ਤਾਜਾ ਖ਼ਬਰਾਂ


ਕਾਰ ਸਵਾਰਾਂ ਕੋਲੋਂ 18 ਲੱਖ ਦੀ ਨਕਦੀ ਬਰਾਮਦ
. . .  13 minutes ago
ਜ਼ੀਰਕਪੁਰ, 26 ਅਪਰੈਲ, {ਹੈਪੀ ਪੰਡਵਾਲਾ}-ਅੱਜ ਪੁਲਿਸ ਨੇ ਨਾਕਾਬੰਦੀ ਦੌਰਾਨ ਕਾਰ ਸਵਾਰ ਦੋ ਵਿਅਕਤੀਆਂ ਕੋਲ਼ੋਂ 18 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ...
ਆਈ ਪੀ ਐੱਲ 2019 -ਮੁੰਬਈ ਨੇ ਚੇਨਈ ਨੂੰ ਦਿੱਤਾ 156 ਦੌੜਾਂ ਦਾ ਟੀਚਾ
. . .  32 minutes ago
ਜੰਮੂ-ਕਸ਼ਮੀਰ ਦੇ ਪ੍ਰਸ਼ਾਸਨ ਦਾ ਚੋਣ ਕਮਿਸ਼ਨ ਨੂੰ ਸੁਝਾਅ- ਜੂਨ ਦੀ ਬਜਾਏ ਨਵੰਬਰ 'ਚ ਹੋਣ ਵਿਧਾਨ ਸਭਾ ਚੋਣਾਂ
. . .  30 minutes ago
ਸ੍ਰੀਨਗਰ, 26 ਅਪ੍ਰੈਲ- ਦੇਸ਼ 'ਚ ਚਲ ਰਹੀਆਂ ਲੋਕ ਸਭਾ ਦੌਰਾਨ ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਰਾਜਪਾਲ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਵਿਚਾਲੇ ਬੈਠਕ ਹੋਈ। ਇਸ ਬੈਠਕ ...
ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਨੇ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  about 2 hours ago
ਰੋਪੜ, 26 ਅਪ੍ਰੈਲ - ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਨਾਮਜ਼ਦਗੀ ਕਾਗ਼ਜ਼ ਦਾਖਲ ਕੀਤੇ। ਇਸ ਮੌਕੇ ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ....
ਭਾਜਪਾ ਨੇਤਾ ਮਹਾਦੇਵ ਸਰਕਾਰ ਦੇ ਖ਼ਿਲਾਫ਼ ਚੋਣ ਕਮਿਸ਼ਨ ਦੀ ਕਾਰਵਾਈ, ਅਗਲੇ 48 ਘੰਟੇ ਨਹੀਂ ਕਰ ਸਕਣਗੇ ਚੋਣ ਪ੍ਰਚਾਰ
. . .  about 2 hours ago
ਨਵੀਂ ਦਿੱਲੀ, 26 ਅਪ੍ਰੈਲ- ਚੋਣ ਕਮਿਸ਼ਨ ਨੇ ਨਾਦੀਆ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਮਹਾਦੇਵ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ 'ਤੇ 22 ਅਪ੍ਰੈਲ ਨੂੰ ਕ੍ਰਿਸ਼ਨਾ ਨਗਰ ਸਰਕਾਰੀ ਕਾਲਜ 'ਚ ਇਕ ਜਨਤਕ ਮੀਟਿੰਗ ਦੇ ਦੌਰਾਨ ਟੀ.ਐਮ.ਸੀ. ਦੇ ਨਿੱਜੀ ਜੀਵਨ ਨੂੰ ਲੈ ਕੇ .....
ਭੀਖੀ ਥਾਣੇ ਦੇ ਹੌਲਦਾਰ ਨੇ ਕੀਤੀ ਖ਼ੁਦਕੁਸ਼ੀ
. . .  about 3 hours ago
ਭੀਖੀ, 26 ਅਪ੍ਰੈਲ (ਬਲਦੇਵ ਸਿੰਘ ਸਿੱਧੂ)- ਜ਼ਿਲ੍ਹਾ ਮਾਨਸਾ ਦੇ ਥਾਣਾ ਭੀਖੀ ਦੇ ਹੌਲਦਾਰ ਜੁਗਰਾਜ ਸਿੰਘ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਥਾਣੇ ਦੇ ਕਵਾਟਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ। ਭੀਖੀ ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ....
ਲੋਕਾਂ ਦੀ ਹਿੰਮਤ ਨਾਲ ਸੈਂਕੜੇ ਏਕੜ ਕਣਕ ਦੀ ਫ਼ਸਲ ਅੱਗ 'ਚ ਸੜਨ ਤੋਂ ਬਚੀ
. . .  about 3 hours ago
ਨੂਰਪੁਰ ਬੇਦੀ, 26 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)- ਰੂਪਨਗਰ ਜ਼ਿਲ੍ਹੇ ਦੇ ਪਿੰਡ ਅਬਿਆਣਾ ਕਲਾਂ ਵਿਖੇ ਅੱਜ ਲੋਕਾਂ ਦੀ ਹਿੰਮਤ ਨੇ ਸੈਂਕੜੇ ਏਕੜ ਕਣਕ ਦੀ ਖੜ੍ਹੀ ਫ਼ਸਲ ਨੂੰ ਅੱਗ ਦੀ ਲਪੇਟ 'ਚ ਜਾਣ ਤੋਂ ਬਚਾ ਲਿਆ। ਇਸ ਪਿੰਡ ਦੇ ਇੱਕ ਕਿਸਾਨ ਦੇ ਖੇਤ 'ਚ ਅੱਗ ਲੱਗਣ....
ਤਿੰਨ ਬੱਚਿਆਂ ਦੇ ਪਿਉ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  about 3 hours ago
ਪੁਰਖਾਲੀ, 26 ਅਪ੍ਰੈਲ (ਅੰਮ੍ਰਿਤਪਾਲ ਸਿੰਘ ਬੰਟੀ) - ਇੱਥੋਂ ਨੇੜਲੇ ਪਿੰਡ ਅਕਬਰਪੁਰ ਵਿਖੇ ਇੱਕ ਵਿਅਕਤੀ ਵੱਲੋਂ ਫਾਹਾ ਲੈ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਹਰਚੰਦ ਸਿੰਘ ਸਾਬਕਾ ਸਰਪੰਚ 2 ਧੀਆਂ ਅਤੇ ਇੱਕ ਲੜਕੇ ਦਾ ਪਿਉ......
ਤਰੁੱਟੀਆਂ ਕਾਰਨ ਨਾਮਜ਼ਦਗੀ ਪੱਤਰ ਨਹੀਂ ਭਰ ਸਕੇ ਪ੍ਰੋ. ਸਾਧੂ ਸਿੰਘ
. . .  about 3 hours ago
ਫ਼ਰੀਦਕੋਟ, 26 ਅਪ੍ਰੈਲ (ਜਸਵੰਤ ਸਿੰਘ ਪੁਰਬਾ)- ਲੋਕ ਸਭਾ ਹਲਕਾ ਰਾਖਵਾਂ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਅੱਜ ਆਪਣੇ ਨਾਮਜ਼ਦਗੀ ਪੱਤਰ 'ਚ ਕੁੱਝ ਤਰੁੱਟੀਆਂ ਕਾਰਨ ਜ਼ਿਲ੍ਹਾ ਚੋਣ ਅਧਿਕਾਰੀ ਕੁਮਾਰ ਸੌਰਭ ਰਾਜ ....
14 ਦਿਨਾਂ ਦੀ ਨਿਆਇਕ ਹਿਰਾਸਤ 'ਚ ਰੋਹਿਤ ਸ਼ੇਖਰ ਦੀ ਪਤਨੀ ਅਪੂਰਵਾ
. . .  about 4 hours ago
ਦੇਹਰਾਦੂਨ, 26 ਅਪ੍ਰੈਲ- ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਐਨ.ਡੀ. ਤਿਵਾੜੀ ਦੇ ਬੇਟੇ ਰੋਹਿਤ ਸ਼ੇਖਰ ਤਿਵਾੜੀ ਹੱਤਿਆ ਕਾਂਡ 'ਚ ਪਤਨੀ ਅਪੂਰਵਾ ਤਿਵਾੜੀ ਨੂੰ ਦਿੱਲੀ ਦੀ ਸਾਕੇਤ ਅਦਾਲਤ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਅਪੂਰਵਾ ਤਿਵਾੜੀ ਨੇ ਦਿੱਲੀ ....
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 29 ਹਾੜ ਸੰਮਤ 550
ਵਿਚਾਰ ਪ੍ਰਵਾਹ: ਅਜਿਹਾ ਹਰ ਵਿਅਕਤੀ ਮਨੁੱਖਤਾ ਦਾ ਦੁਸ਼ਮਣ ਹੈ, ਜਿਹੜਾ ਦਹਿਸ਼ਤ ਨਾਲ ਜਿੱਤ ਪ੍ਰਾਪਤ ਕਰਨੀ ਚਾਹੁੰਦਾ ਹੈ। -ਅਲਬਰਟ ਆਈਨਸਟਾਈਨ

ਤੁਹਾਡੇ ਖ਼ਤ

12-07-2018

 ਸੜਕਾਂ ਦੀ ਸਾਫ਼-ਸਫ਼ਾਈ
ਸਮੇਂ ਦੀ ਤਰੱਕੀ ਨਾਲ ਹੁਣ ਹਰੇਕ ਪਿੰਡ ਵਿਚ ਸੜਕਾਂ ਦਾ ਜਾਲ ਵਿਛਿਆ ਹੋਇਆ ਹੈ। ਪੰਜਾਬ ਵਿਚ ਸ਼ਾਇਦ ਹੀ ਕੋਈ ਅਜਿਹਾ ਪਿੰਡ ਹੋਵੇਗਾ, ਜਿਸ ਨੂੰ ਪੱਕੀ ਸੜਕ ਨਾ ਜਾਂਦੀ ਹੋਵੇ। ਜਿੱਥੇ ਸਰਕਾਰ ਲੱਖਾਂ-ਕਰੋੜਾਂ ਰੁਪਏ ਖ਼ਰਚ ਕਰਕੇ ਸੜਕਾਂ ਬਣਾਉਂਦੀ ਹੈ ਉੱਥੇ ਸਾਡਾ ਫ਼ਰਜ਼ ਵੀ ਬਣਦਾ ਹੈ ਕਿ ਅਸੀਂ ਸੜਕਾਂ ਦੀ ਸਾਂਭ-ਸੰਭਾਲ ਕਰੀਏ। ਪਿੰਡ ਪੱਧਰ 'ਤੇ ਇਹ ਜ਼ਿੰਮੇਵਾਰੀ ਪੰਚਾਇਤਾਂ ਨੂੰ ਨਿਭਾਉਣੀ ਚਾਹੀਦੀ ਹੈ। ਪਰ ਦੇਖਣ ਵਿਚ ਆਉਂਦਾ ਹੈ ਕਿ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਦੇ ਕਿਨਾਰੇ ਭੰਗ, ਜ਼ਹਿਰੀਲੀਆਂ ਬੂਟੀਆਂ ਅਤੇ ਝਾੜੀਆਂ ਪੈਦਲ ਤੁਰਨ ਵਾਲਿਆਂ ਅਤੇ ਦੋ ਪਹੀਆ ਵਾਹਨ 'ਤੇ ਜਾਣ ਵਾਲਿਆਂ ਲਈ ਮੁਸੀਬਤ ਬਣ ਜਾਂਦੀਆਂ ਹਨ। ਕਈ ਵਾਰ ਇਨ੍ਹਾਂ ਝਾੜੀਆਂ ਕਾਰਨ ਹਾਦਸੇ ਵੀ ਵਾਪਰ ਜਾਂਦੇ ਹਨ, ਜਿਨ੍ਹਾਂ ਨਾਲ ਕਈ ਵਾਰ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ। ਬਰਸਾਤ ਦੇ ਮੌਸਮ ਵਿਚ ਇਨ੍ਹਾਂ ਦਾ ਵਾਧਾ ਬਹੁਤ ਜ਼ਿਆਦਾ ਹੁੰਦਾ ਹੈ। ਇਨ੍ਹਾਂ ਦਿਨਾਂ ਵਿਚ ਸੜਕਾਂ 'ਤੇ ਚਲਣਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ, ਜਿਸ ਕਾਰਨ ਕਈ ਵਾਰੀ ਤਾਂ ਹਾਦਸੇ ਵੀ ਵਾਪਰ ਜਾਂਦੇ ਹਨ। ਜੇਕਰ ਪਿੰਡਾਂ ਦੀਆਂ ਪੰਚਾਇਤਾਂ ਆਪਣੇ-ਆਪਣੇ ਪਿੰਡਾਂ ਵੱਲ ਆਉਣ ਵਾਲੀਆਂ ਸੜਕਾਂ ਵੱਲ ਧਿਆਨ ਦੇਣ ਅਤੇ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਲੈਣ ਅਤੇ ਆਪਣੇ ਵਸੀਲਿਆਂ ਰਾਹੀਂ ਇਨ੍ਹਾਂ ਸੜਕਾਂ ਦੇ ਕਿਨਾਰਿਆਂ ਦੀ ਸਾਫ਼-ਸਫ਼ਾਈ ਅਤੇ ਸੰਭਾਲ ਕਰਦੇ ਰਹਿਣ, ਤਾਂ ਇਨ੍ਹਾਂ ਸੜਕਾਂ 'ਤੇ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ।


-ਦਵਿੰਦਰ ਸਿੰਘ ਧਾਮੀ
ਪਿੰਡ-ਨੂਰ ਪੁਰ, ਡਾਕ: ਭੂੰਗਾ, ਹੁਸ਼ਿਆਰਪੁਰ।


ਹਰਿਆਵਲ ਲਹਿਰ
ਪੰਜਾਬ ਵਿਚ ਇਸ ਸਮੇਂ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਇਕ ਗੰਭੀਰ ਸਮੱਸਿਆ ਬਣੀ ਹੋਈ ਹੈ। ਹੁਣ ਰਾਸ਼ਟਰੀ ਮਾਰਗਾਂ ਦੇ ਬਣਨ ਕਰਕੇ ਰੁੱਖਾਂ ਦੀ ਕਟਾਈ ਕੀਤੀ ਜਾ ਰਹੀ ਹੈ, ਜਿਸ ਕਰਕੇ ਪੰਜਾਬ ਵਿਚ ਜੰਗਲਾਤ ਇਲਾਕੇ ਅਧੀਨ ਖੇਤਰ ਹੋਰ ਵੀ ਘਟ ਰਿਹਾ ਹੈ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਕੇਵਲ ਅਖ਼ਬਾਰ ਵਿਚ ਦਰੱਖਤ ਲਾਉਣ ਦੀ ਖ਼ਬਰ ਲਾਉਣ ਤੱਕ ਹੀ ਸੀਮਤ ਨਾ ਰਹਿ ਕੇ ਇਨ੍ਹਾਂ ਰੁੱਖਾਂ ਦਾ ਰੱਖ-ਰਖਾਅ ਵੀ ਕਰਨ। ਪਿੰਡਾਂ ਵਿਚ ਬਣੇ ਨੌਜਵਾਨਾਂ ਦੇ ਕਲੱਬ ਆਪਣੇ ਪੱਧਰ 'ਤੇ ਪਿੰਡਾਂ ਵਿਚ ਜਨਤਕ ਥਾਵਾਂ 'ਤੇ ਰੁੱਖ ਲਗਾ ਕੇ ਕੁਦਰਤ ਵਿਚ ਹਰਿਆਲੀ ਲਿਆ ਸਕਦੇ ਹਨ। ਪੰਜਾਬ ਸਰਕਾਰ ਦੁਆਰਾ ਆਈ ਹਰਿਆਲੀ ਨਾਂਅ ਦਾ ਇਕ ਸਾਫਟਵੇਅਰ ਚਲਾਇਆ ਜਾ ਰਿਹਾ ਹੈ ਜਿਸ ਰਾਹੀਂ ਰਜਿਸਟ੍ਰੇਸ਼ਨ ਕਰਵਾ ਕੇ ਆਪਣੇ ਨਜ਼ਦੀਕੀ ਨਰਸਰੀਆਂ ਤੋਂ ਦਰੱਖਤ ਪ੍ਰਾਪਤ ਕੀਤੇ ਜਾ ਸਕਦੇ ਹਨ। ਮੀਡੀਆ ਰਾਹੀਂ ਯਤਨ ਕਰਨ ਦੀ ਲੋੜ ਹੈ ਤਾਂ ਜੋ ਵਾਤਾਵਰਨ ਨੂੰ ਹਰਿਆ-ਭਰਿਆ ਬਣਾਇਆ ਜਾ ਸਕੇ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।


ਸਖ਼ਤ ਪ੍ਰੀਖਿਆ
'ਸਰਕਾਰ ਲਈ ਇਮਤਿਹਾਨ' ਸਿਰਲੇਖ ਹੇਠ ਛਪੀ ਤੁਹਾਡੀ ਲਿਖਤ ਸਚਮੁੱਚ ਹੀ ਸਰਕਾਰ ਦੇ ਸਾਹਮਣੇ ਆ ਰਹੀ ਸਮੱਸਿਆ ਨੂੰ ਨੰਗਾ ਕਰਦੀ ਹੈ। ਹਾਲਾਤ ਦੁਆਰਾ ਦਿੱਤਾ ਨਾਂਅ 'ਛੇਵਾਂ ਦਰਿਆ' ਭਾਵ ਨਸ਼ਿਆਂ ਦੇ ਹੜ੍ਹ ਦੇ ਵਹਿਣ ਵਿਚ ਸਾਡੇ ਪੰਜਾਬ ਦੀ ਰੀੜ੍ਹ ਦੀ ਹੱਡੀ ਟੁੱਟ ਕੇ ਵਹਿ ਰਹੀ ਹੈ, ਜਿਸ ਤੋਂ ਬਚਾਉਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ। ਇਹ ਵੀ ਕੌੜਾ ਸੱਚ ਹੈ ਕਿ ਸਰਕਾਰ ਦੁਆਰਾ ਕੀਤੇ ਦਾਅਵੇ ਹਵਾ ਵਿਚ ਘੁੰਮਦੇ ਰਹਿ ਗਏ। ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਤੁਹਾਡੇ ਦੁਆਰਾ ਵਿਸ਼ੇਸ਼ ਟਾਸਕ ਫੋਰਸ ਵਾਲੀ ਦਿੱਤੀ ਜਾਣਕਾਰੀ ਬਹੁਤ ਲਾਹੇਵੰਦ ਹੈ। ਪਵਿੱਤਰ ਅਸਥਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਝੂਠੀਆਂ ਸਹੁੰਆਂ ਸਮਾਜ ਨੂੰ ਕੁਝ ਹੋਰ ਸੁਨੇਹਾ ਦਿੰਦੀਆਂ ਹਨ। ਉਮੀਦ ਕਰਦਾ ਹਾਂ ਸਮਾਜ ਵਿਚ ਝੁਲਦੀਆਂ ਹਨੇਰੀਆਂ ਤੋਂ ਜਾਗਰੂਕ ਕਰਨ ਲਈ ਆਪਣੀਆਂ ਰਚਨਾਵਾਂ ਦੇ ਬੀਜ ਬੀਜਦੇ ਰਹੋਗੇ।


-ਰਣਜੀਤ ਕੰਬੋਜ
ਪੰਜਾਬੀ ਮਾਸਟਰ।


ਘਟ ਰਹੀ ਸਹਿਣਸ਼ੀਲਤਾ
ਰਿਸ਼ਤਾ ਕੋਈ ਵੀ ਹੋਵੇ, ਉਸ ਨੂੰ ਵਿਸ਼ਵਾਸ ਤੇ ਜ਼ਿੰਮੇਵਾਰੀ ਨਾਲ ਨਿਭਾਉਣਾ ਹਰ ਇਨਸਾਨ ਦਾ ਆਪਣਾ ਫ਼ਰਜ਼ ਹੈ। ਰਿਸ਼ਤਿਆਂ ਦਾ ਆਪਣਾਪਣ ਤਾਂ ਕਿਧਰੇ ਖੋਹ ਹੀ ਗਿਆ ਹੈ। ਇਸ ਦਾ ਇਕ ਵੱਡਾ ਕਾਰਨ ਮਨੁੱਖੀ ਜੀਵ ਵਿਚ ਪੈਦਾ ਹੋ ਰਹੀ ਅਸਹਿਣਸ਼ੀਲਤਾ ਵੀ ਹੈ। ਅੱਜ ਹਰ ਕੋਈ ਅਮੀਰ ਬਣਨ ਤੇ ਖ਼ੁਦ ਨੂੰ ਅੱਗੇ ਕੱਢਣ ਦੇ ਚੱਕਰ ਵਿਚ ਹੈ। ਹਰ ਮਨੁੱਖ ਸੁਪਨੇ ਸਜਾਉਂਦਾ ਹੈ ਤੇ ਉਸ ਨੂੰ ਪੂਰਾ ਕਰਨ ਦੀ ਹਰ ਕਾਮਯਾਬ ਕੋਸ਼ਿਸ਼ ਵੀ ਕਰਦਾ ਹੈ। ਪਰ ਸਮੱਸਿਆ ਉਸ ਜਗ੍ਹਾ ਆਉਂਦੀ ਹੈ, ਜਦੋਂ ਸਾਡੇ ਰਸਤੇ ਗ਼ਲਤ ਹੋ ਜਾਂਦੇ ਹਨ। ਅਸੀਂ ਖ਼ੁਦ ਨੂੰ ਅੱਗੇ ਲੈ ਕੇ ਜਾਣ ਦੀ ਬਜਾਏ ਦੂਸਰਿਆਂ ਨੂੰ ਨੀਵਾਂ ਕਰਨ 'ਚ ਜ਼ੋਰ ਲਗਾਉਣਾ ਸ਼ੁਰੂ ਕਰ ਦਿੰਦੇ ਹਾਂ। ਇਹ ਸਭ ਚੀਜ਼ਾਂ ਮਨੁੱਖ ਨੂੰ ਅਸਹਿਣਸ਼ੀਲਤਾ ਵੱਲ ਲੈ ਕੇ ਜਾਂਦੀਆਂ ਹਨ। ਇਸ ਨਾਲ ਸਿਰਫ ਰਿਸ਼ਤੇ ਹੀ ਨਹੀਂ ਟੁੱਟਦੇ ਸਗੋਂ ਕਈ ਤਰ੍ਹਾਂ ਦੀਆਂ ਮਾਨਸਿਕ ਬਿਮਾਰੀਆਂ ਵੀ ਆ ਘੇਰਦੀਆਂ ਹਨ। ਗੁੱਸੇ ਵਾਲੇ ਮਨੁੱਖ ਵਿਚ ਸਹਿਣਸ਼ੀਲਤਾ ਦੀ ਬਹੁਤ ਕਮੀ ਹੋ ਜਾਂਦੀ ਹੈ ਤੇ ਰਿਸ਼ਤਿਆਂ ਵਿਚ ਦਰਾਰਾਂ ਤਾਂ ਫਿਰ ਆਮ ਗੱਲ ਹੈ। ਇਸ ਲਈ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਸਮਾਜ ਦੇ ਹੋਰ ਕੰਮ ਕਰਦੇ ਹੋਏ ਵੀ ਅਸੀਂ ਆਪਣੇ ਰਿਸ਼ਤਿਆਂ ਵੱਲ ਵੀ ਧਿਆਨ ਦੇਈਏ ਅਤੇ ਉਨ੍ਹਾਂ ਨੂੰ ਪਿਆਰ ਤੇ ਵਿਸ਼ਵਾਸ ਨਾਲ ਕਾਇਮ ਰੱਖੀਏ। ਜੇ ਮਨੁੱਖ ਨੇ ਅੰਦਰੂਨੀ ਖੁਸ਼ੀਆਂ ਅਤੇ ਸੰਤੁਸ਼ਟੀ ਨੂੰ ਮਾਣਨਾ ਹੈ ਤਾਂ ਉਸ ਨੂੰ ਆਪਣੇ ਪਿਆਰੇ ਰਿਸ਼ਤਿਆਂ ਨੂੰ ਪਿਆਰ ਅਤੇ ਵਿਸ਼ਵਾਸ ਨਾਲ ਪਰੋ ਕੇ ਰੱਖਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਲੱਕੜ ਨੂੰ ਹੌਲੀ-ਹੌਲੀ ਜਿਵੇਂ ਘੁਣ ਖਾ ਜਾਂਦੀ ਹੈ, ਇਵੇਂ ਹੀ ਤੁਹਾਡੀ ਅਸਹਿਣਸ਼ੀਲਤਾ ਅਤੇ ਗੁੱਸਾ ਤੁਹਾਡੇ ਰਿਸ਼ਤਿਆਂ ਨੂੰ ਅੰਦਰੋ ਅੰਦਰੀ ਖੋਖਲਾ ਕਰ ਦੇਵੇਗਾ।


-ਕਿਰਨਪ੍ਰੀਤ ਕੌਰ।


ਬਦਸਲੂਕੀ...
ਪਿਛਲੇ ਦਿਨੀਂ ਮਾਪਿਆਂ ਨਾਲ ਹੋ ਰਹੀ ਬਦਸਲੂਕੀ ਦੀਆਂ ਖ਼ਬਰਾਂ ਲਗਾਤਾਰ ਪੜ੍ਹਨ ਨੂੰ ਮਿਲੀਆਂ। ਮੱਧ ਪ੍ਰਦੇਸ਼ ਦੇ ਮਰਹੂਮ ਮੁੱਖ ਮੰਤਰੀ ਦੀ ਪਤਨੀ ਨੂੰ ਵੀ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ। ਇਕ ਸਰਵੇਖਣ ਦੀ ਰਿਪੋਰਟ ਆਈ ਜਿਸ ਵਿਚ ਅੰਮ੍ਰਿਤਸਰ ਨੂੰ ਬਜ਼ੁਰਗਾਂ ਨਾਲ ਬਦਸਲੂਕੀ ਦੇ ਮਾਮਲੇ ਵਿਚ ਅਗਲੀ ਕਤਾਰ ਵਿਚ ਮੰਨਿਆ ਗਿਆ। ਇਕ ਹੋਰ ਖ਼ਬਰ ਪੜ੍ਹਨ ਨੂੰ ਮਿਲੀ ਜਿਸ ਵਿਚ ਸੇਵਾਮੁਕਤ ਅਧਿਆਪਕਾ ਨੇ ਡੀ.ਸੀ. ਸਾਹਿਬ ਕੋਲ ਸ਼ਿਕਾਇਤ ਕੀਤੀ ਕਿ ਸਾਨੂੰ ਪਤੀ-ਪਤਨੀ ਨੂੰ ਨੂੰਹ-ਪੁੱਤ ਤੋਂ ਜਾਨ ਦਾ ਖ਼ਤਰਾ ਹੈ। ਡੀ.ਸੀ. ਸਾਹਿਬ ਨੇ ਨੂੰਹ-ਪੁੱਤ ਨੂੰ ਘਰ ਖਾਲੀ ਕਰਨ ਲਈ ਕਿਹਾ। ਪਰ ਪਿਛਲੇ ਛੇ ਮਹੀਨਿਆਂ ਤੋਂ ਪੁਲਿਸ ਵਾਲੇ ਆਨੇ-ਬਹਾਨੇ ਲਗਾ ਰਹੇ ਹਨ ਅਤੇ ਘਰ ਖਾਲੀ ਨਹੀਂ ਕਰਵਾ ਰਹੇ। ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਰਿਸ਼ਵਤ ਅਤੇ ਭ੍ਰਿਸ਼ਟਾਚਾਰ ਏਨਾ ਜ਼ਿਆਦਾ ਹੋ ਗਿਆ ਹੈ ਕਿ ਪੈਸੇ ਪਿੱਛੇ ਕੁਝ ਲੋਕ ਜ਼ਮੀਰ ਅਤੇ ਇਨਸਾਨੀਅਤ ਦੋਵੇਂ ਵੇਚ ਦਿੰਦੇ ਹਨ। ਸੀਨੀਅਰ ਸਿਟੀਜ਼ਨ ਦੀ ਅਰਜ਼ੀ ਉਪਰ ਤੁਰੰਤ ਜੇਕਰ ਕਾਰਵਾਈ ਨਹੀਂ ਹੁੰਦੀ ਤਾਂ ਉਸ ਵਿਭਾਗ ਦੇ ਸਬੰਧਿਤ ਅਧਿਕਾਰੀ 'ਤੇ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜਿਊਂਦੇ ਮਾਪਿਆਂ ਨੂੰ ਆਪਣੀ ਜਾਇਦਾਦ ਕਿਸੇ ਵੀ ਹਾਲਤ ਵਿਚ ਪੁੱਤਾਂ ਦੇ ਨਾਂਅ ਨਹੀਂ ਕਰਵਾਉਣੀ ਚਾਹੀਦੀ।


-ਪ੍ਰਭਜੋਤ ਕੌਰ ਢਿੱਲੋਂ,
ਮੁਹਾਲੀ।

11-07-2018

 ਪੰਜਾਬ ਸਰਕਾਰ ਤੇ ਡੋਪ ਟੈਸਟ
ਇਨ੍ਹੀਂ ਦਿਨੀਂ ਡੋਪ ਟੈਸਟਾਂ ਦੀ ਬੜੀ ਚਰਚਾ ਹੈ ਪਰ ਡੋਪ ਟੈਸਟ ਕੀ ਹੁੰਦਾ, ਕਿਸ ਦਾ ਹੁੰਦਾ ਤੇ ਕਿਵੇਂ ਹੁੰਦਾ ਇਸ ਦਾ ਆਮ ਲੋਕਾਂ ਨੂੰ ਕੋਈ ਗਿਆਨ ਨਹੀਂ। ਉਲੰਪਿਕ ਖੇਡਾਂ ਦਾ ਮੈਡੀਕਲ ਕਮਿਸ਼ਨ ਗਾਹੇ-ਬਗਾਹੇ ਉਨ੍ਹਾਂ ਰਸਾਇਣਾਂ ਜਾਂ ਡਰੱਗਜ਼ ਦੀ ਸੂਚੀ ਜਾਰੀ ਕਰਦਾ ਰਹਿੰਦਾ ਹੈ ਜੋ ਖਿਡਾਰੀਆਂ ਲਈ ਵਰਜਿਤ ਹੁੰਦੀਆਂ ਹਨ। ਕੈਨੇਡਾ ਵਿਚ ਪ੍ਰਤੀ ਡੋਪ ਟੈਸਟ 200 ਡਾਲਰ ਲਗਦੇ ਹਨ ਜਦ ਕਿ ਰੈਪਿਡ ਡਰੱਗ ਟੈਸਟ 40 ਡਾਲਰ ਵਿਚ ਹੋ ਜਾਂਦਾ ਹੈ। ਕਈ ਕਬੱਡੀ ਫੈਡਰੇਸ਼ਨਾਂ ਖਿਡਾਰੀਆਂ ਦਾ ਡੋਪ ਟੈੱਸਟ ਕਰਵਾਉਣ ਦੀ ਥਾਂ ਡਰੱਗ ਟੈਸਟ ਕਰਵਾ ਕੇ ਹੀ ਬੁੱਤਾ ਸਾਰ ਲੈਂਦੀਆਂ ਹਨ। ਪੰਜਾਬ ਸਰਕਾਰ ਨੂੰ ਆਪਣੇ ਕਰਮਚਾਰੀਆਂ, ਅਫ਼ਸਰਾਂ ਅਤੇ ਕਾਨੂੰਨਦਾਨਾਂ ਦਾ ਡੋਪ ਜਾਂ ਡਰੱਗ ਟੈਸਟ ਲੈਣ ਬਾਰੇ ਵਰਜਿਤ ਡਰੱਗਜ਼ ਜਾਂ ਨਸ਼ਿਆਂ ਦੀ ਸੂਚੀ ਜਾਰੀ ਕਰਨੀ ਚਾਹੀਦੀ ਹੈ ਤਾਂ ਜੋ ਉਹ ਵਰਜਿਤ ਡਰੱਗਜ਼ ਜਾਂ ਨਸ਼ੇ ਲੈਣ ਤੋਂ ਬਚ ਸਕਣ ਅਤੇ ਉਨਾਂ ਦੇ ਡੋਪ ਟੈਸਟ ਪਾਜ਼ੇਟਿਵ ਨਾ ਆਉਣ। ਕੀ ਅਲਕੋਹਲ ਅਥਵਾ ਬੀਅਰ, ਵਾਈਨ, ਵਿਸਕੀ ਤੇ ਸਕਾਚ ਵੀ ਇਨ੍ਹਾਂ ਵਿਚ ਸ਼ਾਮਿਲ ਹਨ? ਸਰਕਾਰੀ ਨੋਟੀਫਿਕੇਸ਼ਨ ਵਿਚ ਸਭ ਕੁਝ ਸਪੱਸ਼ਟ ਹੋਣਾ ਚਾਹੀਦਾ ਹੈ। ਕਿਤੇ ਡੋਪ ਟੈਸਟ ਦੀ ਥਾਂ ਡੰਗਟਪਾਊ ਡਰੱਗ ਟੈਸਟ ਕਰਵਾ ਕੇ ਹੀ ਨਸ਼ਾ ਵਿਰੋਧੀ ਲਹਿਰ ਦਾ ਲੱਕ ਨਾ ਤੋੜ ਦਿੱਤਾ ਜਾਵੇ।


-ਪ੍ਰਿੰ: ਸਰਵਣ ਸਿੰਘ।


ਸਰਗੋਸ਼ੀਆਂ
ਪਿਛਲੇ ਦਿਨੀਂ 'ਅਜੀਤ' ਦੇ ਸਰਗੋਸ਼ੀਆਂ ਕਾਲਮ ਰਾਹੀਂ ਸ: ਹਰਜਿੰਦਰ ਸਿੰਘ ਲਾਲ ਨੇ ਸਿੱਖ ਭਾਈਚਾਰੇ ਦੀ ਮੌਜੂਦਾ ਦੌਰ 'ਚ ਖਿੰਡਦੀ-ਪੁੰਡਦੀ ਜਾ ਰਹੀ ਵਿਚਾਰਧਾਰਾ ਬਾਰੇ ਤੇ ਸਿੱਖ ਭਾਈਚਾਰੇ ਦਾ ਆਪਣਾ ਕੋਈ ਏਜੰਡਾ ਹੀ ਨਾ ਹੋਣ ਬਾਰੇ ਬੜੇ ਦਲੇਰੀ ਭਰੇ ਸ਼ਬਦਾਂ ਨਾਲ ਆਪਣੇ ਲੱਖਾਂ ਹੀ ਪਾਠਕਾਂ ਨੂੰ ਪ੍ਰਭਾਵਿਤ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਸਮੁੱਚੀ ਲੋਕਾਈ ਲਈ ਪ੍ਰੇਰਨਾ ਦੇ ਸ੍ਰੋਤ ਹਨ, ਦੀ ਵਿਸ਼ਾਲਤਾ ਨੂੰ ਸੀਮਤ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਕਦੇ ਸਿੱਖ ਧਰਮ ਦੇ ਅਹਿਮ ਅੰਗ ਰਹੇ ਕਈ ਭਾਈਚਾਰਿਆਂ ਨੂੰ ਸਿੱਖ ਧਰਮ ਤੋਂ ਦੂਰ ਕੀਤਾ ਜਾ ਰਿਹਾ ਹੈ ਤੇ ਕਈਆਂ ਨੂੰ ਦੂਰ ਕਰ ਦਿੱਤਾ ਗਿਆ ਹੈ। ਸਿੱਖ ਭਾਈਚਾਰਾ ਧਾਰਮਿਕ ਪੱਖ ਦੇ ਨਾਲ-ਨਾਲ ਰਾਜਨੀਤਕ ਪੱਖ ਤੋਂ ਵੀ ਖੇਰੂੰ-ਖੇਰੂੰ ਹੁੰਦਾ ਨਜ਼ਰ ਆ ਰਿਹਾ ਹੈ। ਸਰਗੋਸ਼ੀਆਂ ਕਾਲਮ ਰਾਹੀਂ ਸਮੇਂ-ਸਮੇਂ 'ਤੇ ਅਹਿਮ ਤੇ ਬੇਹੱਦ ਭਾਵਪੂਰਤ ਜਾਣਕਾਰੀ ਪਾਠਕਾਂ ਨੂੰ ਅਕਸਰ ਮਿਲਦੀ ਰਹਿੰਦੀ ਹੈ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਗ੍ਰਾਮ ਪੰਚਾਇਤਾਂ ਦੇ ਵਿਸ਼ੇਸ਼ ਅਧਿਕਾਰ
73ਵੀਂ ਸੰਵਿਧਾਨਕ ਸੋਧ 1992 ਰਾਹੀਂ ਰਾਜਾਂ ਦੀਆਂ ਪੰਚਾਇਤਾਂ ਲਈ ਨਵੇਂ ਪੰਚਾਇਤ ਵਿਧਾਨ ਬਣਾਉਣ ਦਾ ਪ੍ਰਬੰਧ ਕੀਤਾ ਗਿਆ। ਪੰਜਾਬ ਰਾਜ ਨੇ 1994 ਵਿਚ ਪੰਜਾਬ ਪੰਚਾਇਤੀ ਰਾਜ ਐਕਟ ਬਣਾ ਕੇ ਪੰਚਾਇਤੀ ਰਾਜ ਸੰਸਥਾਵਾਂ ਨੂੰ ਤਾਕਤਾਂ ਅਤੇ ਜ਼ਿੰਮੇਵਾਰੀਆਂ ਦੇਣੀਆਂ ਸ਼ੁਰੂ ਕੀਤੀਆਂ। ਪੰਜਾਬ ਰਾਜ ਦੇ ਪੰਚਾਇਤੀ ਐਕਟ ਦੀ ਧਾਰਾ 35 ਅਧੀਨ ਪੰਚਾਇਤਾਂ ਨੂੰ ਆਪਣੇ ਪਿੰਡ ਵਾਸੀਆਂ ਦੀ ਭਲਾਈ ਹਿਤ ਹੁਕਮ ਜਾਰੀ ਕਰਨ ਦੇ ਅਧਿਕਾਰ ਦਿੱਤੇ ਗਏ ਹਨ। ਅੱਜ ਜੋ ਰੇਤ ਦੀ ਖੁਦਾਈ ਦਾ ਰੌਲਾ ਚਲਦਾ ਰਹਿੰਦਾ ਹੈ ਉਸ ਬਾਰੇ ਵੀ ਪੰਚਾਇਤਾਂ ਵਿਸ਼ੇਸ਼ ਯੋਗਦਾਨ ਪਾ ਸਕਦੀਆਂ ਹਨ। ਇਹ ਅਧਿਕਾਰ ਪੰਚਾਇਤਾਂ ਨੂੰ ਸਵੈ-ਸਰਕਾਰਾਂ ਅਤੇ ਕਲਿਆਣਕਾਰੀ ਸਵਰੂਪ ਵੀ ਪ੍ਰਦਾਨ ਕਰਦਾ ਹੈ। ਪੰਚਾਇਤ ਦੀ ਸੁਰੱਖਿਆ ਲਈ ਇਸ ਐਕਟ ਦੀ ਧਾਰਾ 36 ਅਧੀਨ ਗ੍ਰਾਮ ਪੰਚਾਇਤਾਂ ਨੂੰ ਵਿਸ਼ੇਸ਼ ਅਧਿਕਾਰ ਦਿੱਤਾ ਗਿਆ ਹੈ ਕਿ ਉਹ 50 ਰੁਪਏ ਤੱਕ ਦਾ ਜੁਰਮਾਨਾ ਪੰਚਾਇਤ ਦਾ ਅਦੇਸ਼ ਨਾ ਮੰਨਣ ਵਾਲੇ ਨੂੰ ਲਗਾ ਸਕਦੀ ਹੈ। ਪੀੜਤ ਵਿਅਕਤੀਆਂ ਨੂੰ ਵੀ ਗ੍ਰਾਮ ਪੰਚਾਇਤਾਂ ਦੇ ਫ਼ੈਸਲੇ ਵਿਰੁੱਧ 30 ਦਿਨ ਦੇ ਅੰਦਰ-ਅੰਦਰ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਪਾਸ ਅਪੀਲ ਕਰਨ ਦਾ ਅਧਿਕਾਰ ਹੈ ਪਿੰਡ ਪੱਧਰ 'ਤੇ ਪੰਚਾਇਤਾਂ ਦੇ ਇਨ੍ਹਾਂ ਫ਼ੈਸਲਿਆਂ ਨਾਲ ਮਨੁੱਖੀ ਸਿਹਤ ਅਤੇ ਸੁਰੱਖਿਆ ਕਾਇਮ ਰਹਿੰਦੀ ਹੈ। ਹਰ ਗ੍ਰਾਮ ਸਭਾ ਦੇ ਵੋਟਰ ਦਾ ਫਰਜ਼ ਹੈ ਕਿ ਪਿੰਡ ਦੀ ਭਲਾਈ ਲਈ ਗ੍ਰਾਮ ਪੰਚਾਇਤ ਨੂੰ ਪੂਰਨ ਸਹਿਯੋਗ ਦੇਣ ਤਾਂ ਜੋ ਪਿੰਡ ਦਾ ਸਰਵਪੱਖੀ ਵਿਕਾਸ ਅਤੇ ਭਾਈਚਾਰਕ ਏਕਤਾ ਕਾਇਮ ਰਹਿ ਸਕੇ।


-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।


ਖੇਤ ਚੁਗਣ ਤੋਂ ਪਹਿਲਾਂ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਸਫ਼ੇ 'ਤੇ ਪਾਣੀ ਦੀ ਸੰਭਾਲ ਲਈ ਵਧੀਆ ਉਦਾਹਰਨ ਦੇ ਕੇ ਲੇਖਕ ਨੇ ਇਸ ਸਮਾਜਿਕ ਮਸਲੇ ਲਈ ਜ਼ੋਰਦਾਰ ਵਕਾਲਤ ਕੀਤੀ ਹੈ। ਧਰਤੀ ਵਿਚੋਂ ਅਥਾਹ ਪਾਣੀ ਖਿੱਚ ਕੇ, ਥੋੜ੍ਹਚਿਰੀ ਖਾਹਿਸ਼ਾਂ ਦੀ ਪੂਰਤੀ ਲਈ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬੰਜਰ ਭੂਮੀ, ਮਾਰੂਥਲੀ, ਸੱਭਿਅਤਾਂ ਵੱਲ ਧੱਕ ਰਹੇ ਹਾਂ। ਪਾਣੀ ਦੇ ਲਗਾਤਾਰ ਥੱਲੇ ਜਾਣ ਕਰਕੇ ਰੁੱਖਾਂ ਦੀਆਂ ਜੜ੍ਹਾਂ ਨੂੰ ਵੀ ਪਾਣੀ ਨਹੀਂ ਮਿਲੇਗਾ ਤੇ ਹਰਿਆਵਲ, ਠੰਢਕ ਦੇਣ ਵਾਲੀ ਬਨਸਪਤੀ ਘਟੇਗੀ, ਧਰਤੀ ਮਾਂ ਦਾ ਤਾਪਮਾਨ ਹੋਰ ਵਧੇਗਾ। ਜਿਸ ਨਾਲ ਸਮੁੱਚੀ ਮਨੁੱਖਤਾ ਦਾ ਜੀਵਨ ਚੱਕਰ ਪ੍ਰਭਾਵਿਤ ਹੋਵੇਗਾ। ਸਾਡੇ ਮਿੱਤਰ ਪਸ਼ੂ, ਪੰਛੀ ਇਸ ਅਮੋਲਕ ਦਾਤ ਤੋਂ ਵਾਂਝੇ ਰਹਿਣਗੇ। ਪਾਣੀ ਪਿਤਾ ਦੇ ਇਸ ਰੁਤਬੇ ਨੂੰ ਸੰਭਾਲ ਕੇ ਰੱਖੀਏ ਅਤੇ ਆਉਣ ਵਾਲੀਆਂ ਨਸਲਾਂ ਲਈ ਸੁਖਦ ਅਹਿਸਾਸ ਛੱਡ ਕੇ ਜਾਈਏ।


-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ ਭੱਟੀਵਾਲ, ਘੁਮਾਣ, ਗੁਰਦਾਸਪੁਰ।


ਸਾਬਕਾ ਵਿਧਾਇਕ ਤੇ ਪੈਨਸ਼ਨ
ਜਦੋਂ 2004 ਤੋਂ ਬਾਅਦ ਜਿਹੜੇ ਮੁਲਾਜ਼ਮ ਨੌਕਰੀ ਵਿਚ ਆਏ ਹਨ, ਉਨ੍ਹਾਂ ਨੂੰ ਪੈਨਸ਼ਨ ਨਹੀਂ ਲੱਗਣੀ ਤਾਂ ਉਸ ਤੋਂ ਬਾਅਦ ਜਿਹੜੇ ਵਿਧਾਇਕ ਪੈਨਸ਼ਨ ਲੈ ਰਹੇ ਹਨ, ਉਹ ਪੈਨਸ਼ਨ ਦੇ ਕਿਵੇਂ ਹੱਕਦਾਰ ਹਨ? ਇਹ ਸਭ ਕੁਝ ਕਾਨੂੰਨ ਦੇ ਉਲਟ ਹੈ। ਜਿਹੜੇ ਪੰਜਾਬ ਦੇ ਬਜ਼ੁਰਗ ਪੈਨਸ਼ਨ ਲੈ ਰਹੇ ਹਨ, ਉਹ ਵੀ ਬਹੁਤ ਘੱਟ ਹੈ ਤੇ ਕਈ-ਕਈ ਮਹੀਨੇ ਪੈਨਸ਼ਨ ਉਡੀਕਣੀ ਪੈਂਦੀ ਹੈ। ਪਰ ਸਾਬਕਾ ਵਿਧਾਇਕਾਂ ਦੀ ਪੈਨਸ਼ਨ ਕਦੇ ਵੀ ਨਹੀਂ ਰੁਕਦੀ। ਜਦੋਂ ਸਾਬਕਾ ਵਿਧਾਇਕਾਂ ਦੀ ਪੈਨਸ਼ਨ ਵਧਦੀ ਹੈ ਤਾਂ ਚੁੱਪ-ਚੁਪੀਤੇ ਹੀ ਵਧਾ ਦਿੱਤੀ ਜਾਂਦੀ ਹੈ। ਬਜ਼ੁਰਗ ਲੋਕਾਂ ਦੀਆਂ ਇਹ ਪੈਨਸ਼ਨਾਂ ਜਨਤਕ ਸਮਾਗਮ ਕਰਾ ਕੇ ਵੰਡੀਆਂ ਜਾਂਦੀਆਂ ਹਨ। ਪੰਜਾਬ ਦੇ ਕਰੀਬ ਅੱਧੀ ਦਰਜਨ ਅਜਿਹੇ ਸਾਬਕਾ ਵਿਧਾਇਕ ਹਨ, ਜਿਨ੍ਹਾਂ ਨੂੰ ਦੋਹਰੀ ਪੈਨਸ਼ਨ ਮਿਲਦੀ ਹੈ। ਉਹ ਸਾਬਕਾ ਵਿਧਾਇਕ ਪਹਿਲਾਂ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ। ਪਰ ਸਾਡੇ ਬਜ਼ੁਰਗ ਥੋੜ੍ਹੀ ਜਿਹੀ ਪੈਨਸ਼ਨ ਖਾਤਰ ਕਿਵੇਂ ਜ਼ਲੀਲ ਕੀਤੇ ਜਾਂਦੇ ਹਨ। ਲੋਕਾਂ ਨੂੰ ਸੋਚਣ ਦੀ ਲੋੜ ਹੈ।


-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

10-07-2018

ਰਾਹਾਂ 'ਚ ਅੜਿੱਕੇ
ਅੱਜ ਪੰਜਾਬ ਦੇ ਬਹੁਤੇ ਪਿੰਡਾਂ ਦੇ ਰਾਹਾਂ 'ਚੋਂ ਲੰਘਦਿਆਂ ਥਾਂ-ਥਾਂ ਲੱਗੇ ਅੜਿੱਕੇ ਵੇਖਣ ਨੂੰ ਆਮ ਮਿਲਦੇ ਰਹਿੰਦੇ ਹਨ। ਜਿਵੇਂ ਕਿ ਰਾਹਾਂ 'ਚ ਪਸ਼ੂਆਂ ਦਾ ਬੰਨ੍ਹਿਆਂ ਹੋਣਾ, ਮਿੱਟੀ-ਬਜਰੀ ਤੇ ਇੱਟਾਂ ਆਦਿ ਦਾ ਪਏ ਹੋਣਾ ਤਾਂ ਆਮ ਗੱਲ ਹੈ। ਇਸ ਤੋਂ ਇਲਾਵਾ ਬਹੁਤੇ ਲੋਕ ਰਾਹਾਂ 'ਚ ਮੰਜੇ, ਕੁਰਸੀਆਂ ਡਾਹ ਕੇ ਬੈਠੇ ਵੀ ਦੇਖੇ ਜਾ ਸਕਦੇ ਹਨ। ਇਸ ਤੋਂ ਅੱਗੇ ਗਲੀਆਂ-ਨਾਲੀਆਂ 'ਚੋਂ ਕੱਢੇ ਗਏ ਕੂੜੇ-ਕਰਕਟ ਦੀਆਂ ਲੱਗੀਆਂ ਢੇਰੀਆਂ ਵੀ ਆਮ ਰਾਹਗੀਰਾਂ ਦੇ ਨਾਲ-ਨਾਲ ਦੋ ਪਹੀਆ ਵਾਹਨ ਵਾਲਿਆਂ ਲਈ ਵੱਡੀ ਮੁਸੀਬਤ ਬਣ ਰਹੇ ਹਨ। ਇਕ ਹੋਰ ਬੁਰਾਈ ਇਹ ਹੈ ਕਿ ਪਿੰਡਾਂ ਦੇ ਮੁੱਖ ਰਾਹਾਂ ਦੇ ਮੋੜਾਂ 'ਤੇ ਨੌਜਵਾਨਾਂ ਦਾ ਖੜ੍ਹਨਾ ਨਿੱਤ ਦਾ ਕੰਮ ਹੈ। ਕਈ ਵਾਰ ਅਜਿਹਾ ਵਰਤਾਰਾ ਲੜਾਈ-ਝਗੜੇ ਦੇ ਨਾਲ-ਨਾਲ ਹਾਦਸੇ ਦਾ ਕਾਰਨ ਵੀ ਬਣ ਰਿਹਾ ਹੈ। ਸਮੇਂ ਦੀ ਰਫ਼ਤਾਰ ਅਨੁਸਾਰ ਅੱਜ ਜ਼ਰੂਰੀ ਹੋ ਗਿਆ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਤੇ ਮੋਹਤਬਰ ਲੋਕ ਅੱਗੇ ਆਉਣ ਤਾਂ ਕਿ ਪਿੰਡਾਂ 'ਚ ਪਨਪੇ ਇਸ ਮਾੜੇ ਰੁਝਾਨ ਨੂੰ ਰੋਕਿਆ ਜਾਂ ਕੁਝ ਹੱਦ ਤੱਕ ਘਟਾਇਆ ਜਾ ਸਕੇ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਪੰਚਾਇਤਾਂ ਅਤੇ ਛੋਟੇ ਮੁਲਾਜ਼ਮ
73ਵੀਂ ਸੰਵਿਧਾਨਿਕ ਸੋਧ ਤੋਂ ਬਾਅਦ ਪੰਜਾਬ ਰਾਜ ਨੇ ਅਪ੍ਰੈਲ 1994 ਵਿਚ ਪੰਜਾਬ ਪੰਚਾਇਤੀ ਐਕਟ ਦੀ ਸਥਾਪਨਾ ਕੀਤੀ ਸੀ। ਇਸੇ ਲੜੀ ਤਹਿਤ ਗ੍ਰਾਮ ਪੰਚਾਇਤਾਂ ਨੂੰ ਸਵੈ-ਸਰਕਾਰਾਂ ਦਾ ਸਰੂਪ ਦੇਣ ਲਈ ਯਤਨ ਅਰੰਭੇ ਗਏ। ਪ੍ਰਸ਼ਾਸਨ ਦੀ ਮੂਲ ਇਕਾਈ ਪਿੰਡ ਅਤੇ ਪਿੰਡਾਂ ਵਿਚ ਕੰਮ ਕਰਦੇ ਛੋਟੇ ਮੁਲਾਜ਼ਮ ਹੁੰਦੇ ਹਨ। ਪੰਜਾਬ ਪੰਚਾਇਤੀ ਰਾਜ ਐਕਟ ਨੇ ਧਾਰਾ 38 ਤਹਿਤ ਛੋਟੇ ਮੁਲਾਜ਼ਮਾਂ ਦੇ ਗ਼ਲਤ ਵਿਹਾਰ ਨੂੰ ਘੋਖਣ ਅਤੇ ਜਾਂਚ ਕਰਨ ਦਾ ਅਧਿਕਾਰ ਗ੍ਰਾਮ ਪੰਚਇਤਾਂ ਨੂੰ ਦਿੱਤਾ ਹੈ। ਪੰਜਾਬ ਪੰਚਾਇਤੀ ਰਾਜ ਐਕਟ ਨੇ ਪਟਵਾਰੀ ਦੀ ਨਿਗਰਾਨੀ ਕਰਨ ਦਾ ਅਧਿਕਾਰ ਅਤੇ ਚੌਂਕੀਦਾਰ ਦੀ ਨਿਗਰਾਨੀ ਦਾ ਅਧਿਕਾਰ, ਐਕਟ ਦੀ ਧਾਰਾ 39 ਤਹਿਤ ਗ੍ਰਾਮ ਪੰਚਾਇਤ ਨੂੰ ਦਿੱਤਾ ਹੈ। ਇਸ ਧਾਰਾ ਤਹਿਤ ਗ੍ਰਾਮ ਪੰਚਾਇਤ ਦੀ ਰਿਪੋਰਟ 'ਤੇ ਕੀਤੀ ਕਾਰਵਾਈ ਦੀ ਸੂਚਨਾ ਸਬੰਧਿਤ ਅਧਿਕਾਰੀ ਗ੍ਰਾਮ ਪੰਚਾਇਤ ਨੂੰ ਦੇਣ ਦਾ ਪਾਬੰਦ ਹੈ। ਜਿਨ੍ਹਾਂ ਪਿੰਡਾਂ ਵਿਚ ਪੰਚਾਇਤ ਤੇ ਪਿੰਡ ਦੇ ਮੁਲਾਜ਼ਮਾਂ ਵਿਚਕਾਰ ਸਬੰਧ ਵਿਗੜ ਜਾਂਦੇ ਹਨ, ਉਥੇ ਪ੍ਰਸ਼ਾਸਨਿਕ ਦੁਬਿਧਾ ਪੈਦਾ ਹੁੰਦੀ ਹੈ।
ਅੱਜ ਪੰਚਾਇਤੀ ਰਾਜ ਵਿਚ ਯੋਗ ਨੁਮਾਇੰਦੇ ਆਉਂਦੇ ਹਨ। ਇਨ੍ਹਾਂ ਦੀ ਸਿਖਲਾਈ ਦਾ ਪ੍ਰਬੰਧ ਵੀ ਸਰਕਾਰ ਵਲੋਂ ਕੀਤਾ ਜਾਂਦਾ ਹੈ। ਮੁਲਾਜ਼ਮਾਂ ਨੂੰ ਵੀ ਧੜੇਬੰਦੀ ਵਿਚ ਪੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅੱਜ ਲੋਕਤੰਤਰ ਵਿਚ ਪੰਚਾਇਤਾਂ ਨੂੰ ਲੋਕਾਂ ਦਾ ਅਤੇ ਛੋਟੇ ਮੁਲਾਜ਼ਮਾਂ ਨੂੰ ਪੰਚਾਇਤਾਂ ਦਾ ਡਰ ਰਹਿੰਦਾ ਹੈ, ਜਿਸ ਨਾਲ ਪ੍ਰਸ਼ਾਸਨ ਦੀ ਗਤੀ ਬਿਨਾਂ ਕਿਸੇ ਰੁਕਾਵਟ ਤੋਂ ਚੱਲਦੀ ਰਹਿੰਦੀ ਹੈ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

ਪੰਜਾਬੀ ਭਾਸ਼ਾ
ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਪੰਜਾਬੀ ਲਾਗੂ ਕਰਵਾਉਣ ਸਬੰਧੀ ਕਰਵਾਏ ਗਏ ਪ੍ਰੋਗਰਾਮ ਵਿਚ ਪੰਜਾਬੀ ਲੇਖਕ ਸੁਰਜੀਤ ਪਾਤਰ ਤੋਂ ਇਲਾਵਾ ਕੁਝ ਸਿਆਸੀ ਆਗੂਆਂ ਨੇ ਭਾਗ ਲਿਆ ਅਤੇ ਚੰਡੀਗੜ੍ਹ ਵਿਚ ਪੰਜਾਬੀ ਲਾਗੂ ਕਰਵਾਉਣ ਲਈ ਇਕ ਮਸ਼ਾਲ ਜਗਾਈ ਹੈ। ਇਸ ਮਸ਼ਾਲ ਨੂੰ ਰੌਸ਼ਨ ਰੱਖਣ ਲਈ ਸਾਡਾ ਸਾਰੇ ਪੰਜਾਬੀਆਂ ਦਾ ਹੱਕ ਬਣਦਾ ਹੈ ਕਿ ਸਿਆਸਤ ਤੋਂ ਉੱਪਰ ਉੱਠ ਕੇ ਇਸ ਨੂੰ ਰੌਸ਼ਨ ਰੱਖਣ ਦੀ ਕੋਸ਼ਿਸ਼ ਕਰੀਏ ਤਾਂ ਜੋ ਪੰਜਾਬੀ ਨੂੰ ਉਸ ਦਾ ਬਣਦਾ ਮਾਣ-ਸਤਿਕਾਰ ਮਿਲ ਸਕੇ ਅਤੇ ਪੰਜਾਬੀ ਸੂਬਾ ਬਣਾਉਣ ਲਈ ਕੀਤੀਆਂ ਕੁਰਬਾਨੀਆਂ ਦਾ ਸਹੀ ਮੁੱਲ ਪੈ ਸਕੇ।

-ਸਿਮਰਨ ਔਲਖ
ਪਿੰਡ ਸੀਰਵਾਲੀ (ਸ੍ਰੀ ਮੁਕਤਸਰ ਸਾਹਿਬ)।

ਸਾਫ਼-ਸਫ਼ਾਈ ਵਿਚ ਭਾਗੀਦਾਰੀ ਜ਼ਰੂਰੀ
ਸਮੇਂ-ਸਮੇਂ 'ਤੇ ਵੱਖ-ਵੱਖ ਸਰਕਾਰਾਂ ਵਲੋਂ ਸਾਫ਼-ਸਫ਼ਾਈ ਲਈ ਕਈ ਤਰ੍ਹਾਂ ਦੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਰਹੀਆਂ ਹਨ। ਅਜਿਹੀਆਂ ਮੁਹਿੰਮਾਂ ਅਤੇ ਪ੍ਰਚਾਰ ਸਾਨੂੰ ਸਭ ਨੂੰ ਆਪਣੇ ਆਲੇ-ਦੁਆਲੇ ਅਤੇ ਵਾਤਾਵਰਨ ਦੀ ਸਵੱਛਤਾ ਲਈ ਜਾਗਰੂਕ ਕਰਦੇ ਹਨ ਅਤੇ ਸਾਨੂੰ ਆਪਣੇ ਆਲੇ-ਦੁਆਲੇ ਦੀ ਸਾਫ਼-ਸਫ਼ਾਈ ਰੱਖਣ ਲਈ ਸੁਚੇਤ ਕਰਦੇ ਹਨ, ਜੋ ਕਿ ਬਹੁਤ ਹੀ ਚੰਗੀ ਅਤੇ ਨੇਕ ਗੱਲ ਹੈ। ਇਸ ਸਭ ਲਈ ਸਾਨੂੰ ਜ਼ਰੂਰਤ ਹੈ ਕਿ ਅਸੀਂ ਆਪਣੇ ਘਰ-ਪਰਿਵਾਰ, ਆਲੇ-ਦੁਆਲੇ ਅਤੇ ਸਮਾਜ ਵਿਚ ਸਾਫ਼-ਸਫ਼ਾਈ ਰੱਖੀਏ, ਆਪ ਜਾਗਰੂਕ ਹੋ ਜਾਈਏ, ਦੂਸਰਿਆਂ ਨੂੰ ਵੀ ਇਸ ਬਾਰੇ ਸੁਚੇਤ ਕਰੀਏ। ਸਾਨੂੰ ਸਭ ਨੂੰ ਇਹ ਕੋਸ਼ਿਸ਼ ਕਰਨੀ ਬਣਦੀ ਹੈ ਕਿ ਅਸੀਂ ਜਿੰਨਾ ਵੀ ਸੰਭਵ ਹੋ ਸਕੇ, ਜਨਤਕ ਥਾਵਾਂ ਦੀ ਸਾਂਭ ਸੰਭਾਲ, ਸਾਫ਼-ਸਫ਼ਾਈ ਰੱਖਣ ਦੀ ਕੋਸ਼ਿਸ਼ ਕਰੀਏ, ਵੱਧ ਤੋਂ ਵੱਧ ਆਲੇ-ਦੁਆਲੇ ਰੁੱਖ-ਬੂਟੇ ਲਗਾਈਏ, ਬਾਜ਼ਾਰ ਜਾਣ ਸਮੇਂ ਘਰੋਂ ਕੱਪੜੇ ਜਾਂ ਪਟਸਨ ਦਾ ਥੈਲਾ ਨਾਲ ਲੈ ਕੇ ਜਾਈਏ। ਜਨਤਕ ਥਾਵਾਂ 'ਤੇ ਸਥਿਤ ਪਖਾਨਿਆਂ ਆਦਿ ਦੀ ਵਰਤੋਂ ਤੋਂ ਬਾਅਦ ਸਾਫ਼-ਸਫ਼ਾਈ ਰੱਖਣ ਨਾਲ ਵੀ ਸਵੱਛਤਾ ਕਾਇਮ ਰੱਖੀ ਜਾ ਸਕਦੀ ਹੈ। ਬਿਸਕੁਟਾਂ, ਚਾਕਲੇਟਾਂ, ਚਿਪਸਾਂ ਆਦਿ ਦੇ ਖਾਲੀ ਲਿਫ਼ਾਫ਼ਿਆਂ ਨੂੰ ਇਧਰ-ਉਧਰ ਸੁੱਟਣ ਦੀ ਥਾਂ ਸਹੀ ਜਗ੍ਹਾ 'ਤੇ ਕੂੜੇਦਾਨ ਆਦਿ ਵਿਚ ਪਾ ਕੇ ਵੀ ਸਫ਼ਾਈ ਮੁਹਿੰਮ ਵਿਚ ਅਸੀਂ ਆਪਣਾ ਸਹੀ ਯੋਗਦਾਨ ਪਾ ਸਕਦੇ ਹਾਂ। ਇਸ ਤਰ੍ਹਾਂ ਸਾਡੀ ਸਭ ਦੀ ਸਾਫ਼-ਸਫ਼ਾਈ ਵਿਚ ਭਾਗੀਦਾਰੀ ਨਾਲ ਵਾਤਾਵਰਨ ਅਤੇ ਸਾਡਾ ਆਲਾ-ਦੁਆਲਾ ਸ਼ੁੱਧ ਰਹਿ ਸਕਦਾ ਹੈ।

-ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ।

ਨਸ਼ਿਆਂ ਦਾ ਕਹਿਰ
ਇਨਸਾਨ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਬੋਝ ਹੁੰਦਾ ਹੈ ਬੁੱਢੇ ਪਿਓ ਵਲੋਂ ਆਪਣੇ ਜਵਾਨ ਪੁੱਤ ਦੀ ਅਰਥੀ ਨੂੰ ਮੋਢਾ ਦੇਣਾ। ਪਰ ਅੱਜ ਸਾਡੇ ਪੰਜਾਬ ਅੰਦਰ ਤਾਂ ਘਰ-ਘਰ ਇਹ ਕਹਿਰ ਵਾਪਰ ਰਿਹਾ ਹੈ। ਰੋਜ਼ਾਨਾ ਨਸ਼ੇ ਦੀ ਵਧੇਰੇ ਵਰਤੋਂ ਨਾਲ ਅਨੇਕਾਂ ਨੌਜਵਾਨਾਂ ਦੀ ਮੌਤ ਹੋਣਾ ਪੰਜਾਬ ਦੇ ਵਿਨਾਸ਼ ਵੱਲ ਵਧਣ ਦੀ ਨਿਸ਼ਾਨੀ ਹੈ। ਮਾਵਾਂ, ਭੈਣਾਂ ਤੇ ਸੁਹਾਗਣਾਂ ਦੇ ਵੈਣ ਸਰਕਾਰਾਂ 'ਤੇ ਕੋਈ ਅਸਰ ਨਹੀਂ ਪਾ ਰਹੇ। ਪੰਜਾਬ ਵਿਚੋਂ ਨਸ਼ਾ ਖ਼ਤਮ ਕਰਨ ਦਾ ਦਾਅਵਾ ਕਰਨ ਵਾਲੀਆਂ ਸਰਕਾਰਾਂ ਪੰਜਾਬ ਦੇ ਅਜਿਹੇ ਹਾਲਾਤ 'ਤੇ ਚੁੱਪ ਕਿਉਂ ਹਨ? ਚਿੱਟਾ ਅੱਜ ਪੰਜਾਬ ਦੀ ਨੌਜਵਾਨੀ ਨੂੰ ਘੁਣ ਵਾਂਗ ਖਾ ਰਿਹਾ। ਪੰਜ ਦਰਿਆਵਾਂ ਦੀ ਧਰਤੀ ਪੰਜਾਬ, ਜਿਸ ਨੂੰ ਅਨੇਕਾਂ ਸੂਰਬੀਰਾਂ, ਯੋਧਿਆਂ ਦੀ ਧਰਤੀ ਕਰਕੇ ਜਾਣਿਆ ਜਾਂਦਾ ਸੀ, ਅੱਜ ਉਥੇ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਨੇ ਘਰਾਂ ਦੇ ਘਰ ਤਬਾਹ ਕਰਕੇ ਰੱਖ ਦਿੱਤੇ ਹਨ, ਪੰਜਾਬ ਦੀ ਜਵਾਨੀ ਨੂੰ ਰੋਲ ਕੇ ਰੱਖ ਦਿੱਤਾ ਹੈ। ਪੰਜਾਬ ਜਿਸ ਨੇ ਕਦੇ ਦੁਸ਼ਮਣ ਦੀ ਈਨ ਨਹੀਂ ਸੀ ਮੰਨੀ, ਅੱਜ ਇਸ ਦੇ ਵਾਰਿਸਾਂ ਨੇ ਖੁਦ ਇਸ ਨੂੰ ਉਜਾੜ ਕੇ ਰੱਖ ਦਿੱਤਾ ਹੈ। ਹਰੀ ਸਿੰਘ ਨਲੂਆ ਦੇ ਵਾਰਿਸ, ਜੋ ਕਦੇ ਹਥਿਆਰਾਂ ਨਾਲ ਖ਼ਤਮ ਨਹੀਂ ਸਨ ਹੋਏ, ਹੁਣ ਛੋਟੀਆਂ-ਛੋਟੀਆਂ ਸਰਿੰਜਾਂ ਦੀ ਚੋਭ ਨਾਲ ਹੀ ਖ਼ਤਮ ਹੋ ਜਾਣਗੇ। ਪੰਜਾਬੀਓ, ਉਠੋ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਖੁਦ ਹੰਭਲਾ ਮਾਰੋ। ਸਰਕਾਰ 'ਤੇ ਆਸ ਨਾ ਰੱਖੋ।
-ਜਸਪ੍ਰੀਤ ਕੌਰ ਸੰਘਾ
ਤਨੂੰਲੀ, ਹੁਸ਼ਿਆਰਪੁਰ।

09-07-2018

 ਵਿਰਾਸਤੀ ਖੇਡਾਂ
ਸਿੱਖਿਆ ਵਿਭਾਗ ਪੰਜਾਬ ਵਲੋਂ 'ਖੇਡੋ ਪੰਜਾਬ' ਮੁਹਿੰਮ ਤਹਿਤ ਜੋ ਵਿਰਾਸਤੀ ਖੇਡ ਨੀਤੀ ਬਣਾਈ ਗਈ ਹੈ, ਉਹ ਬੇਹੱਦ ਸ਼ਲਾਘਾਯੋਗ ਹੈ। ਪਹਿਲੀ ਤੋਂ ਲੈ ਕੇ 12ਵੀਂ ਜਮਾਤ ਤੱਕ 33 ਦੇ ਕਰੀਬ ਬਣਦੀਆਂ ਇਹ ਵਿਰਾਸਤੀ ਖੇਡਾਂ ਖੇਡਣਾ ਵਿਭਾਗ ਵਲੋਂ ਜ਼ਰੂਰੀ ਕਰਨਾ ਵੀ ਚੰਗੀ ਗੱਲ ਹੈ। ਵੱਡੀ ਗੱਲ ਇਹ ਵੀ ਹੈ ਕਿ ਅੱਜ ਦੇ ਬੱਚਿਆਂ ਨੂੰ ਅਲੋਪ ਹੋ ਚੁੱਕੀਆਂ ਸਾਡੀਆਂ ਅਮੀਰ ਤੇ ਮਹਾਨ ਵਿਰਾਸਤੀ ਖੇਡਾਂ ਬਾਰੇ ਗਿਆਨ ਵੀ ਹੋਵੇਗਾ। ਵਿਭਾਗ ਦੀ ਇਹ ਗੱਲ ਵੀ ਚੰਗੀ ਹੈ ਕਿ ਹਰ ਵਿਦਿਆਰਥੀ ਦਾ ਇਨ੍ਹਾਂ ਖੇਡਾਂ 'ਚ ਹਿੱਸਾ ਲੈਣਾ ਜ਼ਰੂਰੀ ਕੀਤਾ ਗਿਆ ਹੈ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।


