ਤਾਜਾ ਖ਼ਬਰਾਂ


ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ 62 ਦੌੜਾਂ ਨਾਲ ਹਰਾਇਆ
. . .  1 day ago
ਝੌਂਪੜ 'ਤੇ ਖੰਭਾਂ ਡਿੱਗਣ ਕਾਰਨ ਇਕ ਬਜ਼ੁਰਗ ਔਰਤ ਦੀ ਮੌਤ ,ਇਕ ਗੰਭੀਰ
. . .  1 day ago
ਬਲਾਚੌਰ,24 ਜੂਨ (ਦੀਦਾਰ ਸਿੰਘ ਬਲਾਚੌਰੀਆ)--ਅੱਜ ਬਾਅਦ ਦੁਪਹਿਰ ਹੋਈ ਬਾਰਸ਼ ਸ਼ੈਲਰ ਕਾਲੋਨੀ ਵਾਰਡ ਨੰਬਰ 3 ਨੇੜੇ ਕਚਰਾ ੳੇਠਾਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਇਕ ਪਰਿਵਾਰ ਲਈ ਆਫ਼ਤ ਬਣ ਗਈ ...
ਆਵਾਰਾ ਸਾਨ੍ਹ ਨੇ ਟੱਕਰ ਮਾਰ ਕੇ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਿਆ
. . .  1 day ago
ਖਮਾਣੋਂ, 24 ਜੂਨ (ਮਨਮੋਹਣ ਸਿੰਘ ਕਲੇਰ)- ਅੱਜ ਸ਼ਾਮ ਪਿੰਡ ਰਣਵਾਂ ਵਿਖੇ ਇਕ ਆਵਾਰਾ ਸਾਨ੍ਹ ਨੇ ਟੱਕਰ ਮਾਰ ਕੇ ਜੋਧ ਸਿੰਘ ਨਾਮਕ ਵਿਅਕਤੀ ਨੂੰ ਮੌਕੇ 'ਤੇ ਹੀ ਜਾਨੋਂ ਮਾਰ ਦਿੱਤਾ। ਮ੍ਰਿਤਕ ਦੇ ਭਰਾ ਕਸ਼ਮੀਰ ਸਿੰਘ ਅਤੇ ਬਚਿੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ...
ਅਰਬਨ ਸਪਲਾਈ ਦੀ ਤਾਰ ਟੁੱਟ ਕੇ ਨੌਜਵਾਨ 'ਤੇ ਡਿੱਗੀ, ਮੌਤ
. . .  1 day ago
ਖਡੂਰ ਸਾਹਿਬ, 24 ਜੂਨ (ਮਾਨ ਸਿੰਘ)- ਪਾਵਰ ਕਾਮ ਸਬ ਡਵੀਜ਼ਨ ਨਾਗੋਕੇ ਅਧੀਨ ਆਉਂਦੇ ਪਿੰਡ ਰਾਮਪੁਰ ਭੂਤਵਿੰਤ ਵਿਖੇ ਬਿਜਲੀ ਦਾ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਜਾਣ ਸਬੰਧੀ ਖ਼ਬਰ ਮਿਲੀ ਹੈ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਨੌਜਵਾਨ ....
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 5 ਓਵਰਾਂ ਤੋਂ ਬਾਅਦ ਅਫ਼ਗ਼ਾਨਿਸਤਾਨ 21/0
. . .  1 day ago
ਸਬ-ਡਵੀਜ਼ਨ ਤਪਾ 'ਚ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਨੇ ਕੱਢਿਆ ਫਲੈਗ ਮਾਰਚ
. . .  1 day ago
ਤਪਾ ਮੰਡੀ, 24 ਜੂਨ (ਵਿਜੇ ਸ਼ਰਮਾ)- ਪਿਛਲੇ ਦਿਨੀਂ ਨਾਭਾ ਜੇਲ੍ਹ 'ਚ ਬੰਦ ਡੇਰਾ ਸਿਰਸਾ ਦੇ ਕੱਟੜ ਸਮਰਥਕ ਮਹਿੰਦਰਪਾਲ ਬਿੱਟੂ ਦੇ ਹੋਏ ਕਤਲ ਨੂੰ ਲੈ ਕੇ ਸਬ-ਡਵੀਜ਼ਨ ਦੇ ਡੀ.ਐੱਸ.ਪੀ ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ 'ਚ ਪੈਰਾ ਮਿਲਟਰੀ ਫੋਰਸ ਦੇ ਸਹਿਯੋਗ ਨਾਲ ....
ਸਰਹੱਦੀ ਚੌਂਕੀ ਸ਼ਾਹਪੁਰ ਨੇੜਿਓਂ ਬੀ.ਐੱਸ.ਐਫ ਨੇ ਇਕ ਵਿਅਕਤੀ ਨੂੰ ਕੀਤਾ ਕਾਬੂ
. . .  1 day ago
ਅਜਨਾਲਾ, 24 ਜੂਨ (ਐੱਸ. ਪ੍ਰਸ਼ੋਤਮ)- ਅਜਨਾਲਾ ਸੈਕਟਰ ਦੇ ਸਰਹੱਦੀ ਚੌਂਕੀ ਸ਼ਾਹਪੁਰ ਨੇੜਿਓਂ ਬੀ.ਐੱਸ.ਐਫ. 32 ਬਟਾਲੀਅਨ ਦੇ ਇੰਸਪੈਕਟਰ ਸੰਜੀਵ ਕੁਮਾਰ ਵੱਲੋਂ ਕੌਮਾਂਤਰੀ ਸਰਹੱਦ ਦੇ ਮਨਾਹੀ ਵਾਲੇ ਖੇਤਰ 'ਚ ਘੁੰਮ ਰਹੇ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ। ਕਾਬੂ ...
ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ ਜਿੱਤ ਲਈ ਦਿੱਤਾ 263 ਦੌੜਾਂ ਦਾ ਟੀਚਾ
. . .  1 day ago
ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਪੁਲਿਸ ਨੇ ਕੀਤਾ ਕਾਬੂ
. . .  1 day ago
ਫ਼ਾਜ਼ਿਲਕਾ, 24 ਜੂਨ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆ ਗਿਰੋਹ ਦੇ ਚਾਰ ਮੈਂਬਰਾਂ ਨੂੂੰ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਸਣੇ ਕਾਬੂ ਕੀਤਾ ਹੈ ਜਾਣਕਾਰੀ ਦਿੰਦਿਆ ਡੀ.ਐੱਸ.ਪੀ. ਫ਼ਾਜ਼ਿਲਕਾ ਜਗਦੀਸ਼ ....
ਕੈਦੀ ਭਜਾ ਕੇ ਲਿਜਾਉਣ ਦੀ ਪੁਲਿਸ ਮੁਲਜ਼ਮਾਂ ਨੇ ਘੜੀ ਝੂਠੀ ਕਹਾਣੀ
. . .  1 day ago
ਤਲਵੰਡੀ ਭਾਈ, 24 ਜੂਨ (ਕੁਲਜਿੰਦਰ ਸਿੰਘ ਗਿੱਲ)- ਲੁਧਿਆਣਾ ਤੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਪੇਸ਼ੀ ਲਈ ਲਿਆਏ ਜਾ ਰਹੇ ਇੱਕ ਕੈਦੀ ਨੂੰ ਉਸ ਦੇ ਸਾਥੀਆਂ ਵੱਲੋਂ ਭਜਾ ਕੇ ਲੈ ਜਾਣ ਦੀ ਸੂਚਨਾ ਨੇ ਜ਼ਿਲ੍ਹਾ ਫ਼ਿਰੋਜਪੁਰ ਦੀ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਪ੍ਰੰਤੂ ਸਾਰੇ .....
ਹੋਰ ਖ਼ਬਰਾਂ..
ਜਲੰਧਰ : ਐਤਵਾਰ 5 ਜੇਠ ਸੰਮਤ 551
ਵਿਚਾਰ ਪ੍ਰਵਾਹ: ਮੇਰੀ ਭਾਵਨਾ ਦਾ ਲੋਕਰਾਜ ਉਹ ਹੈ, ਜਿਸ ਵਿਚ ਛੋਟੇ ਤੋਂ ਛੋਟੇ ਵਿਅਕਤੀ ਦੀ ਆਵਾਜ਼ ਨੂੰ ਵੀ ਓਨੀ ਥਾਂ ਮਿਲੇ, ਜਿੰਨੀ ਕਿ ਸਮੂਹ ਦੀ ਆਵਾਜ਼ ਨੂੰ। -ਮਹਾਤਮਾ ਗਾਂਧੀ

ਤੁਹਾਡੇ ਖ਼ਤ

17-05-2019

 ਪੰਜਾਬ ਦੇ ਅਸਲ ਮੁੱਦੇ
ਪੰਜਾਬ ਵਾਸੀਆਂ ਦੇ ਅਸਲ ਮੁੱਦਿਆਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ, ਨੌਜਵਾਨ ਨਸ਼ਿਆਂ ਨਾਲ ਮਰ ਰਹੇ ਹਨ, ਮਜ਼ਦੂਰ ਦੀ ਹਾਲਤ ਤਰਸਯੋਗ ਹੈ, ਸਰਕਾਰੀ ਸਕੂਲਾਂ ਵਿਚ ਮਿਆਰੀ ਸਿੱਖਿਆ ਨਹੀਂ, ਨਿੱਜੀ ਸਕੂਲਾਂ ਵਿਚ ਮਹਿੰਗੀ ਪੜ੍ਹਾਈ ਹਾਸਲ ਕਰਨ ਲਈ ਲੋਕ ਮਜਬੂਰ ਹਨ, ਗੰਨੇ ਦੀ ਫਸਲ ਦੇ ਬਕਾਏ ਬਾਰੇ ਕੋਈ ਗੱਲ ਨਹੀਂ ਕੀਤੀ ਜਾ ਰਹੀ, ਜਦੋਂ ਕਿ ਗੰਨੇ ਤੋਂ ਬਣੀ ਖੰਡ ਮਿੱਲਾਂ ਵਲੋਂ ਵੇਚੀ ਜਾ ਚੁੱਕੀ ਹੈ, ਕਿਸਾਨ ਧਰਨੇ ਲਗਾਉਣ ਲਈ ਮਜਬੂਰ ਹਨ, ਹਰੇਕ ਕਿਸਮ ਦਾ ਮੁਲਾਜ਼ਮ ਹੜਤਾਲਾਂ ਕਰ ਰਿਹਾ ਹੈ। ਸਿਰਫ ਤੇ ਸਿਰਫ ਵੋਟਾਂ ਬਟੋਰਨ ਲਈ ਇਕ-ਦੂਜੇ 'ਤੇ ਦੂਸ਼ਣਬਾਜ਼ੀ ਦਾ ਸਹਾਰਾ ਲੈਂਦੀਆਂ ਨਜ਼ਰ ਆ ਰਹੀਆਂ ਹਨ। ਚੋਣ ਰੈਲੀਆਂ ਵਿਚ ਆਪਣੇ-ਆਪ ਨੂੰ ਸਹੀ ਸਾਬਤ ਕਰਨ ਦਾ ਯਤਨ ਕਰ ਰਹੀਆਂ ਹਨ। ਇਨ੍ਹਾਂ ਰੈਲੀਆਂ ਨੂੰ ਦੇਖ ਕੇ ਅਜਿਹਾ ਮਹਿਸੂਸ ਹੁੰਦਾ ਹੈ ਕਿ ਲੋਕ ਸਭਾ ਦੀਆਂ ਚੋਣਾਂ 2019 ਵਿਚ ਪੰਜਾਬ ਦੇ ਲੋਕਾਂ ਦੇ ਅਸਲ ਮੁੱਦੇ ਗਵਾਚ ਗਏ ਹਨ।


-ਅਮਰੀਕ ਸਿੰਘ ਚੀਮਾ,
ਸ਼ਾਹਬਾਦੀਆ, ਜਲੰਧਰ।


ਜ਼ਿੰਮੇਵਾਰ ਕੌਣ?
ਕਣਕ ਤੇ ਇਸ ਦਾ ਨਾੜ ਹਰ ਵਾਰ ਕੁਝ ਕੁ ਥਾਵਾਂ 'ਤੇ ਅੱਗ ਦੀ ਭੇਟ ਚੜ੍ਹ ਜਾਂਦਾ ਹੈ, ਜੋ ਮਾੜੀ ਗੱਲ ਹੈ। ਹੋਰ ਕਈ ਕਾਰਨ ਹੋਣਗੇ ਪਰ ਇਸ ਵਾਰ ਲਗਦਾ ਹੈ ਕਿ ਪ੍ਰਸ਼ਾਸਨ ਵਲੋਂ ਕੀਤੀ ਜਾਂਦੀ ਢਿੱਲ ਵੀ ਜ਼ਿੰਮੇਵਾਰ ਹੈ। ਲਗਦਾ ਹੈ ਕਿ ਇਸ ਵਾਰ ਪਿਛਲੀ ਵਾਰ ਵਾਂਗ ਕਿਸਾਨਾਂ ਨੂੰ ਅੱਗ ਲਗਾਉਣ ਤੋਂ ਬਹੁਤ ਰੋਕਿਆ ਨਹੀਂ ਗਿਆ, ਨਾ ਹੀ ਰੋਕਣ ਲਈ ਬਹੁਤਾ ਪ੍ਰਚਾਰ ਕੀਤਾ ਗਿਆ ਹੈ। ਉਹ ਕਈ ਵਾਰ ਬੇਕਾਬੂ ਹੋ ਕੇ ਅੱਗੇ ਵਧ ਜਾਂਦੀ ਹੈ।
ਕਿਸਾਨ ਪਿਛਲੇ ਲੰਮੇ ਸਮੇਂ ਤੋਂ ਅੱਗ ਲਾਉਂਦੇ ਆ ਰਹੇ ਹਨ। ਉਹ ਇਕ-ਦੋ ਵਾਰ ਦੀ ਸਖ਼ਤੀ ਨਾਲ ਘੱਟ ਸਮਝਣਗੇ। ਇਨ੍ਹਾਂ ਨੂੰ ਲੰਮਾ ਸਮਾਂ ਸਮਝਾਉਣ ਦੀ ਲੋੜ ਹੈ। ਸੋ, ਇਸ ਵਾਰ ਸਰਕਾਰ ਦੀ ਥੋੜ੍ਹੀ ਦਿੱਤੀ ਢਿੱਲ ਵੀ ਨਾੜ ਨੂੰ ਅੱਗ ਲੱਗਣ ਲਈ ਜ਼ਿੰਮੇਵਾਰ ਹੈ। ਹੋ ਸਕਦਾ ਹੈ ਇਹ ਢਿੱਲ ਵੋਟਾਂ ਨੇੜੇ ਹੋਣ ਕਰਕੇ ਜਾਣ ਕੇ ਦਿੱਤੀ ਗਈ ਹੋਵੇ। ਇਹ ਤਾਂ ਸਾਡਾ ਅਨੁਮਾਨ ਹੀ ਹੈ ਪਰ ਕਈ ਵਾਰ ਅਨੁਮਾਨ ਵੀ ਸੱਚ ਸਾਬਤ ਹੁੰਦੇ ਹਨ।


-ਜਸਕਰਨ,
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

16-05-2019

 ਚੋਣਾਂ
ਪੂਰੇ ਭਾਰਤ ਤੋਂ ਬਿਨਾਂ ਜੇ ਆਪਾਂ ਪੰਜਾਬ ਦੀ ਸਿਆਸਤ ਵੱਲ ਨਜ਼ਰ ਮਾਰੀਏ ਤਾਂ ਇਸ ਵਾਰ ਪੰਜਾਬ ਦਾ ਸਿਆਸੀ ਦ੍ਰਿਸ਼ ਵੀ ਬਹੁਤ ਹੀ ਅਜੀਬ ਦਿਖਾਈ ਦੇ ਰਿਹਾ ਹੈ। ਪ੍ਰਮੁੱਖ ਸਿਆਸੀ ਪਾਰਟੀਆਂ ਆਪੋ ਵਿਚ ਹੀ ਪਾਟੋਧਾੜ ਹੋ ਕੇ ਟੋਟੇ-ਟੋਟੇ ਹੋ ਗਈਆਂ ਹਨ ਤੇ ਉੱਪਰੋਂ ਸਿਆਸੀ ਜੋੜ-ਤੋੜ ਵੀ ਸਮਝ ਵਿਚ ਨਹੀਂ ਆ ਰਹੇ। ਜਦੋਂ ਕਿਸੇ ਵੀ ਵੱਡੇ ਜਾਂ ਛੋਟੇ ਸਿਆਸੀ ਦਲ ਦੀ ਗੱਲ ਕਰਦੇ ਜਾਂ ਸੁਣਦੇ ਹਾਂ ਤਾਂ ਸਾਰੇ ਇਹੀ ਰਾਗ ਅਲਾਪ ਰਹੇ ਹਨ ਕਿ ਅਸੀਂ ਪੰਜਾਬ ਦੀ ਬਿਹਤਰੀ ਲਈ ਲੜ ਰਹੇ ਹਾਂ। ਪਰ ਦੁੱਖ ਇਸ ਗੱਲ ਦਾ ਹੈ ਕਿ ਪੰਜਾਬ ਦੀ ਤੜਪ ਰੱਖਣ ਵਾਲੇ ਇਹ ਸਿਆਸੀ ਗੁੱਟ ਅਪਸੀ ਏਕਤਾ 'ਤੇ ਗੱਲ ਕਰਨ ਲਈ ਵੀ ਤਿਆਰ ਨਹੀਂ ਹਨ। ਜੇ ਕੋਈ ਆਪਸੀ ਸਮਝੌਤੇ ਖ਼ਾਤਰ ਗੱਲ ਵੀ ਕਰਦੇ ਹਨ ਤਾਂ ਇਹ ਗੱਲ ਜਲਦੀ ਹੀ ਟੁੱਟ ਜਾਂਦੀ ਹੈ। ਇਸ ਤੋਂ ਤਾਂ ਇਹੀ ਜਾਪਦਾ ਹੈ ਕਿ ਪੰਜਾਬ ਦੀ ਫ਼ਿਕਰ ਸਿਆਸੀ ਲੋਕਾਂ ਨੂੰ ਘੱਟ ਹੈ ਤੇ ਆਪਣੀ ਕੁਰਸੀ ਦੀ ਫ਼ਿਕਰ ਕੁਝ ਜ਼ਿਆਦਾ ਹੈ। ਕਿਉਂਕਿ ਕਿਸੇ ਵੀ ਪਾਸੇ ਆਪਸੀ ਏਕਤਾ ਬਿਨਾਂ ਕੁਝ ਵੀ ਸੰਭਵ ਨਹੀਂ ਹੈ। ਅੱਗੇ ਦੇਖੋ ਕੀ ਬਣਦਾ ਹੈ ਤੇ ਕੀ ਪੰਜਾਬ ਦੇ ਪੱਲੇ ਪੈਂਦਾ ਹੈ।


-ਬਲਬੀਰ ਸਿੰਘ ਬੱਬੀ
ਤੱਖਰਾਂ, ਲੁਧਿਆਣਾ।


ਆਵਾਜਾਈ ਦੀ ਸਮੱਸਿਆ
ਅੱਜ ਦਾ ਯੁੱਗ ਮਸ਼ੀਨਰੀ ਯੁੱਗ ਹੈ। ਹਰ ਕਿਸੇ ਆਦਮੀ ਕੋਲ ਕੋਈ ਨਾ ਕੋਈ ਆਵਾਜਾਈ ਲਈ ਸਾਧਨ ਹੈ ਜਿਵੇਂ ਕਿ ਕਾਰ, ਸਕੂਟਰ ਤੇ ਮੋਟਰਸਾਈਕਲ ਆਦਿ ਜਿਸ ਨਾਲ ਸ਼ਹਿਰਾਂ ਵਿਚ ਟ੍ਰੈਫਿਕ ਸਮੱਸਿਆ ਅਤੇ ਤੇਜ਼ ਰਫ਼ਤਾਰੀ ਜ਼ਿਆਦਾ ਹੋਣ ਕਾਰਨ ਸੜਕ ਹਾਦਸੇ ਵਧੇ ਹਨ। ਅੱਜਕਲ੍ਹ ਕਣਕ ਦਾ ਸੀਜ਼ਨ ਹੈ, ਜਿਸ ਦੌਰਾਨ ਕਣਕ ਦੀ ਰਹਿੰਦ-ਖੂੰਹਦ ਨੂੰ ਆਮ ਹੀ ਸੜਕ 'ਤੇ ਦੂਰ ਤੱਕ ਵਿਛਾ ਦਿੱਤਾ ਜਾਂਦਾ ਹੈ, ਜਿਸ ਨਾਲ ਸੜਕ ਹਾਦਸੇ ਆਮ ਹੀ ਹੁੰਦੇ ਹਨ। ਲੋੜ ਹੈ ਲੋਕਾਂ ਨੂੰ ਜਾਗਰੂਕ ਕਰਨ ਦੀ, ਜਿਸ ਨਾਲ ਸੜਕ ਹਾਦਸੇ ਘੱਟ ਕੀਤੇ ਜਾ ਸਕਣ ਅਤੇ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ।


-ਗੁਰਮੀਤ ਸਿੰਘ ਖਾਈ।


ਕਦਰਾਂ-ਕੀਮਤਾਂ ਦੀ ਮਹੱਤਤਾ
ਕਦਰਾਂ-ਕੀਮਤਾਂ ਵਿਦਿਆਰਥੀ ਜ਼ਿੰਦਗੀ ਦਾ ਅਹਿਮ ਪਹਿਲੂ ਹੈ ਜਾਂ ਫਿਰ ਇਵੇਂ ਕਹਿ ਲਿਆ ਜਾਵੇ ਕਿ ਕਿਸੇ ਮਜ਼ਬੂਤ ਇਮਾਰਤ ਦੀ ਅਡੋਲ ਨੀਂਹ ਹੈ, ਜੋ ਕਿ ਵਿਦਿਆਰਥੀ ਦਾ ਜੀਵਨ ਆਦਰਸ਼ ਰੂਪੀ ਚਾਨਣ ਨਾਲ ਉਸਾਰਦੀ ਹੈ। ਸਹੀ ਕਦਰਾਂ-ਕੀਮਤਾਂ ਇਕ ਬੱਚੇ ਵਿਚ ਜਿਥੇ ਅੰਦਰੂਨੀ ਗੁਣਾਂ ਦਾ ਵਿਕਾਸ ਕਰਦੀਆਂ ਹਨ, ਨਾਲ ਹੀ ਬਾਹਰੀ ਅਸਤਿਤਵ ਦਾ ਨਿਰਮਾਣ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਹ ਵਿਦਿਆਰਥੀ ਦਾ ਰਵੱਈਆ ਬਦਲਣ ਦੇ ਨਾਲ-ਨਾਲ ਉਸ ਵਿਚ ਸਾਕਾਰਾਤਮਕ ਸੋਚ ਅਤੇ ਭਾਵਨਾਵਾਂ ਦਾ ਸਹੀ ਨਿਰਬਾਹ ਕਰਨਾ ਹੀ ਸਿਖਾਉਂਦੀਆਂ ਹਨ। ਕਦਰਾਂ ਅਜਿਹਾ ਬੀਜ ਹੈ, ਜਿਸ ਨੂੰ ਪਰਿਵਾਰ ਨਾਮੀ ਬੀਜ ਦੀ, ਪਿਆਰ ਭੂਮੀ ਪਾਣੀ ਦੀ ਜ਼ਰੂਰਤ ਪੈਂਦੀ ਹੈ। ਜਦੋਂ ਇਹ ਸਭ ਮਿਲ ਜਾਂਦਾ ਹੈ ਤਾਂ ਇਹ ਇਕ ਅਜਿਹਾ ਵਿਸ਼ਾਲ ਰੁੱਖ ਬਣ ਕੇ ਸਾਹਮਣੇ ਆਉਂਦਾ ਹੈ, ਜੋ ਆਪਣੇ ਨਾਲ ਦੂਸਰਿਆਂ ਨੂੰ ਵੀ ਠੰਢੀ ਛਾਂ ਦਿੰਦਾ ਹੈ। ਸੋ, ਆਪਣੇ ਉੱਜਵਲ ਭਵਿੱਖ ਲਈ ਆਪਣੇ ਬੱਚਿਆਂ ਨੂੰ ਕਦਰਾਂ-ਕੀਮਤਾਂ ਨਾਮੀ ਗੁੜਤੀ ਜ਼ਰੂਰ ਦੇਈਏ।


-ਕਵਲਪ੍ਰੀਤ ਕੌਰ, ਬਟਾਲਾ (ਗੁਰਦਾਸਪੁਰ)।


ਸੁਚੇਤ ਵੋਟਰ
ਦੇਸ਼ ਵਿਚ ਇਸ ਸਮੇਂ ਲੋਕ ਸਭਾ ਚੋਣਾਂ ਦਾ ਸਿਆਸੀ ਅਖਾੜਾ ਸਜ ਚੁੱਕਾ ਹੈ। ਉਮੀਦਵਾਰਾਂ ਦੁਆਰਾ ਲੋਕਾਂ ਨੂੰ ਲੁਭਾਉਣ ਲਈ ਹਰ ਤਰ੍ਹਾਂ ਦੇ ਹੀਲੇ ਵਰਤੇ ਜਾ ਰਹੇ ਹਨ। ਪੰਜਾਬ ਵਿਚ ਇਕ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਹੁਣ ਲੋਕ ਕੁਝ ਹੱਦ ਤੱਕ ਜਾਗਰੂਕ ਹੋਏ ਹਨ ਤੇ ਆਪਣੇ ਹੱਕਾਂ ਲਈ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜਵਾਬਦੇਹ ਕਰ ਰਹੇ ਹਨ। ਵਰਤਮਾਨ ਸਮੇਂ ਸਥਿਤੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਲੋਕ ਵੋਟਾਂ ਲੈਣ ਆ ਰਹੇ ਉਮੀਦਵਾਰਾਂ ਨੂੰ ਪਿਛਲੇ ਸਮੇਂ ਦੌਰਾਨ ਕੀਤੇ ਵਾਅਦੇ ਯਾਦ ਕਰਾ ਰਹੇ ਹਨ। ਉਹ ਬੇਰੁਜ਼ਗਾਰੀ, ਕਰਜ਼ਾ ਮੁਆਫ਼ੀ, ਗ੍ਰੰਥਾਂ ਦੀ ਬੇਅਦਬੀ ਵਰਗੇ ਸੰਜੀਦਾ ਮੁੱਦਿਆਂ 'ਤੇ ਸਿਆਸੀ ਲੀਡਰਾਂ ਨੂੰ ਕਟਹਿਰੇ ਵਿਚ ਖੜ੍ਹਾ ਕਰ ਰਹੇ। ਨੌਜਵਾਨ ਜਾਗਰੂਕ ਹੋ ਗਏ ਹਨ, ਉਨ੍ਹਾਂ ਨੂੰ ਆਪਣੇ ਹੱਕਾਂ ਦਾ ਇਲਮ ਹੋ ਗਿਆ ਹੈ। ਸਿਆਸੀ ਪਾਰਟੀਆਂ ਨੂੰ ਵੀ ਚਾਹੀਦਾ ਹੈ ਕਿ ਹੁਣ ਉਹ ਵੀ ਮੁੱਦਿਆਂ ਪ੍ਰਤੀ ਸੰਜੀਦਾ ਹੋ ਕੇ ਚੋਣਾਂ ਲੜਨ ਤੇ ਆਪਣੇ ਮਨੋਰਥ ਪੱਤਰ ਵਿਚ ਜੋ ਵਾਅਦੇ ਕਰਦੀਆਂ ਹਨ, ਉਨ੍ਹਾਂ ਦੀ ਘੋਖ ਪੜਤਾਲ ਕਰਨੀ ਚਾਹੀਦੀ ਹੈ ਕਿ ਕੀ ਉਹ ਸਚਮੁੱਚ ਲਾਗੂ ਕੀਤੇ ਜਾ ਸਕਦੇ ਹਨ ਤਾਂ ਹੀ ਉਹ ਅਜਿਹੇ ਵਾਅਦੇ ਚੋਣ ਮਨੋਰਥ ਪੱਤਰ ਵਿਚ ਕਰਨ ਨਹੀਂ, ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿਚ ਫਿਰ ਜਵਾਬਦੇਹ ਹੋਣਾ ਪਊਗਾ, ਕਿਉਂ ਇਹੀ ਭਾਰਤੀ ਲੋਕਤੰਤਰ ਦੀ ਵਿਸ਼ੇਸ਼ਤਾ ਹੈ ਕਿ ਇਥੇ ਲੋਕਾਂ ਦਾ ਲੋਕਮਤ ਹੀ ਸਰਕਾਰ ਬਣਾਉਂਦਾ ਤੇ ਡੇਗਦਾ ਹੈ।


-ਕਮਲ ਬਰਾੜ, ਪਿੰਡ ਕੋਟਲੀ ਅਬਲੂ।


ਭਾਸ਼ਾ ਨਿਪੁੰਨਤਾ ਬਾਰੇ ਸੋਚ ਵਿਚਾਰ
ਪੰਜਾਬ ਵਿਚ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਵੱਖ-ਵੱਖ ਬੋਰਡਾਂ ਵਲੋਂ ਐਲਾਨੇ ਨਤੀਜਿਆਂ ਨੂੰ ਸੁਣ ਕੇ ਕਿਤੇ ਖੁਸ਼ੀ ਦੀ ਲਹਿਰ ਹੈ, ਜਿਥੇ ਨਤੀਜੇ ਬਹੁਤ ਉੱਚੇ ਪ੍ਰਤੀਸ਼ਤ 'ਤੇ ਹਨ। ਬਹੁਤ ਵਿਦਿਆਰਥੀ ਬਹੁਤੇ ਵਿਸ਼ਿਆਂ ਵਿਚੋਂ ਸੌ ਫ਼ੀਸਦੀ ਅੰਕ ਵੀ ਲੈ ਕੇ ਗਏ, ਜੋ ਕਿ ਬਹੁਤ ਵਧੀਆ ਅਤੇ ਹੈਰਾਨੀਜਨਕ ਗੱਲ ਹੈ ਪਰ ਜ਼ਿਹਨ ਵਿਚ ਉਸੇ ਵੇਲੇ ਇਕ ਸਵਾਲ ਇਹ ਵੀ ਪੈਦਾ ਹੋਏ ਹਨ ਕਿ 14-15 ਵਰ੍ਹਿਆਂ ਦਾ, ਦਸਵੀਂ ਜਮਾਤ ਦਾ ਵਿਦਿਆਰਥੀ ਜਾਂ ਵਿਦਿਆਰਥਣ ਕੀ ਭਾਸ਼ਾ ਦੇ ਖੇਤਰ ਵਿਚ ਵੀ ਏਨਾ ਸੰਪੂਰਨ ਹੋ ਸਕਦਾ ਹੈ ਕਿ ਉਸ ਤੋਂ ਕੋਈ ਬਿੰਦੂ ਜਿੰਨੀ ਵੀ ਗ਼ਲਤੀ ਵੀ ਨਾ ਹੋਵੇ। ਸੋਚਣ ਵਾਲੀ ਗੱਲ ਇਹ ਹੈ ਕਿ ਕਿਸੇ ਵੀ ਭਾਸ਼ਾ ਚਾਹੇ ਪੰਜਾਬੀ, ਹਿੰਦੀ ਜਾਂ ਅੰਗਰੇਜ਼ੀ ਹੈ ਉਸ ਵਿਚ ਮੁਲਾਂਕਣ ਵੇਲੇ ਵਿਆਕਰਣਕ ਨਿਯਮਾਂ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ ਤੇ ਨਿਯਮਾਂ ਦੀ ਅਪੂਰਨਤਾ 'ਤੇ ਗ਼ਲਤੀਆਂ ਦੇ ਨੰਬਰ ਕੱਟੇ ਜਾਂਦੇ ਹਨ। ਇਹ ਗੱਲ ਸੋਚਣ ਲਈ ਮਜਬੂਰ ਕਰਦੀ ਹੈ ਕਿ ਇਹ ਬੱਚੇ ਵਿਆਕਰਣਕ ਤੌਰ 'ਤੇ ਵੀ ਭਾਸ਼ਾ ਵਿਚ ਏਨੀ ਨਿਪੁੰਨਤਾ ਹਾਸਲ ਕਰ ਗਏ ਹਨ? ਜੇ ਅਜਿਹਾ ਹੈ ਤਾਂ ਬਹੁਤ ਮਾਣ ਵਾਲੀ ਗੱਲ ਹੈ।


-ਦਵਿੰਦਰ ਕੌਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰਲੀ, ਮਾਨਸਾ।

15-05-2019

 ਵੋਟ ਦੀ ਤਾਕਤ
ਵੋਟ ਇਨਸਾਨ ਦਾ ਇਕ ਮੁੱਢਲਾ ਅਤੇ ਮੌਲਿਕ ਅਧਿਕਾਰ ਹੈ। ਅੱਜ ਦੇ ਸਮੇਂ ਵਿਚ ਵੀ ਕਈ ਇਨਸਾਨਾਂ ਲਈ ਵੋਟ ਦਾ ਮਤਲਬ ਸ਼ਰਾਬ ਦੀ ਬੋਤਲ, ਥੋੜ੍ਹੀ ਜਹੀ ਨਗਦੀ ਜਾਂ ਕੋਈ ਹੋਰ ਲਾਲਚ ਹੈ। ਜਦੋਂ ਕਿ ਉਹ ਇਹ ਨਹੀਂ ਜਾਣਦੇ ਕਿ ਉਹ ਆਪਣੇ ਪੈਰਾਂ 'ਤੇ ਕੁਹਾੜਾ ਮਾਰ ਕੇ ਆਪਣੇ ਸਵਾਰਥ ਕਰ ਕੇ ਆਪਣੇ ਭਵਿੱਖ ਨੂੰ ਦਾਅ 'ਤੇ ਲਾ ਦਿੰਦੇ ਹਨ। ਨੇਤਾ ਵੀ ਸਿਰਫ਼ ਇਹੋ ਜਹੇ ਇਨਸਾਨਾਂ ਨੂੰ ਸਿਰਫ਼ ਆਪਣੀਆਂ ਵਿਕਾਊ ਵੋਟਾਂ ਹੀ ਸਮਝਦੇ ਹਨ। ਨੇੇਤਾ ਇਸ ਤਰ੍ਹਾਂ ਦੇ ਵੋਟਰਾਂ ਦੀਆਂ ਵੋਟਾਂ ਦੀ ਖ਼ਰੀਦਦਾਰੀ ਕਰ ਕੇ ਆਪਣੇ ਘਰ, ਪੈਸਾ ਅਤੇ ਜਾਇਦਾਦਾਂ ਬਣਾ ਲੈਂਦੇ ਹਨ, ਕਈ ਤਰ੍ਹਾਂ ਦੇ ਘੋਟਾਲੇ ਕਰਦੇ ਹਨ। ਜਿਸ ਨਾਲ ਦੇਸ਼ ਦੇ ਭਵਿੱਖ ਅਤੇ ਆਰਥਿਕਤਾ ਨੂੰ ਖੋਰਾ ਲੱਗ ਰਿਹਾ ਹੈ।
ਵੋਟਾਂ ਦੇ ਸੀਜ਼ਨ ਵਿਚ ਚੋਣ ਕਮਿਸ਼ਨ ਭਾਵੇਂ ਕਿੰਨੀ ਵੀ ਨਜ਼ਰ ਰੱਖੇ ਪਰ ਸ਼ਾਤਿਰ ਨੇਤਾ ਆਪਣਾ ਦਾਅ ਖੇਡ ਹੀ ਜਾਂਦੇ ਹਨ। ਲੁਭਾਵਣੇ ਵਾਅਦੇ ਕਰ ਕੇ ਜਿੱਤ ਤਾਂ ਜਾਂਦੇ ਹਨ ਪਰ ਬਾਅਦ ਵਿਚ ਵੋਟਰਾਂ ਦੀ ਸਾਰ ਨਹੀਂ ਲੈਂਦੇ। ਇਹੋ ਜਹੇ ਨੇਤਾਵਾਂ ਨੂੰ ਸਿਰਫ਼ ਆਪਣੀ ਰਾਜਗੱਦੀ ਤੱਕ ਮਤਲਬ ਹੁੰਦਾ ਹੈ। ਜੇਕਰ ਵੋਟਰ ਕਿਸੇ ਇਕ ਵਿਸ਼ੇਸ਼ ਪਾਰਟੀ ਨੂੰ ਨਾ ਪਹਿਲ ਦੇ ਕੇ ਇਕ ਵਧੀਆ, ਇਮਾਨਦਾਰ ਅਤੇ ਚੰਗੇ ਆਚਰਣ ਵਾਲੇ ਉਮੀਦਵਾਰ ਨੂੰ ਵੋਟ ਦੇਵੇ ਤਾਂ ਦੇਸ਼ ਦਾ ਭਵਿੱਖ ਸੰਵਰ ਸਕਦਾ ਹੈ।
ਵੋਟਰਾਂ ਲਈ ਆਪਣੀ ਵੋਟ ਦੀ ਤਾਕਤ ਪਹਿਚਾਨਣੀ ਸਮੇਂ ਦੀ ਇਕ ਵੱਡੀ ਲੋੜ ਬਣਦੀ ਜਾ ਰਹੀ ਹੈ। ਵੋਟਰਾਂ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਕਿਸੇ ਡਰ, ਲਾਲਚ ਤੋਂ ਵੋਟ ਪਾਉਣ, ਆਪਣਾ, ਆਪਣੇ ਪਰਿਵਾਰ ਅਤੇ ਦੇਸ਼ ਦਾ ਭਵਿੱਖ ਸੁਰੱਖਿਅਤ ਕਰਨ ਅਤੇ ਦੇਸ਼ ਨੂੰ ਖ਼ੁਸ਼ਹਾਲ ਕਰਨ ਵਿਚ ਆਪਣਾ ਯੋਗਦਾਨ ਪਾਉਣ।


-ਪਰਗਟ ਸੇਹ
ਪਿੰਡ ਤੇ ਡਾਕ. ਸੇਹ ਜ਼ਿਲ੍ਹਾ ਲੁਧਿਆਣਾ।


ਮਨੁੱਖ ਦਾ ਦੁਸ਼ਮਣ ਪਲਾਸਟਿਕ
ਬਿਨਾਂ ਸ਼ੱਕ ਪਲਾਸਟਿਕ ਅੱਜ ਮਨੁੱਖ ਜਾਤੀ ਦਾ ਇਕ ਅਹਿਮ ਹਿੱਸਾ ਬਣ ਗਿਆ ਹੈ। ਵਿਸ਼ਵ ਦਾ ਕੋਈ ਅਜਿਹਾ ਖਿੱਤਾ ਨਹੀਂ ਹੈ, ਜਿਥੇ ਇਸ ਦੀ ਵਰਤੋਂ ਨਾ ਹੁੰਦੀ ਹੋਵੇ। ਅਫ਼ਸੋਸਨਾਕ ਪਹਿਲੂ ਇਹ ਹੈ ਕਿ ਜਿਥੇ ਇਸ ਨੇ ਮਨੁੱਖੀ ਜ਼ਿੰਦਗੀ ਨੂੰ ਕੁਝ ਸੁਖਾਵਾਂ ਕੀਤਾ ਹੈ, ਉਥੇ ਇਹ ਪ੍ਰਦੂਸ਼ਣ ਫੈਲਾਉਣ ਅਤੇ ਕਚਰਾ ਪੈਦਾ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ।
ਪਲਾਸਟਿਕ ਤੋਂ ਪੈਦਾ ਹੋਇਆ ਕਚਰਾ ਨਾ ਗਲ ਕੇ ਜ਼ਮੀਨੀ ਸ਼ਕਤੀ, ਨਦੀਆਂ, ਝੀਲਾਂ ਦਰਿਆਵਾਂ ਆਦਿ ਕੁਦਰਤੀ ਸੋਮਿਆਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਸੈਂਕੜੇ ਸਾਲਾਂ ਤੱਕ ਧਰਤੀ 'ਤੇ ਜਿਉਂ ਦੀ ਤਿਉਂ ਕਾਇਮ ਰਹਿੰਦਾ ਹੈ। ਪਲਾਸਟਿਕ ਮਨੁੱਖ ਜਾਤੀ ਦਾ ਅਦਿੱਖ ਦੁਸ਼ਮਣ ਹੈ, ਜੋ ਉਸ ਦੀ ਸਿਹਤ ਨਾਲ ਚੁੱਪ-ਚੁਪੀਤੇ ਖਿਲਵਾੜ ਕਰ ਰਿਹਾ ਹੈ। 80 ਤੋਂ 85 ਫ਼ੀਸਦੀ ਲੋਕਾਂ ਨੂੰ ਇਸ ਦੇ ਕੁਪ੍ਰਭਾਵਾਂ ਬਾਰੇ ਉੱਕਾ ਹੀ ਗਿਆਨ ਨਹੀਂ।
ਉਹ ਆਪਣੇ ਲਈ ਇਸ ਨੂੰ ਸਭ ਤੋਂ ਸੌਖਾ ਅਤੇ ਸਸਤਾ ਸਾਧਨ ਸਮਝ ਕੇ ਇਸ ਦੀ ਨਿਰੰਤਰ ਵਰਤੋਂ ਕਰ ਰਹੇ ਹਨ। ਅੱਜ ਦੇਸ਼ ਦੀ ਆਬਾਦੀ ਦਾ ਵੱਡਾ ਹਿੱਸਾ ਪਲਾਸਟਿਕ ਦੀ ਮਾਰ ਹੇਠ ਹੈ। ਪਲਾਸਟਿਕ ਦੇ ਨਿਪਟਾਰੇ ਲਈ ਲੋਕਾਂ ਅਤੇ ਰਾਜ ਸਰਕਾਰਾਂ ਦੇ ਸਾਂਝੇ ਯਤਨਾਂ ਦੀ ਲੋੜ ਹੈ।


-ਸੁਖਮੰਦਰ ਸਿੰਘ ਤੂਰ
ਖੋਸਾ ਪਾਂਡੋ (ਮੋਗਾ)।


ਸਰਕਾਰੀ ਬੇਨਿਯਮੀਆਂ
ਹਰਵਿੰਦਰ ਸਿੰਘ ਸੰਧੂ ਨੇ ਆਪਣੇ ਲੇਖ ਵਿਚ ਸਰਕਾਰੀ ਸਕੂਲਾਂ ਵਿਚ ਆਏ ਨਿਘਾਰ ਦੀ ਗੱਲ ਵਿਸਥਾਰ ਨਾਲ ਕੀਤੀ ਹੈ। ਅੱਜ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਦਾ ਮਿਆਰ ਦਿਨੋ-ਦਿਨ ਹੇਠਾਂ ਨੂੰ ਜਾ ਰਿਹਾ ਹੈ।
ਸਰਕਾਰਾਂ ਇਸ ਮਸਲੇ 'ਤੇ ਕਦੇ ਗੰਭੀਰ ਨਹੀਂ ਹੋਈਆਂ। ਪਿੰਡਾਂ ਵਿਚ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਹੀ ਬਦਤਰ ਹੈ। ਕਈਆਂ ਸਕੂਲਾਂ ਵਿਚ ਤਾਂ ਅਵਾਰਾ ਪਸ਼ੂ ਫਿਰਦੇ ਰਹਿੰਦੇ ਹਨ ਤੇ ਚਾਰਦੀਵਾਰੀਆਂ ਦੇ ਨਾਲ ਪਸ਼ੂ ਬੰਨ੍ਹੇ ਹੁੰਦੇ ਹਨ। ਕੇਵਲ ਗ਼ਰੀਬਾਂ ਦੇ ਬੱਚੇ ਹੀ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਹਨ, ਉਹ ਵੀ ਮੁਫ਼ਤ ਖਾਣਾ, ਮੁਫ਼ਤ ਵਰਦੀਆਂ ਤੇ ਵਜ਼ੀਫ਼ਿਆਂ ਦੇ ਲਾਲਚ ਨੂੰ, ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਮਹਿਕਮੇ ਦੇ ਨਾਦਰਸ਼ਾਹੀ ਫੁਰਮਾਨ ਹੀ ਪੜ੍ਹਾਈ ਨਹੀਂ ਕਰਾਉਣ ਦਿੰਦੇ। ਸਮੇਂ ਸਿਰ ਪੁਸਤਕਾਂ ਦਾ ਨਾ ਮਿਲਣਾ ਵੀ ਪੜ੍ਹਾਈ ਲਈ ਰੁਕਾਵਟ ਬਣਦਾ ਹੈ।
ਹੁਣ ਵਰਦੀਆਂ ਦੇ ਘਟੀਆ ਮਿਆਰ ਦਾ ਰੌਲਾ ਵੀ ਪੈ ਰਿਹਾ ਹੈ। ਪੰਚਾਇਤਾਂ ਅਤੇ ਰਾਜਨੀਤਕ ਨੇਤਾਵਾਂ ਨੂੰ ਸਰਕਾਰੀ ਸਕੂਲਾਂ ਦੀ ਦਸ਼ਾ ਅਤੇ ਪੜ੍ਹਾਈ ਪ੍ਰਤੀ ਸੁਹਿਰਦ ਹੋਣਾ ਪਵੇਗਾ। ਪੜ੍ਹਾਈ ਦੇ ਨਾਂਅ 'ਤੇ ਅਖੌਤੀ ਪ੍ਰਾਈਵੇਟ ਸਕੂਲ ਲੋਕਾਂ ਦਾ ਆਰਥਿਕ ਸ਼ੋਸ਼ਣ ਕਰ ਰਹੇ ਹਨ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਟੋਲ ਪਲਾਜ਼ਿਆਂ ਦੀ ਸਿਰਦਰਦੀ
ਪਿਛਲੇ ਦਿਨੀਂ ਅਖ਼ਬਾਰ ਵਿਚ ਸ: ਮੇਜਰ ਸਿੰਘ ਨਾਭਾ ਦਾ ਲੇਖ ਟੋਲ ਪਲਾਜ਼ਿਆਂ ਬਾਰੇ ਪੜ੍ਹਿਆ। ਵਾਕਈ ਉਨ੍ਹਾਂ ਨੇ ਪੰਜਾਬੀਆਂ ਦੀ ਦੁਖਦੀ ਰਗ ਦਾ ਸਹੀ ਤਰੀਕੇ ਨਾਲ ਬਿਆਨ ਕੀਤਾ। ਸਰਕਾਰ ਨੇ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਤਾਂ ਕੀ ਦੇਣੀਆਂ ਹਨ ਸਗੋਂ ਉਨ੍ਹਾਂ ਦੀ ਜੁੱਤੀ ਉਨ੍ਹਾਂ ਦੇ ਸਿਰ 'ਤੇ ਹੀ ਮਾਰ ਰਹੀ ਹੈ। ਘਰੋਂ ਬਾਹਰ ਜਾਣ ਬਾਰੇ ਹੀ ਚਾਰ ਵਾਰੀ ਸੋਚਣਾ ਪੈਂਦਾ ਹੈ। ਅਸੀਂ ਨੌਕਰੀ ਅਤੇ ਬੱਚਿਆਂ ਦੀ ਪੜ੍ਹਾਈ ਦੇ ਚੱਕਰ ਵਿਚ ਮੁਹਾਲੀ ਰਹਿੰਦੇ ਹਾਂ ਤੇ ਸਾਡੇ ਮਾਪੇ ਬਠਿੰਡੇ ਤੋਂ ਪਰ੍ਹੇ। ਹੁਣ ਉਨ੍ਹਾਂ ਨੂੰ ਮਿਲਣ ਤਾਂ ਜਾਣਾ ਹੀ ਪੈਂਦਾ ਹੈ। ਸਾਡਾ ਘੱਟੋ-ਘੱਟ 600 ਰੁਪਏ ਤਾਂ ਟੋਲ ਟੈਕਸ ਹੀ ਲੱਗ ਜਾਂਦਾ ਹੈ। ਆਮ ਆਦਮੀ ਮਰ ਕੇ ਚਾਰ ਪੈਸੇ ਕਮਾਉਂਦਾ ਹੈ ਤੇ ਉਹ ਵੀ ਸਰਕਾਰ ਕੱਢ ਲੈਂਦੀ ਹੈ ਉਸ ਦੀ ਜੇਬ ਵਿਚੋਂ ਟੈਕਸ ਦੇ ਨਾਂਅ 'ਤੇ। ਕੋਈ ਕਰੇ ਤਾਂ ਕੀ ਕਰੇ। ਟੋਲ ਸੜਕਾਂ ਦੀ ਹੀ ਏਨੀ ਮਾੜੀ ਹਾਲਤ ਹੁੰਦੀ ਹੈ ਤੇ ਆਮ ਸੜਕਾਂ ਤੇ ਲਿੰਕ ਰੋਡਾਂ ਦਾ ਤਾਂ ਕੀ ਕਹਿਣਾ। ਉਹੀ ਅਵਾਰਾ ਪਸ਼ੂ ਸੜਕਾਂ 'ਤੇ ਘੁੰਮ ਰਹੇ ਹੁੰਦੇ ਹਨ ਤੇ ਉਹੀ ਸੜਕ ਹਾਦਸੇ ਹੋ ਰਹੇ ਹੁੰਦੇ ਹਨ। ਸਰਕਾਰ ਜਿਹੜੀ ਮਰਜ਼ੀ ਆਵੇ ਜਾਵੇ ਪਰ ਆਮ ਆਦਮੀ ਦੀਆਂ ਮੁਸ਼ਕਿਲਾਂ ਉਥੇ ਹੀ ਰਹਿਣਗੀਆਂ ਤਾਂ ਹੀ ਤਾਂ ਅੱਜਕਲ੍ਹ ਦੀ ਪੀੜ੍ਹੀ ਵਿਦੇਸ਼ਾਂ ਨੂੰ ਭੱਜ ਰਹੀ ਹੈ।


-ਮੀਨਾਕਸ਼ੀ ਦੱਤਾ, ਮੁਹਾਲੀ।


ਅਸਲੀ ਚੋਣ ਮੁੱਦੇ ਗਾਇਬ
ਅੱਜਕੱਲ੍ਹ ਹਰ ਇਕ ਸ਼ਹਿਰ, ਕਸਬੇ ਵਿਚ ਹਰ ਪਾਰਟੀ ਦੇ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਪ੍ਰਚਾਰ ਦੌਰਾਨ ਕਿਸੇ ਵੀ ਉਮੀਦਵਾਰ ਵਲੋਂ ਹਲਕੇ ਪ੍ਰਤੀ ਕੋਈ ਵਿਜ਼ਨ ਨਹੀਂ ਪੇਸ਼ ਕੀਤਾ ਜਾ ਰਿਹਾ ਹੈ। ਹਰ ਕੋਈ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਭੰਡਣ 'ਤੇ ਹੀ ਲੱਗਿਆ ਹੋਇਆ ਹੈ।
ਸਾਡੇ ਦੇਸ਼ ਵਿਚ ਕਿਸਾਨੀ ਸੰਕਟ, ਗ਼ਰੀਬੀ, ਭੁੱਖਮਰੀ, ਬੇਰੁਜ਼ਗਾਰੀ, ਸਮਾਜਿਕ ਸੁਰੱਖਿਆ, ਨਸ਼ੇ, ਇਨਸਾਫ਼ ਵਿਚ ਦੇਰੀ, ਖੁੱਸ ਰਹੀਆਂ ਸਿਹਤ ਤੇ ਸਿੱਖਿਆ ਸਹੂਲਤਾਂ ਅਤੇ ਵਧ ਰਹੀ ਮਹਿੰਗਾਈ ਵਰਗੇ ਮੁੱਦਿਆਂ ਉੱਪਰ ਕੋਈ ਉਮੀਦਵਾਰ ਆਪਣਾ ਦ੍ਰਿਸ਼ਟੀਕੋਣ ਪੇਸ਼ ਨਹੀਂ ਕਰ ਰਿਹਾ। ਅੱਜ ਲੋੜ ਹੈ ਕਿ ਕਿਰਦਾਰਕੁਸ਼ੀ ਛੱਡ ਕੇ ਮੁਲਕ ਦੀਆਂ ਸਮੱਸਿਆਵਾਂ ਪ੍ਰਤੀ ਆਪੋ-ਆਪਣਾ ਵਿਜ਼ਨ ਪੇਸ਼ ਕੀਤਾ ਜਾਵੇ। ਸਾਰੇ ਉਮੀਦਵਾਰ ਕਿਸੇ ਜਨਤਕ ਥਾਂ ਉੱਪਰ ਇਨ੍ਹਾਂ ਮੁੱਦਿਆਂ ਪ੍ਰਤੀ ਆਪਣੀ ਪਹੁੰਚ ਬਾਰੇ ਜਨਤਾ ਦੇ ਰੂ-ਬ-ਰੂ ਹੋਣ, ਤਦ ਹੀ ਦੇਸ਼ ਹਿੱਤਾਂ ਦੀ ਭਲਾਈ ਹੋ ਸਕਦੀ ਹੈ।


-ਲੈਕਚਰਾਰ ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ, ਪਟਿਆਲਾ।

14-05-2019

 ਰੁੱਖ ਲਗਾਉਣ ਦੀ ਲੋੜ
ਰੁੱਖਾਂ ਨੇ ਹੀ ਧਰਤੀ 'ਤੇ ਜ਼ਿੰਦਗੀ ਦੀ ਹੋਂਦ ਨੂੰ ਮੁਮਕਿਨ ਬਣਾਇਆ ਹੈ। ਰੁੱਖ ਵਾਤਾਵਰਨ ਨੂੰ ਸਾਫ਼ ਰੱਖਦੇ ਹਨ। ਰੁੱਖ ਕੁਦਰਤ ਦਾ ਸੰਤੁਲਨ ਬਣਾਈ ਰੱਖਣ ਵਿਚ ਪੂਰੀ ਸਹਾਇਤਾ ਕਰਦੇ ਹਨ। ਰੁੱਖ ਸਾਨੂੰ ਸਾਫ਼ ਅਤੇ ਸ਼ੁੱਧ ਹਵਾ ਪ੍ਰਦਾਨ ਕਰਦੇ ਹਨ, ਗਰਮੀ ਦੇ ਮੌਸਮ ਵਿਚ ਠੰਢੀ ਛਾਂ ਦਿੰਦੇ ਹਨ। ਰੁੱਖਾਂ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਧਰਤੀ ਉੱਤੇ ਦਿਨੋ-ਦਿਨ ਵਧ ਰਹੀ ਤਪਸ਼ ਦਾ ਮੁੱਖ ਕਾਰਨ ਹੀ ਰੁੱਖਾਂ ਦੀ ਘਟ ਰਹੀ ਗਿਣਤੀ ਹੈ। ਹਰ ਵਿਅਕਤੀ ਦਾ ਫ਼ਰਜ਼ ਬਣਦਾ ਹੈ ਕਿ ਉਹ ਵਾਤਾਵਰਨ ਵਿਚ ਸ਼ੁੱਧਤਾ ਲਿਆਉਣ ਲਈ ਵੱਧ ਤੋਂ ਵੱਧ ਰੁੱਖ ਲਗਾਏ ਹੀ ਨਹੀਂ, ਸਗੋਂ ਉਨ੍ਹਾਂ ਦੀ ਪਾਲਣਾ ਵੀ ਕਰੋ। ਅਜੇ ਵੀ ਮੌਕਾ ਹੈ ਕਿ ਵੱਧ ਤੋਂ ਵੱਧ ਉਪਰਾਲੇ ਕਰ ਕੇ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਜਾਵੇ, ਜਿਸ ਨਾਲ ਕਿ ਵਾਤਾਵਰਨ ਵਿਚ ਆ ਰਹੇ ਵਿਗਾੜ ਨੂੰ ਰੋਕਿਆ ਜਾ ਸਕੇ।

ਲਖਵੀਰ ਸਿੰਘ
ਪਿੰਡ ਤੇ ਡਾਕ: ਉਦੇਕਰਨ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਕਿਸਾਨਾਂ ਦੀ ਲੁੱਟ
ਅੱਜ ਝੋਨੇ ਦੀ ਪਨੀਰੀ ਲਾਉਣ ਦਾ ਸਮਾਂ ਹੈ। ਹਰ ਕਿਸਾਨ ਨੂੰ ਝੋਨੇ ਦੇ ਬੀਜ ਦੀ ਸਖ਼ਤ ਜ਼ਰੂਰਤ ਹੈ। ਪਰ ਦੁਕਾਨਾਂ ਵਾਲੇ ਕਿਸਾਨ ਦੀ ਪੂਰੀ ਤਰ੍ਹਾਂ ਲੁੱਟ ਕਰ ਰਹੇ ਹਨ। ਵੀਹ ਰੁਪਏ ਕਿਲੋ ਵਾਲਾ ਬੀਜ ਅੱਜ ਸੌ ਰੁਪਏ ਕਿਲੋ ਮਿਲ ਰਿਹਾ ਹੈ। ਉਹ ਵੀ ਉਹ ਜਿਹੜਾ ਸਾਡੀ ਪੀ.ਏ.ਯੂ. ਲੁਧਿਆਣਾ ਵਲੋਂ ਮਾਨਤਾ ਪ੍ਰਾਪਤ ਨਹੀਂ ਹੈ। ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹਰ ਰੁੱਤ ਵਿਚ ਕਿਸਾਨਾਂ ਲਈ ਬੀਜ ਹਰ ਪਿੰਡ ਵਿਚ ਬਣੀ ਸੁਸਾਇਟੀ ਵਿਚ ਵਾਜਬ ਰੇਟ 'ਤੇ ਵੇਚੇ ਤਾਂ ਕਿ ਕਿਸਾਨਾਂ ਦੀ ਲੁੱਟ ਨਾ ਹੋ ਸਕੇ। ਦੂਜਾ ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਪਹਿਲਾਂ ਦੀ ਤਰ੍ਹਾਂ ਆਪਣੇ ਜੋਗਾ ਬੀਜ ਆਪਣੇ ਘਰੇ ਤਿਆਰ ਕਰਨ। ਇਸ ਤਰ੍ਹਾਂ ਕਰਨ ਵਾਲੇ ਕਿਸਾਨਾਂ ਦੀ ਆਰਥਿਕ ਲੁੱਟ ਨਹੀਂ ਹੋਵੇਗੀ। ਇਸ ਲਈ ਅੱਜ ਹੋ ਰਹੀ ਲੁੱਟ ਵੱਲ ਫੌਰੀ ਧਿਆਨ ਦਿੱਤਾ ਜਾਵੇ ਤੇ ਅੱਗੇ ਤੋਂ ਕਿਸਾਨ ਤੇ ਸਰਕਾਰ ਦੋਵੇਂ ਆਪੋ-ਆਪਣਾ ਧਿਆਨ ਰੱਖਣ।

-ਜਸਕਰਨ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਨਿੱਜੀ ਦੂਸ਼ਣਬਾਜ਼ੀ
ਦੇਸ਼ ਵਿਚ ਲੋਕ ਸਭਾ ਚੋਣਾਂ ਆਖ਼ਰੀ ਪੜਾਅ ਵੱਲ ਵਧਦੀਆਂ ਹਨ। ਇਨ੍ਹਾਂ ਚੋਣਾਂ ਵਿਚ ਨਿੱਜੀ ਦੂਸ਼ਣਬਾਜ਼ੀ ਇਕ-ਦੂਜੇ ਖ਼ਿਲਾਫ਼ ਗ਼ਲਤ ਬਿਆਨਬਾਜ਼ੀ ਤੇ ਕੂੜ ਪ੍ਰਚਾਰ ਦੇਖਣ ਨੂੰ ਮਿਲਿਆ ਹੈ। ਅਜਿਹੇ 'ਚ ਇਸ ਦਾ ਸਿੱਧਾ ਨਤੀਜਾ ਇਹ ਹੈ ਕਿ ਬੁਨਿਆਦੀ ਢਾਂਚੇ ਉੱਤੇ ਆਮ ਸਹਿਮਤੀ ਬਣਾਉਣਾ ਸੰਭਵ ਨਹੀਂ ਹੈ। ਇਸ ਨਾਲ ਸਿਆਸੀ ਪਾਰਟੀਆਂ ਦੇ ਨੇਤਾਵਾਂ ਲਈ ਇੱਜ਼ਤ ਦੀ ਭਾਵਨਾ ਵੀ ਘਟ ਰਹੀ ਹੈ। ਚੋਣ ਲੜਨ ਵਾਲੇ ਉਮੀਦਵਾਰ ਇਕ-ਦੂਜੇ 'ਤੇ ਹੇਠਲੇ ਪੱਧਰ ਦੇ ਘਟੀਆ ਕਿਸਮ ਦੇ ਦੋਸ਼ ਲਾ ਕੇ ਭੰਡਦੇ ਹਨ ਜਿਵੇਂ ਕਿ ਸਿਆਸਤ ਵਿਚ ਸਭ ਕੁਝ ਮੁਆਫ਼ ਹੀ ਹੁੰਦਾ ਹੋਵੇ। ਅਜਿਹੀ ਸਿਆਸਤ 'ਤੇ ਚਲਦਿਆਂ ਸਾਡੇ ਦੇਸ਼ ਦੇ ਲੋਕਤੰਤਰ ਦੀਆਂ ਨੀਹਾਂ ਕਮਜ਼ੋਰ ਹੋ ਜਾਣਗੀਆਂ, ਜਦੋਂ ਕਿ ਦੇਸ਼ ਦੇ ਸਾਹਮਣੇ ਪਹਿਲਾਂ ਹੀ ਗੰਭੀਰ ਚੁਣੌਤੀਆਂ ਸਾਹਮਣੇ ਹਨ। ਦੇਸ਼ ਦੀ ਸੁਰੱਖਿਆ, ਅਮੀਰ-ਗ਼ਰੀਬ ਵਿਚ ਵਧਦਾ ਪਾੜਾ, ਬੇਰੁਜ਼ਗਾਰੀ, ਨਸ਼ਾ, ਵਾਤਾਵਰਨ, ਸਮਾਜਿਕ ਤਣਾਅ ਆਦਿ, ਸੋ ਲੋਕਤੰਤਰ ਦੀ ਹੋਂਦ ਬਰਕਰਾਰ ਰੱਖਣ ਲਈ ਸਾਨੂੰ ਦੂਰਅੰਦੇਸ਼ੀ ਸੋਚ ਅਤੇ ਸੁਚੱਜੇ ਸਿਆਸਤਦਾਨ ਦੀ ਲੋੜ ਹੈ।

-ਮਲਕੀਤ ਸਿੰਘ ਧਤੋਦਾ।

ਸ਼ਲਾਘਾਯੋਗ ਕਦਮ
ਪੰਜਾਬ ਸਰਕਾਰ ਪਿਛਲੇ ਦਿਨੀਂ ਕਿਸਾਨਾਂ ਨੂੰ ਰਾਹਤ ਦਿੰਦੇ ਹੋਏ ਝੋਨੇ ਦੀ ਲਵਾਈ ਦੀ ਤਰੀਕ 20 ਤੋਂ 13 ਜੂਨ ਕਰ ਦਿੱਤੀ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਕੁਝ ਹੱਦ ਤੱਕ ਰਾਹਤ ਮਿਲੀ ਹੈ। ਕਿਸਾਨਾਂ ਨੂੰ ਵੀ ਇਲਮ ਹੈ ਕਿ ਧਰਤੀ ਹੇਠਲੇ ਪਾਣੀ ਡੂੰਘਾ ਹੋ ਰਿਹਾ ਹੈ ਪਰ ਉਨ੍ਹਾਂ ਕੋਲ ਝੋਨੇ ਦਾ ਕੋਈ ਬਦਲਾਅ ਨਾ ਹੋਣ ਕਰਕੇ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕਰਨਾ ਪੈਂਦਾ ਸੀ। ਕਿਉਂਕਿ ਝੋਨੇ ਦੀ ਬਹੁਤ ਸਾਰੀਆਂ ਕਿਸਮਾਂ ਅਜਿਹੀਆਂ ਹਨ ਜੋ ਕਿ ਬਹੁਤ ਜ਼ਿਆਦਾ ਸਮਾਂ ਲੈਂਦੀਆਂ ਹਨ। ਇਸ ਲਈ ਕਿਸਾਨਾਂ ਦੀ ਹਾੜ੍ਹੀ ਦੀ ਫ਼ਸਲ ਦੀ ਬਿਜਾਈ ਬਹੁਤ ਪਿਛੇਤੀ ਚਲੀ ਜਾਂਦੀ ਸੀ। ਦੂਸਰਾ ਬੇਸ਼ੱਕ ਸਰਕਾਰ ਦੁਆਰਾ ਝੋਨੇ ਦੇ ਨਾੜ ਨੂੰ ਅੱਗ ਲਗਾਉਣ 'ਤੇ ਪੂਰਨ ਪਾਬੰਦੀ ਨਹੀਂ ਲਗਾਈ ਗਈ ਪਰ ਫਿਰ ਵੀ ਉਨ੍ਹਾਂ ਦਿਨਾਂ ਵਿਚ ਆ ਕੇ ਕੁਝ ਹੱਦ ਤੱਕ ਸਖ਼ਤਾਈ ਕਰ ਦਿੱਤੀ ਜਾਂਦੀ ਹੈ, ਜਿਸ ਕਰਕੇ ਕਿਸਾਨਾਂ ਨੂੰ ਨਾੜ ਦਾ ਹੱਲ ਕਰਨ ਵਿਚ ਬਹੁਤ ਮੁਸ਼ਕਿਲ ਆਉਂਦੀ ਹੈ ਕਿਉਂਕਿ ਉਨ੍ਹਾਂ ਕੋਲ ਸਮਾਂ ਥੋੜ੍ਹਾ ਹੁੰਦਾ ਹੈ। ਦੂਜਾ ਸਭ ਤੋਂ ਵੱਡਾ ਨੁਕਸਾਨ ਇਹ ਹੁੰਦਾ ਹੈ ਕਿ ਝੋਨੇ ਦੀ ਪਿਛੇਤੀ ਲਵਾਈ ਹੋਣ ਕਰਕੇ ਤੇ ਇਸ ਫ਼ਸਲ ਦੇ ਲੰਮਾ ਸਮਾਂ ਲੈਣ ਕਰਕੇ ਨਮੀ ਦੀ ਮਾਤਰਾ ਸਹੀ ਤੈਅ ਮਾਪਦੰਡਾਂ ਅਨੁਸਾਰ ਨਹੀਂ ਹੁੰਦੀ ਜਿਸ ਕਰਕੇ ਕਿਸਾਨਾਂ ਨੂੰ ਮੰਡੀਆਂ 'ਚ ਵੀ ਰੁਲਣਾ ਪੈਂਦਾ ਹੈ। ਇਸ ਲਈ ਇਹ ਇਕ ਕਿਸਾਨ ਹਿਤੈਸ਼ੀ ਫ਼ੈਸਲਾ ਹੈ।

-ਕਮਲ ਬਰਾੜ, ਪਿੰਡ ਕੋਟਲੀ ਅਬਲੂ।

ਸਹੀ ਚੁਣਨ ਦਾ ਵੇਲਾ
ਸਾਰੀਆਂ ਰਾਜਨੀਤਕ ਪਾਰਟੀਆਂ ਵਲੋਂ ਸੱਤਾ 'ਤੇ ਕਾਬਜ਼ ਹੋਣ ਲਈ ਅਨੇਕ ਜੁਗਾੜ ਲਾਏ ਜਾਂਦੇ ਹਨ। ਉਨ੍ਹਾਂ ਦਾ ਉਦੇਸ਼ ਸਿਰਫ ਕੁਰਸੀ ਦੇ ਡੰਡੇ ਨੂੰ ਹੱਥ ਪਾਉਣ ਤੱਕ ਸੀਮਤ ਹੈ। ਚੋਣਾਂ ਜਿੱਤਣ ਲਈ ਸਿੱਧੇ/ਅਸਿੱਧੇ ਢੰਗ ਨਿਘਾਰ ਦੀ ਰਾਜਨੀਤੀ ਵਿਚ ਜਾਇਜ਼ ਹਨ। ਫ਼ਿਲਮੀ ਸਿਤਾਰਿਆਂ ਅਤੇ ਖਿਡਾਰੀਆਂ ਜਿਨ੍ਹਾਂ ਦਾ ਰਾਜਨੀਤਕ ਬਾਰੀਕੀਆਂ ਨਾਲ ਦੂਰ-ਦੂਰ ਤੱਕ ਲੈਣ ਦੇ ਨਹੀਂ ਉਨ੍ਹਾਂ ਤੇ ਦਾਅ ਲਗਾਏ ਜਾਂਦੇ ਹਨ। ਉਨ੍ਹਾਂ ਦਾ ਚੋਣ ਜਿੱਤ ਕੇ ਨਗ ਪੂਰਾ ਕਰਨ ਵਾਲਾ ਕੰਮ ਹੈ। ਬਹੁਤ ਸਾਰੇ ਖਿਡਾਰੀਆਂ ਅਤੇ ਫ਼ਿਲਮੀ ਅਦਾਕਾਰਾਂ ਨੂੰ ਰਾਜ ਸਭਾ ਅਤੇ ਲੋਕ ਸਭਾ ਵਿਚ ਸੀਟਾਂ ਬਿਰਾਜੀਆਂ ਗਈਆਂ ਹਨ ਪਰ ਉਸ ਦਾ ਨਤੀਜਾ ਜੱਗ ਸਾਹਮਣੇ ਹੈ। ਸਿਆਸੀ ਪਾਰਟੀਆਂ ਵਿਚ ਏਨਾ ਕੁ ਆਤਮ-ਵਿਸ਼ਵਾਸ ਵੀ ਨਹੀਂ ਕਿ ਉਹ ਯੋਗ ਕਾਰਕੁਨਾਂ ਨੂੰ ਸੀਟ ਦੇ ਕੇ ਆਪਣਾ ਵਿਅਕਤੀਤਵ ਬਚਾ ਸਕਣ। ਗੌਤਮ ਗੰਭੀਰ, ਹੰਸ ਰਾਜ ਹੰਸ, ਵਜਿੰਦਰ ਕੁਮਾਰ, ਰਵੀ ਕਿਸ਼ਨ, ਨੁਸਰਤ, ਮਿਮੀ ਚੱਕਰਵਰਤੀ, ਪ੍ਰਕਾਸ਼ ਰਾਜ ਅਤੇ ਦਿਨੇਸ਼ ਸਮੇਤ ਅਨੇਕ ਚਿਹਰਿਆਂ ਨੂੰ ਅਜਮਾਇਆ ਜਾ ਰਿਹਾ ਹੈ ਕਿ ਕੀ ਪਤਾ ਲੋਕ ਉਨ੍ਹਾਂ ਦੇ ਚਿਹਰਿਆਂ ਨੂੰ ਹੀ ਤਸਦੀਕ ਕਰ ਦੇਣ। ਹੁਣ ਫ਼ਰਜ਼ ਵੋਟਰਾਂ ਦਾ ਵੀ ਬਣਦਾ ਹੈ ਕਿ ਉਹ ਜਾਗਦੀ ਜ਼ਮੀਰ ਨਾਲ ਆਪਣੀ ਅਕਲਮੰਦੀ ਦਾ ਸਬੂਤ ਦੇਣ ਤਾਂ ਜੋ ਵੋਟ ਦੀ ਕਦਰ ਬਚੀ ਰਹੇ।

-ਰਮਨਦੀਪ ਸਿੰਘ
ਖੀਵਾ ਮੀਹਾਂ ਸਿੰਘ ਵਾਲਾ, ਮਾਨਸਾ।

13-05-2019

 ਬਸਤਿਆਂ ਦਾ ਭਾਰ
ਸਕੂਲੀ ਬੱਚਿਆਂ ਨੂੰ ਬਸਤਿਆਂ ਦਾ ਬੇਲੋੜਾ ਭਾਰ ਚੁੱਕਣਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀ ਸਿਹਤ ਵਿਚ ਵਿਗਾੜ ਪੈਣ ਦੇ ਨਾਲ-ਨਾਲ ਪ੍ਰੇਸ਼ਾਨੀ ਦਾ ਕਾਰਨ ਵੀ ਬਣਿਆ ਹੋਇਆ ਹੈ। ਪਿਛਲੇ ਦਿਨੀਂ ਬੱਚਿਆਂ ਦੇ ਬਸਤਿਆਂ ਦੇ ਭਾਰ ਘਟਾਉਣ ਲਈ ਸਿੱਖਿਆ ਵਿਭਾਗ ਪੰਜਾਬ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸਾਰਥਿਕ ਕਦਮ ਚੁੱਕਣ ਦੇ ਆਦੇਸ਼ ਦਿੱਤੇ ਹਨ ਜੋ ਕਿ ਵਧੀਆ ਫੈਸਲਾ ਹੈ।
ਅਕਸਰ ਹੀ ਵੇਖਿਆ ਗਿਆ ਹੈ ਕਿ ਇਹ ਭਾਰੇ ਬਸਤੇ ਬੱਚੇ ਇਕ ਹੀ ਮੋਢੇ 'ਤੇ ਪਾ ਕੇ ਦੂਸਰੇ ਪਾਸੇ ਵੱਲ ਨੂੰ ਝੁਕ ਕੇ ਤੁਰੇ ਜਾਂਦੇ ਹਨ, ਜੋ ਕਿ ਉਨ੍ਹਾਂ ਦੀ ਸਿਹਤ ਲਈ ਹਾਨੀਕਾਰਕ ਹੋਣ ਦੇ ਨਾਲ-ਨਾਲ ਸਕੂਲ ਤੱਕ ਪਹੁੰਚਣ ਲਈ ਥਕਾਵਟ ਦਾ ਕਾਰਨ ਵੀ ਬਣਦੇ ਹਨ। ਮਾਪਿਆਂ, ਅਧਿਆਪਕਾਂ ਦੀ ਮਿਲਣੀ ਦੌਰਾਨ ਇਸ ਸਮੱਸਿਆ ਦਾ ਹੱਲ ਲੱਭਣ ਲਈ ਸਾਂਝੇ ਉਪਰਾਲੇ ਕਰਨ ਦੀ ਲੋੜ ਹੈ। ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪਾਠ ਪੁਸਤਕਾਂ ਤੇ ਕਾਪੀਆਂ ਨੂੰ ਲਿਆਉਣ ਲਈ ਕਿਹਾ ਜਾਣਾ ਚਾਹੀਦਾ ਹੈ, ਜਿਨ੍ਹਾਂ ਨੂੰ ਅਗਲੇ ਦਿਨ ਪੜ੍ਹਾਉਣਾ ਹੁੰਦਾ ਹੈ। ਸਮੇਂ-ਸਮੇਂ 'ਤੇ ਬੱਚਿਆਂ ਦੇ ਬਸਤਿਆਂ ਦੀ ਜਾਂਚ ਵੀ ਕਰਨੀ ਚਾਹੀਦੀ ਹੈ। ਜੇਕਰ ਹੋ ਸਕੇ ਤਾਂ ਵਾਧੂ ਕਾਪੀਆਂ, ਕਿਤਾਬਾਂ ਨੂੰ ਸਕੂਲਾਂ ਵਿਚ ਹੀ ਰੱਖਣ ਦੇ ਪ੍ਰਬੰਧ ਕਰਨੇ ਚਾਹੀਦੇ ਹਨ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਅਜੋਕੀ ਸਿਆਸਤ
ਦੇਸ਼ ਵਿਚ ਲੋਕ ਸਭਾ ਚੋਣਾਂ ਆਖਰੀ ਪੜਾਅ ਵੱਲ ਵਧਦੀਆਂ ਹਨ। ਇਨ੍ਹਾਂ ਚੋਣਾਂ ਵਿਚ ਨਿੱਜੀ ਦੂਸ਼ਣਬਾਜ਼ੀ ਇਕ-ਦੂਜੇ ਖਿਲਾਫ਼ ਗਲਤ ਬਿਆਨਬਾਜ਼ੀ ਤੇ ਕੂੜ ਪ੍ਰਚਾਰ ਦੇਖਣ ਨੂੰ ਮਿਲੀ ਹੈ। ਅਜਿਹੇ 'ਚ ਇਸ ਦਾ ਸਿੱਧਾ ਨਤੀਜਾ ਇਹ ਹੈ ਕਿ ਬੁਨਿਆਦੀ ਢਾਂਚੇ ਉਤੇ ਆਮ ਸਹਿਮਤੀ ਬਣਾਉਣਾ ਸੰਭਵ ਨਹੀਂ ਹੈ। ਇਸ ਨਾਲ ਸਿਆਸੀ ਪਾਰਟੀਆਂ ਦੇ ਨੇਤਾਵਾਂ ਲਈ ਇੱਜ਼ਤ ਦੀ ਭਾਵਨਾ ਵੀ ਘੱਟ ਰਹੀ ਹੈ। ਚੋਣ ਲੜਨ ਵਾਲੇ ਉਮੀਦਵਾਰ ਇਕ-ਦੂਜੇ 'ਤੇ ਹੇਠਲੇ ਪੱਧਰ ਦੇ ਘਟੀਆ ਕਿਸਮ ਦੇ ਦੋਸ਼ ਲਾ ਕੇ ਭੰਡਦੇ ਹਨ, ਜਿਵੇਂ ਕਿ ਸਿਆਸਤ ਵਿਚ ਸਭ ਕੁਝ ਮੁਆਫ਼ ਹੀ ਹੁੰਦਾ ਹੋਵੇ। ਅਜਿਹੀ ਸਿਆਸਤ 'ਤੇ ਚਲਦਿਆਂ ਸਾਡੇ ਦੇਸ਼ ਦੇ ਲੋਕਤੰਤਰ ਦੀਆਂ ਨੀਂਹਾਂ ਕਮਜ਼ੋਰ ਹੋ ਜਾਣਗੀਆਂ। ਜਦੋਂ ਕਿ ਦੇਸ਼ ਦੇ ਸਾਹਮਣੇ ਪਹਿਲਾਂ ਹੀ ਗੰਭੀਰ ਚੁਣੌਤੀਆਂ ਹਨ। ਦੇਸ਼ ਦੀ ਸੁਰੱਖਿਆ ਅਮੀਰ-ਗਰੀਬ ਵਿਚ ਵਧਦਾ ਪਾੜਾ, ਬੇਰੁਜ਼ਗਾਰੀ, ਨਸ਼ਾ, ਵਾਤਾਵਰਨ, ਸਮਾਜਿਕ ਤਣਾਅ ਆਦਿ ਸੋ ਲੋਕਤੰਤਰ ਦੀ ਹੋਂਦ ਬਰਕਰਾਰ ਰੱਖਣ ਲਈ ਸਾਨੂੰ ਦੂਰ ਅੰਦੇਸ਼ੀ ਸੋਚ ਅਤੇ ਸੁਚੱਜੇ ਸਿਆਸਤਦਾਨ ਦੀ ਲੋੜ ਹੈ।


-ਮਲਕੀਤ ਸਿੰਘ ਧਤੋਦਾ


ਵੋਟ ਦੀ ਸਹੀ ਵਰਤੋਂ
ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ, ਜਿਥੇ ਲੋਕਾਂ ਨੂੰ ਹਰ ਪੰਜ ਸਾਲ ਬਾਅਦ ਸਰਕਾਰ ਚੁਣਨ ਦਾ ਮੌਕਾ ਮਿਲਦਾ ਹੈ। ਵੋਟ ਸਾਡਾ ਅਧਿਕਾਰ ਹੈ ਤੇ ਇਸ ਦੀ ਵਰਤੋਂ ਸਾਨੂੰ ਸੋਚ-ਸਮਝ ਕੇ ਕਰਨੀ ਚਾਹੀਦੀ ਹੈ। ਕਿਸੇ ਵੀ ਨੇਤਾ ਦੀਆਂ ਗੱਲਾਂ ਜਾਂ ਲਾਲਚ ਵਿਚ ਆ ਕੇ ਸਾਨੂੰ ਆਪਣੀ ਵੋਟ ਦੀ ਗ਼ਲਤ ਵਰਤੋਂ ਨਹੀਂ ਕਰਨੀ ਚਾਹੀਦੀ। ਇਕ ਸੁਚੇਤ ਨਾਗਰਿਕ ਹੋਣ ਦੇ ਨਾਤੇ ਸਾਨੂੰ ਸਹੀ ਤੇ ਗ਼ਲਤ ਵਿਚਲਾ ਅੰਤਰ ਪਤਾ ਹੋਣਾ ਲਾਜ਼ਮੀ ਹੈ। ਸਾਨੂੰ ਬਹੁਤ ਹੀ ਸੋਚ-ਸਮਝ ਕੇ ਉਸ ਉਮੀਦਵਾਰ ਨੂੰ ਚੁਣਨਾ ਚਾਹੀਦਾ ਹੈ, ਜੋ ਲੋਕਾਂ ਦੇ ਹਿੱਤਾਂ ਲਈ ਕੰਮ ਕਰੇ ਤੇ ਰਾਸ਼ਟਰ ਦਾ ਵਿਕਾਸ ਕਰੇ। ਸਾਨੂੰ ਵਧੀਆ ਨੇਤਾ ਚਾਹੀਦੇ ਹਨ, ਹਾਕਮ ਨਹੀਂ।


-ਕਾਜਲ
ਪੱਤਰਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।


ਕਿਸਾਨੀ ਦੀ ਵੇਦਨਾ
ਫ਼ਸਲ ਨੂੰ ਜਦੋਂ ਕੁਦਰਤੀ ਆਫ਼ਤਾਂ ਲਤਾੜ ਦੇਣ ਤਾਂ ਉਸ ਨੂੰ ਪਾਲਣ ਵਾਲਿਆਂ ਦੇ ਦਿਲਾਂ 'ਤੇ ਕੀ ਗੁਜ਼ਰਦੀ ਹੈ, ਇਸ ਨੂੰ ਨਾ ਤਾਂ ਕੋਈ ਕਲਮ ਲਿਖ ਸਕਦੀ ਅਤੇ ਨਾ ਕੋਈ ਬੋਲ ਕੇ ਦੱਸ ਸਕਦਾ ਹੈ। ਜਦੋਂ ਛੇ ਮਹੀਨਿਆਂ ਵਿਚ ਲਹੂ ਪਸੀਨਾ ਇਕ ਕਰਕੇ ਪਾਲੀ ਕਣਕ ਦੀ ਘਰ ਵਿਚ ਬੱਚੇ ਤੋਂ ਲੈ ਕੇ ਬੁੱਢੇ ਤੱਕ ਹਰ ਇਕ ਨੂੰ ਉਡੀਕ ਸੀ ਤਾਂ ਕੁਦਰਤ ਨੇ ਕਰਵਟ ਬਦਲੀ ਕਿਤੇ ਮੀਹਾਂ-ਝੱਖੜਾਂ ਨੇ ਕਹਿਰ ਵਰਸਾਇਆ ਤੇ ਕਿਤੇ ਅੱਗ ਦੀਆਂ ਲਾਟਾਂ ਨੇ ਖੇਤ ਭੁੰਨ ਸੁੱਟੇ। ਕਿਸਾਨ ਲਈ ਇਹ ਅਸਹਿ ਤਬਾਹੀ ਸੀ। ਕਿਥੋਂ ਉਹ ਇਸ ਘਾਟੇ ਨੂੰ ਭਰੇਗਾ ਤੇ ਕਿਥੋਂ ਸਾਰਾ ਸਾਲ ਪਰਿਵਾਰ ਨੂੰ ਪਾਲੇਗਾ। ਭਾਵੇਂ ਮਨੁੱਖ ਨੇ ਤਰੱਕੀ ਤਾਂ ਬਹੁਤ ਕਰ ਲਈ ਪਰ ਇਨ੍ਹਾਂ ਕੁਦਰਤੀ ਆਫ਼ਤਾਂ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ। ਕਿੰਨੇ ਹੀ ਅਜਿਹੇ ਕਿਸਾਨ ਹਨ, ਜੋ ਠੇਕੇ 'ਤੇ ਜ਼ਮੀਨਾਂ ਲੈ ਕੇ ਵਾਹੀ ਕਰਦੇ ਹਨ ਤੇ ਉਨ੍ਹਾਂ ਦੀ ਸਾਰੀ ਦੀ ਸਾਰੀ ਫ਼ਸਲ ਇਸ ਦੀ ਭੇਟ ਚੜ੍ਹ ਗਈ ਕਿਥੋਂ ਤਾਂ ਉਹ ਮਾਲਕ ਨੂੰ ਠੇਕਾ ਦੇਵੇਗਾ ਤੇ ਕਿਥੋਂ ਸਾਰਾ ਸਾਲ ਆਪਣਾ ਟੱਬਰ ਪਾਲੇਗਾ। ਦੋ-ਤਿੰਨ ਏਕੜ ਦੇ ਮਾਲਕ ਲਈ ਤਾਂ ਇਹ ਪਰਕੋਪ ਬਹੁਤ ਹੀ ਭਾਰੂ ਪੈ ਗਿਆ। ਹੇ, ਕਿਸਾਨ ਭਰਾਵੋ ਵੇਲਾ ਆ ਗਿਆ ਇਕ ਵਾਰ ਫਿਰ ਮੁੜ ਕੇ ਭਾਈਚਾਰਕ ਸਾਂਝ ਨਿਭਾਉਣ ਦਾ। ਪਿੰਡਾਂ ਦੇ ਤਕੜੇ ਕਿਸਾਨ ਭਰਾ ਵਕਤ ਦੀ ਮਾਰ ਝੱਲ ਰਹੇ ਆਪਣੇ ਇਨ੍ਹਾਂ ਛੋਟੇ ਕਿਸਾਨ ਭਰਾਵਾਂ ਦੀ ਬਾਂਹ ਫੜਨ ਤੇ ਉਨ੍ਹਾਂ ਦੀ ਇਸ ਮੁਸੀਬਤ ਦੇ ਵਕਤ ਮੱਦਦ ਕਰਨ।
ਥੋੜ੍ਹਾ-ਥੋੜ੍ਹਾ ਭਾਰ ਸਾਰੇ ਵੰਡਾਉਣ ਤਾਂ ਇਨ੍ਹਾਂ ਕਿਸਾਨ ਵੀਰਾਂ ਦਾ ਦੁੱਖ ਅੱਧਾ ਰਹਿ ਜਾਵੇਗਾ। ਪਿੰਡਾਂ ਦੇ ਮੋਹਰੀ ਬੰਦੇ ਪਿੰਡ ਪੱਧਰ 'ਤੇ ਇਸ ਸਮੱਸਿਆ ਦਾ ਹੱਲ ਕੱਢ ਕੇ ਨੈਤਿਕ ਫ਼ਰਜ਼ ਪੂਰਾ ਕਰਨ। ਸਾਡੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਜੋ ਕਿ ਆਮ ਲੋਕਾਂ ਦੇ ਸਹਾਰੇ ਹੀ ਚਲਦੀਆਂ ਹਨ, ਉਹ ਵੀ ਇਸ ਮਾੜੇ ਵੇਲੇ ਕਿਸਾਨ ਭਰਾਵਾਂ ਦੀ ਮਦਦ ਕਰਨ, ਕਿਉਂਕਿ ਹਰ ਧਰਮ ਹੀ ਮਨੁੱਖਤਾ ਦੀ ਸੇਵਾ ਕਰਨ ਦੀ ਸਿੱਖਿਆ ਦਿੰਦਾ ਹੈ। ਹਰ ਧਰਮ ਹੀ ਦੱਸਦਾ ਹੈ ਕਿ ਰੱਬ ਲੋਕਾਈ ਵਿਚ ਹੀ ਵਸਦਾ ਹੈ।


-ਬੀਰਪਾਲ ਕੌਰ
ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ।


ਪੰਜਾਬ ਦਾ ਉਜਾੜਾ
ਪਿਛਲੇ ਦਿਨੀਂ 'ਅਜੀਤ' 'ਚ ਡਾ: ਸਵਰਾਜ ਸਿੰਘ ਦਾ ਲਿਖਿਆ ਲੇਖ 'ਕਿਉਂ ਹੋ ਰਿਹਾ ਪੰਜਾਬ ਦਾ ਉਜਾੜਾ' ਦੋ ਕਿਸ਼ਤਾਂ 'ਚ ਪੜ੍ਹ ਕੇ ਵਿਦੇਸ਼ੀ ਜੀਵਨ ਦੀ ਹਕੀਕਤ ਦੇ ਕਈ ਭੇਤ ਸਾਹਮਣੇ ਆਏ। 12ਵੀਂ ਜਮਾਤ ਕਰਨ ਤੋਂ ਬਾਅਦ ਚੰਗੇ ਭਵਿੱਖ ਦੀ ਕਾਮਨਾ ਕਰਕੇ ਲੱਖਾਂ ਵਿਦਿਆਰਥੀਆਂ ਦਾ ਕਰੋੜਾਂ ਰੁਪਏ ਖਰਚ ਕੇ ਬਾਹਰਲੇ ਮੁਲਕਾਂ 'ਚ ਚਲੇ ਜਾਣਾ ਬੇਹੱਦ ਸਵਾਲ ਖੜ੍ਹੇ ਕਰਦਾ ਹੈ, ਜਿਨ੍ਹਾਂ ਦੇ ਹੱਲ ਸਾਡੇ ਦੇਸ਼ ਦੀਆਂ ਸਰਕਾਰਾਂ ਨੂੰ ਤਲਾਸ਼ਣੇ ਚਾਹੀਦੇ ਹਨ। ਆਪਣੀ ਧਰਤੀ ਨੂੰ ਮਾਂ ਦਾ ਦਰਜਾ ਦੇਣ ਵਾਲੇ ਕਿਸਾਨ ਪੁੱਤਰਾਂ ਦਾ ਮਜਬੂਰੀ ਵਸ ਘੱਟ ਕੀਮਤ 'ਤੇ ਖਰੀਦਦਾਰ ਲੱਭਦੇ ਫਿਰਨਾ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਕਾਬਲੀਅਤ ਰੱਖਦੇ ਹੋਏ ਵੀ ਆਪਣਾ ਹੱਕ ਗਵਾ ਕੇ ਵਿਦਿਆਰਥੀ ਪੰਜਾਬ ਵਿਚ ਬਾਹਰਲੇ ਅਧਿਕਾਰੀਆਂ ਨੂੰ ਸੱਦਾ ਦੇ ਰਹੇ ਹਨ। ਪੰਜਾਬੀਆਂ ਨੂੰ ਉਚਿਤ ਅਧਿਕਾਰੀਆਂ ਨਾਲ ਗੱਲ ਕਰਨ ਲਈ ਉਨ੍ਹਾਂ ਦੀ ਭਾਸ਼ਾ ਸਿੱਖਣੀ ਪੈਂਦੀ ਹੈ। ਵਿਦੇਸ਼ੀ ਧਰਤੀ 'ਤੇ ਜੀਵਨ ਬਤੀਤ ਕਰਨ ਵਾਲੇ ਵਿਦਿਆਰਥੀਆਂ ਬਾਰੇ ਇਸ ਲੇਖ ਵਿਚੋਂ ਕਾਫ਼ੀ ਕੁਝ ਜਾਣਨ ਨੂੰ ਮਿਲਿਆ ਹੈ।


-ਗਿ: ਜੋਗਾ ਸਿੰਘ ਕਵੀਸ਼ਰ, ਪਿੰਡ ਤੇ ਡਾਕ: ਭਾਗੋਵਾਲ, ਜ਼ਿਲ੍ਹਾ ਗੁਰਦਾਸਪੁਰ।

10-05-2019

 ਨੋਟਾ ਦਾ ਬਟਨ
ਲੋਕ ਸਭਾ ਚੋਣ ਆਖਰੀ ਪੜਾਵਾਂ ਵੱਲ ਵਧ ਚੁੱਕੀ ਹੈ। ਵੱਖ-ਵੱਖ ਪਾਰਟੀਆਂ ਆਪੋ-ਆਪਣੇ ਉਮੀਦਵਾਰ ਦੇ ਪ੍ਰਚਾਰ ਵਿਚ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਹੀਆਂ। ਸਾਰੀਆਂ ਹੀ ਪਾਰਟੀਆਂ ਜਿੱਤ ਪ੍ਰਾਪਤ ਕਰਨ ਲਈ ਹਰ ਤਰ੍ਹਾਂ ਦੇ ਵਾਅਦੇ ਕਰ ਰਹੀਆਂ ਹਨ। ਪਰ ਜਿੱਤਣ ਤੋਂ ਬਾਅਦ ਉਹ ਵਾਅਦੇ ਪੂਰੇ ਕਰਨਗੀਆਂ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ। ਹਰ ਵਾਰ ਲੋਕ ਇਨ੍ਹਾਂ ਵਾਅਦਿਆਂ ਦੇ ਜਾਲ ਵਿਚ ਫਸਦੇ ਹਨ ਅਤੇ ਫਸੇ ਹੀ ਰਹਿੰਦੇ ਹਨ। ਪਿਛਲੇ ਕੁਝ ਸਾਲਾਂ ਤੋਂ ਵੋਟਿੰਗ ਮਸ਼ੀਨ ਉੱਤੇ ਇਕ ਬਟਨ ਸ਼ਾਮਿਲ ਕੀਤਾ ਗਿਆ ਹੈ, ਜਿਸ ਦਾ ਨਾਅ ਨੋਟਾ ਹੈ। ਜਿਸ ਨੂੰ ਦਬਾ ਕੇ ਲੋਕ ਇਹ ਸਾਬਤ ਕਰਦੇ ਹਨ ਕਿ ਉਹ ਕਿਸੇ ਵੀ ਉਮੀਦਵਾਰ ਨੂੰ ਪਸੰਦ ਨਹੀਂ ਕਰਦੇ। ਜੇ ਵੇਖਿਆ ਜਾਵੇ ਕਿ ਵੋਟ ਹਰ ਇਕ ਵਿਅਕਤੀ ਦਾ ਨਿੱਜੀ ਅਧਿਕਾਰ ਹੈ, ਜਿਸ ਦੀ ਵਰਤੋਂ ਹਰ ਇਕ ਵਿਆਕਤੀ ਨੂੰ ਕਰਨੀ ਚਾਹੀਦੀ ਹੈ। ਸਾਨੂੰ ਦੇਸ਼ ਵਿਚੋਂ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਅਨਪੜ੍ਹਤਾ, ਗ਼ਰੀਬੀ, ਖ਼ੁਦਕੁਸ਼ੀਆਂ ਆਦਿ ਜਿਹੀਆਂ ਵਧ ਰਹੀਆਂ ਮੁਸੀਬਤਾਂ ਵਿਚੋਂ ਕੱਢਣ ਲਈ ਸਹੀ ਉਮੀਦਵਾਰ ਚੁਣਨਾ ਹੀ ਪਵੇਗਾ। ਨੋਟਾ ਦਾ ਬਟਨ ਦਬਾ ਕੇ ਸਾਡੇ ਮਸਲਿਆਂ ਦਾ ਹੱਲ ਨਹੀਂ ਹੋ ਸਕਦਾ। ਸਾਡੇ ਵਲੋਂ ਲਏ ਸਹੀ ਫ਼ੈਸਲਿਆਂ ਨਾਲ ਹੀ ਸਾਡਾ ਦੇਸ਼ ਤਰੱਕੀ ਦੀਆਂ ਲੀਹਾਂ 'ਤੇ ਜਾ ਸਕਦਾ ਹੈ।

-ਲੈਕਚਰਾਰ ਸੁਖਦੀਪ ਸਿੰਘ 'ਸੁਖਾਣਾ'
ਪਿੰਡ-ਸੁਖਾਣਾ (ਲੁਧਿਆਣਾ)।

ਦਿਲ ਨਾਲ ਗੱਲਾਂ
ਤੁਸੀਂ ਕਦੇ ਆਪਣੇ ਦਿਲ ਨਾਲ ਗੱਲਾਂ ਕੀਤੀਆਂ? ਮੈਂ ਕੀਤੀਆਂ ਬਹੁਤ ਵਾਰ। ਇਕ ਦਿਨ ਗੱਲਾਂ ਕਰਦੇ ਦਿਲ ਨੇ ਮੈਨੂੰ ਕਿਹਾ 'ਤੈਨੂੰ ਪਤੈ ਜਦੋਂ ਤੂੰ ਗੂੜ੍ਹੀ ਨੀਂਦ ਸੌਂ ਜਾਨੈਂ ਮੈਂ ਫਿਰ ਵੀ ਨਈਂ ਸੌਂਦਾ ਕਿਉਂਕਿ ਜੇ ਮੈਂ ਇਕ ਮਿੰਟ ਲਈ ਵੀ ਸੌਂ ਗਿਆ, ਤੂੰ ਸਦਾ ਲਈ ਸੌਂ ਜਾਏਂਗਾ। ਤੂੰ ਤਾਂ ਥੱਕ-ਟੁੱਟ ਕੇ ਅਰਾਮ ਕਰ ਲੈਨੈਂ ਤੇ ਮੈਂ ਤੇਰੇ ਜਨਮ ਤੋਂ ਲੈ ਕੇ ਅੱਜ ਤੱਕ ਥੱਕਿਆ ਨਹੀਂ ਤੇ ਤੇਰੇ ਸਦਾ ਦੀ ਨੀਂਦ ਸੌਣ ਤੱਕ ਕਦੇ ਆਰਾਮ ਨਹੀਂ ਕਰਾਂਗਾ, ਹਾਂ ਸੱਚ ਇਕ ਗੱਲ ਹੋਰ ਤੂੰ ਆਵਦੀ ਖ਼ੁਰਾਕ ਵਿਚ ਕਿੰਨਾ ਕੁਝ ਡਕਾਰ ਜਾਨੈਂ, ਮੇਰੀ ਖ਼ੁਰਾਕ ਦਾ ਵੀ ਚੇਤਾ ਰੱਖਿਆ ਕਰ, ਮੈਂ ਛੱਤੀ ਪ੍ਰਕਾਰ ਦੇ ਭੋਜਨ ਪਦਾਰਥ ਨਹੀਂ ਲੋਚਦਾ, ਬੱਸ ਮੇਰੇ ਲਈ ਤਾਂ ਸਵੇਰੇ-ਸਵਖਤੇ ਦੀ ਅੱਧਾ ਘੰਟਾ ਤਾਜ਼ੀ ਹਵਾ ਈ ਸਾਰੇ ਦਿਨ ਦੀ ਖ਼ੁਰਾਕ ਐ, ਤੇ ਇਹ 'ਕੱਲੇ ਮੇਰੇ ਲਈ ਹੀ ਨਹੀਂ ਤੇਰੇ ਲਈ ਵੀ ਸੰਜੀਵਨੀ ਬੂਟੀ ਸਾਮਾਨ ਐ'। ਇਹ ਸੁਣ ਮੈਂ ਦਿਲ ਨੂੰ ਕਿਹਾ 'ਯਾਰ ਜੇ ਤੂੰ ਮੇਰੇ ਲਈ ਏਨਾ ਕੁਝ ਕਰਦੈਂ ਤਾਂ ਮੈਂ ਵੀ ਤੇਰਾ ਬਹੁਤ ਖ਼ਿਆਲ ਰੱਖਦੈਂ। ਆਪਣੇ ਦੋਵਾਂ ਦੀ ਸਿਹਤਯਾਬੀ ਲਈ ਚਿੜੀ ਚੂਕਦੀ ਨਾਲ ਈ ਬਿਸਤਰਾ ਤਿਆਗ ਕੇ ਗਰਾਊਂਡ ਵੱਲ ਨਿਕਲ ਜਾਨਾਂ, ਜਿੰਨਾ ਚਿਰ ਤੂੰ ਖ਼ੁਸ਼ ਹੋ ਕੇ ਤੇਜ਼-ਤੇਜ਼ ਧੜਕਣ ਨਹੀਂ ਲਗਦਾ, ਮੈਂ ਵਾਪਸ ਨਹੀਂ ਮੁੜਦਾ। ਤੂੰ ਫ਼ਿਕਰ ਨਾ ਕਰ ਮੈਨੂੰ ਤੇਰਾ ਪੂਰਾ ਖ਼ਿਆਲ ਐ। ਆਪਾਂ ਪੂਰਕ ਆਂ ਇਕ-ਦੂਜੇ ਦੇ'। ਸੋ ਕਦੇ ਤੁਸੀਂ ਵੀ ਆਪਣੇ ਦਿਲ ਨਾਲ ਗੱਲਾਂ ਕਰਿਆ ਕਰੋ। ਜੇ ਦਿਲ ਨਾਲ ਖੁੱਲ੍ਹ ਕੇ ਗੱਲਾਂ ਨਹੀਂ ਕਰੋਗੇ ਤਾਂ ਇਕ ਦਿਨ ਇਹ ਔਜ਼ਾਰਾਂ ਨਾਲ ਖੋਲ੍ਹਣਾ ਪਵੇਗਾ।

-ਜਗਦੀਪ ਸਿੰਘ ਭੁੱਲਰ
ਪਿੰਡ ਜੋਗਾਨੰਦ, ਜ਼ਿਲ੍ਹਾ ਬਠਿੰਡਾ।

ਮਹਿੰਗੀ ਚੋਣ ਪ੍ਰਕਿਰਿਆ
ਸਾਡੇ ਦੇਸ਼ ਦੀ ਚੋਣਾਵੀ ਪ੍ਰਕਿਰਿਆ ਬਹੁਤ ਮਹਿੰਗੀ ਹੈ। 1952 ਦੀਆਂ ਚੋਣਾਂ ਵਿਚ 52 ਪੈਸੇ ਪ੍ਰਤੀ ਵੋਟਰ ਖਰਚ ਹੋਇਆ ਸੀ ਜੋ ਕਿ 2019 ਵਿਚ ਲਗਪਗ 19 ਰੁਪਏ ਪ੍ਰਤੀ ਵੋਟਰ ਹੋਵੇਗਾ। ਪ੍ਰਤੀ ਹਲਕੇ ਦਾ ਖਰਚ 18.69 ਕਰੋੜ ਦਾ ਅੰਦਾਜ਼ਾ ਹੈ। ਇਸ ਹਿਸਾਬ ਨਾਲ ਪੰਜਾਬ ਦਾ ਚੋਣਾਵੀ ਖਰਚ 243 ਕਰੋੜ ਬਣਦਾ ਹੈ। ਹੁਣ ਸਵਾਲ ਹੈ ਕਿ ਜਨਤਾ ਦੇ ਟੈਕਸ ਵਿਚੋਂ ਏਨਾ ਖਰਚ ਕਰਕੇ ਅਸੀਂ ਖੱਟਦੇ ਕੀ ਹਾਂ? ਸਾਡੇ ਚੁਣੇ ਪ੍ਰਤੀਨਿਧ ਨਿੱਜੀ ਲਾਲਚ ਵੱਸ ਅਸਤੀਫ਼ਾ ਦੇ ਜਾਂਦੇ ਹਨ ਜਾਂ ਦਲਬਦਲੀ ਕਰਕੇ ਸੀਟ ਖਾਲੀ ਕਰ ਜਾਂਦੇ ਹਨ। ਜਨਤਾ ਦੀਆਂ ਸਮੱਸਿਆਵਾਂ ਜਿਓਂ ਦੀਆਂ ਤਿਓਂ ਰਹਿ ਜਾਂਦੀਆਂ ਹਨ। ਦੁਬਾਰਾ ਫਿਰ ਸਮੁੱਚੇ ਪ੍ਰਬੰਧ ਨੂੰ ਮਹਿੰਗੀ ਚੋਣਾਵੀ ਪ੍ਰਕਿਰਿਆ ਵਿਚੋਂ ਗੁਜ਼ਰਨਾ ਪੈਂਦਾ ਹੈ। ਇਸ ਤਰ੍ਹਾਂ ਮੁਲਕ ਦਾ ਧਨ ਅਤੇ ਸਮਾਂ ਬਰਬਾਦ ਹੁੰਦਾ ਹੈ। ਇਸ ਸਬੰਧੀ ਸਖ਼ਤ ਕਾਨੂੰਨ ਹੋਣਾ ਚਾਹੀਦਾ ਹੈ। ਜਨਤਾ ਨਾਲ ਧੋਖਾ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਭਾਰੀ ਜੁਰਮਾਨਾ ਹੋਵੇ, ਉਸ ਨੂੰ ਮਿਲਣ ਵਾਲੀਆਂ ਤਮਾਮ ਸਹੂਲਤਾਂ 'ਤੇ ਉਮਰ ਭਰ ਲਈ ਰੋਕ ਲਗਾਈ ਜਾਵੇ।

-ਲੈਕਚਰਾਰ ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।

ਠੱਗਾਂ ਤੋਂ ਬਚੋ
ਸਾਡੇ ਸਮਾਜ ਵਿਚ ਮਾੜੇ ਅਨਸਰ ਇਸੇ ਤਾਕ ਵਿਚ ਰਹਿੰਦੇ ਹਨ ਕਿ ਭੋਲੇ-ਭਾਲੇ ਲੋਕਾਂ ਨੂੰ ਬੇਵਕੂਫ਼ ਬਣਾ ਕੇ ਕਿਵੇਂ ਲੁੱਟਿਆ ਜਾਵੇ। ਜਿਵੇਂ 30 ਮਾਰਚ ਦੇ 'ਅਜੀਤ' ਵਿਚ ਖ਼ਬਰ ਹੈ ਕਿ ਰਕਮ ਦੁੱਗਣੀ ਕਰਨ ਦਾ ਝਾਂਸਾ ਦੇ ਕੇ ਕਿਸ ਤਰ੍ਹਾਂ ਲੋਕਾਂ ਨਾਲ 80 ਲੱਖ ਰੁਪਏ ਦੀ ਠੱਗੀ ਮਾਰੀ ਗਈ। ਇਹ ਲੋਕ ਕਿਸੇ ਦੀ ਮਜਬੂਰੀ ਨਹੀਂ ਦੇਖਦੇ ਕਿ ਕੋਈ ਗ਼ਰੀਬ ਕਿੰਨਾ ਔਖਾ ਹੋ ਕੇ ਪਤਾ ਨਹੀਂ ਕਿੰਨੇ ਕੁ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਤੋਂ ਉਧਾਰ ਪੈਸੇ ਲੈ ਕੇ ਇਕੱਠੇ ਕਰਕੇ ਉਨ੍ਹਾਂ ਨੂੰ ਦਿੰਦਾ ਹੈ। ਜਿਹੜੇ ਲੋਕ ਇਸ ਤਰ੍ਹਾਂ ਦੇ ਧੋਖੇ ਦਾ ਸ਼ਿਕਾਰ ਹੁੰਦੇ ਹਨ, ਉਹ ਕਿਸੇ ਨੂੰ ਦੱਸਣ ਤੋਂ ਵੀ ਝਿਜਕਦੇ ਹਨ। ਕਿਉਂਕਿ ਇਸ ਤਰ੍ਹਾਂ ਕਿਸੇ ਹੱਥੋਂ ਲੁੱਟੇ ਜਾਣਾ ਬੇਵਕੂਫੀ ਸਮਝਿਆ ਜਾਂਦਾ ਹੈ। ਥੋੜ੍ਹੇ ਜਿਹੇ ਲਾਲਚ ਵੱਸ ਹੋ ਕੇ ਅਸੀਂ ਲੁਟੇਰਿਆਂ ਦੇ ਝਾਂਸੇ ਵਿਚ ਫਸ ਜਾਂਦੇ ਹਾਂ ਅਤੇ ਆਪਣੇ ਦਿਮਾਗ ਤੋਂ ਕੰਮ ਨਹੀਂ ਲੈਂਦੇ। ਦੁਨੀਆ ਵਿਚ ਬੜੀ ਧੋਖੇਬਾਜ਼ੀ ਚਲਦੀ ਹੈ। ਅਸੀਂ ਪਿਛਲੀਆਂ ਗ਼ਲਤੀਆਂ ਤੋਂ ਸਬਕ ਨਹੀਂ ਸਿੱਖਦੇ, ਪਹਿਲਾਂ ਵੀ ਲੋਕ ਇਸ ਤਰ੍ਹਾਂ ਦੀਆਂ ਧੋਖੇਦੇਹੀਆਂ ਦਾ ਸ਼ਿਕਾਰ ਹੋ ਚੁੱਕੇ ਹਨ। ਹਰ ਵਾਰ ਠੱਗੀ ਮਾਰਨ ਵਾਲੇ ਨਵਾਂ ਢੰਗ ਲੱਭ ਲੈਂਦੇ ਹਨ। ਪਰ ਅਸੀਂ ਆਪਣਾ ਬਚਾਅ ਕਿਵੇਂ ਕਰਨਾ ਹੈ, ਇਹ ਸਾਨੂੰ ਖ਼ੁਦ ਨੂੰ ਹੀ ਸੋਚਣਾ ਪਵੇਗਾ।

-ਅੰਮ੍ਰਿਤ ਕੌਰ
ਅੱਧੀ ਟਿੱਬੀ ਬਡਰੁੱਖਾਂ, ਸੰਗਰੂਰ।

ਮੰਡੀਕਰਨ
ਪਹਿਲਾਂ-ਪਹਿਲ ਖ਼ਰਾਬ ਮੌਸਮ ਦੇ ਚਲਦੇ ਕਣਕ ਦੀ ਕਟਾਈ ਦੀ ਰਫ਼ਤਾਰ ਢਿੱਲੀ ਰਹੀ ਪਰ ਜਿਉਂ ਹੀ ਮੌਸਮ ਵਿਚ ਸੁਧਾਰ ਹੋਇਆ ਕਿਸਾਨਾਂ ਨੇ ਮੰਡੀਆਂ ਵਿਚ ਕਣਕ ਦੇ ਅੰਬਾਰ ਲਗਾ ਦਿੱਤੇ। ਕਣਕ ਵਿਚ ਵਧੇਰੇ ਨਮੀ ਹੋਣ ਕਾਰਨ ਖ਼ਰੀਦ ਏਜੰਸੀਆਂ ਵੀ ਆਨਾਕਾਨੀ ਕਰਦੀਆਂ ਰਹੀਆਂ, ਜਿਸ ਕਾਰਨ ਕਿਸਾਨਾਂ ਨੂੰ ਮੰਡੀਕਰਨ ਵਿਚ ਮੁਸ਼ਕਿਲ ਪੇਸ਼ ਆਈ। ਇਸ ਵਾਰ ਪਿਛਲੇ ਸਾਲ ਨਾਲੋਂ ਵਧੇਰੇ ਕਣਕ ਮੰਡੀਆਂ ਵਿਚ ਆਈ ਹੈ। ਕਣਕ ਦੀ ਚੁਕਾਈ ਦੀ ਰਫ਼ਤਾਰ ਵੀ ਢਿੱਲੀ ਨਜ਼ਰ ਆਉਂਦੀ ਹੈ। ਦੂਸਰਾ ਬਾਰਦਾਨੇ ਦੀ ਕਿੱਲਤ ਅਤੇ ਕਣਕ ਦੀ ਭਰਾਈ ਪੁਰਾਣੇ ਬਾਰਦਾਨੇ ਵਿਚ ਹੋਣ ਕਾਰਨ ਮੁਸ਼ਕਿਲ ਆ ਰਹੀ ਹੈ। ਗੁਦਾਮਾਂ ਦੀ ਘਾਟ ਕਾਰਨ ਵੀ ਖੁੱਲ੍ਹੇ ਆਸਮਾਨ 'ਚ ਤਰਪਾਲਾਂ ਪਾ ਕੇ ਵੀ ਅਨਾਜ ਸਾਂਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਸ ਨਾਲ ਅਨਾਜ ਦੀ ਸਹੀ ਤਰੀਕੇ ਨਾਲ ਸੰਭਾਲ ਨਾ ਹੋਣ ਕਾਰਨ ਖ਼ਰਾਬ ਹੋ ਜਾਂਦਾ ਹੈ। ਲੋੜ ਹੈ ਸਰਕਾਰ ਨੂੰ ਇਸ ਪਾਸੇ ਵੱਲ ਵੱਧ ਤੋਂ ਵੱਧ ਸੁਧਾਰ ਲਿਆਉਣ ਦੀ ਜੋ ਕਿ ਕਿਸਾਨਾਂ ਤੇ ਸੂਬੇ ਦੇ ਹਿਤ ਵਿਚ ਹੋਵੇਗਾ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX