ। ਵੰਡ ਤੋਂ ਬਾਅਦ ਪੰਜਾਬੀ ਕਹਾਣੀ ਵਿਚ ਮੁਸਲਿਮ ਮਸਲਿਆਂ ਅਤੇ ਪਾਤਰਾਂ ਦੀ ਘਾਟ ਹਮੇਸ਼ਾ ਰਹੀ ਹੈ ਪ੍ਰੰਤੂ ਇਸ ਕਹਾਣੀ ਸੰਗ੍ਰਹਿ ਰਾਹੀਂ ਭਾਰਤੀ ਮੁਸਲਿਮ ਸਮਾਜ ਦੇ ਜਨਜੀਵਨ ਦੀਆਂ ਅਛੋਹ ਝਾਕੀਆਂ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਇਨ੍ਹਾਂ ਕਹਾਣੀਆਂ ਵਿਚ ਆਮ ਮਸਲੇ ਤੋਂ ਬਿਰਤਾਂਤ ਆਰੰਭ ਹੁੰਦਾ ਹੈ ਪ੍ਰੰਤੂ ਉਹ ਬਾਅਦ ਵਿਚ ਮਨੁੱਖ ਵਿਹਾਰ ਦੇ ਅਸਤਿਤਵ ਨਾਲ ਜੁੜੇ ਸਰੋਕਾਰਾਂ ਨੂੰ ਆਪਣੀ ਬੁੱਕਲ ਵਿਚ ਸਮੋ ਲੈਂਦਾ ਹੈ। ਭਜਨਬੀਰ ਸਿੰਘ ਹੋਰਾਂ ਨੇ ਪਹਿਲਾਂ ਹਿੰਦੀ ਦੇ ਸਰਵੋਤਮ ਕਹਾਣੀਕਾਰ ਊਦੇ ਪ੍ਰਕਾਸ਼ ਦੀਆਂ ਕਹਾਣੀਆਂ ਦਾ ਅਨੁਵਾਦ ਕੀਤਾ ਹੋਣ ਕਰਕੇ ਉਰਦੂ ਦੇ ਬਹੁਤ ਹੀ ਮਹੀਨ ਸੂਝ ਵਾਲੇ ਦਾਰਸ਼ਨਿਕ ਸਯਦ ਮੁਹੰਮਦ ਅਸ਼ਰਫ਼ ਦੀਆਂ ਕਹਾਣੀਆਂ ਦਾ ਅਨੁਵਾਦ ਕਰਕੇ ਪੰਜਾਬੀ ਮਾਂ-ਬੋਲੀ ਦੀ ਸ਼ਲਾਘਾਯੋਗ ਸੇਵਾ ਕੀਤੀ ਹੈ। ਉਨ੍ਹਾਂ ਨੇ ਕਹਾਣੀਆਂ ਵਿਚ ਆਈਆਂ ਇਸਲਾਮਿਕ ਰਹੁ-ਰੀਤਾਂ ਦੀ ਪਰਿਭਾਸ਼ਕ ਸ਼ਬਦਾਵਲੀ ਨਾਲ ਸਬੰਧਤ ਫੁੱਟ ਨੋਟ ਦੇ ਕੇ ਕਹਾਣੀਆਂ ਨੂੰ ਸਹੀ ਪਰਿਪੇਖ ਵਿਚ ਸਮਝਣ ਲਈ ਰਾਹਨੁਮਾ ਦੀ ਭੂਮਿਕਾ ਵੀ ਅਦਾ ਕੀਤੀ ਹੈ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਸਫ਼ਰ ਦੀ ਖ਼ੁਸ਼ਬੋ
ਗ਼ਜ਼ਲਕਾਰ : ਬਰਜਿੰਦਰ ਚੌਹਾਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 62
ਸੰਪਰਕ : 98189-69601
.

'ਸਫ਼ਰ ਦੀ ਖ਼ੁਸ਼ਬੋ' ਬਰਜਿੰਦਰ ਚੌਹਾਨ ਦਾ ਦੂਸਰਾ ਗ਼ਜ਼ਲ ਸੰਗ੍ਰਹਿ ਹੈ, ਜੋ ਉਸ ਦੇ ਪਹਿਲੇ ਗ਼ਜ਼ਲ ਸੰਗ੍ਰਹਿ ਤੋਂ ਕਾਫ਼ੀ ਵਕਤ ਬਾਅਦ ਪ੍ਰਕਾਸ਼ਤ ਹੋਇਆ ਹੈ। ਇਸ ਪੁਸਤਕ ਦੇ ਸ਼ੁਰੂ ਵਿਚ ਉਸ ਦਾ ਇਕ ਸੰਤੁਲਤ ਲੇਖ ਵੀ ਛਪਿਆ ਹੈ ਜਿਸ ਵਿਚ ਉਸ ਨੇ ਆਪਣੀ ਗ਼ਜ਼ਲ ਸਿਰਜਣ ਪ੍ਰਕਿਰਿਆ 'ਤੇ ਰੌਸ਼ਨੀ ਪਾਈ ਹੈ ਤੇ ਗ਼ਜ਼ਲ ਸਿਰਜਣ ਦੇ ਸਬੱਬਾਂ ਬਾਰੇ ਜਾਣਕਾਰੀ ਦਿੱਤੀ ਹੈ। ਬਰਜਿੰਦਰ ਚੌਹਾਨ ਦੀ ਖ਼ੂਬੀ ਇਹ ਹੈ ਕਿ ਉਹ ਪ੍ਰਸਥਿਤੀਆਂ ਨੂੰ ਬੜੇ ਗਹੁ ਨਾਲ ਵਾਚਦਾ ਹੈ ਤੇ ਆਪਣੇ ਸ਼ਿਅਰਾਂ ਰਾਹੀਂ ਬਹੁਤ ਬਾਰੀਕੀ ਨਾਲ ਪੇਸ਼ ਕਰਦਾ ਹੈ। ਉਸ ਦੇ ਸ਼ਿਅਰਾਂ ਦਾ ਪ੍ਰਭਾਵ ਹਰ ਆਮ ਤੇ ਖ਼ਾਸ ਪਾਠਕ 'ਤੇ ਬੜਾ ਬੱਝਵਾਂ ਪੈਂਦਾ ਹੈ ਤੇ ਸ਼ਿਅਰ ਦੇ ਨਾਂਅ 'ਤੇ ਬੁਝਾਰਤਾਂ ਉਸ ਦੀ ਫ਼ਿਤਰਤ ਵਿਚ ਨਹੀਂ ਹਨ। ਗ਼ਜ਼ਲਕਾਰ ਦੀਆਂ ਗ਼ਜ਼ਲਾਂ ਦਾ ਵਿਸ਼ੇਸ਼ ਗੁਣ ਸਾਦਗੀ ਹੈ ਤੇ ਸਾਦਗੀ ਵਿੱਚੋਂ ਪੈਦਾ ਹੋਇਆ ਕਲਾਮਈ ਸਿਖਰ ਹੀ ਪਾਠਕ ਨੂੰ ਪ੍ਰਭਾਵਿਤ ਕਰ ਸਕਦਾ ਹੈ। ਚੌਹਾਨ ਦੇ ਬਹੁਤੇ ਸ਼ਿਅਰ ਘੜੇ ਹੋਏ ਨਹੀਂ ਜਾਪਦੇ ਬਲਕਿ ਇਹ ਸੁਭਾਵਿਕ ਹੀ ਕਲਮ ਦੀ ਨੋਕ 'ਤੇ ਆ ਗਏ ਲਗਦੇ ਹਨ। ਕਈਆਂ ਸ਼ਿਅਰਾਂ ਦੇ ਅਰਥ ਪਾਠਕ ਦੀ ਆਪਣੀ ਪਕੜ 'ਤੇ ਨਿਰਭਰ ਹਨ ਤੇ ਕਈਆਂ ਦੇ ਅਰਥ ਸਾਫ਼ ਤੇ ਸਪਸ਼ਟ ਹਨ। 'ਸਫ਼ਰ ਦੀ ਖ਼ੁਸ਼ਬੋ' ਪੁਸਤਕ ਦੀ ਪਹਿਲੀ ਗ਼ਜ਼ਲ ਬਿਰਖ ਰਦੀਫ਼ ਅਧੀਨ ਲਿਖੀ ਗਈ ਮਸਲਸਲ ਗ਼ਜ਼ਲ ਹੈ ਜਿਸ ਵਿਚ ਬਿਰਖ ਨੂੰ ਵੱਖ-ਵੱਖ ਪ੍ਰਸਥਿਤੀਆਂ ਮੁਤਾਬਿਕ ਮਨੁੱਖੀ ਜੀਵਨ ਨਾਲ ਜੋੜਿਆ ਗਿਆ ਹੈ। ਆਪਣੀਆਂ ਗ਼ਜ਼ਲਾਂ ਵਿਚ ਗ਼ਜ਼ਲਕਾਰ ਨੇ ਮਨੁੱਖੀ ਜ਼ਿੰਦਗੀ ਨਾਲ ਨੇੜੇ ਤੋਂ ਜੁੜੇ ਸ਼ਬਦਾਂ ਦਾ ਵਧੇਰੇ ਪ੍ਰਯੋਗ ਕੀਤਾ ਹੈ ਜਿਵੇਂ ਪਗਡੰਡੀਆਂ, ਸਮੁੰਦਰ, ਸਿਵੇ, ਪੀਂਘ, ਪਿਆਸ, ਜੰਗਲ, ਸ਼ੀਸ਼ਾ, ਮੁਸਾਫ਼ਿਰਖਾਨੇ, ਫ਼ਕੀਰ, ਪਿਆਸ, ਨਕਸ਼, ਸ਼ਹਿਰ, ਪਿੰਜਰਾ, ਮਾਰੂਥਲ ਆਦਿ। ਚੌਹਾਨ ਅਨੁਸਾਰ ਪਿੰਡਾਂ ਅੰਦਰ ਉਂਜ ਤਾਂ ਸਭ ਕੁਝ ਠੀਕ ਹੈ ਪਰ ਪਹਿਲਾਂ ਵਾਲੀ ਸਾਂਝ ਗੁੰਮ ਗਈ ਹੈ। ਉਹ ਆਖਦਾ ਹੈ ਕਿ ਦੁਨੀਆ ਵਿਚ ਹਰ ਬੰਦਾ ਆਪਣੇ ਸੀਨੇ ਵਿਚ ਅਨੇਕਾਂ ਦਰਦ ਲੈ ਕੇ ਆਪਣੇ ਸੁਪਨਿਆਂ ਦਾ ਭਾਰ ਢੋਈ ਜਾ ਰਿਹਾ ਹੈ। 'ਸਫ਼ਰ ਦੀ ਖ਼ੁਸ਼ਬੋ' ਪੰਜਾਬੀ ਗ਼ਜ਼ਲ ਸਾਹਿਤ ਵਿਚ ਨਿੱਗਰ ਵਾਧਾ ਹੈ। ਗ਼ਜ਼ਲਕਾਰ ਬਰਜਿੰਦਰ ਚੌਹਾਨ ਦਾ ਇਕ ਸ਼ਿਅਰ ਦੇਖੋ-
ਜਦ ਵੀ ਸੜਕਾਂ ਨਾਲ ਕਦੇ ਸੰਵਾਦ ਕਰਾਂ ਮੈਂ।
ਕੱਚੇ ਰਾਹਾਂ ਦੀ ਖ਼ੁਸ਼ਬੋ ਨੂੰ ਯਾਦ ਕਰਾਂ ਮੈਂ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਗੀਤਾਂ ਦੇ ਵਣਜਾਰੇ
ਸੰਪਾਦਕ : ਬਹਾਦਰ ਡਾਲਵੀ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ ਜਲੰਧਰ
ਮੁੱਲ : 250 ਰੁਪਏ, ਸਫ਼ੇ : 240
ਸੰਪਰਕ : 94172-35502
.

ਪੁਸਤਕ 'ਗੀਤਾਂ ਦੇ ਵਣਜਾਰੇ' ਪੰਜਾਬੀ ਗੀਤਕਾਰ ਸਭਾ ਮੋਗਾ ਦੀ ਪੇਸ਼ਕਸ਼ ਹੈ, ਜਿਸ ਨੂੰ ਮੁੱਖ ਸੰਪਾਦਕ ਬਹਾਦਰ ਡਾਲਵੀ ਨੇ ਆਪਣੇ ਸਹਿ ਸੰਪਾਦਕੀ ਬੋਰਡ ਦੇ ਮੈਂਬਰਾਂ ਦੇ ਸਹਿਯੋਗ ਨਾਲ ਕਰੜੀ ਘਾਲਣਾ ਉਪਰੰਤ 93 ਪ੍ਰਮੁੱਖ ਇਲਾਕਾਈ ਗੀਤਕਾਰਾਂ ਦੇ ਚੋਣਵੇਂ ਗੀਤਾਂ ਨੂੰ ਪਾਠਕਾਂ ਦੇ ਸਨਮੁੱਖ ਕੀਤਾ ਹੈ।
ਵਿਸ਼ਵ ਪ੍ਰਸਿੱਧੀ ਪ੍ਰਾਪਤ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦੇ ਲੋਕ-ਬੋਲਾਂ ਵਰਗੇ ਗੀਤ ਬੋਲਾਂ ਕਿ 'ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇਕ ਆਵੇ ਇਕ ਜਾਵੇ...' ਨਾਲ ਆਰੰਭ ਕਰਕੇ ਹੋਰ ਪ੍ਰਸਿੱਧ ਹੋਏ 93 ਗੀਤਕਾਰਾਂ ਦੇ ਗੀਤਾਂ ਨੂੰ ਇਸ ਵਿਚ ਸੰਮਿਲਤ ਕਰਕੇ ਪੰਜਾਬੀ ਰਹਿਤਲ ਦੀ ਅਸਲ ਤਸਵੀਰ ਨੂੰ ਸ਼ਬਦਿਕ ਅਤੇ ਉੱਚ ਮਿਆਰੀ ਭਾਸ਼ਾਈ-ਜੁਗਤਾਂ ਦਾ ਪ੍ਰਮਾਣ ਸਥਾਪਿਤ ਕਰਦੇ ਹੋਏ ਨਰੋਏ ਸੱਭਿਆਚਾਰਕ ਵਰਤਾਰੇ ਨੂੰ ਪੇਸ਼ ਕੀਤਾ ਹੈ।
ਇਹ ਗੀਤ ਭਾਵੇਂ ਗਿੱਲ ਸੁਰਜੀਤ ਦੇ ਹੋਣ ਜਾਂ ਜੱਗੀ ਕੁੱਸਾ, ਬਰਾੜਾਂ ਦੇ, ਹੋਰ ਗਿੱਲਾਂ ਦੇ, ਡਾਲਵੀ ਅਤੇ ਧਰਮਕੋਟੀਆਂ ਦੇ ਜਾਂ ਜਰਮਨ, ਯੂ. ਕੇ. ਨਿਊਜ਼ੀਲੈਂਡ, ਆਸਟਰੇਲੀਆ, ਅਮਰੀਕਾ ਆਦਿ ਦੇਸ਼ਾਂ 'ਚ ਰਹਿੰਦੇ ਮੋਗੇ ਜ਼ਿਲ੍ਹੇ ਨਾਲ ਸਬੰਧਤ ਗੀਤਕਾਰਾਂ ਦੇ, ਸਭਨਾਂ ਵਿਚ ਉੱਚ ਸੱਭਿਆਚਾਰਕ ਮੁੱਲ-ਵਿਧਾਨ ਅਤੇ ਕਦਰ-ਪ੍ਰਣਾਲੀ ਦੀ ਸ਼ੁੱਧਤਾ ਦਾ ਬਿਆਨ ਹੈ।
ਸਭਨਾਂ ਗੀਤਕਾਰਾਂ ਦੀਆਂ ਰਚਨਾਵਾਂ ਦੀਆਂ ਸਾਂਝੀਆਂ ਵਿਸ਼ੇਸ਼ਤਾਵਾਂ ਨੂੰ ਅਸੀਂ ਪੁਸਤਕ ਪੜ੍ਹ ਕੇ ਸਹਿਜੇ ਹੀ ਇਸ ਨਿਰਣੇ ਦੇ ਪੁੱਜ ਜਾਂਦੇ ਹਾਂ ਕਿ ਇਹ ਗੀਤ ਮਨੁੱਖੀ ਹਿਰਦੇ ਦੇ ਪਿਆਰ, ਹਮਦਰਦੀ, ਲਗਾਓ ਅਤੇ ਪੰਜਾਬੀ ਸਿਦਕ ਦਿਲੀ ਦਾ ਪ੍ਰਗਟਾਵਾ ਵੀ ਹਨ ਅਤੇ ਇਨ੍ਹਾਂ ਵਿਚੋਂ ਰਿਸ਼ਤਿਆਂ ਜਿਵੇਂਂਮਾਂ, ਧੀ, ਭੈਣ, ਭਰਾ ਅਤੇ ਹੋਰ ਸਕੇ ਸੰਬੰਧੀਆਂ ਪ੍ਰਤੀ ਨੇਹ-ਤੇਹ ਦੀ ਭਾਵਨਾ ਵੀ ਪ੍ਰਬਲ ਰੂਪ 'ਚ ਉਜਾਗਰ ਹੁੰਦੀ ਹੈ।
ਪੁਸਤਕ ਵਿਚ ਅੰਕਿਤ ਗੀਤ ਸਾਡੇ ਅਜੋਕੇ ਸਮਾਜਿਕ, ਰਾਜਸੀ ਅਤੇ ਭ੍ਰਿਸ਼ਟ ਸ਼ਾਸਨ-ਪ੍ਰਬੰਧ ਸਬੰਧੀ ਸੰਵੇਦਨਸ਼ੀਲ ਉਹ ਦ੍ਰਿਸ਼ ਵੀ ਉਭਾਰਦੇ ਹਨ, ਜਿਨ੍ਹਾਂ ਅਸੰਗਤੀਆਂ 'ਚ ਅਜੋਕੀ ਪੰਜਾਬੀ ਜੀਵਨ-ਸ਼ੈਲੀ ਨਿਘਾਰ 'ਚੋਂ ਉਸਾਰ ਵੱਲ ਰੌਂ-ਰੁਖ਼ ਲੱਭਣ ਵਿਚ ਯਤਨਸ਼ੀਲ ਹੈ। ਨਿਰਸੰਦੇਹ, ਸੱਭਿਅਕ ਗੀਤ-ਗਾਇਕਾਂ ਵਾਸਤੇ ਇਹ ਪੁਸਤਕ ਤੋਹਫ਼ਾ ਸਾਬਤ ਹੋ ਸਕਦੀ ਹੈ।

ਫ ਫ ਫ

ਹੋਂਦ ਨਿਹੋਂਦ
ਲੇਖਕ : ਰਵਿੰਦਰ ਰਵੀ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 325 ਰੁਪਏ, ਸਫ਼ੇ : 216.
ਸੰਪਰਕ : 011-23264342
.

ਰਵਿੰਦਰ ਰਵੀ ਨੇ ਆਪਣੇ ਇਸ 14ਵੇਂ ਕਾਵਿ-ਨਾਟਕ ਦੀ ਸਿਰਜਣਾ ਅਤੇ ਪੇਸ਼ਕਾਰੀ ਦੀ ਪ੍ਰਸੰਗਿਕਤਾ ਵਿਚ ਨਵੀਨ-ਜੁਗਤਾਂ ਦਾ ਸਾਰਥਕ ਪ੍ਰਯੋਗ ਕੀਤਾ ਹੈ, ਜੋ ਸਾਡੇ ਅਜੋਕੇ ਨਾਟਕਕਾਰਾਂ ਅਤੇ ਰੰਗਕਰਮੀਆਂ ਨੇ ਬਾ-ਖੂਬੀ ਧਾਰਨ ਵੀ ਕੀਤਾ ਹੈ। ਕਿਉਂ ਜੋ ਅਜੋਕਾ ਵਿਸ਼ਵੀ-ਮਾਨਵ ਸਭ ਕੁਝ ਹੁੰਦਿਆਂ ਹੋਇਆਂ ਵੀ ਅਸਥਿਰਤਾ ਦੀ ਅਵਸਥਾ 'ਚ ਵਿਚਰ ਰਿਹਾ ਹੈ, ਸਿੱਟੇ ਵਜੋਂ ਮਨੁੱਖ ਜਾਤੀ ਵਿਚੋਂ ਮਨੁੱਖਤਾ ਲੁਪਤ ਹੋ ਰਹੀ ਹੈ ਅਤੇ ਮਾਨਵ 'ਹੋਂਦ'-'ਨਿਹੋਂਦ' ਦੇ ਅਸਤਿਤਵਵਾਦੀ ਝੰਜਟਾਂ ਦੇ ਦਰਮਿਆਨ ਗੁਆਚਿਆ ਹੋਇਆ ਆਪਾ ਲੱਭ ਰਿਹਾ ਹੈ, ਪਰ ਸ਼ਾਂਤੀ ਜਾਂ ਸਹਿਜ ਕਿਤੇ ਵੀ ਪ੍ਰਾਪਤ ਨਹੀਂ ਹੋ ਰਿਹਾ। ਅਜਿਹੇ ਵਿਚਾਰ ਬੋਧ ਨੂੰ ਪ੍ਰਗਟ ਕਰਨ ਹਿੱਤ ਰਵਿੰਦਰ ਰਵੀ ਨੇ ਤੇਰਾਂ ਨਾਟ ਦ੍ਰਿਸ਼ ਸਿਰਜੇ ਹਨ। ਕਾਵਿ-ਨਾਟਕ ਵਿਚ ਪਾਤਰਾਂ ਦੀ ਭਰਮਾਰ ਤੋਂ ਗੁਰੇਜ਼ ਕਰਦੇ ਹੋਏ ਅਤੇ ਕਾਵਿ-ਨਾਟਕ ਦੇ ਨਵੇਂ ਪ੍ਰਤਿਮਾਨ ਸਥਾਪਿਤ ਕਰਦਿਆਂ ਲੇਖਕ ਨੇ ਕੋਰਸ ਦੇ ਪਾਤਰਾਂ ਨੂੰ ਟੋਲੀ ਇਕ ਅਤੇ ਟੋਲੀ ਦੋ ਵਿਚ ਪੇਸ਼ ਕਰਕੇ ਉਪਰੰਤ ਔਰਤ 1, 2, ਕਵੀ, ਕਵਿੱਤਰੀ, ਮਸਖੁਰਾ-ਮਸਖਰੀ, ਆਈਸਿਸ ਕਮਾਂਡਰ, ਆਈਸਿਸ ਸੈਨਿਕ-1, 2 ਅਤੇ ਹੋਰ 1, 2 ਪਾਤਰਾਂ ਨੂੰ ਸਾਹਮਣੇ ਲਿਆ ਕੇ ਸਮਕਾਲੀਨ ਵਿਸ਼ਵ ਵਿਆਪੀ ਮਨੁੱਖਤਾ ਦੇ ਬਾਹਰੀ ਅਤੇ ਆਂਤਰਿਕ ਸੰਕਟਾਂ ਨੂੰ ਬਾ-ਖੂਬੀ ਪ੍ਰਦਰਸ਼ਨ ਕਰ ਵਿਖਾਇਆ ਹੈ। ਪਾਤਰ ਕਵੀ ਦੁਆਰਾ ਅਲਾਪਿਆ ਇਹ ਬੋਲ ਕਿ 'ਬਾਹਰ ਵੀ ਤੁਰਿਆ ਨਹੀਂ ਜਾਂਦਾ, ਅੰਦਰ ਵੀ ਮੁੜਿਆ ਨਹੀਂ ਜਾਂਦਾ, ਇਸ ਹੋਂਦ, ਨਿਹੋਂਦ ਦੀ ਟੱਕਰ ਵਿਚ ਇਹ ਕੈਸੀ ਰੁੱਤ ਖਲਾਈ ਏ।'
ਸ਼ਬਦਾਂ ਵਿਚ ਅਣਬਣ ਹੋ ਗਈ ਏ, ਸ਼ੋਰਾਂ ਵਿਚ ਚੁੱਪ ਖੜੋ ਗਈ ਏ, ਕੋਈ ਚੀਜ਼ ਵੀ ਆਪਣੇ ਥਾਂ ਸਿਰ ਨਹੀਂ, ਗਰਦਸ਼ ਵਿਚ ਕੁਲ ਲੋਕਾਈ ਏ।' ਇਸ ਕਾਵਿ-ਨਾਟਕ ਦਾ ਕੇਂਦਰੀ ਨੁਕਤਾ ਕਿਹਾ ਜਾ ਸਕਦਾ ਹੈ। ਇਸੇ ਤਰ੍ਹਾਂ ਔਰਤ 1, 2, ਕਵਿੱਤਰੀ ਅਤੇ ਮਸਖਰਾ-ਮਸਖਰੀ ਜਿਹੇ ਪਾਤਰ ਅਜੋਕੇ ਮਾਨਵ ਦੇ ਬਾਹਰੀ ਅਤੇ ਅੰਦਰਲੇ ਵਿਹਾਰ ਅਤੇ ਸੋਚ ਚਿੰਤਨ ਜਿਹੇ ਪੱਖਾਂ ਦਾ ਆਲੋਚਨਾਤਮਕ ਯਥਾਰਥ ਪੇਸ਼ ਕਰਦੇ ਹੋਏ ਅਜੋਕੇ ਯੁੱਗ ਦੇ ਚਿੰਤਕਾਂ ਦੀ ਸੋਚ ਦ੍ਰਿਸ਼ਟੀ ਨੂੰ ਨਵੇਂ ਪਰਿਪੇਖ ਵਿਚ ਮਾਨਵ ਜਾਤੀ ਨੂੰ ਸਮਝਣ ਵਾਲੇ ਜਾਵੀਆ ਦਾ ਮਾਰਗ ਦਰਸਾਉਂਦੇ ਜਾਪਦੇ ਹਨ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

 

30-7-2016

 ਗੁਲਕੰਦ
ਸੰਪਾਦਕ : ਮਨਜਿੰਦਰ ਸਿੰਘ ਧਨੋਆ, ਤ੍ਰੈਲੋਚਨ ਲੋਚੀ, ਸ਼ਰਨਜੀਤ ਕੌਰ (ਪ੍ਰੋ:)
ਪ੍ਰਕਾਸ਼ਕ : ਪੰਜਾਬੀ ਸਾਹਿਤ ਪਬਲੀਕੇਸ਼ਨਜ਼, ਬਾਲੀਆਂ, ਸੰਗਰੂਰ
ਮੁੱਲ : 195 ਰੁਪਏ, ਸਫ਼ੇ : 247
ਸੰਪਰਕ : 98154-48958
.

ਗ਼ਜ਼ਲ ਇਕ ਬਹੁਤ ਹੀ ਪਿਆਰੀ ਸਾਹਿਤਕ ਵਿਧਾ ਹੈ। ਇਸ ਗ਼ਜ਼ਲ ਸੰਗ੍ਰਹਿ ਵਿਚ 83 ਸ਼ਾਇਰਾਂ ਦੀਆਂ 208 ਗ਼ਜ਼ਲਾਂ ਹਨ। ਇਨ੍ਹਾਂ ਵਿਚ ਗੁਲਾਬ ਪੱਤੀਆਂ ਵਰਗੀ ਸੁੰਦਰਤਾ ਅਤੇ ਮਹਿਕ ਹੈ, ਇਸੇ ਲਈ ਮਿੱਠੀ ਗੁਲਕੰਦ ਦੇ ਰੂਪ ਵਿਚ ਪੇਸ਼ ਕੀਤੀਆਂ ਗਈਆਂ ਹਨ। ਆਓ ਇਨ੍ਹਾਂ ਦੀ ਮਿਠਾਸ ਅਤੇ ਖੁਸ਼ਬੂ ਨੂੰ ਸਾਹਾਂ ਵਿਚ ਘੋਲੀਏਂ
-ਦਿਲ ਤੇ ਨਿਸ਼ਾਨ ਆਪਣੇ ਨੈਣ ਪਾ ਗਏ ਨੇ
ਤੂਫ਼ਾਨ ਦੀ ਤਲੀ ਤੇ ਦੀਵੇ ਜਗਾ ਗਏ ਨੇ।
ਂਈਸ਼ਵਰ ਚਿਤ੍ਰਕਾਰ
-ਹਾਸਿਆਂ ਹੋਠਾਂ 'ਚ ਏਨਾ ਫ਼ਾਸਲਾ ਕਿਉਂ ਹੋ ਗਿਆ।
ਸੁੰਨੀਆਂ ਰਾਹਾਂ ਦਾ ਲੰਮਾ ਸਿਲਸਿਲਾ ਕਿਉਂ ਹੋ ਗਿਆ। ਂਉਜਾਗਰ ਸਿੰਘ ਕੰਵਲ
-ਤੇਰੇ ਵਿਯੋਗ ਨੂੰ ਕਿੰਨਾ ਮੇਰਾ ਖਿਆਲ ਰਿਹਾ।
ਕਿ ਸਾਰੀ ਉਮਰ ਹੀ ਲੱਗਿਆ ਕਲੇਜੇ ਨਾਲ ਰਿਹਾ। ਂਸੁਰਜੀਤ ਪਾਤਰ
-ਰਿਸ਼ਤਿਆਂ ਦੇ ਜ਼ਿਕਰ ਵਿਚੋਂ, ਤਾਜ਼ਗੀ ਕਿੱਧਰ ਗਈ।
ਜ਼ਿੰਦਗੀ 'ਚੋਂ ਪਿੰਡ ਵਰਗੀ, ਸਾਦਗੀ ਕਿੱਧਰ ਗਈ। ਂਅਜ਼ੀਮ ਸ਼ੇਖਰ
-ਝਿਜਕਦਾ ਮੈਂ ਵੀ ਰਿਹਾ, ਉਹ ਵੀ ਬਹੁਤ ਸੰਗਦੇ ਰਹੇ।
ਚੁੱਪ-ਚੁਪੀਤੇ ਇਕ ਦੂਏ ਦੀ ਖੈਰ-ਸੁਖ ਮੰਗਦੇ ਰਹੇ। ਂਐਸ.ਐਸ. ਮੀਸ਼ਾ
ਪੰਜਾਬੀ ਗ਼ਜ਼ਲ ਨੇ ਇਕ ਸਦੀ ਦਾ ਸਫ਼ਰ ਤੈਅ ਕਰ ਲਿਆ ਹੈ। ਇਸ ਦੀਆਂ ਸੰਭਾਵਨਾਵਾਂ ਬਹੁਤ ਅਮੀਰ ਹਨ। ਇਸ ਗ਼ਜ਼ਲ ਸੰਗ੍ਰਹਿ ਵਿਚ ਪੁਰਾਣੀ ਪੀੜ੍ਹੀ, ਨਵੀਂ ਪੀੜ੍ਹੀ, ਦੇਸੀ ਅਤੇ ਵਿਦੇਸ਼ੀ ਗ਼ਜ਼ਲਕਾਰਾਂ ਦੀਆਂ ਗ਼ਜ਼ਲਾਂ ਸ਼ਾਮਿਲ ਹਨ ਜੋ ਦਿਲ ਨੂੰ ਹੁਲਾਰਾ, ਰੂਹ ਨੂੰ ਸਕੂਨ ਅਤੇ ਦਿਮਾਗ ਨੂੰ ਚਿੰਤਨ ਅਤੇ ਚੇਤਨਾ ਦਿੰਦੀਆਂ ਹਨ। ਸੰਪਾਦਕਾਂ ਦਾ ਇਹ ਉਪਰਾਲਾ ਅਤਿਅੰਤ ਸ਼ਲਾਘਾਯੋਗ ਹੈ ਕਿ ਬਹੁਤ ਸਾਰੇ ਕਾਵਿਕ ਫੁੱਲਾਂ ਦੀ ਸੁਗੰਧ ਨੂੰ ਇਸ ਗੁਲਕੰਦ ਵਿਚ ਲਪੇਟ ਦਿੱਤਾ ਹੈ। ਸਾਰੇ ਵਰਗਾਂ ਅਤੇ ਉਮਰਾਂ ਦੇ ਲੋਕ ਇਨ੍ਹਾਂ ਗ਼ਜ਼ਲਾਂ ਦਾ ਅਨੰਦ ਮਾਣ ਸਕਦੇ ਹਨ। ਪੜ੍ਹਨਯੋਗ, ਵਿਚਾਰਨਯੋਗ ਅਤੇ ਸਾਂਭਣਯੋਗ ਇਸ ਕਾਵਿਕ ਗੁਲਦਸਤੇ ਦਾ ਭਰਪੂਰ ਸਵਾਗਤ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਜੁਰਮ ਅਤੇ ਸਜ਼ਾ
ਲੇਖਕ : ਫਿਓਦੋਰ ਦੋਸਤੋਵਸਕੀ
ਅਨੁਵਾਦਕ : ਪ੍ਰਕਾਸ਼ ਕੌਰ ਸੰਧੂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 160
ਸੰਪਰਕ : 75088-21500.

ਦੋਸਤੋਵਸਕੀ ਦਾ ਵਿਸ਼ਵ ਨਾਵਲ ਦੇ ਖੇਤਰ ਵਿਚ ਬੜਾ ਬੁਲੰਦ ਮੁਕਾਮ ਹੈ। 19ਵੀਂ ਸਦੀ ਦਾ ਦੂਜਾ ਅੱਧ ਰੂਸੀ ਨਾਵਲਕਾਰਾਂ ਦੀਆਂ ਉਪਲਬਧੀਆਂ ਦੇ ਸਦਕਾ ਵਿਸ਼ਵ ਨਾਵਲ ਦਾ ਸੁਨਹਿਰੀ ਕਾਲ ਹੋ ਨਿੱਬੜਿਆ ਸੀ। ਇਸ ਕਾਲ ਵਿਚ ਟਾਲਸਟਾਏ, ਤੁਰਗਨੇਵ, ਦੋਸਤੋਵਸਕੀ ਅਤੇ ਹੋਰ ਕਈ ਮਹੱਤਵਪੂਰਨ ਰੂਸੀ ਨਾਵਲਕਾਰ ਰਚਨਾਸ਼ੀਲ ਸਨ। ਦੋਸਤੋਵਸਕੀ ਮਨੁੱਖੀ ਮਨ ਦੀਆਂ ਹਨੇਰੀਆਂ ਗੁਫ਼ਾਵਾਂ ਵਿਚ ਵੇਖਣ ਦਾ ਸਾਹਸ ਕਰਦਾ ਹੈ। ਉਸ ਦਾ ਵਿਚਾਰ ਸੀ ਕਿ ਜੁਰਮ ਅਤੇ ਗ਼ਰੀਬੀ ਇਕ-ਦੂਜੇ ਦੇ ਅੰਗ-ਸੰਗ ਵਿਚਰਦੇ ਹਨ। ਉਸ ਦੇ ਸਮੇਂ ਦਾ ਰੂਸ ਗ਼ਰੀਬੀ ਅਤੇ ਆਰਥਿਕ ਮੰਦਹਾਲੀ ਵਿਚੋਂ ਗੁਜ਼ਰ ਰਿਹਾ ਸੀ। ਆਮ ਲੋਕਾਂ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਸੀ ਹੁੰਦੀ। ਕਿਸ਼ੋਰ ਉਮਰ ਦੀਆਂ ਲੜਕੀਆਂ ਵੇਸਵਾਗਿਰੀ ਦਾ ਧੰਦਾ ਕਰਕੇ ਆਪਣੇ ਪਰਿਵਾਰ ਲਈ ਰੋਟੀ ਦਾ ਜੁਗਾੜ ਕਰਦੀਆਂ ਸਨ। ਪੜ੍ਹਨ ਵਾਲੇ ਨੌਜਵਾਨਾਂ ਨੂੰ ਸਮੇਂ-ਸਮੇਂ ਆਪਣੇ ਘਰ ਦਾ ਸਮਾਨ ਗਿਰਵੀ ਰੱਖਣਾ ਪੈਂਦਾ ਸੀ, ਫਿਰ ਵੀ ਉਨ੍ਹਾਂ ਦੀ ਪੂਰੀ ਨਹੀਂ ਸੀ ਪੈਂਦੀ। ਸੂਦਖੋਰ, ਭ੍ਰਿਸ਼ਟ ਅਤੇ ਤਿਕੜਮਬਾਜ਼ ਲੋਕ ਸਮਾਜ ਦੇ ਪਿੰਡੇ ਉੱਪਰ ਚੰਮ-ਜੂਆਂ ਬਣ ਕੇ ਲੋਕਾਂ ਦਾ ਖੂਨ ਚੂਸ ਰਹੇ ਸਨ। ਇਹੋ ਜਿਹੇ ਦੁਖਦ ਮਾਹੌਲ ਵਿਚ ਇਸ ਨਾਵਲ ਦਾ ਨਾਇਕ ਇਕ ਸੂਦਖੋਰ ਬੁੱਢੜੀ ਇਵਾਨੋਵਨਾ ਦੀ ਹੱਤਿਆ ਕਰਕੇ ਉਸ ਦੀ ਧਨ-ਦੌਲਤ ਨੂੰ ਲੁੱਟ ਲੈਂਦਾ ਹੈ। ਇਸੇ ਸਮੇਂ ਇਵਾਨੋਵਨਾ ਦੀ ਭੈਣ ਲਿਜਾਵੇਤੀ ਵੀ ਘਟਨਾ ਸਥਲ ਉੱਪਰ ਪਹੁੰਚ ਜਾਂਦੀ ਹੈ। ਘਬਰਾਹਟ ਦੀ ਹਾਲਤ ਵਿਚ ਰਾਸਕੋਲਨਿਕੋਵ (ਨਾਇਕ) ਉਸ ਦੀ ਵੀ ਕੁਹਾੜੀ ਨਾਲ ਹੱਤਿਆ ਕਰ ਦਿੰਦਾ ਹੈ।
ਇਸ ਘਟਨਾ ਤੋਂ ਬਾਅਦ ਰਾਸਕੋਲਨਿਕੋਵ ਅਪਰਾਧ ਬੋਧ ਦਾ ਸ਼ਿਕਾਰ ਹੋ ਜਾਂਦਾ ਹੈ। ਦੋਸਤੋਵਸਕੀ ਦੀ ਧਾਰਨਾ ਹੈ ਕਿ ਮੁਜਰਮ ਨੂੰ ਸਜ਼ਾ ਭੁਗਤਣ ਤੋਂ ਬਾਅਦ ਹੀ ਰਾਹਤ ਮਿਲਦੀ ਹੈ। ਸਜ਼ਾ ਇਕ ਅਜਿਹੀ ਟਕਸਾਲ ਹੈ, ਜਿਸ ਵਿਚੋਂ ਵਿਅਕਤੀ ਨੂੰ ਨਵ-ਜੀਵਨ ਪ੍ਰਾਪਤ ਹੁੰਦਾ ਹੈ।
ਦੋਸਤੋਵਸਕੀ ਦਾ ਵਿਸ਼ਵਾਸ ਸੀ ਕਿ ਹਰ ਦੁੱਖ ਤੋਂ ਬਾਅਦ ਸੁਖ ਅਤੇ ਹਰ ਰਾਤ ਤੋਂ ਬਾਅਦ ਪ੍ਰਭਾਤ ਦਾ ਆਉਣਾ ਲਾਜ਼ਮੀ ਹੈ। ਰਾਸਕੋਲਨਿਕੋਵ ਦੇ ਵੀ ਦਿਨ ਫਿਰਨਗੇ। ਪ੍ਰਕਾਸ਼ ਕੌਰ ਸੰਧੂ ਦਾ ਕੀਤਾ ਹੋਇਆ ਇਹ ਅਨੁਵਾਦ ਕਾਫੀ ਸੁਥਰਾ ਹੈ। ਬਲਦੇਵ ਸਿੰਘ ਬੱਦਨ ਨੇ ਇਸ ਨਾਵਲ ਦੀ ਭੂਮਿਕਾ ਵਿਚ ਗੁਰਬਖਸ਼ ਸਿੰਘ ਫਰੈਂਕ ਦੇ ਹਵਾਲੇ ਨਾਲ ਅਨੁਵਾਦ ਕਲਾ ਬਾਰੇ ਬੜੇ ਸੁਚੱਜੇ ਨੁਕਤੇ ਉਠਾਏ ਹਨ।

ਫ ਫ ਫ

ਨਿਰਗੁਣ ਨਿਸਤਾਰੇ
(ਸਾਹਿਤਕ ਸਵੈਜੀਵਨੀ)
ਲੇਖਕ : ਡਾ: ਕਿਰਪਾਲ ਸਿੰਘ
ਪ੍ਰਕਾਸ਼ਕ : ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮੁੱਲ : 220 ਰੁਪਏ, ਸਫ਼ੇ : 198.

ਡਾ: ਕਿਰਪਾਲ ਸਿੰਘ ਸਿੱਖ ਇਤਿਹਾਸਕਾਰੀ ਦੇ ਖੇਤਰ ਵਿਚ ਇਕ ਵੱਡਾ ਤੇ ਵਿਸ਼ਿਸ਼ਟ ਨਾਂਅ ਹੈ। ਡਾ: ਕਿਰਪਾਲ ਸਿੰਘ ਧਰਮ ਅਤੇ ਇਤਿਹਾਸ ਨੂੰ ਵੱਖ-ਵੱਖ ਵਰਗਾਂ ਵਿਚ ਨਹੀਂ ਵੰਡਦਾ। ਉਸ ਲਈ ਇਹ ਦੋਵੇਂ ਖੇਤਰ ਆਪੋ ਵਿਚ ਅਭੇਦ ਹਨ। ਡਾ: ਸਿੰਘ ਨੇ ਜਨਮਸਾਖੀਆਂ ਦੀ ਸੰਪਾਦਨਾ, ਗੁਰੂ ਨਾਨਕ ਪ੍ਰਕਾਸ਼ ਦੀ ਵਿਆਖਿਆ-ਵਿਵੇਚਨ ਅਤੇ ਪੰਜਾਬ ਦੇ ਬਟਵਾਰੇ (ਤਕਸੀਮ) ਬਾਰੇ ਇਤਿਹਾਸਕ ਕੰਮ ਕੀਤਾ ਹੈ। ਉਸ ਨੇ 15 ਵਰ੍ਹੇ ਖਾਲਸਾ ਕਾਲਜ ਦੇ ਸਿੱਖ ਇਤਿਹਾਸ ਵਿਭਾਗ ਵਿਚ ਅਤੇ 21 ਵਰ੍ਹੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬ ਇਤਿਹਾਸ ਦੇ ਵਿਭਾਗ ਵਿਚ ਲਾਏ। ਜਨਵਰੀ 1986 ਵਿਚ ਇਸ ਵਿਭਾਗ ਤੋਂ ਸੇਵਾ-ਮੁਕਤ ਹੋ ਕੇ ਆਪ ਚੰਡੀਗੜ੍ਹ ਚਲੇ ਗਏ। ਹੁਣ 92 ਸਾਲਾਂ ਦੀ ਉਮਰ ਵਿਚ ਵੀ ਆਪ ਪੂਰੀ ਸਜਗਤਾ ਅਤੇ ਸਮਰਪਣ ਭਾਵਨਾ ਨਾਲ ਸਿੱਖ ਧਰਮ-ਗ੍ਰੰਥਾਂ (ਸਕਰਿਪਚਰਜ਼) ਦੀ ਸੰਪਾਦਨਾ ਦਾ ਕਾਰਜ ਕਰ ਰਹੇ ਹਨ। ਇਹ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਕੀਤਾ ਜਾ ਰਿਹਾ ਹੈ।
ਡਾ: ਸਿੰਘ ਨੂੰ ਪੜ੍ਹਨ ਲਈ ਮੁਢਲੀ ਪ੍ਰੇਰਨਾ ਆਪਣੇ ਪਿਤਾ ਜੀ ਪਾਸੋਂ ਪ੍ਰਾਪਤ ਹੋਈ। ਉਸ ਤੋਂ ਬਾਅਦ ਬਾਵਾ ਹਰਕਿਸ਼ਨ ਸਿੰਘ, ਪ੍ਰੋ: ਕਿਰਪਾਲ ਸਿੰਘ ਨਾਰੰਗ, ਸਰਦਾਰ ਬਹਾਦਰ ਉੱਜਲ ਸਿੰਘ, ਸ: ਮਹਿੰਦਰ ਸਿੰਘ ਰੰਧਾਵਾ, ਸ: ਪ੍ਰਤਾਪ ਸਿੰਘ ਕੈਰੋਂ ਵਰਗੀਆਂ ਨਿਵੇਕਲੀਆਂ ਸ਼ਖ਼ਸੀਅਤਾਂ ਨੇ ਸਮੇਂ-ਸਮੇਂ ਉਸ ਦੀ ਨਿੱਗਰ ਸਹਾਇਤਾ ਕੀਤੀ। ਆਪ ਮੌਖਿਕ ਇਤਿਹਾਸਕਾਰੀ ਨੂੰ ਲਿਖਤ-ਇਤਿਹਾਸਕਾਰੀ ਦਾ ਨਾ ਕੇਵਲ ਅਭਿੰਨ ਅੰਗ ਮੰਨਦੇ ਹਨ ਬਲਕਿ ਇਸ ਨੂੰ ਵਧੇਰੇ ਮਹੱਤਵ ਵੀ ਦਿੰਦੇ ਹਨ। ਸ਼ਾਇਦ ਆਪ ਜਾਣਦੇ ਹਨ ਕਿ ਨਾਬਰ ਕੌਮਾਂ ਅਤੇ ਘੱਟ-ਗਿਣਤੀ ਸਮੂਹਾਂ ਦਾ ਇਤਿਹਾਸ ਮੌਖਿਕ ਹੀ ਹੁੰਦਾ ਹੈ। ਉਸ ਨੂੰ ਕਿਸ ਨੇ ਲਿਖਣਾ ਸੀ? ਡਾ: ਕਿਰਪਾਲ ਸਿੰਘ ਨੇ ਆਪਣੇ ਰਚਨਾਤਮਕ ਕਾਰਜ ਨਾਲ ਸਬੰਧਤ ਸਾਰੇ ਵੇਰਵੇ ਬੜੇ ਵਸਤੂਮੁਖ ਢੰਗ ਨਾਲ ਪੇਸ਼ ਕਰ ਦਿੱਤੇ ਹਨ। ਇਸ ਤੱਥ ਵੱਲ ਵੀ ਸੰਕੇਤ ਕਰ ਦਿੱਤਾ ਹੈ ਕਿ ਪੰਜਾਬ ਦੇ ਇਤਿਹਾਸ ਨਾਲ ਸਬੰਧਤ ਬਹੁਤ ਸਾਰੇ ਅਕਾਦਮਿਕ ਲੋਕ ਉਸ ਦੀਆਂ ਧਾਰਨਾਵਾਂ ਵਿਚ ਦੋਸ਼ ਲੱਭਦੇ ਰਹਿੰਦੇ ਹਨ। ਪਰ ਉਹ ਪੂਰੀ ਸਿਦਕਦਿਲੀ ਅਤੇ ਸਮਰੱਥਾ ਨਾਲ ਆਪਣਾ ਕੰਮ ਕਰਦਾ ਰਹੇਗਾ। ਪਰਮਾਤਮਾ ਆਪ ਦੀ ਉਮਰ ਦਰਾਜ਼ ਕਰੇ!

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਬਲਦੇ ਚਿਰਾਗ
ਭਾਗ ਦੂਜਾ
ਸੰਪਾਦਕੀ ਮੰਡਲ, ਮਾਲਵਾ ਸਾਹਿਤ ਸਭਾ ਬਰਨਾਲਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 264
ਸੰਪਰਕ : 78377-18723.

ਬਲਦੇ ਚਿਰਾਗ ਕਾਵਿ-ਸੰਗ੍ਰਹਿ ਦਾ ਇਹ ਦੂਜਾ ਭਾਗ ਹੈ। ਪਹਿਲਾ ਭਾਗ ਜਨਵਰੀ 2000 ਵਿਚ ਪ੍ਰਕਾਸ਼ਿਤ ਹੋਇਆ ਸੀ। ਇਸ ਸੰਗ੍ਰਹਿ ਵਿਚ 82 ਕਵੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਸ ਵਿਚ ਬਜ਼ੁਰਗ, ਨੌਜਵਾਨ ਅਤੇ ਇਸਤਰੀ ਕਵੀਆਂ ਨੂੰ ਸਥਾਨ ਪ੍ਰਾਪਤ ਹੈ। ਇਹ ਕਾਵਿ-ਸੰਗ੍ਰਹਿ ਵੰਨ-ਸੁਵੰਨੇ ਵਿਸ਼ਿਆਂ, ਕਾਵਿ-ਰੂਪਾਂ, ਛੰਦਾਂ ਜਾਂ ਛੰਦ-ਮੁਕਤ ਕਵਿਤਾਵਾਂ ਦਾ ਮਨਮੋਹਣਾ ਗੁਲਦਸਤਾ ਹੈ। ਵਿਸ਼ਾ-ਪੱਖ ਤੋਂ ਇਸ ਦੇ ਕਲਾਵੇ ਵਿਚ ਦੇਸ਼-ਪ੍ਰਦੇਸ਼ ਵੀ ਆਉਂਦੇ ਹਨ ਪਰ ਪੰਜਾਬ ਨਾਲ ਸਬੰਧਤ ਤਾਂ ਲਗਪਗ ਹਰ ਵਿਸ਼ੇ 'ਤੇ ਕਵਿਤਾ ਉਪਲਬਧ ਹੈ ਜਿਵੇਂ ਕਿ ਕਿਸਾਨਾਂ, ਮਜ਼ਦੂਰਾਂ, ਕੁੱਲੀਆਂ ਦੇ ਵਾਸੀਆਂ ਦੀਆਂ ਸਮੱਸਿਆਵਾਂ, ਧੀਆਂ-ਭੈਣਾਂ ਦੀਆਂ ਸਮੱਸਿਆਵਾਂ ਜਿਵੇਂ ਕਿ ਭਰੂਣ ਹੱਤਿਆ, ਬਲਾਤਕਾਰ, ਦਹੇਜ ਆਦਿ, ਮਾਵਾਂ ਦੀ ਮਮਤਾ, ਪਿਤਾ ਸਿਰ ਕਰਜ਼ਾ, ਪੁੱਤਰਾਂ ਵੱਲੋਂ ਮਾਪਿਆਂ ਨਾਲ ਵਿਵਹਾਰ, ਰਿਸ਼ਤਿਆਂ ਵਿਚ ਆਉਂਦੀਆਂ ਤ੍ਰੇੜਾਂ ਦੇ ਵਿਸ਼ੇ ਵੀ ਰੂਪਮਾਨ ਹੋਏ ਹਨ। ਗੁਰੂ ਸਾਹਿਬਾਂ, ਦੇਸ਼ ਭਗਤਾਂ ਦੀਆਂ ਕੁਰਬਾਨੀਆਂ, ਭਾਰਤ-ਵੰਡ ਦਾ ਦੁਖਾਂਤ, ਪੰਜਾਬ ਦੇ ਕਾਲੇ ਦਿਨ, ਨਿਰਦੋਸ਼ਿਆਂ ਦੀਆਂ ਹਤਿਆਵਾਂ, ਬੇਜ਼ਮੀਨੇ ਕਾਮਿਆਂ ਦਾ ਦੁਖਾਂਤ, ਰੁੱਖਾਂ ਅਤੇ ਕੁੱਖਾਂ ਦੀ ਪਛਾਣ, ਨੇਤਾਵਾਂ ਵੱਲੋਂ ਜਨਤਾ ਨੂੰ ਲਗਦੇ ਲਾਰੇ, ਸੱਤਾ ਤੋਂ ਨਾਬਰੀ, ਪਿੰਡਾਂ ਵਿਚ ਆ ਰਿਹਾ ਪਰਿਵਰਤਨ। ਗੱਲ ਕੀ ਹਰ ਕਵੀ ਨੇ ਆਪਣੀ ਸੋਚ ਅਨੁਸਾਰ ਕਲਮ ਵਾਹੀ ਹੈ।
ਕਾਵਿ-ਰੂਪਾਂ ਵਿਚ ਗੀਤ, ਗ਼ਜ਼ਲ, ਨਜ਼ਮਾਂ, ਟੱਪੇ ਆਦਿ ਦਾ ਪ੍ਰਯੋਗ ਹੈ। ਕਲੀਆਂ, ਦੋਹਰੇ, ਕੋਰੜਾ-ਛੰਦ, ਦੋ ਗਾਣੇ, ਦੋ ਧਾਰਾ ਛੰਦ, ਕਵੀਸ਼ਰੀ-ਨੁਮਾ ਰਚਨਾਵਾਂ ਹਾਜ਼ਰ ਹਨ। ਨੀਵੀਂ ਸੁਰ ਵਾਲੀਆਂ ਕਵਿਤਾਵਾਂ ਵੀ ਹਨ ਪਰ ਉੱਚੀ ਸੁਰ ਵਾਲੀਆਂ ਸੰਬੋਧਨੀ ਕਵਿਤਾਵਾਂ ਦੀ ਭਰਮਾਰ ਹੈ। ਇਹ ਕਾਵਿ-ਸੰਗ੍ਰਹਿ ਮਾਲਵੇ ਦੀ ਰੂਹ ਹੈ, ਹੂਕ ਹੈ, ਸੱਭਿਆਚਾਰਕ ਦਸਤਾਵੇਜ਼ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਨਿਆਂ ਦੀ ਖ਼ਾਤਰ
ਲੇਖਕ : ਮਲਕੀਤ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 94170-38993.

'ਨਿਆਂ ਦੀ ਖ਼ਾਤਰ' ਨਾਵਲ ਸਮਾਜ ਵਿਚਲੀ ਸ਼੍ਰੇਣੀ ਵੰਡ, ਰਾਜਸੀ, ਸਰਮਾਏਦਾਰੀ ਤੇ ਜਗੀਰਦਾਰੀ ਆਦਿ ਪੱਖਾਂ ਨੂੰ ਲੈ ਕੇ ਲਿਖਿਆ ਗਿਆ ਹੈ। ਇਸ ਨਾਵਲ ਦੀ ਕਹਾਣੀ ਇਨ੍ਹਾਂ ਪਹਿਲੂਆਂ ਦੇ ਦੁਆਲੇ ਹੀ ਘੁੰਮਦੀ ਹੈ ਅਤੇ ਉਨ੍ਹਾਂ ਪਾਤਰਾਂ ਦੀ ਤ੍ਰਾਸਦੀ ਨੂੰ ਬਿਆਨ ਕਰਦੀ ਹੈ ਜੋ ਸਾਡੇ ਸਮਾਜ ਵਿਚ ਜਿਊਂਦੇ-ਜਾਗਦੇ ਹਨ ਅਤੇ ਉਸ ਹਾਲਾਤ ਦਾ ਸਾਹਮਣਾ ਕਰਦੇ ਹਨ, ਜੋ ਉਨ੍ਹਾਂ ਦੀ ਮਜਬੂਰੀ ਸਦਕਾ ਉਨ੍ਹਾਂ ਨੂੰ ਭੁਗਤਣਾ ਪੈਂਦਾ ਹੈ। ਇਕ ਵਰਗ ਦੋ ਵਕਤ ਦੀ ਰੋਜ਼ੀ-ਰੋਟੀ ਤੋਂ ਮੁਹਤਾਜ ਦਿਨ ਰਾਤ ਹੱਡ-ਭੰਨਵੀਂ ਮਿਹਨਤ ਕਰਦਾ ਹੈ ਪਰ ਇਹ ਨਹੀਂ ਸਮਝਦਾ ਕਿ ਉਨ੍ਹਾਂ ਦੀ ਮਿਹਨਤ ਉੱਤੇ ਹੀ ਉੱਚ ਰੁਤਬਿਆਂ 'ਤੇ ਬੈਠੇ ਲੋਕ ਐਸ਼ ਕਰ ਰਹੇ ਤੇ ਉਨ੍ਹਾਂ ਦੀ ਸ਼ਰਾਫ਼ਤ ਤੇ ਮਿਹਨਤ ਦਾ ਨਜਾਇਜ਼ ਫਾਇਦਾ ਉਠਾ ਰਹੇ ਹਨ। ਕਈ ਵਾਰ ਮਨੁੱਖ ਮਾਇਆ ਦੇ ਲਾਲਚ ਤੇ ਸ਼ੁਹਰਤ ਦੀ ਖ਼ਾਤਰ ਸ਼ਰਾਫ਼ਤ ਦੀ ਜ਼ਿੰਦਗੀ ਛੱਡ ਕੇ ਮੁਜਰਮ ਬਣਨਾ ਸਵੀਕਾਰ ਕਰ ਲੈਂਦਾ ਹੈ ਅਤੇ ਉਸ ਦਾ ਪਰਿਵਾਰ ਖ਼ਾਸ ਕਰਕੇ ਪਤਨੀ ਨੂੰ ਕਿਹੜੇ ਹਾਲਾਤ ਵਿਚੋਂ ਨਿਕਲਣਾ ਪੈਂਦਾ ਹੈ, ਕਿਵੇਂ ਆਪਣੀ ਅਸਮਤ ਤੱਕ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਕਰਨਾ ਤੇ ਪਤੀ ਦੀ ਰਿਹਾਈ ਲਈ ਯਤਨ ਕਰਨੇ ਪੈਂਦੇ ਹਨ। ਦੂਜੇ ਪਾਸੇ ਨਜਾਇਜ਼ ਢੰਗਾਂ ਨਾਲ ਪੈਸਾ ਕਮਾ ਕੇ ਸਰਦਾਰ ਮਾਲਕ ਬਣ ਅਸਮਤ ਖ਼ਰੀਦਦੇ ਹਨ। ਪੈਸੇ ਦੀ ਇਸ ਬੇਲਗਾਮ ਹੋੜ ਨੇ ਧਰਮ, ਇਖਲਾਕ, ਵਿੱਦਿਆ, ਇਨਸਾਫ਼ ਤੇ ਰਿਸ਼ਤਿਆਂ ਨੂੰ ਛਿੱਕੇ ਟੰਗ ਕੇ ਸਮਾਜ ਨੂੰ ਭ੍ਰਿਸ਼ਟ ਕਰ ਦਿੱਤਾ ਹੈ। ਇਹ ਨਾਵਲ ਲੋੜਵੰਦਾਂ ਨੂੰ ਜੁਰਮਾਂ ਦੇ ਰਾਹ ਤੌਰ ਕੇ ਗਰੀਬੀ ਤੇ ਲਾਚਾਰੀ ਦੀ ਦਲਦਲ ਵਿਚ ਧਕੇਲ ਦੇਣ ਦੀ ਦਰਦਨਾਕ ਕਹਾਣੀ ਹੈ। ਲੇਖਕ ਨੇ ਸਮਾਜ ਦੀ ਭ੍ਰਿਸ਼ਟ ਨਿਆਂ ਪ੍ਰਣਾਲੀ ਉਤੇ ਤਕੜੀ ਸੱਟ ਮਾਰੀ ਹੈ। ਜੋ ਸਮਾਜ ਤੇ ਮਨੁੱਖਤਾ ਦੇ ਰਖਵਾਲੇ ਹਨ, ਉਹੀ ਅੱਖਾਂ ਮੀਟ ਕੇ ਪੈਸੇ ਵਾਲਿਆਂ ਦੇ ਹੱਕ ਵਿਚ ਫ਼ੈਸਲੇ ਕਰਦੇ ਹਨ। ਫਿਰ ਜੇਲ੍ਹਾਂ ਦੀ ਹਾਲਤ ਏਨੀ ਮਾੜੀ ਹੈ ਕਿ ਕੈਦੀਆਂ ਨਾਲ ਗ਼ੈਰ-ਮਨੁੱਖੀ ਵਰਤਾਉ ਕਰਕੇ ਹਜ਼ਾਰਾਂ ਦੀ ਗਿਣਤੀ ਵਿਚ ਕੈਦੀਆਂ ਨੂੰ ਕਾਲ ਕੋਠੜੀਆਂ ਵਿਚ ਤਾੜ ਕੇ ਰੱਖਿਆ ਜਾਂਦਾ ਹੈ, ਜਿਥੇ ਸਾਹ ਲੈਣਾ ਵੀ ਮੁਸ਼ਕਿਲ ਹੁੰਦਾ ਹੈ। ਇਹ ਸਾਡੇ ਖੋਖਲੇ ਲੋਕ ਰਾਜ ਨੂੰ ਨੰਗਾ ਕਰਨ ਦਾ ਉਪਰਾਲਾ ਹੈ ਜੋ ਜੁਰਮ ਨੂੰ ਕਾਬੂ ਨਹੀਂ ਕਰਦਾ, ਸਗੋਂ ਜੁਰਮ ਵਿਚੋਂ ਜੁਰਮ ਉਪਜਦਾ ਹੈ। ਏਨਾ ਹੀ ਨਹੀਂ, ਵਕਾਲਤ ਨਾਲ ਜੁੜੇ ਵਕੀਲਾਂ ਉਤੇ ਵੀ ਵਿਅੰਗ ਹੈ, ਜੋ ਆਪਣੇ ਮੁਵੱਕਲਾਂ ਪ੍ਰਤੀ ਰੁੱਖਾ ਵਤੀਰਾ ਰੱਖਦੇ ਪੈਸੇ ਹੱਥ ਵਿਕ ਜਾਂਦੇ ਹਨ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਜ਼ਿੰਦਗੀ ਦਾ ਪੰਧ
ਲੇਖਿਕਾ : ਸਵਰਨ ਕੌਰ ਬੱਲ
ਪ੍ਰਕਾਸ਼ਕ : ਪੰਜ ਨਾਦ ਪ੍ਰਕਾਸ਼ਨ, ਲਾਂਬੜਾ (ਜਲੰਧਰ)
ਮੁੱਲ : 200 ਰੁਪਏ, ਸਫ਼ੇ : 88
ਸੰਪਰਕ : 98782-05808

ਅੱਸੀਆਂ ਸਾਲਾਂ ਨੂੰ ਢੁੱਕੀ ਬੀਬੀ ਸਵਰਨ ਕੌਰ ਬੱਲ ਦਾ ਜੀਵਨ ਆਮ ਭਾਰਤੀ ਸੁਆਣੀਆਂ ਵਾਂਗ ਸੰਘਰਸ਼ਸ਼ੀਲ ਹੈ। ਉਨ੍ਹਾਂ ਇਕ ਸਧਾਰਨ ਪਰਿਵਾਰ ਵਿਚ ਜਨਮ ਲਿਆ ਤੇ ਆਪਣੀ ਕਾਬਲੀਅਤ ਨਾਲ ਦੂਰਲਿਆਂ ਨੇੜਲਿਆਂ ਦੇ ਮਨਾਂ ਵਿਚ ਚੰਗੀ ਥਾਂ ਬਣਾਈ। ਸਮਾਜਿਕ ਕੰਮਾਂ ਨਾਲ ਜੁੜ ਕੇ ਉਨ੍ਹਾਂ ਨੂੰ ਖੁਸ਼ੀ ਮਿਲਦੀ ਰਹੀ ।
'ਜ਼ਿੰਦਗੀ ਦਾ ਪੰਧ' ਸਵਰਨ ਕੌਰ ਬੱਲ ਦੀ ਸਵੈ ਜੀਵਨੀ ਹੈ, ਜਿਸ ਵਿਚ ਉਨ੍ਹਾਂ ਬਹੁਤ ਸਰਲ ਲਿਖਿਆ ਹੈ, ਜਿਵੇਂ ਆਪਣੇ ਬਾਰੇ ਕੋਈ ਲੇਖ ਲਿਖਿਆ ਹੋਵੇ। ਜਨਮ, ਪੜ੍ਹਾਈ, ਸੰਘਰਸ਼, ਵਿਆਹ, ਬਾਲ ਬੱਚਿਆਂ ਤੇ ਉਸ ਤੋਂ ਅਗਲੀ ਪੀੜ੍ਹੀ, ਖੇਤੀਬਾੜੀ ਨਾਲ ਪਿਆਰ, ਗੁਰਬਾਣੀ ਨਾਲ ਲਗਨ ਸਮੇਤ ਹਰ ਗੱਲ ਨੂੰ ਉਨ੍ਹਾਂ ਛੋਟੇ-ਛੋਟੇ ਸਿਰਲੇਖ ਦੇ ਕੇ ਪੇਸ਼ ਕੀਤਾ ਹੈ।
ਅਸਲ ਵਿਚ ਸਵੈ ਜੀਵਨੀ ਨਾਤੇ ਉਨ੍ਹਾਂ ਆਪਣੇ ਮਨ ਦੇ ਵਲਵਲੇ ਸਾਂਝੇ ਕੀਤੇ ਹਨ। ਜੇਕਰ ਕਿਸੇ ਨੂੰ ਲਿਖਣ-ਪੜ੍ਹਨ ਦੀ ਮੱਸ ਹੋਵੇ ਤਾਂ ਉਮਰ ਦੇ ਇਸ ਪੜਾਅ 'ਤੇ ਉਸ ਦਾ ਆਪਣੇ ਜੀਵਨ ਤਜਰਬੇ ਹੋਰਾਂ ਨਾਲ ਸਾਂਝੇ ਕਰਨ ਨੂੰ ਮਨ ਕਰਦਾ ਹੈ। ਇਸ ਭਾਵਨਾ ਵਿਚੋਂ ਹੀ ਇਹ ਛੋਟੀ ਜਹੀ ਕਿਤਾਬ ਨਿਕਲੀ ਹੈ।
ਸਵਰਨ ਕੌਰ ਬੱਲ ਨੇ ਹੋਰਾਂ ਦੇ ਸਹਿਯੋਗ ਨਾਲ 'ਬਾਬਾ ਪੱਲ੍ਹਾ ਸਪੋਰਟਸ ਕਲੱਬ ਬੁਤਾਲਾ' ਦੀ ਸਥਾਪਨਾ ਵੀ ਕੀਤੀ ਤੇ 'ਮਾਝਾ ਪੰਜਾਬੀ ਸੱਥ ਬੁਤਾਲਾ' ਦੀ ਵੀ। ਉਨ੍ਹਾਂ ਆਪਣੇ ਜੀਵਨ ਨਾਲ ਜੁੜੀਆਂ ਯਾਦਾਂ ਨੂੰ ਪਾਠਕਾਂ ਗੋਚਰੇ ਕੀਤਾ ਹੈ, ਤਾਂ ਜੁ ਸਭ ਨਾਲ ਵਿਚਾਰਾਂ ਦੀ ਸਾਂਝ ਪਾ ਸਕਣ।
ਬੇਸ਼ੱਕ ਇਸ ਸਵੈ ਜੀਵਨੀ ਵਿਚ ਸਾਹਿਤਕ ਰਸ ਤਾਂ ਨਹੀਂ, ਪਰ ਫਿਰ ਵੀ ਲੇਖਿਕਾ ਦੇ ਜੀਵਨ ਤਜਰਬੇ ਤੋਂ ਕੁਝ ਨਾ ਕੁਝ ਸਿੱਖਿਆ ਜਾ ਸਕਦਾ ਹੈ।

ਂਸਵਰਨ ਸਿੰਘ ਟਹਿਣਾ
ਮੋ: 98141-78883
ਫ ਫ ਫ

23-07-2016

 ਤਾਜ ਬਨਾਮ ਕ੍ਰਿਪਾਨ
ਲੇਖਕ : ਗੁਰਦੇਵ ਸਿੰਘ ਸਿੱਧੂ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 238
ਸੰਪਰਕ : 94170-49417.

ਤਾਜ ਅੰਗਰੇਜ਼ੀ ਹਕੂਮਤ ਦਾ ਚਿੰਨ੍ਹ ਹੈ ਅਤੇ ਕ੍ਰਿਪਾਨ ਸਿੱਖ ਨੂੰ ਸਿੰਘ ਬਣਾਉਣ ਸਮੇਂ ਦਸਮ ਪਾਤਸ਼ਾਹ ਵੱਲੋਂ ਹੋਈ ਬਖਸ਼ਿਸ਼। ਗੁਰਮਤਿ, ਗੁਰਬਾਣੀ ਅਤੇ ਗੁਰੂਆਂ ਦੇ ਮਿਸਾਲੀ ਮਾਰਗ ਦਰਸ਼ਨ ਆਸਰੇ ਸਿੱਖਾਂ ਨੇ ਸ਼ਕਤੀਸ਼ਾਲੀ ਮੁਗਲ ਸਾਮਰਾਜ ਨੂੰ ਉਖਾੜ ਕੇ ਪੰਜਾਬ ਦੀ ਬਾਦਸ਼ਾਹੀ ਹਾਸਲ ਕੀਤੀ। 50 ਸਾਲ ਚੰਗਾ ਰੱਜ ਕੇ ਰਾਜ ਕਮਾਇਆ ਤੇ ਕ੍ਰਿਪਾਨ ਆਸਰੇ ਹਰ ਮੈਦਾਨ ਫ਼ਤਹਿ ਹਾਸਲ ਕੀਤੀ। ਘਰ, ਜੰਗਲ, ਯੁੱਧ ਦਾ ਮੈਦਾਨ, ਸਰਕਾਰ, ਦਰਬਾਰ ਹਰ ਥਾਂ ਕ੍ਰਿਪਾਨ ਖਾਲਸੇ ਨਾਲ ਰਹੀ। 1849 ਵਿਚ ਧੋਖੇ, ਮਕਾਰੀ ਤੇ ਡੋਗਰਿਆਂ ਦੀ ਗਦਾਰੀ ਕਾਰਨ ਅੰਗਰੇਜ਼ਾਂ ਤੋਂ ਹਾਰ ਖਾਧੀ ਤਾਂ ਆਤਮ-ਸਮਰਪਣ ਸਮੇਂ ਹੰਝੂ ਭਰੀਆਂ ਅੱਖਾਂ ਤੇ ਉਦਾਸ ਚਿਹਰੇ ਨਾਲ ਸਿੱਖ ਸੈਨਿਕਾਂ ਨੇ ਕ੍ਰਿਪਾਨਾਂ ਅੰਗਰੇਜ਼ ਕਮਾਂਡਰ ਅੱਗੇ ਢੇਰੀ ਕੀਤੀਆਂ। ਉਸ ਉਪਰੰਤ ਅੰਗਰੇਜ਼ ਹਕੂਮਤ ਨਿਰੰਤਰ ਇਸੇ ਕ੍ਰਿਪਾਨ ਤੋਂ ਭੈਭੀਤ ਰਹੀ। ਸਿੱਖਾਂ ਦੇ ਕ੍ਰਿਪਾਨ ਪਹਿਨਣ ਉੱਤੇ ਆਰਮਜ਼ ਐਕਟ ਅਧੀਨ ਪਾਬੰਦੀ ਲਾ ਦਿੱਤੀ ਗਈ। ਇਸ ਪਾਬੰਦੀ ਵਿਰੁੱਧ ਗੁਲਾਮ ਪੰਜਾਬ ਵਿਚ ਸਿੱਖਾਂ ਦੇ ਲੰਮੇ ਸੰਘਰਸ਼ ਦਾ ਖੋਜ ਭਰਪੂਰ ਇਤਿਹਾਸ ਹੈ ਗੁਰਦੇਵ ਸਿੰਘ ਸਿੱਧੂ ਦੀ ਇਸ ਪੁਸਤਕ ਵਿਚ।
ਤਿੰਨ ਫੁੱਟੀ ਕ੍ਰਿਪਾਨ ਤੋਂ ਰਸਮ ਪੂਰਤੀ ਵਾਲੀ ਕੰਘੇ ਵਿਚ ਜੜੀ ਕ੍ਰਿਪਾਨ ਤੱਕ ਦੀ ਮਜਬੂਰੀ, ਦੋ ਚਾਰ ਇੰਚ ਕ੍ਰਿਪਾਨ, ਗਾਤਰੇ ਵਾਲੀ ਕ੍ਰਿਪਾਨ ਜਿਹੇ ਰੂਪਾਂ ਵਿਚ ਇਸ ਨੂੰ ਪਹਿਨਣ ਲਈ ਸੰਘਰਸ਼ ਦੇ ਦਸਤਾਵੇਜ਼ੀ ਵੇਰਵੇ ਲੇਖਕ ਨੇ ਪੇਸ਼ ਕੀਤੇ ਹਨ। ਸ਼ਰਧਾ ਤੇ ਦ੍ਰਿੜ੍ਹਤਾ ਵਾਲੇ ਭਾਈ ਰਣਧੀਰ ਸਿੰਘ ਜਿਹੇ ਗੁਰਸਿੱਖਾਂ, ਪਾਬੰਦੀਆਂ ਨੂੰ ਵੰਗਾਰ ਕੇ ਕ੍ਰਿਪਾਨ ਪਹਿਨਣ ਹੀ ਨਹੀਂ ਬਣਾਉਣ ਵਾਲਿਆਂ ਤੱਕ ਉੱਤੇ ਸਖ਼ਤੀ, ਕਾਨੂੰਨ ਵਿਚਲੀਆਂ ਖਾਮੀਆਂ ਨੂੰ ਆਧਾਰ ਬਣਾ ਕੇ ਇਸ ਨੂੰ ਅਦਾਲਤਾਂ ਵਿਚ ਵੰਗਾਰਨ ਦੇ ਯਤਨ, ਸਿੱਖਾਂ ਵੱਲੋਂ ਵਿਅਕਤੀਗਤ ਤੇ ਸਮੂਹਿਕ ਪੱਧਰ 'ਤੇ ਕ੍ਰਿਪਾਨ ਪਹਿਨਣ ਲਈ ਕੀਤੀ ਜੱਦੋ-ਜਹਿਦ, ਅਸੈਂਬਲੀ ਵਿਚ ਸਿੱਖ ਨੇਤਾਵਾਂ ਵੱਲੋਂ ਸਰਕਾਰ 'ਤੇ ਦਬਾਅ, ਸਰਕਾਰ ਦੀ ਕ੍ਰਿਪਾਨ ਬਾਰੇ ਨੀਤੀ ਦੇ ਹਾਲਾਤ ਦੀ ਮਜਬੂਰੀ ਅਧੀਨ ਬਦਲਦੇ ਰੂਪਂਤਾਜ ਅਤੇ ਕ੍ਰਿਪਾਨ ਦੀ ਇਸ ਟੱਕਰ ਦੇ ਅਜਿਹੇ ਵੇਰਵੇ ਹਨ, ਜਿਨ੍ਹਾਂ ਉੱਤੇ ਖੋਜ ਭਰਪੂਰ ਚਰਚਾ ਲੇਖਕ ਨੇ ਕੀਤੀ ਹੈ।
ਪੁਸਤਕ ਦੇ ਅੰਤਲੇ ਹਿੱਸੇ ਵਿਚ ਕ੍ਰਿਪਾਨ ਦੀ ਸ਼ਾਨ, ਗੌਰਵ ਤੇ ਇਸ ਲਈ ਹੋਏ ਸੰਘਰਸ਼ ਨੂੰ ਉਜਾਗਰ ਕਰਦੀਆਂ ਨਜ਼ਮਾਂ ਹਨ, ਜੋ 70 ਕੁ ਪੰਨੇ ਤੱਕ ਫੈਲੀਆਂ ਹੋਈਆਂ ਹਨ। ਇਨ੍ਹਾਂ ਵਿਚੋਂ ਕਿੰਨੀਆਂ ਹੀ ਜ਼ਬਤਸ਼ੁਦਾ ਹਨ। ਕੁੱਲ ਮਿਲਾ ਕੇ ਇਤਿਹਾਸਕ ਦਸਤਾਵੇਜ਼ ਹੈ ਇਹ ਪੁਸਤਕ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਲਹਿਰਾਂ ਦੀ ਵੇਦਨਾ
ਕਵਿੱਤਰੀ : ਪਰਮਿੰਦਰ ਕੌਰ ਸਵੈਚ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 136
ਸੰਪਰਕ : 78377-18723.

ਪਰਮਿੰਦਰ ਕੌਰ ਸਵੈਚ ਇਕ ਜਾਣੀ-ਪਛਾਣੀ ਪੰਜਾਬੀ ਕਵਿੱਤਰੀ ਹੈ। ਸਵੈਚ ਕੈਨੇਡਾ ਵਸਦੀ ਹੈ ਪਰ ਪੰਜਾਬੀ ਸਾਹਿਤ ਨਾਲ ਉਹ ਮੁੱਖਧਾਰਾ ਵਿਚ ਸ਼ਾਮਿਲ ਰਹਿਣ ਦਾ ਧਰਮ ਪਾਲਦੀ ਹੈ। ਸਵੈਚ ਪੰਜਾਬੀ ਕਵਿਤਾ ਦੇ ਲੋਕ ਮੁਖੀ ਸਰੋਕਾਰਾਂ ਦੇ ਨਾਲ ਲੈ ਕੇ ਤੁਰਦੀ ਹੈ। ਉਹ ਸਮਝਦੀ ਹੈ ਕਿ ਨਾਰੀ ਦੀ ਆਜ਼ਾਦੀ ਦਾ ਭਾਵ ਘਰ ਤੋਂ ਬਾਗੀਪਨ ਅਤੇ ਪਰਿਵਾਰਾਂ ਤੋਂ ਤਿਲਾਂਜਲੀ ਨਹੀਂ ਹੈ, ਸਗੋਂ ਸਮਾਜ ਦੇ ਚੰਗੇ ਪਾਸੇ ਬਦਲਣ ਨਾਲ ਹੀ ਔਰਤ ਦੀ ਕਾਇਆ ਕਲਪ ਹੋ ਸਕਦੀ ਹੈ। ਔਰਤ ਦੀ ਆਜ਼ਾਦੀ ਕੇਵਲ ਇਕੱਲੀ ਔਰਤ ਦਾ ਮਸਲਾ ਨਹੀਂ, ਸਗੋਂ ਇਹ ਸਮੂਹ ਸਮਾਜ ਦਾ ਮਸਲਾ ਹੈ ਅਤੇ ਸਮਾਜ ਦੇ ਚਾਲਕ ਪਹੀਆਂ ਵਿਚੋਂ ਇਕ ਪਹੀਏ ਦਾ ਮਸਲਾ ਹੈ। ਸਵੈਚ ਨੇ ਮੱਧ ਵਰਗੀ ਮਨੁੱਖ ਦੀਆਂ ਬਦਲਦੀਆਂ ਪ੍ਰਸਥਿਤੀਆਂ ਅਤੇ ਭਾਵਨਾਵਾਂ ਦੀ ਤਿੜਕਣ ਨੂੰ ਬੜੇ ਸੂਖਮ ਭਾਵਾਂ ਨਾਲ ਕਾਵਿ ਵਿਚ ਢਾਲਿਆ ਹੈ। ਕੈਨੇਡਾ ਦੇ ਸਮਾਜ ਵਿਚ ਹਰ ਮਨੁੱਖ ਨਿੱਤ ਦੀਆਂ ਲੋੜਾਂ, ਘਰਾਂ, ਕਾਰਾਂ, ਬਿਜਲੀ-ਪਾਣੀ ਦੇ ਬਿੱਲ, ਬੱਚਿਆਂ ਦੀ ਮਹਿੰਗੀ ਪੜ੍ਹਾਈ ਅਤੇ 'ਫੂੰ-ਫਾਂ' ਦੀ ਮਜਬੂਰੀ ਵਿਚ ਫਸ ਕੇ ਮਸ਼ੀਨ ਨਾਲ ਮਸ਼ੀਨ ਹੋ ਗਿਆ ਹੈ ਪਰਮਿੰਦਰ ਨੂੰ ਦੁੱਖ ਹੈ ਕਿ ਅੱਜਘਰ, ਘਰ ਨਹੀਂ ਰਹੇ, ਇਹ ਤਾਂ ਅਪਣੱਤ-ਹੀਣ ਰੈਸਟ ਹਾਊਸ ਹਨ : 'ਮਸ਼ੀਨੀ ਯੁਗ ਵਿਚ/ਮਸ਼ੀਨ ਨੇ ਕੁੱਲੀ ਗੁੱਲੀ ਤੇ/ਜੁੱਲੀ ਦੇ ਅਰਥਾਂ ਨੂੰ/ਲਿਆ ਹੈ ਸਮੇਟ/ਮੈਂ ਵੀ ਹੁਣ/ਚਲਦੀ ਫਿਰਦੀ/ਮਸ਼ੀਨ ਹੀ ਹਾਂ/ਇਹ ਮੇਰੇ ਸੁਪਨਿਆਂ ਦਾ/ਘਰ ਜਾਂ ਮਕਾਨ ਨਹੀਂ/ਇਹ ਤਾਂ ਰੈਸਟ ਹਾਊਸ ਹੈ...' ਸਵੈਚ ਔਰਤ ਜਾਤੀ ਪ੍ਰਤੀ ਮੁਜਰਮਾਨਾ ਰਵੱਈਏ ਅਤੇ ਔਰਤ ਨੂੰ ਹੀ ਦੋਸ਼ੀ ਠਹਿਰਾਉਣ ਵਾਲੇ ਸਮਾਜਿਕ ਫ਼ਲਸਫ਼ੇ ਦਾ ਵਿਰੋਧ ਕਰਦਿਆਂ ਕਹਿੰਦੀ ਹੈ : 'ਮੇਰੇ ਉੱਤੇ ਉਂਗਲ ਧਰਨ ਤੋਂ ਪਹਿਲਾਂ/ਉਨ੍ਹਾਂ 'ਤੇ ਉਂਗਲ ਧਰਨ ਦਾ ਹੀਆ ਕਰੋ/ਸਭ ਪਤਾ ਚੱਲ ਜਾਵੇਗਾ/ਕਿ ਮੁਜਰਮ ਕੌਣ ਹੈ...' ਪੁਸਤਕ ਦੀਆਂ ਕਵਿਤਾਵਾਂ ਭਾਵਪੂਰਤ ਅਤੇ ਔਰਤ ਮਨ ਦੀ ਭਰਪੂਰ ਅਕਾਸੀ ਕਰਦੀਆਂ ਹਨ। ਇਹ ਸਾਰੀਆਂ ਕਵਿਤਾਵਾਂ ਭਾਵੇਂ ਵਾਰਤਕ ਕਾਵਿ ਦੀ ਪਰਿਧੀ ਵਿਚ ਹਨ ਪਰ ਜਜ਼ਬਾਤ ਦੇ ਵਹਾਅ ਵਿਚ ਪ੍ਰਗੀਤ ਕਾਵਿ ਜਾਂ ਪ੍ਰਬੰਧਨ ਕਾਵਿ ਦਾ ਚੇਤਾ ਵੀ ਨਹੀਂ ਆਉਂਦਾ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਪੰਜਾਬੀ ਟੈਗੋਰ
ਸਾਧੂ ਸਿੰਘ ਹਮਦਰਦ
ਲੇਖਕ : ਪ੍ਰਿੰ : ਗੁਰਮੁਖ ਸਿੰਘ ਸਿੱਧੂ
ਪ੍ਰਕਾਸ਼ਕ : ਕੁੰਭ ਪਬਲੀਕੇਸ਼ਨਜ਼, ਜ਼ੀਰਕਪੁਰ (ਮੋਹਾਲੀ)
ਮੁੱਲ : 200 ਰੁਪਏ (ਸਜਿਲਦ), ਸਫ਼ੇ : 92
ਸੰਪਰਕ : 94641-95493.


ਪ੍ਰਿੰ: ਗੁਰਮੁਖ ਸਿੰਘ ਸਿੱਧੂ ਪੰਜਾਬੀ ਕਵਿਤਾ ਵਿਚ ਇਕ ਜਾਣਿਆ-ਪਛਾਣਿਆ ਅਤੇ ਸਥਾਪਤ ਨਾਂਅ ਹੈ 'ਪੰਜਾਬੀ ਟੈਗੋਰ : ਸਾਧੂ ਸਿੰਘ ਹਮਦਰਦ' ਉਸ ਦੀ ਨੌਵੀਂ ਕਾਵਿ-ਪੁਸਤਕ ਹੈ। ਪੁਸਤਕ ਦੇ ਸਿਰਲੇਖ ਤੋਂ ਹੀ ਸਪੱਸ਼ਟ ਹੈ ਕਿ ਇਹ ਕਾਵਿ-ਪੁਸਤਕ ਸਵ: ਸਾਧੂ ਸਿੰਘ ਹਮਦਰਦ ਦੀ ਸ਼ਖ਼ਸੀਅਤ ਦੇ ਬਹੁ-ਪਰਤੀ ਆਯਾਮਾਂ ਦੀ ਗੱਲ ਕਰਦੀ ਹੈ। ਸ: 'ਹਮਦਰਦ' ਜੀ ਨੇ ਤਾ-ਉਮਰ ਪੰਜਾਬੀ ਭਾਸ਼ਾ, ਪੰਜਾਬ, ਪੰਜਾਬੀਅਤ ਦੇ ਅਹਿਮ ਮਸਲਿਆਂ ਨੂੰ ਹਾਕਮਾਂ ਦੀ ਸੱਥ 'ਚ ਬੇਬਾਕੀ ਨਾਲ ਉਠਾਇਆ ਹੈ। ਖ਼ਾਸ ਤੌਰ 'ਤੇ ਪੰਜਾਬੀ ਗ਼ਜ਼ਲ ਨੂੰ ਸਨਮਾਨਯੋਗ ਸਥਾਨ ਦਿਵਾਉਣ ਵਿਚ 'ਅਜੀਤ' ਅਖ਼ਬਾਰ ਰਾਹੀਂ ਉਨ੍ਹਾਂ ਵੱਲੋਂ ਪਾਏ ਯੋਗਦਾਨ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਉਹ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਗੱਲ ਕਰਨ ਵਾਲੇ ਲੇਖਕਾਂ ਦੀ ਹਮੇਸ਼ਾ ਕਦਰ ਕਰਦੇ ਸਨ। ਉਹ ਮਿੱਤਰਾਂ ਦੇ ਮਿੱਤਰ ਸਨ, ਦਾਨਸ਼ਵਰ ਸਨ, ਇਸ ਦੇ ਨਾਲ ਉਹ ਰਾਹ ਦਸੇਰਾ ਵੀ ਸਨ। ਪ੍ਰਿੰ: ਸਿੱਧੂ ਨੇ ਜਿਸ ਤਰ੍ਹਾਂ ਉਨ੍ਹਾਂ ਦਾ ਪ੍ਰਭਾਵ ਕਬੂਲਿਆ ਹੈ, ਉਸ ਦੀ ਇਕ ਵੰਨਗੀ :
ਮੇਰਾ ਫਰੈਂਡ, ਫਿਲਾਸਫਰ, ਗਾਈਡ
ਸਾਹਿਤਕ ਗੁਰੂ ਸੀ ਮੇਰਾ
ਸਭ ਪੂੰਜੀ ਸਰਮਾਏ ਵਾਲੇ
ਉਹ ਸੀ ਗਰੀਬਾਂ ਦਾ ਡੇਰਾ।
ਪ੍ਰਿੰ: ਸਿੱਧੂ ਦੀ ਖੂਬੀ ਹੈ ਕਿ ਉਨ੍ਹਾਂ ਨੇ 'ਹਮਦਰਦ ਜੀ ਦੇ ਕੀਤੇ ਕਾਰਜਾਂ ਨੂੰ ਆਪਣੀਆਂ ਨਜ਼ਮਾਂ ਵਿਚ ਸਹਿਜ-ਭਾਅ ਹੀ ਸਰਲਤਾ, ਸਪੱਸ਼ਟਤਾ ਨਾਲ ਬਿਆਨ ਕਰ ਦਿੱਤਾ ਹੈ। ਕਵਿਤਾਵਾਂ ਦੇ ਸਿਰਲੇਖ : 'ਪੰਜਾਬੀ ਟੈਗੋਰ : ਸਾਧੂ ਸਿੰਘ ਹਮਦਰਦ', 'ਪੰਜਾਬ ਦਾ ਸ਼ਾਂਤੀ ਨਿਕੇਤਨ', 'ਸੱਚਾ ਸੌਦਾ', 'ਦਰਦ ਮਾਹੀ ਦਾ', 'ਉੱਚੀ ਜਾਤ', 'ਹਾਏ ਮੁਨਾਫ਼ਾ', 'ਤੂੰ ਸਰਦਾਰ ਮੈਂ ਬਦਕਾਰ', 'ਇਸ਼ਕ ਸਰੀਰਾਂ ਵਾਲੇ' ਅਤੇ 'ਧਰਤੀ ਦਾ ਇਨਸਾਫ਼' ਆਦਿ ਹੀ 'ਹਮਦਰਦ' ਸਾਹਿਬ ਦੇ ਗੁਣਾਂ ਦਾ ਪ੍ਰਗਟਾਵਾ ਕਰ ਜਾਂਦੇ ਹਨ। ਪ੍ਰਿੰ: ਸਿੱਧੂ ਦੀਆਂ ਕਵਿਤਾਵਾਂ 'ਚ ਰਵਾਨਗੀ ਬਹੁਤ ਹੈ, ਪਾਠਕ ਅਕੇਵਾਂ ਮਹਿਸੂਸ ਨਹੀਂ ਕਰਦਾ। ਬੇਸ਼ੱਕ ਪ੍ਰਿੰ: ਸਿੱਧੂ ਉਨ੍ਹਾਂ ਨੂੰ ਆਪਣਾ ਗੁਰੂ ਜਾਂ ਉਸਤਾਦ ਬਿਆਨ ਕਰਦੇ ਹਨ ਪ੍ਰੰਤੂ ਉਹ ਉਨ੍ਹਾਂ ਤੋਂ ਗ਼ਜ਼ਲ ਲਿਖਣ ਦੀ ਮੁਹਾਰਤ ਹਾਸਲ ਨਹੀਂ ਕਰ ਸਕੇ, ਇਸ ਦਾ ਉਨ੍ਹਾਂ ਨੂੰ ਗਿਲਾ ਵੀ ਹੈ :
ਜਦੋਂ ਮੈਂ ਗ਼ਜ਼ਲ ਸੀ ਸਿੱਖਣੀ
ਦੀਨੀਂ ਡੇਰੇ ਲਾਏ।
ਟੱਕਰਾਂ ਮਾਰ ਕੇ ਥੱਕਿਆ
ਲੁੱਟੇ ਗਏ ਸਰਮਾਏ।
ਹਮਦਰਦ ਸਾਹਿਬ ਹਮੇਸ਼ਾ ਗਰੀਬਾਂ, ਮਜ਼ਲੂਮਾਂ, ਲਿਤਾੜਿਆਂ ਦੇ ਹੱਕ ਵਿਚ ਆਪਣੀ ਕਲਮ ਚਲਾਉਂਦੇ ਰਹੇ ਹਨ। 'ਲੋਟੂਆਂ ਦਾ ਸਿਰ ਭੰਨੋ' ਕਵਿਤਾ ਵਿਚ ਹਮਦਰਦ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਹੈ। ਸਮੁੱਚੀ ਪੁਸਤਕ ਦੀਆਂ ਕਵਿਤਾਵਾਂ ਹੀ ਮਾਨਣਯੋਗ ਹਨ ਕਿਉਂਕਿ ਉਨ੍ਹਾਂ ਵਿਚ ਸਰੋਦੀ ਅੰਸ਼ ਮੌਜੂਦ ਹੈ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਜ਼ਿੰਮੇ ਲੱਗਿਆ ਕੰਮ
ਲੇਖਕ : ਹਾਕਮ ਸਿੰਘ ਭੁੱਲਰ ਐਡਵੋਕੇਟ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 112.
ਸੰਪਰਕ : 98720-26525.

ਹਾਕਮ ਸਿੰਘ ਭੁੱਲਰ ਦੀ ਪਲੇਠੀ ਪੁਸਤਕ 'ਜ਼ਿੰਮੇ ਲਗਿਆ ਕੰਮ' ਕਵਿਤਾ ਅਤੇ ਲੇਖਾਂ ਦਾ ਸੰਗ੍ਰਹਿ ਹੈ। ਪਹਿਲਾ ਭਾਗ ਕਵਿਤਾ ਤੇ ਦੂਸਰਾ ਲੇਖ ਹਨ। ਲੇਖਕ ਦੇ ਅਨੁਸਾਰ ਉਸ ਨੇ ਆਪਣੀ ਰਚਨਾ ਰਾਹੀਂ ਸਮਾਜ ਨੂੰ ਸੇਧ ਦੇਣ ਤੇ ਧਰਤੀ ਨੂੰ ਸੋਹਣਾ ਬਣਾਉਣ ਦਾ ਉਪਰਾਲਾ ਕੀਤਾ ਹੈ।
ਸਮਿਆਂ ਦੀ ਸਮਝ
ਮਿਹਨਤ ਦਾ, ਸਬਰ ਦਾ, ਸੰਜਮ ਦਾ
ਪੈਗ਼ਾਮ ਦਿੰਦੀ ਹੈ।
ਮਿਹਨਤ,
ਸਫਲਤਾ ਅਤੇ ਸ਼ੁਹਰਤ ਨੂੰ
ਅੰਜਾਮ ਦਿੰਦੀ ਹੈ।
ਸਬਰ,
ਥੱਕ ਨਾ ਜਾਇਓ,
ਸਮਾਂ-ਜਗਾਹ ਬਿਸਰਾਮ ਹੁੰਦੀ ਹੈ।
ਅਜਿਹੇ ਵਿਚਾਰਾਂ ਦੇ ਧਾਰਨੀ ਹਾਕਮ ਸਿੰਘ ਨੇ ਬੱਚੀ ਦੇ ਜਨਮ ਦੀ ਖੁਸ਼ੀ ਵਿਚ ਕਵਿਤਾ ਵੀ ਰਚੀ ਤੇ ਰਚਨਾ ਦਾ ਆਗਾਜ਼ ਵੀ ਕੀਤਾ। ਉਸ ਨੇ ਪ੍ਰਕਿਰਤੀ, ਧਰਤੀ, ਪੰਜਾਬਣ, ਕਵਿਤਾਵਾਂ ਰਾਹੀਂ ਪੰਜਾਬ ਦੀ ਧਰਤੀ ਤੇ ਲੋਕਾਈ ਦੇ ਗੀਤ ਗਾਏ ਹਨ ਤੇ ਦੂਜੇ ਪਾਸੇ ਆਸ਼ਕਿਨੀ, ਇਸ਼ਕੀਆ ਪਾਣੀ, ਘੋੜੀ, ਚਰਖਾ ਕੱਤਦੀ ਏ ਕੁੜੀਏ, ਜੱਟ ਤੇ ਨਿਆਂ ਦੀ ਪੁਕਾਰ ਬਾਰੇ ਪੰਜਾਬ ਦੇ ਸੱਭਿਆਚਾਰ ਨੂੰ ਉਜਾਗਰ ਕਰਨ ਦਾ ਉਪਰਾਲਾ ਵੀ ਕੀਤਾ ਹੈ। ਕਿਰਤ ਦੀ ਮਹੱਤਤਾ, ਦੇਸ਼ ਵਿਚ ਹੁੰਦੀ ਕਾਣੀ-ਵੰਡ, ਅਮੀਰ-ਗ਼ਰੀਬ ਦਾ ਪਾੜਾ, ਮਨੁੱਖੀ ਵਿਕਾਸ, ਮਾਨਵ ਯੁੱਗ, ਕਿਸਾਨ ਰਾਹੀਂ ਹੁੰਦੀਆਂ ਖ਼ੁਦਕੁਸ਼ੀਆਂ ਤੇ ਤਨ ਦਾ ਮੁੱਲ ਵਿਚ ਵੱਖ-ਵੱਖ ਵਿਸ਼ਿਆਂ ਨੂੰ ਪੇਸ਼ ਕੀਤਾ ਹੈ ਜਿਵੇਂ ਕਿਂ
ਕਿਰਤੀ ਵੀ ਬਦਲ ਰਿਹਾ ਹੈ, ਅੱਜ ਸ਼ਕਲ
ਤਨ ਦਾ ਮੁੱਲ ਪਾਉਣ ਲਈ।
ਮੁੱਲ ਲਾਉਣ ਅਤੇ ਪਾਉਣ ਦਾ,
ਇਹ ਬਾਜ਼ਾਰ,
ਹੁਣ ਨਿੱਤ ਲਗਦਾ ਹੈ।
ਕਵਿਤਾ ਵਿਚੋਂ ਵਿਅੰਗ ਝਲਕਦਾ ਹੈ। ਪੈਸੇ ਦੀ ਦੁਰਵਤੋਂ, ਖੋਖਲਾ ਸੱਭਿਆਚਾਰ, ਮਾਂ ਬੋਲੀ ਦੀ ਕੀਮਤ, ਰੱਬ ਪੈਸੇ ਦੇ ਵੱਸ ਹੈ ਤੇ ਮਨੁੱਖਤਾ ਦੀ ਮਰ ਰਹੀ ਅਣਖ ਨੂੰ ਵੰਗਾਰ ਪਾਈ ਹੈ।
ਦੂਜਾ ਭਾਗ ਵਿਚ 'ਧਰਮ ਪ੍ਰਤੀ ਉਸਾਰੂ ਨਜ਼ਰੀਆ, ਭਾਰਤੀ ਸੱਭਿਆਚਾਰ ਨੂੰ ਤਰਕ ਸੰਗਤ ਸੇਧ ਦੇਣ ਦੀ ਲੋੜ, ਭਰੂਣ ਹੱਤਿਆ ਬਿਮਾਰ ਮਾਨਸਿਕਤਾ, ਅੱਤਵਾਦ ਤੇ ਅਤੰਕਵਾਦ ਵਿਚ ਅੰਤਰ, ਖੇਡ ਸੱਭਿਆਚਾਰ-ਕਾਰੋਬਾਰ, ਬਦਲ ਰਹੀ ਕਿਰਤ ਦੀ ਪਰਿਭਾਸ਼ਾ, ਖ਼ੁਦਕੁਸ਼ੀ ਕਰ ਰਿਹਾ ਕਿਸਾਨ ਕਿਉਂ? ਅਤੇ ਨਿਜ਼ਾਮ ਬਦਲਣਾ ਲੋਕ ਨਾਇਕਾਂ ਦਾ ਸਰੋਕਾਰ ਆਦਿ ਵੱਖ-ਵੱਖ ਵਿਸ਼ਿਆਂ ਨੂੰ ਵਾਰਤਕ ਰੂਪ ਵਿਚ ਪੇਸ਼ ਕਰਨ ਦਾ ਸੁਚੱਜਾ ਉਪਰਾਲਾ ਕੀਤਾ ਹੈ। ਇਨ੍ਹਾਂ ਦੇ ਹਾਂ-ਪੱਖੀ ਤੇ ਨਾਂਹ-ਪੱਖੀ ਦੋਵੇਂ ਪਹਿਲੂ ਪੇਸ਼ ਕੀਤੇ ਹਨ। ਵਿਸ਼ੇਸ਼ ਤੌਰ 'ਤੇ ਜ਼ੋਰ ਦਿੱਤਾ ਹੈ ਕਿ ਅੱਜ ਲੋੜ ਹੈ ਗੁਰੂ ਸਾਹਿਬਾਨ, ਭਗਤ ਸਿੰਘ ਤੇ ਲੋਕ ਨਾਇਕਾਂ ਦੀ ਵਿਚਾਰਧਾਰਾ 'ਤੇ ਪਹਿਰਾ ਦੇਣ ਦੀ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 098555-84298.
ਫ ਫ ਫ

ਡਾ: ਰਵਿੰਦਰ ਸਿੰਘ ਰਵੀ ਵਿਚਾਰਧਾਰਾਈ ਪਰਿਪੇਖ
ਲੇਖਿਕਾ : ਡਾ: ਰੂਪਾ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 111
ਸੰਪਰਕ : 98146-73236.

ਡਾ: ਰਵਿੰਦਰ ਸਿੰਘ ਰਵੀ ਆਧੁਨਿਕ ਕਾਲ-ਖੰਡ ਦੇ ਵਿਸ਼ਵ ਵਿਆਪੀ ਸਾਹਿਤ ਆਲੋਚਕਾਂ ਵਿਚੋਂ ਇਕ ਹੋਇਆ ਹੈ। ਭਾਵੇਂ ਉਸ ਨੂੰ ਪੂਰਨ-ਕਾਲ ਜ਼ਿੰਦਗੀ ਕਾਰਜ ਵਾਸਤੇ ਰੱਬੀ ਮੌਕਾ ਨਾ ਮਿਲ ਸਕਿਆ, ਪਰੰਤੂ ਉਸ ਨੇ ਲਘੂ-ਕਾਲ ਜੀਵਨ 'ਚ ਵੀ ਪੰਜਾਬੀ ਸਾਹਿਤ ਅਤੇ ਖ਼ਾਸ ਕਰਕੇ ਆਲੋਚਨਾਤਮਕ ਬਿਰਤੀ ਨੂੰ ਇਕ ਨਵੀਂ ਦ੍ਰਿਸ਼ਟੀ ਦਿੱਤੀ, ਜੋ ਉਸ ਦੇ ਵਕਤ ਤੋਂ ਹੀ ਵਿਲੱਖਣ ਗਿਣੀ ਅਥਵਾ ਪਛਾਣੀ ਜਾਂਦੀ ਰਹੀ ਹੈ। ਡਾ: ਰਵੀ ਦੀ ਇਸ ਘਾਲਣਾ ਦਾ ਸਿੱਟਾ ਉਦੋਂ ਹੋਰ ਵੀ ਪ੍ਰਗਟ ਹੁੰਦਾ ਹੈ, ਜਦੋਂ ਉਸ ਦੇ ਪਰਲੋਕ ਸਿਧਾਰ ਜਾਣ ਉਪਰੰਤ ਉਸ ਦੀਆਂ ਲਿਖਤਾਂ ਨੂੰ ਅਗਲੀ ਪੀੜ੍ਹੀ ਵਾਚਦੀ ਹੈ, ਨਿਰੀਖਣ-ਪ੍ਰੀਖਣ ਜ਼ਰੀਏ ਨਵੇਂ ਅਰਥ ਬੋਧਾਂ ਨੂੰ ਸਮਝਦੀ ਅਤੇ ਉਸ ਦ੍ਰਿਸ਼ਟੀ ਦੇ ਸਦੀਵੀ ਪੱਖਾਂ ਨੂੰ ਪਾਠਕਾਂ ਦੇ ਸਨਮੁੱਖ ਕਰਦੀ ਹੈ। ਨਿਰਸੰਦੇਹ, ਇਸੀ ਪ੍ਰਸੰਗਿਕਤਾ ਨੂੰ ਹਥਲੀ ਪੁਸਤਕ ਮੈਟਾ ਆਲੋਚਨਾ ਦੇ ਸਿਧਾਂਤਕ ਪਰਿਪੇਖ ਨੂੰ ਪੱਛਮੀ, ਯੂਰਪੀ, ਯੂਨਾਨੀ ਚਿੰਤਨਧਾਰਾ ਅਤੇ ਭਾਰਤੀ ਚਿੰਤਨਧਾਰਾ ਦੇ ਪਰਿਭਾਸ਼ਕ ਅਤੇ ਸੰਕਲਪ-ਮੂਲਕ ਸਿਧਾਂਤਾਂ ਦੀ ਆਲੋਚਨਾਤਮਕ-ਅਧਿਐਨ ਦ੍ਰਿਸ਼ਟੀ ਤੋਂ ਪ੍ਰਗਟਾਉਂਦੀ ਪ੍ਰਤੀਤ ਹੁੰਦੀ ਹੈ। ਲੇਖਿਕਾ ਦੇ ਅਧਿਐਨ ਅਤੇ ਪਰਖ ਸਾਧਨਾਂ ਦੀ ਪ੍ਰਾਪਤੀ ਨੂੰ ਪੇਸ਼ ਕਰਦੇ ਹੋਏ ਦੋ ਵਿਸ਼ੇਸ਼ ਅਧਿਆਇ ਇਸ ਪੁਸਤਕ ਦਾ ਹਾਸਲ ਜਾਪਦੇ ਹਨਂਪਹਿਲਾ ਡਾ: ਰਵਿੰਦਰ ਸਿੰਘ ਰਵੀ ਦੀ ਸਾਹਿਤ ਆਲੋਚਨਾ ਦੀ ਪ੍ਰਾਪਤ ਸਮੱਗਰੀ ਦਾ ਵਿਸ਼ਲੇਸ਼ਣ ਤੇ ਮੁਲਾਂਕਣ ਅਤੇ ਦੂਸਰਾ ਡਾ: ਰਵਿੰਦਰ ਰਵੀ ਸਾਹਿਤ ਚਿੰਤਨ ਦਾ ਸਿਧਾਂਤਕ ਪਰਿਪੇਖ। ਨਿਸਚੈ, ਡਾ: ਰਵਿੰਦਰ ਰਵੀ ਪਰੰਪਰਾ ਮੁਕਤ ਆਲੋਚਨਾ ਸਿਧਾਂਤਾਂ ਦਾ ਪੈਰੋਕਾਰ ਸੀ। ਉਹ ਇਹ ਤਾਂ ਮੰਨਦਾ ਸੀ ਕਿ ਰਚੈਤਾ ਨਾਲ ਆਲੋਚਕ ਸਿੱਧਾ ਸਬੰਧ ਸਥਾਪਤ ਕਰ ਲਵੇ, ਪਰੰਤੂ ਰਚਨਾ ਨਾਲ ਪਹਿਲਾ, ਦੂਜਾ, ਤੀਜਾ ਅਤੇ ਫ਼ੈਸਲਾਕੁਨ ਸੰਵਾਦ ਵੀ ਰਚਾਉਣਾ ਜ਼ਰੂਰੀ ਹੁੰਦਾ ਹੈ ਅਤੇ ਮਾਨਵ ਹਿਤੈਸ਼ੀ ਬਣਨਾ ਵੀ ਜ਼ਰੂਰੀ ਹੁੰਦਾ ਹੈ। ਭਾਵੇਂ ਡਾ: ਰਵਿੰਦਰ ਰਵੀ ਨੂੰ ਮਾਰਕਸਵਾਦੀ ਪੰਜਾਬੀ ਆਲੋਚਨਾ ਦੇ ਦੂਸਰੇ ਪੜਾਅ ਦਾ ਪ੍ਰਤਿਨਿਧ ਮੰਨਿਆ ਗਿਆ ਹੈ ਪਰੰਤੂ ਉਹ ਦਾਰਸ਼ਨਿਕ, ਵਿਗਿਆਨੀ ਅਤੇ ਮਨੋਵਿਗਿਆਨੀ ਸੋਚ-ਦ੍ਰਿਸ਼ਟੀ ਦਾ ਧਾਰਿਕ ਵੀ ਸੀ, ਜਿਸ ਬਾਬਤ ਪੁਸਤਕ ਵਿਚ ਸੰਕੇਤ ਘੱਟ ਹੀ ਹਨ ਪਰੰਤੂ ਮੈਟਾ-ਆਲੋਚਨਾ ਦੇ ਖੇਤਰ ਵਿਚ ਡਾ: ਰਵੀ ਦੇ ਵਿਚਾਰਧਾਰਕ ਪਹਿਲੂਆਂ ਬਾਬਤ ਇਹ ਪੁਸਤਕ ਖੂਬ ਰੌਸ਼ਨੀ ਪਾਉਂਦੀ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਉਲਝ ਗਈ ਸਿੱਖ ਕੌਮ
ਲੇਖਕ : ਰਘਬੀਰ ਸਿੰਘ ਮਾਨਾਂਵਾਲੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 151
ਸੰਪਰਕ : 88728-54500.

ਨਿਬੰਧਾਂ ਦੀ ਵਿਚਾਰਾਧੀਨ ਪੁਸਤਕ ਦਾ ਅਧਿਐਨ ਕਰਦਿਆਂ ਅਜਿਹਾ ਮਹਿਸੂਸ ਹੋਣਾ ਸੁਭਾਵਿਕ ਹੈ ਕਿ ਲੇਖਕ ਸਿੱਖ ਕੌਮ ਦੀ ਉਲਝੀ ਹੋਈ ਤਾਣੀ ਵੇਖ ਕੇ ਤੜਪ ਉੱਠਿਆ ਹੈ। ਇਸ ਤੜਪ ਵਿਚੋਂ ਹੀ ਇਹ ਨਿਬੰਧ ਉਸ ਦੀ ਕਲਮ ਦੇ ਨੋਕ 'ਤੇ ਆਏ ਹਨ। ਲੇਖਕ ਦੇ ਆਪਣੇ ਸ਼ਬਦ ਇਸ ਸਬੰਧ ਵਿਚ ਉੱਲੇਖਨੀਯ ਹਨਂ'ਯੁਗ ਪੁਰਸ਼ ਬਾਬੇ ਨਾਨਕ ਨੇ ਆਪਣੇ ਸਮੇਂ ਸਮਾਜਿਕ ਅਤੇ ਧਾਰਮਿਕ ਕ੍ਰਾਂਤੀ ਲਿਆਂਦੀ ਸੀ। ਪਰ ਘੋਰ ਅਫ਼ਸੋਸ ਕਿ ਅੱਜ ਦਾ ਸਿੱਖ ਗੁਰੂ ਸਾਹਿਬ ਦੀ ਧਾਰਮਿਕ ਅਤੇ ਸਮਾਜਿਕ ਕ੍ਰਾਂਤੀ ਦਾ ਹਾਣੀ ਨਹੀਂ ਬਣ ਸਕਿਆ।' ਲੇਖਕ ਨੂੰ ਗਿਲਾ ਹੈ ਕਿ ਬਾਬੇ ਨਾਨਕ ਨੇ ਤਾਂ ਸਿੱਖ ਨੂੰ ਕੇਵਲ 'ਅਕਾਲ ਪੁਰਖ' ਦੀ ਪੂਜਾ ਕਰਨ ਦਾ ਹੁਕਮ ਦਿੱਤਾ ਸੀ ਪਰ ਅੱਜ ਮੜ੍ਹੀਆਂ, ਮਸਾਣਾਂ ਅਤੇ ਡੇਰੇ ਵਾਲੇ ਬਾਬਿਆਂ ਦੀ ਪੂਜਾ ਹੋ ਰਹੀ ਹੈ। ਸਮਾਜ ਵਿਚ ਅਨੈਤਿਕ, ਲੋਟੂ ਰੁਚੀਆਂ, ਸੱਭਿਆਚਾਰਕ ਨਿਘਾਰ, ਧਾਰਮਿਕ ਪਤਨ, ਅਡੰਬਰ, ਦਿਖਾਵਾ, ਭਰੂਣ ਹੱਤਿਆ, ਬਜ਼ੁਰਗ ਮਾਪਿਆਂ ਦੀ ਅਣਦੇਖੀ, ਆਰਥਿਕ ਨਾਬਰਾਬਰੀ, ਪ੍ਰਦੂਸ਼ਿਤ ਵਾਤਾਵਰਨ, ਨੌਜਵਾਨ ਪੀੜ੍ਹੀ ਦਾ ਗੁਰਮਤਿ ਦਰਸ਼ਨ ਤੋਂ ਦੂਰ ਹੋਣਾ ਆਦਿ ਸਭ ਗੱਲਾਂ ਲੇਖਕ ਦੀ ਮਾਨਸਿਕਤਾ ਨੂੰ ਤੰਗ ਕਰਨ ਰਹੀਆਂ ਹਨ। ਉਹ ਆਪਣੇ ਨਿਬੰਧਾਂ ਰਾਹੀਂ ਸਿੱਖ ਧਰਮ ਨੂੰ ਬਾਬੇ ਨਾਨਕ ਦੇ ਸਾਜੇ 'ਨਿਰਮਲ ਪੰਥ' ਵਾਂਗ ਵੇਖਣ ਦਾ ਇੱਛੁਕ ਹੈ। ਲੇਖਕ ਦਾ ਮਤ ਹੈ ਕਿ ਸਿੱਖ ਸਮਾਜ ਨੂੰ ਕਰਮ ਕਾਂਡਾਂ, ਪਖੰਡਾਂ ਤੋਂ ਦੂਰ ਰਹਿ ਕੇ ਗੁਰਮਤਿ ਸਿਧਾਂਤਾਂ ਨੂੰ ਸਹੀ ਰੂਪ ਵਿਚ, ਬਿਨਾਂ ਕਿਸੇ ਵਾਧੂ ਵਿਖਾਵੇ ਦੇ, ਗ੍ਰਹਿਣ ਕਰਨਾ ਚਾਹੀਦਾ ਹੈ। ਇਸ ਪੁਸਤਕ ਦੇ ਲਗਪਗ ਸਾਰੇ ਦੇ ਸਾਰੇ ਨਿਬੰਧ ਗੁਰਮਤਿ ਸੋਝੀ ਪ੍ਰਦਾਨ ਕਰਨ ਵਾਲੇ ਹਨ। ਅਜਿਹੀ ਸੋਝੀ ਨਾਲ ਹੀ ਉਲਝੀ ਤਾਣੀ ਸੁਲਝ ਸਕਦੀ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਸ਼ਬਦ ਸ਼ਬਦ ਹੋ ਜਾਵਾਂ
ਗ਼ਜ਼ਲਕਾਰ : ਸੁਭਾਸ਼ ਦੀਵਾਨਾ
ਪ੍ਰਕਾਸ਼ਨ : ਸੁਭਾਸ਼ ਪਬਲਿਸ਼ਰਜ਼, ਗੁਰਦਾਸਪੁਰ
ਮੁੱਲ : 100 ਰੁਪਏ, ਸਫ਼ੇ : 103
ਸੰਪਰਕ : 98888-29666.

'ਸ਼ਬਦ ਸ਼ਬਦ ਹੋ ਜਾਵਾਂ' ਸੁਭਾਸ਼ ਦੀਵਾਨਾ ਦੀ ਛੇਵੀਂ ਸਾਹਿਤਕ ਪ੍ਰਕਾਸ਼ਨਾ ਹੈ। ਹਥਲੀ ਪੁਸਤਕ ਵਿਚ ਦੀਵਾਨਾ ਦੀਆਂ ਪਿਛਲੇ ਚਾਰ ਸਾਲ ਦੀਆਂ ਸਿਰਜੀਆਂ ਗ਼ਜ਼ਲਾਂ ਹਨ। ਸ਼ਾਇਰ ਨੇ ਇਨ੍ਹਾਂ ਗ਼ਜ਼ਲਾਂ ਵਿਚ ਪੰਜਾਬੀ ਗ਼ਜ਼ਲ ਦਾ ਮੁਹਾਂਦਰਾ ਹੋਰ ਵੀ ਕਸ਼ਿਸ਼ ਭਰਪੂਰ ਪੇਸ਼ ਕਰਨ ਦੀ ਸਫਲ ਕੋਸ਼ਿਸ਼ ਕੀਤੀ ਹੈ। ਦੀਵਾਨਾ ਦੀ ਸ਼ਿਅਰਕਾਰੀ ਲੋਕ ਸਰੋਕਾਰਾਂ ਅਤੇ ਲੋਕ ਜਜ਼ਬਾਤਾਂ ਦੀ ਅਕਾਸੀ ਹੀ ਨਹੀਂ ਕਰਦੀ, ਸਗੋਂ ਤਰਜਮਾਨੀ ਕਰਦੀ ਹੋਈ ਸਮਾਜਿਕ ਗਤੀ ਨੂੰ ਤੇਜ਼ ਕਰਨ ਵਿਚ ਸਹਾਈ ਤੱਤ ਵਜੋਂ ਸਥਾਪਿਤ ਹੋਈ ਹੈ। ਦੀਵਾਨਾ ਲੰਮੇ ਸਮੇਂ ਤੋਂ ਲੋਕ ਹੱਕਾਂ ਅਤੇ ਲੋਕਾਂ ਦੀ ਬਿਹਤਰ ਜ਼ਿੰਦਗੀ ਵਾਸਤੇ ਲੋਕ-ਜਥੇਬੰਦੀਆਂ ਵਿਚ ਸਰਗਰਮ ਰਿਹਾ ਹੈ। ਇਸੇ ਲਈ ਉਸ ਦੀਆਂ ਗ਼ਜ਼ਲਾਂ ਵਿਚ ਲੀਹੋਂ ਲੱਥੀ ਰਾਜਨੀਤੀ, ਆਰਥਿਕ ਨਾਬਰਾਬਰੀ, ਧਰਮੰਧਤਾ ਅਤੇ ਸੱਭਿਆਚਾਰਕ ਵਿਘਟਨ ਦੀ ਪੇਸ਼ਕਾਰੀ ਨੁਮਾਇਆ ਹੈ। ਸੁਭਾਸ਼ ਦੀਵਾਨਾ ਗੰਭੀਰ ਵਿਅੰਗ-ਮੁਖੀ ਸ਼ਿਅਰਾਂ ਦੀ ਉਚੇਚਤਾ ਨਾਲ ਸਿਰਜਣਾ ਕਰਦਾ ਹੈ। ਪਿਛਲੇ 50 ਸਾਲਾਂ ਤੋਂ ਸ਼ਾਇਰ ਦੀਵਾਨਾ ਗ਼ਜ਼ਲ ਦੀ ਸਿਰਜਣਾ ਵੀ ਕਰ ਰਿਹਾ ਹੈ ਅਤੇ ਗ਼ਜ਼ਲ ਨੂੰ ਲੋਕਾਂ ਵਿਚ ਵੀ ਪੇਸ਼ ਕਰ ਰਿਹਾ ਹੈ। ਦੀਵਾਨਾ ਸਰੋਤਾ ਮੁਖੀ ਕਾਵਿ-ਨਿਜ਼ਾਮ ਦਾ ਸ਼ਾਹਕਾਰ ਸ਼ਾਇਰ ਹੈ। ਉਹ ਜਦ ਅਦਨੇ ਮਨੁੱਖ ਦੀ ਹੂਕ ਨੂੰ ਕਾਵਿ-ਹੇਕ ਬਣਾ ਕੇ ਸ਼ਿਅਰਾਂ ਵਿਚ ਪੇਸ਼ ਕਰਦਾ ਹੈ ਤਾਂ ਸਰੋਤੇ ਉਸ ਦੀ ਪੇਸ਼ਕਾਰੀ ਨੂੰ ਪੂਰਨ ਉਤਸੁਕਤਾ ਨਾਲ ਸੁਣਦੇ ਹਨ। ਵੱਡੇ-ਵੱਡੇ ਮਸਲੇ ਉਹ ਅਜਿਹੇ ਵਿਅੰਗਕ ਲਹਿਜੇ ਵਿਚ ਪੇਸ਼ ਕਰ ਜਾਂਦਾ ਹੈ ਕਿ ਸਰੋਤੇ/ਪਾਠਕ ਪਹਿਲਾਂ ਤਾਂ ਹੱਸਦੇ ਹਨ ਪਰ ਬਾਅਦ ਵਿਚ ਸੋਚਣ ਲਈ ਮਜਬੂਰ ਹੋ ਜਾਂਦੇ ਹਨ। ਮੈਂ ਉਸ ਦਾ ਇਕ ਸ਼ਿਅਰ ਦੇ ਕੇ 'ਸ਼ਬਦ ਸ਼ਬਦ ਹੋ ਜਾਵਾਂ' ਗ਼ਜ਼ਲ ਸੰਗ੍ਰਹਿ ਨੂੰ ਦਿਲੋਂ ਜੀ ਆਇਆਂ ਕਹਿੰਦਾ ਹਾਂ :
ਬੰਧਕ ਬਣਾ ਲਿਆ ਜਿਨ੍ਹਾਂ ਰੱਬ ਮੁੱਲ ਖਰੀਦ ਕੇ
ਉਨ੍ਹਾਂ 'ਚੋਂ ਜਦ ਵੀ ਬੋਲਿਆ ਸ਼ੈਤਾਨ ਬੋਲਿਆ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਚਿੱਟੀਆਂ ਗਿਰਝਾਂ
ਲੇਖਕ : ਕੰਵਰ ਜਸਮਿੰਦਰ ਪਾਲ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 232
ਸੰਪਰਕ : 98153-32256.

ਨਾਵਲ ਦਾ ਬ੍ਰਿਤਾਂਤ ਚਾਰ ਕਾਂਡਾਂ ਵਿਚ ਫੈਲਿਆ ਹੋਇਆ ਹੈ। ਪਹਿਲੇ ਕਾਂਡ ਵਿਚ ਹਰਨਾਮ ਕੌਰ ਆਪਣੀ ਗਰਭਵਤੀ ਨੂੰਹ ਅਪਿੰਦਰ ਦਾ ਚੈੱਕਅਪ ਕਰਵਾਉਣ ਲਈ ਪ੍ਰਸਿੱਧ ਲੇਡੀ ਡਾਕਟਰ ਕੋਲ ਜਾਂਦੀ ਹੈ। ਜੋ ਬੱਚੇ ਦੀ ਵਿਗੜੀ ਹਾਲਤ ਦਾ ਡਰਾਵਾ ਦੇ ਕੇ ਅਪਿੰਦਰ ਨੂੰ ਕੁਝ ਮਹੀਨਿਆਂ ਲਈ ਆਪਣੇ ਹਸਪਤਾਲ ਵਿਚ ਦਾਖਲ ਹੋਣ ਦੀ ਸਲਾਹ ਦਿੰਦੀ ਹੈ ਪ੍ਰੰਤੂ ਇਕ ਭਲੀ ਨਰਸ ਡਾਕਟਰ ਤੋਂ ਚੋਰੀ ਅਪਿੰਦਰ ਨਾਲ ਹਮਦਰਦੀ ਕਰਦਿਆਂ ਉਸ ਨੂੰ ਸਮਝਾ ਕੇ ਦਾਖਲ ਹੋਣ ਤੋਂ ਰੋਕ ਦਿੰਦੀ ਹੈਂਡਾਕਟਰ ਉਸ ਦੇ ਬੇਲੋੜੇ ਮਹਿੰਗੇ ਟੈਸਟ ਕਰਵਾ ਕੇ ਅਤੇ ਅਜਿਹੀਆਂ ਦਵਾਈਆਂ ਦੇ ਕੇ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਕਰਦੀ ਹੈ। ਡਲਿਵਰੀ ਦਾ ਸਮਾਂ ਆਉਣ 'ਤੇ ਹਰਨਾਮ ਕੌਰ ਅਪਿੰਦਰ ਨੂੰ ਸਰਕਾਰੀ ਹਸਪਤਾਲ ਵਿਚ ਲੈ ਜਾਂਦੀ ਹੈ, ਜਿਥੇ ਡਾਕਟਰ, ਨਰਸਾਂ ਤੇ ਹੋਰ ਕਰਮਚਾਰੀ ਆਨੇ-ਬਹਾਨੇ ਹਜ਼ਾਰਾਂ ਰੁਪਏ ਬਟੋਰ ਲੈਂਦੇ ਹਨ। ਲੇਖਕ ਨੇ ਇਸ ਕਾਂਡ ਵਿਚ ਸਰਕਾਰੀ ਤੇ ਗ਼ੈਰ-ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਅਤੇ ਪ੍ਰਬੰਧਕਾਂ ਵੱਲੋਂ ਪੈਸਾ ਕਮਾਉਣ ਦੀ ਲਾਲਸਾ ਕਾਰਨ ਆਮ ਮਰੀਜ਼ਾਂ ਦੇ ਹੋ ਰਹੇ ਆਰਥਿਕ ਸ਼ੋਸ਼ਣ ਦਾ ਵਿਸਥਾਰਪੂਰਵਕ ਚਿਤਰਨ ਕੀਤਾ ਹੈ। ਦੂਜਾ ਕਾਂਡ ਵਿਦਿਅਕ ਢਾਂਚੇ ਦੇ ਨਿਘਾਰ ਦੀ ਬਾਤ ਪਾਉਂਦਾ ਹੈ। ਅਨੋਖ ਸਿੰਘ ਆਪਣੇ ਤਿੰਨ ਸਾਲਾ ਬੱਚੇ ਰਣਵੀਰ ਨੂੰ ਕਾਨਵੈਂਟ ਸਕੂਲ ਵਿਚ ਦਾਖਲ ਕਰਵਾਉਣ ਲਈ ਪਹਿਲਾਂ ਸਕੂਲ ਦੇ ਪ੍ਰਿੰਸੀਪਲ ਦੇ ਸੇਵਾਦਾਰ ਰਾਹੀਂ ਪੰਜ ਹਜ਼ਾਰ ਰੁਪਏ ਦਾਖ਼ਲਾ ਫਾਰਮ ਜਮ੍ਹਾਂ ਕਰਵਾਉਣ ਲਈ ਰਿਸ਼ਵਤ ਵਜੋਂ ਦਿੰਦਾ ਹੈ ਤੇ ਮਗਰੋਂ ਰਣਵੀਰ ਦੀ 10ਵੀਂ-12ਵੀਂ ਦੀ ਸਾਲਾਨਾ ਪ੍ਰੀਖਿਆ ਸਮੇਂ ਸਕੂਲ ਪ੍ਰਿੰਸੀਪਲ ਦੇ ਆਖਣ 'ਤੇ ਹਜ਼ਾਰਾਂ ਰੁਪਏ ਨਿਗਰਾਨ ਅਮਲੇ ਦੀ ਸੇਵਾ ਕਰਨ 'ਤੇ ਖਰਚ ਦਿੰਦਾ ਹੈ ਤੇ ਨਕਲ ਦੇ ਜ਼ੋਰ ਦੇ ਰਣਵੀਰ ਚੰਗੇ ਅੰਕ ਪ੍ਰਾਪਤ ਕਰਕੇ ਪਾਸ ਹੋ ਜਾਂਦਾ ਹੈ। ਤੀਜੇ ਕਾਂਡ ਵਿਚ ਅਨੋਖ ਸਿੰਘ ਰਣਵੀਰ ਨੂੰ ਕਿਸ਼ੋਰ ਦੀ ਸਿਫ਼ਾਰਸ਼ ਨਾਲ ਇੰਜੀਨੀਅਰਿੰਗ ਕਾਲਜ ਵਿਚ ਦਾਖਲ ਕਰਵਾ ਦਿੰਦਾ ਹੈ। ਰਣਵੀਰ ਬੱਸ ਰਾਹੀਂ ਕਾਲਜ ਜਾਂਦਾ ਹੈ। ਸੋਹਣਾ-ਸੁਨੱਖਾ ਰਣਵੀਰ ਆਪਣੇ ਤੋਂ ਦੋ ਸਾਲ ਸੀਨੀਅਰ ਲੜਕੀ ਰਵਨੀਤ ਦੇ ਪਿਆਰ ਜਾਲ ਵਿਚ ਅਜਿਹਾ ਫਸਦਾ ਹੈ, ਜੋ ਉਸ ਤੋਂ ਲੱਖਾਂ ਰੁਪਏ ਆਪਣੇ 'ਤੇ ਖਰਚ ਕਰਵਾ ਦਿੰਦੀ ਹੈ। ਨਾਵਲਕਾਰ ਨੇ ਜਿਥੇ ਦੋਵਾਂ ਪ੍ਰੇਮੀਆਂ ਦੀਆਂ ਪਿਆਰ ਮਿਲਣੀਆਂ ਦਾ ਵਰਨਣ ਵੇਗਮਈ ਭਾਸ਼ਾ ਵਿਚ ਕੀਤਾ ਹੈ, ਉਥੇ ਉਸ ਨੇ ਕਾਲਜ ਪੜ੍ਹਦੀਆਂ ਕੁੜੀਆਂ ਦੀ ਵੱਡੇ ਘਰਾਂ ਦੇ ਕਾਕਿਆਂ ਦੇ ਖਰਚ ਦੇ ਸਿਰ 'ਤੇ ਐਸ਼ ਕਰਨ ਦੀ ਪ੍ਰਵਿਰਤੀ ਨੂੰ ਵੀ ਬਾਖੂਬੀ ਬਿਆਨ ਕੀਤਾ ਹੈ। ਚੌਥੇ ਕਾਂਡ ਵਿਚ ਲੇਖਕ ਨੇ ਅਜੋਕੀ ਨਿਆਂ ਵਿਵਸਥਾ ਨੂੰ ਜ਼ਾਹਰ ਕੀਤਾ ਹੈ।
ਕਾਲੀਆਂ ਗਿਰਝਾਂ ਮਾਸਖੋਰਾ ਜਾਨਵਰ ਹਨ, ਜੋ ਮੁਰਦਾਰ ਨੂੰ ਖਾ ਕੇ ਦੁਰਗੰਧ ਫੈਲਣੋਂ ਰੋਕਦੀਆਂ ਹਨ। ਲੇਖਕ ਨੇ ਗਿਰਝ ਦਾ ਮੈਟਾਫਰ ਸਿਰਜ ਕੇ ਡਾਕਟਰੀ ਪੇਸ਼ੇ ਨਾਲ ਜੁੜੇ ਡਾਕਟਰਾਂ, ਨਰਸਾਂ, ਵਿਦਿਅਕ ਅਦਾਰਿਆਂ ਦੇ ਵਿਅਕਤੀਆਂ, ਵਕੀਲਾਂ, ਜੱਜ, ਪ੍ਰਾਪਰਟੀ ਡੀਲਰ ਅਤੇ ਮੀਡੀਆ ਨਾਲ ਜੁੜੇ ਮੀਡੀਆ ਕਰਮੀਆਂ ਦਾ 'ਚਿੱਟੀਆਂ ਗਿਰਝਾਂ' ਦੇ ਰੂਪ ਵਿਚ ਨਾਮਕਰਨ ਕੀਤਾ ਹੈ, ਜੋ ਯਥਾਰਥਕ ਵੀ ਹੈ ਤੇ ਵਿਅੰਗਆਤਮਿਕ ਵੀ ਹੈ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

ਭਾਈ ਬੰਨੋ ਜੀ
ਲੇਖਕ : ਜਸਵੰਤ ਸਿੰਘ ਭਾਟੀਆ
ਸਫ਼ੇ : 48
ਸੰਪਰਕ : 94170-45820.

ਜਸਵੰਤ ਸਿੰਘ ਭਾਟੀਆ ਰਚਿਤ ਇਹ ਪੁਸਤਿਕਾ ਗੁਰੂ ਘਰ ਦੇ ਅਨਿਨ ਸੇਵਕ ਭਾਈ ਬੰਨੋ ਜੀ ਦੀ ਸੰਖੇਪ ਜੀਵਨੀ ਹੈ। ਪੁਸਤਿਕਾ ਦੀ ਆਰੰਭਤਾ ਤੋਂ ਪਹਿਲਾਂ, ਸੰਤ ਦੀਦਾਰ ਸਿੰਘ ਹਰਖੋਵਾਲ ਵਾਲਿਆਂ ਦੀ ਤਸਵੀਰ ਹੈ ਅਤੇ ਨਾਲ ਹੀ ਮੁਖਵਿੰਦਰ ਸਿੰਘ ਵੱਲੋਂ ਗ਼ਜ਼ਲ ਰੂਪ ਵਿਚ ਉਸਤੁਤ ਹੈ
ਵਿਦਵਤਾ ਦੇ ਪੰਜ ਸਨ, ਗਿਆਨ ਦੇ ਸੁਲਤਾਨ
ਸਿੱਖੀ ਵਿਚ ਪਰਪੱਕ ਸਨ ਭਾਈ ਬੰਨੋ ਮਹਾਨ।
ਕੀਤਾ ਉਤਾਰਾ ਗ੍ਰੰਥ ਦਾ, ਭਾਈ ਬੰਨੋ ਮਹਾਨ
ਕਿੱਦਾਂ ਕਾਰਜ ਹੋ ਗਿਆ ਜਾਣੇ ਜਾਣੀ ਜਾਣ।
ਪੁਸਤਿਕਾ ਵਿਚ ਲੇਖਕ ਨੇ ਭਾਈ ਬੰਨੋ ਜੀ ਦੇ ਪਿਛੋਕੜ, ਪਰਿਵਾਰ, ਸਾਧਾਂ ਸੰਤਾਂ ਸੰਗਤ ਦੇ ਫਲ ਅਤੇ ਭਾਈ ਬੰਨੋ ਜੀ ਦੀ ਮਹਾਨ ਘਾਲਣਾ ਨੂੰ ਬਾਖੂਬੀ ਬਿਆਨ ਕੀਤਾ। ਭਾਈ ਬੰਨੋ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਪਾਵਨ ਸਰੋਵਰ ਦੀ ਪੁਟਾਈ ਅਤੇ ਉਸਾਰੀ ਵਿਚ ਨਿਸ਼ਕਾਮ ਭਾਵਨਾ ਅਤੇ ਅਥਾਹ ਸ਼ਰਧਾ ਤੇ ਸਤਿਕਾਰ ਨਾਲ ਸੇਵਾ ਕੀਤੀ। ਸੇਵਾ ਤੋਂ ਪ੍ਰਸੰਨ ਹੋ ਕੇ, ਗੁਰੂ ਅਰਜਨ ਦੇਵ ਜੀ ਨੇ ਇਹ ਵਰ ਬਖ਼ਸ਼ਿਸ਼ ਕਰਕੇ ਨਿਵਾਜਿਆ :
ਹਮਾਰਾ ਪੁਰੋਹਿਤ ਭਾਈ ਬੰਨੋ
ਸਭ ਸੰਗਤ ਤੁਮ ਸਤਿ ਕਰ ਮੰਨੋ।
ਕਰਨੀ ਭਾਈ ਬੰਨੋ ਦੀ ਹੋਰ ਮਹਾਨ ਸੇਵਾ ਹੈਂਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਤਿਆਰ ਕਰਨ ਹਿਤ ਪਾਇਆ ਯੋਗਦਾਨ ਅਤੇ ਫਿਰ ਇਸ ਬੀੜ ਦਾ ਪਹਿਲਾ ਉਤਾਰਾ (ਪ੍ਰਤੀਰੂਪ) ਤਿਆਰ ਕਰਨ ਦਾ ਮਹਾਨ ਕਾਰਜ ਨੇਪਰੇ ਚਾੜ੍ਹਨਾ। ਭਾਈ ਬੰਨੋ ਜੀ ਦੇ ਪੁੱਤਰ ਛੇਵੇ ਪਾਤਸ਼ਾਹ ਦੀ ਫ਼ੌਜ ਵਿਚ ਸ਼ਾਮਿਲ ਹੋਏ ਅਤੇ ਬਠਿੰਡੇ ਅਤੇ ਕਰਤਾਰਪੁਰ (ਜਲੰਧਰ) ਦੀਆਂ ਜੰਗਾਂ ਵਿਚ ਸੂਰਮਗਤੀ ਦੇ ਜੌਹਰ ਵਿਖਾਏ। ਭਾਈ ਬੰਨੋ ਜੀ ਦਾ ਜਨਮ ਇਕ ਪੂਰਨ ਸੰਤ ਦੀ ਅਸੀਸ ਸਦਕਾ ਸੰਨ 1558 ਨੂੰ ਪਿਤਾ ਵਿਸ਼ਵ ਦੇਵ ਦੇ ਘਰ ਪਿੰਡ ਖਾਰਾ, ਜ਼ਿਲ੍ਹਾ ਗੁਜਰਾਤ (ਪਾਕਿਸਤਾਨ) ਹੋਇਆ। ਉਨ੍ਹਾਂ ਦੇ ਤਿੰਨ ਭਰਾ ਹੋਰ ਸਨਂਭਾਈ ਪੇਰੂ, ਭਾਈ ਗੁਰਦਿੱਤਾ, ਭਾਈ ਹਰੂ। ਅੱਗੋਂ ਭਾਈ ਬੰਨੋ ਦੇ ਘਰ 8 ਪੁੱਤਰ ਤੇ ਇਕ ਧੀ ਪੈਦਾ ਹੋਈ। ਭਾਈ ਬੰਨੋ ਜੀ ਨੇ ਆਦਿ ਗ੍ਰੰਥ ਦੋ ਉਤਾਰੇ ਕੀਤੇ, ਜਿਨ੍ਹਾਂ ਉੱਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਮੋਹਰ ਲਾਈ। ਭਾਈ ਬੰਨੋ ਦੇ ਜੀਵਨ ਨਾਲ ਜੁੜੀਆਂ ਕਈ ਚਮਤਕਾਰੀ ਸਾਖੀਆਂ ਵੀ ਦਰਜ ਹਨ ਅਤੇ ਕੁਝ ਦੁਰਲੱਭ ਚਿੱਤਰ ਵੀ। ਮਹਾਰਾਜਾ ਰਣਜੀਤ ਸਿੰਘ ਨੇ ਪਿੰਡ ਮਾਂਗਟ ਵਿਚ ਉਨ੍ਹਾਂ ਦੀ ਯਾਦ ਵਿਚ ਸ਼ਾਨਦਾਰ ਗੁਰਦੁਆਰਾ ਬਣਵਾਇਆ।

ਂਤੀਰਥ ਸਿੰਘ ਢਿੱਲੋਂ
ਮੋ: 98154-61710.
ਫ ਫ ਫ

ਨੀਲੀਆਂ ਲਾਟਾਂ ਦਾ ਸੇਕ
ਗ਼ਜ਼ਲਕਾਰ : ਕੁਲਵਿੰਦਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 79
ਸੰਪਰਕ : 0161-2413613

ਗ਼ਜ਼ਲਕਾਰ ਕੁਲਵਿੰਦਰ ਕਾਫ਼ੀ ਲੰਬੇ ਸਮੇਂ ਤੋਂ ਪੰਜਾਬੀ ਗ਼ਜ਼ਲ ਦੀ ਸਿਰਜਣਾ ਕਰ ਰਿਹਾ ਹੈ। 'ਨੀਲੀਆਂ ਲਾਟਾਂ ਦਾ ਸੇਕ' ਉਸ ਦਾ ਦੂਸਰਾ ਗ਼ਜ਼ਲ ਸੰਗ੍ਰਹਿ ਹੈ। ਪ੍ਰਵਾਸ ਵਿਚ ਹੁੰਦੇ ਹੋਏ ਵੀ ਉਸ ਨੂੰ ਆਪਣੀ ਜੰਮਣ ਭੋਇੰ ਦੀ ਮਹਿਕ ਵਿਸਰੀ ਨਹੀਂ ਹੈ ਤੇ ਨਾ ਹੀ ਉਸ ਦੀ ਕਲਮ ਨੂੰ ਗ਼ਜ਼ਲਕਾਰੀ। ਇਸ ਪੁਸਤਕ ਵਿਚ ਗ਼ਜ਼ਲਕਾਰ ਦੀਆਂ ਸੰਤਾਲੀ ਗ਼ਜ਼ਲਾਂ ਸੰਕਲਤ ਹਨ। 'ਨੀਲੀਆਂ ਲਾਟਾਂ ਦਾ ਸੇਕ' ਪੁਸਤਕ ਦੀਆਂ ਤਮਾਮ ਗ਼ਜ਼ਲਾਂ ਵਿਚ ਸੱਜਰੀ ਪੁੱਠ ਤੇ ਨਿਵੇਕਲੀ ਮਹਿਕ ਦਾ ਇਹਸਾਸ ਹੁੰਦਾ ਹੈ। ਕੁਲਵਿੰਦਰ ਦੇ ਸ਼ਿਅਰ ਨਦੀਆਂ, ਸਾਗਰਾਂ, ਮਾਰੂਥਲਾਂ, ਮੌਸਮਾਂ, ਰੁੱਤਾਂ ਵਿਚ ਦੀ ਹੁੰਦੇ ਹੋਏ ਜਜ਼ਬ ਕੀਤੇ ਅਨੁਭਵਾਂ ਦੇ ਸੁੰਦਰ ਮੰਜ਼ਰ ਪੇਸ਼ ਕਰਦੇ ਹਨ। ਕੋਈ ਵੀ ਕਲਾ ਕ੍ਰਿਤ ਲੋਕਾਂ ਲਈ ਹੋਣੀ ਚਾਹੀਦੀ ਹੈ ਤੇ ਸ਼ਾਇਰ ਨੂੰ ਇਸ ਦਾ ਵਿਸ਼ੇਸ਼ ਖ਼ਿਆਲ ਰੱਖਣਾ ਚਾਹੀਦਾ ਹੈ। ਇਹ ਤਸੱਲੀ ਦੀ ਗੱਲ ਹੈ ਕਿ ਨਵੀਨਤਾ ਦੇ ਨਾਂਅ 'ਤੇ ਇਹ ਸ਼ਿਅਰ ਗੁੰਝਲਾਂ ਪੈਦਾ ਨਹੀਂ ਕਰਦੇ ਸਗੋਂ ਹਰ ਵਰਗ ਦੇ ਪਾਠਕ ਦੀ ਪਕੜ ਵਿਚ ਆਉਣ ਵਾਲੇ ਹਨ। ਗ਼ਜ਼ਲਕਾਰ ਵਰਤਮਾਨ ਵਿਚ ਆਪਣੇ ਪਿਛੋਕੜ ਨੂੰ ਦਿਲ ਵਿਚ ਵਸਾਈ ਬੈਠਾ ਹੈ। ਉਹ ਖਲੋਣ ਦੀ ਥਾਂ ਦਰਿਆ ਵਾਂਗ ਮਟਕ ਨਾਲ ਤੁਰਦੇ ਰਹਿਣ ਵਿਚ ਯਕੀਨ ਰੱਖਦਾ ਹੈ ਤੇ ਤਪਦੇ ਥਲਾਂ ਵਿਚ ਵੀ ਖ਼ਾਬ ਲੱਭਦਾ ਹੈ। ਉਹ ਆਪਣੇ-ਆਪ ਨੂੰ ਦੀਵੇ ਦੇ ਬਰਾਬਰ ਰੱਖ ਕੇ ਖ਼ੁਸ਼ ਹੈ ਕਿਉਂਕਿ ਦੀਵਾ ਸੂਰਜ ਵਾਂਗ ਡੁੱਬਦਾ ਨਹੀਂ ਹੈ ਤੇ ਆਪਣੇ ਵਿੱਤ ਮੁਤਾਬਿਕ ਚਾਨਣ ਬਿਖੇਰਦਾ ਹੈ। ਕੁਲਵਿੰਦਰ ਸਿੱਧੀ ਗੱਲ ਕਰਨ ਦੀ ਥਾਂ ਇਸ਼ਾਰੇ ਨਾਲ ਗੱਲ ਕਰਨ ਵਿਚ ਵਿਸ਼ਵਾਸ ਰੱਖਦਾ ਹੈ। ਉਸ ਦੇ ਬਹੁਤੇ ਸ਼ਿਅਰ ਤਨਜ਼, ਰਮਜ਼ ਤੇ ਮੰਜ਼ਰ ਆਧਾਰਿਤ ਹਨ ਜਿਨ੍ਹਾਂ ਨੂੰ ਪੜ੍ਹਦਿਆਂ ਪਾਠਕ ਨੂੰ ਅਨੂਠਾ ਅਨੁਭਵ ਪ੍ਰਾਪਤ ਹੁੰਦਾ ਹੈ। 'ਨੀਲੀਆਂ ਲਾਟਾਂ ਦਾ ਸੇਕ' ਦੀਆਂ ਗ਼ਜ਼ਲਾਂ ਸਰਦੀਆਂ ਵਿਚ ਕੋਸੀ ਕੋਸੀ ਧੁੱਪ ਵਰਗੀਆਂ ਹਨ ਗਰਮੀਆਂ ਵਿਚ ਹੁਮਸ ਉਪਰੰਤ ਪਏ ਛਰਾਟੇ 'ਚੋਂ ਉਪਜੀ ਰਾਹਤ ਵਾਲੀ ਠੰਢਕ ਜਿਹੀਆਂ ਹਨ। ਨਮੂਨੇ ਵਜੋਂ ਕੁਲਵਿੰਦਰ ਦੀ ਇਕ ਗ਼ਜ਼ਲ ਦਾ ਸ਼ਿਅਰ ਦੇਖੋ-
ਕਦੇ ਪੌਣਾਂ 'ਚ ਮੈਂ ਖ਼ੁਸ਼ਬੂ ਤਰ੍ਹਾਂ ਸਾਂ,
ਮੈਂ ਆਖ਼ਿਰ ਖੁਰ ਗਿਆਂ ਰੰਗਾਂ 'ਚ ਵਹਿ ਕੇ।

ਫ ਫ ਫ

ਲਫ਼ਜ਼ਾਂ ਦੀ ਸ਼ਮਸ਼ੀਰ
ਸ਼ਾਇਰ : ਬਲਜੀਤ ਸਿੰਘ ਥਰਾਜ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 78
ਸੰਪਰਕ : 97810-26123

ਬਲਜੀਤ ਸਿੰਘ ਥਰਾਜ ਪੰਜਾਬੀ ਕਾਵਿ-ਕਲਾ ਲਈ ਇਕ ਨਵਾਂ ਹਸਤਾਖ਼ਰ ਹੈ ਜਿਸ ਨੇ 'ਲਫ਼ਜ਼ਾਂ ਦੀ ਸ਼ਮਸ਼ੀਰ' ਕਾਵਿ ਸੰਗ੍ਰਹਿ ਰਾਹੀਂ ਆਪਣੀਆਂ ਸੱਤਰ ਰਚਨਾਵਾਂ ਨਾਲ ਹਾਜ਼ਰੀ ਲਗਵਾਈ ਹੈ। ਬਹੁਤੀਆਂ ਰਚਨਾਵਾਂ ਗ਼ਜ਼ਲ ਤੇ ਗੀਤ ਵਿਧਾ ਨਾਲ ਸਬੰਧਤ ਹਨ। ਭਾਵੇਂ ਥਰਾਜ ਦੀਆਂ ਬਹੁਤੀਆਂ ਕਵਿਤਾਵਾਂ ਮੋਹ ਮੁਹੱਬਤ ਦੇ ਵਿਸ਼ੇ ਦੁਆਲੇ ਕੇਂਦਰਤ ਹਨ ਪਰ ਫਿਰ ਵੀ ਉਸ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਅੱਖੋਂ ਪ੍ਰੋਖੇ ਨਹੀਂ ਕੀਤਾ। ਆਪਣੀ ਪਹਿਲੀ ਕਵਿਤਾ 'ਸਬਰ' ਵਿਚ ਉਹ ਮੁਹੱਬਤ 'ਤੇ ਹੁੰਦੇ ਜਬਰ ਦੀ ਗੱਲ ਕਰਦਾ ਹੈ ਤੇ ਮੁਹੱਬਤ ਦੇ ਸਿਰੜ ਦਾ ਵਖਿਆਨ ਕਰਦਾ ਹੈ। 'ਉਡੀਕ' ਵਿਚ ਉਸ ਨੇ ਪ੍ਰਦੇਸੀਂ ਵਸਦੇ ਭਰਾ ਲਈ ਭੈਣ ਦੇ ਉਮੜਦੇ ਪਿਆਰ ਦੀ ਬੇਵਸੀ ਪ੍ਰਗਟ ਕੀਤੀ ਹੈ। ਇਸੇ ਗੀਤ ਵਿਚ ਉਸ ਨੇ ਘਰ ਦੀ ਡਗਮਗਾਉਂਦੀ ਹਾਲਤ ਦਾ ਖ਼ੂਬਸੂਰਤ ਵਰਨਣ ਵੀ ਕੀਤਾ ਹੈ। ਬਲਜੀਤ ਸਿੰਘ ਥਰਾਜ ਸਮਾਜਿਕ ਜ਼ਰੂਰਤਾਂ ਦਾ ਵੀ ਫ਼ਿਕਰ ਕਰਦਾ ਹੈ ਜਿਨ੍ਹਾਂ ਵਿਚ ਉਸ ਨੇ ਰੁੱਖਾਂ ਦੀ ਮਹੱਤਤਾ ਸਬੰਧੀ ਪਾਠਕਾਂ ਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਸ਼ਾਇਰ ਦੂਹਰੀ ਘੁੰਮਣਘੇਰੀ ਵਿਚ ਹੈ ਇਕ ਪਾਸੇ ਉਸ ਨੂੰ ਮੁਹੱਬਤ ਦੀ ਤਾਂਘ ਹੈ ਦੂਜੇ ਪਾਸੇ ਮਾੜੀ ਆਰਥਿਕਤਾ ਦੀ ਚਿੰਤਾ ਹੈ। ਉਸ ਮੁਤਾਬਿਕ ਕਾਨੂੰਨ ਆਮ ਲੋਕਾਂ ਲਈ ਹੀ ਹੈ ਡਾਹਢਿਆਂ ਲਈ ਇਹ ਖਿਡਾਉਣਾ ਹੈ। ਆਏ ਦਿਨ ਬੇਗ਼ੁਨਾਹ ਸਜ਼ਾਵਾਂ ਭੁਗਤ ਰਹੇ ਹਨ ਤੇ ਕਾਤਲ ਬਰੀ ਹੋ ਰਹੇ ਹਨ। ਸ਼ਾਇਰ ਆਖਦਾ ਹੈ ਕਿ ਸਾਰੇ ਮਸਲਿਆਂ ਦਾ ਹੱਲ ਸਿਰਫ ਸੰਘਰਸ਼ ਹੈ ਤੇ ਸੰਘਰਸ਼ ਤੋਂ ਬਿਨਾਂ ਕੁਝ ਵੀ ਹਾਸਲ ਨਹੀਂ ਹੋ ਸਕਦਾ। ਉਹ ਇਸ ਆਜ਼ਾਦੀ ਨੂੰ ਅਸਲੀ ਆਜ਼ਾਦੀ ਨਹੀਂ ਮੰਨਦਾ। ਏਥੇ ਫ਼ਰਿਆਦੀਆਂ ਨੂੰ ਗ਼ੁਨਾਹਗਾਰ ਸਮਝ ਲਿਆ ਜਾਂਦਾ ਹੈ ਤੇ ਸੱਚ ਬੋਲਣ ਵਾਲਿਆਂ ਨੂੰ ਬਾਗ਼ੀ ਹੋਣ ਦਾ ਖ਼ਿਤਾਬ ਦਿੱਤਾ ਜਾਂਦਾ ਹੈ। 'ਲਫ਼ਜ਼ਾਂ ਦੀ ਸ਼ਮਸ਼ੀਰ' ਦੀਆਂ ਰਚਨਾਵਾਂ ਭਾਵੇਂ ਅਜੇ ਮੁੱਢਲੀ ਅਵਸਥਾ ਵਿਚ ਹਨ ਪਰ ਬਲਜੀਤ ਸਿੰਘ ਥਰਾਜ ਦੀ ਦਿਸ਼ਾ ਹੋਰ ਯਤਨਾਂ ਨਾਲ ਉਸ ਦੇ ਅੰਦਰਲੇ ਸ਼ਾਇਰ ਨੂੰ ਨਿਖ਼ਾਰਨ ਵਿਚ ਸਫ਼ਲ ਹੋ ਸਕਦੀ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਸ਼ਬਦਾਂ ਦੀ ਨਾਟ ਮੰਡਲੀ
ਲੇਖਿਕਾ : ਸਰਬਜੀਤ ਕੌਰ ਜੱਸ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 95014-85511

'ਸ਼ਬਦਾਂ ਦੀ ਨਾਟ ਮੰਡਲੀ' ਅਗਾਂਹਵਧੂ ਵਿਚਾਰਧਾਰਾ ਦੀ ਮਾਲਕ ਸਰਬਜੀਤ ਕੌਰ ਜੱਸ ਦਾ ਤੀਜਾ ਕਾਵਿ-ਸੰਗ੍ਰਹਿ ਹੈ। ਭਾਸ਼ਾ ਵਿਭਾਗ ਪੰਜਾਬ ਵੱਲੋਂ ਗੁਰਮੁਖ ਸਿੰਘ ਮੁਸਾਫ਼ਿਰ (2013) ਪੁਰਸਕਾਰ ਦੀ ਵਿਜੇਤਾ ਸਰਬਜੀਤ ਨੇ ਇਸ ਕਾਵਿ-ਸੰਗ੍ਰਹਿ ਵਿਚ ਖੁੱਲ੍ਹੀਆਂ ਕਵਿਤਾਵਾਂ ਦੀ ਰਚਨਾ ਕੀਤੀ ਹੈ। ਉਸ ਦੀ ਕਾਵਿ-ਸੁਰ ਕਾਫ਼ੀ ਪਰਿਪੱਕ ਨਜ਼ਰ ਆਉਂਦੀ ਹੈ। ਬੇਸ਼ੱਕ ਰੂਪ ਪੱਖੋਂ ਕਿਤੇ-ਕਿਤੇ ਕੋਈ ਕਮਜ਼ੋਰੀ ਹੈ ਪਰ ਸਮੁੱਚੀ ਪੁਸਤਕ ਪਾਠਕ ਦਾ ਧਿਆਨ ਮੰਗਦੀ ਹੈ। ਦੁਨੀਆ ਭਰ ਦੇ ਕਾਮੇ ਹੱਥਾਂ ਨੂੰ ਸਮਰਪਿਤ ਇਹ ਪੁਸਤਕ ਕਿਰਤੀ ਕਾਮਿਆਂ ਦੇ ਹੱਕਾਂ, ਮਜਬੂਰੀਆਂ ਅਤੇ ਸੁਪਨਿਆਂ ਦੀ ਵਕਾਲਤ ਕਰਦੀ ਹੈ। ਪੀੜ੍ਹੀ-ਦਰ-ਪੀੜ੍ਹੀ ਮਜ਼ਦੂਰੀ ਕਰਨ ਵਾਲੇ ਪਰਿਵਾਰਾਂ ਦੀ ਹੋਣੀ ਨੂੰ ਕਵਿੱਤਰੀ ਨੇ ਕਾਵਿ ਵਿਸ਼ਾ ਬਣਾਇਆ ਹੈ :
ਸਾਡਾ ਫਿਕਰ ਨਾ ਕਰੋ
ਅਸੀਂ ਤਾਂ ਚੁੱਕ ਲਵਾਂਗੇ
ਜ਼ਿੰਦਗੀ ਦਾ ਭਾਰ
ਉਮਰਾਂ ਦੇ ਮੋਢਿਆਂ 'ਤੇ
ਪੂਰੀ ਧਰਤ ਦੇ ਮਾਲਕ ਹਾਂ ਅਸੀਂ
ਕਿਤੇ ਵੀ ਬਣਾ ਲੈਂਦੇ ਹਾਂ
ਪੰਛੀਆਂ ਵਾਂਗ ਤੀਲਾ-ਤਾਲ ਜੋੜ ਕੇ ਘਰ
(ਪੰਨਾ-87)
ਨਾਰੀ ਮਨ ਦੀ ਆਵਾਜ਼ ਕਵਿੱਤਰੀ ਦੀ ਬੁਲੰਦ ਆਵਾਜ਼ ਬਣੀ ਹੈ। ਉਹ ਮਰਦ ਦੀ ਨਾਰੀ ਪ੍ਰਤੀ ਤੰਗ ਸੋਚ ਤੇ ਨਜ਼ਰੀਆ ਕਵਿੱਤਰੀ ਨੂੰ ਅੱਖਰਦਾ ਹੈ ਪਰ ਨਾਰੀ ਦੇ ਸਾਕਾਰਾਤਮਕ ਜਜ਼ਬੇ ਆਪਣੇ ਸਾਹਮਣੇ ਆਈ ਹਰ ਮੁਸ਼ਕਿਲ ਦਾ ਸਾਹਮਣਾ ਕਰਨ ਵਿਚ ਸਫਲ ਹਨ। ਸਮਾਜ ਦਾ ਦੂਹਰਾ ਕਿਰਦਾਰ ਔਰਤ ਦੀ ਕੋਮਲ ਸੰਵੇਦਨਾ ਨੂੰ ਝੰਜੋੜਦਾ ਹੈ। ਮੋਮ ਤੋਂ ਲੋਹਾ ਬਣਦੇ ਲੋਕਾਂ ਦੀ ਹਕੀਕਤ ਨੂੰ ਉਸ ਨੇ ਚਿਤਰਿਆ ਹੈ। ਔਰਤ ਦੇ ਭਾਵਾਂ ਨੂੰ ਮੁਆਫ਼ੀਨਾਮਾ ਇਕਰਾਰਨਾਮਾ ਕਵਿਤਾ ਵਿਚ ਬਾਖ਼ੂਬੀ ਚਿਤਰਿਆ ਹੈ।
ਰਿਸ਼ਤਿਆਂ ਵਿਚਲਾ ਬੌਣਾਪਣ ਤੇ ਖੋਖਲਾਪਣ ਕਵਿੱਤਰੀ ਨੂੰ ਨਿਰਾਸ਼ ਕਰਦਾ ਹੈ।
ਅਸੀਂ ਜਿਨ੍ਹਾਂ ਦੇ ਨਾ ਸੀਸ ਸਲਾਮਤ
ਨਾ ਸੀਸ ਵਿਚਲਾ ਬ੍ਰਹਿਮੰਡ
ਅਸੀਂ ਕਿਨ੍ਹਾਂ 'ਚੋਂ ਹਾਂ? (ਪੰਨਾ-24)
ਨਵੀਂ ਪੀੜ੍ਹੀ ਦੀ ਬਦਲਦੀ ਸੋਚ ਤੇ ਨਜ਼ਰੀਆ ਕਵਿੱਤਰੀ ਨੂੰ ਕਿਤੇ-ਕਿਤੇ ਬੇਦਿਸ਼ਾ ਜਿਹਾ ਜਾਪਦਾ ਹੈ। ਪੱਗ, ਸ਼ਬਦਾਂ ਦੀ ਨਾਟ ਮੰਡਲੀ ਆਦਿ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਜ਼ਿੰਦਗੀ ਦੇ ਗੂੜ੍ਹੇ ਅਰਥ ਸਮਝਾਉਂਦੀ ਕਵਿੱਤਰੀ ਦਾਰਸ਼ਨਿਕ ਸੁਰ ਅਪਣਾਉਂਦੀ ਹੈ।
ਜ਼ਿੰਦਗੀ ਜਲੇਬੀ ਜਹੀ ਤਾਂ ਹੁੰਦੀ ਏ,
ਪਰ ਨਹੀਂ ਹੁੰਦੀ ਇਸ ਵਿਚ ਚਾਸ਼ਨੀ ਜਿਹੀ ਮਿਠਾਸ
(ਪੰਨਾ-16)
ਤਕਨਾਲੋਜੀ ਦੀ ਦੁਰਵਰਤੋਂ ਨਾਲ ਰਿਸ਼ਤੇ ਤੇ ਸਮਾਜਿਕ ਪ੍ਰਬੰਧ ਵਿਚ ਅਸੰਤੁਲਨ ਆਇਆ ਹੈ, ਇਸ ਤੋਂ ਕਵਿੱਤਰੀ ਵਾਕਫ਼ ਹੈ। ਹੁਣ ਪੁਰਖਿਆਂ ਦੀਆਂ ਉਸਾਰੀਆਂ ਕੰਧਾਂ 'ਚ ਰਹਿੰਦੀ ਨਵੀਂ ਪੀੜ੍ਹੀ ਤਕਨਾਲੋਜੀ ਦੀ ਗੁਲਾਮ ਹੋ ਚੁੱਕੀ ਹੈ। ਤਕਨਾਲੋਜੀ ਨੇ ਪੰਛੀਆਂ ਦੀ ਆਜ਼ਾਦੀ ਖਾ ਲਈ ਹੈ। ਸਮੁੱਚੀ ਪੁਸਤਕ ਵਿਚ ਵਿਸ਼ਿਆਂ ਦੀ ਵਿਭਿੰਨਤਾ ਹੈ ਜੋ ਲੇਖਿਕਾ ਦੀ ਦੂਰਦ੍ਰਿਸ਼ਟੀ ਦਾ ਪ੍ਰਮਾਣ ਹੈ। ਭਵਿੱਖ ਵਿਚ ਇਸ ਲੇਖਿਕਾ ਤੋਂ ਹੋਰ ਵੀ ਚੰਗੀਆਂ ਰਚਨਾਵਾਂ ਦੀ ਆਸ ਨਾਲ ਸ਼ੁੱਭਕਾਮਨਾਵਾਂ ਦਿੰਦੀ ਹਾਂ।

ਂਪ੍ਰੋ: ਕੁਲਜੀਤ ਕੌਰ ਅਠਵਾਲ
ਫ ਫ ਫ

ਰਮਜ਼ਾਂ ਨਾਲ
ਲੇਖਕ : ਪ੍ਰਕਾਸ਼ ਸੋਹਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੋਹਾਲੀ (ਚੰਡੀਗੜ੍ਹ)
ਮੁੱਲ : 195 ਰੁਪਏ, ਸਫ਼ੇ : 104
ਸੰਪਰਕ : 0172-4608699

ਪ੍ਰਕਾਸ਼ ਸੋਹਲ ਸਰਬਾਂਗੀ ਲੇਖਕ ਹੈ। ਉਹ ਕਾਵਿ-ਪ੍ਰੇਮੀ ਹੈ। ਉਸ ਨੇ ਪਿੱਛੇ ਜਿਹੇ 'ਗਾਉਂਦੀ ਸ਼ਾਇਰੀ' ਸਮਾਗਮ ਪੰਜਾਬੀ ਭਵਨ ਲੁਧਿਆਣਾ ਵਿਖੇ ਰਚਾਇਆ ਸੀ। ਉਸ ਦੀ ਕਵਿਤਾ ਸਹਿਜ-ਭਾਅ ਦੀ ਕਵਿਤਾ ਹੈ। ਇਸ ਕਾਵਿ-ਸੰਗ੍ਰਹਿ ਵਿਚ ਛੋਟੀਆਂ ਕਵਿਤਾਵਾਂ ਦੀ ਬਹੁਤਾਤ ਹੈ। ਉਹ ਵਿਆਹੁਤਾ ਜੀਵਨ ਜੋ ਚਾਰ ਪੈਰਾਂ ਦਾ ਸਫ਼ਰ ਮੰਨਿਆ ਜਾਂਦਾ ਹੈ, ਉਹ ਉਸ ਨੂੰ ਦੋ ਪੈਰਾਂ ਦਾ ਬਣਾਉਣ ਦਾ ਮੁੱਦਈ ਹੈ। ਸਮਾਜ ਸੰਪੂਰਨ ਵਿਚ ਹਰ ਥਾਂ ਵਿਚ ਦੋ ਜੁੱਟਾਂ ਵਿਚ ਹੀ ਹੈ। ਮਸਲਨ : ਦੁੱਖ-ਸੁੱਖ, ਊਚ-ਨੀਚ, ਉਤਰਾਈ-ਚੜ੍ਹਾਈ, ਹਾਰ-ਜਿੱਤ ਅਤੇ ਅਨੇਕਾਂ ਹੋਰ ਜੁੱਟਾਂ ਵਿਚ। ਸਾਂਵਾਪਨ ਕਿਤੇ ਵੀ ਨਹੀਂ। 'ਹੈ' ਜਾਂ 'ਨਹੀਂ ਹੈ', 'ਹੋ ਸਕਦਾ ਹੈ' ਦੁਬਿਧਾ ਹੈ। ਇਹ ਵਿਆਖਿਆਵਾਂ ਉਹ ਆਪਣੀਆਂ ਨਜ਼ਮਾਂ ਵਿਚ ਰਮਜ਼ ਨਾਲ ਹੀ ਕਰਦਾ ਹੈ। 'ਰਮਜ਼' ਭਾਵ ਸੰਕੇਤ। 'ਰਮਜ਼' ਕਵਿਤਾ ਵਿਚ 'ਪੁੰਗਰਨ' ਤੇ ਵਿਗਸਣ ਲਈ ਮੁੱਠੀ ਮਿੱਟੀ, ਬੀਜ, ਪਾਣੀ, ਉਮੀਦ, ਉਡੀਕ ਤੇ ਫਿਰ ਫੁੱਲ। ਸਰਲ, ਸਪੱਸ਼ਟ ਅਤੇ ਭਾਵ-ਪੂਰਤ ਪ੍ਰੰਤੂ ਸਮਝਣਾ ਏਨਾ ਆਸਾਨ ਨਹੀਂ। 'ਸਫ਼ਰ' ਨਜ਼ਮ 'ਸੰਵਾਦ' ਦੀ ਬਾਤ ਪਾਉਂਦੀ ਹੈ। ਨੱਠ-ਭਜਾਈ ਦੀ ਨਹੀਂ। ਨਿਤਸ਼ੇ ਨੇ ਕਿਹਾ 'ਰੱਬ ਮਰ ਗਿਆ' ਕੁਹਰਾਮ ਮੱਚ ਗਿਆ। ਪਰ ਪ੍ਰਕਾਸ਼ ਸੋਹਲ 'ਇਸ਼ਤਿਹਾਰ' ਨਜ਼ਮ ਵਿਚ ਹੁੰਦੇ ਅੱਤਿਆਚਾਰਾਂ ਦੀ ਗਾਥਾ ਕਹਿ 'ਰੱਬ ਕਿਥੇ ਹੈ' ਦਾ ਸਵਾਲ ਰਮਜ਼ਾਂ ਵਿਚ ਉਠਾਉਂਦਾ ਹੈ। 'ਏਦਾਂ ਵੀ...' ਨਜ਼ਮ ਵਿਚ ਹੰਕਾਰ-ਬੇਬਸੀ ਦਾ ਸੰਵਾਦ ਰਮਜ਼ੀ ਸਵਾਲ :
'ਤੈਨੂੰ ਕੀ ਫ਼ਰਕ ਪੈਣਾ'
ਹੰਕਾਰ ਗਰਜਿਆ...
'ਮੇਰੇ ਪੱਲੇ ਕੀ ਰਹਿਣਾ'
ਬੇਬਸੀ ਕੁਰਲਾਈ...।
'ਭਗਤ ਸਿੰਘ' ਕਵਿਤਾ 'ਚ ਪ੍ਰਕਾਸ਼ ਸੋਹਲ ਰਮਜ਼ ਨਾਲ ਹੀ ਸਮਝਾਉਂਦਾ ਹੈ ਕਿ ਭਗਤ ਸਿੰਘ ਨਾ ਹਿੰਦੂ ਸੀ, ਨਾ ਸਿੱਖ ਸੀ, ਨਾ ਹੀ ਮੁਸਲਮਾਨ। ਉਹ ਇਨਸਾਨੀਅਤ ਦਾ ਆਲੰਬਰਦਾਰ ਸੀ। ਉਹ ਪੰਜਾਲੀ ਵਿਚ ਸਿਰ ਦੇ ਕੇ ਤੁਰਨ ਵਾਲਾ ਨਹੀਂ ਸੀ। ਇਸ ਲਈ ਪ੍ਰਕਾਸ਼ ਸੋਹਲ ਦੀਆਂ ਕਵਿਤਾਵਾਂ ਰਮਜ਼ਾਂ ਨਾਲ ਹੀ ਪਾਠਕਾਂ ਨੂੰ ਸਮਾਜ 'ਚ ਫੈਲੇ ਕੁਸ਼ਾਸਨ, ਕੁਪੋਸ਼ਣ ਅਤੇ ਹੋਰ ਕਈ ਪ੍ਰਕਾਰ ਦੇ 'ਕੁ' ਨਾਲ ਜਾਣ-ਪਛਾਣ ਕਰਾਉਂਦੀਆਂ ਹਨ। ਵਿਸ਼ੇਸ਼ ਤੌਰ 'ਤੇ 'ਸੱਚ', 'ਅਰਜੋਈ', 'ਸ਼ਾਇਰ', 'ਆਦਿ ਤੋਂ...', 'ਗਰੀਬੀ' ਅਤੇ ਹੋਰ ਅਨੇਕਾਂ ਕਵਿਤਾਵਾਂ ਰਮਜ਼ਾਂ ਨਾਲ ਸੰਵਾਦ ਰਚਾਉਣ ਦਾ ਸੱਦਾ ਦਿੰਦੀਆਂ ਹਨ। ਭਾਸ਼ਾ ਸਰਲ, ਸਪੱਸ਼ਟ ਅਤੇ ਪਾਤਰਾਂ ਦੇ ਭਾਵ ਅਨੁਕੂਲ ਢੁਕਵੀਂ ਹੈ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

23-7-2016

 ਰੂਹ ਦੀ ਪਰਵਾਜ਼
ਕਵਿੱਤਰੀ : ਸੰਦੀਪ
ਪ੍ਰਕਾਸ਼ਕ : ਅਸਥੈਟਿਕਸ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 103
ਸੰਪਰਕ : 98728-77417.

ਸੰਦੀਪ ਇਕ ਅਜਿਹੀ ਕਵਿੱਤਰੀ ਹੈ, ਜਿਸ ਦੀ ਵਿਚਾਰਧਾਰਾ ਅਜੇ ਰੂੜ੍ਹ ਨਹੀਂ ਹੋਈ। ਰੂੜ੍ਹ ਵਿਚਾਰਧਾਰਾ ਵਾਲੇ ਲੋਕ ਗਿਣੇ-ਚੁਣੇ ਵਿਸ਼ਿਆਂ ਬਾਰੇ ਹੀ ਲਿਖ ਸਕਦੇ ਹਨ। ਮਨੁੱਖੀ ਜੀਵਨ ਦੇ ਬਹੁਤ ਸਾਰੇ ਧਰਾਤਲ ਉਨ੍ਹਾਂ ਨੂੰ ਨਜ਼ਰ ਹੀ ਨਹੀਂ ਆਉਂਦੇ ਜਾਂ ਉਹ ਇੰਜ ਸੋਚਦੇ ਹਨ ਕਿ ਅਜਿਹੇ ਧਰਾਤਲ ਨਿਰੂਪਣਯੋਗ ਨਹੀਂ ਹਨ। ਪਰ ਸੰਦੀਪ ਇੰਜ ਨਹੀਂ ਸੋਚਦੀ। ਉਸ ਦੇ ਸਨਮੁਖ ਜਿਹੜੀ ਵੀ ਵਿਸੰਗਤੀ ਉਪਸਥਿਤ ਹੁੰਦੀ ਹੈ, ਉਹ ਉਸ ਨੂੰ ਅਭੀਵਿਅਕਤ ਕਰਕੇ ਹੀ ਸਾਹ ਲੈਂਦੀ ਹੈ। ਉਹ ਜਾਣਦੀ ਹੈ ਕਿ ਅਭੀਵਿਅਕਤ ਕਰਨ ਨਾਲ ਅੱਧਾ ਕੰਮ ਖ਼ਤਮ ਹੋ ਜਾਂਦਾ ਹੈ, ਫਿਰ ਵਿਸੰਗਤੀ ਦਾ ਡੰਗ ਨਿਕਲ ਜਾਂਦਾ ਹੈ। ਉਹ ਕਸ਼ਟਦਾਇਕ ਨਹੀਂ ਰਹਿ ਜਾਂਦੀ ਬਲਕਿ ਉਸ ਉੱਪਰ ਹੱਸਿਆ ਜਾ ਸਕਦਾ ਹੈ। ਕਵੀ ਜੇ ਨਾਰੀ ਹੋਵੇ ਤਾਂ ਉਸ ਲਈ ਜੀਵਨ ਮਰਦ ਨਾਲੋਂ ਵਧੇਰੇ ਗੁੰਝਲਦਾਰ ਬਣ ਜਾਂਦਾ ਹੈ। ਨਾਰੀ ਪਰਿਵਾਰਕ ਰਿਸ਼ਤਿਆਂ ਨੂੰ ਤਾਂ ਜਿਵੇਂ-ਕਿਵੇਂ ਨਿਭਾਅ ਲੈਂਦੀ ਹੈ ਪਰ ਸਮਾਜਿਕ ਅਤੇ ਵਿਹਾਰਕ ਰਿਸ਼ਤਿਆਂ ਦਾ ਉਹ ਕੀ ਕਰੇ? ਸੰਦੀਪ ਦੀਆਂ ਕਵਿਤਾਵਾਂ ਵਿਚ ਨਾਰੀ ਜੀਵਨ ਦੀਆਂ ਅਜਿਹੀਆਂ ਚੁਣੌਤੀਆਂ ਦਾ ਵਰਨਣ ਹੋਇਆ ਹੈ। ਦੇਖੋ :
ਉਹ ਕਹਿੰਦਾ ਸੀ
ਜੀਵਨ ਦੀ ਕਠੋਰਤਾ ਨੇ
ਮੈਨੂੰ ਲੋਹਾ ਬਣਾਇਐ
ਮੈਂ ਆਪਣੇ ਆਪ ਨੂੰ ਪਾਰਸ ਸਮਝ
ਉਸ ਨੂੰ ਸੋਨਾ ਬਣਾਉਣ ਦਾ ਕੋਸ਼ਿਸ਼ ਕੀਤੀ
ਪਰ ਉਹ ਰੇਤ ਸੀ
ਹੱਥ ਲਗਦਿਆਂ ਹੀ ਖਿੰਡ ਪੁੰਡ ਗਈ।
(ਗ਼ਲਤੀ)
ਸੰਦੀਪ ਜਿਊਣ ਦੀ ਉਮੰਗ ਨਾਲ ਭਰਪੂਰ ਹੈ। ਉਸ ਵਿਚ ਉਤਸੁਕਤਾ ਹੈ। ਉਹ ਆਪਣੀ ਮੰਜ਼ਿਲ ਦੀ ਇੰਤਜ਼ਾਰ ਵਿਚ ਬੈਠੀ ਰਹਿਣ ਦੀ ਬਜਾਇ ਸਫ਼ਰ ਉੱਤੇ ਨਿਕਲ ਤੁਰੀ ਹੈ। ਸਪੱਸ਼ਟ ਹੈ ਕਿ ਰਸਤੇ ਵਿਚ ਮੁਸ਼ਕਿਲਾਂ ਵੀ ਆਉਣਗੀਆਂ। ਕਈ ਰਸਤੇ ਕਿਧਰੇ ਜਾਂਦੇ ਹੀ ਨਹੀਂ ਹੁੰਦੇ, ਘੁੰਮ-ਘੁੰਮਾ ਕੇ ਵਾਪਸ ਉਥੇ ਹੀ ਆ ਜਾਂਦੇ ਹਨ ਪਰ ਉਸ ਨੂੰ ਇਸ ਗੱਲ ਦਾ ਕੋਈ ਫ਼ਿਕਰ ਨਹੀਂ ਹੈ। ਮਹਾਨ ਯਾਤਰੀਆਂ ਲਈ ਸਫ਼ਰ ਹੀ ਮੰਜ਼ਿਲ ਹੁੰਦਾ ਹੈ। ਕਿਉਂਕਿ ਸਫ਼ਰ ਤੋਂ ਹੀ ਗਿਆਨ ਹਾਸਲ ਹੁੰਦਾ ਹੈ। ਉਸ ਦਾ ਕਥਨ ਹੈ :
ਅਲਵਿਦਾ! ਫਿਰ ਪਰਤਾਂਗੀ
ਤੇਰੇ ਖੁੱਲ੍ਹੇ ਗਗਨਾਂ ਵਿਚ
ਆਪਣੀ ਰੂਹ ਦੀ ਪਰਵਾਜ਼ ਲੈ ਕੇ।
(ਪਰਤਾਂਗੀ ਮੈਂ)
ਏਨੇ ਸਵੈ-ਵਿਸ਼ਵਾਸ ਅਤੇ ਸਿਦਕ ਵਾਲੀ ਨਾਰੀ ਦੀਆਂ ਕਵਿਤਾਵਾਂ ਦਾ ਸਵਾਗਤ ਹੈ।

ਫ ਫ ਫ

ਜੂਨ 84 ਦੀ ਪੱਤਰਕਾਰੀ
ਲੇਖਕ : ਜਸਪਾਲ ਸਿੰਘ ਸਿੱਧੂ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਸ੍ਰੀ ਅੰਮ੍ਰਿਤਸਰ
ਮੁੱਲ : 500 ਰੁਪਏ, ਸਫ਼ੇ : 408
ਸੰਪਰਕ : jaspal.sdh@gmail.com

ਇਸ ਇਤਿਹਾਸਕ ਦਸਤਾਵੇਜ਼ ਵਿਚ ਪੰਜਾਬ ਦੇ ਪ੍ਰਸਿੱਧ ਪੱਤਰਕਾਰ ਸ: ਜਸਪਾਲ ਸਿੰਘ ਸਿੱਧੂ ਨੇ ਜੂਨ 1984 ਵਿਚ ਭਾਰਤੀ ਫ਼ੌਜ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਉੱਪਰ ਕੀਤੇ ਗਏ ਵਹਿਸ਼ੀ ਅਮਲੇ ਦੀ ਇਕ ਵਿਸਤ੍ਰਤ ਰਿਪੋਰਟ ਪੇਸ਼ ਕੀਤੀ ਹੈ। ਲੇਖਕ ਉਨ੍ਹਾਂ ਦਿਨਾਂ ਵਿਚ ਯੂ.ਐਨ.ਆਈ. ਲਈ ਕੰਮ ਕਰਦਾ ਸੀ ਅਤੇ ਅੰਮ੍ਰਿਤਸਰ ਵਿਖੇ ਤਾਇਨਾਤ ਸੀ। ਇਸ ਪੁਸਤਕ ਵਿਚਲੀ ਸਮੱਗਰੀ ਨੂੰ ਇਕ ਸੰਘਣੇ ਬਿਰਤਾਂਤ-ਪ੍ਰਬੰਧ ਵਿਚ ਬੰਨ੍ਹਣ ਲਈ ਲੇਖਕ ਨੇ ਆਪਣੀ ਸੰਵੇਦਨਸ਼ੀਲਤਾ ਦਾ ਵੀ ਬੜਾ ਸਹੀ ਇਸਤੇਮਾਲ ਕੀਤਾ ਹੈ। ਜਸਪਾਲ ਸਿੰਘ ਸਿੱਧੂ ਦੀ ਅੰਤਰ-ਦ੍ਰਿਸ਼ਟੀ ਅਤੇ ਬਿਰਤਾਂਤ-ਜੁਗਤਾਂ ਵਿਚ ਕੁਸ਼ਲਤਾ ਦੇ ਸਦਕਾ 32 ਸਾਲ ਪੁਰਾਣਾ ਇਹ ਦੁਖਾਂਤ ਵੀ ਪਾਠਕਾਂ ਦੇ ਜ਼ਿਹਨ ਵਿਚ ਸਜੀਵ ਹੋ ਕੇ ਉਸ ਨੂੰ ਭਾਵੁਕ ਬਣਾ ਦੇਣ ਦੀ ਸਲਾਹੀਅਤ ਰੱਖਦਾ ਹੈ। ਜਸਪਾਲ ਸਿੰਘ ਸਿੱਧੂ ਨੇ ਇਸ ਦੁਖਾਂਤ ਨਾਲ ਸਬੰਧਤ ਸਾਰੀ ਸਮੱਗਰੀ ਨੂੰ ਪੰਜ ਭਾਗਾਂ ਵਿਚ ਵੰਡਿਆ ਹੈ : 1. ਤੇ ਜਦੋਂ ਕੰਢੇ-ਕੰਢੇ ਤੁਰੀ ਜ਼ਿੰਦਗੀ, 2. ਦਰਬਾਰ ਸਾਹਿਬ 'ਤੇ ਹਮਲੇ ਦਾ ਪਿੜ ਬੰਨ੍ਹਣ ਲਈ ਮੀਡੀਆ ਦੀ ਭੂਮਿਕਾ, 3. ਸੰਤਾਪ ਦੇ ਦਿਨ : ਭਾਰਤੀ ਫ਼ੌਜ ਦਾ ਦਰਬਾਰ ਸਾਹਿਬ 'ਤੇ ਹਮਲਾ, 4. ਦਿੱਲੀ ਦਰਬਾਰ ਤੇ ਅਕਾਲ ਤਖ਼ਤ ਦੀ ਟੱਕਰ, 5. ਕੁੱਟਣ-ਮਾਰਨ ਪਿੱਛੋਂ ਪੁਚਕਾਰਨ ਦੀ ਸਰਕਾਰੀ ਨੀਤੀ। ਪੁਸਤਕ ਦੇ ਅੰਤ ਵਿਚ ਕੁਝ ਅੰਤਿਕਾਵਾਂ ਵੀ ਜੋੜੀਆਂ ਗਈਆਂ ਹਨ, ਜੋ ਪੁਸਤਕ ਵਿਚਲੀ ਸਮੱਗਰੀ ਨੂੰ ਇਕ ਢੁਕਵਾਂ ਪਰਿਪੇਖ ਪ੍ਰਦਾਨ ਕਰਦੀਆਂ ਹਨ। ਇਹ ਪੁਸਤਕ ਮਾਈਕਰੋ-ਅਧਿਐਨ ਦਾ ਇਕ ਬੜਾ ਸਫਲ ਪ੍ਰਮਾਣ ਹੈ। ਲੇਖਕ ਨੇ ਇਕ ਹੀ ਵਿਸ਼ੇ ਉੱਪਰ ਆਪਣੀ ਨਜ਼ਰ ਕੇਂਦਰਿਤ ਰੱਖੀ ਹੈ। ਵਧੇਰੇ ਜਾਣਕਾਰੀ ਮੁਹੱਈਆ ਕਰਨ ਲਈ ਇਧਰ-ਉਧਰ ਭਟਕਣ ਤੋਂ ਸੁਚੇਤ ਰੂਪ ਵਿਚ ਬਚਿਆ ਹੈ।
ਸ: ਸਿੱਧੂ ਲਿਖਦਾ ਹੈ ਕਿ ਉਸ ਵੇਲੇ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ 1980 ਈ: ਵਿਚ ਕਾਂਗਰਸ ਦੀ ਸੈਕੂਲਰ ਅਤੇ ਘੱਟ-ਗਿਣਤੀ ਸਮੂਹ ਪ੍ਰਤੀ ਕਲਿਆਣਕਾਰੀ ਨੀਤੀ ਨੂੰ ਬਦਲ ਕੇ ਬਹੁਗਿਣਤੀ ਹਿੰਦੂ ਪੱਖੀ ਸੋਚ ਨੂੰ ਅਪਣਾ ਲਿਆ ਸੀ ਤਾਂ ਜੋ ਉਸ ਦਾ ਵੋਟ ਬੈਂਕ ਸੁਰੱਖਿਅਤ ਰਹੇ। ਇਸੇ ਕਾਰਨ ਉਸ ਨੇ ਪੰਜਾਬ ਨਾਲ ਧੱਕਾ ਕਰਕੇ ਹਿੰਦੂ ਪ੍ਰਧਾਨ ਹਰਿਆਣਾ ਨੂੰ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਅਕਾਲੀਆਂ ਨੇ ਦਰਿਆਈ ਪਾਣੀਆਂ ਅਤੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਵਿਚ ਸ਼ਾਮਿਲ ਕਰਵਾਉਣ ਲਈ ਧਰਮ-ਯੁੱਧ ਮੋਰਚਾ ਚਲਾ ਰੱਖਿਆ ਸੀ। ਸਰਕਾਰ ਨੇ ਦੇਸ਼-ਵਿਦੇਸ਼ ਵਿਚ ਇਸ ਮੋਰਚੇ ਨੂੰ ਫ਼ਿਰਕੂ ਸਿੱਧ ਕਰਨ ਲਈ ਪੂਰੀ ਵਾਹ ਲਾ ਦਿੱਤੀ। ਮੀਡੀਆ ਨੇ ਵੀ ਸਰਕਾਰ ਦੀ ਨੀਤੀ ਨੂੰ ਪ੍ਰਚਾਰਨ ਵਿਚ ਪੂਰੀ ਸ਼ਕਤੀ ਲਾ ਦਿੱਤੀ। ਲੇਖਕ ਇਸ ਵਰਤਾਰੇ ਨੂੰ ਬਿਆਨ ਕਰਦਾ ਹੋਇਆ ਲਿਖਦਾ ਹੈ ਕਿ 'ਮੈਂ ਸਰਕਾਰ ਵੱਲੋਂ ਹਾਲਾਤ ਨੂੰ ਫ਼ੌਜੀ ਹਮਲੇ ਤੱਕ ਧੱਕ ਕੇ ਲਿਜਾਂਦਿਆਂ ਵੀ ਵੇਖਿਆ ਅਤੇ ਹੱਡੀਂ ਹੰਢਾਇਆ ਵੀ।' (ਹਰਫ਼ਿ ਦੀਦਾਰ) ਸਮਕਾਲੀ ਇਤਿਹਾਸ ਬਾਰੇ ਲਿਖੀ ਇਹ ਇਕ ਬਹੁਮੁੱਲੀ ਰਚਨਾ ਹੈ ਅਤੇ ਪੰਜਾਬ ਨਾਲ ਸੰਵੇਦਨਾ ਰੱਖਣ ਵਾਲਾ ਹਰ ਪਾਠਕ ਇਸ ਪੁਸਤਕ ਨੂੰ ਪੜ੍ਹਨਾ ਚਾਹੇਗਾ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਸ਼ੀਸ਼ੇ ਦਾ ਕੀ ਕਸੂਰ
ਗ਼ਜ਼ਲਕਾਰ : ਗੁਰਦੀਪ ਸਿੰਘ 'ਦੀਪ' ਭਾਟੀਆ
ਪ੍ਰਕਾਸ਼ਕ : ਸਾਂਝ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 112
ਸੰਪਰਕ : 94648-89046
.

ਗੁਰਦੀਪ ਸਿੰਘ 'ਦੀਪ' ਭਾਟੀਆ ਕਾਫ਼ੀ ਲੰਬੇ ਸਮੇਂ ਤੋਂ ਗ਼ਜ਼ਲ ਦੀ ਸਿਰਜਣਾ ਕਰ ਰਿਹਾ ਹੈ ਤੇ ਪੰਜਾਬੀ ਗ਼ਜ਼ਲ ਵਿਚ ਉਸ ਦਾ ਖ਼ਾਸ ਮੁਕਾਮ ਹੈ। 'ਸ਼ੀਸ਼ੇ ਦਾ ਕੀ ਕਸੂਰ' ਗੁਰਦੀਪ ਦਾ ਦੂਸਰਾ ਗ਼ਜ਼ਲ ਸੰਗ੍ਰਹਿ ਹੈ ਜਿਸ ਵਿਚ ਉਸ ਦੀਆਂ ਇਕ ਸੌ ਇਕ ਗ਼ਜ਼ਲਾਂ ਸ਼ਾਮਿਲ ਹਨ। ਕਿਹਾ ਜਾਂਦਾ ਹੈ ਕਿ ਚਾਰ ਦਿਨ ਦੀ ਚਾਨਣੀ ਤੋਂ ਬਾਅਦ ਹਨ੍ਹੇਰੀ ਰਾਤ ਹੁੰਦੀ ਹੈ ਪਰ ਉਸ ਦਾ ਮੰਨਣਾ ਹੈ ਕਿ ਜੇ ਮਨ ਰੌਸ਼ਨ ਹੈ ਤਾਂ ਹਰ ਸਮੇਂ ਹੀ ਪ੍ਰਭਾਤ ਹੁੰਦੀ ਹੈ।
ਗ਼ਜ਼ਲਕਾਰ ਥਾਂ-ਥਾਂ ਸੌੜੀ ਰਾਜਨੀਤਕ ਸੋਚ ਦਾ ਮਖੌਲ ਉਡਾਉਂਦਾ ਹੈ। ਉਹ ਪੁੱਛਦਾ ਹੈ ਜੇ ਹਿੰਦੋਸਤਾਨ ਸਭ ਦਾ ਸਾਂਝਾ ਹੈ ਤਾਂ ਇਸ ਨੂੰ 'ਹਿੰਦੂ ਸਥਾਨ' ਵਜੋਂ ਕਿਉਂ ਪਰਚਾਰਿਆ ਜਾ ਰਿਹਾ ਹੈ। ਉਹ ਨਹੀਂ ਮੰਨਦਾ ਕਿ ਕੁਰਸੀ ਨਾਲ ਮੋਹ ਪਾਲਣ ਵਾਲੇ ਨੇਤਾ ਆਮ ਲੋਕਾਂ ਦੀ ਹਾਲਤ ਬਿਹਤਰ ਕਰ ਸਕਣਗੇ। ਉਸ ਨੂੰ ਹਰ ਧਰਮ ਦੇ ਓਹਲੇ ਦੁਕਾਨ ਦੀ ਭਾਵਨਾ ਨਾਲ ਆਸਥਾ ਨੂੰ ਪਹੁੰਚਾਈ ਜਾ ਰਹੀ ਠੇਸ 'ਤੇ ਵੀ ਮਲਾਲ ਹੈ। ਇਸੇ ਲਈ ਉਹ ਭਗਵਾਨ ਤੋਂ ਪਹਿਲਾਂ ਮੁਕੰਮਲ ਇਨਸਾਨ ਨੂੰ ਮਿਲਣ ਵਿਚ ਯਕੀਨ ਰੱਖਦਾ ਹੈ। ਗ਼ਜ਼ਲਕਾਰ ਮੁਤਾਬਿਕ ਵਕਤ ਹੀ ਸੁਪਨੇ ਸਿਰਜਦਾ ਹੈ, ਹਕੀਕਤ ਦੱਸਦਾ ਹੈ, ਵਕਤ ਹੀ ਨਿਸ਼ਾਨਦੇਹੀ ਕਰਦਾ ਹੈ ਤੇ ਆਖ਼ਰ ਵਕਤ ਹੀ ਨਾਮੋ ਨਿਸ਼ਾਨ ਤੱਕ ਮਿਟਾ ਦਿੰਦਾ ਹੈ। ਇੰਜ ਗੁਰਦੀਪ ਭਾਟੀਆ ਦੀਆਂ ਗ਼ਜ਼ਲਾਂ ਜ਼ਿੰਦਗੀ ਜਿਊਣ ਦਾ ਫ਼ਲਸਫ਼ਾ ਪਾਠਕ ਅੱਗੇ ਪੇਸ਼ ਕਰਦੀਆਂ ਹਨ ਤੇ ਕਈ ਪਰੰਪਰਕ ਮਿਥਾਂ ਨੂੰ ਤੋੜਦੀਆਂ ਹਨ। ਇਸ ਪੁਸਤਕ ਵਿਚ ਮੁਹੱਬਤ ਸਬੰਧੀ ਸ਼ਿਅਰ ਘੱਟ ਮਿਲਦੇ ਹਨ ਸ਼ਾਇਦ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਕਾਰਨ ਉਸ ਨੂੰ ਏਧਰ ਸੋਚਣ ਦਾ ਵੀ ਵਕਤ ਨਹੀਂ ਮਿਲਿਆ।
ਇਹ ਪੁਸਤਕ ਗ਼ਜ਼ਲਕਾਰ ਦੇ ਨਿੱਜੀ ਅਨੁਭਵਾਂ ਦਾ ਪ੍ਰਗਟਾਅ ਤਾਂ ਹੈ ਹੀ ਇਸ ਦੇ ਨਾਲ-ਨਾਲ ਇਹ ਅਜੋਕੀਆਂ ਸਮਾਜਿਕ ਤੇ ਰਾਜਨੀਤਕ ਪ੍ਰਸਥਿਤੀਆਂ ਦਾ ਸ਼ੀਸ਼ਾ ਵੀ ਹੈ। 'ਸ਼ੀਸ਼ੇ ਦਾ ਕੀ ਕਸੂਰ' ਇਕ ਆਲ੍ਹਾ ਦਰਜੇ ਦਾ ਗ਼ਜ਼ਲ ਸੰਗ੍ਰਹਿ ਹੈ ਜੋ ਪਾਠਕਾਂ ਨੂੰ ਹਯਾਤੀ ਦੇ ਸੱਚ ਨੂੰ ਸਮਝਣ ਵਿਚ ਮਦਦ ਕਰਦਾ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਸੁਰਖੀਆਂ
ਕਵੀ : ਗੁਰੂਮੇਲ ਸਿੱਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 98152-98459
.

ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਪੰਜਾਬ ਦੇ ਉਨ੍ਹਾਂ ਕਾਲੇ ਦਿਨਾਂ ਦਾ ਮਰਸੀਆ ਪੇਸ਼ ਕਰਦੀਆਂ ਹਨ, ਜਦੋਂ ਆਪਣਿਆਂ ਨੇ ਹੀ ਆਪਣਿਆਂ 'ਤੇ ਇਹ ਜ਼ੁਲਮ ਢਾਹੇ ਕਿ ਹਵਾ, ਪਾਣੀ, ਮਿੱਟੀ ਵੀ ਕੰਬ ਕੇ ਰੁਦਨ ਕਰਨ ਲੱਗੇ। ਅੱਤਵਾਦ ਦੇ ਇਸ ਸਮੇਂ ਵਿਚ ਪੰਜਾਬ ਦੀ ਜਵਾਨੀ ਬਰਬਾਦ ਹੋ ਗਈ, ਹਰ ਥਾਂ 'ਤੇ ਮੌਤ ਅਤੇ ਕਹਿਰ ਦੇ ਹਸਤਾਖ਼ਰ ਹੁੰਦੇ ਰਹੇ, ਸਮਾਂ ਧੁਆਂਖਿਆ ਗਿਆ ਅਤੇ ਫ਼ਿਜ਼ਾ ਖਾਮੋਸ਼ ਸਿਸਕੀਆਂ ਨਾਲ ਭਰ ਗਈ। ਕਵੀ ਨੇ ਬਹੁਤ ਹੀ ਭਾਵਕ ਅਤੇ ਮਾਰਮਿਕ ਢੰਗ ਨਾਲ ਇਸ ਪੀੜ ਨੂੰ ਸ਼ਬਦਾਂ ਦਾ ਜਾਮਾ ਪਹਿਨਾਇਆ ਹੈ। ਇਹ ਵੇਦਨਾ ਸਭ ਦੀ ਸਾਂਝੀ ਹੈ ਅਤੇ ਅੱਜ ਵੀ ਯਾਦ ਕਰਕੇ ਦਿਲ ਨੂੰ ਕੜਵੱਲ ਪੈਂਦੇ ਹਨ। ਆਓ ਆਪਾਂ ਵੀ ਇਸ ਕਵਿਤਾ ਦੀ ਹੂਕ ਅਤੇ ਕੂਕ ਸੁਣੀਏਂ
-ਮੈਂ ਹਾਂ ਹੂਕ ਤੂੰ ਏ ਬੰਸਰੀ
ਮੇਰੀ ਚੀਸ ਦੀ ਏਂ ਦਿਲਬਰੀ
ਸਾਡੀ ਦੋਸਤੀ ਨੂੰ ਰੋਣਗੇ
ਕਿਤੇ ਹੋ ਗਈ ਜੇ ਤੂੰ ਬੇਸੁਰੀ।
-ਭਾਵੇਂ ਹਨੇਰਾ ਸੰਘਣਾ ਹੈ, ਨਾਂਹ ਜਗਾਈਂ ਬੱਤੀਆਂ
ਵਾਲ ਖੋਲ੍ਹੀ ਫਿਰਦੀਆਂ ਨੇ, ਬਾਹਰ 'ਵਾਵਾਂ ਤੱਤੀਆਂ।
-ਭੰਨ ਕੇ ਕੋਰੇ ਕੁੱਜੇ ਵਿਚ ਮਸਾਣਾਂ ਦੇ
ਰੋਂਦੇ ਧੋਂਦੇ ਮੁੜ ਪਏ ਝੁੰਡ ਮਕਾਣਾਂ ਦੇ।
-ਲਾ ਕੇ ਲਾਂਬੂ ਅੱਗ ਸੇਕਦੇ, ਆਪਣੇ ਘਰ ਨੂੰ ਘਰਵਾਸੀ
ਤਵਾਰੀਖ ਦਿਆਂ ਪੰਨਿਆਂ ਅੰਦਰ, ਇਹ ਅਸਚਰਜ ਨਜ਼ਾਰਾ ਸੀ।
-ਨਾ ਕੰਮ ਆਏ ਚਰਖੇ ਦੇ, ਨਾ ਡੋਲੀ ਨਾ ਸੰਦੂਕਾਂ ਦੇ
ਬਣ ਗਏ ਰੁੱਖ ਨਿਮਾਣੇ ਦਸਤੇ ਸੰਗੀਨਾਂ ਬੰਦੂਕਾਂ ਦੇ।
ਇਹ ਕਵਿਤਾ ਸਾਨੂੰ ਅੰਦਰ ਤੱਕ ਝੰਜੋੜ ਦਿੰਦੀ ਹੈ। ਸ਼ਬਦ ਚੋਣ, ਸੁਰ, ਜੜਤ ਅਤੇ ਪ੍ਰਗੀਤਕਤਾ ਸ਼ਾਇਰੀ ਨੂੰ ਮਾਣਨਯੋਗ ਬਣਾਉਂਦੇ ਹਨ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਗੁਰਪੁਰਬ ਨਿਰਣਯ
ਲੇਖਕ : ਕਰਮ ਸਿੰਘ ਹਿਸਟੋਰੀਅਨ
ਸੰਪਾਦਕ : ਸਿਮਰਜੀਤ ਸਿੰਘ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 144
ਸੰਪਰਕ : 98148-98223.

ਸ: ਕਰਮ ਸਿੰਘ 20ਵੀਂ ਸਦੀ ਦੇ ਮੁਢਲੇ ਵਰ੍ਹਿਆਂ ਵਿਚ ਆਪਣੀ ਜਵਾਨੀ ਸਿੱਖ ਇਤਿਹਾਸਕਾਰ ਸ੍ਰੋਤਾਂ, ਮੌਖਿਕ ਇਤਿਹਾਸ ਤੇ ਪ੍ਰਾਪਤ ਇਤਿਹਾਸ ਦੀ ਛਾਣਬੀਣ ਲੇਖੇ ਲਾਉਣ ਵਾਲਾ ਇਤਿਹਾਸ ਪੁਰਸ਼ ਹੈ। ਉਸ ਦੇ ਨਾਂਅ ਨਾਲ ਹਿਸਟੋਰੀਅਨ ਸ਼ਬਦ ਇਸੇ ਲਈ ਜੁੜ ਗਿਆ ਹੈ। ਗੁਰਪੁਰਬ ਨਿਰਣਯ ਵਿਚ ਉਸ ਵੱਲੋਂ ਦਸ ਗੁਰੂ ਸਾਹਿਬਾਨ ਦੇ ਜਨਮ, ਜੋਤੀ ਜੋਤਿ ਸਮਾਉਣ ਤੇ ਗੁਰਗੱਦੀ ਉੱਤੇ ਬਿਰਾਜਮਾਨ ਹੋਣ ਦੀਆਂ ਥਿੱਤਾਂ ਵਾਰਾਂ ਤੇ ਦੇਸੀ ਅੰਗਰੇਜ਼ੀ ਤਰੀਕਾਂ ਦਾ ਨਿਤਾਰਾ ਇਸ ਖੇਤਰ ਨਾਲ ਸਬੰਧਤ ਇਤਿਹਾਸਕ ਤੇ ਤਕਨੀਕੀ ਸਮੱਗਰੀ 'ਤੇ ਕੀਤਾ ਗਿਆ ਹੈ। 1912 ਵਿਚ ਪ੍ਰਕਾਸ਼ਿਤ ਇਸ ਪੁਸਤਕ ਦਾ ਨਵਾਂ ਸੰਸਕਰਣ ਸਿਮਰਜੀਤ ਸਿੰਘ ਦੀ 65-70 ਪੰਨੇ ਲੰਮੀ ਸੰਪਾਦਕੀ ਭੂਮਿਕਾ ਨਾਲ 104 ਸਾਲ ਬਾਅਦ ਸਿੱਖ ਜਗਤ ਦੇ ਸਾਹਮਣੇ ਆਉਣਾ ਆਪਣੇ-ਆਪ ਵਿਚ ਪ੍ਰਸੰਸਾਯੋਗ ਉੱਦਮ ਹੈ।
ਇਸ ਪੁਸਤਕ ਵਿਚ ਕਰਮ ਸਿੰਘ ਨੇ ਦਿਨ/ਵਾਰ/ਥਿੱਤ ਨਿਸਚਤ ਕਰਨ ਲਈ ਜੋ ਵਿਧੀ ਵਰਤੀ ਹੈ, ਉਸ ਦੀ ਸਮਝ ਉਸ ਦੀ ਲਿਖਤ ਵਿਚੋਂ ਨਹੀਂ ਆਉਂਦੀ। ਉਹ ਤਰੀਕ, ਵਾਰ, ਘੜੀ, ਪਲ, ੳ: ਅ: ਇ: ਆਦਿ ਲਿਖ ਕੇ ਹਿਸਾਬ-ਕਿਤਾਬ ਦੀ ਜਮ੍ਹਾਂ ਮਨਫ਼ੀ ਕਰਕੇ ਆਪਣਾ ਨਿਰਣਾ ਦੇ ਦਿੰਦਾ ਹੈ। ਕੋਈ ਪੰਡਿਤ/ਜੋਤਿਸ਼ ਮਾਹਿਰ ਭਾਵੇਂ ਇਸ ਹਿਸਾਬ-ਕਿਤਾਬ ਨੂੰ ਸਮਝ ਲਵੇ ਪਰ ਮੇਰੇ ਜਿਹੇ ਬੰਦੇ ਨੂੰ ਇਸ ਦਾ ਕੁਝ ਪਤਾ ਨਹੀਂ ਲਗਦਾ। ਹਾਂ, ਹਿਸਟੋਰੀਅਨ ਦੁਆਰਾ ਸਬੰਧਤ ਗੁਰਪੁਰਬ ਦੀ ਮਿਤੀ ਨਾਲ ਜੁੜੇ ਵਿਵਾਦ ਦਾ ਉਸ ਵੱਲੋਂ ਦਲੀਲਾਂ ਨਾਲ ਕੀਤਾ ਨਿਪਟਾਰਾ ਸਮਝ ਆ ਜਾਂਦਾ ਹੈ ਤੇ ਉਸ ਨਾਲ ਹੀ ਸੰਤੁਸ਼ਟ ਹੋਣਾ ਪੈਂਦਾ ਹੈ। ਤਕਨੀਕੀ ਵਿਧੀ ਨਾਲ ਉਸ ਵੱਲੋਂ ਕੱਢੇ ਸਿੱਟੇ ਵੀ ਸਵੀਕਾਰ ਹੀ ਕਰਨੇ ਸੰਭਵ ਹਨ, ਉਨ੍ਹਾਂ ਦੀ ਸਮਝ ਨਹੀਂ ਆਉਂਦੀ। ਸਿਮਰਜੀਤ ਸਿੰਘ ਨੇ ਲੰਮੀ ਸੰਪਾਦਕੀ ਵਿਚ ਕੈਲੰਡਰ ਦੇ ਜਨਮ, ਭਾਂਤ-ਭਾਂਤ ਦੇ ਦੇਸੀ/ਵਿਦੇਸ਼ੀ ਕੈਲੰਡਰਾਂ, ਥਿਤਾਂ/ਵਾਰਾਂ/ ਨਛੱਤਰਾਂ/ਯੁਗਾਂ ਦੀ ਚਰਚਾ ਕੀਤੀ ਹੈ। ਉਸ ਨੇ ਸਿੱਖ ਜਗਤ ਵਿਚ ਨਾਨਕਸ਼ਾਹੀ ਕੈਲੰਡਰ ਬਾਰੇ ਵੀ ਗੱਲ ਕੀਤੀ ਹੈ ਪਰ ਕਰਮ ਸਿੰਘ ਹਿਸਟੋਰੀਅਨ ਵੱਲੋਂ ਦਿਨ, ਵਾਰ, ਥਿਤ ਨਿਰਧਾਰਨ ਕਰਨ ਦੀ ਵਿਧੀ ਨੂੰ ਸਮਝਣ ਸਮਝਾਉਣ ਵੱਲ ਕਦਮ ਨਹੀਂ ਪੁੱਟਿਆ। ਚੰਗਾ ਹੁੰਦਾ ਉਹ ਇਸ ਵਿਧੀ ਨੂੰ ਉਦਾਹਰਨਾਂ ਸਹਿਤ ਸਪੱਸ਼ਟ ਕਰਦਾ। ਇਸ ਨਾਲ ਪੁਸਤਕ ਦਾ ਮੁੱਲ ਵਧ ਜਾਂਦਾ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਕਰਮ ਦੀ ਕਰਾਮਾਤ
ਲੇਖਕ : ਸ਼ਿਵਚਰਨ ਸਿੰਘ ਗਿੱਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 175
ਸੰਪਰਕ : 98152-98459.

ਵਿਚਾਰਾਧੀਨ ਪੁਸਤਕ ਵਿਚ 32 ਵਾਰਤਕ ਰਚਨਾਵਾਂ ਹਨ। ਇਹ ਸਾਰੇ ਖੋਜ ਭਰਪੂਰ ਲੇਖ ਹਨ। ਇਨ੍ਹਾਂ ਲੇਖਾਂ ਬਾਰੇ ਲੇਖਕ ਦੀ ਆਪਣੀ ਰਾਏ ਉੱਲੇਖਨੀਯ ਹੈ। ਲਿਖਦੇ ਹਨ : 'ਸਮੇਂ-ਸਮੇਂ ਸੋਚ ਨੂੰ ਟੁੰਬਣ ਵਾਲੀਆਂ ਘਟਨਾਵਾਂ ਨੇ ਇਹ ਲੇਖ ਲਿਖਵਾਏ ਹਨ। ਇਹ ਲੇਖ ਜਿਨ੍ਹਾਂ ਹਾਲਤਾਂ ਦੀ ਪੈਦਾਵਾਰ ਹਨ, ਉਨ੍ਹਾਂ ਹਾਲਤਾਂ 'ਚੋਂ ਲੇਖਕ ਲੰਘਿਆ ਹੈ।' ਅਧਿਐਨ ਕਰਦਿਆਂ ਪਤਾ ਚਲਦਾ ਹੈ ਕਿ ਇਨ੍ਹਾਂ ਲੇਖਾਂ ਦੇ ਮੁੱਖ ਵਿਖੇ ਮਨੋਵਿਗਿਆਨਕ, ਦਾਰਸ਼ਨਿਕ, ਉਪਦੇਸ਼ਾਤਮਕ, ਜੀਵਨ-ਜਾਚ, ਸਾਹਿਤ, ਕਲਾ, ਅਸਤਿਤਵ ਦੀਪਛਾਣ, ਸਵੈ-ਵਿਸ਼ਲੇਸ਼ਣ ਆਦਿ ਨਾਲ ਸੰਬੰਧਿਤ ਹਨ। ਕੇਵਲ ਦੋ ਨਿਬੰਧਂਬਰਤਾਨਵੀ ਸਮਾਜ ਦੇ ਬਦਲਦੇ ਰੰਗ ਅਤੇ ਪੰਜਾਬੀ ਸੱਭਿਆਚਾਰ ਦੀਆਂ ਰਵਾਇਤਾਂਂਆਪਣਾ ਅਲੱਗ ਰੂਪ ਪੇਸ਼ ਕਰਦੇ ਹਨ, ਬਾਕੀ ਸਾਰੇ ਨਿਬੰਧਾਂ ਦਾ ਸਿਰਜਣਾਤਮਕ ਕੋਡ ਗੁਰਬਾਣੀ ਹੈ ਅਰਥਾਤ ਗੁਰਮਤਿ ਸਿਧਾਂਤ ਹੀ ਇਨ੍ਹਾਂ ਨਿਬੰਧਾਂ ਦੀ ਸਿਰਜਣਾ ਪਿੱਛੇ ਕਾਰਜਸ਼ੀਲ ਸੰਚਾਲਕ ਸ਼ਕਤੀ ਵੱਲੋਂ ਗਤੀਮਾਨ ਹਨ। ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਲੇਖਕ ਨੇ ਗੁਰਬਾਣੀ ਦੀਆਂ ਟੂਕਾਂ ਦਾ ਪ੍ਰਯੋਗ ਕੀਤਾ ਹੈ। ਸੰਸਾਰ ਪ੍ਰਸਿੱਧ ਸ਼ਖ਼ਸੀਅਤਾਂ ਅਤੇ ਆਮ ਜੀਵਨ 'ਚੋਂ ਉਦਾਹਰਨਾਂ ਦੇ ਕੇ ਪਾਠਕਾਂ ਦੀ ਜਿਗਿਆਸਾ ਨੂੰ ਤ੍ਰਿਪਤ ਕੀਤਾ ਹੈ। ਜ਼ਿੰਦਗੀ, ਮੌਤ, ਖੁਸ਼ੀ, ਸ਼ਾਂਤੀ, ਅਨੰਦ, ਇਕਲਾਪਾ, ਵਿਹਲ, ਪੈਸਾ ਆਦਿ ਕਿਸ ਦੇ ਜੀਵਨ ਨਾਲ ਸੰਬੰਧਿਤ ਨਹੀਂ ਹਨ? ਜੀਵਨ ਖੜੋਤ ਦਾ ਨਹੀਂ, ਗਤੀ ਦਾ ਨਾਂਅ ਹੈ। ਸੰਸਾਰ ਭਾਵੇਂ ਸੁਪਨਾ ਹੀ ਹੈ, ਪਰ ਸੁਪਨੇ ਅਤੇ ਕਲਪਨਾ ਦਾ ਜੀਵਨ ਵਿਚ ਬੜਾ ਮਹੱਤਵ ਹੈ। ਲੇਖਕ ਬੰਦਿਆਂ ਨੂੰ ਸਮਦਰਸ਼ੀ ਦ੍ਰਿਸ਼ਟੇਤੇ ਬਣਨ ਲਈ ਪ੍ਰੇਰਦਾ ਹੈ। ਆਖਰੀ ਕਾਂਡ 'ਸੋਚ ਦੇ ਸੰਕਲਪ' ਵਿਚ ਲੇਖਕ ਨੇ ਬਾਰਾਂ ਵਿਖਰੇ ਮੋਤੀ, ਆਪਣੇ ਅਨੁਭਵ 'ਤੇ ਅਧਾਰਿਤ ਪੇਸ਼ ਕੀਤੇ ਹਨ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

16-07-2016

 ਸਮਾਂ ਤੁਹਾਡੀ ਮੁੱਠੀ 'ਚ
ਮੂਲ ਲੇਖਕ : ਡਾ: ਵਿਜੇ ਅਗਰਵਾਲ
ਅਨੁਵਾਦ : ਰਾਜਿੰਦਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 280
ਸੰਪਰਕ : 78377-18723.

ਸਫਲ ਤੇ ਚੰਗਾ ਜੀਵਨ ਜਿਊਣ ਲਈ ਪੰਜਾਬੀ ਵਿਚ ਪ੍ਰਾਪਤ ਇਕ ਵਧੀਆ ਕਿਤਾਬ ਹੈ ਸਮਾਂ ਤੁਹਾਡਾ ਮੁੱਠੀ 'ਚ। ਲੇਖਕ 1983 ਬੈਚ ਦਾ ਆਈ.ਏ.ਐਸ. ਤੇ ਰਾਸ਼ਟਰਪਤੀ ਡਾ: ਸ਼ੰਕਰ ਦਿਆਲ ਦਾ ਨਿੱਜੀ ਸਹਾਇਕ ਰਿਹਾ ਹੈ। ਜ਼ਿੰਮੇਵਾਰੀਆਂ ਵਾਲੇ ਅਹੁਦਿਆਂ, ਲੰਮੇ ਅਨੁਭਵ, ਤੀਖਣ ਦ੍ਰਿਸ਼ਟੀ/ਬੁੱਧੀ ਤੇ ਮਾਣਯੋਗ ਪ੍ਰਾਪਤੀਆਂ ਵਾਲੇ ਸੰਘਰਸ਼ਮਈ ਜੀਵਨ ਵਿਚੋਂ ਉਪਜੀ ਉਸ ਦੀ ਲਿਖਤ ਵਿਚ ਜ਼ੋਰ, ਪ੍ਰੇਰਨਾ ਤੇ ਵਿਸ਼ਵਾਸ ਹੈ। ਉਸ ਦੀਆਂ ਉਦਾਹਰਨਾਂ ਤੇ ਹਵਾਲੇ ਪੱਛਮੀ ਜਗਤ ਦੀ ਨਕਲ ਮਾਤਰ ਨਹੀਂ। ਇਨ੍ਹਾਂ ਵਿਚ ਬਹੁਤ ਕੁਝ ਨਵਾਂ ਤੇ ਆਪਣੇ ਭਾਰਤੀ ਵਿਰਸੇ ਵਿਚੋਂ ਉਪਜਿਆ ਹੈ। ਉਸ ਦੇ ਗੱਲ ਕਹਿਣ ਦੇ ਅੰਦਾਜ਼ ਵਿਚ ਵੀ ਨਰੋਆਪਣ ਤੇ ਨਵੀਨਤਾ ਹੈ।
ਵਰਤਮਾਨ ਲਈ ਅੰਗਰੇਜ਼ੀ ਸ਼ਬਦ ਪਰੈਜ਼ੈਂਟ ਹੈ ਤੇ ਇਸ ਦਾ ਇਕ ਹੋਰ ਅਰਥ ਹੈ ਤੋਹਫ਼ਾ। ਵਰਤਮਾਨ ਵਿਚ ਪ੍ਰਾਪਤ ਸਮੇਂ ਨੂੰ ਤੋਹਫ਼ੇ ਵਾਂਗ ਵਰਤਣ ਦਾ ਸੁਝਾਅ ਦਿੰਦਾ ਹੈ ਲੇਖਕ। ਵੱਡੇ ਤੇ ਮਸਰੂਫ਼ ਬੰਦਿਆਂ ਕੋਲ ਸਮੇਂ ਦੀ ਕਦੇ ਕਮੀ ਨਹੀਂ ਹੁੰਦੀ। ਸਵਰਗੀ ਰਾਸ਼ਟਰਪਤੀ ਕਲਾਮ ਨੇ ਕਿਸੇ ਸਮੇਂ ਆਪਣੇ ਉੱਚ ਅਧਿਕਾਰੀ ਸਵਰਗੀ ਵਿਕਰਮ ਸਾਰਾਭਾਈ ਨੂੰ ਮਿਲਣ ਲਈ ਸਮਾਂ ਮੰਗਿਆ ਤਾਂ ਸਵੇਰੇ ਸਾਢੇ ਤਿੰਨ ਵਜੇ ਦਾ ਮਿਲਿਆ। ਸਮੇਂ ਦੀ ਕਦਰ ਤੇ ਮੁੱਲ ਦੀ ਕਿੰਨੀ ਪ੍ਰਭਾਵਸ਼ਾਲੀ ਮਿਸਾਲ ਹੈ ਇਹ। ਅਤੀਤ ਦੀ ਗੱਡੀ ਉਤੇ ਸਵਾਰ ਹੋ ਕੇ ਤੁਸੀਂ ਕਿਤੇ ਨਹੀਂ ਪਹੁੰਚ ਸਕਦੇ। ਸੂਰਜ ਸਭ ਦਾ ਇਕ ਹੈ ਪਰ ਇਸ ਵੱਲੋਂ ਦਿੱਤੇ ਦਿਨ-ਰਾਤ ਦੇ 24 ਘੰਟੇ ਹਰ ਕਿਸੇ ਨੇ ਆਪੋ-ਆਪਣੇ ਢੰਗ ਨਾਲ ਵਰਤਣੇ ਹੁੰਦੇ ਹਨ। ਆਲਸ ਤੇ ਆਰਾਮ ਵਿਚ ਅੰਤਰ ਸਮਝੋ। ਇਕ ਘੰਟਾ ਸਵੇਰੇ ਉੱਠ ਕੇ ਜ਼ਿੰਦਗੀ ਦੇ ਕਈ ਵਰ੍ਹੇ ਵਧ ਜਾਂਦੇ ਹਨ। ਚਿੰਤਾ ਨਾਲ ਕੁਝ ਨਹੀਂ ਬਣਦਾ, ਕੰਮ ਕਰਨ ਨਾਲ ਕੰਮ ਮੁੱਕਦੇ ਹਨ। ਮੰਜ਼ਿਲ ਵੱਲ ਪੁੱਟਿਆ ਹਰ ਕਦਮ ਸਫ਼ਰ ਨੂੰ ਘਟਾਉਂਦਾ ਹੈ। ਉਦੇਸ਼ ਨਿਸਚਤ ਕਰਕੇ ਟਾਈਮ ਟੇਬਲ ਬਣਾ ਕੇ ਕੰਮ ਕਰੋ। ਡਾਇਰੀ ਦੁਆਰਾ ਜਾਂ ਉਂਜ ਹਰ ਰਾਤ ਸਮੇਂ ਦੀ ਵਰਤੋਂ ਦੀ ਸਮੀਖਿਆ ਕਰੋ। ਕੋਈ ਸਟੇਸ਼ਨ ਅਜਿਹਾ ਨਹੀਂ ਹੁੰਦਾ, ਜਿਸ 'ਤੇ ਇਕ-ਦੋ ਗੱਡੀਆਂ ਨਹੀਂ ਰੁਕਦੀਆਂ। ਕੋਈ ਬੰਦਾ ਅਜਿਹਾ ਨਹੀਂ ਜਿਸ ਨੂੰ ਕੁਦਰਤ ਕੁਝ ਨਾ ਕੁਝ ਮੌਕੇ ਨਹੀਂ ਦਿੰਦੀ। ਕਿੰਨੀ ਸਾਦਗੀ, ਗਹਿਰਾਈ ਤੇ ਸਚਾਈ ਹੈ ਵਿਜੇ ਅਗਰਵਾਲ ਦੀਆਂ ਇਨ੍ਹਾਂ ਗੱਲਾਂ ਤੇ ਇਨ੍ਹਾਂ ਦੀ ਪੇਸ਼ਕਾਰੀ ਦੀ ਸ਼ੈਲੀ ਵਿਚ। ਭਰੀ ਪਈ ਹੈ ਇਹ ਕਿਤਾਬ ਅਜਿਹੇ ਕੀਮਤੀ ਵਾਕਾਂ ਨਾਲ। ਰਾਜਿੰਦਰ ਨਵਾਂ ਅਨੁਵਾਦਕ ਹੈ ਪਰ ਮੈਨੂੰ ਉਸ ਦਾ ਅਨੁਵਾਦ ਵਧੀਆ ਤੇ ਪੜ੍ਹਨਯੋਗ ਲੱਗਾ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਸਤਰੰਗ
ਕਵੀ : ਸ਼ਿਵ ਭਾਗੀਰਥ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 104
ਸੰਪਰਕ : 78377-18723.

ਸਰਦਾਰ ਸ਼ਿਵ ਸ਼ਰਨ ਸਿੰਘ ਭਾਗੀਰਥ ਪੰਜਾਬੀ ਕਾਵਿ ਦੇ ਆਕਾਸ਼ ਉੱਪਰ ਪ੍ਰਗਟ ਹੋਇਆ ਇਕ ਨਵਾਂ ਸਿਤਾਰਾ ਹੈ। ਉਹ ਇਕ ਨਵੀਨ ਪ੍ਰਕਾਰ ਦੇ ਵਿਸਮਾਦੀ ਅਨੁਭਵ ਨੂੰ ਰੂਪਮਾਨ ਕਰਨ ਵਾਲਾ ਪਰਿਪੱਕ ਸ਼ਾਇਰ ਹੈ। ਆਧੁਨਿਕ ਯੁੱਗ ਵਿਚ ਰਚੀ ਗਈ ਬਹੁਤੀ ਪੰਜਾਬੀ ਕਵਿਤਾ ਦਿਸਦੇ ਜਗਤ ਨਾਲ ਹੀ ਪਰਚੀ ਰਹੀ ਹੈ। ਅਣਦਿਸਦੇ ਜਗਤ ਨੂੰ ਮਹਿਸੂਸ ਕਰਨ ਅਤੇ ਮਾਣਨ ਦੀ ਇਸ ਵਿਚ ਕੋਈ ਰੀਝ ਨਜ਼ਰ ਨਹੀਂ ਆਉਂਦੀ। ਪਰ ਸ਼ਿਵ ਭਾਗੀਰਥ ਅਣਦਿਸਦੇ, ਅਸੀਮ ਅਤੇ ਅਪਹੁੰਚ ਜਗਤ ਦੇ ਸਰੋਕਾਰਾਂ ਨਾਲ ਵੀ ਸੰਵਾਦ ਰਚਾਉਂਦਾ ਹੈ। ਉਹ ਪ੍ਰਭੂ ਅਤੇ ਗੁਰਦੇਵ ਦੇ ਸਨਮੁਖ ਏਨਾ ਹਲੀਮ ਅਤੇ ਨਿਮਰ ਹੋ ਜਾਂਦਾ ਹੈ ਕਿ ਮਨੁੱਖ ਦੇ ਮਨੁੱਖਤਵ ਦੀ ਸਮਝ ਆਉਣ ਲੱਗ ਪੈਂਦੀ ਹੈ। ਉਹ ਇਕੋ ਸਮੇਂ ਲੋਕ ਤੇ ਪਰਲੋਕ, ਅਧਿਆਤਮਕ ਤੇ ਪਦਾਰਥਕ, ਮਿਜ਼ਾਜੀ ਅਤੇ ਹਕੀਕੀ ਅਨੁਭਵ ਨੂੰ ਰੂਪਮਾਨ ਕਰਨ ਦੀ ਸਲਾਹੀਅਤ ਰੱਖਣ ਵਾਲਾ ਇਕ ਅਲਬੇਲਾ ਕਵੀ ਹੈ। ਉਸ ਦਾ ਇਕ ਅੰਦਾਜ਼ ਦੇਖੋ :
ਸਾਰੀ ਦੁਨੀਆ ਤੋਂ ਪੱਲਾ ਛੁਡਾ ਆਵੀਂ
ਡੇਰੇ ਫੱਕਰਾਂ ਦੇ ਤੂੰ ਤਾਂ ਆਵੀਂ।
ਪਹਿਲਾਂ ਗਿਲੇ ਸ਼ਿਕਵੇ ਸਭ ਡੁਲਾ ਆਵੀਂ
ਡੇਰੇ ਮਸਤਾਂ ਦੇ ਤੂੰ ਤਾਂ ਆਵੀਂ।
ਉਹ ਸ਼ਾਹ ਹੁਸੈਨ ਅਤੇ ਬੁੱਲ੍ਹੇ ਸ਼ਾਹ ਵਰਗੇ ਕਾਮਿਲ ਫ਼ਕੀਰਾਂ ਵਾਂਗ ਮਸਤੀ ਦਾ ਕਵੀ ਹੈ। ਮਨੁੱਖੀ ਜੀਵਨ ਅਤੇ ਜਗਤ ਰੱਬੀ ਰਹਿਮਤ ਨਾਲ ਏਨਾ ਭਰਪੂਰ ਹੈ ਕਿ ਵਾਰ-ਵਾਰ ਇਸ ਤੋਂ ਬਲਿਹਾਰ ਜਾਣ ਨੂੰ ਜੀ ਕਰਦਾ ਹੈ। ਸ਼ਿਵ ਭਾਗੀਰਥ ਨਜ਼ਮ, ਗੀਤ ਅਤੇ ਗ਼ਜ਼ਲ ਹਰ ਪ੍ਰਕਾਰ ਦੀ ਵਿਧਾ ਵਿਚ ਲਿਖਣ ਦੇ ਸਮਰੱਥ ਹੈ। ਉਸ ਦੀਆਂ ਗ਼ਜ਼ਲਾਂ ਤੇ ਗੀਤ ਪਾਠਕਾਂ ਵੱਲੋਂ ਉਚੇਚੇ ਧਿਆਨ ਦੀ ਮੰਗ ਕਰਦੇ ਹਨ। ਇਹ ਖੁੱਭ ਕੇ, ਇਕਾਗਰਚਿੱਤ ਹੋ ਕੇ ਪੜ੍ਹਨ ਵਾਲੀਆਂ ਰਚਨਾਵਾਂ ਹਨ। ਉਸ ਦੁਆਰਾ ਲਿਖੇ ਕੁਝ ਅਸ਼ਆਰ ਦੇਖੋ :
ਮੰਨਿਆ ਕਿ ਇਥੇ ਮਹਿਮਾਨ ਏਂ ਤੂੰ।
ਅਜਨਬੀ! ਮੇਰੀ ਮਗਰ ਜਾਨ ਏਂ ਤੂੰ।
ਜਿਹੜੀ ਚੁਰਾ ਲਏ ਸਾਨੂੰ ਸਾਥੋਂ ਹੀ,
ਉਹੀ ਨਸ਼ੀਲੀ ਮਧੁਰ ਮੁਸਕਾਨ ਏਂ ਤੂੰ।
ਜਿਹਨੂੰ ਚੁਕਾ ਪਾਵਾਂਗੇ ਸਾਰੀ ਉਮਰ ਨ ਕਦੀ,
ਉਹ ਨਜ਼ਰ ਮਿਹਰ ਦੀ, ਅਹਿਸਾਨ ਏਂ ਤੂੰ।
ਵੱਖਰੇ ਭਾਵਬੋਧ ਵਾਲੇ ਕਵੀ ਸ਼ਿਵ ਭਾਗੀਰਥ ਦੀਆਂ ਇਨ੍ਹਾਂ ਕਵਿਤਾਵਾਂ ਦਾ ਸਵਾਗਤ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਹਰਫ਼ਾਂ ਦੀ ਰੰਗੋਲੀ
ਲੇਖਕ : ਤੇਜਾ ਸਿੰਘ ਤਿਲਕ
ਪ੍ਰਕਾਸ਼ਕ : ਤਾਲੀਫ਼ ਪ੍ਰਕਾਸ਼ਨ, ਬਰਨਾਲਾ
ਮੁੱਲ : 120 ਰੁਪਏ, ਸਫ਼ੇ : 96
ਸੰਪਰਕ : 98766-36159.

ਇਹ ਪੁਸਤਕ ਵੱਖੋ-ਵੱਖਰੇ ਰੰਗਾਂ ਵਾਲੇ 26 ਲੇਖਾਂ ਦੀ ਰੰਗੋਲੀ ਹੈ। ਇਨ੍ਹਾਂ ਦੇ ਵਿਸ਼ੇ ਸਮਾਜਿਕ, ਧਾਰਮਿਕ ਅਤੇ ਸਾਹਿਤਕ ਹਨ। ਇਨ੍ਹਾਂ ਦੇ ਨਕਸ਼ ਵਿਅੰਗਮਈ ਹਨ। ਲੇਖਕ ਆਪਣੇ ਆਲੇ-ਦੁਆਲੇ ਦੇ ਵਰਤਾਰਿਆਂ ਪ੍ਰਤੀ ਸੁਚੇਤ ਹੈ ਅਤੇ ਇਹੀ ਸੁਚੇਤਤਾ ਉਹ ਪਾਠਕਾਂ ਵਿਚ ਜਗਾਉਣਾ ਚਾਹੁੰਦਾ ਹੈ। ਬਹੁਤ ਸਾਰੀਆਂ ਗੱਲਾਂ ਅਸੀਂ ਜਾਣਬੁੱਝ ਕੇ ਹੀ ਅਣਗੌਲੀਆਂ ਕਰ ਜਾਂਦੇ ਹਾਂ। ਸਾਨੂੰ ਹਰ ਸਮੇਂ ਜਾਗਰੂਕ ਹੋ ਕੇ ਸਮੱਸਿਆਵਾਂ ਨੂੰ ਸਮਝਣਾ ਅਤੇ ਵਿਚਾਰਨਾ ਚਾਹੀਦਾ ਹੈ। ਫਿਰ ਹੀ ਉਨ੍ਹਾਂ ਦਾ ਕੋਈ ਸਾਕਾਰਾਤਮਤਕ ਹੱਲ ਨਿਕਲ ਸਕਦਾ ਹੈ। ਬੋਲੀ ਸਰਲ, ਸਪੱਸ਼ਟ ਅਤੇ ਮੁਹਾਵਰੇਦਾਰ ਹੈ। ਥਾਂ-ਥਾਂ 'ਤੇ ਗੁਰਬਾਣੀ ਦੇ ਅਨਮੋਲ ਹਵਾਲੇ ਦਿੱਤੇ ਹੋਏ ਹਨ। ਲੇਖਕ ਦੀਆਂ ਨਜ਼ਰਾਂ ਵਿਚ ਮਾਂ, ਔਰਤ, ਮਿੱਤਰਤਾ, ਪੰਜਾਬ, ਕੁਦਰਤ, ਸਾਹਿਤ ਅਤੇ ਇਤਿਹਾਸ ਦਾ ਦਰਜਾ ਬਹੁਤ ਉੱਚਾ ਹੈ। ਉਸ ਦੇ ਕੁਝ ਵਾਕ ਤਾਂ ਕੁਟੇਸ਼ਨਾਂ ਵਰਗੇ ਹਨ, ਜਿਵੇਂਂ
-ਸਾਹਿਤ ਤ੍ਰੈਕਾਲਦਰਸ਼ੀ ਹੁੰਦਾ ਹੈ।
-ਇਤਿਹਾਸ ਅਤੀਤ ਦਾ ਚਿਤਰਨ ਹੁੰਦਾ ਹੈ। ਇਤਿਹਾਸ ਸਾਹਿਤ ਦਾ ਪ੍ਰੇਰਕ ਹੁੰਦਾ ਹੈ।
-ਸਾਹਿਤਕਾਰ ਵਰਤਮਾਨ ਵਿਚ ਜਿਊਂਦਾ ਤੇ ਲਿਖਦਾ ਹੈ।
-ਸਬਰ, ਸੰਤੋਖ, ਸ਼ਾਂਤੀ, ਸ਼ਰਮ, ਹਯਾ, ਨਿਮਰਤਾ, ਧੀਰਜ, ਪ੍ਰੇਮ, ਖਿਮਾ ਅਤੇ ਮਿੱਠਾ ਬੋਲਣਾ ਔਰਤ ਦੇ ਚਰਿੱਤਰ ਦੇ ਗਹਿਣੇ ਹਨ।
-ਮਾਂ ਦੇ ਰੂਪ ਵਿਚ ਔਰਤ ਰੱਬ ਦਾ ਦੂਜਾ ਰੂਪ ਹੁੰਦੀ ਹੈ। ਇਸਤਰੀ ਦਾ ਨਿਰਾਦਰ ਭਗਵਾਨ ਦੇ ਅਪਮਾਨ ਦੇ ਤੁੱਲ ਹੈ।
ਬਹੁਤੇ ਲੇਖ ਵਿਦੇਸ਼ੀ ਧਰਤੀਆਂ 'ਤੇ ਬਹਿ ਕੇ ਲਿਖੇ ਗਏ ਹਨ। ਇਸ ਲਈ ਇਨ੍ਹਾਂ ਵਿਚ ਵਿਦੇਸ਼ੀ ਸੱਭਿਆਚਾਰ ਦੇ ਝਲਕਾਰੇ ਵੀ ਹਨ। ਸਮੁੱਚੇ ਤੌਰ 'ਤੇ ਸਾਰੇ ਹੀ ਲੇਖ ਪੜ੍ਹਨਯੋਗ, ਵਿਚਾਰਨਯੋਗ ਅਤੇ ਸਾਂਭਣਯੋਗ ਹਨ। ਇਨ੍ਹਾਂ ਵਿਚ ਨਰੋਈਆਂ ਕਦਰਾਂ-ਕੀਮਤਾਂ ਅਤੇ ਆਦਰਸ਼ ਸਮੋਏ ਹੋਏ ਹਨ। ਲੇਖਾਂ ਦੀ ਇਸ ਰੰਗੋਲੀ ਵਿਚੋਂ ਜੀਵਨ ਦੇ ਸਾਰੇ ਹੀ ਰੰਗ ਝਲਕਦੇ ਹਨ। ਇਸ ਪੁਸਤਕ ਦਾ ਸਵਾਗਤ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਸਤਰੰਗੀ ਪੀਂਘ
ਮਹਿੰਦਰ ਸਿੰਘ ਰੰਧਾਵਾ
ਲੇਖਕ : ਰਣਜੀਤ ਸਿੰਘ
ਪ੍ਰਕਾਸ਼ਕ : ਕੌਮੀ ਸਾਹਿਤ ਅਤੇ ਕਲਾ ਪ੍ਰੀਸ਼ਦ (ਰਜਿ:) ਲੁਧਿਆਣਾ
ਮੁੱਲ : 50 ਰੁਪਏ, ਸਫ਼ੇ : 48
ਸੰਪਰਕ : 94170-87328.

ਲੇਖਕ ਰਣਜੀਤ ਸਿੰਘ ਨੇ 'ਸਤਰੰਗੀ ਪੀਂਘ' ਲਿਖ ਕੇ ਸਮੁੰਦਰ ਨੂੰ ਕੁੱਜੇ ਵਿਚ ਬੰਦ ਕੀਤਾ ਹੈ। ਲੇਖਕ ਰੰਧਾਵਾ ਦੇ ਕਾਫੀ ਨੇੜੇ ਸੀ। ਇਸ ਲਈ ਪੁਸਤਕ ਵਿਚ ਦਿੱਤੇ ਵੇਰਵਿਆਂ ਲਈ ਕਿਸੇ ਸਬੂਤ ਦੀ ਲੋੜ ਨਹੀਂ। 'ਬਚਪਨ ਤੇ ਪੜ੍ਹਾਈ' ਵਿਚ ਲੇਖਕ ਨੇ ਰੰਧਾਵਾ ਦੇ ਬਚਪਨ ਤੇ ਪੜ੍ਹਾਈ ਵੇਲੇ ਆਈਆਂ ਮੁਸ਼ਕਿਲ ਦਾ ਵੇਰਵਾ ਦਿੱਤਾ ਹੈ। 'ਦਿੱਲੀ ਦੀਆਂ ਚੁਣੌਤੀਆਂ' ਇਸ ਲੇਖ ਵਿਚ ਰੰਧਾਵਾ ਦੇ ਕੰਮਾਂ ਦੀ ਅਸਲ ਪਰਖ ਹੁੰਦੀ ਹੈ। ਅੰਗਰੇਜ਼ ਭਾਰਤ ਤੋਂ ਜਾ ਚੁੱਕੇ ਸਨ। ਭਾਰਤ ਦੀ ਵੰਡ ਹੋ ਚੁੱਕੀ ਸੀ। ਲੱਖਾਂ ਪੰਜਾਬੀ ਕਤਲ ਕੀਤੇ ਗਏ, ਉਜੜ ਕੇ ਆਏ ਪੰਜਾਬੀਆਂ ਨੂੰ ਮੁੜ ਵਸਾਉਣ ਦਾ ਕੰਮ ਜੋ ਰੰਧਾਵਾ ਸਾਬ ਨੇ ਕੀਤਾ, ਉਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਥੋੜ੍ਹੀ ਹੈ। ਆਪਣੀ ਮਿਹਨਤ ਤੇ ਇਮਾਨਦਾਰੀ ਸਦਕਾ ਰੰਧਾਵਾ ਹਰ ਵੱਡੇ ਲੀਡਰ ਦਾ ਚਹੇਤਾ ਸੀ। ਪੰਜਾਬ ਆ ਕੇ ਪੰਜਾਬੀਆਂ, ਖ਼ਾਸ ਕਰਕੇ ਪੰਜਾਬੀ ਕਿਸਾਨਾਂ ਲਈ ਵਿਸ਼ੇਸ਼ ਕੰਮ ਕੀਤੇ। ਚੰਡੀਗੜ੍ਹ ਵਸਾਇਆ ਨਹੀਂ ਬਲਕਿ ਇਸ ਨੂੰ ਸ਼ਿੰਗਾਰ ਕੇ ਖੂਬਸੂਰਤ ਬਣਾਇਆ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਪੇਂਡੂ ਜੀਵਨ ਦਾ ਅਜਾਇਬ ਘਰ, ਚੰਡੀਗੜ੍ਹ ਦਾ ਕਲਾ ਅਜਾਇਬ ਘਰ, ਵਿਗਿਆਨ ਅਜਾਇਬ ਘਰ ਆਦਿ ਸਾਰਾ ਕੁਝ ਰੰਧਾਵਾ ਦੇ ਸੁਪਨਿਆਂ ਦੀ ਅਸਲ ਤਸਵੀਰ ਹਨ। ਉਹ ਵੱਡਾ ਅਫਸਰ ਹੋ ਕੇ ਵੀ, ਪੇਂਡੂ ਪੰਜਾਬੀ ਬਣਿਆ ਰਿਹਾ। ਚਿੱਤਰਕਾਰ ਸੋਭਾ ਸਿੰਘ, ਅਦਾਕਾਰ ਬਲਰਾਜ ਸਾਹਨੀ ਤੇ ਪ੍ਰਿਥਵੀ ਰਾਜ ਕਪੂਰ ਉਸ ਦੇ ਗੂੜ੍ਹੇ ਮਿੱਤਰ ਸਨ ਤੇ ਉਸ ਦੇ ਕੰਮਾਂ ਦੀ ਕਦਰ ਕਰਦੇ ਸਨ। ਪੁਸਤਕ ਦੇ ਅਖੀਰ ਵਿਚ ਲੇਖਕ ਨੇ ਜੀਵਨ ਨਿਚੋੜ ਲਿਖਿਆ ਹੈ ਜੋ ਆਮ ਤੇ ਖ਼ਾਸ ਹਰ ਵਿਅਕਤੀ ਲਈ ਅਨਮੋਲ ਹੈ। ਆਕਾਰ ਪੱਖੋਂ ਪੁਸਤਕ ਛੋਟੀ ਲਗਦੀ ਹੈ ਪਰ ਲੇਖਕ ਨੇ ਬੜੀ ਮਿਹਨਤ ਨਾਲ ਸ: ਮਹਿੰਦਰ ਸਿੰਘ ਰੰਧਾਵਾ ਦੀ ਸ਼ਖ਼ਸੀਅਤ ਦੇ ਹਰ ਪੱਖ ਨੂੰ ਬਿਆਨ ਕੀਤਾ ਹੈ।

ਂਅਵਤਾਰ ਸਿੰਘ ਸੰਧੂ
ਮੋ: 99151-82971
ਫ ਫ ਫ

ਚਾਨਣ ਦੀ ਲਲਕਾਰ
ਲੇਖਕ : ਕਰਮ ਸਿੰਘ ਜ਼ਖ਼ਮੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 104.
ਸੰਪਰਕ : 98146-28027.

ਪੰਜਾਬੀ ਗ਼ਜ਼ਲ ਨੂੰ ਲੋਕ-ਹਿਤਾਂ ਦੀ ਜ਼ਬਾਨ 'ਚ ਪੇਸ਼ ਕਰਨ ਵਾਲਿਆਂ ਵਿਚੋਂ ਕਰਮ ਸਿੰਘ ਜ਼ਖ਼ਮੀ ਇਕ ਹੈ। ਉਸ ਦੁਆਰਾ ਰਚਿਤ ਭਾਵੇਂ ਦਰਜਨ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਪਰ ਇਸ ਪੰਜਵੇਂ ਗ਼ਜ਼ਲ-ਸੰਗ੍ਰਹਿ ਜ਼ਰੀਏ ਉਹ ਸਮਰੱਥ ਪੰਜਾਬੀ ਗ਼ਜ਼ਲਗੋਆਂ ਦੀ ਕਤਾਰ ਦੇ ਪਛਾਨਣਯੋਗ ਗ਼ਜ਼ਲਗੋਆਂ ਦਾ ਪਹਿਲੀ ਕਤਾਰ ਦਾ ਗ਼ਜ਼ਲਗੋ ਜਾਪਦਾ ਹੈ। ਕਰਮ ਸਿੰਘ ਜ਼ਖ਼ਮੀ ਦੀਆਂ ਇਹ ਗ਼ਜ਼ਲਾਂ ਵਿਦੇਸ਼ੀ (ਅਰਬੀ, ਫ਼ਾਰਸੀ-ਉਰਦੂ) ਦੇ ਮੁਹਾਵਰੇ ਤੋਂ ਮੁਕਤ ਹੋ ਕੇ ਨਿਰੋਲ ਪੰਜਾਬੀ ਰਹਿਤਲ ਦਾ ਪ੍ਰਗਟਾਵਾ ਕਰਦੀਆਂ ਹਨ। ਪੰਜਾਬੀ ਲੋਕਾਂ ਦੁਆਰਾ ਹੰਢਾਏ ਜਾ ਰਹੇ ਸਮਾਜਿਕ ਵਰਣ-ਵੰਡ ਦੇ ਸੰਤਾਪ, ਆਰਥਿਕ ਨਿਘਾਰਤਾ 'ਚ ਜੀਵਨ ਬਸਰ ਕਰ ਰਹੀ ਕਿਰਤੀ ਅਤੇ ਕਿਸਾਨੀ ਸ਼੍ਰੇਣੀ, ਦੁਰਬਲਤਾ 'ਚ ਬਸਰ ਕਰ ਨਿਮਨ ਵਰਗ ਦੀ ਸ਼੍ਰੇਣੀ, ਪੰਜਾਬ ਹੀ ਨਹੀਂ ਸਗੋਂ ਦੇਸ਼ 'ਚ ਪਸਰ ਚੁੱਕੀ ਗਰੀਬੀ, ਬੇਰੁਜ਼ਗਾਰੀ ਅਤੇ ਮਹਿੰਗਾਈ ਆਦਿ ਨੇ ਜਿਸ ਕਦਰ ਜਨ-ਸਧਾਰਨ ਨੂੰ ਬਿਨ ਆਈ ਮੌਤੇ ਮਰਨ ਲਈ ਲਾਚਾਰ ਕੀਤਾ ਹੈ, ਉਸ ਸਭ ਕਾਸੇ ਦੀ ਤਹਿ ਦਰ ਤਹਿ ਨੂੰ ਪਛਾਣ ਕੇ ਸੂਤਰਿਕ-ਸ਼ੈਲੀ 'ਚ ਸ਼ਿਅਰਾਂ ਜ਼ਰੀਏ ਵਿਅਕਤ ਕੀਤਾ ਗਿਆ ਹੈ। ਅਜੋਕੇ ਸਮੇਂ 'ਚ ਨਾਰੀ ਜਾਤੀ ਦੇ ਅਪਮਾਨ, ਧੀਆਂ-ਭੈਣਾਂ ਦੇ ਜੀਵਨ-ਚੱਜ 'ਚ ਹੁੰਦੇ ਤ੍ਰਿਸਕਾਰ ਵਰਤਾਰੇ, ਭਰੂਣ ਹੱਤਿਆ, ਨਸ਼ਿਆਂ ਦੇ ਵਧ ਰਹੇ ਪਸਾਰੇ ਆਦਿ ਵਰਗੀਆਂ ਸਮੱਸਿਆਵਾਂ ਪ੍ਰਤੀ ਵੀ ਇਹ ਗ਼ਜ਼ਲਗੋ ਸੰਕੇਤਕ ਤੋਂ ਲੈ ਕੇ ਨਾਅਰੇ ਤੱਕ ਹੱਕ-ਪੱਖ ਅਤੇ ਸੱਚ ਦਾ ਅਰਥ-ਬੋਧ ਸ਼ਿਅਰਾਂ ਜ਼ਰੀਏ ਦਰਸਾਉਂਦਾ ਹੈ। ਵਿਸ਼ਵ ਵਿਆਪੀ ਸੰਕਲਪ ਅਤੇ ਮਾਨਵੀ ਚੇਤਨਤਾ ਨੂੰ ਚਾਨਣ ਦਾ ਹੋਕਾ ਦਿੰਦੇ ਹੇਠ ਲਿਖੇ ਸ਼ਿਅਰ ਵੇਖਣਯੋਗ ਹਨ ਕਿਂ
ੳਂਜਦ ਵੀ ਲੈ ਕੇ ਸੀਨੇ ਵਿਚ ਭੁਚਾਲ ਤੁਰੇ ਨਾਨਕ, ਈਸਾ, ਲੈਨਿਨ ਸਾਡੇ ਨਾਲ ਤੁਰੇ।
ਅਂਕਾਹਤੋਂ ਕਰੀਏ ਖ਼ੁਦਕਸ਼ੀਆਂ, ਬਣ ਜਾਈਏ ਤੂਫਾਨ ਫੜ ਕੇ ਤਖਤ ਹਲੂਣੀਏ, ਪਾ ਦਈਏ ਘਮਸਾਨ।
ਨਿਰਸੰਦੇਹ, ਇਹ ਗ਼ਜ਼ਲ ਸੰਗ੍ਰਹਿ ਆਧੁਨਿਕ ਗ਼ਜ਼ਲ ਦੇ ਰੂਪਾਕਾਰਕ ਸਰੋਕਾਰਾਂ ਨਾਲ ਵੀ ਨਿਭਦਾ ਪ੍ਰਤੀਤ ਹੁੰਦਾ ਹੈ ਅਤੇ ਅਜੋਕੀ ਪੰਜਾਬੀ ਮਾਨਸਿਕਤਾ ਦੇ ਸਰਬਾਂਗੀ ਪੱਖਾਂ ਦਾ ਵੀ ਨਿਰੂਪਣ ਬਣਦਾ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਨਿੱਕੀ ਜਿਹੀ ਗੱਲ
ਲੇਖਕ : ਅਮਰ ਸੂਫ਼ੀ
ਪ੍ਰਕਾਸ਼ਕ : ਅਦਬੀ ਪਰਵਾਜ਼ ਪ੍ਰਕਾਸ਼ਨ, ਮਾਨਸਾ
ਮੁੱਲ : 120 ਰੁਪਏ, ਸਫ਼ੇ : 112
ਸੰਪਰਕ : 98555-43660.

ਅਮਰ ਸੂਫ਼ੀ ਬੁਨਿਆਦੀ ਤੌਰ 'ਤੇ ਗ਼ਜ਼ਲਗੋ ਹੈ ਪ੍ਰੰਤੂ ਉਹ ਵਾਰਤਕ ਵੀ ਵਧੀਆ ਲਿਖਦਾ ਹੈ। 'ਨਿੱਕੀ ਜਿਹੀ ਗੱਲ' ਵਿਚ ਉਸ ਨੇ ਹਲਫ਼ੀਆ ਬਿਆਨ ਸਹਿਤ ਪੰਦਰਾਂ ਨਿਬੰਧ ਸ਼ਾਮਿਲ ਕੀਤੇ ਹਨ। ਨਿੱਕੀਆਂ ਗੱਲਾਂ, ਜੋ ਦੇਖਣ ਲਈ ਸਧਾਰਨ ਜਾਪਦੀਆਂ ਹਨ, ਪ੍ਰੰਤੂ ਭਵਿੱਖ 'ਚ ਉਹ ਵੱਡੀਆਂ ਕਰਾਮਾਤਾਂ ਜਾਂ ਵੱਡੇ ਇਤਿਹਾਸਿਕ ਮੋੜਾਂ ਨੂੰ ਜਨਮ ਦੇ ਜਾਂਦੀਆਂ ਹਨ। ਇਨ੍ਹਾਂ ਨਿੱਕੀਆਂ ਗੱਲਾਂ ਨੂੰ ਪੁੱਛਣ ਲਈ ਵੀ ਕਈ ਵਾਰ ਉਮਰਾਂ ਬੀਤ ਜਾਂਦੀਆਂ ਹਨ। 'ਨਿੱਕੀ ਜਿਹੀ ਗੱਲ' ਨਿਬੰਧ ਵਿਚ ਲੇਖਕ ਨੂੰ ਜਦੋਂ ਬਹੁਤ ਦੇਰ ਬਾਅਦ ਪਤਾ ਲਗਦਾ ਹੈ ਕਿ 47 ਦੀ ਵੰਡ ਨੇ ਉਸ ਦੇ ਪਿਤਾ ਦੀ ਮੁਹੱਬਤ ਖੋਹ ਲਈ ਹੈ ਤਾਂ ਉਹ ਦੋਵੇਂ ਰਾਤ ਭਰ ਚੰਗੀ ਤਰ੍ਹਾਂ ਸੌਂ ਵੀ ਨਾ ਸਕੇ। 'ਸਾਹਿਤ ਗਗਨ ਦਾ ਸੂਰਜ' ਵਿਚ ਜਸਵੰਤ ਸਿੰਘ ਕੰਵਲ ਜੇਕਰ ਸਿੰਗਾਪੁਰ ਜਾਂ ਮਲਾਇਆ ਵਿਚ ਹੀ ਵਸ ਜਾਂਦਾ ਤਾਂ ਉਹ ਵੱਡਾ ਨਾਵਲਕਾਰ ਨਾ ਬਣ ਸਕਦਾ। 'ਜੇ ਮੈਂ ਅਧਿਆਪਕ ਹੋਵਾਂ' ਨਿਬੰਧ ਵਿਚੋਂ ਵਿਦਿਆਰਥੀਆਂ ਤੋਂ ਮਿਲੀ ਨਿੱਕੀ-ਨਿੱਕੀ ਜਾਣਕਾਰੀ ਇਹ ਦਰਸਾਉਂਦੀ ਹੈ ਸਾਡੀ ਅਤੇ ਸਾਡੇ ਸਮਾਜ ਦੀ ਮਾਨਸਿਕਤਾ ਕੀ ਹੈ? ਕੋਈ ਸਹਿਜ ਭਾਅ ਅਧਿਆਪਕ ਬਣਨਾ ਨਹੀਂ ਚਾਹੁੰਦਾ, ਸਗੋਂ ਮਜਬੂਰੀ ਵੱਸ ਹੀ ਇਸ ਕਿੱਤੇ ਵੱਲ ਆਉਂਦਾ ਹੈ, ਇਹ ਹੋਣੀ ਬੇਸ਼ੱਕ ਸਾਰਿਆਂ ਦੀ ਨਹੀਂ ਪਰ ਫਿਰ ਵੀ ਅਜਿਹਾ ਕਿਉਂ ਹੈ, ਉਹ ਸਵਾਲ ਉਠਾਉਂਦਾ ਹੈ :
ਅਸੀਂ ਕਿਹੋ ਜਿਹੇ ਸਮਾਜ ਦੀ ਉਸਾਰੀ ਕਰ ਰਹੇ ਹਾਂ?
ਇਨ੍ਹਾਂ ਵਿਦਿਆਰਥੀਆਂ ਵਾਸਤੇ ਜ਼ਿੰਦਗੀ ਦੇ ਅਰਥ ਕੀ ਹਨ?
ਕਸੂਰ ਕਿਸ ਦਾ ਹੈ? ਸਮਾਜ ਦਾ? ਅਧਿਆਪਕਾਂ ਦਾ?
ਵਿਦਿਆਰਥੀਆਂ ਦਾ? ਜਾਂ ਸਰਕਾਰ ਦਾ?
ਇਹ ਸਵਾਲ ਹਨ ਜਿਸ ਦੇ ਨਿਪਟਾਰੇ ਬਿਨਾਂ ਸੁਚੱਜੇ ਸਮਾਜ ਦੀ ਸਿਰਜਣਾ ਕਰਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਹ ਪ੍ਰਸ਼ਨ ਸਮੁੱਚੇ ਨਿਬੰਧਾਂ ਵਿਚ ਥਾਂ-ਪੁਰ-ਥਾਂ ਫਨ ਫੈਲਾਈ ਖੜ੍ਹੇ ਹਨ। ਨਿਬੰਧਾਂ ਦੀ ਸ਼ੁਰੂਆਤ ਉਤਸੁਕਤਾ ਭਰਪੂਰ, ਮੱਧ 'ਚ ਵਿਸ਼ੇ ਦੇ ਅਨੁਕੂਲ ਢੁੱਕਵੀਆਂ ਤਸ਼ਬੀਹਾਂ, ਵਿਚਾਰਾਂ/ਘਟਨਾਵਾਂ ਦਾ ਫੈਲਾਓ, ਵਿਸ਼ੇ ਦੀ ਪੇਸ਼ਕਾਰੀ ਆਦਿ ਰੌਚਕਤਾ ਕੁਝ ਜਾਣਨ ਦੀ ਉਤਸੁਕਤਾ ਜਗਾਉਣ ਦੀ ਵਿਧੀ ਵਧੇਰੇ ਕਾਰਗਰ ਸਾਬਤ ਹੋਈ ਹੈ। ਅੰਤ ਸੋਚਣ ਵਿਚਾਰਨ ਲਾ ਜਾਂਦਾ ਹੈ। ਕੁੱਲ ਮਿਲਾ ਕੇ ਇਹ ਪੁਸਤਕ ਸਾਂਭਣਯੋਗ ਹੈ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਖਿੱਲਰੇ ਵਰਕੇ
ਕਹਾਣੀਕਾਰਾ : ਤਾਰਾ ਸ਼ਰਮਾ
ਪ੍ਰਕਾਸ਼ਕ : ਕੁੰਭ ਪਬਲੀਕੇਸ਼ਨਜ਼, ਜ਼ੀਰਕਪੁਰ (ਮੁਹਾਲੀ)
ਮੁੱਲ : 150 ਰੁਪਏ, ਸਫ਼ੇ : 126
ਮੋ: 94178-65202.

ਗਲਪ-ਸਾਹਿਤ ਦੀ ਮਹੱਤਵਪੂਰਨ ਸਾਹਿਤ ਵਿਧਾ 'ਨਿੱਕੀ ਕਹਾਣੀ' ਦੇ ਵਿਹੜੇ ਵਿਚ ਪਾਠਕਾਂ-ਆਲੋਚਕਾਂ ਦੀ ਪ੍ਰਵਾਨਗੀ ਪ੍ਰਾਪਤ ਕਰਨ ਦੀ ਆਸ ਨਾਲ ਆਪਣਾ ਪਲੇਠਾ ਕਹਾਣੀ ਸੰਗ੍ਰਹਿ 'ਖਿੱਲਰੇ ਵਰਕੇ' ਲੈ ਕੇ ਹਾਜ਼ਰ ਹੋਈ ਕਹਾਣੀਕਾਰਾ ਤਾਰਾ ਸ਼ਰਮਾ ਇਸ ਪੁਸਤਕ ਦੀ ਪ੍ਰਕਾਸ਼ਨਾ ਤੋਂ ਪਹਿਲਾਂ ਇਕ ਕਾਵਿ-ਸੰਗ੍ਰਹਿ, ਇਕ ਨਾਵਲ ਅਤੇ ਤਿੰਨ ਕੁ ਵਾਰਤਕ ਦੀਆਂ ਪੁਸਤਕਾਂ ਪੰਜਾਬੀ ਸਾਹਿਤ ਦੀ ਨਜ਼ਰ ਕਰਕੇ ਖ਼ੁਦ ਨੂੰ ਬਹੁਪੱਖੀ ਸਾਹਿਤਕਾਰਾ ਸਿੱਧ ਕਰ ਚੁੱਕੀ ਹੈ। ਕਹਾਣੀਕਾਰਾ ਵਜੋਂ ਉਸ ਨੇ ਇਸ ਸੰਗ੍ਰਹਿ ਵਿਚ 11 ਕਹਾਣੀਆਂ ਲਿਖ ਕੇ ਆਪਣੀ ਕਹਾਣੀ ਕਹਿਣ ਦੀ ਕਲਾ ਦਾ ਵੀ ਵਧੀਆ ਪ੍ਰਭਾਵ ਸਿਰਜਿਆ ਹੈ। ਜਬਰ-ਜਨਾਹ, ਦਹੇਜ ਦੀ ਲਾਹਨਤ, ਖੇਤੀ ਛੱਡ ਕੇ ਕਾਲੋਨੀਆਂ ਦੀ ਉਸਾਰੀ ਲਈ ਕਿਸਾਨਾਂ ਵੱਲੋਂ ਆਪਣੀ ਵਾਹੀਯੋਗ ਜ਼ਮੀਨ ਵੇਚਣਾ, ਨਵੀਂ ਪੀੜ੍ਹੀ ਦਾ ਵਿਦੇਸ਼ਾਂ 'ਚ ਜਾ ਕੇ ਸੈਟਲ ਹੋਣ ਦਾ ਰੁਝਾਨ, ਨੈਤਿਕਤਾ ਛੱਡ ਕੇ ਰਿਸ਼ਵਤਖੋਰੀ ਅਤੇ ਬੇਈਮਾਨੀ ਕਰਕੇ ਵੀ ਖ਼ੁਦ ਨੂੰ ਇੱਜ਼ਤ ਵਾਲੇ ਸਮਝਣ ਵਾਲੇ ਲੋਕ ਅਤੇ ਵੱਡੀ ਉਮਰ ਵਿਚ ਜੀਵਨ ਸਾਥੀ ਲੱਭਣ ਵਰਗੇ ਗੰਭੀਰ ਚਲੰਤ ਮਸਲਿਆਂ ਨੂੰ ਲੈ ਕੇ ਲਿਖੀਆਂ ਇਹ ਕਹਾਣੀਆਂ ਪਾਠਕ ਨੂੰ ਗੰਭੀਰਤਾ ਨਾਲ ਮੱਥਾ ਫੜ ਕੇ ਬੈਠਣ ਲਈ ਮਜਬੂਰ ਕਰਦੀਆਂ ਹਨ। ਬੇਸ਼ੱਕ ਸੰਗ੍ਰਹਿ ਦੀਆਂ ਕਈ ਕਹਾਣੀਆਂ 'ਨਿੱਕੀ ਕਹਾਣੀ' ਦੀ ਤਕਨੀਕ 'ਤੇ ਖਰੀਆਂ ਨਹੀਂ ਉਤਰਦੀਆਂ ਜਾਂ ਉਸ ਦੀ ਪਰਿਭਾਸ਼ਾ ਨਾਲ ਮੇਲ ਨਹੀਂ ਖਾਂਦੀਆਂ ਪਰ ਇਨ੍ਹਾਂ 'ਚੋਂ ਕਈ ਕਹਾਣੀਆਂ ਅਜਿਹੀਆਂ ਹਨ ਜੋ ਖ਼ਤਮ ਹੋਣ ਤੋਂ ਬਾਅਦ ਵੀ ਪਾਠਕ ਦੇ ਮਨ 'ਚ ਚੱਲਣ ਦੀ ਸਮਰੱਥਾ ਰੱਖਦੀਆਂ ਹਨ। 'ਪ੍ਰਤਿੱਗਿਆ', 'ਸੋਨੇ ਦੀ ਅੰਗੂਠੀ', 'ਪਾਰਸਲ', 'ਰਜਿਸਟਰੀ', 'ਇਮਾਨਦਾਰੀ', 'ਮਜ਼ਦੂਰ ਔਰਤ', 'ਸੀਰੇ ਦੀ ਮੱਖੀ', ਦਿਖਾਵੇ ਦੀ ਦੁਨੀਆ', 'ਅਜੋਕੇ ਸਮੇਂ ਦੀ ਨਬਜ਼' 'ਤੇ 'ਉਂਗਲ ਧਰਨ' ਹਿਤ ਲਿਖੀਆਂ ਸਫਲ ਕਹਾਣੀਆਂ ਹਨ। ਕਈ ਕਹਾਣੀਆਂ ਆਪਣੇ ਉਪਦੇਸ਼ਾਤਮਕ ਪ੍ਰਭਾਵ ਅਤੇ ਫਾਲਤੂ ਵਿਸਥਾਰ ਕਰਕੇ ਰੜਕਦੀਆਂ ਹਨ। ਸਮੁੱਚੇ ਤੌਰ 'ਤੇ ਪ੍ਰਭਾਵ ਕਬੂਲੀਏ ਤਾਂ ਤਾਰਾ ਸ਼ਰਮਾ ਨੂੰ ਪੰਜਾਬੀ ਨਿੱਕੀ ਕਹਾਣੀ ਲਈ ਸ਼ੁੱਭ ਸ਼ਗਨ ਕਿਹਾ ਜਾ ਸਕਦਾ ਹੈ।

ਂਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.
ਫ ਫ ਫ

ਤਪੋਵਨ ਦੀ ਵਾਟ
ਲੇਖਕ : ਹਰਚੰਦ ਸਿੰਘ ਬਾਸੀ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 195, ਸਫ਼ੇ : 117
ਸੰਪਰਕ : 0172-4027552.

ਹਰਚੰਦ ਸਿੰਘ ਬਾਸੀ ਇਸ ਤੋਂ ਪਹਿਲਾਂ ਤਿੰਨ ਕਿਤਾਬਾਂ ਦੀ ਰਚਨਾ ਕਰ ਚੁੱਕਾ ਹੈ। ਹਥਲੀ ਪੁਸਤਕ 'ਤਪੋਵਨ ਦੀ ਵਾਟ' ਉਸ ਦਾ ਕਹਾਣੀ-ਸੰਗ੍ਰਹਿ ਹੈ, ਜਿਸ ਵਿਚ ਕੁੱਲ 21 ਕਹਾਣੀਆਂ ਹਨ। ਸਾਰੀਆਂ ਹੀ ਕਹਾਣੀਆਂ ਵਿਚ ਮਨੁੱਖੀ ਸਮੱਸਿਆਵਾਂ ਨੂੰ ਉਜਾਗਰ ਕੀਤਾ ਗਿਆ। ਜਿਵੇਂ ਕਿ ਪਹਿਲੀ ਕਹਾਣੀ 'ਫ਼ੈਸਲਾ ਤੇ ਫਾਸਲਾ' ਵਿਚ ਜ਼ਮੀਨ ਵੰਡਣ ਤੋਂ ਬਾਅਦ ਆਪਣੇ ਪਿਤਾ ਨੂੰ ਮੋਟਰ ਵਾਲੇ ਕੋਠੇ ਵਿਚ ਭੇਜ ਦਿੰਦੇ ਹਨ। ਪਰ ਜਦੋਂ ਉਸ ਦੀ ਪੈਨਸ਼ਨ ਆਉਂਦੀ ਹੈ ਤਾਂ ਚਾਰੇ ਪੁੱਤ ਉਸ ਨੂੰ ਲੈਣ ਜਾਂਦੇ ਹਨ ਤਾਂ ਪਿਤਾ ਅੱਗੋਂ ਫ਼ੈਸਲਾ ਨਹੀਂ ਮਨਾਂ ਦੇ ਫਾਸਲੇ ਵਧਣ ਦੀ ਗੱਲ ਕਰਦਾ ਹੈ। 'ਜੱਗ ਦੋਸ਼ ਧਰੇ' ਕਹਾਣੀ ਵਿਚ ਸਮਾਜ ਵਿਚ ਜੋ ਬੱਚੀਆਂ ਦੀ ਜ਼ਿੰਦਗੀ ਵਿਚ ਵਾਪਰਦਾ ਹੈ, ਉਸ ਸੱਚ ਨੂੰ ਬਿਆਨ ਕੀਤਾ ਗਿਆ ਹੈ। 'ਉਲਝੇ ਧਾਗੇ' ਕਹਾਣੀ ਵਿਚ ਜਾਤ-ਪਾਤ ਦੇ ਵਿਤਕਰੇ ਦੀ ਗੱਲ ਕੀਤੀ ਹੈ। 'ਇਲਾਜ' ਕਹਾਣੀ ਵਿਚ ਆਪਣੇ ਹੱਕਾਂ ਦੀ ਗੱਲ ਕੀਤੀ ਗਈ ਹੈ ਅਤੇ ਅਗਲੀ ਕਹਾਣੀ 'ਕਾਲਾ ਗੋਰਾ' ਵਿਚ ਜਾਤੀ ਦੀ ਹਉਮੈ ਰੱਖਣ ਵਾਲਾ ਵੀ ਬਾਹਰਲੇ ਧੀਆਂ ਪੁੱਤਾਂ ਅੱਗੇ ਸਮਝਦਾਰੀ ਵਰਤਦਾ ਹੋਇਆ ਜ਼ਮਾਨੇ ਦੇ ਨਾਲ ਚੱਲਣ ਲਗਦਾ ਹੈ ਅਤੇ ਇਸ ਕਹਾਣੀ ਵਿਚ ਗੁਰਬਾਣੀ ਦੇ ਵਿਚਾਰਾਂ 'ਤੇ ਵੀ ਅਮਲ ਕੀਤਾ ਗਿਆ ਹੈ। ਇਸ ਪ੍ਰਕਾਰ ਕਹਾਣੀਆਂ ਵਿਚ ਪੁੱਤਾਂ-ਧੀਆਂ ਦੁਆਰਾ ਮਾਪਿਆਂ ਨੂੰ ਤ੍ਰਿਸਕਾਰਿਆ ਜਾਂਦਾ ਹੈ ਜਿਵੇਂ ਕਿ 'ਤਰੱਕੀ' ਕਹਾਣੀ ਵਿਚ ਦੱਸਿਆ ਗਿਆ ਹੈ ਕਿ ਇਕ ਪੁੱਤ ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰਦਾ ਹੈ, ਪਰ ਜਦੋਂ ਉਸ ਦੇ ਬੱਚੇ ਵੱਡੇ ਹੋ ਜਾਂਦੇ ਹਨ ਤੇ ਅਫਸਰ ਬਣ ਜਾਂਦੇ ਹਨ, ਉਹ ਆਪਣੇ ਮਾਂ-ਪਿਓ ਨੂੰ ਵਿਸਾਰ ਦਿੰਦੇ ਹਨ ਤੇ ਬੁੱਢੇ ਮਾਂ-ਪਿਓ 'ਕੱਲੇ ਬੈਠੇ ਉਨ੍ਹਾਂ ਦੀ ਉਡੀਕ ਕਰਦੇ ਰਹਿੰਦੇ ਹਨ। ਇਸ ਪ੍ਰਕਾਰ ਸਾਰੀਆਂ ਹੀ ਕਹਾਣੀਆਂ ਵਿਚ ਜੋ ਸਮਾਜਿਕ ਵਰਤਾਰੇ ਵਿਚ ਵਾਪਰ ਰਿਹਾ ਹੈ, ਉਸ ਸਾਰੇ ਸੱਚ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਮਨੁੱਖ ਦੀਆਂ ਸਮੱਸਿਆਵਾਂ ਨੂੰ ਉਜਾਗਰ ਕੀਤਾ ਹੈ ਅਤੇ ਚੰਗਾ ਸਮਾਜ ਸਿਰਜਨ ਦੀ ਉਮੀਦ ਕੀਤੀ ਹੈ। ਕਥਾਕਾਰ ਨੇ ਜੋ ਕਹਾਣੀ ਸੰਗ੍ਰਹਿ ਦਾ ਨਾਂਅ ਰੱਖਿਆ ਹੈ, ਉਹ ਕਹਾਣੀ ਇਸ ਪੁਸਤਕ ਵਿਚ ਨਹੀਂ ਹੈ ਜੋ ਕਥਾਕਾਰ ਦੀ ਗ਼ਲਤੀ ਰੜਕਦੀ ਹੈ ਪਰ ਫਿਰ ਵੀ ਕਹਾਣੀਕਾਰ ਵਧਾਈ ਦਾ ਪਾਤਰ ਹੈ।

ਂਗੁਰਬਿੰਦਰ ਕੌਰ ਬਰਾੜ
ਮੋ: 9855395161
ਫ ਫ ਫ

ਰੂਹ ਤੋਂ ਕਾਇਨਾਤ ਤੱਕ
ਲੇਖਿਕਾ : ਡਾ: ਮਨਦੀਪ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 81464-44033

'ਰੂਹ ਤੋਂ ਕਾਇਨਾਤ' ਡਾ: ਮਨਦੀਪ ਕੌਰ ਦਾ ਕਾਵਿ-ਸੰਗ੍ਰਹਿ ਹੈ। ਛੋਟੀਆਂ-ਛੋਟੀਆਂ ਕਵਿਤਾਵਾਂ ਦਾ ਇਹ ਸੰਗ੍ਰਹਿ ਕਵਿੱਤਰੀ ਦੀ ਮਨ ਤੋਂ ਸ੍ਰਿਸ਼ਟੀ ਤੱਕ ਦੀ ਯਾਤਰਾ ਹੈ। ਕਵਿੱਤਰੀ ਦੀ ਮੁੱਖ ਸੁਰ ਮਨੋਵਿਗਿਆਨਕ ਹੈ, ਉਹ ਭਾਵਨਾਵਾਂ ਦੇ ਵਹਿਣ ਵਿਚ ਵਹਿੰਦੀ ਆਪਣੇ ਮਨ ਦੀਆਂ ਡੂੰਘੀਆਂ ਬਾਤਾਂ ਪਾਠਕਾਂ ਨਾਲ ਸਾਂਝੀਆਂ ਕਰਦੀ ਹੈ। ਬਿਨਾਂ ਕਿਸੇ ਭੂਮਿਕਾ ਤੋਂ ਸ਼ੁਰੂ ਹੁੰਦੀ ਇਹ ਕਾਵਿ-ਪੁਸਤਕ ਕਵਿਤਰੀ ਦੇ ਅੰਤਰ ਮਨ ਦੀ ਯਾਤਰਾ ਹੈ।
ਮਨ ਦੇ ਹਰਨਿਆਂ, ਉਦਾਸੀ ਚਰਨਿਆਂ
ਖਾ ਖਾ ਠੋਕਰਾਂ ਸਿੱਖ ਜਾਏਂਗਾ ਸਹਿਜ ਹੋਣਾ
ਔਰਤ ਦੇ ਮਨ ਦੀ ਘੋਰ ਉਦਾਸੀ ਦਾ ਪ੍ਰਮਾਣ ਹੈ। ਅਜੋਕੇ ਯੁੱਗ ਦੇ ਅਖੌਤੀ ਰਿਸ਼ਤਿਆਂ ਦੀ ਪਰਿਭਾਸ਼ਾ ਪਿਆਰ ਨੂੰ ਸੰਕੇਤਕ ਢੰਗ ਨਾਲ ਚਿਤਰਦੀ ਕਵਿਤਾ 'ਇਹ ਪਾਣੀ', 'ਭੇਦ' ਧਿਆਨ ਮੰਗਦੀਆਂ ਹਨ। ਮਰਦ ਪ੍ਰਧਾਨ ਸਮਾਜ ਵਿਚ ਔਰਤ ਦੀ ਆਜ਼ਾਦੀ ਮਹਿਜ਼ ਸਿਧਾਂਤਾਂ ਤੇ ਕਿਤਾਬਾਂ ਤੱਕ ਸੀਮਤ ਹੈ, ਇਸ ਦਾ ਪ੍ਰਗਟਾਵਾ ਵੀ ਲੇਖਿਕਾ ਨੇ ਭਲੀ-ਭਾਂਤ ਕੀਤਾ ਹੈ। 'ਸੋਚ', 'ਮੁਟਿਆਰਾਂ', 'ਬੌਣਸਾਈ' ਕਵਿਤਾਵਾਂ ਇਸ ਸੰਦਰਭ ਵਿਚ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਲੇਖਿਕਾ ਘਰ ਦੀ ਪਰਿਭਾਸ਼ਾ ਵੀ ਆਪਣੇ ਦ੍ਰਿਸ਼ਟੀਕੋਣ ਤੋਂ ਨਿਸਚਤ ਕਰਦੀ ਹੈ। ਅਜੋਕੇ ਸਮਾਜ ਪ੍ਰਬੰਧ ਉੱਪਰ ਧਿਆਨ ਦਿਵਾਉਂਦੀਆਂ ਕਵਿਤਰੀ ਦੀਆਂ ਕਵਿਤਾਵਾਂ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਤੇ ਹੋਰ ਸਮਾਜਿਕ ਮਸਲਿਆਂ ਨਾਲ ਦੋ-ਚਾਰ ਹੁੰਦੀਆਂ ਹਨ।
ਇੰਟਰਵਿਊ ਅਜਿਹਾ ਨਾਟਕ
ਜਿਸ ਦਾ ਅੰਤ ਅਸੀਂ ਜਾਣਦੇ ਹਾਂ
ਪਰ ਇਕ ਕਠਪੁਤਲੀ ਵਾਂਗ ਪ੍ਰਵੇਸ਼ ਕਰਦੇ ਹਾਂ।
ਗੋਲ ਮੇਜ਼ 'ਤੇ ਬੈਠੇ ਨਟ ਨਟੀ
ਅਗਲੀ ਕਾਰਵਾਈ ਨੂੰ ਸੇਧ ਦਿੰਦੇ ਨੇ ਭਵਿੱਖ? (ਪੰਨਾ 86)
ਕਵਿੱਤਰੀ ਆਸ਼ਾਵਾਦੀ ਸੁਰ ਨੂੰ ਵੀ ਆਪਣਾ ਮਕਸਦ ਬਣਾਉਂਦੀ ਹੈ, ਚੁਫੇਰੇ ਦਿਖਦੇ ਤੰਗ ਤੇ ਨਿਰਾਸ਼ ਮਾਹੌਲ ਦੇ ਬਾਵਜੂਦ ਉਹ ਰੌਸ਼ਨ ਸਮਾਜ ਲਈ ਆਸਵੰਦ ਹੈ। ਉਸ ਦੀ ਸੁਰ ਕਿਤੇ-ਕਿਤੇ ਵਿਅੰਗਮਈ ਵੀ ਹੈ, ਜਿਥੇ ਅਸੀਂ ਕੇਵਲ ਆਪਣੇ ਚੁਫ਼ੇਰੇ ਨੂੰ ਭੰਡਦੇ ਰਹਿੰਦੇ ਹਾਂ ਪਰ ਕਦੀ ਆਪਣੇ-ਆਪ ਨੂੰ ਬਦਲਣ ਦਾ ਹੀਆ ਨਹੀਂ ਕਰਦੇ।
ਸਾਡੇ ਅਸੂਲ ਜਿਥੇ ਆਪਣੇ ਨਾਲ ਉਲਝਦੇ ਸੁਲਝਦੇ ਲਟਕਦੇ ਤਾਂ ਰਹਿੰਦੇ ਹਨ ਪਰ ਬਲਣ ਦਾ ਹੀਆ ਨਹੀਂ ਕਰਦੇ (ਪੰਨਾ 47)
ਸਮੁੱਚੇ ਤੌਰ 'ਤੇ ਨਿੱਕੇ-ਨਿੱਕੇ ਭਾਵਾਂ ਨੂੰ ਸਿਰਜਦੀ ਸ਼ਾਇਰਾ ਦੀ ਕਵਿਤਾ ਜੀਵਨ ਦੀਆਂ ਪਰਿਭਾਸ਼ਾਵਾਂ ਘੜਨ ਦੀ ਕੋਸ਼ਿਸ਼ ਕਰਦੀ ਹੈ।

ਂਪ੍ਰੋ: ਕੁਲਜੀਤ ਕੌਰ ਅਠਵਾਲ
ਫ ਫ ਫ

ਦਾਰਸ਼ਨਿਕ ਅਤੇ ਪ੍ਰਗਤੀਵਾਦੀ ਦ੍ਰਿਸ਼ਟੀਕੋਣ ਤੋਂ
ਡਾ: ਅਮਰ ਕੋਮਲ ਦੀ ਕਾਵਿ-ਚੇਤਨਾ ਦੇ ਮਾਨਵੀ-ਸਰੋਕਾਰ
ਲੇਖਕ : ਡਾ: ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 425 ਰੁਪਏ, ਸਫ਼ੇ : 277
ਸੰਪਰਕ : 011-23280657.

ਡਾ: ਬਲਦੇਵ ਸਿੰਘ ਬੱਦਨ ਦੀ ਇਹ ਪੁਸਤਕ ਡਾ: ਅਮਰ ਕੋਮਲ ਦੀ ਕਵਿਤਾ ਬਾਰੇ ਇਕ ਉਪਾਧੀ-ਨਿਰਪੇਖ ਖੋਜ ਕਾਰਜ ਹੈ, ਜਿਸ ਵਿਚ ਡਾ: ਕੋਮਲ ਦੀ ਕਾਵਿ ਚੇਤਨਾ ਦੇ ਮਾਨਵੀ ਸਰੋਕਾਰਾਂ ਦਾ ਨਿੱਠ ਕੇ ਅਧਿਐਨ ਕੀਤਾ ਗਿਆ ਹੈ। ਡਾ: ਕੋਮਲ ਇਕ ਬਹੁਵਿਧਾਈ ਲੇਖਕ ਹੈ ਪਰ ਇਸ ਪੁਸਤਕ ਵਿਚ ਉਸ ਦੀਆਂ ਕਾਵਿ-ਰਚਨਾਵਾਂ ਦਾ ਹੀ ਵਿਸ਼ਲੇਸ਼ਣ ਕੀਤਾ ਗਿਆ ਹੈ। ਪਹਿਲੇ ਅਧਿਆਇ ਵਿਚ ਤਿੰਨ ਕਾਵਿ-ਸੰਗ੍ਰਹਿ (ਨੂਰ ਦੇ ਫੁੱਲ, ਬੰਦਨ ਬਾਰ, ਕਿਰਨਾਂ ਦੇ ਸਿਰਨਾਵੇਂ); ਦੂਜੇ ਕਾਂਡ ਵਿਚ ਤਿੰਨ ਕਾਵਿ-ਸੰਗ੍ਰਹਿ (ਉਸ ਨੂੰ ਮੇਰਾ ਸਲਾਮ, ਸਤਯਮੇਵ ਜਯਤੇ, ਤਥਾ ਅਸਤੂ); ਤੀਜੇ ਕਾਂਡ ਵਿਚ 'ਉਸ ਨੂੰ ਮੇਰਾ ਸਲਾਮ' ਦਾ ਪਾਠਗਤ ਮੁਲਾਂਕਣ; ਚੌਥੇ ਕਾਂਡ ਵਿਚ 'ਮੇਰੇ ਸਾਹਿਬ ਜੀਓ' ਦਾ ਦੀਰਘ ਅਧਿਐਨ ਪ੍ਰਸਤੁਤ ਕੀਤਾ ਗਿਆ ਹੈ। ਇਵੇਂ ਹੀ ਪੰਜਵੇਂ, ਛੇਵੇਂ ਅਤੇ ਸਤਵੇਂ ਕਾਂਡ ਵਿਚ ਕ੍ਰਮਵਾਰ ਗ਼ਜ਼ਲ, ਪ੍ਰਗੀਤ ਅਤੇ ਦੋਹਰਿਆਂ ਬਾਰੇ ਚਰਚਾ ਹੈ। ਅੱਠਵੇਂ ਕਾਂਡ ਵਿਚ ਕਵੀ ਨਾਲ ਵਿਸ਼ੇਸ਼ ਮੁਲਾਕਾਤ ਕਰਵਾਈ ਗਈ ਹੈ।
ਚੜ੍ਹਦੀ ਜਵਾਨੀ ਵਿਚ ਕੋਮਲ ਨੇ ਕਿਸੇ ਹੱਡ-ਮਾਸ ਦੀ ਥਾਵੇਂ ਕਲਪਤ ਮਹਿਬੂਬਾ ਦੀ ਯਾਦ ਵਿਚ ਨਜ਼ਮਾਂ ਦੀ ਸਿਰਜਣਾ ਕੀਤੀ। ਇਹ ਸਾਰੀਆਂ ਨਜ਼ਮਾਂ ਰੁਮਾਂਸਵਾਦ ਦੀਆਂ ਲਗਪਗ ਸਾਰੀਆਂ ਸ਼ਰਤਾਂ 'ਤੇ ਪੂਰੀਆਂ ਉੱਤਰਦੀਆਂ ਹਨ। ਜਿਵੇਂ-ਜਿਵੇਂ ਉਮਰ ਵਡੇਰੀ ਹੁੰਦੀ ਗਈ, ਉਸ ਦੀ ਕਵਿਤਾ ਨਿੱਜ ਤੋਂ ਪਰ ਵੱਲ ਮੋੜਾ ਕੱਟਦੀ ਗਈ। ਇੰਜ ਮਨੁੱਖਤਾ ਦਾ ਦਰਦ ਉਸ ਦੀ ਕਵਿਤਾ ਵਿਚ ਪ੍ਰਵੇਸ਼ ਕਰਦਾ ਗਿਆ। ਹੁਣ ਉਹ ਪੂਰੇ ਦਾ ਪੂਰਾ ਪ੍ਰਗਤੀਵਾਦੀ ਰੰਗ ਵਿਚ ਰੰਗਿਆ ਗਿਆ। ਪਰ ਉਸ ਦਾ ਅਨੁਭਵ ਵਿਸ਼ਾਲ ਹੁੰਦਾ ਗਿਆ, ਜਿਸ ਕਾਰਨ ਉਹ ਦਾਰਸ਼ਨਿਕਤਾ ਦੀਆਂ ਸਿਖ਼ਰਾਂ ਛੂਹਣ ਲੱਗਾ। ਵਿਗਿਆਨਕ ਸੋਚ ਪ੍ਰਬਲ ਹੋਣ ਲੱਗੀ। ਆਤਮ-ਅਨਾਤਮ ਦੀ ਸਮਝ ਪੈਣ ਲੱਗੀ। ਉਸ ਅਨੁਸਾਰ ਕ੍ਰਾਂਤੀ ਵਿਗਿਆਨਕ ਸੂਝ-ਬੂਝ ਨਾਲ ਹੀ ਆ ਸਕਦੀ ਹੈ। ਬੰਦੂਕ ਦੀ ਗੋਲੀ ਨਾਲ ਨਹੀਂ। ਇਸੇ ਲਈ ਉਹ ਜੁਝਾਰਵਾਦੀ ਕਾਵਿ ਨਹੀਂ ਸਿਰਜ ਸਕਿਆ। ਡਾ: ਬੱਦਨ ਦਾ ਇਹ ਖੋਜ ਕਾਰਜ ਸ਼ਲਾਘਾਯੋਗ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਅਮਿੱਟ ਸਿਰਨਾਵੇਂ
ਲੇਖਿਕਾ : ਪ੍ਰੋ: ਇੰਦਰ ਮੋਹਣ ਕੌਰ
ਪ੍ਰਕਾਸ਼ਕ : ਲਾਹੌਰ ਬੁਕਸ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 154
ਸੰਪਰਕ : 93169-84100.

ਡਾ: ਇੰਦਰ ਮੋਹਣ ਕੌਰ ਪੰਜਾਬੀ ਸਾਹਿਤ ਜਗਤ ਲਈ ਅਸਲੋਂ ਨਵਾਂ ਨਾਂਅ ਹੈ ਪ੍ਰੰਤੂ ਉਨ੍ਹਾਂ ਦੀ ਲਗਾਤਾਰ ਸਾਧਨਾ (ਵਿਦਿਆਰਥੀ ਜੀਵਨ ਤੋਂ ਹੁਣ ਤੱਕ) ਸਦਕਾ 'ਅਮਿੱਟ ਸਿਰਨਾਵੇਂ' ਪਲੇਠਾ ਕਾਵਿ-ਸੰਗ੍ਰਹਿ ਹੈ, ਜੋ ਉਨ੍ਹਾਂ ਦੇ ਲੰਮੇ ਜੀਵਨ ਕਾਲ 'ਚ ਵਾਪਰੇ ਦੁੱਖਾਂ-ਸੁੱਖਾਂ ਦੇ ਅਨੁਭਵ ਦੇ ਹੰਢਾਉਂਦੇ ਪਲਾਂ ਨੂੰ ਆਪਣੀਆਂ ਕਾਵਿ-ਕਿਰਤਾਂ 'ਚ ਵਿਸ਼ਿਆਂ ਦੇ ਰੂਪ ਵਿਚ ਸੰਮਲਿਤ ਹੁੰਦਿਆਂ, ਪੇਸ਼ਕਾਰੀ ਦਾ ਰੂਪ ਧਾਰਨ ਕਰਦਾ ਹੈ। ਇਹ ਵਰਤਾਰੇ ਹਰ ਮਨੁੱਖ ਦੀ ਜ਼ਿੰਦਗੀ ਵਿਚ ਵਾਪਰਦੇ ਹਨ। ਕੋਈ ਇਨ੍ਹਾਂ ਵਰਤਾਰਿਆਂ ਨੂੰ ਸੰਵੇਦਨਸ਼ੀਲ ਹੁੰਦਿਆਂ ਸ਼ਬਦਾਂ 'ਚ ਢਾਲ ਰਚਨਾ ਨੂੰ ਜਨਮ ਦੇ ਦਿੰਦਾ ਹੈ ਅਤੇ ਕੋਈ 'ਹਊ ਪਰੇ ਕਰ', 'ਰੱਬ ਦਾ ਭਾਣਾ ਮੰਨ' ਜਾਂ 'ਸਾਨੂੰ ਕੀ?' ਕਹਿ ਪਿੱਛਾ ਛੁਡਾ ਜਾਂਦਾ ਹੈ। ਪ੍ਰੰਤੂ ਇੰਦਰ ਮੋਹਣ ਕੌਰ ਨੇ ਦਲੇਰੀ, ਸਿਰੜਤਾ ਅਤੇ ਸ਼ਿੱਦਤਤਾ ਨਾਲ ਜੁੜ ਹੰਢਾਏ ਪਲਾਂ ਦੀ ਸੂਖਮਤਾ, ਤਰਲਤਾ ਨੂੰ ਜ਼ਿਹਨ 'ਚ ਸੰਜੋਅ, ਸਮੁੱਚੀ ਲੋਕਾਈ ਦੇ ਦੁੱਖਾਂ-ਦਰਦਾਂ, ਵਿਤਕਰਿਆਂ, ਅਨਿਆਏਪੂਰਨ ਵਤੀਰੇ ਦੀ ਯਥਾਰਥਕਤਾ ਪਾਠਕਾਂ ਸਾਹਮਣੇ ਪੇਸ਼ ਕੀਤੀ ਹੈ। ਇਸ ਕਾਵਿ-ਸੰਗ੍ਰਹਿ ਵਿਚ 54 ਕਵਿਤਾਵਾਂ ਹਨ, ਜਿਨ੍ਹਾਂ ਦਾ ਵਿਸ਼ਾ ਸਮਾਜੀ ਰਿਸ਼ਤਿਆਂ ਨਾਲ ਜਾ ਜੁੜਦਾ ਹੈ। ਇਹ ਰਿਸ਼ਤੇ 'ਲਹੂ' ਦੇ ਵੀ ਹਨ ਅਤੇ 'ਅਲਹੂ' ਦੇ ਵੀ। ਮਾਤਾ, ਪਿਤਾ, ਪਤੀ, ਪਤਨੀ, ਧੀਆਂ-ਪੁੱਤਰ, ਭੈਣ-ਭਰਾ ਇਹ 'ਲਹੂ' ਦੇ ਰਿਸ਼ਤੇ ਹਨ। 'ਅੰਤਿਮ ਸਫ਼ਰ', 'ਮੇਰੇ ਪਾਪਾ', 'ਧੀ' ਕਵਿਤਾਵਾਂ 'ਲਹੂ' ਦੇ ਰਿਸ਼ਤਿਆਂ ਦੇ ਅਨੁਭਵ ਅਤੇ ਲਗਾਓ ਦੇ ਪੱਖ ਨੂੰ ਬਿਆਨ ਕਰਦੀਆਂ ਹਨ। 'ਇਕ ਖ਼ਤ' (ਅਣਜੰਮੀ ਧੀ ਦੇ ਨਾਂਅ) ਨਜ਼ਮ 'ਧੀ' ਨੂੰ ਜਨਮ ਨਾ ਦੇਣ ਦੇ ਸਮਾਜੀ ਕਾਰਨਾਂ 'ਤੇ ਰੌਸ਼ਨੀ ਪਾਉਂਦੀ ਹੈ :
ਜਦੋਂ ਵੀ ਕੋਈ ਧੀ ਧਿਆਣੀ ਅਣਿਆਈ ਮੌਤੇ ਮਰਦੀ ਹੈ
ਉਸ ਤੋਂ ਵੀ ਪਹਿਲਾਂ ਉਸ ਦੀ ਮਾਂ ਚਿਖ਼ਾ 'ਚ ਸੜਦੀ ਹੈ।
ਮਤੇ ਕੋਈ ਦਾਜ ਪਿੱਛੇ ਧੀ ਜਲਾਏ
ਜਾਂ ਕੋਈ/ਵਹਿਸ਼ੀ ਦਰਿੰਦਾ
ਉਸ ਨਾਲ ਆਪਣੀ ਹਵਸ ਮਿਟਾਏ।
'ਵਿਦਾਇਗੀ', 'ਸੇਵਾ-ਮੁਕਤੀ', 'ਸੇਵਾ-ਮੁਕਤੀ ਤੇ' ਨਜ਼ਮਾਂ ਮੁਲਾਜ਼ਮ ਦੀ ਸੇਵਾ-ਮੁਕਤੀ ਨਾਲ ਜੁੜੇ ਛਿਣਾਂ ਦੀ ਪੇਸ਼ਕਾਰੀ ਹੈ। 'ਇੰਤਜ਼ਾਰ' ਛੋਟੀ ਉਮਰੇ ਤੁਰ ਗਏ ਗਾਇਕ ਇਸ਼ਮੀਤ ਨੂੰ ਸ਼ਰਧਾਂਜਲੀ ਹੈ। ਕਵਿਤਾਵਾਂ ਵਿਚ ਸ਼ਬਦਾਵਲੀ ਭਾਵਾਂ ਦੇ ਅਨੁਕੂਲ ਹੀ ਸਰਲ, ਸਪੱਸ਼ਟ ਅਤੇ ਭਾਵਪੂਰਤ ਵਰਤੀ ਗਈ ਹੈ। ਪਾਤਰਾਂ ਦੇ ਕਾਵਿ-ਚਿੱਤਰ ਆਪ-ਮੁਹਾਰੇ ਹੀ ਤੁਹਾਡੇ ਸਾਹਮਣੇ ਆ ਪ੍ਰਗਟਦੇ ਹਨ। ਸਰਵਰਕ 'ਤੇ ਧੀਮੀ ਸ਼ੇਡ 'ਚ ਬਣੇ ਦਾਇਰੇ ਲਗਾਤਾਰ ਦੁੱਖਾਂ-ਸੁੱਖਾਂ, ਔਕੜਾਂ, ਮੁਸੀਬਤਾਂ, ਤਹੰਮਲ ਆਦਿ ਦੀ ਤਰਜਮਾਨੀ ਕਰਦੇ ਪ੍ਰਤੀਤ ਹੁੰਦੇ ਹਨ। ਇਸ ਲਈ ਸਿਰਲੇਖ 'ਅਮਿੱਟ ਸਿਰਨਾਵੇਂ' ਸਾਰਥਕ ਹੋ ਜਾਂਦਾ ਹੈ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਕਰਤਾਰ
ਲੇਖਕ : ਮੇਘ ਗੋਇਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 550 ਰੁਪਏ, ਸਫ਼ੇ : 488
ਸੰਪਰਕ : 98723-35571.

ਮੇਘ ਗੋਇਲ ਸਹਿਜ ਵਿਰਤੀ ਅਤੇ ਮਾਨਵਵਾਦੀ ਵਿਚਾਰਧਾਰਾ ਨੂੰ ਪ੍ਰਣਾਇਆ ਸੰਵੇਦਨਸ਼ੀਲ ਚਿੰਤਕ ਹੈ ਜੋ ਆਪਣੇ ਆਲੇ-ਦੁਆਲੇ ਪਸਰੇ ਸਮਾਜਿਕ ਵਾਤਾਵਰਨ ਨੂੰ ਅਤਿ ਬਾਰੀਕੀ ਨਾਲ ਘੋਖਦਾ ਹੈ ਅਤੇ ਸਮਾਜਿਕ ਵਿਵਸਥਾ ਵਿਚ ਆਏ ਨਿਘਾਰ ਤੋਂ ਚਿੰਤਤ ਹੋ ਕੇ ਪਾਠਕਾਂ ਨੂੰ ਆਪਣੀ ਕਲਮ ਦੁਆਰਾ ਜਾਗਰੂਕ ਕਰਦਾ ਹੈ। ਉਸ ਨੇ ਆਪਣੇ ਇਸ ਗੌਰਵਸ਼ਾਲੀ ਨਾਵਲ ਰਾਹੀਂ ਅਜੋਕੇ ਸਮਾਜ ਵਿਚ ਆਏ ਨਿਘਾਰ ਅਤੇ ਸਰਕਾਰੀ ਦਫ਼ਤਰਾਂ ਵਿਚ ਫੈਲੇ ਭ੍ਰਿਸ਼ਟਾਚਾਰ, ਕੁਨਬਾਪਰਵਰੀ ਅਤੇ ਰਿਸ਼ਵਤਖੋਰੀ ਦੀ ਮਰਜ਼ ਦੇ ਸ਼ਿਕਾਰ ਮੁਲਾਜ਼ਮਾਂ ਦੇ ਕਿਰਦਾਰ ਦੀ ਯਥਾਰਥਮਈ ਤਸਵੀਰਕਸ਼ੀ ਕੀਤੀ ਹੈ। ਕਰਤਾਰ ਇਸ ਨਾਵਲ ਦਾ ਪ੍ਰਮੁੱਖ ਪਾਤਰ ਹੈ ਜੋ ਕਿ ਮੱਧ ਵਰਗੀ ਪਰਿਵਾਰ ਦਾ ਮੁਖੀ ਹੈ। ਉਸ ਦੀ ਪਤਨੀ ਪਰਸਿੰਨੀ ਧਾਰਮਿਕ ਵਿਚਾਰਾਂ ਵਾਲੀ ਕਰਮਕਾਂਡਾਂ ਵਿਚ ਵਿਸ਼ਵਾਸ ਰੱਖਣ ਵਾਲੀ ਇਸਤਰੀ ਹੈ। ਉਸ ਦੇ ਦੋ ਧੀਆਂ ਰਿੰਪੀ, ਦੀਪੀ ਤੋਂ ਇਲਾਵਾ ਇਕ ਪੁੱਤਰ ਬਬਲੂ ਹੈ, ਜਿਨ੍ਹਾਂ ਦੇ ਚੰਗੇਰੇ ਭਵਿੱਖ ਲਈ ਪਰਸਿੰਨੀ ਸਦਾ ਅਰਦਾਸਾਂ ਕਰਦੀ ਰਹਿੰਦੀ ਹੈ। ਕਰਤਾਰ ਟਰਾਂਸਪੋਰਟ ਵਿਭਾਗ ਦੇ ਦਫ਼ਤਰ ਵਿਚ ਰੂਟ ਪਰਮਿਟ ਕਲਰਕ ਦੀ ਅਸਾਮੀ 'ਤੇ ਕੰਮ ਕਰਦਾ ਹੈ। ਟਰਾਂਸਪੋਰਟ ਦਫ਼ਤਰ ਵਿਚ ਹੋਣ ਕਰਕੇ ਕਰਤਾਰ ਬੇਅੰਤ ਟਾਈਪਿਸਟ ਦੀ ਭੈੜੀ ਸੰਗਤ ਕਾਰਨ ਹੱਦ ਦਰਜੇ ਦਾ ਰਿਸ਼ਵਤਖੋਰ, ਕੰਮਚੋਰ, ਬੇਈਮਾਨ ਅਤੇ ਦੁਰਾਚਾਰੀ ਬਣ ਕੇ ਆਪਣੇ ਘਰ ਪਰਿਵਾਰ ਤੋਂ ਮੁੱਖ ਮੋੜ ਲੈਂਦਾ ਹੈ। ਉਹ ਪਰਸਿੰਨੀ ਅਤੇ ਉਸ ਦੇ ਭਰਾਵਾਂ ਦੇ ਵਰਜਤ 'ਤੇ ਵੀ ਭੈੜੇ ਕੰਮਾਂ ਤੋਂ ਬਾਜ਼ ਨਹੀਂ ਆਉਂਦਾ। ਉਸ ਨੂੰ ਸਿੱਧੇ ਰਸਤੇ ਪਾਉਣ ਲਈ ਕੀਤੇ ਸਾਰੇ ਉਪਰਾਲੇ ਨੇਹਫਲ ਹੋ ਜਾਂਦੇ ਹਨ। ਅਚਾਨਕ ਉਸ ਦੀ ਜ਼ਿੰਦਗੀ ਵਿਚ ਅਜਿਹੀ ਘਟਨਾ ਵਾਪਰਦੀ ਹੈ, ਜੋ ਉਸ ਦੀ ਜੀਵਨ-ਸ਼ੈਲੀ ਨੂੰ ਸਦਾ ਲਈ ਤਬਦੀਲ ਕਰ ਦਿੰਦੀ ਹੈ। ਅਚਾਨਕ ਉਸ ਦਾ ਪੁੱਤਰ ਬਿਮਾਰ ਹੋ ਕੇ ਹਸਪਤਾਲ ਦਾਖ਼ਲ ਹੋ ਜਾਂਦਾ ਹੈ। ਪੂਰੇ ਛੇ ਦਿਨ ਹਸਪਤਾਲ ਵਿਚ ਰਹਿ ਕੇ ਸਾਰਾ ਟੱਬਰ ਬਬਲੂ ਦੀ ਸਿਹਤਯਾਬੀ ਲਈ ਅਰਦਾਸਾਂ ਕਰਦਿਆਂ, ਤਾਏ ਗਾਮਾ ਰਾਮ ਦੀਆਂ ਕਥਾਵਾਂ ਸੁਣਦਿਆਂ ਅਤੇ ਡਾਕਟਰ ਗਰੇਵਾਲ ਦੀ ਮਰੀਜ਼ਾਂ ਪ੍ਰਤੀ ਸਹਾਨੂੰਭੂਤੀ ਅਤੇ ਅਪਣੱਤ ਨੂੰ ਵੇਖਦਿਆਂ ਕਰਤਾਰ ਦੀ ਮਾਨਸਿਕਤਾ 'ਤੇ ਅਜਿਹਾ ਪ੍ਰਭਾਵ ਪੈਂਦਾ ਹੈ ਕਿ ਉਹ ਸਦਾ ਲਈ ਬਦਲ ਜਾਂਦਾ ਹੈ। ਕਰਤਾਰ ਇਕ ਨੇਕ ਇਨਸਾਨ ਬਣ ਕੇ ਆਪਣੀ ਡਿਊਟੀ ਨੇਕ ਨੀਅਤੀ ਨਾਲ ਹੀ ਨਹੀਂ ਨਿਭਾਉਂਦਾ ਬਲਕਿ ਲੋਕ ਭਲਾਈ ਦੇ ਕਾਰਜਾਂ ਲਈ ਆਪਣਾ ਜੀਵਨ ਅਰਪਣ ਕਰ ਦਿੰਦਾ ਹੈ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

ਅਜੇ ਤਾਂ ਮੰਜ਼ਿਲ ਦੂਰ ਹੈ
ਲੇਖਿਕਾ : ਰਣਬੀਰ ਕੌਰ ਰਾਣਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 128.
ਸੰਪਰਕ : 98723-17516.

ਇਹ ਨਾਵਲ ਪਿੰਡ ਦੇ ਪਿਛੋਕੜ ਵਿਚ ਲਿਖਿਆ ਗਿਆ ਕੰਮੀਆਂ ਦੇ ਵਿਹੜੇ ਦੀ ਗਾਥਾ ਹੈ। ਨਿਰਸੰਦੇਹ ਕਿਸੇ ਵੀ ਮੰਜ਼ਿਲ 'ਤੇ ਪੁੱਜਣ ਲਈ ਮਨੁੱਖ ਨੂੰ ਔਕੜਾਂ ਦਾ ਸਾਹਮਣਾ ਤਾਂ ਕਰਨਾ ਹੀ ਪੈਂਦਾ ਹੈ ਤੇ ਸਫਲਤਾ ਵੀ ਉਨ੍ਹਾਂ ਦੇ ਪੈਰ ਚੁੰਮਦੀ ਹੈ, ਜੋ ਮਿਹਨਤ, ਸਿਰੜ ਤੇ ਹਿੰਮਤ ਤੋਂ ਕੰਮ ਲੈ ਕੇ ਅਗਾਂਹ ਵਧਦੇ ਹਨ। ਇਸ ਨਾਵਲ ਵਿਚ ਅਜਿਹੀ ਪ੍ਰੇਮ ਕਹਾਣੀ ਹੈ ਜੋ ਸਿਰੇ ਲੱਗਣ ਤੋਂ ਪਹਿਲਾਂ ਹੀ ਖ਼ਤਮ ਹੋ ਜਾਂਦੀ ਹੈ। ਪੂਨਮ ਅਜਿਹੀ ਪਾਤਰ ਹੈ ਜੋ ਆਪਣਾ ਆਪ ਪਿੰਡ ਤੇ ਲੋਕ ਸੇਵਾ ਨੂੰ ਸਮਰਪਿਤ ਕਰ ਦਿੰਦੀ ਹੈ। ਪਿਆਰ ਨੇਪਰੇ ਨਹੀਂ ਚੜ੍ਹਦਾ ਤਾਂ ਵੀ ਹੌਸਲੇ ਤੋਂ ਕੰਮ ਲੈ ਕੇ ਆਪਣੇ ਟੀਚੇ ਵੱਲ ਵਧਦੀ ਜਾਂਦੀ ਹੈ। ਮਨੱਖਤਾ ਦੇ ਭਲੇ ਲਈ ਜੀਵਨ ਅਰਪਿਤ ਕਰ ਦਿੰਦੀ ਹੈ। ਉਹ ਆਪਣੇ ਆਪ ਵਿਚ ਮੁਕੰਮਲ ਸੰਸਥਾ ਬਣ ਕੇ ਲੋਕ ਸੇਵਾ ਵਿਚ ਜੁਟ ਜਾਂਦੀ ਹੈ, ਸਾਰੇ ਪਿੰਡ ਦੀ ਧੀ ਬਣ ਕੇ ਜੀਵਨ ਵਿਚ ਸੰਘਰਸ਼ ਕਰਦੀ ਹੈ। ਉਸ ਦੀ ਸ਼ਖ਼ਸੀਅਤ ਨੂੰ ਲੇਖਿਕਾ ਨੇ ਏਨੀ ਖੂਬਸੂਰਤੀ ਨਾਲ ਉਭਾਰ ਕੇ ਪੇਸ਼ ਕੀਤਾ ਹੈ ਕਿ ਅਜਿਹੀ ਔਰਤ ਅੱਗੇ ਸਿਰ ਆਪ-ਮੁਹਾਰੇ ਝੁਕ ਜਾਂਦਾ ਹੈਂਰਾਜ ਪਾਤਰ ਜਦੋਂ ਉਸ ਤੋਂ ਪ੍ਰਭਾਵਿਤ ਹੁੰਦਾ ਹੈ ਤਾਂ ਭਾਵਨਾ ਵੇਖੋਂ
'ਤ੍ਰਿਵੈਣੀ ਦੀ ਛਾਂ ਵਰਗੀ, ਇਸ ਕੁੜੀ ਕੋਲ ਬੈਠਾ ਮੈਂ ਜ਼ਿੰਦਗੀ ਵਿਚ ਜਿੱਤ ਕੇ ਵੀ ਹਾਰ ਗਿਆ।' ਜਾਂ
'ਜੇ ਜਜ਼ਬੇ ਸੁੰਦਰ ਰਹਿਣਗੇ ਤਾਂ ਰਿਸ਼ਤੇ ਵੀ ਸੁੰਦਰ ਬਣੇ ਰਹਿਣਗੇ।'
ਪਿੰਡ ਦੇ ਲੋਕ ਉਸ ਦੀ ਪ੍ਰਸੰਸਾ ਕਰਦੇ ਨਹੀਂ ਥੱਕਦੇ, ਕੁਝ ਬਦਨਾਮ ਵੀ ਕਰਦੇ ਹਨ ਪਰ ਉਹ ਛੋਟੀ ਸੋਚ ਦੇ ਮਾਲਕ ਹਨ। ਲੇਖਿਕਾ ਨੇ ਇਸ ਵਿਚ ਪੇਂਡੂ ਵਿਚਾਰ, ਰੀਤੀ-ਰਿਵਾਜ, ਰਸਮਾਂ, ਸੱਭਿਆਚਾਰ ਨੂੰ ਬਾਖੂਬੀ ਪੇਸ਼ ਕੀਤਾ ਹੈ। ਪਿੰਡ ਵਿਚ ਹੁੰਦੇ ਵਿਆਹ-ਸ਼ਾਦੀ ਤੇ ਰਸਮਾਂ, ਲੋਕ ਗੀਤ, ਬੋਲੀਆਂ, ਟੱਪੇ ਆਪਣੀ ਵੱਖਰੀ ਹੀ ਪਛਾਣ ਰੱਖਦੇ ਹਨ। ਨਾਵਲ ਦਾ ਤਾਣਾ-ਬਾਣਾ, ਪਾਤਰ ਉਸਾਰੀ, ਵਾਰਤਾਲਾਪ, ਬੜੀ ਖੂਬਸੂਰਤੀ ਨਾਲ ਉਸਾਰੇ ਹਨ, ਕਹਾਣੀਰਸ ਵਧੀਆ ਹੈ। ਵਾਰਤਕ ਵਿਚੋਂ ਕਵਿਤਾ ਦੀ ਮਹਿਕ ਆਉਂਦੀ ਹੈ, ਜਦੋਂ ਲਿਖਦੀ ਹੈਂ
'ਪੂਨਮ ਤਾਂ ਚਾਨਣ ਦੀ ਛਿੱਟ ਹੈ', ਉਹ ਮਹਿਕ ਜਿਹੀ ਕੁੜੀ, ਉਹ ਚੜ੍ਹਦੀ ਕਲਾ ਦੀ ਪ੍ਰਤੀਕ ਹੈ' ਆਦਿ ਸ਼ਬਦ ਕਾਵਿਕ ਰਸ ਪ੍ਰਦਾਨ ਕਰਦੇ ਹਨ। ਸਮੁੱਚੇ ਤੌਰ 'ਤੇ ਨਾਵਲ ਪਾਠਕ ਨੂੰ ਨਾਲ ਲੈ ਕੇ ਤੁਰਦਾ ਹੈ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 098555-84298.
ਫ ਫ ਫ

ਜੀਵਨ ਬਾਬਾ ਚਰਨ ਸਿੰਘ ਜੀ ਭੀਖੋਵਾਲ
ਲੇਖਕ : ਮਾ: ਅਮਰ ਚੰਦ/
ਡਾ: ਸੁਖਵੀਰ ਕੌਰ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 150 ਰੁਪਏ, ਸਫ਼ੇ : 136
ਸੰਪਰਕ : 98151-52270.

ਵਿਚਾਰ ਗੋਚਰੀ ਪੁਸਤਕ ਮਹਾਨ ਪਰਉਪਕਾਰੀ, ਨਾਮ ਬਾਣੀ ਦੇ ਰਸੀਏ ਅਤੇ ਅਭੇਦ ਪੁਰਸ਼ ਸੰਤ ਬਾਬਾ ਚਰਨ ਸਿੰਘ ਭੀਖੋਵਾਲ (ਹੁਸ਼ਿਆਰਪੁਰ) ਦੇ ਲੋਕਾਈ ਲਈ ਰਾਹ-ਦਸੇਰੇ ਜੀਵਨ ਅਤੇ ਉਨ੍ਹਾਂ ਦੇ ਜੀਵਨ ਦੌਰਾਨ ਵਾਪਰੀਆਂ ਚਮਤਕਾਰੀ ਘਟਨਾਵਾਂ (ਕੌਤਕਾਂ) ਅਤੇ ਉਨ੍ਹਾਂ ਵੱਲੋਂ ਮਾਨਵਤਾ ਦੀ ਸੇਵਾ ਲਈ ਕੀਤੇ ਮਹਾਨ ਕਾਰਜਾਂ ਨੂੰ ਬਿਆਨ ਕਰਦੀ ਹੈ। ਪੁਸਤਕ ਵਿਚ 38 ਲੇਖ ਸ਼ਾਮਿਲ ਹਨ, ਜਿਨ੍ਹਾਂ ਵਿਚੋਂ ਦੋ ਆਰੰਭਿਕ ਲੇਖ ਸੰਤ ਤੇਜਾ ਸਿੰਘ ਐਮ.ਏ. ਦੇ, 6 ਲੇਖ ਪੁਸਤਕ ਦੀ ਸਹਿ ਲੇਖਿਕਾ ਡਾ: ਸੁਖਵੀਰ ਕੌਰ ਦੇ ਅਤੇ ਦੋ ਲੇਖ ਭਾਈ ਹਜ਼ਾਰਾ ਸਿੰਘ ਰਾਗੀ ਦੇ ਹਨ। ਸੰਤ ਜੀ ਦੀ ਪੈਦਾਇਸ਼ 25 ਅਗਸਤ, 1922 ਨੂੰ ਮਾਤਾ ਪ੍ਰਭ ਕੌਰ ਤੇ ਪਿਤਾ ਨੰਦ ਸਿੰਘ ਦੇ ਗ੍ਰਹਿ ਭੀਖੋਵਾਲ ਵਿਖੇ ਹੋਈ। ਉਨ੍ਹਾਂ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਗੁਰ ਉਪਦੇਸ਼ ਉੱਤੇ ਪੂਰਾ ਜੀਵਨ ਪਹਿਰਾ ਦਿੰਦਿਆਂ ਹੱਥੀਂ ਖੇਤੀਬਾੜੀ ਕਰਕੇ ਮਿਸਾਲ ਪੈਦਾ ਕੀਤੀ ਅਤੇ ਗ੍ਰਹਿਸਥ ਮਾਰਗ ਵਿਚ ਰਹਿੰਦਿਆਂ, ਪ੍ਰਭੂ ਪਰਮੇਸ਼ਰ ਦੀ ਬੰਦਗੀ, ਸੇਵਾ ਤੇ ਪਰਉਪਕਾਰੀ ਕਾਰਜਾਂ ਰਾਹੀਂ ਪਰਮ-ਪਦ ਦੀ ਪ੍ਰਾਪਤੀ ਕੀਤੀ। ਅਨੇਕਾਂ ਵਿਅਕਤੀਆਂ ਨੂੰ ਸਚਿਆਰੇ ਬਣਾ ਕੇ ਨੇਕੀ ਦੇ ਮਾਰਗ 'ਤੇ ਤੋਰਿਆ। ਉਨ੍ਹਾਂ ਨੇ ਵੱਡਾ ਧਾਰਮਿਕ ਅਸਥਾਨ ਗੁਰਦੁਆਰਾ ਚਰਨਸਰ ਬਣਾ ਕੇ ਨਾਮ ਬਾਣੀ ਦਾ ਨਿਰੰਤਰ ਪ੍ਰਵਾਹ ਚਲਾਇਆ, ਅਨੇਕਾਂ ਵਿੱਦਿਅਕ ਅਦਾਰੇ ਬਣਾਏ, ਵਾਤਾਵਰਨ ਦੀ ਸ਼ੁੱਧਤਾ ਲਈ ਸ਼ਲਾਘਾਯੋਗ ਕਾਰਜ ਕੀਤੇ, ਦਰ ਆਏ ਹਰ ਲੋੜਵੰਦ ਦੀ ਮਦਦ ਕੀਤੀ। ਅਜਿਹਾ ਮਿਸਾਲੀ ਜੀਵਨ ਜਿਊਂਦਿਆਂ ਉਹ 13 ਜਨਵਰੀ, 2011 ਨੂੰ ਬ੍ਰਹਮਲੀਨ ਹੋ ਗਏ। ਉਨ੍ਹਾਂ ਦੇ ਸਪੁੱਤਰ ਭਗਤ ਸੰਤੋਖ ਸਿੰਘ ਜੀ, ਸੰਤ ਜੀ ਵੱਲੋਂ ਆਰੰਭੀ ਸੇਵਾ ਨੂੰ ਪਰਿਵਾਰ ਅਤੇ ਸੰਗਤਾਂ ਦੇ ਸਹਿਯੋਗ ਨਾਲ ਜਾਰੀ ਰੱਖ ਰਹੇ ਹਨ। ਡਾ: ਸੁਖਵੀਰ ਕੌਰ ਦਾ ਲੇਖ 'ਅੱਜਕਲ੍ਹ ਦੇ ਹਾਲਾਤ ਵਿਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਸੱਭਿਆਚਾਰਕ ਵਿਚਾਰਧਾਰਾ' ਵਧੀਆ ਲੇਖ ਹੈ। ਸੰਤ ਚਰਨ ਸਿੰਘ ਜੀ ਦੇ ਸੇਵਕਾਂ/ਸ਼ਰਧਾਲੂਆਂ ਨੇ ਉਨ੍ਹਾਂ ਦੀ ਸੰਗਤ ਕਰਨ ਦੌਰਾਨ ਆਪਣੇ ਨਾਲ ਵਾਪਰੀਆਂ, ਚਮਤਕਾਰੀ ਘਟਨਾਵਾਂ ਨੂੰ ਬਾਖੂਬੀ ਬਿਆਨ ਕੀਤਾ ਹੈ। ਇਨ੍ਹਾਂ ਵਿਚ ਭਾਰਤ ਦੇ ਉਸ ਵੇਲੇ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਵੀ ਸ਼ਾਮਿਲ ਹਨ। ਇਕ ਲੇਖ ਸੰਤ ਬਹਾਦਰ ਸਿੰਘ ਬਾਰੇ ਹੈ। ਡਾ: ਸੁਖਵੀਰ ਕੌਰ ਦੇ ਗੁਰਬਾਣੀ ਦੇ ਕੁਝ ਹੋਰਨਾਂ ਵਿਸ਼ਿਆਂ ਬਾਰੇ ਲੇਖ ਵੀ ਪੜ੍ਹਨਯੋਗ ਹਨ। ਲੇਖਿਕਾ ਨੇ ਗੁਰਬਾਣੀ ਦੇ ਅਨੇਕ ਢੁਕਵੇਂ ਪ੍ਰਮਾਣ ਦਿੱਤੇ ਹਨ। ਅੰਤ ਵਿਚ ਪੁਸਤਕ ਸੂਚੀ ਹੈ। ਪੁਸਤਕ ਪੜ੍ਹਨ ਤੇ ਵਿਚਾਰਨਯੋਗ ਹੈ।

ਂਤੀਰਥ ਸਿੰਘ ਢਿੱਲੋਂ
ਮੋ: 98154-61710.
ਫ ਫ ਫ

 

16-7-2016

 ਪੰਜਾਬਣਾਂ ਦੀ ਲੋਕ ਕਲਾ
ਖੋਜਕਰਤਾ : ਡਾ: ਵੀਰਪਾਲ ਕੌਰ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 395 ਰੁਪਏ, ਸਫ਼ੇ : 206+16
ਸੰਪਰਕ : 96465-00107.


'ਪੰਜਾਬਣਾਂ ਦੀ ਲੋਕ ਕਲਾ' ਡਾ: ਵੀਰਪਾਲ ਕੌਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰਸਿੱਧ ਲੋਕਯਾਨੀ ਡਾ: ਨਾਹਰ ਸਿੰਘ ਦੀ ਅਗਵਾਈ ਵਿਚ ਕੀਤਾ ਇਕ ਭਾਰਾ-ਗੌਰਾ ਖੋਜ-ਕਾਰਜ ਹੈ। ਖੋਜਕਰਤਾ ਨੇ ਆਪਣੇ ਖੋਜਕਾਰਜ ਨਾਲ ਸਬੰਧਤ ਸਮੱਗਰੀ ਨੂੰ ਤਿੰਨ ਵਰਗਾਂ ਵਿਚ ਵਿਭਾਜਤ ਕੀਤਾ ਹੈ : 1. ਕਢਾਈ, ਬੁਣਾਈ ਅਤੇ ਉਣਾਈ ਨਾਲ ਸਬੰਧਤ ਲੋਕ ਕਲਾਵਾਂ, 2. ਮਿੱਟੀ ਨਾਲ ਸਬੰਧਤ ਲੋਕ ਕਲਾਵਾਂ ਅਤੇ 3 ਸਜਾਵਟੀ ਵਸਤਾਂ ਅਤੇ ਲੋਕ-ਖਿਡੌਣਿਆਂ ਨਾਲ ਸਬੰਧਤ ਲੋਕ ਕਲਾਵਾਂ। ਪੁਸਤਕ ਦੀ ਅੰਤਿਕਾ ਵਿਚ ਫੁਲਕਾਰੀਆਂ, ਚਾਦਰਾਂ, ਮੇਜ਼-ਪੋਸ਼ਾਂ, ਚੁਤਹੀਆਂ, ਦਰੀਆਂ, ਖੇਸਾਂ, ਚੁੱਲ੍ਹਿਆਂ, ਹਾਰਿਆਂ ਭੜੋਲਿਆਂ, ਕਨਸਾਂ, ਛਿੱਕੂਆਂ, ਕੱਤਣੀਆਂ, ਬੋਹਟਿਆਂ, ਟੋਕਰੀਆਂ, ਲਛਮਣ ਝੂਲਿਆਂ ਅਤੇ ਕੁਝ ਹੋਰ ਸਜਾਵਟੀ ਵਸਤਾਂ ਦੇ ਬੜੇ ਦੁਰਲਭ ਚਿੱਤਰ ਦਿੱਤੇ ਗਏ ਹਨ।
ਡਾ: ਵੀਰਪਾਲ ਦਾ ਇਹ ਵਿਚਾਰ ਬਿਲਕੁਲ ਸਹੀ ਹੈ ਕਿ ਲੋਕਯਾਨ ਦੀ ਖੋਜ ਦੇ ਪ੍ਰਸੰਗ ਵਿਚ ਬਹੁਤਾ ਕੰਮ ਲੋਕ ਸਾਹਿਤ ਦੇ ਖੇਤਰ ਵਿਚ ਹੀ ਹੋਇਆ ਹੈ। ਬੁਣਾਈ, ਕਢਾਈ ਅਤੇ ਖਿਡੌਣੇਬਾਜ਼ੀ ਦੇ ਖੇਤਰ ਵਿਚ ਅਜੇ ਤੱਕ ਬਹੁਤਾ ਕੰਮ ਨਹੀਂ ਹੋਇਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਡਾ: ਸੌਂਧ, ਡਾ: ਗੁਰਮੀਤ ਸਿੰਘ, ਡਾ: ਹਰਜੀਤ ਕੌਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਡਾ: ਨਾਹਰ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਡਾ: ਹਰਜੀਤ ਸਿੰਘ ਗਿੱਲ, ਡਾ: ਸੁਰਜੀਤ ਲੀਅ ਅਤੇ ਡਾ: ਸਤਿੰਦਰ ਔਲਖ ਆਦਿ ਨੇ ਇਸ ਦਿਸ਼ਾ ਵਿਚ ਮੁਢਲਾ ਪਰ ਕਾਫੀ ਮਹੱਤਵਪੂਰਨ ਕੰਮ ਕੀਤਾ ਸੀ। ਡਾ: ਵੀਰਪਾਲ ਕੌਰ ਨੇ ਇਨ੍ਹਾਂ ਸਾਰੇ ਵਿਦਵਾਨਾਂ ਦਾ ਸਾਭਾਰ ਉਲੇਖ ਕੀਤਾ ਹੈ।
ਪੰਜਾਬੀ ਵਿਚ ਬਹੁਤਾ ਕੰਮ ਲੋਕਯਾਨਿਕ ਸਮੱਗਰੀ ਦੇ ਇਕੱਤਰੀਕਰਨ ਅਤੇ ਵਰਗੀਕਰਨ ਦੀ ਦਿਸ਼ਾ ਵਿਚ ਹੀ ਹੋਇਆ ਹੈ। ਸਿਗਨੀਫੀਕੇਸ਼ਨ ਵੱਲ ਬਹੁਤ ਘੱਟ ਵਿਦਵਾਨ ਚੱਲੇ ਹਨ। ਡਾ: ਗਿੱਲ ਨੇ ਇਸ ਦਿਸ਼ਾ ਵਿਚ ਭਾਰਤੀ ਵਿਦਵਾਨਾਂ ਦੀ ਅਗਵਾਈ ਕੀਤੀ ਸੀ। ਮੈਨੂੰ ਵਿਸ਼ਵਾਸ ਹੈ ਕਿ ਵੀਰਪਾਲ ਕੌਰ ਨਿਰੰਤਰ ਇਸ ਦਿਸ਼ਾ ਵਿਚ ਕਰਮਸ਼ੀਲ ਰਹੇਗੀ। ਇਨ੍ਹਾਂ ਸ਼ਬਦਾਂ ਨਾਲ ਮੈਂ ਇਸ ਪੁਸਤਕ ਦਾ ਸਵਾਗਤ ਕਰਦਾ ਹਾਂ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਖ਼ੁਦਾ ਹਾਫ਼ਿਜ਼
(ਉਰਦੂ ਸ਼ਾਇਰੀ)
ਕਵੀ : ਰਾਜਿੰਦਰ ਪਰਦੇਸੀ
ਪਬਲਿਸ਼ਰ : ਰੋਜ਼ਨ ਪਬਲਿਸ਼ਰਜ਼, ਗੁਜਰਾਤ (ਪਾਕਿਸਤਾਨ)
ਮੁੱਲ : 300 ਰੁਪਏ, ਸਫ਼ੇ : 136

ਰਾਜਿੰਦਰ ਪਰਦੇਸੀ ਪੰਜਾਬੀ ਦਾ ਮਕਬੂਲ ਗ਼ਜ਼ਲਗੋ ਹੈ, ਜਿਸ ਦਾ ਕਲਾਮ ਅਖ਼ਬਾਰਾਂ-ਰਸਾਲਿਆਂ ਵਿਚ ਅਕਸਰ ਸ਼ਾਇਆ ਹੁੰਦਾ ਰਹਿੰਦਾ ਹੈ। ਪੰਜਾਬੀ ਵਿਚ ਉਸ ਦੇ ਹੁਣ ਤੱਕ 'ਅੱਖਰ ਅੱਖਰ ਤਨਹਾਈ', 'ਨਗ਼ਮਾ ਉਦਾਸ ਹੈ', 'ਉਦਰੇਵੇਂ ਦੀ ਬੁੱਕਲ', 'ਗੀਤ ਕਰਨ ਅਰਜੋਈ' ਕਾਵਿ-ਮਜ਼ਮੂਏ ਪ੍ਰਕਾਸ਼ਿਤ ਹੋ ਚੁੱਕੇ ਹਨ। 'ਪਰਦੇਸੀ' ਪੰਜਾਬੀ ਦੇ ਨਾਲ-ਨਾਲ ਉਰਦੂ ਜ਼ਬਾਨ ਦਾ ਵੀ ਪਰਬੀਨ ਸ਼ਾਇਰ ਹੈ, ਜਿਸ ਦੀ ਤਾਜ਼ਾ ਮਿਸਾਲ ਉਸ ਦਾ ਨਵ-ਪ੍ਰਕਾਸ਼ਿਤ ਕਾਵਿ-ਸੰਗ੍ਰਹਿ 'ਖ਼ੁਦਾ ਹਾਫ਼ਿਜ਼' ਹੈ। ਇਸ ਸੰਗ੍ਰਹਿ ਵਿਚ ਗ਼ਜ਼ਲਾਂ, ਗੀਤ ਅਤੇ ਨਜ਼ਮਾਂ ਤਿੰਨੇ ਸਿਨਫ਼ਾਂ ਸ਼ਾਮਿਲ ਹਨ। ਇਸ ਸੰਗ੍ਰਹਿ ਵਿਚਲੀ ਸਮੁੱਚੀ ਸ਼ਾਇਰੀ ਵਿਚ ਮੁਹੱਬਤ ਨਾਲ ਲਬਰੇਜ਼ ਪੈਗ਼ਾਮ ਹਨ, ਜੋ ਰਿੰਦ, ਸਾਕੀ, ਪੈਮਾਨੇ, ਸੁਰਾਹੀ, ਚੰਦ-ਸਿਤਾਰਿਆਂ, ਗ਼ਮ, ਦਰਦ, ਬ੍ਰਿਹੋਂ ਜਾਂ ਵਸਲ ਦੀ ਵੀ ਗੱਲ ਕਰਦੇ ਹਨ, ਪਰੰਤੂ ਦੂਜੇ ਪਾਸੇ ਸ਼ਾਇਰ ਆਪਣੀ ਕਲਮ ਨੂੰ ਸਮਾਜ ਦੀ ਬਿਹਤਰੀ ਲਈ ਇਕ ਕਾਰਗਰ ਹਥਿਆਰ ਦੀ ਹੈਸੀਅਤ ਵਿਚ ਵੀ ਇਸਤੇਮਾਲ ਕਰਨ ਦਾ ਹੁਨਰ ਰੱਖਦਾ ਹੈ। ਉਸ ਦੀ ਸ਼ਾਇਰੀ 'ਨਿੱਜ' ਤੋਂ ਪਰ' ਤੱਕ ਦਾ ਸਫ਼ਰ ਅਤੇ ਵਿਕਾਸ ਕਰਦੀ ਹੈ। ਉਸਤਾਦ ਗ਼ਜ਼ਲਗੋ ਹੋਣ ਦੇ ਨਾਤੇ 'ਪਰਦੇਸੀ' ਦੀ ਹਰ ਗ਼ਜ਼ਲ ਦੇ ਸ਼ਿਅਰ ਪੁਰ-ਤਾਸੀਰ ਅਤੇ ਅਸਰਦਾਰ ਹੁੰਦੇ ਹਨ। ਉਸ ਦੀ ਤਖ਼ਲੀਕ (ਰਚਨਾ) ਦਾ ਇਕ ਅਹਿਮ ਖ਼ਾਸਾ ਇਹ ਵੀ ਹੈ ਕਿ ਉਹ ਆਪਣੀ ਗ਼ਜ਼ਲ ਵਿਚੋਂ ਰਮਜ਼ ਅਤੇ ਇਸ਼ਾਰਿਆਂ ਨੂੰ ਵਰਤਦਾ ਹੈ। ਉਹ ਆਪਣੇ ਇਸ ਸੰਗ੍ਰਹਿ ਵਿਚ ਇਸ ਨੁਕਤੇ ਨੂੰ ਬੜੀ ਸਾਫ਼ਗੋਈ ਨਾਲ ਸਪੱਸ਼ਟ ਕਰਦਾ ਹੈ ਕਿ ਮੁਹੱਬਤ ਇਨਸਾਨ ਦੀ ਖ਼ਾਸ ਜ਼ਰੂਰਤ ਹੈ ਅਤੇ ਇਸ ਤੋਂ ਬਗੈਰ ਹਯਾਤੀ ਨੀਰਸ ਹੈ। ਸੁਪਨੇ ਮਨੁੱਖੀ ਜੀਵਨ ਦਾ ਅਟੁੱਟ ਹਿੱਸਾ ਹਨ। ਕਵੀ ਦੀਆਂ ਨਜ਼ਰਾਂ ਵਿਚ :
ਕਹਾਂ ਵੋ ਨਗ਼ਮਗਈ ਸਪਨੇ
ਕਹਾਂ ਯੇ ਆਤਿਸ਼ੀ ਸਪਨੇ
ਤੁਮਹੀਂ ਮੇਂ ਆਸ਼ਨਾ ਥੇ ਜੋ
ਵੋ ਤੁਮ ਬਿਨ ਅਜਨਬੀ ਸਪਨੇ।
ਇਸ ਮਜਮੂਏ ਵਿਚਲੇ 'ਪਰਦੇਸੀ' ਦੇ ਗੀਤ ਭੀ ਮੁਹੱਬਤੀ-ਸੁਨੇਹੇ ਦਿੰਦੇ ਹਨ। ਇਨ੍ਹਾਂ ਵਿਚ ਅਲੰਕਾਰਕ ਅੰਦਾਜ਼-ਇ-ਬਿਆਂ ਸਮੋਇਆ ਹੋਇਆ ਹੈ। ਨਜ਼ਮਾਂ ਵਿਚ ਵੀ ਨਿੱਜੀ ਅਤੇ ਜ਼ਮਾਨੇ ਦਾ ਦਰਦ ਛੁਪਿਆ ਹੋਇਆ ਅਨੁਭਵ ਹੁੰਦਾ ਹੈ। ਉਸ ਦੀ ਨਜ਼ਮ 'ਉਦਾਸ ਨਗ਼ਮਾ' ਦੀਆਂ ਇਹ ਸਤਰਾਂ ਦਰਦ-ਇ-ਦਿਲ ਦਾ ਬਿਆਨ ਹੀ ਤਾਂ ਹਨ :
ਸਬ ਗੀਤ ਕਿਉਂ ਹੈਂ ਗੂੰਗੇ
ਰੋਤਾ ਹੈ ਆਹੇਂ ਭਰ ਭਰ
ਉਦਾਸ ਨਗ਼ਮਾ ਮੇਰਾ।
ਅਬ ਤੋ ਹੈ ਪਾਨੀਓਂ ਮੇਂ
ਖੀਂਚੀ ਲਕੀਰ ਸਮਝੋ
ਲਗਤਾ ਹੈ ਅਬ ਹਵਾ ਕੋ
ਦੇ ਕੇ ਰਹੇਂਗੇ ਗਾਂਠੇਂ।
ਇਸ ਸੰਗ੍ਰਹਿ ਵਿਚਲੀਆਂ 'ਖ਼ਤ', 'ਇਲਜ਼ਾਮ' ਔਰ 'ਬੇਨਾਮ ਰਿਸ਼ਤਾ' ਵੀ ਆਸਾਨ ਜ਼ੁਬਾਨ ਵਿਚ ਡੂੰਘੇ ਅਰਥਾਂ ਵੱਲ ਸੰਕੇਤ ਕਰ ਜਾਂਦੀਆਂ ਹਨ ਅਤੇ ਬਹੁਤ ਕੁਝ ਅਣਕਿਹਾ ਵੀ ਛੱਡ ਜਾਂਦੀਆਂ ਹਨ।
ਇਹ ਕਾਵਿ ਸੰਗ੍ਰਹਿ ਉਰਦੂ ਸ਼ਾਇਰੀ ਦਾ ਅਹਿਮ ਹਾਸਿਲ ਕਿਹਾ ਜਾ ਸਕਦਾ ਹੈ। ਇਸ ਸੰਗ੍ਰਹਿ ਨਾਲ ਪੰਜਾਬ ਦੇ ਉਰਦੂ ਸ਼ਾਇਰੀ ਵਿਚ ਦਿਲਚਸਪੀ ਰੱਖਣ ਵਾਲੇ ਸ਼ਾਇਰਾਂ ਦੀ ਪਾਲ ਵਿਚ ਵੀ ਨਵਾਂ ਵਾਧਾ ਹੁੰਦਾ ਹੈ।

ਂਦਰਸ਼ਨ ਸਿੰਘ 'ਆਸ਼ਟ' (ਡਾ:)
ਮੋ: 98144-23703
ਫ ਫ ਫ

ਦਰਿਆ ਦੀ ਪਿਆਸ
ਸ਼ਾਇਰ : ਤੇਜਿੰਦਰ ਚੰਡਿਹੋਕ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 80
ਸੰਪਰਕ : 95010-00224.

ਕਵੀ ਦੇ ਇਸ ਪਲੇਠੇ ਕਾਵਿ ਸੰਗ੍ਰਹਿ ਵਿਚ ਗ਼ਜ਼ਲਾਂ, ਨਜ਼ਮਾਂ ਅਤੇ ਗੀਤ ਸ਼ਾਮਿਲ ਹਨ। ਇਹ ਡੂੰਘੇ ਅਹਿਸਾਸ ਦੀ ਸ਼ਾਇਰੀ ਹੈ। ਬੋਲਾਂ ਵਿਚ ਦਰਦ ਹੈ, ਹਰਫ਼ਾਂ ਵਿਚ ਹੂਕ ਹੈ ਅਤੇ ਸ਼ਾਇਰੀ ਵਿਚ ਸੁਹਜ ਅਤੇ ਸਹਿਜ ਹੈ। ਆਓ ਕੁਝ ਸਤਰਾਂ ਦਾ ਅਨੰਦ ਮਾਣੀਏਂ
-ਪਿਆਰ ਤਾਂ ਹੁੰਦਾ ਹੈ ਮੇਲ ਰੂਹਾਂ ਦਾ
ਪਿਆਰ ਦੇ ਵਿਚ ਕੋਈ ਬੰਧਨ ਨਹੀਂ।
-ਯਾਦ ਤੇਰੀ ਜਦ ਮੁੜ ਮੁੜ ਆਵੇ
ਦਿਲ ਨਸ਼ਿਆਵੇ ਰੂਹ ਤੜਪਾਵੇ।
-ਤੇਰੇ ਸੰਗ ਬਿਤਾਏ ਦਿਨ
ਮੁੜ ਮੁੜ ਚੇਤੇ ਆਏ ਦਿਨ।
-ਪੱਤਝੜਾਂ, ਉਦਾਸੀਆਂ, ਤਨਹਾਈਆਂ
ਸਾਡੇ ਹਿੱਸੇ ਰੁੱਤਾਂ ਕੇਹੀਆਂ ਆਈਆਂ।
-ਰਾਤ ਭਰ ਅੱਖ ਜੋ ਮੇਰੀ ਰੋਂਦੀ ਰਹੀ।
ਅਕਸ ਆਪਣਾ ਹੀ ਜਿਵੇਂ ਧੋਂਦੀ ਰਹੀ।
ਇਸ ਸ਼ਾਇਰੀ ਦਾ ਸੁਰ ਗੰਭੀਰ ਅਤੇ ਉਦਾਸ ਹੈ। ਆਸ ਹੈ ਭਵਿੱਖ ਵਿਚ ਇਹ ਕਵਿਤਾ ਹੋਰ ਨਿੱਖਰ ਕੇ ਸਾਹਮਣੇ ਆਏਗੀ। ਮਨੁੱਖੀ ਸਰੋਕਾਰਾਂ ਅਤੇ ਜਜ਼ਬਿਆਂ ਦੇ ਇਸ ਕਾਵਿ ਸੰਗ੍ਰਹਿ ਦਾ ਸਵਾਗਤ ਹੈ। ਦਰਦ, ਬਿਰਹਾ, ਸੁਹਿਰਦਤਾ, ਸੰਵੇਦਨਸ਼ੀਲਤਾ ਅਤੇ ਸਰਲਤਾ ਦੇ ਇਸ ਕਾਵਿ ਵਿਚ ਦਿਲਾਂ ਨੂੰ ਛੂਹਣ ਦੀ ਸਮਰੱਥਾ ਹੈ। ਕਲਾਤਮਕ ਪੱਖ ਤੋਂ ਕੁਝ ਹੋਰ ਧਿਆਨ ਦੇਣ ਦੀ ਲੋੜ ਹੈ। ਸਮੁੱਚੇ ਤੌਰ 'ਤੇ ਇਹ ਵਧੀਆ ਕਾਵਿ ਸੰਗ੍ਰਹਿ ਹੈ ਅਤੇ ਇਸ ਤੋਂ ਵੀ ਉੱਚੀ ਪ੍ਰਵਾਜ਼ ਭਰਨ ਦੀ ਆਸ ਰੱਖਦੇ ਹਾਂ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਘੁਮੱਕੜ ਦੀ ਡਾਇਰੀ ਦੇ ਕੁਝ ਪੰਨੇ
ਲੇਖਕ : ਡਾ: ਧਰਮਪਾਲ ਸਿੰਗਲ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼, ਦਿੱਲੀ
ਮੁੱਲ : 395 ਰੁਪਏ, ਸਫ਼ੇ : 211
ਸੰਪਰਕ : 098732-37223.

ਮਰਹੂਮ ਡਾ: ਧਰਮਪਾਲ ਸਿੰਗਲ ਜੋ ਕਿ ਪੰਜਾਬ ਯੂਨੀਵਰਸਿਟੀ ਦੇ ਰਵਿਦਾਸ ਚੇਅਰ ਦੇ ਮੁਖੀ ਰਹੇ ਹਨ, ਇਹ ਪੁਸਤਕ ਉਨ੍ਹਾਂ ਦੀ ਰਚਨਾ ਹੈ, ਜੋ ਉਨ੍ਹਾਂ ਦੀ ਮ੍ਰਿਤੂ ਉਪਰੰਤ ਡਾ: ਬਲਦੇਵ ਸਿੰਘ ਬੱਦਨ ਸਾਬਕਾ ਸੰਯੁਕਤ ਨਿਰਦੇਸ਼ਕ ਨੈਸ਼ਨਲ ਬੁੱਕ ਟਰੱਸਟ ਦੇ ਯਤਨਾਂ ਨਾਲ ਪ੍ਰਕਾਸ਼ਿਤ ਹੋਈ ਹੈ। 'ਘੁਮੱਕੜ ਦੀ ਡਾਇਰੀ' ਸਿਰਲੇਖ ਤੋਂ ਇਸ ਦੇ ਡਾਇਰੀ ਵਿਧਾ ਹੋਣ ਦਾ ਭੁਲੇਖਾ ਪੈਂਦਾ ਹੈ ਪਰ ਇਹ ਡਾਇਰੀ ਨਹੀਂ। ਲੇਖਕ ਨੇ ਡਾਇਰੀ ਦੀ ਸਹਾਇਤਾ ਲਈ ਜ਼ਰੂਰ ਪ੍ਰਤੀਤ ਹੁੰਦੀ ਹੈ। ਇਸ ਵਿਚ ਤਾਂ ਅਮਿਟ ਛਾਪ ਛੱਡਣ ਵਾਲੀਆਂ ਚੋਣਵੀਆਂ ਯਾਤਰਾਵਾਂ ਦਾ ਹੀ ਵਰਨਣ ਹੈ। ਇਹ ਤਾਂ ਯਾਤਰਾਵਾਂ ਦੇ ਸੰਸਮਰਨ ਹਨ, ਇਸ ਪੁਸਤਕ ਦੇ 11 ਅਧਿਆਇ ਕ੍ਰਮਵਾਰ ਇਸ ਪ੍ਰਕਾਰ ਹਨਂਵਿਦੇਸ਼ ਦਾ ਚੱਕਰ, ਧਰਤੀ ਦਾ ਸੁਰਗ, ਉੱਚਾ ਬੁਰਜ ਲਾਹੌਰ ਦਾ, ਮੇਰੀ ਰਾਜਸਥਾਨ ਯਾਤਰਾ, ਮੇਰੀ ਪੁਸ਼ਕਰ ਯਾਤਰਾ, ਸੱਭਿਆਚਾਰ ਅਜੇ ਜ਼ਿੰਦਾ ਹੈ, ਸ੍ਰੀ ਵਿਸ਼ਵਨਾਥ ਦੇ ਦਰਸ਼ਨ, ਗੁਰਜਰ ਦੇਸ਼ ਵਿਚ, ਕਲਕੱਤਾ ਯਾਤਰਾ, ਬੰਬਈ ਯਾਤਰਾ ਅਤੇ ਅਯੁੱਧਿਆ ਯਾਤਰਾ। ਵਿਦੇਸ਼ ਦਾ ਚੱਕਰ ਵਿਚ ਲੇਖਕ ਨੇ ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਪਾਕਿਸਤਾਨ ਦੀ ਯਾਤਰਾ ਦੇ ਦ੍ਰਿਸ਼ ਉਲੀਕੇ ਹਨ। ਅਮਰੀਕਾ ਵਿਚ ਲੇਖਕ ਨੂੰ ਭਾਰਤ ਨਾਲੋਂ ਬੜਾ ਕੁਝ ਉਲਟ ਵਿਖਾਈ ਦਿੱਤਾ ਜਿਵੇਂ 'ਕੀਪ ਟੂ ਰਾਈਟ', ਬਿਜਲੀ ਸਵਿਚ, ਵਾਸ਼ਰੂਮ ਆਦਿ। ਲੇਖਕ ਨੇ ਨਿਊਯਾਰਕ ਦੇ ਬੀਚਾਂ, ਅਮਰੀਕਾ ਦੇ ਸਵਰਨ ਮੰਦਰ, ਗੀਤਾ ਮੰਦਰ, ਦਿਵਯਧਾਮ, ਗੁਰੂ ਰਵਿਦਾਸ ਟੈਂਪਲ, ਬ੍ਰਾਡਵੇ ਆਦਿ ਦਾ ਵਰਨਣ ਬਾਖੂਬੀ ਕੀਤਾ ਹੈ। ਗੱਲ ਕੀ ਜਿਸ ਸਥਾਨ ਦਾ ਲੇਖਕ ਫੋਕਸੀਕਰਨ ਕਰਦਾ ਹੈ, ਉਸ ਦਾ ਰੇਸ਼ਾ ਰੇਸ਼ਾ ਉਘਾੜ ਦਿੰਦਾ ਹੈ।
ਲੇਖਕ ਦੀ ਸ਼ੈਲੀ ਵਰਨਣਾਤਮਕ, ਬ੍ਰਿਤਾਂਤਕ ਅਤੇ ਵਿਆਖਿਆਤਮਕ ਹੈ। ਸਾਰੀ ਸਮੱਗਰੀ ਬੜੀ ਸਰਲ ਭਾਸ਼ਾ ਵਿਚ ਪਾਠਕਾਂ ਅੱਗੇ ਪ੍ਰਸਤੁਤ ਕੀਤੀ ਗਈ ਹੈ। ਇਹ ਪੁਸਤਕ ਕਾਫੀ ਗਿਆਨਵਰਧਕ ਹੈ। ਵੇਖੀਆਂ ਥਾਵਾਂ, ਘਟਨਾਵਾਂ ਅਤੇ ਮਿਲੇ ਵਿਅਕਤੀਆਂ ਦੇ ਬੜੇ ਸਜੀਵ ਚਿੱਤਰ ਉਲੀਕੇ ਗਏ ਹਨ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਸਾਈਂ ਬੁੱਲ੍ਹੇ ਸ਼ਾਹ
ਲੇਖਿਕਾ : ਪ੍ਰੋ: ਇੰਦਰਜੀਤ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98146-73236.

ਬੁੱਲ੍ਹੇ ਸ਼ਾਹ ਮਹਿਫ਼ਲਾਂ ਦਾ ਸ਼ਿੰਗਾਰ ਸੂਫ਼ੀ ਹੈ। ਮਰਿਆਦਾ ਭੰਜਕ ਪੰਜਾਬੀਆਂ ਦਾ ਹਰਮਨ-ਪਿਆਰਾ ਸੂਫ਼ੀ ਸ਼ਾਇਰ। ਜਜ਼ਬਿਆਂ ਤੇ ਪ੍ਰਗੀਤਕਤਾ ਕਾਰਨ ਧੂਅ ਪਾਉਣ ਵਾਲਾ ਕਵੀ। ਮੱਧਕਾਲ ਦੇ ਸੂਫ਼ੀ ਵਜੋਂ ਉਸ ਨੂੰ ਪੰਜਾਬੀ ਦੇ ਗ੍ਰੈਜੂਏਟ ਤੇ ਪੋਸਟ-ਗ੍ਰੈਜੂਏਟ ਕੋਰਸਾਂ ਵਿਚ ਅਧਿਆਪਨ ਦਾ ਹਿੱਸਾ ਵੀ ਬਣਾਇਆ ਗਿਆ ਹੈ। ਇੰਦਰਜੀਤ ਕੌਰ ਦੀ ਇਹ ਪੁਸਤਕ ਵਿਦਿਆਰਥੀ ਲੋੜਾਂ ਦੀ ਪੂਰਤੀ ਦੇ ਨਾਲ-ਨਾਲ ਉਨ੍ਹਾਂ ਜਗਿਆਸੂਆਂ ਨੂੰ ਵੀ ਸਹਿਜੇ ਹੀ ਨਾਲ ਤੋਰਦੀ ਹੈ, ਜੋ ਬੁੱਲ੍ਹੇ ਸ਼ਾਹ ਅਤੇ ਉਸ ਦੇ ਕਲਾਮ ਬਾਰੇ ਕੁਝ ਜਾਣਨ ਦੇ ਉਤਸੁਕ ਹਨ। ਇਸ ਦਾ ਕਾਰਨ ਹੈ ਉਸ ਦੀ ਗੂੜ੍ਹ ਆਲੋਚਨਾਤਮਕ ਪੰਡਿਤਾਈ ਵਾਲੀ ਸ਼ੈਲੀ ਤੋਂ ਵਿਥ। ਇਸ ਪੁਸਤਕ ਵਿਚ ਮੱਧਕਾਲੀ ਪੰਜਾਬੀ ਸਾਹਿਤ ਵਿਚ ਹਿੰਦੂ ਮੁਸਲਿਮ ਸੱਭਿਆਚਾਰਾਂ ਦੇ ਸੰਸਲੇਸ਼ਣ, ਸੂਫ਼ੀ ਕਾਵਿ ਦੀ ਵਿਚਾਰਧਾਰਾ, ਬੁੱਲ੍ਹੇ ਸ਼ਾਹ ਦੀ ਬਾਬਾ ਫ਼ਰੀਦ ਤੇ ਸ਼ਾਹ ਹੁਸੈਨ ਤੋਂ ਵੱਖਰਤਾ, ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਵਿਚ ਪੰਜਾਬੀ ਜੀਵਨ ਦੇ ਚਿੰਨ੍ਹਾਂ, ਪ੍ਰਤੀਕਾਂ, ਰਸਮਾਂ-ਰਿਵਾਜਾਂ, ਰਹਿਣ-ਸਹਿਣ ਅਤੇ ਵਿਸ਼ਵਾਸਾਂ ਦੀ ਭਰਪੂਰ ਪੇਸ਼ਕਾਰੀ, ਬੁੱਲ੍ਹੇ ਸ਼ਾਹ ਦੀ ਪੰਜਾਬੀ ਸਾਹਿਤ ਨੂੰ ਦੇਣ, ਇਸ਼ਕ ਤੇ ਰਹੱਸਵਾਦ ਬਾਰੇ ਬੁੱਲ੍ਹੇ ਦਾ ਦ੍ਰਿਸ਼ਟੀਕੋਣ ਤੇ ਬੁੱਲ੍ਹੇ ਦੀ ਰਚਨਾ ਦੀ ਭਾਸ਼ਾ/ਸਾਹਿਤ ਜੁਗਤਾਂ ਆਦਿ ਰੂਪਗਤ ਵਿਸ਼ੇਸ਼ਤਾਵਾਂ ਬਾਰੇ ਚਰਚਾ ਵਿਦਿਆਰਥੀਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਾਫੀ ਹੈ। ਆਮ ਪਾਠਕ ਨੂੰ ਵੀ ਇਸ ਵਿਚੋਂ ਖਾਸੀ ਜਾਣਕਾਰੀ ਮਿਲ ਜਾਂਦੀ ਹੈ। ਲੇਖਿਕਾ ਨੇ ਬੁੱਲ੍ਹੇ ਦੀਆਂ ਸਾਰੀਆਂ ਕਾਫ਼ੀਆਂ ਦੀ ਥਾਂ ਇਸ ਕਿਤਾਬ ਵਿਚ ਉਸ ਦੀਆਂ 21 ਚੋਣਵੀਆਂ ਕਾਫ਼ੀਆਂ ਹੀ ਦਿੱਤੀਆਂ ਹਨ। ਉਚੇਰੇ ਗੰਭੀਰ ਅਧਿਐਨ ਲਈ ਉਸ ਨੇ ਚੋਣਵੀਂ ਪੁਸਤਕ ਸੂਚੀ ਵੀ ਦੇ ਦਿੱਤੀ ਹੈ। ਇੰਦਰਜੀਤ ਕੌਰ ਨੇ ਹਵਾਲਿਆਂ ਵਜੋਂ ਜੋ ਟੂਕਾਂ ਤੇ ਸ੍ਰੋਤ ਵਰਤੇ ਹਨ, ਉਨ੍ਹਾਂ ਵਿਚ ਤਾਜ਼ਗੀ ਹੈ। ਪ੍ਰੋ: ਅਤਰ ਸਿੰਘ, ਕਰਿਸਟੋਫਰ ਸ਼ੈਕਲ, ਸ਼ਿਸ਼ਿਰ ਕੁਮਾਰ ਦਾਸ, ਐਲਬਰਟ ਸ਼ਵਾਈਜ਼ਰ, ਰਾਧਾ ਕ੍ਰਿਸ਼ਨਨ, ਸੰਤ ਸਿੰਘ ਸੇਖੋਂ, ਰਿਚਰਡ ਨਿਕਲਸਨ, ਫਿਲਿਪ ਵੇਨਰ, ਪਰਸੂ ਰਾਮ ਚਤੁਰਵੇਦੀ, ਸਿਰਦਾਰ ਕਪੂਰ ਸਿੰਘ, ਵਿਮਲ ਕੁਮਾਰ ਜੈਨ, ਰਾਮ ਪੂਜਨ ਤਿਵਾੜੀ, ਕੇ. ਏ. ਫਾਰਿਕ ਆਦਿ ਦੇ ਹਵਾਲੇ ਨਵੇਂ ਹੋਣ ਕਾਰਨ ਆਕਰਸ਼ਿਤ ਕਰਦੇ ਹਨ। ਪੰਜਾਬੀ ਦੇ ਨੌਜਵਾਨ ਲੇਖਕਾਂ/ਆਲੋਚਕਾਂ ਨੂੰ ਨਵੇਂ ਸ੍ਰੋਤਾਂ/ਚਿੰਤਕਾਂ/ਪੁਸਤਕਾਂ ਨਾਲ ਜੁੜਨ ਦਾ ਯਤਨ ਕਰਨਾ ਚਾਹੀਦਾ ਹੈ। ਇੰਦਰਜੀਤ ਕੌਰ ਨੇ ਇਹੀ ਕੀਤਾ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਗ਼ਦਰੀ ਸ਼ਹੀਦ
ਰਹਿਮਤ ਅਲੀ ਵਜ਼ੀਦਕੇ
ਲੇਖਕ : ਸਰਵਣ ਸਿੰਘ ਔਜਲਾ
ਪ੍ਰਕਾਸ਼ਕ : ਪ੍ਰੀਤਮ ਪ੍ਰਕਾਸ਼ਨ ਮਹਿਲ ਕਲਾਂ (ਬਰਨਾਲਾ)
ਮੁੱਲ : 60 ਰੁਪਏ, ਸਫ਼ੇ : 64
ਸੰਪਰਕ : 81949-75881.

ਬਰਨਾਲਾ ਜ਼ਿਲ੍ਹੇ ਦੇ ਪਿੰਡ ਵਜ਼ੀਦਕੇ ਦੇ ਗ਼ਦਰੀ ਸ਼ਹੀਦ ਰਹਿਮਤ ਅਲੀ ਨੂੰ ਨਿਵੇਕਲੇ ਅੰਦਾਜ਼ ਵਿਚ ਯਾਦ ਕਰਨ ਲਈ ਸਰਵਣ ਸਿੰਘ ਔਜਲਾ ਨੇ ਉਸ ਦੇ ਜੀਵਨ ਬਾਰੇ ਖੋਜ ਕਰਕੇ ਉਸ ਦੀ ਜੀਵਨੀ ਨੂੰ ਕਿੱਸੇ ਦੀ ਵਿਧਾ ਵਿਚ ਪੇਸ਼ ਕਰਕੇ ਪੁਸਤਕੀ ਰੂਪ ਦਿੱਤਾ ਹੈ। ਇਸ ਕਿੱਸੇ ਵਿਚ ਜਿਥੇ ਰਹਿਮਤ ਅਲੀ ਦੇ ਜੀਵਨ ਸੰਘਰਸ਼ ਦੀ ਗਾਥਾ ਕਾਵਿਮਈ ਸ਼ਬਦਾਂ ਵਿਚ ਬਿਆਨ ਕੀਤੀ ਗਈ ਹੈ, ਉਥੇ ਲੇਖਕ ਨੇ ਗ਼ਦਰ ਲਹਿਰ ਦੇ ਇਤਿਹਾਸਕ ਪਿਛੋਕੜ ਦਾ ਬਾਖੂਬੀ ਬਿਆਨ ਕਰਕੇ ਇਸ ਪੁਸਤਕ ਦਾ ਮਹੱਤਵ ਵਧਾ ਦਿੱਤਾ ਹੈ। ਵਿਦਵਾਨ ਖੋਜੀ ਪ੍ਰੋ: ਮਲਵਿੰਦਰ ਜੀਤ ਸਿੰਘ ਬੜੈਚ ਅਨੁਸਾਰ ਇਹ ਇਕ ਦਿਲ-ਟੁੰਬਵੀਂ ਰਚਨਾ ਹੈ। ਉਨ੍ਹਾਂ ਨੇ ਮੁਖਬੰਦ ਦੇ ਰੂਪ ਵਿਚ ਇਸ ਰਚਨਾ ਬਾਰੇ ਵਿਸਥਾਰਪੂਰਵਕ ਚਰਚਾ ਕਰਕੇ ਇਸ ਦੇ ਸਾਹਿਤਕ ਅਤੇ ਇਤਿਹਾਸਕ ਮਹੱਤਵ ਨੂੰ ਵੀ ਉਜਾਗਰ ਕੀਤਾ ਹੈ।
ਹਵਾਲਾ ਅਧੀਨ ਪੁਸਤਕ ਤੋਂ ਪਹਿਲਾਂ ਗ਼ਦਰੀ ਸ਼ਹੀਦ ਰਹਿਮਤ ਅਲੀ ਦੇ ਸਮੁੱਚੇ ਜੀਵਨ ਬਾਰੇ ਕੋਈ ਪੁਸਤਕ ਪ੍ਰਾਪਤ ਨਹੀਂ ਸੀ। ਸਰਵਣ ਸਿੰਘ ਔਜਲਾ ਨੇ ਇਸ ਮਹਾਨ ਸ਼ਹੀਦ ਬਾਰੇ ਖੋਜ ਭਰਪੂਰ ਕਾਰਜ ਕਰਕੇ ਅਤਿ ਸ਼ਲਾਘਾਯੋਗ ਕਾਰਜ ਕੀਤਾ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗ ਦਰਸ਼ਨ ਪ੍ਰਦਾਨ ਕਰੇਗਾ। ਪੁਸਤਕ ਦੇ ਅੰਦਰਲੇ ਤੇ ਬਾਹਰਲੇ ਟਾਈਟਲਾਂ ਉੱਤੇ ਗ਼ਦਰ ਲਹਿਰ ਨਾਲ ਜੁੜੀਆਂ ਸ਼ਖ਼ਸੀਅਤਾਂ ਦੀਆਂ ਨਾਯਾਬ ਤਸਵੀਰਾਂ ਵੀ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

9-07-2019

 ਦੋ ਪੈਰ ਘੱਟ ਤੁਰਨਾ
ਲੇਖਕ : ਧਰਮ ਪਾਲ ਸਿੰਗਲ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼, ਦਿੱਲੀ/ਪੰਜਾਬ
ਮੁੱਲ : 350 ਰੁਪਏ, ਸਫ਼ੇ : 254
ਸੰਪਰਕ : 099588-31357.

ਡਾ: ਧਰਮ ਪਾਲ ਸਿੰਗਲ (ਮਾਰਚ 1934 ਤੋਂ ਮਾਰਚ 2015) ਪੰਜਾਬੀ ਦਾ ਪ੍ਰਬੁੱਧ ਅਧਿਆਪਕ, ਖੋਜੀ ਤੇ ਲੇਖਕ ਰਿਹਾ ਹੈ। ਉਹ ਹਿੰਦੀ ਤੇ ਪੰਜਾਬੀ ਦੋਵਾਂ ਭਾਸ਼ਾਵਾਂ ਦਾ ਵਿਦਵਾਨ ਸੀ। ਸੰਘਰਸ਼ ਕਰਕੇ ਅਧਿਆਪਨ ਜਗਤ ਵਿਚ ਥਾਂ ਤੇ ਪਛਾਣ ਵਾਲੀ ਪੀੜ੍ਹੀ ਦਾ ਬੰਦਾ। ਉਹ ਪੀੜ੍ਹੀ ਜੋ ਪ੍ਰੋਫੈਸਰ ਜਿਹੇ ਅਹੁਦੇ ਦੀ ਪ੍ਰਾਪਤੀ ਤੋਂ ਬਾਅਦ ਪੜ੍ਹਨਾ-ਲਿਖਣਾ ਬੰਦ ਨਹੀਂ ਸੀ ਕਰਦੀ। ਕੱਟ ਤੇ ਪੇਸਟ ਵਾਲੇ ਲੇਖਣ ਦੀ ਥਾਂ ਮੌਲਿਕ ਅਧਿਐਨ ਚਿੰਤਨ ਲਈ ਨਿਰੰਤਰ ਯਤਨਸ਼ੀਲ ਰਿਹਾ ਉਹ। ਉਸ ਸਮੇਂ ਜਦੋਂ ਪੰਜਾਬ ਦੇ ਆਰੀਆ ਸਮਾਜੀ ਹਿੰਦੂ ਸੰਕੀਰਨ ਬਿਰਤੀ ਨਾਲ ਮਾਂ-ਬੋਲੀ ਪੰਜਾਬੀ ਤੋਂ ਦੂਰ ਜਾ ਰਹੇ ਸਨ, ਇਸ ਨੂੰ ਮਾਤ ਭਾਸ਼ਾ ਮੰਨਣ ਤੋਂ ਇਨਕਾਰੀ ਹੋ ਰਹੇ ਸਨ, ਉਸ ਸਮੇਂ 'ਧਰਮ ਪਾਲ ਸਿੰਗਲ' ਨੇ ਹਿੰਦੀ ਦੇ ਅਧਿਆਪਨ ਨੂੰ ਛੱਡ ਕੇ ਪੰਜਾਬੀ ਦੇ ਸੇਵਾ ਦਾ ਨਿਰਣਾ ਕੀਤਾ। 81 ਸਾਲ ਦੀ ਭਰਵੀਂ ਉਮਰ ਤੱਕ ਉਸ ਨੇ ਸੌਂ ਤੋਂ ਵਧੇਰੇ ਮੌਲਿਕ, ਅਨੁਵਾਦਿਤ, ਬਾਲ ਸਾਹਿਤ ਤੇ ਖੋਜ ਦੀਆਂ ਪੁਸਤਕਾਂ ਰਚੀਆਂ। 40 ਦੇ ਕਰੀਬ ਵਿਦਿਆਰਥੀਆਂ ਨੂੰ ਡਾਕਟਰੇਟ ਦੀ ਡਿਗਰੀ ਦਿਵਾਈ। ਵੱਖ-ਵੱਖ ਕਾਲਜਾਂ, ਯੂਨੀਵਰਸਿਟੀਆਂ, ਅਕੈਡਮੀਆਂ, ਸੰਸਥਾਵਾਂ ਵਿਚ ਸਰਗਰਮ ਰਹਿੰਦੇ ਹੋਏ ਆਪਣੀ ਨਿਡਰ ਨਿਵੇਕਲੀ ਪਛਾਣ ਉੱਤੇ ਪਹਿਰਾ ਦਿੱਤਾ। ਇਹ ਪੁਸਤਕ ਡਾ: ਸਿੰਗਲ ਦੇ ਭਰਪੂਰ ਰੂਪ ਵਿਚ ਜੀਵੇ ਜੀਵਨ ਦੀ ਕਹਾਣੀ ਹੈ, ਜੋ ਉਸ ਦੇ ਸੁਹਿਰਦ ਤੇ ਪਿਆਰੇ ਦੋਸਤ ਨੁਮਾ ਸ਼ਾਗਿਰਦ ਬਲਦੇਵ ਸਿੰਘ ਬਦਨ ਨੇ ਉਸ ਦੀ ਮ੍ਰਿਤੂ ਉਪਰੰਤ ਸੰਪਾਦਿਤ ਕਰਕੇ ਪ੍ਰਕਾਸ਼ਿਤ ਕਰਾਉਣ ਦਾ ਉੱਦਮ ਕੀਤਾ ਹੈ।
ਬੜਾ ਕੁਝ ਨਵਾਂ ਦੱਸਦੀ ਹੈ ਇਹ। ਦੇਸ਼ ਵੰਡ ਦੇ ਹਿਰਦੇਵੇਧਕ ਦ੍ਰਿਸ਼, ਹਿੰਦ-ਪਾਕਿ ਵੰਡ ਉਪਰੰਤ ਵਾਹਘੇ ਪਾਰ ਦੇ ਲੋਕਾਂ ਵਿਚ ਸਮੇਂ ਦੇ ਬੀਤਣ ਨਾਲ ਪੈਦਾ ਹੋਇਆ ਮੋਹ, ਸਾਡੇ ਅਕਾਦਮਿਕ ਜਗਤ ਦਾ ਗੰਧਲਾ ਮਾਹੌਲ, ਸਰਕਾਰੀ ਵਿਭਾਗਾਂ ਦੀ ਲਾਲ ਫੀਤਾਸ਼ਾਹੀ, ਅਕਾਦਮਿਕ ਗੁਟਬੰਦੀਆਂ, ਚੰਗੇ/ਮਾੜੇ ਅਧਿਆਪਕ, ਲੇਖਕ/ਪ੍ਰਕਾਸ਼ਕ ਸਬੰਧ ਪਰਿਵਾਰਕ ਜ਼ਿੰਮੇਵਾਰੀਆਂ ਵਿਚ ਬੱਝੇ ਸਾਹਿਤਕਾਰ ਦੀ ਬੰਧਨ ਬੱਝੀ ਜ਼ਿੰਦਗੀ, ਦੇਸ਼ ਦਾ ਗੌਰਮਈ ਵਿਰਸਾ, ਸਿਧਾਂਤਾਂ ਦਾ ਦਮ ਭਰਨ ਵਾਲੀ ਜਨਸੰਘ ਪਾਰਟੀ ਦਾ ਸੱਤਾ ਹਾਸਲ ਕਰਨ ਉਪਰੰਤ ਹੋਇਆ ਨਿਘਾਰ ਵਿਸ਼ੇਸ਼ ਤੌਰ 'ਤੇ ਵਰਨਣਯੋਗ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਯੋਧੇ ਕਾਰਗਿਲ ਦੇ
ਲੇਖਕ : ਬਲਦੇਵ ਸਿੰਘ ਕੋਰੇ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 94175-83141

ਬਲਦੇਵ ਸਿੰਘ ਕੋਰੇ ਦੀ ਇਹ ਵੀਹਵੀ ਪੁਸਤਕ ਹੈ। ਕੁੱਲ ਗਿਆਰਾਂ ਕਹਾਣੀਆਂ ਹਨ। ਪਹਿਲੀਆਂ ਦੋ ਕਹਾਣੀਆਂ ਦੇਸ਼ ਭਗਤੀ ਦੇ ਵਿਸ਼ੇ 'ਤੇ ਹਨ। ਸਿਰਲੇਖ ਵਾਲੀ ਕਹਾਣੀ ਵਿਚ ਫ਼ੌਜੀ ਅਫ਼ਸਰਾਂ ਦੇ ਬੱਚੇ ਕਾਲਜ ਪੜ੍ਹਦੇ ਪਿਆਰ ਦੀ ਤੰਦ ਨਾਲ ਜੁੜ ਜਾਂਦੇ ਹਨ। ਮੁੰਡਾ ਕਰਨੈਲ ਸਿੰਘ ਫ਼ੌਜੀ ਅਫ਼ਸਰ ਬਣ ਜਾਂਦਾ ਹੈ। ਫ਼ੌਜੀ ਅਫ਼ਸਰ ਦੀ ਧੀ ਦਰਸ਼ਨਾ ਨਾਲ ਵਿਆਹ ਹੁੰਦਾ ਹੈ। ਕਰਨੈਲ ਸਿੰਘ ਨੂੰ ਨੌਕਰੀ ਮਿਲਦੇ ਹੀ ਕਾਰਗਿਲ ਦੇ ਮੋਰਚੇ 'ਤੇ ਭੇਜ ਦਿੰਦੇ ਹਨ। ਉਥੇ ਸ਼ਹੀਦ ਹੋ ਜਾਂਦਾ ਹੈ। ਨਵ-ਜੰਮੇ ਪੁੱਤਰ ਦਾ ਮੂੰਹ ਵੀ ਨਹੀਂ ਵੇਖ ਸਕਿਆ। ਕਹਾਣੀ ਵਿਚ ਮੁੱਖ ਪਾਤਰਾਂ ਦੇ ਖਤ ਪੱਤਰ ਆਦਿ ਚੰਗਾ ਮਾਹੌਲ ਸਿਰਜਦੇ ਹਨ। ਵਾਕ ਵੀ ਅਰਥ ਭਰਪੂਰ ਹਨਂਬੇਟੀ ਸਿੱਖ ਕੌਮ ਵਿਚ ਜਜ਼ਬਾ ਹੀ ਗੁਰੂ ਸਾਹਿਬ ਨੇ ਐਸਾ ਭਰਿਆ ਹੈ ਕਿ ਉਸ ਨੂੰ ਜੰਗ ਦਾ ਨਾਂਅ ਸੁਣ ਕੇ ਹੀ ਚਾਅ ਚੜ੍ਹ ਜਾਂਦਾ ਹੈ। (ਪੰਨਾ 15) ਕਹਾਣੀ ਸ਼ਹੀਦ ਦੀ ਪਤਨੀ ਵੀ ਇਸੇ ਰੰਗ ਵਾਲੀ ਹੈ। ਜੰਗ ਵਿਚ ਪਹਿਲਾਂ ਦਸੌਂਧੀ ਰਾਮ ਆਪ ਸ਼ਹੀਦ ਹੁੰਦਾ ਹੈ ਪਤਨੀ ਰੇਖਾ ਵਿਧਵਾ ਹੋ ਜਾਂਦੀ ਹੈ। ਫਿਰ ਪੁੱਤਰ ਪਾਲ ਚੰਦ ਦੇਸ਼ ਤੋਂ ਕੁਰਬਾਨ ਹੋ ਕੇ ਪਤਨੀ ਨਸੀਬੋ ਨੂੰ ਛੱਡ ਜਾਂਦਾ ਹੈ। ਲੇਖਕ ਨੇ ਇਸ ਸਥਿਤੀ ਨੂੰ ਸੰਜੀਦਗੀ ਨਾਲ ਕਹਾਣੀ ਰੂਪ ਦਿੱਤਾ ਹੈ। ਬੇਵੱਸ ਔਰਤ ਦੀ ਜਮੀਲਾ ਦਾ ਫ਼ੌਜੀ ਪਤੀ ਜੰਗ ਵਿਚ ਲਾਪਤਾ ਹੋ ਜਾਂਦਾ ਹੈ। ਤਿੰਨ ਸਾਲ ਨਹੀਂ ਲੱਭਦਾ। ਮਾਪੇ ਲੈ ਜਾਂਦੇ ਹਨ। ਉਸ ਦਾ ਦੂਜਾ ਵਿਆਹ ਹਸਨ ਨਾਲ ਕਰ ਦਿੰਦੇ ਹਨ। ਦੂਜੇ ਵਿਆਹ ਪਿੱਛੋਂ ਉਸ ਦਾ ਪਹਿਲਾ ਪਤੀ ਅਹਿਮਦ ਆ ਜਾਂਦਾ ਹੈ। ਸਥਿਤੀ ਤਣਾਅ ਪੂਰਨ ਬਣ ਜਾਂਦੀ ਹੈ। ਉਹ ਆਉਂਦੇ ਹੀ ਪੁੱਛਦਾ ਹੈ ਜਮੀਲਾ ਕਿੱਥੇ ਹੈ? ਗੱਲ ਲੜਾਈ ਝਗੜੇ ਤੱਕ ਪਹੁੰਚਦੀ ਹੈ। ਕੇਸ ਅਦਾਲਤ ਵਿਚ ਜਾਂਦਾ ਹੈ। ਦੁਖੀ ਜਮੀਲਾ ਕਿੱਧਰ ਜਾਵੇ? ਅਖ਼ੀਰ ਵਿਚਾਰੀ ਖ਼ੁਦਕੁਸ਼ੀ ਕਰ ਜਾਂਦੀ ਹੈ। ਲੋਕ ਅਦਾਲਤ ਦੀ ਬਿਸ਼ਨੀ ਵੀ ਦੁੱਖ ਭੋਗਦੀ ਹੈ। ਕੁਰਬਾਨੀ ਦੀ ਪਰਮਿਲਾ ਅਪਣੇ ਪ੍ਰੇਮੀ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ। ਪਰ ਹੋ ਕਿਸੇ ਹੋਰ ਥਾਂ ਜਾਂਦਾ ਹੈ। ਮਾਪਿਆਂ ਨੂੰ ਮੌਕੇ ਸਿਰ ਕਹਿ ਨਹੀਂ ਸਕੀ। ਵਿਆਹ ਵਾਲੀ ਰਾਤ ਤੱਕ ਪ੍ਰੇਮੀ ਦੀਆਂ ਮਿੰਨਤਾਂ ਕਰਦੀ ਹੈ। ਕੁੜੀ ਭੱਠੀ ਵਾਲੀ ਦੀ ਤਾਰੋ, ਦਲੇਰ ਕੌਰ ਦੀ ਚਰਿੱਤਰਹੀਣ ਪਾਤਰ ਬਹੁਤ ਪ੍ਰਭਾਵਸ਼ਾਲੀ ਹਨ। ਕਹਾਣੀਆਂ ਦੀ ਸ਼ੈਲੀ, ਪਾਤਰੀ ਸੰਵਾਦ, ਤਿੱਖੇ ਦ੍ਰਿਸ਼, ਕਥਾ ਰਸ, ਸੁਚੱਜੀ ਪਾਤਰ ਸਿਰਜਣਾ। ਪੁਸਤਕ ਦੇ ਮੀਰੀ ਗੁਣ ਹਨ।

ਂਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 9814856160
ਫ ਫ ਫ

ਭਾਰਤੀ ਸਿਨੇਮਾ ਦੇ ਸਿਤਾਰੇ
ਲੇਖਕ : ਕੁਲਵਿੰਦਰ ਸਿੰਘ ਸਰਾਂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 395 ਰੁਪਏ, ਸਫ਼ੇ : 316
ਸੰਪਰਕ : 94635-44678.

ਲੇਖਕ ਕੁਲਵਿੰਦਰ ਸਿੰਘ ਸਰਾਂ ਦੀ ਬਾਲੀਵੁੱਡ ਸ਼ਖ਼ਸੀਅਤਾਂ ਬਾਰੇ ਇਹ ਦੂਜੀ ਪੁਸਤਕ ਹੈ। ਇਸ ਤੋਂ ਪਹਿਲਾਂ 'ਬਾਲੀਵੁੱਡ ਦੇ ਸੌ ਸਾਲ' ਹੋਣ 'ਤੇ ਉਨ੍ਹਾਂ ਦੀ ਪਹਿਲੀ ਪੁਸਤਕ 'ਭਾਰਤੀ ਸਿਨੇਮਾ ਦੇ ਸੌ ਵਰ੍ਹੇ' ਆਈ ਸੀ। ਭਾਰਤੀ ਸਿਨੇਮਾ ਦੇ ਸਿਤਾਰੇ ਪੁਸਤਕ ਵਿਚ ਲੇਖਕ ਨੇ ਫ਼ਿਲਮ ਜਗਤ ਨਾਲ ਜੁੜੀਆਂ ਉਨ੍ਹਾਂ ਸ਼ਖ਼ਸੀਅਤਾਂ ਦਾ ਵਰਨਣ ਕੀਤਾ ਹੈ, ਜਿਨ੍ਹਾਂ ਨੇ ਸਿਨੇਮਾ ਨੂੰ ਵਪਾਰ ਜਾਂ ਮੁਨਾਫ਼ੇ ਦਾ ਸਾਧਨ ਮਾਤਰ ਨਹੀਂ ਮੰਨਿਆ, ਸਗੋਂ ਆਪਣੀਆਂ ਕਿਰਤਾਂ ਰਾਹੀਂ ਲੋਕਾਂ ਨੂੰ ਸਿਹਤਮੰਦ ਮਨੋਰੰਜਨ ਦੇਣ ਦੇ ਨਾਲ-ਨਾਲ ਸਮਾਜਿਕ ਕੁਰੀਤੀਆਂ ਖਿਲਾਫ਼ ਜਾਗਰੂਕਤਾ ਲਿਆਉਣ ਲਈ, ਨੈਤਿਕ ਕਦਰਾਂ-ਕੀਮਤਾਂ ਨੂੰ ਹੁਲਾਰਾ ਦੇਣ ਲਈ ਉੱਘਾ ਯੋਗਦਾਨ ਪਾਇਆ ਹੈ। ਇਨ੍ਹਾਂ ਵਿਚ ਵੀ. ਸ਼ਾਂਤਾ ਰਾਮ ਮਹਿਬੂਬ ਖਾਨ, ਰਿਸ਼ੀਕੇਸ਼ ਮੁਖਰਜੀ, ਕੇ. ਆਸਿਫ਼, ਗੁਲਜ਼ਾਰ ਵਰਗੀਆਂ ਸ਼ਖ਼ਸੀਅਤਾਂ ਦਾ ਵਰਨਣ ਹੈ। ਬਾਕੀ ਨਾਇਕ-ਨਾਇਕਾਵਾਂ ਤੇ ਗੀਤ ਸੰਗੀਤ ਦੇ ਖੇਤਰ ਦੀਆਂ ਨਾਮਚੀਨ ਸ਼ਖ਼ਸੀਅਤਾਂ ਬਾਰੇ ਕਮਾਲ ਦੀ ਜਾਣਕਾਰੀ ਦਿੱਤੀ ਗਈ ਹੈ। ਲੇਖਕ ਨੇ ਸ਼ਖ਼ਸੀ ਚਿਤਰਣ ਕਰਦਿਆਂ ਉਨ੍ਹਾਂ ਬਾਰੇ ਜੋ ਜਾਣਿਆ ਜਾਂ ਮਹਿਸੂਸ ਕੀਤਾ, ਉਸੇ ਨੂੰ ਉਸੇ ਤਰ੍ਹਾਂ ਸਰਲ ਲਫ਼ਜ਼ਾਂ ਵਿਚ ਪੇਸ਼ ਕਰ ਦਿੱਤਾ ਹੈ। ਹਰ ਸਤਰ ਜਾਣਕਾਰੀ ਭਰਪੂਰ ਹੈ। ਕਿਤੇ ਵੀ ਸ਼ਬਦਾਂ ਦੀ ਫਜ਼ਲੂ ਭਰਤੀ ਨਹੀਂ ਪਾਈ ਗਈ। ਪਾਠਕ ਪੜ੍ਹਦਿਆਂ ਬੋਰੀਅਤ ਨਹੀਂ ਮਹਿਸੂਸ ਕਰਦਾ ਹੈ। ਇਕ ਥਾਂ ਜ਼ਿਕਰ ਹੈ ਬੜੇ ਗੁਲਾਮ ਅਲੀ ਖਾਂ ਸਾਹਿਬ ਫ਼ਿਲਮਾਂ ਵਿਚ ਗਾਉਣਾ ਬਿਲਕੁਲ ਪਸੰਦ ਨਹੀਂ ਸਨ ਕਰਦੇ। ਮੁਗ਼ਲ-ਏ-ਆਜ਼ਮ ਫ਼ਿਲਮ ਦੇ ਨਿਰਮਾਤਾ ਕੇ. ਆਸਿਫ਼ ਉਨ੍ਹਾਂ ਤੋਂ ਗੀਤ ਗਵਾਉਣਾ ਚਾਹੁੰਦੇ ਸਨ। ਕੇ. ਆਸਿਫ਼ ਨੇ ਖਾਂ ਸਾਹਿਬ ਨੂੰ ਬੇਨਤੀ ਕੀਤੀ। ਖਾਂ ਸਾਹਿਬ ਨੇ ਕਿਹਾ, 'ਜੇ ਉਨ੍ਹਾਂ ਨੂੰ ਕੋਈ ਇਕ ਗੀਤ ਦਾ ਪੰਜਾਹ ਹਜ਼ਾਰ ਰੁਪਈਆ ਵੀ ਦੇਵੇ ਤਾਂ ਵੀ ਉਹ ਫ਼ਿਲਮਾਂ ਲਈ ਨਹੀਂ ਗਾਉਣਗੇ।' ਕੇ. ਆਸਿਫ਼ ਅੱਗੋਂ ਕਹਿਣ ਲੱਗੇ, 'ਜੇ ਕੋਈ ਪੰਜਾਬ ਹਜ਼ਾਰ ਤੇ ਇਕ ਰੁਪਈਆ ਦੇਵੇ, ਫੇਰ?' ਫਿਰ ਖਾਂ ਸਾਹਿਬ ਨੇ 'ਮੁਗ਼ਲ-ਏ-ਆਜ਼ਮ' ਲਈ ਦੋ ਗੀਤ ਗਾਏ, 'ਪ੍ਰੇਮ ਜੋਗਨ ਬਨ ਕੇ' ਅਤੇ 'ਸ਼ੁਭ ਦਿਨ ਆਇਓ ਰੀ'। ਪੁਸਤਕ ਵਿਚ ਤਸਵੀਰਾਂ ਹੋਰ ਵਧੇਰੇ ਵਧੀਆ ਢੰਗ ਨਾਲ ਛਾਪੀਆਂ ਜਾ ਸਕਦੀਆਂ ਸਨ। ਪਰੂਫ ਰੀਡਿੰਗ ਦੀਆਂ ਕਿਤੇ-ਕਿਤੇ ਮਾਮੂਲੀ ਗ਼ਲਤੀਆਂ ਹਨ ਪਰ ਪੜ੍ਹਨ ਵਾਲੇ ਦਾ ਮਜ਼ਾ ਕਿਰਕਿਰਾ ਨਹੀਂ ਕਰਦੀਆਂ। ਕੁੱਲ ਮਿਲਾ ਕੇ ਫ਼ਿਲਮ ਨਗਰੀ ਮੁੰਬਈ ਬਾਰੇ ਪੰਜਾਬੀ ਵਿਚ ਆਈ ਇਹ ਪੁਸਤਕ ਰੌਚਕ ਤੇ ਜਾਣਕਾਰੀ ਭਰਪੂਰ ਹੈ।

ਂਪਰਮਜੀਤ ਸਿੰਘ ਵਿਰਕ
ਮੋ: 98724-07744
ਫ ਫ ਫ

ਗੂੰਜਦੇ ਬੋਲ
ਗੀਤਕਾਰ : ਪਲਵਿੰਦਰ ਸਿੰਘ ਰੰਧਾਵਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 98146-73236.

'ਗੂੰਜਦੇ ਬੋਲ' ਪਿਆਰੇ ਗੀਤਕਾਰ ਪਲਵਿੰਦਰ ਸਿੰਘ ਰੰਧਾਵਾ ਦਾ ਦੂਜਾ ਗੀਤ ਸੰਗ੍ਰਹਿ ਹੈ। ਉਸ ਦੇ ਗੀਤਾਂ ਵਿਚ ਭਾਵੇਂ ਮੁੱਖ ਤੌਰ 'ਤੇ ਪੰਜਾਬ ਨਾਲੋਂ ਦੁਖਦਾਈ ਵਿਛੋੜਾ ਹੈ ਪਰ ਉਸ ਨੇ ਅਨੇਕਾਂ ਅਨੇਕ ਲੋਕ ਸਰੋਕਾਰਾਂ ਵਾਲੇ ਅਤੇ ਸਮਾਜਿਕ ਬੁਰਾਈਆਂ ਨੂੰ ਚੌਰਾਹੇ ਵਿਚ ਖਲ੍ਹਾਰਨ ਲਈ ਵੀ ਗੀਤ ਸਿਰਜੇ ਹਨ। ਗੀਤਕਾਰੀ ਦੀ ਸਫਲ ਪੇਸ਼ਕਾਰੀ ਦਾ ਉਹ ਘੁਮੰਡ ਨਹੀਂ ਕਰਦਾ, ਸਗੋਂ ਨਿਮਰਤਾ ਸਹਿਤ ਕਹਿੰਦਾ ਹੈ :
ਇੱਲ ਦਾ ਨਾਂ ਕੋਕੋ ਨਾ ਜਾਣਾਂ, ਨਾ ਪੈਰ ਫੜੇ ਕਿਸੇ ਗੁਰ ਦੇ ਨੇ
ਮਾਲਕ ਦੀ ਜਦ ਮਿਹਰ ਹੈ ਹੁੰਦੀ, ਫੁਰਨੇ ਆਪੇ ਹੀ ਫੁਰਦੇ ਨੇ।
ਉਸ ਦੇ ਗੀਤਾਂ ਵਿਚ 'ਜੱਟ ਦੀ ਜ਼ਿੰਦਗੀ, ਸੱਸ ਅਤੇ ਨੂੰਹ ਦੇ ਰਿਸ਼ਤੇ ਵਿਚ ਪਿਆਰ ਦਾ ਵਾਧਾ ਕਰਨਾ, ਜ਼ਿੰਦਗੀ ਨੂੰ ਸਹਿਜ ਨਾਲ ਜੀਣ ਦੀ ਕਲਾ, ਸ਼ੈਤਾਨ ਬਣ ਰਿਹਾ ਇਨਸਾਨ, ਹਾਕਮਾਂ ਦੀ ਜਨਤਾ ਪ੍ਰਤੀ ਨਿਰੰਕੁਸ਼ਤਾ, ਵਿਸਰ ਰਿਹਾ ਪੰਜਾਬ ਦਾ ਵਿਰਸਾ ਆਦਿ ਲੋਕ ਮੁਖੀ ਵਿਸ਼ੇ ਬੜੀ ਕਲਾ ਨਾਲ ਪੇਸ਼ ਹੋਏ ਹਨ। ਉਸ ਦੇ ਹਰ ਗੀਤ ਵਿਚ ਸਿੱਖਿਆ ਮਿਲਦੀ ਹੈ। ਉਹ ਹਰ ਗੀਤ ਦੇ ਮੁਖੜੇ ਵਿਚ ਜ਼ਿੰਦਗੀ ਦੀ ਸੁਹਣੀ ਨੁਹਾਰ ਪੇਸ਼ ਕਰਨਾ ਲੋਚਦਾ ਹੈ। ਅਮਰੀਕਾ ਰਹਿੰਦਿਆਂ ਉਸ ਨੂੰ ਵਤਨ ਪੰਜਾਬ ਦੀ ਯਾਦ ਸਤਾਉਂਦੀ ਹੈ ਅਤੇ ਪੰਜਾਬੋਂ ਤੁਰਨ ਲੱਗਿਆਂ ਦਿਲ ਨੂੰ ਖੋਹਾਂ ਪੈਂਦੀਆਂ ਹਨ :
ਅਸਾਂ ਪ੍ਰਦੇਸੀਆਂ ਤੁਰ ਜਾਣਾ ਕੱਟ ਚਾਰ ਦਿਹਾੜੇ
ਭੁੱਲਦੇ ਨਹੀਂ ਪਲ ਸਦਾ ਯਾਦ ਰਹਿਣਗੇ
ਜਿਹੜੇ ਮਾਂ ਨਾਲ ਨਾਲੇ ਬਾਪੂ ਨਾਲ ਨੇ ਗੁਜ਼ਾਰੇ
ਭੁੱਲਣੇ ਨਹੀਂ ਪਲ ਸਦਾ ਯਾਦ ਰਹਿਣਗੇ।
ਪਲਵਿੰਦਰ ਆਪਣੇ ਪੰਜਾਬ ਦੀ ਸਦਾ ਸੁਖ ਮੰਗਦਾ ਅਤੇ ਅਮਨ-ਅਮਾਨ ਚਾਹੁਣ ਵਾਲਾ ਗੀਤਕਾਰ ਹੈ। ਪੁਸਤਕ ਨੂੰ ਜੀ ਆਇਆਂ ਹੈ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਰੋਹਲੀ ਗਰਜ
ਲੇਖਕ : ਨੰਦ ਸਿੰਘ ਮਹਿਤਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 595 ਰੁਪਏ, ਸਫ਼ੇ : 472
ਸੰਪਰਕ : 94170-35744.

ਵਿਚਾਰ ਅਧੀਨ ਪੁਸਤਕ 'ਰੋਹਲੀ ਗਰਜ' ਨੰਦ ਸਿੰਘ ਮਹਿਤਾ ਦਾ ਦੂਸਰਾ ਨਾਵਲ ਹੈ। ਉਸ ਨੇ ਇਸ ਨਾਵਲ ਵਿਚ 20ਵੀਂ ਸਦੀ ਦੇ ਅੱਠਵੇਂ ਦਹਾਕੇ ਵਿਚ ਪੰਜਾਬ ਦੇ ਵਿਦਿਆਰਥੀਆਂ ਵੱਲੋਂ ਚਲਾਈ ਵਿਦਿਆਰਥੀ ਸੰਘਰਸ਼ ਦੇ ਇਤਿਹਾਸ ਨੂੰ ਆਧਾਰ ਬਣਾ ਕੇ ਇਸ ਨਾਵਲ ਦੀ ਸਿਰਜਣਾ ਕੀਤੀ ਹੈ। ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪੰਜਾਬ ਵਿਚ ਚਲਾਈ ਇਹ ਇਨਕਲਾਬੀ ਜਮਹੂਰੀ ਲਹਿਰ 1971 ਤੋਂ 1982-83 ਤੱਕ ਫੈਲੀ ਹੋਈ ਹੈ, ਜਿਸ ਵਿਚ ਵਿਦਿਆਰਥੀਆਂ ਤੇ ਕੀਤੇ ਪੁਲਿਸ ਤਸ਼ੱਦਦ, ਨਜ਼ਰਬੰਦੀਆਂ ਅਤੇ ਵਿਦਿਆਰਥੀਆਂ ਵੱਲੋਂ ਦਿੱਤੀਆਂ ਬੇਸ਼ੁਮਾਰ ਕੁਰਬਾਨੀਆਂ ਦਾ ਇਤਿਹਾਸ ਵਿਦਮਾਨ ਹੈ। ਇਸ ਲਹਿਰ ਨੂੰ ਲੁਕਵੇਂ ਰੂਪ ਵਿਚ ਪੰਜਾਬ ਦੇ ਇਨਕਲਾਬੀ ਕਮਿਊਨਿਸਟਾਂ ਦੀ ਅਗਵਾਈ ਪ੍ਰਾਪਤ ਸੀ। ਪੰਜਾਬ ਸਟੂਡੈਂਟਸ ਯੂਨੀਅਨ ਨੂੰ ਪੰਜਾਬ ਪੱਧਰ 'ਤੇ ਜਨਤਕਰ ਜਥੇਬੰਦੀ ਦੇ ਰੂਪ ਵਿਚ ਸੰਗਠਿਤ ਕਰਕੇ ਇਸ ਦੀਆਂ ਇਕਾਈਆਂ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਕਾਇਮ ਕਰਨ, ਸਰਗਰਮ ਵਿਦਿਆਰਥੀਆਂ ਨੂੰ ਵਿਚਾਰਧਾਰਕ ਅਤੇ ਸਿਧਾਂਤਕ ਸੇਧ ਦੇਣ ਲਈ ਬਾਬਾ ਬੋਹੜ ਸਿੰਘ, ਕਾ: ਚੰਦਰ ਅਤੇ ਕਾ: ਹਰਦਿਆਲ ਵੱਲੋਂ ਗੁਪਤ ਰੂਪ ਵਿਚ ਕੀਤੀ ਸਕੂਲਿੰਗ ਦੇ ਵੇਰਵੇ, ਵਿਦਿਆਰਥੀਆਂ ਨੂੰ ਆਪਣੇ ਜਮਹੂਰੀ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਲਈ ਲਾਮਬੰਦ ਕਰਨ ਤੋਂ ਇਲਾਵਾ ਸਰਕਾਰ ਵੱਲੋਂ ਵਿਦਿਆਰਥੀ ਲਹਿਰ ਨੂੰ ਕੁਚਲਣ ਲਈ ਵਰਤੇ ਹੱਥਕੰਡਿਆਂ ਦਾ ਵਿਵਰਣ ਲੇਖਕ ਨੇ ਅਤਿ ਬਾਰੀਕਬੀਨੀ ਨਾਲ ਕੀਤਾ ਹੈ, ਜੋ ਲੂੰ-ਕੰਡੇ ਖੜ੍ਹੇ ਕਰਨ ਵਾਲਾ ਵੀ ਹੈ ਤੇ ਜੋਸ਼ ਭਰਪੂਰ ਵੀ ਹੈ।

ਂਸੁਖਦੇਵ ਮਾਦਪੁਰੀ
ਮੋ: 94630-34472.

ਸੱਤ ਸਮੁੰਦਰੋਂ ਪਾਰ
ਕਹਾਣੀਕਾਰਾ : ਸੁਧਾ ਸ਼ਰਮਾ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 100 ਰੁਪਏ, ਸਫ਼ੇ : 71
ਸੰਪਰਕ : 98762-75853.

ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਦੀ ਲੋੜ ਵਜੋਂ ਉਪਜੀ ਗਲਪ ਸਾਹਿਤ ਦੀ ਨਵੀਂ ਸਿਨਫ਼ ਲਘੂ ਕਹਾਣੀ ਦੇ ਭੰਡਾਰ 'ਚ ਵਾਧਾ ਕਰਦਾ ਇਹ ਲਘੂ ਕਹਾਣੀ ਸੰਗ੍ਰਹਿ ਆਪਣੀਆਂ 28 ਦੇ ਕਰੀਬ ਮਿੰਨੀ ਕਹਾਣੀਆਂ ਅਤੇ ਆਕਾਰ ਵਿਚ ਕੁਝ ਵੱਡੀਆਂ 6 ਕਹਾਣੀਆਂ ਨਾਲ ਪਾਠਕ ਦੇ ਮਨ ਤੇ ਜ਼ਿੰਦਗੀ ਦੇ ਅਨੇਕਾਂ ਰੰਗਾਂ ਦੀ ਅਮਿੱਟ ਛਾਪ ਛੱਡਦਾ ਹੋਇਆ ਕਹਾਣੀਕਾਰਾ ਸੁਧਾ ਸ਼ਰਮਾ ਦੀ ਇਸ ਸਾਹਿਤ ਵਿਧਾ ਉੱਤੇ ਪ੍ਰਭਾਵਸ਼ਾਲੀ ਪਕੜ ਸਿੱਧ ਕਰਦਾ ਹੈ। ਹਰੇਕ ਕਹਾਣੀ ਆਪਣੇ ਵਿਸ਼ੇ ਨੂੰ ਉਭਾਰਨ ਵਿਚ ਪੂਰੀ ਤਰ੍ਹਾਂ ਸਫਲ ਹੈ। ਇਸ ਕਹਾਣੀ ਸਿਨਫ਼ ਦੀ ਤਕਨੀਕ ਤੋਂ ਭਲੀ-ਭਾਂਤ ਜਾਣੂ ਕਹਾਣੀਕਾਰਾ ਨੇ ਕਈਆਂ ਕਹਾਣੀਆਂ ਵਿਚ ਪਾਠਕ ਮਨ ਨੂੰ ਚਕਾਚੌਂਧ ਕਰਨ ਵਾਲਾ ਅਸਰ ਵੀ ਸਫਲਤਾ ਨਾਲ ਜਗਾਇਆ ਹੈ। ਉਦਾਹਰਨ ਵਜੋਂ ਪਹਿਲੀ ਕਹਾਣੀ 'ਖੁਦਾਰੀ', ਟਿੱਚਰ, ਕਿਰਾਏ ਦੀ ਕੁੱਖ, ਮਾਸਟਰਨੀ, ਸਿਰ ਦਾ ਸਾਈਂ, ਨਾਨਕ ਛੱਕ, ਅਮੀਰੀ ਦਾ ਚਾਅ, ਸਿੰਪਲ ਪੜ੍ਹਾਈ, ਬੇਗਾਨਾ ਘਰ ਆਦਿ ਕਹਾਣੀਆਂ ਇਹ ਪ੍ਰਭਾਵ ਸਿਰਜਣ ਵਿਚ ਪੂਰੀ ਤਰ੍ਹਾਂ ਕਾਮਯਾਬ ਹਨ। ਇਸੇ ਤਰ੍ਹਾਂ ਸਮਾਜ ਵਿਚ ਔਰਤ ਦੀ ਮੰਦੀ ਹਾਲਤ ਬਿਆਨ ਕਰਦੀਆਂ, ਮੁੰਡੇ-ਕੁੜੀ 'ਚ ਫ਼ਰਕ ਕਰਨ ਵਾਲੀ ਕੋਹਝੀ ਸੋਚ ਨੂੰ ਦਰਸਾਉਣ ਵਾਲੀਆਂ ਕਈ ਕਹਾਣੀਆਂ ਕਹਾਣੀਕਾਰਾ ਦੀ ਦੂਜਿਆਂ ਦੇ ਦਰਦ ਨੂੰ ਆਪਣਾ ਦਰਦ ਸਮਝਣ ਵਾਲੀ ਉੱਚੀ ਸੁੱਚੀ ਸੋਚ ਨੂੰ ਦਰਸਾਉਂਦੀਆਂ ਹਨ। ਪੁੱਤ ਖਾਤਰ ਜ਼ਮੀਨ, ਬੇਗਾਨਾ ਘਰ ਸਜ਼ਾ, ਪਿਆਰ, ਰਾਣੀ ਹਾਰ, ਜੇਠ ਦੀ ਤਸਵੀਰ, ਮਾਂ, ਦੋ ਰੋਟੀਆਂ ਕਹਾਣੀਆਂ ਪਾਠਕ ਨੂੰ ਹੈਰਾਨੀ ਭਰੀ ਸੋਚ ਕਰਕੇ ਮੱਥੇ 'ਤੇ ਹੱਥ ਰੱਖਣ ਲਈ ਮਜਬੂਰ ਕਰਦੀਆਂ ਹਨ। ਇਸੇ ਤਰ੍ਹਾਂ ਇਸ ਸੰਗ੍ਰਹਿ ਦੇ ਆਖਰ ਵਿਚ ਦਰਜ ਆਕਾਰ ਵਿਚ ਕੁਝ ਵੱਡੀਆਂ ਕਹਾਣੀਆਂ 'ਖੂਬਸੂਰਤੀ, 'ਸਾਗ', 'ਇਨਡਾਇਰੈਕਟ ਡਾਉਰੀ', 'ਬੀਤੇ ਵੇਲੇ', ਜਨਮ ਪੱਤਰੀ ਅਤੇ ਵਿਆਹ ਅਤੇ ਬੁਲੰਦ ਸੁਰ ਇਸ ਕਹਾਣੀ ਸੰਗ੍ਰਹਿ ਦੀ ਸ਼ਾਨ ਵਧਾਉਣ ਵਾਲੀਆਂ ਕਹਾਣੀਆਂ ਹਨ। ਇਹ ਕਹਾਣੀਆਂ ਕਹਾਣੀਕਾਰਾ ਸੁਧਾ ਸ਼ਰਮਾ ਦੀ ਕਹਾਣੀ ਕਲਾ ਦਾ ਜਮ੍ਹਾਂ-ਨੁਕਤਾ ਸਿੱਧ ਹੁੰਦੀਆਂ ਹਨ। ਕਹਾਣੀ ਕਲਾ ਦੇ ਖੇਤਰ 'ਚ ਸੁਧਾ ਸ਼ਰਮਾ ਨੂੰ ਖੁਸ਼-ਆਮਦੀਦ ਕਿਹਾ ਜਾਣਾ ਚਾਹੀਦਾ ਹੈ।

ਂਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.
ਫ ਫ ਫ

ਗੰਗਾਜਲ ਤੇ ਹੋਰ ਕਹਾਣੀਆਂ
ਸੰਪਾਦਕ : ਬਲਵਿੰਦਰ ਸਿੰਘ
ਪ੍ਰਕਾਸ਼ਕ : ਬਾਲ ਚੇਤਨਾ ਪ੍ਰਕਾਸ਼ਨ, ਜ਼ੀਰਕਪੁਰ (ਮੁਹਾਲੀ)
ਮੁੱਲ : 150 ਰੁਪਏ, ਸਫ਼ੇ : 64
ਸੰਪਰਕ : 99140-99938.

ਦਵਿੰਦਰ ਮੰਡ ਦੀਆਂ ਦਲਿਤ ਸੰਵੇਦਨਾ ਨਾਲ ਸਬੰਧਤ ਇਸ ਸੰਗ੍ਰਹਿ ਦੀਆਂ 8 ਕਹਾਣੀਆਂ ਦਾ ਸੰਪਾਦਨ ਕਰਦਿਆਂ ਸੰਪਾਦਕ ਇਹ ਸਵੀਕਾਰ ਕਰਦਾ ਹੈ ਕਿ ਇਨ੍ਹਾਂ ਕਹਾਣੀਆਂ ਦੇ ਪਾਤਰ, ਘਟਨਾਵਾਂ ਅਤੇ ਪੇਸ਼ ਸਮੱਸਿਆਵਾਂ ਦੇ ਵਿਆਪਤ ਸਰੋਕਾਰ, ਉਸ ਨੇ ਕਿਸੇ ਨਾ ਕਿਸੇ ਰੂਪ ਵਿਚ ਆਪਣੇ ਅਨੁਭਵ ਦਾ ਹਿੱਸਾ ਬਣਾਏ ਹਨ।
ਇਨ੍ਹਾਂ ਦੇ ਕੇਂਦਰੀ ਪਾਤਰ ਜਾਂ ਸਰੋਕਾਰ ਮਸਲੇ ਦਲਿਤ ਸੰਵੇਦਨਾ ਨਾਲ ਸਬੰਧਤ ਹਨ, ਕੋਈ ਦਲਿਤ ਪਾਤਰ ਹੈ ਜਾਂ ਦੂਜਾ ਅਦਿੱਲਤ-ਪਾਤਰ ਹੈ, ਆਪਸੀ ਰਿਸ਼ਤਿਆਂ ਵਿਚ ਮਾਨਸਿਕ ਵਿਤਕਰੇ ਹਨ। ਲੇਖਕ ਨੇ ਆਪਣੀਆਂ ਇਨ੍ਹਾਂ ਕਹਾਣੀਆਂ ਦੇ ਪਾਤਰਾਂ ਨੂੰ ਯਥਾਰਥ ਰੰਗ ਵਿਚ ਰੰਗ ਕੇ ਉਹੋ ਜਿਹੇ ਹੀ ਚਿਤਰਿਆ ਹੈ, ਜਿਹੋ ਜਿਹੇ ਉਹ ਹਨ। ਜਿਵੇਂ ਕਹਾਣੀ ਤਿੰਨ ਟਿਕਟਾਂ ਲਾਹੌਰ, ਦਾ ਤੂਫ਼ਾਨੀ, ਗੰਗਾ ਜਲ ਦੀ ਸੈਂਕਰੀ, ਮਿੱਧੀਆਂ ਹੋਈਆਂ ਵੇਲਾਂ ਦਾ, ਬਖ਼ਸ਼ੀ ਰਾਮ ਆਦਿ ਪਾਤਰ ਦਲਿਤ ਸਮਾਜ ਪ੍ਰਤੀ ਸਦੀਵੀ ਨਫ਼ਰਤ ਦਾ ਸ਼ਿਕਾਰ, ਜ਼ਿੰਦਗੀ ਭਰ ਸਹਿਣ ਕੀਤੇ ਵਿਤਕਰਿਆਂ ਦੇ ਤਲਖ਼ ਤਜਰਬੇ ਹੰਢਾਉਣ ਵਾਲੇ ਲੋਕ ਹਨ।
ਇਨ੍ਹਾਂ ਕਹਾਣੀਆਂ ਦੇ ਪਾਤਰ, ਜਿਨ੍ਹਾਂ ਸਮਾਜਿਕ ਸਥਿਤੀਆਂ ਪ੍ਰਸਥਿਤੀਆਂ ਵਿਚ ਰਹਿ ਰਹੇ ਹਨ, ਉਨ੍ਹਾਂ ਦੀ ਧੁਰ ਆਤਮਾ ਵਿਚ ਦਲਿਤ ਹੋਣ ਦੇ ਅਹਿਸਾਸ ਅਜੇ ਵੀ ਜਾਗ ਪੈਂਦੇ ਹਨ, ਭਾਵੇਂ ਉਹ ਆਪਣੀ ਯੋਗਤਾ, ਮਿਹਨਤ, ਲਗਨ ਅਤੇ ਹਿੰਮਤ ਸਦਕੇ ਉੱਚੀ ਪ੍ਰਾਪਤੀਆਂ, ਨੌਕਰੀਆਂ, ਪਦਵੀਆਂ ਪ੍ਰਾਪਤ ਕਰ ਚੁੱਕੇ ਹਨ, ਇਸੇ ਪ੍ਰਕਰਣ ਵਿਚ ਜਿਹੜੇ ਵਿਅਕਤੀ ਉੱਚੀ ਸ਼੍ਰੇਣੀ ਦੇ ਵਰਗ ਸਮਾਜ ਵਿਚ ਪੈਦਾ ਹੋਏ ਹਨ, ਉਹ ਅਨਪੜ੍ਹ, ਗ਼ਰੀਬ ਅਤੇ ਬੇਰੁਜ਼ਗਾਰ ਕਿਉਂ ਨਾ ਹੋਣ, ਉਨ੍ਹਾਂ ਅੰਦਰ ਉੱਚੇ ਹੋਣ ਦਾ ਸਵੈ-ਅਭਿਮਾਨ ਹੈ। ਇਹ ਮਾਨਸਿਕ ਸੰਰਚਨਾ ਅੱਜ ਤੱਕ ਵੀ ਹਰ ਧਰਮ ਵਿਚ ਹੈ। ਇਸੇ ਲਈ ਮੰਦਿਰ, ਗੁਰਦੁਆਰੇ ਮਸਜਿਦਾਂ ਆਦਿ ਅਦਾਰੇ ਵਰਗ-ਵੰਡ ਨਾਲ ਸਥਾਪਿਤ ਹਨ। ਇਨ੍ਹਾਂ ਕਹਾਣੀਆਂ ਦੀ ਹਕੀਕਤ ਮਾਨਸਿਕ ਦੁਖਾਂਤ ਹੈ। ਸਮਾਜਿਕ ਲਾਅਨਤ ਹੈ। ਅਜੇ ਵੀ ਸਾਡੀ ਅਗਿਆਨਤਾ ਹੈ ਜਾਂ ਘਟੀਆ ਵਧੀਆ ਹੋਣ ਦੇ ਅਹਿਸਾਸ ਹਨ, ਜਿਨ੍ਹਾਂ ਦੀ ਕਰੋਪੀ ਦੇ ਹਨੇਰਿਆਂ ਵਿਚੋਂ ਸਾਨੂੰ ਨਿਕਲਣ ਦੀ ਲੋੜ ਹੈ।

ਂਡਾ: ਅਮਰ ਕੋਮਲ
ਮੋ: 08437873565.
ਫ ਫ ਫ

ਮੰਗਵੀਂ ਕਹਾਣੀ
ਲੇਖਕ : ਪ੍ਰਕਾਸ਼ ਸੋਹਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 295, ਸਫ਼ੇ : 216
ਸੰਪਰਕ : 0172-4027552

'ਮੰਗਵੀਂ ਕਹਾਣੀ' ਨਾਵਲ ਲਿਖਣ ਤੋਂ ਪਹਿਲਾਂ ਨਾਵਲਕਾਰ ਪ੍ਰਕਾਸ਼ ਸੋਹਲ 'ਧੁਆਂਖੀ ਆਸ ਦਾ ਸ਼ਫਰ' ਨਾਵਲ , ਦੋ ਕਵਿਤਾਵਾਂ ਅਤੇ ਧੁਆਂਖੀ ਆਸ ਦਾ ਸਫ਼ਰ ਨਾਵਲ ਨੂੰ ਹਿੰਦੀ ਵਿਚ ਵੀ ਅਨੁਵਾਦ ਕਰ ਚੁੱਕਿਆ ਹੈ ਅਤੇ ਇਕ ਨਾਵਲ 'ਨਾਈਟ ਯੂ ਸਲੀਪ ਅਲੋਨ' ਅੰਗਰੇਜ਼ੀ ਵਿਚ ਵੀ ਲਿਖ ਚੁੱਕਿਆ ਹੈ।
ਹੱਥਲੀ ਪੁਸਤਕ 'ਮੰਗਵੀਂ ਕਹਾਣੀ' ਨਾਵਲ ਵਿਚ ਨਾਵਲਕਾਰ ਇਕ ਕੁੜੀ ਦੀ ਕਹਾਣੀ ਬਿਆਨ ਕਰਦਾ ਹੈ, ਪੂਰੇ ਨਾਵਲ ਨੂੰ ਲੇਖਕ ਨੇ ਨਾਵਲੀ ਪਾਠਾਂ ਵਿਚ ਵੰਡਿਆ ਹੈ ਜੋ ਉਸ ਦੇ ਨਾਵਲ ਲਿਖਣ ਦਾ ਸ੍ਰੋਤ ਬਣਦੀ ਹੈ। ਪੂਰੇ ਨਾਵਲ ਵਿਚ ਕਾਲਜ ਵਿੱਚ ਪੜ੍ਹਦੇ ਬਾਲਗਾਂ ਦੀ ਕਹਾਣੀ ਹੈ ਜਿਨ੍ਹਾਂ ਦਾ ਪਿਆਰ ਸਿਰੇ ਨਹੀਂ ਚੜ੍ਹਦਾ ਪਰ ਉਨ੍ਹਾਂ ਦੀ ਸੋਚ ਦੇ ਸੁਪਨੇ ਚਕਨਾ-ਚੂਰ ਹੋ ਜਾਂਦੇ ਹਨ, ਅਮਰ ਨੇ ਬਹਤ ਤਸੀਹੇ ਸਹੇ ਤੇ ਉਸ ਦੀ ਜ਼ਿੰਦਗੀ ਹਿੱਸੇ ਹਮੇਸ਼ਾਂ ਕੰਡੇ ਹੀ ਆਏ ਤੇ ਉਸ ਦੀਆਂ ਸਾਰੀਆਂ ਖੁਸ਼ੀਆਂ ਹੀ ਢਹਿ-ਢੇਰੀ ਹੋ ਗਈਆਂ, ਭਾਵੇਂ ਅਮਰ ਤੇ ਹਰਿੰਦਰ ਇੰਗਲ਼ੈਂਡ ਤਾਂ ਪਹੁੰਚ ਗਏ ਸਨ ਪਰ ਫਿਰ ਵੀ ਉਨ੍ਹਾਂ ਦਿਆਂ ਸਜਾਇਆਂ ਸੁਪਨਿਆਂ ਨੂੰ ਬੂਰ ਨਾ ਪਿਆ ਤੇ ਐਂ ਹੀ ਸਮਾਂ ਲੰਘਦਾ ਗਿਆ ਅਖੀਰ ਵੀਹਾਂ ਸਾਲਾਂ ਬਾਅਦ ਇਕ ਨਵਾਂ ਫੁੱਲ ਖਿੜਿਆ ਜਿਸ ਨੇ ਦੋ ਵਿਛੜੀਆਂ ਰੂਹਾਂ ਦੇ ਮੇਲ ਕਰਵਾਏ ਤੇ ਆਪਣੀਆਂ ਖੁਸ਼ੀਆਂ ਨੂੰ ਵੀ ਚੰਗੀ ਤਰ੍ਹਾਂ ਮਾਨਣਾ ਚਾਹਿਆ ਪਰ ਕੁਦਰਤ ਦਾ ਉਹੀ ਦਸਤੂਰ ਕਿ ਉਹ ਵੀ ਕਿਧਰ ਨੂੰ ਜਾਵੇ ਜਿਸ ਨੂੰ ਅਮਰ ਵਿਚਾਰੀ ਨੇ ਜੀਵਿਆ ਸੀ ਹੱਡੀਂ ਹੰਢਾਇਆ ਸੀ, ਜਿਸ ਨੇ ਨਾਵਲਕਾਰ ਨੂੰ ਆਪਣੀ ਜ਼ਿੰਦਗੀ ਦੀਆਂ ਦੁੱਖਾਂ, ਤਕਲੀਫ਼ਾਂ ਤੋਂ ਜਾਣੂ ਕਰਵਾਇਆ। ਨਾਵਲਕਾਰ ਨੇ ਪਰਵਾਸੀ ਹੋਣ ਕਰਕੇ ਜੋ ਅੰਗਰੇਜ਼ੀ ਦੇ ਸ਼ਬਦ ਵਰਤੇ ਹਨ ਉਨ੍ਹਾਂ ਦੀ ਵਰਤੋਂ ਹੈ ਤਾਂ ਸੁਭਾਵਕ ਹੀ ਪਰ ਸਧਾਰਨ ਪਾਠਕ ਨੂੰ ਨਾਵਲ ਪੜ੍ਹਨ ਵਿਚ ਰੜਕੇਗੀ। ਸਮੁੱਚੇ ਰੂਪ ਵਿਚ ਨਾਵਲਕਾਰ ਨੂੰ ਮੁਬਾਰਕਬਾਦ।

ਫ ਫ ਫ

ਜਨਮ-ਜਨਮ ਦੇ ਸੁਆਮੀ
ਲੇਖਕ : ਡਾ: ਬਰਾਈਨ ਵਾਈਸ
ਅਨੁਵਾਦਕ : ਹਰੀ ਸਿੰਘ (ਡਾ:)
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195, ਸਫ਼ੇ : 147
ਸੰਪਰਕ : 98159-50590.

ਜਨਮ-ਜਨਮ ਦੇ ਸੁਆਮੀ ਪੁਸਤਕ ਡਾ: ਬਰਾਈਨ ਵਾਈਸ ਦੁਆਰਾ ਲਿਖੀ ਗਈ ਹੈ ਅਤੇ ਇਸ ਦਾ ਖੂਬਸੂਰਤ ਅਨੁਵਾਦ ਡਾ: ਹਰੀ ਸਿੰਘ ਦੁਆਰਾ ਕੀਤਾ ਗਿਆ ਹੈ, ਜਿਸ ਵਿਚ ਅਨੁਵਾਦਕ ਨੇ ਇਕ ਡਾਕਟਰ ਦੀ ਕਿਤਾਬ ਦੀ ਪੰਜਾਬੀ ਭਾਸ਼ਾ ਵਿਚ ਪੇਸ਼ਕਾਰੀ ਕਰਕੇ ਇਕ ਨਿਵੇਕਲੀ ਪਹਿਲ ਕੀਤੀ ਹੈ। ਸਮੁੱਚੀ ਪੁਸਤਕ ਨੂੰ ਲੇਖਕ ਨੇ ਕੁੱਲ 16 ਪਾਠਾਂ ਵਿਚ ਵੰਡਿਆ ਹੋਇਆ ਹੈ।
ਇਸ ਪੁਸਤਕ ਵਿਚ ਬਰਾਈਨ ਵਾਈਸ ਨੇ ਇਕ 27 ਸਾਲਾਂ ਦੀ ਕੁੜੀ ਉਪਰ ਖੋਜ ਕੀਤੀ ਹੈ, ਕਿ ਕੈਥਰਿਨ ਨਾਂਅ ਦੀ ਇਕ ਕੁੜੀ ਜਿਸ ਨੂੰ ਭੈਅ ਰਹਿੰਦਾ ਸੀ, ਚਿੰਤਾ ਰਹਿੰਦੀ ਸੀ ਤੇ ਆਪਣੇ-ਆਪ ਕੁਝ ਕਰਨ ਤੋਂ ਅਸਮਰੱਥ ਸੀ ਪਰ ਦੂਜੇ ਪਾਸੇ ਡਾਕਟਰ ਦਾ ਆਪਣਾ ਜੀਵਨ ਸ਼ਾਂਤੀਪੂਰਵਕ ਚੱਲ ਰਿਹਾ ਸੀ। ਮਨੋਵਿਗਿਆਨ ਦੇ ਇਸ ਡਾਕਟਰ ਨੇ ਪਹਿਲਾਂ ਤਾਂ ਕੈਥਰਿਨ ਦਾ ਇਲਾਜ ਬੜੇ ਨਾਰਮਲ ਢੰਗ ਨਾਲ ਕੀਤਾ, ਪਰ ਜਦੋਂ ਉਸ ਨੂੰ ਕੋਈ ਸਫਲਤਾ ਨਾ ਮਿਲੀ ਤਾਂ ਫਿਰ ਯੋਗ ਨਿੰਦਰਾ ਦੀ ਵਰਤੋਂ ਕਰਨ ਬਾਰੇ ਸੋਚਿਆ ਤਾਂ ਪੂਰੀ ਸਮਾਧੀ ਦੀ ਅਵਸਥਾ ਵਿਚ ਜਾ ਕੇ ਉਸ ਨੇ ਆਪਣੇ ਬੀਤੇ ਦੀਆਂ ਘਟਨਾਵਾਂ ਦੱਸ ਦਿੱਤੀਆਂ, ਜਿਸ ਨਾਲ ਉਹ ਠੀਕ ਹੋਣੀ ਸ਼ੁਰੂ ਹੋ ਗਈ। ਇਸ ਮਨੋਵਿਗਿਆਨੀ ਦਾ ਕਹਿਣਾ ਹੈ ਕਿ ਜੋ ਖੋਜ ਉਸ ਨੇ ਕੀਤੀ ਹੈ, ਉਹ ਪਿਛਲੇ ਜੀਵਨ ਦੀਆਂ ਯਾਦਾਂ ਉੱਪਰ ਹੋਈ ਖੋਜ ਹੈ ਉਸ ਉੱਪਰ ਚਿਕਿਤਿਸਾ ਅਧਿਕਾਰੀਆਂ ਨੂੰ ਵੀ ਜਾਂਚ ਕਰਨੀ ਚਾਹੀਦੀ ਹੈ।
ਲੇਖਕ ਨੇ ਇਸ ਵਿਚ ਯਥਾਰਥ ਨੂੰ ਬਿਆਨ ਕੀਤਾ ਹੈ ਕਿ ਇਸ ਦੀ ਜਾਣਕਾਰੀ ਆਮ ਲੋਕਾਂ ਨੂੰ ਵੀ ਮਿਲਣੀ ਚਾਹੀਦੀ ਹੈ ਤੇ ਮਨੋਵਿਗਿਆਨੀ ਡਾਕਟਰ ਨੇ ਸਾਰੇ ਸੱਚ ਦੀ ਪੇਸ਼ਕਾਰੀ ਲਈ ਕੈਥਰਿਨ ਦੀਆਂ ਯੋਗ ਨਿੰਦਰਾ ਵੇਲੇ ਦੀਆਂ ਸਮਾਧੀਆਂ ਨੂੰ ਰਿਕਾਰਡ ਵੀ ਕੀਤਾ ਹੋਇਆ ਹੈ ਅਤੇ ਲੇਖਕ ਨੇ ਕਹਾਣੀ ਬਿਆਨ ਕਰਨ ਲਈ ਦਲੇਰੀ ਤੋਂ ਕੰਮ ਲਿਆ ਹੈ। ਸਮੁੱਚੇ ਰੂਪ ਵਿਚ ਲੇਖਕ ਨੇ ਮੌਤ ਦੇ ਡਰ ਨੂੰ ਘਟਾਇਆ ਹੈ ਅਤੇ ਇਸ ਮਨ ਦੀ ਸ਼ਾਂਤੀ ਲਈ ਜੀਵਨ ਦੇ ਕੁਝ ਰਾਜ ਦੱਸੇ ਹਨ, ਇਸ ਲਈ ਲੇਖਕ ਅਤੇ ਅਨੁਵਾਦਕ ਵਧਾਈ ਦੇ ਪਾਤਰ ਹੈ।

ਂਗੁਰਬਿੰਦਰ ਕੌਰ ਬਰਾੜ
ਮੋ: 09855395161
ਫ ਫ ਫ

ਧੰਜਲ ਕਾਵਿ ਸੰਗ੍ਰਹਿ
ਕਵੀ : ਪਿਆਰਾ ਸਿੰਘ ਧੰਜਲ
ਪ੍ਰਕਾਸ਼ਕ : ਧੰਜਲ ਪ੍ਰਕਾਸ਼ਨ, ਜੰਮੂ
ਮੁੱਲ : 180 ਰੁਪਏ, ਸਫ਼ੇ : 116
ਸੰਪਰਕ : 096976-79009.

ਪੁਸਤਕ ਦਾ ਆਰੰਭ 'ਪੈਂਤੀ ਅੱਖਰਾਂ ਦਾ ਉਪਦੇਸ਼' ਨਾਮੀ ਅੱਖਰਾਵਲੀ ਤੋਂ ਹੁੰਦਾ ਹੈ। ਪੈਂਤੀ ਅੱਖਰਾਂ ਤੋਂ 4 ਸਤਰਾਂ ਦੇ ਬੈਂਤ ਸਿਰਜੇ ਗਏ ਹਨ ਅਤੇ ਹਰ ਬੈਂਤ ਵਿਚ ਸਾਧੂ ਦਿਆ ਸਿੰਘ ਵਾਂਗ ਜ਼ਿੰਦਗੀ ਬਿਲਾਸ ਦੀ ਤਰਜ਼ ਉੱਤੇ ਸਿੱਖਿਆ ਦਿੱਤੀ ਗਈ ਹੈ :
ਦੱਦਾ ਦਾਤਾ ਤੈਨੂੰ ਸਭ ਕੁਝ ਦੇ ਰਿਹਾ ਏ,
ਉਸ ਦਾਤੇ ਨੂੰ ਦਿਲੋਂ ਵਿਸਾਰਨਾ ਨਹੀਂ।...
ਧੰਜਲ ਦੁੱਖ ਦੱਸੀਂ ਸੱਚੇ ਮਿੱਤਰਾਂ ਨੂੰ,
ਜਿਨ੍ਹਾਂ ਸੁਣ ਕੇ ਕਦੀ ਸਹਾਰਨਾ ਨਹੀਂ।
ਕਵੀ ਧੰਜਲ ਨੇ ਇਸ ਤੋਂ ਅੱਗੇ ਬੈਂਤ ਵਿਚ ਹੀ 'ਬਾਰਾਂ ਮਾਂਹ' ਲਿਖੇ ਹਨ :
ਮਾਘ ਮਜਨ ਕਰ ਸੰਗਤ ਵਿਚ ਬੈਠ ਕੇ ਤੇ...
ਕਵੀ ਨੇ ਸਤਵਾਰੇ, ਛੇ ਰੁੱਤਾਂ ਵੀ ਲਿਖੀਆਂ ਹਨ :
ਰੁੱਤਾਂ ਸੱਜਣਾਂ ਨਾਲ ਹੀ ਸੋਂਹਦੀਆਂ ਨੇ
ਦੱਸਣ ਉਹੀ ਜੋ ਜਿਨ੍ਹਾਂ ਨੇ ਜਾਣੀਆਂ ਨੇ।
ਉਸ ਦੀਆਂ ਕਵਿਤਾਵਾਂ, 'ਸੱਚੀਆਂ ਗੱਲਾਂ', 'ਹੰਕਾਰ ਨਾ ਕਰੋ', 'ਸੱਚਾ ਮਾਰਗ', 'ਉੱਤਮ ਉਪਦੇਸ਼', 'ਅਨਮੋਲ ਬਚਨ', 'ਹੰਕਾਰੀ ਮਨੁੱਖ', 'ਸੱਚ ਦੇ ਬੋਲ', 'ਭਰਮ ਛੱਡੋ', 'ਸੱਚਾ ਪਿਆਰ' ਆਦਿ ਆਪਣੇ ਨਾਮਕਰਣ ਵਾਂਗ ਹੀ ਨੈਤਿਕਤਾ ਦਾ ਸੁੱਚਾ ਉਪਦੇਸ਼ ਦਿੰਦੀਆਂ ਹਨ।
ਪੁਸਤਕ ਦੇ ਅੰਤਲੇ ਵਰਕਿਆਂ ਵਿਚ ਉਸ ਨੇ ਆਧੁਨਿਕ ਭਾਵ ਦੀਆਂ ਨਜ਼ਮਾਂ ਅਤੇ ਕੁਝ ਗ਼ਜ਼ਲਾਂ ਵੀ ਦਰਜ ਕੀਤੀਆਂ ਹਨ। ਇਸ ਤੋਂ ਬਿਨਾਂ ਕੁਝ ਗੀਤ ਵੀ ਹਨ। ਭਾਵੇਂ ਅਜਿਹੀ ਸਟੇਜੀ ਕਵਿਤਾ ਦੀ ਸਿਰਜਣਾ ਬੜੀ ਘਟ ਗਈ ਹੈ ਪਰ ਫਿਰ ਵੀ ਧੰਜਲ ਕਾਵਿ ਸੰਗ੍ਰਹਿ ਵਿਚ ਇਹ ਪੁਰਾਣੀ ਪੰਜਾਬੀ ਸਟੇਜੀ ਕਵਿਤਾ ਦੇ ਦਰਸ਼ਨ ਹੋਏ ਹਨ। ਹਰ ਕਵਿਤਾ ਅਤੇ ਹਰ ਬੰਦ ਜੀਵਨ ਅਤੇ ਸਮਾਜ ਪ੍ਰਤੀ ਸੱਚੇ ਸੁੱਚੇ ਰਸਤਿਆਂ ਦੀ ਪੈਰੋਕਾਰੀ ਕਰਦਾ ਨਜ਼ਰ ਆਉਂਦਾ ਹੈ। ਅਜੋਕੇ ਲੀਡਰਾਂ, ਸਾਧਾਂ, ਚੋਰਾਂ, ਸੇਵਾ ਮੁਕਤ ਫ਼ੌਜੀਆਂ ਆਦਿ ਵਰਗੇ ਵਿਸ਼ੇ ਉਸ ਨੇ ਬੜੇ ਸਹਿਜ ਨਾਲ ਨਿਭਾਏ ਹਨ। ਪੁਸਤਕ ਵਧੀਆ ਤੇ ਸਿੱਖਿਆਦਾਇਕ ਹੈ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਅੰਧਾ ਆਗੂ ਜੇ ਥੀਐ
ਅਤੇ ਹੋਰ ਗੁਰਮਤਿ ਲੇਖ
ਲੇਖਕ : ਸੁਖਜੀਤ ਸਿੰਘ ਕਪੂਰਥਲਾ
ਪ੍ਰਕਾਸ਼ਕ : ਮਨਮੀਤ ਪ੍ਰਿੰਟਿੰਗ ਪ੍ਰੈਸ, ਕਪੂਰਥਲਾ
ਮੁੱਲ : 150 ਰੁਪਏ, ਸਫ਼ੇ : 124
ਸੰਪਰਕ : 98720-76876.

ਗੁਰਮਤਿ ਪ੍ਰਚਾਰਕ ਅਤੇ ਕਥਾਵਚਕ ਸੁਖਜੀਤ ਸਿੰਘ ਦੀ ਰਚਿਤ ਇਹ ਪੰਜਵੀਂ ਪੁਸਤਕ ਹੈ। ਇਸ ਪੁਸਤਕ ਵਿਚ ਲੇਖਕ ਨੇ 24 ਲੇਖ ਗੁਰਮਤਿ ਦ੍ਰਿਸ਼ਟੀਕੋਣ ਤੋਂ ਲਿਖੇ ਹਨ। ਲੇਖਕ ਅਨੁਸਾਰ ਗੁਰਮਤਿ ਸਿਧਾਂਤਾਂ, ਫਿਲਾਸਫੀ ਤੇ ਵਿਰਾਸਤ ਸਬੰਧੀ ਜਾਣਕਾਰੀ ਦੇ ਨਾਲ-ਨਾਲ ਇਸ ਸਭ ਕੁਝ ਨੂੰ ਅੱਗੇ ਪ੍ਰਚਾਰਨ ਦੀ ਲੋੜ ਨੂੰ ਮੁੱਖ ਰੱਖ ਕੇ ਹਥਲੀ ਪੁਸਤਕ ਵਿਚ ਵੱਖ-ਵੱਖ ਵਿਸ਼ਿਆਂ ਨੂੰ ਛੋਹਣ ਦਾ ਯਤਨ ਕੀਤਾ ਗਿਆ ਹੈ। ਨਿਰੋਲ ਧਾਰਮਿਕ ਆਸ਼ੇ ਤੋਂ ਲਿਖੀ ਇਹ ਪੁਸਤਕ ਲੇਖਕ ਦਾ ਬਹੁਤ ਸੁਹਿਰਦ ਯਤਨ ਹੈ। ਲੇਖਕ ਨੂੰ ਗਿਲ਼ਾ ਹੈ ਕਿ ਅਜੋਕੀ ਸਿੱਖੀ ਵਿਚ ਨਿਘਾਰ ਆ ਗਿਆ ਹੈ। ਲੇਖਕ ਦਾ ਸਾਰੇ ਲੇਖਾਂ ਦਾ ਤੱਤ-ਸਾਰ ਇਹ ਹੈ ਕਿ ਸਿੱਖ ਧਰਮ ਵਿਚ ਕਹਿਣੀ ਤੇ ਕਰਨੀ ਵਿਚ ਢੇਰ ਅੰਤਰ ਹੈ। ਗੁਰੂ ਦੇ ਦੱਸੇ ਰਾਹ ਤੋਂ ਸਿੱਖ ਥਿੜਕ ਗਏ ਹਨ। ਅੱਜ ਸਿੱਖ ਧਰਮ ਨੂੰ ਲੀਹ 'ਤੇ ਲਿਆਉਣ ਲਈ, ਸਿਧਾਂਤ ਤੇ ਅਮਲ 'ਚ ਇਕਸੁਰਤਾ ਲਿਆਉਣ ਲਈ ਸਿੱਖ ਧਰਮ ਦੇ ਵਿਦਵਾਨਾਂ ਤੇ ਚਿੰਤਕਾਂ ਨੂੰ ਇਸ ਬਾਰੇ ਸੁਹਿਰਦ ਯਤਨ ਕਰਨੇ ਚਾਹੀਦੇ ਹਨ। ਇਸੇ ਯਤਨ ਤਹਿਤ ਲੇਖਕ ਨੇ ਇਸ ਪੁਸਤਕ ਵਿਚ ਆਪਣੇ ਵਿਚਾਰ ਬੜੇ ਸ਼ਿੱਦਤ ਨਾਲ, ਚੰਗੇ ਢੰਗ ਨਾਲ ਤੇ ਸੌਖੀ ਭਾਸ਼ਾ ਵਿਚ ਕਲਮਬੱਧ ਕੀਤੇ ਹਨ। ਆਪਣੀ ਦਲੀਲ ਨੂੰ ਪੁਖ਼ਤਾ ਕਰਨ ਲਈ ਲੇਖਕ ਨੇ ਗੁਰਬਾਣੀ ਵਿਚੋਂ ਢੁਕਵੇਂ ਹਵਾਲੇ ਵੀ ਦਿੱਤੇ ਹਨ। ਪੁਸਤਕ ਲਿਖਣ ਦਾ ਸਿੱਖ ਧਰਮ ਦੇ ਅਨੁਯਾਈਆਂ ਤੇ ਹੋਰ ਪ੍ਰਚਾਰਕਾਂ ਨੂੰ ਬਹੁਤ ਫਾਇਦਾ ਹੋਵੇਗਾ। ਸਭ ਤੋਂ ਵੱਡਾ ਮੰਤਵ ਤੇ ਫਾਇਦਾ ਕਿ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੱਸੇ ਰਾਹ 'ਤੇ ਪੈ ਜਾਣ। ਪੁਸਤਕ ਲਾਭਕਾਰੀ ਹੈ, ਸਾਰੇ ਪਾਠਕ ਜ਼ਰੂਰ ਪੜ੍ਹਨ।

ਫ ਫ ਫ

ਸਮਕਾਲੀ ਪੰਜਾਬੀ ਨਾਵਲ
ਪ੍ਰਮੁੱਖ ਸਰੋਕਾਰ
ਲੇਖਿਕਾ : ਡਾ: ਮਿਨਾਕਸ਼ੀ ਰਾਠੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 132
ਸੰਪਰਕ : 98720-22268.

ਅਜੋਕੀ ਪੰਜਾਬੀ ਸਾਹਿਤ ਆਲੋਚਨਾ ਦੇ ਖੇਤਰ ਵਿਚ ਨਿੱਠ ਕੇ ਗੁਣਾਤਮਕ ਕਾਰਜ ਕਰਨ ਵਾਲੇ ਆਲੋਚਕਾਂ ਵਿਚੋਂ ਡਾ: ਮਿਨਾਕਸ਼ੀ ਰਾਠੌਰ ਦੀ ਇਸ ਹਥਲੀ ਪੁਸਤਕ ਨੂੰ ਵਾਚਿਆ ਜਾ ਸਕਦਾ ਹੈ।
ਸਮਕਾਲੀ ਪੰਜਾਬੀ ਨਾਵਲ ਦੀ ਕੀ ਸਥਿਤੀ ਹੈ ਤੇ ਕੀ ਸਰੋਕਾਰ ਹਨ? ਬਾਰੇ ਡਾ: ਰਾਠੌਰ ਨੇ ਪਹਿਲੇ ਅਧਿਆਇ ਵਿਚ ਬੜੀ ਮਿਹਨਤ ਨਾਲ ਲਿਖਿਆ ਹੈ। ਇਸ ਤੋਂ ਇਲਾਵਾ ਇਸ ਪੁਸਤਕ ਵਿਚ ਦੋ ਦਲੀਪ ਕੌਰ ਟਿਵਾਣਾ ਦੇ ਨਾਵਲ (ਖੜ੍ਹਾ ਪੁਕਾਰੇ ਪਾਤਣੀ, ਉਹ ਤਾਂ ਪਰੀ ਸੀ), ਇਕ ਮਿੱਤਰ ਸੈਨ ਮੀਤ ਦਾ ਨਾਵਲ (ਸੁਧਾਰ ਘਰ), ਇਕ ਬਲਦੇਵ ਸਿੰਘ ਦਾ ਨਾਵਲ (ਅਫ਼ਲਾਤੂ), ਇਕ ਦਰਸ਼ਨ ਧੀਰ ਦਾ (ਵਹਿਣ), ਇਕ ਮਨਮੋਹਨ ਬਾਵਾ ਦਾ (1857 ਦਿੱਲੀ, ਦਿੱਲੀ), ਦੋ ਬਲਬੀਰ ਪਰਵਾਨਾ ਦੇ ਨਾਵਲ (ਗਹਿਰ ਚੜ੍ਹੀ ਅਸਮਾਨ, ਅੰਬਰ ਵੱਲ ਉਡਾਣ), ਇਕ ਨਦੀਮ ਪਰਮਾਰ ਦਾ (ਪੇਸ਼ੀ), ਗੁਰਦੇਵ ਰੁਪਾਣਾ ਦਾ (ਸ੍ਰੀ ਪਾਰਵਾ), ਇਕ ਦਰਸ਼ਨ ਸਿੰਘ ਦਾ ਲਿਖਿਆ ਨਾਵਲ (ਬੁਝਾਰਤ), ਇਕ ਇੰਦਰ ਸਿੰਘ ਖਾਮੋਸ਼ ਦਾ (ਬੁੱਤ ਸ਼ਿਕਨ) ਅਤੇ ਇਕ ਪ੍ਰਭਜੀਤ ਨਰਵਾਲ ਦਾ ਨਾਵਲ (ਅਲਵਿਦਾ) ਡਾ: ਰਾਠੌਰ ਦੀ ਆਲੋਚਨਾ ਸਮੱਗਰੀ ਦੇ ਅੰਤਰਗਤ ਸ਼ਾਮਿਲ ਹਨ।
ਉਪਰੋਕਤ ਨਾਵਲਕਾਰਾਂ ਦੇ ਦਰਸਾਏ ਨਾਵਲਾਂ ਦੀਆਂ ਡਾ: ਰਾਠੌਰ ਨੇ ਪਾਠ ਮੂਲਕ ਵਿਸ਼ੇਸ਼ਤਾਵਾਂ ਤੇ ਵਿਸ਼ਲੇਸ਼ਣੀ ਅਧਿਐਨ ਕੀਤਾ ਹੈ। ਡਾ: ਰਾਠੌਰ ਨੇ ਬੜੀ ਸਰਲ ਭਾਸ਼ਾ, ਢੁਕਵੀਂ ਆਲੋਚਨਾਤਮਕ ਸ਼ਬਦਾਵਲੀ ਰਾਹੀਂ ਆਪਣੀ ਗੱਲ ਸਫਲਤਾ ਸਹਿਤ ਆਖੀ/ਲਿਖੀ ਹੈ। ਗਹਿਨ ਅਧਿਐਨ ਤੋਂ ਬਾਅਦ ਹੀ ਹਰ ਨਾਵਲ ਬਾਰੇ ਸਿਫ਼ਤੀ ਆਲੋਚਨਾਤਮਕ ਕਾਰਜ ਕੀਤਾ ਗਿਆ ਹੈ। ਡਾ: ਰਾਠੌਰ ਤੋਂ ਆਸ ਹੈ ਕਿ ਇਸੇ ਤਰ੍ਹਾਂ ਸੰਪੂਰਨ ਸ਼ਿੱਦਤ ਸਹਿਤ ਉਹ ਆਲੋਚਨਾ ਖੇਤਰ 'ਚ ਹੋਰ ਨਿੱਖੜਵਾਂ ਕੰਮ ਕਰਦੇ ਰਹਿਣਗੇ। ਪੁਸਤਕ ਦਾ ਸਵਾਗਤ ਹੈ।

ਂਪ੍ਰੋ: ਸਤਪਾਲ ਸਿੰਘ
ਮੋ: 98725-21515.
ਫ ਫ ਫ

ਲਾਚੀ ਦੀ ਖੁਸ਼ਬੋ
ਲੇਖਕ : ਸੋਹਨ ਲਾਲ ਖਟਕੜ
ਪ੍ਰਕਾਸ਼ਕ : ਨਵਰੋਜ਼ ਪ੍ਰਕਾਸ਼ਨ ਬੰਗਾ (ਨਵਾਂਸ਼ਹਿਰ)
ਮੁੱਲ : 100 ਰੁਪਏ, ਸਫ਼ੇ : 80
ਸੰਪਰਕ : 98725-39533.

ਸਿੱਖਿਆ ਖੇਤਰ ਵਿਚੋਂ ਸੇਵਾ-ਮੁਕਤ ਮੁੱਖ ਅਧਿਆਪਕ ਸੋਹਨ ਲਾਲ ਖਟਕੜ ਦੀ ਮਿੰਨੀ ਕਹਾਣੀਆਂ ਦੀ ਇਸ ਪੁਸਤਕ ਵਿਚ 43 ਰਚਨਾਵਾਂ ਹਨ। ਸਿਰਲੇਖ ਵਾਲੀ ਕਹਾਣੀ ਵਿਚ ਸਕੂਲ ਮਾਸਟਰ ਨਸ਼ਿਆਂ ਖਿਲਾਫ਼ ਬੋਲ ਕੇ ਹਟਿਆ ਹੈ। ਕਲਾਸ ਵਿਚ ਕਾਪੀ ਵਿਖਾਉਂਦੀ ਕੁੜੀ ਕਹਿੰਦੀ ਹੈਂਮਾਸਟਰ ਜੀ ਤੁਹਾਡੇ ਮੂੰਹ ਵਿਚੋਂ ਸ਼ਰਾਬ ਦੀ ਸੜ੍ਹਿਆਂਦ ਆਉਂਦੀ ਹੈ। ਮਾਸਟਰ ਫੁਰਤੀ ਨਾਲ ਕਹਿੰਦਾ ਹੈਂਨਹੀਂ ਕੁੜੀਏ ਇਹ ਤਾਂ ਲਾਚੀ ਦੀ ਖੁਸ਼ਬੋ ਏ । (ਪੰਨਾ 26) ਵਧੇਰੇ ਕਹਾਣੀਆਂ ਸਿੱਖਿਆ ਖੇਤਰ ਦੀਆਂ ਕਮਜ਼ੋਰੀਆਂઠਨੂੰ ਜ਼ਾਹਰ ਕਰਦੀਆਂ ਹਨ। ਸਮਾਜਿਕ ਮਸਲੇ, ਨਸ਼ਿਆਂ ਦੀ ਕਰੋਪੀ, ਰਿਸ਼ਤਿਆਂ ਦੀ ਤਿੜਕਨ, ਅੰਧਵਿਸ਼ਵਾਸ, ਬਦਲਦਾ ਸੱਭਿਆਚਾਰ ਹੋਰ ਵਿਸ਼ੇ ਹਨ। ਫਰਲੇ ਵਾਲੀ ਪੱਗ ਦਾ ਸੁੰਦਰ ਸਿੰਘ ਆਪਣੀ ਧੀ ਦੇ ਆਪਹੁਦਰੇਪਨ ਤੋਂ ਪ੍ਰੇਸ਼ਾਨ ਹੈ। ਰਚਨਾਵਾਂ ਵਿਚਲਾ ਸਹਿਜ ਪੁਸਤਕ ਦਾ ਮੁੱਖ ਗੁਣ ਹੈ। ਜੱਜ, ਕਿਕਲੀ, ਗਰਜ, ਘਰ, ਬਾਬਲ ਹੀਰਾ, ਝੋਰਾ, ਵਫ਼ਾਦਾਰੀ, ਹਥਿਆਰ, ਸਰਕਾਰ ਜੀ, ਚਿਰਾਗ, ਚੰਗੀਆਂ ਕਲਾ ਕਿਰਤਾਂ ਹਨ। ਪਰ ਕੁਝ ਰਚਨਾਵਾਂ, ਕਲਾ ਦੀ ਘਾਟ ਕਰਕੇ ઠਨਾਅਰਾ ਜਾਂ ਭਾਸ਼ਣ ਬਣ ਕੇ ਵੀ ਚੰਗਾ ਪ੍ਰਭਾਵ ਛੱਡ ਜਾਂਦੀਆਂ ਹਨ। ਲੇਖਕ ਲਈ ਕਹਾਣੀਆਂ ਦੇ ਲਿਖਣ ਸਮੇਂ ਤੋਂ ਪੁਸਤਕ ਰੂਪ ਵਿਚ ਆਉਣ ਵਿਚ ਕਈ ਸਾਲਾਂ ਦਾ ਅੰਤਰ ਕੋਈ ਮਾਇਨੇ ਨਹੀਂ ਰੱਖਦਾ। ਉਹ ਕਹਾਣੀਆਂ ਨੂੰ ਬਿਨਾਂ ਕਿਸੇ ਸੋਧ ਦੇ ਛਾਪ ਦਿੰਦਾ ਹੈ। ਟਾਈਟਲ ਤੇ ਦਿਖ ਆਕਰਸ਼ਕ ਹੈ। ਪੁਸਤਕ ਦਾ ਭਰਪੂਰ ਸਵਾਗਤ ਹੈ।

ਂਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 9814856160
ਫ ਫ ਫ

ਬਾਬਾ ਫ਼ਰੀਦ
ਲੇਖਕ : ਇੰਦਰਜੀਤ ਕੌਰ, ਨਿਰਮਲਜੀਤ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ (ਚੰਡੀਗੜ੍ਹ)
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 98786-03236.

ਬਾਬਾ ਸ਼ੇਖ਼ ਫ਼ਰੀਦ ਸਾਹਿਬ ਦੇ ਜੀਵਨ, ਬਾਣੀ ਅਤੇ ਫਲਸਫ਼ੇ ਬਾਰੇ ਬਹੁਤ ਸਾਰੀਆਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਪਰ ਇਨ੍ਹਾਂ ਦੋ ਬੀਬੀਆਂ ਨੇ ਇਹ ਪੁਸਤਕ ਬੜੀ ਕਰੜੀ ਘਾਲਣਾ ਉਪਰੰਤ ਸ਼ਰਧਾ, ਲਗਨ ਅਤੇ ਸਤਿਕਾਰ ਨਾਲ ਲਿਖ ਕੇ ਇਕ ਵਿਲੱਖਣ ਕਾਰਜ ਕੀਤਾ ਹੈ, ਕਿਉਂਕਿ ਪਹਿਲਾਂ ਪ੍ਰਕਾਸ਼ਿਤ ਪੁਸਤਕਾਂ ਨਾਲੋਂ ਇਹ ਪੁਸਤਕ ਬਹੁਤ ਭਿੰਨ ਹੈ। ਇਹ ਪੁਸਤਕ ਮੌਲਿਕ ਨਾ ਹੋ ਕੇ, ਬਾਬਾ ਫ਼ਰੀਦ ਸਾਹਿਬ ਬਾਰੇ ਪਹਿਲਾਂ ਪ੍ਰਕਾਸ਼ਿਤ ਪੁਸਤਕਾਂ, ਥੀਸਿਜ਼, ਰਸਾਲਿਆਂ, ਪੀ.ਐਚ.ਡੀ. ਖੋਜ ਪੱਤਰਾਂ, ਐਮ.ਫਿਲ ਖੋਜ ਪ੍ਰਬੰਧਾਂ ਅਤੇ ਐਮ. ਏ. ਪੱਧਰ ਦੇ ਖੋਜ ਭਰਪੂਰ ਲੇਖਾਂ 'ਤੇ ਆਧਾਰਿਤ ਹੈ। ਪੁਸਤਕ ਵਿਚ ਬਾਬਾ ਫ਼ਰੀਦ ਸਾਹਿਬ ਦੇ ਜੀਵਨ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਉਨ੍ਹਾਂ ਦੇ ਚਾਰ ਸ਼ਬਦਾਂ/ਸ਼ਲੋਕਾਂ ਨੂੰ ਸ਼ਾਮਿਲ ਕਰਨ ਦੇ ਨਾਲ-ਨਾਲ ਗੁਰੂ ਨਾਨਕ ਦੇਵ ਜੀ, ਗੁਰੂ ਅਮਰ ਦਾਸ ਜੀ, ਗੁਰੂ ਰਾਮ ਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਵੱਲੋਂ ਤਰਤੀਬਵਾਰ 4, 5, 1 ਅਤੇ 7 ਸ਼ਲੋਕਾਂ ਦੀ ਵੀ ਵਿਚਾਰ ਹੈ, ਜਿਹੜੇ ਇਨ੍ਹਾਂ ਗੁਰੂ ਸਾਹਿਬਾਨ ਨੇ ਬਾਬਾ ਫ਼ਰੀਦ ਜੀ ਦੇ ਕੁਝ ਸ਼ਲੋਕਾਂ ਦੇ ਸਪੱਸ਼ਟੀਕਰਨ ਵਜੋਂ ਉਚਾਰੇ ਹਨ।
ਵਿਚਾਰ-ਗੋਚਰੀ ਪੁਸਤਕ ਦੇ 10 ਭਾਗ ਹਨ। ਪਹਿਲੇ ਭਾਗ ਵਿਚ ਬਾਬਾ ਫ਼ਰੀਦ ਜੀ ਦੇ ਜੀਵਨ/ਬਾਣੀ ਬਾਰੇ ਅੰਗਰੇਜ਼ੀ ਵਿਚ ਲਿਖੀਆਂ 153 ਪੁਸਤਕਾਂ ਦਾ, ਸਮੇਤ ਉਨ੍ਹਾਂ ਦੇ ਲੇਖਕਾਂ ਦੇ, ਵੇਰਵਾ ਦਰਜਾ ਹੈ। ਇਹ ਵੇਰਵਾ ਅੰਗਰੇਜ਼ੀ ਵਰਣਮਾਲਾ ਅਨੁਸਾਰ ਹੈ। ਦੂਜੇ ਭਾਗ ਵਿਚ ਜਰਨਲਜ਼ ਅਤੇ ਸੈਮੀਨਾਰਾਂ ਬਾਰੇ ਜਾਣਕਾਰੀ ਹੈ। ਤੀਜਾ ਭਾਗ ਖੋਜ ਪੱਤਰਕਾਵਾਂ ਅਤੇ ਰਸਾਲਿਆਂ ਦਾ ਵੇਰਵਾ ਦਿੰਦਾ ਹੈ। ਇਹ ਸਮੁੱਚਾ ਫ਼ਰੀਦ ਸਾਹਿਤ, ਪੰਜਾਬੀ ਲੇਖਕਾਂ ਤੇ ਵਿਦਵਾਨਾਂ ਦਾ ਹੈ। ਇਕ ਅਣਪ੍ਰਕਾਸ਼ਿਤ ਖੋਜ ਪੱਤਰ ਦਾ ਵੀ ਜ਼ਿਕਰ ਹੈ (ਲੇਖਕ ਡਾ: ਧਰਮ ਸਿੰਘ)। ਚੌਥਾ ਅਧਿਆਇ ਪੀ.ਐਚ.ਡੀ. ਤੇ ਖੋਜ ਪ੍ਰਬੰਧਾਂ ਉੱਤੇ ਆਧਾਰਿਤ ਹੈ। ਇਨ੍ਹਾਂ ਦੇ ਲੇਖਕਾਂ ਦੇ ਨਾਂਅ ਵੀ ਦਿੱਤੇ ਗਏ ਹਨ। ਪੰਜਵਾਂ ਭਾਗ ਐਮ. ਫਿਲ ਅਤੇ ਖੋਜ ਪ੍ਰਬੰਧਾਂ ਬਾਰੇ ਹੈ। ਭਾਗ ਕ, ਐਮ.ਏ. ਪੱਧਰ ਦੇ ਖੋਜ ਨਿਬੰਧਾਂ, ਭਾਗ ਖ, ਫ਼ਰੀਦ ਜੀ ਬਾਰੇ ਪੰਜਾਬੀ ਅਤੇ ਹਿੰਦੀ ਵਿਚ ਲਿਖੀਆਂ ਪੁਸਤਕਾਂ ਬਾਰੇ ਵਡਮੁੱਲੀ ਜਾਣਕਾਰੀ ਦੇਣ ਵਾਲਾ ਹੈ, ਜਦ ਕਿ ਭਾਗ ਗ ਮਿਤੀਹੀਣ 9 ਪੁਸਤਕਾਂ ਬਾਰੇ ਹੈ। ਘ ਭਾਗ ਵਿਚ ਬਾਬਾ ਜੀ ਦੇ ਸ਼ਲੋਕ ਹਨ ਅਤੇ ਙ ਭਾਗ, ਫ਼ਰੀਦ ਜੀ ਦੇ ਰਾਗ ਆਸਾ, ਸੂਹੀ ਲਲਿਤ ਤੇ ਸੂਹੀ ਰਾਗ ਵਿਚ ਉਚਾਰਨ ਕੀਤੇ ਚਾਰ ਸ਼ਬਦਾਂ ਵਾਲਾ ਹੈ।

ਂਤੀਰਥ ਸਿੰਘ ਢਿੱਲੋਂ
ਮੋ: 98154-61710.
ਫ ਫ ਫ

ਖੁਸ਼ਬੂ ਸੱਚੇ ਪਿਆਰ ਦੀ
ਲੇਖਕ : ਗਿੱਲ ਮੋਰਾਂਵਾਲੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 80
ਸੰਪਰਕ : 98786-03236.

ਗਿੱਲ ਮੋਰਾਂਵਾਲੀ ਕੈਨੇਡਾ ਪ੍ਰਵਾਸੀ ਲਗਪਗ ਤਿੰਨ ਦਰਜਨ ਕਾਵਿ-ਸੰਗ੍ਰਹਿਾਂ ਦਾ ਕਰਤਾ ਕਵੀ, ਆਪਣਾ ਨਵਾਂ ਦੋਹਿਰਾ ਸੰਗ੍ਰਹਿ 'ਖੁਸ਼ਬੂ ਸੱਚੇ ਪਿਆਰ ਦੀ' ਲੈ ਕੇ ਮੁੜ ਹਾਜ਼ਰ ਹੋ ਰਿਹਾ ਹੈ। ਇਸ ਸੰਗ੍ਰਹਿ ਵਿਚ ਭਾਵੇਂ ਕੁੱਲ 68 ਦੋਹਿਰੇ ਹਨ, ਪ੍ਰੰਤੂ ਇਨ੍ਹਾਂ ਦੋਹਰਿਆਂ ਨੂੰ ਗੁਰਮੁਖੀ, ਦੇਵਨਾਗਰੀ ਅਤੇ ਫਾਰਸੀ ਲਿੱਪੀ ਵਿਚ ਪ੍ਰਕਾਸ਼ਿਤ ਕਰਵਾਇਆ ਹੈ ਤਾਂ ਕਿ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਇਨ੍ਹਾਂ ਨੂੰ ਆਪਣੀ-ਆਪਣੀ ਲਿੱਪੀ ਵਿਚ ਪੜ੍ਹ ਕੇ ਆਨੰਦ ਮਾਣ ਸਕਣ। ਗਿੱਲ ਮੋਰਾਂਵਾਲੀ ਮਾਨਵਵਾਦੀ ਕਵੀ ਹੈ, ਉਸ ਨੇ ਆਪਣੇ ਕਾਵਿ ਰਾਹੀਂ ਮਨੁੱਖੀ ਸਮਾਜ, ਸੰਸਾਰ-ਅਮਨ, ਏਕਤਾ, ਭਾਈਚਾਰਕ ਸਾਂਝ, ਸੇਵਾ, ਉਪਕਾਰ, ਪਿਆਰ ਆਦਿ ਅਜਿਹੀਆਂ ਸਿਰਜਨਾਤਮਕ ਕਦਰਾਂ-ਕੀਮਤਾਂ ਪੇਸ਼ ਕੀਤੀਆਂ ਹਨ, ਜਿਨ੍ਹਾਂ ਦਾ ਉਹ ਮੁੱਢ ਤੋਂ ਹੀ ਸਮਰਥਨ ਕਰਦਾ ਆ ਰਿਹਾ ਹੈ। ਇਸ ਸੰਗ੍ਰਹਿ ਦੇ ਦੋਹਰੇ ਉਸ ਦੇ ਧੁਰ ਅੰਦਰੋਂ ਨਿਕਲੀ ਸੰਵੇਦਨਾਤਮਕ ਪੁਕਾਰ ਹਨ, ਜਿਨ੍ਹਾਂ ਵਿਚ ਸਹਿਜਾਤਮਿਕਤਾ ਸੁਹਜਾਤਮਿਕਤਾ ਭਰੀ ਸਿਆਣਪ, ਹਮਦਰਦੀ ਅਤੇ ਸ਼ੁੱਭ ਇੱਛਾਵਾਂ ਦੀ ਖੁਸ਼ਬੋ ਨਜ਼ਰਾਵੰਦੀ ਹੈ। ਹਰ ਦੋਹਿਰਾ ਇਕ ਸਹਿਜ-ਸਿਆਣਪ ਹੈ :
ਕੁਦਰਤ ਤੋਂ ਬੰਦਾ ਪਰੇ, ਹੋਈ ਜਾਂਦਾ ਦੂਰ।
ਕੁਦਰਤ ਵੀ ਤਾਂ ਕੀ ਕਰੇ, ਕੁਦਰਤ ਵੀ ਮਜਬੂਰ॥
ਚੋਰ ਅਖੌਤੀ ਸੰਤ ਹੀ, ਕਰਦੇ ਨੇ ਹੁਣ ਰਾਜ।
ਅੰਦਰ ਬੈਠਾ ਦੇਖਦਾ, ਸਿਰ 'ਤੇ ਜਿਸ ਦੇ ਤਾਜ॥
ਗਿੱਲ ਮੋਰਾਂਵਾਲੀ ਦੇ ਇਹ ਦੋਹਿਰੇ ਸੱਚੇ-ਸੁੱਚੇ ਮਨੁੱਖ ਵੱਲੋਂ ਮਨੁੱਖਤਾ ਦੇ ਉਪਕਾਰ ਪਿਆਰ, ਅਮਨ, ਵਿਕਾਸ ਅਤੇ ਸਥਾਪਤੀ ਲਈ ਸ਼ੁੱਭ ਇੱਛਾਵਾਂ ਦੇ ਵਰਦਾਨ ਹੈ। ਇਹ ਕਾਵਿ, ਕੁੱਲ ਲੋਕਾਈ, ਸੰਸਾਰ ਅਮਨ ਅਤੇ ਸਮੁੱਚੀ ਪ੍ਰਕਿਰਤੀ ਦੀ ਕਾਇਆ ਦੇ ਲਈ ਅਜਿਹੀ ਵਿਚਾਰਧਾਰਾ ਦੇ ਸੁਨੇਹੇ ਸੰਚਾਰਦਾ ਹੈ, ਜਿਸ ਨੂੰ ਅਸੀਂ ਅੱਜ ਦੀ ਲੋੜ ਕਹਿ ਸਕਦੇ ਹਾਂ।

ਂਡਾ: ਅਮਰ ਕੋਮਲ
ਮੋ: 08437873565.
ਫ ਫ ਫ

 

9-7-2016

 ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ
ਲੇਖਕ : ਕੇਹਰ ਸਿੰਘ ਮਠਾਰੂ
ਪ੍ਰਕਾਸ਼ਕ : ਲਾਹੌਰ ਬੁਕਸ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 264
ਸੰਪਰਕ : 01612740738.

ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਜਾਤ-ਪਾਤ ਤੇ ਵਰਗ-ਵੰਡ ਦੇ ਹਰ ਬੰਧਨ ਤੋਂ ਮੁਕਤ ਕੀਤਾ ਹੈ ਪਰ ਵਿਹਾਰ ਵਿਚ ਬ੍ਰਾਹਮਣਵਾਦ ਦਾ ਇਹ ਕੋਹੜ ਸਿੱਖਾਂ ਵਿਚ ਚੇਤ ਅਚੇਤ ਨਿਰੰਤਰ ਜਾਰੀ ਹੈ। ਮੇਰੇ ਆਪਣੇ ਨਾਂਅ ਨਾਲ ਉਪਨਾਂਅ ਮੈਨੂੰ ਕਦੇ-ਕਦੇ ਚੁੱਭਦਾ ਹੈ। ਇਹ ਵੱਖਰੀ ਗੱਲ ਹੈ ਕਿ ਮੈਂ ਜਾਤ/ਉਪਨਾਂਅ ਨੂੰ ਇਕ-ਦੂਜੇ ਵਿਚ ਰਲਾ ਲਿਆ ਹੈ ਤੇ ਇਸ ਪੱਖੋਂ ਸਿੱਖ ਸਿਧਾਂਤਾਂ ਦੇ ਪਾਲਣ ਪ੍ਰਤੀ ਸੁਚੇਤ ਦ੍ਰਿਸ਼ਟੀ ਦਾ ਧਾਰਨੀ ਹਾਂ। ਗੱਲ ਸਿੱਖ ਕੌਮ ਦੇ ਮਹਾਂਨਾਇਕ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਕਰੀਏ। ਉਸ ਨੂੰ ਕੇਵਲ ਰਾਮਗੜ੍ਹੀਆ ਬਰਾਦਰੀ ਤੱਕ ਸੀਮਤ ਕਰਕੇ ਨਹੀਂ ਵੇਖਣਾ ਚਾਹੀਦਾ। ਇਸ ਪ੍ਰਤੀ ਸਮੁੱਚੀ ਕੌਮ ਨੂੰ ਸੁਚੇਤ ਹੋਣਾ ਚਾਹੀਦਾ ਹੈ ਤੇ ਇਸ ਬਰਾਦਰੀ ਨੂੰ ਮੁੱਖਧਾਰਾ ਦੇ ਗੌਰਵਮਈ ਅੰਗ ਹੋਣ ਦਾ ਅਹਿਸਾਸ ਦਿਵਾਉਣਾ ਚਾਹੀਦਾ ਹੈ। ਰਾਮਗੜ੍ਹੀਆ ਨੇ ਮਸੇ ਰੰਘੜ ਦਾ ਸਿਰ ਵੱਢਣ ਵਾਲਾ ਭਾਈ ਸੁੱਖਾ ਸਿੰਘ ਪੈਦਾ ਕੀਤਾ। ਦੇਸ਼ ਭਗਤ ਬਾਬਾ ਰਾਮ ਸਿੰਘ (ਨਾਮਧਾਰੀ) ਪੈਦਾ ਕੀਤਾ। ਗੁਰੂ ਨਿੰਦਕ ਨਕਲੀ ਨਿਰੰਕਾਰੀ ਗੁਰਬਚਨ ਸਿੰਘ ਨੂੰ ਮਾਰ ਕੇ ਗੁਰੂ ਨਿੰਦਾ ਦਾ ਬਦਲਾ ਲੈਣ ਵਾਲਾ ਭਾਈ ਰਣਜੀਤ ਸਿੰਘ ਪੈਦਾ ਕੀਤਾ। ਮਹਾਰਾਜਾ ਜੱਸਾ ਸਿੰਘ ਨੇ ਸੱਤ ਪਹਾੜੀ ਰਿਆਸਤਾਂ ਤੇ ਪੰਜਾਬ ਦੇ ਕਈ ਰਜਵਾੜਿਆਂ ਨੂੰ ਜਿੱਤ ਕੇ ਮਹਾਰਾਜਾ ਦਾ ਖਿਤਾਬ ਜਿੱਤਿਆ। 1723 ਤੋਂ 1803 ਤੱਕ ਦੇ ਕਾਲ ਖੰਡ ਦੇ ਇਸ ਯੋਧੇ ਨੇ ਦਿੱਲੀ ਦੇ ਲਾਲ ਕਿਲ੍ਹੇ ਉੱਤੇ ਕੇਸਰੀ ਨਿਸ਼ਾਨ ਲਹਿਰਾਉਣ ਵਾਲੇ ਜਥੇ ਵਿਚ ਹਿੱਸਾ ਲਿਆ। ਇਹ ਪੁਸਤਕ ਜੱਸਾ ਸਿੰਘ ਰਾਮਗੜ੍ਹੀਆ ਦੇ ਪਿਉ-ਦਾਦੇ ਦੀ ਬਰਾਦਰੀ ਦੇ ਕਾਰਨਾਮਿਆਂ ਤੇ ਪਿਛੋਕੜ ਤੋਂ ਸ਼ੁਰੂ ਹੋ ਕੇ 18ਵੀਂ ਸਦੀ ਦੇ ਲਹੂ ਰੰਗੇ ਤੇ ਉਤਰਾਵਾਂ ਚੜ੍ਹਾਵਾਂ ਵਾਲੇ ਸਿੱਖ ਸੰਘਰਸ਼ ਵਿਚ ਜੱਸਾ ਸਿੰਘ ਰਾਮਗੜ੍ਹੀਆ ਦੇ ਮੁਸਲਮਾਨ ਰਜਵਾੜਿਆਂ, ਸੂਬੇਦਾਰਾਂ, ਮਰਹਟਿਆਂ, ਅੰਗਰੇਜ਼ਾਂ, ਸਿੱਖ ਮਿਸਲਾਂ ਦੇ ਸਰਦਾਰਾਂ, ਮੁਗਲ ਹਕੂਮਤ, ਨਾਦਰ ਤੇ ਅਬਦਾਲੀ ਨਾਲ ਟਕਰਾਅ ਦੇ ਅਨੇਕ ਰੰਗ ਪਾਠਕ ਅੱਗੇ ਰੱਖਦੀ ਹੈ। ਲੋੜ ਪੈਣ 'ਤੇ ਇਸ ਸਦੀ ਵਿਚ ਸਿੱਖ ਆਪਸ ਵਿਚ ਵੀ ਤੇ ਵੱਡੇ ਤੋਂ ਵੱਡੇ ਦੁਸ਼ਮਣ ਨਾਲ ਵੀ ਅਲਪ ਕਾਲੀ ਦੋਸਤੀ/ਸਮਝੌਤਾ ਕਰ ਲੈਂਦੇ ਸਨ। ਬਾਹਰਲੇ ਦੁਸ਼ਮਣ ਦੀ ਆਮਦ ਸਮੇਂ ਸਿੱਖਾਂ ਦਾ ਇਕ ਹੋਣਾ ਇਸ ਜੀਵਨੀ ਦਾ ਵੱਡਾ ਸਬਕ ਹੈ, ਜਿਸ ਨੂੰ ਅੱਜ ਵੀ ਯਾਦ ਰੱਖਣ ਦੀ ਲੋੜ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਦੀਵਾ
ਅਤੀਤ ਅਤੇ ਵਰਤਮਾਨ
ਖੋਜਕਰਤਾ : ਡਾ: ਹਰਜੀਤ ਕੌਰ, ਡਾ: ਹਰਮਨਦੀਪ ਕੌਰ
ਪ੍ਰਕਾਸ਼ਕ : ਯੂਨੀਸਟਾਰ, ਮੁਹਾਲੀ (ਚੰਡੀਗੜ੍ਹ)
ਮੁੱਲ : 395 ਰੁਪਏ, ਸਫ਼ੇ : 150
ਸੰਪਰਕ : 98781-77170.

ਪੰਜਾਬੀ ਲੋਕਯਾਨ ਦੇ ਖੇਤਰ ਵਿਚ ਕੀਤਾ ਗਿਆ ਇਹ ਸ਼ੋਧ-ਕਾਰਜ ਡਾ: ਹਰਜੀਤ ਕੌਰ ਅਤੇ ਡਾ: ਹਰਮਨਦੀਪ ਕੌਰ ਦਾ ਸੰਯੁਕਤ ਪ੍ਰਯਾਸ ਹੈ। ਇਹ ਇਕ ਮਾਈਕਰੋ-ਅਧਿਐਨ ਹੈ, ਜਿਸ ਵਿਚ ਖੋਜਕਰਤਾ/ਕਰਤੇ ਕਿਸੇ ਵੱਡੇ ਪ੍ਰਬੰਧ ਦੇ ਕੇਵਲ ਇਕ ਹੀ ਕੜੀ ਉੱਪਰ ਆਪਣਾ ਧਿਆਨ ਫੋਕਸ ਕਰਕੇ ਨਵੇਂ ਸਿੱਟਿਆਂ ਦੀ ਸਥਾਪਨਾ ਕਰਦੇ ਹਨ। ਖੋਜੀਆਂ ਨੇ ਇਸ ਪੁਸਤਕ ਦੀ ਸਮੱਗਰੀ ਨੂੰ ਚਾਰ ਭਾਗਾਂ ਵਿਚ ਵੰਡਿਆ ਹੈ : 1. ਦੀਵਾ : ਸਿਧਾਂਤਕ ਪਰਿਪੇਖ, 2. ਦੀਵਾ : ਇਕ ਵਿਲੱਖਣ ਅਤੇ ਸਦੀਵੀ ਕਲਾਕ੍ਰਿਤ, 3. ਪੰਜਾਬੀ ਸੱਭਿਆਚਾਰ ਵਿਚ ਦੀਵਾ ਅਤੇ 4. ਦੀਵਾ : ਪ੍ਰਤੀਕਾਤਮਕ ਸੰਚਾਰ-ਜੁਗਤ। ਪਹਿਲੇ ਅਧਿਆਇ ਵਿਚ ਦੀਵੇ ਦੇ ਸੱਭਿਆਚਾਰਕ ਇਤਿਹਾਸ ਅਤੇ ਇਸ ਦੇ ਵੱਖ-ਵੱਖ ਰੂਪਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਦੂਜੇ ਅਧਿਆਇ ਵਿਚ ਵਿਸ਼ਵ ਸੱਭਿਆਚਾਰ ਦੇ ਪਰਿਪੇਖ ਵਿਚ ਦੀਵੇ ਦੇ ਇਤਿਹਾਸ ਦਾ ਵਰਣਨ ਕੀਤਾ ਗਿਆ ਹੈ। ਤੀਜੇ ਅਧਿਆਇ ਵਿਚ ਪੰਜਾਬੀ ਸੱਭਿਆਚਾਰ ਦੀਆਂ ਵਿਭਿੰਨ ਪਰਤਾਂ ਨੂੰ ਫੋਲ ਕੇ ਦੀਵੇ ਦੇ ਮਹੱਤਵ ਨੂੰ ਲਕਸ਼ਿਤ ਕੀਤਾ ਗਿਆ ਹੈ ਅਤੇ ਚੌਥੇ ਅਧਿਆਇ ਵਿਚ ਪੰਜਾਬੀ ਦੇ ਵਿਸ਼ਿਸ਼ਟ ਅਤੇ ਲੋਕ ਸਾਹਿਤ ਵਿਚ ਦੀਵੇ ਦੇ ਪ੍ਰਤੀਕਾਤਮਕ ਲੱਛਣਾਂ ਨੂੰ ਬਿਆਨ ਕੀਤਾ ਗਿਆ ਹੈ।
ਇਸ ਪੁਸਤਕ ਵਿਚ ਵਿਸ਼ਵ ਸੱਭਿਆਚਾਰ ਵਿਚ ਵੱਖ-ਵੱਖ ਸਮੇਂ ਵਰਤੇ ਜਾਂਦੇ ਰਹੇ ਦੀਵਿਆਂ ਦੇ ਸਰੂਪ, ਬਣਤਰ ਅਤੇ ਪ੍ਰਯੋਗ ਬਾਰੇ ਵੀ ਬੜੀ ਸਟੀਕ ਜਾਣਕਾਰੀ ਮਿਲਦੀ ਹੈ। ਵੱਖ-ਵੱਖ ਯੁੱਗਾਂ ਅਤੇ ਸੱਭਿਆਚਾਰਾਂ ਵਿਚ ਮਿਲਦੇ ਦੀਵਿਆਂ ਦੇ ਚਿੱਤਰ ਇਸ ਪੁਸਤਕ ਦੀ ਸ਼ੋਭਾ ਅਤੇ ਮਹੱਤਵ ਵਿਚ ਵਾਧਾ ਕਰਦੇ ਹਨ। ਪੰਜਾਬੀ ਸੱਭਿਆਚਾਰ ਵਿਚ ਦੀਵਾ ਇਕ ਕੇਂਦਰੀ ਕੜੀ ਵਜੋਂ ਅਹਿਮ ਭੂਮਿਕਾ ਨਿਭਾਉਂਦਾ ਹੈ। ਇਹੀ ਕਾਰਨ ਹੈ ਕਿ ਦੀਵੇ ਸਬੰਧੀ ਸਾਡੇ ਸਾਹਿਤ ਵਿਚ ਅਨੇਕ ਟਿੱਪਣੀਆਂ ਅਤੇ ਹਵਾਲੇ ਮਿਲਦੇ ਹਨ, ਜਿਵੇਂ : ਪੱਲਾ ਮਾਰ ਕੇ ਬੁਝਾ ਗਈ ਦੀਵਾ ਅੱਖ ਨਾਲ ਗੱਲ ਕਰ ਗਈ। ਇਹ ਰਚਨਾ ਇਕ ਹਵਾਲਾ-ਪੁਸਤਕ ਦਾ ਦਰਜਾ ਰੱਖਦੀ ਹੈ।

ਫ ਫ ਫ

ਥੋੜ੍ਹੀ ਦੇਰ ਹੋਰ ਠਹਿਰ
ਲੇਖਕ : ਪ੍ਰਬੋਧ ਕੁਮਾਰ ਗੋਵਿਲ
ਅਨੁਵਾਦ : ਜਗਦੀਸ਼ ਕੌਰ ਵਾਡੀਆ
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 240
ਸੰਪਰਕ : 98555-84298.

ਇਸ ਪੁਸਤਕ ਦਾ ਰਚੇਤਾ ਸ੍ਰੀ ਪ੍ਰਬੋਧ ਕੁਮਾਰ ਗੋਵਿਲ ਅਲੀਗੜ੍ਹ (ਉੱਤਰ ਪ੍ਰਦੇਸ਼) ਦਾ ਜੰਮਪਲ ਹੈ ਅਤੇ ਹੁਣ ਪਿਛਲੇ ਕਈ ਵਰ੍ਹਿਆਂ ਤੋਂ ਰਾਜਸਥਾਨ ਦੇ ਗੁਲਾਬੀ ਸ਼ਹਿਰ ਜੈਪੁਰ ਵਿਚ ਨਿਵਾਸ ਕਰ ਰਿਹਾ ਹੈ। ਉਸ ਦੀਆਂ ਬਹੁਤੀਆਂ ਕਹਾਣੀਆਂ ਦੇ ਵਿਸ਼ੇ ਪਰਿਵਾਰਕ ਹਨ। ਇਹ ਕਹਾਣੀਆਂ ਮਨੁੱਖ ਦੀ ਮਨੁੱਖਤਾ ਨੂੰ ਲੱਭਣ ਲਈ ਯਤਨਸ਼ੀਲ ਹਨ।
'ਅਪਾਹਜ' ਕਹਾਣੀ ਦਾ ਨਾਇਕ ਚੜ੍ਹਦੀ ਜਵਾਨੀ ਵਿਚ ਹੀ ਫ਼ੈਸਲਾ ਕਰ ਲੈਂਦਾ ਹੈ ਕਿ ਉਹ ਮੁਕਾਬਲੇ ਦੀ ਪ੍ਰੀਖਿਆ ਵਿਚ ਬੈਠ ਕੇ ਤਹਿਸੀਲਦਾਰ ਬਣੇਗਾ। ਇਸ ਮੰਤਵ ਲਈ ਉਹ ਰਾਤ-ਦਿਨ ਸਖ਼ਤ ਮਿਹਨਤ ਕਰਦਾ ਹੈ ਪਰ ਪਹਿਲੀ ਵਾਰ ਉਹ ਸਫਲ ਨਹੀਂ ਹੋ ਪਾਉਂਦਾ। ਇਸ ਤੋਂ ਬਾਅਦ ਇਕ ਹਾਦਸੇ ਵਿਚ ਉਸ ਦੇ ਮਾਤਾ-ਪਿਤਾ ਚਲਾਣਾ ਕਰ ਜਾਂਦੇ ਹਨ। ਉਸ ਦੀ ਆਪਣੀ ਵੀ ਇਕ ਲੱਤ ਕੱਟੀ ਜਾਂਦੀ ਹੈ ਪਰ ਉਹ ਫਿਰ ਵੀ ਹਿੰਮਤ ਨਹੀਂ ਹਾਰਦਾ ਅਤੇ ਡਟ ਕੇ ਪੜ੍ਹਾਈ ਕਰਦਾ ਹੈ। ਇਸ ਵਾਰ ਉਸ ਦੀ 'ਅਪੰਗ ਸ਼੍ਰੇਣੀ' ਵਿਚ ਚੋਣ ਹੋ ਜਾਂਦੀ ਹੈ। ਨਿਯੁਕਤੀ ਪੱਤਰ ਉੱਪਰ ਲਿਖਿਆ 'ਅਪੰਗ' ਸ਼ਬਦ ਉਸ ਨੂੰ ਚਿੜ੍ਹਾਉਂਦਾ ਹੈ ਅਤੇ ਉਹ ਨਿਯੁਕਤੀ ਪੱਤਰ ਦੇ ਟੋਟੇ-ਟੋਟੇ ਕਰ ਦਿੰਦਾ ਹੈ। ਇਹ ਹੈ ਇਕ ਵਿਅਕਤੀ ਦਾ ਸਵੈਮਾਣ, ਉਸ ਦੀ ਅਣਖ, ਜਿਸ ਨੂੰ ਉਹ ਮਰਨ ਨਹੀਂ ਦਿੰਦਾ।
ਪ੍ਰਬੋਧ ਦੀਆਂ ਹੋਰ ਕਹਾਣੀਆਂ ਵਿਚ ਵੀ ਮਨੁੱਖ ਦੇ ਵੈਰਾਟ ਆਪੇ ਦੀ ਤਲਾਸ਼ ਕੀਤੀ ਗਈ ਹੈ। 'ਹੁਣ ਨਹੀਂ ਆਉਣਗੇ ਉਹ' ਵਿਚ ਕਬੂਤਰਾਂ ਦੇ ਬੋਟਾਂ ਦੇ ਹਵਾਲੇ ਨਾਲ ਪਰਿਵਾਰਕ ਟੁੱਟ-ਭੱਜ ਦਾ ਬਿਰਤਾਂਤ ਪੇਸ਼ ਕੀਤਾ ਗਿਆ ਹੈ। 'ਫ਼ਰਕ' ਵਿਚ ਆਰਥਿਕ ਬੋਝ ਹੇਠ ਪਿਸ ਰਹੇ ਇਕ ਵਿਅਕਤੀ ਵੱਲੋਂ ਆਪਣੀ ਨਵ-ਵਿਆਹੁਤਾ ਪਤਨੀ ਦਾ ਗਰਭ ਗਿਰਾਉਣ ਦੀ ਕਸ਼ਮਕਸ਼ ਦਾ ਵਰਨਣ ਹੈ। ਬਾਅਦ ਵਿਚ ਇਹ ਕਹਾਣੀ ਮਨੁੱਖੀ ਸੰਭਾਵਨਾਵਾਂ ਦੇ ਨਵੇਂ ਪਾਸਾਰ ਛੂਹਣ ਲਗਦੀ ਹੈ। ਸ਼ੀਰਸ਼ਕ ਕਹਾਣੀ 'ਥੋੜ੍ਹੀ ਦੇਰ ਹੋਰ ਠਹਿਰ' ਵਿਚ ਆਧੁਨਿਕ ਮਨੁੱਖ ਦੀਆਂ ਸੀਮਾਵਾਂ ਅਤੇ ਸੰਭਾਵਨਾਵਾਂ ਦਾ ਵਰਣਨ ਹੋਇਆ ਹੈ। ਕਹਾਣੀਕਾਰ ਅਨੁਸਾਰ ਬੰਦਾ ਜਿਸ ਦੁਨੀਆ ਵਿਚ ਰਹਿੰਦਾ ਵਸਦਾ ਹੈ, ਉਸੇ ਨੂੰ ਪ੍ਰਮਾਣਿਕ ਅਤੇ ਨਿਆਇ ਉਚਿਤ ਮੰਨਣ ਲੱਗ ਪੈਂਦਾ ਹੈ। ਉਹ ਆਪਣੀਆਂ ਸੀਮਾਵਾਂ ਤੋਂ ਉੱਪਰ ਉੱਠਣ ਦਾ ਕੋਈ ਯਤਨ ਹੀ ਨਹੀਂ ਕਰਦਾ। 'ਗਲੋਬੇਲਾਈਜੇਸ਼ਨ' ਨੂੰ ਇਕ ਨਵੇਂ ਪਰਿਪੇਖ ਵਿਚ ਵੇਖਣ ਵਾਲੀ ਇਹ ਇਕ ਉੱਤਮ ਕਹਾਣੀ ਹੈ। ਡਾ: ਵਾਡੀਆ ਦਾ ਧੰਨਵਾਦ ਕਿ ਉਸ ਨੇ ਏਨੇ ਮਹੱਤਵਪੂਰਨ ਲੇਖਕ ਨੂੰ ਸਾਡੇ ਰੂਬਰੂ ਕਰਵਾ ਦਿੱਤਾ ਹੈ। ਉਹ ਇਕ ਸਫਲ ਅਨੁਵਾਵਦਕ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਅੱਧੀ ਵਿਧਵਾ
ਲੇਖਕ : ਸ਼ਫੀ ਅਹਿਮਦ
ਅਨੁਵਾਦ : ਅਭੈ ਸਿੰਘ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਚੰਡੀਗੜ੍ਹ
ਮੁੱਲ : 195, ਸਫ਼ੇ : 182
ਸੰਪਰਕ : 0172-4608699.

'ਅੱਧੀ ਵਿਧਵਾ' ਨਾਵਲ ਸ਼ਫੀ ਅਹਿਮਦ ਦੀ ਰਚਨਾ ਅਤੇ ਅਭੈ ਸਿੰਘ ਦੁਆਰਾ ਅਨੁਵਾਦ ਕੀਤੀ ਰਚਨਾ ਹੈ। ਅੱਧੀ ਵਿਧਵਾ ਨਾਵਲ ਨੂੰ ਅਭੈ ਸਿੰਘ ਨੇ ਕੁਲ 6 ਹਿੱਸਿਆਂ ਵਿਚ ਵੰਡ ਕੇ ਇਸ ਦੇ ਗਲਪੀ ਪਾਠ ਤਿਆਰ ਕੀਤੇ ਹਨ। ਅਨੁਵਾਦਕ ਨੇ ਪਹਿਲੇ ਹਿੱਸੇ ਵਿਚ ਪਿੱਛਲ-ਝਾਤ ਦੀ ਵਿਧੀ ਵੰਡ ਕੇ ਜੰਮੂ-ਕਸ਼ਮੀਰ ਦੀ ਹਿੰਸਾ ਦਾ ਦਰਦਨਾਕ ਪੱਖ ਪੇਸ਼ ਕੀਤਾ ਹੈ ਅਤੇ ਨਾਵਲ ਦੇ ਦੂਜੇ ਹਿੱਸੇ ਵਿਚ ਬਗਾਵਤ। 'ਅੱਧੀ ਵਿਧਵਾ' ਦਾ ਮਤਲਬ ਅੱਧੀ ਸੁਹਾਗਣ ਨਹੀਂ, ਉਸ ਕੋਲ ਨਾ ਸੁਹਾਗ ਹੈ ਤੇ ਨਾ ਹੈ ਪਤੀ ਦੀ ਮੌਤ ਦਾ ਸਰਟੀਫਿਕੇਟ। ਇਹ ਹੀ ਨਾਵਲ ਦੀ ਤ੍ਰਾਸਦੀ ਹੈ। 'ਅੱਧੀ ਵਿਧਵਾ' ਕੋਲ ਸਿਰਫ ਉਡੀਕ ਬਾਕੀ ਹੈ। ਉਮਰ ਭਰ ਆਪਣੇ ਪਤੀ ਦੀ ਉਡੀਕ ਕਰਦੀ ਰਹਿੰਦੀ ਹੈ, ਪਰ ਉਸ ਦੇ ਮੁੜਨ ਦੀ ਕੋਈ ਆਸ ਬਾਕੀ ਨਹੀਂ ਹੈ। ਉਸ ਦਾ ਪਤੀ ਗੁੰਮਸ਼ੁਦਾ ਦੇ ਵਰਗ ਵਿਚ ਹੈ। ਸਾਰੇ ਨਾਵਲ ਵਿਚ ਹੀ ਔਰਤ ਦੀ ਤ੍ਰਾਸਦਿਕ ਸਥਿਤੀ ਦਾ ਹੀ ਵਰਣਨ ਕੀਤਾ ਗਿਆ ਹੈ। ਇਸ ਦੀ ਸਜ਼ਾ ਸਿਰਫ ਨਾਜ਼ੁਕ ਵਰਗ, ਔਰਤ ਅਤੇ ਮਾਸੂਮ ਬੱਚਿਆਂ ਨੂੰ ਹੀ ਮਿਲਦੀ ਹੈ, ਜਿਵੇਂ ਕਿ ਲੇਖਕ ਸ਼ਫੀ ਅਹਿਮਦ ਨੇ ਨਾਵਲ ਦੀ ਭੂਮਿਕਾ ਵਿਚ ਦੱਸਿਆ ਹੈ ਕਿ ਉਸ ਨੇ ਇਹ ਨਾਵਲ ਆਪਣੇ ਮਾਸੂਮ ਬੱਚੇ ਦੇ ਭਾਵਾਂ ਤੋਂ ਪ੍ਰਭਾਵਿਤ ਹੋ ਕੇ ਲਿਖਿਆ ਹੈ ਕਿ ਜੇਕਰ ਉਹ ਮੌਤ ਦੇ ਮੂੰਹ ਵਿਚ ਚਲਾ ਜਾਂਦਾ ਤਾਂ ਬੱਚੇ ਦੀ ਸਥਿਤੀ ਕੀ ਹੁੰਦੀ। ਸਮੁੱਚੇ ਪਾਠਾਂ ਵਿਚ ਅੱਧੀ ਵਿਧਵਾ ਦੇ ਦਰਦਾਂ ਨੂੰ ਚਿਤਰਿਆ ਗਿਆ ਹੈ। ਨਾਵਲੀ ਪਾਠਾਂ ਵਿਚ ਜੰਮੂ-ਕਸ਼ਮੀਰ ਵਿਚ ਹੁੰਦੇ ਤਸ਼ੱਦਦ ਦੇ ਗਲਪੀ-ਬਿੰਬਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਇਸ ਤਰ੍ਹਾਂ ਔਰਤ ਤ੍ਰਾਸਦਿਕ ਪਾਤਰ ਹੈ ਤੇ ਉਨ੍ਹਾਂ ਦੇ ਬੱਚੇ ਜੋ ਅਜਿਹਾ ਦਰਦਨਾਕ ਸੱਚ ਹੰਢਾਅ ਰਹੇ ਹਨ। 'ਅੱਧੀ ਵਿਧਵਾ' ਨਾਵਲ ਜੰਮੂ-ਕਸ਼ਮੀਰ ਦੀਆਂ ਵਾਦੀਆਂ ਨਾਲ ਸਬੰਧਤ ਹੈ। ਇਸ ਵਿਚ ਨਾਵਲਕਾਰ ਨੇ ਜੰਮੂ-ਕਸ਼ਮੀਰ ਦੇ ਝੂਠੇ ਅਡੰਬਰਾਂ ਦੀ ਗੱਲ ਕੀਤੀ ਹੈ। ਇਸ ਨਾਵਲ ਨੂੰ ਖੂਬਸੂਰਤੀ ਨਾਲ ਪੰਜਾਬੀ ਵਿੱਚ ਅਨੁਵਾਦ ਕਰਕੇ ਅਭੈ ਸਿੰਘ ਨੇ ਚਾਰ ਚੰਨ ਲਗਾ ਦਿੱਤੇ ਹਨ।

ਂਗੁਰਬਿੰਦਰ ਕੌਰ ਬਰਾੜ
ਮੋ: 09855395161
ਫ ਫ ਫ

ਭਗਤ ਰਵਿਦਾਸ ਜੀ
ਲੇਖਕ : ਕੇਹਰ ਸਿੰਘ ਮਠਾਰੂ
ਪ੍ਰਕਾਸ਼ਕ : ਲਾਹੌਰ ਬੁਕ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 134
ਸੰਪਰਕ : 0161-2740738.

ਭਗਤ ਰਵਿਦਾਸ ਜੀ ਪ੍ਰਮੇਸ਼ਰ ਨਾਲ ਅਭੇਦ ਮਹਾਂਪੁਰਖ ਸਨ, ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੁਸ਼ੋਬਿਤ ਕੀਤੀ। ਇਸ ਪੁਸਤਕ ਵਿਚ ਭਗਤ ਜੀ ਦੇ ਆਗਮਨ ਸਮੇਂ ਭਾਰਤ ਦੀ ਸਥਿਤੀ, ਵਰਣ ਵੰਡ ਆਦਿ ਦਾ ਵਰਣਨ ਕਰਕੇ ਉਨ੍ਹਾਂ ਦੇ ਜੀਵਨ, ਆਦਰਸ਼ਾਂ ਅਤੇ ਰਚਨਾ 'ਤੇ ਚਾਨਣ ਪਾਇਆ ਗਿਆ ਹੈ। ਭਗਤ ਜੀ ਦਾ ਪ੍ਰਕਾਸ਼ ਇਕ ਅਖੌਤੀ ਨੀਵੀਂ ਜਾਤ ਵਿਚ ਹੋਇਆ, ਇਸ ਲਈ ਮਹਾਨ ਉੱਚੀ-ਸੁੱਚੀ ਆਤਮ ਹੋਣ ਦੇ ਬਾਵਜੂਦ ਸਮੇਂ ਦੇ ਸਮਾਜ ਨੇ ਉਨ੍ਹਾਂ ਦਾ ਤ੍ਰਿਸਕਾਰ ਕੀਤਾ। ਆਪਣੇ ਮਹਾਨ ਗੁਣਾਂ ਅਤੇ ਭਗਤੀ ਕਾਰਨ ਉਨ੍ਹਾਂ ਨੇ ਪ੍ਰਮੇਸ਼ਰ ਨੂੰ ਰਿਝਾ ਲਿਆ ਅਤੇ ਪਰਮਪਦ ਨੂੰ ਪ੍ਰਾਪਤ ਹੋਏ। ਰਾਣੀ ਝਾਲਾ ਬਾਈ ਅਤੇ ਮੀਰਾਂ ਬਾਈ ਨੇ ਉਨ੍ਹਾਂ ਨੂੰ ਗੁਰੂ ਧਾਰਨ ਕੀਤਾ। ਭਗਤ ਜੀ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਦਰਸ਼ਨ ਦੇ ਕੇ ਨਿਹਾਲ ਕੀਤਾ। ਪਹਿਲੇ ਪਾਤਸ਼ਾਹ ਜੀ ਨੇ ਭਗਤ ਜੀ ਦੇ ਸੋਲ਼ਾਂ ਰਾਗਾਂ ਵਿਚ ਰਚੇ ਹੋਏ ਚਾਲ਼ੀ ਸ਼ਬਦ ਇਕੱਤਰ ਕੀਤੇ, ਕਿਉਂਕਿ ਉਹ ਗੁਰਬਾਣੀ ਦੀ ਵਿਚਾਰਧਾਰਾ ਨਾਲ ਮੇਲ ਖਾਂਦੇ ਸਨ। ਪੰਚਮ ਪਾਤਸ਼ਾਹ ਜੀ ਨੇ ਇਨ੍ਹਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ਾਮਿਲ ਕਰਕੇ ਭਗਤ ਜੀ ਨੂੰ ਵੱਡਾ ਮਾਣ ਸਤਿਕਾਰ ਬਖਸ਼ਿਆ। ਇਨ੍ਹਾਂ ਚਾਲੀ ਸ਼ਬਦਾਂ ਦੀ ਵਿਆਖਿਆ ਵੀ ਇਸ ਪੁਸਤਕ ਵਿਚ ਕੀਤੀ ਗਈ ਹੈ।
ਭਗਤ ਜੀ ਨੇ ਪ੍ਰੇਮਾ ਭਗਤੀ, ਸੱਚੀ-ਸੁੱਚੀ ਕਿਰਤ ਕਮਾਈ ਅਤੇ ਪ੍ਰਭੂ ਦੇ ਸਿਮਰਨ ਦਾ ਉਪਦੇਸ਼ ਦਿੱਤਾ ਅਤੇ ਆਪ ਹੀ ਇਸ ਦੀ ਮਿਸਾਲ ਬਣ ਕੇ ਦਿਖਾਇਆ। ਆਪ ਕਰਮਕਾਂਡ, ਪਾਖੰਡ, ਵਿਤਕਰੇ ਅਤੇ ਜਾਤ-ਪਾਤ ਦੇ ਵਿਰੋਧੀ ਸਨ। ਆਪ ਦੀ ਅਗਾਂਹਵਧੂ ਸੋਚ ਨੇ ਲੋਕਾਂ ਵਿਚ ਚੇਤਨਾ ਅਤੇ ਜਾਗ੍ਰਿਤੀ ਲਿਆਂਦੀ। ਲੇਖਕ ਨੇ ਇਸੇ ਲਈ ਆਪ ਨੂੰ ਯੁੱਗ ਪਲਟਾਊ ਰਹਿਬਰ ਕਿਹਾ ਹੈ। ਆਪ ਦੇ ਕਈ ਸ਼ਬਦ ਬਹੁਤ ਹੀ ਹਰਮਨ-ਪਿਆਰੇ ਹਨ ਜਿਵੇਂਂ
-ਬੇਗਮ ਪੁਰਾ ਸਹਰ ਕੋ ਨਾਉ॥ ਦੂਖੁ ਅੰਦੋਹੁ ਨਹੀ ਤਿਹਿ ਠਾਉ॥
-ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹਹੁ ਹਮ ਨਾਹੀ॥
- ਜਉ ਤੁਮ ਗਿਰਿਵਰ ਤਉ ਹਮ ਮੋਰਾ॥ ਜਉ ਤੁਮ ਚੰਦ ਤਉ ਹਮ ਭਏ ਹੈ ਚਕੋਰਾ॥
ਇਹੋ ਜਿਹੀਆਂ ਸਿੱਖਿਆਦਾਇਕ ਪੁਸਤਕਾਂ ਸਮਾਜ ਨੂੰ ਪ੍ਰੇਰਨਾ ਦਿੰਦੀਆਂ ਹਨ। ਸਰਲ ਬੋਲੀ ਵਿਚ ਲਿਖੀ ਇਸ ਪੁਸਤਕ ਦਾ ਸਵਾਗਤ ਹੈ।

ਫ ਫ ਫ


ਕੁਦਰਤ ਦੇ ਰੰਗ
ਕਵੀ : ਭਗਤ ਰਾਮ ਰੰਗਾੜਾ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 88
ਸੰਪਰਕ : 99887-47330.

ਇਹ ਕਾਵਿ ਸੰਗ੍ਰਹਿ ਕਵਿਤਾਵਾਂ, ਗੀਤਾਂ ਅਤੇ ਗ਼ਜ਼ਲਾਂ ਨਾਲ ਸ਼ਿੰਗਾਰਿਆ ਹੋਇਆ ਹੈ। ਬਹੁਤੀਆਂ ਕਵਿਤਾਵਾਂ ਵਿਚ ਕਾਦਰ ਅਤੇ ਕੁਦਰਤ ਦੇ ਗੁਣ ਗਾਏ ਹੋਏ ਹਨ। ਕਵਿਤਾਵਾਂ ਦੀ ਤਰਤੀਬ ਇਸ ਤਰ੍ਹਾਂ ਹੈ ਕਿ ਕਵੀ ਨੇ ਰੂਹਾਨੀਅਤ ਨੂੰ ਪਹਿਲਾ ਨੰਬਰ ਦਿੱਤਾ ਹੈ ਅਤੇ ਫਿਰ ਮਾਤ ਭਾਸ਼ਾ ਦਾ ਸਤਿਕਾਰ ਕਰਦੇ ਹੋਏ ਦੁਨਿਆਵੀ ਸਮੱਸਿਆਵਾਂ ਨੂੰ ਅੰਤ ਵਿਚ ਰੱਖਿਆ ਹੈ। ਕਵਿਤਾਵਾਂ ਸਿੱਧੀਆਂ ਸਾਦੀਆਂ ਪਰ ਮਾਸੂਮ ਹਨ। ਆਉ ਕੁਝ ਝਲਕਾਂ ਦੇਖੀਏਂ
-ਗੱਲ ਹੋਵੇ ਕਰਨੀ ਤਾਂ ਗੱਲ ਕਰੋ ਤੋਲ ਕੇ
ਮਨ ਨਾ ਦੁਖਾਉ ਕਦੇ ਕੌੜਾ ਬੋਲ ਬੋਲ ਕੇ।
ਮਿੱਠੇ ਤੇ ਨਿਮਰ ਬਣੋ ਚੰਗੇ ਗੁਣ ਧਾਰ ਲਉ
ਰੱਬੀ ਰਾਹ ਤੇ ਚੱਲ ਕੇ ਜੀਵਨ ਸੁਧਾਰ ਲਉ।
-ਯਾਦਾਂ ਰਹਿ ਜਾਣੀਆਂ, ਰਹਿ ਜਾਣੀਆਂ ਮੇਰੇ ਯਾਰ
ਮਿੱਠੀਆਂ ਖੱਟੀਆਂ ਚੇਤੇ ਰੱਖੀਂ, ਕੌੜੀਆਂ ਦੇਈਂ ਵਿਸਾਰ।
-ਆਉ ਰਲ ਮਿਲ ਆਪਾਂ ਸਾਰੇ, ਇਕ-ਇਕ ਰੁੱਖ ਲਗਾਈਏ।
ਰੁੱਖਾਂ ਬਿਨ ਨਾ ਜੀਵਨ ਸਾਡਾ, ਰੁੱਖਾਂ ਤਾਈਂ ਬਚਾਈਏ।
-ਕੁਝ ਨਾ ਹੋਈ ਗੁਫ਼ਤਗੂ ਬੱਸ ਮੁਸਕਰਾਉਂਦੇ ਰਹਿ ਗਏ
ਕੀ ਪਤਾ ਉਹ ਰਾਜ਼ ਕਿਹੜਾ ਜੋ ਛੁਪਾਉਂਦੇ ਰਹਿ ਗਏ।
-ਪਵਨ ਗੁਰੂ ਹੈ ਪ੍ਰਾਣ ਆਧਾਰ
ਪਵਨ ਗੁਰੂ ਦੇ ਨਾਲ ਸੰਸਾਰ।
ਕਵਿਤਾਵਾਂ ਦੇ ਵਿਸ਼ੇ ਬਹੁਤ ਮਹੱਤਵਪੂਰਨ ਹਨ ਜਿਵੇਂ ਵਾਤਾਵਰਨ ਪ੍ਰਤੀ ਚੇਤਨਾ, ਬਜ਼ੁਰਗਾਂ ਦਾ ਸਤਿਕਾਰ, ਰੁੱਖਾਂ ਦਾ ਪਿਆਰ, ਅਨਪੜ੍ਹਤਾ, ਪੱਛਮੀ ਸੱਭਿਅਤਾ, ਔਰਤ ਆਦਿ। ਹਰ ਪਲ, ਹਰ ਕਾਰਜ ਕਰਦੇ ਸਮੇਂ ਰੱਬ ਦੀ ਓਟ ਲੈਣ ਦੀ ਪ੍ਰੇਰਨਾ ਹੈ। ਕੁਦਰਤ ਦੀ ਸਾਵੀ, ਸੁਹਾਵੀ ਗੋਦ ਵਿਚ ਬੈਠ ਕੇ ਜ਼ਿੰਦਗੀ ਨੂੰ ਮਾਣਨ ਦਾ ਸੁਨੇਹਾ ਹੈ। ਇਸ ਕਾਵਿ ਸੰਗ੍ਰਹਿ ਦਾ ਸਵਾਗਤ ਕਰਨਾ ਬਣਦਾ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

3-07-2016

 ਸੱਤੀਂ ਵੀਹੀਂ ਸੌ
ਲੇਖਕ : ਪ੍ਰਿੰਸੀਪਲ ਮਹਿੰਦਰ ਸਿੰਘ ਬਰਾੜ ਭਾਗੀਕੇ
ਪ੍ਰਕਾਸ਼ਕ : ਲੇਖਕ ਆਪ
ਮੁੱਲ : 300 ਰੁਪਏ, ਸਫ਼ੇ : 176.
ਸੰਪਰਕ : 98724-58149.

ਇਸ ਪੁਸਤਕ ਵਿਚ ਵੱਖੋ-ਵੱਖਰੇ ਵਿਸ਼ਿਆਂ 'ਤੇ ਲਿਖੇ ਨਿਬੰਧ ਹਨ, ਜਿਨ੍ਹਾਂ ਵਿਚ ਲੇਖਕ ਤੋਂ ਇਲਾਵਾ ਡਾ: ਗੁਰਦੇਵ ਸਿੰਘ ਸੰਘਾ, ਗੁਰਚਰਨ ਸਿੰਘ ਬਰਾੜ, ਗੁਰਪ੍ਰੇਮ ਸਿੰਘ ਬਰਾੜ ਅਤੇ ਗੁਰਿੰਦਰ ਸਿੰਘ ਬਰਾੜ ਦੇ ਲਿਖੇ ਲੇਖ ਵੀ ਸ਼ਾਮਿਲ ਹਨ। ਇਹ ਲੇਖ ਸਮਾਜਿਕ, ਧਾਰਮਿਕ, ਰਾਜਨੀਤਕ ਵਿਸ਼ਿਆਂ 'ਤੇ ਲਿਖੇ ਹੋਏ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ, ਪਤ ਲੱਥੀ ਜਾਇ, ਭਗਤੀ ਤੇ ਸ਼ਕਤੀ, ਜੋਰੀਂ ਮੰਗੈ ਦਾਨ, ਨਿਮ੍ਰਤਾ ਆਦਿ ਲੇਖਾਂ ਵਿਚ ਗੁਰਬਾਣੀ ਦੀਆਂ ਤੁਕਾਂ ਦੇ ਹਵਾਲੇ ਦਿੱਤੇ ਗਏ ਹਨ ਪਰ ਉਨ੍ਹਾਂ ਨੂੰ ਸ਼ੁੱਧਤਾ ਵੱਲ ਧਿਆਨ ਨਹੀਂ ਦਿੱਤਾ ਗਿਆ। ਗੁਰਬਾਣੀ ਨੂੰ ਕਦੇ ਵੀ ਗ਼ਲਤ ਸ਼ਬਦ ਜੋੜਾਂ ਨਾਲ ਨਹੀਂ ਲਿਖਣਾ ਚਾਹੀਦਾ। ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਹਵਾਲੇ ਵੀ ਦਿੱਤੇ ਗਏ ਹਨ। ਕੁਝ ਗੱਲਾਂ ਦਿਲ ਨੂੰ ਦੁਖਾਉਣ ਵਾਲੀਆਂ ਹਨ। ਸਿੱਖ ਗੁਰੂ ਸਾਹਿਬਾਨ ਦੀਆਂ ਸ਼ਾਦੀਆਂ ਨੂੰ ਮਿਥਿਹਾਸ ਦੱਸਿਆ ਗਿਆ ਹੈ। ਪਿਛਲੇ ਅਗਲੇ ਜਨਮਾਂ ਬਾਬਤ ਲਿਖੇ ਗਏ ਛੇ ਲੇਖ ਭੰਬਲਭੂਸੇ ਵਿਚ ਪਾਉਂਦੇ ਹਨ। ਗੁਰਬਾਣੀ ਦੀਆਂ ਗੰਭੀਰ ਗ਼ਲਤੀਆਂ ਤੋਂ ਇਲਾਵਾ ਪੰਜਾਬੀ ਦੇ ਆਮ ਸ਼ਬਦ ਜੋੜ ਵੀ ਉਕਾਈਆਂ ਭਰੇ ਹਨ। ਆਸ ਹੈ ਆਉਣ ਵਾਲੇ ਐਡੀਸ਼ਨ ਵਿਚ ਇਨ੍ਹਾਂ ਦੀ ਸੋਧ ਕਰ ਲਈ ਜਾਵੇਗੀ।
ਲੇਖਕ ਦਾ ਤਜਰਬਾ ਅਤੇ ਗਿਆਨ ਵਿਸ਼ਾਲ ਹੈ ਅਤੇ ਉਸ ਨੇ ਲਗਪਗ ਸਾਰੇ ਵਿਸ਼ਿਆਂ 'ਤੇ ਕਲਮ ਅਜ਼ਮਾਈ ਕੀਤੀ ਹੈ। ਅੰਗਰੇਜ਼ੀ ਦੀਆਂ ਟੂਕਾਂ ਅਤੇ ਵਿਦਵਾਨਾਂ ਦੀ ਰਾਇ ਵੀ ਸ਼ਾਮਿਲ ਕੀਤੀ ਗਈ ਹੈ। ਸਮਾਜਿਕ ਬੁਰਾਈਆਂ, ਨਸ਼ਿਆਂ, ਲੜਾਈਆਂ ਆਦਿ ਬਾਰੇ ਵੀ ਵਿਚਾਰ ਦਿੱਤੇ ਗਏ ਹਨ। ਛੇਵੇਂ ਪਾਤਸ਼ਾਹ ਜੀ ਅਤੇ ਦਸਵੇਂ ਪਾਤਸ਼ਾਹ ਜੀ ਦੇ ਇਤਿਹਾਸਕ ਜੰਗਾਂ, ਯੁੱਧਾਂ ਬਾਬਤ ਜਾਣਕਾਰੀ ਦਿੰਦੇ ਹੋਏ ਹੋਰ ਇਤਿਹਾਸਕਾਰਾਂ ਦੇ ਵੀ ਹਵਾਲੇ ਦਿੱਤੇ ਗਏ ਹਨ ਜਿਵੇਂ ਕਨਿੰਘਮ, ਲਤੀਫ਼, ਮੈਕਾਲਫ, ਦੌਲਤ ਰਾਏ, ਮੋਕਲ ਚੰਦ, ਇੰਦੂ ਭੂਸ਼ਨ, ਗਫ ਆਦਿ ਬਾਬਾ ਬੰਦਾ ਸਿੰਘ ਬਹਾਦਰ ਬਾਬਤ ਭਰਪੂਰ ਜਾਣਕਾਰੀ ਦਿੱਤੀ ਹੋਈ ਹੈ। ਮਨੁੱਖੀ ਕਦਰਾਂ-ਕੀਮਤਾਂ ਜਿਵੇਂ ਪਰਉਪਕਾਰ, ਨਿਮਰਤਾ, ਪਿਆਰ, ਕਰਤੱਵ, ਹਿੰਮਤ ਆਦਿ ਬਾਰੇ ਸੋਹਣੇ ਵਿਚਾਰ ਦਿੱਤੇ ਹੋਏ ਹਨ। ਗੁਰਦੁਆਰਾ ਸੰਕਲਪ ਅਤੇ ਪ੍ਰਬੰਧ ਵਿਚ ਸਿੱਖ ਸੰਗਤ ਨੂੰ ਸੁਚੇਤ ਕੀਤਾ ਗਿਆ ਹੈ। ਸਮੁੱਚੇ ਤੌਰ 'ਤੇ ਇਹ ਇਕ ਵਧੀਆ ਪੁਸਤਕ ਹੈ ਪਰ ਇਸ ਦੀ ਕੀਮਤ ਜਾਇਜ਼ ਹੋਣੀ ਚਾਹੀਦੀ ਹੈ, ਤਾਂ ਜੋ ਇਹ ਹਰ ਇਕ ਦੀ ਪਹੁੰਚ ਵਿਚ ਹੋ ਸਕੇ।

ਫ ਫ ਫ

ਖੁਸ਼ ਰਹੋ, ਮੁਸਕਰਾਓ!
ਲੇਖਕ : ਡਾ: ਹਰਚੰਦ ਸਿੰਘ ਸਰਹਿੰਦੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 183.
ਸੰਪਰਕ : 92178-45812.

ਇਹ ਪੁਸਤਕ ਵੰਨ-ਸੁਵੰਨੇ ਲੇਖਾਂ ਦਾ ਇਕ ਸੁੰਦਰ ਗੁਲਦਸਤਾ ਹੈ। ਇਸ ਵਿਚ ਜੀਵਨ ਦੇ ਜ਼ਰੂਰੀ ਪਹਿਲੂਆਂ ਨੂੰ ਛੋਹਿਆ ਗਿਆ ਹੈ, ਜਿਵੇਂ ਤੰਦਰੁਸਤੀ, ਜੀਵਨ ਜਾਚ, ਪਿਆਰ, ਦਿਲ, ਹਾਸਾ, ਰੋਣਾ, ਨਸ਼ੇ, ਜ਼ਹਿਰਾਂ ਆਦਿ। ਕੁਝ ਲੇਖ ਸਾਡੇ ਗੌਰਵਮਈ ਵਿਰਸੇ ਅਤੇ ਇਤਿਹਾਸ ਦੀ ਗੱਲ ਕਰਦੇ ਹਨ।
ਕੁਝ ਵਿਗਿਆਨਕ ਵਿਸ਼ੇ ਵੀ ਦ੍ਰਿਸ਼ਟੀਗੋਚਰ ਕੀਤੇ ਗਏ ਹਨ। ਮੁਹਾਵਰੇ ਦੇ ਅਖਾਣਾਂ ਦੇ ਦਿਲਚਸਪ ਪਹਿਲੂਆਂ 'ਤੇ ਝਾਤ ਪੁਆਈ ਗਈ ਹੈ। ਆਪਣਾ ਜੀਵਨ ਸਿੱਖ ਇਤਿਹਾਸ ਦੇ ਲੇਖੇ ਲਾਉਣ ਵਾਲੇ ਅਣਗੌਲੇ ਵਿਦਵਾਨ ਡਾ: ਹਰੀ ਰਾਮ ਗੁਪਤਾ ਦੇ ਕਾਰਜਾਂ ਅਤੇ ਦੇਣ ਬਾਬਤ ਚਾਨਣਾ ਪਾਇਆ ਗਿਆ ਹੈ। ਸਾਹਿਬ-ਏ-ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਲੌਕਿਕ ਜੀਵਨ ਬਾਰੇ, ਸੰਘਰਸ਼ ਅਤੇ ਜੰਗਾਂ ਬਾਰੇ, ਖ਼ਾਲਸੇ ਦੀ ਸਿਰਜਣਾ ਬਾਰੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਾਨਦਾਰ ਮੁਹਿੰਮਾਂ ਬਾਰੇ ਵੀ ਭਾਵਪੂਰਤ ਲੇਖ ਦਰਜ ਹਨ। ਪੰਜਾਬੀ ਭਾਸ਼ਾ, ਗੁਰਮਤਿ ਅਤੇ ਇਸਲਾਮ ਵਿਚ ਪਰਾਈ ਇਸਤਰੀ, ਉਰਦੂ, ਪੰਛੀਆਂ ਦੀ ਕੁਦਰਤੀ ਸੂਝ-ਬੂਝ ਵਰਗੇ ਮਹੱਤਵਪੂਰਨ ਵਿਸ਼ਿਆਂ ਨੂੰ ਵੀ ਛੂਹਿਆ ਗਿਆ ਹੈ। ਪੁਸਤਕ ਦਾ ਸਭ ਤੋਂ ਜ਼ਰੂਰੀ ਸੰਦੇਸ਼ ਇਹ ਹੈ ਕਿ ਹਰ ਹਾਲ ਵਿਚ ਮਨੁੱਖ ਨੂੰ ਖੇੜੇ, ਚੜ੍ਹਦੀ ਕਲਾ ਅਤੇ ਸਾਕਾਰਾਤਮਕ ਸੋਚ ਦਾ ਧਾਰਨੀ ਹੋਣਾ ਚਾਹੀਦਾ ਹੈ।
ਲੇਖਕ ਕੋਲ ਆਪਣੀ ਗੱਲ ਨੂੰ ਅਸਰਦਾਰ ਬਣਾਉਣ ਲਈ ਢੁਕਵੀਂ, ਠੇਠ ਅਤੇ ਮੁਹਾਵਰੇਦਾਰ ਸ਼ਬਦਾਵਲੀ ਵੀ ਹੈ, ਠੋਸ ਗਿਆਨ ਵੀ ਹੈ, ਦਲੀਲ ਵੀ ਹੈ ਅਤੇ ਦਲੇਰੀ ਵੀ ਹੈ। ਹੋਰ ਵਿਦਵਾਨਾਂ ਦੀਆਂ ਟੂਕਾਂ, ਕਵੀਆਂ ਦੇ ਸ਼ਿਅਰ ਅਤੇ ਲੋਕ ਗੀਤਾਂ ਨਾਲ ਸਜਾਏ ਇਹ ਲੇਖ ਪਾਠਕ ਦੀ ਦਿਲਚਸਪੀ ਵਿਚ ਵਾਧਾ ਕਰਦੇ ਹਨ। ਉਸ ਕੋਲ ਗੰਭੀਰ ਵਿਸ਼ਿਆਂ ਬਾਬਤ ਵੀ ਸਹਿਜਮਈ ਗੱਲ ਕਰਨ ਦਾ ਹੁਨਰ ਹੈ। ਇਹ ਲੇਖ ਜਿਥੇ ਪਾਠਕ ਦੇ ਸਰਬਪੱਖੀ ਗਿਆਨ ਵਿਚ ਵਾਧਾ ਕਰਦੇ ਹਨ, ਉਥੇ ਹੀ ਉਸ ਨੂੰ ਸਿਹਤਮੰਦ, ਹਾਂ-ਪੱਖੀ ਅਤੇ ਖੁਸ਼ ਰਹਿਣਾ ਜੀਵਨ ਜਿਊਣ ਦੀ ਜਾਚ ਸਿਖਾਉਂਦੇ ਹਨ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਉਸਤਾਦ ਦਾਮਨ
ਜੀਵਨ ਤੇ ਰਚਨਾ
ਲੇਖਕ : ਹਰਭਜਨ ਸਿੰਘ ਹੁੰਦਲ
ਪ੍ਰਕਾਸ਼ਕ : ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮੁੱਲ : 140 ਰੁਪਏ, ਸਫ਼ੇ : 84.
ਸੰਪਰਕ : 99150-42242.

ਵਾਘਿਓਂ ਪਾਰ ਦੇ ਪੰਜਾਬ ਵਿਚ ਵਸਣ ਵਾਲੇ ਤੇ ਲਾਹੌਰ ਵਿਚ ਜੰਮੇ ਚਿਰਾਗਦੀਨ ਨੂੰ ਲੋਕ ਉਸਤਾਦ ਦਾਮਨ ਦੇ ਨਾਂਅ ਨਾਲ ਯਾਦ ਕਰਦੇ ਹਨ। ਪਿਤਾ ਮੀਆਂ ਮੀਰ ਬਖਸ਼, ਮਾਤਾ ਕਰੀਮ ਬੀਬੀ ਤੇ ਜੀਵਨ ਕਾਲ 1911 ਤੋਂ 1984 ਦੇ 73 ਵਰ੍ਹੇ। ਸਟੇਜ ਦੇ ਧਨੀ ਨਿਡਰ ਬੇਬਾਕ ਤੇ ਸ਼ਕਤੀਸ਼ਾਲੀ ਕਲਮ ਦੇ ਮਾਲਕ ਦਾਮਨ ਦੀ ਇਕੋ ਕਿਤਾਬ ਦਾਮਨ ਦੇ ਮੋਤੀ 50-50 ਕਿਤਾਬਾਂ ਲਿਖਣ ਵਾਲਿਆਂ ਨੂੰ ਹੁਝ ਮਾਰ ਕੇ ਪਿਛਾਂਹ ਸੁੱਟ ਸਕਦੀ ਹੈ। ਉਹ ਕਿਸੇ ਮਹਿਫ਼ਲ ਵਿਚ ਸਰੋਤੇ ਵਜੋਂ ਵੀ ਦਿਸ ਜਾਂਦਾ ਤਾਂ ਲੋਕ ਪ੍ਰਬੰਧਕਾਂ ਨੂੰ ਦਾਮਨ ਦਾਮਨ ਕਹਿ ਕੇ ਉਸ ਨੂੰ ਸਟੇਜ ਉੱਤੇ ਬੁਲਾਉਣ ਲਈ ਬੇਬਸ ਕਰ ਦਿੰਦੇ। ਲੋਕ ਕਾਵਿ ਬਣ ਗਈ ਹੈ ਉਸ ਦੀ ਢੇਰ ਰਚਨਾ। ਮਿਥਾਂ ਬਣ ਗਈਆਂ ਹਨ ਉਸ ਦੇ ਕਾਵਿ ਤੇ ਦਰਵੇਸ਼ਾਂ ਵਾਲੀ ਜੀਵਨ-ਸ਼ੈਲੀ ਬਾਰੇ। ਪੰਡਿਤ ਨਹਿਰੂ ਨੇ ਉਸ ਨੂੰ ਸੁਣਿਆ ਤਾਂ ਹਰ ਸੁੱਖ ਸਹੂਲਤ ਤੇ ਮਾਣ-ਤਾਣ ਨਾਲ ਭਾਰਤ/ਭਾਰਤੀ ਪੰਜਾਬ ਵਿਚ ਰਹਿਣ ਦੀ ਪੇਸ਼ਕਸ਼ ਕਰ ਦਿੱਤੀ ਪਰ ਵਤਨਪ੍ਰਸਤ ਦਾਮਨ ਨੇ ਭੁੱਖੇ ਰਹਿ ਕੇ ਕੈਦ ਕੱਟ ਕੇ ਵੀ ਪਾਕਿਸਤਾਨ ਵਿਚ ਜੀਣ ਮਰਨ ਨੂੰ ਤਰਜੀਹ ਦਿੱਤੀ।
ਦਾਮਨ ਦੇ ਮੋਤੀਆਂ ਦੀ ਕਦਰ ਪਾਉਣ ਲਈ ਪੰਜਾਬੀ ਯੂਨੀਵਰਸਿਟੀ ਨੇ ਹਰਭਜਨ ਹੁੰਦਲ ਨੂੰ ਚੁਣਿਆ ਜੋ ਕਿ ਸੱਚਮੁੱਚ ਦਾ ਜੌਹਰੀ ਹੈ। ਕਵੀ ਤੇ ਕਾਵਿ ਕਲਾ ਦਾ ਬੇਬਾਕ ਨਿਰਪੱਖ ਪਾਰਖੂ। ਉਸ ਨੇ ਮਿਹਨਤ ਤੇ ਵਿਸ਼ਾਲ ਅਧਿਐਨ ਆਸਰੇ ਇਸ ਨਿੱਕੀ ਜਿਹੀ ਕਿਤਾਬ ਵਿਚ ਮੁੱਲਵਾਨ ਜਾਣਕਾਰੀ ਕੁਜੇ ਵਿਚ ਸਮੁੰਦਰ ਵਾਂਗ ਬੰਦ ਕਰਨ ਦੀ ਕਰਾਮਾਤ ਕੀਤੀ ਹੈ। ਦਾਮਨ ਦੇ ਜੀਵਨ, ਫਕੀਰਾਨਾ ਸ਼ਖ਼ਸੀਅਤ, ਰਚਨਾ ਸੰਸਾਰ, ਉਸ ਦੇ ਕਾਵਿ ਦਾ ਵਿਸ਼ਾ ਵਸਤੂ ਤੇ ਰੂਪ, ਉਸਤਾਦ ਦਾਮਨ ਤੇ ਹਬੀਬ ਜਾਲਬ ਦਾ ਤੁਲਨਾਤਮਕ ਅਧਿਐਨ, ਦਾਮਨ ਦੀ ਵਿਲੱਖਣਤਾ, ਦਾਮਨ ਦੀ ਚੋਣਵੀਂ ਰਚਨਾ, ਦਾਮਨ ਬਾਰੇ ਹੋਇਆ ਤੇ ਹੋ ਰਿਹਾ ਕਾਰਜ ਸਭ ਕੁਝ ਬਾਰੇ ਹੁੰਦਲ ਨੇ ਪਾਏਦਾਰ ਗੱਲਾਂ ਕੀਤੀਆਂ ਹਨ। ਇਕ ਗੱਲ ਹੋਰ, ਵਿਭਾਗੀ ਸ਼ਬਦ ਲਿਖਦੇ ਹੋਏ ਵਿਭਾਗੀ ਮੁਖੀ ਅੰਮ੍ਰਿਤਪਾਲ ਕੌਰ ਨੇ ਚਲਾਵੀਆਂ ਗੱਲਾਂ ਨਹੀਂ ਕੀਤੀਆਂ। ਜ਼ਿੰਮੇਵਾਰੀ ਅਤੇ ਵਿਦਵਤਾ ਨਾਲ ਇਹ ਕਾਰਜ ਕਰਕੇ ਕਿਤਾਬ ਦਾ ਮੁੱਲ ਵਧਾਇਆ ਹੈ। ਉਸਤਾਦ ਦਾਮਨ ਦੇ ਜੀਵਨ ਤੇ ਰਚਨਾ ਬਾਰੇ ਇਕ ਨਿੱਕੀ ਜਿਹੀ ਜਾਪਦੀ ਕਿਤਾਬ ਵੱਡੇ ਮਹੱਤਵ ਵਾਲੀ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਕੌੜੀ ਕਸੈਲੀ ਮਿਠਾਸ
ਲੇਖਕ : ਸਰਵਣ ਸਿੰਘ ਔਜਲਾ
ਪ੍ਰਕਾਸ਼ਕ : ਪ੍ਰੀਤਮ ਪ੍ਰਕਾਸ਼ਨ, ਮਹਿਲ ਕਲਾਂ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 119
ਸੰਪਰਕ : 81949-7588
1.

ਵਿਚਾਰ ਅਧੀਨ ਪੁਸਤਕ ਸਰਵਣ ਸਿੰਘ ਔਜਲਾ ਦਾ ਦੂਜਾ ਕਾਵਿ ਸੰਗ੍ਰਹਿ ਹੈ। ਇਸ ਵਿਚ ਉਸ ਦੀਆਂ 64 ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਸੰਗ੍ਰਹਿ ਦੀਆਂ ਬਹੁਤੀਆਂ ਕਵਿਤਾਵਾਂ ਦੀ ਸੰਰਚਨਾ ਛੰਦਬੱਧ ਹੈਂਕਵੀ ਨੇ ਦੋਹੇ, ਬੈਂਤ, ਰੁਬਾਈਆਂ ਤੇ ਗ਼ਜ਼ਲਾਂ ਤੋਂ ਇਲਾਵਾ ਖੁੱਲ੍ਹੀ ਕਵਿਤਾ ਦੀ ਰਚਨਾ ਵੀ ਕੀਤੀ ਹੈ, ਜਿਸ ਵਿਚ ਉਸ ਨੇ ਲੈਅ ਤੇ ਰਵਾਨੀ ਨੂੰ ਵੀ ਕਾਇਮ ਰੱਖਿਆ ਹੈ। ਇਨ੍ਹਾਂ ਕਵਿਤਾਵਾਂ ਵਿਚ ਪੰਜਾਬ ਦੀ ਮੁੱਲਵਾਨ ਵਿਰਾਸਤ ਅਤੇ ਸੱਭਿਆਚਾਰ ਦੇ ਅੰਸ਼ ਵਿਦਮਾਨ ਹਨ। ਬ੍ਰਿਤਾਂਤਕ ਕਵਿਤਾਵਾਂ ਰਾਹੀਂ ਜਿਥੇ ਸ੍ਰੀ ਗੁਰੂ ਨਾਨਕ ਅਤੇ ਹੋਰ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਦਾ ਸੰਚਾਰ ਕੀਤਾ ਗਿਆ ਹੈ, ਉਥੇ ਸਾਡੀ ਵਿਰਾਸਤ ਦੇ ਸੂਰਬੀਰ ਗ਼ਦਰੀ ਬਾਬਿਆਂ ਤੇ ਮਹਾਨ ਪੁਰਸ਼ਾਂ ਨੂੰ ਵੀ ਕਵਿਤਾ ਦੇ ਪੁਸ਼ਪਾਂ ਰਾਹੀਂ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਸਰਵਣ ਸਿੰਘ ਔਜਲਾ ਧਾਰਮਿਕ ਅੰਧਵਿਸ਼ਵਾਸ, ਸਿੱਧ ਅਨੁਸ਼ਾਸਨੀ ਕਰਮਕਾਂਡ ਅਤੇ ਡੇਰਾਵਾਦ ਦੀ ਬੜੀ ਬੇਬਾਕੀ ਨਾਲ ਆਲੋਚਨਾ ਕਰਕੇ ਜਨਸਧਾਰਨ ਨੂੰ ਜਾਗਰੂਕ ਕਰਦਾ ਹੈ। ਦੋਹਿਆਂ ਵਿਚ ਕਵੀ ਨੇ ਜੀਵਨ ਮੁੱਲਾਂ ਦੀ ਵਿਆਖਿਆ ਕੀਤੀ ਹੈ :
ਸ਼ਾਂਤ ਹੋਏ ਸੋ ਸੰਤ ਹੈ, ਭੇਖੀ ਨਾਹੀਂ ਸੰਤ
ਸੰਤ ਜੋ ਹੈ ਭੜਕਦਾ, ਉਹ ਜ਼ਾਲਮ ਅਸੰਤ।
------
ਬਾਲ ਤੇ ਇਕ ਦੇਵਤਾ, ਦੋਵੇਂ ਇਕ ਸਮਾਨ
ਦੇਵਤੇ ਨਾਲੋਂ ਬਾਲ ਨੂੰ ਨੇੜੇ ਰੱਬ ਦੇ ਜਾਣ।
ਅਤਿ ਸਰਲ ਭਾਸ਼ਾ ਵਿਚ ਰਚੀਆਂ ਇਹ ਕਵਿਤਾਵਾਂ ਪਾਠਕ ਨੂੰ ਆਪਣੇ ਨਾਲ ਤੋਰਨ ਦੇ ਸਮਰੱਥ ਹਨ।

ਫ ਫ ਫ

ਕਾਰਲ ਮਾਰਕਸ
ਲੇਖਕ : ਨਿਕੋਲਾਈ ਈਵਾਨੋਵ
ਪ੍ਰਕਾਸ਼ਕ : ਪ੍ਰੀਤਮ ਪ੍ਰਕਾਸ਼ਨ, ਮਹਿਲ ਕਲਾਂ, ਬਰਨਾਲਾ
ਮੁੱਲ : 160 ਰੁਪਏ, ਸਫ਼ੇ : 160
ਸੰਪਰਕ : 93567-29532.

ਵਿਚਾਰ ਅਧੀਨ ਪੁਸਤਕ ਪ੍ਰਸਿੱਧ ਰੂਸੀ ਵਿਦਵਾਨ ਲੇਖਕ ਨਿਕੋਲਾਈ ਈਵਾਨੋਵ ਦੀ ਚਰਚਿਤ ਪੂਰਵ ਪ੍ਰਕਾਸ਼ਿਤ ਰਚਨਾ ਹੈ, ਜਿਸ ਦਾ ਪਹਿਲਾ ਸੰਸਕਰਨ 1983 ਵਿਚ ਪ੍ਰਕਾਸ਼ਿਤ ਹੋਇਆ ਸੀ, ਜਿਸ ਨੂੰ ਪ੍ਰੀਤਮ ਸਿੰਘ ਦਰਦੀ ਨੇ 2015 ਵਿਚ ਪੰਜਾਬੀ ਪਾਠਕਾਂ ਦੀ ਮੰਗ ਤੇ ਲੋੜ ਨੂੰ ਮੁੱਖ ਰੱਖਦਿਆਂ ਮੁੜ ਪ੍ਰਕਾਸ਼ਿਤ ਕੀਤਾ ਹੈ। ਇਸ ਮਹੱਤਵਪੂਰਨ ਪੁਸਤਕ ਵਿਚ ਸਭਨਾਂ ਸਮਿਆਂ ਦੇ ਮਹਾਨ ਵਿਦਵਾਨ, ਖੋਜੀ, ਦੁਨੀਆ ਦੀ ਇਨਕਲਾਬੀ ਤਬਦੀਲੀ ਦੇ ਵਿਗਿਆਨਕ ਸਿਧਾਂਤ ਤੇ ਬਾਨੀ ਤੇ ਜਨਤਕ ਆਗੂ ਯੁੱਗ ਪੁਰਸ਼ ਕਾਰਲ ਮਾਰਕਸ ਦੇ ਸੰਘਰਸ਼ਮਈ ਜੀਵਨ ਦੀ ਗਾਥਾ ਤੋਂ ਇਲਾਵਾ ਉਸ ਦੇ ਜੀਵਨ ਵਿਚ ਵਾਪਰੀਆਂ ਪ੍ਰਮੁੱਖ ਘਟਨਾਵਾਂ ਦਾ ਸੰਖੇਪ ਸਾਰੰਸ਼ ਹੀ ਪੇਸ਼ ਨਹੀਂ ਕੀਤਾ ਗਿਆ ਸਗੋਂ ਉਸ ਦੀਆਂ ਪ੍ਰਸਿੱਧ ਅਮਰ ਰਚਨਾਵਾਂ ਬਾਰੇ ਵੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਮਾਰਕਸ ਦੁਨੀਆ ਦੇ ਇਤਿਹਾਸ ਵਿਚ ਇਕ ਅਜਿਹੇ ਵਿਚਾਰਵਾਨ ਚਿੰਤਕ ਵਜੋਂ ਜਾਣਿਆ ਜਾਂਦਾ ਹੈ, ਜਿਸ ਨੇ ਮਜ਼ੂਦਰ ਜਮਾਤ ਅਤੇ ਸਮੂਹ ਮਿਹਨਤਕਸ਼ ਲੋਕਾਂ ਨੂੰ ਜਬਰ ਅਤੇ ਲੁੱਟ-ਖੋਹ ਤੋਂ ਮੁਕਤੀ ਦਾ ਰਾਹ ਵਿਖਾਇਆ। ਤੰਗੀਆਂ-ਤੁਰਸ਼ੀਆਂ, ਗੁਰਬਤ, ਜਲਾਵਤਨੀ ਅਤੇ ਰਾਜਸੀ ਜਬਰ ਦੇ ਤਸੀਹੇ ਝੱਲਦਿਆਂ ਇਸ ਮਹਾਨ ਮਨੁੱਖ ਨੇ ਮਜ਼ਦੂਰ ਜਮਾਤ ਨੂੰ ਜਥੇਬੰਦ ਕੀਤਾ ਅਤੇ ਆਪਣਾ ਸਾਰਾ ਜੀਵਨ ਉਨ੍ਹਾਂ ਲਈ ਅਰਪਣ ਕਰ ਦਿੱਤਾ।
ਜੀਵਨੀਕਾਰ ਨੇ ਮਾਰਕਸ ਦੀ ਸੰਖੇਪ ਜੀਵਨੀ ਲਿਖਣ ਸਮੇਂ ਮਾਰਕਸਵਾਦ ਦੇ ਬਾਨੀਆਂ ਦੀਆਂ ਲਿਖਤਾਂ, ਉਨ੍ਹਾਂ ਦੇ ਚਿੱਠੀ ਪੱਤਰ, ਸਮਕਾਲੀਆਂ ਦੀਆਂ ਯਾਦਾਂ ਤੋਂ ਇਲਾਵਾ, ਰੂਸੀ ਅਤੇ ਵਿਦੇਸ਼ੀ ਵਿਦਵਾਨਾਂ ਦੇ ਅਧਿਐਨਾਂ ਦੀ ਸੁਯੋਗ ਵਰਤੋਂ ਕਰਕੇ ਜੀਵਨੀ ਦੀ ਸਾਰਥਕਤਾ ਨੂੰ ਵਧਾ ਦਿੱਤਾ ਹੈ ਤਾਂ ਜੋ ਸਧਾਰਨ ਪਾਠਕ ਵੀ ਮਾਰਕਸ ਦੇ ਵਿਗਿਆਨਕ ਫਲਸਫੇ ਨੂੰ ਸਮਝ ਸਕਣ ਅਤੇ ਉਸ ਦੇ ਸੰਘਰਸ਼ਮਈ ਜੀਵਨ ਤੋਂ ਪ੍ਰੇਰਨਾ ਲੈ ਸਕਣ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

ਰਾਮ ਸਰੂਪ ਅਣਖੀ ਦੇ ਨਾਵਲਾਂ 'ਚ ਇਸਤਰੀ ਪਾਤਰ ਦੀ ਪੇਸ਼ਕਾਰੀ
ਲੇਖਿਕਾ : ਡਾ: ਮਨਦੀਪ ਕੌਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 0175-2305347.

ਡਾ: ਮਨਦੀਪ ਕੌਰ ਨੇ ਇਸ ਪੁਸਤਕ ਨੂੰ ਪੰਜ ਕਾਂਡਾਂ ਵਿਚ ਵੰਡਿਆ ਹੈ। ਪਹਿਲੇ ਕਾਂਡ ਵਿਚ ਸਿਧਾਂਤਕ ਪਰਿਪੇਖ ਦੀ ਉਸਾਰੀ ਕਰਦਿਆਂ ਹੋਇਆਂ ਲੇਖਿਕਾ ਨੇ ਇਨ੍ਹਾਂ ਸਵੈ-ਪ੍ਰਮੁੱਖ ਸੰਕਲਪਾਂ ਨੂੰ ਚਾਰ ਭਾਗਾਂ ਵਿਚ ਵੰਡ ਕੇ ਆਪਣੀ ਖੋਜ ਨੂੰ ਆਧਾਰ ਪ੍ਰਦਾਨ ਕੀਤਾ ਹੈ। ਇਹ ਚਾਰ ਸਵੈ-ਪ੍ਰਮੁੱਖ ਸੰਕਲਪ ਹਨ : ਸਵੈ: ਸਮਾਜ-ਮਨੋਵਿਗਿਆਨਕ ਪ੍ਰਸੰਗ, ਸਵੈ: ਫਰਾਇਡਵਾਦੀ ਮਨੋਵਿਸ਼ਲੇਸ਼ਣੀ ਪ੍ਰਸੰਗ, ਸਵੈ: ਉੱਤਰ ਫਰਾਇਡਵਾਦੀ ਮਨੋਵਿਸ਼ਲੇਸ਼ਣੀ, ਸਵੈ: ਸੰਰਚਨਾਵਾਦੀ ਮਨੋਵਿਸ਼ਲੇਸ਼ਣੀ ਪ੍ਰਸੰਗਾਂ ਦੀ ਵਿਆਖਿਆ ਇਨ੍ਹਾਂ ਚਾਰਾਂ ਨਾਲ ਡੂੰਘੀ ਜਾਣ-ਪਛਾਣ ਕਰਵਾਈ ਹੈ।
ਦੂਸਰੇ ਕਾਂਡ ਵਿਚ ਲੇਖਿਕਾ ਨੇ ਆਧੁਨਿਕ ਨਾਵਲਾਂ ਦੇ ਪ੍ਰਸੰਗ ਵਿਚ ਸਵੈ-ਪ੍ਰਮੁੱਖਤਾ ਦੀ ਲੋੜ ਦੇ ਮਹੱਤਵ ਨੂੰ ਸਮਝਾਇਆ ਹੈ। ਤੀਜੇ ਕਾਂਡ ਵਿਚ ਅਣਖੀ ਦੇ ਇਸਤਰੀ ਪਾਤਰਾਂ ਦੀ ਪੇਸ਼ਕਾਰੀ ਦੇ ਨਿੱਜੀ ਪ੍ਰਸੰਗ ਬਾਰੇ ਵਿਸ਼ਲੇਸ਼ਣ ਕਰਦਿਆਂ ਇਹ ਨਤੀਜਾ ਕੱਢਿਆ ਹੈ ਕਿ ਅਣਖੀ ਦੇ ਇਸਤਰੀ ਪਾਤਰ ਨੀਵੀਂ ਮੱਧ ਸ਼੍ਰੇਣੀ ਨਾਲ ਸਬੰਧਤ ਹੋਣ ਕਾਰਨ ਵਧੇਰੇ ਗਤੀਸ਼ੀਲ ਅਤੇ ਰੋਜ਼ਾਨਾ ਜੀਵਨ ਵਿਚ ਵਿਵਹਾਰਕ ਹੁੰਦੇ ਹਨ। ਇਨ੍ਹਾਂ ਨਾਵਲਾਂ ਵਿਚ ਇਸਤਰੀ ਪਾਤਰ ਅਨੈਤਿਕ ਸਮਝੌਤੇ ਕਰਨ ਦੇ ਆਦੀ ਹੁੰਦੇ ਹਨ। ਚੌਥੇ ਕਾਂਡ ਵਿਚ ਨਾਵਲਕਾਰ ਦੇ ਇਸਤਰੀ ਪਾਤਰਾਂ ਨੂੰ ਸਮਾਜਿਕ ਪ੍ਰਸੰਗ ਵਿਚ ਸਮਝਾਇਆ ਗਿਆ ਹੈ। ਲੇਖਿਕਾ ਨੂੰ ਅਣਖੀ ਦੇ ਇਸਤਰੀ ਪਾਤਰ ਨਾਕਾਰਾਤਮਕ ਪਰ ਯਥਾਰਥਕ ਪ੍ਰਤੀਤ ਹੁੰਦੇ ਹਨ। ਇਸਤਰੀ ਪਾਤਰ ਵੱਲੋਂ ਆਪਣੇ ਨਾਲ ਪਰਿਵਾਰਕ ਅਤੇ ਸਮਾਜਿਕ ਪੱਧਰ 'ਤੇ ਹੁੰਦੀਆਂ ਵਧੀਕੀਆਂ ਅਤੇ ਅਣਹੋਈਆਂ ਦੇ ਬਦਲੇ ਲੈਣ ਦੀ ਹਿੰਮਤ ਦਾ ਪ੍ਰਸੰਗ ਇਸਤਰੀ ਪਾਤਰ ਦੀ ਦਲੇਰੀ ਅਤੇ ਦਬੰਗਤਾ ਨੂੰ ਪ੍ਰਮਾਣਿਤ ਕਰਦਾ, ਪੇਸ਼ ਕੀਤਾ ਗਿਆ ਹੈ। ਪੰਜਵੇਂ ਕਾਂਡ ਵਿਚ ਬਿਰਤਾਂਤਕ ਪ੍ਰਸੰਗਾਂ ਦੀ ਚਰਚਾ ਕਰਦਿਆਂ ਇਸ ਨਤੀਜੇ 'ਤੇ ਅੱਪੜਿਆ ਗਿਆ ਹੈ ਕਿ ਅਜਿਹੀਆਂ ਅਨੈਤਿਕ ਅਤੇ ਢਾਹੂ ਰੁਚੀਆਂ ਕਾਰਨ ਮਾਨਵੀ ਰਿਸ਼ਤਿਆਂ ਵਿਚ ਟੁੱਟ-ਭੱਜ ਵਾਪਰਦੀ ਹੈ। ਲੇਖਿਕਾ ਨੇ ਕੁੱਲ ਮਿਲਾ ਕੇ ਅਣਖੀ ਦੇ ਨਾਵਲਾਂ ਵਿਚ ਮਲਵਈ ਇਸਤਰੀ ਪਾਤਰਾਂ ਦੀ ਆਂਚਲਿਕਤਾ ਦੀ ਨਿਸ਼ਾਨਦੇਹੀ ਕੀਤੀ ਹੈ।
ਡਾ: ਮਨਦੀਪ ਕੌਰ ਅਨੁਸਾਰ ਅਣਖੀ ਦੇ ਨਾਵਲਾਂ ਵਿਚ ਇਸਤਰੀ ਪਾਤਰ ਦਾ ਬਿਰਤਾਂਤਕ ਆਰੋਪਨ ਅੰਤਰਮੁਖੀ ਅਤੇ ਬਾਹਰਮੁਖੀ ਜੁਗਤਾਂ ਰਾਹੀਂ ਕੀਤਾ ਗਿਆ ਹੈ। ਅਣਖੀ ਦੇ ਨਾਵਲਾਂ ਵਿਚ ਸਨਸਨੀ ਦੇ ਤਜਰਬੇ ਦੀ ਉਲਾਰਤਾ ਕਈ ਅਹਿਮ ਗਲਪਨਿਕ ਸਥਿਤੀਆਂ ਵਿਚ ਨੁਕਸਾਨਦਾਇਕ ਵੀ ਸਾਬਤ ਹੁੰਦੀ ਦਿਖਾਈ ਗਈ ਹੈ।

ਂਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਸੁਣੀਆਂ ਤੇ ਸੰਭਾਲੀਆਂ
ਲੇਖਕ : ਕੁਲਦੀਪ ਸਿੰਘ ਬਾਸੀ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਸੰਪਰਕ : 0161-6540738.

'ਸੁਣੀਆਂ ਤੇ ਸੰਭਾਲੀਆਂ' ਨਿਵੇਕਲੀ ਪੁਸਤਕ ਹੈ। ਲੇਖਕ ਨੇ ਆਪਣੀਆਂ ਯਾਦਾਂ ਨੂੰ ਮਿੰਨੀ ਕਹਾਣੀਆਂ ਵਾਂਗ ਲਿਖਿਆ ਹੈ। ਜ਼ਿੰਦਗੀ ਦੇ ਕੌੜੇ-ਮਿੱਠੇ ਤਜਰਬੇ ਇਸ ਵਿਚ ਸ਼ਾਮਿਲ ਕੀਤੇ ਹਨ। ਪੇਂਡੂ ਬੋਲ-ਚਾਲ ਵਿਚ ਲਿਖੀਆਂ ਰਚਨਾਵਾਂ ਸਾਡਾ ਧਿਆਨ ਖਿੱਚਦੀਆਂ ਹਨ। ਕਈ ਰਚਨਾਵਾਂ ਇੰਜ ਲਗਦੀਆਂ ਹਨ ਜਿਵੇਂ ਇਹ ਕੱਲ੍ਹ ਹੀ ਸਾਡੇ ਨਾਲ ਵਾਪਰੀਆਂ ਹੋਣ। ਹਾਸੇ-ਹਾਸੇ ਵਿਚ ਲੇਖਕ ਨੇ ਸਮਾਜਿਕ ਬੁਰਾਈਆਂ ਨੂੰ ਸਾਡੇ ਸਾਹਮਣੇ ਲਿਆਂਦਾ ਹੈ। ਧਰਮ ਵਿਚ ਸਾਡਾ ਅੰਧਵਿਸ਼ਵਾਸ, ਚਿਹਰੇ ਉੱਤੇ ਪਹਿਨੇ ਹੋਏ ਮਖੌਟੇ, ਸਾਡੀਆਂ ਚਲਾਕੀਆਂ, ਮਿੱਤਰ ਮਾਰ ਆਦਿ। ਗੱਲ ਕੀ ਲੇਖਕ ਨੇ ਬੜਾ ਹੀ ਸੁਚੇਤ ਹੋ ਕੇ ਰਚਨਾਵਾਂ ਲਿਖੀਆਂ ਤੇ ਸਮਾਜ ਨੂੰ ਇਕ ਸੁਨੇਹਾ ਵੀ ਦਿੱਤਾ ਹੈ। 'ਸਕੂਲ ਮੁਆਇਨਾ, ਨਰਵਸ ਡਰਾਈਵਰ, ਨੌਕਰ ਏਂ ਕਿ ਮਾਲਕ, ਪਲੰਬਰ, ਸਾਗ ਖੁਰਚਣ, ਰਾਮ ਸ਼ਰਧਾ ਆਦਿ ਰਚਨਾਵਾਂ ਵਿਅੰਗ ਵੀ ਕਰਦੀਆਂ ਹਨ ਤੇ ਸਾਡੀ ਅਸਲੀਅਤ ਵੀ ਸਾਡੇ ਸਾਹਮਣੇ ਲਿਆਉਂਦੀਆਂ ਹਨ। ਇਕ ਕਵਿਤਾ 'ਵਾਣੀ ਦੀ ਘਾਣੀ' ਵੀ ਵਧੀਆ ਹੈ।
ਲੇਖਕ ਨੇ 'ਸੁਣੀਆਂ ਤੇ ਸੰਭਾਲੀਆਂ' ਪੁਸਤਕ ਲਿਖ ਕੇ ਕੋਈ ਦਾਅਵਾ ਨਹੀਂ ਕੀਤਾ ਬਲਕਿ ਪਾਠਕਾਂ ਉੱਤੇ ਛੱਡ ਦਿੱਤਾ ਕਿ ਉਹ ਇਸ ਨੂੰ ਮਿੰਨੀ ਕਹਾਣੀ ਜਾਂ ਯਾਦਾਂ ਦੀ ਪਟਾਰੀ ਸਮਝਣ। ਲੇਖਕ ਦਾ ਯਤਨ ਸ਼ਲਾਘਾਯੋਗ ਹੈ। ਪਾਠਕਾਂ ਦਾ ਮਨੋਰੰਜਨ ਵੀ ਕੀਤਾ ਹੈ ਤੇ ਉਨ੍ਹਾਂ ਨੂੰ ਸੁਚੇਤ ਵੀ ਕੀਤਾ ਹੈ ਕਿ ਜੋ ਕੁਝ ਤੁਸੀਂ ਧਰਮ ਦੇ ਨਾਂਅ 'ਤੇ, ਦੋਸਤੀ ਦੇ ਨਾਂਅ 'ਤੇ ਕਰ ਰਹੇ ਹੋ, ਇਹ ਸਭ ਪਖੰਡ ਹੈ। ਜੀਵਨ-ਜਾਚ ਸਿੱਖੋ, ਜ਼ਿੰਦਗੀ ਨੂੰ ਮਾਣੋ। ਜ਼ਿੰਦਗੀ ਬੜੀ ਖੂਬਸੂਰਤ ਹੈ। ਇਸ ਨੂੰ ਹੋਰ ਖੂਬਸੂਰਤ ਬਣਾਓ।

ਂਅਵਤਾਰ ਸਿੰਘ ਸੰਧੂ
ਮੋ: 99151-82971.
ਫ ਫ ਫ

ਮੈਂ ਅਤੇ ਮੇਰੀ ਜਥੇਬੰਦੀ
ਕੌੜੇ ਤਜਰਬੇ ਅਤੇ ਹਕੀਕਤਾਂ
ਲੇਖਕ : ਐਡਵੋਕੇਟ ਪਾਖਰ ਚਾਹਲ
ਪ੍ਰਕਾਸ਼ਕ : ਪੰਜ-ਆਬ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 160
ਸੰਪਰਕ : 98156-33125.

'ਮੈਂ ਅਤੇ ਮੇਰੀ ਜਥੇਬੰਦੀ ਕੌੜੇ ਤਜਰਬੇ ਅਤੇ ਹਕੀਕਤਾਂ' ਐਡਵੋਕੇਟ ਪਾਖਰ ਚਾਹਲ ਦੁਆਰਾ ਲਿਖੀ ਅਜਿਹੀ ਪੁਸਤਕ ਹੈ, ਜਿਸ ਵਿਚ ਉਸ ਨੇ ਆਪਣੀ ਵਿਦਿਆਰਥੀ ਜ਼ਿੰਦਗੀ ਤੋਂ ਲੈ ਕੇ ਕਮਿਊਨਿਸਟ ਪਾਰਟੀ ਨਾਲ ਜੁੜੀ ਆਪਣੀ ਜੱਦੋ-ਜਹਿਦ ਨੂੰ ਸਵੈ-ਜੀਵਨੀ ਮੂਲਕ ਰੂਪ ਵਿਚ ਪਾਠਕਾਂ ਨਾਲ ਸਾਂਝਿਆਂ ਕੀਤਾ ਹੈ। ਲੇਖਕ ਨੇ ਪੁਸਤਕ ਦੇ ਸ਼ੁਰੂ ਵਿਚ ਆਪਣੇ ਬਚਪਨ ਦੀ ਜਾਣਕਾਰੀ ਦਰਜ ਕਰਦਿਆਂ ਸਕੂਲੀ ਪੜ੍ਹਾਈ ਵਿਚ ਆਪਣੇ ਹੁਸ਼ਿਆਰ ਹੋਣ ਦੇ ਨਾਲ-ਨਾਲ ਲੋਕ ਜੀਵਨ ਨਾਲ ਜੁੜੀਆਂ ਅੰਧ-ਵਿਸ਼ਵਾਸੀ ਬਿਰਤੀਆਂ ਨੂੰ ਤਰਕ ਦੀ ਦ੍ਰਿਸ਼ਟੀ ਤੋਂ ਪੇਸ਼ ਕੀਤਾ ਹੈ। 'ਗੁਲਾਬੀ ਰੁੱਤ ਦੀ ਸ਼ੁਰੂਆਤ, ਸਿਰਲੇਖ ਤਹਿਤ ਲੇਖਕ ਨੇ ਜਿਥੇ ਵਿਦਿਆਰਥੀ ਜਥੇਬੰਦੀਆਂ ਨਾਲ ਆਪਣੇ ਜੁੜਨ ਦਾ ਬਿਰਤਾਂਤ ਪੇਸ਼ ਕੀਤਾ ਹੈ, ਉਥੇ ਵਿਦਿਆਰਥੀ ਜਥੇਬੰਦੀਆਂ ਏ.ਆਈ.ਐਸ.ਐਫ.,ਐਸ.ਐਫ.ਆਈ. ਅਤੇ ਪੀ.ਐਸ.ਯੂ. ਦੀਆਂ ਗਤੀਵਿਧੀਆਂ ਅਤੇ ਕਸ਼ਮਕਸ਼ ਦਾ ਤੱਥਾਂ ਸਹਿਤ ਵਰਨਣ ਕਰਦਿਆਂ ਨਕਸਲਬਾੜੀ ਲਹਿਰ ਬਾਰੇ ਵੀ ਆਪਣੇ ਵਿਚਾਰ ਦਰਜ ਕੀਤੇ ਹਨ। ਮੋਗਾ ਸੰਘਰਸ਼ ਅਤੇ ਪੁਲਿਸ ਕਹਿਰ ਬਾਰੇ ਜਾਣਕਾਰੀ ਦਿੰਦਿਆਂ ਲੇਖਕ ਨੇ ਇਸ ਲਹਿਰ ਨਾਲ ਜੁੜੇ ਬਹੁਤ ਸਾਰੇ ਵਿਦਿਆਰਥੀ ਆਗੂਆਂ ਦਾ ਵੀ ਜ਼ਿਕਰ ਭਰਪੂਰ ਰੂਪ ਵਿਚ ਕੀਤਾ ਹੈ। ਰਘੁਬੀਰ ਸਿੰਘ, ਕਰਨੈਲ ਸਿੰਘ ਹੰਸਰੋ, ਬਲਬੀਰ ਸਿੰਘ ਗਰੇਵਾਲ ਅਤੇ ਜਸਵਿੰਦਰ ਸਿੰਘ ਆਦਿ ਵਿਦਿਆਰਥੀ ਆਗੂਆਂ ਦਾ ਜ਼ਿਕਰ ਅਤੇ ਲਹਿਰ ਨਾਲ ਇਨ੍ਹਾਂ ਦੀ ਸੰਵੇਦਨਾ ਦਾ ਜ਼ਿਕਰ ਵੀ ਲੇਖਕ ਨੇ ਭਾਵਪੂਰਤ ਰੂਪ ਵਿਚ ਛੇੜਿਆ ਹੈ। ਲੇਖਕ ਇਸ ਨਿਰਣੇ 'ਤੇ ਪਹੁੰਚਦਾ ਹੈ ਕਿ ਪੂਰੀ ਸੁਚੇਤਤਾ ਨਾਲ ਲੋਟੂ ਤਾਕਤਾਂ ਦੇ ਖਿਲਾਫ਼ ਲਾਮਬੰਦ ਹੋ ਕੇ ਹੀ ਕੋਈ ਸੰਘਰਸ਼ ਫ਼ਤਹਿ ਕੀਤਾ ਜਾ ਸਕਦਾ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611
ਫ ਫ ਫ

ਸੂਰਜ ਕਦੇ ਮਰਦਾ ਨਹੀਂ
ਲੇਖਕ : ਡਾ: ਰਾਜ ਕੁਮਾਰ ਗਰਗ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 225 ਰੁਪਏ, ਸਫ਼ੇ : 110
ਸੰਪਰਕ : 99152-65598.

'ਸੂਰਜ ਕਦੇ ਮਰਦਾ ਨਹੀਂ' ਨਾਵਲ ਦਾ ਰਚੇਤਾ ਬਹੁਭਾਸ਼ੀ ਅਤੇ ਬਹੁ-ਸਾਹਿਤ ਵਿਧਾਵਾਂ ਦਾ ਰਚੇਤਾ ਹੋਣ ਸਦਕਾ ਪੰਜਾਬੀ ਪਾਠਕਾਂ ਵਿਚ ਮਕਬੂਲ ਹੋ ਚੁੱਕਾ ਹੈ। ਹਥਲੇ ਨਾਵਲ ਜ਼ਰੀਏ ਇਸ ਨੇ ਘਰ-ਪਰਿਵਾਰ, ਸਮਾਜ ਅਤੇ ਵਰਤਮਾਨ ਜੀਵਨ-ਸ਼ੈਲੀ ਦੇ ਜਿਨ੍ਹਾਂ ਵਿਭਿੰਨ ਸਰੋਕਾਰਾਂ ਨੂੰ ਪ੍ਰਗਟ ਕੀਤਾ ਹੈ ਉਹ ਯਥਾਰਥਕ ਵੀ ਲਗਦੇ ਹਨ ਅਤੇ ਨਾਵਲੀ ਜੁਗਤਾਂ ਜ਼ਰੀਏ ਨਵੇਂ ਪ੍ਰਤਿਮਾਨ ਸਥਾਪਿਤ ਕਰਦੇ ਹੋਏ ਵੀ ਪ੍ਰਤੀਤ ਹੁੰਦੇ ਹਨ। ਦ੍ਰਿਸ਼-ਚਿਤਰਨ ਭਾਵੇਂ ਘਰੇਲੂ ਪਰਿਵਾਰ ਦਾ ਹੈ ਜਾਂ ਭਾਈਚਾਰੇ ਦੇ ਵਰਤਾਰੇ ਦੀ ਹੋਂਦ-ਸਥਿਤੀ ਵਿਚੋਂ ਉਪਜਿਆ ਹੋਇਆ ਹੈ ਜਾਂ ਸਬੰਧਤ ਸਮੂਹਿਕ ਰਾਜਨੀਤਕ, ਪ੍ਰਸ਼ਾਸਨਿਕ ਅਤੇ ਆਰਥਿਕ ਪ੍ਰਸਥਿਤੀਆਂ ਦੇ ਵਿਭਿੰਨ ਸਰੋਕਾਰਾਂ ਦੀ ਉਪਜ ਹੈ, ਆਦਿ ਸਭ ਨੂੰ ਗਰਗ ਸਾਹਿਬ ਨੇ ਬਾਰੀਕਬੀਨੀ ਨਾਲ ਅਨੁਭਵ ਕਰਕੇ ਇਸ ਨਾਵਲ ਵਿਚ ਪ੍ਰਗਟ ਕੀਤਾ ਹੈ। ਨਾਵਲ ਦੇ ਅਠਾਈ ਕਾਂਡ ਇਕੋ ਬਿਰਤਾਂਤ ਦਾ ਪ੍ਰਗਟਾਵਾ ਹਨ। ਇਸ ਬਿਰਤਾਂਤ ਨੂੰ ਸਾਕਾਰ ਕਰਨ ਲਈ ਲੇਖਕ ਨੇ ਕੁਝ ਇੱਛਿਤ ਅਤੇ ਕੁਝ ਯਥਾਰਥਕ ਪਾਤਰ ਸਿਰਜੇ ਹਨ, ਜਿਨ੍ਹਾਂ ਵਿਚ ਰਾਧਾ, ਕੁਲਦੀਪ, ਸੰਧਿਆ, ਅਭਿਸ਼ੇਕ, ਰਾਘਵ, ਸੂਰਜ, ਨਿਤੇਸ਼, ਇਸ਼ਾਂਨ, ਦਿਸ਼ਾਂਤ, ਹੈਪੀ, ਰਮਨ, ਵਕੀਲ, ਸਕੂਲ ਕਾਲਜ ਦੇ ਵਿਦਿਆਰਥੀ ਅਤੇ ਅਧਿਆਪਕ, ਅਧਿਆਪਕਾਵਾਂ ਆਦਿ ਹਨ। ਇਹ ਸਾਰੇ ਪਾਤਰ ਜਿਥੇ ਤਿੰਨ ਪੀੜ੍ਹੀਆਂ ਦੇ ਫ਼ਾਸਲੇ ਦਾ ਅੰਤਰਾਲ ਅਤੇ ਆਪਸੀ ਸਬੰਧ ਪ੍ਰਗਟ ਕਰਦੇ ਹਨ, ਉਥੇ ਪਹਿਲੀ ਅਤੇ ਦੂਜੀ ਪੀੜ੍ਹੀ ਵੱਲੋਂ ਕੁਝ ਇਕ ਹੋਈਆਂ ਘਰੇਲੂ ਜਾਂ ਸਮਾਜਿਕ ਉਕਾਈਆਂ ਦਾ ਬੋਧ ਕਰਾਉਂਦੇ ਹੋਏ ਅਗਲੇਰੀ ਤੀਜੀ ਪੀੜ੍ਹੀ ਦੀ ਵਿਗਿਆਨਕ ਸੋਚ ਨੂੰ ਧਾਰਨ ਕਰਨ ਦੀ ਵਿਚਾਰਧਾਰਾ ਦੀ ਸਾਰਥਿਕਤਾ ਵੀ ਪ੍ਰਗਟ ਕਰਦੇ ਹਨ। ਨਾਵਲਕਾਰ, ਕਿਉਂ ਜੋ ਮਾਲਵੇ ਖੇਤਰ ਦਾ ਹੈ, ਇਸ ਕਰਕੇ ਉਸ ਨੇ ਦੇਵੀਗੜ੍ਹ, ਅਮਰਗੜ੍ਹ, ਬਠਿੰਡਾ ਆਦਿ ਮਲਵਈ ਸ਼ਹਿਰਾਂ ਦਾ ਵੀ ਜ਼ਿਕਰ ਕੀਤਾ ਹੈ। ਉਕਤ ਤਿੰਨਾਂ ਪੀੜ੍ਹੀਆਂ ਦੇ ਸਿਖਿਅਤ ਭਾਸ਼ਾਈ ਬੋਧ ਨੂੰ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਵਾਰਤਾਲਾਪਾਂ ਜ਼ਰੀਏ ਪ੍ਰਗਟਾ ਕੇ ਪਾਤਰਾਂ ਦੀ ਵਿਲੱਖਣਤਾ ਵੀ ਸਥਾਪਿਤ ਕੀਤੀ ਹੈ। ਸਮੁੱਚੇ ਰੂਪ ਵਿਚ ਇਹ ਨਾਵਲ ਪਰਿਵਾਰਕ-ਸਾਂਝ ਅਤੇ ਮਾਨਵੀ ਪਿਆਰ-ਸੁਹਿਰਦਤਾ ਦਾ ਸੁਨੇਹਾ ਦਿੰਦਾ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਸੁਲਗਦੇ ਅਰਮਾਨ
ਕਵੀ : ਐਸ.ਐਸ. ਸਹੋਤਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 104
ਸੰਪਰਕ : 98884-04668

ਹਥਲੀ ਕਾਵਿ ਪੁਸਤਕ ਤੋਂ ਪਹਿਲਾਂ ਕਵੀ ਐਸ.ਐਸ. ਸਹੋਤਾ 16 ਕਾਵਿ ਪੁਸਤਕਾਂ ਦੀ ਸਿਰਜਣਾ ਕਰ ਚੁੱਕਾ ਹੈ। ਹਥਲੀ ਪੁਸਤਕ ਉਸ ਦੇ ਨਿਰਛਲ ਪਿਆਰ ਅਤੇ ਪਾਕ ਮੁਹੱਬਤ ਦੀ ਪੇਸ਼ਕਾਰ ਹੈ। ਉਸ ਦੇ ਕਾਵਿ ਸਰੋਕਾਰ ਅਤੇ ਕਾਵਿ ਰੰਗ ਦੁਨਿਆਵੀ ਪਿਆਰ ਵਿਚ ਗੜੁੱਚ ਹਨ। ਕਵੀ ਦਾ ਅਕੀਦਾ ਹੈ ਕਿ ਜ਼ਿੰਦਗੀ ਦਾ ਕੇਂਦਰੀ ਧੁਰਾ ਕੇਵਲ ਪਿਆਰ ਹੀ ਹੈ। ਸਹੋਤਾ ਨੇ ਆਪਣੀਆਂ ਕਵਿਤਾਵਾਂ ਵਿਚ ਅਧੂਰੇ ਅਰਮਾਨਾਂ ਨੂੰ ਵਲਵਲੇ ਭਰਪੂਰ ਸ਼ਬਦਾਂ ਵਿਚ ਢਾਲਿਆ ਹੈ। ਇਸ ਮੁਹੱਬਤ ਦੇ ਕਵੀ ਦਾ ਕਮਾਲ ਹੈ ਕਿ ਉਸ ਨੇ ਸਾਰੀ ਪੁਸਤਕ ਮੁਹੱਬਤ ਤੋਂ ਸ਼ੁਰੂ ਕੀਤੀ ਹੈ ਤੇ ਮੁਹੱਬਤ 'ਤੇ ਹੀ ਖ਼ਤਮ ਕੀਤੀ ਹੈ। ਉਸ ਦੀ ਪਹਿਲੀ ਕਵਿਤਾ 'ਦਿਲ ਦੀ ਧੜਕਣ' ਦੇ ਪਹਿਲੇ ਬੋਲ ਹਨ : 'ਜੇ ਤੂੰ ਮੈਨੂੰ ਹੁਣ/ਲਿਆਹੀ ਹੈ ਚਾਹ/ਦਿਲ ਕਰਦਾ ਤੇਰੇ ਤੇ/ਆਪਣੀ ਜ਼ਿੰਦਗੀ ਦਿਆਂ ਲੁਟਾ...' ਅਤੇ ਆਖਰੀ ਕਵਿਤਾ 'ਛੁਪਛੁਪਾ ਕੇ' ਕਵਿਤਾ ਦੇ ਆਖਰੀ ਬੋਲ ਹਨ : 'ਕਿੰਨੀ ਦੇਰ ਅਸੀਂ/ਇਵੇਂ ਛੁਪ ਛੁਪ ਕੇ ਮਿਲਦੇ/ਜੇ ਇਕ ਹੋ ਜਾਂਦੇ ਫਿਰ/ਕਿਉਂ ਨਾ ਸਾਡੇ ਦਿਲ ਖਿਲਦੇ...'।
ਖੂਬਸੂਰਤੀ ਇਹ ਹੈ ਕਿ ਤੁਸੀਂ ਪੁਸਤਕ ਦੀ ਕੋਈ ਵੀ ਕਵਿਤਾ ਦੇ ਪ੍ਰਵਚਨਾਂ ਵਿਚ ਉੱਤਰੋ, ਤੁਹਾਨੂੰ ਸਾਰੀਆਂ ਕਵਿਤਾਵਾਂ ਦੀ ਇਕ ਹੀ ਮਹਿਕ ਆਏਗੀ। ਸਾਰੀ ਪੁਸਤਕ ਵਾਚਿਆਂ ਲਗਦਾ ਹੈ ਕਿ ਅਸਾਂ ਤਾਂ ਇਕ ਹੀ ਮੁਹੱਬਤ ਪੜ੍ਹੀ ਹੈ, ਪਿਆਰ ਪੜ੍ਹਿਆ ਹੈ, ਪਿਆਰ ਦੇ ਗਿਲੇ-ਸ਼ਿਕਵੇ ਪੜ੍ਹੇ ਹਨ। ਸਹੋਤਾ ਦੀ ਕਾਵਿ ਸਿਰਜਣਾ ਦੇ ਵਾਰੇ-ਵਾਰੇ ਜਾਣ ਨੂੰ ਦਿਲ ਕਰਦਾ ਹੈ। ਉਸ ਨੇ ਪੁਸਤਕ ਦੀ ਹਰ ਕਵਿਤਾ ਹੇਠ ਸਿਰਜਣ ਮਿਤੀ ਲਿਖੀ ਹੈ। ਪਹਿਲੀ ਕਵਿਤਾ ਉਸ ਨੇ 28-10-2015 ਨੂੰ ਲਿਖੀ ਤੇ ਆਖਰੀ ਕਵਿਤਾ 19-11-2015 ਨੂੰ ਲਿਖੀ। ਇਸ ਨੇ ਕੇਵਲ 19 ਦਿਨਾਂ ਵਿਚ ਇਹ ਪੁਸਤਕ ਸਿਰਜ ਦਿੱਤੀ।

ਫ ਫ ਫ

55 ਕਵਿਤਾਵਾਂ ਦੋਸਤ ਦੇ ਨਾਂਅ
ਕਵੀ : ਡਾ: ਐਸ. ਪੀ. ਜੋਸ਼ੀ
ਪ੍ਰਕਾਸ਼ਕ : ਬਲਵੰਤ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 76
ਸੰਪਰਕ : 097801-00060.

ਡਾ: ਐਸ. ਪੀ. ਜੋਸ਼ੀ ਪੰਜਾਬ ਪੁਲਿਸ ਵਿਚ ਇਕ ਚੋਟੀ ਦੇ ਅਫ਼ਸਰ ਵਜੋਂ ਰਿਟਾਇਰ ਹੋਏ ਹਨ। ਪੁਸਤਕ ਦੇ ਨਾਮਕਰਨ ਅਨੁਸਾਰ ਇਸ ਵਿਚ 55 ਕਵਿਤਾਵਾਂ ਹਨ, ਜਿਨ੍ਹਾਂ ਵਿਚ ਕੁਝ ਨਜ਼ਮਾਂ, ਕੁਝ ਗੀਤ ਅਤੇ ਬਾਕੀ ਗ਼ਜ਼ਲਾਂ ਹਨ। ਸਾਰੀਆਂ ਹੀ ਕਾਵਿ ਰਚਨਾਵਾਂ ਨਿੱਜੀ ਪਿਆਰ-ਮੁਹੱਬਤ ਅਤੇ ਇਸ ਦੇ ਵਿਚਲੇ ਕਾਵਿ ਵਲਵਲੇ ਹਨ। ਇਸ ਪੁਸਤਕ ਦੀਆਂ 55 ਕਵਿਤਾਵਾਂ ਵਿਚ ਹੀ ਜੋਸ਼ੀ ਨੇ ਆਪਣੇ ਦਿਲ ਦੀਆਂ ਪਿਆਰ ਭਾਵਨਾਵਾਂ ਨੂੰ ਬਿਨਾਂ ਕਿਸੇ ਬਨਾਵਟ ਦੇ ਮਾਸੂਮਤਾ ਦੀ ਪੱਧਰ 'ਤੇ ਪੇਸ਼ ਕੀਤਾ ਹੈ। ਉਸ ਦੀਆਂ ਕੁੱਲ ਕਾਵਿ ਸਤਰਾਂ ਹਾਜ਼ਰ ਹਨ :
-ਤੇਰੇ ਬਗੈਰ ਵੀ ਜੀਅ ਲਾਂਗਾ, ਘੁੱਟ ਸਬਰ ਦੇ ਪੀ ਲਾਂਗਾ
ਭਰ ਪਿਆਲਾ ਦੋਸਤੀ ਦਾ ਨਾ ਸਹੀ, ਤੇਰੇ ਲਈ ਜ਼ਹਿਰ ਵੀ ਪੀ ਲਾਂਗਾ।
-ਦੋਸਤਾ ਹਰ ਰੋਜ਼ ਸੈਰ ਵੀ ਕਰਦਾ ਹਾਂ
ਪਰ ਤੈਨੂੰ ਯਾਦ ਵੀ ਬਹੁਤ ਕਰਦਾ ਹਾਂ।
-ਜਦੋਂ ਮੇਰੀ ਯਾਦ ਆਈ ਸਾਰੀ ਰਾਤ ਨਾ ਸੋਏਂਗੀ
ਅੱਖਾਂ 'ਚ ਘਸੁੰਨ ਦੇ ਕੇ ਇਕੱਲੀ ਬੈਠ ਰੋਏਂਗੀ।
-ਦੋਸਤਾ ਧੁੱਪ 'ਚ ਵੀ ਕਦੇ ਸਮੁੰਦਰ ਨਹੀਂ ਸੁੱਕਦੇ
ਚੰਗੇ ਦੋਸਤ ਕਦੇ ਮਾੜੀ ਮੋਟੀ ਗੱਲ 'ਤੇ ਨਹੀਂ ਰੁਸਦੇ।
ਜੋਸ਼ੀ ਦੀ ਕਵਿਤਾ ਵਿਚ ਕਾਵਿ ਦਾ ਸ਼ੁਰੂਆਤੀ ਤੇ ਸਹਿਜ ਦੌਰ ਹੈ। ਉਹ ਆਪਣੇ ਮਨ ਦੇ ਭਾਵਾਂ ਨੂੰ ਬਹਿਰ/ਛੰਦ ਦੀ ਅਧੀਨਗੀ ਦੀ ਕੈਦੇ ਨਹੀਂ ਪਾਉਂਦਾ। ਗ਼ਜ਼ਲਾਂ ਵਿਚਲੇ ਸ਼ਿਅਰ ਵੀ ਛੰਦਾਂ ਬਹਿਰਾਂ ਅਤੇ ਕਈ ਵਾਰ ਕਾਫੀਏ ਦਾ ਡਸਿਪਲਿਨ ਨਹੀਂ ਮੰਨਦੇ। ਉਂਜ ਜੋਸ਼ੀ ਖ਼ੁਦ ਪੁਲਿਸ ਵਿਚ ਅਨੁਸ਼ਾਸਨ ਵਾਲੇ ਤੇ ਇਮਾਨਦਾਰ ਅਫ਼ਸਰ ਸਨ, ਜਿਨ੍ਹਾਂ ਨੇ ਰਿਟਾਇਰ ਹੋ ਕੇ ਪੀ.ਐਚ.ਡੀ. ਕੀਤੀ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਦਿੱਲੀ ਦੇ ਦਸ ਇਤਿਹਾਸਕ ਗੁਰਦੁਆਰੇ
ਲੇਖਕ : ਬਲਬੀਰ ਮਾਧੋਪੁਰੀ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 250 ਰੁਪਏ, ਸਫ਼ੇ : 87
ਸੰਪਰਕ : 093505-48100.

ਵਿਚਾਰ ਗੋਚਰੀ ਪੁਸਤਕ ਰਾਹੀਂ ਦਿੱਲੀ ਦੇ ਉਨ੍ਹਾਂ ਦਸ ਇਤਿਹਾਸਕ ਗੁਰਧਾਮਾਂ ਬਾਰੇ ਖੋਜ-ਭਰਪੂਰ ਜਾਣਕਾਰੀ ਦਿੱਤੀ ਗਈ ਹੈ, ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ, ਗੁਰੂ ਹਰਿਗੋਬਿੰਦ ਜੀ, ਗੁਰੂ ਹਰਿਕ੍ਰਿਸ਼ਨ ਜੀ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ, ਮਾਤਾ ਸੁੰਦਰੀ, ਬਾਬਾ ਬੰਦਾ ਬਹਾਦਰ ਦੀ ਚਰਨ ਛੋਹ ਪ੍ਰਾਪਤ ਹੈ। ਇਨ੍ਹਾਂ ਗੁਰਧਾਮਾਂ ਦੀ ਉਸਾਰੀ, ਮੁਗ਼ਲ ਰਾਜ ਵੇਲੇ, ਦਿੱਲੀ ਫ਼ਤਹਿ ਕਰਨ ਉਪਰੰਤ, ਸਿੱਖ ਜਰਨੈਲਾਂ, ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਸ: ਜੱਸਾ ਸਿੰਘ ਰਾਮਗੜ੍ਹੀਆ ਨੇ ਆਪਣੀ ਨਿਗਰਾਨੀ ਹੇਠ ਕਰਵਾਈ। ਪੁਸਤਕ ਦਾ ਇਹ ਦੂਜਾ ਐਡੀਸ਼ਨ ਮਹਾਨ ਪਰਉਪਕਾਰੀ, ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਸਮਰਪਿਤ ਹੈ। ਪੁਸਤਕ ਦਾ ਪਹਿਲਾ ਲੇਖ 'ਗੁਰਦੁਆਰਾ ਨਾਨਕ ਪਿਆਓ' (ਗੁਰੂ ਨਾਨਕ ਦੇਵ ਜੀ) ਬਾਰੇ ਹੈ। ਗੁਰੂ ਘਰ ਨਾਨਕ ਦੇਵ ਜੀ ਦੀ ਬਾਣੀ ਕ੍ਰਾਂਤੀਕਾਰੀ ਸੋਚ ਨੂੰ ਜਾਗ੍ਰਿਤ ਕਰਦੀ ਹੈ। ਇਸ ਦਾ ਸਿੱਧਾ ਰਿਸ਼ਤਾ ਮਨੁੱਖਤਾ ਨਾਲ ਹੈ। ਇਸ ਲਈ ਇਹ ਧਰਮ-ਨਿਰਪੱਖਤਾ ਦੀ ਸ਼ਾਹਦੀ ਉੱਚੀ ਸੁਰ ਨਾਲ ਭਰਦੀ ਹੈ। ਗੁਰਦੁਆਰਾ ਮਜਨੂੰ ਟਿੱਲਾ, ਗੁਰਦੁਆਰਾ ਬੰਗਲਾ ਸਾਹਿਬ, ਦਿੱਲੀ ਦੀ ਆਊਟਰ ਰਿੰਗ ਰੋਡ 'ਤੇ ਸਥਿਤ ਗੁਰਦੁਆਰਾ ਬਾਲਾ ਸਾਹਿਬ, ਗੁਰਦੁਆਰਾ ਮੋਤੀ ਬਾਗ, ਗੁਰਦੁਆਰਾ ਦਮਦਮਾ ਸਾਹਿਬ, ਗੁਰਦੁਆਰਾ ਮਾਤਾ ਸੁੰਦਰੀ, ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਬਾਬਾ ਬੰਦਾ ਬਹਾਦੁਰ ਅਤੇ ਗੁਰਦੁਆਰਾ ਰਕਾਬ ਗੰਜ ਬਾਰੇ ਬੜੀ ਵਿਸਤ੍ਰਿਤ ਜਾਣਕਾਰੀ ਪਾਠਕਾਂ ਨਾਲ ਸਾਂਝੀ ਕੀਤੀ ਗਈ ਹੈ। ਨਾਲ-ਨਾਲ ਟਿੱਪਣੀਆਂ ਅਤੇ ਹਵਾਲੇ ਵੀ ਹਨ। ਸਾਰੇ 10 ਗੁਰਦੁਆਰਾ ਸਾਹਿਬਾਨ ਦੀਆਂ ਸੁੰਦਰ ਰੰਗੀਨ ਤਸਵੀਰਾਂ ਪੁਸਤਕ ਦੀ ਜ਼ੀਨਤ ਹਨ। 'ਸੰਖੇਪ ਗੁਰੂ ਪ੍ਰੀਚੈ' ਇਸ ਪੁਸਤਕ ਦਾ ਇਕ ਅਹਿਮ ਭਾਗ ਹੈ। ਅੰਤ ਵਿਚ ਉੱਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਕੀਤੀ ਗਈ ਮੁਲਾਕਾਤ ਦਰਜ ਹੈ। ਕਾਲੀ ਵੇਈਂ ਦੇ ਪਿਛੋਕੜ ਬਾਰੇ ਜਾਣਕਾਰੀ ਦੇਣ ਮਗਰੋਂ ਪਵਿੱਤਰ ਵੇਈਂ ਦੀ ਸਫ਼ਾਈ ਦੀ ਮਹਾਨ ਸੇਵਾ ਦਾ ਤਜਰਬਾ ਹੈ। ਬਲਬੀਰ ਮਾਧੋਪੁਰੀ ਦੀ ਇਹ ਸੱਜਰੀ ਪੁਸਤਕ ਬੜਾ ਮੁੱਲਵਾਨ ਤੇ ਤਾਰੀਖ਼ੀ ਦਸਤਾਵੇਜ਼ ਹੈ।

ਂਤੀਰਥ ਸਿੰਘ ਢਿੱਲੋਂ
ਮੋ: 98154-61710
ਫ ਫ ਫ

ਦੁਨੀਆ ਦਾ ਦਸਤੂਰ
ਕਵਿੱਤਰੀ : ਕੁਲਵਿੰਦਰ ਕੌਰ ਅਰੋੜਾ
ਪ੍ਰਕਾਸ਼ਕ : ਲਾਡੀ ਸਾਹਿਤ ਪ੍ਰਕਾਸ਼ਨ ਫ਼ਰੀਦ ਸਰਾਏ (ਕਪੂਰਥਲਾ)
ਮੁੱਲ : 100 ਰੁਪਏ, ਸਫ਼ੇ : 64
ਸੰਪਰਕ : 99151-16845.

ਕਵਿੱਤਰੀ ਕੁਲਵਿੰਦਰ ਕੌਰ ਅਰੋੜਾ ਨੇ ਇਨ੍ਹਾਂ ਕਵਿਤਾਵਾਂ ਵਿਚ ਪਰੋਏ ਖਿਆਲ ਧੁਰ ਰੂਹ ਤੋਂ ਸਿਰਜੇ ਜਾਪਦੇ ਹਨ। ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਅਤੇ ਰੰਗਾਂ ਨੂੰ ਪ੍ਰਗਟਾਉਂਦੇ ਇਨ੍ਹਾਂ ਰਚਨਾਵਾਂ ਦੇ ਖਿਆਲਾਂ ਦੀ ਫਿਲਾਸਫ਼ੀ ਮਨੁੱਖੀ ਸਮਾਜ ਦੀਆਂ ਵੱਖ-ਵੱਖ ਸਮੱਸਿਆਵਾਂ, ਮਨੁੱਖੀ ਮਨ ਦੀਆਂ ਗੁੰਝਲਾਂ, ਸਮਾਜਿਕ ਰਿਸ਼ਤਿਆਂ ਦੇ ਮਹੱਤਵ ਦਾ ਪ੍ਰਗਟਾਵਾ ਕਰਦੀ ਹੈ। ਕਵਿੱਤਰੀ ਦਾ ਇਹ ਪਲੇਠਾ ਕਾਵਿ-ਸੰਗ੍ਰਹਿ ਹੋਣ ਕਰਕੇ ਤਕਨੀਕੀ ਪੱਖੋਂ ਬੇਸ਼ੱਕ ਊਣਤਾਈਆਂ ਰੱਖਦਾ ਹੋਵੇ ਪਰ ਕਾਵਿ-ਜਜ਼ਬੇ ਨਾਲ ਲਬਰੇਜ ਕਾਵਿ-ਰਚਨਾਵਾਂ ਮੇਰਾ ਤੇਰਾ ਰੁੱਖ, ਖੁਸ਼ਬੋ, ਅਨੋਖੀ ਦੁਨੀਆ, ਮਿਲਾਂਗੇ ਜ਼ਰੂਰ, ਧੀ ਦੀ ਕਦਰ, ਧੀ ਦੀ ਫਰਿਆਦ, ਹਕੀਕਤ, ਨੰਨਾ ਫਰਿਸ਼ਤਾ, ਗਗਨ, ਯਾਦ ਮਾਂ ਦੀ, ਰੁੱਖ ਲਗਾਓ, ਵਾਤਾਵਰਨ ਸੰਭਾਲੋ, ਪਾਣੀ, ਰੁੱਖ ਮੇਰੇ ਪਾਪਾ, ਜਵਾਨੀ ਰੋੜ੍ਹਤੀ, ਅਰਥੀ ਪਾਠਕ ਨੂੰ ਵੱਖ-ਵੱਖ ਅਨੁਭਵਾਂ 'ਚ ਸਰਾਬੋਰ ਕਰਦੀਆਂ ਹਨ। ਕਵਿੱਤਰੀ ਨੇ ਧਰਤੀ 'ਤੇ ਫੈਲ ਰਹੇ ਹਵਾ, ਪਾਣੀ ਅਤੇ ਹੋਰ ਪ੍ਰਦੂਸ਼ਣਾਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਕਾਵਿ-ਕਲਾ ਦੀ ਸੁਚੱਜੀ ਵਰਤੋਂ ਕੀਤੀ ਹੈ। ਪੁਸਤਕ ਦੀ ਭੂਮਿਕਾ ਵਿਚ ਲੇਖਿਕਾ ਲਾਡੀ ਸੁਖਜਿੰਦਰ ਕੌਰ ਭੁੱਲਰ ਨੇ ਕਵਿੱਤਰੀ ਕੁਲਵਿੰਦਰ ਕੌਰ ਅਰੋੜਾ ਬਾਰੇ ਲਿਖੇ ਇਹ ਸ਼ਬਦ ਕਿ 'ਕੁਲਵਿੰਦਰ ਕੌਰ ਅਰੋੜਾ ਦੀਆਂ ਕਵਿਤਾਵਾਂ ਸਮਾਜਿਕ ਪੀੜਾਂ ਨੂੰ ਦਰਸਾਉਂਦੀਆਂ ਹਨ' ਬਿਲਕੁਲ ਸਹੀ ਹੈ।

ਂਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.
ਫ ਫ ਫ

ਮੇਰੇ ਸਮਿਆਂ ਦੀ ਪੰਜਾਬੀ ਗੀਤਕਾਰੀ
ਲੇਖਕ : ਐਸ. ਅਸ਼ੋਕ ਭੌਰਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 0175-2305347
.

ਐਸ. ਅਸ਼ੋਕ ਭੌਰਾ ਕਈ ਦਹਾਕਿਆਂ ਤੋਂ ਕਲਾ ਤੇ ਕਲਾਕਾਰਾਂ ਬਾਰੇ ਲਿਖ ਰਿਹਾ ਹੈ। ਹੁਣ ਬੇਸ਼ੱਕ ਉਹ ਵਿਦੇਸ਼ ਰਹਿ ਕੇ ਜੀਵਿਕਾ ਕਮਾਉਂਦਾ ਹੈ, ਪਰ ਲੇਖਣੀ 'ਚ ਸਰਗਰਮ ਪੰਜਾਬ ਜਿੰਨਾ ਹੀ ਹੈ। ਉਸ ਨੇ ਪੰਜਾਬ ਦੇ ਨਵੇਂ-ਪੁਰਾਣੇ ਗਾਇਕਾਂ, ਗੀਤਕਾਰਾਂ ਤੇ ਸੰਗੀਤਕਾਰਾਂ ਬਾਰੇ ਰੱਜ ਕੇ ਲਿਖਿਆ ਹੈ। ਉਸ ਦੀਆਂ ਕਲਾਕਾਰਾਂ ਬਾਰੇ ਕਈ ਪੁਸਤਕਾਂ ਪਾਠਕਾਂ ਦੀ ਝੋਲੀ ਪੈ ਚੁੱਕੀਆਂ ਹਨ ਤੇ ਉਨ੍ਹਾਂ ਹੀ ਪੁਸਤਕਾਂ ਵਿਚੋਂ ਇਕ ਵਿਚਾਰ ਅਧੀਨ ਪੁਸਤਕ 'ਮੇਰੇ ਸਮਿਆਂ ਦੀ ਪੰਜਾਬੀ ਗੀਤਕਾਰੀ' ਹੈ।
ਭੌਰਾ ਨੇ ਆਪਣੇ ਸਮੇਂ ਦੀ ਗੀਤਕਾਰੀ ਦੀ ਗੱਲ ਕੀਤੀ ਹੈ। ਵੈਸੇ ਉਹ ਵੇਲ਼ਾ ਅੱਜ ਨਾਲੋਂ ਚੰਗਾ ਸੀ, ਜਦੋਂ ਸ਼ਾਇਰੀ ਦੀ ਕਦਰ ਹੁੰਦੀ ਸੀ, ਜਦੋਂ ਗੀਤ ਸੁਣਨ ਵੇਲ਼ੇ ਕੰਨਾਂ ਨੂੰ ਰਸ ਮਿਲਦਾ ਸੀ। ਭੌਰਾ ਨੇ ਇਸ ਪੁਸਤਕ ਵਿਚ ਬਾਬੂ ਰਜਬ ਅਲੀ, ਸ਼ਿਵ ਕੁਮਾਰ ਬਟਾਲਵੀ, ਨੰਦ ਲਾਲ ਨੂਰਪੁਰੀ, ਇੰਦਰਜੀਤ ਹਸਨਪੁਰੀ, ਦੇਵ ਥਰੀਕੇ ਵਾਲਾ, ਬੰਤ ਰਾਮਪੁਰੇ ਵਾਲਾ, ਗੁਰਦਾਸ ਮਾਨ, ਸਾਧੂ ਸਿੰਘ ਆਂਚਲ, ਸ਼ਮਸ਼ੇਰ ਸਿੰਘ ਸੰਧੂ, ਅਮਰੀਕ ਸਿੰਘ ਤਲਵੰਡੀ, ਇੰਦਰਜੀਤ ਹਸਨਪੁਰੀ, ਸਵਰਨ ਸਿਵੀਆ, ਗੁਰਦਿਆਲ ਸਿੰਘ ਅਲਮਸਤ ਦੇਸਰਪੁਰੀ, ਹਾਕਮ ਬਖਤੜੀਵਾਲਾ, ਗੁਰਦੇਵ ਮਾਨ, ਚਰਨ ਸਿੰਘ ਸਫ਼ਰੀ, ਚੰਨ ਗੁਰਾਇਆ ਵਾਲਾ, ਧਰਮ ਕੰਮੇਆਣਾ, ਪਾਲੀ ਦੇਤਵਾਲੀਆ, ਜਸਵੰਤ ਸੰਦੀਲਾ, ਲਾਲ ਪਧਿਆਣਵੀ ਸਮੇਤ ਕਈ ਹੋਰ ਗੀਤਕਾਰਾਂ ਬਾਰੇ ਲਿਖਿਆ ਹੈ। ਇਨ੍ਹਾਂ ਦੀਆਂ ਆਦਤਾਂ, ਲੇਖਣੀ, ਰਿਕਾਰਡ ਗੀਤਾਂ ਸਮੇਤ ਹੋਰ ਕਾਫੀ ਕੁਝ ਭੌਰਾ ਨੇ ਨੇੜੇ ਹੋ ਕੇ ਲਿਖਿਆ ਹੈ।
ਕਿਉਂਕਿ ਭੌਰਾ ਇਨ੍ਹਾਂ ਵਿਚੋਂ ਬਹੁਤੇ ਗੀਤਕਾਰਾਂ ਦੇ ਖਾਸਾ ਨੇੜੇ ਰਿਹਾ ਹੈ, ਇਸ ਕਰਕੇ ਸਬੰਧਤ ਗੀਤਕਾਰਾਂ ਦੇ ਸੁਭਾਅ ਦਾ ਵਰਨਣ ਵੀ ਉਸ ਨੇ ਕੀਤਾ ਹੈ। ਇਹ ਕਿਤਾਬ ਚੰਗੇ ਗੀਤਕਾਰਾਂ ਦੀ ਚੰਗੀ ਪਛਾਣ ਕਰਾਉਣ ਦੇ ਸਮਰੱਥ ਹੈ।

ਂਸਵਰਨ ਸਿੰਘ ਟਹਿਣਾ
ਮੋ: 98141-78883
ਫ ਫ ਫ

ਅਨਮੋਲ ਬਚਪਨ
ਸੰਪਾਦਕ : ਭਗਤ ਰਾਮ ਰੰਗਾੜਾ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 127
ਸੰਪਰਕ : 99887-47330

ਪੰਜਾਬੀ ਵਿਚ ਵਿਸ਼ਾਗਤ ਪ੍ਰਕਾਸ਼ਨਾਵਾਂ ਦੀ ਪਰੰਪਰਾ ਤਾਂ ਰਹੀ ਹੈ ਪਰ ਇਸ 'ਤੇ ਬਹੁਤਾ ਕਾਰਜ ਨਹੀਂ ਹੋ ਸਕਿਆ। ਅਜਿਹੀਆਂ ਪ੍ਰਕਾਸ਼ਨਾਵਾਂ ਨਾਲ ਇਕ ਹੀ ਵਿਸ਼ੇ 'ਤੇ ਵੱਖ-ਵੱਖ ਅਦੀਬਾਂ ਦੀਆਂ ਵੱਖ-ਵੱਖ ਭਾਂਤ ਦੀਆਂ ਰਚਨਾਵਾਂ ਮਾਣਨ ਲਈ ਪ੍ਰਾਪਤ ਹੋ ਜਾਂਦੀਆਂ ਹਨ ਤੇ ਸਮੱਸਿਆਵਾਂ ਨਾਲ ਸਬੰਧਤ ਵਿਸ਼ਿਆਂ ਲਈ ਢੁਕਵੇਂ ਹੱਲ ਵੀ ਪ੍ਰਾਪਤ ਹੋ ਜਾਂਦੇ ਹਨ। 'ਅਨਮੋਲ ਬਚਪਨ' ਪੁਸਤਕ ਬਚਪਨ ਨਾਲ ਸਬੰਧਤ ਹੈ, ਜਿਸ ਵਿਚ ਵੱਖ-ਵੱਖ ਰਾਜਾਂ ਦੇ ਵਡੇਰੀ, ਦਰਮਿਆਨੀ ਤੇ ਛੁਟੇਰੀ ਉਮਰ ਦੇ ਸਤਾਰਾਂ ਕਵਿਤਰੀਆਂ ਤੇ 41 ਕਵੀ ਸ਼ਾਮਿਲ ਕੀਤੇ ਗਏ ਹਨ। ਨਿਰੀ ਕਲਪਨਾ ਸਾਹਿਤ ਜਾਂ ਕਵਿਤਾ ਨਹੀਂ ਹੋ ਸਕਦੀ ਅਦੀਬ ਵੱਲੋਂ ਖ਼ੁਦ ਹੰਢਾਏ ਪਲ ਕਿਸੇ ਵੀ ਜ਼ੋਰਦਾਰ ਕਲਾਕ੍ਰਿਤ ਦਾ ਆਧਾਰ ਬਣਦੇ ਹਨ। ਬਚਪਨ ਹਰੇਕ ਨੇ ਹੰਢਾਇਆ ਹੁੰਦਾ ਤੇ ਇਸ ਵਿਸ਼ੇ 'ਤੇ ਲਿਖਣਾ ਸੱਚਮੁੱਚ ਰੁਮਾਂਚਕ ਤੇ ਅਸਲੀਅਤ ਦੇ ਕਰੀਬ ਹੁੰਦਾ ਹੈ। ਇਸ ਪੁਸਤਕ ਵਿਚ ਸ਼ਾਮਿਲ ਰਚਨਾਵਾਂ ਇਸੇ ਕਾਰਨ ਰੌਚਕ ਹਨ ਤੇ ਸਫ਼ਲ ਮੰਨੀਆਂ ਜਾ ਸਕਦੀਆਂ ਹਨ। ਕਲਮਕਾਰਾਂ ਨੂੰ ਜਨਮ ਸਾਲ ਦੇ ਕ੍ਰਮ ਅਨੁਸਾਰ ਤਰਤੀਬ ਦਿੱਤੀ ਗਈ ਹੈ ਤੇ ਉਨ੍ਹਾਂ ਸਬੰਧੀ ਵੇਰਵੇ ਵੀ ਪੁਸਤਕ ਦੇ ਅੰਤ ਵਿਚ ਪ੍ਰਕਾਸ਼ਿਤ ਕੀਤੇ ਗਏ ਹਨ। ਸ਼ਾਮਿਲ ਕਲਮਕਾਰਾਂ ਵਿਚ ਕੁਝ ਕਾਫ਼ੀ ਚਰਚਿਤ ਹਨ, ਕੁਝ ਅਣਗੌਲੇ ਤੇ ਬਹੁਗਿਣਤੀ ਨਵੇਂ ਹਨ। ਇਸ ਪੁਸਤਕ ਵਿਚ ਸਰੂਪ ਸਿੰਘ ਸਾਕੀ, ਜੈ ਗੋਪਾਲ ਅਸ਼ਕ, ਮਨਮੋਹਨ ਢਿੱਲੋਂ, ਰਮੇਸ਼ ਜਾਨੀ, ਸਿਰੀ ਰਾਮ ਅਰਸ਼, ਦੇਸ ਰਾਜ ਦਾਨਿਸ਼, ਹਰਭਜਨ ਜੋਗੀ, ਜਸਵੰਤ ਕੈਲਵੀ, ਰੰਗਾੜਾ, ਸ਼ਾਨ ਕਸ਼ਮੀਰੀ, ਰਾਜ ਜ਼ਖ਼ਮੀ, ਰਾਜਿੰਦਰ ਕੌਰ, ਬਲਦੇਵ ਪ੍ਰਦੇਸੀ, ਅਮਰਜੀਤ ਪਟਿਆਲਵੀ, ਜੋਗਿੰਦਰ ਪਾਂਧੀ, ਕਰਨੈਲ ਮਾਂਗਟ, ਜਸਵੰਤ ਸੇਖਵਾਂ, ਸੁਰਿੰਦਰਪਾਲ ਸਚਦੇਵ, ਪਰਸਰਾਮ ਸਿੰਘ ਬੱਧਣ, ਬਲਬੀਰ ਸੈਣੀ, ਅਮਰਜੀਤ ਸਿੰਘ ਸੰਧੂ, ਮਨਜੀਤ ਗਿੱਲ, ਸਤਪਾਲ ਨੂਰ, ਸ਼ਾਮ ਸਿੰਘ, ਗੁਰਨਾਮ ਕੰਵਰ, ਗੁਰਚਰਨ ਕੌਰ ਕੋਚਰ, ਬਹਾਦਰ ਸਿੰਘ ਗੋਸਲ, ਗੁਰਚਰਨ ਬੱਧਣ, ਵਿਮਲਾ ਗੁਗਲਾਨੀ, ਗੁਰਦਰਸ਼ਨ ਮਾਵੀ, ਅਜਮੇਰ ਸਾਗਰ, ਹਰਨੇਕ ਕਲੇਰ, ਹੰਸ ਰਾਜ ਅਰੋੜਾ, ਦਿਲ ਦਿਲਗੀਰ, ਸੁਰਿੰਦਰ ਕੌਰ ਭਾਟੀਆ, ਰਾਜਿੰਦਰ ਰੋਜ਼ੀ, ਬਲਦੇਵ ਪੰਛੀ, ਅਮਰੀਕ ਬੇਗ਼ਮਪੁਰੀ, ਸੁਰਜੀਤ ਕੌਰ ਬਰਨਾਲਵੀ, ਜਸਵੰਤ ਸਿੰਘ ਖਡੂਰ ਸਾਹਿਬ, ਗੁਰਮੀਤ ਪਾਹੜਾ, ਗੁਰਵਿੰਦਰ ਕੌਰ, ਕੁਲਵਿੰਦਰ ਕਿਰਨ, ਦਵਿੰਦਰ ਹੀਰ, ਪਰਮਜੀਤ ਕੌਰ ਮਹਿਕ, ਚਰਨ ਪੁਆਧੀ, ਤ੍ਰੈਲੋਚਨ ਲੋਚੀ, ਗੁਰਪ੍ਰੀਤ ਕੌਰ ਗਿੱਲ, ਸੁਧਾ ਜੈਨ ਸੁਦੀਪ, ਮਨਜਿੰਦਰ ਧਨੋਆ, ਸਰਬਜੀਤ ਸਾਗਰ, ਜਸਵਿੰਦਰ ਫਗਵਾੜਾ, ਗੁਰਵਿੰਦਰ ਸ਼ੇਰਗਿੱਲ, ਜਸਵਿੰਦਰ ਜੱਸ, ਗੁਰਪ੍ਰੀਤ ਕੌਰ ਧਾਲੀਵਾਲ, ਪਰਵੀਨ ਇਨਾਇਤ, ਹਰਪ੍ਰੀਤ ਕੌਰ ਪ੍ਰੀਤ ਤੇ ਗੌਰਵ ਕਾਲੀਆ ਦੀਆਂ ਬਚਪਨ ਨਾਲ ਸਬੰਧਤ ਰਚਨਾਵਾਂ ਨੂੰ ਜਗ੍ਹਾ ਦਿੱਤੀ ਗਈ ਹੈ। ਇਸ ਪੁਸਤਕ ਰਾਹੀਂ ਅਣਗੌਲੇ ਤੇ ਨਵੇਂ ਕਲਮਕਾਰਾਂ ਨੂੰ ਨਿਸਚੇ ਹੀ ਹੌਸਲਾ ਮਿਲੇਗਾ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

2-7-2016

 ਪੁੱਜੀਆਂ-ਪੁੱਗੀਆਂ ਨਾਰੀਆਂ
ਲੇਖਿਕਾ : ਡਾ: ਮਹਿੰਦਰ ਕੌਰ ਗਿੱਲ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 550 ਰੁਪਏ, ਸਫ਼ੇ : 480
ਸੰਪਰਕ : 98731-41263.

ਡਾ: ਮਹਿੰਦਰ ਕੌਰ ਗਿੱਲ ਪਿਛਲੇ ਚਾਰ ਦਹਕਿਆਂ ਤੋਂ ਗੁਰਬਾਣੀ, ਗੁਰ-ਇਤਿਹਾਸ ਅਤੇ ਗੁਰਮਤਿ ਬਾਰੇ ਬੜੇ ਅਧਿਕਾਰ ਨਾਲ ਲਿਖਦੀ ਆ ਰਹੀ ਹੈ। ਹਥਲੀ ਪੁਸਤਕ ਦੀ ਸਮੱਗਰੀ ਕੇਵਲ ਸਿੱਖ ਇਤਿਹਾਸ/ਸੱਭਿਆਚਾਰ ਤੱਕ ਹੀ ਸੀਮਤ ਨਹੀਂ, ਸਗੋਂ ਪੂਰੇ ਵਿਸ਼ਵ ਸੱਭਿਆਚਾਰ ਤੱਕ ਫੈਲੀ ਹੋਈ ਹੈ। ਵਿਦਵਾਨ ਲੇਖਿਕਾ ਨੇ ਵਿਸ਼ਵ ਸੱਭਿਆਚਾਰ ਨੂੰ ਨਵੇਂ ਨਕਸ਼ ਪ੍ਰਦਾਨ ਕਰਨ ਵਾਲੀਆਂ ਨਾਰੀਆਂ ਨੂੰ ਚਾਰ ਸ਼੍ਰੇਣੀਆਂ ਵਿਚ ਵਰਗੀਕ੍ਰਿਤ ਕੀਤਾ ਹੈ : 1. ਪ੍ਰੇਮਣਾਂ (ਬੀਬੀ ਅਨੂਪ ਕੌਰ, ਬੀਬੀ ਕੌਲਾਂ ਆਦਿ), 2. ਸੰਗ੍ਰਾਮਣਾਂ (ਮਾਈ ਭਾਗੋ ਅਤੇ ਬੀਬੀ ਬਘੇਲ ਕੌਰ ਆਦਿ), 3. ਹੋਣਹਾਰੀਆਂ (ਰਾਣੀ ਸਦਾ ਕੌਰ, ਰਾਣੀ ਜਿੰਦਾਂ, ਰਾਣੀ ਕੁਸ਼ੱਲਿਆ ਅਤੇ ਰਾਣੀ ਇੱਛਰਾਂ ਆਦਿ), 4. ਸਚਿਆਰੀਆਂ (ਮਾਤਾ ਸੁੰਦਰੀ ਜੀ, ਬ੍ਰਹਮਵੇਤਾ ਗਾਰਗੀ, ਰਾਧਾ ਜੀ, ਰਾਣੀ ਦ੍ਰੋਪਦੀ, ਹਜ਼ਰਤ ਖ਼ਦੈਜਾ, ਹਜ਼ਰਤ ਫ਼ਾਤਮਾ ਅਤੇ ਮੁਕੱਦਸ ਮਰੀਅਮ... ਇਤਿਆਦਿ।) ਇਨ੍ਹਾਂ ਕਰਮਯੋਗੀ ਨਾਰੀਆਂ ਦੇ ਜੀਵਨ-ਬਿਰਤਾਂਤ ਤਿਆਰ ਕਰਨ ਸਮੇਂ ਲੇਖਿਕਾ ਨੂੰ ਜਿਨ੍ਹਾਂ ਆਧਾਰ-ਗ੍ਰੰਥਾਂ ਅਤੇ ਦਸਤਾਵੇਜ਼ਾਂ ਦੀ ਜ਼ਰੂਰਤ ਪਈ ਸੀ, ਪੁਸਤਕ ਵਿਚ ਉਨ੍ਹਾਂ ਦਾ ਉਲੇਖ ਸਾਭਾਰ ਕੀਤਾ ਗਿਆ ਹੈ। ਭਾਵੇਂ ਪੁਸਤਕ ਦੇ ਅੰਤ ਵਿਚ ਕੋਈ ਸਹਾਇਕ ਪੁਸਤਕਾਵਲੀ ਨਹੀਂ ਦਿੱਤੀ ਗਈ। ਇਸ ਪੁਸਤਕ ਦੀ ਇਕ ਅੰਤਿਕਾ ਵੀ ਲਿਖਣੀ ਬਣਦੀ ਸੀ, ਜਿਸ ਵਿਚ ਕੁਝ ਸਥਾਪਨਾਵਾਂ ਦਾ ਵਰਗੀਕਰਨ ਕੀਤਾ ਹੁੰਦਾ ਪ੍ਰੰਤੂ ਆਕਾਰ ਵਧ ਜਾਣ ਦੇ ਡਰੋਂ ਲੇਖਿਕਾ ਨੇ ਇਸ ਆਗ੍ਰਹਿ ਨੂੰ ਸਥਗਿਤ ਕਰ ਦਿੱਤਾ ਜਾਪਦਾ ਹੈ।
ਇਹ ਪੁਸਤਕ ਪੁਸਤਕ ਇਤਿਹਾਸ ਨਹੀਂ ਬਲਕਿ ਇਤਿਹਾਸ ਅਤੇ ਸਾਹਿਤ (ਪੁਰਾਣ) ਦਾ ਸੁਮੇਲ ਹੈ। ਲੇਖਿਕਾ ਦੀਆਂ ਹੋਰ ਰਚਨਾਵਾਂ ਵਾਂਗ ਇਹ ਇਕ ਰੈਫਰੈਂਸ-ਪੁਸਤਕ ਦਾ ਦਰਜਾ ਰੱਖਦੀ ਹੈ। ਡਾ: ਗਿੱਲ ਨੇ ਆਪਣੇ ਨਾਲ-ਨਾਲ ਡਾ: ਕੁਲਜੀਤ ਸ਼ੈਲੀ ਦੀ ਹਾਜ਼ਰੀ (ਪਰੌਕਸੀ) ਵੀ ਲਗਾ ਦਿੱਤੀ ਹੈ, ਜੋ ਉਸ ਦੀ ਵਡਿਆਈ ਦੀ ਸੂਚਕ ਹੈ।

ਫ ਫ ਫ

ਦਰਦ ਵਿਛੋੜੇ ਦਾ ਹਾਲ
ਨਾਵਲਕਾਰ : ਗੁਰਮੁਖ ਸਿੰਘ ਸਹਿਗਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 595 ਰੁਪਏ, ਸਫ਼ੇ : 480
ਸੰਪਰਕ : 98151-03490.

ਪ੍ਰੋ: ਗੁਰਮੁਖ ਸਿੰਘ ਸਹਿਗਲ ਦੁਨੀਆ ਦੇ ਸ਼ੋਰਗੁਲ ਤੋਂ ਬੇਨਿਆਜ਼ ਆਪਣੇ ਅੰਦਰ ਡੂੰਘਾ ਲਹਿ ਕੇ ਨਿਰੰਤਰ ਸਾਹਿਤ ਸਿਰਜਣ ਕਰੀ ਜਾਣ ਵਾਲਾ ਇਕ ਖਾਮੋਸ਼ ਤਬੀਅਤ ਦਾਨਿਸ਼ਵਰ ਹੈ। 'ਦਰਦ ਵਿਛੋੜੇ ਦਾ ਹਾਲ' ਵਿਚ ਉਸ ਦੇ ਤਿੰਨ ਨਾਵਲ ਸੰਗ੍ਰਹਿਤ ਹਨ : 1. ਨਦੀਓਂ ਵਿਛੜੇ ਨੀਰ (1987), 2. ਲੁਆੜਗੀ (1991) ਅਤੇ 3. ਹਿਜਰਤ (2002)। ਇਹ ਤਿੰਨੇ ਨਾਵਲ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੀ ਸਰਹੱਦ ਉੱਪਰ ਵਸੇ ਇਕ ਪਿੰਡ ਲੰਡੀ ਕੋਤਲ (ਜਿਸ ਨੂੰ 'ਲੁਆੜਗੀ' ਵੀ ਕਹਿ ਲਿਆ ਜਾਂਦਾ ਸੀ) ਵਿਚ ਵਸਦੇ ਹਿੰਦੂ-ਸਿੱਖ (ਖਤਰੰਮ-ਭਾਈਚਾਰਾ) ਦੇ ਜੀਵਨ-ਬਿਰਤਾਂਤ ਨੂੰ ਬਿਆਨ ਕਰਦੇ ਹਨ।
ਇਹ ਨਾਵਲ ਅਫ਼ਗਾਨਿਸਤਾਨ ਦੀ ਸਰਹੱਦ ਉੱਪਰ ਵਸੇ ਪੱਛਮੀ ਪੰਜਾਬ ਦੇ ਪਿੰਡਾਂ ਦੀ ਬੋਲੀ 'ਇਨਕੋ' (ਜਾਂ ਹਿੰਦਕੋ) ਵਿਚ ਲਿਖੇ ਗਏ ਹਨ। ਬਿਰਤਾਂਤ ਦੀ ਵਿਸ਼ਵਾਸਯੋਗਤਾ ਨੂੰ ਬਰਕਰਾਰ ਰੱਖਣ ਲਈ ਲੇਖਕ ਨੇ ਪਾਤਰਾਂ ਦੀ ਆਪਸੀ ਵਾਰਤਾਲਾਪ ਵਿਚ ਇਸੇ ਭਾਸ਼ਾ ਦਾ ਪ੍ਰਯੋਗ ਕੀਤਾ ਹੈ। ਇਸ ਭਾਸ਼ਾ ਉੱਪਰ ਪਸ਼ਤੋ ਸ਼ਬਦਾਵਲੀ ਦਾ ਕਾਫੀ ਪ੍ਰਭਾਵ ਹੈ। ਇਸ ਕਾਰਨ ਨਾਵਲ ਦਾ ਪਾਠ ਕਾਫੀ ਸਬਰ ਅਤੇ ਤਹੰਮਲ ਦੀ ਮੰਗ ਕਰਦਾ ਹੈ। ਭਾਵੇਂ ਲੇਖਕ ਨੇ ਨਾਵਲ ਦੀ ਆਰੰਭਿਕਾ ਅਤੇ ਅੰਤਿਕਾ ਵਿਚ ਇਸ ਬੋਲੀ ਦੇ ਪ੍ਰਮੁੱਖ ਲੱਛਣਾਂ ਬਾਰੇ ਕਾਫੀ ਜਾਣਕਾਰੀ ਦੇ ਦਿੱਤੀ ਹੈ ਪਰ ਤਾਂ ਵੀ ਪਾਠ ਰੁਕ-ਰੁਕ ਕੇ ਹੀ ਕਰਦਾ ਹੈ। ਇਸ ਬੋਲੀ ਵਿਚ 'ਹਾਂ' ਧੁਨੀ ਦਾ ਉਚਾਰਨ ਨਹੀਂ ਹੁੰਦਾ 'ਹ' ਦੀ ਥਾਂ 'ਅ' ਦਾ ਪ੍ਰਯੋਗ ਹੁੰਦਾ ਹੈ।
ਇਸ ਖੇਤਰ ਵਿਚ ਰਹਿਣ ਵਾਲੇ ਹਿੰਦੂ-ਸਿੱਖ ਲੋਕ ਪਠਾਣਾਂ ਵਾਂਗ ਬਹੁਤ ਜਰਵਾਣੇ ਅਤੇ ਉੱਚੇ-ਲੰਮੇ ਹੁੰਦੇ ਸਨ। ਪਠਾਣਾਂ ਵਾਂਗ ਹੀ ਆਜ਼ਾਦੀ ਅਤੇ ਸਵੈਮਾਣ ਨੂੰ ਪਿਆਰ ਕਰਨ ਵਾਲੇ ਨਾਬਰ ਤਬੀਅਤ ਵਾਲੇ ਇਨਸਾਨ ਸਨ। ਪਠਾਣ-ਬਹੁਗਿਣਤੀ ਵਿਚ ਰਹਿਣ ਕਾਰਨ ਬੇਸ਼ੱਕ ਇਨ੍ਹਾਂ ਨੂੰ ਘੱਟ-ਗਿਣਤੀ ਸਮੂਹਾਂ ਵਾਂਗ ਕਈ ਵਾਰ ਹਾਲਾਤ ਨਾਲ ਸਮਝੌਤਾ ਕਰਨਾ ਪੈ ਜਾਂਦਾ ਸੀ ਪਰ ਇਹ ਲੋਕ ਲਗਦੀ ਵਾਹ ਆਪਣੇ ਸਵੈਮਾਣ ਨੂੰ ਸੱਟ ਨਹੀਂ ਸਨ ਲੱਗਣ ਦਿੰਦੇ। ਇਹ ਨਾਵਲ ਸਿੱਖ ਕੌਮ ਦੇ ਇਕ ਵੱਖਰੇ ਅਧਿਆਇ ਦਾ ਝਰੋਖਾ ਖੋਲ੍ਹਦਾ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਲੋਕਧਾਰਾ ਤੇ ਗੁਰਬਾਣੀ
ਇਕ ਅਧਿਐਨ
ਲੇਖਿਕਾ : ਡਾ: ਰੁਪਿੰਦਰਜੀਤ ਗਿੱਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 70879-15705.

ਡਾ: ਰੁਪਿੰਦਰਜੀਤ ਗਿੱਲ ਦੀ ਇਹ ਪੰਜਵੀਂ ਪੁਸਤਕ ਹੈ। ਇਸ ਪੁਸਤਕ ਵਿਚ ਗੁਰਬਾਣੀ ਦ੍ਰਿਸ਼ਟੀਕੋਣ ਤੋਂ ਸੱਤ ਆਲੋਚਨਾਤਮਕ ਲੇਖ ਹਨ। ਲੋਕਧਾਰਾ ਨਾਲ ਸਬੰਧਤ ਵੀ ਸੱਤ ਲੇਖ ਹਨ। ਇਕ ਲੇਖ ਭਗਤ ਪੂਰਨ ਸਿੰਘ ਦੀ ਸੇਵਾ ਘਾਲਣਾ ਬਾਰੇ ਹੈ। ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਰਚਿਤ ਇਸ ਪੁਸਤਕ ਵਿਚ ਗੁਰਬਾਣੀ ਤੇ ਲੋਕਧਾਰਾ ਦੇ ਕੁਝ ਵਿਸ਼ੇ ਬੜੀ ਸੌਖੀ ਭਾਸ਼ਾ ਵਿਚ ਰਚੇ ਗਏ ਹਨ। ਆਪਣੀ ਦਲੀਲ ਨੂੰ ਪੁਖਤਾ ਕਰਨ ਲਈ ਲੇਖਿਕਾ ਥਾਂ ਸਿਰ ਬਹੁਤ ਸਾਰੇ ਹਵਾਲੇ ਵੀ ਦਿੰਦੀ ਹੈ। ਪਰ ਕਈ ਥਾਵਾਂ 'ਤੇ ਲੇਖਿਕਾ ਇਨ੍ਹਾਂ ਹਵਾਲਿਆਂ ਤੇ ਸਰੋਤਾਂ ਨੂੰ ਕਿੱਥੋਂ ਉਦਰਿਤ ਕੀਤਾ ਗਿਆ ਹੈ, ਬਾਰੇ ਜ਼ਿਕਰ ਨਹੀਂ ਕਰਦੀ। (ਜਿਵੇਂ ਪੰਨਾ 16, 17, 18, 19, 39, 42, 44) ਪੰਨਾ 90 'ਤੇ ਡਾ: ਸੋਹਿੰਦਰ ਸਿੰਘ ਵਣਜਾਰਾ ਬੇਦੀ ਦਾ ਕਥਨ ਲਿਆ ਗਿਆ ਹੈ ਕਿਹੜੀ ਪੁਸਤਕ ਵਿਚੋਂ ਲਿਆ ਗਿਆ, ਕੋਈ ਜ਼ਿਕਰ ਨਹੀਂ। ਪੰਜਾਬੀ ਲੋਕ ਵਿਸ਼ਵਾਸ : ਸਮਾਜ ਮਨੋਵਿਗਿਆਨਕ ਅਧਿਐਨ ਪਾਠ ਵਿਚ ਵੀ ਹਵਾਲੇ ਦਿੱਤੇ ਗਏ ਹਨ ਪਰ ਇਨ੍ਹਾਂ ਹਵਾਲਿਆਂ ਦੇ ਪੁਸਤਕ ਸਰੋਤ ਅਖੀਰ 'ਤੇ ਨਹੀਂ ਦੱਸੇ ਗਏ।
ਉਪਰੋਕਤ ਕੁਝ ਉਕਾਈਆਂ ਦੇ ਬਾਵਜੂਦ ਇਹ ਪੁਸਤਕ ਗੁਰਬਾਣੀ ਤੇ ਲੋਕਧਾਰਾ ਬਾਰੇ ਕੁਝ ਨਾ ਕੁਝ ਨਵਾਂ ਜ਼ਰੂਰੀ ਦਿੰਦੀ ਹੈ।

ਂਪ੍ਰੋ: ਸਤਪਾਲ ਸਿੰਘ
ਮੋ: 98725-21515.
ਫ ਫ ਫ

ਨਿੱਕੀ-ਨਿੱਕੀ ਵਾਟ
ਲੇਖਕ : ਬਿੱਕਰ ਸਿੰਘ ਖੋਸਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 195, ਸਫ਼ੇ : 88
ਸੰਪਰਕ : 98723-13121.

ਪੁਸਤਕ 'ਨਿੱਕੀ-ਨਿੱਕੀ ਵਾਟ' ਵਿਚ ਕੁੱਲ 14 ਕਹਾਣੀਆਂ ਹਨ। ਸਾਰੀਆਂ ਕਹਾਣੀਆਂ ਵਿਚ ਸਮਾਜਿਕ ਜੀਵਨ ਦੀਆਂ ਸਧਾਰਨ ਗੱਲਾਂ ਨੂੰ ਹੀ ਪੇਸ਼ ਕੀਤਾ ਗਿਆ ਹੈ ਜਿਵੇਂ 'ਬੇਬੇ ਕਰਮੋ', 'ਸਾਵਣ', 'ਸਤਯੁਗੀ ਜੀਵ' ਅਤੇ 'ਅੱਧਖੜ ਉਮਰ ਦਾ ਮਨੁੱਖ' ਵਿਚ ਆਪਸੀ ਪਿਆਰ, ਮੁਹੱਬਤ ਦੀ ਅਪਣੱਤ ਦੀ ਪੇਸ਼ਕਾਰੀ ਹੋਈ ਹੈ ਅਤੇ 'ਘੁੰਡ', 'ਬਲੈਕਬੈਰੀ ਦੇ ਬੂਟੇ', 'ਸ਼ੀਸ਼ਾ', 'ਬਿੰਦੂ', 'ਗਾਜਰਾਂ', 'ਘਰ-ਜਵਾਈ" ਅਤੇ 'ਪਾਣੀ-ਪਾਣੀ' ਕਹਾਣੀਆਂ ਵਿਚ ਉਲਟੀ ਪੈ ਗਈ ਗੱਲ (ਵਾਹ ਕਰਮਾ ਦਿਆ ਬਲੀਆ, ਰਿੱਧੀ ਖੀਰ ਤੇ ਹੋ ਗਿਆ ਦਲੀਆ) ਹੋਈ ਹੈ ਕਿ ਅਕਸਰ ਸਮਾਜ ਵਿਚ ਇਸ ਤਰ੍ਹਾਂ ਹੀ ਵਾਪਰ ਰਿਹਾ ਹੈ, ਜਿਵੇਂ 'ਪਾਣੀ-ਪਾਣੀ' ਕਹਾਣੀ ਵਿਚ ਹੋਇਆ ਹੈ। ਮੰਦੀ ਆਰਥਿਕਤਾ ਨੂੰ ਲੁਕਾਉਣ ਲਈ ਮਨੁੱਖ ਸੌ-ਸੌ ਪੈਂਤਰੇ ਵਰਤਦੇ ਹਨ, ਉਨ੍ਹਾਂ ਬਾਰੇ ਗਾਜਰਾਂ ਕਹਾਣੀ ਵਿਚ ਦਰਸਾਇਆ ਗਿਆ ਹੈ। ਇਸ ਪ੍ਰਕਾਰ ਸਾਰੀਆਂ ਹੀ ਕਹਾਣੀਆਂ ਸਮਾਜ ਦੇ ਹਾਣ ਦੀਆਂ ਹਨ, ਜਿਨ੍ਹਾਂ ਵਿਚ ਕਹਾਣੀਕਾਰ ਬਿੱਕਰ ਸਿੰਘ ਖੋਸਾ ਨੇ ਆਪਣੇ ਤਜਰਬੇ ਸਾਂਝੇ ਕੀਤੇ ਹਨ। ਲੇਖਕ ਦੀ ਭਾਸ਼ਾ-ਸ਼ੈਲੀ ਸਧਾਰਨ ਪੱਧਰ ਦੀ ਹੈ। ਕਹਾਣੀ ਵਿਚ ਕਥਾਨਕ ਰੰਗਣ, ਦਿਲਚਸਪੀ ਅਤੇ ਕਹਾਣੀ ਜੁਗਤਾਂ ਦੀ ਕਮੀ ਕੁਝ ਰੜਕਦੀ ਹੈ, ਪਰ ਫਿਰ ਵੀ ਕਥਾਕਾਰ ਨੇ ਕਹਾਣੀ ਸਿਰਜਣਾ ਲਈ ਜੋ ਪਾਤਰ ਲਏ ਹਨ, ਉਹ ਆਮ ਜ਼ਿੰਦਗੀ ਦੀ ਤਰਜਮਾਨੀ ਕਰਦੇ ਹਨ ਅਤੇ ਸਰਾਹੁਣਯੋਗ ਹਨ। ਸਾਰੀਆਂ ਕਹਾਣੀਆਂ ਹੀ ਪ੍ਰੇਮ-ਭਰਪੂਰ ਹੋਣ ਕਰਕੇ ਪੜ੍ਹਨਯੋਗ ਹਨ। ਇਸ ਕਰਕੇ ਕਥਾਕਾਰ ਵਧਾਈ ਦਾ ਪਾਤਰ ਹੈ।

ਗੁਰਬਿੰਦਰ ਕੌਰ ਬਰਾੜ
ਮੋ: 09855395161
ਫ ਫ ਫ

ਬੀਤੇ ਵਰ੍ਹੇ ਦੀ ਦਾਸਤਾਨ
ਲੇਖਕ : ਰਾਮ ਸਿੰਘ ਰੱਲਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 208
ਸੰਪਰਕ : 94177-55066.

'ਬੀਤੇ ਵਰ੍ਹੇ ਦੀ ਦਾਸਤਾਨ' ਰਾਮ ਸਿੰਘ ਰੱਲਾ ਦੀ ਪਹਿਲੀ ਪੁਸਤਕ ਹੈ, ਜਿਸ ਵਿਚ ਉਨ੍ਹਾਂ ਛੋਟੇ-ਛੋਟੇ ਲੇਖਾਂ ਜ਼ਰੀਏ ਆਪਣੇ ਮਨ ਦੇ ਵਲਵਲੇ ਸਾਂਝੇ ਕੀਤੇ ਹਨ। ਉਨ੍ਹਾਂ ਲਿਖਿਆ ਘੱਟ ਤੇ ਪੜ੍ਹਿਆ ਵੱਧ ਹੈ। ਕ੍ਰਾਂਤੀਕਾਰੀ ਲੇਖਕਾਂ ਤੋਂ ਪ੍ਰਭਾਵਿਤ ਹਨ ਤੇ ਚੰਗੇ ਸਮਾਜ ਦੀ ਇੱਛਾ ਉਹ ਪਾਲਦੇ ਹਨ। ਸਮੇਂ ਦਾ ਸੱਚ ਉਨ੍ਹਾਂ ਦੇ ਲੇਖਾਂ ਵਿਚੋਂ ਝਲਕਦਾ ਹੈ ਤੇ ਉਨ੍ਹਾਂ ਸਮਾਜਿਕ ਕੁਰੀਤੀਆਂ ਦੇ ਖਿਲਾਫ਼ ਉਨ੍ਹਾਂ ਆਪਣੇ ਵਿਚਾਰਾਂ ਦੀ ਪੇਸ਼ਕਾਰੀ ਕੀਤੀ ਹੈ।
ਪੁਸਤਕ ਵਿਚ ਦਰਜ ਰੱਲਾ ਦੇ ਲੇਖ ਸਧਾਰਨ ਵਿਸ਼ਿਆਂ ਵਾਲੇ ਹਨ। ਪੁਸਤਕ ਵਿਚ ਬੱਸਾਂ 'ਚ ਵੱਜਦੇ ਗੰਦੇ ਗਾਣਿਆਂ, ਗ਼ਰੀਬ ਧੀਆਂ ਦੇ ਵਿਆਹ ਦਾ ਹੇਜ, ਗਾਂਧੀ ਬਨਾਮ ਅੰਨਾ ਹਜ਼ਾਰੇ, ਨਸ਼ਿਆਂ ਵਿਰੁੱਧ ਜੰਗ, ਸੋਚ ਸੋਚ ਦਾ ਫ਼ਰਕ, ਅਜਮਲ ਕਸਾਬ ਨੂੰ ਫ਼ਾਂਸੀ, ਦਾਮਨੀ ਦਾ ਦਮਨ, ਭਗਤ ਸਿੰਘ ਨੂੰ ਸ਼ਹੀਦ-ਏ-ਆਜ਼ਮ ਦਾ ਰੁਤਬਾ, ਚੱਪਲ ਤੋਂ ਥੱਪੜ ਦਾ ਸਫ਼ਰ, ਭਾਰਤ 'ਚੋਂ ਨਿਆਰੇਪਣ ਦੀ ਭਾਲ਼, ਮੰਡੀਆਂ 'ਚ ਰੁਲਦੇ ਕਿਸਾਨਾਂ ਦੀ ਦਾਸਤਾਨ, ਖ਼ਾਲਸਾਈ ਰੰਗ 'ਚ ਰੰਗਿਆ ਪੰਜਾਬ, ਮਨੀਕਰਨ ਬੱਸ ਹਾਦਸਾ, ਜਦ ਕਦੇ ਇਤਿਹਾਸ 'ਚ ਗੱਲਾਂ ਹੋਣਗੀਆਂ ਸਮੇਤ ਇਹੋ ਜਿਹੇ ਹੋਰ ਕਈ ਵਿਸ਼ਿਆਂ ਬਾਰੇ ਲੇਖਕ ਨੇ ਲਿਖਿਆ ਹੈ।
ਇਨ੍ਹਾਂ ਲੇਖਾਂ ਨੂੰ ਇਸ ਕਰਕੇ ਪੜ੍ਹਿਆ ਜਾ ਸਕਦਾ ਹੈ, ਕਿਉਂਕਿ ਕੁਝ ਚਲੰਤ ਵਿਸ਼ਿਆਂ 'ਤੇ ਲੇਖਕ ਨੇ ਨਿੱਜੀ ਟਿੱਪਣੀਆਂ ਕੀਤੀਆਂ ਹਨ। ਪੁਸਤਕ ਵਿਚ ਪਰੂਫ਼ ਰੀਡਿੰਗ ਦੀ ਥੋੜ੍ਹੀ ਘਾਟ ਰੜਕਦੀ ਹੈ। ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਰੱਲਾ ਦਾ ਇਹ ਪਹਿਲਾ ਉਪਰਾਲਾ ਹੋਣ ਕਰਕੇ ਉਸ ਦਾ ਉੱਦਮ ਵਧੀਆ ਹੈ।

ਂਸਵਰਨ ਸਿੰਘ ਟਹਿਣਾ
ਮੋ: 98141-78883
ਫ ਫ ਫ

ਗੁਰੂ ਗ੍ਰੰਥ ਸਾਹਿਬ ਵਿਚਲੀਆਂ ਬਾਣੀਆਂ
ਤਰਤੀਬ ਅਤੇ ਬਣਤਰ
ਲੇਖਕ : ਸ਼ਮਸ਼ੇਰ ਸਿੰਘ ਧਨੋਆ
ਪ੍ਰਕਾਸ਼ਕ : ਲੇਖਕ ਆਪ
ਮੁੱਲ : 400 ਰੁਪਏ, ਸਫ਼ੇ : 270.
ਸੰਪਰਕ : 98887-19880.

ਇਸ ਪੁਸਤਕ ਦਾ ਲੇਖਕ ਕਰਨਲ ਸ਼ਮਸ਼ੇਰ ਸਿੰਘ ਧਨੋਆ ਮੂਲ ਰੂਪ ਵਿਚ ਸਾਹਿਤ ਦਾ ਵਿਦਿਆਰਥੀ ਰਿਹਾ ਹੈ ਅਤੇ ਕਿੱਤੇ ਵਜੋਂ ਬੀ.ਈ. ਤੇ ਐਮ.ਈ. ਇੰਜੀਨੀਅਰਿੰਗ ਦੇ ਖੇਤਰ ਵਿਚ ਕਰਨ ਦੇ ਅਵਸਰ ਉਸ ਨੂੰ ਮਿਲੇ ਹਨ। ਸੇਵਾ-ਮੁਕਤ ਹੋ ਕੇ ਉਸ ਨੇ ਆਪਣੀ ਮੂਲ ਰੁਚੀ ਅਤੇ ਸਿੱਖਿਆ ਦੇ ਖੇਤਰ ਨਾਲ ਸ਼ੌਕੀਆ ਹੀ ਵਾਪਸ ਮੁੜਨ ਦਾ ਨਿਰਣਾ ਕੀਤਾ ਹੈ। ਪੰਜਾਬੀ ਸਾਹਿਤ ਦੀ ਐਮ.ਏ. ਕਰਦੇ ਸਮੇਂ ਉਹ ਪੰਜਾਬੀ ਦੇ ਪ੍ਰਬੁੱਧ ਅਧਿਆਪਕ ਕੇਸਰ ਸਿੰਘ ਕੇਸਰ ਦਾ ਮਿੱਤਰ ਤੇ ਇਕ ਸਾਲ ਸੀਨੀਅਰ ਰਿਹਾ ਹੈ। ਇਸ ਸਾਰੀ ਪਿੱਠ ਭੂਮੀ ਨੇ ਉਸ ਨੂੰ ਸਾਹਿਤਕ ਖੋਜ ਅਤੇ ਅਧਿਐਨ ਵਿਸ਼ਲੇਸ਼ਣ ਵਾਸਤੇ ਤਿੱਖੀ ਵਿਗਿਆਨਕ ਦ੍ਰਿਸ਼ਟੀ ਦਿੱਤੀ ਹੈ, ਜਿਸ ਦਾ ਪ੍ਰਮਾਣ ਵਿਚਾਰ ਅਧੀਨ ਪੁਸਤਕ ਦੇ ਵਿਸ਼ੇ-ਵਸਤੂ, ਸਮੱਗਰੀ, ਅਧਿਐਨ ਵਿਧੀ ਤੇ ਪ੍ਰਾਪਤੀ ਤੋਂ ਮਿਲਦਾ ਹੈ।
ਲੇਖਕ ਨੇ ਮੂਲ ਮੰਤਰ ਤੋਂ ਲੈ ਕੇ ਆਠਾਰਾਹ ਦਸ ਬੀਸ ਤੱਕ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਕ-ਇਕ ਤੁਕ, ਸ਼ਬਦ, ਬਾਣੀ ਦਾ ਸਹਿਜ ਪਾਠ ਵਿਗਿਆਨਕ ਜਗਿਆਸਾ ਨਾਲ ਕਰਦੇ ਹੋਏ ਇਸ ਗ੍ਰੰਥ ਦੀ ਸੰਪਾਦਨ ਵਿਧੀ, ਬਾਣੀਆਂ, ਸ਼ਬਦਾਂ ਦੇ ਕ੍ਰਮ, ਕ੍ਰਮ ਸੰਖਿਆ ਦੀ ਅੰਕ ਪ੍ਰਣਾਲੀ, ਬਾਣੀਆਂ/ਗੁਰੂਆਂ/ਭਗਤਾਂ ਦੇ ਕ੍ਰਮ, ਤਰਤੀਬ, ਸੰਰਚਨਾ, ਬਾਣੀਆਂ ਦੇ ਨਾਮਕਰਨ, ਘਰ, ਧੁਨੀਆਂ, ਰਾਗਾਂ, ਥਾਂ-ਥਾਂ ਦਿੱਤੀਆਂ ਟਿੱਪਣੀਆਂ/ਸਿਰਲੇਖਾਂ, ਪੈਰ-ਅੰਕਾਂਂਗੱਲ ਕੀ ਹਰ ਸੰਭਵ ਦ੍ਰਿਸ਼ਟੀ ਤੋਂ ਨਕਸ਼ਾ ਤਿਆਰ ਕੀਤਾ ਹੈ। ਜਗਿਆਸੂ ਪਾਠਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਸਮੇਂ ਇਸ ਪੁਸਤਕ ਦੇ ਵੇਰਵੇ ਨਾਲ-ਨਾਲ ਰੱਖ ਕੇ ਪ੍ਰੈਕਟੀਕਲ ਰੂਪ ਵਿਚ ਇਨ੍ਹਾਂ ਨੂੰ ਸਮਝ/ਪਰਖ ਸਕਦਾ ਹੈ।
ਸੱਚਮੁੱਚ ਉਸ ਨੇ ਮਿਹਨਤ ਨਾਲ ਲੰਬੇ ਅਰਸੇ ਵਿਚ ਇਹ ਕਾਰਜ ਕੀਤਾ ਹੋਵੇਗਾ। ਸਾਰੰਗ ਰਾਗ ਵਿਚ ਸੂਰਦਾਸ ਦੀ ਇਕੋ ਪੰਗਤੀ ਨੂੰ ਸ਼ਬਦ ਵਜੋਂ ਗ੍ਰਹਿਣ ਕਰਨ ਵੱਲ ਸੰਕੇਤ, ਰਾਗਮਾਲਾ ਦੇ ਰਾਗਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿਚ ਅੰਤਰ, ਵਾਰਾਂ ਦੀਆਂ ਧੁਨੀਆਂ, ਸ਼ਬਦਾਂ ਦੀ ਸੰਖਿਆ ਦੇ ਕ੍ਰਮ ਅਨੁਸਾਰ ਅੰਕਾਂ ਦਾ ਨਿਕਟ ਅਧਿਐਨ ਆਪਣੇ ਵਿਰਸੇ ਦੇ ਇਸ ਗ੍ਰੰਥ ਦੇ ਉਸ ਦੇ ਨਿਕਟ ਪਾਠ ਦਾ ਗਵਾਹ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਸੱਚ ਦੀਆਂ ਪਰਛਾਈਆਂ
ਲੇਖਕ : ਨਿੰਮਾ ਡੱਲੇਵਾਲਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 180 ਰੁਪਏ, ਸਫ਼ੇ : 112
ਸੰਪਰਕ : 99151-03490.

'ਸੱਚ ਦੀਆਂ ਪਰਛਾਈਆਂ' ਨਿੰਮਾ ਡੱਲੇਵਾਲਾ ਦੀ ਅਜਿਹੀ ਵਾਰਤਕ ਕਿਰਤ ਹੈ, ਜਿਸ ਵਿਚ ਉਸ ਨੇ ਪਰਵਾਸ ਹੰਢਾਉਂਦਿਆਂ ਜਿਥੇ ਪਰਵਾਸੀ ਜ਼ਿੰਦਗੀ ਦੇ ਅਹਿਸਾਸਾਂ ਨੂੰ ਪਾਠਕਾਂ ਨਾਲ ਸਾਂਝਿਆਂ ਕਰਨ ਦਾ ਯਤਨ ਕੀਤਾ ਹੈ, ਉਥੇ ਆਪਣੀ ਜੰਮਣ ਭੋਇੰ ਪੰਜਾਬ ਦੀ ਮਿੱਟੀ ਨਾਲ ਜੁੜੀਆਂ ਯਾਦਾਂ ਅਤੇ ਇਸ ਧਰਤੀ ਨੂੰ ਦਰਪੇਸ਼ ਮਸਲਿਆਂ ਦਾ ਜ਼ਿਕਰ ਬੜੀ ਬੇਬਾਕੀ ਨਾਲ ਛੇੜਿਆ ਹੈ। ਨਿੰਮਾ ਡੱਲੇਵਾਲਾ ਨੂੰ ਇਸ ਗੱਲ ਦਾ ਦਰਦ ਹੈ ਕਿ ਪੰਜਾਬੀ ਸੰਗੀਤ ਪ੍ਰਦੂਸ਼ਿਤ ਹੋ ਰਿਹਾ ਹੈ, ਮਾਂ-ਬੋਲੀ ਪੰਜਾਬੀ ਪ੍ਰਤੀ ਮੋਹ ਘਟ ਰਿਹਾ ਹੈ, ਜਵਾਨੀ ਨਸ਼ਿਆਂ ਦੀ ਭੇਟ ਚੜ੍ਹ ਰਹੀ ਹੈ, ਅਖੌਤੀ ਸਾਧ ਲੋਕਾਂ ਨੂੰ ਲੁੱਟ ਰਹੇ ਹਨ, ਪਰਵਾਸੀ ਪੰਜਾਬੀ ਆਪਣੇ ਸਰਮਾਏ ਨੂੰ ਸਹੀ ਅਰਥਾਂ ਵਿਚ ਨਹੀਂ ਲਗਾ ਰਹੇ, ਸਗੋਂ ਆਪਣੀ ਹਉਮੈ ਦੀ ਪੂਰਤੀ ਹੀ ਕਰ ਰਹੇ ਹਨ। ਸਿੱਖ ਵਿਰਸਾ ਕੋਝੀਆਂ ਚਾਲਾਂ ਦਾ ਸ਼ਿਕਾਰ ਹੋ ਰਿਹਾ ਹੈ। ਇਸ ਤੋਂ ਇਲਾਵਾ ਜ਼ਿੰਦਗੀ ਨੂੰ ਜਿਊਣ ਜੋਗੇ ਕਰਨ ਵਾਲੇ ਅਹਿਸਾਸਾਂ ਨੂੰ ਵੀ ਨਿੰਮਾ ਡੱਲੇਵਾਲਾ ਨੇ ਬਾਖੂਬੀ ਪੇਸ਼ ਕੀਤਾ ਹੈ, ਮਿਸਾਲ ਵਜੋਂ 'ਜੋ ਸੁੱਖ ਛੱਜੂ ਦੇ ਚੁਬਾਰੇ ਹੁੰਦਾ, ਦਰਦ ਦਾ ਗੀਤ ਸੁਣੋ, ਇਹ ਘਰ ਔਰਤ ਦਾ, ਸਾਡੇ ਵਿਹੜੇ ਵੀ ਚੰਨ ਚੜ੍ਹਿਆ, ਟੁੱਟਣ ਦਾ ਦਰਦ, ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ' ਆਦਿ ਦੇਖੇ ਜਾ ਸਕਦੇ ਹਨ। ਅਮਰੀਕਾ ਵਿਚ ਹੁੰਦੀ ਬਜ਼ੁਰਗਾਂ ਦੀ ਦੁਰਦਸ਼ਾ ਨੂੰ ਡੱਲੇਵਾਲਾ ਨੇ ਕਰੁਣਾਮਈ ਤਰੀਕੇ ਨਾਲ ਪੇਸ਼ ਕੀਤਾ ਹੈ। ਹਰੇਕ ਲੇਖ ਵਿਚ ਲੇਖਕ ਦੁਆਰਾ ਦਿੱਤੀਆਂ ਕਾਵਿ-ਟੂਕਾਂ ਰਚਨਾ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਂਦੀਆਂ ਹਨ। 26 ਲੇਖਾਂ ਦਾ ਇਹ ਲੇਖ-ਸੰਗ੍ਰਹਿ ਪਾਠਕਾਂ ਨੂੰ ਪ੍ਰਭਾਵਿਤ ਕਰਨਯੋਗ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

26-6-2016

 ਪੰਜਾਬ ਦੀ ਇਤਿਹਾਸਕ ਗਾਥਾ
ਲੇਖਕ : ਰਾਜਪਾਲ ਸਿੰਘ
ਪ੍ਰਕਾਸ਼ਕ : ਪੀਪਲਜ਼ ਫ਼ੌਰਮ, ਬਰਗਾੜੀ
ਮੁੱਲ : 150 ਰੁਪਏ, ਸਫ਼ੇ : 208
ਸੰਪਰਕ : 98767-10809.

ਸਾਰਥਕ ਉਦੇਸ਼ਾਂ ਵਾਲੀ ਕਿਤਾਬ ਜਿਸ ਨੂੰ ਪਾਠਕ ਖਰੀਦ ਕੇ ਪੜ੍ਹ ਸਕੇ, ਅੱਜ ਔਖੀ ਮਿਲਦੀ ਹੈ। ਜੇ ਮਿਲੇ ਤਾਂ ਚੰਗੀ ਲਗਦੀ ਹੈ। ਰਾਜਪਾਲ ਸਿੰਘ ਦੀ ਇਸ ਕਿਤਾਬ ਉੱਤੇ ਸਰਸਰੀ ਨਜ਼ਰ ਨਾਲ ਹੀ ਪਾਠਕ ਮੇਰੀ ਇਸ ਟਿੱਪਣੀ ਦਾ ਸੱਚ ਪਛਾਣ ਲੈਣਗੇ। ਲੇਖਕ ਨੇ ਵਿਗਿਆਨ ਦੇ ਵਿਦਿਆਰਥੀ ਵਾਂਗ ਇਤਿਹਾਸ ਦੇ ਕੁਝ ਮਹੱਤਵਪੂਰਨ ਪੰਨਿਆਂ ਦਾ ਪੁਨਰ ਮੁੱਲਾਂਕਣ ਕਰਕੇ ਨਵੀਂ ਪੀੜ੍ਹੀ ਨੂੰ ਇਤਿਹਾਸ ਦੇ ਮਹੱਤਵ ਤੋਂ ਸੁਚੇਤ ਕੀਤਾ ਹੈ। ਅਤੀਤ ਨੂੰ ਸਹੀ ਤਰੀਕੇ ਨਾਲ ਸਮਝ ਕੇ ਵਰਤਮਾਨ ਨੂੰ ਠੀਕ ਦਿਸ਼ਾ ਦਿੱਤੀ ਜਾ ਸਕਦੀ ਹੈ। ਚੰਗੇਰਾ ਭਵਿੱਖ ਹਾਸਲ ਕੀਤਾ ਜਾ ਸਕਦਾ ਹੈ। ਪਰ ਰੁੱਖਾਂ ਤੋਂ ਝੜੇ ਪੱਤੇ ਫੈਵੀਕਾਲ ਜਾਂ ਕਵਿਕ ਫਿਕਸ ਨਾਲ ਵਾਪਸ ਨਹੀਂ ਜੋੜੇ ਜਾ ਸਕਦੇ। ਮਿਥਿਹਾਸ ਨੂੰ ਇਤਿਹਾਸ ਬਣਾਉਣਾ ਠੀਕ ਨਹੀਂ। ਗੋਡਸੇ ਤੇ ਸਾਵਰਕਰ ਕਾਤਲ ਤੇ ਭਗੌੜੇ ਹੋ ਸਕਦੇ ਹਨ, ਦੇਸ਼ ਭਗਤ ਨਹੀਂ। ਗਾਂਧੀ ਤੇ ਨਹਿਰੂ ਆਪਣੀਆਂ ਤਮਾਮ ਕਮੀਆਂ ਦੇ ਬਾਵਜੂਦ ਦੇਸ਼ ਨੂੰ ਸੰਕੀਰਨ ਫ਼ਿਰਕਾਪ੍ਰਸਤ ਲੀਹ ਅਤੇ ਤਾਨਾਸ਼ਾਹੀ ਤੋਂ ਮੁਕਤ ਉਸ ਲੋਕਤੰਤਰੀ ਆਧਾਰ 'ਤੇ ਖੜ੍ਹਾ ਕਰ ਗਏ, ਜਿਸ ਨੂੰ ਤੋੜਨ ਖੋਰਨ ਦਾ ਕੰਮ ਅੱਜ ਸੂਖਮ ਪੱਧਰ 'ਤੇ ਜ਼ੋਰ-ਸ਼ੋਰ ਨਾਲ ਹੋ ਰਿਹਾ ਹੈ। ਇਸ ਮਾਹੌਲ ਵਿਚ ਰਾਜਪਾਲ ਵਰਗੇ ਬੰਦੇ ਨੂੰ ਸ਼ਾਬਾਸ਼ੇ ਦੇਣੀ ਬਣਦੀ ਹੈ।
ਉਸ ਨੇ 1849 ਤੋਂ 2000 ਤੱਕ ਦੇ ਪੰਜਾਬ ਦੇ ਇਤਿਹਾਸ ਦੇ ਲਗਪਗ ਦੋ ਦਰਜਨ ਮਹੱਤਵਪੂਰਨ ਕਾਂਡ ਛੋਹ ਕੇ ਉਨ੍ਹਾਂ ਬਾਰੇ ਬਹੁਤ ਸਾਰੀਆਂ ਨਵੀਆਂ ਗੱਲਾਂ ਕੀਤੀਆਂ ਹਨ। ਪਾਠਕ ਉਨ੍ਹਾਂ ਬਾਰੇ ਸਹਿਮਤ ਹੋਵੇ ਜਾਂ ਨਾ ਹੋਵੇ, ਉਸ ਕੋਲ ਇਹ ਪਹੁੰਚਣੀਆਂ ਜ਼ਰੂਰੀ ਹਨ। ਇਨ੍ਹਾਂ ਨੂੰ ਦੇਸ਼/ਧਰਮ ਵਿਰੋਧੀ ਕੁਫ਼ਰ ਕਹਿ ਕੇ ਦਫ਼ਨ ਨਹੀਂ ਕੀਤਾ ਜਾਣਾ ਚਾਹੀਦਾ। ਲੇਖਕ ਸੰਕੀਰਨ ਮਜ਼੍ਹਬੀ ਸੋਚ 'ਤੇ ਬਣੀਆਂ-ਬਣਾਈਆਂ ਧਾਰਨਾਵਾਂ ਤੋਂ ਪਾਰ ਜਾ ਕੇ ਇਤਿਹਾਸਕ ਸਰੋਤਾਂ/ਦਸਤਾਵੇਜ਼ਾਂ ਵਿਚ ਪਏ ਤੱਥਾਂ ਨੂੰ ਉਸਾਰੂ ਦ੍ਰਿਸ਼ਟੀ ਤੋਂ ਪੁਨਰ ਵਿਵਸਥਿਤ ਕਰਕੇ ਨਵੇਂ ਸਿੱਟੇ ਕੱਢਦਾ ਹੈ ਜੋ ਕਈਆਂ ਲਈ ਅਣਸੁਖਾਵੇਂ ਹੋਣਗੇ। ਇਸ ਪੁਸਤਕ ਦੇ ਇਹ ਵਿਚਾਰ ਉਤੇਜਕ ਨਿਸ਼ਕਰਸ਼ ਤੇ ਸੰਕੇਤ ਹੀ ਇਸ ਦੇ ਮਹੱਤਵ ਲਈ ਜ਼ਿੰਮੇਵਾਰ ਹਨ। ਇਤਿਹਾਸ ਦੀ ਉਸ ਦੀ ਵਿਆਖਿਆ ਭਾਵੇਂ ਆਧੁਨਿਕ ਇਤਿਹਾਸ-ਚਿੰਤਕ ਕਾਰ ਤੋਂ ਪ੍ਰੇਰਿਤ ਹੈ ਪਰ ਇਹ ਹੇਡਨ ਵਾਈਨ ਦੇ ਉੱਤਰ-ਆਧੁਨਿਕ ਚਿੰਤਨ ਨੂੰ ਛੋਹਣ ਵਾਲੀ ਹੈ। ਇਸ ਦਾ ਵਿਸ਼ੇਸ਼ ਸਿਧਾਂਤਕ ਵਿਚਾਰਕ ਮਹੱਤਵ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਫ ਫ ਫ

ਚੰਨਣ ਲਾਗੀ
ਨਾਵਲਕਾਰ : ਮੇਹਰ ਮਲਿਕ
ਪ੍ਰਕਾਸ਼ਕ : ਸਾਂਝ ਪ੍ਰਕਾਸ਼ਨ, ਜਲੰਧਰ
ਮੁੱਲ : 240 ਰੁਪਏ, ਸਫ਼ੇ : 160
ਸੰਪਰਕ : 94781-31973.

'ਚੰਨਣ ਲਾਗੀ' ਮੇਹਰ ਮਲਿਕ ਦਾ ਅਜਿਹਾ ਨਾਵਲ ਹੈ, ਜਿਸ ਵਿਚ ਉਸ ਨੇ ਸਾਧਨਹੀਣ ਲੋਕਾਂ ਦੀ ਸਮਾਜਿਕ ਹਾਲਤ ਨੂੰ ਬਿਆਨ ਕਰਨ ਦੇ ਨਾਲ-ਨਾਲ ਜਿੱਥੇ ਪੰਜਾਬੀ ਤਹਿਜ਼ੀਬ ਦੇ ਸਰਬਪੱਖੀ ਦ੍ਰਿਸ਼ ਨੂੰ ਪੇਸ਼ ਕੀਤਾ ਹੈ, ਉਥੇ ਪੰਜਾਬੀਆਂ ਦੁਆਰਾ ਅੰਤਰਰਾਸ਼ਟਰੀ ਪੱਧਰ 'ਤੇ ਦੁਨੀਆ ਭਰ ਵਿਚ ਆਪਣੀ ਸ਼ਾਖ਼ ਨੂੰ ਵੀ ਪਾਠਕਾਂ ਦੇ ਰੂ-ਬਰੂ ਕੀਤਾ ਹੈ। ਬਿਰਤਾਂਤਕ ਪੈਂਤੜੇ ਤੋਂ ਦੇਖਿਆਂ ਜਿੱਥੇ ਨਾਵਲੀ ਕਥਾ ਬਿਰਤਾਂਤਕਾਰ ਦੇ ਬਿਆਨ ਨਾਲ ਅੱਗੇ ਵਧਦੀ ਹੈ, ਉਥੇ ਨਾਵਲਕਾਰ ਨੇ ਸੰਵਾਦੀ ਲਹਿਜ਼ੇ ਵਿਚ ਵੀ ਕਥਾ ਨੂੰ ਅੱਗੇ ਤੋਰਿਆ ਹੈ। ਮਿਸਾਲ ਵਜੋਂ ਜਵੰਧ ਸਿੰਘ ਅਤੇ ਸੰਪੂਰਨ ਸਿੰਘ ਦੀ ਆਪਸੀ ਗੱਲਬਾਤ, ਮੱਦੇ ਦੇ ਕਤਲ ਬਾਰੇ ਸੰਵਾਦ ਅਤੇ ਸੈਨਾ ਲਾਗੀ ਤੇ ਰੂੜ ਸਿੰਘ ਦੀ ਗੱਲਬਾਤ ਬਿਰਤਾਂਤ ਨੂੰ ਉਤਸੁਕਤਾ ਵੀ ਪ੍ਰਦਾਨ ਕਰਦੇ ਹਨ ਤੇ ਪ੍ਰਸ਼ਨਿਕ ਸ਼ੈਲੀ ਵਿਚ ਅੱਗੇ ਵੀ ਤੋਰਦੇ ਹਨ। ਇਕ ਪਾਤਰ ਦੂਜੇ ਕੋਲੋਂ ਉਪਰੋਕਤ ਘਟਨਾਵਾਂ ਬਾਰੇ ਜਾਣਕਾਰੀਆਂ ਪ੍ਰਾਪਤ ਕਰਦਾ ਹੈ ਅਤੇ ਨਾਵਲੀ ਕਥਾ ਅੱਗੇ ਤੁਰਦੀ ਹੈ। ਨਾਵਲਕਾਰ ਨੇ ਚਤੁਰ ਸਿੰਘ ਵਰਗੇ ਪਾਤਰਾਂ ਦੀ ਜਾਗੀਰਦਾਰਾਨਾ ਸੋਚ ਅਤੇ ਰੇਸ਼ਮ ਕੌਰ ਵਰਗੀਆਂ ਔਰਤਾਂ ਦੀ ਲਾਲਚੀ ਬਿਰਤੀ ਦੇ ਮੁਕਾਬਲੇ ਸੰਪੂਰਨ ਸਿੰਘ, ਇਮਾਮਦੀਨ ਦੀ ਸੰਪਰਦਾਇਕਤਾ ਰਹਿਤ ਸ਼ਖ਼ਸੀਅਤ ਅਤੇ ਦੂਜੇ ਦੀ ਭਲਾਈ ਲਈ ਕੀਤੇ ਕਾਰਜਾਂ ਦੀ ਨਿਸ਼ਾਨਦੇਹੀ ਇਸ ਨਾਵਲ ਵਿਚ ਬਾਖੂਬੀ ਕੀਤੀ ਗਈ ਹੈ। 1947 ਦੀ ਦੇਸ਼ ਵੰਡ ਨੇ ਭਾਵੇਂ ਭੂਗੋਲਿਕ ਤੌਰ 'ਤੇ ਪੰਜਾਬ ਨੂੰ ਵੰਡ ਦਿੱਤਾ ਪਰ ਪੰਜਾਬੀਅਤ ਦੀ ਵੰਡ ਕਰਨੀ ਬੜਾ ਔਖਾ ਕਾਰਜ ਸੀ, ਭਾਵੁਕ ਸਾਂਝਾਂ ਅਜੇ ਵੀ ਕਾਇਮ ਹਨ। ਤੂਫੈਲ ਖਾਂ ਅਤੇ ਉਸ ਦਾ ਪੁੱਤਰ ਬਖਤਾਵਰ ਖਾਂ ਰੂੜ ਸਿੰਘ ਦੇ ਘਰ ਵਿਆਹ ਸਮੇਂ ਪਾਕਿਸਤਾਨ ਤੋਂ ਉਚੇਚੇ ਤੌਰ 'ਤੇ ਪਹੁੰਚਦੇ ਹਨ। ਚੰਨਣ ਲਾਗੀ ਦੇ ਪੁੱਤਰ ਨੀਲਾ ਕੰਠ ਦੁਆਰਾ ਮਿਹਨਤ, ਨਿਮਰਤਾ, ਲਗਨ ਨਾਲ ਜੱਜ ਦੇ ਅਹੁਦੇ ਉੱਤੇ ਪਹੁੰਚਣਾ ਵੀ ਨਾਵਲੀ ਕੜੀ ਵਿਚਲਾ ਮਹੱਤਵਪੂਰਨ ਵੇਰਵਾ ਹੈ। ਪੰਜਾਬੀ ਲੋਕ ਗੀਤਾਂ ਦੀਆਂ ਵੰਨਗੀਆਂ, ਦੁਆਬੇ ਦੀਆਂ ਰਸਮਾਂ ਰੀਤਾਂ, ਵਿਦੇਸ਼ੀਆਂ ਦੀ ਚਹਿਲ-ਪਹਿਲ ਤੇ ਰਹਿਣ-ਸਹਿਣ, ਸਮਕਾਲੀ ਘਟਨਾਵਾਂ ਨੂੰ ਪੇਸ਼ ਕਰਦਾ ਇਹ ਨਾਵਲ ਪੜ੍ਹਨਯੋਗ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.

ਫ ਫ ਫ

ਰਾਮ ਸਰੂਪ ਅਣਖੀ ਦੇ ਨਾਵਲ 'ਕੋਠੇ ਖੜਕ ਸਿੰਘ'
ਵਿਚ ਮਨੁੱਖੀ ਰਿਸ਼ਤਿਆਂ ਦਾ ਅਧਿਐਨ
ਲੇਖਿਕਾ : ਡਾ: ਕਮਲਪ੍ਰੀਤ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 94171-47104.

ਰਾਮ ਸਰੂਪ ਅਣਖੀ ਪੰਜਾਬੀ ਗਲਪਕਾਰਾਂ ਵਿਚ ਸਿਰਮੌਰ ਹਸਤੀਆਂ ਵਿਚੋਂ ਇਕ ਹੈ। ਵਿਭਿੰਨ ਸੰਸਥਾਵਾਂ ਅਤੇ ਵਿਅਕਤੀਗਤ ਖੋਜਾਰਥੀਆਂ ਵੱਲੋਂ ਅਣਖੀ ਦੀ ਸਮੁੱਚੀ ਰਚਨਾ ਬਾਬਤ ਕਈ ਪੱਖਾਂ ਤੋਂ ਖੋਜ ਕਾਰਜ ਸਾਹਮਣੇ ਆਇਆ ਹੈ। ਇਸੇ ਸੰਦਰਭ ਵਿਚ ਡਾ: ਕਮਲਪ੍ਰੀਤ ਕੌਰ ਨੇ ਅਣਖੀ ਦੇ ਸੁਪ੍ਰਸਿੱਧ ਨਾਵਲ 'ਕੋਠੇ ਖੜਕ ਸਿੰਘ' ਨੂੰ ਆਧਾਰ ਬਣਾ ਕੇ ਇਸ ਦਾ ਦੀਰਘ ਵਿਸ਼ਲੇਸ਼ਣ ਕੀਤਾ ਹੈ। ਖੋਜ ਕਾਰਜ ਨੂੰ ਵਿਧੀਵਤ ਦਿਸ਼ਾ ਅਧੀਨ ਪਹਿਲੇ ਅਧਿਆਇ ਵਿਚ ਸਮਾਜਿਕ ਰਿਸ਼ਤਿਆਂ ਦਾ ਸਾਰ ਤੇ ਸੁਭਾਅ ਪਰਿਭਾਸ਼ਕ ਵਿਧੀ ਤੋਂ ਸ਼ੁਰੂ ਕਰਕੇ ਲਹੂ ਅਤੇ ਅਲਹੂ ਰਿਸ਼ਤਿਆਂ ਦਾ ਨਿਖੇੜ ਕਰਕੇ ਗਲਪ ਵਿਚ ਬਦਲਦੇ ਰਿਸ਼ਤਿਆਂ ਦਾ ਪੁਖ਼ਤਾ ਜ਼ਿਕਰ ਕੀਤਾ ਹੈ। ਇਸ ਬੁਨਿਆਦੀ ਧਾਰਨਾ ਦੇ ਅੰਤਰਗਤ ਅਗਾਂਹ ਜਾ ਕੇ ਨਾਵਲ 'ਕੋਠੇ ਖੜਕ ਸਿੰਘ' ਵਿਚ ਬਦਲਦੇ ਆਰਥਿਕ, ਸਮਾਜਿਕ, ਰਾਜਨੀਤਕ, ਸੱਭਿਆਚਾਰਕ ਅਤੇ ਲੋਕਧਾਰਕ ਰਿਸ਼ਤਿਆਂ ਦੀਆਂ ਵਿਭਿੰਨ ਪਰਤਾਂ ਨੂੰ ਪੇਂਡੂ ਜੀਵਨ ਦੇ ਯਥਾਰਥਕ ਸਰੋਕਾਰਾਂ ਦੇ ਅੰਤਰਗਤ ਪਛਾਣਦਿਆਂ ਹੋਇਆਂ ਬਾਖੂਬੀ ਪੇਸ਼ ਕੀਤਾ ਹੈ। ਪਾਤਰ ਭਾਵੇਂ ਝੰਡਾ ਸਿੰਘ, ਨਾਜਰ, ਬੱਕਰੀਆਂ ਵਾਲਾ, ਹਰਨਾਮੀ, ਪ੍ਰੀਤਮ, ਪਾਖਰ, ਭਾਈ ਆਦਿ ਹਨ, ਸਭਨਾਂ ਦੇ ਸੁਭਾਅ ਅਤੇ ਕਾਰਜ ਆਦਿ ਨੂੰ ਜਿਸ ਨਜ਼ਰ ਤੋਂ ਅਣਖੀ ਨੇ ਵੇਖਿਆ ਸੀ, ਨੂੰ ਗੰਭੀਰਤਾ ਸਹਿਤ ਇਸ ਲੇਖਿਕਾ ਨੇ ਪ੍ਰਗਟਾਇਆ ਹੈ। ਪਿੰਡ ਦੀ ਸੋਚ ਦੀ ਗਤੀਸ਼ੀਲਤਾ, ਆਪਣਿਆਂ ਤੇ ਬੇਗਾਨਿਆਂ ਵਿਚ ਆ ਚੁੱਕੀਆਂ ਦੂਜੈਲੀਆਂ ਬਿਰਤੀਆਂ, ਗ਼ਰੀਬੀ ਸਦਕਾ ਮਜ਼ਦੂਰਾਂ-ਕਿਸਾਨਾਂ ਦੇ ਟੱਬਰਾਂ 'ਚ ਬਦਲ ਰਹੇ ਸਮੀਕਰਨਾਂ ਅਤੇ ਰਿਸ਼ਤਿਆਂ ਨੂੰ ਲੱਗ ਰਹੇ ਖੋਰੇ ਆਦਿ ਜਿਹੀਆਂ ਸਥਿਤੀਆਂ-ਪ੍ਰਸਥਿਤੀਆਂ ਦਾ ਵੀ ਲੇਖਿਕਾ ਨੇ ਆਲੋਚਨਾਤਮਕ ਦ੍ਰਿਸ਼ਟੀ ਤੋਂ ਵਿਵੇਚਨ ਪੇਸ਼ ਕੀਤਾ ਹੈ। ਜ਼ਮੀਨਾਂ ਗਹਿਣੇ ਧਰਨੀਆਂ, ਕਰਜ਼ਿਆਂ ਦੀ ਜਕੜ 'ਚ ਫਸਣਾ, ਕਾਮਿਆਂ ਦਾ ਪੀੜ੍ਹੀ-ਦਰ-ਪੀੜ੍ਹੀ ਸੁੱਚੀ ਕਿਰਤ ਦੇ ਬਾਵਜੂਦ ਨਿਘਾਰ ਵੱਲ ਜਾਣ ਸਦਕਾ ਜੋ ਮਾਨਸਿਕ ਵਤੀਰੇ 'ਚ ਬਦਲਾਅ ਆਉਂਦੇ ਹਨ, ਉਨ੍ਹਾਂ ਸਭਨਾਂ ਸਰੋਕਾਰਾਂ ਦੇ ਭਾਵਨਾਤਮਕ ਬੋਧ ਅਤੇ ਸਿੱਟੇ ਵਜੋਂ ਪੈਦਾ ਹੋਏ ਪ੍ਰਤਿਕਰਮਾਂ ਦੇ ਯਥਾਰਥ ਨੂੰ ਵੀ ਲੇਖਿਕਾ ਨੇ ਬਾ-ਦਲੀਲ ਪੁਸਤਕ 'ਚ ਪੇਸ਼ ਕੀਤਾ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732

ਫ ਫ ਫ

ਪ੍ਰੋ: ਪੂਰਨ ਸਿੰਘ ਦੀ ਕਾਵਿ-ਸੰਵੇਦਨਾ
ਸੰਪਾਦਕ : ਡਾ: ਚਰਨਜੀਤ ਸਿੰਘ ਪੱਡਾ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 150 ਰੁਪਏ, ਸਫ਼ੇ : 94
ਸੰਪਰਕ : 0181-2623184.

ਡਾ: ਚਰਨਜੀਤ ਸਿੰਘ ਪੱਡਾ ਸਹਿਜ ਭਾਵੀ ਪ੍ਰਤਿਭਾ ਦਾ ਸੁਆਮੀ ਹੈ। ਉਸ ਦੇ ਵਿਚਰਨ, ਬੋਲਣ ਤੇ ਲਿਖਣ ਵਿਚ ਟਿਕਾਓ ਹੈ। ਇਸ ਟਿਕਾਓ ਬਿਰਤੀ ਸ਼ਖ਼ਸੀਅਤ ਨੇ ਇਸ ਪੁਸਤਕ ਤੋਂ ਪਹਿਲਾਂ ਦੋ ਹੋਰ ਕਿਤਾਬਾਂ ਦੀ ਰਚਨਾ ਕੀਤੀ ਹੈ। ਹਥਲੀ ਪੁਸਤਕ ਵੀ ਸਹਿਜ-ਬਿਰਤੀ ਦੇ ਮਾਲਕ ਤੇ ਦਰਵੇਸ਼ ਸ਼ਖ਼ਸੀਅਤ ਪੂਰਨ ਸਿੰਘ ਬਾਰੇ ਸੰਪਾਦਿਤ ਕੀਤੀ ਹੈ। ਸੰਪਾਦਕ ਦੇ ਲੇਖ ਤੋਂ ਇਲਾਵਾ ਇਸ ਪੁਸਤਕ ਵਿਚ ਪੰਜਾਬੀ ਸਾਹਿਤ ਦੇ ਬਹੁਤ ਹੀ ਪ੍ਰਬੁੱਧ ਵਿਦਵਾਨ ਡਾ: ਪ੍ਰੇਮ ਪ੍ਰਕਾਸ਼ ਸਿੰਘ, ਡਾ: ਕਾਲਾ ਸਿੰਘ ਬੇਦੀ, ਡਾ: ਸਤਿੰਦਰ ਸਿੰਘ ਅਤੇ ਡਾ: ਬਲਜੀਤ ਕੌਰ ਦੇ ਲੇਖ ਸ਼ਾਮਿਲ ਹਨ। ਇਨ੍ਹਾਂ ਉਪਰੋਕਤ ਚਾਰ ਵਿਦਵਾਨਾਂ ਦੁਆਰਾ ਇਸ ਪੁਸਤਕ ਵਿਚ ਸ਼ਾਮਿਲ ਲੇਖ ਲਗਪਗ ਸਾਢੇ ਤਿੰਨ ਦਹਾਕੇ ਪਹਿਲਾਂ ਲਿਖੇ ਗਏ ਸਨ। ਡਾ: ਪੱਡਾ ਨੇ ਇਨ੍ਹਾਂ ਵਿਦਵਾਨਾਂ ਦੇ ਲੇਖਾਂ ਨੂੰ ਮੁੜ ਛਾਪ ਕੇ ਉੱਦਮੀ ਤੇ ਸ਼ਲਾਘਾਯੋਗ ਕੰਮ ਕੀਤਾ ਹੈ।
ਸਾਰੇ ਵਿਦਵਾਨਾਂ ਦੇ ਪ੍ਰੋ: ਪੂਰਨ ਸਿੰਘ ਦੀ ਰਚਨਾ ਬਾਰੇ ਲਿਖੇ ਲੇਖ ਬਹੁਤ ਮਿਹਨਤ ਨਾਲ ਲਿਖੇ ਗਏ ਹਨ। ਪ੍ਰੋ: ਪੂਰਨ ਸਿੰਘ ਦੀ ਪੰਜਾਬੀ ਸਾਹਿਤ ਨੂੰ ਕੀ ਦੇਣ ਹੈ, ਇਨ੍ਹਾਂ ਲੇਖਾਂ ਤੋਂ ਭਲੀ-ਭਾਂਤ ਪਾਠਕ ਜਾਣੂ ਹੋ ਸਕਦਾ ਹੈ। ਦੂਸਰਾ ਪੱਖ ਕਿ ਅਜੋਕੇ ਦੌਰ ਵਿਚ ਪੂਰਨ ਸਿੰਘ ਬਾਰੇ ਹੋ ਰਹੇ ਖੋਜ ਕਾਰਜ ਲਈ ਇਹ ਲੇਖ ਪਥ-ਪ੍ਰਦਰਸ਼ਕ ਹਨ। ਡਾ: ਸਰਬਜਿੰਦਰ ਸਿੰਘ ਦੁਆਰਾ ਇਸ ਪੁਸਤਕ ਲਈ ਲਿਖੇ ਦੋ ਸ਼ਬਦ ਵੀ ਬਾਕਮਾਲ ਹਨ। ਇਹ ਵੀ ਪੁਸਤਕ ਦਾ ਇਕ ਵਡਮੁੱਲਾ ਹਾਸਲ ਹੈ।
ਪ੍ਰੋ: ਪੂਰਨ ਸਿੰਘ ਦੀਆਂ ਲਿਖਤਾਂ ਨੂੰ ਚੇਤਨਾ ਪ੍ਰਕਾਸ਼ ਲਈ ਵਰਤਣ ਹਿਤ ਇਹ ਪੁਸਤਕ ਡਾ: ਪੱਡਾ ਨੇ ਚੰਗੀ ਮਿਹਨਤ ਨਾਲ ਸੰਪਾਦਿਤ ਕੀਤੀ ਹੈ। ਪੂਰਨ ਸਿੰਘ ਰਚਿਤ ਵਡਮੁੱਲੇ ਸਾਹਿਤਕ ਖਜ਼ਾਨੇ ਨੂੰ ਪਾਠਕਾਂ ਸਾਹਵੇਂ ਪਹੁੰਚਾਉਣ ਲਈ ਡਾ: ਪੱਡਾ ਨੂੰ ਮੁਬਾਰਕਾਂ।

ਂਪ੍ਰੋ: ਸਤਪਾਲ ਸਿੰਘ
ਮੋ: 98725-21515

ਫ ਫ ਫ

ਸੱਚ ਦੀ ਲੋਅ
ਲੇਖਿਕਾ : ਰਾਮੇਸ਼ਵਰੀ ਘਾਰੂ
ਪ੍ਰਕਾਸ਼ਕ : ਸ਼ਹੀਦੇ ਆਜ਼ਮ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 70
ਸੰਪਰਕ : 94636-15890.

'ਸੱਚ ਦੀ ਲੋਅ' ਰਾਮੇਸ਼ਵਰੀ ਘਾਰੂ ਦੀ ਪਲੇਠੀ ਪੁਸਤਕ ਹੈ। ਜਿਸ ਵਿਚ ਉਸ ਨੇ 'ਬਾਲੜੀ' ਤੋਂ ਲੈ ਕੇ 'ਸੱਚ ਦੀ ਲੋਅ' ਤੱਕ 47 ਕਵਿਤਾਵਾਂ ਸ਼ਾਮਿਲ ਕੀਤੀਆਂ ਹਨ। ਬਹੁਤੀਆਂ ਰਚਨਾਵਾਂ ਵਿਚ ਨਾਰੀ ਵੇਦਨਾ ਹੈ। ਇਹ ਕੁਦਰਤੀ ਹੋਣਾ ਸੀ, ਕਿਉਂਕਿ ਲੇਖਿਕਾ ਆਪ ਔਰਤ ਹੈ। ਪਹਿਲੀ ਕਵਿਤਾ 'ਬਾਲੜੀ' ਹੀ ਕਾਲਜੇ ਨੂੰ ਧੂਹ ਪਾਉਂਦੀ ਹੈ।
'ਕਿੰਝ ਮਾਏ ਤੂੰ ਜੇਰਾ ਕਰ ਲਿਆ
ਸੂਲਾਂ ਵਾਲੀ ਝਾੜੀ ਤੇ ਧਰਦਿਆਂ
ਮਰ ਮੁੱਕ ਗਈ ਲੋਕ ਹੋ ਗਏ ਇਕੱਠੇ
ਇਕ ਦਿਨ ਅਖ਼ਬਾਰ ਦੀ ਸੁਰਖੀ ਬਣ ਗਈ।' (ਬਾਲੜੀ)
'ਝੂਠੀ ਦੁਨੀਆ, ਨਕੋਰਾ ਕੁੱਜਾ, ਇਸ਼ਕ ਦੀ ਰੌਸ਼ਨਾਈ, ਔਰਤ, ਫੂਲਨ ਦੇਵੀ ਬਣਨਾ ਪੈਣਾ, ਕਾਸ਼ ਮੈਂ ਜਿੱਤ ਜਾਵਾਂ, ਮਾਂ ਤੇ ਸੱਚ ਦੀ ਲੋਅ ਆਦਿ ਵੀ ਪਾਠਕਾਂ ਦਾ ਧਿਆਨ ਖਿੱਚਦੀਆਂ ਹਨ। ਇਕ ਕਵਿਤਾ ਕਮਾਲ ਦੀ ਹੈ।
'ਹੁਣ ਤਾਂ ਫਿਰੰਗੀ ਵੀ ਨਹੀਂ
ਮੌਤ ਦਾ ਫਰਮਾਨ ਵੀ ਨਹੀਂ
ਜਬਰ ਜ਼ੁਲਮ ਵੀ ਨਹੀਂ,
ਫਿਰ ਕਿਉਂ ਭਗਤ ਸਿੰਘ ਨਿੱਤ ਫਾਂਸੀ ਚੜ੍ਹਦੇ?'
ਘਾਰੂ ਔਰਤ ਨੂੰ ਨਿਡਰ ਹੋ ਕੇ ਸੰਘਰਸ਼ ਕਰਨ ਲਈ ਪ੍ਰੇਰਦੀ ਹੈ। ਉਹ ਨਿਮਾਣੀ ਬਣ ਕੇ ਲੋਕਾਂ ਦੀ ਹਮਦਰਦੀ ਨਹੀਂ ਚਾਹੁੰਦੀ। ਉਹ ਜ਼ਾਲਮ ਨਾਲ ਟੱਕਰ ਲੈਣ ਲਈ, ਨਾਰੀ ਨੂੰ ਵੰਗਾਰਦੀ ਹੈ।

ਂਅਵਤਾਰ ਸਿੰਘ ਸੰਧੂ
ਮੋ: 99151-82971.

ਫ ਫ ਫ

ਕਲਮ ਦਾ ਵਾਰ
ਕਵਿੱਤਰੀ : ਪ੍ਰੋ: ਦਲਜੀਤ ਕੌਰ ਹਠੂਰ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 120 ਰੁਪਏ, ਸਫ਼ੇ : 70
ਸੰਪਰਕ : 92172-88788.

'ਕਲਮ ਦਾ ਵਾਰ' ਨਵੀਂ ਅਤੇ ਪ੍ਰਤਿਭਾਵਾਨ ਕਵਿੱਤਰੀ ਪ੍ਰੋਫੈਸਰ ਦਲਜੀਤ ਕੌਰ ਹਠੂਰ ਦਾ ਪ੍ਰਥਮ ਕਾਵਿ ਸੰਗ੍ਰਹਿ ਹੈ। ਇਨ੍ਹਾਂ ਕਵਿਤਾਵਾਂ ਵਿਚ ਕਵਿੱਤਰੀ ਨੇ ਜ਼ਿੰਦਗੀ ਪ੍ਰਤੀ ਸਰੋਕਾਰਾਂ ਨੂੰ ਬਹੁਤ ਹੀ ਨਿੱਘੇ ਸ਼ਬਦਾਂ ਵਿਚ ਬਿਆਨ ਕੀਤਾ ਹੈ। ਪੰਜਾਬ ਵਿਚ ਪੁੱਤਰਾਂ ਦੀ ਨਿਸਬਤ ਘਟ ਰਹੀ ਧੀਆਂ ਦੀ ਸੰਖਿਆ 'ਤੇ ਉਹ ਕਾਵਿ ਝੂਰਾ ਕਰਦੀ ਹੈ। ਪਰ ਉਸ ਦਾ ਮੰਨਣਾ ਹੈ ਕਿ ਜਦ ਤੱਕ ਔਰਤ ਆਪਣੇ-ਆਪ ਨੂੰ ਸ਼ਕਤੀਵਾਨ ਅਤੇ ਮਰਦ ਦੀ ਬਰਾਬਰਤਾ ਪ੍ਰਤੀ ਸਾਬਤ ਨਹੀਂ ਕਰਦੀ, ਉਸ ਨਾਲ ਜ਼ਿਆਦਤੀਆਂ ਹੁੰਦੀਆਂ ਹੀ ਰਹਿਣਗੀਆਂ। ਉਸ ਨੂੰ ਆਸ ਹੈ ਕਿ : 'ਅੱਜ ਦੀ ਔਰਤ ਆਜ਼ਾਦ ਹੈ/ਚੁੱਕ ਸਕਦੀ ਜ਼ਿੰਮੇਵਾਰੀ ਦਾ ਭਾਰ ਹੈ/ਪਰ ਔਰਤ ਦੋ ਪੁੜਾਂ ਵਿਚ ਪਿਸਦੀ/ਘਰ ਸੰਭਾਲੇ ਫਿਰ ਦਫ਼ਤਰ ਜਾਵੇ?'
ਪ੍ਰੋ: ਦਲਜੀਤ ਨੇ ਜਿੱਥੇ ਕਈ ਕਵਿਤਾਵਾਂ ਧਰਮ ਪ੍ਰਤੀ ਅਕੀਦਤ ਦੀਆਂ ਸਿਰਜੀਆਂ ਹਨ ਅਤੇ ਧਰਮ ਨੂੰ ਜੀਵਨ ਦਾ ਨੈਤਿਕ ਆਧਾਰ ਕਹਿੰਦੀ ਹੈ ਪਰ ਅੱਗੇ ਚੱਲ ਕੇ ਕਵਿੱਤਰੀ ਧਰਮ ਦੇ ਠੇਕੇਦਾਰਾਂ ਨੂੰ ਪੁੱਛਦੀ ਹੈ ਕਿ ਧਰਮ ਤਾਂ ਨੈਤਿਕਤਾ ਦਾ ਖਜ਼ਾਨਾ ਹੈ ਪਰ ਤੁਸੀਂ ਲੋਕਾਂ ਨੂੰ ਕਿਹੋ ਜਿਹਾ ਪਾਠ ਪੜ੍ਹਾ ਰਹੇ ਹੋ : 'ਓ ਧਰਮਾਂ ਦੇ ਪਹਿਰੇਦਾਰੋ/ਕਿਹੜੇ ਝਗੜੇ ਛੋਹੇ/ਕੋਈ ਆਖੇ ਮੈਂ ਹਿੰਦੂ/ਕੋਈ ਆਖੇ ਮੈਂ ਸਿੱਖ/ਕੋਈ ਮੁਸਲਿਮ ਤੇ ਕੋਈ ਇਸਾਈ ਦਿੱਖ?' ਉਹ ਇਨ੍ਹਾਂ ਧਰਮ ਦੇ ਠੇਕੇਦਾਰਾਂ ਨੂੰ ਕਾਵਿ ਨਸੀਹਤ ਦਿੰਦਿਆਂ ਕਹਿੰਦੀ ਹੈ : 'ਪਹਿਰੇਦਾਰੋ ਹੋਕਾ ਮਾਰੋ/ਧਰਮ ਦੇ ਪਾਂਧੀ ਨੂੰ ਪੁਕਾਰੋ/ਧਰਮਾਂ ਦੇ ਝਗੜੇ ਤੁਸਾਂ ਮਿਟਾਉਣੇ/ਇਨਸਾਨੀਅਤ ਦੇ ਪਾਠ ਪੜ੍ਹਾਉਣੇ....'
ਦਲਜੀਤ ਦੀਆਂ ਕਵਿਤਾਵਾਂ ਦੇ ਵਿਸ਼ੇ ਵੰਨ-ਸੁਵੰਨੇ ਹਨ ਜਿੰਨੇ ਰੰਗ ਜ਼ਿੰਦਗੀ ਦੇ ਹਨ, ਓਨੇ ਹੀ ਇਨ੍ਹਾਂ ਕਵਿਤਾਵਾਂ ਦੇ ਰੰਗ ਹਨ। 'ਪੀੜ੍ਹੀ-ਪਾੜਾ' ਕਵਿਤਾ ਵਿਚ ਉਹ ਨਵੀਂ ਸੋਚ ਅਤੇ ਪੁਰਾਣੀ ਸੋਚ ਦੇ ਪਾੜੇ ਨੂੰ ਘੱਟ ਕਰਨਾ ਚਾਹੁੰਦੀ ਹੈ। ਇਸ ਪੁਸਤਕ ਵਿਚ ਸ਼ਹੀਦ ਦੀ ਪਰਿਭਾਸ਼ਾ, ਆਪਣਿਆਂ ਦੀ ਪਰਿਭਾਸ਼ਾ, ਕਰਨ ਯੋਗਤਾ, ਧੀਆਂ ਦੇ ਭਰੂਣ ਹੱਤਿਆਵਾਂ ਦਾ ਨਿਖੇਧ, ਹਨ੍ਹੇਰਿਆਂ ਵਿਚ ਆਸ ਦੀ ਕਿਰਨ, ਦੋਹਰੇ ਕਿਰਦਾਰ ਵਾਲੇ ਮਨੁੱਖ ਵਿਸ਼ੇਸ਼ ਤੌਰ 'ਤੇ ਨੁਮਾਇਆ ਹਨ।
ਉਹ ਕਿਸੇ ਵੀ ਹਾਰ ਨੂੰ ਸਦੀਵੀ ਹਾਰ ਨਹੀਂ ਮੰਨਦੀ ਸਗੋਂ ਜੀਵਨ ਪੰਧ ਦਾ ਇਕ ਪੜਾਅ ਹੀ ਸਮਝਦੀ ਹੈ :
ਕੀ ਹੋਇਆ ਜੇ ਗਏ ਹਾਂ ਹਾਰ?
ਜਿੱਤੇ ਸਾਥੀ ਖੁਸ਼ੀ ਹੈ ਹੋਈ
ਹਾਰ 'ਚ ਨਹੀਂ ਨਮੋਸ਼ੀ ਕੋਈ
ਡਿਗਦੇ ਹੀ ਨੇ ਘੋੜ ਸਵਾਰ...।

ਂਸੁਲੱਖਣ ਸਰਹੱਦੀ
ਮੋ: 94174-84337.

ਫ ਫ ਫ

ਵਾਪਸੀ
ਲੇਖਕ : ਜਸਵੰਤ ਸਿੰਘ ਸਿੱਧੂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਪਟਿਆਲਾ
ਮੁੱਲ : 150, ਸਫੇ : 111
ਸੰਪਰਕ : 9872025582.

'ਵਾਪਸੀ' ਕਹਾਣੀ-ਸੰਗ੍ਰਹਿ ਜਸਵੰਤ ਸਿੰਘ ਸਿੱਧੂ ਦੀ ਪਲੇਠੀ ਕਿਤਾਬ ਹੈ, ਜਿਸ ਵਿਚ ਉਸ ਨੇ 12 ਕਹਾਣੀਆਂ ਦੀ ਕਥਾ -ਰਚਨਾ ਕੀਤੀ ਹੈ। ਸਾਰੀਆਂ ਹੀ ਕਹਾਣੀਆਂ ਦੇ ਵਿਸ਼ੇ ਪ੍ਰੇਮ ਨਾਲ ਸਬੰਧਤ ਹਨ। ਪਹਿਲੀ ਕਹਾਣੀ 'ਸ਼ਿਕਵਿਆਂ ਦੀ ਦੁਨੀਆ' ਵਿਚ ਹਰਮੀਕ ਭਾਵੇਂ ਇਮਾਨਦਾਰ ਇਨਸਾਨ ਹੈ ਪਰ ਉਸ ਨਾਲ ਜੋ ਤਸ਼ੱਦਦ ਢਾਹੇ ਜਾਂਦੇ ਹਨ, ਬਹੁਤ ਨਿੰਦਣਯੋਗ ਹਨ। 'ਫਿਤਰਤ' ਕਹਾਣੀ ਵਿਚ ਔਰਤ ਦੇ ਬੇਵਫ਼ਾ ਹੋਣ ਦੀ ਗੱਲ ਹੈ ਕਿ ਮਰਦ ਨੂੰ ਇਸ ਬਾਰੇ ਆਪਣੀ ਸੋਚ ਤੋਂ ਕੰਮ ਲੈਣਾ ਚਾਹੀਦਾ ਹੈ। ਅਗਲੀ ਕਹਾਣੀ 'ਔਰਤ' ਵਿਚ ਕਥਾਕਾਰ ਨੇ ਦੱਸਿਆ ਹੈ ਕਿ ਔਰਤ ਆਪਣਾ ਆਪਾ ਗਵਾ ਲੈਂਦੀ ਹੈ ਤੇ ਪਤੀ ਦੇ ਭੋਲੇਪਣ ਦਾ ਨਜਾਇਜ਼ ਫਾਇਦਾ ਉਠਾਉਦੀਂ ਹੈ।
ਇਸ ਤਰ੍ਹਾਂ 'ਚਿਤਕਬਰੇ ਹਨੇਰੇ ਦੀ ਸਾਜ਼ਿਸ਼' ਕਹਾਣੀ ਦੋ ਪ੍ਰੇਮੀਆਂ ਨੂੰ ਮਾਰਨ ਦੀ ਕਥਾਕਾਰੀ ਹੈ ਤੇ 'ਵਾਪਸੀ' ਕਹਾਣੀ ਵਿਚ ਔਰਤ, ਔਰਤ ਦੀ ਦੁਸ਼ਮਣ ਦਾ ਗਲਪੀ ਬਿੰਬ ਉਸਾਰਦੀ ਹੈ। ਸਮੁੱਚੇ ਰੂਪ ਵਿਚ ਪੂਰੇ ਕਹਾਣੀ ਸੰਗ੍ਰਹਿ ਵਿਚ ਕਮਾਲ ਦੇ ਪਾਤਰ ਹਨ ਜੋ ਸਮਾਜ ਨਾਲ ਜੁੜੀਆਂ ਕਹਾਣੀਆਂ ਦੀ ਪੇਸ਼ਕਾਰੀ ਕਰਦੇ ਹਨ। ਕਹਾਣੀਕਾਰ ਦੀ ਕਥਾਕਾਰੀ ਦੀ ਕਲਾ ਵੀ ਖੂਬਸੂਰਤ ਹੈ। ਕਹਾਣੀਕਾਰ ਦੀਆਂ ਸਮੁੱਚੀਆਂ ਕਹਾਣੀਆਂ ਦੇ ਪਾਤਰ ਆਪਣੇ ਆਦਰਸ਼ਾਂ ਨੂੰ ਪਾਲਦੇ ਤੇ ਅਸੂਲਾਂ 'ਤੇ ਚਲਦੇ ਹੋਏ ਨਿਧੜਕ ਵੀ ਹੋ ਜਾਂਦੇ ਹਨ ਤੇ ਕਈ ਵਾਰ ਡੋਲ ਵੀ ਜਾਂਦੇ ਹਨ। ਇਸ ਪ੍ਰਕਾਰ ਜਸਵੰਤ ਸਿੰਘ ਸਿੱਧੂ ਦੀ ਇਕ ਕਹਾਣੀ 'ਦੋਸ਼ੀ ਕੌਣ' ਦਾ ਪਾਤਰ ਲੈਫਟੀਨੈਂਟ ਬਣ ਕੇ ਮੈਡਲ ਤਾਂ ਹਾਸਲ ਕਰ ਲੈਂਦਾ ਹੈ ਪਰ ਆਪਣੀ ਭੈਣ ਨਾਲ ਹੋਏ ਕਾਰੇ ਨੂੰ ਨਾ ਬਰਦਾਸ਼ਤ ਕਰਦਾ ਹੋਇਆ ਲੱਖੇ ਬਦਮਾਸ਼ ਨੂੰ ਪਾਰ ਬੁਲਾ ਦਿੰਦਾ ਹੈ, ਜਿਸ ਕਰਕੇ ਉਹ ਧੀਆਂ ਦੀ ਰਖਵਾਲੀ ਕਰਨ ਵਾਲਾ ਨਿਧੜਕ ਤੇ ਦਲੇਰ ਪਾਤਰ ਹੋ ਨਿੱਬੜਦਾ ਹੈ। ਸਮੁੱਚੇ ਰੂਪ ਵਿਚ ਜਸਵੰਤ ਸਿੰਘ ਸਿੱਧੂ ਦੀਆਂ ਕਹਾਣੀਆਂ ਸਮਾਜ ਦੇ ਹਕੀਕੀ ਚਿਤਰਨ ਨੂੰ ਪੇਸ਼ ਕਰਦੀਆਂ ਕਹਾਣੀਆਂ ਹਨ। ਕਹਾਣੀਕਾਰ ਦੀ ਭਾਸ਼ਾ ਵੀ ਸਰਲ ਤੇ ਠੇਠ ਹੈ। ਕਹਾਣੀਕਾਰ ਵਧਾਈ ਦਾ ਪਾਤਰ ਹੈ।

ਂਗੁਰਬਿੰਦਰ ਕੌਰ ਬਰਾੜ
ਮੋ: 09855395161

ਫ ਫ ਫ

ਕੁੜੀ ਤਾਂ ਉਹ ਪਿੰਡ ਦੀ ਹੀ ਸੀ ਤੇ ਨੈਨਤਾਰਾ
ਨਾਵਲਕਾਰਾ : ਮਨੂ
ਪ੍ਰਕਾਸ਼ਕ : ਕੁੰਭ ਪਬਲੀਕੇਸ਼ਨਜ਼, ਮੋਹਾਲੀ
ਮੁੱਲ : 150 ਰੁਪਏ, ਸਫ਼ੇ : 108
ਸੰਪਰਕ : 99149-15805.

ਨਾਵਲਕਾਰਾ ਮਨੂ ਨੇ ਇਹ ਦੋ ਲਘੂ ਨਾਵਲ (ਨਾਵਲੈੱਟ) ਲਿਖ ਕੇ ਅਜੋਕੇ ਸਮੇਂ ਦੀ ਪੰਜਾਬੀ ਨਾਵਲ ਨਵੀਸੀ ਵਿਚ ਜ਼ਿਕਰਯੋਗ ਥਾਂ ਬਣਾ ਲਈ ਹੈ। ਇਹ ਦੋਵੇਂ ਵਿਲੱਖਣ ਰਚਨਾਵਾਂ ਜਿਥੇ ਔਰਤ ਦੀ ਬੇਮਿਸਾਲ ਸ਼ਕਤੀ ਅਤੇ ਹਿੰਮਤ ਦਾ ਤਿੱਖਾ ਅਹਿਸਾਸ ਕਰਾਉਂਦੀਆਂ ਹਨ, ਉਥੇ ਔਰਤ ਦੇ ਹੋ ਰਹੇ ਸਰੀਰਕ ਸ਼ੋਸ਼ਣ ਕਾਰਨ ਉਸ ਵੱਲੋਂ ਹੰਢਾਏ ਜਾ ਰਹੇ ਅਕਹਿ ਸਰੀਰਕ ਅਤੇ ਮਾਨਸਿਕ ਦਰਦ ਬਾਰੇ ਜਾਣ ਕੇ ਪਾਠਕ-ਮਨ ਵਲੂੰਧਰਿਆ ਜਾਂਦਾ ਹੈ। ਪਹਿਲਾ ਨਾਵਲੈੱਟ ਜੋ ਪੁਸਤਕ ਵਿਚ ਤਕਰੀਬਨ 70 ਸਫ਼ਿਆਂ 'ਤੇ ਫੈਲਿਆ ਹੋਇਆ ਹੈ, ਇਕ ਅਜਿਹੀ ਪੇਂਡੂ ਕੁੜੀ ਦੀ ਗਾਥਾ ਹੈ, ਜੋ ਕਿ ਗ਼ਰੀਬੀ ਅਤੇ ਮਜਬੂਰੀ ਦੀਆਂ ਕਈ ਘਾਟੀਆਂ ਸਰ ਕਰਦੀ ਹੋਈ ਯੂਨੀਵਰਸਿਟੀ ਵਿਚ ਅੰਗਰੇਜ਼ੀ ਪੜ੍ਹਾਉਣ ਵਾਲੀ ਇਕ ਮਿਹਨਤੀ ਸਾਹਿਤ ਦੀ ਡਾਕਟਰ ਵਜੋਂ ਸਥਾਪਤ ਹੁੰਦੀ ਹੈ। ਪ੍ਰੋ: ਵੀਰਾਂ ਨੇ ਸਿੱਧ ਕੀਤਾ ਹੈ ਕਿ ਅਗਰ ਉਸ ਦੇ ਪਿਤਾ ਕੇਸ਼ੋ ਵਾਂਗ ਕੋਈ ਕੁੜੀਆਂ ਨੂੰ ਪੜ੍ਹਾਉਣ ਲਈ ਹਿੰਮਤ ਅਤੇ ਹੌਸਲਾ ਦਿਖਾਏ ਤਾਂ ਕੁੜੀਆਂ ਖ਼ੁਦ ਨੂੰ ਹਰ ਪੱਖ ਤੋਂ ਉੱਤਮ ਸਿੱਧ ਕਰ ਸਕਦੀਆਂ ਹਨ। ਬਿਰਤਾਂਤਕ ਸ਼ੈਲੀ ਵਿਚ ਕੇਂਦਰੀ ਬੋਲੀ ਦੀ ਵਰਤੋਂ ਨਾਲ ਰਚਿਆ ਇਹ ਨਾਵਲੈੱਟ ਜਦੋਂ ਤੇਜ਼ ਗਤੀ ਨਾਲ ਚਲਦਾ ਸਿਖਰ ਵੱਲ ਵਧਦਾ ਹੈ ਤਾਂ ਕਿਧਰੇ-ਕਿਧਰੇ ਤੇਜ਼ੀ ਨਾਲ ਤੁਰਦੀ ਇਸ ਦੀ ਕਹਾਣੀ ਜ਼ਿੰਦਗੀ ਦੀ ਕੁਦਰਤੀ ਰਫ਼ਤਾਰ ਅੱਗੇ ਓਪਰੀ ਲਗਦੀ ਹੈ। ਦੂਜਾ ਨਾਵਲੈੱਟ 'ਨੈਨਤਾਰਾ' ਲੜਕੀਆਂ ਦੇ ਸਰੀਰਕ ਸ਼ੋਸ਼ਣ ਦੇ ਵਿਸ਼ੇ ਨੂੰ ਲੈ ਕੇ ਅੱਗੇ ਵਧਦਾ ਹੈ। ਇਸ ਦੀ ਨਾਇਕਾ ਨੈਨਤਾਰਾ ਦੇ ਮਾਤਾ-ਪਿਤਾ ਬਚਪਨ 'ਚ ਮਰ ਜਾਂਦੇ ਹਨ। ਉਸ ਦਾ ਤਾਇਆ ਉਸ ਨਾਲ ਘ੍ਰਿਣਾ ਭਰਿਆ ਵਿਵਹਾਰ ਕਰਦਾ ਹੋਇਆ ਉਸ ਨੂੰ ਅਕਹਿ ਮਾਨਸਿਕ ਪੀੜਾ ਵਿਚ ਜਿਊਣ ਲਈ ਮਜਬੂਰ ਕਰਦਾ ਹੈ। ਇਨ੍ਹਾਂ ਸਭ ਮਾਨਸਿਕ ਤੇ ਸਰੀਰਕ ਯਾਤਨਾਵਾਂ ਸਹਿੰਦੀ ਹੋਈ ਨੈਨਤਾਰਾ ਮਜ਼੍ਹਬੀ ਨਾਲ ਜ਼ਿੰਦਗੀ ਜਿਊਂਦੀ ਹੋਈ ਅਖੀਰ ਵਿਚ ਅਜਿਹੇ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਲੜਕੀਆਂ ਨੂੰ ਇਨਸਾਫ਼ ਦਿਵਾਉਣ ਵਾਲੀ ਸਿਰਕੱਢ ਆਗੂ ਹੋ ਨਿਬੜਦੀ ਹੈ। ਬੇਹੱਦ ਦਿਲਚਸਪ ਕਥਾਨਕ ਵਾਲੀ ਇਹ ਰਚਨਾ ਵੀ ਬਿਰਤਾਂਤਕ ਸ਼ੈਲੀ ਰਾਹੀਂ ਪਾਠਕ ਦੇ ਮਨ ਦੀਆਂ ਤਾਰਾਂ ਨੂੰ ਛੂੰਹਦੀ ਹੋਈ ਇਹ ਸੁਨੇਹਾ ਦੇਣ 'ਚ ਸਫਲ ਹੈ ਕਿ ਲੜਕੀਆਂ ਦੀ ਸੁਰੱਖਿਆ ਲਈ ਅਜੇ ਹੋਰ ਵੀ ਯਤਨ ਕਰਨ ਦੀ ਲੋੜ ਹੈ।

ਂਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.

ਫ ਫ ਫ

ਮੇਰੀ ਮਿੱਟੀ, ਮੇਰੇ ਰਾਹ
ਲੇਖਕ : ਡਾ: ਲੋਕ ਰਾਜ
ਪ੍ਰਕਾਸ਼ਕ : ਕੁੰਭ ਪਬਲੀਕੇਸ਼ਨਜ਼, ਜ਼ੀਰਕਪੁਰ
ਮੁੱਲ : 180 ਰੁਪਏ, ਸਫ਼ੇ : 128
ਸੰਪਰਕ : 98555-91762.

ਇਹ ਪੁਸਤਕ ਬਰਤਾਨੀਆ ਵਿਚ ਵਸਦੇ ਪੰਜਾਬੀ ਕਵੀ ਡਾ: ਲੋਕ ਰਾਜ ਦਾ ਨਵਿ-ਪ੍ਰਕਾਸ਼ਿਤ ਕਾਵਿ-ਸੰਗ੍ਰਹਿ ਹੈ, ਜਿਸ ਵਿਚ ਉਸ ਨੇ 94 ਕਵਿਤਾਵਾਂ ਤੇ ਗੀਤ ਸ਼ਾਮਿਲ ਕੀਤੇ ਹਨ। ਡਾ: ਲੋਕ ਰਾਜ ਮਾਨਵਵਾਦੀ ਸੋਚ ਨੂੰ ਪ੍ਰਣਾਇਆ ਸੰਵੇਦਨਸ਼ੀਲ ਕਵੀ ਹੈ ਜੋ ਬਰਤਾਨੀਆ ਵਿਚ ਬੈਠਾ ਹੋਇਆ ਪੁਰਾਣੇ ਪੰਜਾਬ ਲਈ ਝੂਰ ਰਿਹਾ ਹੈ ਅਤੇ ਇਸ ਦੀ ਮਿੱਟੀ ਦੇ ਕਣ-ਕਣ ਲਈ ਤਰਸ ਰਿਹਾ ਹੈ। ਉਸ ਦੀਆਂ ਕਵਿਤਾਵਾਂ ਵਿਚ ਉਸ ਦੇ ਪਿੰਡ ਦੇ ਦ੍ਰਿਸ਼ ਵਿਦਮਾਨ ਹਨ। ਪੰਜਾਬ ਦੀ 1947 ਅਤੇ 1966 ਵਿਚ ਹੋਈ ਵੰਡ ਦਾ ਦਰਦ ਵੀ ਉਸ ਦੀਆਂ ਕਵਿਤਾਵਾਂ ਵਿਚ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਜੋਕੇ ਪੰਜਾਬ ਦੀ ਨਿਘਾਰ ਵੱਲ ਜਾ ਰਿਹਾ ਹਾਲਾਤ ਤੋਂ ਵੀ ਉਹ ਫ਼ਿਕਰਮੰਦੀ ਦਾ ਇਜ਼ਹਾਰ ਕਰਦਾ ਹੈ। ਉਸ ਨੇ ਦਲਿਤਾਂ ਅਤੇ ਆਦਿਵਾਸੀਆਂ ਦੇ ਦੁੱਖ-ਦਰਦ ਦੀ ਦਾਸਤਾਨ ਨੂੰ ਵੀ ਕਰੁਣਾਮਈ ਸ਼ਬਦਾਂ ਵਿਚ ਬਿਆਨ ਕੀਤਾ ਹੈ। ਸ਼ਹੀਦਾਂ ਦੀ ਸ਼ਹਾਦਤ ਨੂੰ ਵੀ ਉਸ ਨੇ ਵਿਸਾਰਿਆ ਨਹੀਂ। ਉਸ ਦੀਆਂ ਨਿੱਜ ਨਾਲ ਜੁੜੀਆਂ ਕਵਿਤਾਵਾਂ ਵਿਚ ਅਗਾਂਹਵਧੂ ਸੋਚ ਵਿਦਮਾਨ ਹੈ।
ਡਾ: ਲੋਕ ਰਾਜ ਦਾ ਕਵਿਤਾ ਕਹਿਣ ਦਾ ਅੰਦਾਜ਼ ਨਿਵੇਕਲਾ ਵੀ ਹੈ ਤੇ ਸੁਹਜਮਈ ਵੀ ਹੈ। ਪਿੰਡ ਨਾਲ ਗੱਲਬਾਤ, ਪੁਲ, ਕੱਚੇ ਵਿਹੜੇ-ਪੱਕੇ ਰਿਸ਼ਤੇ, ਮੈਂ ਤੇ ਮੈਂ, ਖਬਰੇ ਕਿੰਨੇ ਭੇਤ ਲਕੋਏ ਨੇ, ਚੌਦਾਂ ਅਗਸਤ, ਕੰਮੀਆਂ ਦੀ ਬਸਤੀ, ਆਖਿਰ ਕਦੋਂ ਤੱਕ, ਆਜ਼ਾਦੀ ਮੁਬਾਰਕ, ਬਦਲਿਆ ਕੀ ਹੈ, ਇਹ ਕਿਹੜਾ ਪੰਜਾਬ ਹੈ, ਇਕੱਲਾਪਨ, ਸ਼ਹੀਦ ਸਰਾਭਾ ਨੂੰ, ਹੱਕ ਤੇ ਸੱਚ ਦਾ ਨਾਅਰਾ ਲਾਉਣਾ, ਆਦਿਵਾਸੀ ਕਸ਼ਮੀਰ ਦੀ ਵਾਦੀ, ਕਾਹਦਾ ਮਾਣ ਕਰਾਂ, ਕਿੱਥੇ ਹੈ ਸਾਡੇ ਹਿੱਸੇ ਦਾ ਭਗਤ ਸਿੰਘ, ਖ਼ਤਾਂ ਦੀ ਦਾਸਤਾਂ, ਪੰਜਾਬ : ਮੌਜੂਦਾ ਹਾਲ, ਪਰਵਾਸ ਅਤੇ ਬਚਪਨ ਦੀ ਬਾਦਸ਼ਾਹਤ ਆਦਿ ਕਵਿਤਾਵਾਂ ਇਸ ਸੰਗ੍ਰਹਿ ਦੀਆਂ ਪੜ੍ਹਨ ਤੇ ਮਾਣਨਯੋਗ ਕਵਿਤਾਵਾਂ ਹਨ।

ਂਸੁਖਦੇਵ ਮਾਦਪੁਰੀ
ਮੋ: 94630-34472.

ਫ ਫ ਫ

ਲਹਿਰਾਂ ਦਿਲ ਦੀਆਂ
ਕਵੀ : ਅਮਰਜੀਤ ਸਿੰਘ ਕਲਸੀ
ਪ੍ਰਕਾਸ਼ਕ : ਲਾਹੌਰ ਬੁਕਸ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 0161-6540738.

ਹਥਲੀ ਪੁਸਤਕ ਹੰਢੇ ਵਰਤੇ ਅਤੇ ਉਮਰ ਦਰਾਜ ਕਵੀ ਅਮਰਜੀਤ ਸਿੰਘ ਕਲਸੀ ਦੀ ਉਮਰ ਭਰ ਦੀ ਕਾਵਿ ਕਮਾਈ ਹੈ। ਇਸ ਕਾਵਿ ਸੰਗ੍ਰਹਿ ਵਿਚ ਕੁੱਲ 59 ਕਵਿਤਾਵਾਂ ਹਨ। ਇਨ੍ਹਾਂ ਵਿਚ ਪੰਜ ਗ਼ਜ਼ਲਾਂ ਹਨ। ਕਲਸੀ ਪਰਵਾਸੀ ਪੰਜਾਬੀ ਹੈ ਇਸ ਲਈ ਉਸ ਦੀਆਂ ਕਵਿਤਾਵਾਂ ਵਿਚ ਵਤਨ ਹੁੱਬ ਵੀ ਹੈ ਅਤੇ ਯਾਰਾਂ ਮਿੱਤਰਾਂ-ਪਿਆਰਿਆਂ ਦਾ ਵਿਛੋੜਾ ਵੀ ਹੈ। ਸਾਰੀਆਂ ਹੀ ਕਵਿਤਾਵਾਂ ਵਿਚ ਕਵੀ ਨੇ ਛੰਦ ਅਥਵਾ ਬਹਿਰ ਨੂੰ ਸ਼ਾਨਦਾਰ ਅਵਸਥਾ ਵਿਚ ਨਿਭਾਇਆ ਹੈ। 'ਇਹ ਮਾਨਵਤਾ' ਨਾਂਅ ਦੀ ਕਵਿਤਾ ਵਿਚ ਉਹ ਲਿਖਦਾ ਹੈ :
ਆਪਣੇ ਹੱਥ ਵਿਚ ਐਟਮ ਦੀ ਚੰਗਿਆੜੀ ਫੜ ਕੇ
ਗਗਨ ਉਡਾਰੀ ਲਾ ਆਈ ਹੈ।
ਸਾਇੰਸ ਸੂਝ ਦਾ ਲੈ ਸਹਾਰਾ, ਟਿੱਕਾ ਆਪਣੇ ਪਦ ਚਿੰਨ੍ਹਾਂ ਦਾ,
ਚੰਨ ਦੇ ਮੱਥੇ ਲਾ ਆਈ ਹੈ।
ਇਸੇ ਹੀ ਕਵਿਤਾ ਵਿਚ ਉਸ ਨੂੰ ਰੋਸ ਹੈ ਕਿ ਇਸ ਲੋਕਾਈ ਵਿਚ ਆਪਾਧਾਪੀ ਹੈ ਤੇ 'ਮੈਂ ਹੀ ਮੈਂ' ਵਿਚ ਕੈਦ ਹੈ। ਇਸ ਦੀ ਭਟਕਣ ਮੁਕਦੀ ਨਹੀਂ ਤੇ ਇਸ ਦੇ ਪੈਰਾਂ ਦੇ ਵਿਚ ਚੱਕਰ ਹੈ। ਉਸ ਦੀਆਂ ਕਈ ਭਾਵਨਾ ਭਰਪੂਰ ਕਵਿਤਾਵਾਂ ਦਿਲ ਨੂੰ ਮੋਹ ਲੈਂਦੀਆਂ ਹਨ। ਕਵੀ ਕਲਸੀ ਦੇ ਭਾਵਾਂ ਅਤੇ ਜਜ਼ਬਿਆਂ ਵਿਚ ਜ਼ਿੰਦਗੀ ਪ੍ਰਤੀ ਅਹਿਸਾਸ ਨਰੋਏ ਅਤੇ ਸਦਾ ਬਹਾਰ ਹਨ। ਉਮਰ ਦਰਾਜ਼ ਹੁੰਦਿਆਂ ਵੀ ਉਹ ਤਾਜ਼ਗੀ ਮਹਿਸੂਸ ਕਰਦਾ ਹੈ :
ਉਮਰਾਂ ਦੇ ਚਿਹਰੇ 'ਤੇ ਪਈਆਂ ਸਮੇਂ ਦੀਆਂ ਪਰਛਾਈਆਂ 'ਤੇ,
ਇਕ ਨਵਾਂ ਨਕੋਰ ਨੂਰ ਆਇਆ ਹੈ
ਤੇ ਅੱਜ ਫਿਰ ਮੇਰੇ ਅਰਮਾਨਾਂ ਦੀ ਪੀਂਘ ਨੇ
ਅਕਾਸ਼ੀਂ ਹੱਥ ਲਾਇਆ ਹੈ...।
'ਹਾਏ ਹੁਣ ਤੇ ਆ' ਕਵਿਤਾ ਵਿਚ ਉਹ ਚਿਰ ਵਿਛੁੰਨੇ ਪ੍ਰੀਤਮ ਨੂੰ ਯਾਦ ਕਰਦਿਆਂ ਉਸ ਨੂੰ ਪੁਕਾਰਦਾ ਹੈ। 'ਲੋਕ ਰਾਜ' ਕਵਿਤਾ ਵਿਚ ਉਹ ਲੋਕ ਰਾਜ ਵਿਚ ਆਏ ਨੁਕਸਾਂ ਨੂੰ ਬੇਬਾਕੀ ਨਾਲ ਕਹਿੰਦਾ ਹੈ। ਗ਼ਜ਼ਲਾਂ ਭਾਵੇਂ ਗਿਣਤੀ ਦੀਆਂ ਹਨ ਪਰ ਉਨ੍ਹਾਂ ਦੇ ਸ਼ਿਅਰਾਂ ਵਿਚ ਤਾਜ਼ਗੀ ਹੈ :
ਉਮਰ ਦੀ ਦੋਪਹਿਰ ਢਲਦੀ ਜਾ ਰਹੀ
ਸੋਚ ਦੀ ਇਕ ਸ਼ਾਖ ਫਲਦੀ ਜਾ ਰਹੀ
ਯਾਦਾਂ ਡਾਰਾਂ ਵਾਂਗ ਕੂੰਜਾਂ ਆ ਗਈਆ
ਏਸ ਦਿਲ ਦੀ ਚਾਲ ਖਲਦੀ ਜਾ ਰਹੀ....।

ਂਸੁਲੱਖਣ ਸਰਹੱਦੀ
ਮੋ: 94174-84337.

ਫ ਫ ਫ

ਜੈ ਗੁਰਦੇਵ ਬੁਲਾਉਂਦੇ ਚੱਲੋ
ਲੇਖਕ : ਮਨਜੀਤ ਸਿੰਘ 'ਕਮਲਾ'
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ (ਜਲੰਧਰ)
ਮੁੱਲ : 150 ਰੁਪਏ, ਸਫ਼ੇ : 135
ਸੰਪਰਕ : 0181-2213184.

ਪ੍ਰਵਾਸੀ ਲੇਖਕ ਮਨਜੀਤ ਸਿੰਘ 'ਕਮਲਾ' ਹੁਣ ਤੱਕ ਵਿਚਾਰ-ਗੋਚਰੀ ਪੁਸਤਕ ਸਮੇਤ 14 ਪੁਸਤਕਾਂ ਮਾਂ-ਬੋਲੀ ਦੀ ਭੇਟ ਕਰ ਚੁੱਕਾ ਹੈ। ਇਨ੍ਹਾਂ ਵਿਚ ਦੋ ਪੁਸਤਕਾਂ ਗ਼ਜ਼ਲਾਂ ਦੀਆਂ, ਦੋ ਮਹਾਂਕਾਵਿ, ਇਕ ਪੁਸਤਕ ਲੋਕ ਗੀਤਾਂ ਦੀ ਤੇ ਇਕ ਸੰਪਾਦਨਾ ਸ਼ਾਮਿਲ ਹਨ। ਚਰਚਾ ਹੇਠਲੀ ਪੁਸਤਕ ਮਧਕਾਲੀਨ ਭਗਤੀ ਯੁੱਗ ਦੇ ਮਹਾਨ ਪੁਰਖ ਗੁਰੂ ਰਵਿਦਾਸ ਜੀ ਬਾਰੇ ਹੈ। ਇਸ ਪੁਸਤਕ ਵਿਚ 60 ਕਾਵਿ-ਰਚਨਾਵਾਂ ਹਨ। ਪਹਿਲੀ ਕਵਿਤਾ ਦਾ ਉਨਵਾਨ ਹੈਂ'ਹੈ ਸਿਰਜਣਹਾਰਾ ਜਗਤ ਦਾ।' ਲੇਖਕ ਅਨੁਸਾਰ, ਸ੍ਰਿਸ਼ਟੀ ਦਾ ਕਰਤਾ, ਇਕ ਅਕਾਲ ਪੁਰਖ ਹੈ। ਉਹ ਲਿਖਦੈਂ
ਹੈ ਸਿਰਜਣਹਾਰਾ ਜਗਤ ਦਾ, ਧੰਨ ੴਕਾਰਾ
ਜੋ ਪਲ ਵਿਚ ਥਾਪ ਉਤਾਰ ਤੇ ਬਖ਼ਸ਼ਣਹਾਰਾ
ਚੌਰਾਸੀ ਲੱਖ ਜੂਨ ਨੂੰ, ਜਿਸ ਧੰਦੇ ਲਾਇਆ।
ਸੀਸ ਨਿਵਾਈਏ ਸਦਾ ਹੀ, ਜਿਸ ਜਗਤ ਉਪਾਇਆ।
ਦੁਖੀਆਂ ਦੀ ਪੁਕਾਰ ਨਾਂਅ ਦੀ ਕਵਿਤਾ, ਰਵਿਦਾਸ ਜੀ ਦੇ ਸੰਸਾਰ ਵਿਚ ਪ੍ਰਕਾਸ਼ ਧਾਰਨ ਬਾਰੇ ਹੈ। ਖੁਸ਼ੀਆਂ ਵਿਚ ਧਰਤੀ ਨੱਚ ਉੱਠੀ, ਗੀਤ ਰਾਹੀਂ ਗੁਰੂ ਰਵਿਦਾਸ ਦੀ ਆਮਦ 'ਤੇ ਆਨੰਦਮਈ ਮਾਹੌਲ ਦਾ ਵਰਨਣ ਕੀਤਾ ਗਿਆ ਹੈ। ਪੁਸਤਕ ਵਿਚ ਜ਼ਿਆਦਾਤਰ ਗੀਤ ਹਨ ਅਤੇ ਹਰੇਕ ਗੀਤ ਤੋਂ ਪਹਿਲਾਂ ਇਕ-ਇਕ ਸ਼ੇਅਰ ਹੈ। ਜਿਵੇਂਂ
ਗੁਰੂ ਰਵਿਦਾਸ ਦੀ ਜੱਗ 'ਤੇ ਵੱਡੀ ਵਡਿਆਈ
ਨਫ਼ਰਤ ਮਾਰੀ ਸੱਭਿਅਤਾ, ਗੁਰਾਂ ਆਣ ਬਚਾਈ
ਉਪਦੇਸੀ ਗੁਰਾਂ ਮਨੁੱਖਤਾ, ਕਰੋ ਨੇਕ ਕਮਾਈਆਂ।
ਬਖ਼ਸ਼ ਲਈਂ ਮੇਰੇ ਦਾਤਿਆ, ਦਰ ਸੰਗਤਾਂ ਆਈਆਂ।
'ਨਫ਼ਰਤ ਮਿਟਾਓ' ਗੀਤ ਰਾਹੀਂ ਸੰਸਾਰ ਵਿਚ ਪ੍ਰੇਮ ਤੇ ਸਦਭਾਵਨਾ ਪੈਦਾ ਕਰਨ 'ਤੇ ਜ਼ੋਰ ਦਿੱਤਾ ਗਿਐ।
ਰਵਿਦਾਸ ਗੁਰਾਂ ਸਮਝਾਇਆ ਹੈ। ਇਹ ਸ੍ਰਿਸ਼ਟੀ ਉਸ ਦੀ ਮਾਇਆ ਹੈ।
ਮਾਣ ਤਾਣ ਕਰ ਸਭਨਾ ਦਾ, ਜੱਗ ਵਿਚੋਂ ਸੋਭਾ ਪਾ ਬੰਦਿਆ।
(ਪੰਨਾ 55-56)
ਕਵਿਤਾਵਾਂ/ਗੀਤਾਂ ਦੇ ਹੋਰ ਵਿਸ਼ੇ ਹਨਂਝੂਠ ਦਾ ਤਿਆਗ ਕਰਨਾ, ਕਿਸੇ ਨਾਲ ਵਧੀਕੀ ਨਾ ਕਰਨਾ, ਮਨੁੱਖ ਨੂੰ ਉਸ ਦੇ ਜੀਵਨ ਮਨੋਰਥ ਪ੍ਰਤੀ ਸੁਚੇਤ ਕਰਨਾ, ਡਾ: ਅੰਬੇਡਕਰ ਦੀ ਦੇਣ ਅਤੇ ਜਾਤ-ਪਾਤ ਦੇ ਵਿਤਕਰੇ ਨੂੰ ਸਮਾਪਤ ਕਰਨਾ। ਗੁਰੂ ਰਵਿਦਾਸ ਜੀ ਬਾਰੇ ਕੁਝ ਲੰਮੀਆਂ ਬਿਰਤਾਂਤੀ ਕਵਿਤਾਵਾਂ ਵੀ ਅੰਤਲੇ ਪੰਨਿਆਂ 'ਤੇ ਦਰਜ ਹਨ। ਸਾਦੀ, ਸਰਲ ਸ਼ਬਦਾਵਲੀ ਰਾਹੀਂ ਗੁਰੂ ਰਵਿਦਾਸ ਜੀ ਦੀ ਮਨੁੱਖਤਾ ਨੂੰ ਮਹਾਨ ਦੇਣ ਨੂੰ ਉਜਾਗਰ ਕਰਦੀ ਇਹ ਪੁਸਤਕ ਪੜ੍ਹਨਯੋਗ ਹੈ। ਪੁਸਤਕ ਦੀ ਦਿੱਖ ਵਧੀਆ ਤੇ ਆਕਰਸ਼ਕ ਹੈ।

ਫ ਫ ਫ

ਸਿੰਘਾਂ ਦੀ ਫ਼ਤਿਹ ਹੀ ਫ਼ਤਿਹ
ਲੇਖਕ : ਸੁਖਦੇਵ ਕੌਰ 'ਚਮਕ'
ਪ੍ਰਕਾਸ਼ਕ : ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ, ਮਾਹਿਲਪੁਰ (ਹੁਸ਼ਿਆਰਪੁਰ)
ਮੁੱਲ : 50 ਰੁਪਏ, ਸਫ਼ੇ : 40
ਸੰਪਰਕ : 94640-65934.

ਕਵਿੱਤਰੀ ਸੁਖਦੇਵ ਕੌਰ 'ਚਮਕ' ਧਾਰਮਿਕ ਕਾਵਿ ਖੇਤਰ ਦਾ ਇਕ ਉੱਘਾ ਨਾਂਅ ਹੈ। ਉਹ ਹੁਣ ਤੱਕ 8 ਪੁਸਤਕਾਂ ਪੰਜਾਬੀ ਪਾਠਕਾਂ ਦੀ ਨਜ਼ਰ ਕਰ ਚੁੱਕੇ ਹਨ। ਵਿਚਾਰ ਗੋਚਰੀ ਪੁਸਤਕ 'ਖ਼ਾਲਸੇ ਦੀ ਫ਼ਤਿਹ ਹੀ ਫ਼ਤਿਹ' ਉਨ੍ਹਾਂ ਨੇ ਉਨ੍ਹਾਂ ਅਣਗਿਣਤ ਪਵਿੱਤਰ ਪਾਵਨ ਜ਼ਿੰਦਾਂ ਨੂੰ ਸਮਰਪਿਤ ਕੀਤੀ ਹੈ, ਜਿਨ੍ਹਾਂ ਨੇ 1897 ਤੋਂ ਲੈ ਕੇ 1947 ਤੱਕ ਦੇ ਔਖੇ ਦੌਰ ਦੌਰਾਨ ਲਾਸਾਨੀ ਸ਼ਹਾਦਤਾਂ ਦੇ ਕੇ, ਖਾਲਸਾਈ ਆਨ-ਸ਼ਾਨ ਅਤੇ ਮਾਣ-ਤਾਣ ਵਿਚ ਵਾਧਾ ਕੀਤਾ। ਇਸ ਦਾ ਨਾਂਅ ਚਮਕਾਇਆ।
ਪੁਸਤਕ ਵਿਚ ਕੁੱਲ 17 ਨਜ਼ਮਾਂ ਹਨ। ਪ੍ਰਥਮ ਕਵਿਤਾ ਦਾ ਸਿਰਲੇਖ ਹੈ 'ਹੋਲਾ ਮਹੱਲਾ'। ਇਸ ਕਵਿਤਾ ਰਾਹੀਂ ਖ਼ਾਲਸੇ ਦੇ ਮਹਾਨ ਪੁਰਬ ਨੂੰ ਸੁੰਦਰ ਸ਼ਬਦਾਵਲੀ ਰਾਹੀਂ ਬਿਆਨ ਕੀਤਾ ਗਿਆ ਹੈ। ਉਸ ਤੋਂ ਅਗਲੀ ਕਾਵਿ ਰਚਨਾ 12 ਸਤੰਬਰ, 1897 ਨੂੰ ਵਾਪਰੇ ਬੇਮਿਸਾਲ ਸ਼ਹੀਦੀ ਸਾਕੇ ਬਾਰੇ ਹੈ 'ਸਾਰਾਗੜ੍ਹੀ ਦਾ ਸਾਕਾ', ਜਿਥੇ 36 ਸਿੱਖ ਰਜਮੈਂਟ ਦੇ ਮੁੱਠੀ ਭਰ ਸੂਰਮਿਆਂ ਨੇ ਹਜ਼ਾਰਾਂ ਧਾੜਵੀ ਕਬਾਇਲੀਆਂ ਦਾ 'ਆਖ਼ਰੀ ਗੋਲੀ, ਆਖਰੀ ਜਵਾਨ ਤੱਕ' ਡਟ ਕੇ ਮੁਕਾਬਲਾ ਕੀਤਾ ਤੇ ਦੁਸ਼ਮਣ ਦੇ ਆਹੂ ਲਾਹੁੰਦਿਆਂ ਸ਼ਹੀਦੀਆਂ ਦੇ ਕੇ ਇਕ ਇਤਿਹਾਸ ਸਿਰਜ ਗਏ।
36ਵੀਂ ਸਿੱਖ ਬਟਾਲੀਅਨ ਦੇ ਸਾਰੇ ਫ਼ੌਜੀ, ਜੰਗੀ ਸਨਮਾਨ ਨਾਲ ਸਨਮਾਨੇ।
'ਚਮਕ' ਸਾਰਾਗੜ੍ਹੀ ਦੇ ਅਮਰ ਸ਼ਹੀਦ, ਜੁਗਾਂ ਤੱਕ ਰਹਿਣ ਸਨਮਾਨੇ।
(ਪੰਨਾ 11-12)
'ਕਾਮਾਗਾਟਾਮਾਰੂ ਕਾਂਡ', 'ਜਲਿਆਂਵਾਲੇ ਬਾਗ ਦਾ ਸਾਕਾ', 'ਸਾਕਾ ਨਨਕਾਣਾ ਸਾਹਿਬ', 'ਸਾਕਾ ਤਰਨ ਤਾਰਨ ਸਾਹਿਬ', 'ਚਾਬੀਆਂ ਦਾ ਮੋਰਚਾ', 'ਗੁਰੂ ਕੇ ਬਾਗ ਦਾ ਮੋਰਚਾ', 'ਪੰਜਾ ਸਾਹਿਬ ਦਾ ਸਾਕਾ', 'ਜੈਤੋ ਦਾ ਮੋਰਚਾ', ਸੰਨ 47', 'ਆਜ਼ਾਦੀ ਭਾਰਤ ਦੀ' ਇਸ ਪੁਸਤਕ ਦੀਆਂ ਬਾਕੀ ਰਚਨਾਵਾਂ ਹਨ। ਅੰਤਲੀ ਕਾਵਿ ਰਚਨਾ ਹੈ 'ਲਿਵ ਤੇ ਤ੍ਰਿਸ਼ਨਾ'।
ਰੈਣ ਅੰਧਾਰੀ, ਤ੍ਰਿਸ਼ਨਾ ਮੱਤ ਮਾਰੀ, ਅਨੇਕਾਂ ਜਨਮਾਂ ਤੋਂ ਵਿਛੜੀ ਸੁੱਖ ਲੋਚਦੀ
'ਚਮਕ' ਤ੍ਰਿਸ਼ਨਾ ਬੁਝੇ ਹਰਿ ਕੇ ਨਾਮ, ਸਚਿਆਰ ਲਿਵ ਜੋੜਨਾ ਲੋਚਦੀ।
ਕਵਿਤਾਵਾਂ ਦੇ ਨਾਲ-ਨਾਲ ਇਤਿਹਾਸਕ ਤੇ ਦੁਰਲੱਭ ਤਸਵੀਰਾਂ ਵੀ ਦਰਜ ਹਨ। ਤਸਵੀਰਾਂ ਦੀ ਇਬਾਰਤ (ਜਾਣਕਾਰੀ) ਵੀ ਨਾਲ ਦਿੱਤੀ ਗਈ ਹੈ। ਕਵਿਤਾਵਾਂ, ਸ਼ਰਧਾ ਭਾਵ ਨਾਲ ਲਿਖੀਆਂ ਗਈਆਂ ਹਨ ਅਤੇ ਨਾਲ ਹੀ ਇਸ ਮਕਸਦ ਨਾਲ ਕਿ ਨਵੀਂ ਪੀੜ੍ਹੀ ਆਪਣੇ ਮਾਣਮੱਤੇ ਵਿਰਸੇ ਨੂੰ ਚੇਤੇ ਰੱਖੇ। ਕਵਿਤਾਵਾਂ ਦੀ ਸ਼ਬਦਾਵਲੀ ਸਰਲ ਤੇ ਬਿਆਨੀਆ ਢੰਗ ਵਧੀਆ ਹੈ। ਸਰਵਰਕ ਸਮੇਤ ਕਿਤਾਬ ਦੀ ਦਿੱਖ ਸੁੰਦਰ ਹੈ। ਸੁਖਦੇਵ ਕੌਰ 'ਚਮਕ' ਦੀ ਇਹ ਸੱਜਰੀ ਪੁਸਤਕ ਉਸ ਦੀਆਂ ਹੋਰਨਾਂ ਪੁਸਤਕਾਂ ਵਾਂਗ ਹੀ ਪੜ੍ਹਨ ਤੇ ਵਿਚਾਰਨਯੋਗ ਹੈ।

ਤੀਰਥ ਸਿੰਘ ਢਿੱਲੋਂ
ਮੋ: 98154-61710.

ਫ ਫ ਫ

ਰੂਹ ਦੀ ਅੱਖ ਵਿੱਚੋਂ
ਸ਼ਾਇਰਾ : ਮਨਜੀਤ ਕੌਰ ਗਿੱਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98146-73236.

ਮਨਜੀਤ ਕੌਰ ਗਿੱਲ ਪ੍ਰਵਾਸੀ ਸ਼ਾਇਰਾ ਹੈ ਜਿਸ ਦੀਆਂ ਦੋ ਪੁਸਤਕਾਂ ਪਹਿਲਾਂ ਛਪ ਚੁੱਕੀਆਂ ਹਨ ਤੇ ਇਹ ਉਸ ਦੀ ਤੀਸਰੀ ਮੌਲਿਕ ਪੁਸਤਕ ਹੈ। ਵਿਦੇਸ਼ਾਂ ਵਿਚ ਰਹਿ ਕੇ ਵੀ ਮਨੁੱਖ ਆਪਣੀ ਮਿੱਟੀ ਤੋਂ ਨਾ ਟੁੱਟ ਸਕਦਾ ਹੈ ਤੇ ਨਾ ਹੀ ਬੇਮੁੱਖ ਹੋ ਸਕਦਾ ਹੈ। ਸ਼ਾਇਰਾ ਮਨਜੀਤ ਕੌਰ ਗਿੱਲ 'ਤੇ ਵੀ ਇਹ ਗੱਲ ਭਲੀਭਾਂਤ ਲਾਗੂ ਹੁੰਦੀ ਹੈ। ਪ੍ਰਵਾਸ ਵਿਚ ਹੁੰਦਿਆਂ ਹੋਇਆਂ ਵੀ ਉਹ ਪੰਜਾਬ ਦੇ ਮੋਹ ਨੂੰ ਤਿਆਗ ਨਹੀਂ ਸਕੀ ਤੇ ਇਸ ਦੇ ਫ਼ਿਕਰਾਂ ਦੀ ਪੰਡ ਆਪਣੇ ਸਿਰ 'ਤੇ ਚੁੱਕੀ ਫਿਰ ਰਹੀ ਹੈ ਪਰ ਇਸ ਪੰਡ ਦਾ ਭਾਰ ਨਿੱਤ ਦਿਨ ਵਧਦਾ ਜਾਂਦਾ ਹੈ। ਆਪਣੇ ਮਨ ਨੂੰ ਹੌਲਾ ਕਰਨ ਤੇ ਆਪਣੀ ਮਿੱਟੀ ਦੇ ਬਾਸ਼ਿੰਦਿਆਂ ਦੇ ਦੁੱਖ-ਦਰਦ ਵੰਡਾਉਣ ਲਈ ਉਹ ਸ਼ਾਇਰੀ ਦਾ ਸਹਾਰਾ ਲੈਂਦੀ ਹੈ।
ਗਿੱਲ ਆਪਣੀਆਂ ਕਵਿਤਾਵਾਂ ਵਿਚ ਪੰਜਾਬ ਦੇ ਪੁਰਾਣੇ ਵੇਲਿਆਂ ਨੂੰ ਯਾਦ ਕਰਦੀ ਹੈ ਤੇ ਇਸ ਦੀ ਫੁਲਕਾਰੀ 'ਤੇ ਸਿਤਾਰੇ ਜੜਨਾ ਲੋਚਦੀ ਹੈ। ਉਸ ਨੂੰ ਦੁੱਖ ਹੈ ਕਿ ਲੱਸੀ, ਘਿਓ ਤੇ ਮੱਖਣ ਲਈ ਮਸ਼ਹੂਰ ਪੰਜਾਬ ਭੁੱਕੀ, ਸਮੈਕ ਤੇ ਹੋਰ ਰਸਾਇਣਕ ਨਸ਼ਿਆਂ ਦਾ ਗ਼ੁਲਾਮ ਬਣ ਗਿਆ ਹੈ। ਉਸ ਮੁਤਾਬਿਕ ਗੁਰੂਆਂ ਦੀ ਧਰਤੀ 'ਤੇ ਸ਼ਾਹੂਕਾਰਾਂ, ਮੱਕਾਰਾਂ, ਗੱਲੇਬਾਜ਼ਾਂ, ਗੱਦਾਰਾਂ ਤੇ ਬਾਬਿਆਂ ਨੇ ਕਬਜ਼ਾ ਕਰ ਰੱਖਿਆ ਹੈ। ਉਹ ਏਦਾਂ ਦੇ ਪੰਜਾਬ ਨਾਲੋਂ ਪਹਿਲੇ ਪੰਜਾਬ ਨੂੰ ਆਵਾਜ਼ਾਂ ਮਾਰਦੀ ਹੈ, ਜਿਸ ਵਿਚ ਮੋਹ-ਪਿਆਰ ਦੀ ਮਹਿਕ ਸੀ ਤੇ ਤੱਤੇ ਤੱਤੇ ਗੁੜ ਦੀ ਉਡਦੀ ਖ਼ੁਸ਼ਬੂ ਸੀ। 'ਮੇਰੀ ਮਿੱਟੀ' ਕਵਿਤਾ ਵਿਚ ਉਹ ਮਿੱਟੀ ਵਿਚ ਰਸਾਇਣ ਮਿਲਾਉਣ ਵਾਲਿਆਂ ਨੂੰ ਸੁਚੇਤ ਕਰਦੀ ਹੋਈ ਕਹਿੰਦੀ ਹੈ ਕਿ ਇਸ ਮਿੱਟੀ ਨੂੰ ਇਸ ਤਰ੍ਹਾਂ ਹੋਰ ਬਾਂਝ ਨਾ ਬਣਾਇਆ ਜਾਵੇ।
ਉਸ ਅਨੁਸਾਰ ਪੰਜਾਬੀ ਪਹਿਰਾਵੇ ਦੀ ਪਛਾਣ ਗੁਆਚ ਗਈ ਹੈ, ਡੇਰਿਆਂ ਦਾ ਜਾਲ ਲੋਕਾਂ ਨੂੰ ਕਿਸੇ ਹੋਰ ਦਿਸ਼ਾ ਵੱਲ ਮੱਲੋਜ਼ੋਰੀ ਧੱਕ ਰਿਹਾ ਹੈ ਤੇ ਗੌਰਵਮਈ ਇਤਿਹਾਸ ਨੂੰ ਤਹਿਸ-ਨਹਿਸ ਕਰ ਦਿੱਤਾ ਗਿਆ ਹੈ। ਪੰਜਾਬ ਵਿਚ ਫੈਲੇ ਨਸ਼ਿਆਂ ਬਾਰੇ ਸ਼ਾਇਰਾ ਵਧੇਰੇ ਚਿੰਤਤ ਹੈ ਤੇ ਇਸ ਕਾਰਨ ਇਧਰ ਹੋ ਰਹੀਆਂ ਮੌਤਾਂ ਉਸ ਲਈ ਤਕਲੀਫ਼ਦੇਹ ਹਨ। ਮਨਜੀਤ ਕੌਰ ਗਿੱਲ ਆਪਣੀ ਕਲਮ ਰਾਹੀਂ ਅਨੇਕਾਂ ਸਵਾਲ ਖੜ੍ਹੇ ਕਰਦੀ ਹੈ ਪਰ ਉਨ੍ਹਾਂ ਦੇ ਜਵਾਬ ਹਕੂਮਤ ਸਮੇਤ ਕਿਸੇ ਕੋਲ ਨਹੀਂ ਹਨ। 'ਚਰਖ਼ਾ', 'ਉਹ ਦਿਨ', 'ਉਹ ਜੋ ਪੂਣੀਆਂ', ਤੇ 'ਕੱਲ੍ਹ ਜਦ' ਕਵਿਤਾਵਾਂ ਵਿਚ ਉਹ ਪੰਜਾਬ ਦੇ ਪੁਰਾਤਨ, ਪ੍ਰਚਲਤ ਤੇ ਪਰੰਪਰਾਗਤ ਰਹਿਣ-ਸਹਿਣ ਦਾ ਬਾਖ਼ੂਬੀ ਵਰਨਣ ਕਰਦੀ ਹੈ ਤੇ ਖ਼ੁਦ ਉਸ ਦਾ ਹਿੱਸਾ ਬਣਨਾ ਲੋਚਦੀ ਹੈ। ਸ਼ਾਇਰਾ ਦੀਆਂ ਕਵਿਤਾਵਾਂ ਵਿਚ ਪੰਜਾਬ ਦੇ ਗੰਨੇ ਦਾ ਰਸ ਹੈ, ਸਰ੍ਹੋਂ ਦੀ ਸੁਗੰਧ ਹੈ ਤੇ ਕੱਚੇ ਘਰਾਂ 'ਤੇ ਪੈਂਦੀ ਫ਼ੁਹਾਰ 'ਚੋਂ ਉਪਜੀ ਮਹਿਕ ਹੈ ਪਰ ਇਹ ਕਵਿਤਾਵਾਂ ਬੰਧਨ ਵਿਚ ਹੋ ਕੇ ਵੀ ਬੰਧਨ ਦੇ ਕਿੰਗਰੇ ਢਾਉਂਦੀਆਂ ਹਨ।

ਫ ਫ ਫ

ਜਦ ਕਲਮ ਬੋਲੀ
ਸ਼ਾਇਰ : ਮਨਜਿੰਦਰ ਸਿੰਘ ਵਿਰਕ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 88
ਸੰਪਰਕ : 88721-00757

ਪੰਜਾਬੀ ਕਵਿਤਾ ਦੇ ਖ਼ੇਤਰ ਵਿਚ ਨਵੇਂ-ਨਵੇਂ ਪ੍ਰਯੋਗ ਹੁੰਦੇ ਰਹੇ ਹਨ ਤੇ ਨਵੇਂ-ਨਵੇਂ ਪ੍ਰਵੇਸ਼ ਵੀ, ਜਿਸ ਨਾਲ ਚੋਣਵੀਆਂ ਭਾਸ਼ਾਵਾਂ ਦੀ ਕਵਿਤਾ ਵਾਂਗ ਇਸ ਨੂੰ ਸੰਤੁਸ਼ਟੀਜਨਕ ਮਾਨਤਾ ਮਿਲ ਸਕੀ ਹੈ। ਮਨਜਿੰਦਰ ਸਿੰਘ ਵਿਰਕ ਵੀ ਪੰਜਾਬੀ ਕਵਿਤਾ ਵਿਚ ਨਵਾਂ ਪ੍ਰਵੇਸ਼ ਹੈ। ਸ਼ਾਇਰ ਦੀ ਵੱਡੀ ਖ਼ੂਬੀ ਇਹ ਹੈ ਕਿ ਉਹ ਆਪਣੀ ਕਵਿਤਾ ਰਾਹੀਂ ਲੋਕਾਂ ਦੀ ਗੱਲ ਕਰਦਾ ਹੈ ਤੇ ਮਿਥੀਆਂ ਜਾ ਰਹੀਆਂ ਤਰਕਹੀਣ ਦਿਸ਼ਾਵਾਂ ਨੂੰ ਰੱਦ ਕਰਦਾ ਹੈ। ਸ਼ਾਇਰ ਮੁਤਾਬਿਕ ਅੱਜਕਲ੍ਹ ਲੋਕ ਦਿਖਾਵੇ ਨੂੰ ਹੀ ਤਰੱਕੀ ਸਮਝੀ ਜਾਂਦੇ ਹਨ ਤੇ ਸਾਧਾਰਨ ਜੀਵਨ ਜੀਅ ਰਹੇ ਬੰਦੇ ਨੂੰ ਕਮਜ਼ੋਰ ਸਮਝਣ ਦਾ ਭਰਮ ਪਾਲ ਲਿਆ ਜਾਂਦਾ ਹੈ। ਅੱਜ ਦਾ ਧਰਮ ਪਖੰਡ 'ਤੇ ਜ਼ਿਆਦਾ ਨਿਰਭਰ ਹੋ ਗਿਆ ਹੈ ਤੇ ਸਾਧਾਂ ਦੇ ਭੇਸ ਵਿਚ ਠੱਗਾਂ ਦੀ ਬਹੁਤਾਤ ਹੋ ਗਈ ਹੈ। 'ਪੰਜਾਬ' ਕਵਿਤਾ ਵਿਚ ਉਹ ਕਹਿੰਦਾ ਹੈ ਕਿ ਨੇਤਾਵਾਂ ਤੇ ਨਸ਼ਿਆਂ ਨੇ ਪੰਜਾਬ ਨੂੰ ਰੋਲ ਕੇ ਰੱਖ ਦਿੱਤਾ ਹੈ। ਉਸ ਮੁਤਾਬਿਕ ਕਾਵਾਂ ਨੇ ਪੰਜਾਬ ਦੀ ਬੋਲੀ ਲਾ ਛੱਡੀ ਹੈ ਤੇ ਇਸ ਦਾ ਵਜੂਦ ਖ਼ਤਰੇ ਵਿਚ ਹੈ। 'ਕੀ ਸੁਣਦੀ ਏਂ ਦਿੱਲੀਏ' ਵਿਚ ਉਹ ਦਿੱਲੀ ਨੂੰ ਮੁਖ਼ਾਤਿਬ ਹੋ ਕੇ ਪੰਜਾਬ ਦਾ ਦਰਦ ਫੋਲਦਾ ਹੈ। 'ਜੱਟ' ਕਵਿਤਾ ਵਿਚ ਉਹ ਗੀਤਕਾਰਾਂ ਤੇ ਗਾਇਕਾਂ ਨੂੰ ਸਵਾਲ ਪੁੱਛਦਾ ਹੈ ਕਿ ਜਿਹੜਾ ਜੱਟ ਤੁਸੀਂ ਚੈਨਲਾਂ 'ਤੇ ਦਿਖਾਉਂਦੇ ਹੋ ਦੱਸੋ ਉਹ ਵਸਦਾ ਕਿੱਥੇ ਹੈ। ਸ਼ਾਇਰ ਧੀਆਂ-ਭੈਣਾਂ ਨੂੰ ਨੁਮਾਇਸ਼ੀ ਵਸਤਾਂ ਬਣਾਉਣ ਵਾਲੇ ਅਖੌਤੀ ਕਲਾਕਾਰਾਂ ਨੂੰ ਵੀ ਲਲਕਾਰਦਾ ਹੈ ਤੇ ਉਸ ਮੁਤਾਬਿਕ ਵਕਤ ਆਉਣ 'ਤੇ ਇਸ ਦਾ ਹਿਸਾਬ ਪੁੱਛਿਆ ਜਾਵੇਗਾ। 'ਭੀਖ' ਕਵਿਤਾ ਵਿਚ ਉਹ ਗੁਰਦੁਆਰੇ, ਮੰਦਰਾਂ ਤੇ ਮਸਜਿਦਾਂ ਵਿਚ ਆਪਣੀਆਂ ਮੰਗਾਂ ਰੱਖਣ ਵਾਲੇ ਲੋਕਾਂ ਨੂੰ ਭਿਖਾਰੀ ਕਹਿੰਦਾ ਹੈ ਤੇ ਉਸ ਅਨੁਸਾਰ ਗ਼ਰੀਬ ਸੜਕ 'ਤੇ ਅਤੇ ਅਮੀਰ ਧਾਰਮਿਕ ਸਥਾਨ 'ਤੇ ਜਾ ਕੇ ਇਕੋ ਕੰਮ ਕਰਦੇ ਹਨ। ਸ਼ਾਇਰ ਜਵਾਨਾਂ ਨੂੰ ਹਿੰਮਤ ਕਰਕੇ ਅੱਗੇ ਵਧਣ ਲਈ ਆਖਦਾ ਹੈ ਤੇ ਉਹ ਸ਼ਹੀਦ ਭਗਤ ਸਿੰਘ ਵਰਗੀਆਂ ਸ਼ਖ਼ਸੀਅਤਾਂ ਦੀ ਸੋਚ ਨੂੰ ਸਲਾਮ ਕਰਦਾ ਹੈ। ਮਨਜਿੰਦਰ ਸਿੰਘ ਵਿਰਕ ਆਪਣੀ ਕਵਿਤਾ ਰਾਹੀਂ ਵਹਿਮਾਂ-ਭਰਮਾਂ ਵਿਚ ਫਸੇ ਲੋਕਾਂ ਨੂੰ ਜਾਗ੍ਰਿਤ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ। ਉਹ ਕੁੜੀਆਂ ਦੇ ਹੌਸਲੇ ਬੁਲੰਦ ਕਰਨ ਲਈ ਆਵਾਜ਼ ਉਠਾਉਂਦਾ ਹੈ ਤੇ ਉਨ੍ਹਾਂ 'ਤੇ ਤਨਜ਼ ਕਰਨ ਵਾਲਿਆਂ ਨੂੰ ਲੰਬੇ ਹੱਥੀਂ ਲੈਂਦਾ ਹੈ। ਮਨਜਿੰਦਰ ਸਿੰਘ ਵਿਰਕ ਨੇ ਆਪਣੀ ਕਵਿਤਾ ਵਿਚ ਬੰਦਿਸ਼ ਦੀਆਂ ਉਕਾਈਆਂ ਤਾਂ ਕੀਤੀਆਂ ਹਨ ਪਰ ਲੋਕ ਆਵਾਜ਼ ਤੇ ਲੋਕ ਦਰਦ ਨੂੰ ਬੁਲੰਦ ਕਰਨ ਵਿਚ ਭਰਪੂਰ ਯੋਗਦਾਨ ਪਾਇਆ ਹੈ।


ਂਗੁਰਦਿਆਲ ਰੌਸ਼ਨ
ਮੋ: 9988444002

25-06-2016

 ਭਾਰਤ-ਪਾਕਿ ਦੇ
ਪ੍ਰਸਿੱਧ ਸੂਫ਼ੀ ਸੰਤ

ਲੇਖਕ : ਮੌਲਾਨਾ ਅਨਵਰ ਅੰਮ੍ਰਿਤਸਰੀ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 99886-87843.


ਇਹ ਪੁਸਤਕ ਸੂਫ਼ੀ ਦਰਵੇਸ਼ਾਂ ਦੇ ਜੀਵਨ-ਬਿਰਤਾਂਤ ਅਤੇ ਉਨ੍ਹਾਂ ਦੀ ਵਿਚਾਰਧਾਰਾ ਦੇ ਕੁਝ ਪ੍ਰਮੁੱਖ ਸੂਤਰਾਂ ਦਾ ਬਖਾਣ ਕਰਦੀ ਹੈ। ਲੇਖਕ ਨੇ ਦਾਰੂਲ-ਉਲੂਮ-ਦੇਵਬੰਦ ਅਤੇ ਦਾਰੁਲ-ਉਲੂਮ-ਨਵਤੁਲ-ਉਲਮਾ ਵਰਗੇ ਏਸ਼ੀਆ ਦੇ ਵੱਡੇ ਇਸਲਾਮਿਕ ਕੇਂਦਰਾਂ ਵਿਚੋਂ ਪਵਿੱਤਰ ਕੁਰਆਨ, ਹਦੀਸ ਸ਼ਰੀਫ਼, ਫ਼ਿਕਹ ਅਤੇ ਮੰਤਕ ਆਦਿ ਬਾਰੇ ਗੰਭੀਰ ਜਾਣਕਾਰੀ ਹਾਸਲ ਕਰ ਰੱਖੀ ਹੈ। ਹਥਲੀ ਪੁਸਤਕ ਵਿਚ ਸੂਫ਼ੀ ਦਰਵੇਸ਼ਾਂ ਦਾ ਇਤਿਹਾਸ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਲਾਹ ਅਲੈਹਿ ਵਸੱਲਮ ਦੇ ਜ਼ਿਕਰੇ-ਖ਼ੈਰ ਨਾਲ ਸ਼ੁਰੂ ਹੁੰਦਾ ਹੈ। ਉਨ੍ਹਾਂ ਤੋਂ ਉਪਰੰਤ ਦਾਤਾ ਗੰਜ ਬਖਸ਼, ਖਵਾਜਾ ਮੁਈਨੁਦੀਨ ਚਿਸ਼ਤੀ, ਖਵਾਜਾ ਕੁਤਬੁਦੀਨ ਬਖ਼ਤਯਾਰ ਕਾਕੀ, ਸ਼ੇਖ਼ ਬਾਬਾ ਫ਼ਰੀਦ, ਹਜ਼ਰਤ ਨਿਜ਼ਾਮੁਦੀਨ ਔਲੀਆ, ਅਮੀਰ ਖੁਸਰੋ, ਹਜ਼ਰਤ ਸ਼ਾਹ ਹੁਸੈਨ, ਸਾਈਂ ਮੀਆਂ ਮੀਰ, ਬਾਬਾ ਬੁੱਲ੍ਹੇ ਸ਼ਾਹ ਆਦਿਕ 25 ਸੂਫ਼ੀ ਦਰਵੇਸ਼ਾਂ ਦੇ ਜੀਵਨ ਬਿਆਨ ਕੀਤੇ ਗਏ ਹਨ। ਲੇਖਕ ਨੇ ਸਯਦ ਵਾਰਿਸ ਸ਼ਾਹ ਅਤੇ ਮੀਆਂ ਮੁਹੰਮਦ ਬਖਸ਼ ਨੂੰ ਵੀ ਪੰਜਾਬ ਦੇ ਸੂਫ਼ੀਆਂ ਵਿਚ ਸ਼ੁਮਾਰ ਕਰ ਲਿਆ ਹੈ, ਜੋ ਉਸ ਦੀ ਉਦਾਰ ਦ੍ਰਿਸ਼ਟੀ ਦਾ ਸੂਚਕ ਹੈ।
ਇਸ ਪੁਸਤਕ ਦੀ ਵੱਡੀ ਸੀਮਾ ਆਕਾਰ ਦੀ ਰਹੀ ਹੈ। ਹਰ ਸੂਫ਼ੀ ਦਰਵੇਸ਼ ਦਾ ਜੀਵਨ-ਬਿਰਤਾਂਤ 2-3 ਪੰਨਿਆਂ ਵਿਚ ਹੀ ਸਮੇਟਣ ਦਾ ਯਤਨ ਕੀਤਾ ਗਿਆ ਹੈ। ਏਨੀ ਥੋੜ੍ਹੀ ਸਪੇਸ ਵਿਚ ਬਾਬਾ ਫ਼ਰੀਦ, ਸ਼ਾਹ ਹੁਸੈਨ ਅਤੇ ਬੁੱਲ੍ਹੇ ਸ਼ਾਹ ਆਦਿ ਬਾਰੇ ਕੀ ਕਿਹਾ-ਦੱਸਿਆ ਜਾ ਸਕਦਾ ਹੈ। ਹਾਂ, ਸਕੂਲ ਪੱਧਰ ਦੇ ਵਿਦਿਆਰਥੀਆਂ ਲਈ ਇਹ ਜਾਣਕਾਰੀ ਬੇਹੱਦ ਮਹੱਤਵਪੂਰਨ ਰਹੇਗੀ। ਲੇਖਕ ਨੇ ਸੂਫ਼ੀ ਪਰੰਪਰਾ ਦੇ ਸਮੁੱਚੇ ਇਤਿਹਾਸ ਨੂੰ ਇਕ ਮਾਲਾ ਵਿਚ ਪਰੋ ਦਿੱਤਾ ਹੈ। ਸੂਫ਼ੀਵਾਦ ਦਾ ਬੁਨਿਆਦੀ ਸਿਧਾਂਤ ਇਸ਼ਕ ਹੈ, ਜੋ ਸਾਧਕ ਦੇ ਮਨ ਵਿਚੋਂ 'ਮੈਂ-ਮੇਰਾ' ਦੇ ਭਾਵ ਖ਼ਾਰਜ ਕਰਕੇ 'ਤੂੰ-ਤੇਰਾ' ਦੇ ਸਮਾਜਿਕ ਸੰਦਰਭ ਨਾਲ ਜੋੜ ਦਿੰਦਾ ਹੈ। ਗ਼ਰੀਬੀ, ਹਲੀਮੀ, ਸਬਰ, ਤੌਬਾ, ਖ਼ਿਮਾ ਅਤੇ ਬੰਦਗੀ ਸੂਫ਼ੀਵਾਦ ਦੇ ਕੁਝ ਹੋਰ ਸਿਧਾਂਤ ਹਨ ਜੋ ਅਜੋਕੇ ਉਪਭੋਗਤਾਵਾਦ ਸਮਾਜ ਵਿਚੋਂ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਨਾਲ ਸਮਰੱਥ ਹਨ। ਇਨ੍ਹਾਂ ਨੁਕਤਿਆਂ ਵੱਲ ਮੌਲਾਨਾ ਜੀ ਨੇ ਧਿਆਨ ਦਿਵਾਇਆ ਹੈ। ਮੌਲਾਨਾ ਅਨਵਰ ਦੇ ਨਾਲ-ਨਾਲ ਉਨ੍ਹਾਂ ਦੀ ਬੇਗ਼ਮ ਰਿਜ਼ਵਾਨਾ ਜਲੰਧਰੀ ਦੀ ਮਿਹਨਤ ਵੀ ਇਸ ਪੁਸਤਕ ਦੇ ਹਰ ਪੰਨੇ ਵਿਚ ਝਲਕਦੀ ਦਿਖਾਈ ਦਿੰਦੀ ਹੈ।


ਂਬ੍ਰਹਮਜਗਦੀਸ਼ ਸਿੰਘ
ਮੋ: 98760-52136

 


ਸਿੱਖ ਸਮਾਜ ਦੇ ਮਸਲੇ
ਲੇਖਕ : ਤਰਲੋਚਨ ਸਿੰਘ ਸਾਬਕ ਐਮ.ਪੀ.
ਸੰਪਾਦਕ : ਉਜਾਗਰ ਸਿੰਘ
ਪ੍ਰਕਾਸ਼ਕ : ਚੜ੍ਹਦੀਕਲਾ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 133
ਸੰਪਰਕ : 92166-04002.


ਸ: ਤਰਲੋਚਨ ਸਿੰਘ ਪੰਜਾਬ ਤੇ ਸਿੱਖ ਮਸਲਿਆਂ ਨੂੰ ਵਿਚਾਰਨ ਲਈ ਸਦਾ ਤਤਪਰ ਰਹਿੰਦਾ ਹੈ। ਉਸ ਨੂੰ ਜਿੱਥੇ ਵੀ ਕੋਈ ਸਮੱਸਿਆ ਦਿਸਦੀ ਹੈ, ਉਹ ਉਸ ਦੇ ਹੱਲ ਲਈ ਆਪਣੇ ਸੁਝਾਅ ਪੇਸ਼ ਕਰਦਾ ਹੈ। ਉਸ ਦੀ ਚੌਥੀ ਕਿਤਾਬ 'ਸਿੱਖ ਸਮਾਜ ਦੇ ਮਸਲੇ' ਇਸ ਗੱਲ ਦਾ ਪ੍ਰਮਾਣ ਹੈ।
'ਸਿੱਖ ਸਮਾਜ ਦੇ ਮਸਲੇ' ਵਿਚ 32 ਲੇਖ ਸ਼ਾਮਿਲ ਹਨ। ਜਿਨ੍ਹਾਂ ਵਿੱਚ ਹਿੰਦੂ-ਸਿੱਖ ਏਕਤਾ, ਸਿੱਖਾਂ ਦੀ ਘਟ ਆਬਾਦੀ, ਸਿੱਖ ਵਿੱਦਿਅਕ ਕਾਨਫ਼ਰੰਸਾਂ, ਕਾਰ ਸੇਵਾ ਵਾਲੇ ਬਾਬਿਆਂ ਦੀ ਸੇਵਾ/ਕੁਸੇਵਾ, ਡੇਰਾਵਾਦ, 1984 ਦਾ ਦੁਖਾਂਤ, ਸ਼ਤਾਬਦੀਆਂ ਕਿਵੇਂ ਮਨਾਈਏ, ਸਿੱਖ ਸਮਾਜ ਦੀ ਫੁੱਟ, ਕਾਂਗਰਸ ਦੀ ਦੋਗਲੀ ਨੀਤੀ, ਸਿੱਖੀ ਦੇ ਪ੍ਰਚਾਰ ਵਿਚ ਯੂਨੀਵਰਸਿਟੀਆਂ ਦਾ ਯੋਗਦਾਨ, ਭਾਰਤੀ ਲੋਕ-ਤੰਤਰ ਦੀਆਂ ਕਮੀਆਂ, ਘੱਟ-ਗਿਣਤੀਆਂ ਦੇ ਮਸਲੇ, ਦੇਸ਼-ਵਿਦੇਸ਼ ਵਿਚ ਸਰਦਾਰਾਂ ਦੀ ਚੜ੍ਹਤ, ਅਕਾਲੀ-ਕਾਂਗਰਸ ਸਬੰਧ, ਸਿੱਖ ਪਛਾਣ ਦੀ ਸਮੱਸਿਆ, ਇਤਿਹਾਸਕ ਨਿਸ਼ਾਨੀਆਂ ਦੀ ਸੰਭਾਲ, ਪਾਰਲੀਮੈਂਟ ਵਿਚ ਸਿੱਖ ਮਸਲੇ, ਪੰਡਤ ਨਹਿਰੂ ਤੇ ਪੰਜਾਬ ਆਦਿ ਵਿਸ਼ਿਆਂ ਨੂੰ ਵਿਚਾਰ-ਅਧੀਨ ਲਿਆਂਦਾ ਗਿਆ ਹੈ।
ਜਦੋਂ ਪਾਰਲੀਮੈਂਟ ਵਿਚ ਬਾਬਰੀ ਮਸਜਿਦ ਨੂੰ ਢਾਹੁਣ ਬਾਰੇ ਬਹਿਸ ਚੱਲ ਰਹੀ ਸੀ ਤਾਂ ਤਰਲੋਚਨ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਉਤੇ ਫ਼ੌਜੀ ਹਮਲੇ ਬਾਰੇ ਏਨਾ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ ਕਿ ਪਾਰਲੀਮੈਂਟ ਵਿਚ 'ਸ਼ੇਮ ਸ਼ੇਮ' ਦੇ ਆਵਾਜ਼ੇ ਗੂੰਜ ਉੱਠੇ। ਇਕ ਵਾਰ ਤਰਲੋਚਨ ਸਿੰਘ ਪੰਜਾਬ ਯੂਨੀਵਰਸਿਟੀ ਲਾਹੌਰ ਵਿਚ ਸੂਫ਼ੀ ਸੈਮੀਨਾਰ ਵਿਚ ਸ਼ਾਮਿਲ ਹੋਏ। ਤਰਲੋਚਨ ਸਿੰਘ ਨੇ ਕਿਹਾ ਪਾਕਿਸਤਾਨ ਦੀਆਂ ਪੁਸਤਕਾਂ ਵਿਚੋਂ ਸਿੱਖ ਧਰਮ ਕਿਉਂ ਖਾਰਜ ਕਰ ਦਿੱਤਾ ਗਿਆ ਹੈ? ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਸਰਬ-ਸਾਂਝੇ ਰਾਜ ਨੂੰ ਕਿਵੇਂ ਭੁੱਲ ਗਏ ਹੋ? ਮਾਂ-ਬੋਲੀ ਪੰਜਾਬੀ ਨੂੰ ਨਕਾਰ ਕੇ ਉਰਦੂ ਦੀ ਗੁਲਾਮੀ ਕਿਉਂ ਕਰਦੇ ਹੋ? ਪਾਕਿਸਤਾਨੀ ਲੋਕ ਅਤੇ ਵਿਦਵਾਨ ਤਰਲੋਚਨ ਸਿੰਘ ਦੇ ਲੈਕਚਰ ਤੋਂ ਬਹੁਤ ਮੁਤਾਸਰ ਹੋਏ। ਸ: ਤਰਲੋਚਨ ਸਿੰਘ ਸਿੱਖ ਸਮਾਜ ਤੇ ਪੰਜਾਬੀਅਤ ਦਾ ਅੰਤਰਰਾਸ਼ਟਰੀ ਰਾਜਦੂਤ ਹੈ। ਪੰਜਾਬ ਦੇ ਸਿੱਖ ਤੇ ਗ਼ੈਰ-ਸਿੱਖ ਲੀਡਰਾਂ ਬਾਰੇ ਤਰਲੋਚਨ ਸਿੰਘ ਨੂੰ ਭਾਰੀ ਗਿਲਾ ਹੈ ਕਿ ਉਨ੍ਹਾਂ ਨੇ ਆਪਣੀਆਂ ਯਾਦਾਂ ਦੇ ਆਧਾਰ 'ਤੇ ਕੋਈ ਪੁਸਤਕ ਜਾਂ ਲੇਖ ਨਹੀਂ ਲਿਖਿਆ। ਉਹ ਪੰਜਾਬ ਦਾ ਅਸਲੀ ਤੇ ਅੰਦਰੂਨੀ ਇਤਿਹਾਸ ਆਪਣੀਆਂ ਛਾਤੀਆਂ ਵਿਚ ਲੈ ਕੇ ਹੀ ਦੁਨੀਆ ਤੋਂ ਤੁਰ ਗਏ। ਪੰਜਾਬ ਦੇ ਲੇਖਕ ਤੇ ਬੁੱਧੀਜੀਵੀ ਵੀ ਅਹਿਮ ਮਸਲਿਆਂ ਬਾਰੇ ਚੁੱਪ ਹੀ ਵੱਟੀ ਰੱਖਦੇ ਹਨ। ਮੌਜੂਦਾ ਲੀਡਰਾਂ ਤੇ ਲੇਖਕਾਂ ਨੂੰ ਇਸ ਸਬੰਧ ਵਿਚ ਸੁਚੇਤ ਹੋਣਾ ਚਾਹੀਦਾ ਹੈ।
ਸ: ਤਰਲੋਚਨ ਸਿੰਘ ਇਕ ਸੁਚੇਤ ਬੁੱਧੀਜੀਵੀ, ਚਿੰਤਕ ਤੇ ਕਲਮਕਾਰ ਹਨ। ਸਰਕਾਰ ਤੇ ਪਾਰਲੀਮੈਂਟ ਵਿਚ ਉਨ੍ਹਾਂ ਦੀ ਕਾਰਗੁਜ਼ਾਰੀ ਪ੍ਰਸੰਸਾਯੋਗ ਹੈ। ਉਨ੍ਹਾਂ ਦੇ ਵਿਚਾਰਾਂ ਤੇ ਸੁਝਾਵਾਂ ਤੋਂ ਸੇਧ ਲੈਣੀ ਚਾਹੀਦੀ ਹੈ।


ਂਨਰਿੰਜਨ ਸਿੰਘ ਸਾਥੀ
ਮੋ: 98155-40968


ਸੱਚੀਆਂ ਤੇ ਖਰੀਆਂ
ਲੇਖਕ : ਹਰਦੇਵ ਸਿੰਘ ਧਾਲੀਵਾਲ
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨਜ਼, ਮਾਨਸਾ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 98150-37279.


'ਸੱਚੀਆਂ ਤੇ ਖਰੀਆਂ' ਹਰਦੇਵ ਸਿੰਘ ਧਾਲੀਵਾਲ ਦੀ ਨਵੀਂ ਵਾਰਤਕ ਪੁਸਤਕ ਹੈ। ਕਿਉਂਕਿ ਲੇਖਕ ਖ਼ੁਦ ਇਕ ਪੁਲਿਸ ਅਧਿਕਾਰੀ ਦੇ ਤੌਰ 'ਤੇ ਸੇਵਾ-ਮੁਕਤ ਹੋਇਆ ਹੈ, ਇਸ ਕਰਕੇ ਇਸ ਵਾਰਤਕ ਪੁਸਤਕ ਵਿਚ ਉਨ੍ਹਾਂ ਨੇ ਜਿਥੇ ਆਪਣੇ ਮਹਿਕਮੇ ਵਿਚ ਰਹਿੰਦਿਆਂ ਆਪਣੇ ਅਨੁਭਵ ਬਿਆਨ ਕੀਤੇ ਹਨ, ਉਥੇ ਉਨ੍ਹਾਂ ਨੇ ਧਰਮ, ਰਾਜਨੀਤੀ, ਸਮਾਜ ਦੇ ਖੇਤਰ ਵਿਚ ਪੈਦਾ ਹੋ ਰਹੀਆਂ ਪੇਚੀਦਗੀਆਂ ਅਤੇ ਮਸਲਿਆਂ ਨੂੰ ਪਾਠਕਾਂ ਦੇ ਰੂ-ਬਰੂ ਕਰਨ ਦਾ ਯਤਨ ਕੀਤਾ ਹੈ। ਇਸ ਪੁਸਤਕ ਵਿਚ ਲੇਖਕ ਨੇ ਸਿੱਖ ਧਰਮ ਦੀ ਉੱਚਤਾ ਨੂੰ ਬਿਆਨ ਕਰਨ ਦੇ ਨਾਲ-ਨਾਲ ਅਜੋਕੇ ਦੌਰ ਵਿਚ ਸਿੱਖ ਰਾਜਨੀਤੀ ਦੇ ਅੰਤਰ-ਵਿਰੋਧਾਂ ਨੂੰ ਵਿਵੇਕ ਸਹਿਤ ਪੇਸ਼ ਕਰਨ ਦਾ ਯਤਨ ਕੀਤਾ ਹੈ। ਸਿੱਖੀ ਸਰੂਪ ਦੇ ਮਹੱਤਵ, ਪੰਥਕ ਰਹਿਤ ਮਰਿਆਦਾ ਦੇ ਗੌਰਵ ਅਤੇ ਸਿੱਖ ਧਰਮ ਦੇ ਆਗੂਆਂ ਨੂੰ ਪੰਥ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਰਹਿਣ ਦੀ ਅਪੀਲ ਵੀ ਕੀਤੀ ਗਈ ਹੈ। ਪੁਸਤਕ ਵਿਚ ਜਿਥੇ ਖਾੜਕੂਵਾਦ ਦੇ ਦੌਰ ਦੀ ਗਾਥਾ ਨੂੰ ਬਿਆਨ ਕਰਦਿਆਂ ਲੇਖਕ ਨੇ ਜੇ.ਐਫ. ਰਿਬੈਰੋ ਦੀ ਸਵੈ-ਜੀਵਨੀ ਦੇ ਹਵਾਲੇ ਦਿੱਤੇ ਹਨ, ਉਥੇ ਮਹਿਕਮੇ ਵਿਚ ਕੰਮ ਕਰਦਿਆਂ ਡਿਊਟੀ ਪ੍ਰਤੀ ਇਮਾਨਦਾਰੀ ਅਤੇ ਸਖ਼ਤ ਸੁਭਾਅ ਬਾਰੇ ਵੀ ਚਰਚਾ ਕੀਤੀ ਹੈ। ਪੰਜਾਬ ਵਿਚ ਨਸ਼ੇ, ਭਰੂਣ ਹੱਤਿਆ, ਲੁੱਟ-ਖੋਹ ਅਤੇ ਅਫਰਾ-ਤਫਰੀ ਦੇ ਮਾਹੌਲ ਦੇ ਕਾਰਨ ਤਲਾਸ਼ਦਿਆਂ ਲੇਖਕ ਨੇ ਲੋਕਾਂ ਦੀ ਸੰਵੇਦਨਾ ਨੂੰ ਝੰਜੋੜਨ ਦਾ ਯਤਨ ਕੀਤਾ ਹੈ। ਇਕ ਪੁਸਤਕ ਵਿਚ ਹਰਦੇਵ ਸਿੰਘ ਧਾਲੀਵਾਲ ਨੇ ਪੰਜਾਬ ਵਿਚ ਪੈਦਾ ਹੋ ਰਹੇ ਸਰਬਪੱਖੀ ਨਿਘਾਰ ਬਾਰੇ ਫ਼ਿਕਰਮੰਦੀ ਦਾ ਇਜ਼ਹਾਰ ਕਰਦਿਆਂ ਰਾਜਨੀਤੀਵਾਨਾਂ ਨੂੰ ਸੱਚੇ ਦਿਲੋਂ ਪੰਜਾਬ ਦੀ ਭਲਾਈ ਲਈ ਯਤਨਸ਼ੀਲ ਹੋਣ ਬਾਰੇ ਅਪੀਲ ਵੀ ਕੀਤੀ ਹੈ ਤੇ ਸੁਚੇਤ ਵੀ ਕੀਤਾ ਹੈ।


ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.

 

 

ਲੰਮੇ ਰਾਹਾਂ ਦੀ ਕਥਾ
ਲੇਖਕ : ਜਸਪਾਲ ਸਿੰਘ ਬੈਂਸ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 200 ਰੁਪਏ (ਵਿਦੇਸ਼ 10 ਪੌਂਡ),
ਸਫ਼ੇ : 264
ਸੰਪਰਕ : 0161-6540738.


ਜਸਪਾਲ ਸਿੰਘ ਡੈਵਨਸ਼ਾਇਰ ਰਹਿੰਦਾ ਪਰਵਾਸੀ ਪੰਜਾਬੀ ਹੈ। ਪੰਜਾਬ ਤੇ ਭਾਰਤ ਨਾਲ ਉਸ ਦੀਆਂ ਡੂੰਘੀਆਂ ਮੁਹੱਬਤੀ ਸਾਂਝਾਂ, ਯਾਦਾਂ ਤੇ ਸੁਪਨੇ ਜੁੜੇ ਹੋਏ ਹਨ। ਲੰਮੇ ਰਾਹਾਂ ਦੀ ਕਥਾ ਪ੍ਰਤੀਕਾਤਮਕ ਰੂਪ ਵਿਚ ਉਸ ਦੇ ਵਿਦੇਸ਼ਾਂ ਦੇ ਲੰਮੇ ਪੈਂਡਿਆਂ 'ਤੇ ਮਜਬੂਰਨ ਤੁਰਨ ਵਰਗੀ ਵਾਰਤਾ ਸੋਚ ਕੇ ਪੜ੍ਹਨ ਲੱਗਾ ਤਾਂ ਪਤਾ ਲੱਗਾ ਕਿ ਇੰਜ ਨਹੀਂ। ਇਸ ਵਿਚ ਤਾਂ ਉਥੋਂ ਤੁਰ ਕੇ ਸ਼ੌਕੀਆ ਦੁਨੀਆ ਦੇਖਣ ਲਈ ਕੀਤੀਆਂ ਯਾਤਰਾਵਾਂ ਦੇ ਦੋ ਪ੍ਰਕਾਰ ਦੇ ਬਿਰਤਾਂਤ ਹਨ। ਪੁਸਤਕ ਦੇ ਪਹਿਲੇ ਅੱਧ ਵਿਚ ਬਰਮਿੰਘਮ ਤੋਂ ਤੁਰ ਕੇ ਇਟਲੀ, ਫ਼ਰਾਂਸ, ਗਰੀਸ, ਟਰਕੀ ਦੀ ਕਰੂਜ਼ 'ਤੇ ਕੀਤੀ ਲੰਮੀ ਸੈਰ ਦਾ ਉਲੇਖ ਹੈ। ਜੀਨੋਅ, ਕਾਟਾਕਲੋਨ, ਹਰਕਲੋਨੀਅਨ, ਮਾਰਮਾਰਿਸ, ਇਜ਼ਮਿਰ, ਪਾਇਰਸ, ਏਥਨਜ਼, ਪਾਲਿਰਮੋ ਤੇ ਰੋਮ ਦੇ ਨਗਰਾਂ ਦੀ ਯਾਤਰਾ ਹੈ। ਦੂਜੇ ਭਾਗ ਵਿਚ ਪਾਕਿਸਤਾਨ ਦੇ ਗੁਰਦੁਆਵਿਆਂ, ਗੁਰਧਾਮਾਂ ਤੇ ਵਾਰਿਸ ਸ਼ਾਹ ਦੀ ਜਨਮ ਭੂਮੀ ਦੀਆਂ ਗੇੜੀਆਂ ਦਾ ਬਿਰਤਾਂਤ ਹੈ।
ਪੁਸਤਕ ਵਿਚ ਵਿਭਿੰਨ ਮਜ਼੍ਹਬਾਂ, ਦੇਸ਼ਾਂ, ਲੋਕਾਂ ਨਾਲ ਮਿਲਦੇ ਸਮੇਂ ਉਸ ਨਾਲ ਆਪਣੀ ਪਤਨੀ ਤੋਂ ਇਲਾਵਾ ਪਰਵਾਸੀ ਜੋੜੇ ਹਨ ਅਤੇ ਆਪਣੇ ਮਿੱਤਰ ਹਨ। ਪਾਕਿਸਤਾਨ ਤੇ ਹੋਰ ਦੇਸ਼ਾਂ ਦੀਆਂ ਯਾਤਰਾਵਾਂ ਦੌਰਾਨ ਉਸ ਨੂੰ ਪੰਜਾਬ ਵਾਰ-ਵਾਰ ਚੇਤੇ ਆਉਂਦਾ ਹੈ। ਨਹਿਰੂ-ਇੰਦਰਾ-ਰਾਜੀਵ ਦੀ ਸਿਆਸਤ, ਬਾਦਲ-ਟੌਹੜਾ, ਸੁਖਬੀਰ ਦੀ ਸਿਆਸਤ, ਆਪ੍ਰੇਸ਼ਨ ਬਲਿਊ ਸਟਾਰ, ਦਿੱਲੀ ਦੰਗੇ, ਮੋਦੀ ਤੇ ਆਰ.ਐਸ.ਐਸ. ਦੀ ਉਲਾਰ ਸੋਚ, ਹੱਕਾਂ ਲਈ ਲੜ ਰਹੇ ਸਿੱਖਾਂ ਤੇ ਪੰਜਾਬੀਆਂ ਦੀ ਸੋਚ ਬਾਰੇ ਉਹ ਜਜ਼ਬਾਤੀ ਟਿੱਪਣੀਆਂ ਕਰਦਾ ਤੁਰਿਆ ਜਾਂਦਾ ਹੈ। ਆਪਣੀ ਪਤਨੀ ਨਾਲ ਗੁਜ਼ਾਰੇ ਰੁਮਾਂਟਿਕ ਛਿਣਾਂ ਦੀਆਂ ਝਲਕਾਂ ਬਿਆਨਦਾ ਹੋਇਆ ਉਹ ਵਾਰਤਕ ਨੂੰ ਨੀਰਸ ਨਹੀਂ ਹੋਣ ਦਿੰਦਾ। ਲੰਮੇ ਰਾਹਾਂ ਦੀ ਕਥਾ ਵੱਖਰੀ ਭਾਂਤ ਦਾ ਸਫ਼ਰਨਾਮਾ ਹੈ। ਕਥਾ ਵਾਲੀ ਸਿਰਜਣਾਤਮਕ ਕਲਪਨਾ, ਦੇਸ਼-ਵਿਦੇਸ਼ ਦੇ ਸਮਾਜ, ਸਾਹਿਤ, ਇਤਿਹਾਸ, ਮਿਥਿਹਾਸ ਤੇ ਸਿਆਸਤ ਬਾਰੇ ਜਾਣਕਾਰੀ ਇਕ-ਦੂਜੇ ਨਾਲ ਘੁਲ-ਮਿਲ ਗਏ ਹਨ। ਏਥਨਜ਼, ਰੋਮ ਦਾ ਪੁਰਾਤਨ ਮਿਥਿਹਾਸ, ਇਤਿਹਾਸ, ਟਰਾਇ-ਸਪਾਰਟਾ-ਹੈਲਨ, ਵੈਟੀਕਨ ਬਾਰੇ ਚਰਚਾ ਸਾਰਾ ਕੁਝ ਦਿਲਚਸਪ ਹੈ।


ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550


ਅਹਿਸਾਸ ਤੇਰੀ ਹੋਂਦ ਦਾ
ਲੇਖਕ : ਦਲਜੀਤ ਗਿੱਲ
ਪ੍ਰਕਾਸ਼ਕ : ਨਵਜੋਤ ਸਾਹਿਤ ਸੰਸਥਾ (ਰਜਿ:) ਔੜ (ਨਵਾਂਸ਼ਹਿਰ)
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 98146-99569.


'ਨਾ ਖੜ੍ਹੀਆਂ ਕਰੋ ਦੀਵਾਰਾਂ ਦੁਸ਼ਮਣੀ ਦੀਆਂ ਯਾਰੋ।
ਜੇ ਨਹੀਂ ਬਣਾ ਸਕਦੇ ਪੁਲ, ਭਾਈਚਾਰੇ ਦਾ।'
ਇਹ ਸਤਰਾਂ ਪੜ੍ਹ ਕੇ ਪਤਾ ਲੱਗ ਜਾਂਦਾ ਹੈ ਕਿ ਲੇਖਕ ਦੀ ਸੋਚ ਮਾਨਵਵਾਦੀ ਹੈ। ਉਹ ਜਾਤ-ਪਾਤ, ਧਰਮਾਂ ਦੇ ਬੰਧਨਾਂ ਤੋਂ ਉੱਪਰ ਉੱਠ ਕੇ ਪੂਰੀ ਮਾਨਵਤਾ ਦਾ ਭਲਾ ਲੋੜਦਾ ਹੈ। ਲੇਖਕ ਦੀ ਇਹ 13ਵੀਂ ਪੁਸਤਕ ਹੈ। ਇਸ ਵਿਚ ਕਵਿਤਾਵਾਂ ਤੇ ਗੀਤ ਹਨ। ਸਾਰੀਆਂ ਕਵਿਤਾਵਾਂ ਵੱਖੋ-ਵੱਖਰੇ ਵਿਸ਼ਿਆਂ ਨਾਲ ਸਬੰਧਤ ਹਨ। 'ਅਹਿਸਾਸ ਤੇਰੀ ਹੋਂਦ ਦਾ' ਕਮਾਲ ਦੀ ਰਚਨਾ ਹੈ।
'ਮੈਂ ਕਈ ਤਖਤਾਂ ਨੂੰ ਫੂਕ ਦਿੱਤਾ
ਤੇ ਕਈ ਤਾਜ ਵੀ ਤੇਰੇ ਲਈ ਸਾੜ ਦਿੱਤੇ
ਮੈਂ ਚੀਰਿਆ ਕਈ ਹਨੇਰਿਆਂ ਨੂੰ
ਵਰਕੇ ਕਈ ਬਦੀ ਦੇ ਪਾੜ ਦਿੱਤੇ।'
ਲੇਖਕ ਆਪਣੀਆਂ ਰਚਨਾਵਾਂ ਵਿਚ ਸੋਹਣੇ ਤੇ ਸੁਚੱਜੇ ਸਮਾਜ ਦੀ ਤਸਵੀਰ ਬਣਾਉਂਦਾ ਹੈ। ਉਹ ਔਰਤ ਦੀ ਬਰਾਬਰੀ ਦੀ ਵੀ ਗੱਲ ਕਰਦਾ ਹੈ।
'ਹਾਂ ਮੁਜੱਸਮਾ ਪਿਆਰ ਦਾ ਜੇ, ਹਾਂ ਸ਼ੀਹਣੀ ਪੰਜ ਦਰਿਆਵਾਂ ਦੀ।
ਹਾਂ ਬਰਾਬਰ ਸ਼ਰੀਕ ਤੇਰੇ, ਸੰਗ ਹਰ ਕਰਿਆਵਾਂ ਦੀ।'
ਲੇਖਕ ਨੇ ਬੜੀਆਂ ਹੀ ਖੂਬਸੂਰਤ ਤੇ ਅਰਥ ਭਰਪੂਰ ਕਵਿਤਾਵਾਂ ਲਿਖੀਆਂ ਹਨ। ਗੀਤਾਂ ਦਾ ਰੰਗ ਭਾਵੇਂ ਪਿਆਰ ਵਾਲਾ ਹੈ ਪਰ ਲੇਖਕ ਸੱਚੇ-ਸੁੱਚੇ ਪਿਆਰ ਦੀ ਹੀ ਹਾਮੀ ਭਰਦਾ ਹੈ। ਕੁਝ ਵੱਖਰੇ ਰੰਗ ਵੀ ਹਨ।
'ਅਸੀਂ ਸੂਲੀ ਵੀ ਹਾਂ ਚੜ੍ਹੇ, ਕਦੇ ਸੀ ਵੀ ਨਾ ਕੀਤੀ।
ਜਾਨ ਲਬਾਂ ਉੱਤੇ ਆਈ, ਚਾਹੇ ਜ਼ਬਾਨ ਗਈ ਸੀਤੀ।'


ਂਅਵਤਾਰ ਸਿੰਘ ਸੰਧੂ
ਮੋ: 99151-82971

 

19-06-2016

 ਵਿਗਿਆਨ ਅਤੇ ਸਮਾਜ
ਲੇਖਕ : ਤਰਸੇਮ ਸਿੰਘ ਰਿਐਤ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ,ਸਫ਼ੇ : 176
ਸੰਪਰਕ : 98761-33022.

 


21ਵੀਂ ਸਦੀ ਵਿਗਿਆਨ ਦੀ ਸਦੀ ਹੈ। ਪੰਜਾਬੀ ਜ਼ਬਾਨ ਦੀ ਤਰੱਕੀ ਕੇਵਲ ਸਿਰਜਣਾਤਮਕ ਸਾਹਿਤ ਆਸਰੇ ਸੰਭਵ ਨਹੀਂ। ਇਸ ਨੂੰ ਗਿਆਨ-ਵਿਗਿਆਨ ਦੇ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਕਰਕੇ ਹੀ ਵਿਕਸਤ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਲਈ ਵਿਆਪਕ ਪੱਧਰ 'ਤੇ ਵਿਗਿਆਨ ਤੇ ਵਿਗਿਆਨਕ ਚੇਤਨਾ ਦੇ ਪਸਾਰ ਦੀ ਆਵਸ਼ਕਤਾ ਹੈ। ਰਿਐਤ ਦੀ ਵਿਚਾਰ ਅਧੀਨ ਪੁਸਤਕ ਇਸ ਦਿਸ਼ਾ ਵਿਚ ਸਾਰਥਕ ਉੱਦਮ ਹੈ। ਲੇਖਕ ਨੇ ਮੁੱਖ ਬੰਧ ਤੱਕ ਦੀ ਜਾਣ-ਪਛਾਣ ਦੇ ਪੰਨੇ ਛੱਡ ਕੇ 150 ਪੰਨੇ ਵਿਚ 14 ਨਿਬੰਧਾਂ ਰਾਹੀਂ ਵਿਗਿਆਨ ਤੇ ਸਮਾਜ ਦੇ ਸਬੰਧਾਂ ਦੇ ਵਿਭਿੰਨ ਪਸਾਰਾਂ ਨੂੰ ਵਿਸਥਾਰ ਨਾਲ ਵਿਚਾਰਿਆ ਹੈ। ਵਿਗਿਆਨ ਅਤੇ ਸਮਾਜ ਦੇ ਗੁੰਝਲਦਾਰ ਰਿਸ਼ਤੇ ਦੀ ਇਸ ਚਰਚਾ ਵਿਚ ਵਿਗਿਆਨਕ ਅਤੇ ਗ਼ੈਰ-ਵਿਗਿਆਨਕ ਵਿਚਾਰਧਾਰਾ ਵਿਚ ਨਿਖੇੜ ਨਾਲ ਲੇਖਕ ਨੇ ਗੱਲ ਸ਼ੁਰੂ ਕੀਤੀ ਹੈ। ਵਿਗਿਆਨ ਦੇ ਦਰਸ਼ਨ, ਧਰਮ, ਸਾਹਿਤ, ਰਾਜਨੀਤੀ ਤੇ ਮਨੋਵਿਗਿਆਨ ਵਿਸ਼ਿਆਂ ਉਤੇ ਇਸ ਪੁਸਤਕ ਵਿਚ ਨਵੇਂ ਗਿਆਨ ਦੀ ਰੌਸ਼ਨੀ ਵਿਚ ਚਰਚਾ ਕੀਤੀ ਗਈ ਹੈ। ਮਨੁੱਖ ਦੀਆਂ ਨਿੱਜੀ ਸਮੱਸਿਆਵਾਂ, ਰਾਸ਼ਟਰੀ/ਅੰਤਰਰਾਸ਼ਟਰੀ ਸਮੱਸਿਆਵਾਂ, ਵਿਸ਼ਵ ਸ਼ਾਂਤੀ, ਸੇਵਾ ਤੇ ਮਨੁੱਖਤਾ ਦੇ ਪ੍ਰਸੰਗ ਵਿਚ ਵਿਗਿਆਨ ਦੇ ਮਹੱਤਵ ਨੂੰ ਉਜਾਗਰ ਕਰਨ ਦਾ ਉਪਰਾਲਾ ਲੇਖਕ ਨੇ ਕੀਤਾ ਹੈ। ਵੇਖਣ-ਸੁਣਨ ਨੂੰ ਇਹ ਸਾਰੇ ਵਿਸ਼ੇ ਸਕੂਲ/ਕਾਲਜ ਦੇ ਨਿਬੰਧਾਂ ਦੇ ਪ੍ਰਤੀਤ ਹੁੰਦੇ ਹਨ ਪਰ ਇਨ੍ਹਾਂ ਦੇ ਵਿਸ਼ਲੇਸ਼ਣ ਤੇ ਪੇਸ਼ਕਾਰੀ ਦੀ ਗੰਭੀਰਤਾ ਕਾਰਨ ਇਹ ਪੁਸਤਕ ਸਾਰਥਕ ਮਹੱਤਵ ਵਾਲੀ ਬਣ ਗਈ ਹੈ।
ਲੇਖਕ ਨੇ ਇਸ ਵਿਚ ਕਈ ਥਾਵਾਂ 'ਤੇ ਮੌਲਿਕ ਸੋਚ ਵਾਲੀਆਂ ਟਿੱਪਣੀਆਂ ਅਤੇ ਅੰਤਰਦ੍ਰਿਸ਼ਟੀਆਂ ਅੰਕਿਤ ਕਰਕੇ ਇਸ ਕਿਤਾਬ ਨੂੰ ਵਿਚਾਰ ਉਤੇਜਕ ਤੇ ਪੜ੍ਹਨਯੋਗ ਬਣਾ ਦਿੱਤਾ ਹੈ। ਉਦਾਹਰਨ ਵਜੋਂ ਉਹ ਡਾਰਵਿਨ ਦੇ ਵਿਕਾਸ ਸਿਧਾਂਤ ਦੀ ਤਰਤੀਬ-ਬੱਧਤਾ ਤੇ ਕ੍ਰਮਿਕ ਵਿਕਾਸ ਨੂੰ ਤਾਪਗਤੀ ਵਿਗਿਆਨ ਦੇ ਦੂਜੇ ਨੇਮ ਅਤੇ ਐਂਟਰਾਪੀ ਦੇ ਵਧਣ ਨਾਲ ਬੇਤਰਤੀਬੀ ਦੇ ਵਿਰੋਧ ਵਿਚ ਵਿਖਾਉਂਦਾ ਹੈ। ਵਿਗਿਆਨ ਤੇ ਸਾਹਿਤ ਦੇ ਨਿੱਖੜਵੇਂ ਕਾਰਜ ਖੇਤਰ, ਧਰਮ ਤੇ ਵਿਗਿਆਨ ਦੇ ਗੁੰਝਲਦਾਰ ਰਿਸ਼ਤੇ, ਵਿਗਿਆਨ ਦੇ ਭਵਿੱਖ ਦੇ ਨਕਸ਼ ਜਿਹੇ ਵਿਸ਼ਿਆਂ 'ਤੇ ਇਸ ਪੁਸਤਕ ਵਿਚ ਕਾਫੀ ਕੁਝ ਪੜ੍ਹਨ, ਸਮਝਣਯੋਗ ਹੈ।


ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550


ਸ਼ਾਇਦ ਰੰਮੀ ਮੰਨ ਜਾਏ
ਲੇਖਕ : ਅਜਮੇਰ ਸਿੱਧੂ
ਸੰਪਾਦਕ : ਡਾ: ਰਮਿੰਦਰ ਕੌਰ
ਪ੍ਰਕਾਸ਼ਕ : ਗਰੇਸ਼ੀਅਸ ਬੁਕਸ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 351
ਸੰਪਰਕ : 94630-63990.


ਬਹੁ-ਚਰਚਿਤ ਕਹਾਣੀਕਾਰ ਅਜਮੇਰ ਸਿੱਧੂ ਦੀਆਂ ਤਿੰਨ ਪੁਸਤਕਾਂ ਦੀਆਂ ਕਹਾਣੀਆਂ ਨੂੰ ਇਸ ਕਿਤਾਬ ਵਿਚ ਡਾ: ਰਮਿੰਦਰ ਕੌਰ ਨੇ ਸੰਪਾਦਤ ਕੀਤਾ ਹੈ। ਇਹ ਹਨ ਨਚੀਕੇਤਾ ਦੀ ਮੌਤ, ਖੂਹ ਗਿੜਦਾ ਹੈ ਅਤੇ ਖੁਸ਼ਕ ਅੱਖ ਦਾ ਖਾਬ। ਇਸ ਤਰਾਂ ਇਹ ਪੁਸਤਕ ਕਹਾਣੀਕਾਰ ਦੇ ਕਹਾਣੀਆਂ ਸਫ਼ਰ ਦੇ 16 ਸਾਲਾਂ ਦੀ ਸਿਰਜਣਾ ਹੈ। ਇਹ ਕਹਾਣੀ ਇਸ ਸਮੇਂ ਦੌਰਾਨ ਆਈਆਂ ਵਿਆਪਕ ਤਬਦੀਲੀਆਂ ਨੂੰ ਆਪਣੇ ਕਲਾਵੇ ਵਿਚ ਲੈਂਦੀਆਂ ਹਨ ਤੇ ਪੰਜਾਬੀਆਂ ਦੀ ਸਮੁੱਚੀ ਜੀਵਨ-ਜਾਚ ਦੀ ਗੱਲ ਵਿਲੱਖਣ ਸ਼ੈਲੀ ਵਿਚ ਪੇਸ਼ ਕਰਦੀਆਂ ਹਨ।
ਹਰੇਕ ਕਹਾਣੀ ਵਿਚ ਲਿਖਣ ਸਾਲ ਦਰਜ ਹੈ। ਇਸ ਅਨੁਸਾਰ ਨਚੀਕੇਤਾ ਦੀ ਮੌਤ 1995 ਵਿਚ ਤੇ ਖੁਸ਼ਕ ਅੱਖ ਦਾ ਖਾਬ 2011 ਵਿਚ। ਇਹ ਕਹਾਣੀਆਂ ਛਪਣ ਸਾਰ ਹੀ ਆਲੋਚਕਾਂ ਦੀ ਨਜ਼ਰ ਵਿਚ ਰਹੀਆਂ ਹਨ। ਸਿਰਲੇਖ ਵਾਲੀ ਕਹਾਣੀ ਸ਼ਾਇਦ ਰੰਮੀ ਮੰਨ ਜਾਏ (2007) ਪੁਸਤਕ ਦੀ 18 ਸਫ਼ਿਆਂ 'ਤੇ ਫੈਲੀ ਲੰਮੀ ਕਹਾਣੀ ਹੈ। ਇਹ ਪਿਰਤ ਅਜਮੇਰ ਸਿੱਧੂ ਦੀ ਹੈ। ਇਸ ਤੋਂ ਪਹਿਲਾਂ ਵਰਿਆਮ ਸਿੰਘ ਸੰਧੂ ਨੇ ਲੰਮੀ ਕਹਾਣੀ ਲਿਖੀ ਹੈ। ਪਰ ਪੰਜਾਬੀ ਪਾਠਕਾਂ ਨੇ ਇਸ ਨੂੰ ਵਧੇਰੇ ਸਵੀਕਾਰ ਨਹੀਂ ਕੀਤਾ। ਨਚੀਕੇਤਾ ਦੀ ਮੌਤ ਦਾ ਪਾਤਰ ਇਕ ਰਿਸ਼ੀ ਦਾ ਆਗਿਆਕਾਰੀ ਪੁੱਤਰ ਹੈ। ਕਹਾਣੀ ਵਿਚ ਭਾਈ ਜੀ ਜੁੜੀ ਸੰਗਤ ਨੂੰ ਪ੍ਰਸੰਗ ਸੁਣਾਉਂਦੇ ਉਸ ਵਰਗਾ ਬਣਨ ਦੀ ਪ੍ਰੇਰਨਾ ਦਿੰਦੇ ਹਨ। ਸ਼ਾਇਦ ਰੰਮੀ ਮੰਨ ਜਾਏ ਵਿਚ ਪੈਸੇ ਕਮਾਉਂਦੀਆਂ ਡਾਂਸਰਾਂ ਵੱਲ ਲਾਲਚੀ ਨਜ਼ਰਾਂ ਨਾਲ ਵੇਖਦੀ ਇਸਤਰੀ ਪਾਤਰ ਆਪਣੀ ਧੀ ਰੰਮੀ ਨੂੰ ਉਸ ਕੰਮ ਵਿਚ ਪੈਣ ਲਈ ਕਹਿੰਦੀ ਹੈ, ਪਰ ਉਹ ਨਹੀਂ ਮੰਨਦੀ।
ਕਹਾਣੀਆਂ ਵਿਚ ਪਾਤਰ ਆਪਹੁਦਰੀਆਂ ਕਰਦੇ ਹਨ। ਪੱਛਮੀ ਜ਼ਿੰਦਗੀ ਦੀ ਤਰਜ਼ 'ਤੇ ਜ਼ਿੰਦਗੀ ਜਿਊਂਦੇ ਹਨ। ਇਕਬਾਲ ਹੁਸੈਨ ਮੋਇਆ ਨਹੀਂ, ਹੈਲੋ ਡੋਗ, ਅੰਬਰ ਵੱਲ ਉਠੇ ਹੱਥ, ਦਿੱਲੀ ਦੇ ਕਿੰਗਰੇ, ਸੁਆਰਡ ਆਫ ਬੰਦਾ ਬਹਾਦਰ, ਪਿੱਠ ਭੂਮੀ ਕਹਾਣੀਆਂ ਵਿਚ ਦੇਸ਼ ਵੰਡ ਦੀ ਚੀਸ ਹੈ। ਪਰਵਾਸੀ ਪੰਜਾਬੀਆਂ ਦੀ ਸਵੈ-ਆਜ਼ਾਦੀ ਦੀ ਉਲਾਰ ਬਿਰਤੀ ਦਾ ਜ਼ਿਕਰ ਹੈ। ਇਨ੍ਹਾਂ ਵਿਚ ਸੰਵਾਦ, ਇਤਿਹਾਸ, ਮਿਥਿਹਾਸ ਤੇ ਹੋਰ ਬਹੁਤ ਕੁਝ ਹੈ।


ਂਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160.

 

 

 

ਹਰਫ਼ਾਂ ਦੀ ਲੋਅ
ਗ਼ਜ਼ਲਕਾਰ : ਡਾ: ਨਿੱਤਨੇਮ ਸਿੰਘ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ।
ਮੁੱਲ :150 ਰੁਪਏ, ਸਫ਼ੇ : 103
ਸੰਪਰਕ-98142-51212.


ਪੰਜਾਬੀ ਕਾਵਿ ਸਾਹਿਤ ਵਿਚ ਕਵਿਤਾ ਵਿਧਾ ਸਿਰਮੌਰ ਰਹੀ ਹੈ ਤੇ ਅਜੋਕੇ ਦੌਰ ਵਿਚ ਗ਼ਜ਼ਲ ਸਿਨਫ਼ ਬੁਲੰਦੀ 'ਤੇ ਹੈ। ਇਸ ਸਿਨਫ਼ ਦੀ ਬਿਹਤਰੀ ਲਈ ਇਕ ਵੱਡਾ ਕਾਫ਼ਿਲਾ ਕਾਰਜਸ਼ੀਲ ਹੈ ਤੇ ਇਕ ਵੱਡੀ ਗਿਣਤੀ ਇਸ ਦੇ ਵਿਕਾਸ ਵਿਚ ਰੁਕਾਵਟ ਦਾ ਕਾਰਨ ਵੀ ਬਣਦੀ ਜਾ ਰਹੀ ਹੈ। ਡਾ: ਨਿੱਤਨੇਮ ਸਿੰਘ ਪੰਜਾਬੀ ਗ਼ਜ਼ਲ ਖ਼ੇਤਰ ਵਿਚ ਨਵਾਂ ਹਸਤਾਖ਼ਰ ਹੈ ਤੇ 'ਹਰਫ਼ਾਂ ਦੀ ਲੋਅ' ਉਸ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ 87 ਗ਼ਜ਼ਲਾਂ ਸੰਗ੍ਰਹਿਤ ਹਨ।
ਡਾ: ਨਿੱਤਨੇਮ ਸਿੰਘ ਦੀਆਂ ਇਹ ਗ਼ਜ਼ਲਾਂ ਸਾਦਾ ਜ਼ਬਾਨ ਵਿਚ ਹਨ ਤੇ ਅਜੇ ਮੁਢਲੇ ਦੌਰ ਵਿਚ ਵਿਚਰ ਰਹੀਆਂ ਹਨ। ਬਿਨਾਂ ਸ਼ੱਕ ਗ਼ਜ਼ਲਕਾਰ ਅਧਿਆਪਨ ਕਾਰਜ ਨਾਲ ਜੁੜਿਆ ਰਿਹਾ ਹੈ ਤੇ ਉਸ ਕੋਲ ਜ਼ਿੰਦਗੀ ਦਾ ਚੋਖਾ ਤਜਰਬਾ ਹੈ ਤੇ ਇਹ ਤਜਰਬਾ ਉਸ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿਚ ਵੀ ਦਿਖਾਈ ਦਿੰਦਾ ਹੈ। ਉਸ ਦੀ ਭਾਸ਼ਾ ਸਰਲ ਤੇ ਲੋਕ-ਬੋਲੀ 'ਤੇ ਆਧਾਰਿਤ ਹੈ। ਇਨ੍ਹਾਂ ਸ਼ਿਅਰਾਂ ਵਿਚ ਸਾਦਗੀ ਹੈ ਤੇ ਮਨੁੱਖੀ ਜੀਵਨ ਜਿਊਣ ਲਈ ਚੱਜ-ਆਚਾਰ ਹੈ। ਇਸੇ ਕਾਰਨ ਆਮ ਤੌਰ 'ਤੇ ਉਹ ਉਪਦੇਸ਼ਕ ਤੇ ਨਸੀਹਤ ਕਰਤਾ ਵਧੇਰੇ ਦਿਖਾਈ ਦਿੰਦਾ ਹੈ। ਗ਼ਜ਼ਲਕਾਰ ਨੂੰ ਪੰਜਾਬ ਵਿਚ ਫੈਲੇ ਨਸ਼ਿਆਂ ਦੇ ਮਕੜਜਾਲ ਦਾ ਦੁੱਖ ਹੈ ਤੇ ਇਸੇ ਸੰਦਰਭ ਵਿਚ ਉਹ ਆਪਣੀ ਵੇਦਨਾ ਵਾਰ-ਵਾਰ ਪ੍ਰਗਟ ਕਰਦਾ ਹੈ। ਉਸ ਨੂੰ ਆਪਣੀ ਵਧਦੀ ਉਮਰ ਦਾ ਅਹਿਸਾਸ ਹੈ ਤੇ ਉਹ ਆਪਣੇ ਤੁਰ ਜਾਣ ਦਾ ਜ਼ਿਕਰ ਵੀ ਖ਼ੁਦ ਨੂੰ ਸੰਬੋਧਨ ਹੋ ਕੇ ਕਰਦਾ ਹੈ।
ਗ਼ਜ਼ਲਕਾਰ ਰਿਸ਼ਤੇ-ਨਾਤਿਆਂ ਨੂੰ ਕੱਚੇ ਧਾਗੇ ਦੇ ਬਰਾਬਰ ਰੱਖਦਾ ਹੈ ਜੋ ਪਤਾ ਨਹੀਂ ਕਦ ਟੁੱਟ ਜਾਣ ਤੇ ਹਰ ਕੋਈ ਗਰਜ਼ਾਂ ਲਈ ਸਬੰਧ ਬਣਾਉਂਦਾ ਹੈ। ਡਾ: ਨਿੱਤਨੇਮ ਸਿੰਘ ਦੀਆਂ ਤਮਾਮ ਗ਼ਜ਼ਲਾਂ ਆਸ਼ਾ ਤੇ ਨਿਰਾਸ਼ਾ ਦੀ ਘੁੰਮਣਘੇਰੀ ਵਿਚ ਹਨ ਤੇ ਉਸ ਨੂੰ ਕਿਸੇ ਦਿਸ਼ਾ ਦੀ ਤਲਾਸ਼ ਤੇ ਤਾਂਘ ਹੈ। ਗ਼ਜ਼ਲਕਾਰ ਕੁਦਰਤ ਦੀ ਰਜ਼ਾ ਵਿਚ ਰਹਿੰਦਾ ਹੈ ਤੇ ਆਪਣੀਆਂ ਰਚਨਾਵਾਂ ਰਾਹੀਂ ਉਹ ਮਨੁੱਖਤਾ ਨੂੰ ਪਿਆਰ ਕਰਦਾ ਹੈ। ਉਹ ਮਨੁੱਖਤਾ ਨੂੰ ਦਰਪੇਸ਼ ਖ਼ਤਰਿਆਂ ਸਬੰਧੀ ਸੁਚੇਤ ਕਰਦਾ ਹੈ ਤੇ ਮੁਹੱਬਤ ਦਾ ਪੈਗ਼ਾਮ ਦਿੰਦਾ ਹੈ। 'ਹਰਫ਼ਾਂ ਦੀ ਲੋਅ' ਦੇ ਪ੍ਰਕਾਸ਼ਨ ਲਈ ਡਾ: ਨਿੱਤਨੇਮ ਸਿੰਘ ਨੂੰ ਜੀ ਆਇਆਂ ਕਹਿਣਾ ਚਾਹੀਦਾ ਹੈ ਤਾਂ ਕਿ ਉਹ ਪੰਜਾਬੀ ਗ਼ਜ਼ਲ ਹੋਰ ਨਿੱਠ ਕੇ ਰਚ ਸਕੇ।


ਬਰਫ਼ ਹੇਠਲਾ ਲਾਵਾ
ਸ਼ਾਇਰ : ਜਗਜੀਤ ਸਿੰਘ ਵਜੀਦਕੇ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 96
ਸੰਪਰਕ-98144-24875


ਜਗਜੀਤ ਸਿੰਘ ਵਜੀਦਕੇ ਪੰਜਾਬੀ ਕਾਵਿ ਖ਼ੇਤਰ ਵਿਚ 'ਪੀੜਾਂ ਦੇ ਅੰਗ ਸੰਗ' ਰਾਹੀਂ ਪਹਿਲਾਂ ਹੀ ਆਪਣੀ ਹਾਜ਼ਰੀ ਲੁਆ ਚੁੱਕਾ ਹੈ ਤੇ 'ਬਰਫ਼ ਹੇਠਲਾ ਲਾਵਾ' ਉਸ ਦਾ ਦੂਸਰਾ ਕਾਵਿ ਸੰਗ੍ਰਹਿ ਹੈ ਜਿਸ ਵਿਚ ਉਸ ਦੀਆਂ ਬਿਆਸੀ ਕਾਵਿ ਰਚਨਾਵਾਂ ਸ਼ਾਮਿਲ ਹਨ। 'ਬਰਫ਼ ਹੇਠਲਾ ਲਾਵਾ' ਦੀਆਂ ਤਮਾਮ ਰਚਨਾਵਾਂ ਗ਼ਜ਼ਲਨੁਮਾ ਹਨ।
ਸ਼ਾਇਰ ਮੁਤਾਬਿਕ ਸ਼ਾਹ ਜਹਾਂ ਨੇ ਤਾਜ ਮਹੱਲ ਤਾਂ ਬਣਵਾਇਆ ਹੈ ਤੇ ਲੋਕਾਂ ਲਈ ਇਹ ਖਿੱਚ ਦਾ ਕਾਰਨ ਵੀ ਹੈ ਪਰ ਇਸ ਦੀ ਉਸਾਰੀ ਵਿਚ ਕਾਰੀਗਰਾਂ ਨਾਲ ਕਿੰਨੀ ਧੱਕੇਸ਼ਾਹੀ ਹੋਈ ਹੈ ਕੋਈ ਨਹੀਂ ਜਾਣਦਾ। ਸ਼ਾਇਰ ਆਪਣੀ ਸਰਜ਼ਮੀਨ ਨੂੰ ਮੁਹੱਬਤ ਕਰਦਾ ਹੈ ਤੇ ਨਿਡਰਤਾ ਨਾਲ ਇਸ ਦੀ ਰੱਖਿਆ ਦਾ ਪ੍ਰਣ ਕਰਦਾ ਹੈ। ਉਹ ਆਪਣੇ ਇਰਾਦਿਆਂ ਦੇ ਚੁੰਬਕ ਨਾਲ ਅਸਮਾਨ ਖਿੱਚਣਾ ਲੋਚਦਾ ਹੈ ਤੇ ਉੱਚੀ ਉਡਾਨ ਭਰਨੀ ਚਾਹੁੰਦਾ ਹੈ। ਗ਼ਜ਼ਲਕਾਰ ਕੋਈ ਵੀ ਮੈਦਾਨ ਫ਼ਤਿਹ ਕਰਨ ਲਈ ਹੌਸਲੇ ਤੇ ਏਕਤਾ ਨੂੰ ਹਥਿਆਰ ਸਮਝਦਾ ਹੈ। ਸ਼ਾਇਰ ਇਸ ਯੁੱਗ ਦੀ ਤਸਵੀਰ ਨੂੰ ਭਿਆਨਕ ਮੰਨਦਾ ਹੈ ਤੇ ਇਨਸਾਨ ਹੱਥੋਂ ਹੋ ਰਹੀ ਇਨਸਾਨ ਦੀ ਲੁੱਟ ਉਸ ਨੂੰ ਤਕਲੀਫ਼ ਦਿੰਦੀ ਹੈ।
ਜਗਜੀਤ ਸਿੰਘ ਵਜੀਦਕੇ ਜਬਰ ਨੂੰ ਮੁਕਾਉਣ ਦਾ ਅਹਿਦ ਕਰਦਾ ਹੈ ਤੇ ਲਾਚਾਰਾਂ ਦੀ ਹਾਲਤ ਬਦਲਣ ਵਿਚ ਯਕੀਨ ਰੱਖਦਾ ਹੈ। ਉਂਝ ਵਜੀਦਕੇ ਦੀਆਂ ਗ਼ਜ਼ਲਾਂ ਅਜੇ ਬਾਲ ਅਵਸਥਾ ਵਿਚ ਨੇ ਤੇ ਇਨ੍ਹਾਂ ਨੇ ਅਜੇ ਬਹੁਤ ਲੰਬਾ ਰਸਤਾ ਤੈਅ ਕਰਨਾ ਹੈ। ਨਵੇਂ ਨਵੇਂ ਸ਼ਬਦਾਂ ਦੀ ਵਰਤੋਂ ਤੇ ਉਨ੍ਹਾਂ ਦੀ ਕਲਾਤਮਿਕ ਤਰਤੀਬ ਜੋ ਪਾਠਕ ਦੇ ਦਿਲ ਵਿਚ ਹਲਚਲ ਪੈਦਾ ਕਰੇ ਓਹੀ ਸ਼ਾਇਰੀ ਹੁੰਦੀ ਹੈ। ਗ਼ਜ਼ਲਕਾਰ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਦੇ ਦੋਹਾਂ ਮਿਸਰਿਆਂ ਵਿਚ ਤਾਲਮੇਲ ਦੀ ਕਮੀ ਵੀ ਅੱਖਰਦੀ ਹੈ। ਚੰਗਾ ਹੁੰਦਾ ਜੇ ਪੁਸਤਕ ਛਪਣ ਤੋਂ ਪਹਿਲਾਂ ਖਰੜਾ ਯੋਗ ਸ਼ਖ਼ਸੀਅਤ ਦੀਆਂ ਨਜ਼ਰਾਂ ਵਿਚੋਂ ਗੁਜ਼ਰ ਜਾਂਦਾ। ਫਿਰ ਵੀ ਮੈਨੂੰ ਆਸ ਹੈ ਕਿ ਜਗਜੀਤ ਸਿੰਘ ਵਜੀਦਕੇ ਆਪਣੀ ਅਗਲੀ ਪੁਸਤਕ ਛਪਵਾਉਣ ਵੇਲੇ ਸੁਚੇਤ ਰਹੇਗਾ। ਇਹ ਪੁਸਤਕ ਉਸ ਲਈ ਅਭਿਆਸ ਦਾ ਕਾਰਜ ਕਰ ਸਕਦੀ ਹੈ।


ਂਗੁਰਦਿਆਲ ਰੌਸ਼ਨ
ਮੋ: 9988444002


ਗ਼ਜ਼ਲਗੋ ਕੇਸਰ ਸਿੰਘ ਨੀਰ ਮੁਲਾਂਕਣ
ਲੇਖਕ : ਡਾ: ਐਸ. ਤਰਸੇਮ
ਪ੍ਰਕਾਸ਼ਕ : ਮਾਤਾ ਭਾਗਵੰਤੀ ਸਾਹਿਤ ਸੇਵਾ ਸੰਮਤੀ, ਮਾਲੇਰਕੋਟਲਾ
ਮੁੱਲ : 120 ਰੁਪਏ, ਸਫ਼ੇ : 96
ਸੰਪਰਕ : 95015-36644.


ਸ਼੍ਰੋਮਣੀ ਸਾਹਿਤ ਪੁਰਸਕਾਰ (ਭਾਸ਼ਾ ਵਿਭਾਗ) ਵਿਜੇਤਾ ਕੇਸਰ ਸਿੰਘ ਨੀਰ ਦਰਜਨ ਦੇ ਕਰੀਬ ਪੁਸਤਕਾਂ ਲਿਖ ਚੁੱਕਾ ਹੈ। ਮਾਰਕਸਵਾਦੀ ਵਿਚਾਰਧਾਰਾ ਦਾ ਅਨੁਯਾਈ ਕੇਸਰ ਸਿੰਘ ਨੀਰ ਆਮ ਲੋਕਾਂ ਦੇ ਹੱਕਾਂ ਲਈ ਜੂਝਣ ਵਾਲਾ ਕਵੀ ਹੈ। ਹਥਲੀ ਪੁਸਤਕ ਡਾ: ਐਸ. ਤਰਸੇਮ ਨੇ ਮਿਹਨਤ ਨਾਲ ਲਿਖ ਕੇ ਕੇਸਰ ਸਿੰਘ ਨੀਰ ਦੀ ਗ਼ਜ਼ਲ ਪ੍ਰਕਿਰਿਆ ਬਾਰੇ ਪਾਠਕਾਂ ਨੂੰ ਜਾਣੂ ਕਰਵਾਇਆ ਹੈ। ਕੇਸਰ ਸਿੰਘ ਨੀਰ ਦੇ ਜੀਵਨ ਬਾਰੇ ਦੱਸ ਕੇ ਨੀਰ ਦੀ ਗ਼ਜ਼ਲ ਵਿਚ ਵੱਖ-ਵੱਖ ਵਿਸ਼ੇ ਕਿਵੇਂ ਉੱਭਰਦੇ ਹਨ, ਬਾਰੇ ਵਿਸਥਾਰ ਸਹਿਤ ਲਿਖਿਆ ਗਿਆ ਹੈ। ਉਸ ਦੀ ਗ਼ਜ਼ਲ ਵਿਚ ਫ਼ਿਰਕੂ ਸਦਭਾਵਨਾ, ਪਿਆਰ ਅਨੁਭਵ, ਪ੍ਰਵਾਸ, ਗ਼ਜ਼ਲ ਦਾ ਰੂਪ ਵਿਧਾਨ ਕੀ ਹੈ, ਬਾਰੇ ਗੱਲ ਕੀਤੀ ਗਈ ਹੈ। ਡਾ: ਤਰਸੇਮ ਨੇ ਇਹ ਪੁਸਤਕ ਮਿਆਰੀ ਆਲੋਚਨਾ ਦ੍ਰਿਸ਼ਟੀ ਤੋਂ ਲਿਖੀ ਹੈ। ਪੁਸਤਕ ਦੀ ਭਾਸ਼ਾ ਸਰਲ, ਢੁਕਵੀਂ ਤੇ ਵਿਸ਼ੇ ਨਾਲ ਇਨਸਾਫ਼ ਕਰਨ ਵਾਲੀ ਹੈ। ਪੁਸਤਕ ਪੜ੍ਹ ਕੇ ਜਿਥੇ ਨੀਰ ਦੀ ਗ਼ਜ਼ਲ ਬਾਰੇ ਜਾਣਕਾਰੀ ਹੁੰਦੀ ਹੈ, ਉਥੇ ਕੁਝ ਪ੍ਰਵਾਸ ਦੇ ਅਨੁਭਵ ਵੀ ਦ੍ਰਿਸ਼ਟੀਗੋਚਰ ਹੋ ਜਾਂਦੇ ਹਨ। ਪੰਜਾਬੀ ਗ਼ਜ਼ਲ ਵਿਚ ਕੇਸਰ ਸਿੰਘ ਨੀਰ ਦਾ ਕੀ ਸਥਾਨ ਹੈ, ਪੁਸਤਕ ਪੜ੍ਹ ਕੇ ਗਿਆਨ ਹੋ ਜਾਂਦਾ ਹੈ। ਗ਼ਜ਼ਲ ਦੀ ਰਚਨਾ ਪ੍ਰਕਿਰਿਆ ਬਾਰੇ ਜਾਣਨ ਵਾਲੇ ਇੱਛੁਕਾਂ ਲਈ ਇਹ ਪੁਸਤਕ ਚੰਗਾ ਸਰੋਤ ਹੈ। ਪੁਸਤਕ ਖ਼ਰੀਦਣ ਵਾਲੇ ਨੂੰ ਇਹ ਪੁਸਤਕ ਪੜ੍ਹ ਕੇ ਪਛਤਾਵਾ ਨਹੀਂ ਹੁੰਦਾ, ਸਗੋਂ ਗਿਆਨ ਵਰਧਕ ਕਿਤਾਬ ਹੈ।


ਂਪ੍ਰੋ: ਸਤਪਾਲ ਸਿੰਘ
ਮੋ: 98725-21515

 

 

 

 

 

 

ਸਫੈਦ ਫੁੱਲਾਂ ਦੀ ਵੇਲ
ਲੇਖਕ : ਰਾਜੇਸ਼ ਗੁਪਤਾ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ, ਚੰਡੀਗੜ੍ਹ
ਮੁੱਲ : 295 ਰੁਪਏ, ਸਫ਼ੇ : 167
ਸੰਪਰਕ : 98150-35214.


'ਸਫ਼ੈਦ ਫੁੱਲਾਂ ਦੀ ਵੇਲ' ਰਾਜੇਸ਼ ਗੁਪਤਾ ਦਾ ਪਲੇਠਾ ਕਹਾਣੀ ਸੰਗ੍ਰਹਿ ਹੈ, ਜਿਸ ਵਿਚ ਉਸ ਨੇ 35 ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਮੂਲ ਰੂਪ ਵਿਚ ਇਨ੍ਹਾਂ ਕਹਾਣੀਆਂ ਦੀ ਸੁਰ ਸੁਧਾਰਵਾਦੀ ਹੈ, ਜਿਸ ਵਿਚ ਮੱਧ ਵਰਗ ਦੀ ਸੋਚਣੀ ਅਤੇ ਸਰੋਕਾਰਾਂ ਨੂੰ ਆਧਾਰ ਬਣਾ ਕੇ ਕਹਾਣੀਆਂ ਦੀ ਸਿਰਜਣਾ ਕੀਤੀ ਗਈ ਹੈ।
ਮੱਧ ਵਰਗ ਵਿਚ ਵਿਚਰ ਰਹੇ ਮਨੁੱਖ 'ਤੇ ਪਏ ਖਪਤਵਾਦ ਅਤੇ ਪਦਾਰਥਵਾਦ ਦੇ ਪ੍ਰਭਾਵਾਂ ਕਾਰਨ, ਸਮਾਜ ਵਿਚ ਆਏ ਵਿਗਾੜਾਂ, ਵਿਸੰਗਤੀਆਂ ਅਤੇ ਜਨਜੀਵਨ ਵਿਚ ਆਏ ਨਿਘਾਰਾਂ ਅਤੇ ਸਮਾਜਿਕ ਕੁਰੀਤੀਆਂ ਨੂੰ ਲੇਖਕ ਨੇ ਇਕ ਸਾਧਾਰਨ ਵਿਅਕਤੀ ਦੀ ਦ੍ਰਿਸ਼ਟੀ ਤੋਂ ਪੇਸ਼ ਕਰਨ ਦਾ ਯਤਨ ਕੀਤਾ ਹੈ। ਰਾਜੇਸ਼ ਗੁਪਤਾ ਜਿਥੇ ਆਪਣੀ ਗੱਲ ਕਹਿਣ ਲਈ ਸਰਲ ਭਾਸ਼ਾ ਦੀ ਵਰਤੋਂ ਕਰਦਾ ਹੈ, ਉਥੇ ਉਸ ਕੋਲ ਵਿਅੰਗਾਤਮਕ ਭਾਸ਼ਾ ਵਰਤਣ ਦਾ ਹੁਨਰ ਵੀ ਹੈ। 'ਬਿਕਦੇ ਘੋੜੇ ਦੀ ਟੱਪ ਟੱਪ', 'ਅਸਮਾਨੇ ਉੱਡਦੀਆਂ ਹਸਤ ਰੇਖਾਵਾਂ' ਅਤੇ 'ਇੰਨੇ ਸਾਰੇ ਇਨਸਾਨਾਂ ਵਿਚਕਾਰ ਇਕੱਲਾ' ਉਸ ਦੀਆਂ ਵਿਅੰਗਾਤਮਕ ਸ਼ੈਲੀ ਵਿਚ ਰਚੀਆਂ ਕਹਾਣੀਆਂ ਹਨ। 'ਸਫ਼ੈਦ ਫੁੱਲਾਂ ਦੀ ਵੇਲ' ਮਾਂ ਦੀ ਮਮਤਾ ਨੂੰ ਪੇਸ਼ ਕਰਨ ਵਾਲੀ ਦਿਲਚਸਪ ਕਹਾਣੀ ਹੈ। 'ਜਿੱਤ ਭਰੀ ਮੁਸਕਾਨ' ਅਤੇ 'ਰੱਬ ਦੇ ਦਰਸ਼ਨ' ਆਦਿ ਕਹਾਣੀਆਂ ਉਸ ਦੀ ਸੁਧਾਰਵਾਦੀ ਤੇ ਉਪਦੇਸ਼ਾਤਮਕ ਸੋਚ ਨੂੰ ਪ੍ਰਗਟ ਕਰਨ ਵਾਲੀਆਂ ਕਹਾਣੀਆਂ ਹਨ।


ਂਸੁਖਦੇਵ ਮਾਦਪੁਰੀ
ਮੋ: 94630-34472.


ਆਓ ਜਿਊਣਾ ਸਿੱਖੀਏ

ਲੇਖਕ : ਡਾ: ਅਮਨਦੀਪ ਸਿੰਘ ਟੱਲੇਵਾਲੀਆ
ਪ੍ਰਕਾਸ਼ਕ : ਯੂਨੀਸਟਾਰ ਬੁਕਸ (ਚੰਡੀਗੜ੍ਹ)
ਮੁੱਲ : 200 ਰੁਪਏ, ਸਫ਼ੇ : 160.


ਅਮਨਦੀਪ ਸਿੰਘ ਟੱਲੇਵਾਲੀਆ ਦੀ ਇਹ ਪਲੇਠੀ ਪੁਸਤਕ ਹੈ। ਉਨ੍ਹਾਂ ਦੀਆਂ ਦੋ ਪੁਸਤਕਾਂ ਛਪਾਈ ਅਧੀਨ ਹਨ। ਵਾਰਤਕ ਦੀ ਇਸ ਪੁਸਤਕ ਵਿਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ 48 ਲੇਖ ਸ਼ਾਮਿਲ ਹਨ। ਪੁਸਤਕ ਦੀ ਰਚਨਾ ਦਾ ਮੁੱਖ ਮਕਸਦ ਮਨੁੱਖ ਨੂੰ ਸੁਚੱਜਾ ਅਤੇ ਸਿਹਤਮੰਦ ਜੀਵਨ ਜਿਊਣ ਲਈ ਉਤਸ਼ਾਹਿਤ ਕਰਨਾ ਹੈ। ਅਜੋਕੇ ਪਦਾਰਥਵਾਦੀ ਦੌਰ ਨੇ ਮਨੁੱਖ ਦੀ ਸੋਚ ਵਿਚ ਅਨੇਕਾਂ ਉਲਝਣਾਂ, ਦੁਬਿਧਾਵਾਂ, ਨਾਂਹ-ਪੱਖੀ ਰੁਝਾਨਾਂ ਤੇ ਸਵਾਰਥਪੁਣਾ ਪੈਦਾ ਕੀਤਾ ਹੈ, ਜਿਸ ਕਾਰਨ ਸਾਰਾ ਸਮਾਜਿਕ ਤਾਣਾ-ਬਾਣਾ ਚਰਮਰਾ ਗਿਆ ਹੈ ਤੇ ਸਮਾਜ ਅਧੋਗਤੀ ਦੇ ਰਾਹੇ ਪਿਆ ਹੋਇਆ ਹੈ।
ਪੁਸਤਕ ਅਜਿਹੇ ਨਿਰਾਸ਼ਾਜਨਕ ਦੌਰ ਵਿਚੋਂ ਕੱਢ ਕੇ ਉਸਾਰੂ ਸੋਚ ਦਾ ਬਾਨਣੂੰ ਬੰਨ੍ਹ ਸਕਣ ਦੇ ਸਮਰੱਥ ਹੈ। ਪੁਸਤਕ ਦਾ ਪਹਿਲਾ ਲੇਖ ਹੈ ਸਾਡਾ ਵਿਰਸਾ, ਸੱਭਿਆਚਾਰ ਅਤੇ ਸਿਹਤ। ਲੇਖਕ ਨੇ ਵਿਰਸੇ ਨਾਲ ਜੁੜੀਆਂ ਚੀਜ਼ਾਂ ਵਰਤਣ, ਨਰੋਈ ਤੇ ਸਾਦੀ ਖੁਰਾਕ ਅਤੇ ਹੱਥੀਂ ਕਿਰਤ ਦੀ ਪਿਰਤ ਯਾਦ ਕਰਾਈ ਹੈ। ਵਿਆਹ ਤੋਂ ਪਹਿਲਾਂ ਕੁੰਡਲੀਆਂ ਨਹੀਂ, ਮੈਡੀਕਲ ਚੈੱਕ ਅੱਪ ਜ਼ਰੂਰੀ ਇਕ ਬੜੇ ਅਹਿਮ ਤੇ ਜ਼ਰੂਰੀ ਵਿਸ਼ੇ ਨੂੰ ਉਤਾਰਦਾ ਹੈ। ਮਿਸਾਲ ਵਜੋਂ 'ਜਦੋਂ ਕੋਈ ਤਲਾਕ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਮੈਡੀਕਲ ਚੈੱਕਅੱਪ ਜ਼ਰੂਰ ਕਰਾਓ।' ਲੇਖਕ ਨੇ ਬਾਲ ਵਿਆਹਾਂ ਨੂੰ ਰੋਕਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਹੈ। ਮਾਨਸਿਕ ਤਣਾਅ ਤੋਂ ਛੁਟਕਾਰਾ ਕਿਵੇਂ ਮਿਲੇ, ਇਕ ਹੋਰ ਪ੍ਰਮੁੱਖ ਵਿਸ਼ੇ ਨੂੰ ਛੋਂਹਦਾ ਹੈ। ਇਸ ਮਾਰੂ ਸਥਿਤੀ 'ਚੋਂ ਨਿਕਲਣ ਲਈ ਸਾਦੇ ਉਪਾਅ ਸੁਝਾਏ ਹਨ।
ਜੀਵਨ ਵਿਚ ਹੱਸਣਾ ਕਿਉਂ ਜ਼ਰੂਰੀ ਹੈ, ਕੀ ਦਵਾਈਆਂ ਹੀ ਸਾਡੀਆਂ ਬਿਮਾਰੀਆਂ ਦਾ ਹੱਲ ਹਨ?, ਤੁਹਾਡਾ ਸੁਭਾਅ ਹੀ ਤੁਹਾਡੀ ਸ਼ਖ਼ਸੀਅਤ ਦਾ ਸਿਰਜਕ ਹੈ, ਪੇਟ ਦੀਆਂ ਬਿਮਾਰੀਆਂ ਤੋਂ ਬਚਣ ਦੇ ਆਸਾਨ ਤਰੀਕੇ, ਔਰਤਾਂ ਦੇ ਰੋਗ, ਆਖਰ ਕੀ ਬਲਾ ਹੈ ਕੈਂਸਰ, ਜਦੋਂ ਜਵਾਨੀ ਨੂੰ ਖੰਭ ਲਗਦੇ ਨੇ, ਸਵੇਰ ਦੀ ਸੈਰ ਅਤੇ ਬਿਮਾਰੀਆਂ ਤੋਂ ਬਚਣ ਲਈ ਜੀਵਨ ਢੰਗਾਂ ਨੂੰ ਜ਼ਰੂਰ ਬਦਲਣਾ ਪਵੇਗਾ ਸਮੇਤ ਪੁਸਤਕ ਦੇ ਸਾਰੇ ਹੀ ਲੇਖ ਬਹੁਤ ਹੀ ਮੁੱਲਵਾਨ ਤੇ ਸਿਹਤ ਸਬੰਧੀ ਨਾਯਾਬ ਜਾਣਕਾਰੀ ਪ੍ਰਦਾਨ ਕਰਨ ਵਾਲੇ ਹਨ। ਲੇਖਕ ਨੇ ਹੋਮਿਓਪੈਥੀ ਦੀ ਮਹੱਤਤਾ, ਸੈਕਸ ਸਮੱਸਿਆਵਾਂ, ਹਾਰਟ ਅਟੈਕ, ਕਬਜ਼ ਤੇ ਡਿਪ੍ਰੈਸ਼ਨ ਵਰਗੇ ਅਹਿਮ ਵਿਸ਼ਿਆਂ ਬਾਰੇ ਪ੍ਰਚਲਿਤ ਭਰਮ-ਭੁਲੇਖੇ ਦੂਰ ਕੀਤੇ ਹਨ। ਤਕਰੀਬਨ ਹਰ ਲੇਖ ਵਿਚ ਗੁਰਬਾਣੀ ਦੇ ਢੁਕਵੇਂ ਪ੍ਰਮਾਣ ਦੇਣ ਦੇ ਨਾਲ-ਨਾਲ ਲੋਕ ਵਿਰਸੇ ਦੀਆਂ ਟੂਕਾਂ ਵੀ ਦਿੱਤੀਆਂ ਹਨ, ਜਿਸ ਨਾਲ ਸੋਚ ਦੇ ਜਿੰਦਰੇ ਖੁੱਲ੍ਹਦੇ ਜਾਂਦੇ ਹਨ। ਉਸ ਦਾ ਵਿਚਾਰ ਹੈ ਕੁਦਰਤ ਦੀਆਂ ਰੁੱਤਾਂ ਨੂੰ ਦੋਸ਼ ਦੇਣ ਦੀ ਬਜਾਏ, ਉਸ ਦੀ ਬਚਿੱਤਰ ਲੀਲ੍ਹਾ ਦਾ ਅਨੰਦ ਮਾਣਨਾ ਚਾਹੀਦਾ ਹੈ। (ਪੰਨਾ 56) ਮੇਰੀ ਜਾਚੇ, ਅਨੇਕ ਭਰਮ ਭੁਲੇਖਿਆਂ ਵਿਚ ਫਾਥੇ ਅਤੇ ਸਿਹਤ ਪ੍ਰਤੀ, ਲਾਪਰਵਾਹ ਹੋਏ ਮਾਨਵ ਨੂੰ ਹਲੂਣ ਕੇ ਜਾਗ੍ਰਿਤ ਕਰਕੇ ਸਹੀ ਮਾਰਗ 'ਤੇ ਪਾਉਣ ਵਿਚ ਡਾ: ਟੱਲੇਵਾਲੀਆ ਦੀ ਇਹ ਪੁਸਤਕ ਬਹੁਤ ਸਾਰਥਕ ਰੋਲ ਅਦਾ ਕਰੇਗੀ।


ਂਤੀਰਥ ਸਿੰਘ ਢਿੱਲੋਂ
ਮੋ: 98154-61710.

 

 

 

 


ਟਾਹਲੀ ਵਾਲਾ ਖੇਤ
ਲੇਖਕ : ਗੁਰਚਰਨ ਪੱਬਾਰਾਲੀ
ਪ੍ਰਕਾਸ਼ਕ : ਉੱਤਰੀ ਖੇਤਰ ਸੱਭਿਆਚਾਰਕ ਕੇਂਦਰ, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 95305-83078.


ਸ: ਗੁਰਚਰਨ ਸਿੰਘ ਪੱਬਾਰਾਲੀ ਪੰਜਾਬ ਪੁਲਿਸ ਵਿਚ ਸਬ-ਇੰਸਪੈਕਟਰ ਵਜੋਂ ਤਾਇਨਾਤ ਹੈ। ਉਸ ਨੂੰ ਆਮ ਲੋਕਾਂ ਵਿਚ ਵਿਚਰਨਾ ਅਤੇ ਉਨ੍ਹਾਂ ਦੇ ਦੁੱਖ-ਤਕਲੀਫ਼ਾਂ ਤੋਂ ਜਾਣੂ ਹੋਣਾ ਪੈਂਦਾ ਹੈ। ਪੰਜਾਬ ਪੁਲਿਸ ਵਿਚ ਕਿਸੇ ਕਰਮਚਾਰੀ ਜਾਂ ਅਧਿਕਾਰੀ ਦੇ ਸੰਵੇਦਨਸ਼ੀਲ ਹੋਣ ਨੂੰ ਕੋਈ ਗੁਣ ਨਹੀਂ ਮੰਨਿਆ ਜਾਂਦਾ ਬਲਕਿ ਅਜਿਹੇ ਵਿਅਕਤੀਆਂ ਨੂੰ ਨਿਰਉਤਸ਼ਾਹਿਤ ਕੀਤਾ ਜਾਂਦਾ ਹੈ। ਤਾਂ ਵੀ ਧਾਰਮਿਕ ਅਤੇ ਲੋਕ ਸੇਵਾ ਦੇ ਜਜ਼ਬੇ ਨਾਲ ਭਰਪੂਰ ਲੋਕ ਸੰਵੇਦਨਸ਼ੀਲ ਬਣੇ ਰਹਿੰਦੇ ਹਨ। ਗੁਰਚਰਨ ਸਿੰਘ ਪੱਬਾਰਾਲੀ ਅਜਿਹੇ ਸੰਵੇਦਨਸ਼ੀਲ ਲੋਕਾਂ ਵਿਚੋਂ ਇਕ ਹੈ।
ਸ: ਪੱਬਾਰਾਲੀ ਦੇ ਇਹ ਗੀਤ ਉਸ ਦੇ ਜੀਵਨ ਦਾ ਇਤਿਹਾਸ ਹਨ। ਇਨ੍ਹਾਂ ਵਿਚ ਉਹ ਆਪਣੇ ਬੀਤੇ ਅਤੇ ਵਰਤਮਾਨ ਜੀਵਨ ਦੀਆਂ ਯਾਦਾਂ ਦਾ ਨਿਰੂਪਣ ਕਰਦਾ ਰਹਿੰਦਾ ਹੈ। ਕਦੇ ਉਸ ਨੂੰ ਬਚਪਨ ਦੇ ਦਿਨ ਚੇਤੇ ਆਉਂਦੇ ਹਨ, ਕਦੇ ਟਾਹਲੀ ਵਾਲੇ ਖੇਤ ਦੀ ਯਾਦ ਆਉਂਦੀ ਹੈ ਅਤੇ ਕਦੇ ਸਮਕਾਲੀ ਜੀਵਨ ਦੀਆਂ ਤੰਗੀਆਂ ਅਤੇ ਦੁਸ਼ਵਾਰੀਆਂ ਸਾਹਮਣੇ ਆ ਖੜੋਂਦੀਆਂ ਹਨ। ਉਹ ਇਨ੍ਹਾਂ ਸਾਰੀਆਂ ਮਿੱਠੀਆਂ-ਕੁਸੈਲੀਆਂ ਯਾਦਾਂ ਨੂੰ ਗੀਤਾਂ ਦੇ ਕੋਮਲ ਪ੍ਰਬੰਧ ਵਿਚ ਬੰਨ੍ਹ ਕੇ ਪਾਠਕਾਂ ਦੇ ਸਨਮੁੱਖ ਪੇਸ਼ ਕਰ ਦਿੰਦਾ ਹੈ। ਉਹ ਆਪਣੇ ਗੀਤਾਂ ਵਿਚਲੀ ਉਦਾਸੀ ਬਾਰੇ ਵੀ ਚੇਤੰਨ ਹੈ। ਇਸੇ ਕਾਰਨ ਉਹ ਲਿਖ ਜਾਂਦਾ ਹੈ : ਉਲਝ ਗਈਆਂ ਤਾਣੀਆਂ ਬੁਣਿਓ ਜ਼ਰਾ! ਗੀਤ ਨਹੀਂ ਇਕ ਚੀਸ ਹੈ ਸੁਣਿਓ ਜ਼ਰਾ!
ਇਸ ਗੀਤ ਸੰਗ੍ਰਹਿ ਵਿਚ ਪੰਜਾਬੀ ਸਮਾਜ ਦੇ ਅਨੇਕ ਨਵੇਂ-ਪੁਰਾਣੇ ਰੰਗ ਪੇਸ਼ ਹੋਏ ਹਨ। ਕਈ ਮੌਲਿਕ ਅਨੁਭਵ ਦੁਆਰਾ ਪੰਜਾਬੀ ਜਨਜੀਵਨ ਨੂੰ ਵੇਖਦਾ ਅਤੇ ਚਿਤਰਦਾ ਹੈ। ਪਰ ਕਿਸੇ ਗੀਤਕਾਰ ਦਾ ਕੰਮ ਕੇਵਲ ਗੀਤ-ਰਚਨਾ ਦੁਆਰਾ ਹੀ ਸਮਾਪਤ ਨਹੀਂ ਹੋ ਜਾਂਦਾ। ਉਸ ਨੂੰ ਗਾਇਕੀ ਦੇ ਪ੍ਰਸੰਗ ਨਾਲ ਵੀ ਜੂਝਣਾ ਪੈਂਦਾ ਹੈ। ਇਸ ਕੰਮ ਵਿਚ ਅਜੇ ਉਸ ਨੂੰ ਆਂਸ਼ਿਕ ਸਫਲਤਾ ਹੀ ਪ੍ਰਾਪਤ ਹੋਈ ਹੈ। ਅੱਜਕਲ੍ਹ ਬਹੁਤ ਸਾਰੇ ਨਵੇਂ ਗਾਇਕ ਗਾਇਕੀ ਦੇ ਖੇਤਰ ਵਿਚ ਆ ਗਏ ਹਨ। ਮੇਰਾ ਵਿਸ਼ਵਾਸ ਹੈ ਕਿ ਪੱਬਾਰਾਲੀ ਦੇ ਗੀਤਾਂ ਨੂੰ ਵੀ ਕਿਸੇ ਸੁਰੀਲੇ ਗਾਇਕ ਦੇ ਬੋਲ ਜ਼ਰੂਰ ਪ੍ਰਾਪਤ ਹੋ ਜਾਣਗੇ। ਉਸ ਦੇ ਗੀਤਾਂ ਦਾ ਪੰਧ ਉਸੇ ਦਿਨ ਸਫਲ ਅਤੇ ਮੁਕੰਮਲ ਹੋਵੇਗਾ।


ਂਬ੍ਰਹਮਜਗਦੀਸ਼ ਸਿੰਘ
ਮੋ: 98760-52136.


ਅਉਧ ਬ੍ਰਿਖ
ਕਵੀ : ਕੇਸਰ ਸਿੰਘ ਕੰਗ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 81969-62459.


ਸ਼ਾਇਰ ਕੇਸਰ ਸਿੰਘ ਕੰਗ ਦਾ ਪਹਿਲ ਪਲੇਠਾ ਕਾਵਿ ਸੰਗ੍ਰਹਿ 'ਅਉਧ ਬ੍ਰਿਖ' ਇਕ ਸ਼ਾਨਦਾਰ ਕਾਵਿ ਪੁਸਤਕ ਹੈ ਅਤੇ ਲਗਦਾ ਹੀ ਨਹੀਂ ਕਿ ਇਹ ਕਿਸੇ ਕਵੀ ਦੀ ਪਲੇਠੀ ਕਾਵਿ ਪੁਸਤਕ ਹੈ। ਪੁਸਤਕ ਨੂੰ ਤਿੰਨ ਭਾਗਾਂ ਵਿਚ ਵੰਡ ਕੇ ਪੇਸ਼ ਕੀਤਾ ਗਿਆ ਹੈ। ਪਹਿਲੇ ਭਾਗ ਵਿਚ ਪ੍ਰਭਾਵਸ਼ਾਲੀ ਅਤੇ ਬਾਬਹਿਰ/ਛੰਦ ਵਿਚ ਪਰਿਪੂਰਨ ਨਜ਼ਮਾਂ ਹਨ। ਦੂਜੇ ਭਾਗ ਵਿਚ ਗੀਤ ਅਤੇ ਆਖਰੀ ਭਾਗ ਵਿਚ 57 ਗ਼ਜ਼ਲਾਂ ਹਨ। ਨਜ਼ਮਾਂ ਵਿਚ ਉਸ ਨੇ ਪੰਜਾਬੀ ਸੱਭਿਆਚਾਰ, ਵਧ ਰਿਹਾ ਪ੍ਰਦੂਸ਼ਣ, ਵਿਰਸੇ ਵਿਚ ਸਾਂਭਣਯੋਗ ਤੱਤ, ਪੰਜਾਬੀ ਮਾਂ ਬੋਲੀ ਪ੍ਰਤੀ ਸਜੱਗਤਾ ਅਤੇ ਪ੍ਰੇਮ, ਮਾਵਾਂ, ਭੈਣਾਂ, ਧੀਆਂ ਪ੍ਰਤੀ ਆਦਰ, ਧਰਮ, ਮਜ਼੍ਹਬ ਦੇ ਜਜ਼ਬੇ ਦਾ ਰਾਜਨੀਤੀਵਾਨਾਂ ਵੱਲੋਂ ਗ਼ਲਤ ਇਸਤੇਮਾਲ, ਬੇਟੀਆਂ ਪ੍ਰਤੀ ਹਾਂ-ਮੁਖੀ ਸੋਚ, ਨਿਮਾਣਿਆਂ ਤੇ ਨਿਤਾਣਿਆਂ ਦੀ ਹੂਕ ਦਾ ਸ਼ਬਦੀ ਚਿਤਰਨ, ਜਫ਼ਾ ਤੇ ਵਫ਼ਾ ਦੀ ਪੇਸ਼ਕਾਰੀ ਕਰਨੀ ਅਤੇ ਕਥਨੀ ਵਿਚ ਆ ਰਹੇ ਫ਼ਰਕ ਦੀ ਤਸਦੀਕ, ਲੀਹੋਂ ਲੱਥੀ ਰਾਜਨੀਤੀ ਅਤੇ ਆਰਥਿਕ ਨਾਬਰਾਬਰੀ ਦਾ ਦਰਦ ਦੇ ਵਿਸ਼ੇ ਪੂਰਨ ਸਫਲਤਾ ਨਾਲ ਨਿਭਾਏ ਗਏ ਹਨ। ਨਜ਼ਮ ਵਿਚ ਉਹ ਕਹਿੰਦਾ ਹੈ :
ਕੂਜ਼ ਕੁੱਸਤ ਦਾ ਰਾਜ ਹੈ ਏਥੇ, ਮੈਂ ਏਥੋਂ ਤੁਰ ਚੱਲਾ,
ਹਾੜਾ ਮੈਨੂੰ ਰੋਕ ਨਾ ਮਾਏ ਛੱਡ ਦੇ ਮੇਰਾ ਪੱਲਾ
ਕਲੀਆਂ ਦੀ ਕੋਈ ਕਦਰ ਨਾ ਏਥੇ ਅੱਧ ਮਿੱਧੀਆਂ ਕਰ ਸੁੱਟਣ...
ਆਦਮਖੋਰ ਬਾਘ ਇਹ ਤੇਰੇ ਬਾਗੀਂ ਰਾਜ ਕਰੇਂਦੇ,
ਨਿਰਜਿੰਦ ਰੂਹਾਂ ਮਰੀਅਲ ਪੰਛੀ ਕਿੰਜ ਕਰ ਫਿਰਨ ਲੁਕੇਂਦੇ
ਹਰ ਸ਼ੈ ਏਥੇ ਸਹਿਮੀ ਸਹਿਮੀ ਮਾਲੀ ਹੋ ਗਿਆ ਕੱਲਾ....।
ਕੇਸਰ ਸਿੰਘ ਕੰਗ ਦੀ ਕਵਿਤਾ ਸਲਾਹੁਣਯੋਗ ਹੈ। ਕਵੀ ਦੀ ਕਾਵਿ-ਸੰਵੇਦਨਾ ਖੂਬਸੂਰਤ ਅੰਦਾਜ਼ ਦੇ ਕਾਵਿ ਵਿਚ ਢਲਦੀ ਹੈ। ਉਸ ਦੀਆਂ ਸਮੁੱਚੀਆਂ ਨਜ਼ਮਾਂ, ਗੀਤਾਂ ਤੇ ਗ਼ਜ਼ਲਾਂ ਦਾ ਰੰਗ ਭਾਵੇਂ ਡੂੰਘੇ ਫਲਸਫੇ ਵਾਲਾ ਹੈ ਪਰ ਇਕ ਫਲਸਫੇ ਨੂੰ ਕਵੀ ਨੇ ਬੜੇ ਸਹਿਜ ਨਾਲ ਕਾਵਿ-ਰਤ ਕੀਤਾ ਹੈ। ਇਕ ਸ਼ਿਅਰ ਦੇ ਕੇ ਮੈਂ ਇਸ ਪੁਸਤਕ ਦਾ ਧੁਰ ਦਿਲੋਂ ਸਵਾਗਤ ਕਰਦਾ ਹਾਂ :
ਰੱਖੀਆਂ ਜਿਨ੍ਹਾਂ ਨੇ ਤਾਰਿਆਂ ਦੇ ਨਾਲ ਯਾਰੀਆਂ,
'ਨ੍ਹੇਰਿਆਂ ਤੋਂ ਉਨ੍ਹਾਂ ਕਦੇ ਬਾਜ਼ੀਆਂ ਨਾ ਹਾਰੀਆਂ।


ਹਾਸ ਤਰਾਸ
ਕਵੀ : ਰਘਬੀਰ ਸਿੰਘ ਸੋਹਲ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 136
ਸੰਪਰਕ : 98152-64132.


ਹਥਲੀ ਕਾਵਿ ਪੁਸਤਕ ਆਪਣੇ ਨਾਂਅ ਦਾ ਅਦਬ ਰੱਖਦਿਆਂ ਕਟਾਖਸ਼ ਅਤੇ ਵਿਅੰਗ ਨਾਲ ਗੰਭੀਰ ਆਤਮਿਕ ਹਾਸਾ ਪੈਦਾ ਕਰਦਿਆਂ ਸਮਾਜਿਕ ਅਤੇ ਮਾਨਵੀ ਅਸੰਗਤੀਆਂ ਉੱਤੇ ਤਿੱਖਾ ਪਰਿਹਾਰ ਹੈ। ਪੁਸਤਕ ਦੇ ਸਮੁੱਚੇ ਸਫ਼ਿਆਂ ਉੱਤੇ ਨਵੀਆਂ ਵਿਅੰਗੜੀਆਂ ਹਨ ਅਤੇ ਹਰ ਇਕ ਸਮਾਜ ਸੁਧਾਰ ਦੀ ਹਾਸ ਤਰੰਗ ਪੈਦਾ ਕਰਦੀ ਹੈ। ਇਨ੍ਹਾਂ ਵਿਅੰਗੜੀਆਂ ਦਾ ਸਿਰਲੇਖ ਨਹੀਂ ਹੈ। ਸਾਰੀਆਂ ਹੀ ਪੰਜਾਬੀ ਅਖ਼ਬਾਰਾਂ ਵਿਚ ਵਿਅੰਗੜੀਆਂ ਛਾਪਦੀਆਂ ਹਨ। ਇਸੇ ਹੀ ਤਰਜ਼ 'ਤੇ ਕਵੀ ਸੋਹਲ ਨੇ ਖੂਬਸੂਰਤ ਵਿਅੰਗ ਕਵਿਤਾਵਾਂ ਦੀ ਸਿਰਜਣਾ ਕੀਤੀ ਹੈ। ਉਹ ਗੱਲ ਜਿਹੜੀ ਹੋਰ ਕਿਸੇ ਵਿਧਾ ਵਿਚ ਕਹੀ ਨਹੀਂ ਜਾ ਸਕਦੀ, ਉਹ ਇਸ ਵਿਧਾ ਵਿਚ ਕਹੀ ਜਾ ਰਹੀ ਹੈ। ਉਸ ਦੀਆਂ ਕਵਿਤਾਵਾਂ ਦੀਆਂ ਕੁਝ ਤੁਕਾਂ ਵੇਖੋ :
ੲ ਅਤਿ ਬੇਸ਼ਰਮਾਂ ਲੱਚਰਬਾਜ਼ਾਂ/ਵਧਦੀ ਜਾਂਦੀ ਭੀੜ ਬੜੀ
ਮਾਂ ਬੋਲੀ ਵਿਚ ਗੰਦ ਲਿਖੇ ਨੂੰ/ਪੜ੍ਹ ਸੁਣ ਹੁੰਦੀ ਪੀੜ ਬੜੀ।
ੲ ਸ਼ਾਇਰਾਂ ਨੂੰ ਕਦੇ ਸ਼ਾਇਰੀ ਕਰਨ ਦਾ/ਜਿਵੇਂ ਦੌਰਾ ਜਿਹਾ ਇਕ ਪੈਂਦਾ ਹੈ
ਘਰ ਦੀ ਦੇਸੀ ਦਾਰੂ ਵਾਂਗੂ/ਕਦੀ ਕਦੀ ਦਿਨ ਨਾ ਲਹਿੰਦਾ ਹੈ।
ੲ ਸੁੱਕਾ ਟੁੱਕਰ ਗਰੀਬ ਨੂੰ ਨਹੀਂ ਜੁੜਦਾ
ਬਿਸਕੁਟ ਖਾਣ ਅਮੀਰ ਦੀਆਂ ਕੁੱਤੀਆਂ ਜੀ...।
ਕਵੀ ਸੋਹਲ ਨੇ ਵਿਅੰਗ ਵਿਧੀ ਰਾਹੀਂ ਸਮਾਜਿਕ ਬੁਰਾਈਆਂ ਨੂੰ ਭੰਡਣ ਵਿਧੀ ਵਿਚ ਲਿਆਂਦਾ ਹੈ। ਲੀਹੋਂ ਲੱਥੀ ਰਾਜਨੀਤੀ, ਰਾਜਨੀਤੀ ਵਿਚ ਭਾਈ-ਭਤੀਜਾਵਾਦ, ਧੂੜ ਫੱਕ ਆਸ਼ਕ, ਪਖੰਡੀ ਡੇਰਾਧਾਰੀ ਬਾਬੇ, ਨਵੇਂ ਯੁੱਗ ਵਿਚ ਮਰ ਰਹੀ ਲੋਕ ਜ਼ਮੀਰ, ਨਸ਼ਿਆਂ ਦਾ ਫੈਲ ਰਿਹਾ ਕੋਹੜ, ਰਾਜਾਸ਼ਾਹੀ ਲਾਰੇ ਤੇ ਗਪੌੜ ਸੰਖ, ਵਧ ਰਿਹਾ ਪ੍ਰਦੂਸ਼ਣ, ਅਗਿਆਨਤਾ, ਬਦਲ ਰਹੀ ਪੰਜਾਬੀਆਂ ਦੀ ਖੁਰਾਕ, ਅਨਪੜ੍ਹਤਾ, ਵੋਟਾਂ ਵਿਚ ਸ਼ਰਾਬ, ਭੁੱਕੀ ਅਤੇ ਨੋਟਾਂ ਦੀ ਵੰਡ ਆਦਿ ਉਸ ਦੇ ਵਿਅੰਗ ਕਾਵਿ ਵਿਸ਼ੇ ਹਨ। ਸੋਹਲ ਦੇ ਵਿਅੰਗ ਕਾਵਿ ਟੁਕੜਿਆਂ ਵਿਚ ਸਹਿਜ ਨਾਲ ਹੀ ਜ਼ਿੰਦਗੀ ਦਾ ਲੋੜੀਂਦਾ ਫਲਸਫਾ ਪੇਸ਼ ਕੀਤਾ ਮਿਲਦਾ ਹੈ। ਮੈਂ ਪੁਸਤਕ ਨੂੰ ਦਿਲੋਂ ਜੀ ਆਇਆਂ ਕਹਿੰਦਿਆਂ ਖੁਸ਼ੀ ਮਹਿਸੂਸਦਾ ਹੈ।


ਂਸੁਲੱਖਣ ਸਰਹੱਦੀ
ਮੋ: 94174-84337.


ਤੇਰੀ ਆਮਦ
ਗ਼ਜ਼ਲਕਾਰ : ਰੋਜ਼ੀ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 75
ਸੰਪਰਕ : 99889-64633.


ਸੰਭਾਵਨਾ ਭਰਪੂਰ ਗ਼ਜ਼ਲਕਾਰਾਂ ਵਿਚ ਇਕ ਨਾਂਅ ਰੋਜ਼ੀ ਸਿੰਘ ਦਾ ਵੀ ਜੁੜ ਗਿਆ ਹੈ। ਭਾਵੇਂ ਉਸ ਦੀਆਂ ਕੁਝ ਕਿਤਾਬਾਂ ਪਹਿਲਾਂ ਵੀ ਛਪੀਆਂ ਹਨ ਪਰ ਮੇਰੀ ਜਾਚੇ ਇਹ ਪੁਸਤਕ ਉਸ ਦੀ ਬੇਹਤਰੀਨ ਪੁਸਤਕ ਹੈ ਜਿਸ ਵਿਚ ਉਸ ਦੀਆਂ ਸੱਤਰ ਦੇ ਕਰੀਬ ਗ਼ਜ਼ਲਾਂ ਸੰਕਲਿਤ ਹਨ। ਰੋਜ਼ੀ ਸਿੰਘ ਦੀ ਪੁਸਤਕ 'ਤੇਰੀ ਆਮਦ' ਦੀ ਦੂਸਰੀ ਗ਼ਜ਼ਲ ਉੱਚਪਾਏ ਦੀ ਹੈ ਜਿਸ ਵਿਚ ਉਸ ਨੇ ਤੇਜ਼-ਤਰਾਰ ਵਿਅੰਗ ਨੂੰ ਹਥਿਆਰ ਦੇ ਤੌਰ 'ਤੇ ਵਰਤਿਆ ਹੈ। ਗ਼ਜ਼ਲਕਾਰ ਪ੍ਰਸ਼ਨ ਉਠਾਉਂਦਾ ਹੈ ਕਿ ਹਰ ਰੋਜ਼ ਦਰੋਪਤੀਆਂ ਦੇ ਚੀਰਹਰਨ ਹੋ ਰਹੇ ਹਨ, ਨਫ਼ਰਤ ਫੈਲਾਈ ਜਾ ਰਹੀ ਹੈ ਤੇ ਸ਼ਮਸ਼ਾਨਾਂ ਵਿਚ ਭੀੜ ਹੈ ਫਿਰ ਵੀ ਭਾਰਤ ਕਿਉਂ ਮਹਾਨ ਹੈ। ਬੇਰੁਜ਼ਗਾਰੀ, ਮਹਿੰਗਾਈ ਤੇ ਬੇਇਤਫ਼ਾਕੀ ਨੇ ਮਨੁੱਖੀ ਜੀਵਨ ਖੋਖਲਾ ਕਰ ਦਿੱਤਾ ਹੈ ਤੇ ਮਨੁੱਖ ਖ਼ੁਦਕਸ਼ੀਆਂ ਦੇ ਰਾਹ ਪੈ ਗਿਆ ਹੈ। ਲਾਲਚ ਤੇ ਕੁਦਰਤ ਨਾਲ ਛੇੜਛਾੜ ਨੇ ਜ਼ਿੰਦਗੀ ਦੁਸ਼ਵਾਰ ਕਰ ਦਿੱਤੀ ਹੈ ਤੇ ਇਸ ਦੇ ਨਾਂਹਵਾਚਕ ਸਿੱਟੇ ਸਾਹਮਣੇ ਆ ਰਹੇ ਹਨ। ਰੋਜ਼ੀ ਸਿੰਘ ਦੇ ਬਹੁਤੇ ਸ਼ਿਅਰ ਨਿੱਜਤਾ ਨਾਲ ਸਬੰਧਤ ਨੇ ਤੇ ਮੁਹੱਬਤ ਵਿਚ ਪਰੁੱਚੇ ਨੇ। ਅਜਿਹੇ ਸ਼ਿਅਰਾਂ ਵਿਚ ਹੁਸਨ ਦੀ ਤਾਰੀਫ਼, ਗੁੱਸੇ-ਗਿਲੇ, ਤਾਹਨੇ-ਮਿਹਣੇ ਤੇ ਤਨਹਾਈ-ਵਸਲ ਦਾ ਵਰਨਣ ਹੈ। ਰੋਜ਼ੀ ਸਿੰਘ ਕੋਲ ਵਿਸ਼ਿਆਂ ਦੀ ਘਾਟ ਤਾਂ ਨਹੀਂ ਪਰ ਇਸ ਕੈਨਵਸ ਨੂੰ ਹੋਰ ਵਸੀਹ ਕੀਤਾ ਜਾ ਸਕਦਾ ਸੀ ਖ਼ਾਸ ਤੌਰ 'ਤੇ ਅਜੋਕੇ ਮਨੁੱਖੀ ਜੀਵਨ ਦੀਆਂ ਤਕਲੀਫ਼ਾਂ ਸਬੰਧੀ। ਕਲਾ ਦੇ ਖ਼ੇਤਰ ਵਿਚ ਸੰਪੂਰਨਤਾ ਕਦੇ ਹਾਸਲ ਨਹੀਂ ਹੁੰਦੀ ਤੇ ਇਹ ਸਚਾਈ ਗ਼ਜ਼ਲਕਾਰ ਨੂੰ ਵੀ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ। 'ਤੇਰੀ ਆਮਦ' ਦੀਆਂ ਗ਼ਜ਼ਲਾਂ ਵਿਚ ਕਾਫ਼ੀ ਕੁਝ ਅਜਿਹਾ ਵੀ ਹੈ ਜਿਸ ਬਾਰੇ ਰੋਜ਼ੀ ਸਿੰਘ ਨੂੰ ਸੁਚੇਤ ਹੋਣ ਦੀ ਲੋੜ ਹੈ।


ਂਗੁਰਦਿਆਲ ਰੌਸ਼ਨ
ਮੋ: 9988444002


ਮੇਰੀ ਸੁਪਨ ਦੁਨੀਆ
ਲੇਖਕ : ਜੋਗਿੰਦਰ ਸਿੰਘ ਜੋਸ਼
ਪ੍ਰਕਾਸ਼ਕ : ਲਾਹੌਰ ਬੁਕਸ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 108
ਸੰਪਰਕ : 98146-05377.


'ਮੇਰੀ ਸੁਪਨ ਦੁਨੀਆ' ਪੁਸਤਕ ਪੜ੍ਹਦੇ ਸਮੇਂ ਇੰਜ ਲਗਦਾ ਹੈ ਕਿ ਲੇਖਕ ਸੋਹਣੇ ਤੇ ਸੁਚੱਜੇ ਸਮਾਜ ਲਈ ਸੁਪਨੇ ਦੇਖਦਾ ਹੈ। ਉਸ ਨੂੰ ਦੁੱਖ ਹੈ ਕਿ ਅੱਜ ਇਨਸਾਨਾਂ ਵਿਚ ਇਨਸਾਨੀਅਤ ਖ਼ਤਮ ਹੋ ਰਹੀ ਹੈ। ਮੋਹ ਮਮਤਾ ਦੇ ਰਿਸ਼ਤੇ ਟੁੱਟ ਰਹੇ ਹਨ। ਚਲਾਕ ਲੀਡਰ ਤੇ ਧਾਰਮਿਕ ਆਗੂ ਲੋਕਾਂ ਨੂੰ ਮੂਰਖ ਬਣਾ ਕੇ ਲੁੱਟ ਰਹੇ ਹਨ।
'ਏਧਰ ਵੀ ਮਾਲ ਵਿਕਾਊ
ਉਧਰ ਵੀ ਮਾਲ ਵਿਕਾਊ
ਇਨਸਾਨ ਵੀ ਅੱਜ ਵਿਕਦਾ ਹੈ,
ਭਗਵਾਨ ਵੀ ਅੱਜ ਵਿਕਦਾ ਹੈ,
ਵਿਕਦਾ ਹੈ ਇਮਾਨ। (ਮਾਲ ਵਿਕਾਊ ਹੈ)
ਕਵੀ ਨੂੰ ਨਿੱਘਰ ਰਹੇ ਸਮਾਜ ਕਾਰਨ ਬੜਾ ਦੁੱਖ ਹੈ। ਮਾਤ ਭਾਸ਼ਾ ਨੂੰ ਦੁਰਕਾਰਿਆ ਜਾ ਰਿਹਾ ਹੈ, ਪੰਜਾਬੀ ਸੱਭਿਆਚਾਰ ਗੰਧਲਾ ਹੋ ਰਿਹਾ, ਪ੍ਰਦੂਸ਼ਣ ਕਾਰਨ ਜ਼ਿੰਦਗੀ ਮੌਤ ਵੱਲ ਵਧ ਰਹੀ ਹੈ, ਧੀਆਂ ਦੀ ਕੋਈ ਕਦਰ ਨਹੀਂ, ਕਾਲਾ ਧਨ ਲਿਆਉਣ ਵਾਲੇ ਮੂਰਖ ਬਣਾ ਗਏ, ਮਿਲਾਵਟਖੋਰੀ ਇਨਸਾਨਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਰਹੀ ਹੈ, ਹਰ ਪਾਸੇ ਲੁੱਟ ਮਚੀ ਹੋਈ ਹੈ। ਲੇਖਕ ਲੋਕਾਂ ਨੂੰ ਹਲੂਣਾ ਦੇ ਰਿਹਾ ਹੈ ਪਰ ਹਾਲਾਤ ਦਿਨੋ-ਦਿਨ ਵਿਗੜ ਰਹੇ ਹਨ। ਕਵੀ ਨੇ ਆਪਣੀਆਂ ਰਚਨਾਵਾਂ ਰਾਹੀਂ ਸੁੱਤੀ ਜਨਤਾ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ। ਪੁਸਤਕ ਪੜ੍ਹਨਯੋਗ ਹੈ। ਸਾਰੀਆਂ ਰਚਨਾਵਾਂ ਸਮਾਜਿਕ ਮੁੱਦਿਆਂ ਨੂੰ ਹੀ ਉਠਾਉਂਦੀਆਂ ਹਨ। ਹੁਣ ਲੋਕਾਂ ਨੂੰ ਸੁਚੇਤ ਹੋਣਾ ਪੈਣਾ ਹੈ। ਸਮਾਂ ਕਦੇ ਰੁਕਦਾ ਨਹੀਂ। ਲੇਖਕ ਚਾਹੁੰਦਾ ਹੈ ਲੋਕ ਆਉਣ ਵਾਲੇ ਸਮੇਂ ਬਾਰੇ ਸੋਚਣ। ਪੁਸਤਕ ਵਧੀਆ ਹੈ।


ਂਅਵਤਾਰ ਸਿੰਘ ਸੰਧੂ
ਮੋ: 99151-82971.


ਏਥੇ ਆਉਣਾ ਮਨ੍ਹਾਂ ਹੈ
ਲੇਖਕ : ਅਮਨ ਮਾਨਸਾ
ਪ੍ਰਕਾਸ਼ਕ : ਸਾਹਿਬ ਦੀਪ ਪ੍ਰਕਾਸ਼ਨ, ਭੀਖੀ (ਮਾਨਸਾ)
ਮੁੱਲ : 100 ਰੁਪਏ, ਸਫ਼ੇ : 100
ਸੰਪਰਕ : 81466-61004.


ਏਥੇ ਆਉਣਾ ਮਨ੍ਹਾਂ ਹੈ, ਲੇਖਕ ਦੀ ਪਲੇਠੀ ਰਚਨਾ ਹੈ ਪ੍ਰੰਤੂ ਇਹ ਰਚਨਾ ਪ੍ਰਕਾਸ਼ਿਤ ਕਰਵਾਉਣ ਤੋਂ ਪਹਿਲਾਂ ਉਸ ਨੇ ਆਪਣੇ ਦੋਸਤਾਂ, ਮਿੱਤਰਾਂ ਦੀਆਂ ਰਾਵਾਂ ਦਾ ਸਤਿਕਾਰ ਕਰਦਿਆਂ ਵਾਰ-ਵਾਰ ਮੰਥਨ ਕੀਤਾ ਤੇ ਇਹ ਨਾਵਲ ਦਾ ਅੰਤਿਮ ਰੂਪ ਸਾਹਮਣੇ ਆਇਆ। ਨਾਵਲ ਦਾ ਵਿਸ਼ਾ ਵਸਤੂ ਸਮੇਂ ਦੀ ਭਖਦੀ ਸਮੱਸਿਆ ਪੰਜਾਬ ਦੇ ਨੌਜਵਾਨਾਂ ਦਾ ਨਸ਼ਿਆਂ ਦਾ ਸ਼ਿਕਾਰ ਹੋ ਕੇ ਆਪਣੇ ਜੀਵਨ ਨੂੰ ਕੁਰਾਹੇ ਪਾਉਣਾ ਹੈ। ਇਹ ਪੰਜਾਬੀ ਸਮਾਜ ਦਾ ਆਰਥਿਕ, ਸੱਭਿਆਚਾਰਕ ਅਤੇ ਸਮਾਜਿਕ ਦੁਖਾਂਤ ਹੈ। ਨਸ਼ਿਆਂ ਦੇ ਵਪਾਰੀ ਖ਼ੁਦ ਉਹ ਲੋਕ ਬਣਦੇ ਜਾ ਰਹੇ ਹਨ, ਜਿਹੜੇ ਸੱਤਾਧਾਰੀ ਲੋਕ-ਨੇਤਾ ਹਨ। ਇਸ ਵਰਤਾਰੇ ਨੇ ਪੰਜਾਬੀ ਨੌਜਵਾਨ, ਦਲਿਦਰੀ, ਨਿਕੰਮੇ, ਆਲਸੀ, ਲੁਟੇਰੇ, ਚੋਰ-ਡਾਕੂ ਅਤੇ ਮੁਜਰਮ ਬਣਾ ਦਿੱਤੇ ਹਨ।
ਇਸ ਨਾਵਲ ਦੀ ਵਿਸ਼ੇਸ਼ਤਾ ਇਹ ਹੈ ਕਿ ਨਾਵਲਕਾਰ ਦਾ ਉਦੇਸ਼ ਕੇਵਲ ਸਮਾਜਿਕ ਵਿਸੰਗਤੀਆਂ ਨੂੰ ਨੰਗਾ ਕਰਕੇ ਗ਼ਲਤ ਲੋਕਾਂ ਦਾ ਪਰਦਾਫਾਸ਼ ਕਰਨਾ ਹੀ ਨਹੀਂ, ਬਲਕਿ ਉਸ ਦਾ ਦ੍ਰਿਸ਼ਟੀਕੋਣ ਉਸਾਰੂ, ਸਿਰਜਣਾਤਮਕ ਅਤੇ ਹੌਸਲਾ ਵਧਾਊ ਹੈ। ਪਿੰਡਾਂ ਦੀ ਵਿਗੜਦੀ ਆਰਥਿਕ ਤੇ ਸੱਭਿਆਚਾਰਕ ਸਥਿਤੀ ਨੂੰ ਸੁਧਾਰਨ ਲਈ ਪਿੰਡਾਂ ਦੇ ਉਸਾਰੂ ਚਿੰਤਕ, ਚੇਤਨ ਪੜ੍ਹੇ-ਲਿਖੇ ਕੁਝ ਵਿਅਕਤੀ ਆਪਣੀ ਵਿਗੜਦੀ ਸੱਭਿਆਚਾਰਕ ਸਾਂਝ ਨੂੰ ਮੁੜ ਸਥਾਪਤ ਕਰਵਾ ਸਕਦੇ ਹਨ। ਨਾਵਲਕਾਰ ਦਾ ਨਾਵਲ ਰਚਣ ਦਾ ਉਦੇਸ਼ ਕੇਵਲ ਯਥਾਰਥ ਪੇਸ਼ ਕਰਨਾ ਹੀ ਨਹੀਂ ਹੈ, ਬਲਕਿ ਯਥਾਰਥਕ ਅਵਸਥਾ ਵਿਚ ਮਾਰੂ ਸ਼ਕਤੀਆਂ ਦੇ ਮੁਕਾਬਲੇ ਉਸਾਰੂ ਸ਼ਕਤੀਆਂ ਦੀ ਸੋਚ ਦਾ ਸੰਚਾਰ ਕਰਨਾ ਹੈ। ਇਸ ਉਦੇਸ਼ ਵਿਚ ਨਾਵਲਕਾਰ ਸਫਲ ਹੋ ਜਾਂਦਾ ਹੈ। ਨਾਵਲ ਦੀ ਇਕਹਿਰੀ ਕਹਾਣੀ ਹੈ, ਜਿਸ ਵਿਚ ਉਸਾਰੂ ਅਤੇ ਢਾਹੂ ਸ਼ਕਤੀਆਂ ਦੀ ਟੱਕਰ ਸੁਭਾਵਿਕ ਹੁੰਦੀ ਦਿਖਾਈ ਹੈ। ਰਾਜਨੀਤਕ ਭ੍ਰਿਸ਼ਟ ਸਰਕਾਰ ਦੇ ਮੰਤਰੀ, ਪ੍ਰਬੰਧਕ, ਅਫਸਰ, ਪੁਲਿਸ, ਸਰਪੰਚ ਪੰਚ ਸਭ ਕੁਰੱਪਟ ਪ੍ਰਬੰਧ ਦੇ ਭਾਈਵਾਲ ਹਨ, ਪ੍ਰੰਤੂ ਉਨ੍ਹਾਂ ਦਾ ਟਾਕਰਾ ਕਰਨ ਲਈ ਲੋਕ ਜਾਗ੍ਰਿਤੀ, ਲੋਕ ਮਿਲਵਰਤਣ ਅਤੇ ਏਕਤਾ ਜ਼ਰੂਰੀ ਹੈ। ਇਹ ਨਾਵਲ ਵਕਤ ਦੀ ਨਬਜ਼ ਦੀ ਸਹੀ ਪਛਾਣ ਕਰਦਿਆਂ ਉਸ ਦਾ ਸਹੀ ਇਲਾਜ ਵੀ ਦੱਸਦਾ ਹੈ।


ਂਡਾ: ਅਮਰ ਕੋਮਲ
ਮੋ: 08437873565.

 

 

 

 

 


ਹਮਜ਼ਾਦ
ਲੇਖਕ : ਸਾਬਿਰ ਅਲੀ ਸਾਬਿਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 99151-03490.


ਆਧੁਨਿਕ ਕਾਲ ਵਿਚ ਵਿਸ਼ਵ ਦੇ ਲਗਪਗ ਡੇਢ ਸੌ ਦੇਸ਼ਾਂ 'ਚ ਪੰਜਾਬੀ ਲੋਕ ਵਸ ਰਹੇ ਹਨ। ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੇ ਪੰਜਾਬੀ ਜਿਥੇ ਵੀ ਜਾ ਵਸੇ ਨੇ, ਉਨ੍ਹਾਂ ਨੇ ਪੰਜਾਬੀ ਰਹਿਤਲ ਦੀ ਪਛਾਣ ਨੂੰ ਭੁਲਾਇਆ ਨਹੀਂ। ਇਸੇ ਸਿਲਸਿਲੇ 'ਚ ਪਿੰਡ ਪਾਂਡੋਕੀ ਜ਼ਿਲ੍ਹਾ ਲਾਹੌਰ ਨਿਵਾਸੀ ਸਾਬਿਰ ਅਲੀ ਸਾਬਿਰ ਆਪਣੀਆਂ ਅਠਾਰਾਂ ਕਹਾਣੀਆਂ ਦੇ ਕਹਾਣੀ-ਸੰਗ੍ਰਹਿ 'ਹਮਜ਼ਾਦ' ਨਾਲ ਪੰਜਾਬੀ ਪਾਠਕਾਂ ਦੇ ਸਨਮੁੱਖ ਹੋਇਆ ਹੈ।
ਇਨ੍ਹਾਂ ਸਾਰੀਆਂ ਕਹਾਣੀਆਂ ਵਿਚੋਂ ਝਲਕਦਾ ਪੰਜਾਬੀਅਤ ਦਾ ਮੁਹਾਂਦਰਾ ਗ਼ੈਰ ਨਹੀਂ ਜਾਪਦਾ, ਸਗੋਂ ਕੁਝ ਇਕ ਧਰਮ ਅਨੁਸ਼ਠਾਨਾਂ ਜਾਂ ਪੂਜਕ, ਪੁਜਾਰੀਆਂ ਦੇ ਕਿਰਦਾਰਾਂ ਦਾ ਬਦਲਵੇਂ ਨਾਵਾਂ 'ਚ ਸਾਂਝਾ ਚਰਿੱਤਰ ਪੇਸ਼ ਕਰਦੇ ਹਨ। ਕਹਾਣੀਆਂ ਦੇ ਪਾਤਰ ਚਾਹੇ ਪਾਗਲ ਲੋਕ ਲਏ ਹਨ, ਜਾਂ ਸੁਲਝੇ ਹੋਏ ਕਿਰਦਾਰਾਂ ਦੇ ਲੋਕ, ਜਾਂ ਮੰਨੇ ਪ੍ਰਮੰਨੇ ਰਾਜਸੀ-ਅਡੰਬਰੀ ਲੋਕ ਸੇਵਕ, ਮੁਨਸ਼ੀ, ਕਾਜ਼ੀ ਜਾਂ ਹੋਰ ਲੋਕਾਂ ਦੀ ਪ੍ਰਤਿਨਿਧਤਾ ਕਰਦੇ ਪਾਤਰ, ਸਭਨਾਂ ਪਾਤਰਾਂ ਦੇ ਨਿਕਟ-ਆਂਤਰਿਕ ਅਤੇ ਬਾਹਰੀ ਵਿਸ਼ਲੇਸ਼ਣ ਜ਼ਰੀਏ (ਲੇਖਕ ਨੇ) ਸਮਾਜਿਕ, ਧਾਰਮਿਕ, ਨੈਤਿਕ ਅਤੇ ਪ੍ਰਸ਼ਾਸਨਿਕ ਅਡੰਬਰੀ ਰੂਪਾਂ ਦਾ ਨਿਰੀਖਣ ਆਲੋਚਨਾਤਮਿਕ ਦ੍ਰਿਸ਼ਟੀ ਤੋਂ ਪੇਸ਼ ਕੀਤਾ ਹੈ। ਪਾਤਰ ਭਾਵੇਂ ਮੌਲਵੀ ਹੈ ਜਾਂ ਕਾਜ਼ੀ, ਸਾਧਾਰਨ ਵਿਅਕਤੀ ਹੈ ਜਾਂ ਘਰੇਲੂ ਔਰਤ, ਲਾਚਾਰ ਧੀ ਭੈਣ ਹੈ ਜਾਂ ਬੇਟਾ, ਉਸ ਦਾ ਵਸੇਬਾ ਭਾਵੇਂ ਗਲੀ-ਕੂਚੇ 'ਚ ਹੈ ਜਾਂ ਧਾਰਮਿਕ ਸਥਲ 'ਤੇ, ਜਾਂ ਕਦੇ-ਕਦਾਈਂ ਮਿਲਦੇ-ਜੁਲਦੇ ਸਾਂਝੇ ਥਾਵਾਂ ਤੇ ਲੋਕਾਂ ਦਾ, ਆਦਿ ਆਦਿ ਨੂੰ ਇਸ ਕਹਾਣੀਕਾਰ ਨੇ ਸਰਲ ਭਾਸ਼ਾਈ ਜੁਗਤਾਂ ਜ਼ਰੀਏ ਪੇਸ਼ ਕੀਤਾ ਹੈ।
ਇਹ ਪੇਸ਼ਕਾਰੀ ਸਮਾਜਿਕ ਸੰਦਰਭਾਂ, ਸੱਭਿਆਚਾਰਕ ਅਕਾਂਖਿਆਵਾਂ ਅਤੇ ਪਾਤਰਾਂ ਦੇ ਮਨੋਵਿਗਿਆਨਕ ਵਿਸ਼ਲੇਸ਼ਣ ਦੀਆਂ ਜੁਗਤਾਂ ਜ਼ਰੀਏ ਪੇਸ਼ ਕੀਤੀ ਗਈ ਹੈ। 'ਇਹ ਕਿਹੜੀ ਕਹਾਣੀ ਏ', 'ਪੰਜਾਂ ਦਾ ਨੋਟ', 'ਪਰਛਾਵੇਂ', 'ਨ੍ਹਾਤਾ ਘੋੜਾ', 'ਇਕ ਸੀ ਚਿੜੀ' ਅਤੇ 'ਤੈਥੋਂ ਉਤੇ' ਕਹਾਣੀਆਂ ਮਾਨਵੀ ਜ਼ਿੰਦਗੀ ਦੇ ਗੰਭੀਰ ਵਿਵਹਾਰਕ ਸਰੋਕਾਰਾਂ ਦਾ ਦਰਪਣ ਹਨ। ਇਸੇ ਤਰ੍ਹਾਂ 'ਮਾਈ ਰੱਜੋ', 'ਜਾਗੋ ਮੀਟੀ', 'ਸਵਾਦ', 'ਆਪਣਾ ਸੂਰਜ' ਕਹਾਣੀਆਂ ਵੀ ਜਨਜੀਵਨ ਵਿਚਲੀਆਂ ਅਸੰਗਤੀਆਂ ਦਾ ਨਿਰੂਪਣ ਹਨ। ਨਿਰਸੰਦੇਹ, ਅਜਿਹਾ ਕਹਾਣੀ ਸੰਗ੍ਰਹਿ ਪੰਜਾਬੀ ਕਹਾਣੀ ਜਗਤ ਦਾ ਹਾਸਲ ਹੈ ਅਤੇ ਇਹ ਕਹਾਣੀਆਂ ਮਾਨਵਤਾ ਨੂੰ ਜਾਗ੍ਰਿਤ ਕਰਨ ਦਾ ਬੋਧ ਵੀ ਹਨ।


ਮਨ ਮੌਸਮ ਦੀ ਰੰਗਤ

ਲੇਖਕ : ਮੇਜਰ ਮਾਂਗਟ
ਪ੍ਰਕਾਸ਼ਕ : ਯੂਨੀਸਟਾਰ ਬੁਕਸ ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 142
ਸੰਪਰਕ : 0172-4608699.


ਮਨ ਮੌਸਮ ਦੀ ਰੰਗਤ ਮੇਜਰ ਮਾਂਗਟ ਦਾ ਛੇਵਾਂ ਕਹਾਣੀ ਸੰਗ੍ਰਹਿ ਹੈ, ਜੋ ਉਸ ਦੀ ਗਾਲਪਨਿਕ ਰਚਨਾਤਮਕ ਸਿਰਜਣਾ ਦਾ ਪ੍ਰੋੜ੍ਹ ਦਰਪਣ ਹੈ। ਭਾਵੇਂ ਇਹ ਲੇਖਕ ਗੀਤਕਾਰੀ, ਨਾਟ-ਸਿਰਜਣਾ, ਮੁਲਾਕਾਤਾਂ, ਫ਼ਿਲਮਾਂ ਵਿਚ ਸੇਵਾ ਸਾਧਨਾ ਜਾਂ ਨਾਵਲ ਤੇ ਵਾਰਤਕ ਰਚੇਤਾ ਵਜੋਂ ਵੀ ਪਛਾਣਿਆ ਜਾ ਚੁੱਕਾ ਹੈ, ਪ੍ਰੰਤੂ ਇਸ ਲੇਖਕ ਦੀ ਕਹਾਣੀ-ਸੰਰਚਨਾ ਅਤੇ ਇਸ ਵਿਚ ਅੰਕਿਤ ਵਿਭਿੰਨ ਯਥਾਰਥਕ ਅਤੇ ਦਾਰਸ਼ਨਿਕ ਸਰੋਕਾਰਾਂ ਨੇ ਇਸ ਨੂੰ ਪ੍ਰਵਾਸੀ ਹੀ ਨਹੀਂ, ਸਗੋਂ ਅਜੋਕੀ ਪੰਜਾਬੀ ਕਹਾਣੀ ਦੇ ਰਚਨਾਕਾਰਾਂ ਵਿਚੋਂ ਵਿਲੱਖਣ ਰੂਪ ਵਿਚ ਉਭਾਰਿਆ ਹੈ। ਪੰਜਾਬੀ ਕਹਾਣੀ ਦੇ ਸਰੰਚਨਾਤਮਕ ਮਾਡਲਾਂ ਅਤੇ ਇਨ੍ਹਾਂ 'ਚ ਪੇਸ਼ ਕੀਤੇ ਜਾਂਦੇ ਵਿਚਾਰਧਾਰਕ ਮੁੱਲ-ਵਿਧਾਨਾਂ ਨੂੰ ਗਹਿਨ ਦ੍ਰਿਸ਼ਟੀ ਤੋਂ ਅਨੁਭਵ ਕਰਨ ਉਪਰੰਤ ਉਸ ਨੇ ਇਸ ਸੰਗ੍ਰਹਿ ਦੀਆਂ ਦਸ ਕਹਾਣੀਆਂ 'ਚ ਨਿਵੇਕਲੇ ਵਿਸ਼ਿਆਂ ਨੂੰ ਪਾਠਕਾਂ ਦੇ ਸਨਮੁੱਖ ਕੀਤਾ ਹੈ। ਵਿਸ਼ਵਵਿਆਪੀ ਮਾਨਵੀ ਜ਼ਿੰਦਗੀ ਦੇ ਬੁਨਿਆਦੀ ਅਤੇ ਮਨ-ਮਸਤੀ ਲਈ ਪ੍ਰਾਪਤ ਹੁੰਦੇ ਸਭਨਾਂ ਸਰੋਕਾਰਾਂ ਦਾ ਇਸ ਸੰਗ੍ਰਹਿ ਵਿਚ ਜਿਸ ਤਰ੍ਹਾਂ ਵਖਿਆਣ ਕੀਤਾ ਹੈ, ਉਹ ਪੰਜਾਬੀ ਕਹਾਣੀ ਦੇ ਵਿਸ਼ਵ ਵਿਆਪੀ ਸਰੰਚਨਾਤਮਕ ਸੰਦਰਭਾਂ ਦਾ ਨਿਰੂਪਣ ਹੈ ਅਤੇ ਨਾਲ ਦੀ ਨਾਲ ਭਾਰਤੀ ਅਤੇ ਖ਼ਾਸ ਕਰਕੇ ਪੰਜਾਬੀ ਸੱਭਿਆਚਾਰਕ ਵਿਸਫੋਟਕ ਸਥਿਤੀਆਂ, ਜਿਨ੍ਹਾਂ 'ਚ ਮਾਨਵੀ ਰਿਸ਼ਤੇ ਖਤਮ ਹੋ ਰਹੇ ਹਨ ਅਤੇ ਜਾਨਵਰ-ਰਿਸ਼ਤੇ ਅੱਗੇ ਆ ਰਹੇ ਹਨ ਦੇ ਉਦਭਵ, ਵਿਕਾਸ ਅਤੇ ਪੱਸਰ ਜਾਣ ਦੀ ਪ੍ਰਸੰਗਿਕਤਾ ਦਾ ਬੋਧ ਵੀ ਹੈ। 'ਮਨ ਮੌਸਮ ਦੀ ਰੰਗਤ' ਕਹਾਣੀ ਕੇਵਲ ਕੈਨੇਡਾ ਦੀ ਜੀਵਨ-ਸ਼ੈਲੀ ਦਾ ਪ੍ਰਤਿਮਾਨ ਹੀ ਨਹੀਂ ਸਗੋਂ ਭਾਰਤੀ ਅਤੇ ਪੰਜਾਬੀ ਸੰਸਕ੍ਰਿਤੀ ਦੇ ਟੁਕੜਿਆਂ ਦਾ ਵੀ ਬੋਧ ਹੈ। ਕਮਾਊ ਔਰਤ ਦੀ ਆਜ਼ਾਦਾਨਾ ਹੋਂਦ-ਸਥਿਤੀ ਉਤੇ ਨਿਰਕੁੰਸ਼ ਲੱਗਣ ਅਤੇ ਉਸ ਨੂੰ ਕੇਵਲ ਡਾਲਰਾਂ ਦੀ ਮਸ਼ੀਨ ਸਮਝਣਾ ਇਕ ਕਰੜਾ ਵਿਅੰਗ ਹੈ। ਕਹਾਣੀ ਚੱਕਰਵਾਤ ਤੋਂ ਲੈ ਕੇ ਅੰਤਮ ਕਹਾਣੀ ਤਕ ਇਹ ਸਭ ਕਹਾਣੀਆਂ ਇਕ ਪਾਸੇ ਤਾਂ ਮਨੁੱਖ 'ਚੋਂ ਮਨਫ਼ੀ ਹੋ ਰਹੇ ਮਨੁੱਖ ਦੀ ਦਾਸਤਾਨ ਪ੍ਰਗਟ ਕਰਦੀਆਂ ਹਨ ਅਤੇ ਦੂਸਰੇ ਪਾਸੇ ਪੰਜਾਬ ਅਤੇ ਕੈਨੇਡਾ ਵਿਚ ਜਿਊਂਦੇ ਜਾਗਦੇ ਲੋਕਾਂ ਦੀ ਜੀਵਨ-ਸ਼ੈਲੀ 'ਚ ਆਏ ਪਰਿਵਰਤਨਾਂ ਖ਼ਾਸ ਕਰ ਮੌਕਾ-ਹੰਢਾਊ ਬਿਰਤੀਆਂ ਦਾ ਪ੍ਰਗਟਾਵਾ ਬਣਦੀਆਂ ਹਨ। ਨਿਰਸੰਦੇਹ, ਇਹ ਪੁਸਤਕ ਪਰਵਾਸੀ ਚਿੰਤਨਬੋਧ ਦਾ ਪ੍ਰਗਟਾਵਾ ਵੀ ਹੈ ਅਤੇ ਪੰਜਾਬੀ ਦੇ ਪਛਾਣ ਚਿੰਨ੍ਹਾਂ ਦਾ ਨਿਰੂਪਣ ਵੀ ਹੈ।


ਂਡਾ: ਜਗੀਰ ਸਿੰਘ ਨੂਰ
ਮੋ: 9814209732

 

 

 

 


 

18-6-2016

 ਹਜ਼ਰਤ ਪੀਰ ਮੋਹਕਮਦੀਨ (ਰਹਿ.)
ਜਗਰਾਵਾਂ ਸ਼ਰੀਫ਼
ਲੇਖਕ : ਮਨਜੀਤ ਕੁਮਾਰ ਵੇਗਰਾ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 250 ਰੁਪਏ, ਸਫ਼ੇ : 232.
ਸੰਪਰਕ : 99883-38047.

ਸੂਫ਼ੀਵਾਦ ਇਸਲਾਮੀ ਰਹੱਸਵਾਦ ਹੈ। ਹਜ਼ਰਤ ਮੁਹੰਮਦ ਤੇ ਕੁਰਾਨ ਦੇ ਸੰਦੇਸ਼ ਨੂੰ ਪਿਆਰ ਮੁਹੱਬਤ ਨਾਲ ਗ੍ਰਹਿਣ ਕਰਕੇ ਸੰਚਾਰਨ ਵਾਲੇ ਸੂਫ਼ੀ ਦਰਵੇਸ਼ਾਂ ਦੇ ਡੇਰੇ ਪੰਜਾਬ ਵਿਚ ਥਾਂ-ਥਾਂ ਹਨ। ਸੂਫ਼ੀਵਾਦ ਦੇ ਜਨਮ ਵਿਕਾਸ ਬਾਰੇ ਸ਼ੁਰੂ ਵਿਚ ਕਈ ਭੁਲੇਖੇ-ਭ੍ਰਾਂਤੀਆਂ ਇਸ ਕਰਕੇ ਪੰਜਾਬੀ ਵਿਦਵਾਨਾਂ ਵਿਚ ਪੈਦਾ ਹੋਈਆਂ ਕਿਉਂ ਜੋ ਉਹ ਇਸ ਦੇ ਮੂਲ ਸਰੋਤਾਂ ਨਾਲੋਂ ਟੁੱਟ ਕੇ ਦੁਜੈਲੇ ਸਰੋਤਾਂ ਨਾਲ ਜੁੜੇ ਹੋਏ ਸਨ। ਪ੍ਰੋ: ਗੁਲਵੰਤ ਸਿੰਘ, ਡਾ: ਗੁਰਦੇਵ ਸਿੰਘ ਤੇ ਹੁਣ ਪ੍ਰੋ: ਗੁਰਚਰਨ ਸਿੰਘ ਤਲਵਾੜਾ ਨੇ ਇਸ ਪੱਖੋਂ ਸੂਫ਼ੀਵਾਦ ਦੇ ਮੌਲਿਕ ਸਰੋਤਾਂ, ਸਰੂਪ, ਇਤਿਹਾਸ, ਸਾਧਨਾ ਆਦਿ ਬਾਰੇ ਪ੍ਰਮਾਣਿਕ ਧਾਰਨਾਵਾਂ ਸਥਾਪਤ ਕਰਨ ਪੱਖੋਂ ਇਤਿਹਾਸਕ ਮਹੱਤਵ ਵਾਲਾ ਕਾਰਜ ਕੀਤਾ ਹੈ। ਅੱਜ ਸੂਫ਼ੀ ਮਜ਼ਾਰਾਂ ਤੇ ਉਰਸਾਂ ਨਾਲ ਜੁੜੇ ਚੇਤੰਨ ਜਗਿਆਸੂ ਸੂਫ਼ੀ ਵਿਰਸੇ ਦੇ ਇਤਿਹਾਸ ਤੇ ਸਮਕਾਲ ਨੂੰ ਨਵੀਆਂ ਦਿਸ਼ਾਵਾਂ ਵਿਚ ਫੈਲਾਉਣ ਲਈ ਯਤਨਸ਼ੀਲ ਹਨ। ਉਹ ਇਸੇ ਬਾਰੇ ਜਾਣਕਾਰੀ ਨੂੰ ਪੰਜਾਬ ਦੇ ਵਿਸ਼ਾਲ ਪਾਠਕ ਵਰਗ ਤੱਕ ਪਹੁੰਚਾਉਣ ਦਾ ਉੱਦਮ ਵੀ ਕਰ ਰਹੇ ਹਨ। ਪ੍ਰੋ: ਗੁਰਚਰਨ ਸਿੰਘ ਤਲਵਾੜਾ ਦੇ ਸਿਰੜ ਤੇ ਸਿਦਕ ਨੇ ਅਜੋਕੇ ਸੂਫ਼ੀ ਜਗਤ ਵਿਚ ਮਨਜੀਤ ਕੁਮਾਰ ਵੇਗਰਾ ਨੂੰ ਵੀ ਇਸ ਪਿੜ ਵਿਚ ਉਤਰਨ ਲਈ ਉਤਸ਼ਾਹਿਤ ਕੀਤਾ ਹੈ। ਵੇਗਰਾ ਦੀ ਸੂਫ਼ੀ ਮਤ ਬਾਰੇ ਇਹ ਦੂਜੀ ਕਿਤਾਬ ਹੈ। ਪਹਿਲੀ ਕਿਤਾਬ ਸਿਲਸਿਲਾ ਨਕਸ਼ਬੰਦੀਆਂ ਤੇ ਜਗਰਾਉਂ ਦੇ ਰੌਸ਼ਨੀ ਮੇਲੇ ਬਾਰੇ ਸੀ। ਦੂਜੀ ਇਸੇ ਸਿਲਸਿਲੇ ਦੇ ਪੀਰ ਹਜ਼ਰਤ ਮੁਹਕਮਦੀਨ ਜਗਰਾਵਾਂ ਸ਼ਰੀਫ਼ ਦੇ ਜੀਵਨ/ਸਿੱਖਿਆ ਉਤੇ ਕੇਂਦਰਿਤ ਹੈ। ਵੇਗਰਾ ਤੇ ਉਸ ਦੇ ਵਡੇਰੇ ਇਸੇ ਨਕਸ਼ਬੰਦੀ ਸਿਲਸਿਲੇ ਨਾਲ ਜੁੜੇ ਹੋਏ ਹਨ। ਪ੍ਰੋ: ਤਲਵਾੜਾ ਚਿਸ਼ਤੀ ਸਿਲਸਿਲੇ ਨਾਲ ਜੁੜਿਆ ਹੋਇਆ ਹੈ। ਇੰਜ ਇਹ ਦੋ ਸੱਜਣ ਆਪੋ-ਆਪਣੇ ਸਿਲਸਿਲੇ ਬਾਰੇ ਪ੍ਰਮਾਣਿਕ ਜਾਣਕਾਰੀ ਦੇਣ ਦੇ ਸਮਰੱਥ ਹਨ। ਵੇਗਰਾ ਦੀ ਇਹ ਦੂਜੀ ਪੁਸਤਕ ਸੂਫ਼ੀਵਾਦ ਦੇ ਜਨਮ, ਸੰਕਲਪ, ਪੀਰਾਂ, ਖਨਵਾਦਿਆਂ, ਸਿਲਸਿਲਿਆਂ, ਤੌਹੀਦ, ਵਿਚਾਰਧਾਰਾ, ਇਸ਼ਕ, ਜ਼ਿੰਦਗੀ ਪ੍ਰਤੀ ਨਜ਼ਰ ਬਾਰੇ ਗੰਭੀਰ ਚਰਚਾ ਨਾਲ ਸ਼ੁਰੂ ਹੁੰਦੀ ਹੈ। ਇਸ ਉਪਰੰਤ ਨਕਸ਼ਬੰਦੀ ਸਿਲਸਿਲੇ ਹਜ਼ਰਤ ਪੀਰ ਮੁਹਕਮਦੀਨ ਦੇ ਪੈਗ਼ਾਮ, ਉਤਰਾਧਿਕਾਰੀਆਂ ਤੇ ਵਰਤਮਾਨ ਸੰਦਰਭਾਂ ਬਾਰੇ ਪ੍ਰਮਾਣਿਕ ਚਰਚਾ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਫ ਫ ਫ

ਸੰਧਿਆ ਵੇਲੇ
ਕਵੀ : ਹਰਭਜਨ ਸਿੰਘ ਹੁੰਦਲ
ਪ੍ਰਕਾਸ਼ਕ : ਐਚ. ਕੇ. ਪ੍ਰਕਾਸ਼ਨ, ਦਿੱਲੀ
ਮੁੱਲ : 440 ਰੁਪਏ, ਸਫ਼ੇ : 192
ਸੰਪਰਕ : 99150-42242.

ਸ: ਹਰਭਜਨ ਸਿੰਘ ਹੁੰਦਲ ਦੇ 2016 ਵਿਚ ਛਪੇ ਇਸ ਕਾਵਿ ਸੰਗ੍ਰਹਿ ਵਿਚ ਉਸ ਦੀਆਂ 2008-15 ਤੱਕ ਲਿਖੀਆਂ 62 ਕਵਿਤਾਵਾਂ, ਕੁਝ ਗ਼ਜ਼ਲਾਂ ਅਤੇ ਗੀਤ ਸੰਗ੍ਰਹਿਤ ਹਨ। ਇਸ ਸੰਗ੍ਰਹਿ ਦੇ ਅਰੰਭ ਵਿਚ ਸੰਨ ਸੰਤਾਲੀ ਦੀ ਵੱਢ-ਟੁੱਕ, ਸੰਤਾਪ ਅਤੇ ਸੰਧਿਆਂ ਬਾਰੇ ਕੁਝ ਕਵਿਤਾਵਾਂ ਸੰਗ੍ਰਹਿਤ ਹਨ। ਸੰਨ ਸੰਤਾਲੀ (ਲਾਲ ਲਕੀਰ ਦੇ ਆਰ-ਪਾਰ) ਵਿਚ ਕਵੀ ਦੇ ਪਰਿਵਾਰ ਅਤੇ ਕੁਝ ਹੋਰ ਹਿੰਦੂ-ਸਿੱਖ ਪਰਿਵਾਰਾਂ ਦੀ ਪੱਛਮੀ ਪੰਜਾਬ ਤੋਂ ਪੂਰਬੀ ਪੰਜਾਬ ਤੱਕ ਕੀਤੀ ਹਿਜ਼ਰਤ ਦਾ ਬਿਰਤਾਂਤ ਕਾਵਿਬੱਧ ਹੋਇਆ ਹੈ। ਕਵੀ ਨੇ ਕਾਵਿ ਦੀ ਆਮਦ ਬਾਰੇ ਕੁਝ ਮੈਟਾ-ਕਵਿਤਾਵਾਂ ਦੀ ਰਚਨਾ ਵੀ ਕੀਤੀ ਹੈ, ਜਿਨ੍ਹਾਂ ਵਿਚ ਉਹ ਆਪਣੇ ਕਾਵਿ-ਸਰੋਕਾਰਾਂ ਬਾਰੇ ਗੱਲ ਕਰਦਾ ਹੈ।
ਹਰਭਜਨ ਸਿੰਘ ਹੁੰਦਲ ਆਪਣੇ ਜੀਵਨ ਦੇ ਉਨ੍ਹਾਂ ਦਿਨਾਂ, ਛਿਣਾਂ ਨੂੰ ਸਾਰਥਕ ਮੰਨਦਾ ਹੈ, ਜਦੋਂ ਉਹ ਕਵਿਤਾ ਦੇ ਅੰਗ-ਸੰਗ ਹੁੰਦਾ ਹੈ, ਕੁਝ ਰਚ ਰਿਹਾ ਹੁੰਦਾ ਹੈ। ਉਸ ਨੂੰ ਰੰਜ ਹੈ ਕਿ ਅੱਜਕਲ੍ਹ ਕਵਿਤਾ ਪਹਿਲਾਂ ਵਾਂਗ ਹਰ ਰੋਜ਼ ਨਹੀਂ ਉੱਤਰਦੀ/ਆਉਂਦੀ। ਬਲਕਿ ਕਦੇ-ਕਦਾਈਂ ਹੀ ਉਸ ਨਾਲ ਸਾਖਿਆਤਕਾਰ ਹੁੰਦਾ ਹੈ। ਪਰ ਜਦੋਂ ਉਹ ਆਉਂਦੀ ਹੈ ਤਾਂ ਕਵੀ ਪਿੰਡ ਵਿਚਲੇ ਪ੍ਰਵਾਸੀ ਮਜ਼ਦੂਰਾਂ, ਗੋਹਾ-ਕੂੜਾ ਕਰਦੀਆਂ ਔਰਤਾਂ, ਸਮਾਜਿਕ ਦਬਾਵਾਂ ਦੇ ਭੰਨੇ ਹੋਏ ਪਰਿਵਾਰਾਂ, ਜਲਸੇ-ਜਲੂਸ ਕੱਢਣ ਵਾਲੇ ਮੁਲਾਜ਼ਮਾਂ, ਦਲਿਤ ਵਰਗਾਂ, ਕਰਜ਼ੇ ਦੇ ਭੰਨੇ ਕਿਸਾਨਾਂ, ਜੀਵਨ ਦੀਆਂ ਵਿਖਮਤਾਵਾਂ ਤੋਂ ਘਬਰਾ ਕੇ ਨਸ਼ਿਆਂ ਵਿਚ ਪਲਾਇਨ ਢੂੰਡਦੇ ਨੌਜਵਾਨਾਂ, ਇਧਰੋਂ ਪੰਜਾਬ ਤੋਂ ਉਪਰਾਮ ਹੋ ਕੇ ਵਿਦੇਸ਼ਾਂ ਵਿਚ ਰੁਲ ਰਹੇ ਪਰਿਵਾਰਾਂ ਬਾਰੇ ਸੋਚਣ ਲੱਗ ਪੈਂਦਾ ਹੈ। ਉਸ ਨੂੰ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਨਹਿਰ ਵਿਚੋਂ 'ਤੂੜੀ ਦੀ ਪੰਡ' ਪਰਲੇ ਪਾਰ ਲੈ ਜਾਣ ਸਮੇਂ ਪੰਡ ਖੁੱਲ੍ਹ ਕੇ ਵਗਦੇ ਪਾਣੀ ਵਿਚ ਡਿਗ ਪਈ ਹੋਵੇ ਅਤੇ ਹੁਣ ਤੀਲੇ-ਤੀਲੇ ਨੂੰ ਇਕੱਠਾ ਕਰਨਾ ਅਸੰਭਵ ਹੋ ਗਿਆ ਹੋਵੇ। (ਸੰਦਰਭ : ਕੁਲਵੰਤ ਸਿੰਘ ਵਰਕ) ਪ੍ਰੰਤੂ ਇਸ ਨਿਰਾਸ਼ਾਜਨਕ ਸਥਿਤੀ ਵਿਚ ਵੀ ਕਵੀ ਆਪਣੇ ਕਾਵਿ-ਕਰਮ ਦਾ ਸਾਥ ਛੱਡਣ ਲਈ ਤਿਆਰ ਨਹੀਂ। ਉਹ ਲਿਖਦਾ ਹੈ :
ਕਵਿਤਾ ਨਿੱਤ ਨਿੱਤ ਨਹੀਂ ਆਉਂਦੀ
ਹੁੰਦੀ, ਬਿਨਾਂ ਨਾਗਾ
ਇਹ ਸਾਉਣ ਮਹੀਨੇ ਵਾਂਗ
ਨਿੱਤ ਨਹੀਂ ਵਰ੍ਹਦੀ ਛਮ-ਛਮ
ਨਾ ਹੀ ਮੁੱਲ ਵਿਕਦੀ ਵਸਤੂ ਹੈ
ਕਿ ਖਰੀਦ ਲੈਣ ਪੈਸੇ ਵਾਲੇ
ਸਾਰੀ ਦੀ ਸਾਰੀ। (ਪੰਨਾ 190)
ਹਰਭਜਨ ਸਿੰਘ ਹੁੰਦਲ ਦੇ ਏਨਾ ਕੁਝ ਕਹਿ ਜਾਣ ਤੋਂ ਬਾਅਦ ਮੇਰੇ ਲਈ ਕਹਿਣ ਵਾਸਤੇ ਬਚਿਆ ਹੀ ਕੀ ਹੈ? ਮੈਂ ਕੇਵਲ ਸ਼ੁੱਭਕਾਮਨਾਵਾਂ ਹੀ ਵਿਅਕਤ ਕਰ ਸਕਦਾ ਹਾਂਂਅਸਤੂ!

ਂਬ੍ਰਹਮਜਗਦੀਸ਼ ਸਿੰਘ
ਮੋ: 98760-52136

ਫ ਫ ਫ

ਤਾ ਕਿ ਸਨਦ ਰਹੇ
ਲੇਖਕ : ਧਿਆਨ ਸਿੰਘ ਸ਼ਾਹ ਸਿਕੰਦਰ
ਪ੍ਰਕਾਸ਼ਕ : ਸਾਤਵਿਕ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 100 ਰੁਪਏ, ਸਫ਼ੇ : 104
ਸੰਪਰਕ : 98148-22601.

ਧਿਆਨ ਸਿੰਘ ਸ਼ਾਹ ਸਿਕੰਦਰ ਪੂਰੀ ਸੰਜੀਦਗੀ ਅਤੇ ਨਿਰੰਤਰਤਾ ਨਾਲ ਪੰਜਾਬੀ ਸਾਹਿਤਕ ਰਚਨਾ ਨਾਲ ਜੁੜਿਆ ਹੋਇਆ ਅਜਿਹਾ ਵਿਅਕਤੀ ਹੈ, ਜਿਹੜਾ ਸਿਰਜਣਾ ਅਤੇ ਸੰਪਾਦਨਾ ਦੇ ਖੇਤਰ ਵਿਚ ਦ੍ਰਿੜ੍ਹਤਾ ਅਤੇ ਜ਼ਿੰਮੇਵਾਰੀ ਨਾਲ ਆਪਣੀ ਸਰਦੀ ਬਣਦੀ ਭੂਮਿਕਾ ਨਿਭਾਅ ਰਿਹਾ ਹੈ। 'ਰੂਪਾਂਤਰ' ਸਾਹਿਤਕ ਪੱਤਰ ਦੇ ਇਸ ਸੰਪਾਦਕ ਦੁਆਰਾ ਆਪਣੀ ਇਸ ਨਵੀਂ ਪੁਸਤਕ ਵਿਚ 'ਤਾ ਕਿ ਸਨਦ ਰਹੇ' ਵਿਚ ਉਸ ਨੇ 'ਰੂਪਾਂਤਰ' ਵਿਚ ਆਪਣੀਆਂ ਲਿਖੀਆਂ ਹੋਈਆਂ 38 ਸੰਪਾਦਕੀਆਂ ਦਰਜ ਕੀਤੀਆਂ ਹਨ। ਇਨ੍ਹਾਂ ਸੰਪਾਦਕੀਆਂ ਵਿਚ ਲੇਖਕ ਨੇ ਜਿਥੇ ਸਾਡੇ ਸਮਾਜ ਨਾਲ ਜੁੜੇ ਹੋਏ ਅਹਿਮ ਮਸਲਿਆਂ ਬਾਰੇ ਸੰਵਾਦ ਰਚਾਇਆ ਹੈ, ਉਥੇ ਅਜੋਕੇ ਪੰਜਾਬੀ ਸਾਹਿਤ ਵਿਚ ਪੇਸ਼ ਹੋ ਰਹੇ ਸਰੋਕਾਰਾਂ ਅਤੇ ਸਾਹਿਤਕ ਖੇਤਰ ਵਿਚ ਪੈਦਾ ਹੋਈ ਕਸ਼ਮਕਸ਼ ਅਤੇ ਹਊਮੈ ਦਾ ਜ਼ਿਕਰ ਵੀ ਬਾਖੂਬੀ ਛੇੜਿਆ ਹੈ। ਇਨ੍ਹਾਂ ਸੰਪਾਦਕੀ ਲੇਖਾਂ ਵਿਚੋਂ ਵਿਸ਼ੇਸ਼ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਲੇਖਕ ਕਿਤੇ ਕਿਸੇ ਕਿਸਮ ਦੀਆਂ ਕਰਤਾਰੀ ਗੱਲਾਂ ਨਹੀਂ ਕਰਦਾ ਸਗੋਂ ਉਸ ਦੇ ਅਨੁਭਵ ਵਿਚੋਂ ਨਿਕਲੀਆਂ ਅਤੇ ਪੰਜਾਬੀ ਸਾਹਿਤ ਨਾਲ ਜੁੜੀਆਂ ਹੋਈਆਂ ਪੇਚੀਦਗੀਆਂ ਪੇਸ਼ ਹੋਈਆਂ ਹਨ। ਲੇਖਕ ਦੀਆਂ ਇਹ ਸੰਪਾਦਕੀਆਂ ਪਾਠਕ ਨੂੰ ਕਿਸੇ ਸੁਪਨ-ਸੰਸਾਰ ਦੀ ਸੋਝੀ ਨਹੀਂ ਕਰਵਾਉਂਦੀਆਂ ਸਗੋਂ ਹਰੇਕ ਵਰਤਾਰੇ ਨੂੰ ਸੂਝਮਈ ਅੱਖ ਨਾਲ ਦੇਖਣ ਦੀ ਪ੍ਰੇਰਨਾ ਕਰਦੀਆਂ ਹਨ। ਜ਼ਿੰਦਗੀ ਨਾਲ ਜੁੜੇ ਹੋਏ ਬਹੁਤ ਸਾਰੇ ਸੱਚ ਲੇਖਕ ਦੀ ਲਿਖਤ ਵਿਚੋਂ ਝਲਕਦੇ ਹਨ। ਕਈ ਲੇਖਾਂ ਦੇ ਸੁਆਦਲੇ ਸਿਰਲੇਖ ਪਾਠਕ ਦਾ ਉਚੇਚਾ ਧਿਆਨ ਆਕਰਸ਼ਿਤ ਕਰਦੇ ਹਨ ਜਿਵੇਂ 'ਹਾਜੀ ਲੋਕ ਮੱਕੇ ਨੂੰ ਜਾਂਦੇ', 'ਸਾਈਂ ਦੌਲੇ ਸ਼ਾਹ ਦੇ ਚੂਹੇ', 'ਅਸਾਂ ਵੀ ਨੰਦ ਕੌਰੇ ਬਣਨਾ ਵਜ਼ੀਰ ਨੀ', 'ਕਮਲਿਆਂ ਦੀ ਦੁਨੀਆ' ਆਦਿ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611

ਫ ਫ ਫ

ਸੋਚਾਂ ਦਾ ਸਿਲਸਿਲਾ
ਲੇਖਕ : ਡਾ: ਦਵਿੰਦਰ ਸਿੰਘ ਜੀਤਲਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 98152-98459.

ਡਾ: ਦਵਿੰਦਰ ਸਿੰਘ 'ਜੀਤਲਾ' ਪੰਜਾਬੀ ਕਾਵਿ-ਜਗਤ ਲਈ ਅਸਲੋਂ ਨਵਾਂ ਨਾਂਅ ਹੈ। 'ਸੋਚਾਂ ਦਾ ਸਿਲਸਿਲਾ' ਉਸ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਉਸ ਅਨੁਸਾਰ ਉਨ੍ਹਾਂ ਦੇ ਪਰਿਵਾਰ ਨੇ ਉਸ ਦੇ ਆਲੇ-ਦੁਆਲੇ ਅਜਿਹਾ ਮਾਹੌਲ ਸਿਰਜਿਆ ਜਿਸ ਨਾਲ ਉਸ ਦੀਆਂ 'ਸੋਚਾਂ ਦਾ ਸਿਲਸਿਲਾ' ਕਵਿਤਾ ਦਾ ਰੂਪ ਧਾਰਨ ਕਰ ਸਕਿਆ ਹੈ। ਉਸ ਦੀ ਸੋਚ ਮਿਲ-ਬੈਠਣ ਦੀ ਹੈ, ਜਿਸ ਨੂੰ ਉਸ ਨੇ ਸ਼ਾਬਦਿਕ ਰੂਪ ਦੇ ਕੇ ਇਕ ਰਚਨਾਤਮਕ ਕਾਰਜ ਕੀਤਾ ਹੈ, ਜਿਸ ਨਾਲ ਉਹ ਕਵਿਤਾ ਬਣ ਜਾਂਦੀ ਹੈ। ਪ੍ਰੋ: ਪੂਰਨ ਸਿੰਘ ਤਾਂ ਕਵਿਤਾ ਦੀ ਪਰਿਭਾਸ਼ਾ ਹੀ 'ਪਿਆਰ 'ਚ ਮੋਏ ਬੰਦਿਆਂ ਦੇ ਵਚਨਾਂ' ਨੂੰ ਮੰਨਦਾ ਹੈ, ਜਿਥੇ ਵਸਲ ਤੋਂ ਬਿਰਹਾ ਅਤੇ ਬਿਰਹਾ ਤੋਂ ਵਸਲ ਦੀ ਯਾਤਰਾ ਦਾ ਆਰੰਭ ਅਤੇ ਅੰਤ ਹੁੰਦਾ ਹੈ। 'ਅਰਸ਼' ਅਤੇ ਫ਼ਰਸ਼ ਦੀ ਵਿੱਥ ਮਿਟਾਉਣਾ ਹੀ ਜ਼ਿੰਦਗੀ ਦੇ ਸਫ਼ਰ ਦੀ ਕਵਿਤਾ ਦਾ ਮਨੋਰਥ ਹੈ :
ਆ ਸੱਜਣਾ ਰਲ ਅੰਬਰੀਂ ਉੱਡੀਏ
ਵਿਚ ਹਵਾ ਹੁਲਾਰੇ ਖਾਈਏ
ਦਰਦਮੰਦਾਂ ਦਾ ਦਰਦ ਵੰਡਾ ਕੇ
ਫਰਸ਼ ਤੇ ਅਰਸ਼ ਦੀ ਵਿੱਥ ਮਿਟਾਈਏ।
ਇਹ ਸੋਚਾਂ ਦਾ ਸਫ਼ਰ ਤਾ-ਉਮਰ ਕਿਆਮਤ ਤੱਕ ਜਾਰੀ ਰੱਖਣ ਦਾ ਅਹਿਦ ਹੈ :
ਸੋਚਾਂ ਦਾ ਇਹ ਸਿਲਸਿਲਾ ਜੇ ਏਦਾਂ ਹੀ ਜਾਰੀ ਰਿਹਾ
ਪੱਥਰ ਵੀ ਘਸ ਘਸ ਕੇ ਇਕ ਮੂਰਤੀ ਬਣ ਜਾਏਗਾ।
ਡਾ: ਦਵਿੰਦਰ ਸਿੰਘ 'ਜੀਤਲਾ' ਬੇਸ਼ੱਕ ਪਰਵਾਸੀ ਜੀਵਨ ਹੰਢਾਅ ਰਿਹਾ ਹੈ। ਉਹ ਪਰਦੇਸੀਂ ਵਸ ਚੁੱਕਿਆ ਹੈ ਪ੍ਰੰਤੂ ਉਸ ਦੀ ਕਵਿਤਾ ਵਿਚ ਪੰਜਾਬੀ ਮਾਂ-ਬੋਲੀ ਲਈ ਮੋਹ ਅਤੇ ਅਪਣੱਤ ਹੈ। ਉਹ ਪੰਜਾਬੀ ਵਸੇਂਦੇ ਥੁੜ੍ਹਾਂ ਮਾਰੇ ਲੋਕਾਂ ਦਾ ਹਿਤੈਸ਼ੀ ਵੀ ਹੈ ਅਤੇ ਸੁਹਿਰਦਤਾ ਨਾਲ ਉਨ੍ਹਾਂ ਪ੍ਰਤੀ ਮੋਹ ਅਤੇ ਹਮਦਰਦੀ ਦੇ ਭਾਵਾਂ ਦਾ ਪ੍ਰਗਟਾ ਵੀ ਸਰਲ, ਸਪੱਸ਼ਟ ਅਤੇ ਸੁਹਜਮਈ ਬੋਲੀ ਵਿਚ ਕਰਦਾ ਹੈ। ਉਸ ਨੂੰ ਬੇਸ਼ੱਕ ਦੁਨੀਆ ਦੇ ਅਜੀਬ ਰਿਸ਼ਤਿਆਂ ਤੋਂ ਨਿਰਾਸ਼ਾ ਹੈ, ਕਿਸੇ ਅਣਜਾਣ ਮਹਿਬੂਬਾ ਲਈ ਸ਼ਿਕਵੇ ਹਨ, ਕਿਸੇ ਨੱਢੀ ਦੇ ਨਖ਼ਰੇ ਹਨ, ਭੇਖੀ ਅਤੇ ਪਖੰਡੀ ਧਰਮ ਗੁਰੂਆਂ ਪ੍ਰਤੀ ਰੋਹ-ਵਿਦਰੋਹ ਹੈ, ਸਮਾਜਿਕ ਸਮਾਨਤਾ ਦੀ ਚਾਹਨਾ ਹੈ ਪਰ ਉਹ ਫਿਰ ਵੀ ਮਨੁੱਖੀ ਸਾਂਝ ਲਈ ਸੁਨੇਹਾ ਦੇਣ ਲਈ ਉਤਾਵਲਾ ਹੈ। ਉਸ ਦੀਆਂ ਕਵਿਤਾਵਾਂ ਵਿਚ ਇਕ ਕੁਦਰਤੀ ਵਹਿਣ ਹੈ, ਜੋ ਪਾਠਕ ਨੂੰ ਆਪਣੇ ਨਾਲ ਤੋਰੀ ਰੱਖਦਾ ਹੈ। ਸੋਚ ਦੇ ਸਫ਼ਰ ਨਾਲ ਜੁੜੀਆਂ ਸੰਵੇਦਨਾਵਾਂ ਕਰਕੇ ਸਿਰਲੇਖ ਢੁਕਵਾਂ ਅਤੇ ਫੱਬਵਾਂ ਹੈ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

ਫ ਫ ਫ

ਪੰਜਾਬੀ ਲੋਕਧਾਰਾ ਸਿਧਾਂਤ ਤੇ ਵਿਹਾਰ
ਲੇਖਿਕਾ : ਡਾ: ਗੁਰਪ੍ਰੀਤ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 95920-99002.

ਪੁਰਾਤਨ ਮਾਨਵੀ ਜੀਵਨ ਦੇ ਚੱਜ-ਆਚਾਰ ਅਤੇ ਮੌਖਿਕ ਸਾਹਿਤ ਤੋਂ ਲੈ ਕੇ ਅਜੋਕੇ ਸਾਹਿਤ ਰਚਨਾ-ਸੰਸਾਰ ਦੀਆਂ ਵਿਭਿੰਨ ਅਧਿਐਨ ਪੱਧਤੀਆਂ ਵਿਚੋਂ ਲੋਕਧਾਰਾਈ ਅਧਿਐਨ ਪੱਧਤੀ ਵਿਸ਼ੇਸ਼ ਸਥਾਨ ਰੱਖਦੀ ਹੈ। ਇਸੇ ਪੱਧਤੀ ਦੇ ਸਿਧਾਂਤਕ ਅਤੇ ਵਿਵਹਾਰਕ ਪਰਿਪੇਖ ਨੂੰ ਡਾ: ਗੁਰਮੀਤ ਕੌਰ ਨੇ ਹਥਲੀ ਪੁਸਤਕ ਰਾਹੀਂ ਪਾਠਕਾਂ ਦੇ ਸਾਹਮਣੇ ਲਿਆਉਣ ਦਾ ਉਪਰਾਲਾ ਕੀਤਾ ਹੈ। ਇਸ ਉਪਰਾਲੇ ਦੀ ਸੀਮਾ ਅਤੇ ਸੰਭਾਵਨਾ ਨੂੰ ਅਸੀਂ ਪੁਸਤਕ ਦੇ ਦੋ ਖੰਡਾਂ ਵਿਚੋਂ ਤਲਾਸ਼ ਸਕਦੇ ਹਾਂ। ਪਹਿਲੇ ਖੰਡ 'ਚ ਲੇਖਿਕਾ ਨੇ ਲੋਕਧਾਰਾ ਦੇ ਸੰਕਲਪ, ਇਸ ਦੀ ਪਰਿਭਾਸ਼ਾ ਅਤੇ ਲੱਛਣਾਂ ਨੂੰ ਚੋਣਵੇਂ ਪੰਜਾਬੀ-ਲੋਕਧਾਰਾ ਦੇ ਵਿਦਵਾਨਾਂ ਦੀਆਂ ਦਲੀਲਾਂ ਜ਼ਰੀਏ ਪ੍ਰਗਟ ਕੀਤਾ ਹੈ। ਇਸੇ ਤਰ੍ਹਾਂ ਲੋਕਧਾਰਾ ਦੇ ਪ੍ਰਕਾਰਜ ਨੂੰ ਵੀ ਸੀਮਤ ਸ਼ਬਦਾਂ ਜ਼ਰੀਏ ਪਰ ਹਵਾਲਿਆਂ ਸਹਿਤ ਪ੍ਰਗਟ ਕੀਤਾ ਹੈ। ਲੋਕਧਾਰਾ ਦੇ ਸਹਿਯੋਗੀ ਖੇਤਰਾਂ, ਜਿਨ੍ਹਾਂ 'ਚ ਭੂਗੋਲ, ਇਤਿਹਾਸ, ਸੱਭਿਆਚਾਰ, ਭਾਸ਼ਾ ਅਤੇ ਸਾਹਿਤ ਜਿਹੇ ਉੱਘੇ ਸੰਕਲਪ ਹਨ, ਨੂੰ ਵੀ ਦਲੀਲ ਦਰ ਦਲੀਲ ਪਰ ਸੰਖੇਪਤਾ ਨੂੰ ਧਾਰਨ ਕਰਦੇ ਹੋਏ, ਇਨ੍ਹਾਂ ਦੇ ਆਪਸੀ ਸਬੰਧਾਂ ਅਤੇ ਅੰਤਰਾਂ ਨੂੰ ਨਿਖੇੜਿਆ ਹੈ। ਲੋਕਧਾਰਕ ਅਧਿਐਨ ਦੀ ਸਿਧਾਂਤਕ ਵਿਧੀ ਤੋਂ ਬਾਅਦ ਵਿਵਹਾਰਕ ਪੱਖ ਬਾਰੇ ਆਪਣੇ ਦ੍ਰਿਸ਼ਟੀਕੋਣ ਨੂੰ ਪ੍ਰਗਟਾਉਂਦਿਆਂ ਹੋਇਆਂ ਲੇਖਿਕਾ ਨੇ ਮਨਜੀਤ ਇੰਦਰਾ ਦੀ ਕਵਿਤਾ, ਕਲੀਆਂ 'ਚ ਹੀਰ ਲਿਖਣ ਵਾਲੇ ਕਵੀ ਰਣ ਸਿੰਘ ਦੀ ਰਚਨਾ, ਹਜੂਰਾ ਸਿੰਘ ਰਚਿਤ ਹੀਰ ਅਤੇ ਵਾਰਿਸ ਸ਼ਾਹ ਰਚਿਤ ਹੀਰ ਵਿਚੋਂ ਕ੍ਰਮਵਾਰ ਲੋਕਧਾਰਕ ਪਹਿਲੂਆਂ, ਮਿਥ ਦੇ ਪ੍ਰਗਟਾਵੇ, ਵਿਆਹ ਨਾਲ ਸਬੰਧਤ ਰੀਤਾਂ-ਰਸਮਾਂ ਅਤੇ ਲੋਕ-ਸਿਆਣਪਾਂ ਜਿਹੇ ਮਹੱਤਵਪੂਰਨ ਵਿਸ਼ਿਆਂ ਬਾਬਤ ਜਾਣਕਾਰੀ ਦਿੱਤੀ ਹੈ। ਇਸੇ ਪ੍ਰਸੰਗਿਕਤਾ 'ਚ ਪ੍ਰੀਤਮ ਦੋਮੇਲ ਰਚਿਤ ਕਹਾਣੀ 'ਖੇੜਿਆਂ ਦੀ ਖੈਰ' ਅਤੇ ਕਵੀਸ਼ਰੀ ਕਾਵਿ ਦੀ ਸਿਰਜਣਾ ਵਿਚ ਲੋਕ-ਰੂੜ੍ਹੀਆਂ ਦਾ ਮਹੱਤਵ ਦਰਸਾ ਕੇ ਅੰਤ ਵਿਚ ਪੰਜਾਬੀ ਸਮਾਜ, ਰਿਸ਼ਤਾ-ਨਾਤਾ ਪ੍ਰਬੰਧ ਦੇ ਬਦਲਵੇਂ ਪਰਿਪੇਖ ਨੂੰ ਵੀ ਸੰਕੁਚਿਤ ਵਰਨਣ ਰਾਹੀਂ ਪ੍ਰਗਟ ਕੀਤਾ ਹੈ। ਇਹ ਪੁਸਤਕ ਸਾਧਾਰਨ ਪਾਠਕਾਂ ਲਈ ਲਾਹੇਵੰਦ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732

ਫ ਫ ਫ

ਆਲੇ ਦੁਆਲੇ
ਲੇਖਕ : ਸਰਵਣ ਸਿੰਘ ਔਜਲਾ
ਪ੍ਰਕਾਸ਼ਕ : ਪ੍ਰੀਤਮ ਪ੍ਰਕਾਸ਼ਨ, ਮਹਿਲ ਕਲਾਂ, ਬਰਨਾਲਾ
ਮੁੱਲ : 200 ਸਫੇ : 168
ਸੰਪਰਕ : 8194975881.

'ਆਲੇ-ਦੁਆਲੇ' ਕਹਾਣੀ ਸੰਗ੍ਰਹਿ ਸਰਵਣ ਸਿੰਘ ਔਜਲਾ ਦਾ ਦੂਜਾ ਕਹਾਣੀ ਸੰਗ੍ਰਹਿ ਹੈ। ਇਸ ਵਿਚ ਉਸ ਨੇ ਕੁੱਲ 16 ਕਹਾਣੀਆਂ ਦੀ ਰਚਨਾ ਕੀਤੀ ਹੈ, ਜਿਨ੍ਹਾਂ ਵਿਚ ਉਸ ਨੇ ਸਮਾਜਿਕ ਆਲੇ-ਦੁਆਲੇ ਜੋ ਵਾਪਰ ਰਿਹਾ ਹੈ, ਉਸ ਦਾ ਗਲਪੀ-ਬਿੰਬ ਬੜੇ ਹੀ ਕਲਾਮਈ ਢੰਗ ਨਾਲ ਉਸਾਰਿਆ ਹੈ। ਕਹਾਣੀਕਾਰ ਦੀ ਖੂਬਸੂਰਤੀ ਕਥਾ ਵਿਚਲੇ ਵਿਵੇਕ ਨੂੰ ਪਕੜਨ ਦੀ ਹੈ। ਕਥਾਕਾਰ ਨੇ 'ਨਿਆਂ ਦਾਤੇ' ਅਤੇ 'ਡਰਾਮਾ' ਕਹਾਣੀ ਵਿਚ ਰਿਸ਼ਵਤਖੋਰੀ ਨੂੰ ਮਾਨਸਿਕ ਤਣਾਅ ਮੰਨਿਆ ਹੈ ਕਿ ਇਕ ਸ਼ਰਧਾਂਜਲੀ ਸਮਾਰੋਹ ਸਮੇਂ ਤਕੜੇ ਦੇ ਗੁਣ ਗਾਏ ਜਾਂਦੇ ਹਨ ਭਾਵੇਂ ਉਸ ਵਿਚ ਕਿੰਨਾ ਹੀ ਘਟੀਆਪਣ ਕਿਉਂ ਨਾ ਹੋਵੇ। ਇਸ ਤਰ੍ਹਾਂ ਅਗਲੀ ਕਹਾਣੀ 'ਹੰਸਾਂ ਦਾ ਜੋੜਾ' ਦਾ ਸਥਾਨ ਭਾਵੇਂ ਕੈਨੇਡਾ ਹੈ ਪਰ ਸਾਰੀ ਲੜਾਈ ਪੰਜਾਬ ਵਿਚ ਰਹਿੰਦੇ ਪੁੱਤਾਂ ਨਾਲ ਜ਼ਮੀਨ ਲੈਣ ਪਿੱਛੇ ਹੁੰਦੀ ਹੈ। 'ਕਿੱਕਰ ਬਾਬੇ' ਕਹਾਣੀ ਵਿਚ ਔਰਤਾਂ ਦਾ ਕਲੇਸ਼ ਤੇ ਝੂਠੇ ਪਖੰਡ ਦੀ ਗੱਲ ਕੀਤੀ ਗਈ ਹੈ। 'ਨਸਾਫ ਮਰ ਗਿਆ' ਕਹਾਣੀ ਵਿਚ ਜ਼ਮੀਨੀ ਰਿਸ਼ਤਿਆਂ ਦੀ ਤ੍ਰੇੜ ਦਾ ਕਰੂਰ ਯਥਾਰਥ ਪੇਸ਼ ਕਰਦੀ ਕਥਾ ਹੈ ਕਿ ਕਿਵੇਂ ਛੋਟਾ ਕਿਸਾਨ ਆਪਣੀ ਫੋਕੀ ਸ਼ਾਨੋ-ਸ਼ੌਕਤ ਕਰਕੇ ਹੀ ਕਰਜ਼ਾਈ ਹੋ ਜਾਂਦਾ ਹੈ, ਭਰੂਣ-ਹੱਤਿਆ ਤੇ ਨਜਾਇਜ਼ ਸਬੰਧਾਂ ਦੀ ਗੱਲ ਵੀ ਕਹਾਣੀਕਾਰ ਨੇ ਬਹੁਤ ਵਿਸਥਾਰ ਸਹਿਤ ਕੀਤੀ ਹੈ। 'ਬਾਲੀਆਂ' ਕਹਾਣੀ ਵਿਚ ਕੈਨੇਡਾ ਦੇ ਰਿਸ਼ਤਿਆਂ ਦਾ ਗਲਪੀ-ਪਾਠ ਸਿਰਜਿਆ ਗਿਆ ਹੈ। ਅਗਲੀ ਕਹਾਣੀ 'ਵਾਪਸੀ' ਵਿਚ ਵਿੱਦਿਅਕ ਤੇ ਰਾਜਸੀ ਅਦਾਰਿਆਂ ਪ੍ਰਤੀ ਘਟੀਆ ਸਰਕਾਰੀ ਪ੍ਰਬੰਧ ਦੀ ਨਿਸ਼ਾਨਦੇਹੀ ਕੀਤੀ ਹੈ। ਉਸ ਦੀ ਸਮੁੱਚੀ ਰਚਨਾ-ਸ਼ੈਲੀ ਦੀ ਕਥਾਕਾਰੀ ਬਾਤਾਂ ਦੀ ਤਰ੍ਹਾਂ ਹੈ। ਕਥਾਕਾਰ ਦੀ ਮੂਲ ਚੂਲ ਸਮਾਜ ਦੇ ਘਿਣਾਉਣੇ ਪੱਖਾਂ ਨੂੰ ਉਜਾਗਰ ਕਰਨ ਵਿਚ ਹੈ। ਬਾਲ-ਕਹਾਣੀਆਂ ਰਾਹੀਂ ਵੀ ਸਰਵਣ ਸਿੰਘ ਔਜਲਾ ਨੇ ਸੰਦੇਸ਼ ਦੇਣਾ ਚਾਹਿਆ ਹੈ।

ਂਗੁਰਬਿੰਦਰ ਕੌਰ ਬਰਾੜ
ਮੋ: 09855395161

12-06-2016

 ਗਿ: ਦਿੱਤ ਸਿੰਘ ਰਚਨਾਵਾਲੀ ਵਿਅੰਗ ਅਤੇ ਆਲੋਚਨਾ
ਸੰਪਾਦਕ : ਡਾ: ਇੰਦਰਜੀਤ ਸਿੰਘ ਗੋਗੋਆਣੀ
ਪ੍ਰਕਾਸ਼ਕ : ਭਾ: ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 182
ਸੰਪਰਕ : 98159-85559.

1850 ਤੋਂ 1901 ਤੱਕ ਦੇ ਕੁੱਲ 50-51 ਸਾਲਾਂ ਵਿਚ ਪੰਜਾਬ ਦੇ ਇਕ ਸਾਧਾਰਨ ਦਲਿਤ ਪਰਿਵਾਰ ਵਿਚ ਜੰਮੇ ਗਿਆਨੀ ਦਿੱਤ ਸਿੰਘ ਨੇ ਪੰਜਾਬ ਵਿਚ ਗੁਰੂ ਨਿੰਦਾ ਕਰਨ ਆਏ ਸਵਾਮੀ ਦਿਆਨੰਦ ਨੂੰ ਤਿੰਨ ਵਾਰ ਸ਼ਰੇਆਮ ਸ਼ਾਸਤਰਾਰਥ ਕਰਕੇ ਭਜਾਇਆ। ਉਸ ਨੇ ਪੰਜਾਬ ਵਿਚ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੀ ਸਿੱਖੀ ਤੇ ਗੁਰਬਾਣੀ ਦੀ ਵਿਆਖਿਆ ਵਿਚ ਅਨਮਤੀ ਕੂੜ ਕੁਸਤ ਤੇ ਕੁਫ਼ਰ ਨੂੰ ਨਕਾਰਿਆ। ਪੰਜਾਬ ਦੇ ਪਿੰਡਾਂ-ਸ਼ਹਿਰਾਂ ਵਿਚ ਧਰਮ ਦੇ ਨਾਂਅ 'ਤੇ ਧੰਦਾ ਕਰਨ ਵਾਲੇ ਅੰਧ-ਵਿਸ਼ਵਾਸੀ ਪੀਰਾਂ, ਮੀਆਂ ਤੇ ਵਹਿਮਾਂ-ਭਰਮਾਂ ਦਾ ਬੁਰੀ ਤਰ੍ਹਾਂ ਖੰਡਨ ਕਰਨ ਵਾਲੀਆਂ ਵਿਅੰਗ ਭਰਪੂਰ ਲਿਖਤਾਂ ਲਿਖੀਆਂ।
ਅਨਪੜ੍ਹਤਾ ਤੇ ਧਰਮ ਦੀ ਦੁਕਾਨਦਾਰੀ ਦੇ ਸ਼ਾਸਤਰ ਲੋਕਾਂ ਦੀ ਚਲਾਕੀ ਨੇ ਦੇਰ ਤੋਂ ਪੰਜਾਬੀਆਂ ਨੂੰ ਗੁੱਗਾ ਪੀਰ, ਸਖੀ ਸਰਵਰ ਤੇ ਮੀਰ ਮਨੌਤ ਦੇ ਜਾਲ ਵਿਚ ਫਸਾ ਰੱਖਿਆ ਸੀ। ਗਿ: ਦਿੱਤ ਸਿੰਘ ਨੇ ਆਪਣੇ ਸਮੇਂ ਦੇ ਸਰਲ ਪੰਜਾਬੀ ਦੀ ਤੁਕਬੰਦੀ ਵਾਲੇ ਵਿਅੰਗ ਕਾਵਿ ਨਾਲ ਇਸ ਭਰਮ ਜਾਲ ਤੇ ਕਰਮ ਕਾਂਡ ਨੂੰ ਗੁਰਮਤਿ ਵਿਰੋਧੀ ਦੱਸ ਕੇ ਸਿੱਖਾਂ ਨੂੰ ਇਸ ਤੋਂ ਬਚ ਕੇ ਸ਼ਬਦ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ। ਸ: ਇੰਦਰਜੀਤ ਸਿੰਘ ਗੋਗੋਆਣੀ ਨੇ ਗਿਆਨੀ ਜੀ ਦੀਆਂ ਇਨ੍ਹਾਂ ਦੁਰਲਭ ਲਿਖਤਾਂ ਨੂੰ ਲੱਭ ਕੇ ਇਕ ਵਾਰ ਮੁੜ ਪੰਜਾਬੀਆਂ ਦੇ ਸਾਹਮਣੇ ਲਿਆਂਦਾ ਹੈ। ਉਸ ਦਾ ਇਹ ਕਾਰਜ ਅੱਜ ਇਸ ਲਈ ਸਾਰਥਕ ਹੈ ਕਿ ਪੁਰਾਣੇ/ਮਿਸ਼ਰਿਤ ਸੱਭਿਆਚਾਰ ਤੇ ਅੰਧ-ਵਿਸ਼ਵਾਸ ਨੂੰ ਵੇਚਣ ਪ੍ਰਚਾਰਨ ਵਿਚ ਅੱਜ ਬੁੱਧੀਜੀਵੀ, ਮੀਡੀਆ ਤੇ ਸਿਆਸਤ ਇਕ-ਦੂਜੇ ਨਾਲ ਰਲਮਿਲ ਕੇ ਧੰਦਾ ਚਲਾ ਰਹੇ ਹਨ। ਗਿ: ਦਿੱਤ ਸਿੰਘ ਨਿਡਰ, ਇਮਾਨਦਾਰ ਤੇ ਮਨੋਵਿਗਿਆਨਕ ਆਧਾਰ ਉੱਤੇ ਇਸ ਦੰਭ ਦੇ ਪਰਖਚੇ ਉਡਾਉਂਦਾ ਹੈ। ਉਸ ਦੀ ਲਿਖਤ ਵਿਚ ਨਾਟਕੀਅਤਾ ਤੇ ਵਿਅੰਗ ਦਾ ਮਿਸ਼ਰਣ ਹੈ।
ਤਿੰਨ ਲਿਖਤਾਂ ਹਨ ਗੋਗਆਣੀ ਵੱਲੋਂ ਸੰਪਾਦਿਤ ਇਸ ਕਿਤਾਬ ਵਿਚ। ਪਹਿਲੀਂਗੁੱਗਾ ਗਪੌੜਾ ਸਪੱਸ਼ਟ ਹੀ ਗੁੱਗੇ ਪੀਰ ਨਾਲ ਜੁੜੇ ਮਿਥਿਹਾਸ ਨੂੰ ਗਪ ਗਪੌੜਾ ਕਹਿ ਕੇ ਵਿਅੰਗ ਕਰਦੀ ਹੈ। ਦੂਜੀਂਪੇਂਡੂ ਔਰਤਾਂ ਵਿਚ ਮੀਰਾਂ ਪੀਰ ਦੇ ਆ ਵੜਨ ਤੇ ਪ੍ਰੇਸ਼ਾਨ ਕਰਨ ਦਾ ਪਾਖੰਡ ਹੈ। ਗਿਆਨੀ ਜੀ ਨੇ ਇਸ ਨੂੰ ਇਕ ਸਦੀ ਪਹਿਲਾਂ ਚਲਾਕ ਨੂੰਹ ਦੇ ਸੱਸ ਨਾਲ ਵਿਰੋਧ ਦੀ ਮਨੋਵਿਗਿਆਨਕ ਪਿਠ ਭੂਮੀ ਵਿਚ ਸਮਝਾਇਆ। ਸੁਲਤਾਨ ਪੁਆੜਾ ਵਿਚ ਕਬਰਾਂ ਦੀ ਪੂਜਾ ਦੀ ਨਿਰਾਰਥਕਤਾ ਗਿਆਨੀ ਜੀ ਨੇ ਉਜਾਗਰ ਕੀਤੀ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਫ ਫ ਫ

ਮਜ਼ਦੂਰ ਬਨਾਮ ਪੂੰਜੀਵਾਦ
ਨਾਵਲਕਾਰ : ਨਰਿੰਦਰ ਸਿੰਘ ਪਦਮ
ਪ੍ਰਕਾਸ਼ਕ : ਨਵੀਨ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 99154-54607.

'ਮਜ਼ਦੂਰ ਬਨਾਮ ਪੂੰਜੀਵਾਦ' ਨਰਿੰਦਰ ਸਿੰਘ 'ਪਦਮ' ਦਾ ਅਜਿਹਾ ਨਾਵਲ ਹੈ, ਜਿਸ ਵਿਚ ਨਾਵਲਕਾਰ ਨੇ ਮਿਹਨਤਕਸ਼, ਮਜ਼ਦੂਰ ਅਤੇ ਕਿਰਤੀ ਲੋਕਾਂ ਦੇ ਸਰਮਾਏਦਾਰੀ ਖਿਲਾਫ਼ ਆਪਣੇ ਹੱਕਾਂ ਲਈ ਲੜੀ ਗਈ ਲੜਾਈ ਦਾ ਬਿਰਤਾਂਤ ਪੇਸ਼ ਕੀਤਾ ਹੈ। ਭੱਠਾ ਮਜ਼ਦੂਰ ਆਪਣੇ ਆਗੂ ਸਤਪਾਲ ਦੀ ਅਗਵਾਈ ਵਿਚ ਭੱਠਾ ਮਾਲਕਾਂ ਦੇ ਖਿਲਾਫ਼ ਆਪਣੀ ਕਿਰਤ ਦਾ ਵਾਜਿਬ ਮੁੱਲ ਲੈਣ ਲਈ ਸੰਘਰਸ਼ ਸ਼ੁਰੂ ਕਰਦੇ ਹਨ ਤੇ ਇਸ ਸੰਘਰਸ਼ ਦੌਰਾਨ ਮਜ਼ਦੂਰ ਆਗੂ ਸਤਪਾਲ ਦੀ ਜਾਨ ਵੀ ਚਲੀ ਜਾਂਦੀ ਹੈ। ਇਸ ਕੁਰਬਾਨੀ ਤੋਂ ਪ੍ਰੇਰਿਤ ਹੋ ਕੇ ਮਜ਼ਦੂਰ ਹਰੀਆ ਅਤੇ ਦਾਸੂ ਸੰਘਰਸ਼ ਨੂੰ ਅੱਗੇ ਵਧਾਉਂਦੇ ਹਨ, ਜਿਸ ਵਿਚ ਹਰੀਆ ਨਾਇਕ ਦੇ ਤੌਰ 'ਤੇ ਉੱਭਰਦਾ ਹੈ। ਭਾਵੇਂ ਕਾਨੂੰਨ ਪ੍ਰਬੰਧ ਵੀ ਸਰਮਾਏਦਾਰੀ ਦੇ ਹੱਕ ਵਿਚ ਹੀ ਭੁਗਤਦਾ ਹੈ ਪਰ ਪ੍ਰਭੂਦਾਸ ਗੁਪਤਾ ਦੇ ਸਹਿਯੋਗ ਅਤੇ ਹਰੀਏ ਦੀ ਪਤਨੀ ਲਾਜਵੰਤੀ, ਮਜ਼ਦੂਰ ਨੰਦੂ, ਜਮਾਲੂ ਅਤੇ ਪੱਤਰਕਾਰ ਸਤੀਸ਼ ਕੱਕੜ ਦੀ ਇਸ ਸੰਘਰਸ਼ ਨਾਲ ਜੁੜੀ ਹਮਾਇਤ ਵੀ ਮਜ਼ਦੂਰਾਂ ਦੀ ਜਿੱਤ ਦਾ ਪ੍ਰਤੀਕ ਬਣਦੀ ਹੈ। ਇਸ ਸਰਮਾਏਦਾਰੀ ਦੇ ਖਿਲਾਫ਼ ਵਿੱਢੇ ਸੰਘਰਸ਼ ਵਿਚ ਹਰੀਆ ਦਾ ਜਿਥੇ ਘਰ ਵਿਕ ਜਾਂਦਾ ਹੈ, ਉਥੇ ਨਾਵਲ ਦੇ ਅਖੀਰ ਉੱਤੇ ਹਰੀਆ ਵੀ ਇਸ ਸੰਘਰਸ਼ ਵਿਚ ਕੁਰਬਾਨੀ ਦੇ ਜਾਂਦਾ ਹੈ। ਉਸ ਦੀ ਸ਼ਹਾਦਤ ਬਾਕੀ ਮਜ਼ਦੂਰਾਂ ਲਈ ਪ੍ਰੇਰਨਾ ਸਰੋਤ ਬਣ ਜਾਂਦੀ ਹੈ। ਪਰ ਸਰਮਾਏਦਾਰ ਭੱਠਾ ਮਾਲਕਾਂ ਅਤੇ ਧਨਾਢ ਗੇਂਦਾ ਮੱਲ ਅਤੇ ਕਾਨੂੰਨ ਪ੍ਰਬੰਧ ਦੇ ਸਰਮਾਏਦਾਰੀ ਦੀ ਹੱਕ ਵਿਚ ਭੁਗਤ ਜਾਣ ਦੀ ਨਿਸ਼ਾਨਦੇਹੀ ਕਰਦਾ ਨਾਵਲ ਇਨ੍ਹਾਂ ਧਿਰਾਂ ਦੀ ਸਜ਼ਾ ਬਾਰੇ ਕੋਈ ਖਾਸ ਨਿਰਣਾ ਪੇਸ਼ ਨਹੀਂ ਕਰਦਾ। ਭੱਠਾ ਮਜ਼ਦੂਰਾਂ ਅਤੇ ਭੱਠਾ ਮਾਲਕਾਂ ਦੀ ਆਪਸੀ ਟੱਕਰ ਨੂੰ ਪੂਰੇ ਨਾਵਲ ਵਿਚ ਫੈਲਾ ਕੇ ਨਾਵਲਕਾਰ ਨੇ ਪੂੰਜੀਵਾਦ ਦੁਆਰਾ ਲੋਕਾਂ ਦੀ ਆਰਥਿਕ ਲੁੱਟ ਅਤੇ ਲੋਕਾਂ ਦੇ ਜਾਗਰੂਕ ਹੋਣ ਦਾ ਬਿਰਤਾਂਤ ਬਾਖੂਬੀ ਪੇਸ਼ ਕੀਤਾ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.

ਫ ਫ ਫ

ਪਰਵਾਸੀ ਜੀਵਨ ਤੇ ਸਾਹਿਤ
ਲੇਖਕ : ਉਜਾਗਰ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 94178-13072.

'ਪਰਵਾਸੀ ਜੀਵਨ ਤੇ ਸਾਹਿਤ' ਦਾ ਰਚੇਤਾ ਉੱਘਾ ਵਾਰਤਕਕਾਰ ਹੈ। ਇਸ ਪੁਸਤਕ ਰਾਹੀਂ ਉਸ ਨੇ ਕੈਨੇਡਾ, ਅਮਰੀਕਾ, ਬਰਤਾਨੀਆ, ਆਸਟਰੇਲੀਆ ਅਤੇ ਹੋਰ ਕੁਝ ਦੇਸ਼ਾਂ ਵਿਚ ਵਸ ਚੁੱਕੇ ਉਨ੍ਹਾਂ ਪੰਜਾਬੀਆਂ ਦੇ ਜੀਵਨ ਬਿਰਤਾਂਤ ਦੇ ਕੁਝ ਮਹੱਤਵਪੂਰਨ ਪੱਖਾਂ ਨੂੰ ਪ੍ਰਗਟਾਇਆ ਹੈ, ਜਿਨ੍ਹਾਂ ਨੇ ਭਾਵੇਂ ਰੋਜ਼ੀ-ਰੋਟੀ ਖਾਤਰ ਪਰਵਾਸ ਧਾਰਨ ਕੀਤਾ ਜਾਂ ਆਪਣੀ ਔਲਾਦ ਦੇ ਹੇਰਵੇ ਤਹਿਤ ਕਿਸੇ ਨਾ ਕਿਸੇ ਸਬੱਬ ਉਥੇ ਜਾ ਵਸੇ ਜਾਂ ਜਾਂਦੇ-ਆਉਂਦੇ ਰਹਿੰਦੇ ਹਨ ਪ੍ਰੰਤੂ ਉਨ੍ਹਾਂ ਲੋਕਾਂ ਨੇ ਪੰਜਾਬ ਦੀ ਮਿੱਟੀ ਦੀ ਰਹਿਤਲ ਨੂੰ ਮਨੋਂ ਨਹੀਂ ਵਿਸਾਰਿਆ। ਸਗੋਂ ਸ਼ਬਦ-ਕਲਾ ਦੀ ਜੁਗਾੜ-ਬੰਦੀ ਨਾਲ ਸਾਹਿਤ ਸਿਰਜਣਾ ਵੀ ਕੀਤੀ, ਸਮਾਜ ਸੇਵਾ ਵੀ ਕਰ ਰਹੇ ਹਨ ਅਤੇ ਇਧਰਲੇ ਲੋਕਾਂ ਦੀ ਹਰ ਪੱਖੋਂ ਚੜ੍ਹਦੀ ਕਲਾ ਵਾਸਤੇ ਸ਼ੁੱਭ ਵਿਚਾਰ ਚਿੰਤਨ ਵੀ ਰੱਖਦੇ ਹਨ। ਪੁਸਤਕ ਵਿਚ ਅੰਕਿਤ 14 ਲੇਖਕ ਅਤੇ 13 ਲੇਖਿਕਾਵਾਂ ਦਾ ਜੋ ਜ਼ਿਕਰ ਹੈ, ਪਾਠਕਾਂ ਲਈ, ਜੀਵਨ-ਸ਼ੈਲੀ ਦੇ ਹਰ ਮਰਤਬੇ ਲਈ ਵਿਸ਼ੇਸ਼ ਭਾਂਤ ਪ੍ਰੇਰਨਾ ਸਰੋਤ ਬਣਦਾ ਪ੍ਰਤੀਤ ਹੁੰਦਾ ਹੈ। ਜੈਤੇਗ ਸਿੰਘ ਅਨੰਤ, ਲੈਫ਼: ਕਰਨਲ ਗੁਰਦੀਪ ਸਿੰਘ, ਗੀਤਕਾਰ ਜੀਤ ਕੱਦੋਂਵਾਲਾ, ਕੀਟ ਵਿਗਿਆਨੀ ਡਾ: ਅਮਰਜੀਤ ਸਿੰਘ ਟਾਂਡਾ, ਗੁਰਦੀਪ ਕੌਰ ਗਰੇਵਾਲ, ਬਲਬੀਰ ਕੌਰ ਢਿੱਲੋਂ, ਨਰਪਾਲ ਸਿੰਘ ਸ਼ੇਰਗਿੱਲ, ਗਾਇਕ ਗੁਰਮਿੰਦਰ ਸਿੰਘ ਗੁਰੀ, ਹਾਇਕੂ ਰਚੇਤਾ ਗੁਰਮੀਤ ਸਿੰਘ ਸੰਧੂ, ਸਰਬਾਂਗੀ ਲੇਖਕ ਸੁਰਜੀਤ ਸਿੰਘ ਪੰਛੀ, ਕਵਿੱਤਰੀ ਸੁਰਿੰਦਰ ਕੌਰ ਬਿੰਨਰ, ਰਹੱਸ ਅਨੁਭਵ ਦੀ ਕਵਿੱਤਰੀ ਸੁਰਜੀਤ ਕੌਰ, ਸੰਗੀਤ ਪ੍ਰੇਮੀ ਪੂਰਨ ਸਿੰਘ ਪਾਂਧੀ, ਹਰਚੰਦ ਸਿੰਘ ਬਾਗੜੀ, ਪਿਆਰਾ ਸਿੰਘ ਕੁੱਦੇਵਾਲ, ਕਰਮਜੀਤ ਕੌਰ ਕਿਸ਼ਾਂਵਲ, ਸੈਂਡੀ ਗਿੱਲ, ਸਿੱਧੂ ਰਮਨ, ਰਾਜ ਸੰਧੂ, ਗੁਰਜਤਿੰਦਰ ਸਿੰਘ ਰੰਧਾਵਾ, ਦਲਜੀਤ ਕਲਿਆਣਪੁਰੀ, ਭੁਪਿੰਦਰ ਨੱਤ, ਲਵਲੀਨ ਕੌਰ ਗਿੱਲ, ਰਮਨ ਵਿਰਕ, ਪਰਨੀਤ ਕੌਰ ਸੰਧੂ, ਗਗਨ ਬਰਾੜ ਅਤੇ ਗੈਰੀ ਟਰਾਂਟੋ ਹਠੂਰ ਸਭਨਾਂ ਬਾਬਤ ਜਾਣਕਾਰੀ ਭਾਵੇਂ ਸੰਖੇਪ 'ਚ ਹੀ ਹੈ, ਪਰੰਤੂ ਪੰਜਾਬੀ ਪਾਠਕਾਂ ਵਾਸਤੇ ਦੇਸ-ਪ੍ਰਦੇਸ ਦੇ ਜੀਵਨ ਚੱਜ, ਵਿਹਾਰ, ਸਲੀਕੇ ਅਤੇ ਅਜੋਕੀ ਪੰਜਾਬੀ ਜਨਜੀਵਨ ਦੀ ਸਹੀ ਤਸਵੀਰ ਦਾ ਸੋਮਾ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732

ਫ ਫ ਫ

ਟਟਹਿਣੇ ਦੀ ਟਹਿਕ
ਲੇਖਕ : ਨਛੱਤਰ ਸਿੰਘ ਗਿੱਲ
ਪ੍ਰਕਾਸ਼ਕ : ਅੱਪੂ ਆਰਟ ਪ੍ਰੈੱਸ, ਸ਼ਾਹਕੋਟ
ਮੁੱਲ : 150 ਰੁਪਏ, ਸਫ਼ੇ : 174
ਸੰਪਰਕ : 88722-18378.

ਨਛੱਤਰ ਸਿੰਘ ਗਿੱਲ ਦੀ ਪੁਸਤਕ 'ਟਟਹਿਣੇ ਦੀ ਟਹਿਕ' ਪੰਜਾਬੀ ਸਾਹਿਤ ਰੂਪਾਂ ਦੇ ਵੱਖ-ਵੱਖ ਰੰਗਾਂ ਨਾਲ ਸ਼ਿੰਗਾਰੀ ਪੁਸਤਕ ਹੈ, ਜਿਸ ਵਿਚ ਲੇਖ, ਮਿੰਨੀ ਕਹਾਣੀਆਂ, ਕਵਿਤਾਵਾਂ ਅਤੇ ਲੇਖਕ ਦੇ ਮੌਲਿਕ ਵਿਚਾਰਾਂ ਦੇ ਨਾਲ-ਨਾਲ ਵੱਖ-ਵੱਖ ਵਿਦਵਾਨਾਂ ਦੇ ਵਿਚਾਰ ਦਰਜ ਕੀਤੇ ਗਏ ਹਨ। ਲੇਖਕ ਦੀ ਇਸ ਪੁਸਤਕ ਵਿਚ ਭਾਵੇਂ ਕੋਈ ਵੀ ਸਾਹਿਤਕ ਵਿਧਾ ਮਾਧਿਅਮ ਬਣੀ ਹੈ ਪਰ ਹਰੇਕ ਵਿਚ ਹੀ ਲੇਖਕ ਨੇ ਆਪਣੇ ਤਜਰਬੇ ਦੇ ਆਧਾਰ 'ਤੇ ਹੀ ਸਿਰਜਣਾਤਨਕ ਆਧਾਰ ਬਣਾਇਆ ਹੈ। ਭਾਵੇਂ ਲੇਖਕ ਕਵਿਤਾ ਦੀ ਸਿਰਜਣਾ ਕਰ ਰਿਹਾ ਹੈ ਜਾਂ ਫਿਰ ਕਹਾਣੀ ਰਚ ਰਿਹਾ ਹੋਵੇ, ਉਹ ਭ੍ਰਿਸ਼ਟ ਰਾਜਨੀਤੀ, ਪਰਿਵਾਰਕ ਰਿਸ਼ਤਿਆਂ ਦੀ ਤਿੜਕਣ, ਸੱਭਿਆਚਾਰਕ ਪੱਖੋਂ, ਸਮਾਜਿਕ ਪੱਖੋਂ ਆ ਰਹੇ ਨਿਘਾਰ ਨੂੰ ਪੇਸ਼ ਕਰਨ ਦਾ ਯਤਨ ਕਰਦਾ ਹੈ। ਕਹਾਣੀਆਂ ਵਿਚ ਜ਼ਿਆਦਾਤਰ ਮਿੰਨੀ ਕਹਾਣੀਆਂ ਸ਼ਾਮਿਲ ਹਨ, ਜਿਨ੍ਹਾਂ ਵਿਚ ਪਰਵਾਸੀ ਜੀਵਨ ਵਿਚ ਬਜ਼ੁਰਗਾਂ ਦੀ ਮਾੜੀ ਹਾਲਤ, ਵਿਦੇਸ਼ਾਂ ਵਿਚ ਰੁਲਦੀ ਪੰਜਾਬ ਦੀ ਜਵਾਨੀ ਅਤੇ ਮਨੁੱਖੀ ਸ਼ਖ਼ਸੀਅਤ ਦੇ ਦੋਗਲੇ ਪੱਖਾਂ ਨੂੰ ਬਾਖੂਬੀ ਪ੍ਰਸਤੁਤ ਕੀਤਾ ਗਿਆ ਹੈ। ਲੇਖਕ ਦੁਆਰਾ ਇਕੱਤਰ ਕੀਤੇ ਵਿਦਵਾਨਾਂ ਦੇ ਵਿਚਾਰ ਮਨੁੱਖ ਨੂੰ ਚੰਗੇ ਅਤੇ ਸਵੱਛ ਜੀਵਨ ਜਿਊਣ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਧਾਰਨ ਕਰਨ ਦੀ ਪ੍ਰੇਰਨਾ ਦਿੰਦੇ ਹਨ। ਸ਼ਹੀਦ ਭਗਤ ਸਿੰਘ ਦੇ ਚੁਣਵੇਂ ਵਿਚਾਰਾਂ ਦੇ ਨਾਲ ਜ਼ਮੀਨ ਦੀ ਪੈਮਾਇਸ਼ ਬਾਰੇ ਵੀ ਵਡਮੁੱਲੀ ਜਾਣਕਾਰੀ ਇਸ ਪੁਸਤਕ ਵਿਚੋਂ ਪ੍ਰਾਪਤ ਹੁੰਦੀ ਹੈ। ਇਸ ਪੁਸਤਕ ਵਿਚ ਜੇਕਰ ਹਰੇਕ ਸਾਹਿਤਕ ਵਿਧਾ ਨੂੰ ਇਕ ਥਾਂ 'ਤੇ ਹੀ ਦਰਜ ਕੀਤਾ ਜਾਂਦਾ ਤਾਂ ਪੁਸਤਕ ਦੀ ਸਮੱਗਰੀ ਹੋਰ ਵੀ ਪ੍ਰਭਾਵਸ਼ਾਲੀ ਬਣਨੀ ਸੀ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.

ਫ ਫ ਫ

ਜਿੰਦੇ ਨੀ ਤੂੰ
ਲੇਖਕ : ਸੰਤ ਸਿੰਘ ਸੋਹਲ
ਪ੍ਰਕਾਸ਼ਕ : ਪੰਜ ਨਦ ਪ੍ਰਕਾਸ਼ਨ, ਲਾਂਬੜਾ (ਜਲੰਧਰ)
ਮੁੱਲ : 180 ਰੁਪਏ, ਸਫ਼ੇ : 112
ਸੰਪਰਕ : 093166-25738.

ਸੰਤ ਸਿੰਘ ਸੋਹਲ ਦਾ ਪੰਜਾਬੀ ਗੀਤਕਾਰੀ ਵਿਚ ਇਕ ਵਿਸ਼ੇਸ਼ ਨਾਂਅ ਹੈ, ਜੋ ਪੰਜਾਬੀ ਸੱਥ ਨਾਲ ਜੁੜਿਆ ਹੋਣ ਕਰਕੇ ਪੰਜਾਬੀ ਸੱਥ ਸਰਹਿੰਦ ਦਾ ਪ੍ਰਮੁੱਖ ਸੇਵਾਦਾਰ ਵੀ ਹੈ। ਹਥਲੇ ਗੀਤ ਸੰਗ੍ਰਹਿ ਵਿਚ ਉਸ ਨੇ 62 ਗੀਤ ਸ਼ਾਮਿਲ ਕੀਤੇ ਹਨ। ਗੀਤ ਦੀ ਪ੍ਰਵਿਰਤੀ ਇਕਹਿਰੀ ਪਰਤ ਵਾਲੀ ਹੈ। ਉਸ ਨੇ ਆਪਣੇ ਸਮੇਂ 'ਚ ਵਾਪਰਦੇ ਸਮਕਾਲੀ ਵਰਤਾਰਿਆਂ ਨੂੰ ਵਿਸ਼ੇ ਬਣਾਉਂਦਿਆਂ ਸਮਾਜ ਦੀਆਂ ਭਖਦੀਆਂ ਸਮੱਸਿਆਵਾਂ ਕਿਸਾਨ ਖ਼ੁਦਕੁਸ਼ੀਆਂ, ਬੇਰੁਜ਼ਗਾਰੀ, ਮਹਿੰਗਾਈ, ਭੁੱਖਮਰੀ, ਗ਼ਰੀਬੀ, ਮਾਦਾ ਭਰੂਣ ਹੱਤਿਆ, ਸੰਪਰਦਾਇਕਤਾ, ਨਸ਼ੇ ਆਦਿ ਆਪਣੇ ਗੀਤਾਂ 'ਚ ਸਮੋਏ ਹਨ। 'ਮਨ ਦੇ ਵਿਹੜੇ' ਗੀਤ 'ਚ ਉਹ ਕਿਸਾਨ ਨੂੰ ਮੋਢਿਓਂ ਫੜ ਕੇ ਹਲੂਣਦਾ ਹੈ ਅਤੇ ਉਸ ਦੇ ਵਿਹੜੇ ਆਈ ਗੁਰਬਤ 'ਤੇ ਵੀ ਝੂਰਦਾ ਹੈ :
ਕਿਰਸਾਨੀ ਦੀ ਹਾਲਤ ਮੰਦੀ
ਪੈ ਗਈ ਖ਼ੁਦਕੁਸ਼ੀਆਂ ਦੇ ਰਾਹ।
ਜਗਜਨਣੀ ਦੀ ਅਜ਼ਮਤ 'ਸੋਹਲ'
ਪਹੁੰਚੀ ਵਿਚ ਚੌਰਾਹੇ ਆ...
'ਇਹ ਕਿਹੜਾ ਦੇਸ਼ ਬਾਬਲਾ' ਗੀਤ ਵਿਚ ਉਹ ਕੁੱਖਾਂ ਦੇ ਕਾਤਲਾਂ 'ਤੇ ਵਰ੍ਹਦਾ ਹੈ :
ਲਾਸ਼ਾਂ ਦੇ ਵਿਉਪਾਰੀ ਡਾਕਟਰ,
ਵਿਉਪਾਰੀ ਡਾਕਟਰ
ਗਏ ਧਰਤੀ ਦੇ ਰੱਬ ਸਰਾਪੇ...
ਲੋਕ-ਤੱਥ, ਲੋਕ-ਸਚਾਈਆਂ ਵੀ ਇਸ ਗੀਤ-ਸੰਗ੍ਰਹਿ ਵਿਚ ਥਾਂ-ਪੁਰ-ਥਾਂ ਗੀਤਾਂ ਦਾ ਸ਼ਿੰਗਾਰ ਬਣੀਆਂ ਹਨ। ਸਮਾਜਿਕ ਵਿਤਕਰਿਆਂ ਦੀ ਗੱਲ ਕਰਦਿਆਂ ਉਹ ਪ੍ਰੇਮ ਅਖਾੜੇ ਵਿਚ ਵੀ ਘੁਲਦਾ ਰਿਹਾ ਹੈ ਅਤੇ ਬਿਰਹਾ ਦੀ ਤਪਸ਼ ਦਾ ਸੇਕ ਵੀ ਝੱਲਦਾ ਰਿਹਾ ਹੈ। ਇਸ ਪੁਸਤਕ ਵਿਚ ਉਸ ਨੇ ਪੰਜਾਬੀ ਸੱਭਿਆਚਾਰ ਦੇ ਹਰ ਰੰਗ ਦੀ ਝਲਕ ਸਰਲ ਅਤੇ ਭਾਵਪੂਰਤ ਬੋਲੀ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਥੇ ਅੱਜ ਚੁਫੇਰੇ ਲੱਚਰ ਗੀਤਕਾਰੀ ਅਤੇ ਗਾਇਕੀ ਦੀ ਭਰਮਾਰ ਹੈ, ਉਥੇ ਸੋਹਲ ਨੇ ਸਾਫ਼-ਸੁਥਰੇ ਗੀਤਾਂ ਦੇ ਸੰਗ੍ਰਹਿ ਦੇ ਕੇ ਇਕ ਸਹੀ ਬਦਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਰਵਰਕ 'ਚ ਸੁੱਕੇ-ਹਰੇ ਰੁੱਖ ਜ਼ਿੰਦਗੀ 'ਚ ਆਏ ਦੁੱਖਾਂ-ਸੁੱਖਾਂ ਦੀ ਬਾਤ ਕਹਿੰਦੇ ਹੋਏ ਪੁਸਤਕ ਦੇ ਸਿਰਲੇਖ ਦੀ ਸਾਰਥਕਤਾ ਪੇਸ਼ ਕਰਦੇ ਹਨ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

ਫ ਫ ਫ

ਪੰਜਾਬੀ ਸਾਹਿਤ ਰੂਪਾਕਾਰ:
ਵਿਭਿੰਨ ਦ੍ਰਿਸ਼ਟੀਕੋਣ
ਲੇਖਿਕਾ : ਹਰਪ੍ਰੀਤ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 95
ਸੰਪਰਕ : 99884-17171.

ਵਿਚਾਰਾਧੀਨ ਪੁਸਤਕ ਵਿਚ ਲੇਖਿਕਾ ਨੇ 7 ਆਲੋਚਨਾਤਮਕ ਨਿਬੰਧਾਂ ਦੁਆਰਾ ਵਿਭਿੰਨ ਸਾਹਿਤ ਰੂਪਾਕਾਰਾਂ ਦਾ ਅਧਿਐਨ ਪੇਸ਼ ਕੀਤਾ ਹੈ। ਪਹਿਲੇ ਨਿਬੰਧ ਵਿਚ ਆਧੁਨਿਕ ਪੰਜਾਬੀ ਕਵਿਤਾ ਦੇ ਸਮਾਜ ਸ਼ਾਸਤਰੀ ਪੱਖ ਵਿਚ ਲੇਖਿਕਾ ਨੇ ਸਮਾਜਿਕ ਚੇਤਨਾ ਨੂੰ ਪੇਸ਼ ਕਰਦਿਆਂ ਪ੍ਰਗਤੀਵਾਦੀ ਅਤੇ ਜੁਝਾਰਵਾਦੀ ਕਵੀਆਂ ਵਿਚ ਇਸ ਰੁਝਾਨ ਦੀ ਨਿਸ਼ਾਨਦੇਹੀ ਕੀਤੀ ਹੈ ਅਤੇ ਦੱਸਿਆ ਹੈ ਕਿ ਇਨ੍ਹਾਂ ਕਵੀਆਂ ਦੀ ਕਵਿਤਾ ਵਿਚ ਕਾਵਿਕਤਾ ਨੂੰ ਦੂਜੈਲਾ ਸਥਾਨ ਪ੍ਰਾਪਤ ਹੈ। ਕੁਝ ਅਜਿਹੇ ਵੀ ਕਵੀ ਹਨ, ਜੋ ਕਵਿਤਾ ਨੂੰ ਪਹਿਲ ਦਿੰਦੇ ਹਨ। ਦੂਸਰੇ ਨਿਬੰਧ ਪੁਰਾਣ ਕਥਾ ਅਤੇ ਲੋਕ-ਕਥਾ ਵਿਚ ਲੇਖਿਕਾ ਦਾ ਮਤ ਹੈ ਕਿ ਪੰਜਾਬੀ ਦੇ ਵਾਰ ਸਾਹਿਤ ਅਤੇ ਕਿੱਸਾ ਕਾਵਿ ਉੱਪਰ ਲੋਕ-ਕਥਾਵਾਂ ਦਾ ਅਧਿਕ ਪ੍ਰਭਾਵ ਹੈ। ਤੀਜੇ ਨਿਬੰਧ ਵਿਚ ਦੱਸਿਆ ਹੈ ਕਿ ਹੀਰ ਵਾਰਿਸ ਮੱਧਕਾਲੀ ਪੰਜਾਬੀ ਲੋਕ ਸੱਭਿਆਚਾਰ ਦਾ ਦਰਪਣ ਹੋ ਨਿਬੜੀ ਹੈ। ਚੌਥੇ ਨਿਬੰਧ ਵਿਚ ਸੰਤ ਸਿੰਘ ਸੇਖੋਂ ਦੇ ਨਾਟਕ 'ਵਾਰਿਸ' ਦਾ ਸ਼ਬਦ-ਮੂਲਕ ਅਧਿਐਨ ਪੇਸ਼ ਕੀਤਾ ਗਿਆ ਹੈ। ਇਸ ਵਿਚ ਮਾਝੀ ਉਪ-ਭਾਸ਼ਾ ਤੋਂ ਬਿਨਾਂ ਅਰਬੀ-ਫ਼ਾਰਸੀ ਸ਼ਬਦਾਵਲੀ ਦੀ ਵਰਤੋਂ ਬਾਰੇ ਚਰਚਾ ਕਰਦਿਆਂ ਭਾਸ਼ਾਈ-ਬਣਤਰਾਂ ਦੇ ਅਨੇਕ ਪੱਖਾਂ 'ਤੇ ਝਾਤ ਪਾਈ ਗਈ ਹੈ। ਪੰਜਵੇਂ ਨਿਬੰਧ ਵਿਚ ਆਤਮਜੀਤ ਦੇ ਨਾਟਕ 'ਕੈਮਲੂਪਸ ਦੀਆਂ ਮੱਛੀਆਂ' ਦਾ ਭਾਸ਼ਾ-ਵਿਗਿਆਨਕ ਵਿਸ਼ਲੇਸ਼ਣ ਕੀਤਾ ਗਿਆ ਹੈ। ਛੇਵੇਂ ਨਿਬੰਧ ਵਿਚ ਵਿਗਿਆਨਕ ਅਤੇ ਪ੍ਰਮਾਣਿਕ ਕੋਸ਼ ਤਿਆਰ ਕਰਨ ਵਿਚ ਆਉਣ ਵਾਲੀਆਂ ਸਮੱਸਿਆਵਾਂ ਵੱਲ ਧਿਆਨ ਦਿਵਾਇਆ ਗਿਆ ਹੈ।
ਆਖਰੀ ਨਿਬੰਧ ਵਿਚ ਮਲਵਈ ਅਤੇ ਦੁਆਬੀ ਉਪ ਭਾਸ਼ਾਵਾਂ ਵਿਚ ਸਹਾਇਕ ਕਿਰਿਆਵਾਂ 'ਤੇ ਖੋਜ ਕਰਦਿਆਂ ਤਿੰਨਾਂ ਕਾਲਾਂ ਵਿਚ ਵਰਤੀਆਂ ਜਾਣ ਵਾਲੀਆਂ ਸਹਾਇਕ ਕਿਰਿਆਵਾਂ ਦੀਆਂ ਸਮਾਨਤਾਵਾਂ ਅਤੇ ਅਸਮਾਨਤਾਵਾਂ ਪ੍ਰਸਤੁਤ ਹਨ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਨਿਬੰਧਾਂ ਵਿਚ ਸਮਾਜਿਕ, ਸੱਭਿਆਚਾਰਕ ਅਤੇ ਭਾਸ਼ਾ ਵਿਗਿਆਨਕ ਵਿਸ਼ਲੇਸ਼ਣ ਦ੍ਰਿਸ਼ਟੀ ਭਾਰੂ ਹੈ।

ਂਡਾ: ਧਰਮ ਚੰਦ ਵਾਤਿਸ਼
-ਮੋ: 98144-46007.

ਫ ਫ ਫ

ਸੁਪਨੇ ਅਨਮੋਲ
ਕਵੀ : ਐਸ. ਐਸ. ਸਹੋਤਾ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 128
ਸੰਪਰਕ : 98884-04668.

ਐਸ.ਐਸ. ਸਹੋਤਾ ਹਥਲੀ ਪੁਸਤਕ ਤੋਂ ਪਹਿਲਾਂ 17 ਸਾਹਿਤਕ ਪੁਸਤਕਾਂ ਪੰਜਾਬੀ ਪਾਠਕਾਂ ਦੀ ਝੋਲੀ ਪਾ ਚੁੱਕਾ ਹੈ। ਹਥਲੀ ਪੁਸਤਕ ਦੀਆਂ ਹਲਕੀਆਂ-ਫੁਲਕੀਆਂ ਕਵਿਤਾਵਾਂ ਵਿਚ ਕਵੀ ਨੇ ਨਿੱਜੀ ਭਾਵਨਾਵਾਂ ਅਤੇ ਪਿਆਰ ਦੇ ਜਜ਼ਬਾਤਾਂ ਦੇ ਰਾਹ ਵਿਚ ਆਉਂਦੇ ਬ੍ਰਿਹਾ ਅਤੇ ਬੇਵਫ਼ਾਈ ਦੇ ਟਿੱਬੇ-ਟੋਇਆਂ ਨੂੰ ਖੂਬਸੂਰਤੀ ਨਾਲ ਕਵਿਤਾ ਦਾ ਪਹਿਰਨ ਦਿੱਤਾ ਹੈ। ਕਵੀ ਨੇ ਖ਼ੁਦ ਨੂੰ ਇਕ ਨਾਰੀ ਦੀ ਥਾਂ ਖਲਾਰ ਕੇ ਉਸ ਦੀਆਂ ਪ੍ਰੇਮ ਭਾਵਨਾਵਾਂ ਅਤੇ ਸਮਰਪਿਤ ਭਾਵਨਾਵਾਂ ਨੂੰ ਵਿਅਕਤ ਵੀ ਕੀਤਾ ਹੈ :
ਜੇ ਭੁਲ ਗਿਆ ਤੂੰ ਮੈਨੂੰ,
ਫਿਰ ਮੈਂ ਵੀ ਨਾ ਰਹਾਂਗੀ।
ਪਰ ਤੇਰੀ ਇਹ ਬੇਰੁਖ਼ੀ
ਮੈਂ ਹੁਣ ਕਿਸ ਤਰ੍ਹਾਂ ਸਹਾਂਗੀ।
ਕਮਾਲ ਇਹ ਹੈ ਕਿ ਕਵੀ ਸਹੋਤਾ ਨੇ ਸਮੁੱਚੀਆਂ ਕਵਿਤਾਵਾਂ ਵਿਚ ਕੇਵਲ ਤੇ ਕੇਵਲ ਪਿਆਰ ਇਜ਼ਹਾਰ ਦੀਆਂ ਹੀ ਗੱਲਾਂਬਾਤਾਂ ਕੀਤੀਆਂ ਹਨ। ਸਾਰੀਆਂ ਹੀ ਕਵਿਤਾਵਾਂ ਵਿਚ ਇਕਸਾਰ ਪ੍ਰੇਮ-ਮੱਤੇ ਵਿਸ਼ੇ ਪਾਠਕ ਨੂੰ ਅਕਾਉਂਦੇ ਨਹੀਂ ਕਿਉਂਕਿ ਉਹ ਹਰ ਕਵਿਤਾ ਵਿਚ ਨਵੇਂ ਪ੍ਰਤੀਕ ਤੇ ਬਿੰਬਾਂ ਲੈ ਕੇ ਪੇਸ਼ ਹੁੰਦਾ ਹੈ। ਕਵੀ ਨੇ ਆਪਣੀਆਂ ਕਵਿਤਾਵਾਂ ਨੂੰ ਛੰਦਾਂ ਬਹਿਰਾਂ ਵਿਚ ਪੇਸ਼ ਕਰਨ ਦਾ ਯਤਨ ਕੀਤਾ ਹੈ। ਕਿਤੇ ਵੀ ਉਸ ਨੇ ਕਵਿਤਾਵਾਂ ਦੇ ਨਾਜ਼ੁਕ ਮੋਢਿਆਂ ਉੱਤੇ ਚਲੰਤ ਸਮਾਜਿਕ ਮਸਲਿਆਂ ਦਾ ਭਾਰ ਨਹੀਂ ਪਾਇਆ। ਕਵੀ ਦੇ ਸਾਹਮਣੇ ਕੇਵਲ ਇਕ ਪਵਿੱਤਰ ਪਿਆਰ ਭਾਵਨਾ ਹੀ ਹੈ ਜਿਵੇਂ ਕਿ ਲੈਲਾ ਤੇ ਮਜਨੂੰ ਦੀ ਸੀ। ਉਹ ਸਾਰੇ ਜੀਵਨ ਦੇ ਭੇਦਾਂ ਦਾ ਭੇਦ ਪਿਆਰ-ਮੁਹੱਬਤ ਸਮਝਦਾ ਹੈ। ਹਥਲੀ ਪੁਸਤਕ ਦੀਆਂ ਕਵਿਤਾਵਾਂ ਦਾ ਇਕ ਕਮਾਲ ਹੋਰ ਵੀ ਹੈ ਕਿ ਕਵੀ ਨੇ 128 ਸਫ਼ਿਆਂ ਵਿਚ ਫੈਲੀਆਂ 112 ਕਵਿਤਾਵਾਂ ਕੇਵਲ 27 ਦਿਨਾਂ ਵਿਚ ਲਿਖ ਮਾਰੀਆਂ। ਇਸੇ ਲਈ ਸਾਰੀਆਂ ਕਵਿਤਾਵਾਂ ਧਰਾਤਲ ਤੇ ਅਸਮਾਨ ਇਕਹਿਰੇ ਨਜ਼ਰ ਆਉਂਦੇ ਹਨ। ਮੈਂ ਸਾਰੀਆਂ ਕਵਿਤਾਵਾਂ ਪੜ੍ਹ ਕੇ ਕੇਵਲ ਇਕ ਕਵਿਤਾ ਪੜ੍ਹਨ ਵਰਗੀ ਤਾਜ਼ਗੀ ਮਹਿਸੂਸ ਕਰਦਾ ਹੈ।

-ਸੁਲੱਖਣ ਸਰਹੱਦੀ
ਮੋ: 94174-84337.

ਫ ਫ ਫ

ਜਗਦੇ ਬੁਝਦੇ ਜੁਗਨੂੰ
ਲੇਖਿਕਾ : ਗੁਰਚਰਨ ਕੌਰ ਥਿੰਦ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 100
ਸੰਪਰਕ : 98152-98459.

ਇਹ ਨਾਵਲ ਵਿਦੇਸ਼ੀ ਤੋਰੀਆਂ ਧੀਆਂ ਦਾ ਦੁਖਾਂਤ ਹੈ। ਇਧਰੋਂ ਮਾਪੇ ਬਿਨਾਂ ਕੁਝ ਦੇਖੇ-ਪਰਖੇ ਆਪਣੀਆਂ ਧੀਆਂ ਨੂੰ ਚਾਈਂ-ਚਾਈਂ ਬਾਹਰੋਂ ਆਏ ਲਾੜਿਆਂ ਨਾਲ ਵਿਆਹ ਕੇ ਤੋਰ ਦਿੰਦੇ ਹਨ। ਫੁੱਲਾਂ ਵਰਗੀਆਂ ਕੁੜੀਆਂ ਕੰਡਿਆਂ ਦੇ ਵਸ ਪੈ ਜਾਂਦੀਆਂ ਹਨ। ਭਾਵੇਂ ਬਾਹਰਲੇ ਦੇਸ਼ਾਂ ਦੇ ਕਾਨੂੰਨ ਕੁੜੀਆਂ ਦਾ ਪੱਖ ਪੂਰਦੇ ਹਨ ਪਰ ਅਸੀਂ ਜਿਥੇ ਵੀ ਜਾਈਏ ਆਪਣੀਆਂ ਕਮੀਨਗੀਆਂ ਨਾਲ ਹੀ ਲੈ ਜਾਂਦੇ ਹਾਂ। ਅਨੇਕਾਂ ਔਰਤਾਂ ਨੂੰ ਘਰੇਲੂ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ। ਸ਼ੋਸ਼ਣ, ਜ਼ੁਲਮ ਅਤੇ ਕੁੱਟਮਾਰ ਸਹਿੰਦੀਆਂ ਜ਼ਿੰਦਗੀਆਂ ਮੌਤ ਤੋਂ ਬਦਤਰ ਹੋ ਜਾਂਦੀਆਂ ਹਨ। ਓਪਰੀਆਂ ਧਰਤੀਆਂ ਓਪਰੇ ਲੋਕ, ਮਾੜਾ ਵਤੀਰਾ ਦੇਖ ਕੇ ਸੋਹਲ ਕਲੀਆਂ ਕੁਮਲਾ ਜਾਂਦੀਆਂ ਹਨ। ਜੇ ਉਹ ਆਪਣੇ ਮਾਪਿਆਂ ਨੂੰ ਇਸ ਬਾਬਤ ਦੱਸਦੀਆਂ ਹਨ ਤਾਂ ਮਾਪੇ ਜਿਵੇਂ-ਕਿਵੇਂ ਕਰਕੇ ਉਥੇ ਹੀ ਐਡਜਸਟ ਹੋਣ ਲਈ ਅਤੇ ਆਪਣੇ ਪਰਿਵਾਰ ਨੂੰ ਬੁਲਾਉਣ ਲਈ ਜ਼ੋਰ ਪਾਉਂਦੇ ਹਨ। ਪਰਿਵਾਰਕ ਕਲੇਸ਼ਾਂ, ਟੁੱਟ-ਭੱਜ ਅਤੇ ਅਸੁਰੱਖਿਅਤ ਵਿਚ ਪਲ ਰਹੇ ਬੱਚਿਆਂ 'ਤੇ ਵੀ ਬਹੁਤ ਬੁਰਾ ਅਸਰ ਪੈਂਦਾ ਹੈ। ਰਿਸ਼ਤਿਆਂ ਦਾ ਨਿੱਘ ਖ਼ਤਮ ਹੋ ਰਿਹਾ ਹੈ। ਹਰ ਕੋਈ ਆਪਣਾ ਸਵਾਰਥ ਅਤੇ ਲਾਲਚ ਦੇਖਦਾ ਹੈ।
ਇਹੋ ਜਿਹੇ ਮਾੜੇ ਮਾਹੌਲ ਵਿਚ ਰਹਿ ਰਹੀਆਂ ਮਾਵਾਂ ਆਪਣੇ ਬੱਚਿਆਂ ਨੂੰ ਕਿਵੇਂ ਸਹੀ ਸੇਧ ਦੇ ਸਕਦੀਆਂ ਹਨ। ਖੇਰੂੰ-ਖੇਰੂੰ ਹੋਏ ਪਰਿਵਾਰ ਜ਼ਿੰਦਗੀ ਨੂੰ ਬੋਝ ਵਾਂਗ ਢੋਹ ਰਹੇ ਹਨ। ਕੋਈ ਵਕੀਲ ਜਾਂ ਕਾਊਂਸਲਰ ਤੋਂ ਸਲਾਹ ਮਸ਼ਵਰੇ ਲੈ ਰਿਹਾ ਹੈ, ਕੋਈ ਜੱਜ ਸਾਹਮਣੇ ਪੇਸ਼ ਹੋ ਕੇ ਆਪਣੇ ਫ਼ੈਸਲੇ ਦਾ ਇੰਤਜ਼ਾਰ ਕਰ ਰਿਹਾ ਹੈ, ਕੋਈ ਸਿਰ 'ਤੇ ਛੱਤ ਹੋਣ ਦਾ ਜੁਗਾੜ ਕਰ ਰਿਹਾ ਹੈ। ਕਈ ਕੁੜੀਆਂ ਵੀ ਧੋਖੇ ਨਾਲ ਵਿਆਹ ਕਰਵਾ ਕੇ ਬਾਹਰ ਚਲੀਆਂ ਜਾਂਦੀਆਂ ਹਨ ਅਤੇ ਆਪਣੀ ਬੇਵਫ਼ਾਈ ਨਾਲ ਆਪਣਾ ਦਾਮਨ ਦਾਗੋ-ਦਾਗ ਕਰ ਲੈਂਦੀਆਂ ਹਨ। ਨਾਵਲਕਾਰ ਨੇ ਅਜਿਹੇ ਕਈ ਪਰਿਵਾਰਾਂ ਦੀ ਦਰਦਨਾਕ ਅਵਸਥਾ ਇਸ ਨਾਵਲ ਰਾਹੀਂ ਪੇਸ਼ ਕੀਤੀ ਹੈ। ਕੁਝ ਮਦਦਗਾਰੀ ਸੰਸਥਾਵਾਂ ਅਤੇ ਵਲੰਟੀਅਰ ਅਜਿਹੇ ਕੇਸਾਂ ਵਿਚ ਮਦਦ ਕਰਦੇ ਹਨ। ਲੇਖਿਕਾ ਨੇ ਵੀ ਕੁਝ ਸੰਵੇਦਨਸ਼ੀਲ ਲੋਕਾਂ ਨਾਲ ਮਿਲ ਕੇ ਕੈਨੇਡਾ ਵਿਖੇ ਇਕ 'ਹੈਪੀ ਫੈਮਿਲੀ ਕਲੱਬ' ਕਾਇਮ ਕੀਤਾ ਹੈ, ਜਿਸ ਵਿਚ ਸਾਰੇ ਜਣੇ ਇਕ ਪਰਿਵਾਰ ਵਾਂਗ ਬੈਠ ਕੇ ਦੁਖਿਆਰਿਆਂ ਦੀਆਂ ਸਮੱਸਿਆਵਾਂ ਹੱਲ ਕਰਦੇ ਹਨ।
ਸਮੇਂ ਦੀ ਲੋੜ ਹੈ ਕਿ ਵਿਦੇਸ਼ ਜਾਣ ਦੀ ਅੰਨ੍ਹੀ ਦੌੜ ਵਿਚ ਅਸੀਂ ਆਪਣੇ ਮਾਸੂਮ ਬੱਚਿਆਂ ਦੀ ਬਲੀ ਨਾ ਦੇਈਏ। ਜ਼ਿੰਦਗੀ ਬਹੁਤ ਕੀਮਤੀ ਹੈ, ਇਸ ਨੂੰ ਭੰਗ ਦੇ ਭਾਅ ਨਹੀਂ ਗੁਆਉਣਾ। ਇਸ ਗੰਭੀਰ ਸਮੱਸਿਆ ਪ੍ਰਤੀ ਸੁਚੇਤ ਅਤੇ ਜਾਗਰੂਕ ਕਰਨ ਵਾਲਾ ਇਹ ਨਾਵਲ ਸਭ ਨੂੰ ਪੜ੍ਹਨਾ ਚਾਹੀਦਾ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਫ ਫ ਫ

ਸ਼ੁਰੂਆਤ
ਲੇਖਕ : ਹਰਦੀਪ ਸਿੰਘ ਦੀਪ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 094191-17523.

ਵਿਚਾਰ ਅਧੀਨ ਪੁਸਤਕ 'ਸ਼ੁਰੂਆਤ' ਹਰਦੀਪ ਸਿੰਘ ਦੀਪ ਦਾ ਪਲੇਠਾ ਕਹਾਣੀ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ 11 ਕਹਾਣੀਆਂ ਸ਼ਾਮਿਲ ਹਨ। ਲੇਖਕ ਨੇ ਆਪਣੇ ਪਿੰਡੇ 'ਤੇ ਹੰਢਾਏ, ਪਰਿਵਾਰਕ ਅਤੇ ਸਮਾਜਿਕ ਜੀਵਨ ਵਿਚੋਂ ਪ੍ਰਾਪਤ ਕੀਤੇ ਕੌੜੇ-ਕੁਸੈਲੇ ਅਨੁਭਵਾਂ ਅਤੇ ਸਰੋਕਾਰਾਂ ਨੂੰ ਆਪਣੀਆਂ ਕਹਾਣੀਆਂ ਦਾ ਵਿਸ਼ਾ-ਵਸਤੂ ਬਣਾਇਆ ਹੈ। 'ਸ਼ੁਰੂਆਤ' ਕਹਾਣੀ ਦਾ ਪਾਤਰ ਚੌਧਰੀ ਸ਼ਾਮ ਲਾਲ ਜੋ ਉੱਚ ਜਾਤੀ ਵਿਚੋਂ ਹੈ, ਨੀਵੀਂ ਜਾਤ ਦੀ ਕੁੜੀ ਨੂੰ ਆਪਣੀ ਧੀ ਵਜੋਂ ਅਪਣਾਅ ਕੇ ਜਾਤ-ਪਾਤ ਦੇ ਵਿਤਕਰੇ ਨੂੰ ਦੂਰ ਕਰਨ ਦੀ ਸ਼ੁਰੂਆਤ ਕਰਕੇ ਜਨ-ਸਾਧਾਰਨ ਵਿਚ ਜਾਤ-ਪਾਤ ਦੇ ਵਿਤਕਰੇ ਵਿਰੁੱਧ ਚੇਤਨਾ ਪ੍ਰਦਾਨ ਕਰਕੇ ਰਾਹ ਦਸੇਰੇ ਦਾ ਕਾਰਜ ਕਰਦਾ ਹੈ। 'ਮੌਨ ਜਲੂਸ' ਕਹਾਣੀ ਵਿਚ ਦੋ ਵੱਖ-ਵੱਖ ਫ਼ਿਰਕਿਆਂ ਦੀ ਇਕ-ਦੂਜੇ 'ਤੇ ਧੌਂਸ ਜਮਾਉਣ ਅਤੇ ਆਪਣੀ ਤਾਕਤ ਦਾ ਮੁਜ਼ਾਹਰਾ ਕਰਨ ਲਈ ਜਵਾਬੀ ਕਾਰਵਾਈ ਕਰਨ ਦੇ ਨਾਂਹ-ਪੱਖੀ ਵਰਤਾਰੇ ਦਾ ਵਰਨਣ ਕੀਤਾ ਗਿਆ ਹੈ। ਇਸ ਕਹਾਣੀ ਵਿਚ '84 ਦੇ ਸਿੱਖ ਵਿਰੋਧੀ ਦੰਗਿਆਂ ਦਾ ਦਰਦ ਸਮੋਇਆ ਹੋਇਆ ਹੈ। 'ਡਾਹਾ' ਪਿਆਰ ਦਾ ਜਜ਼ਬੇ ਦਾ ਇਜ਼ਹਾਰ ਕਰਦੀ ਕਹਾਣੀ ਹੈ। ਅਥਰੀ ਜਵਾਨੀ ਦੇ ਗਲ਼ 'ਚ ਪਾਇਆ ਅਮੀਰੀ ਦਾ ਡਾਹਾ ਉਸ ਦੀ ਮੁਹੱਬਤ ਦੇ ਵੇਗ ਨੂੰ ਡੱਕ ਨਹੀਂ ਸਕਦਾ। 'ਲਾਲ ਚੂੜਾ' ਮਨੁੱਖੀ ਸਾਂਝ ਦੀ ਵਿਰਾਸਤ ਨੂੰ ਪੇਸ਼ ਕਰਦੀ ਕਹਾਣੀ ਹੈ। ਪਿੰਕੀ, ਸੁਲੱਖਣੀ, ਸਰਪਰਾਇਜ਼, ਕੱਚੀ ਕੰਧ ਅਤੇ ਉਡਾਰੀ ਆਦਿ ਕਹਾਣੀਆਂ ਵਿਚ ਲੇਖਕ ਨੇ ਜਨ-ਸਾਧਾਰਨ ਵਿਚ ਪਨਪ ਰਹੀ ਭਾਈਚਾਰਕ ਮਨੁੱਖੀ ਸਾਂਝ ਅਤੇ ਉਸਾਰੂ ਸੋਚ ਦੇ ਹਾਂ-ਪੱਖੀ ਵਰਤਾਰੇ ਦੀ ਗੁੜਤੀ ਦੇਣ ਦਾ ਸਾਰਥਕ ਯਤਨ ਕੀਤਾ ਹੈ। 'ਉਹ ਜਾਣੇ' ਇਸ ਸੰਗ੍ਰਹਿ ਦੀ ਅਜਿਹੀ ਕਹਾਣੀ ਹੈ, ਜਿਸ ਵਿਚ ਭਾਰਤ ਦੇ ਵੰਡ ਦਾ ਦਰਦ ਹੀ ਨਹੀਂ ਸਮੋਇਆ ਹੋਇਆ, ਬਲਕਿ ਇਸ ਕਹਾਣੀ ਦੇ ਮੁੱਖ ਪਾਤਰ ਜੱਗੇ ਦੀ ਸਬਰ-ਸੰਤੋਖ ਵਾਲੀ ਸਾਕਾਰਾਤਮਕ ਸੋਚ ਨੂੰ ਉਹਦੇ 'ਉਹ ਜਾਣੇ' ਤਕੀਆ ਕਲਾਮ ਰਾਹੀਂ ਪੇਸ਼ ਕਰਕੇ ਆਮ ਪਾਠਕ ਨੂੰ ਜਾਗਰੂਕ ਕੀਤਾ ਗਿਆ ਹੈ। ਮੂਲ ਰੂਪ ਵਿਚ ਇਨ੍ਹਾਂ ਕਹਾਣੀਆਂ ਵਿਚ ਜੀਵਨ ਦੇ ਹਾਂ-ਪੱਖੀ ਵਰਤਾਰੇ ਨੂੰ ਪੇਸ਼ ਕਰਨ ਦਾ ਭਰਪੂਰ ਯਤਨ ਕੀਤਾ ਗਿਆ ਹੈ।

ਂਸੁਖਦੇਵ ਮਾਦਪੁਰੀ
ਮੋ: 94630-34472.

ਫ ਫ ਫ

ਮੇਰੇ ਦੁੱਖਾਂ ਦੀ ਕਹਾਣੀ
ਲੇਖਿਕਾ : ਜ਼ੌਹਰੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98764-36501.

ਜ਼ੌਹਰੀ ਦੀਆਂ ਇਹ ਕਵਿਤਾਵਾਂ ਜ਼ਿੰਦਗੀ ਦੇ ਯਥਾਰਥਕ ਰੰਗ ਨੂੰ ਭਾਵਾਤਮਕ ਲਹਿਜ਼ੇ ਵਿਚ ਅਭਿਵਿਅਕਤ ਕਰਦੀਆਂ ਹੋਈਆਂ ਕਦੇ ਆਤਮ ਦੀ ਦਾਸਤਾਨ ਕਹਿੰਦੀਆਂ ਹਨ, ਕਦੇ ਅਨਾਤਮ ਜਗਤ ਦੀ ਗਾਥਾ ਬਿਆਨ ਕਰਦੀਆਂ ਹਨ।
ਬ੍ਰਿਹਾ-ਕੁਠੀ ਦੀ ਵੇਦਨਾ ਸੰਵੇਦਨਾ ਦਾ ਦਰਦ ਦੇਖਣ ਤੇ ਅਨੁਭਵ ਕਰਨਯੋਗ ਹੈ : 'ਮੈਂ ਵਿਆਹੀ ਨਾ ਅਣਵਿਆਹੀ ਰਹੀ,
ਤੂੰ ਆਵੋਂ ਮੇਰੇ ਮੂੰਹ ਤੋਂ ਲਾਲ ਸਾਲੂ ਚੁੱਕੇਂ
ਦਿਨ ਛੇਤੀ ਆਵੇ, ਖ਼ੁਦਾ ਕਰੇ।'
ਇਹ ਆਤਮ ਦਰਦ ਜ਼ਿੰਦਗੀ ਦਾ ਸੱਚ ਹੈ, ਜੋ ਨਰ ਨਾਰੀ ਬ੍ਰਿਹਾ-ਪਲਾਂ ਨੂੰ ਭੋਗਦੇ ਹਨ।
ਜੌਹਰੀ ਸੰਵੇਦਨਸ਼ੀਲ ਕਵਿੱਤਰੀ ਹੈ। ਕਦੇ ਮਾਂ ਦੀ ਕੁੱਖ ਨੂੰ ਸਲਾਮ ਭੇਟਦੀ ਹੈ। ਕਦੇ ਦੇਸ਼ ਦੇ ਰਾਖਿਆਂ ਪ੍ਰਤੀ ਅਭਿਨੰਦਨ, ਕਦੇ ਗਾਇਕ ਨਾਲ ਭਾਵਨਾਤਾਮਿਕ ਸਾਂਝ ਪ੍ਰਗਟਾਉਂਦੀ ਹੈ। 'ਪੂਰਨ' ਨਾਂਅ ਦੀ ਕਵਿਤਾ ਲੂਣਾਂ ਦੇ ਅਧੂਰੇ ਸੁਪਨਿਆਂ ਦੀ ਦਾਸਤਾਨ ਬਿਆਨ ਕਰਦੀ ਹੈ। ਇੰਜ ਜ਼ੌਹਰੀ ਦਾ ਇਹ ਕਾਵਿ; ਆਤਮ ਅਨਾਤਮ ਜਗਤ ਦੇ ਵਲਵਲਿਆਂ ਵਿਚ ਜ਼ਿੰਦਗੀ ਦੇ ਦੁੱਖ ਦਰਦ; ਆਸ਼ਾ-ਨਿਰਾਸ਼ਾ ਅਤੇ ਪੂਰੀਆਂ ਤੇ ਅਧੂਰੀਆਂ ਇੱਛਾਵਾਂ ਦੀ ਆਵਾਜ਼ ਬਣਦਾ ਹੈ। ਨਿੱਜੀ ਦਰਦ ਹੋਵੇ ਜਾਂ ਲੋਕ ਦਰਦ ਉਸ ਦੇ ਧੁਰ ਅੰਦਰ ਦੀ ਅਭਿਵਿਅਕਤੀ ਬਣਦਾ ਹੈ। ਇੰਜ ਕਰਦਿਆਂ ਉਹ ਇਨ੍ਹਾਂ ਕਵਿਤਾਵਾਂ ਰਾਹੀਂ ਸਹਿਜੇ ਹੀ ਨਾਰੀ ਵੇਦਨਾ, ਨਾਰੀ ਵਿਤਕਰੇ; ਨਾਰੀ ਉੱਪਰ ਹੋ ਰਹੀਆਂ ਵਧੀਕੀਆਂ ਦਾ ਜ਼ਿਕਰ ਕਰਦੀ ਹੈ :
ਛੱਡ ਦਿੱਤੇ ਮੈਂ ਮਾਪੇ ਪੇਕੇ;
ਤੂੰ ਉੱਠ ਜਾਣਾ ਤੜਕੇ ਠੇਕੇ,
ਕੋਈ ਗੱਲ ਨਾ ਸੁਣਦਾ ਤੂੰ
ਦੱਸ ਮੈਂ ਕੱਤਾਂ ਕਿ ਨਾ...।'
ਜਾਂ
ਕਦੀ ਕਿਸਾਨ ਨੂੰ ਸੋਕਾ ਮਾਰ ਗਿਆ
ਕਦੀ ਮਾਰ ਗਿਆ ਪਾਣੀ
ਆਵੋ ਰਲ ਸੁਲਝਾਵੋ ਲੋਕੋ, ਕਿਸਾਨ ਦੀ ਉਲਝੀ ਤਾਣੀ।
ਜ਼ੌਹਰੀ ਨੇ ਕਈ ਕਵਿਤਾਵਾਂ ਉਰਦੂ ਦੀਆਂ ਗੁਰਮੁਖੀ ਲਿਪੀ ਵਿਚ ਛਾਪੀਆਂ ਹਨ। ਕਵਿੱਤਰੀ ਜਦ ਦੇਸ਼ ਦੇ ਸ਼ਹੀਦਾਂ, ਸਰਹੱਦਾਂ ਦੀ ਰਾਖੀ ਕਰਨ ਵਾਲੇ ਸਿਪਾਹੀਆਂ ਅੱਗੇ ਵਧ ਕੇ ਆਪਣਾ ਨਾਂਅ ਰੌਸ਼ਨ ਕਰਨ ਵਾਲੀਆਂ ਔਰਤਾਂ ਪ੍ਰਤੀ ਅਕੀਦੱਤ ਅਤੇ ਅਭਿਨੰਦਨ ਪੇਸ਼ ਕਰਦੀ ਹੈ; ਉਸ ਸਮੇਂ ਇਸ ਦੇ ਕਾਵਿ ਦੀ ਨੁਹਾਰ ਲੋਕ ਆਵਾਜ਼ ਜਾਪਦੀ ਹੈ।

ਂਡਾ: ਅਮਰ ਕੋਮਲ
ਮੋ: 08437873565

ਫ ਫ ਫ

ਇਹ ਜੰਗ ਕੌਣ ਲੜੇਗਾ
ਕਰਤਾ : ਭੋਲਾ ਸਿੰਘ ਸੰਘੇੜਾ
ਪ੍ਰਕਾਸ਼ਕ : ਲੋਕ ਰੰਗ ਪ੍ਰਕਾਸ਼ਨ, ਬਰਨਾਲਾ
ਮੁੱਲ : 160 ਰੁਪਏ, ਸਫ਼ੇ : 144
ਸੰਪਰਕ : 98147-87506.

144 ਸਫ਼ਿਆਂ ਦੇ ਕਹਾਣੀ ਸੰਗ੍ਰਹਿ ਇਹ ਜੰਗ ਕੌਣ ਲੜੇਗਾ, ਵਿਚ 9 ਕਹਾਣੀਆਂ ਸ਼ਾਮਿਲ ਹਨ। ਇਸ ਸੰਗ੍ਰਹਿ ਦੀ ਪਹਿਲੀ ਕਹਾਣੀ 'ਅਲਵਿਦਾ ਦੋਸਤ' ਪਿਆਰ ਕਹਾਣੀ ਹੈ। ਕਾਲਜ ਵਿਚ ਇਕੱਠੇ ਪੜ੍ਹਦੇ ਕਿਰਨਦੀਪ ਤੇ ਗੁਰਮੀਤ ਦੀ ਦੋਸਤੀ ਹੋ ਜਾਂਦੀ ਹੈ। ਗੁਰਮੀਤ ਵਿਆਹਿਆ ਹੋਇਆ ਹੈ। ਗੁਰਮੀਤ ਨੇ ਕਿਰਨਦੀਪ ਨੂੰ ਪਿਆਰ ਨਿਸ਼ਾਨੀ ਅੰਗੂਠੀ ਭੇਟ ਕੀਤੀ ਪਰ ਕਿਰਨਦੀਪ ਦੀ ਮੰਗਣੀ ਜਮਾਤੀ ਸੁਖਪਾਲ ਨਾਲ ਹੋ ਗਈ। ਕਿਰਨਦੀਪ ਨੂੰ ਇਹ ਮੰਗਣੀ ਮਨਜ਼ੂਰ ਨਹੀਂ ਸੀ। ਉਸ ਨੇ ਅੰਗੂਠੀ ਉਤਾਰ ਕੇ ਗੁਰਮੀਤ ਦੀ ਉਂਗਲੀ ਵਿਚ ਪਾ ਦਿੱਤੀ। ਕਹਾਣੀ ਦਾ ਅੰਤ ਚੰਗਾ ਹੈ।
ਇਸ ਸੰਗ੍ਰਹਿ ਦੀ ਕਹਾਣੀ ਬਾਪੂ, ਪਿਤਾ ਪਿਆਰ ਦੀ ਵਧੀਆ ਕਹਾਣੀ ਹੈ। ਲੇਖਕ ਦਾ ਮਿੱਤਰ ਰਾਮ ਲਾਲ ਘਰ ਆਉਂਦਾ ਹੈ। ਲੇਖਕ ਦਾ ਪਿਤਾ ਸੱਜਣ ਸਿੰਘ ਅਕਾਲ ਚਲਾਣਾ ਕਰ ਗਿਆ ਹੈ। ਪਰ ਉਸ ਦਾ ਹਮ ਸ਼ਕਲ ਗੱਜਣ ਸਿੰਘ ਜਿਊਂਦਾ ਹੈ। ਗੱਜਣ ਸਿੰਘ ਵੀ ਚਲਾਣਾ ਕਰ ਜਾਂਦਾ ਹੈ। ਗੱਜਣ ਸਿੰਘ ਦੇ ਭੋਗ ਸਮੇਂ ਰਾਮ ਲਾਲ ਨਾਲ ਲੇਖਕ ਵੀ ਜਾਂਦਾ ਹੈ। ਲੇਖਕ ਨੂੰ ਆਪਣੇ ਬਾਪੂ ਦੀ ਯਾਦ ਆਉਂਦੀ ਹੈ। ਗੱਜਣ ਸਿੰਘ ਵਿਚੋਂ ਉਸ ਨੂੰ ਆਪਣੇ ਬਾਪੂ ਦੀ ਸ਼ਕਲ ਦਿਸਦੀ ਹੈ। ਚੰਗੀ ਕਹਾਣੀ ਹੈ।
ਇਹ ਜੰਗ ਕੌਣ ਲੜੇਗਾ, ਕਹਾਣੀ ਜੱਗਾ ਸਿੰਘ ਦੇ ਆਸੇ-ਪਾਸੇ ਘੁੰਮਦੀ ਹੈ। ਜੱਗਾ ਸਿੰਘ ਲੇਖਕ ਦਾ ਮਿੱਤਰ ਹੈ। ਠੇਕੇਦਾਰ ਬਖਤਾਬਰ ਸਿੰਘ ਜੱਗੇ ਦੀ ਚਾਰ ਕਿੱਲੇ ਜ਼ਮੀਨ ਖਰੀਦਣੀ ਚਾਹੁੰਦਾ ਹੈ। ਠੇਕੇਦਾਰ ਦੇ ਵੱਡੇ ਟੱਕ ਨਾਲ ਲਗਦੀ ਹੈ ਜੱਗੇ ਦੀ ਚਾਰ ਕਿੱਲੇ ਜ਼ਮੀਨ। ਜੱਗਾ ਠੇਕੇਦਾਰ ਤੇ ਜ਼ੈਲਦਾਰ ਦੀ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ। ਟੋਭੇ ਵਿਚ ਭੁੱਬ ਕੇ ਮਰ ਗਿਆ। ਜਿਵੇਂ ਇਰਾਕ ਅਮਰੀਕਾ ਦੀ ਚਾਲ ਦਾ ਸ਼ਿਕਾਰ ਹੋ ਗਿਆ ਸੀ।
ਲੰਬੀਆਂ ਕਹਾਣੀਆਂ ਵਾਲੀ ਇਸ ਕਿਤਾਬ ਵਿਚ 'ਆਪਣੀ ਸੁਗੰਧ' ਛੋਟੀ ਕਹਾਣੀ ਹੈ। 'ਨਾਚ ਰੇ ਨਾਚ' ਇਸ ਸੰਗ੍ਰਹਿ ਦੀ ਇਕ ਹੋਰ ਚੰਗੀ ਕਹਾਣੀ ਹੈ। ਇਕ ਬੱਚਾ ਨੱਚ ਰਿਹਾ ਹੈ। ਕਰਤੱਬ ਵਿਖਾ ਰਿਹਾ ਹੈ। ਢੋਲ ਵਰਗਾ ਭਾਰਾ ਬੰਦਾ ਢੋਲਕੀ ਵਜਾ ਰਿਹਾ ਹੈ। ਢੋਲਕੀ ਵਾਲੇ ਦੇ ਖੁੱਲ੍ਹੇ ਚੋਗੇ ਉੱਤੇ ਭਾਰਤ ਤੇ ਪਾਕਿਸਤਾਨ ਦਾ ਨਕਸ਼ਾ ਉਲੀਕਿਆ ਹੋਇਆ ਹੈ। ਅਮਰੀਕਾ ਦੋਵਾਂ ਦੇਸ਼ਾਂ ਨੂੰ ਨਚਾ ਰਿਹਾ ਹੈ। ਚੰਗਾ ਵਿਅੰਗ ਹੈ।
ਬੋਲਾ ਸਿੰਘ ਸੰਘੇੜਾ ਲੋਕਵਾਦੀ ਸਮਾਜਵਾਦੀ ਕਹਾਣੀਕਾਰ ਹੈ। ਲੰਮੀਆਂ ਤੇ ਛੋਟੀਆਂ ਦੋਵਾਂ ਤਰ੍ਹਾਂ ਦੀਆਂ ਕਹਾਣੀਆਂ ਲਿਖਣ ਦੀ ਮੁਹਾਰਤ ਰੱਖਦਾ ਹੈ।

ਂਹਮਦਰਦਵੀਰ ਨੌਸ਼ਹਿਰਵੀ
ਮੋ: 94638-08697.

ਫ ਫ ਫ

ਹਾਜ਼ਰ ਹਾਂ ਮੈਂ
ਗ਼ਜ਼ਲਕਾਰ : ਜਸਵੰਤ ਹਾਂਸ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 240 ਰੁਪਏ, ਸਫ਼ੇ : 118
ਸੰਪਰਕ : 98157-94682.

ਜਸਵੰਤ ਹਾਂਸ ਨੇ ਆਪਣੀ ਪਹਿਲੇ ਹੀ ਗ਼ਜ਼ਲ ਸੰਗ੍ਰਹਿ 'ਹਾਜ਼ਰ ਹਾਂ ਮੈਂ' ਰਾਹੀਂ ਆਪਣੀ ਭਰਪੂਰ ਹਾਜ਼ਰੀ ਲਗਵਾਈ ਹੈ। ਇਸ ਸੰਗ੍ਰਹਿ ਵਿਚ ਹਾਂਸ ਦੀਆਂ ਸੌ ਦੇ ਕਰੀਬ ਗ਼ਜ਼ਲਾਂ ਪ੍ਰਕਾਸ਼ਤ ਹੋਈਆਂ ਹਨ। ਗ਼ਜ਼ਲਕਾਰ ਆਪਣੇ ਭਾਵਾਂ ਨੂੰ ਸ਼ਿਅਰਾਂ ਵਿਚ ਪ੍ਰਗਟਾਉਣ ਲਈ ਆਮ ਫ਼ਹਿਮ ਜ਼ੁਬਾਨ ਦਾ ਪ੍ਰਯੋਗ ਕਰਦਾ ਹੈ ਤੇ ਆਮ ਪ੍ਰਚਲਤ ਭਾਸ਼ਾ ਨੂੰ ਵਰਤੋਂ ਵਿਚ ਲਿਆਉਂਦਾ ਹੈ। ਉਹ ਭਾਵੇਂ ਆਪਣੇ ਨਿੱਜ ਨਾਲ ਵੀ ਦੋ ਚਾਰ ਹੁੰਦਾ ਹੈ ਫਿਰ ਵੀ ਉਹ ਚੌਗਿਰਦੇ ਵਿਚ ਵਾਪਰਦੀਆਂ ਘਟਨਾਵਾਂ ਨੂੰ ਅੱਖੋਂ-ਪ੍ਰੋਖੇ ਨਹੀਂ ਕਰਦਾ, ਬਲਕਿ ਇਨ੍ਹਾਂ ਨੂੰ ਆਪਣੇ ਸ਼ਿਅਰਾਂ ਦੇ ਵਿਸ਼ਿਆਂ ਵਜੋਂ ਚੁਣਦਾ ਹੈ। ਹਾਂਸ ਖੋਖਲੀ ਰਾਜਨੀਤੀ, ਆਪਣੇ ਸਮਾਜ ਦੀ ਹਕੀਕਤ, ਮਨੁੱਖਤਾ ਨੂੰ ਦਰਪੇਸ਼ ਮੁਸ਼ਕਿਲਾਂ ਤੇ ਧਰਮ ਦੇ ਨਾਂਅ 'ਤੇ ਹੋ ਰਹੇ ਪਾਖੰਡ ਪ੍ਰਤੀ ਸੁਚੇਤ ਹੈ ਤੇ ਉਹ ਅਦਬੀ ਫ਼ਰਜ਼ ਵਜੋਂ ਆਪਣੇ ਸ਼ਿਅਰਾਂ ਰਾਹੀਂ ਸੰਭਾਵੀ ਖ਼ਤਰਿਆਂ ਸਬੰਧੀ ਜਾਗ੍ਰਿਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਸ ਨੂੰ ਡਰ ਹੈ ਕਿ ਕਿਤੇ ਉਮੀਦਾਂ ਦਾ ਸੂਰਜ ਪੱਛਮ ਨਾ ਨਿਗਲ ਜਾਵੇ ਤੇ ਫ਼ਜ਼ੂਲ ਬਹਿਸਾਂ ਵਿਚ ਅਸਲੀ ਮਕਸਦ ਅਧੂਰਾ ਨਾ ਰਹਿ ਜਾਵੇ। ਜਸਵੰਤ ਹਾਂਸ ਮੁਤਾਬਿਕ ਕੁਦਰਤ ਨਾਲ ਛੇੜਛਾੜ ਖ਼ਤਰਨਾਕ ਤੂਫ਼ਾਨਾਂ ਨੂੰ ਸੱਦਾ ਦੇਣ ਦੇ ਤੁਲ ਹੈ। ਉਸ ਨੂੰ ਦੁੱਖ ਹੈ ਕਿ ਸੰਵਿਧਾਨ ਭਾਵੇਂ ਬਰਾਬਰਤਾ ਦੇ ਅਧਿਕਾਰ ਦਿੰਦਾ ਹੈ ਪਰ ਅਸਲ ਵਿਚ ਸਭ ਨੂੰ ਸਮਾਨਤਾ ਹਾਸਲ ਨਹੀਂ ਹੈ। ਉਹ ਜ਼ਿੰਦਗੀ ਨੂੰ ਇਕ ਤਮਾਸ਼ਾ ਸਮਝਦਾ ਹੈ ਤੇ ਉਸ ਨੂੰ ਜਾਪਦਾ ਹੈ ਕਿ ਸਭ ਬਿਨਾਂ ਰਸਤੇ, ਬਿਨਾਂ ਮਕਸਦ ਤੇ ਬਿਨਾਂ ਮੰਜ਼ਿਲ ਤੋਂ ਤੁਰੀ ਜਾ ਰਹੇ ਹਨ। ਹਾਂਸ ਦੀ ਗ਼ਜ਼ਲ ਦਾ ਮੁੱਖ ਵਿਸ਼ਾ ਮੁਹੱਬਤ ਹੈ ਤੇ ਉਸ ਦੇ ਬਹੁਤਿਆਂ ਸ਼ਿਅਰਾਂ ਵਿਚ ਗੁੱਸੇ, ਗ਼ਿਲੇ, ਰੋਸੇ, ਤਾਹਨੇ-ਮਿਹਣੇ ਆਦਿ ਦੇਖੇ ਜਾ ਸਕਦੇ ਹਨ। ਇਸ ਵਿਸ਼ੇ 'ਤੇ ਲਿਖੇ ਉਸ ਦੇ ਕਈ ਸ਼ਿਅਰ ਕਾਫ਼ੀ ਪ੍ਰਭਾਵਿਤ ਕਰਦੇ ਹਨ। ਗ਼ਜ਼ਲਕਾਰ ਨੇ ਕੁਝ ਨਵੀਆਂ ਰਦੀਫ਼ਾਂ ਵਰਤੀਆਂ ਹਨ ਜਿਵੇਂ ਘਰ ਚਲੋ, ਮਰ ਚਲਿਐਂ, ਰੁੱਤ ਸਰਦੀਆਂ ਦੀ, ਕੌਣ ਵੇਖੇਗਾ, ਫਿਰ ਕੀ ਆਖੀਏ, ਹੈਰਾਨਗੀ ਬੜੀ ਹੈ, ਮੈਂ ਸ਼ਰਾਬੀ ਤੇ ਬੱਲੇ ਉਇ ਆਦਿ। ਜਾਪਦਾ ਹੈ ਉਸ ਨੇ ਪੰਜਾਬੀ ਗ਼ਜ਼ਲ ਦਾ ਕਾਫ਼ੀ ਮੁਤਾਲਿਆ ਕੀਤਾ ਹੈ ਤੇ ਕੁਝ ਕੁ ਗ਼ਜ਼ਲਗੋਆਂ ਦਾ ਉਸ ਦੇ ਸ਼ਿਅਰਾਂ 'ਤੇ ਅਸਰ ਵੀ ਹੈ। ਜੇ ਉਸ ਨੇ ਆਪਣੀ ਤੋਰ ਬਰਕਰਾਰ ਰੱਖੀ ਤਾਂ ਜਸਵੰਤ ਹਾਂਸ ਦਾ ਅਦਬੀ ਭਵਿੱਖ ਸ਼ਾਨਦਾਰ ਹੋਵੇਗਾ, ਅਜਿਹੀ ਮੈਨੂੰ ਆਸ ਹੈ।

ਂਗੁਰਦਿਆਲ ਰੌਸ਼ਨ
ਮੋ: 9988444002

 ਫ ਫ

ਰੱਬੀ ਰੌ-ਰਸ
ਲੇਖਕ : ਮਾ: ਰਾਮ ਰੱਖਾ ਸਿੰਘ, ਸੀਤਲ ਸਿੰਘ ਸੈਣੀ
ਪ੍ਰਕਾਸ਼ਕ : ਸਰਵੋਤਮ.ਡੌਟ.ਕੌਮ, ਲੁਧਿਆਣਾ
ਮੁੱਲ : 80 ਰੁਪਏ, ਸਫ਼ੇ : 94
ਸੰਪਰਕ : 94179-30108.

ਰੱਬੀ ਰੌ-ਰਸ, ਜੀਵਨ ਦਾ ਆਧਾਰ ਹੈ। ਇਸ ਦੀ ਪ੍ਰਾਪਤੀ ਲਈ ਸੰਸਾਰਕ ਬੰਧਨਾਂ ਤੋਂ ਉੱਪਰ ਉੱਠ ਕੇ ਸੁਰਤ ਅਤੇ ਸ਼ਬਦ ਦਾ ਸੁਮੇਲ ਕਰਨਾ ਜ਼ਰੂਰੀ ਹੈ। ਇਹ ਪੁਸਤਕ ਇਸੇ ਭਾਵ ਨੂੰ ਲੈ ਕੇ ਲਿਖੀ ਗਈ ਨਿਵੇਕਲੀ ਪੁਸਤਕ ਹੈ। ਪੁਸਤਕ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ ਅਧਿਆਤਮ ਰੰਗ ਦੀਆਂ 30 ਕਵਿਤਾਵਾਂ ਹਨ। ਇਹ ਕਵਿਤਾਵਾਂ ਸੀਤਲ ਸਿੰਘ ਸੈਣੀ ਨੇ ਆਪਣੇ ਸਵਰਗੀ ਪਿਤਾ ਮਾ: ਰਾਮ ਰੱਖਾ ਸਿੰਘ ਵੱਲੋਂ ਲਿਖੀਆਂ ਕਵਿਤਾਵਾਂ ਨੂੰ ਕੁਝ ਨਵੀਨਤਾ ਤੇ ਵਾਧੇ ਨਾਲ ਪਾਠਕਾਂ ਸਨਮੁੱਖ ਕੀਤਾ ਹੈ। ਪਲੇਠੀ ਕਵਿਤਾ 'ਰੌ ਰਸ' ਦਾ ਇਹ ਮਿਸਰਾ ਵੇਖੋ :
ਰੌ ਰਸ-ਰਸੀਆ, ਸ਼ਬਦ ਰਸ। ਸੁੱਖ ਜੀਵਨ ਬਣਤਾਰੇ
ਗ਼ਰੀਬ ਜੋਦੜੀ, ਅੱਖਰ ਇਹੋ, ਰੱਖੀ ਪਜ ਮੁਰਾਰੇ।
'ਸੁਰਤ ਸਮਾਈ', 'ਨਿਰਮਲੇ-ਕਰਮ', 'ਮਹਿਮਾ ਸਾਧੂ ਸੰਗ ਕੀ', 'ਰੁਣਝੁਣਕਾਰ' ਸਮੇਤ ਪਹਿਲੇ ਭਾਗ ਦੀਆਂ ਸਭੇ ਨਜ਼ਮਾਂ ਮਨੁੱਖ ਦੀ ਸੁਰਤੀ ਨੂੰ ਵਿਸਮਾਦੀ ਰੰਗ ਨਾਲ ਜੋੜਨ ਵਾਲੀਆਂ ਹਨ। 'ਕੁਰਬਾਨੀ' ਨਾਂਅ ਦੀ ਕਵਿਤਾ ਰਾਹੀਂ ਕੁਰਬਾਨੀ, ਕੁਰਬਾਨੀ ਦੇਣ ਵਾਲੇ ਦੀ ਮਹੱਤਤਾ, ਵਾਸਾ ਕਿੱਥੇ, ਫਿਰ ਕੁਰਬਾਨੀ ਤੇ ਬਲਿਹਾਰੇ, ਇਨ੍ਹਾਂ ਛੋਟੇ-ਛੋਟੇ ਅੰਤਰਿਆਂ ਰਾਹੀਂ ਇਸ ਮਹਾਨ ਜਜ਼ਬੇ ਨੂੰ ਉਜਾਗਰ ਕੀਤਾ ਗਿਆ ਹੈ। ਪੁਸਤਕ ਦਾ ਦੂਸਰਾ ਭਾਗ ਸਮਾਜਿਕ ਸਰੋਕਾਰਾਂ ਨਾਲ ਸਬੰਧਤ ਹੈ ਪਰ ਸਮਾਪਤੀ ਉਨ੍ਹਾਂ ਦੀ ਵੀ ਪਰਮਾਰਥੀ ਛੋਹ ਨਾਲ ਹੁੰਦੀ ਹੈ। 'ਚੀਕਦੀ ਕਲਮ', 'ਬਲਦ ਕਿਰਸਾਨੀ', 'ਪੇਂਡੂ ਬੱਚੇ', 'ਮੁਹੱਬਤਾਂ', 'ਨਲਕੇ ਦੀ ਜਲ ਸੇਵਾ', 'ਧੀਆਂ ਸਰਦਾਰੀ' ਆਦਿ ਕਵਿਤਾਵਾਂ ਰਾਹੀਂ ਮਨੁੱਖ ਨੂੰ ਬੁਰਾਈ ਮੁਕਤ ਸਮਾਜ ਸਿਰਜਣ ਦਾ ਸੱਦਾ ਦਿੱਤਾ ਗਿਆ ਹੈ।
ਰੱਬੀ ਰੂਪ ਤੇ ਠੰਢੀਆਂ ਛਾਵਾਂ, ਵਾਂਗ ਰੁੱਖਾਂ ਦੇ ਕੁੜੀਆਂ
ਤੂੰ ਕਾਹਨੂੰ ਵੱਢਦੀ ਏਂ ਅੰਮੀਏ, ਵਿਚ ਕੁੱਖਾਂ ਦੇ ਧੀਆਂ। (ਪੰਨਾ 42)
ਸਫ਼ਾ 72 'ਤੇ ਕਵਿਤਾ 'ਤੋਤੇ ਰੰਗੀ' ਨਸ਼ਾ ਮੁਕਤ ਸਮਾਜ ਸਿਰਜਣ ਦੀ ਪ੍ਰੇਰਨਾ ਦਿੰਦੀ ਹੈ।
ਰੱਖ ਨੇਕੀ, ਅੰਗੀਂ ਸੰਗੀਂ
ਤਜ ਦੇ ਸੱਜਣਾ, ਤੋਤੇ ਰੰਗੀ।
ਤੀਜੇ ਭਾਗ 'ਖੁਸ਼ ਪਲ' ਵਿਚ ਹਾਸ-ਵਿਅੰਗ ਵਾਲੀਆਂ ਕਵਿਤਾਵਾਂ ਹਨ। ਮਿਸਾਲ ਵਜੋਂ ਚੋਰ ਸ਼ੁਕਰਾਨਾ, ਚਾਲੂ ਜੋਤਸ਼ੀ, ਕਾਕੇ ਦੀ ਮੰਗਣੀ ਤੇ ਕੰਨੀਓਂ ਪਾਟਾ ਖ਼ਤ ਰਾਹੀਂ ਵਹਿਮ-ਭਰਮ ਦੂਰ ਕਰਨ ਦਾ ਯਤਨ ਕੀਤਾ ਗਿਆ ਹੈ। ਪੁਸਤਕ, ਪੁਰਾਤਨਤਾ ਅਤੇ ਆਧੁਨਿਕਤਾ ਦਾ ਸੁਮੇਲ ਹੈ, ਜਿਹੜੀ ਆਪਣੇ ਅੰਦਰ ਬਹੁਤ ਕੁਝ ਸਮੋਈ ਬੈਠੀ ਹੈ। ਲੋੜ ਹੈ, ਇਸ ਨੂੰ ਗਹੁ ਨਾਲ ਪੜ੍ਹ ਕੇ ਅਤੇ ਵਿਚਾਰ ਕੇ ਅਮਲ ਕਰਨ ਦੀ।

ਫ ਫ ਫ

ਨੂਰ
ਕਵੀ : ਜਸਪਾਲ ਸਿੰਘ 'ਨੂਰ'
ਪ੍ਰਕਾਸ਼ਕ : ਨਿਊ.ਏ.ਐਮ. ਪ੍ਰਿੰਟਰਜ਼, ਮਾਲੇਰਕੋਟਲਾ
ਮੁੱਲ : 95 ਰੁਪਏ, ਸਫ਼ੇ : 44
ਸੰਪਰਕ : 98886-68594.

ਨੌਜਵਾਨ ਸ਼ਾਇਰ ਜਸਪਾਲ ਸਿੰਘ 'ਨੂਰ' ਦੀ ਇਸ ਪੁਸਤਕ ਵਿਚ 44 ਕਵਿਤਾਵਾਂ ਹਨ, ਜਿਹੜੀਆਂ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਹਨ। ਉਸ ਨੇ ਇਹ ਕਾਵਿ ਪੁਸਤਕ ਕਣ-ਕਣ ਵਿਚ ਵਸਦੇ ਰੱਬੀ ਨੂਰ ਨੂੰ ਸਮਰਪਿਤ ਕੀਤੀ ਹੈ। ਪਹਿਲੀ ਕਵਿਤਾ 'ਨੂਰ' ਦੀਆਂ ਇਹ ਸਤਰਾਂ ਉਸ ਅੰਦਰਲੇ ਵਲਵਲੇ ਦੀ ਜ਼ਾਮਨੀ ਭਰਦੀਆਂ ਹਨ :
ਕੌਣ ਖ਼ਾਕ ਕੌਣ ਨੂਰ ਏ? ਇਹ ਭੇਦ ਨੂਰ ਕੋਲ ਰਹਿੰਦਾ ਏ...
ਹੈ ਏ ਸਾਰਾ 'ਨੂਰ' ਦਾ ਪਸਾਰਾ, ਖਾਕਸਾਰ 'ਨੂਰ' ਏਹੋ ਕਹਿੰਦਾ ਏ।
ਦੂਜੀ ਮਨ ਨੂੰ ਟੁੰਬਣ ਵਾਲੀ ਕਵਿਤਾ ਦਾ ਸਿਰਲੇਖ ਵੀ 'ਮਨ' ਹੈ। ਛੋਟੇ-ਛੋਟੇ ਫ਼ਿਕਰੇ ਵੱਡੀਆਂ ਗੱਲਾਂ
ਮਨ ਮੌਜਾਂ 'ਚ ਜਿਊਣਾ, ਅੰਤ ਪਊ ਪਛਤਾਉਣਾ
'ਨੂਰ' ਗੁਰੂ ਨੇ ਬਚਾਉਣਾ, ਨੇਕ ਕਰਮਾਂ ਨੇ ਬਚਾਉਣਾ।
'ਧਰਨਾ' ਨਾਂਅ ਦੀ ਕਵਿਤਾ ਰਾਹੀਂ ਨਸ਼ਿਆਂ ਦੀ ਬੁਰਾਈ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਦਿੱਤਾ ਗਿਆ ਹੈ। 'ਨਿੱਕੀ ਜਿਹੀ ਕੁੜੀ' ਕਵਿਤਾ ਗ਼ਰੀਬੀ ਵਿਚ ਰੁਲ ਰਹੇ ਬਾਲਪਨ ਦੀ ਤ੍ਰਾਸਦੀ ਦੇ ਸਨਮੁੱਖ ਕਰਦੀ ਹੈ। 'ਬਰਕਤ', 'ਯਕੀਨ', 'ਉਲਟੇ ਜ਼ਮਾਨੇ' ਕਵਿਤਾਵਾਂ ਵੀ ਵੱਖ-ਵੱਖ ਵਿਸ਼ਿਆਂ ਨੂੰ ਛੋਂਹਦੀਆਂ ਹਨ। 'ਉ...ਹੋ' ਨਾਂਅ ਦੀ ਕਵਿਤਾ ਮਨੁੱਖ ਦੇ ਅਕੇਵੇਂ ਤੇ ਥਕੇਵੇਂ ਨੂੰ ਚਿਤਰਦੀ ਹੈ। 'ਹਰ ਥਾਂ ਤੂੰ' ਅਤੇ 'ਕੀ ਦੱਸਾਂ' ਰਾਹੀਂ ਰੱਬ ਦੀ ਵਿਆਪਕਤਾ ਦੀ ਗੱਲ ਕੀਤੀ ਗਈ ਹੈ। 'ਰਿਸ਼ਤੇ' ਨਾਂਅ ਦੀ ਕਵਿਤਾ ਮਨੁੱਖੀ ਰਿਸ਼ਤਿਆਂ ਦੀ ਟੁੱਟ-ਭੱਜ ਨੂੰ ਬਿਆਨਦੀ ਹੈ। 'ਧੀ', 'ਅੰਮ੍ਰਿਤ ਵੇਲਾ', 'ਸ਼ੱਕ', 'ਕੋਈ ਕੋਈ', 'ਸਾਧੂ', 'ਹੰਭਲਾ' ਨਜ਼ਮਾਂ ਵੀ ਜ਼ਿਕਰਯੋਗ ਹਨ। 'ਬਦਲਾਅ' ਨਾਂਅ ਦੀ ਕਵਿਤਾ ਯੁੱਗ ਬਦਲਣ ਦੀ ਬਾਤ ਪਾਉਂਦੀ ਹੈ। 'ਚਿੰਤਾ', 'ਸਿਰਨਾਵਾਂ', 'ਕਿਸਮਤ', 'ਕਿਸ ਬੰਦੇ ਨੇ ਦੱਸਿਆ', 'ਨੇਕ', 'ਬਾਬਾ ਨਾਨਕ', 'ਕਸਵੱਟੀ', 'ਅੰਨ੍ਹਾ ਆਦਮੀ', 'ਆਦਮੀ', 'ਬੁਲਬੁਲੇ' 'ਕੀ ਦੱਸੀਏ?' 'ਝੱਖੜ' ਅਤੇ ਅੰਤਿਮ ਨਜ਼ਮ 'ਮਾਂ' ਸਮੇਤ ਸਭੇ ਰਚਨਾਵਾਂ ਉਸ ਅੰਦਰਲੀ ਕਾਵਿ ਪ੍ਰਤਿਭਾ ਨੂੰ ਉਜਾਗਰ ਕਰਦੀਆਂ ਹਨ। 'ਬੇਅਰਥ' ਕਵਿਤਾ ਦੀ ਇਹ ਸਤਰ ਵੇਖੋਂ
ਸਾਰਾ ਕੁਝ ਐਵੇਂ ਬਕਵਾਸ ਲੱਗੇ, ਉਸ ਵੇਲੇ
ਅੰਤ ਵਿਚ ਅੰਤ ਵੇਲੇ ਗੱਲ ਕੋਈ ਅੰਤ ਦੀ ਲਿਖਾਂ। (ਪੰਨਾ 28)
ਨੂਰ ਨੇ ਅਧਿਆਤਮ ਤੋਂ ਲੈ ਕੇ ਮਨੁੱਖੀ ਸਮਾਜ ਨਾਲ ਜੁੜੇ ਬਹੁਤ ਸਾਰੇ ਵਿਸ਼ਿਆਂ ਨੂੰ ਬੜੀ ਸ਼ਿੱਦਤ ਨਾਲ ਛੋਹਿਆ ਹੈ। ਇਹੋ ਉਸ ਦਾ ਹਾਸਲ ਹੈ। ਉਸ ਦੀ ਬੋਲੀ ਸਰਲ ਤੇ ਰਸ ਭਰਪੂਰ ਹੈ।

ਂਤੀਰਥ ਸਿੰਘ ਢਿੱਲੋਂ
ਮੋ: 98154-61710.

11-06-2016

 ਭਾਰਤੀ ਵਿਗਿਆਨੀ
ਲੇਖਕ : ਤਰਸੇਮ ਸਿੰਘ ਰਿਐਤ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 132
ਸੰਪਰਕ : 98761-33022.

ਆਧੁਨਿਕ ਭਾਰਤੀ ਵਿਗਿਆਨੀਆਂ ਦੀ ਇਕ ਲੰਮੀ ਪਰੰਪਰਾ ਜੇ.ਸੀ. ਬੋਸ ਤੋਂ ਲੈ ਕੇ ਹਰਗੋਬਿੰਦ ਖੁਰਾਣਾ ਤੱਕ ਸਾਡੇ ਪਾਸ ਹੈ। ਬੋਸ ਭੌਤਿਕ ਵਿਗਿਆਨ ਤੇ ਬਨਸਪਤੀ ਵਿਗਿਆਨ ਦੋਵਾਂ ਖੇਤਰਾਂ ਵਿਚ ਵਿਲੱਖਣ ਮੁਹਾਰਤ ਰੱਖਦਾ ਸੀ ਤਾਂ ਖੁਰਾਣਾ ਰਸਾਇਣ ਵਿਗਿਆਨ ਤੇ ਚਿਕਿਤਸਾ/ਪ੍ਰਜਣਨ ਵਿਗਿਆਨ ਦੋ ਖੇਤਰਾਂ ਦਾ ਵਿਸ਼ੇਸ਼ਗ। ਮਿਹਨਤ, ਨਿਮਰਤਾ, ਅਣਖ, ਸਵੈ-ਵਿਸ਼ਵਾਸ ਜਿਹੇ ਗੁਣਾਂ ਕਾਰਨ ਉਪਰੋਕਤ ਦੋਵੇਂ ਵਿਗਿਆਨੀ ਹੀ ਨਹੀਂ, ਹਰ ਵਿਗਿਆਨੀ ਕਿਸੇ ਰੋਲ ਮਾਡਲ ਤੋਂ ਘੱਟ ਨਹੀਂ। ਵਿਗਿਆਨ ਦਾ ਖੇਤਰ ਹੈ ਹੀ ਅਜਿਹਾ ਕਿ ਝੂਠਾ ਟਿਕੇ ਨਾ ਕੋਇ। ਬੇਈਮਾਨੀ, ਸਿਆਸਤ, ਦੰਭ, ਚਾਪਲੂਸੀ, ਸਿਫ਼ਾਰਸ਼ ਦਾ ਇਸ ਵਿਚ ਮੁੱਲ ਨਹੀਂ ਪੈਂਦਾ। ਵਿਗਿਆਨੀ ਦੀ ਕਦਰ ਆਪਣੀ ਸੰਸਥਾ, ਯੂਨੀਵਰਸਿਟੀ, ਪ੍ਰਾਂਤ ਜਾਂ ਦੇਸ਼ ਦੇ ਲੋਕ ਨਾ ਵੀ ਕਰਨ ਤਾਂ ਬਾਹਰੀ ਵਿਸ਼ਵ ਉਸ ਦਾ ਮੁੱਲ ਪਾ ਦਿੰਦੀ ਹੈ। ਆਪਣੇ ਦੇਸ਼ ਦੇ ਜੋੜ-ਤੋੜ ਨਾਲ ਲਏ ਇਨਾਮ ਸਨਮਾਨ ਕੁਰਸੀਆਂ ਤੇ ਚੌਧਰਾਂ ਵਾਲੇ ਵੇਖਦੇ ਰਹਿ ਜਾਂਦੇ ਹਨ।
ਭਾਰਤੀ ਵਿਗਿਆਨੀ ਪੁਸਤਕ ਵਿਚ ਰੀਝ ਤੇ ਚਾਅ ਨਾਲ ਪੰਝੀ ਭਾਰਤੀ ਵਿਗਿਆਨੀਆਂ ਦੇ ਸੰਖੇਪ, ਸਰਲ ਜੀਵਨ ਚਰਿੱਤਰ ਪੇਸ਼ ਕੀਤੇ ਗਏ ਹਨ। ਵਿਭਿੰਨ ਖੇਤਰਾਂ ਦੇ ਇਨ੍ਹਾਂ ਵਿਗਿਆਨੀਆਂ ਦੇ ਵਿਗਿਆਨਕ ਸੰਕਲਪਾਂ, ਖੋਜਾਂ ਦਾ ਵੇਰਵਾ ਦੇਣ ਦੀ ਥਾਂ ਉਨ੍ਹਾਂ ਬਾਰੇ ਮੁਢਲੀ ਜਾਣ-ਪਛਾਣ ਕਰਵਾਉਣਾ ਹੀ ਲੇਖਕ ਦਾ ਉਦੇਸ਼ ਹੈ। ਉਨ੍ਹਾਂ ਦੇ ਜੀਵਨ, ਪਿਛੋਕੜ, ਇਨਾਮ-ਸਨਮਾਨ, ਸਿੱਖਿਆ, ਸੰਘਰਸ਼, ਕਾਰਜ ਖੇਤਰ ਬਾਰੇ ਚਰਚਾ ਕਰਕੇ ਪਾਠਕਾਂ ਨੂੰ ਇਨ੍ਹਾਂ ਬਾਰੇ ਹੋਰ ਵਿਸਤਾਰ ਨਾਲ ਜਾਣਨ ਲਈ ਉਤਸ਼ਾਹਿਤ ਕਰਨਾ ਆਪਣੇ-ਆਪ ਵਿਚ ਚੰਗਾ ਉਪਰਾਲਾ ਹੈ। ਅੱਜ ਦੀ ਪੀੜ੍ਹੀ ਵਿਗਿਆਨ ਬਾਰੇ ਪੁਰਾਣੀ ਪੀੜ੍ਹੀ ਤੋਂ ਕਿਤੇ ਵੱਧ ਸੁਚੇਤ ਹੈ। ਇਸ ਲਈ ਇਸ ਨੂੰ ਉਪਰੋਕਤ ਜਾਣਕਾਰੀ ਉਪਰੰਤ ਵਧੇਰੇ ਗੰਭੀਰ ਤੇ ਪ੍ਰਮਾਣਿਕ ਜਾਣਕਾਰੀ ਦੀ ਲੋੜ ਹੈ, ਜਿਸ ਲਈ ਉਸ ਨੂੰ ਅੰਗਰੇਜ਼ੀ ਪੁਸਤਕਾਂ ਦਾ ਆਸਰਾ ਲੈਣਾ ਪਵੇਗਾ। ਅੱਜ ਵਿਗਿਆਨ ਸੰਕਲਪਾਂ, ਸਿਧਾਂਤਾਂ, ਤੱਥਾਂ, ਤਿਥਾਂ ਪੱਖੋਂ ਪਾਠਕ ਨੂੰ ਅੰਗਰੇਜ਼ੀ ਦਾ ਦਰ ਖੜਕਾਉਣਾ ਪੈਂਦਾ ਹੈ। ਵਿਗਿਆਨ ਜਿਸ ਤੇਜ਼ੀ ਨਾਲ ਵਿਕਸਤ ਹੋ ਰਿਹਾ ਹੈ, ਉਸ ਨਾਲ ਕਦਮ ਮਿਲਾ ਕੇ ਚੱਲਣ ਲਈ ਪੰਜਾਬੀ ਵਿਚ ਵਿਗਿਆਨਕ ਪੁਸਤਕਾਂ ਲਿਖਣਾ ਸਮੇਂ ਦੀ ਲੋੜ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਆਧੁਨਿਕ ਪੰਜਾਬੀ ਕਵਿਤਾ
ਸੰਪਾਦਕ : ਰਵਿੰਦਰ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 395 ਰੁਪਏ, ਸਫ਼ੇ : 208
ਸੰਪਰਕ : 95011-14455.

ਪ੍ਰੋ: ਰਵਿੰਦਰ ਕੌਰ ਨੇ ਇਸ ਪੁਸਤਕ ਵਿਚ 'ਕਾਵਿ ਦੀ ਹੋਂਦ ਵਿਧੀ' ਅਤੇ 'ਸੰਰਚਨਾਤਮਕ ਸਰੋਕਾਰਾਂ' ਬਾਰੇ ਮਹੱਤਵਪੂਰਨ ਲੇਖ ਲਿਖੇ ਹਨ। ਇਸ ਤੋਂ ਬਾਅਦ ਉਸ ਨੇ ਪੰਜਾਬੀ ਦੇ ਕੁਝ ਆਧੁਨਿਕ ਕਵੀਆਂ ਦੇ ਕਾਵਿ-ਕਰਮ ਬਾਰੇ ਪ੍ਰਸਿੱਧ ਆਲੋਚਕਾਂ ਦੇ ਲੇਖ ਸੰਗ੍ਰਹਿਤ ਕੀਤੇ ਹਨ। ਇਨ੍ਹਾਂ ਵਿਚੋਂ ਉਮਿੰਦਰ ਜੌਹਲ (ਪੂਰਨ ਸਿੰਘ), ਹਰਿਭਜਨ ਸਿੰਘ ਭਾਟੀਆ (ਮੋਹਨ ਸਿੰਘ), ਪਰਮਜੀਤ ਢੀਂਗਰਾ (ਅੰਮ੍ਰਿਤਾ ਪ੍ਰੀਤਮ), ਸੁਖਦੇਵ ਸਿੰਘ (ਬਾਵਾ ਬਲਵੰਤ), ਸੁਹਿੰਦਰਬੀਰ ਸਿੰਘ (ਜਗਤਾਰ), ਸਰਬਜੀਤ ਸਿੰਘ (ਜਗਤਾਰ) ਅਤੇ ਹਰਿੰਦਰ ਸੋਹਲ, ਜਤਿੰਦਰ ਕੌਰ, ਹਰਜੀਤ ਕੌਰ, ਸਤਨਾਮ ਕੌਰ ਰੰਧਾਵਾ, ਪ੍ਰਭਜੀਤ ਕੌਰ ਸਿੱਧੂ ਤੇ ਸਰਬਜੀਤ ਸਿੰਘ ਮਾਨ ਆਦਿ ਆਲੋਚਕਾਂ ਦੁਆਰਾ ਮੌਲਿਕ ਦ੍ਰਿਸ਼ਟੀ ਨਾਲ ਲਿਖੇ ਲੇਖ ਇਸ ਪੁਸਤਕ ਦੇ ਮਹੱਤਵ ਵਿਚ ਢੇਰ ਵਾਧਾ ਕਰਦੇ ਹਨ।
ਇਸ ਪੁਸਤਕ ਵਿਚਲੇ ਲੇਖ ਰੂਸੀ ਰੂਪਵਾਦੀਆਂ, ਸ਼ਿਕਾਗੋ ਸਕੂਲ, ਅਮਰੀਕੀ ਨਵ-ਆਲੋਚਕਾਂ ਅਤੇ ਚਿਹਨ-ਵਿਗਿਆਨੀਆਂ ਦੀਆਂ ਪ੍ਰਮੁੱਖ ਧਾਰਨਾਵਾਂ ਨਾਲ ਸਪੱਸ਼ਟ ਭਾਂਤ ਦਾ ਸੰਵਾਦ ਤਾਂ ਨਹੀਂ ਰਚਾਉਂਦੇ ਪਰ ਉਨ੍ਹਾਂ ਦੁਆਰਾ ਪ੍ਰਸਤਾਵਿਤ ਸੰਕਲਪਾਂ ਦੁਆਰਾ ਆਧੁਨਿਕ ਪੰਜਾਬੀ ਕਾਵਿ ਦਾ ਨਵ-ਵਿਸ਼ਲੇਸ਼ਣ ਕਰਨ ਵਿਚ ਜ਼ਰੂਰ ਸਫ਼ਲ ਹੋਏ ਹਨ। ਭਾਰਤੀ ਕਾਵਿ ਸ਼ਾਸਤਰ ਵਿਚ ਵੀ ਕਾਵਿ ਦੀ ਸੰਰਚਨਾ ਬਾਰੇ ਅਨੇਕ ਅੰਤਰ-ਦ੍ਰਿਸ਼ਟੀਆਂ ਉਜਾਗਰ ਹੋਈਆਂ ਹਨ ਪਰ ਹਥਲੀ ਪੁਸਤਕ ਵਿਚ ਭਾਰਤੀ ਕਾਵਿ ਸ਼ਾਸਤਰ ਵੱਲ ਬਹੁਤੀ ਤਵਜੋਂ ਨਹੀਂ ਦਿੱਤੀ ਗਈ। ਸ਼ਾਇਦ ਅਸੀਂ ਲੋਕ ਭਾਰਤੀ ਪ੍ਰਤਿਭਾਵਾਂ ਤੋਂ ਬਹੁਤ ਆਸ਼ਾ ਨਹੀਂ ਰੱਖਦੇ। ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਵੀ ਅਮਰੀਕੀ ਅਤੇ ਯੂਰਪੀ ਸੰਕਲਪਾਂ ਦਾ ਬੋਲਬਾਲਾ ਹੈ। ਬਹਰਹਾਲ... ਪ੍ਰੋ: ਰਵਿੰਦਰ ਕੌਰ ਦਾ ਇਹ ਸੁਹਿਰਦ ਪ੍ਰਯਾਸ ਪੰਜਾਬੀ ਆਲੋਚਨਾ ਦੀ ਇਕ ਨਵੀਂ ਦਿੱਖ ਉਭਾਰਨ ਵਿਚ ਕਾਫੀ ਸਫ਼ਲ ਰਿਹਾ ਹੈ।

ਫ ਫ ਫ

ਸੋਹਣੇ ਬੋਲ ਪੰਜਾਬ ਦੇ
ਗੀਤਕਾਰ : ਅਮਰੀਕ ਸਿੰਘ ਤਲਵੰਡੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 400 ਰੁਪਏ, ਸਫ਼ੇ : 272
ਸੰਪਰਕ : 94635-42896.

ਅਧਿਆਪਨ ਦੇ ਖੇਤਰ ਵਿਚ ਨੈਸ਼ਨਲ ਐਵਾਰਡ ਪ੍ਰਾਪਤ ਕਰਤਾ ਸ: ਅਮਰੀਕ ਸਿੰਘ ਤਲਵੰਡੀ ਪਿਛਲੇ ਚਾਰ ਦਹਾਕਿਆਂ ਤੋਂ ਸਾਹਿਤ ਰਚਨਾ ਦੇ ਮਾਧਿਅਮ ਦੁਆਰਾ ਆਪਣੇ ਭਾਵਾਂ ਅਤੇ ਜੀਵਨ-ਮੁੱਲਾਂ ਦਾ ਇਜ਼ਹਾਰ ਕਰ ਰਿਹਾ ਹੈ। ਸਾਹਿਤਿਕ ਗੀਤਾਂ ਦੇ ਪ੍ਰਸੰਗ ਵਿਚ 'ਸੋਹਣੇ ਬੋਲ ਪੰਜਾਬ ਦੇ' ਉਸ ਦੀ ਸੱਤਵੀਂ ਰਚਨਾ ਹੈ। ਪੁਸਤਕ ਵਿਚ ਸੰਕਲਿਤ ਗੀਤਾਂ ਨੂੰ ਵਸਤੂ-ਸਮੱਗਰੀ ਦੇ ਆਧਾਰ 'ਤੇ ਉਸ ਨੇ ਚਾਰ ਭਾਗਾਂ ਵਿਚ ਵਿਭਾਜਿਤ ਕਰ ਲਿਆ ਹੈ : 1. ਧਾਰਮਿਕ ਗੀਤ, 2. ਕਿਸਾਨੀ ਦੇ ਗੀਤ, 3. ਵਿਆਹਾਂ ਦੇ ਗੀਤ, 4. ਸਮਾਜਿਕ ਗੀਤ। ਸਮਾਜਿਕ ਗੀਤਾਂ ਵਾਲਾ ਭਾਗ ਸਭ ਤੋਂ ਵਡੇਰਾ ਹੈ ਅਤੇ ਇਸ ਵਿਚ ਉਸ ਦੇ ਸੌ ਤੋਂ ਵੀ ਵਧੇਰੇ ਗੀਤ ਸੰਗ੍ਰਹਿਤ ਹਨ।
ਸ: ਤਲਵੰਡੀ ਦੀ ਸ਼ਖ਼ਸੀਅਤ ਅਤੇ ਸਾਹਿਤਿਕ ਪ੍ਰਤਿਭਾ ਦਾ ਤੁਆਰਫ਼ ਕਰਵਾਉਂਦਿਆਂ ਹੋਇਆਂ ਉਸ ਦੇ ਇਕ ਸੀਨੀਅਰ ਸਮਕਾਲੀ ਸ: ਇੰਦਰਜੀਤ ਹਸਨਪੁਰੀ ਨੇ ਠੀਕ ਹੀ ਲਿਖਿਆ ਸੀ : ਸੁਥਰੇ ਗੀਤ ਲਿਖੇ ਤੇ ਨਾਲੇ ਬਾਲ-ਗੀਤ ਰਚਦਾ ਤਲਵੰਡੀ। ਮਿਲ ਕੇ ਉਸ ਨੂੰ ਦਿਲ ਖੁਸ਼ ਹੁੰਦਾ ਅੱਖਾਂ ਨੂੰ ਜਚਦਾ ਤਲਵੰਡੀ। ਹਸਨਪੁਰੀ ਅਨੁਸਾਰ ਅਮਰੀਕ ਸਿੰਘ ਤਲਵੰਡੀ ਸਿਖਿਆਦਾਇਕ ਗੀਤਾਂ ਦੀ ਰਚਨਾ ਕਰਦਾ ਹੈ। ਉਸ ਨੇ ਆਪਣੀ ਇਹ ਪੁਸਤਕ ਸੱਭਿਆਚਾਰਕ ਗੀਤ ਰਚਣ, ਗਾਉਣ ਅਤੇ ਸੁਣਨ ਵਾਲੇ ਸੂਝਵਾਨ ਸਰੋਤਿਆਂ ਨੂੰ ਸਮਰਪਿਤ ਕੀਤੀ ਹੈ। ਉਸ ਦੁਆਰਾ ਰਚੇ ਗੀਤਾਂ ਦੀ ਇਕ ਵੰਨਗੀ ਦੇਖੋ :
ਸਾਰੇ ਤਰਕਸ਼ੀਲਾਂ ਸਾਨੂੰ
ਇਕ ਗੱਲ ਸਮਝਾਈ।
ਜੋਤਸ਼ੀ ਸਿਆਣੇ,
ਜਾਣ ਵਹਿਮ ਭਰਮ ਫੈਲਾਈ।
ਇਨ੍ਹਾਂ ਲੋਕਾਂ ਉਤੇ
ਨਹੀਓਂ ਕਰਨਾ ਵਿਸ਼ਵਾਸ।
ਇਹ ਚਤੁਰ ਲੁਟੇਰੇ
ਹੁੰਦੇ ਠੱਗ ਬਦਮਾਸ਼।
ਆਓ ਕੱਢੀਏ ਸਮਾਜ
ਵਿਚੋਂ ਰਲ ਕੇ ਬੁਰਾਈ...।
ਸ: ਅਮਰੀਕ ਸਿੰਘ ਤਲਵੰਡੀ ਵੱਲੋਂ ਲਿਖੇ ਗੀਤਾਂ ਵਿਚ ਸਮਕਾਲੀ ਜੀਵਨ ਦੇ ਸਰੋਕਾਰਾਂ ਨੂੰ ਪ੍ਰਗਤੀਸ਼ੀਲ ਅਤੇ ਤਰਕਮਈ ਦ੍ਰਿਸ਼ਟੀਕੋਣ ਦੁਆਰਾ ਪੇਸ਼ ਕੀਤਾ ਗਿਆ ਹੈ। ਕਵੀ ਦਾ ਮਨੋਰਥ ਸਮਾਜ ਵਿਚੋਂ ਸੱਭਿਆਚਾਰਕ ਪ੍ਰਦੂਸ਼ਣ ਖ਼ਤਮ ਕਰਨਾ ਹੈ ਅਤੇ ਇਸ ਪ੍ਰਸੰਗ ਵਿਚ ਇਹ ਗੀਤ ਉਸ ਦੇ ਕੁਝ ਐਲਾਨਨਾਮੇ ਹਨ। ਕਵੀ ਮਨੁੱਖੀ ਜੀਵਨ ਦੇ ਅੰਤਰਵਿਰੋਧਾਂ ਅਤੇ ਵਿਸੰਗਤੀਆਂ ਤੋਂ ਬਚ ਕੇ ਨਿਕਲ ਜਾਂਦਾ ਹੈ। ਪੂੰਜੀਵਾਦੀ ਨਿਜ਼ਾਮ ਅਤੇ ਭ੍ਰਿਸ਼ਟ ਸਿਆਸਤਦਾਨਾਂ ਦੇ ਦਮਨ ਵਿਚ ਨਪੀੜੇ ਜਾ ਰਹੇ ਆਮ ਆਦਮੀ ਦੀਆਂ ਮਜਬੂਰੀਆਂ ਅਤੇ ਦੁੱਖ-ਦਰਦ ਅਜੇ ਉਸ ਦੀ ਗੀਤਮਾਲਾ ਦਾ ਪ੍ਰਮੁੱਖ ਸਰੋਕਾਰ ਨਹੀਂ ਬਣੇ। ਉਸ ਦੇ ਇਕ ਪਰਿਪੱਕ ਗੀਤਕਾਰ ਹੋਣ ਦੀ ਸੂਰਤ ਵਿਚ ਅਸੀਂ ਉਸ ਪਾਸੋਂ ਇਨ੍ਹਾਂ ਸਮਕਾਲੀ ਸਰੋਕਾਰਾਂ ਬਾਰੇ ਵੀ ਅਗਵਾਈ ਚਾਹੁੰਦੇ ਹਾਂ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਜਿੰਦਰ ਦੀ ਕਥਾ ਦ੍ਰਿਸ਼ਟੀ
ਲੇਖਿਕਾ : ਮਨਵੀਰ ਕੌਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 81462-77458.

ਵਿਚਾਰਾਧੀਨ ਪੁਸਤਕ ਵਿਚ ਲੇਖਿਕਾ ਨੇ ਕਹਾਣੀਕਾਰ ਜਿੰਦਰ ਦੇ ਪੰਜ ਕਹਾਣੀ-ਸੰਗ੍ਰਹਿਆਂਂਤੁਸੀਂ ਨਹੀਂ ਸਮਝ ਸਕਦੇ; ਨਹੀਂ, ਮੈਂ ਨਹੀਂ; ਬਿਨਾਂ ਵਜ੍ਹਾ ਤਾਂ ਨਹੀਂ; ਜ਼ਖ਼ਮ ਅਤੇ ਆਵਾਜ਼ਾਂ ਨੂੰ ਅਧਿਐਨ-ਵਸਤੂ ਵਜੋਂ ਗ੍ਰਹਿਣ ਕਰਕੇ ਆਪਣਾ ਖੋਜ-ਕਾਰਜ ਸੰਪੰਨ ਕੀਤਾ ਹੈ। ਇਨ੍ਹਾਂ ਪੁਸਤਕਾਂ ਦਾ ਮੁਲਾਂਕਣ ਵੱਖਰੇ-ਵੱਖਰੇ ਕਾਂਡਾਂ ਵਿਚ ਕੀਤਾ ਗਿਆ ਹੈ। ਇਸ ਪੁਸਤਕ ਦਾ ਅਧਿਐਨ ਕਰਦਿਆਂ ਜੋ ਮੁੱਖ ਗੱਲ ਪੱਲੇ ਪੈਂਦੀ ਹੈ, ਉਹ ਹੈ ਕਿ ਇਨ੍ਹਾਂ ਕਹਾਣੀਆਂ ਵਿਚੋਂ ਚਿੰਨ੍ਹਾਤਮਕ ਜੁਗਤਾਂ ਦੀ ਪਛਾਣ ਕਰਨੀ ਲੇਖਿਕਾ ਦਾ ਮੁੱਖ ਮੰਤਵ ਹੈ। ਲੇਖਿਕਾ ਨੇ ਕਹਾਣੀਆਂ ਦੀਆਂ ਬਿਰਤਾਂਤਕ ਕੜੀਦਾਰ ਇਕਾਈਆਂ ਨੂੰ ਪਕੜਨ ਵਿਚ ਕਾਫੀ ਸਫਲਤਾ ਪ੍ਰਾਪਤ ਕੀਤੀ ਹੈ। ਆਲੋਚਕਾਂ ਨੇ ਜਿਹੜੀਆਂ ਚਿੰਨ੍ਹਾਤਮਕ ਜੁਗਤਾਂ ਦੀ ਆਪਣੇ ਵੱਲੋਂ ਨਿਸ਼ਾਨਦੇਹੀ ਕੀਤੀ ਹੈ, ਉਨ੍ਹਾਂ ਵਿਚ ਤਿੜਕਦੇ ਰਿਸ਼ਤਿਆਂ ਦਾ ਦੁਖਾਂਤ, ਇਕਲਾਪਾ ਭੋਗ ਰਹੇ ਮਨੁੱਖਾਂ ਦਾ ਸੰਕਟ, ਮਾਨਵ ਦੀ ਅਧੂਰੀ ਅਸਤਿਤਵੀ-ਹੋਂਦ, ਮਰਦ ਪ੍ਰਧਾਨ ਸਮਾਜ ਵਿਚ ਨਾਰੀ ਦੀ ਦੂਜੈਲੀ ਸਥਿਤੀ, ਕਿਰਤੀਆਂ ਦੀ ਲੁੱਟ, ਕਾਣੀ ਵੰਡ, ਹਾਸ਼ੀਆਕ੍ਰਿਤ ਲੋਕਾਂ ਦੀ ਮਾਨਸਿਕਤਾ, ਇਸਤਰੀ-ਮਰਦ/ਪਤੀ-ਪਤਨੀ ਸਬੰਧਾਂ ਵਿਚ ਆਉਂਦੀਆਂ ਤ੍ਰੇੜਾਂ ਆਦਿ ਉਲੇਖਨੀਯ ਹਨ। ਦਰਅਸਲ ਜਿੰਦਰ ਦੇ ਕਥਾ ਸੰਸਾਰ ਦੇ ਇਹੋ ਸਰੋਕਾਰ ਹਨ। ਲੇਖਿਕਾ ਨੇ ਅਜਿਹੇ ਸਰੋਕਾਰਾਂ ਪਿੱਛੇ ਕਾਰਜਸ਼ੀਲ ਪ੍ਰਸਥਿਤੀਆਂ ਦਾ ਡੂੰਘੀ ਨੀਝ ਨਾਲ ਵਿਸ਼ਲੇਸ਼ਣ ਕੀਤਾ ਹੈ। ਜਿੰਦਰ ਮੈਂ-ਮੂਲਕ ਕਹਾਣੀ ਦਾ ਸਿਰਜਕ ਹੈ। ਉਸ ਦੀਆਂ ਅਧਿਕਤਰ ਕਹਾਣੀਆਂ ਪਰੰਪਰਕ ਜੀਵਨ-ਮੁੱਲਾਂ ਅਤੇ ਤੇਜ਼ੀ ਨਾਲ ਬਦਲ ਰਹੇ ਜੀਵਨ-ਮੁੱਲਾਂ ਦੇ ਪਰਸਪਰ ਟਕਰਾਓ 'ਚੋਂ ਆਪਣੀ ਹੋਂਦ ਗ੍ਰਹਿਣ ਕਰਦੀਆਂ ਹਨ। ਪਦਾਰਥਵਾਦੀ ਸੋਚ ਨੂੰ ਇਹ ਕਥਾਵਾਂ ਰੂਪਮਾਨ ਕਰਨ ਵਿਚ ਸਫਲ ਹਨ। ਜਿੰਦਰ ਮਨੁੱਖੀ ਜੀਵਨ ਨੂੰ ਜਟਿਲ ਗਲਪਨਿਕ ਜੁਗਤਾਂ ਰਾਹੀਂ ਪੇਸ਼ ਕਰਦਾ ਹੈ। ਪੁਸਤਕ ਦੇ ਅਖੀਰ ਵਿਚ ਜਿੰਦਰ ਦਾ ਜੀਵਨ-ਬਿਉਰਾ ਦੇਣ ਉਪਰੰਤ ਲੇਖਿਕਾ ਨੇ 'ਮੈਨੂੰ ਇਕੱਲਿਆਂ ਤੁਰਨਾ ਚੰਗਾ ਲਗਦਾ' ਸਿਰਲੇਖ ਅਧੀਨ ਉਸ ਨਾਲ ਮੁਲਾਕਾਤ ਪੇਸ਼ ਕੀਤੀ ਹੈ।

ਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਸ਼ੀਸ਼ੇ ਦਾ ਸੱਚ
ਕਵੀ : ਟਹਿਲ ਸਿੰਘ ਚਾਹਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 109
ਸੰਪਰਕ : 94781-87820.

ਬਹੁਤ ਵੱਡੀਆਂ ਗੱਲਾਂ ਨੂੰ ਥੋੜ੍ਹੇ ਜਿਹੇ ਸ਼ਬਦਾਂ ਵਿਚ ਕਹਿਣਾ ਕਵਿਤਾ ਦੀ ਖੂਬਸੂਰਤੀ ਹੈ। ਪਰਦੇਸੀ ਸ਼ਾਇਰ ਨੇ ਜ਼ਿੰਦਗੀ ਦੇ ਵੰਨ-ਸੁਵੰਨੇ ਰੰਗ ਇਨ੍ਹਾਂ ਕਵਿਤਾਵਾਂ ਵਿਚ ਸਮੋ ਦਿੱਤੇ ਹਨ। ਪੰਜਾਬੀ ਦੁਨੀਆ ਦੇ ਕਿਸੇ ਹਿੱਸੇ ਵਿਚ ਵੀ ਚਲੇ ਜਾਣ ਆਪਣਾ ਪੰਜਾਬ ਆਪਣੇ ਦਿਲ ਵਿਚ ਲਪੇਟ ਕੇ ਨਾਲ ਹੀ ਲੈ ਜਾਂਦੇ ਹਨ। ਇਸ ਕਾਵਿ ਸੰਗ੍ਰਹਿ ਵਿਚ ਕਵੀ ਨੇ ਪੰਜਾਬੀ ਸੱਭਿਆਚਾਰ, ਕਦਰਾਂ-ਕੀਮਤਾਂ ਅਤੇ ਵਿਰਸੇ ਨੂੰ ਸਜੀਵ ਕਰਦਿਆਂ ਬਹੁਤ ਭਾਵਪੂਰਤ ਨਜ਼ਮਾਂ ਲਿਖੀਆਂ ਹਨ। ਆਓ, ਇਨ੍ਹਾਂ ਦੇ ਰੂਬਰੂ ਹੋਈਏਂ
ਪੈਰਾਂ ਦੇ ਪੋਟੇ ਲੱਭਦੇ ਥੱਕੇ, ਗੁੰਮੀ ਆਪਣੇ ਵਤਨ ਦੀ ਮਿੱਟੀ
ਮਨ ਖ਼ਚਰਾ ਅੰਦਰੋਂ ਹੁੱਬਿਆ ਬੋਲੇ, ਮੇਰੇ ਡਾਲਰਾਂ ਬਾਜ਼ੀ ਜਿੱਤੀ।
-ਸੁਹਣੇ ਮੇਰੇ ਪੰਜਾਬ ਦੇ ਵਿਚੋਂ, ਲੁਪਤ ਕਿਉਂ ਕਿੱਕਰ ਕਰੀਰਾਂ ਨੇ?
ਜੜ੍ਹ ਤਰਸੇ ਸਿੱਲ੍ਹੇ ਪਾਣੀ ਨੂੰ, ਹੱਥ ਪਾਣੀ ਦੇ ਤਕਦੀਰਾਂ ਨੇ।
-ਸੱਜਣਾਂ ਮੈਂ ਤੇਰੀ ਕਿੱਕਰੀ, ਇਕੱਲੀ ਰੋਹੀਆਂ ਖੇਤ ਖੜ੍ਹੀ
ਹਰੀ ਛਿੱਲੜ ਸਰੀਰੋਂ ਮੁੱਕੀ, ਬਾਲਣ ਕੰਡਿਆ ਸੰਗ ਜੜੀ।
ਕਵੀ ਦਾ ਸੰਵੇਦਨਸ਼ੀਲ ਹਿਰਦਾ ਭਾਵੇਂ ਪ੍ਰਦੇਸਾਂ ਦੇ ਸੁੱਖ ਸਹੂਲਤਾਂ ਮਾਣਦਾ ਹੈ ਪਰ ਆਪਣੀ ਮਿੱਟੀ ਦੀ ਮਹਿਕ ਨੂੰ ਨਹੀਂ ਭੁੱਲ ਸਕਦਾ। ਇਥੋਂ ਦੇ ਰੁੱਖ ਬੂਟੇ, ਮੋਹ ਮੁਹੱਬਤਾਂ, ਜੰਗਲ ਬੇਲੇ, ਰੀਤੀ ਰਿਵਾਜ ਸਭ ਉਸ ਦੇ ਚੇਤੇ ਵਿਚ ਸਮਾਏ ਹੋਏ ਹਨ। ਕਦੇ-ਕਦੇ ਉਹ ਭਾਵੁਕ ਹੋ ਜਾਂਦਾ ਹੈ ਪਰ ਹੋਸ਼ ਅਤੇ ਚੇਤਨਾ ਦਾ ਪੱਲਾ ਨਹੀਂ ਛੱਡਦਾ। ਇਨ੍ਹਾਂ ਕਵਿਤਾਵਾਂ ਵਿਚ ਸਮਾਜਿਕ, ਆਰਥਿਕ ਅਤੇ ਰੂਹਾਨੀਅਤ ਦਾ ਰੰਗ ਹੈ। ਲੋਕ ਤੱਤ ਅਤੇ ਸੂਫ਼ੀਆਨਾ ਰੰਗ ਇਨ੍ਹਾਂ ਦਾ ਸ਼ਿੰਗਾਰ ਹਨ। ਕੁੜੀਆਂ ਚਿੜੀਆਂ, ਕਲੀਆਂ ਫੁਲਾਂ, ਕਰੂੰਬਲਾਂ ਅਤੇ ਮਹਿਕਾਂ ਦੀ ਖ਼ੈਰ ਮੰਗਦਾ ਕਵੀ ਡੂੰਘੀਆਂ ਗੱਲਾਂ ਕਹਿ ਜਾਂਦਾ ਹੈ। ਉਹ ਮਕਬਰੇ ਜਾਂ ਸ਼ਮਸ਼ਾਨ ਨੂੰ ਤਾਜ ਮਹਿਲ ਕਹਿਣ ਦੇ ਵਿਰੋਧ ਵਿਚ ਹਨ। ਉਸ ਨੂੰ ਕੰਮੀਆਂ ਦਾ ਵਿਹੜਾ, ਪਸੀਨੇ ਦੀ ਖੁਸ਼ਬੂ, ਵਤਨ ਦੀਆਂ ਧੁੱਪਾਂ-ਛਾਵਾਂ ਨਾਲ ਪਿਆਰ ਹੈ। ਸਿਦਕ, ਸਬਰ, ਰੱਬ ਵਿਚ ਉਸ ਦਾ ਵਿਸ਼ਵਾਸ ਹੈ। ਉਸ ਨੂੰ ਕੰਨਿਆ ਭਰੂਣ ਹੱਤਿਆਵਾਂ ਅਤੇ ਧੀਆਂ ਦੀਆਂ ਧਾਹਾਂ, ਜਾਨਵਰਾਂ ਅਤੇ ਰੁੱਖਾਂ 'ਤੇ ਹੁੰਦਾ ਜ਼ੁਲਮ ਧੁਰ ਤੱਕ ਹਿਲਾ ਜਾਂਦਾ ਹੈ। ਸਮੁੱਚੇ ਤੌਰ 'ਤੇ ਇਹ ਇਕ ਵਧੀਆ ਕਿਰਤ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367..
ਫ ਫ ਫ

ਆਰ-ਪਾਰ ਦਾ ਸਫ਼ਰ
ਗ਼ਜ਼ਲਕਾਰਾ : ਏਕਤਾ ਸਿੰਘ 'ਭੁਪਾਲ'
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 111
ਸੰਪਰਕ : 98557-28684.

'ਆਰ-ਪਾਰ ਦਾ ਸਫ਼ਰ' ਗ਼ਜ਼ਲ ਸੰਗ੍ਰਹਿ ਵਿਚ ਸੌ ਦੇ ਕਰੀਬ ਗ਼ਜ਼ਲਾਂ ਪ੍ਰਕਾਸ਼ਿਤ ਹੋਈਆਂ ਹਨ। ਏਕਤਾ ਅਨੁਸਾਰ ਹਰ ਸ਼ਖ਼ਸ ਦੇ ਖ਼ੂਨ ਅੰਦਰ ਮਚਲਦਾ ਤੂਫ਼ਾਨ ਹੋਣਾ ਚਾਹੀਦਾ ਹੈ ਤੇ ਹਰ ਇਨਸਾਨ ਅੰਦਰ ਇਨਸਾਨੀਅਤ ਲਾਜ਼ਮੀ ਹੈ। ਜ਼ਿੰਦਗੀ ਦਾ ਹੁਨਰ ਜਾਨਣ ਲਈ ਹਰ ਬਸ਼ਰ ਵਿਚ ਮੁਹੱਬਤ ਵੀ ਜ਼ਰੂਰੀ ਹੈ। ਇਹ ਕਿਸੇ ਆਪਣੇ ਲਈ ਵੀ ਹੋ ਸਕਦੀ ਹੈ ਤੇ ਆਪਣੀ ਮਿੱਟੀ ਲਈ ਵੀ। ਦਰਅਸਲ ਗ਼ਜ਼ਲਕਾਰਾ ਗ਼ਮ, ਦੁੱਖ, ਦਰਦ ਤੇ ਪੀੜਾਂ ਦੀ ਮੁਸੱਵਰ ਹੈ ਤੇ ਉਸ ਦੁਆਰਾ ਸ਼ਬਦਾਂ ਰਾਹੀਂ ਚਿਤਰੇ ਗ਼ਮਗੀਨ ਮੰਜ਼ਰ ਪਾਠਕ ਨੂੰ ਪ੍ਰਭਾਵਤ ਕਰਦੇ ਹਨ। ਉਹ ਆਪਣੇ ਨਾਲ ਫ਼ਰੇਬ ਕਰਨ ਵਾਲਿਆਂ ਨੂੰ ਵੀ ਦੁਆਵਾਂ ਦਿੰਦੀ ਹੈ ਤੇ ਜੀਵਨ ਦੀ ਮੌਜੂਦਾ ਸਥਿਤੀ 'ਤੇ ਉਸ ਨੂੰ ਤਸੱਲੀ ਹੈ। ਏਕਤਾ ਸਿੰਘ 'ਭੁਪਾਲ' ਖ਼ੁਦ ਨੂੰ ਹੀ ਆਪਣੀ ਮੰਜ਼ਿਲ ਤੇ ਇਸ ਦਾ ਰਾਹ ਸਮਝਦੀ ਹੈ। ਸ਼ਾਇਰਾ ਗ਼ਜ਼ਲ ਦੇ ਸੁਭਾਅ ਤੇ ਇਸ ਦੀਆਂ ਸ਼ੋਖ਼ੀਆਂ ਤੋਂ ਜਾਣੂੰ ਹੈ ਤੇ ਬਿਨਾਂ ਉਲਝਾਓ ਦੇ ਸ਼ਿਅਰਾਂ ਦੀ ਸਰਲਤਾ ਕਾਇਮ ਰੱਖਣ ਵਿਚ ਸਫ਼ਲ ਹੈ। ਉਹ ਆਪਣੇ ਨਿੱਜ ਰਾਹੀਂ ਪਰ ਦੀ ਗੱਲ ਵੀ ਕਰਦੀ ਹੈ ਤੇ ਮਨੁੱਖ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਵੀ ਆਪਣੇ ਸ਼ਿਅਰਾਂ ਵਿਚ ਸਥਾਨ ਦਿੰਦੀ ਹੈ। ਇਸ ਧਰਤੀ 'ਤੇ ਵੰਡੀਆਂ ਪਾਉਣ ਵਾਲਿਆਂ ਦੇ ਉਹ ਸਖ਼ਤ ਖ਼ਿਲਾਫ਼ ਹੈ ਤੇ ਉਹ ਚਹੁੰਦੀ ਹੈ ਕਿ ਹਰ ਪਾਸੇ ਮੁਹੱਬਤ ਦਾ ਹੀ ਪਸਾਰਾ ਹੋਵੇ। ਇਕ ਇਮਾਨਦਾਰ ਕਲਮਕਾਰ ਆਪਣੀ ਹੀ ਨਹੀਂ ਦੁਨੀਆ ਦੀ ਖੈਰ ਮੰਗਦਾ ਹੈ ਤੇ ਅਜਿਹਾ ਕੁਝ ਹੀ ਏਕਤਾ ਸਿੰਘ 'ਭੁਪਾਲ' ਦੀਆਂ ਗ਼ਜ਼ਲਾਂ ਦੀ ਮਨਸ਼ਾ ਹੈ। ਆਸ ਹੈ ਭਵਿੱਖ ਵਿਚ ਉਹ ਹੋਰ ਬਿਹਤਰੀਨ ਗ਼ਜ਼ਲਾਂ ਪੰਜਾਬੀ ਗ਼ਜ਼ਲ ਸਾਹਿਤ ਨੂੰ ਭੇਟ ਕਰੇਗੀ ਤੇ ਮੈਨੂੰ ਗ਼ਜ਼ਲ ਖ਼ੇਤਰ ਵਿਚ ਉਸ ਦਾ ਭਵਿੱਖ ਉਜਲਾ ਦਿਖਾਈ ਦਿੰਦਾ ਹੈ। ਇਸ ਪੁਸਤਕ ਵਿਚ ਰੁਪਿੰਦਰ ਕੌਰ ਦਾ ਏਕਤਾ ਦੀ ਗ਼ਜ਼ਲਗੋਈ ਬਾਰੇ ਇਕ ਸੰਤੁਲਤ ਲੇਖ ਵੀ ਸ਼ਾਮਿਲ ਹੈ।

ਗੁਰਦਿਆਲ ਰੌਸ਼ਨ
ਮੋ: 99884-44002
ਫ ਫ ਫ

 

4-6-16

 ਰੋਸ਼ਨ ਮੁਨਾਰਾ
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)
ਲੇਖਕ : ਸੁਰਜੀਤ ਸਿੰਘ ਪੰਛੀ
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨਜ਼, ਮਾਨਸਾ
ਮੁੱਲ : 300 ਰੁਪਏ, ਸਫ਼ੇ : 256
ਸੰਪਰਕ : 01679-255399.

ਆਪਣੇ ਵਿਰਸੇ ਆਪਣੀ ਧਰਤੀ ਤੇ ਆਪਣੀ ਬੋਲੀ ਨਾਲ ਮੋਹ ਇਨ੍ਹਾਂ ਤੋਂ ਦੂਰ ਹੋਣ ਨਾਲ ਵਧਦਾ ਹੈ। ਪਰਵਾਸ ਭਾਵੇਂ ਕੋਈ ਆਪਣੀ ਮਰਜ਼ੀ ਨਾਲ ਅਪਣਾਏ ਅਤੇ ਭਾਵੇਂ ਮਜਬੂਰੀ ਕਾਰਨ, ਪਰ ਇਸ ਦੌਰਾਨ ਲਿਖਣ, ਪੜ੍ਹਨ ਵਾਲੇ ਬੰਦਿਆਂ ਵਿਚ ਆਪਣੀ ਜ਼ਬਾਨ ਵਿਚ ਸਾਹਿਤ ਰਚਨਾ ਦਾ ਸ਼ੌਕ ਤੀਖਣ ਹੋਣ ਦੀ ਸੰਭਾਵਨਾ ਹੁੰਦੀ ਹੈ। ਮੈਨੂੰ ਆਪਣੀ ਇਸ ਧਾਰਨਾ ਦੀ ਪੁਸ਼ਟੀ ਉਦੋਂ ਵਾਰ-ਵਾਰ ਹੁੰਦੀ ਲਗਦੀ ਹੈ ਜਦੋਂ ਮੈਂ ਪਰਵਾਸੀ ਲੇਖਕਾਂ ਦੀਆਂ ਲਿਖਤਾਂ ਪੁਸਤਕ ਰੂਪ ਵਿਚ ਵੇਖਦਾ ਹਾਂ। ਪੰਛੀ ਦੀ ਪੁਸਤਕ ਰੌਸ਼ਨ ਮੁਨਾਰਾ ਨੇ ਇਕ ਵਾਰ ਮੁੜ ਮੈਨੂੰ ਇਸ ਦੀ ਸੋਝੀ ਦਿੱਤੀ ਹੈ। ਇਸ ਵਿਚ ਪੰਜਾਬੀ ਵਿਰਸੇ ਦੇ ਅਨਮੋਲ ਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿਸ਼ਵ ਭਰ ਵਿਚ ਵੰਡਣ ਲਈ ਉਤਸੁਕ ਸੁਰਜੀਤ ਸਿੰਘ ਪੰਛੀ ਨੇ 50 ਦੇ ਕਰੀਬ ਵਿਸ਼ਿਆਂ ਨੂੰ ਇਸ ਰੌਸ਼ਨੀ ਵਿਚ ਸਮਝਣ, ਵਿਚਾਰਨ ਦਾ ਉਦਮ ਕੀਤਾ ਹੈ।
ਲੇਖਕ ਨੂੰ ਗੁਰਬਾਣੀ ਤੇ ਸਿੱਖ ਵਿਰਸੇ ਨਾਲ ਸ਼ਰਧਾ ਭਰਪੂਰ ਮੋਹ ਹੈ। ਉਸ ਨੇ ਗੁਰੂ ਸਾਹਿਬਾਨ, ਸਿੱਖ ਸ਼ਹੀਦਾਂ, ਯੋਧਿਆਂ, ਗੁਰੂ ਕੇ ਮਹਿਲਾਂ, ਗੁਰਬਾਣੀ, ਸਿੱਖ ਇਤਿਹਾਸ ਬਾਰੇ ਕਈ ਪੁਸਤਕਾਂ ਇਸ ਤੋਂ ਪਹਿਲਾਂ ਵੀ ਕਵਿਤਾ ਤੇ ਵਾਰਤਕ ਵਿਚ ਰਚੀਆਂ ਹਨ। ਇਸ ਖੇਤਰ ਵਿਚ ਪ੍ਰਾਪਤ ਪ੍ਰਾਥਮਿਕ/ਦੁਜੈਲੇ ਸ੍ਰੋਤਾਂ ਦਾ ਅਧਿਐਨ ਕਰਕੇ ਪ੍ਰਾਪਤ ਜਾਣਕਾਰੀ ਨੂੰ ਪੁਨਰ-ਵਿਵਸਥਿਤ ਕਰਕੇ ਸਰਲ ਤੇ ਸੰਗਠਿਤ ਰੂਪ ਵਿਚ ਪੰਜਾਬੀ ਪਾਠਕਾਂ ਅੱਗੇ ਪੁਸਤਕ ਰੂਪ ਵਿਚ ਰੱਖਣ ਦਾ ਮਹਿੰਗਾ ਸ਼ੌਕ ਪਾਲ ਕੇ ਉਹ ਆਪਣੀ ਕਮਾਈ ਸਫ਼ਲੀ ਕਰ ਰਿਹਾ ਹੈ।
ਰੌਸ਼ਨ ਮੁਨਾਰਾ ਪੁਸਤਕ ਵਿਚ ਸਿੱਖ, ਸਿੱਖ ਧਰਮ, ਗੁਰੂ ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ ਦਾ ਵਿਗਿਆਨ/ਇਤਿਹਾਸ/ਮਿਥਿਹਾਸ ਨਾਲ ਰਿਸ਼ਤਾ, ਗੁਰਬਾਣੀ ਦੀ ਸਮਾਜਿਕ/ਮਨੋਵਿਗਿਆਨਕ/ਨੈਤਿਕ/ਦਾਰਸ਼ਨਿਕ ਨੁਕਤਿਆਂ/ਸੰਕਪਲਾਂ ਬਾਰੇ ਦ੍ਰਿਸ਼ਟੀ ਨੂੰ ਵਿਸ਼ਲੇਸ਼ਿਤ ਕੀਤਾ ਗਿਆ ਹੈ। ਸੇਵਾ, ਹੁਕਮ, ਮਨ, ਇਸਤਰੀ, ਚਿੰਤਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਤ੍ਰਿਸ਼ਨਾ, ਅਕ੍ਰਿਤਘਣਤਾ, ਆਨੰਦ, ਸੱਚ, ਝੂਠ, ਜਾਤ-ਪਾਤ, ਮੂਰਤੀ ਪੂਜਾ, ਨਿਮਰਤਾ, ਸਦਾਚਾਰ, ਸਮਾਜਿਕ ਭਾਈਚਾਰਾ ਆਦਿ ਹਰ ਵਿਸ਼ੇ 'ਤੇ ਅਜੋਕੇ ਮਨੁੱਖ ਦੇ ਸਵਸਥ ਮਾਰਗ ਦਰਸ਼ਨ ਦੀ ਸੰਭਾਵਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੈ। ਪੰਛੀ ਨੇ ਇਨ੍ਹਾਂ ਸੰਭਾਵਨਾਵਾਂ ਨੂੰ ਫਰੋਲ ਕੇ ਮਹਾਨ ਕੋਸ਼ ਤੇ ਇਤਿਹਾਸਕ ਸ੍ਰੋਤਾਂ ਦੇ ਸਿਧਾਂਤਕ ਵਿਹਾਰਕ ਵੇਰਵੇ ਇਨ੍ਹਾਂ ਨਾਲ ਜੋੜੇ ਹਨ। ਅਜੋਕੇ ਯੁੱਗ ਦੇ ਮਨੁੱਖ ਲਈ ਇਨ੍ਹਾਂ ਦੀ ਉਚਿਤਤਾ ਤੇ ਸਾਰਥਿਕਤਾ ਦ੍ਰਿੜ੍ਹ ਕਰਵਾਈ ਹੈ। ਸੰਜਮ, ਸਰਲਤਾ ਤੇ ਸਪੱਸ਼ਟਤਾ ਉਸ ਦੀ ਸ਼ੈਲੀ ਦੇ ਮੂਲ ਗੁਣ ਹਨ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਫ ਫ ਫ

ਦ ਆਰਟਿਸਟ
ਨਾਵਲਕਾਰ : ਕੇ. ਦੀਪ
ਪ੍ਰਕਾਸ਼ਕ : ਸਾਹਿਬਦੀਪ ਪ੍ਰਕਾਸ਼ਨ ਭੀਖੀ (ਮਾਨਸਾ)
ਮੁੱਲ : 150 ਰੁਪਏ, ਸਫ਼ੇ : 141
ਸੰਪਰਕ : 97807-37808.

ਨਾਵਲਕਾਰ ਕੇ. ਦੀਪ ਦਾ ਇਹ ਪਲੇਠਾ ਨਾਵਲ ਕਹਾਣੀ ਰਸ ਨਾਲ ਭਰਪੂਰ ਹੈ। ਉੱਤਮ ਪੁਰਖ ਸ਼ੈਲੀ ਵਿਚ ਲਿਖੇ ਇਸ ਨਾਵਲ ਦਾ ਮੁੱਖ ਪਾਤਰ ਡੀ: ਸਾਇਰਸ ਇੰਗਲੈਂਡ ਦੀ ਰਾਜਧਾਨੀ ਲੰਡਨ ਵਿਚ ਰਹਿੰਦਾ ਹੈ। ਉਹ ਇੰਗਲੈਂਡ ਦੇ ਰੰਗ-ਮੰਚ ਦੀ ਪ੍ਰਸਿੱਧ ਅਤੇ ਖੂਬਸੂਰਤ ਅਦਾਕਾਰਾ (ਆਰਟਿਸਟ) ਐਲੀਨਾ ਸਾਇਰਸ ਦਾ ਬੇਟਾ ਹੈ। ਉਸ ਦਾ ਪਿਤਾ ਵਿਗੜਿਆ ਹੋਇਆ ਸ਼ਰਾਬੀ ਹੈ। ਮਜਬੂਰੀ ਵੱਸ ਉਸ ਦੀ ਮਾਂ ਨੂੰ ਆਪਣੇ ਪਤੀ ਨੂੰ ਛੱਡ ਕੇ ਆਪਣੇ ਪੁੱਤਰ ਦੀ ਪਰਵਰਿਸ਼ ਵਧੀਆ ਕਰਨ ਖਾਤਰ ਲੰਡਨ ਦੇ ਨਾਲ ਲਗਦੇ ਇਕ ਛੋਟੇ ਜਿਹੇ ਕਸਬੇ ਵਿਚ ਰਹਿਣਾ ਪੈਂਦਾ ਹੈ। ਪੁੱਤਰ ਖਾਤਰ ਉਹ ਆਪਣੇ ਚੋਟੀ 'ਤੇ ਪਹੁੰਚੇ ਅਦਾਕਾਰਾ ਦੇ ਜੀਵਨ ਨੂੰ ਤਿਲਾਂਜਲੀ ਦੇ ਕੇ ਗੁੰਮਨਾਮ ਜੀਵਨ ਜਿਊਂਦੀ ਹੈ। ਉਹ ਚਾਹੁੰਦੀ ਹੈ ਕਿ ਉਸ ਦਾ ਪੁੱਤਰ ਡੀ: ਸਾਇਰਸ ਵੀ ਉਸ ਵਾਂਗ ਸਟੇਜ ਦਾ ਆਰਟਿਸਟ ਬਣੇ।
ਨਾਵਲ ਦੀ ਬੋਲੀ ਕੇਂਦਰੀ ਪੰਜਾਬੀ ਹੈ। ਨਾਵਲਕਾਰ ਵੱਲੋਂ ਲਿਖੇ ਇਸ ਮੌਲਿਕ ਨਾਵਲ ਦੀ ਕਹਾਣੀ ਪਾਠਕ ਨੂੰ ਕਿਸੇ ਅੰਗਰੇਜ਼ੀ ਦੇ ਨਾਵਲ ਦੀ ਕਹਾਣੀ ਹੋਣ ਦਾ ਭੁਲੇਖਾ ਵੀ ਪਾਉਂਦੀ ਹੈ। ਅੰਗਰੇਜ਼ੀ ਸੱਭਿਆਚਾਰ ਨੂੰ ਪੇਸ਼ ਕਰਦਾ ਇਹ ਨਾਵਲ ਆਪਣੇ ਆਪ 'ਚ ਨਾਵਲਕਾਰ ਦਾ ਵੱਖਰਾ ਤਜਰਬਾ ਹੈ, ਜਿਸ ਦਾ ਆਲੋਚਕਾਂ ਵੱਲੋਂ ਨੋਟਿਸ ਲਿਆ ਜਾਣਾ ਚਾਹੀਦਾ ਹੈ। ਨਾਵਲ ਦੇ ਪਾਤਰ ਜਿਊਂਦੇ ਜਾਗਦੇ ਦਿਲ ਨੂੰ ਛੂਹਣ ਵਾਲੇ ਹਨ। ਜ਼ਿੰਦਗੀ ਦੇ ਦੁੱਖਾਂ ਤਕਲੀਫ਼ਾਂ ਨੂੰ ਕੱਟਦੇ ਚੰਗੇ ਮਾਨਵੀ ਗੁਣਾਂ ਦੇ ਧਾਰਨੀ ਹਨ। ਖ਼ਾਸ ਤੌਰ 'ਤੇ ਡੀ: ਸਾਇਰਸ ਦੀ ਮਾਂ ਐਲੀਨਾ ਸਾਇਰਸ, ਉਸ ਦੀ ਪ੍ਰੇਮਿਕਾ ਜੈਸਿਕਾ, ਮਿੱਤਰ ਏਰਿਨ ਆਪਣੇ ਔਗੁਣਾਂ ਦੇ ਬਾਵਜੂਦ ਚੰਗਿਆਈ ਦੀਆਂ ਮੂਰਤਾਂ ਹਨ। ਮੁਕਦੀ ਗੱਲ ਪਾਠਕ ਜਦੋਂ ਇਸ ਨਾਵਲ ਨੂੰ ਪੜ੍ਹਨਾ ਸ਼ੁਰੂ ਕਰਦਾ ਹੈ ਤਾਂ ਫਿਰ ਮੁਕਾ ਕੇ ਹੀ ਦਮ ਲੈਂਦਾ ਹੈ। ਇਹੀ ਇਸ ਨਾਵਲ ਦੀ ਵੱਡੀ ਖਾਸੀਅਤ ਹੈ।

ਂਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.

ਫ ਫ ਫ

ਮਾਸੂਮ ਮੁਹੱਬਤ ਦਾ ਕਤਲ
ਕਿੱਸਾ ਕਾਕਾ ਪਰਤਾਪੀ
ਲੇਖਕ : ਸ਼ੇਰ ਸਿੰਘ ਸ਼ੇਰਪੁਰੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ
ਮੁੱਲ : 250 ਰੁਪਏ, ਸਫ਼ੇ : 80.
ਸੰਪਰਕ : 94785-82534.

ਪੰਜਾਬੀ ਕਿੱਸਾਕਾਰੀ ਮਹਿਜ਼ ਮੱਧਕਾਲੀਨ ਸਾਹਿਤ ਦਾ ਪ੍ਰਮੁੱਖ ਅੰਗ ਹੀ ਨਹੀਂ ਅਜੋਕੇ ਸਾਹਿਤ ਵਿਚ ਵੀ ਇਸ ਦੇ ਨਿਵੇਕਲੇ ਪਛਾਣ-ਚਿੰਨ੍ਹਾਂ ਨੂੰ ਸਥਾਪਿਤ ਕਰਦੇ ਸਿਰਮੌਰ ਲੇਖਕ ਹਨ, ਜਿਨ੍ਹਾਂ 'ਚ ਸ਼ੇਰ ਸਿੰਘ ਸ਼ੇਰਪੁਰੀ ਵੀ ਇਕ ਹੈ। ਇਸ ਕਿੱਸਾ ਕਵੀ ਦੀ ਵਿਲੱਖਣਤਾ ਹੈ ਕਿ ਇਸ ਨੇ 'ਸੱਸੀ ਪੁੰਨੂੰ', 'ਸੋਹਣੀ ਮਹੀਂਵਾਲ', 'ਸ਼ੀਰੀ ਫ਼ਰਿਹਾਦ' ਅਤੇ ਕੈਸ ਦੀ ਲੈਲਾ ਉਪਰੰਤ ਕਿੱਸਾ 'ਕਾਕਾ ਪਰਤਾਪੀ' ਲਿਖ ਕੇ ਅਜੋਕੇ ਪੰਜਾਬੀ ਕਿੱਸਾ-ਕਾਵਿ ਦੇ ਇਤਿਹਾਸ 'ਚ ਨਵੀਆਂ ਸਥਾਪਨਾਵਾਂ ਨੂੰ ਸਥਾਪਤ ਕੀਤਾ ਹੈ। ਇਸ ਕਿੱਸੇ ਵਿਚ ਅਮੀਰਜ਼ਾਦੇ ਜ਼ਿਮੀਂਦਾਰ ਅੰਗਰੇਜ਼ ਹਕੂਮਤ ਦੇ ਵਰਸੋਏ ਪਿਤਾ ਦੇ ਪੁੱਤਰ ਦੀ ਜਾਤੋਂ ਬਾਹਰ ਪ੍ਰੇਮ ਬਿਰਤਾਂਤ ਦਾ ਵਿਵਰਣ ਹੈ। ਪੁੱਤ ਦੀ ਮਾਂ ਜਾਤੀ-ਬੰਧਨਾਂ 'ਚ ਬੱਝੀ ਹੋਈ ਹੈ, ਪੁੱਤਰ ਪਿਆਰ ਦੀ ਪਾਲਣਾ ਕਰਦਾ ਹੋਇਆ, ਪ੍ਰੇਮਿਕਾ ਜੋ ਕਿ ਆਪਣੀ ਜਾਤੀ ਦੇ ਵਿਆਹ ਬੰਧਨਾਂ 'ਚ ਬੱਝ ਕੇ, ਸਹੁਰੇ ਘਰ ਜਾ ਰਹੀ ਹੁੰਦੀ ਹੈ, ਦੇ ਡੋਲੇ ਨੂੰ ਲੁੱਟ ਕੇ ਘਰ ਲੈ ਆਉਂਦਾ ਹੈ, ਪਰੰਤੂ ਮਾਂ ਦੀਆਂ ਗੁੱਝੀਆਂ ਚਾਲਾਂ ਵਸਾਈ ਹੋਈ ਪੁੱਤ ਦੀ ਮਹਿਬੂਬਾ ਨੂੰ ਜਾਤੀ-ਹੰਕਾਰ ਕਰਕੇ ਵਸਾਉਣਾ ਨਹੀਂ ਚਾਹੁੰਦੀ, ਸਿੱਟੇ ਵਜੋਂ ਉਸ ਦਾ ਕਤਲ ਕਰਵਾ ਦਿੰਦੀ ਹੈ। ਵਕਤ ਦੇ ਸਮਾਜ, ਪੁੱਤਰ ਕਾਕਾ, ਕਿਰਪਾਲ ਸਿੰਘ ਅਤੇ ਮਹਿਬੂਬਾ ਪਰਤਾਪੀ ਦੇ ਆਪਸੀ ਪਰਿਵਾਰਾਂ ਅਤੇ ਸਮਾਜਿਕ ਵਰਤਾਰਿਆਂ ਤੋਂ ਛੁੱਟ ਕੀਤੇ ਕੌਲ ਇਕਰਾਰਾਂ ਜਾਂ ਸਾਮਿਅਕ ਸੰਦਰਭਾਂ 'ਚ ਜੋ ਵਾਪਰਦਾ ਹੈ, ਉਸ ਨੂੰ ਸ਼ੇਰ ਸਿੰਘ ਸ਼ੇਰਪੁਰੀ ਨੇ ਇਸ ਕਿੱਸੇ 'ਚ ਬਾ-ਖ਼ੂਬੀ ਦੋ ਦੋਹਿਰਾ ਅਤੇ ਦੋ ਸੌ ਦੋ ਕਬਿੱਤਾਂ ਦੀ ਸਫ਼ਲ ਪੇਸ਼ਗੋਈ ਜ਼ਰੀਏ ਪਾਠਕਾਂ ਦੇ ਸਨਮੁੱਖ ਕੀਤਾ ਹੈ। ਨਵੀਨਤਮ ਕਿੱਸਾ ਕਾਵਿ-ਜੁਗਤਾਂ ਜਿਨ੍ਹਾਂ 'ਚ ਹੋਣੀ, ਸਮਾਜਿਕ ਮੁੱਲ-ਵਿਧਾਨ, ਸਮੇਂ ਦੀਆਂ ਪਲਟਦੀਆਂ ਨੈਤਿਕ ਕਦਰਾਂ-ਕੀਮਤਾਂ ਅਤੇ ਸਵੀਕ੍ਰਿਤੀਆਂ ਜਾਂ ਵਿਰੋਧਾਂ ਦਾ ਗਿਆਨ ਹੈ, ਆਦਿ ਸਭ ਕੁਝ ਨੂੰ ਵੀ ਲੇਖਕ ਨੇ ਛੰਦ-ਬੱਧਤਾ ਦੀ ਨੇਮਾਵਲੀ ਅਤੇ ਇਸ ਦੇ ਮਿਆਰਾਂ ਦਾ ਅਨੁਸਰਣੀ ਹੋ ਕੇ ਪ੍ਰਗਟ ਕੀਤਾ ਹੈ। ਪ੍ਰਸ਼ਾਸਨ ਦੀ ਨਿਰਪੱਖ ਸੋਚ-ਦ੍ਰਿਸ਼ਟੀ, ਕੁਕਰਮੀਆਂ ਨੂੰ ਦਿੱਤੇ ਜਾਂਦੇ ਦੰਡਾਂ ਦਾ ਪ੍ਰਗਟਾਵਾ ਅਤੇ ਨਾਇਕ-ਨਾਇਕਾ ਦੇ ਖ਼ੁਦ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਚਰਿੱਤਰ ਵੀ ਨਿਵੇਕਲੇ ਅੰਦਾਜ਼ 'ਚ ਪੇਸ਼ ਕੀਤਾ ਹੈ।

ਫ ਫ ਫ

ਸਵਰਾਜਬੀਰ
ਸਿਰਜਕ ਤੇ ਸਿਰਜਣਾ
ਸੰਪਾਦਕ : ਕੇਵਲ ਧਾਲੀਵਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 400 ਰੁਪਏ, ਸਫ਼ੇ : 328
ਸੰਪਰਕ : 98142-99422.

ਸਵਰਾਜਬੀਰ 21ਵੀਂ ਸਦੀ ਦੇ ਪਹਿਲੇ ਦਹਾਕਿਆਂ ਦੇ ਸ਼ਿਰੋਮਣੀ ਸਾਹਿਤਕਾਰਾਂ 'ਚੋਂ ਸ਼ਿਰੋਮਣੀ ਨਾਟਕਕਾਰ ਹੈ। ਧਰਮ ਗੁਰੂ, ਕ੍ਰਿਸ਼ਨ, ਮੇਦਨੀ, ਸ਼ਾਇਰੀ, ਕੱਲਰ, ਮੱਸਿਆ ਦੀ ਰਾਤ, ਅਗਨੀ ਕੁੰਡ, ਮੰਡੀ ਅਤੇ ਹੱਕ ਆਦਿ ਨਾਟਕਾਂ ਦੀ ਸਿਰਜਣਾ ਅਤੇ ਪੇਸ਼ਕਾਰੀ ਜ਼ਰੀਏ ਜੋ ਨਵੀਨ ਸਥਾਪਨਾਵਾਂ ਕਰਕੇ ਪੰਜਾਬੀ ਜਨਜੀਵਨ ਦੀ ਮਾਨਸਿਕਤਾ 'ਚੋਂ ਜੋ ਸਾਰਥਕ ਅਨੁਭੂਤੀ ਦਾ ਪ੍ਰਗਟਾਵਾ ਕੀਤਾ ਹੈ, ਉਹ ਸੱਚਮੁੱਚ ਵਡਿਆਉਣਯੋਗ ਹੈ। ਇਨ੍ਹਾਂ ਭਾਵ-ਯੁਕਤ ਸਰੋਕਾਰਾਂ ਨੂੰ ਪੇਸ਼ ਕਰਨ ਹਿਤ ਸਟੇਜ ਦੇ ਧਨੀ ਅਤੇ ਮਾਨਯੋਗ ਹਸਤੀ ਕੇਵਲ ਧਾਲੀਵਾਲ ਨੇ ਨਾਟਕ-ਆਲੋਚਨਾ ਦੇ ਪ੍ਰਸਿੱਧ ਹਸਤਾਖ਼ਰਾਂ ਤੋਂ ਖੋਜ-ਨਿਬੰਧ ਲਿਖਵਾ ਕੇ ਹਥਲੀ ਪੁਸਤਕ ਵਿਚ ਅੰਕਿਤ ਕੀਤੇ ਹਨ। 'ਮੈਂ ਤੇ ਸਵਰਾਜਬੀਰ' ਚੈਪਟਰ ਨਾਟਕੀ-ਸੂਝ-ਬੂਝ ਦੇ ਸੰਕਲਪਾਂ ਨੂੰ ਸਿਰਜਣ ਪ੍ਰਕਿਰਿਆ ਦੇ ਬੋਧ ਦਾ ਪ੍ਰਗਟਾਵਾ ਬਣਦਾ ਪ੍ਰਤੀਤ ਹੁੰਦਾ ਹੈ ਅਤੇ ਨਾਲ ਦੀ ਨਾਲ ਡਾ: ਕੁਲਵੀਰ, ਤਰਸੇਮ ਅਤੇ ਜਸਕਰਨ ਵੱਲੋਂ ਸਵਰਾਜਬੀਰ ਨਾਲ ਕੀਤੀਆਂ ਮੁਲਾਕਾਤਾਂ ਅਜੋਕੇ ਸੰਦਰਭਾਂ ਦੇ ਅੰਤਰਗਤ ਲੇਖਕ ਦੀਆਂ ਰਚਨਾਤਮਕ ਪ੍ਰਾਪਤੀਆਂ ਦਾ ਨਿਰੂਪਣ ਵੀ ਪੇਸ਼ ਕਰਦੀਆਂ ਹਨ। ਕਿਉਂ ਜੋ ਸਵਰਾਜਬੀਰ ਨਿਵੇਕਲੇ ਨਾਟਕੀ-ਪੈਰਾਡਾਈਮਜ਼ ਦਾ ਸੰਸਥਾਪਕ ਹੈ, ਸੁਭਾਵਿਕ ਨਵੀਨਤਾ ਅਤੇ ਸੱਚ-ਕੱਚ ਦਾ ਵਿਰੋਧ ਹੋਣਾ ਕੋਈ ਅਲੋਕਾਰ ਨਹੀਂ ਕਿਉਂਕਿ ਵਕਤ ਦੀ ਹਕੂਮਤ ਸੱਚ ਨੂੰ ਦਬਾਅ ਕੇ ਰੱਖਣ 'ਚ ਨਿਹਿਤ ਹੁੰਦੀ ਹੈ। 'ਕ੍ਰਿਸ਼ਨ' ਨਾਟਕ ਸਬੰਧੀ ਪੁਸਤਕ 'ਚ ਅੰਕਿਤ ਵਿਭਿੰਨ ਨਿਬੰਧ ਇਸੇ ਕਥਨ ਦਾ ਬੋਧ ਕਰਵਾਉਂਦੇ ਹਨ। ਭਾਰਤੀ ਭਾਸ਼ਾਵਾਂ 'ਚ ਹੀ ਨਹੀਂ ਵਿਦੇਸ਼ੀ ਭਾਸ਼ਾਵਾਂ ਵਿਚ ਵੀ ਜੋ 'ਕ੍ਰਿਸ਼ਨ' ਨਾਟਕ ਸਬੰਧੀ ਚਿੰਤਨਧਾਰਾ ਪ੍ਰਵਾਹਮਾਨ ਹੋਈ, ਉਸ ਦਾ ਪ੍ਰਗਟਾਵਾ ਵੀ ਹਥਲੀ ਪੁਸਤਕ ਦਾ ਹਾਸਲ ਹੈ। ਇਹ ਸਭ ਕੁਝ ਮਿਥ ਦਾ ਰੂਪਾਂਤਰਣ ਨਹੀਂ, ਸਗੋਂ ਮਿਥ ਦਾ ਵਿਸਫੋਟਕ ਰੂਪ ਹੈ, ਜੋ ਸੱਚ ਹੈ ਅਤੇ ਯਥਾਰਥਕ ਸ਼ੈਲੀ-ਜੁਗਤਾਂ ਜ਼ਰੀਏ ਨਾਟਕਕਾਰ ਨੇ ਪੇਸ਼ ਕੀਤਾ ਹੋਇਆ ਹੈ। ਨਿਰਸੰਦੇਹ, ਸਵਰਾਜਬੀਰ ਦੇ ਨਾਟਕਾਂ ਦੀ ਜੋ ਪ੍ਰਬਲ ਸੁਰ ਜਨਜੀਵਨ ਜਾਂ ਮਾਨਵ ਹਿਤੈਸ਼ੀ ਸਰੋਕਾਰਾਂ ਦੇ ਹਿਤ 'ਚ ਆਵਾਜ਼ ਬੁਲੰਦ ਕਰਦੀ ਹੈ ਉਸ ਨੂੰ ਇਸ ਪੁਸਤਕ 'ਚ ਤੱਥਾਂ ਅਤੇ ਪੁਖ਼ਤਾ ਹਵਾਲਿਆਂ ਸਹਿਤ ਪ੍ਰਗਟਾਇਆ ਗਿਆ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732

ਫ ਫ ਫ

ਸਰੂਪਨਖ਼ਾ
ਲੇਖਕ : ਆਸ਼ੀ ਈਸਪੁਰੀ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼, ਜਲੰਧਰ
ਮੁੱਲ : 175 ਰੁਪਏ, ਸਫ਼ੇ : 96
ਸੰਪਰਕ : 94172-79936.

ਪੁਸਤਕ ਵਿਚ 75 ਮਿੰਨੀ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਮਨੁੱਖੀ ਰਿਸ਼ਤੇ, ਕਾਣੀ ਵੰਡ, ਰਿਸ਼ਵਤਖੋਰੀ, ਗੰਦੀ ਰਾਜਨੀਤੀ, ਮੋਹ ਮਮਤਾ, ਪਾਖੰਡਵਾਦ ਆਦਿ ਵਿਸ਼ਿਆਂ ਨੂੰ ਆਸ਼ੀ ਨੇ ਆਪਣੀਆਂ ਰਚਨਾਵਾਂ ਵਿਚ ਬਿਆਨਿਆ ਹੈ। ਥੋੜ੍ਹੇ ਸ਼ਬਦਾਂ ਵਿਚ ਕਮਾਲ ਦੇ ਮੁੱਦੇ ਉਠਾਏ ਹਨ। ਅੱਜ ਰਿਸ਼ਤਿਆਂ ਦੀ ਪਰਿਭਾਸ਼ਾ ਬਦਲ ਗਈ ਹੈ। ਇਨਸਾਨੀ ਕਦਰਾਂ-ਕੀਮਤਾਂ ਨੂੰ ਪੈਸੇ ਦਾ ਘੁਣ ਖਾ ਰਿਹਾ ਹੈ। ਪਿਆਰ ਅਤੇ ਵਫ਼ਾ ਦੇ ਨਾਂਅ 'ਤੇ ਜਿਸਮ ਭੋਗੇ ਜਾ ਰਹੇ ਹਨ। ਲੀਡਰ ਤੇ ਧਾਰਮਿਕ ਆਗੂ ਧਰਮ ਦੀ ਆੜ ਵਿਚ ਲੋਕਾਂ ਦਾ ਸ਼ੋਸ਼ਣ ਕਰ ਰਹੇ ਹਨ। ਔਰਤ ਨਾਲ ਹਰ ਕਦਮ 'ਤੇ ਬੇਇਨਸਾਫ਼ੀ ਹੋ ਰਹੀ ਹੈ। ਮਜ਼ਦੂਰ ਵਰਗ ਦੀ ਰੱਤ, ਹਰ ਕੋਈ ਨਿਚੋੜ ਰਿਹਾ ਹੈ। ਲੇਖਕ ਨੇ ਬੜੇ ਖੂਬਸੂਰਤ ਢੰਗ ਨਾਲ ਸਭ ਕੁਝ ਬਿਆਨ ਕੀਤਾ ਹੈ। ਸਰੂਪਨਖ਼ਾ, ਰਾਵਣ, ਅਪਾਹਜ, ਖਿਤਾਬ, ਮੋਮਬੱਤੀ, ਸੋਹਣੀ, ਸੱਚੋ-ਸੱਚ, ਛੋਟੀ ਭੈਣ ਵਰਗੀ, ਦੋਸਤੀ, ਖ਼ਾਲਸਾ ਸ਼ਤਾਬਦੀ, ਮਾਂ, ਐਵਾਰਡ ਵਰਗੀਆਂ ਮਿੰਨੀ ਕਹਾਣੀਆਂ ਰੂਹ ਨੂੰ ਕਾਂਬਾ ਛੇੜ ਦਿੰਦੀਆਂ ਹਨ। ਆਸ਼ੀ ਈਸਪੁਰੀ ਦੀਆਂ ਮਿੰਨੀ ਕਹਾਣੀਆਂ ਸਾਡੇ ਸਮਾਜਿਕ ਵਰਤਾਰੇ ਦੀ ਚੀਰਫਾੜ ਕਰਦੀਆਂ ਹਨ। ਸਾਡੇ ਧਾਰਮਿਕ ਆਗੂਆਂ ਨੂੰ ਲੋਕਾਂ ਸਾਹਮਣੇ ਨੰਗਾ ਕਰਦੀਆਂ ਹਨ। ਸਾਰੀਆਂ ਕਹਾਣੀਆਂ ਕਮਾਲ ਦੀਆਂ ਹਨ। ਕਵੀ ਵਾਂਗ ਆਸ਼ੀ ਬਤੌਰ ਕਹਾਣੀਕਾਰ ਵੀ ਸਫ਼ਲ ਰਿਹਾ ਹੈ। ਮਿੰਨੀ ਕਹਾਣੀ ਵਾਲੇ ਸਾਰੇ ਗੁਣ ਕਹਾਣੀਆਂ ਵਿਚ ਹਨ। ਪੁਸਤਕ ਪੜ੍ਹਦੇ ਸਮੇਂ ਇੰਜ ਨਹੀਂ ਲਗਦਾ ਕਿ ਇਹ ਲੇਖਕ ਦੀ ਪਹਿਲੀ ਪੁਸਤਕ ਹੈ। ਇਸ ਪੁਸਤਕ ਨੇ ਆਸ਼ੀ ਈਸਪੁਰੀ ਨੂੰ ਕਹਾਣੀਕਾਰਾਂ ਵਿਚ ਲਿਆ ਖੜ੍ਹਾ ਕਰ ਦਿੱਤਾ ਹੈ।

ਂਅਵਤਾਰ ਸਿੰਘ ਸੰਧੂ
ਮੋ: 99151-82971.

ਰੰਗਪੁਰ ਰੰਗ ਲਾਉਣ ਵਾਲੀਏ
ਗੀਤਕਾਰ : ਹਾਕਮ ਬਖ਼ਤੜੀ ਵਾਲਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 160 ਰੁਪਏ, ਸਫ਼ੇ : 80
ਸੰਪਰਕ : 98780-10582.

ਇਸ ਪੁਸਤਕ ਵਿਚ ਲੋਕ ਗਾਥਾਵਾਂ ਨੂੰ ਗੀਤਾਂ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਵਿਚ ਹੀਰ ਰਾਂਝਾ, ਲੈਲਾ ਮਜਨੂੰ, ਸੀਰੀ ਫਰਿਹਾਦ, ਸੱਸੀ ਪੁੰਨੂੰ, ਸੋਹਣੀ ਮਹੀਂਵਾਲ, ਕੀਮਾ ਮਲਕੀ ਵਰਗੀਆਂ ਪ੍ਰੀਤ ਕਹਾਣੀਆਂ ਦੇ ਨਾਲ-ਨਾਲ ਸੁੱਚਾ ਸੂਰਮਾ, ਪੂਰਨ ਭਗਤ, ਬੀਬੀ ਰਜਨੀ, ਤਾਰਾ ਰਾਣੀ, ਜੱਟੀ ਰਾਮ ਕੌਰ ਅਤੇ ਸ਼ਾਹਣੀ ਕੌਲਾਂ ਜਿਹੇ ਇਤਿਹਾਸਕ ਪਾਤਰਾਂ ਨੂੰ ਵੀ ਗੀਤਾਂ ਵਿਚ ਢਾਲਿਆ ਹੋਇਆ ਹੈ। ਇਨ੍ਹਾਂ ਵਿਚੋਂ ਬਹੁਤੇ ਗੀਤ ਸਿਰਮੌਰ ਗਾਇਕਾਂ ਨੇ ਗਾਏ ਹੋਏ ਹਨ ਅਤੇ ਹਰਮਨ-ਪਿਆਰੇ ਹਨ। ਆਓ! ਇਨ੍ਹਾਂ ਖੂਬਸੂਰਤ ਨਗ਼ਮਿਆਂ ਦੇ ਰੂਬਰੂ ਹੋਈਏਂ
-ਰਾਣੀ ਇੱਛਰਾਂ ਭੁੱਬਾਂ ਮਾਰਦੀ, ਰੋ ਰੋ ਕਰਦੀ ਚੀਖ਼ ਪੁਕਾਰ
ਕਹਿੰਦੀ ਜਾਹ ਨੀ ਲੂਣਾਂ ਪਾਪਣੇ ਹੋਵੇਂ ਵਿਚ ਜਹਾਨ ਖੁਆਰ
ਤੈਨੂੰ ਧੱਕੇ ਪੈਣ ਦਰਗਾਹ 'ਚੋਂ ਜਿਨ੍ਹੇ ਛੱਡਿਆ ਰੱਬ ਵਿਸਾਰ
ਮੇਰਾ ਖਾ ਗਈ ਪੂਰਨ ਡਾਲਡਾ, ਨੀ ਤੂੰ ਰੂਪ ਡੈਣ ਦਾ ਧਾਰ। ਂਕਲੀ
-ਡੋਬ ਦਿੰਦੇ ਅੱਧ ਵਿਚਕਾਰ ਸੋਹਣੀਏ
ਕੱਚਿਆਂ ਨੇ ਲਾਉਣਾ ਕੀ ਏ ਪਾਰ ਸੋਹਣੀਏ।
-ਸਾਡੇ ਸੱਜਣ ਹਮੇਸ਼ਾ ਰਹਿਣ ਹੱਸਦੇ
ਸਾਡਾ ਤਾਂ ਭਾਵੇਂ ਕੱਖ ਨੀ ਰਿਹਾ
ਰਹਿਣ ਹੀਰੀਏ ਦੁਆਰੇ ਤੇਰੇ ਵਸਦੇ
ਸਾਡਾ ਤਾਂ ਭਾਵੇਂ ਕੱਖ ਨੀ ਰਿਹਾ।
-ਜਿੰਦ ਆਖ਼ਰੀ ਲਬਾਂ ਤੇ ਮੰਗਾਂ ਰੱਬ ਤੋਂ ਦੁਆਵਾਂ
ਮੈਂ ਤਾਂ ਭੁੱਜਗੀ ਥਲਾਂ 'ਚ ਮਾਣੇਂ ਠੰਢੀਆਂ ਤੂੰ ਛਾਵਾਂ।
ਅਸ਼ਲੀਲਤਾ ਦੇ ਇਸ ਦੌਰ ਵਿਚ ਸਾਫ਼-ਸੁਥਰੇ ਗੀਤ ਲਿਖਣੇ ਪੁੰਨ ਕਰਮ ਹੈ। ਸਾਡੇ ਕਿੱਸੇ, ਕਹਾਣੀਆਂ, ਗਾਥਾਵਾਂ, ਪ੍ਰੇਮ ਗਾਥਾਵਾਂ ਇਸ ਧਰਤੀ ਦੇ ਕਣ-ਕਣ ਵਿਚ ਸਮਾਏ ਹੋਏ ਹਨ। ਵਧੀਆ ਗੀਤ ਸਮਿਆਂ ਦੇ ਸਿਰਨਾਵੇਂ ਬਣ ਜਾਂਦੇ ਹਨ। ਇਹ ਪੁਸਤਕ ਸਾਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜਦੀ ਹੈ। ਇਸ ਦਾ ਭਰਪੂਰ ਸਵਾਗਤ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਫ ਫ ਫ

ਕਵਿਤਾ ਦਾ ਬੂਹਾ
ਕਵੀ : ਗੁਰਚਰਨ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 119
ਸੰਪਰਕ : 098117-40300.

ਹਥਲੀ ਪੁਸਤਕ ਦੀ ਕਵਿਤਾ ਭਾਵੇਂ ਖੁੱਲ੍ਹੀ ਕਵਿਤਾ ਦਾ ਨਮੂਨਾ ਹੈ ਪਰ ਕਵੀ ਆਪਣੀ ਗੱਲ ਨੂੰ ਪੇਸ਼ ਕਰਦਿਆਂ ਸ਼ਾਨਦਾਰ ਸ਼ਬਦ-ਜੜਤ ਰਾਹੀਂ ਹਰ ਕਵਿਤਾ ਨੂੰ ਪਾਠਕ ਦੇ ਦਿਲ ਅਤੇ ਰੂਹ ਤੱਕ ਪਹੁੰਚਾਉਣ ਵਿਚ ਨਿਪੁੰਨ ਹੈ। ਕਵੀ ਦੀ ਕਾਵਿ ਸੁਰ ਲੋਕਵਾਦੀ ਅਤੇ ਪ੍ਰਗਤੀਸ਼ੀਲ ਗੁਣਾਂ ਦੀ ਧਾਰਨੀ ਹੈ। ਭਾਵੇਂ ਗੁਰਚਰਨ ਜਗਤ-ਵਰਤਾਰੇ ਦੇ ਅਨੇਕਾਂ ਧੁੰਦੂਕਾਰਿਆਂ ਅਤੇ ਮਨੁੱਖ ਦੇ ਖਿਲਾਫ਼ ਭੁਗਤਦੇ ਵਿਵਸਥਾਈ ਵਿੰਡਬਰ ਮਸਲੇ ਕਵਿਤਾ ਵਿਚ ਪੇਸ਼ ਕਰਦਾ ਵੀ ਹੈ ਪਰ ਉਹ ਕਿਧਰੇ ਵੀ ਹਲਕੀ ਕਿਸਮ ਦਾ ਨਾਅਰਾ ਨਹੀਂ ਉਪਜਾਉਂਦਾ। ਸਗੋਂ ਕਾਵਿ-ਸਹਿਜ ਰਾਹੀਂ ਆਪਣੇ ਅਹਿਸਾਸਾਂ ਨੂੰ ਸ਼ਬਦਾਂ ਦਾ ਬਾਣਾ ਪੁਆ ਦਿੰਦਾ ਹੈ। ਸੰਸਾਰ ਪੱਧਰੀ ਪੂੰਜੀਵਾਦੀ ਵਿਵਸਥਾ ਅਤੇ ਵਿਸ਼ਵੀਕਰਨ ਦੇ ਲਬਾਦੇ ਹੇਠ ਨਵੇਂ ਅਯਾਮਾਂ ਨੂੰ ਪਹੁੰਚਦੀ ਲੋਕ-ਲੁੱਟ ਉਸ ਨੂੰ ਚੁੱਭਦੀ ਹੈ। ਵਿਸ਼ਵੀਕਰਨ ਅਤੇ ਖੁੱਲ੍ਹੀ ਮੰਡੀ ਦੇ ਭਟਕਾਊਵਾਦੀ ਇਸ਼ਤਿਹਾਰਨੁਮਾ ਸੰਸਾਰ ਪੱਧਰੀ ਪ੍ਰਚਾਰ ਨੇ ਸੰਸਾਰ ਦੇ ਅਮੀਰਾਂ ਨੂੰ ਹੀ ਹੋਰ ਅਮੀਰ ਕੀਤਾ ਹੈ ਅਤੇ ਗਰੀਬ ਬੰਦੇ ਨੂੰ ਇਸ 'ਚੋਂ ਕੁਝ ਵੀ ਹੱਥ ਨਹੀਂ ਆਇਆ। ਉਸ ਨੂੰ ਦੁੱਖ ਹੈ ਕਿ 'ਸੂਹੇ ਪਰਚਮ' ਵੀ ਹੁਣ ਲੋਕ ਆਸਥਾ ਤੋਂ ਪਰੇ ਹਟ ਗਏ ਹਨ : 'ਸੂਹੇ ਪਰਚਮ ਦਾ ਨਾਇਕ/ਕੇਹਾ ਸਮਾਂ ਸੀ/ਨੇਰ੍ਹਿਆਂ ਤੋਂ ਪਾਰ ਤੱਕਣਾ/ਅੱਥਰੀ 'ਵਾ ਨਾਲ ਲੜਨਾ/ਲੂੰਹਦੀਆਂ ਸੜਕਾਂ 'ਤੇ ਤੁਰਨਾ/ਥੱਕਣਾ ਟੁੱਟਣਾ ਫਿਰ ਖੜ੍ਹੇ ਹੋਣਾ/ਸੂਹੇ ਸੂਰਜ ਨੂੰ ਉਡੀਕਣਾ... ਸੂਹੇ ਪਰਚਮ ਦਾ ਨਾਇਕ ਖੌਰੇ ਕਿਧਰ ਚਲਾ ਗਿਆ?/ਅੰਨ੍ਹੀ ਰੌਸ਼ਨੀ ਨੇ ਨਿਗਲ ਲਿਆ?/ਕਿ ਨ੍ਹੇਰੇ 'ਚ ਗੁੰਮ ਗਿਆ?...' ਉਸ ਦੀਆਂ ਸਾਰੀਆਂ ਹੀ ਕਵਿਤਾਵਾਂ ਗੰਭੀਰ ਸੁਰ ਦੀਆਂ ਹਨ। ਫਿਰ ਵੀ ਕੈਂਸਰ ਵਾਰਡ, ਤਸਵੀਰਾਂ ਬੋਲਦੀਆਂ ਨੇ, ਮਹਾਂਨਗਰ ਦੀ ਸੜਕ 'ਤੇ ਜਾਂਦਿਆਂ, ਵਿਸ਼ਵੀਕਰਨ ਅਤੇ ਪੂੰਜੀ ਦੀ ਅਵਾਰਾ ਹਵਾ ਅਤੇ ਰਣ ਭੂਮੀ ਕਵਿਤਾਵਾਂ ਦਾ ਪਾਠ ਕਰਦਿਆਂ ਇਵੇਂ ਮਹਿਸੂਸ ਹੁੰਦਾ ਹੈ ਕਿ ਪ੍ਰਗਤੀਸ਼ੀਲ ਕਾਵਿ ਪੂਰੀ ਸ਼ਕਤੀ ਵਿਚ ਸਾਡੇ ਸਨਮੁੱਖ ਹੈ। ਕਵੀ ਗੁਰਚਰਨ ਦਾ ਵੱਡਾ ਗੁਣ ਇਹ ਹੈ ਕਿ ਉਹ ਲੋਕ ਚੇਤਨਾ ਤੋਂ ਆਰੰਭ ਹੋ ਕੇ ਲੋਕ ਸੁਰ ਵਿਚ ਤੁਰਦਿਆਂ ਕ੍ਰਾਂਤੀ ਦੇ ਕੁੰਭ ਸਿਰਜਦਾ ਹੈ। ਪ੍ਰਗਤੀਵਾਦੀ ਕਵਿਤਾ ਦਾ ਅਛੂਤਾ ਮਾਡਲ ਪੇਸ਼ ਕਰਦੀ ਕਾਵਿ ਪੁਸਤਕ ਨੂੰ ਜੀ ਆਇਆਂ ਹੈ।

ਂਸੁਲੱਖਣ ਸਰਹੱਦੀ
ਮੋ: 94174-84337

ਫ ਫ ਫ

ਗੁਰਬਾਣੀ ਰਚੇਤੇ
ਲੇਖਕ : ਗਿਆਨੀ ਅਜੀਤ ਸਿੰਘ ਫ਼ਤਹਿਪੁਰੀ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 81466-33646.

ਗਿਆਨੀ ਅਜੀਤ ਸਿੰਘ ਫ਼ਤਹਿਪੁਰੀ ਗੁਰਸਿੱਖੀ ਦੇ ਪ੍ਰਚਾਰ-ਪ੍ਰਸਾਰ ਨੂੰ ਸਮਰਪਿਤ ਗੁਰੂ ਪਿਆਰੇ ਕਵੀ ਹਨ। ਵਿਚਾਰ-ਗੋਚਰੀ ਪੁਸਤਕ ਉਨ੍ਹਾਂ ਦੀ ਦੂਜੀ ਪੁਸਤਕ ਹੈ। ਉਹ ਆਪਣੀ ਤੀਖਣ ਕਾਵਿਕ ਸੂਝ ਰਾਹੀਂ, ਗੁਰਬਾਣੀ ਦਾ ਚਾਨਣ ਫੈਲਾਉਣ ਲਈ ਤਤਪਰ ਹਨ। ਤਤਕਰੇ ਤੋਂ ਪਹਿਲਾਂ, ਉਨ੍ਹਾਂ ਦੇ ਕਵੀਸ਼ਰੀ ਜਥੇ ਦੀ ਤਸਵੀਰ ਹੈ। ਇਸ ਪੁਸਤਕ ਵਿਚ ਕੁੱਲ 57 ਕਵਿਤਾਵਾਂ ਹਨ। ਤਕਰੀਬਨ ਸਾਰੀਆਂ ਕਵਿਤਾਵਾਂ ਧਾਰਮਿਕ ਹਨ। ਪਹਿਲੀ ਕਵਿਤਾ ਹੈ 'ਪਹਿਲੇ ਪੰਗਤ ਪਾਛੈ ਸੰਗਤ'। ਇਸ ਤੋਂ ਪਹਿਲਾਂ 'ਸਿਰਨਾਵਾਂ' ਨਾਂਅ ਦੀਆਂ ਕੁਝ ਸਤਰਾਂ ਕਾਬਿਲੇ-ਗੌਰ ਹੈ :
'ਗਿਆਨੀ ਅਜੀਤ ਸਿੰਘ 'ਫ਼ਤਹਿਪੁਰੀ' ਨਾਮ ਮੇਰਾ,
ਮਨਮੱਤੋਂ ਹੋੜ ਕੇ, ਭਰਮਾਂ ਨੂੰ ਤੋੜਦਾ ਹਾਂ॥
ਗੁਰੂ ਗ੍ਰੰਥ ਦੀ ਓਟ ਤੇ ਆਸਰਾ ਲੈ,
ਸਾਕਤਾਂ ਤਾਈਂ, ਗੁਰ ਸ਼ਬਦ ਨਾਲ ਜੋੜਦਾ ਹਾਂ॥'
ਪੁਸਤਕ ਦੀਆਂ ਪਹਿਲੀਆਂ 10 ਕਾਵਿ-ਰਚਨਾਵਾਂ ਰਾਹੀਂ, ਰੱਬੀ ਇਕਸਾਰਤਾ, ਰਹਿਮਤ ਅਤੇ ਪ੍ਰਭੂ ਕਿਰਪਾ ਦੇ ਅਨੰਦਮਈ ਅਨੁਭਵਾਂ ਨੂੰ ਉਜਾਗਰ ਕੀਤਾ ਗਿਆ ਹੈ। ਮਿਸਾਲ ਵਜੋਂ :
ਅੰਮ੍ਰਿਤਸਰ ਦੀ ਸੋਭਾ ਫੈਲੀ, ਗੁਰੂ ਰਾਮਦਾਸ ਦੇ ਕਰਕੇ,
ਨਾ ਟੈਕਸ ਤੇ ਨਾ ਹੀ ਜਜ਼ੀਆ, ਸੋਢੀ ਸੁਲਤਾਨ ਦੇ ਸਦਕੇ। (ਪੰਨਾ 53)
ਗੁਰੂ ਮਹਿਮਾ ਦੇ ਨਾਲ-ਨਾਲ ਸ਼੍ਰੋਮਣੀ ਭਗਤ ਕਬੀਰ ਜੀ, ਰਵਿਦਾਸ ਜੀ, ਸੈਣ ਜੀ, ਧੰਨਾ ਜੀ, ਦੈ ਦੇਵ ਜੀ, ਬੇਣੀ ਜੀ, ਸੂਰਦਾਸ ਜੀ, ਭਗਤ ਪੀਪਾ ਜੀ, ਭਗਤ ਰਾਮਾਨੰਦ ਜੀ, ਸਦਨਾ ਜੀ ਤੇ ਮੀਰਾਂਬਾਈ ਬਾਰੇ ਵੀ ਖੂਬਸੂਰਤ ਕਵਿਤਾਵਾਂ ਦਰਜ ਹਨ। ਪੰਨਾ 68 'ਤੇ 'ਅਜੇ ਨਾ ਰੱਬ ਬਹੁੜਿਆ' ਬਾਬਾ ਫ਼ਰੀਦ ਜੀ ਦੀ, ਰੱਬੀ ਮਿਲਾਪ ਦੀ ਕਸਕ ਤੇ ਵੇਦਨਾ ਨੂੰ ਬਿਆਨ ਕਰਦੀ ਕਵਿਤਾ ਹੈ। ਭਾਈ ਮੰਝ, ਬਾਬਾ ਸੁੰਦਰ ਜੀ, ਸੱਤਾ ਤੇ ਬਲਵੰਡ, ਭਾਈ ਮਰਦਾਨਾ ਜੀ ਤੇ ਭੱਟਾਂ ਬਾਰੇ ਕਵਿਤਾਵਾਂ ਵੀ ਖੂਬ ਹਨ। ਪੰਨਾ 42 'ਤੇ ਦਰਜ ਕਵਿਤਾ 'ਸ਼ਰਾਬ ਪੀਣ ਦਾ ਚਸਕਾ' ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਦਾ ਹੋਕਾ ਦਿੰਦੀ ਰਚਨਾ ਹੈ। ਅਗਲੇ ਦਿਨ ਦਰਬਾਰ ਵਿਚ ਸਤਿਗੁਰਾਂ ਨੇ, ਕਿਹਾ, ਨਸ਼ੇ ਨੇ ਜੀਵਨ ਦਾ ਅੰਤ ਕਰਦੇ।
'ਫ਼ਤਹਿਪੁਰੀ' ਜੋ ਇਨ੍ਹਾਂ ਵਿਚ ਫਸ ਜਾਂਦੇ, ਉੱਜੜ ਜਾਂਦੇ ਦੰਡ ਸਜ਼ਾ ਬੇਅੰਤ ਭਰਦੇ। ਇੰਜ ਫ਼ਤਹਿਪੁਰੀ ਨੇ ਇਨ੍ਹਾਂ ਕਵਿਤਾਵਾਂ ਰਾਹੀਂ, ਸਿੱਖ ਇਤਿਹਾਸ, ਪਾਠਕਾਂ ਦੇ ਸਨਮੁੱਖ ਕੀਤਾ ਹੈ। ਉਸ ਦਾ ਉਪਰਾਲਾ ਸ਼ਲਾਘਾਯੋਗ ਹੈ।

ਫ ਫ ਫ

ਜੈਕਾਰੇ
ਲੇਖਕ : ਮਲਕੀਤ ਸਿੰਘ ਗਿੱਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 88
ਸੰਪਰਕ : 94174-90943.

ਉੱਭਰਦੇ ਸਾਹਿਤਕਾਰ, ਕਵੀ, ਗਾਇਕ ਮਲਕੀਤ ਸਿੰਘ ਗਿੱਲ ਦਾ ਇਹ ਕਾਵਿ-ਸੰਗ੍ਰਹਿ ਸਿੱਖ ਪੰਥ ਦੇ ਮਾਣਮੱਤੇ ਅਤੇ ਕੁਰਬਾਨੀਆਂ ਭਰਪੂਰ ਇਤਿਹਾਸ ਨੂੰ ਉਜਾਗਰ ਕਰਦਾ ਹੈ। ਉਸ ਦੀ ਲੋਚਾ ਹੈ ਕਿ ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਜੈਕਾਰੇ ਸਦੈਵ ਸੁਣਾਈ ਦੇਣ। ਸਾਡੀ ਨਵੀਂ ਪੀੜ੍ਹੀ, ਸਿੱਖੀ ਦੀ ਮੁੱਖ ਧਾਰਾ ਨਾਲ ਜੁੜ ਕੇ ਮਾਣ ਮਹਿਸੂਸ ਕਰੇ। ਹਥਲੀ ਪੁਸਤਕ ਉਸ ਦੇ ਇਨ੍ਹਾਂ ਹੀ ਵਿਚਾਰਾਂ ਦਾ ਕਲਮੀ ਪ੍ਰਗਟਾਵਾ ਹੈ। ਪੁਸਤਕ ਵਿਚ 87 ਰਚਨਾਵਾਂ ਦਰਜ ਹਨ। ਪਹਿਲੀ ਰਚਨਾ ਹੈ ਅਕਾਲ ਪੁਰਖ ਦਾ ਜਸ।
ਲੱਖਾਂ ਕਲਮਾਂ ਚੱਲੀਆਂ, ਸਭ ਲਿਖ ਲਿਖ ਹਾਰੇ
ਉਪਮਾਂ ਤੇਰੀ ਲਿਖਣ, ਕੀ ਗਿੱਲ ਵਿਚਾਰੇ।
ਹਾਰ ਕੇ ਤੁਰ ਗਏ ਬਾਜ਼ੀਆਂ, ਜੱਗ ਕਿਸੇ ਨਾ ਜਿੱਤਿਆ
ਅਕਾਲ ਪੁਰਖ ਤੇਰਾ ਜਸ, ਫਿਰ ਵੀ ਜਾਏ ਨਾ ਲਿਖਿਆ।
ਸੰਸਾਰ ਦੀ ਨਾਸ਼ਮਾਨਤਾ ਦੀ ਗੱਲ ਕਰਦਿਆਂ ਉਹ ਲਿਖਦਾ ਹੈਂ
ਗਿੱਲ ਸੁਰਜੀਤ ਨੇ ਅੱਖਰਾਂ ਵਾਂਗੂੰ, ਕਵਿਤਾ ਵਿਚ ਜੁੜ ਜਾਣਾ
ਇਹ ਸੰਸਾਰ ਹੈ ਮੇਲੇ ਵਰਗਾ, ਵੇਖ ਵੇਖ ਮੁੜ ਜਾਣਾ। (ਪੰਨਾ 13)
ਸਿੱਖ ਪੰਥ ਦੀ ਜੈ ਜੈਕਾਰ ਹਮੇਸ਼ਾ ਹੁੰਦੇ ਰਹਿਣ ਦੀ ਲੋਚਾ ਨੂੰ ਉਹ ਇੰਜ ਪ੍ਰਗਟ ਕਰਦਾ ਹੈ :
ਸਦਾ ਬੋਲੇ ਸੋ ਨਿਹਾਲ ਦੇ ਜੈਕਾਰੇ, ਦੁਨੀਆ 'ਚ ਰਹਿਣ ਗੂੰਜਦੇ
ਸਿੰਘ ਸੂਰਮੇ, ਗੁਰੂ ਦੇ ਸਿੱਖ ਪਿਆਰੇ, ਦੁਨੀਆ 'ਚ ਰਹਿਣ ਗੂੰਜਦੇ। (ਪੰਨਾ 2)
ਸਾਹਿਬਜ਼ਾਦਾ ਅਜੀਤ ਸਿੰਘ ਦੀ ਕੁਰਬਾਨੀ, ਦਸਮੇਸ਼ ਪਿਤਾ ਦੀ ਮਹਾਨ ਦੇਣ, ਗੁਰੂ ਨਾਨਕ ਮਹਿਮਾ, ਮਾਤਾ ਗੁਜਰੀ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਦੀ ਅਦੁੱਤੀ ਕੁਰਬਾਨੀ, ਅੰਮ੍ਰਿਤ ਦੀ ਮਹਾਨਤਾ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦੀ ਅਮਰ ਗਾਥਾ, ਮਾਛੀਵਾੜੇ ਦਾ ਬਿਰਤਾਂਤ, ਬਾਬਾ ਬੰਦਾ ਸਿੰਘ ਬਹਾਦਰ ਦੀ ਮਹਾਨ ਦੇਣ, ਭਾਈ ਦਿਆਲਾ ਜੀ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਦੀਆਂ ਸ਼ਹਾਦਤਾਂ, ਕੇਸਾਂ ਦੀ ਦਾਤ ਦੀ ਮਹੱਤਤਾ, ਸ਼ਹੀਦੇ-ਆਜ਼ਮ ਭਗਤ ਸਿੰਘ, ਸ: ਊਧਮ ਸਿੰਘ ਦੇ ਕਾਰਨਾਮੇ, ਪੰਜਾਬੀ ਮਾਂ-ਬੋਲੀ ਨਾਲ ਜੁੜਨ ਦੀ ਅਪੀਲ, ਪੰਜਾਬ ਦੀ ਅਜੋਕੀ ਹਾਲਤ, ਭਾਰਤ-ਪਾਕਿਸਤਾਨ ਵਿਚਾਲੇ ਦੋਸਤਾਨਾ ਸੰਬੰਧਾਂ ਦੀ ਲੋੜ, ਬੇਰੁਜ਼ਗਾਰੀ ਦਾ ਮਸਲਾ, ਮਾਂ ਦਾ ਰੁਤਬਾ, ਆਪਣੇ ਪਿੰਡ ਭੱਠਲ ਅਤੇ ਉਥੋਂ ਦੀਆਂ ਮਹਾਨ ਸ਼ਖ਼ਸੀਅਤਾਂ ਤੇ ਕੁੜੀਆਂ, ਉਸ ਦੀਆਂ ਬਾਕੀ ਰਚਨਾਵਾਂ, ਗੀਤਾਂ ਦੇ ਵਿਸ਼ੇ ਹਨ। ਉਸ ਦੀ ਅੰਤਲੀ ਕਵਿਤਾ 'ਮੈਂ ਧੰਨਵਾਦੀ ਹਾਂ' ਰਾਹੀਂ ਗਿੱਲ ਨੇ ਉਸ ਦੀ ਸ਼ਖ਼ਸੀਅਤ ਨੂੰ ਘੜਨ ਤੇ ਨਿਖਾਰਨ ਵਾਲਿਆਂ ਪ੍ਰਤੀ ਆਭਾਰ ਪ੍ਰਗਟ ਕੀਤਾ ਹੈ। ਸਾਰੀਆਂ ਕਵਿਤਾਵਾਂ, ਗੀਤ, ਨਜ਼ਮਾਂ, ਖੂਬ ਹਨ। ਉਸ ਦੀ ਘਾਲਣਾ ਸਫਲ ਹੈ।

ਂਤੀਰਥ ਸਿੰਘ ਢਿੱਲੋਂ
ਮੋ: 98154-61710.

ਫ ਫ ਫ

ਸੂਰਜਾਂ ਦਾ ਕਾਫ਼ਲਾ
ਸੰਪਾਦਕ : ਕਰਮ ਸਿੰਘ ਜ਼ਖ਼ਮੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 168
ਸੰਪਰਕ : 98146-28027.

ਮਾਲਵਾ ਲਿਖਾਰੀ ਸਭਾ, ਸੰਗਰੂਰ ਵੱਲੋਂ ਪ੍ਰਕਾਸ਼ਤ ਪੁਸਤਕ 'ਸੂਰਜਾਂ ਦਾ ਕਾਫ਼ਲਾ' ਨੂੰ ਨਾਮਵਰ ਗ਼ਜ਼ਲਕਾਰ ਕਰਮ ਸਿੰਘ ਜ਼ਖ਼ਮੀ ਨੇ ਸੰਪਾਦਤ ਕੀਤਾ ਤੇ ਸੰਪਾਦਕੀ ਬੋਰਡ ਵਿਚ ਭੁਪਿੰਦਰ ਸਿੰਘ ਬੋਪਾਰਾਏ, ਸੁਖਵਿੰਦਰ ਸਿੰਘ ਲੋਟੇ, ਸੁਖਵਿੰਦਰ ਸਿੰਘ ਸਿੱਧੂ ਚੰਗਾਲ ਤੇ ਰਜਿੰਦਰ ਸਿੰਘ ਰਾਜਨ ਸ਼ਾਮਿਲ ਹਨ। ਇਸ ਵਿਚ ਸਭਾ ਨਾਲ ਸਬੰਧਤ ਚਾਲੀ ਦੇ ਕਰੀਬ ਕਵੀਆਂ ਤੇ ਸੱਤ ਕਵਿੱਤਰੀਆਂ ਦੀਆਂ ਰਚਨਾਵਾਂ ਛਾਪੀਆਂ ਗਈਆਂ ਹਨ। ਇਨ੍ਹਾਂ ਵਿਚ ਕਈ ਉਸਤਾਦ, ਕਈ ਜਾਣੇ-ਪਹਿਚਾਣੇ ਤੇ ਕਈ ਅਸਲੋਂ ਨਵੇਂ ਸਿਰਨਾਵੇਂ ਨਜ਼ਰੀਂ ਆਉਂਦੇ ਹਨ। ਇਸ ਪੁਸਤਕ ਦੀ ਪਹਿਲੀ ਰਚਨਾ ਗ਼ਜ਼ਲ ਰੂਪ ਵਿਚ ਮਰਹੂਮ ਮਹਿੰਦਰ ਮਾਨਵ ਦੀ ਹੈ, ਜਿਸ ਨੂੰ ਸ਼ਰਧਾਂਜਲੀ ਵਜੋਂ ਛਾਪਿਆ ਗਿਆ ਹੈ।
ਹੋਰਨਾਂ ਵਿਚ ਦਲਵਾਰ ਧਨੌਲਾ, ਮੀਤ ਖੱਟੜਾ, ਦਲਬਾਰ ਸਿੰਘ, ਮਲਕੀਤ ਗਰੇਵਾਲ, ਦਰਬਾਰਾ ਬੀਰ ਕਲਾਂ, ਹਰਦੀਪ ਸਿੱਧੂ, ਪਰਮ ਜਸਪਾਲ ਮਾਨ, ਸ਼ਿਵ ਅੰਬਾਲਵੀ, ਦਲੇਰ ਪੰਛੀ, ਸੁਰਜੀਤ ਮੌਜੀ, ਲਾਭ ਝੱਮਟ, ਵੀਰ ਰਣਜੀਤ ਸਿੰਘ, ਕਰਮ ਸਿੰਘ ਜ਼ਖ਼ਮੀ, ਸੁਖਵਿੰਦਰ ਲੋਟੇ, ਪੇਂਟਰ ਸੁਖਦੇਵ, ਰਾਜਵੀਰ ਮਾਨ, ਚਰਨ ਪੁਆਧੀ, ਬਾਲੀ ਰੇਤਗੜ੍ਹ, ਨਿਰਦੋਸ਼ ਪ੍ਰੀਤ, ਟੇਕ, ਲਵਲੀ ਬਡਰੁੱਖਾਂ, ਸੁਖਵਿੰਦਰ ਸਿੱਧੂ, ਪੰਮੀ ਫੱਗੂਵਾਲੀਆ, ਭੁਪਿੰਦਰ ਬੋਪਾਰਾਏ, ਸਰਬਜੀਤ ਸੰਗਰੂਰਵੀ, ਕੁਲਵੰਤ ਖਨੌਰੀ, ਰਜਿੰਦਰ ਰਾਜਨ, ਜਗਜੀਤ ਲੱਡਾ, ਜਸਵਿੰਦਰ ਮੀਤ, ਰੁਪਿੰਦਰ ਮੌੜ, ਜਗਜੀਤ ਕੌਰ ਢਿੱਲਵਾਂ, ਅਵਤਾਰ ਮਾਨ, ਜਤਿੰਦਰਪਾਲ ਸਿੰਘ, ਬਲਜਿੰਦਰ ਈਲਵਾਲ, ਗੁਰਪ੍ਰੀਤ ਸਹੋਤਾ, ਸੰਦੀਪ ਸਿੰਘ, ਗਗਨਦੀਪ ਦੀਪ, ਤੁਸ਼ਾਰ ਸ਼ਰਮਾ, ਸਤਪਾਲ ਲੌਂਗੋਵਾਲ, ਵੀਤ ਬਾਦਸ਼ਾਹਪੁਰੀ, ਦੀਪਕਾ ਸ਼ਰਮਾ, ਹਰਕੀਰਤ ਕੌਰ ਗਰੇਵਾਲ, ਸੁਖਵਿੰਦਰ ਕੌਰ ਸੁੱਖੀ, ਜੱਗੀ ਮਾਨ, ਅਮਨਦੀਪ ਕੌਰ ਲੌਂਗੋਵਾਲ ਤੇ ਜੱਸ ਬਡਰੁੱਖਾਂ ਦੀਆਂ ਕਵਿਤਾਵਾਂ 'ਸੂਰਜਾਂ ਦਾ ਕਾਫ਼ਲਾ' ਵਿਚ ਸੁਸ਼ੋਭਤ ਹਨ।
ਕੁਝ ਇਕ ਰਚਨਾਵਾਂ ਨੂੰ ਛੱਡ ਕੇ ਬਹੁਗਿਣਤੀ ਰਚਨਾਵਾਂ ਲੋਕ ਪੱਖੀ ਤੇ ਸਮਾਜ ਦੀਆਂ ਤਕਲੀਫ਼ਾਂ ਦਾ ਵਰਨਣ ਕਰਦੀਆਂ ਹਨ। ਸਥਾਪਤ ਸ਼ਾਇਰ ਤਾਂ ਹਨ ਹੀ ਕੁਝ ਨਵਿਆਂ ਨੇ ਵੀ ਵਧੀਆ ਲਿਖਿਆ ਹੈ ਵਿਸ਼ੇਸ਼ ਤੌਰ 'ਤੇ 'ਚੋਰ ਓਏ ਲੋਕੋ ਚੋਰ', 'ਲਿਖੀਂ ਕੋਈ ਗੀਤ', 'ਦੱਸ ਤੈਨੂੰ ਕੀ ਮਿਲਿਆ', 'ਬੇਗ਼ਾਨੀ' 'ਫੂਕ ਦੇ ਕੇ ਜੱਟ ਨੂੰ'। ਹੋਰ ਵੀ ਨਵੇਂ ਵਿਸ਼ਿਆਂ 'ਤੇ ਅਧਾਰਤ ਕਈ ਕਵਿਤਾਵਾਂ ਹਨ। ਵੱਖ ਵੱਖ ਸ਼ਾਇਰਾਂ ਦੀਆਂ ਕਿਰਤਾਂ ਦੀ ਗਿਣਤੀ ਵੱਖ-ਵੱਖ ਹੈ। ਭਾਵੇਂ ਇਸ ਵਿਚ ਸ਼ਾਇਰੀ ਦੀ ਤਕਰੀਬਨ ਹਰ ਵੰਨਗੀ ਨਜ਼ਰ ਆਉਂਦੀ ਹੈ ਪਰ ਗ਼ਜ਼ਲ ਕਾਫ਼ੀ ਗਿਣਤੀ ਵਿਚ ਛਾਪੀ ਗਈ ਹੈ। 'ਸੂਰਜਾਂ ਦਾ ਕਾਫ਼ਲਾ' ਦੇ ਛਪਣ ਨਾਲ ਅਸਲੋਂ ਨਵੇਂ ਸ਼ਾਇਰਾਂ ਦਾ ਜ਼ਰੂਰ ਹੌਸਲਾ ਵਧੇਗਾ।

ਂਗੁਰਦਿਆਲ ਰੌਸ਼ਨ
ਮੋ: 9988444002

 ਫ ਫ

ਸੰਗਰਾਮੀ ਜੀਵਨ
ਦੇਸ਼ ਭਗਤ ਕਾਮਰੇਡ ਜਗਤ ਸਿੰਘ ਰਾਮਗੜ੍ਹ
ਲੇਖਕ : ਸੰਪੂਰਨ ਸਿੰਘ ਟੱਲੇਵਾਲੀਆ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : ਪੇਪਰ ਬੈਕ 100 ਰੁਪਏ, ਸਫ਼ੇ : 96
ਸੰਪਰਕ : 98765-27377.

ਦੇਸ਼ ਭਗਤ ਕਾਮਰੇਡ ਜਗਤ ਸਿੰਘ ਰਾਮਗੜ੍ਹ ਮਾਲਵਾ ਖੇਤਰ ਦਾ ਲੋਕ-ਨਾਇਕ ਹੈ, ਜਿਸ ਨੇ ਆਪਣੀ ਚੜ੍ਹਦੀ ਜਵਾਨੀ ਤੋਂ ਲੈ ਕੇ ਵੱਖ-ਵੱਖ ਕੇਤਰਾਂ ਵਿਚ ਕੰਮ ਕਰਦਿਆਂ ਲੋਕ ਲਹਿਰਾਂ ਲਈ ਉੱਦਮੀ ਜਥੇਬੰਦੀਆਂ ਵਿਚ ਸ਼ਾਮਿਲ ਹੋ ਕੇ ਸੰਘਰਸ਼ ਕੀਤਾ ਹੈ।
ਪੁਸਤਕ ਵਿਚ ਨਛੱਤਰ ਸਿੰਘ ਸਰਪੰਚ, ਪ੍ਰੋ: ਮਨਜੀਤ ਸਿੰਘ ਸਿੱਧੂ ਕੈਨੇਡਾ, ਜਰਨੈਲ ਸਿੰਘ ਅਚਰਵਾਲ, ਜਗਤਾਰ ਜ਼ਜ਼ੀਰਾ, ਤੇਜਾ ਸਿੰਘ ਤਿਲਕ, ਜਸਵੰਤ ਸੇਖੋਂ ਤੋਂ ਇਲਾਵਾ ਬਾਕੀ ਮੁੱਖ ਵਸਤੂ-ਵੇਰਵਾ ਪੁਸਤਕ ਦੇ ਲੇਖਕ ਵੱਲੋਂ ਦਰਜ ਹੈ, ਜਿਸ ਵਿਚ ਉਸ ਨੇ ਜੀਵਨੀ ਲਿਖਣ ਸਬੰਧੀ, ਪਿੰਡ ਮਧੁਕੇ ਦਾ ਇਤਿਹਾਸ, ਦੇਸ਼ ਭਗਤ ਕਾਮਰੇਡ ਜਗਤ ਸਿੰਘ ਰਾਮਗੜ੍ਹ, ਜਨਮ ਤੇ ਬਚਪਨ, ਪੜ੍ਹਾਈ, ਵਿਆਹ, ਸਿੱਖਿਆ ਅਤੇ ਹੋਰ ਜੀਵਨ ਸਮਾਚਾਰ ਲਿਖੇ ਹਨ। ਕਾਮਰੇਡ ਜਗਤ ਸਿੰਘ ਦਾ ਫ਼ੌਜ ਵਿਚ ਭਰਤੀ ਹੋਣ ਤੋਂ ਲੈ ਕੇ ਨਵੰਬਰ-ਦਸੰਬਰ 1945 ਈ: ਦੀ ਫ਼ੌਜੀ ਬਗਾਵਤ ਤੱਕ ਦੇ ਹਾਲਾਤ ਵਿਸਥਾਰ ਨਾਲ ਲਿਖੇ ਹਨ। ਦੇਸ਼ ਭਗਤ ਜਗਤ ਸਿੰਘ ਦਾ ਕਮਿਊਨਿਸਟ ਲਹਿਰ ਵੱਲ ਝੁਕਾਅ ਅਜਿਹੇ ਇਤਿਹਾਸਕ ਤੱਥ ਹਨ, ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਲੋਕ ਲਹਿਰਾਂ ਦੀ ਸ਼ਕਤੀ ਸਮਰੱਥਾ ਕਾਰਨ ਹੀ ਸਥਾਪਤ ਹੋਈਆਂ ਸਰਕਾਰਾਂ ਦੀਆਂ ਜੜ੍ਹਾਂ ਖੋਖਲੀਆਂ ਹੋਣ ਨੂੰ ਦੇਰ ਨਹੀਂ ਲਗਦੀ। ਇਸ ਇਤਿਹਾਸ ਵਿਚ ਜਿਥੇ ਪ੍ਰਮੁੱਖ ਘਟਨਾਵਾਂ ਦਾ ਜ਼ਿਕਰ ਹੈ, ਉਥੇ ਕਮਿਊਨਿਸਟ ਪਾਰਟੀ ਵੱਲੋਂ 1947 ਦੇ ਦੰਗਿਆਂ ਵਿਚ ਮਾਲਵੇ ਦੇ ਇਸ ਇਲਾਕੇ ਵਿਚ ਅਮਨ ਸਥਾਪਤ ਕਰਨ ਦੇ ਜੋ ਉਪਰਾਲੇ ਕਰਵਾਏ ਗਏ, ਉਨ੍ਹਾਂ ਦਾ ਜ਼ਿਕਰ ਹੈ। ਵਰਨਣਯੋਗ, 1947 ਦੇ ਦੰਗੇ, ਜਾਂਗਪੁਰ ਦੀ ਕਾਨਫ਼ਰੰਸ, 1949-ਲਾਲ ਝੰਡੇ ਵਾਲੀ ਘਟਨਾ, ਮਾਣੂਕੇ ਕਾਨਫ਼ਰੰਸ, 1952 ਦੀਆਂ ਚੋਣਾਂ, ਮੁਜਾਰਾ ਲਹਿਰ, ਖੁਸ਼ ਹੈਸੀਅਤ ਮੋਰਚਾ, ਮੋਰਚਾ ਬਿਰਲੇ ਪਟੇ ਦਾ (1971) ਆਦਿ ਵੇਰਵੇ ਅਜਿਹੇ ਹਨ, ਜਿਨ੍ਹਾਂ ਸਬੰਧੀ ਪੁਨਰ ਖੋਜ ਜ਼ਰੂਰੀ ਹੈ। ਇਹ ਅਜਿਹਾ ਇਤਿਹਾਸ ਹੈ, ਜਿਸ ਦੇ ਅਮਰ ਪਾਤਰ ਦ੍ਰਿਸ਼ਟੀਗੋਚਰ ਹੋਣੇ ਚਾਹੀਦੇ ਹਨ।
ਇਹ ਜੀਵਨੀ ਸੱਚਮੁੱਚ ਲੋਕ ਸੰਘਰਸ਼ ਅਤੇ ਲੋਕ ਮਿਲਵਰਤਨ ਲਈ ਅੱਜ ਵੀ ਪ੍ਰੇਰਨਾ, ਉਤਸ਼ਾਹ ਅਤੇ ਸ਼ਕਤੀ ਦਾ ਸਰੋਤ ਹੈ।

ਂਡਾ: ਅਮਰ ਕੋਮਲ
ਮੋ: 08437873565

ਫ ਫ ਫ

ਰਘੁਬੀਰ ਢੰਡ ਦੀ ਕਹਾਣੀ ਸ਼ਾਨੇ ਪੰਜਾਬ ਦਾ ਥੀਮ ਵਿਗਿਆਨਕ ਅਧਿਐਨ
ਲੇਖਕ : ਰਵਿੰਦਰ ਸਿੰਘ
ਪ੍ਰਕਾਸ਼ਕ : ਯੂਨੀਸਟਾਰ ਪਬਲਿਸ਼ਰਜ਼, ਮੋਹਾਲੀ
ਮੁੱਲ : 195 ਰੁਪਏ, ਸਫ਼ੇ : 74
ਸੰਪਰਕ : 94173-08485.

ਇਸ ਆਲੋਚਨਾਤਮਕ ਪੁਸਤਕ ਨੂੰ ਲੇਖਕ ਨੇ ਚਾਰ ਅਧਿਆਵਾਂ ਵਿਚ ਵੰਡਿਆ ਹੈ। ਪਹਿਲੇ ਅਧਿਆਇ ਵਿਚ ਥੀਮ ਵਿਗਿਆਨ ਦਾ ਸਿਧਾਂਤਕ ਪੱਖ ਉਸਾਰਿਆ ਗਿਆ ਹੈ ਜਿਸ ਦਾ ਆਧਾਰ 'ਰੂਪਵਾਦ' ਹੈ। ਬਹਿਰੰਗ ਪ੍ਰਣਾਲੀਆਂ ਦੇ ਮਹੱਤਵ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਪਰ ਥੀਮ ਵਿਗਿਆਨ ਅਧਿਐਨ ਵਿਧੀ ਅੰਤਰੰਗ ਹੈ।
ਦੂਸਰਾ ਕਾਂਡ ਵਿਵਹਾਰਕ ਪੱਖ ਨਾਲ ਸਬੰਧਤ ਹੈ। ਇਸ ਵਿਚ 'ਸ਼ਾਨੇ-ਪੰਜਾਬ' ਕਹਾਣੀ ਦੇ ਥੀਮ ਵਿਗਿਆਨਕ ਅਧਿਐਨ ਲਈ ਇਸ ਨੂੰ 10 ਮੁੱਖ ਸਥਿਤੀਆਂ/ਉਪ ਸਥਿਤੀਆਂ ਵਿਚ ਮੋਟਿਫ਼ਾਂ ਅਨੁਸਾਰ ਲੜੀਵਾਰ ਵੰਡ ਕੇ ਸਾਰੇ ਪੱਖਾਂ ਦਾ ਨਿਟਕ ਵਿਸ਼ਲੇਸ਼ਣ ਕੀਤਾ ਗਿਆ ਹੈ। ਇੰਜ ਵਿਆਖਿਆ ਕਰਦਿਆਂ ਅਨੇਕਾਂ ਘਟਨਾਵਾਂ ਦੇ ਅੰਤਰ-ਸਬੰਧਾਂ ਨੂੰ ਨਿਰਧਾਰਿਤ ਕੀਤਾ ਗਿਆ ਹੈ।
ਤੀਸਰੇ ਕਾਂਡ ਨਿਸ਼ਕਰਸ਼ ਵਿਚ ਵਿਦਵਾਨ ਆਲੋਚਕ ਆਪਣੇ ਕੇਂਦਰੀ ਥੀਮ ਤੱਕ ਅੱਪੜਦਾ ਹੈ। 'ਸ਼ਾਨੇ-ਪੰਜਾਬ' ਇਕੱਲੇ ਕਥਾ-ਨਾਇਕ ਜਸਵੰਤ ਸਿੰਘ ਦੀ ਕਹਾਣੀ ਨਾ ਰਹਿ ਕੇ ਸਮੁੱਚੇ ਪੰਜਾਬੀਆਂ ਦੇ ਕਿਰਦਾਰ ਦੀ ਪ੍ਰਤੀਨਿਧਤਾ ਕਰਦੀ ਹੈ। ਕਿਉਂਕਿ ਜਸਵੰਤ ਸਿੰਘ ਆਪਣੇ ਉੱਪਰ ਹੋਏ ਆਰਥਿਕ, ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਕ ਹਮਲਿਆਂ ਨੂੰ ਦਲੇਰੀ ਨਾਲ ਝੱਲਦਾ, ਅਡੋਲ-ਅਸਤਿਤਵ ਦਾ ਧਾਰਨੀ ਹੋ ਨਿਬੜਦਾ ਹੈ। ਉਹ ਜੀਵਨ ਵਿਚ ਹਾਰਾਂ ਦੇ ਬਾਵਜੂਦ ਆਸ਼ਾਵਾਦੀ ਹੈ। ਨਾਇਕ ਇਨਸਾਨੀ ਕਦਰਾਂ-ਕੀਮਤਾਂ ਦਾ ਮੁਜੱਸਮਾ ਹੈ।
ਕਹਾਣੀ ਦਾ ਅੰਤ ਬੜਾ ਭਾਵਪੂਰਤ ਹੈ : 'ਸ਼ਾਨੇ ਪੰਜਾਬ ਨੇ ਜਦੋਂ ਨਹਿਰ ਦਾ ਪੁਲ ਪਾਰ ਕਰਦਿਆਂ ਖੜਕਾ ਕੀਤਾ, ਉਦੋਂ ਮੈਨੂੰ ਪਤਾ ਲੱਗਿਆ ਇਹ ਤਾਂ ਗੱਡੀ ਹੈ... ਸ਼ਾਨੇ-ਪੰਜਾਬ ਨੂੰ (ਜਸਵੰਤ ਸਿੰਘ ਨੂੰ) ਤਾਂ ਮੈਂ ਪਲੇਟਫਾਰਮ 'ਤੇ ਛੱਡ ਆਇਆ ਹਾਂ।'
ਚੌਥੇ ਕਾਂਡ ਵਿਚ ਪਾਠਕਾਂ ਦੀ ਸਹੂਲਤ ਲਈ ਕਹਾਣੀ ਦਾ ਮੂਲ ਪਾਠ ਪੇਸ਼ ਕੀਤਾ ਗਿਆ ਹੈ।
ਪੁਸਤਕ ਸੱਚਮੁੱਚ ਹੀ ਅੰਤਰੰਗ ਆਲੋਚਨਾ (ਥੀਮ ਵਿਗਿਆਨਕ ਅਧਿਐਨ) ਪ੍ਰਤੀ ਲੇਖਕ ਦੀ ਪਕੜ ਦੀ ਸਾਖੀ ਭਰਦੀ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.

ਫ ਫ ਫ

ਲਹਿਰਾਂ ਦੇ ਅੰਗ-ਸੰਗ
ਸੰਘਰਸ਼ਾਂ ਦਾ ਪਾਂਧੀ ਅਮਰ ਸ਼ਹੀਦ ਕਾਮ:
ਚੰਨਣ ਸਿੰਘ ਧੂਤ
ਲੇਖਕ : ਜਗਦੀਸ਼ ਸਿੰਘ ਚੋਹਕਾ, ਰਾਜਿੰਦਰ ਕੌਰ ਚੋਹਕਾ
ਪ੍ਰਕਾਸ਼ਕ : ਲੇਖਕ ਆਪ
ਮੁੱਲ : 50 ਰੁਪਏ, ਸਫ਼ੇ : 228
ਸੰਪਰਕ : 01882-255425.

ਇਸ ਪੁਸਤਕ ਵਿਚ ਜਿਥੇ ਲੇਖਕਾਂ ਨੇ ਕਾ: ਧੂਤ ਵੱਲੋਂ ਰਿਆਸਤੀ ਪਰਜਾ ਮੰਡਲ ਲਹਿਰ, ਕਿਸਾਨੀ ਘੋਲ ਅਤੇ ਕੌਮੀ ਆਜ਼ਾਦੀ ਲਈ ਪਾਏ ਸ਼ਾਨਾਮੱਤੇ ਯੋਗਦਾਨ ਦਾ ਵਰਨਣ ਕੀਤਾ ਹੈ, ਉਥੇ ਇਨ੍ਹਾਂ ਕੌਮੀ ਲਹਿਰਾਂ ਦੇ ਇਤਿਹਾਸਕ ਪਿਛੋਕੜ ਬਾਰੇ ਵੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ।
ਸੂਝਵਾਨ ਲੇਖਕਾਂ ਨੇ ਪੁਸਤਕ ਨੂੰ 10 ਭਾਗਾਂ ਵਿਚ ਵੰਡਿਆ ਹੈ। ਪਹਿਲੇ ਅਤੇ ਦੂਜੇ ਭਾਗ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਸੱਭਿਆਚਾਰਕ ਉਠਾਨ ਦੇ ਇਤਿਹਾਸ ਅਤੇ ਪ੍ਰਵਾਸ-ਡਾਇਆ-ਸਪੋਰਾ ਬਾਰੇ ਚਰਚਾ ਕੀਤੀ ਗਈ ਹੈ। ਭਾਗ ਤੀਜਾ ਵਿਚ 20ਵੀਂ ਸਦੀ ਵਿਚ ਚੱਲੀਆਂ ਕਿਸਾਨ ਲਹਿਰਾਂ ਅਤੇ ਪਹਿਲੀ ਪੀੜ੍ਹੀ ਦੇ ਕਮਿਊਨਿਸਟਾਂ ਲਈ ਪ੍ਰੇਰਨਾ ਸ੍ਰੋਤ ਬਣੀਆਂ ਕੌਮੀ ਲਹਿਰਾਂ ਦਾ ਜ਼ਿਕਰ ਹੈ। ਚੌਥਾ ਭਾਗ ਬਸਤੀਵਾਦੀ ਭਾਰਤ ਅੰਦਰ ਰਾਜਨੀਤਕ ਚੇਤਨਾ ਅਤੇ ਕਮਿਊਨਿਸਟ ਲਹਿਰ ਦੇ ਉਭਾਰ ਦੇ ਇਤਿਹਾਸ ਨੂੰ ਪਾਠਕਾਂ ਦੇ ਰੂਬਰੂ ਕਰਦਾ ਹੈ। ਪੰਜਵੇਂ ਭਾਗ ਵਿਚ ਆਜ਼ਾਦੀ ਸੰਗਰਾਮ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਰਾਜਨੀਤਕ ਸਰਗਰਮੀਆਂ ਦਾ ਸੰਖੇਪ ਜ਼ਿਕਰ ਕੀਤਾ ਗਿਆ ਹੈ। ਛੇਵੇਂ ਭਾਗ ਵਿਚ ਕਪੂਰਥਲਾ ਰਿਆਸਤੀ ਪਰਜਾ ਮੰਡਲ ਦੇ ਆਗੂਆਂ ਮਾ: ਹਰੀ ਸਿੰਘ ਧੂਤ, ਚੰਨਣ ਸਿੰਘ ਧੂਤ, ਬਾਬਾ ਕਰਮ ਸਿੰਘ ਧੂਤ ਅਤੇ ਕਮਿਊਨਿਸਟ ਪਾਰਟੀ ਦੇ ਸੰਗਠਤ ਹੋਣ ਲਈ ਪਹਿਲਕਦਮੀ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੈ। ਸੱਤਵਾਂ ਭਾਗ ਪਿੰਡ ਧੂਤ ਕਲਾਂ ਅਤੇ ਅਮਰ ਸ਼ਹੀਦ ਕਾ: ਚੰਨਣ ਸਿੰਘ ਧੂਤ ਦੇ ਜੀਵਨ ਨਾਲ ਜੁੜੀਆਂ ਅਭੁੱਲ ਜਾਣਕਾਰੀਆਂ ਪ੍ਰਦਾਨ ਕਰਨ ਵਾਲਾ ਮਹੱਤਵਪੂਰਨ ਭਾਗ ਹੈ। ਅੱਠਵੇਂ ਭਾਗ ਵਿਚ ਪੰਜਾਬ ਅੰਦਰ ਦਹਿਸ਼ਤਗਰਦੀ ਦੇ ਕਾਲੇ ਦਿਨਾਂ, ਦੋਸ਼ੀ ਸ਼ਕਤੀਆਂ ਦੀ ਮਾੜੀ ਸੋਚ ਅਤੇ ਕਿਰਤੀ ਪਾਰਟੀ ਦੇ ਲੋਕ ਪੱਖੀ ਨਿਭਾਏ ਰੋਲ ਬਾਰੇ, ਇਸ ਤੋਂ ਇਲਾਵਾ ਦਹਿਸ਼ਤਗਰਦਾਂ ਹੱਥੋਂ ਸ਼ਹੀਦ ਹੋਏ ਅਮਰ ਸਿੰਘ ਸ਼ਹੀਦ ਕਾਮਰੇਡ ਚੰਨਣ ਸਿੰਘ ਧੂਤ ਨਾਲ ਸਬੰਧਤ ਅਨਮੋਲ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਨੌਵੇਂ ਭਾਗ ਵਿਚ ਕਾਮਰੇਡ ਧੂਤ ਨੂੰ ਸਮਰਪਿਤ ਸ਼ਰਧਾਂਜਲੀਆਂ ਅਤੇ ਸਿਮ੍ਰਤੀਆਂ ਸ਼ਾਮਿਲ ਹਨ। ਹਵਾਲਿਆਂ ਦੇ ਸਰੋਤ ਦਸਵੇਂ ਭਾਗ 'ਚ ਦਰਜ ਹਨ। ਪੁਸਤਕ ਵਿਚ ਪ੍ਰਕਾਸ਼ਿਤ 50 ਦੇ ਕਰੀਬ ਦੁਰਲਭ ਤਸਵੀਰਾਂ ਪੁਸਤਕ ਦੀ ਸਾਰਥਿਕਤਾ ਨੂੰ ਦੋਬਾਲਾ ਕਰਦੀਆਂ ਹਨ।

ਫ ਫ ਫ

ਚਲਦੇ ਤਾਂ ਚੰਗਾ ਸੀ
ਲੇਖਕ : ਅਸਗ਼ਰ ਵਜਾਹਤ
ਪ੍ਰਕਾਸ਼ਕ : ਪੀਪਲਜ਼ ਫੋਰਮ, ਬਰਗਾੜੀ (ਫ਼ਰੀਦਕੋਟ)
ਮੁੱਲ : 100 ਰੁਪਏ, ਸਫ਼ੇ : 120
ਸੰਪਰਕ : 98729-89313.

ਇਹ ਪੁਸਤਕ ਹਿੰਦੀ ਦੇ ਸੰਵੇਦਨਸ਼ੀਲ ਚਿੰਤਕ ਅਤੇ ਨਾਮਵਰ ਲੇਖਕ ਅਸਗ਼ਰ ਵਜਾਹਤ ਦਾ ਹਿੰਦੀ ਭਾਸ਼ਾ ਵਿਚ ਲਿਖਿਆ ਸਫ਼ਰਨਾਮਾ ਹੈ, ਜਿਸ ਦਾ ਪੰਜਾਬੀ ਅਨੁਵਾਦ ਖੁਸ਼ਵੰਤ ਬਰਗਾੜੀ ਨੇ ਕੀਤਾ ਹੈ।
ਅਸਗ਼ਰ ਵਜਾਹਤ ਹੋਰਾਂ ਨੇ ਜਿਥੇ ਜਾਮੀਆ ਮਿਲੀਆ ਇਸਲਾਮੀਆ ਦੇ ਹਿੰਦੀ ਵਿਭਾਗ ਵਿਚ ਬਤੌਰ ਲੈਕਚਰਾਰ ਅਤੇ ਮੁਖੀ ਵਜੋਂ ਸੇਵਾ ਨਿਭਾਈ ਹੈ, ਉਥੇ ਉਨ੍ਹਾਂ ਨੇ ਬੁਢਾਪੇਸਟ (ਹੰਗਰੀ) ਦੀ ਔਵਵੋਸ ਲੋਰੈਂਡ ਯੂਨੀਵਰਸਿਟੀ ਦੇ ਯੂਰਪੀ ਅਧਿਐਨ ਵਿਭਾਗ ਵਿਚ ਵੀ ਅਧਿਆਪਨ ਦਾ ਕਾਰਜ ਕੀਤਾ ਹੈ। 'ਚਲਦੇ ਤਾਂ ਚੰਗਾ ਸੀ' ਉਨ੍ਹਾਂ ਦਾ ਈਰਾਨ ਅਤੇ ਆਜਰਬਾਈਜਾਨ ਦੇਸ਼ਾਂ ਦਾ ਇਹ ਸੱਭਿਆਚਾਰਕ ਖੋਜ ਪ੍ਰਾਜੈਕਟ ਅਧੀਨ ਖੋਜ ਕਾਰਜ ਕਰਦਿਆਂ ਇਨ੍ਹਾਂ ਦੋਵਾਂ ਦੇਸ਼ਾਂ ਬਾਰੇ ਅਤਿ-ਨਿਵੇਕਲੇ ਅੰਦਾਜ਼ ਵਿਚ ਰਚਿਆ ਸਫ਼ਰਨਾਮਾ ਹੈ, ਜੋ ਪੰਜਾਬੀ ਭਾਸ਼ਾ ਵਿਚ ਰਚੇ ਗਏ ਰਵਾਇਤੀ ਸਫ਼ਰਨਾਮਿਆਂ ਨਾਲੋਂ ਕਈ ਪੱਖਾਂ ਤੋਂ ਵੱਖਰਾ ਹੈ।
ਉਸ ਨੇ ਇਨ੍ਹਾਂ ਦੋਵਾਂ ਦੇਸ਼ਾਂ ਵਿਚ ਪੈਦਲ ਚਲਦਿਆਂ ਜਨ-ਸਾਧਾਰਨ ਦੀ ਰੂਹ ਨੂੰ ਪਕੜਨ ਦਾ ਯਤਨ ਕੀਤਾ ਹੈ। ਉਹ ਕਹਿੰਦੇ ਹਨ ਕਿ ਕਿਸੇ ਦੇਸ਼ ਨੂੰ ਸਮਝਣਾ ਹੋਵੇ ਤਾਂ ਉਸ ਦੀਆਂ ਸੜਕਾਂ 'ਤੇ ਜਾਓ, ਕਿਤਾਬਾਂ ਵਿਚ ਗਏ ਤਾਂ ਦੇਸ਼ ਨੂੰ ਸਮਝ ਨਹੀਂ ਸਕਦੇ। ਲੇਖਕ ਨੇ ਉਥੋਂ ਦੇ ਲੋਕਾਂ ਵਿਚ ਵਿਚਰਦਿਆਂ ਉਨ੍ਹਾਂ ਦੀ ਜੀਵਨ ਦ੍ਰਿਸ਼ਟੀ, ਰਹਿਣ-ਸਹਿਣ ਅਤੇ ਵਿਸ਼ਵਾਸਾਂ ਦਾ ਅਧਿਐਨ ਵੀ ਕੀਤਾ ਹੈ ਅਤੇ ਉਨ੍ਹਾਂ ਦੁਸ਼ਵਾਰੀਆਂ ਦਾ ਜ਼ਿਕਰ ਵੀ ਕੀਤਾ ਹੈ, ਜੋ ਕਿਸੇ ਓਪਰੇ ਯਾਤਰੀ ਨੂੰ ਝੱਲਣੀਆਂ ਪੈਂਦੀਆਂ ਹਨ।
ਈਰਾਨ ਅਤੇ ਆਜਰਬਾਈਜਾਨ ਦੇ ਆਧੁਨਿਕ ਤੇ ਪੁਰਾਤਨ ਸ਼ਹਿਰਾਂ, ਖੰਡਰਾਂ, ਕਸਬਿਆਂ, ਮਕਬਰਿਆਂ, ਮੰਦਿਰਾਂ ਅਤੇ ਯੂਨੀਵਰਸਿਟੀਆਂ ਦੀ ਜ਼ਿਆਰਤ ਕਰਦਿਆਂ ਲੇਖਕ ਨੇ ਉਨ੍ਹਾਂ ਦਾ ਇਤਿਹਾਸਕ, ਸਾਹਿਤਕ ਅਤੇ ਸੱਭਿਆਚਾਰਕ ਵਿਸ਼ਲੇਸ਼ਣ ਹੀ ਨਹੀਂ ਕੀਤਾ, ਸਗੋਂ ਅਜੋਕੇ ਜਨਜੀਵਨ ਨੂੰ ਵੀ ਰਾਜਨੀਤਕ ਅਤੇ ਸੱਭਿਆਚਾਰਕ ਦ੍ਰਿਸ਼ਟੀ ਤੋਂ ਪਾਠਕਾਂ ਦੇ ਰੂਬਰੂ ਕਰਦਿਆਂ ਇਨ੍ਹਾਂ ਦੋਵਾਂ ਦੇਸ਼ਾਂ ਨਾਲ ਜੁੜੇ ਭਾਰਤ ਵਾਸੀਆਂ ਦੇ ਪੁਰਾਣੇ ਇਤਿਹਾਸਕ ਅਤੇ ਸੱਭਿਆਚਾਰਕ ਰਿਸ਼ਤਿਆਂ ਅਤੇ ਸਬੰਧਾਂ ਦੀ ਵੀ ਨਿਸ਼ਾਨਦੇਹੀ ਕੀਤੀ ਹੈ, ਜਿਸ ਦੀ ਭਾਰਤ ਦੀ ਅਜੋਕੀ ਨੌਜਵਾਨ ਪੀੜ੍ਹੀ ਨੂੰ ਕੋਈ ਜਾਣਕਾਰੀ ਨਹੀਂ। ਅਤਿ ਸਰਲ ਅਤੇ ਦਿਲਚਸਪ ਅੰਦਾਜ਼ ਵਿਚ ਰਚਿਆ ਇਹ ਸਫ਼ਰਨਾਮਾ ਦਿਲਚਸਪ ਵੀ ਹੈ ਅਤੇ ਗਿਆਨ ਵਰਧਕ ਵੀ।

ਂਸੁਖਦੇਵ ਮਾਦਪੁਰੀ
ਮੋ: 94630-34472.

4-6-2016

 ਭਜਨ ਸਿੰਘ ਵਿਰਕ ਦੀ ਕਵਿਤਾ ਦੇ ਕਾਵਿ-ਸਰੋਕਾਰ
ਆਲੋਚਕ : ਡਾ: ਰਾਮ ਮੂਰਤੀ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 110
ਸੰਪਰਕ : 94174-49665.

ਇਸ ਪੁਸਤਕ ਦਾ ਲੇਖਕ ਕਵੀ ਹੋਣ ਦੇ ਨਾਲ-ਨਾਲ ਕਾਵਿ-ਆਲੋਚਕ ਵੀ ਹੈ। ਇਸੇ ਕਰਕੇ ਉਸ ਨੇ ਇਕ ਅਣਗੌਲੇ ਕਵੀ ਭਜਨ ਸਿੰਘ ਵਿਰਕ ਦੀ ਕਵਿਤਾ ਦਾ ਨੋਟਿਸ ਲੈ ਕੇ ਇਹ ਆਲੋਚਨਾਤਮਕ ਪੁਸਤਕ ਲਿਖੀ। ਪੁਸਤਕ ਪੜ੍ਹਦਿਆਂ ਪਤਾ ਚਲਦਾ ਹੈ ਕਿ ਭਾਵੇਂ ਭਜਨ ਸਿੰਘ ਵਿਰਕ ਇਕ ਸੇਵਾ-ਮੁਕਤ ਅੰਗਰੇਜ਼ੀ ਲੈਕਚਰਾਰ ਹੈ ਪਰ ਉਹ ਮਾਤ-ਭਾਸ਼ਾ ਪੰਜਾਬੀ ਵਿਚ ਕਾਵਿ-ਸਿਰਜਣਾ ਕਰਦਾ ਹੈ। ਉਸ ਨੇ ਹੁਣ ਤੱਕ 5 ਕਾਵਿ ਸੰਗ੍ਰਹਿ, 5 ਗ਼ਜ਼ਲ ਸੰਗ੍ਰਹਿ ਮਾਂ-ਬੋਲੀ ਨੂੰ ਭੇਟ ਕੀਤੇ ਹਨ। ਸਪਤਰਿਸ਼ੀ ਉਸ ਦੀ ਚੋਣਵੀਂ ਕਵਿਤਾ ਦੀ ਪੁਸਤਕ ਹੈ। ਵਿਰਕ ਦੀ ਕਵਿਤਾ ਬਾਰੇ ਆਲੋਚਨਾਤਮਕ ਕਾਰਜ ਬਹੁਤ ਘੱਟ ਹੋਇਆ ਹੈ। ਪੁਸਤਕਾਂ ਦੀਆਂ ਭੂਮਿਕਾਵਾਂ, ਰਿਵੀਊਆਂ ਤੋਂ ਬਿਨਾਂ ਉਸ ਦੇ ਕਾਵਿ ਦਾ ਮੁੱਲ ਡਾ: ਦੀਵਾਨ ਸਿੰਘ ਅਤੇ ਡਾ: ਐਮ.ਐਸ. ਅੰਮ੍ਰਿਤ ਦੀਆਂ ਚਿੱਠੀਆਂ ਨੇ ਪਾਇਆ ਹੈ। ਉਹ ਇਕ ਪੇਂਡੂ ਸ਼ਾਇਰ ਹੈ। ਕਿਰਸਾਨਾਂ, ਮਜ਼ਦੂਰਾਂ ਦੇ ਜੀਵਨ ਦਾ ਉਸ ਨੂੰ ਨਿੱਜੀ ਅਨੁਭਵ ਹੈ। ਜੀਵਨ ਵਿਚ ਆਏ ਦੁੱਖਾਂ ਨੇ ਉਸ ਦੇ ਕਾਵਿ-ਵਿਰੇਚਣ ਨੂੰ ਜੁੰਬਸ਼ ਪ੍ਰਦਾਨ ਕੀਤੀ ਹੈ। ਆਲੋਚਕ ਨੇ ਉਸ ਦੀਆਂ ਕੁਝ ਕਵਿਤਾਵਾਂ ਦੀ ਚੋਣ ਕਰਕੇ ਵਿਵਹਾਰਕ ਅਧਿਐਨ ਪ੍ਰਸਤੁਤ ਕੀਤਾ ਹੈ। ਵਿਰਕ ਹਰ ਵਿਧਾ ਦੀ ਸ਼ੁੱਧਤਾ ਕਾਇਮ ਰੱਖਦਾ ਹੈ। ਸੂਖ਼ਮਤਾ ਅਤੇ ਸਹਿਜ ਉਸ ਦੀ ਕਵਿਤਾ ਦੇ ਲੱਛਣ ਹਨ। ਉਸ ਨੂੰ ਹਰ ਥਾਂ ਕਵਿਤਾ ਨਜ਼ਰ ਆਉਂਦੀ ਹੈ। ਉਹ ਹੋਰਨਾਂ ਕਵੀਆਂ ਵਾਂਗ ਵਿਸ਼ੇ ਚੁਣ ਕੇ ਕਾਵਿ-ਰਚਨਾ ਨਹੀਂ ਕਰਦਾ। ਜੀਵਨ ਵਿਚ ਵਾਪਰੀਆਂ ਮਹੀਨ ਘਟਨਾਵਾਂ ਉਸ ਦੇ ਕਾਵਿ ਦਾ ਅਹਿਮ ਅੰਗ ਹਨ। ਉਸ ਦੇ ਕਾਵਿ ਵਿਚ ਪ੍ਰਕ੍ਰਿਤਕ ਬਿੰਬਾਵਲੀ ਹੈ। ਗ਼ਜ਼ਲ ਦੇ ਮੁਕਾਬਲੇ ਉਸ ਦੀਆਂ ਨਜ਼ਮਾਂ ਅਤੇ ਗੀਤ ਵਧੇਰੇ ਆਕਰਸ਼ਿਤ ਕਰਦੇ ਹਨ। ਉਹ ਸਮਾਜਵਾਦੀ-ਯਥਾਰਥਵਾਦੀ ਸ਼ਾਇਰ ਹੈ। ਉਹ ਕਲਾ ਜੀਵਨ ਲਈ ਦਾ ਸਮਰਥਕ ਹੈ। ਉਹ ਮਸਤੀ ਵਿਚ ਕਾਵਿ-ਸਿਰਜਣਾ ਕਰਦਾ ਹੈ। ਇਸੇ ਲਈ ਉਹ ਸੁਹਜਵਾਦੀ ਸ਼ਾਇਰ ਹੋ ਨਿਬੜਿਆ ਹੈ। ਦਰਅਸਲ ਆਲੋਚਕ ਵੱਲੋਂ ਵਿਰਕ ਦੀ ਕਵਿਤਾ ਦੇ ਵਿਭਿੰਨ ਪੱਖਾਂ ਬਾਰੇ ਸਮੇਂ-ਸਮੇਂ ਲਿਖੇ ਗਏ ਪੇਪਰਾਂ ਦਾ ਸੰਕਲਨ ਹੀ ਪੁਸਤਕ ਰੂਪ ਵਿਚ ਪਾਠਕਾਂ ਅੱਗੇ ਹਾਜ਼ਰ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.

ਫ ਫ ਫ

ਪੰਜਾਬ ਦੇ ਕੋਹੇਨੂਰ
ਲੇਖਕ : ਪ੍ਰਿੰ: ਸਰਵਣ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 395 ਰੁਪਏ, ਸਫ਼ੇ : 320
ਸੰਪਰਕ : 99151-03490.

ਪੰਜਾਬ ਅਤੇ ਪੰਜਾਬੀ ਅਦਬ ਨਾਲ ਸਨੇਹ ਰੱਖਣ ਵਾਲਾ ਹਰ ਪੰਜਾਬੀ ਪ੍ਰਿੰ: ਸਰਵਣ ਸਿੰਘ ਦੀ ਵਿਸਮੈਕਾਰੀ ਅਤੇ ਮਿਕਨਾਤੀਸੀ ਲੇਖਣੀ ਤੋਂ ਸੁਪਰਿਚਿਤ ਹੈ। 'ਪੰਜਾਬ ਦੇ ਕੋਹੇਨੂਰ' ਵਿਚ ਉਸ ਨੇ ਪ੍ਰਸਿੱਧ ਖਿਡਾਰੀਆਂ (ਜਰਨੈਲ ਸਿੰਘ ਫੁਟਬਾਲਰ, ਦਾਰਾ ਸਿੰਘ ਪਹਿਲਵਾਨ, ਬਾਬਾ ਫੌਜਾ ਸਿੰਘ ਮੈਰਾਥਨ-ਕਿੰਗ, ਬਲਬੀਰ ਸਿੰਘ ਹਾਕੀ ਪਲੇਅਰ ਅਤੇ ਮਿਲਖਾ ਸਿੰਘ ਦੌੜਾਕ) ਦੇ ਨਾਲ-ਨਾਲ ਕੁਝ ਚਿੰਤਕਾਂ (ਡਾ: ਜੌਹਲ), ਲੇਖਕਾਂ (ਕਰਨੈਲ ਸਿੰਘ ਪਾਰਸ ਅਤੇ ਜਸਵੰਤ ਸਿੰਘ ਕੰਵਲ) ਅਤੇ ਸੱਭਿਆਚਾਰਕ ਮੇਲਿਆਂ ਦੇ ਮੋਢੀ ਸ: ਜੱਸੋਵਾਲ ਦੀ ਅਨੂਠੀ ਅਤੇ ਪਰਾਕ੍ਰਮੀ ਸ਼ਖ਼ਸੀਅਤ ਬਾਰੇ ਕਲਮੀ-ਚਿੱਤਰ ਲਿਖੇ ਹਨ। ਸਰਵਣ ਸਿੰਘ ਆਪਣਾ ਹਰ ਕਲਮੀ-ਚਿੱਤਰ ਪੂਰੀ ਮਿਹਨਤ ਅਤੇ ਸ਼ਿੱਦਤ ਨਾਲ ਤਿਆਰ ਕਰਦਾ ਹੈ। ਉਹ ਕੇਵਲ ਉਸ ਵਿਅਕਤੀ ਬਾਰੇ ਲਿਖਦਾ ਹੈ, ਜਿਸ ਪਾਸੋਂ ਉਹ ਪ੍ਰੇਰਿਤ ਅਤੇ ਅੰਦੋਲਿਤ ਹੋਇਆ ਹੋਵੇ। ਕਿਸੇ ਸੋਬ੍ਹੇ ਵਿਚ ਵੱਡਾ ਜਾਂ ਪ੍ਰਸਿੱਧ ਹੋਣਾ ਉਸ ਲਈ ਕੋਈ ਵਿਸ਼ੇਸ਼ ਗੱਲ ਨਹੀਂ ਹੈ। ਉਹ ਤਾਂ ਕੇਵਲ ਐਸੇ ਮਰਦ-ਮੁਜਾਹਿਦਾਂ ਬਾਰੇ ਲਿਖਦਾ ਹੈ, ਜਿਨ੍ਹਾਂ ਨੇ ਵਿਸੰਗਤੀਆਂ ਅਤੇ ਮੁਸੀਬਤਾਂ ਨਾਲ ਆਢਾ ਲਾ ਕੇ ਆਪਣੇ ਪੁਰਸ਼ਤਵ (ਪੌਰੁਸ਼) ਨੂੰ ਸਿੱਧ ਕੀਤਾ ਹੋਵੇ।
ਪੰਜਾਬ ਦੇ ਵਿਅਕਤੀ ਵਿਸ਼ੇਸ਼ ਸਰਦਾਰਾ ਸਿੰਘ ਜੌਹਲ ਬਾਰੇ ਲਿਖੇ ਲੇਖ ਵਿਚ ਭਾਰਤ ਦੇ ਪਿਛਲੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ ਜ਼ਿਕਰ ਵੀ ਵਾਰ-ਵਾਰ ਆਇਆ ਹੈ। ਇਸ ਜ਼ਿਕਰ ਦੁਆਰਾ ਉਹ ਮਿਹਨਤੀ ਅਤੇ ਜ਼ਮੀਨ ਵਿਚੋਂ ਉੱਠੇ ਨਾਇਕਾਂ ਨੂੰ ਮਹਿਮਾਮੰਡਿਤ ਕਰਦਾ ਹੈ। ਬਾਬਾ ਫੌਜਾ ਸਿੰਘ ਬਾਰੇ ਲਿਖੇ ਲੇਖ ਤੋਂ ਕੌਣ ਕੰਬਖਤ ਪ੍ਰੇਰਨਾ ਨਹੀਂ ਲਵੇਗਾ ਅਤੇ ਬਲਬੀਰ ਸਿੰਘ, ਮਿਲਖਾ ਸਿੰਘ ਆਦਿ ਦੀ ਸਾਧਨਾ ਦਾ ਕੀ ਕਹਿਣਾ! ਇਹ ਲੋਕ ਐਵੇਂ ਨਹੀਂ ਲਿਵਿੰਗ-ਲੇਜੈਂਡਜ਼ ਬਣ ਗਏ। ਇਹ ਜਾਣਦੇ ਸਨ : ਮਿਟਾ ਦੇ ਅਪਨੀ ਹਸਤੀ ਕੋ ਅਗਰ ਕੁਛ ਮਰਤਬਾ ਚਾਹੇ ਕਿ ਦਾਨਾ ਖ਼ਾਕ ਮੇਂ ਮਿਲ ਕਰ ਗੁਲੇ ਗੁਲਜ਼ਾਰ ਹੋਤਾ ਹੈ।
ਸਰਵਣ ਸਿੰਘ ਦੀ ਗੱਦ-ਸ਼ੈਲੀ ਬੇਨਜ਼ੀਰ ਹੈ। ਇਹ ਵਾਸਤਵਿਕ ਪਾਤਰਾਂ ਦਾ ਅਜਨਬੀਕਰਨ ਕਰਕੇ ਉਨ੍ਹਾਂ ਨੂੰ ਗਲਪੀ-ਪਾਤਰ ਬਣਾ ਦਿੰਦੀ ਹੈ। ਇਸ ਸੂਰਤ ਵਿਚ ਉਹ ਇਤਿਹਾਸ ਦੇ ਨਾਲ-ਨਾਲ ਸਾਹਿਤ ਦੀ ਦੁਨੀਆ ਵਿਚ ਵੀ ਪ੍ਰਵੇਸ਼ ਕਰ ਜਾਂਦੇ ਹਨ। ਤੁਰਗਨੇਵ, ਤਾਲਸਤਾਏ ਅਤੇ ਸਾਅਦਤ ਹਸਨ ਮੰਟੋ ਵਰਗੇ ਲੇਖਕ ਸ਼ਾਇਦ ਇਸੇ ਤਰ੍ਹਾਂ ਲਿਖਦੇ ਹੋਣਗੇ। ਏਨੀ ਖੂਬਸੂਰਤ ਰਚਨਾ ਲਈ ਪ੍ਰਿੰ: ਸਰਵਣ ਸਿੰਘ ਦਾ ਧੰਨਵਾਦ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136

ਫ ਫ ਫ

ਵੇਦਾਂਤ : ਵਿਗਿਆਨਕ ਦ੍ਰਿਸ਼ਟੀ ਪੱਖੋਂ
ਲੇਖਕ : ਰਾਜਿੰਦਰ ਬਿਬਰਾ
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨਜ਼, ਮਾਨਸਾ
ਮੁੱਲ : 180 ਰੁਪਏ, ਸਫ਼ੇ : 118
ਸੰਪਰਕ : 099911-42770.

ਰਾਜਿੰਦਰ ਬਿਬਰਾ ਦਰਸ਼ਨ ਭਾਵ ਫਿਲਾਸਫੀ ਦਾ ਬੰਦਾ ਹੈ। ਇਸ ਖੇਤਰ ਦੀ ਰਸਮੀ ਸਿੱਖਿਆ ਭਾਵੇਂ ਉਸ ਨੇ ਕੋਈ ਲਈ ਹੈ, ਭਾਵੇਂ ਨਹੀਂ। ਉਸ ਦਾ ਕਿੱਤਾ ਵੀ ਭਾਵੇਂ ਇਸ ਖੇਤਰ ਦਾ ਅਧਿਆਪਨ ਜਾਂ ਖੋਜ ਨਾ ਹੋਵੇ ਤਾਂ ਵੀ ਉਸ ਦੀਆਂ ਲਿਖਤਾਂ ਉਸ ਦੇ ਮੌਲਿਕ ਚਿੰਤਨ ਦੀ ਗਵਾਹੀ ਦਿੰਦੀਆਂ ਹਨ। ਨਵੀਆਂ ਤੇ ਵੱਖਰੀਆਂ ਗੱਲਾਂ ਸੋਚਦਾ ਤੇ ਕਰਦਾ ਹੈ ਉਹ। ਕਹਾਣੀਆਂ ਤੇ ਨਾਵਲ ਲਿਖਦਾ-ਲਿਖਦਾ ਉਹ ਫਲਸਫ਼ੇ ਦੇ ਇਸਨੀਰਸ ਤੇ ਕਠਿਨ ਰਾਹ ਪੈ ਗਿਆ ਹੈ। ਸੱਭਿਆਤਾਵਾਂ ਦਾ ਪਤਨ, ਮਨ, ਗਿਆਨ-ਵਿਗਿਆਨ ਜਿਹੀਆਂ ਕਿਤਾਬਾਂ ਉਸ ਦੀ ਇਸ ਖੇਤਰ ਵਿਚ ਰੁਚੀ ਦੀ ਦੇਣ ਹਨ। ਆਪਣੇ ਵਿਚਾਰਾਂ ਨੂੰ ਲਿਟਲ ਸੈਲਫ਼ ਨਾਂਅ ਦੇ ਬਲਾਗ ਰਾਹੀਂ ਵੀ ਉਸ ਨੇ ਪੇਸ਼ ਕਰਨ ਦਾ ਉੱਦਮ ਕੀਤਾ ਹੈ। ਉਸ ਦੇ ਇਸ ਅੰਗਰੇਜ਼ੀ ਬਲਾਗ ਨੂੰ ਦੋ ਲੱਖ ਤੋਂ ਵੱਧ ਲੋਕਾਂ ਨੇ ਪੜ੍ਹਿਆ ਹੈ। ...ਖੈਰ ਵੇਦਾਂਤ ਵਿਚ ਉਸ ਨੇ ਧਰਮ ਦੇ ਮੂਲ ਸਰੋਕਾਰਾਂ ਬਾਰੇ ਸਿਧਾਂਤਕ ਚਰਚਾ ਛੇੜੀ ਹੈ। ਇਸ ਚਰਚਾ ਵਿਚ ਭਾਰਤ ਦੇ ਛੇ ਪੁਰਾਤਨ ਦਰਸ਼ਨਾਂ ਜਾਂ ਇਨ੍ਹਾਂ ਵਿਚੋਂ ਇਕ ਦੀ ਛਾਣਬੀਣ ਨਹੀਂ, ਸਗੋਂ ਇਸ ਦਾ ਸਬੰਧ ਧਰਮ, ਅਧਰਮ, ਆਸਤਿਕਤਾ/ਨਾਸਤਿਕਤਾ, ਨੈਤਿਕਤਾ/ਅਨੈਤਿਕਤਾ, ਧਰਮ ਦਾ ਸੰਸਥਾਗਤ ਸਰੂਪ/ਧਰਮ ਗੁਰੂਆਂ ਵੱਲੋਂ ਧਰਮ ਦੇ ਨਾਂਅ 'ਤੇ ਚਲਾਇਆ ਜਾ ਰਿਹਾ ਧੰਦਾ ਵਰਗੇ ਸਵਾਲਾਂ ਨਾਲ ਹੈ।
ਬਿਬਰਾ ਦਾ ਵਿਚਾਰ ਹੈ ਕਿ ਅਖੌਤੀ ਧਰਮ ਗੁਰੂ ਆਪਣੀ ਦੁਕਾਨਦਾਰੀ ਨਾਲ ਭਰਮ ਫੈਲਾਉਣ ਤੋਂ ਵੱਧ ਕੁਝ ਨਹੀਂ ਕਰ ਰਹੇ। ਉਹ ਕਰੋੜਾਂ ਰੁਪਏ ਖਰਚ/ਕਮਾ ਰਹੇ ਹਨ ਪਰ ਅੰਤ ਉਹ ਧਰਮ ਪ੍ਰਤੀ ਲੋਕਾਂ ਦੇ ਮਨ ਵਿਚ ਸ਼ਰਧਾ ਦੀ ਥਾਂ ਨਫ਼ਰਤ ਨੂੰ ਹੀ ਜਨਮ ਦੇ ਰਹੇ ਹਨ। ਇਨ੍ਹਾਂ ਦੀ ਤਮਾਸ਼ਬੀਨੀ ਵਿਚ ਰੂਹਾਨੀਅਤ ਲਈ ਥਾਂ ਨਹੀਂ ਪਰ ਲੋਕਾਂ ਦੀ ਮਾਨਸਿਕਤਾ ਵਿਚ ਧਰਮ/ਨੈਤਿਕਤਾ/ਰੂਹਾਨੀਅਤ ਦੀ ਭੁੱਖ ਜਨਮਜਾਤ ਹੈ ਅਤੇ ਇਸੇ ਆਸਰੇ ਇਨ੍ਹਾਂ ਲੋਕਾਂ ਦਾ ਧੰਦਾ ਚਲਦਾ ਹੈ। ਲੇਖਕ ਧਰਮ ਦੇ ਵਾਸਤਵਿਕ ਸਰੋਕਾਰਾਂ ਤੇ ਮਹੱਤਵ ਨੂੰ ਰੱਦ ਨਹੀਂ ਕਰਦਾ। ਉਸ ਦੀ ਧਾਰਨਾ ਹੈ ਕਿ ਇਨ੍ਹਾਂ ਸਰੋਕਾਰਾਂ ਦੀ ਗੱਲ ਵਿਗਿਆਨ ਨਾਲ ਸੰਭਵ ਨਹੀਂ। ਵਿਗਿਆਨ ਨਾਲ ਧਰਮ ਦੇ ਸਰੋਕਾਰਾਂ, ਉਦੇਸ਼ਾਂ ਤੇ ਮਸਲਿਆਂ ਦਾ ਵਿਸ਼ਲੇਸ਼ਣ ਵੀ ਵਿਗਿਆਨ ਨਾਲ ਸੰਭਵ ਨਹੀਂ। ਨੈਤਿਕਤਾ, ਚੇਤਨਤਾ, ਮਨ, ਵਿਅਕਤੀਗਤ/ਵਿਸ਼ਵ-ਮਨ, ਬ੍ਰਹਿਮੰਡੀ ਚੇਤਨਤਾ ਜਿਹੇ ਸੰਕਲਪਾਂ ਬਾਰੇ ਗੱਲ ਕਰਨੀ ਵੀ ਓਨੀ ਹੀ ਜ਼ਰੂਰੀ ਹੈ ਜਿੰਨੀ ਡਾਰਕ ਮੈਟਰ, ਡਾਰਕ ਐਨਰਜੀ ਜਾਂ ਨਿਊਟਰੀਨੋ ਬਾਰੇ ਅਤੇ ਦੋਵਾਂ ਦਾ ਸੰਵਾਦ ਵੀ ਜ਼ਰੂਰੀ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਫ ਫ ਫ

ਇਤਿਹਾਸਕ ਪਿੰਡ
ਬਾਸਰਕੇ ਗਿੱਲਾਂ
ਲੇਖਕ : ਮਨਮੋਹਨ ਸਿੰਘ ਬਾਸਰਕੇ
ਪ੍ਰਕਾਸ਼ਕ : ਏਕਮ ਪ੍ਰਕਾਸ਼ਨ ਹਾਊਸ, ਅੰਮ੍ਰਿਤਸਰ
ਮੁੱਲ : 75 ਰੁਪਏ, ਸਫ਼ੇ : 76
ਸੰਪਰਕ : 99147-16616.

ਮਨਮੋਹਨ ਸਿੰਘ ਬਾਸਰਕੇ ਨੇ ਆਪਣੇ ਪਿੰਡ ਬਾਰੇ ਪੁਸਤਕ ਲਿਖ ਕੇ ਸ਼ਲਾਘਾਯੋਗ ਕੰਮ ਕੀਤਾ ਹੈ। ਮੁਢਲੀ ਜਾਣ-ਪਛਾਣ ਵਿਚ ਲੇਖਕ ਪਿੰਡ ਦੀ ਭੂਗੋਲਿਕ ਸਥਿਤੀ, ਆਬਾਦੀ, ਰਕਬਾ ਤੇ ਸਮੁੰਦਰ ਤੋਂ ਉਚਾਈ ਬਾਰੇ ਲਿਖਦਾ ਹੈ। ਪਿੰਡ ਦਾ ਨਾਂਅ ਕਿਵੇਂ ਪਿਆ, ਬਾਸਰਕੇ ਦਾ ਪਿਛੋਕੜ ਕੀ ਹੈ? ਇਹ ਸਾਰੇ ਵੇਰਵੇ ਪੜ੍ਹਦੇ ਸਮੇਂ ਬਿਨਾਂ ਦੇਖਿਆਂ ਪਿੰਡ ਦੇ ਦਰਸ਼ਨ ਹੋ ਜਾਂਦੇ ਹਨ। ਫਿਰ ਗੱਲ ਆਉਂਦੀ ਹੈ ਇਤਿਹਾਸਕ ਪੱਖ ਦੀ। ਲੇਖਕ ਨੇ ਬੜੀ ਮਿਹਨਤ ਕਰਕੇ, ਸਾਰਾ ਕੁਝ ਪੁਸਤਕ ਵਿਚ ਸ਼ਾਮਿਲ ਕੀਤਾ ਹੈ।
ਪਿੰਡ ਦੇ ਧਾਰਮਿਕ ਸਥਾਨ, ਦੇਸ਼ ਦੀ ਆਜ਼ਾਦੀ ਵਿਚ ਪਿੰਡ ਵਾਸੀਆਂ ਦਾ ਯੋਗਦਾਨ, ਸੂਬੇ ਦੀ ਰਾਜਨੀਤੀ ਵਿਚ ਬਾਸਰਕੇ ਗਿੱਲਾਂ ਦਾ ਸਥਾਨ, ਬਾਸਰਕੇ ਦੇ ਸਾਹਿਤਕਾਰ, ਗਾਇਕ, ਖੇਡਾਂ ਦੇ ਖੇਤਰ ਵਿਚ ਬਾਸਰਕੇ ਦਾ ਸਥਾਨ, ਧਰਮ ਯੁੱਧ ਮੋਰਚੇ ਵਿਚ ਪਿੰਡ ਦਾ ਯੋਗਦਾਨ ਤੇ ਦੇਸ਼ ਸੇਵਾ ਵਿਚ ਬਾਸਰਕੇ ਦਾ ਯੋਗਦਾਨ। ਪਿੰਡ ਵਾਸੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੀ ਰੱਖਣ ਦਾ ਇਹ ਇਕ ਵਧੀਆ ਉਪਰਾਲਾ ਹੈ। ਪਿੰਡ ਦੀ ਨੁਹਾਰ ਬਦਲਣ ਵਾਲਿਆਂ ਦੀਆਂ ਤਸਵੀਰਾਂ ਨਾਲ ਜ਼ਿਕਰ ਕਰਨਾ, ਵਧੀਆ ਗੱਲ ਹੈ। ਸਮੇਂ-ਸਮੇਂ ਪਿੰਡ ਵਿਚ ਆਏ ਵਿਸ਼ੇਸ਼ ਵਿਅਕਤੀਆਂ ਦੀਆਂ ਤਸਵੀਰਾਂ ਵੀ ਧਿਆਨ ਖਿੱਚਦੀਆਂ ਹਨ।

ਂਅਵਤਾਰ ਸਿੰਘ ਸੰਧੂ
ਮੋ: 99151-82971.

ਫ ਫ ਫ

ਅੱਥਰੀ ਪੀੜ
ਸ਼ਾਇਰ : ਸੁਰਿੰਦਰ ਸੈਣੀ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 95010-73600.

ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਸ਼ਾਇਰਾ ਦੇ ਦਰਦ ਵਿਛੋੜੇ ਦਾ ਤਰਜਮਾ ਹਨ। ਉਸ ਦੇ ਸੰਘਣੇ ਹਨੇਰਿਆਂ ਵਿਚ ਜਿਥੇ ਦੁੱਖ ਪਾਸੇ ਪਰਤਦਾ ਹੈ, ਉਥੇ ਹੀ ਮਹਿਬੂਬ ਦੀਆਂ ਯਾਦਾਂ ਦਾ ਚਾਨਣ ਧਰਵਾਸ ਬਣ ਕੇ ਬਹੁੜਦਾ ਹੈ। ਭਾਵੇਂ ਬਹੁਤੀਆਂ ਕਵਿਤਾਵਾਂ ਅੱਥਰੀ ਪੀੜ ਨਾਲ ਲਬਰੇਜ਼ ਹਨ ਪਰ ਹੌਲੀ-ਹੌਲੀ ਇਹ ਦਰਦ ਦਾਰੂ ਬਣਦੇ ਜਾਂਦੇ ਹਨ। ਸ਼ਾਇਰਾ ਆਪਣੇ ਗਮਾਂ ਤੋਂ ਉੱਪਰ ਉੱਠ ਕੇ ਸਮਾਜ ਦੇ ਦੁੱਖਾਂ-ਦਰਦਾਂ ਨਾਲ ਸਾਂਝ ਪਾਉਂਦੀ ਹੈ। ਆਓ! ਕੁਝ ਝਲਕਾਂ ਦੇਖੀਏਂ
ਕਲੇਜੇ ਦਾ ਨਹੁੰ ਲਹਿ ਜਾਂਦਾ, ਜਦ ਰੂਹਾਂ ਦੇ ਬੁੱਲ੍ਹ ਸੁੱਕ ਜਾਂਦੇ
ਜ਼ਿੰਦਗੀ ਨੂੰ ਕਾਂਬਾ ਛਿੜ ਜਾਂਦਾ, ਜਦ ਚਾਵਾਂ ਦੇ ਖੰਭ ਟੁੱਟ ਜਾਂਦੇ।
-ਨਾ ਛੇੜੋ ਸਾਜ਼ ਦਰਦਾਂ ਦੇ, ਅੱਥਰੂਆਂ ਢਲਕ ਜਾਣਾ ਏ
ਨਾ ਤੋੜੋ ਫੁੱਲ ਮੁਹੱਬਤਾਂ ਦੇ, ਕੰਡਿਆਂ ਭੜਕ ਜਾਣਾ ਏ।
ਉਸ ਨੂੰ ਪੰਜਾਬੀ ਬੋਲੀ ਨਾਲ ਇਸ਼ਕ ਹੈ ਅਤੇ ਉਹ ਲਿਖਦੀ ਹੈਂ
ਮੁਹੱਬਤ ਹੋ ਗਈ ਹੈ ਮਾਂ ਬੋਲੀ ਪੰਜਾਬੀ ਨਾਲ
ਇਸ ਦੇ ਕੌੜੇ ਮਿੱਠੇ, ਰੰਗ ਬਰੰਗੇ ਸ਼ਬਦਾਂ ਦੇ ਛਾਬੇ 'ਚੋਂ
ਮੈਂ ਆਪਣਾ ਚੰਨ ਲਭਦੀ ਰਹਿੰਦੀ ਹਾਂ।
ਰੁੱਖ ਬੂਟਿਆਂ ਪ੍ਰਤੀ ਸੰਵੇਦਨਾ ਵਿਚ ਭਿੱਜ ਕੇ ਉਹ ਬੁੱਢੇ ਬੋਹੜ ਦੀ ਵੇਦਨਾ ਦੱਸਦੀ ਹੈਂ
ਮੈਂ ਬੁੱਢਾ ਬੋਹੜ ਸਦੀਆਂ ਦਾ ਇਤਿਹਾਸ ਸੀਨੇ 'ਚ ਛੁਪਾਈ ਬੈਠਾ ਹਾਂ
ਕਦੇ ਸਮਾਂ ਸੀ ਪਿੰਡ ਦੇ ਲੋਕ ਮੇਰੀ ਗੂੜ੍ਹੀ ਛਾਂ ਹੇਠ ਮੰਜੀਆਂ ਡਾਹ ਕੇ ਬੈਠਦੇ ਸੀ।
ਉਸ ਦੀ ਕਲਮ ਵਿਚ ਚੇਤਨਾ ਹੈ, ਚਿੰਤਨ ਹੈ ਤਦੇ ਤਾਂ ਉਹ ਲਿਖਦੀ ਹੈ :

ਮੈਂ ਲਿਖਾਂਗੀ ਉਸ ਗਰੀਬ ਲਈ
ਜਿਸ ਕੋਲ ਭੁੱਖ ਹੈ ਰੋਟੀ ਨਹੀਂ
ਮੈਂ ਲਿਖਾਂਗੀ ਉਸ ਅਮੀਰ ਲਈ
ਜਿਸ ਕੋਲ ਰੋਟੀ ਹੈ ਭੁੱਖ ਨਹੀਂ।
ਇਹ ਕਵਿਤਾਵਾਂ ਭਾਵੇਂ ਉਦਾਸ ਰੰਗਾਂ ਦੀ ਬਹੁਤੀ ਗੱਲ ਕਰਦੀਆਂ ਹਨ ਪਰ ਇਨ੍ਹਾਂ ਵਿਚ ਉਮੀਦ ਦੀ ਚਿਣਗ ਵੀ ਹੈ। ਆਸ ਹੈ ਭਵਿੱਖ ਵਿਚ ਕਵਿੱਤਰੀ ਹੋਰ ਵੀ ਸਾਰਥਕ ਲਿਖੇਗੀ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਫ ਫ ਫ

ਤੇਰਾ ਕੌਣ ਵਿਚਾਰਾ
ਲੇਖਕ : ਪ੍ਰਿੰ: ਬਲਵਿੰਦਰ ਸਿੰਘ ਫਤਹਿਪੁਰੀ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 176
ਸੰਪਰਕ 98146-19342.

ਫਤਹਿਪੁਰੀ ਦੇ ਨਿਬੰਧਾਂ ਦਾ ਅਧਿਐਨ ਕੀਤਿਆਂ ਅਨੁਭਵ ਹੁੰਦਾ ਹੈ ਕਿ ਉਹ ਜਾਗਦੀ ਜ਼ਮੀਰ ਦਾ ਤਜਰਬੇਕਾਰ ਵਿਅਕਤੀ ਹੈ। ਉਸ ਨੂੰ ਇਤਿਹਾਸ-ਮਿਥਿਹਾਸ ਦੀ ਲੋੜੀਂਦੀ ਜਾਣਕਾਰੀ ਹੈ ਤੇ ਵਿਅਕਤੀ, ਪਰਿਵਾਰ, ਸਮਾਜ ਤੇ ਸੱਭਿਆਚਾਰ ਦੇ ਚੰਗੇ-ਮੰਦੇ ਪੱਖਾਂ ਦਾ ਅਧਿਐਨ ਕਰਕੇ ਉਸ ਨੇ ਆਪਣੇ ਜੋ 'ਵਿਚਾਰ' ਬਣਾਏ ਹਨ, ਉਹ ਯਥਾਰਥਕ, ਅਰਥ-ਭਰਪੂਰ ਅਤੇ ਉਦੇਸ਼ਾਤਮਕ ਹਨ। ਜਦ ਉਹ ਲਿਖਦਾ ਹੈ, ਸੂਝ ਤੇ ਸੋਝੀ ਨਾਲ ਲਿਖਦਾ ਹੈ। ਮੂਲ ਮੰਤਵ ਯਥਾਰਥ ਦੇ ਦਰਸ਼ਨ ਕਰਵਾ ਕੇ, ਯਥਾਰਥਕ ਗੱਲ ਕਹਿਣੀ, ਲਿਖਣੀ ਹੈ, ਭਾਵੇਂ ਕਿਸੇ ਪਾਠਕ ਜਾਂ ਸਰੋਤੇ ਨੂੰ ਕੌੜੀ ਲਗਦੀ ਹੋਵੇ।
ਇਨ੍ਹਾਂ ਨਿਬੰਧਾਂ ਦੇ ਵਿਸ਼ੇ ਸੇਧਮਈ, ਸੁਧਾਰਵਾਦੀ ਦ੍ਰਿਸ਼ਟੀ ਤੋਂ ਉਸਾਰੂ ਸਿਰਜਕ ਅਤੇ ਰਚਨਾਤਮਕ ਹਨ। ਉਹ ਵਿਸ਼ੇ ਵੀ ਲਏ ਹਨ, ਜਿਹੜੇ ਸਾਡੇ ਵਰਤਮਾਨ ਸਮਾਜ ਅਤੇ ਜ਼ਿੰਦਗੀ ਲਈ ਸਰਾਪੇ ਅਤੇ ਢਾਹੂ ਹਨ। ਵਿਸ਼ਿਆਂ ਦੇ ਨਿਭਾਅ ਲਈ ਨਿਬੰਧਕਾਰ ਇਤਿਹਾਸਕ-ਮਿਥਿਹਾਸਕ ਹਵਾਲੇ ਦਿੰਦਾ ਹੈ। ਉਸ ਨੇ ਆਪਣੇ ਜੀਵਨ ਤਜਰਬਿਆਂ ਨੂੰ ਆਪਣੇ ਵਿਚਾਰਾਂ ਦੀ ਰੰਗਤ ਵਿਚ ਰੰਗ ਕੇ ਪ੍ਰਭਾਵਸ਼ਾਲੀ ਵਿਧੀ ਨਾਲ ਪੇਸ਼ ਕੀਤਾ ਹੈ। ਇਹੋ ਇਨ੍ਹਾਂ ਨਿਬੰਧਾਂ ਦੀ ਖੂਬੀ ਹੈ।
ਫਤਹਿਪੁਰੀ ਕੋਲ ਵਿਅੰਗ ਦਾ ਹਥਿਆਰ ਵੀ ਹੈ। ਆਪਣਾ ਮੂਲ ਪਛਾਣ, ਬਾਣੀਆ-ਬਿਰਤੀ, ਚੱਲੇ ਕਾਰਤੂਸ, ਅੰਧਵਿਸ਼ਵਾਸ ਦਾ ਧੁੰਦੂਕਾਰਾ, ਕਿਆਮਤ ਕਿ ਇੰਤਜ਼ਾਰ, ਮਨੁੱਖੀ ਚਿੜੀਆ ਘਰ, ਵਧੀਆ ਧਰਤੀ ਘਟੀਆ ਲੋਕ, ਨਾ ਘਰ ਦੇ ਨਾ ਘਾਟ ਦੇ ਆਦਿ ਨਿਬੰਧ ਜ਼ਿੰਦਗੀ ਲਈ ਨਵੀਂ ਸੇਧ ਤੇ ਪ੍ਰੇਰਨਾ ਦੇ ਸਕਦੇ ਹਨ। ਸੱਭਿਆਚਾਰਕ ਦ੍ਰਿਸ਼ਟੀ ਤੋਂ ਇਨ੍ਹਾਂ ਨਿਬੰਧਾਂ ਦਾ ਆਪਣਾ ਯੋਗਦਾਨ ਹੈ।

ਂਡਾ: ਅਮਰ ਕੋਮਲ
ਮੋ: 084378-73565.

 

28-5-2015

 ਗੋਰਾ
ਮੂਲ : ਰਬਿੰਦਰ ਨਾਥ ਟੈਗੋਰ
ਅਨੁ : ਜਸਪ੍ਰੀਤ ਸਿੰਘ ਜਗਰਾਓਂ ਤੇ ਹਰਦੀਪ ਸਿੰਘ ਧੀਮਾਨ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 395 ਰੁਪਏ, ਸਫ਼ੇ : 304
ਸੰਪਰਕ : 78140-29039.

ਟੈਗੋਰ ਭਾਰਤ ਦਾ ਇਕੋ-ਇਕ ਨੋਬਲ ਪੁਰਸਕਾਰ ਵਿਜੇਤਾ ਹੈ। ਅੱਜ ਤੋਂ ਲਗਪਗ 107 ਸਾਲ ਪਹਿਲਾਂ ਉਸ ਵੱਲੋਂ ਲਿਖੇ ਗਏ ਬੰਗਲਾ ਨਾਵਲ ਗੋਰਾ ਦਾ ਪੰਜਾਬੀ ਅਨੁਵਾਦ ਜਸਪ੍ਰੀਤ ਜਗਰਾਓਂ ਤੇ ਹਰਦੀਪ ਧੀਮਾਨ ਨੇ ਪੰਜਾਬੀ ਪਾਠਕਾਂ ਅੱਗੇ ਰੱਖਿਆ ਹੈ। ਸਨਾਤਨੀ ਮਹੱਤਵ ਵਾਲਾ ਹੈ ਇਹ ਨਾਵਲ। ਸੰਕੀਰਣ ਹਿੰਦੂਤਵ ਤੇ ਕੱਟੜ ਲੜਾਕੂ ਦੇਸ਼ ਭਗਤੀ ਦੇ ਇਸ ਮਾਹੌਲ ਵਿਚ ਗੋਰਾ ਇਨ੍ਹਾਂ ਸੰਕਲਪਾਂ ਦੀ ਨਿਰਾਰਥਕਤਾ ਨੂੰ ਉਜਾਗਰ ਕਰਦਾ ਹੈ। ਜੇ ਕਿਤੇ ਅਨਪੜ੍ਹ ਨੇਤਾਵਾਂ ਨੂੰ ਇਹ ਗੱਲ ਸਮਝ ਆ ਗਈ ਤਾਂ ਉਹ ਤਾਂ ਟੈਗੋਰ ਦੇ ਇਸ ਨਾਵਲ ਉੱਤੇ ਭਾਰਤ ਮਾਤਾ ਦੇ ਧਰਮ ਤੇ ਸੰਸਕ੍ਰਿਤੀ ਦੇ ਵਿਰੋਧ ਦਾ ਫ਼ਤਵਾ ਦੇ ਕੇ ਇਸ ਉੱਤੇ ਪਾਬੰਦੀ ਦੀ ਮੰਗ ਵੀ ਕਰ ਸਕਦੇ ਹਨ। ਪਰ ਟੈਗੋਰ ਏਨੇ ਪਿਆਰੇ ਤੇ ਸੂਖਮ ਤਰੀਕੇ ਨਾਲ ਵਿਸ਼ਵ ਭਾਈਚਾਰੇ ਤੇ ਧਰਮਾਂ/ਜਾਤਾਂ/ਦੇਸ਼ਾਂ ਤੋਂ ਮੁਕਤ ਸੋਚ ਦੀ ਗੱਲ ਕਰਦਾ ਹੈ ਕਿ ਸਹਿਜੇ ਹੀ ਦਿਲ ਦਿਮਾਗ ਵਿਚ ਉੱਤਰ ਜਾਂਦਾ ਹੈ।
ਗੌਰਮੋਹਨ ਹੈ ਗੋਰਾ ਦਾ ਪੂਰਾ ਨਾਂਅ। ਕੱਟੜ ਸੋਚ ਵਾਲਾ ਸੁੱਚਵਾਦੀ ਬ੍ਰਾਹਮਣ। ਮੇਰਾ ਦੇਸ਼, ਮੇਰੀ ਸੰਸਕ੍ਰਿਤੀ, ਮੇਰਾ ਧਰਮ, ਮੇਰਾ ਸਮਾਜ ਉਸ ਲਈ ਦੋਸਤੀ, ਮਨੁੱਖ, ਪਿਆਰ ਤੇ ਮਾਨਵਵਾਦੀ ਸੋਚ ਤੋਂ ਵੱਡੇ ਹਨ। ਸੁੱਚਮ, ਕੱਟੜਤਾ, ਦੇਸ਼ ਭਗਤੀ, ਸਵਰਨ ਜਾਤੀ ਦੀ ਹਉਮੈਂ ਨਾਲ ਭਰਿਆ ਉਹ ਜੀਵਨ ਭਰ ਲੋਕਾਂ ਵਿਚ ਆਪਣੇ ਇਨ੍ਹਾਂ ਵਿਚਾਰਾਂ ਦਾ ਹੋਕਾ ਦਿੰਦਾ ਜੀਵਨ ਗੁਜ਼ਾਰ ਦਿੰਦਾ ਹੈ। ਦੋਸਤੀ, ਪਿਆਰ ਤੇ ਮਨੁੱਖੀ ਰਿਸ਼ਤਿਆਂ ਦਾ ਨਿੱਘ ਚਾਹੁੰਦਾ ਹੋਇਆ ਵੀ ਚੱਜ ਨਾਲ ਨਹੀਂ ਮਾਣ ਸਕਦਾ। ਦੇਸ਼, ਧਰਮ ਦੇ ਸੰਕੀਰਨ ਸੁਪਨੇ ਪਾਲਦਾ ਪ੍ਰਚਾਰਦਾ ਉਹ ਸਾਰੀ ਉਮਰ ਭਟਕਦੇ ਹੀ ਗੁਜ਼ਾਰ ਦਿੰਦਾ ਹੈ।
ਨਾਵਲ ਉਦੋਂ ਸਿਖਰ ਛੋਂਹਦਾ ਹੈ ਜਦੋਂ ਗੋਰੇ ਦਾ ਪਿਤਾ ਕ੍ਰਿਸ਼ਨ ਦਿਆਲ ਅਤੇ ਮਾਂ ਅਨੰਦਮਈ ਉਸ ਨੂੰ ਦੱਸਦੇ ਹਨ ਕਿ ਤੇਰਾ ਪਿਤਾ ਆਇਰਲੈਂਡ ਦਾ ਸੀ। ਤੇਰੀ ਮਾਂ ਨੇ ਸਿਪਾਹੀਆਂ ਤੋਂ ਡਰਦੇ ਸਾਡੇ ਘਰ ਪਨਾਹ ਲਈ ਸੀ ਤੇ ਤੈਨੂੰ ਜਨਮ ਦਿੰਦਿਆ ਹੀ ਮਰ ਗਈ। ਗੋਰੇ ਨੂੰ ਹੁਣ ਸਮਝ ਆਉਂਦਾ ਹੈ ਕਿ ਉਹ ਜਿਸ ਬ੍ਰਾਹਮਣੀ/ਹਿੰਦੂ ਧਰਮ ਦੀ ਸੁੱਚਮਤਾ ਉਤੇ ਪਹਿਰਾ ਦੇਣ ਦਿਵਾਉਣ ਲਈ ਉਮਰ ਭਰ ਭਟਕਦਾ ਰਿਹਾ, ਉਸ ਨਾਲ ਤਾਂ ਉਸ ਦਾ ਆਪਣਾ ਹੀ ਕੋਈ ਰਿਸ਼ਤਾ ਨਹੀਂ। ਉਹ ਜਿਸ ਭਾਰਤ ਮਾਤਾ ਦੀ ਆਨ-ਸ਼ਾਨ ਲਈ ਮਰਨ ਮਾਰਨ ਲਈ ਲੋਕਾਂ ਨੂੰ ਆਖਦਾ ਰਿਹਾ, ਉਹ ਤਾਂ ਉਸ ਦਾ ਜੰਮਿਆ ਜਾਇਆ ਹੀ ਨਹੀਂ ਸੀ। ਧਰਮ/ਧਰਤੀ, ਦੇਸ਼/ਕਾਲ/ਸਮਾਜ ਦੀਆਂ ਸੰਕੀਰਨ ਦੀਵਾਰਾਂ ਦੀ ਨਿਰਾਰਥਕਤਾ ਉਜਾਗਰ ਕਰਕੇ ਨਾਵਲ ਮੁੱਕ ਜਾਂਦਾ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਲਾਹੌਰ-58063
ਕਹਾਣੀਕਾਰ : ਗੁਰਚਰਨ ਸਿੰਘ (ਦਵਿੰਦਰ ਸੰਧੂ)
ਪ੍ਰਕਾਸ਼ਕ : ਚੱਕ ਸਤਾਰਾਂ ਪ੍ਰਕਾਸ਼ਨ ਰਾਜਪੁਰਾ (ਪਟਿਆਲਾ)
ਮੁੱਲ : 150 ਰੁਪਏ, ਸਫ਼ੇ : 108
ਸੰਪਰਕ : 98721-77754.

ਇਸ ਵਿਚ ਕਹਾਣੀਕਾਰ ਨੇ 12 ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਸਾਧਾਰਨ ਜ਼ਿੰਦਗੀ ਜਿਊਂਦੇ ਨਿੱਕੇ-ਨਿੱਕੇ ਚਾਅ, ਰੀਝਾਂ, ਉਮੰਗਾਂ, ਖੁਸ਼ੀਆਂ, ਗ਼ਮੀਆਂ ਹੰਢਾਉਂਦੇ ਇਨ੍ਹਾਂ ਕਹਾਣੀਆਂ ਦੇ ਪਾਤਰ ਪਾਠਕਾਂ ਨੂੰ ਆਪਣੇ-ਆਪਣੇ ਜਾਪਦੇ ਹਨ, ਕਿਉਂਕਿ ਇਹ ਪਾਤਰ ਜ਼ਿੰਦਗੀ ਦੇ ਬਨਾਉਟੀਪਨ ਨਾਲ ਸਾਂਝ ਨਹੀਂ ਪਾਉਂਦੇ ਸਗੋਂ ਹਕੀਕੀ ਰੂਪ ਵਿਚ ਵਿਚਰਦੇ ਹਨ। 'ਲਾਹੌਰ-58063' ਕਹਾਣੀ ਦਾ ਪਾਤਰ ਬੱਸ ਡਰਾਈਵਰ ਮਜ਼ਾਕੀਆ ਗੱਲਬਾਤ ਕਰਦਾ ਹੀ ਸ਼ੱਕ ਦਾ ਪਾਤਰ ਬਣ ਜਾਂਦਾ ਹੈ ਤੇ ਦੁੱਖ ਵੀ ਭੋਗਦਾ ਹੈ ਪਰ ਜ਼ਿੰਦਾਦਿਲੀ ਫਿਰ ਵੀ ਕਾਇਮ ਹੈ। 'ਬਿਨ ਤੁਸਾਂ ਅਸੀਂ ਸੱਖਣੇ' ਮਨੁੱਖ ਦੀ ਕੁਦਰਤ ਪ੍ਰਤੀ ਬੇਰੁਖ਼ੀ ਨੂੰ ਪੇਸ਼ ਕਰਦੀ ਮਨੁੱਖੀ ਮਨ ਵਿਚੋਂ ਕੁਦਰਤੀ ਨਜ਼ਾਰਿਆਂ ਦੇ ਅਹਿਸਾਸਾਂ ਦੇ ਮਰਨ ਦੀ ਫ਼ਿਕਰਮੰਦੀ ਨੂੰ ਪੇਸ਼ ਕਰਦੀ ਕਹਾਣੀ ਹੈ। ਕਹਾਣੀਕਾਰ ਨੇ ਜਿਥੇ ਸਿਰਜਣਾਤਮਕ ਰੁਚੀਆਂ ਨੂੰ ਧਾਰਨ ਕਰਨ, ਨੈਤਿਕ ਕਦਰਾਂ-ਕੀਮਤਾਂ ਨੂੰ ਅਪਣਾਉਣ ਦੀ ਗੱਲ ਕੀਤੀ ਹੈ, ਉਥੇ ਮਨੁੱਖੀ ਰਿਸ਼ਤਿਆਂ ਦੇ ਨਿੱਘ ਅਤੇ ਅਪਣੱਤ ਦਾ ਵੀ ਜ਼ਿਕਰ ਕੀਤਾ ਹੈ ਜੋ ਜ਼ਿੰਦਗੀ ਨੂੰ ਜਿਊਣ ਜੋਗਾ ਕਰਦੇ ਹਨ। ਇਸ ਦੀ ਉਦਾਹਰਨ 'ਬਸੈ ਜੋ ਚੰਦਨ ਪਾਸਿ', ਮਾਂ ਦੀ ਆਂਦਰ, ਆਦਿ ਕਹਾਣੀਆਂ ਅਜਿਹਾ ਯਤਨ ਹਨ। ਕਹਾਣੀਕਾਰ ਕਹਾਣੀ ਵਿਚ ਵਿਰੋਧੀ ਸਥਿਤੀਆਂ ਨੂੰ ਸਮਾਨੰਤਰ ਰੂਪ ਵਿਚ ਰੱਖ ਕੇ ਵੀ ਕਹਾਣੀ ਬੁਣਦਾ ਹੈ ਜਿਵੇਂ 'ਅੰਤਿਮ ਸੰਸਕਾਰ' ਕਹਾਣੀ ਵਿਚਲੀ ਬੰਸੋ ਹਰਬੰਸ ਨੂੰ ਭੁੱਲ ਜਾਂਦੀ ਹੈ ਪਰ 'ਦੇਵੀ' ਕਹਾਣੀ ਵਿਚਲੀ ਹਰਜੀਤ ਆਚਰਣ ਪੱਖੋਂ ਹੀਣੀ ਹੋਣ ਕਰਕੇ ਵੀ ਦਲੇਰੀ ਦਿਖਾ ਜਾਂਦੀ ਹੈ। 'ਵਤਨ ਦਾ ਸ਼ਹੀਦ' ਕਾਰਗਿਲ ਵਿਚ ਸ਼ਹੀਦ ਹੋਣ ਵਾਲੇ ਭਜਨ ਫ਼ੌਜੀ ਦੀ ਸ਼ਹਾਦਤ ਨੂੰ ਪੇਸ਼ ਕਰਦੀ ਹੈ। ਪੰਜਾਬ ਦੇ ਕਾਲੇ ਦੌਰ, ਕਿਸਾਨੀ ਦੀ ਦੁਰਦਸ਼ਾ ਸੰਪਰਦਾਇਕ ਏਕਤਾ ਨੂੰ ਪੇਸ਼ ਕਰਦੀਆਂ ਹਨ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਕਲਿਆਣੀ
ਲੇਖਿਕਾ : ਮੀਤ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 64
ਸਪੰਰਕ : 9646700975.

'ਕਲਿਆਣੀ' ਮੀਤ ਦੀ ਪਲੇਠੀ ਵਾਰਤਕ ਪੁਸਤਕ ਹੈ, ਜਿਸ ਵਿਚ ਮੀਤ ਨੇ ਸਮਾਜ ਨੂੰ ਸਹੀ ਸੇਧ ਦੇਣ ਲਈ ਸੁਨੇਹਾ ਦੇਣਾ ਚਾਹਿਆ ਹੈ ਤੇ ਮਨੁੱਖ ਦੀ ਬਿਹਤਰ ਜ਼ਿੰਦਗੀ ਜਿਊਣ ਦੇ ਹਾਲਾਤ ਪੈਦਾ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ। ਸਮੁੱਚੀ ਪੁਸਤਕ ਨੂੰ 14 ਕਾਂਡਾਂ ਵਿਚ ਵੰਡਿਆ ਹੋਇਆ ਹੈ, ਜਿਨ੍ਹਾਂ ਵਿਚ ਲੇਖਿਕਾ ਨੇ ਇਕ ਸਧਾਰਨ ਮੁੰਡੇ ਮੋਹਨ ਤੇ ਇਕ ਸਾਧਾਰਨ ਕੁੜੀ ਦੀ ਗਾਥਾ ਨੂੰ ਬਹੁਤ ਹੀ ਯਥਾਰਥਕ ਢੰਗ ਨਾਲ ਬਿਆਨ ਕੀਤਾ ਹੈ ਕਿ ਬਚਪਨ ਵਿਚ ਹੀ ਮੋਹਨ ਦਾ ਵਿਆਹ ਕਲਿਆਣੀ ਨਾਲ ਤੈਅ ਹੋ ਜਾਂਦਾ ਹੈ ਅਤੇ ਦੋਵਾਂ ਦੀ ਪਿਆਰ ਕਹਾਣੀ ਕਿਸੇ ਕਿੱਸੇ ਤੋਂ ਘੱਟ ਨਹੀਂ ਜਾਪਦੀ। ਜਦੋਂ ਮੋਹਨ ਦੀ ਮਾਂ ਮਰ ਜਾਂਦੀ ਹੈ ਤੇ ਉਧਰ ਕਲਿਆਣੀ ਦੇ ਮਾਤਾ-ਪਿਤਾ ਦੋਵੇਂ ਮਰ ਜਾਂਦੇ ਹਨ, ਮੋਹਨ ਉਸ ਨੂੰ ਬੱਚਿਆ ਵਾਂਗ ਪਾਲਦਾ-ਪੋਸਦਾ ਤੇ ਵੱਡੀ ਕਰਦਾ ਹੈ। ਮੋਹਨ ਕਲਿਆਣੀ ਤੋਂ ਦਸ ਸਾਲ ਵੱਡਾ ਹੈ। ਉਹ ਕਲਿਆਣੀ ਨੂੰ ਪਿਉ ਤੇ ਭਰਾ ਬਣ ਕੇ ਪਾਲਦਾ ਹੈ, ਖਿਡਾਉਂਦਾ ਹੈ, ਵਰਜਦਾ ਤੇ ਝਿੜਕਦਾ ਵੀ ਹੈ ਅਤੇ ਪਿਆਰ ਵੀ ਬਹੁਤ ਕਰਦਾ ਹੈ, ਕਹਾਣੀਆਂ ਤੇ ਹੋਰ ਗਿਆਨ-ਧਿਆਨ ਦੀਆਂ ਗੱਲਾਂ ਵੀ ਬਹੁਤ ਸੁਣਾਉਂਦਾ ਰਹਿੰਦਾ ਹੈ। ਜਦੋਂ ਕਲਿਆਣੀ ਵੱਡੀ ਹੋ ਰਹੀ ਹੁੰਦੀ ਹੈ ਤਾਂ ਇਕ ਮਾਂ ਦੀ ਤਰ੍ਹਾਂ ਕਲਿਆਣੀ ਨੂੰ ਸਿਉਣਾ-ਪਰੋਣਾ ਵੀ ਸਿਖਾਉਂਦਾ ਹੈ, ਇਥੋਂ ਤੱਕ ਕਿ ਮਾਂਹਵਾਰੀ ਆਉਣ ਤੱਕ ਇਕ ਮਾਂ ਵਾਂਗ ਆਪ ਸਾਰੇ ਫ਼ਰਜ਼ ਨਿਭਾਉਂਦਾ ਹੈ। ਪਰ ਜਦੋਂ ਕਲਿਆਣੀ ਗਰਭਵਤੀ ਹੋ ਜਾਂਦੀ ਹੈ ਤਾਂ ਜ਼ਾਲਮ ਉਨ੍ਹਾਂ 'ਤੇ ਕਹਿਰ ਢਾਹ ਦਿੰਦੇ ਹਨ।
ਸਮੁੱਚੀ ਪੁਸਤਕ ਵਿਚ ਮੁੱਖ ਰੂਪ ਵਿਚ ਇਕ ਸੱਚੇ ਪਿਆਰ ਨੂੰ ਦਰਸਾਇਆ ਗਿਆ ਹੈ, ਔਰਤ ਦੀ ਇੱਜ਼ਤ ਕਰਨਾ ਅਤੇ ਪਤੀ ਦਾ ਔਖੇ ਸਮੇਂ ਸਾਥ ਦੇਣ ਲਈ ਤੇ ਬਿਨਾਂ ਦਾਜ -ਦਹੇਜ ਦੇ ਵਿਆਹ ਕਰਕੇ ਜ਼ਿੰਦਗੀ ਜਿਊਣ ਦੇ ਸੰਦੇਸ਼ ਦਿੱਤੇ ਗਏ ਹਨ। ਪਸੁਤਕ ਪੜ੍ਹਨਯੋਗ ਹੈ ਅਤੇ ਲੇਖਿਕਾ ਮੁਬਾਰਕ ਦੀ ਹੱਕਦਾਰ ਹੈ।

ਂਗੁਰਬਿੰਦਰ ਕੌਰ ਬਰਾੜ
ਮੋ: 9855395161

ਔਲੇ ਦਾ ਬੂਟਾ
ਲੇਖਕ : ਜਸਵੀਰ ਕਲਸੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 95
ਸੰਪਰਕ : 81468-13291.

ਇਸ ਤੋਂ ਪਹਿਲਾਂ ਜਸਵੀਰ ਕਲਸੀ ਸੰਪਾਦਿਤ, ਜੀਵਨੀ ਪੁਸਤਕਾਂ ਤੋਂ ਇਲਾਵਾ ਦੋ ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਹਥਲੇ ਸੰਗ੍ਰਹਿ ਵਿਚ ਕੁੱਲ 7 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਲੇਖਕ ਲਗਾਤਾਰ ਮਿਹਨਤ ਕਰ ਰਿਹਾ ਹੈ। 'ਔਲੇ ਦਾ ਬੂਟਾ' ਜੋ ਸੰਗ੍ਰਹਿ ਦੀ ਟਾਈਟਲ ਕਹਾਣੀ ਹੈ, ਇਕ ਕਾਮਰੇਡ ਦੀ ਜੀਵਨ ਯਾਤਰਾ ਹੈ। ਕਾਮਰੇਡ ਵੱਲੋਂ ਬਿਨਾਂ ਦਹੇਜ ਲਏ ਸਾਦਾ ਵਿਆਹ ਕੀਤਾ ਜਾਂਦਾ ਹੈ। ਕਾਮਰੇਡ ਸੁਰਜੀਤ ਦੀ ਪਤਨੀ ਨਿਹਾਲ ਕੌਰ ਦੀ ਕੈਂਸਰ ਦੀ ਬਿਮਾਰੀ ਨਾਲ ਮ੍ਰਿਤੂ ਹੋ ਜਾਂਦੀ ਹੈ, ਉਹ ਉਸ ਦਾ ਸਰੀਰ ਦਾਨ ਕਰ ਦਿੰਦਾ ਹੈ। ਇਹ ਆਦਰਸ਼ਵਾਦੀ ਰਚਨਾ ਹੈ (ਲੇਖਕ ਨੂੰ ਸ਼ਾਇਦ ਇਹ ਪਤਾ ਨਹੀਂ ਕਿ 'ਕੈਂਸਰ' ਕਾਰਨ ਮਰੇ ਬੰਦੇ ਦਾ ਸਰੀਰ ਦਾਨ ਨਹੀਂ ਲਿਆ ਜਾਂਦਾ) ਚਾਰ ਆਸ਼ਰਮ ਨਵੀਂ ਤਕਨੀਕ ਦੀ ਕਥਾ ਰਚਨਾ ਹੈ। ਭਗਵੰਤ ਸਿੰਘ ਦੀ ਮੌਤ ਪਿੱਛੋਂ ਚਾਰ ਸ਼ਰਧਾਂਜਲੀਆਂ, ਸਰੋਤਿਆਂ ਅਤੇ ਔਰਤਾਂ ਦੇ ਵਿਚਾਰ ਆਪੋ-ਆਪਣੇ ਦ੍ਰਿਸ਼ਟੀਕੋਣ ਤੋਂ ਹਨ। ਕਿੱਕਰਾਂ ਦੀ ਛਾਂ ਅਤੇ ਕੁੜੀ ਤੇ ਕੁੜੀਆਂ ਪਰਿਵਾਰਕ ਤਣਾਓ, ਡੀਕਲਾਸ, ਮਾਦਾ ਭਰੂਣ ਹੱਤਿਆ ਨਾਲ ਸਬੰਧਤ ਹਨ। ਕੁੜੀ ਏ ਜਾਂ ਮੁੰਡਾ ਵੀ ਭਰੂਣ-ਹੱਤਿਆ ਦੀ ਬਾਤ ਪਾਉਂਦੀ ਹੈ। ਮ੍ਰਿਤੂ ਬੋਧ ਅਤੇ ਅੰਤਿਮ ਰਸਮਾਂ ਦਾ ਖੂਬਸੂਰਤ ਵਰਨਣ ਹੈ। ਫੁੱਲ ਖਿੜੇਗਾ ਜਾਂ ਨਹੀਂ, ਖੁਰ ਰਹੀ ਕਿਰਸਾਨੀ ਅਤੇ ਵਰਜਿਤ ਰਿਸ਼ਤਿਆਂ ਦੀ ਨਿਸ਼ਾਨਦੇਹੀ ਕਰਦੀ ਹੈ। ਸੁਪਨਿਆਂ ਦਾ ਕਤਲ ਪੰਜਾਬ ਸੰਤਾਪ ਦੌਰਾਨ ਅਜਾਈਂ ਡੁੱਲ੍ਹਵੇ ਖੂਨ ਦੀ ਤਸਵੀਰਕਸ਼ੀ ਹੈ।

ਂਜੋਗਿੰਦਰ ਸਿੰਘ ਨਿਰਾਲਾ
ਮੋ: 9876061644.
ਫ ਫ ਫ

ਤਰਕਬਾਣੀ
ਲੇਖਕ : ਮੇਘ ਰਾਜ ਮਿੱਤਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 60 ਰੁਪਏ, ਸਫ਼ੇ : 126
ਸੰਪਰਕ : 98887-87440.

ਲੋਕਾਂ ਨੂੰ ਵਹਿਮਾਂ-ਭਰਮਾਂ ਦੇ ਜੰਜਾਲ 'ਚੋਂ ਕੁਝ ਹੱਦ ਤੱਕ ਬਾਹਰ ਕੱਢਣ ਵਿਚ ਤਰਕਸ਼ੀਲ ਲਹਿਰ ਦਾ ਬੜਾ ਵੱਡਾ ਯੋਗਦਾਨ ਹੈ। ਭਾਵੇਂ ਤਰਕਸ਼ੀਲਾਂ ਦੀਆਂ ਕੋਸ਼ਿਸ਼ਾਂ ਸਦਕਾ ਲੋਕਾਂ ਨੂੰ ਵਿਗਿਆਨਕ ਸੋਚ ਦੇ ਧਾਰਨੀ ਬਣਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਪਰ ਵੱਡੀ ਗਿਣਤੀ ਲੋਕ ਅੱਜ ਵੀ ਰੂੜ੍ਹੀਵਾਦੀ ਖਿਆਲਾਂ ਦੇ ਧਾਰਨੀ ਹਨ, ਜਿਹੜੇ ਭੂਤਾਂ-ਪ੍ਰੇਤਾਂ, ਅਖੌਤੀ ਸਾਧਾਂ, ਤਾਂਤਰਿਕਾਂ ਦੇ ਚੱਕਰ ਵਿਚ ਉਲਝੇ ਹੋਏ ਹਨ। ਇਹ ਲੋਕ ਆਪਣੀ ਅੰਧ-ਵਿਸ਼ਵਾਸੀ ਸੋਚ ਸਦਕਾ ਜਿੱਥੇ ਮਾਨਸਿਕ ਲੁੱਟ ਦੇ ਸ਼ਿਕਾਰ ਹੁੰਦੇ ਹਨ, ਉਥੇ ਸਰੀਰਕ ਤੇ ਆਰਥਿਕ ਲੁੱਟ ਦੀਆਂ ਉਦਾਹਰਨਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
'ਤਰਕਬਾਣੀ' ਪੁਸਤਕ ਵਿਚ ਮੇਘ ਰਾਜ ਮਿੱਤਰ ਨੇ ਇਹੋ ਜਿਹੇ ਲੋਕਾਂ ਦਾ ਹੀ ਜ਼ਿਕਰ ਕੀਤਾ ਹੈ। ਕਿਸੇ ਦੇ ਘਰ ਵਿਚ ਅੱਗ ਲੱਗ ਜਾਂਦੀ ਹੈ, ਕਿਸੇ ਦੇ ਘਰ ਵਿਚ ਰੋੜੇ ਵੱਜਦੇ ਹਨ, ਕਿਸੇ ਅੰਦਰ 'ਭੂਤ' ਆਉਂਦਾ ਹੈ, ਕੋਈ ਅਵੱਲੀਆਂ ਹਰਕਤਾਂ ਕਰਦਾ ਹੈ, ਜਿਸ ਕਾਰਨ ਪੂਰਾ ਪਰਿਵਾਰ ਪ੍ਰੇਸ਼ਾਨ ਰਹਿੰਦਾ ਹੈ। ਹਜ਼ਾਰਾਂ-ਲੱਖਾਂ ਰੁਪਏ ਬੂਬਨੇ ਸਾਧ ਲੈ ਜਾਂਦੇ ਹਨ। ਪਰ ਜਦੋਂ ਤਰਕਸ਼ੀਲਾਂ ਦੀ ਟੀਮ ਉਨ੍ਹਾਂ ਘਰਾਂ ਵਿਚ ਜਾ ਕੇ ਪੂਰੀ ਪੜਤਾਲ ਕਰਦੀ ਹੈ ਤਾਂ ਘਰ ਵਿਚੋਂ ਹੀ ਕੋਈ ਮੈਂਬਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਾ ਨਿਕਲਦਾ ਹੈ। ਇਸ ਪੁਸਤਕ ਵਿਚ ਮੇਘ ਰਾਜ ਮਿੱਤਰ ਤੇ ਉਨ੍ਹਾਂ ਦੀ ਟੀਮ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਜਾ ਕੇ ਲੋਕਾਂ ਦੇ ਹੱਲ ਕੀਤੇ ਮਸਲਿਆਂ ਦੀ ਪੇਸ਼ਕਾਰੀ ਕੀਤੀ ਗਈ ਹੈ। ਪੁਸਤਕ ਵਿਚ ਦੱਸਿਆ ਗਿਆ ਹੈ ਕਿ ਜਦੋਂ ਉਨ੍ਹਾਂ ਦੀ ਟੀਮ ਵੱਲੋਂ ਮਾਮਲੇ ਦੀ ਪੜਤਾਲ ਕਰਕੇ ਅਸਲ ਦੋਸ਼ੀ ਲੱਭ ਲਿਆ ਗਿਆ ਤਾਂ ਸਬੰਧਤ ਘਰ ਵਿਚ ਘਟਨਾਵਾਂ ਵਾਪਰਨੀਆਂ ਬੰਦ ਹੋ ਗਈਆਂ।
ਇਸ ਕਿਤਾਬ ਵਿਚ ਲਿਖਿਆ ਗਿਆ ਹੈ ਕਿ ਗੈਬੀ ਸ਼ਕਤੀਆਂ ਦੇ ਦਾਅਵੇਦਾਰ ਆਪਣਾ ਚਮਤਕਾਰ ਦਿਖਾ ਕੇ ਇਕ ਕਰੋੜ ਦੀ ਰਾਸ਼ੀ ਜਿੱਤ ਸਕਦੇ ਹਨ, ਪਰ ਦਹਾਕਿਆਂ ਤੋਂ ਉਨ੍ਹਾਂ ਨੂੰ ਇਹ ਰਾਸ਼ੀ ਜਿੱਤਣ ਵਾਲਾ ਕੋਈ ਨਹੀਂ ਮਿਲਿਆ। ਇਹੋ ਜਿਹੀਆਂ ਕਿਤਾਬਾਂ ਦੀ ਅੱਜ ਦੇ ਸਮੇਂ ਵਿਚ ਬਹੁਤ ਵੱਡੀ ਜ਼ਰੂਰਤ ਹੈ, ਤਾਂ ਜੋ ਲੋਕਾਂ ਨੂੰ ਚਾਨਣ ਦਾ ਰਾਹ ਦਿਸਦਾ ਰਹੇ।

ਂਸਵਰਨ ਸਿੰਘ ਟਹਿਣਾ
ਮੋ: 98141-78883
ਫ ਫ ਫ

ਧੀਆਂ ਨਾਲ ਜੱਗ ਵਸੇਂਦਾ
ਲੇਖਿਕਾ : ਡਾ: ਗੁਰਮਿੰਦਰ ਸਿੱਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 98720-03658.

ਧੀਆਂ ਧਿਆਣੀਆਂ ਬਾਬਲ ਦੇ ਵਿਹੜੇ ਦੀਆਂ ਰੌਣਕਾਂ, ਮਾਪਿਆਂ ਦੀਆਂ ਦਰਦਵੰਦਾਂ, ਕੁਦਰਤ ਦੀਆਂ ਕੇਸਰ ਕਿਆਰੀਆਂ ਅਤੇ ਰੱਬ ਦੀਆਂ ਨਿਆਮਤਾਂ ਹੁੰਦੀਆਂ ਹਨ। ਜਿਹੜਾ ਪੰਜਾਬ ਗੁਰੂਆਂ ਦੇ ਨਾਂਅ 'ਤੇ ਜਿਊਂਦਾ ਹੈ, ਉਸੇ ਨੇ ਗੁਰੂ ਸਾਹਿਬਾਨ ਦੀ ਸਿੱਖਿਆ ਭੁਲਾ ਕੇ ਏਨੀਆਂ ਭਰੂਣ ਹੱਤਿਆਵਾਂ ਕੀਤੀਆਂ ਹਨ ਕਿ ਇਹ ਕੰਨਿਆ ਘਾਤ ਕਰਨ ਵਿਚ ਸਭ ਤੋਂ ਮੋਹਰੀ ਸੂਬਾ ਬਣ ਗਿਆ ਹੈ। ਸੰਨ 2011 ਵਿਚ ਕੀਤੀ ਗਈ ਜਨਗਣਨਾ ਵਿਚ ਸਾਹਮਣੇ ਆਇਆ ਕਿ ਭਾਰਤ ਦੀ ਕੁੱਲ ਆਬਾਦੀ 121 ਕਰੋੜ ਹੋਈ, ਜਿਸ ਵਿਚ ਭਾਰਤ ਵਿਚ 1000 ਮਰਦਾਂ ਪਿੱਛੇ 940 ਔਰਤਾਂ ਅਤੇ ਪੰਜਾਬ ਵਿਚ 893 ਔਰਤਾਂ ਹਨ। ਇਕ ਰਿਪੋਰਟ ਅਨੁਸਾਰ ਪੰਜਾਬ ਵਿਚ ਹਰ ਪੰਜਵੀਂ ਕੁੜੀ ਗਰਭ ਵਿਚੋਂ ਹੀ ਗਾਇਬ ਕਰ ਦਿੱਤੀ ਜਾਂਦੀ ਹੈ। ਅਦੁੱਤੀ ਸ਼ਹੀਦ ਮਾਤਾ ਗੁਜਰੀ ਜੀ ਦੇ ਪਾਵਨ ਖੂਨ ਨਾਲ ਸਿੰਜੀ ਧਰਤੀ ਦੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਸਭ ਤੋਂ ਵੱਧ ਧੀਆਂ ਮਾਰੀਆਂ ਗਈਆਂ ਅਤੇ ਪੰਜਾਬੀਆਂ ਨੇ ਪਵਿੱਤਰ ਇਤਿਹਾਸ 'ਤੇ ਦਾਗ਼ ਲਾਇਆ।
ਧੀਆਂ ਦੇ ਹੱਕ ਵਿਚ ਡਾ: ਗੁਰਮਿੰਦਰ ਸਿੱਧੂ ਨੇ ਹਾਅ ਦਾ ਨਾਅਰਾ ਹੀ ਨਹੀਂ ਮਾਰਿਆ, ਸਗੋਂ ਆਪਣੀ ਕਲਮ ਅਤੇ ਕਰਮ ਰਾਹੀਂ ਸਮਾਜ ਨੂੰ ਹਲੂਣਾ ਦਿੱਤਾ ਹੈ। ਇਕ ਚੇਤਨਾ ਜਗਾਈ ਹੈ, ਲਾਹਣਤ ਪਾਈ ਹੈ ਅਤੇ ਮਰ ਚੁੱਕੀਆਂ ਜ਼ਮੀਰਾਂ ਨੂੰ ਜਾਗ੍ਰਿਤ ਕੀਤਾ ਹੈ। ਉਸ ਦੀ ਕਲਮ ਵਿਚ ਸ਼ਕਤੀ ਹੈ, ਰੋਹ ਹੈ, ਅਪਣੱਤ ਹੈ, ਸੋਚ ਹੈ, ਇਸੇ ਲਈ ਉਸ ਦੀਆਂ ਲਿਖਤਾਂ ਨੇ ਲੋਕਾਂ ਦੇ ਮਨਾਂ ਵਿਚ ਇਨਕਲਾਬ ਲੈ ਆਂਦਾ ਹੈ। ਉਸ ਦੀ ਪੁਸਤਕ ਨੂੰ ਪੜ੍ਹ ਕੇ ਆਦਮੀ ਅੰਦਰ ਤੱਕ ਹਿਲ ਜਾਂਦਾ ਹੈ। ਉਸ ਨੇ ਇਹ ਪੁਸਤਕ ਹਰ ਕੁੜੀ ਦੇ ਨਾਂਅ ਕੀਤੀ ਹੈ, ਜਿਹੜੀ ਇਸ ਦੁਨੀਆ ਵਿਚ ਆ ਸਕੀ, ਜਿਹੜੀ ਨਹੀਂ ਆਉਣ ਦਿੱਤੀ ਗਈ ਅਤੇ ਜਿਹੜੀ ਆਏਗੀ। ਢੁਕਵੇਂ ਕਾਵਿ ਟੋਟਿਆਂ ਨਾਲ ਸੁਸਜਿਤ ਇਹ ਰਚਨਾਵਾਂ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਮਹੱਤਵਪੂਰਨ ਹਨ। ਇਸ ਵਿਚ ਡਾਕਟਰਾਂ, ਮਾਪਿਆਂ, ਸੰਸਥਾਵਾਂ ਅਤੇ ਸਮਾਜ ਦੇ ਸਾਰੇ ਵਰਗਾਂ ਨੂੰ ਸੁਚੇਤ ਕੀਤਾ ਗਿਆ ਹੈ। ਪੁਸਤਕ ਵਿਚ ਕੰਨਿਆਵਾਂ ਦੀ ਭਰੂਣ ਹੱਤਿਆ, ਦਾਜ, ਬਲਾਤਕਾਰ ਅਤੇ ਵਖਰੇਵੇਂ ਖਿਲਾਫ਼ ਲਿਖੇ ਗਏ ਲੇਖ, ਕਹਾਣੀ, ਨਾਟਕ ਅਤੇ ਅਣਜੰਮੀ ਬੱਚੀ ਦਾ ਮਾਂ-ਬਾਪ ਦੇ ਨਾਂਅ ਖ਼ਤ ਦਿਲ ਨੂੰ ਵਲੂੰਧਰ ਕੇ ਰੱਖ ਦਿੰਦੇ ਹਨ। ਉਸ ਨੇ ਢੁਕਵੇਂ ਅੰਕੜੇ, ਕਾਨੂੰਨ ਅਤੇ ਸੁਝਾਅ ਵੀ ਦਿੱਤੇ ਹਨ। ਅੰਤ ਵਿਚ ਅੰਬਰਾਂ ਨੂੰ ਛੋਹਣ ਵਾਲੀਆਂ ਧਰਤੀ ਦੀਆਂ ਲਾਇਕ ਧੀਆਂ ਦੀ ਬਾਤ ਪਾਈ ਹੈ, ਜਿਵੇਂ ਪੰਜਾਬ ਦੀਆਂ ਬਹਾਦਰ ਸਿੰਘਣੀਆਂ, ਜੌਨ ਆਫ ਆਰਕ, ਮਦਰ ਟੈਰੇਸਾ, ਕਲਪਨਾ ਚਾਵਲਾ, ਫਲੋਰੈਂਸ ਨਾਈਟਿੰਗੇਲ ਆਦਿ। ਇਹ ਪੁਸਤਕ ਅਨਮੋਲ ਹੈ। ਇਹ ਸਾਰਿਆਂ ਦੇ ਪੜ੍ਹਨਯੋਗ, ਵਿਚਾਰਨਯੋਗ ਅਤੇ ਸਾਂਭਣਯੋਗ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਭਾਰਤੀ ਸੰਵਿਧਾਨ
ਰਾਸ਼ਟਰ ਦੀ ਬੁਨਿਆਦ
ਲੇਖਕ : ਗ੍ਰੈਨਵਿਲ ਆਸਟਿਨ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 436
ਸੰਪਰਕ : 0172-5077427.

'ਭਾਰਤੀ ਸੰਵਿਧਾਨ : ਰਾਸ਼ਟਰ ਦੀ ਬੁਨਿਆਦ' ਗ੍ਰੈਨਵਿਲ ਆਸਟਿਨ ਦੀ ਅੰਗਰੇਜ਼ੀ ਪੁਸਤਕ '''ੀਕ 9ਅਦਜ਼ਅ 3ਰਅਤਵਜਵਚਵਜਰਅ - 3ਰਗਅਕਗਤਵਰਅਕ ਰ਀ਿ ਼ ਟ਼ਵਜਰਅ' ਦਾ ਸ: ਦਰਮਿੰਦਰ ਸਿੰਘ ਵੱਲੋਂ ਕੀਤਾ ਪੰਜਾਬੀ ਉਲੱਥਾ ਹੈ। ਇਸ ਪੁਸਤਕ ਦੇ ਕੁੱਲ 13 ਕਾਂਡ ਹਨ, ਜਿਨ੍ਹਾਂ ਵਿਚ ਸੰਵਿਧਾਨ ਦੀ ਬਣਤਰ, ਉਸ ਲਈ ਕੀਤੇ ਚਿੰਤਨ-ਵਿਚਾਰਾਂ ਆਦਿ ਸਹਿਤ ਵਰਨਣ ਕੀਤਾ ਗਿਆ ਹੈ। ਅਸਲ ਵਿਚ ਸੰਵਿਧਾਨ ਦੇ ਘਾੜੇ ਇਸ ਨੂੰ ਇਕ ਅਜਿਹਾ ਜ਼ਰੀਆ ਬਣਾਉਣਾ ਲੋਚਦੇ ਸਨ, ਜਿਸ ਰਾਹੀਂ ਸਮਾਜਵਾਦੀ ਵਿਚਾਰਧਾਰਾ ਰਾਹੀਂ ਸਮਾਜਿਕ ਨਿਆਂ, ਬਰਾਬਰੀ ਤੇ ਸ਼ੋਸ਼ਣ-ਰਹਿਤ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੋਵੇ।
ਸੰਵਿਧਾਨ ਨੇ ਬਹੁਤ ਸਾਰੇ ਟੀਚੇ ਮਿਥੇ ਸਨ। ਉਨ੍ਹਾਂ ਵਿਚ ਸਭ ਤੋਂ ਉੱਪਰ ਸਮਾਜਿਕ ਇਨਕਲਾਬ ਲਿਆਉਣ ਦਾ ਟੀਚਾ ਸੀ। ਆਸ ਕੀਤੀ ਜਾਂਦੀ ਸੀ ਕਿ ਇਹ ਇਨਕਲਾਬ ਭਾਰਤੀ ਸਮਾਜ ਦੇ ਢਾਂਚੇ ਵਿਚ ਬੁਨਿਆਦੀ ਤਬਦੀਲੀਆਂ ਲਿਆਏਗਾ। ਇਸ ਲਈ ਸਮਾਜਿਕ ਇਨਕਲਾਬ ਦਾ ਵਿਸ਼ਾ ਸਭਾ ਦੀਆਂ ਸਾਰੀਆਂ ਕਾਰਵਾਈਆਂ ਅਤੇ ਦਸਤਾਵੇਜ਼ਾਂ ਵਿਚ ਮਿਲਦਾ ਹੈ। ਸੰਵਿਧਾਨ ਨੂੰ ਹਥਲਾ ਰੂਪ ਦੇਣ ਵਿਚ ਕਈ ਹੋਰ ਟੀਚਿਆਂ ਨੇ ਵੀ ਆਪਣੀ ਭੂਮਿਕਾ ਨਿਭਾਈ ਜਿਵੇਂ ਘੱਟ-ਗਿਣਤੀ ਹਿਤਾਂ ਦੀ ਸੁਰੱਖਿਆ, ਕੁਸ਼ਲ ਸਰਕਾਰ ਅਤੇ ਪ੍ਰਸ਼ਾਸਨ ਦੀ ਰਚਨਾ ਅਤੇ ਦੇਸ਼ ਦੀ ਸੁਰੱਖਿਆ। ਹਾਲ ਦੀ ਘੜੀ ਰਾਜਾਂ ਦੇ ਵਧੇਰੇ ਸ਼ਕਤੀਸ਼ਾਲੀ ਅਤੇ ਕੇਂਦਰ ਨਾਲੋਂ ਵੱਖਰੀਆਂ ਪਾਰਟੀਆਂ ਦੀਆਂ ਸਰਕਾਰਾਂ ਨੇ ਮੌਜੂਦਾ ਸੰਵਿਧਾਨ ਵਿਚ ਸ਼ਕਤੀਆਂ ਦੀ ਵੰਡ-ਵੰਡਾਈ ਦਾ ਸ਼ੋਰ ਵੀ ਭਾਵੇਂ ਪਾਇਆ ਹੋਇਆ ਹੈ। ਰਾਜ ਸੰਵਿਧਾਨ ਵਿਚੋਂ ਵੱਧ ਅਧਿਕਾਰ ਮੰਗਣ ਲੱਗੇ ਹਨ। ਇਹੋ ਜਿਹੀਆਂ ਚੀਜ਼ਾਂ ਅਤੇ ਮੰਗਾਂ ਦੀ ਦੂਰਦਰਸ਼ਤਾ ਸੋਚੀ ਵੀ ਨਹੀਂ ਸੀ ਜਾ ਸਕਦੀ। ਫਿਰ ਵੀ ਸੰਵਿਧਾਨ ਨੇ ਦੇਸ਼ ਲਈ ਬਹੁਤ ਕੁਝ ਕੀਤਾ ਹੈ। ਪੰਜਾਬੀ ਅਨੁਵਾਦ ਵਧੀਆ ਹੈ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

ਸਿਸਕਦੇ ਦਿਲ
ਲੇਖਕ : ਐੱਸ.ਐੱਸ. ਸਹੋਤਾ
ਪ੍ਰਕਾਸ਼ਕ : ਯੂਨੀਸਟਾਰ ਬੁੱਕ, ਮੁਹਾਲੀ
ਮੁੱਲ : 195 ਰੁਏ, ਸਫ਼ੇ : 110
ਸੰਪਰਕ :9888404668

ਐੱਸ.ਐੱਸ. ਸਹੋਤਾ ਦੀ ਇਹ 16ਵੀਂ ਪੁਸਤਕ ਹੈ। ਇਸ ਤੋਂ ਪਹਿਲਾਂ ਉਹ ਕਵਿਤਾ, ਕਹਾਣੀ ਅਤੇ ਨਾਵਲ ਦੀ ਵਿਧਾ 'ਤੇ ਹੱਥ ਅਜ਼ਮਾ ਚੁੱਕੇ ਹਨ। ਦੱਸਣਯੋਗ ਹੈ ਕਿ ਇਹ ਪੁਸਤਕ ਉਨ੍ਹਾਂ ਗੰਭੀਰ ਬਿਮਾਰੀ ਨਾਲ ਸੰਘਰਸ਼ ਕਰਕੇ ਜੀਵਨ ਦੀ ਭਰਪੂਰ ਇੱਛਾ ਕਾਰਨ ਜਿੱਤ ਤੋਂ ਬਾਅਦ ਲਿਖੀ ਹੈ। ਅਜਿਹਾ ਅਨੁਭਵ ਇਨਸਾਨ ਦੇ ਵਿਚਾਰਾਂ ਅਤੇ ਜਜ਼ਬਾਤ ਨੂੰ ਬਦਲ ਦਿੰਦਾ ਹੈ। ਹਥਲੀ ਪੁਸਤਕ ਵਿਚਲੀਆਂ ਕਵਿਤਾਵਾਂ ਰੁਮਾਂਸਵਾਦ ਦੇ ਹੱਡੀਂ ਹੰਢਾਏ ਅਨੁਭਵ ਦਾ ਵਿਸਥਾਰ ਹਨ। ਕਵੀ ਕੁਝ ਕਵਿਤਾਵਾਂ ਵਿਚ ਔਰਤ ਅਤੇ ਕੁਝ ਵਿਚ ਮਰਦ ਦੇ ਦਿਲ ਦੇ ਪਿਆਰ ਅਤੇ ਵਿਛੋੜੇ ਦੀ ਤੜਪ ਤੋਂ ਉਪਜੇ ਹਾਵ-ਭਾਵ ਦੀ ਤਰਜਮਾਨੀ ਬਾਖੂਬੀ ਕਰਦਾ ਹੈ। ਕਵਿਤਾ ਦੀ ਵਿਸ਼ੇਸ਼ ਗੱਲ ਇਹ ਹੈ ਕਿ ਕਵੀ ਔਰਤ-ਮਰਦ ਦੇ ਪਿਆਰ ਅਤੇ ਇਸ ਨਾਲ ਜੁੜੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਿਆਂ ਹਰ ਤਰ੍ਹਾਂ ਦੇ ਮਨੋਵੇਗ ਵਿਚ ਗਹਿਰਾ ਉਤਰ ਜਾਂਦਾ ਹੈ। ਉਹ ਮਨ ਦੇ ਸਾਗਰ ਵਿਚ ਗਹਿਰਾ ਉਤਰ ਕੇ ਹੀ ਕਵਿਤਾ ਦੇ ਖਿਆਲ ਰੂਪੀ ਮੋਤੀ ਚੁਗਦਾ ਹੈ। ਅਜਿਹਾ ਕਰਦਿਆਂ ਉਹ ਅਨੁਭਵ ਦੀ ਬਾਰੀਕੀ ਵਿਚੋਂ ਲੰਘਦਾ ਹੈ :
ਤੂੰ ਗਲੀ ਵਿਚੋਂ ਜਦੋਂ ਵੀ ਲੰਘਦੀ
ਮੈਂ ਸੁਣ ਲੈਂਦਾ ਤੇਰੀ ਆਹਟ
ਮੇਰੇ ਉਦਾਸ ਚਿਹਰੇ 'ਤੇ
ਫਿਰ ਆ ਜਾਂਦੀ ਮੁਸਟਰਾਹਟ।
ਕਵੀ ਦਾ ਰੁਮਾਂਸਵਾਦ ਕੋਈ ਟੇਢਾ ਫਿਲਾਸਫਾਨਾ ਨਹੀ ਬਲਕਿ ਮੈਦਾਨਾਂ ਵਿਚੋਂ ਲੰਘਦੀ ਨਦੀ ਵਾਂਗੂੰ ਬਿਲਕੁਲ ਸਿੱਧ-ਪੱਧਰਾ ਅਤੇ ਵਲ-ਛਲ ਰਹਿਤ ਹੈ। ਇਕੋ ਵੇਲੇ ਉਹ ਕਵਿਤਾ ਰਾਹੀਂ ਪ੍ਰੇਮੀ-ਪ੍ਰੇਮਿਕਾ ਨੂੰ ਅਤੇ ਉਸੇ ਵੇਲੇ ਆਪਣੇ ਦਿਲ ਨੂੰ ਸੰਬੋਧਨ ਹੋ ਰਿਹਾ ਹੁੰਦਾ ਹੈ। ਉਸ ਲਈ ਕਵਿਤਾ ਦਿਲ ਦੀਆਂ ਗਹਿਰਾਈਆਂ 'ਚੋਂ ਨਿਕਲੀ ਇਕ ਸੱਚੀ-ਸੁੱਚੀ ਹੂਕ ਹੈ। ਇਸੇ ਲਈ ਉਹ ਸ਼ਬਦਾਂ 'ਤੇ ਕਿਸੇ ਕਿਸਮ ਦਾ ਪ੍ਰਤੀਬੰਧ ਨਹੀ ਲਗਾਉਂਦਾ ਬਲਕਿ ਉਨ੍ਹਾਂ ਨੂੰ ਆਪਣੀ ਤੋਰੇ ਤੁਰਨ ਦਿੰਦਾ ਹੈ।
ਇਸ ਪੁਸਤਕ ਵਿਚ ਜਿਸਮਾਨੀ ਅਤੇ ਰੂਹ ਦੇ ਰਿਸ਼ਤਿਆਂ ਦਾ ਦਵੰਦ ਅਤੇ ਇਨ੍ਹਾਂ ਦੇ ਮਿਲਾਪ ਅਤੇ ਵਿਛੋੜੇ ਤੋਂ ਉਪਜੇ ਵਿਯੋਗ ਅਤੇ ਉਮਾਹ ਦਾ ਜ਼ਿਕਰ ਹੈ। ਕਵੀ ਐੱਸ. ਐੱਸ. ਸਹੋਤਾ ਨੂੰ ਇਸ ਕਾਵਿ ਸੰਗ੍ਰਹਿ ਲਈ ਦਿਲੋਂ ਮੁਬਾਰਕਾਂ।

ਂਜਤਿੰਦਰ ਸਿੰਘ ਔਲਖ
ਮੋ: 9815534653
ਫ ਫ ਫ

ਖ਼ਾਲੀ ਪਲਾਂ ਦੀ ਦਾਸਤਾਨ
ਲੇਖਕ : ਅਸ਼ੋਕ ਵਾਸਿਸ਼ਠ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 280 ਰੁਪਏ, ਸਫ਼ੇ : 152
ਸੰਪਰਕ : 098106-28570.

'ਖਾਲੀ ਪਲਾਂ ਦੀ ਦਾਸਤਾਨ' ਵਿਚ ਅਸ਼ੋਕ ਵਾਸਿਸ਼ਠ ਨੇ ਆਪਣੀਆਂ 16 ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਲੇਖਕ ਮਹਾਂਨਗਰ ਦੀ ਜੀਵਨ-ਸ਼ੈਲੀ ਤੋਂ ਭਲੀਭਾਂਤ ਜਾਣੂੰ ਹੈ, ਜਿਸ ਸਦਕਾ ਉਸ ਨੇ ਜਨ-ਸਾਧਾਰਨ ਦੇ ਜੀਵਨ ਵਿਚ ਵਾਪਰੀਆਂ ਮਾਨਸਿਕ ਤੇ ਸਮਾਜਿਕ ਘਟਨਾਵਾਂ ਨੂੰ ਆਧਾਰ ਬਣਾ ਕੇ ਕਹਾਣੀਆਂ ਦੀ ਸਿਰਜਣਾ ਕੀਤੀ ਹੈ। 'ਖਾਲੀ ਪਲਾਂ ਦੀ ਦਾਸਤਾਨ' ਇਸ ਸੰਗ੍ਰਹਿ ਦੀ ਪਹਿਲੀ ਕਹਾਣੀ ਹੈ, ਜਿਸ ਵਿਚ ਕਾਲਜ 'ਚ 'ਕੱਠੇ ਪੜ੍ਹਦੇ ਸੁਸ਼ਾਂਤ ਅਤੇ ਸਿੰਧਿਆ ਦੀ ਅਣਕਹੀ ਬੇਪਨਾਹ ਮੁਹੱਬਤ ਨੂੰ ਦਿਲਚਸਪ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ। 'ਪਰੀ' ਓਪਰੀ ਮੁਟਿਆਰ ਦੀ ਛੁਹ ਦੇ ਕ੍ਰਿਸ਼ਮੇ ਦਾ ਅਹਿਸਾਸ ਕਰਵਾਉਂਦੀ ਹੈ। 'ਰੌਂਗ ਨੰਬਰ' ਵਿਚ ਆਪਣੇ ਹਿਤਾਂ ਦੀ ਪੂਰਤੀ ਲਈ ਵਿਹਾਰ ਕਰ ਰਹੀਆਂ ਸਵਰਨਾਂ ਵਰਗੀਆਂ ਚਾਲੂ ਔਰਤਾਂ ਬਾਰੇ ਜਾਗਰੂਕ ਕੀਤਾ ਗਿਆ ਹੈ। 'ਜਗਨ ਨਾਥ' ਹੱਥੀਂ ਕਾਰਜ ਕਰਨ ਦੀ ਭਾਵਨਾ ਨੂੰ ਦਰਸਾਉਂਦੀ ਹੈ। 'ਪ੍ਰਸਾਦ' ਪਿਤਰੀ ਮੋਹ ਦੀ ਵਿਸ਼ੇਸ਼ਤਾ ਦਰਸਾਉਣ ਵਾਲੀ ਕਹਾਣੀ ਹੈ। 'ਮੁਰਲੀ ਨਾਮ ਹੈ ਮੇਰਾ' ਵਿਚ ਮੁਰਲੀ ਆਪਣੀ ਪਤਨੀ ਦੇ ਆਚਰਨ 'ਤੇ ਸ਼ੱਕ ਕਰਕੇ ਉਸ ਨਾਲ ਮਾੜਾ ਵਿਹਾਰ ਕਰਕੇ ਪੁਰਸ਼ ਦੀ ਸ਼ੱਕੀ ਮਾਨਸਿਕਤਾ ਦਾ ਇਜ਼ਹਾਰ ਕਰਦਾ ਹੈ। 'ਕਾਲੀ ਬੋਲੀ ਰਾਤ' ਵਾਦੀ ਕਸ਼ਮੀਰ ਵਿਚ ਜੇਹਾਦੀਆਂ ਵੱਲੋਂ ਆਮ ਲੋਕਾਂ 'ਤੇ ਕੀਤੇ ਜਾਂਦੇ ਅਣਮਨੁੱਖੀ ਅੱਤਿਆਚਾਰਾਂ ਦੀ ਕਥਾ ਬਿਆਨ ਕਰਦੀ ਹੈ। ਨਕਲੀ ਫੁੱਲਾਂ ਦੀ ਮਹਿਕ, ਅਜਨਬੀ, ਆਪਣੀ ਹੱਦ, ਆਸਾਂ ਦੀ ਤੰਦ, ਤਿਲ ਫੁੱਲ ਤੇ ਮੰਗੇਤਰ ਆਦਿ ਇਸ ਸੰਗ੍ਰਹਿ ਦੀਆਂ ਦਿਲਚਸਪ ਕਹਾਣੀਆਂ ਹਨ।
ਅਤਿ ਸਰਲ ਭਾਸ਼ਾ ਵਿਚ ਲਿਖੀਆਂ ਇਹ ਕਹਾਣੀਆਂ ਪਾਠਕ ਨੂੰ ਆਪਣੇ ਨਾਲ ਜੋੜਨ ਦੇ ਸਮਰੱਥ ਹਨ। ਲੇਖਕ ਕੋਲ ਆਪਣੀ ਗੱਲ ਕਹਿਣ ਦਾ ਆਪਣਾ ਵਿਲੱਖਣ ਅੰਦਾਜ਼ ਹੈ। ਉਹ ਕਲਾਤਮਕ ਸ਼ੈਲੀ ਦਾ ਮਾਲਕ ਹੈ। ਆਸ ਹੈ ਪੰਜਾਬੀ ਪਾਠਕ ਇਨ੍ਹਾਂ ਕਹਾਣੀਆਂ ਨੂੰ ਦਿਲਚਸਪੀ ਨਾਲ ਪੜ੍ਹਨਗੇ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

ਕਰਤੇ ਹਥਿ ਵਡਿਆਈਆ
ਲੇਖਕ : ਪ੍ਰਿੰ: ਹਰਬੰਸ ਸਿੰਘ 'ਘੇਈ' ਸਠਿਆਲਾ
ਪ੍ਰਕਾਸ਼ਕ : ਲਾਹੌਰ ਬੁਕਸ, ਲੁਧਿਆਣਾ
ਮੁੱਲ : 175 ਰੁਪਏਸ਼ ਸਫ਼ੇ : 112
ਸੰਪਰਕ : 94630-74645
.

ਲੇਖਕ ਨੇ ਆਪਣੇ ਬਚਪਨ ਤੋਂ ਲੈ ਕੇ ਜਵਾਨੀ ਵੇਲੇ ਦੇ ਸੰਘਰਸ਼ ਨੂੰ ਬੜੇ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ। ਪੁਸਤਕ ਪੜ੍ਹਦੇ ਸਮੇਂ ਇਕ ਗੱਲ ਖ਼ਾਸ ਤੌਰ 'ਤੇ ਉੱਭਰ ਕੇ ਸਾਹਮਣੇ ਆਉਂਦੀ ਹੈ। ਉਸ ਨੇ ਇਹ ਪੁਸਤਕ ਵਿਦਿਆਰਥੀ ਪਾਠਕਾਂ ਨੂੰ ਧਿਆਨ ਵਿਚ ਰੱਖ ਕੇ ਲਿਖੀ ਹੈ। ਕਿਵੇਂ ਲੇਖਕ ਨੇ ਆਪਣੀ ਮਿਹਨਤ ਸਦਕਾ ਹਰ ਜਮਾਤ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ, ਵਜ਼ੀਫ਼ੇ ਲਏ ਅਤੇ ਫਿਰ ਯੂਨੀਵਰਸਿਟੀ ਪੱਧਰ 'ਤੇ ਗੋਲਡ ਮੈਡਲ ਵੀ ਜਿੱਤਿਆ।
ਲੇਖਕ ਨੇ ਆਪਣੇ ਇਲਾਕੇ ਤੇ ਧਾਰਮਿਕ ਸਥਾਨਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ। ਲੇਖਕ ਅਨੁਸਾਰ ਮਿਹਨਤ ਜ਼ਿੰਦਗੀ ਦਾ ਗੁਰਮੰਤਰ ਹੈ। ਦ੍ਰਿੜ੍ਹ ਇਰਾਦਾ ਪਹਾੜ ਵਰਗੀਆਂ ਮੁਸੀਬਤਾਂ ਤੋਂ ਵੀ ਨਹੀਂ ਡਰਦਾ। ਇਕ ਗਰੀਬ ਪਰਿਵਾਰ ਵਿਚ ਪੈਦਾ ਹੋਣਾ, ਆਰਥਿਕ ਪੱਖੋਂ ਕਮਜ਼ੋਰ ਹੋਣ ਦੇ ਬਾਵਜੂਦ ਪ੍ਰਿੰਸੀਪਲ ਤੱਕ ਦੀ ਕੁਰਸੀ ਤੱਕ ਪਹੁੰਚਣਾ ਬਹੁਤ ਵੱਡੀ ਗੱਲ ਹੈ। ਲੇਖਕ ਨੂੰ ਦੁੱਖ ਹੈ ਕਿ ਅੱਜ ਮਾਤ ਭਾਸ਼ਾ ਤੇ ਪੰਜਾਬੀ ਸੱਭਿਆਚਾਰ ਨੂੰ ਖੋਰਾ ਲੱਗ ਰਿਹਾ ਹੈ। ਪੈਸੇ ਦੀ ਦੌੜ ਕਾਰਨ ਇਨਸਾਨੀ ਕਦਰਾਂ-ਕੀਮਤਾਂ ਦਾ ਘਾਣ ਹੋ ਰਿਹਾ ਹੈ। ਸਫਲ ਹੋਣ ਲਈ ਘਟੀਆ ਤਰੀਕੇ ਵਰਤੇ ਜਾ ਰਹੇ ਹਨ। ਪੁਸਤਕ ਕਾਫੀ ਰੌਚਕ ਹੈ। ਲੇਖਕ ਅਨੁਸਾਰ ਇਹ ਪੁਸਤਕ ਉਸ ਦੀ ਸਵੈ-ਜੀਵਨੀ ਦਾ ਪਹਿਲਾ ਭਾਗ ਹੈ, ਦੂਜੇ ਭਾਗ ਦੀ ਉਡੀਕ ਰਹੇਗੀ।

ਂਅਵਤਾਰ ਸਿੰਘ ਸੰਧੂ
ਮੋ: 99151-82971.
ਫ ਫ ਫ

ਤਸਬੀਹ
ਲੇਖਿਕਾ : ਜਗਦੀਪ ਕੌਰ ਨੂਰਾਨੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 198
ਸੰਪਰਕ : 98146-72236.

ਤਸਬੀਹ ਜਗਦੀਪ ਨੂਰਾਨੀ ਦੀ ਦੂਸਰੀ ਕਾਵਿ ਪੁਸਤਕ ਹੈ। ਤਸਬੀਹ ਰੂਪੀ ਅੱਖਰਾਂ ਦੀ ਮਾਲਾ ਵਿਚ ਕਵਿੱਤਰੀ ਨੇ ਬਹੁਤ ਸਾਰੇ ਵਿਸ਼ਿਆਂ ਦੇ ਮੋਤੀ ਪਰੋਏ ਹਨ। ਪਰੰਪਰਾਵਾਦੀ ਕਾਵਿ ਵਿਚ ਮੰਗਲਾਚਰਨ ਦੀ ਪਿਰਤ ਨੂੰ ਅੱਗੇ ਤੋਰਦਿਆਂ ਕਵਿੱਤਰੀ ਨੇ ਮੰਗਲਾਚਰਨ ਤੋਂ ਪੁਸਤਕ ਦਾ ਆਰੰਭ ਕੀਤਾ ਹੈ। ਉਹ ਪ੍ਰਭੂ ਰਹੱਸ ਨੂੰ ਸ਼ਰਧਾਮਈ ਦ੍ਰਿਸ਼ਟੀ ਤੋਂ ਪ੍ਰਗਟ ਕਰਦੀ ਹੈ। ਕਵਿੱਤਰੀ ਸਾਹਿਤ ਨੂੰ ਅਜਿਹੀ ਸ਼ਕਤੀ ਮੰਨਦੀ ਹੈ ਜੋ ਸਮਾਜ ਬਦਲਣ ਦੀ ਸਮਰੱਥਾ ਰੱਖਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਸੰਸਾਰ ਦੀਆਂ ਬੁਰਾਈਆਂ ਨੂੰ ਦੂਰ ਕਰਨ ਆਏ ਨਾਨਕ ਪਾਤਸ਼ਾਹ ਬਾਰੇ ਵੀ ਕਵਿੱਤਰੀ ਨੇ ਦੂਰਦ੍ਰਿਸ਼ਟੀ ਤੋਂ ਪੇਸ਼ ਕੀਤਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਵਿੱਤਰੀ ਲਿਖਦੀ ਹੈ :
ਵਗਿਆ ਸੀ ਕਹਿਰ ਜ਼ੁਲਮੀ
ਹੋਇਆ ਸੀ ਜਬਰ ਪ੍ਰਧਾਨ
ਹਿੰਦ ਦੀ ਪੱਤ ਬਚਾਣ ਲਈ
ਤੇਰੀ ਲਿਸ਼ਕੀ ਤੇਗ ਬਲਵਾਨ।
ਕਵਿੱਤਰੀ ਨੇ ਸ਼ਿਵ ਕੁਮਾਰ ਦੇ ਜੋਬਨ ਰੁੱਤੇ ਤੁਰ ਜਾਣ ਦੀ ਭਾਵਨਾ ਨੇ ਕਾਮਨਾ ਨੂੰ ਨਵੇਂ ਸ਼ਬਦਾਂ ਵਿਚ ਢਾਲ ਕੇ ਪੇਸ਼ ਕੀਤਾ ਹੈ। ਨਾਰੀ ਪ੍ਰਤੀ ਕਵਿੱਤਰੀ ਦੀ ਵਿਚਾਰਧਾਰਾ ਪਰੰਪਰਾ ਤੋਂ ਪ੍ਰਭਾਵਿਤ ਹੈ। ਉਹ ਧੀਆਂ ਨੂੰ ਕੂੰਜਾਂ ਨਾਲ ਤੁਲਨਾਉਂਦੀ ਹੈ। ਭਰੂਣ ਹੱਤਿਆ ਸਬੰਧੀ ਉਹ ਲਿਖਦੀ ਹੈ :
ਚਾਰੇ ਜੁੱਗ ਆਵਣ ਜਾਵਣ
ਹਵਾਵਾਂ ਨਾ ਬਦਲਣ ਰੰਗ
ਕਰਕੇ ਧੀ ਧਿਆਣੀ ਦੀ ਬੇਕਦਰੀ
ਟੁੱਕ ਟੁੱਕ ਸੁੱਟਦੇ ਅੰਗ
ਪਿਆਰ ਭਾਵਾਂ ਦੀ ਪੇਸ਼ਕਾਰੀ ਵੀ ਵੇਖੀ ਜਾ ਸਕਦੀ ਹੈ। ਕਵਿੱਤਰੀ ਦੀਆਂ ਸਮੁੱਚੀਆਂ ਨਜ਼ਮਾਂ ਦੀ ਸਿਰਜਣਾਤਮਕ ਪ੍ਰਕਿਰਿਆ ਤੇ ਵਿਧਾ ਸਮਾਨ ਹੀ ਜਾਪਦੀ ਹੈ। ਬਿਰਹਾ ਕੁੱਠੀ ਰੂਹ ਦੀ ਪੁਕਾਰ ਉਸ ਨੂੰ ਝੰਜੋੜਦੀ ਹੈ। ਉਹ ਭਵਿੱਖ ਪ੍ਰਤੀ ਆਸਵੰਦ ਹੈ।
ਉਹਦੀ ਯਾਦ ਦਾ ਸੂਰਜ/ਨਿੱਤ ਅੰਬਰੀਂ ਚੜ੍ਹ ਲਿਸ਼ਕਦਾ
ਹੁਣ ਸੂਹੇ ਰੰਗੀ ਪੀੜ ਨੂੰ/ਮੈਂ ਦੇਵਾਂ ਕਿੱਥੇ ਲੁਕਾਅ
ਇਸ਼ਕ ਪ੍ਰਤੀ ਸਮਾਜਿਕ ਦ੍ਰਿਸ਼ਟੀਕੋਣ ਅਤੇ ਵਤੀਰਾ ਕਿੰਨਾ ਸੌੜਾ ਹੈ, ਇਸ ਬਾਰੇ ਵੀ ਕਵਿੱਤਰੀ ਨੇ ਆਪਣੇ ਅਨੁਭਵ ਪ੍ਰਗਟ ਕੀਤੇ ਹਨ। ਸੂਫ਼ੀ ਕਾਵਿ ਵਾਂਗ ਬਿਰਹਾ ਦੀ ਤਿੱਖੀ ਸੁਰ ਵਿਚ ਰੰਗੀਆਂ ਕਵਿੱਤਰੀ ਦੀਆਂ ਨਜ਼ਮਾਂ ਵੈਰਾਗੇ ਮਨ ਦੀ ਹੂਕ ਬਣਦੀਆਂ ਹਨ। ਵਰਤਮਾਨ ਸਮੇਂ ਰਿਸ਼ਤਿਆਂ ਅੰਦਰਲੀ ਵਿਖਾਵੇ ਦੀ ਬਿਰਤੀ ਅਤੇ ਸਵਾਰਥ ਪ੍ਰਤੀ ਵੀ ਕਵਿੱਤਰੀ ਚਿੰਤਤ ਹੈ। ਸਮੁੱਚੇ ਤੌਰ 'ਤੇ ਕਵਿੱਤਰੀ ਦੀ ਪੁਸਤਕ ਤਸਬੀਹ ਰੂਪ ਅਤੇ ਵਿਸ਼ੇ ਪੱਖੋਂ ਸਲਾਹੁਣਯੋਗ ਹੈ ਤੇ ਭਵਿੱਖ ਵਿਚ ਉਸ ਤੋਂ ਹੋਰ ਵਧੀਆ ਉਮੀਦ ਰੱਖਦੇ ਹਾਂ।

ਂਕੁਲਜੀਤ ਕੌਰ ਅਠਵਾਲ।
ਫ ਫ ਫ

ਕੈਲੇਫੋਰਨੀਆ ਤੋਂ ਕੈਲਗਰੀ
ਲੇਖਕ : ਸੁਰਜੀਤ ਸਿੰਘ 'ਪੰਛੀ'
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨਜ਼, ਮਾਨਸਾ
ਮੁੱਲ : 200 ਰੁਪਏ, ਸਫ਼ੇ : 156
ਸੰਪਰਕ : 98148-09219.

ਕਵਿਤਾ, ਵਾਰਤਕ, ਗਲਪ, ਅਨੁਵਾਦ ਅਤੇ ਇਤਿਹਾਸਕ ਲਿਖਤਾਂ ਦੇ ਵਿਭਿੰਨ ਰੂਪਾਂ 'ਚ ਪੁਖ਼ਤਾ ਲੇਖਣੀ ਦਾ ਮਾਲਕ ਸੁਰਜੀਤ ਸਿੰਘ ਪੰਛੀ ਹਥਲੀ ਪੁਸਤਕ ਜ਼ਰੀਏ ਅਮਰੀਕਾ ਅਤੇ ਕੈਨੇਡਾ ਦੇ ਪ੍ਰਮੁੱਖ ਖੇਤਰਾਂ ਦੀ ਜੀਵਨ-ਸ਼ੈਲੀ ਅਤੇ ਸਥਾਨਾਂ ਦੀ ਇਤਿਹਾਸਕ ਮਹਾਨਤਾ ਨੂੰ ਦਰਸਾਉਂਦਾ ਹੈ। ਪੁਸਤਕ ਵਿਚਲੀ ਸਮੱਗਰੀ ਨੂੰ ਵਿਧੀਵਤ ਤਰੀਕੇ ਨਾਲ ਪੇਸ਼ ਕਰਨ ਵਾਸਤੇ ਲੇਖਕ ਨੇ 28 ਕਾਂਡ ਬਣਾਏ ਹਨ ਅਤੇ ਸਬੰਧਤ ਸਥਾਨਾਂ ਦੀ ਰਮਣੀਕਤਾ, ਫ਼ਲਾਂ, ਬਾਗਾਂ, ਬਗੀਚਿਆਂ, ਪੁਲਾਂ, ਮਹੱਤਵਪੂਰਨ ਇਮਾਰਤਾਂ, ਸੜਕਾਂ, ਪਹਾੜੀਆਂ, ਝਰਨਿਆਂ, ਖੁੱਲ੍ਹੇ ਮੈਦਾਨਾਂ, ਸ਼ਹਿਰਾਂ, ਰੰਗ-ਬਰੰਗੇ ਨਜ਼ਾਰਿਆਂ, ਪਸ਼ੂ, ਪੰਛੀਆਂ ਅਤੇ ਚਟਾਨਾਂ ਤੋਂ ਇਲਾਵਾ ਅਨੇਕਾਂ ਘਰ ਪਰਿਵਾਰ ਨਾਲ ਸਬੰਧਤ ਮੂਰਤਾਂ ਅਤੇ ਲਿਖਤ ਵਿਚ ਉਨ੍ਹਾਂ ਦਾ ਜ਼ਿਕਰ ਵੀ ਬਾਖੂਬੀ ਕੀਤਾ ਹੈ। ਇਸ ਪ੍ਰਯੋਜਨ ਤਹਿਤ ਲੇਖਕ ਨੇ ਜਿਥੇ ਨਿੱਜੀ ਸਫ਼ਰ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਜਾਂ ਮਿੱਤਰਾਂ-ਦੋਸਤਾਂ ਜਾਂ ਹੋਰ ਸਾਂਝਾਂ ਵਾਲੇ ਲੋਕਾਂ ਨਾਲ ਰਲ ਕੇ ਕੀਤਾ ਹੈ ਅਤੇ ਅਨੁਭਵ ਗ੍ਰਹਿਣ ਕੀਤੇ ਹਨ, ਉਥੇ ਨਾਲ ਦੀ ਨਾਲ ਉਨ੍ਹਾਂ ਖੇਤਰਾਂ ਸਬੰਧੀ ਪ੍ਰਾਪਤ ਹੋਈ ਦਸਤਾਵੇਜ਼ੀ ਜਾਣਕਾਰੀ ਨੂੰ ਵੀ ਖੂਬ ਵਰਤਿਆ ਹੈ। ਇਹ ਸਫ਼ਰਨਾਮਾ 1997 ਤੋਂ ਲੈ ਕੇ ਅਗਾਂਹ ਦੇ 15-16 ਸਾਲਾਂ ਤੱਕ ਦਾ ਹੀ ਵਰਨਣ ਨਹੀਂ ਸਗੋਂ ਭਾਰਤੀਆਂ ਦੇ ਆਜ਼ਾਦੀ ਸੰਗਰਾਮ ਵਿਚ ਜੂਝਣ ਵਾਲੇ ਮਰਜੀਵੜਿਆਂ ਸਬੰਧੀ ਵੀ ਭਰਪੂਰ ਜਾਣਕਾਰੀ ਦਿੰਦਾ ਹੈ। ਕੈਲੇਫੋਰਨੀਆ, ਸਨਹੌਜ਼ੇ, ਕੈਲਗਰੀ, ਵਿਕਟੋਰੀਆ, ਵੈਨਕੂਵਰ, ਸਿਆਟਲ, ਬੈਲਿਗਹੈਮ, ਵਾਸ਼ਿੰਗਟਨ ਰਾਜ, ਯੂਬਾ ਸਿਟੀ ਅਤੇ ਅਲਬਰਟਾ ਆਦਿ ਸਬੰਧੀ ਸਾਰੀ ਜਾਣਕਾਰੀ ਇਤਿਹਾਸਕ ਅਤੇ ਸੱਭਿਆਚਾਰਕ ਪਰਿਪੇਖ ਦੇ ਅੰਤਰਗਤ ਪੇਸ਼ ਕੀਤੀ ਗਈ ਉਪਲਬਧ ਹੈ। ਇਸੇ ਤਰ੍ਹਾਂ ਵਿਭਿਨ ਬਾਗਾਂ, ਮਿਊਜ਼ੀਅਮਜ਼, ਬੇਰੀ ਦੇ ਖੇਤਾਂ ਸਬੰਧੀ ਦਿੱਤੀ ਜਾਣਕਾਰੀ ਅਮਰੀਕਾ, ਕੈਨੇਡਾ ਨਾ ਗਏ ਹੋਏ ਪਾਠਕਾਂ ਲਈ ਵਡਮੁੱਲੀ ਜਾਣਕਾਰੀ ਦਾ ਸੋਮਾ ਹੈ। ਬੁੱਚਰਟ ਗਾਰਡਨ, ਕੱਪੜਾ ਮਾਰਕੀਟ, ਸਟੈਨਲੇ ਪਾਰਕ, ਉਲੰਪੀਆ, ਰੈਡਿੰਗ, ਬੈਂਫ ਅਤੇ ਰਾਇਟਾਵਿਰਲ ਮਿਊਜ਼ੀਅਮ ਦਾ ਵਰਨਣ ਤਾਂ ਪਾਠਕਾਂ ਨੂੰ ਕੀਲ ਕੇ ਰੱਖ ਦਿੰਦਾ ਹੈ। ਇਸ ਤਰ੍ਹਾਂ ਇਹ ਸਫ਼ਰਨਾਮਾ ਪੰਜਾਬੀ ਸਫ਼ਰਨਾਮਾ ਸਾਹਿਤ ਦਾ ਵਿਸ਼ੇਸ਼ ਹਾਸਲ ਬਣਦਾ ਹੋਇਆ ਪ੍ਰਤੀਤ ਹੁੰਦਾ ਹੈ।

ਫ ਫ ਫ

ਚੱਲ ਜਿੰਦਰ ਇਸਲਾਮਾਬਾਦ ਚੱਲੀਏ
ਲੇਖਕ : ਜਿੰਦਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਪਟਿਆਲਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 98148-03254.

ਜਿੰਦਰ ਤੀਖਣ ਅਨੁਭਵੀ ਲੇਖਕ ਹੈ। ਉਸ ਨੇ ਕਹਾਣੀ, ਰੇਖਾ-ਚਿੱਤਰ, ਸਵੈ-ਜੀਵਨੀ ਅਤੇ ਹੋਰ ਵਿਭਿੰਨ ਸਾਹਿਤਕ ਵਿਧਾਵਾਂ ਵਿਚ ਲਿਖਣ ਦੇ ਨਾਲ-ਨਾਲ 'ਪੰਜਾਬੀ ਸਫ਼ਰਨਾਮਾ ' ਸਾਹਿਤ ਨੂੰ ਵੀ ਅਮੀਰੀ ਪ੍ਰਦਾਨ ਕੀਤੀ ਹੈ। ਇਸ ਸਭ ਦਾ ਸੁਮਿਸ਼ਰਣ ਹਥਲਾ ਸਫ਼ਰਨਾਮਾ ਹੈ ਜਿਸ ਦਾ ਨਿਰੂਪਣ 12 ਕਾਂਡਾਂ ਦੇ ਅੰਤਰਗਤ ਪਾਠਕਾਂ ਦੇ ਸਨਮੁੱਖ ਹੋਇਆ ਹੈ। ਮਿੱਤਰਾਂ ਦੀ ਜਿੱਤ, ਬਾਰਡਰ ਦੀ ਖਿੱਚ, ਨਾਨਕਿਆਂ ਦਾ ਪਿੰਡ, ਲਾਹੌਰ ਦੀ ਇਕ ਸਵੇਰ, ਚੱਲ ਜਿੰਦਰ ਇਸਲਾਮਾਬਾਦ ਚੱਲੀਏ, ਇਕ ਰਾਤ ਸੰਗੀਤ ਦੇ ਸੰਗ, ਲੇਖਕ ਹੀ ਲੇਖਕ, ਗਲੋਬਲਾਈਜ਼ੇਸ਼ਨ ਦੇ ਅੰਤਰਜਾਤੀ ਵਿਆਹ, ਕਮਰ ਉਜ ਜ਼ਮਾਂ ਦੀ ਚਿੱਠੀ, ਛੋਟੀਆਂ ਭਾਸ਼ਾਵਾਂ, ਰਾਈਟਰ ਹਾਊਸ ਅਤੇ ਰੋਣਾ ਸਾਡੇ ਪੱਲੇ ਪੈ ਗਿਆ, ਅਜਿਹੇ ਕਾਂਡ ਹਨ ਜੋ ਨਿਵੇਕਲੀ ਸੈਰ-ਗਾਹੀ ਦਾ ਸਰਬਾਂਗੀ ਚਿੱਤਰਪਟ ਆਖੇ ਜਾ ਸਕਦੇ ਹਨ। ਖਾਲਿਦ, ਮਲਿਕ ਮੇਹਰ, ਰਜਿੰਦਰ ਗੌਤਮ, ਅਲੀ ਜਾਵੇਦ, ਬਾਰਾਂ ਸਿੰਗ, ਵਿਲਾਬਲ ਆਦਿ ਅਨੇਕਾਂ ਅਜਿਹੇ ਪੁਰਖਾਂ ਦੇ ਪੰਜਾਬੀਅਤ ਪ੍ਰਤੀ ਪਿਆਰ ਨੂੰ ਪ੍ਰਗਟਾਇਆ ਗਿਆ ਹੈ ਜੋ ਕਿ ਦੋ ਦੇਸ਼ਾਂ ਦੇ ਹੋ ਕੇ ਵੀ ਇਕ ਜਾਪਦੇ ਹਨ। ਪਿੰਡਾਂ, ਸ਼ਹਿਰਾਂ ਦੇ ਲੋਕਾਂ ਦਾ ਵਰਤੋਂ ਵਿਹਾਰ, ਬਾਜ਼ਾਰਾਂ ਸੜਕਾਂ ਦੀ ਭੀੜ, ਰਸਤਿਆਂ 'ਚ ਲੱਗੇ ਜਾਮ, ਘਰਾਂ ਦੀਆਂ ਮਾਵਾਂ-ਭੈਣਾਂ ਜਾਂ ਹੋਰ ਤਰੀਮਤਾਂ ਦੀ ਮਿੱਠੀ ਮਿੱਠੀ ਸੰਬੋਧਨੀ ਬੋਲੀ ਤੇ ਟਹਿਲ ਸੇਵਾ ਲੇਖਕ ਨੂੰ ਖੂਬ ਪ੍ਰਭਾਵਿਤ ਕਰਦੀ ਰਹੀ ਹੈ। ਜਾਣ ਸਮੇਂ ਮੁਢਲੀਆਂ ਛਾਣ-ਬੀਣਾਂ ਜਾਂ ਕੁਝ ਅੜਿੱਕੇ ਤਾਂ ਸਦਾ ਸੰਭਵ ਹੁੰਦੇ ਹਨ ਪ੍ਰੰਤੂ ਲੇਖਕਾਂ ਦੇ ਮੋਹ ਦੀਆਂ ਸਾਂਝੀਆਂ ਤੰਦਾਂ ਅਤੇ ਸਾਂਝੇ ਸੰਗੀਤ ਦੀਆਂ ਸੁਰਾਂ ਦਾ ਲੇਖਕ ਨੇ ਬੜਾ ਹੀ ਮੌਲਿਕ ਪ੍ਰਗਟਾਵਾ ਕੀਤਾ ਹੈ। ਛੋਟੀਆਂ ਭਾਸ਼ਾਵਾਂ ਅਤੇ ਰਾਈਟਰ ਹਾਊਸ ਸਬੰਧੀ ਜਾਣਕਾਰੀ ਦੇਣਾ ਜਿੰਦਰ ਦਾ ਵਿਸ਼ੇਸ਼ ਹਾਸਲ ਹੈ। ਕਹਾਣੀ ਰਸ ਹਰ ਕਾਂਡ ਵਿਚ ਮੌਜੂਦ ਹੈ ਜੋ ਪਾਠਕ ਨੂੰ ਅਕੇਵਾਂ ਮਹਿਸੂਸ ਨਹੀਂ ਹੋਣ ਦਿੰਦਾ, ਸਗੋਂ ਉਧਰੋਂ ਇਧਰ ਆਉਣ ਸਮੇਂ ਦੇ ਵਿਛੋੜੇ ਦੇ ਪਲਾਂ ਦਾ ਜ਼ਿਕਰ ਕਰਦਾ ਹੋਇਆ, ਹਰ ਪਾਠਕ ਵਰਗ ਨੂੰ ਜਿਥੇ ਭਾਵੁਕ ਅਤੇ ਕਰੁਣਾਮਈ ਅਵਸਥਾ 'ਚ ਲਿਆ ਖਲ੍ਹਾਰਦਾ ਹੈ, ਉਥੇ 'ਦੋਹਾਂ-ਭਾਈਆਂ' ਦੀ ਸਾਂਝ ਅਤੇ ਵਖਰੇਵੇਂ ਦੇ ਗੂੜ੍ਹ ਕਾਰਨਾਂ ਦਾ ਵੀ ਪਰਦਾ ਫ਼ਾਸ਼ ਕਰ ਦਿੰਦਾ ਹੈ। ਇਹੋ ਇਸ ਸਫ਼ਰਨਾਮੇ ਦਾ ਹਾਸਲ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਨਵੀਂ ਰੌਸ਼ਨੀ
ਸੰਪਾਦਨ : ਧਰਵਿੰਦਰ ਸਿੰਘ ਔਲਖ
ਪ੍ਰਕਾਸ਼ਕ : ਨਵੀਨ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 116
ਸੰਪਰਕ : 98152-82283.

ਪੰਜਾਬੀ ਸਾਹਿਤ ਦੇ ਪ੍ਰਸਾਰ, ਪ੍ਰਚਾਰ ਤੇ ਨਵੇਂ ਲੇਖਕਾਂ ਨੂੰ ਉਭਾਰਨ ਵਿਚ ਸਾਹਿਤ ਸਭਾਵਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਨ੍ਹਾਂ ਸਾਹਿਤ ਸਭਾਵਾਂ 'ਚੋਂ ਪੰਜਾਬੀ ਸਾਹਿਤ ਸਭਾ, ਚੋਗਾਵਾਂ ਵੀ ਇਕ ਹੈ। ਸਰਹੱਦੀ ਖ਼ੇਤਰ ਹੋਣ ਕਾਰਨ ਇਸ ਸਭਾ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ। 'ਨਵੀਂ ਰੌਸ਼ਨੀ' ਪੁਸਤਕ ਇਸ ਸਭਾ ਦੇ ਮੈਂਬਰਾਂ ਦੀ ਸਾਂਝੀ ਪੁਸਤਕ ਹੈ, ਜਿਸ ਨੂੰ ਕਵਿਤਾ ਤੇ ਵਾਰਤਕ ਦੋ ਭਾਗਾਂ ਵਿਚ ਵੰਡਿਆ ਗਿਆ ਹੈ। ਸਭਾਵਾਂ ਵਲੋਂ ਅਜਿਹੀ ਪੁਸਤਕ ਛਾਪਣ ਦਾ ਇਹ ਯਤਨ ਕੋਈ ਨਵਾਂ ਨਹੀਂ ਹੈ ਪਰ ਅਜਿਹੇ ਯਤਨਾਂ ਨਾਲ ਸੰਭਾਵਨਾਵਾਂ ਭਰਪੂਰ ਕਲਮਾਂ ਨੂੰ ਹੋਰ ਅੱਗੇ ਵਧਣ ਵਿਚ ਨਿਸ਼ਚੇ ਹੀ ਉਤਸ਼ਾਹ ਮਿਲਦਾ ਹੈ ਤੇ ਛਪਣ ਦਾ ਮੌਕਾ ਮਿਲਦਾ ਹੈ। ਇਸ ਪੁਸਤਕ ਵਿਚ ਸਰਵਸ੍ਰੀ ਗੁਰਬਾਜ ਸਿੰਘ ਤੋਲਾ ਨੰਗਲ, ਸਤਨਾਮ ਔਲਖ, ਧਰਵਿੰਦਰ ਔਲਖ, ਅੰਗਰੇਜ਼ ਦੌਲੋਵਾਲੀਆ, ਸੁਖਦੇਵ ਪਾਂਧੀ, ਕੁਲਵਿੰਦਰ ਬੱਲ, ਹਰਜੀਤ ਕੌਰ ਔਲਖ, ਦੀਪ ਸਿੰਘ ਦੀਪ, ਜਗਤਾਰ ਗਿੱਲ, ਮਨਿੰਦਰ ਨੌਸ਼ਹਿਰਾ, ਲਖਬੀਰ ਕੋਹਾਲੀ, ਚੰਦਰ ਸ਼ੇਖਰ ਜੱਜ, ਸੰਤੋਖ ਰਾਹੀ, ਸਵਰਾਜ ਸਿੱਧੂ, ਮਹਾਂਬੀਰ ਗਿੱਲ, ਹਰੀ ਸਿੰਘ ਗ਼ਰੀਬ, ਵਰਿੰਦਰ ਕੌਰ ਪੰਨੂੰ, ਸੁਖਪਾਲ ਕੌਰ ਬਠਿੰਡਾ, ਗੋਪਾਲ ਨਿਮਾਣਾ, ਲਾਲੀ ਕੋਹਾਲਵੀ, ਸ਼ਾਮ ਸਿੰਘ ਸ਼ੇਰਗਿੱਲ, ਗੁਰਮੀਤ ਕੌਰ, ਹਰਜਸ ਦਿਲਬਰ, ਕੁਲਦੀਪ ਦਰੀਜਕੇ, ਚੰਨਾ ਰਾਣੀਵਾਲੀਆ, ਕੇਵਲ ਢਿੱਲੋਂ, ਓਮ ਪ੍ਰਕਾਸ਼ ਭਗਤ, ਚਰਨਜੀਤ ਅਜਨਾਲਾ, ਕੁਲਵੰਤ ਕੰਤ, ਸਤਨਾਮ ਫ਼ਰੀਦਕੋਟੀ, ਪੱਪੂ ਪੰਡੋਰੀ ਵਾਲਾ, ਜਸਬੀਰ ਝਬਾਲ, ਪਿਆਰਾ ਸਿੰਘ, ਸੀਮਾ ਸੰਧੂ, ਗੁਰਪ੍ਰੀਤ ਸੈਂਸਰਾ, ਨਰਿੰਦਰ ਯਾਤਰੀ ਦੀਆਂ ਕਵਿਤਾਵਾਂ ਸ਼ਾਮਿਲ ਹਨ। ਵਾਰਤਕ ਭਾਗ ਵਿਚ ਜੁਗਿੰਦਰ ਫੁੱਲ, ਔਲਖ, ਰਣਜੀਤ ਕੌਰ ਗੱਗੋਮਾਹਲ, ਮੁਖਤਾਰ ਗਿੱਲ, ਗੁਰਬਿੰਦਰ ਬਾਗ਼ੀ, ਅਜੀਤ ਨਬੀਪੁਰੀ, ਬਲਦੇਵ ਕੰਬੋ, ਗੁਰਜਿੰਦਰ ਬਘਿਆੜੀ ਆਦਿ ਦੀਆਂ ਰਚਨਾਵਾਂ ਹਨ। 'ਨਵੀਂ ਰੌਸ਼ਨੀ' ਦੀਆਂ ਰਚਨਾਵਾਂ ਦਾ ਸਾਹਿਤਕ ਪੱਧਰ ਤੋਂ ਮੁਲਾਂਕਣ ਕਰਨਾ ਜਾਇਜ਼ ਨਹੀਂ ਹੈ ਕਿਉਂਕਿ ਸ਼ਾਮਿਲ ਲੇਖਕਾਂ ਵਿਚ ਨਿਰੋਲ ਨਵੀਆਂ ਕਲਮਾਂ ਦੀ ਬਹੁਤਾਤ ਹੈ ਤੇ ਇਨ੍ਹਾਂ ਨੂੰ ਸਾਹਿਤ ਸਿਰਜਣਾ ਲਈ ਚਲਦੇ ਰਹਿਣ ਦੀ ਨਸੀਹਤ ਹੀ ਢੁਕਵੀਂ ਹੈ।

ਫ ਫ ਫ

ਕਹਿਕਸ਼ਾਂ ਕੇ ਰੰਗ
ਗ਼ਜ਼ਲਕਾਰ : ਸਰਦਾਰ ਪੰਛੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 94170-91668.

ਸਰਦਾਰ ਪੰਛੀ ਉਰਦੂ, ਪੰਜਾਬੀ ਤੇ ਹਿੰਦੀ ਦੇ ਬਿਹਤਰੀਨ ਸ਼ਾਇਰਾਂ ਵਿਚ ਉੱਚਾ ਮੁਕਾਮ ਰੱਖਦਾ ਹੈ। ਬਚਪਨ ਤੋਂ ਅੱਜ ਤੱਕ ਉਸ ਨੇ ਲੰਬਾ ਸੰਘਰਸ਼ ਕੀਤਾ ਹੈ ਤੇ ਇਸੇ ਸੰਘਰਸ਼ ਵਿਚੋਂ ਉਸ ਨੇ ਸ਼ਾਇਰੀ ਦੇ ਸੁੱਚੇ ਮੋਤੀ ਤਲਾਸ਼ ਕੀਤੇ ਹਨ ਤੇ ਭਾਸ਼ਾਵਾਂ 'ਤੇ ਪਕੜ ਹਾਸਲ ਕੀਤੀ ਹੈ। ਵੰਡ ਉਪਰੰਤ ਉਹ ਵਾਰ-ਵਾਰ ਉਜੜਿਆ ਹੈ ਤੇ ਜ਼ਿੰਦਗੀ ਦੀ ਸ਼ਾਮ ਵਿਚ ਉਸ ਨੇ ਲੁਧਿਆਣੇ ਨੂੰ ਅਪਣਾ ਲਿਆ। ਦਰਅਸਲ ਜ਼ਿੰਦਗੀ ਦਾ ਸੰਘਰਸ਼ ਉਸ ਦੀ ਸ਼ਾਇਰੀ ਦੇ ਬੜਾ ਫਿੱਟ ਬੈਠਾ ਹੈ। 'ਕਹਿਕਸ਼ਾਂ ਕੇ ਰੰਗ' ਉਸ ਦੀ ਵੀਹਵੀਂ ਪੁਸਤਕ ਹੈ, ਜਿਸ ਵਿਚ ਉਸ ਦੀਆਂ 70 ਉਰਦੂ ਗ਼ਜ਼ਲਾਂ ਛਾਇਆ ਹੋਈਆਂ ਹਨ। ਪੰਛੀ ਗ਼ਜ਼ਲ ਦੇ ਸੁਭਾਅ ਬਾਰੇ ਚੋਖਾ ਗਿਆਨ ਰੱਖਦਾ ਹੈ ਤੇ ਅਰੂਜ਼ 'ਤੇ ਉਸ ਦੀ ਕਾਫ਼ੀ ਪਕੜ ਹੈ। ਇਹ ਤਮਾਮ ਗ਼ਜ਼ਲਾਂ ਉਸਤਾਦਾਨਾ ਰੰਗ ਦੀਆਂ ਹਨ, ਜਿਨ੍ਹਾਂ ਦੇ ਸ਼ਿਅਰਾਂ ਦੇ ਮਾਅਨੇ ਮਹੀਨ ਤੇ ਬਹੁਪਰਤੀ ਹਨ। ਭਾਵੇਂ ਗ਼ਜ਼ਲ ਅੱਜ ਵਿਸ਼ੇ ਪੱਖ ਤੋਂ ਕਿਤੇ ਅੱਗੇ ਨਿਕਲ ਗਈ ਹੈ ਪਰ ਗ਼ਜ਼ਲ ਦਾ ਬਹੁਤਾ ਸਬੰਧ ਮੁਹੱਬਤੀ ਰਿਹਾ ਹੈ ਤੇ ਇਹ ਮੁਹੱਬਤ ਦੀ ਆਧਾਰਸ਼ਿਲਾ 'ਤੇ ਉੱਸਰੀ ਤੇ ਅਜੋਕੇ ਮਾਣ ਮੱਤੇ ਮੁਕਾਮ 'ਤੇ ਪਹੁੰਚੀ ਹੈ। ਸਰਦਾਰ ਪੰਛੀ ਦੀਆਂ ਬਹੁਤੀਆਂ ਗ਼ਜ਼ਲਾਂ ਵੀ ਇਸੇ ਵਿਸ਼ੇ ਦੁਆਲੇ ਕੇਂਦਰਤ ਹਨ। ਇਸ ਤੋਂ ਬਿਨਾਂ ਗ਼ਜ਼ਲਕਾਰ ਨੇ ਸਮਾਜਿਕ ਤੇ ਰਾਜਨੀਤਕ ਭਾਅ ਵਾਲੇ ਸ਼ਿਅਰ ਵੀ ਕਹੇ ਹਨ। ਪੰਛੀ ਦੇ ਜ਼ਿਆਦਾਤਰ ਸ਼ਿਅਰ ਗ਼ਮਗੀਨ ਫ਼ਜ਼ਾ ਸਿਰਜਦੇ ਹਨ ਪਰ ਅਜਿਹਾ ਹੁੰਦੇ ਹੋਏ ਵੀ ਇਨ੍ਹਾਂ ਵਿਚ ਆਸ ਦੀ ਕਿਰਨ ਅਲੋਪ ਨਹੀਂ ਹੁੰਦੀ ਤੇ ਇਛਾਵਾਂ ਦਾ ਸੂਰਜ ਮੱਧਮ ਨਹੀਂ ਪੈਂਦਾ। 'ਕਹਿਕਸ਼ਾਂ ਕੇ ਰੰਗ' ਦੀਆਂ ਗ਼ਜ਼ਲਾਂ ਸਾਦਾ ਤੇ ਸਰਲ ਹਨ ਤੇ ਇਨ੍ਹਾਂ ਵਿਚ ਮਨੁੱਖੀ ਜ਼ਿੰਦਗੀ ਦਾ ਹਰ ਪੱਖ ਪ੍ਰਕਾਸ਼ਮਾਨ ਹੁੰਦਾ ਹੈ। ਸੰਗ੍ਰਹਿ ਦੀਆਂ ਗ਼ਜ਼ਲਾਂ ਵਧੇਰੇ ਕਰਕੇ ਕਲਾਸਿਕ ਹਨ ਤੇ ਸ਼ਾਇਰ ਕਿਸੇ ਗੱਲ ਨੂੰ ਵੀ ਸ਼ਿਅਰਾਂ ਵਿਚ ਢਾਲਣ ਦਾ ਮਾਹਿਰ ਹੈ। ਪਾਠਕਾਂ ਦੀ ਮੁਸ਼ਕਿਲਾਂ ਨੂੰ ਆਸਾਨ ਕਰਨ ਲਈ ਹਰ ਗ਼ਜ਼ਲ ਦੇ ਹੇਠਾਂ ਮੁਸ਼ਕਿਲ ਸ਼ਬਦਾਂ ਦੇ ਅਰਥ ਦਿੱਤੇ ਗਏ ਹਨ। ਇੰਝ ਇਸ ਪੁਸਤਕ 'ਚੋਂ ਪਾਠਕ ਲਈ ਉਰਦੂ ਸ਼ਬਦਾਂ ਦਾ ਚੋਖਾ ਭੰਡਾਰ ਜਮ੍ਹਾਂ ਕਰਨ ਦਾ ਮੌਕਾ ਵੀ ਮਿਲ ਸਕਦਾ ਹੈ। ਇਸ ਪੁਸਤਕ ਦੇ ਸ਼ੁਰੂਆਤੀ ਪੰਨਿਆਂ 'ਤੇ ਪੰਛੀ ਨੇ ਆਪਣੀ ਜ਼ਿੰਦਗੀ ਦੀਆਂ ਮੁਸ਼ਕਿਲ ਘੜੀਆਂ ਦਾ ਵੀ ਖ਼ੂਬਸੂਰਤੀ ਨਾਲ ਵਰਨਣ ਕੀਤਾ ਹੈ ਜਿਸ ਨੂੰ ਪੜ੍ਹ ਕੇ ਉਸ ਬਾਰੇ ਕਾਫ਼ੀ ਕੁਝ ਨਵਾਂ ਜਾਨਣ ਨੂੰ ਮਿਲਦਾ ਹੈ। ਇਹ ਪੁਸਤਕ ਗ਼ਜ਼ਲ ਲਿਖਣ ਵਾਲੇ ਸਿਖਾਂਦਰੂਆਂ ਲਈ ਲਾਹੇਵੰਦੀ ਸਾਬਿਤ ਹੋ ਸਕਦੀ ਹੈ ਤੇ ਇਹ ਉਨ੍ਹਾਂ ਵੱਲੋਂ ਪੜ੍ਹੀ ਜਾਣੀ ਚਾਹੀਦੀ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

28-05-2015

 ਤਾਈ
ਲੇਖਕ : ਫ਼ਰਜੰਦ ਅਲੀ
ਲਿਪੀਅੰਤਰ : ਹਰਬੰਸ ਸਿੰਘ ਧੀਮਾਨ (ਡਾ:)
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 180 ਰੁਪਏ, ਸਫ਼ੇ : 128
ਸੰਪਰਕ : 98152-18545.

'ਤਾਈ' ਫ਼ਰਜੰਦ ਅਲੀ ਦਾ ਪਲੇਠਾ ਨਾਵਲ ਹੈ, ਜਿਸ ਨੂੰ ਡਾ: ਹਰਬੰਸ ਸਿੰਘ 'ਧੀਮਾਨ' ਨੇ ਪੰਜਾਬੀ ਭਾਸ਼ਾ ਵਿਚ ਲਿਪੀਅੰਤਰ ਕੀਤਾ ਹੈ। ਇਹ ਨਾਵਲ ਪਿੰਡ ਦੇ ਵਸੇਬੇ ਨਾਲ ਸਬੰਧਤ ਹੈ। ਹਫ਼ੀਜ਼ ਅਤੇ ਸਕੀਨਾ ਇਕ-ਦੂਜੇ ਨਾਲ ਮੁਹੱਬਤ ਕਰਦੇ ਹਨ ਪਰ ਸਕੀਨਾ ਦੋਸੇ ਨਾਲ ਮੰਗ ਦਿੱਤੀ ਜਾਂਦੀ ਹੈ। ਸਕੀਨਾ ਦੇ ਦੋਸੇ ਨਾਲ ਵਿਆਹ ਤੋਂ ਪਹਿਲਾਂ ਹੀ ਹਫ਼ੀਜ਼ ਸਕੀਨਾ ਨੂੰ ਭਜਾ ਕੇ ਲੈ ਜਾਂਦਾ ਹੈ। ਉਹ ਜਦੋਂ ਤਿੰਨ ਸਾਲ ਬਾਅਦ ਪਿੰਡ ਪਰਤਦਾ ਹੈ ਤਾਂ ਸਕੀਨਾ ਸਮੇਤ ਆਪਣੇ ਪੁੱਤਰ ਦਿਲਾਵਰ ਨਾਲ ਪੂਰੇ ਪਰਿਵਾਰ ਦੀ ਸ਼ਕਲ ਵਿਚ ਹੁੰਦਾ ਹੈ, ਜਿਸ ਨੂੰ ਪਿੰਡ ਦੀ ਸੱਥ ਪ੍ਰਵਾਨ ਨਹੀਂ ਕਰਦੀ। ਇਸ ਲਈ ਸਕੀਨਾ ਦਾ ਮਾਮਾ ਤੇ ਦੋਸਾ ਪੰਚਾਇਤ ਕੋਲੋਂ ਇਹ ਫ਼ੈਸਲਾ ਕਰਵਾ ਲੈਂਦਾ ਹੈ ਕਿ ਹਫ਼ੀਜ਼ ਸਕੀਨਾ ਨੂੰ ਤਲਾਕ ਦੇ ਦੇਵੇ। ਇਥੇ ਆਮ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਚਲਾਕੀਆਂ ਅਤੇ ਹੁਸ਼ਿਆਰੀਆਂ ਵੀ ਉਜਾਗਰ ਹੁੰਦੀਆਂ ਹਨ।
ਹਫ਼ੀਜ਼ ਪਿੰਡ ਛੱਡ ਕਰਨਲ ਦੀ ਮਦਦ ਨਾਲ ਫ਼ੌਜ ਵਿਚ ਭਰਤੀ ਹੋ ਜਾਂਦਾ ਹੈ, ਪ੍ਰੰਤੂ ਮਾਨਸਿਕ ਪ੍ਰੇਸ਼ਾਨੀ ਕਾਰਨ ਉਹ ਫ਼ੌਜ ਦਾ ਹੁਕਮ ਨਾ ਮੰਨਣ ਕਰਕੇ ਜੇਲ੍ਹ ਵਿਚ ਕੈਦੀ ਬਣ ਜਾਂਦਾ ਹੈ। ਸਕੀਨਾ ਦੋਸੇ ਦੇ ਵਸਣਾ ਨਹੀਂ ਚਾਹੁੰਦੀ ਪ੍ਰੰਤੂ ਸਕੀਨਾ ਦਾ ਮਾਮਾ ਗਨੀ ਅਤੇ ਦੋਸਾ ਉਸ ਨੂੰ ਜ਼ਬਰਦਸਤੀ ਚੁੱਕ ਕੇ ਲੈ ਜਾਂਦੇ ਹਨ, ਜਿਸ ਵਿਚ ਅਸਿੱਧੇ ਤੌਰ 'ਤੇ ਹਫ਼ੀਜ਼ ਦਾ ਤਾਇਆ ਈਮਾਮਦੀਨ ਉਨ੍ਹਾਂ ਦੀ ਮਦਦ ਕਰਦਾ ਹੈ। ਇਸ ਤਰ੍ਹਾਂ ਸਵਾਰਥੀ ਲੋਕਾਂ ਦਾ ਟੋਲਾ ਕਾਮਯਾਬ ਹੋ ਜਾਂਦਾ ਹੈ। ਟੇਸ਼ਨ ਮਾਸਟਰ ਹਨੀਫ਼ ਅਤੇ ਸਕੂਲ ਮਾਸਟਰ ਇਨਸਾਨੀਅਤ ਦੇ ਹੱਕ ਵਿਚ ਖੜ੍ਹੇ ਹੋਣ ਵਾਲੇ ਪਾਤਰ ਹਨ ਜੋ ਉਸ ਦੀ ਨਲਕਾ ਲਗਾ ਕੇ ਮਦਦ ਕਰਦੇ ਹਨ ਤਾਂ ਜੋ ਉਹ ਆਪਣੇ ਪੁੱਤਰ ਦਿਲਾਵਰ ਦੀ ਪਾਲਣਾ ਕਰ ਸਕੇ। ਔਰਤ ਪਾਤਰ ਤਾਈ ਅਤੇ ਸਕੀਨਾ ਇਸ ਵਰਤਾਰੇ ਪ੍ਰਤੀ ਵਿਦਰੋਹ ਕਰਦੀਆਂ ਪੂਰੇ ਭਾਈਚਾਰੇ ਨਾਲ ਡਟਦੀਆਂ ਹਨ ਅਤੇ ਮੁਕਾਬਲਾ ਕਰਦੀਆਂ ਹਨ। ਪ੍ਰੰਤੂ ਦੂਜੇ ਪਾਸੇ ਮਰਦ ਪਾਤਰ ਗਨੀ ਦੋਸਾ, ਈਮਾਮਦੀਨ, ਮਲਿਕ ਰਿਆਜ਼ ਕੋਝੀਆਂ ਚਾਲਾਂ ਚਲਦੇ ਹਨ। ਨਾਵਲ ਵਿਚ ਔਰਤਾਂ ਪ੍ਰਤੀ ਹਮਦਰਦੀ ਦੇ ਭਾਵ ਉਪਜਾਏ ਗਏ ਹਨ। ਡਾ: ਹਰਬੰਸ ਸਿੰਘ ਧੀਮਾਨ ਸਰਬਾਂਗੀ ਲੇਖਕ ਹੈ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਰੰਗ ਜ਼ਿੰਦਗੀ ਦੇ
ਲੇਖਕ : ਮੇਜਰ ਸਿੰਘ ਮੌਜੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 70
ਸੰਪਰਕ : 98786-14096.

'ਰੰਗ ਜ਼ਿੰਦਗੀ ਦੇ' ਪੰਜਾਬ ਦੇ ਇਕ ਸਮਰਿਧ ਅਤੇ ਪ੍ਰਸਿੱਧ ਸਮਾਜਸੇਵੀ ਪੁਰਸ਼ ਸਵਰਗਵਾਸੀ ਸ: ਮੇਜਰ ਸਿੰਘ ਮੌਜੀ ਦੀਆਂ ਮਨੋਤਰੰਗਾਂ ਦਾ ਕਾਵਿਕ ਆਵੇਸ਼ ਹੈ। ਇਹ ਆਵੇਸ਼, ਸ਼ਿਅਰਾਂ, ਗ਼ਜ਼ਲਾਂ ਅਤੇ ਰੁਬਾਈਆਂ ਵਿਚ ਪ੍ਰਗਟ ਹੋਇਆ ਹੈ। ਇਸ ਪੁਸਤਕ ਦਾ ਸੰਪਾਦਨ ਪ੍ਰੋ: ਸੰਧੂ ਵਰਿਆਣਵੀ ਅਤੇ ਸ: ਅਵਤਾਰ ਸਿੰਘ ਸੰਧੂ ਨੇ ਕੀਤਾ ਹੈ, ਜੋ ਪੰਜਾਬ ਦੇ ਸਾਹਿਤਕ ਹਲਕਿਆਂ ਵਿਚ ਖੂਬ ਜਾਣੇ-ਪਛਾਣੇ ਹਸਤਾਖ਼ਰ ਹਨ। ਸ: ਮੇਜਰ ਸਿੰਘ ਮੌਜੀ ਗੜ੍ਹਸ਼ੰਕਰ ਇਲਾਕੇ ਦਾ ਰਹਿਣ ਵਾਲਾ ਇਕ ਜ਼ਿੰਦਾਦਿਲ ਵਿਅਕਤੀ ਸੀ, ਜੋ ਬਹੁਤ ਵਰ੍ਹੇ ਪਹਿਲਾਂ ਅਮਰੀਕਾ ਵਿਚ ਪ੍ਰਵਾਸ ਕਰ ਗਿਆ ਸੀ। ਉਹ ਆਪਣੇ ਇਲਾਕੇ ਵਿਚ ਸਾਹਿਤਕ, ਸੱਭਿਆਚਾਰਕ ਅਤੇ ਖੇਡ-ਮੇਲੇ ਆਯੋਜਿਤ ਕਰਦਾ-ਕਰਵਾਉਂਦਾ ਰਹਿੰਦਾ ਸੀ।
ਇਹ ਕਾਵਿ ਰਚਨਾ ਬਹੁਤੇ ਲੰਮੇ-ਚੌੜੇ ਦਾਅਵੇ ਨਹੀਂ ਕਰਦੀ। ਦੋਵਾਂ ਸੰਧੂ-ਬੰਧੂਆਂ ਨੇ ਸ: ਮੌਜੀ ਵੱਲੋਂ ਸਮੇਂ-ਸਮੇਂ ਰਚੀਆਂ ਗ਼ਜ਼ਲਾਂ, ਰੁਬਾਈਆਂ ਅਤੇ ਗ਼ਜ਼ਲਾਂ ਨੂੰ ਇਕ ਪੁਸਤਕ ਵਿਚ ਸੰਗ੍ਰਹਿਤ ਕਰਕੇ ਯਾਦਗਾਰ ਵਜੋਂ ਸਾਂਭ ਲਿਆ ਹੈ। ਨਾਲ ਹੀ ਇਨ੍ਹਾਂ ਰਚਨਾਵਾਂ ਬਾਰੇ ਸੁਹਣੀ, ਸੁਚੱਜੀ ਭੂਮਿਕਾ ਵੀ ਲਿਖ ਦਿੱਤੀ ਹੈ। ਮੌਜੀ ਸਾਹਿਬ ਦੀ ਇਕ ਰੁਬਾਈ ਦਾ ਰੰਗ ਵੇਖੋ :
ਮੈਂ ਮੰਦਰਾਂ 'ਚ ਮੱਥਾ ਘਸਾਉਂਦਾ ਕਦੇ ਨਹੀਂ।
ਤੇ ਰੱਬ ਨੂੰ ਚੜ੍ਹਾਵੇ ਚੜ੍ਹਾਉਂਦਾ ਕਦੇ ਨਹੀਂ।
ਰਸਤੇ 'ਚ ਮਿਲ ਪਏ ਅਚਾਨਕ ਜੇ ਮੈਨੂੰ,
ਮੈਂ ਸਿੱਧੇ ਮੂੰਹ ਉਸ ਨੂੰ ਬੁਲਾਉਂਦਾ ਕਦੇ ਨਹੀਂ।
ਸ: ਮੌਜੀ ਇਕ ਪ੍ਰਗਤੀਸ਼ੀਲ ਅਤੇ ਉਦਾਰਚਿੱਤ ਲੇਖਕ ਸੀ। ਬੇਸ਼ੱਕ ਅਮਰੀਕਾ ਵਿਚ ਜਾ ਕੇ ਉਸ ਨੇ ਆਪਣੀ ਵਿਲੱਖਣ ਪਛਾਣ ਬਣਾ ਲਈ ਸੀ, ਉਹ ਹਰ ਵਰ੍ਹੇ ਪੰਜਾਬ ਵਿਚ ਚੱਕਰ ਮਾਰਦਾ ਸੀ ਅਤੇ ਪੂਰੀ ਤਰ੍ਹਾਂ ਨਾਲ ਗੱਜ-ਵੱਜ ਕੇ ਆਉਂਦਾ ਸੀ। ਜੇ ਰਾਜਨੀਤਕ ਲੋਕਾਂ ਦੇ ਸੌੜੇ ਸਵਾਰਥ ਅਤੇ ਅਫਸਰਸ਼ਾਹੀ ਦੇ ਅਣਮੁੱਕ ਭ੍ਰਿਸ਼ਟਾਚਾਰ ਦੇ ਬਾਵਜੂਦ ਪੰਜਾਬ ਵਿਚ ਅਜੇ ਵੀ ਸਾਹ ਬਾਕੀ ਹਨ ਤਾਂ ਇਸ ਕ੍ਰਿਸ਼ਮੇ ਦੇ ਪਿੱਛੇ ਸ: ਮੇਜਰ ਸਿੰਘ ਮੌਜੀ ਵਰਗੇ ਜ਼ਿੰਦਾਦਿਲ ਪੰਜਾਬੀਆਂ ਦਾ ਵੱਡਾ ਯੋਗਦਾਨ ਹੈ। ਇਹ ਸੰਗ੍ਰਹਿ ਮੌਜੀ ਸਾਹਿਬ ਦੀ ਸ਼ਖ਼ਸੀਅਤ ਨੂੰ ਸਮਝਣ ਵਾਲੀ ਇਕ ਮਾਸਟਰ-ਕੁੰਜੀ ਸਿੱਧ ਹੋਵੇਗਾ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਹਰਚੰਦ ਸਿੰਘ ਬਾਗੜੀ ਦਾ ਸਾਹਿਤ ਵਿਵੇਚਨ
ਸੰਪਾ: ਭੂਪਿੰਦਰ
ਪ੍ਰਕਾਸ਼ਕ : ਸਮਕਾਲ ਪ੍ਰਕਾਸ਼ਨ, ਜਗਰਾਉਂ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 94171-91152.

ਇਸ ਪੁਸਤਕ ਵਿਚ ਵੈਨਕੂਵਰ ਨਿਵਾਸੀ ਪੰਜਾਬੀ ਲੇਖਕ ਹਰਚੰਦ ਸਿੰਘ ਬਾਗੜੀ ਦੀਆਂ ਕੁਝ ਵਿਸ਼ੇਸ਼ ਕਿਰਤਾਂ ਦਾ ਮੁਲਾਂਕਣ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਪੁਸਤਕਾਂ ਵਿਚ ਦੋ ਮਹਾਂਕਾਵਿ 'ਕਿਸ ਬਿਧ ਲਈ ਆਜ਼ਾਦੀ' ਅਤੇ 'ਅਣਖ ਪੰਜਾਬ ਦੀ ਮਹਾਰਾਣੀ ਜਿੰਦਾਂ; ਇਕ ਕਾਵਿ-ਸੰਗ੍ਰਹਿ 'ਸਾਗਰ ਅਤੇ ਛੱਲਾਂ' ਤੋਂ ਬਿਨਾਂ ਇਕ ਕਹਾਣੀ ਸੰਗ੍ਰਹਿ 'ਲਾਗੀ' ਦਾ ਵਿਸ਼ਾ-ਮੂਲਕ ਅਧਿਐਨ ਸ਼ਾਮਿਲ ਹੈ।
ਦੋ ਮਹਾਂਕਾਵਾਂ ਦਾ ਵਿਸ਼ਾ-ਮੂਲਕ ਮੁਲਾਂਕਣ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਆਲੋਚਕ ਡਾ: ਤੇਜਵੰਤ ਮਾਨ ਵੱਲੋਂ ਕੀਤਾ ਗਿਆ ਹੈ। ਡਾ: ਤੇਜਵੰਤ ਮਾਨ ਦੀ ਸਿੱਖ-ਇਤਿਹਾਸ ਬਾਰੇ ਡੂੰਘੀ ਵਾਕਫ਼ੀ ਹੈ। ਆਲੋਚਕ ਨੇ ਪੰਜਾਬੀ ਮਾਨਸਿਕਤਾ ਵਿਚਲੀ ਖੁੱਸੇ ਰਾਜ ਦੀ ਪੀੜ ਦੇ ਮਸਲੇ ਦਾ ਕਵੀ ਵੱਲੋਂ ਸਹੀ ਸੰਦਰਭ ਵਿਚ ਪੇਸ਼ ਕੀਤੇ ਜਾਣ ਦੀ ਵਡਿਆਈ ਕੀਤੀ ਹੈ। ਕਵੀ ਸਿੱਖ ਇਤਿਹਾਸ ਦੀਆਂ ਘਟਨਾਵਾਂ ਨੂੰ ਸਿੱਖ ਮਰਯਾਦਾ ਅਨੁਸਾਰ ਪੇਸ਼ ਕਰਦਿਆਂ ਆਪਣਾ ਸਹੀ ਤਰਕ ਪ੍ਰਸਤੁਤ ਕਰਦਾ ਹੈ। ਹੋਰ ਤਾਂ ਹੋਰ ਗੁਰੂ ਸਾਹਿਬ ਵੱਲੋਂ ਔਰੰਗਜ਼ੇਬ ਨੂੰ ਮਾਛੀਵਾੜੇ ਤੋਂ 23 ਸ਼ਿਅਰਾਂ ਵਾਲੇ ਲਿਖੇ ਖ਼ਤ ਦੀ ਜਾਣਕਾਰੀ ਨਿਰੋਲ ਨਵੀਂ ਅਤੇ ਖੋਜ ਆਧਾਰਿਤ ਹੈ। ਵਿਦਵਾਨ ਆਲੋਚਕ ਨੇ ਸਿੱਖ ਇਤਿਹਾਸ ਦੀ ਗ਼ਲਤ ਵਿਆਖਿਆ ਕਰਨ ਵਾਲੇ ਧਰਮ ਦੇ ਠੇਕਾਦਾਰਾਂ 'ਤੇ ਕਿੰਤੂ ਕੀਤਾ ਹੈ। ਗੁਰੂ ਗੋਬਿੰਦ ਸਿੰਘ ਜੀ ਬਾਰੇ ਸੰਤ ਸਿੰਘ ਸੇਖੋਂ ਦੀ ਪਰਿਕਲਪਨਾ 'ਤੇ ਵਿਚਾਰ ਕੀਤੀ ਗਈ ਹੈ। ਦੂਜੇ ਮਹਾਂਕਾਵਿ ਵਿਚ ਰਾਣੀ ਜਿੰਦਾਂ ਨੂੰ ਪੰਜਾਬ ਦੀ ਅਣਖ ਸਿੱਧ ਕੀਤਾ ਗਿਆ ਹੈ। ਰਾਣੀ ਬਾਰੇ ਸਭ ਅਫ਼ਵਾਹਾਂ ਰੱਦ ਕੀਤੀਆਂ ਹਨ।
ਤੀਜੇ ਪੇਪਰ ਵਿਚ ਡਾ: ਅਰਵਿੰਦਰ ਕੌਰ ਕਾਕੜਾ ਨੇ 'ਸਾਗਰ ਤੇ ਛੱਲਾਂ' ਕਾਵਿ ਸੰਗ੍ਰਹਿ ਦੀ ਆਲੋਚਨਾ ਕਰਦਿਆਂ ਕਵੀ-ਮਨ ਨੂੰ ਸਾਗਰ ਅਤੇ ਛੱਲਾਂ ਨੂੰ ਕਾਵਿ-ਪ੍ਰਗਟਾਵੇ ਵਜੋਂ ਚਿਤਵਦਿਆਂ ਇਨ੍ਹਾਂ ਕਵਿਤਾਵਾਂ ਨੂੰ 'ਕਾਵਿ ਪ੍ਰਕਿਰਿਆ ਵਿਚਲਾ ਬਹੁਪੱਖੀ ਮਿਸ਼ਰਣ' ਦੱਸਿਆ ਹੈ। ਡਾ: ਰਮਿੰਦਰ ਕੌਰ ਨੇ ਕਹਾਣੀ ਸੰਗ੍ਰਹਿ 'ਲਾਗੀ' ਬਾਰੇ ਚਰਚਾ ਕਰਦਿਆਂ ਪੂਰਬ ਅਤੇ ਪੱਛਮੀ ਜੀਵਨ ਵਿਚਲੇ ਤਣਾਓ ਦੀ ਨਿਸ਼ਾਨਦੇਹੀ ਕੀਤੀ ਹੈ। ਪੁਸਤਕ ਦੇ ਅੰਤ 'ਤੇ ਸੰਪਾਦਕ ਭੂਪਿੰਦਰ ਨਾਲ ਹੋਈ ਬਾਗੜੀ ਦੀ ਮੁਲਾਕਾਤ ਲੇਖਕ ਦੇ ਜੀਵਨ ਅਤੇ ਰਚਨਾਵਾਂ ਬਾਰੇ ਬੜੀ ਭਾਵਪੂਰਤ ਜਾਣਕਾਰੀ ਨਾਲ ਸਬੰਧਤ ਹੈ। ਆਕਾਰ ਪੱਖੋਂ ਪੁਸਤਕ ਭਾਵੇਂ ਛੋਟੀ ਹੈ, ਪਰ ਪੜ੍ਹਨ ਅਤੇ ਵਿਚਾਰਨਯੋਗ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007
ਫ ਫ ਫ

ਖ਼ੂਨ ਦੇ ਅੱਥਰੂ ਰਾਵੀ ਰੋਈ
ਕਵੀ : ਫ਼ਰਤੂਲ ਚੰਦ ਫੱਕਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 148
ਸੰਪਰਕ : 81461-70588.

ਫ਼ਰਤੂਲ ਚੰਦ ਫੱਕਰ ਦਾ ਇਹ ਦੂਜਾ ਕਾਵਿ ਸੰਗ੍ਰਹਿ ਹੈ। ਹਥਲੀ ਪੁਸਤਕ ਦਾ ਕਾਵਿ ਰੂਪ ਦੋਹੜਾ ਹੈ। ਸੰਨ ਸੰਤਾਲੀ ਦੀ ਦੇਸ਼ ਵੰਡ ਅਤੇ ਪੰਜਾਬ ਦੀ ਧਰਤੀ ਉੱਤੇ ਹੋਏ ਕਤਲੋਗਾਰਤ ਦੇ ਵੇਰਵੇ ਇਸ ਪੁਸਤਕ ਦਾ ਵਿਸ਼ਾ ਹੈ। ਫੱਕਰ 1947 ਵਿਚ 12-13 ਸਾਲ ਦਾ ਗਭਰੇਟ ਸੀ ਤੇ ਉਸ ਨੂੰ ਵੀ ਪਾਕਿਸਤਾਨ ਤੋਂ ਹਿਜਰਤ ਕਰਕੇ ਭਾਰਤੀ ਪੰਜਾਬ ਵਿਚ ਆਉਣਾ ਪਿਆ ਸੀ। ਫੱਕਰ ਨੇ ਹਥਲੀ ਪੁਸਤਕ ਦੀ ਸ਼ੁਰੂਆਤ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਤੋਂ ਕੀਤੀ ਹੈ। ਇਸ ਤੋਂ ਅੱਗੇ ਮਹਾਰਾਜਾ ਦੇ ਮਰਨ ਪਿੱਛੋਂ ਪੰਜਾਬ ਵਿਚ ਵਿਆਪੀ ਬੁਰਛਾਗਰਦੀ ਅਤੇ ਸਿੰਘਾਂ ਤੇ ਫਰੰਗੀਆਂ ਦੇ ਜੰਗ ਵਿਚ ਸਿੱਖ ਰਾਜ ਦੇ ਦੋਖੀ ਸਾਜ਼ਿਸ਼ੀਆਂ ਬਾਰੇ ਮਾਰਮਕ ਦੋਹੜੇ ਉਚਾਰੇ ਹਨ। ਪੁਸਤਕ ਵਿਚ 1947 ਦੇ ਬਟਵਾਰੇ ਦੇ ਆਰ-ਪਾਰ ਅੰਗਰੇਜ਼ਾਂ, ਨਹਿਰੂ, ਜਿਨਾਹ ਅਤੇ ਬਲਦੇਵ ਸਿੰਘ ਦੇ ਦੁਆਲੇ ਜੁੜੀਆਂ ਕੌਮੀਅਤਾਂ ਬਾਰੇ ਠੇਠਤਾ ਨਾਲ ਜ਼ਿਕਰ ਹੈ। ਪੁਸਤਕ ਦਾ ਸਭ ਤੋਂ ਦੁਖਦਾਈ ਭਾਗ 15 ਅਗਸਤ ਦੇ ਆਰਲੇ-ਪਾਰਲੇ 80 ਦਿਨਾਂ ਦਾ ਦਰਦਨਾਕ ਤੇ ਖੌਫ਼ਨਾਕ ਵਰਨਣ ਹੈ, ਜਿਸ ਵਿਚ 10 ਲੱਖ ਲੋਕਾਂ ਦੇ ਕਤਲਾਂ ਸਬੰਧੀ ਚਸ਼ਮਦੀਦੀ ਵੇਰਵੇ ਹਨ। ਜਿਸ ਕਾਫ਼ਲੇ ਵਿਚ ਫੱਕਰ ਦੇ ਮਾਂ-ਪਿਓ ਭਾਰਤ ਆ ਰਹੇ ਸਨ, ਉਸ ਵਿਚ ਵੀ ਸੈਂਕੜੇ ਲੋਕ ਕਤਲ ਕਰ ਦਿੱਤੇ ਗਏ। ਫੱਕਰ ਨੇ ਆਪਣੀ ਯਾਦ ਸ਼ਕਤੀ ਨਾਲ ਉਹ ਸਾਰੇ ਕਾਰੇ ਅਤੇ ਪਰਉਪਕਾਰੇ ਯਾਦ ਰੱਖੇ ਹਨ, ਜੋ ਇਨ੍ਹਾਂ ਕਤਲਾਂ ਵਿਚ ਵਾਪਰੇ। ਬਹੁਤੇ ਅਜਿਹੇ ਪਾਤਰ ਤੇ ਬਦਜਨ ਸਾਹਮਣੇ ਲਿਆਂਦੇ ਪਰ ਕਈ ਸੰਸਥਾਵਾਂ ਅਤੇ ਬਹਾਦਰ ਲੋਕ ਜੋ ਅਜਿਹੇ ਵੀ ਸਨ, ਜਿਨ੍ਹਾਂ ਨੇ ਆਪਣੀਆਂ ਜਾਨਾਂ ਹੂਣ ਕੇ ਲੋਕਾਂ ਦੀ ਜਾਨ ਬਚਾਈ। ਜਿਸ ਪੰਜਾਬ ਵਿਚ ਇਹ ਕਤਲੋਗਾਰਤ ਵਾਪਰੀ ਗੁਰਦਾਸਪੁਰ ਜ਼ਿਲ੍ਹਾ ਵੀ ਉਸੇ ਵਿਚ ਸੀ। ਗੁਰਦਾਸਪੁਰ ਵਿਚ ਇਨ੍ਹਾਂ ਦਿਨਾਂ ਵਿਚ ਕਿੰਨਾ ਕੁਝ ਭਿਆਨਕ ਵਾਪਰਿਆ, ਇਹ ਇਸ ਪੁਸਤਕ ਵਿਚੋਂ ਹੀ ਪਤਾ ਲਗਦਾ ਹੈ। ਜੋ ਗੁਰਦਾਸਪੁਰ ਜ਼ਿਲ੍ਹੇ ਦੇ ਆਰ-ਪਾਰ ਅਤੇ ਰਾਵੀ ਦੇ ਕੰਢੇ ਵਾਪਰਿਆ, ਉਸ ਨੂੰ ਪੜ੍ਹ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਅਜਿਹਾ ਭਿਆਨਕ ਤੇ ਘਿਨਾਉਣਾ ਯੁੱਗ ਫਿਰ ਨਾ ਵਾਪਰ ਜਾਵੇ, ਇਸ ਲਈ ਇਹ ਪੁਸਤਕ ਨਵੀਂ ਪੀੜ੍ਹੀ ਨੂੰ ਪੜ੍ਹਾਉਣੀ ਜ਼ਰੂਰੀ ਹੈ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਤਲਾਕ
ਲੇਖਕ : ਜਮੀਲ ਅਹਿਮਦ ਪਾਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 99151-03490.

ਜਮੀਲ ਅਹਿਮਦ ਪਾਲ ਪਾਕਿਸਤਾਨ ਵਿਚ ਰਹਿ ਰਹੇ ਪੰਜਾਬ ਦਾ ਪੰਜਾਬੀ ਕਹਾਣੀਕਾਰ ਹੈ। ਅਠਵੰਜਾ ਸਾਲ ਦੀ ਉਮਰ ਪਰ ਲਿਖਤ ਵਿਚ ਜਵਾਨਾਂ ਵਾਲਾ ਵੇਗ ਤੇ ਬੇਪ੍ਰਵਾਹੀ। 14 ਕਹਾਣੀਆਂ ਦਾ ਸੰਗ੍ਰਹਿ ਹੈ ਤਲਾਕ। ਇਨ੍ਹਾਂ ਵਿਚ ਵਾਹਘੇ ਪਾਰ ਦੀ ਉਰਦੂ ਦੀ ਚਾਸ਼ਣੀ ਵਾਲੀ ਰਸੀਲੀ ਪੰਜਾਬੀ ਤੇ ਇਨ੍ਹਾਂ ਕਹਾਣੀਆਂ ਦਾ ਉਚੇਚੇਪਣ ਤੋਂ ਮੁਕਤ ਸੁਭਾਅ ਪਾਠਕ ਪਸੰਦ ਕਰਨਗੇ। ਜਮੀਲ ਅਹਿਮਦ ਤੁਹਾਡੇ ਨਾਲ ਗੱਲਾਂ ਕਰਦਾ-ਕਰਦਾ ਕਹਾਣੀ ਸੁਣਾ ਜਾਂਦਾ ਹੈ। ਕਹਾਣੀ ਪਾ ਜਾਂਦਾ ਹੈ। ਪਾਤਰਾਂ ਘਟਨਾਵਾਂ ਦਾ ਜਮਘਟਾ ਨਹੀਂ ਲਾਉਂਦਾ। ਜਾਣਬੁੱਝ ਕੇ ਕਹਾਣੀ ਨੂੰ ਗੁੰਝਲਦਾਰ ਬਣਾ ਕੇ ਪਾਠਕ ਨੂੰ ਪਿਛਾਂਹ ਪੰਨੇ ਪਰਤਾ-ਪਰਤਾ ਕੇ ਪਾਤਰਾਂ ਦੇ ਰਿਸ਼ਤੇ ਸਮਝਣ ਲਈ ਮਜਬੂਰ ਨਹੀਂ ਕਰਦਾ। ਗੁੰਝਲਦਾਰ ਕਥਾ ਜੁਗਤਾਂ ਨਾਲ ਪੰਡਿਤਾਊਪਣ ਨਹੀਂ ਵਿਖਾਉਂਦਾ। ਉਹ ਪੰਡਿਤਾਊਪੁਣੇ ਤੋਂ ਰਹਿੰਦਾ ਹੀ ਦੂਰ ਹੈ। ਸ਼ੇਖ ਵਾਂਗ ਉਪਦੇਸ਼ਕ ਬਣ ਸਕਦਾ ਸੀ, ਨਹੀਂ ਬਣਿਆ। ਹਾਂ ਪੜ੍ਹਿਆ-ਲਿਖਿਆ ਖੂਬ ਹੈ। ਪੰਜਾਬੀ ਤੇ ਉਰਦੂ ਦੀ ਐਮ.ਏ. ਦਾ ਗੋਲਡ ਮੈਡਲਿਸਟ ਵੀ ਹੈ ਤੇ ਰਾਜਨੀਤੀ ਸ਼ਾਸਤਰ ਦੀ ਐਮ.ਏ. ਵੀ।
ਤਲਾਕ ਦੀਆਂ ਕਹਾਣੀਆਂ ਉਧਰਲੇ ਪੰਜਾਬ ਦੇ ਸਾਧਾਰਨ ਪਰਿਵਾਰਾਂ, ਮਾਸਟਰਾਂ, ਉਸਤਾਨੀਆਂ, ਕਲਰਕਾਂ, ਪਾੜ੍ਹਿਆਂ ਦੇ ਜੀਵਨ ਦੇ ਸਾਧਾਰਨ ਮਸਲਿਆਂ ਵਿਚੋਂ ਉੱਗੀਆਂ ਹਨ। ਵਿਆਹ, ਤਲਾਕ, ਨੌਕਰੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਰਿਸ਼ਤਿਆਂ ਦਾ ਨਿੱਘ। ਸਾਧਾਰਨ ਜਿਹੇ ਵਿਸ਼ੇ। ਉਹ ਕਹਾਣੀ ਕਹਿੰਦਾ-ਕਹਿੰਦਾ ਆਪਣੇ ਸਮਾਜ, ਸਿਆਸਤ ਤੇ ਹਾਲਾਤ ਬਾਰੇ ਨਿੱਕੀਆਂ-ਨਿੱਕੀਆਂ ਟਿੱਪਣੀਆਂ ਬਿਨਾਂ ਉਚੇਚ ਦੇ ਕਰਦਾ ਹੈ, ਜੋ ਕਹਾਣੀ ਦੇ ਮੂਲ ਵਿਸ਼ੇ ਨਾਲ ਸਬੰਧਤ ਹੋਣ ਭਾਵੇਂ ਨਾ ਹੋਣ ਪਰ ਦੋ ਕੰਮ ਕਰਦੀਆਂ ਹਨ। ਪਹਿਲਾ ਕਹਾਣੀ ਨੂੰ ਜਿਊਂਦੀ-ਜਾਗਦੀ ਲੋਕਾਂ ਨਾਲ ਧੜਕਦੀ ਦੁਨੀਆ ਬਣਾ ਦਿੰਦੀਆਂ ਹਨ। ਦੂਜਾ ਕਹਾਣੀ ਨੂੰ ਬੋਝਲ ਨਹੀਂ ਹੋਣ ਦਿੰਦੀਆਂ। ਆਪਣੇ ਹਾਲਾਤ ਦੀ ਤਸਵੀਰ ਪੇਸ਼ ਕਰਨ ਯੋਗ ਬਣਾ ਦਿੰਦੀਆਂ ਹਨ। ਕਥਾ ਇਕ ਖੋਤੀ ਸਕੂਲ ਦੀ, ਛਿੱਤਰ ਕਬਾਬ, ਮਾਮੇ ਦੀ ਧੀ, ਤਲਾਕ ਬੱਜਲ, ਮੇਰੀ ਰੁੱਸੀ ਹੋਈ ਬੀਵੀ, ਰਾਇਲਟੀ, ਚਾਲੀਵਾਂ ਸਾਲ, ਸ਼ਰੀਕੇ ਦੀ ਕਾਰ, ਬਦਾਮ ਸਾਰੀਆਂ ਕਹਾਣੀਆਂ ਵਧੀਆ ਤੇ ਪੜ੍ਹਨਯੋਗ ਹਨ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਕੋਇਲਾ
ਕਵਿੱਤਰੀ : ਜਸਵਿੰਦਰ ਸੀਰਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 84372-34003.

ਸਾਹਿਤ ਦੇ ਸਾਰੇ ਰੂਪਾਂ ਵਿਚੋਂ ਕਵਿਤਾ ਸਭ ਤੋਂ ਪਿਆਰੀ ਹੈ, ਕਿਉਂਕਿ ਇਹ ਦਿਲ ਦੀ ਹੂਕ ਹੁੰਦੀ ਹੈ। ਚੰਗੀ ਕਵਿਤਾ ਵਿਚ ਮਸਤੀ ਭਰੀ ਹੋਸ਼ ਹੁੰਦੀ ਹੈ। ਇਸ ਵਿਚ ਸਚਾਈ ਅਤੇ ਕਲਪਨਾ ਦੇ ਖੂਬਸੂਰਤ ਰੰਗ ਹੁੰਦੇ ਹਨ। ਪੁਸਤਕ ਕੋਇਲਾ ਦੀਆਂ ਕਵਿਤਾਵਾਂ ਜਿਥੇ ਅੱਜ ਦੇ ਯੁੱਗ ਦੀ ਧੁਆਂਖੀ ਹੋਈ ਮਾਨਸਿਕਤਾ ਦੀ ਗੱਲ ਕਰਦੀਆਂ ਹਨ, ਉਥੇ ਹੀ ਹੀਰੇ ਕਣੀਆਂ ਨਾਲ ਲਿਸ਼ਕਦੇ ਚਾਨਣ ਦੀ ਝਾਤ ਵੀ ਪੁਆਉਂਦੀਆਂ ਹਨ। ਇਨ੍ਹਾਂ ਵਿਚ ਬੌਧਿਕਤਾ ਅਤੇ ਭਾਵੁਕਤਾ ਘੁਲੀਆਂ ਹੋਈਆਂ ਹਨ। ਆਓ, ਕੁਝ ਝਲਕਾਂ ਦੇਖੀਏਂ
-ਪਿਆਸੀ ਹਿਰਨੀ ਵਾਂਗ
ਤੇਰੀ ਛਾਂ ਨੂੰ
ਸਾਗਰ ਸਮਝ
ਮੋਹਿਤ ਹੋ ਜਾਂਦੀ ਹਾਂ...
ਆਪਣੀ ਹੀ ਹੈਰਾਨ ਹੋਈ ਖੁਸ਼ਬੂ 'ਚ
ਦੇਖਦੀ ਹਾਂ ਤੇਰੀ ਮਾਇਆ...।
-ਸਾਰੇ ਸ਼ਬਦ ਵਾਪਸ ਕਰ ਦਿੱਤੇ
ਹੁਣ ਮੇਰੇ ਕੋਲ
ਉਸ ਦੀ ਠੰਢੀ ਆਵਾਜ਼ ਤੋਂ
ਸਿਵਾ ਕੁਝ ਨਹੀਂ।
-ਮੈਂ ਤੇ ਸਮੁੰਦਰ
ਤੁਰੇ ਜਾ ਰਹੇ
ਕਿਨਾਰੇ ਕਿਨਾਰੇ।
-ਲੱਭ ਹੀ ਲੈਂਦੀ ਹਾਂ
ਸੂਰਜ ਦੇ ਰੰਗਾਂ 'ਚ ਤੈਨੂੰ...।
ਕਵਿੱਤਰੀ ਅਧਿਆਪਕ ਸੰਪੂਰਨਤਾ ਦੀ ਤਲਾਸ਼ ਵਿਚ ਹੈ। ਉਸ ਲਈ ਸ਼ਬਦਾਂ ਨਾਲ ਖੇਡਣਾ ਭਖਦੇ ਕੋਇਲਿਆਂ ਵਾਂਗ ਹੈ। ਉਸ ਨੇ ਆਪਣੀ ਡਾਇਰੀ ਦੇ ਪੰਨਿਆਂ ਵਿਚ ਆਪਣੇ ਸਮੇਂ-ਸਮੇਂ ਦੇ ਅਹਿਸਾਸ ਸਮੇਟ ਕੇ ਉਨ੍ਹਾਂ ਨੂੰ ਪੁਸਤਕ ਰੂਪ ਦਿੱਤਾ ਹੈ। ਉਸ ਦੇ ਪਲੇਠੇ ਕਾਵਿ ਸੰਗ੍ਰਹਿ ਦਾ ਸਵਾਗਤ ਕਰਦੇ ਹੋਏ ਉਸ ਤੋਂ ਭਵਿੱਖ ਵਿਚ ਹੋਰ ਵਧੀਆ ਸਿਰਜਣਾ ਦੀ ਆਸ ਕਰਦੇ ਹਾਂ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

22-05-2016

 ਮੁਹੱਬਤੀ ਬੋਲੀਆਂ
ਇਕੱਠੀਆਂ ਕਰਤਾ : ਜਨਮੇਜਾ ਸਿੰਘ ਜੌਹਲ
ਪ੍ਰਕਾਸ਼ਕ : ਏਸ਼ੀਆ ਵਿਜ਼ਨਜ਼
ਮੁੱਲ : 100 ਰੁਪਏ, ਸਫ਼ੇ : 80
ਸੰਪਰਕ : 98159-45018.

ਕਵਿਤਾ ਮਨੁੱਖ ਦੇ ਦਿਲ ਦੀ ਜ਼ਬਾਨ ਹੈ। ਇਸ ਲਈ ਜਦੋਂ ਤੋਂ ਮਨੁੱਖ ਨੇ ਬੋਲਣਾ ਸਿੱਖਿਆ, ਉਦੋਂ ਤੋਂ ਹੀ ਉਹਦੇ ਅੰਦਰੋਂ ਲੋਕ ਗੀਤ, ਬੋਲੀਆਂ, ਟੱਪੇ, ਢੋਲੇ ਤੇ ਮਾਹੀਆ ਫੁੱਟ ਨਿਕਲੇ। ਪੰਜਾਬੀ ਸੱਭਿਆਚਾਰ ਤਾਂ ਏਨਾ ਰੰਗਲਾ ਅਤੇ ਸੰਗੀਤਮਈ ਹੈ ਕਿ ਪੰਜਾਬੀ ਜੰਮਦਾ ਲੋਰੀਆਂ ਲੈਂਦਾ ਹੈ, ਵਿਆਹਿਆ ਘੋੜੀਆਂ ਅਤੇ ਸਿੱਠਣੀਆਂ ਵਿਚ ਜਾਂਦਾ ਹੈ ਅਤੇ ਮਰਦਾ ਵੈਣਾਂ ਅਤੇ ਕੀਰਨਿਆਂ ਵਿਚ ਹੈ। ਇਹਦੇ ਖੁਸ਼ੀ ਗ਼ਮੀ ਦੇ ਵਲਵਲੇ ਬੋਲੀਆਂ ਰਾਹੀਂ ਪ੍ਰਗਟ ਹੁੰਦੇ ਹਨ। ਤ੍ਰਿੰਝਣਾਂ, ਤੀਆਂ, ਵਿਆਹਾਂ ਆਦਿ ਸਮੇਂ ਘੜੀਆਂ ਹੋਈਆਂ ਬੋਲੀਆਂ ਪੀੜ੍ਹੀ-ਦਰ-ਪੀੜ੍ਹੀ ਚਲਦੀਆਂ ਰਹਿੰਦੀਆਂ ਹਨ। ਹੌਲੀ-ਹੌਲੀ ਇਹ ਸਾਡੇ ਚੇਤਿਆਂ ਵਿਚੋਂ ਵਿਸਰਦੀਆਂ ਜਾ ਰਹੀਆਂ ਹਨ। ਇਸ ਲਈ ਜਨਮੇਜਾ ਸਿੰਘ ਨੇ ਬੋਲੀਆਂ ਇਕੱਠੀਆਂ ਕਰਨ ਦਾ ਸ਼ੌਕ ਪਾਲ ਕੇ ਫੇਸ ਬੁੱਕ ਰਾਹੀਂ ਸਾਂਝੀਆਂ ਕੀਤੀਆਂ। ਹੁਣ ਉਸ ਨੇ ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ ਇਕੱਤਰ ਕਰਕੇ ਇਸ ਕਿਤਾਬ ਰਾਹੀਂ ਪਾਠਕਾਂ ਦੇ ਰੂ-ਬਰੂ ਕੀਤੀਆਂ ਹਨ। ਇਨ੍ਹਾਂ ਬੋਲੀਆਂ ਵਿਚੋਂ ਪੰਜਾਬੀਆਂ ਅਤੇ ਪੰਜਾਬਣਾਂ ਦੇ ਦਿਲੀ ਜਜ਼ਬਾਤ ਪ੍ਰਗਟ ਹੁੰਦੇ ਹਨ। ਅਨਪੜ੍ਹ ਹੁੰਦੇ ਹੋਏ ਵੀ ਸਾਧਾਰਨ ਲੋਕਾਂ ਦੇ ਕਵੀ ਹਿਰਦੇ ਕਿੰਨਾ ਕੁਝ ਸਿਰਜ ਦਿੰਦੇ ਸਨ। ਬੋਲੀਆਂ ਦੀ ਆਪਣੀ ਹੀ ਠੁੱਕ, ਤਾਲ ਅਤੇ ਮੜਕ ਹੁੰਦੀ ਹੈ। ਆਓ ਕੁਝ ਬੋਲੀਆਂ ਦਾ ਮਿਜਾਜ਼ ਦੇਖੀਏਂ
-ਬੇਹੀਆਂ ਰੋਟੀਆਂ ਛੱਪੜ ਦਾ ਪਾਣੀ, ਰੋਟੀ ਲੈ ਕੇ ਦਿਉਰ ਦੀ ਚੱਲੀ।
-ਮੁੰਡਾ ਜੰਮੂੰਗਾ ਰੱਖਾਂਗੇ ਨਾਂਅ ਠਾਣਾ, ਹੁਕਮ ਚਲਾਵਾਂਗੇ।
-ਬਿਰਛਾਂ ਦੇ ਗੀਤ ਸੁਣ ਕੇ, ਮੇਰੇ ਦਿਲ ਵਿਚ ਚਾਨਣ ਹੋਇਆ।
-ਬਾਪੂ ਮੱਝੀਆਂ ਦੇ ਸੰਗਲ ਫੜਾ ਦੇ, ਵੀਰ ਘਰ ਪੁੱਤ ਜੰਮਿਆ।
-ਸੰਗ ਬੱਦਲਾਂ ਦੇ ਉੱਡ ਜਾਵਾਂ, ਸੱਜਣਾ ਦੇ ਵਤਨਾਂ ਨੂੰ।
-ਉੱਚੇ ਬੈਠ ਕੇ ਗੁਰਾਂ ਨੇ ਤੀਰ ਮਾਰਿਆ, ਰੁੜ੍ਹੀ ਜਾਂਦੀ ਹਿੰਦ ਰੱਖਲੀ।
-ਉੱਚੇ ਭਵਨ ਦੇਵੀਏ ਤੇਰੇ, ਦਿਸਦੇ ਅਨੰਦਪੁਰ ਤੋਂ।
ਨਿੱਕੇ-ਨਿੱਕੇ ਹਾਸੇ, ਮਖੌਲ, ਨਿਹੋਰੇ, ਚਾਅ ਅਤੇ ਖਲਾਅ ਇਨ੍ਹਾਂ ਬੋਲੀਆਂ ਵਿਚ ਸਮੋਏ ਹੋਏ ਹਨ। ਇਨ੍ਹਾਂ ਵਿਚ ਜੰਗਲੀ ਫੁੱਲਾਂ ਵਰਗੀ ਖੁਸ਼ਬੂ ਹੈ। ਪੰਜਾਬੀ ਸੱਭਿਆਚਾਰ ਦੇ ਇਸ ਰੰਗ ਨੂੰ ਪੇਸ਼ ਕਰਕੇ ਸਜੀਵ ਕਰਨਾ ਇਕ ਵਧੀਆ ਉੱਦਮ ਹੈ। ਸਾਹਿਤ ਦੀ ਇਹ ਅਮੀਰ ਵੰਨਗੀ ਸਾਂਭਣੀ ਹੀ ਬਣਦੀ ਸੀ। ਅਣਗੌਲੇ ਵਿਰਸੇ ਨੂੰ ਸੰਭਾਲਣ ਵਾਲੀ ਇਸ ਪੁਸਤਕ ਦਾ ਸਵਾਗਤ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਫ ਫ ਫ

ਰਿਸ਼ਤੇ ਨਾਤੇ
ਲੇਖਕ : ਰਾਮ ਨਾਥ ਸ਼ੁਕਲਾ
ਪ੍ਰਕਾਸ਼ਕ : ਲੋਕ ਹਿਤੂ ਪ੍ਰਕਾਸ਼ਨ, ਪਟਿਆਲਾ
ਮੁੱਲ : 160 ਰੁਪਏ, ਸਫ਼ੇ : 134
ਸੰਪਰਕ : 94643-91902.

ਦਰਜਨ ਤੋਂ ਵੱਧ ਕਾਵਿ-ਪੁਸਤਕਾਂ ਅਤੇ ਡੇਢ ਦਰਜਨ ਦੇ ਕਰੀਬ ਨਾਵਲ ਰਚਣ ਵਾਲੇ ਨਾਮੀ ਲੇਖਕ ਰਾਮ ਨਾਥ ਸ਼ੁਕਲਾ ਪਟਿਆਲੇ ਵਾਲੇ ਜਿਥੇ ਇਨ੍ਹਾਂ ਦੋਵੇਂ ਸਾਹਿਤ ਵਿਧਾਵਾਂ ਵਿਚ ਆਪਣਾ ਸਿੱਕਾ ਜਮਾ ਚੁੱਕੇ ਹਨ, ਉਥੇ ਪੰਜਾਬੀ ਵਾਰਤਕ ਸਾਹਿਤ ਦੀ ਝੋਲੀ ਵਿਚ ਪੂਰੀਆਂ 50 ਪੁਸਤਕਾਂ ਲਿਖ ਕੇ ਛਪਵਾ ਕੇ ਪਾ ਚੁੱਕੇ ਹਨ। ਇਸ ਪੁਸਤਕ 'ਰਿਸ਼ਤੇ ਨਾਤੇ' ਦੇ 21 ਲੇਖਾਂ ਵਿਚ ਉਨ੍ਹਾਂ ਨੇ ਮਨੁੱਖ ਦੇ ਖੂਨ ਦੇ ਰਿਸ਼ਤੇ ਅਤੇ ਸਮਾਜਿਕ ਰਿਸ਼ਤਿਆਂ ਦੀ ਗੰਭੀਰਤਾ ਨਾਲ ਗੱਲ ਕੀਤੀ ਹੈ। ਪਹਿਲੇ ਲੇਖ 'ਮਨੁੱਖ ਨਿੱਜਵਾਦੀ ਹੈ' ਵਿਚ ਉਹ ਇਉਂ ਆਪਣੇ ਵਿਸ਼ੇ ਨੂੰ ਉਸਾਰਦੇ ਹਨ ਕਿ 'ਮਨੁੱਖ ਹਰ ਕਰਮ ਆਪਣੇ ਨਿੱਜ ਦੀ ਸੰਤੁਸ਼ਟੀ ਲਈ ਕਰਦਾ ਹੀ ਕਰਦਾ ਹੈ।' ਲੇਖ 'ਪਤੀ ਅਤੇ ਪਤਨੀ ਦਾ ਰਿਸ਼ਤਾ' ਦੇ ਅਰੰਭ 'ਚ ਉਨ੍ਹਾਂ ਲਿਖਿਆ ਹੈ 'ਪਤੀ ਪਤਨੀ ਦਾ ਰਿਸ਼ਤਾ ਸਭੇ ਰਿਸ਼ਤਿਆਂ 'ਚੋਂ ਨੇੜੇ ਦਾ ਰਿਸ਼ਤਾ ਹੈ। ਆਖਦੇ ਹਨ ਇਹ ਸਵਰਗ ਵਿਚ ਤੈਅ ਹੁੰਦਾ ਹੈ।' ਇਸੇ ਤਰ੍ਹਾਂ ਹੋਰ ਲੇਖ 'ਸਮਾਜਿਕ ਸਬੰਧ ਮਨੁੱਖ ਦੀ ਮੁੱਖ ਲੋੜ ਹੈ', 'ਮਾਂ ਦਾ ਰਿਸ਼ਤਾ', 'ਪਿਤਾ ਦਾ ਰਿਸ਼ਤਾ', ਭੈਣ ਭਰਾ ਦਾ ਆਪਸੀ ਰਿਸ਼ਤਾ, ਭੈਣਾਂ ਭੈਣਾਂ ਦਾ ਆਪਸੀ ਰਿਸ਼ਤਾ, ਭਰਾਵਾਂ ਭਰਾਵਾਂ ਦਾ ਆਪਸੀ ਰਿਸ਼ਤਾ, ਤੀਸਰੀ ਪੀੜ੍ਹੀ ਦਾ ਰਿਸ਼ਤਾ, ਚੌਥੀ ਪੀੜ੍ਹੀ ਦਾ ਰਿਸ਼ਤਾ, ਸਕੇ ਸਬੰਧੀਆਂ ਨਾਲ ਰਿਸ਼ਤਾ, ਮਿੱਤਰਾਂ ਨਾਲ ਸਬੰਧ, ਦੁਸ਼ਮਣਾਂ ਨਾਲ ਸਬੰਧ, ਗੁਆਂਢੀਆਂ ਨਾਲ ਸਬੰਧ, ਆਪ ਤੋਂ ਉੱਚੇ ਅਤੇ ਨੀਵਿਆਂ ਨਾਲ ਸਬੰਧ, ਸਾਧਾਰਨ ਲੋਕਾਂ, ਅਫ਼ਸਰਾਂ, ਮਾਲਕਾਂ, ਮਾਤਹਿਤਾਂ, ਮਜ਼ਦੂਰਾਂ ਅਤੇ ਗ਼ੈਰ-ਮਨੁੱਖੀ ਜੀਵਾਂ ਨਾਲ ਸਬੰਧ ਆਦਿ ਰਿਸ਼ਤਿਆਂ ਸਬੰਧਾਂ ਬਾਰੇ ਲੇਖਕ ਨੇ ਭਾਵਪੂਰਤ ਟਿੱਪਣੀਆਂ ਸਮੇਤ ਦਿਲ ਟੁੰਬਵੇਂ ਅੰਦਾਜ਼ ਵਿਚ ਲਿਖਿਆ ਹੈ। ਵਾਰਤਾਕਾਰ ਰਾਮਨਾਥ ਸ਼ੁਕਲਾ ਦੀ ਇਸ ਪੁਸਤਕ ਸਮੇਤ ਇਸ ਤੋਂ ਪਹਿਲੀਆਂ ਪੁਸਤਕਾਂ ਦੀ ਵੀ ਘੋਖ ਪੜਤਾਲ ਇਹ ਸਿੱਧ ਕਰਦੀ ਹੈ ਕਿ ਉਨ੍ਹਾਂ ਨੂੰ ਹਰਮਨ-ਪਿਆਰਾ ਵਾਰਤਕ ਸਿਰਜਕ ਕਹਿਣਾ ਕਿਵੇਂ ਵੀ ਗ਼ਲਤ ਨਹੀਂ ਹੈ।

ਂਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.

ਫ ਫ ਫ

ਤਿਣਕਾ ਤਿਣਕਾ ਆਲ੍ਹਣਾ
ਲੇਖਕ : ਮੀਤ ਖੱਟੜਾ (ਡਾ:)
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 184
ਸੰਪਰਕ : 98143-74011.

ਪੰਜਾਬੀ ਸਾਹਿਤ ਵਿਚ ਦਲਿਤ ਸਾਹਿਤ ਦੀ ਵੱਖਰੀ ਅਤੇ ਵਿਲੱਖਣ ਪਛਾਣ ਹੈ। ਪਿਛਲੇ ਕੁਝ ਸਮਿਆਂ ਤੋਂ ਪੰਜਾਬੀ ਦੇ ਦਲਿਤ ਲੇਖਕਾਂ ਵਿਚ ਵੀ ਸਵੈ-ਜੀਵਨੀ ਲਿਖਣ ਦਾ ਰਿਵਾਜ ਵਧਿਆ ਹੈ ਪਰ ਜਿਥੇ ਬਹੁਤੇ ਜੀਵਨੀਕਾਰ ਤਰਸ ਦੀ ਭਾਵਨਾ ਉਪਜਾ ਕੇ ਹਮਦਰਦੀ ਪ੍ਰਾਪਤ ਕਰਨ ਦੀ ਹੋੜ ਵਿਚ ਹਨ, ਉਥੇ ਮੀਤ ਖੱਟੜਾ ਨੇ ਕਾਫੀ ਹੱਦ ਤੱਕ ਬਾਹਰਮੁਖੀ ਪਹੁੰਚ ਅਪਣਾਈ ਹੈ। ਲੇਖਕ ਨੇ ਆਪਣੀ ਪੁਸਤਕ ਨੂੰ ਵੱਖ-ਵੱਖ ਅਧਿਆਵਾਂ ਵਿਚ ਵੰਡਿਆ ਹੈ। ਇਸ ਤਰ੍ਹਾਂ ਜਿਥੇ ਇਹ ਕਾਂਡ ਵੱਖਰੀ ਹੋਂਦ ਵੀ ਰੱਖਦੇ ਹਨ, ਉਥੇ ਸਮੁੱਚਾ ਪ੍ਰਭਾਵ ਵੀ ਉਪਜਾਉਂਦੇ ਹਨ। ਮਮਤਾ ਦਾ ਦਰਦ, ਰੁਲਿਆ ਖੁਲਿਆ ਬਚਪਨ, ਚੰਦ ਛੁਪ ਗਿਆਂਭਰਾ ਚੰਦ ਅਤੇ ਬਾਬੇ ਦੀ ਮੌਤ ਦਾ ਕਾਰਨ ਆਰਥਿਕ ਮੰਦਹਾਲੀ, ਅਹਿਸਾਸ ਦੇ ਪਲ-ਜਾਤੀਸੂਚਕ ਸ਼ਬਦ ਇੱਟਾਂ ਵਾਂਗ ਵੱਜਦੇ ਹਨ, ਬਾਲਪਨ ਉਮਰ, ਨਫ਼ਰਤ 'ਚੋਂ ਜਾਗੀ ਚੇਤਨਾਂਗੁਰੂ ਘਰਾਂ ਵਿਚ ਹੁੰਦੀ ਵਿਤਕਰੇਬਾਜ਼ੀ, ਰੌਸ਼ਨੀ ਦੇ ਮੀਨਾਰਂਸਕੂਲਾਂ ਵਿਚ ਹੁੰਦੀ ਨਫ਼ਰਤ ਪਰ ਇਥੇ ਪ੍ਰਿੰਸੀਪਲ ਇਕਬਾਲ ਸਿੰਘ ਵਰਗੇ ਵੀ ਹਨ। ਜਾਤੀ ਹਊਮੈ ਦਾ ਪ੍ਰਪੰਚਂਪਿੰਡਾਂ ਵਿਚ ਪਨਪ ਰਹੀ ਮਨੂੰਵਾਦੀ ਸੋਚ, ਸਾਹਿਤ ਸਭਾਵਾਂ ਦੇ ਅਦੀਬਂਸਾਹਿਤ ਸਭਾ ਅਹਿਮਦਗੜ੍ਹ ਦੀ ਸਥਾਪਨਾ, ਪਲਸ ਮੰਚ ਕਾਲ ਜੁੜਨੀ, ਕੀ ਅਸੀਂ ਪੜ੍ਹ ਕੇ ਚੇਤਨ ਹੋ ਗਏ ਹਾਂਂਸੁਖਚੈਨ ਦਾ ਵਿਸ਼ਵਾਸਘਾਤ ਖੂਬਸੂਰਤ ਅਤੇ ਰੌਚਿਕ ਵੇਰਵੇ ਹਨ। ਪੁਸਤਕ ਸਵੈ-ਜੀਵਨੀ ਸਾਹਿਤ ਵਿਚ ਵਡਮੁੱਲਾ ਵਾਧਾ ਹੈ।

ਫ ਫ ਫ

ਆਕ੍ਰਿਤਘਣ
ਲੇਖਕ : ਬਲੌਰ ਸਿੰਘ ਸਿੱਧੂ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 98769-52418.

ਸ਼ਾਇਦ ਇਹ ਪੰਜਾਬੀ ਦੀ ਪਹਿਲੀ ਕਿਤਾਬ ਹੈ ਜਿਸ ਵਿਚ ਇਕੋ ਹੀ ਲੰਮਾ ਲੇਖ ਹੈ, ਜਿਹੜਾ 144 ਸਫ਼ਿਆਂ ਉੱਪਰ ਫੈਲਿਆ ਹੋਇਆ ਹੈ। ਬਲੌਰ ਸਿੰਘ ਸਿੱਧੂ ਬਹੁਤ ਹੀ ਵਿਦਵਾਨ ਲੇਖਕ ਜਾਪਦਾ ਹੈ, ਜਿਸ ਕੋਲ ਗਿਆਨ ਅਤੇ ਸ਼ਬਦਾਂ ਦਾ ਭੰਡਾਰ ਹੈ। ਡਾ: ਤੇਜਵੰਤ ਸਿੰਘ ਮਾਨ ਅਨੁਸਾਰ ਇਹ ਕਿਤਾਬ 'ਸਿਰਜਣਾ ਇਕ ਪੱਕੀ ਰਸੀ ਵਾਰਤਕ ਦਾ ਨਮੂਨਾ ਹੈ। ਪੁਸਤਕ ਵਿਚ ਸਿੱਖ ਇਤਿਹਾਸ ਦੇ ਖੂਨੀ ਵਰਕਿਆਂ ਦਾ ਜ਼ਿਕਰ ਹੈ। ਹਰਿਮੰਦਰ ਸਾਹਿਬ ਉੱਪਰ ਹੋਏ ਹਮਲੇ ਬਾਰੇ ਭਾਵਪੂਰਤ ਟਿੱਪਣੀਆਂ ਹਨ, ਕੁਦਰਤ ਇਕ ਚਿੱਤਰਕਾਰ ਹੈ, ਮਾਪੇ ਮਨੁੱਖ ਦੀ ਅਮੋਲਕ ਦੌਲਤ ਹਨ। ਮਨੁੱਖ ਨੂੰ ਹਰ ਸਮੇਂ ਬੁੱਧੀ ਤੋਂ ਕੰਮ ਲੈਣਾ ਚਾਹੀਦਾ ਹੈ, ਕੇਸਾਂ ਦੀ ਅਹਿਮੀਅਤ ਹੈ। ਲੋਭ, ਮੋਹ, ਹੰਕਾਰ ਆਦਿ ਨੂੰ ਤਿਆਗ ਦੇਣਾ ਚਾਹੀਦਾ ਹੈ। ਗਿਆਨੀ ਹੋਣਾ ਚੰਗੀ ਸੋਚ ਦੀ ਨਿਸ਼ਾਨੀ ਹੈ। ਬਾਬੇ ਪਾਖੰਡ ਦਾ ਅਡੰਬਰ ਰਚਦੇ ਹਨ। ਧਰਮ ਹੀ ਮਨੁੱਖਤਾ ਪੈਦਾ ਕਰਦਾ ਹੈ। ਅੱਜ ਦਾ ਮਨੁੱਖ ਮੇਲੇ ਦੀ ਭੀੜ ਵਿਚ ਗੁਆਚ ਗਿਆ ਹੈ। ਹਰ ਮਨੁੱਖ ਹਮੇਸ਼ਾ ਦੋ ਪਰਤਾਂ ਵਿਚ ਜਿਊਂਦਾ ਹੈ। ਜੀਵਨ ਹਰ ਸਮੇਂ ਆਸਾਂ ਤੇ ਉਮੀਦਾਂ ਦੇ ਸਹਾਰੇ ਜਿਊਂਦਾ ਹੈ। ਨਿਰਸੰਦੇਹ ਇਹ ਪੁਸਤਕ ਮਨੁੱਖ ਨੂੰ ਸਾਵਾਂ, ਪੱਧਰਾ ਤੇ ਸੁਚੱਜਾ ਜੀਵਨ ਜਿਊਣ ਦੀ ਪ੍ਰੇਰਨਾ ਦਿੰਦੀ ਜਾਪਦੀ ਹੈ। ਆਮੀਨ!

ਂਜੋਗਿੰਦਰ ਸਿੰਘ ਨਿਰਾਲਾ
ਮੋ: 98721-61644.

ਫ ਫ ਫ

ਰਿਜ਼ਕ ਵਿਹੂਣੇ
ਲੇਖਕ : ਰਾਜਪਾਲ ਬੋਪਾਰਾਏ
ਪ੍ਰਕਾਸ਼ਨ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 150 ਰੁਪਏ, ਸਫ਼ੇ : 79
ਸੰਪਰਕ : 90578-91727.

ਕੈਨੇਡਾ ਵਸਦੇ ਰਾਜਪਾਲ ਬੋਪਾਰਾਏ ਦਾ ਰਿਜ਼ਕ ਵਿਹੂਣੇ ਦੂਜਾ ਕਾਵਿ ਸੰਗ੍ਰਹਿ ਹੈ। ਆਪਣੇ ਪਹਿਲੇ ਕਾਵਿ ਸੰਗ੍ਰਹਿ ਹਾਸ਼ੀਏ ਤੋਂ ਬਾਅਦ ਰਾਜਪਾਲ ਨੇ ਅਗਲਾ ਕਾਵਿ-ਕਦਮ ਪੁੱਟਿਆ ਹੈ। ਰਿਜ਼ਕ ਵਿਹੂਣੇ ਕਾਵਿ ਸੰਗ੍ਰਹਿ ਵਿਚ ਰਾਜਪਾਲ ਬੋਪਾਰਾਏ ਨੇ ਆਪਣੀਆਂ 30 ਕਵਿਤਾਵਾਂ ਸ਼ਾਮਿਲ ਕੀਤੀਆਂ ਹਨ। ਕਾਫੀ ਸਾਰੀਆਂ ਕਵਿਤਾਵਾਂ, ਰਿਜ਼ਕਂਰੁਜ਼ਗਾਰ, ਵਿਦੇਸ਼ਾਂ ਵਿਚ ਜਾ ਕੇ ਵਸ ਜਾਣ ਬਾਅਦ ਆਪਣੇ ਜੱਦੀ ਇਲਾਕੇ ਦੇ ਵਿਛੋੜੇ ਦਾ ਹੇਰਵੇ ਨਾਲ ਸਬੰਧਤ ਹਨ। ਇਨ੍ਹਾਂ ਕਵਿਤਾਵਾਂ ਵਿਚ ਦੁਬਿਧਾ ਹੈ। ਉਦਾਸੀ ਹੈ। ਵਾਪਸ ਦੇਸ਼ ਮੁੜਨ ਦੀ ਚਾਹਤ ਹੈ।
ਇਸ ਸੰਗ੍ਰਹਿ ਦੀ ਪਹਿਲੀ ਕਵਿਤਾ ਹਲਫੀਆ ਬਿਆਨ ਵਿੱਚ ਕਵੀ ਕਹਿੰਦਾ ਹੈ :
ਵਹਿੰਗੀ ਨੂੰ ਉਥੇ ਹੀ ਛੱਡ
ਸਰਵਣ ਸੱਚਮੁੱਚ ਹੀ ਭਗੌੜਾ ਹੋ ਗਿਆ।
ਬੁੱਢੇ ਮਾਂ ਬਾਪ ਵਹਿੰਗੀ ਵਿਚ ਬੈਠੇ ਉਡੀਕਦੇ ਹਨ ਪਰ ਸਰਵਣ ਪੁੱਤਰ ਤਾਂ ਵਿਦੇਸ਼ ਜਾ ਚੁੱਕਾ ਸੀ। ਮਾਂ ਬਾਪ ਫਿਰ ਵੀ ਹੌਸਲਾ ਕਰਕੇ ਕਹਿੰਦੇ ਹਨ :
ਸਣਾ ਖੁਸ਼ੀਆਂ ਮਾਣੇ, ਸਾਡੀ ਚਿੰਤਾ ਨਾ ਕਰੇ,
ਭਾਵੇਂ ਪੁੱਤ ਨੂੰ ਵਿਦੇਸ਼ ਤੋਰਨ-ਲੱਗਿਆਂ ਮਾਂ ਬਹੁਤ ਉਦਾਸੀ ਸੀ :
ਅੰਮੜੀ ਬੜਾ ਉਦਾਸ ਸੀ
ਪੁੱਤ ਪ੍ਰਦੇਸੀਂ ਤੋਰਨ ਲੱਗਿਆਂ।
ਵਿਚ ਦਹਿਲੀਜ਼ਾਂ ਭੈਣ ਖੜ੍ਹੀ ਸੀ
ਰੱਖੜੀ ਉਸ ਦੇ ਹੱਥ ਫੜੀ ਸੀ।
ਬੜਾ ਦੁਖ ਹੋਇਆ,
ਕਵੀ ਲਿਖਦਾ ਹੈ :
ਅੱਜ ਵੀ ਆਜ਼ਾਦ ਹਵਾ ਭਾਲਦੇ ਹਾਂ
ਦੇਸ਼ ਬਦੇਸ਼ ਦੀ ਖਾਕ ਛਾਣਦੇ ਹਾਂ
ਆਪਣਿਆਂ ਦਾ ਮੋਹ ਤਿਆਗਦੇ ਹਾਂ।
ਪ੍ਰੇਮਿਕਾ ਨੂੰ ਸੰਬੋਧਨ ਕਰਦਾ ਕਵੀ ਕਹਿੰਦਾ ਹੈ :
ਭੋਲੀਏ ਕੁੜੀਏ, ਬੇਗਾਨੀ ਧਰਤੀ ਉੱਤੇ
ਅੱਥਰੇ ਮੌਸਮਾਂ ਵਿਚ, ਕਿਤੇ ਕੋਈ ਖੜ੍ਹੀਆ।
ਵਿਦੇਸ਼ ਆ ਕੇ ਨਾ ਧੀ ਨੂੰ ਆਪਣਾ ਬਚਪਨ ਮਿਲਿਆ ਤੇ ਨਾ ਹੀ ਪੁੱਤ ਨੂੰ।
ਮੈਂ ਗੁਨਾਹਗਾਰ ਹਾਂ, ਆਪਣੀ ਧੀ ਦੀਆਂ
ਉਨ੍ਹਾਂ ਰੀਝਾਂ ਦਾ
ਜੋ ਆਪਣੀ ਦਾਦੀ ਦੀ ਕਹਾਣੀ
ਗੋਦੀ ਬਹਿ ਕੇ ਸੁੰਦਣੀਆਂ ਸਨ।
ਰਾਜਪਾਲ ਬੋਪਰਾਏ ਨੇ ਰਿਜ਼ਕ ਵਿਹੂਣੇ ਕਾਵਿ ਸੰਗ੍ਰਹਿ ਵਿਚ ਤਲਖ ਹਕੀਕਤਾਂ, ਸਿੱਧੇ ਸਾਡੇ ਢੰਗ ਨਾਲ ਬਿਆਨ ਕੀਤੀਆਂ ਹਨ। ਉਸ ਦੀਆਂ ਲੰਮੀਆਂ ਕਵਿਤਾਵਾਂ ਵਿਚ ਇਕ ਕਹਾਣੀ ਚਲਦੀ ਹੈ। ਇਸ ਕਹਾਣੀ ਵਿਚ ਕਵੀ ਆਪਣੀ ਪ੍ਰੇਮਿਕਾ ਨੂੰ ਸੰਬੋਧਨ ਹੁੰਦਾ ਹੈ। ਰਾਜਪਾਲ ਦਾ ਕਾਵਿ ਨਜ਼ਰੀਆ ਉਸਾਰੂ ਤੇ ਸਿਹਤਮੰਦ ਹੈ।

ਂਪ੍ਰੋ: ਹਮਦਰਦਵੀਰ ਨੌਸ਼ਹਿਰਵੀ
ਮੋ: 94638-08697

ਫ ਫ ਫ

ਮੇਰਾ ਯਕੀਨ ਕਰੀਂ
ਕਵੀ : ਸਹਿਜਪ੍ਰੀਤ ਸਿੰਘ ਮਾਂਗਟ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 128
ਸੰਪਰਕ : 90569-00006.

ਹਥਲਾ ਕਾਵਿ ਸੰਗ੍ਰਹਿ ਨੌਜਵਾਨ ਸ਼ਾਇਰ ਦਾ ਦੂਜਾ ਪ੍ਰਕਾਸ਼ਿਤ ਕਾਵਿ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਹ 'ਤਾਰਿਆਂ ਜੜਿਆ ਅੰਬਰ' (2012) ਪਾਠਕਾਂ ਦੀ ਨਜ਼ਰ ਕਰ ਚੁੱਕਾ ਹੈ। ਸਵਾ ਸੌ ਸਫ਼ਿਆਂ ਵਿਚ ਸੁਸੱਜਿਤ ਪੰਜ ਦਰਜਨ ਕਵਿਤਾਵਾਂ ਕਵੀ ਦੀ ਕਾਵਿ ਕਲਾ ਅਤੇ ਸਮਾਜਿਕ, ਆਰਥਿਕ, ਧਾਰਮਿਕ ਅਤੇ ਸੱਭਿਆਚਾਰਕ ਸੰਵੇਦਨਾਵਾਂ ਅਤੇ ਪ੍ਰਤੀਬੱਧਤਾ ਨਾਲ ਜੁੜਿਆ ਹੋਣ ਕਰਕੇ ਜਨ-ਸਾਧਾਰਨ ਦੇ ਜੀਵਨ ਦੀਆਂ ਸਰਬੰਗੀ ਹਾਲਤਾਂ ਨੂੰ ਬਾਖੂਬੀ ਜਾਣਦਾ-ਪਛਾਣਦਾ ਹੈ। ਸਹਿਜ ਨਾਲ ਕਹੀਆਂ ਉਸ ਦੀਆਂ ਕਾਵਿ ਕਿਰਤਾਂ ਤਰਕ-ਬਿਬੇਕ ਅਤੇ ਚਿੰਤਨ ਚੇਤਨਾ ਦਾ ਉਚੇਚ ਨਾਲ ਪ੍ਰਵਾਹ ਕਰਦੀਆਂ ਹਨ। ਉਹ ਲਿਖਦਾ ਹੈ :
ਹਾਕਿਮ ਨੇ ਤਾਂ ਦਰ ਦਰਵਾਜ਼ੇ ਭੇੜ ਲਏ,
ਲੈ ਕੇ ਫਿਰ ਅਰਜੋਈਆਂ ਕਿਹੜੇ ਦਰ ਜਾਈਏ?
ਸਮਾਜ ਨੇ ਹਕੂਮਤਾਂ ਅਤੇ ਹਾਕਮਾਂ ਦੀ ਇਸ ਲਈ ਸਿਰਜਣਾ ਕੀਤੀ ਸੀ ਕਿ ਉਹ ਆਮ ਬੰਦੇ ਦੇ ਦੁੱਖ-ਦਰਦ, ਭੈਅ ਅਤੇ ਜ਼ੁਲਮਾਂ ਨੂੰ ਠੱਲ੍ਹ ਪਾਉਣਗੇ। ਪਰ ਜੇਕਰ ਹਾਕਿਮ ਵੀ ਅਰਜੋਈ ਨਾ ਸੁਣਨ ਤਾਂ ਬੰਦਾ ਕਿੱਥੇ ਜਾਏ? ਉਹ ਪਰਵਾਸ ਗਏ ਪੁੱਤਰਾਂ ਤੋਂ ਰੁੱਸ ਕੇ ਅਗਲੇ ਜਹਾਨ ਤੁਰ ਗਈਆਂ ਮਾਵਾਂ ਬਾਰੇ ਲਿਖਦਾ ਹੈ :
ਸਾਰੀ ਉਮਰ ਵਿਦੇਸ਼ਾਂ ਵਿਚ ਹੰਢਾ ਆਏ
ਹੁਣ ਮਾਵਾਂ ਦੀਆਂ ਛਾਵਾਂ ਲੱਭਦੇ ਫਿਰਦੇ ਨੇ
ਪਹਿਲਾਂ ਬੋਲੀ ਫਿਰ ਮਿੱਟੀ ਤੋਂ ਟੁੱਟ ਗਏ
ਹੁਣ ਅਪਣਾ ਸਿਰਨਾਵਾਂ ਲੱਭਦੇ ਫਿਰਦੇ ਨੇ...।
ਸਹਿਜਪ੍ਰੀਤ ਸਿੰਘ ਮਾਂਗਟ ਨੇ ਦੋ ਦਰਜਨਾਂ ਗ਼ਜ਼ਲਾਂ ਅਤੇ ਕੁਝ ਗੀਤ ਵੀ ਇਸ ਸੰਗ੍ਰਹਿ ਵਿਚ ਸ਼ਾਮਿਲ ਕੀਤੇ ਹਨ। ਗ਼ਜ਼ਲਾਂ ਬਾ-ਬਹਿਰ-ਛੰਦ ਹਨ ਅਤੇ ਨਵੇਂ ਭਾਵ ਬੋਧ ਦੀਆਂ ਸਿਰਜਕ ਹਨ। ਪਰ ਉਸ ਦੀਆਂ ਬਹੁਤੀਆਂ ਕਵਿਤਾਵਾਂ ਵਾਰਤਕ ਕਵਿਤਾਵਾਂ ਹਨ। ਪਰ ਇਨ੍ਹਾਂ ਖੁੱਲ੍ਹੀਆਂ ਕਵਿਤਾਵਾਂ ਵਿਚ ਵੀ ਉਸ ਨੇ ਗੰਭੀਰ ਸਰੋਕਾਰਾਂ ਨੂੰ ਕਾਵਿਬੱਧ ਕੀਤਾ ਹੈ ਕਿ : 'ਮੇਰੀ ਧੀ/ਉਡਣਾ ਲੋਚਦੀ ਹੈ/ਭਰਨਾ ਚਾਹੁੰਦੀ ਏ ਪਰਵਾਜ਼/ਮੇਰੇ ਤੋਂ ਉਹ/ਖੰਭ ਮੰਗਦੀ ਏ/ਪਰ ਨਹੀਂ ਦੇ ਸਕਦਾ ਖੰਭ ਮੈਂ/ਮੇਰੀ ਦਾਦੀ/ਬਿਨਾਂ ਖੰਭਾਂ ਤੋਂ ਹੀ/ਹੋ ਗਈ ਪੂਰੀ/ਮਾਂ ਮੇਰੀ ਵੀ ਨਾ ਲਗਾ ਸਕੀ ਕਦੇ ਉਡਾਰੀ/ਜੀਵਨ ਸਾਥਣ ਨੂੰ ਨਾ ਦੇ ਸਕਿਆ ਖੰਭ ਮੈਂ/ਪਰ ਮੇਰੀ ਧੀ/ਉਡਣਾ ਲੋਚਦੀ ਹੈ....' ਇਥੇ ਆ ਕੇ ਉਹ ਆਪਣੇ-ਆਪ ਉੱਤੇ ਮੂਕ ਪ੍ਰਸ਼ਨ ਕਰਦਾ ਹੈ। ਮਾਂਗਟ ਦੇ ਕਾਵਿ ਵਿਸ਼ਿਆਂ ਵਿਚ ਅਨੇਕਤਾ ਹੈ ਪਰ ਸਾਰੇ ਵਿਸ਼ੇ ਲੋਕ ਸਰੋਕਾਰਾਂ ਵਾਲੇ ਹਨ।

ਂਸੁਲੱਖਣ ਸਰਹੱਦੀ
ਮੋ: 94174-84337.

ਫ ਫ ਫ

ਮਨ ਆਏ ਗੀਤ
ਲੇਖਿਕਾ : ਗੁਰਬਚਨ ਕੌਰ ਢਿੱਲੋਂ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 120 ਰੁਪਏ, ਸਫ਼ੇ : 96
ਸੰਪਰਕ : 0161-2740738.

ਗੁਰਬਚਨ ਕੌਰ ਢਿੱਲੋਂ ਉਮਰ ਦਰਾਜ ਲੇਖਿਕਾ ਹੈ, ਜਿਸ ਕੋਲ ਜ਼ਿੰਦਗੀ ਦੀਆਂ ਮਿੱਠੀਆਂ-ਸਲੂਣੀਆਂ ਯਾਦਾਂ ਦਾ ਅਮੁੱਕ ਭੰਡਾਰ ਹੈ। ਇਸ ਵੇਲ਼ੇ ਉਹ ਕੈਨੇਡਾ ਰਹਿੰਦੇ ਹਨ, ਪਰ ਉਨ੍ਹਾਂ ਦਾ ਪਿਛੋਕੜ ਮੋਗਾ ਨਾਲ ਜੁੜਿਆ ਹੋਇਆ ਹੈ। ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ 'ਤੇ ਚੱਲਣ ਦਾ ਉਹ ਹੋਕਾ ਦਿੰਦੇ ਹਨ ਤੇ ਸਮਾਜ ਵਿਚ ਹੁੰਦੇ-ਵਾਪਰਦੇ ਚੰਗੇ-ਮਾੜੇ ਪ੍ਰਤੀ ਆਪਣੇ ਮਨ ਦੇ ਭਾਵ ਲਿਖਤਾਂ ਜ਼ਰੀਏ ਪ੍ਰਗਟ ਕਰਦੇ ਹਨ।
ਇਸ ਤੋਂ ਪਹਿਲਾਂ ਗੁਰਬਚਨ ਕੌਰ ਢਿੱਲੋਂ ਦੀਆਂ ਤਿੰਨ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਹਨ ਤੇ ਚੌਥੀ ਕਿਤਾਬ 'ਮਨ ਆਏ ਗੀਤ' ਗੀਤਾਂ ਦਾ ਸੰਗ੍ਰਹਿ ਹੈ। ਇਨ੍ਹਾਂ ਗੀਤਾਂ ਜ਼ਰੀਏ ਲੇਖਿਕਾ ਵੱਲੋਂ ਮੁਹੱਬਤ, ਵਿਛੋੜੇ, ਤੜਫ਼, ਦੁੱਖ, ਦਰਦ ਤੇ ਸੁਖ-ਦੁਖ ਦੀ ਬਾਤ ਵੀ ਪਾਈ ਗਈ ਹੈ, ਪਰ ਉਹ ਬਾਤ ਏਨੀ ਸੁਥਰੀ ਹੈ ਕਿ ਕਿੰਤੂ ਨਹੀਂ ਕੀਤਾ ਜਾ ਸਕਦਾ।
ਗੁਰਬਚਨ ਕੌਰ ਦਾ ਇਹ ਗੀਤ ਸੰਗ੍ਰਹਿ ਪੰਜ ਦਰਜਨ ਤੋਂ ਉੱਪਰ ਰਚਨਾਵਾਂ ਦਾ ਹੈ, ਜਿਸ ਵਿਚ ਦੋ-ਚਾਰ ਰੁਬਾਈਆਂ ਤੇ ਗ਼ਜ਼ਲਾਂ ਵੀ ਦਰਜ ਹਨ, ਪਰ ਜ਼ਿਆਦਾਤਰ ਗੀਤ ਹਨ। ਵਿਦੇਸ਼ ਵਿਚਲੀ ਮਿਹਨਤ ਬਾਰੇ ਗੁਰਬਚਨ ਕੌਰ ਨੇ ਬਹੁਤ ਖੂਬ ਲਿਖਿਆ ਹੈ। ਵਿਦੇਸ਼ ਗਏ ਨੌਜਵਾਨ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀ ਯਾਦ ਸਤਾਉਂਦੀ ਹੈ। ਦਾਦੀ ਮਾਂ ਵੱਲੋਂ ਕੁੱਟ ਦੇ ਦਿੱਤੀ ਜਾਂਦੀ ਚੂਰੀ ਸੱਤ ਸਮੁੰਦਰੋਂ ਪਾਰ ਨਹੀਂ ਮਿਲਦੀ ਤੇ ਬਰਗਰ ਵਗੈਰਾ ਖਾਣ ਵੇਲੇ ਉਹ ਉਸ ਚੂਰੀ ਨੂੰ ਚੇਤੇ ਕਰਦਾ ਹੈ :
ਛਿੰਦਿਆ ਪੁੱਤਰਾ ਕਹਿ ਕੇ ਮੈਨੂੰ
ਦਾਦੀ ਮਾਂ ਬੁਲਾਉਂਦੀ ਸੀ,
ਸਕੂਲ ਜਾਂਦੇ ਨੂੰ ਮੱਤਾਂ ਦੇ ਕੇ,
ਕੁੱਟ ਚੂਰੀ ਹੱਥ ਫੜਾਉਂਦੀ ਸੀ,
ਤਹਿਸੀਲਦਾਰ, ਪਟਵਾਰੀ ਕਹਿ ਕੇ,
ਕਰਦੀ ਆਸਾਂ ਪੂਰੀਆਂ,
ਬਰਗਰ ਖਾਂਦੇ ਚੇਤੇ ਆਉਂਦੀਆਂ,
ਦਾਦੀ ਮਾਂ ਦੀਆਂ ਚੂਰੀਆਂ।
ਪੁਸਤਕ ਵਿਚਲੇ ਖੁਸ਼ੀ ਤੇ ਮੋਹ ਦੇ ਪ੍ਰਗਟਾਵੇ ਵਾਲੇ ਸਾਰੇ ਗੀਤ ਵੀ ਵਧੀਆ ਹਨ। ਇਨ੍ਹਾਂ ਗੀਤਾਂ ਵਿਚ ਪਿਆਰ ਤੇ ਤਾਂਘ ਦੀ ਪੇਸ਼ਕਾਰੀ ਕਲਾਤਮਕ ਢੰਗ ਨਾਲ ਕੀਤੀ ਗਈ ਹੈ।

ਂਸਵਰਨ ਸਿੰਘ ਟਹਿਣਾ
ਮੋ: 98141-78883

ਫ ਫ ਫ

ਹਾਸੇ ਦੇ ਵਪਾਰੀ (3)
ਲੇਖਕ : ਗੁਰਨਾਮ ਸਿੰਘ ਸੀਤਲ
ਪ੍ਰਕਾਸ਼ਕ : ਵੰਡਰਲੈਂਡ ਪਬਲੀਕੇਸ਼ਨਜ਼, ਖੰਨਾ
ਮੁੱਲ : 70 ਰੁਪਏ, ਸਫ਼ੇ : 80
ਸੰਪਰਕ : 98761-05647.

ਗੁਰਨਾਮ ਸਿੰਘ ਸੀਤਲ ਹਾਸ-ਵਿਅੰਗ ਨੂੰ ਸਮਰਪਿਤ ਨਾਂਅ ਹੈ। ਉਨ੍ਹਾਂ ਦੇ 'ਅਜੀਤ' ਵਿਚ 'ਕਰੇਲਿਆਂ ਦੀ ਖੀਰ' ਅਤੇ 'ਹਾਸੇ ਦੇ ਵਪਾਰੀ' ਕਾਲਮ ਚਲਦੇ ਰਹੇ ਹਨ, ਜੋ 'ਦਿਲਚਸਪੀਆਂ' ਵਿਚ ਛਪਦੇ ਰਹੇ ਹਨ। ਹਥਲੀ ਪੁਸਤਕ 'ਹਾਸੇ ਦੇ ਵਪਾਰੀ' ਲੜੀ ਦੀ ਤੀਸਰੀ ਪੁਸਤਕ ਹੈ। ਅੱਜਕਲ੍ਹ ਲੋਕਾਂ ਨੂੰ ਹਸਾਉਣਾ ਜੋਖ਼ਮ ਅਤੇ ਪੁੰਨ ਦਾ ਕੰਮ ਹੈ। ਮਸ਼ੀਨੀ ਯੁੱਗ ਨੇ ਲੋਕਾਂ ਤੋਂ ਉਨ੍ਹਾਂ ਦੇ ਹਾਸੇ ਖੋਹ ਲਏ ਹਨ ਤੇ ਉਨ੍ਹਾਂ ਦੇ ਚਿਹਰੇ ਕਿਸੇ ਮਰਗ 'ਤੇ ਗਏ ਬੰਦੇ ਜਿਹੇ ਹੋ ਗਏ ਹਨ। ਗੁਰਨਾਮ ਸਿੰਘ ਸੀਤਲ ਗ਼ਮਗੀਨ ਚਿਹਰਿਆਂ ਨੂੰ ਪ੍ਰਸੰਨਤਾ ਬਖਸ਼ਦਾ ਹੈ।
ਹਥਲੀ ਪੁਸਤਕ ਵਿਚ ਉਸ ਨੇ ਚੁਟਕਲੇ ਅਤੇ ਹਾਸ-ਰਸ ਪ੍ਰਧਾਨ ਮਿੰਨੀ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਇਹ ਚੁਟਕਲੇ ਉਸ ਦੇ ਆਪਣੇ ਘੜੇ ਹੋਏ ਹਨ ਤੇ ਕੁਝ ਇਧਰੋਂ-ਉਧਰੋਂ ਸੁਣੇ-ਸੁਣਾਏ ਹਨ। ਉਹ ਸਰਲ ਭਾਸ਼ਾ ਵਿਚ ਆਪਣੀ ਗੱਲ ਕਹਿੰਦਾ ਹੈ। ਉਸ ਨੇ ਪੁਲਿਸ, ਨੇਤਾ, ਭ੍ਰਿਸ਼ਟਾਚਾਰੀ ਮੁਲਾਜ਼ਮਾਂ, ਵਿਹਲੜਾਂ ਅਤੇ ਕਮੀਨੇ ਕਿਰਦਾਰ ਵਾਲੇ ਲੋਕਾਂ ਨੂੰ ਇਨ੍ਹਾਂ ਚੁਟਕਲਿਆਂ ਰਾਹੀਂ ਆਪਣਾ ਨਿਸ਼ਾਨਾ ਬਣਾਇਆ ਹੈ। ਜ਼ਾਲਮ ਅਧਿਆਪਕ, ਵਿਦਿਅਕ ਢਾਂਚਾ ਵੀ ਉਸ ਦੇ ਵਿਅੰਗ ਦੀ ਮਾਰ ਹੇਠ ਆਇਆ ਹੈ। ਚੁਟਕਲੇ ਵਿਚ ਉਹ ਬਾਤ ਵਾਂਗ ਗੱਲ ਸ਼ੁਰੂ ਕਰਦਾ ਹੈ ਤੇ ਆਖਰੀ ਸ਼ਬਦਾਂ ਵਿਚ ਆਪਣੇ ਹਾਸਰਸ ਜਾਂ ਵਿਅੰਗ ਦਾ ਤੋੜਾ ਝਾੜਦਾ ਹੈ।
ਸ਼ਿੱਦਤੀ ਹਾਸੇ ਤੇ ਵਿਅੰਗ ਦਾ ਰੂਪ ਉਸ ਦੀਆਂ ਮਿੰਨੀ ਕਹਾਣੀਆਂ ਵਿਚ ਕਲਾਤਮਕ ਰੂਪ ਵਿਚ ਝਲਕਦਾ ਪ੍ਰਤੀਤ ਹੁੰਦਾ ਹੈ। 'ਲਾਲਾ ਜੀ ਵਾਂਢੇ ਗਏ ਸੀ' ਵਿਚ ਬੇਈਮਾਨ ਨੌਕਰਾਂ ਦੀ ਉਸਤਾਦੀ ਦਿਖਾਈ ਗਈ ਹੈ। 'ਦੋਸਤੀ' ਵਿਚਲੇ ਦੋਸਤ ਆਪਣੀ ਹੁਸ਼ਿਆਰੀ ਤੇ ਅਕਲਮੰਦੀ ਨਾਲ ਇਕ-ਦੂਸਰੇ ਦਾ ਘਰ ਵਸਾ ਦਿੰਦੇ ਹਨ। 'ਪਾਗਲਾਂ ਨੂੰ ਸੌਰੀ' ਇਕ ਹਾਸ-ਰਸੀ ਘਟਨਾ 'ਤੇ ਆਧਾਰਿਤ ਮਿੰਨੀ ਕਹਾਣੀ ਹੈ।
ਗੁਰਨਾਮ ਸਿੰਘ ਸੀਤਲ ਦੇ ਚੁਟਕਲਿਆਂ ਤੇ ਮਿੰਨੀ ਕਹਾਣੀਆਂ ਵਿਚ ਵਿਸ਼ਿਆਂ ਦੀ ਵੰਨ-ਸੁਵੰਨਤਾ ਹੈ। ਉਸ ਨੂੰ ਹਰ ਵਰਗ ਦੇ ਲੋਕਾਂ ਦੀਆਂ ਵਿਸੰਗਤੀਆਂ ਦਾ ਗਿਆਨ ਹੈ। ਹਸਾਉਣ ਜਿਹਾ ਕਾਰਜ ਕਰਨ ਲਈ ਸੀਤਲ ਵਧਾਈ ਦਾ ਹੱਕਦਾਰ ਹੈ।

ਂਕੇ. ਐਲ. ਗਰਗ
ਮੋ: 94635-37050

ਫ ਫ ਫ

ਪਰਵਾਜ਼
ਨਾਵਲਕਾਰ : ਪਰਮਵੀਰ ਕੌਰ ਜ਼ੀਰਾ
ਪ੍ਰਕਾਸ਼ਕ : ਪੰਜ-ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 127
ਸੰਪਰਕ : 98143-81583.


'ਪਰਵਾਜ਼' ਪਰਮਵੀਰ ਕੌਰ ਜ਼ੀਰਾ ਦਾ ਸਵੈ-ਜੀਵਨੀ ਮੂਲਕ ਨਾਵਲ ਹੈ, ਜਿਸ ਵਿਚ ਉਸ ਨੇ ਮਾਂ ਦੀ ਮੌਤ ਤੋਂ ਬਾਅਦ ਪਿਤਾ ਦੀ ਬੇਰੁਖੀ ਅਤੇ ਦਾਦੇ ਦੀ ਪਿਆਰ ਭਰੀ ਸ਼ਖ਼ਸੀਅਤ ਸਦਕਾ ਜ਼ਿੰਦਗੀ ਦੀਆਂ ਤੰਗੀਆਂ-ਤੁਰਸ਼ੀਆਂ ਨਾਲ ਜੂਝਦੀ ਹੋਈ ਇਕ ਮੁਟਿਆਰ ਦੀ ਵੇਦਨਾ ਨੂੰ ਬਿਰਤਾਂਤਕ ਚੌਖਟੇ ਵਿਚ ਬੰਨ੍ਹਿਆ ਹੈ। ਨਾਵਲੀ-ਬਿਰਤਾਂਤ ਵਿਚ ਦਾਦੇ ਅਤੇ ਪੋਤੀ ਦਾ ਅਥਾਹ ਪਿਆਰ ਪੋਤੀ ਲਈ ਵਰਦਾਨ ਹੈ, ਜੋ ਉਸ ਨੂੰ ਜ਼ਿੰਦਗੀ ਦੇ ਕਿਸੇ ਵੀ ਪੜਾਅ 'ਤੇ ਡੋਲਣ ਨਹੀਂ ਦਿੰਦਾ ਸਗੋਂ ਹੌਸਲਾ-ਅਫ਼ਜ਼ਾਈ ਵੀ ਕਰਦਾ ਹੈ ਅਤੇ ਅਗਵਾਈ ਵੀ। ਪਰ ਦਾਦੇ ਦੀ ਅਣਹੋਂਦ ਵਿਚ ਇਕ ਵਾਰ ਫਿਰ ਮੁੱਖ ਪਾਤਰ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਦੇ ਰੂ-ਬਰੂ ਹੁੰਦੀ ਹੈ। ਭਾਵੇਂ ਨਾਵਲੀ ਬਿਰਤਾਂਤ 'ਵੀਰ' ਨਾਂਅ ਦੀ ਮੁਟਿਆਰ ਦੁਆਲੇ ਹੀ ਕੇਂਦਰਿਤ ਹੈ ਪਰ 'ਸੈਣੀ' ਜੋੜੇ ਦੀ ਹਮਦਰਦੀ ਵੀ ਮੁੱਖ ਪਾਤਰ ਲਈ ਇਕ ਵਿਸ਼ੇਸ਼ ਹੌਸਲੇ ਅਤੇ ਦਲੇਰੀ ਦਾ ਸਬੱਬ ਬਣਦੀ ਹੈ। ਨਾਵਲਕਾਰ ਨੇ ਇਸ ਨਾਵਲ ਵਿਚ ਜਿਥੇ ਮੁੱਖ ਪਾਤਰ ਦੇ ਹਵਾਲੇ ਨਾਲ ਨਾਰੀ ਸਸ਼ਕਤੀਕਰਨ ਦੀ ਗੱਲ ਕੀਤੀ ਹੈ, ਉਥੇ ਭ੍ਰਿਸ਼ਟਾਚਾਰੀ ਤਾਕਤਾਂ ਦੇ ਮਨਸੂਬਿਆਂ ਨੂੰ ਵੀ ਨੰਗਿਆਂ ਕੀਤਾ ਹੈ, ਜੋ ਆਪਣੇ ਸਵਾਰਥੀ ਹਿਤਾਂ ਲਈ ਕਿਸੇ ਹੱਦ ਤੱਕ ਵੀ ਜਾ ਸਕਦੇ ਹਨ। ਸਾਹਿਤ ਦੀ ਸਮਝ ਅਤੇ ਸੋਝੀ ਵੀ ਮਨੁੱਖ ਨੂੰ ਸਹੀ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਦੀ ਹੈ। ਇਹ ਵੀ ਇਸ ਨਾਵਲ ਦੀ ਇਕ ਕੜੀ ਵਜੋਂ ਪ੍ਰਸਤੁਤ ਹੋਇਆ ਵਿਸ਼ਾ ਹੈ। ਬਹੁਤੀਆਂ ਥਾਵਾਂ 'ਤੇ ਨਾਵਲੀ ਬਿਰਤਾਂਤ ਨੂੰ ਰੋਕ ਕੇ ਕੀਤੀਆਂ ਟਿੱਪਣੀਆਂ ਪਾਠਕ ਨੂੰ ਰੜਕਦੀਆਂ ਹਨ ਪਰ ਇਕ ਇਕੱਲੀ ਮੁਟਿਆਰ ਦੁਆਰਾ ਦ੍ਰਿੜ੍ਹ ਇਰਾਦੇ ਨਾਲ ਤਰੱਕੀ ਕਰਕੇ ਆਪਣੀ ਮੰਜ਼ਿਲ ਤੱਕ ਵਧਦੇ ਰਹਿਣਾ ਪਾਠਕਾਂ ਲਈ ਪ੍ਰੇਰਨਾ ਸਰੋਤ ਬਣਦਾ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.

ਫ ਫ ਫ

ਚਾਨਣ ਦੀ ਝਲਕ
ਲੇਖਕ : ਕੁਲਵੰਤ ਸਿੰਘ ਸਰਾਂ
ਪ੍ਰਕਾਸ਼ਕ : ਸਮਰਾਟ ਪਬਲੀਕੇਸ਼ਨਜ਼ ਮੋਗਾ
ਮੁੱਲ : 150 ਰੁਪਏ ਪੇਪਰ ਬੈਕ 80 ਰੁਪਏ, ਸਫ਼ੇ : 104
ਸੰਪਰਕ : 98553-43994.

ਪ੍ਰਗਤੀਵਾਦੀ ਵਿਚਾਰਧਾਰਾ ਦੇ ਪ੍ਰਤੀਬੱਧ ਲੇਖਕ ਕੁਲਵੰਤ ਸਿੰਘ ਸਰਾਂ ਦੀ ਕਹਾਣੀਆਂ ਦੀ ਇਹ ਦੂਸਰੀ ਪੁਸਤਕ ਹੈ। 13 ਕਹਾਣੀਆਂ ਹਨ। ਕਹਾਣੀਆਂ ਦੀ ਮੁੱਖ ਸੁਰ ਭਾਸ਼ਣ ਵਾਲੀ, ਵਰਤਮਾਨ ਨਿੱਘਰੀ ਸਿਆਸਤ, ਕਿਸਾਨੀ ਮਸਲੇ, ਹਰ ਵਰਗ ਵਿਚ ਪਸਰੀ ਅਸੰਤੁਸ਼ਟਤਾ, ਆਰਥਿਕ ਟੁੱਟ-ਭੱਜ, ਪਰਿਵਾਰਕ ਝਮੇਲੇ ਤੇ ਹੋਰ ਬਹੁਤ ਕੁਝ ਹੈ। ਲੇਖਕ ਦਾ ਕਥਨ ਹੈਂਆਜ਼ਾਦੀ ਪਿੱਛੋਂ ਸਿੱਖ ਕੌਮ ਨੂੰ ਬੰਦਾ ਸਿੰਘ ਬਹਾਦਰ ਵਰਗਾ ਨਿਰਸੁਆਰਥ ਸਿਆਸੀ ਪਿੜ ਵਿਚ ਨਹੀਂ ਮਿਲ ਸਕਿਆ। ਲੇਖਕ ਤਤਕਾਲੀ ਹਕੂਮਤ ਦੀਆਂ ਪੈਦਾ ਕੀਤੀਆਂ ਸਮੱਸਿਆਵਾਂ ਤੋਂ ਬਹੁਤ ਪ੍ਰੇਸ਼ਾਨ ਹੈ ਤੇ ਕਹਾਣੀਆਂ ਵਿਚ ਕਈ ਥਾਵਾਂ 'ਤੇ ਆਪਣੇ ਪਾਤਰਾਂ ਦੇ ਸੰਵਾਦ ਵਿਚ ਇਸ ਨੂੰ ਮੁੱਖ ਸੁਰ ਵਜੋਂ ਪੇਸ਼ ਕਰਦਾ ਹੈ। ਕਹਾਣੀਆਂ ਵਿਚ ਸ਼ਿਰੋਮਣੀ ਨਖੱਟੂ ਪਾਰਟੀ, ਵਿਕਾਸ ਦੇ ਫੋਕੇ ਦਾਅਵੇ, ਵੋਟ ਪ੍ਰਣਾਲੀ ਦੇ ਗੰਭੀਰ ਦੋਸ਼, ਜਾਅਲੀ ਵੋਟਾਂ, ਆੜ੍ਹਤੀ ਲੋਕਾਂ ਦੀ ਲੁੱਟ, ਕਿਸਾਨਾਂ ਦਾ ਸ਼ੋਸ਼ਣ, ਪੁਲਿਸ ਦਾ ਜਬਰ, ਨੌਜਵਾਨਾਂ ਵਿਚ ਬੇਰੁਜ਼ਗਾਰੀ ਅਖੌਤੀ ਸਾਧਾਂ ਦਾ ਪਖੰਡੀ ਰੂਪ, ਮਨੁੱਖ ਦਾ ਸੁਆਰਥ, ਪਿਆਰ ਦੇ ਨਾਂਅ 'ਤੇ ਧੋਖੇਬਾਜ਼ੀ, ਮਿੱਤਰ ਮਾਰ ਵਰਗੇ ਮਨੋਵਿਗਿਆਨਕ ਮਸਲੇ ਬਹੁਤ ਸਰਲ ਭਾਸ਼ਾ ਵਿਚ ਸਿੱਧੇ ਸਪਾਟ ਪੇਸ਼ ਕੀਤੇ ਹਨ। ਪੰਜਾਬ ਦੇ ਨਿੱਘਰਦੇ ਹਾਲਾਤ ਦ੍ਰਿਸ਼ ਪੜ੍ਹਨ ਵਾਲੇ ਹਨ। ਕਹਾਣੀ ਝੁੱਗਾ ਚੌੜ, ਚਾਨਣ ਦੀ ਝਲਕ ਦੇ ਮਜਬੂਰ ਪਾਤਰ ਪਾਠਕ ਦਾ ਧਿਆਨ ਖਿੱਚਦੇ ਹਨ। ਖਿਆਲਾਂ ਦੇ ਗਲੋਟੇ ਦਾ ਨਿਰਭੈ ਸਿੰਘ ਕਿਰਦਾਰ ਵੱਲੋਂ ਵੀ ਨਿਡਰ ਤੇ ਬੇਬਾਕ ਹੈ। ਕਹਾਣੀਆਂ ਦੀ ਪੇਸ਼ਕਾਰੀ ਵਿਚ ਲੇਖਕ ਨਾਵਲਕਾਰ ਜਸਵੰਤ ਸਿੰਘ ਕੰਵਲ ਵਾਲੀ ਸੁਰ ਦਾ ਧਾਰਨੀ ਹੈ ਤੇ ਗਊ ਗ਼ਰੀਬ ਦੇ ਹੱਕ ਵਿਚ ਡਟ ਕੇ ਖੜ੍ਹਾ ਹੁੰਦਾ ਹੈ। ਕਹਾਣੀ ਖਾਹਮਖਾਹ ਵਿਚ ਥਾਣੇਦਾਰ ਧੂੰਏ ਤੋਂ ਪ੍ਰੇਸ਼ਾਨ ਹੋ ਕੇ ਮਾੜੇ ਕਿਸਾਨ ਤੋਂ ਪੈਸੇ ਝਾੜਨੇ ਚਾਹੁੰਦਾ ਹੈ। ਪਰ ਸਰਪੰਚ ਵਿਚ ਪੈ ਕੇ ਰਫ਼ਾ-ਦਫ਼ਾ ਕਰਦਾ ਹੈ। ਕਹਾਣੀ ਮਧੋਲੀ ਕਮਾਈ ਵਿਚ ਕਿਸਾਨ ਦਾ ਸ਼ੋਸ਼ਣ ਵੇਖਦਾ ਲੇਖਕ ਬੰਦਾ ਬਹਾਦਰ ਨੂੰ ਯਾਦ ਕਰਦਾ ਹੈ। (ਪੰਨਾ 74) ਕਹਾਣੀਆਂ ਦੀ ਸਪੱਸ਼ਟ ਪੇਸ਼ਕਾਰੀ ਬਿਰਤਾਂਤ ਸਿਆਸੀ ਟਕੋਰਾਂ ਪਾਠਕ ਨੂੰ ਟੁੰਬਦੀਆਂ ਹਨ। ਚੇਤਨਾ ਭਰਪੂਰ ਸੰਗ੍ਰਹਿ ਦਾ ਸਵਾਗਤ ਹੈ।

ਫ ਫ ਫ

ਮਾਈਨਸ ਜ਼ੀਰੋ
ਲੇਖਕ : ਦਰਸ਼ਨ ਦਰਵੇਸ਼
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ, ਸਿਰਸਾ
ਮੁੱਲ : 130 ਰੁਪਏ, ਸਫ਼ੇ : 80
ਸੰਪਰਕ : 90414-11198.

ਪੁਸਤਕ ਵਿਚ ਦੋ ਨਾਵਲੈਟ ਹਨ। ਮਾਈਨਸ ਜ਼ੀਰੋ ਤੇ ਆਖਰੀ ਪਹਿਰ ਤੱਕ। ਮਾਈਨਸ ਜ਼ੀਰੋ ਦੇ 26 ਪੰਨੇ ਤੇ ਪੰਜ ਕਾਂਡ ਹਨ। ਪਹਿਲੇ ਨਾਵਲੈਟ ਦੀ ਕਹਾਣੀ ਅਸਫਲ ਪਿਆਰ ਦੀ ਹੈ। ਮੈਂ ਪਾਤਰ ਰੇਲ ਵਿਚ ਦਿੱਲੀ ਜਾ ਰਿਹਾ ਹੈ। ਦਿੱਲੀ ਉਸ ਨੂੰ ਨੌਕਰੀ ਮਿਲੀ ਹੈ। ਮਾਂ ਵੱਲੋਂ ਉਸ ਨੂੰ ਤਾਗੀਦ ਹੈ ਕਿ ਉਹ ਦਿੱਲੀ ਜਾ ਕੇ ਗੁਆਂਢ ਰਹਿੰਦੀ ਕੁੜੀ ਰਾਵੀ ਨੂੰ ਜ਼ਰੂਰ ਮਿਲ ਕੇ ਆਵੇ। ਰਾਵੀ ਨਾਲ ਮੈਂ ਪਾਤਰ ਦਾ ਬਚਪਨ ਬੀਤਿਆ ਹੈ। ਮੈਂ ਪਾਤਰ ਰਾਵੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ। ਪਰ ਵਿਚ ਜਾਤ-ਪਾਤ ਦੀ ਕੰਧ ਆ ਗਈ, ਜਿਸ ਕਰਕੇ ਰਾਵੀ ਕਿਸੇ ਹੋਰ ਨਾਲ ਵਿਆਹੀ ਗਈ। ਸਮਾਂ ਕੱਢ ਕੇ ਜਦੋਂ ਉਹ ਰਾਵੀ ਨੂੰ ਮਿਲਣ ਜਾਂਦਾ ਹੈ ਤਾਂ ਉਸ ਨੂੰ ਰਾਵੀ ਤੋਂ ਗੁੱਸੇ-ਗਿਲੇ ਮਿਲਦੇ ਹਨ। ਮੈਂ ਪਾਤਰ ਕਹਿੰਦਾ ਹੈਂਇਸ ਸਭ ਕਾਸੇ ਦੀ ਜ਼ਿੰਮੇਵਾਰ ਮੇਰੇ ਪੇਰੈਂਟਸ ਨੇ, ਮੈਂ ਉਨ੍ਹਾਂ ਨੂੰ ਜ਼ੀਰੋ ਸਮਝਦਾਂ। ਰਾਵੀ ਕਹਿੰਦੀ ਹੈ....ਤੇਰੇ ਲਈ ਜ਼ੀਰੋ ਹੋਣਗੇ ਮੇਰੇ ਲਈ ਤਾਂ ਤੂੰ ਮਾਈਨਸ ਜ਼ੀਰੋ ਹੋ ਗਿਐਂ। (ਪੰਨਾ 30) ਇਸ ਕਿਸਮ ਦੇ ਸੰਵਾਦ ਨਾਵਲੈਟ ਦੀ ਰੂਹ ਹਨ। ਦੂਸਰੇ ਨਾਵਲੈਟ ਦੇ 47 ਪੰਨੇ ਤੇ 1 ਕਾਂਡ ਹਨ। ਇਸ ਦੀ ਕਹਾਣੀ ਵੀ ਅਸਫਲ ਪਿਆਰ ਦੀ ਹੈ ਪਾਤਰ ਸੁੱਖੀ ਦਾ ਬਚਪਨ ਗੁਆਂਢ ਰਹਿੰਦੀ ਸ਼ਰਬਤੀ ਨਾਲ ਬੀਤਦਾ ਹੈ। ਉਹ ਨਿੱਕੀਆਂ-ਨਿੱਕੀਆਂ ਮੋਹ ਭਰੀਆਂ ਗੱਲਾਂ ਕਰਦੇ ਹਨ। (ਪੰਨਾ 39) ਸਮੇਂ ਨਾਲ ਸੁੱਖੀ ਨੂੰ ਨੌਕਰੀ ਮਿਲ ਜਾਂਦੀ ਹੈ। ਸ਼ਰਬਤੀ ਦਾ ਕਿਤੇ ਹੋਰ ਵਿਆਹ ਹੋ ਜਾਂਦਾ ਹੈ। ਸੁੱਖੀ ਦੀ ਉਦਾਸੀ ਨੂੰ ਲੇਖਕ ਨੇ ਰੀਝ ਨਾਲ ਲਿਖਿਆ ਹੈ। ਉਹ ਦਫ਼ਤਰ ਵਿਚ ਚੁੱਪ ਰਹਿੰਦਾ ਹੈ। ਕਿਤਾਬਾਂ ਪੜ੍ਹਦਾ ਰਹਿੰਦਾ। ਦਫ਼ਤਰ ਵਿਚ ਕੁੜੀ ਸੀਤਲ ਆਰਜ਼ੀ ਨੌਕਰੀ 'ਤੇ ਆਉਂਦੀ ਹੈ। ਉਹ ਗੱਲਬਾਤ ਵਿਚ ਤੇਜ਼ ਹੈ। ਸੁੱਖੀ ਦੀ ਮਾਨਸਿਕਤਾ ਪੜ੍ਹਦੀ ਹੋਈ ਉਸ ਦੇ ਨੇੜੇ ਆ ਜਾਂਦੀ ਹੈ। ਪਰ ਕੁਝ ਸਮੇਂ ਪਿੱਛੋਂ ਉਸ ਦੀ ਥਾਂ ਕੋਈ ਹੋਰ ਆ ਜਾਂਦਾ ਹੈ। ਸੁੱਖੀ ਦਾ ਦਿਲ ਟੁੱਟ ਜਾਂਦਾ ਹੈ। ਇਹ ਨਾਵਲੈਟ ਅਧੂਰੇ ਮਨੁੱਖ ਦੀ ਕਹਾਣੀ ਹੈ। ਲੇਖਕ ਨੇ ਸੁਹਜਮਈ, ਅਲੰਕਾਰਕ ਤੇ ਚੁਸਤ ਵਾਕ ਵਰਤੇ ਹਨ।

ਂਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160

ਫ ਫ ਫ

ਚਾਰ ਦਿਨ
ਲੇਖਕ : ਪ੍ਰੀਤਮਾ ਦੋਮੇਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 112
ਸੰਪਰਕ : 99881-52523.
]

'ਚਾਰ ਦਿਨ' ਪ੍ਰੀਤਮਾ ਦੋਮੇਲ ਦਾ ਪੰਜਵਾਂ ਕਹਾਣੀ-ਸੰਗ੍ਰਹਿ ਹੈ। ਇਸ ਵਿਚ ਉਸ ਨੇ 12 ਕਹਾਣੀਆਂ (ਪਰਵਰਿਸ਼, ਕੀੜਿਆਂ ਦਾ ਭੌਣ, ਖੇੜਿਆਂ ਦੀ ਖ਼ੈਰ, ਅੱਧੋ-ਅੱਧ, ਇਹ ਵੀ ਸੱਚ, ਉਹ ਵੀ ਸੱਚ, ਚਾਰ ਦਿਨ, ਭਵਿੱਖ-ਬਾਣੀ, ਪੂਰਬਣੀ ਦੇ ਬੱਚੇ, ਮੇਰੇ ਮਨ ਕਛਹੁ ਔਰ ਹੈ ਤੇਰੇ ਮਨ ਕਛਹੁ ਔਰ, ਸ਼ਕਤੀ ਹਾਦਸਿਆਂ ਦੀ ਉਪਜ ਅਤੇ ਸਵੇਰ ਹੋਣ ਤੱਕ) ਸ਼ਾਮਿਲ ਕੀਤੀਆਂ ਹਨ। 'ਪਰਵਰਿਸ਼', ਚਾਰ ਦਿਨ ਕਹਾਣੀਆਂ ਵਿਚ ਔਰਤ ਮਨ 'ਚ ਉਪਜੀ ਮਮਤਾ ਅਤੇ ਫ਼ੈਸਲੇ 'ਤੇ ਅਡੋਲ ਟਿਕੇ ਰਹਿਣ ਦੀ ਗਾਥਾ ਹੈ। 'ਚਾਰ ਦਿਨ' ਕਹਾਣੀ ਨਾਇਕਾ ਮੀਤਾ ਆਪਣੀ ਮਾਂ ਦੇ ਨਾਲ ਆਖਰੀ ਚਾਰ ਦਿਨਾਂ ਦੇ ਬਿਰਤਾਂਤ 'ਚ ਮਿਲੀ ਦੌਲਤ ਸਦਕਾ ਦੁਨੀਆ ਦੀ ਸਭ ਤੋਂ ਜ਼ਿਆਦਾ ਅਮੀਰ ਇਨਸਾਨ ਸਮਝਦੀ ਹੈ। ਆਖਰੀ ਸਮੇਂ ਬੇਸ਼ੱਕ ਪਰਿਵਾਰ ਦੇ ਬਾਕੀ ਪੁੱਤਰ-ਨੂੰਹਾਂ ਆਪਣੀ ਮਾਂ ਦਾ ਖਿਆਲ ਨਹੀਂ ਰੱਖਦੇ, ਪਰ ਫਿਰ ਵੀ ਉਹ ਆਪਣੀ ਮਾਂ ਵੱਲੋਂ ਮਿਲੀਆਂ ਟੁੰਬਾਂ ਵਾਪਸ ਦੇ ਕੇ ਇਹ ਸਾਬਤ ਕਰਦੀ ਹੈ ਕਿ ਪਦਾਰਥਕ ਵਸਤਾਂ ਦੀ ਬਹੁਲਤਾ ਮਨੁੱਖ ਦੀ ਅਮੀਰੀ ਦਾ ਸਬੱਬ ਨਹੀਂ ਹੈ, ਬਲਕਿ ਵਾਤਸਲ ਪਿਆਰ ਦੀ ਮਿਲੀ ਦੌਲਤ ਸਭ ਤੋਂ ਵੱਡੀ ਦੌਲਤ ਹੈ। ਅੱਧੋ-ਅੱਧ ਦੀ ਕਮਲਾ ਬਾਈ ਆਪਣੇ ਪਤੀ ਦੀ ਦੂਸਰੀ ਪਤਨੀ ਲਈ ਮਜ਼ਦੂਰੀ ਕਰਦੀ ਹੈ, ਜੋ ਵੀ ਕਮਾਉਂਦੀ ਹੈ, ਉਸ ਦੀ ਅੱਧੀ ਕਮਾਈ ਉਹ ਉਸ ਨੂੰ ਦਿੰਦੀ ਹੈ ਤਾਂ ਜੋ ਉਹ ਉਸ ਦੇ ਪਤੀ ਦੇ ਬੱਚੇ ਦੀ ਪਾਲਣਾ ਕਰ ਸਕੇ। ਮਨੁੱਖੀ ਰਿਸ਼ਤੇ ਅਤੇ ਮਨੁੱਖੀ ਮਨ ਦੋਵੇਂ ਹੀ ਗੁੰਝਲਦਾਰ ਵਰਤਾਰਿਆਂ ਦੇ ਜਨਮਦਾਤਾ ਹਨ। ਮਨੁੱਖੀ ਮਨ 'ਚ ਇਕੋ ਛਿਣ 'ਚ ਹਜ਼ਾਰਾਂ-ਲੱਖਾਂ ਪਲਾਂ ਨੂੰ ਜੀਣ-ਥੀਣ ਦੀ ਸਮਰੱਥਾ ਹੁੰਦੀ ਹੈ। ਇਸੇ ਲਈ ਪ੍ਰੀਤਮਾ ਦੋਮੇਲ ਦੀਆਂ ਕਹਾਣੀਆਂ ਵਿਚ ਲਗਾਤਾਰ ਇਕ ਰਹੱਸ ਬਣਿਆ ਰਹਿੰਦਾ ਹੈ। ਪਾਠਕ ਦੀ ਉਤਸੁਕਤਾ ਬਣੀ ਰਹਿੰਦੀ ਹੈ ਕਿ ਹੁਣ ਕੀ ਹੋਵੇਗਾ? ਲੁਕਾ-ਛੁਪਾ ਦੀ ਵਿਧੀ ਹੀ ਉਸ ਦੀਆਂ ਕਹਾਣੀਆਂ ਵਿਚ ਭਾਵਪੂਰਤਾ ਦੇ ਅੰਸ਼ਾਂ ਨੂੰ ਵਿਦਮਾਨ ਕਰਦੀ ਹੈ। ਉਸ ਦੀਆਂ ਕਹਾਣੀਆਂ ਮਨੁੱਖੀ ਮਨਾਂ 'ਚ ਰਿਸ਼ਤਿਆਂ ਦੀਆਂ ਗੁੰਝਲਾਂ, ਜੀਵਨ ਵਿਚ ਪਿਆਰ ਅਤੇ ਮਿਲਵਰਤਨ ਦੀ ਅਹਿਮੀਅਤ, ਹਰ ਮਨੁੱਖ ਲਈ ਚੰਗੇ ਜੀਵਨ ਦੀ ਕਾਮਨਾ ਨਾਲ ਓਤ-ਪੋਤ, ਇਕਹਿਰੇ ਰੰਗ ਦੀਆਂ ਭਾਵਪੂਰਤ ਕਹਾਣੀਆਂ ਸਿਰਜਣ ਵਾਲੀ ਕਥਾਕਾਰ ਹੈ। ਬੋਲੀ, ਸ਼ੈਲੀ, ਵਾਕ-ਬਣਤਰ ਦੇ ਪੱਖੋਂ, ਸੰਗ੍ਰਹਿ ਵਿਚ ਸ਼ਾਮਿਲ ਕਹਾਣੀਆਂ ਭਾਵਾਂ ਦੇ ਅਨੁਕੂਲ ਹੀ ਵਿਸ਼ੇ ਦਾ ਨਿਭਾਅ ਕਰਦੀਆਂ ਹਨ। ਬਦਲਦੀਆਂ ਪ੍ਰਸਥਿਤੀਆਂ ਅਤੇ ਸਮੇਂ ਦੀ ਲੋੜ ਅਨੁਸਾਰ ਹੀ ਪਾਤਰ ਆਪੋ-ਆਪਣਾ ਕਾਰਜ ਕਰਦੇ ਪ੍ਰਤੀਤ ਹੁੰਦੇ ਹਨ। ਆਪਣੇ ਦੁੱਖ ਦੇ ਨਾਲ ਨਾ ਗ੍ਰਸਤ ਹੋ, ਸਗੋਂ ਸਮੂਹ ਦੇ ਦੁੱਖਾਂ ਦੇ ਪ੍ਰਗਟਾਅ ਦਾ ਮਾਧਿਅਮ ਬਣਨਾ ਵੀ ਇਨ੍ਹਾਂ ਕਹਾਣੀਆਂ ਦੀ ਵਿਸ਼ੇਸ਼ਤਾ ਮੰਨੀ ਜਾ ਸਕਦੀ ਹੈ। 'ਚਾਰ ਦਿਨ' ਦਾ ਸਰਵਰਕ ਪਾਤਰਾਂ ਦੇ ਚਿਹਰਿਆਂ 'ਤੇ ਸੰਜੀਦਗੀ ਦੀ ਝਲਕ ਦਿਖਾਉਂਦਾ ਇਸ ਕਹਾਣੀ-ਸੰਗ੍ਰਹਿ ਦੇ ਪਾਤਰਾਂ ਦੀ ਮਨੋਦਸ਼ਾ ਨੂੰ ਭਲੀ-ਭਾਂਤ ਸਪੱਸ਼ਟ ਕਰ ਜਾਂਦਾ ਹੈ। ਇਸ ਲਈ ਪੁਸਤਕ ਦਾ ਸਿਰਲੇਖ ਢੁਕਵਾਂ ਅਤੇ ਫੱਬਵਾਂ ਹੈ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

ਫ ਫ ਫ

ਕ੍ਰਿਸ਼ਨ ਪ੍ਰਤਾਪ ਹਾਜ਼ਰ ਹੋ.....
ਲੇਖਕ : ਕ੍ਰਿਸ਼ਨ ਪ੍ਰਤਾਪ
ਪ੍ਰਕਾਸ਼ਕ : ਅਦਬੀ ਪਰਵਾਜ਼ ਪ੍ਰਕਾਸ਼ਨ, ਮਾਨਸਾ
ਮੁੱਲ : 240 ਰੁਪਏ, ਸਫ਼ੇ : 288
ਸੰਪਰਕ : 94174-37682.

ਹਥਲੀ ਪੁਸਤਕ ਜਿਥੇ ਗਲਪ ਦੇ ਨਿਵੇਕਲੇ ਸੰਰਚਨਾਤਮਕ ਪਹਿਲੂਆਂ ਦਾ ਸਿਧਾਂਤਕ ਪੱਧਰ 'ਤੇ ਪੈਰਾਡਾਈਮ ਨਿਰਧਾਰਤ ਕਰਦੀ ਹੈ, ਉਥੇ ਪੰਜਾਬੀ ਨਾਵਲ ਦੇ ਇਤਿਹਾਸਕ ਪੜਾਅ-ਖੰਡਾਂ 'ਚ ਰਚੇ ਗਏ ਨਾਵਲਾਂ ਨੂੰ ਵੀ ਨਵਾਂ ਮੁਹਾਂਦਰਾ ਦਿੰਦੀ ਹੋਈ ਪ੍ਰਤੀਤ ਹੁੰਦੀ ਹੈ। ਲੇਖਕ ਨੇ ਕੇਵਲ ਪੰਜਾਬ ਹੀ ਨਹੀਂ ਸਗੋਂ ਭਾਰਤੀ ਰਾਜਨੀਤੀ ਅਤੇ ਇਸ ਦੇ ਅੰਤਰਗਤ ਦਿੱਤੀਆਂ ਜਾਂਦੀਆਂ ਅੰਨ੍ਹੀਆਂ ਦਿਸ਼ਾ-ਨਿਰਦੇਸ਼ਾਵਾਂ ਦੇ ਸਿੱਟੇ ਵਜੋਂ, ਜੋ ਸਰਕਾਰੀ ਦਫ਼ਤਰਾਂ, ਕੋਰਟ-ਕਚਹਿਰੀਆਂ ਅਤੇ ਵਿਸ਼ੇਸ਼ ਪੁਲਿਸ-ਕੇਂਦਰਾਂ ਵਿਚ ਹੋ ਰਹੀਆਂ ਘਿਨੌਣੀਆਂ ਵਾਰਦਾਤਾਂ ਅਤੇ ਅਣਗਿਣਤ ਸਹਿਕ-ਸਿਤਮ ਅਤੇ ਦਰਦ ਝੇਲਦੇ ਹੋਏ ਲੋਕਾਂ ਦਾ ਦ੍ਰਿਸ਼ ਵਰਨਣ, ਹੈ ਆਦਿ ਨੂੰ ਭਾਵਪੂਰਤ ਪਰ ਸਰਲ ਸ਼ਬਦਾਵਲੀ ਜ਼ਰੀਏ ਪਾਠਕਾਂ ਦੇ ਸਨਮੁੱਖ ਕੀਤਾ ਹੈ। ਨਾਵਲ ਦੇ 26 ਕਾਂਡ ਵਿਧੀਗਤ ਰੂਪ 'ਚ ਵੱਖਰੇ-ਵੱਖਰੇ ਦ੍ਰਿਸ਼ ਚਿੱਤਰਾਂ ਦਾ ਪ੍ਰਗਟਾਵਾ ਹਨ ਅਤੇ ਪਾਤਰਾਂ ਦੇ ਨਾਟਕੀ ਵਾਰਤਾਲਾਪ ਅਜੋਕੀ ਸ਼ਾਸਨ ਪ੍ਰਣਾਲੀ ਦਾ ਤਹਿ-ਦਰ-ਤਹਿ ਪਾਜ ਵੀ ਉਘਾੜਦੇ ਹਨ। ਮਨੁੱਖੀ ਨਿਆਂ ਪ੍ਰਣਾਲੀ, ਮਨੁੱਖੀ ਅਧਿਕਾਰ ਕਮਿਸ਼ਨ ਦੀਆਂ ਰਿਪੋਰਟਾਂ ਅਤੇ ਡਾਕਟਰੀ-ਮੁਤਾਲਿਆਂ ਦਾ ਤਾਂ ਲੇਖਕ ਨੇ ਨਿਰੀਖਣ-ਪ੍ਰੀਖਣ ਕੀਤਾ ਹੀ ਹੈ ਨਾਲ ਦੀ ਨਾਲ ਕਥਿਤ ਰਾਸ਼ਟਰੀ ਸੇਵਾਦਾਰ ਲੀਡਰਾਂ ਦਾ ਵੀ ਖੂਬ ਪਾਜ ਉਘਾੜਿਆ ਹੈ। ਲੇਖਕ ਨੂੰ ਵਰਤਮਾਨ ਪ੍ਰਸ਼ਾਸਨ ਜੰਗਾਲਿਆ ਹੋਇਆ ਲਗਦਾ ਹੈ, ਜਿਸ ਵਿਚ ਆਮ ਬੰਦਾ ਤੰਗ-ਪ੍ਰੇਸ਼ਾਨ ਅਤੇ ਮਰਨ ਕੰਢੇ ਪੁੱਜ ਜਾਂਦਾ ਹੈ ਅਤੇ ਆਪਣੇ ਜੀਵਨ ਤੋਂ ਜਿਊਂਦਿਆਂ ਹੋਇਆਂ ਆਪੇ ਹੀ ਪ੍ਰਲੋਕ ਗਮਨ ਕਰ ਜਾਂਦਾ ਹੈ। ਖਲਨਾਇਕ ਪਾਤਰਾਂ ਦੀ ਧੌਂਸ, ਉਨ੍ਹਾਂ ਦੀਆਂ ਕੋਹਜੀਆਂ ਕਰਤੂਤਾਂ ਭਾਵੇਂ ਨਾਵਲ ਦੀਆਂ ਬਿਰਤਾਂਤਕ ਜੁਗਤਾਂ ਜ਼ਰੀਏ ਕਈ ਪੱਖਾਂ ਨੂੰ ਉਘਾੜਦੀਆਂ ਹਨ ਪਰ ਅਸਲ ਵਿਚ ਇਹ ਸਭ ਕਰਤੂਤਾਂ ਮਾਨਵੀ ਹਿਰਦਿਆਂ ਨੂੰ ਵਲੂੰਧਰਦੀਆਂ ਹੋਈਆਂ ਦਰਸਾ ਕੇ ਨਾਵਲਕਾਰ ਨੇ ਨਵੇਂ ਨਰੋਏ ਸਮਾਜ ਅਤੇ ਸਮੂਹਿਕ ਮਾਨਵਤਾ ਦੀ ਸਿਰਜਣਾ ਕਰਨ ਦਾ ਇਥੇ ਪੈਗ਼ਾਮ ਸਕਾਰਾਤਮਕ ਰੂਪ 'ਚ ਪੇਸ਼ ਕੀਤਾ ਹੈ। ਇਹੋ ਜੁਗਤ ਨਾਵਲ ਦੀ ਸੰਰਚਨਾਤਮਕ ਜੁਗਤ ਹੈ, ਜੋ ਇਸ ਨਾਵਲ ਨੂੰ ਪੰਜਾਬੀ ਦੇ ਗੌਲਣਯੋਗ ਨਾਵਲਾਂ ਵਿਚ ਸ਼ਾਮਿਲ ਕਰਨ 'ਚ ਕਾਰਗਰ ਜੁਗਤ ਵਜੋਂ ਸਥਾਪਿਤ ਹੋਈ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732

ਫ ਫ ਫ

ਮਹਿਕਾਂ
ਸ਼ਾਇਰ : ਇਕਬਾਲ ਘਾਰੂ
ਪ੍ਰਕਾਸ਼ਕ : ਨਵੀਨ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 120 ਰੁਪਏ, ਸਫ਼ੇ : 80
ਸੰਪਰਕ : 98552-19724

ਇਕਬਾਲ ਘਾਰੂ ਲੋਕਵੇਦਨਾ ਦਾ ਪ੍ਰਤੀਬਧ ਸ਼ਾਇਰ ਹੈ, ਜਿਸ ਦੀਆਂ ਪਹਿਲਾਂ ਅੱਧੀ ਦਰਜਨ ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। 'ਮਹਿਕਾਂ' ਉਸ ਦਾ ਨਵਾਂ ਗ਼ਜ਼ਲ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ 78 ਗ਼ਜ਼ਲਾਂ ਛਾਪੀਆਂ ਗਈਆਂ ਹਨ। ਇਸ ਸੰਗ੍ਰਹਿ ਦੀਆਂ ਬਹੁਤੀਆਂ ਗ਼ਜ਼ਲਾਂ ਮੁਹੱਬਤੀ ਰੰਗ ਦੀਆਂ ਹਨ। ਮੁਹੱਬਤ ਅਸਲ ਵਿਚ ਮਨੁੱਖੀ ਜ਼ਿੰਦਗੀ ਦਾ ਹੀ ਧੁਰਾ ਨਹੀਂ ਬਲਕਿ ਇਸ ਬਿਨਾਂ ਬਾਕੀ ਜੀਵਾਂ ਦੀ ਜ਼ਿੰਦਗੀ ਵੀ ਅਧੂਰੀ ਹੈ। ਉਹ ਆਪਣੇ ਸੱਜਣ ਨੂੰ ਰੰਗਾਂ ਦਾ ਦਰਿਆ ਆਖਦਾ ਹੈ ਤੇ ਆਪਣੀ ਜਾਨ ਤੋਂ ਵਧ ਕੇ ਮੰਨਦਾ ਹੈ। ਉਹ ਆਪਣਿਆਂ ਦੇ ਮੇਲ ਨੂੰ ਖ਼ੁਦਾਈ ਮਿਲਣ ਦੇ ਤੁਲ ਮਹਿਸੂਸ ਕਰਦਾ ਹੈ ਤੇ ਉਸ ਨੂੰ ਇਸ ਦੇ ਮੁਕਾਬਲੇ ਦੁਨੀਆ ਤੁਛ ਲਗਦੀ ਹੈ। ਉਸ ਮੁਤਾਬਿਕ ਇਸ਼ਕ ਦੇ ਪੈਂਡੇ ਐਨੇ ਸਹਿਜ ਨਹੀਂ ਹੁੰਦੇ, ਇਨ੍ਹਾਂ 'ਤੇ ਚਲਦਿਆਂ ਕੁਰਬਾਨੀ ਦੇਣੀ ਪੈਂਦੀ ਹੈ। ਸ਼ਾਇਰ ਅਨੁਸਾਰ ਮੁਹੱਬਤ ਨਸੀਬਾਂ ਵਾਲਿਆਂ ਨੂੰ ਹੀ ਮਿਲਦੀ ਹੈ ਤੇ ਇਹ ਜ਼ਿੰਦਗੀ ਨੂੰ ਖ਼ੂਬਸੂਰਤ ਬਣਾਉਂਦੀ ਹੈ। ਉਹ ਨਾਰੀ ਨੂੰ ਵੀ ਯੋਗ ਸਤਿਕਾਰ ਦਿੰਦਾ ਹੈ ਤੇ ਆਖਦਾ ਹੈ ਜੇ ਦੁਨੀਆ ਵਿਚ ਨਾਰੀ ਨਾ ਹੁੰਦੀ ਤਾਂ ਇਹ ਧਰਤੀ ਸੁੰਨੀ ਤੇ ਬਦਸੂਰਤ ਹੁੰਦੀ। ਉਹ ਪੁਰਾਣੇ ਬੇਲੀਆਂ ਨੂੰ ਯਾਦ ਕਰਦਾ ਹੋਇਆ ਅਫ਼ਸੋਸ ਜ਼ਾਹਿਰ ਕਰਦਾ ਹੈ ਕਿ ਹੁਣ ਉਹ ਪੁਰਾਣਾ ਜ਼ਮਾਨਾ ਨਹੀਂ ਰਿਹਾ ਤੇ ਪਿਆਰ ਕਿਧਰੇ ਉਡ ਪੁਡ ਗਿਆ ਹੈ। ਘਾਰੂ ਮੁਤਾਬਿਕ ਖ਼ੁਦਾ ਨੂੰ ਪਾਉਣ ਦਾ ਰਸਤਾ ਸਿਰਫ ਪਿਆਰ ਹੀ ਹੈ ਤੇ ਨਫ਼ਰਤ ਮਨੁੱਖ ਨੂੰ ਅਸਲ ਰਸਤੇ ਤੋਂ ਭਟਕਾ ਦਿੰਦੀ ਹੈ। ਸ਼ਾਇਰ ਲੋਕ ਘੋਲ਼ਾਂ ਦਾ ਹਮਾਇਤੀ ਤੇ ਬਰਾਬਰਤਾ ਦਾ ਪਹਿਰੇਦਾਰ ਹੈ। ਉਹ ਦਕੀਆਨੂਸੀ ਰਿਵਾਜਾਂ ਤੇ ਪਰੰਪਰਾਵਾਂ ਦੇ ਵਿਰੋਧ ਵਿਚ ਖੜ੍ਹਦਾ ਹੈ ਤੇ ਨਵੇਂ ਨਰੋਏ ਸਮਾਜ ਦੀ ਖ਼ਾਹਿਸ਼ ਪਾਲਦਾ ਹੈ। ਉਸ ਦੀਆਂ ਗ਼ਜ਼ਲਾਂ ਦੇ ਸ਼ਿਅਰ ਸਾਦੀ ਜ਼ਬਾਨ ਵਿਚ ਹਨ ਤੇ ਉਹ ਸਪੱਸ਼ਟ ਗੱਲ ਕਰਨ ਵਿਚ ਯਕੀਨ ਰੱਖਦਾ ਹੈ। ਇਕਬਾਲ ਘਾਰੂ ਦੀਪਕ ਗ਼ਜ਼ਲ ਅਸਕੂਲ ਨਾਲ ਜੁੜਿਆ ਰਿਹਾ ਹੈ ਤੇ ਉਹ ਹੋਰ ਵੀ ਸਾਹਿਤਕ ਸੰਸਥਾਵਾਂ ਨਾਲ ਸਬੰਧ ਰੱਖਦਾ ਹੈ। ਫਿਰ ਵੀ ਉਸ ਦੀਆਂ ਗ਼ਜ਼ਲਾਂ ਵਿਚ ਕਿਤੇ-ਕਿਤੇ ਲਾਪ੍ਰਵਾਹੀ ਨਜ਼ਰ ਆਉਂਦੀ ਹੈ।

ਫ ਫ ਫ

ਮਿੱਠੀਆਂ-ਮਿੱਠੀਆਂ ਚੋਭਾਂ
ਸ਼ਾਇਰ : ਕਿਰਪਾਲ ਸਿੰਘ 'ਪਰੇਸ਼ਾਨ'
ਪ੍ਰਕਾਸ਼ਕ : ਲੋਕਪਾਲ ਐਂਡ ਫ਼ਾਦਰ ਸਾਹਿਬ, ਭਾਦਸੋਂ
ਮੁੱਲ :150 ਰੁਪਏ, ਸਫ਼ੇ : 91

ਕਿਰਪਾਲ ਸਿੰਘ 'ਪਰੇਸ਼ਾਨ' ਗ਼ਜ਼ਲ ਦੀ ਰੂਹ ਨੂੰ ਜਾਨਣ ਵਾਲਾ ਦਰਵੇਸ਼ ਗ਼ਜ਼ਲਕਾਰ ਹੈ। ਉਹ ਬਿਨਾਂ ਕਿਸੇ ਲਾਗੇ ਦੇਗੇ ਦੇ ਸ਼ਿਅਰਕਾਰੀ ਕਰਨ ਵਿਚ ਹੀ ਯਕੀਨ ਰੱਖਦਾ ਹੈ। ਪੁਸਤਕ 'ਮਿੱਠੀਆਂ-ਮਿੱਠੀਆਂ ਚੋਭਾਂ' ਉਸ ਦੀ ਪ੍ਰਕਾਸ਼ਿਤ ਹੋਈ ਛੇਵੀਂ ਪੁਸਤਕ ਹੈ। ਇਸ ਦਾ ਨਾਂਅ ਵੀ ਉਸ ਦੀਆਂ ਗ਼ਜ਼ਲਾਂ ਤੇ ਉਸ ਦੀ ਸ਼ਖ਼ਸੀਅਤ ਵਾਂਗ ਸਾਦ-ਮੁਰਾਦਾ ਹੈ। 'ਮਿੱਠੀਆਂ-ਮਿੱਠੀਆਂ ਚੋਭਾਂ' ਵਿਚ ਗ਼ਜ਼ਲਾਂ ਦੀ ਬਹੁਲਤਾ ਹੈ ਪਰ ਕਿਤੇ-ਕਿਤੇ ਉਸ ਨੇ ਬੈਂਤ ਅਤੇ ਗੀਤਨੁਮਾ ਰਚਨਾਵਾਂ ਵੀ ਕਹੀਆਂ ਹਨ। ਸਿਖਾਂਦਰੂਆਂ ਲਈ ਉਸ ਨੇ ਹਰ ਗ਼ਜ਼ਲ 'ਤੇ ਬਹਿਰ ਦਾ ਨਾਂਅ ਤੇ ਵਜ਼ਨ ਵੀ ਅੰਕਿਤ ਕੀਤਾ ਹੈ। ਸ਼ਾਇਰ ਦਾ ਤੁਅਲਕ ਦੀਪਕ ਗ਼ਜ਼ਲ ਅਸਕੂਲ ਨਾਲ ਹੋਣ ਕਰਕੇ ਰੂਪਕ ਉਕਾਈਆਂ ਦੀ ਗੁੰਜਾਇਸ਼ ਘੱਟ ਬਚਦੀ ਹੈ। ਕਿਤਾਬ ਦੇ ਸ਼ੁਰੂ ਵਿਚ ਉਸ ਨੇ ਆਪਣੇ ਸ਼ਾਇਰੀ ਦੇ ਘਰਾਣੇ ਦੀ ਗੁਰੂ ਬੰਸਾਵਲੀ ਵੀ ਛਾਪੀ ਹੈ। ਪੁਸਤਕ ਵਿਚ ਡਾ. ਭਗਵੰਤ ਸਿੰਘ, ਕੁਲਦੀਪ ਸਿੰਘ ਧੀਰ ਤੇ ਕਰਤਾਰ ਸਿੰਘ ਪੰਛੀ ਨੇ ਆਪਣੀਆਂ ਲਿਖਤਾਂ ਵਿਚ ਸ਼ਾਇਰ ਦੀ ਜ਼ਿੰਦਗੀ ਤੇ ਸ਼ਾਇਰੀ ਦਾ ਲੇਖਾ-ਜੋਖਾ ਕੀਤਾ ਹੈ। 'ਮਿੱਠੀਆਂ-ਮਿੱਠੀਆਂ ਚੋਭਾਂ' ਪੁਸਤਕ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿਚ ਵਧੇਰੇ ਕਰਕੇ ਪੇਂਡੂ ਤੇ ਸਿੱਧੀ-ਸਾਦੀ ਭਾਸ਼ਾ ਦਾ ਉਪਯੋਗ ਕੀਤਾ ਗਿਆ ਹੈ ਜੋ ਪਾਠਕ ਨੂੰ ਬੌਧਿਕਤਾ ਦੇ ਚੱਕਰਵਿਊ ਵਿਚ ਨਹੀਂ ਫਸਾਉਂਦਾ। ਰੂੜੀ, ਬਦਹਜ਼ਮੀ, ਮਖ਼ਿਆਲ, ਖੱਖਰ, ਮਦਾਰੀ, ਜਮੂਰਾ, ਨਿਖੱਟੂ, ਜਨਾਨੀ, ਉਚੱਕੇ, ਕਰਤੂਤ, ਬੁੜ੍ਹਾ, ਲਫੰਗੇ, ਚਿੱਤੜ, ਭੂੰਜੇ, ਠਰਕ, ਛਿਤਰੌਲ, ਬਾਬਾ, ਖ਼ਸਮ, ਭੜਭੂੰਜੇ ਤੇ ਚਿੱਪੀ ਵਰਗੇ ਸ਼ਬਦ ਵਰਤ ਕੇ ਗ਼ਜ਼ਲ ਦਾ ਕੱਦ ਬਰਕਰਾਰ ਰੱਖਣ ਵਿਚ ਪਰੇਸ਼ਾਨ ਨੂੰ ਮੁਹਾਰਤ ਹਾਸਿਲ ਹੈ। ਨਿਰੋਲ ਪੇਂਡੂ ਲਹਿਜ਼ੇ ਦੇ ਨਾਲ-ਨਾਲ ਸ਼ਾਇਰ ਨੇ ਹੋਰਨਾ ਭਾਸ਼ਾਵਾਂ ਦੇ ਸ਼ਬਦਾਂ ਨੂੰ ਇਨ-ਬਿਨ ਵਰਤ ਕੇ ਵਿਅੰਗ ਸਿਰਜਣ ਦੀ ਕੋਸ਼ਿਸ਼ ਕੀਤੀ ਹੈ। ਮੂਡ, ਸਕੈਂਡਲ, ਕੈਮਿਸਟ, ਕਮਾਂਡੋ, ਕੈਪਸੂਲ, ਮੋਬਾਈਲ, ਪਰਸਨਲ, ਬੁਗਨਵਿਲੀਆ, ਮਾਸਟਰ, ਟੇਪਾਂ, ਕਰੀਮ, ਟਿਫਨ, ਫੈਸ਼ਨ ਡਿਜ਼ਾਇਨਿੰਗ, ਪਲਾਨ, ਕਜ਼ਾਕਤ, ਨਸ਼ਰ, ਮਿਸਮਾਰ ਆਦਿ ਸ਼ਬਦ ਪਰੇਸ਼ਾਨ ਦੇ ਸ਼ਿਅਰਾਂ ਵਿਚ ਦੂਸਰੀਆਂ ਭਾਸ਼ਾਵਾਂ ਦੇ ਹੋਣ ਦੇ ਬਾਵਜੂਦ ਸੁੰਦਰਤਾ ਪੈਦਾ ਕਰਦੇ ਹਨ। ਇਸ ਪੁਸਤਕ ਵਿਚ ਸ਼ਾਮਿਲ ਗ਼ਜ਼ਲਾਂ ਦੇ ਸ਼ਿਅਰ ਗੰਭੀਰ ਸੰਵਾਦ ਵੀ ਰਚਾਉਂਦੇ ਹਨ ਤੇ ਗੁਦਗੁਦੀ ਵੀ ਪੈਦਾ ਕਰਦੇ ਹਨ। ਕੁਲ ਮਿਲਾ ਕੇ ਗ਼ਜ਼ਲਕਾਰ ਕਿਰਪਾਲ ਸਿੰਘ 'ਪਰੇਸ਼ਾਨ' ਦੀ ਇਹ ਪੁਸਤਕ ਕੁਝ ਕਮੀਆਂ ਹੋਣ ਦੇ ਬਾਵਜੂਦ ਪੜ੍ਹੀ ਜਾਣ ਵਾਲੀ ਪੁਸਤਕ ਹੈ।

ਂਗੁਰਦਿਆਲ ਰੌਸ਼ਨ
ਮੋ: 9988444002

21-05-2016

ਆਪਣੀ ਹੋਂਦ ਲਈ ਜੂਝਦੀ ਨਸੀਬੋ
ਖੋਜ ਕਰਤਾ : ਡਾ: ਹਰਪ੍ਰੀਤ ਕੌਰ
ਪ੍ਰਕਾਸ਼ਕ : ਜ਼ੋਹਰਾ ਪਬਲੀਕੇਸ਼ਨ, ਪਟਿਆਲਾ
ਮੁੱਲ : 180 ਰੁਪਏ, ਸਫ਼ੇ : 80
ਸੰਪਰਕ : 94638-45506.

ਇਹ ਇਕ ਖੋਜ ਪੁਸਤਕ ਹੈ, ਜਿਸ ਵਿਚ ਪਰਵਾਸੀ ਲੇਖਿਕਾ ਸੁਰਜੀਤ ਕਲਸੀ ਦੁਆਰਾ ਲਿਖੀ ਗਈ 'ਇਕ ਪਰਵਾਸੀ ਔਰਤ ਦੀ ਡਾਇਰੀ' ਨੂੰ ਆਧਾਰ ਬਣਾਇਆ ਗਿਆ ਹੈ। ਇਹ ਪੁਸਤਕ ਇਕ ਅਜਿਹੀ ਕੁੜੀ ਨਸੀਬੋ ਦਾ ਦੁਖਾਂਤ ਹੈ, ਜਿਸ ਨੂੰ ਉਸ ਦਾ ਆਪਣਾ ਬਾਪ ਵਿਦੇਸ਼ ਜਾਣ ਦੇ ਲਾਲਚ ਵਿਚ ਇਕ ਪਾਗਲ ਨਾਲ ਵਿਆਹ ਦਿੰਦਾ ਹੈ। ਫਿਰ ਇਸ ਲੜਕੀ ਨੂੰ ਇਕੱਲਿਆਂ ਹੀ ਵਿਦੇਸ਼ ਭੇਜ ਦਿੱਤਾ ਜਾਂਦਾ ਹੈ ਅਤੇ ਆਖਿਆ ਜਾਂਦਾ ਹੈ ਕਿ ਤੂੰ ਸਾਡੇ ਸਾਰੇ ਪਰਿਵਾਰ ਨੂੰ ਵੀ ਬਾਹਰ ਬੁਲਾ ਲਈ। ਡਰਦੀ ਸੰਗਦੀ ਕੁੜੀ ਪਹਿਲੀ ਵਾਰ ਓਪਰੀ ਧਰਤੀ 'ਤੇ ਪੈਰ ਰੱਖਦੀ ਹੈ ਤਾਂ ਉਸ ਨੂੰ ਕੋਈ ਵੀ ਲੈਣ ਨਹੀਂ ਆਉਂਦਾ। ਹਾਰ ਕੇ ਉਹ ਟੈਕਸੀ ਕਰ ਕੇ ਦੱਸੇ ਗਏ ਪਤੇ 'ਤੇ ਪਹੁੰਚਦੀ ਹੈ ਤਾਂ ਉਸ ਦੀ ਜਠਾਣੀ ਜੋ ਗੋਰੀ ਹੈ, ਉਸ ਨਾਲ ਠੰਢਾ ਵਿਹਾਰ ਕਰਦੀ ਹੈ। ਉਸ ਨੇ ਭੁੱਖਣ ਭਾਣੀ ਅਤੇ ਥੱਕੀ ਹਾਰੀ ਨਸੀਬੋ ਨੂੰ ਰੋਟੀ ਪਾਣੀ ਵੀ ਨਾ ਪੁੱਛਿਆ। ਜਦੋਂ ਉਸ ਦਾ ਜੇਠ ਘਰ ਆਉਂਦਾ ਹੈ ਤਾਂ ਨਸੀਬੋ ਨੂੰ ਗ਼ਲਤ ਪਤਾ ਦੱਸ ਕੇ ਕਿਸੇ ਸ਼ਹਿਰ ਭੇਜ ਦਿੰਦਾ ਹੈ, ਜਿਥੇ ਉਸ ਦਾ ਪਤੀ ਨਹੀਂ ਹੁੰਦਾ। ਧੱਕੇ ਧੋੜੇ ਖਾਂਦੀ ਨਸੀਬੋ ਨੂੰ ਇਕ ਬਜ਼ੁਰਗ ਗੋਰੀ ਔਰਤ ਕੁਝ ਸਹਾਰਾ ਦਿੰਦੀ ਹੈ ਅਤੇ ਉਸ ਦੇ ਗਹਿਣੇ ਰੱਖ ਕੇ ਉਸ ਨੂੰ ਵਾਪਸ ਆਪਣੇ ਜੇਠ ਦੇ ਘਰ ਭੇਜਣ ਦੀ ਟਿਕਟ ਲੈ ਦਿੰਦੀ ਹੈ। ਡਰੀ ਸਹਿਮੀ ਕੁੜੀ ਏਅਰਪੋਰਟ 'ਤੇ ਇਕ ਸਫ਼ਾਈ ਸੇਵਕਾ ਨੂੰ ਕਿਸੇ ਰਹਿਣ ਦੇ ਟਿਕਾਣੇ ਬਾਰੇ ਪੁੱਛਦੀ ਹੈ ਤਾਂ ਉਹ ਉਸ ਨੂੰ ਗੁਰਦੁਆਰੇ ਬਾਰੇ ਦੱਸਦੀ ਹੈ। ਗੁਰਦੁਆਰੇ ਉਸ ਨੂੰ ਲੰਗਰ ਅਤੇ ਰਹਿਣ ਦਾ ਟਿਕਾਣਾ ਮਿਲਦਾ ਹੈ। ਉਹ ਦਿੱਲੀ ਆਪਣੇ ਪਿਤਾ ਨੂੰ ਫੋਨ 'ਤੇ ਆਪਣੀ ਦਰਦਨਾਕ ਹਾਲਤ ਦੱਸਦੀ ਹੈ ਪਰ ਉਸ ਦਾ ਪਿਉ ਉਸ ਨਾਲ ਹਮਦਰਦੀ ਕਰਨ ਦੀ ਬਜਾਇ ਕਹਿੰਦਾ ਹੈ ਕਿ ਤੂੰ ਸਭ ਕੁਝ ਭੁੱਲ ਜਾ ਅਤੇ ਸਾਡੇ ਲਈ ਰਾਹਦਾਰੀ ਦੇ ਕਾਗਜ਼ ਭੇਜ ਦੇ। ਜ਼ਿੰਦਗੀ ਦੀਆਂ ਤਲਖ਼ੀਆਂ ਸਹਿੰਦੇ-ਸਹਿੰਦੇ 10 ਸਾਲ ਗੁਜ਼ਰ ਗਏ। ਏਨਾ ਕੁਝ ਸਹਿ ਕੇ ਵੀ ਜਦੋਂ ਉਸ ਨੂੰ ਆਪਣੀ ਮਾਂ ਦਾ ਹੰਝੂਆਂ ਭਰਿਆ ਖ਼ਤ ਮਿਲਿਆ, ਜਿਸ ਵਿਚ ਉਸ ਦੇ ਭਰਾਵਾਂ ਨੂੰ ਬੁਲਾਉਣ ਦਾ ਵਾਸਤਾ ਸੀ, ਤਾਂ ਉਹ ਮਜਬੂਰ ਹੋ ਕੇ ਆਪਣੇ ਭਰਾਵਾਂ ਦੀ ਅਰਜ਼ੀ ਭਰਨ ਦਾ ਫ਼ੈਸਲਾ ਕਰਦੀ ਹੈ। ਇਹ ਪੁਸਤਕ ਪ੍ਰਵਾਸ ਦੇ ਦੁੱਖਾਂ ਪ੍ਰਤੀ ਸਾਨੂੰ ਸੁਚੇਤ ਕਰਦੀ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਕਹਿ ਦਿਓ ਉਸ ਕੁੜੀ ਨੂੰ
ਕਵਿੱਤਰੀ : ਡਾ: ਗੁਰਮਿੰਦਰ ਸਿੱਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98720-03658.

ਡਾ: ਗੁਰਮਿੰਦਰ ਸਿੱਧੂ ਪਿਛਲੇ ਤਿੰਨ ਦਹਾਕਿਆਂ ਤੋਂ ਆਧੁਨਿਕ ਪੰਜਾਬੀ ਕਾਵਿ ਦੇ ਮੋਕਲੇ ਵਿਹੜੇ ਵਿਚ ਬੜੀ ਸਜ-ਧਜ ਅਤੇ ਸੁਹਿਰਦਤਾ ਨਾਲ ਉਪਸਥਿਤ ਹੈ। 'ਕਹਿ ਦਿਉ ਉਸ ਕੁੜੀ ਨੂੰ' ਕਾਵਿ ਸੰਗ੍ਰਹਿ ਦੇ ਮਾਧਿਅਮ ਦੁਆਰਾ ਲੇਖਕਾ ਪੰਜਾਬ ਵਿਚ ਇਕ ਅਜਿਹਾ ਅੰਦੋਲਨ ਸ਼ੁਰੂ ਕਰ ਦੇਣਾ ਚਾਹੁੰਦੀ ਹੈ, ਜਿਥੇ ਨਾਰੀ ਮਹਿਫੂਜ਼ ਹੋਵੇ, ਉਸ ਨੂੰ ਸਮਾਨ ਅਧਿਕਾਰ ਪ੍ਰਾਪਤ ਹੋਣ, ਉਹ ਪੜ੍ਹ-ਲਿਖ ਕੇ ਪੂਰੇ ਸਵੈਮਾਣ ਨਾਲ ਜੀ-ਥੀ ਸਕੇ ਅਤੇ ਆਪਣੇ ਸੁਪਨਿਆਂ ਨੂੰ ਸਰੰਜਾਮ ਤੱਕ ਪਹੁੰਚਾ ਸਕੇ। ਇਸ ਮੰਤਵ ਲਈ ਉਸ ਨੇ ਟੱਪਿਆਂ, ਸੁਹਾਗ-ਗੀਤਾਂ, ਲੋਰੀਆਂ, ਕਿਕਲੀਆਂ, ਘੋੜੀਆਂ, ਢੋਲਕ-ਗੀਤਾਂ, ਬੰਬੀਹਿਆਂ, ਗਿੱਧਿਆਂ ਅਤੇ ਜਾਗੋ-ਗੀਤਾਂ ਦੀ ਇਕ ਝੜੀ ਲਾ ਦਿੱਤੀ ਹੈ। ਉਸ ਨੇ ਧੀਆਂ ਲਈ ਲੋਰੀਆਂ ਲਿਖੀਆਂ ਹਨ ਅਤੇ ਕੁੜੀਆਂ ਦੀਆਂ ਘੋੜੀਆਂ ਗਾ ਕੇ ਇਕ ਅਜੀਬ ਵਿਸਮਾਦੀ ਸਮਾਂ ਬੰਨ੍ਹ ਦਿੱਤਾ ਹੈ। ਕਿਸੇ ਵੀ ਸੱਭਿਆਚਾਰ ਵਿਚ ਹਾਂ-ਪੱਖੀ ਪਰਿਵਰਤਨ ਇਸੇ ਤਰ੍ਹਾਂ ਲਿਆਂਦੇ ਜਾ ਸਕਦੇ ਹਨ। ਇਕ ਵੰਨਗੀ ਦੇਖੋ :
ਨੈਣਾਂ 'ਚ ਸੁਫ਼ਨੇ ਹਜ਼ਾਰਾਂ ਲੈ ਕੇ
ਮੇਰੀ ਲਾਡਲੀ ਸੌਂ ਜਾ।...
ਸੁਫ਼ਨੇ 'ਚ ਤੂੰ ਸ਼ਹਿਜ਼ਾਦੀ ਬਣੇਂ
ਰੁੱਤਾਂ ਕਰਨ ਗੁਲਾਮੀ
ਜਾਗੇਂ ਤਾਂ ਉੱਚੜੇ ਰੁਤਬੇ ਲਵੇਂ
ਲੋਕੀਂ ਦੇਣ ਸਲਾਮੀ।
ਮਾਂ ਦੀਆਂ ਸੀਸਾਂ ਦੁਆਵਾਂ ਲੈ ਕੇ
ਮੇਰੀ ਲਾਡਲੀ ਸੌਂ ਜਾ।
(ਧੀ ਲਈ ਲੋਰੀ)
ਇਨ੍ਹਾਂ ਪ੍ਰਗੀਤਾਂ ਦੀ ਭਾਵ-ਭੂਮੀ ਅਤੇ ਵਸਤੂ-ਸਮੱਗਰੀ ਉੱਪਰ ਪੰਜਾਬੀ ਲੋਕਯਾਨ ਦਾ ਬੜਾ ਤੀਖਣ ਅਤੇ ਸਪੱਸ਼ਟ ਪ੍ਰਭਾਵ ਹੈ ਪ੍ਰੰਤੂ ਕਵਿੱਤਰੀ ਨੇ ਰੂਪਾਂਤਰਣ ਦੇ ਅਮਲ ਦੁਆਰਾ ਲੋਕਯਾਨਿਕ ਸਮੱਗਰੀ ਦੇ ਮਰਦਪੱਖੀ ਪੈਂਤੜੇ ਨੂੰ ਬਦਲ ਦਿੱਤਾ ਹੈ। ਉਸ ਦੇ ਹੱਥਾਂ ਵਿਚ ਆ ਕੇ ਪੈਂਤੜਾ ਨਾਰੀਪੱਖੀ ਬਣ ਗਿਆ ਹੈ। ਮੈਂ ਗੁਰਮਿੰਦਰ ਸਿੱਧੂ ਦੀਆਂ ਸ਼ੁੱਭ ਭਾਵਨਾਵਾਂ ਅਤੇ ਉਸਾਰੂ ਕਾਵਿ-ਟੁਕੜੀਆਂ ਦਾ ਹਾਰਦਿਕ ਅਭਿਨੰਦਨ ਕਰਦਾ ਹਾਂ। ਸਾਡੇ ਸਮਾਜ ਅਤੇ ਸੱਭਿਆਚਾਰ ਨੂੰ ਇਸ ਵੰਨਗੀ ਦੇ ਸਾਹਿਤ ਦੀ ਬਹੁਤ ਜ਼ਰੂਰਤ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਖਸਮਾਂ ਨੂੰ ਖਾਣੇ
ਲੇਖਕ : ਪ੍ਰਿੰ: ਬਲਵਿੰਦਰ ਸਿੰਘ ਫਤਹਿਪੁਰੀ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 176
ਸੰਪਰਕ : 98146-19342.

ਪ੍ਰਿੰ: ਬਲਵਿੰਦਰ ਸਿੰਘ ਫ਼ਤਹਿਪੁਰੀ ਸਰਬਾਂਗੀ ਲੇਖਕ ਹੈ। 'ਖ਼ਸਮਾਂ ਨੂੰ ਖਾਣੇ' ਨਿਬੰਧ-ਸੰਗ੍ਰਹਿ ਵਿਚ ਉਸ ਨੇ 41 ਨਿਬੰਧਾਂ ਨੂੰ ਸ਼ਾਮਿਲ ਕੀਤਾ ਹੈ, ਜਿਸ ਵਿਚ ਉਸ ਨੇ 7000 ਸਾਲ ਪੁਰਾਣੀ ਸੱਭਿਅਤਾ ਦੀ ਚਰਚਾ ਕਰਦਿਆਂ ਇਥੋਂ ਦੇ ਵਸ਼ਿੰਦੇ ਲੋਕਾਂ ਨੂੰ ਖ਼ਸਮਾਂ ਨੂੰ ਖਾਣੇ ਕਹਿ ਅਜੋਕੇ ਸਮੇਂ ਤੱਕ ਦੇ ਖ਼ਮਸਾਂ-ਖਾਣਿਆਂ 'ਚ ਆਰੀਅਨਾਂ, ਧਰਮਾਂ ਦੇ ਠੇਕੇਦਾਰਾਂ, ਮੁਗ਼ਲਾਂ, ਹੂਨਾਂ, ਯੂਨਾਨੀਆਂ, ਤੁਰਾਨੀਆਂ, ਦੁਰਾਨੀਆਂ, ਅੰਗਰੇਜ਼ਾਂ ਆਦਿ ਨੂੰ ਸ਼ਾਮਿਲ ਕਰਦਿਆਂ ਇਹ ਨਿਤਾਰਾ ਕੀਤਾ ਹੈ। ਇਨ੍ਹਾਂ ਸਭਨਾਂ ਨੇ ਇਥੋਂ ਦੇ ਮੂਲ-ਨਿਵਾਸੀਆਂ ਦਰਾਵੜਾਂ ਨਾਲ ਭਿਆਨਕ ਧੱਕੇਸ਼ਾਹੀ ਕਰਦਿਆਂ ਸਦੀਆਂ-ਸਦੀਆਂ ਤੋਂ ਇਨ੍ਹਾਂ ਲੋਕਾਂ ਨੂੰ ਦਰੜਿਆ ਅਤੇ ਲਤਾੜਿਆ ਹੈ। ਇਨ੍ਹਾਂ ਕੋਲ ਮਾਨਵੀ ਤਾਂ ਕੀ ਪਸ਼ੂਆਂ ਵਾਲੇ ਵੀ ਅਧਿਕਾਰ ਨਹੀਂ ਸਨ। ਅਜੋਕੇ ਯੁੱਗ ਵਿਚ ਵੀ ਲੋਕਤਾਂਤਰਿਕ ਵਿਵਸਥਾ ਕਾਇਮ ਹੋਣ 'ਤੇ ਵੀ ਭਾਰਤੀ ਲੋਕ ਸੰਵਿਧਾਨਕ ਨਿਯਮਾਂ ਅਨੁਸਾਰ ਕਾਰਜ ਨਹੀਂ ਕਰਦੇ, ਸਗੋਂ ਸਦੀਆਂ ਪੁਰਾਣੀ ਪਰੰਪਰਾ ਦੇ ਅਧੀਨ ਧਰਮਾਂ ਦੇ ਠੇਕੇਦਾਰਾਂ, ਅਖੌਤੀ ਬਾਬਿਆਂ ਦੇ ਮਗਰ ਲੱਗ ਵੱਖ-ਵੱਖ ਮੱਤ-ਮਤਾਂਤਰਾਂ ਅਨੁਸਾਰ ਹੀ ਕਾਰਜ ਕਰਦੇ ਜਾ ਰਹੇ ਹਨ। ਭਾਰਤੀ ਲੋਕ ਆਪਣੀਆਂ ਭੂਮੀ ਦੀ ਖ਼ਾਤਰ ਨਹੀਂ ਜੂਝਦੇ ਸਗੋਂ 'ਮਨੂੰਵਾਦੀ' ਸੋਚ ਦੇ ਅਨੁਸਾਰ ਵਰਗ-ਵੰਡ ਦੇ ਦਾਇਰੇ 'ਚ ਹੀ ਵਿਚਰਦੇ ਪ੍ਰਤੀਤ ਹੁੰਦੇ ਹਨ। ਪੁਸਤਕ 'ਚ ਦਰਜ ਨਿਬੰਧਾਂ ਦੇ ਸਿਰਲੇਖ 'ਦੁੰਮਛੱਲੇ' 'ਸਦਕੇ ਥੀਵਾਂ ਵੈਰੀਆਂ ਦੇ', 'ਅਕਲਾਂ ਬਾਝੋਂ ਖੂਹ ਖਾਲੀ', 'ਮੈਂ ਕੀਹਦਾ, ਫੁੱਫੜ ਹਾਂ', 'ਨੇਤਾ ਕਿ ਜਵਾਈ', 'ਗ਼ਦਾਰੀ ਇਕ ਦੀਰਘ ਰੋਗ', 'ਸਿਫ਼ਾਰਸ਼ੀ ਟੱਟੂ', 'ਕੀ ਮਨੂੰਵਾਦੀ ਮਾਫ਼ੀ ਮੰਗਣਗੇ?' 'ਗਾਲੜ ਬਣੇ ਪਟਵਾਰੀ' ਆਦਿ ਵਿਅੰਗਾਤਮਕ ਅਤੇ ਵਿਰੋਧਾਭਾਸ਼ੀ ਪ੍ਰਸਥਿਤੀਆਂ ਨਾਲ ਅਚੇਤ ਹੀ ਪਾਠਕ ਦੀ ਮਨੋਬਿਰਤੀ ਨੂੰ ਜੋੜਦੇ ਤੇ ਝੰਜੋੜਦੇ ਹਨ ਅਤੇ ਪਾਠਕ ਦੇ ਮਨ 'ਚ ਕੁਝ ਜਾਣਨ ਦੀ ਇੱਛਾ ਜਗਾਉਂਦੇ ਹਨ। ਪੁਸਤਕ ਦੇ ਬਹੁਤੇ ਨਿਬੰਧ ਇਕ-ਦੂਜੇ ਨਿਬੰਧ ਦੇ ਪੂਰਕ ਹੋਣ ਕਰਕੇ ਸਮੁੱਚੇ ਵਰਤਾਰੇ 'ਚ ਫੈਲੀਆਂ ਵਿਸੰਗਤੀਆਂ 'ਤੇ ਉਂਗਲ ਵੀ ਧਰਦੇ ਹਨ ਅਤੇ ਇਨ੍ਹਾਂ ਸਮਾਜਿਕ ਵਿਸੰਗਤੀਆਂ ਨੂੰ ਦੂਰ ਕਰਨ ਦੇ ਸੁਝਾਅ ਵੀ ਪੇਸ਼ ਕਰਦੇ ਹਨ। ਪੁਸਤਕ ਦਾ ਅਧਿਐਨ ਕਰਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਫਤਹਿਪੁਰੀ ਵਿਲੱਖਣ ਸੋਚ, ਸੂਝ ਦਾ ਮਾਲਿਕ ਹੋਣ ਕਰਕੇ ਸਮੁੱਚੇ ਵਰਤਾਰੇ ਦਾ ਵਿਸ਼ਲੇਸ਼ਣਾਤਮਕ ਵਿਧੀ ਦੀ ਵਰਤੋਂ ਕਰਦਿਆਂ ਵਿਸ਼ੇਸ਼ ਬੋਲੀ ਦੀ ਵਰਤੋਂ ਕਰਦਾ ਹੈ ਤੇ ਆਪਣੀ ਗੱਲ ਦਲੀਲ ਨਾਲ ਕਰਦਾ ਹੈ। ਬੋਲੀ ਸਰਲ, ਸਪੱਸ਼ਟ ਅਤੇ ਭਾਵਾਂ ਦੇ ਅਨੁਕੂਲ ਹੈ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 98786-14096.
ਫ ਫ ਫ

ਕੇ. ਐਲ. ਗਰਗ ਦੀਆਂ ਚੋਣਵੀਆਂ ਕਹਾਣੀਆਂ
ਲੇਖਕ : ਕੇ. ਐਲ. ਗਰਗ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 340 ਰੁਪਏ, ਸਫ਼ੇ : 216
ਸੰਪਰਕ : 9463537050.

ਹਥਲੇ ਕਹਾਣੀ-ਸੰਗ੍ਰਹਿ ਵਿਚ ਕੇ. ਐਲ. ਗਰਗ ਦੀਆਂ 31 ਚੋਣਵੀਆਂ ਕਹਾਣੀਆਂ ਅੰਕਿਤ ਹਨ। ਇਹ ਲੇਖਕ ਕਹਾਣੀਕਾਰ ਤੋਂ ਇਲਾਵਾ ਨਾਵਲਕਾਰ, ਵਿਅੰਗ ਲੇਖ ਰਚੇਤਾ, ਉੱਘੀ ਸੰਪਾਦਨ ਕਲਾ ਦਾ ਮਾਹਿਰ, ਸਫ਼ਰਨਾਮਾ ਲੇਖਕ, ਪੁਖ਼ਤਾ ਅਨੁਵਾਦਕ ਅਤੇ ਹੋਰ ਅਨੇਕਾਂ ਵਿਧਾਵਾਂ 'ਚ ਉੱਘਾ ਯੋਗਦਾਨ ਪਾਉਣ ਵਾਲਾ ਸਮੂਹ ਪੰਜਾਬੀ ਪਾਠਕਾਂ ਦੇ ਹਿਰਦਿਆਂ 'ਚ ਵੱਖਰੀ ਪਛਾਣ ਬਣਾ ਚੁੱਕਾ ਹੋਇਆ ਹੈ। ਵਿਚਾਰ ਅਧੀਨ ਕਹਾਣੀਆਂ ਜਿੱਥੇ ਲੇਖਕ ਦੀ ਸਮੁੱਚੀ ਗਲਪ-ਚੇਤਨਾ ਅਤੇ ਕਲਾ-ਕੌਸ਼ਲਤਾ ਦਾ ਪ੍ਰਤਿਮਾਨ ਸਥਾਪਿਤ ਕਰਦੀਆਂ ਹਨ, ਉਥੇ ਉਸ ਦੀ ਰਚਨਾਤਮਕ ਪ੍ਰਤਿਭਾ ਦੇ ਵਿਕਾਸ ਕ੍ਰਮ ਦਾ ਦਰਪਣ ਵੀ ਹਨ। ਕਹਾਣੀ ਭਾਵੇਂ 'ਬਦਲਦਾ ਰੰਗ' ਹੈ ਜਾਂ ਰਿਟਾਇਰਮੈਂਟ, ਲੋਕ ਕਵੀ, ਦੁਚਿੱਤੀ, ਜਾਂ ਤਲਬ ਦਾ ਰਿਸ਼ਤਾ ਆਦਿ ਸਭਨਾਂ 'ਚ ਵਸਤੂ-ਯਥਾਰਥ ਦੀ ਮੂਲ-ਸਥਿਤੀ ਵਿਚੋਂ ਪਨਪੀਆਂ ਜੀਵਨ ਯਥਾਰਥ ਦੀਆਂ ਸੰਗਤੀਆਂ ਵਿਸੰਗਤੀਆਂ ਦਾ ਪਾਠਕ ਦੀ ਤਹਿ-ਦਰ-ਤਹਿ ਸੋਚ-ਦ੍ਰਿਸ਼ਟੀ 'ਚ ਉਤਰ ਜਾਣ ਵਾਲਾ ਤੱਥ ਪ੍ਰਗਟਾਇਆ ਗਿਆ ਹੈ। ਇਸੇ ਤਰ੍ਹਾਂ ਸਹਿਮੀ ਹੋਈ ਰੌਸ਼ਨੀ, ਟੁੰਡੀਲਾਟ, ਬਲੈਕ ਅੰਕਲ, ਪੈਸਾ, ਦੁੱਲਾ ਬੰਦਾ, ਹੌਲੀ-ਹੌਲੀ, ਚੂਹੇ, ਕਿਨਾਰਾ ਅਤੇ ਸ਼ਹੀਦ ਕਹਾਣੀਆਂ ਵਿਚ ਅਜੋਕੀ ਜੀਵਨ-ਸ਼ੈਲੀ 'ਚ ਵਿਆਪਕ ਹੋ ਚੁੱਕੀ ਢਾਹੂ ਕਦਰ-ਪ੍ਰਣਾਲੀ ਉੱਪਰ ਤੀਖਣ ਵਿਅੰਗ ਵੀ ਉਭਾਰਦਾ ਪ੍ਰਤੀਤ ਹੁੰਦਾ ਹੈ। ਇਸੇ ਤਰ੍ਹਾਂ ਚੀਫ ਦੀ ਮਾਂ, ਐਂਟੀਨਾ ਵਿਚ ਫਸੀ ਪਤੰਗ, ਆਪਣੀਆਂ ਬਾਹਾਂ ਅਤੇ ਮੋਹ-ਭੰਗ ਕਹਾਣੀਆਂ ਸਾਡੇ ਅਜੋਕੇ ਮਾਨਵੀ ਸਰੋਕਾਰਾਂ ਦੇ ਬਦਲਵੇਂ ਪਰਿਪੇਖ ਦਾ ਨਿਰੂਪਣ ਹਨ। ਕਹਾਣੀਆਂ ਦੇ ਸਿਰਲੇਖਾਂ ਦਾ ਨਾਮਕਰਨ ਕਰਨਾ, ਪਾਤਰਾਂ ਦੇ ਨਾਮਕਰਨ ਅਤੇ ਇਨ੍ਹਾਂ ਦੇ ਆਪਸੀ ਗੱਲਬਾਤ ਸਮੇਂ ਅੱਖਾਂ, ਹੱਥਾਂ, ਉਂਗਲਾਂ, ਭਰਵੱਟਿਆਂ ਦੇ ਸੰਕੇਤਾਂ ਨੂੰ ਪ੍ਰਗਟ ਕਰਨਾ ਲੇਖਕ ਦੀ ਦੀਰਘ ਮਨੋਵਿਗਿਆਨਕ ਸੂਝ ਦ੍ਰਿਸ਼ਟੀ ਦਾ ਪ੍ਰਗਟਾਵਾ ਹੈ। ਹੱਥ ਦੀ ਮੈਲ, ਕਰੋੜਪਤੀ, ਮਘਦੀ ਭੱਠੀ ਦਾ ਚਿਹਰਾ, ਮਨਹੂਸ ਅਤੇ ਟੁੱਟ ਰਹੇ ਸੰਸਕਾਰ ਆਦਿ ਕਹਾਣੀਆਂ ਵੀ ਉਚਤਮ ਭਾਸ਼ਕ ਜੁਗਤਾਂ ਜ਼ਰੀਏ ਵਿਲੱਖਣ ਪ੍ਰਗਟਾਵਾ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਅਸ਼ਵਨੀ ਕੁਮਾਰ 'ਸਾਵਣ' ਦੇ ਕਹਾਣੀ ਸੰਗ੍ਰਹਿ ਅਤੇ ਨਾਟਕ ਵਿਚਲਾ ਯਥਾਰਥ
ਲੇਖਕ : ਡ: ਸਰਵਨ ਸਿੰਘ ਮਾਨ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 111
ਸੰਪਰਕ : 98153-69522.

ਵਿਚਾਰ ਅਧੀਨ ਪੁਸਤਕ ਨੂੰ ਮੁੱਖ ਤੌਰ 'ਤੇ ਦੋ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ ਅਸ਼ਵਨੀ ਕੁਮਾਰ 'ਸਾਵਣ' ਦੇ ਕਹਾਣੀ ਸੰਗ੍ਰਹਿ 'ਇਹ ਕਿਹੋ ਜਿਹੇ ਰਿਸ਼ਤੇ' ਵਿਚਲੀਆਂ ਲਗਪਗ ਡੇਢ ਦਰਜਨ ਕਹਾਣੀਆਂ ਦਾ ਯਥਾਰਥਕ ਦ੍ਰਿਸ਼ਟੀ ਤੋਂ ਵਿਸ਼ਲੇਸ਼ਣ ਕੀਤਾ ਗਿਆ ਹੈ। ਅਧਿਐਨ ਕਰਦਿਆਂ ਪਤਾ ਚਲਦਾ ਹੈ ਕਿ ਇਨ੍ਹਾਂ ਸਾਰੀਆਂ ਕਹਾਣੀਆਂ ਦੇ ਵਿਸ਼ੇ ਆਧੁਨਿਕ ਮਨੁੱਖ ਦੀ ਅਨੇਕ ਪੱਖਾਂ ਤੋਂ ਸੰਕਟਗ੍ਰਸਤ ਸਥਿਤੀ ਨੂੰ ਰੂਪਮਾਨ ਕਰਦੇ ਹਨ। ਇੰਜ ਇਨ੍ਹਾਂ ਕਹਾਣੀਆਂ ਦੀ ਮੁੱਖ ਸੁਰ ਦੁਖਾਂਤਕ ਹੈ। ਔਰਤ ਪਾਤਰਾਂ ਦੀ ਪ੍ਰਸਤੁਤੀ ਦੋ ਰੂਪਾਂ ਵਿਚ ਹੋਈ ਹੈ। ਪਹਿਲੀ ਹੈ ਡਰਾਕਲ ਜੋ ਸਮਾਜ ਤੋਂ ਡਰਦੀ ਸਮਾਜਿਕ ਨੈਤਿਕਤਾ ਦਾ ਪਾਲਣ ਕਰਦੀ ਹੈ। ਦੂਜੀ ਹੈ ਨਿਡਰ ਜੋ ਸਮਾਜਿਕ ਮਾਣ-ਮਰਯਾਦਾ ਦੀ ਉੱਕਾ ਹੀ ਪਰਵਾਹ ਨਹੀਂ ਕਰਦੀ। ਅਜਿਹੇ ਸਮਾਜ ਵਿਚ ਇਸਤਰੀ ਕੇਵਲ ਭੋਗ ਦੀ ਵਸਤੂ ਬਣ ਕੇ ਰਹਿ ਗਈ ਹੈ। ਔਰਤ ਮਰਦ ਸਬੰਧਾਂ ਨੂੰ ਪੇਸ਼ ਕਰਦਿਆਂ ਜੈਵਿਕ ਸਬੰਧਾਂ ਦੀ ਲੋੜ ਨੂੰ ਸਮਝਣ 'ਤੇ ਜ਼ੋਰ ਦਿੱਤਾ ਗਿਆ ਹੈ। ਇਸ ਪੁਸਤਕ ਦਾ ਮਹੱਤਵ ਤਿੜਕਦੇ ਰਿਸ਼ਤਿਆਂ ਦੀ ਪੇਸ਼ਕਾਰੀ ਨਾਲ ਵਧਿਆ ਹੈ। ਦੂਜੇ ਭਾਗ ਵਿਚ ਅਸ਼ਵਨੀ ਕੁਮਾਰ ਸਾਵਣ ਦੇ ਨਾਟਕ 'ਬੰਦਾ ਸਿੰਘ ਬਹਾਦਰ' ਦਾ ਮੁਲਾਂਕਣ ਪੇਸ਼ ਕੀਤਾ ਗਿਆ ਹੈ। ਮੀਕ ਬਲ ਅਨੁਸਾਰ ਕਿਸੇ ਵੀ ਇਤਿਹਾਸਕ ਰਚਨਾ ਲਈ ਹਵਾਲਾ ਚੌਖਟਾ (ਫਰੇਮ ਆਫ ਰੈਫਰੈਂਸ) ਤਾਂ ਪਰੰਪਰਾ ਤੋਂ ਪ੍ਰਾਪਤ ਹੋ ਜਾਂਦਾ ਹੈ। ਇਵੇਂ ਹੀ 'ਬੰਦਾ ਸਿੰਘ ਬਹਾਦਰ' ਨਾਟਕ ਲਈ ਹਵਾਲਾ ਚੌਖਟਾ ਇਤਿਹਾਸ ਤੋਂ ਪ੍ਰਾਪਤ ਹੈ ਪਰ ਆਲੋਚਕ ਅਨੁਸਾਰ ਨਾਟਕਕਾਰ ਨੇ ਇਤਿਹਾਸਕਾਰਾਂ ਵੱਲੋਂ ਜਿਥੇ ਕਿਧਰੇ 'ਬੰਦਾ ਸਿੰਘ ਬਹਾਦਰ' ਨਾਲ ਅਨਿਆਂ ਕੀਤਾ ਹੈ, ਉਥੇ ਹੀ ਉਸ ਨੇ ਆਪਣੇ ਨਾਇਕ ਨਾਲ ਨਿਆਂ ਕਰਨ ਦਾ ਯਤਨ ਕੀਤਾ ਹੈ। ਨਾਟਕਕਾਰ ਨੇ 'ਬੰਦਾ ਸਿੰਘ ਬਹਾਦਰ' ਨੂੰ ਪਹਿਲੇ ਸੁਤੰਤਰ ਖਾਲਸਾ ਰਾਜ ਦੇ ਸੰਸਥਾਪਕ ਵਜੋਂ ਪੇਸ਼ ਕੀਤਾ ਹੈ। ਪਰ ਅੰਤ ਵਿਚ ਉਸ ਦੀ ਅਤੇ ਉਸ ਦੇ ਚਾਰ ਸਾਲ ਦੇ ਬੱਚੇ 'ਅਜੈ' ਦੀ ਸ਼ਹੀਦੀ ਦਾ ਹਿਰਦੇਵੇਦਕ ਦ੍ਰਿਸ਼ ਵੀ ਪੇਸ਼ ਕੀਤਾ ਹੈ। ਲੇਖਕ ਨੇ ਨਾਟਕ ਨੂੰ 20 ਦ੍ਰਿਸ਼ਾਂ ਵਿਚ ਪੇਸ਼ ਕੀਤਾ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਸੂਰਜ ਆਵੇਗਾ ਕੱਲ੍ਹ ਵੀ
ਕਵੀ : ਸਰਬਜੀਤ ਸੋਹੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 200
ਸੰਪਰਕ : 01679-241744.

ਆਸਟਰੇਲੀਆ ਵੱਸਦੇ ਨੌਜਵਾਨ ਪੰਜਾਬੀ ਕਵੀ ਸਰਬਜੀਤ ਸੋਹੀ ਦੀ ਹਥਲੀ ਕਾਵਿ ਪੁਸਤਕ ਪਹਿਲ ਪਲੇਠੀ ਸਾਹਿਤਕ ਕ੍ਰਿਤ ਹੈ। 'ਸੂਰਜ ਆਵੇਗਾ ਕੱਲ੍ਹ ਵੀ' ਇਕ ਆਸ ਮੁਖੀ ਅਤੇ ਹਨੇਰ ਬਿਰਤੀ ਵਾਲੀਆਂ ਸ਼ਕਤੀਆਂ ਪ੍ਰਤੀ ਨਾਂਹਵਾਚਕ ਤੇ ਵਿਰੋਧਮਈ ਆਦਰਸ਼ ਹੈ। ਕਵੀ ਜਿਥੇ ਪੰਜਾਬ ਤੋਂ ਲੈ ਕੇ ਕੁੱਲ ਸੰਸਾਰ ਵਿਚ ਫੈਲਦੇ ਜਾ ਰਹੇ ਪੂੰਜੀਵਾਦੀ ਸ਼ੋਸ਼ਤ ਨਜ਼ਰੀਏ ਦੀ ਲਾਮਬੰਦੀ ਦੀ ਨਿਖੇਧੀ ਕਰਦਾ ਹੈ, ਉਥੇ ਪਨਪ ਰਹੇ ਲੋਕ ਰੋਹ ਦੀ ਰੌਸ਼ਨੀ ਦੀ ਵੀ ਨਿਸ਼ਾਨਦੇਹੀ ਕਰਦਾ ਹੈ :
'ਅਜੇ ਧਰਤੀ ਦੀ ਰੂਪ ਰੇਖਾ/ਸਾਡੇ ਮਾਸੂਮ ਪੈਰਾਂ ਦੇ ਹਾਣ ਦੀ ਨਹੀਂ/ਤੇ ਸ਼ਾਇਦ ਤੂੰ ਜਾਣਦੀ ਨਹੀਂ/ਕਿ ਸਾਵਣੀ ਛਹਿਬਰਾਂ ਲਈ/ਤਪਦੇ ਹਾੜ੍ਹ 'ਚੋਂ ਲੰਘਣਾ ਹੀ ਪੈਂਦਾ ਹੈ। ਉਂਜ ਤਾਂ ਸਾਡੇ ਗੀਤ ਵੀ ਚਾਹੁੰਦੇ ਨੇ/ਹਥਕੜੀਆਂ ਨੂੰ ਤੇਰੀਆਂ ਵੰਗਾਂ ਵਾਂਗ/ਛਣਕਾਉਂਦੇ ਫਿਰਨਾ/ਤੇ ਪੈਰਾਂ ਦੀਆਂ ਬੇੜੀਆਂ/ਤੇਰੀ ਝਾਂਜਰ ਵਾਂਗ ਮਟਕਾ ਕੇ ਤੁਰਨਾ/ਪਰ ਕੀ ਕਰੀਏ...'।
ਕਵੀ ਦਾ ਮੰਨਣਾ ਹੈ ਕਿ ਭਾਰਤ ਵਿਚ ਅਨੇਕਾਂ ਪਾਰਟੀਆਂ ਬਣੀਆਂ ਤੇ ਬਿਨਸੀਆਂ ਹਨ ਪਰ ਲੋਕਾਂ ਦੇ ਕਲਿਆਣ ਦਾ ਮੁੱਦਾ ਉਥੇ ਦਾ ਉਥੇ ਹੀ ਖੜ੍ਹਾ ਹੈ : 'ਆਉਣਗੇ ਬਹੁਰੂਪੀਏ...ਬਣਾਉਣੇ ਮੁੱਦੇ... ਸ਼ਾਤਰ ਖਿਡਾਰੀ/ਉਨ੍ਹਾਂ ਦਾ ਕੁਨਬਾ ਇਕੋ ਹੈ/ਉਨ੍ਹਾਂ ਦਾ ਮਕਸਦ ਇਕ ਹੈ/ਅਸੀਂ ਤਾਂ ਰੰਗਾਂ ਦੇ ਬਦਲਣ ਨੂੰ ਪਰਿਵਰਤਨ ਸਮਝ ਲੈਂਦੇ ਹਾਂ/ਬਹੁਰੂਪੀਏ ਕਦੇ ਟੋਪੀ ਪਾ ਕੇ ਆਏ/ਕਦੇ ਦਸਤਾਰਾਂ... ਕਵੀ ਇਕ ਸੰਵੇਦਨਸ਼ੀਲ ਅਤੇ ਤਣਾਅ ਨੂੰ ਸ਼ਬਦੀ ਵਸਤਰ ਪਹਿਨਾਉਣ ਵਾਲਾ ਸ਼ਾਇਰ ਹੈ। ਪੰਜਾਬ ਦੀ ਹੁੱਬ ਅਤੇ ਪੰਜਾਬੀ ਸਮਾਜ ਵਿਚ ਫੈਲੀ ਅਨਾਰਕੀ ਤੋਂ ਲੈ ਕੇ ਆਸਟਰੇਲੀਆ ਦੇ ਆਦਿ-ਵਾਸੀਆਂ ਬਾਰੇ ਉਸ ਦਾ ਕਾਵਿ ਵਿਵਰਣ ਵਾਚਣਯੋਗ ਹੈ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

14-05-2016

ਪੰਜਾਬੀ ਲੋਕ ਸਾਹਿਤ ਵਿਚ ਜਿਣਸੀ ਸਬੰਧ
ਲੇਖਕ : ਡਾ: ਹਰਵੰਤ ਸਿੰਘ ਬੈਂਸ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 142
ਸੰਪਰਕ : 81950-34237.

ਵਿਚਾਰ ਅਧੀਨ ਪੁਸਤਕ ਵਿਚ ਲੇਖਕ ਨੇ ਪੰਜਾਬੀ ਲੋਕ ਸਾਹਿਤ ਵਿਚ ਜਿਣਸੀ ਸਬੰਧਾਂ ਬਾਰੇ ਨਿੱਠ ਕੇ ਚਰਚਾ ਕੀਤੀ ਹੈ। ਭਾਵੇਂ ਪੰਜਾਬੀ ਦੇ ਕਿੱਸਾ ਸਾਹਿਤ ਵਿਚ ਵੀ ਪ੍ਰੇਮ-ਸਬੰਧਾਂ ਬਾਰੇ ਭਰਪੂਰ ਚਰਚਾ ਹੋਈ ਹੈ ਪਰ ਲੋਕ ਸਾਹਿਤ ਵਿਸ਼ੇਸ਼ ਕਰਕੇ ਲੋਕ ਗੀਤਾਂ, ਟੱਪਿਆਂ, ਸਿੱਠਣੀਆਂ, ਹੇਅਰਾਂ ਅਤੇ ਲੋਕ ਬੋਲੀਆਂ ਵਿਚ ਤਾਂ ਅਜਿਹੇ ਸਬੰਧਾਂ ਬਾਰੇ ਬਿਨਾਂ ਕਿਸੇ ਸੰਗ-ਸੰਕੋਚ ਦੇ ਨਿਰੂਪਣ ਹੋਇਆ ਹੈ। ਵਿਦਵਾਨ ਆਲੋਚਕ ਨੇ ਆਪਣੇ ਖੋਜ ਕਾਰਜ ਨੂੰ ਚਾਰ ਕਾਂਡਾਂ ਵਿਚ ਵੰਡਿਆ ਹੈ। ਪਹਿਲੇ ਕਾਂਡ ਵਿਚ ਇਸ ਸੱਚ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ ਕਿ ਜਿਣਸੀ ਸਬੰਧਾਂ ਬਾਰੇ ਲੋਕਾਂ ਦੀ ਸੋਚ ਕੀ ਹੈ? ਆਦਿ ਮਨੁੱਖ ਤੋਂ ਲੈ ਕੇ ਅਜੋਕੇ ਸਮੇਂ ਤੱਕ ਅਜਿਹੀ ਮਾਨਸਿਕਤਾ ਵਿਚ ਕਦੋਂ-ਕਦੋਂ ਕੀ-ਕੀ ਪਰਿਵਰਤਨ ਆਏ, ਉਨ੍ਹਾਂ ਸਭ ਦੀ ਨਿਸ਼ਾਨਦੇਹੀ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਦੂਸਰੇ ਕਾਂਡ ਵਿਚ ਉਕਤ ਕਾਵਿ-ਰੂਪਾਂ ਵਿਚ ਪ੍ਰਸਤੁਤ ਅਜਿਹੇ ਸਬੰਧਾਂ ਨੂੰ ਉਦਾਹਰਨਾਂ ਸਹਿਤ ਸਮਝਣ ਸਮਝਾਉਣ ਦਾ ਪ੍ਰਯਾਸ ਕੀਤਾ ਗਿਆ ਹੈ। ਤੀਜੇ ਕਾਂਡ