ਹਰੀਕੇ ਪੱਤਣ ਸੈਰਗਾਹ
ਪਿਛਲੀ ਸਰਕਾਰ ਸਮੇਂ ਹਰੀਕੇ ਪੱਤਣ ਵਿਖੇ ਸੈਰ-ਸਪਾਟਾ ਵਿਭਾਗ ਵਲੋਂ ਸੈਲਾਨੀਆਂ ਲਈ ਜਿਥੇ ਜਲ ਬੱਸ ਯੋਜਨਾ ਚਲਾਈ ਗਈ ਸੀ, ਉਥੇ ਮੌਜੂਦਾ ਸਰਕਾਰ ਵਲੋਂ ਜਲ ਬਸ ਨੂੰ ਬਰੇਕਾਂ ਲਗਾ ਦਿੱਤੀਆਂ ਸਨ ਤੇ ਹੁਣ ਵਿਸ਼ਵ ਪੱਧਰ 'ਤੇ ਹਰੀਕੇ ਪੱਤਣ ਨੂੰ ਸੈਰਗਾਹ ਵਜੋਂ ਵਿਕਸਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਹਰੀਕੇ ਪੱਤਣ ਵਿਖੇ ਦੋ ਦਰਿਆਵਾਂ ਦਾ ਮੇਲ ਹੁੰਦਾ ਹੈ, ਇਸ ਨੂੰ ਹੁਣ ਜੰਗਲਾਤ ਵਿਭਾਗ, ਸੈਰ-ਸਪਾਟਾ, ਸਿੰਚਾਈ ਮਹਿਕਮਾ ਸਾਂਝੇ ਤੌਰ 'ਤੇ ਮਿਲ ਕੇ ਸੈਰਗਾਹ ਵਜੋਂ ਵਿਕਸਤ ਕਰਨ ਵਿਚ ਸਹਿਯੋਗ ਕਰਨਗੇ। ਮੌਜੂਦਾ ਸਰਕਾਰ ਵਲੋਂ ਜਿਥੇ ਹਰੀਕੇ ਪੱਤਣ ਨੂੰ ਸੈਰ-ਸਪਾਟੇ ਵਜੋਂ ਵਿਕਸਤ ਕਰਨ ਲਈ ਕੀਤਾ ਜਾ ਰਿਹਾ ਇਹ ਉਪਰਾਲਾ ਸ਼ਲਾਘਾਯੋਗ ਹੈ, ਉਥੇ ਇਹ ਵੀ ਜ਼ਰੂਰੀ ਹੋਵੇ ਕਿ ਜਦੋਂ ਨਵੀਂ ਸਰਕਾਰ ਬਣਦੀ ਹੈ ਤਾਂ ਇਸ ਚੱਲ ਰਹੇ ਕੰਮ 'ਤੇ ਰੋਕ ਲਗਾਉਣ ਦੀ ਥਾਂ ਅੱਗੇ ਹੋਰ ਵਿਕਾਸ ਵੱਲ ਲਿਜਾਵੇ ਤਾਂ ਜੋ ਸਰਕਾਰ ਦਾ ਲੱਗਿਆ ਪੈਸਾ ਅਜਾਈਂ ਨਾ ਜਾਏ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਪਾਓ ਨਿਮਰਤਾ ਦਾ ਗਹਿਣਾ
ਮੰਨਿਆ ਜਾਂਦਾ ਹੈ ਕਿ ਸਾਰੇ ਇਨਸਾਨ ਬਰਾਬਰ ਹਨ। ਸਭ ਨੂੰ ਸਿਰਜਣਹਾਰ ਪਰਮਾਤਮਾ ਨੇ ਇਕੋ ਜਿਹੀ ਸਰੀਰਕ ਦਿੱਖ ਤੇ ਅੰਦਰੂਨੀ ਲੱਛਣ ਦਿੱਤੇ ਹਨ ਪਰ ਅਜਿਹਾ ਕੀ ਹੁੰਦਾ ਹੈ ਕਿਸੇ ਵਿਚ, ਕੀ ਅਸੀਂ ਉਸ ਨੂੰ ਭੁਲਾ ਨਹੀਂ ਸਕਦੇ। ਅਸਲ ਵਿਚ ਸਾਨੂੰ ਕਿਸੇ ਵਿਅਕਤੀ ਦੀ ਸ਼ਖ਼ਸੀਅਤ ਇੰਨੀ ਪ੍ਰਭਾਵਿਤ ਕਰ ਜਾਂਦੀ ਹੈ ਕਿ ਅਸੀਂ ਉਸ ਨੂੰ ਅਤੇ ਉਸ ਜਿਹੇ ਵਿਅਕਤੀਆਂ ਨੂੰ ਮਿਲਣਾ ਅਤੇ ਉਨ੍ਹਾਂ ਵਿਚ ਵਿਚਰਨਾ ਵਧੇਰੇ ਪਸੰਦ ਕਰਦੇ ਹਾਂ। ਜਿਹੜਾ ਇਨਸਾਨ ਸਾਡੇ ਨਾਲ ਚੰਗਾ ਵਿਹਾਰ ਕਰਦਾ ਹੈ, ਮਿੱਠਾ ਬੋਲਦਾ ਹੈ, ਉਸ ਬਾਰੇ ਅਸੀਂ ਆਮ ਕਰ ਕੇ ਕਹਿੰਦੇ ਹਾਂ ਕਿ ਉਹ ਚੰਗੀ ਸ਼ਖ਼ਸੀਅਤ ਦਾ ਮਾਲਕ ਹੈ। ਬੇਸ਼ੱਕ ਇਹ ਅਨੇਕਾਂ ਗੁਣ ਚੰਗੀ ਸ਼ਖ਼ਸੀਅਤ ਦੇ ਲਖਾਇਕ ਹਨ ਪਰ ਇਨ੍ਹਾਂ ਤੋਂ ਬਿਨਾਂ ਕੁਝ ਅੰਦਰੂਨੀ ਗੁਣ ਹਨ ਜੋ ਸਾਡੀ ਸ਼ਖ਼ਸੀਅਤ ਨੂੰ ਸਮਾਜ ਸਾਹਮਣੇ ਉਭਾਰਨ ਵਿਚ ਬਹੁਤ ਵੱਡਾ ਯੋਗਦਾਨ ਪਾਉਂਦੇ ਹਨ। ਚੰਗੀ ਅਤੇ ਉੱਚੀ ਸ਼ਖ਼ਸੀਅਤ ਨੂੰ ਕਿਸੇ ਇਨਸਾਨ ਅੰਦਰਲੇ ਨਿਮਰਤਾ ਵਾਲੇ ਭਾਵਾਂ ਤੋਂ ਹੀ ਮਾਪਿਆ ਜਾਂਦਾ ਹੈ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।


ਨਾਜਾਇਜ਼ ਕਾਲੋਨੀਆਂ 'ਤੇ ਕਾਰਵਾਈ
18 ਜੂਨ ਨੂੰ ਜ਼ੀਰਕਪੁਰ ਵਿਚ ਬਣ ਰਹੀਆਂ ਨਾਜਾਇਜ਼ ਕਾਲੋਨੀਆਂ ਬਾਰੇ ਕੌਂਸਲਰਾਂ, ਅਧਿਕਾਰੀਆਂ ਤੇ ਕੌਂਸਲਰ ਪ੍ਰਧਾਨ ਦੇ ਚੁੱਪ ਵੱਟਣ ਬਾਰੇ ਖ਼ਬਰ ਪੜ੍ਹੀ। ਇਸ ਖ਼ਬਰ ਤੋਂ ਤਾਂ ਸਾਫ਼ ਹੈ ਕਿ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਖੱਜਲਖੁਆਰੀ ਕਰਨ ਵਿਚ ਏਹ ਬਰਾਬਰ ਦੇ ਹਿੱਸੇਦਾਰ ਹਨ। ਜਲੰਧਰ ਵਿਚ ਕੀਤੀ ਗਈ ਗ਼ੈਰ-ਕਾਨੂੰਨੀ ਕਾਲੋਨੀਆਂ ਉਤੇ ਕਾਰਵਾਈ ਦੀ ਸਮਝ ਵਿਧਾਇਕ ਨੂੰ ਆ ਗਈ। ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਲੋਕ ਆਪਣੇ ਨਾਲ ਹੋਏ ਧੋਖੇ ਬਾਰੇ ਦੁਹਾਈ ਪਾਉਂਦੇ ਹਨ ਤਾਂ ਏਹ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਤਾਂ ਇਵੇਂ ਅੱਗੇ ਨਹੀਂ ਆਉਂਦੇ। ਦੂਸਰਾ ਸਰਕਾਰ ਬਿਲਡਰਾਂ ਅਤੇ ਪ੍ਰਾਪਰਟੀ ਡੀਲਰਾਂ ਦੇ ਬਣਾਇਆਂ ਨਹੀਂ ਬਣਦੀ, ਲੋਕਾਂ ਦੀਆਂ ਵੋਟਾਂ ਵੀ ਅਹਿਮੀਅਤ ਰੱਖਦੀਆਂ ਹਨ। ਜਦੋਂ ਲੋਕਾਂ ਨੂੰ ਫਲੈਟ ਅਤੇ ਪਲਾਟ ਵੇਚੇ ਜਾਂਦੇ ਹਨ ਤਾਂ ਜੋ ਵਿਖਾਇਆ ਅਤੇ ਦੱਸਿਆ ਜਾਂਦਾ ਹੈ, ਉਹ ਬਿਲਕੁਲ ਨਹੀਂ ਦਿੱਤਾ ਜਾਂਦਾ। ਲੋਕ ਧਰਨੇ ਦਿੰਦੇ ਹਨ, ਅਖ਼ਬਾਰਾਂ ਵਿਚ ਖਬਰਾਂ ਲਗਾਉਂਦੇ ਹਨ ਪਰ ਨਾ ਬਿਲਡਰ 'ਤੇ ਅਸਰ ਹੁੰਦਾ ਹੈ ਅਤੇ ਨਾ ਵਿਭਾਗ 'ਤੇ। ਬਿਲਕੁਲ ਜੋ ਕਦਮ ਚੁੱਕੇ ਗਏ ਹਨ ਜਨ ਹਿਤ ਵਿਚ ਹਨ। ਇੰਜ ਦੇ ਕਦਮ ਚੁੱਕਣੇ ਸਮੇਂ ਦੀ ਬਹੁਤ ਜ਼ਰੂਰਤ ਹੈ। ਇੰਜ ਦੇ ਸਖ਼ਤ ਕਦਮ ਹੀ ਚੁੱਕਿਆਂ ਕੋਈ ਸੁਧਾਰ ਹੋ ਸਕਦਾ ਹੈ। ਕੁਝ ਇਕ ਲੋਕਾਂ ਨੂੰ ਏਹ ਕਦਮ ਚੰਗੇ ਨਹੀਂ ਲੱਗ ਰਹੇ। ਬਹੁ ਗਿਣਤੀ ਖੁਸ਼ ਹੈ ਅਤੇ ਸਹੀ ਕਾਰਵਾਈ ਕਰਨ ਵਾਲੇ ਦੇ ਨਾਲ ਹੈ।


-ਪ੍ਰਭਜੋਤ ਕੌਰ ਢਿੱਲੋਂ


ਧਰਮ ਤੇ ਰਾਜਨੀਤੀ
29 ਜੂਨ ਨੂੰ ਸੰਪਾਦਕੀ ਪੰਨੇ 'ਤੇ ਸਰਗੋਸ਼ੀਆਂ ਵਿਚ ਹਰਜਿੰਦਰ ਸਿੰਘ ਲਾਲ ਨੇ 'ਸਿੱਖ ਪੰਥ ਵਿਚ ਆਈਆਂ ਕਮਜ਼ੋਰੀਆਂ ਦਾ ਕੀ ਕਾਰਨ ਹੈ?' ਦੇ ਸਿਰਲੇਖ ਹੇਠ ਸਿੱਖ ਕੌਮ ਦੇ ਕਮਜ਼ੋਰ ਹੋਣ ਦੀ ਗੱਲ ਕੀਤੀ ਹੈ। ਜਿਸ ਵਿਚ ਲੇਖਕ ਦਾ ਮੰਨਣਾ ਹੈ ਕਿ ਰਾਜਨੀਤੀ ਧਰਮ 'ਤੇ ਭਾਰੂ ਪੈ ਗਈ ਹੈ। ਅੱਜ ਲੋੜ ਹੈ ਧਰਮ ਨੂੰ ਰਾਜਨੀਤੀ ਦੀ ਜਕੜ 'ਚੋਂ ਬਾਹਰ ਕੱਢਣ ਦੀ। ਇਸ ਲਈ ਸ਼੍ਰੋਮਣੀ ਕਮੇਟੀ ਮੈਂਬਰ ਅਜਿਹੇ ਚੁਣੇ ਜਾਣ ਜੋ ਮੈਂ ਮਰਾਂ ਪੰਥ ਜੀਵੇ ਦੇ ਧਾਰਨੀ ਹੋਣ। ਗੁਰਦੁਆਰਿਆਂ ਦੇ ਪਾਠੀ ਪੜ੍ਹੇ-ਲਿਖੇ, ਦੂਰ ਅੰਦੇਸ਼ੀ ਸੋਚ ਵਾਲੇ ਸਿੱਖ ਧਰਮ ਨੂੰ ਅਜਿਹੀ ਸਥਿਤੀ 'ਚੋਂ ਬਾਹਰ ਕੱਢ ਸਕਦੇ ਹਨ। ਸੋ ਸਿੱਖ ਧਰਮ ਨੂੰ ਪਹਿਲਾਂ ਪਿੰਡ-ਪਿੰਡ ਇਕ ਗੁਰਦੁਆਰਾ ਸਾਹਿਬ ਤੇ ਉਸ ਵਿਚ ਪੜ੍ਹਿਆ-ਲਿਖਿਆ ਪਾਠੀ ਸਿੰਘ ਰੱਖਣਾ ਪਵੇਗਾ ਜੋ ਸਾਡੀ ਨੌਜਵਾਨ ਪੀੜ੍ਹੀ ਨੂੰ ਸਿੱਖ ਧਰਮ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾ ਸਕਦਾ ਹੋਵੇ। ਇਸ ਸਬੰਧੀ ਸਿੱਖਾਂ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਮੋਗਾ।

06-07-2018

 ਸ਼ਲਾਘਾਯੋਗ ਕਦਮ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਸਫ਼ੇ 'ਤੇ 'ਮਿਸ਼ਨ ਤੰਦਰੁਸਤ ਪੰਜਾਬ' ਕਾਲਮ ਪੜ੍ਹਿਆ, ਮਨ ਨੂੰ ਬਹੁਤ ਖੁਸ਼ੀ ਹੋਈ। ਸ: ਹਮਦਰਦ ਹੁਰਾਂ ਵੀ ਪੰਜਾਬ ਦੇ ਮੁੱਖ ਮੰਤਰੀ ਅਤੇ ਸ: ਸਿੱਧੂ ਵਲੋਂ ਵਾਤਾਵਰਨ ਨੂੰ ਲੈ ਕੇ ਚੁੱਕੇ ਕਦਮਾਂ ਦੀ ਪੁਰਜ਼ੋਰ ਸ਼ਲਾਘਾ ਕੀਤੀ ਹੈ। ਜੇਕਰ ਕੋਈ ਨੇਕ ਤੇ ਵਧੀਆ ਕਾਰਜ ਕਰਦਾ ਹੈ ਤਾਂ ਸਭ ਦੀ ਦਿਲ ਖੋਲ੍ਹ ਕੇ ਤਾਰੀਫ਼ ਕਰਨ 'ਚ ਕੋਈ ਕਸਰ ਨਹੀਂ ਛੱਡਣੀ ਚਾਹੀਦੀ। ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਪੌਦੇ ਵੰਡ ਕੇ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ 10 ਹਜ਼ਾਰ ਦੇ ਕਰੀਬ ਪੂੰਗ ਪਾਣੀਆਂ 'ਚ ਸੁੱਟ ਕੇ ਇਹ ਸਾਬਤ ਕਰ ਦਿੱਤਾ ਕਿ ਸਰਕਾਰ ਵਾਤਾਵਰਨ ਪ੍ਰਤੀ ਪੂਰੀ ਤਰ੍ਹਾਂ ਸੁਹਿਰਦ ਹੈ। ਪੰਜਾਬ ਨੂੰ ਹਰਿਆ-ਭਰਿਆ ਕਰਨ 'ਚ ਕੋਈ ਕਸਰ ਨਹੀਂ ਛੱਡੀ ਜਾਏਗੀ। ਹਰੇਕ ਘਰ 'ਚ ਜੇਕਰ ਘੱਟੋ-ਘੱਟ ਇਕ-ਇਕ ਬੂਟਾ ਲਗਾਉਣ ਦਾ ਟੀਚਾ ਪੂਰਾ ਹੋ ਗਿਆ ਤਾਂ ਕੋਈ ਸ਼ੱਕ ਨਹੀਂ ਪੰਜਾਬ ਦੀ ਸਮੁੱਚੀ ਧਰਤੀ ਹਰੀ-ਭਰੀ ਹੋ ਜਾਵੇਗੀ ਤੇ ਵਾਤਾਵਰਨ ਵੀ ਪੂਰੀ ਤਰ੍ਹਾਂ ਮਨੁੱਖ ਦੇ ਰਹਿਣ ਦੇ ਅਨੁਕੂਲ ਹੋ ਜਾਵੇਗਾ। ਲੋੜ ਹੈ ਇਸ ਅਮਲੇ ਨੂੰ ਯਕੀਨੀ ਬਣਾ ਕੇ ਸਰਕਾਰ ਦੇ ਮਨੋਰਥ ਨੂੰ ਸਫ਼ਲ ਬਣਾਈਏ।


-ਮਾਸਟਰ ਦੇਵਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਦੁੱਖਦਾਈ ਖ਼ਬਰਾਂ
ਸਾਡੇ ਪੰਜਾਬੀ ਲੋਕ ਦੁਨੀਆ ਦੇ ਹਰ ਖਿੱਤੇ ਵਿਚ ਪੁੱਜ ਚੁੱਕੇ ਹਨ ਤੇ ਉਨ੍ਹਾਂ ਨੇ ਸਖ਼ਤ ਮਿਹਨਤ ਕਰਕੇ ਤੇ ਹੋਰ ਦੁਸ਼ਵਾਰੀਆਂ ਸਹਿ ਕੇ ਆਪਣਾ ਜੀਵਨ ਤਾਂ ਚੰਗਾ ਬਣਾਇਆ ਹੀ ਹੈ, ਨਾਲ ਹੀ ਉਥੋਂ ਚੰਗੀ ਕਮਾਈ ਕਰਕੇ ਪਿਛਲਿਆਂ ਦੀ ਵੀ ਜੀਵਨ ਜੁਗਤ ਸੰਵਾਰੀ ਹੈ ਤੇ ਹੁਣ ਤੱਕ ਸੰਵਾਰੀ ਜਾ ਰਹੀ ਹੈ। ਕਈ ਥਾਵਾਂ 'ਤੇ ਤਾਂ ਮਿੰਨੀ ਪੰਜਾਬ ਵੀ ਬਣ ਗਏ ਹਨ, ਰਾਜਭਾਗਾਂ ਵਿਚ ਤੇ ਅਨੇਕਾਂ ਕੰਮਾਂ ਕਾਰਾਂ ਵਿਚ ਸਾਡੇ ਪੰਜਾਬੀ ਪੂਰੀ ਤਰ੍ਹਾਂ ਛਾਏ ਹੋਏ ਹਨ ਤੇ ਪੰਜਾਬੀਆਂ ਦਾ ਅਕਸ ਉੱਚਾ ਤੇ ਵਧੀਆ ਹੋ ਰਿਹਾ ਹੈ। ਪਰ ਕਈ ਵਾਰ ਮਨ ਬਹੁਤ ਹੀ ਉਦਾਸ ਹੁੰਦਾ ਹੈ ਜਦੋਂ ਕੁਝ ਕੁ ਬੰਦੇ ਗ਼ਲਤ ਕੰਮ ਕਰਕੇ ਸਭ ਨੂੰ ਹੀ ਬਦਨਾਮ ਕਰ ਦਿੰਦੇ ਹਨ। ਨਸ਼ਿਆਂ 'ਚ ਵੀ ਕਈ ਥਾਂ ਪੰਜਾਬੀਆਂ ਦਾ ਨਾਂਅ ਬੋਲਿਆ ਹੈ। ਪੰਜਾਬ ਦੀ ਨਵੀਂ ਪੀੜ੍ਹੀ ਦੇ ਕੁਝ ਮੁੰਡੇ ਪੰਜਾਬ ਵਾਂਗ ਉਥੇ ਵੀ ਗੈਂਗਵਾਰ ਜਾਂ ਹੋਰ ਗ਼ਲਤ ਪਾਸੇ ਤੁਰਦੇ ਨਜ਼ਰ ਆ ਰਹੇ ਹਨ। ਤਾਜ਼ੀ ਘਟਨਾ ਜੋ ਬਰੈਂਪਟਨ 'ਚ ਕੁੱਟਮਾਰ ਦੀ ਹੋਈ ਹੈ, ਉਸ ਨੇ ਪੰਜਾਬੀਆਂ ਦਾ ਨਾਂਅ ਬਦਨਾਮ ਕੀਤਾ ਹੈ।


-ਬਲਬੀਰ ਸਿੰਘ ਬੱਬੀ
ਪੰਜਾਬੀ ਸਾਹਿਤ ਸਭਾ, ਸਮਰਾਲਾ (ਲੁਧਿਆਣਾ)।


ਗੁਲਾਮੀ ਕੱਦ ਤੱਕ
ਪਿਛਲੇ ਸਮਿਆਂ 'ਚ ਗੁਲਾਮ ਦੇਸ਼ਾਂ 'ਚੋਂ ਦੁਨੀਆ ਭਰ 'ਚ ਹੈਂਕੜ ਚਲਾਉਣ ਵਾਲੀਆਂ ਤਾਕਤਾਂ ਦੇ ਕਾਰਕੁਨ ਲੋਕਾਂ ਨੂੰ ਧੱਕੇ ਨਾਲ ਗੁਲਾਮ ਬਣਾ ਕੇ ਲੈ ਜਾਂਦੇ ਸਨ। ਇਨ੍ਹਾਂ ਗੁਲਾਮਾਂ ਨੂੰ ਅੱਗੇ ਮੰਡੀਆਂ 'ਚ ਵੇਚ ਦਿੱਤਾ ਜਾਂਦਾ ਸੀ। ਉਪਰੋਕਤ ਗੁਲਾਮੀ ਵਾਲਾ ਵਰਤਾਰਾ ਅੱਜ ਵੀ ਜਾਰੀ ਹੈ। ਪਰ ਇਸ ਦੀ ਪਰਿਭਾਸ਼ਾ ਬਦਲ ਗਈ ਹੈ। ਹੁਣ ਲੋਕਾਂ ਨੂੰ ਧੱਕੇ ਨਾਲ ਗੁਲਾਮ ਨਹੀਂ ਬਣਾਇਆ ਜਾਂਦਾ। ਹੁਣ ਤਾਂ ਬਹੁਤੇ ਗ਼ਰੀਬ ਦੇਸ਼ਾਂ ਦੇ ਲੋਕ ਖੁਦ ਪੱਲਿਉਂ ਪੈਸੇ ਖਰਚ ਕੇ ਬਾਹਰਲੇ ਦੇਸ਼ਾਂ 'ਚ ਜਾ ਕੇ ਗੁਲਾਮ ਹੋ ਰਹੇ ਹਨ। ਦੁੱਖ ਦੀ ਗੱਲ ਇਹ ਹੈ ਕਿ ਗ਼ਰੀਬ ਤੇ ਬੇਰੁਜ਼ਗਾਰਾਂ ਨੂੰ ਅਖੌਤੀ ਕਿਰਤ ਦੇ ਨਾਂਅ 'ਤੇ ਗੁਲਾਮ ਬਣਾਇਆ ਜਾ ਰਿਹਾ ਹੈ। ਸਰਕਾਰਾਂ ਇਸ ਵਰਤਾਰੇ ਤੋਂ ਅਨਜਾਣ ਨਹੀਂ ਹਨ। ਪਰ ਲਗਦਾ ਹੈ ਕਿ ਸਰਕਾਰਾਂ ਇਨ੍ਹਾਂ ਤਾਕਤਾਂ ਅੱਗੇ ਬੇਵੱਸ ਹਨ। ਅਜਿਹਾ ਸਭ ਸਮਾਜਿਕ ਸੁਰੱਖਿਆ ਦੀ ਘਾਟ ਕਾਰਨ ਤੇ ਕਾਨੂੰਨੀ ਤੌਰ 'ਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਦੀ ਘਾਟ ਕਾਰਨ ਹੋ ਰਿਹਾ ਹੈ। ਅੱਜ ਜ਼ਰੂਰੀ ਹੈ ਕਿ ਸਮਾਜਿਕ ਸੁਰੱਖਿਆ ਤੇ ਮਨੁੱਖੀ ਅਧਿਕਾਰਾਂ ਨੂੰ ਪਹਿਲ ਦੇ ਕੇ ਲੋਕਾਂ ਨੂੰ ਹਿਜ਼ਰਤ ਕਰਨ ਤੋਂ ਰੋਕਿਆ ਜਾਵੇ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਬਜ਼ੁਰਗਾਂ ਦੀ ਸਹਾਇਤਾ ਕੀਤੀ ਜਾਵੇ
ਜਦੋਂ ਵਾੜ ਖੇਤ ਨੂੰ ਖਾਣ ਲੱਗ ਜਾਏ ਤਾਂ ਖੇਤ ਦਾ ਬਚਣਾ ਬਹੁਤ ਔਖਾ ਹੁੰਦਾ ਹੈ। ਮਾਪਿਆਂ ਨੂੰ ਵਧੇਰੇ ਕਰਕੇ ਨੂੰਹ ਪੁੱਤ ਤੰਗ-ਪ੍ਰੇਸ਼ਾਨ ਕਰਦੇ ਹਨ। ਮਾਪੇ ਜਿਵੇਂ-ਤਿਵੇਂ ਕਿਧਰੇ ਸ਼ਿਕਾਇਤ ਕਰਦੇ ਹਨ ਤਾਂ ਦੂਜੇ ਪ੍ਰਭਾਵਸ਼ਾਲੀ ਲੋਕਾਂ ਵਲੋਂ ਪੁੱਤਰਾਂ ਵੱਲ ਦੀ ਗੱਲ ਹੀ ਕੀਤੀ ਜਾਂਦੀ ਹੈ। ਕਿਉਂ ਕਹਿਣ ਦੀ ਜ਼ਰੂਰਤ ਹੀ ਨਹੀਂ, ਜਿਹੜਾ ਪੈਸੇ ਚੜ੍ਹਾ ਦਿੰਦਾ ਹੈ ਜਾਂ ਜਿਸ ਦਾ ਪ੍ਰਭਾਵ ਵਧੇਰੇ ਹੋਵੇ, ਸਾਰੇ ਉਸ ਦੀ ਹਾਮੀ ਭਰਦੇ ਹਨ। ਸੀਨੀਅਰ ਸਿਟੀਜ਼ਨ ਦੇ ਹੱਕ ਵਿਚ ਬਣੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਝੂਠੇ ਕੇਸਾਂ ਵਿਚ ਫਸਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਜਿਹੜੇ ਬਜ਼ੁਰਗਾਂ ਨੂੰ ਸੰਭਾਲਦੇ ਹਨ ਅਤੇ ਉਨ੍ਹਾਂ ਦੀ ਪੈਰਵੀ ਕਰਦੇ ਹਨ, ਉਨ੍ਹਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਅਤੇ ਝੂਠੇ ਕੇਸਾਂ ਵਿਚ ਫਸਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਬਜ਼ੁਰਗਾਂ ਨਾਲ ਧੱਕਾ ਕਰਨ ਵਾਲੇ ਵਿਭਾਗੀ ਅਧਿਕਾਰੀਆਂ ਉੱਪਰ ਸਖ਼ਤ ਕਾਰਵਾਈ ਕੀਤੀ ਜਾਵੇ।


-ਪ੍ਰਭਜੋਤ ਕੌਰ ਢਿੱਲੋਂ।


ਨਸ਼ਿਆਂ ਦੇ ਸੌਦਾਗਰ
ਥੋੜ੍ਹੇ ਦਿਨਾਂ ਤੋਂ ਸੋਸ਼ਲ ਮੀਡੀਆ ਰਾਹੀਂ ਜੋ ਨਸ਼ਿਆਂ ਦੀ ਭੇਟ ਚੜ੍ਹੇ ਨੌਜਵਾਨਾਂ ਦੀਆਂ ਦਰਦਨਾਕ ਤਸਵੀਰਾਂ ਵੇਖ ਰਹੇ ਹਾਂ, ਵੇਖ ਕੇ ਮਾਵਾਂ ਦੇ ਵੈਣ ਜਾਗਰੂਕ ਲੋਕਾਂ ਨੂੰ ਰਾਤ ਸੌਣ ਨਹੀਂ ਦਿੰਦੇ। ਆਖਰ ਕਸੂਰ ਕਿਸ ਦਾ ਹੈ? ਨੌਜਵਾਨਾਂ ਵਿਚ ਬੇਰੁਜ਼ਗਾਰੀ ਨਸ਼ੇ ਫੈਲਾਉਣ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਅੱਜ ਪੰਜਾਬ ਤਬਾਹੀ ਦੇ ਕੰਢੇ 'ਤੇ ਖੜ੍ਹਾ ਹੈ। ਹਵਾ ਪਾਣੀ ਪ੍ਰਦੂਸ਼ਿਤ, ਪੈਰ-ਪੈਰ 'ਤੇ ਖੁੱਲ੍ਹੀਆਂ ਜ਼ਹਿਰ ਦੀਆਂ ਹੱਟੀਆਂ (ਠੇਕੇ) ਕਦੀ ਕਿਸੇ ਮਹਿਕਮੇ ਨੇ ਚੈੱਕ ਕੀਤਾ ਹੈ ਕਿ ਉਹ ਕੀ ਵੇਚ ਰਹੇ ਹਨ? ਜੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਇਮਾਨਦਾਰੀ ਵਰਤਣ, ਪੰਜਾਬ ਦੀ ਜਵਾਨੀ ਦਾ ਫ਼ਿਕਰ ਕਰਨ ਤਾਂ ਮਾਰੂ ਨਸ਼ੇ ਰਾਤੋ-ਰਾਤ ਖ਼ਤਮ ਹੋ ਸਕਦੇ ਹਨ। ਜਾਗਰੂਕ ਲੋਕਾਂ ਨੂੰ ਭ੍ਰਿਸ਼ਟ ਪ੍ਰਸ਼ਾਸਨ ਵਿਰੁੱਧ ਖੜ੍ਹੇ ਹੋਣ ਦੀ ਲੋੜ ਹੈ। ਅੱਜ ਸਿਵਿਆਂ ਦਾ ਸੇਕ ਘਰ-ਘਰ ਪਹੁੰਚ ਗਿਆ ਹੈ। ਸਰਕਾਰ ਵੀ ਗੰਭੀਰ ਹੋਵੇ। ਦੇਰ ਹੁੰਦੀ ਜਾ ਰਹੀ ਹੈ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

04-07-2018

 ਪੈਰਾਬਿਲਟ ਦਾ ਪ੍ਰਕੋਪ

ਕਿਸਾਨਾਂ ਨੂੰ ਸਮੇਂ-ਸਮੇਂ ਕੁਦਰਤੀ ਆਫ਼ਤਾਂ ਦੀ ਮਾਰ ਪੈਂਦੀ ਰਹੀ ਹੈ। ਵਰਤਮਾਨ ਸਮੇਂ ਵਿਚ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਨਰਮੇ, ਕਪਾਹ ਦੀ ਫ਼ਸਲ ਨੂੰ ਪੈਰਾਬਿਲਟ ਨਾਂਅ ਦੀ ਬਿਮਾਰੀ ਨੇ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਬਿਮਾਰੀ ਨਾਲ ਨਰਮੇ ਦੀ ਫਸਲ ਸੁਕਣ ਲੱਗ ਪਈ ਹੈ। ਮਾਲਵਾ ਪੱਟੀ ਵਿਚ ਇਸ ਬਿਮਾਰੀ ਦਾ ਪ੍ਰਭਾਵ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਅੰਕੜਿਆਂ ਮੁਤਾਬਿਕ 600 ਏਕੜ ਦੇ ਕਰੀਬ ਨਰਮੇ ਦੀ ਫਸਲ ਬਰਬਾਦ ਹੋ ਗਈ ਹੈ।
ਕਿਸਾਨਾਂ ਦਾ ਤਰਕ ਹੈ ਕਿ ਇਸ ਬਿਮਾਰੀ ਨੂੰ ਰੋਕਣ ਲਈ ਕੀਟਨਾਸ਼ਕ ਦਵਾਈਆਂ ਬੇਅਸਰ ਸਾਬਤ ਹੋ ਰਹੀਆਂ ਹਨ। ਖੇਤੀਬਾੜੀ ਵਿਭਾਗ ਦੇ ਮਾਹਿਰ ਨਿਰੀਖਣ ਕਰ ਰਹੇ ਹਨ ਪਰ ਲੋੜ ਹੈ ਕਿ ਸਮਾਂ ਰਹਿੰਦੇ ਇਸ ਦਾ ਹੱਲ ਕੱਢਿਆ ਜਾਏ। ਸਰਕਾਰ ਨੂੰ ਬੇਨਤੀ ਹੈ ਜਿਨ੍ਹਾਂ ਕਿਸਾਨਾਂ ਦੀ ਫ਼ਸਲ ਪੂਰੀ ਤਰ੍ਹਾਂ ਖਤਮ ਹੋ ਗਈ ਹੈ, ਉਨ੍ਹਾਂ ਨੂੰ ਮੁਆਵਜ਼ਾ ਦੇ ਕੇ ਉਨ੍ਹਾਂ ਦੇ ਨੁਕਸਾਨ ਦੀ ਕੁਝ ਹੱਦ ਤੱਕ ਭਰਪਾਈ ਕੀਤੀ ਜਾਵੇ ਤੇ ਖੇਤੀਬਾੜੀ ਵਿਭਾਗ ਨੂੰ ਜ਼ਮੀਨੀ ਪੱਧਰ 'ਤੇ ਜਾਂਚ ਕਰ ਕੇ ਇਸ ਦਾ ਹੱਲ ਲੱਭਣ ਦੀ ਲੋੜ ਹੈ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ।

ਸੜਕਾਂ ਵੱਲ ਸਵੱਲੀ ਨਜ਼ਰ...

ਜਗਰਾਉਂ ਖੇਤਰ ਅਤੇ ਖਾਸ ਕਰ ਜਗਰਾਉਂ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ, ਜਿਨ੍ਹਾਂ ਉੱਪਰ ਗੱਡੀਆਂ, ਮੋਟਰਾਂ ਤਾਂ ਕੀ ਪੈਦਲ ਵੀ ਚੱਲਣਾ ਮੁਸ਼ਕਿਲ ਹੋਇਆ ਪਿਆ ਹੈ। ਜਗਰਾਉਂ ਤੋਂ ਰਾਏਕੋਟ ਜਾਂਦੀ ਸੜਕ ਉੱਪਰ ਫੁੱਟ-ਫੁੱਟ ਡੂੰਘੇ ਟੋਏ ਹਨ, ਜਿਨ੍ਹਾਂ ਦੀ ਬਰਸਾਤਾਂ ਦੇ ਦਿਨਾਂ ਵਿਚ ਹਾਲਤ ਹੋਰ ਵੀ ਬਦਤਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਕੱਚਾ ਮਾਲਕ ਰੋਡ, ਸ਼ੇਰਪੁਰ ਰੋਡ, ਜਗਰਾਉਂ ਮੁੱਖ ਸੜਕ ਦੇ ਪੁਲ ਹੇਠਾਂ ਬੱਸ ਅੱਡੇ ਦੇ ਸਾਹਮਣੇ ਵੀ ਵੱਡੇ-ਵੱਡੇ ਟੋਏ ਹਨ, ਜਿਥੋਂ ਲੋਕ ਮੁਸ਼ਕਿਲ ਨਾਲ ਹੀ ਲੰਘਦੇ ਹਨ। ਇਸੇ ਤਰ੍ਹਾਂ ਮੇਨ ਸੜਕ ਤੋਂ ਗਰੀਨ ਸਿਟੀ ਨੂੰ ਜਾਂਦੀ ਸੜਕ, ਗੁਲਾਬੀ ਬਾਗ, ਪੰਜਾਬੀ ਬਾਗ ਅਤੇ ਗੋਲਡਨ ਬਾਗ ਮੁਹੱਲਿਆਂ ਦੀਆਂ ਸੜਕਾਂ ਦੀ ਹਾਲਤ ਵੀ ਮਾੜੀ ਹੈ, ਜੋ ਤੁਰੰਤ ਧਿਆਨ ਦੀ ਮੰਗ ਕਰਦੀਆਂ ਹਨ। ਜਿਵੇਂ ਕਿ ਆਪ ਸਮੁੱਚੇ ਪੰਜਾਬ ਨੂੰ ਬੁਲੰਦੀਆਂ 'ਤੇ ਲਿਜਾਣ ਲਈ ਤਤਪਰ ਹੋ, ਇਸੇ ਤਰ੍ਹਾਂ ਜਗਰਾਉਂ ਇਲਾਕਾ ਵੀ ਆਪ ਜੀ ਦੀ ਸਵੱਲੀ ਨਜ਼ਰ ਦੀ ਮੰਗ ਕਰਦਾ ਹੈ। ਸਮੁੱਚਾ ਇਲਾਕਾ ਆਪ ਜੀ ਦਾ ਇਸ ਸ਼ੁਭ ਕੰਮ ਲਈ ਰਿਣੀ ਰਹੇਗਾ।

-ਸਰਬਜੀਤ ਸਿੰਘ ਹੇਰਾਂ
ਗਲੀ ਨੰਬਰ 4 (ਖੱਬੇ), ਸ਼ਕਤੀ ਨਗਰ ਜਗਰਾਉਂ,
ਜ਼ਿਲ੍ਹਾ ਲੁਧਿਆਣਾ।

ਸੜਕਾਂ ਨੂੰ ਪੁੱਟਣ 'ਤੇ ਪਾਬੰਦੀ ਲੱਗੇ

ਸੜਕਾਂ 'ਤੇ ਟੋਏ ਪੁੱਟ ਕੇ ਟੈਂਟ ਆਦਿ ਲਗਾਉਣ 'ਤੇ ਪੂਰਨ ਪਾਬੰਦੀ ਹੋਣੀ ਚਹੀਦੀ ਹੈ ਕਿਉਂਕਿ ਇਸ ਨਾਲ ਸੜਕਾਂ ਦਾ ਨੁਕਸਾਨ ਹੁੰਦਾ ਹੈ। ਸੜਕਾਂ 'ਤੇ ਟੈਂਟ ਲਗਾਉਣ ਲਈ ਟੋਏ ਪੁੱਟਣ ਲਈ ਬਹੁਤ ਹੀ ਭਾਰੀ ਸੰਦਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਸੜਕ ਦੀ ਪਰਤ 'ਚ ਦਰਾਰ ਪੈਂਦੀ ਹੈ ਜੋ ਕੁਝ ਸਮੇਂ ਬਾਅਦ ਵੱਡੇ ਟੋਏ ਦਾ ਰੂਪ ਧਾਰਨ ਕਰ ਲੈਂਦਾ ਹੈ, ਜਿਸ ਕਾਰਨ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਨ੍ਹਾਂ ਟੋਇਆਂ ਕਾਰਨ ਕਈ ਦੁਰਘਟਨਾਵਾਂ ਵੀ ਹੋ ਜਾਂਦੀਆਂ ਹਨ। ਸੋ ਸੜਕਾਂ ਪੁੱਟਣ 'ਤੇ ਪੂਰਨ ਪਾਬੰਦੀ ਲਗਾਉਣੀ ਚਾਹੀਦੀ ਹੈ।

-ਹਰਤੇਜ ਸਿੰਘ
ਅੰਮ੍ਰਿਤਸਰ।

ਆਓ ਯੋਗਦਾਨ ਪਾਈਏ...

ਵਾਤਾਵਰਨ ਨੂੰ ਲੈ ਕੇ ਲੋਕ ਚੁਕੰਨੇ ਹਨ ਪ੍ਰੰਤੂ ਸਾਰੇ ਲੋਕ ਜਿੰਨਾ ਚਿਰ ਪ੍ਰਦੂਸ਼ਿਤ ਵਾਤਾਵਰਨ ਵਿਰੁੱਧ ਸ਼ਾਮਿਲ ਨਹੀਂ ਹੋਣਗੇ, ਓਨਾ ਚਿਰ ਵਾਤਾਵਰਨ ਨੂੰ ਦੂਸ਼ਿਤ ਤੋਂ ਸ਼ੁੱਧਤਾ ਵੱਲ ਲੈ ਜਾਣ 'ਚ ਕਾਮਯਾਬੀ ਨਹੀਂ ਮਿਲੇਗੀ। ਉਂਜ ਅੱਜ ਲੋਕ ਪਹਿਲਾਂ ਨਾਲੋਂ ਜ਼ਿਆਦਾ ਵਾਤਾਵਰਨ ਨੂੰ ਲੈ ਕੇ ਗੰਭੀਰ ਹਨ। ਰੁੱਖਾਂ ਦੀ ਘਾਟ ਹੀ ਵੱਡਾ ਕਾਰਨ ਹੈ, ਜਿਸ ਕਾਰਨ ਵਾਤਾਵਰਨ ਖਰਾਬ ਹੈ। ਭਾਵੇਂ ਅੱਜ ਛੋਟੇ ਪੌਦੇ ਸੁਸਾਇਟੀਆਂ, ਕਲੱਬਾਂ ਅਤੇ ਹੋਰ ਲੋਕਾਂ ਵਲੋਂ ਬੂਟੇ ਲਗਾਏ ਜਾ ਰਹੇ ਹਨ, ਜਿਸ ਨਾਲ ਧਰਤੀ ਨੂੰ ਹਰਿਆ-ਭਰਿਆ ਕੀਤਾ ਜਾ ਸਕੇਗਾ। ਪਰ ਪੌਦੇ ਲਗਾ ਕੇ ਸਾਡੀ ਜ਼ਿੰਮੇਵਾਰੀ ਖਤਮ ਨਹੀਂ ਹੋ ਜਾਂਦੀ, ਸਗੋਂ ਉਨ੍ਹਾਂ ਨੂੰ ਪਾਲਣਾ, ਸਾਂਭ-ਸੰਭਾਲ ਹੋਰ ਮਹੱਤਵਪੂਰਨ ਡਿਊਟੀ ਜਿਵੇਂ ਸਮੇਂ ਸਿਰ ਪਾਣੀ ਦੇਣਾ, ਅਵਾਰਾ ਪਸ਼ੂਆਂ ਤੋਂ ਬਚਾਉਣ ਆਦਿ ਵੱਧ ਬਣ ਜਾਂਦੀ ਹੈ। ਅਸੀਂ ਆਪਣੇ ਆਲੇ-ਦੁਆਲੇ ਵਾਲੇ ਨਵੇਂ ਲਗਾਏ ਬੂਟਿਆਂ ਦਾ ਧਿਆਨ ਰੱਖੀਏ, ਭਾਵੇਂ ਉਹ ਕਿਸੇ ਵੀ ਵਲੋਂ ਵੀ ਲਗਾਏ ਗਏ ਹੋਣ, ਇਹੀ ਸਾਡਾ ਵਾਤਾਵਰਨ ਵਿਚ ਵੱਡਾ ਯੋਗਦਾਨ ਹੋਵੇਗਾ।

-ਮਾ: ਦੇਵ ਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

ਨਸ਼ਿਆਂ ਦਾ ਕਹਿਰ

ਪੰਜਾਬ ਵਿਚ ਅੱਜ ਵਰਤ ਰਿਹਾ ਨਸ਼ਿਆਂ ਦਾ ਕਹਿਰ ਕਿਸੇ ਤੋਂ ਲੁਕਿਆ-ਛੁਪਿਆ ਨਹੀਂ ਹੈ। ਅਸੀਂ ਦੇਖ ਹੀ ਰਹੇ ਹਾਂ ਕਿਵੇਂ ਨਸ਼ਿਆਂ ਦੀ ਦਲਦਲ ਵਿਚ ਫਸੇ ਗੱਭਰੂ ਨਸ਼ੇ ਦੀ ਵੱਧ ਡੋਜ਼ ਲੈਣ ਕਾਰਨ ਲਗਾਤਾਰ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਚਾਰ ਹਫ਼ਤਿਆਂ ਵਿਚ ਪੰਜਾਬ 'ਚੋਂ ਨਸ਼ਾ ਖਤਮ ਕਰਨ ਦੇ ਵਾਅਦੇ ਕਰਨ ਵਾਲੀ ਸਰਕਾਰ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਵੀ ਅਸਫ਼ਲ ਸਾਬਤ ਹੋ ਰਹੀ ਹੈ। ਸੋ ਪੰਜਾਬ ਵਿਚ ਬਣੇ ਅਜਿਹੇ ਹਾਲਾਤਾਂ ਪ੍ਰਤੀ ਜਿਥੇ ਸਾਨੂੰ ਸਭ ਨੂੰ ਆਪਣੇ ਆਸ-ਪਾਸ ਨਸ਼ਾ ਵੇਚਣ ਵਾਲੇ ਨਸ਼ਾ ਤਸਕਰਾਂ ਦਾ ਸਮੂਹਕ ਰੂਪ ਵਿਚ ਵਿਰੋਧ ਕਰਨਾ ਚਾਹੀਦਾ ਹੈ, ਉਥੇ ਸਰਕਾਰ ਨੂੰ ਅਜਿਹੇ ਲੋਕਾਂ ਪ੍ਰਤੀ ਸਖ਼ਤ ਤੋਂ ਸਖ਼ਤ ਕਾਰਵਾਈ ਯਕੀਨੀ ਬਣਾਉਣੀ ਚਾਹੀਦੀ ਹੈ, ਤਾਂ ਜੋ ਪੰਜਾਬ ਨਾਲ ਰੰਗਲੇ ਦੀ ਥਾਂ ਨਸ਼ੇੜੀ ਜੁੜਦਾ ਜਾ ਰਿਹਾ ਸ਼ਬਦ ਸਮਾਂ ਰਹਿੰਦੇ ਹਟਾਇਆ ਜਾ ਸਕੇ।

-ਰਾਜਾ ਗਿੱਲ (ਚੜਿੱਕ)
ਚੜਿੱਕ (ਮੋਗਾ)।

ਝੋਨਾ, ਕਿਸਾਨ ਅਤੇ ਸਰਕਾਰ

ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਡਿੱਗ ਰਿਹਾ ਪੱਧਰ ਲਗਾਤਾਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪੰਜਾਬ ਦੇ 118 ਬਲਾਕ ਇਸ ਖ਼ਤਰਨਾਕ ਸਥਿਤੀ ਵਿਚ ਗਿਣੇ ਜਾ ਰਹੇ ਹਨ। ਅੱਜ ਤੋਂ ਤੀਹ-ਚਾਲੀ ਸਾਲ ਪਹਿਲਾਂ ਧਰਤੀ ਥੱਲੇ ਪਾਣੀ ਲਗਪਗ 20-25 ਫੁੱਟ 'ਤੇ ਮੌਜੂਦ ਸੀ। ਅੱਜ ਲਗਪਗ ਇਹ ਪਾਣੀ 100-150 ਫੁੱਟ 'ਤੇ ਚਲਾ ਗਿਆ ਹੈ। ਧਰਤੀ ਹੇਠੋਂ ਪਾਣੀ ਖਤਮ ਕਰਨ ਲਈ ਹਰ ਪਾਸਿਉਂ ਕਿਸਾਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਜੋ ਕਿ ਸਰਾਸਰ ਗ਼ਲਤ ਹੈ। ਹੁਣ ਜਦੋਂ ਭਾਰਤ ਦੇ ਸਾਰੇ ਰਾਜਾਂ ਵਿਚ ਚੌਲਾਂ ਦੀ ਫਸਲ ਹੋਣ ਨਾਲ ਦੇਸ਼ ਵਿਚ ਚੌਲਾਂ ਦੇ ਭੰਡਾਰ ਵਾਧੂ ਹੋ ਗਏ ਹਨ ਤਾਂ ਕਿਸਾਨਾਂ ਨੂੰ ਝੋਨੇ ਵਲੋਂ ਹੱਥ ਪਿਛਾਂਹ ਖਿੱਚਣ ਲਈ ਕਈ ਫੁਰਮਾਨ ਜਾਰੀ ਕੀਤੇ ਜਾ ਰਹੇ ਹਨ। ਕਿਸਾਨ ਵੀ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਚਿੰਤਤ ਹਨ। ਕੇਂਦਰ ਸਰਕਾਰ ਸਵਾਮੀਨਾਥਨ ਕਮਿਸ਼ਨ ਰਿਪੋਰਟ ਲਾਗੂ ਕਰੇ। ਪੰਜਾਬ ਵਿਚਲੇ ਦਰਿਆਵਾਂ ਅਤੇ ਮੀਂਹ ਦੇ ਕੁਦਰਤੀ ਪਾਣੀ ਦੀ ਸੰਭਾਲ ਲਈ ਸਰਕਾਰਾਂ ਵੱਡੇ ਪੱਧਰ 'ਤੇ ਯੋਜਨਾਵਾਂ ਬਣਾਉਣ। ਗੱਡੀਆਂ, ਮੋਟਰਾਂ ਅਤੇ ਹੋਰ ਸਾਧਨ ਧੋਣ ਲਈ ਸਾਰਾ ਸਾਲ ਵਰਤੇ ਜਾਂਦੇ ਪਾਣੀ ਸਬੰਧੀ ਸਾਰਥਿਕ ਯੋਜਨਾ ਬਣਾਵੇ। ਪਿੰਡਾਂ ਵਿਚ ਸਥਿਤ ਵੱਡੇ-ਵੱਡੇ ਛੱਪੜਾਂ ਦਾ ਪ੍ਰਦੂਸ਼ਿਤ ਹੋਇਆ ਪਾਣੀ ਸਾਫ਼ ਕਰ ਕੇ ਸਿੰਜਾਈ ਲਈ ਵਰਤਣ ਬਾਰੇ ਯੋਜਨਾਵਾਂ ਬਣਨ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ (ਤਰਨ ਤਾਰਨ ਸਾਹਿਬ)।

 

03-07-2018

 ਠੋਸ ਪ੍ਰਬੰਧਾਂ ਦੀ ਲੋੜ
ਮੌਨਸੂਨ ਦੀ ਬਾਰਿਸ਼ ਨਾਲ ਕਈ ਵਾਰ ਸਾਨੂੰ ਜਾਨੀ ਅਤੇ ਮਾਲੀ ਨੁਕਸਾਨ ਉਠਾਉਣਾ ਪੈਂਦਾ ਹੈ। ਸ਼ਹਿਰਾਂ ਵਿਚ ਸੀਵਰੇਜ ਦੀ ਸਾਫ਼-ਸਫ਼ਾਈ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ, ਜਿਸ ਨਾਲ ਗਲੀਆਂ-ਨਾਲੀਆਂ ਵਿਚ ਬਰਸਾਤੀ ਪਾਣੀ ਨਾਲ ਜਨ-ਜੀਵਨ ਪ੍ਰਭਾਵਿਤ ਨਾ ਹੋਵੇ। ਸਕੂਲਾਂ, ਕਾਲਜਾਂ, ਹਸਪਤਾਲਾਂ ਅੰਦਰ ਵੀ ਪਾਣੀ ਦੀ ਨਿਕਾਸੀ ਲਈ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ, ਪੁਰਾਣੀਆਂ ਵਿੱਦਿਅਕ ਇਮਾਰਤਾਂ 'ਤੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ। ਬਰਸਾਤ ਵਾਲੇ ਦਿਨਾਂ ਅੰਦਰ ਬਿਜਲੀ ਵਿਭਾਗ ਵਲੋਂ ਵੀ ਪੁਖ਼ਤਾਂ ਪ੍ਰਬੰਧ ਕਰਨੇ ਚਾਹੀਦੇ ਹਨ, ਕਿਉਂਕਿ ਕਈ ਵਾਰ ਕਰੰਟ ਲੱਗਣ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਇਸ ਤਰ੍ਹਾਂ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਬਚਾਅ ਪੱਖ ਦੇ ਪੂਰੇ ਪ੍ਰਬੰਧ ਕਰਨੇ ਚਾਹੀਦੇ ਹਨ। ਬੱਸ ਅੱਡਿਆਂ ਅਤੇ ਹੋਰਨਾਂ ਜਨਤਕ ਥਾਵਾਂ 'ਤੇ ਵੀ ਪਾਣੀ ਦੀ ਨਿਕਾਸੀ ਦੇ ਪੁਖ਼ਤਾਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਮੈਡੀਕਲ ਅਤੇ ਸਿਹਤ ਸੇਵਾਵਾਂ ਵੀ ਆਪਣੇ ਤੌਰ 'ਤੇ ਕਿਸੇ ਵੀ ਮੁਸ਼ਕਿਲ ਨਾਲ ਨਜਿੱਠਣ ਲਈ ਤਿਆਰ ਰਹਿਣ। ਕੁਦਰਤੀ ਆਈ ਆਫ਼ਤ ਤੋਂ ਬਚਣ ਲਈ ਮੌਕ ਡਰਿੱਲਾਂ ਹੋਣੀਆਂ ਚਾਹੀਦੀਆਂ ਹਨ, ਜਿਸ ਵਿਚ ਆਮ ਲੋਕ ਦੀ ਹਿੱਸੇਦਾਰੀ ਨੂੰ ਯਕੀਨੀ ਬਣਾਇਆ ਜਾਵੇ। ਸਰਕਾਰਾਂ ਨੂੰ ਚਾਹੀਦਾ ਹੈ ਕਿ ਅਣਸੁਖਾਵੀਂ ਘਟਨਾ ਹੋਣ ਤੋਂ ਮਗਰੋਂ ਮੁਆਵਜ਼ੇ ਦੇਣ ਦੀ ਬਜਾਏ ਪਹਿਲਾਂ ਹੀ ਅਜਿਹੇ ਪ੍ਰਬੰਧ ਕੀਤੇ ਜਾਣ, ਜਿਸ ਨਾਲ ਕਿਸੇ ਵੀ ਮਨੁੱਖੀ ਜਾਨ ਨੂੰ ਖ਼ਤਰਾ ਨਾ ਹੋ ਸਕੇ।

-ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾ, ਜ਼ਿਲ੍ਹਾ ਫ਼ਾਜ਼ਿਲਕਾ।

ਛੁੱਟੀ ਦੀ ਪਰੰਪਰਾ
ਜਦੋਂ ਕਿਸੇ ਵਿਧਾਇਕ, ਮੰਤਰੀ ਜਾਂ ਫਿਰ ਕਿਸੇ ਰਾਜਨੀਤਕ ਪਿਛੋਕੜ ਵਾਲੀ ਸ਼ਖ਼ਸੀਅਤ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦਿਨ ਸਰਕਾਰ ਵਲੋਂ ਛੁੱਟੀ ਦਾ ਐਲਾਨ ਕਰ ਦਿੱਤਾ ਜਾਂਦਾ ਹੈ, ਜਿਸ ਕਰਕੇ ਲੱਖਾਂ ਲੋਕਾਂ ਦੇ ਜ਼ਰੂਰੀ ਕੰਮ ਪ੍ਰਭਾਵਿਤ ਹੁੰਦੇ ਹਨ। .... ਖੈਰ! ਭਾਵੇਂ ਅਜਿਹੇ ਲੋਕ (ਰਾਜਸੀ ਨੇਤਾ) ਲੋਕਾਂ ਦੇ ਪ੍ਰਤੀਨਿਧੀ ਹੀ ਨਹੀਂ ਸਗੋਂ ਲੋਕ ਸੇਵਕ ਹੋਣ ਦਾ ਰੁਤਬਾ ਵੀ ਰੱਖਦੇ ਹੁੰਦੇ ਹਨ। ਸੋ ਕਿਸੇ ਲੋਕ ਪ੍ਰਤੀਨਿਧ ਜਾਂ ਫਿਰ ਲੋਕ ਸੇਵਕ ਨੇਤਾ/ਰਾਜਸੀ ਸ਼ਖ਼ਸੀਅਤ ਦੀ ਮੌਤ ਉਪਰੰਤ ਕੀਤੀ ਜਾਣ ਵਾਲੀ ਛੁੱਟੀ ਬਾਰੇ ਸੋਚ-ਵਿਚਾਰ ਕਰਕੇ ਇਸ ਪਰੰਪਰਾ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਕਿਸੇ ਲੋਕ ਸੇਵਕ ਦੀ ਮੌਤ ਕਾਰਨ, ਉਸ ਦੇ ਚਹੇਤਿਆਂ ਦੇ ਭਾਵ ਲੋਕਾਂ ਦੇ ਜ਼ਰੂਰੀ ਕੰਮ ਨਾ ਰੁਕਣ ਅਤੇ ਉਨ੍ਹਾਂ ਦੀ ਜ਼ਿੰਦਗੀ 'ਤੇ ਕਿਸੇ ਕਿਸਮ ਦਾ ਬੁਰਾ ਪ੍ਰਭਾਵ ਨਾ ਪਵੇ।

-ਲਾਲ ਚੰਦ ਸਿੰਘ
ਪਿੰਡ ਚੁੱਘੇ ਖੁਰਦ, ਜ਼ਿਲ੍ਹਾ ਬਠਿੰਡਾ।

ਰੇਤ ਕਿਰਕਿਰਾ ਕਰ ਰਹੀ ਪੰਜਾਬ ਨੂੰ
ਰੋਪੜ ਵਿਚ ਵਾਪਰੀ ਘਟਨਾ ਤੋਂ ਬਾਅਦ ਅਖ਼ਬਾਰਾਂ ਦੇ ਪਹਿਲੇ ਪੰਨਿਆਂ 'ਤੇ ਲੱਗੀਆਂ ਖ਼ਬਰਾਂ ਅਤੇ ਤਸਵੀਰਾਂ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਪੰਜਾਬ ਦੀ ਸਰਕਾਰੀ ਰੇਤ ਖੱਡਿਆਂ ਵਿਚ ਰੁਲਦੀ ਰਹੀ ਹੋਈ ਦਿਖਾਈ ਦੇ ਰਹੀ ਹੈ। ਖਣਨ ਮਾਫ਼ੀਆ ਦੇ ਵਧ ਰਹੇ ਹੱਥ ਆਮ ਬੰਦੇ ਤੋਂ ਹੁੰਦੇ ਹੋਏ ਵਿਧਾਇਕਾਂ ਦੀਆਂ ਪੱਗਾਂ ਤੱਕ ਪੁੱਜ ਗਏ ਹਨ। ਕੀ ਪੰਜਾਬ ਦੇ ਵਾਸੀ ਪੱਗ ਨਾਲੋਂ ਰੇਤ ਨੂੰ ਜ਼ਿਆਦਾ ਅਹਿਮੀਅਤ ਦੇਣ ਲੱਗ ਪਏ ਹਨ? ਸ਼ਰਮ ਆਉਣੀ ਚਾਹੀਦੀ ਹੈ, ਗੁਰੂਆਂ ਤੋਂ ਮਿਲੀ ਸਰਦਾਰੀ ਨੂੰ ਅੱਜ ਸੱਚ ਮੰਨਿਉ ਗ਼ੈਰਾਂ ਤੋਂ ਨਹੀਂ ਆਪਣਿਆਂ ਤੋਂ ਖ਼ਤਰਾ ਹੈ। ਕਿਸ ਤਰ੍ਹਾਂ ਰੇਤ ਦੇ ਖੱਡੇ ਕਿਰਕਿਰਾ ਕਰ ਰਹੇ ਨੇ ਪੰਜਾਬ ਨੂੰ, ਸਭ ਦੇ ਸਾਹਮਣੇ ਹੈ।
ਵਿਦੇਸ਼ਾਂ ਵਿਚ ਜਾਂ ਕਿਸੇ ਹੋਰਨਾਂ ਸ਼ਰਾਰਤੀ ਅਨਸਰਾਂ ਵਲੋਂ ਪੱਗ ਨਾਲ ਛੇੜਛਾੜ ਕੀਤੀ ਜਾਂਦੀ ਹੈ ਤਾਂ ਹਰ ਪਾਸੇ ਹਾਹਾਕਾਰ ਮਚ ਜਾਂਦੀ ਹੈ। ਜਿਹੜੀਆਂ ਇਹ ਪੱਗਾਂ ਲਾਹੀਆਂ ਗਈਆਂ ਹਨ, ਕੀ ਇਨ੍ਹਾਂ ਪੱਗਾਂ ਦੀ ਕੋਈ ਇੱਜ਼ਤ ਨਹੀਂ ਹੈ? ਅੱਜ ਹਰ ਘਰ ਵਿਚ ਸੋਸ਼ਲ ਨੈੱਟਵਰਕ ਦਾ ਕਬਜ਼ਾ ਹੈ। ਇਸ ਤਰ੍ਹਾਂ ਦੀਆਂ ਵੀਡੀਓ ਜਿਸ ਵਿਚ ਪੱਗ ਅਤੇ ਕੇਸਾਂ ਦੀ ਬੇਅਦਬੀ ਜੱਗ ਜ਼ਾਹਰ ਹੁੰਦੀ ਹੈ, ਇਨ੍ਹਾਂ ਦਾ ਬੱਚਿਆਂ ਅਤੇ ਸਮਾਜ ਅੰਦਰ ਕੀ ਸੁਨੇਹਾ ਜਾਵੇਗਾ? ਇਸ ਘਟਨਾ ਨੇ ਪੂਰੇ ਪੰਜਾਬ ਅਤੇ ਪੰਜਾਬੀਆਂ ਨੂੰ ਸ਼ਰਮਸਾਰ ਕੀਤਾ ਹੈ। ਇਸ ਘਟਨਾ ਤੋਂ ਰੇਤ ਮਾਫ਼ੀਆ ਦੀ ਵਧ ਰਹੀ ਤਾਕਤ ਦਾ ਚਿਹਰਾ ਬੇਨਕਾਬ ਹੋਇਆ ਹੈ। ਇਸ ਘਟਨਾ 'ਚ ਰੇਤ ਦੀ ਚਰਚਾ ਘੱਟ ਪਰ ਪੱਗਾਂ ਦੇ ਲਹਿਣ ਦੀ ਚਰਚਾ ਜ਼ਿਆਦਾ ਦੁਖਦਾਈ ਹੈ। ਇਹੋ ਜਿਹੀਆਂ ਘਟਨਾਵਾਂ 'ਤੇ ਕਾਬੂ ਨਾ ਪਾਇਆ ਗਿਆ ਤਾਂ ਖ਼ਤਰਨਾਕ ਭਵਿੱਖ ਦੂਰ ਨਹੀਂ ਹੈ।

-ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾ, ਜ਼ਿਲ੍ਹਾ ਫਾਜ਼ਿਲਕਾ।

ਸਵੱਛਤਾ ਮੁਹਿੰਮ
ਭਾਰਤ ਸਰਕਾਰ ਵਲੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਵੱਛਤਾ ਮੁਹਿੰਮ ਚਲਾਈ ਗਈ। ਸਰਕਾਰ ਵਲੋਂ ਇਸ ਸਫ਼ਾਈ ਮੁਹਿੰਮ 'ਤੇ ਨਜ਼ਰ ਵੀ ਰੱਖੀ ਜਾਂਦੀ ਹੈ ਤੇ ਜ਼ਿਆਦਾ ਸਾਫ਼-ਸੁਥਰੇ ਸ਼ਹਿਰਾਂ ਦੇ ਨਾਵਾਂ ਦੀ ਘੋਸ਼ਣਾ ਕਰਕੇ ਹੌਸਲਾ ਅਫ਼ਜ਼ਾਈ ਵੀ ਕੀਤੀ ਜਾਂਦੀ ਹੈ। ਨੌਜਵਾਨਾਂ ਨੂੰ ਵੀ ਇਸ ਮੁਹਿੰਮ ਨਾਲ ਜੋੜਨ ਦੇ ਯਤਨ ਕੀਤੇ ਜਾ ਰਹੇ ਹਨ। ਪ੍ਰਸ਼ਨ ਇਹ ਉੱਠਦਾ ਹੈ ਕਿ ਕੀ ਦੇਸ਼ ਦੇ ਹਾਲਾਤ ਦੇ ਮੁਤਾਬਿਕ ਇਸ ਸਵੱਛਤਾ ਮੁਹਿੰਮ ਬਾਰੇ ਵਧੇਰੇ ਕੋਸ਼ਿਸ਼ਾਂ ਕਰਨੀਆਂ ਠੀਕ ਹਨ? ਸਭ ਤੋਂ ਪਹਿਲੀ ਗੱਲ ਇਹ ਹੈ ਕਿ ਕੋਈ ਵੀ ਕੰਮ ਕਰਨ ਲਈ ਮਨ ਨੂੰ ਤਿਆਰ ਕਰਨਾ ਜ਼ਰੂਰੀ ਹੁੰਦਾ ਹੈ ਤਾਂ ਹੀ ਕੰਮ ਵਧੀਆ ਢੰਗ ਨਾਲ ਹੁੰਦਾ ਹੈ। ਭਾਰਤ ਵਾਸੀ ਤਾਂ ਆਪਣੀ ਰੋਜ਼ੀ-ਰੋਟੀ ਲਈ ਕੀਤੇ ਜਾ ਰਹੇ ਕੰਮ ਲਈ ਮਨ ਦੀ ਤਿਆਰੀ ਦੀ ਉਲਝਣ ਵਿਚ ਫਸੇ ਹੋਏ ਹਨ। ਵਿਦਿਆਰਥੀਆਂ ਨੂੰ ਇਸ ਮੁਹਿੰਮ ਨਾਲ ਜੋੜਨ ਦੇ ਨਾਲ-ਨਾਲ 100 ਦਿਨ ਰੁਜ਼ਗਾਰ ਗਾਰੰਟੀ ਯੋਜਨਾ ਨਾਲ ਜੋੜ ਕੇ ਉਨ੍ਹਾਂ ਦੀ ਆਮਦਨ ਦਾ ਸਾਧਨ ਬਣਾਉਣਾ ਚਾਹੀਦਾ ਹੈ। ਇਸ ਸਵੱਛਤਾ ਮੁਹਿੰਮ ਦਾ ਠੀਕ ਤੇ ਢੁਕਵਾਂ ਆਧਾਰ ਨਾ ਹੋਣ ਕਾਰਨ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਵਿਚ ਦਿਨੋ-ਦਿਨ ਵਾਧਾ ਹੁੰਦਾ ਜਾਂਦਾ ਹੈ। ਸੋ ਵਿਚਾਰਨ ਦੀ ਗੱਲ ਹੈ।

-ਬਿਹਾਲਾ ਸਿੰਘ, ਹੁਸ਼ਿਆਰਪੁਰ।

ਨਸ਼ਿਆਂ 'ਤੇ ਸਿਆਸਤ
ਪੰਜਾਬ ਵਿਚ ਅੱਜ ਸਭ ਤੋਂ ਗੰਭੀਰ ਸਮੱਸਿਆ ਨਸ਼ੇ ਹਨ ਤੇ ਸਭ ਤੋਂ ਵੱਧ ਸਿਆਸਤ ਵੀ ਇਸੇ 'ਤੇ ਹੋ ਰਹੀ ਹੈ। ਆਮ ਲੋਕਾਂ ਦਾ ਇਨ੍ਹਾਂ ਸਿਆਸੀ ਪਾਰਟੀਆਂ ਤੋਂ ਭਰੋਸਾ ਉੱਠ ਗਿਆ ਹੈ। ਇਕ ਰਾਸ਼ਟਰੀ ਨੇਤਾ ਦੇ ਇਸ ਬਿਆਨ ਤੋਂ ਕਿ ਪੰਜਾਬ ਦੇ 70 ਫ਼ੀਸਦੀ ਨੌਜਵਾਨ ਨਸ਼ੇੜੀ ਹਨ, ਉਸ ਸਮੇਂ ਦੀ ਸੱਤਾਧਾਰੀ ਪਾਰਟੀ ਨੇ ਇਸ ਗੱਲ ਦਾ ਪੂਰਨ ਤੌਰ 'ਤੇ ਵਿਰੋਧ ਕੀਤਾ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਪਰ ਮੌਜੂਦਾ ਸਮੇਂ ਇਸ ਵਿਚ ਉਹੀ ਸਿਆਸੀ ਦਲ ਪੰਜਾਬ ਵਿਚ ਨਸ਼ੇ ਹੋਣ ਦੀ ਗੱਲ ਸਵੀਕਾਰ ਕਰ ਰਿਹਾ ਹੈ।
ਕਿੰਨਾ ਚੰਗਾ ਹੁੰਦਾ ਜੇਕਰ ਉਸ ਸਮੇਂ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਤਾਂ ਜੋ ਇਸ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ। ਵੱਡੇ ਪੱਧਰ 'ਤੇ ਨਸ਼ਿਆਂ ਦਾ ਵਪਾਰ ਕਰਨ ਵਾਲੇ ਅੱਜ ਵੀ ਪੁਲਿਸ ਦੀ ਪਹੁੰਚ ਤੋਂ ਦੂਰ ਹਨ। ਐਸ.ਟੀ.ਆਈ. ਦੀ ਰਿਪੋਰਟ ਪੇਸ਼ ਕੀਤੀ ਗਈ ਜਿਸ ਵਿਚ ਕੁਝ ਰਾਜਨੀਤਕ ਨੇਤਾਵਾਂ ਦੇ ਨਾਂਅ ਆਉਣ ਕਰਕੇ ਇਹ ਰਿਪੋਰਟ ਜਨਤਕ ਨਹੀਂ ਕੀਤੀ ਗਈ। ਜੇਕਰ ਸਰਕਾਰ ਨਸ਼ਿਆਂ ਨੂੰ ਰੋਕਣ ਲਈ ਸੰਜੀਦਾ ਹੈ ਤਾਂ ਉਹ ਜੋ ਵੀ ਇਸ ਗੰਦੇ ਕਾਰੋਬਾਰ ਵਿਚ ਸ਼ਾਮਿਲ ਹਨ, ਨਿਰਪੱਖ ਹੋ ਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰੇ, ਕਿਉਂਕਿ ਨਸ਼ਿਆਂ 'ਤੇ ਸਿਆਸਤ ਬਹੁਤ ਹੋ ਗਈ ਹੈ ਤੇ ਇਸ ਦੇ ਸ਼ਿਕਾਰ ਨਸ਼ਾ ਪੀੜਤਾਂ ਦੇ ਪਰਿਵਾਰ ਹੋ ਰਹੇ ਹਨ।

-ਕਮਲ ਕੋਟਲੀ।

02-07-2018

 ਪਾਰਕਿੰਗ ਦੀ ਸਮੱਸਿਆ
ਪਟਿਆਲਾ ਸ਼ਹਿਰ ਸ਼ਾਹੀ ਸ਼ਹਿਰ ਅਤੇ ਮਾਨਯੋਗ ਮੁੱਖ ਮੰਤਰੀ ਦਾ ਪੱਕਾ ਇਲਾਕਾ ਵੀ ਹੈ। ਕੋਈ ਸ਼ੱਕ ਨਹੀਂ ਕਿ ਇਸ ਸ਼ਹਿਰ ਦੀ ਬੜੇ ਲੰਮੇ ਸਮੇਂ ਬਾਅਦ ਕੋਈ ਸਾਰ ਲੈ ਰਿਹਾ ਹੈ। ਮੈਂ ਇਹ ਵੀ ਮੰਨਦਾ ਹਾਂ ਕਿ ਪੂਰੀ ਤਰ੍ਹਾਂ ਸੋਹਣਾ ਬਣਨ ਵਿਚ ਸਮਾਂ ਤਾਂ ਲੱਗੇਗਾ ਹੀ ਪਰ ਮੌਜੂਦਾ ਸਮੇਂ ਵਿਚ ਇਸ ਸ਼ਹਿਰ ਦਾ ਪੈਦਲ ਜਾਂ ਫਿਰ ਦੋ ਪਹੀਆ ਵਾਹਨ ਦੀ ਵਰਤੋਂ ਵਾਲਾ ਆਮ ਆਦਮੀ ਦੁਵਿਧਾ ਵਿਚ ਹੈ, ਕਿਥੇ ਤੁਰੇ ਤੇ ਕਿਥੇ ਆਪਣਾ ਵਾਹਨ ਭਾਵੇਂ ਸਾਈਕਲ ਹੀ ਹੈ ਪਾਰਕ ਕਰੇ। ਹੈਰਾਨਗੀ ਦੀ ਗੱਲ ਹੈ ਕਿ ਇਕ ਅੱਧ ਨਿੱਜੀ ਹਸਪਤਾਲ ਨੂੰ ਛੱਡ ਕਿਸੇ ਕੋਲ ਵੀ ਆਪਣੀ ਪਾਰਕਿੰਗ ਨਹੀਂ ਹੈ। ਮੀਡੀਆ ਜਦ ਵੇਖੋ ਸਰਕਾਰ ਜਾਂ ਸਰਕਾਰੀ ਹਸਪਤਾਲਾਂ ਦੇ ਮਗਰ ਤਾਂ ਪਿਆ ਰਹਿੰਦਾ ਹੈ ਪਰ ਇਸ ਸਮੱਸਿਆ ਵੱਲ ਉਹਦੀ ਤੀਜੀ ਅੱਖ ਖੁੱਲ੍ਹਦੀ ਹੀ ਨਹੀਂ। ਜੇ ਕਿਸੇ ਹਸਪਤਾਲ ਪਾਸ ਨਿੱਜੀ ਪਾਰਕਿੰਗ ਨਹੀਂ ਹੈ ਤਾਂ ਸਰਕਾਰ ਇਸ ਵੱਲ ਜ਼ਰੂਰ ਧਿਆਨ ਦੇਵੇ।


-ਡਾ: ਰਿਪੁਦਮਨ ਸਿੰਘ
134-ਐਸ, ਸੰਤ ਨਗਰ, ਪਟਿਆਲਾ-147001.


ਮੁਫ਼ਤ ਬਿਜਲੀ ਪਾਣੀ
ਟਿਊਬਵੈੱਲਾਂ ਵਾਸਤੇ ਬਿਜਲੀ ਮੁਫ਼ਤ ਤਾਂ ਠੀਕ ਹੈ ਪਰ ਜ਼ਿਆਦਾ ਪਾਣੀ ਨਾਲ ਖਾਦਾਂ, ਸਪਰੇਆਂ ਦੀ ਜ਼ਿਆਦਾ ਵਰਤੋਂ ਵੀ ਹੋਣ ਲੱਗੀ ਹੈ। ਇਸ ਦਾ ਕੋਈ ਫਾਇਦਾ ਨਹੀਂ ਤੇ ਨੁਕਸਾਨ ਤਾਂ ਬਹੁਤ ਜ਼ਿਆਦਾ ਹੈ। ਧਰਤੀ ਹੇਠੋਂ ਜ਼ਿਆਦਾ ਪਾਣੀ ਨਿਕਲਣ ਕਰਕੇ ਪੰਜਾਬ ਦੀ ਧਰਤੀ ਬੰਜਰ ਹੋ ਰਹੀ ਹੈ। ਪੰਜਾਬ ਵਿਚ ਕਣਕ ਦੀ ਜ਼ਿਆਦਾ ਪੈਦਾਵਾਰ ਹੋਣ ਕਰਕੇ ਕਣਕ ਸਟੋਰਾਂ ਵਿਚ ਗਲਸੜ ਰਹੀ ਹੈ, ਜੋ ਕਈ ਸਾਲਾਂ ਤੋਂ ਹੋ ਰਿਹਾ ਹੈ। ਜ਼ਿਆਦਾ ਖਾਦਾਂ ਅਤੇ ਸਪਰੇਆਂ ਦੀ ਵਰਤੋਂ ਕਰਕੇ ਇਥੋਂ ਦਾ ਪਾਣੀ ਜ਼ਹਿਰੀਲਾ ਹੋ ਰਿਹਾ ਹੈ। ਸੋ, ਸਾਰਿਆਂ ਨੂੰ ਪਾਣੀ ਦੀ ਵਰਤੋਂ ਸੋਚ-ਸਮਝ ਕੇ ਲੋੜ ਅਨੁਸਾਰ ਹੀ ਕਰਨੀ ਚਾਹੀਦੀ ਹੈ ਤਾਂਕਿ ਪਾਣੀ ਨੂੰ ਵਧੇਰੇ ਬਚਾਇਆ ਜਾ ਸਕੇ।


-ਜਬਰਜੰਗ ਸਿੰਘ


ਟਲ ਗਿਆ ਸੰਕਟ
ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਪਿਛਲੇ ਕਾਫੀ ਸਮੇਂ ਤੋਂ ਉੱਤਰੀ ਕੋਰੀਆ ਅਤੇ ਅਮਰੀਕਾ ਦੇਸ਼ਾਂ ਵਿਚਕਾਰ ਕਾਫ਼ੀ ਤਣਾ-ਤਣੀ ਅਤੇ ਗਰਮ ਮਾਹੌਲ ਬਣਿਆ ਹੋਇਆ ਸੀ। ਬੁੱਧੀਜੀਵੀਆਂ ਨੂੰ ਇਹ ਵੀ ਖਦਸ਼ਾ ਸੀ ਕਿ ਜੇਕਰ ਉੱਤਰੀ ਕੋਰੀਆ ਅਤੇ ਅਮਰੀਕਾ ਦੋਵਾਂ ਦੇਸ਼ਾਂ ਵਿਚਕਾਰ ਯੁੱਧ ਹੋ ਗਿਆ ਤਾਂ ਹਰ ਪੱਖੋਂ ਨੁਕਸਾਨ ਤਾਂ ਹੋਵੇਗਾ ਹੀ ਪਰ ਇਹ ਜੰਗ ਵਿਸ਼ਵ ਯੁੱਧ ਵਿਚ ਹੀ ਨਾ ਬਦਲ ਜਾਵੇ ਜਿਸ ਦੇ ਸਿੱਟੇ ਮਾਨਵਤਾ ਲਈ ਭਿਆਨਕ ਹੀ ਹੋਣੇ ਹਨ। ਪਰ ਕੁਝ ਦਿਨ ਪਹਿਲਾਂ ਮਨ ਨੂੰ ਤਸੱਲੀ ਤੇ ਸ਼ਾਂਤੀ ਦੇਣ ਵਾਲੀ ਘਟਨਾ ਵਾਪਰੀ ਕਿ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਸਿੰਗਾਪੁਰ 'ਚ ਆਪਸੀ ਗੱਲਬਾਤ ਤੇ ਮੁਲਾਕਾਤ ਹੋਈ। ਉਤਰੀ ਕੋਰੀਆ ਅਤੇ ਅਮਰੀਕਾ ਵਿਚਕਾਰ ਹੋਏ ਸਮਝੌਤੇ ਨਾਲ ਦੋਵਾਂ ਦੇਸ਼ਾਂ ਦੀ 65 ਸਾਲ ਪੁਰਾਣੀ ਦੁਸ਼ਮਣੀ ਖ਼ਤਮ ਹੋ ਗਈ। ਇਹ ਵੀ ਕਿ ਸਮਝੌਤੇ ਵਾਲੀ ਥਾਂ 'ਤੇ ਉਤਰੀ ਕੋਰੀਆ ਦੇ ਆਗੂ ਸ੍ਰੀ ਕਿਮ ਜੋਂਗ ਉਨ ਨੇ ਨਿਰਧਾਰਤ ਸਮੇਂ ਤੋਂ ਲਗਪਗ ਸੱਤ ਮਿੰਟ ਪਹਿਲਾਂ ਪਹੁੰਚ ਕੇ ਅਮਰੀਕਾ ਦੇ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਦਾ ਸਤਿਕਾਰ ਕੀਤਾ। ਇਥੇ ਹੀ ਬੱਸ ਨਹੀਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰੋਟੋਕੋਲ ਤੋੜ ਕੇ ਉੱਤਰੀ ਕੋਰੀਆ ਦੇ ਸੈਨਾ ਮੁਖੀ ਨੂੰ ਸਲਿਊਟ ਮਾਰ ਕੇ ਉਨ੍ਹਾਂ ਦਾ ਵੀ ਸਵਾਗਤ ਕੀਤਾ। ਪ੍ਰਮਾਤਮਾ ਦਾ ਸ਼ੁਕਰ ਹੈ ਇਹ ਲੜਾਈ-ਝਗੜੇ ਦਾ ਮੰਡਰਾ ਰਿਹਾ ਸੰਕਟ ਟਲ ਗਿਆ।


-ਮਾ: ਸੰਜੀਵ ਧਰਮਾਣੀ
ਸ੍ਰੀ ਆਨੰਦਪੁਰ ਸਾਹਿਬ।


ਕੁੱਤਿਆਂ ਦੀ ਸਮੱਸਿਆ
ਅਵਾਰਾ ਕੁੱਤਿਆਂ ਵਲੋਂ ਆਏ ਦਿਨ ਅਨੇਕਾਂ ਹੀ ਮਨੁੱਖਾਂ ਅਤੇ ਗਊਆਂ, ਵੱਛੇ-ਵੱਛੀਆਂ ਨੂੰ ਕੱਟਣ ਜਾਂ ਨੋਚ-ਨੋਚ ਕੇ ਖਾਣ ਆਦਿ ਦੀਆਂ ਖ਼ਬਰਾਂ ਅਕਸਰ ਅਖ਼ਬਾਰਾਂ ਵਿਚ ਛਪੀਆਂ ਹੁੰਦੀਆਂ ਹਨ। ਪ੍ਰੰਤੂ ਬੜੇ ਲੰਬੇ ਸਮੇਂ ਤੋਂ ਸਰਕਾਰਾਂ ਨੇ ਜਾਨਵਰਾਂ ਨੂੰ ਮਾਰਨ 'ਤੇ ਪਾਬੰਦੀ ਜ਼ਰੂਰ ਲਗਾਈ ਹੋਈ ਹੈ ਅੱਜ ਅਤੇ ਉਸ ਸਮੇਂ ਦੀ ਸਥਿਤੀ ਵਿਚ ਬਹੁਤ ਫਰਕ ਹੈ। ਅੱਜ ਅਵਾਰਾ ਜਾਨਵਰਾਂ ਨੂੰ ਨਾ ਮਾਰਨ ਦੀ ਪਾਬੰਦੀ ਕਾਰਨ ਉਨ੍ਹਾਂ ਦੀ ਗਿਣਤੀ ਵਿਚ ਬੇਹਤਾਸ਼ਾ ਵਾਧਾ ਹੋ ਚੁੱਕਿਆ ਹੈ। ਅਵਾਰਾ ਕੁੱਤੇ ਤਾਂ ਮਨੁੱਖ ਦੇ ਇਰਦ-ਗਿਰਦ ਦੁਸ਼ਮਣਾਂ ਵਾਂਗਰ ਘੁੰਮ ਰਹੇ ਹਨ। ਅਵਾਰਾ ਕੁੱਤਿਆਂ ਕਾਰਨ ਛੋਟੇ ਬੱਚਿਆਂ ਅਤੇ ਔਰਤਾਂ 'ਚ ਦਹਿਸ਼ਤ ਮਾਹੌਲ ਹੈ। ਕਈ ਵਾਰੀ ਅਜਿਹੀਆਂ ਖ਼ਬਰਾਂ ਸੁਣਨ ਵਿਚ ਆਈਆਂ ਹਨ ਕਿ ਸਕੂਲ ਜਾਂਦੇ ਛੋਟੇ ਬੱਚਿਆਂ 'ਤੇ ਇਨ੍ਹਾਂ ਅਵਾਰਾ ਕੁੱਤਿਆਂ ਵਲੋਂ ਜਾਨ ਲੇਵਾ ਹਮਲੇ ਕੀਤੇ ਗਏ।
ਅੱਜ ਮਨੁੱਖ ਨਾਲੋਂ ਕੁੱਤਿਆਂ ਨੂੰ ਬਚਾਉਣਾ ਜ਼ਰੂਰੀ ਸਮਝਿਆ ਜਾ ਰਿਹਾ ਲਗਦਾ ਹੈ, ਇਹ ਦੁਖਾਂਤ ਹੈ। ਜਿਨ੍ਹਾਂ ਹਾਲਤਾਂ ਜਾਂ ਸਥਿਤੀਆਂ ਨੂੰ ਦੇਖਦੇ ਹੋਏ ਕਾਨੂੰਨ ਬਣਾਏ ਜਾਂਦੇ ਹਨ, ਤਾਂ ਸਥਿਤੀਆਂ ਦੇ ਬਦਲਣ ਨਾਲ ਕਾਨੂੰਨ 'ਚ ਵੀ ਸੋਧ ਕਰਨੀ ਚਾਹੀਦੀ ਹੈ। ਲੋਕਾਂ 'ਚ ਅਵਾਰਾ ਕੁੱਤਿਆਂ ਦੀ ਵਧਦੀ ਗਿਣਤੀ ਨੂੰ ਲੈ ਦਹਿਸ਼ਤ ਅਤੇ ਚਿੰਤਾ ਪਾਈ ਜਾ ਰਹੀ ਹੈ। ਸੋ, ਸਰਕਾਰ ਇਸ ਦਾ ਕੋਈ ਉਚਿਤ ਹੱਲ ਕਰੇ।


-ਮਾ: ਦੇਵਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਨੌਜਵਾਨ ਸੁਚੇਤ ਹੋਣ
ਅੱਜ ਦੇ ਨੌਜਵਾਨਾਂ ਦਾ ਭਵਿੱਖ ਧੁੰਦਲਾ ਵਿਖਾਈ ਦਿੰਦਾ ਹੈ ਕਿਉਂਕਿ ਅੱਜ ਦਾ ਨੌਜਵਾਨ ਭੈੜੀਆਂ ਅਲਾਮਤਾਂ ਜਿਵੇਂ ਨਸ਼ੇ, ਗੁੰਡਾਗਰਦੀ, ਐਸ਼ਪ੍ਰਸਤੀ ਤੇ ਫੈਸ਼ਨਪ੍ਰਸਤੀ ਆਦਿ ਦਾ ਸ਼ਿਕਾਰ ਹੋ ਰਿਹਾ ਹੈ। ਉਹ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਤੋਂ ਭੱਜ ਰਿਹਾ ਹੈ। ਅੱਜ ਆਜ਼ਾਦੀ ਦੇ ਗ਼ਲਤ ਅਰਥ ਕੱਢ ਰਿਹਾ ਹੈ। ਅੱਜ ਦੇ ਨੌਜਵਾਨ ਦਾ ਰਾਜਨੀਤੀ ਬਾਰੇ ਵੀ ਗਿਆਨ ਸੀਮਤ ਹੈ। ਇਸ ਕਰਕੇ ਮੌਕਾਪ੍ਰਸਤ ਨੇਤਾ ਅਜਿਹੇ ਨੌਜਵਾਨਾਂ ਦਾ ਇਸਤੇਮਾਲ ਬਾਖੂਬੀ ਕਰ ਰਹੇ ਹਨ। ਰੁਜ਼ਗਾਰ ਨਾ ਮਿਲਣ ਕਰ ਕੇ ਪੜ੍ਹੇ-ਲਿਖੇ ਨੌਜਵਾਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੁੰਦੇ ਹਨ। ਨੌਜਵਾਨਾਂ ਨੂੰ ਅਪਰਾਧ ਵਲ ਖਿੱਚਣ ਵਿਚ ਨਸ਼ਾਖੋਰੀ ਦੀ ਅਹਿਮ ਭੂਮਿਕਾ ਹੁੰਦੀ ਹੈ। ਇਨ੍ਹਾਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਤੋਂ ਬਾਅਦ ਨੌਜਵਾਨ ਆਪਣੇ ਵਿਵੇਕ 'ਤੇ ਕਾਬੂ ਕਰਨ 'ਚ ਅਸਮਰੱਥ ਹੋ ਜਾਂਦੇ ਹਨ। ਨੌਜਵਾਨਾਂ ਨੂੰ ਅਪਰਾਧ ਵੱਲ ਵਧਣ ਤੋਂ ਰੋਕਣ ਲਈ ਠੋਸ ਕਦਮ ਚੁੱਕਣੇ ਪੈਣਗੇ। ਨੌਜਵਾਨਾਂ ਨੂੰ ਹਮੇਸ਼ਾ ਚੰਗੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ ਤੇ ਚੰਗੀਆਂ ਕਿਤਾਬਾਂ ਪੜ੍ਹ ਕੇ ਜੁਰਮਾਂ ਦੀ ਦਲਦਲ 'ਚੋਂ ਨਿਕਲਣਾ ਪਵੇਗਾ।


-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

27-06-2018

 ਦਰੱਖਤ ਦੀ ਪੁਕਾਰ
ਜਦੋਂ ਮੈਨੂੰ ਪਾਣੀ ਦੀ ਲੋੜ ਪਈ ਤਾਂ ਤੂੰ ਗੁਰੂਆਂ, ਪੀਰਾਂ ਦੀ ਸਿੱਖਿਆ ਭੁੱਲ ਗਿਆ, ਬੋਝ ਰੱਖਣ ਵਾਲੇ ਮਨੁੱਖ ਦੇ ਆਖੇ ਅੰਧ-ਵਿਸ਼ਵਾਸੀ 'ਤੇ ਸਵਾਰ ਹੋ ਗਿਆ। ਉਸ ਦੇ ਕਹਿਣ 'ਤੇ ਮਨੋਤਾਂ ਪੂਰੀਆਂ ਕਰਾਉਣ ਦੀ ਨੀਅਤ ਨਾਲ ਮੇਰੇ ਉੱਪਰ ਸਰ੍ਹੋਂ ਦਾ ਤੇਲ ਪਾਉਣ ਲੱਗਾ। ਮੈਨੂੰ ਸੋਕੇ ਦੀ ਬਿਮਾਰੀ ਲੱਗ ਗਈ। ਮੈਂ ਥੋੜ੍ਹੇ ਜਿਹੇ ਪੱਤੇ ਕੱਢ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਸਗੋਂ ਤੂੰ ਮੈਨੂੰ ਸਜ਼ਾ ਦਿੱਤੀ। ਪਰ ਤੇਰੇ ਚੰਗੇ ਦਿਨ ਨਾ ਆਏ। ਤੂੰ ਸਮਝਿਆ ਰੱਬ ਅਜੇ ਕਰੋਪ ਹੈ। ਮੈਂ ਰੰਗਲੀਆਂ ਚਿੜੀਆਂ, ਤੋਤੇ ਅਤੇ ਹੋਰ ਪੰਛੀਆਂ ਨੂੰ ਜੀਵਨ ਬਸਰ ਕਰਨ ਲਈ ਸਹਾਰਾ ਦਿੰਦਾ ਹਾਂ। ਝਗੜਾਲੂ ਜਾਨਵਰਾਂ ਤੋਂ ਬਚਣ ਲਈ ਸਹਾਰਾ ਬਣਦਾ ਹਾਂ ਜੋ ਤੇਰੀ ਜ਼ਿੰਦਗੀ ਜਿਊਣ ਵਿਚ ਰੰਗ ਭਰਦੇ ਹਨ। ਮੈਂ ਤੇਰੇ ਸੀਨੇ ਵਿਚੋਂ ਕੱਢੀ ਗੰਦੀ ਹਵਾ ਖਾ ਕੇ ਤੈਨੂੰ ਜਿਊਣ ਲਈ ਸਾਫ਼ ਹਵਾ ਦਿੰਦਾ ਹਾਂ। ਪ੍ਰਦੂਸ਼ਣ ਰੋਕਦਾ ਹਾਂ। ਗਰਮੀ ਵਿਚ ਤੇਰੇ ਬੈਠਣ ਲਈ ਛਾਂ ਦਿੰਦਾ ਹਾਂ। ਮੈਂ ਧਰਤੀ ਵਿਚਲੇ ਪਾਣੀ ਨੂੰ ਉੱਪਰ ਰੱਖਦਾ ਹਾਂ। ਖਾਣ ਲਈ ਫਲ, ਸੁਗੰਧ ਲਈ ਫੁੱਲ ਦਿੰਦਾ ਹਾਂ। ਵਾਤਾਵਰਨ ਦਾ ਤਾਪਮਾਨ ਸਥਿਰ ਰੱਖਦਾ ਹਾਂ। ਸਮੇਂ ਸਿਰ ਬਾਰਿਸ਼ ਪੁਆਉਂਦਾ ਹਾਂ। ਹੜ੍ਹ ਆਉਣ 'ਤੇ ਮਦਦਗਾਰ ਬਣਦਾ ਹਾਂ। ਮੈਂ ਤੇਰੇ ਕੋਲ ਇਹ ਕਹਿਣ ਆਇਆ ਹਾਂ। ਪਰ ਮੇਰੀ ਕੋਈ ਕੀਮਤ ਨਹੀਂ ਪਾਈ। ਨਵਾਂ ਲਾਏ ਬਗੈਰ ਮੈਨੂੰ ਕੱਟ ਦਿੱਤਾ। ਹੇ ਇਨਸਾਨ ਤੂੰ ਕਿੰਨਾ ਬੇਦਰਦ ਹੈਂ। ਕਦੇ ਸੋਚ ਮੈਂ ਤੇਰੇ ਲਈ ਕੀ ਕਰਦਾ ਹਾਂ, ਆਪਣਾ ਘਰ ਬਣਾਉਣ ਜਾਂ ਕੰਧ ਸਿੱਧੀ ਕਰਨ ਲਈ, ਬਾਲਣ ਬਣਾਉਣ ਲਈ, ਮੇਰਾ ਕਤਲ ਕਰ ਰਿਹਾ ਹੈਂ। ਮੇਰੇ ਪੱਤੇ ਟੁੱਟ ਕੇ ਡਿਗਦੇ ਹਨ। ਕਰ ਦਿਉ ਕਤਲ ਗੰਦ ਪਾਉਂਦੇ, ਆਖਰ ਮੈਂ ਤੇਰਾ ਕੀ ਹਾਂ। ਮੇਰੀ ਤੇਰੀ ਕੀ ਦੁਸ਼ਮਣੀ ਹੈ। ਫਿਰ ਪਛਤਾਏਂਗਾ, ਜਦੋਂ ਮੈਂ ਨਹੀਂ ਰਹਾਂਗਾ।


-ਰਣਜੀਤ ਸਿੰਘ
ਬਸੰਤ ਨਗਰ, ਖੰਨਾ।


ਜ਼ਰੂਰਤ ਜਾਂ ਮਜਬੂਰੀ
ਪੱਛਮੀ ਦੇਸ਼ਾਂ ਵੱਲ ਜਾਣਾ ਜ਼ਰੂਰਤ ਹੈ ਜਾਂ ਮਜਬੂਰੀ। ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਨੌਜਵਾਨ ਪੀੜ੍ਹੀ ਬੇਰੁਜ਼ਗਾਰੀ ਦੀਆਂ ਬੇੜੀਆਂ ਵਿਚ ਇਸ ਤਰੀਕੇ ਨਾਲ ਜਕੜੀ ਜਾ ਰਹੀ ਹੈ ਕਿ ਉਹ ਆਪਣੀਆਂ ਸਮੱਸਿਆਵਾਂ ਦਾ ਹੱਲ ਕੇਵਲ ਪੱਛਮੀ ਦੇਸ਼ਾਂ ਵਿਚ ਜਾ ਕੇ ਹੀ ਲੱਭਣਾ ਚਾਹੁੰਦੀ ਹੈ। ਪਰ ਸਭ ਤੋਂ ਤਰਸਯੋਗ ਹਾਲਤ ਤਾਂ ਉਨ੍ਹਾਂ ਕਿਸਾਨ ਵੀਰਾਂ ਜਾਂ ਉਨ੍ਹਾਂ ਦੇ ਬੱਚਿਆ ਦੀ ਹੈ ਜੋ ਦਿਨ-ਪ੍ਰਤੀ-ਦਿਨ ਆਪਣੀ ਮਾਂ ਵਰਗੀ ਜ਼ਮੀਨ ਨੂੰ ਵੇਚ ਕੇ, ਕਰਜ਼ਾ ਚੁੱਕ ਕੇ ਮਿਹਨਤ ਕਰਨ ਲਈ ਘਰੋਂ ਬੇਘਰ ਹੁੰਦੇ ਹਨ। ਇਨ੍ਹਾਂ ਮੁਲਕਾਂ ਵਿਚ ਜਾਣਾ ਏਨਾ ਸੌਖਾ ਨਹੀਂ ਜਿਸ ਕਰਕੇ ਕਈ ਵਾਰ ਸਹੀ ਰਸਤਾ ਨਾ ਮਿਲਣ ਦੀ ਸੂਰਤ ਵਿਚ ਇਹ ਨੌਜਵਾਨ ਗ਼ਲਤ ਹੱਥਾਂ ਜਾਂ ਘਿਨੌਣੀ ਸੋਚ ਦਾ ਸ਼ਿਕਾਰ ਵੀ ਹੁੰਦੇ ਹਨ। ਪੱਛਮੀ ਸੱਭਿਆਚਾਰ ਏਨਾ ਬਲਵਾਨ ਹੋ ਗਿਆ ਹੈ ਕਿ ਉਹ ਪੰਜਾਬੀ ਸੱਭਿਆਚਾਰ ਦੀਆਂ ਜੜ੍ਹਾਂ ਖੋਖਲੀਆਂ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਿਹਾ। ਫਿਰ ਚਾਹੇ ਗੱਲ ਪਹਿਰਾਵੇ ਦੀ, ਸੋਚ ਦੀ ਜਾਂ ਵਿਦੇਸ਼ਾਂ ਵਿਚ ਜਾ ਕੇ ਵਸਣ ਦੇ ਰੁਝਾਨ ਦੀ ਹੋਵੇ।


-ਕਵਲਪ੍ਰੀਤ ਕੌਰ
ਐਮ.ਏ., ਬੀ.ਐੱਡ., ਯੂ.ਜੀ.ਸੀ., ਬਟਾਲਾ (ਗੁਰਦਾਸਪੁਰ)।


ਨਸ਼ਿਆਂ ਨਾਲ ਮੌਤਾਂ
ਪੰਜਾਬ 'ਚ ਨਸ਼ਿਆਂ ਦੀ ਓਵਰਡੋਜ਼ ਨਾਲ ਹਰ ਰੋਜ਼ ਮੌਤਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਸੋਚੋ ਜ਼ਰਾ ਕਿੰਨਾ ਖ਼ਤਰਨਾਕ ਨਸ਼ਾ ਹੋਏਗਾ ਜਿਸ ਦੀ ਓਵਰਡੋਜ਼ ਨਾਲ ਪਿਛਲੇ ਦਿਨੀਂ ਅੰਮ੍ਰਿਤਸਰ ਦੇ ਕਸਬਾ ਛੇਹਰਟਾ ਵਿਖੇ ਦੋ ਗੱਭਰੂ ਮਾਰੇ ਗਏ। ਕੋਟਕਪੂਰੇ ਵਿਚ ਇਕ ਨੌਜਵਾਨ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਪਿੱਛੇ ਜਿਹੇ ਲੁਧਿਆਣੇ ਵੱਲ ਪੁਲਿਸ ਅਫਸਰ ਦਾ ਮੁੰਡਾ ਵੀ ਨਸ਼ੇ ਦਾ ਟੀਕਾ ਲਗਾਉਂਦੇ ਸਮੇਂ ਹੀ ਕਾਰ 'ਚ ਮਰ ਗਿਆ ਸੀ। ਮੋਬਾਈਲ ਫੋਨ 'ਤੇ, ਖਾਲੀ ਪਲਾਟਾਂ, ਉਜਾੜ ਤੇ ਜਨਤਕ ਥਾਵਾਂ 'ਤੇ ਨਸ਼ਿਆਂ ਦੀ ਦਲਦਲ 'ਚ ਫਸ ਕੇ ਤੜਪ ਕੇ ਮਰ ਰਹੇ ਨੌਜਵਾਨਾਂ ਦੀਆਂ ਵੀਡਓਜ਼ ਦੇਖਣ ਨੂੰ ਮਿਲ ਰਹੀਆਂ ਹਨ। ਇਹ ਤਾਂ ਉਹ ਲੋਕ ਹਨ ਜਿਨ੍ਹਾਂ ਦੀ ਮਰਿਆਂ 'ਚ ਗਿਣਤੀ ਹੋ ਜਾਂਦੀ ਹੈ। ਹੋਰ ਪਤਾ ਨਹੀਂ ਹਰ ਰੋਜ਼ ਕਿੰਨੇ ਮਾਵਾਂ ਦੇ ਲਾਡਲੇ ਪੁੱਤ ਜਹਾਨੋਂ ਰੁਖ਼ਸਤ ਹੋ ਰਹੇ ਹਨ, ਜਿਨ੍ਹਾਂ ਬਾਰੇ ਕੁਝ ਪਤਾ ਹੀ ਨਹੀਂ ਚਲਦਾ।
ਪੰਜ ਦਰਿਆਵਾਂ ਦਾ ਖੁਸ਼ਹਾਲ ਸੂਬਾ ਪੰਜਾਬ ਅੱਜਕਲ੍ਹ ਗੱਭਰੂਆਂ ਤੋਂ ਸੱਖਣਾ ਹੋ ਰਿਹਾ ਹੈ। ਕੁਝ ਨਸ਼ਿਆਂ ਨਾਲ ਤੇ ਬਾਕੀ ਸੋਹਣੇ ਸੁਣੱਖੇ ਗੱਭਰੂ ਬੇਰੁਜ਼ਗਾਰੀ ਦੇ ਝੰਬੇ ਵਿਦੇਸ਼ਾਂ ਵੱਲ ਉਡਾਰੀ ਮਾਰ ਰਹੇ ਹਨ।


-ਪਿਆਰਾ ਸਿੰਘ ਦਧਰਾਲ।


ਸੁਚੱਜੀ ਅਗਵਾਈ ਵਾਲੇ ਅੰਦੋਲਨ
ਪੰਜਾਬ ਦੀ ਕਿਸਾਨੀ ਇਕੱਲੀ ਨਹੀਂ, ਸਗੋਂ ਸਮੁੱਚੇ ਭਾਰਤ ਦੀ ਕਿਸਾਨੀ ਅੱਜ ਡੂੰਘੇ ਸੰਕਟ ਵਿਚ ਹੈ। ਖੇਤੀ ਲਾਹੇਵੰਦ ਧੰਦਾ ਨਹੀਂ ਰਿਹਾ। ਕਿਸਾਨੀ ਤਾਂ ਬਿਲਕੁਲ ਡੁੱਬੀ ਹਾਲਤ ਵਿਚ ਹੈ।
ਕਿਸਾਨ ਯੂਨੀਅਨਾਂ ਵੀ ਕਈ ਹਿੱਸਿਆਂ ਵਿਚ ਵੰਡੀਆਂ ਹੋਈਆਂ ਹਨ। ਜਿਨ੍ਹਾਂ ਨੂੰ ਸਰਕਾਰੀ ਸਰਪ੍ਰਸਤੀ ਹਾਸਲ ਹੁੰਦੀ ਹੈ, ਉਹ ਕਿਸਾਨਾਂ ਦੇ ਹੱਕ ਵਿਚ ਨਹੀਂ ਬੋਲਦੀਆਂ। ਜੂਨ ਦੇ ਪਹਿਲੇ ਹਫ਼ਤੇ ਦੇ ਅੰਦੋਲਨ ਨੇ ਕਿਸਾਨਾਂ ਦਾ ਨੁਕਸਾਨ ਕੀਤਾ ਹੈ। ਅੰਦੋਲਨ ਵੀ ਯੋਜਨਾਬੱਧ ਨਹੀਂ ਸੀ। ਪੰਜਾਬ ਦੇ ਕਿਸਾਨ ਨੂੰ ਮਹਾਰਾਸ਼ਟਰ ਦੇ ਅੰਦੋਲਨ ਬਾਰੇ ਦੱਸਿਆ ਜਾਣਾ ਜ਼ਰੂਰੀ ਹੈ।
ਕਿਸਾਨ ਜਥੇਬੰਦੀਆਂ ਨੂੰ ਵੀ ਅਜਿਹੇ ਅੰਦੋਲਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਸਮੁੱਚੀ ਕਿਸਾਨੀ ਨੂੰ ਵਿਸ਼ਵਾਸ ਵਿਚ ਲੈਣ ਤੋਂ ਬਿਨਾਂ ਬੇੜਾ ਪਾਰ ਨਹੀਂ ਹੋਣਾ। ਸੁਚੱਜੀ ਅਗਵਾਈ ਵਾਲੇ ਲੋਕ ਸਮੁੱਚੇ ਕਿਸਾਨੀ ਢਾਂਚੇ ਨੂੰ ਨਵੀਂ ਦਿਸ਼ਾ ਦੇਣ ਲਈ ਸਰਕਾਰਾਂ ਖਿਲਾਫ਼ ਸੁਚੱਜੇ ਢੰਗ ਨਾਲ ਅਗਵਾਈ ਕਰਨ ਤਾਂ ਜੋ ਸੁੱਤੀਆਂ ਸਰਕਾਰਾਂ ਜਾਗ ਸਕਣ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਜੈਵਿਕ ਖੇਤੀ ਤੋਂ ਬਿਨਾਂ ਭਵਿੱਖ ਚਿੰਤਾਜਨਕ
ਜੈਵਿਕ ਖੇਤੀ ਅੱਜ ਸਮੇਂ ਦੀ ਲੋੜ ਹੈ। ਅੱਜ ਇਹ ਤ੍ਰਾਸਦੀ ਹੈ ਕਿ ਚਾਹੁੰਦਾ ਹੋਇਆ ਵੀ ਅਮੀਰ ਤੋਂ ਅਮੀਰ ਬੰਦਾ ਸ਼ੁੱਧ ਭੋਜਨ ਨਹੀਂ ਖਾ ਸਕਦਾ। ਬਾਜ਼ਾਰ 'ਚ ਕੋਈ ਵੀ ਚੀਜ਼ ਖ਼ਾਲਸ ਅਤੇ ਸ਼ੁੱਧ ਨਹੀਂ ਮਿਲ ਰਹੀ। ਖੇਤੀਬਾੜੀ 'ਚ ਕੀਟਨਾਸ਼ਕ, ਨਦੀਨਨਾਸ਼ਕ ਅਤੇ ਹੋਰ ਕਈ ਤਰ੍ਹਾਂ ਦੀਆਂ ਦਵਾਈਆਂ ਵਰਤੀਆਂ ਜਾ ਰਹੀਆਂ ਹਨ। ਇਸ ਤੋਂ ਵੀ ਖ਼ਤਰੇ ਵਾਲੀ ਗੱਲ ਹੈ ਕਿ ਕਿਸਾਨਾਂ/ਉਤਪਾਦਕਾਂ ਵਲੋਂ ਪੈਦਾਵਾਰ ਵਧਾਉਣ/ਪਕਾਉਣ ਲਈ ਸਬਜ਼ੀਆਂ ਆਦਿ ਨੂੰ ਜ਼ਹਿਰੀਲੇ ਟੀਕੇ ਲਗਾਏ ਜਾ ਰਹੇ ਹਨ। ਸਾਨੂੰ ਸੋਚਣਾ ਚਾਹੀਦਾ ਹੈ ਕਿ ਜ਼ਿੰਦਗੀ ਨੂੰ ਦਾਅ 'ਤੇ ਲਗਾ ਕੇ ਪੈਦਾਵਾਰ ਵਧਾਉਣ ਦਾ ਕੀ ਫਾਇਦਾ ਹੈ। ਜੇ ਜੀਵਨ 'ਚ ਬਿਮਾਰੀਆਂ ਅਤੇ ਅਲਾਮਤਾਂ ਹੀ ਦਾਖ਼ਲ ਹੋ ਗਈਆਂ, ਬੰਦਾ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਨਾਲ ਗ੍ਰਸਤ ਹੋ ਗਿਆ ਤਾਂ ਭਵਿੱਖ ਇਸ ਤੋਂ ਵੀ ਧੁੰਦਲਾ ਹੋ ਜਾਵੇਗਾ। ਆਉਣ ਵਾਲੇ ਦਿਨਾਂ 'ਚ ਹਸ਼ਰ ਇਸ ਤੋਂ ਵੀ ਮਾੜਾ ਹੋਵੇਗਾ। ਅਸੀਂ ਜੜ੍ਹ ਨਹੀਂ ਫੜਦੇ, ਸਗੋਂ ਟਾਹਣੀਆਂ ਹੀ ਛਾਂਗੀ ਜਾ ਰਹੇ ਹਾਂ। ਹਸਪਤਾਲ ਕਿੰਨੇ ਕੁ ਖੋਲ੍ਹੇ ਜਾ ਸਕਦੇ ਹਨ। ਨਵੀਆਂ ਤੋਂ ਨਵੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ, ਜਿਸ ਦੀ ਮੁੱਖ ਵਜ੍ਹਾ ਖਾਣ-ਪੀਣ ਦੀਆਂ ਵਸਤਾਂ 'ਚ ਹੋ ਰਹੀ ਮਿਲਾਵਟ ਹੀ ਹੈ। ਸੋ ਜੈਵਿਕ ਖੇਤੀ ਸਮੇਂ ਦੀ ਸਖ਼ਤ ਲੋੜ ਹੈ।


-ਅਸ਼ੋਕ ਚਟਾਨੀ
ਡਿਪਟੀ ਇਕਨਾਮਿਕ ਐਡਵਾਈਜ਼ਰ (ਸੇਵਾ-ਮੁਕਤ)
ਗਰੀਨ ਫੀਲਡ ਕਾਲੋਨੀ, ਮੋਗਾ।

26-06-2018

 ਸੁਚੇਤ ਹੋਣ ਦੀ ਲੋੜ
ਪਿਛਲੇ ਦਿਨੀਂ 'ਅਜੀਤ' ਦੇ ਅੰਕ ਵਿਚ ਪਿਆਰਾ ਸਿੰਘ ਭੋਗਲ ਦਾ ਲੇਖ 'ਲੋਕਾਂ ਲਈ ਅਜੇ ਬਹੁਤ...' ਪੜ੍ਹਿਆ। ਵਧੀਆ ਗੱਲ ਕਹੀ ਗਈ ਹੈ ਕਿ ਹੋ ਰਹੇ ਵਿਕਾਸ ਦਾ ਅਸੀਂ ਆਪ ਹੀ ਵਿਸ਼ਲੇਸ਼ਣ ਕਰਨਾ ਹੈ। ਅੱਖਾਂ ਮੀਟ ਕੇ ਪਾਰਟੀਆਂ 'ਤੇ ਯਕੀਨ ਨਹੀਂ ਕੀਤਾ ਜਾ ਸਕਦਾ। ਅੱਜ ਇਕ ਪਾਰਟੀ ਦੀ ਪੱਕੀ ਵਫ਼ਾਦਾਰੀ ਦਾ ਜ਼ਮਾਨਾ ਨਹੀਂ। ਵੋਟ ਪਾਉਣ ਤੋਂ ਪਹਿਲਾਂ ਵਿਚਾਰ ਕਰਨ ਦੀ ਲੋੜ ਹੈ ਕਿ ਕਿਹੜੀ ਧਿਰ ਸਾਡੇ ਲਈ ਚੰਗੀ ਸਾਬਤ ਹੋਵੇਗੀ। ਚੋਣਾਂ ਵੇਲੇ ਹੁੰਦਾ ਭ੍ਰਿਸ਼ਟਾਚਾਰ ਵੀ ਇਕ ਵੱਡੀ ਗੁੰਝਲ ਬਣ ਬੈਠਾ ਹੈ। ਲੋੜ ਹੈ ਵੋਟਰਾਂ ਨੂੰ ਸੁਚੇਤ ਕਰਨ ਦੀ ਕਿ ਹੁਣ ਦਾ ਫ਼ੈਸਲਾ ਹੀ ਸਾਡਾ ਭਵਿੱਖ ਹੈ।

-ਰਾਜਿੰਦਰ ਪਾਲ।

ਕਿਸਾਨਾਂ ਦੀ ਸਾਰ ਲੈਣ ਦਾ ਵਕਤ
ਪਿਛਲੇ ਦਿਨੀਂ ਕਿਸਾਨਾਂ ਨੇ ਝੋਨੇ ਦੀ ਬਿਜਾਈ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਸਰਕਾਰ ਦੇ ਦਿੱਤੇ ਫ਼ੈਸਲੇ 'ਤੇ ਕਿਸਾਨਾਂ ਨੇ ਲਗਪਗ ਪੂਰਨ ਸਹਿਮਤੀ ਪ੍ਰਗਟਾਈ ਹੈ, ਜਿਸ 'ਤੇ ਕਿਸਾਨ ਵਧਾਈ ਦੇ ਪਾਤਰ ਹਨ। ਪਰ ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਨਿਰਵਿਘਨ ਬਿਜਲੀ ਦੀ ਸਪਲਾਈ ਨੂੰ ਕਿਸਾਨ ਦੇ ਖੇਤ ਤੱਕ ਪਹੁੰਚਾਇਆ ਜਾਵੇ।
ਖੇਤੀਬਾੜੀ ਵਿਭਾਗ ਨੂੰ ਵੀ ਖਾਦਾਂ, ਸਪਰੇਅ ਦੀ ਸੁਚੱਜੇ ਢੰਗ ਨਾਲ ਵਰਤੋਂ ਅਤੇ ਜਾਗਰੂਕ ਕਰਨ ਲਈ ਕਿਸਾਨਾਂ ਦੇ ਖੇਤਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ, ਜਿਸ ਨਾਲ ਬੇਲੋੜੇ ਖਰਚਿਆਂ 'ਤੇ ਕਾਬੂ ਪਾਇਆ ਜਾ ਸਕੇ। ਬਾਜ਼ਾਰਾਂ ਵਿਚ ਵੀ ਨਕਲੀ ਖਾਦ, ਬੀਜ, ਸਪਰੇਅ ਨੂੰ ਕਾਬੂ ਕਰਨ ਲਈ ਵਿਸ਼ੇਸ਼ ਜਾਂਚ ਟੀਮਾਂ ਦਾ ਸੰਗਠਿਤ ਹੋਣਾ ਜ਼ਰੂਰੀ ਹੈ।
ਕਿਸਾਨਾਂ ਨੂੰ ਵੀ ਨਕਲੀ ਵਸਤਾਂ ਦੀ ਪਰਖ ਕਰਨ ਲਈ ਸੁਚੇਤ ਕਰਨਾ ਚਾਹੀਦਾ ਹੈ। ਨਹਿਰਾਂ ਦੀ ਮਾੜੀ ਹਾਲਤ ਵਾਲੀ ਜਗ੍ਹਾ 'ਤੇ ਮੁਰੰਮਤ ਕੀਤਾ ਜਾਵੇ, ਜਿਸ ਨਾਲ ਪਾਣੀ ਦੀ ਦੁਰਵਰਤੋਂ ਅਤੇ ਫ਼ਸਲ ਦੀ ਬਰਬਾਦੀ ਨਾ ਹੋ ਸਕੇ। ਕਿਸੇ ਵੀ ਜਗ੍ਹਾ 'ਤੇ ਜੇਕਰ ਕੋਈ ਅਣਸੁਖਾਵੀਂ ਘਟਨਾ ਹੁੰਦੀ ਹੈ ਤਾਂ ਸਰਕਾਰੀ ਹਸਪਤਾਲਾਂ ਅੰਦਰ ਵਿਸ਼ੇਸ਼ ਕਿਸਾਨ ਸਹਾਇਤਾ ਕੇਂਦਰ ਹੋਣੇ ਚਾਹੀਦੇ ਹਨ।
20 ਜੂਨ ਤੋਂ ਪਹਿਲਾਂ ਬਿਜਾਈ ਕੀਤੇ ਝੋਨੇ ਨੂੰ ਰੋਕਣ ਲਈ ਖੇਤ ਤੱਕ ਪਹੁੰਚ ਕੀਤੀ ਗਈ ਸੀ, ਉਸੇ ਤਰਜ਼ 'ਤੇ ਹੀ ਕਿਸਾਨਾਂ ਦੀ ਸਾਰ ਲੈਣ ਲਈ ਸਰਕਾਰਾਂ ਨੂੰ ਖੇਤ ਤੱਕ ਪਹੁੰਚ ਯਕੀਨੀ ਬਣਾਉਣੀ ਚਾਹੀਦੀ ਹੈ।

-ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾ, ਜ਼ਿਲ੍ਹਾ ਫਾਜ਼ਿਲਕਾ।

ਕਾਨੂੰਨ ਵਿਵਸਥਾ
ਪੰਜਾਬ ਵਿਚ ਇਸ ਸਮੇਂ ਕਾਨੂੰਨ ਵਿਵਸਥਾ ਹਾਸ਼ੀਏ 'ਤੇ ਆ ਗਈ ਹੈ। ਅਜਿਹਾ ਪਿਛਲੇ ਦਿਨੀਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਤੇ ਇਕ ਮੌਜੂਦਾ ਵਿਧਾਇਕ 'ਤੇ ਹੋਏ ਹਮਲੇ ਤੋਂ ਇਹ ਸਾਬਤ ਵੀ ਹੋ ਗਿਆ ਹੈ। ਜੇਕਰ ਸਰਕਾਰ ਨਾਲ ਸਬੰਧਿਤ ਲੋਕ ਸੁਰੱਖਿਅਤ ਨਹੀਂ ਤਾਂ ਆਮ ਲੋਕਾਂ ਦੀ ਸੁਰੱਖਿਆ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਦੋਸ਼ੀਆਂ 'ਤੇ ਕੋਈ ਕਾਰਵਾਈ ਨਾ ਕਰਨ ਕਰਕੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਉੱਠਣੇ ਵੀ ਵਾਜਿਬ ਹਨ। ਪੰਜਾਬ ਵਿਚ ਪਿਛਲੇ ਸਮੇਂ ਤੋਂ ਇਹ ਰੀਤ ਰਹੀ ਹੈ ਕਿ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਲੋਕ ਹੀ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਇਹ ਵਿਸ਼ਵਾਸ ਹੁੰਦਾ ਹੈ ਕਿ ਸਾਰਾ ਪ੍ਰਸ਼ਾਸਨ ਉਨ੍ਹਾਂ ਨਾਲ ਹੈ। ਵਿਧਾਇਕ ਦੀ ਕੁੱਟਮਾਰ ਤੇ ਜਿਸ ਤਰ੍ਹਾਂ ਉਸ ਦੀ ਪੱਗੜੀ ਉਤਾਰੀ ਗਈ, ਇਸ ਨੇ ਰਾਜਨੀਤਕ ਪੱਧਰ 'ਤੇ ਵੀ ਪੰਜਾਬ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਲੋਕਾਂ ਖਿਲਾਫ਼ ਕਾਰਵਾਈ ਕਰੇ ਤਾਂ ਜੋ ਉਹ ਅੱਗੇ ਤੋਂ ਕਾਨੂੰਨ ਨੂੰ ਆਪਣੇ ਵਿਚ ਹੱਥ ਵਿਚ ਲੈਣ ਦੀ ਹਿੰਮਤ ਨਾ ਕਰਨ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ।

ਸਾਦਗੀ ਸਭ ਤੋਂ ਦਿਲਖਿੱਚਵਾਂ ਗੁਣ
ਹਰ ਕਿਸੇ ਨੂੰ ਸਭ ਤੋਂ ਖੂਬਸੂਰਤ ਲੱਗਣ ਦੀ ਖਾਹਿਸ਼ ਹੁੰਦੀ ਹੈ। ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਤਾਂਘ ਹੁੰਦੀ ਹੈ। ਮਹਿੰਗੇ ਕੱਪੜੇ, ਡਜ਼ਾਇਨਰ ਕੱਪੜੇ ਅਤੇ ਕੀਤਾ ਹੋਇਆ ਮੇਕਅੱਪ, ਖੂਬਸੂਰਤੀ ਕਦੇ ਵੀ ਵਧਾ ਨਹੀਂ ਸਕਦੇ। ਤੁਹਾਡੇ ਹਾਵ-ਭਾਵ, ਤੁਹਾਡਾ ਬੋਲਚਾਲ, ਤੁਹਾਡਾ ਸੁਭਾਅ, ਤੁਹਾਡੇ ਬਾਰੇ ਬਹੁਤ ਕੁਝ ਦੱਸ ਅਤੇ ਕਹਿ ਜਾਂਦਾ ਹੈ। ਤੁਹਾਡੀ ਕਾਬਲੀਅਤ ਵਧੇਰੇ ਖੂਬਸੂਰਤ ਹੈ ਅਤੇ ਲੋਕਾਂ ਨੂੰ ਹਮੇਸ਼ਾ ਆਪਣੇ ਵੱਲ ਖਿੱਚਦੀ ਹੈ। ਡਾ: ਅਬਦੁੱਲ ਕਲਾਮ ਅਤੇ ਡਾ: ਮਨਮੋਹਨ ਸਿੰਘ ਦੀਆਂ ਸ਼ਖ਼ਸੀਅਤਾਂ ਆਪ ਮੁਹਾਰੇ ਬੋਲਦੀਆਂ ਹਨ। ਇੰਜ ਹੀ ਔਰਤਾਂ ਵੀ ਉੱਚ ਅਹੁਦਿਆਂ 'ਤੇ ਹੋਣਗੀਆਂ ਤਾਂ ਬਹੁਤ ਸਾਦਾ ਕੱਪੜਿਆਂ ਵਿਚ ਅਤੇ ਬਿਨਾਂ ਮੇਕਅਪ ਤੋਂ ਸਾਦਗੀ ਵਰਗਾ ਗਹਿਣਾ ਕੋਈ ਨਹੀਂ ਅਤੇ ਸਾਦਾ ਰਹਿ ਕੇ ਜੋ ਖੂਬਸੂਰਤੀ ਬੋਲਦੀ ਹੈ, ਉਸ ਦਾ ਮੁਕਾਬਲਾ ਕੋਈ ਨਹੀਂ। ਚਿਹਰੇ 'ਤੇ ਮੁਸਕਾਨ ਹੋਵੇ, ਹੋਰ ਮੇਕਅਪ ਕਰਨ ਦੀ ਜ਼ਰੂਰਤ ਹੀ ਨਹੀਂ। ਫੈਸ਼ਨ ਕਰਨਾ ਕਦੇ ਵੀ ਬੁਰਾ ਨਹੀਂ ਪਰ ਕਾਇਦਾ ਜ਼ਰੂਰ ਹੋਣਾ ਚਾਹੀਦਾ ਹੈ। ਚਿਹਰਾ ਬਹੁਤ ਕੁਝ ਬੋਲ ਦਿੰਦਾ ਹੈ। ਪਹਿਰਾਵਾ ਅਤੇ ਚਾਲ ਢਾਲ ਤੁਹਾਡੀ ਤਸਵੀਰ ਹੁੰਦੀ ਹੈ। ਸਾਦਗੀ ਤੁਹਾਡੇ ਅੰਦਰ ਬੈਠੇ ਸਾਦੇ ਇਨਸਾਨ ਨਾਲ ਜਾਣ-ਪਛਾਣ ਕਰਵਾ ਦਿੰਦੀ ਹੈ। ਹੱਸਦੇ ਚਿਹਰਿਆਂ ਨੂੰ ਹਰ ਕੋਈ ਮਿਲਣਾ ਚਾਹੁੰਦਾ ਹੈ। ਸਾਦਗੀ ਵਿਚੋਂ ਹੰਕਾਰ ਦੀ ਬਦਬੂ ਨਹੀਂ ਆਉਂਦੀ। ਜਿੰਨੇ ਸਾਦੇ ਬੰਦਿਆਂ ਨੂੰ ਮਿਲੋਗੇ, ਉਨ੍ਹਾਂ ਨਾਲ ਵਾਰ-ਵਾਰ ਮਿਲਣ ਨੂੰ ਦਿਲ ਕਹੇਗਾ। ਸਾਦੇ ਰਹੋ ਅਤੇ ਸੋਚ ਉੱਚੀ ਰੱਖੋ। ਸਾਦਗੀ ਬਹੁਤ ਦਿਲਖਿੱਚਵਾਂ ਗਹਿਣਾ ਹੈ। ਇਸ ਨੂੰ ਅਪਣਾਓ। ਇਹ ਉਹ ਖੂਬਸੂਰਤੀ ਹੈ ਜੋ ਹਰ ਸਮੇਂ ਇਕੋ ਜਿਹੀ ਰਹਿੰਦੀ ਹੈ। ਕੁਦਰਤ ਨੇ ਜੋ ਰੰਗ ਰੂਪ ਦਿੱਤਾ ਹੈ, ਉਸ ਵਰਗਾ ਤਾਂ ਕੁਝ ਵੀ ਨਹੀਂ ਹੋ ਸਕਦਾ। ਸਾਦਾ ਰਹਿਣ ਵਰਗਾ ਕੋਈ ਗੁਣ ਨਹੀਂ ਅਤੇ ਸਾਦਗੀ ਸਭ ਤੋਂ ਵੱਧ ਦਿਲਖਿੱਚਵਾਂ ਗੁਣ।

-ਪ੍ਰਭਜੋਤ ਕੌਰ ਢਿੱਲੋਂ
ਮੁਹਾਲੀ।

ਇਕ ਨਵੀਂ ਮੁਹਿੰਮ ਦੀ ਲੋੜ
ਪੰਜਾਬ ਦੇ ਵਾਤਾਵਰਨ ਨੂੰ ਸ਼ੁੱਧ ਰੱਖਣਾ ਅੱਜ ਦਾ ਅਹਿਮ ਮਸਲਾ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਕੌਮੀ ਗਰੀਨ ਟ੍ਰਿਬਿਊਨਲ ਵਲੋਂ ਬੇਸ਼ੱਕ ਪੰਜਾਬ ਦੇ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਰੋਕਣ ਲਈ ਅਨੇਕ ਯਤਨ ਕੀਤੇ ਗਏ ਹਨ। ਪਰ ਰਾਜ ਵਿਚ ਅਜੇ ਵੀ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦਾ ਸਿਲਸਿਲਾ ਜਾਰੀ ਹੈ। ਸਰਕਾਰਾਂ ਤੋਂ ਇਸ ਮਸਲੇ ਦੀ ਆਸ ਨਹੀਂ ਰੱਖੀ ਜਾ ਸਕਦੀ ਕਿਉਂਕਿ ਵੋਟ ਬੈਂਕ ਦੀ ਰਾਜਨੀਤੀ ਵਿਚ ਨੇਤਾ ਲੋਕਾਂ ਦੀ ਨਾਰਾਜ਼ਗੀ ਮੁੱਲ ਨਹੀਂ ਲੈਣਾ ਚਾਹੁੰਦੇ, ਭਾਵੇਂ ਸਾਰਾ ਪੰਜਾਬ ਮਾਰੂਥਲ ਹੀ ਕਿਉਂ ਨਾ ਬਣ ਜਾਵੇ। ਧਾਰਮਿਕ ਤੌਰ 'ਤੇ ਅੱਜ ਸਾਰੇ ਲੋਕ ਆਪਣੇ-ਆਪਣੇ ਧਰਮ ਦਾ ਸਤਿਕਾਰ ਕਰਦੇ ਹਨ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵਲੋਂ, ਮੰਦਿਰ ਦੇ ਪੁਜਾਰੀ ਵਲੋਂ, ਮਸਜਿਦ ਦੇ ਮੌਲਵੀ ਵਲੋਂ ਅਤੇ ਗਿਰਜੇ ਦੇ ਪਾਦਰੀ ਵਲੋਂ ਰੋਜ਼ਾਨਾ ਕੀਤੀ ਜਾਣ ਵਾਲੀ ਧਾਰਮਿਕ ਪ੍ਰਾਰਥਨਾ ਤੋਂ ਬਾਅਦ ਵਾਤਾਵਰਨ ਨੂੰ ਬਚਾਉਣ ਲਈ ਖੇਤ ਵਿਚ ਕਦੀ ਵੀ ਅੱਗ ਨਾ ਲਗਾਉਣ ਅਤੇ ਕਦੀ ਵੀ ਰੁੱਖ ਨਾ ਕੱਟਣ ਦੀ ਭਾਵੁਕ ਰੋਜ਼ਾਨਾ ਕਸਮ ਖਾਈ ਜਾਵੇ ਅਤੇ ਇਸ ਕਾਰਜ ਨੂੰ ਵੀ ਪਵਿੱਤਰ ਤੇ ਧਾਰਮਿਕ ਮੰਨਿਆ ਾਜਵੇ। ਗੰਧਲੇ ਵਾਤਾਵਰਨ ਨਾਲ ਹੋ ਰਹੀਆਂ ਭਿਆਨਕ ਬਿਮਾਰੀਆਂ ਤੋਂ ਵੀ ਜਾਣੂ ਕਰਵਾਇਆ ਜਾਵੇ। ਇਸ ਨਾਲ ਅਸੀਂ ਸ਼ੁੱਧ ਵਾਤਾਵਰਨ ਲਈ ਇਕ ਵੱਡੀ ਮੁਹਿੰਮ ਚਲਾ ਸਕਦੇ ਹਾਂ।

-ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

25-06-2018

 ਨਕਲੀ ਮੇਕਅੱਪ
ਪਿਛਲੇ ਦਿਨੀਂ 'ਅਜੀਤ' 'ਚ ਸੁਖਪਾਲ ਸਿੰਘ ਸੋਨੀ ਦੀ ਛਪੀ ਖ਼ਬਰ ਸ਼ਹਿਰ ਭਗਤਾ ਭਾਈ ਕਾ ਅੰਦਰ ਧੜੱਲੇ ਨਾਲ ਵਿਕ ਰਿਹਾ ਨਕਲੀ ਮੇਕਅੱਪ ਦਾ ਸਾਮਾਨ ਵਾਕਿਆ ਹੀ ਚਿੰਤਾ ਦਾ ਵਿਸ਼ਾ ਹੈ। ਇਸ ਤਰ੍ਹਾਂ ਨਾਲ ਕੁਝ ਲਾਲਚੀ ਅਨਸਰ ਆਪਣੇ ਥੋੜ੍ਹੇ ਜਿਹੇ ਫਾਇਦੇ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਨਾਲ ਹੀ ਨਾਲ ਦੇਸ਼ ਅੰਦਰ ਭ੍ਰਿਸ਼ਟਾਚਾਰ ਨੂੰ ਵੀ ਬੜ੍ਹਾਵਾ ਦਿੰਦੇ ਹਨ। ਜਾਅਲੀ ਪ੍ਰੋਡਕਟਾਂ ਦਾ ਦਿਨੋ-ਦਿਨ ਵਧਦਾ ਵਪਾਰ ਜਿਥੇ ਲੋਕਾਂ ਲਈ ਚਮੜੀ ਅਤੇ ਕੈਂਸਰ ਵਰਗੇ ਮਾਰੂ ਰੋਗਾਂ ਦਾ ਕਾਰਨ ਬਣ ਰਿਹਾ ਹੈ, ਉਥੇ ਹੀ ਸਾਡੀ ਮਿਹਨਤ ਨਾਲ ਕਮਾਏ ਪੈਸੇ ਦੀ ਵੀ ਬਰਬਾਦੀ ਹੁੰਦੀ ਹੈ ਅਤੇ ਸਮੇਂ ਦੀ ਵੀ। ਆਮ ਇਨਸਾਨ ਲਈ ਇਨ੍ਹਾਂ ਨਕਲੀ ਬਣੇ ਪ੍ਰੋਡਕਟਾਂ ਦੀ ਪਛਾਣ ਕਰਨੀ ਬੜੀ ਔਖੀ ਗੱਲ ਹੈ ਇਹ ਤਾਂ ਹੋਲਸੇਲਰਾਂ ਅਤੇ ਦੁਕਾਨਦਾਰਾਂ ਨੂੰ ਹੀ ਚਾਹੀਦਾ ਹੈ ਕਿ ਉਹ ਆਪਣਾ ਕਾਰੋਬਾਰ ਇਮਾਨਦਾਰੀ ਨਾਲ ਕਰਨ ਤਾਂ ਜੋ ਲੋਕ ਇਨ੍ਹਾਂ ਤੋਂ ਹੋਣ ਵਾਲੀ ਐਲਰਜੀ ਵਰਗੇ ਸਾਈਡਇਫੈਕਟ ਜਾਂ ਹੋਰ ਚਮੜੀ ਰੋਗਾਂ ਤੋਂ ਬਚਿਆ ਜਾ ਸਕੇ। ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਨੂੰ ਵੀ ਸਖ਼ਤੀ ਦਿਖਾਉਣੀ ਚਾਹੀਦੀ ਹੈ ਤਾਂ ਜੋ ਇਹੋ ਜਿਹੇ ਅਨਸਰਾਂ ਨੂੰ ਸਮਾਂ ਰਹਿੰਦੇ ਨੱਥ ਪਾਈ ਜਾ ਸਕੇ।


-ਬਲਤੇਜ ਸਿੰਘ ਸੰਧੂ
ਪਿੰਡ ਬੁਰਜ ਲੱਧਾ, ਡਾਕ: ਭਗਤਾ ਭਾਈ ਕਾ, ਤਹਿਸੀਲ ਫੂਲ, ਜ਼ਿਲ੍ਹਾ ਬਠਿੰਡਾ।


ਆਓ ਭਵਿੱਖ ਦੀ ਚਿੰਤਾ ਕਰੀਏ...
ਬੀਤੇ ਦਿਨੀਂ 'ਅਜੀਤ' ਦੇ ਲੋਕ ਮੰਚ ਪੰਨੇ 'ਤੇ ਮਾਨਯੋਗ ਗੁਰਿੰਦਰਜੀਤ ਸਿੰਘ ਕਲੇਰ ਸਾਹਿਬ ਹੁਰਾਂ ਦਾ ਲੇਖ 'ਆਓ ਭਵਿੱਖ ਦੀ ਚਿੰਤਾ ਕਰੀਏ' ਮਨ ਨੂੰ ਟੁੰਬਦਾ ਸੀ। ਮੌਜੂਦਾ ਦੌਰ 'ਚ ਉਨ੍ਹਾਂ ਦਾ ਆਰਟੀਕਲ ਜ਼ਿਆਦਾ ਢੁਕਦਾ ਸੀ ਉਸ ਨੂੰ ਪੜ੍ਹਨ ਉਪਰੰਤ ਕਿੰਨਾ ਚਿਰ ਭਵਿੱਖ ਨੂੰ ਲੈ ਕੇ ਸੋਚਦਾ ਰਿਹਾ। ਉਨ੍ਹਾਂ ਦੀਆਂ ਗੱਲਾਂ ਵਾਕਿਆ ਹੀ ਕੀਮਤੀ ਸਨ ਕਿ ਭਵਿੱਖ ਸ਼ਬਦ ਜਦ ਵੀ ਸਾਡੇ ਜ਼ਿਹਨ ਵਿਚ ਆਉਂਦੈ, ਉਸੇ ਵੇਲੇ ਅਸੀਂ ਸਭ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚਣ ਤੱਕ ਸੀਮਤ ਰਹਿ ਜਾਂਦੇ ਹਾਂ ਜਦੋਂ ਕਿ ਆਪਣੇ ਆਲੇ-ਦੁਆਲੇ ਦੇ ਮਾਹੌਲ, ਵਾਤਾਵਰਨ ਨੂੰ ਲੈ ਕੇ ਚਿੰਤਾ ਕਰਨੀ ਚਾਹੀਦੀ ਹੈ। ਜੇਕਰ ਸਾਡਾ ਪਾਣੀ, ਹਵਾ ਆਦਿ ਦੂਸ਼ਿਤ ਹੁੰਦੇ ਗਏ, ਪਾਣੀ ਦੀ ਸਤ੍ਹਾ ਬਹੁਤ ਹੇਠਾਂ ਚਲੀ ਗਈ ਜਾਂ ਰੁੱਖਾਂ, ਜੰਗਲਾਂ ਦੀ ਧੜਾਧੜ ਕਟਾਈ ਕਾਰਨ ਉਨ੍ਹਾਂ ਦੀ ਘਾਟ ਹੁੰਦੀ ਗਈ, ਫਿਰ ਸਿਰਫ਼ ਬੱਚਿਆਂ ਦੇ ਭਵਿੱਖ ਦੀ ਚਿੰਤਾ ਕਰਨ ਨਾਲ ਗੱਲ ਨਹੀਂ ਬਣਨੀ ਸਗੋਂ ਇਸ ਧਰਤੀ ਤੋਂ ਮਨੁੱਖ ਦੀ ਹੋਂਦ ਨੂੰ ਖ਼ਤਰਾ ਹੋਣਾ ਲਾਜ਼ਮੀ ਹੋ ਜਾਵੇਗਾ। ਆਓ, ਸਭ ਆਪਣੇ ਆਲੇ-ਦੁਆਲੇ ਨੂੰ ਸਾਂਭ-ਸੰਭਾਲਣ ਦੀ ਚਿੰਤਾ ਕਰੀਏ, ਪਾਣੀ ਨੂੰ ਸੰਜਮ ਨਾਲ ਵਰਤੀਏ।


-ਮਾ: ਦੇਵ ਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਗੈਸ ਸਿਲੰਡਰ 'ਤੇ ਸਬਸਿਡੀ
ਸਰਕਾਰ ਗੈਸ ਦੀਆਂ ਕੀਮਤਾਂ ਵਧਾਈ ਜਾ ਰਹੀ ਹੈ, ਪਹਿਲਾਂ ਹੀ ਲੋਕ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਤੋਂ ਦੁਖੀ ਹਨ, ਉਤੋਂ ਹੋਰ ਗੈਸ ਦੀਆਂ ਕੀਮਤਾਂ ਵਧਾ ਕੇ ਗਰੀਬਾਂ 'ਤੇ ਹੋਰ ਬੋਝ ਪਾ ਦਿੱਤਾ ਹੈ। ਮੈਂ ਇਥੇ ਗੈਸ ਦੀ ਸਬਸਿਡੀ ਬਾਰੇ ਗੱਲ ਕਰਨ ਲੱਗਾ ਹਾਂ, ਗੈਸ ਦੀ ਸਬਸਿਡੀ ਬੈਂਕਾਂ ਰਾਹੀਂ ਸਬੰਧਤ ਵਿਅਕਤੀ ਦੇ ਖਾਤੇ ਵਿਚ ਆਉਂਦੀ ਹੈ। ਪਰ ਗ਼ਰੀਬ ਬੰਦਾ ਆਪਣੀ ਸਬਸਿਡੀ ਬਾਰੇ ਬੈਂਕਾਂ ਦੇ ਚੱਕਰ ਕੱਟਦਾ ਹੈ। ਚਾਹੀਦਾ ਇਹ ਹੈ ਕਿ ਇਹ ਸਬਸਿਡੀ ਵਾਲਾ ਸਿਸਟਮ ਬੰਦ ਹੋਵੇ ਤੇ ਸਿਲੰਡਰ ਦੀ ਕੀਮਤ, ਜੋ ਤੈਅ ਕਰਨੀ ਹੈ, ਕਰ ਕੇ ਕੰਮ ਖਤਮ ਕਰਨਾ ਚਾਹੀਦਾ ਹੈ।


-ਹਰਜਿੰਦਰ ਸਿੰਘ ਬਾਜਵਾ
536, ਗਲੀ ਨੰਬਰ-ਬੀ, ਵਿਜੈ ਨਗਰ, ਹੁਸ਼ਿਆਰਪੁਰ।


ਸਮਰ ਕੈਂਪ ਸਰਕਾਰੀ ਸਕੂਲਾਂ ਦੇ
ਪੰਜਾਬ ਦੇ ਸਰਕਾਰੀ ਸਕੂਲ ਸਮਰ ਕੈਂਪ ਐਤਕੀਂ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸੈਕਟਰੀ ਸ੍ਰੀ ਕ੍ਰਿਸ਼ਨ ਕੁਮਾਰ ਦੇ ਨਿਰਦੇਸ਼ਾਂ 'ਤੇ ਸਕੂਲਾਂ ਵਿਚ ਲਗਾਏ ਗਏ ਸਨ, ਜਿਨ੍ਹਾਂ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਦੇ ਡੀ.ਐਮ. ਤੇ ਬੀ.ਐਮ. ਵਲੋਂ ਸਿਰਤੋੜ ਮਿਹਨਤ ਨਾਲ ਸਿਰੇ ਚਾੜ੍ਹਨ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲੀਆਂ। ਸਮਰ ਕੈਂਪ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵਲੋਂ ਪੰਜਾਬ ਦੇ 13000 ਸਰਕਾਰੀ ਪ੍ਰਾਇਮਰੀ ਸਕੂਲਾਂ 'ਚੋਂ 2000 ਸਕੂਲਾਂ ਦੇ ਮਿਹਨਤੀ ਤੇ ਸਿਰੜੀ ਅਧਿਆਪਕਾਂ ਨੂੰ ਸਹੀ ਯੋਜਨਾਬੰਦ ਢੰਗ ਨਾਲ ਅਧਿਆਪਕ ਨੂੰ ਕੰਮ 'ਤੇ ਲਗਾਇਆ ਸੀ। ਕਹਿਣ ਦਾ ਭਾਵ ਕਿ ਸਰਕਾਰ ਗ਼ਰੀਬ ਬੱਚਿਆਂ ਲਈ ਬਹੁਤ ਕੁਝ ਕਰ ਰਹੀ ਹੈ। ਬੱਚਿਆਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਪੰਜਾਬ ਸਰਕਾਰ ਦੇ 'ਪੜ੍ਹੋ ਪੰਜਾਬ ਤੇ ਪੜ੍ਹਾਓ ਪੰਜਾਬ' ਦੇ ਪ੍ਰੋਜੈਕਟ ਦਾ ਪੂਰਾ ਫਾਇਦਾ ਲੈਣਾ ਚਾਹੀਦਾ ਹੈ।


-ਮਾ: ਜਗੀਰ ਸਿੰਘ ਸਠਿਆਲਾ
ਅੰਮ੍ਰਿਤਸਰ।


ਪਾਣੀ ਤੇ ਸੀਵਰੇਜ...

ਨਗਰ ਨਿਗਮ, ਨਗਰ ਕੌਂਸਲਾਂ ਵਲੋਂ ਕਾਫ਼ੀ ਹੱਦ ਤੱਕ ਲੋਕਾਂ ਨੂੰ ਪਾਣੀ ਤੇ ਸੀਵਰੇਜ ਦੇ ਬਿੱਲ ਅਦਾਇਗੀ ਲਈ ਸਮੇਂ ਸਿਰ ਭੇਜੇ ਜਾਂਦੇ ਹਨ ਅਤੇ ਕਾਫੀ ਲੋਕਾਂ ਵਲੋਂ ਸਮੇਂ ਸਿਰ ਅਦਾਇਗੀ ਵੀ ਕਰ ਦਿੱਤੀ ਜਾਂਦੀ ਹੈ। ਪ੍ਰੰਤੂ ਖਾਲੀ ਪਲਾਟਾਂ ਦੇ ਮਾਲਕ ਜਿੰਨਾ ਵਿਚੋਂ ਬਹੁਤੇ ਲੋਕ ਇਨ੍ਹਾਂ ਬਿੱਲਾਂ ਦੀ ਅਦਾਇਗੀ ਨਹੀਂ ਕਰਦੇ ਅਤੇ ਬਕਾਏ ਲੱਖਾਂ ਵਿਚ ਹਨ। ਇਨ੍ਹਾਂ ਬਿੱਲਾਂ ਨੂੰ ਉਗਰਾਉਣ ਦਾ ਨਗਰ ਨਿਗਮਾਂ, ਨਗਰ ਕੌਂਸਲਾਂ ਵਲੋਂ ਕੋਈ ਉਪਰਾਲਾ ਨਹੀਂ ਕੀਤਾ ਜਾਂਦਾ, ਜਿਸ ਕਾਰਨ ਸਰਕਾਰ ਨੂੰ ਲੱਖਾਂ ਦਾ ਚੂਨਾ ਲੱਗ ਰਿਹਾ ਹੈ ਅਤੇ ਇਸ ਸਬੰਧੀ ਮਹਿਕਮੇ ਦੀ ਲਾਪ੍ਰਵਾਹੀ ਵੀ ਸਾਹਮਣੇ ਆਉਂਦੀ ਹੈ। ਨਗਰ ਨਿਗਮਾਂ ਤੇ ਨਗਰ ਕੌਂਸਲਾਂ ਨੂੰ ਚਾਹੀਦਾ ਹੈ ਕਿ ਉਹ ਸਾਰਿਆਂ ਨੂੰ ਹੀ ਸਮੇਂ ਸਿਰ ਬਿੱਲ ਭੇਜਣ ਅਤੇ ਬਿੱਲਾਂ ਦੀ ਵਸੂਲੀ ਕਰਨੀ ਵੀ ਯਕੀਨੀ ਬਣਾਉਣ ਅਤੇ ਜੇਕਰ ਕੋਈ ਨਿਯਤ ਮਿਤੀ 'ਤੇ ਅਦਾਇਗੀ ਨਹੀਂ ਕਰਦਾ ਤਾਂ ਬਿਜਲੀ ਵਿਭਾਗ ਵਾਂਗ ਉਸ ਦਾ ਕੁਨੈਕਸ਼ਨ ਕੱਟਿਆ ਜਾਵੇ। ਸਾਡੇ ਸਾਰਿਆਂ ਦਾ ਵੀ ਫ਼ਰਜ਼ ਬਣਦਾ ਹੈ ਕਿ ਸਮੇਂ ਸਿਰ ਬਿੱਲ ਦਾ ਭੁਗਤਾਨ ਕਰ ਕੇ ਸਰਕਾਰ ਦੀ ਆਮਦਨ ਵਿਚ ਹਿੱਸਾ ਪਾਈਏ ਤਾਂ ਜੋ ਪੰਜਾਬ ਵਿਚ ਚੱਲ ਰਹੇ ਵਿਕਾਸ ਦੇ ਕੰਮ ਨਿਰਵਿਘਨ ਚੱਲ ਸਕਣ।


-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ, ਜਲੰਧਰ।

22-06-2018

 ਸ਼ੁਜਾਤ ਬੁਖ਼ਾਰੀ ਦਾ ਕਤਲ
ਪਿਛਲੇ ਦਿਨੀਂ 'ਰਾਈਜ਼ਿੰਗ ਕਸ਼ਮੀਰ' ਦੇ ਸੰਪਾਦਕ ਸ਼ੁਜਾਤ ਬੁਖ਼ਾਰੀ ਦੀ ਅਣਪਛਾਤੇ ਅੱਤਵਾਦੀਆਂ ਵਲੋਂ ਗੋਲੀਆਂ ਮਾਰ ਕੇ ਕੀਤੀ ਹੱਤਿਆ 'ਤੇ ਮਾਣਯੋਗ ਬਰਜਿੰਦਰ ਸਿੰਘ ਹਮਦਰਦ ਨੇ ਲਿਖਿਆ 'ਸੰਪਾਦਕ ਬੁਖਾਰੀ ਦਾ ਵਿਛੋੜਾ' ਵਾਕਿਆ ਹੀ ਪੱਤਰਕਾਰੀ ਲਈ ਇਕ ਸਦਮੇ ਤੋਂ ਘੱਟ ਨਹੀਂ। ਜਿਸ ਸਦਮੇ ਨੂੰ ਭੁਲਾਇਆ ਨਹੀਂ ਜਾ ਸਕਦਾ। ਇਹ ਇਕ ਸਦੀਵੀ ਵਿਛੋੜਾ ਹੈ। ਉਥੇ ਹੀ ਪੱਤਰਕਾਰ ਭਾਈਚਾਰੇ ਨੇ ਇਸ ਹਮਲੇ ਨੂੰ ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ, ਸੱਚ ਲਿਖਣ ਵਾਲੀਆਂ ਕਲਮਾਂ ਨੂੰ ਤੋੜਨ ਦੀ ਗਹਿਰੀ ਚਾਲ ਦੱਸਿਆ ਹੈ। ਜੇਕਰ ਬੁਖ਼ਾਰੀ ਹੁਰਾਂ ਦੇ ਜੀਵਨ 'ਤੇ ਝਾਤ ਮਾਰੀਏ ਤਾਂ ਸ਼ੁਜਾਤ ਬੁਖ਼ਾਰੀ ਇਕ ਅਮਨ ਪਸੰਦ ਆਪਣੇ ਪ੍ਰਗਟ ਕੀਤੇ ਵਿਚਾਰਾਂ 'ਤੇ ਪੂਰਾ ਪਹਿਰਾ ਦੇਣ ਵਾਲੀ ਸ਼ਖ਼ਸੀਅਤ ਸਨ। ਇਹ ਤਾਂ ਉਨ੍ਹਾਂ ਦੇ ਜਨਾਜ਼ੇ 'ਤੇ ਹੋਏ ਬੇਤਹਾਸ਼ਾ ਲੋਕਾਂ ਦੇ ਇਕੱਠ ਤੋਂ ਵੀ ਪਤਾ ਲਗਦਾ ਹੈ। ਹੁਣ ਵਾਦੀ ਵਿਚ ਅਮਨ ਸ਼ਾਂਤੀ ਲਈ ਯਤਨਸ਼ੀਲ, ਦੋਵਾਂ ਮੁਲਕਾਂ ਵਿਚਕਾਰ ਗੱਲਬਾਤ ਜਾਰੀ ਰੱਖਣ ਦੇ ਸਮਰਥਕ ਸੰਗਠਨਾਂ ਵਿਚ ਵੀ ਸਰਗਰਮੀ ਨਾਲ ਕੰਮ ਕਰਦੇ ਸਨ। ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਇਹੋ ਜਿਹੇ ਵਿਚਾਰਧਾਰਾ ਰੱਖਣ ਵਾਲੇ ਇਨਸਾਨਾਂ ਦੇ ਹਮੇਸ਼ਾ ਉਲਟ ਹੀ ਰਹੀਆਂ ਹਨ। ਹਰ ਪਾਸਿਉਂ ਦੇਸ਼ 'ਚ ਵੰਡ ਪਾਊ ਸੰਗਠਨਾਂ ਦੀ ਨਿੰਦਾ ਹੋ ਰਹੀ ਹੈ। ਸਰਕਾਰਾਂ ਨੂੰ ਹੋਰ ਸਖ਼ਤਾਈ ਵਰਤਣ ਅਤੇ ਚੌਕਸੀ ਵਰਤਣ ਦੀ ਜ਼ਰੂਰਤ ਹੈ ਤਾਂ ਕਿ ਲੋਕਾਂ ਦੀ ਸੁਰੱਖਿਆ ਬਣਾਈ ਯਕੀਨੀ ਜਾ ਸਕੇ।


-ਬਲਤੇਜ ਸੰਧੂ
ਪਿੰਡ ਬੁਰਜ ਲੱਧਾ, ਡਾਕ: ਭਗਤਾ ਭਾਈ ਕਾ,
ਤਹਿ: ਫੂਲ ਜ਼ਿਲ੍ਹਾ ਬਠਿੰਡਾ।


ਠੋਸ ਨੀਤੀ ਦੀ ਲੋੜ
ਬੀਤੇ ਦਿਨ 'ਅਜੀਤ' 'ਚ ਅਵਾਰਾ ਖੂੰਖਾਰ ਕੁੱਤਿਆਂ ਵਲੋਂ ਬਜ਼ੁਰਗ ਦੀ ਨੋਚ-ਨੋਚ ਕੇ ਹੱਤਿਆ ਕਰ ਦੇਣ ਦੀ ਖ਼ਬਰ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਉਂਜ ਤਾਂ ਅਕਸਰ ਲਗਪਗ ਰੋਜ਼ ਹੀ ਅਵਾਰਾ ਕੁੱਤਿਆਂ ਵਲੋਂ ਕੀਤੀਆਂ ਜਾਂਦੀਆਂ ਘਟਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ। ਹਾਲੀਆ ਮਹੱਲਿਆਂ 'ਚ ਹੇੜ੍ਹਾਂ ਦੀਆਂ ਹੇੜ੍ਹਾਂ ਕੁੱਤਿਆਂ ਦੇ ਝੁੰਡ ਵੇਖਦੇ ਹਾਂ, ਉਹ ਬੱਬਰ ਸ਼ੇਰਾਂ ਵਾਂਗ ਪਲੇ ਜਦ ਭੁੱਖੇ ਹੋਣ ਤਾਂ ਕਿਸੇ ਨਾ ਕਿਸੇ ਦਾ ਸ਼ਿਕਾਰ ਕਰਨ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ। ਪਰ ਅਜਿਹਾ ਹੋਰ ਕਿੰਨਾ ਚਿਰ ਹੋਵੇਗਾ। ਬੜੇ ਅਫ਼ਸੋਸ ਨਾਲ ਲਿਖਣਾ ਪੈਂਦਾ ਹੈ ਕਿ ਅਕਸਰ ਲੇਖਕਾਂ ਤੇ ਬੁੱਧੀਜੀਵੀਆਂ ਨੇ ਆਪਣੀਆਂ ਲਿਖਤਾਂ ਰਾਹੀਂ ਅਨੇਕਾਂ ਵਾਰ ਇਹ ਗੰਭੀਰ ਸਮੱਸਿਆ ਸਰਕਾਰ ਅਤੇ ਪ੍ਰਸ਼ਾਸਨਾਂ ਦੇ ਧਿਆਨ 'ਚ ਲਿਆਉਣ ਦੇ ਯਤਨ ਕੀਤੇ ਹਨ, ਪਰ ਕੋਈ ਠੋਸ ਨਤੀਜੇ ਵੇਖਣ ਨੂੰ ਨਹੀਂ ਮਿਲਦੇ। ਮਨੁੱਖ ਨੂੰ ਕੇਵਲ ਮਨੁੱਖ ਤੋਂ ਹੀ ਡਰ ਨਹੀਂ, ਅਵਾਰਾ ਕੁੱਤਿਆਂ ਤੋਂ ਅੱਜ ਜ਼ਿਆਦਾ ਡਰ ਪੈਦਾ ਹੋ ਚੁੱਕਾ ਹੈ। ਸਰਕਾਰਾਂ ਵਲੋਂ ਸੰਜੀਦਾ ਹੋ ਕੇ ਅਵਾਰਾ ਕੁੱਤਿਆਂ ਬਾਰੇ ਕੋਈ ਠੋਸ ਨੀਤੀ ਬਣਾ ਕੇ ਮਨੁੱਖ ਨੂੰ ਬਚਾਇਆ ਜਾਵੇ, ਨਹੀਂ ਤਾਂ ਆਉਣ ਵਾਲੇ ਸਮੇਂ 'ਚ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਵੇਗੀ।


-ਮਾਸਟਰ ਹਰਦੇਵ ਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਸਿੱਖ ਫ਼ਿਲਮ ਸੈਂਸਰ ਬੋਰਡ
ਸਿੱਖ ਧਰਮ, ਸਿੱਖ ਗੁਰੂ ਸਾਹਿਬਾਨ ਅਤੇ ਇਸ ਦੇ ਇਤਿਹਾਸ 'ਤੇ ਬਣਨ ਵਾਲੀਆਂ ਫ਼ਿਲਮਾਂ, ਨਾਟਕ ਆਦਿ ਸਮੇਂ-ਸਮੇਂ 'ਤੇ ਵੱਡੇ ਵਿਵਾਦਾਂ ਵਿਚ ਰਹੇ ਹਨ। ਸੋ ਇਸੇ ਮਸਲੇ ਨੂੰ ਧਿਆਨ ਵਿਚ ਰੱਖਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਲੋਂ ਵਿਦਵਾਨ ਸਿੱਖਾਂ ਦੀ ਇੱਕੀ ਮੈਂਬਰੀ ਕਮੇਟੀ ਦਾ ਗਠਨ ਕਰਕੇ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ। ਅਜਿਹਾ ਸਿੱਖ ਫ਼ਿਲਮ ਸੈਂਸਰ ਬੋਰਡ ਦਾ ਬਹੁਤ ਸਮਾਂ ਪਹਿਲਾਂ ਗਠਨ ਕਰ ਦੇਣਾ ਚਾਹੀਦਾ ਸੀ। ਕਿਉਂਕਿ ਸਿੱਖ ਵਿਰੋਧੀ ਤਾਕਤਾਂ ਦੇ ਹੌਸਲੇ ਏਨੇ ਵਧ ਗਏ ਹਨ ਕਿ ਉਹ ਧਰਮ ਅਤੇ ਇਸ ਦੇ ਗੌਰਵਮਈ ਇਤਿਹਾਸ ਉੱਤੇ ਸੱਟ ਮਾਰਨ ਲਈ ਹਮੇਸ਼ਾ ਮੌਕੇ ਭਾਲਦੇ ਰਹਿੰਦੇ ਹਨ। ਇਸ ਲਈ ਇਸ ਇੱਕੀ ਮੈਂਬਰੀ ਕਮੇਟੀ (ਸਿੱਖ ਫ਼ਿਲਮ ਸੈਂਸਰ ਬੋਰਡ) ਨੂੰ ਰਾਜਸੀ ਅਤੇ ਆਰਥਿਕ ਹਿਤਾਂ ਨੂੰ ਪਾਸੇ ਰੱਖ ਕੇ ਸਿੱਖ ਸੋਚ 'ਤੇ ਪਹਿਰਾ ਦਿੰਦਿਆਂ ਹਰ ਕੁਰਬਾਨੀ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।


-ਮਾਸਟਰ ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ (ਤਰਨ ਤਾਰਨ ਸਾਹਿਬ)।


ਪੱਥਰਬਾਜ਼ਾਂ 'ਤੇ ਲਗਾਮ ਜ਼ਰੂਰੀ
ਕਸ਼ਮੀਰ 'ਚ ਵਧਦੀਆਂ ਅੱਤਵਾਦੀ ਘਟਨਾਵਾਂ ਦੇ ਚਲਦਿਆਂ 28 ਜੂਨ ਤੋਂ ਸ਼ੁਰੂ ਹੋ ਰਹੀ ਬਾਬਾ ਅਮਰਨਾਥ ਯਾਤਰਾ ਨੂੰ ਦੇਖਦੇ ਹੋਏ ਸ਼ਰਧਾਲੂਆਂ ਦੀ ਸੁਰੱਖਿਆ ਲਈ ਵਾਧੂ ਸੁਰੱਖਿਆ ਜਵਾਨਾਂ ਦੀ ਤਾਇਨਾਤੀ ਦਾ ਫ਼ੈਸਲਾ ਸਹੀ ਹੈ। ਇਸ ਨਾਲ ਆਉਣ ਵਾਲੇ ਸ਼ਰਧਾਲੂਆਂ ਦਾ ਵਿਸ਼ਵਾਸ ਬਹਾਲ ਹੋਵੇਗਾ ਅਤੇ ਉਹ ਬਿਨਾਂ ਕਿਸੇ ਖੌਫ਼ ਦੇ ਦਰਸ਼ਨ ਕਰ ਸਕਣਗੇ। ਅਮਰਨਾਥ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਹਰ ਸਾਲ ਵਾਦੀ 'ਚ ਮਾਹੌਲ ਨੂੰ ਜਾਣਬੁੱਝ ਕੇ ਖ਼ਰਾਬ ਕੀਤਾ ਜਾਂਦਾ ਹੈ ਤਾਂ ਕਿ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ 'ਚੋਂ ਇਥੇ ਆਉਣ ਵਾਲੇ ਸ਼ਰਧਾਲੂ ਸੁਰੱਖਿਆ ਕਾਰਨਾਂ ਕਰਕੇ ਇੱਥੇ ਨਾ ਪਹੁੰਚ ਸਕਣ। ਕਸ਼ਮੀਰ 'ਚ ਅੱਤਵਾਦੀ ਘਟਨਾਵਾਂ ਨਾਲ ਨਜਿੱਠਣ ਲਈ ਸੁਰੱਖਿਆ ਦਸਤੇ ਬੇਸ਼ੱਕ ਪੂਰੀ ਚੌਕਸੀ ਵਰਤਦੇ ਹਨ, ਪਰ ਕਈ ਵਾਰ ਯਾਤਰੀ ਵੀ ਬਿਨਾਂ ਸੁਰੱਖਿਆ ਕਾਫਿਲੇ ਦੇ ਆਪਣੇ ਸਾਧਨਾਂ ਰਾਹੀਂ ਅੱਗੇ ਨਿਕਲ ਜਾਂਦੇ ਹਨ, ਜੋ ਕਈ ਵਾਰ ਅਜਿਹਾ ਕਦਮ ਉਨ੍ਹਾਂ ਲਈ ਘਾਤਕ ਸਿੱਧ ਹੋ ਜਾਂਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਜਦੋਂ ਵੀ ਅੱਤਵਾਦ ਨਾਲ ਜੂਝ ਰਹੇ ਸੁਰੱਖਿਆ ਬਲ ਅੱਤਵਾਦ ਵਿਰੋਧੀ ਮੁਹਿੰਮ ਚਲਾਉਂਦੇ ਹਨ ਤਾਂ ਪੱਥਰਬਾਜ਼ ਪੱਥਰ ਮਾਰ ਕੇ ਉਨ੍ਹਾਂ ਨੂੰ ਇਕ ਤਰ੍ਹਾਂ ਨਾਲ ਕਵਚ ਦੇ ਕੇ ਬਚਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਸੁਰੱਖਿਆ ਬਲਾਂ 'ਤੇ ਵੀ ਪੱਥਰਬਾਜ਼ੀ ਕਰਦੇ ਹਨ। ਜਿਸ ਨਾਲ ਸੁਰੱਖਿਆ ਬਲਾਂ ਨੂੰ ਅੱਤਵਾਦੀਆਂ ਦੇ ਨਾਲ-ਨਾਲ ਇਲਾਕੇ 'ਚ ਕਾਨੂੂੰਨ ਵਿਵਸਥਾ ਬਰਕਰਾਰ ਰੱਖਣ ਲਈ ਅਜਿਹੇ ਅਨਸਰਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਹ ਪੱਥਰਬਾਜ਼ ਸ਼ਰਧਾਲੂਆਂ ਦੀਆਂ ਗੱਡੀਆਂ 'ਤੇ ਪੱਥਰ ਸੁੱਟਣ ਤੋਂ ਵੀ ਬਾਜ਼ ਨਹੀਂ ਆਉਂਦੇੇ। ਸਰਕਾਰ ਨੂੰ ਚਾਹੀਦਾ ਹੈ ਕਿ ਅੱਤਵਾਦ ਨਾਲ ਨਜਿੱਠਣ ਲਈ ਕੋਈ ਠੋਸ ਰਣਨੀਤੀ ਅਪਣਾਏ। ਇਸ ਲਈ ਉਨ੍ਹਾਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕਰਨਾ ਹੋਵੇਗਾ।


-ਹਰਪ੍ਰੀਤ ਸਿੰਘ ਬਰਾੜ
ਸਾਬਕਾ ਡੀ ਓ , 174 ਮਿਲਟਰੀ ਹਸਪਤਾਲ, ਬਠਿੰਡਾ।


ਸਿੱਖਿਆ ਜਗਤ
ਸਿੱਖਿਆ ਮਨੁੱਖੀ ਜੀਵਨ ਦਾ ਮਹੱਤਵਪੂਰਨ ਅਤੇ ਅਨਿੱਖੜਵਾਂ ਅੰਗ ਹੈ। ਸਿੱਖਿਆ ਇਕ ਨਿਰੰਤਰ ਚੱਲਣ ਵਾਲੀ ਕਿਰਿਆ ਹੈ। ਸਿੱਖਿਆ ਦਾ ਖੇਤਰ ਵਿਸ਼ਾਲ ਹੈ। ਸਿੱਖਿਆ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਵਲੋਂ ਪ੍ਰਾਪਤ ਕੀਤੀਆਂ ਡਿਗਰੀਆਂ ਤੱਕ ਹੀ ਸੀਮਤ ਨਹੀਂ ਹੈ। ਸਿੱਖਿਆ ਦਾ ਖੇਤਰ ਰੁਜ਼ਗਾਰ ਪ੍ਰਾਪਤ ਕਰਨ ਲਈ ਕੀਤੇ ਜਾਂਦੇ ਪ੍ਰੋਫੈਸ਼ਨਲ ਕੋਰਸਾਂ, ਹੱਥੀਂ ਸਿੱਖੇ ਜਾਂਦੇ ਕੰਮਾਂਕਾਰਾਂ ਜਿਵੇਂ ਕਿ ਸਾਈਕਲ, ਸਕੂਟਰਾਂ ਤੇ ਹੋਰ ਕਈ ਪ੍ਰਕਾਰ ਦੀਆਂ ਗੱਡੀਆਂ ਦੀ ਮੁਰੰਮਤ ਦਾ ਕੰਮ, ਲੱਕੜੀ, ਲੋਹੇ ਦੇ ਕੰਮ, ਦੁਕਾਨਦਾਰੀ, ਖੇਤੀਬਾੜੀ, ਸਿਲਾਈ ਤੇ ਹੋਰ ਅਨੇਕਾਂ ਅਣਗਿਣਤ ਕੰਮਾਂ ਤੱਕ ਵੀ ਸੀਮਤ ਨਹੀਂ ਹੈ। ਸਿੱਖਿਆ ਦਾ ਖੇਤਰ ਇਸ ਤੋਂ ਵੀ ਵਿਸ਼ਾਲ ਹੈ। ਮਨੋਵਿਗਿਆਨ ਅਨੁਸਾਰ ਜੋ ਵੀ ਅਸੀਂ ਰੋਜ਼ਾਨਾ ਸੋਚਦੇ, ਵਿਚਾਰਦੇ, ਕਲਪਨਾ ਕਰਦੇ ਹਾਂ, ਉਹ ਸਭ ਸਿੱਖਿਆ ਦੇ ਖੇਤਰ ਵਿਚ ਆਉਂਦਾ ਹੈ ਤੇ ਸਾਡਾ ਤਜਰਬਾ ਬਣ ਜਾਂਦਾ ਹੈ ਅਤੇ ਇਸ ਪ੍ਰਕਾਰ ਅਸੀਂ ਰੋਜ਼ ਕੁਝ ਨਾ ਕੁਝ ਸਿੱਖਦੇ ਹਾਂ। ਅਸੀਂ ਪੱਛਮੀ ਦੇਸ਼ਾਂ ਵੱਲ ਭੱਜਦੇ ਹਾਂ, ਕੀ ਕਦੇ ਇਹ ਵਿਚਾਰ ਕੀਤਾ ਹੈ ਕਿ ਪੱਛਮੀ ਦੇਸ਼ਾਂ ਵਿਚ ਵਿਦਿਅਕ ਢਾਂਚੇ ਦਾ ਆਧਾਰ ਕੀ ਹੈ? ਵਿਕਸਿਤ ਦੇਸ਼ਾਂ ਵਿਚ ਬੱਚਿਆਂ ਦੇ ਛੁਪੇ ਹੋਏ ਅਣਗਿਣਤ ਗੁਣਾਂ ਦੀ ਜਾਂਚ ਕਰਕੇ ਸਿੱਖਿਆ ਦੇ ਵਿਸ਼ਾਲ ਖੇਤਰ ਵਿਚ ਉਨ੍ਹਾਂ ਨੂੰ ਸੇਧ ਦਿੱਤੀ ਜਾਂਦੀ ਹੈ।


-ਬਿਹਾਲਾ ਸਿੰਘ, ਹੁਸ਼ਿਆਰਪੁਰ।

21-06-2018

 ਨਾ ਤੋੜੋ ਬਜ਼ੁਰਗਾਂ ਦਾ ਦਿਲ
ਹਰ ਇਕ ਇਨਸਾਨ ਨੇ ਇਕ ਨਾ ਇਕ ਦਿਨ ਬੁੱਢਾ ਹੋਣਾ ਹੈ। ਇਹ ਕੁਦਰਤ ਦਾ ਨਿਯਮ ਹੈ। ਬਚਪਨ, ਜਵਾਨੀ ਤੇ ਬੁਢਾਪਾ ਜ਼ਿੰਦਗੀ ਦੇ ਤਿੰਨ ਰੰਗ ਹਨ। ਜਵਾਨੀ ਅਤੇ ਬੁਢਾਪੇ ਦਰਮਿਆਨ ਗੁਜ਼ਰਿਆ ਸਮਾਂ ਬੜਾ ਜੋਸ਼ੀਲਾ ਅਤੇ ਔਕੜਾਂ ਤੇ ਦੁਸ਼ਵਾਰੀਆਂ ਨਾਲ ਭਰਿਆ ਹੁੰਦਾ ਹੈ। ਅੱਜ ਦੇ ਤੇਜ਼ ਤਰਾਰ ਜ਼ਮਾਨੇ ਵਿਚ ਬਜ਼ੁਰਗਾਂ ਨਾਲ ਦੁਰਵਿਹਾਰ ਹੁੰਦਾ ਆਮ ਵੇਖਿਆ ਜਾਂਦਾ ਹੈ। ਜਦ ਪਰਿਵਾਰ ਦੇ ਕਿਸੇ ਜੀਅ ਵਲੋਂ ਕੀਤਾ ਗ਼ਲਤ ਕੰਮ ਬਜ਼ੁਰਗ ਵੇਖਦਾ ਹੈ ਤਾਂ ਆਪਣੀ ਜ਼ਬਾਨ ਖੋਲ੍ਹਣ ਲਈ ਮਜਬੂਰ ਹੋ ਕੇ ਟੋਕ-ਟੁਕਾਈ ਕਰਦਾ ਹੈ ਤਾਂ ਉਹ ਜੀਅ ਬਜ਼ੁਰਗ ਦਾ ਕਹਿਣਾ ਮੰਨਣ ਦੀ ਥਾਂ ਕੁਰੱਖਤ ਆਵਾਜ਼ ਵਿਚ ਕਹਿੰਦਾ ਹੈ ਤਾਂ ਬਜ਼ੁਰਗ ਦੇ ਨਾਜ਼ੁਕ ਦਿਲ 'ਤੇ ਸੱਟ ਵੱਜਦੀ ਹੈ। ਸਾਨੂੰ ਬਜ਼ੁਰਗਾਂ ਦਾ ਸਾਥ ਬਹੁਤਾ ਚਿਰ ਮਿਲਣ ਵਾਲਾ ਨਹੀਂ ਹੁੰਦਾ। ਪਤਾ ਨਹੀਂ ਉਨ੍ਹਾਂ ਨੇ ਕਦੋਂ ਰੁਖ਼ਸਤ ਹੋ ਜਾਣਾ ਹੈ। ਆਮ ਵੇਖਿਆ ਗਿਆ ਹੈ ਜਿਨ੍ਹਾਂ ਲੋਕਾਂ ਨੇ ਆਪਣੇ ਬਜ਼ੁਰਗਾਂ ਦੀ ਮਰਦੇ ਦਮ ਤੱਕ ਸੇਵਾ ਕੀਤੀ, ਉਨ੍ਹਾਂ ਦੀ ਹਰ ਰਾਇ, ਕਹਿਣ ਤੇ ਸੁਝਾਅ ਲੋਕਾਂ ਮੰਨੇ, ਉਹ ਪਰਿਵਾਰ ਤਰੱਕੀ ਦੀਆਂ ਬੁਲੰਦੀਆਂ ਛੂਹ ਗਏ।


-ਸਰਵਨ ਸਿੰਘ ਪਤੰਗ।


ਕੁਦਰਤ ਨਾਲ ਖਿਲਵਾੜ
5 ਜੂਨ ਨੂੰ ਹਰ ਸਾਲ ਵਾਤਾਵਰਨ ਦਿਵਸ ਵਜੋਂ ਮਨਾਉਂਦੇ ਹਾਂ। ਲੋੜ ਕਿਉਂ ਪਈ? ਧਰਤੀ 'ਤੇ ਵਸਣ ਵਾਲੇ ਅਰਬਾਂ-ਖਰਬਾਂ ਜੀਵਾਂ ਨੂੰ ਕੁਦਰਤ ਮੁਫ਼ਤ ਵਿਚ ਹਵਾ, ਪਾਣੀ ਤੇ ਹੋਰ ਖਾਧ ਪਦਾਰਥ ਬਖਸ਼ਦੀ ਹੈ। ਆਦਮੀ ਨੇ ਆਪਣੀਆਂ ਲੋੜਾਂ ਅਨੁਸਾਰ ਪਸ਼ੂਆਂ, ਪੰਛੀਆਂ ਤੇ ਖਾਧ ਪਦਾਰਥਾਂ ਨੂੰ ਆਪਣੇ ਵਸ ਵਿਚ ਕਰ ਲਿਆ। ਕੁਦਰਤ ਜੇ ਸਾਨੂੰ ਕੁਝ ਦਿੰਦੀ ਹੈ ਤਾਂ ਉਸ ਦੇ ਇਵਜ਼ ਵਿਚ ਸਾਥੋਂ ਮੰਗਦੀ ਵੀ ਹੈ। ਅਸੀਂ ਲੈਣਾ ਤਾਂ ਸਿੱਖ ਲਿਆ, ਦੇਣਾ ਨਹੀਂ। ਮਨੁੱਖ ਅੱਜ ਜੀਵਨ ਦੀਆਂ ਮੁਢਲੀਆਂ ਲੋੜਾਂ ਹਵਾ, ਪਾਣੀ ਤੇ ਮਿੱਟੀ ਨੂੰ ਪੂਰੀ ਤਰ੍ਹਾਂ ਦੂਸ਼ਿਤ ਕਰ ਚੁੱਕਾ ਹੈ। ਧੂੰਆਂ, ਮਿੱਟੀ, ਫੈਕਟਰੀਆਂ ਦਾ ਰਸਾਇਣਾਂ ਵਾਲਾ ਪਾਣੀ, ਜ਼ਹਿਰੀਆਂ ਗੈਸਾਂ ਨੇ ਪਾਣੀ, ਹਵਾ ਤੇ ਮਿੱਟੀ ਦੀ ਪੂਰੀ ਤਰ੍ਹਾਂ ਪ੍ਰਦੂਸ਼ਿਤ ਕਰ ਦਿੱਤਾ ਹੈ। ਜੋ ਵਸਤਾਂ ਕੁਦਰਤ ਸਾਨੂੰ ਮੁਫ਼ਤ ਵਿਚ ਦਿੰਦੀ ਸੀ, ਉਹ ਮਨੁੱਖ ਨੇ ਆਪਣੇ ਹੱਥੀਂ ਖਰਾਬ ਕਰ ਲਈਆਂ ਹਨ। ਅੱਜ ਰੁੱਖ ਲਾਉਣ ਦੀ ਲੋੜ ਹੈ, ਵੱਢਣ ਦੀ ਨਹੀਂ। ਵਾਤਾਵਰਨ ਨੂੰ ਬਚਾਉਣ ਦੀ ਸਖ਼ਤ ਲੋੜ ਹੈ। ਸਰਕਾਰਾਂ ਨੂੰ ਵੀ ਜਾਗਣਾ ਚਾਹੀਦਾ ਹੈ। ਕੱਲ੍ਹ ਨੂੰ ਦੇਰ ਹੋ ਜਾਵੇਗੀ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਛੱਪੜਾਂ ਦੀ ਤਰਸਯੋਗ ਹਾਲਤ
ਅੱਜ ਪੰਜਾਬ ਦੇ ਬਹੁਤੇ ਪਿੰਡਾਂ ਵਿਚਲੇ ਛੱਪੜਾਂ ਦੀ ਹਾਲਤ ਸਫ਼ਾਈ ਪੱਖੋਂ ਬੇਹੱਦ ਤਰਸਯੋਗ ਬਣੀ ਹੋਈ ਹੈ। ਇਕ ਸਮਾਂ ਸੀ ਜਦੋਂ ਛੱਪੜਾਂ ਨੂੰ ਪਿੰਡਾਂ ਦਾ ਸ਼ਿੰਗਾਰ ਮੰਨਿਆ ਜਾਂਦਾ ਸੀ। ਪਰ ਅੱਜ ਇਹੀ ਛੱਪੜ ਪਿੰਡਾਂ ਲਈ ਵੱਡੀ ਮੁਸੀਬਤ ਬਣੇ ਨਜ਼ਰ ਆਉਂਦੇ ਹਨ। ਤਰਾਸਦੀ ਇਹ ਹੈ ਕਿ ਇਕ ਤਾਂ ਬਹੁਤੇ ਛੱਪੜਾਂ ਦਾ ਵਿਸ਼ਾਲ ਘੇਰਾ ਨਾਜਾਇਜ਼ ਕਬਜ਼ਿਆਂ ਕਾਰਨ ਬਹੁਤ ਛੋਟਾ ਹੋ ਕੇ ਰਹਿ ਗਿਆ ਹੈ ਤੇ ਦੂਸਰਾ ਕੂੜਾ-ਕਰਕਟ ਸੁੱਟਣ ਲਈ ਕੋਈ ਵੱਖਰੀ ਜਗ੍ਹਾ ਨਾ ਹੋਣ ਕਰਕੇ ਵਿਚ ਹੀ ਸੁੱਟਣਾ ਬਹੁਤੇ ਪਿੰਡਾਂ ਦੇ ਲੋਕਾਂ ਦੀ ਮਜਬੂਰੀ ਬਣ ਗਿਆ ਹੈ। ਬਹੁਤੇ ਪਿੰਡਾਂ ਦੇ ਛੱਪੜਾਂ ਦੀ ਗੰਦਗੀ ਤੋਂ ਪ੍ਰਭਾਵਿਤ ਲੋਕ ਕਈ ਮੌਕੇ ਦੇ ਨੇਤਾਵਾਂ ਦੇ ਧਿਆਨ 'ਚ ਲਿਆ ਚੁੱਕੇ ਹਨ। ਮੀਂਹ ਦੇ ਦਿਨਾਂ 'ਚ ਇਨ੍ਹਾਂ ਛੱਪੜਾਂ ਦੇ ਨੇੜੇ ਦੀ ਰਿਹਾਇਸ਼ ਵਾਲੇ ਲੋਕਾਂ ਦੀ ਹਾਲਤ ਬੇਹੱਦ ਚਿੰਤਾਜਨਕ ਬਣੀ ਹੁੰਦੀ ਹੈ। ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਹਾਂ ਕਿ ਉਹ ਇਸ ਸਮੱਸਿਆ ਨੂੰ ਪੂਰੀ ਗੰਭੀਰਤਾ ਨਾਲ ਲਵੇ ਤਾਂ ਕਿ ਪ੍ਰਭਾਵਿਤ ਲੋਕਾਂ ਨੂੰ ਉਪਰੋਕਤ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਭੜਕੀਲੇ ਗੀਤ
ਸੰਗੀਤ ਰੂਹ ਦੀ ਖੁਰਾਕ ਹੈ। ਸ਼ੁਰੂ ਤੋਂ ਹੀ ਮਨੁੱਖ ਦਾ ਗੀਤ-ਸੰਗੀਤ ਨਾਲ ਗੂੜ੍ਹਾ ਰਿਸ਼ਤਾ ਰਿਹਾ ਹੈ। ਅੱਜ ਥੋੜ੍ਹੇ-ਬਹੁਤੇ ਕਲਾਕਾਰਾਂ ਨੂੰ ਛੱਡ ਕੇ ਜ਼ਿਆਦਾਤਰ ਗਾਇਕਾਂ ਵਲੋਂ ਬੇਹੱਦ ਘਟੀਆ ਪੱਧਰ ਦੀ ਸ਼ਬਦਾਵਲੀ ਵਾਲੇ ਅਤੇ ਭੜਕੀਲੇ ਗੀਤ ਗਾਏ ਜਾ ਰਹੇ ਹਨ।
ਅਜੋਕੇ ਕਲਾਕਾਰਾਂ ਵਲੋਂ ਜਿਥੇ ਆਪਣੇ ਗੀਤਾਂ ਵਿਚ ਆਸ਼ਕੀ, ਗੱਡੀਆਂ, ਹਥਿਆਰਾਂ, ਨਸ਼ਿਆਂ ਅਤੇ ਫੈਸ਼ਨਪ੍ਰਸਤੀ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ, ਉਥੇ ਇਨ੍ਹਾਂ ਗੀਤਾਂ ਦੀਆਂ ਘਟੀਆ ਦਰਜੇ ਦੀਆਂ ਵੀਡੀਓ ਬਣਾ ਕੇ ਨੌਜਵਾਨਾਂ ਦੇ ਮਨਾਂ ਵਿਚ ਗ਼ਲਤ ਧਾਰਨਾਵਾਂ ਪੈਦਾ ਕੀਤੀਆਂ ਜਾ ਰਹੀਆਂ ਹਨ। ਸੋ, ਅੱਜ ਲੋੜ ਹੈ ਜਿਥੇ ਅਸੀਂ ਸਭ ਮਿਲ ਕੇ ਅਜਿਹੇ ਘਟੀਆ ਗਾਉਣ ਵਾਲੇ ਕਲਾਕਾਰਾਂ ਦਾ ਵੱਧ ਤੋਂ ਵੱਧ ਵਿਰੋਧ ਕਰੀਏ, ਉਥੇ ਸਰਕਾਰ ਨੂੰ ਵੀ ਅਜਿਹੇ ਘਟੀਆ ਗੀਤ ਸਮਾਜ ਵਿਚ ਆਉਣ ਤੋਂ ਰੋਕਣ ਲਈ ਸੈਂਸਰ ਬੋਰਡ ਦੀ ਸਥਾਪਨਾ ਕਰਨੀ ਚਾਹੀਦੀ ਹੈ ਤਾਂ ਜੋ ਆਏ ਦਿਨ ਭੜਕੀਲੇ ਗੀਤ ਸੁਣ ਕੇ ਕੁਰਾਹੇ ਪੈਂਦੀ ਜਾ ਰਹੀ ਅਜੋਕੀ ਨੌਜਵਾਨ ਪੀੜ੍ਹੀ ਨੂੰ ਸਮਾਂ ਰਹਿੰਦਿਆਂ ਬਚਾਇਆ ਜਾ ਸਕੇ।


-ਰਾਜਾ ਗਿੱਲ (ਚੜਿੱਕ)।


ਕਿਸਾਨ ਅੰਦੋਲਨ
ਕਿਸਾਨਾਂ ਵਲੋਂ ਆਪਣੀਆਂ ਮੰਗਾਂ ਲਈ ਤੇ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਲਈ ਮੁਲਕ ਪੱਧਰੀ ਅੰਦੋਲਨ ਕੀਤਾ ਗਿਆ। ਕਿਸਾਨ ਜੋ ਦੇਸ਼ ਦੀ ਆਰਥਿਕਤਾ ਦਾ ਧੁਰਾ ਹੈ, ਉਹ ਕਾਫੀ ਸਮੇਂ ਤੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਸੰਘਰਸ਼ ਕਰ ਰਹੇ ਹਨ। 30 ਦਸੰਬਰ, 2016 ਦੀ ਰਿਪੋਰਟ ਮੁਾਤਬਿਕ 2015 'ਚ 12602 ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਖ਼ੁਦਕੁਸ਼ੀਆਂ ਕੀਤੀਆਂ, ਸਾਲ 2014 'ਚ ਖ਼ੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀ ਗਿਣਤੀ 5650 ਅਤੇ ਖੇਤ ਮਜ਼ਦੂਰਾਂ ਦੀ ਗਿਣਤੀ 6710 ਸੀ। ਇਸ ਵਿਚ ਹੈਰਾਨ ਕਰਨ ਵਾਲਾ ਤੱਥ ਇਹ ਸੀ ਕਿ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਖ਼ੁਦਕੁਸ਼ੀ ਦਾ ਕਾਰਨ ਕਰਜ਼ਾ, ਕੰਗਾਲੀ ਤੇ ਖੇਤੀ ਨਾਲ ਜੁੜੀਆਂ ਦਿੱਕਤਾਂ ਹੀ ਸਨ। ਬੇਸ਼ੱਕ ਕੁਝ ਲੋਕਾਂ ਨੂੰ ਅੰਦੋਲਨ ਦਾ ਢੰਗ ਗ਼ਲਤ ਲੱਗ ਰਿਹਾ ਹੈ ਪਰ ਕਿਸਾਨਾਂ ਨੂੰ ਸਰਕਾਰਾਂ ਨੂੰ ਜਗਾਉਣ ਲਈ ਇਸ ਤਰ੍ਹਾਂ ਦੇ ਤਰੀਕੇ ਵਰਤਣੇ ਪੈ ਰਹੇ ਹਨ। ਚੋਣਾਂ ਦੌਰਾਨ ਕਿਸਾਨਾਂ ਨਾਲ ਹਮੇਸ਼ਾ ਇਹ ਵਾਅਦਾ ਵੀ ਕੀਤਾ ਜਾਂਦਾ ਰਿਹਾ ਹੈ ਕਿ ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਜਾਵੇਗੀ ਪਰ ਵੋਟਾਂ ਲੈਣ ਤੋਂ ਬਾਅਦ ਸਰਕਾਰਾਂ ਮੁਨਕਰ ਹੋ ਜਾਂਦੀਆਂ ਹਨ। ਅੰਕੜਿਆਂ ਮੁਤਾਬਿਕ ਕਿਸਾਨਾਂ ਦੀ 2022 ਤੱਕ ਆਮਦਨ ਦੁੱਗਣੀ ਕਰਨ ਲਈ ਵਿਕਾਸ ਦਰ 22 ਫ਼ੀਸਦੀ ਚਾਹੀਦੀ ਸੀ ਪਰ ਮੌਜੂਦਾ ਸਮੇਂ ਦੌਰਾਨ ਇਹ ਦਰ ਕੇਵਲ 1.77 ਹੈ। ਇਸ ਲਈ ਜੇਕਰ ਕਿਸਾਨ ਤੇ ਕਿਸਾਨੀ ਬਚਾਉਣੀ ਹੈ ਤਾਂ ਇਸ ਲਈ ਸਾਰਥਕ ਕਦਮ ਚੁੱਕਣ ਦੀ ਲੋੜ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਸੰਘਰਸ਼ ਕਰ ਰਹੇ ਆਗੂਆਂ ਨਾਲ ਗੱਲਬਾਤ ਕੀਤੀ ਜਾਵੇ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਸ਼ਾਂਤੀਪੂਰਨ ਢੰਗ ਨਾਲ ਆਪਣਾ ਸੰਘਰਸ਼ ਕਰਨ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।

20-06-2018

 ਕਦੋਂ ਰੁਕਣਗੇ ਅੱਤਿਆਚਾਰ

ਬੀਤੇ ਦਿਨ ਲੋਕ ਮੰਚ ਸਫ਼ੇ 'ਤੇ ਡਾ: ਰਵਨੀਤ ਕੌਰ ਦਾ ਲੇਖ 'ਕਦੋਂ ਰੁਕਣਗੇ ਧੀਆਂ 'ਤੇ ਅੱਤਿਆਚਾਰ' ਪੜ੍ਹਿਆ, ਜਿਸ ਵਿਚ ਉਨ੍ਹਾਂ ਲਿਖਿਆ ਕਿ ਅੱਜ ਦੇ ਦੌਰ 'ਚ ਧੀਆਂ ਬਹੁਤ ਭਿਆਨਕ ਮੁਸੀਬਤਾਂ ਨਾਲ ਜੂਝ ਰਹੀਆਂ ਹਨ। ਘਰੇਲੂ ਝਗੜੇ, ਦਾਜ ਦੀ ਬਲੀ, ਜਬਰ ਜਨਾਹ ਆਦਿ ਸਮੱਸਿਆਵਾਂ ਨਾਲ ਲੜ ਰਹੀਆਂ ਹਨ। ਧੀਆਂ ਜਾਂ ਬੱਚੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੇਵਲ ਸਰਕਾਰ ਜਾਂ ਕਾਨੂੰਨ ਦੀ ਹੀ ਨਹੀਂ ਬਣਦੀ, ਸਗੋਂ ਜ਼ਿੰਮੇਵਾਰੀ ਆਪਣੇ ਘਰ ਤੋਂ ਸ਼ੁਰੂ ਹੁੰਦੀ ਹੈ। ਧੀਆਂ-ਪੁੱਤਰਾਂ ਨੂੰ ਚੰਗੇ ਸੰਸਕਾਰ ਦੇਣਾ ਮਾਂ-ਬਾਪ ਦੀ ਜ਼ਿਆਦਾ ਜ਼ਿੰਮੇਵਾਰੀ ਬਣਦੀ ਹੈ। ਧੀਆਂ ਵੀ ਆਪਣੀ ਸੁਰੱਖਿਆ ਲਈ ਆਪ ਤਿਆਰ ਹੋਣ। ਸਕੂਲਾਂ ਅੰਦਰ ਮਾਰਸ਼ਲ ਆਰਟ ਕਰਾਟੇ, ਗਤਕਾ, ਕੁਸ਼ਤੀਆਂ ਆਦਿ ਖੇਡਾਂ 'ਚ ਭਾਗ ਲੈ ਕੇ ਸ਼ਕਤੀਵਾਨ ਹੋਣ। ਬੁਰੀ ਨਜ਼ਰ ਵਾਲਿਆਂ ਨਾਲ ਡੱਟ ਕੇ ਮੁਕਾਬਲਾ ਕਰਨ ਦੇ ਸਮਰੱਥ ਹੋਣ। ਜਬਰ-ਜ਼ੁਲਮ ਦਾ ਸਾਹਮਣਾ ਕਰਨ ਦੇ ਅਨੁਕੂਲ ਹੋਣ। ਧੀਆਂ ਨਾਲ ਹੀ ਸਮਾਜ ਬਣਦਾ ਹੈ, ਇਕੱਲੇ ਪੁੱਤਰਾਂ ਨਾਲ ਸਮਾਜ ਨਹੀਂ ਬਣਦਾ। ਬਿਨਾਂ ਸ਼ੱਕ ਸਮਾਜ 'ਚ ਵਿੱਦਿਆ ਦਾ ਪਾਸਾਰ ਹੋ ਚੁੱਕਾ ਹੈ ਪਰ ਅੱਜ ਵੀ ਔਰਤਾਂ, ਭਾਵ ਬੱਚੀਆਂ ਤੇ ਧੀਆਂ 'ਤੇ ਅੱਤਿਆਚਾਰ 14ਵੀਂ-15ਵੀਂ ਸਦੀ ਵਾਂਗ ਹੀ ਹੋ ਰਹੇ ਹਨ। ਇਹ ਕੌੜਾ ਸੱਚ ਹੈ ਭਾਵੇਂ ਨਾ ਸਵੀਕਾਰ ਕਰੀਏ।

-ਮਾਸਟਰ ਦੇਵ ਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

ਪਾਣੀ ਦੀ ਬੱਚਤ

ਧਰਤੀ ਉੱਪਰ ਮਨੁੱਖੀ ਜੀਵਨ ਦੀ ਹੋਂਦ ਕਾਇਮ ਰਹਿਣ ਲਈ ਪਾਣੀ, ਹਵਾ ਤੇ ਧਰਤੀ ਦੀ ਸਥਿਰਤਾ ਜ਼ਰੂਰੀ ਹੈ। ਧਰਤੀ ਦੇ 70 ਫ਼ੀਸਦੀ ਹਿੱਸੇ ਉੱਪਰ ਪਾਣੀ ਦੀ ਮੌਜੂਦਗੀ ਦੇ ਬਾਵਜੂਦ ਮਨੁੱਖ ਲਈ ਪੀਣ ਲਈ ਸ਼ੁੱਧ ਪਾਣੀ ਅਤੇ ਖੇਤੀਬਾੜੀ ਲਈ ਲੋੜੀਂਦੇ ਪਾਣੀ ਦੀ ਘਾਟ ਇਕ ਗੰਭੀਰ ਸਮੱਸਿਆ ਦਾ ਵਿਸ਼ਾ ਹੈ। ਮਾਹਿਰਾਂ ਵਲੋਂ ਲੋਕਾਂ ਨੂੰ ਘੱਟ ਤੋਂ ਘੱਟ ਪਾਣੀ ਵਰਤ ਕੇ ਪਾਣੀ ਦੀ ਬੱਚਤ ਦੀ ਸਲਾਹ ਦਿੱਤੀ ਜਾਂਦੀ ਹੈ। ਘਰਾਂ ਵਿਚ ਖਾਣਾ ਪਕਾਉਣ, ਭਾਂਡੇ ਧੋਣ, ਸਫ਼ਾਈਆਂ ਕਰਨ, ਫੁੱਲ-ਬੂਟਿਆਂ, ਇਸ਼ਨਾਨ ਕਰਨ ਤੇ ਕੱਪੜੇ ਧੋਣ ਆਦਿ ਲਈ ਘੱਟੋ-ਘੱਟ ਪਾਣੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। ਸਕੂਟਰ, ਮੋਟਰਸਾਈਕਲਾਂ ਤੇ ਹੋਰ ਗੱਡੀਆਂ ਨੂੰ ਜ਼ਿਆਦਾ ਪਾਣੀ ਨਾਲ ਧੋਣ ਉੱਪਰ ਜੁਰਮਾਨੇ ਵੀ ਲਗਾਏ ਜਾ ਰਹੇ ਹਨ। ਮੇਰੇ ਵਿਚਾਰ ਅਨੁਸਾਰ ਪਾਣੀ ਦੀ ਬੱਚਤ ਮੁੱਖ ਰੂਪ ਵਿਚ ਕਿਸਾਨਾਂ ਦੇ ਹੱਥ ਵਿਚ ਹੈ। ਦੇਸ਼ ਵਿਚ ਕਰੋੜਾਂ ਦੀ ਗਿਣਤੀ ਵਿਚ ਟਿਊਬਵੈੱਲ ਹਨ। ਜੇਕਰ ਕਿਸਾਨ ਘੱਟ ਤੋਂ ਘੱਟ ਪਾਣੀ ਨਾਲ ਹੋਣ ਵਾਲੀਆਂ ਫ਼ਸਲਾਂ ਦੀ ਖੇਤੀ ਕਰਨ ਵੱਲ ਵਿਸ਼ੇਸ਼ ਧਿਆਨ ਕੇਂਦਰਿਤ ਕਰਨ ਤਾਂ ਖੇਤੀ ਵਿਭਿੰਨਤਾ ਕਾਰਨ ਕਿਸਾਨਾਂ ਨੂੰ ਲਾਭ ਵੀ ਹੋਵੇਗਾ ਤੇ ਪਾਣੀ ਦੀ ਬੱਚਤ ਵੀ। ਮੀਂਹਾਂ ਦੇ ਪਾਣੀ ਨੂੰ ਇਕੱਠਾ ਕਰਕੇ ਧਰਤੀ ਵਿਚ ਲਿਜਾਣ ਲਈ ਪ੍ਰਬੰਧ ਕਰਨੇ ਜ਼ਰੂਰੀ ਹਨ।

-ਬਿਹਾਲਾ ਸਿੰਘ
ਹੁਸ਼ਿਆਰਪੁਰ।

ਅਵਾਸ ਯੋਜਨਾਵਾਂ

ਸਰਕਾਰ ਨੇ ਨਾਅਰਾ 'ਸਵੱਛ ਭਾਰਤ' ਦਾ ਦਿੱਤਾ ਹੋਇਆ ਹੈ ਅਤੇ ਇਸੇ ਮਿਸ਼ਨ ਤਹਿਤ ਸਰਕਾਰ ਨੇ ਇੰਦਰਾ ਗਾਂਧੀ ਅਵਾਸ ਯੋਜਨਾ, ਰਾਜੀਵ ਗਾਂਧੀ ਅਵਾਸ ਯੋਜਨਾ, ਅਟਲ ਅਵਾਸ ਯੋਜਨਾ ਅਤੇ ਹੁਣ ਪ੍ਰਧਾਨ ਮੰਤਰੀ ਅਵਾਸ ਯੋਜਨਾ ਆਦਿ ਤਹਿਤ ਬੇਸਹਾਰਾ, ਬੇਘਰਾਂ ਨੂੰ ਪੱਕੇ ਮਕਾਨ ਬਣਾ ਕੇ ਦੇਣ ਦਾ ਐਲਾਨ ਕੀਤਾ ਹੋਇਆ ਹੈ। ਇਨ੍ਹਾਂ ਯੋਜਨਾਵਾਂ ਤਹਿਤ ਲਗਦਾ ਹੈ ਕਿ ਹੁਣ ਤੱਕ ਬੇਘਰਾਂ ਨੂੰ ਪੱਕੇ ਮਕਾਨ ਮਿਲ ਗਏ ਹੋਣਗੇ। ਪਰ ਜ਼ਮੀਨੀ ਹਕੀਕਤ ਵੱਲ ਝਾਤ ਮਾਰੀਏ ਤਾਂ ਇਹ ਯੋਜਨਾਵਾਂ ਸਿਰਫ ਕਾਗਜ਼ੀ ਕਾਰਵਾਈਆਂ ਵਿਚ ਹੀ ਘੁੰਮਦੀਆਂ ਫਿਰਦੀਆਂ ਹਨ। ਝੁੱਗੀਆਂ ਵਿਚ ਰਹਿਣ ਵਾਲੇ ਆਪਣੀ ਗ਼ਰੀਬੀ ਦੇ ਚਲਦਿਆਂ ਗੰਦੇ ਨਾਲਿਆਂ ਤੇ ਪਾਣੀ ਦੇ ਨਲਕੇ ਲਗਾ ਕੇ ਪਾਣੀ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ ਅਤੇ ਪਾਣੀ ਵੀ ਇਥੋਂ ਹੀ ਪੀਂਦੇ ਹਨ। ਹਾਲਾਤ ਏਨੇ ਮਾੜੇ ਹਨ ਕਿ ਗੰਦਗੀ ਭਰੇ ਵਾਤਾਵਰਨ 'ਚ ਇਹ ਲੋਕ ਖਾਣ, ਪੀਣ, ਨਹਾਉਣ ਲਈ ਮਜਬੂਰ ਹਨ। ਸਰਕਾਰ ਨੂੰ ਇਨ੍ਹਾਂ ਯੋਜਨਾਵਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਲਈ ਕੋਈ ਸਰਲ ਅਤੇ ਸਾਰਥਿਕ ਹੱਲ ਕਰਨ ਦੀ ਲੋੜ ਹੈ, ਤਾਂ ਜੋ ਇਹ ਗ਼ਰੀਬ ਲੋਕ ਜੋ ਗੰਦਗੀ ਭਰਿਆ ਜੀਵਨ ਬਤੀਤ ਕਰਨ ਲਈ ਮਜਬੂਰ ਹਨ, ਸੁਰੱਖਿਅਤ ਢੰਗ ਨਾਲ ਆਪਣਾ ਜੀਵਨ ਬਤੀਤ ਕਰ ਸਕਣ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਕਿਸਾਨ ਸੰਘਰਸ਼

ਪਿਛਲੇ ਕੁਝ ਦਿਨਾਂ ਤੋਂ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਸੰਘਰਸ਼ ਦੇ ਰਾਹ ਤੁਰਿਆ ਹੋਇਆ ਹੈ। ਇਹ ਸੰਘਰਸ਼ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਹੈ, ਜਿਸ ਦੀ ਮੁੱਖ ਮੰਗ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਵਾਉਣਾ, ਦੁੱਧ ਅਤੇ ਸਬਜ਼ੀਆਂ ਦੇ ਵਾਜਬ ਮੁੱਲ ਲੈਣਾ, ਜਿਸ ਨੂੰ ਲੈ ਕੇ ਹੜਤਾਲ ਦਾ ਐਲਾਨ ਵੀ ਹੋਇਆ। ਜਿਸ ਨੂੰ ਬਾਅਦ ਵਿਚ ਨਾਜ਼ੁਕ ਹਾਲਤਾਂ ਦੇ ਮੱਦੇਨਜ਼ਰ ਵਾਪਸ ਲੈਣਾ ਪਿਆ ਪਰ ਕਈ ਲੋਕ ਇਸ ਨੂੰ ਜਥੇਬੰਦੀਆਂ ਦੀ ਨਾਕਾਮੀ ਦੱਸ ਰਹੇ ਹਨ, ਜੋ ਸਰਾਸਰ ਗ਼ਲਤ ਹੈ। ਜੇਕਰ ਹੜਤਾਲ ਵਾਪਸ ਨਾ ਲਈ ਜਾਂਦੀ ਤਾਂ ਟਕਰਾਅ ਵਾਲੀ ਸਥਿਤੀ ਬਣ ਜਾਣੀ ਸੀ, ਜਿਸ ਨਾਲ ਪੂਰੇ ਪੰਜਾਬ ਦਾ ਮਾਹੌਲ ਵਿਗੜ ਸਕਦਾ ਸੀ, ਜਿਸ ਦਾ ਫਾਇਦਾ ਸ਼ਰਾਰਤੀ ਅਨਸਰਾਂ ਨੇ ਲੈ ਕੇ ਲੁੱਟਾਂ-ਖੋਹਾਂ 'ਤੇ ਆ ਜਾਣਾ ਸੀ। ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਤੇਜ਼ ਹੋ ਸਕਦਾ ਹੈ, ਤਾਂ ਜੋ 2019 'ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਨੂੰ ਮਜਬੂਰ ਕੀਤਾ ਜਾ ਸਕੇ।

-ਜਗਮੀਤ ਸਿੰਘ ਕਿੰਗਰਾ
ਪਿੰਡ ਤੇ ਡਾਕ: ਬੀਹਲੇਵਾਲਾ, ਜ਼ਿਲ੍ਹਾ ਫ਼ਰੀਦਕੋਟ।

ਡੁੱਬਣ ਦੀਆਂ ਘਟਨਾਵਾਂ

ਗਰਮੀਆਂ ਦਾ ਮੌਸਮ ਆਉਣ 'ਤੇ ਸਕੂਲਾਂ, ਕਾਲਜਾਂ ਵਿਚ ਛੁੱਟੀਆਂ ਹੋਣ ਕਾਰਨ ਗੱਭਰੂ ਮੁੰਡੇ ਗਰਮੀ ਤੋਂ ਬਚਣ ਤੇ ਮੌਜ-ਮਸਤੀ ਕਰਨ ਲਈ ਨੇੜੇ ਕਿਤੇ ਨਦੀਆਂ, ਦਰਿਆਵਾਂ 'ਚ ਨਹਾਉਣ ਲਈ ਚਲੇ ਜਾਂਦੇ ਹਨ। ਡੂੰਘਾਈ ਦਾ ਅਹਿਸਾਸ ਨਾ ਹੋਣ ਕਾਰਨ ਤੇ ਅਣਭੋਲਪੁਣੇ 'ਚ ਕਈ ਵਾਰੀ ਜਾਨੋਂ ਹੱਥ ਧੋ ਬੈਠਦੇ ਹਨ। ਅਜਿਹੀਆਂ ਖ਼ਬਰਾਂ ਹਰ ਸਾਲ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ਨਾਲ ਕਈ ਹੱਸਦੇ ਵਸਦੇ ਪਰਿਵਾਰਾਂ 'ਚ ਉਮਰ ਭਰ ਲਈ ਮਾਤਮ ਛਾ ਗਿਆ ਹੈ। ਇਸ ਸਾਲ ਵੀ ਅਜੇ ਗਰਮੀ ਦੇ ਸ਼ੁਰੂਆਤ 'ਚ ਕਈ ਅਜਿਹੀਆਂ ਡੁੱਬਣ ਦੀਆਂ ਖ਼ਤਰਨਾਕ ਘਟਨਾਵਾਂ ਵਾਪਰ ਚੁੱਕੀਆਂ ਹਨ। ਬੜਾ ਔਖਾ ਹੈ ਆਪਣੇ ਲਾਡਲਿਆਂ ਦਾ ਅਜਿਹੇ ਵਿਛੋੜੇ ਵਾਲਾ ਦੁੱਖ ਸਹਿਣਾ। ਸਰਕਾਰ, ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਵੱਲ ਉਚਿਤ ਕਦਮ ਚੁੱਕਣਾ ਚਾਹੀਦਾ ਹੈ, ਤਾਂ ਕਿ ਹੋਰ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਮਾਪੇ, ਬੱਚਿਆਂ 'ਚ ਜਾਗਰੂਕਤਾ ਤੇ ਅਧਿਆਪਕਾਂ ਦੀ ਯੋਗ ਅਗਵਾਈ ਕਾਰਨ ਵੀ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ।

-ਪਰਮ ਪਿਆਰ ਸਿੰਘ, ਨਕੋਦਰ।

ਪੰਜਾਬ ਨੂੰ ਲੱਗੀਆਂ ਸਿਉਂਕਾਂ

ਪੰਜਾਬ ਬੜਾ ਖੁਸ਼ਹਾਲ ਪ੍ਰਾਂਤ ਹੈ, ਹੁਣ ਸਿਰਫ ਕਿਤਾਬਾਂ ਤੱਕ ਹੀ ਸੀਮਤ ਰਹਿ ਗਿਆ ਹੈ, ਕਿਉਂਕਿ ਇਸ ਖੁਸ਼ਹਾਲ ਪੰਜਾਬ ਨੂੰ ਬੜੇ ਚਿਰਾਂ ਤੋਂ ਅਜਿਹੀਆਂ ਸਿਉਂਕਾਂ ਲੱਗ ਚੁੱਕੀਆਂ ਹਨ, ਜੋ ਹੌਲੀ-ਹੌਲੀ ਇਸ ਸੋਹਣੇ ਜਿਹੇ ਪੰਜਾਬ ਨੂੰ ਅੰਦਰੋਂ-ਅੰਦਰੀਂ ਖਾਈ ਜਾ ਰਹੀਆਂ ਹਨ। ਭ੍ਰਿਸ਼ਟਾਚਾਰ, ਜਾਤੀ ਸੂਚਕ ਮਾੜੇ ਸ਼ਬਦ, ਭਰੂਣ ਹੱਤਿਆ, ਦਾਜ ਦੀ ਬਲੀ, ਨੌਜਵਾਨ ਮੁੰਡੇ-ਕੁੜੀਆਂ ਦਾ ਨਸ਼ਿਆਂ 'ਚ ਵੜ ਜਾਣਾ, ਪੂਰੇ ਦੇਸ਼ ਦਾ ਪੇਟ ਭਰਨ ਵਾਲਾ ਅੱਜ ਆਪ ਭੁੱਖਾ ਫਿਰਦਾ ਹੈ, ਹਰ ਰੋਜ਼ ਕਿਸਾਨ ਆਤਮ ਹੱਤਿਆ ਕਿਉਂ ਕਰਦਾ ਹੈ? ਆਦਿ ਬਹੁਤ ਸਾਰੇ ਕਾਰਨ ਹਨ, ਜੋ ਪੰਜਾਬ ਨੂੰ ਅੰਦਰੋਂ-ਅੰਦਰੀਂ ਘੁਣ ਵਾਂਗ ਖਾਈ ਜਾ ਰਹੇ ਹਨ। ਜੇਕਰ ਇਹ ਅਲਾਮਤਾਂ ਪੰਜਾਬ ਅੰਦਰ ਇਸੇ ਤਰ੍ਹਾਂ ਬਰਕਰਾਰ ਰਹੀਆਂ ਤਾਂ ਸਾਡਾ ਆਉਣ ਵਾਲਾ ਸਮਾਂ ਠੀਕ ਨਹੀਂ ਹੋਵੇਗਾ। ਮੈਂ ਇਕ ਗੱਲ ਮੇਰੇ ਪੰਜਾਬ ਦੇ ਉਨ੍ਹਾਂ ਸੀਨੀਅਰ ਨੇਤਾਵਾਂ ਦੇ ਧਿਆਨ ਹਿਤ ਲਿਆਉਣਾ ਚਾਹੁੰਦਾ ਹਾਂ, ਜੋ ਕਿ ਵੋਟਾਂ ਲੈਣ ਸਮੇਂ ਜੋ ਤੁਸੀਂ ਵਾਅਦੇ ਕਰਦੇ ਹੋ ਜਾਂ ਤਾਂ ਉਨ੍ਹਾਂ ਨੂੰ ਪੂਰੀ ਇਮਾਨਦਾਰੀ ਨਾਲ ਪੂਰੇ ਕਰੋ। ਜੇਕਰ ਤੁਸੀਂ ਕੀਤੇ ਵਾਅਦੇ ਪੂਰੇ ਨਹੀਂ ਕਰ ਸਕਦੇ ਤਾਂ ਲੋਕਾਂ ਨੂੰ ਝੂਠੇ ਲਾਰਿਆਂ 'ਚ ਕਦੇ ਨਾ ਰੱਖੋ।

-ਗੁਰਦੀਪ ਸਿੰਘ ਘੋਲੀਆ
ਚੜਿੱਕ।

19-06-2018

 ਘਰ-ਘਰ ਹਰਿਆਵਲ
ਪੰਜਾਬ ਸਰਕਾਰ ਦਾ 'ਤੰਦਰੁਸਤ ਪੰਜਾਬ' ਮਿਸ਼ਨ, ਜਿਸ ਦੇ ਤਹਿਤ ਹਰ ਘਰ ਵਿਚ ਇਕ ਪੌਦਾ ਲਗਾਉਣਾ ਬੜਾ ਹੀ ਸ਼ਲਾਘਾਯੋਗ ਕਦਮ ਹੈ। ਵਰਤਮਾਨ ਸਮੇਂ ਵੱਡੇ ਪੱਧਰ 'ਤੇ ਵਾਤਾਵਰਨ ਦਾ ਦੂਸ਼ਿਤ ਹੋਣਾ ਤੇ ਮੌਸਮ ਵਿਚ ਅਣਚਾਹੇ ਬਦਲਾਅ ਇਸ ਗੱਲ ਦੀ ਗਵਾਹੀ ਭਰ ਰਹੇ ਹਨ ਕਿ ਕਿਤੇ ਨਾ ਕਿਤੇ ਮਨੁੱਖ ਆਪਣੇ ਫ਼ਰਜ਼ਾਂ ਤੋਂ ਦੂਰੀ ਬਣਾ ਚੁੱਕਾ ਹੈ। ਇਸ ਲਈ ਸਥਾਨਕ ਸਰਕਾਰ ਦੇ ਵਾਤਾਵਰਨ ਨੂੰ ਸਾਫ਼-ਸੁਥਰਾ ਤੇ ਇਨਸਾਨ ਨੂੰ ਧਰਤੀ 'ਤੇ ਆਸਾਨੀ ਨਾਲ ਜਿਊਣ ਲਈ ਕੀਤਾ ਗਿਆ ਇਹ ਉੱਦਮ ਬੜਾ ਹੀ ਪ੍ਰਸੰਸਾਪੂਰਨ ਹੈ। ਅਜਿਹੇ ਯਤਨ ਪਹਿਲਾਂ 'ਅਜੀਤ ਪ੍ਰਕਾਸ਼ਨ ਸਮੂਹ' ਵਲੋਂ ਹਰਿਆਵਲ ਲਹਿਰ ਤਹਿਤ ਕੀਤੇ ਗਏ ਜਿਸ ਦੇ ਅੰਤਰਗਤ ਵਾਤਾਵਰਨ ਦੀ ਸੁੰਦਰਤਾ ਪ੍ਰਤੀ ਕਾਫੀ ਵਡਮੁੱਲਾ ਯੋਗਦਾਨ ਪਾਇਆ ਗਿਆ। ਅੱਜ ਲੋੜ ਹੈ ਕਿ ਹਰ ਮਨੁੱਖ ਹਾਂ-ਪੱਖੀ ਸੋਚ ਸਦਕਾ ਵਾਤਾਵਰਨ ਨੂੰ ਸਾਫ਼-ਸੁਥਰਾ ਬਣਾਉਣ ਲਈ ਆਪਣੇ ਫ਼ਰਜ਼ਾਂ ਦਾ ਪਾਲਣ ਕਰੇ ਜਿਸ ਨਾਲ ਮੌਜੂਦਾ ਸਰਕਾਰ ਵਲੋਂ 'ਤੰਦਰੁਸਤ ਪੰਜਾਬ' ਮੁਹਿੰਮ ਦਾ ਆਗਾਜ਼ ਪੂਰਨ ਰੂਪ ਵਿਚ ਸਫ਼ਲ ਹੋ ਸਕੇ।

-ਰਵਿੰਦਰ ਸਿੰਘ ਰੇਸ਼ਮ
ਉਮਰਪੁਰਾ (ਨੱਥੂਮਾਜਰਾ), ਸੰਗਰੂਰ।

ਕਿਸਾਨ ਪ੍ਰੇਸ਼ਾਨ
ਪੰਜਾਬ ਸਰਕਾਰ ਦੁਆਰਾ 20 ਜੂਨ ਨੂੰ ਝੋਨਾ ਲਾਉਣ ਦਾ ਨੋਟੀਫਿਕੇਸ਼ਨ ਜਾਰੀ ਕਰਨ ਕਰਕੇ ਬਿਜਲੀ ਦੀ ਸਪਲਾਈ ਬਹੁਤ ਘੱਟ ਕਰ ਦਿੱਤੀ ਗਈ ਹੈ ਜਿਸ ਕਰਕੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪੈ ਰਿਹਾ ਹੈ। ਸਰਕਾਰ ਦੁਆਰਾ ਇਹ ਤਰਕ ਦਿੱਤਾ ਗਿਆ ਹੈ ਕਿ ਕਿਸਾਨ ਨਿਸਚਿਤ ਮਿਤੀ ਤੋਂ ਪਹਿਲਾਂ ਝੋਨੇ ਦੀ ਬਿਜਾਈ ਕਰ ਦਿੰਦੇ ਹਨ ਜਿਸ ਕਰਕੇ ਬਿਜਲੀ ਦੀ ਮੰਗ ਵਧ ਜਾਂਦੀ ਹੈ ਤੇ ਪਾਣੀ ਦਾ ਪੱਧਰ ਵੀ ਹੇਠਾਂ ਜਾ ਰਿਹਾ ਹੈ। ਨਹਿਰੀ ਪਾਣੀ ਦੀ ਸਪਲਾਈ ਬੰਦ ਹੋਣ ਕਰਕੇ ਕਿਸਾਨਾਂ ਨੂੰ ਦੋਹਰੀ ਮਾਰ ਪੈ ਰਹੀ ਹੈ। ਕਿਸਾਨਾਂ ਦੀਆਂ ਬਾਕੀ ਫ਼ਸਲਾਂ ਜਿਵੇਂ ਮੱਕੀ, ਨਰਮਾ ਤੇ ਹਰਾ ਚਾਰਾ ਵੀ ਪਾਣੀ ਨਾ ਮਿਲਣ ਕਰਕੇ ਪ੍ਰਭਾਵਿਤ ਹੋ ਰਿਹਾ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਲਈ ਘੱਟੋ-ਘੱਟ ਚਾਰ ਘੰਟੇ ਬਿਜਲੀ ਸਪਲਾਈ ਨਿਰਵਿਘਨ ਦੇਵੇ ਤਾਂ ਜੋ ਉਹ ਆਪਣੀਆਂ ਬਾਕੀ ਫ਼ਸਲਾਂ ਨੂੰ ਪਾਣੀ ਦੇ ਸਕਣ ਤੇ ਨਹਿਰੀ ਪਾਣੀ ਦਾ ਵੀ ਪ੍ਰਬੰਧ ਕੀਤਾ ਜਾਵੇ।-

ਕਮਲ ਬਰਾੜ
ਪਿੰਡ ਕੋਟਰੀ ਅਬਲੂ।

ਮਨੁੱਖਤਾ ਦਾ ਘਾਣ
ਪਿਛਲੇ 25-30 ਸਾਲਾਂ ਤੋਂ ਅਫ਼ਗਾਨਿਸਤਾਨ ਦੀ ਅਭਾਗੀ ਧਰਤੀ ਇਨਸਾਨੀ ਲਹੂ ਨਾਲ ਰੰਗੀ ਜਾ ਰਹੀ ਹੈ ਪਰ ਇਨਸਾਨੀਅਤ ਦੇ ਅਲੰਬਰਦਾਰ ਕਹਾਉਣ ਵਾਲੇ ਦੋ ਵੱਡੇ ਦੇਸ਼ ਇਸ ਪ੍ਰਤੀ ਚਿੰਤਤ ਨਹੀਂ। ਸ਼ਾਇਦ ਆਪਣੇ ਪਾਲੇ ਸੱਪਾਂ ਨੂੰ ਖੁੱਡਾਂ ਵਿਚ ਤਾੜਨਾ ਉਨ੍ਹਾਂ ਦੇ ਵੱਸ ਵਿਚ ਨਹੀਂ ਰਿਹਾ। ਉਹੀ ਧਾੜਵੀ ਗਰੁੱਪ ਏਸ਼ੀਆ ਵਿਚ ਮੁਸਲਿਮ ਰਾਜ ਬਣਾਉਣ ਦੀ ਸੋਚ, ਅਮਰੀਕਾ ਨੂੰ ਅੱਖਾਂ ਦਿਖਾਉਣ ਵਿਚ ਲੱਗੇ ਹੋਏ ਹਨ ਪਰ ਇਨਸਾਨੀਅਤ ਦਾ ਘਾਣ ਹੋ ਰਿਹਾ ਹੈ। ਨਿੱਤ ਆਤਮਘਾਤੀ ਹਮਲੇ ਹੋ ਰਹੇ ਹਨ। ਬੇਦੋਸ਼ਿਆਂ ਦਾ ਖੂਨ ਵਹਿ ਰਿਹਾ ਹੈ। ਵਪਾਰੀ ਦੇਸ਼ ਆਪਣੇ ਹਥਿਆਰਾਂ ਦਾ ਵਪਾਰ ਵਧਾਉਂਦੇ ਹਨ ਤੇ ਕੁਝ ਦੇਸ਼ ਗੁਆਂਢੀ ਦੇਸ਼ ਦੇ ਜ਼ਮੀਨੀ ਟੁਕੜੇ ਨੂੰ ਹਥਿਆਉਣ ਲਈ ਮਨੁੱਖਤਾ ਦਾ ਕਤਲੇਆਮ ਕਰਦੇ ਹਨ, ਜਿਸ ਦਾ ਨਤੀਜਾ ਸੀਰੀਆ ਅਤੇ ਅਫ਼ਗਾਨਿਸਤਾਨ ਦੀ ਬਰਬਾਦੀ ਵਿਚ ਨਿਕਲ ਰਿਹਾ ਹੈ। ਸੰਯੁਕਤ ਰਾਸ਼ਟਰ ਸੰਘ ਅਤੇ ਗੁੱਟ ਨਿਰਲੇਪ ਦੇਸ਼ਾਂ ਨੂੰ ਇਸ ਪ੍ਰਤੀ ਹੋਰ ਸਾਰਥਿਕ ਯਤਨ ਤੇਜ਼ ਕਰਨੇ ਚਾਹੀਦੇ ਹਨ ਨਹੀਂ ਤਾਂ ਬੇਦੋਸ਼ਿਆਂ ਦਾ ਖੂਨ ਵਹਿੰਦਾ ਰਹੇਗਾ।

-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ, ਘੁਮਾਣ, ਗੁਰਦਾਸਪੁਰ।

ਸਰਕਾਰ ਲਈ ਸੋਚਣ ਦਾ ਵੇਲਾ
ਪਿਛਲੇ ਦਿਨੀਂ ਸਰਬ ਸਿੱਖਿਆ ਅਭਿਆਨ ਅਤੇ ਰਮਸਾ ਕਰਮਚਾਰੀਆਂ ਦੀ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ। ਹੈਰਾਨੀ ਦੀ ਗੱਲ ਹੈ ਕਿ ਇਹ 2004 ਤੋਂ ਹੁਣ ਤੱਕ ਲਗਾਤਾਰ 14 ਸਾਲਾਂ ਤੋਂ ਇਹ ਕਰਮਚਾਰੀ ਲਗਾਤਾਰ ਠੇਕਾ ਆਧਾਰ 'ਤੇ ਕੰਮ ਕਰ ਰਹੇ ਹਨ। ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਲੋਕਾਂ ਨਾਲ ਘਰ-ਘਰ ਨੌਕਰੀ, ਕਰਜ਼ਾ ਮੁਆਫ਼ੀ, ਟੈਬਲੈੱਟ ਦੇਣੇ, ਕੱਚੇ ਮੁਲਾਜ਼ਮ ਪੱਕੇ ਕਰਨੇ ਆਦਿ ਵਾਅਦੇ ਅਜੇ ਊਠ ਦੇ ਬੁੱਲ੍ਹ ਵਾਂਗ ਲਟਕ ਰਹੇ ਹਨ। ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਲੋਕਾਂ ਦੁਆਰਾ ਬਣਾਏ ਵਿਧਾਇਕ ਜਿਨ੍ਹਾਂ ਉੱਪਰ ਕੋਈ ਯੋਗਤਾ ਟੈਸਟ ਦੀ ਸ਼ਰਤ ਨਹੀਂ ਹੈ। ਇਕ ਵਾਰ ਜਿੱਤ ਪ੍ਰਾਪਤ ਕਰਨ ਉਪਰੰਤ ਉਮਰ ਭਰ ਦੀ ਪੈਨਸ਼ਨ ਲੱਗ ਜਾਂਦੀ ਹੈ। ਸਮੇਂ ਦੀਆਂ ਸਰਕਾਰਾਂ ਦੇ ਹੱਥ ਵਿਚ ਕਾਨੂੰਨ ਹੁੰਦੇ ਹਨ ਜੋ ਚਾਹੁੰਣ ਸੰਵਿਧਾਨ ਦੀ ਧਾਰਾ ਵਿਚ ਸੋਧ ਕਰਕੇ ਸਮੇਂ ਅਤੇ ਲੋਕ ਅਨੁਸਾਰ ਨਵਾਂ ਕਾਨੂੰਨ ਲਿਆ ਜਾ ਸਕਦਾ ਹੈ। ਸਰਕਾਰਾਂ ਨੂੰ ਜ਼ਰੂਰ ਸਵਾਰਥੀ ਹਿਤ ਤਿਆਗ ਕੇ ਜਾਂ ਵੋਟ ਲੁਭਾਊ ਨੀਤੀ ਛੱਡ ਕੇ ਕਲਿਆਣਕਾਰੀ ਰਾਜ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਮੁਲਾਜ਼ਮਾਂ, ਕਿਸਾਨਾਂ, ਮਜ਼ਦੂਰਾਂ, ਬੇਰੁਜ਼ਗਾਰਾਂ ਬਾਰੇ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ, ਜਿਨ੍ਹਾਂ ਨੇ ਸਰਕਾਰ ਬਦਲਣ ਵਿਚ ਅਹਿਮ ਭੂਮਿਕਾ ਨਿਭਾਈ ਹੈ।

-ਤਰਸੇਮ ਲੰਡੇ
ਪਿੰਡ ਲੰਡੇ, ਮੋਗਾ।

ਅਹਿਮ ਫ਼ੈਸਲਾ
ਸਿੰਘ ਸਾਹਿਬਾਨ ਦੇ ਫ਼ੈਸਲੇ ਅਨੁਸਾਰ ਸਮੂਹ ਗੁਰਦੁਆਰਾ ਕਮੇਟੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਪੀਕਰਾਂ ਦੀ ਆਵਾਜ਼ ਗੁਰਦੁਆਰਿਆਂ ਤੋਂ ਬਾਹਰ ਨਾ ਜਾਵੇ ਅਤੇ ਅਰਦਾਸ ਸਮੇਂ ਸਪੀਕਰ ਦੀ ਆਵਾਜ਼ ਬੰਦ ਕਰ ਦਿੱਤੀ ਜਾਵੇ। ਇਸ ਸਭ ਪਿੱਛੇ ਵੀ ਪਿੰਡਾਂ ਵਿਚ ਰਾਜਨੀਤੀ ਹੋ ਰਹੀ ਹੈ। ਇਸ ਬਾਬਤ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ ਕਿ ਉਹ ਆਪਣੇ-ਆਪਣੇ ਹਲਕੇ ਦੇ ਪਿੰਡਾਂ ਵਿਚ ਜਾ ਕੇ ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਗ੍ਰੰਥੀ ਸਾਹਿਬਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸ ਫ਼ੈਸਲੇ ਤੋਂ ਜਾਣੂ ਕਰਵਾਉਣ ਅਤੇ ਸਪੀਕਰਾਂ ਦੀ ਆਵਾਜ਼ ਨੂੰ ਗੁਰੂ ਘਰਾਂ ਵਿਚ ਹੀ ਰੱਖਣ ਅਤੇ ਅਰਦਾਸ ਸਮੇਂ ਸਪੀਕਰ ਬੰਦ ਕਰਵਾਉਣ ਦਾ ਹਰ ਯਤਨ ਕਰਨ। ਪਿੰਡਾਂ ਵਿਚ ਸਪੀਕਰਾਂ ਰਾਹੀਂ ਰੌਲਾ ਪਾ ਕੇ ਦੁਕਾਨਦਾਰੀਆਂ ਕਰਨ ਵਾਲੇ ਲੋਕਾਂ ਨੂੰ ਵੀ ਜ਼ਰੂਰ ਵਰਜਣਾ ਚਾਹੀਦਾ। ਦਿਨੋਂ-ਦਿਨ ਵਧ ਰਹੇ ਸ਼ੋਰ-ਸ਼ਰਾਬੇ ਨੂੰ ਰੋਕਣ ਲਈ ਸਾਨੂੰ ਸਭ ਨੂੰ ਹਿੰਮਤ ਤੇ ਦਲੇਰੀ ਕਰਨੀ ਪਵੇਗੀ। ਸਵੇਰ-ਸ਼ਾਮ ਦਾ ਰੌਲਾ-ਰੱਪਾ ਜਿੱਥੇ ਮਰੀਜ਼ ਲੋਕਾਂ ਦੀ ਮੁਸੀਬਤ ਬਣਿਆ ਰਹਿੰਦਾ ਹੈ, ਉਥੇ ਹੀ ਵਿਦਿਆਰਥੀਆਂ ਤੇ ਹੋਰ ਲੋਕਾਂ ਲਈ ਵੀ ਕਾਫੀ ਦਿੱਕਤਾਂ ਪੇਸ਼ ਆਉਂਦੀਆਂ ਹਨ। ਅਖੀਰ ਵਿਚ ਇਹੀ ਕਹਾਂਗਾ ਕਿ ਸਾਨੂੰ ਸਭ ਨੂੰ ਪਿਛਾਂਹ ਖਿੱਚੂ ਰਸਮਾਂ ਰਿਵਾਜਾਂ ਤੋਂ ਦੂਰ ਹੋ ਕੇ ਚੰਗੀ ਤੇ ਨਰੋਈ ਸੋਚ ਧਾਰ ਕੇ ਸਮੇਂ ਦੇ ਬਰਾਬਰ ਹੋ ਕੇ ਤੁਰਨਾ ਪਵੇਗਾ।

-ਬੇਅੰਤ ਗਿੱਲ ਭਲੂਰ
ਪਿੰਡ ਤੇ ਡਾਕ: ਭਲੂਰ (ਮੋਗਾ)।


ਚਿੰਤਾ ਦਾ ਵਿਸ਼ਾ
ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਦਿਨੋਂ-ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਜੇਕਰ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀ ਗੱਲ ਕਰੀਏ ਤਾਂ ਇਸ ਨੇ ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਮਤਿਹਾਨ ਵਿਚੋਂ ਫੇਲ੍ਹ ਹੋ ਜਾਣ 'ਤੇ ਖ਼ੁਦਕੁਸ਼ੀ, ਸਹੁਰੇ ਪਰਿਵਾਰ ਵਿਚ ਛੋਟੇ-ਮੋਟੇ ਮਨ-ਮਿਟਾਵ 'ਤੇ ਖ਼ੁਦਕੁਸ਼ੀ, ਬਿਜ਼ਨੈੱਸ ਵਿਚ ਮੰਦੀ ਆਉਣ 'ਤੇ ਖ਼ੁਦਕੁਸ਼ੀ, ਇਹ ਸਭ ਬਹੁਤ ਆਮ ਹੁੰਦਾ ਜਾ ਰਿਹਾ ਹੈ। ਕੋਈ ਵੀ ਇਸ ਬਾਰੇ ਗੰਭੀਰ ਨਹੀਂ ਹੈ। ਸਮਾਜ ਮਾਨਸਿਕ ਤੌਰ 'ਤੇ ਇਕ ਵੱਖਰੇ ਤੌਰ 'ਤੇ ਦਬਾਅ ਹੇਠਾਂ ਹੈ। ਹਰ ਵਰਗ ਨੂੰ ਕੌਂਸਲਿੰਗ ਦੀ ਜ਼ਰੂਰਤ ਹੈ। ਸਕੂਲਾਂ ਵਿਚ ਬੱਚਿਆਂ ਨੂੰ ਜ਼ਿੰਦਗੀ ਵਿਚ ਆਉਣ ਵਾਲੀਆਂ ਸਮੱਸਿਆਵਾਂ ਨਾਲ ਸਾਹਮਣਾ ਕਰਨ ਲਈ ਤਿਆਰ ਕੀਤਾ ਜਾਵੇ। ਵਿਆਹ ਤੋਂ ਬਾਅਦ ਜ਼ਿੰਮੇਵਾਰੀਆਂ ਬਾਰੇ ਤਿਆਰ ਕਰਨਾ ਬਹੁਤ ਜ਼ਰੂਰੀ ਹੈ। ਸਿਰਫ ਕਾਨੂੰਨ ਬਣਾ ਕੇ ਅਤੇ ਇਕ ਤਰਫ਼ ਨੂੰ ਤੁਰ ਪੈਣਾ ਸਮਾਜ ਲਈ ਘਾਤਕ ਸਿੱਧ ਹੋ ਰਿਹਾ ਹੈ। ਵਿਖਾਵਾ, ਫੁਕਰਾਪਣ, ਝੂਠੀ ਸ਼ੋਹਰਤ ਨੇ ਸਮਾਜ ਵਿਚ ਇਕ ਵੱਖਰੀ ਦੌੜ ਸ਼ੁਰੂ ਕਰ ਦਿੱਤੀ ਹੈ। ਸਹਿਣਸ਼ੀਲਤਾ ਦੀ ਬੇਹੱਦ ਘਾਟ ਹੈ। ਨਿੱਜੀ ਸੰਸਥਾਵਾਂ, ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਖ਼ੁਦਕੁਸ਼ੀਆਂ ਵੱਲ ਜਾ ਰਹੇ ਸਮਾਜ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਇਵੇਂ ਲੱਗ ਰਿਹਾ ਹੈ ਜਿਵੇਂ ਸਮਾਜ ਮਾਨਸਿਕ ਤੌਰ 'ਤੇ ਭਿਆਨਕ ਦਬਾਅ ਹੇਠਾਂ ਹੈ।

-ਪ੍ਰਭਜੋਤ ਕੌਰ ਢਿੱਲੋਂ।

18-06-2018

 ਅੱਛੇ ਦਿਨ
ਮਨੁੱਖ ਆਪਣੇ ਸੁਭਾਅ ਤੋਂ ਇੱਛਾਧਾਰੀ ਹੁੰਦਾ ਹੈ। ਜਨਮ ਤੋਂ ਹੀ ਜ਼ਿੰਦਗੀ ਨੂੰ ਅੱਛੇ ਦਿਨਾਂ ਨਾਲ ਬਤੀਤ ਕਰਨ ਦੀ ਕਲਪਨਾ ਕਰਦਾ ਹੈ। ਜ਼ਿੰਦਗੀ ਨੂੰ ਅੱਛੀ ਤਰ੍ਹਾਂ ਜਿਊਣ ਦਾ ਸੁਪਨਾ ਤਾਂ ਹੀ ਸਾਕਾਰ ਹੋ ਸਕਣ ਦੀ ਸੰਭਾਵਨਾ ਹੁੰਦੀ ਹੈ, ਜੇਕਰ ਮਨੁੱਖ ਸਰੀਰਕ, ਮਾਨਸਿਕ, ਸਮਾਜਿਕ, ਭਾਵਨਾਤਮਿਕ ਸਥਿਰਤਾ ਅਤੇ ਢੁਕਵਾਂ ਕੰਮਕਾਜ ਪ੍ਰਾਪਤ ਕਰਨ ਲਈ ਨਿਰੰਤਰ ਸੰਘਰਸ਼ਸ਼ੀਲ ਰਹੇ। ਮਨੁੱਖ ਵਲੋਂ ਕੀਤੀਆਂ ਜਾਂਦੀਆਂ ਨਿੱਜੀ ਅਤੇ ਅੰਦਰੂਨੀ ਕੋਸ਼ਿਸ਼ਾਂ ਦੇ ਨਾਲ-ਨਾਲ ਬਾਹਰੀ, ਸਮਾਜਿਕ, ਰਾਜਨੀਤਕ ਅਤੇ ਸੱਭਿਆਚਾਰਕ ਵਾਤਾਵਰਨ ਦਾ ਢੁਕਵਾਂ ਅਤੇ ਸੁਹਾਵਨਾ ਹੋਣਾ ਜ਼ਰੂਰੀ ਹੁੰਦਾ ਹੈ। ਚੰਗੀ ਅਤੇ ਸੰਤੁਲਿਤ ਸਰਕਾਰ ਮਨੁੱਖ ਦੇ ਸਰਬਪੱਖੀ ਵਿਕਾਸ ਵੱਲ ਧਿਆਨ ਕੇਂਦਰਿਤ ਕਰ ਕੇ 'ਅੱਛੇ ਦਿਨ' ਲਿਆ ਸਕਦੀ ਹੈ। ਹਰ ਵਿਅਕਤੀ ਨੂੰ ਕੰਮ ਉਪਲਬਧ ਕਰਾਉਣਾ, ਸਰਕਾਰੀ ਸਹੂਲਤਾਂ ਨੂੰ ਬਿਨਾਂ ਕਿਸੇ ਮਤਭੇਦ ਦੇ ਹਰ ਨਾਗਰਿਕ ਤੱਕ ਪਹੁੰਚਾਉਣਾ, ਮਨੁੱਖ ਦੀਆਂ ਮੂਲ ਲੋੜਾਂ ਦੀ ਪੂਰਤੀ ਵੱਲ ਲਗਾਤਾਰ ਯਤਨ ਕਰਨੇ ਅੱਛੇ ਦਿਨਾਂ ਦਾ ਆਧਾਰ ਹਨ।


-ਬਿਹਾਲਾ ਸਿੰਘ, ਹੁਸ਼ਿਆਰਪੁਰ।


ਮਿਸ਼ਨ ਤੰਦਰੁਸਤ ਪੰਜਾਬ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਸ਼ੁਰੂ ਕੀਤੀ ਗਈ ਹੈ, ਇਹ ਇਕ ਸ਼ਲਾਘਾਯੋਗ ਕਦਮ ਹੈ। ਇਸ ਮੁਹਿੰਮ ਤਹਿਤ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ 10 ਹਜ਼ਾਰ ਮੱਛੀ ਦੇ ਪੂੰਗ ਛੱਡੇ ਹਨ। ਪ੍ਰਦੂਸ਼ਿਤ ਪਾਣੀ ਨਾਲ ਬਿਆਸ ਦਰਿਆ ਵਿਚ ਜਿਥੇ ਮੱਛੀਆਂ ਤੇ ਹੋਰ ਜੀਵ ਮਾਰੇ ਗਏ ਸਨ ਤੇ ਡੋਲਫਿਨ ਮੱਛੀਆਂ 11 ਵਿਚੋਂ 4 ਹੀ ਦਿਖਾਈ ਦੇਣ ਦਾ ਜ਼ਿਕਰ ਹੋਇਆ ਹੈ।
ਪੰਜਾਬ ਵਿਚ ਪਾਣੀ ਦਾ ਸੰਕਟ ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਬਾਰੇ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਪ੍ਰਦੂਸ਼ਿਤ ਹੋਏ ਪਾਣੀ ਨਾਲ ਲੋਕਾਂ 'ਚ ਕੈਂਸਰ, ਕਾਲਾ ਪੀਲੀਆ ਤੇ ਸਾਹ ਦੀਆਂ ਬਿਮਾਰੀਆਂ ਵੀ ਆਮ ਪਾਈਆਂ ਜਾਂਦੀਆਂ ਹਨ। ਪੰਜਾਬ ਦੇ ਲੋਕਾਂ ਨੂੰ ਵਾਤਾਵਰਨ ਦੇ ਸ਼ੁੱਧੀਕਰਨ ਲਈ ਹਰ ਮਨੁੱਖ ਨੂੰ ਰੁੱਖਾਂ ਤੇ ਜੀਵਾਂ ਨਾਲ ਪਿਆਰ ਹੋਣਾ ਚਾਹੀਦਾ ਹੈ ਤਾਂ ਹੀ ਮਿਸ਼ਨ ਤੰਦਰੁਸਤ ਪੰਜਾਬ ਕਾਮਯਾਬ ਹੋ ਸਕਦਾ ਹੈ।


-ਮਾ: ਜਗੀਰ ਸਿੰਘ ਸਫ਼ਰੀ
ਸਠਿਆਲਾ (ਅੰਮ੍ਰਿਤਸਰ)।


ਵਾਤਾਵਰਨ ਦਿਵਸ
ਵਾਤਾਵਰਨ ਦਿਵਸ ਅਸੀਂ ਹਰ ਸਾਲ 5 ਜੂਨ ਨੂੰ ਪੂਰੀ ਦੁਨੀਆ ਵਿਚ ਮਨਾਉਂਦੇ ਹਾਂ। ਇਸ ਦਿਨ ਅਸੀਂ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਕਸਮਾਂ ਖਾਂਦੇ ਹਾਂ ਤੇ ਕਈ ਥਾਵਾਂ 'ਤੇ ਵੱਖਰੇ-ਵੱਖਰੇ ਪ੍ਰੋਗਰਾਮ ਕਰਦੇ ਹਾਂ ਪਰ ਅਗਲੇ ਹੀ ਦਿਨ ਅਸੀਂ ਇਸ ਦਿਨ ਦੀ ਮਹੱਤਤਾ ਨੂੰ ਭੁੱਲ ਜਾਂਦੇ ਹਾਂ ਤੇ ਫਿਰ ਤੋਂ ਵਾਤਾਵਰਨ ਨੂੰ ਦੂਸ਼ਿਤ ਕਰਨਾ ਸ਼ੁਰੂ ਕਰ ਦਿੰਦੇ ਹਾਂ। ਸਾਨੂੰ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਪਲਾਸਟਿਕ ਦੀਆਂ ਥੈਲੀਆਂ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ। ਕੂੜਾ ਕਰਕਟ ਆਦਿ ਕੱਚਰੇ ਵਾਲੇ ਡੱਬੇ ਵਿਚ ਪਾਉਣਾ ਚਾਹੀਦਾ ਹੈ। ਨਾੜ/ਪਰਾਲੀ ਅਤੇ ਹੋਰ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਾਉਣੀ ਚਾਹੀਦੀ। ਗੱਡੀਆਂ ਦੀ ਵਰਤੋਂ ਲੋੜ ਅਨੁਸਾਰ ਕਰਨੀ ਚਾਹੀਦੀ ਹੈ। ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਸਾਨੂੰ ਸਾਹ ਲੈਣ ਲਈ ਆਕਸੀਜਨ ਮਿਲ ਸਕੇ ਤੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਘਟ ਸਕੇ। ਜੇਕਰ ਅਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਹੀ ਸਾਡਾ ਵਾਤਾਵਰਨ ਸਾਫ਼-ਸੁਥਰਾ ਰਹਿ ਸਕੇਗਾ ਅਤੇ ਅਸੀਂ ਸਿਹਤਮੰਦ ਜ਼ਿੰਦਗੀ ਬਤੀਤ ਕਰ ਸਕਾਂਗੇ।


-ਹਰਜਿੰਦਰ ਪਾਲ, ਸ. ਸ. ਮਾਸਟਰ, ਅੰਮ੍ਰਿਤਸਰ।


ਕਿਸਾਨ, ਲੋਕ ਅਤੇ ਸਰਕਾਰਾਂ
ਦੇਸ਼ ਦਾ ਅੰਨਦਾਤਾ ਅੱਜ ਹੜਤਾਲਾਂ, ਧਰਨੇ, ਮੁਜ਼ਾਹਰੇ ਕਰਨ ਲਈ ਮਜਬੂਰ ਹੈ। ਅਖ਼ਬਾਰ ਦੀ ਮੁੱਖ ਸੁਰਖੀ 'ਕਿਸਾਨਾਂ ਵਲੋਂ ਸ਼ਹਿਰਾਂ ਨੂੰ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ ਠੱਪ' ਪੜ੍ਹੀ, ਪੜ੍ਹ ਕੇ ਬਹੁਤ ਹੀ ਦੁੱਖ ਹੋਇਆ ਕਿ ਸਰਕਾਰਾਂ ਨੇ ਕਿਸਾਨ ਆਗੂਆਂ ਨਾਲ ਮਿਲ ਬੈਠ ਕੇ ਸਮੱਸਿਆਵਾਂ ਦੇ ਹੱਲ ਲਈ ਕੋਈ ਯਤਨ ਨਹੀਂ ਕੀਤਾ। ਖਾਦ-ਪਦਾਰਥਾਂ, ਫਲਾਂ, ਸਬਜ਼ੀਆਂ ਅਤੇ ਹੋਰ ਚੀਜ਼ਾਂ ਦੇ ਭਾਅ ਅਸਮਾਨ ਨੂੰ ਛੂਹ ਗਏ। ਸਰਕਾਰਾਂ ਨੇ ਉਦਾਸੀਨ ਅਤੇ ਹੈਂਕੜ ਵਾਲਾ ਰਵੱਈਆ ਅਪਣਾਇਆ ਹੋਇਆ ਸੀ। ਕਿਸਾਨਾਂ ਦੀ ਹੜਤਾਲ ਦੇ ਕਾਰਨਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਕਿਉਂ ਕਿਸਾਨ ਅਜਿਹਾ ਕਦਮ ਚੁੱਕਣ ਲਈ ਮਜਬੂਰ ਹੋਏ? ਭਾਰਤ ਵਾਸੀ ਪਹਿਲਾਂ ਹੀ ਮਹਿੰਗਾਈ ਦੀ ਚੱਕੀ ਦੇ ਪੁੜਾਂ ਵਿਚਕਾਰ ਪਿਸ ਰਹੇ ਹਨ। ਸਰਕਾਰਾਂ ਨੂੰ ਇਸ ਮਸਲੇ ਨੂੰ ਮਿਲ ਬੈਠ ਕੇ ਗੱਲਬਾਤ ਨਾਲ ਸੁਲਝਾਉਣ ਲਈ ਉਚੇਚੇ ਤੌਰ 'ਤੇ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਫਿਰ ਅਜਿਹਾ ਨਾ ਹੋਵੇ।


-ਸਤਨਾਮ ਸਿੰਘ ਮੱਟੂ
ਪਿੰਡ ਬੀਬੜ੍ਹ (ਸੰਗਰੂਰ)


ਕੀ ਲੰਗਰ 'ਤੇ ਜੀ.ਐਸ.ਟੀ. ਮੁਆਫ਼ ਹੋ ਗਿਆ?
ਪਿਛਲੇ ਦਿਨੀਂ ਕੇਂਦਰ ਨੇ ਇਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਕਿ ਲੰਗਰ 'ਤੇ ਜੀ.ਐਸ.ਟੀ. ਮੁਆਫ਼ ਕਰ ਦਿੱਤਾ ਗਿਆ ਹੈ। ਪਰ ਬਹੁਤ ਘੱਟ ਲੋਕਾਂ ਨੇ ਇਸ ਨੋਟੀਫਿਕੇਸ਼ਨ ਨੂੰ ਪੜ੍ਹਿਆ ਹੈ, ਇਸ ਨੋਟੀਫ਼ਿਕੇਸ਼ਨ ਨੂੰ ਪੜ੍ਹਦਿਆਂ ਪਤਾ ਲੱਗ ਜਾਂਦਾ ਹੈ ਕਿ ਸੱਚਮੁੱਚ ਟੈਕਸ ਮੁਆਫ਼ ਹੋਇਆ ਹੈ ਜਾਂ ਸਿਰਫ਼ ਹਵਾਈ ਤੀਰ ਹੀ ਹੈ। ਅਸਲ ਵਿਚ ਇਹ ਨੋਟੀਫ਼ਿਕੇਸ਼ਨ ਦਾ ਨਾਂਅ 'ਸੇਵਾ ਭੋਜ ਯੋਜਨਾ' ਹੈ ਜੋ ਕਿ ਕੇਂਦਰ ਦੇ ਸੱਭਿਆਚਾਰਕ ਮੰਤਰਾਲੇ ਵਲੋਂ ਦੋ ਸਾਲ ਲਈ ਭਾਵ 2018-19 ਤੇ 2019-20 ਲਈ ਤਿਆਰ ਕੀਤੀ ਗਈ ਹੈ ਤੇ ਇਸ ਵਾਸਤੇ ਸਿਰਫ਼ 325 ਕਰੋੜ ਰੁਪਏ ਰੱਖੇ ਗਏ ਹਨ। ਇਸ ਯੋਜਨਾ ਤਹਿਤ ਉਹ ਸਾਰੇ ਗੁਰਦੁਆਰੇ, ਮੰਦਰ, ਮਸਜਿਦ, ਗਿਰਜਾਘਰ ਆਦਿ ਸ਼ਾਮਿਲ ਹਨ ਜੋ ਹਰ ਮਹੀਨੇ 5000 ਤੋਂ ਵੱਧ ਲੋਕਾਂ ਨੂੰ ਮੁਫ਼ਤ ਭੋਜਨ ਖਵਾਉਂਦੇ ਹਨ। ਅਜਿਹੀਆਂ ਸੰਸਥਾਵਾਂ ਨੂੰ ਟੈਕਸ ਦੇ ਪੋਰਟਲ ਦਰਪਣ 'ਤੇ ਰਜਿਸਟਰਡ ਹੋਣਾ ਪਵੇਗਾ ਤੇ ਜੀ.ਐਸ.ਟੀ. ਵੀ ਦੇਣਾ ਪਵੇਗਾ ਤੇ ਫਿਰ ਟੈਕਸ ਵਾਪਸੀ ਲਈ ਅਪਲਾਈ ਕਰਨਾ ਪਵੇਗਾ ਤੇ ਫਿਰ ਇਕ ਰਿਵਿਊ ਕਮੇਟੀ ਇਸ ਦੀ ਜਾਂਚ ਕਰੇਗੀ ਤੇ ਆਪਣਾ ਫ਼ੈਸਲਾ ਦੇਵੇਗੀ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ 325 ਕਰੋੜ ਇਸ ਲਈ ਕਾਫ਼ੀ ਹਨ? ਪਰ ਫਿਲਹਾਲ ਤਾਂ ਇਹ ਕਹਿ ਸਕਦੇ ਹਾਂ ਕਿ ਇਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਚੋਣ ਲੁਭਾਈ ਫ਼ੈਸਲਾ ਹੀ ਹੋ ਸਕਦਾ ਹੈ।


-ਦਿਲਪ੍ਰੀਤ ਸਿੰਘ ਕਾਹਲੋਂ, ਪਿੰਡ ਸਹਿਗਾ, ਦਸੂਹਾ।

15-06-2018

 ਕਿਉਂ ਚੁੱਭਦਾ ਹੈ ਕਿਸਾਨਾਂ ਦਾ ਏਕਾ
ਕੀੜੀ ਤੋਂ ਲੈ ਕੇ ਬਾਦਸ਼ਾਹ ਤੱਕ ਦਾ ਮੂੰਹ ਭਰਨ ਵਾਲਾ ਕਿਸਾਨ ਸੜਕਾਂ 'ਤੇ ਰੁਲਦਾ ਦੇਖ ਕੇ ਰੂਹ ਰੋਂਦੀ ਹੈ। ਪਰ ਫਿਰ ਵੀ ਇਸ ਵੇਲੇ ਅਸੀਂ ਲੋਕ ਸਿਆਸਤ ਕਰ ਰਹੇ ਹਾਂ, ਆਖ਼ਰ ਕਿਉਂ? ਬੀਤੇ ਦਿਨ ਦੇਖ ਰਹੇ ਸੀ ਸੋਸ਼ਲ ਮੀਡੀਆ 'ਤੇ ਕਿ ਕਿਸਾਨਾਂ ਨੇ ਦੋਧੀਆਂ ਦਾ ਦੁੱਧ ਡੋਲ੍ਹ ਦਿੱਤਾ। ਭਾਵੇਂ ਸਦੀਆਂ ਤੋਂ ਅਸੀਂ ਦੁੱਧ ਡੁੱਲ੍ਹਣ ਨੂੰ ਬੇਸ਼ਗਨਾ ਮੰਨਦੇ ਹਾਂ ਜਾਂ ਕਹਿ ਲਓ ਕਿ ਤੇਰਾਂ ਰਤਨਾਂ ਵਿਚੋਂ ਇਕ ਰਤਨ ਦੁੱਧ ਨੂੰ ਮੰਨਿਆ ਗਿਆ ਹੈ ਤੇ ਅਜਿਹਾ ਕਰਨਾ ਇਸ ਰਤਨ ਦੀ ਬੇਅਦਬੀ ਹੈ। ਜੇ ਅਸੀਂ ਥੋੜ੍ਹਾ ਹਟ ਕੇ ਡੂੰਘਾਈ ਨਾਲ ਸੋਚੀਏ ਕਿ ਕੁਝ ਕੁ ਦੋਧੀਆਂ ਨੂੰ ਛੱਡ ਕੇ ਬਹੁਤ ਸਾਰੇ ਦੋਧੀ ਕਿਸਾਨਾਂ ਤੋਂ ਦੁੱਧ ਖਰੀਦ ਕੇ ਸ਼ਹਿਰਾਂ ਵਿਚ ਵੇਚਦੇ ਹਨ। ਜਿਹੜੇ ਕਿਸਾਨਾਂ ਦੇ ਸਿਰ 'ਤੇ ਇਨ੍ਹਾਂ ਦੋਧੀ ਲੋਕਾਂ ਦੀ ਰੋਟੀ ਚਲਦੀ ਹੈ ਫਿਰ ਇਹ ਦੋਧੀ ਵੀਰ ਕਿਸਾਨਾਂ ਦਾ ਸਾਥ ਦੇਣ ਤੋਂ ਕਿਉਂ ਇਨਕਾਰੀ ਹਨ? ਇਹ ਸਮਾਂ ਅਜਿਹਾ ਹੈ ਇਸ ਵਿਚ ਕਿਸਾਨਾਂ ਦਾ ਏਕਾ ਜ਼ਰੂਰੀ ਹੈ। ਸੁੱਤੀਆਂ ਸਰਕਾਰਾਂ ਭਾਵੇਂ ਰੁਜ਼ਗਾਰ ਪੈਦਾ ਕਰਨ ਤੋਂ ਅਸਮਰੱਥ ਰਹੀਆਂ ਹਨ ਪਰ ਹੁਣ ਸਵੈ-ਰੁਜ਼ਗਾਰ ਕਿਸਾਨਾਂ ਦਾ ਪੱਲਾ ਫੜ ਕੇ ਰਾਹ ਜਾਂਦੀ ਸ਼ਾਬਾਸ਼ ਲੁੱਟ ਲੈਣੀ ਚਾਹੀਦੀ ਹੈ।


-ਬੇਅੰਤ ਕੌਰ ਗਿੱਲ
ਮੋਗਾ।


ਨਸ਼ੇ 'ਚ ਫਸਦੀ ਜਵਾਨੀ
ਨਸ਼ਾ ਸਾਡੇ ਪੰਜਾਬ, ਸਾਡੇ ਸਮਾਜ ਤੇ ਸਮੁੱਚੀ ਕੌਮ 'ਤੇ ਇਕ ਬਹੁਤ ਵੱਡਾ ਦਾਗ ਹੈ, ਜਿਸ ਨੂੰ ਉਤਾਰਨਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ। ਇਸ ਦੀ ਦਲਦਲ ਬਹੁਤ ਡੂੰਘੀ ਹੋ ਚੁੱਕੀ ਹੈ, ਜਿਸ ਦੀ ਲਪੇਟ ਵਿਚ ਛੋਟੇ-ਵੱਡੇ ਮੁੰਡੇ-ਕੁੜੀਆਂ ਆਦਿ ਆ ਚੁੱਕੇ ਹਨ। ਕਈਆਂ ਨੇ ਤਾਂ ਆਪਣੀਆਂ ਜਾਨਾਂ ਲੈ ਲਈਆਂ। ਇਸ ਨਸ਼ੇ ਕਰਕੇ ਘਰਾਂ ਦੇ ਘਰ ਬਰਬਾਦ ਹੋ ਗਏ। ਕਿਉਂ? ਆਮ ਤੌਰ 'ਤੇ ਇਹ ਦੇਖਣ ਸੁਣਨ ਵਿਚ ਆਇਆ ਹੈ।
ਅੱਜ ਸਾਡੇ ਪੰਜਾਬ ਵਿਚ ਸ਼ਰਾਬ, ਅਫੀਮ, ਤੰਬਾਕੂ, ਸਿਗਰਟ, ਸਮੈਕ, ਚਿੱਟਾ, ਕੋਕੀਨ, ਟੀਕੇ ਆਦਿ ਪਤਾ ਨਹੀਂ, ਕਿੰਨੇ ਕੁ ਹੋਰ ਅੰਗਰੇਜ਼ੀ ਦੇਸੀ ਨਸ਼ੇ ਹਨ, ਜਿਨ੍ਹਾਂ ਕਰਕੇ ਪੰਜਾਬ ਦੀ ਜਵਾਨੀ ਕੱਖੋਂ ਹੌਲੀ ਹੁੰਦੀ ਜਾ ਰਹੀ ਹੈ। ਜਿਹੜੇ ਅੱਜ ਆਪਣੇ-ਆਪ ਨੂੰ ਸੰਵਾਰ ਨਹੀਂ ਸਕਦੇ, ਕੀ ਇਨ੍ਹਾਂ ਨੂੰ ਦੇਸ਼ ਦਾ ਭਵਿੱਖ ਕਹਿਣਾ ਠੀਕ ਹੈ? ਜੋ ਲੋਕ ਪੰਜਾਬ ਵਿਚ ਕੁਝ ਚੰਦ ਸਿੱਕਿਆਂ ਦੀ ਖਾਤਰ ਨਸ਼ਾ ਵੇਚਦੇ ਹਨ, ਜੋ ਲੋਕ ਆਪਣੇ ਅਧਿਕਾਰਾਂ ਦੀ ਗ਼ਲਤ ਵਰਤੋਂ ਕਰਕੇ ਨਸ਼ਾ ਵਿਕਾਉਂਦੇ ਹਨ, ਕੀ ਉਨ੍ਹਾਂ ਨੂੰ ਪੰਜਾਬ ਦੇ ਰਖਵਾਲੇ ਕਹਿਣਾ ਠੀਕ ਹੈ?


-ਗੁਰਦੀਪ ਸਿੰਘ
ਘੋਲੀਆ ਕਲਾਂ,ਮੋਗਾ।


ਮਨੁੱਖ ਦਾ ਭਵਿੱਖ
ਪਿਛਲੇ ਦਿਨੀਂ 'ਅਜੀਤ' ਵਿਚ ਡਾ: ਸੁਖਦੇਵ ਸਿੰਘ ਵਲੋਂ ਲਿਖਿਆ ਗਿਆ ਲੇਖ 'ਵਾਤਾਵਰਨ ਸੰਕਟ ਕਾਰਨ ਖ਼ਤਰੇ ਵਿਚ ਹੈ ਮਨੁੱਖ ਦਾ ਭਵਿੱਖ' ਬੇਹੱਦ ਚਿੰਤਾਜਨਕ ਹੈ। ਲੇਖਕ ਵਲੋਂ ਪੇਸ਼ ਕੀਤੀਆਂ ਵੱਖ-ਵੱਖ ਰਿਪੋਰਟਾਂ ਮੁਤਾਬਿਕ ਸਾਲ 2100 ਤੱਕ ਅਫ਼ਰੀਕੀ ਉਪ ਮਹਾਂਦੀਪ ਵਿਚ ਅੱਧੇ ਪੰਛੀ ਤੇ ਥਣਧਾਰੀ ਪ੍ਰਜਾਤੀਆਂ ਖ਼ਤਮ ਹੋ ਜਾਣਗੀਆਂ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਇਲਾਵਾ ਯੂਨਾਈਟਿਡ ਰਿਪੋਰਟ ਦਾ ਵੀ ਖੁਲਾਸਾ ਕੀਤਾ ਗਿਆ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਸੰਸਾਰ ਵਿਚ 2.1 ਅਰਬ ਲੋਕਾਂ ਕੋਲ ਪੀਣਯੋਗ ਪਾਣੀ ਨਹੀਂ ਹੈ। ਕਿਉਂਕਿ ਮਨੁੱਖ ਦੇ ਜਿੰਦਾ ਰਹਿਣ ਲਈ ਪਾਣੀ ਜ਼ਰੂਰੀ ਹੈ, ਜੇਕਰ ਪੀਣਯੋਗ ਪਾਣੀ ਹੀ ਉਪਲਬਧ ਨਹੀਂ ਤਾਂ ਮਨੁੱਖਤਾ ਲਈ ਖ਼ਤਰੇ ਵਾਲੀ ਗੱਲ ਹੈ। ਵਧ ਰਹੀ ਤਪਸ਼, ਪ੍ਰਦੂਸ਼ਣ, ਵਧਦੀ ਜਨਸੰਖਿਆ, ਨਿੱਜੀਕਰਨ, ਉਦਾਰੀਕਰਨ ਤੇ ਵਿਸ਼ਵੀਕਰਨ ਨਾਲ ਮਨੁੱਖ ਲਈ ਕਈ ਗੰਭੀਰ ਸੰਕਟ ਪੈਦਾ ਹੋ ਗਏ ਹਨ, ਜਿਸ 'ਤੇ ਸਾਨੂੰ ਵਿਚਾਰ ਕਰਨ ਦੀ ਲੋੜ ਹੈ।


-ਰਮੇਸ਼ ਸਹਿਗਲ
ਨਿਊ ਸਹਿਗਲ, ਕਲਾਥ ਹਾਊਸ, ਮੇਨ ਬਾਜ਼ਾਰ, ਭੁਲੱਥ, ਜ਼ਿਲ੍ਹਾ ਕਪੂਰਥਲਾ।


ਝੋਨੇ ਦੀ ਲਵਾਈ
ਸਰਕਾਰ ਵਲੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਕਿ 'ਸਬ ਸੁਆਇਕ ਵਾਟਰ ਪ੍ਰੀਜ਼ਰਵੇਸ਼ਨ ਐਕਟ 2009' ਅਧੀਨ ਝੋਨੇ ਦੀ ਲਵਾਈ 20 ਜੂਨ ਤੋਂ ਸ਼ੁਰੂ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਜੇਕਰ ਕੋਈ ਕਿਸਾਨ ਕਾਨੂੰਨ ਦੀ ਉਲੰਘਣਾ ਕਰਦਾ ਹੈ, ਤਾਂ ਉਸ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਖੇਤੀ ਮਾਹਿਰਾਂ ਦੀ ਖੋਜ ਅਤੇ ਕਿਸਾਨਾਂ ਦੇ ਤਜਰਬਿਆਂ ਰਾਹੀਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਇਸ ਤਰ੍ਹਾਂ ਝੋਨੇ ਦੀ ਲਵਾਈ ਨਾਲ ਜਿਥੇ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ, ਉਥੇ ਝੋਨੇ 'ਤੇ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦਾ ਹਮਲਾ ਵੀ ਘੱਟ ਹੁੰਦਾ ਹੈ ਅਤੇ ਝੋਨੇ ਦੀ ਪੈਦਾਵਾਰ ਵਿਚ ਵੀ ਵਾਧਾ ਹੁੰਦਾ ਹੈ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਸਰਕਾਰ ਦੀ ਅਪੀਲ ਨੂੰ ਮੰਨਦੇ ਹੋਏ ਖੇਤੀ ਮਾਹਿਰਾਂ ਅਤੇ ਕਿਸਾਨਾਂ ਦੇ ਤਜਰਬਿਆਂ ਦਾ ਫਾਇਦਾ ਉਠਾਉਂਦੇ ਹੋਏ, ਝੋਨੇ ਦੀ ਲਵਾਈ 20 ਜੂਨ ਨੂੰ ਹੀ ਕਰਨ ਅਤੇ ਪਾਣੀ ਦੀ ਬੱਚਤ ਕਰਨ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਣ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਰਿਸ਼ਤਿਆਂ ਵਿਚ ਨੋਕ-ਝੋਕ
ਇਕ ਸਮਾਂ ਹੁੰਦਾ ਸੀ ਜਦੋਂ ਘੁੱਗ ਵਸਦੇ ਪਰਿਵਾਰਾਂ 'ਚ ਆਪਸੀ ਮਿਲਵਰਤਨ, ਅਪਣੱਤ, ਇਕ-ਦੂਜੇ ਦਾ ਸਤਿਕਾਰ ਕਰਨਾ ਆਮ ਹੁੰਦਾ ਸੀ। ਪਰ ਸਮੇਂ ਦੇ ਬਦਲਣ ਨਾਲ ਪਰਿਵਾਰਾਂ 'ਚ ਆਪਸੀ ਪਿਆਰ-ਸਤਿਕਾਰ ਘਟਦਾ-ਘਟਦਾ ਵੈਰ-ਵਿਰੋਧ 'ਚ ਬਦਲਦਾ ਜਾ ਰਿਹਾ ਹੈ। ਨੂੰਹ-ਸੱਸ, ਨਣਦ-ਭਰਜਾਈ 'ਚ ਤੂੰ-ਤੂੰ, ਮੈਂ-ਮੈਂ ਆਮ ਗੱਲ ਹੋ ਗਈ ਹੈ। ਖਾਸ ਕਰਕੇ ਨੂੰਹ-ਸੱਸ ਦਾ ਰਿਸ਼ਤਾ ਮੁੱਢ ਕਦੀਮ ਤੋਂ ਹੀ ਨੋਕ-ਝੋਕ ਵਾਲਾ ਰਿਹਾ ਹੈ। ਜਦੋਂ ਕਿ ਹੋਣਾ ਤਾਂ ਇਹ ਚਾਹੀਦਾ ਹੈ ਕਿ ਸੱਸ, ਮਾਂ ਬਣ ਕੇ ਅਤੇ ਨੂੰਹ, ਧੀ ਬਣ ਕੇ ਇਸ ਪਵਿੱਤਰ ਰਿਸ਼ਤੇ ਦੀਆਂ ਤੰਦਾਂ ਨੂੰ ਖੋਖਲਾ ਨਹੀਂ ਸਗੋਂ ਹੋਰ ਮਜ਼ਬੂਤ ਕਰਨ, ਨਹੀਂ ਤਾਂ ਇਹ ਨੋਕ-ਝੋਕ ਵਾਲਾ ਵਰਤਾਰਾ ਪਰਿਵਾਰਾਂ 'ਚ ਪਾੜੇ ਪਾਉਂਦਾ ਰਹੇਗਾ ਤੇ ਪਵਿੱਤਰ ਰਿਸ਼ਤਿਆਂ ਦੀ ਮਿਠਾਸ ਨੂੰ ਫਿੱਕਾ ਕਰਦਾ ਰਹੇਗਾ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਘੁਟਾਲੇ ਲੁਕਾਉਣ ਲਈ ਅੱਗ ਦਾ ਸਹਾਰਾ
ਹੁਣ ਸਾਡੇ ਦੇਸ਼ ਵਿਚ ਪਵਿੱਤਰ ਅਗਨੀ ਨਾਲ ਘੁਟਾਲੇ ਕਰਨ ਵਾਲੇ ਲੋਕਾਂ ਨੂੰ ਬਚਾਉਣ ਲਈ ਇਸ ਦਾ ਹੀ ਸਹਾਰਾ ਲਿਆ ਜਾ ਰਿਹਾ ਹੈ। ਇਸ ਦੀ ਸਾਫ਼ ਉਦਾਹਰਨ ਬੀਤੇ ਦਿਨੀਂ ਮੁੰਬਈ ਵਿਖੇ ਆਮਦਨ ਕਰ ਵਿਭਾਗ ਦੀ ਇਮਾਰਤ ਦੇ ਉਸ ਭਾਗ ਨੂੰ ਅੱਗ ਲੱਗ ਗਈ, ਜਿੱਥੇ ਹੀਰਾ ਵਪਾਰੀ ਨੀਰਵ ਮੋਦੀ ਅਤੇ ਉਸ ਦੇ ਰਿਸ਼ਤੇਦਾਰ ਮੇਹੁਲ ਚੋਕਸੀ ਸਮੇਤ ਹੋਰ ਮੁਲਜ਼ਮਾਂ ਅਤੇ ਐਸ ਆਰ ਗਰੁੱਪ ਨਾਲ ਸਬੰਧਿਤ ਦਸਤਾਵੇਜ਼ਾਂ ਦੀਆਂ ਫਾਈਲਾਂ ਜੋ ਬੈਂਕਾਂ ਨਾਲ ਹੋਏ ਕਰੋੜਾਂ ਰੁਪਏ ਦੇ ਘੁਟਾਲੇ ਦੀ ਜਾਂਚ ਸਬੰਧੀ ਇੱਥੇ ਆਈਆਂ ਸਨ, ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ। ਇਹ ਅੱਗ ਕੋਈ ਸੁਭਾਵਿਕ ਅੱਗ ਨਹੀਂ, ਬਲਕਿ ਇਕ ਗਿਣੀਮਿੱਥੀ ਸਾਜਿਸ਼ ਤਹਿਤ ਲੱਗੀ ਹੋ ਸਕਦੀ ਹੈ ਕਿਉਂਕਿ ਇੱਥੇ ਕੁੱਤੀ ਚੋਰਾਂ ਨਾਲ ਰਲੀ ਸਾਫ਼ ਦਿਖਾਈ ਦੇ ਰਹੀ ਹੈ। ਇਹੋ ਜਿਹੇ ਘੁਟਾਲੇ ਕਰਨ ਵਾਲੇ ਵਪਾਰੀ, ਸੱਤਾਧਾਰੀ ਸਿਆਸੀ ਨੇਤਾਵਾਂ ਦੀ ਸਹਿ ਤੇ ਦੇਸ਼ ਦੀ ਆਰਥਿਕਤਾ ਨੂੰ ਖੋਰਾ ਲਾ ਰਹੇ ਹਨ, ਜਿਸ ਵਿਚ ਦੇਸ਼ ਦੇ ਆਮ ਨਾਗਰਿਕਾਂ ਦਾ ਲੱਕ ਤੋੜਿਆ ਜਾ ਰਿਹਾ ਹੈ। ਜਦੋਂ ਤੱਕ ਸਾਡੇ ਸਿਆਸੀ ਲੋਕ ਇਨ੍ਹਾਂ ਵੱਡੇ ਮਗਰਮੱਛਾਂ ਨੂੰ ਦਾਣਾ ਪਾਉਂਦੇ ਰਹਿਣਗੇ, ਉਦੋਂ ਤੱਕ ਇਨ੍ਹਾਂ ਦੇ ਕੀਤੇ ਘੁਟਾਲਿਆਂ ਦੇ ਕਾਗਜ਼ਾਂ ਨੂੰ ਲਗਦੀਆਂ ਅੱਗਾਂ ਇਨ੍ਹਾਂ ਦੇ ਕਾਰਨਾਮਿਆਂ ਨੂੰ ਛੁਪਾਉਂਦੀਆਂ ਰਹਿਣਗੀਆਂ।


-ਇੰਦਰਜੀਤ ਸਿੰਘ ਕੰਗ
ਕੋਟਲਾ ਸਮਸ਼ਪੁਰ (ਸਮਰਾਲਾ), ਜ਼ਿਲ੍ਹਾ ਲੁਧਿਆਣਾ।

13-06-2018

 ਸਤਲੁਜ ਦਾ ਪਾਣੀ
ਕੁਦਰਤੀ ਵਸੀਲਿਆਂ ਨੂੰ ਸਾਂਭਣ ਲਈ ਅਸੀਂ ਕਦੇ ਵੀ ਗੰਭੀਰਤਾ ਨਹੀਂ ਦਿਖਾਈ। 'ਅਜੀਤ' ਦੀ ਖ਼ਬਰ ਸਤਲੁਜ ਦਰਿਆ ਦੇ ਹਰੀਕੇ ਪੱਤਣ ਵਿਖੇ ਮਿਲ ਕੇ ਬਿਆਸ ਦਰਿਆ ਦੇ ਪਾਣੀ ਨੂੰ ਵੀ ਗੰਧਲਾ ਕਰਨ ਬਾਰੇ ਰਿਪੋਰਟ ਪੜ੍ਹ ਕੇ ਬਹੁਤ ਦੁੱਖ ਹੋਇਆ। ਭਾਵੇਂ ਪਹਿਲਾਂ ਵੀ ਅਨੇਕਾਂ ਵਾਰ ਬੁੱਧੀਜੀਵੀਆਂ ਅਤੇ ਚਿੰਤਕਾਂ ਨੇ ਸਮੇਂ-ਸਮੇਂ 'ਤੇ ਇਸ ਸਬੰਧੀ ਸਰਕਾਰਾਂ ਨੂੰ ਗੁਹਾਰਾਂ ਲਗਾਈਆਂ ਹਨ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਪ੍ਰਵਾਸੀ ਪੰਛੀ ਵੀ ਅਨੇਕਾਂ ਵਾਰ ਭੇਟ ਚੜ੍ਹ ਚੁੱਕੇ ਹਨ। ਹੋਰ ਪਤਾ ਨਹੀਂ ਕਿੰਨਾ ਚਿਰ ਇਹ ਪਸ਼ੂ, ਪੰਛੀ, ਧਰਤੀ ਅਤੇ ਮਨੁੁੱਖਤਾ ਨੂੰ ਬਿਮਾਰੀਆਂ ਵੰਡਦਾ ਰਹੇਗਾ? ਜਿਹੜੇ ਸ਼ਹਿਰਾਂ ਅਤੇ ਫੈਕਟਰੀਆਂ ਦੇ ਪਾਣੀ ਨੇ ਸਤਲੁਜ ਦੀ ਇਹ ਹਾਲਤ ਕੀਤੀ ਹੈ, ਜੇਕਰ ਸਰਕਾਰ ਸੱਚੇ ਦਿਲੋਂ ਚਾਹੇ ਕੁਝ ਦਿਨਾਂ ਵਿਚ ਹੀ ਉਨ੍ਹਾਂ ਨੂੰ ਰੋਕ ਸਕਦੀ ਹੈ। ਮਿਊਂਸਪਲ ਕਮੇਟੀਆਂ ਅਤੇ ਫੈਕਟਰੀ ਮਾਲਕਾਂ ਨੂੰ ਸਰਕਾਰ, ਜਲ-ਸੋਧਕ ਯੰਤਰ ਲਾਉਣ ਲਈ ਮਜਬੂਰ ਕਰੇ। ਜਿਹੜਾ ਬੰਦਾ 10-20 ਕਰੋੜ ਫੈਕਟਰੀ 'ਤੇ ਲਾ ਸਕਦਾ ਹੈ, ਉਹ ਕੁਝ ਲੱਖ ਇਸ ਯੰਤਰ 'ਤੇ ਵੀ ਲਾ ਸਕਦਾ ਹੈ। ਨਹੀਂ ਤਾਂ ਭਾਰੀ ਜੁਰਮਾਨਾ ਅਤੇ ਲਾਇਸੰਸ ਰੱਦ ਕੀਤਾ ਜਾਵੇ। ਮਨੁੱਖੀ ਜੀਵਨ ਦੀਆਂ ਮੁਢਲੀਆਂ ਲੋੜਾਂ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।


-ਪ੍ਰੀਤ ਸਿੰਘ ਸੰਦਲ
ਪਿੰਡ ਮਕਸੂਦੜਾ, ਤਹਿ: ਪਾਇਲ (ਲੁਧਿਆਣਾ)।


ਨਸ਼ਾ-ਮੁਕਤੀ ਸਬੰਧੀ ਜਾਗਰੂਕ ਸੈਮੀਨਾਰ
ਪਿਛਲੇ ਲੰਮੇ ਸਮੇਂ ਤੋਂ ਨਸ਼ਾ-ਮੁਕਤ ਪੰਜਾਬ ਬਣਾਉਣ ਲਈ ਸਰਕਾਰਾਂ ਬੜੇ ਸੁਚੱਜੇ ਢੰਗ ਨਾਲ ਯਤਨ ਕਰ ਰਹੀਆਂ ਹਨ ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਫਿਰ ਵੀ ਨਸ਼ਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਨਸ਼ੇ ਨੂੰ ਠੱਲ੍ਹ ਪਾਉਣ ਲਈ ਪ੍ਰਸ਼ਾਸਨ ਵੀ ਪੱਬਾਂ ਭਾਰ ਹੋ ਗਿਆ ਹੈ। ਇਸ ਲਈ ਸਕੂਲਾਂ, ਕਾਲਜਾਂ ਅਤੇ ਜਨਤਕ ਸਥਾਨਾਂ 'ਤੇ ਨਸ਼ਾ-ਮੁਕਤੀ ਜਾਗਰੂਕ ਸੈਮੀਨਾਰ ਕਰਵਾਏ ਜਾ ਰਹੇ ਹਨ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਅਤੇ ਸਮਾਜ ਅੰਦਰ ਅਜਿਹੀਆਂ ਬੁਰਾਈਆਂ ਨੂੰ ਖ਼ਤਮ ਕੀਤਾ ਜਾ ਸਕੇ। ਮੌਜੂਦਾ ਸਮੇਂ ਨਸ਼ੇ ਦੀ ਤੀਬਰਤਾ ਨੂੰ ਦੇਖਦਿਆਂ ਹੋਇਆਂ ਮਹਿਸੂਸ ਹੁੰਦਾ ਹੈ ਕਿ ਕੇਵਲ ਸੈਮੀਨਾਰਾਂ ਦੁਆਰਾ ਨਸ਼ੇ ਨੂੰ ਖ਼ਤਮ ਕਰਨਾ ਸੰਭਵ ਨਹੀਂ ਕਿਉਂਕਿ ਕਿਸੇ ਬੁਰਾਈ ਨੂੰ ਖ਼ਤਮ ਕਰਨ ਲਈ ਉਸ ਦੀ ਜੜ੍ਹ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਪੰਜਾਬ ਦੇ ਸਰਹੱਦੀ ਖੇਤਰਾਂ ਤੋਂ ਆ ਰਹੀ ਨਸ਼ੇ ਦੀ ਬਹੁਤਾਤ ਨੂੰ ਨੱਥ ਪਾਉਣਾ ਅਤੇ ਵੱਡੇ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸਣਾ ਨਸ਼ਾ-ਮੁਕਤ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰ ਸਕਦਾ ਹੈ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਛੇਵੇਂ ਦਰਿਆ ਦਾ ਉਛਾਲ ਪੂਰੇ ਪੰਜਾਬ ਨੂੰ ਆਪਣੀ ਲਪੇਟ ਵਿਚ ਲੈ ਲਵੇਗਾ।


-ਰਵਿੰਦਰ ਸਿੰਘ ਰੇਸ਼ਮ
ਉਮਰਪੁਰਾ (ਨੱਥੂਮਾਜਰਾ) ਸੰਗਰੂਰ।


ਕਿਵੇਂ ਸੁਧਰੇ ਉਚੇਰੀ ਸਿੱਖਿਆ?
ਪੰਜਾਬ 'ਚ ਉਚੇਰੀ ਸਿੱਖਿਆ ਦੀ ਹਾਲਤ ਬਹੁਤ ਵਧੀਆ ਨਹੀਂ। ਇਸ ਲਈ ਸਿੱਖਿਆ ਸੰਸਥਾਵਾਂ ਵਿਚ ਅਕਾਦਮਿਕ ਮਾਹੌਲ ਪੈਦਾ ਕੀਤਾ ਜਾਵੇ। ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਪੱਕੀਆਂ ਅਸਾਮੀਆਂ ਭਰਨ ਦੇ ਅਧਿਕਾਰ ਦਿੱਤੇ ਜਾਣ। ਯੂਨੀਵਰਸਿਟੀਆਂ ਨੂੰ ਲੋੜੀਂਦੀ ਵਿੱਤੀ ਮਦਦ ਦਿੱਤੀ ਜਾਵੇ। ਵੱਖ-ਵੱਖ ਵਿਸ਼ਿਆਂ ਦੇ ਖੋਜ ਕਾਰਜਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਅਸਾਮੀਆਂ ਨੂੰ ਤਬਦੀਲ ਕਰਨ ਦਾ ਅਧਿਕਾਰ ਕਾਲਜਾਂ ਤੋਂ ਵਾਪਸ ਲੈ ਕੇ ਅਸਾਮੀਆਂ ਨੂੰ ਮੂਲ ਵਿਭਾਗ ਵਿਚ ਭੇਜਿਆ ਜਾਵੇ। ਸੋ, ਇਸ ਤਰ੍ਹਾਂ ਵਾਧੂ ਵਿੱਤੀ ਭਾਰ ਪਾਏ ਤੋਂ ਬਿਨਾਂ ਹੀ ਉੱਚ ਸਿੱਖਿਆ ਦਾ ਪਾਸਾਰ ਵਧੇਗਾ।


-ਸਰਬਜੀਤ ਸਿੰਘ ਝੱਮਟ
ਪਿੰਡ ਝੱਮਟ, ਡਾਕ: ਅਯਾਲੀ ਕਲਾਂ।


ਪੈਟਰੋਲ, ਡੀਜ਼ਲ ਦੀਆਂ ਕੀਮਤਾਂ...
ਮਹਿੰਗਾਈ ਦੀ ਮਾਰ ਨੇ ਅੱਜ ਗ਼ਰੀਬਾਂ ਦੇ ਨਾਲ-ਨਾਲ ਮੱਧ ਵਰਗ ਦੇ ਲੋਕਾਂ ਦੀ ਵੀ ਕਮਰ ਤੋੜ ਰੱਖੀ ਹੈ। ਇਨ੍ਹਾਂ ਹਾਲਾਤ ਦੇ ਵਿਚਕਾਰ ਆਏ ਦਿਨ ਪੈਟਰੋਲ, ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਆਮ ਆਦਮੀ ਦੇ ਜੀਵਨ ਨੂੰ ਹੋਰ ਵਧੇਰੇ ਮੁਸ਼ਕਿਲਾਂ 'ਚ ਲਿਆ ਖੜ੍ਹਾ ਕੀਤਾ ਹੈ। ਭਾਵ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ 'ਚ ਵਾਧਾ, ਵਧਦੀ ਮਹਿੰਗਾਈ 'ਚ ਬਲਦੀ 'ਚ ਘਿਓ ਦਾ ਕੰਮ ਕਰਦਾ ਹੈ। ਇਥੇ ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ 'ਚ ਜੋ ਬੇਤਹਾਸ਼ਾ ਵਾਧਾ ਵੇਖਣ ਨੂੰ ਮਿਲਿਆ, ਉਸ ਦੀ ਦੇਸ਼ ਦੇ ਇਤਿਹਾਸ ਵਿਚ ਪਹਿਲਾਂ ਕਦੀ ਉਦਾਹਰਨ ਨਹੀਂ ਮਿਲਦੀ। ਇਸ ਸਮੇਂ ਕੇਂਦਰ ਸਰਕਾਰ ਵਲੋਂ ਪੈਟਰੋਲ 'ਤੇ ਟੈਕਸ ਦੇ ਰੂਪ ਵਿਚ ਪ੍ਰਤੀ ਲੀਟਰ 19.48 ਰੁਪਏ ਅਤੇ ਡੀਜ਼ਲ 'ਤੇ ਪ੍ਰਤੀ ਲੀਟਰ 15.33 ਰੁਪਏ ਵਸੂਲੇ ਜਾ ਰਹੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਸੂਬਾਈ ਸਰਕਾਰਾਂ ਵਲੋਂ ਵੈਟ ਦੇ ਰੂਪ ਵਿਚ ਅਲੱਗ ਤੌਰ 'ਤੇ ਟੈਕਸਾਂ ਦੀ ਵਸੂਲੀ ਕੀਤੀ ਜਾ ਰਹੀ ਹੈ। ਕੁਝ ਇਕ ਨਿਊਜ਼ ਚੈਨਲਾਂ ਨੂੰ ਛੱਡ ਕੇ ਬਾਕੀ ਸਭ ਚੈਨਲਾਂ ਤੋਂ ਲੋਕਾਂ ਦੀਆਂ ਸਮੱਸਿਆਵਾਂ ਨਾਲ ਜੁੜੇ ਹੋਏ ਮੁੱਦੇ ਗਾਇਬ ਹਨ। ਭਾਵ ਜਿਵੇਂ ਵਧ ਰਹੀਆਂ ਕੀਮਤਾਂ, ਮਹਿੰਗਾਈ ਅਤੇ ਬੇਰੁਜ਼ਗਾਰੀ ਜਿਹੇ ਚਲੰਤ ਮੁੱਦੇ ਤਾਜ਼ਾ ਖ਼ਬਰਾਂ 'ਚੋਂ ਅਕਸਰ ਗਾਇਬ ਹੁੰਦੇ ਹਨ। ਪਰ ਇਸ ਦੇ ਉਲਟ ਸੋਸ਼ਲ ਮੀਡੀਆ 'ਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਦੇ ਚਲਦਿਆਂ ਸੋਸ਼ਲ ਮੀਡੀਆ 'ਤੇ ਕਾਰਟੂਨਾਂ ਰਾਹੀਂ ਜਾਂ ਵਿਅੰਗਮਈ ਜੁਮਲਿਆਂ ਰਾਹੀਂ ਲੋਕਾਂ ਅੰਦਰਲਾ ਦਰਦ ਫੁੱਟ-ਫੁੱਟ ਬਾਹਰ ਆ ਰਿਹਾ ਹੈ।


-ਮੁਹੰਮਦ ਅੱਬਾਸ ਧਾਲੀਵਾਲ
ਮਲੇਰਕੋਟਲਾ।

12-06-2018

 ਨੈਤਿਕ ਵਿੱਦਿਆ ਜ਼ਰੂਰੀ
ਅੱਜ ਸਮਾਜ ਵਿਚ ਇਖ਼ਲਾਕੀ ਕਦਰਾਂ-ਕੀਮਤਾਂ ਲੀਰੋ-ਲੀਰ ਹੁੰਦੀਆਂ ਆਮ ਦੇਖਣ ਨੂੰ ਮਿਲ ਰਹੀਆਂ ਹਨ। ਸਾਡੀ ਉੱਚੀ-ਸੁੱਚੀ ਸੋਚ ਗੰਧਲੇਪਣ ਦਾ ਸ਼ਿਕਾਰ ਹੁੰਦੀ ਜਾ ਰਹੀ ਹੈ। ਸਾਡੀ ਅਮੀਰ ਸੱਭਿਅਤਾ ਤੇ ਉੱਚੇ-ਸੁੱਚੇ ਵਿਚਾਰਾਂ 'ਚ ਗਿਰਾਵਟ ਆਉਂਦੀ ਜਾ ਰਹੀ ਹੈ। ਅਜਿਹਾ ਮਾੜਾ ਵਰਤਾਰਾ ਸਭ ਨੈਤਿਕ ਵਿੱਦਿਆ ਦੀ ਘਾਟ ਕਾਰਨ ਪਨਪ ਰਿਹਾ ਹੈ। ਨੈਤਿਕ ਵਿੱਦਿਆ ਬੱਚੇ ਨੂੰ ਮਾਤਾ-ਪਿਤਾ ਤੇ ਅਧਿਆਪਕ ਕੋਲੋਂ ਹੀ ਬਿਹਤਰ ਮਿਲ ਸਕਦੀ ਹੈ। ਇਹ ਸੱਚ ਹੈ ਕਿ ਜਦੋਂ ਸਕੂਲ ਅਤੇ ਘਰ ਦਾ ਵਾਤਾਵਰਨ ਸਾਫ਼-ਸੁਥਰਾ ਹੋ ਜਾਏਗਾ ਤਾਂ ਉਦੋਂ ਬੁਰਾਈਆਂ ਨੂੰ ਖ਼ਤਮ ਕਰਨ ਲਈ ਕਾਨੂੰਨਾਂ ਦੀ ਕੋਈ ਬਹੁਤੀ ਲੋੜ ਨਹੀਂ ਪਵੇਗੀ। ਇਹ ਵੀ ਸੱਚ ਹੈ ਕਿ ਅੱਜ ਅਧਿਆਪਕ ਵਰਗ ਦਾ ਕੁਝ ਹਿੱਸਾ ਨੈਤਿਕ ਵਿੱਦਿਆ ਨੂੰ ਪੂਰੀ ਗੰਭੀਰਤਾ ਨਾਲ ਲੈ ਰਿਹਾ ਹੈ। ਅੱਜ ਜਿਥੇ ਅਧਿਆਪਕ ਵਰਗ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਗੰਭੀਰਤਾ ਨਾਲ ਲੈਂਦਿਆਂ ਸਮਾਜ ਦਾ ਮਜ਼ਬੂਤ ਥੰਮ੍ਹ ਹੋਣ ਦਾ ਮਾਣ ਬਰਕਰਾਰ ਰੱਖੇ, ਉਥੇ ਮਾਤਾ-ਪਿਤਾ ਵੀ ਬੱਚਿਆਂ 'ਚ ਨੈਤਿਕ ਵਿੱਦਿਆ ਦਾ ਪਸਾਰਾ ਕਰਨ। ਕਿਉਂਕਿ ਇਕ ਨੈਤਿਕ ਵਿੱਦਿਆ ਹੀ ਹੈ, ਜੋ ਸਾਨੂੰ ਸਹੀ ਰਾਹ ਦਸੇਰਾ ਦੇ ਸਕਦੀ ਹੈ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਭ੍ਰਿਸ਼ਟਾਚਾਰ ਦਾ ਬੋਲਬਾਲਾ ਜਾਰੀ
ਹਰ ਕਿਸੇ ਨੇ ਬਹੁਤ ਉਮੀਦ ਲਗਾ ਲਈ ਸੀ ਕਿ ਸਰਕਾਰ ਦੇ ਬਦਲਣ ਨਾਲ ਬਹੁਤ ਕੁਝ ਬਦਲ ਜਾਏਗਾ। ਪਰ ਲੋਕਾਂ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ। ਜਿਵੇਂ ਰਿਸ਼ਵਤ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਸੀ, ਉਵੇਂ ਹੀ ਹੈ। ਜਦੋਂ ਰਿਸ਼ਵਤ ਦਾ ਬੋਲਬਾਲਾ ਹੋ ਜਾਵੇ ਤਾਂ ਸਮਾਜ ਦਾ ਤਾਣਾਬਾਣਾ ਵੀ ਉਲਝ ਜਾਂਦਾ ਹੈ। ਇਥੇ ਕਿਸੇ ਇਕ ਵਿਭਾਗ ਨੂੰ ਰਿਸ਼ਵਤ ਦੇ ਘੇਰੇ ਵਿਚ ਨਹੀਂ ਰੱਖਿਆ ਜਾ ਸਕਦਾ। ਰਿਸ਼ਵਤ ਲੈਣ ਅਤੇ ਦੇਣ ਦੇ ਨਵੇਂ-ਨਵੇਂ ਤਰੀਕੇ ਢੰਗ ਲੱਭ ਲਏ ਜਾਂਦੇ ਹਨ। ਜਿਵੇਂ ਐਨ.ਆਰ.ਆਈਜ਼ ਦੇ ਕੰਮ ਕਰਨ ਲਈ, ਬੜਾ ਵਧੀਆ ਤਰੀਕਾ ਹੈ। ਵਿਦੇਸ਼ੀ ਸੈਰ ਕਰਨ ਗਏ ਇਨ੍ਹਾਂ ਅਫ਼ਸਰਾਂ ਦੀ ਦੇਖਭਾਲ ਇਹ ਲੋਕ ਕਰਦੇ ਹਨ। ਇਸ ਦੇ ਬਦਲੇ ਕਈ ਵਾਰ ਇਨ੍ਹਾਂ ਦੇ ਕਹਿਣ 'ਤੇ ਉਹ ਅਫ਼ਸਰ ਗ਼ਲਤ ਕੰਮ ਵੀ ਕਰਦੇ ਹਨ। ਕਈ ਵਾਰ ਆਪਣੇ ਪੈਸਿਆਂ ਦਾ ਜਲਵਾ ਵਿਖਾਉਣ ਲਈ ਲੋਕਾਂ ਨੂੰ ਪੁਲਿਸ ਜਾਂ ਕਿਸੇ ਹੋਰ ਵਿਭਾਗ ਤੋਂ ਤੰਗ ਪ੍ਰੇਸ਼ਾਨ ਕਰਵਾਇਆ ਜਾਂਦਾ ਹੈ। ਜਿਹੜੇ ਸਰਕਾਰੀ ਮੁਲਾਜ਼ਮ ਅਜਿਹਾ ਕਰਦੇ ਸਾਹਮਣੇ ਆਉਂਦੇ ਹਨ, ਉਨ੍ਹਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਜਿਵੇਂ ਸਾਰਾ ਕੁਝ ਚੱਲ ਰਿਹਾ ਸੀ, ਉਵੇਂ ਹੀ ਹੈ। ਲੋਕਾਂ ਸਾਹਮਣੇ ਉਵੇਂ ਹੀ ਪਹਾੜ ਖੜ੍ਹਾ ਹੈ।

-ਪ੍ਰਭਜੋਤ ਕੌਰ ਢਿੱਲੋਂ
ਮੁਹਾਲੀ।

ਫ਼ੈਸਲਾ ਸ਼ਲਾਘਾਯੋਗ
ਬੀਤੇ ਦਿਨ ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਵਲੋਂ ਸਰਕਾਰੀ ਸਕੂਲਾਂ ਵਿਚ ਪਹਿਲੀ ਜਮਾਤ ਤੋਂ ਹੀ ਚੰਗੇ ਖਿਡਾਰੀ ਅਤੇ ਖੇਡਾਂ ਪ੍ਰਤੀ ਰੁਝਾਨ ਲਈ ਖੇਡਾਂ ਦਾ ਇਕ ਪੀਰੀਅਡ ਜ਼ਰੂਰੀ ਕਰਨ ਵਾਲਾ ਫ਼ੈਸਲਾ ਸ਼ਲਾਘਾਯੋਗ ਹੈ। ਸਮੇਂ ਦੀ ਲੋੜ ਵੀ ਹੈ ਅਜਿਹੇ ਵਿਚ ਬੱਚਿਆਂ ਅੰਦਰ ਸ਼ੁਰੂ ਤੋਂ ਹੀ ਖੇਡਾਂ ਪ੍ਰਤੀ ਰੁਚੀ ਵਧੇਗੀ ਅਤੇ ਆਉਣ ਵਾਲੇ ਸਮਿਆਂ 'ਚ ਚੰਗੇ ਖਿਡਾਰੀ ਵੀ ਪੈਦਾ ਹੋਣਗੇ ਤੇ ਹੋਰ ਵੀ ਚੰਗੇ ਨਤੀਜੇ ਵੇਖਣ ਨੂੰ ਮਿਲਣਗੇ। ਦੂਜੇ ਪਾਸੇ ਸਕੂਲਾਂ ਵਿਚ ਖੇਡਾਂ ਲਈ ਸਿਖਲਾਈ ਪ੍ਰਾਪਤ ਟੀ.ਪੀ.ਈ. ਵਗੈਰਾ ਨੂੰ ਹਰੇਕ ਸਕੂਲਾਂ 'ਚ ਜਾਂ ਘੱਟੋ-ਘੱਟ ਪ੍ਰਾਇਮਰੀ ਵਿਭਾਗ ਦੇ ਸੈਂਟਰ ਪੱਧਰ 'ਤੇ ਖੇਡ ਅਫ਼ਸਰ ਲਗਾਉਣੇ ਵੀ ਜ਼ਰੂਰੀ ਤਾਇਨਾਤ ਕਰਨੇ ਬਣਦੇ ਹਨ ਤਾਂ ਹੀ ਅਜਿਹੇ ਲਾਹੇਵੰਦ ਤੇ ਸ਼ਲਾਘਾਯੋਗ ਫ਼ੈਸਲੇ ਕਾਰਗਰ ਹੋਣਗੇ। ਖੇਡਾਂ ਦੇ ਮਹਾਰਥੀ ਹੀ ਬੱਚਿਆਂ ਨੂੰ ਤਕਨੀਕੀ ਤੌਰ 'ਤੇ ਸੇਧ ਦੇ ਸਕਣ ਦੇ ਸਮਰੱਥ ਹੁੰਦੇ ਹਨ, ਉਨ੍ਹਾਂ ਨੂੰ ਸਕੂਲਾਂ 'ਚ ਤਾਇਨਾਤ ਕੀਤਾ ਜਾਣਾ ਵੀ ਬਹੁਤ ਜ਼ਰੂਰੀ ਹੋਵੇਗਾ।

-ਮਾਸਟਰ ਦੇਵ ਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

ਸਾਰਥਿਕ ਅਪੀਲ
ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਸਮੂਹ ਪੰਜਾਬ ਦੇ ਪਿੰਡਾਂ ਤੇ ਛੋਟੇ ਸ਼ਹਿਰਾਂ ਨੂੰ ਕੀਤੀ ਅਪੀਲ ਕਿ ਹਰ ਪਿੰਡ ਵਿਚ ਇਕ ਹੀ ਗੁਰਦੁਆਰਾ ਅਤੇ ਇਕ ਹੀ ਸ਼ਮਸ਼ਾਨਘਾਟ ਨੂੰ ਵਰਤੋਂ ਵਿਚ ਲਿਆਂਦਾ ਜਾਵੇ, ਇਕ ਸਾਰਥਿਕ ਅਪੀਲ ਹੋ ਨਿੱਬੜੀ ਹੈ। ਵੋਟ ਦੀ ਰਾਜਨੀਤੀ ਕਾਰਨ ਪਿੰਡਾਂ ਦੀ ਭਾਈਚਾਰਕ ਸਾਂਝ ਵਿਚ ਤਰੇੜਾਂ ਆ ਚੁੱਕੀਆਂ ਹਨ ਅਤੇ ਧਾਰਮਿਕ ਤੌਰ 'ਤੇ ਵੀ ਪੇਂਡੂ ਲੋਕ ਕਈ ਹਿੱਸਿਆਂ ਵਿਚ ਵੰਡੇ ਜਾ ਚੁੱਕੇ ਸਨ। ਇਸ ਕਾਰਨ ਹੀ ਵੱਖਰੇ-ਵੱਖਰੇ ਗੁਰਦੁਆਰੇ ਅਤੇ ਸ਼ਮਸ਼ਾਨਘਾਟ ਉਸਾਰੇ ਗਏ ਸਨ। ਇਸ ਸ਼ਲਾਘਾਯੋਗ ਉਪਰਾਲੇ ਨਾਲ ਜਾਤ-ਪਾਤ ਅਤੇ ਊਚ-ਨੀਚ ਦੀ ਭਾਵਨਾ ਲੋਕਾਂ ਵਿਚੋਂ ਖ਼ਤਮ ਹੋਵੇਗੀ ਅਤੇ ਪਿੰਡਾਂ ਵਿਚਲੀ ਭਾਈਚਾਰਕ ਸਾਂਝ ਪਹਿਲਾਂ ਵਾਂਗ ਹੀ ਮਜ਼ਬੂਤ ਹੋਵੇਗੀ। ਅਜਿਹੇ ਸਾਰਥਿਕ ਉਪਰਾਲੇ ਹਮੇਸ਼ਾ ਜਾਰੀ ਰਹਿਣੇ ਚਾਹੀਦੇ ਹਨ।

-ਕੇ.ਐਸ. ਅਮਰ
ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

ਐਂਟੀ ਰੇਡਟੇਪ ਐਕਟ
ਪੰਜਾਬ ਸਰਕਾਰ ਵਲੋਂ ਸਖ਼ਤ ਐਕਟ ਐਂਟੀ ਰੇਡਟੇਪ ਐਕਟ 2018 ਲਿਆਂਦਾ ਜਾ ਰਿਹਾ ਹੈ। ਇਸ ਐਕਟ ਤਹਿਤ ਵੱਖ-ਵੱਖ ਸਰਕਾਰੀ ਸੇਵਾਵਾਂ ਲਈ 7 ਤੋਂ 15 ਦਿਨਾਂ ਤੱਕ ਦੀ ਸਮਾਂ ਸੀਮਾ ਤੈਅ ਕੀਤੀ ਜਾਵੇਗੀ। ਕੰਮ 'ਚ ਦੇਰੀ ਦੀ ਪਹਿਲੀ ਗ਼ਲਤੀ ਕਰਨ 'ਤੇ ਸਬੰਧਿਤ ਅਫ਼ਸਰ ਜਾਂ ਕਰਮਚਾਰੀ ਨੂੰ 15 ਦਿਨਾਂ ਲਈ ਮੁਅੱਤਲ ਕਰਕੇ ਉਸ ਨੂੰ 15 ਦਿਨਾਂ ਲਈ 'ਮਗਸਿਪਾ' 'ਚ ਸਿਖਲਾਈ ਲੈਣ ਲਈ ਭੇਜਿਆ ਜਾਵੇਗਾ। ਲਾਪਰਵਾਹੀ ਸੁਧਾਰਨ ਲਈ ਤਿੰਨ ਮੌਕੇ ਵੀ ਦਿੱਤੇ ਜਾਣਗੇ ਅਤੇ ਇਸ ਦੌਰਾਨ ਜੁਰਮਾਨਾ ਰਾਸ਼ੀ ਭਰਨ ਤੋਂ ਬਾਅਦ ਵੀ ਅਧਿਕਾਰੀ/ਕਰਮਚਾਰੀ ਜੇਕਰ ਕੰਮ ਕਰਨ 'ਚ ਸੁਧਾਰ ਨਹੀਂ ਲਿਆਉਂਦਾ ਤਾਂ ਉਸ ਨੂੰ ਚੌਥੀ ਗ਼ਲਤੀ 'ਤੇ ਸਰਕਾਰ ਕੋਲ ਨੌਕਰੀ ਤੋਂ ਹਟਾਉਣ ਦੇ ਪੂਰੇ ਅਧਿਕਾਰ ਹੋਣਗੇ। ਇਸ ਐਕਟ ਦੇ ਬਣਨ ਨਾਲ ਜਿਥੇ ਸਰਕਾਰੀ ਅਮਲਾ ਚੁਸਤ-ਦਰੁਸਤ ਹੋਵੇਗਾ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਸੁਰੱਖਿਆ ਯਕੀਨੀ ਬਣਾਈ ਜਾਵੇ
ਪਿਛਲੇ ਦਿਨੀਂ ਅਖ਼ਬਾਰ ਵਿਚ ਖ਼ਬਰਾਂ ਅਤੇ ਸੰਪਾਦਕੀ 'ਮੇਘਾਲਿਆ 'ਚ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਈ ਜਾਏ' ਪੜ੍ਹੀ। ਅਫ਼ਸੋਸ ਹੋਇਆ, ਜਿਸ ਦੇਸ਼ ਦਾ ਸੰਵਿਧਾਨ ਏਕਤਾ ਦੀ ਭਾਵਨਾ ਨੂੰ ਦਰਸਾਉਂਦਾ ਹੈ, ਉਸ ਦੇ ਨਾਗਰਿਕ ਆਪਸੀ ਮਸਲਿਆਂ 'ਚ ਉਲਝ ਕੇ ਇਸ ਦੀ ਕੋਈ ਪਰਵਾਹ ਨਹੀਂ ਕਰਦੇ। ਜੋ ਕੁਝ ਸ਼ਿਲਾਂਗ ਵਿਚ ਵਾਪਰ ਰਿਹਾ, ਉਹ ਸਿੱਖਾਂ ਲਈ ਬਹੁਤ ਹੀ ਨਮੋਸ਼ੀ ਭਰਿਆ ਹੈ। ਖਾਸੀ ਲੋਕਾਂ ਦੁਆਰਾ ਪੰਜਾਬੀ ਲੋਕਾਂ ਨੂੰ ਬਾਹਰਲੇ ਸਮਝਦਿਆਂ ਪੰਜਾਬੀ ਲੇਨ ਵਾਲਾ ਖੇਤਰ ਹਥਿਆਉਣ ਦੀ ਕੋਸ਼ਿਸ਼ ਸਾਡੇ ਸੰਵਿਧਾਨ ਦੀ ਉਲੰਘਣਾ ਹੈ। ਮੇਘਾਲਿਆ ਦੀ ਰਾਜ ਸਰਕਾਰ ਨੂੰ ਨਿਰਪੱਖਤਾ ਦੇ ਸਿਧਾਂਤ ਦੀ ਕਦਰ ਕਰਦਿਆਂ ਆਪਣੀ ਠੋਸ ਭੂਮਿਕਾ ਅਦਾ ਕਰਨੀ ਚਾਹੀਦੀ ਹੈ। ਸ਼ਰਾਰਤੀ ਅਨਸਰਾਂ ਖਿਲਾਫ਼ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਅਜਿਹੀ ਹਿੰਮਤ ਨਾ ਕਰ ਸਕੇ। ਇਸ ਤਰ੍ਹਾਂ ਦੀ ਹੀ ਸਥਿਤੀ ਕੁਝ ਸਮਾਂ ਪਹਿਲਾਂ ਗੁਜਰਾਤ ਦੇ ਸਿੱਖਾਂ ਨਾਲ ਬਣੀ ਸੀ। ਹੁਣ ਤੱਕ ਹੋਏ ਵਿਦੇਸ਼ੀ ਹਮਲਿਆਂ ਨੂੰ ਵੀ ਸਿੱਖਾਂ ਨੇ ਆਪਣੇ ਸਿਰ ਹੰਢਾਇਆ ਹੈ। ਪਰ ਫਿਰ ਵੀ ਇਸ ਕੌਮ ਨੂੰ ਸਮੇਂ-ਸਮੇਂ 'ਤੇ ਸਰਕਾਰਾਂ ਦੁਆਰਾ ਅੱਖੋਂ-ਪਰੋਖੇ ਕਰਨ ਵਾਲਾ ਕਾਰਜ ਜਾਂ ਵਿਸਾਰਨਾ ਸ਼ੋਭਦਾ ਨਹੀਂ। ਸਭ ਨੂੰ ਮਜ਼ਬੂਤ ਭਾਰਤ ਬਣਾਉਣ ਦੇ ਇਰਾਦੇ 'ਤੇ ਪਹਿਰਾ ਦਿੰਦਿਆਂ ਹੋਇਆਂ ਏਕਤਾ ਦਾ ਸਬੂਤ ਦੇਣਾ ਚਾਹੀਦਾ ਹੈ।

-ਤਰਸੇਮ ਲੰਡੇ
ਪਿੰਡ ਲੰਡੇ, ਮੋਗਾ।

11-06-2018

 ਵਿਦਿਆਰਥੀਆਂ ਵਲੋਂ ਖੁਦਕੁਸ਼ੀਆਂ ਕਿਉਂ?
10ਵੀਂ ਤੇ 12ਵੀਂ ਦੇ ਨਤੀਜਿਆਂ ਤੋਂ ਬਾਅਦ ਫੇਲ੍ਹ ਵਿਦਿਆਰਥੀ ਘੋਰ ਨਿਰਾਸ਼ਾ ਵਿਚ ਡੁੱਬਦਿਆਂ ਖੁਦਕੁਸ਼ੀ ਵਰਗਾ ਨਾ-ਸਹਿਣਯੋਗ ਫੈਸਲਾ ਕਰ ਲੈਂਦੇ ਹਨ, ਜੋ ਕਿ ਪਰਿਵਾਰ ਅਤੇ ਸਮਾਜ ਲਈ ਨਮੋਸ਼ੀ ਦਾ ਕਾਰਨ ਬਣਦਾ ਹੈ। ਇਸ ਵਾਰ ਵੀ ਮਈ ਦੇ ਦੂਜੇ ਹਫ਼ਤੇ ਇਕ ਲੜਕਾ ਅੰਮ੍ਰਿਤਸਰ ਅਤੇ ਇਕ ਲੜਕੀ ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਸਨ, ਜੋ ਖੁਦਕੁਸ਼ੀ ਕਰ ਗਏ। ਅਧਿਆਪਕ ਵਰਗ ਦਾ ਫ਼ਰਜ਼ ਹੈ ਕਿ ਇਮਤਿਹਾਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਦਿਆਰਥੀ ਵਰਗ ਨੂੰ ਮਾਨਸਿਕ ਤੌਰ 'ਤੇ ਪ੍ਰਪੱਕ ਕੀਤਾ ਜਾਵੇ। ਇਹ ਵੀ ਦੱਸਿਆ ਜਾਵੇ ਕਿ ਸਫ਼ਲਤਾ ਦਾ ਆਧਾਰ ਜਮਾਤਾਂ ਗਿਣਨਾ ਨਹੀਂ ਸਗੋਂ ਵਾਰ-ਵਾਰ ਡਿੱਗ ਕੇ ਵਾਰ-ਵਾਰ ਉੱਠਣ ਵਿਚ ਵੀ ਹੁੰਦਾ ਹੈ। ਬੋਰਡ ਦੇ ਇਮਤਿਹਾਨਾਂ ਵਿਚੋਂ ਫੇਲ੍ਹ ਹੋਏ ਵਿਦਿਆਰਥੀ ਆਪਣੇ-ਆਪ ਨੂੰ ਦੋਸ਼ੀ ਨਾ ਸਮਝਣ, ਸਗੋਂ ਇਹ ਮਹਿਸੂਸ ਕਰਨ ਕਿ ਸਾਡੀ ਅਸਫ਼ਲਤਾ ਲਈ ਹੋਰ ਵੀ ਕਈ ਕਾਰਨ ਜ਼ਿੰਮੇਵਾਰ ਹਨ। ਮਾਪਿਆਂ ਦਾ ਵੀ ਫ਼ਰਜ਼ ਬਣਦਾ ਹੈ ਕਿ ਇਮਤਿਹਾਨ ਦੇਣ ਤੋਂ ਲੈ ਕੇ ਨਤੀਜਾ ਨਿਕਲਣ ਤੱਕ ਬੱਚੇ ਨੂੰ ਮਾਨਸਿਕ ਦਬਾਅ ਹੇਠ ਨਾ ਆਉਣ ਦੇਣ। ਫੇਲ੍ਹ ਹੋਣ ਦੀ ਹਾਲਤ ਵਿਚ ਦਿਲ ਨਹੀਂ ਛੱਡਣਾ ਚਾਹੀਦਾ। ਤੁਹਾਡੇ ਤੁਰ ਜਾਣ ਪਿਛੋਂ ਮਾਪਿਆਂ ਕੋਲ ਕੀ ਬਚੇਗਾ? ਤੁਸੀਂ ਹੋਵੋਗੇ ਤਾਂ ਅਗਲੇ ਸਾਲ ਫਿਰ ਇਮਤਿਹਾਨ ਵਿਚ ਸਫ਼ਲਤਾ ਪ੍ਰਾਪਤ ਕਰੋਗੇ।


-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ, ਘੁਮਾਣ, ਗੁਰਦਾਸਪੁਰ।


ਵਿਗਿਆਨਕ ਤਰੱਕੀ
ਵਿਗਿਆਨ ਦੇ ਇਸ ਆਧੁਨਿਕ ਤਕਨੀਕ ਦੇ ਯੁੱਗ ਅੰਦਰ ਵੀ ਅੱਜ ਹਰ ਪੰਜਾਬੀ ਸਰੀਰਕ ਤੇ ਮਾਨਸਿਕ ਸੰਤਾਪ ਹੰਢਾ ਰਿਹਾ ਹੈ। ਪੰਜਾਬ ਕਦੀ ਖੁਸ਼ਹਾਲ ਸੂਬਾ ਸੀ, ਜਿਸ ਨੇ ਹਰੀ ਕ੍ਰਾਂਤੀ ਤੇ ਚਿੱਟੀ ਕ੍ਰਾਂਤੀ ਦਾ ਮੁੱਢ ਬੰਨ੍ਹਿਆ ਸੀ। ਅੱਜ ਪੰਜਾਬ ਦੀ ਜਰਖੇਜ਼ ਧਰਤੀ ਜ਼ਹਿਰ ਉਗਲ ਰਹੀ ਹੈ। ਵਾਤਾਵਰਨ ਦੂਸ਼ਿਤ ਹੈ। ਪਾਣੀ ਦਾ ਗੰਭੀਰ ਸੰਕਟ ਹੈ। ਹਰ ਪੰਜਾਬੀ ਦੇ ਘਰ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਮਹਿੰਗੇ ਪ੍ਰਾਈਵੇਟ ਹਸਪਤਾਲਾਂ ਨੇ ਪੰਜਾਬੀਆਂ ਨੂੰ ਕੰਗਾਲ ਬਣਾ ਦਿੱਤਾ ਹੈ। ਵਿਗਿਆਨ ਮਨੁੱਖ ਨੂੰ ਬਿਮਾਰੀਆਂ ਤੋਂ ਨਹੀਂ ਬਚਾ ਸਕਿਆ, ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਨਹੀਂ ਰੋਕ ਸਕਿਆ। ਲੰਬੀਆਂ-ਚੌੜੀਆਂ ਸੜਕਾਂ, ਵੱਡੇ-ਵੱਡੇ ਪੁਲ, ਕਈ-ਕਈ ਮੰਜ਼ਿਲਾ ਇਮਾਰਤਾਂ ਮਨੁੱਖੀ ਤਰੱਕੀ ਦੀ ਬੁਨਿਆਦ ਨਹੀਂ ਹੋ ਸਕਦੀਆਂ। ਹਰੇ ਭਰੇ ਜੰਗਲ, ਖੂਬਸੂਰਤ ਘਾਹ ਦੇ ਮੈਦਾਨ, ਝੀਲਾਂ ਦਾ ਕਲ-ਕਲ ਕਰਦਾ ਪਾਣੀ ਮਨੁੱਖ ਦੀ ਜ਼ਿੰਦਗੀ ਦੀ ਅਸਲ ਬੁਨਿਆਦ ਹਨ। ਪ੍ਰੰਤੂ ਅੱਜ ਵਿਗਿਆਨਕ ਤਰੱਕੀ ਵਿਚ ਅਸੀਂ ਇਹ ਸਭ ਕੁਝ ਗੁਆ ਚੁੱਕੇ ਹਾਂ। ਪੱਥਰ ਯੁੱਗ 'ਚੋਂ ਨਿਕਲ ਕੇ ਫਿਰ ਇਸ ਪੱਥਰ ਯੁੱਗ ਦਾ ਨਿਰਮਾਣ ਕਰ ਰਹੇ ਹਾਂ। ਪਾਣੀ ਨੂੰ ਗੰਦਾ ਕਰ ਰਹੇ ਹਾਂ, ਰੁੱਖਾਂ ਨੂੰ ਕੱਟ ਰਹੇ ਹਾਂ, ਖੇਤਾਂ ਅਤੇ ਕੂੜੇ ਕਰਕਟ ਨੂੰ ਅੱਗ ਲਗਾ ਕੇ ਵਾਤਾਵਰਨ ਨੂੰ ਦੂਸ਼ਿਤ ਕਰ ਰਹੇ ਹਾਂ।


-ਕੇ.ਐਸ.ਅਮਰ
ਪਿੰਡ ਤੇ ਡਾਕ: ਕੋਟਲੀਖਾਸ, ਤਹਿਸੀਲ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ।


ਕਿਸਾਨਾਂ ਦੀ ਦਰਿਆਦਿਲੀ...
ਪੰਜਾਬ ਦੇ ਕਿਸਾਨ ਦੀ ਰਹਿਮਦਿਲੀ ਦਾ ਕੋਈ ਦੇਣ ਨਹੀਂ ਦੇ ਸਕਦਾ। ਦੇਸ਼ ਆਜ਼ਾਦ ਹੋਣ ਤੋਂ ਲੈ ਕੇ ਲਗਾਤਾਰ ਆਪ ਦੁੱਖ ਤਕਲੀਫ਼ਾਂ ਝੱਲ ਕੇ ਦੇਸ਼ ਦਾ ਢਿੱਡ ਭਰਦਾ ਆ ਰਿਹਾ ਹੈ। ਆਪਣੀਆਂ ਜਿਣਸਾਂ ਦੇ ਵਾਜਬ ਭਾਅ ਲੈਣ ਲਈ ਜਦੋਂ ਵੀ ਕਿਸਾਨ ਸੰਘਰਸ਼ ਦਾ ਰਾਹ ਅਖ਼ਤਿਆਰ ਕਰਦਾ ਹੈ ਤਾਂ ਕਦੇ ਕਿਸੇ ਆਮ ਵਿਅਕਤੀ ਨੂੰ ਤਕਲੀਫ਼ ਤੱਕ ਨਹੀਂ ਆਉਣ ਦਿੰਦਾ। ਜਿਹੜੇ ਵਪਾਰੀ ਜਾਂ ਹੋਰ ਦੁਕਾਨਦਾਰ ਲੋਕ ਕਿਸਾਨ ਜ਼ਰੀਏ ਵੱਡੀ ਕਮਾਈ ਕਰਦੇ ਹਨ, ਉਹ ਕਦੇ ਵੀ ਕਿਸਾਨ ਦੀ ਹਾਲਤ ਸੁਧਾਰਨ ਬਾਬਤ ਸਹਿਯੋਗ ਨਹੀਂ ਕਰਦੇ ਤੇ ਨਾ ਹੀ ਕਦੇ ਸਰਕਾਰ ਪਾਸੋਂ ਕਿਸਾਨਾਂ ਲਈ ਉਠਦੀਆਂ ਮੰਗਾਂ ਵਿਚ ਨਾਲ ਖਲੋਂਦੇ ਹਨ। ਹੁਣ ਫਿਰ ਪੰਜਾਬ ਦੇ ਕਿਸਾਨ ਦੀ ਦਰਿਆਦਿਲੀ ਦੇਖੋ ਕਿ ਉਸ ਨੇ ਆਮ ਲੋਕਾਂ ਨੂੰ ਮੁਸ਼ਕਿਲ ਆਉਂਦੀ ਦੇਖ ਕੇ ਆਪਣਾ ਸੰਘਰਸ਼ ਵਾਪਸ ਲੈ ਲਿਆ ਹੈ। 1 ਜੂਨ ਤੋਂ 10 ਜੂਨ ਤੱਕ ਸ਼ਹਿਰਾਂ, ਕਸਬਿਆਂ ਨਾਲੋਂ ਸੰਪਰਕ ਤੋੜੋ ਮੁਹਿੰਮ ਵਿੱਢੀ ਗਈ ਸੀ। ਇਸ ਦੌਰਾਨ ਸਬਜ਼ੀ ਵਿਕਰੇਤਾ, ਦੋਧੀਆਂ ਤੇ ਹੋਰ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਵੇਖਦੇ ਹੋਏ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਇਹ ਫੈਸਲਾ ਲਿਆ ਅਤੇ ਹੜਤਾਲ ਖ਼ਤਮ ਕਰ ਦਿੱਤੀ ਅਤੇ ਕਈਆਂ ਨੇ ਇਸ ਨੂੰ ਸ਼ਲਾਘਾਯੋਗ ਅਤੇ ਕੁਝ ਲੋਕਾਂ ਨੇ ਗ਼ਲਤ ਕਰਾਰ ਦਿੱਤਾ। ਕਿਸਾਨ ਭਰਾਵਾਂ ਨੇ ਤਾਂ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਝੱਟ ਸਮਝ ਲਿਆ ਪ੍ਰੰਤੂ ਇਸ ਗਰੀਬੜੇ ਕਿਸਾਨ ਦੀਆਂ ਦੁੱਖ-ਤਕਲੀਫਾਂ ਨੂੰ ਕੋਈ ਸਰਕਾਰ ਜਾਂ ਹੋਰ ਧਨਾਢ ਲੋਕ ਕਿਉਂ ਨਹੀਂ ਸਮਝ ਰਹੇ?


-ਬੇਅੰਤ ਗਿੱਲ ਭਲੂਰ
beantgillbhaloor@gmail.com


'ਮਿਸ਼ਨ ਤੰਦਰੁਸਤ ਪੰਜਾਬ'
ਮਾਣਯੋਗ ਮੁੱਖ ਮੰਤਰੀ ਪੰਜਾਬ ਵਲੋਂ 'ਵਿਸ਼ਵ ਵਾਤਾਵਰਨ ਦਿਵਸ' 'ਤੇ ਜੋ ਮਿਸ਼ਨ 'ਤੰਦਰੁਸਤ ਪੰਜਾਬ' ਸ਼ੁਰੂ ਕੀਤਾ ਗਿਆ ਹੈ, ਇਕ ਚੰਗੀ ਪਹਿਲ ਹੈ। ਮੁੱਖ ਮੰਤਰੀ ਵਲੋਂ ਪੰਜਾਬ ਦੇ ਵਾਤਾਵਰਨ ਤੇ ਪੰਜਾਬੀਆਂ ਦੀ ਸਿਹਤ ਵੱਲ ਵਿਸ਼ੇਸ਼ ਤਵੱਜੋ ਦੇਣਾ ਯਕੀਨਨ ਹੀ ਇਕ ਸਾਰਥਿਕ ਕਦਮ ਕਿਹਾ ਜਾ ਸਕਦਾ ਹੈ। ਜਲ ਸਪਲਾਈ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਜੰਗਲਾਤ ਵਿਭਾਗ, ਖੇਡ ਵਿਭਾਗ ਤੇ ਸਿਹਤ ਵਿਭਾਗ ਨੂੰ ਖਾਸ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਜੇਕਰ ਇਹ ਸਾਰੇ ਵਿਭਾਗ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਣ ਤਾਂ ਯਕੀਨੀ ਤੌਰ 'ਤੇ ਪੰਜਾਬ ਦੇ ਪੌਣ-ਪਾਣੀ ਤੇ ਪੰਜਾਬੀਆਂ ਦੀ ਸਿਹਤ ਵਿਚ ਸੁਧਾਰ ਆ ਸਕਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਮਿਸ਼ਨ ਕਾਰਨ ਵਾਤਾਵਰਨ ਪ੍ਰੇਮੀਆਂ ਵਿਚ ਖੁਸ਼ੀ ਦੀ ਲਹਿਰ ਹੈ। ਹੋਰ ਵੀ ਬਿਹਤਰ ਹੋਵੇਗਾ ਜੇਕਰ ਪੰਜਾਬ ਸਰਕਾਰ ਕਿਊਬਾ ਵਰਗੇ ਦੇਸ਼ਾਂ ਦੀ ਤਰਜ਼ 'ਤੇ ਨਾ-ਨਵਿਆਉਣਯੋਗ ਊਰਜਾ ਦੀ ਖਪਤ ਨੂੰ ਘਟਾਉਣ ਲਈ ਵੀ ਵਿਸ਼ੇਸ਼ ਉਪਰਾਲੇ ਕਰੇ ਅਤੇ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਸਬਸਿਡੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ।


-ਗੁਰਪ੍ਰੀਤ ਕੌਰ ਚਹਿਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਹਿਲਾਂਵਾਲੀ (ਮਾਨਸਾ)।

08-06-2018

 ਨੋਟਾ ਦੀ ਅਹਿਮੀਅਤ
ਭਾਰਤੀ ਸੰਵਿਧਾਨ ਆਪਣੇ ਨਾਗਰਿਕਾਂ ਨੂੰ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਕਈ ਅਧਿਕਾਰ ਦਿੰਦਾ ਹੈ, ਜਿਸ ਵਿਚੋਂ ਇਕ ਹੈ ਆਪਣੀ ਮਰਜ਼ੀ ਨਾਲ ਵੋਟ ਪਾ ਕੇ ਆਪਣੇ ਨੁਮਾਇੰਦੇ ਚੁਣਨਾ। ਬਦਲਦੇ ਸਮੇਂ ਦੇ ਨਾਲ ਕਈ ਮੌਕਾਪ੍ਰਸਤ ਲੋਕਾਂ ਨੇ ਰਾਜਨੀਤੀ ਨੂੰ ਨਿਸ਼ਕਾਮ ਸੇਵਾ ਦੀ ਬਜਾਏ ਵਪਾਰ ਦੇ ਤੌਰ 'ਤੇ ਅਪਣਾ ਲਿਆ ਹੈ। ਅਜਿਹੀ ਸਥਿਤੀ ਨੂੰ ਸੁਧਾਰਨ ਲਈ ਹੀ ਸਰਬਉੱਚ ਅਦਾਲਤ ਨੇ 2013 ਵਿਚ ਦਾਖ਼ਲ ਇਕ ਪਟੀਸ਼ਨ 'ਤੇ ਫ਼ੈਸਲਾ ਦਿੰਦਿਆਂ ਚੋਣ ਕਮਿਸ਼ਨ ਨੂੰ ਲੋਕਾਂ ਨੂੰ ਨੋਟਾ ਦਾ ਬਦਲ ਦੇਣ ਲਈ ਕਿਹਾ ਸੀ। ਨੋਟਾ ਦਾ ਅਰਥ ਹੈ 'ਨਨ ਆਫ ਦ ਅਬੱਵ' ਭਾਵ ਕਿ ਉਪਰੋਕਤ ਵਿਚੋਂ ਕੋਈ ਨਹੀਂ। ਨੋਟਾ ਦਾ ਇਲੈਕਸ਼ਨ ਸਿੰਬਲ ਨੈਸ਼ਨਲ ਇੰਸਟੀਚਿਊਟ ਆਫ ਡਿਜ਼ਾਈਨ ਦੁਆਰਾ ਬਣਾਇਆ ਗਿਆ ਹੈ। ਨੋਟਾ ਅਜੇ ਸਿਰਫ ਇਕ ਹਾਂ-ਪੱਖੀ ਕਦਮ ਹੈ ਅਤੇ ਇਸ ਵਿਚ ਅੱਗੇ ਬਹੁਤ ਸੁਧਾਰ ਦੀ ਗੁੰਜਾਇਸ਼ ਹੈ। ਨੋਟਾ ਵਿਚ ਭਾਵੇਂ ਸਭ ਤੋਂ ਵੱਧ ਵੋਟਾਂ ਦਰਜ ਹੋਣ ਤਾਂ ਵੀ ਇਸ ਵਿਚ ਦਰਜ ਵੋਟਾਂ ਨੂੰ ਨਾ ਗਿਣ ਕੇ ਬਾਕੀ ਉਮੀਦਵਾਰਾਂ ਵਿਚੋਂ ਸਭ ਤੋਂ ਵੱਧ ਵੋਟਾਂ ਵਾਲੇ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ। ਲੋਕਤੰਤਰ ਵਿਚ ਜਿਥੇ ਲੋਕਾਂ ਦੀ ਮਰਜ਼ੀ ਨਾਲ ਸਰਕਾਰ ਬਣਦੀ ਹੈ ਤਾਂ ਸਾਰੇ ਨਾਪਸੰਦ ਉਮੀਦਵਾਰਾਂ ਵਿਚੋਂ ਜੇਤੂ ਚੁਣਨ ਦੀ ਕੀ ਮਜਬੂਰੀ ਹੈ? ਇਸ ਬਾਰੇ ਅੱਗੇ ਸੋਚਣ ਦੀ ਲੋੜ ਹੈ। ਹੁਣ ਸਮਾਂ ਆ ਗਿਆ ਹੈ ਕਿ ਨੋਟਾ ਨੂੰ ਰਾਈਟ ਟੂ ਰਿਜੈਕਟ ਆਲ ਦੇ ਬਰਾਬਰ ਦਰਜਾ ਦਿੱਤਾ ਜਾਵੇ। ਜੇ ਕਿਸੇ ਚੋਣ ਵਿਚ ਨੋਟਾ ਨੂੰ ਸਭ ਤੋਂ ਵੱਧ ਲੋਕ ਚੁਣਦੇ ਹਨ ਤਾਂ ਉਹ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਕਰਕੇ ਉਨ੍ਹਾਂ ਨੂੰ ਅਗਲੀ ਚੋਣ ਲਈ ਅਯੋਗ ਐਲਾਨ ਕੇ ਦੁਬਾਰਾ ਚੋਣ ਕਰਵਾਈ ਜਾਏ।


-ਲੈਫ਼ਟੀਨੈਂਟ ਕੁਲਦੀਪ ਸ਼ਰਮਾ
ਜਲੰਧਰ।


ਸਨਮਾਨ ਕਰਨਾ ਬਣਦਾ ਹੈ
ਪਿਛਲੇ ਦਿਨੀਂ 'ਅਜੀਤ' ਵਿਚ ਛਪੀ ਖ਼ਬਰ ਮੁਸਲਿਮ ਲੜਕੇ ਨੂੰ ਬਚਾਉਣ ਲਈ ਭੀੜ ਨਾਲ ਭਿੜਿਆ ਸਿੱਖ ਪੁਲਿਸ ਕਰਮੀ। ਸੋਸ਼ਲ ਮੀਡੀਆ 'ਤੇ ਇਸ ਸਿੱਖ ਕਰਮੀ ਦਾ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਭੀੜ ਵਿਚ ਘਿਰਿਆ ਇਕ ਪੁਲਿਸ ਇੰਸਪੈਕਟਰ ਗਗਨਦੀਪ ਸਿੰਘ ਹੈ। ਨੈਨੀਤਾਲ ਦੇ ਇਕ ਮੰਦਿਰ ਵਿਚ ਲੜਕਾ-ਲੜਕੀ ਬੈਠੇ ਦੇਖ ਕੇ ਲੋਕ ਭੜਕ ਪਏ। ਇਹ ਭੜਕਾਹਟ ਉਸ ਵੇਲੇ ਹੋਰ ਵਧ ਗਈ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਲੜਕਾ ਮੁਸਲਮਾਨ ਧਰਮ ਦਾ ਹੈ। ਉਸ ਭੀੜ ਤੋਂ ਲੜਕੇ ਨੂੰ ਬਚਾਉਂਦੇ ਹੋਏ ਗਗਨਦੀਪ ਸਿੰਘ ਦੀ ਵੀਡੀਓ ਵਾਇਰਲ ਹੋਈ ਹੈ। ਇਸ ਵੀਡੀਓ ਨਾਲ ਇਸ ਤਰ੍ਹਾਂ ਲਗਦਾ ਹੈ ਜਿਵੇਂ ਗਗਨਦੀਪ ਸਿੰਘ ਨੇ ਪੂਰੇ ਸੰਸਾਰ ਵਿਚ ਸਿੱਖਾਂ ਦੀ ਸ਼ਾਨ ਉੱਚੀ ਕੀਤੀ ਹੈ। ਹੁਣ ਇਸ ਬਦਲੇ ਸਿੱਖਾਂ ਦੀ ਰਹਿਨੁਮਾਈ ਕਰਦੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ ਫ਼ਰਜ਼ ਬਣਦਾ ਹੈ ਕਿ ਉਸ ਸਿੱਖ ਨੌਜਵਾਨਾਂ ਦਾ ਸਨਮਾਨ ਕਰੇ ਤਾਂ ਕਿ ਉਸ ਨੂੰ ਦੇਖ ਕੇ ਹੋਰਾਂ ਦਾ ਵੀ ਹੌਸਲਾ ਵਧੇ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਦੂਸ਼ਿਤ ਪਾਣੀ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਅੰਕ ਵਿਚ ਨਵਤੇਜ ਸਿੰਘ ਮੱਲ੍ਹੀ ਦਾ ਲਿਖਿਆ ਲੇਖ 'ਰੋਕੇ ਜਾਣ ਦਰਿਆਵਾਂ 'ਚ ਪੈ ਰਹੇ ਕਾਰਖਾਨਿਆਂ ਦੇ ਗੰਦੇ ਪਾਣੀ' ਪੜ੍ਹਿਆ, ਜੋ ਕਿ ਇਕ ਗੰਭੀਰ ਚਰਚਾ ਛੇੜਦਾ ਹੈ। ਸੱਚ ਹੀ ਪੰਜਾਬ ਦਾ ਪਾਣੀ ਦਿਨੋ-ਦਿਨ ਦੂਸ਼ਿਤ ਹੁੰਦਾ ਜਾ ਰਿਹਾ ਹੈ। ਇਸ ਨਾਲ ਨਾ ਸਿਰਫ ਬਿਮਾਰੀਆਂ ਜਨਮ ਲੈਂਦੀਆਂ ਹਨ, ਸਗੋਂ ਫ਼ਸਲਾਂ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਕਾਰਖਾਨਿਆਂ 'ਚੋਂ ਨਿਕਲਿਆ ਗੰਦਾ ਪਾਣੀ ਜ਼ਿਆਦਾ ਦਰਿਆਵਾਂ ਵਿਚ ਹੀ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਮਨੁੱਖਾਂ ਅਤੇ ਦਰਿਆਵਾਂ ਦੇ ਜੀਵ-ਜੰਤੂਆਂ 'ਤੇ ਖ਼ਤਰਾ ਮੰਡਰਾ ਰਿਹਾ ਹੈ। ਸਰਕਾਰ ਨੂੰ ਕਾਰਖਾਨਿਆਂ ਦੇ ਨਿਪਟਾਰੇ ਲਈ ਅਜਿਹੇ ਕਦਮ ਉਠਾਉਣੇ ਚਾਹੀਦੇ ਹਨ, ਜਿਸ ਨਾਲ ਮਨੁੱਖਾਂ ਤੇ ਜੀਵ-ਜੰਤੂਆਂ ਤੋਂ ਖ਼ਤਰਾ ਟਲ ਸਕੇ। ਪੰਜਾਬ ਰਾਜ ਅੰਦਰਲੀਆਂ ਪੰਚਾਇਤਾਂ ਨੂੰ ਵੀ ਕੇਰਲਾ ਦੀਆਂ ਪੰਚਾਇਤਾਂ ਦੀ ਤਰ੍ਹਾਂ ਸੁਚੇਤ ਹੋਣਾ ਚਾਹੀਦਾ ਹੈ ਤਾਂ ਜੋ ਪਾਣੀ ਵਰਗੇ ਪਵਿੱਤਰ ਸਾਧਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।


-ਗਗਨਦੀਪ ਕੌਰ ਸੀਰਵਾਲੀ
ਐਸ.ਬੀ.ਐਸ. ਮਾਡਲ ਸਕੂਲ।


ਗੰਭੀਰ ਖੇਤੀ ਸੰਕਟ
ਦੇਸ਼ ਵਿਚ ਖੇਤੀ ਸੰਕਟ ਬੇਹੱਦ ਗੰਭੀਰ ਹੁੰਦਾ ਜਾ ਰਿਹਾ ਹੈ, ਕਿਸਾਨ ਅਤੇ ਖੇਤ ਮਜ਼ਦੂਰ ਖ਼ੁਦਕੁਸ਼ੀ ਕਰ ਰਹੇ ਹਨ। ਇਕ ਅੰਦਾਜ਼ੇ ਅਨੁਸਾਰ ਦੇਸ਼ ਵਿਚ ਹਰ ਰੋਜ਼ ਲਗਪਗ 45 ਕਿਸਾਨ ਤੇ ਖੇਤ ਮਜ਼ਦੂਰ ਖ਼ੁਦਕੁਸ਼ੀ ਕਰ ਰਹੇ ਹਨ। ਇਸੇ ਤਰ੍ਹਾਂ ਪੰਜਾਬ ਵਿਚ ਹਰ ਰੋਜ਼ 3-4 ਕਿਸਾਨ ਤੇ ਖੇਤ ਮਜ਼ਦੂਰ ਖ਼ੁਦਕੁਸ਼ੀ ਕਰ ਰਹੇ ਹਨ। ਖੇਤੀ ਸੰਕਟ ਦਾ ਅਧਿਐਨ ਕਰਨ ਵਾਲੇ ਬੁੱਧੀਜੀਵੀ ਪੀ. ਸਾਈਨਾਥ ਨੇ 10 ਦਿਨਾਂ ਦਾ ਦੌਰਾ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਕੀਤਾ। ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬ ਸਮੇਤ ਸਮੁੱਚੇ ਦੇਸ਼ ਦਾ ਖੇਤੀਬਾੜੀ ਸੰਕਟ ਕਾਰਪੋਰੇਟ ਨੀਤੀਆਂ ਦੀ ਦੇਣ ਹੈ, ਕਾਰਪੋਰੇਟ ਕੰਪਨੀਆਂ ਨੂੰ 5 ਲੱਖ ਕਰੋੜ ਦੀਆਂ ਰਿਆਇਤਾਂ ਹਰ ਸਾਲ ਦਿੱਤੀਆਂ ਜਾਂਦੀਆਂ ਹਨ। ਖੇਤੀ ਸੰਕਟ ਨੂੰ ਹੱਲ ਕਰਨ ਲਈ ਕਿਸਾਨਾਂ ਨੂੰ ਰਾਹਤ ਦੇਣ ਲਈ ਕੁਝ ਨਹੀਂ ਕੀਤਾ ਜਾ ਰਿਹਾ। ਮਾੜੀਆਂ-ਮੋਟੀਆਂ ਰਿਆਇਤਾਂ ਨਾਲ ਇਹ ਸੰਕਟ ਹੱਲ ਹੋਣ ਵਾਲਾ ਨਹੀਂ, ਕਿਸਾਨਾਂ ਨੂੰ ਉਤਪਾਦਨ ਲਾਗਤ 'ਤੇ 50 ਫ਼ੀਸਦੀ ਮੁਨਾਫ਼ਾ ਦੇ ਕੇ ਭਾਅ ਦਿੱਤੇ ਜਾਣ, ਮੰਡੀਕਰਨ ਦੀ ਵਿਵਸਥਾ ਵੀ ਭਰੋਸੇਯੋਗ ਕੀਤੀ ਜਾਵੇ।
ਵੱਖ-ਵੱਖ ਕਿਸਾਨ ਸੰਗਠਨ, ਅਰਥ-ਸ਼ਾਸਤਰੀ, ਬੁੱਧੀਜੀਵੀ ਲਗਾਤਾਰ ਮੰਗ ਕਰਦੇ ਆ ਰਹੇ ਹਨ ਕਿ ਖੇਤੀ ਸੰਕਟ ਸਬੰਧੀ ਸੰਸਦ ਵਿਚ ਵਿਚਾਰ-ਚਰਚਾ ਹੋਣੀ ਚਾਹੀਦੀ ਹੈ। ਥੋਥੀ ਬਿਆਨਬਾਜ਼ੀ ਨਾਲ ਨਹੀਂ ਸਰਨਾ, ਹਕੀਕਤ ਵਿਚ ਇਸ ਸੰਕਟ ਦਾ ਹੱਲ ਕਰਨਾ ਚਾਹੀਦਾ ਹੈ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ,
ਜ਼ਿਲ੍ਹਾ ਤੇ ਤਹਿ: ਪਟਿਆਲਾ।

07-06-2018

ਅੱਗ ਨਾਲ ਝੁਲਸਿਆ ਜੰਗਲ
ਪਿਛਲੇ ਦਿਨੀਂ ਗੜ੍ਹਸ਼ੰਕਰ ਨੇੜੇ ਡੱਲੇਵਾਲ ਪਿੰਡ ਵਿਚ ਅੱਗ ਲੱਗਣ ਨਾਲ ਜੰਗਲ ਦਾ 100 ਏਕੜ ਰਕਬਾ ਝੁਲਸ ਗਿਆ, ਜਿਸ ਵਿਚ ਕਿੰਨੇ ਹੀ ਜੀਵ-ਜੰਤੂ, ਪਸ਼ੂ-ਪੰਛੀ ਅਤੇ ਰੁੱਖ ਸ਼ਾਮਿਲ ਸਨ। ਇਹ ਖ਼ਬਰ ਪੜ੍ਹ ਕੇ ਲੋਕ ਮਨਾਂ ਨੂੰ ਡੂੰਘੀ ਸੱਟ ਜ਼ਰੂਰ ਲੱਗੀ ਹੈ। ਚਿੰਤਨਸ਼ੀਲ ਅਤੇ ਸਮਾਜ ਸੇਵੀ ਜਥੇਬੰਦੀਆਂ ਸਾਡੇ ਗੰਧਲਾ ਵਾਤਾਵਰਨ, ਵਧਦਾ ਤਾਪਮਾਨ ਅਤੇ ਘਟ ਰਹੀ ਵਰਖਾ ਪ੍ਰਤੀ ਚਿੰਤਤ ਹਨ। ਅਚਨਚੇਤ ਰੂਪ ਵਿਚ ਵਾਪਰੀ ਇਹ ਘਟਨਾ ਦੁਖਦਾਇਕ ਹੈ, ਜਿਸ ਵਿਚ ਹਰਿਆਵਲ ਲਹਿਰ ਨੂੰ ਧੱਕਾ ਲੱਗਾ ਹੈ। ਹੋ ਸਕਦਾ ਹੈ ਇਸ ਘਟਨਾ ਦਾ ਵੱਡਾ ਕਾਰਨ ਡੱਲੇਵਾਲ ਪਿੰਡ 'ਚ ਲੱਗਾ 66 ਕੇ.ਵੀ. ਬਿਜਲੀ ਗਰਿੱਡ ਤੋਂ ਸਰਕਟ ਰਿਹਾ ਹੋਵੇ। ਜੇਕਰ ਅਜਿਹਾ ਹੈ ਤਾਂ ਬਿਜਲੀ ਬੋਰਡ ਦੇ ਅਧਿਕਾਰੀ ਇਸ ਪ੍ਰਤੀ ਜ਼ਿੰਮੇਵਾਰ ਹਨ। ਇਨ੍ਹਾਂ ਆਲਾ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਖੰਭਿਆਂ, ਟਰਾਂਸਫਾਰਮਾਂ ਅਤੇ ਬਿਜਲੀ ਦੀਆਂ ਤਾਰਾਂ ਦੇ ਢੁਕਵੇਂ ਇੰਤਜ਼ਾਮ ਕੀਤੇ ਜਾਣ। ਤਾਰਾਂ ਨੂੰ ਚੰਗੀ ਤਰ੍ਹਾਂ ਨਾਲ ਕਸ ਕੇ ਬਿਜਲੀ ਸਰਕਟ ਠੀਕ ਕੀਤੇ ਜਾਣ। ਇਨ੍ਹਾਂ ਦੇ ਨੇੜੇ ਘਾਹ-ਫੂਸ ਦੀ ਸਫ਼ਾਈ ਕੀਤੀ ਜਾਵੇ ਤਾਂ ਜੋ ਅਜਿਹੀਆਂ ਹੋਰ ਵਾਪਰਨ ਵਾਲੀਆਂ ਘਟਨਾਵਾਂ ਤੋਂ ਬਚਾਅ ਹੋ ਸਕੇ।


-ਤਰਸੇਮ ਲੰਡੇ
ਪਿੰਡ ਲੰਡੇ, ਮੋਗਾ।


ਹਸਪਤਾਲਾਂ ਦਾ ਦਰਜਾ
ਨਸ਼ਾ ਵਿਰੋਧੀ ਮੁਹਿੰਮ ਅਧੀਨ ਪਿਛਲੀ ਸਰਕਾਰ ਵਲੋਂ ਬਣਾਏ ਗਏ ਮੁੜ ਵਸੇਬਾ ਕੇਂਦਰਾਂ ਵਿਚ ਨਸ਼ੇ ਦੇ ਆਦੀ ਹੋ ਚੁੱਕੇ ਲੋਕਾਂ ਨੂੰ ਨਸ਼ਿਆਂ ਵਿਚੋਂ ਕੱਢਣ ਲਈ ਸ਼ੁਰੂ ਵਿਚ ਇਨ੍ਹਾਂ ਕੇਂਦਰਾਂ ਨੇ ਕਾਫੀ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕੀਤਾ ਸੀ। ਪਰ ਆਮ ਲੋਕ ਬਦਨਾਮੀ ਤੋਂ ਬਚਣ ਲਈ ਆਪਣੇ ਬੱਚਿਆਂ ਨੂੰ ਇਨ੍ਹਾਂ ਕੇਂਦਰਾਂ ਵਿਚ ਦਾਖਲ ਕਰਾਉਣ ਤੋਂ ਗੁਰੇਜ਼ ਕਰਨ ਲੱਗ ਪਏ ਅਤੇ ਨਤੀਜੇ ਵਜੋਂ ਇਹ ਕੇਂਦਰ ਬੰਦ ਹੋਣ ਦੇ ਕਿਨਾਰੇ ਚਲੇ ਗਏ। ਇਨ੍ਹਾਂ ਕੇਂਦਰਾਂ ਨੂੰ ਠੱਪ ਹੋਣ ਤੋਂ ਬਚਾਉਣ ਲਈ ਮੌਜੂਦਾ ਸਰਕਾਰ ਨੇ ਇਨ੍ਹਾਂ ਕੇਂਦਰਾਂ 'ਤੇ ਲੱਗੀ ਪੂੰਜੀ ਨੂੰ ਬਿਹਤਰ ਵਰਤੋਂ ਵਿਚ ਲਿਆਉਣ ਲਈ ਇਨ੍ਹਾਂ ਨੂੰ ਪੂਰੇ ਹਸਪਤਾਲਾਂ ਦਾ ਦਰਜਾ ਦੇਣ ਅਤੇ ਲੋੜੀਂਦਾ ਸਟਾਫ, ਜਿਨ੍ਹਾਂ ਵਿਚ ਡਾਕਡਰ ਆਦਿ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਨਾਲ ਹੀ ਲੋੜੀਂਦਾ ਸਾਜ਼ੋ-ਸਾਮਾਨ ਵੀ ਮੁਹੱਈਆ ਕਰਾਉਣ ਦਾ ਉਪਰਾਲਾ ਕੀਤਾ ਹੈ ਤਾਂ ਜੋ ਲੋਕਾਂ ਨੂੰ ਇਨ੍ਹਾਂ ਹਸਪਤਾਲਾਂ ਵਿਚ ਬਿਨਾਂ ਕਿਸੇ ਡਰ ਦੇ ਨਸ਼ਾ ਛੁਡਾਉਣ ਦੇ ਨਾਲ-ਨਾਲ ਹੋਰ ਵੀ ਮੁਢਲੀਆਂ ਬਿਮਾਰੀਆਂ ਦੇ ਇਲਾਜ ਲਈ ਸਹੂਲਤਾਂ ਮਿਲ ਸਕਣ। ਇਨ੍ਹਾਂ ਹਸਪਤਾਲਾਂ/ਕੇਂਦਰਾਂ ਦੀ ਪੂਰੇ ਪੰਜਾਬ ਵਿਚ 22 ਦੇ ਕਰੀਬ ਗਿਣਤੀ ਦੱਸੀ ਜਾਂਦੀ ਹੈ। ਸਰਕਾਰ ਵਲੋਂ ਲਿਆ ਗਿਆ ਇਹ ਫ਼ੈਸਲਾ ਇਕ ਬਹੁਤ ਹੀ ਵਧੀਆ ਕਦਮ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਠੋਸ ਕਦਮ ਚੁੱਕਣ ਦੀ ਲੋੜ
ਬੀਤੇ ਸਮੇਂ ਵਿਚ ਜਦੋਂ ਕਦੇ ਲੋਕ ਕੁੱਤਿਆਂ ਤੋਂ ਦੁਖੀ ਹੁੰਦੇ ਸਨ ਤਾਂ ਉਨ੍ਹਾਂ ਕੁੱਤਿਆਂ ਨੂੰ ਦਵਾਈ ਪਾ ਕੇ ਮਾਰ ਦਿੱਤਾ ਜਾਂਦਾ ਸੀ। ਕਾਇਦੇ-ਕਾਨੂੰਨ ਬਣ ਗਏ ਜਿਸ ਕਰਕੇ ਅਜੋਕੇ ਸਮੇਂ ਵਿਚ ਜਾਨਵਰਾਂ ਨੂੰ ਨਹੀਂ ਮਾਰਿਆ ਜਾ ਸਕਦਾ ਪਰ ਉਨ੍ਹਾਂ ਦੀ ਵਧਦੀ ਆਬਾਦੀ ਚਿੰਤਾ ਦਾ ਕਾਰਨ ਹੈ। ਅਵਾਰਾ ਕੁੱਤੇ ਹੱਡਾਰੋੜੀ ਤੋਂ ਮਾਸ, ਖ਼ੂਨ ਅਤੇ ਹੱਡ ਖਾਣ ਲਈ ਜਾਂਦੇ ਹਨ ਅਤੇ ਉਹ ਖ਼ੂਨ ਮਾਸ ਖਾਣ ਦੇ ਆਦੀ ਹੋਏ ਹੁੰਦੇ ਹਨ। ਇਸੇ ਕਰਕੇ ਉਹ ਖੂੰਖਾਰ ਹਨ ਅਤੇ ਹਰ ਸਮੇਂ ਮਾਸ ਖ਼ੂਨ ਭਾਲਦੇ ਹਨ। ਕੁੱਤੇ ਮੀਟ ਦੀਆਂ ਦੁਕਾਨਾਂ ਅਤੇ ਖੋਖਿਆਂ ਦੇ ਆਸੇ ਪਾਸੇ ਪਈ ਮਾਸ ਦੀ ਰਹਿੰਦ-ਖੂੰਹਦ ਖਾ ਖਾ ਕੇ ਖੂੰਖਾਰ ਹੁੰਦੇ ਜਾ ਰਹੇ ਹਨ ਅਤੇ ਉਹ ਮਾਸ ਤੇ ਖ਼ੂਨ ਦੀ ਭੁੱਖ ਰੱਖਦੇ ਹਨ। ਪਿੰਡਾਂ ਤੋਂ ਸ਼ਹਿਰਾਂ ਨੂੰ ਜਾਣ ਵਾਲੇ ਰਾਹਗੀਰਾਂ ਨੂੰ ਦਿਨ-ਰਾਤ ਕੁੱਤਿਆਂ ਦਾ ਕਹਿਰ ਸਤਾਉਂਦਾ ਹੈ ਅਤੇ ਕਦੇ ਵੀ ਕੋਈ ਉਨ੍ਹਾਂ ਦੀ ਲਪੇਟ ਵਿਚ ਆ ਸਕਦਾ ਹੈ। ਅਵਾਰਾ ਕੁੱਤਿਆਂ ਦੇ ਮਾਮਲੇ ਵਿਚ ਠੋਸ ਕਦਮ ਚੁੱਕਣ ਦੀ ਲੋੜ ਹੈ।


-ਜਸਪਾਲ ਸਿੰਘ ਲੋਹਾਮ
ਗਲੀ ਹਜ਼ਾਰਾ ਸਿੰਘ, ਮੋਗਾ।


ਕੀਮਤਾਂ ਨੂੰ ਸਥਿਰ ਰੱਖਣ ਬਾਰੇ
ਕੀਮਤਾਂ ਨੂੰ ਸਥਿਰ ਰੱਖਣਾ, ਸਰਕਾਰਾਂ ਦਾ ਕੰਮ ਹੁੰਦਾ ਹੈ, ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਜਾਂ ਰਾਜ ਸਰਕਾਰ ਹੋਵੇ। ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਦੇਖਦੇ ਦੇਖਦੇ ਕਿੰਨੀਆਂ ਉੱਪਰ ਚਲੇ ਗਈਆਂ ਹਨ, ਜਿਸ ਕਾਰਨ ਲੋਕਾਂ ਵਿਚ ਹਾਹਾਕਾਰ ਮਚਣਾ ਹੀ ਸੀ। ਕੀਮਤਾਂ ਵਿਚ ਅਮੀਰ ਆਦਮੀ ਨੂੰ ਤਾਂ ਕੋਈ ਫ਼ਰਕ ਜ਼ਿਆਦਾ ਨਹੀਂ ਪੈਂਦਾ, ਪਰ ਗ਼ਰੀਬ ਆਦਮੀ ਨਿਚੋੜਿਆ ਜਾਂਦਾ ਹੈ। ਪਹਿਲਾਂ ਦੇਖਣ ਨੂੰ ਮਿਲਦਾ ਸੀ ਕਿ ਸਾਲ ਜਾਂ ਛੇ ਮਹੀਨੇ ਬਾਅਦ ਪੈਟਰੋਲ, ਡੀਜ਼ਲ ਦੇ ਭਾਅ ਵਧਦੇ ਸਨ। ਕਿਸਾਨ ਏਨਾ ਮਹਿੰਗਾ ਡੀਜ਼ਲ ਲੈ ਕੇ ਕਿਵੇਂ ਗੁਜ਼ਾਰਾ ਕਰੇਗਾ, ਕਿਉਂਕਿ ਖੇਤੀ ਦਾ ਸਾਰਾ ਦਾਰੋ-ਮਦਾਰ ਮਸ਼ੀਨਰੀ 'ਤੇ ਹੈ। ਸਰਕਾਰ ਨੂੰ ਲੋਕਾਂ 'ਤੇ ਏਨਾ ਬੋਝ ਨਹੀਂ ਪਾਉਣਾ ਚਾਹੀਦਾ, ਇਸ ਬਾਰੇ ਜ਼ਰੂਰ ਸੋਚ-ਵਿਚਾਰ ਕਰਕੇ ਇਨ੍ਹਾਂ ਦੇ ਭਾਅ ਵਿਚ ਕਮੀ ਕੀਤੀ ਜਾਵੇ।


-ਹਰਜਿੰਦਰਪਾਲ ਸਿੰਘ ਬਾਜਵਾ
536, ਗਲੀ 5-ਬੀ, ਵਿਜੇ ਨਗਰ, ਹੁਸ਼ਿਆਰਪੁਰ।


ਸਾੜੇ ਦੀ ਅੱਗ
ਦੁੱਖ ਅਤੇ ਸੁੱਖ ਜ਼ਿੰਦਗੀ ਦੇ ਦੋ ਅਹਿਮ ਪਹਿਲੂ ਹਨ, ਜੋ ਵਾਰੀ-ਵਾਰੀ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਰਹਿੰਦੇ ਹਨ। ਚਿਰਾਂ ਤੋਂ ਮਨੁੱਖ ਦੀ ਇਹ ਫ਼ਿਤਰਤ ਰਹੀ ਹੈ ਕਿ ਜਿਥੇ ਉਹ ਸੁੱਖਾਂ ਵੇਲੇ ਬੇਹੱਦ ਖੁਸ਼ ਨਜ਼ਰ ਆਉਂਦਾ ਹੈ, ਉਥੇ ਦੁੱਖਾਂ ਵੇਲੇ ਨਿਰਾਸ਼ ਅਵਸਥਾ ਵਿਚ ਚਲਾ ਜਾਂਦਾ ਹੈ। ਹੁਣ ਜੇਕਰ ਅੱਜ ਦੀ ਗੱਲ ਕਰੀਏ ਤਾਂ ਕੁਝ ਕੁ ਲੋਕਾਂ ਨੂੰ ਛੱਡ ਕੇ ਜ਼ਿਆਦਾਤਰ ਲੋਕ ਆਪਣੇ ਦੁੱਖਾਂ ਤੋਂ ਓਨੇ ਦੁਖੀ ਨਹੀਂ ਹਨ, ਜਿੰਨੇ ਦੂਜਿਆਂ ਦੇ ਸੁੱਖਾਂ ਨੂੰ ਦੇਖ ਕੇ ਹੋ ਰਹੇ ਹਨ। ਅੱਜ ਅਸੀਂ ਦੇਖ ਹੀ ਰਹੇ ਹਾਂ ਕਿ ਕਿਵੇਂ ਮਨੁੱਖ ਸਾੜੇ ਦੀ ਅੱਗ ਵਿਚ ਸੜਦਾ ਹੋਇਆ ਕਿਸੇ ਗੁਆਂਢੀ ਦੀ ਹੋ ਰਹੀ ਤਰੱਕੀ ਨੂੰ ਦੇਖ ਕੇ ਉਦਾਸ ਬੈਠਾ ਰੱਬ ਨੂੰ ਉਲਾਂਭੇ ਦੇਣੇ ਸ਼ੁਰੂ ਕਰ ਦਿੰਦਾ ਹੈ ਕਿ ਇਹ ਸਭ ਖੁਸ਼ੀਆਂ ਉਸ ਦੀ ਜ਼ਿੰਦਗੀ ਵਿਚ ਕਿਉਂ ਨਹੀਂ ਆ ਰਹੀਆਂ ਹਨ। ਜ਼ਿਆਦਾ ਲੋਕਾਂ ਵਲੋਂ ਕਿਸੇ ਹੋਰ ਦੇ ਹੋ ਰਹੇ ਚੰਗੇ 'ਤੇ ਸੜਿਆਂ ਤਾਂ ਬਥੇਰਾ ਜਾਂਦਾ ਪਰ ਉਸ ਦੇ ਪਿੱਛੇ ਛੁਪੀ ਉਸ ਦੀ ਮਿਹਨਤ ਨੂੰ ਅੱਖੋਂ ਪਰੋਖੇ ਹੀ ਕਰ ਦਿੱਤਾ ਜਾਂਦਾ ਹੈ। ਸੋ, ਆਓ ਅਸੀਂ ਸਭ ਕਿਸੇ ਦੀ ਤਰੱਕੀ 'ਤੇ ਸਾੜਾ ਕਰਨ ਦੀ ਬਜਾਏ ਪਰਮਾਤਮਾ ਵਲੋਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਨਿਰੰਤਰ ਮਿਹਨਤ ਕਰਨ ਵਿਚ ਰੁੱਝੇ ਰਹੀਏ, ਜਿਸ ਦਾ ਫਲ ਸਾਨੂੰ ਇਕ ਨਾ ਇਕ ਦਿਨ ਜ਼ਰੂਰ ਮਿਲ ਕੇ ਰਹੇਗਾ।


-ਰਾਜਾ ਗਿੱਲ (ਚੜਿੱਕ)
(ਮੋਗਾ)।


ਵਿਦਿਆਰਥੀ ਖ਼ੁਦਕੁਸ਼ੀਆਂ
ਪਿਛਲੇ ਕੁਝ ਸਾਲਾਂ ਤੋਂ ਵਿਦਿਆਰਥੀ ਵਰਗ ਵਿਚ ਵਧ ਰਿਹਾ ਖ਼ੁਦਕੁਸ਼ੀ ਕਰਨ ਦਾ ਰੁਝਾਨ ਦੁਖਦਾਇਕ ਵੀ ਹੈ ਤੇ ਬੇਹੱਦ ਚਿੰਤਾਜਨਕ ਵੀ। ਸਾਹਮਣੇ ਇਹ ਆਇਆ ਹੈ ਕਿ ਬਹੁਤੇ ਵਿਦਿਆਰਥੀ ਉਹ ਖ਼ੁਦਕੁਸ਼ੀ ਕਰ ਗਏ ਹਨ, ਜੋ ਬਹੁਤ ਥੋੜ੍ਹੇ ਨੰਬਰਾਂ 'ਤੇ ਫੇਲ੍ਹ ਹੋਏ ਸਨ ਜਾਂ ਫਿਰ ਉਨ੍ਹਾਂ ਦੇ ਉਮੀਦ ਮੁਤਾਬਿਕ ਨੰਬਰ ਨਹੀਂ ਆਏ। ਸਪੱਸ਼ਟ ਹੈ ਕਿ ਅਜੋਕਾ ਵਿਦਿਆਰਥੀ ਵਰਗ ਮਾਨਸਿਕ ਸੰਤੁਲਨ ਗਵਾਉਂਦਾ ਜਾ ਰਿਹਾ ਹੈ। ਆਸ਼ਾਵਾਦੀ ਹੋਣ ਦੀ ਥਾਂ ਉਹ ਨਿਰਾਸ਼ਤਾ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। ਜਿਹੜੇ ਵਿਦਿਆਰਥੀ ਪਾਸ ਹੋਏ ਹਨ, ਸਪੱਸ਼ਟ ਹੈ ਕਿ ਉਨ੍ਹਾਂ ਨੇ ਰਾਤਾਂ ਜਾਗ-ਜਾਗ ਕੇ ਪੜ੍ਹਾਈ ਕੀਤੀ ਹੋਵੇਗੀ। ਸਮੇਂ ਦੀ ਕਦਰ ਕੀਤੀ ਹੋਵੇਗੀ। ਫਲ਼ ਤਾਂ ਕੀਤੀ ਮਿਹਨਤ ਦਾ ਹੀ ਮਿਲਦਾ ਹੈ, ਨਾ ਕਿ ਆਲਸਪੁਣੇ ਦਾ। ਫੇਲ੍ਹ ਹੋਣ ਵਾਲੇ ਵਿਦਿਆਰਥੀ ਇਹ ਨਾ ਸੋਚਣ ਕਿ ਉਨ੍ਹਾਂ ਦਾ ਭਵਿੱਖ ਹੀ ਖ਼ਤਮ ਹੋ ਗਿਆ ਹੈ, ਮੌਕੇ ਮਿਲਦੇ ਰਹਿੰਦੇ ਹਨ। ਮੌਕੇ ਨੂੰ ਗੰਭੀਰਤਾ ਨਾਲ ਲੈ ਕੇ ਉਸ ਦਾ ਫ਼ਾਇਦਾ ਉਠਾਉਣਾ ਚਾਹੀਦਾ ਹੈ। ਨਿਰਾਸ਼ਤਾ ਦਾ ਪੱਲਾ ਛੱਡ ਕੇ ਆਸ਼ਾਵਾਦੀ ਬਣੋ। ਪੜ੍ਹਾਈ ਦਾ ਸਫ਼ਰ ਜਾਰੀ ਰੱਖੋ। ਕਾਮਯਾਬ ਜ਼ਰੂਰ ਹੋਵੋਗੇ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

05-06-2018

 ਵਧ ਰਹੀ ਮਿਲਾਵਟਖੋਰੀ
ਮਿਲਾਵਟਖੋਰੀ ਸਮਾਜ 'ਤੇ ਕਲੰਕ ਹੈ। ਮਿਲਾਵਟਖੋਰ ਜਨਤਾ ਦੀ ਜਾਨ ਦੇ ਦੁਸ਼ਮਣ ਬਣ ਚੰਦ ਸਿੱਕਿਆਂ ਦੀ ਖਾਤਰ ਵੱਡਾ ਪਾਪ ਕਰਦੇ ਹਨ। ਨਕਲੀ ਦੁੱਧ, ਖੋਆ ਪਨੀਰ, ਪਲਾਸਟਿਕ ਦੇ ਚੌਲ, ਨਕਲੀ ਦਵਾਈਆਂ ਅਤੇ ਨਕਲੀ ਖਾਦ ਬੀਜ ਵੇਚਣ ਵਾਲੇ ਇਹ ਸਮਝਦੇ ਹਨ ਕਿ ਸਾਡੀ ਚੁਸਤ ਚਲਾਕੀ ਸਾਨੂੰ ਪੈਸਿਆਂ ਦੇ ਢੇਰ 'ਤੇ ਖੜ੍ਹਾ ਕਰ ਦੇਵੇਗੀ। ਪਰ ਅਸੀਂ ਤਾਂ ਪਹਿਲਾਂ ਹੀ ਆਪਣੇ ਪਾਣੀ, ਹਵਾ ਮਿੱਟੀ ਨੂੰ ਦੂਸ਼ਿਤ ਕਰਕੇ ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਾਂ। ਜੋ ਚੰਦ ਸਾਹ ਬਚੇ ਹਨ, ਉਹ ਇਹ ਮਿਲਾਵਟ ਦੀਆਂ ਚੀਜ਼ਾਂ ਖਾ ਕੇ ਸਾਨੂੰ ਮਰਨ ਕੰਢੇ 'ਤੇ ਪਹੁੰਚਾ ਰਹੀਆਂ ਹਨ। ਜਿਹੜੇ ਲੋਕ ਮਿਲਾਵਟੀ ਵਪਾਰ ਨਾਲ ਜੁੜੇ ਹਨ, ਉਹ ਇਹ ਨਹੀਂ ਜਾਣਦੇ ਕਿ ਜੀਵਨ ਸਿਰਫ ਪੈਸਾ ਨਹੀਂ ਹੈ। ਇਹ ਚੀਜ਼ਾਂ ਅਕਸਰ ਤੁਹਾਡੇ ਪਰਿਵਾਰ ਤੱਕ ਵੀ ਤਾਂ ਪੁੱਜ ਸਕਦੀਆਂ ਹਨ, ਜਿਸ ਨਾਲ ਹੋ ਸਕਦਾ ਹੈ ਤੁਹਾਡੇ 'ਤੇ ਵੀ ਸੰਕਟ ਆ ਜਾਵੇ। ਇਨ੍ਹਾਂ ਚੀਜ਼ਾਂ ਤੋਂ ਇਲਾਵਾ ਜੋ ਗੱਲ ਪ੍ਰੇਸ਼ਾਨ ਕਰਦੀ ਹੈ ਕਿ ਹੁਣ ਬਾਜ਼ਾਰ ਵਿਚ ਨਕਲੀ ਮਸਾਲੇ ਤੇ ਨਾਲ-ਨਾਲ ਨਕਲੀ ਜ਼ੀਰਾ ਜੋ ਰਸੋਈ ਵਿਚ ਖਾਣਾ ਜ਼ਾਇਕੇਦਾਰ ਬਣਾਉਣ ਲਈ ਵਰਤਿਆ ਜਾਂਦਾ ਹੈ, ਵੀ ਨਕਲੀ ਆ ਰਿਹਾ ਹੈ। ਜੇ ਇਸ ਤਰ੍ਹਾਂ ਮਿਲਾਵਟਖੋਰੀ ਦਾ ਬਾਜ਼ਾਰ ਅੱਗੇ ਵਧਦਾ ਰਿਹਾ ਤਾਂ ਹੋ ਸਕਦਾ ਹੈ ਕਿ ਜੋ ਅਸੀਂ ਥੋੜ੍ਹੇ-ਬਹੁਤੇ ਸਾਹ ਲੈ ਰਹੇ ਹਾਂ, ਮਿਲਾਵਟਖੋਰ ਛੇਤੀ ਹੀ ਬੰਦ ਕਰ ਦੇਣਗੇ।

-ਵਿਵੇਕ, ਕੋਟ ਈਸੇ ਖਾਂ (ਮੋਗਾ)।

ਪਲਾਸਟਿਕ ਘਟਾਓ, ਵਾਤਾਵਰਨ ਬਚਾਓ
ਚਲੋ ਗੱਲ ਕਰਦੇ ਹਾਂ ਪੋਲੀਥੀਨ ਦੀ, ਜਿਸ ਨੂੰ ਆਪਾਂ ਦਿਨ ਵਿਚ ਕਈ ਵਾਰ ਵਰਤਦੇ ਹਾਂ। ਆਪਾਂ ਕੀ ਕਰਦੇ ਹਾਂ, ਪੋਲੀਥੀਨ ਵਰਤਿਆ ਤੇ ਇਕੱਠਾ ਕੀਤਾ ਤੇ ਸੁੱਟ ਤਾ ਬਾਹਰ। ਉਸ ਤੋਂ ਬਾਅਦ ਕੀ ਹੋਇਆ ਜਾਂ ਉਸ ਪੋਲੀਥੀਨ ਨੇ ਕੀ ਕੀਤਾ? ਇਹ ਵਿਚਾਰ ਕਰਨ ਵਾਲੀ ਗੱਲ ਹੈ। ਇਹ ਪਲਾਸਟਿਕ ਹੈ ਸੋ ਇਸ ਨੇ ਗਲ੍ਹਣਾ ਸੜਨਾ ਤਾਂ ਹੈ ਨੀ। ਫਿਰ ਇਸ ਨੇ ਕਰਨਾ ਕੀ ਹੈ? ਇਸ ਨੇ ਕਰਨੀ ਹੈ ਨਾਲੀ ਬੰਦ ਤੇ ਜੇਕਰ ਬਰਸਾਤ ਦੇ ਦਿਨਾਂ ਵਿਚ ਵਰਖਾ ਪੈ ਜਾਵੇ ਤਾਂ ਕਈ ਲੋਕਾਂ ਦੇ ਘਰਾਂ ਵਿਚ ਪਾਣੀ ਵੜਨਾ ਸ਼ੁਰੂ ਹੋ ਜਾਂਦਾ ਹੈ। ਗੰਦੇ ਪਾਣੀ ਨਾਲ ਬਿਮਾਰੀਆਂ ਨਾਲ ਕੀੜੇ ਮਕੌੜੇ। ਦੂਜੀ ਗੱਲ, ਕਈ ਲੋਕ ਕੀ ਕਰਦੇ ਹਨ ਕਿ ਚਲੋ ਪਲਾਸਟਿਕ ਨੂੰ ਜਲਾ ਦਿੰਦੇ ਹਨ। ਬੜਾ ਸੌਖਾ ਹੈ ਪਲਾਸਟਿਕ ਨੂੰ ਜਲਾਉਣਾ ਪਰ ਜਦੋਂ ਪਲਾਸਟਿਕ ਜਲਦਾ ਹੈ ਤਾਂ ਬਹੁਤ ਵੱਡੀ ਮਾਤਰਾ ਵਿਚ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ। ਇਹ ਵੀ ਇਕ ਵੱਡਾ ਕਾਰਨ ਹੈ ਜਲਵਾਯੂ ਪਰਿਵਰਤਨ ਦਾ।
ਅਣਗਿਣਤ ਕੱਛੂਕੁਮੇ, ਮੱਛੀਆਂ ਅਤੇ ਹੋਰ ਜਲੀ ਜੀਵ ਮਰਦੇ ਹਨ ਜਿਸ ਦਾ ਪ੍ਰਮੁੱਖ ਕਾਰਨ ਪਲਾਸਟਿਕ ਹੈ। ਪਲਾਸਟਿਕ ਨੂੰ ਘਟਾਉਣ ਲਈ ਪ੍ਰਮੁੱਖ ਤੌਰ 'ਤੇ ਸਾਨੂੰ ਆਪਣੀਆਂ ਆਦਤਾਂ ਵਿਚ ਸੁਧਾਰ ਲਿਆਉਣ ਦੀ ਲੋੜ ਹੈ। ਸਾਨੂੰ ਅਜਿਹੇ ਪਦਾਰਥਾਂ ਦਾ ਉਪਯੋਗ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਆਪਾਂ ਮੁੜ ਵਰਤੋਂ ਕਰ ਸਕੀਏ। ਸੋ, ਅੱਜ ਲੋੜ ਹੈ ਸਾਵਧਾਨ ਹੋਣ ਦੀ, ਪਲਾਸਟਿਕ ਤੇ ਆਪਣੀ ਨਿਰਭਰਤਾ ਘਟਾਉਣ ਦੀ ਅਤੇ ਇਕ ਵਾਤਾਵਰਨ ਮਿੱਤਰ ਬਣਨ ਦੀ।

-ਫੈਸਲ ਖਾਨ, ਜ਼ਿਲ੍ਹਾ ਰੋਪੜ੍ਹ।

ਲੋਕਤੰਤਰ ਦਾ ਘਾਣ
ਭਾਰਤ ਵਿਚ ਪਿਛਲੇ ਸਮੇਂ ਤੋਂ ਵੱਖ-ਵੱਖ ਰਾਜਾਂ ਵਿਚ ਚੋਣਾਂ ਦੌਰਾਨ ਜਿਸ ਤਰ੍ਹਾਂ ਸਪੱਸ਼ਟ ਬਹੁਮਤ ਨਾ ਮਿਲਣ 'ਤੇ ਸੱਤਾ ਵਿਚ ਆਉਣ ਲਈ ਜਿਸ ਤਰ੍ਹਾਂ ਦੇ ਢੰਗਾਂ ਦੀ ਵਰਤੋਂ ਕੀਤੀ ਗਈ ਹੈ, ਉਹ ਗ਼ੈਰ-ਸੰਵਿਧਾਨਕ ਹੈ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਚੋਣਾਂ ਤੋਂ ਪਹਿਲਾਂ ਰਾਜਨੀਤਕ ਦਲ ਇਕ-ਦੂਜੇ ਉੱਪਰ ਇਲਜ਼ਾਮ ਲਗਾਉਂਦੇ ਹਨ ਤੇ ਉਨ੍ਹਾਂ ਦੇ ਵਿਚਾਰਾਂ ਵਿਚ ਵੀ ਮਤਭੇਦ ਹੁੰਦੇ ਹਨ ਪਰ ਆਮ ਲੋਕਾਂ ਨਾਲ ਧੋਖਾ ਉਸ ਸਮੇਂ ਹੁੰਦਾ ਹੈ ਜਦ ਇਹ ਰਾਜਨੀਤਕ ਦਲ ਸੱਤਾ ਪ੍ਰਾਪਤ ਕਰਨ ਲਈ ਉਨ੍ਹਾਂ ਪਾਰਟੀਆਂ ਨਾਲ ਗੱਠਜੋੜ ਕਰ ਲੈਂਦੇ ਹਨ, ਜਿਹੜੇ ਉਨ੍ਹਾਂ ਦੇ ਸਿਆਸੀ ਵਿਰੋਧੀ ਹੁੰਦੇ ਹਨ ਤੇ ਲੋਕਾਂ ਦੁਆਰਾ ਨਕਾਰੇ ਹੋਏ ਸਿਆਸੀ ਦਲ ਫਿਰ ਗੱਠਜੋੜ ਕਰਕੇ ਸੱਤਾ ਵਿਚ ਆ ਜਾਂਦੇ ਹਨ। ਵਿਧਾਇਕਾਂ ਦੀ ਖਰੀਦੋ-ਫਰੋਖਤ ਦੀਆਂ ਗੱਲਾਂ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ। ਆਮ ਤੌਰ 'ਤੇ ਚੋਣਾਂ ਦੌਰਾਨ ਦੇਖਿਆ ਜਾਂਦਾ ਹੈ ਕਿ ਵੱਖ-ਵੱਖ ਜਾਤਾਂ, ਫ਼ਿਰਕਿਆਂ ਨਾਲ ਸਬੰਧਿਤ ਸਿਆਸੀ ਦਲ ਹੋਂਦ ਵਿਚ ਆਉਂਦੇ ਹਨ, ਜਿਨ੍ਹਾਂ ਦਾ ਮਕਸਦ ਵੋਟਾਂ ਵੰਡਣ ਦਾ ਹੁੰਦਾ ਹੈ ਤਾਂ ਜੋ ਕੋਈ ਪਾਰਟੀ ਬਹੁਮਤ ਹਾਸਲ ਨਾ ਕਰ ਸਕੇ। ਜੇਕਰ ਇਸ ਤਰ੍ਹਾਂ ਹੀ ਚਲਦਾ ਰਿਹਾ ਤਾਂ ਆਮ ਲੋਕਾਂ ਦਾ ਲੋਕਤੰਤਰ ਤੋਂ ਵਿਸ਼ਵਾਸ ਉੱਠ ਜਾਵੇਗਾ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ।

ਪੰਛੀਆਂ ਪ੍ਰਤੀ ਵਤੀਰਾ
ਜੇਕਰ ਰੁੱਖਾਂ, ਪੰਛੀਆਂ ਦੀ ਉਤਪਤੀ ਨਾ ਹੁੰਦੀ ਤਾਂ ਸਮੁੱਚੀ ਮਨੁੱਖਤਾ ਨੇ 'ਇਕੱਲਤਾ ਦਾ ਸੰਤਾਪ' ਭੋਗਣਾ ਸੀ। ਪੰਛੀਆਂ ਦੀ ਚੀ-ਚੀ ਅਤੇ ਰੁੱਖਾਂ ਦਾ ਆਪਸੀ ਸੰਜੋਗ ਸਾਡੇ ਜੀਵਨ ਵਿਚ ਵਿਸ਼ੇਸ਼ ਅਹਿਮੀਅਤ ਰੱਖਦਾ ਹੈ। ਪਰ ਜਦੋਂ ਦੀ ਮਨੁੱਖ ਨੇ ਤਰੱਕੀ ਕੀਤੀ ਭਾਵ ਤਕਨੀਕ ਅਤੇ ਤਕਨੀਕੀ ਕਾਢਾਂ ਨੇ 'ਪੰਛੀ ਜਾਤੀ' ਨੂੰ ਖੋਰਾ ਲਾ ਦਿੱਤਾ। ਦਿਨ-ਬਦਿਨ ਵਿਰਾਸਤੀ ਪੰਛੀਆਂ ਦੀਆਂ ਘਟ ਰਹੀਆਂ ਕਿਸਮਾਂ ਅਗਾਊਂ ਖ਼ਤਰੇ ਦੇ ਚਿੰਨ੍ਹ ਹਨ। ਅੱਜ ਪੰਛੀਆਂ ਦੀ ਹੋਂਦ ਨੂੰ ਬਚਾਉਣਾ ਮਨੁੱਖਤਾ ਦੇ ਰਹਿਮੋ-ਕਰਮ 'ਤੇ ਨਿਰਭਰ ਹੈ। ਗਰਮੀਆਂ ਦਾ ਮੌਸਮ ਜ਼ੋਰ ਫੜਦਾ ਜਾ ਰਿਹਾ ਹੈ। ਆਓ! ਆਪਣੇ-ਆਪਣੇ ਨਿੱਜੀ ਤੌਰ 'ਤੇ ਪੰਛੀਆਂ ਪ੍ਰਤੀ ਆਪਣੇ ਵਤੀਰੇ ਨੂੰ ਨਰਮ ਰੱਖਦੇ ਹੋਏ ਆਪਣੇ-ਆਪਣੇ ਘਰਾਂ ਦੀਆਂ ਛੱਤਾਂ ਅਤੇ ਬੂਹਿਆਂ ਅੱਗੇ ਅਤੇ ਵੀਰਾਨ ਸੁੰਨੀਆਂ ਥਾਵਾਂ 'ਤੇ ਰੁੱਖਾਂ ਥੱਲੇ ਮਿੱਟੀ ਦੇ ਬਣੇ ਬਰਤਨਾਂ ਵਿਚ ਪਾਣੀ ਰੱਖ ਮਨੁੱਖ ਹੋਣ ਦੇ ਨਾਤੇ ਕੁਝ ਫਰਜ਼ ਅਦਾ ਕਰੀਏ ਤਾਂ ਕਿ ਪਿਆਸੇ ਪੰਛੀਆਂ ਨੂੰ ਤਾਰੀ ਲਾਉਣ ਅਤੇ ਆਪਣੀ ਪਿਆਸ ਮਿਟਾਉਣ ਲਈ ਭਟਕਣਾ ਨਾ ਪਏ। ਸਰਕਾਰੀ ਅਤੇ ਨਿੱਜੀ ਅਦਾਰਿਆਂ, ਦਫ਼ਤਰਾਂ ਵਿਚ ਖਾਸ ਕਰਕੇ ਸਕੂਲਾਂ, ਕਾਲਜਾਂ ਵਿਚ ਵਿਸ਼ੇਸ਼ ਤੌਰ 'ਤੇ ਬਰਤਨਾਂ ਵਿਚ ਪਾਣੀ ਦਾ ਪ੍ਰਬੰਧ ਕੀਤਾ ਜਾਏ। ਬੱਸ ਇਹ ਸਭ ਤੁਹਾਡੇ ਕੁਦਰਤ ਪ੍ਰਤੀ ਮੋਹ ਦਾ ਪ੍ਰਤੀਕ ਹੈ। ਜੇਕਰ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਮਨੁੱਖਤਾ ਲਈ ਚੌਕਾਂ, ਚੌਰਾਹਿਆਂ 'ਤੇ ਛਬੀਲਾਂ ਦਾ ਪ੍ਰਬੰਧ ਹੈ ਤੇ ਫਿਰ ਪੰਛੀਆਂ ਲਈ ਕਿਉਂ ਨਹੀਂ? ਕੀ ਤੁਸੀਂ ਇਸ ਨਾਲ ਸਹਿਮਤ ਹੋ?

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।

ਕੀ ਕਿਸਾਨੀ ਸੰਘਰਸ਼ ਸਫ਼ਲ ਹੋਵੇਗਾ?
ਆਪਣੀਆਂ ਮੰਗਾਂ ਦੀ ਪੂਰਤੀ ਲਈ ਕਿਸਾਨ ਲੰਮੇ ਸਮੇਂ ਤੋਂ ਜੱਦੋ-ਜਹਿਦ ਕਰਦਾ ਆ ਰਿਹਾ ਹੈ ਪਰ ਅਫ਼ਸੋਸ ਕਿ ਸਮੇਂ ਦੀਆਂ ਸਰਕਾਰਾਂ ਨੇ ਕਦੇ ਕਿਸਾਨ ਵੱਲ ਸਵੱਲੀ ਨਜ਼ਰ ਨਹੀਂ ਮਾਰੀ। ਹੁਣ ਫਿਰ ਮਜਬੂਰੀਵੱਸ ਕਿਸਾਨਾਂ ਵਲੋਂ ਮਿਤੀ 1 ਜੂਨ ਤੋਂ 10 ਜੂਨ, 2018 ਤੱਕ ਇਕ ਸੰਘਰਸ਼ ਸ਼ੁਰੂ ਕੀਤਾ ਗਿਆ ਹੈ। ਇਹ ਸੰਘਰਸ਼ ਭਾਰਤ ਦੀਆਂ ਲਗਪਗ 200 ਜਥੇਬੰਦੀਆਂ ਵਲੋਂ ਵਿੱਢਿਆ ਗਿਆ ਹੈ, ਜਿਸ ਤਹਿਤ ਪਿੰਡਾਂ ਦੇ ਕਿਸਾਨ ਪੂਰੇ 10 ਦਿਨ ਸ਼ਹਿਰਾਂ ਅਤੇ ਕਸਬਿਆਂ ਅੰਦਰ ਦੁੱਧ, ਦਹੀਂ, ਸਬਜ਼ੀਆਂ, ਹਰਾ ਚਾਰਾ ਅਤੇ ਹੋਰ ਕਿਸਾਨੀ ਵਸਤਾਂ ਨਹੀਂ ਭੇਜਣਗੇ ਅਤੇ ਨਾ ਹੀ ਸ਼ਹਿਰਾਂ ਵਿਚ ਖਰੀਦਦਾਰੀ ਕਰਨਗੇ। ਕਿਸਾਨ ਯੂਨੀਅਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਿਸੇ ਵੀ ਸੰਘਰਸ਼ ਦਾ ਮਤਲਬ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਨਹੀਂ ਪਰ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਲਈ ਇਹ ਸਭ ਕਰਨਾ ਪੈ ਰਿਹਾ ਹੈ। ਕਿਸਾਨ ਯੂਨੀਅਨਾਂ ਵਲੋਂ ਇਹ ਵੀ ਕਿਹਾ ਗਿਆ ਹੈ ਜਿਨ੍ਹਾਂ ਵਸਤਾਂ ਦੀ ਸ਼ਹਿਰ ਦੇ ਲੋਕਾਂ ਨੂੰ ਲੋੜ ਪਵੇ, ਉਹ ਪਿੰਡ ਆ ਕੇ ਸਿੱਧੀ ਕਿਸਾਨ ਕੋਲੋਂ ਪ੍ਰਾਪਤ ਕਰ ਸਕਦਾ ਹੈ। ਹੁਣ ਦੂਜੇ ਪਾਸੇ ਦੇਖਣਾ ਇਹ ਹੋਵੇਗਾ ਕਿ ਕਿਸਾਨਾਂ ਦੀ ਸ਼ਹਿਰ ਨਾਲੋਂ ਸੰਪਰਕ ਤੋੜੋ ਮੁਹਿੰਮ ਨੂੰ ਕਿਹੋ ਜਿਹਾ ਹੁੰਗਾਰਾ ਮਿਲਦਾ ਹੈ, ਕੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਅੱਗੇ ਆਉਂਦੀ ਹੈ ਜਾਂ ਫਿਰ ਇਹ ਕਿਸਾਨੀ ਸੰਘਰਸ਼ ਹੋਰ ਤਿੱਖਾ ਰੂਪ ਅਖਤਿਆਰ ਕਰ ਲਵੇਗਾ। ਸਮਝੋਂ ਬਾਹਰ ਹੋ ਗਿਆ ਹੈ ਕਿ ਆਖਰ ਕਿਸਾਨਾਂ ਦਾ ਸਾਥ ਦੇਣ ਲਈ ਕਿਹੜੇ ਲੋਕ ਅੱਗੇ ਆਉਣਗੇ।

-ਬੇਅੰਤ ਗਿੱਲ ਭਲੂਰ
ਪਿੰਡ ਤੇ ਡਾਕ: ਭਲੂਰ (ਮੋਗਾ)।

04-06-2018

ਵਧਦੀ ਮਹਿੰਗਾਈ
ਸਭ ਨੂੰ ਇਹ ਉਮੀਦ ਸੀ ਕਿ ਦੇਸ਼ ਅੰਦਰ ਮੋਦੀ ਸਰਕਾਰ ਆਏਗੀ ਤਾਂ ਸ਼ਾਇਦ ਆਮ ਜਨਤਾ ਨੂੰ ਕੋਈ ਲਾਭ ਜ਼ਰੂਰ ਮਿਲੇਗਾ? ਪਰ ਅਫਸੋਸ ਕਿ ਮੋਦੀ ਸਰਕਾਰ ਦੇ ਚਾਰ ਸਾਲ ਬੀਤਣ ਤੋਂ ਬਾਅਦ ਵੀ ਆਮ ਲੋਕ ਮਹਿੰਗਾਈ ਦੀ ਚੱਕੀ ਵਿਚ ਬੁਰੀ ਤਰ੍ਹਾਂ ਪਿਸ ਰਹੇ ਹਨ। ਕਿਸੇ ਵੇਲੇ ਕਾਂਗਰਸ 'ਤੇ ਤੰਜ ਕਸਣ ਵਾਲੇ ਭਾਜਪਾ ਨੇਤਾ ਬਿਲਕੁਲ ਚੁੱਪ ਹਨ ਸ਼ਾਇਦ ਉਨ੍ਹਾਂ ਨੂੰ ਇਹ ਲਗਦਾ ਹੋਵੇਗਾ ਕਿ ਚੰਗੇ ਦਿਨ ਆ ਚੁੱਕੇ ਹਨ ਪਰ ਕਿਸ ਦੇ ਸ਼ਾਇਦ ਇਹ ਪਤਾ ਨਹੀਂ? ਪੈਟਰੋਲ ਤੇ ਡੀਜ਼ਲ ਦੇ ਭਾਅ ਨੂੰ ਅੱਗ ਲੱਗ ਚੁੱਕੀ ਹੈ। ਪਤਾ ਨਹੀਂ ਕਾਲਾ ਧਨ ਚਿੱਟਾ ਕਰਨ ਨਾਲ ਕਿਸ ਨੂੰ ਫਾਇਦਾ ਹੋਇਆ। ਦੇਸ਼ ਅੰਦਰ ਕੋਈ ਪੈਸਾ ਬਾਹਰੋਂ ਨਹੀਂ ਆਇਆ ਪਰ ਦੇਸ਼ ਵਿਚੋਂ ਮਿਲੀਭੁਗਤ ਜ਼ਰੀਏ ਬਾਹਰ ਜ਼ਰੂਰ ਗਿਆ ਹੈ। ਚੰਗੇ ਦਿਨਾਂ ਦੀਆਂ ਹਵਾਈ ਗੱਲਾਂ ਕਰਨ ਵਾਲਿਓ, ਹੁਣ ਜਨਤਾ ਦੀ ਕਚਹਿਰੀ ਜ਼ਰੂਰ ਕੁਝ ਸੋਚ ਵਿਚਾਰ ਕੇ ਆਇਓ।

-ਜਸਦੀਪ ਸਿੰਘ ਖ਼ਾਲਸਾ
ਖੰਨਾ।

ਜ਼ਿਮਨੀ ਚੋਣਾਂ
ਭਾਰਤ ਦੇ ਕਿਸੇ ਵੀ ਰਾਜ ਵਿਚ ਉਮੀਦਵਾਰ ਦੀ ਬੇਵਕਤ ਮੌਤ ਹੋਣ ਜਾਂ ਦੂਸਰੀ ਪਾਰਟੀ ਵਿਚ ਸ਼ਾਮਿਲ ਹੋਣ 'ਤੇ ਉਸ ਹਲਕੇ ਵਿਚ ਜ਼ਿਮਨੀ ਚੋਣ ਕਰਵਾਉਣ ਦੀ ਪ੍ਰੰਪਰਾ ਹੈ। ਜ਼ਿਮਨੀ ਚੋਣ ਤੋਂ ਬਾਅਦ ਉਸ ਇਲਾਕੇ ਦੇ ਲੋਕਾਂ ਨੂੰ ਆਪਣਾ ਨੁਮਾਇੰਦਾ ਮਿਲ ਜਾਂਦਾ ਹੈ ਪਰ ਇਸ ਵਿਚ ਸੁਧਾਰ ਲਿਆਉਣ ਦੀ ਲੋੜ ਹੈ। ਜ਼ਿਮਨੀ ਚੋਣਾਂ 'ਤੇ ਦੁਬਾਰਾ ਫਿਰ ਓਨਾ ਖਰਚ ਕੀਤਾ ਜਾਂਦਾ ਹੈ ਜੋ ਕਿ ਵਾਧੂ ਆਰਥਿਕ ਬੋਝ ਹੈ। ਇਸ ਤੋਂ ਇਲਾਵਾ ਸੱਤਾਧਾਰੀ ਪਾਰਟੀ ਦੀ ਸਾਰੀ ਕੈਬਨਿਟ, ਉਮੀਦਵਾਰ ਤੇ ਖੁਦ ਮੁੱਖ ਮੰਤਰੀ ਉਸ ਹਲਕੇ ਵਿਚ ਸਰਗਰਮ ਹੋ ਜਾਂਦੇ ਹਨ ਜਿਸ ਕਰਕੇ ਬਾਕੀ ਸੂਬੇ ਦੇ ਕਾਰਜ ਰੁਕ ਜਾਂਦੇ ਹਨ ਤੇ ਆਮ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਅਜਿਹਾ ਕਾਨੂੰਨ ਬਣਾਉਣ ਦੀ ਲੋੜ ਹੈ ਤਾਂ ਜੋ ਵਾਰ-ਵਾਰ ਚੋਣਾਂ ਦੇ ਖਰਚ ਤੋਂ ਬਚਿਆ ਜਾ ਸਕੇ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ।

ਪੁੰਨ ਦੇ ਭਾਗੀ ਬਣੋ
ਅੱਜ ਦਾ ਯੁੱਗ ਸੋਸ਼ਲ ਮੀਡੀਆ ਦਾ ਯੁੱਗ ਹੈ। ਹੁਣ ਸੋਸ਼ਲ ਮੀਡੀਆ ਵਿਚ ਧਰਮ ਦੇ ਠੇਕੇਦਾਰਾਂ ਵਲੋਂ ਮਚਾਈ ਲੁੱਟ ਦਾ ਜੰਮ ਕੇ ਵਿਰੋਧ ਹੋ ਰਿਹਾ ਹੈ। ਹੁਣ ਸਾਡੀ ਵੀ ਲੋਕਾਂ ਨੂੰ ਅਪੀਲ ਹੈ ਕਿ ਉਹ ਸੰਸਥਾਵਾਂ ਨੂੰ ਦਾਨ ਦੇਣ ਦੀ ਬਜਾਏ ਖੁਦਕੁਸ਼ੀ ਕਰ ਰਹੇ ਕਿਸਾਨ ਭਰਾਵਾਂ ਦੀ ਮਦਦ ਕਰਨ ਅਤੇ ਸਹੀ ਅਰਥਾਂ ਵਿਚ ਪੁੰਨ ਦੇ ਭਾਗੀ ਬਣਨ। ਅੱਜ ਜੋ ਤੁਸੀਂ ਦਾਨ ਦੇ ਰਹੇ ਹੋ ਕੁਝ ਹੀ ਧਾਰਮਿਕ ਅਤੇ ਸਮਾਜਿਕ ਸੇਵਾ ਸੰਸਥਾਵਾਂ ਅਜਿਹੀਆਂ ਹੋਣਗੀਆਂ ਜੋ ਜਨਤਾ ਤੋਂ ਲਿਆ ਹੋਇਆ ਪੈਸਾ ਜਨਤਾ 'ਤੇ ਹੀ ਖਰਚਦੀਆਂ ਹਨ। ਅੱਜ ਅਜਿਹੇ ਸੰਸਥਾ ਦੇ ਪ੍ਰਧਾਨਾਂ ਜਾਂ ਹੋਰ ਅਹੁਦੇਦਾਰਾਂ ਦੀ ਕਮੀ ਨਹੀਂ ਹੈ ਜੋ ਸੰਸਥਾਵਾਂ ਦੇ ਨਾਂਅ 'ਤੇ ਦਾਨ ਲੈ ਕੇ ਲੱਖਾਂ ਰੁਪਏ ਕਮਾਈ ਹਰ ਸਾਲ ਕਰ ਰਹੇ ਹਨ ਅਤੇ ਵਿਖਾਵੇ ਦੇ ਨਾਂਅ 'ਤੇ ਕੋਈ ਕਾਰੋਬਾਰ ਖੜ੍ਹਾ ਕੀਤਾ ਹੁੰਦਾ ਹੈ। ਇਸੇ ਕਰਕੇ ਸਾਡੀ ਦਾਨੀ ਸੱਜਣਾਂ ਨੂੰ ਅਪੀਲ ਹੈ ਕਿ ਉਹ ਅਜਿਹੀਆਂ ਅਖੌਤੀ ਸੰਸਥਾਵਾਂ ਨੂੰ ਦਾਨ ਦੇਣ ਦੀ ਬਜਾਏ ਖੁਦਕੁਸ਼ੀ ਨੂੰ ਮਜਬੂਰ ਕਿਸਾਨ ਭਰਾਵਾਂ ਦੀ ਮਦਦ ਲਈ ਅੱਗੇ ਆਉਣ ਤਾਂ ਜੋ ਕੋਈ ਪਰਿਵਾਰ ਹੱਸਦਾ-ਵਸਦਾ ਰਹਿ ਸਕੇ। ਜਿਹੜੇ ਕਿਸਾਨ ਭਰਾ ਖੁਦਕੁਸ਼ੀ ਕਰ ਚੁੱਕੇ ਹਨ, ਉਨ੍ਹਾਂ ਦੇ ਪਰਿਵਾਰਾਂ ਵੱਲ ਮਦਦ ਦਾ ਹੱਥ ਵਧਾਓ ਤਾਂ ਜੋ ਤੁਹਾਡਾ ਦਿੱਤਾ ਦਾਨ ਕਿਸੇ ਦੇ ਚਿਹਰੇ 'ਤੇ ਖ਼ੁਸ਼ੀ ਲਿਆ ਸਕੇ।

-ਅਸ਼ੋਕ ਕੁਮਾਰ

ਪਾਣੀ ਦੀ ਬੇਕਦਰੀ
ਇਹ ਆਮ ਹੀ ਵੇਖਿਆ ਗਿਆ ਹੈ ਕਿ ਹਰੇਕ ਹੀ, ਕੀ ਪਿੰਡ-ਕੀ ਸ਼ਹਿਰ, ਗੱਡੀਆਂ ਧੋਣ ਲਈ ਘਰ ਵਿਚ ਲੱਗੇ ਸਬਮਰਸੀਬਲ ਪੰਪ/ਸਰਕਾਰੀ ਟੂਟੀਆਂ ਰਾਹੀਂ ਪਾਣੀ ਦੀ ਵਰਤੋਂ ਕਰਦਾ ਹੈ। ਇਥੇ ਹੀ ਬੱਸ ਨਹੀਂ, ਕਈਆਂ ਨੇ ਘਰਾਂ ਵਿਚ ਗੱਡੀਆਂ ਧੋਣ ਲਈ ਪ੍ਰਵਾਸੀ ਮਜ਼ਦੂਰ ਵੀ ਰੱਖੇ ਹਨ, ਜੋ ਕਿ ਰੋਜ਼ ਸਵੇਰੇ ਪਾਣੀ ਦੀ ਖੁੱਲ੍ਹ ਕੇ ਵਰਤੋਂ ਕਰਦੇ ਹਨ। ਹੁਣ ਗਰਮੀਆਂ ਦੇ ਮੌਸਮ ਕਾਰਨ ਕੁਝ ਕੁ ਨਗਰ ਨਿਗਮਾਂ ਵਲੋਂ ਅਖ਼ਬਾਰ ਵਿਚ ਪਾਣੀ ਦੀ ਦੁਰਵਰਤੋਂ ਰੋਕਣ ਲਈ ਇਸ਼ਤਿਹਾਰ ਦਿੱਤੇ ਜਾ ਰਹੇ ਹਨ। ਸਾਰੇ ਪੰਜਾਬ ਵਿਚ ਪੰਪਾਂ/ਟੂਟੀਆਂ ਤੋਂ ਗੱਡੀਆਂ ਧੋਣ ਦੀ ਪੂਰੀ ਪਾਬੰਦੀ ਹੋਣੀ ਚਾਹੀਦੀ ਹੈ। ਸ਼ਹਿਰਾਂ ਵਿਚ ਖਾਲੀ ਪਲਾਟਾਂ ਵਿਚ ਲੋਕਾਂ ਨੇ ਪ੍ਰਵਾਸੀ ਮਜ਼ਦੂਰ ਰੱਖੇ ਹਨ ਅਤੇ ਉਨ੍ਹਾਂ ਪਲਾਟ ਮਾਲਕਾਂ ਨੇ ਸੀਵਰੇਜ ਪਾਣੀ ਦੇ ਕੁਨੈਕਸ਼ਨ ਵੀ ਲਏ ਹਨ ਅਤੇ ਉਨ੍ਹਾਂ ਨੂੰ ਕਾਰਪੋਰੇਸ਼ਨ ਵਲੋਂ ਬਿਲ ਵੀ ਸਮੇਂ ਸਿਰ ਭੇਜੇ ਜਾਂਦੇ ਹਨ, ਪ੍ਰੰਤੂ ਉਨ੍ਹਾਂ ਨੇ ਕਈ-ਕਈ ਸਾਲਾਂ ਤੋਂ ਇਹ ਬਿਲ ਜਮ੍ਹਾਂ ਹੀ ਨਹੀਂ ਕਰਾਏ ਜੋ ਕਿ ਲੱਖਾਂ ਰੁਪਿਆਂ ਵਿਚ ਹਨ। ਵਿਭਾਗ ਨਾ ਹੀ ਉਨ੍ਹਾਂ ਦੇ ਕੁਨੈਕਸ਼ਨ ਕੱਟਦਾ ਅਤੇ ਨਾ ਹੀ ਕੋਈ ਕਾਨੂੰਨੀ ਕਾਰਵਾਈ ਕਰਦਾ ਹੈ। ਜਿਸ ਨਾਲ ਪਾਣੀ ਦੀ ਦੁਰਵਰਤੋਂ ਹੋਣ ਦੇ ਨਾਲ-ਨਾਲ ਸਰਕਾਰ ਨੂੰ ਵੀ ਵਿਤੀ ਨੁਕਸਾਨ ਹੋ ਰਿਹਾ ਹੈ। ਸਰਕਾਰ ਨੂੰ ਪਾਣੀ ਦੀ ਹੋ ਰਹੀ ਬੇਕਦਰੀ ਨੂੰ ਰੋਕਣ ਲਈ ਠੋਸ ਤੇ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ ਅਤੇ ਸਾਡਾ ਸਾਰਿਆਂ ਦਾ ਵੀ ਇਹ ਫ਼ਰਜ਼ ਬਣਦਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ 'ਤੇ ਤਰਸ ਕਰਦੇ ਹੋਏ ਪਾਣੀ ਦੀ ਵਰਤੋਂ ਸੋਚ-ਸਮਝ ਕੇ ਕਰੀਏ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਪਰਨਾਲਾ ਉੱਥੇ ਦਾ ਉੱਥੇ
ਕੁਝ ਸਮਾਂ ਪਹਿਲਾਂ ਵੱਖੋ-ਵੱਖਰੇ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਵਲੋਂ, ਗਾਇਕਾਂ ਨਾਲ ਮੁਲਾਕਾਤਾਂ ਕਰਕੇ ਚੰਗਾ ਗਾਉਣ ਲਈ ਪ੍ਰੇਰਿਆ। ਮਾੜਾ ਗਾਉਣ 'ਤੇ ਮਾੜੇ ਨਤੀਜੇ ਭੁਗਤਣ ਲਈ ਤਿਆਰ ਰਹਿਣ ਲਈ ਵੀ ਕਿਹਾ। ਨੌਜਵਾਨ ਪੀੜ੍ਹੀ ਗਾਇਕਾਂ ਅਤੇ ਫ਼ਿਲਮੀ ਕਲਾਕਾਰਾਂ ਤੋਂ ਜ਼ਿਆਦਾ ਅਤੇ ਛੇਤੀ ਪ੍ਰਭਾਵਿਤ ਹੁੰਦੀ ਹੈ। ਸਮਝਦਾਰ ਲੋਕਾਂ ਨੇ, ਪੁਲਿਸ ਦੀ ਇਸ ਪਹਿਲ ਦਾ ਤਹਿ ਦਿਲੋਂ ਸਵਾਗਤ ਕੀਤਾ। ਪੁਲਿਸ ਦੀ ਸਖ਼ਤੀ ਦਾ ਹੀ ਅਸਰ ਸੀ ਕਿ ਕੁਝ ਸਮਾਂ ਨਵੇਂ, ਗ਼ੈਰ-ਮਿਆਰੀ ਗੀਤ ਸੁਣਨ ਨੂੰ ਵੀ ਨਹੀਂ ਮਿਲੇ। ਅਜੇ ਉਪਰੋਕਤ ਖ਼ਬਰਾਂ ਦੀ ਸਿਆਹੀ ਵੀ ਨਹੀਂ ਸੁੱਕੀ ਕਿ ਲੱਚਰ ਅਤੇ ਨੈਤਿਕਤਾ ਦੀਆਂ ਹੱਦਾਂ ਪਾਰ ਕਰਦੇ ਗੀਤ ਫਿਰ ਤੋਂ ਕਈ ਚੈਨਲਾਂ 'ਤੇ ਚੱਲਣ ਲੱਗੇ ਹਨ। ਅਪਰਾਧੀਆਂ ਵਾਂਗ, ਗਾਇਕਾਂ ਦੇ ਦਿਲਾਂ ਵਿਚੋਂ ਵੀ ਪੁਲਿਸ ਦਾ ਡਰ ਖੋਤੇ ਦੇ ਸਿੰਗਾਂ ਵਾਂਗ ਗਾਇਬ ਹੋ ਗਿਆ ਹੈ। ਆਮ ਕਿਹਾ ਜਾਂਦਾ ਹੈ ਕਿ ਪੁਲਿਸ ਦੀ ਚੜ੍ਹਦੀ ਕਲਾ ਤੋਂ ਬਚ ਜੋ, ਫਿਰ ਕੋਈ ਨਾ ਕੋਈ ਹੱਲ ਨਿਕਲ ਆਉਂਦਾ ਹੈ। ਲਗਦਾ ਲੱਚਰ ਗਾਉਣ ਵਾਲਿਆਂ ਨੇ ਵੀ ਕੋਈ ਹੱਲ ਲੱਭ ਲਿਆ ਹੈ, ਤਾਂ ਹੀ ਤਾਂ ਪੰਚਾਂ ਦੇ ਕਹਿਣ ਦੇ ਬਾਵਜੂਦ ਪਰਨਾਲਾ ਉੱਥੇ ਦਾ ਉੱਥੇ ਹੀ ਹੈ।

-ਪ੍ਰੀਤ ਸਿੰਘ ਸੰਦਲ-
ਪਿੰਡ ਮਕਸੂਦੜਾ, ਤਹਿ: ਪਾਇਲ, ਲੁਧਿਆਣਾ।

02-06-2018

 ਪ੍ਰਾਈਵੇਟ ਸਕੂਲਾਂ ਦੁਆਰਾ ਹੁੰਦੀ ਲੁੱਟ
ਪਿਛਲੇ ਕੁਝ ਸਮੇਂ ਤੋਂ ਸਰਕਾਰੀ ਸਕੂਲਾਂ ਵਿਚ ਆਈ ਗਿਰਾਵਟ ਅਤੇ ਮਾਪਿਆਂ ਦੁਆਰਾ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਰਾਹੀਂ ਪੜ੍ਹਾਉਣ ਦੇ ਰੁਝਾਨ ਕਰਕੇ ਨਿੱਜੀ ਸਕੂਲਾਂ ਦੀ ਗਿਣਤੀ ਵਿਚ ਕਾਫੀ ਵਾਧਾ ਹੋ ਰਿਹਾ ਹੈ, ਜਿਸ ਕਰਕੇ ਇਹ ਪ੍ਰਾਈਵੇਟ ਸਕੂਲ ਆਪਣੀ ਮਨਮਰਜ਼ੀ ਨਾਲ ਫੀਸਾਂ ਵਸੂਲ ਕਰ ਰਹੇ ਹਨ। ਜ਼ਿਆਦਾਤਰ ਸਕੂਲ ਤਾਂ ਏਨੇ ਉੱਚ ਦਰਜੇ ਹਨ, ਜਿਥੇ ਬਾਕਾਇਦਾ ਸੀਟਾਂ ਰਾਖਵੀਆਂ ਹੋਣ ਕਰਕੇ ਸੀਟਾਂ ਦੇ ਪੈਸੇ ਲਏ ਜਾ ਰਹੇ ਹਨ। ਜ਼ਿਆਦਾਤਰ ਨਿੱਜੀ ਸਕੂਲਾਂ ਦੇ ਆਪਣੇ ਹੀ ਵਰਦੀਆਂ, ਕਿਤਾਬਾਂ ਦੇ ਸਟੋਰ ਬਣੇ ਹੋਏ ਹਨ ਤੇ ਇਹ ਬਾਕੀ ਬਾਜ਼ਾਰ ਦੀਆਂ ਕੀਮਤਾਂ ਨਾਲੋਂ ਮਹਿੰਗੇ ਭਾਅ 'ਤੇ ਕਿਤਾਬਾਂ, ਵਰਦੀਆਂ ਵੇਚ ਕੇ ਵਿਆਪਕ ਪੱਧਰ 'ਤੇ ਮਾਪਿਆਂ ਦੀ ਲੁੱਟ ਕਰ ਰਹੇ ਹਨ। ਅਜਿਹੇ ਸਕੂਲ ਟਰਾਂਸਪੋਰਟ ਦੇ ਖੇਤਰ ਵਿਚ ਵੀ ਬੱਚਿਆਂ ਦੀ ਜ਼ਿੰਦਗੀ ਦਾਅ 'ਤੇ ਲਗਾ ਰਹੇ ਹਨ, ਕਿਉਂਕਿ ਸਕੂਲੀ ਵੈਨਾਂ ਦੀ ਸਮਰੱਥਾ ਤੋਂ ਵੱਧ ਬੱਚੇ ਲਿਜਾਏ ਜਾਂਦੇ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ ਨਾਲ ਵਸੂਲੀ ਜਾ ਰਹੀ ਫੀਸ 'ਤੇ ਕਾਬੂ ਪਾਉਣ ਲਈ ਕੋਈ ਕਾਨੂੰਨ ਹੋਂਦ ਵਿਚ ਲਿਆਵੇ। ਪ੍ਰਸ਼ਾਸਨ ਨੂੰ ਹੁਕਮ ਦੇਵੇ ਕਿ ਉਹ ਸਮੇਂ-ਸਮੇਂ 'ਤੇ ਸਕੂਲ ਵੈਨਾਂ ਦੀ ਚੈਕਿੰਗ ਕਰਾਉਣ, ਤਾਂ ਜੋ ਬੱਚਿਆਂ ਦਾ ਭਵਿੱਖ ਬਚਾਇਆ ਜਾ ਸਕੇ ਤੇ ਜਿਥੋਂ ਤੱਕ ਸੰਭਵ ਹੋ ਸਕੇ ਸਰਕਾਰੀ ਸਕੂਲਾਂ ਦੇ ਸਿੱਖਿਆ ਤੰਤਰ ਵਿਚ ਸੁਧਾਰ ਕੀਤਾ ਜਾਵੇ।

-ਕਮਲ ਬਰਾੜ
ਪਿੰਡ ਕੋਟਲੀ, ਅਬਲੂ।

ਚਿੜੀਆਂ ਦੀ ਮੌਤ, ਗਵਾਰਾਂ ਦਾ ਹਾਸਾ
ਪਿਛਲੇ ਕੁਝ ਦਿਨਾਂ ਤੋਂ ਇਕ ਖੰਡ ਮਿੱਲ ਦਾ ਸੀਰਾ ਬਿਆਸ ਦਰਿਆ ਵਿਚ ਸੁੱਟੇ ਜਾਣ ਅਤੇ ਵੱਡੀ ਗਿਣਤੀ ਵਿਚ ਮੱਛੀਆਂ ਤੇ ਹੋਰ ਜਲ ਜੀਵਾਂ ਦੇ ਮਰਨ ਦੀ ਮੀਡੀਆ ਵਿਚ ਖੂਬ ਚਰਚਾ ਹੋ ਰਹੀ ਹੈ। ਇਹ ਘਟਨਾ ਕੋਈ ਨਵੀਂ ਨਹੀਂ ਹੈ। ਅਸੀਂ ਸਾਰੇ ਹੀ ਕੁਦਰਤ ਨਾਲ ਖਿਲਵਾੜ ਕਰਨ ਲਈ ਕੋਈ ਵੀ ਕਸਰ ਨਹੀਂ ਛੱਡਦੇ। ਬੜੀ ਦੇਰ ਤੋਂ ਰੌਲਾ ਪੈ ਰਿਹਾ ਹੈ ਕਿ ਲੁਧਿਆਣੇ ਸ਼ਹਿਰ ਦੇ ਬੁੱਢੇ ਨਾਲੇ ਦਾ ਗੰਦਾ ਪਾਣੀ ਸਤਲੁਜ ਦਰਿਆ ਵਿਚ ਮਿਲ ਕੇ ਪਾਣੀ ਨੂੰ ਦੂਸ਼ਿਤ ਕਰ ਰਿਹਾ ਹੈ। ਇਸ ਦਰਿਆ ਦਾ ਪਾਣੀ ਪੰਜਾਬ ਹੀ ਨਹੀਂ, ਰਾਜਸਥਾਨ ਦੀ ਪਿਆਸ ਵੀ ਬੁਝਾਉਂਦਾ ਹੈ ਪਰ ਹੁਣ ਇਹ ਪਾਣੀ ਬਿਮਾਰੀਆਂ ਵੰਡ ਰਿਹਾ ਹੈ। ਇਸ ਸਮੱਸਿਆ ਬਾਰੇ ਸਿਰਫ ਰੌਲਾ ਹੀ ਪੈ ਰਿਹਾ ਹੈ, ਹੱਲ ਕੋਈ ਨਹੀਂ। ਮਸਲਾ ਸਾਰੇ ਦੇਸ਼ ਦੀਆਂ ਜੜ੍ਹਾਂ ਵਿਚ ਬੈਠੇ ਭ੍ਰਿਸ਼ਟਾਚਾਰ ਦਾ ਹੈ। ਚਪੜਾਸੀ ਤੋਂ ਲੈ ਕੇ ਮੰਤਰੀਆਂ ਤੱਕ 'ਸਭ ਕੁਝ' ਚਲਦਾ ਹੈ। ਮਹਿਕਮੇ ਨਾਲ ਸਬੰਧਿਤ ਜੇ ਕੋਈ ਅਫ਼ਸਰ ਕਾਰਵਾਈ ਕਰਨ ਦੀ ਜੁਰਅਤ ਕਰਦਾ ਹੈ ਤਾਂ ਉਸ ਦੀ ਬਾਂਹ ਮਰੋੜ ਦਿੱਤੀ ਜਾਂਦੀ ਹੈ। ਚਰਚਿਤ ਮਸਲਾ ਵੀ ਕੁਝ ਦਿਨਾਂ ਦਾ ਮਹਿਮਾਨ ਹੈ। ਹੌਲੀ-ਹੌਲੀ ਮਸਲਾ ਠੰਢਾ ਪੈ ਜਾਵੇਗਾ। ਪਰ ਮਰ ਗਏ ਜੀਵਾਂ ਦੇ ਸਬੰਧ ਵਿਚ ਇਹੀ ਕਹਿ ਸਕਦੇ ਹਾਂਂ'ਚਿੜੀਆਂ ਦੀ ਮੌਤ, ਗਵਾਰਾਂ ਦਾ ਹਾਸਾ'।

-ਜਸਵੀਰ ਸਿੰਘ ਭਲੂਰੀਆ
ਪਿੰਡ ਤੇ ਡਾਕ: ਭਲੂਰ (ਮੋਗਾ)।

ਜ਼ਹਿਰੀਲੇ ਪਾਣੀ ਦਾ ਕਹਿਰ
ਪਿਛਲੇ ਦਿਨੀਂ ਬਿਆਸ ਦਰਿਆ ਵਿਚ ਪਾਏ ਗਏ ਗੰਦੇ ਪਾਣੀ ਦਾ ਕਹਿਰ ਪਾਣੀ ਵਾਲੇ ਜੀਵ ਜੰਤੂਆਂ ਖ਼ਾਸ ਤੌਰ 'ਤੇ ਮੱਛੀਆਂ ਅਤੇ ਪੂੰਗ ਲਈ ਕਹਿਰ ਸਿੱਧ ਹੋਇਆ। ਸ਼ੂਗਰ ਮਿਲ ਕੁਦਰਤੀ ਵਾਤਾਵਰਨ ਅਤੇ ਪਾਣੀ ਦੇ ਜੀਵਾਂ ਲਈ ਕਹਿਰ ਸਾਬਤ ਹੋਈ। ਇਸ ਘਿਨਾਉਣੀ ਘਟਨਾ ਨੇ ਜੋ ਤਸਵੀਰਾਂ ਪੇਸ਼ ਕੀਤੀਆਂ ਹਨ, ਉਹ ਡਰਾਉਣੇ ਭਵਿੱਖ ਦੀਆਂ ਨਿਸ਼ਾਨੀ ਹਨ। ਮਨੁੱਖ ਆਪਣੇ ਵਾਤਾਵਰਨ ਨੂੰ ਤਾਂ ਗੰਧਲਾ ਕਰ ਹੀ ਰਿਹਾ ਹੈ, ਹੁਣ ਉਸ ਨੇ ਕੁਦਰਤੀ ਜੀਵਾਂ ਨਾਲ ਵੀ ਛੇੜਛਾੜ ਸ਼ੁਰੂ ਕਰ ਦਿੱਤੀ ਹੈ, ਜੋ ਕਿ ਇਕ ਅਪਰਾਧ ਹੈ, ਕੀ ਉਨ੍ਹਾਂ ਜਲੀ ਜੀਵਾਂ ਨੂੰ ਇਨਸਾਫ਼ ਮਿਲੇਗਾ, ਇਹ ਤਾਂ ਵਕਤ ਹੀ ਦੱਸੇਗਾ। ਅੱਜ ਜੀਵ-ਜੰਤੂ ਜ਼ਹਿਰੀਲੇ ਪਾਣੀ ਦੀ ਮਾਰ ਹੇਠ ਹਨ, ਇਸ ਲਈ ਮਨੁੱਖੀ ਜਾਨਾਂ ਲਈ ਵੀ ਖ਼ਤਰਾ ਤੈਅ ਹੈ। ਕੁਦਰਤੀ ਸਰੋਤਾਂ ਤੇ ਜਲ ਐਕਟ 1974 ਦੇ ਤਹਿਤ ਪਾਣੀ ਵਾਲੇ ਸਰੋਤਾਂ ਵਿਚ ਥੁੱਕਣਾ ਵੀ ਅਪਰਾਧ ਹੈ, ਫਿਰ ਜਿਸ ਤਰ੍ਹਾਂ ਦਰਿਆ ਦੇ ਪੂਰੇ ਪਾਣੀ ਵਿਚ ਹੀ ਜ਼ਹਿਰ ਘੁਲ ਕੇ ਪੰਜਾਬ ਅਤੇ ਨਾਲ ਲਗਦੇ ਰਾਜਾਂ ਦੇ ਘਰ ਤੱਕ ਪਹੁੰਚ ਗਿਆ ਹੈ, ਇਸ ਲਈ ਜ਼ਿੰਮੇਵਾਰ ਕੌਣ ਹੈ? ਧਰਤੀ 'ਤੇ ਵੀ ਮਨੁੱਖ ਗ਼ੈਰ-ਕਾਨੂੰਨੀ ਤਰੀਕੇ ਨਾਲ ਸਾਫ਼ ਵਾਤਾਵਰਨ ਨੂੰ ਤਬਾਹ ਕਰ ਰਿਹਾ ਹੈ।

-ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾ, ਜ਼ਿਲ੍ਹਾ ਫ਼ਾਜ਼ਿਲਕਾ।

01-06-2018

 ਖੱਜਲ-ਖੁਆਰੀ
ਪਿਛਲੇ ਕੁਝ ਦਿਨਾਂ ਤੋਂ ਮੇਰਾ ਮਨ ਬੇਚੈਨ ਜਿਹਾ ਰਹਿੰਦਾ ਹੈ। ਇਸ ਬੇਚੈਨੀ ਦੇ ਕਾਰਨ ਮੈਨੂੰ ਆਪਣੀ ਜ਼ਿੰਦਗੀ ਦਾ ਮੋਹ ਨਹੀਂ ਆ ਰਿਹਾ। ਇਹ ਬੇਚੈਨੀ ਸੇਵਾ ਕੇਂਦਰ ਵਲੋਂ ਪੈਦਾ ਕੀਤੀ ਗਈ, ਜਿਥੇ ਮੈਂ ਆਪਣੀ ਬੇਟੀ ਦੇ ਨਾਂਅ ਵਿਚ ਇਕ ਐਚ (8) ਦੀ ਦਰੁਸਤੀ ਲਈ 15 ਦਿਨਾਂ ਤੱਕ ਖੱਜਲ-ਖੁਆਰ ਹੁੰਦਾ ਰਿਹਾ। ਮੇਰੀ ਲੜਕੀ ਦੇ ਆਧਾਰ ਕਾਰਡ 'ਤੇ '3hh}nder ™aur' ਦੀ ਬਜਾਏ '3h}nder ™aur' ਲਿਖਿਆ ਹੋਇਆ ਸੀ, ਜਿਸ ਦੇ ਆਧਾਰ 'ਤੇ ਜਨਮ ਸਰਟੀਫਿਕੇਟ ਵਿਚ ਵੀ ਇਹੋ ਨਾਂਅ ਦਰਜ ਕੀਤਾ ਗਿਆ। ਪਰ ਸਕੂਲ ਵਾਲਿਆਂ ਵਲੋਂ ਨਾਂਅ ਦੀ ਦਰੁਸਤੀ ਲਈ ਕਿਹਾ ਗਿਆ। ਪਹਿਲਾਂ ਮੈਂ ਆਧਾਰ ਕਾਰਡ 'ਚ ਅਤੇ ਜਨਮ ਸਰਟੀਫਿਕੇਟ ਨੂੰ ਠੀਕ ਕਰਵਾਉਣ ਲਈ ਫਾਰਮ ਭਰਿਆ। ਮਾਂ-ਬਾਪ ਦਾ ਐਫੀਡੇਵਿਟ, ਵੋਟਰ ਕਾਰਡ, ਆਧਾਰ ਕਾਰਡ, ਬੈਂਕ ਦੀ ਪਾਸ ਬੁੱਕ, ਪੰਚ-ਸਰਪੰਚ ਦਾ ਐਫੀਡੇਵਿਟ ਤੋਂ ਇਲਾਵਾ ਕਈ ਹੋਰ ਦਸਤਾਵੇਜ਼ ਚੈੱਕ ਕਰਵਾਏ। ਹੱਦ ਹੁੰਦੀ ਹੈ ਬੇਇਮਾਨੀ ਦੀ। ਇਕ ਨਾਂਅ ਨੂੰ ਸਹੀ ਕਰਵਾਉਣ ਲਈ ਅਸਲ੍ਹੇ ਦੇ ਲਾਇਸੈਂਸ ਤੋਂ ਜ਼ਿਆਦਾ ਦਸਤਾਵੇਜ਼ ਦੇਣੇ ਪੈਂਦੇ ਹਨ। ਕਿਸੇ ਵੀ ਸਰਕਾਰੀ ਦਫ਼ਤਰ ਵਿਚ ਵੱਖ-ਵੱਖ ਕੰਮਾਂ ਲਈ ਲੋੜੀਂਦੇ ਦਸਤਾਵੇਜ਼ਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ। ਅਕਸਰ ਗ਼ਲਤੀ ਇਨ੍ਹਾਂ ਅਨਪੜ੍ਹ ਮੁਲਾਜ਼ਮਾਂ ਦੀ ਹੁੰਦੀ ਹੈ, ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਨ੍ਹਾਂ ਬੇਲੋੜੇ ਕਾਗਜ਼ਾਂ ਨੂੰ ਖ਼ਤਮ ਕੀਤਾ ਜਾਵੇ ਅਤੇ ਦਸਤਾਵੇਜ਼ ਬਣਾਉਣ ਦੀ ਪ੍ਰਕਿਰਿਆ ਵਿਚ ਪਾਰਦਰਸ਼ਤਾ ਅਤੇ ਸਰਲਤਾ ਲਿਆਂਦੀ ਜਾਵੇ।

-ਦੇਵ ਸਿੰਘ
ਪਿੰਡ ਗੋਬਿੰਦਗੜ੍ਹ ਜੇਜੀਆਂ, ਤਹਿ: ਸੁਨਾਮ, ਜ਼ਿਲ੍ਹਾ ਸੰਗਰੂਰ।

ਟੀਕੇ ਤੋਂ ਨਾ ਡਰੋ
ਅੱਜਕਲ੍ਹ ਪੰਜਾਬ ਦੇ ਸਕੂਲਾਂ ਵਿਚ ਬੱਚਿਆਂ ਦੇ ਟੀਕੇ ਲਗਾਏ ਜਾ ਰਹੇ ਹਨ। ਇਹ ਟੀਕੇ ਬੱਚਿਆਂ ਲਈ ਬਹੁਤ ਜ਼ਰੂਰੀ ਹਨ। ਇਹ ਟੀਕੇ ਭਿਆਨਕ ਬਿਮਾਰੀਆਂ ਤੋਂ ਬਚਾਉਂਦੇ ਹਨ, ਕਿਉਂਕਿ ਅੱਜਕਲ੍ਹ ਬਹੁਤ ਸਾਰੀਆਂ ਬਿਮਾਰੀਆਂ ਫੈਲ ਰਹੀਆਂ ਹਨ। ਇਹ ਸਰਕਾਰ ਦਾ ਚੰਗਾ ਕਦਮ ਹੈ। ਦੂਜੇ ਪਾਸੇ ਇਨ੍ਹਾਂ ਟੀਕਿਆਂ ਬਾਰੇ ਗ਼ਲਤ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਕੁਝ ਲੋਕ ਅਫ਼ਵਾਹਾਂ 'ਤੇ ਯਕੀਨ ਕਰਦੇ ਹਨ ਤੇ ਬੱਚਿਆਂ ਦੇ ਟੀਕੇ ਨਹੀਂ ਲਗਵਾ ਰਹੇ। ਇਨ੍ਹਾਂ ਟੀਕਿਆਂ ਵਿਚ ਕੁਝ ਵੀ ਗ਼ਲਤ ਨਹੀਂ ਹੈ। ਪਿਛਲੇ ਦਿਨੀਂ ਸਾਡੇ ਸਕੂਲ ਵਿਚ ਇਹ ਟੀਕੇ ਲਗਾਏ ਗਏ, ਕਿਸੇ ਵੀ ਤਰ੍ਹਾਂ ਦੀ ਕੋਈ ਮਾੜੀ ਘਟਨਾ ਨਹੀਂ ਵਾਪਰੀ। ਸਾਰੇ ਬੱਚੇ ਠੀਕ ਹਨ। ਸਾਡੀ ਸਭ ਨੂੰ ਬੇਨਤੀ ਹੈ ਕਿ ਆਪੋ-ਆਪਣੇ ਬੱਚਿਆਂ ਨੂੰ ਇਹ ਟੀਕੇ ਜ਼ਰੂਰ ਲਗਵਾਓ। ਸਾਰੇ ਬੱਚੇ ਤੰਦਰੁਸਤ ਰਹਿਣ।

-ਸੰਦੀਪ, ਅੰਮ੍ਰਿਤ
(+2) ਸ.ਸ.ਸ.ਸ. ਤੱਖਰਾਂ, ਲੁਧਿਆਣਾ।

ਬਣਦਾ ਸਨਮਾਨ ਕੀਤਾ ਜਾਏ
ਪਿਛਲੇ ਦਿਨੀਂ 'ਅਜੀਤ' ਦੇ ਪਹਿਲੇ ਸਫ਼ੇ 'ਤੇ ਛਪੀ ਖ਼ਬਰ 'ਮੁਸਲਿਮ ਲੜਕੇ ਨੂੰ ਬਚਾਉਣ ਲਈ ਭੀੜ ਨਾਲ ਭਿੜਿਆ ਸਿੱਖ ਪੁਲਿਸ ਕਰਮੀ' ਪੜ੍ਹੀ। ਸਬ ਇੰਸਪੈਕਟਰ ਗਗਨਦੀਪ ਸਿੰਘ ਨੇ ਆਪਣੀ ਜਾਨ ਨੂੰ ਜੋਖ਼ਮ ਵਿਚ ਪਾ ਕੇ ਮੁਸਲਿਮ ਲੜਕੇ ਦੀ ਜਾਨ ਬਚਾਉਣ ਦੀ ਜੋ ਬਹਾਦਰੀ ਦਿਖਾਈ ਹੈ, ਉਸ ਨਾਲ ਪੂਰੀ ਦੁਨੀਆ ਵਿਚ ਸਿੱਖ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ। ਸਬ ਇੰਸਪੈਕਟਰ ਗਗਨਦੀਪ ਸਿੰਘ ਨੇ ਸਿੱਖ ਗੁਰੂਆਂ ਦੇ ਦਰਸਾਏ ਰਾਹ 'ਤੇ ਚਲਦਿਆਂ ਬੀਰਤਾ ਭਰਿਆ ਜੋ ਕਾਰਜ ਕੀਤਾ ਹੈ, ਇਸ ਬਦਲੇ ਸਿੱਖ ਕੌਮ ਨੂੰ ਉਸ ਦੀ ਦਲੇਰੀ ਦੀ ਦਾਦ ਦਿੰਦਿਆਂ ਇਸ ਹੀਰੇ ਦਾ ਵੱਡਾ ਮਾਣ-ਸਨਮਾਨ ਕਰਨਾ ਚਾਹੀਦਾ ਹੈ।

-ਸ.ਸ. ਰਮਲਾ
ਸੰਗਰੂਰ।

ਰੁੱਖਾਂ 'ਤੇ ਰਹਿਮ ਕਰੋ
ਕਣਕ ਦੀ ਰਹਿੰਦ-ਖੂੰਹਦ ਅਤੇ ਨਾੜ ਨੂੰ ਪ੍ਰਸ਼ਾਸਨ ਤੋਂ ਚੋਰੀ-ਛਿਪੇ ਅੱਗ ਲਗਾਉਣ ਕਰਕੇ ਬਹੁਤ ਸਾਰੇ ਰੁੱਖ ਇਸ ਦੀ ਭੇਟ ਚੜ੍ਹ ਰਹੇ ਹਨ, ਉਧਰ ਦੂਜੇ ਪਾਸੇ ਸਰਕਾਰ ਵਲੋਂ ਅੰਮ੍ਰਿਤਸਰ-ਦਿੱਲੀ ਮਾਰਗ ਅਤੇ ਲੁਧਿਆਣਾ-ਚੰਡੀਗੜ੍ਹ ਮਾਰਗ ਨੂੰ ਚਾਰ ਮਾਰਗੀ ਬਣਾਉਣ ਲਈ ਸੜਕਾਂ ਦੇ ਕਿਨਾਰੇ ਖੜ੍ਹੇ ਹਰੇ-ਭਰੇ ਰੁੱਖਾਂ ਦੀ ਕਟਾਈ ਕੀਤੀ ਗਈ ਹੈ। ਨਹਿਰਾਂ ਕਿਨਾਰੇ ਖੜ੍ਹੇ ਰੁੱਖ ਵੀ ਹੌਲੀ-ਹੌਲੀ ਅਲੋਪ ਹੋ ਰਹੇ ਹਨ। ਬਹੁਤ ਸਾਰੇ ਪੁਰਾਣੇ ਦਰੱਖਤ ਜਿਵੇਂ ਟਾਹਲੀ, ਕਿੱਕਰ ਅਤੇ ਪਿੱਪਲਾਂ ਦੀ ਗਿਣਤੀ ਦਿਨੋ-ਦਿਨ ਘਟਦੀ ਜਾ ਰਹੀ ਹੈ। ਇਨ੍ਹਾਂ ਰੁੱਖਾਂ ਦੇ ਵਿਨਾਸ਼ ਕਾਰਨ ਵਾਤਾਵਰਨ ਵਿਚ ਤਬਦੀਲੀ ਆਉਣੀ ਸੁਭਾਵਿਕ ਹੈ। ਧਰਤੀ ਦੀ ਤਪਸ਼ ਵਧਣਾ ਵੀ ਇਸ ਦਾ ਹੀ ਇਕ ਕਾਰਨ ਹੈ। ਕੁਦਰਤੀ ਜਲਵਾਯੂ ਅਤੇ ਸਾਡੇ ਜੀਵਨ ਨੂੰ ਬਚਾਉਣ ਲਈ ਸਮੇਂ ਦੀਆਂ ਸਰਕਾਰਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਨਵੇਂ ਪੇੜ-ਪੌਦੇ ਲਾਉਣੇ ਚਾਹੀਦੇ ਹਨ।

-ਲਖਵਿੰਦਰ ਸਿੰਘ ਗਿੱਲ
ਪਿੰਡ ਤੇ ਡਾਕ: ਧਨਾਨਸੂ (ਲੁਧਿਆਣਾ)।

ਇਕ ਪਿੰਡ ਇਕ ਗੁਰਦੁਆਰਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਾਤਾਂ-ਪਾਤਾਂ ਤੇ ਬਰਾਦਰੀਆਂ ਦੇ ਫ਼ਾਸਲੇ ਨੂੰ ਖ਼ਤਮ ਕਰਨ ਲਈ ਇਕ ਪਿੰਡ ਇਕ ਗੁਰਦੁਆਰਾ ਮੁਹਿੰਮ ਦੀ ਸ਼ੁਰੂਆਤ ਕਰਕੇ ਉਸ ਪਿੰਡ ਦੀ ਪੰਚਾਇਤ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਪਰ ਹਾਲੇ ਤੱਕ ਪੰਜਾਬ ਦੇ 22 ਜ਼ਿਲ੍ਹਿਆਂ ਦੇ 12 ਹਜ਼ਾਰ ਤੋਂ ਵੱਧ ਪਿੰਡਾਂ ਦੇ 40 ਹਜ਼ਾਰ ਦੇ ਕਰੀਬ ਗੁਰਦੁਆਰਿਆਂ ਵਿਚੋਂ ਬਹੁਤ ਥੋੜ੍ਹੀਆਂ ਗੁਰਦੁਆਰਾ ਕਮੇਟੀਆਂ ਹੀ ਇਸ ਕੰਮ ਲਈ ਅੱਗੇ ਆਈਆਂ ਹਨ। ਜਿਨ੍ਹਾਂ ਪਿੰਡਾਂ ਵਿਚ ਚਾਰ-ਚਾਰ ਗੁਰਦੁਆਰੇ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਸਾਰੇ ਪ੍ਰਬੰਧਕ ਇਕੱਠੇ ਹੋ ਕੇ ਆਪਣੇ ਪਿੰਡ 'ਚ ਆਪਸੀ ਭਾਈਚਾਰਕ ਸਾਂਝ ਵਧਾਉਣ, ਊਚ-ਨੀਚ, ਜਾਤ-ਪਾਤ ਖ਼ਤਮ ਕਰਕੇ ਇਸ ਮੁਹਿੰਮ ਦੀ ਸ਼ੁਰੂਆਤ ਕਰਨ। ਆਉਣ ਵਾਲੇ ਸਮੇਂ 'ਚ ਜੇਕਰ ਇਕ ਪਿੰਡ ਇਕ ਗੁਰਦੁਆਰਾ ਮੁਹਿੰਮ ਵਾਂਗ ਸ਼੍ਰੋਮਣੀ ਕਮੇਟੀ ਹਰੇਕ ਪਿੰਡ ਦੇ ਗੁਰਦੁਆਰੇ ਉੱਪਰ ਟੰਗੇ ਉੱਚੀ ਆਵਾਜ਼ ਵਾਲੇ ਵੱਡੇ ਸਪੀਕਰ ਉਤਾਰ ਕੇ ਹਾਲ ਅੰਦਰ ਘੱਟ ਆਵਾਜ਼ ਵਾਲੇ ਛੋਟੇ ਸਪੀਕਰ ਲਾਉਣ ਦੀ ਮੁਹਿੰਮ ਚਲਾ ਦੇਵੇ ਤਾਂ ਇਹ ਵੀ ਇਕ ਬਹੁਤ ਵੱਡਾ ਉਪਰਾਲਾ ਹੋਵੇਗਾ।

-ਸ਼ਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆ, ਡਾਕ: ਚੀਮਾਂ ਖੁੱਡੀ, ਜ਼ਿਲ੍ਹਾ ਗੁਰਦਾਸਪੁਰ।

29-05-2018

 ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ
ਪਿਛਲੇ ਦਿਨੀਂ ਸੰਪਾਦਕੀ ਪੰਨੇ 'ਤੇ ਸ੍ਰੀ ਕੁਲਦੀਪ ਨਈਅਰ ਦਾ ਲੇਖ 'ਦੇਸ਼ ਵਿਚ ਧਰਮ-ਨਿਰਪੱਖਤਾ ਨੂੰ ਮਜ਼ਬੂਤ ਕਰਨ ਦੀ ਲੋੜ' ਪੜ੍ਹਿਆ ਅਤੇ ਬਹੁਤ ਵਧੀਆ ਲੱਗਿਆ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਲੇਖਕ ਦੀ ਲੇਖਣੀ ਫਿਰਕੂ ਸੋਚ ਤੋਂ ਪਰ੍ਹੇ ਅਤੇ ਬਾ-ਕਮਾਲ ਹੁੰਦੀ ਹੈ। ਇਸ ਲੇਖ ਵਿਚ ਵੀ ਲੇਖਕ ਨੇ ਨਿਰਪੱਖ ਹੋ ਕੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਪਰ ਲੇਖਕ ਨੇ ਆਪਣੇ ਇਸ ਲੇਖ ਵਿਚ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦਾ ਇਕ ਪੱਖ ਪੇਸ਼ ਕੀਤਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਆਪਣੇ ਸੰਘਰਸ਼ਮਈ ਜੀਵਨ ਦੇ ਸ਼ੁਰੂ ਦੇ ਸਾਲਾਂ ਵਿਚ ਭਗਤ ਸਿੰਘ ਦਾ ਮਕਸਦ ਵੀ ਹੋਰਨਾਂ ਭਾਰਤੀਆਂ ਵਾਂਗ ਅੰਗਰੇਜ਼ਾਂ ਤੋਂ ਅਜ਼ਾਦੀ ਪ੍ਰਾਪਤ ਕਰਨਾ ਸੀ। ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਤੋਂ ਬਾਅਦ ਭਗਤ ਸਿੰਘ ਨੇ ਇਹ ਗੱਲ ਸਪੱਸ਼ਟ ਕਰ ਦਿੱਤੀ ਸੀ ਕਿ ਕੇਵਲ ਅਜ਼ਾਦੀ ਹੀ ਉਨ੍ਹਾਂ ਦਾ ਮਕਸਦ ਨਹੀਂ ਹੈ ਅਤੇ ਸ਼ਹੀਦੀ ਪ੍ਰਾਪਤ ਕਰਨ ਤੱਕ ਉਹ ਭਾਰਤ ਵਿਚ ਸਮਾਜਵਾਦੀ ਕ੍ਰਾਂਤੀ ਦੀ ਸਥਾਪਨਾ ਕਰਨ ਲਈ ਜੂਝਦੇ ਰਹੇ। ਸੋ, ਮੇਰੇ ਵਿਚਾਰ ਅਨੁਸਾਰ ਲੇਖਕ ਨੂੰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੇ ਦੂਜੇ ਪੱਖ ਨੂੰ ਵੀ ਆਪਣੇ ਲੇਖ ਦੇ ਜ਼ਰੀਏ ਪਾਠਕਾਂ ਸਾਹਮਣੇ ਪੇਸ਼ ਕਰਨਾ ਚਾਹੀਦਾ ਸੀ।

-ਪ੍ਰੋ: ਵਰਿੰਦਰ ਕੌਰ 'ਕੋਟਦੁੱਨਾ',
ਸਹਾਇਕ ਪ੍ਰੋਫੈਸਰ, ਪੰਜਾਬੀ ਵਿਭਾਗ, ਸਰਕਾਰੀ ਕਾਲਜ, ਮਾਲੇਰਕੋਟਲਾ।

ਨੇਕ ਸਲਾਹ
ਸੰਪਾਦਕੀ ਪੰਨੇ 'ਤੇ ਸਰਗੋਸ਼ੀਆਂ ਵਿਚ ਹਰਜਿੰਦਰ ਸਿੰਘ ਲਾਲ ਨੇ ਪੰਜਾਬ ਅਤੇ ਅਕਾਲੀ ਦਲ ਲਈ ਮੌਕਾ, ਵਿਚ ਲਿਖਿਆ ਹੈ ਕਿ ਅਕਾਲੀ ਦਲ ਲਈ ਇਕ ਆਖਰੀ ਮੌਕਾ ਹੈ ਕਿ ਉਹ ਸੱਤਾ ਤੋਂ ਬਾਹਰ ਹੁੰਦੇ ਹੋਏ ਵੀ ਮੋਦੀ ਸਰਕਾਰ ਕੋਲੋਂ ਸਿੱਖਾਂ ਤੇ ਪੰਜਾਬ ਦੀਆਂ ਅਸਲੀ ਮੰਗਾਂ ਮੰਨਵਾਉਣ ਲਈ ਪੱਖ ਰੱਖੇ, ਇਕੱਲੇ ਲੰਗਰ 'ਤੇ ਲੱਗੀ ਜੀ.ਐਸ.ਟੀ.ਸਿੱਖਾਂ ਦੀ ਖਾਸ ਕਰ ਪੰਜਾਬੀਆ ਦੀ ਮੰਗ ਨਹੀਂ ਹੈ। ਉਹ ਮੰਗਾ ਵੀ ਪੁਰੀਆਂ ਕਰਵਾਈਆਂ ਜਾਣ ਜਿਨ੍ਹਾਂ ਲਈ ਅਕਾਲੀ ਦਲ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਸਨ। ਜਿਵੇਂ ਰਾਜਾਂ ਨੂੰ ਵੱਧ ਅਧਿਕਾਰਾਂ ਦਾ ਮਸਲਾ, ਪੰਜਾਬ ਦੇ ਪਾਣੀਆਂ ਦੇ ਮਾਮਲੇ ਆਦਿ ਚੰਡੀਗੜ੍ਹ ਜਿੰਨਾਂ ਚਿਰ ਪੰਜਾਬ ਨੂੰ ਨਹੀਂ ਦਿੱਤਾ ਜਾਂਦਾ ਓਨਾ ਚਿਰ ਚੰਡੀਗੜ੍ਹ ਵਿਚ 60 ਫ਼ੀਸਦੀ ਪੰਜਾਬੀ ਕਰਮਚਾਰੀ ਤੇ ਅਧਿਕਾਰੀ ਲਾਏ ਜਾਣ ਦੀ ਮੰਗ ਤੇ ਚੰਡੀਗੜ੍ਹ ਦੇ ਪਿੰਡਾਂ ਵਿਚ ਗੈਰ ਪੰਜਾਬੀ ਹਿੰਦੀ ਬੋਲਦੇ ਝੁੱਗੀਆਂ ਵਾਲਿਆਂ ਨੂੰ ਪੱਕੇ ਤੌਰ 'ਤੇ ਵਸਾ ਕੇ ਚੰਡੀਗੜ੍ਹ ਨੂੰ ਹਿੰਦੀ ਬੋਲਣ ਵਾਲਾ ਇਲਾਕਾ ਬਣਾਏ ਜਾਣ ਦਾ ਵਿਰੋਧ ਕਰਨ ਦੀ ਜੁਰਅਤ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਦੂਜੇ ਸੂਬਿਆਂ ਨੂੰ ਜਾਂਦੇ ਪਾਣੀ ਦੀ ਕੀਮਤ ਵੀ ਵਸੂਲਣ ਦੀ ਮੰਗ ਉਠਾਉਣੀ ਚਾਹੀਦੀ ਹੈ। ਬਹੁਤ ਹੀ ਘਾਗ ਸਿਆਸਤਦਾਨ ਬਾਦਲ ਸਾਹਿਬ ਨੂੰ ਇਹ ਮੌਕਾ ਹੱਥੋਂ ਨਹੀਂ ਗਵਾਉਣਾ ਚਾਹੀਦਾ। ਇਹ ਸੱਭ ਕੁਝ ਕਰਨ ਲਈ ਬਾਦਲ ਸਾਹਿਬ ਨੂੰ ਨਿੱਜੀ ਫਾਇਦੇ ਪਾਸੇ ਰੱਖ ਕੇ ਪੰਜਾਬ ਤੇ ਪੰਜਾਬੀਅਤ ਲਈ ਕੁਝ ਕਰਨ ਦਾ ਢੁਕਵਾਂ ਸਮਾਂ ਹੈ ਜਦੋਂ ਭਾਜਪਾ ਕੋਲੋਂ ਹੋਰ ਛੋਟੇ ਛੋਟੇ ਦਲ ਦੂਰ ਜਾ ਰਹੇ ਹਨ। ਭਾਜਪਾ 2019 ਦੀਆਂ ਚੋਣਾਂ ਜਿੱਤਣ ਲਈ ਇਹ ਮੰਗਾਂ ਪੂਰੀਆਂ ਨਹੀਂ ਤਾਂ ਅੱਧੀਆਂ ਜ਼ਰੂਰ ਮੰਨਣ ਲਈ ਮਜਬੂਰ ਹੋਵੇਗੀ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਮਿਡ-ਡੇ-ਮੀਲ ਰਾਸ਼ਨ
ਆਧੁਨਿਕ ਦੌਰ ਅੰਦਰ ਜਿੱਥੇ ਚੋਰੀ ਕਰਨ ਦੇ ਢੰਗ ਬਦਲੇ ਹਨ, ਉੱਥੇ ਹੀ ਚੋਰਾਂ ਨੇ ਚੋਰੀ ਕਰਨ ਦੇ ਟਿਕਾਣੇ ਵਿਚ ਵੀ ਬਦਲ ਕੀਤਾ ਹੈ ਅਜਿਹੀਆਂ ਹੀ ਵਾਰਦਾਤਾਂ ਅੱਜ ਕੱਲ ਪੰਜਾਬ ਅੰਦਰ ਬਹੁਤ ਵਧ ਫੁੱਲ ਰਹੀਆਂ ਹਨ, ਜਿਸ ਵਿਚ ਜ਼ਿਆਦਾਤਰ ਪਿੰਡਾਂ ਦੇ ਪ੍ਰਾਇਮਰੀ ਸਕੂਲਾਂ ਦੇ ਮਿਡ-ਡੇ-ਮੀਲ ਦੇ ਰਾਸ਼ਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਹਿਲਾਂ ਹੀ ਸਹੂਲਤਾਂ ਦੀ ਥੋੜ ਨਾਲ ਪ੍ਰਾਇਮਰੀ ਸਕੂਲ ਜੂਝ ਰਹੇ ਹਨ, ਉੱਥੇ ਹੀ ਮਿਡ-ਡੇ-ਮੀਲ ਦਾ ਰਾਸ਼ਨ ਚੋਰੀ ਹੋਣ ਨਾਲ ਅਧਿਆਪਕ ਵਰਗ ਮੁਸ਼ਕਿਲਾਂ ਨਾਲ ਜੂਝ ਰਿਹਾ ਹੈ, ਪੜ੍ਹਾਈ ਕਰਵਾਉਣ ਦੀ ਬਜਾਇ ਮਿਡ-ਡੇ-ਮੀਲ ਦਾ ਪ੍ਰਬੰਧ ਕਿਵੇਂ ਕਰਨਾ ਹੈ, ਫਿਕਰਾਂ ਵਿਚ ਗੁਆਚ ਜਾਂਦਾ ਹੈ। ઠਥਾਣਿਆਂ ਵਿਚ ਕਾਰਵਾਈ ਲਈ ਦਰਜ ਕਰਵਾਈ ਸ਼ਿਕਾਇਤ ਵੀ ਫਾਈਲਾਂ ਦਾ ਸ਼ਿੰਗਾਰ ਬਣ ਕੇ ਰਹਿ ਜਾਂਦੀ ਹੈ। ઠਦਿਨ-ਬ-ਦਿਨ ਚੋਰਾਂ ਦੇ ਹੌਸਲੇ ਵਧ ਰਹੇ ਹਨ । ਇਕ ਤੋਂ ਬਾਅਦ ਇਕ ਸਕੂਲ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿਸ ਤਰਾਂ ਦੀਆਂ ਕਾਰਵਾਈਆਂ ਹੋ ਰਹੀਆਂ ਹਨ, ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਕੀ ਪ੍ਰਸ਼ਾਸਨ ਇਨ੍ਹਾਂ ਮਸਲਿਆਂ ਪ੍ਰਤੀ ਗੰਭੀਰ ਨਜ਼ਰ ਨਹੀਂ ਹੈ? ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਵਰਦਾਤਾਂ ਨੂੰ ਰੋਕਣ ਲਈ ਰਾਤ ਦੇ ਸਮੇਂ ਉਚੇਚੇ ਤੌਰ 'ਤੇ ਪ੍ਰਬੰਧ ਕੀਤੇ ਜਾਣ ਜਿਸ ਨਾਲ ਵਿੱਦਿਆ ਦੇ ਮੰਦਰ ਵਿਚੋਂઠਚੋਰੀ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

-ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾ, ਜ਼ਿਲ੍ਹਾ ਫਾਜ਼ਿਲਕਾ।

ਬੱਚਿਆਂ ਦੀ ਦੁਨੀਆ
ਸਰਕਾਰੀ ਅਧਿਆਪਕ ਦੀ ਨੌਕਰੀ ਵਿਚ ਰਹਿੰਦੇ ਹੋਏ ਮੈਨੂੰ ਪਿਛਲੇ ਦਿਨੀਂ 'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਪ੍ਰਾਜੈਕਟ ਤਹਿਤ ਪ੍ਰੀ-ਪ੍ਰਾਇਮਰੀ (ਆਂਗਣਵਾੜੀ) ਬੱਚਿਆਂ ਸਬੰਧੀ ਸੈਮੀਨਾਰ ਵਿਚ ਸ਼ਾਮਿਲ ਹੋਣ ਦਾ ਸੁਭਾਗਾ ਅਵਸਰ ਪ੍ਰਾਪਤ ਹੋਇਆ। ਉਥੇ ਸਾਨੂੰ 'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਪ੍ਰਾਜੈਕਟ ਦੀ ਸਤਿਕਾਰਯੋਗ ਟੀਮ ਵਲੋਂ ਪਹਿਲੀ ਹਦਾਇਤ ਇਹੋ ਪ੍ਰਾਪਤ ਹੋਈ ਕਿ ਸੈਮੀਨਾਰ ਦੌਰਾਨ ਅਸੀਂ ਆਪਣੇ-ਆਪ ਨੂੰ ਤਿੰਨ-ਚਾਰ ਸਾਲ ਦੇ ਛੋਟੇ ਬੱਚੇ ਵਾਂਗ ਸਮਝੀਏ ਅਤੇ ਵਿਚਰੀਏ। ਫਿਰ ਅਸੀਂ ਤਿੰਨ-ਚਾਰ ਸਾਲ ਦੇ ਬੱਚੇ ਵਾਂਗ ਵਿਵਹਾਰ ਕਰਦੇ ਹੋਏ ਉਨ੍ਹਾਂ ਤਿੰਨ-ਚਾਰ ਸਾਲ ਦੇ ਬੱਚਿਆਂ ਨੂੰ ਪੜ੍ਹਾਉਣ ਸਬੰਧੀ ਅਤੇ ਖਿਡਾਉਣ ਸਬੰਧੀ ਸਿਖਲਾਈ ਹਾਸਲ ਕੀਤੀ। ਇਨ੍ਹਾਂ ਤਿੰਨ ਦਿਨਾਂ ਦੌਰਾਨ ਜ਼ਿੰਦਗੀ ਕਿਵੇਂ ਹੱਸਦਿਆਂ, ਖੇਡਦਿਆਂ, ਹਾਸੇ-ਠੱਠੇ ਕਰਦਿਆਂ ਅਤੇ ਕਲਪਨਾ ਵਿਚ ਰਹਿੰਦਿਆਂ ਬਤੀਤ ਹੋ ਗਈ ਬਸ ਪਤਾ ਹੀ ਨਹੀਂ ਚੱਲਿਆ। ਸਾਰੀਆਂ ਮਾਨਸਿਕ ਪ੍ਰੇਸ਼ਾਨੀਆਂ ਤੇ ਚਿੰਤਾਵਾਂ ਕਿਵੇਂ ਛੂਹ-ਮੰਤਰ ਹੋ ਗਈਆਂ, ਪਤਾ ਹੀ ਨਹੀਂ ਚੱਲਿਆ। ਇਸ ਸੈਮੀਨਾਰ ਦੌਰਾਨ ਦਿਲ ਨੂੰ ਛੂਹ ਜਾਣ ਵਾਲੀ ਸ਼ਾਂਤੀ ਅਤੇ ਸਕੂਨ ਪ੍ਰਾਪਤ ਹੋਇਆ ਅਤੇ ਮਹਿਸੂਸ ਹੋਇਆ ਕਿ ਕਿੰਜ ਛੋਟੇ-ਛੋਟੇ ਬੱਚਿਆਂ ਦੀਆਂ ਭਾਵਨਾਵਾਂ, ਕਲਪਨਾਵਾਂ, ਵਿਵਹਾਰ ਅਤੇ ਉਨ੍ਹਾਂ ਦੀ ਸੋਚ ਵੱਖਰੀ, ਨਿਰਾਲੀ, ਅਲੌਕਿਕ ਤੇ ਅਨੰਦਮਈ ਹੁੰਦੀ ਹੈ। ਅੱਜ ਮਨੁੱਖ ਕੋਲ ਅਨੇਕਾਂ ਕੋਠੀਆਂ, ਕਾਰਾਂ, ਭੌਤਿਕ ਸੁੱਖ-ਸਹੂਲਤਾਂ, ਪੈਸਾ-ਧੇਲਾ ਅਤੇ ਗਹਿਣਾ-ਗੱਠਾ ਹੋਣ ਦੇ ਬਾਵਜੂਦ ਮਨੁੱਖ ਖ਼ੁਸ਼, ਸ਼ਾਂਤ ਅਤੇ ਸਕੂਨ ਵਿਚ ਨਹੀਂ ਵਿਚਰ ਰਿਹਾ। ਸੱਚਮੁੱਚ ਛੋਟੇ-ਨਿੱਕੇ ਬੱਚਿਆਂ ਦੀ ਦੁਨੀਆ ਬਹੁਤ ਰੌਚਿਕ ਅਤੇ ਅਨੰਦਮਈ ਹੁੰਦੀ ਹੈ।

-ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ।

28-05-2018

 ਪਾਣੀ ਦਾ ਸੰਕਟ
ਸੂਝਵਾਨ ਲੋਕ ਲੰਮੇ ਸਮੇਂ ਤੋਂ ਰੌਲਾ ਪਾ-ਪਾ ਕੇ ਜਗਾ ਰਹੇ ਹਨ ਕਿ ਕੁਦਰਤੀ ਸੋਮੇ ਪਾਣੀ ਦੀ ਸੰਭਾਲ ਕਰੋ ਤੇ ਸੰਕੋਚ ਨਾਲ ਵਰਤੋ ਪਰ ਬਹੁਗਿਣਤੀ ਲੋਕ ਇਸ ਗੱਲ ਦੀ ਬਿਲਕੁਲ ਹੀ ਪ੍ਰਵਾਹ ਨਹੀਂ ਕਰਦੇ। ਆਉਣ ਵਾਲੇ ਸਮੇਂ ਲਈ ਸਮੁੱਚੀ ਦੁਨੀਆ ਵਿਚੋਂ ਹੀ ਪਾਣੀ ਦੇ ਸੰਕਟ ਦੀਆਂ ਘੰਟੀਆਂ ਖੜਕਣ ਲੱਗ ਪਈਆਂ ਹਨ, ਜਾਪਦੈ ਅਸੀਂ ਹਾਲੇ ਵੀ ਨਹੀਂ ਜਾਗ ਰਹੇ। ਮਈ ਮਹੀਨੇ ਤੋਂ ਬਾਅਦ ਇਕਦਮ ਗਰਮੀ ਸ਼ੁਰੂ ਹੋ ਜਾਂਦੀ ਹੈ ਤੇ ਇਥੋਂ ਹੀ ਖੇਤੀਬਾੜੀ ਦੀ ਫਸਲ ਝੋਨੇ ਦੀ ਵੀ ਸ਼ੁਰੂਆਤ ਹੋ ਜਾਂਦੀ ਹੈ। ਸੂਰਜ ਦੀ ਤਪਸ਼ ਵਧ ਜਾਂਦੀ ਹੈ ਤੇ ਧਰਤੀ 'ਤੇ ਹਰ ਜੀਵ-ਜੰਤੂ ਤੇ ਬਨਸਪਤੀ ਨੂੰ ਪਾਣੀ ਦੀ ਵੱਧ ਜ਼ਰੂਰਤ ਪੈਂਦੀ ਹੈ। ਇਨ੍ਹਾਂ ਦਿਨਾਂ ਵਿਚ ਹੀ ਸਭ ਕਾਸੇ ਲਈ ਧਰਤੀ ਵਿਚੋਂ ਕੁਦਰਤੀ ਸੋਮੇ ਪਾਣੀ ਨੂੰ ਵੀ ਵੱਡੀ ਮਾਤਰਾ ਵਿਚ ਕੱਢਿਆ ਜਾਂਦਾ ਹੈ।
ਕਿਸੇ ਨੂੰ ਕਿੰਨਾ ਵੀ ਸਮਝਾ ਲਓ ਬਹੁਤ ਘੱਟ ਲੋਕ ਇਸ ਲਈ ਜਾਗ੍ਰਿਤ ਹਨ। ਸੁਣਨ ਵਿਚ ਤਾਂ ਇਹ ਵੀ ਆ ਰਿਹਾ ਹੈ ਕਿ ਹੁਣ ਅਗਲੀ ਜੰਗ ਪਾਣੀ ਲਈ ਹੀ ਲੱਗੇਗੀ ਪਰ ਸ਼ਾਇਦ ਸਾਡੇ 'ਤੇ ਕੋਈ ਅਸਰ ਨਹੀਂ। ਆਓ, ਸਮਝਦਾਰ ਹੋ ਕੇ ਪਾਣੀ ਦੀ ਸੰਭਾਲ ਕਰੀਏ।


-ਬਲਬੀਰ ਸਿੰਘ ਬੱਬੀ
ਪੰਜਾਬੀ ਸਾਹਿਤ ਸਭਾ ਸਮਰਾਲਾ।


ਵਿਦਿਆਰਥੀਆਂ ਦੀ ਸੋਚ
ਪੰਜਾਬ ਸਰਕਾਰ ਵਲੋਂ ਇਸ ਸਾਲ ਦਹਾਕਿਆਂ ਤੋਂ ਚੱਲੀ ਆ ਰਹੀ ਬੋਰਡ ਦੇ ਪੇਪਰਾਂ ਵਿਚ ਨਕਲ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਕਾਫੀ ਹੱਦ ਤੱਕ ਸਫ਼ਲ ਰਹੀ। ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੇ ਦ੍ਰਿੜ੍ਹ ਨਿਸ਼ਚੇ ਕਾਰਨ ਨਕਲ ਦਾ ਇਹ ਕੋਹੜ ਕਾਫ਼ੀ ਹੱਦ ਤੱਕ ਘਟ ਗਿਆ।
ਮੇਰੀ ਵਿਦਿਆਰਥੀਆਂ ਅੱਗੇ ਬੇਨਤੀ ਹੈ ਕਿ ਉਨ੍ਹਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਫੇਲ੍ਹ ਜਾਂ ਪਾਸ ਹੋਣਾ ਤਾਂ ਜ਼ਿੰਦਗੀ ਵਿਚ ਚਲਦਾ ਹੀ ਰਹਿੰਦਾ ਹੈ। ਕਿਸੇ ਵੀ ਮੁਕਾਬਲੇ ਵਿਚ ਫੇਲ੍ਹ ਹੋਣ 'ਤੇ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਸਗੋਂ ਫੇਲ੍ਹ ਹੋਣ ਦੇ ਕਾਰਨਾਂ ਨੂੰ ਲੱਭਣਾ ਚਾਹੀਦਾ ਹੈ ਤੇ ਉਨ੍ਹਾਂ ਕਾਰਨਾਂ ਨੂੰ ਠੀਕ ਕਰਨਾ ਚਾਹੀਦਾ ਹੈ। ਮਾੜੇ ਨਤੀਜੇ ਆਉਣ ਕਰਕੇ ਕੁਝ ਵਿਦਿਆਰਥੀ ਨਿਰਾਸ਼ ਹੋ ਕੇ ਗਲਤ ਕਦਮ ਚੁੱਕ ਲੈਂਦੇ ਹਨ, ਮੇਰੀ ਉਨ੍ਹਾਂ ਅੱਗੇ ਬੇਨਤੀ ਹੈ ਕਿ ਇਸ ਅਨਮੋਲ ਜ਼ਿੰਦਗੀ ਦੀ ਕੀਮਤ ਨੂੰ ਸਮਝੋ ਤੇ ਇਸ ਨੂੰ ਚੰਗੀ ਤਰ੍ਹਾਂ ਜੀਓ। ਜੇਕਰ ਤੁਸੀਂ ਮਿਹਨਤ ਕਰ ਕੇ ਪਾਸ ਹੋਵੋਗੇ ਤਾਂ ਹੀ ਜ਼ਿੰਦਗੀ ਵਿਚ ਸਫ਼ਲ ਇਨਸਾਨ ਬਣ ਸਕੋਗੇ।


-ਹਰਜਿੰਦਰ ਪਾਲ
harjinderpalasr@gmail.com


ਜੀ.ਓ.ਜੀ. ਦਾ ਵਿਰੋਧ ਕਿਉਂ?
ਪੰਜਾਬ ਦੀ ਕੈਪਟਨ ਸਰਕਾਰ ਨੇ ਪਿਛਲੇ ਸਾਲ ਲੋਕਾਂ ਦੀ ਭਲਾਈ ਤੇ ਸਰਕਾਰ ਦੀਆਂ ਯੋਜਨਾਵਾਂ ਨੂੰ ਆਮ ਗਰੀਬ ਲੋਕਾਂ ਤੱਕ ਪੁੱਜਦਾ ਕਰਨ ਲਈ ਰੱਖੇ ਗਾਰਡੀਅਨ ਆਫ਼ ਗੁੱਡ ਗਵਰਨੈਂਸ ਦਾ ਪੰਜਾਬ ਦੇ ਕੁਝ ਸਰਪੰਚਾਂ ਵਲੋਂ ਬੇਲੋੜਾ ਵਿਰੋਧ ਕੀਤਾ ਜਾ ਰਿਹਾ ਹੈ। ਕਿਉਂਕਿ ਜੀ.ਓ.ਜੀ ਤਾਂ ਸਿਰਫ਼ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਵੇਖਣ ਤੇ ਪਿੰਡਾਂ ਵਿਚ ਪੰਚਾਇਤ ਵਲੋਂ ਕੀਤੇ ਜ਼ਾਇਜ ਖਰਚੇ ਦਾ ਨਰੀਖਣ ਕਰਨ ਦਾ ਅਧਿਕਾਰ ਰੱਖਦੇ ਹਨ।
ਦੇਸ਼ ਦੀ ਸੇਵਾ ਕਰਨ ਵਾਲੇ ਸਾਬਕਾ ਫ਼ੌਜੀਆਂ ਦੀ ਦੇਸ਼ ਪ੍ਰਤੀ ਵਫ਼ਾਦਾਰੀ ਵੇਖਕੇ ਹੀ ਸਰਕਾਰ ਨੇ ਇਨ੍ਹਾਂ ਦੀ ਨਿਯੁਕਤੀ ਪਹਿਲਾ ਪੂਰੇ ਦੋ ਸਾਲ ਲਈ ਕੀਤੀ ਹੈ। ਇਸੇ ਲਈ ਸਰਕਾਰ ਨੇ ਇਨ੍ਹਾਂ ਦੇ ਅਧਿਕਾਰ ਖ਼ੇਤਰ ਵਿਚ ਚੱਲ ਰਹੇ ਵਿਕਾਸ ਕਾਰਜ ਤੇ ਹੋਰ ਬਹੁਤ ਸਾਰੇ ਮਹਿਕਮੇ ਰੱਖੇ ਹਨ, ਪਰ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਸਰਪੰਚ ਇਨ੍ਹਾਂ ਨੂੰ ਹਟਾਉਣ ਲਈ ਜ਼ੋਰ ਲਾ ਰਹੇ ਹਨ, ਜੋ ਕਿ ਅਜਿਹਾ ਕਰਕੇ ਕਿਤੇ ਨਾ ਕਿਤੇ ਆਪਣੇ ਦੁਆਲੇ ਭ੍ਰਿਸ਼ਟਾਚਾਰ ਤੇ ਬੇਈਮਾਨੀ ਵਾਲੀ ਸ਼ੱਕ ਦੀ ਉਂਗਲ ਆਪ ਕਰਦੇ ਨਜ਼ਰ ਆ ਰਹੇ ਹਨ। ਜੇਕਰ ਆਪਣੀ ਕੁਰਸੀ ਤੇ ਪਿੰਡ ਦਾ ਮੁਖੀ ਹੋਣ ਦੇ ਨਾਤੇ ਸਰਪੰਚਾਂ ਨੇ ਆਪਣੇ ਵਲੋਂ ਸਹੀ ਕੰਮ ਕੀਤੇ ਹਨ ਤਾਂ ਫਿਰ ਭਾਵੇਂ ਉਨ੍ਹਾਂ ਦਾ ਕੋਈ ਵੀ ਆਡਿਟ ਕਰੀ ਜਾਵੇ ਉਨ੍ਹਾਂ ਨੂੰ ਜੀ.ਓ.ਜੀ ਤੋਂ ਕੋਈ ਵੀ ਤਕਲੀਫ਼ ਨਹੀਂ ਹੋਣੀ ਚਾਹੀਦੀ।


-ਮਨਦੀਪ ਕੁੰਦੀ ਤਖਤੂਪੁਰਾ
ਪਿੰਡ ਤਖਤੂਪੁਰਾ (ਮੋਗਾ)


ਇੰਟਰਨੈੱਟ ਦਾ ਨਸ਼ਾ ਚਿੰਤਾਜਨਕ
ਅੱਜਕਲ੍ਹ ਇਕ ਹੋਰ ਆਧੁਨਿਕ ਨਸ਼ਾ ਪੂਰੀ ਦੁਨੀਆ 'ਚ ਬੜੀ ਤੇਜ਼ੀ ਨਾਲ ਫੈਲ ਚੁੱਕਾ ਹੈ, ਜਿਸ ਨੂੰ ਸਮੇਂ ਦੀਆਂ ਸਰਕਾਰਾਂ ਵੀ ਨਹੀਂ ਰੋਕ ਸਕੀਆਂ, ਇਹ ਨੌਜਵਾਨ ਪੀੜ੍ਹੀ ਨੂੰ ਘੁਣ ਵਾਂਗ ਅੰਦਰੋ-ਅੰਦਰ ਖਾ ਰਿਹਾ ਹੈ ਅਤੇ ਨੌਜਵਾਨ ਵਰਗ ਦੇ ਨਾਲ-ਨਾਲ ਬੱਚਿਆਂ ਨੂੰ ਵੀ ਆਪਣੇ ਘਾਤਕ ਕਲਾਵੇ ਵਿਚ ਲੈ ਰਿਹਾ ਹੈ, ਜਿਸ ਨੂੰ ਰੋਕਣ ਲਈ ਨੌਜਵਾਨ ਪੀੜ੍ਹੀ ਨੂੰ ਆਪਣੇ-ਆਪ 'ਤੇ ਕਾਬੂ ਪਾਉਣਾ ਪਵੇਗਾ। ਉਹ ਹੈ ਇੰਟਰਨੈੱਟ ਦਾ ਨਸ਼ਾ। ਇੰਟਰਨੈੱਟ ਦੀਆਂ ਵੱਖ-ਵੱਖ ਸਾਈਟਾਂ ਦੀ ਦੁਰਵਰਤੋਂ ਕਰਕੇ ਪੰਜਾਬ ਦਾ ਹਰ ਇਕ ਨੌਜਵਾਨ ਵਿਹਲੜ ਜਿਹਾ ਹੋ ਗਿਆ ਹੈ, ਆਪਣੇ ਅਸਲੀ ਸੱਭਿਆਚਾਰ ਅਤੇ ਆਪਣੇ ਰਿਸ਼ਤੇ ਨਾਤਿਆਂ ਨੂੰ ਭੁੱਲ ਗਿਆ ਹੈ ਹਰ ਰੋਜ਼ ਸੋਸ਼ਲ ਮੀਡੀਆ 'ਤੇ ਵੇਖਦੇ ਹੀ ਹਾਂ ਕਿ ਗੱਲ ਕੋਈ ਹੋਰ ਹੁੰਦੀ ਹੈ, ਜਿਸ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ, ਜਿਸ ਨਾਲ ਕਈ ਵਾਰ ਪੰਜਾਬ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ। ਇੰਟਰਨੈੱਟ ਫ੍ਰੀ ਹੋਣ ਦੇ ਬਾਅਦ ਪੰਜਾਬ ਵਿਚ ਪੜ੍ਹਾਈ ਦਾ ਪੱਧਰ ਵੀ ਹੇਠਾਂ ਆਇਆ ਹੈ, ਨਤੀਜੇ ਬਹੁਤ ਹੀ ਮਾੜੇ ਆ ਰਹੇ ਹਨ।


-ਕਮਲ ਬਰਾੜ-
ਪਿੰਡ ਕੋਟਲੀ ਅਬਲੂ।

25-05-2018

 ਅਸਲ ਮੁੱਦੇ ਅਤੇ ਸਿਆਸਤ
ਸਿਹਤ, ਸਿੱਖਿਆ ਅਤੇ ਰੁਜ਼ਗਾਰ ਕਿਸੇ ਵੀ ਸੂਬੇ ਜਾਂ ਦੇਸ਼ ਦੇ ਲੋਕਾਂ ਦੀਆਂ ਮੁਢਲੀਆਂ ਲੋੜਾਂ ਹੁੰਦੀਆਂ ਹਨ। ਸਰਕਾਰ ਚਾਹੇ ਕਿਸੇ ਸੂਬੇ ਜਾਂ ਦੇਸ਼ ਦੀ ਹੋਵੇ, ਉਸ ਦੇ ਵੀ ਸਭ ਤੋਂ ਪਹਿਲੇ ਇਹ ਫ਼ਰਜ਼ ਹਨ ਕਿ ਉਹ ਉਥੋਂ ਦੇ ਲੋਕਾਂ ਨੂੰ ਮਿਆਰੀ ਸਿਹਤ, ਸਿੱਖਿਆ ਅਤੇ ਰੁਜ਼ਗਾਰ ਮੁਹੱਈਆ ਕਰਵਾਏ। ਇਨ੍ਹਾਂ ਮੁੱਦਿਆਂ ਦੇ ਨਾਲ-ਨਾਲ ਸੂਬੇ ਦੀਆਂ ਜੋ ਹੋਰ ਸਮੱਸਿਆਵਾਂ ਹਨ, ਚਾਹੇ ਉਹ ਵਿਕਣ ਵਾਲੇ ਕਿਸੇ ਵੀ ਤਰ੍ਹਾਂ ਦੇ ਨਸ਼ੇ ਹੋਣ, ਭਰੂਣ ਹੱਤਿਆ ਹੋਵੇ, ਚਾਹੇ ਸਰਕਾਰੀ ਦਫ਼ਤਰਾਂ ਵਿਚ ਚਲਦਾ ਭ੍ਰਿਸ਼ਟਾਚਾਰ ਹੋਵੇ, ਚਾਹੇ ਕਿਸਾਨ, ਮਜ਼ਦੂਰ ਜਾਂ ਵਪਾਰੀ ਵਰਗ ਦੀਆਂ ਸਮੱਸਿਆਵਾਂ ਹੋਣ ਜਾਂ ਕਾਨੂੰਨ ਵਿਵਸਥਾ ਨੂੰ ਸਹੀ ਢੰਗ ਨਾਲ ਲਾਗੂ ਕਰਨ ਦੀ ਗੱਲ ਹੋਵੇ, ਇਹ ਵੀ ਅੱਜ ਸਾਡੇ ਪੰਜਾਬ ਦੇ ਭਖਦੇ ਮੁੱਦੇ ਹਨ। ਸਾਰੇ ਨੇਤਾਵਾਂ ਨੂੰ ਇਨ੍ਹਾਂ ਮੁੱਦਿਆਂ 'ਤੇ ਕੇਂਦਰਿਤ ਰਹਿ ਕੇ ਹੀ ਗੱਲਬਾਤ, ਭਾਸ਼ਣ ਜਾਂ ਚਰਚਾ ਕਰਨੀ ਚਾਹੀਦੀ ਹੈ। ਅੱਜ ਕਿਸੇ ਵੀ ਚੋਣਾਵੀ ਰੈਲੀ ਤੋਂ ਤੁਸੀਂ ਸਟੇਜੀ ਭਾਸ਼ਣ ਸੁਣੋਗੇ ਤਾਂ ਨੇਤਾ ਇਕ-ਦੂਜੇ ਉੱਪਰ ਨਿੱਜੀ ਦੂਸ਼ਣਬਾਜ਼ੀ ਜ਼ਿਆਦਾ ਕਰਦੇ ਨਜ਼ਰ ਆਉਂਦੇ ਹਨ। ਇਹ ਰੁਝਾਨ ਕਿਧਰੇ ਵੀ ਪੰਜਾਬ ਦੇ ਹਿਤ ਵਿਚ ਨਹੀਂ ਹੈ। ਸਾਡੇ ਰਾਜਨੇਤਾਵਾਂ ਦਾ ਆਪਣੀ ਅਸਲੀ ਰਾਜਨੀਤਕ ਡਿਊਟੀ ਜਾਂ ਸਿਆਸਤ ਦੇ ਸਹੀ ਫ਼ਰਜ਼ਾਂ ਤੋਂ ਮੁੱਖ ਮੋੜਨਾ ਆਮ ਲੋਕਾਂ ਲਈ ਦੁਖਦਾਈ ਹੋਵੇਗਾ ਜਾਂ ਫਿਰ ਇੰਜ ਕਹਿ ਲਈਏ ਕਿ ਲੋਕ ਹਿਤ ਵਿਚ ਨਹੀਂ ਹੋਵੇਗਾ। ਇਕ ਤਰ੍ਹਾਂ ਨਾਲ ਸਿਆਸਤ ਇਸ ਦਿਸ਼ਾ ਤੋਂ ਭਟਕਦੀ ਨਜ਼ਰ ਆ ਰਹੀ ਹੈ।


-ਪਰਮਿੰਦਰ ਕੁਮਾਰ
ਪਿੰਡ ਤੇ ਡਾਕ: ਬੱਡੂਵਾਲ, ਜ਼ਿਲ੍ਹਾ ਮੋਗਾ।


ਦਾਜ ਦਾ ਦੈਂਤ
ਅੱਜ ਜੇਕਰ ਗੱਲ ਕਰੀਏ ਦਾਜ ਦੀ ਤਾਂ ਹਰ ਧੀ ਦੇ ਬਾਪ ਲਈ ਆਪਣੀ ਧੀ ਦੇ ਹੱਥ ਪੀਲੇ ਕਰਨੇ ਕੋਈ ਸੌਖੀ ਗੱਲ ਨਹੀਂ ਜਾਪਦੀ। ਜਿਵੇਂ-ਜਿਵੇਂ ਇਕ ਧੀ ਵਿਆਹ ਦੇ ਯੋਗ ਹੁੰਦੀ ਜਾਂਦੀ ਹੈ, ਉਵੇਂ ਹੀ ਮਾਪਿਆਂ ਦੀ ਚਿੰਤਾ ਵਧਦੀ ਜਾਂਦੀ ਹੈ। ਪਰ ਅੱਜ ਇਸ ਦਾਜ ਨੇ ਦੈਂਤ ਦਾ ਰੂਪ ਧਾਰ ਲਿਆ ਹੈ, ਜਿਸ ਕਰਕੇ ਕਦੇ ਤਾਂ ਆੜ੍ਹਤੀਆਂ ਦੇ ਕਰਜ਼ ਕਰਕੇ ਧੀ ਦਾ ਬਾਪ ਮਰਦਾ ਹੈ ਕਦੇ ਧੀ ਘੱਟ ਦਾਜ ਲਿਆਉਣ ਕਰਕੇ ਦਾਜ ਦੇ ਲੋਭੀਆਂ ਵਲੋਂ ਦਾਜ ਦੀ ਬਲੀ ਚੜ੍ਹਾ ਦਿੱਤੀ ਜਾਂਦੀ ਹੈ। ਜੇਕਰ ਦੇਣਾ ਚਾਹੁੰਦੇ ਹੋ ਤਾਂ ਧੀਆਂ ਨੂੰ ਸਾਰੀ ਉਮਰ ਲਈ ਵਿੱਦਿਆ ਦੇ ਦਾਜ ਦਾ ਗਹਿਣਾ ਦਿਓ ਤਾਂ ਕਿ ਧੀਆਂ ਅਗਲੀਆਂ ਕੁਲਾਂ ਵੀ ਇਸ ਅਸਲੀ ਦਾਜ ਨਾਲ ਤਾਰ ਦੇਣ। ਇਸ ਲਈ ਅੱਜ ਤੋਂ ਹੀ ਪ੍ਰਣ ਕਰੋ ਆਪਣੀਆਂ ਬੱਚੀਆਂ ਨੂੰ ਉੱਚ ਵਿੱਦਿਆ ਹਾਸਲ ਕਰਵਾਓ, ਆਤਮ-ਵਿਸ਼ਵਾਸੀ ਬਣਾਓ, ਹੱਥੀਂ ਕੰਮ ਕਰਨਾ ਸਿਖਾਓ, ਸਹਿਣਸ਼ੀਲਤਾ, ਇਨਸਾਨੀਅਤ ਅਤੇ ਵੱਡਿਆਂ ਦੇ ਸਤਿਕਾਰ ਜਿਹੇ ਗੁਣਾਂ ਦਾ ਦਾਜ ਦਿਓ।


-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।


ਹਸਪਤਾਲ ਬਣਾਓ
ਗੁਰੂ ਨਾਨਕ ਦੇਵ ਜੀ ਦੀ ਸਾਢੇ ਪੰਜ ਸੌ ਸਾਲਾ ਜਨਮ ਸ਼ਤਾਬਦੀ 2019 ਵਿਚ ਪੰਜਾਬ, ਭਾਰਤ ਅਤੇ ਸਾਰੇ ਵਿਸ਼ਵ ਵਿਚ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਈ ਜਾ ਰਹੀ ਹੈ। ਸੁਲਤਾਨਪੁਰ ਲੋਧੀ ਨੂੰ ਸੁੰਦਰ ਦਿੱਖ ਦੇਣ ਲਈ ਪੰਜਾਬ ਸਰਕਾਰ ਵਲੋਂ ਬਹੁਤ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਸੁਲਤਾਨਪੁਰ ਲੋਧੀ ਇਕ ਬਹੁਤ ਪੁਰਾਣਾ, ਇਤਿਾਹਸਕ ਅਤੇ ਧਾਰਮਿਕ ਮਹੱਤਤਾ ਵਾਲਾ ਸ਼ਹਿਰ ਹੈ ਪਰ ਮੁੱਖ ਸੜਕਾਂ ਤੋਂ ਇਕ ਪਾਸੇ ਹੋਣ ਕਰਕੇ ਇਹ ਵਿਕਾਸ ਤੋਂ ਵਾਂਝਾ ਹੀ ਰਿਹਾ ਹੈ। ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਥੇ ਇਕ ਆਧੁਨਿਕ ਸਹੂਲਤਾਂ ਵਾਲੇ ਹਸਪਤਾਲ ਦੀ ਬਹੁਤ ਜ਼ਰੂਰਤ ਹੈ। ਲੋਕਾਂ ਨੂੰ ਆਪਣੇ ਮਰੀਜ਼ ਲੈ ਕੇ ਜਲੰਧਰ ਜਾਂ ਲੁਧਿਆਣੇ ਜਾਣਾ ਪੈਂਦਾ ਹੈ। ਕਈ ਵਾਰ ਮਰੀਜ਼ ਰਾਹ ਵਿਚ ਹੀ ਦਮ ਤੋੜ ਜਾਂਦੇ ਹਨ। ਇਸ ਲਈ ਜਨਤਾ ਦੇ ਭਲੇ ਲਈ ਹਸਪਤਾਲ ਬਣਾਉਣਾ, ਗੁਰੂ ਜੀ ਨੂੰ ਇਕ ਬਹੁਤ ਵੱਡੀ ਸ਼ਰਧਾਂਜਲੀ ਹੋਵੇਗੀ।


-ਮਹਿੰਦਰ ਸਿੰਘ ਬਾਜਵਾ
ਪਿੰਡ ਮਸੀਤਾਂ, ਜ਼ਿਲ੍ਹਾ ਕਪੂਰਥਲਾ।


ਕੈਂਸਰ ਦਾ ਦੈਂਤ
ਅੱਜ ਪੰਜਾਬੀਆਂ ਦੀ ਸਿਹਤ ਨੂੰ ਦੇਖਿਆ ਜਾਵੇ ਤਾਂ ਕੈਂਸਰ ਦੇ ਦੈਂਤ ਨੇ ਇਸ ਨੂੰ ਘੇਰ ਲਿਆ ਹੈ। ਅੱਜ ਪੰਜਾਬ ਦੇ ਕੈਂਸਰ ਹਸਪਤਾਲ ਅਤੇ ਪੀ.ਜੀ.ਆਈ. ਚੰਡੀਗੜ੍ਹ ਦਾ ਰਿਕਾਰਡ ਦੇਖਿਆ ਅਤੇ ਘੋਖਿਆ ਜਾਵੇ ਤਾਂ ਪੰਜਾਬ ਵਿਚ ਫੈਲ ਰਹੇ ਕੈਂਸਰ ਦੇ ਅੰਕੜੇ ਸਪੱਸ਼ਟ ਹੋ ਜਾਂਦੇ ਹਨ। ਸਰਕਾਰ ਵਲੋਂ ਕੈਂਸਰ ਰਾਹਤ ਕੋਸ਼ ਸਥਾਪਤ ਕੀਤਾ ਗਿਆ ਹੈ। ਕੈਂਸਰ ਨੂੰ ਰੋਕਣ ਲਈ ਇਸ ਦੇ ਕਾਰਨਾਂ ਦੀ ਪੜਤਾਲ ਕਰਕੇ ਲੋਕ ਲਹਿਰ ਆਰੰਭਣੀ ਅੱਜ ਮਨੁੱਖੀ ਭਲਾਈ ਲਈ ਸਭ ਤੋ ਵੱਡਾ ਉੱਦਮ ਹੈ। ਜਾਗਰੂਕਤਾ ਦੀ ਘਾਟ ਕਾਰਨ ਇਹ ਬਿਮਾਰੀ ਫੈਲਦੀ ਜਾ ਰਹੀ ਹੈ। ਲੱਖਾਂ ਟਨ ਯੂਰੀਆ ਅਤੇ ਦਵਾਈਆਂ ਫ਼ਸਲਾਂ ਰਾਹੀਂ ਮਨੁੱਖ ਦੇ ਅੰਦਰ ਜਾ ਰਹੀਆਂ ਹਨ। ਇਸ ਤੋਂ ਇਲਾਵਾ ਇਨ੍ਹਾਂ ਜ਼ਹਿਰੀਲੇ ਮਾਦਿਆਂ ਦੀ ਖਪਤ ਨਾਲ ਪਾਣੀ ਵੀ ਦੂਸ਼ਿਤ ਹੋ ਰਿਹਾ ਹੈ। ਕੈਂਸਰ ਕਾਰਨ ਪੰਜਾਬ ਵਿਚ ਖੁਸ਼ਹਾਲੀ ਪਰ੍ਹੇ ਹਟ ਗਈ ਹੈ। ਕੰਗਾਲੀ ਬੂਹੇ ਉੱਤੇ ਦਸਤਕ ਦੇਣ ਲੱਗ ਪਈ ਹੈ। ਸਮਾਜਿਕ ਦੁਰਪ੍ਰਭਾਵ ਵੀ ਪੈ ਰਹੇ ਹਨ। ਮੈਡੀਕਲ ਖੇਤਰ ਦਾ ਕੁਝ ਹਿੱਸਾ ਵੀ ਇਨ੍ਹਾਂ ਰੋਗੀਆਂ ਤੋਂ ਪੈਸਾ ਬਟੋਰਨ ਦੇ ਮਾਮਲੇ ਵਿਚ ਸੱਭਿਅਤਾ ਨੂੰ ਦਾਗਦਾਰ ਕਰ ਰਿਹਾ ਹੈ। ਪੰਜਾਬ ਦੀ ਧਰਤੀ ਜੋ ਸਿਹਤ ਪੱਖੋਂ ਬਲਵਾਨ ਸੀ, ਦੁਸ਼ਮਣਾਂ ਦਾ ਟਾਕਰਾ ਕਰਦੀ ਸੀ। ਅੱਜ ਖ਼ੁਦ ਦੀ ਸਿਹਤ ਲਈ ਫ਼ਿਕਰਮੰਦ ਹੈ। ਜਿਸ ਤਰੀਕੇ ਨਾਲ ਪੰਜਾਬ ਦੀ ਧਰਤੀ 'ਤੇ ਕੈਂਸਰ ਰੋਗੀ ਵਧ ਰਹੇ ਹਨ, ਇਸ ਤੋਂ ਲਗਦਾ ਹੈ ਕਿ ਭਵਿੱਖ ਕੰਗਾਲੀ ਵਾਲਾ ਹੋਵੇਗਾ। ਇਸ ਕੰਗਾਲੀ ਵਿਚ ਮਨੁੱਖੀ ਜੀਵਨ ਦੀ ਸਿਹਤ ਅਤੇ ਆਰਥਿਕਤਾ ਸ਼ਾਮਿਲ ਹੋਵੇਗੀ। ਅੱਜ ਭਖਦਾ ਮੁੱਦਾ ਇਹ ਹੈ ਕਿ ਇਸ ਦੇ ਕਾਰਨ ਖੋਜ ਕੇ ਉਨ੍ਹਾਂ ਸਬੰਧੀ ਸਖ਼ਤ ਨੀਤੀ ਅਖ਼ਤਿਆਰ ਕੀਤੀ ਜਾਵੇ, ਤਾਂ ਜੋ ਕੁਝ ਆਸ ਦੀ ਕਿਰਨ ਜਾਗੇ।


-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

24-05-2018

 ਫੁੱਲਾਂ ਜੋਗੀ ਜ਼ਮੀਨ
ਪਿਛਲੇ ਦਿਨੀਂ ਸੰਗਰੂਰ ਪੁਲਿਸ ਦੀ ਮਹਿਲਾ ਵਿੰਗ ਦੀ ਇੰਚਾਰਜ ਹਰਸ਼ਜੋਤ ਕੌਰ ਹੁਰਾਂ ਦਾ ਲੇਖ ਪੜ੍ਹਿਆ। ਅੱਜ ਅਸੀਂ ਸਭ ਕੁਝ ਹੁੰਦਿਆਂ ਆਪਣੀ ਜ਼ਿੰਦਗੀ ਨੂੰ ਕਿੱਥੇ ਲਿਆ ਕੇ ਖੜ੍ਹਾ ਕਰ ਲਿਆ ਹੈ। ਆਪਣੇ ਦੁੱਖ-ਸੁੱਖ, ਸਮੱਸਿਆਵਾਂ, ਆਪਣਿਆਂ ਨਾਲ ਵੀ ਸਾਂਝੇ ਨਹੀਂ ਕਰ ਸਕਦੇ। ਅੰਦਰੇ-ਅੰਦਰ ਘੁੱਟ-ਘੁੱਟ ਕੇ ਮਰਨਾ ਸਿੱਖ ਲਿਆ ਹੈ ਅਸੀਂ। ਆਪਣਾ ਗੌਰਵਮਈ ਇਤਿਹਾਸ, ਪਿਛੋਕੜ ਕਦੇ ਫੋਲਿਆ ਹੀ ਨਹੀਂ। ਘਰਾਂ 'ਚ ਸ਼ਹੀਦਾਂ, ਦੇਸ਼-ਭਗਤਾਂ ਦੀਆਂ ਤਸਵੀਰਾਂ ਤਾਂ ਟੰਗੀ ਫਿਰਦੇ ਹਾਂ ਪਰ ਉਨ੍ਹਾਂ ਦੀਆਂ ਸਿੱਖਿਆਵਾਂ ਭੁੱਲ-ਭੁਲਾ ਗਏ ਹਾਂ। ਮਾਵਾਂ-ਧੀਆਂ ਦੇ ਦੁੱਖ-ਸੁੱਖ ਅੰਦਰੇ-ਅੰਦਰ ਦੱਬ ਕੇ ਰਹਿ ਗਏ ਹਨ। ਆਪਣੇ-ਆਪ ਨੂੰ ਖ਼ਤਮ ਕਰਨਾ ਕਿੱਥੋਂ ਦੀ ਸਿਆਣਪ ਹੈ। ਆਪਣੇ-ਆਪ ਨੂੰ ਖ਼ਤਮ ਕਰਨ ਪਿੱਛੋਂ ਕੀ ਪਿਛਲਿਆਂ ਦੀਆਂ ਸਮੱਸਿਆਵਾਂ, ਦੁੱਖ-ਤਕਲੀਫ਼ਾਂ ਦੂਰ ਹੋ ਜਾਂਦੀਆਂ ਹਨ? ਪਤਝੜਾਂ, ਔੜਾਂ, ਬਰਸਾਤਾਂ ਨੂੰ ਝੱਲਣਾ ਭੁੱਲ ਗਏ ਹਾਂ। ਇਹ ਸਾਰਾ ਕੁਝ ਵੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਹਨ। ਜਿਨ੍ਹਾਂ ਨੇ ਦੁੱਖ ਨਹੀਂ ਵੇਖਿਆ, ਉਨ੍ਹਾਂ ਨੂੰ ਸੁੱਖ ਦਾ ਅਹਿਸਾਸ ਕੀ ਹੋਣਾ। ਬਿਮਾਰੀ ਮਗਰੋਂ ਤੰਦਰੁਸਤੀ ਦਾ ਪਤਾ ਚਲਦਾ ਹੈ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਸ਼ਲਾਘਾਯੋਗ ਫ਼ੈਸਲਾ
ਪਿਛਲੇ ਦਿਨੀਂ ਵਿਸਾਖੀ 'ਤੇ ਸਿੱਖ ਸ਼ਰਧਾਲੂਆਂ ਦਾ ਜਥਾ ਜੋ ਪਾਕਿਸਤਾਨ ਗਿਆ ਸੀ, ਜਿਸ ਦੇ ਸਬੰਧ ਵਿਚ ਕੁਝ ਮੰਦਭਾਗਾ ਵਾਪਰਨ ਨਾਲ ਸਮੁੱਚੇ ਸਿੱਖ ਜਗਤ ਦੇ ਵਕਾਰ ਨੂੰ ਸੱਟ ਵੱਜੀ ਹੈ। ਉਸ ਦੇ ਪ੍ਰਤੀਕਰਮ ਵਜੋਂ ਸ਼੍ਰੋਮਣੀ ਕਮੇਟੀ ਵਲੋਂ ਇਸ ਸਬੰਧ ਵਿਚ ਲਿਆ ਗਿਆ ਫ਼ੈਸਲਾ ਸ਼ਲਾਘਾਯੋਗ ਹੈ, ਜਿਸ ਤਹਿਤ 15 ਸਾਲ ਤੋਂ 40 ਸਾਲ ਤੱਕ ਕੋਈ ਵੀ ਔਰਤ ਆਪਣੇ ਪਰਿਵਾਰਕ ਮੈਂਬਰ ਤੋਂ ਬਗੈਰ ਅਤੇ ਕੋਈ ਵੀ ਪਤਿਤ ਨੌਜਵਾਨ ਜਥੇ ਨਾਲ ਪਾਕਿਸਤਾਨ ਨਹੀਂ ਜਾ ਸਕੇਗਾ। ਇਸੇ ਪ੍ਰਕਾਰ ਸ਼੍ਰੋਮਣੀ ਕਮੇਟੀ ਨੂੰ ਧਾਰਮਿਕ ਮੁੱਦੇ ਵਾਂਗ ਹੀ ਸੱਭਿਆਚਾਰਕ ਖੇਤਰ ਵਿਚ ਵੀ ਸਖ਼ਤ ਰੁਖ਼ ਅਖ਼ਤਿਆਰ ਕਰਨਾ ਚਾਹੀਦਾ ਹੈ, ਜਿਸ ਤਹਿਤ ਸਿੱਖ ਧਰਮ ਅਤੇ ਇਸ ਦੇ ਇਤਿਹਾਸ ਨਾਲ ਸਬੰਧਿਤ ਫ਼ਿਲਮਾਂ, ਨਾਟਕ, ਪਾਠ ਪੁਸਤਕਾਂ ਅਤੇ ਪੰਜਾਬੀ ਗੀਤ-ਸੰਗੀਤ 'ਤੇ ਬਣਨ ਵਾਲੀਆਂ ਵੀਡੀਓਜ਼ ਰਾਹੀਂ ਕੋਈ ਵੀ ਸਿੱਖ ਧਰਮ ਅਤੇ ਇਸ ਦੇ ਇਤਿਹਾਸ ਨਾਲ ਖਿਲਵਾੜ ਨਾ ਕਰ ਸਕੇ। ਇਸੇ ਪ੍ਰਕਾਰ ਪਤਿਤਪੁਣੇ ਨੂੰ ਰੋਕਣ ਲਈ ਸਰਕਾਰੀ ਅਤੇ ਪਬਲਿਕ ਸਕੂਲਾਂ ਵਿਚ ਪੜ੍ਹਨ ਵਾਲੇ ਅਤੇ ਪਿੰਡਾਂ ਵਿਚ ਰਹਿਣ ਵਾਲੇ ਸਿੱਖੀ ਸਰੂਪ ਦੇ ਧਾਰਨੀ ਬੱਚਿਆਂ ਦੀ ਮਾਲੀ ਸਹਾਇਤਾ ਦੇ ਨਾਲ-ਨਾਲ ਉਨ੍ਹਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ ਸਾਹਿਬ।


ਡੀ.ਸੀ. ਸਾਹਿਬ ਦੇ ਹੁਕਮ
ਪੂਰੇ ਪੰਜਾਬ ਅੰਦਰ ਹੀ ਕਣਕ ਦੀ ਫ਼ਸਲ ਕਿਸਾਨਾਂ ਨੇ ਸੁੱਖੀ-ਸਾਂਦੀ ਸੰਭਾਲ ਲਈ ਹੈ। ਕਿਸਾਨਾਂ ਵਲੋਂ ਵੇਚੀ ਗਈ ਫ਼ਸਲ ਦਾ ਮੰਡੀਆਂ ਵਿਚ ਭੁਗਤਾਨ ਵੀ ਸਮੇਂ ਸਿਰ ਹੋ ਗਿਆ ਪਰ ਖੇਤਾਂ ਵਿਚ ਖੜ੍ਹੇ ਕਣਕ ਦੇ ਨਾੜ ਨੂੰ ਅੱਗ ਲਗਾਉਣ ਤੋਂ ਇਸ ਵਾਰ ਵੀ ਕਿਸਾਨ ਪਿੱਛੇ ਨਹੀਂ ਹਟੇ। ਕਿਸਾਨਾਂ ਨੇ ਵੇਖੋ-ਵੇਖੀ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਇਸ ਵਾਰ ਵੀ ਅਸਮਾਨ ਕਾਲਾ ਸ਼ਾਹ ਕਰ ਦਿੱਤਾ, ਲੱਖਾਂ ਨਿੱਕੇ-ਵੱਡੇ ਪੌਦੇ, ਜੀਵ ਜੰਤੂ, ਕੀੜੇ-ਮਕੌੜੇ ਸੜ ਕੇ ਸੁਆਹ ਹੋ ਗਏ, ਉਥੇ ਪੰਜਾਬ ਸਰਕਾਰ, ਜ਼ਿਲ੍ਹੇ ਦੇ ਡੀ.ਸੀ. ਨੇ ਮੀਡੀਆ ਰਾਹੀਂ ਕਰੋੜਾਂ ਦੇ ਇਸ਼ਤਿਹਾਰ ਜਾਰੀ ਕਰਕੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਨਾੜ ਨੂੰ ਨਾ ਸਾੜੋ, ਖੇਤਾਂ ਵਿਚ ਨਾੜ ਨੂੰ ਅੱਗ ਨਾ ਲਗਾਓ, ਪਰ ਇਸ ਦਾ ਪੰਜਾਬ ਦੇ ਕਿਸਾਨਾਂ ਉੱਪਰ ਰੱਤੀ ਭਰ ਵੀ ਅਸਰ ਨਹੀਂ ਹੋਇਆ ਅਤੇ ਪਿਛਲੇ 15 ਸਾਲਾਂ ਤੋਂ ਕਿਸਾਨ ਵਾਤਾਵਰਨ ਨੂੰ ਗੰਦਲਾ ਕਰਨ ਵਿਚ ਆਪਣਾ ਅਹਿਮ ਯੋਗਦਾਨ ਪਾਉਂਦੇ ਆ ਰਹੇ ਹਨ। ਲੋਕ ਸ਼ਰੇਆਮ ਕਹਿ ਰਹੇ ਹਨ ਕਿ ਡੀ.ਸੀ. ਵਲੋਂ ਜਾਰੀ ਹੁਕਮ ਹੁੰਦੇ ਹੀ ਤੋੜਨ ਅਤੇ ਉਲੰਘਣਾ ਕਰਨ ਲਈ ਹਨ। ਇਸ ਤਰ੍ਹਾਂ ਕਰਨਾ ਲੋਕ ਆਪਣਾ ਮੌਲਿਕ ਅਧਿਕਾਰ ਸਮਝਦੇ ਹਨ।


-ਗੁਲਸ਼ਨ ਸਿੰਘ ਬੱਲ
ਪਿੰਡ ਅਤੇ .ਡਾਕ ਚੋਗਾਵਾਂ, ਅੰਮ੍ਰਿਤਸਰ।


ਸਿਲੇਬਸ ਤੇ ਸਿਫ਼ਾਰਸ਼
ਤਬਦੀਲੀ ਹੋਣਾ ਕੁਦਰਤ ਦਾ ਨੇਮ ਹੈ, ਧਰਮਾਂ ਵਲੋਂ ਮਨੁੱਖ ਵਾਸਤੇ ਮਿੱਥਿਆ ਮਨੋਰਥ ਅੱਜ ਵੀ ਸਦੀਵੀ ਤੌਰ 'ਤੇ ਟਿਕਿਆ ਹੋਇਆ ਹੈ। ਪਰ ਆਮ ਲੋਕਾਂ ਦੇ ਜੀਵਨ ਦਾ ਮਨੋਰਥ ਜ਼ਰੂਰ ਬਦਲ ਗਿਆ। ਕਿਉਂਕਿ ਜੇ ਅਸੀਂ ਸਮੇਂ ਦੇ ਹਾਣ ਦੇ ਨਹੀਂ ਹੋਵਾਂਗੇ ਤਾਂ ਪਿੱਛੇ ਰਹਿ ਜਾਵਾਂਗੇ, ਨਵੀਆਂ ਸਹੀ ਗੱਲਾਂ ਅਪਣਾਉਣ ਤੋਂ ਡਰਨਾ ਨਹੀਂ ਚਾਹੀਦਾ। ਅੱਜ ਲੋੜ ਹੈ ਸਮੇਂ ਦੇ ਮੁਤਾਬਿਕ ਸਿਲੇਬਸ ਤਿਆਰ ਕਰਨ ਜੋ ਸਮੇਂ ਦੇ ਹਾਣ ਦੇ ਹੋਣ। ਹੁਣ ਜਿਹੜੇ ਵੱਖ-ਵੱਖ ਜਮਾਤਾਂ ਲਈ ਵੱਖ-ਵੱਖ ਵਿਸ਼ਿਆਂ ਦੇ ਸਿਲੇਬਸ ਤਿਆਰ ਕਰਦੇ ਹਨ, ਉਨ੍ਹਾਂ ਨੂੰ ਸਮੇਂ-ਸਮੇਂ ਹੋ ਰਹੀਆਂ ਤਬਦੀਲੀਆਂ ਨੂੰ ਹਰ ਸੂਰਤ ਧਿਆਨ ਵਿਚ ਰੱਖਣਾ ਚਾਹੀਦਾ ਹੈ। ਸਿਲੇਬਸ ਤਿਆਰ ਕਰਨ ਵੇਲੇ ਉਹ ਵਿਸ਼ੇ ਨਾਲ ਸਬੰਧਿਤ ਮਸੌਦੇ ਦੀ ਉਚਾਈ ਨੂੰ ਹੀ ਦੇਖਣ, ਕਿਸੇ ਸਿਫ਼ਾਰਸ਼ ਦੀ ਕੋਈ ਪਰਵਾਹ ਨਾ ਕਰਨ। ਸਿੱਖਿਆ ਨਾਲ ਸਬੰਧਿਤ ਸੰਸਥਾਵਾਂ ਨੂੰ ਸਿਲੇਬਸ ਬਣਾਉਣ ਵਾਲੀਆਂ ਕਮੇਟੀਆਂ ਵਿਚ ਉਹ ਹੀ ਵਿਦਵਾਨ ਅਤੇ ਮਾਹਿਰ ਲਾਉਣੇ ਚਾਹੀਦੇ ਹਨ, ਜੋ ਆਪਣੇ ਵਿਸ਼ੇ ਵਿਚ ਮੁਹਾਰਤ ਰੱਖਦੇ ਅਤੇ ਨਾਲ ਦੀ ਨਾਲ ਸਿਫ਼ਾਰਸ਼ਾਂ ਮੰਨਣ ਵਾਲੇ ਨਾ ਹੋਣ। ਸਿੱਖਿਆ ਸ਼ਾਸਤਰੀਆਂ ਨੇ ਜਮਾਤਾਂ ਵਾਸਤੇ ਮਿੱਥਿਆ ਸਿਲੇਬਸ ਤਾਂ ਪੜ੍ਹਾਉਣਾ ਹੀ ਹੁੰਦਾ ਹੈ, ਨਾਲ ਦੀ ਨਾਲ ਉਹ ਵਿਦਿਆਰਥੀ ਨੂੰ ਜੀਵਨ ਦੇ ਮਨੋਰਥ ਦਾ ਸਿਲੇਬਸ ਵੀ ਪੜ੍ਹਾਉਂਦੇ ਰਹਿਣ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਜੇ ਅਜਿਹਾ ਹੋ ਜਾਵੇ ਤਾਂ ਸਾਡੇ ਵਿਦਿਆਰਥੀ ਸਹੀ ਅਤੇ ਢੁਕਵਾਂ ਗਿਆਨ ਹਾਸਲ ਕਰਕੇ ਗਿਆਨਵਾਨ ਵੀ ਹੋ ਜਾਣਗੇ ਅਤੇ ਸਮੇਂ ਦਾ ਮੁਕਾਬਲਾ ਵੀ ਕਰ ਸਕਣਗੇ।


-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।


ਪਾਕਿਸਤਾਨ ਵਿਚ ਸਿੱਖਾਂ ਦੀ ਪ੍ਰੇਸ਼ਾਨੀ
ਅੱਜ ਇਹ ਅਖ਼ਬਾਰਾਂ ਵਿਚ ਛਪਿਆ ਹੈ ਕਿ ਪਾਕਿਸਤਾਨ ਵਿਚ ਸਿੱਖਾਂ ਨੂੰ ਮ੍ਰਿਤਕ ਸਰੀਰ ਦੇ ਦਾਹ ਸੰਸਕਾਰ ਲਈ ਕੋਈ ਸਹੂਲਤ ਨਹੀਂ ਹੈ ਅਤੇ ਇਹ ਮ੍ਰਿਤਕ ਸਰੀਰ ਕਬਰਾਂ ਵਿਚ ਦਬਾਏ ਜਾਂਦੇ ਹਨ। ਸਿੱਖ ਰਿਵਾਇਤ ਦੀ ਵੱਡੀ ਉਲੰਘਣਾ ਮਜਬੂਰੀ ਵਿਚ ਸਿੱਖਾਂ ਨੂੰ ਕਰਨੀ ਪੈ ਰਹੀ ਹੈ। ਪਿੱਛੇ ਪਾਕਿਸਤਾਨੀ ਸਰਕਾਰਾਂ ਨੇ ਪਿਸ਼ਾਵਰ ਵਿਚ ਬਿਜਲੀ ਨਾਲ ਸਸਕਾਰ ਕਰਨ ਲਈ ਪਲਾਂਟ ਲਗਾਉਣ ਦਾ ਐਲਾਨ ਕੀਤਾ ਸੀ ਪਰ ਉਹ ਹੁਣ ਤੱਕ ਖਟਾਈ ਵਿਚ ਪਿਆ ਹੈ। ਪਾਕਿਸਤਾਨ ਵਿਚ ਸਿੱਖਾਂ ਦੀ ਆਬਾਦੀ 30,000 ਹੈ ਅਤੇ ਇਸ ਦਾ ਬਹੁਤ ਵੱਡਾ ਹਿੱਸਾ ਪਿਸ਼ਾਵਰ ਵਿਚ ਹੀ ਰਹਿੰਦਾ ਹੈ ਅਤੇ ਥੋੜ੍ਹਾ ਜਿਹਾ ਨਨਕਾਣਾ ਸਾਹਿਬ ਰਹਿੰਦਾ ਹੈ। ਮੇਰੀ ਸਾਰੀਆਂ ਭਾਰਤ ਅਤੇ ਵਿਦੇਸ਼ਾਂ ਵਿਚ ਸਿੱਖ ਸੰਸਥਾਵਾਂ ਨੂੰ ਅਪੀਲ ਹੈ ਕਿ ਉਹ ਆਪ ਉੱਦਮ ਕਰਕੇ ਫੰਡ ਇਕੱਠਾ ਕਰਨ ਅਤੇ ਇਹ ਸਹੂਲਤ ਤੁਰੰਤ ਪਾਕਿਸਤਾਨ ਵਿਚ ਲਗਵਾ ਦੇਣ। ਸਾਰੇ ਵਿਸ਼ਵ ਅਤੇ ਪਾਕਿਸਤਾਨ ਦੇ ਰਾਜਦੂਤਾਂ ਨੂੰ ਵੀ ਇਸ ਬਾਰੇ ਲਿਖਣਾ ਚਾਹੀਦਾ ਹੈ।


-ਤਰਲੋਚਨ ਸਿੰਘ
ਸਾਬਕਾ ਸੰਸਦ ਮੈਂਬਰ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX