ਤਾਜਾ ਖ਼ਬਰਾਂ


ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  46 minutes ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 1 hour ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  about 1 hour ago
ਸ੍ਰੀਲੰਕਾ 'ਚ ਧਮਾਕਿਆਂ ਕਾਰਨ ਮੌਤਾਂ ਦੀ ਗਿਣਤੀ ਵੱਧ ਕੇ ਹੋਈ 207
. . .  about 2 hours ago
ਕੋਲੰਬੋ, 21 ਅਪ੍ਰੈਲ - ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਮੇਤ ਕਈ ਸ਼ਹਿਰਾਂ 'ਚ ਅੱਜ ਈਸਟਰ ਮੌਕੇ ਚਰਚਾਂ ਅਤੇ ਹੋਟਲਾਂ 'ਚ ਹੋਏ ਅੱਠ ਬੰਬ ਧਮਾਕਿਆਂ 'ਚ ਹੁਣ ਤੱਕ...
ਅੱਗ ਲੱਗਣ ਨਾਲ 15 ਏਕੜ ਕਣਕ ਸੜ ਕੇ ਸੁਆਹ
. . .  about 2 hours ago
ਤਲਵੰਡੀ ਭਾਈ, 21 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਵਿਖੇ ਖੇਤਾਂ 'ਚ ਲੱਗੀ ਅੱਗ ਕਾਰਨ 4 ਕਿਸਾਨਾਂ ਦੀ 15 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਅੱਗ ਬੁਝਾਉਣ...
13 ਸਾਲਾ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ
. . .  about 2 hours ago
ਫ਼ਤਹਿਗੜ੍ਹ ਸਾਹਿਬ, 21 ਅਪ੍ਰੈਲ (ਅਰੁਣ ਆਹੂਜਾ)- ਨੇੜਲੇ ਪਿੰਡ ਰਾਮਦਾਸ ਨਗਰ 'ਚ 13 ਸਾਲਾ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਨੂੰ ਅੱਜ ਸਰਹਿੰਦ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਰਹਿੰਦ ਦੇ...
ਅੱਠ ਧਮਾਕਿਆਂ ਕਾਰਨ ਸ੍ਰੀਲੰਕਾ 'ਚ 188 ਲੋਕਾਂ ਦੀ ਮੌਤ, 500 ਤੋਂ ਵੱਧ ਜ਼ਖ਼ਮੀ
. . .  1 minute ago
ਕੋਲੰਬੋ, 21 ਅਪ੍ਰੈਲ- ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਮੇਤ ਕਈ ਸ਼ਹਿਰਾਂ 'ਚ ਅੱਜ ਈਸਟਰ ਮੌਕੇ ਚਰਚਾਂ ਅਤੇ ਹੋਟਲਾਂ 'ਚ ਹੋਏ ਅੱਠ ਬੰਬ ਧਮਾਕਿਆਂ 'ਚ ਹੁਣ ਤੱਕ 188 ਲੋਕਾਂ ਦੀ ਮੌਤ ਹੋ ਚੁੱਕੀ ਹੈ। ਧਮਾਕਿਆਂ ਕਾਰਨ 500 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਵੱਖ-ਵੱਖ...
ਵਾਰਾਣਸੀ ਤੋਂ ਮੋਦੀ ਵਿਰੁੱਧ ਚੋਣ ਲੜਨ 'ਤੇ ਪ੍ਰਿਅੰਕਾ ਨੇ ਕਿਹਾ- ਕਾਂਗਰਸ ਪ੍ਰਧਾਨ ਕਹਿਣਗੇ ਤਾਂ ਖ਼ੁਸ਼ੀ ਨਾਲ ਲੜਾਂਗੀ
. . .  about 3 hours ago
ਤਿਰੂਵਨੰਤਪੁਰਮ, 21 ਅਪ੍ਰੈਲ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵਲੋਂ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਵਾਰਾਣਸੀ ਤੋਂ ਚੋਣ ਲੜਨ ਦੀਆਂ ਅਟਕਲਾਂ ਫਿਰ ਤੇਜ਼ ਹੋ ਗਈਆਂ ਹਨ। ਚੋਣ ਪ੍ਰਚਾਰ ਕਰਨ ਲਈ ਕੇਰਲ ਦੇ ਵਾਇਨਾਡ 'ਚ ਪਹੁੰਚੀ ਪ੍ਰਿਅੰਕਾ ਗਾਂਧੀ...
ਅਕਾਲੀ ਦਲ ਨੂੰ ਛੱਡ ਕਾਂਗਰਸ 'ਚ ਸ਼ਾਮਲ ਹੋਏ 50 ਪਰਿਵਾਰ
. . .  about 3 hours ago
ਨਾਭਾ, 21 ਅਪ੍ਰੈਲ (ਕਰਮਜੀਤ ਸਿੰਘ)- ਪਿੰਡ ਅੱਚਲ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਅਤੇ ਮੌਜੂਦਾ ਸਰਪੰਚ ਯਾਦਵਿੰਦਰ ਸਿੰਘ ਦੇ ਨਾਲ ਅੱਜ 50 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋ ਗਏ। ਉਕਤ ਪਰਿਵਾਰਾਂ ਨੇ ਬਲਵਿੰਦਰ ਬਿੱਟੂ ਢੀਗੀਂ...
ਨਹੀਂ ਰਹੇ ਸਾਬਕਾ ਵਿਧਾਇਕ ਕਰਨੈਲ ਸਿੰਘ ਡੋਡ
. . .  about 4 hours ago
ਫ਼ਰੀਦਕੋਟ, 21 ਅਪ੍ਰੈਲ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਫ਼ਰੀਦਕੋਟ ਦੇ ਸਾਬਕਾ ਵਿਧਾਇਕ ਅਤੇ ਦਸਮੇਸ਼ ਵਿੱਦਿਅਕ ਤੇ ਸਿਹਤ ਸੰਸਥਾਵਾਂ ਦੇ ਬਾਨੀ ਕਰਨੈਲ ਸਿੰਘ ਡੋਡ ਦਾ ਅੱਜ ਉਨ੍ਹਾਂ ਦੇ ਗ੍ਰਹਿ ਚੰਡੀਗੜ੍ਹ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 19 ਮੱਘਰ ਨਾਨਕਸ਼ਾਹੀ ਸੰਮਤ 545
ਵਿਚਾਰ ਪ੍ਰਵਾਹ: ਭਾਰਤ ਵਾਸੀ ਉੱਠਦੇ ਜਲਦੀ ਹਨ ਪਰ ਜਾਗਦੇ ਦੇਰ ਨਾਲ ਹਨ। -ਨਰਿੰਦਰ ਸਿੰਘ ਕਪੂਰ

ਤੁਹਾਡੇ ਖ਼ਤ

17-9-2013

 ਵਾਤਾਵਰਨ ਵਿਰੋਧੀ ਫ਼ੈਸਲਾ ਵਾਪਸ ਲਿਆ ਜਾਏ
ਸ੍ਰੀਮਾਨ ਜੀਓ,
ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵੱਲੋਂ ਮਿਤੀ 09.08.2013 ਨੂੰ ਇਕ ਅਹਿਮ ਫ਼ੈਸਲਾ ਲੈਂਦੇ ਹੋਏ ਪੰਜਾਬ ਦੀਆਂ ਰੱਖਾਂ ਦੁਆਲੇ ਦਾ ਰਾਖਵਾਂ ਖੇਤਰ (ਈਕੋ ਸੈਂਸਟਿਵ ਜ਼ੋਨ) 10 ਕਿਲੋਮੀਟਰ ਤੋਂ ਘਟਾ ਕੇ 100 ਮੀਟਰ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
ਇਹ ਇਕ ਬਹੁਤ ਹੀ ਹੈਰਾਨੀਜਨਕ ਅਤੇ ਸਮੁੱਚੇ ਪੰਜਾਬ ਦੀ ਬਚੀ ਹੋਈ ਵਾਤਾਵਰਣਿਕ ਪ੍ਰਣਾਲੀ, ਜੋ ਕਿ ਪਹਿਲਾਂ ਹੀ ਆਖਰੀ ਸਾਹਾਂ 'ਤੇ ਹੈ, ਨੂੰ ਖ਼ਤਮ ਕਰਨ ਦਾ ਫ਼ੈਸਲਾ ਹੈ। ਅਜਿਹਾ ਮੈਨੂੰ ਜਾਪਦਾ ਹੈ। ਇਸ ਸਬੰਧੀ ਹੇਠ ਲਿਖੇ ਨੁਕਤੇ ਧਿਆਨ ਦੇਣ ਯੋਗ ਹਨ।
1. ਗਰੈਂਡ ਟਰੰਕ ਰੋਡ ਜਾਂ ਜਰਨੈਲੀ ਸੜਕ ਨੂੰ ਚੌੜਾ ਕਰਨ ਦੇ ਮੰਤਵ ਨਾਲ ਇਸ ਦੇ ਆਲੇ-ਦੁਆਲੇ ਸਾਰੇ ਦੇ ਸਾਰੇ ਰੁੱਖਾਂ ਦਾ ਮੁਕੰਮਲ ਸਫਾਇਆ ਕੀਤਾ ਜਾ ਚੁੱਕਾ ਹੈ।
2. 'ਸ਼ਡਿਊਲ ਰੋਡ' ਦੇ ਨਾਂਅ 'ਤੇ ਰਾਜ ਦੀਆਂ ਅੰਦਰੂਨੀ ਸੜਕਾਂ ਨੂੰ ਚੌੜਾ ਕਰਨ ਦੇ ਮੰਤਵ ਨਾਲ ਆਲੇ-ਦੁਆਲੇ ਦੇ ਸਮੁੱਚੇ ਰੁੱਖਾਂ ਨੂੰ ਕੱਟਿਆ ਜਾ ਚੁੱਕਾ ਹੈ।
3. ਵਾਤਾਵਰਨ ਪੱਖੋਂ ਪੰਜਾਬ ਦੇ ਬਹੁਤ ਹੀ ਅਮੀਰ, ਅਹਿਮ ਅਤੇ ਸੰਵੇਦਨਸ਼ੀਲ ਇਲਾਕੇ ਸ਼ਿਵਾਲਿਕ ਦੀਆਂ ਪਹਾੜੀਆਂ ਨੂੰ ਰੇਤਾ, ਬਜਰੀ, ਮਿੱਟੀ ਆਦਿ ਪ੍ਰਾਪਤ ਕਰਨ, ਉਦਯੋਗ ਲਗਾਉਣ ਜਾਂ ਐਸ਼-ਓ-ਆਰਾਮ ਲਈ ਕਾਲੋਨੀਆਂ ਕੱਟਣ ਦੇ ਨਾਂਅ ਉੱਪਰ ਪੱਧਰਾ ਕੀਤਾ ਜਾ ਰਿਹਾ ਹੈ।
4. ਦਰਿਆਵਾਂ ਨਾਲ ਲਗਦੀਆਂ ਜ਼ਮੀਨਾਂ ਉੱਪਰ ਧਾਰਮਿਕ ਅਸਥਾਨਾਂ, ਗਊਸ਼ਾਲਾਵਾਂ ਬਣਾਉਣ ਦੇ ਮੰਤਵ ਹੇਠ ਕਬਜ਼ਾ ਕੀਤਾ ਜਾ ਰਿਹਾ ਹੈ।
5. ਖੇਤਾਂ ਵਿਚ ਖੜ੍ਹੇ ਰੁੱਖ ਜਾਂ ਬਰਮਾਂ ਉੱਪਰ ਲੱਗੇ ਰੁੱਖਾਂ ਨੂੰ ਛਾਂ ਆਦਿ ਹੋਣ ਦੇ ਕਾਰਨ ਫ਼ਸਲ ਘੱਟ ਪੈਦਾ ਹੋਣ ਦਾ ਹਵਾਲਾ ਦੇ ਕੇ ਲਗਭਗ ਸਾਫ਼ ਕੀਤਾ ਜਾ ਚੁੱਕਾ ਹੈ।
ਅਜਿਹੀ ਸਥਿਤੀ ਵਿਚ ਬਹੁਤ ਸਾਰੇ ਜੀਵਾਂ (ਜਿਨ੍ਹਾਂ ਵਿਚ ਪੰਛੀਆਂ ਅਤੇ ਹੋਰ ਜਾਨਵਰਾਂ ਦੀਆਂ ਕਿਸਮਾਂ ਸ਼ਾਮਿਲ ਹਨ) ਸਦਾ ਲਈ ਮਨੁੱਖੀ ਵਸੋਂ ਤੋਂ ਦੂਰ ਜਾਂ ਅਲੋਪ ਹੋ ਚੁੱਕੀਆਂ ਹਨ। ਪੰਜਾਬ ਦੀਆਂ ਸਾਰੀਆਂ ਰੱਖਾਂ ਦਾ ਘੇਰਾ ਜੇਕਰ 10 ਕਿਲੋਮੀਟਰ ਤੋਂ ਘਟਾ ਕੇ 100 ਮੀਟਰ ਕਰਕੇ ਮਨੁੱਖ ਵੱਲੋਂ ਲਾਲਚ ਤੇ ਲਾਲਸਾਵਾਂ (ਪ੍ਰਤੱਖ ਰੂਪ ਵਿਚ ਇਹੀ ਕਾਰਨ ਹੈ) ਅਧੀਨ ਧਰਤੀ ਦੇ ਹੋਰ ਜੀਵਾਂ ਜੋ ਕਿ ਮਨੁੱਖੀ ਰਹਿਮ ਉੱਪਰ ਅੱਜ ਆਪਣਾ ਜੀਵਨ ਬਤੀਤ ਕਰ ਰਹੇ ਹਨ, ਦੀ ਜ਼ਮੀਨ ਉੱਪਰ ਕਬਜ਼ਾ ਕੀਤਾ ਜਾਂਦਾ ਹੈ ਤਾਂ ਇਹ ਨਿਸਚਿਤ ਰੂਪ ਵਿਚ ਮਨੁੱਖ ਲਈ ਆਪਾ ਘਾਤਕ ਫ਼ੈਸਲਾ ਹੋਵੇਗਾ। ਅਜਿਹਾ ਕਰਨ ਨਾਲ ਮਨੁੱਖੀ ਦਖ਼ਲ-ਅੰਦਾਜ਼ੀ ਰੱਖਾਂ ਤੱਕ ਵਧ ਜਾਵੇਗੀ ਅਤੇ ਉਸ ਵਿਚ ਵਿਚਰਦੇ ਜੀਵਾਂ ਦਾ ਰਹਿਣਾ ਮੁਹਾਲ ਹੋ ਜਾਵੇਗਾ। ਉਨ੍ਹਾਂ ਦੀ ਖੁਰਾਕ ਅਤੇ ਪ੍ਰਜਨਣ ਸ਼ਕਤੀ ਉੱਪਰ ਬੇਹੱਦ ਮਾਰੂ ਅਸਰ ਪੈਣ ਦੀ ਆਸ਼ੰਕਾ ਹੈ। ਰਹਿੰਦਾ-ਖੂੰਹਦਾ ਰੁੱਖਾਂ ਨਾਲ ਕੁਝ ਕੁ ਢਕਿਆ ਖੇਤਰ ਵੀ ਹਰਿਆਲੀ ਤੋਂ ਮਹਿਰੂਮ ਹੋ ਜਾਵੇਗਾ। ਅਜਿਹਾ ਕਰਨਾ ਸਮੁੱਚੇ ਪੰਜਾਬ ਦੇ ਵਾਤਾਵਰਣਿਕ ਪ੍ਰਬੰਧ ਨੂੰ ਤਬਾਹ ਕਰਨ ਦੇ ਤੁਲ ਹੈ।
ਮੇਰੀ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਜੀ ਰੌਸ਼ਨ-ਬੁੱਧ ਦੇ ਮਾਲਕ ਹੋ। ਆਪ ਪੰਜਾਬ ਸਰਕਾਰ ਦੇ ਫ਼ੈਸਲੇ ਨਾਲ ਵਾਤਾਵਰਨ ਅਤੇ ਜੀਵ-ਜੰਤੂਆਂ ਉੱਪਰ ਪੈਣ ਵਾਲੇ ਵਿਗਾੜਾਂ ਪ੍ਰਤੀ ਸਰਕਾਰ ਦੇ ਨੁਮਾਇੰਦਿਆਂ ਅਤੇ ਨਾਗਰਿਕਾਂ ਨੂੰ ਜਾਗਰੂਕ ਕਰਨ ਲਈ ਉਚਿਤ ਕਦਮ ਉਠਾਓ, ਤਾਂ ਜੋ ਅਸੀਂ ਆਪਣੇ ਵਾਤਾਵਰਨ ਅਤੇ ਆਲੇ-ਦੁਆਲੇ ਦੇ ਜੀਵ-ਜੰਤੂਆਂ ਨੂੰ ਬਚਾਉਣ ਲਈ ਇਕ ਨਿੱਕਾ ਜਿਹਾ ਉਪਰਾਲਾ ਕਰ ਸਕੀਏ।

ਹੁੰਗਾਰੇ ਦੀ ਆਸ ਵਿਚ
-ਜਗਜੀਤ ਸਿੰਘ ਮਾਨ
ਵਾਤਾਵਰਨ ਪ੍ਰੇਮੀ
ਮੋ: 94631-40554
E. mail : pnpp30@yahoo.com

28-9-2013

 ਇਨਸਾਫ਼ ਤੋਂ ਉਮੀਦ
ਦਿੱਲੀ ਵਿਚ 16 ਦਸੰਬਰ ਨੂੰ 23 ਸਾਲਾ ਲੜਕੀ ਦਾਮਨੀ ਨਾਲ ਸਮੂਹਿਕ ਜਬਰ-ਜਨਾਹ ਕਰਨ ਵਾਲੇ ਚਾਰ ਦੋਸ਼ੀਆਂ ਨੂੰ ਪਿਛਲੇ ਦਿਨੀਂ ਦਿੱਲੀ ਸਾਕੇਤ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਪੂਰਾ ਦੇਸ਼ ਹੀ ਇਹ ਚਾਹੁੰਦਾ ਸੀ ਕਿ ਇਨ੍ਹਾਂ ਅਪਰਾਧੀਆਂ ਨੂੰ ਫਾਂਸੀ ਦੀ ਸਜ਼ਾ ਹੀ ਹੋਣੀ ਚਾਹੀਦੀ ਹੈ ਇਨ੍ਹਾਂ ਅਪਰਾਧੀਆਂ ਨੂੰ ਮਿਲੀ ਫਾਂਸੀ ਦੀ ਸਜ਼ਾ ਨਾਲ ਉਮੀਦ ਹੈ ਕਿ ਹੁਣ ਬਲਾਤਕਾਰ ਨੂੰ ਠੱਲ੍ਹ ਪੈ ਜਾਵੇਗੀ।

-ਸੁਖਦੀਪ 'ਸੁੱਖਾ' ਪੰਚ
ਪਿੰਡ ਸੁਖਾਣਾ, ਜ਼ਿਲ੍ਹਾ ਲੁਧਿਆਣਾ।

23-9-2013

 ਹਾਅ ਦਾ ਨਾਅਰਾ
'ਅਜੀਤ' ਦੇ ਸੰਪਾਦਕੀ ਸਫ਼ੇ 'ਤੇ ਪੰਜਾਬੀ ਮਾਂ-ਬੋਲੀ ਲਈ ਹਾਅ ਦਾ ਨਾਅਰਾ ਮਾਰਦਾ ਲੇਖ 'ਚੰਡੀਗੜ੍ਹ ਵਿਚ ਪੰਜਾਬੀ' ਪੜ੍ਹਿਆ। ਚੰਡੀਗੜ੍ਹ ਤਾਂ ਕੀ ਪੂਰੇ ਪੰਜਾਬ ਦੇ ਮੁੱਖ ਤੇ ਹੋਰ ਸ਼ਹਿਰਾਂ 'ਚ ਪੰਜਾਬੀ ਲਈ ਬਹੁਤ ਹੀ ਘੱਟ ਸ਼ੁੱਭ ਸ਼ਗਨ ਹੈ, ਜਿਸ ਨੂੰ ਅਸੀਂ ਸਾਰੇ ਪੰਜਾਬੀ ਤੱਕਦੇ ਵੀ ਹਾਂ। ਨਾ ਤਾਂ ਪੰਜਾਬ ਦਾ ਵਾਸੀ ਤੇ ਨਾ ਹੀ ਪੰਜਾਬੀ ਪ੍ਰੋ: ਧਰੈਨਵੱਰ ਨੇ ਸਾਡੇ ਮੂੰਹ 'ਤੇ ਚੰਗੀ ਚਪੇੜ ਮਾਰੀ ਹੈ। ਇਕ ਗ਼ੈਰ-ਪੰਜਾਬੀ ਬੰਦਾ ਪੰਜਾਬੀ ਪੜ੍ਹ ਕੇ ਗੁਰਬਾਣੀ ਸਮਝ ਕੇ ਪੰਜਾਬੀ ਮਾਂ-ਬੋਲੀ ਦਾ ਝੰਡਾ ਉੱਚਾ ਚੁੱਕਣ ਲਈ ਯਤਨਸ਼ੀਲ ਹੈ ਪਰ ਅਸੀਂ ਪੰਜਾਬੀ ਖ਼ੁਦ ਹੀ ਪੰਜਾਬੀ ਤੋਂ ਮੂੰਹ ਮੋੜ ਰਹੇ ਹਾਂ, ਜਿਸ ਦਾ ਨਤੀਜਾ ਅਸੀਂ ਭੁਗਤ ਵੀ ਰਹੇ ਹਾਂ ਤੇ ਅੱਗੇ ਭੁਗਤਾਂਗੇ ਵੀ। ਪ੍ਰੋ: ਸਾਹਿਬ ਨਾਲ ਮੇਰੀ ਮੁਲਾਕਾਤ ਵੀ ਹੋਈ ਹੈ, ਉਹ ਪੰਜਾਬੀ ਤੇ ਪੰਜਾਬੀਅਤ ਦੇ ਸ਼ੈਦਾਈ ਹਨ ਤੇ ਪੰਜਾਬ ਵਾਸੀਆਂ 'ਤੇ ਹੈਰਾਨ ਵੀ ਹਨ। ਉਹ ਪੰਜਾਬੀ ਗੀਤਾਂ 'ਚ ਲੱਚਰਤਾ ਤੇ ਖਾਸ ਕਰ ਸ਼ਰਾਬ ਤੋਂ ਬਹੁਤ ਚਿੰਤਤ ਹਨ। ਮੈਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਆਪਾਂ ਬੇਗਾਨੇ ਤੋਂ ਹੀ ਸਿੱਖ ਲਈਏ ਕਿ ਕਿਵੇਂ ਪੰਜਾਬੀ ਮਾਂ-ਬੋਲੀ ਪ੍ਰਤੀ ਪਿਆਰ ਦਿਖਾਉਣਾ ਹੈ ਤੇ ਪੰਜਾਬੀ ਨੂੰ ਹੋਰ ਵੀ ਚੜ੍ਹਦੀ ਕਲਾ 'ਚ ਲਿਜਾ ਕੇ ਸੰਵਾਰਨਾ ਹੈ।

-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿਆਣਾ)।

ਆਨ-ਲਾਈਨ ਜ਼ਮਾਨਾ
ਅੱਜ ਦੇ ਸਮੇਂ ਵਿਚ ਇੰਟਰਨੈੱਟ ਦਾ ਬੋਲਬਾਲਾ ਕਾਫੀ ਵਧ ਗਿਆ ਹੈ। ਇਸ ਦੇ ਕਾਫੀ ਫਾਇਦੇ ਵੀ ਹਨ ਤੇ ਨੁਕਸਾਨ ਵੀ। ਜੇ ਵੇਖਿਆ ਜਾਵੇ ਤਾਂ ਫਾਇਦੇ ਵੱਧ ਹਨ ਤੇ ਨੁਕਸਾਨ ਆਪਣੇ ਹੱਥ ਵਿਚ ਹੀ ਹੈ। ਜੇਕਰ ਸਹੀ ਢੰਗ ਨਾਲ ਇਸ ਦੀ ਵਰਤੋਂ ਕੀਤੀ ਜਾਏ ਤਾਂ ਅਸੀਂ ਕਾਫੀ ਚੀਜ਼ਾਂ ਦਾ ਗਿਆਨ ਘਰ ਵਿਚ ਜਾਂ ਆਪਣੇ ਦਫ਼ਤਰ ਵਿਚ ਵਿਹਲੇ ਸਮੇਂ ਵਰਤੋਂ ਕਰਕੇ ਹਾਸਲ ਕਰ ਸਕਦੇ ਹਾਂ। ਇੰਟਰਨੈੱਟ ਦੁਆਰਾ ਅੱਜਕਲ੍ਹ ਸਭ ਕੁਝ ਸੌਖਾਲਾ ਹੋ ਗਿਆ ਹੈ। ਹੁਣ ਅਸੀਂ ਇੰਟਰਨੈੱਟ ਦੁਆਰਾ ਬਿਜਲੀ ਬਿੱਲ, ਸਕੂਲ ਫੀਸਾਂ, ਰੇਲਵੇ ਟਿਕਟ, ਅਸਾਮੀਆਂ ਆਦਿ ਭਰ ਸਕਦੇ ਹਾਂ।

-ਅਜੈ ਕੁਮਾਰ
ਮੌੜ ਮੰਡੀ, ਬਠਿੰਡਾ।
bba.ajay@gmail.com

ਕਾਨੂੰਨ 'ਚ ਸੋਧ ਦੀ ਲੋੜ
ਦਿੱਲੀ ਦੇ ਜਬਰ-ਜਨਾਹ ਦੇ ਮਾਮਲੇ ਵਿਚ ਅਦਾਲਤ ਵੱਲੋਂ ਨਾਬਾਲਿਗ ਦੋਸ਼ੀ ਬਾਰੇ ਜੋ ਫ਼ੈਸਲਾ ਦਿੱਤਾ ਗਿਆ ਸੀ, ਮੈਂ ਉਸ ਨਾਲ ਸਹਿਮਤ ਨਹੀਂ ਹਾਂ। ਇਸ ਨਾਲ ਅਜਿਹੇ ਦੋਸ਼ੀਆਂ ਨੂੰ ਹੋਰ ਹੌਸਲਾ ਮਿਲੇਗਾ ਕਿ ਕੋਈ ਵੀ ਨਾਬਾਲਿਗ ਜੋ ਭਾਵੇਂ 17 ਸਾਲ ਤੋਂ ਵਧੇਰੇ ਉਮਰ ਦਾ ਵੀ ਹੋਵੇ, ਕੁਝ ਵੀ ਕਰ ਸਕਦਾ ਹੈ ਅਤੇ ਸਜ਼ਾ ਤਾਂ ਤਿੰਨ ਸਾਲ ਹੀ ਮਿਲਣੀ ਹੈ। ਇਸ ਸਬੰਧੀ ਕਾਨੂੰਨ 'ਚ ਸੋਧ ਹੋਣੀ ਚਾਹੀਦੀ ਹੈ। ਨਾਬਾਲਿਗਾਂ ਦੀ ਉਮਰ ਹੱਦ ਘਟਾਈ ਜਾਣੀ ਚਾਹੀਦੀ ਹੈ।

-ਪਲਵਿੰਦਰ ਸਿੰਘ
ਗੁਰਦਾਸਪੁਰ।
palwinder_dhariwal@yahoo.com

ਪੰਜਾਬ ਨੂੰ ਸੰਭਾਲੋ
ਪੰਜਾਬ ਨੂੰ ਕਦੇ ਸੋਨੇ ਦੀ ਚਿੜੀ ਦੇ ਨਾਂਅ ਨਾਲ ਪੁਕਾਰਿਆ ਜਾਂਦਾ ਸੀ। ਪਰ ਅੱਜ ਇਸ ਸੋਨੇ ਦੀ ਚਿੜੀ ਨੂੰ ਸਾਡੇ ਆਪਣੇ ਹੀ ਲੁੱਟਣ ਲੱਗੇ ਹੋਏ ਹਨ। ਜਿਸ ਨਾਲ ਪੰਜਾਬ ਦੀ ਆਰਥਿਕ ਦਸ਼ਾ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਪੰਜਾਬ ਸਿਰ ਕਰਜੇ ਦਾ ਬੋਝ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਇਥੇ ਬੇਰੁਜ਼ਗਾਰੀ ਕਰਕੇ ਲੁੱਟਾਂ-ਖੋਹਾਂ ਅਤੇ ਨਸ਼ੇ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ। ਜਿਸ ਨੂੰ ਠੱਲ੍ਹ ਪਾਉਣ ਦੀ ਲੋੜ ਹੈ।

-ਬਲਵੰਤ ਸਿੰਘ ਗਿਆਸਪੁਰਾ
ਮੋਬਾਈਲ : 94174-70951.

14-9-2013

 ਪੰਜਾਬ ਦੀ ਵਿੱਤੀ ਹਾਲਤ
ਪਿਛਲੇ ਦਿਨੀਂ ਬਰਜਿੰਦਰ ਸਿੰਘ ਹਮਦਰਦ ਜੀ ਨੇ ਆਪਣੀ ਸੰਪਾਦਕੀ ਵਿਚ ਪੰਜਾਬ ਦੀ ਆਰਥਿਕ ਸਥਿਤੀ ਦੀ ਸਹੀ ਤਸਵੀਰ ਪੇਸ਼ ਕੀਤੀ ਹੈ। ਜਿਥੇ ਇਸ ਵਿਗੜ ਰਹੀ ਆਰਥਿਕ ਹਾਲਤ ਦੀ ਮੀਡੀਏ ਵਿਚ ਚਰਚਾ ਹੋ ਰਹੀ ਹੈ, ਉਥੇ ਵਿਰੋਧੀ ਪਾਰਟੀਆਂ ਦੇ ਹੱਥ ਇਕ ਮੁੱਦਾ ਵੀ ਲੱਗ ਗਿਆ ਹੈ। ਸਚਾਈ ਹੈ ਕਿ ਸਰਕਾਰ ਦੀ ਆਮਦਨੀ ਨਾਲੋਂ ਖਰਚ ਕਾਫੀ ਵਧ ਗਿਆ ਹੈ। ਸਰਕਾਰ ਨੂੰ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਦੇ ਲਾਲੇ ਪਏ ਹਨ। ਕਈ-ਕਈ ਮਹੀਨੇ ਤਨਖਾਹਾਂ ਲੇਟ ਹੋਣ ਕਰਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਜਬੂਰਨ ਸਰਕਾਰ ਵਿਰੁੱਧ ਧਰਨੇ ਅਤੇ ਮੁਜ਼ਾਹਰੇ ਕਰਨੇ ਪੈ ਰਹੇ ਹਨ। ਪੰਜਾਬ ਦੇ ਵਿੱਤ ਮੰਤਰੀ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਬਕਾਇਆ ਹੋਈ ਪਈ 8 ਫ਼ੀਸਦੀ ਮਹਿੰਗਾਈ ਭੱਤੇ ਦੀ ਕਿਸ਼ਤ (ਜਨਵਰੀ 2013 ਤੋਂ) ਭੁੱਲ ਗਏ ਲਗਦੇ ਹਨ ਜਦੋਂ ਕਿ ਕੇਂਦਰ ਸਰਕਾਰ ਜੁਲਾਈ 2013 ਤੋਂ ਮਹਿੰਗਾਈ ਭੱਤੇ ਦੀ 10 ਫ਼ੀਸਦੀ ਕਿਸ਼ਤ ਦਾ ਬਹੁਤ ਛੇਤੀ ਐਲਾਨ ਕਰਨ ਜਾ ਰਹੀ ਹੈ। ਸੋ, ਸਰਕਾਰ ਨੂੰ ਸਰਮਾਏਦਾਰੀ ਤੋਂ ਟੈਕਸ ਦੀ ਅਦਾਇਗੀ ਸਖ਼ਤੀ ਨਾਲ ਕਰਨੀ ਪਏਗੀ। ਵਪਾਰੀ ਅਤੇ ਦੁਕਾਨਦਾਰ ਬਿਨਾਂ ਬਿੱਲ ਦਿੱਤਿਆਂ ਆਪਣਾ ਸਾਮਾਨ ਵੇਚੀ ਜਾ ਰਹੇ ਹਨ ਅਤੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਜਨਤਾ ਜਾਗਰੂਕਤਾ ਦੀ ਘਾਟ ਕਾਰਨ ਬਿੱਲ ਮੰਗਣ ਤੋਂ ਸੰਕੋਚ ਕਰਦੇ ਹਨ।

-ਜਗਤਾਰ ਸਿੰਘ 'ਰੁਲਦੂਵਾਲਾ'
ਹੈਲਥ ਇੰਸਪੈਕਟਰ ਅਮਰਗੜ੍ਹ (ਸੰਗਰੂਰ)।

ਔਰਤ ਮਹਿਫੂਜ਼ ਨਹੀਂ
ਭਾਰਤ ਵਿਚ ਔਰਤਾਂ ਨਾਲ ਵਾਪਰ ਰਹੀਆਂ ਸਮੂਹਿਕ ਦੁਰਾਚਾਰ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਜੀਵਨ ਦਾ ਕੋਈ ਅਜਿਹਾ ਖੇਤਰ ਨਹੀਂ, ਜਿਸ ਵਿਚ ਔਰਤ ਦਾ ਬਰਾਬਰ ਦਾ ਯੋਗਦਾਨ ਨਾ ਹੋਵੇ। ਸਾਡਾ ਸੰਵਿਧਾਨ ਵੀ ਔਰਤ ਨੂੰ ਮਰਦ ਦੇ ਬਰਾਬਰ ਅਧਿਕਾਰ ਦਿੰਦਾ ਹੈ। ਔਰਤ ਨਾਲ ਵਾਪਰ ਰਹੀਆਂ ਹਿੰਸਾਤਮਕ ਘਟਨਾਵਾਂ, ਦੁਰਾਚਾਰ ਦੀਆਂ ਘਟਨਾਵਾਂ ਤੇ ਦਹੇਜ ਖਾਤਰ ਸਾੜਨ ਦੀਆਂ ਘਟਨਾਵਾਂ ਨੇ ਜਿਥੇ ਔਰਤ ਦੀ ਆਜ਼ਾਦੀ 'ਤੇ ਪਾਬੰਦੀ ਲਗਾਈ ਹੈ, ਉਥੇ ਉਸ ਦੇ ਅੰਦਰ ਸਹਿਮ ਵੀ ਭਰ ਦਿੱਤਾ ਹੈ। ਅੱਜ ਸਰਕਾਰ ਨੇ ਔਰਤ ਦੀ ਸੁਰੱਖਿਆ ਲਈ ਸਖ਼ਤ ਕਾਨੂੰਨ ਬਣਾਏ ਹਨ ਪਰ ਹਰ ਸ਼ਹਿਰ ਵਿਚ ਦੁਰਾਚਾਰ ਦੀਆਂ ਘਟਨਾਵਾਂ ਜਿਉਂ ਦੀ ਤਿਉਂ ਵਾਪਰ ਰਹੀਆਂ ਹਨ। ਹੁਣ ਸ਼ਹਿਰਾਂ, ਜਨਤਕ ਥਾਵਾਂ, ਬੱਸ ਅੱਡਿਆਂ, ਸਰਕਾਰੀ ਦਫ਼ਤਰਾਂ ਅਤੇ ਸਿੱਖਿਆ ਸੰਸਥਾਵਾਂ ਆਦਿ ਵਿਚ ਕਿਤੇ ਵੀ ਔਰਤ ਮਹਿਫੂਜ਼ ਨਹੀਂ। ਸਕੂਲਾਂ ਵਿਚ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਦੇਣ ਦੇ ਨਾਲ-ਨਾਲ ਆਪਣੇ ਅਮੀਰ ਸੱਭਿਆਚਾਰਕ ਵਿਰਸੇ ਤੋਂ ਵੀ ਜਾਣੂ ਕਰਵਾਉਣਾ ਚਾਹੀਦਾ ਹੈ। ਪੁਲਿਸ ਪ੍ਰਸ਼ਾਸਨ ਨੂੰ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।

-ਨਵਤੇਜ ਸਿੰਘ ਮੱਲ੍ਹੀ
ਪਿੰਡ ਭਾਗੋਕਾਵਾਂ, ਡਾਕ: ਮਗਰਮੂਦੀਆਂ, ਜ਼ਿਲ੍ਹਾ ਗੁਰਦਾਸਪੁਰ।

ਬਿਮਾਰ ਮਾਨਸਿਕਤਾ
ਪਿਛਲੇ ਦਿਨੀਂ ਤਰਕਸ਼ੀਲ ਆਗੂ ਦਾਭੋਲਕਰ ਦਾ ਕੀਤਾ ਗਿਆ ਕਤਲ ਆਦਰਸ਼ਵਾਦੀ ਸਮਾਜ ਦਾ ਕਤਲ ਹੈ। ਅੱਜ ਵੀ ਅਸੀਂ ਬਿਮਾਰ ਮਾਨਸਿਕਤਾ ਨੂੰ ਲੈ ਕੇ ਚੱਲ ਰਹੇ ਹਾਂ। ਅਸੀਂ ਹੱਥ 'ਤੇ ਹੱਥ ਧਰੀ ਬੈਠੇ ਆਪਣੀ ਗਰੀਬੀ ਨੂੰ 'ਬਦਰੂਹਾਂ' ਦਾ ਸਰਾਪ ਮੰਨਦੇ ਹਾਂ। ਇਥੇ ਸਾਡੀ ਉੱਚ-ਵਿੱਦਿਆ ਕੋਈ ਮਾਅਨੇ ਨਹੀਂ ਰੱਖਦੀ। ਅੱਜ ਜਦੋਂ ਪੜ੍ਹਿਆ-ਲਿਖਿਆ ਵਰਗ ਵੀ ਮੋਟੇ-ਮੋਟੇ ਰੰਗ-ਬਰੰਗੇ ਪੱਥਰਾਂ ਵਾਲੀਆਂ 'ਕੀਮਤੀ' ਮੁੰਦਰੀਆਂ ਪਾਈ ਬੈਠਾ ਚੰਗੇਰੇ ਭਵਿੱਖ ਨੂੰ ਬੁਣਦਾ ਹੈ ਤਾਂ ਆਮ ਆਦਮੀ ਦਾ ਕੀ ਹਾਲ ਹੋਵੇਗਾ? ਕਦ ਤੱਕ ਅਸੀਂ ਝੂਠੇ ਚਮਤਕਾਰਾਂ ਮਗਰ ਲੱਗੇ ਰਹਾਂਗੇ? ਮਨੁੱਖਾਂ ਤੇ ਜਾਨਵਰਾਂ ਦੀਆਂ ਬਲੀਆਂ ਦੇ ਕੇ ਅਸੀਂ ਕਿਸ ਸਮਾਜ ਦੀ ਸਿਰਜਣਾ ਕਰ ਰਹੇ ਹਾਂ? ਆਓ, ਅਸੀਂ ਸਾਰੇ ਰਲਮਿਲ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਦੇ ਹੋਏ ਬਿਮਾਰ ਜਾਂ ਵਿੱਤੀ ਸਮੱਸਿਆਵਾਂ ਦੇ ਸ਼ਿਕਾਰ ਭੋਲੇ-ਭਾਲੇ ਵਿਅਕਤੀਆਂ ਨੂੰ ਸ਼ੋਸ਼ਣ ਤੋਂ ਬਚਾਈਏ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

23-7-13

 ਨਸ਼ਾ ਬਨਾਮ ਪੰਜਾਬ

ਅਜੋਕੇ ਸਮੇਂ ਪੰਜਾਬ ਵਿਚ ਨਸ਼ਿਆਂ ਦੀ ਵਰਤੋਂ, ਵਿਕਰੀ, ਵਪਾਰ ਤੇ ਸਿਆਸੀ ਸਰਪ੍ਰਸਤੀ ਦੀ ਅਖ਼ਬਾਰੀ ਤੇ ਸਮਾਜਿਕ ਚਰਚਾ ਪੂਰੇ ਜ਼ੋਰਾਂ ਉਪਰ ਹੈ। ਪੰਜਾਬ ਦੀ ਵੱਡੀ ਬਦਕਿਸਮਤੀ ਇਹ ਹੈ ਕਿ ਪੰਜਾਬ ਦੀ ਮੁੱਢੋਂ ਅਗਵਾਈ ਕਰਨ ਵਾਲੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਅਜੋਕੇ ਆਗੂ ਆਪਣੇ ਸਿਆਸੀ ਆਕਾਵਾਂ ਤੋਂ ਡਰ ਕੇ ਆਪਣੇ ਫਰਜ਼ ਭੁਲਾ ਬੈਠੇ ਹਨ। ਸੋ, ਇਕ ਬੇਨਤੀ ਹੈ, ਇਕ ਅਪੀਲ ਹੈ, ਸਮੂਹ ਪੰਜਾਬੀਆਂ ਦੇ ਨਾਂਅ, 'ਛੱਡ ਦਿਓ ਪੰਜਾਬੀਓ, ਮਾਰੂ ਨਸ਼ਿਆਂ ਨੂੰ, ਮੁੜ ਆਓ, ਦੁੱਧ ਦਹੀਂ ਘੀ ਮੱਖਣ ਲੱਸੀ ਦੀ ਨਰੋਈ ਖੁਰਾਕ ਵੱਲ। ਜੇਕਰ 'ਆਪਣਾ ਪੰਜਾਬ' ਬਚਾਉਣਾ ਹੈ ਤਾਂ।'

-ਇੰਜ. ਕੁਲਦੀਪ ਸਿੰਘ ਲੁੱਧਰ
4724, ਗੁਰੂ ਨਾਨਕਵਾੜਾ, ਖ਼ਾਲਸਾ ਕਾਲਜ, ਅੰਮ੍ਰਿਤਸਰ।

ਮਾਪਿਆਂ ਦਾ ਸਤਿਕਾਰ

ਫੋਕੀ ਤਰੱਕੀ ਤੇ ਝੂਠੀ ਐਸ਼ੋਇਸ਼ਰਤ ਵਿਚ ਮਨੁੱਖ ਆਪਣੇ ਮਾਪਿਆਂ ਦਾ ਸਤਿਕਾਰ ਕਰਨਾ ਭੁੱਲ ਬੈਠਾ ਹੈ। ਜਿਸ ਦੇ ਸਿੱਟੇ ਵਜੋਂ ਮਾਪੇ ਆਪਣਾ ਦਰਦ ਬਿਆਨ ਕਰਦੇ ਹਨ ਤੇ ਕਦੀ ਕੁਝ ਨਹੀਂ ਬੋਲਦੇ ਤੇ ਝੱਲ ਲੈਂਦੇ ਹਨ। ਪਰ ਇਹ ਸੋਚਣਾ ਹੋਵੇਗਾ ਕਿ ਅਜਿਹਾ ਕਿਉਂ ਹੋ ਰਿਹਾ ਹੈ। ਅੱਜ ਹਰ ਜੋੜਾ ਵਿਆਹ ਤੋਂ ਬਾਅਦ ਅਲੱਗ ਹੋਣ ਲਈ ਸੋਚਦਾ ਹੈ ਕਿ ਸਾਨੂੰ ਪੂਰੀ ਆਜ਼ਾਦੀ ਹੋਵੇ, ਕੋਈ ਕੁਝ ਨਾ ਕਹੇ, ਪਰ ਕੀ ਇਹ ਸਹੀ ਹੈ। ਅਜੋਕੀ ਪੀੜ੍ਹੀ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਮਾਪਿਆਂ ਬਾਰੇ ਸੋਚਣ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਕਿਵੇਂ ਪਾਲਿਆ, ਪੜ੍ਹਾਇਆ ਤੇ ਇਸ ਯੋਗ ਬਣਾਇਆ ਕਿ ਉਹ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ। ਪਰ ਅੱਜ ਹਰ ਤੀਜੇ ਜਾਂ ਚੌਥੇ ਘਰ ਦੀ ਅਜਿਹੀ ਹੀ ਦਾਸਤਾਨ ਹੈ। ਮਾਪੇ ਉਹ ਬੋਹੜ ਹਨ, ਜਿਨ੍ਹਾਂ ਦੀ ਛਾਵੇਂ ਬੈਠ ਅਸੀਂ ਠੰਢੀ ਛਾਂ ਦਾ ਆਨੰਦ ਮਾਣਨਾ ਹੈ। ਇਕ ਮਾਂ ਵੀਹ ਸਾਲਾਂ ਵਿਚ ਆਪਣੇ ਪੁੱਤਰ ਨੂੰ ਪਾਲਦੀ ਤੇ ਵੱਡਾ ਕਰਦੀ ਹੈ ਪਰ ਉਸ ਦੀ ਘਰ ਵਾਲੀ ਵੀਹ ਮਿੰਟਾਂ ਵਿਚ ਉਸ ਨੂੰ ਆਪਣੇ ਵੱਲ ਝੁਕਾ ਲੈਂਦੀ ਹੈ। ਸੋ, ਅੱਜ ਲੋੜ ਹੈ ਸਰਵਣ ਦੀ ਤਰ੍ਹਾਂ ਆਪਣੇ ਮਾਪਿਆਂ ਦੀ ਸੇਵਾ ਕਰਨ ਦੀ।

-ਜਸਦੀਪ ਸਿੰਘ ਖੰਨਾ
ਮੋਬਾਈਲ : 94630-57786.

ਭਾਰਤੀ ਹਾਕੀ

ਭਾਰਤੀ ਹਾਕੀ ਮੌਜੂਦਾ ਸਮੇਂ ਔਖੀਆਂ ਰਾਹਾਂ ਤੋਂ ਦੀ ਗੁਜ਼ਰ ਰਹੀ ਹੈ। ਕੋਚ ਮਾਈਕਲ ਨੌਬਸ ਨੂੰ ਸਮੇਂ ਤੋਂ ਪਹਿਲਾਂ ਬਰਖਾਸਤ ਕਰਨ ਨੂੰ ਭਾਵੇਂ ਕਈ ਪ੍ਰਮੁੱਖ ਖੇਡ ਹਸਤੀਆਂ ਨੇ ਚੰਗਾ ਮੰਨਿਆ ਹੈ ਪਰ ਇਕਦਮ ਕੋਚ ਪਦ ਤੋਂ ਹਟਾਉਣ ਨਾਲ ਵੀ ਸਥਿਤੀ ਸੰਭਲਣ ਵਾਲੀ ਨਹੀਂ। ਹੁਣ ਹਾਲੈਂਡ ਦੇ ਰੌਲੈਂਡ ਅਲੈਟਮੈਨ ਦਾ ਭਾਰਤੀ ਹਾਕੀ ਦੀ ਵਾਗ ਡੋਰ ਸੰਭਾਲਣਾ ਵੀ ਚੁਣੌਤੀ ਭਰਿਆ ਕਾਰਜ ਹੈ ਕਿਉਂਕਿ ਭਾਰਤੀ ਹਾਕੀ ਪ੍ਰੇਮੀ ਲਗਾਤਾਰ ਹਾਕੀ 'ਚ ਸੁਧਾਰ ਚਾਹੁੰਦੇ ਨੇ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਭਾਰਤੀ ਹਾਕੀ ਦਾ ਪ੍ਰਦਰਸ਼ਨ ਕੀ ਰੰਗ ਲਿਆਏਗਾ। ਫਿਲਹਾਲ ਅਜੇ ਉਡੀਕ ਕਰਨੀ ਹੋਵੇਗੀ। ਇਥੇ ਜ਼ਿਕਰਯੋਗ ਹੈ ਕਿ ਭਾਰਤੀ ਹਾਕੀ ਮੈਚਾਂ ਦਾ ਪ੍ਰਦਰਸ਼ਨ ਕ੍ਰਿਕਟ ਵਾਂਗ ਆਮ ਚੈਨਲਾਂ 'ਤੇ ਕਿਉਂ ਨਹੀਂ ਹੁੰਦਾ। ਜੇਕਰ ਹਾਕੀ ਪ੍ਰਸਾਰਨ ਆਮ ਚੈਨਲਾਂ 'ਤੇ ਅਤੇ ਮੀਡੀਆ ਜ਼ੋਰ-ਸ਼ੋਰ ਨਾਲ ਭਾਰਤੀ ਹਾਕੀ ਨਾਲ ਖੜ੍ਹੇ ਤਾਂ ਨਤੀਜੇ ਜ਼ਰੂਰ ਲੋਕਾਂ ਦੀ ਆਸ ਮੁਤਾਬਿਕ ਹੋਣਗੇ ਕਿਉਂਕਿ ਹਾਕੀ ਦਾ ਘੱਟ ਪ੍ਰਚਾਰ ਵੀ ਇਸ ਦੀ ਤਰੱਕੀ ਦੇ ਰਾਹ ਵਿਚ ਰੋੜਾ ਹੈ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।

 

29-6-2013

 ਲੋਕ ਸੰਘਰਸ਼
ਅੱਜ ਦੇਸ਼ ਦੇ ਆਦਿਵਾਸੀ, ਕਿਸਾਨ, ਮਜ਼ਦੂਰ ਅਤੇ ਦੇਹਾਤੀ ਲੋਕਾਂ ਦਾ ਸੰਘਰਸ਼ ਹਾਸ਼ੀਏ 'ਤੇ ਹੈ। ਗਰੀਬ ਦੀ ਆਵਾਜ਼ ਇਸ ਦੌਰ 'ਚ ਵੀ ਸੱਤਾ ਦੇ ਗਲਿਆਰਿਆਂ 'ਚ ਅਣਸੁਣੀ ਰਹੀ ਹੈ। ਅੱਜ ਬਹੁਤੀਆਂ ਰਾਜਨੀਤਕ ਪਾਰਟੀਆਂ ਆਪਣੇ ਅਸੂਲਾਂ ਤੋਂ ਭਟਕ ਗਈਆਂ ਹਨ। ਕਿਸੇ ਵੀ ਤਰ੍ਹਾਂ ਸੱਤਾ 'ਚ ਬਣੇ ਰਹਿਣਾ ਹੀ ਉਨ੍ਹਾਂ ਦਾ ਮਕਸਦ ਬਣ ਗਿਆ ਹੈ। ਲੋਕਾਂ ਦਾ ਗੁੱਸਾ ਜਿਊਣ ਦਾ ਹੱਕ ਮੰਗ ਰਿਹਾ ਹੈ। ਸੱਤਾਧਾਰੀਆਂ ਨੂੰ ਇਹ ਬਰਦਾਸ਼ਤ ਨਹੀਂ ਹੈ, ਉਹ ਗੁੱਸੇ 'ਚ ਉੱਠੇ ਹੱਕਾਂ ਨੂੰ ਚਿੜ੍ਹਾਉਣ ਅਤੇ ਜ਼ਿਆਦਾ ਗੁੱਸਾ ਦਿਵਾਉਣ। ਸਚਾਈ ਇਹ ਹੈ ਕਿ ਹੁਕਮਰਾਨ ਰਾਜਨੀਤਕ ਦਲ ਆਮ ਆਦਮੀ ਦੇ ਦੁੱਖ ਦਾ ਰੋਣਾ ਰੋ ਕੇ ਆਪਣੀ ਕੁਰਸੀ ਨੂੰ ਮਜ਼ਬੂਤ ਕਰਦੇ ਰਹਿੰਦੇ ਹਨ। ਸੰਘਰਸ਼ ਦੇਸ਼ ਵਿਚ ਵਿਵਸਥਾ 'ਚ ਬਦਲਾਅ ਦਾ ਸੁਪਨਾ ਤਾਂ ਜਗਾ ਰਹੇ ਹਨ ਪ੍ਰੰਤੂ ਵਿਦਵਾਨ ਮੰਨ ਚੁੱਕੇ ਹਨ ਕਿ ਜੇਕਰ ਨੇਤਾਵਾਂ ਦੀ ਚੋਰ ਜਮਾਤ 'ਚੋਂ ਲਗਭਗ ਸਭ ਨੂੰ ਦਸਤਾਵੇਜ਼ੀ ਚੋਰ ਸਾਬਤ ਕਰ ਦਿੱਤਾ ਜਾਵੇ, ਜੋ ਕਿ ਸੰਭਵ ਹੈ ਤਾਂ ਚੋਰ ਵਿਵਸਥਾ ਆਪਣੇ-ਆਪ ਬਦਲ ਜਾਵੇਗੀ। ਹਾਕਮ ਭੁਲੇਖੇ ਵਿਚ ਹੈ ਕਿ ਲੋਕਾਂ ਦਾ ਗੁੱਸਾ ਸ਼ਾਂਤ ਹੋ ਜਾਵੇਗਾ। ਪਰ ਅੱਜ ਲੋਕਾਂ ਦਾ ਗੁੱਸਾ ਸੜਕਾਂ 'ਤੇ ਉਤਰ ਆਇਆ, ਸਰਕਾਰ ਤੇ ਹੁਕਮਰਾਨ ਪਾਰਟੀਆਂ ਨੂੰ ਇਸ ਨੂੰ ਸਮਝਣਾ ਚਾਹੀਦਾ ਹੈ।

-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

ਔਰਤਾਂ ਲਈ ਰਾਖਵਾਂਕਰਨ
ਪੰਚਾਇਤਾਂ ਅੰਦਰ ਔਰਤਾਂ ਲਈ 33 ਫ਼ੀਸਦੀ ਰਾਖਵਾਂਕਰਨ ਕੀਤਾ ਗਿਆ ਹੈ। ਸੰਵਿਧਾਨ ਮੁਤਾਬਿਕ ਸਾਰੇ ਪੰਚਾਇਤੀ ਅਦਾਰਿਆਂ ਵਿਚ ਔਰਤ ਵਰਗ ਲਈ ਤੀਜਾ ਹਿੱਸਾ ਰਾਖਵਾਂ ਹੈ। ਕਹਿਣ ਨੂੰ ਤਾਂ ਅਜਿਹਾ ਔਰਤਾਂ ਨੂੰ ਬਰਾਬਰ ਦਾ ਦਰਜਾ ਦੇ ਕੇ ਮਜ਼ਬੂਤ ਜਮਹੂਰੀ ਢਾਂਚੇ ਦੀ ਸਿਰਜਣਾ ਲਈ ਕੀਤਾ ਗਿਆ ਹੈ ਪਰ ਅਸਲੀਅਤ ਕੁਝ ਵੱਖਰਾ ਹੀ ਬਿਆਨ ਕਰਦੀ ਹੈ। ਪੰਚ, ਸਰਪੰਚ ਹੋਣ ਜਾਂ ਫਿਰ ਬਲਾਕ ਸੰਮਤੀ ਜਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਔਰਤਾਂ, 99 ਫ਼ੀਸਦੀ ਤੋਂ ਜ਼ਿਆਦਾ ਉਨ੍ਹਾਂ ਦੇ ਅਧਿਕਾਰਾਂ ਦੀ ਵਰਤੋਂ ਉਨ੍ਹਾਂ ਦੇ ਪਤੀਆਂ ਜਾਂ ਹੋਰ ਪਰਿਵਾਰਕ ਮੈਂਬਰਾਂ ਦੁਆਰਾ ਕੀਤੀ ਜਾਂਦੀ ਹੈ। ਇਸ ਤੋਂ ਸਾਡੇ ਮਰਦ ਪ੍ਰਧਾਨ ਸਮਾਜ ਅੰਦਰ ਔਰਤਾਂ ਦੀ ਨਾ-ਬਰਾਬਰੀ ਵਾਲੀ ਸਥਿਤੀ ਦੀ ਤਸਵੀਰ ਰੂਪਮਾਨ ਹੁੰਦੀ ਹੈ। ਸਮੇਂ ਦੀ ਲੋੜ ਹੈ ਕਿ ਔਰਤਾਂ ਨੂੰ ਸਹੀ ਅਰਥਾਂ ਵਿਚ ਚੁਣੇ ਹੋਏ ਪੰਚਾਇਤੀ ਅਦਾਰਿਆਂ ਅੰਦਰ ਆਜ਼ਾਦਾਨਾ ਤੌਰ 'ਤੇ ਕੰਮ ਕਰਨ ਦਿੱਤਾ ਜਾਵੇ।

-ਮਹਿੰਦਰ ਕੌਰ ਢਿੱਲੋਂ
ਪ੍ਰਿੰ: ਦਸਮੇਸ਼ ਪਬਲਿਕ ਸੀ: ਸੈ: ਸਕੂਲ, ਬਿਲਾਸਪੁਰ (ਮੋਗਾ)।

ਉਚੇਰੀ ਸਿੱਖਿਆ
ਕੁਝ ਦਿਨ ਪਹਿਲਾਂ ਇਕ ਮੈਗਜ਼ੀਨ ਵੱਲੋਂ ਇਕ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿਚ ਵਿਸ਼ਵ ਦੀਆਂ ਉਨ੍ਹਾਂ ਸੌ ਯੂਨੀਵਰਸਿਟੀਆਂ ਦਾ ਨਾਂਅ ਹੈ, ਜੋ ਪੂਰੇ ਵਿਸ਼ਵ ਵਿਚ ਆਪਣੀ ਉਚੇਰੀ ਸਿੱਖਿਆ, ਅਨੁਸ਼ਾਸਨ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਕੈਰੀਅਰ ਲਈ ਦਿਸ਼ਾ-ਨਿਰਦੇਸ਼ ਦੇਣ ਲਈ ਪ੍ਰਸਿੱਧ ਹਨ। ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਇਨ੍ਹਾਂ ਸੌ ਯੂਨੀਵਰਸਿਟੀਆਂ ਵਿਚ ਭਾਰਤ ਦਾ ਕਿਧਰੇ ਵੀ ਨਾਂਅ ਨਹੀਂ ਹੈ। ਭਾਰਤ ਦੇ ਹਰੇਕ ਰਾਜ ਵਿਚ ਹੀ ਨਿੱਜੀ ਜਾਂ ਪ੍ਰਾਈਵੇਟ ਯੂਨੀਵਰਸਿਟੀਆਂ ਖੁੱਲ੍ਹ ਰਹੀਆਂ ਹਨ, ਜਿਨ੍ਹਾਂ ਦਾ ਮੁੱਖ ਮਕਸਦ ਵੱਧ ਤੋਂ ਵੱਧ ਆਰਥਿਕ ਲਾਭ ਪ੍ਰਾਪਤ ਕਰਨਾ ਹੀ ਹੈ। ਇਹ ਯੂਨੀਵਰਸਿਟੀਆਂ ਵਿਦਿਆਰਥੀਆਂ ਤੋਂ ਮੋਟੀਆਂ ਫੀਸਾਂ ਵਸੂਲਦੀਆਂ ਹਨ। ਸਿੱਖਿਆ ਦੀ ਗੁਣਵੱਤਾ ਇਨ੍ਹਾਂ ਵਿਚ ਨਹੀਂ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਅਜਿਹੀਆਂ ਯੂਨੀਵਰਸਿਟੀਆਂ ਵਿਚ ਦਿੱਤੀ ਜਾ ਰਹੀ ਸਿੱਖਿਆ ਦੀ ਪੂਰੀ ਜਾਂਚ-ਪੜਤਾਲ ਕਰੇ। ਸਰਕਾਰੀ ਯੂਨੀਵਰਸਿਟੀਆਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਪੂਰੀ ਤਨਦੇਹੀ ਨਾਲ ਉੱਚ ਪੱਧਰ ਦੀ ਸਿੱਖਿਆ ਹੀ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈ ਜਾਵੇ ਤਾਂ ਜੋ ਭਾਰਤ ਦਾ ਨਾਂਅ ਵੀ ਇਸ ਸੂਚੀ ਵਿਚ ਸ਼ਾਮਿਲ ਹੋ ਸਕੇ।

-ਪ੍ਰਮੋਦ ਕੁਮਾਰ
ਲੈਕਚਰਾਰ, ਸਰਕਾਰੀ ਸੀਨੀ: ਸੈ: ਸਕੂਲ, ਕੱਟੂ (ਬਰਨਾਲਾ)।

2-4-2013

 ਬੁਰਾਈ ਦੀ ਰੋਕਥਾਮ

ਅਜੋਕੇ ਸਮੇਂ ਦੇਸ਼ ਅੰਦਰ ਨਾਰੀ ਨਾਲ ਜਿਸਮਾਨੀ ਛੇੜਛਾੜ ਅਤੇ ਬਲਾਤਕਾਰ ਦੀਆਂ ਘਟਨਾਵਾਂ ਤੇਜ਼ੀ ਨਾਲ ਵਧ ਰਹੀਆਂ ਹਨ ਜੋ ਕਿ ਸਾਡੇ ਸਭ ਲਈ ਗਹਿਰੀ ਚਿੰਤਾ ਦਾ ਵਿਸ਼ਾ ਹੈ। ਕਿਸੇ ਵੀ ਬੁਰਾਈ ਦੇ ਵਧਣ ਦੇ ਕਾਰਨਾਂ ਦਾ ਪਤਾ ਲਗਾਏ ਬਿਨਾਂ ਉਸ ਦੀ ਰੋਕਥਾਮ ਕਰਨਾ ਸੰਭਵ ਨਹੀਂ ਹੋਇਆ ਕਰਦਾ। ਕਹਿੰਦੇ ਨੇ ਇਕ ਬੁਰਾਈ ਦੂਸਰੀ ਬੁਰਾਈ ਨੂੰ ਜਨਮ ਦਿੰਦੀ ਹੈ। ਜੇਕਰ ਕੋਈ ਵਿਅਕਤੀ ਨਸ਼ੇ ਕਰਦਾ ਹੈ ਤਾਂ ਉਹ ਆਪਣੇ ਨਸ਼ੇ ਦੀ ਪੂਰਤੀ ਲਈ ਚੋਰੀ, ਡਾਕੇ ਅਤੇ ਕਿਸੇ ਦਾ ਕਤਲ ਕਰਨ ਤੱਕ ਵੀ ਜਾ ਸਕਦਾ ਹੈ। ਇਕ ਵਿਦਵਾਨ ਦਾ ਕਥਨ ਹੈ ਕਿ ਕਿਸੇ ਬੁਰਾਈ ਦੇ ਖਿਲਾਫ਼ ਤਿੰਨ ਪੱਖਾਂ ਤੋਂ ਲੜਿਆ ਜਾ ਸਕਦਾ ਹੈ। ਪਹਿਲਾ ਉਸ ਦੇ ਖਿਲਾਫ਼ ਸੰਘਰਸ਼ ਕੀਤਾ ਜਾਵੇ, ਦੂਸਰਾ ਉਸ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ ਜਾਵੇ ਅਤੇ ਤੀਸਰਾ ਉਸ ਦੇ ਖਿਲਾਫ਼ ਮਨ ਹੀ ਮਨ ਨਫ਼ਰਤ ਕੀਤੀ ਜਾਵੇ। ਜੇਕਰ ਅਸੀਂ ਕਿਸੇ ਬੁਰਾਈ ਦੇ ਖਿਲਾਫ਼ ਸੰਘਰਸ਼ ਨਹੀਂ ਕਰ ਸਕਦੇ, ਆਵਾਜ਼ ਵੀ ਬੁਲੰਦ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਉਸ ਪ੍ਰਤੀ ਨਫ਼ਰਤ ਤਾਂ ਕਰ ਹੀ ਸਕਦੇ ਹਾਂ। ਲੋਕ-ਮਨਾਂ ਅੰਦਰ ਕਿਸੇ ਬੁਰਾਈ ਲਈ ਨਫ਼ਰਤ ਪੈਦਾ ਕਰ ਦੇਣਾ ਵੀ ਉਸ ਬੁਰਾਈ ਨੂੰ ਘਟਾਉਣ ਵਿਚ ਸਹਾਈ ਹੋ ਸਕਦਾ ਹੈ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

ਵਿਰਾਸਤੀ ਇਮਾਰਤਾਂ ਦੀ ਹੋਂਦ

ਪਟਿਆਲਾ ਨਿਵਾਸੀਆਂ ਤੋਂ ਬਿੜਕ ਲੱਗੀ ਹੈ ਕਿ ਸਾਡੀ ਮੌਜੂਦਾ ਸਰਕਾਰ ਪਟਿਆਲਾ ਵਿਖੇ ਸਥਿਤ ਤਕਰੀਬਨ 130 ਸਾਲ ਪੁਰਾਣੀ ਬਾਰਾਦਰੀ ਇਮਾਰਤ ਅਤੇ 109 ਸਾਲ ਪੁਰਾਣੀ ਕੇਂਦਰੀ ਜੇਲ ਆਦਿ ਨੂੰ ਵੇਚਣ ਦੀਆਂ ਸਕੀਮਾਂ ਘੜ ਕੇ ਵਿਰਾਸਤੀ ਹੋਂਦ ਨੂੰ ਖ਼ਤਮ ਕਰਨ ਦੀਆਂ ਯੋਜਨਾਵਾਂ ਉਲੀਕ ਰਹੀ ਹੈ। ਜੇ ਇਹ ਗੱਲ ਸਹੀ ਹੈ ਤਾਂ ਇਹ ਪੰਜਾਬ ਸਰਕਾਰ ਲਈ ਸ਼ੋਭਾ ਵਾਲੀ ਗੱਲ ਨਹੀਂ ਕਿਉਂਕਿ ਅਜਿਹੀਆਂ ਇਮਾਰਤਾਂ ਹਰ ਹਾਲ ਵਿਚ ਸੰਭਾਲੀਆਂ ਜਾਣੀਆਂ ਚਾਹੀਦੀਆਂ ਹਨ। ਸ਼ਾਹੀ ਸ਼ਹਿਰ ਪਟਿਆਲੇ ਤੋਂ ਇਲਾਵਾ ਅਜਿਹੀਆਂ ਸ਼ਾਹੀ ਇਮਾਰਤਾਂ ਫਰੀਦਕੋਟ, ਨਾਭਾ, ਬਠਿੰਡਾ, ਕਪੂਰਥਲਾ, ਬੱਸੀਆਂ (ਲੁਧਿਆਣਾ), ਬਡਰੁੱਖਾਂ (ਸੰਗਰੂਰ) ਆਦਿ ਹੋਰ ਅਨੇਕਾਂ ਪਿੰਡਾਂ, ਕਸਬਿਆਂ ਅਤੇ ਜ਼ਿਲ੍ਹਿਆਂ ਵਿਚ ਸਾਂਭ-ਸੰਭਾਲ ਪੱਖੋਂ ਜ਼ਿੰਦਗੀ ਨਾਲ ਜੂਝ ਰਹੀਆਂ ਹਨ ਜੋ ਕਿਸੇ ਵੇਲੇ ਕਦੇ ਵੀ ਦਮ ਤੋੜ ਸਕਦੀਆਂ ਹਨ। ਇਨ੍ਹਾਂ ਦੀ ਸਾਂਭ-ਸੰਭਾਲ ਨੂੰ ਤਰਜੀਹ ਦੇ ਕੇ ਸਮੂਹ ਪੰਜਾਬੀਆਂ ਦਾ ਦਿਲ ਜਿੱਤਣਾ ਚਾਹੀਦਾ ਹੈ।

-ਤਰਸੇਮ ਮਹਿਤੋ
ਪਿੰਡ ਬਈਏਵਾਲ (ਸੰਗਰੂਰ)।

ਪਾਣੀ ਦੀ ਸੰਭਾਲ

ਜ਼ਿੰਦਗੀ ਵਿਚ ਪਾਣੀ ਸਭ ਲਈ ਬੇਹੱਦ ਜ਼ਰੂਰੀ ਹੈ। ਪਾਣੀ ਤੋਂ ਬਿਨਾਂ ਜੀਵਨ ਸੰਭਵ ਨਹੀਂ। ਪਰ ਪੰਜਾਬ ਜੋ ਕਦੇ ਪੰਜ ਦਰਿਆਵਾਂ ਦੀ ਧਰਤੀ ਸੀ, ਅੱਜ ਪਾਣੀ ਲਈ ਤਰਸ ਰਿਹਾ ਹੈ। ਸ਼ੁੱਧ ਪਾਣੀ ਬਹੁਤ ਡੂੰਘਾ ਹੋ ਗਿਆ ਹੈ। ਡੂੰਘੇ ਬੋਰ ਕਰਾਉਣਾ ਹਰੇਕ ਲਈ ਸੰਭਵ ਨਹੀਂ। ਪਰ ਅਫ਼ਸੋਸ ਅਸੀਂ ਅਜੇ ਵੀ ਪਾਣੀ ਦੀ ਸੰਭਾਲ ਪ੍ਰਤੀ ਜਾਗਰੂਕ ਨਹੀਂ ਹਾਂ। ਪਾਣੀ ਅੱਜ ਪਿੰਡਾਂ ਦੀਆਂ ਸੱਥਾਂ 'ਤੇ ਲੱਗੀਆਂ ਟੂਟੀਆਂ, ਘਰਾਂ ਵਿਚੋਂ ਪਾਣੀ ਦੀਆਂ ਟੈਂਕੀਆਂ 'ਚੋਂ ਓਵਰ ਫਲੋ ਹੋ ਰਿਹਾ ਹੈ। ਗੱਡੀਆਂ ਧੋਣ ਲਈ ਪਾਣੀ ਦੀ ਵਰਤੋਂ, ਹੋਰ ਵੀ ਲੋੜ ਤੋਂ ਬਿਨਾਂ ਪਾਣੀ ਦੀ ਵਰਤੋਂ ਹੋ ਰਹੀ ਹੈ। ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਪੰਜ ਦਰਿਆਵਾਂ ਦੀ ਧਰਤੀ 'ਤੇ ਬੰਦ ਬੋਤਲਾਂ ਵਿਚ ਪਾਣੀ ਮਿਲ ਰਿਹਾ ਹੈ। ਕੀ ਹਾਲ ਹੋਵੇਗਾ ਆਉਣ ਵਾਲੀ ਗਰਮੀਆਂ ਵਿਚ। ਸ਼ੁੱਧ ਪਾਣੀ ਨੂੰ ਬਰਬਾਦ ਨਾ ਕਰੋ। ਇਸ ਦੀ ਸੰਭਾਲ ਕਰੋ। ਸਰਕਾਰ ਨੂੰ ਚਾਹੀਦਾ ਹੈ ਟੂਟੀਆਂ 'ਤੇ ਵੀ ਬਿਜਲੀ ਮੀਟਰਾਂ ਦੀ ਤਰ੍ਹਾਂ ਮੀਟਰ ਲਗਾਏ ਜਾਣ ਤਾਂ ਜੋ ਹਰੇਕ ਪਾਣੀ ਵਰਤਣ ਸਮੇਂ ਸੋਚੇ। ਪਾਣੀ ਦੀ ਸ਼ੁੱਧਤਾ ਲਈ ਵਾਟਰ ਟਰੀਟਮੈਂਟ ਪਲਾਂਟ ਲਗਾਏ ਜਾਣ ਤਾਂ ਕਿ ਪਾਣੀ ਦੀ ਦੁਬਾਰਾ ਵਰਤੋਂ ਅਮਲ ਵਿਚ ਲਿਆਂਦੀ ਜਾ ਸਕੇ।

-ਜਸਦੀਪ ਸਿੰਘ ਖੰਨਾ
ਕ੍ਰਿਸ਼ਨਾ ਨਗਰ, ਖੰਨਾ।

4-12-2013

 ਪਾਣੀ ਦੀ ਸੰਭਾਲ
ਪਾਣੀ ਕੁਦਰਤ ਦੀ ਵਡਮੁੱਲੀ ਤੇ ਅਣਮੁੱਲੀ ਦਾਤ ਹੈ। ਸਾਡੇ ਮਹਾਨ ਗੁਰੂਆਂ, ਪੈਗੰਬਰਾਂ, ਲੇਖਕਾਂ, ਕਵੀਆਂ ਤੇ ਦਾਨਸ਼ਵਰਾਂ ਨੇ ਇਸ ਨੂੰ ਉੱਚ ਤੇ ਸੁੱਚ ਦਾ ਦਰਜਾ ਦਿੱਤਾ ਹੈ। ਪ੍ਰੰਤੂ ਅੱਜ ਮਨੁੱਖ ਦੁਆਰਾ ਪਾਣੀ ਨੂੰ ਦੂਸ਼ਿਤ ਕਰਨ ਵਿਚ ਕੋਈ ਕਮੀ ਬਾਕੀ ਨਹੀਂ ਛੱਡੀ ਜਾ ਰਹੀ। ਪੰਜਾਬ ਵਿਚ ਪਾਣੀ ਵਿਚ ਪ੍ਰਦੂਸ਼ਣ ਵਧ ਰਿਹਾ ਹੈ ਅਤੇ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ। ਪਿੰਡਾਂ ਤੇ ਸ਼ਹਿਰਾਂ ਵਿਚ ਪਾਣੀ ਦੁਰਵਰਤੋਂ ਹੁੰਦੀ ਆਮ ਦੇਖੀ ਜਾ ਸਕਦੀ ਹੈ। ਖੇਤੀ ਖੇਤਰ ਵਿਚ ਬੇਲੋੜੀਆਂ ਸਪਰੇਆਂ ਤੇ ਸਨਅਤਾਂ ਦਾ ਜ਼ਹਿਰੀਲਾ ਪਾਣੀ ਮਿਲ ਕੇ ਨਦੀਆਂ, ਨਹਿਰਾਂ ਤੇ ਛੱਪੜਾਂ ਦੇ ਪਾਣੀ ਨੂੰ ਪਲੀਤ ਕਰ ਰਿਹਾ ਹੈ। ਸੋ, ਪਾਣੀ ਲਈ ਸਾਨੂੰ ਸੰਜਮ ਵਰਤਣੀ ਚਾਹੀਦੀ ਹੈ।

-ਇਕਬਾਲ ਪਾਲੀ
ਪਿੰਡ ਫਲੌਂਡ ਕਲਾਂ (ਮਾਲੇਰਕੋਟਲਾ), ਜ਼ਿਲ੍ਹਾ ਸੰਗਰੂਰ।

ਪਿੰਡਾਂ ਦੀ ਸਾਰ ਕੌਣ ਲਵੇ
ਭਾਰਤ ਦੀ 70 ਫ਼ੀਸਦੀ ਆਬਾਦੀ ਪਿੰਡਾਂ ਵਿਚ ਰਹਿੰਦੀ ਹੈ। ਹਰ ਰਾਜਨੀਤਕ ਪਾਰਟੀ ਦੀ ਸਰਕਾਰ ਸ਼ਹਿਰਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵੱਲ ਧਿਆਨ ਦਿੰਦੀ ਹੈ ਪਰ ਪਿੰਡਾਂ ਦੇ ਵਿਕਾਸ ਵੱਲ ਖਾਸ ਦਿਲਚਸਪੀ ਨਹੀਂ ਦਿਖਾਈ ਜਾਂਦੀ। ਬਹੁਤ ਸਾਰੇ ਪਿੰਡਾਂ ਵਿਚ ਗਲੀਆਂ-ਨਾਲੀਆਂ ਦਾ ਪ੍ਰਬੰਧ ਸਾਫ਼-ਸੁਥਰਾ ਨਹੀਂ। ਪਿੰਡਾਂ ਦੀਆਂ ਟੁੱਟੀਆਂ ਸੜਕਾਂ ਆਵਾਜਾਈ ਦੀ ਸਮੱਸਿਆ ਦਾ ਪ੍ਰਮੁੱਖ ਕਾਰਨ ਹਨ। ਸਰਕਾਰ ਦੁਆਰਾ ਭਾਵੇਂ ਪੰਚਾਇਤਾਂ ਨੂੰ ਕੁਝ ਹੱਦ ਤੱਕ ਗਰਾਂਟਾਂ ਵੀ ਦਿੱਤੀਆਂ ਜਾਂਦੀਆਂ ਹਨ ਪਰ ਪੰਚਾਇਤਾਂ ਕੇਵਲ ਆਪਣੇ ਚਹੇਤਿਆਂ ਤੇ ਵੋਟਰਾਂ ਦੇ ਕੰਮ ਕਰਨ ਤੱਕ ਸੀਮਤ ਰਹਿੰਦੀਆਂ ਹਨ। ਇਸ ਤੋਂ ਬਿਨਾਂ ਪਿੰਡਾਂ ਦੀਆਂ ਡਿਸਪੈਂਸਰੀਆਂ ਵਿਚ ਪਹਿਲਾਂ ਤਾਂ ਡਾਕਟਰ ਹੀ ਸਮੇਂ ਸਿਰ ਨਹੀਂ ਮਿਲਦੇ, ਜੇਕਰ ਮਿਲਦੇ ਹਨ ਤਾਂ ਸਰਕਾਰ ਦੁਆਰਾ ਭੇਜੀਆਂ ਮੁਫ਼ਤ ਦਵਾਈਆਂ ਲੋਕਾਂ ਨੂੰ ਨਹੀਂ ਦਿੰਦੇ। ਸਰਕਾਰ ਨੂੰ ਪਿੰਡਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਪੰਚਾਇਤਾਂ ਨੂੰ ਗਰਾਂਟਾਂ ਦੇਣ ਦੇ ਨਾਲ-ਨਾਲ ਪੰਚਾਇਤ ਦੇ ਕੰਮਾਂ ਦਾ ਨਿਰੀਖਣ ਜ਼ਰੂਰ ਕਰਨਾ ਚਾਹੀਦਾ ਹੈ। ਪਿੰਡਾਂ ਦੀਆਂ ਸੜਕਾਂ ਅਤੇ ਸਿਹਤ ਦੀਆਂ ਸਹੂਲਤਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

-ਨਵਤੇਜ ਸਿੰਘ ਮੱਲ੍ਹੀ
ਮੋ: 88721-58240

ਸ਼ਾਮਲਾਟ ਜ਼ਮੀਨਾਂ
ਪੰਜਾਬ ਭਰ ਦੇ ਪਿੰਡਾਂ ਵਿਚ ਸ਼ਾਮਲਾਟ ਜ਼ਮੀਨਾਂ ਉੱਪਰ ਕੀਤੇ ਕਬਜ਼ਿਆਂ ਨੂੰ ਛੁਡਵਾ ਕੇ ਪੰਚਾਇਤਾਂ ਨੂੰ ਵਾਪਸ ਕਰਾਉਣ ਲਈ ਪੰਜਾਬ ਸਰਕਾਰ ਦੁਆਰਾ ਬਣਾਈ ਗਈ ਤਿੰਨ-ਮੈਂਬਰੀ ਕਮੇਟੀ ਇਕ ਚੰਗਾ ਉਪਰਾਲਾ ਹੈ। ਪੰਜਾਬ ਦੇ ਪਿੰਡਾਂ ਵਿਚ ਬਹੁਤ ਸਾਰੀਆਂ ਬੇਸ਼ਕੀਮਤੀ ਅਜਿਹੀਆਂ ਸ਼ਾਮਲਾਟ ਜ਼ਮੀਨਾਂ ਹਨ, ਜਿਨ੍ਹਾਂ ਉੱਪਰ ਪਿੰਡ ਦੇ ਧਾਕੜ ਸਰਮਾਏਦਾਰਾਂ ਨੇ ਕਬਜ਼ੇ ਕੀਤੇ ਹੋਏ ਹਨ ਅਤੇ ਇਨ੍ਹਾਂ ਕਰੋੜਾਂ ਦੀਆਂ ਜ਼ਮੀਨਾਂ ਨੂੰ ਆਪਣੇ ਹਿਤਾਂ ਲਈ ਵਰਤ ਰਹੇ ਹਨ। ਇਨ੍ਹਾਂ ਸਰਮਾਏਦਾਰ ਲੋਕਾਂ ਦੀ ਧਾਕ ਏਨੀ ਹੈ ਕਿ ਪੰਚਾਇਤਾਂ ਵੀ ਮੂਕ ਦਰਸ਼ਕ ਬਣ ਕੇ ਦੇਖਦੀਆਂ ਰਹਿੰਦੀਆਂ ਹਨ ਅਤੇ ਕਾਰਵਾਈ ਲਈ ਹਿੰਮਤ ਨਹੀਂ ਰੱਖਦੀਆਂ। ਵੱਖ-ਵੱਖ ਮਸਲਿਆਂ ਤੇ ਕਮੇਟੀਆਂ ਗਠਨ ਹੁੰਦੀਆਂ ਰਹਿੰਦੀਆਂ ਹਨ ਪਰ ਉਨ੍ਹਾਂ ਦੀਆਂ ਰਿਪੋਰਟਾਂ 'ਤੇ ਗ਼ੌਰ ਘੱਟ ਹੀ ਕੀਤਾ ਜਾਂਦਾ ਹੈ। ਜੇਕਰ ਪਿੰਡਾਂ ਦਾ ਵਿਕਾਸ ਚਾਹੁੰਦੇ ਹਾਂ ਤਾਂ ਇਨ੍ਹਾਂ ਸ਼ਾਮਲਾਟ ਜ਼ਮੀਨਾਂ ਤੋਂ ਕਬਜ਼ੇ ਛੁਡਵਾ ਕੇ ਇਨ੍ਹਾਂ ਨੂੰ ਪੰਚਾਇਤਾਂ ਦੇ ਹਵਾਲੇ ਜਲਦੀ ਕੀਤਾ ਜਾਵੇ।

-ਚੰਨਦੀਪ ਸਿੰਘ 'ਬੁਤਾਲਾ'
ਅੰਮ੍ਰਿਤਸਰ।

3-12-2013

 ਸੰਗੀਤਕ ਫਿਜ਼ਾ
ਮੇਰੇ ਰੰਗਲੇ ਪੰਜਾਬ ਦੀ ਸੰਗੀਤਕ ਫਿਜ਼ਾ ਬਹੁਤ ਹੀ ਗੰਧਲੀ ਹੋ ਗਈ ਹੈ। ਇਸ ਨੂੰ ਗੰਧਲੀ ਕਰਨ ਲਈ ਕੋਈ ਹੋਰ ਨਹੀਂ ਹੈ, ਇਸ ਵਿਚ ਵਿਚਰ ਰਹੇ ਲੋਕ ਹੀ ਹਨ। ਜਿਥੇ ਨਵੇਂ ਗਾਇਕ ਜਲਦੀ ਹੀ ਹਿੱਟ ਹੋਣ ਲਈ ਲੱਚਰਤਾ ਤੇ ਨੰਗੇਜ਼ਵਾਦ ਦਿਖਾ ਰਹੇ ਹਨ, ਉਥੇ ਕਈ ਪੁਰਾਣੇ ਗਾਇਕ ਵੀ ਪਿੱਛੇ ਨਹੀਂ ਰਹੇ। ਕਹਿਣ ਨੂੰ ਤਾਂ ਸਭ ਕਹਿ ਰਹੇ ਹਨ ਕਿ ਅਸੀਂ ਪੰਜਾਬੀ ਦਾ ਸੱਭਿਆਚਾਰਕ ਸੰਗੀਤ ਪੇਸ਼ ਕਰ ਰਹੇ ਹਾਂ ਪਰ ਜੋ ਅੱਜ ਸੰਗੀਤ ਅੰਦਰ ਆ ਰਿਹਾ ਹੈ, ਉਸ ਦਾ ਸਾਡੇ ਪੰਜਾਬੀ ਸੱਭਿਆਚਾਰ ਨਾਲ ਦੂਰ ਦਾ ਵੀ ਰਿਸ਼ਤਾ ਨਹੀਂ ਹੈ। ਨੰਗੇ-ਧੜੰਗੇ ਮੁੰਡਿਆਂ ਕੁੜੀਆਂ ਨੂੰ ਹੀ ਨਚਾਉਣਾ ਸਾਡਾ ਸੱਭਿਆਚਾਰ ਨਹੀਂ ਹੈ। ਸਮਝ ਨਹੀਂ ਆ ਰਿਹਾ, ਜਿਹੜਾ ਪੰਜਾਬ ਅੱਜ ਦੇ ਸੰਗੀਤ 'ਚ ਦਿਖਾਇਆ ਜਾ ਰਿਹਾ ਹੈ, ਉਹ ਹੈ ਕਿੱਥੇ? ਕੁੜੀਆਂ, ਸ਼ਰਾਬ, ਗੋਲੀਆਂ, ਬੰਦੂਕਾਂ, ਰਿਵਾਲਵਰ, ਟਕੂਏ-ਗੰਡਾਸੀਆਂ ਵਾਲੇ ਗਾਇਕਾਂ ਨੂੰ ਸ਼ਾਇਦ ਸਾਡੇ ਪੰਜਾਬ ਦੀ ਅਮੀਰ ਵਿਰਾਸਤ ਦਾ ਪਤਾ ਹੀ ਨਹੀਂ ਹੈ ਤਾਂ ਹੀ ਅਤਿ ਘਟੀਆਂ ਗੀਤ ਆ ਰਹੇ ਹਨ। ਉਪਰੋਂ ਰਹਿੰਦੀ ਕਸਰ ਅੱਜ ਪੰਜਾਬੀ ਫ਼ਿਲਮਾਂ ਵਾਲੇ ਕੱਢ ਰਹੇ ਹਨ। ਸੰਗੀਤ ਦੇ ਅਖੌਤੀ ਵਾਰਸੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਝ ਚੰਗਾ ਛੱਡ ਦੇਵੋ।

-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿਆਣਾ)।

ਸਨਮਾਨ ਅਤੇ ਸਿਆਸਤ
ਉਂਜ ਤਾਂ ਸਿਆਸਤ ਹਰ ਖੇਤਰ ਵਿਚ ਪੈਰ ਪਸਾਰ ਚੁੱਕੀ ਹੈ ਪਰ ਇਨਾਮਾਂ-ਸਨਮਾਨਾਂ ਦੇ ਸਬੰਧ ਵਿਚ ਵੀ ਇਹ ਪ੍ਰਤੱਖ ਦਿਖਾਈ ਦੇਣ ਲੱਗੀ ਹੈ। ਸਾਹਿਤ ਕਲਾ ਵਿਚ ਮੱਲਾਂ ਮਾਰਨ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਜਦੋਂ ਤਾਂ ਹੱਕਦਾਰ ਨੂੰ ਨਿਵਾਜਿਆ ਜਾਵੇ ਤਾਂ ਲੋਕਾਂ ਨੂੰ ਖੁਸ਼ੀ ਹੁੰਦੀ ਹੈ ਪਰ ਜਦੋਂ ਯੋਗ ਵਿਅਕਤੀ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਤਾਂ ਲੋਕ ਨਿਰਾਸ਼ ਹੁੰਦੇ ਹਨ ਤੇ ਸਨਮਾਨ ਦੀ ਅਹਿਮੀਅਤ ਮੱਧਮ ਪੈ ਜਾਂਦੀ ਹੈ। ਉਦਾਹਰਨ ਵਜੋਂ ਹਾਕੀ ਦੇ ਜਾਦੂਗਰ ਧਿਆਨ ਚੰਦ ਦੀ ਥਾਂ ਤੇਂਦੁਲਕਰ ਨੂੰ ਭਾਰਤ ਰਤਨ ਪ੍ਰਦਾਨ ਕਰਨਾ ਇਸੇ ਤਰ੍ਹਾਂ ਦੀ ਘਟਨਾ ਹੈ। ਤੇਂਦੁਲਕਰ ਨੂੰ ਸਨਮਾਨਣ ਦਾ ਕਿਸੇ ਨੂੰ ਇਤਰਾਜ਼ ਨਹੀਂ ਪਰ ਧਿਆਨ ਚੰਦ ਨੂੰ ਅਣਗੌਲੇ ਕਰਨਾ ਕਿਸੇ ਤਰ੍ਹਾਂ ਵੀ ਵਾਜਿਬ ਨਹੀਂ। ਸਬੰਧਤ ਵਿਭਾਗ ਵੱਲੋਂ ਧਿਆਨ ਚੰਦ ਦੇ ਨਾਂਅ ਦੀ ਸਿਫ਼ਾਰਸ਼ ਕੀਤੀ ਗਈ ਸੀ। ਸਪੱਸ਼ਟ ਹੈ ਕਿ ਸਿਆਸਤ ਆਪਣਾ ਕੰਮ ਕਰ ਗਈ, ਜਿਸ ਦੀ ਚਰਚਾ ਹੋਣੀ ਸੁਭਾਵਿਕ ਸੀ।

-ਨਵਰਾਹੀ ਘੁਗਿਆਣਵੀ
ਨਹਿਰ ਨਜ਼ਾਰਾ, ਫ਼ਰੀਦਕੋਟ।

ਗੱਲ ਸਰਕਾਰੀ ਸਕੂਲਾਂ ਦੀ
ਪਿਛਲੇ ਦਿਨੀਂ ਰੋਜ਼ਾਨਾ 'ਅਜੀਤ' ਵਿਚ ਪ੍ਰੋ: ਨੌਸ਼ਹਿਰਵੀ ਦਾ ਲਿਖਿਆ ਲੇਖ 'ਸਰਕਾਰੀ ਸਕੂਲਾਂ ਉਤੇ ਭਰੋਸਾ ਕਿਉਂ ਨਹੀਂ?' ਮੈਂ ਪ੍ਰੋ: ਸਾਹਿਬ ਦੀ ਇਸ ਰਚਨਾ ਨੂੰ ਪੜ੍ਹ ਕੇ ਬਹੁਤ ਪ੍ਰਭਾਵਿਤ ਹੋਇਆ ਹਾਂ। ਨਿਰਸੰਦੇਹ ਪ੍ਰੋਫੈਸਰ ਵਧਾਈ ਦੇ ਪਾਤਰ ਹਨ, ਕਿਉਂਕਿ ਪੰਜਾਬ ਦੀ ਸਹੀ ਤਸਵੀਰ ਪੇਸ਼ ਕੀਤੀ ਹੈ। ਹਰ ਪਾਸੇ ਹਫੜਾ-ਤਫੜੀ ਮਚੀ ਹੋਈ ਹੈ। ਕਿਵੇਂ ਪੰਜਾਬ ਸਰਕਾਰ ਨੇ ਖਜ਼ਾਨੇ ਨੂੰ ਤੰਗਲੀ ਲਾ ਕੇ ਵੱਖ-ਵੱਖ ਵਰਗਾਂ, ਮੁਲਾਜ਼ਮ ਜਥੇਬੰਦੀਆਂ ਨੂੰ ਆਪਣੇ ਹੱਕਾਂ ਦੀ ਪੂਰਤੀ ਲਈ ਸੰਘਰਸ਼ ਵਿੱਢਣ ਵਾਸਤੇ ਮਜਬੂਰ ਕੀਤਾ ਹੋਇਆ ਹੈ। ਬਹੁਤ ਹੀ ਨਿੰਦਣਯੋਗ ਹੈ ਸਰਕਾਰ ਦਾ ਇਹ ਵਰਤਾਰਾ। ਸਰਕਾਰ ਪੰਜਾਬ ਦੇ ਸਾਰੇ ਵਰਗਾਂ ਨੂੰ ਬਰਾਬਰ ਦੀ ਦ੍ਰਿਸ਼ਟੀ ਨਾਲ ਵਿਚਾਰੇ। ਲੱਖਾਂ ਹੀ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਰਾਹਤ ਪ੍ਰਦਾਨ ਕਰਕੇ ਆਦਰਸ਼ ਜੀਵਨ ਜਿਊਣ ਦੀ ਸੇਧ ਦੇਣੀ ਚਾਹੀਦੀ ਹੈ।

-ਹਰਬੰਸ ਸਿੰਘ
(ਰਿਟਾ: ਪ੍ਰਿੰਸੀਪਲ)
# ਐਚ. ਐਲ. 93, ਫੇਸ-2, ਸੈਕਟਰ 54, ਐਸ.ਏ.ਐਸ. ਨਗਰ।

29-11-13

 ਨਸ਼ਿਆਂ ਦੀ ਭਿਆਨਕਤਾ

ਪੰਜਾਬ ਦੀ ਜਵਾਨੀ ਉੱਪਰ ਵੱਖ-ਵੱਖ ਨਸ਼ਿਆਂ ਦਾ ਮਾਰੂ ਹਮਲਾ ਅਕਸਰ ਹੀ ਚਰਚਾ ਦਾ ਵਿਸ਼ਾ ਬਣਦਾ ਰਿਹਾ ਹੈ। ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਹਰਦਿਆਲ ਸਿੰਘ ਮਾਨ ਨੇ ਕਈ ਵੱਡੇ ਤਸਕਰ ਕਾਬੂ ਕਰਕੇ ਪ੍ਰਸੰਸਾ ਖੱਟੀ ਹੈ। ਇਵੇਂ ਜ਼ਿਲ੍ਹਾ ਮੋਗਾ ਦੇ ਪੁਲਿਸ ਮੁਖੀ ਕਮਲਜੀਤ ਸਿੰਘ ਢਿੱਲੋਂ ਦੀ ਮਿਹਨਤ ਵੀ ਰੰਗ ਲਿਆ ਰਹੀ ਹੈ। ਸਰਕਾਰ ਅਤੇ ਲੋਕਾਂ ਨੂੰ ਚਾਹੀਦਾ ਹੈ ਕਿ ਅਜਿਹੇ ਇਮਾਨਦਾਰ ਅਧਿਕਾਰੀ ਹੋਰ ਵੀ ਦ੍ਰਿੜ੍ਹਤਾ ਅਤੇ ਸੁਹਿਰਦਤਾ ਨਾਲ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਬੇਹੱਦ ਮਾਰੂ ਹਮਲੇ ਤੋਂ ਬਚਾਉਣ ਲਈ ਆਪਣੀ ਡਿਊਟੀ ਦਾ ਧਰਮ ਨਿਭਾਉਂਦੇ ਰਹਿਣ।

-ਭੁਪਿੰਦਰ ਸਿੰਘ ਢਿੱਲੋਂ
ਦੀਪਗੜ੍ਹ (ਬਰਨਾਲਾ)।

28-11-2013

 'ਸੌ ਕੋਹ ਦਰਿਆ...'
ਸੰਘ ਪਰਿਵਾਰ ਦੇ ਵਿਵਾਦਗ੍ਰਸਤ ਆਗੂ ਨਰਿੰਦਰ ਮੋਦੀ ਦੇ ਭਾਸ਼ਣ ਅੱਜਕਲ੍ਹ ਨਿੱਜੀ ਖ਼ਬਰ ਟੀ.ਵੀ. ਚੈਨਲਾਂ ਵੱਲੋਂ ਟੀ.ਵੀ. ਸੀਰੀਅਲਾਂ ਵਾਂਗ ਲਾਈਵ ਟੈਲੀਕਾਸਟ ਕੀਤੇ ਜਾ ਰਹੇ ਹਨ। ਪ੍ਰਾਈਮ ਟਾਈਮ ਦੇ ਪ੍ਰੋਗਰਾਮਾਂ 'ਚ ਇਨ੍ਹਾਂ ਦੀਆਂ ਝਲਕੀਆਂ ਅਰਥਾਤ ਭਾਸ਼ਣ ਵਿਚ ਉਭਾਰੇ ਮੁੱਖ ਨੁਕਤੇ ਪੇਸ਼ ਕੀਤੇ ਜਾਂਦੇ ਹਨ ਅਤੇ 'ਕੈਮਰੇ ਦੇ ਕਮਾਲ' ਨਾਲ ਇਕੱਤਰ ਭੀੜ ਦੇ ਪ੍ਰਭਾਵਸ਼ਾਲੀ ਦ੍ਰਿਸ਼ ਦਿਖਾਏ ਜਾਂਦੇ ਹਨ। ਸਮੁੱਚਾ ਕਾਰਪੋਰੇਟ ਮੀਡੀਆ ਬੇਹੱਦ ਦਿਲਚਸਪੀ ਲੈ ਕੇ ਜਿਸ ਢੰਗ ਨਾਲ ਨਰਿੰਦਰ ਮੋਦੀ ਨੂੰ ਪੇਸ਼ ਕਰ ਰਿਹਾ ਹੈ, ਉਸ ਬਾਰੇ ਕਈ ਸਵਾਲ ਖੜ੍ਹੇ ਹੁੰਦੇ ਹਨ। ਪ੍ਰਮੁੱਖ ਸਵਾਲ ਇਹ ਪੈਦਾ ਹੁੰਦਾ ਹੈ ਕਿ ਭਾਰਤ ਵਿਚ ਕਿਸ ਤਰਜ਼ ਦਾ ਲੋਕਤੰਤਰ ਹੈ? ਭਾਰਤ ਵਿਚ ਲੋਕਤੰਤਰੀ ਸੰਸਦੀ ਪ੍ਰਣਾਲੀ ਕਾਇਮ ਹੈ ਪਰ ਮੋਦੀ ਦੀ ਮੁਹਿੰਮ ਵੱਲੋਂ ਇਸ ਤਰ੍ਹਾਂ ਲਾਮਬੰਦੀ ਕੀਤੀ ਜਾ ਰਹੀ ਹੈ ਜਿਵੇਂ ਆਗਾਮੀ ਚੋਣ ਪ੍ਰਧਾਨਗੀ ਤਰਜ਼ ਦੀ ਸਰਕਾਰ ਲਈ ਹੋਣ ਜਾ ਰਹੀ ਹੋਵੇ। ਪੰਜਾਬੀ ਵਿਚ ਇਕ ਅਖਾਣ ਹੈ 'ਕਣਕ ਖੇਤ, ਕੁੜੀ ਪੇਟ, ਆ ਜਵਾਈਆ ਮੰਡੇ ਖਾਹ'। ਪ੍ਰਧਾਨ ਮੰਤਰੀ ਲਈ ਨਾਮਜ਼ਦਗੀ ਸਾਹਮਣੇ ਆਉਣ ਤੱਕ ਸੰਸਦੀ ਰਾਜਸੀ ਪ੍ਰਣਾਲੀ ਵਿਚ ਇਕ ਪੂਰੀ ਪ੍ਰਕਿਰਿਆ ਦੀ ਵਿਵਸਥਾ ਹੈ। ਮੌਜੂਦਾ ਰਾਜਸੀ ਪ੍ਰਸਥਿਤੀਆਂ ਨੇ ਤਾਂ ਇਸ ਨਾਮਜ਼ਦਗੀ ਤੱਕ ਪਹੁੰਚਣ ਦਾ ਰਾਹ ਹੋਰ ਵੀ ਔਖਾ ਕਰ ਦਿੱਤਾ ਹੈ ਕਿਉਂਕਿ ਦਹਾਕਿਆਂ ਤੋਂ ਸਰਕਾਰ ਬਣਾਉਣ ਲਈ ਕਿਸੇ ਵੀ ਇਕੱਲੀ ਪਾਰਟੀ ਨੂੰ ਸਪੱਸ਼ਟ ਬਹੁਮਤ ਹਾਸਲ ਨਹੀਂ ਹੋ ਰਿਹਾ। ਅੰਤ ਵਿਚ ਕਿਹਾ ਜਾ ਸਕਦਾ ਹੈ ਕਿ ਭਾਜਪਾ ਸੱਭਿਆਚਾਰ 'ਚ ਮੱਚੀ ਇਹ ਭਗਦੜ ਇਕ ਆਪਹੁਦਰਾ ਜਿਹਾ ਗ਼ੈਰ-ਲੋਕਤੰਤਰਕ ਕਦਮ ਪ੍ਰਤੀਤ ਹੁੰਦਾ ਹੈ। ਸੰਘ ਪਰਿਵਾਰ ਦੀ ਇਸ ਕਾਹਲ ਸਬੰਧੀ ਵੀ ਸਾਡੇ ਵੱਡੇ-ਵਡੇਰਿਆਂ ਦਾ ਇਹ ਅਖਾਣ ਬੜਾ ਢੁਕਵਾਂ ਹੈ ਕਿ 'ਸੌ ਕੋਹ ਦਰਿਆ ਤੇ ਤੰਬਾ ਮੋਢੇ 'ਤੇ'।

-ਪ੍ਰਿੰ: ਗੁਰਬਚਨ ਸਿੰਘ ਲਾਲੀ
ਲੇਖਕ ਮੰਚ, ਪੱਟੀ।

ਕੀ ਨਕਲ ਰੁਕੇਗੀ?
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਪਲੀਮੈਂਟਰੀ ਪ੍ਰੀਖਿਆਵਾਂ ਲਈਆਂ ਗਈਆਂ। ਪ੍ਰੀਖਿਆਰਥੀ ਕਹਿੰਦੇ ਸੁਣੇ ਗਏ ਕਿ ਉਹ ਪਾਸ ਹੋ ਜਾਣਗੇ, ਬਹੁਤ ਨਕਲ ਹੋਈ ਹੈ। ਇਕ ਪਰਚੀ ਦੁਆਲੇ ਤਿੰਨ-ਚਾਰ ਬੱਚਿਆਂ ਨੂੰ ਬਿਠਾ ਕੇ ਨਕਲ ਹੁੰਦੀ ਸੁਣੀ ਗਈ। ਇਸ ਤਰ੍ਹਾਂ ਦਾ ਵਰਤਾਰਾ ਮਾਰਚ ਪ੍ਰੀਖਿਆਵਾਂ ਵਿਚ ਵੀ ਹੋਇਆ ਸੀ। ਬੋਰਡ ਵੱਲੋਂ ਨਕਲ ਨੂੰ ਰੋਕਣ ਦੇ ਦਾਅਵੇ ਕੀਤੇ ਗਏ। ਕਿਉਂਕਿ ਪ੍ਰੀਖਿਆ ਕੇਂਦਰਾਂ ਦੁਆਲੇ ਭੀੜ ਗਾਇਬ ਸੀ। ਲੋਕਾਂ ਨੂੰ ਕਿਹਾ ਗਿਆ ਤੁਸੀਂ ਜਾਓ ਤੁਹਾਡੇ ਬੱਚੇ ਪਾਸ ਹੋ ਜਾਣਗੇ। ਪਰਚੀ ਦੀ ਨਕਲ ਘਟ ਗਈ। ਗੋਲ ਧਾਰੇ ਬਣਦੇ ਰਹੇ। ਨਕਲ ਹੁੰਦੀ ਰਹੀ। ਚੈਕਿੰਗ ਸਟਾਫ ਵੀ ਚੁੱਪ ਰਿਹਾ। ਖਾਸ ਤੌਰ 'ਤੇ ਨਿੱਜੀ ਸਕੂਲਾਂ ਦੇ ਕੇਂਦਰਾਂ ਵਿਚ ਤਾਂ ਨਕਲ ਪਹਿਲਾਂ ਵਾਂਗ ਹੀ ਵੱਜੀ। ਨਕਲ ਰੋਕਣ ਲਈ ਸਿੱਖਿਆ ਬੋਰਡ ਦੇ ਧਿਆਨਯੋਗ ਕੁਝ ਚੰਦ ਸੁਝਾਅ ਹਨ। ਨਿੱਜੀ ਸਕੂਲਾਂ 'ਚ ਪ੍ਰੀਖਿਆ ਕੇਂਦਰ ਬੰਦ ਕਰ ਦਿੱਤੇ ਜਾਣ। ਚੋਣਵੇਂ ਸਰਕਾਰੀ ਸਕੂਲਾਂ 'ਚ ਕੇਂਦਰ ਬਣਾ ਕੇ ਪ੍ਰੀਖਿਆ ਦੋ ਸ਼ਿਫਟਾਂ 'ਚ ਕਰ ਲਈ ਜਾਵੇ। ਸੀ. ਸੀ. ਟੀ. ਵੀ. ਕੈਮਰਿਆਂ ਦਾ ਪ੍ਰਬੰਧ ਅਵੱਸ਼ ਕੀਤਾ ਜਾਵੇ।

-ਮੋਹਨ ਸਿੰਘ, ਬਟਾਲਾ।

ਘਟੀਆ ਫ਼ਿਲਮਾਂ
ਅੱਜਕਲ੍ਹ ਫ਼ਿਲਮਾਂ ਅਤੇ ਗੀਤਾਂ ਵਿਚ ਵੱਧ ਪੈਸਾ ਕਮਾਉਣ ਲਈ ਜੋ ਲੱਚਰਤਾ ਪਰੋਸੀ ਜਾ ਰਹੀ ਹੈ, ਉਸ ਦਾ ਪ੍ਰਭਾਵ ਸਮਾਜਿਕ ਰਿਸ਼ਤਿਆਂ 'ਤੇ ਬਹੁਤ ਮਾੜਾ ਪੈ ਰਿਹਾ ਹੈ। ਇਨ੍ਹਾਂ ਫ਼ਿਲਮਾਂ ਅਤੇ ਗੀਤਾਂ ਵਿਚ ਏਨਾ ਜ਼ਿਆਦਾ ਨੰਗੇਜ਼ਪੁਣਾ ਵਧ ਗਿਆ ਹੈ ਕਿ ਇਨ੍ਹਾਂ ਫ਼ਿਲਮਾਂ ਨੂੰ ਸਾਰਾ ਪਰਿਵਾਰ ਇਕੱਠੇ ਬਹਿ ਕੇ ਵੇਖ ਨਹੀਂ ਸਕਦਾ। ਹੁਨਰ ਦੀ ਥਾਂ ਜਿਸਮ ਦੀ ਨੁਮਾਇਸ਼ ਕੀਤੀ ਜਾਂਦੀ ਹੈ ਜੋ ਸਮਾਜ ਵਿਚ ਵਧ ਰਹੇ ਸਰੀਰਕ ਸ਼ੋਸ਼ਣ ਵਰਗੇ ਅਪਰਾਧਾਂ ਦਾ ਇਕ ਵੱਡਾ ਕਾਰਨ ਹੈ। ਇਨ੍ਹਾਂ ਫ਼ਿਲਮਾਂ ਬਣਾਉਣ ਵਾਲਿਆਂ ਅੱਗੇ ਇਹੀ ਬੇਨਤੀ ਹੈ ਕਿ ਸਮਾਜ ਨੂੰ ਬਚਾਉਣ ਲਈ ਕਿਰਪਾ ਕਰਕੇ ਇਹ ਲੱਚਰਤਾ ਪਰੋਸਣੀ ਬੰਦ ਕਰੋ।

-ਮੀਤਕ ਸ਼ਰਮਾ ਬਰਾਰੀ 'ਮੀਤ'
ਪਿੰਡ ਬਰਾਰੀ, ਡਾਕ: ਪ੍ਰਤਾਪ ਨਗਰ, ਤਹਿ: ਨੰਗਲ, ਰੋਪੜ।

27-11-2013

 ਈਰਖਾ
ਅੱਜ ਦਾ ਬੰਦਾ ਦੂਜੇ ਦੀ ਤਰੱਕੀ ਵੇਖ ਕੇ ਸੜਦਾ ਹੈ। ਪਤਾ ਨਹੀਂ ਕਿਉਂ? ਬੇਸ਼ੱਕ ਆਪਣਾ ਘਰ ਪੈਸੇ, ਤਰੱਕੀ ਤੇ ਖੁਸ਼ਹਾਲੀ ਨਾਲ ਭਰਿਆ ਪਿਆ ਹੋਵੇ ਪਰ ਫਿਰ ਵੀ ਅੱਜ ਬਹੁਤਿਆਂ ਤੋਂ ਦੂਜੇ ਦੀ ਤਰੱਕੀ ਦੇਖੀ ਨਹੀਂ ਜਾਂਦੀ। ਪਰ ਕਿਸੇ ਦੀ ਤਰੱਕੀ ਵੇਖ ਸਕਣਾ ਇਕ ਬਿਮਾਰੀ ਸਮਾਨ ਹੈ। ਸਾਨੂੰ ਉਸ ਪਰਮਾਤਮਾ ਤੋਂ ਮੰਗਣਾ ਚਾਹੀਦਾ ਹੈ। ਤੇ ਉਸੇ ਤੋਂ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਹੈ। ਦੂਜੇ ਦਾ ਬੁਰਾ ਕਰਨ ਲਈ ਕਈ ਸਿਆਣਿਆਂ ਦੇ ਚੱਕਰਾਂ ਵਿਚ ਪੈ ਜਾਂਦੇ ਹਨ। ਪਰ ਜੋ ਕਿਸੇ ਦਾ ਬੁਰਾ ਕਰਦਾ ਹੈ, ਉਸ ਨੂੰ ਆਪ ਪਰਮਾਤਮਾ ਵੇਖਦਾ ਹੈ। ਮਨੁੱਖ ਦਾ ਜਨਮ ਚੰਗੇ ਕੰਮ ਕਰਨ ਲਈ ਹੈ। ਫਿਰ ਅਸੀਂ ਕਿਉਂ ਆਪਣਿਆਂ ਦਾ ਬੁਰਾ ਸੋਚਦੇ ਤੇ ਕਰਦੇ ਹਾਂ। ਸਾਰੇ ਧਾਰਮਿਕ ਗ੍ਰੰਥ ਵੀ ਚੰਗੇ ਕੰਮ ਕਰਨ, ਦੂਜੇ ਦਾ ਬੁਰਾ ਨਾ ਕਰਨ, ਸੱਚੀ ਕਿਰਤ ਕਰਨ ਦਾ ਸੁਨੇਹਾ ਦਿੰਦੇ ਹਨ। ਪਰ ਸਾਨੂੰ ਸੋਚਣਾ ਪਵੇਗਾ ਕਿ ਅਸੀਂ ਕਿੰਨੇ ਕੁ ਇਮਾਨਦਾਰ ਤੇ ਚੰਗੇ ਕਿਰਦਾਰ ਵਾਲੇ ਹਾਂ। ਆਓ, ਚੰਗੇ ਕੰਮ ਕਰੀਏ, ਕਿਸੇ ਦਾ ਦਿਲ ਨਾ ਦੁਖਾਈਏ। ਈਰਖਾ ਨੂੰ ਖ਼ਤਮ ਕਰੀਏ ਤਾਂ ਸਾਡਾ ਸਭ ਕੁਝ ਠੀਕ ਹੋ ਜਾਏਗਾ। ਚੰਗਾ ਬੋਲੀਏ, ਚੰਗਾ ਸੋਚੀਏ, ਚੰਗੇ ਕੰਮ ਕਰੀਏ।

-ਜਸਦੀਪ ਸਿੰਘ ਖੰਨਾ
ਮੋ: 94630-57786.

ਪਸ਼ੂ ਧਨ ਸੰਭਾਲੀਏ
ਪੰਜਾਬ ਵਿਚ ਪਸ਼ੂ ਧਨ ਦੀ ਬਹੁਤ ਬਰਬਾਦੀ ਹੋ ਰਹੀ ਹੈ, ਖਾਸ ਕਰ ਅਵਾਰਾ ਗਾਂਵਾਂ ਵੇਖ ਸਭ ਦੇ ਮਨ 'ਚ ਇਹ ਗੱਲ ਉੱਠਦੀ ਹੈ ਕਿ ਸਾਡਾ ਵਿਰਸਾ ਕਿਧਰ ਨੂੰ ਜਾ ਰਿਹਾ ਹੈ, ਜਿਸ ਨੂੰ ਮਾਤਾ ਕਹਿ ਕੇ ਪੂਜਾ ਦਾ ਸਥਾਨ ਦਿੱਤਾ ਹੈ, ਉਹੀ ਬੇਸਹਾਰੀ ਸੜਕਾਂ, ਗਲੀਆਂ 'ਚ ਗੰਦ ਮੰਦ ਖਾ ਰਹੀ ਹੈ। ਇਸ ਦੀ ਦੁਰਦਸ਼ਾ ਬਾਰੇ ਇਸ ਵਾਰ ਦੇ ਵਿਧਾਨ ਸਭਾ ਦੇ ਸੈਸ਼ਨ ਵਿਚ ਮੁੱਦਾ ਵੀ ਉਠਿਆ ਸੀ ਤੇ ਮਾਣਯੋਗ ਵਿਧਾਇਕ ਜਥੇਦਾਰ ਤੋਤਾ ਸਿੰਘ ਨੇ ਸੁਝਾਅ ਦਿੱਤਾ ਸੀ ਕਿ ਹਰ ਉਹ ਜਿਸ ਕੋਲ ਜਗ੍ਹਾ ਹੈ, ਧਨਵਾਨ ਹੈ ਅਤੇ ਸਮਰਥਾ ਹੈ, ਉਹ ਇਕ ਗਾਂ ਦਾ ਪਾਲਣ ਪੋਸ਼ਣ ਜ਼ਰੂਰ ਕਰੇ ਜਾਂ ਫਿਰ ਸਾਂਝੀਆਂ ਥਾਵਾਂ 'ਤੇ ਹੋਰ ਵੀ ਗਾਊਸ਼ਾਲਾ ਖੋਲ੍ਹੀਆਂ ਜਾਣ। ਇਹ ਸੁਝਾਅ ਬਿਲਕੁਲ ਠੀਕ ਹੈ ਕਿਉਂਕਿ ਇਹ ਪਸ਼ੂ ਧਨ ਸਾਡਾ ਵਿਰਸਾ ਹੈ। ਇਨ੍ਹਾਂ ਦੇ ਸਹਾਰੇ ਹੀ ਅਜੋਕਾ ਮਨੁੱਖ ਆਧੁਨਿਕ ਯੁੱਗ ਵਿਚ ਪ੍ਰਵੇਸ਼ ਕਰ ਸਕਿਆ ਹੈ। ਕੀ ਹੋਇਆ ਜੇ ਹੁਣ ਉਪਯੋਗਤਾ ਖ਼ਤਮ ਹੋ ਗਈ ਹੈ। ਫਿਰ ਵੀ ਇਹ ਗਾਂਵਾਂ ਗੁਣਕਾਰੀ ਦੁੱਧ ਦੇਣ ਦੇ ਤਾਂ ਅਜੇ ਵੀ ਯੋਗ ਹਨ। ਖੇਤੀਬਾੜੀ 'ਚ ਵੀ ਕੰਮ ਦੇ ਸਕਦੀ ਹੈ। ਗੋਬਰ ਗੈਸ ਪਲਾਂਟ ਲਾਏ ਜਾ ਸਕਦੇ ਹਨ ਪਰ ਇਹ ਕੰਮ ਗੰਭੀਰਤਾ ਦੀ ਮੰਗ ਕਰਦਾ ਹੈ। ਜ਼ਰੂਰ ਸਰਕਾਰ ਵਿਚਾਰ ਕਰੇ।

-ਵਿਵੇਕ
ਪਿੰਡ ਤੇ ਡਾਕ: ਕੋਟ ਈਸੇ ਖਾਂ, ਮੋਗਾ।

ਭਾਰਤ ਦੇ ਰਤਨ
ਭਾਰਤ ਦੇ ਦੋ ਰਤਨਾਂ ਨੂੰ ਭਾਰਤ ਰਤਨ ਮਿਲਣ 'ਤੇ ਹਾਰਦਿਕ ਵਧਾਈ। ਇਕ ਹੈ ਖੇਡ ਰਤਨ ਤੇ ਦੂਜਾ ਵਿਗਿਆਨ ਰਤਨ। ਇਕ ਨੇ ਖੇਡ ਰਾਹੀਂ ਕਰੋੜਾਂ ਦੇਸ਼ ਵਾਸੀਆਂ ਦੇ ਦਿਲਾਂ ਨੂੰ ਮਨੋਰੰਜਨ ਅਤੇ ਮਾਣ ਭਰੀ ਖੁਸ਼ੀ ਦਿੱਤੀ ਤੇ ਦੂਜੇ ਨੇ ਉਨ੍ਹਾਂ ਹੀ ਦੇਸ਼ ਵਾਸੀਆਂ ਦੇ ਭਵਿੱਖ ਨੂੰ ਸੁਨਹਿਰਾ ਕਰਨ ਲਈ ਵਿਗਿਆਨਕ ਸਫਲਤਾਵਾਂ ਦੇ ਬੂਹੇ ਖੋਲ੍ਹੇ। ਇਹ ਦੋਵੇਂ ਸ਼ਖ਼ਸੀਅਤਾਂ ਸਾਡੀ ਦ੍ਰਿੜ੍ਹਤਾ, ਵਿਸ਼ਵਾਸ, ਕਾਮਯਾਬੀ, ਖੁਸ਼ੀ, ਸੰਕਲਪ, ਮਿਹਨਤ ਅਤੇ ਅਗਾਂਹਵਧੂ ਸੋਚ ਦੀਆਂ ਪ੍ਰਤੀਕ ਹਨ। ਇਕ ਨੌਜਵਾਨ ਪੀੜ੍ਹੀ ਦੀ ਪ੍ਰਤੀਨਿਧਤਾ ਕਰਦਾ ਹੈ ਅਤੇ ਦੂਜਾ ਲੰਮੇ ਤਜਰਬੇ ਨਾਲ ਕਾਮਯਾਬੀ ਦੀਆਂ ਨਵੀਆਂ ਮੰਜ਼ਿਲਾਂ ਸਰ ਕਰਦਾ ਹੈ। ਦੋਵਾਂ ਸਨਮਾਨਿਤ ਸ਼ਖ਼ਸੀਅਤਾਂ ਨੂੰ ਢੇਰਾਂ ਸ਼ੁੱਭ ਇੱਛਾਵਾਂ। ਕ੍ਰਿਕਟ ਦੇ ਖੇਤਰ 'ਚ ਜੋ ਮਾਣ ਸਚਿਨ ਤੇਂਦੁਲਕਰ ਨੇ ਅਤੇ ਵਿਗਿਆਨ ਦੇ ਖੇਤਰ ਵਿਚ ਜੋ ਸਨਮਾਨ ਵਿਗਿਆਨੀ ਸੀ.ਐਨ.ਆਰ. ਰਾਓ ਨੇ ਦੇਸ਼ ਨੂੰ ਦਿਵਾਇਆ ਹੈ, ਉਸ ਲਈ ਦੇਸ਼ਵਾਸੀ ਸਦਾ ਇਨ੍ਹਾਂ ਦੇ ਰਿਣੀ ਰਹਿਣਗੇ।

-ਮਾਸਟਰ ਰਾਕੇਸ਼ ਸ਼ਰਮਾ
ਫਤਹਿਗੜ੍ਹ ਚੂੜੀਆਂ।

ਜ਼ਮੀਨਾਂ ਦੇ ਵਧਦੇ ਠੇਕੇ
ਇਸ ਵਾਰ ਕਿਸਾਨਾਂ ਨੂੰ ਮਿਲੇ ਬਾਸਮਤੀ ਦੇ ਲਾਹੇਵੰਦ ਭਾਅ ਕਾਰਨ ਪੰਜਾਬ ਵਿਚ ਜ਼ਮੀਨਾਂ ਠੇਕੇ 'ਤੇ ਦੇਣ ਵਾਲੇ ਕਿਸਾਨ ਪ੍ਰਤੀ ਕਿੱਲਾ 40,000 ਤੋਂ 45,000 ਰੁਪਏ ਦੀ ਮੰਗ ਕਰ ਰਹੇ ਹਨ ਜਦੋਂ ਕਿ ਇਸ ਬਾਸਮਤੀ ਨੇ ਬਹੁਤ ਥੋੜ੍ਹੇ ਰਿਸਕ ਲੈਣ ਵਾਲੇ ਕਿਸਾਨਾਂ ਦੇ ਹੀ ਵਾਰੇ ਨਿਆਰੇ ਕੀਤੇ ਹਨ। ਪਰ ਇਸ ਵਧੇ ਜ਼ਮੀਨਾਂ ਦੇ ਠੇਕੇ ਦੀ ਮਾਰ ਹਰ ਛੋਟੇ-ਵੱਡੇ ਕਿਸਾਨਾਂ ਨੂੰ ਝੱਲਣੀ ਪੈ ਰਹੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਆਉਣ ਵਾਲੇ ਸਾਲ ਵਿਚ ਵੀ ਕਿਸਾਨਾਂ ਨੂੰ ਬਾਸਮਤੀ ਦਾ ਇਹ ਭਾਅ ਮਿਲਣਾ ਯਕੀਨੀ ਹੋਵੇਗਾ? ਅਫ਼ਸੋਸ ਜੇਕਰ ਇਹ ਸਭ ਨਹੀਂ ਹੁੰਦਾ ਤਾਂ ਕਿਸਾਨਾਂ ਦੇ ਝੋਨੇ ਦੀ ਕਿਸੇ ਵੀ ਹੋਰ ਫਸਲ ਤੋਂ ਠੇਕੇ ਦੇ ਖਰਚੇ ਪੂਰੇ ਹੋਣੇ ਅਸੰਭਵ ਹੋਣਗੇ। ਸੋ, ਸਾਡੀਆਂ ਸਰਕਾਰਾਂ ਨੂੰ ਝੋਨੇ ਦੇ ਬਦਲ ਵਿਚ ਆਈ ਇਸ ਬਾਸਮਤੀ ਦਾ ਪੱਕਾ ਸਮਰਥਨ ਮੁੱਲ ਤੈਅ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਇਸ ਸਾਲ ਦੇ ਮੁਕਾਬਲੇ ਬਾਸਮਤੀ ਦਾ ਭਾਅ ਘਟਦਾ ਹੈ ਤਾਂ ਬਹੁਤ ਸਾਰੇ ਕਿਸਾਨਾਂ ਦਾ ਕਰਜ਼ੇ ਦੀ ਮਾਰ ਹੇਠ ਆਉਣਾ ਯਕੀਨੀ ਗੱਲ ਹੈ।

-ਰਾਜਾ ਗਿੱਲ (ਚੜਿੱਕ)
ਮੋ: 94654-11585

26-11-2013

 ਪੰਜਾਬੀ ਭਾਸ਼ਾ ਦੀ ਸਥਿਤੀ
ਪੰਜਾਬੀ ਭਾਸ਼ਾ ਨੂੰ ਨੁੱਕਰੇ ਲਾਉਣ ਦੀ ਕਹਾਣੀ ਅੱਜ ਦੀ ਨਹੀਂ, ਸਗੋਂ ਬਹੁਤ ਪੁਰਾਣੀ ਹੈ। ਅੱਜ ਵੀ ਪੰਜਾਬੀ ਭਾਸ਼ਾ ਦੇ ਬੋਲਣ, ਲਿਖਣ, ਪੜ੍ਹਨ 'ਚ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਦੀ ਵਰਤੋਂ ਅਕਸਰ ਪੜ੍ਹਨ ਨੂੰ ਮਿਲਦੀ ਹੈ, ਜੋ ਪੰਜਾਬੀ ਭਾਸ਼ਾ ਨਾਲ ਇਨਸਾਫ਼ ਨਹੀਂ। ਕਈ ਲਹਿਰਾਂ ਅਤੇ ਭਾਸ਼ਾ ਪ੍ਰੇਮੀਆਂ ਨੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਖੂਨ-ਪਸੀਨਾ ਵਹਾਇਆ ਪਰ ਸਰਕਾਰਾਂ ਦੀ ਭੂਮਿਕਾ ਪੰਜਾਬੀ ਭਾਸ਼ਾ ਨੂੰ ਉੱਨਤ ਕਰਨ ਲਈ ਬਹੁਤੀ ਵਧੀਆ ਨਹੀਂ ਹੈ। ਭਾਵੇਂ ਪਿਛਲੇ ਕਈ ਸਾਲਾਂ ਤੋਂ ਸਰਕਾਰਾਂ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਪੰਜਾਬੀ ਦੇ ਮਾਣ-ਸਤਿਕਾਰ ਲਈ ਪੂਰੀ ਵਾਹ ਲਾਈ ਜਾਵੇਗੀ ਪਰ ਪੰਜਾਬ ਦੀ ਰਾਜਧਾਨੀ ਵਿਚ ਬਣੀ ਪੰਜਾਬ ਯੂਨੀਵਰਸਿਟੀ ਅੰਦਰ ਹਾਲੇ ਵੀ ਅੰਗਰੇਜ਼ੀ ਦਾ ਬੋਲਬਾਲਾ ਜ਼ਿਆਦਾ ਹੈ। ਪੰਜਾਬੀ ਭਾਸ਼ਾ ਨੂੰ ਢੁਕਵਾਂ ਸਥਾਨ ਨਹੀਂ ਮਿਲ ਰਿਹਾ। ਸਾਡੀ ਸਰਕਾਰ ਨੂੰ ਆਪਣੀ ਖੇਤਰੀ ਭਾਸ਼ਾ ਨੂੰ ਬਚਾਉਣ ਦੇ ਯਤਨ ਕਰਨੇ ਚਾਹੀਦੇ ਹਨ। ਆਓ ਸਾਰੇ ਪੰਜਾਬੀ ਦੇ ਮਾਣ ਨੂੰ ਵਧਾਈਏ।

-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

ਡੇਂਗੂ ਦਾ ਡੰਗ
ਅੱਜਕਲ੍ਹ ਡੇਂਗੂ ਦੇ ਮਰੀਜ਼ਾਂ 'ਚ ਕਾਫੀ ਵਾਧਾ ਹੋ ਰਿਹਾ ਹੈ। ਸਿਹਤ ਮੰਤਰੀ ਨੇ ਪਿਛਲੇ ਦਿਨੀਂ ਮੰਨਿਆ ਕਿ ਪੰਜਾਬ ਵਿਚ ਤਕਰੀਬਨ 2000 ਡੇਂਗੂ ਪ੍ਰਭਾਵਿਤ ਮਰੀਜ਼ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ। ਡੇਂਗੂ ਬਾਰੇ ਜਾਗਰੂਕ ਹੋਣਾ ਹੀ ਇਸ ਦਾ ਵਧੀਆ ਇਲਾਜ ਸਾਬਤ ਹੋ ਸਕਦਾ ਹੈ। ਹਰ ਵਿਅਕਤੀ ਦੇ ਖੂਨ ਵਿਚ ਪਲੇਟਲੇਟਸ ਦੀ ਮਾਤਰਾ ਇਕ ਲੱਖ ਤੋਂ ਘੱਟ ਨਹੀਂ ਹੋਣੀ ਚਾਹੀਦੀ। ਇਹ ਗਿਣਤੀ ਘਟਣ 'ਤੇ ਹੀ ਡਾਕਟਰ ਕੋਲ ਜਾਣਾ ਪੈਂਦਾ ਹੈ। ਬੁਖਾਰ ਅਤੇ ਦਰਦ ਤੋਂ ਰਾਹਤ ਲਈ ਸਿਰਫ ਪੈਰਾਸੀਟਾਮੋਲ ਦੀ ਗੋਲੀ ਦਾ ਹੀ ਇਸਤੇਮਾਲ ਕੀਤਾ ਜਾਵੇ। ਐਸਪਰੀਨ ਜਾਂ ਹੋਰ ਕੋਈ ਵੀ ਐਂਟੀਬਾਇਟਿਕ ਦਵਾਈ ਤੋਂ ਪਰਹੇਜ਼ ਕੀਤਾ ਜਾਵੇ। ਡੇਂਗੂ ਦਾ ਮੱਛਰ (ਏਡੀਜ਼ ਏਜੀਪਟ) ਸਾਫ਼ ਅਤੇ ਖੜ੍ਹੇ ਪਾਣੀ ਵਿਚ ਹੀ ਪਲਦਾ ਹੈ। ਦਿਨ ਵੇਲੇ ਕੱਟਦਾ ਹੈ। ਇਸ ਦਾ ਇਲਾਜ ਬਹੁਤ ਮਹਿੰਗਾ ਹੈ ਪਰ ਸਿਹਤ ਵਿਭਾਗ ਨੇ ਇਸ ਦੇ ਲੋੜੀਂਦੇ ਟੈਸਟਾਂ ਲਈ ਜ਼ਿਲ੍ਹਾ ਪੱਧਰੀ ਹਸਪਤਾਲਾਂ ਵਿਚ ਮੁਫ਼ਤ ਟੈਸਟਾਂ ਦਾ ਪ੍ਰਬੰਧ ਕੀਤਾ ਹੋਇਆ ਹੈ।

-ਜਗਤਾਰ ਸਿੰਘ 'ਰੁਲਦੂਵਾਲਾ'
ਹੈਲਥ ਇੰਸਪੈਕਟਰ, ਅਮਰਗੜ੍ਹ (ਸੰਗਰੂਰ)।

ਹਾਏ ਮਹਿੰਗਾਈ!
ਮਹਿੰਗਾਈ ਏਨੀ ਵਧ ਗਈ ਹੈ ਕਿ ਜਿਸ ਕਾਰਨ ਆਉਣ ਵਾਲੇ ਤਿਉਹਾਰ ਫਿਕੇ ਲੱਗਣ ਲੱਗ ਗਏ ਹਨ, ਜਿਸ ਵੀ ਚੀਜ਼ ਦੇ ਰੇਟ ਵੱਲ ਨਜ਼ਰ ਮਾਰੀਏ, ਉਹ ਹੀ ਸਾਡੇ ਵਸ ਤੋਂ ਬਾਹਰ ਹੋ ਚੁੱਕੀ ਹੈ। ਗ਼ਰੀਬ ਤੇ ਮੱਧ ਵਰਗੀ ਪਰਿਵਾਰ ਇਸ ਮਹਿੰਗਾਈ ਨੇ ਪੀਸ ਕੇ ਰੱਖ ਦਿੱਤੇ ਹਨ। ਸਰਕਾਰ ਦੀਆਂ ਗ਼ਲਤ ਨੀਤੀਆਂ ਦੇ ਕਾਰਨ ਜਨਤਾ ਪ੍ਰੇਸ਼ਾਨ ਹੋ ਰਹੀ ਹੈ। ਪਿਆਜ਼ ਦੇ ਰੇਟ 70-80 ਰੁਪਏ ਕਿੱਲੋ ਹੋ ਗਏ ਹਨ। ਪੈਟਰੋਲ-ਡੀਜ਼ਲ ਦੇ ਰੇਟ ਸਾਲ ਵਿਚ ਅਣਗਿਣਤ ਵਾਰ ਵਧ ਰਹੇ ਹਨ। ਸਿਲੰਡਰ ਦੇ ਰੇਟ ਵੀ ਕੰਪਨੀਆਂ ਦੇ ਕਰਿੰਦੇ ਮਨਮਰਜ਼ੀ ਵਾਲੇ ਲੈ ਰਹੇ ਹਨ। ਆਮ ਆਦਮੀ ਹਰ ਤਰ੍ਹਾਂ ਨਾਲ ਪਿਸ ਰਿਹਾ ਹੈ। ਕੀ ਇਹ ਮਹਿੰਗਾਈ ਘਟੇਗੀ? ਸਰਕਾਰ ਨੂੰ ਵਧਦੀ ਮਹਿੰਗਾਈ 'ਤੇ ਜਲਦ ਹੀ ਕਾਬੂ ਪਾਉਣਾ ਚਾਹੀਦਾ ਹੈ, ਨਹੀਂ ਤਾਂ ਅਗਲੀਆਂ ਚੋਣਾਂ ਵਿਚ ਹੁਣ ਬਣੇ ਵਜ਼ੀਰ ਘਰ ਬੈਠਣ ਲਈ ਤਿਆਰ ਰਹਿਣ। ਮਹਿੰਗਾਈ 'ਤੇ ਕਾਬੂ ਪਾਓ।

-ਜਸਦੀਪ ਸਿੰਘ ਖੰਨਾ
ਕ੍ਰਿਸ਼ਨਾ ਨਗਰ, ਖੰਨਾ।

ਨਿਮਰਤਾ ਬਨਾਮ ਗੁੱਸਾ
'ਅਜੀਤ ਮੈਗਜ਼ੀਨ' ਵਿਚ ਨਰਿੰਦਰ ਸਿੰਘ ਨੰਗਲ ਦਾ ਵਿਸ਼ੇਸ਼ ਕਾਲਮ 'ਨਿਮਰਤਾ ਆਈ ਸਮਝੋ ਅਕਲ ਆਈ' ਬਹੁਤ ਹੀ ਚੰਗਾ ਲੱਗਾ। ਅੱਜ ਦੀ ਮਨੁੱਖੀ ਜ਼ਿੰਦਗੀ ਵਿਚ ਤੇਜ਼ੀ, ਰਫ਼ਤਾਰ ਦੀ ਦੌੜ ਵਧਣ ਕਰਕੇ ਮਨੁੱਖ ਮਾਨਸਿਕ ਭਟਕਣਾ ਦਾ ਸ਼ਿਕਾਰ ਹੋ ਰਿਹਾ ਹੈ। ਇਸੇ ਲਈ ਗੁੱਸੇ ਦਾ ਸ਼ਿਕਾਰ ਹੋਇਆ ਮਨੁੱਖ ਬਹੁਤ ਸਾਰੇ ਗ਼ਲਤ ਫ਼ੈਸਲੇ ਲੈ ਕੇ ਆਪਣਾ ਜੀਵਨ ਤਬਾਹ ਕਰ ਲੈਂਦਾ ਹੈ। ਇਸ ਤਰ੍ਹਾਂ ਦੀਆਂ ਚੰਗੀ ਸੇਧ ਦੇਣ ਵਾਲੀਆਂ ਰਚਨਾਵਾਂ ਰਾਹੀਂ ਮਨੁੱਖ ਆਪਣੀ ਸ਼ਾਂਤੀ ਨੂੰ ਬਰਕਰਾਰ ਰੱਖ ਸਕਦਾ ਹੈ। ਪਰਮਜੀਤ ਕੌਰ ਸਰਾਂ ਦੀ ਰਚਨਾ 'ਮਾਂ ਦਾ ਵਿਰੋਧੀ ਸ਼ਬਦ' ਵੀ ਦਿਲ ਨੂੰ ਹਲੂਣਨ ਵਾਲੀ ਸੀ। 'ਅਜੀਤ' ਅਖ਼ਬਾਰ ਦਾ ਵਿਸ਼ੇਸ਼ ਧੰਨਵਾਦ ਜਿਹੜਾ ਅਜਿਹੀਆਂ ਰਚਨਾਵਾਂ ਪਾਠਕਾਂ ਦੇ ਰੂਬਰੂ ਕਰਕੇ ਪਾਠਕਾਂ ਨੂੰ ਚੰਗੇ ਤੇ ਸਹੀ ਰਾਹ ਵੱਲ ਮੋੜ ਰਿਹਾ ਹੈ।

-ਜਸਮੀਤ ਕੌਰ ਖੇਤਲਾ
ਪਿੰਡ ਤੇ ਡਾਕ: ਖੇਤਲਾ, ਜ਼ਿਲ੍ਹਾ ਸੰਗਰੂਰ।

ਧੋਖੇਬਾਜ਼ ਏਜੰਟ
ਪਿਛਲੇ ਦਿਨੀਂ ਗੁਰਦਾਸਪੁਰ ਜ਼ਿਲ੍ਹੇ ਦੇ ਨੌਸ਼ਹਿਰਾ ਮੱਝਾ ਸਿੰਘ ਤੋਂ ਇਕ ਬਹੁਤ ਹੀ ਦਿਲ ਦੁਖਾਉਣ ਵਾਲੀ ਖ਼ਬਰ ਆਈ ਕਿ ਇਕ ਧੋਖੇਬਾਜ਼ ਏਜੰਟ ਨੇ 21 ਨੌਜਵਾਨਾਂ ਨੂੰ ਧੋਖੇ ਨਾਲ ਇਰਾਕ ਭੇਜਣ ਦਾ ਲਾਰਾ ਲਾਇਆ। ਜਾਅਲੀ ਵੀਜ਼ੇ ਲਾ ਕੇ ਉਨ੍ਹਾਂ ਦੇ ਹੱਥ ਫੜਾਏ ਅਤੇ ਦਿੱਲੀ ਹਵਾਈ ਅੱਡੇ ਲਈ ਤੋਰ ਦਿੱਤਾ। ਉਥੇ ਜਾ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪਾਸਪੋਰਟਾਂ 'ਤੇ ਲੱਗੇ ਹੋਏ ਵੀਜ਼ੇ ਠੀਕ ਨਹੀਂ ਹਨ ਅਤੇ ਉਹ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ। ਹੁਣ ਤੱਕ ਇਹ ਇਕ ਨਹੀਂ ਅਨੇਕਾਂ ਅਜਿਹੀਆਂ ਖ਼ਬਰਾਂ ਆਉਂਦੀਆਂ ਰਹੀਆਂ ਹਨ। ਹੁਣ ਇਥੇ ਸਾਡੀਆਂ ਸਰਕਾਰਾਂ ਨੂੰ ਇਨ੍ਹਾਂ ਧੋਖੇਬਾਜ਼ ਏਜੰਟਾਂ 'ਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ, ਉਥੇ ਸਾਨੂੰ ਸਭ ਨੂੰ ਵੀ ਸੁਚੇਤ ਹੋਣ ਦੀ ਅਤਿਅੰਤ ਲੋੜ ਹੈ।

-ਰਾਜਾ ਗਿੱਲ (ਚੜਿੱਕ)
ਮੋ: 94654-11585

25-11-2013

 ਡੇਂਗੂ ਦਾ ਹਮਲਾ
ਮੱਛਰ ਨਾਲ ਡੇਂਗੂ ਫੈਲਣ ਦੀਆਂ ਖ਼ਬਰਾਂ ਕੋਈ ਨਵੀਆਂ ਨਹੀਂ ਹਨ। ਪਿਛਲੇ ਕਈ ਸਾਲਾਂ ਤੋਂ ਇਹ ਹਰ ਸਾਲ ਇਨ੍ਹਾਂ ਦਿਨਾਂ ਵਿਚ ਵਧਦਾ ਜਾ ਰਿਹਾ ਹੈ। ਅੱਜ ਹਸਪਤਾਲਾਂ 'ਚ ਮਰੀਜ਼ਾਂ ਦੀ ਭਰਮਾਰ ਹੈ। ਸਰਕਾਰੀ ਹਸਪਤਾਲਾਂ ਦੀ ਮਾੜੀ ਕਾਰਗੁਜ਼ਾਰੀ ਕਰਕੇ ਨਿੱਜੀ ਹਸਪਤਾਲਾਂ ਵਿਚ ਮਰੀਜ਼ਾਂ ਦੀ ਭੀੜ ਏਨੀ ਵਧ ਰਹੀ ਹੈ ਕਿ ਬਹੁਤੇ ਹਸਪਤਾਲਾਂ ਵਿਚ ਕੋਈ ਬਿਸਤਰਾ ਖਾਲੀ ਨਹੀਂ। ਹਸਪਤਾਲ ਆਪ ਬਿਮਾਰ ਹੋ ਗਏ ਜਾਪਦੇ ਹਨ। ਸਰਕਾਰਾਂ ਨੇ ਇਸ ਵੱਲ ਕੋਈ ਬਣਦਾ ਧਿਆਨ ਹੀ ਨਹੀਂ ਦਿੱਤਾ। ਨਾ ਕੋਈ ਮੱਛਰ ਨੂੰ ਮਾਰਨ ਦਾ ਪ੍ਰਬੰਧ ਹੀ ਕੀਤਾ ਗਿਆ। ਦੇਸ਼ ਦੀ ਰਾਜਧਾਨੀ ਕਈ ਵਾਰ ਡੇਂਗੂ ਦੀ ਲਪੇਟ ਵਿਚ ਆ ਚੁੱਕੀ ਹੈ। ਭਾਰਤ ਸਰਕਾਰ ਇਸ ਬਾਰੇ ਸੰਜੀਦਾ ਹੋ ਕੇ ਕੰਮ ਨਹੀਂ ਕਰ ਰਹੀ ਬਸ ਇਕੋ ਹੀ ਕੰਮ ਕੀਤਾ ਜਾ ਰਿਹਾ ਹੈ ਕਿ ਮੀਡੀਆ ਨੂੰ ਇਨ੍ਹਾਂ ਖ਼ਬਰਾਂ ਤੋਂ ਦੂਰ ਕੀਤਾ ਜਾ ਰਿਹਾ ਹੈ। ਡੇਂਗੂ ਦੀ ਬਿਮਾਰੀ ਦਾ ਇਲਾਜ ਵੀ ਬਹਤ ਮਹਿੰਗਾ ਹੈ। ਲੋਕ ਵੱਡੀ ਗਿਣਤੀ ਵਿਚ ਇਸ ਬਿਮਾਰੀ ਨਾਲ ਜੂਝ ਰਹੇ ਹਨ ਕਿ ਉਨ੍ਹਾਂ ਕੋਲ ਇੰਨਾ ਪੈਸਾ ਹੀ ਨਹੀਂ। ਕਦੇ ਕਿਸੇ ਇਹ ਨਹੀਂ ਪੁੱਛਿਆ ਕਿ ਇਸ ਮਹੱਲੇ 'ਚ ਕਿੰਨੇ ਲੋਕ ਡੇਂਗੂ ਨਾਲ ਮਰ ਚੁੱਕੇ ਹਨ। ਸਾਡੀਆਂ ਸਰਕਾਰਾਂ ਲੋਕਾਂ 'ਤੇ ਭਾਰੀ ਟੈਕਸ ਲਾ ਕੇ ਇਕੱਤਰ ਕੀਤੇ ਧਨ ਨਾਲ ਆਪਣੇ ਕਰੀਬੀ ਰਿਸ਼ਤੇਦਾਰਾਂ ਦੇ ਵਿਦੇਸ਼ਾਂ ਵਿਚ ਜਾ ਕੇ ਆਪਣਾ ਚੈੱਕਅੱਪ ਕਰਵਾ ਰਹੇ ਹਨ। ਮਹਿੰਗੇ ਤੋਂ ਮਹਿੰਗਾ ਇਲਾਜ ਕਰਵਾ ਰਹੇ ਹਨ, ਦੂਜੇ ਪਾਸੇ ਲੋਕਾਂ ਨੂੰ ਮਿਲਦੀਆਂ। ਸਿਹਤ ਸਹੂਲਤਾਂ ਦੀ ਇਕ-ਇਕ ਕਰਕੇ ਖਤਮ ਕੀਤੀਆਂ ਜਾ ਰਹੀਆਂ ਹਨ। ਅੱਜ ਲੋਕ ਇਹ ਸੋਚਣ ਲਈ ਮਜਬੂਰ ਹੋ ਗਏ ਹਨ ਕਿ ਸਾਡੇ ਦੇਸ਼ ਦੇ ਹਾਕਮਾਂ ਨੂੰ ਆਪਣੇ ਲੋਕਾਂ 'ਤੇ ਤਰਸ ਕਿਉਂ ਨਹੀਂ ਆਉਂਦਾ।

-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।

ਨੰਗੇਜ਼ਵਾਦ...
ਅੱਜ ਬੇਸ਼ੱਕ ਭਾਰਤ ਨੇ ਤਰੱਕੀ ਦੇ ਅੰਬਰਾਂ ਨੂੰ ਚੁੰਮਿਆ ਹੈ। ਕਈ ਖੇਤਰ ਤਾਂ ਅਜਿਹੇ ਹਨ, ਜਿਨ੍ਹਾਂ ਵਿਚ ਭਾਰਤ ਸ਼੍ਰੋਮਣੀ ਹੈ। ਅਜੀਬ ਹੈ ਸਮੇਂ ਦੀ ਕਰਵਟ, ਅੱਜ ਭਾਰਤ ਵਿਚ ਹਾਕਾਂ ਮਾਰ-ਮਾਰ ਕੇ ਬਹੁਰਾਸ਼ਟਰੀ ਕੰਪਨੀਆਂ ਨੂੰ ਬੁਲਾਇਆ ਜਾ ਰਿਹਾ ਹੈ। ਵਿਦੇਸ਼ੀ ਵਪਾਰਕ ਕੰਪਨੀਆਂ ਨੇ ਆਪਣੇ ਵੱਧ ਤੋਂ ਵੱਧ ਮੁਨਾਫ਼ੇ ਲਈ ਭਾਰਤੀ ਸੱਭਿਅਤਾ ਅਤੇ ਸੰਸਕ੍ਰਿਤੀ ਨੂੰ ਗਾਲ ਕੇ ਰੱਖ ਦਿੱਤਾ ਹੈ। ਅੱਜ ਬਿਜਲਈ ਮੀਡੀਆ ਅਤੇ ਸਿਨੇਮਾ ਦੀ ਘਰ-ਘਰ ਪਹੁੰਚ ਹੈ। ਪ੍ਰਾਈਵੇਟ ਚੈਨਲਾਂ ਵੱਲੋਂ ਅਤੇ ਫਿਲਮ ਇੰਡਸਟਰੀ ਵੱਲੋਂ ਮਨੋਰੰਜਨ ਦੇ ਨਾਂਅ 'ਤੇ ਨੰਗੇਜ਼ਵਾਦ ਨੂੰ ਖੁੱਲ੍ਹ ਕੇ ਪਰੋਸਿਆ ਜਾ ਰਿਹਾ ਹੈ। ਨੰਗੇਜ਼ਵਾਦ ਸਾਮਰਾਜੀ (ਪੂੰਜੀਪਤੀ) ਨਿਜ਼ਾਮ ਦਾ ਨਾਜਾਇਜ਼ ਬੱਚਾ ਹੈ, ਜਿਉਂ-ਜਿਉਂ ਇਹ ਵਧ-ਫੁਲ ਰਿਹਾ ਹੈ, ਤਿਉਂ-ਤਿਉਂ ਸੱਭਿਅਕ ਸਮਾਜ ਲਈ ਸਿਰਦਰਦੀ ਬਣਦਾ ਜਾ ਰਿਹਾ ਹੈ। ਨੰਗੇਜ਼ਵਾਦ/ਅਸ਼ਲੀਲਤਾ ਸੱਭਿਅਕ ਅਤੇ ਅਣਖੀ ਸਮਾਜ ਲਈ ਇਕ ਖੁੱਲ੍ਹੀ ਵੰਗਾਰ ਹੈ। ਸਮਾਜ ਵੱਲੋਂ ਜਥੇਬੰਦ ਹੋ ਕੇ ਇਸ ਵੰਗਾਰ ਨੂੰ ਕਬੂਲਣਾ ਚਾਹੀਦਾ ਹੈ। ਅਸ਼ਲੀਲਤਾ ਨੂੰ ਨੱਥ ਪਾਉਣ ਲਈ ਇਸ ਬੁਰਾਈ ਨੂੰ ਨੇਸਤੋਨਾਬੂਦ ਕਰਨ ਹਿਤ ਸਰਕਾਰ ਅਤੇ ਆਮ ਪਬਲਿਕ ਨੂੰ ਕਮਰ ਕੱਸਣ ਦਾ ਫ਼ੈਸਲਾ ਕਰਨਾ ਚਾਹੀਦਾ ਹੈ। ਸਮਾਂ ਰਹਿੰਦਿਆਂ ਜੇਕਰ ਇਸ ਬੁਰਾਈ ਨੂੰ ਰੋਕਿਆ ਨਾ ਗਿਆ ਤਾਂ ਭਵਿੱਖ ਵਿਚ ਇਸ ਦੇ ਨਤੀਜੇ ਤਬਾਹਕੁੰਨ ਹੋਣਗੇ।

-ਤਲਵਿੰਦਰ ਸ਼ਾਸਤਰੀ ਨਾਰੀਕੇ
ਮੋਬਾਈਲ : 94643-48258.

ਚਿੱਠੀ ਪੱਤਰ ਦਾ ਸੱਭਿਆਚਾਰ
ਅਜੋਕੇ ਸਮੇਂ ਵਿਚ ਪੱਤਰ ਸੱਭਿਆਚਾਰ ਨੂੰ ਬਚਾਉਣ ਲਈ ਯਤਨ ਆਰੰਭਣੇ ਚਾਹੀਦੇ ਹਨ। ਅਖ਼ਬਾਰ 'ਚ ਛਪਣ ਵਾਲੇ ਦੂਰੋਂ-ਨੇੜਿਉਂ ਆਉਂਦੇ ਖਤਾਂ ਤੋਂ ਪਾਠਕਾਂ ਦੇ ਅਖ਼ਬਾਰ ਪੜ੍ਹਨ ਦੇ ਚਾਅ ਅਤੇ ਉਤਸ਼ਾਹ ਦਾ ਪਤਾ ਲਗਦਾ ਹੈ। ਇਨ੍ਹਾਂ ਚਿੱਠੀਆਂ 'ਚ ਪਾਠਕਾਂ ਵੱਲੋਂ ਪਿਛਲੇ ਦਿਨਾਂ ਵਿਚ ਛਪੇ ਲੇਖਾਂ, ਖ਼ਬਰਾਂ ਅਤੇ ਇਸ਼ਤਿਹਾਰਾਂ 'ਤੇ ਪ੍ਰਤੀਕਰਮ ਭੇਜੇ ਜਾਂਦੇ ਹਨ। ਸਮਾਜ ਨੂੰ ਦਰਪੇਸ਼ ਮਾਮਲਿਆਂ 'ਤੇ ਵੀ ਉਸਾਰੂ ਚਰਚਾ ਕੀਤੀ ਜਾਂਦੀ ਹੈ। 'ਅਜੀਤ' ਦੇ ਪਾਠਕਾਂ ਦੇ 'ਸੰਪਾਦਕ ਦੇ ਨਾਂਅ ਪੱਤਰ' ਕਾਲਮ ਤਹਿਤ ਛਪਦੇ ਖ਼ਤ ਬਹੁਤ ਹੀ ਸ਼ਲਾਘਾਯੋਗ ਹੁੰਦੇ ਹਨ।

-ਜਸਕਰਨ ਸਿੰਘ
ਦਸਮੇਸ਼ ਨਗਰ, ਲੁਧਿਆਣਾ।

23-11-2013

 ਸਕੂਲ 'ਚੋਂ ਛੁੱਟੀ ਬਾਰੇ
ਪਿਛਲੇ ਦਿਨੀਂ ਪੰਜਾਬ ਦੇ ਸਿੱਖਿਆ ਮੰਤਰੀ ਨੇ ਸਕੂਲਾਂ ਦੇ ਸੁਧਾਰ ਲਈ ਸਕੂਲਾਂ ਵਿਚ ਪੜ੍ਹ ਰਹੀਆਂ ਵਿਦਿਆਰਥਣਾਂ ਨੂੰ ਦਸ ਮਿੰਟ ਪਹਿਲਾਂ ਅਤੇ ਵਿਦਿਆਰਥੀਆਂ ਨੂੰ ਦਸ ਮਿੰਟ ਬਾਅਦ ਛੁੱਟੀ ਕਰਨ ਦੇ ਆਦੇਸ਼ ਦਿੱਤੇ ਸਨ। ਸਿੱਖਿਆ ਮੰਤਰੀ ਦੇ ਇਸ ਚੁੱਕੇ ਕਦਮ ਦੀ ਹਰ ਪਾਸਿਓਂ ਸ਼ਲਾਘਾ ਹੋਈ ਸੀ ਪਰ ਪਰਨਾਲਾ ਉਥੇ ਦਾ ਉਥੇ, ਕਿਉਂਕਿ ਪੰਜਾਬ ਦੇ ਬਹੁਤ ਸਕੂਲਾਂ ਵਿਚ ਮੰਤਰੀ ਦੇ ਕੀਤੇ ਆਦੇਸ਼ ਨੂੰ ਟਿੱਚ ਸਮਝਿਆ ਗਿਆ। ਬਹੁਤ ਘੱਟ ਸਕੂਲਾਂ ਨੂੰ ਛੱਡ ਕੇ ਸਕੂਲ ਦੇ ਮੁੱਖ ਅਧਿਆਪਕਾਂ ਵੱਲੋਂ ਕੁੜੀਆਂ ਅਤੇ ਮੁੰਡਿਆਂ ਨੂੰ ਫਿਰ ਤੋਂ ਛੁੱਟੀ ਬਰਾਬਰ ਕਰਨੀ ਸ਼ੁਰੂ ਕਰ ਦਿੱਤੀ ਹੈ। ਸਿੱਖਿਆ ਮੰਤਰੀ ਨੇ ਤਾਂ ਇਥੋਂ ਤੱਕ ਕਿਹਾ ਸੀ ਕਿ ਸਕੂਲਾਂ ਦੇ ਮਾਹੌਲ ਨੂੰ ਠੀਕ ਰੱਖਣ ਲਈ ਸਕੂਲ 'ਚੋਂ ਛੁੱਟੀ ਸਮੇਂ ਮੁੱਖ ਅਧਿਆਪਕ ਸਕੂਲ ਦੇ ਗੇਟ 'ਤੇ ਖ਼ੁਦ ਡਿਊਟੀ ਦੇਵੇ। ਮੰਤਰੀ ਦੇ ਉਸ ਆਦੇਸ਼ ਨਾਲ ਬਹੁਤ ਸੁਧਾਰ ਆਇਆ ਸੀ ਪਰ ਇਹ ਸੁਧਾਰ ਥੋੜ੍ਹਾ ਸਮਾਂ ਹੀ ਦੇਖਣ ਨੂੰ ਮਿਲਿਆ। ਸਕੂਲ ਅਧਿਆਪਕਾਂ ਨੇ ਮੰਤਰੀ ਦੇ ਆਦੇਸ਼ ਨੂੰ ਅਣਗੌਲਿਆਂ ਕਰ ਦਿੱਤਾ। ਸਿੱਖਿਆ ਮੰਤਰੀ ਨੂੰ ਚਾਹੀਦਾ ਹੈ ਕਿ ਆਪਣੇ ਦਿੱਤੇ ਆਦੇਸ਼ ਨੂੰ ਪੰਜਾਬ ਦੇ ਸਕੂਲਾਂ ਵਿਚ ਸਖ਼ਤੀ ਨਾਲ ਲਾਗੂ ਕਰੇ। ਜੇਕਰ ਕੋਈ ਸਕੂਲ ਦਾ ਅਧਿਆਪਕ ਸਿੱਖਿਆ ਮੰਤਰੀ ਦੇ ਆਦੇਸ਼ ਦੀ ਪਾਲਣਾ ਨਹੀਂ ਕਰਦਾ, ਉਸ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।

-ਸੁਖਵਿੰਦਰ ਕਲੇਰ ਬੱਸੀਆਂ
ਪਿੰਡ ਤੇ ਡਾਕ: ਬੱਸੀਆਂ, ਜ਼ਿਲ੍ਹਾ ਲੁਧਿਆਣਾ।

ਸੋਚ ਬਦਲਣ ਦੀ ਲੋੜ
ਅੱਜ ਪੰਜਾਬ ਦੇ 2 ਹਜ਼ਾਰ ਤੋਂ 25 ਸੌ ਵਸੋਂ ਵਾਲੇ ਪਿੰਡ ਵਿਚ ਲਗਭਗ 20 ਤੋਂ 25 ਮੁੰਡੇ ਵਿਆਹੇ ਨਹੀਂ ਜਾਂਦੇ ਜਾਂ ਛੜੇ ਰਹਿ ਜਾਂਦੇ ਹਨ। ਜਿਸ ਪਿੰਡ ਦੀ ਵਸੋਂ ਪੰਜ ਹਜ਼ਾਰ ਤੋਂ ਛੇ ਹਜ਼ਾਰ ਦੇ ਕਰੀਬ ਹੁੰਦੀ ਹੈ, ਉਸ ਪਿੰਡ ਵਿਚ ਇਹ ਗਿਣਤੀ ਲਗਭਗ 30 ਤੋਂ 35 ਦੇ ਕਰੀਬ ਹੋ ਜਾਂਦੀ ਹੈ। ਸੂਬੇ ਦੇ ਸਾਰੇ ਪਿੰਡਾਂ ਵਿਚਲੇ ਅਣਵਿਆਹੇ ਮੁੰਡਿਆਂ ਦੀ ਗਿਣਤੀ ਕਰੀਏ ਤਾਂ ਸਾਡੇ ਸਾਹਮਣੇ ਜੋ ਅੰਕੜੇ ਆਉਂਦੇ ਹਨ, ਉਹ ਬਹੁਤ ਹੈਰਾਨ ਕਰ ਦੇਣ ਵਾਲੇ ਹਨ। ਪੰਜਾਬ ਵਿਚ ਸਾਹਮਣੇ ਆ ਰਹੀ ਇਸ ਨਵੀਂ ਸਮੱਸਿਆ ਦੀ ਜੜ੍ਹ ਜਾਂ ਮੁੱਖ ਕਾਰਨ ਸਾਡੀ ਕੁੜੀਆਂ ਪ੍ਰਤੀ ਮਾੜੀ ਸੋਚ ਹੈ, ਜਿਸ ਕਾਰਨ ਕੁੜੀਆਂ ਦੇ ਕੁੱਖਾਂ ਵਿਚ ਕਤਲ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਨਾਲ ਪੰਜਾਬ ਵਿਚ ਸਾਲ 2011 ਦੀ ਰਾਇਸ਼ੁਮਾਰੀ ਅਨੁਸਾਰ ਮੁੰਡੇ ਕੁੜੀਆਂ ਦਾ ਅਨੁਪਾਤਨ ਫ਼ਰਕ 1000/895 ਹੈ। ਜੇਕਰ ਪੰਜਾਬ ਸੂਬੇ ਦੀ ਪੂਰੀ ਵਸੋਂ 'ਤੇ ਇਸ ਅਨੁਪਾਤਨ ਫ਼ਰਕ ਨੂੰ ਲਾਗੂ ਕਰਕੇ ਦੇਖੀਏ ਤਾਂ ਮੁੰਡੇ ਕੁੜੀਆਂ ਦੀ ਗਿਣਤੀ ਵਿਚ ਇਕ ਵੱਡਾ ਫ਼ਰਕ ਸਾਹਮਣੇ ਆਏਗਾ। ਜਿਹੜਾ ਸਾਡੇ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਕੇਰਲ, ਜਿਸ ਵਿਚ ਮੁੰਡੇ ਕੁੜੀਆਂ ਦੇ ਅਨੁਪਾਤਨ ਫ਼ਰਕ ਦੀ ਗਿਣਤੀ 1000/1098 ਹੈ। ਸੋ, ਅੱਜ ਲੋੜ ਹੈ ਪੰਜਾਬ ਵਿਚ ਰਹਿੰਦੇ ਸਾਰੇ ਪੰਜਾਬੀਆਂ ਨੂੰ ਆਪਣੀ ਸੋਚ ਬਦਲਣ ਦੀ, ਕੁੱਖਾਂ ਵਿਚ ਹੋ ਰਹੇ ਕਤਲਾਂ ਨੂੰ ਰੋਕਣ ਦੀ, ਧੀਆਂ ਨੂੰ ਬਣਦਾ ਮਾਣ, ਸਤਿਕਾਰ ਅਤੇ ਪਿਆਰ ਦੇਣ ਦੀ।

-ਰਾਜਮਿੰਦਰਪਾਲ ਸਿੰਘ 'ਪਰਮਾਰ'
ਸ: ਐਲੀ: ਸਕੂਲ ਬੁਰਜ ਹਰੀ ਸਿੰਘ, ਬਲਾਕ ਸੁਧਾਰ, ਲੁਧਿਆਣਾ।

21-11-2013

 ਸੁਪਨਾ ਅਤੇ ਹਕੀਕਤ
ਕਈ ਵਾਰ ਮਨੁੱਖ ਆਪਣੀਆਂ ਅਧੂਰੀਆਂ ਸਧਰਾਂ ਨੂੰ ਸੁਪਨੇ ਰਾਹੀਂ ਪੂਰਾ ਕਰਦਾ ਹੈ ਜਾਂ ਫਿਰ ਅਚੇਤ ਮਨ ਦਾ ਹਿੱਸਾ ਬਣੇ ਖਿਆਲ ਸੁਪਨੇ ਦੌਰਾਨ ਸਾਹਮਣੇ ਆਉਂਦੇ ਹਨ। ਪਰ ਅਜਿਹੇ ਸੁਪਨਿਆਂ ਦਾ ਯਥਾਰਥ ਨਾਲ ਕੋਈ ਨਾਤਾ ਨਹੀਂ ਹੁੰਦਾ। ਇਵੇਂ ਇਕ ਸਾਧੂ ਦੁਆਰਾ 1000 ਟਨ ਸੋਨੇ ਬਾਰੇ ਲਿਆ ਸੁਪਨਾ ਖਿਆਲੀ ਉਡਾਰੀ ਤੋਂ ਵੱਧ ਹੋਰ ਕੁਝ ਨਹੀਂ ਹੈ। 21ਵੀਂ ਸਦੀ ਦੌਰਾਨ ਸਾਡੀਆਂ ਸਰਕਾਰਾਂ ਨੂੰ ਅਜਿਹੇ ਸਾਧੂਆਂ ਦੇ ਪਿੱਛਲੱਗ ਬਣ ਕੇ ਆਪਣਾ ਮੌਜ਼ੂ ਉਡਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਵਿਗਿਆਨਕ ਯੁੱਗ ਅੰਦਰ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਬਿਨਾਂ ਗੰਭੀਰ ਵਿਚਾਰ-ਵਟਾਂਦਰੇ ਅਤੇ ਗੰਭੀਰ ਮੰਥਨ ਕੀਤੇ ਬੇਕਾਰ ਗੁਆਉਣੀ ਤਰਕਸੰਗਤ ਨਹੀਂ ਹੈ।

-ਭੁਪਿੰਦਰ ਸਿੰਘ ਢਿੱਲੋਂ
ਦੀਪਗੜ੍ਹ (ਬਰਨਾਲਾ)।

ਭਾਖੜਾ ਡੈਮ ਨੂੰ ਸਿਜਦਾ
ਪਿਛਲੇ ਦਿਨੀਂ ਡਾ: ਬਰਜਿੰਦਰ ਸਿੰਘ ਹਮਦਰਦ ਦਾ ਲਿਖਿਆ ਸੰਪਦਾਕੀ ਪੜ੍ਹਿਆ। ਉਨ੍ਹਾਂ ਇਸ ਲੇਖ ਵਿਚ ਦੱਸਿਆ ਕਿ ਉੱਤਰੀ ਭਾਰਤ ਜਿਸ ਵਿਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਆਦਿ ਸੂਬੇ ਆਉਂਦੇ ਹਨ, ਲਈ ਭਾਖੜਾ ਡੈਮ ਵਰਦਾਨ ਸਾਬਤ ਹੋਇਆ। ਅੱਜ ਤੋਂ ਲਗਭਗ 50 ਸਾਲ ਪਹਿਲਾਂ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਜੋ ਸੁਪਨਾ ਆਪਣੇ ਮਨ ਵਿਚ ਲਿਆ ਸੀ ਉਹ 1963 ਵਿਚ ਭਾਖੜਾ ਡੈਮ ਦੇ ਬਣਨ ਨਾਲ ਪੂਰਾ ਹੋਇਆ। ਇਸ ਦੇ ਬਣਨ ਨਾਲ ਜਿਥੇ ਇਨ੍ਹਾਂ ਸੂਬਿਆਂ ਵਿਚ ਨਹਿਰਾਂ ਦਾ ਜਾਲ ਵਿਛਿਆ, ਉਥੇ ਪਿੰਡਾਂ ਵਿਚ ਵੀ ਬਿਜਲੀ ਪਹੁੰਚੀ। ਇਸ ਡੈਮ ਦੇ ਬਣਨ ਨਾਲ ਕਰੋੜਾਂ ਲੋਕਾਂ ਨੂੰ ਰੁਜ਼ਗਾਰ ਵੀ ਮਿਲਿਆ। ਸਾਨੂੰ ਇਸ ਆਧੁਨਿਕ ਤੀਰਥ ਅਸਥਾਨ ਦੀ ਸੁਰੱਖਿਆ ਦੀ ਕਾਮਨਾ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਲੰਮੇ ਸਮੇਂ ਤੱਕ ਇਸ ਦਾ ਲਾਭ ਲੈ ਸਕੀਏ।

-ਪ੍ਰਿੰ: ਜੋਗਿੰਦਰ ਸਿੰਘ ਲੋਹਾਮ
ਡਬਲਿਊ-29/165, ਗਲੀ ਲੋਹਾਮ, ਮੋਗਾ।

ਸਿੱਖਿਆ ਸੰਸਥਾਵਾਂ ਤੇ ਫ਼ਿਲਮਾਂ
ਅੱਜਕਲ੍ਹ ਪੰਜਾਬੀ ਫਿਲਮਾਂ ਦਾ ਨਿਰਮਾਣ ਜ਼ੋਰਾਂ 'ਤੇ ਹੈ। ਆਪਣੀਆਂ ਫ਼ਿਲਮਾਂ ਦਾ ਪ੍ਰਮੋਸ਼ਨ ਲਈ ਇਨ੍ਹਾਂ ਫ਼ਿਲਮਾਂ ਦੇ ਕਲਾਕਾਰ ਆਏ ਦਿਨ ਡਿਗਰੀ ਕਾਲਜਾਂ, ਤਕਨੀਕੀ ਸਿੱਖਿਆ ਸੰਸਥਾਵਾਂ ਅਤੇ ਹੋਰ ਉੱਚ ਤਾਲੀਮੀ ਅਦਾਰਿਆਂ 'ਚ ਦਸਤਕ ਦੇ ਰਹੇ ਹਨ। ਸਵਾਲ ਪੈਦਾ ਹੁੰਦਾ ਹੈ ਕਿ ਜਦ ਪ੍ਰਚਾਰ ਦੇ ਅਨੇਕਾਂ ਸਾਧਨ ਮੌਜੂਦ ਹਨ ਤਾਂ ਤਾਲੀਮੀ ਸੰਸਥਾਵਾਂ 'ਚ ਫ਼ਿਲਮਾਂ ਦਾ ਪ੍ਰਚਾਰ ਕਿਉਂ ਕੀਤਾ ਜਾਂਦਾ ਹੈ? ਜਵਾਬ ਵੀ ਸਪੱਸ਼ਟ ਹੈ ਕਿ ਇਨ੍ਹਾਂ ਅਦਾਰਿਆਂ 'ਚੋਂ ਉਨ੍ਹਾਂ ਨੂੰ ਗਾਹਕਾਂ ਦੇ ਰੂਪ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਲੜਕੇ/ਲੜਕੀਆਂ ਮਿਲ ਜਾਂਦੇ ਹਨ। ਪਰ ਇਹ ਵਰਤਾਰਾ ਪੂਰੀ ਤਰ੍ਹਾਂ ਗ਼ਲਤ ਹੈ ਕਿਉਂਕਿ ਸਿੱਖਿਆ ਸੰਸਥਾਵਾਂ 'ਚ ਸਿਰਫ਼ ਤੇ ਸਿਰਫ਼ ਪੜ੍ਹਾਈ ਦੀ ਗੱਲ ਹੋਣੀ ਚਾਹੀਦੀ ਹੈ। ਇਹ ਗੱਲ ਲੁਕੀ-ਛਿਪੀ ਨਹੀਂ ਸਾਡੀਆਂ ਬਹੁਤੀਆਂ ਫਿਲਮਾਂ ਕੋਈ ਉਸਾਰੂ ਸੇਧ ਦੇਣ ਵਾਲੀਆਂ ਨਾ ਹੋਕੇ ਹਲਕੇ-ਫੁਲਕੇ ਅਤੇ ਦੋ ਅਰਥੀ ਟੋਟਕਿਆਂ ਨਾਲ ਭਰਪੂਰ ਹਨ। ਇਸ ਨਾਲ ਵਿਦਿਆਰਥੀਆਂ ਦਾ ਸਮਾਂ ਅਤੇ ਧਨ ਬਰਬਾਦ ਹੁੰਦਾ ਹੈ। ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਜਿਥੇ ਇਸ ਵਰਤਾਰੇ ਨੂੰ ਰੋਕਣ ਲਈ ਸਵੈ-ਜ਼ਾਬਤਾ ਲਾਗੂ ਕਰਨਾ ਚਾਹੀਦਾ ਹੈ, ਉਥੇ ਯੂਨੀਵਰਸਿਟੀਆਂ ਅਤੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵਰਗੇ ਜ਼ਿੰਮੇਵਾਰ ਅਦਾਰਿਆਂ ਨੂੰ ਇਸ ਪ੍ਰਤੀ ਕਾਰਗਰ ਕਦਮ ਚੁੱਕਣੇ ਚਾਹੀਦੇ ਹਨ।

-ਮਹਿੰਦਰ ਕੌਰ
ਪ੍ਰਿੰਸੀਪਲ ਦਸਮੇਸ਼ ਪਬਲਿਕ ਸਕੂਲ, ਸੀ. ਸੈ. ਸਕੂਲ, ਬਿਲਾਸਪੁਰ (ਮੋਗਾ)।

ਫ਼ਜ਼ੂਲਖਰਚੀ
ਅਜੋਕੇ ਸਮੇਂ ਸਾਡੇ ਸਮਾਜ ਅੰਦਰ ਸਮਾਗਮਾਂ, ਚਾਹੇ ਉਹ ਸਮਾਜਿਕ ਹੋਵੇ, ਰਾਜਨੀਤਕ ਹੋਵੇ ਜਾਂ ਫਿਰ ਧਾਰਮਿਕ ਹੋਵੇ, 'ਤੇ ਵੱਡੀ ਪੱਧਰ 'ਤੇ ਖਰਚੇ ਕੀਤੇ ਜਾਂਦੇ ਹਨ। ਜਿਨ੍ਹਾਂ ਨਾਲ ਸਾਡੇ ਸਮਾਜ ਉਪਰ ਆਰਥਿਕ ਤੌਰ 'ਤੇ ਵੱਡਾ ਬੋਝ ਪੈ ਰਿਹਾ ਹੈ। ਅਜਿਹੇ ਸਮਾਗਮਾਂ ਨੂੰ ਅਸੀਂ ਦੂਸਰਿਆਂ ਦੇ ਕਹੇ-ਕਹਾਏ ਜਾਂ ਰੀਸੋ-ਰੀਸੀ ਜ਼ਿਆਦਾ ਖਰਚੀਲੇ ਬਣਾ ਰਹੇ ਹਾਂ ਅਤੇ ਕਈ ਵਾਰ ਲੋਕਾਂ ਵਿਚ ਆਪਣੀ ਚੰਗੀ ਭੱਲ ਬਣਾਉਣ ਲਈ ਵੀ ਅਜਿਹਾ ਕਰਦੇ ਹਾਂ। ਚਾਹੇ ਇਹ ਖਰਚੇ ਸਾਨੂੰ ਕਰਜ਼ੇ ਚੁੱਕ ਕੇ ਜਾਂ ਰਿਸ਼ਤੇਦਾਰਾਂ, ਸੱਜਣਾਂ-ਮਿੱਤਰਾਂ ਪਾਸੋਂ ਰਕਮ ਉਧਾਰ ਲੈ ਕੇ ਕਿਉਂ ਨਾ ਕਰਨੇ ਪੈਣ। ਇਹ ਵੀ ਦੇਖਣ ਵਿਚ ਆਉਂਦਾ ਹੈ ਕਿ ਮੈਰਿਜ਼ ਪੈਲੇਸਾਂ ਵਿਚ ਹੁੰਦੇ ਵਿਆਹ-ਸ਼ਾਦੀਆਂ ਸਮੇਂ ਸ਼ਰਾਬ, ਮੀਟ ਦੀ ਵੱਡੇ ਪੱਧਰ 'ਤੇ ਵਰਤੋਂ ਹੁੰਦੀ ਹੈ ਅਤੇ ਗ਼ੈਰ-ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ। ਉਂਜ ਘਰਾਂ ਵਿਚ ਵੀ ਹੁੰਦਾ ਕੋਈ ਸਮਾਗਮ ਚਾਹੇ ਉਹ ਧਾਰਮਿਕ ਹੀ ਕਿਉਂ ਨਾ ਹੋਵੇ, ਓਨਾ ਚਿਰ ਤੱਕ ਸਫ਼ਲ ਜਾਂ ਸੰਪੂਰਨ ਨਹੀਂ ਮੰਨਿਆ ਜਾਂਦਾ ਜਿੰਨਾ ਚਿਰ ਤੱਕ ਉਸ ਵਿਚ ਸ਼ਰਾਬ ਦੀ ਵਰਤੋਂ ਨਾ ਕੀਤੀ ਜਾਵੇ। ਇਸ ਤਰ੍ਹਾਂ ਲੋੜ ਤੋਂ ਵੱਧ ਕੀਤਾ ਖਰਚਾ ਫਜ਼ੂਲ ਖਰਚੀ ਹੀ ਆਖਿਆ ਜਾ ਸਕਦਾ ਹੈ। ਸੋ, ਜਿਥੋਂ ਤੱਕ ਸੰਭਵ ਹੋ ਸਕੇ, ਸਮਾਗਮਾਂ ਉਪਰ ਕੀਤੇ ਜਾਂਦੇ ਫਜ਼ੂਲ ਖਰਚ ਘਟਾਉਣ ਦੀ ਲੋੜ ਹੈ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

20-11-2013

 ਖੁਸ਼ੀ ਨੂੰ ਗ੍ਰਹਿਣ
ਤਿਉਹਾਰ ਮਨੁੱਖੀ ਜਨਜੀਵਨ ਲਈ ਖੁਸ਼ੀਆਂ ਦੀ ਸੌਗਾਤ ਲੈ ਕੇ ਆਉਂਦੇ ਹਨ। ਦਿਨ-ਰਾਤ ਦੀ ਮਿਹਨਤ ਤੇ ਸਮੇਂ ਦੇ ਚਲਦੇ ਚੱਕਰ ਤੋਂ ਇਹ ਨਿੱਕੇ ਵੱਡੇ ਤਿਉਹਾਰ ਹੀ ਨਿਜਾਤ ਦਿਵਾਉਂਦੇ ਹਨ ਤਾਂ ਹੀ ਤਾਂ ਚਿਰ ਕਾਲ ਤੋਂ ਇਨ੍ਹਾਂ ਨੂੰ ਹੱਸ ਖੇਡ ਕੇ ਮਨਾਉਣ ਦੀ ਰੀਤ ਪ੍ਰਚਲਿਤ ਹੈ। ਇਹੀ ਦਿਨ ਹੁੰਦੇ ਹਨ ਜਦੋਂ ਲੋਕ ਆਪਣੇ ਰੁੱਸੇ ਹੋਏ ਸਾਥੀਆਂ ਨਾਲ ਵਧਾਈ ਦੇ ਤੋਹਫ਼ੇ ਦੇ ਕੇ ਪਿਛਲੇ ਗੁੱਸੇ ਭੁੱਲ ਕੇ ਨਵੀਂ ਸ਼ੁਰੂਆਤ ਕਰਦੇ ਹਨ। ਪਰ ਅਜੋਕੇ ਸਮੇਂ ਨੇ ਤਿਉਹਾਰਾਂ ਦੀ ਇਹ ਖੁਸ਼ੀ ਨੂੰ ਗ੍ਰਹਿਣ ਲਾ ਦਿੱਤਾ ਹੈ। ਇਸ ਦਾ ਇਕੋ-ਇਕ ਕਾਰਨ ਇਹ ਹੈ ਕਿ ਮਹਿੰਗਾਈ ਦਿਨੋਂ-ਦਿਨ ਲੋਕਾਂ ਦਾ ਏਨਾ ਖੂਨ ਚੂਸ ਰਹੀ ਹੈ ਕਿ ਉਹ ਤਿਉਹਾਰ ਅਤੇ ਹੋਰ ਖੁਸ਼ੀਆਂ ਦੇ ਦਿਨ ਮਨਾਉਣਾ ਹੀ ਭੁੱਲ ਗਏ ਹਨ। ਹੁਣ ਤਿਉਹਾਰਾਂ ਦੇ ਦਿਨਾਂ ਵਿਚ ਫਲ, ਸਬਜ਼ੀਆਂ, ਦੁੱਧ ਦੇ ਰੇਟ ਏਨੇ ਉਤਾਂਹ ਹੋ ਚੁੱਕੇ ਹਨ ਕਿ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹਨ, ਜਿਨ੍ਹਾਂ ਨੂੰ ਮਹਿੰਗੇ ਯੁੱਗ ਵਿਚ ਰੋਟੀ ਦੇ ਲਾਲੇ ਪਏ ਹੋਣ, ਉਹ ਦਿਨ ਤਿਉਹਾਰ ਕਿਵੇਂ ਮਨਾ ਸਕਦਾ ਹੈ, ਇਹ ਸਭ ਤਾਂ ਹੁਣ ਅਮੀਰਾਂ ਦੇ ਚੌਂਚਲੇ ਰਹਿ ਗਏ ਹਨ। ਦੀਵਾਲੀ ਤੋਂ ਪਹਿਲਾਂ ਹੀ ਆਮ ਆਦਮੀ ਦਾ ਕਚੂਮਰ ਨਿਕਲ ਚੁੱਕਾ ਹੈ। ਨਾ ਸਰਕਾਰ, ਨਾ ਮੰਤਰੀ ਤੇ ਨਾ ਉੱਚ ਅਧਿਕਾਰੀ ਇਸ ਦਿਨੋਂ-ਦਿਨ ਤੇਜ਼ ਹੋ ਰਹੀ ਮਹਿੰਗਾਈ ਦੇ ਡੰਗ ਦੀ ਚੁਭਨ ਮਹਿਸੂਸ ਕਰਦੇ ਹਨ, ਕਿਉਂਕਿ ਉਨ੍ਹਾਂ ਦੀ ਤਾਂ ਸਦਾ ਹੀ ਦੀਵਾਲੀ ਹੈ। ਹਨੇਰਾ ਤਾਂ ਇਸ ਗਰੀਬਾਂ ਦੇ ਘਰਾਂ 'ਚ ਰਹੇਗਾ।

-ਵਿਵੇਕ
ਕੋਟ ਈਸੇ ਖਾਂ, ਮੋਗਾ।

ਸੰਕਟਾਂ 'ਚ ਘਿਰਿਆ ਪੰਜਾਬ
ਪਿਛਲੇ ਦਿਨੀਂ ਯਾਦਵਿੰਦਰ ਸਫੀਪੁਰ ਦੇ ਲੇਖ 'ਅਨੇਕਾਂ ਸੰਕਟਾਂ ਵਿਚ ਘਿਰਿਆ ਅਜੋਕਾ ਪੰਜਾਬ' ਪੰਜਾਬ ਦੀ ਵਰਤਮਾਨ ਸਥਿਤੀ ਨੂੰ ਬਿਆਨ ਕਰਦਾ ਸੀ। ਅੱਜ ਪੂੰਜੀਵਾਦ ਵਰਗ ਤੇ ਕਿਰਤੀ ਵਰਗ ਦਾ ਪਾੜਾ ਦਿਨ-ਬਦਿਨ ਵਧ ਰਿਹਾ ਹੈ। ਜਿਥੇ ਇਕ ਪਾਸੇ ਵੱਡੇ-ਵੱਡੇ ਮਾਲ, ਕਾਲੋਨੀਆਂ ਦਾ ਨਿਰਮਾਣ ਹੋ ਰਿਹਾ ਹੈ, ਉਥੇ ਦੂਸਰੇ ਪਾਸੇ ਆਮ ਆਦਮੀ ਲਈ ਆਪਣਾ ਘਰ ਤਾਂ ਦੂਰ ਇਕ ਰਸੋਈ ਬਣਾਉਣਾ ਵੀ ਮੁਸ਼ਕਿਲ ਬਣਦਾ ਜਾ ਰਿਹਾ ਹੈ। ਮਹਿੰਗਾਈ ਤੇ ਨਿੱਤ ਲੋੜਾਂ ਦੀ ਵਸਤਾਂ ਦੀਆਂ ਕੀਮਤਾਂ 'ਚ ਹੋ ਰਹੇ ਵਾਧੇ ਨੇ ਜਿਊਣਾ ਹੋਰ ਵੀ ਮੁਸ਼ਕਿਲ ਕਰ ਦਿੱਤਾ ਹੈ। ਗਰੀਬ ਆਦਮੀ ਆਪਣੇ ਬੱਚਿਆਂ ਲਈ ਉੱਚ ਤੇ ਮਿਆਰੀ ਸਿੱਖਿਆ ਦਾ ਪ੍ਰਬੰਧ ਵੀ ਨਹੀਂ ਕਰ ਸਕਦਾ। ਬੇਕਾਰੀ ਤੇ ਬੇਰੁਜ਼ਗਾਰੀ ਨੌਜਵਾਨਾਂ ਨੂੰ ਨਸ਼ਿਆਂ ਦੇ ਮੱਕੜਜਾਲ ਤੇ ਹੋਰ ਅਨੇਕਾਂ ਪ੍ਰਕਾਰ ਦੇ ਜੁਰਮਾਂ ਦਾ ਸ਼ਿਕਾਰ ਬਣਾ ਰਹੀ ਹੈ। ਸੋ, ਰਾਜਨੀਤਕ ਪਾਰਟੀਆਂ ਦੇ ਨੇਤਾ ਲੋਕ ਮਸਲਿਆਂ ਤੇ ਉਨ੍ਹਾਂ ਦੀਆਂ ਮੰਗਾਂ ਵੱਲ ਵਿਸ਼ੇਸ਼ ਧਿਆਨ ਦੇਣ, ਤਾਂ ਜੋ ਇਕ ਖੁਸ਼ਹਾਲ ਪੰਜਾਬ ਦਾ ਨਿਰਮਾਣ ਹੋ ਸਕੇ।

-ਇਕਬਾਲ ਪਾਲੀ
ਪਿੰਡ ਫਲੌਂਦ ਕਲਾਂ, ਡਾਕ: ਭੋਗੀਵਾਲ (ਸੰਗਰੂਰ)।

ਸਰਵਜਨਕ ਥਾਵਾਂ 'ਤੇ ਪਖਾਨੇ
ਪੰਜਾਬੀ ਦਾ ਪ੍ਰਸਿੱਧ ਲੇਖਕ ਸ: ਗੁਰਬਖਸ਼ ਸਿੰਘ ਪ੍ਰੀਤਲੜੀ ਆਪਣੇ ਇਕ ਪ੍ਰਸਿੱਧ ਲੇਖ 'ਗੁਸਲਖਾਨਾ' ਵਿਚ ਲਿਖਦਾ ਹੈ ਕਿ ਕਿਸੇ ਕੌਮ ਦੀ ਸੱਭਿਅਤਾ, ਸੱਭਿਆਚਾਰ ਅਤੇ ਕਾਰ-ਵਿਹਾਰ ਦੀਆਂ ਉਚਾਈਆਂ ਦਾ ਅੰਦਾਜ਼ਾ ਉਸ ਕੌਮ ਦੇ ਗੁਸਲਖਾਨਿਆਂ ਦੀ ਸਫ਼ਾਈ ਤੋਂ ਲਗਾਇਆ ਜਾ ਸਕਦਾ ਹੈ। ਸਿੰਧ ਘਾਟੀ ਦੀ ਸੱਭਿਅਤਾ ਦੀ ਖੋਜ ਵੀ ਦੱਸਦੀ ਹੈ ਕਿ ਉਨ੍ਹਾਂ ਲੋਕਾਂ ਦੇ ਪਖਾਨੇ ਅਤੇ ਗੁਸਲਖਾਨੇ ਉਨ੍ਹਾਂ ਦੇ ਵਿਕਸਤ ਹੋਣ ਦੀ ਗਵਾਹੀ ਭਰਦੇ ਸਨ। ਅਜੋਕੇ ਭਾਰਤ ਦੇ ਆਜ਼ਾਦੀ ਦੇ 65 ਸਾਲਾਂ ਬਾਅਦ ਜਨਤਕ ਥਾਵਾਂ ਜਿਵੇਂ ਬੱਸ ਸਟੈਂਡ, ਸਰਕਾਰੀ ਹਸਪਤਾਲ, ਸਰਕਾਰੀ ਸਕੂਲ ਅਤੇ ਹੋਰ ਸ਼ਹਿਰਾਂ ਅਤੇ ਕਸਬਿਆਂ ਦੇ ਸਾਂਝੇ ਪਖਾਨਿਆਂ ਦੀ ਹਾਲਤ ਦੇਖ ਕੇ ਇੰਜ ਲਗਦਾ ਹੈ ਕਿ ਅਸੀਂ ਹਜ਼ਾਰਾਂ ਸਾਲ ਪੁਰਾਣੀ ਸੱਭਿਅਤਾ ਤੋਂ ਵੀ ਪਛੜ ਚੁੱਕੇ ਹਾਂ। ਅਸੀਂ ਇਸ ਗੰਭੀਰ ਮਸਲੇ ਵੱਲ ਕਦੀ ਧਿਆਨ ਹੀ ਨਹੀਂ ਦਿੱਤਾ ਕਿ ਵਿਦੇਸ਼ੀ ਸੈਲਾਨੀ ਇਨ੍ਹਾਂ ਪਖਾਨਿਆਂ ਦੀ ਤਰਸਯੋਗ ਹਾਲਤ ਨੂੰ ਦੇਖ ਕੇ ਕੀ ਸੋਚਦੇ ਹੋਣਗੇ। ਮੇਰਾ ਇਹ ਮਹਾਨ ਭਾਰਤ ਹਰ ਖੇਤਰ ਵਿਚ ਵਾਰ-ਵਾਰ ਕਿਉਂ ਸਰਮਸ਼ਾਰ ਹੋ ਰਿਹਾ ਹੈ?

-ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀ ਖਾਸ, ਮੁਕੇਰੀਆਂ (ਹੁਸ਼ਿਆਰਪੁਰ)।

18-11-2013

 ਵਿਚਾਰਨ ਦੀ ਲੋੜ
ਪਿਛਲੇ ਦਿਨੀਂ (27.10.13) ਦੀ ਇਕ ਦੁਖਦਾਈ ਖ਼ਬਰ ਪੜ੍ਹੀ ਕਿ ਇਕ 65 ਸਾਲਾ ਦਾਦੀ ਨੇ ਆਪਣੀਆਂ ਨੰਨ੍ਹੀਆਂ-ਨੰਨ੍ਹੀਆਂ ਪੋਤਰੀਆਂ ਨੂੰ ਭੁੱਖ ਨਾਲ ਘੁਲਦਿਆਂ ਵੇਖ ਬੇਵੱਸ ਹੋ ਆਪਣੇ ਸਣੇ ਪਾਣੀ 'ਚ ਡਬੋ ਕੇ ਜੀਵਨ ਲੀਲਾ ਖਤਮ ਕਰ ਲਈ। ਕਿੱਥੇ ਗਿਆ ਸਾਡਾ ਸਮਾਜ? ਕਿੱਥੇ ਗਏ ਸਾਡੇ ਲੀਡਰ ਜੋ ਨਿੱਤ ਵਿਕਾਸ ਦੇ ਦਾਅਵਿਆਂ ਦੀ ਗੱਲ ਕਰਦੇ ਹਨ? ਏਨਾ ਨਿੱਘਰ ਗਿਆ ਹੈ ਸਾਡਾ ਸਮਾਜ ਕਿ ਸਾਨੂੰ ਆਪਣੇ ਆਲੇ-ਦੁਆਲੇ ਆਰਥਿਕ ਤੰਗੀਆਂ ਅਤੇ ਭੁੱਖ ਨਾਲ ਘੁਲਦਿਆਂ ਦਾ ਖਿਆਲ ਵੀ ਨਹੀਂ ਰਹਿੰਦਾ ਸਾਡੇ ਅੰਦਰੋਂ ਮਰ ਗਈਆਂ ਹਨ, ਭਾਵਨਾਵਾਂ ਸੁਆਰਥੀ ਹੋ ਗਏ ਹਾਂ, ਇਸ ਆਪਾਧਾਪੀ ਦੇ ਯੁੱਗ ਅੰਦਰ ਸਾਡੇ ਅੰਦਰੋਂ ਨਰੋਈਆਂ ਕਦਰਾਂ-ਕੀਮਤਾਂ ਗੁਆਚ ਰਹੀਆਂ ਹਨ। ਇਸੇ ਦਿਨ ਹੀ ਦੂਜੀ ਖਬਰ ਕਿ ਇਕ 85 ਸਾਲਾ ਮਾਤਾ ਆਪਣੀ ਹੀ ਨੂੰਹ ਵੱਲੋਂ ਲਾਈ ਦਾਜ ਲੈਣ ਦੀ ਤੁਹਮਤ ਖਾਤਰ ਜੇਲ੍ਹ ਵਿਚ ਸੜ ਰਹੀ ਹੈ। ਇਕ 85 ਸਾਲਾ ਮਾਂ ਲਈ ਕੀ ਮਾਅਨੇ ਰੱਖਦਾ ਹੈ ਨੂੰਹ ਦਾ ਦਾਜ? ਉਸ ਨੂੰ ਤਾਂ ਦੋ ਡੰਗ ਦੀ ਰੋਟੀ ਤਿੰਨ ਕੱਪੜੇ ਪਹਿਨਣ ਲਈ ਤੇ ਕੁਝ ਦਵਾਈ ਦੀ ਲੋੜ ਹੈ। ਅਸੀਂ ਕਿਉਂ ਸਾਰੇ ਅੰਨ੍ਹੇ ਜੰਗਲ ਵੱਲ ਤੁਰ ਪਏ ਹਾਂ? ਕਿਉਂ ਸਾਡੇ ਸਾਰਿਆਂ 'ਚੋਂ ਨਰੋਈਆਂ ਕਦਰਾਂ-ਕੀਮਤਾਂ ਗੁਆਚ ਰਹੀਆਂ ਹਨ? ਵਿਚਾਰਨ ਦੀ ਲੋੜ ਹੈ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਰੇਲਵੇ ਪਲੇਟਫਾਰਮਾਂ ਦੀ ਸਫਾਈ
ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਪਲੇਟਫਾਰਮਾਂ ਅਤੇ ਸਟੇਸ਼ਨ ਦੇ ਆਲੇ-ਦੁਆਲੇ ਦੀ ਸਫਾਈ ਦੀ ਹਾਲਤ ਨੂੰ ਵੇਖ ਕੇ ਇਸ ਆਧੁਨਿਕ ਯੁੱਗ ਵਿਚ ਰੇਲਵੇ ਅਧਿਕਾਰੀਆਂ ਦੇ ਨਿਕੰਮੇ ਪ੍ਰਬੰਧ ਉੱਤੇ ਤਰਸ ਆਉਂਦਾ ਹੈ ਕਿ ਉਹ ਇੰਨੇ ਜੋਗੇ ਵੀ ਨਹੀਂ ਕਿ ਉਹ ਆਪਣਾ ਚੌਗਿਰਦਾ ਸਾਫ਼-ਸੁਥਰਾ ਰੱਖ ਸਕਣ। ਉਤਰ ਰੇਲਵੇ ਅਧਿਕਾਰੀਆਂ ਨੂੰ ਇਕ ਐਸੀ ਨੀਤੀ ਤਿਆਰ ਕਰਨੀ ਚਾਹੀਦੀ ਹੈ ਜਿਸ ਰਾਹੀਂ ਉਹ ਪਲੇਟਫਾਰਮਾਂ ਦੁਆਲੇ ਸੀ. ਸੀ. ਟੀ. ਵੀ. ਕੈਮਰੇ ਲਗਵਾ ਕੇ ਕੂੜਾ-ਕਰਕਟ, ਕਾਗਜ਼, ਸਿਗਰਟਾਂ, ਬੀੜੀਆਂ ਆਦਿ ਸੁੱਟਣ ਵਾਲੇ ਅਤੇ ਥੁੱਕਣ ਵਾਲੇ ਲੋਕਾਂ ਨੂੰ ਪਕੜ ਕੇ ਮੌਕੇ ਉਤੇ ਹੀ ਭਾਰੀ ਜੁਰਮਾਨੇ ਕਰਨ। ਇਸ ਦੇ ਨਾਲ ਹੀ 24 ਘੰਟੇ ਸਫਾਈ ਕਰਨ ਦਾ ਪ੍ਰਬੰਧ ਵੀ ਕੀਤਾ ਜਾਵੇ। ਇਸ ਤੋਂ ਬਿਨਾਂ ਰੇਲਵੇ ਪਲੇਟਫਾਰਮਾਂ ਉਤੇ ਖੜ੍ਹੀਆਂ ਸਭ ਰੇਲ ਗੱਡੀਆਂ ਦੇ ਟਾਇਲਟ ਬੰਦ ਰੱਖਣੇ ਚਾਹੀਦੇ ਹਨ ਤਾਂ ਕਿ ਰੇਲਵੇ ਲਾਈਨਾਂ ਤੇ ਟਰੈਕਾਂ ਅੰਦਰ ਵੀ ਸਫਾਈ ਰਹਿ ਸਕੇ।

-ਇੰਜ: ਕੁਲਦੀਪ ਸਿੰਘ ਲੁੱਧਰ
4724, ਗੁਰੂ ਨਾਨਕਵਾੜਾ, ਖਾਲਸਾ ਕਾਲਜ, ਅੰਮ੍ਰਿਤਸਰ।

ਸਬਰ ਤੋਂ ਪਾਰ
ਪੈਸਾ ਇਕ ਅਜਿਹੀ ਚੀਜ਼ ਹੈ, ਵਸਤੂ ਹੈ ਜੋ ਕਿਸੇ ਵੀ ਇਨਸਾਨ ਕੋਲ ਜਿੰਨਾ ਮਰਜ਼ੀ ਹੋਵੇ ਪਰ ਅਸੀਂ ਕਿਸੇ ਵੀ ਲੋੜਵੰਦ ਇਨਸਾਨ ਨੂੰ ਦੇ ਨਹੀਂ ਸਕਦੇ। ਆਖਿਰ ਕਿਉਂ? ਜਦਕਿ ਪੈਸਾ ਬਣਿਆ ਸਿਰਫ਼ ਕੰਮ ਚਲਾਉਣ ਜਾਂ ਫਿਰ ਲੋੜਾਂ ਨੂੰ ਪੂਰਾ ਕਰਨ ਵਾਸਤੇ ਹੈ, ਪਰ ਅਸੀਂ 'ਸਬਰ ਤੋਂ ਪਾਰ' ਮਾਇਆ ਨੂੰ ਇਕੱਠੀ ਕਰਨ ਵਿਚ ਜ਼ਿੰਦਗੀ ਲੰਘਾਅ ਬੈਠਦੇ ਹਾਂ ਪਰ ਜਦੋਂ ਪੈਸਾ ਇਕੱਠਾ ਹੁੰਦਾ ਹੈ ਤਾਂ ਇਸ ਨੂੰ ਵਰਤਣ ਵਾਲਾ ਸਾਡਾ ਉਹ ਵਜੂਦ ਹੀ ਨਹੀਂ ਰਹਿੰਦਾ ਕਿਉਂਕਿ ਕੁਦਰਤ ਦੁਆਰਾ ਸਾਡਾ ਹਰ ਸਾਹ, ਸਮਾਂ ਨਿਸ਼ਚਿਤ ਜੁ ਕੀਤਾ ਗਿਆ ਹੈ। ਜੇਕਰ ਇਨਸਾਨ ਹਰ ਇਕ ਨੂੰ ਇਨਸਾਨ ਸਮਝ ਉਸ ਦੇ ਕੰਮ ਆਉਣ ਦੀ ਕੋਸ਼ਿਸ਼ ਕਰੇ ਤਾਂ ਇਸ ਤੋਂ ਵੱਡੀ ਕੋਈ ਇਨਸਾਨੀਅਤ ਜਾਂ ਪਰਉਪਕਾਰ ਨਹੀਂ। ਜੇਕਰ ਹਰ ਕੋਈ ਇਹ ਸਮਝ ਲਵੇ ਕਿ ਸਾਡਾ ਇਥੇ ਥੋੜ੍ਹਚਿਰਾ ਰੈਣ ਬਸੈਰਾ ਹੈ ਤਾਂ ਹੋ ਸਕਦਾ ਹੈ ਸਾਡਾ ਪੈਸੇ ਵੱਲੋਂ ਕੁਝ ਮੋਹ ਘੱਟ ਜਾਵੇ ਪਰ ਇਹ ਸਭ ਕੁਝ ਸਮਝਣ ਲਈ ਸਾਨੂੰ ਸਬਰ, ਸੰਤੁਸ਼ਟੀ ਅਤੇ ਕੁਦਰਤ ਦੇ ਅਟੱਲ ਨਿਯਮ ਵਿਚ ਯਕੀਨ ਰੱਖਣਾ ਹੀ ਹੋਵੇਗਾ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।

16-11-2013

 'ਵਾਕਆਊਟ' ਹੱਲ ਨਹੀਂ
ਪਿਛਲੇ ਦਿਨੀਂ ਰੋਜ਼ਾਨਾ 'ਅਜੀਤ' ਵਿਚ ਖ਼ਬਰ ਪੜ੍ਹੀ ਕਿ ਕਾਂਗਰਸ ਨੇ ਜਾਇਦਾਦ ਟੈਕਸ ਦੇ ਮੁੱਦੇ 'ਤੇ ਵਿਧਾਨ ਸਭਾ 'ਚੋਂ ਵਾਕਆਊਟ ਕੀਤਾ।
'ਵਾਕਆਊਟ' ਦਾ ਰੁਝਾਨ ਆਮ ਲੋਕਾਂ ਨਾਲ ਧੋਖਾ ਹੈ। ਵਿਰੋਧੀ ਧਿਰ ਅਸਲ ਵਿਚ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਵਿਰੋਧੀ ਧਿਰ ਵੀ ਲੋਕਾਂ ਦੀ ਚੁਣੀ ਹੋਈ ਹੁੰਦੀ ਹੈ ਤੇ ਲੋਕਾਂ ਦੀ ਆਵਾਜ਼ ਵਿਧਾਨ ਸਭਾ ਵਿਚ ਉਠਾਉਣੀ ਇਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਇਸ ਦੇ ਉਲਟ ਵਿਰੋਧੀ ਧਿਰ ਕੋਈ ਨਾ ਕੋਈ ਬਹਾਨਾ ਬਣਾ ਕੇ ਸਦਨ ਵਿਚੋਂ ਵਾਕਆਊਟ ਕਰ ਜਾਂਦੀ ਹੈ ਤੇ ਸੱਤਾਧਾਰੀ ਧਿਰ ਬਿਨਾਂ ਕਿਸੇ ਤਰ੍ਹਾਂ ਦੇ ਵਿਰੋਧ ਦੇ ਅਤੇ ਬਿਨਾਂ ਕਿਸੇ ਵਿਚਾਰ-ਵਟਾਂਦਰੇ ਤੋਂ ਕਾਨੂੰਨਾਂ ਅਤੇ ਬਿੱਲਾਂ ਨੂੰ ਪਾਸ ਕਰ ਦਿੰਦੀ ਹੈ। ਅਸਲ ਵਿਚ ਲੋਕਤੰਤਰ ਵਿਚਾਰ-ਵਟਾਂਦਰੇ ਰਾਹੀਂ ਵਿਰੋਧ ਜਤਾਉਣਾ ਹੈ ਨਾ ਕਿ ਵਾਕਆਊਟ ਨਾਲ।

-ਕੰਵਲਜੀਤ ਸਿੰਘ ਕੁਟੀ, ਵਕੀਲ
ਚੈਂਬਰ ਨੰ: 133, ਜ਼ਿਲ੍ਹਾ ਕਚਹਿਰੀ, ਬਠਿੰਡਾ।

ਪਹਿਰਾਵਾ
ਪੜ੍ਹਨਾ-ਲਿਖਣਾ ਸਾਡਾ ਫ਼ਰਜ਼ ਹੈ। ਪੜ੍ਹ-ਲਿਖ ਕੇ ਤਰੱਕੀ ਕਰਨੀ ਹੈ ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਹਨ। ਜਿੰਨੇ ਮਰਜ਼ੀ ਪੜ੍ਹ ਲਈਏ ਤੇ ਬਹੁਤ ਤਰੱਕੀ ਕਰ ਲਈਏ ਪਰ ਸਾਡਾ ਮੁਢਲਾ ਫ਼ਰਜ਼ ਹੈ ਕਿ ਅਸੀਂ ਆਪਣੇ ਵਿਰਸੇ ਤੇ ਸੱਭਿਆਚਾਰ ਨਾਲ ਵੀ ਜੁੜ ਕੇ ਰਹੀਏ। ਪਰ ਅੱਜ ਸਮਾਜ ਵਿਚ ਇਕ ਗੱਲ ਚੁੱਭ ਰਹੀ ਹੈ ਕਿ ਅੱਜਕੱਲ੍ਹ ਕਈ ਲੜਕੀਆਂ ਖਾਸ ਕਰ ਸਕੂਲ-ਕਾਲਜ ਦੀਆਂ ਵਿਦਿਆਰਥਣਾਂ ਦਾ ਪਹਿਰਾਵਾ ਵਿਗੜਦਾ ਜਾ ਰਿਹਾ ਹੈ ਜੋ ਕਿ ਗ਼ਲਤ ਗੱਲ ਹੈ। ਸਵੇਰ ਵੇਲੇ ਵਿੱਦਿਅਕ ਅਦਾਰਿਆਂ ਦੇ ਸਮੇਂ 'ਤੇ ਲੜਕੀਆਂ ਨੂੰ ਤੱਕਦੇ ਹਾਂ ਜੋ ਪੜ੍ਹਨ ਤਾਂ ਕਾਲਜ ਆਦਿ ਜਾਂਦੀਆਂ ਹਨ ਪਰ ਪਹਿਰਾਵਾ ਦੇਖ ਕੇ ਇੰਜ ਜਾਪਦਾ ਹੈ ਜਿਵੇਂ ਕਿਸੇ ਫ਼ਿਲਮ ਦੀ ਸ਼ੂਟਿੰਗ 'ਤੇ ਜਾ ਰਹੀਆਂ ਹੋਣ। ਇਸ ਤਰ੍ਹਾਂ ਛੇੜਛਾੜ ਤੇ ਹੋਰ ਗ਼ਲਤ ਘਟਨਾਵਾਂ ਵੀ ਆਮ ਹੀ ਵਾਪਰਦੀਆਂ ਹਨ। ਇਥੇ ਮਾਪਿਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।

-ਬਲਬੀਰ ਸਿੰਘ ਬੱਬੀ
ਪਿੰਡ ਤੇ ਡਾਕ: ਤੱਖਰਾਂ (ਲੁਧਿਆਣਾ)।

ਖ਼ਤ ਲਿਖਣਾ ਵੀ ਹੁਨਰ ਹੈ...
ਖ਼ਤ-ਪੱਤਰ ਬਹੁਤ ਪੁਰਾਣੇ ਸਮੇਂ ਤੋਂ ਲਿਖੀ ਜਾਣ ਵਾਲੀ ਇਕ ਰਚਨ ਪ੍ਰਕਿਰਿਆ ਹੈ। ਕਈ ਸਾਹਿਤ ਰਸੀਆਂ ਦਾ ਮੁਢਲਾ ਕਾਰਜ ਖ਼ਤ-ਪੱਤਰ ਲਿਖਣਾ ਹੀ ਹੁੰਦਾ ਰਿਹਾ ਹੈ। ਮੇਰੇ ਪਿਤਾ ਜੀ ਤੋਂ ਸਾਡੇ ਪਿੰਡ ਦੇ ਲੋਕ 60ਵਿਆਂ ਤੋਂ ਪਹਿਲਾਂ ਤੇ 80ਵਿਆਂ ਤੱਕ ਖ਼ਤ-ਪੱਤਰ ਲਿਖਵਾਉਣ ਅਤੇ ਪੜ੍ਹਾਉਣ ਆਉਂਦੇ ਸਨ। ਕਿਉਂਕਿ ਖ਼ਤ-ਪੱਤਰ ਲਿਖਣ ਦਾ ਉਨ੍ਹਾਂ ਦਾ ਆਪਣਾ ਨਿਵੇਕਲਾ ਹੁਨਰ ਬਾ-ਕਮਾਲ ਦਾ ਸੀ। ਅੱਜ ਭਾਵੇਂ ਅਸੀਂ ਫੇਸਬੁੱਕ ਜਾਂ ਐਸ. ਐਮ.ਐਸ. ਦੀ ਵਿਗਿਆਨਕ ਤਰੱਕੀ ਨਾਲ ਤੁਰ ਰਹੇ ਹਾਂ। ਪਰ ਖ਼ਤ-ਪੱਤਰ ਦਾ ਆਪਣਾ ਹੀ ਅਨੰਦ ਹੈ।

-ਸਨੇਹਇੰਦਰ ਮੀਲੂ ਫਰੌਰ
ਖੰਨਾ।

15-11-13

 ਰਾਜਨੀਤੀ ਜਾਂ ਬਦਨੀਤੀ

ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਅੱਜ ਰਾਜਨੀਤਕ ਲੋਕਾਂ ਨੇ ਉਸ ਰਾਜਨੀਤੀ ਨੂੰ ਬਦਨੀਤੀ ਵਿਚ ਬਦਲ ਦਿੱਤਾ ਹੈ, ਜਿਸ ਦਾ ਉਦੇਸ਼ ਕਿਸੇ ਸਮੇਂ ਲੋਕ ਭਲਾਈ, ਦੇਸ਼ ਸੇਵਾ ਅਤੇ ਸਮਾਜਿਕ ਕਦਰਾਂ-ਕੀਮਤਾਂ ਦੀ ਰਾਖੀ ਅਤੇ ਪ੍ਰਚਾਰ-ਪ੍ਰਸਾਰ ਕਰਨਾ ਹੁੰਦਾ ਸੀ। ਰਾਜਨੀਤਕ ਦਲਾਂ ਵਿਚ 'ਪਰਿਵਾਰਵਾਦ' ਦੀ ਭਾਵਨਾ ਘਰ ਕਰ ਗਈ ਹੈ। ਸਿੱਖਿਆ ਅਤੇ ਨੈਤਿਕਤਾ ਤੋਂ ਕੋਰੇ ਵਿਅਕਤੀ ਵੀ ਰਾਜਨੀਤੀ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਹੀ ਕਾਰਨ ਹੈ ਕਿ ਅਜਿਹੇ ਅਨਾੜੀ ਲੋਕਾਂ ਅਤੇ ਵੋਟਾਂ ਦੀ ਸਿਆਸਤ ਦੀ ਬਦੌਲਤ ਦੇਸ਼ ਅਫਰਾਤਫਰੀ ਅਤੇ ਅਸੁਰੱਖਿਆ ਦੀ ਭਾਵਨਾ ਨਾਲ ਦੋ-ਚਾਰ ਹੋ ਰਿਹਾ ਹੈ। ਅੱਜ ਕਿਸੇ ਵੀ ਅਪਰਾਧੀ ਦਾ ਅਪਰਾਧ ਇਨਸਾਫ਼ ਦੇ ਪੈਮਾਨੇ ਨਾਲ ਨਹੀਂ ਸਗੋਂ ਉਸ ਦੇ ਧਰਮ, ਜਾਤ ਦੇ ਪੈਮਾਨੇ ਨਾਲ ਮਾਪਿਆ ਜਾਂਦਾ ਹੈ। ਰਾਜਨੀਤਕ ਪਾਰਟੀਆਂ ਲਾਸ਼ਾਂ 'ਤੇ ਵੀ ਰਾਜਨੀਤੀ ਕਰਨ ਤੋਂ ਬਾਜ਼ ਨਹੀਂ ਆਉਂਦੀਆਂ। ਕਾਤਲਾਂ ਅਤੇ ਦਰਿੰਦਿਆਂ ਨੂੰ 'ਰਾਜਨੀਤਕ ਸੁਰੱਖਿਆ ਛਤਰੀ' ਦੇਣਾ ਆਮ ਦੇਖਣ ਅਤੇ ਸੁਣਨ ਵਿਚ ਆ ਰਿਹਾ ਹੈ। ਰਾਜਨੀਤਕ ਲੋਕਾਂ ਦੀ ਬਦਨੀਤੀ ਨੂੰ ਹੁਣ ਜਨਤਾ ਵੱਲੋਂ ਨਕਾਰਿਆ ਜਾ ਰਿਹਾ ਹੈ। ਮਾਣਯੋਗ ਅਦਾਲਤਾਂ ਅਤੇ ਮੀਡੀਆ ਵੱਲੋਂ ਕੀਤੇ ਜਾ ਰਹੇ ਯਤਨ ਸੱਚਮੁੱਚ ਵਧਾਈ ਦੇ ਪਾਤਰ ਹਨ। ਅਜਿਹਾ ਹੋਣਾ ਭਵਿੱਖ ਵਿਚ ਰਾਜਨੀਤੀ ਨੂੰ ਨਵੀਂ ਸੇਧ ਦੇਵੇਗਾ।

-ਤਲਵਿੰਦਰ ਸ਼ਾਸਤਰੀ
ਮਾਲੇਰਕੋਟਲਾ।

ਤੰਬਾਕੂ 'ਤੇ ਰੋਕ ਲਗਾਏ ਸਰਕਾਰ

ਪੰਜਾਬ ਵਿਚ ਤੰਬਾਕੂ ਅਤੇ ਤੰਬਾਕੂ ਤੋਂ ਬਣਨ ਵਾਲੀਆਂ ਹੋਰ ਚੀਜ਼ਾਂ ਆਦਿ 'ਤੇ ਪੂਰੀ ਤਰ੍ਹਾਂ ਰੋਕ ਲੱਗੇ। ਇਸ ਤੰਬਾਕੂ ਦੇ ਪੈਕਟ ਸ਼ਰੇਆਮ ਦੁਕਾਨਾਂ ਅਤੇ ਪਾਨ-ਸਿਗਰਟਾਂ ਦਿਆਂ ਖੋਖਿਆਂ ਤੋਂ ਆਸਾਨੀ ਨਾਲ ਮਿਲ ਰਹੇ ਹਨ। ਭਾਵੇਂ ਇਸ ਨੂੰ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਲਈ ਵੇਚਣ 'ਤੇ ਪਾਬੰਦੀ ਹੈ ਪਰ ਇਹ ਤੰਬਾਕੂ ਦੇ ਪੈਕਟ ਛੋਟੀ ਉਮਰ ਦੇ ਬੱਚਿਆਂ ਨੂੰ ਵੀ ਵੇਚੇ ਜਾ ਰਹੇ ਹਨ। ਭਲਾ ਦੁਕਾਨ 'ਤੇ ਆਏ ਗਾਹਕ ਨੂੰ ਕੌਣ ਮੋੜਦਾ ਹੈ। ਇਹ ਤੰਬਾਕੂ ਦੀ ਲਤ ਲੱਗਣ ਤੋਂ ਬਾਅਦ ਉਹ ਹੌਲੀ-ਹੌਲੀ ਹੋਰ ਵੀ ਮਾਰੂ ਨਸ਼ਿਆਂ ਦੀ ਜਕੜ ਵਿਚ ਆ ਜਾਂਦੇ ਹਨ ਤੇ ਸਮਾਜ ਲਈ ਵੱਡਾ ਖ਼ਤਰਾ ਬਣ ਰਹੇ ਹਨ। ਪੰਜਾਬ ਵਿਚ ਸਰਕਾਰ ਇਸ 'ਤੇ ਜ਼ਰੂਰ ਪਾਬੰਦੀ ਲਗਾਏ ਤਾਂ ਕਿ ਕਿਤੇ ਸਾਡਾ ਬਚਪਨ ਜਵਾਨ ਹੋਣ ਤੋਂ ਪਹਿਲਾਂ ਹੀ ਬੁੱਢਾ ਨਾ ਹੋ ਜਾਵੇ ਜਾਂ ਸਮੇਂ ਤੋਂ ਪਹਿਲਾਂ ਹੀ ਜ਼ਿੰਦਗੀ ਖਰਾਬ ਨਾ ਹੋ ਜਾਏ।

-ਮਾਸਟਰ ਗੁਲਸ਼ਨ ਕੁਮਾਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੱਧੇਵਾਲੀ, ਜਲੰਧਰ।

ਪਰਾਲੀ ਦੀ ਵਰਤੋਂ

ਮੈਂ ਇਕ ਅਧਿਆਪਕ ਹੋਣ ਦੇ ਨਾਲ-ਨਾਲ ਇਕ ਕਿਸਾਨ ਵੀ ਹਾਂ ਅਤੇ ਦਿਨ-ਰਾਤ ਯਤਨ ਕਰ ਰਿਹਾ ਹਾਂ ਕਿ ਪਰਾਲੀ ਦੀ ਸੁਚੱਜੇ ਢੰਗ ਨਾਲ ਵਰਤੋਂ ਕੀਤੀ ਜਾਵੇ ਜਿਵੇਂ ਪਰਾਲੀ ਨੂੰ ਖੇਤ ਵਿਚ ਇਕ ਥਾਂ 'ਤੇ ਇਕੱਠੀ ਕਰਕੇ ਕੰਪੋਸਟ ਖਾਦ ਤਿਆਰ ਕਰਨ ਲਈ ਖੇਤ ਦੇ ਇਕ ਕੋਨੇ 'ਤੇ ਇਕ ਕੱਚਾ ਟੈਂਕ ਤਿਆਰ ਕਰਕੇ ਪਰਾਲੀ ਨੂੰ ਇਸ ਟੈਂਕ ਵਿਚ ਦਬਾ ਕੇ ਉੱਪਰੋਂ ਮਿੱਟੀ ਨਾਲ ਢੱਕ ਦਿੱਤਾ ਜਾਵੇ। ਇਸ ਥਾਂ ਉੱਪਰ ਕਿਸਾਨ ਫਸਲ ਵੀ ਉਗਾ ਸਕਦੇ ਹਨ। ਕਣਕ ਦੀ ਕਟਾਈ ਤੋਂ ਬਾਅਦ ਇਸ ਤਿਆਰ ਹੋਈ ਖਾਦ ਨੂੰ ਖੇਤ ਦੇ ਬਾਕੀ ਹਿੱਸਿਆਂ ਵਿਚ ਖਿਲਾਰ ਕੇ ਅਗਲੀ ਫਸਲ ਲਈ ਚੰਗਾ ਝਾੜ ਲਿਆ ਜਾ ਸਕਦਾ ਹੈ। ਦੂਸਰਾ ਪਰਾਲੀ ਦੀ ਵਰਤੋਂ ਹਰੇ ਚਾਰੇ ਦੇ ਨਾਲ ਮਿਕਸ ਕਰਕੇ ਪਸ਼ੂਆਂ ਲਈ ਵੀ ਕੀਤੀ ਜਾਂਦੀ ਹੈ। ਇਨ੍ਹਾਂ ਢੰਗਾਂ ਦੀ ਵਰਤੋਂ ਕਰਦੇ ਸਮੇਂ ਕਿਸਾਨ ਨੂੰ ਨਾ ਤਾਂ ਜ਼ਿਆਦਾ ਖਰਚ ਦੀ ਲੋੜ ਹੁੰਦੀ ਹੈ ਅਤੇ ਨਾ ਹੀ ਭਾਰੀ ਮਸ਼ੀਨਰੀ ਦੀ ਅਤੇ ਨਾ ਹੀ ਕਿਸਾਨਾਂ ਨੂੰ ਸਰਕਾਰ ਪਾਸੋਂ ਜ਼ਿਆਦਾ ਸਹਿਯੋਗ ਦੀ ਲੋੜ ਹੋਵੇਗੀ।

-ਗੁਰਪ੍ਰੀਤ ਸਿੰਘ
ਮੁੱਖ ਅਧਿਆਪਕ ਸਰਕਾਰੀ ਐਲੀਮੈਂਟਰੀ ਸਕੂਲ, ਬੁਰਜ ਹਰੀ ਸਿੰਘ।

ਮੁਲਾਜ਼ਮ ਵਰਗ ਦੀ ਬੇਚੈਨੀ

ਪੰਜਾਬ ਦਾ ਮੁਲਾਜ਼ਮ ਵਰਗ ਸੂਬਾ ਸਰਕਾਰ ਤੋਂ ਡਾਢਾ ਖ਼ਫਾ ਹੈ। ਇਸ ਵਰਗ ਦੁਆਰਾ ਆਏ ਦਿਨ ਧਰਨੇ ਮੁਜ਼ਾਹਰਿਆਂ ਦੁਆਰਾ ਪ੍ਰਗਟਾਇਆ ਜਾ ਰਿਹਾ ਰੋਸ ਵੱਡੀ ਬੇਚੈਨੀ ਵੱਲ ਸੰਕੇਤ ਕਰਦਾ ਹੈ। ਮੁਲਾਜ਼ਮਾਂ ਨੂੰ ਰੋਸਾ ਹੈ ਕਿ ਉਨ੍ਹਾਂ ਨੂੰ ਕੇਂਦਰੀ ਪੈਟਰਨ 'ਤੇ ਜੁਲਾਈ 2013 ਤੋਂ ਮਹਿੰਗਾਈ ਭੱਤੇ ਦੀ 10 ਫ਼ੀਸਦੀ ਕਿਸ਼ਤ ਦੇਣ ਤੋਂ ਪੰਜਾਬ ਸਰਕਾਰ ਚੁੱਪ ਸਾਧੀ ਬੈਠੀ ਹੈ, ਜਦ ਕਿ ਕੇਂਦਰ ਸਰਕਾਰ ਨੇ ਕਾਫੀ ਸਮਾਂ ਪਹਿਲਾਂ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਇਹ ਕਿਸ਼ਤ ਜਾਰੀ ਕਰ ਦਿੱਤੀ ਹੈ। ਸੂਬਾ ਸਰਕਾਰ 'ਤੇ ਇਹ ਵੀ ਦੋਸ਼ ਹੈ ਕਿ ਜਨਵਰੀ 2013 ਤੋਂ ਜੂਨ 2013 ਤੱਕ ਦੀ 8 ਫ਼ੀਸਦੀ ਡੀ.ਏ. ਦੀ ਕਿਸ਼ਤ ਦਾ ਬਕਾਇਆ ਦੇਣ ਤੋਂ ਟਾਲਾ ਵੱਟ ਰੱਖਿਆ ਹੈ। ਇਵੇਂ ਬਕਾਏ ਦੀ ਤੀਜੀ 30 ਫ਼ੀਸਦੀ ਰਹਿੰਦੀ ਕਿਸ਼ਤ ਨੂੰ ਵੀ ਆਨੀ-ਬਹਾਨੀਂ ਵਾਰ-ਵਾਰ ਪਿੱਛੇ ਪਾਇਆ ਜਾ ਰਿਹਾ ਹੈ। ਕੇਂਦਰ ਤਾਂ ਅਗਲੇ ਤਨਖਾਹ ਕਮਿਸ਼ਨ ਦਾ ਐਲਾਨ ਵੀ ਕਰ ਚੁੱਕਾ ਹੈ। ਹੈਰਾਨੀ ਦੀ ਗੱਲ ਹੈ ਕਿ ਵਿੱਤੀ ਸੰਕਟ ਦਾ ਰੋਣਾ ਰੋਣ ਵਾਲੀ ਸੂਬਾ ਸਰਕਾਰ ਨੇ ਆਪਣੇ ਮੁੱਖ ਮੰਤਰੀ, ਮੰਤਰੀਆਂ, ਮੁੱਖ ਸੰਸਦੀ ਸਕੱਤਰਾਂ ਅਤੇ ਵਿਧਾਇਕਾਂ ਦੀਆਂ ਤਨਖਾਹਾਂ ਅਤੇ ਭੱਤਿਆਂ ਨੂੰ ਜ਼ਰਬਾਂ ਦੇ ਦਿੱਤੀਆਂ ਹਨ। ਇਸ ਦੇ ਉਲਟ ਮੁਲਾਜ਼ਮਾਂ ਪ੍ਰਤੀ ਸਰਕਾਰ ਨੇ ਉਦਾਸੀਨਤਾ ਭਰਿਆ ਰਵੱਈਆ ਧਾਰਨ ਕਰਕੇ ਉਨ੍ਹਾਂ ਨੂੰ ਨਰਾਜ਼ ਕਰ ਲਿਆ ਹੈ।

-ਭੁਪਿੰਦਰ ਸਿੰਘ ਢਿੱਲੋਂ
ਦੀਪਗੜ੍ਹ (ਬਰਨਾਲਾ)।

9-11-13

 ਪਰਾਲੀ ਨਾ ਸਾੜੋ

ਕਿਸਾਨ, ਜਿਸ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ, ਜੋ ਜ਼ਮੀਨ ਦੀ ਕੁੱਖ 'ਚੋਂ ਅੰਨ ਪੈਦਾ ਕਰਕੇ ਪੂਰੇ ਦੇਸ਼ ਦਾ ਪੇਟ ਭਰਦਾ ਹੈ ਅਤੇ ਖ਼ੁਦ ਆਪਣੀ ਮਿਹਨਤ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਮੇਰੇ ਦੇਸ਼ ਦੇ ਕਿਸਾਨਾਂ ਦਾ ਪੂਰੀ ਦੁਨੀਆ ਵਿਚ ਸਿੱਕਾ ਚਲਦਾ ਹੈ। ਪਰ ਉਹ ਸਮਾਂ ਦੂਰ ਨਹੀਂ ਹੁਣ ਜਦੋਂ ਦੇਸ਼ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਦੇਸ਼ ਦਾ ਦੋਸ਼ੀ ਕਹਾਏਗਾ ਕਿਉਂਕਿ ਅੱਜ ਜਿਵੇਂ ਕਿਸਾਨ ਆਪਣੇ ਸਵਾਰਥ ਲਈ ਧਰਤੀ ਨੂੰ ਬੰਜਰ ਬਣਾ ਰਿਹਾ ਹੈ, ਉਸ ਹਿਸਾਬ ਨਾਲ ਕੋਈ ਬਹੁਤਾ ਸਮਾਂ ਨਹੀਂ ਲੱਗੇਗਾ, ਜਦੋਂ ਮੇਰੇ ਦੇਸ਼ ਦੀ ਉਪਜਾਊ ਧਰਤੀ ਬੰਜਰ ਹੋਵੇਗੀ। ਅੱਜ ਚਾਰੇ ਪਾਸੇ ਨਿਗਾਹ ਮਾਰ ਕੇ ਦੇਖਿਆ ਜਾਵੇ ਤਾਂ ਖੇਤਾਂ ਵਿਚ ਅੱਗ ਦੀਆਂ ਲਪਟਾਂ ਹੀ ਦਿਖਾਈ ਦਿੰਦੀਆਂ ਹਨ ਜੋ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਸ਼ਰੇਆਮ ਅੱਗ ਲਗਾਈ ਜਾ ਰਹੀ ਹੈ। ਸਰਕਾਰ ਵੱਲੋਂ ਪਾਬੰਦੀ ਦੇ ਬਾਵਜੂਦ ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਕਿਸਾਨ ਆਪਣੇ ਚੁਗਿਰਦੇ ਤੇ ਉਪਜਾਊ ਭੂਮੀ ਦੇ ਦੁਸ਼ਮਣ ਬਣ ਰਹੇ ਹਨ।

-ਪੰਮਾ ਬਘੋਰੀਆ
ਪਿੰਡ ਬਘੋਰਾ, ਸ਼ਹੀਦ ਭਗਤ ਸਿੰਘ ਨਗਰ।

ਆਮ ਆਦਮੀ ਦੇ ਸਰੋਕਾਰ

ਨੌਜਵਾਨ ਤੇ ਵਿਦਵਾਨ ਲੇਖਿਕਾ ਭਾਵਨਾ ਮਲਿਕ ਵੱਲੋਂ ਆਪਣੇ ਲੇਖ ਵਿਚ ਆਮ ਆਦਮੀ ਭਾਗ ਸਿੰਘ ਦੇ ਸੁਪਨਿਆਂ ਤੇ ਜ਼ਮੀਨੀ ਹਕੀਕਤਾਂ ਨੂੰ ਇਸ ਢੰਗ ਨਾਲ ਉਲੀਕਿਆ ਗਿਆ ਕਿ ਪੂਰਾ ਲੇਖ ਹੀ ਹਰ ਆਮ ਆਦਮੀ ਨੂੰ ਆਪਣੇ 'ਤੇ ਲਿਖਿਆ ਹੀ ਮਹਿਸੂਸ ਹੋਇਆ। ਦਿੱਲੀ ਵਿਚ ਰਹਿੰਦੇ ਹੋਏ ਸਿਆਸਤਦਾਨ, ਨੌਕਰਸ਼ਾਹ, ਪੂੰਜੀਪਤੀ 'ਦਿਲ ਵਾਲੇ' ਨਹੀਂ, ਸਗੋਂ ਉਹ ਮਗਰਮੱਛ ਬਣ ਗਏ ਹਨ, ਜੋ ਪਿਛਲੇ 66 ਸਾਲਾਂ ਤੋਂ ਆਮ ਜਨਤਾ ਨੂੰ ਹੀ ਹੜੱਪ ਕਰ ਰਹੇ ਹਨ। ਦਿੱਲੀ ਸ਼ਹਿਰ ਦੀਆਂ ਜ਼ਮੀਨੀ ਹਕੀਕਤਾਂ ਜੋ ਭਾਗ ਸਿੰਘ ਬਿਆਨ ਰਿਹਾ ਹੈ, ਉਹ ਅੱਜ ਦੇ ਆਮ ਦੇਸ਼ਵਾਸੀ ਦੀ ਸੱਚੀ ਜ਼ਮੀਨੀ ਹਕੀਕਤ ਹੈ, ਜਿਸ ਨੂੰ ਉਹ ਹਰ ਜਗ੍ਹਾ ਭੁਗਤਦਾ ਹੈ, ਜਿਸ ਆਮ ਆਦਮੀ ਦੀਆਂ ਵੋਟਾਂ ਲੈ ਕੇ ਸਿਆਸਤਦਾਨਾਂ ਦੀਆਂ ਜਮਾਤਾਂ 'ਖਾਸ' ਬਣੀ ਫਿਰਦੀਆਂ ਹਨ। ਅਦਾਰਾ 'ਅਜੀਤ' ਵੀ ਅਜਿਹੇ ਉੱਘੇ ਲੇਖਕਾਂ ਦੀਆਂ ਲਿਖਤਾਂ ਪਾਠਕਾਂ ਤੱਕ ਪਹੁੰਚਾ ਕੇ ਉਸ ਸਮਾਜਿਕ ਅੰਦੋਲਨ ਦਾ ਹਿੱਸਾ ਬਣਦਾ ਜਾ ਰਿਹਾ ਹੈ ਜੋ ਸਿਰਫ 'ਆਮ ਆਦਮੀ' ਦੇ ਬੁਨਿਆਦੀ ਹੱਕਾਂ ਦਾ ਹਿੱਕ ਠੋਕ ਕੇ ਸਮਰਥਨ ਕਰਦਾ ਹੈ। ਆਮੀਨ!

-ਅਨਿਰੁੱਧ 'ਮਾਸੂਮ'
ਪਿੰਡ ਸਿੰਬਲੀ, ਮੁਕੇਰੀਆਂ।

ਦੁਰਘਟਨਾਵਾਂ ਅਤੇ ਵਾਹਨਾਂ ਦੀ ਸਪੀਡ

ਪੰਜਾਬ ਵਿਚ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹਰ ਸਾਲ ਹਜ਼ਾਰਾਂ ਲੋਕ ਸੜਕ ਐਕਸੀਡੈਂਟਾਂ ਵਿਚ ਮਾਰੇ ਜਾਂਦੇ ਹਨ। ਪੰਜਾਬ ਵਿਚ ਗੱਡੀਆਂ ਦੀ ਤਾਦਾਦ ਜਿਸ ਗਤੀ ਨਾਲ ਵਧੀ ਹੈ, ਉਸ ਹਿਸਾਬ ਨਾਲ ਸੜਕਾਂ ਦਾ ਵਿਕਾਸ ਤੇ ਵਿਸਥਾਰ ਨਹੀਂ ਹੋ ਸਕਿਆ। ਕੋਈ ਵੀ ਦਿਨ ਅਜਿਹਾ ਨਹੀਂ ਜਦੋਂ ਸਾਨੂੰ ਦੁਰਘਟਨਾਵਾਂ ਵਿਚ ਮਰਨ ਵਾਲਿਆਂ ਦੀਆਂ ਖ਼ਬਰਾਂ ਪੜ੍ਹਨ-ਸੁਣਨ ਨੂੰ ਨਹੀਂ ਮਿਲਦੀਆਂ। ਦੁਰਘਟਨਾਵਾਂ ਰੋਕਣ ਲਈ ਟ੍ਰੈਫਿਕ ਦੇ ਨਿਯਮਾਂ ਵਿਚ ਸੋਧ ਅਤੇ ਸਖ਼ਤੀ ਦੀ ਜ਼ਰੂਰਤ ਹੈ। ਕਈ ਵਾਰ ਲੋਕਾਂ ਦੀ ਅਣਗਹਿਲੀ ਵੀ ਹਾਦਸਿਆਂ ਦਾ ਕਾਰਨ ਬਣਦੀ ਹੈ। ਜ਼ਿਆਦਾਤਰ ਡਰਾਈਵਰ ਨਸ਼ੇ ਦਾ ਸੇਵਨ ਕਰਕੇ ਗੱਡੀਆਂ ਚਲਾਉਂਦੇ ਹਨ, ਜਿਸ ਕਾਰਨ ਦਰਦਨਾਕ ਹਾਦਸੇ ਵਾਪਰ ਜਾਂਦੇ ਹਨ। ਦੁਰਘਟਨਾਵਾਂ ਰੋਕਣ ਲਈ ਇਕ ਪਾਸੜ ਆਵਾਜਾਈ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਨਵੀਆਂ ਸੜਕਾਂ 'ਤੇ ਸਪੀਡ ਕੰਟਰੋਲ ਕੈਮਰੇ ਲਗਾਉਣੇ ਚਾਹੀਦੇ ਹਨ। ਬੱਸਾਂ ਅਤੇ ਗੱਡੀਆਂ ਦੀ ਸਪੀਡ ਹੱਦ ਨਿਸਚਿਤ ਕਰਕੇ ਹਾਦਸਿਆਂ ਨੂੰ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ ਹੈ।

-ਨਵਤੇਜ ਸਿੰਘ ਮੱਲ੍ਹੀ
ਪਿੰਡ ਭਾਗੋਕਾਵਾਂ, ਡਾਕ: ਮਗਰਮੂਦੀਆਂ, ਜ਼ਿਲ੍ਹਾ ਗੁਰਦਾਸਪੁਰ।

8-11-13

 ਢਿੱਲੇ-ਮੱਠੇ ਹੋਏ ਤਿਉਹਾਰ

ਸਮੇਂ ਦੀ ਚਾਲ ਅਤੇ ਮਹਿੰਗਾਈ ਦੀ ਮਾਰ ਨੇ ਲੋਕਾਂ ਦੇ ਦਿਲਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ। ਤਿਉਹਾਰਾਂ ਦੇ ਦਿਨਾਂ ਵਿਚ ਬੁੱਢਿਆਂ ਤੋਂ ਲੈ ਕੇ ਬੱਚਿਆਂ ਤੱਕ ਖੁਸ਼ੀ ਹੁੰਦੀ ਸੀ ਅਤੇ ਲੋਕ ਦੀਵਾਲੀ ਅਤੇ ਵਿਸਾਖੀ ਨੂੰ ਉਡੀਕਦੇ ਰਹਿੰਦੇ ਸਨ। ਦੀਵਾਲੀ ਸਮੇਂ ਸਾਉਣੀ ਦੀ ਫਸਲ ਪੱਕੀ ਹੁੰਦੀ ਹੈ ਅਤੇ ਵਿਸਾਖੀ ਸਮੇਂ ਹਾੜ੍ਹੀ ਦੀ ਫਸਲ ਪੱਕ ਕੇ ਤਿਆਰ ਹੁੰਦੀ ਹੈ। ਸਮੇਂ ਦੀ ਨਜਾਕਤ ਨੇ ਅਜਿਹੀ ਕਰਵਟ ਬਦਲੀ ਹੈ ਕਿ ਲੋਕ ਤਿਉਹਾਰਾਂ ਦੇ ਦਿਨਾਂ ਨੂੰ ਆਮ ਦਿਨਾਂ ਵਾਂਗ ਲੈਂਦੇ ਹਨ ਜਦੋਂ ਕਿ ਬਾਜ਼ਾਰ ਵਿਚ ਬੈਠੇ ਦੁਕਾਨਦਾਰ ਗਾਹਕਾਂ ਦੀ ਉਡੀਕ ਕਰਦੇ ਰਹਿੰਦੇ ਹਨ। ਮਹਿੰਗਾਈ ਨੇ ਇਸ ਕਦਰ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੈ ਕਿ ਲੋਕ ਮਠਿਆਈ ਦੀਆਂ ਦੁਕਾਨਾਂ ਵੱਲ ਵੇਖਦੇ ਹੀ ਨਹੀਂ। ਫਰੂਟ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਸਰਕਾਰਾਂ ਵੱਲੋਂ ਮੁਲਾਜ਼ਮਾਂ ਨੂੰ ਬੋਨਸ ਦੇਣਾ ਤਾਂ ਵੱਖਰਾ ਰਿਹਾ, ਪਰ ਤਨਖਾਹ ਤੱਕ ਵੀ ਉਡੀਕਣੀ ਪੈਂਦੀ ਹੈ। ਸਮਾਂ ਸੀ ਜਦੋਂ ਹਰ ਵਿਭਾਗ ਵੱਲੋਂ ਆਪਣੇ ਕਰਮਚਾਰੀਆਂ ਨੂੰ ਦੀਵਾਲੀ 'ਤੇ ਬੋਨਸ ਦਿੱਤਾ ਜਾਂਦਾ ਸੀ ਪਰ ਹੁਣ ਬੋਨਸ ਨਾਂਅ ਦੀ ਗੱਲ ਹੀ ਨਹੀਂ ਰਹੀ। ਬਹੁਤੇ ਲੋਕ ਤਾਂ ਆਪਣੇ ਆਕਿਆਂ ਨੂੰ ਦੀਵਾਲੀ ਦੇ ਤੋਹਫ਼ੇ ਨਹੀਂ ਭੇਜਦੇ। ਅਕਸਰ ਆਪਣੇ ਵਿਭਾਗਾਂ ਨਾਲ ਸਬੰਧਤ ਛੋਟੇ-ਵੱਡੇ ਅਧਿਕਾਰੀ ਦੀਵਾਲੀ ਦੇ ਤੋਹਫ਼ਿਆਂ ਦੀ ਉਡੀਕ ਹੀ ਕਰਦੇ ਰਹਿ ਜਾਂਦੇ ਹਨ। ਉਨ੍ਹਾਂ ਦੇ ਬੱਚੇ ਪੁੱਛਦੇ ਹਨ ਕਿ 'ਪਾਪਾ, ਇਸ ਵਾਰ ਡੱਬੇ ਬਹੁਤ ਘੱਟ ਆਏ ਹਨ' ਤਾਂ ਪਾਪਾ ਜੀ ਗੇਟ ਵੱਲ ਵੇਖ ਕੇ ਹੀ ਚੁੱਪ ਕਰ ਜਾਂਦੇ ਹਨ ਪਰ ਜਵਾਬ ਨਹੀਂ ਦਿੰਦੇ।

-ਇਕਬਾਲ ਸਿੰਘ ਹੀਰੋ
ਕਿਸ਼ਨਪੁਰਾ ਕਲਾਂ।

5-11-2013

 ਬੇਰੁਜ਼ਗਾਰੀ?
ਅੱਜ ਦੀ ਨੌਜਵਾਨ ਪੀੜ੍ਹੀ ਦੀਆਂ ਸਰਕਾਰ ਨਾਲ ਦੋ ਅਹਿਮ ਸ਼ਿਕਾਇਤਾਂ ਹਨ। ਇਕ ਸ਼ਿਕਾਇਤ ਇਹ ਹੈ ਕਿ ਉਨ੍ਹਾਂ ਨੂੰ ਅੱਜ ਦੇ ਸਮੇਂ ਵਿਚ ਰੁਜ਼ਗਾਰ ਨਹੀਂ ਮਿਲ ਰਿਹਾ ਅਤੇ ਦੂਜਾ ਮਹਿੰਗਾਈ ਬਹੁਤ ਜ਼ਿਆਦਾ ਹੈ, ਜਿਸ ਕਾਰਨ ਉਹ ਆਪਣਾ ਵਤਨ ਛੱਡ ਵਿਦੇਸ਼ਾਂ ਨੂੰ ਜਾ ਰਹੇ ਹਨ। ਨੌਜਵਾਨ ਪੀੜ੍ਹੀ ਅੱਜ ਦੇ ਸਮੇਂ ਵਿਚ ਆਪਣੇ ਕੀਮਤੀ ਸਮੇਂ ਨੂੰ ਬਰਬਾਦ ਕਰ ਰਹੀ ਹੈ। ਮਹਿੰਗੇ ਸ਼ੌਂਕ ਪਾਲਣੇ ਅਤੇ ਫੋਕੀ ਬੱਲੇ-ਬੱਲੇ ਦੀ ਝੂਠੀ ਆੜ ਵਿਚ ਆਪਣੇ-ਆਪ ਨੂੰ ਦਿਨੋਂ-ਦਿਨ ਲੁਕੋ ਰਹੀ ਹੈ। ਪੜ੍ਹਾਈ ਕਰਨੀ ਨਹੀਂ ਅਤੇ ਸਾਰਾ ਦਿਨ ਕਾਰਾਂ ਵਿਚ ਗੇੜੀਆਂ ਮਾਰਦਿਆਂ ਨੇ ਫਿਰੀ ਜਾਣਾ ਹੈ। ਰੁਜ਼ਗਾਰ ਇਨ੍ਹਾਂ ਨੂੰ ਕੌਣ ਦੇਵੇਗਾ? ਜਦੋਂ ਪੈਟਰੋਲ ਪਵਾਉਣ ਲਈ ਪੈਸੇ ਨਾ ਮਿਲਣ ਤਾਂ ਵਧਦੀ ਮਹਿੰਗਾਈ ਦਾ ਨਾਅਰਾ ਲਗਾਉਂਦੇ ਹਨ। ਲੋੜ ਹੈ ਅੱਜ ਆਪਣੀ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਗੱਲਾਂ ਨੂੰ ਸਮਝਣ ਦੀ ਅਤੇ ਕੁਝ ਕਰਕੇ ਵਿਖਾਉਣ ਦੀ, ਤਾਂ ਜੋ ਉਨ੍ਹਾਂ ਵਿਚ ਵਿਦੇਸ਼ਾਂ ਨੂੰ ਜਾਣ ਦੀ ਤਾਂਘ ਉੱਪਰ ਕਾਬੂ ਪਾਇਆ ਜਾਵੇ ਅਤੇ ਆਪਣੇ ਵਤਨ ਵਿਚ ਹੀ ਰਹਿ ਕੇ ਕੋਈ ਕੰਮ ਧੰਦਾ ਲੱਭ ਸਕਣ।

-ਯਾਦਵਿੰਦਰ ਸਿੰਘ ਤੂਰ
ਪਿੰਡ ਬਰਮਾਲੀਪੁਰ, ਲੁਧਿਆਣਾ।

ਕਿਤੇ ਜ਼ਿੰਦਗੀ ਨਾ ਲੈ ਲੈਣ...
ਸੜਕਾਂ 'ਤੇ ਖੱਡੇ ਏਨੇ ਜ਼ਿਆਦਾ ਵੱਧ ਗਏ ਹਨ ਕਿ ਸ਼ਾਇਦ ਪਲਕ ਝਪਕ ਕੇ ਚੱਲਣਾ ਵੀ ਹਾਦਸੇ ਨੂੰ ਸੱਦਾ ਦੇਣ ਦੇ ਸਮਾਨ ਹੈ। ਇਨ੍ਹਾਂ ਖੱਡਿਆਂ ਕਾਰਨ ਰੋਜ਼ ਅਨੇਕਾਂ ਵਾਹਨ ਸੰਤੁਲਨ ਗਵਾ ਕੇ ਹਾਦਸੇ ਦਾ ਸ਼ਿਕਾਰ ਹੁੰਦੇ ਹਨ ਅਤੇ ਇਨ੍ਹਾਂ ਹਾਦਸਿਆਂ ਬਾਰੇ ਸੁਣ ਕੇ ਹੀ ਰੂਹ ਕੰਬ ਉੱਠਦੀ ਹੈ। ਦੂਜੇ ਪਾਸੇ ਸੂਬਾ ਸਰਕਾਰਾਂ ਸੜਕਾਂ ਨੂੰ ਬਣਾਉਣ ਦਾ ਤਾਂ ਕੀ ਇਨ੍ਹਾਂ ਖੱਡਿਆਂ ਦੀ ਮੁਰੰਮਤ ਦਾ ਕੰਮ ਵੀ ਨਹੀਂ ਕਰਵਾ ਰਹੀਆਂ, ਜੋ ਕਿ ਅੱਜ ਇਕ ਮੁੱਢਲੀ ਜ਼ਰੂਰਤ ਹੈ। ਹੁਣ ਤਾਂ ਇਨ੍ਹਾਂ ਖੱਡਿਆਂ ਤੋਂ ਲੰਘਦਿਆਂ ਬਸ ਇਹੋ ਭੈਅ ਮਨ ਵਿਚ ਆਉਂਦਾ ਹੈ ਕਿ ਇਹ ਸੜਕਾਂ 'ਤੇ ਪਏ ਡੂੰਘੇ ਖੱਡੇ ਕਿਤੇ ਜ਼ਿੰਦਗੀ ਹੀ ਨਾ ਲੈ ਲੈਣ।

-ਮੀਤਕ ਸ਼ਰਮਾ 'ਮੀਤ'
ਪਿੰਡ ਬਰਾਰੀ, ਡਾਕ: ਪ੍ਰਤਾਪ ਨਗਰ, ਤਹਿ: ਨੰਗਲ, ਰੋਪੜ।

ਬਦਲ ਰਿਹਾ ਬਚਪਨ
ਅਜੋਕੇ ਸਮੇਂ ਦੀ ਅੰਨ੍ਹੀ ਦੌੜ ਨੇ ਬੱਚਿਆਂ ਤੋਂ ਉਨ੍ਹਾਂ ਦਾ ਬਚਪਨ ਤੇ ਸੰਸਕਾਰ ਖੋਹ ਲਏ ਹਨ। ਅੱਜ ਬੱਚੇ ਫੇਸਬੁੱਕ ਬਲਾਗ 'ਤੇ ਚੈਟਿੰਗ ਵਰਗੀਆਂ ਚੀਜ਼ਾਂ ਵਿਚ ਮੁਹਾਰਤ ਹਾਸਲ ਕਰ ਰਹੇ ਹਨ। ਪਰ ਉਹ ਵੱਡਿਆਂ ਨੂੰ ਪੈਰੀਂ ਹੱਥ ਲਾਉਣਾ ਭੁੱਲ ਗਏ ਹਨ। ਇਕ ਸਮਾਂ ਸੀ ਜਦੋਂ ਕੁਝ ਖੇਡਾਂ ਅਲੱਗ-ਅਲੱਗ ਰੂਪਾਂ ਵਿਚ ਪਿੰਡਾਂ ਵਿਚ ਖੇਡੀਆਂ ਜਾਂਦੀਆਂ ਸਨ, ਜਿਵੇਂ ਗੁੱਲੀ-ਡੰਡਾ, ਖੋ-ਖੋ, ਸਟਾਪੂ ਤੇ ਪਿੱਠੂ ਗਰਮ ਉਦੋਂ ਹੀ ਖੇਡਾਂ ਹੁੰਦੀਆਂ ਸਨ, ਜੋ ਬੱਚਿਆਂ ਦੀਆਂ ਮਨਪਸੰਦ ਸਨ। ਇਨ੍ਹਾਂ ਖੇਡਾਂ ਨਾਲ ਬੱਚਿਆਂ ਦਾ ਬੌਧਿਕ ਵਿਕਾਸ ਵੀ ਹੁੰਦਾ ਸੀ ਤੇ ਆਪਸੀ ਸਹਿਯੋਗ ਤੇ ਟੀਮ ਭਾਵਨਾ ਪੈਦਾ ਹੁੰਦੀ ਰਹਿੰਦੀ ਸੀ ਪਰ ਹੁਣ ਦੇ ਮਾਂ-ਪਿਓ ਵੀ ਇਨ੍ਹਾਂ ਖੇਡਾਂ ਤੋਂ ਅਣਜਾਣ ਹਨ। ਉਨ੍ਹਾਂ ਨੇ ਨਵੇਂ ਜ਼ਮਾਨੇ ਦੇ ਨਾਂਅ 'ਤੇ ਬੱਚਿਆਂ ਨੂੰ ਗੁੱਲੀ-ਡੰਡਾ ਆਦਿ ਖੇਡਾਂ ਦੀ ਥਾਂ ਕ੍ਰਿਕਟ, ਬਿਲੀਅਰਡ ਮੋਬਾਈਲ ਗੇਮ, ਵੀਡੀਓ ਗੇਮ, ਫੇਸਬੁੱਕ 'ਤੇ ਚੈਟਿੰਗ ਵਰਗੀਆਂ ਨਵੇਂ ਜ਼ਮਾਨੇ ਦੀਆਂ ਚੀਜ਼ਾਂ ਵੱਲ ਮੋੜ ਦਿੱਤਾ ਹੈ, ਜੋ ਬੱਚਿਆਂ ਤੋਂ ਉਨ੍ਹਾਂ ਦਾ ਬਚਪਨ ਖੋਹ ਕੇ ਸਮੇਂ ਤੋਂ ਪਹਿਲਾਂ ਪੱਕੀ ਸੋਚ ਵੱਲ ਲਿਜਾ ਰਹੀਆਂ ਹਨ। ਕੀ ਇਸ ਸਭ ਲਈ ਸਿਰਫ ਬੱਚੇ ਹੀ ਜ਼ਿੰਮੇਵਾਰ ਹਨ? ਇਸ ਦਾ ਉੱਤਰ ਲੱਭਣ ਦੀ ਲੋੜ ਹੈ।

-ਜਗਜੀਤ ਸਿੰਘ ਭਾਟੀਆ
ਨੂਰਪੁਰ ਬੇਦੀ (ਰੋਪੜ)।

ਨਿੱਜੀ ਸਕੂਲਾਂ ਦੀ ਲੁੱਟ
ਆਰ.ਟੀ.ਈ. ਲਾਗੂ ਹੋਣ ਤੋਂ ਬਾਅਦ ਵੀ ਨਿੱਜੀ ਸਕੂਲ ਆਮ ਲੋਕਾਂ ਦੀ ਚਿੱਟੇ ਦਿਨ ਲੁੱਟ ਕਰੀ ਜਾ ਰਹੇ ਹਨ। ਕਿਸੇ ਨਾ ਕਿਸੇ ਬਹਾਨੇ ਬੱਚਿਆਂ ਤੋਂ ਆਏ ਦਿਨ ਪੈਸੇ ਬਟੋਰ ਰਹੇ ਹਨ ਇਹ ਸਕੂਲ। ਬੱਚਿਆਂ ਦੇ ਮਾਪਿਆਂ ਨੂੰ ਵੀ ਇਨ੍ਹਾਂ ਸਕੂਲਾਂ ਦੀਆਂ ਮਨਮਰਜ਼ੀਆਂ ਖਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ। ਇਨ੍ਹਾਂ ਦੀ ਹਰ ਗੱਲ ਵਿਚ ਕਮਿਸ਼ਨ ਜੱਗ ਜ਼ਾਹਰ ਹੈ। ਪਹਿਲਾਂ ਤਾਂ ਦਾਖਲਿਆਂ 'ਤੇ ਮੋਟੀ ਫੀਸ ਲੈਂਦੇ ਹਨ, ਦੂਜਾ ਕਿਤਾਬਾਂ-ਕਾਪੀਆਂ ਇਨ੍ਹਾਂ ਦੇ ਦੱਸੇ ਦੁਕਾਨਦਾਰਾਂ ਤੋਂ ਹੀ ਲੈਣੀਆਂ ਪੈਂਦੀਆਂ ਹਨ। ਉਸ ਤੋਂ ਬਾਅਦ ਆ ਜਾਂਦੀ ਹੈ ਗੱਲ ਵਰਦੀ ਦੀ, ਉਹ ਵੀ ਸਕੂਲਾਂ ਵਿਚ ਬੁਲਾ ਕੇ ਹੀ ਦਿੰਦੇ ਹਨ। ਜੋ ਡੀਲਰ ਆਉਂਦੇ ਹਨ, ਉਨ੍ਹਾਂ ਕੋਲ ਕਿਸੇ ਵੀ ਫਰਮ ਦਾ ਬਿੱਲ ਨਹੀਂ ਹੁੰਦਾ, ਬੱਸ ਇਕ ਅਨੁਮਾਨਿਤ ਰਸੀਦ ਹੀ ਦੇ ਕੇ ਕੰਮ ਚਲਾਈ ਜਾਂਦੇ ਹਨ। ਸਰਕਾਰ ਤੇ ਇਨਕਮ ਟੈਕਸ ਵਿਭਾਗ ਨੂੰ ਵੀ ਵੱਡਾ ਖੋਰਾ ਲਾ ਰਹੇ ਹਨ। ਪਰ ਕੀ ਇਹ ਸਕੂਲ ਮੈਨੇਜਿੰਗ ਕਮੇਟੀ ਤੇ ਇਨਕਮ ਟੈਕਸ ਵਿਭਾਗ ਦੀ ਮਿਲੀਭੁਗਤ ਹੈ? ਜੋ ਚਿੱਟੇ ਦਿਨ ਸਰਕਾਰੀ ਖਜ਼ਾਨੇ ਨੂੰ ਰਗੜਾ ਲਾ ਰਹੇ ਹਨ। ਸਰਕਾਰ ਨੂੰ ਸਖ਼ਤ ਕਾਨੂੰਨ ਪਾਸ ਕਰਨਾ ਚਾਹੀਦਾ ਹੈ ਤੇ ਅਜਿਹੇ ਚੱਲ ਰਹੇ ਸਕੂਲਾਂ 'ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਇਨ੍ਹਾਂ ਸਕੂਲਾਂ ਨੂੰ ਵੀ ਆਰ.ਟੀ.ਆਈ. ਦੇ ਘੇਰੇ ਵਿਚ ਲਿਆਉਣਾ ਚਾਹੀਦਾ ਹੈ। ਸੋ, ਸਰਕਾਰ ਆਮ ਲੋਕਾਂ 'ਤੇ ਬੇਲੋੜੇ ਟੈਕਸਾਂ ਦਾ ਬੋਝ ਨਾ ਪਾਵੇ ਬਲਕਿ ਅਜਿਹੇ ਸਕੂਲਾਂ ਤੇ ਫਰਮਾਂ 'ਤੇ ਕਾਰਵਾਈ ਕਰੇ ਜੋ ਆਮ ਜਨਤਾ ਨਾਲ ਸਿੱਧਾ ਧੱਕਾ ਕਰ ਰਹੇ ਹਨ।

-ਜਸਦੀਪ ਸਿਘ ਖੰਨਾ
ਮੋ: 94630-57786.

1-11-13

 ਸਿਆਸਤ ਤੇ ਅਪਰਾਧੀ

ਭਾਰਤੀ ਸੰਸਦ ਤੇ ਵਿਧਾਨ ਸਭਾਵਾਂ 'ਚ ਅਪਰਾਧੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਦੇਸ਼-ਵਿਦੇਸ਼ 'ਚ ਭਾਰਤ ਦੀ ਛਵੀ ਦਾਗ਼ਦਾਰ ਹੋਣ ਲੱਗੀ ਹੈ ਕਿਉਂਕਿ ਕਈ ਅਪਰਾਧੀਆਂ ਨੇ ਮਾਣਯੋਗ ਵਿਧਾਨਕਾਰ ਬਣ ਕੇ ਸੰਵਿਧਾਨ ਦਾ ਉਹ ਕਵਚ ਲੈ ਰੱਖਿਆ ਸੀ, ਜਿਸ ਤਹਿਤ ਕਿਸੇ ਵੀ ਵਿਅਕਤੀ ਨੂੰ ਅਦਾਲਤ ਤੋਂ ਸਜ਼ਾ-ਯਾਫ਼ਤਾ ਹੋਣ ਤੱਕ ਮੁਜ਼ਰਮ ਨਹੀਂ ਸਮਝਿਆ ਜਾ ਸਕਦਾ। ਭਾਵ ਕੇਵਲ ਦੋਸ਼ ਲਗਾਉਣਾ, ਮੁਕੱਦਮਾ ਹੋਣ ਮਗਰੋਂ ਗ੍ਰਿਫ਼ਤਾਰ ਹੋਣਾ ਜਾਂ ਜੇਲ੍ਹ ਯਾਤਰਾ ਜਾਣਾ ਮਾਤਰ ਉਸ ਦੇ ਅਪਰਾਧੀ ਹੋਣ ਦਾ ਸਬੂਤ ਨਹੀਂ ਸੀ। ਇਸੇ ਕਾਨੂੰਨ ਦੀ ਆੜ 'ਚ ਅੱਜ ਸੰਸਦ ਤੇ ਵਿਧਾਨ ਸਭਾਵਾਂ 'ਚ ਇਹ ਲੋਕ ਭਾਰੂ ਹੋ ਰਹੇ ਸਨ। ਅਜਿਹੇ ਅਪਰਾਧੀ ਸਿਆਸਤਦਾਨਾਂ ਕੋਲ ਨਾ ਤਾਂ ਕੋਈ ਸਿਆਸੀ ਵਿਚਾਰਧਾਰਾ ਹੁੰਦੀ ਹੈ ਤੇ ਨਾ ਹੀ ਸਿਧਾਂਤ ਦੀ ਰਾਜਨੀਤੀ। ਚਲੋ, 'ਦੇਰ ਆਏ ਦਰੁਸਤ ਆਏ' ਦੀ ਕਹਾਵਤ ਅਨੁਸਾਰ ਹੁਣ ਸੰਸਦ ਤੇ ਵਿਧਾਨ ਸਭਾਵਾਂ 'ਚ ਅਪਰਾਧੀਆਂ ਦੇ ਚਿਹਰੇ ਨਜ਼ਰ ਨਹੀਂ ਆਉਣਗੇ। ਜਿਸ ਤਰ੍ਹਾਂ ਪਹਿਲਾਂ ਕੋਈ ਵੀ ਸਿਆਸੀ ਪਾਰਟੀ ਕਿਸੇ ਵੀ ਅਪਰਾਧੀ ਵਿਅਕਤੀ ਨੂੰ ਆਪਣਾ ਉਮੀਦਵਾਰ ਬਣਾ ਕੇ ਚੋਣ ਮੈਦਾਨ 'ਚ ਉਤਾਰ ਦਿੰਦੀ ਸੀ, ਆਰਡੀਨੈਂਸ ਦੀ ਵਾਪਸੀ ਨਾਲ ਵੱਡੀ ਰਾਹਤ ਮਿਲੇਗੀ, ਹੁਣ ਸੰਸਦ ਤੇ ਵਿਧਾਨ ਸਭਾਵਾਂ ਵਿਚ ਇਕ ਵਾਰ ਫਿਰ ਸਾਫ਼-ਸੁਥਰੀ ਛਵੀ ਵਾਲੇ ਚੁਣੇ ਹੋਏ ਮੈਂਬਰ ਹੀ ਨਜ਼ਰ ਆਉਣਗੇ।

-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

ਵੋਟ ਬੈਂਕ

ਅਕਾਲੀ-ਭਾਜਪਾ ਸਰਕਾਰ ਨੂੰ ਵੋਟ ਬੈਂਕ ਦਾ ਪਿਆਰ ਲੈ ਬੈਠਾ ਹੈ। ਮੁਫ਼ਤਖੋਰੀਆਂ ਦੇ ਸੰਤਾਪ ਕਾਰਨ ਸਰਕਾਰੀ ਕਰਮਚਾਰੀਆਂ ਨੂੰ ਤਨਖਾਹਾਂ ਤੋਂ ਇਨਕਾਰ, ਸ਼ਹਿਰੀਆਂ ਨੂੰ ਜਾਇਦਾਦ ਕਰ ਦਾ ਭਾਰ, ਮਿਊਂਸਪਲ ਕਮੇਟੀਆਂ ਨੂੰ ਮੁਫ਼ਤ ਚੁੰਗੀ ਦੀ ਮਾਰ ਅਤੇ ਪਾਣੀ ਦਾ ਪੱਧਰ ਨੀਵਾਂ ਕਰਨ ਲਈ ਮੁਫ਼ਤ ਬਿਜਲੀ ਦਾ ਵਾਰ ਪੰਜਾਬ ਦੇ ਅਰਥਚਾਰੇ ਨੂੰ ਲੈ ਡੁੱਬਾ ਹੈ। ਆਪਣੇ ਵੋਟ ਬੈਂਕ ਦੀ ਕੀਮਤ ਉਤੇ ਇਮਾਨਦਾਰੀ ਨਾਲ ਟੈਕਸ ਅਦਾ ਕਰਨ ਵਾਲਿਆਂ ਉਤੇ ਵਾਰ-ਵਾਰ ਟੈਕਸ ਲਗਾਉਣਾ ਬਿਲਕੁਲ ਗ਼ਲਤ ਹੈ। ਇਹ ਕੁਸ਼ਲ ਤੇ ਇਨਸਾਫ਼ ਦੀ ਰਾਜਨੀਤੀ ਨਹੀਂ ਹੈ। ਇਸ ਵਿਤਕਰੇ ਵਾਲੀ ਰਾਜਨੀਤੀ ਉਤੇ ਮੁੜ ਵਿਚਾਰ ਕਰਨੀ ਦੀ ਸਖ਼ਤ ਲੋੜ ਹੈ ਕਿਉਂਕਿ ਸ਼ਹਿਰਾਂ ਵਿਚ ਰਹਿਣ ਵਾਲੇ ਮੱਧਵਰਗੀ ਤੇ ਗਰੀਬ ਲੋਕ ਪਹਿਲਾਂ ਹੀ ਅਨੇਕਾਂ ਟੈਕਸਾਂ ਦੇ ਭਾਰ ਹੇਠਾਂ ਦੱਬੇ ਪਏ ਹਨ।

-ਇੰਜ: ਕੁਲਦੀਪ ਸਿੰਘ ਲੁੱਧਰ
ludhar.kuldip@gmail.com

 

31-10-2013

ਬਾਲ ਮਜ਼ਦੂਰੀ
ਪਿਛਲੇ ਦਿਨੀਂ ਸੰਪਾਦਕੀ ਸਫੇ 'ਤੇ ਛਪਿਆ ਡਾ: ਮਹੀਪ ਿਸੰਘ ਦਾ ਲੇਖ ਬਹੁਤ ਹੀ ਸ਼ਲਾਘਾਯੋਗ ਸੀ। ਲੇਖ ਵਿਚ ਬਾਲ ਮਜ਼ਦੂਰੀ ਦੀ ਸਥਿਤੀ ਨੂੰ ਬਿਆਨ ਕੀਤਾ ਗਿਆ ਹੈ। ਬਾਲ ਮਜ਼ਦੂਰੀ ਖਿਲਾਫ਼ ਬਣੇ ਕਾਨੂੰਨ ਸਿਰਫ਼ ਕਿਤਾਬਾਂ ਤੱਕ ਹੀ ਸੀਮਤ ਹਨ। ਅਸਲ ਜ਼ਿੰਦਗੀ ਨਾਲ ਇਨ੍ਹਾਂ ਦਾ ਕੋਈ ਸਬੰਧ ਨਹੀਂ। ਅੱਜਕਲ੍ਹ ਕੋਈ ਵੀ ਕਿੱਤਾ ਅਜਿਹਾ ਨਹੀਂ ਜਿਥੇ ਬਾਲ ਮਜ਼ਦੂਰੀ ਨਾ ਕਰਦੇ ਹੋਣ। ਫੈਕਟਰੀਆਂ, ਘਰਾਂ, ਹੋਟਲਾਂ ਆਦਿ ਵਿਚ ਨੰਨ੍ਹੀ ਉਮਰ ਦੇ ਬਾਲ ਆਮ ਦੇਖੇ ਜਾਂਦੇ ਹਨ। ਇਸ ਤੋਂ ਇਲਾਵਾ ਕਾਨੂੰਨ ਦੇ ਦਫਤਰਾਂ ਦੇ ਅੱਗੇ ਲੱਗੀਆਂ ਚਾਹ ਦੀਆਂ ਰੇਹੜੀਆਂ 'ਤੇ ਭਾਂਡੇ ਮਾਂਜਦੇ ਅਤੇ ਦਫਤਰਾਂ ਵਿਚ ਚਾਹ ਬੱਚੇ ਹੀ ਵਰਤਾਉਂਦੇ ਹਨ, ਕੋਈ ਹੋਰ ਨਹੀਂ। ਪਰਦੇ ਦੇ ਪਿੱਛੇ ਦਾ ਸੱਚ ਇਹ ਹੈ ਕਿ ਉਨ੍ਹਾਂ ਵਿੱਦਿਅਕ ਸੰਸਥਾਵਾਂ ਦੀਆਂ ਕੰਟੀਨਾਂ ਅਤੇ ਮੈਸਾਂ ਵਿਚ ਬੱਚੇ ਹੀ ਨੌਕਰੀ ਕਰਦੇ ਹਨ, ਜਿਨ੍ਹਾਂ ਦੇ ਹੱਕਾਂ ਦੀ ਰੱਖਿਆ ਲਈ ਕਈ ਵਾਰ ਵਿੱਦਿਅਕ ਸੰਸਥਾਵਾਂ ਵੱਲੋਂ ਧਰਨੇ ਲਾਏ ਜਾਂਦੇ ਹਨ। ਇਸ ਸਮੱਸਿਆ ਦਾ ਹੱਲ ਅਸੀਂ ਹੀ ਕੱਢ ਸਕਦੇ ਹਾਂ। ਜੇਕਰ ਕਿਸੇ ਬਾਲ ਨੂੰ ਮਜ਼ਦੂਰੀ ਕਰਦਾ ਵੇਖ ਉਸੇ ਸਮੇਂ ਹੀ ਵਿਰੋਧ ਕੀਤਾ ਜਾਵੇ।

-ਕੰਵਲ ਭੱਟੀ
ਪਿੰਡ ਬੂਥਗੜ੍ਹ (ਖੰਨਾ), ਜ਼ਿਲ੍ਹਾ ਲੁਧਿਆਣਾ।

29-10-2013

 ਪਰਾਲੀ ਸਾੜਨ ਦਾ ਰੁਝਾਨ
ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਾ ਕੇ ਸਾੜਨ ਦਾ ਰੁਝਾਨ ਬਾਦਸਤੂਰ ਜਾਰੀ ਹੈ। ਭਾਵੇਂ ਪ੍ਰਸ਼ਾਸਨ ਨੇ ਪਰਾਲੀ ਸਾੜਨ 'ਤੇ ਪਾਬੰਦੀ ਲਾਈ ਹੋਈ ਹੈ ਪਰ ਸਰਕਾਰ ਦੀ ਸਖ਼ਤੀ ਦਾ ਕਿਸਾਨ ਭਾਈਚਾਰੇ 'ਤੇ ਕੋਈ ਅਸਰ ਨਜ਼ਰ ਨਹੀਂ ਪੈਂਦਾ। ਪਰਾਲੀ ਦੇ ਧੂੰਏਂ ਨਾਲ ਬੇਹੱਦ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ ਜੋ ਵਾਤਾਵਰਨ ਨੂੰ ਬੇਹੱਦ ਦੂਸ਼ਿਤ ਕਰ ਦਿੰਦੀਆਂ ਹਨ। ਖੇਤੀ ਵਿਗਿਆਨੀਆਂ ਦਾ ਤਰਕ ਹੈ ਕਿ ਫ਼ਸਲਾਂ ਦੀ ਰਹਿੰਦ ਖੂੰਹਦ ਖੇਤਾਂ ਵਿਚ ਹੀ ਗਲਣ ਦੇਣੀ ਚਾਹੀਦੀ ਹੈ ਤਾਂ ਕਿ ਇਸ ਤੋਂ ਵੱਡੀ ਮਾਤਰਾ ਵਿਚ ਧਰਤੀ ਨੂੰ ਖੁਰਾਕੀ ਤੱਤ ਹਾਸਲ ਹੋ ਸਕਣ। ਅਜਿਹਾ ਕਰਨ ਨਾਲ ਕਿਸਾਨਾਂ ਦਾ ਖਾਦਾਂ ਦਾ ਖਰਚ ਘਟ ਸਕਦਾ ਹੈ ਪਰ ਕਿਸਾਨ ਖੇਤ ਜਲਦੀ ਖਾਲੀ ਕਰਕੇ ਅਗਲੀ ਫ਼ਸਲ ਦੀ ਤਿਆਰੀ ਲਈ ਸਿਰਫ਼ ਅੱਗ ਲਗਾਉਣ 'ਤੇ ਟੇਕ ਰੱਖ ਰਹੇ ਹਨ। ਉਨ੍ਹਾਂ ਮੁਤਾਬਿਕ ਪਰਾਲੀ ਨੂੰ ਸੰਭਾਲਣਾ ਜਾਂ ਖੇਤ ਵਿਚ ਹੀ ਵਾਹ ਕੇ ਗਾਲਣਾ ਬੇਹੱਦ ਔਖਾ ਅਤੇ ਖਰਚੀਲਾ ਕੰਮ ਹੈ। ਖੇਤੀ ਵਿਭਾਗ ਕਿਸਾਨਾਂ ਦੀ ਯੋਗ ਅਗਵਾਈ ਕਰੇ ਤਾਂ ਇਸ ਦਾ ਸੁਚੱਜਾ ਹੱਲ ਨਿਕਲ ਸਕਦਾ ਹੈ। ਪਰਾਲੀ ਦੀ ਖਪਤ ਵਾਲੇ ਉਦਯੋਗ ਲਗਾਏ ਜਾਣ ਜਾਂ ਪਰਾਲੀ ਨੂੰ ਖੇਤਾਂ 'ਚ ਵਾਹ ਕੇ ਗਾਲਣ ਵਾਲੀ ਮਸ਼ੀਨਰੀ ਰਿਆਇਤੀ ਦਰਾਂ 'ਤੇ ਕਿਸਾਨਾਂ ਨੂੰ ਦਿੱਤੀ ਜਾਵੇ। ਖੇਤੀ ਵਿਗਿਆਨੀ ਅਜਿਹੇ ਕਿਸੇ ਰਸਾਇਣਕ ਪਦਾਰਥ ਦੀ ਖੋਜ ਕਰਨ, ਜਿਸ ਦੇ ਛਿੜਕਾਅ ਨਾਲ ਪਰਾਲੀ ਸੌਖੇ ਢੰਗ ਨਾਲ ਖੇਤ ਵਿਚ ਗਲ ਸੜ ਸਕੇ। ਸੰਜੀਦਾ ਯਤਨਾਂ ਦੇ ਲਾਜ਼ਮੀ ਸਾਰਥਿਕ ਸਿੱਟੇ ਨਿਕਲਣਗੇ।

-ਭੁਪਿੰਦਰ ਸਿੰਘ ਢਿੱਲੋਂ
ਦੀਪਗੜ੍ਹ (ਬਰਨਾਲਾ)।

ਸਿਆਸਤਦਾਨਾਂ ਦੇ ਬੇਤੁਕੇ ਬਿਆਨ
ਪਿਛਲੇ ਕੁਝ ਮਹੀਨਿਆਂ ਦੌਰਾਨ ਸਾਡੇ ਸਿਆਸਤਦਾਨਾਂ ਨੇ ਬਹੁਤ ਸਾਰੇ ਬੇਤੁਕੇ ਬਿਆਨ ਦਿੱਤੇ ਹਨ, ਜਿਹੜੇ ਕਿ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦੇ ਕਿਉਂਕਿ ਉਨ੍ਹਾਂ ਦੇ ਹੱਥ ਮੁਲਕ ਦੀ ਡੋਰ ਹੈ ਅਤੇ ਇਸ ਤਰ੍ਹਾਂ ਦੇ ਬਿਆਨਾਂ ਨਾਲ ਦੇਸ਼ ਵਿਚ ਤਾਂ ਕਿਰਕਿਰੀ ਹੋਣੀ ਹੈ, ਸਗੋਂ ਸਾਰੀ ਦੁਨੀਆ ਵਿਚ ਭਾਰਤ ਦਾ ਅਕਸ ਖਰਾਬ ਹੋਇਆ ਹੈ। ਇਨ੍ਹਾਂ ਲੀਡਰਾਂ ਨੂੰ ਕੁਝ ਤਾਂ ਸੋਚਣਾ ਚਾਹੀਦਾ ਹੈ ਕਿ ਅਸੀਂ ਕਿੰਨੇ ਉੱਚੇ ਰੁਤਬੇ ਉਤੇ ਬੈਠੇ ਹਾਂ ਸਾਨੂੰ ਸਾਰੀ ਦੁਨੀਆ ਦੇਖ/ਸੁਣ ਰਹੀ ਹੈ, ਉਹ ਸਾਡੇ ਬਾਰੇ ਕੀ ਸੋਚਦੀ ਹੋਵੇਗੀ। ਬਿਆਨ ਦਾਗਣ ਤੋਂ ਬਾਅਦ ਜਦੋਂ ਉਨ੍ਹਾਂ ਦੇ ਖਿਲਾਫ ਜਨਤਾ ਵੱਲੋਂ ਆਵਾਜ਼ ਉਠਾਈ ਜਾਂਦੀ ਹੈ ਤਾਂ ਕਹਿ ਦਿੰਦੇ ਹਨ ਕਿ ਸਾਡੀ ਜ਼ਬਾਨ ਫਿਸਲ ਗਈ ਸਾਡੀ ਨੀਅਤ ਬਿਲਕੁਲ ਸਾਫ਼ ਹੈ, ਇਸ ਲਈ ਅਸੀਂ ਮੁਆਫ਼ੀ ਮੰਗਦੇ ਹਾਂ। ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਨ੍ਹਾਂ ਲੀਡਰਾਂ ਨੂੰ ਕੁਝ ਤਾਂ ਸੁਮੱਤ ਬਖਸ਼ੀ ਜਾਵੇ ਤਾਂ ਜੋ ਭਵਿੱਖ ਵਿਚ ਸੋਚ ਸਮਝ ਕੇ ਬਿਆਨਬਾਜ਼ੀ ਕਰਨ।

-ਰਘਬੀਰ ਸਿੰਘ
ਰਿਟਾ: ਇੰਜੀ:, ਸਮਾਜ ਸੇਵਕ
ਪਿੰਡ ਮਾਦਪੁਰ (ਲੁਧਿਆਣਾ)।

ਅਖੌਤੀ ਬਾਬੇ
ਪਿਛਲੇ ਦਿਨੀਂ 'ਅਜੀਤ ਮੈਗਜ਼ੀਨ' ਵਿਚ ਡਾ: ਮਹੀਪ ਸਿੰਘ ਦਾ ਲੇਖ ਬਾਪੂ ਆਸਾ ਰਾਮ ਬਾਰੇ ਖਾਮੋਸ਼ੀ ਕਿਉਂ? ਪੜ੍ਹਦਿਆਂ ਇੰਜ ਲੱਗਾ ਕਿ ਆਸਾ ਰਾਮ ਦੇ ਮਾਮਲੇ ਵਿਚ ਸਾਡੀਆਂ ਧਾਰਮਿਕ ਸੰਸਥਾਵਾਂ ਅਤੇ ਸਿਆਸੀ ਪਾਰਟੀਆਂ ਨੂੰ ਵਾਕਿਆ ਹੀ ਸੱਪ ਸੁੰਘ ਗਿਆ। ਕੀ ਕਾਰਨ ਸੀ ਕਿ ਆਸਾ ਰਾਮ ਨੇ ਸਰਕਾਰੀ ਤੇ ਗ਼ੈਰ-ਸਰਕਾਰੀ ਜ਼ਮੀਨਾਂ 'ਤੇ ਕਬਜ਼ੇ ਕਰਕੇ ਆਪਣੇ ਆਸ਼ਰਮ ਉਸਾਰੇ ਪਰ ਸਾਡੀਆਂ ਸਰਕਾਰਾਂ ਕੁੰਭਕਰਨੀ ਨੀਂਦ ਸੁੱਤੀਆਂ ਰਹੀਆਂ। ਅੱਜ ਜਦੋਂ ਆਸਾ ਰਾਮ ਵੱਲੋਂ ਕੀਤੇ ਗ਼ੈਰ-ਕਾਨੂੰਨੀ ਕਬਜ਼ੇ ਕਰਕੇ ਉਸਾਰੇ ਆਸ਼ਰਮ ਧੜਾਧੜ ਢਾਹੇ ਜਾ ਰਹੇ ਹਨ ਤਾਂ ਉਨ੍ਹਾਂ ਲੋਕਾਂ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ, ਜਿਨ੍ਹਾਂ ਸਿਆਸੀ ਤੇ ਪ੍ਰਸ਼ਾਸਨਿਕ ਲੋਕਾਂ ਦੀ ਸਰਪ੍ਰਸਤੀ ਹੇਠ ਇਹ ਆਸ਼ਰਮ ਉਸਾਰੇ ਗਏ। ਸਖ਼ਤ ਕਾਨੂੰਨੀ ਕਾਰਵਾਈ ਕਰਕੇ ਇਸ ਅਖੌਤੀ ਬਾਬੇ ਨੂੰ ਕਰੜੇ ਹੱਥੀਂ ਲਿਆ ਹੈ, ਉਹ ਸ਼ਲਾਘਾਯੋਗ ਹੈ। ਅੱਜਕਲ੍ਹ ਹਰ ਪਿੰਡ, ਸ਼ਹਿਰ ਤੇ ਹਰ ਕਸਬੇ ਵਿਚ ਬੈਠੇ ਅਖੌਤੀ ਬਾਬੇ ਜੋ ਲੋਕਾਂ ਦਾ ਮਾਨਸਿਕ, ਸਰੀਰਕ ਤੇ ਆਰਥਿਕ ਸ਼ੋਸ਼ਣ ਕਰ ਰਹੇ ਹਨ। ਜੇਕਰ ਕਾਨੂੰਨ ਆਪਣਾ ਰਸਤਾ ਅਖ਼ਤਿਆਰ ਕਰ ਲਵੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਹਰ ਇਕ ਅਖੌਤੀ ਬਾਬਾ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਏਗਾ। ਅੱਜ ਸਮੇਂ ਦੀ ਲੋੜ ਹੈ ਕਿ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦਾ ਸ਼ੋਸ਼ਣ ਕਰਨ ਵਾਲੇ ਇਨ੍ਹਾਂ ਅਖੌਤੀ ਬਾਬਿਆਂ ਵਿਰੁੱਧ ਲੋਕ ਲਹਿਰ ਖੜ੍ਹੀ ਕੀਤੀ ਜਾਵੇ।

-ਲਖਵੀਰ ਸਿੰਘ ਕੋਮਲ
ਆਲਮਵਾਲਾ ਕਲਾਂ (ਮੋਗਾ)।

ਸ਼ੱਕ ਰੋਗ ਤੋਂ ਬਚੋ
'ਅਜੀਤ ਮੈਗਜ਼ੀਨ' ਵਿਚ ਪ੍ਰੋ: ਡੀ. ਸੀ. ਸ਼ਰਮਾ ਦਾ ਲੇਖ ਚੰਗੇ ਕੈਰੀਅਰ ਲਈ 'ਸ਼ੱਕ ਰੋਗ ਤੋਂ ਬਚੋ' ਪੜ੍ਹ ਕੇ ਮਨ ਖ਼ੁਸ਼ ਹੋ ਗਿਆ। ਬਹੁਤ ਹੀ ਕੰਮ ਦੀਆਂ ਗੱਲਾਂ ਦੱਸੀਆਂ ਹਨ। ਅਜਿਹੇ ਲੇਖਕਾਂ ਨੂੰ ਲਗਾਤਾਰ ਛਾਪਿਆ ਕਰੋ। ਚੰਗੇ ਕੈਰੀਅਰ ਵਾਸਤੇ ਇਧਰ ਉਧਰ ਦੀਆਂ ਗੱਲਾਂ ਤਾਂ ਕੋਈ ਵੀ ਦੱਸ ਸਕਦਾ ਹੈ ਪਰ ਅਜਿਹਾ ਮਸਾਲਾ ਤਾਂ ਕੋਈ ਮਨੋਵਿਗਿਆਨੀ ਹੀ ਦੱਸ ਸਕਦਾ ਹੈ। ਅਜਿਹੇ ਲੇਖਾਂ ਦੀ ਇੰਤਜ਼ਾਰ ਹਮੇਸ਼ਾ ਰਹੇਗੀ।

-ਅੰਕਿਤਾ ਸੰਧੂ
ਫਿਰੋਜ਼ਪੁਰ।

28-10-2013

 ਮਾਪਿਆਂ ਦਾ ਸਤਿਕਾਰ
ਅਕਸਰ ਕਿਹਾ ਜਾਂਦਾ ਹੈ ਕਿ ਮਾਪਿਆਂ ਨੇ ਮੁੰਡਾ ਕੀ ਵਿਆਹਿਆ ਉਹ ਤਾਂ ਵਿਆਹ ਤੋਂ ਬਾਅਦ ਬਸ ਘਰ ਵਾਲੀ ਦਾ ਹੋ ਕੇ ਹੀ ਰਹਿ ਗਿਆ। ਗ੍ਰਹਿਸਥੀ ਵਿਚ ਧਿਆਨ ਨਾਲ ਹੀ ਚਲਣਾ ਚਾਹੀਦਾ ਹੈ। ਉਨ੍ਹਾਂ ਮਾਪਿਆਂ ਨੂੰ ਨਾ ਭੁੱਲੋ ਜਿਹੜੇ ਤੁਹਾਡੇ ਗਿੱਲੇ 'ਤੇ ਪਏ ਪਰ ਪੁੱਤ ਆਪਣੀ ਮਾਂ ਦੀਆਂ ਅੱਖਾਂ ਅੱਜ ਝੱਟ ਗਿੱਲੀਆਂ ਕਰ ਦਿੰਦਾ ਹੈ। ਜਿਸ ਬਾਪੂ ਨੇ ਉਂਗਲੀ ਫੜ ਤੁਰਨਾ ਸਿਖਾਇਆ ਅੱਜ ਉਹ ਆਪਣੇ ਮਾਪੇ ਵੱਲ ਉਂਗਲੀ ਕੱਢ ਕੇ ਗੱਲ ਕਰਦਾ ਹੈ। ਜਿਸ ਘਰ ਵਿਚ ਮਾਪੇ ਦੀ ਇੱਜ਼ਤ ਹੈ ਉਸੇ ਘਰ ਬਰਕਤ ਹੈ। ਘਰ ਵਾਲੀਆਂ ਦੇ ਆਖੇ ਲੱਗ ਮਾਪੇ ਨਹੀਂ ਛੱਡਣੇ ਚਾਹੀਦੇ। ਆਪ ਵੀ ਸੋਚੋ ਕਿ ਜਦੋਂ ਅਸੀਂ ਮਾਪੇ ਬਣਾਂਗੇ ਤਾਂ ਸਾਡੇ ਬੱਚੇ ਕੀ ਸਲੂਕ ਕਰਨਗੇ ਸਾਡੇ ਨਾਲ? ਅੱਜ ਲੋੜ ਹੈ ਕਿ ਟੁੱਟੇ ਪਰਿਵਾਰ ਜੁੜ ਜਾਣ। ਜਿਸ ਘਰ ਮਾਪੇ ਹਨ, ਉਸੇ ਘਰ ਰਿਸ਼ਤਿਆਂ ਦਾ ਨਿੱਘ ਹੁੰਦਾ ਹੈ। ਆਓ, ਸਾਰੇ ਮਿਲ ਕੇ ਮਾਪਿਆਂ ਦਾ ਸਤਿਕਾਰ ਕਰੀਏ ਤੇ ਆਪਣੀ ਜ਼ਿੰਦਗੀ ਵਿਚ ਰੰਗ ਭਰੀਏ।

-ਜਸਦੀਪ ਸਿੰਘ ਖੰਨਾ
ਕ੍ਰਿਸ਼ਨਾ ਨਗਰ, ਗਲੀ ਨੰ: 10, ਖੰਨਾ।

ਆਧਾਰ ਕਾਰਡਾਂ ਦਾ ਮੁੱਦਾ
ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਆਪਣੇ ਲਾਸਾਨੀ ਫੈਸਲੇ ਵਿਚ ਅਧਾਰ ਕਾਰਡਾਂ ਦੀ ਬੇਲੋੜੀ ਅਹਿਮੀਅਤ ਨੂੰ ਨਕਾਰ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਅਧਾਰ ਕਾਰਡ ਬਣਾਉਣ ਲਈ ਕੰਪਨੀਆਂ ਨੂੰ ਦਿੱਤੇ ਅਰਬਾਂ ਰੁਪਏ ਦਾ ਲਾਭ ਲੈਣ ਲਈ ਅਧਾਰ ਕਾਰਡਾਂ ਨੂੰ ਬਰਕਰਾਰ ਰੱਖਣ ਲਈ ਕੇਂਦਰ ਸਰਕਾਰ ਦੀ ਬੇਨਤੀ ਨੂੰ ਸੁਪਰੀਮ ਕੋਰਟ ਨੇ ਹਾਲ ਦੀ ਘੜੀ ਠੁਕਰਾ ਦਿੱਤਾ ਹੈ। ਅਧਾਰ ਕਾਰਡ ਦੀ ਹੋਣੀ ਅਨਿਸਚਤ ਬਣਾ ਦਿੱਤੀ ਹੈ।
ਜਿਨ੍ਹਾਂ ਖਪਤਕਾਰਾਂ ਨੇ ਡਿਪਟੀ ਕਮਿਸ਼ਨਰਾਂ ਵੱਲੋਂ (ਕੇਂਦਰ ਸਰਕਾਰ ਦੀ ਹਦਾਇਤ 'ਤੇ) ਦਿੱਤੇ 'ਆਖਰੀ ਤਾਰੀਖ ਦੇ ਵਿਚ-ਵਿਚ ਹੁਕਮਾਂ ਦੀ ਪਾਲਣਾ ਕਰਨ ਲਈ ਆਪਣੇ ਅਧਾਰ ਕਾਰਡ, ਸਬੰਧਤ ਬੈਂਕ ਖਾਤੇ ਦੀ ਫੋਟੋ ਕਾਪੀ, ਰਾਸ਼ਨ ਕਾਰਡ ਦੀ ਕਾਪੀ ਭਾਵ ਤਿੰਨਾਂ ਦੀਆਂ ਫੋਟੋ ਸਟੇਟ ਕਾਪੀਆਂ ਆਪੋ-ਆਪਣੇ ਖਾਤੇ ਵਾਲੇ ਬੈਂਕਾਂ ਵਿਚ ਤੇ ਗੈਸ ਏਜੰਸੀ ਵਿਚ ਜਮ੍ਹਾਂ ਕਰਾ ਦਿੱਤੀਆਂ। ਜਿਨ੍ਹਾਂ ਖਪਤਕਾਰਾਂ ਨੇ ਇਹ ਕਾਰਵਾਈ ਕੀਤੀ ਸੀ, ਉਨ੍ਹਾਂ ਨੂੰ ਇਕ ਹਜ਼ਾਰ ਪੈਂਹਠ ਰੁਪਏ ਦਾ ਸਿਲੰਡਰ ਮਿਲ ਰਿਹਾ ਹੈ, ਜਿਨ੍ਹਾਂ ਖਪਤਕਾਰਾਂ ਨੇ ਇਹ ਕਾਰਵਾਈ ਨਹੀਂ ਕੀਤੀ ਉਨ੍ਹਾਂ ਤੋਂ ਗੈਸ ਏਜੰਸੀ ਵਾਲੇ ਪੁਰਾਣੇ ਰੇਟ 'ਤੇ 431 ਰੁਪਏ ਵਸੂਲ ਰਹੇ ਹਨ। ਇਕ ਹਜ਼ਾਰ ਪੈਂਹਠ ਵਾਲੇ ਖਪਤਰਕਾਰਾਂ ਨੂੰ ਵੈਟ ਰਾਹੀਂ ਵੱਧ ਜੇਬ ਕਟਾਉਣੀ ਪੈਂਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਸਬਸਿਡੀ 'ਤੇ ਵੈਟ ਦਾ ਰਗੜਾ ਨਾ ਲਾਇਆ ਜਾਵੇ।

-ਸੁੰਦਰਪਾਲ ਪ੍ਰੇਮੀ,
ਜੈਤੋ

ਸ਼ੁਰੂਆਤ ਉੱਪਰੋਂ ਹੁੰਦੀ ਹੈ
ਬਹੁਤ ਗਹਿਰਾਈ ਨਾਲ ਵਿਚਾਰਨ ਵਾਲੀ ਗੱਲ ਹੈ ਕਿ ਭਾਰਤੀ ਜਨਤਾ ਦੀ ਬਰਬਾਦੀ, ਗ਼ਰੀਬੀ ਅਤੇ ਲੋਕਾਂ ਦੀ ਅਤਿ ਮਾੜੀ ਦਸ਼ਾ ਉਚਤਮ ਨੇਤਾਵਾਂ ਦੀ ਦੇਣ ਹੈ। ਸਭ ਤੋਂ ਵੱਡਾ ਕਾਰਨ ਭ੍ਰਿਸ਼ਟਾਚਾਰ ਹੈ ਜੋ ਉਤੋਂ ਸ਼ੁਰੂ ਹੁੰਦਾ ਹੈ। ਬਹੁਗਿਣਤੀ ਘਪਲੇ, ਘੁਟਾਲੇ, ਦਲਾਲੀ, ਹੇਰਾ-ਫੇਰੀ, ਕਾਲਾ ਧਨ, ਅਮੀਰ-ਗਰੀਬ ਵਿਚ ਵੱਡਾ ਪਾੜਾ, ਕੁਨਬਾਪ੍ਰਬਰੀ, ਜਮਹੂਰੀਅਤ ਦੀ ਥਾਂ ਬਾਦਸ਼ਾਹਤ, ਪੱਖ-ਪਾਤ, ਝੂਠ ਅਤੇ ਬੇਇਨਸਾਫ਼ੀ ਦੀ ਬੁਨਿਆਦ ਉੱਪਰੋਂ ਹੀ ਰੱਖੀ ਗਈ ਹੈ, ਜੋ ਹੇਠਾਂ ਤੱਕ ਪਸਰ ਗਈ ਹੈ। ਰਿਸ਼ਵਤ ਦਾ ਪੈਸਾ ਹੇਠੋਂ ਉੱਪਰ ਨੂੰ ਜਾਂਦਾ ਹੈ। ਹਰ ਮਹਿਕਮੇ ਵਿਚ ਛੋਟੇ ਕਰਮਚਾਰੀਆਂ ਤੋਂ ਲੈ ਕੇ ਉੱਪਰ ਤੱਕ ਹਿੱਸੇਦਾਰੀ ਚਲਦੀ ਹੈ। ਇਸ ਕਿਰਿਆ ਨਾਲ ਤਾਂ ਲੋਕਾਂ ਦਾ ਹਰ ਦਫਤਰ ਵਿਚ ਹਰ ਰੋਜ਼ ਦਾ ਵਾਹ ਹੈ। ਇਸ ਪ੍ਰਣਾਲੀ ਨੂੰ 'ਸੰਤਰੀ ਤੋਂ ਮੰਤਰੀ' ਕਿਹਾ ਜਾਂਦਾ ਹੈ। ਸੋ ਉੱਪਰੋਂ ਸੁਧਾਰ ਕਰਨ ਦੀ ਲੋੜ ਹੈ।

-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ।

26-10-2013

 ਹਸਪਤਾਲਾਂ 'ਚ ਸਫ਼ਾਈ ਪ੍ਰਬੰਧ
ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚੋਂ ਬਹੁਤਿਆਂ ਦਾ ਸਫ਼ਾਈ ਪੱਖੋਂ ਮੰਦਾ ਹਾਲ ਹੈ। ਵੱਖ-ਵੱਖ ਬਿਮਾਰੀਆਂ ਨਾਲ ਜੂਝਦੇ ਮਰੀਜ਼ ਹਸਪਤਾਲਾਂ 'ਚ ਸਿਹਤਯਾਬ ਹੋਣ ਲਈ ਜਾਂਦੇ ਹਨ। ਪਰ ਅੱਗੋਂ ਹਸਪਤਾਲ ਖ਼ੁਦ ਹੀ ਬਿਮਾਰ ਹੋਏ ਨਜ਼ਰੀਂ ਪੈਂਦੇ ਹਨ। ਸਫ਼ਾਈ ਦੀ ਮੰਦੀ ਹਾਲਤ ਖਾਸ ਕਰਕੇ ਪਖਾਨਿਆਂ ਦੀ ਤਿੱਖੀ ਬਦਬੂ ਕਾਰਨ ਮਰੀਜ਼ਾਂ ਨਾਲ ਗਏ ਉਨ੍ਹਾਂ ਦੇ ਵਾਰਸਾਂ ਦੇ ਭਿਆਨਕ ਬਿਮਾਰੀਆਂ ਦੇ ਗ੍ਰਿਫ਼ਤ 'ਚ ਆਉਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਕਈ ਹਸਪਤਾਲਾਂ ਵਿਚ ਤਾਂ ਸੂਰ ਅਤੇ ਅਵਾਰਾ ਪਸ਼ੂ ਘੁੰਮਦੇ ਵੀ ਨਜ਼ਰ ਪੈਂਦੇ ਹਨ। ਸਮੇਂ ਦੀ ਲੋੜ ਹੈ ਕਿ ਜਿਥੇ ਸਰਕਾਰੀ ਸਿਹਤ ਸੇਵਾਵਾਂ 'ਚ ਲੋੜੀਂਦੇ ਸੁਧਾਰ ਕੀਤੇ ਜਾਣ, ਉਥੇ ਸਫ਼ਾਈ ਅਤੇ ਖੂਬਸੂਰਤ ਫੁੱਲਦਾਰ ਬੂਟਿਆਂ ਨਾਲ ਵੀ ਹਸਪਤਾਲਾਂ ਦੇ ਚੌਗਿਰਦੇ ਨੂੰ ਸੰਵਾਰਨਾ ਬੇਹੱਦ ਜ਼ਰੂਰੀ ਹੈ।

-ਭੁਪਿੰਦਰ ਸਿੰਘ ਢਿੱਲੋਂ
ਪਿੰਡ ਦੀਪਗੜ੍ਹ (ਬਰਨਾਲਾ)।

ਅਕਲ ਦਾ ਦੁਸ਼ਮਣ ਗੁੱਸਾ
ਐਤਵਾਰੀ 'ਅਜੀਤ ਮੈਗਜ਼ੀਨ' ਵਿਚ ਸ: ਨਰਿੰਦਰ ਸਿੰਘ ਨੰਗਲ ਵੱਲੋਂ 'ਗੁੱਸਾ ਆਇਆ, ਸਮਝੋ ਅਕਲ ਗਈ' ਸਿਰਲੇਖ ਅਧੀਨ ਛੇਵੀਂ ਕਿਸ਼ਤ ਤੱਕ ਗੁੱਸੇ ਸਬੰਧੀ 'ਇਕਾਸੀ' ਵਿਚਾਰ ਤੇ ਗੁੱਸੇ ਤੋਂ ਬਚਣ ਦੇ ਢੰਗ-ਤਰੀਕੇ ਪੂਰੇ ਭਾਰਤ ਦੇਸ਼ ਕੀ, ਸਗੋਂ ਇਸ ਤੋਂ ਵੀ ਅੱਗੇ ਪੂਰੇ ਵਿਸ਼ਵ ਨੂੰ ਗੁੱਸੇ ਰੂਪੀ ਮਰਜ ਤੋਂ ਬਚਣ ਲਈ ਇਕ ਅਨਮੋਲ 'ਦਵਾਈ' ਦੇ ਤੁੱਲ ਹਨ। ਭਾਰਤ ਦੇਸ਼ ਕੀ, ਪੂਰੀ ਦੁਨੀਆ ਗੁੱਸੇ ਰੂਪੀ ਮਹਾਂਮਾਰੀ ਦੀ ਲਪੇਟ 'ਚ ਆ ਚੁੱਕੀ ਹੈ। ਸਾਡੇ ਦੇਸ਼ ਵਿਚ ਤਾਂ ਇਹ ਗੁੱਸਾ ਵਿਕਰਾਲ ਰੂਪ ਧਾਰਨ ਕਰ ਚੁੱਕਾ ਹੈ।
ਲੇਖਕ ਵੱਲੋਂ ਗੁੱਸੇ ਸਬੰਧੀ ਪ੍ਰਗਟਾਏ ਵਿਚਾਰ ਕੇਵਲ ਕੀਮਤੀ ਹੀ ਨਹੀਂ, ਸਗੋਂ ਪਰਉਪਕਾਰ ਦੀ ਹਰੇਕ ਹੱਦ ਨੂੰ ਟੱਪਦੇ ਨਜ਼ਰੀਂ ਪੈਂਦੇ ਹਨ। ਇਨ੍ਹਾਂ ਵਿਚਾਰਾਂ ਨੂੰ ਪੰਜਾਬ ਦੀਆਂ ਸਿੱਖਿਆ ਸੰਸਥਾਵਾਂ ਤੇ ਹੋਰ ਲੋਕ-ਮਸਲਿਆਂ ਦੇ ਨਿਪਟਾਰੇ ਹਿਤ ਬਣੇ ਅਦਾਰਿਆਂ ਦੇ ਪ੍ਰਵੇਸ਼-ਦੁਆਰਾਂ ਨੇੜੇ ਢੁਕਵੀਂ ਥਾਂ 'ਤੇ ਅੰਕਿਤ ਕਰਵਾ ਦਿੱਤਾ ਜਾਵੇ ਤਾਂ ਭਾਰਤ ਦੇਸ਼ ਤੇ ਖਾਸ ਕਰ ਪੰਜਾਬ ਦੀ ਗੁਸੈਲੀ ਆਬੋ-ਹਵਾ ਤੋਂ ਲੋਕਾਂ ਨੂੰ ਭਾਰੀ ਰਾਹਤ ਮਿਲ ਸਕਦੀ ਹੈ।

-ਪ੍ਰਿੰ: ਗੁਰਬਚਨ ਸਿੰਘ ਲਾਲੀ
ਲੇਖਕ ਮੰਚ, ਪੱਟੀ।

ਅੱਤਵਾਦੀ ਸਰਗਰਮੀਆਂ ਰੋਕਣ ਦੀ ਲੋੜ
ਪਾਕਿਸਤਾਨ ਦੀ ਨਵੀਂ ਸਰਕਾਰ ਬਣਨ 'ਤੇ ਭਾਰਤ ਨੂੰ ਉਮੀਦ ਸੀ ਕਿ ਭਾਰਤ-ਪਾਕਿ ਸਬੰਧਾਂ ਵਿਚ ਸੁਧਾਰ ਆਵੇਗਾ ਅਤੇ ਦੋਵਾਂ ਮੁਲਕਾਂ ਵਿਚ ਸ਼ਾਂਤੀ ਦੀ ਬਹਾਲੀ ਹੋਵੇਗੀ ਪਰ ਪਿਛਲੇ ਕੁਝ ਸਮੇਂ ਤੋਂ ਚਲਦੀਆਂ ਆਉਂਦੀਆਂ ਅੱਤਵਾਦੀ ਹਰਕਤਾਂ ਘਟਣ ਦੀ ਬਜਾਇ ਹੋਰ ਤੇਜ਼ ਹੋ ਗਈਆਂ ਹਨ। ਜਿਸ ਤਰ੍ਹਾਂ ਅੱਤਵਾਦੀਆਂ ਨੇ ਕਠੂਆ ਜ਼ਿਲ੍ਹੇ ਵਿਚ ਖੂਨੀ ਹੋਲੀ ਖੇਡਣ ਦੀ ਕੋਸ਼ਿਸ਼ ਕੀਤੀ ਹੈ, ਉਸ ਤੋਂ ਸਾਬਤ ਹੁੰਦਾ ਹੈ ਕਿ ਪਾਕਿਸਤਾਨ ਸ਼ਾਂਤੀ ਨਹੀਂ, ਸਗੋਂ ਭਾਰਤ ਤੋਂ ਸਖ਼ਤੀ ਚਾਹੁੰਦਾ ਹੈ। ਪਾਕਿਸਤਾਨ ਵੱਲੋਂ ਯੁੱਧਬੰਦੀ ਦੀ ਵਾਰ-ਵਾਰ ਉਲੰਘਣਾ ਨਾਲ ਸਰਹੱਦ 'ਤੇ ਤਣਾਅ ਹੋਰ ਵਧਿਆ ਹੈ। ਭਾਰਤ ਵਿਚ ਕੇਂਦਰ ਸਰਕਾਰ ਅਤੇ ਵਿਰੋਧੀ ਰਾਜਨੀਤਕ ਪਾਰਟੀਆਂ ਦੀ ਆਪਸੀ ਖਿੱਚੋਤਾਣ ਦਾ ਲਾਭ ਉਠਾਉਂਦਿਆਂ ਅੱਤਵਾਦੀਆਂ ਨੇ ਆਪਣੀ ਘੁਸਪੈਠ ਵਧਾ ਦਿੱਤੀ ਹੈ। ਸਰਕਾਰ ਨੂੰ ਅੱਤਵਾਦੀ ਗਤੀਵਿਧੀਆਂ ਰੋਕਣ ਲਈ ਫ਼ੌਜ ਨੂੰ ਅਤਿ-ਆਧੁਨਿਕ ਹਥਿਆਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਖ਼ਤੀ ਭਰੇ ਨਿਯਮ ਲਾਗੂ ਕਰਨੇ ਚਾਹੀਦੇ ਹਨ, ਜਿਸ ਨਾਲ ਲੋਕਾਂ ਨੂੰ ਕਿਸੇ ਵੀ ਜਾਨੀ-ਮਾਲੀ ਨੁਕਸਾਨ ਤੋਂ ਬਚਾਇਆ ਜਾ ਸਕੇ। ਕੇਂਦਰ ਸਰਕਾਰ ਨੂੰ ਵਿਦੇਸ਼ੀ ਤਾਕਤਾਂ ਤੋਂ ਸਾਵਧਾਨ ਰਹਿੰਦਿਆਂ ਭਾਰਤ ਦੀ ਮਜ਼ਬੂਤ ਦਿੱਖ ਨੂੰ ਬਰਕਰਾਰ ਰੱਖਣ ਲਈ ਯੋਗ ਤੇ ਢੁਕਵੀਂ ਅਗਵਾਈ ਕਰਨੀ ਚਾਹੀਦੀ ਹੈ।

-ਨਵਤੇਜ ਸਿੰਘ ਮੱਲ੍ਹੀ
ਪਿੰਡ ਭਾਗੋਕਾਵਾਂ, ਡਾਕ: ਮਗਰਮੂਦੀਆਂ, ਜ਼ਿਲ੍ਹਾ ਗੁਰਦਾਸਪੁਰ।

25-10-13

 ਨਵੀਂ ਸੋਚ ਦੀ ਲੋੜ

ਪਿਛਲੇ ਦਿਨੀਂ ਗੁਲਜ਼ਾਰ ਸਿੰਘ ਸੰਧੂ ਦਾ ਨਿੱਕ-ਸੁੱਕ ਕਾਲਮ ਅਧੀਨ ਲਿਖਿਆ ਲੇਖ ਪੜ੍ਹਿਆ ਤਾਂ ਇਕ ਪਲ ਲਈ ਇੰਜ ਲੱਗਿਆ ਕਿ ਜਿਵੇਂ ਉਨ੍ਹਾਂ ਨੇ ਅਜੋਕੇ ਯੁੱਗ ਦੀ ਹੀ ਗੱਲ ਕੀਤੀ ਹੋਵੇ, ਪਰ ਉਨ੍ਹਾਂ ਪੁਰਾਣੀ ਰਵਾਇਤ ਨੂੰ ਹੁਣ ਦੇ ਸਮੇਂ ਨਾਲ ਜੋੜ ਕੇ ਲੇਖ ਲਿਖਿਆ ਜਿਸ 'ਚ ਮੁੱਖ ਤੌਰ 'ਤੇ ਪ੍ਰੇਮ ਸਬੰਧਾਂ, ਖਾਪ ਪੰਚਾਇਤਾਂ ਦੇ ਨਿਯਮਾਂ ਅਤੇ ਨਵੀਂ ਤੇ ਪੁਰਾਣੀ ਪੀੜ੍ਹੀ ਦੀ ਗੱਲ ਕਰਦਿਆਂ ਆਪਣੇ ਪਿਛੋਕੜ ਦੀ ਗੱਲ ਦੱਸੀ, ਜਿਸ ਨੂੰ ਪੜ੍ਹ ਕੇ ਇਕ ਸਮੇਂ ਲਈ ਇੰਜ ਜਾਪਿਆ ਕੀ ਹੁਣ ਗੱਲਾਂਬਾਤਾਂ ਕਿੱਥੇ ਹਨ, ਹੁਣ ਤੇ ਮੁੰਡਾ-ਕੁੜੀ ਆਪ ਹੀ ਆਪਣੇ ਵਿਆਹ ਦੀ ਗੱਲ ਕਰ ਲੈਂਦੇ ਹਨ। ਇਕ ਪਾਸੇ ਇਹ ਠੀਕ ਵੀ ਹੈ। ਜੇਕਰ ਅਸੀਂ ਵਲਾਇਤੀ ਤੌਰ-ਤਰੀਕਿਆਂ ਨੂੰ ਅਪਣਾਉਣ ਦੀ ਗੱਲ ਕਰਦੇ ਹਾਂ ਤਾਂ ਕਿਉਂ ਨਾ ਸ਼ੁਰੂਆਤ ਇਸ ਤੋਂ ਹੀ ਕੀਤੀ ਜਾਵੇ। ਉਹ ਮੁਲਕ ਸਾਡੇ ਤੋਂ ਕਿਤੇ ਅੱਗੇ ਹਨ। ਇਸ ਕਰਕੇ ਨਹੀਂ ਕਿ ਉਹ ਪ੍ਰੇਮ ਸਬੰਧਾਂ ਨੂੰ ਪਹਿਲ ਦਿੰਦੇ ਹਨ, ਬਲਕਿ ਇਸ ਲਈ ਕਿਉਂਕਿ ਉਹ ਲੋਕ ਇਕ ਵਿਲੱਖਣ ਸੋਚ ਰੱਖਦੇ ਹਨ। ਪਰ ਹੁਣ ਦੇ ਸਮੇਂ 'ਚ ਭਾਰਤ ਦੇਸ਼ ਵਿਚ ਕੁੜੀਆਂ ਨੂੰ ਬੋਝ ਸਮਝਿਆ ਜਾਂਦਾ ਹੈ ਤੇ ਉਹੀ ਪੁਰਾਣਾ ਨਜ਼ਰੀਆ ਰੱਖਿਆ ਜਾਂਦਾ ਹੈ, ਜਿਸ ਕਾਰਨ ਇਸ ਸਮਾਜ 'ਚ ਆਏ ਦਿਨ ਕੁੜੀਆਂ ਦਾ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ। ਕਿਤੇ ਉਹ ਘਰੇਲੂ ਹਿੰਸਾ ਦਾ ਸ਼ਿਕਾਰ ਹਨ ਤੇ ਕਿਤੇ ਉਨ੍ਹਾਂ ਨੂੰ ਕੁੱਖ 'ਚ ਹੀ ਮਾਰ ਦਿੱਤਾ ਜਾਂਦਾ ਹੈ।

-ਗੁਰਲੀਨ ਕੌਰ
ਲਾਲੇਵਾਲੀ (ਜਲੰਧਰ)।

ਸ਼ਹੀਦ ਅਤੇ ਅੱਜ ਦੇ ਨੇਤਾ

ਪਿਛਲੇ ਮਹੀਨੇ ਹੀ ਅਸੀਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਬੜੀ ਧੂਮਧਾਮ ਨਾਲ ਮਨਾ ਕੇ ਹਟੇ ਹਾਂ। ਬਹੁਤ ਸਾਰੀਆਂ ਨੌਜਵਾਨ ਜਥੇਬੰਦੀਆਂ ਨੇ ਆਜ਼ਾਦੀ ਦੇ ਸ਼ਹੀਦ ਅਤੇ ਉਸ ਦੀ ਸੋਚ ਨੂੰ ਪ੍ਰਣਾਮ ਕੀਤਾ। ਫਾਂਸੀ ਲੱਗਣ ਤੋਂ ਪਹਿਲਾਂ ਭਗਤ ਸਿੰਘ ਦੀ ਆਖਰੀ ਇੱਛਾ ਪੁੱਛੀ ਗਈ ਤਾਂ ਉਨ੍ਹਾਂ ਦਾ ਜਵਾਬ ਸੀ 'ਜਦੋਂ ਹਿੰਦੁਸਤਾਨੀ ਲੁੱਟ-ਖਸੁੱਟ, ਬੇਇਨਸਾਫ਼ੀ, ਜਾਤ-ਪਾਤ, ਨਾ-ਬਰਾਬਰੀ, ਅੰਧ-ਵਿਸ਼ਵਾਸ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਮੁਕਤ ਹੋ ਕੇ ਆਜ਼ਾਦੀ ਦਾ ਅਨੰਦ ਮਾਣਨ ਲੱਗ ਪੈਣਗੇ ਤਾਂ ਅਸੀਂ ਸਮਝਾਂਗੇ ਕਿ ਸਾਡੀ ਛੋਟੀ ਜਿਹੀ ਜ਼ਿੰਦਗੀ ਦਾ ਮੁੱਲ ਪੈ ਗਿਆ। ਸਾਡੇ ਸੁਪਨੇ ਸਾਕਾਰ ਹੋ ਗਏ। ਇਹ ਸੀ ਕੌਮ ਦੇ ਸ਼ਹੀਦ ਸ: ਭਗਤ ਸਿੰਘ ਦਾ ਨਾਇਕ ਹੋਣ ਦਾ ਫਲਸਫ਼ਾ। ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੋਂ ਥੋੜ੍ਹੇ ਦਿਨਾਂ ਬਾਅਦ ਹੀ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ 17 ਸਾਲ ਬਾਅਦ ਹੀ 37.7 ਕਰੋੜ ਦੇ ਚਾਰਾ ਘੁਟਾਲੇ ਵਿਚ ਸੀ.ਬੀ.ਆਈ. ਦੀ ਅਦਾਲਤ ਵੱਲੋਂ 5 ਸਾਲ ਜੇਲ੍ਹ ਤੇ 11 ਸਾਲ ਤੱਕ ਚੋਣ ਨਾ ਲੜਨ ਦੀ ਸਜ਼ਾ ਸੁਣਾਈ ਗਈ। ਉਨ੍ਹਾਂ ਦੀ ਧਰਮਪਤਨੀ ਰਾਬੜੀ ਦੇਵੀ ਦਾ ਬਿਆਨ ਪੜ੍ਹ ਕੇ ਹੈਰਾਨੀ ਹੋਈ ਕਿ ਲਾਲੂ ਪ੍ਰਸਾਦ ਯਾਦਵ ਹੀਰੋ ਹਨ ਅਤੇ ਹੀਰੋ ਰਹਿਣਗੇ। ਇਹ ਵੇਖ ਕੇ ਦੁੱਖ ਹੁੰਦਾ ਹੈ ਕਿ ਅਜੋਕਾ ਭਾਰਤ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਨਹੀਂ ਬਣ ਸਕਿਆ।

-ਕੇ.ਐਸ. ਅਮਰ
facebook ksamar101@gmail.com

ਝੋਨੇ ਦੀ ਬੇਕਦਰੀ

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਨਵੀਂ ਕਿਸਮ 222 ਦੀ ਸਿਫ਼ਾਰਸ਼ ਕੀਤੀ ਗਈ ਸੀ। ਕਿਸਾਨਾਂ ਦੁਆਰਾ ਇਸ ਕਿਸਮ ਵਿਚ ਰੁਚੀ ਦਿਖਾਉਂਦੇ ਹੋਏ ਇਸ ਦੇ ਬੀਜ ਦੀ ਖਰੀਦ ਮਹਿੰਗੇ ਮੁੱਲ 'ਤੇ ਲਾਈਨਾਂ ਵਿਚ ਲੱਗ ਕੇ ਕੀਤੀ ਗਈ ਸੀ। ਪਰ ਹੁਣ ਜਦ ਇਹ ਝੋਨਾ ਪੱਕ ਕੇ ਮੰਡੀ ਵਿਚ ਆਇਆ ਹੈ ਤਾਂ ਇਸ ਦੀ ਸਰਕਾਰੀ ਭਾਅ ਤੋਂ ਕਿਤੇ ਘੱਟ ਰੇਟ 'ਤੇ ਖਰੀਦ ਕੀਤੀ ਜਾ ਰਹੀ ਹੈ ਜੋ ਕਿਸਾਨਾਂ ਨਾਲ ਬੇਹੱਦ ਧੱਕਾ ਹੋ ਰਿਹਾ ਹੈ। ਸੋ, ਸਰਕਾਰ ਨੂੰ ਇਸ ਬੀਜ ਦੀ ਖਰੀਦ ਯਕੀਨੀ ਬਣਾਉਣੀ ਚਾਹੀਦੀ ਹੈ।

-ਰਾਜਾ ਗਿੱਲ (ਚੜਿੱਕ)
ਮੋ: 94654-11585.

ਖੇਤੀ ਵਿਭਿੰਨਤਾ

ਰੋਜ਼ਾਨਾ 'ਅਜੀਤ' ਵਿਚ ਸ: ਅਜਮੇਰ ਸਿੰਘ ਲੱਖੋਵਾਲ ਦਾ ਲੇਖ 'ਕਿਸਾਨ ਖੇਤੀ ਵਿਭਿੰਨਤਾ ਵੱਲ ਨਹੀਂ ਤੁਰਨਗੇ' ਬਹੁਤ ਹੀ ਸ਼ਲਾਘਾਯੋਗ ਸੀ, ਜਿਸ ਵਿਚ ਸਮੁੱਚੀ ਪੰਜਾਬੀ ਕਿਸਾਨੀ ਦੀ ਮਾਨਸਿਕਤਾ ਨੂੰ ਬਾਖੂਬੀ ਚਿਤਰਿਆ ਹੈ। ਬਦਲਵੀਆਂ ਫਸਲਾਂ ਦੀਆਂ ਲਾਭਕਾਰੀ ਕੀਮਤਾਂ ਤੋਂ ਬਿਨਾਂ ਕਿਸਾਨਾਂ ਨੂੰ ਰਵਾਇਤੀ ਫਸਲਾਂ ਕਣਕ ਅਤੇ ਝੋਨੇ ਦੀ ਕਾਸ਼ਤ ਵਿਚੋਂ ਬਾਹਰ ਕੱਢਣਾ ਸਰਕਾਰਾਂ ਲਈ ਬੜਾ ਮੁਸ਼ਕਿਲ ਹੈ। ਦੂਸਰੀਆਂ ਫਸਲਾਂ ਜਿਵੇਂ ਮੱਕੀ, ਗੰਨਾ, ਤੇਲ ਬੀਜ ਵਾਲੀਆਂ ਫਸਲਾਂ, ਸਬਜ਼ੀਆਂ ਆਦਿ ਦਾ ਜਿੰਨਾ ਚਿਰ ਘੱਟੋ-ਘੱਟ ਰੇਟ ਅਤੇ ਸਰਕਾਰੀ ਮੰਡੀਕਰਨ ਦਾ ਉਚਿਤ ਪ੍ਰਬੰਧ ਸਰਕਾਰਾਂ ਨਹੀਂ ਕਰਦੀਆਂ, ਓਨਾ ਚਿਰ ਤੱਕ ਕਿਸਾਨ ਕਦੇ ਵੀ ਬਦਲਵੀਆਂ ਫਸਲਾਂ ਨਹੀਂ ਬੀਜਣਗੇ। ਕੇਂਦਰ ਸਰਕਾਰ ਨੂੰ ਪੰਜਾਬ ਦੀ ਵਿਸ਼ੇਸ਼ ਹਾਲਤ ਮੁਤਾਬਿਕ ਬਿਨਾਂ ਕਿਸੇ ਵਿਤਕਰੇ ਦੇ ਪੰਜਾਬ ਅੰਦਰ ਖੇਤੀ ਅਧਾਰਤ ਸਨਅਤਾਂ ਲਾਉਣ ਲਈ ਵੱਧ ਤੋਂ ਵੱਧ ਫੰਡ ਆਦਿ ਮੁਹੱਈਆ ਕਰਵਾਉਣੇ ਚਾਹੀਦੇ ਹਨ।

-ਜਸਪਿੰਦਰ ਸਿੰਘ ਗਿੱਲ
ਪਿੰਡ ਓਬੋਕੇ, ਤਹਿ: ਪੱਟੀ (ਤਰਨ ਤਾਰਨ)।

 

24-10-2013

 ਸਿਹਤ ਨਾਲ ਖਿਲਵਾੜ
ਮਿਲਾਵਟਖੋਰੀ ਦੀ ਵਧਦੀ ਆਮਦ ਸਾਡੀ ਸਿਹਤ ਅਤੇ ਮਨੁੱਖੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੀ ਹੈ, ਜਿਸ ਨਾਲ ਦੋ ਹੱਥ ਕਰਨ ਲਈ ਪ੍ਰਸ਼ਾਸਨ ਨੇ ਕੋਈ ਠੋਸ ਉਪਰਾਲਾ ਨਹੀਂ ਕੀਤਾ, ਜਿਸ ਕਰਕੇ ਮਿਲਾਵਟਖੋਰੀ ਦਾ ਇਹ ਗੋਰਖ ਧੰਦਾ ਸਾਡੇ ਸਮੁੱਚੇ ਦੇਸ਼ ਵਿਚ ਵੇਲਾਂ ਦੀ ਤਰ੍ਹਾਂ ਵਧ ਰਿਹਾ ਹੈ। ਸਿਹਤ ਵਿਭਾਗ ਦੇ ਸਰਵੇਖਣਾਂ ਮੁਤਾਬਿਕ ਖਾਣ-ਪੀਣ ਵਾਲੀਆਂ ਦੁੱਧ, ਘਿਓ, ਮਠਿਆਈਆਂ ਆਦਿ ਹੋਰ ਅਨੇਕਾਂ ਸੈਂਕੜੇ ਦੇ ਹਿਸਾਬ ਨਾਲ ਵਸਤੂਆਂ ਵਿਚ ਮਿਲਾਵਟਖੋਰੀ ਪਾਈ ਗਈ ਹੈ, ਜੋ ਲੰਮੇ ਸਮੇਂ ਤੋਂ ਚਲਦੀ ਆ ਰਹੀ ਹੈ। ਪਿਛਲੇ ਸਾਲ ਦੁਸਹਿਰਾ, ਦੀਵਾਲੀ ਅਤੇ ਕਰਵਾਚੌਥ ਆਦਿ ਤਿਉਹਾਰਾਂ ਮੌਕੇ ਵੱਡੀ ਤਦਾਦ ਵਿਚ ਸਿਹਤ ਵਿਭਾਗ ਨੇ ਮਿਲਾਵਟਖੋਰਾਂ ਨੂੰ ਰੰਗੇ ਹੱਥੀਂ ਫੜ ਕੇ ਕਾਫੀ ਸਫਲਤਾ ਪ੍ਰਾਪਤ ਕੀਤੀ ਸੀ ਪਰ ਕੋਈ ਸਖਤ ਕਾਰਵਾਈ ਨਾ ਹੋਣ ਕਰਕੇ ਐਤਕੀਂ ਵੀ ਮੇਲਿਆਂ ਅਤੇ ਤਿਉਹਾਰਾਂ 'ਤੇ ਕਈ ਦਿਨ ਪਹਿਲਾਂ ਬਣਾਈਆਂ ਜਾਣ ਵਾਲੀਆਂ ਖਾਣ-ਪੀਣ ਦੀਆਂ ਚੀਜ਼ਾਂ ਵਿਚ ਮਿਲਾਵਟਖੋਰੀ ਦੀਆਂ ਕਨਸੋਆਂ ਮਿਲ ਰਹੀਆਂ ਹਨ। ਭਾਵੇਂ ਇਨ੍ਹਾਂ ਮਿਲਾਵਟਖੋਰਾਂ ਨੂੰ ਪਤਾ ਹੈ ਕਿ ਇਸ ਰੰਗਲੀ ਦੁਨੀਆ ਤੋਂ ਸਿਕੰਦਰ ਵਾਂਗ ਰਾਜ-ਭਾਗ ਛੱਡ ਕੇ ਖਾਲੀ ਹੱਥ ਜਾਣਾ ਹੈ ਪਰ ਫਿਰ ਵੀ ਉਹ ਆਪਣੀਆਂ ਲਾਲਸਾਵਾਂ ਅਤੇ ਚੰਦ ਰੁਪਈਆਂ ਦੇ ਟੁਕੜਿਆਂ ਖਾਤਰ ਅਨੇਕਾਂ ਮਾਸੂਮ ਮਨੁੱਖੀ ਜ਼ਿੰਦਗੀਆਂ ਨੂੰ ਦਾਅ 'ਤੇ ਲਾ ਰਹੇ ਹਨ, ਜਿਸ ਨਾਲ ਮਨੁੱਖ ਕਈ ਬਿਮਾਰੀਆਂ ਨਾਲ ਜਕੜ ਕੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਜਾਂਦਾ ਹੈ। ਸੋ, ਇਨ੍ਹਾਂ ਮਿਲਾਵਟਖੋਰਾਂ ਨੂੰ ਨੱਥ ਪਾਉਣ ਲਈ ਪ੍ਰਸ਼ਾਸਨ ਅਤੇ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ। ਫਿਰ ਮਨ ਨੂੰ ਬੜਾ ਸਕੂਨ ਆਵੇਗਾ, ਜਦ ਮੇਰੇ ਦੇਸ਼ ਦਾ ਹਰ ਵਾਸੀ ਸ਼ੁੱਧ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਅਨੰਦ ਲੈ ਕੇ ਫੁਰਸਤ ਦੀ ਸਿਹਤਮੰਦ ਜ਼ਿੰਦਗੀ ਬਤੀਤ ਕਰੇਗਾ।

-ਤਰਸੇਮ ਮਹਿਤੋ
ਪਿੰਡ ਬਈਏਵਾਲ (ਸੰਗਰੂਰ)।

ਹੱਥਾਂ ਬਾਝ ਕਰਾਰਿਆਂ
ਭਾਰਤ-ਪਾਕਿ ਰੇੜਕਾ ਪੁਰਾਣਾ ਹੈ। ਦੋਵਾਂ ਪ੍ਰਧਾਨ ਮੰਤਰੀਆਂ ਵਿਚਕਾਰ ਗੱਲਬਾਤ ਕਰਕੇ ਕੋਈ ਸਾਰਥਕ ਹੱਲ ਲੱਭਣ ਦੀ ਕੋਸ਼ਿਸ਼ ਸ਼ਲਾਘਾਯੋਗ ਹੈ ਪਰ ਅੱਤਵਾਦੀ ਸੰਗਠਨ ਪੇਸ਼ ਨਹੀਂ ਜਾਣ ਦਿੰਦੇ। ਪਾਕਿਸਤਾਨ ਵਿਚ ਅੱਤਵਾਦ ਦੇ ਸਿਖਲਾਈ ਕੈਂਪਾਂ ਨੂੰ ਸਮਾਪਤ ਕਰਨਾ ਨਿਹਾਇਤ ਜ਼ਰੂਰੀ ਹੈ। ਕੇਵਲ ਨਰਮੀ ਨਾਲ ਗੱਲ ਨਹੀਂ ਬਣੇਗੀ। ਇਧਰ ਸ: ਮਨਮੋਹਨ ਸਿੰਘ ਨੂੰ ਵੀ ਸਖਤ ਹੋਣਾ ਪਵੇਗਾ। ਸ਼ਰਾਫਤ ਦਾ ਮਤਲਬ ਕਮਜ਼ੋਰੀ ਸਮਝਿਆ ਜਾਂਦਾ ਹੈ। 1965 ਦੀ ਜੰਗ ਸਮੇਂ ਲਾਲ ਬਹਾਦਰ ਸ਼ਾਸਤਰੀ ਹੁਰਾਂ ਨੇ ਬੜੀ ਦ੍ਰਿੜ੍ਹਤਾ ਅਤੇ ਦਲੇਰੀ ਨਾਲ ਦੁਸ਼ਮਣ ਨੂੰ ਵੰਗਾਰਿਆ ਸੀ। ਉਹ ਵੀ ਤਾਂ ਬੜੇ ਸਾਊ ਤੇ ਸੁਹਿਰਦ ਸਨ। ਆਏ ਦਿਨ ਸਾਡੇ ਜਵਾਨ ਬਹਾਦਰਾਂ ਦਾ ਸ਼ਹੀਦ ਹੋਣਾ ਦੁਖਦਾਈ ਹੈ। ਫੌਜ ਦੇ ਤਜਰਬੇਕਾਰ ਅਫਸਰਾਂ ਦੀ ਰਾਇ ਅਨੁਸਾਰ ਠੋਸ ਕਦਮ ਚੁੱਕਣ ਦੀ ਲੋੜ ਹੈ।

-ਨਵਰਾਹੀ ਘੁਗਿਆਣਵੀ

ਪਾਣੀ ਦੇ ਨਮੂਨੇ
ਮਨੁੱਖ ਅਤੇ ਜੀਵ-ਜੰਤੂਆਂ ਲਈ ਪਾਣੀ ਜੀਵਨ ਹੈ ਪਰ ਅੱਜ ਪੰਜਾਬ ਦਾ ਅੰਮ੍ਰਿਤ ਰੂਪੀ ਪਾਣੀ ਜ਼ਹਿਰੀਲਾ ਹੋ ਗਿਆ ਹੈ। ਫਸਲਾਂ ਲਈ ਵਧੇਰੇ ਕੀਟਨਾਸ਼ਕਾਂ, ਨਦੀਨਨਾਸ਼ਕਾਂ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਨੇ ਪਾਣੀ ਜ਼ਹਿਰੀ ਬਣਾ ਦਿੱਤਾ ਹੈ, ਜਿਹੜਾ ਕਿ ਮਨੁੱਖੀ ਸਿਹਤ ਲਈ ਅੰਮ੍ਰਿਤ ਦੀ ਥਾਂ ਘਾਤਕ ਬਿਮਾਰੀਆਂ ਦਾ ਕਾਰਨ ਬਣ ਗਿਆ ਹੈ। ਪੰਜਾਬ ਅੰਦਰ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਕੈਂਸਰ ਦੀ ਨਾਮੁਰਾਦ ਬਿਮਾਰੀ ਕਾਫੀ ਹੱਦ ਤੱਕ ਲਾਇਲਾਜ ਹੈ ਅਤੇ ਇਸ ਦਾ ਮਹਿੰਗਾ ਇਲਾਜ ਆਮ ਜਨਤਾ ਦੇ ਹੱਥ-ਵੱਸ ਵੀ ਨਹੀਂ। ਪੰਜਾਬ ਸਰਕਾਰ ਕੈਂਸਰ ਦੀ ਬਿਮਾਰੀ ਨੂੰ ਰੋਕਣ ਲਈ ਕੁਝ ਹੱਦ ਤੱਕ ਯਤਨਸ਼ੀਲ ਹੈ ਪਰ ਹੋਰ ਕੋਸ਼ਿਸ਼ਾਂ ਦੀ ਲੋੜ ਹੈ। ਕੈਂਸਰ ਨੂੰ ਰੋਕਣ ਲਈ ਪੰਜਾਬ ਦੇ ਸਾਰੇ ਪਿੰਡਾਂ ਵਿਚ ਸਰਕਾਰੀ ਟੈਂਕੀਆਂ ਦੇ ਸ਼ੁੱਧ ਪਾਣੀ ਨੂੰ ਪਹੁੰਚਾਉਣਾ ਲਾਜ਼ਮੀ ਹੈ। ਸਿਹਤ ਵਿਭਾਗ ਨੂੰ ਕੈਂਸਰ ਦੇ ਮਰੀਜ਼ਾਂ ਦਾ ਮੁਫਤ ਚੈੱਕਅਪ ਕਰਕੇ ਉਨ੍ਹਾਂ ਦੀ ਸਹੀ ਸ਼ਨਾਖਤ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਨੂੰ ਪਿੰਡ-ਪਿੰਡ ਜਾ ਕੇ ਪਾਣੀ ਦੇ ਨਮੂਨੇ ਲੈਂਦੇ ਰਹਿਣਾ ਚਾਹੀਦਾ ਹੈ ਅਤੇ ਪੰਚਾਇਤਾਂ ਨੂੰ ਪਾਣੀ ਚੈੱਕ ਕਰਨ ਦੇ ਯੰਤਰ ਮੁਹੱਈਆ ਕਰਵਾਉਣੇ ਚਾਹੀਦੇ ਹਨ, ਤਾਂ ਜੋ ਲੋਕ ਦੂਸ਼ਿਤ ਪਾਣੀ ਨਾ ਪੀਣ। ਪੰਜਾਬ ਸਰਕਾਰ ਨੂੰ ਹਰ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿਚ ਕੈਂਸਰ ਦੇ ਇਲਾਜ ਲਈ ਮੁਫਤ ਜਾਂ ਸਸਤੇ ਰੇਟਾਂ 'ਤੇ ਦਵਾਈ ਉਪਲਬਧ ਕਰਵਾ ਕੇ ਕੈਂਸਰ ਦੇ ਵਧ ਰਹੇ ਪ੍ਰਕੋਪ ਨੂੰ ਰੋਕਣਾ ਚਾਹੀਦਾ ਹੈ।

-ਨਵਤੇਜ ਸਿੰਘ ਮੱਲ੍ਹੀ
ਪਿੰਡ ਭਾਗੋਕਾਵਾਂ, ਡਾਕ: ਮਗਰਮੂਦੀਆਂ, ਜ਼ਿਲ੍ਹਾ ਗੁਰਦਾਸਪੁਰ

ਲੋਕ ਮੰਚ
ਸੋਮਵਾਰ ਨੂੰ ਉਪਰੋਕਤ ਸਿਰਲੇਖ ਹੇਠ ਛਪਦਾ ਅੰਕ 'ਅਜੀਤ' ਵੱਲੋਂ ਪਾਠਕਾਂ ਨੂੰ ਇਕ ਵੱਖਰੀ ਦੇਣ ਹੈ, ਕਿਉਂਕਿ ਇਸ ਵਿਚੋਂ ਪਾਠਕਾਂ ਨੂੰ ਜ਼ਿੰਦਗੀ ਪ੍ਰਤੀ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਪਾਠਕਾਂ ਦੇ ਵਿਚਾਰਾਂ ਨੂੰ ਪੁੱਛ ਕੇ ਬਣਾਇਆ ਕਾਲਮ 'ਲੋਕ ਮੰਚ' ਅੰਕ ਇਕ ਵੱਖਰਾ ਹੀ ਸਥਾਨ ਰੱਖਦਾ ਹੈ। ਇਹ ਵੀ ਬਹੁਤ ਹੀ ਵਧੀਆ ਸੋਚ ਹੈ। ਆਸ ਕਰਦੇ ਹਾਂ ਕਿ ਅੱਗੇ ਵੀ 'ਅਜੀਤ' ਅਖ਼ਬਾਰ ਸਾਨੂੰ ਵਧੀਆ ਤੇ ਨਵੇਂ ਵਿਚਾਰ ਦੇਵੇਗਾ। ਅਸੀਂ ਹਮੇਸ਼ਾ ਹੀ 'ਅਜੀਤ ਪ੍ਰਕਾਸ਼ਨ ਸਮੂਹ' ਦੀ ਚੜ੍ਹਦੀ ਕਲਾ ਦੀ ਦਿਲੋਂ ਕਾਮਨਾ ਕਰਦੇ ਹਾਂ।

-ਜਸਕਰਨ ਸਿੰਘ
ਦਸਮੇਸ਼ ਨਗਰ, ਲੁਧਿਆਣਾ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX