ਤਾਜਾ ਖ਼ਬਰਾਂ


ਉੜੀਸ਼ਾ : ਕਟਕ 'ਚ ਬੱਸ ਨਦੀ 'ਚ ਡਿੱਗੀ , 7 ਦੀ ਮੌਤ
. . .  1 day ago
1984 ਦੇ ਸਿੱਖ ਕਤਲੇਆਮ ਸੰਬੰਧੀ ਅਦਾਲਤ ਦੇ ਆਏ ਫ਼ੈਸਲੇ ਦਾ ਕੈਪਟਨ ਵੱਲੋਂ ਸਵਾਗਤ
. . .  1 day ago
ਚੰਡੀਗੜ੍ਹ, 20 ਨਵੰਬਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਸਿੱਖ ਕਤਲੇਆਮ ਸੰਬੰਧਿਤ ਮਾਮਲੇ 'ਚ ਪਟਿਆਲਾ ਹਾਊਸ ਕੋਰਟ ਵੱਲੋਂ ਯਸ਼ਪਾਲ ਸਿੰਘ ਨੂੰ ਫਾਂਸੀ ਦੀ ਸਜਾ ਅਤੇ ਨਰੇਸ਼ ਸ਼ਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਸਵਾਗਤ....
ਫੂਡ ਪ੍ਰੋਸੈਸਿੰਗ ਵਿਭਾਗ ਲਈ ਹੋਈ ਓ.ਪੀ. ਸੋਨੀ ਦੀ ਨਿਯੁਕਤੀ
. . .  1 day ago
ਚੰਡੀਗੜ੍ਹ, 20 ਨਵੰਬਰ (ਹਰਕਵਲ ਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ 'ਚ ਉਦਯੋਗਿਕ ਵਿਕਾਸ ਨੂੰ ਹੋਰ ਸੁਵਿਧਾਜਨਕ ਬਣਾਉਣ ਦੇ ਲਈ ਵਾਤਾਵਰਨ ਦਾ ਵਿਭਾਗ ਸਿੱਖਿਆ ਮੰਤਰੀ ਓ.ਪੀ. ਸੋਨੀ ਕੋਲੋਂ ਲੈ ਕੇ ਆਪਣੇ ਕੋਲ ਰੱਖ...
ਅਣਪਛਾਤੇ ਵਿਅਕਤੀਆਂ ਵੱਲੋਂ ਆਪ ਦੇ ਜ਼ਿਲ੍ਹਾ ਪ੍ਰਧਾਨ 'ਤੇ ਜਾਨਲੇਵਾ ਹਮਲਾ
. . .  1 day ago
ਅੰਮ੍ਰਿਤਸਰ, 20 ਨਵੰਬਰ (ਰੇਸ਼ਮ)- ਅੰਮ੍ਰਿਤਸਰ ਦੇ ਛਹਿਰਟਾ ਇਲਾਕੇ 'ਚ ਅੱਜ ਸ਼ਾਮ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਤਿੰਨ ਗੋਲੀਆਂ ਮਾਰੇ ਜਾਣ ਦੀ ਸੂਚਨਾ ਮਿਲੀ ਹੈ । ਗੋਲੀਆਂ ਲੱਗਣ ਕਾਰਨ ਗੰਭੀਰ ....
ਉੜੀਸ਼ਾ ਸਰਕਾਰ ਵੱਲੋਂ ਮਹਿਲਾਵਾਂ ਦੇ ਰਾਖਵੇਂਕਰਨ ਸੰਬੰਧੀ ਵਿਧਾਨਸਭਾ 'ਚ ਮਤਾ ਪੇਸ਼
. . .  1 day ago
ਭੁਵਨੇਸ਼ਵਰ, 20 ਨਵੰਬਰ- ਉੜੀਸ਼ਾ ਸਰਕਾਰ ਵੱਲੋਂ ਮਹਿਲਾਵਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ ਸੰਬੰਧੀ ਵਿਧਾਨਸਭਾ 'ਚ ਇਕ ਮਤਾ ਪੇਸ਼ ਕੀਤਾ ਗਿਆ....
ਐਸ.ਆਈ. ਦੀ ਹੱਤਿਆ 'ਚ ਸ਼ਾਮਲ ਇਕ ਅੱਤਵਾਦੀ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 20 ਨਵੰਬਰ- ਕਸ਼ਮੀਰ 'ਚ ਪਿਛਲੇ ਦਿਨੀਂ ਇਕ ਸਬ-ਇੰਸਪੈਕਟਰ ਦੀ ਹੋਈ ਹੱਤਿਆ ਦੇ ਮਾਮਲੇ 'ਚ ਦਿਲੀ ਪੁਲਿਸ ਨੂੰ ਇਕ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਸਬ ਇੰਸਪੈਕਟਰ ਇਮਤਿਆਤ ਅਹਿਮਦ ਦੀ ਹੱਤਿਆ 'ਚ ਸ਼ਾਮਲ ਇਕ ਅੱਤਵਾਦੀ ਨੂੰ ਰਾਜਧਾਨੀ ....
ਦੇਸ਼ ਧ੍ਰੋਹ ਮਾਮਲੇ 'ਚ ਹਾਰਦਿਕ ਪਟੇਲ ਸਮੇਤ ਦੋ ਖ਼ਿਲਾਫ਼ ਦੋਸ਼ ਤੈਅ
. . .  1 day ago
ਅਹਿਮਦਾਬਾਦ, 20 ਨਵੰਬਰ- ਗੁਜਰਾਤ ਦੇ ਅਹਿਮਦਾਬਾਦ ਦੀ ਇਕ ਅਦਾਲਤ 'ਚ ਦੇਸ਼ ਧ੍ਰੋਹ ਦ ਮਾਮਲੇ 'ਚ ਪਾਟੀਦਾਰ ਰਾਖਵਾਂਕਰਨ ਅੰਦੋਲਨ ਕਮੇਟੀ ਦੇ ਨੇਤਾ ਹਾਰਦਿਕ ਪਟੇਲ ਅਤੇ ਉਨ੍ਹਾਂ ਦੇ ਦੋ ਹੋਰ ਸਹਿਯੋਗੀਆਂ ਦਿਨੇਸ਼ ਅਤੇ ਚਿਰਾਗ਼ ਪਟੇਲ ਦੇ ਖ਼ਿਲਾਫ਼ ਅੱਜ ਦੋਸ਼ ਤੈਅ ....
ਲੁਧਿਆਣਾ ਅਗਨੀ ਕਾਂਡ : ਸਿੱਧੂ ਵੱਲੋਂ ਮ੍ਰਿਤਕ ਮੁਲਾਜ਼ਮਾਂ ਦੇ ਪੰਜ ਵਾਰਸਾਂ ਨੂੰ ਦਿੱਤੇ ਗਏ ਨੌਕਰੀ ਦੇ ਨਿਯੁਕਤੀ ਪੱਤਰ
. . .  1 day ago
ਚੰਡੀਗੜ੍ਹ, 20 ਨਵੰਬਰ- ਸਥਾਨਕ ਸੈਕਟਰ 35 ਸਥਿਤ ਪੰਜਾਬ ਮਿਊਸੀਪਲ ਭਵਨ ਵਿਖੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲੁਧਿਆਣਾ ਅਗਨੀ ਕਾਂਡ 'ਚ ਮਾਰੇ ਗਏ ਪੰਜ ਅਧਿਕਾਰੀਆਂ/ਕਰਮਚਾਰੀਆਂ ਦੇ ਵਾਰਸਾਂ ਨੂੰ ਵਿਭਾਗ ਵਿਚ ਨੌਕਰੀ ਦਾ ....
ਵਰਧਾ ਹਾਦਸਾ : ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਕੀਤਾ ਐਲਾਨ
. . .  1 day ago
ਮੁੰਬਈ, 20 ਨਵੰਬਰ - ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ ਦੇ ਫੂਲਗਾਂਵ 'ਚ ਫ਼ੌਜ ਦੇ ਆਰਮਜ਼ ਡੀਪੂ 'ਚ ਹੋਏ ਧਮਾਕੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਹਾਰਾਸ਼ਟਰ ਸਰਕਾਰ ਨੇ 5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ....
ਸਾਹਮਣੇ ਆਈਆਂ ਦੀਪਵੀਰ ਦੇ ਮਹਿੰਦੀ-ਸੰਗੀਤ ਸਮੇਤ ਕੋਂਕਣੀ ਰਿਵਾਜ ਨਾਲ ਹੋਏ ਵਿਆਹ ਦੀਆਂ ਤਸਵੀਰਾਂ
. . .  1 day ago
ਮੁੰਬਈ, 20 ਨਵੰਬਰ - ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਮਹਿੰਦੀ-ਸੰਗੀਤ ਸਮੇਤ ਕੋਂਕਣੀ ਰੀਤੀ-ਰਿਵਾਜਾਂ ਨਾਲ ਹੋਏ ਵਿਆਹ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ ਜਿਸ 'ਚ ਦੀਪਵੀਰ ਦੀ ਜੋੜੀ ਕੁੱਝ ਇਹੋ ਜਿਹੇ ਅੰਦਾਜ਼ 'ਚ ......
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਖੁਦ ਉਹ ਪਰਿਵਰਤਨ ਦੇ ਰਥਵਾਨ ਬਣੋ ਜੋ ਵਿਸ਼ਵ ਵਿਚ ਦੇਖਣਾ ਚਾਹੁੰਦੇ ਹੋ। -ਮਹਾਤਮਾ ਗਾਂਧੀ

ਤੁਹਾਡੇ ਖ਼ਤ

17/07/2017

 ਪੱਤਰਕਾਬਲ-ਏ-ਤਾਰੀਫ਼
ਪਿਛਲੇ ਦਿਨੀਂ ਸੰਪਾਦਕੀ ਸਫ਼ੇ 'ਤੇ ਛਪੇ ਲੇਖ 'ਕਿੰਨੇ ਕੁ ਸੰਤੁਸ਼ਟ ਹਨ ਵਿਦੇਸ਼ਾਂ ਵਿਚ ਪੰਜਾਬੀ' ਜਿਥੇ ਕੈਨੇਡਾ ਵਰਗੇ ਵਿਕਸਿਤ ਦੇਸ਼ ਦੇ ਵਸਨੀਕਾਂ ਦੀ ਸਰਮਾਏਦਾਰਾਨਾ ਵਿਵਸਥਾ ਅਧੀਨ ਨਿੱਘਰਦੀ ਹਾਲਤ ਨੂੰ ਬਿਆਨ ਕਰਦਾ ਸੀ, ਉਥੇ ਪੰਜਾਬੀ ਭਾਈਚਾਰੇ ਦੀ ਉਦਾਸੀ ਤੇ ਬਹੁ-ਪਰਤੀ ਸਮੱਸਿਆਵਾਂ ਨਾਲ ਜੂਝ ਰਹੀ ਸਥਿਤੀ ਦਾ ਸ਼ੀਸ਼ਾ ਵੀ ਸੀ। ਪੂਰਬ ਦੇ ਫਲਸਫ਼ੇ ਨੇ ਜੀਵਨ ਨੂੰ ਸੁਚੱਜਾ ਤੇ ਅਰਥਪੂਰਨ ਬਣਾਉਣ ਦਾ ਸੰਕਲਪ ਪੇਸ਼ ਕੀਤਾ ਹੈ ਪਰ ਪੱਛਮੀ ਚਮਕ ਨੇ ਮਨੁੱਖ ਨੂੰ ਕੇਵਲ ਆਪਣੇ ਵੱਲ ਖਿੱਚ ਕੇ ਜ਼ਿੰਦਗੀ ਦੇ ਅਸਲ ਮਨੋਰਥ ਤੋਂ ਤੋੜਿਆ ਹੈ। ਮਨੁੱਖ ਅੰਦਰ ਪਨਪਦੀ ਅਸੰਤੁਸ਼ਟੀ ਦੀ ਭਾਵਨਾ ਨੇ ਉਸ ਨੂੰ ਸੁਆਰਥੀ ਤੇ ਲਾਲਚੀ ਬਣਾਇਆ ਹੈ ਜੋ ਕਿ ਕੇਵਲ ਤੇ ਕੇਵਲ ਸਰਮਾਏਦਾਰੀ ਦੀ ਹੀ ਦੇਣ ਹੈ। ਲੇਖਕ ਮੁਤਾਬਿਕ ਪੱਛਮੀ ਸਰਮਾਏਦਾਰੀ ਵਿਚ ਸਵਰਗ ਦੀ ਪ੍ਰਾਪਤੀ ਨਾ ਹੋਣ ਦੀ ਗੱਲ ਬਿਲਕੁਲ ਠੀਕ ਤੇ ਵਿਅੰਗਾਤਮਿਕ ਰੂਪ ਵਿਚ ਬੇਹੱਦ ਵਿਚਾਰਨਯੋਗ ਤੇ ਗੰਭੀਰ ਟਿੱਪਣੀ ਸੀ।


-ਬਿਕਰਮਜੀਤ ਸਿੰਘ ਜੀਤ
ਅੰਮ੍ਰਿਤਸਰ।


ਪ੍ਰਾਇਮਰੀ ਸਿੱਖਿਆ
ਬੀਤੇ ਦਿਨੀਂ ਪਰਮਜੀਤ ਸਿੰਘ ਢੀਂਗਰਾ ਦਾ ਲੇਖ 'ਉੱਚਿਤ ਨਹੀਂ ਹੈ ਪ੍ਰਾਇਮਰੀ ਸਿੱਖਿਆ ਅੰਗਰੇਜ਼ੀ ਵਿਚ ਦੇਣ ਦਾ ਫ਼ੈਸਲਾ' ਸਲਾਹੁਣਯੋਗ ਸੀ। ਮੈਂ ਉਨ੍ਹਾਂ ਦੇ ਵਿਚਾਰ ਨਾਲ ਸਹਿਮਤ ਹਾਂ ਕਿ ਪੰਜਵੀਂ ਕਲਾਸ ਪਾਸ ਕਰਨ ਤੱਕ ਬੱਚੇ ਨੂੰ ਆਪਣੀ ਮਾਂ-ਬੋਲੀ ਤਾਂ ਚੰਗੀ ਤਰ੍ਹਾਂ ਪੜ੍ਹਨੀ ਤੇ ਲਿਖਣੀ ਆਉਣੀ ਚਾਹੀਦੀ ਹੈ। ਟਰੱਕ ਤਿੰਨ ਅੱਖਰਾਂ ਦਾ ਸ਼ਬਦ ਹੈ, ਰਾਰੇ 'ਤੇ ਟਿੱਪੀ ਪੈ ਗਈ ਤਾਂ ਸਮਾਨ ਪਾਉਣ ਵਾਲਾ ਟਰੰਕ ਹੈ, ਜੇ ਰਾਰੇ 'ਤੇ ਅੱਧਕ ਪੈ ਗਿਆ ਤਾਂ ਭਾਰ ਢੋਣ ਵਾਲਾ ਟਰੱਕ ਹੈ। ਮੈਂ ਬਹੁਤ ਸਾਰੇ ਪੰਜਵੀਂ ਪਾਸ ਬੱਚੇ ਪੰਜਾਬੀ ਪੜ੍ਹਨ ਵਿਚ ਕਮਜ਼ੋਰ ਵੇਖੇ ਹਨ। ਅੰਗਰੇਜ਼ੀ ਅਧਿਆਪਨ ਵਾਲੇ ਸਕੂਲਾਂ ਵਿਚ ਪੜ੍ਹੇ ਅੰਗਰੇਜ਼ੀ ਵਿਚ ਮਾਹਿਰ ਬੱਚੇ ਪੰਜਾਬੀ ਦੇ ਮਹਾਨ ਵਿਦਵਾਨ ਸਾਹਿਤਕਾਰਾਂ ਬਾਰੇ ਮੈਂ ਅਣਜਾਣ ਵੇਖੇ ਹਨ। ਅੱਜ ਵੀ ਬਹੁਤ ਸਾਰੇ ਲੋਕ 59, 69, 79 ਅਤੇ 89 ਦਾ ਭੁਲੇਖਾ ਖਾਂਦੇ ਹਨ।


-ਦੀਪਕ ਤੇਜਾ
ਪਿੰਡ ਬਵਾਣੀਆਂ, ਤਹਿ: ਗਿੱਦਗੜਬਾਹਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।


ਗਿਆਨ ਵਧਾਊ ਲੇਖ
'ਅਜੀਤ ਮੈਗਜ਼ੀਨ' 'ਚ ਛਪੇ ਤਿੰਨੇ ਹੀ ਲੇਖ 'ਕੀ ਭਾਰਤ-ਪਾਕਿ ਰਿਸ਼ਤੇ ਸੁਧਰ ਸਕਦੇ ਹਨ?' ਅਮਰਜੀਤ ਸਿੰਘ ਹੇਅਰ ਦੁਆਰਾ ਲਿਖਤ, ਭਾਰਤ ਪਾਕਿਸਤਾਨ ਨਾਲ ਗੱਲਬਾਤ ਉਦੋਂ ਤੱਕ ਕਰਨ ਲਈ ਤਿਆਰ ਨਹੀਂ ਜਿੰਨਾ ਚਿਰ ਉਸ ਦੀ ਧਰਤੀ ਤੋਂ ਉਪਜਿਆ ਆਤੰਕਵਾਦ ਬੰਦ ਨਹੀਂ ਹੁੰਦਾ, ਇਹ ਤਾਂ ਉਹ ਗੱਲ ਹੋਈ 'ਨਾ ਨੌਂ ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ' ਰੱਬ ਕਰੇ 14 ਅਗਸਤ, 2017 ਨੂੰ ਅਮਨਪਸੰਦ ਲੋਕਾਂ ਦੀਆਂ ਵਾਹਗਾ ਸਰਹੱਦ 'ਤੇ ਜਲਾਈਆਂ ਜਾਣ ਵਾਲੀਆਂ ਮੋਮਬੱਤੀਆਂ ਦਾ ਚਾਨਣ ਭਾਰਤੀਆਂ ਅਤੇ ਪਾਕਿਸਤਾਨੀਆਂ ਦੇ ਦਿਮਾਗਾਂ ਵਿਚ ਛਾਏ ਹਨੇਰੇ ਨੂੰ ਦੂਰ ਕਰ ਦੇਵੇ। ਡਾ: ਬਲਵਿੰਦਰ ਸਿੰਘ ਲੱਖੇਵਾਲੀ ਦੁਆਰਾ ਲਿਖਤ, 'ਬਿਰਖਾਂ ਬਾਝ ਨਾ ਸੋਂਹਦੀ ਧਰਤੀ, ਭਾਵੇਂ ਲੱਖ ਹਵੇਲੀਆਂ ਖੜ੍ਹੀਆਂ', ਸੁਰਜੀਤ ਪਾਤਰ ਦੀਆਂ ਲਾਈਨਾਂ 'ਏਹੋ ਹੈ ਮੇਰੀ ਮੈਅਕਸ਼ੀ, ਏਸੇ 'ਚ ਮਸਤ ਹਾਂ, ਪੌਣਾਂ 'ਚੋਂ ਜ਼ਹਿਰਾਂ ਪੀ ਰਿਹਾ ਹਾਂ, ਮੈਂ ਦਰੱਖਤ ਹਾਂ।' 'ਸਾਡੇ ਬਣਵਾਨਸ ਨਾਲ ਸਬੰਧ ਹਕੀਕਤ ਜਾਂ ਵਹਿਮ', ਡਾ: ਸੁਰਜੀਤ ਸਿੰਘ ਦੁਆਰਾ ਲਿਖਤ, ਮਨੁੱਖ ਦੀ ਉਤਪਤੀ ਦੇ ਸਿਧਾਂਤ ਦੇ ਉਪਰੰਤ ਡਾਰਵਿਨ ਨੇ ਸਾਨੂੰ ਪ੍ਰਾਣੀਆਂ ਦੀ ਸਫ਼ ਵਿਚ ਸ਼ਾਮਿਲ ਕਰ ਦਿੱਤਾ। ਸਾਰੇ ਹੀ ਲੇਖ ਬੇਹੱਦ ਗਿਆਨਵਰਧਕ ਤੇ ਰੌਚਿਕ ਸਨ।


-ਡਾ: ਅਮਰਜੀਤ ਸਿੰਘ ਮਾਨ
ਸੰਗਰੂਰ।

14/07/2017

 ਅੱਤਵਾਦੀਆਂ ਦੀ ਦਰਿੰਦਗੀ
ਪਿਛਲੇ ਦਿਨੀਂ ਦੱਖਣੀ ਕਸ਼ਮੀਰ 'ਚ ਅਨੰਤਨਾਗ ਤੇ ਬਦੇਗੂ 'ਚ ਅੱਤਵਾਦੀਆਂ ਨੇ ਅਮਰਨਾਥ ਸ਼ਰਧਾਲੂਆਂ ਅਤੇ ਸੁਰੱਖਿਆ ਬਲਾਂ ਦੇ ਕਾਫ਼ਲੇ 'ਤੇ ਕਾਤਲਾਨਾ ਹਮਲਾ ਕੀਤਾ। ਅੰਨ੍ਹੇਵਾਹ ਚਲਾਈ ਗੋਲੀ ਦੌਰਾਨ ਬੱਸ 'ਚ ਸਵਾਰ ਛੇ ਸ਼ਰਧਾਲੂਆਂ ਦੀ ਮੌਤ ਹੋ ਗਈ ਜਦ ਕਿ 12 ਸ਼ਰਧਾਲੂ ਅਤੇ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਹਮਲੇ ਤੋਂ ਬਾਅਦ ਅੱਤਵਾਦੀ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਭੱਜ ਨਿਕਲੇ। ਇਹ ਘਿਨਾਉਣੀ ਅਤੇ ਦਿਲ ਕੰਬਾਉਣ ਵਾਲੀ ਘਟਨਾ ਨੇ ਹਰ ਭਾਰਤੀ ਨਾਗਰਿਕ ਦਾ ਦਿਲ ਵਲੂੰਧਰ ਕੇ ਰੱਖ ਦਿੱਤਾ। ਇਸ ਘਟਨਾ ਦੀ ਵਿਸ਼ਵ ਭਰ ਵਿਚ ਅਲੋਚਨਾ ਕੀਤੀ ਗਈ ਹੈ। ਹੁਣ ਵਕਤ ਆ ਗਿਆ ਹੈ ਕਿ ਪੂਰੇ ਵਿਸ਼ਵ ਨੂੰ ਇਨ੍ਹਾਂ ਦੇ ਵਿਰੁੱਧ ਇਕ ਝੰਡੇ ਥੱਲੇ ਖਲੋ ਕੇ ਆਵਾਜ਼ ਬੁਲੰਦ ਕਰਨ ਦੀ ਲੋੜ ਹੈ। ਜੋ ਲੋਕ ਅਤੇ ਮੁਲਕ ਇਨ੍ਹਾਂ ਨੂੰ ਸ਼ਹਿ ਅਤੇ ਪਨਾਹ ਦੇ ਰਹੇ ਹਨ ਉਨ੍ਹਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ। ਪੈਰਾ ਮਿਲਟਰੀ ਫੋਰਸ ਤੇ ਪੁਲਿਸ ਨੂੰ ਵਧੇਰੇ ਅਧਿਕਾਰ ਦੇ ਕੇ ਉਨ੍ਹਾਂ ਦਾ ਮਨੋਬਲ ਵਧਾਉਣਾ ਸਮੇਂ ਦੀ ਜ਼ਰੂਰਤ ਹੈ।

-ਗੁਰਮੀਤ ਸਿੰਘ ਵੇਰਕਾ
ਰਿਟਾਇਰਡ ਇੰਸਪੈਕਟਰ।

ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ
ਭਾਰਤ-ਚੀਨ ਵਿਵਾਦ ਅੱਜ ਸਾਰੀਆਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਿਆ ਹੋਇਆ ਹੈ। ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵੱਲੋਂ ਇਕ-ਦੂਜੇ 'ਤੇ ਸਰਹੱਦਾਂ ਦੀਆਂ ਉਲੰਘਣਾਵਾਂ ਦਾ ਦੋਸ਼ ਮੜ੍ਹਿਆ ਜਾ ਰਿਹਾ ਹੈ। ਇਕ-ਦੂਜੇ ਨੂੰ ਨਤੀਜਿਆਂ ਦੇ ਭੁਗਤਣ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ। ਅੱਜ ਤੱਕ ਕਿਸੇ ਦੇਸ਼ ਨੇ ਵੀ ਜੰਗਾਂ ਤੋਂ ਕੁਝ ਨਹੀਂ ਖੱਟਿਆ। ਜੰਗਾਂ ਤਬਾਹੀ ਦਾ ਕਾਰਨ ਬਣਦੀਆਂ ਹਨ। ਹੀਰੋਸ਼ੀਮਾ, ਨਾਗਾਸਾਕੀ ਤੇ ਪਹਿਲੀਆਂ ਦੋ ਸੰਸਾਰ ਜੰਗਾਂ ਦਾ ਸੰਤਾਪ ਅਜੇ ਤੱਕ ਲੋਕ ਭੋਗ ਰਹੇ ਹਨ। ਅੱਜ ਹਰੇਕ ਦੇਸ਼ ਕੋਲ ਮਾਰੂ ਹਥਿਆਰ ਹਨ, ਰਤਾ ਜਿੰਨੀ ਵੀ ਕੁਤਾਹੀ ਨਾਲ ਹੱਸਦੀ-ਵਸਦੀ ਦੁਨੀਆ ਰਾਖ ਦਾ ਢੇਰ ਹੋ ਸਕਦੀ ਹੈ। ਵਿਵਾਦਾਂ ਦਾ ਹੱਲ ਮਿਲ-ਬੈਠ ਕੇ ਸੁਲਝਾਇਆ ਜਾ ਸਕਦਾ ਹੈ। ਅੱਜ ਸੰਸਾਰ ਨੂੰ ਅਮਨ ਸ਼ਾਂਤੀ ਦੀ ਲੋੜ ਹੈ। ਅਸਲ੍ਹੇ ਦੇ ਵਪਾਰੀ ਤਾਂ ਜੰਗਾਂ-ਯੁੱਧਾਂ ਚਾਹੁੰਦੇ ਹੀ ਹਨ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ

ਰੁੱਖ ਲਗਾਓ
ਵਾਤਾਵਰਨ ਵਿਚ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ, ਫੈਕਟਰੀਆਂ, ਮੋਟਰ ਗੱਡੀਆਂ ਦਾ ਜ਼ਹਿਰੀਲਾ ਧੂੰਆਂ ਤੇ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਕਾਰਨ ਧਰਤੀ ਦਾ ਤਾਪਮਾਨ ਹਰ ਸਾਲ ਵਧਦਾ ਜਾਂਦਾ ਹੈ। ਨਤੀਜੇ ਵਜੋਂ ਬਾਰਿਸ਼ਾਂ ਨਾ-ਮਾਤਰ ਹੋਣ ਤੇ ਟੋਭੇ-ਤਲਾਅ ਸੁੱਕਣ ਕਾਰਨ ਜੀਵ-ਜੰਤੂਆਂ ਦਾ ਜਿਊਣਾ ਮੁਹਾਲ ਹੋ ਜਾਂਦਾ ਹੈ। ਬਰਸਾਤਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਇਨ੍ਹਾਂ ਦਿਨਾਂ 'ਚ ਲਗਾਏ ਪੌਦੇ ਜਲਦੀ ਹੀ ਜੜ੍ਹ ਫੜ ਲੈਂਦੇ ਹਨ ਤੇ ਛੇਤੀ ਵਧਦੇ ਫੁੱਲਦੇ ਹਨ। ਲੋੜ ਹੈ ਇਕ-ਇਕ ਬੂਟਾ ਲਗਾ ਕੇ ਸ਼ੁਰੂਆਤ ਕਰਨ ਦੀ।

-ਪਿਆਰਾ ਸਿੰਘ ਮਾਸਟਰ
ਨਕੋਦਰ।

13/07/2017

 ਕਿਸਾਨਾਂ ਦੀਆਂ ਸਮੱਸਿਆਵਾਂ ਤੇ ਕਰਜ਼ਾ
ਕਿਸਾਨ ਅੱਜ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਬਹੁਤ ਹੀ ਅਫ਼ਸੋਸ ਦੀ ਗੱਲ ਹੈ ਕਿ ਸਮੁੱਚੀ ਲੋਕਾਈ ਦਾ ਢਿੱਡ ਭਰਨ ਵਾਲਾ ਅੱਜ ਭੁੱਖੇ ਢਿੱਡ ਖ਼ੁਦਕੁਸ਼ੀਆਂ ਕਰ ਰਿਹਾ ਹੈ। ਮੌਤ ਨੂੰ ਗਲ ਲਾਉਣਾ ਸੌਖਾ ਨਹੀਂ ਹੁੰਦਾ। ਕੀ ਕਦੇ ਕਿਸੇ ਸਨਅਤਕਾਰ ਜਾਂ ਵਪਾਰੀ ਨੇ ਆਰਥਿਕ ਸੰਕਟ 'ਚ ਗੁਜ਼ਰਦਿਆਂ ਖ਼ੁਦਕੁਸ਼ੀ ਕੀਤੀ ਹੈ? ਕਿਸਾਨੀ ਜਿਣਸਾਂ ਦੇ ਭਾਅ ਓਨੀ ਤੇਜ਼ੀ ਨਾਲ ਨਹੀਂ ਵਧਦੇ, ਜਿੰਨੀ ਤੇਜ਼ੀ ਨਾਲ ਖੇਤੀ ਲਾਗਤ ਭਾਵ ਬੀਜ, ਦਵਾਈਆਂ, ਮਸ਼ੀਨਰੀ, ਖਾਦਾਂ ਆਦਿ ਦੇ ਭਾਅ ਵਧਦੇ ਹਨ। ਸਰਕਾਰ ਦਾ ਇਨ੍ਹਾਂ 'ਤੇ ਕੋਈ ਕੰਟਰੋਲ ਨਹੀਂ। ਕਿਸਾਨ ਜਥੇਬੰਦੀਆਂ ਨੂੰ ਖੇਤੀ ਮਸ਼ੀਨਰੀ ਬਣਾਉਣ ਵਾਲੇ ਅਤੇ ਦਵਾਈਆਂ, ਖਾਦਾਂ ਆਦਿ ਕੰਪਨੀਆਂ ਵਿਰੁੱਧ ਵੀ ਮੋਰਚੇ ਲਾਉਣੇ ਚਾਹੀਦੇ ਹਨ। ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਈਮਾਨਦਾਰ ਅਫ਼ਸਰਾਂ ਨੂੰ ਸਰਵੇਅ ਕਰਨ ਲਈ ਲਾਏ ਕਿ ਕਿਹੜੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨਾ ਹੈ। ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਕਿਸਾਨ ਬਚੇਗਾ ਤਾਂ ਦੇਸ਼ ਬਚੇਗਾ। ਸਰਕਾਰਾਂ ਹੁਣ ਨਾ ਜਾਗਣਗੀਆਂ ਤਾਂ ਕਦੋਂ ਜਾਗਣਗੀਆਂ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਚੁਕੰਨੇ ਰਹਿਣ ਦੀ ਲੋੜ
ਪੂਰੀ ਦੁਨੀਆ ਜਾਣਦੀ ਹੈ ਕਿ ਪਾਣੀ ਇਕ ਅਜਿਹਾ ਸਰੋਤ ਹੈ ਜਿਸ ਨੂੰ ਖ਼ਤਮ ਹੋਣ ਤੋਂ ਬਾਅਦ ਮੁੜ ਕਿਸੇ ਵੀ ਤਕਨੀਕ ਨਾਲ ਦੁਬਾਰਾ ਪੈਦਾ ਨਹੀਂ ਕੀਤਾ ਜਾ ਸਕਦਾ। ਪਾਣੀ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ। ਪਰ ਫਿਰ ਵੀ ਪਾਣੀ ਦੀ ਬਰਬਾਦੀ ਵੱਡੀ ਪੱਧਰ 'ਤੇ ਕੀਤੀ ਜਾ ਰਹੀ ਹੈ। ਅੱਜ ਪੰਜਾਬ ਦੇ ਅੰਕੜੇ ਦੱਸਦੇ ਹਨ ਕਿ ਪੰਜਾਬ ਦੇ ਤਕਰੀਬਨ 25 ਬਲਾਕਾਂ ਦਾ ਡੇਢ ਮੀਟਰ ਪਾਣੀ ਦਾ ਪੱਧਰ ਹੇਠਾਂ ਚਲਾ ਗਿਆ ਹੈ ਜਦ ਕਿ ਲੁਧਿਆਣੇ ਜ਼ਿਲ੍ਹੇ ਦਾ 1.29 ਮੀਟਰ ਪਾਣੀ ਹੇਠਾਂ ਚਲਾ ਗਿਆ ਦੱਸਿਆ ਜਾ ਰਿਹਾ ਹੈ। ਇਹ ਅੰਕੜੇ ਅੱਜ ਸਾਨੂੰ ਗੰਭੀਰ ਹੋਣ ਦੀ ਚਿਤਾਵਨੀ ਦੇ ਰਹੇ ਹਨ। ਪੰਜ ਆਬਾਂ ਵਾਲਾ ਪੰਜਾਬ ਅੱਜ ਢਾਈ ਆਬਾਂ ਦਾ ਹੀ ਰਹਿ ਗਿਆ ਹੈ, ਜਦ ਕਿ ਇਨ੍ਹਾਂ ਢਾਈ ਆਬਾਂ ਨੂੰ ਵੀ ਖੋਹਣ ਲਈ ਪੰਜਾਬ ਵਿਰੋਧੀ ਤਾਕਤਾਂ ਤਰਲੋ-ਮੱਛੀ ਹੋਈਆਂ ਪਈਆਂ ਹਨ, ਜਿਨ੍ਹਾਂ ਤੋਂ ਪੰਜਾਬੀਆਂ ਨੂੰ ਚੁਕੰਨੇ ਰਹਿਣ ਦੀ ਲੋੜ ਹੈ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਮਹਿੰਗੀ ਰੇਤਾ
ਪੰਜਾਬ ਵਿਚ ਅੱਜ ਆਮ ਲੋਕਾਂ ਲਈ ਘਰ ਬਣਾਉਣਾ ਬੇਹੱਦ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਅੱਜ ਰੇਤ ਦੇ ਭਾਅ ਅਸਮਾਨ ਨੂੰ ਛੂੰਹਦੇ ਨਜ਼ਰ ਆ ਰਹੇ ਹਨ। ਅਕਾਲੀ-ਭਾਜਪਾ ਸਰਕਾਰ ਸਮੇਂ ਵੀ ਰੇਤਾ ਦੀ ਕਾਲਾਬਾਜ਼ਾਰੀ ਦਾ ਮਸਲਾ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ। ਵਿਧਾਨ ਸਭਾ ਚੋਣਾਂ ਦੌਰਾਨ ਭਾਵੇਂ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਦੀ ਸਰਕਾਰ ਆਉਣ 'ਤੇ ਰੇਤਾ ਦੇ ਭਾਅ ਆਮ ਲੋਕਾਂ ਦੀ ਪਹੁੰਚ ਵਿਚ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਪਰ ਅੱਜ ਤਿੰਨ ਮਹੀਨੇ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਸਰਕਾਰ ਰੇਤਾ ਦੀ ਕੀਮਤ ਨੂੰ ਘੱਟ ਕਰਨ ਵਿਚ ਨਾਕਾਮ ਨਜ਼ਰ ਆ ਰਹੀ ਹੈ। ਆਏ ਦਿਨ ਰੇਤ ਦੇ ਵਧ ਰਹੇ ਭਾਅ ਲੋਕਾਂ ਲਈ ਭਾਰੀ ਮੁਸ਼ਕਿਲਾਂ ਪੈਦਾ ਕਰ ਰਹੇ ਹਨ। ਸੋ, ਸਰਕਾਰ ਨੂੰ ਲੋਕਾਂ ਅਤੇ ਵਿਰੋਧੀ ਧਿਰ ਦੇ ਵਿਦਰੋਹ ਤੋਂ ਬਚਣ ਲਈ ਰੇਤ ਦੀਆਂ ਕੀਮਤਾਂ ਨੂੰ ਆਮ ਬੰਦੇ ਦੀ ਪਹੁੰਚ ਵਿਚ ਕਰਨ ਲਈ ਕੋਈ ਠੋਸ ਨੀਤੀ ਜ਼ਰੂਰ ਘੜਨੀ ਚਾਹੀਦੀ ਹੈ ਤਾਂ ਜੋ ਹਰ ਕਿਸੇ ਨੂੰ ਆਪਣੀ ਮੁਢਲੀ ਜ਼ਰੂਰਤ ਘਰ ਬਣਾਉਣ ਵਿਚ ਆਸਾਨੀ ਹੋ ਸਕੇ।


-ਰਾਜਾ ਗਿੱਲ (ਚੜਿੱਕ)

12/07/2017

 ਕਾਂਗਰਸ ਸਰਕਾਰ ਦੇ ਸੌ ਦਿਨ
ਸੌ ਦਿਨ ਪੂਰੇ ਹੋਣ 'ਤੇ ਕਾਂਗਰਸ ਸਰਕਾਰ ਦੇ ਝੂਠੇ ਵਾਅਦਿਆਂ ਦੀ ਫੂਕ ਵੀ ਨਿਕਲ ਚੁੱਕੀ ਹੈ। ਆਮ ਨਾਗਰਿਕ ਤੋਂ ਸ਼ੁੱਧ ਪਾਣੀ ਅਤੇ ਬਿਜਲੀ ਆਦਿ ਦੀ ਸਹੂਲਤ ਖੁੱਸ ਚੁੱਕੀ ਹੈ। ਸਰਕਾਰ ਵੱਲੋਂ ਨਸ਼ਾ ਬੰਦ ਕਰਨ ਦੇ ਨਾਂਅ 'ਤੇ ਆਰ.ਐਮ.ਪੀ. ਡਾਕਟਰਾਂ ਦੀਆਂ ਦੁਕਾਨਾਂ ਤਾਂ ਬੰਦ ਕਰ ਦਿੱਤੀਆਂ ਗਈਆਂ ਪਰ ਆਮ ਲੋਕਾਂ ਲਈ ਸਿਹਤ ਸਹੂਲਤ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ। ਸਿੱਖਿਆ ਮੰਤਰੀ ਅਰੁਣਾ ਚੌਧਰੀ ਨੂੰ ਕਹਿਣਾ ਚਾਹੁੰਦੇ ਹਾਂ ਕਿ ਕੈਪਟਨ ਸਾਹਿਬ ਦੇ ਨਕਸ਼ੇ ਕਦਮ 'ਤੇ ਚਲ ਕੇ ਪੰਜਾਬੀ ਭਾਸ਼ਾ ਦੀ ਸੰਘੀ ਨਾ ਘੁੱਟੀ ਜਾਵੇ।


-ਲਖਵੀਰ ਕੌਰ
ਪਿੰਡ ਸੀਰਵਾਲੀ (ਮੁਕਤਸਰ)।


ਰੇਲਵੇ ਦਾ ਵਿਸਥਾਰ ਜ਼ਰੂਰੀ
ਦੇਸ਼ ਦੀ ਆਰਥਿਕਤਾ, ਸੁਰੱਖਿਆ ਸਥਿਤੀ ਅਤੇ ਆਪਸੀ ਨੇੜਤਾ ਵਧਾਉਣ ਲਈ ਰੇਲਵੇ ਦਾ ਹੋਰ ਵਿਸਥਾਰ ਕਰਨਾ ਬਹੁਤ ਹੀ ਉੱਤਮ ਹੋ ਸਕਦਾ ਹੈ। ਇਕ ਤਾਂ ਇਸ ਨਾਲ ਜਨ-ਸਾਧਾਰਨ ਨੂੰ ਰੁਜ਼ਗਾਰ ਮੁਹੱਈਆ ਹੋਵੇਗਾ, ਦੂਸਰਾ ਸੈਰ-ਸਪਾਟਾ ਉਦਯੋਗ ਵੀ ਪ੍ਰਫੁਲਿਤ ਹੋ ਸਕਦਾ ਹੈ, ਖ਼ਾਸ ਤੌਰ 'ਤੇ ਪਹਾੜੀ ਰਾਜਾਂ ਵਿਚ ਰੇਲਵੇ ਦਾ ਵਿਸਥਾਰ ਹੋਣਾ ਅਤਿ ਜ਼ਰੂਰੀ ਹੈ ਅਤੇ ਪ੍ਰਮੁੱਖ ਸ਼ਹਿਰ ਆਪਸ ਵਿਚ ਜੁੜਨ ਨਾਲ ਦੇਸ਼ ਦੀ ਆਰਥਿਕਤਾ, ਸੁਰੱਖਿਆ ਆਦਿ ਵੀ ਹੋਰ ਵਧੇਰੇ ਮਜ਼ਬੂਤ ਹੋਵੇਗੀ ਅਤੇ ਕਿਸੇ ਵੀ ਸੰਕਟ ਭਰੀ ਸਥਿਤੀ ਜਾਂ ਕੁਦਰਤੀ ਆਫ਼ਤਾਂ ਸਮੇਂ ਰੇਲਵੇ ਦਾ ਵਿਸਥਾਰ ਬਹੁਤ ਜ਼ਿਆਦਾ ਸਹਾਇਕ ਸਿੱਧ ਹੋ ਸਕਦਾ ਹੈ।


-ਮਾਸਟਰ ਸੰਜੀਵ ਧਰਮਾਣੀ
ਪਿੰਡ ਸੱਧੇਵਾਲ, ਡਾਕ: ਗੰਗੂਵਾਲ (ਸ੍ਰੀ ਅਨੰਦਪੁਰ ਸਾਹਿਬ)।


ਲੋਕਤੰਤਰ ਦੇ ਮੰਦਿਰ ਦੀ ਖਿੜਕੀ 'ਚੋਂ....!
ਭਾਰਤ ਦੁਨੀਆ ਦਾ ਵੱਡਾ ਲੋਕਤੰਤਰੀ ਦੇਸ਼ ਹੈ, ਜਿੱਥੇ ਲੋਕਾਂ ਨੂੰ ਆਪਣੀ ਇੱਛਾ ਅਤੇ ਮਰਜ਼ੀ ਅਨੁਸਾਰ ਆਪਣੇ ਨੁਮਾਇੰਦੇ ਚੁਣਨ ਦਾ ਸੰਪੂਰਨ ਸੰਵਿਧਾਨਕ ਅਧਿਕਾਰ ਪ੍ਰਾਪਤ ਹੈ। ਵਿਧਾਨ ਸਭਾ ਦੀਆਂ ਇਮਾਰਤਾਂ ਨੂੰ ਅਸੀਂ ਲੋਕਤੰਤਰ ਦਾ ਵੱਡਾ ਮੰਦਿਰ ਮੰਨਦੇ ਹਾਂ। ਪਰ ਜਦੋਂ ਲੋਕਤੰਤਰੀ ਮੰਦਿਰਾਂ ਦੀ ਖਿੜਕੀ 'ਚੋਂ ਅੰਦਰ ਝਾਤ ਮਾਰ ਕੇ ਦੇਖਦੇ ਹਾਂ ਤਾਂ ਇਸ ਤਰ੍ਹਾਂ ਲਗਦਾ ਹੈ ਜਿਵੇਂ ਅਸੀਂ ਕਿਸੇ ਜੰਗ ਦੇ ਮੈਦਾਨ ਦਾ ਦ੍ਰਿਸ਼ ਦੇਖ ਰਹੇ ਹੋਈਏ। ਸਾਡੇ ਦੇਸ਼ ਦੀਆਂ ਵਿਧਾਨ ਸਭਾਵਾਂ ਵਿਚ ਅਜਿਹੇ ਦ੍ਰਿਸ਼ ਆਮ ਵਰਤਾਰਾ ਬਣਦੇ ਜਾ ਰਹੇੇ ਹਨ। ਲੋਕਾਂ ਦੇ ਕਰੋੜਾਂ ਰੁਪਈਏ ਇਕ-ਇਕ ਸੈਸ਼ਨ ਵਿਚ ਬਿਨਾਂ ਸਾਰਥਿਕ ਨਤੀਜਿਆਂ ਦੇ ਸਵਾਹ ਕਰ ਦਿੱਤੇ ਜਾਂਦੇ ਹਨ ਅਤੇ ਲੋਕਾਂ ਦੀ ਆਸ ਦਾ ਬੂਰ ਫਲ਼ ਬਣਨ ਤੋਂ ਪਹਿਲਾਂ ਹੀ ਕਿਰ ਜਾਂਦਾ ਹੈ। ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਲੋਕਤੰਤਰ ਦੇ ਅਸਲੀ ਅਰਥ ਗੁਆਚ ਗਏ ਹੋਣ। ਪਰ ਸਾਡੇ ਨੁਮਾਇੰਦਿਆਂ ਨੂੰ ਗੰਭੀਰਤਾ, ਸੰਜਮ ਅਤੇ ਸਲੀਕੇ ਤੋਂ ਕੰਮ ਲੈਣਾ ਚਾਹੀਦਾ ਹੈ ਤਾਂ ਜੋ ਲੋਕਤੰਤਰੀ ਮੰਦਿਰਾਂ ਦੀ ਪਵਿੱਤਰਤਾ ਅਤੇ ਲੋਕਤੰਤਰ ਦੀ ਭਰੋਸੇਯੋਗਤਾ ਬਣੀ ਰਹੇ।


-ਸੁਖਵੀਰ ਘੁਮਾਣ ਦਿੜ੍ਹਬਾ।

11-07-2017

 ਨਵੀਂ ਸੱਭਿਆਚਾਰਕ ਨੀਤੀ

ਸਾਡੀ ਸੱਭਿਅਤਾ, ਸਾਰਾ ਵਿਰਸਾ, ਜਿਸ 'ਤੇ ਅਸੀਂ ਮਾਣ ਕਰਿਆ ਕਰਦੇ ਸਾਂ, ਅੱਜ ਉਹ ਅਲੋਪ ਹੁੰਦੇ ਜਾ ਰਹੇ ਹਨ। ਜਿਥੇ ਅਸੀਂ ਮਾਂ-ਬੋਲੀ ਨੂੰ ਮਨੋਂ ਵਿਸਾਰ ਰਹੇ ਹਾਂ, ਉਥੋਂ ਅਸੀਂ ਮਨੁੱਖੀ ਕਦਰਾਂ-ਕੀਮਤਾਂ ਤੋਂ ਵੀ ਦੂਰ ਹੁੰਦੇ ਜਾ ਰਹੇ ਹਾਂ। ਸਰਕਾਰ ਵੱਲੋਂ ਸੱਭਿਆਚਾਰ ਅਤੇ ਵਿਰਸੇ ਨੂੰ ਬਚਾਉਣ ਲਈ ਕੀਤੀ ਗਈ ਪਹਿਲਕਦਮੀ ਸ਼ਲਾਘਾਯੋਗ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਇਸ 'ਤੇ ਸੱਚੇ ਦਿਲੋਂ ਅਮਲ ਹੁੰਦਾ ਹੈ ਜਾਂ ਨਹੀਂ। ਜੇ ਚੰਗਾ ਲਿਖਣ ਵਾਲੇ, ਚੰਗਾ ਗਾਉਣ ਵਾਲੇ ਅਤੇ ਵਧੀਆ ਫ਼ਿਲਮਾਉਣ ਵਾਲੇ ਲੋਕਾਂ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ ਤਾਂ ਇਹ ਆਪਣੀ ਸੱਭਿਅਤਾ ਤੇ ਵਿਰਸੇ ਨੂੰ ਬਚਾਉਣ ਵੱਲ ਵਧੀਆ ਕਦਮ ਹੋਵੇਗਾ। ਇਤਿਹਾਸਕ ਅਤੇ ਧਾਰਮਿਕ ਵਿਰਾਸਤ ਨੂੰ ਬਚਾਉਣਾ ਵੀ ਤਾਂ ਸਾਡੇ ਸੱਭਿਆਚਾਰ ਦਾ ਹਿੱਸਾ ਹੈ। ਆਪਣੇ ਸੱਭਿਆਚਾਰਕ ਵਿਰਸੇ ਨੂੰ ਬਚਾਈ ਰੱਖਣ ਲਈ ਸਰਕਾਰਾਂ ਦੀ ਪਹਿਲਕਦਮੀ ਦੇ ਨਾਲ-ਨਾਲ ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਹੈ।

-ਸਮਿੱਤਰ ਸਿੰਘ
#142, ਦਸਮੇਸ਼ ਨਗਰ, ਝੁੰਗੀਆਂ ਰੋਡ, ਖਰੜ।

ਜਾਤਪਾਤ ਦੇ ਨਾਂਅ 'ਤੇ

ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਨਜ਼ਦੀਕ ਜਾਤ ਬਰਾਦਰੀ ਦੇ ਨਾਂਅ 'ਤੇ ਵੱਡੀ ਪੱਧਰ 'ਤੇ ਮਾਰਧਾੜ ਕਰਕੇ ਮਾਹੌਲ ਵਿਗਾੜਿਆ ਗਿਆ। ਗੁਰੂ ਸਾਹਿਬਾਨਾਂ ਤੇ ਮਹਾਨ ਭਗਤਾਂ ਨੇ ਜਾਤ-ਪਾਤ ਨੂੰ ਮਿਟਾਉਣ ਲਈ ਬੜੇ ਯਤਨ ਕੀਤੇ। ਪਰ ਦੁੱਖ ਹੈ ਕਿ ਉਨ੍ਹਾਂ ਦੇ ਯਤਨ ਬਹੁਤੇ ਸਫਲ ਨਹੀਂ ਹੋਏ। ਪਿਛਲੇ ਲੰਮੇ ਸਮੇਂ ਤੋਂ ਸਿਆਸਤਦਾਨ ਧਰਮਾਂ-ਜਾਤਾਂ ਦੇ ਨਾਂਅ 'ਤੇ ਰੱਜ ਕੇ ਸਿਆਸਤ ਕਰਦੇ ਆ ਰਹੇ ਹਨ। ਇਸ ਤੋਂ ਵੀ ਚਿੰਤਾਜਨਕ ਗੱਲ ਇਹ ਹੈ ਕਿ ਅੱਜ ਜਾਤ ਦੇ ਨਾਂਅ 'ਤੇ ਮਰਦਮਸ਼ੁਮਾਰੀਆਂ ਕਰਵਾਈਆਂ ਜਾਣ ਲੱਗੀਆਂ ਹਨ। ਇਹ ਵਰਤਾਰਾ ਜਿੱਥੇ ਬਹੁਤੇ ਭਾਈਚਾਰਿਆਂ 'ਚ ਨਫ਼ਰਤਾਂ ਪੈਦਾ ਕਰ ਰਿਹਾ ਹੈ, ਉਥੇ ਅਜਿਹਾ ਕਰਨਾ ਸੰਵਿਧਾਨ ਦੇ ਵੀ ਉਲਟ ਹੈ। ਭਾਰਤੀ ਸਮਾਜ ਵਿਚੋਂ ਜਾਤ-ਪਾਤ ਵਰਗੀ ਬੁਰਾਈ ਨੂੰ ਖ਼ਤਮ ਕਰਨ ਲਈ ਵੱਡੇ ਪੱਧਰ 'ਤੇ ਯਤਨ ਆਰੰਭ ਕਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ ਹੀ ਰਾਸ਼ਟਰ ਦੇ ਹਿਤ ਸੁਰੱਖਿਅਤ ਰਹਿ ਸਕਦੇ ਹਨ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਦੋਸ਼ੀ ਕੌਣ?

'ਖੇਡ ਜਗਤ' ਅੰਕ ਵਿਚ ਪ੍ਰੋ: ਪਰਮਜੀਤ ਸਿੰਘ ਰੰਧਾਵਾ ਦਾ ਲੇਖ 'ਕੀ ਦੋਸ਼ੀ ਸਾਡੇ ਚੋਣਕਾਰ ਜਾਂ ਵਿਦੇਸ਼ੀ ਕੋਚ?' ਕੌੜੀ ਸਚਾਈ ਬਿਆਨ ਕਰਦਾ ਹੈ। ਇਹ ਸਚਾਈ ਸਿਰਫ ਕੌਮੀ ਹਾਕੀ ਟੀਮ ਦੀ ਹੀ ਨਹੀਂ, ਸਗੋਂ ਭਾਰਤ ਵਿਚ ਹਰ ਖੇਡ ਦੀ ਹੀ ਹੈ। ਇਥੇ ਸਕੂਲਾਂ ਦੇ ਮੁਕਾਬਲਿਆਂ ਤੋਂ ਹੀ ਜੁਗਾੜੀ ਲੋਕ ਆਪਣਾ ਜੁਗਾੜ ਲਾਉਣ ਲੱਗ ਜਾਂਦੇ ਹਨ, ਜਿਨ੍ਹਾਂ ਨੂੰ ਖੇਡਾਂ ਅਤੇ ਦੇਸ਼ ਦੀ ਇੱਜ਼ਤ ਨਾਲੋਂ ਨਿੱਜੀ ਹਿਤ ਪਿਆਰੇ ਹੁੰਦੇ ਹਨ। ਕੁਝ ਬਹੁਤ ਹੀ ਸਿਦਕੀ ਲੰਮਾ ਸੰਘਰਸ਼ ਤਾਂ ਕਰਦੇ ਹਨ ਪਰ ਉਨ੍ਹਾਂ ਦਾ ਮੁੱਲ ਨਹੀਂ ਪੈਂਦਾ। ਇਸ ਲਈ ਅੱਜ ਲੋੜ ਹੈ, ਇਨ੍ਹਾਂ ਜੁਗਾੜੀ ਲੋਕਾਂ 'ਤੇ ਸ਼ਿਕੰਜਾ ਕੱਸਣ ਦੀ, ਤਾਂ ਕਿ ਸਾਡੀ ਕੌਮੀ ਖੇਡ ਹਾਕੀ ਬੁਲੰਦੀ ਵੱਲ ਜਾ ਸਕੇ।

-ਸਿਮਰਨ ਔਲਖ
ਪਿੰਡ ਸੀਰਵਾਲੀ
(ਸ੍ਰੀ ਮੁਕਤਸਰ ਸਾਹਿਬ)।

10-07-2017

 ਕਿਤਾਬਾਂ ਸਾਡੀਆਂ ਹਮਸਫ਼ਰ
ਬੀਤੇ ਦਿਨੀਂ ਸੰਪਾਦਕੀ ਪੰਨੇ 'ਤੇ ਮਾਣਯੋਗ ਲੇਖਕ ਤਰਨਜੀਤ ਸਿੰਘ ਰੰਧਾਵਾ ਦਾ ਆਰਟੀਕਲ 'ਕਿਤਾਬਾਂ ਸਾਡੀਆਂ ਹਮਸਫ਼ਰ' ਪੜ੍ਹਿਆ, ਬਹੁਤ ਹੀ ਲਾਹੇਵੰਦ ਸੀ। ਲੇਖਕ ਅਨੁਸਾਰ ਕਿਤਾਬਾਂ ਸਾਡੇ ਜੀਵਨ ਵਿਚ ਅਹਿਮ ਸਥਾਨ ਰੱਖਦੀਆਂ ਹਨ। ਉਹ ਅਥਾਹ ਗਿਆਨ ਭੰਡਾਰ ਹੋਣ ਕਾਰਨ ਸਾਨੂੰ ਚੰਗਾ ਜੀਵਨ ਆਚਰਣ, ਨੈਤਿਕ ਅਤੇ ਅਗਾਂਹਵਧੂ ਸੋਚ ਪ੍ਰਦਾਨ ਕਰਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਮਾਨਸਿਕ ਤਣਾਅ ਤੋਂ ਨਿਜਾਤ ਮਿਲਦੀ ਹੈ। ਇਹ ਸਾਡੇ ਸ਼ਬਦ ਭੰਡਾਰ ਵਿਚ ਵਾਧਾ ਕਰਦੀਆਂ ਹਨ। ਸਾਡੇ ਰਹਿਬਰਾਂ ਨੇ ਵੀ ਕਿਤਾਬਾਂ ਦੀ ਮਹੱਤਤਾ ਨੂੰ ਬਹੁਤ ਉੱਚਾ ਦੱਸਿਆ ਹੈ। ਇਨ੍ਹਾਂ ਨੂੰ ਪੜ੍ਹਨ ਨਾਲ ਮਨੁੱਖ ਅੰਦਰ ਗਿਆਨ ਦਾ ਪ੍ਰਵਾਹ ਚਲਦਾ ਹੈ ਤੇ ਦਲੀਲ ਨਾਲ ਗੱਲ ਕਰਨ ਦੀ ਸਮਰੱਥਾ ਤੇ ਸਮਝ ਆਉਂਦੀ ਹੈ। ਕਿਤਾਬਾਂ 'ਤੇ ਲਗਾਇਆ ਧਨ ਅਤੇ ਸਮਾਂ ਕਦੇ ਬਰਬਾਦ ਨਹੀਂ ਹੁੰਦਾ। ਚੰਗੀਆਂ ਪੁਸਤਕਾਂ ਸਾਡਾ ਬਹੁਤ ਹੀ ਕੀਮਤੀ ਖਜ਼ਾਨਾ ਹਨ।

-ਮਾ: ਦੇਵ ਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

ਦੋਸਤੀ ਤੱਕ ਦਾ ਸਫ਼ਰ
ਇਹ ਜ਼ਰੂਰੀ ਨਹੀਂ ਕਿ ਦੋਸਤੀ ਸਿਰਫ਼ ਹਮਉਮਰ ਨਾਲ ਹੀ ਹੋ ਸਕਦੀ ਹੈ। ਦੋਸਤ ਦੀ ਖਾਸੀਅਤ ਇਹ ਹੁੰਦੀ ਹੈ ਕਿ ਦੋਸਤ ਸਾਨੂੰ ਸਮਝਣ ਵਾਲਾ ਹੋਵੇ। ਸੱਚਾ ਦੋਸਤ ਮਿਲਣਾ ਮੁਸ਼ਕਿਲ ਹੁੰਦਾ ਹੈ। ਅੱਜ ਦੇ ਸਮੇਂ ਵਿਚ ਲੋਕਾਂ ਨੇ ਦੋਸਤੀ ਦੇ ਅਰਥਾਂ ਨੂੰ ਹੀ ਬਦਲ ਕੇ ਰੱਖ ਦਿੱਤਾ ਹੈ। ਅਸਲ ਦੋਸਤ ਉਹ ਹੁੰਦਾ ਹੈ ਜੋ ਮੁਸ਼ਕਿਲ ਸਮੇਂ ਵਿਚ ਕੰਮ ਆਵੇ। ਸੁੱਖ ਵਿਚ ਹਿੱਸਾ ਪਾਉਣ ਤਾਂ ਸੱਤ ਬੇਗਾਨੇ ਵੀ ਆ ਜਾਂਦੇ ਹਨ। ਸੱਚਾ ਦੋਸਤ ਉਹੀ ਹੁੰਦਾ ਹੈ ਜੋ ਕੋਲ ਰਹਿ ਕੇ ਸਾਨੂੰ ਸਾਡੀਆਂ ਬੁਰਾਈਆਂ ਤੋਂ ਜਾਣੂ ਕਰਵਾਏ। ਨਹੀਂ ਤਾਂ ਤੋਹਮਤਾਂ ਤਾਂ ਦੁਸ਼ਮਣ ਵੀ ਲਗਾ ਲੈਂਦੇ ਨੇ।

-ਗਗਨ ਬਰਾੜ
ਸ੍ਰੀ ਮੁਕਤਸਰ ਸਾਹਿਬ।

ਨੇਤਾਵਾਂ ਦੀ ਅਮੀਰੀ
ਬੇਸ਼ੱਕ ਅੱਜ ਵੀ ਸਾਡੇ ਦੇਸ਼ ਵਿਚ ਉੱਚੇ-ਸੁੱਚੇ ਆਚਰਣ ਵਾਲੇ ਨੇਤਾਵਾਂ ਦੀ ਘਾਟ ਨਹੀਂ ਹੈ ਪਰ ਬਹੁ-ਗਿਣਤੀ ਭ੍ਰਿਸ਼ਟ ਨੇਤਾਵਾਂ ਦੀ ਹੀ ਹੈ। ਸਾਡੇ ਇਹ ਲੀਡਰ ਦਿਨੋ-ਦਿਨ ਅਮੀਰ ਹੋ ਰਹੇ ਹਨ। 1980 ਦੇ ਦਹਾਕੇ ਵਿਚ ਕਈ ਲੀਡਰਾਂ ਦੀ ਨਿੱਜੀ ਜਾਇਦਾਦ ਹਜ਼ਾਰਾਂ, ਲੱਖਾਂ ਵਿਚ ਸੀ ਜੋ ਕਿ ਅੱਜ ਕਰੋੜਾਂ, ਅਰਬਾਂ ਵਿਚ ਹੋ ਚੁੱਕੀ ਹੈ। ਇਹ ਲੋਕ ਕੁਝ ਸਮੇਂ ਵਿਚ ਹੀ ਵੱਡੀਆਂ ਕੰਪਨੀਆਂ, ਟਰਾਂਸਪੋਰਟਾਂ ਪੈਟਰੋਲ ਪੰਪਾਂ ਆਦਿ ਦੇ ਮਾਲਕ ਬਣ ਚੁੱਕੇ ਹਨ। ਸਾਡਾ ਇਨਕਮ ਟੈਕਸ ਵਿਭਾਗ ਅਤੇ ਜਾਂਚ ਏਜੰਸੀਆਂ ਇਨ੍ਹਾਂ ਭ੍ਰਿਸ਼ਟ ਲੀਡਰਾਂ ਤੇ ਇਨ੍ਹਾਂ ਦੀ ਆਮਦਨ ਦੇ ਸਾਧਨਾਂ ਬਾਰੇ ਕਿਉਂ ਨਹੀਂ ਪੁੱਛਦੀਆਂ? ਇਹ ਵੀ ਪੜਤਾਲ ਕਰਨ ਕਿ ਇਨ੍ਹਾਂ ਨੇ ਵੱਡੇ ਸ਼ਹਿਰਾਂ ਵਿਚ ਕੋਠੀਆਂ ਅਤੇ ਵੱਡੀਆਂ ਗੱਡੀਆਂ ਕਿਹੜੇ ਪੈਸੇ ਨਾਲ ਖਰੀਦੀਆਂ ਹਨ। ਦੇਸ਼ ਵਿਚੋਂ ਭ੍ਰਿਸ਼ਟਾਚਾਰ ਖਤਮ ਕਰਨ ਲਈ ਕਾਨੂੰਨ ਨੂੰ ਸਖਤਾਈ ਨਾਲ ਲਾਗੂ ਕਰਨਾ ਪਵੇਗਾ ਅਤੇ ਦੋਸ਼ੀਆਂ ਨੂੰ ਸਜ਼ਾ ਵੀ ਦੇਣੀ ਹੋਵੇਗੀ।

-ਲੱਖੀ ਗਿੱਲ ਧਨਾਨਸੂ

ਜਾਤ-ਪਾਤ
ਇਕ ਜੁਲਾਈ ਦੇ ਅੰਕ ਵਿਚ ਛਪਿਆ ਪੂਰਨ ਚੰਦ ਸਰੀਨ ਦਾ ਲੇਖ 'ਅਜੇ ਵੀ ਜਾਤ-ਪਾਤ ਤੋਂ ਉਭਰ ਨਹੀਂ ਸਕਿਆ ਦੇਸ਼' ਬਹੁਤ ਪਸੰਦ ਆਇਆ। ਅਸਲੀਅਤ ਵਿਚ, ਅੱਜ ਸੰਵਿਧਾਨ ਵਿਚ ਰਹਿ ਗਈਆਂ ਕਮਜ਼ੋਰੀਆਂ ਵਿਚ ਸੋਧ ਕਰਨੀ ਚਾਹੀਦੀ ਹੈ। ਜਾਤ-ਪਾਤ ਦੇ ਨਾਂਅ 'ਤੇ ਹੁੰਦੀ ਹਿੰਸਾ ਅਤੇ ਰਾਖਵਾਂਕਰਨ ਨੂੰ ਖਤਮ ਕਰਨ ਦੀ ਲੋੜ ਹੈ ਤਾਂ ਕਿ ਸਾਰੇ ਦੇਸ਼ ਵਾਸੀ ਬਰਾਬਰ ਦੇ ਅਧਿਕਾਰਾਂ ਨੂੰ ਮਾਣ ਸਕਣ। ਸ੍ਰੀ ਨਰਿੰਦਰ ਮੋਦੀ ਵੱਡੇ ਫੈਸਲੇ ਲੈਣ ਵਾਲੇ ਪ੍ਰਧਾਨ ਮੰਤਰੀ ਵਜੋਂ ਮਸ਼ਹੂਰ ਹਨ ਤੇ ਸਾਨੂੰ ਆਸ ਹੈ ਕਿ ਉਹ ਇਸ ਬਾਰੇ ਛੇਤੀ ਕੋਈ ਫ਼ੈਸਲਾ ਲੈਣਗੇ।

-ਸਿਮਰਨ ਔਲਖ
ਪਿੰਡ ਸੀਰਵਾਲੀ (ਸ੍ਰੀ ਮੁਕਤਸਰ ਸਾਹਿਬ।

06/07/2017

 ਜਮਹੂਰੀਅਤ ਦਾ ਜਨਾਜ਼ਾ
ਲੋਕਤੰਤਰੀ ਵਿਵਸਥਾ ਅੰਦਰ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧ ਵਿਧਾਨ ਸਭਾ 'ਚ ਜਾ ਕੇ ਲੋਕ ਮਸਲੇ ਉਠਾਉਣ ਦੇ ਫ਼ਰਜ਼ ਅਦਾ ਕਰਦੇ ਹਨ ਪਰ ਪੰਜਾਬ ਦੇ ਲੋਕਾਂ ਨੂੰ ਜੰਗ ਦਾ ਅਖਾੜਾ ਬਣੀ ਵਿਧਾਨ ਸਭਾ ਦੇ ਦ੍ਰਿਸ਼ਾਂ ਨੇ ਬੇਹੱਦ ਨਿਰਾਸ਼ ਕੀਤਾ ਹੈ। ਸੱਤ ਦਹਾਕੇ ਬੀਤਣ ਦੇ ਬਾਵਜੂਦ ਸਾਡਾ ਲੋਕਤੰਤਰ ਅਜੇ ਬਚਪਨ ਦੀਆਂ ਦਹਿਲੀਜ਼ਾਂ ਟੱਪਿਆ ਵੀ ਨਹੀਂ ਜਾਪਦਾ। ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਦਾਅਵੇ ਮਿੱਟੀ 'ਚ ਮਿਲੇ ਜਾਪ ਰਹੇ ਹਨ।
ਆਖਰ ਦੇਸ਼ ਦੇ ਲੋਕ ਕਦੋਂ ਤੱਕ ਅਜਿਹਾ ਤਮਾਸ਼ਾ ਚੁੱਪ-ਚਾਪ ਦੇਖਦੇ ਰਹਿਣਗੇ। ਸੋ, ਸਮੇਂ ਦੀ ਅਹਿਮ ਲੋੜ ਹੈ ਕਿ ਲੋਕਾਂ ਦੇ ਪ੍ਰਤੀਨਿਧਾਂ ਲਈ ਸਦਨਾਂ ਅੰਦਰ ਬਣਦੇ ਸਤਿਕਾਰ ਦੀ ਵਿਵਸਥਾ ਕੀਤੀ ਜਾਵੇ ਅਤੇ ਸਦਨ ਚਲਾਉਣ ਦੀ ਜ਼ਿੰਮੇਵਾਰੀ ਹੰਢੇ ਵਰਤੇ ਲੋਕ ਪ੍ਰਤੀਨਿਧਾਂ ਦੇ ਸਪੁਰਦ ਕੀਤੀ ਜਾਵੇ। ਹਰ ਪਾਰਟੀ ਦੇ ਕਾਰਕੁੰਨਾਂ ਨੂੰ ਸੰਜਮ ਅਤੇ ਸਹਿਣਸ਼ੀਲਤਾ ਦਾ ਪੱਲਾ ਘੁੱਟ ਕੇ ਫੜਨ ਦੀ ਵੀ ਜ਼ਰੂਰਤ ਹੈ।


-ਪ੍ਰਿੰ: ਭੁਪਿੰਦਰ ਸਿੰਘ ਢਿੱਲੋਂ
ਦੀਪਗੜ੍ਹ (ਬਰਨਾਲਾ)।


ਵਿਧਾਨ ਸਭਾ ਦਾ ਸਿੱਧਾ ਪ੍ਰਸਾਰਨ
ਚੋਣਾਂ ਦੌਰਾਨ ਲੋਕਾਂ ਨੂੰ ਸਬਜ਼ਬਾਗ ਦਿਖਾ ਕੇ ਲੀਡਰ ਸੱਤਾ ਪ੍ਰਾਪਤ ਕਰਦੇ ਹਨ ਪਰ ਸੱਤਾ ਪ੍ਰਾਪਤੀ ਤੋਂ ਬਾਅਦ ਜਿਥੇ ਬੈਠ ਕੇ ਲੀਡਰਾਂ ਵੱਲੋਂ ਸੂਬੇ ਦੀ ਬਿਹਤਰੀ, ਕਿਸਾਨੀ ਤੇ ਜਵਾਨੀ ਦੀ ਭਲਾਈ ਲਈ ਵਿਉਂਤਬੰਦੀ ਕਰਨੀ ਹੁੰਦੀ ਹੈ, ਉਸ ਜਗ੍ਹਾ ਨੂੰ ਲੀਡਰਾਂ ਵੱਲੋਂ ਜੰਗ ਦਾ ਮੈਦਾਨ ਬਣਾਇਆ ਜਾ ਰਿਹਾ ਹੈ। ਬੀਤੇ ਦਿਨੀਂ ਵਿਧਾਨ ਸਭਾ 'ਚ ਜੋ ਕੁਝ ਹੋਇਆ, ਉਸ ਨਾਲ ਸਮੁੱਚੇ ਸੂਬੇ ਦੇ ਲੋਕ ਮਨਾਂ ਵਿਚ ਮਾਯੂਸੀ ਛਾਈ ਹੋਈ ਹੈ। ਲੋਕ ਦੇਖਣਾ ਚਾਹੁੰਦੇ ਹਨ ਕਿ ਆਖਰ ਵਿਧਾਨ ਸਭਾ ਅੰਦਰ ਉਨ੍ਹਾਂ ਵੱਲੋਂ ਚੁਣੇ ਲੀਡਰ ਕੀ ਕਰਦੇ ਹਨ।
ਭਵਿੱਖ ਵਿਚ ਵਿਧਾਨ ਸਭਾ ਦੀ ਸਮੁੱਚੀ ਕਾਰਵਾਈ ਦਾ ਟੀ.ਵੀ. 'ਤੇ ਸਿੱਧਾ ਪ੍ਰਸਾਰਨ ਕੀਤਾ ਜਾਵੇ ਤਾਂ ਜੋ ਲੋਕ ਵੀ ਦੇਖ ਸਕਣ ਕਿ ਉਨ੍ਹਾਂ ਦੇ ਚੁਣੇ ਲੀਡਰ ਲੋਕ ਹਿੱਤਾਂ ਦੀ ਗੱਲ ਕਰਦੇ ਵੀ ਹਨ ਜਾਂ ਨਹੀਂ। ਅਜਿਹਾ ਕਰਨ ਨਾਲ ਲੋਕ ਚੰਗੇ-ਮਾੜੇ ਦੀ ਪਹਿਚਾਣ ਕਰ ਲੈਣਗੇ ਤੇ ਭਵਿੱਖ ਵਿਚ ਸੋਚ ਸਮਝ ਕੇ ਮਤਦਾਨ ਕਰਨਗੇ।


-ਰਵਿੰਦਰ ਕਸਾਣਾ ਸੂਰਾਪੁਰੀ
ਕਾਠਗੜ੍ਹ।


ਗ਼ਰੀਬਾਂ ਦਾ ਕਰਜ਼ਾ ਮੁਆਫ਼ ਹੋਵੇ
ਪੰਜਾਬ ਸਰਕਾਰ ਵੱਲੋਂ ਬਜਟ ਸੈਸ਼ਨ ਵਿਚ ਕੀਤੇ ਗਏ ਕਰਜ਼ਾ ਮੁਆਫ਼ੀ ਦੇ ਐਲਾਨ ਨਾਲ ਛੋਟੇ ਕਿਸਾਨਾਂ ਨੂੰ ਬਹੁਤ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਸਰਕਾਰ ਦਾ ਇਹ ਇਕ ਸ਼ਲਾਘਾਯੋਗ ਕਦਮ ਹੈ। ਅਸੀਂ ਇਥੇ ਨਾਲ ਹੀ ਸਰਕਾਰ ਦਾ ਧਿਆਨ ਉਨ੍ਹਾਂ ਗਰੀਬ ਮਜ਼ਦੂਰਾਂ ਵੱਲ ਵੀ ਦੁਆਉਣਾ ਚਾਹੁੰਦੇ ਹਾਂ, ਜਿਨ੍ਹਾਂ ਨੇ ਬੈਂਕਾਂ ਤੋਂ ਥੋੜ੍ਹਾ ਬਹੁਤ ਕਰਜ਼ਾ ਲਿਆ ਹੈ ਪਰ ਵਾਪਸ ਕਰਨ ਦੇ ਸਮਰੱਥ ਨਹੀਂ। ਕੀ ਇਹ ਇਨ੍ਹਾਂ ਗ਼ਰੀਬ ਮਜ਼ਦੂਰਾਂ ਨਾਲ ਬੇਇਨਸਾਫ਼ੀ ਨਹੀਂ?
ਇਹ ਗ਼ਰੀਬ ਅਨਪੜ੍ਹ ਮਜ਼ਦੂਰ ਆਪਣੀ ਆਵਾਜ਼ ਬੁਲੰਦ ਨਹੀਂ ਕਰ ਸਕਦੇ। ਗ਼ਰੀਬ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀਆਂ ਸੰਸਥਾਵਾਂ ਯੂਨੀਅਨਾਂ ਨੂੰ ਬੇਨਤੀ ਹੈ ਕਿ ਉਹ ਵੀ ਮਜ਼ਦੂਰਾਂ ਦੀ ਮੰਗ ਪੰਜਾਬ ਸਰਕਾਰ ਅੱਗੇ ਰੱਖਣ ਦੀ ਕ੍ਰਿਪਾਲਤਾ ਕਰਨ।


-ਪਰਮਿੰਦਰ ਸਿੰਘ

05/07/2017

 ਗੰਭੀਰਤਾ ਦੀ ਲੋੜ
ਪਿਛਲੇ ਦਿਨੀਂ ਇਕ ਮਹਿਲਾ ਪੁਲਿਸ ਮੁਲਾਜ਼ਮ ਵੱਲੋਂ ਆਤਮ-ਹੱਤਿਆ ਕਰ ਲੈਣਾ ਸਮੁੱਚੇ ਪੁਲਿਸ ਪ੍ਰਸ਼ਾਸਨ ਲਈ ਵੱਡੀ ਸ਼ਰਮ ਵਾਲੀ ਗੱਲ ਹੈ। ਪਿਛਲੇ ਲੰਮੇ ਸਮੇਂ ਤੋਂ ਇਹ ਕਿਹਾ ਜਾਣ ਲੱਗਾ ਹੈ ਕਿ ਪੁਲਿਸ ਪ੍ਰਸ਼ਾਸਨ 'ਚ ਮਾੜੇ ਆਚਰਨ ਵਾਲੇ ਲੋਕ ਘੁਸਪੈਠ ਕਰ ਚੁੱਕੇ ਹਨ। ਆਤਮ-ਹੱਤਿਆ ਬੰਦਾ ਉਦੋਂ ਕਰਦਾ ਹੈ ਜਦੋਂ ਉਹ ਇਨਸਾਫ਼ ਦੀ ਆਸ ਛੱਡ ਦੇਵੇ ਜਾਂ ਕਿਸੇ ਵੱਲੋਂ ਡਾਢਾ ਪ੍ਰੇਸ਼ਾਨ ਕਰ ਦਿੱਤਾ ਗਿਆ ਹੋਵੇ। ਇਸ ਲੜਕੀ ਨੂੰ ਉਸ ਸਿਰ ਫਿਰੇ ਮੁਨਸ਼ੀ ਵੱਲੋਂ ਕਿੰਨਾ ਕੁ ਤੰਗ ਪ੍ਰੇਸ਼ਾਨ ਤੇ ਮਾਨਸਿਕ ਤਸੀਹੇ ਦਿੱਤੇ ਗਏ ਹੋਣਗੇ ਕਿ ਉਸ ਨੇ ਮੌਤ ਨੂੰ ਹੀ ਗਲੇ ਲਾਉਣਾ ਬਿਹਤਰ ਸਮਝਿਆ। ਸਵਾਲ ਉਠਦਾ ਹੈ ਕਿ ਜਦ ਉਸ ਨੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ ਤਾਂ ਉਸ ਨੂੰ ਪੂਰੀ ਗੰਭੀਰਤਾ ਨਾਲ ਕਿਉਂ ਨਾ ਲਿਆ ਗਿਆ? ਅਮਨਪ੍ਰੀਤ ਕੌਰ ਦੀ ਤਰ੍ਹਾਂ ਹੋਰ ਮਹਿਲਾਵਾਂ ਪੁਲਿਸ ਪ੍ਰਸ਼ਾਸਨ ਵਿਚ ਘੁਟਣ ਮਹਿਸੂਸ ਕਰਦੀਆਂ ਹੋਣਗੀਆਂ? ਦੂਜੇ ਪਾਸੇ ਦੋਸ਼ੀ ਮੰਨੇ ਜਾਂਦੇ ਮੁਨਸ਼ੀ ਦੇ ਘਰ ਵਾਲੀ ਦਾ ਕਹਿਣਾ ਹੈ ਕਿ ਜੇ ਉਸ ਦਾ ਪਤੀ ਦੋਸ਼ੀ ਹੈ ਤਾਂ ਉਸ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ ਕਿਉਂਕਿ ਇਕ ਔਰਤ ਹੀ ਦੂਜੀ ਔਰਤ ਦੀ ਵੇਦਨਾ ਸਮਝ ਸਕਦੀ ਹੈ। ਉਪਰੋਕਤ ਘਟਨਾ ਨੂੰ ਪੂਰੀ ਗੰਭੀਰਤਾ ਨਾਲ ਲਿਆ ਜਾਵੇ ਤਾਂ ਕਿ ਪੁਲਿਸ ਪ੍ਰਸ਼ਾਸਨ 'ਚ ਅਜਿਹੀ ਘਟਨਾ ਮੁੜ ਨਾ ਵਾਪਰੇ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।


ਸ਼ਲਾਘਾਯੋਗ ਕਦਮ
ਪਿਛਲੇ ਦਿਨੀਂ ਪੰਜਾਬ ਦੀ ਕੈਪਟਨ ਸਰਕਾਰ ਨੇ ਪੰਚਾਇਤਾਂ ਅਤੇ ਸਥਾਨਕ ਸਰਕਾਰਾਂ ਵਿਚ ਔਰਤਾਂ ਦੀ 50 ਫ਼ੀਸਦੀ ਰਾਖਵੇਂਕਰਨ ਦੀ ਘੋਸ਼ਣਾ ਕੀਤੀ। ਔਰਤਾਂ ਦੇ ਸਸ਼ਕਤੀਕਰਨ ਲਈ ਇਹ ਇਕ ਸ਼ਲਾਘਾਯੋਗ ਫੈਸਲਾ ਹੈ। ਕਈ ਵਾਰ ਦੇਖਿਆ ਜਾਂਦਾ ਹੈ, ਪੰਚ ਜਾਂ ਸਰਪੰਚ ਔਰਤ ਦਾ ਪਤੀ ਜਾਂ ਪੁੱਤਰ ਹੀ ਪੰਚਾਇਤ ਵਿਚ ਪੰਚ ਜਾਂ ਸਰਪੰਚ ਦਾ ਰੋਲ ਅਦਾ ਕਰਦੇ ਹਨ। ਦਲਿਤ ਔਰਤਾਂ ਦੇ ਸਬੰਧ ਵਿਚ ਤਾਂ ਸਥਿਤੀ ਹੋਰ ਵੀ ਨਿਮੋਸ਼ੀਜਨਕ ਹੈ। ਅਜਿਹੀ ਸਥਿਤੀ ਵਿਚ ਰਾਖਵਾਂਕਰਨ, ਮਖੌਲ ਤੋਂ ਵੱਧ ਕੁਝ ਵੀ ਮਾਅਨਾ ਨਹੀਂ ਰਖਾਉਂਦਾ। ਔਰਤਾਂ ਲਈ ਪੰਜਾਹ ਫ਼ੀਸਦੀ ਰਾਖਵਾਂਕਰਨ ਪੰਚਾਇਤਾਂ ਵਿਚ ਹੀ ਨਹੀਂ ਸਗੋਂ ਵਿਧਾਨ ਸਭਾਵਾਂ ਅਤੇ ਲੋਕ ਸਭਾ ਵਿਚ ਵੀ ਹੋਣਾ ਚਾਹੀਦਾ ਹੈ। ਭਾਵੇਂ ਅਜਿਹਾ ਕਰਨਾ ਪੰਜਾਬ ਸਰਕਾਰ ਦੇ ਹੱਥ ਵਿਚ ਨਹੀਂ ਪਰ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਉਹ ਇਕ ਚੰਗਾ ਕਦਮ ਜ਼ਰੂਰ ਪੁੱਟ ਸਕਦੀ ਹੈ।


-ਪ੍ਰੀਤ ਸਿੰਘ ਸੰਦਲ (ਕਵੀਸ਼ਰ)
ਪਿੰਡ ਮਕਸੂਦੜਾ, ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ।


ਕਰਜ਼ਾ ਮੁਆਫ਼ੀ ਦਾ ਫ਼ੈਸਲਾ
ਪੰਜਾਬ ਵਿਚ ਕਿਸਾਨਾਂ ਦੀਆਂ ਹਰ ਰੋਜ਼ ਹੋ ਰਹੀਆਂ ਆਤਮ-ਹੱਤਿਆਵਾਂ ਨੂੰ ਰੋਕਣ ਲਈ ਸਰਕਾਰ ਨੇ 2 ਲੱਖ ਤੱਕ ਦਾ ਕਰਜ਼ਾ ਮੁਆਫ਼ ਕਰ ਦਿੱਤਾ ਹੈ, ਜਿਸ ਨਾਲ 10.25 ਲੱਖ ਦਰਮਿਆਨੇ ਤੇ 8.75 ਲੱਖ ਪੰਜ ਏਕੜ ਵਾਲੇ ਕਿਸਾਨਾਂ ਨੂੰ ਰਾਹਤ ਮਿਲੇਗੀ। ਇਸ ਦੇ ਨਾਲ ਹੀ ਆਤਮਦਾਹ ਕਰ ਚੁੱਕੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਦੇਸ਼ ਦੇ ਕਿਸੇ ਵੀ ਰਾਜ ਵਿਚ ਕਿਸੇ ਵੀ ਸਰਕਾਰ ਦੁਆਰਾ ਲਿਆ ਗਿਆ ਇਹ ਇਕ ਪਹਿਲਾ ਇਤਿਹਾਸਕ ਫ਼ੈਸਲਾ ਹੋਏਗਾ। ਕਰਜ਼ੇ ਕਾਰਨ ਕਈ ਘਰਾਂ ਦੇ ਕਮਾਊ ਪੁੱਤ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਕਰਜ਼ੇ ਵਿਚ ਡੁੱਬੇ ਕਿਸਾਨਾਂ ਦੀ ਬਾਂਹ ਫੜ ਸਰਕਾਰ ਨੇ ਕਈ ਕੀਮਤੀ ਜਾਨਾਂ ਬਚਾਅ ਲਈਆਂ।


-ਮਾ: ਪਿਆਰਾ ਸਿੰਘ
ਨਕੋਦਰ।

04/07/2017

 'ਪੱਗ' ਨੂੰ ਤਮਾਸ਼ਾ ਨਾ ਬਣਾਓ
ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੌਰਾਨ ਜੋ ਕੁਝ ਵੀ ਵਾਪਰਿਆ ਹੈ, ਉਹ ਬਹੁਤ ਹੀ ਨਿੰਦਣਯੋਗ ਹੈ। ਸਪੀਕਰ ਦੇ ਹੁਕਮ ਅਨੁਸਾਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਸਦਨ ਵਿਚੋਂ ਕੱਢਣ ਸਮੇਂ ਇਕ ਵਿਧਾਇਕ ਦੀ ਪੱਗ ਉੱਤਰ ਗਈ, ਜਿਸ ਨੂੰ ਅਕਾਲੀ ਵਿਧਾਇਕਾਂ ਦੁਆਰਾ ਚੁੱਕ ਲਿਆ ਗਿਆ, ਚੁੱਕ ਤਾਂ ਇਸ ਨੂੰ ਸੱਤਾਧਾਰੀ ਪਾਰਟੀ ਦੇ ਵਿਧਾਇਕ ਵੀ ਸਕਦੇ ਸਨ ਪਰ ਉਨ੍ਹਾਂ ਨੇ ਸ਼ਾਇਦ ਲੋੜ ਮਹਿਸੂਸ ਨਹੀਂ ਕੀਤੀ। ਹੁਣ ਕੁਝ ਨਿੱਜੀ ਟੀ.ਵੀ. ਚੈਨਲਾਂ ਵੱਲੋਂ ਇਸ ਨੂੰ ਭਖਦਾ ਮੁੱਦਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ਇਕਪਾਸੜ ਬਹਿਸ ਕਰਵਾਈ ਜਾ ਰਹੀ ਹੈ। ਅਜਿਹਾ ਲਗਦਾ ਹੈ ਜਿਵੇਂ ਪੱਗ ਦਾ ਤਮਾਸ਼ਾ ਬਣਾਇਆ ਜਾ ਰਿਹਾ ਹੋਵੇ। ਜਦ ਕਿਸੇ ਦੇ ਮਨ ਨੂੰ ਦੁੱਖ ਲੱਗਦਾ ਹੈ, ਉਹ ਰੋਂਦਾ ਹੈ ਅਤੇ ਹਮਦਰਦੀ ਪ੍ਰਗਟ ਕਰਨ ਵਾਲੇ ਹਮਦਰਦੀ ਵੀ ਪ੍ਰਗਟ ਕਰਦੇ ਹਨ। ਕੁਝ ਸੱਚੀ ਵੀ ਕਰਦੇ ਹਨ ਅਤੇ ਕੁਝ ਝੂਠੀ ਮੂਠੀ ਵੀ ਕਰਦੇ ਹਨ ਪਰ ਝੂਠੀ ਵਾਲਿਆਂ ਨੂੰ ਵੀ ਕੋਈ ਬੁਰਾ ਨਹੀਂ ਕਹਿੰਦਾ, ਇਹ ਸਾਡੇ ਸਮਾਜਿਕ ਮੁੱਲ ਹਨ। ਪਰ ਕੁਝ ਟੀ.ਵੀ. ਚੈਨਲਾਂ ਵੱਲੋਂ ਇਕਪਾਸੜ ਬਹਿਸ ਕਰਵਾ ਕੇ ਪੱਗ ਦੇ ਹੱਕ ਵਿਚ ਗੱਲ ਕਰਨ ਵਾਲਿਆਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਜ਼ਾਰਾਂ ਲੋਕ ਪੱਗਾਂ ਬੰਨ੍ਹਦੇ ਹਨ ਅਤੇ ਬੰਨ੍ਹਣ ਵਾਲਿਆਂ ਤੋਂ ਕਿਤੇ ਜ਼ਿਆਦਾ ਇਸ ਦੀ ਕਦਰ ਕਰਦੇ ਹਨ। ਇਹ ਵੀ ਠੀਕ ਹੈ ਗਲੀ-ਮੁਹੱਲਿਆਂ ਵਿਚ ਹੋਣ ਵਾਲੀਆਂ ਲੜਾਈਆਂ ਵਿਚ ਬਹੁਤ ਵਾਰੀ ਲੋਕਾਂ ਦੀ ਪੱਗ ਲੱਥ ਜਾਂਦੀ ਹੈ ਪਰ ਇਨ੍ਹਾਂ ਘਟਨਾਵਾਂ ਨੂੰ ਆਧਾਰ ਬਣਾ ਕੇ 'ਪੰਜਾਬ ਵਿਧਾਨ ਸਭਾ' ਜਿਥੇ ਸੁਰੱਖਿਆ ਦੇ ਅਹਿਮ ਪੁਖਤਾ ਇੰਤਜ਼ਾਮ ਹਨ, ਵਿਚ 'ਲੱਥੀ ਪੱਗ' ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।

-ਸਿਕੰਦਰ ਸਿੰਘ ਨਿਆਮੀਵਾਲਾ।

ਲੇਖਕਾਂ ਨੂੰ ਵੀ ਮਿਲੇ ਬਣਦਾ ਮਾਣ-ਸਤਿਕਾਰ
ਲੇਖਕ ਸਮਾਜ ਦਾ ਸ਼ੀਸ਼ਾ ਹੁੰਦੇ ਹਨ, ਜੋ ਆਪਣੇ ਦੁਆਰਾ ਲਿਖੀਆਂ ਕਹਾਣੀਆਂ, ਕਾਵਿ-ਵਿਅੰਗਾਂ, ਨਾਵਲਾਂ, ਗ਼ਜ਼ਲਾਂ, ਲੇਖਾਂ, ਕਵਿਤਾ ਅਤੇ ਗੀਤਾਂ ਰਾਹੀਂ ਜਿਥੇ ਸਭ ਦਾ ਮਨੋਰੰਜਨ ਕਰਦੇ ਹਨ, ਉਥੇ ਆਪਣੀਆਂ ਇਨ੍ਹਾਂ ਲਿਖਤਾਂ ਰਾਹੀਂ ਸਮਾਜ ਵਿਚ ਬੜਾ ਕੁਝ ਚੰਗਾ ਕਰਨ ਦਾ ਯਤਨ ਵੀ ਕਰਦੇ ਰਹਿੰਦੇ ਹਨ। ਆਪਣੀਆਂ ਇਨ੍ਹਾਂ ਲਿਖਤਾਂ ਰਾਹੀਂ ਬੜੀ ਮਿਹਨਤ ਨਾਲ ਜਿਥੇ ਇਹ ਲੇਖਕ ਸਮਾਜ ਵਿਚ ਵਾਪਰ ਰਹੇ ਹਰ ਚੰਗੇ-ਮਾੜੇ ਪੱਖਾਂ ਨੂੰ ਉਜਾਗਰ ਕਰਦੇ ਹਨ, ਉਥੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵੀ ਸਰਕਾਰਾਂ ਤੱਕ ਪਹੁੰਚਾਉਣ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਇਸ ਤਰ੍ਹਾਂ ਲੰਮਾ ਸਮਾਂ ਆਪਣੀਆਂ ਲਿਖਤਾਂ ਰਾਹੀਂ ਸਮਾਜ ਭਲਾਈ ਦਾ ਕੰਮ ਕਰਨ ਵਾਲੇ ਅਨੇਕਾਂ ਲੇਖਕ ਕਈ ਵਾਰ ਆਪਣੀ ਪਿਛਲੀ ਉਮਰੇ ਕੰਮ ਕਰਨ ਤੋਂ ਅਸਮਰਥ ਹੋ ਜਾਣ ਕਾਰਨ ਆਪਣੀ ਕਮਜ਼ੋਰ ਹੋਈ ਆਰਥਿਕ ਸਥਿਤੀ ਵਿਚ ਆਪਣੇ ਇਸ ਸ਼ੌਕ ਨੂੰ ਸਮਾਂ ਰਹਿੰਦੇ ਹੀ ਦਫ਼ਨ ਕਰ ਬੈਠਦੇ ਹਨ। ਸੋ, ਸਰਕਾਰ ਨੂੰ ਸਮਾਜ ਦੀ ਭਲਾਈ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਇਨ੍ਹਾਂ ਲੇਖਕਾਂ ਪ੍ਰਤੀ ਵਿਸ਼ੇਸ਼ ਮਾਪਦੰਡ ਤਹਿ ਕਰਕੇ ਕੋਈ ਭੱਤਾ ਜਾਂ ਪੈਨਸ਼ਨ ਆਦਿ ਦੀ ਵਿਵਸਥਾ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਲੇਖਕਾਂ ਦਾ ਸ਼ੌਕ ਅਤੇ ਸਮਾਜ ਵਿਚੋਂ ਮਿਲਦਾ ਮਾਣ-ਸਤਿਕਾਰ ਜ਼ਿੰਦਗੀ ਦੇ ਆਖਰੀ ਸਾਹਾਂ ਤੱਕ ਬਰਕਰਾਰ ਰਹਿ ਸਕੇ।

-ਰਾਜਾ ਗਿੱਲ (ਚੜਿੱਕ)।

30/06/2017

 ਵਿਦਿਅਕ ਢਾਂਚੇ 'ਚ ਵਿਭਾਗੀ ਸੁਧਾਰ ਦੀ ਲੋੜ
ਉਂਜ ਸਭ ਸਰਕਾਰਾਂ ਆਪਣੇ ਰਾਜ ਕਾਲ ਦੌਰਾਨ ਵਿੱਦਿਆ, ਸਿਹਤ ਤੇ ਰੁਜ਼ਗਾਰ ਦੀਆਂ ਸਹੂਲਤਾਂ ਦੇਣ ਦਾ ਖੂਬ ਢੰਡੋਰਾ ਪਿੱਟਦੀਆਂ ਹਨ ਪਰ ਸੁਧਾਰ ਦੇ ਨਾਂਅ 'ਤੇ ਸਭ ਸਕੂਲਾਂ ਨੂੰ ਧਮਕੀ-ਨੁਮਾ ਪੱਤਰ ਜਾਂ ਸਿਆਸੀ ਲਾਰਿਆਂ ਤੋਂ ਜ਼ਿਆਦਾ ਕੁਝ ਨਹੀਂ ਹੁੰਦਾ। ਇਸ ਨਾਲੋਂ ਚੰਗਾ ਹੈ ਕਿ ਹਕੀਕਤ ਵਿਚ ਸਿੱਖਿਆ ਦੇ ਵਿਭਾਗੀ ਤੇ ਵਿਦਿਅਕ ਕੰਮਾਂ ਨੂੰ ਤਰੀਕੇ ਨਾਲ ਵੰਡਣ ਲਈ ਸਬੰਧਤ ਮਾਹਿਰਾਂ ਦੀਆਂ ਕਮੇਟੀਆਂ ਗਠਨ ਹੋਣ, ਜਿਸ ਵਿਚ ਅਧਿਆਪਕ, ਲੇਖਕ, ਯੂਨੀਵਰਸਿਟੀ ਵਿਚਲੇ ਵਿਸ਼ਾ ਮਾਹਿਰਾਂ ਦੀ ਸਲਾਹ ਨਾਲ ਸੰਜੀਦਾ ਫ਼ੈਸਲੇ ਲਏ ਜਾਣ। ਪੂਰਾ ਸਾਲ ਦੋਇਮ ਦਰਜੇ ਦੀ ਰਾਜਨੀਤੀ ਕਰਕੇ ਅੰਤ ਮਾੜੇ ਨਤੀਜਿਆਂ ਤੋਂ ਬਾਅਦ ਹੀ ਆਲੋਚਨਾ ਕਰਨਾ ਕੋਈ ਤਰੱਕੀ ਲਈ ਰਾਹ ਦਸੇਰਾ ਨਹੀਂ। ਸਕੂਲਾਂ ਵਿਚ ਅਸਾਮੀਆਂ ਖਾਲੀ ਪਈਆਂ ਹਨ, ਸਰਕਾਰ ਦੀ ਗੰਭੀਰਤਾ ਇਸ ਗੱਲ ਤੋਂ ਵੀ ਸਾਫ਼ ਦਿਖਾਈ ਦਿੰਦੀ ਹੈ ਕਿ ਠੇਕੇ 'ਤੇ ਰੱਖੇ ਅਧਿਆਪਕ ਪਿਛਲੇ 6 ਮਹੀਨਿਆਂ ਤੋਂ ਤਨਖਾਹ ਤੋਂ ਵਿਰਵੇ ਹਨ। ਅਜਿਹੀ ਵਿਗੜੀ ਆਰਥਿਕ ਦਸ਼ਾ ਵਿਚ ਜੇ ਵਿਅਕਤੀ ਆਪਣੇ ਅਧਿਆਪਨ ਦੇ ਕਿੱਤੇ 'ਤੇ ਹੀ ਨਿਰਭਰ ਹੋਵੇ, ਕਿਸ ਤਰ੍ਹਾਂ ਇਕਾਗਰਤਾ ਨਾਲ ਪੜ੍ਹਾ ਸਕੇਗਾ, ਜਦੋਂ ਕਿ ਯੂਰਪ ਅਤੇ ਅਮਰੀਕਾ ਵਰਗੇ ਦੇਸ਼ਾਂ ਵਿਚ ਸਕੂਲੀ ਅਧਿਆਪਕਾਂ ਨੂੰ ਚੰਗੀ ਤਨਖਾਹ ਦਿੱਤੀ ਜਾਂਦੀ ਹੈ ਤਾਂ ਜੋ ਉਹ ਬੱਚਿਆਂ ਨੂੰ ਬਿਨਾਂ ਕਿਸੇ ਮਾਨਸਿਕ ਤੇ ਆਰਥਿਕ ਦਬਾਅ ਤੋਂ ਚੰਗੀ ਸਿੱਖਿਆ ਦੇ ਸਕਣ। ਸਰਕਾਰ ਨੂੰ ਪੱਕੀ ਭਰਤੀ, ਸਕੂਲਾਂ ਵਿਚ ਪੂਰਾ ਸਾਜ਼ੋ-ਸਾਮਾਨ ਅਤੇ ਸਮੇਂ-ਸਮੇਂ 'ਤੇ ਬਦਲ ਰਹੇ ਪੜ੍ਹਾਉਣ ਦੇ ਤਰੀਕਿਆਂ ਲਈ ਰਿਫਰੈਸ਼ਰ ਕੋਰਸ ਆਦਿ ਦਾ ਅਧਿਆਪਕਾਂ ਲਈ ਪ੍ਰਬੰਧ ਕਰਨਾ ਚਾਹੀਦਾ ਹੈ।


-ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ
ਪਿੰਡ ਨੱਥੂ ਮਾਜਰਾ, ਜ਼ਿਲ੍ਹਾ ਸੰਗਰੂਰ।

28/06/2017

ਬਾਬੂਆਂ 'ਤੇ ਬਾਜ਼ ਅੱਖ
ਅੱਜ ਪੰਜਾਬ ਦੇ ਬਹੁਤੇ ਸਰਕਾਰੀ ਤੇ ਗ਼ੈਰ-ਸਰਕਾਰੀ ਅਦਾਰਿਆਂ ਵਿਚ ਫੈਲ ਚੁੱਕੇ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਨੂੰ ਜੜੋਂ੍ਹ ਖ਼ਤਮ ਕਰਨ ਲਈ ਅਤੇ ਡਿਊਟੀ ਪ੍ਰਤੀ ਅਵੇਸਲਾਪਨ ਦਿਖਾਉਣ ਵਾਲੇ ਬਾਬੂਆਂ 'ਤੇ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਬਾਜ਼ ਅੱਖ ਰੱਖੀ ਜਾ ਰਹੀ ਹੈ। ਹੋਣਾਂ ਤਾਂ ਇਹ ਚਾਹੀਦਾ ਹੈ ਕਿ ਸਰਕਾਰੀ ਬਾਬੂਆਂ 'ਤੇ ਚਲਦੇ ਕੇਸ ਸੇਵਾ-ਮੁਕਤੀ ਤੋਂ ਬਾਅਦ ਵੀ ਜਾਰੀ ਰਹਿਣ।
ਭ੍ਰਿਸ਼ਟ ਕਰਮਚਾਰੀਆਂ ਦੀ ਸੰਪਤੀ ਤੱਕ ਜ਼ਬਤ ਕੀਤੀ ਜਾਵੇ। ਕਰਮਚਾਰੀਆਂ ਨਾਲ ਸਬੰਧ ਰੱਖਦਾ ਇਕ ਕਾਨੂੰਨ 1988 ਵਿਚ ਬਣਿਆ ਸੀ ਤਾਂ ਕਿ ਭ੍ਰਿਸ਼ਟ ਕਰਮਚਾਰੀਆਂ 'ਚ ਡਰ ਪੈਦਾ ਕੀਤਾ ਜਾ ਸਕੇ। ਪਰ ਬਹੁਤੀ ਥਾਈਂ ਅਜਿਹਾ ਨਹੀਂ ਹੋਇਆ। ਲਗਦਾ ਹੈ ਕਿ ਇਹ ਕਾਨੂੰਨ ਆਪਣਾ ਪ੍ਰਭਾਵ ਨਹੀਂ ਛੱਡ ਸਕਿਆ। ਅੱਜ ਇਸ ਕਾਨੂੰਨ ਵਿਚ ਸੋਧ ਕਰਨ ਦੀ ਲੋੜ ਭਾਸਦੀ ਹੈ। ਜੇਕਰ ਵਿਜੀਲੈਂਸ ਬਿਊਰੋ ਪੰਜਾਬ ਆਪਣੀ ਮੁਹਿੰਮ ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਨਿਭਾਉਂਦਾ ਹੈ ਤਾਂ ਬਿਨਾਂ ਸ਼ੱਕ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਤੋਂ ਪੰਜਾਬੀਆਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ।


-ਬੰਤ ਘੁਡਾਣੀ
ਪਿੰਡ ਤੇ ਡਾਕ : ਘੁਡਾਣੀ ਕਲਾਂ, ਲੁਧਿਆਣਾ।

27/06/2017

 13ਵੀਂ ਤਨਖਾਹ ਸਬੰਧੀ
ਪੰਜਾਬ ਸਰਕਾਰ ਨੇ ਜੋ ਪੁਲਿਸ ਮੁਲਾਜ਼ਮ ਦਫ਼ਤਰਾਂ ਵਿਚ ਕੰਮ ਕਰਦੇ ਹਨ, ਉਨ੍ਹਾਂ ਦੀ ਤੇਹਰਵੀਂ ਤਨਖਾਹ ਬੰਦ ਕਰਨ ਦਾ ਜੋ ਫ਼ੈਸਲਾ ਲਿਆ ਹੈ, ਬਾਰੇ ਵਿਚਾਰ ਕਰਨ ਦੀ ਸਰਕਾਰ ਨੂੰ ਸੰਜੀਦਗੀ ਨਾਲ ਲੋੜ ਹੈ, ਕਿਉਂਕਿ ਪੁਲਿਸ ਦੀ ਡਿਊਟੀ 24 ਘੰਟੇ ਦੀ ਹੈ। ਸਾਰੀ ਉਮਰ ਨੌਕਰੀ ਤਣਾਅ ਵਿਚ ਹੀ ਲੰਘ ਜਾਂਦੀ ਹੈ ਤੇ ਆਪਣੇ ਬੱਚਿਆਂ ਦੀ ਵੀ ਚੰਗੀ ਤਰ੍ਹਾਂ ਸਾਂਭ ਸੰਭਾਲ ਨਹੀਂ ਹੁੰਦੀ ਅਤੇ ਨਾ ਹੀ ਉਨ੍ਹਾਂ ਦੀ ਪੜ੍ਹਾਈ ਵੱਲ ਧਿਆਨ ਦਿੱਤਾ ਜਾਂਦਾ ਹੈ। ਪੁਲਿਸ ਦੇ ਖਾਣ ਪੀਣ ਦਾ ਕੋਈ ਟਾਈਮ ਟੇਬਲ ਨਹੀਂ ਹੈ। ਸਿਖਰ ਦੁਪਹਿਰ ਵਿਚ ਪੁਲਿਸ ਮੁਲਾਜ਼ਮ ਨੂੰ ਇਕ ਲੱਤ 'ਤੇ ਖੜ੍ਹੇ ਰਹਿ ਕੇ ਅਲਰਟ ਹੋ ਕੇ ਡਿਊਟੀ ਕਰਨੀ ਪੈਂਦੀ ਹੈ ਜਦੋਂ ਕਿ ਸਿਵਲ ਦੇ ਮੁਲਾਜ਼ਮ ਏ.ਸੀ. ਕਮਰਿਆਂ ਵਿਚ ਬਹਿ ਕੇ ਨੌਂ ਤੋਂ ਪੰਜ ਡਿਊਟੀ ਕਰਦੇ ਹਨ। ਇਨ੍ਹਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਹੀ ਸਰਕਾਰਾਂ ਨੇ ਪੁਲਿਸ ਮੁਲਾਜ਼ਮ ਦੀ ਤੇਹਰਵੀਂ ਤਨਖਾਹ ਲਗਾਈ ਸੀ। ਇਨ੍ਹਾਂ ਦੀ ਦਫ਼ਤਰ ਤੋਂ ਡਿਊਟੀ ਤੋਂ ਬਾਅਦ ਵੀ ਅਤੇ ਐਤਵਾਰ ਵਾਲੇ ਦਿਨ ਵੀ ਅਤੇ ਗਜ਼ਟਿਡ ਛੁੱਟੀ ਵਾਲੇ ਦਿਨ ਵੀ ਵੀ.ਆਈ.ਪੀ. ਡਿਊਟੀ, ਲਾਅ ਐਂਡ ਆਰਡਰ ਡਿਊਟੀ ਅਤੇ ਐਮਰਜੈਂਸੀ ਡਿਊਟੀ ਲਗਾ ਦਿੱਤੀ ਜਾਂਦੀ ਹੈ। ਸਰਕਾਰ ਨੂੰ ਇਸ ਨੂੰ ਸੰਜੀਦਗੀ ਨਾਲ ਲੈ ਕੇ ਇਹ ਹੁਕਮ ਵਾਪਸ ਲੈਣਾ ਚਾਹੀਦਾ ਹੈ ਅਤੇ ਮੁਲਾਜ਼ਮਾਂ ਦੀ ਪਰੇਡ ਦੀ ਜਗ੍ਹਾ ਉਨ੍ਹਾਂ ਪਾਸੋਂ ਯੋਗਾ ਕਰਾਉਣਾ ਚਾਹੀਦਾ ਹੈ ਤਾਂ ਜੋ ਯੋਗਾ ਕਰਕੇ ਉਨ੍ਹਾਂ ਦਾ ਤਣਾਅ ਘਟਾਇਆ ਜਾ ਸਕੇ ਅਤੇ ਬਿਮਾਰੀਆਂ ਤੋਂ ਵੀ ਛੁਟਕਾਰਾ ਦਿਵਾਇਆ ਜਾ ਸਕੇ।

ਗੁਰਮੀਤ ਸਿੰਘ ਵੇਰਕਾ।

26/06/2017

 ਸਿੱਖਿਆ ਪ੍ਰਣਾਲੀ 'ਚ ਨਿਘਾਰ
ਸਭ ਤੋਂ ਅਹਿਮ ਜ਼ਰੂਰਤ ਸਿੱਖਿਆ ਅਧਿਕਾਰ ਐਕਟ ਦੀਆਂ ਦੋਸ਼ਪੂਰਨ ਧਾਰਾਵਾਂ ਦਾ ਮੰਥਨ ਕਰਕੇ, ਉਨ੍ਹਾਂ ਨੂੰ ਸੋਧਣਾ ਹੈ। ਅਜਿਹੇ ਬੱਚੇ ਵੀ ਅੱਠਵੀਂ ਪਾਸ ਕਰਨ ਦਾ ਪ੍ਰਮਾਣ ਪੱਤਰ ਲਈ ਫਿਰਦੇ ਹਨ, ਜਿਨ੍ਹਾਂ ਨੂੰ ਪੰਜਾਬੀ ਵਿਚ ਸਧਾਰਨ ਅਰਜ਼ੀ ਨਹੀਂ ਲਿਖਣੀ ਆਉਂਦੀ ਅਤੇ ਨਾ ਹੀ ਗਣਿਤ ਦੀ ਮੁਢਲੀ ਜੋੜ-ਘਟਾਓ ਆਉਂਦੀ ਹੈ। ਇਸ ਐਕਟ ਰਾਹੀਂ ਸਿਰਫ਼ ਬੱਚਿਆਂ ਦੀ ਗਿਣਤੀ ਹੀ ਸਕੂਲਾਂ 'ਚ ਵਧਾ ਕੇ ਦਰਸਾਈ ਜਾ ਸਕਦੀ ਹੈ। ਇਸ ਪ੍ਰਤੀ ਨਾ ਸਾਡਾ ਸਮਾਜ ਅਤੇ ਨਾ ਹੀ ਸਰਕਾਰ ਸੰਜੀਦਾ ਹੈ। ਆਖਰ ਕਦੋਂ ਤੱਕ ਅਸੀਂ ਥੁੱਕੀਂ ਵੜੇ ਪਕਾ ਕੇ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਦੇ ਰਹਾਂਗੇ।

ਪ੍ਰਿੰ: ਭੁਪਿੰਦਰ ਸਿੰਘ ਢਿੱਲੋਂ
ਦੀਪਗੜ੍ਹ (ਬਰਨਾਲਾ)।

ਅਨਪੜ੍ਹ ਸਾਥੋਂ ਚੰਗੇ
ਪੰਜਾਬ 'ਚ ਜਿੰਨੇ ਲੋਕ ਵੱਧ ਪੜ੍ਹ-ਲਿਖ ਰਹੇ ਹਨ, ਉਨੇ ਹੀ ਵੱਡੀ ਪੱਧਰ 'ਤੇ ਲੋਕਾਂ ਦੀ ਸਿਆਣਪ 'ਤੇ ਠੂਠਾ ਮੂਧਾ ਵੱਜਦਾ ਨਜ਼ਰ ਆ ਰਿਹਾ ਹੈ। ਸਹਿਣ-ਸ਼ਕਤੀ ਘੱਟ ਹੋਣ ਕਰਕੇ ਲੋਕਾਂ 'ਚ ਆਪਸੀ ਹੋ ਰਹੇ ਲੜਾਈ-ਝਗੜਿਆਂ ਦੀ ਗੱਲ ਥਾਣੇ ਤੋਂ ਕਚਹਿਰੀਆਂ ਤੱਕ ਪੁੱਜਣਾ ਆਮ ਗੱਲ ਬਣਦੀ ਜਾ ਰਹੀ ਹੈ। ਦੂਸਰੇ ਪਾਸੇ ਪੰਜਾਬ ਵਿਚ ਉਹ ਜਮਾਂਦਰੂ ਅਨਪੜ੍ਹ ਲੋਕ ਵੀ ਵਸਦੇ ਹਨ, ਜਿਨ੍ਹਾਂ ਨੇ ਥਾਣੇ-ਕਚਹਿਰੀ ਦਾ ਮੂੰਹ ਤੱਕ ਨਹੀਂ ਦੇਖਿਆ। ਇਹ ਲੋਕ ਹਨ ਗੱਡੀਆਂ ਵਾਲੇ ਵਣਜਾਰੇ, ਜੋ ਹਾੜ੍ਹੀ-ਸਾਉਣੀ ਦੇ ਸਮੇਂ 'ਚ ਪਿੰਡਾਂ ਦੀਆਂ ਸਾਂਝੀਆਂ ਥਾਵਾਂ 'ਤੇ ਬੈਠ ਕੇ ਕਿਸਾਨਾਂ ਨੂੰ ਹੱਥੀਂ ਕੰਮ ਕਰਨ ਵਾਲੇ ਔਜਾਰ ਆਦਿ ਬਣਾ ਕੇ ਦਿੰਦੇ ਹਨ। ਇਹ ਲੋਕ ਦੱਸਦੇ ਹਨ ਕਿ ਇਨ੍ਹਾਂ ਦੇ ਪੁਰਖਿਆਂ ਤੋਂ ਲੈ ਕੇ ਅੱਜ ਤੱਕ ਕਬੀਲੇ ਦੇ ਲੋਕਾਂ ਨੇ ਕਦੇ ਥਾਣੇ-ਕਚਹਿਰੀ ਦਾ ਮੂੰਹ ਤੱਕ ਨਹੀਂ ਵੇਖਿਆ। ਪੰਚਾਇਤ ਦੇ ਕੀਤੇ ਫ਼ੈਸਲੇ ਨੂੰ ਕਬੀਲੇ ਦੇ ਲੋਕ ਖਿੜੇ ਮੱਥੇ ਪ੍ਰਵਾਨ ਕਰ ਲੈਂਦੇ ਹਨ।
ਪਿਛਲੇ ਦਿਨੀਂ 'ਅਜੀਤ' ਵਿਚ ਇਹ ਜਾਣਕਾਰੀ ਪੜ੍ਹ ਕੇ ਸਾਡੇ ਪੜ੍ਹੇ-ਲਿਖੇ ਵਰਗ ਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਵਿਕਸਿਤ, ਖੁਸ਼ਹਾਲ, ਗਿਆਨ ਰੂਪੀ ਤੀਜੀ ਅੱਖ ਦੇ ਮਾਲਕ ਪੰਜਾਬ ਵਾਸੀ ਇਨ੍ਹਾਂ ਕਦਬੁੱਤ ਵਾਲੇ ਅਨਪੜ੍ਹ ਲੋਕਾਂ ਸਾਹਮਣੇ ਕਿੰਨੇ ਬੌਣੇ ਹਾਂ।

-ਪ੍ਰਿੰ: ਗੁਰਬਚਨ ਸਿੰਘ ਲਾਲੀ
ਪੀ.ਈ.ਐਸ.-ਏ, ਲੇਖਕ ਮੰਚ ਪੱਟੀ।

ਨਾਨਕੇ ਪਿੰਡ ਦਾ ਚਾਅ
ਪਿਛਲੇ ਦਿਨੀਂ 'ਅਜੀਤ' ਦੇ ਲੋਕ ਮੰਚ 'ਚ ਰਾਜਾ ਗਿੱਲ ਦਾ ਲੇਖ 'ਅਲੋਪ ਹੋ ਰਿਹਾ ਛੁੱਟੀਆਂ 'ਚ ਨਾਨਕੇ ਪਿੰਡ ਜਾਣ ਦਾ ਚਾਅ' ਬੇਹੱਦ ਪਸੰਦ ਆਇਆ। ਭਾਵੇਂ ਲੇਖਕ ਨੇ ਕੇਵਲ ਆਪਣੀ ਹੱਡਬੀਤੀ ਦੱਸੀ ਪਰ ਇੰਜ ਲੱਗਦਾ ਸੀ ਜਿਵੇਂ ਉਹ ਮੇਰੀ ਗੱਲ ਕਰਦੇ ਹੋਣ। ਬਿਲਕੁਲ ਸਚਾਈ ਹੈ ਇਹੀ ਜੇ ਮੌਜੂਦਾ ਦੌਰ ਦੀ ਗੱਲ ਕਰੀਏ ਸੰਚਾਰ ਦੇ ਸਾਧਨਾਂ ਮੋਬਾਈਲਾਂ ਆਦਿ ਨੇ ਸਾਡੇ ਸਾਰੇ ਨਜ਼ਦੀਕੀ ਤੋਂ ਨਜ਼ਦੀਕੀ ਰਿਸ਼ਤਿਆਂ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਇਹ ਸਾਰਾ ਕੁਝ ਉਂਜ ਦੋ ਕੁ ਦਹਾਕਿਆਂ ਤੋਂ ਹੀ ਸ਼ੁਰੂ ਹੋਇਆ ਹੈ। ਪਹਿਲਾਂ ਅਜਿਹਾ ਨਹੀਂ ਸੀ ਹੁੰਦਾ, ਪਹਿਲਾਂ ਸਾਰੇ ਰਿਸ਼ਤਿਆਂ ਵਿਚ ਹੀ ਖਿੱਚ ਹੁੰਦੀ ਸੀ। ਖਾਸ ਕਰਕੇ ਛੁੱਟੀਆਂ ਹੋਣ ਤੋਂ ਪਹਿਲਾਂ ਹੀ ਨਾਨਕੇ ਜਾਣ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸਨ। ਉਦੋਂ ਟੈਲੀਫੋਨ ਆਦਿ ਕੋਈ ਸਾਧਨ ਨਹੀਂ ਹੁੰਦੇ ਸਨ। ਚਿੱਠੀਆਂ-ਪੱਤਰਾਂ ਰਾਹੀਂ ਸਾਰਾ ਕੁਝ ਹੋਣਾ। ਵਾਕਿਆ ਹੀ ਉਹ ਦਿਨ ਬੜੇ ਪਿਆਰੇ ਸਨ। ਆਧੁਨਿਕ ਸੰਚਾਰ ਸਾਧਨ ਬੇਸ਼ੱਕ ਅੱਜ ਦੇ ਦੌਰ 'ਚ ਬਹੁਤ ਜ਼ਰੂਰੀ ਹਨ ਪ੍ਰੰਤੂ ਇਨ੍ਹਾਂ ਦੇ ਚਲਦਿਆਂ ਸਾਰੇ ਰਿਸ਼ਤਿਆਂ 'ਚ ਮਿਠਾਸ ਵੀ ਬਣੀ ਰਹਿਣੀ ਜ਼ਰੂਰੀ ਹੈ।

-ਮਾ: ਦੇਵ ਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

22/06/2017

 ਪੱਤਰਸਿੱਖੀ ਦੇ ਅਸੂਲ...
ਸ: ਤਰਲੋਚਨ ਸਿੰਘ ਦਾ ਲੇਖ 'ਪੰਜਾਬ ਵਿਚ ਅਮਨ ਕਿਸੇ ਇਕ ਪੁਲਿਸ ਅਫ਼ਸਰ ਦੀ ਦੇਣ ਨਹੀਂ' ਪ੍ਰਕਾਸ਼ਿਤ ਹੋਇਆ। ਕੇ.ਪੀ.ਐਸ. ਗਿੱਲ 1988-90 ਵਿਚ ਪੰਜਾਬ ਦਾ ਡਾਇਰੈਕਟਰ ਜਨਰਲ ਰਿਹਾ ਪ੍ਰੰਤੂ ਸ਼ਾਂਤੀ ਨਹੀਂ ਲਿਆ ਸਕਿਆ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਕਾਬਲ ਪ੍ਰਬੰਧਕ ਸੀ। ਸ਼ਾਂਤੀ ਚੁਣੀ ਹੋਈ ਸਰਕਾਰ ਦੇ ਆਉਣ ਤੋਂ ਬਾਅਦ ਆਈ ਹੈ। ਲੇਖ ਵਿਚ ਲਿਖਿਆ ਗਿਆ ਹੈ ਪੰਜਾਬ ਦੇ ਹਾਲਾਤ ਬਲਿਊ ਸਟਾਰ ਅਪ੍ਰੇਸ਼ਨ ਤੋਂ ਬਾਅਦ ਵਿਗੜੇ ਸਨ, ਕਿਉਂਕਿ ਪੰਜਾਬੀਆਂ ਦੀਆਂ ਭਾਵਨਾਵਾਂ ਜ਼ਖ਼ਮੀ ਹੋਈਆਂ ਸਨ। ਜਿਹੜੀ ਗੱਲ ਲੇਖ ਵਿਚ ਗਿੱਲ ਨੂੰ ਪੱਕਾ ਸਿੱਖ ਹੋਣ ਬਾਰੇ ਲਿਖੀ ਹੈ, ਮੈਂ ਉਸ ਨਾਲ ਸਹਿਮਤ ਨਹੀਂ। ਦਾੜ੍ਹੀ ਰੱਖਣਾ ਸਿੱਖੀ ਨਹੀਂ ਪ੍ਰੰਤੂ ਸਿੱਖੀ ਦੇ ਅਸੂਲਾਂ ਤੇ ਚਲਣਾ ਸਿੱਖੀ ਹੈ। ਉਂਜ ਤਰਲੋਚਨ ਸਿੰਘ ਨੇ ਦਲੇਰੀ ਕਰਕੇ ਸਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਚੰਗੀ ਗੱਲ ਹੈ।


-ਉਜਾਗਰ ਸਿੰਘ
ਪਟਿਆਲਾ।


ਕਿਸਾਨ ਤੇ ਪਾਣੀ
ਕਰੀਬ 1970 ਵਿਚ ਪੰਜਾਬ ਦਾ ਕਿਸਾਨ ਟਿਊਬਵੈੱਲ ਇੰਜਣ ਨਾਲ ਸਿੰਚਾਈ ਕਰਨ ਲੱਗਿਆ ਸੀ। ਉਸ ਸਮੇਂ ਪਾਣੀ ਦਾ ਪੱਧਰ ਕਾਫੀ ਉੱਚਾ ਸੀ। ਪਰ ਹੁਣ ਸਥਿਤੀ ਏਨੀ ਵਿਗੜ ਚੁੱਕੀ ਹੈ ਕਿ 50-100 ਫੁੱਟ ਤੱਕ ਵੀ ਸਾਫ਼ ਪਾਣੀ ਨਹੀਂ ਮਿਲਦਾ। ਲੋੜ ਹੈ ਕਿ ਕਿਸਾਨ ਵੀਰ ਬਦਲ ਰਹੇ ਹਾਲਾਤ ਨੂੰ ਸਮਝਣ ਅਤੇ ਪਾਣੀ ਬਚਾਉਣ ਲਈ ਉਪਰਾਲੇ ਕਰਨ। ਜਿਵੇਂ ਕਿ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਨਹਿਰੀ ਪਾਣੀ ਦੀ ਕੀਤੀ ਜਾਵੇ। ਪਿੰਡਾਂ ਦੇ ਛੱਪੜ, ਟੋਬੇ ਆਦਿ ਸਾਫ਼ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਮੀਂਹ ਦਾ ਜ਼ਿਆਦਾ ਪਾਣੀ ਇਨ੍ਹਾਂ ਵਿਚ ਇਕੱਠਾ ਕੀਤਾ ਜਾ ਸਕੇ। ਝੋਨੇ ਹੇਠਲਾ ਰਕਬਾ ਘੱਟ ਕਰਕੇ ਹੋਰ ਫ਼ਸਲਾਂ ਦੀ ਬਿਜਾਈ ਕਰਨੀ ਚਾਹੀਦੀ ਹੈ। ਅੱਜ ਲੋੜ ਹੈ ਕਿ ਅਨਮੋਲ ਰਤਨ ਪਾਣੀ ਨੂੰ ਬਚਾਉਣ ਲਈ ਵੱਧ ਤੋਂ ਵੱਧ ਉਪਰਾਲੇ ਕਰੀਏ।


-ਪਰਮਜੀਤ ਸਿੰਘ ਬੁੱਟਰ
ਪਿੰਡ ਕੋਟਲਾ ਖੁਰਦ, ਗੁਰਦਾਸਪੁਰ।


ਨਿੰਦਣਯੋਗ ਘਟਨਾ
ਇਕ ਔਰਤ ਪੁਲਿਸ ਮੁਲਾਜ਼ਮ ਅਮਨਪ੍ਰੀਤ ਕੌਰ ਵੱਲੋਂ ਖ਼ਦਕੁਸ਼ੀ ਕਰ ਲੈਣੀ ਇਕ ਬਹੁਤ ਹੀ ਨਿੰਦਣਯੋਗ ਘਟਨਾ ਹੈ। ਸਾਡੇ ਦੇਸ਼ ਵਿਚ ਅਜਿਹੇ ਕਈ ਦਰਿੰਦੇ ਪੈਦਾ ਹੋ ਗਏ ਹਨ, ਜੋ ਆਪਣੇ ਦਫ਼ਤਰ ਵਿਚ ਕੰਮ ਕਰਦੀ ਔਰਤ ਨੂੰ ਆਪਣੇ ਚੁੰਗਲ ਵਿਚ ਫਸਾਉਣ ਲਈ ਸਦਾ ਤੰਗ-ਪ੍ਰੇਸ਼ਾਨ ਕਰਦੇ ਰਹਿੰਦੇ ਹਨ। ਪੁਲਿਸ ਮੁਲਾਜ਼ਮਾਂ ਵੱਲੋਂ ਅਜਿਹੀ ਹਰਕਤ ਕਰਨ ਨਾਲ ਹੁਣ ਲੋਕਾਂ ਦਾ ਪੁਲਿਸ ਤੋਂ ਵਿਸ਼ਵਾਸ ਉੱਠ ਜਾਵੇਗਾ ਤੇ ਹੁਣ ਮਾਪੇ ਆਪਣੀਆਂ ਕੁੜੀਆਂ ਨੂੰ ਪੁਲਿਸ ਵਿਚ ਭਰਤੀ ਕਰਵਾਉਣ ਤੋਂ ਵੀ ਡਰਨਗੇ। ਕਲੰਕਤ ਹੋ ਚੁੱਕੇ ਪੁਲਿਸ ਪ੍ਰਸ਼ਾਸਨ ਨੂੰ ਬਚਾਉਣ ਲਈ ਸਰਕਾਰ ਨੂੰ ਬਿਨਾਂ ਦੇਰੀ ਕੀਤਿਆਂ ਅਜਿਹੇ ਵਿਅਕਤੀਆਂ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਵਿਚ ਕੋਈ ਵੀ ਵਿਅਕਤੀ ਅਜਿਹੀ ਹਰਕਤ ਕਰਨ ਦੀ ਜੁਰਅਤ ਨਾ ਕਰੇ।


-ਸ਼ਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆਂ, ਡਾਕ: ਚੀਮਾਂ ਖੁੱਡੀ
ਜ਼ਿਲ੍ਹਾ ਗੁਰਦਾਸਪੁਰ।

20/06/2017

 ਵਧ ਰਹੇ ਗੈਂਗਰੇਪ ਦੇ ਮਾਮਲੇ

ਅੱਜਕਲ੍ਹ ਸਾਡੇ ਭਾਰਤ ਦੇਸ਼ ਦੇ ਹਰੇਕ ਰਾਜ ਵਿਚ ਔਰਤਾਂ ਨਾਲ ਜ਼ਿਆਦਤੀਆਂ ਦਿਨੋ-ਦਿਨ ਵਧ ਰਹੀਆਂ ਹਨ। ਉਨ੍ਹਾਂ ਨਾਲ ਗੈਂਗਰੇਪ ਵਰਗੇ ਘਟੀਆ ਕਰਮ ਕੀਤੇ ਜਾ ਰਹੇ ਹਨ ਜੋ ਕਿ ਸਮੁੱਚੀ ਮਾਨਵਤਾ ਦੇ ਹਿਰਦਿਆਂ ਨੂੰ ਵਲੂੰਧਰਦੇ ਹਨ। ਅਜਿਹੀਆਂ ਘਟਨਾਵਾਂ ਵਾਪਰਨ ਕਾਰਨ ਹਰੇਕ ਮਾਂ-ਪਿਓ ਆਪਣੀ ਧੀ ਦੀ ਰੱਖਿਆ ਪ੍ਰਤੀ ਮੂੰਹ ਵਿਚ ਉਂਗਲ ਪਾ ਕੇ ਸੋਚਣ ਲਈ ਮਜਬੂਰ ਹੋ ਜਾਂਦਾ ਹੈ। ਸਭ ਤੋਂ ਵੱਧ ਸਰਕਾਰ ਦੀ ਹੀ ਜ਼ਿੰਮੇਵਾਰੀ ਬਣਦੀ ਹੈ ਕਿ ਅਜਿਹੇ ਮਾਨਵਤਾ ਦੇ ਦੋਸ਼ੀਆਂ ਨੂੰ ਕਰੜੀ ਤੋਂ ਕਰੜੀ ਸਜ਼ਾ ਦਿੱਤੀ ਜਾਵੇ ਤਾਂ ਹੀ ਅੱਜ ਦੀ ਬਾਲੜੀ ਅਤੇ ਅੱਜ ਦੀ ਨਾਰੀ ਆਪਣੇ-ਆਪ ਨੂੰ ਕੁਝ ਸੁਰੱਖਿਅਤ ਮਹਿਸੂਸ ਕਰ ਸਕਦੀ ਹੈ ਅਤੇ ਖੁੱਲ੍ਹ ਕੇ ਪੂਰੀ ਈਮਾਨਦਾਰੀ ਨਾਲ ਦੇਸ਼ ਪ੍ਰਤੀ ਆਪਣੇ ਫ਼ਰਜ਼ ਨਿਭਾਉਣ ਦੇ ਸਮਰੱਥ ਹੋ ਸਕਦੀ ਹੈ।

-ਜਸਪ੍ਰੀਤ ਕੌਰ ਸ਼ੰਕਰ
ਲੁਧਿਆਣਾ।

ਘਟ ਰਿਹਾ ਮੋਹ-ਪਿਆਰ

ਨਰੋਈਆਂ ਕਦਰਾਂ-ਕੀਮਤਾਂ ਹੀ ਸਮਾਜ ਨੂੰ ਆਪਸ ਵਿਚ ਜੋੜੀ ਰੱਖਦੀਆਂ ਹਨ। ਅੱਜ ਜੇ ਸਾਡਾ ਸਮਾਜ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਜਾਂ ਉਲਝਣਾਂ ਵਿਚ ਘਿਰ ਰਿਹਾ ਹੈ ਤਾਂ ਸਾਨੂੰ ਇਸ ਬਾਰੇ ਜ਼ਰੂਰ ਸੋਚਣਾ ਪਵੇਗਾ। ਕਹਿਣ ਨੂੰ ਤਾਂ ਪਿੰਡਾਂ ਵਿਚ ਵੀ ਸ਼ਹਿਰਾਂ ਵਾਲੀਆਂ ਸਹੂਲਤਾਂ ਮਿਲ ਰਹੀਆਂ ਹਨ ਪਰ ਫਿਰ ਵੀ ਦਿਮਾਗੀ ਸਕੂਨ ਨਹੀਂ ਮਿਲ ਰਿਹਾ। ਕੀ ਕਦੀ ਸੋਚਿਆ ਹੈ ਕਿ ਅਜਿਹਾ ਕਿਉਂ ਹੋ ਰਿਹਾ ਹੈ। ਕਿਉਂ ਅਸੀਂ ਆਪਸੀ ਰਿਸ਼ਤਿਆਂ ਵੱਲ ਪਿੱਠ ਕਰ ਲਈ ਹੈ। ਦਰਅਸਲ ਪਦਾਰਥਵਾਦੀ ਸੋਚ ਨੇ ਹਰ ਇਕ ਨੂੰ ਘੇਰ ਲਿਆ ਹੈ। 'ਕੀ ਕਰੀਏ ਵਿਹਲ ਹੀ ਨਹੀਂ ਮਿਲਦਾ' ਅਕਸਰ ਇਹ ਸ਼ਬਦ ਹੀ ਇਕ ਦੂਜੇ ਤੋਂ ਸੁਣਨ ਨੂੰ ਮਿਲਦੇ ਹਨ। ਕੋਈ ਸਮਾਂ ਸੀ ਜਦੋਂ ਅਸੀਂ ਆਪਣੇ ਦੁੱਖ-ਸੁੱਖ ਆਪਸ ਵਿਚ ਵੰਡ ਲੈਂਦੇ ਸਾਂ। ਵੱਡੀਆਂ-ਵੱਡੀਆਂ ਸਮੱਸਿਆਵਾਂ ਦਾ ਵੀ ਮਿਲ-ਬੈਠ ਕੇ ਹੱਲ ਕੱਢ ਲਿਆ ਜਾਂਦਾ ਸੀ। ਅੱਜ ਛੋਟੀ ਜਿਹੀ ਗੱਲ ਵੀ ਮੁਸੀਬਤ ਬਣ ਜਾਂਦੀ ਹੈ, ਕਿਉਂਕਿ ਅਸੀਂ ਇਕੱਲਤਾ ਆਪਣੇ ਗਲ ਪਾ ਲਈ ਹੈ। ਹਉਕੇ ਲੈਣਾ ਸਿੱਖ ਲਿਆ ਹੈ। ਕਈ ਵਾਰ ਸੋਚਦਾ ਹਾਂ ਕਿ ਹਮੇਸ਼ਾ ਦੁੱਖ-ਸੁਖ ਵਿਚ ਚੜ੍ਹਦੀ ਕਲਾ ਵਿਚ ਰਹਿਣ ਵਾਲਿਆਂ ਦੇ ਚਿਹਰਿਆਂ ਨੂੰ ਕਿਹੜਾ ਗ੍ਰਹਿਣ ਲੱਗ ਗਿਆ ਹੈ। ਅੱਜ ਦੇ ਸਮੇਂ 'ਚ ਆਪਸੀ ਪਿਆਰ ਹੀ ਸਮਾਜ ਨੂੰ ਜੋੜ ਕੇ ਰੱਖ ਸਕਦਾ ਹੈ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਕੁਰਾਹੇ ਪਾ ਰਹੀ ਗਾਇਕੀ

ਪਿਛਲੇ ਕਾਫੀ ਸਮੇਂ ਤੋਂ ਪੰਜਾਬੀ ਗਾਇਕੀ ਅੰਦਰ ਲੱਚਰਤਾ ਤੇ ਨੰਗੇਜ ਵਾਲੀ ਘਟੀਆ ਗਾਇਕੀ ਆਰੰਭ ਹੋ ਚੁੱਕੀ ਹੈ। ਪਰ ਹੁਣ ਜਾਣਬੁੱਝ ਕੇ ਪੰਜਾਬੀ ਗੀਤਾਂ ਦੀਆਂ ਵੀਡੀਓ ਦੇ ਫਿਲਮਾਂਕਣ ਦੇ ਰੂਪ ਵਿਚ ਇਹ ਸਭ ਕੁਝ ਧੜੱਲੇ ਨਾਲ ਵਿਖਾਇਆ ਵੀ ਜਾ ਰਿਹਾ ਹੈ। ਕਈ ਗੀਤਾਂ 'ਤੇ ਤਾਂ ਸਿੱਧੀ ਹੀ ਉਂਗਲ ਉੱਠ ਰਹੀ ਹੈ। ਪਰ ਅਜਿਹੇ ਗਾਇਕ ਕਹਿ ਰਹੇ ਹਨ ਕਿ ਪੰਜਾਬੀ ਬੋਲੀ ਤੇ ਸੰਗੀਤ ਦੀ ਸੇਵਾ ਕਰ ਰਹੇ ਹਾਂ, ਅਸੀਂ ਜ਼ਮੀਰ ਮਾਰ ਕੇ ਇਹ ਸਭ ਕੁਝ ਸੁਣੀ ਵੀ ਜਾ ਰਹੇ ਹਾਂ। ਪੰਜਾਬ ਦੀ ਜਵਾਨੀ ਕਾਫੀ ਹੱਦ ਤੱਕ ਪੰਜਾਬੀ ਗੀਤਾਂ ਨੇ ਕੁਰਾਹੇ ਪਾ ਦਿੱਤੀ ਹੈ। ਅੱਜ ਧੜਾਧੜ ਚੱਲ ਰਹੇ ਲੱਚਰ ਗੀਤ ਬੰਦ ਕੀਤੇ ਜਾਣੇ ਚਾਹੀਦੇ ਹਨ। ਸਾਨੂੰ ਚਾਹੀਦਾ ਹੈ ਕਿ ਸਹੀ ਤੇ ਸਮਝਦਾਰ ਸਰੋਤੇ-ਦਰਸ਼ਕ ਬਣ ਕੇ ਘਟੀਆ ਤੇ ਲਚਰ ਗੀਤਾਂ ਨੂੰ ਨਾ ਪਸੰਦ ਕਰੀਏ।

-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿਆਣਾ)।

16/06/2017

 ਕਿਸਾਨ ਦੀ ਤਰਾਸਦੀ
ਦੇਸ਼ ਦਾ ਅੰਨਦਾਤਾ ਕਿਸਾਨ ਗੰਭੀਰ ਸੰਕਟ ਵਿਚੋਂ ਲੰਘ ਰਿਹਾ ਹੈ। ਵੱਡਾ ਵੋਟ ਬੈਂਕ ਹੋਣ ਕਾਰਨ ਸਾਰੇ ਸਿਆਸੀ ਦਲਾਂ ਨੇ ਇਸ ਵਰਗ ਨੂੰ ਚੋਣਾਂ ਮੌਕੇ ਖੂਬ ਸਬਜ਼ਬਾਗ ਦਿਖਾਏ ਹਨ। ਰੋਜ਼ਾਨਾ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਸਰਕਾਰਾਂ ਦੀ ਗ਼ੈਰ-ਸੰਜੀਦਗੀ ਅਤੇ ਸਹੀ ਸੇਧ ਦੀ ਘਾਟ ਦਾ ਭਾਂਡਾ ਚੌਰਾਹੇ 'ਚ ਭੰਨ ਰਹੀਆਂ ਹਨ। ਕਿਸੇ ਵੀ ਸਿਆਸੀ ਦਲ ਨੇ ਕਰਜ਼ੇ ਦੀ ਪੰਡ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਨ ਅਤੇ ਇਸ ਨੂੰ ਹੌਲੀ ਕਰਨ ਦਾ ਪੈਗ਼ਾਮ ਦੇਣ ਦੀ ਜ਼ਹਿਮਤ ਨਹੀਂ ਉਠਾਈ। ਕਿਸੇ ਪਾਸੇ ਤੋਂ ਇਸ ਦਾ ਠੋਸ ਹੱਲ ਕੱਢਣ ਦੇ ਸੰਜੀਦਾ ਯਤਨਾਂ ਦੀ ਸੂਹ ਨਹੀਂ ਮਿਲ ਰਹੀ। ਜੇ ਕਿਸਾਨ ਨਾ ਰਿਹਾ ਤਾਂ ਸਮਾਜ ਦੀ ਰੀੜ੍ਹ ਦੀ ਹੱਡੀ ਟੁੱਟ ਜਾਏਗੀ। ਫਿਰ ਸਮਾਜਿਕ ਅਰਾਜਕਤਾ ਦੀ ਪੈਦਾਇਸ਼ ਨੂੰ ਰੋਕ ਸਕਣਾ ਸਰਕਾਰਾਂ ਦੇ ਵੱਸ ਵਿਚ ਨਹੀਂ ਰਹਿਣਾ।


-ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ
ਪਿੰਡ ਦੀਪਗੜ੍ਹ (ਬਰਨਾਲਾ)।


ਮਾਂ-ਬੋਲੀ ਹੋਈ ਦਰਕਿਨਾਰ
ਪੰਜਾਬ ਵਿਚ ਸਰਕਾਰੀ ਵਕੀਲਾਂ ਦੀ ਭਰਤੀ ਵਿਚ 'ਪੰਜਾਬੀ ਲਾਜ਼ਮੀ' ਦੀ ਸ਼ਰਤ ਖ਼ਤਮ ਦੀ ਖ਼ਬਰ ਪੜ੍ਹੀ। ਪਿਛਲੀ ਸਰਕਾਰ ਵੱਲੋਂ ਪੰਜਾਬ ਵਿਚ ਹਰ ਮਹਿਕਮੇ 'ਚ ਪੰਜਾਬੀ ਲਾਗੂ ਕਰਕੇ ਪੰਜਾਬੀ ਮਾਂ ਬੋਲੀ ਨੂੰ ਉੱਚਾ ਦਰਜਾ ਦਿੱਤਾ ਗਿਆ ਸੀ। ਬਾਹਰਲੇ ਦੇਸ਼ਾਂ ਵਿਚ ਕਿਸੇ ਭਾਰਤੀ 'ਤੇ ਕੇਸ ਅਦਾਲਤ ਵਿਚ ਚਲਦਾ ਹੈ ਤਾਂ ਉਸ ਨੂੰ ਆਪਣੀ ਮਾਤ ਭਾਸ਼ਾ ਵਿਚ ਗੱਲ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਪਿੰਡਾਂ ਦੇ ਬਹੁਤੇ ਲੋਕ ਘੱਟ ਹੀ ਪੜ੍ਹੇ-ਲਿਖੇ ਹੁੰਦੇ ਹਨ ਪਰ ਉਨ੍ਹਾਂ ਦੇ ਜ਼ਿਆਦਾ ਕੇਸ ਅਦਾਲਤਾਂ ਵਿਚ ਚਲ ਰਹੇ ਹਨ। ਕੋਈ ਵਿਅਕਤੀ ਵਕੀਲਾਂ ਵੱਲੋਂ ਅਦਾਲਤ ਵਿਚ ਕੋਈ ਪਟੀਸ਼ਨ ਦਾਇਰ ਕਰਦਾ ਹੈ ਤਾਂ ਉਸ ਨੂੰ ਬਿਆਨ ਦੀ ਕਾਪੀ ਅੰਗੇਰਜ਼ੀ 'ਚ ਜਦ ਮਿਲੇਗੀ ਤਾਂ ਉਹ ਕਿਵੇਂ ਪੜ੍ਹੇਗਾ। ਮਾਣਯੋਗ ਅਦਾਲਤ ਵਿਚ ਹਰ ਭਾਸ਼ਾ ਦਾ ਸਤਿਕਾਰ ਹੋਣਾ ਚਾਹੀਦਾ ਹੈ। ਪੰਜਾਬੀ ਲੇਖਕ ਪੰਜਾਬੀ ਮਾਂ-ਬੋਲੀ ਪ੍ਰਤੀ ਪੰਜਾਬੀ ਸਾਹਿਤ ਸਭਾਵਾਂ ਬਣਾ ਕੇ ਵੱਡਾ ਯੋਗਦਾਨ ਪਾ ਰਹੇ ਹਨ ਪਰ ਮੌਜੂਦਾ ਸਰਕਾਰ ਵੀ ਪੰਜਾਬੀ ਭਾਸ਼ਾ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝੇ।


-ਮਾਸਟਰ ਜਗੀਰ ਸਿੰਘ ਸਫਰੀ
ਪਿੰਡ ਸਠਿਆਲਾ (ਅੰਮ੍ਰਿਤਸਰ)।


ਸੜਕ ਦੁਰਘਟਨਾਵਾਂ
ਪੰਜਾਬ ਵਿਚ ਸੜਕ ਦੁਰਘਟਨਾਵਾਂ ਦਾ ਵਰਤਾਰਾ ਆਮ ਹੀ ਹੋ ਗਿਆ ਹੈ। ਸਭ ਤੋਂ ਵੱਡਾ ਕਾਰਨ ਤੇਜ਼ ਰਫ਼ਤਾਰ ਗੱਡੀ ਚਲਾਉਣਾ ਮੰਨਿਆ ਜਾ ਸਕਦਾ ਹੈ। ਪਰ ਪਿਛਲੇ ਦੋ-ਤਿੰਨ ਦਿਨਾਂ ਤੋਂ ਧਾਰਮਿਕ ਅਸਥਾਨਾਂ 'ਤੇ ਆਉਣ-ਜਾਣ ਵਾਲੀਆਂ ਗੱਡੀਆਂ ਦੇ ਦੁਰਘਟਨਾਗ੍ਰਸਤ ਹੋਣ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਪੜ੍ਹਨ ਨੂੰ ਆ ਰਹੀਆਂ ਹਨ, ਜਿਸ ਵਿਚ ਕਈ ਲੋਕ ਜ਼ਖ਼ਮੀ ਹੋਏ ਤੇ ਕਈ ਮਰ ਗਏ। ਇਸ ਦੇ ਕਾਰਨ ਓਵਰਲੋਡਿੰਗ, ਲੰਮੀ ਯਾਤਰਾ ਦੀ ਥਕਾਵਟ ਤੇ ਉਨੀਂਦਰਾਪਨ ਜਾਂ ਅਣਗਹਿਲੀ ਵੀ ਹੋ ਸਕਦੇ ਹਨ। ਪਰ ਅਫ਼ਸੋਸ ਤੇ ਦੁੱਖ ਇਸ ਗੱਲ ਦਾ ਹੈ ਕਿ ਅਜਿਹੇ ਹਾਦਸੇ ਰੁਕ ਨਹੀਂ ਰਹੇ ਤੇ ਨਾ ਹੀ ਸਰਕਾਰ ਰੋਕਣ ਲਈ ਆਵਾਜਾਈ ਨਿਯਮਾਂ ਪ੍ਰਤੀ ਅਜੇ ਤੱਕ ਸੰਜੀਦਾ ਹੈ।


-ਪਿਆਰਾ ਸਿੰਘ
ਨਕੋਦਰ।

13/06/2017

 ਗਰੀਨ ਟ੍ਰਿਬਿਊਨਲ ਤੇ ਕਿਸਾਨ

ਵਾਤਾਵਰਨ ਦੀ ਸਾਂਭ-ਸੰਭਾਲ ਲਈ 'ਕੌਮੀ ਗਰੀਨ ਟ੍ਰਿਬਿਊਨਲ' ਵੱਲੋਂ ਖੇਤਾਂ ਵਿਚਲੀ ਰਹਿੰਦ-ਖੂੰਹਦ ਨੂੰ ਸਾੜਨ 'ਤੇ ਪਾਬੰਦੀ ਲਗਾਈ ਗਈ ਹੈ। ਪੂਰੇ ਪੰਜਾਬ ਵਿਚ ਨਜ਼ਰ ਰੱਖਣ ਲਈ 'ਪੰਜਾਬ ਰਿਮੋਟ ਸੈਸਿੰਗ ਕੇਂਦਰ' ਲੁਧਿਆਣਾ ਵਿਚ ਸਥਾਪਿਤ ਕੀਤਾ ਗਿਆ ਹੈ। ਜੰਗਲਾਤ ਵਿਭਾਗ ਦੇ ਕਰਮਚਾਰੀਆਂ ਵਾਲੇ ਸਰੇਆਮ ਨੈਸ਼ਨਲ ਹਾਈਵੇ 'ਤੇ ਡਿਵਾਈਡਰਾਂ ਉੱਪਰ ਲਗਾਈਆਂ ਅੱਗਾਂ ਨਜ਼ਰ ਨਹੀਂ ਆਉਂਦੀਆਂ ਜੋ ਖ਼ੂਬਸੂਰਤ ਹਰੇ ਭਰੇ ਫੁੱਲਾਂ ਨਾਲ ਲੱਦੇ ਕਨੇਰ ਦੇ ਰੁੱਖਾਂ ਨੂੰ ਖ਼ਤਮ ਕਰ ਰਹੀਆਂ ਹਨ? ਕੀ ਸਰਕਾਰੀ ਅੱਗ ਦੁਆਰਾ ਪ੍ਰਦੂਸ਼ਣ ਨਹੀਂ ਫੈਲਦਾ? ਪੰਜਾਬ ਵਿਚ ਬਹੁਤ ਸਾਰੀਆਂ ਸਨਅਤੀ ਇਕਾਈਆਂ ਹਨ ਜੋ ਸਾਰਾ ਸਾਲ ਪ੍ਰਦੂਸ਼ਣ ਫੈਲਾਉਂਦੀਆਂ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਪੁਰਾਣੇ ਵਾਹਨ ਵੀ ਨਿਤ ਇਹ ਸਾਰਾ ਕੁਝ ਕੌਮੀ ਗਰੀਨ ਟ੍ਰਿਬਿਊਨਲ ਨੂੰ ਨਜ਼ਰ ਨਹੀਂ ਆਉਂਦਾ? ਜੇਕਰ ਅੱਜ ਹਵਾ ਵਿਚੋਂ ਆਕਸੀਜਨ ਦੀ ਮਾਤਰਾ ਲਗਾਤਾਰ ਘਟ ਰਹੀ ਹੈ ਤਾਂ ਇਸ ਦਾ ਕਾਰਨ ਸਿਰਫ਼ ਸੂਬੇ ਦੇ ਕਿਸਾਨ ਨਹੀਂ ਹੋਰ ਵੀ ਬਹੁਤ ਸਾਰੇ ਕਾਰਨ ਹਨ। ਕੌਮੀ ਗ੍ਰੀਨ ਟ੍ਰਿਬਿਊਨਲ ਨੂੰ ਚਾਹੀਦਾ ਹੈ ਕਿ ਉਸ ਵਿਭਾਗ ਦੀ ਖ਼ਬਰ ਵੀ ਲਵੇ ਜਿਸ ਦਾ ਮੁੱਖ ਕੰਮ ਹੀ ਬੂਟੇ ਲਗਾਉਣਾ ਹੈ, ਬੂਟੇ ਸਾੜਨਾ ਨਹੀਂ। ਪੰਜਾਬ ਸਰਕਾਰ ਨੂੰ ਵੀ ਤੁਰੰਤ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।

-ਕੇ. ਐੱਸ. ਅਮਰ
ਪਿੰਡ ਤੇ ਡਾਕ: ਕੋਟਲੀਖ਼ਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

ਸੜਕ ਹਾਦਸੇ

ਲਗਪਗ ਹਰ ਦਿਨ ਸਵੇਰੇ ਜਦੋਂ ਆਪਣੇ ਆਲੇ-ਦੁਆਲੇ ਦੀ ਖ਼ਬਰਸਾਰ ਲੈਣ ਲਈ ਅਖ਼ਬਾਰ ਚੁੱਕੀਦਾ ਹੈ ਤਾਂ ਮੁੱਖ ਪੰਨੇ 'ਤੇ ਹੀ ਸੜਕ ਹਾਦਸੇ ਦੀ ਕੋਈ ਨਾ ਕੋਈ ਖ਼ਬਰ ਜ਼ਰੂਰ ਪੜ੍ਹਨ ਨੂੰ ਮਿਲਦੀ ਹੈ। ਪਿਛਲੇ ਦਿਨੀਂ ਸਾਡੇ ਬੜੇ ਹੀ ਅਜ਼ੀਜ਼ ਸ: ਅਵਤਾਰ ਸਿੰਘ ਪਮਾਲ (ਲੈਕਚਰਾਰ ਫਿਜ਼ੀਕਲ ਐਜੂਕੇਸ਼ਨ) ਇਕ ਸੜਕੀ ਹਾਦਸੇ ਦੀ ਭੇਟ ਚੜ੍ਹ ਗਏ। ਕੀ ਕਸੂਰ ਸੀ ਉਸ ਵੀਰ ਦਾ ਜੋ ਆਪਣੀ ਸਾਈਡ 'ਤੇ ਅਰਾਮ ਨਾਲ ਸਕੂਟਰ 'ਤੇ ਜਾ ਰਿਹਾ ਸੀ ਅਤੇ ਪਿੱਛੋਂ ਦੀ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਆ ਦਰੜਿਆ। ਟ੍ਰੈਫ਼ਿਕ ਵਿਭਾਗ ਨੂੰ ਸਖ਼ਤੀ ਨਾਲ ਟ੍ਰੈਫ਼ਿਕ ਨਿਯਮਾਂ ਸਬੰਧੀ ਕਾਨੂੰਨ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ। ਆਮ ਲੋਕਾਂ ਨੂੰ ਵੀ ਇਸ ਪ੍ਰਤੀ ਸੁਚੇਤ ਹੋ ਕੇ ਟ੍ਰੈਫਿਕ ਵਿਭਾਗ ਦਾ ਸਾਥ ਦੇਣਾ ਬਣਦਾ ਹੈ। ਘੱਟ ਉਮਰ ਦੇ ਬੱਚਿਆਂ ਨੂੰ ਸੜਕ 'ਤੇ ਵਹੀਕਲ ਨਹੀਂ ਵਰਤਣ ਦੇਣਾ ਚਾਹੀਦਾ। ਮੈਨੂੰ ਉਮੀਦ ਹੀ ਨਹੀਂ ਸਗੋਂ ਪੂਰਾ ਯਕੀਨ ਹੈ ਕਿ ਜੇਕਰ ਹਰ ਇਨਸਾਨ ਸੜਕ 'ਤੇ ਚਲਦਿਆਂ ਟ੍ਰੈਫਿਕ ਨਿਯਮਾਂ ਨੂੰ ਧਿਆਨ ਵਿਚ ਕਿ ਵਹੀਕਲ ਚਲਾਵੇ ਅਤੇ ਟ੍ਰੈਫਿਕ ਵਿਭਾਗ ਨਿਯਮ ਤੋੜਨ ਵਾਲਿਆਂ ਨਾਲ ਸਖ਼ਤੀ ਨਾਲ ਪੇਸ਼ ਆਵੇ ਤਾਂ ਕਿਸੇ ਵੀ ਘਰ ਦਾ ਕੋਈ ਜੀਅ ਅਜਾਈਂ ਨਹੀਂ ਜਾਵੇਗਾ।

-ਬਲਦੇਵ ਸਿੰਘ ਸ਼ੇਖੂਪੁਰਾ
ਕੰਪਿਊਟਰ ਅਧਿਆਪਕ, ਸਰਕਾਰੀ ਹਾਈ ਸਕੂਲ ਜੱਸੋਵਾਲ ਕੁਲਾਰ (ਲੁਧਿਆਣਾ)।

ਤਿੰਨ ਤਲਾਕ

ਭਾਰਤੀ ਸੰਵਿਧਾਨ, ਭਾਰਤ ਦੇ ਹਰ ਸ਼ਹਿਰੀ ਨੂੰ, ਭਾਵੇਂ ਉਹ ਕਿਸੇ ਵੀ ਕੌਮ, ਮਜ਼੍ਹਬ ਜਾਂ ਜਾਤੀ ਨਾਲ ਸਬੰਧ ਰੱਖਦਾ ਹੋਵੇ, ਲਿਖਣ ਅਤੇ ਬੋਲਣ ਦੀ ਆਜ਼ਾਦੀ ਦਿੰਦਾ ਹੈ। ਇਸ ਦੇ ਨਾਲ ਹੀ ਔਰਤਾਂ ਨੂੰ ਅਪਮਾਨਜਨਕ ਕਰਨ ਵਾਲੀਆਂ ਕਾਰਵਾਈਆਂ ਜਾਂ ਕੰਮਾਂ ਨੂੰ ਰੋਕਣ ਲਈ ਵੀ ਵਚਨਬੱਧ ਹੈ। ਕਿਸੇ ਵੀ ਧਰਮ ਦੀਆਂ ਔਰਤਾਂ 'ਤੇ ਜਦੋਂ ਜ਼ਿਆਦਤੀ ਹੁੰਦੀ ਹੈ ਤਾਂ ਨਿਆਂ ਪਾਲਿਕਾ ਜਾਂ ਸਰਕਾਰ ਨੂੰ ਫੌਰੀ ਤੌਰ 'ਤੇ ਬਿਨਾਂ ਕਿਸੇ ਪੱਖਪਾਤ ਤੋਂ ਉਨ੍ਹਾਂ ਦੀ ਸੁਣਵਾਈ ਕੀਤੀ ਜਾਣੀ ਜ਼ਰੂਰੀ ਹੈ। ਬੱਸ ਜਦੋਂ ਮਰਜ਼ੀ ਤਿੰਨ ਤਲਾਕ ਕਹਿ ਕੇ ਔਰਤ ਨੂੰ ਸਦਾ ਲਈ ਨਰਕ ਵਾਲੀ ਜ਼ਿੰਦਗੀ ਵਿਚ ਧੱਕਾ ਦੇ ਦੇਣਾ ਔਰਤ ਦੀ ਹੋਂਦ ਦਾ ਅਪਮਾਨ ਹੈ, ਖ਼ਾਸ ਕਰਕੇ ਭਾਰਤ ਵਰਗੇ ਦੇਸ਼ ਵਿਚ ਜਿਥੇ ਘਰੇਲੂ ਔਰਤਾਂ ਬਹੁਗਿਣਤੀ ਵਿਚ ਹਨ। ਇਸ ਪਰੰਪਰਾ ਨੂੰ ਖ਼ਤਮ ਕਰਨ ਦੀ ਲੋੜ ਹੈ ਤਾਂ ਜੋ ਔਰਤਾਂ ਵੀ ਸੁਖ ਦਾ ਜੀਵਨ ਬਤੀਤ ਕਰ ਸਕਣ।
-ਮਹਿੰਦਰ ਸਿੰਘ ਬਾਜਵਾ

ਪਿੰਡ ਮਸੀਤਾਂ, ਜ਼ਿਲ੍ਹਾ ਕਪੂਰਥਲਾ।

13/06/2017

 ਸ: ਤਰਲੋਚਨ ਸਿੰਘ ਦੇ ਨਾਂਅ
ਪਿਛਲੇ ਦਿਨੀਂ ਸ: ਤਰਲੋਚਨ ਸਿੰਘ ਦਾ ਕੇ.ਪੀ.ਐਸ. ਗਿੱਲ ਸਬੰਧੀ ਇਕ ਲੇਖ 'ਅਜੀਤ' ਵਿਚ ਛਪਿਆ ਸੀ, ਇਸ ਸਬੰਧੀ ਭਾਜਪਾ ਆਗੂ ਸ੍ਰੀਮਤੀ ਲਕਸ਼ਮੀ ਕਾਂਤਾ ਚਾਵਲਾ ਦਾ ਪ੍ਰਤੀਕਰਮ ਸਾਨੂੰ ਪੁੱਜਾ ਹੈ, ਜਿਸ ਨੂੰ ਇਨ੍ਹਾਂ ਕਾਲਮਾਂ ਵਿਚ ਪ੍ਰਕਾਸ਼ਿਤ ਕਰ ਰਹੇ ਹਾਂ। ਂਸੰਪਾਦਕ
ਸਾਰੇ ਜਾਣਦੇ ਹਨ ਕਿ ਤੁਸੀਂ ਬੁੱਧੀਜੀਵੀ ਹੋ, ਵਿਦਵਾਨ ਹੋ। ਪੰਜਾਬ ਵਿਚ ਕਾਲੇ ਦਿਨ ਤੁਹਾਡੇ ਸਾਹਮਣੇ ਹੀ ਆਏ ਅਤੇ ਖ਼ਤਮ ਹੋਏ। ਤੁਹਾਡਾ ਇਹ ਲਿਖਣਾ ਤਾਂ ਸਹੀ ਹੋ ਸਕਦਾ ਹੈ ਕਿ ਕਿਸੇ ਇਕ ਪੁਲਿਸ ਅਫ਼ਸਰ ਨੂੰ ਸਾਰਾ ਸਿਹਰਾ ਨਹੀਂ ਦਿੱਤਾ ਜਾਣਾ ਚਾਹੀਦਾ, ਜਿਵੇਂ ਕਿ ਕੇ.ਪੀ.ਐਸ. ਗਿੱਲ ਨੂੰ ਦਿੱਤਾ ਜਾ ਰਿਹਾ ਹੈ ਪਰ ਕਿਤੇ ਵੀ ਤੁਸੀਂ ਇਕ ਸ਼ਬਦ ਉਨ੍ਹਾਂ ਲਈ ਨਹੀਂ ਲਿਖਿਆ ਜੋ ਬੱਸਾਂ ਅਤੇ ਗੱਡੀਆਂ ਤੋਂ ਕੱਢ ਕੇ ਮਾਰੇ ਗਏ, ਪਟਿਆਲਾ ਦੇ ਕਾਲਜ ਵਿਚ ਵਿਦਿਆਰਥੀਆਂ ਦੇ ਕਤਲ ਹੋਏ। ਰੋਪੜ ਵਿਚ ਨਹਿਰ ਦੇ ਕੰਢੇ ਮਜ਼ਦੂਰਾਂ ਦਾ ਕਤਲ ਕੀਤਾ ਗਿਆ। ਅੰਮ੍ਰਿਤਸਰ ਚੌਕ ਘੰਟਾਘਰ ਵਿਚ ਸੈਂਕੜੇ ਲੋਕਾਂ ਨੂੰ ਜ਼ਖ਼ਮੀ ਕੀਤਾ ਗਿਆ ਅਤੇ ਮਾਰ ਦਿੱਤਾ ਗਿਆ। ਪੰਜਾਬ ਵਿਚ ਬੇਕਸੂਰਾਂ ਦਾ ਕਿੰਨਾ ਖੂਨ ਵਹਾਇਆ ਗਿਆ, ਨਿਸਚਤ ਹੀ ਤੁਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਹੋਵੇਗਾ। ਹੈਰਾਨੀ ਹੈ ਕਿ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦਾ ਮੈਂਬਰ ਰਹਿਣ ਵਾਲਾ ਇਕ ਬੁੱਧੀਜੀਵੀ ਉਨ੍ਹਾਂ ਦੇ ਹੰਝੂ ਪੂੰਝਣ ਕਦੇ ਨਹੀਂ ਆਇਆ ਜੋ ਬੇਕਸੂਰ ਘਰਾਂ, ਦੁਕਾਨਾਂ, ਬਾਜ਼ਾਰਾਂ ਵਿਚੋਂ ਖਿੱਚ-ਖਿੱਚ ਕੇ ਗੋਲੀਆਂ ਨਾਲ ਭੁੰਨ ਦਿੱਤੇ। ਬੇਕਸੂਰ ਦੀ ਮੌਤ ਦੁਖਦਾਈ ਹੈ। ਚਾਹੇ ਪੁਲਿਸ ਦੇ ਹੱਥੋਂ ਹੋਵੇ ਜਾਂ ਅੱਤਵਾਦੀਆਂ ਦੇ ਹੱਥੋਂ, ਪਰ ਇਕ ਪੱਖੀ ਫ਼ੈਸਲਾ ਤੁਹਾਡੇ ਵਰਗੇ ਵਿਅਕਤੀਆਂ ਦੀ ਕਲਮ ਤੋਂ ਸ਼ੋਭਾ ਨਹੀਂ ਦਿੰਦਾ। ਇਹ ਤਾਂ ਤੁਹਾਨੂੰ ਵੀ ਮੰਨਣਾ ਪਵੇਗਾ ਕਿ ਜਿਸ ਸਮੇਂ ਬੇਅੰਤ ਸਿੰਘ ਦੀ ਸਰਕਾਰ ਆਈ, ਉਸੇ ਸਮੇਂ ਸ੍ਰੀ ਗਿੱਲ ਨੇ ਕੰਮ ਸ਼ੁਰੂ ਕੀਤਾ। ਜੇ ਬੇਅੰਤ ਸਿੰਘ ਕੇ.ਪੀ.ਐਸ. ਗਿੱਲ ਨੂੰ ਨਾ ਚਾਹੁੰਦੇ ਤਾਂ 1993 ਤੋਂ ਬਾਅਦ 1995 ਤੱਕ ਉਨ੍ਹਾਂ ਨੂੰ ਸੇਵਾ ਵਿਚ ਕਿਉਂ ਰੱਖਦੇ? ਅਫ਼ਸੋਸ ਹੈ ਕਿ ਸ੍ਰੀ ਗਿੱਲ ਨੂੰ ਉਹ ਅਧਿਕਾਰ ਵੀ ਨਾ ਦੇਣ ਦਾ ਐਲਾਨ ਹੋ ਗਿਆ ਜੋ ਇਕ ਸਿੱਖ ਦੇ ਨਾਤੇ ਉਨ੍ਹਾਂ ਦਾ ਅਧਿਕਾਰ ਸੀ ਕਿ ਸਿੱਖ ਮਰਿਆਦਾ ਅਨੁਸਾਰ ਉਨ੍ਹਾਂ ਦੀਆਂ ਅੰਤਿਮ ਰਸਮਾਂ ਹੋਣ। ਚੰਗਾ ਲੱਗਾ ਤੁਸੀਂ ਇਸ ਦੀ ਨਿੰਦਾ ਕੀਤੀ ਹੈ।

-ਲਕਸ਼ਮੀ ਕਾਂਤਾ ਚਾਵਲਾ।

ਕੀ ਹੁਣ ਦੇਸ਼ ਲਾਲ ਪਰੀ ਦੀ ਕਮਾਈ ਨਾਲ ਚੱਲੇਗਾ?
ਇਹ ਚਰਚਾ ਜ਼ੋਰਾਂ 'ਤੇ ਹੈ ਕਿ ਸ਼ਰਾਬ ਦੀ ਵਿੱਕਰੀ ਬਿਨਾਂ ਸਰਕਾਰਾਂ ਚੱਲ ਹੀ ਨਹੀਂ ਸਕਦੀਆਂ। ਇਸ ਸੰਦਰਭ ਵਿਚ ਸਵਾਲ ਪੈਦਾ ਹੁੰਦਾ ਹੈ ਕਿ ਕੀ ਸਰਕਾਰਾਂ ਕੋਲ ਕੋਈ ਅਜਿਹਾ ਅਰਥ-ਸ਼ਾਸਤਰ ਹੈ ਹੀ ਨਹੀਂ ਹੈ, ਜੋ ਸ਼ਰਾਬ ਦੇ ਪਾਣੀ ਬਿਨਾਂ ਦੇਸ਼ ਨੂੰ ਚਲਾ ਸਕੇ? ਵਿਦਵਾਨ ਤਾਂ ਇਹ ਕਹਿੰਦੇ ਹਨ ਕਿ ਏਨੇ ਬੰਦੇ ਸਮੁੰਦਰ ਵਿਚ ਡੁੱਬ ਕੇ ਨਹੀਂ ਮਰੇ, ਜਿੰਨੇ ਸ਼ਰਾਬ ਵਿਚ ਡੁੱਬ ਕੇ ਮਰਦੇ ਹਨ। ਸ਼ਰਾਬ ਪੀੜਤ ਪਰਿਵਾਰ ਰੀਂਘ-ਰੀਂਘ ਜ਼ਿੰਦਗੀ ਜੀਅ ਰਹੇ ਹਨ। ਧਰਮ ਬਦਲੇ ਮਰ ਮਿਟ ਜਾਣ ਵਾਲੇ ਆਪਣੇ ਧਰਮ-ਸ਼ਾਸਤਰ ਨੂੰ ਕਿਉਂ ਪਿੱਠ ਵਿਖਾ ਰਹੇ ਹਨ, ਜਿਹੜਾ ਸ਼ਰਾਬ ਅਤੇ ਨਸ਼ਿਆਂ ਦੀ ਵਰਤੋਂ ਵਿਰੁੱਧ ਕੂਕਦਾ ਹੈ? ਨੀਤੀ ਸ਼ਾਸਤਰ ਉਸ ਸਮਾਜ ਨੂੰ ਪਾਪੀ ਆਖਦੇ ਹਨ ਜਿਹੜਾ ਕੇਵਲ ਮਾਇਆ ਬਦਲੇ ਘਟੀਆ ਵਪਾਰ ਤੇ ਦੁਰਵਿਹਾਰ ਕਰਦਾ ਹੈ। ਇਹ ਚਿੰਤਾ ਦਾ ਵਿਸ਼ਾ ਹੈ। ਆਉ, ਚਿੰਤਨ ਕਰੀਏ ਤੇ ਦੇਸ਼ ਨੂੰ ਚਲਾਉਣ ਦੀ ਸਹੀ ਸਿਹਤਮੰਦ ਦਿਸ਼ਾ ਵਲ ਨੂੰ ਚੱਲੀਏ।

-ਕੁਲਵੰਤ ਕੌਰ
ਗੁਰੂ ਨਾਨਕ ਖਾਲਸਾ ਕਾਲਜ ਡਰੋਲੀ (ਜਲੰਧਰ)।

12/06/2017

 ਨਸ਼ਾ ਖ਼ਤਮ ਹੋਵੇ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਸਫੇ 'ਤੇ 'ਵਿਸ਼ਵ ਪੱਧਰ 'ਤੇ ਤੰਬਾਕੂ ਮੁਕਤ ਦਿਵਸ' ਸਬੰਧੀ ਜਸਵਿੰਦਰ ਸਿੰਘ ਸਹੋਤਾ ਦਾ ਲੇਖ ਛਪਿਆ। ਅੰਕੜਿਆਂ ਅਤੇ ਤੱਥਾਂ 'ਤੇ ਆਧਾਰਿਤ ਤੰਬਾਕੂ ਦੇ ਸੇਵਨ ਕਾਰਨ ਸਿਹਤ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦਾ ਜ਼ਿਕਰ ਸਲਾਹੁਣਯੋਗ ਸੀ ਪ੍ਰੰਤੂ ਬੁੱਧੀਜੀਵੀਆਂ ਵੱਲੋਂ ਆਪਣੀਆਂ ਲਿਖਤਾਂ ਰਾਹੀਂ ਤੰਬਾਕੂ ਦੇ ਸੇਵਨ ਨੂੰ ਬਹੁਤ ਹੀ ਮਾੜਾ ਤੇ ਅਤਿ ਨਿੰਦਣਯੋਗ ਕਿਹਾ ਗਿਆ ਪਰ ਗੱਲ ਉਥੇ ਦੀ ਉਥੇ ਖੜ੍ਹੀ ਦਿਖਾਈ ਦਿੰਦੀ ਹੈ। ਸੋ, ਕੁੱਲ ਮਿਲਾ ਕੇ ਤੰਬਾਕੂ ਦੇ ਉਤਪਾਦਨ 'ਤੇ ਅਤੇ ਤੰਬਾਕੂ ਤੋਂ ਬਣੇ ਅਨੇਕਾਂ ਪਦਾਰਥਾਂ ਜੋ ਬਜ਼ਾਰਾਂ ਵਿਚ ਵਿਕਦੇ ਹਨ, ਉਤੇ ਪੂਰਨ ਤੌਰ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ, ਤਾਂ ਹੀ ਤੰਬਾਕੂ ਦੇ ਨਸ਼ੇ ਨੂੰ ਖਤਮ ਕੀਤਾ ਜਾ ਸਕਦਾ ਹੈ।


-ਮਾ: ਦੇਵ ਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਵਿਦਿਆਰਥੀਆਂ ਵਿਚ ਅਸਹਿਣਸ਼ੀਲਤਾ
ਕੁਝ ਕੁ ਦਿਨ ਪਹਿਲਾਂ 12ਵੀਂ ਅਤੇ ਦਸਵੀਂ ਦਾ ਨਤੀਜਾ ਐਲਾਨਿਆ ਗਿਆ। ਨਾਕਾਮਯਾਬੀ ਮਿਲਣ 'ਤੇ ਕੁਝ ਵਿਦਿਆਰਥੀਆਂ ਦੁਆਰਾ ਖੁਦਕੁਸ਼ੀ ਕਰ ਲਈ ਗਈ। ਇਸ ਦੁਖਦਾਈ ਘਟਨਾ ਤੋਂ ਜ਼ਾਹਿਰ ਹੈ ਕਿ ਵਿਦਿਆਰਥੀ ਜੀਵਨ ਵਿਚੋਂ ਸਹਿਣਸ਼ੀਲਤਾ ਖਤਮ ਹੋ ਚੁੱਕੀ ਹੈ ਜੋ ਕਿ ਸਮਾਜ ਅਤੇ ਮਨੁੱਖਤਾ ਲਈ ਖਤਰਨਾਕ ਹੈ। ਸਿੱਖਿਆ ਦੀ ਨੀਂਹ ਮਾਤਾ-ਪਿਤਾ ਦੁਆਰਾ ਰੱਖਣੀ ਚਾਹੀਦੀ ਹੈ ਕਿਉਂਕਿ ਮਾਪੇ ਬੱਚੇ ਦੇ ਮੁਢਲੇ ਅਧਿਆਪਕ ਹੁੰਦੇ ਹਨ ਅਤੇ ਅਧਿਆਪਕ ਦੁਆਰਾ ਇਸ ਉਤੇ ਉਸਾਰੀ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਚੰਗੇ ਮਾੜੇ ਹਾਲਾਤ ਦਾ ਮੁਕਾਬਲਾ ਕਰਨ ਦੇ ਯੋਗ ਬਣਾਉਣਾ ਅਤੇ ਮਿਹਨਤ ਕਰਦੇ ਰਹਿਣ ਦੀ ਪ੍ਰੇਰਨਾ ਦਿੰਦੇ ਰਹਿਣਾ ਚਾਹੀਦਾ ਹੈ ਤਾਂ ਜੋ ਬੱਚਾ ਕਿਸੇ ਵੀ ਮੁਸ਼ਕਿਲ ਤੋਂ ਭੱਜਣ ਜਾਂ ਖੁਦਕੁਸ਼ੀ ਕਰਨ ਦੀ ਬਜਾਏ ਇਸਦਾ ਬਹਾਦਰੀ ਨਾਲ ਸਾਹਮਣਾ ਕਰੇ।


-ਅੰਮ੍ਰਿਤਪਾਲ ਸਿੰਘ ਸੰਧੂ
ਪਿੰਡ ਤੇ ਡਾਕ: ਬਾੜੀਆਂ ਕਲਾਂ।


ਸਰਕਾਰ ਸੁਚੱਜੀ ਵਿਉਂਤਬੰਦੀ ਕਰੇ
ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ 'ਚੋਂ ਲੰਘਣਾ ਪੈ ਰਿਹਾ ਹੈ ਕਿਉਂਕਿ ਰੇਤਾ ਦਾ ਮੁੱਲ ਤਾਂ ਸੀਮੈਂਟ ਤੋਂ ਵੀ ਅਗਾਂਹ ਲੰਘਦਾ ਜਾ ਰਿਹਾ ਹੈ। ਧੜੱਲੇਦਾਰ ਲੋਕ ਤਾਂ ਇਸ ਦੀ ਖਰੀਦ ਕਰੀ ਜਾਂਦੇ ਹਨ ਪਰ ਸਧਾਰਨ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਰੇਤਾ ਬੜਾ ਵੱਡਾ ਮਸਲਾ ਹੈ। ਨਿਖੇਧੀ ਇਸ ਗੱਲ ਦੀ ਹੈ ਕਿ ਨਿਲਾਮ ਕੀਤੀਆਂ ਖੱਡਾਂ 'ਚੋਂ ਸਰਕਾਰ ਆਪਣਾ ਤਾਂ ਮੁਆਵਜ਼ਾ ਪ੍ਰਾਪਤ ਕਰ ਲੈਂਦੀ ਹੈ ਪਰ ਆਮ ਲੋਕ ਠੇਕੇਦਾਰਾਂ ਦੀ ਮਨਮਰਜ਼ੀ ਦੇ ਰੇਟਾਂ ਦੇ ਧੱਕੇ ਚੜ੍ਹਦੇ ਹਨ। ਪਹਿਲਾਂ ਸਰਕਾਰ ਰੇਤਾ-ਬਜਰੀ ਦਾ ਵਾਜਬ ਮੁੱਲ ਨਿਸਚਿਤ ਕਰੇ, ਜਿਹੜਾ ਸਾਧਾਰਨ ਲੋਕਾਈ ਦੀ ਪਹੁੰਚ ਬਣ ਸਕੇ। ਸੋ, ਜ਼ਰੂਰਤ ਹੈ, ਸਮੇਂ ਦੀ ਸਰਕਾਰ ਵੱਲੋਂ ਸੁਚੱਜੀ ਵਿਉਂਤਬੰਦੀ ਕੀਤੀ ਜਾਵੇ, ਤਾਂ ਜੋ ਰੇਤਾ-ਬਜਰੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਨਾ ਜਾਵੇ।


-ਕਮਲਜੀਤ ਸਿੰਘ
ਪਿੰਡ ਤੇ ਡਾਕ: ਮੱਲ੍ਹੀਆਂ (ਕਰਤਾਰਪੁਰ), ਜ਼ਿਲ੍ਹਾ ਜਲੰਧਰ।

08/06/2017

 ਕਿੰਨੇ ਸੋਹਣੇ ਦਿਨ ਸਨ
75ਵਿਆਂ ਨੂੰ ਢੁਕੇ ਇਕ ਬਜ਼ੁਰਗ ਨੇ ਅਜੋਕੇ ਪੰਜਾਬ ਦੇ ਹਾਲਾਤ 'ਤੇ ਲੰਮਾ ਹਉਕਾ ਲੈਂਦਿਆ ਸੋਹਣੇ ਦਿਨਾਂ ਬਾਰੇ ਦੱਸਦਿਆਂ ਕਿਹਾ ਕਿ ਸਾਡੇ ਸਮੇਂ ਕਣਕ-ਮੱਕੀ, ਨਰਮੇ-ਕਪਾਹ, ਕਮਾਦ, ਮੂੰਗਫਲੀ, ਸਰ੍ਹੋਂ, ਅਰਹਰ ਆਦਿ ਹਰ ਫ਼ਸਲ ਹੋਇਆ ਕਰਦੀ ਸੀ। ਉਨ੍ਹਾਂ ਅੱਗੇ ਦੱਸਦਿਆਂ ਕਿਹਾ ਕਿ ਉਸ ਸਮੇਂ ਹਰ ਕਿਸਾਨ ਦੀ ਮੋਟਰ 'ਤੇ ਘੁਲਾੜੀ ਦਾ ਚੱਲਣਾ, ਮੱਕੀ ਦੀ ਰੋਟੀ-ਸਰ੍ਹੋਂ ਦਾ ਸਾਗ, ਕਣਕ ਦੀ ਰੋਟੀ-ਹਾਰੇ ਦੀ ਦਾਲ, ਕਾੜਨੀ ਦੀ ਲੱਸੀ-ਦਹੀਂ, ਮਿਰਚ, ਔਲੇ ਤੇ ਅਦਰਕ ਦਾ ਆਚਾਰ ਬਹੁਤ ਸਵਾਦੀ ਹੁੰਦਾ ਸੀ।
ਘਰ-ਘਰ ਬਲਦੇ ਚੁੱਲ੍ਹੇ ਵੱਖਰਾ ਹੀ ਸਕੂਨ ਦਿੰਦੇ ਸਨ। ਖੇਤਾਂ 'ਚ ਮੂਲੀ, ਸ਼ਲਗਮ, ਗਾਜਰ ਤੇ ਹੋਰ ਕਈ ਕੁਝ ਆਮ ਹੁੰਦੇ ਸਨ। ਮੂੰਗਫਲੀ ਤੇ ਸ਼ਕਰਕੰਦੀ ਭੁੰਨ ਕੇ ਖਾਂਦੇ ਰਹਿੰਦੇ ਸੀ। ਦਿਨ-ਰਾਤ ਖੇਤਾਂ 'ਚ ਕੰਮ ਕਰਦਿਆਂ ਕਦੇ ਬਿਮਾਰ ਨਹੀਂ ਸੀ ਹੋਏ। ਤਾਜ਼ੀ ਆਬੋ-ਹਵਾ ਹੁੰਦੀ ਸੀ, ਮਿੱਠਾ ਸਰਬਤ ਵਰਗਾ ਪਾਣੀ ਹੁੰਦਾ ਸੀ। ਬਜ਼ੁਰਗ ਹਓਕਾ ਲੈਂਦਾ ਅੱਗੇ ਕਹਿੰਦਾ ਕਿ ਜੇ ਅੱਜ ਸਾਡੇ ਸਮੇਂ ਦਾ ਪੰਜਾਬ ਹੁੰਦਾ ਤਾਂ ਕਿਸਾਨ ਖ਼ੁਦਕੁਸ਼ੀ ਨਾ ਕਰਦਾ, ਪੰਜਾਬੀ ਨਸ਼ਈ ਨਾ ਹੁੰਦਾ। ਵਾਕਿਆ ਹੀ ਉਹ ਕਿੰਨੇ ਸੋਹਣੇ ਦਿਨ ਸੀ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਬੰਬ ਧਮਾਕੇ
ਇਰਾਕ ਅਤੇ ਕਾਬੁਲ ਦੇਸ਼ਾਂ 'ਚ ਅੱਤਵਾਦੀਆਂ ਵੱਲੋਂ ਬੰਬ ਧਮਾਕਿਆਂ ਰਾਹੀਂ ਬੜੀ ਕਰੂਰਤ ਤੇ ਬੇਰਹਿਮੀ ਨਾਲ ਮਨੁੱਖਤਾ ਦਾ ਖੂਨ ਵਹਾਏ ਜਾਣ ਦੀਆਂ ਮੰਦਭਾਗੀਆਂ ਖ਼ਬਰਾਂ ਪੜ੍ਹਨ ਨੂੰ ਮਿਲੀਆਂ, ਜਿਨ੍ਹਾਂ ਨੇ ਸਾਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ। ਅਜਿਹੇ ਬੁਰੇ ਤੇ ਗ਼ੈਰ-ਮਨੁੱਖੀ ਕੰਮਾਂ ਨੂੰ ਅੰਜਾਮ ਦੇਣ ਵਾਲੇ ਇਹ ਕਾਫਰ ਲੋਕ ਕਿੰਨੇ ਬੇਰਹਿਮ, ਬੁਝਦਿਲ ਤੇ ਬੇਕਿਰਕ ਹੋਣਗੇ, ਜਿਨ੍ਹਾਂ ਨੂੰ ਨਾ ਇਨਸਾਨੀਅਤ ਨਾਲ ਪਿਆਰ ਅਤੇ ਨਾ ਹੀ ਖ਼ੁਦਾ ਦਾ ਕੋਈ ਖੌਫ਼ ਹੈ। ਇਹ ਬੰਬ ਧਮਾਕੇ ਰੂਪੀ ਕੋਝੇ ਕਾਰੇ ਕਰਨ ਵਾਲੇ ਇਨਸਾਨੀਅਤ ਵਿਹੂਣੇ ਖੂੰਖਾਰ ਦਹਿਸ਼ਤਗਰਦਾਂ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ। ਪ੍ਰਭੂ ਅਜਿਹੇ ਮਨੁੱਖਤਾ ਦਾ ਘਾਣ ਕਰਨ ਵਾਲੇ ਦਹਿਸ਼ਤੀਆਂ ਨੂੰ ਅਕਲ ਬਖਸ਼ੇ ਤਾਂ ਜੋ ਅਗਾਂਹ ਨੂੰ ਕੋਈ ਅਜਿਹੀ ਦਿਲ-ਕੰਬਾਊ ਤੇ ਲੋਕ ਉਜਾੜੂ ਘਟਨਾ ਨਾ ਵਾਪਰੇ।


-ਯਸ਼ ਪੱਤੋ
ਪਿੰਡ ਪੱਤੋ ਹੀਰਾ ਸਿੰਘ, ਤਹਿ: ਨਿਹਾਲ ਸਿੰਘ ਵਾਲਾ (ਮੋਗਾ)।


ਸਮੇਂ ਦੀ ਲੋੜ
ਬੇਨਤੀ ਹੈ ਉਨ੍ਹਾਂ ਵਿਦਵਾਨਾਂ ਅਤੇ ਬੁੱਧੀਜੀਵੀਆਂ ਅਤੇ ਲੇਖਕਾਂ ਨੂੰ ਕਿ ਉਹ ਸਾਰਾ ਧਿਆਨ ਪੰਜਾਬ ਦੇ ਵਿਗੜਦੇ ਹਲਾਤ 'ਤੇ ਕੇਂਦਰਿਤ ਕਰਨ। ਮਨੋਰੰਜਨ ਦੇ ਕਿੱਸੇ ਛੱਡ ਕੇ ਪੰਜਾਬ ਦੀ ਆਰਥਿਕਤਾ ਦਾ ਕੀ ਹਾਲ ਹੈ, ਨਸ਼ਾ, ਬੇਰੁਜ਼ਗਾਰੀ, ਲੁੱਟ-ਖੋਹ, ਘਪਲੇਬਾਜ਼ੀ, ਕਿਸੇ ਪਾਸੇ ਕੋਈ ਮਸਲਾ ਹੱਲ ਨਹੀਂ ਹੋਇਆ। ਅਜਿਹੇ ਹਲਾਤ 1980 ਵਿਚ ਬਣ ਗਏ ਸੀ ਜਦੋਂ ਆਰਥਿਕ ਮਸਲੇ, ਧਾਰਮਿਕ ਮਸਲੇ ਬਣ ਗਏ ਸੀ। ਇਸ ਕਰਕੇ ਜੋ ਤਬਾਹੀ 90 ਦੇ ਦਹਾਕੇ 'ਚ ਹੋਈ, ਉਹ ਹੁਣ ਨਾ ਹੋਵੇ।


-ਗੁਰਾਂਦਿੱਤਾ ਸਿੰਘ ਸੰਧੂ

07/06/2017

  ਪਾਣੀ ਦੀ ਦੁਰਵਰਤੋਂ ਨੂੰ ਰੋਕੇ ਸਰਕਾਰ
ਮਨੁੱਖ ਕੋਲ ਜਿਹੜੀ ਚੀਜ਼ ਬਹੁਤ ਹੋਵੇ ਉਸ ਦੀ ਕਦਰ ਮਨੁੱਖ ਘੱਟ ਹੀ ਕਰਦਾ ਹੈ। ਜਿਵੇਂ ਪੰਜਾਬ ਵਿਚ ਹਾਲ ਦੀ ਘੜੀ ਪੀਣ ਵਾਲੇ ਸਾਫ਼ ਪਾਣੀ ਦੀ ਕੋਈ ਕਮੀ ਨਹੀਂ। ਬਹੁਤ ਥੋੜ੍ਹੇ ਜਾਗਰੂਕ ਲੋਕ ਹਨ ਜਿਨ੍ਹਾਂ ਨੇ ਟੈਂਕੀ ਭਰ ਜਾਣ ਦੀ ਸੂਚਨਾ ਦੇਣ ਵਾਲਾ ਅਲਾਰਮ ਲਗਾਇਆ ਹੈ ਜਦਕਿ ਬਹੁਗਿਣਤੀ ਲੋਕ ਇਹ ਅਲਾਰਮ ਨਹੀਂ ਲਗਾਉਂਦੇ ਜਿਸ ਨਾਲ ਟੈਂਕੀ ਭਰਨ ਤੋਂ ਬਾਅਦ ਕੀਮਤੀ ਪਾਣੀ ਬਰਬਾਦ ਹੁੰਦਾ ਰਹਿੰਦਾ ਹੈ। ਕੀ ਸਰਕਾਰ ਅਤੇ ਨਗਰ ਨਿਗਮਾਂ ਇਸ ਗੰਭੀਰ ਮਸਲੇ ਦੇ ਹੱਲ ਲਈ ਕੋਈ ਠੋਸ ਕਾਰਵਾਈ ਕਰਨਗੀਆਂ। ਇਸ ਨਾਲ ਲੋੜਵੰਦਾਂ ਨੂੰ ਪਾਣੀ ਮਿਲਣ ਵਿਚ ਸਹਾਇਤਾ ਮਿਲੇਗੀ।


-ਗੁਲਸ਼ਨ ਕੁਮਾਰ
ਕਿਸ਼ਨਪੁਰਾ, ਜਲੰਧਰ ਸ਼ਹਿਰ।


ਸੋਚਣ ਦੀ ਲੋੜ

ਪਿਛਲੇ ਦਿਨੀਂ ਬਲਬੀਰ ਸਿੰਘ ਰਾਜੇਵਾਲ ਦਾ ਲੇਖ 'ਕਿਸਾਨਾਂ ਨੂੰ ਖੁਦਕੁਸ਼ੀਆਂ ਦਾ ਰਾਹ ਛੱਡ ਕੇ ਖੁਦ ਹੱਲ ਲੱਭਣਾ ਪਊ' ਬਹੁਤ ਵਧੀਆ ਸੀ। ਜੇਕਰ ਕਿਸਾਨ ਸਬਜ਼ੀਆਂ ਜਾਂ ਕਣਕ-ਝੋਨੇ ਤੋਂ ਬਿਨਾਂ ਕੋਈ ਹੋਰ ਫਸਲ ਬੀਜ ਵੀ ਲੈਂਦਾ ਹੈ ਤਾਂ ਠੀਕ ਮੰਡੀਕਰਨ ਦੀ ਅਣਹੋਂਦ ਕਾਰਨ ਕਿਸਾਨ ਨੂੰ ਨੁਕਸਾਨ ਹੀ ਹੁੰਦਾ ਹੈ। ਜਦੋਂ ਤੱਕ ਕਿਸਾਨ ਪੈਦਾਵਾਰ ਨੂੰ ਸਿੱਧਾ ਖਪਤਕਾਰ ਤੱਕ ਪਹੁੰਚਾਉਣ ਵੱਲ ਭਾਵ ਮੰਡੀਕਰਨ ਵੱਲ ਢੁਕਦਾ ਧਿਆਨ ਨਹੀਂ ਦੇਵੇਗਾ, ਉਦੋਂ ਤੱਕ ਕਿਸਾਨ ਦੀ ਮੌਜੂਦਾ ਆਰਥਿਕ ਹਾਲਤ ਵਿਚ ਕੋਈ ਬਹੁਤੀ ਤਬਦੀਲੀ ਨਹੀਂ ਆਵੇਗੀ।
ਦੂਸਰਾ ਜੇਕਰ ਘਰ ਵਿਚ ਬਿਮਾਰੀ ਲਈ ਕਰਜ਼ਾ ਲੈਣਾ ਪੈ ਜਾਵੇ ਉਹ ਤਾਂ ਅਲੱਗ ਗੱਲ ਹੈ। ਅੰਤ ਵਿਚ ਮੈਂ ਇਹੀ ਕਹਾਂਗਾ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਵਿਅਕਤੀ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਜਿਸ ਸਮੱਸਿਆ ਨਾਲ ਅਸੀਂ ਦੋਵੇਂ ਪਤੀ-ਪਤਨੀ ਨਹੀਂ ਲੜ ਸਕਦੇ, ਉਸ ਲੜਾਈ ਨੂੰ ਮੇਰੀ ਪਤਨੀ ਇਕੱਲੀ ਕਿਵੇਂ ਲੜੇਗੀ, ਜਾਂ ਮੇਰੇ ਖੁਦਕੁਸ਼ੀ ਕਰਨ ਦਾ ਮੇਰੇ ਬੱਚਿਆਂ ਦੀ ਮਾਨਸਿਕਤਾ 'ਤੇ ਕੀ ਅਸਰ ਹੋਵੇਗਾ?

-ਬਿਕਰਮਜੀਤ ਸਿੰਘ
ਭਾਦਸੋਂ (ਪਟਿਆਲਾ)।


ਚਿੰਤਾ ਦਾ ਵਿਸ਼ਾ

12ਵੀਂ ਜਮਾਤ ਦੇ ਨਤੀਜਿਆਂ ਦੀ ਪਾਸ ਦਰ ਪਿਛਲੇ ਸਾਲ ਨਾਲੋਂ 14.41 ਫ਼ੀਸਦੀ ਘਟਣਾ ਗੰਭੀਰ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ। ਨਤੀਜਿਆਂ 'ਚ ਆਈ ਗਿਰਾਵਟ ਦਾ ਕਾਰਨ ਕਾਫ਼ੀ ਹੱਦ ਤੱਕ ਸਿੱਖਿਆ ਸਿਸਟਮ ਨੂੰ ਵੀ ਮੰਨਿਆ ਜਾ ਸਕਦਾ ਹੈ। ਪਰ ਪਿਛਲੇ ਸਾਲਾਂ ਦੌਰਾਨ ਸ਼ੁਰੂ ਹੋਏ ਸੀ.ਸੀ.ਈ. ਸਿਸਟਮ ਤੇ ਅੱਠਵੀਂ ਤੱਕ ਫੇਲ੍ਹ ਨਾ ਕਰਨ ਦੀ ਨੀਤੀ ਨੇ ਬੱਚਿਆਂ ਦੇ ਮਨਾਂ 'ਚੋਂ ਇਮਤਿਹਾਨਾਂ ਦਾ ਡਰ ਕੱਢ ਦਿੱਤਾ ਹੈ।
ਬੱਚੇ ਇਮਤਿਹਾਨਾਂ ਨੂੰ ਰਸਮੀ ਤੌਰ 'ਤੇ ਲੈਣ ਲੱਗੇ ਹਨ। ਗਰੇਡ ਸਿਸਟਮ ਨੇ ਬੱਚਿਆਂ 'ਚ ਮੁਕਾਬਲੇ ਦੀ ਭਾਵਨਾ ਘਟਾਈ ਹੈ। ਉਪਰੋਕਤ ਕਾਰਨਾਂ ਕਰਕੇ ਅੱਗੇ ਜਾ ਕੇ ਪਾਸ ਦਰ ਘਟਣੀ ਸੁਭਾਵਿਕ ਹੀ ਹੈ। ਅੱਠਵੀਂ ਤੱਕ ਫੇਲ੍ਹ ਨਾ ਕਰਨ ਦਾ ਸਿਸਟਮ ਬੰਦ ਹੋਣਾ ਚਾਹੀਦਾ ਹੈ। ਸੀ.ਬੀ.ਐਸ.ਈ. ਦੀ ਤਰਜ਼ 'ਤੇ ਸਾਲਾਨਾ ਪ੍ਰੀਖਿਆ ਪ੍ਰਣਾਲੀ ਮੁੜ ਸ਼ੁਰੂ ਕਰਨ ਤੇ ਗੌਰ ਕਰਨੀ ਬਣਦੀ ਹੈ। ਨਹੀਂ ਤਾਂ ਮੁਕਾਬਲੇਬਾਜ਼ੀ ਦੇ ਯੁੱਗ ਵਿਚ ਸਰਕਾਰੀ ਸਿੱਖਿਆਤੰਤਰ ਬਹੁਤਾ ਚਿਰ ਨਹੀਂ ਟਿਕ ਸਕੇਗਾ।

-ਬਲਵੀਰ ਸਿੰਘ ਵਾਸੀਆ

06/06/2017

 ਪਾਸ ਪ੍ਰਤੀਸ਼ਤ ਘਟਨਾ ਦੁਖਦਾਇਕ
ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2017 ਦਾ ਬਾਰ੍ਹਵੀਂ ਤੇ ਦਸਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਦੋਵੇਂ ਜਮਾਤਾਂ ਦੇ ਕੁੜੀਆਂ ਦੇ ਹੱਕ 'ਚ ਆਏ ਨਤੀਜਿਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕੁੜੀਆਂ ਲਗਨ ਨਾਲ ਪੜ੍ਹਾਈ ਕਰ ਰਹੀਆਂ ਹਨ। ਪਰ ਇਸ ਵਾਰ ਜਿਸ ਤਰ੍ਹਾਂ ਦੋਵੇਂ ਜਮਾਤਾਂ ਦੀ ਪਾਸ ਪ੍ਰਤੀਸ਼ਤ ਘਟੀ ਹੈ, ਉਹ ਹੈਰਾਨੀਜਨਕ ਤੇ ਪ੍ਰੇਸ਼ਾਨ ਕਰਨ ਵਾਲੀ ਹੈ। ਵਾਧੂ ਅੰਕਾਂ ਨੂੰ ਛੱਡ ਕੇ ਵੀ ਪਾਸ ਪ੍ਰਤੀਸ਼ਤ ਦਾ ਘਟਣਾ ਸੋਚਣ ਲਈ ਮਜਬੂਰ ਕਰਦਾ ਹੈ। ਇਸ ਦੀ ਘੋਖ ਕਰਨੀ ਬਣਦੀ ਹੈ। ਬਹੁਤਾ ਕਰਕੇ ਅੱਜ ਦੋਸ਼ੀ ਸੋਸ਼ਲ ਮੀਡੀਆ ਨੈੱਟਵਰਕ ਨੂੰ ਮੰਨਿਆ ਜਾ ਰਿਹਾ ਹੈ। ਵਿਦਿਆਰਥੀ ਸਿਰਫ ਪੜ੍ਹਾਈ ਨੂੰ ਤਰਜੀਹ ਦੇਣ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਕਿਸਾਨ ਪੱਖੀ ਯੋਜਨਾਵਾਂ ਦੀ ਲੋੜ
ਤਾਜ਼ਾ ਅੰਕੜਿਆਂ ਮੁਤਾਬਿਕ ਪੰਜਾਬ ਦੇ ਲਗਪਗ 30 ਲੱਖ ਕਿਸਾਨ 62000 ਕਰੋੜ ਦੇ ਕਰਜ਼ਾਈ ਹਨ। ਸਰਕਾਰੀ ਨੀਤੀਆਂ ਸਰਮਾਏਦਾਰੀ ਪੱਖੀ ਹਨ। ਕਿਸਾਨ ਦੀ ਕੋਈ ਬਾਂਹ ਨਹੀਂ ਫੜਦੀ। ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਕੇਵਲ ਕਾਗਜ਼ੀ ਦਸਤਾਵੇਜ਼ ਬਣ ਕੇ ਅਲਮਾਰੀਆਂ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ। ਫਸਲੀ ਬੀਮਾ ਯੋਜਨਾਵਾਂ ਅਧੂਰੀਆਂ ਹਨ। ਪੂਰੇ ਦੇਸ਼ ਨੂੰ ਪਾਲਣ ਵਾਲਾ ਕਿਸਾਨ ਅੱਜ ਆਪਣਾ ਟੱਬਰ ਪਾਲਣ ਤੋਂ ਵੀ ਅਸਮਰੱਥ ਦਿਖਾਈ ਦੇ ਰਿਹਾ ਹੈ। ਕੀ ਸੱਤਾ ਦਾ ਸੁੱਖ ਭੋਗਣ ਵਾਲੇ ਰਾਜਸੀ ਨੇਤਾ ਵਾਤਾਅਨੁਕੂਲ ਕਮਰਿਆਂ ਵਿਚੋਂ ਨਿਕਲ ਕੇ ਕਰਜ਼ੇ ਨਾਲ ਸਤਾਏ ਕਿਸਾਨ ਦੀ ਬਾਂਹ ਫੜਨਗੇ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

-ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀ ਖ਼ਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

ਆਉ! ਕੁਦਰਤ ਪ੍ਰਤੀ ਇਮਾਨਦਾਰ ਹੋਈਏ
ਸਾਡੇ ਹੀ ਵਿਗਾੜੇ ਹੋਏ ਕੁਦਰਤੀ ਪ੍ਰਬੰਧ ਵਿਚ ਜਦੋਂ ਅਸੀਂ ਖੁਦ ਘੁਟਣ ਮਹਿਸੂਸ ਕਰਦੇ ਹਾਂ ਤਾਂ ਸਾਡੀ ਅੱਖ ਰਤਾ ਕੁ ਖੁੱਲ੍ਹਦੀ ਹੈ ਕਿ ਕੁਦਰਤੀ ਨਿਆਮਤਾਂ ਨਾਲ ਭਰਪੂਰ ਇਕੋ ਇਕ ਗ੍ਰਹਿ ਨੂੰ ਅਸੀਂ ਸਹੂਲਤਾਂ ਸੰਪੰਨ ਬਣਾਉਣ ਦੇ ਚੱਕਰ ਵਿਚ ਜੀਣ ਜੋਗਾ ਵੀ ਨਹੀਂ ਰਹਿਣ ਦੇ ਰਹੇ ਤਾਂ ਇਸ ਦੀ ਸਾਂਭ-ਸੰਭਾਲ ਦਾ ਖਿਆਲ ਵੀ ਜ਼ਰੂਰ ਮਨ ਦਰਵਾਜ਼ੇ 'ਤੇ ਆ ਖੜ੍ਹਦਾ ਹੈ।
ਰੁੱਖ ਲਗਾਉਣੇ ਹਰ ਮਨੁੱਖੀ ਸੁਭਾਅ ਦਾ ਅੰਗ ਬਣਨਾ ਚਾਹੀਦਾ ਹੈ। ਸਕੂਲਾਂ, ਕਾਲਜਾਂ ਵਿਚ ਵਾਤਾਵਰਨ ਵਿਸ਼ਾ ਕੇਵਲ ਅੰਕ ਹਾਸਲ ਕਰਨ ਦਾ ਜ਼ਰੀਆ ਨਹੀਂ ਹੋਣਾ ਚਾਹੀਦਾ, ਸਗੋਂ ਇਸ ਨੂੰ ਨਵੀਂ ਪੀੜ੍ਹੀ ਨੂੰ ਕੁਦਰਤ ਨਾਲ ਜੋੜਨ ਦੇ ਢੰਗ ਵਜੋਂ ਵਰਤਣ ਦੀ ਲੋੜ ਹੈ ਤਾਂ ਹੀ ਕੁਦਰਤ ਤੇ ਮਨੁੱਖ ਦੇ ਵਧ ਰਹੇ ਪਾੜੇ ਨੂੰ ਪੂਰਿਆ ਜਾ ਸਕਦਾ ਹੈ। ਕੁਦਰਤ ਸਾਡੀ ਪਾਲਣਹਾਰ ਹੈ, ਇਸ ਦੀ ਮਹੱਤਤਾ ਸਮਝਦਿਆਂ ਮਨੁੱਖ ਨੂੰ ਆਪਣੀਆਂ ਤਬਾਹਕੁਨ ਰੁਚੀਆਂ ਨੂੰ ਮੋੜਾ ਦੇਣਾ ਹੀ ਪਵੇਗਾ। ਆਓ ਆਪਣੇ ਕੁਦਰਤ ਪ੍ਰਤੀ ਫ਼ਰਜ਼ਾਂ ਨੂੰ ਨਿਭਾਈਏ ਤੇ ਮੌਸਮੀ ਦਰਸ਼ਕਾਂ ਦੀ ਥਾਂ ਕੁਦਰਤ ਦੇ ਇਮਾਨਦਾਰ ਪ੍ਰਸੰਸਕ ਬਣੀਏ।

-ਬਲਵਿੰਦਰ ਸਿੰਘ ਸਮਾਘ
ਸ੍ਰੀ ਮੁਕਤਸਰ ਸਾਹਿਬ।

05/06/2017

 ਅਸਲ ਛਬੀਲ
ਅਸੀਂ ਪਿੰਡ ਦੇ ਨੌਜਵਾਨ ਛਬੀਲ ਲਈ ਉਗਰਾਹੀ ਕਰਦੇ-ਕਰਦੇ ਜਦੋਂ ਪਿੰਡ ਦੀ ਫਿਰਨੀ ਦੇ ਬਾਹਰਵਾਰ ਬਜ਼ੁਰਗ ਬਾਬੇ ਸੰਤੇ ਦੇ ਘਰ ਪੁੱਜੇ ਤਾਂ ਸਾਨੂੰ ਬਾਬੇ ਨੇ ਕਿਹਾ, 'ਮੇਰਾ ਇਕ ਸੁਝਾਅ ਹੈ, ਮੰਨਿਓ ਭਾਵੇਂ ਨਾ ਮੰਨਿਓ। ਲੋਕ ਪਾਣੀ ਪੀਂਦੇ ਘੱਟ ਅਤੇ ਖਰਾਬ ਜ਼ਿਆਦਾ ਕਰਦੇ ਹਨ। ਜੇਕਰ ਤੁਸੀਂ ਸੱਚਮੁੱਚ ਹੀ ਅਸਲੀ ਸੇਵਾ ਵਾਲਾ ਕੰਮ ਕਰਨਾ ਚਾਹੁੰਦੇ ਹੋ ਤਾਂ ਆਪਣੇ ਪਿੰਡ ਦੇ ਸਰਕਾਰੀ ਸਕੂਲ ਤੇ ਹਸਪਤਾਲ ਜਾਓ ਤੇ ਚਿਰਾਂ ਤੋਂ ਬੰਦ ਪਏ ਪੱਖੇ ਠੀਕ ਕਰਵਾ ਦਿਓ। ਸਕੂਲ ਦੇ ਬੱਚੇ ਅਤੇ ਦੂਰ ਤੋਂ ਆਏ ਹੋਏ ਮਰੀਜ਼ ਤੁਹਾਨੂੰ ਹਰ ਗਰਮੀ ਦੇ ਮੌਸਮ ਵਿਚ ਅਸੀਸਾਂ ਦਿਆ ਕਰਨਗੇ। ਇਕ ਠੰਢੇ ਪਾਣੀ ਵਾਲਾ ਵਾਟਰ ਕੂਲਰ ਸਕੂਲ 'ਚ ਲਗਵਾ ਦਿਓ। ਕੁਝ ਛਾਂਦਾਰ ਬੂਟੇ ਲਗਵਾ ਦਿਓ ਤਾਂ ਕਿ ਵਾਤਾਵਰਨ ਸਾਫ਼-ਸੁਥਰਾ ਹੋ ਸਕੇ, ਪੰਛੀ ਆਪਣਾ ਰੈਣ-ਬਸੇਰਾ ਬਣਾਉਣ ਅਤੇ ਅਸੀਂ ਆਉਣ ਵਾਲੇ ਸਮੇਂ ਗਰਮੀ ਤੋਂ ਕੁਝ ਰਾਹਤ ਮਹਿਸੂਸ ਕਰ ਸਕੀਏ। ਬਜ਼ੁਰਗ ਬਾਪੂ ਜੀ ਦੀ ਸਿੱਖਿਆ ਸੁਣ ਕੇ ਸੱਚਮੁਚ ਇੰਜ ਲੱਗ ਰਿਹਾ ਸੀ ਕਿ ਜਿਵੇਂ ਸਾਨੂੰ ਛਬੀਲ ਦਾ ਅਸਲੀ ਅਰਥ ਲੱਭ ਪਿਆ ਹੋਵੇ।

-ਜਸਵੰਤ ਸਿੰਘ ਰੌਲੀ
ਸਰਕਾਰੀ ਐਲੀਮੈਂਟਰੀ ਸਕੂਲ ਬਾਠ ਕਲਾਂ (ਜਲੰਧਰ)

ਸਿੱਖਿਆ ਦਾ ਵਪਾਰੀਕਰਨ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਨੁਸਾਰ 12ਵੀਂ ਦੇ ਨਤੀਜੇ 'ਚੋਂ 62 ਹਜ਼ਾਰ 916 ਦੇ ਕਰੀਬ ਵਿਦਿਆਰਥੀਆਂ ਦੀ ਕੰਪਾਰਟਮੈਂਟ ਅਤੇ 10ਵੀਂ ਦੇ ਨਤੀਜੇ 'ਚੋਂ 94 ਹਜ਼ਾਰ 271 ਦੇ ਕਰੀਬ ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ। ਫਿਰ ਦੁਬਾਰਾ ਪੇਪਰ ਦੇਣ ਲਈ 10ਵੀਂ ਦੀ ਫੀਸ 1050 ਰੁਪਏ ਤੇ ਬਾਰ੍ਹਵੀਂ ਦੀ ਫੀਸ 1350 ਰੁਪਏ ਦੇ ਹਿਸਾਬ ਨਾਲ ਕੁੱਲ ਫੀਸ ਦੀ ਰਾਸ਼ੀ 18 ਕਰੋੜ 30 ਲੱਖ 21 ਹਜ਼ਾਰ ਦੇ ਕਰੀਬ ਬਣਦੀ ਹੈ। ਸਿੱਖਿਆ ਬੋਰਡ ਅਤੇ ਮੌਜੂਦਾ ਸਰਕਾਰ ਨੂੰ ਚਾਹੀਦਾ ਹੈ ਕਿ ਰੀਅਪੀਅਰ ਵਾਲੇ ਵਿਦਿਆਰਥੀਆਂ ਦੀ ਪੇਪਰ ਫੀਸ ਕਾਫੀ ਹੱਦ ਤੱਕ ਘਟਾ ਕੇ ਉਨ੍ਹਾਂ ਨੂੰ ਆਪਣਾ ਭਵਿੱਖ ਅਤੇ ਸਮਾਜ ਸਿਰਜਣ ਦਾ ਇਕ ਵਧੀਆ ਮੌਕਾ ਦਿੱਤਾ ਜਾਵੇ ਤਾਂ ਜੋ ਇਹ ਬੱਚੇ ਆਪਣੇ ਮਾਪਿਆਂ 'ਤੇ ਬੋਝ ਨਾ ਬਣਨ ਤੇ ਮਾਪੇ ਇਨ੍ਹਾਂ ਦੀ ਫੀਸ ਆਸਾਨੀ ਨਾਲ ਭਰ ਸਕਣ।

-ਤਰਸੇਮ ਮਹਿਤੋ
ਪਿੰਡ ਬਈਏਵਾਲ, ਜ਼ਿਲ੍ਹਾ ਸੰਗਰੂਰ।

ਅੰਧ-ਵਿਸ਼ਵਾਸ
21ਵੀਂ ਸਦੀ ਦਾ ਮਨੁੱਖ ਮੋਬਾਈਲ ਕ੍ਰਾਂਤੀ ਦੇ ਯੁੱਗ ਵਿਚ ਰਹਿ ਰਿਹਾ ਹੈ। ਸੋਸ਼ਲ ਸਾਈਟਾਂ ਨੇ ਪੂਰੀ ਦੁਨੀਆ ਨੂੰ ਇਕ ਪਿੰਡ ਵਿਚ ਤਬਦੀਲ ਕਰ ਦਿੱਤਾ ਹੈ। ਇਨ੍ਹਾਂ ਸੋਸ਼ਲ ਸਾਈਟਾਂ ਨੇ ਭਾਵੇਂ ਮਨੁੱਖੀ ਗਿਆਨ-ਵਿਗਿਆਨ ਦੀ ਜਾਣਕਾਰੀ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਪਰ ਅੱਜ ਦੇ ਵਿਗਿਆਨਕ ਯੁੱਗ ਵਿਚ ਮੋਬਾਈਲ ਫੋਨ ਦੀ ਵਰਤੋਂ ਕਰਦੇ ਪੜ੍ਹੇ-ਲਿਖੇ ਇਨਸਾਨ ਵੀ ਅੰਧ-ਵਿਸ਼ਵਾਸ ਦੀ ਜਕੜ ਤੋਂ ਖਹਿੜਾ ਨਹੀਂ ਛੁਡਾ ਸਕੇ। ਇਸ ਤਰ੍ਹਾਂ ਦੇ ਬਹੁ-ਗਿਣਤੀ ਮੈਸੇਜ਼ ਵੀਡੀਓ ਕਲਿੱਪ ਕੰਪਿਊਟਰ ਦੁਆਰਾ ਐਡਿਟ ਕਰਕੇ ਪਾਏ ਜਾਂਦੇ ਹਨ, ਜੋ ਸੱਚ ਹੋਣ ਦਾ ਭੁਲੇਖਾ ਪਾਉਂਦੇ ਹਨ। ਅੱਜ ਦੇ ਮਨੁੱਖ ਨੂੰ ਇਨ੍ਹਾਂ ਭਰਮ ਫੈਲਾਓ ਪੋਸਟਾਂ ਜਾਂ ਵੀਡੀਓ ਕਲਿੱਪਾਂ ਤੋਂ ਵਧੇਰੇ ਸੁਚੇਤ ਹੋਣ ਦੀ ਲੋੜ ਹੈ।

-ਸੁਖਵੀਰ ਘੁਮਾਣ ਦਿੜ੍ਹਬਾ

02/06/2017

 ਨੌਜਵਾਨਾਂ ਵੱਲੋਂ ਖ਼ੁਦਕੁਸ਼ੀਆਂ ਦਾ ਰੁਝਾਨ
ਕਿਸਾਨ ਖ਼ੁਦਕੁਸ਼ੀਆਂ ਦਾ ਮੁੱਦਾ ਕਈ ਸਾਲਾਂ ਤੋਂ ਮੀਡੀਆ ਵਿਚ ਛਾਇਆ ਹੋਇਆ ਹੈ। ਪਰ ਕੁਝ ਅਰਸੇ ਤੋਂ ਨੌਜਵਾਨਾਂ ਵੱਲੋਂ ਖ਼ੁਦਕੁਸ਼ੀਆਂ ਦਾ ਰੁਝਾਨ ਵੀ ਵਧਦਾ ਜਾ ਰਿਹਾ ਹੈ। ਪਿਛਲੇ ਦਿਨੀਂ 12ਵੀਂ ਅਤੇ 10ਵੀਂ ਜਮਾਤਾਂ ਦੇ ਆਏ ਨਤੀਜਿਆਂ ਵਿਚ ਅਸਫਲ ਰਹਿਣ ਵਾਲੇ ਜਾਂ ਘੱਟ ਨੰਬਰ ਪ੍ਰਾਪਤ ਕਰਨ ਵਾਲੇ ਕੁਝ ਵਿਦਿਆਰਥੀਆਂ ਨੇ ਖ਼ੁਦਕੁਸ਼ੀਆਂ ਕੀਤੀਆਂ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਉਮਰ ਤਾਂ ਜ਼ਿੰਦਗੀ ਨੂੰ ਮਾਨਣ ਦੀ ਹੁੰਦੀ ਹੈ, ਜੋਸ਼ ਨਾਲ ਕੰਮ ਕਰਨ ਦੀ ਹੁੰਦੀ ਹੈ, ਮੰਜ਼ਿਲਾਂ ਸਰ ਕਰਨ ਦੀ ਹੁੰਦੀ ਹੈ, ਮੁਸ਼ਕਿਲਾਂ ਨੂੰ ਚੁਣੌਤੀ ਦੇਣ ਦੀ ਹੁੰਦੀ ਹੈ ਅਤੇ ਸੁਪਨੇ ਦੇਖਣ ਅਤੇ ਸਾਕਾਰ ਕਰਨ ਦੀ ਹੁੰਦੀ ਹੈ, ਫਿਰ ਇਸ ਉਮਰ ਵਿਚ ਏਨੀ ਨਿਰਾਸ਼ਾ ਕਿਉਂ? ਸਰਕਾਰਾਂ ਕੋਲ ਤਾਂ ਅਜਿਹੇ ਮੁੱਦਿਆਂ ਲਈ ਸਮਾਂ ਹੀ ਨਹੀਂ ਹੁੰਦਾ। ਜੇ ਸਾਡਾ ਨੌਜਵਾਨ ਹੀ ਨਿਰਾਸ਼ਾ ਦੇ ਆਲਮ ਵਿਚ ਚਲਾ ਗਿਆ, ਫਿਰ ਦੇਸ਼ ਤਰੱਕੀ ਕਿਵੇਂ ਕਰੇਗਾ? ਸੋ ਲੋੜ ਹੈ ਇਸ ਮੁੱਦੇ ਵੱਲ ਤੁਰੰਤ ਧਿਆਨ ਦੇਣ ਦੀ, ਵਰਨਾ ਸੱਪ ਲੰਘਣ ਤੋਂ ਬਾਅਦ ਲੀਹ ਕੁੱਟਣ ਦਾ ਕੋਈ ਫਾਇਦਾ ਨਹੀਂ ਹੋਵੇਗਾ।


-ਜਸਵੀਰ ਸਿੰਘ ਭਲੂਰੀਆ
ਪਿੰਡ ਤੇ ਡਾਕ: ਭਲੂਰ (ਮੋਗਾ)।


ਲੋਕ ਸਭਾ ਦੇ ਮਹਿਲਾ ਸਪੀਕਰ ਅਤੇ ਉਨ੍ਹਾਂ ਦਾ ਕਾਰਜ ਕਾਲ
ਆਜ਼ਾਦੀ ਤੋਂ ਬਾਅਦ ਪਹਿਲੀ ਲੋਕ ਸਭਾ ਚੋਣ 25 ਅਕਤੂਬਰ 1951 ਤੋਂ 21 ਫਰਵਰੀ 1952 ਦੌਰਾਨ ਆਜ਼ਾਦ ਭਾਰਤ ਦੇ ਪਹਿਲੇ ਚੋਣ ਕਮਿਸ਼ਨਰ ਸੁਕੁਮਰ ਸੇਨ ਦੀ ਦੇਖ ਰੇਖ ਵਿਚ ਹੋਈ ਜੋ ਕਿ ਚੁਣੌਤੀ ਭਰਿਆ ਕੰਮ ਸੀ। ਲੋਕ ਸਭਾ ਦੇ ਸਪੀਕਰ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ। ਉਸ ਨੇ ਲੋਕ ਸਭਾ ਦੀ ਕਾਰਵਾਈ ਚਲਾਉਣੀ ਹੁੰਦੀ ਹੈ। ਉਸ ਦੀ ਚੋਣ ਲੋਕ ਸਭਾ ਮੈਂਬਰਾਂ ਵਿਚੋਂ ਤਕਰੀਬਨ ਆਮ ਸਹਿਮਤੀ ਨਾਲ ਕੀਤੀ ਜਾਂਦੀ ਹੈ। ਸੰਸਦ ਦੇ ਇਸ ਸਦਨ ਦੀ ਮਾਣ-ਮਰਿਆਦਾ ਨੂੰ ਕਾਇਮ ਰੱਖਣਾ ਉਸ ਦਾ ਕੰਮ ਹੈ। ਉਸ ਨੇ ਲੋਕ ਸਭਾ ਦੀ ਕਾਰਵਾਈ ਨਿਰਪੱਖ ਢੰਗ ਨਾਲ ਚਲਾਉਣੀ ਹੁੰਦੀ ਹੈ। ਕੋਈ ਵੀ ਮੈਂਬਰ ਉਸ ਦੀ ਇਜ਼ਾਜਤ ਬਿਨਾਂ ਸਦਨ ਵਿਚ ਬੋਲ ਨਹੀਂ ਸਕਦਾ। ਸਪੀਕਰ ਦਾ ਰੁਤਬਾ ਚੀਫ ਜਸਟਿਸ ਦੇ ਬਰਾਬਰ ਦਾ ਹੈ। ਪਹਿਲੀ ਮਹਿਲਾ ਸਪੀਕਰ ਮੀਰਾ ਕੁਮਾਰ (ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ) ਬਤੌਰ 16ਵੇਂ ਸਪੀਕਰ ਵਜੋਂ 4 ਜੂਨ 2009 ਤੋਂ 4 ਜੂਨ 2014 ਤੱਕ ਸਫਲਤਾਪੂਰਨ ਸੇਵਾ ਨਿਭਾ ਚੁੱਕੇ ਹਨ। ਹੁਣ ਤੱਕ ਸਤਾਰਾਂ ਲੋਕ ਸਭਾ ਚੋਣਾਂ ਹੋ ਚੁੱਕੀਆਂ ਹਨ। ਹੁਣ ਸ੍ਰੀਮਤੀ ਸੁਮਿੱਤਰਾ ਮਹਾਜਨ (ਭਾਰਤੀ ਜਨਤਾ ਪਾਰਟੀ) ਦੂਜੀ ਮਹਿਲਾ ਹਨ, ਜੋ ਸਤਾਰ੍ਹਵੀਂ ਲੋਕ ਸਭਾ ਸਪੀਕਰ ਦੀ ਸੇਵਾ ਨਿਭਾਅ ਰਹੇ ਹਨ।


-ਮੇਜਰ ਸਿੰਘ ਨਾਭਾ
#208, ਗੁਰੂ ਤੇਗ ਬਹਾਦਰ ਨਗਰ, ਨਾਭਾ (ਪਟਿਆਲਾ)।


ਸਾਡੀ ਰਸੋਈ
'ਸਾਡੀ ਰਸੋਈ' ਰਾਹੀਂ ਗ਼ਰੀਬਾਂ ਅਤੇ ਲੋੜਵੰਦਾਂ ਨੂੰ ਰਿਆਇਤ ਕੀਮਤ 'ਤੇ ਖਾਣਾ ਦੇਣ ਲਈ ਜੋ ਉਪਰਾਲਾ ਨਵਾਂਸ਼ਹਿਰ ਵਿਚ ਹੋਇਆ, ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਅੱਜ ਦੇ ਹਾਲਾਤ ਵਿਚ ਬਹੁਤ ਸਾਰੇ ਅਜਿਹੇ ਕੇਸ ਹੋ ਚੁੱਕੇ ਹਨ, ਜੋ ਰੋਟੀ ਨਾ ਮਿਲਣ ਦੇ ਦੁੱਖੋਂ ਮਰੇ ਹਨ। ਚੰਗਾ ਹੋਵੇਗਾ ਜੇਕਰ ਇਹ ਸਕੀਮ ਟਿਫਨ-ਡੱਬਾ ਸਿਸਟਮ ਰਾਹੀਂ ਲੋੜੀਂਦੇ ਘਰਾਂ ਤੱਕ ਖਾਣਾ ਮੁਹੱਈਆ ਕੀਤਾ ਜਾਵੇ ਤਾਂ ਕਿ ਇਹ ਸਮਾਜ ਸੇਵਾ ਸਰਕਾਰੀ ਸੇਵਾ ਵਿਚ ਬਦਲ ਜਾਵੇ। ਕਿਰਪਾ ਕਰਕੇ ਹੋਟਲਾਂ, ਦੁਕਾਨਦਾਰਾਂ ਵੱਲੋਂ ਕੀਤੀ ਜਾ ਰਹੀ ਲੁੱਟ 'ਤੇ ਕਾਬੂ ਪਾਇਆ ਜਾਵੇ।


-ਸੁਪਰਡੈਂਟ ਰਘਬੀਰ ਸਿੰਘ ਬੈਂਸ
ਮੋ: 94633-64101.


ਬੋਰਡ ਪ੍ਰੀਖਿਆਵਾਂ ਦਾ ਸੱਚ
ਜੇਕਰ ਦਸਵੀਂ ਅਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਨਕਲ ਰਹਿਤ ਹੁੰਦੀਆਂ ਤਾਂ ਨਤੀਜਾ ਕਦੇ ਵੀ 20 ਫ਼ੀਸਦੀ ਤੋਂ ਵੱਧ ਨਹੀਂ ਸੀ ਹੋ ਸਕਦਾ। ਕਿਸੇ ਵੀ ਦੇਸ਼ ਦੀ ਤਰੱਕੀ ਦਾ ਮੁੱਢ ਉਸ ਦੀ ਸਿੱਖਿਆ ਪ੍ਰਣਾਲੀ ਤੋਂ ਬੱਝਦਾ ਹੈ। ਬੋਰਡ ਨੂੰ ਚਾਹੀਦਾ ਹੈ ਕਿ ਉਹ ਨੌਵੀਂ ਤੇ ਗਿਆਰਵੀਂ ਦੀਆਂ ਪ੍ਰੀਖਿਆਵਾਂ ਵੀ ਆਪਣੇ ਹੱਥ ਵਿਚ ਲੈ ਲਵੇ। ਵਿਦਿਆਰਥੀਆਂ ਨੂੰ ਪੜ੍ਹਨ ਦੀ ਆਦਤ ਪਵੇਗੀ, ਸਾਫ਼-ਸੁਥਰੇ ਰੌਸ਼ਨ ਦਿਮਾਗ ਵਿਦਿਆਰਥੀ ਕਾਲਜਾਂ ਵਿਚ ਪਹੁੰਚਣਗੇ। ਸਰਕਾਰ ਸੰਜੀਦਾ ਹੋਵੇ, ਪ੍ਰੀਖਿਆਵਾਂ ਸਖ਼ਤ ਨਿਗਰਾਨੀ ਹੇਠ ਹੋਣ ਤਾਂ ਜੋ ਨਕਲ ਰੂਪੀ ਕੋਹੜ ਨੂੰ ਸਮਾਜ ਵਿਚੋਂ ਕੱਢਿਆ ਜਾ ਸਕੇ।


-ਬਲਦੇਵ ਸਿੰਘ
ਬਟਾਲਾ, ਮੋ: 98720-84105.

01/06/2017

 ਪਾਣੀ ਦਾ ਡਿੱਗਦਾ ਪੱਧਰ
ਮਨੁੱਖ ਪਾਣੀ ਦੀ ਕਦਰ ਨਾ ਕਰਦਾ ਹੋਇਆ ਆਪਣੇ ਪੈਰੀਂ ਆਪ ਕੁਹਾੜਾ ਮਾਰ ਰਿਹਾ ਹੈ। ਅੱਜ ਜੋ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ, ਉਸ ਦੇ ਸਿੱਟੇ ਬਹੁਤ ਭਿਆਨਕ ਹੋਣਗੇ। ਪਵਿੱਤਰ ਗੁਰਬਾਣੀ ਵਿਚ ਹਵਾ ਨੂੰ ਗੁਰੂ ਅਤੇ ਪਾਣੀ ਨੂੰ ਪਿਤਾ ਕਿਹਾ ਗਿਆ ਹੈ ਪਰ ਮਨੁੱਖ ਹਵਾ ਅਤੇ ਪਾਣੀ ਦੋਵਾਂ ਨੂੰ ਹੀ ਦੂਸ਼ਿਤ ਕਰ ਰਿਹਾ ਹੈ। ਧਰਤੀ ਹੇਠਲੇ ਪਾਣੀ ਦੇ ਡਿਗਦੇ ਪੱਧਰ ਨੂੰ ਧਿਆਨ 'ਚ ਰੱਖਦਿਆਂ ਮਨੁੱਖ ਨੂੰ ਸੋਚ ਵਿਚਾਰ ਕਰਨੀ ਚਾਹੀਦੀ ਹੈ। ਜੇਕਰ ਮਨੁੱਖ ਇਸ ਤਰ੍ਹਾਂ ਧਰਤੀ ਹੇਠਲੇ ਪਾਣੀ ਨੂੰ ਖ਼ਤਮ ਕਰਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਕੋਲ ਧਰਤੀ ਹੇਠੋਂ ਪਾਣੀ ਕੱਢਣ ਦੇ ਸਾਰੇ ਸਾਧਨ ਵੀ ਖ਼ਤਮ ਹੋ ਜਾਣਗੇ।


-ਸੁਖਵਿੰਦਰ ਕਲੇਰ ਬੱਸੀਆਂ
ਪਿੰਡ ਤੇ ਡਾਕ: ਬੱਸੀਆਂ, ਜ਼ਿਲ੍ਹਾ ਲੁਧਿਆਣਾ।


ਸਰਕਾਰੀ ਹਸਪਤਾਲਾਂ ਦੀ ਅਸਲੀ ਤਸਵੀਰ
ਸਰਕਾਰੀ ਹਸਪਤਾਲਾਂ ਦੀ ਜੋ ਹਾਲਤ ਹੈ, ਉਸ ਬਾਰੇ ਕੁਝ ਵੀ ਲੁਕਿਆ ਹੋਇਆ ਨਹੀਂ। ਟੁੱਟੇ ਭੱਜੇ, ਗੰਦਗੀ ਭਰਪੂਰ, ਡਾਕਟਰਾਂ ਤੋਂ ਸੱਖਣੇ, ਸਟਾਫ ਦਾ ਕੁਝ ਅਤਾ ਪਤਾ ਨਹੀਂ ਤੇ ਦਵਾਈਆਂ-ਰਹਿਤ, ਇਹ ਹੈ ਸਰਕਾਰੀ ਹਸਪਤਾਲਾਂ ਦੀ ਅਸਲੀ ਤਸਵੀਰ। ਜੇ ਪ੍ਰਾਈਵੇਟ ਹਸਪਤਾਲਾਂ ਵਿਚ ਮਹਿੰਗੇ ਇਲਾਜ ਕਰਵਾਉਣੇ ਹਨ ਤਾਂ ਸਰਕਾਰਾਂ ਚੁਣਨ ਦਾ ਕੀ ਫਾਇਦਾ? ਟੈਕਸ ਦੇਣ ਦਾ ਕੀ ਲਾਭ? ਬਜਟ ਵਿਚ ਪੈਸਾ ਰੱਖਿਆ ਕਿੱਥੇ ਜਾਂਦਾ ਹੈ? ਪਰ ਬਦਕਿਸਮਤੀ ਕੋਈ ਧਿਰ ਜਵਾਬ ਦੇਣ ਵਾਸਤੇ ਤਿਆਰ ਨਹੀਂ। ਪ੍ਰਾਈਵੇਟ ਡਾਕਟਰਾਂ ਨੇ ਤਾਂ ਅਜਿਹਾ ਮਕੜ ਜਾਲ ਵਿਛਾਇਆ ਹੈ ਕਿ ਬੰਦਾ ਮਜਬੂਰੀ ਵਿਚ ਅਜਿਹਾ ਫਸਦਾ ਹੈ ਕਿ ਉਸ ਦੀ ਹਾਲਤ ਉੱਜੜਿਆਂ ਵਰਗੀ ਹੋ ਜਾਂਦੀ ਹੈ। ਲੋਕਾਂ ਦੀ ਪ੍ਰਾਈਵੇਟ ਹਸਪਤਾਲਾਂ ਵਿਚ ਹੋ ਰਹੀ ਲੁੱਟ ਦੀ ਜ਼ਿੰਮੇਵਾਰ ਸਰਕਾਰ ਹੈ। ਸਿਹਤ ਸਹੂਲਤਾਂ ਜਿਵੇਂ ਹਰ ਹਸਪਤਾਲ ਵਿਚ ਡਾਕਟਰਾਂ ਦਾ ਹੋਣਾ, ਸਟਾਫ ਦਾ ਹੋਣਾ, ਦਵਾਈਆਂ ਦਾ ਹੋਣਾ, ਸਾਫ਼-ਸਫ਼ਾਈ ਆਦਿ ਸਰਕਾਰ ਦੀ ਜ਼ਿੰਮੇਵਾਰੀ ਹੈ। ਜੋ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਸਿਹਤ ਸਹੂਲਤਾਂ ਹੀ ਨਹੀਂ ਦੇ ਸਕਦੀ ਹੈ, ਉਸ ਦੀ ਗੰਭੀਰਤਾ ਸਭ ਦੇ ਸਾਹਮਣੇ ਹੀ ਹੈ।


-ਪ੍ਰਭਜੋਤ ਕੌਰ ਢਿੱਲੋਂ
ਮੋ: 98150-30221.


ਸ਼ਰਾਬ ਫੈਕਟਰੀਆਂ ਦਾ ਪਾਣੀ

ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਰਿਪੋਰਟ 'ਅਜੀਤ' ਵਿਚ ਪੜ੍ਹੀ, ਜਿਸ ਵਿਚ ਸ਼ਰਾਬ ਫੈਕਟਰੀਆਂ ਦੇ ਗੰਦੇ ਪਾਣੀ ਬਾਰੇ ਚਿੰਤਾ ਪ੍ਰਗਟ ਕਰ ਸੱਚ ਲੋਕਾਂ ਸਾਹਮਣੇ ਰੱਖਿਆ ਗਿਆ। ਇਹ ਤਾਂ ਇਕੱਲੇ ਇਸ ਇਲੱਕੇ ਦੀ ਹੀ ਤ੍ਰਾਸਦੀ ਪੜ੍ਹੀ ਹੈ, ਹੋਰ ਅਣਗਿਣਤ ਸ਼ਰਾਬ ਦੀਆਂ ਫੈਕਟਰੀਆਂ ਪੰਜਾਬ ਦੀ ਧਰਤੀ 'ਤੇ ਲੱਗ ਚੁੱਕੀਆਂ ਹਨ ਤੇ ਸਾਰੇ ਹੀ ਇਲਾਕਿਆਂ ਵਿਚ ਵਾਤਾਵਰਨ ਪੱਖੋਂ ਤਰਥੱਲੀ ਮਚਾ ਰਹੀਆਂ ਹਨ। ਧਰਤੀ ਹੇਠਲਾ ਪਾਣੀ ਅਨੇਕਾਂ ਕਾਰਨਾਂ ਕਰਕੇ ਪਹਿਲਾਂ ਹੀ ਜ਼ਹਿਰੀਲਾ ਹੋ ਚੁੱਕਾ ਹੈ ਤੇ ਉੱਪਰੋਂ ਅਜਿਹੇ ਨਵੇਂ ਸਾਧਨਾਂ ਕਰਕੇ ਰਹਿੰਦੀ ਕਸਰ ਨਿਕਲ ਜਾਵੇਗੀ। ਇਸ ਨਾਲ ਪੰਜਾਬ ਦਾ ਭਵਿੱਖ ਵਿਗੜਦਾ ਹੀ ਜਾ ਰਿਹਾ ਹੈ। ਅਨੇਕਾਂ ਫੈਕਟਰੀਆਂ, ਪ੍ਰਦੂਸ਼ਣ ਸਬੰਧੀ ਮਾਪਦੰਡ 'ਤੇ ਸਹੀ ਨਹੀਂ ਉਤਰਦੀਆਂ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਸਹੀ ਜ਼ਿੰਮੇਵਾਰੀ ਨਹੀਂ ਨਿਭਾਅ ਰਿਹਾ। ਸਾਡੀ ਬੇਨਤੀ ਹੈ ਕਿ ਪੰਜਾਬ ਦੇ ਪਾਣੀਆਂ ਵਿਚ ਜ਼ਹਿਰ ਘੁਲਣ ਤੋਂ ਰੋਕੀ ਜਾਵੇ ਤਾਂ ਕਿ ਪੰਜਾਬ ਜੀਵਤ ਰਹਿ ਸਕੇ।


-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿਆਣਾ)।

30/05/2017

 ਆਪਣੇ ਫ਼ਰਜ਼ ਪਛਾਣੀਏ
ਅਸੀਂ ਹਰ ਦੋਸ਼ ਸਰਕਾਰਾਂ ਸਿਰ ਮੜ੍ਹ ਆਪ ਸੁਰਖਰੂ ਹੋ ਜਾਂਦੇ ਹਾਂ ਪਰ ਆਪਣੇ ਮੁਢਲੇ ਫ਼ਰਜ਼ ਪਛਾਨਣ ਵਿਚ ਵੱਡੀ ਕੁਤਾਹੀ ਵਰਤਦੇ ਹਾਂ। ਹੁਣ ਸਰਕਾਰ ਨੇ ਵਾਤਾਵਰਨ ਬਚਾਉਣ ਹਿਤ ਕਣਕ ਦੇ ਨਾੜ ਨੂੰ ਅੱਗ ਲਾਉਣ 'ਤੇ ਪਾਬੰਦੀ ਲਾਈ ਪਰ ਰਾਤ-ਬਰਾਤੇ ਨਾੜ ਸਾੜ ਉਲੰਘਣਾ ਕੀਤੀ ਗਈ ਕਿ ਵਹਾਈ 'ਤੇ ਵੱਧ ਖਰਚ ਆਉਂਦਾ ਹੈ। ਸਰਕਾਰ ਨੇ ਪਿੰਡਾਂ ਵਿਚ ਪਾਣੀ ਵਾਲੀਆਂ ਮੋਟਰਾਂ ਸਾਡੀ ਸਹੂਲਤ ਲਈ ਲਗਵਾਈਆਂ ਤਾਂ ਕਿ ਡੂੰਘੇ ਪਾਣੀ ਕਾਰਨ ਅਵਾਮ ਨੂੰ ਪ੍ਰੇਸ਼ਾਨੀ ਨਾ ਹੋਵੇ ਪਰ ਅਸੀਂ ਪਾਣੀ ਬੇਲੋੜਾ ਅਜਾਈਂ ਵਹਾ ਰਹੇ ਹਾਂ। ਐਨ.ਜੀ.ਟੀ. (ਨੈਸ਼ਨਲ ਗਰੀਨ ਟ੍ਰਿਬਿਊਨਲ) ਨੇ ਨਿਰਦੇਸ਼ ਦਿੱਤੇ ਕਿ ਬਿਨਾਂ ਮਨਜ਼ੂਰੀ ਰੁੱਖਾਂ ਦੀ ਕਟਾਈ ਨਹੀਂ ਪਰ ਅਸੀਂ ਤਾਂ ਖੇਤਾਂ ਵਿਚ ਇੱਕਾ-ਦੁੱਕਾ ਦਰੱਖਤਾਂ ਦੀਆਂ ਜੜ੍ਹਾਂ 'ਤੇ ਵੀ ਕੁਹਾੜਾ ਚਲਾ ਦਿੱਤਾ ਕਿ ਇਹ ਫ਼ਸਲਾਂ ਨੂੰ ਮਾਰ ਕਰਦੇ ਹਨ। ਜੇ ਅਸੀਂ ਆਪਣੀ-ਆਪਣੀ ਜ਼ਿੰਮੇਵਾਰੀ ਨੂੰ ਪਛਾਣਾਂਗੇ ਨਹੀਂ ਤਾਂ ਪਛਤਾਵੇਂ ਬਿਨਾਂ ਕੁਝ ਪੱਲੇ ਨਹੀਂ ਬਚੇਗਾ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਜ਼ਿਲ੍ਹਾ ਲੁਧਿਆਣਾ।

ਪਾਣੀ ਦੀ ਬੱਚਤ ਕਰੋ
ਪਾਣੀ ਨੂੰ ਬਚਾਉਣ ਲਈ ਪਾਣੀ ਦੀ ਸੰਜਮ ਨਾਲ ਕੀਤੀ ਵਰਤੋਂ ਅਤੇ ਮੁੜ ਜੰਗਲ ਲਗਾ ਕੇ ਮੋਹਲੇਧਾਰ ਬਾਰਿਸ਼ਾਂ ਦਾ ਮੌਸਮ ਪੈਦਾ ਕਰਕੇ ਪਾਣੀ ਬਚਾਇਆ ਜਾ ਸਕਦਾ ਹੈ। ਘਰਾਂ ਵਿਚ ਬੁਰਸ਼ ਕਰਨ ਤੇ ਨਹਾਉਣ, ਕੱਪੜੇ ਧੋਣ ਤੇ ਰਸੋਈਆਂ ਵਿਚ ਪਾਣੀ ਬਾਲਟੀਆਂ ਜਾਂ ਟੱਬ ਭਰ ਕੇ ਵਰਤਣਾ ਚਾਹੀਦਾ ਹੈ। ਖੇਤਾਂ ਵਿਚ ਸਿੰਜਾਈ ਲਈ ਤੁਪਕਾ ਸਕੀਮ ਅਪਣਾਉਣੀ ਚਾਹੀਦੀ ਹੈ। ਜੇਕਰ ਸਰਕਾਰ ਸਾਫ਼ ਕੀਤਾ ਨਹਿਰੀ ਪਾਣੀ ਘਰਾਂ ਅਤੇ ਕਾਰਖਾਨਿਆਂ ਨੂੰ ਨਹਾਉਣ ਤੇ ਕੱਪੜੇ ਧੋਣ ਲਈ ਸਪਲਾਈ ਕਰ ਸਕੇ ਤਾਂ ਪੀਣ ਵਾਲਾ ਧਰਤੀ ਹੇਠਲਾ ਪਾਣੀ ਹੋਰ ਬਚ ਸਕਦਾ ਹੈ। ਕਿਸਾਨਾਂ ਨੂੰ ਝੋਨੇ ਦੀ ਥਾਂ ਮੱਕੀ ਤੇ ਕਮਾਦ ਵਰਗੀਆਂ ਫ਼ਸਲਾਂ ਬੀਜਣ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ।

-ਇੰਜ: ਕੁਲਦੀਪ ਸਿੰਘ ਲੁੱਧਰ
ਗੁਰੂ ਨਾਨਕ ਵਾੜਾ, ਅੰਮ੍ਰਿਤਸਰ।

ਮਾਂ ਰੱਬ ਦਾ ਦੂਜਾ ਰੂਪ
ਮਾਂ ਦਿਵਸ ਮਨਾਉਣ ਦੀਆਂ ਖ਼ਬਰਾਂ ਪੜ੍ਹਦਿਆਂ-ਪੜ੍ਹਦਿਆਂ ਜੋ ਖਿਆਲ ਮਨ 'ਚ ਆਇਆ ਪਾਠਕਾਂ ਨਾਲ ਸਾਂਝਾ ਕਰ ਰਿਹਾ ਹਾਂ। ਇਕ ਆਦਮੀ ਦੂਜੇ ਨੂੰ ਪੁੱਛਦਾ ਕੀ ਤੂੰ ਰੱਬ ਵੇਖਿਆ ਹੈ? ਦੂਜਾ ਅੱਗੋਂ ਜਵਾਬ ਦਿੰਦਾ, ਮੈਂ ਰੱਬ ਵੇਖਿਆ ਤਾਂ ਨਹੀਂ ਪਰ ਲਗਦਾ ਮੇਰੀ ਮਾਂ ਵਰਗਾ ਹੋਣਾ। ਸੱਚਮੁੱਚ ਇਸ ਧਰਤੀ 'ਤੇ ਜੇ ਰੱਬ ਦਾ ਕੋਈ ਵਜੂਦ ਵੇਖਣ ਨੂੰ ਮਿਲਦਾ ਹੈ ਤਾਂ ਉਹ ਹੈ 'ਮਾਂ'। ਰੱਬ ਹੈ ਇਕ ਖਿਆਲ ਦਾ ਨਾਂਅ ਪਰ ਮਾਂ ਹੈ ਇਕ ਪਿਆਰ ਦਾ ਨਾਂਅ। ਰੱਬ ਹੈ ਸ੍ਰਿਸ਼ਟੀ ਸਿਰਜਣਹਾਰ, ਐਪਰ ਮਾਂ ਹੈ ਪਾਲਣਹਾਰ। ਮਾਂ-ਮਾਂ ਕਰਦਾ ਬੱਚਾ ਪਲਦਾ, ਮਾਂ-ਮਾਂ ਕਰਦਾ ਜੋਬਨ ਫੜਦਾ। ਪਾਲ-ਪਾਲ ਮਾਂ ਵੱਡਾ ਕਰਦੀ, ਦੁੱਖ-ਸੁੱਖ ਆਪਣੇ ਸਿਰ 'ਤੇ ਜਰਦੀ। ਰਿਸ਼ੀ-ਮੁਨੀ ਅਵਤਾਰ ਕਹਾਏ, ਮਾਂ ਨੇ ਹੀ ਸਭ ਗੋਦ ਖਿਡਾਏ। ਮਾਂ ਦੇ ਪਿਆਰ ਦਾ ਅਜਬ ਨਜ਼ਾਰਾ, ਨਾ ਮਾਂ ਵਰਗਾ ਕੋਈ ਹੋਰ ਸਹਾਰਾ। ਕੀ-ਕੀ ਮਾਂ ਦੀ ਸਿਫ਼ਤ ਸੁਣਾਵਾਂ, ਮਨ ਭਰ ਆਉਂਦਾ ਕੀ ਬਤਲਾਵਾਂ। ਹੁਕਮਾ ਮੇਰੀ ਮਾਂ ਹੁੰਦੀ ਸੀ, ਠੰਢੀ-ਮਿੱਠੀ ਜਿਹਦੀ ਛਾਂ ਹੁੰਦੀ ਸੀ। ਬਾਰਿਸ਼ ਕਹਿ ਜਦ ਆਵਾਜ਼ ਲਗਾਵੇ, ਇੰਜ ਲਗਦਾ ਸੀ ਕੋਈ ਰੱਬ ਬੁਲਾਵੇ। ਇਸੇ ਖਿਆਲ 'ਚ ਹੈ ਇਹ ਲਿਖਿਆ, ਮਾਂ ਵਰਗਾ ਨੀ ਕੋਈ ਦਿਖਿਆ। ਲਿਖਤ ਮੇਰੀ 'ਚ ਇਹੋ ਸਬੂਤ, ਮਾਂ ਹੈ ਰੱਬ ਦਾ ਦੂਜਾ ਰੂਪ।

-ਬਨਾਰਸੀ ਦਾਸ ਅਧਿਆਪਕ
ਰੱਤੇਵਾਲ (ਨਵਾਂਸ਼ਹਿਰ)।

29/05/2017

 ਰਸਾਤਲ ਵੱਲ ਜਾ ਰਹੀ ਸਿੱਖਿਆ
ਬੋਰਡ ਦੀਆਂ ਜਮਾਤਾਂ ਦੇ ਨਤੀਜੇ ਬੇਹੱਦ ਨਿਰਾਸ਼ਾਜਨਕ ਰਹੇ ਹਨ। ਦਸਵੀਂ ਜਮਾਤ ਦੇ 14 ਹਜ਼ਾਰ ਬੱਚਿਆਂ ਦਾ ਮਾਤ ਭਾਸ਼ਾ ਪੰਜਾਬੀ ਦੇ ਵਿਸ਼ੇ 'ਚੋਂ ਫੇਲ੍ਹ ਹੋ ਜਾਣਾ ਬੇਹੱਦ ਮਾੜਾ ਪੱਖ ਕਿਹਾ ਜਾ ਸਕਦਾ ਹੈ। ਦਿਨੋ ਦਿਨ ਰਸਾਤਲ ਵੱਲ ਜਾ ਰਹੀ ਸਰਕਾਰੀ ਸਕੂਲਾਂ ਦੀ ਸਿੱਖਿਆ ਦਾ ਮਾਮਲਾ ਬੇਹੱਦ ਗੰਭੀਰ ਹੈ। ਸਰਕਾਰੀ ਸਕੂਲਾਂ ਦੇ ਕੇਵਲ 24 ਵਿਦਿਆਰਥੀਆਂ ਦਾ ਪੰਜਾਬ ਦੀ ਮੈਰਿਟ 'ਚ ਆਉਣਾ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦਾ ਹੈ। ਅਧਿਆਪਕ ਵਰਗ ਮਾੜੇ ਨਤੀਜਿਆਂ ਲਈ ਰਾਈਟ-ਟੂ ਐਜੂਕੇਸ਼ਨ ਕਾਨੂੰਨ ਅਤੇ ਅਧਿਆਪਕਾਂ ਤੋਂ ਲਏ ਜਾਂਦੇ ਬੇਲੋੜੇ ਕੰਮਾਂ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ। ਅਜੋਕੇ ਸਮੇਂ ਸਰਕਾਰੀ ਸਕੂਲਾਂ 'ਚ ਕੇਵਲ ਲੋੜਵੰਦ ਜਾਂ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਬੱਚੇ ਹੀ ਸਿੱਖਿਆ ਲੈ ਰਹੇ ਹਨ। ਇਕ ਦੂਜੇ ਸਿਰ ਦੋਸ਼ ਮੜ੍ਹ ਕੇ ਇਸ ਸਮੱਸਿਆ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ।


-ਸੁਖਵੀਰ ਘੁਮਾਣ ਦਿੜ੍ਹਬਾ


ਕਿਸਾਨੀ...
ਸਾਡੇ ਦੇਸ਼ ਵਿਚ ਕੋਈ ਕਾਰਖਾਨੇ ਵਿਚ ਜੇ ਕੋਈ ਚੀਜ਼ ਤਿਆਰ ਕਰਦਾ ਹੈ ਤਾਂ ਉਹ ਇਕ ਕਿਲੋ ਕੱਚਾ ਮਾਲ ਲੈ ਕੇ ਉਸ ਤੋਂ ਘੱਟ ਵਜ਼ਨ ਦੀ ਚੀਜ਼ ਤਿਆਰ ਕਰਦਾ ਹੈ। ਜਿਵੇਂ ਇਕ ਕਿਲੋ ਲੋਹਾ ਜਾਂ ਪਲਾਸਟਿਕ ਲੈ ਕੇ ਉਹਦਾ ਕਾਰਖਾਨਾ 900 ਜਾਂ 800 ਗਰਾਮ ਦੀ ਚੀਜ਼ ਤਿਆਰ ਕਰਦਾ ਹੈ। ਦੂਜੇ ਪਾਸੇ ਕਿਸਾਨ ਦਾ ਕਾਰਖਾਨਾ (ਖੇਤ) ਇਕ ਕਿਲੋ ਬੀਜ ਲੈ ਕੇ 50 ਜਾਂ 60 ਕਿਲੋ ਬਣਾ ਦਿੰਦਾ ਹੈ। ਘੱਟ ਮਾਲ ਤਿਆਰ ਕਰਨ ਵਾਲਾ ਅਮੀਰ ਹੋਈ ਜਾਂਦਾ ਹੈ ਤੇ 60 ਗਣਾਂ ਵੱਧ ਤਿਆਰ ਕਰਨ ਵਾਲਾ ਕਰਜ਼ਾਈ ਹੋਈ ਜਾਂਦਾ ਹੈ। ਸਾਡੇ ਦੇਸ਼ ਦੀ ਖੇਤੀ ਨੀਤੀ ਵੱਲ ਸਰਕਾਰ ਧਿਆਨ ਦੇਵੇ, ਮਰਦੀ ਕਿਸਾਨੀ ਨੂੰ ਬਚਾਵੇ।


-ਗੁਰਾਂਦਿੱਤਾ ਸੰਧੂ
ਮੋਬਾਈਲ : 98760-47435.


ਇਕ ਪੱਖ
ਪਿਛਲੇ ਦਿਨੀਂ 'ਅਜੀਤ' ਵਿਚ ਲੇਖ 'ਲੋਕਾਂ ਦਾ ਸਰਕਾਰੀ ਸਕੂਲਾਂ ਵਿਚ ਵਿਸ਼ਵਾਸ ਹੋ ਸਕਦਾ ਹੈ ਬਹਾਲ' ਪੜ੍ਹਿਆ। ਕੇਵਲ ਇਕ ਹੀ ਪੱਖ ਉਜਾਗਰ ਕੀਤਾ ਗਿਆ ਹੈ, ਜਿਸ ਨਾਲ ਮੈਂ ਪੂਰਨ ਤੌਰ 'ਤੇ ਸਹਿਮਤ ਨਹੀਂ ਹਾਂ। ਕੇਵਲ ਅਧਿਆਪਕ ਹੀ ਕਿਉਂ, ਹਰ ਸਰਕਾਰੀ ਮੁਲਾਜ਼ਮ, ਅਫਸਰ, ਮੰਤਰੀ, ਨੇਤਾ ਜੋ ਸਰਕਾਰੀ ਖਜ਼ਾਨੇ ਵਿਚੋਂ ਤਨਖਾਹ ਲੈ ਰਿਹਾ ਹੈ, ਉਹ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਲਾਉਣ ਲਈ ਪਾਬੰਦ ਹੋਵੇ। ਫਿਰ ਇਨ੍ਹਾਂ ਸਰਕਾਰੀ ਸਕੂਲਾਂ ਵਿਚ ਕਿਸੇ ਅਧਿਆਪਕ ਦੀ ਗ਼ੈਰ-ਵਿਦਿਅਕ ਕੰਮਾਂ ਜਿਵੇਂ ਬੀ.ਐਲ.ਓ., ਮਰਦਮਸ਼ੁਮਾਰੀ ਅਤੇ ਹੋਰ ਅਨੇਕਾਂ ਡਾਟੇ ਇਕੱਠੇ ਕਰਨ 'ਤੇ ਡਿਊਟੀ ਵੀ ਨਹੀਂ ਲੱਗੇਗੀ।


-ਗੁਰਦਿਆਲ ਰਾਹੀ
ਮੋਬਾਈਲ : 94646-16539.


ਮੋਦੀ ਸਰਕਾਰ ਦੇ ਤਿੰਨ ਸਾਲ
ਮੋਦੀ ਸਰਕਾਰ ਦੇ ਤਿੰਨ ਸਾਲਾਂ ਦਾ ਲੇਖਾ-ਜੋਖਾ, ਜਿਸ ਵਿਚ ਹਰ ਵਰਗ ਦੀਆਂ ਸਮੱਸਿਆਵਾਂ ਅਤੇ ਵਿਚਾਰ ਪੜ੍ਹੇ। ਪਰ ਕੁਝ ਸਮੱਸਿਆਵਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਜਾਣ ਕੇ ਬਟਾਲਾ ਵਾਸੀ ਅਤੇ ਲੋਕ ਜ਼ਰੂਰ ਸਹਿਮਤ ਹੋਣਗੇ। ਸਭ ਤੋਂ ਵੱਡੀ ਸਮੱਸਿਆ ਸੜਕੀ ਆਵਾਜਾਈ ਦੀ ਹੈ। ਪਠਾਨਕੋਟ ਤੋਂ ਮਹਿਤਾ ਚੌਕ ਬਿਆਸ ਜਾਣ ਲਈ ਅੱਜ ਵੀ ਸ਼ਹਿਰ ਵਿਚੋਂ ਦੀ ਹੀ ਲੰਘਣਾ ਪੈਂਦਾ ਹੈ। ਪਠਾਨਕੋਟ ਰੋਡ ਤੋਂ ਮਹਿਤਾ-ਬਿਆਸ ਰੋਡ ਲਈ ਬਾਈਪਾਸ ਤਿਆਰ ਕੀਤਾ ਜਾਵੇ ਤਾਂ ਜੋ ਭਾਰੀ ਵਾਹਨ ਬਾਈਪਾਸ ਜਾਣ। ਸਰਕਾਰ ਨੂੰ ਚਾਹੀਦਾ ਹੈ ਕਿ ਬਟਾਲੇ ਸ਼ਹਿਰ ਨੂੰ ਇਕ ਵੱਡੀ ਸਨਅਤ ਵਜੋਂ ਵਿਕਸਤ ਕੀਤਾ ਜਾਵੇ।


-ਪਰਮਜੀਤ ਸਿੰਘ
ਮੋਬਾਈਲ : 94642-41024.

26/05/2017

 ਜਬਰ-ਜਨਾਹ ਦੀਆਂ ਘਟਨਾਵਾਂ
ਦਸੰਬਰ 2012 'ਚ ਦਿੱਲੀ ਵਿਚ ਵਾਪਰੇ 'ਦਾਮਨੀ ਜਬਰ-ਜਨਾਹ ਦੁਖਾਂਤ' ਤੋਂ ਬਾਅਦ ਪੂਰੇ ਹਿੰਦੁਸਤਾਨ ਵਿਚ ਉੱਠੇ ਗੁੱਸੇ ਦੇ ਅੱਗੇ ਭਾਰਤ ਦੀ ਸੰਸਦ ਨੇ ਝੁੱਕ ਕੇ ਆਈ.ਪੀ.ਸੀ, ਸੀ.ਆਰ.ਪੀ.ਸੀ ਅਤੇ ਐਵੀਡੈਂਸ ਐਕਟ ਵਿਚ ਔਰਤਾਂ ਸਬੰਧੀ ਧਾਰਾ ਫ਼ੌਜਦਾਰੀ ਕਾਨੂੰਨ (ਤਰਮੀਮ ਐਕਟ 2013) ਪਾਸ ਕਰਕੇ ਕਾਨੂੰਨੀ ਪਰਿਭਾਸ਼ਾ ਅਤੇ ਜ਼ਾਬਤੇ ਨੂੰ ਵਿਆਪਕ ਤੌਰ 'ਤੇ ਬਦਲ ਦਿੱਤਾ ਸੀ ਅਤੇ ਸਜ਼ਾ ਨੂੰ ਹੋਰ ਸਖ਼ਤ ਕਰ ਦਿੱਤਾ ਸੀ। ਜਿਹੜੇ-ਜਿਹੜੇ ਹਿਸਾਬ ਨਾਲ ਜੁਰਮਾਂ ਵਿਚ ਵਾਧਾ ਹੋਇਆ, ਉਸੇ ਹਿਸਾਬ ਨਾਲ ਆਈ.ਪੀ.ਸੀ. ਦੀਆਂ ਨਵੀਆਂ ਧਾਰਾਵਾਂ ਵਿਚ ਸੋਧ ਕੀਤੀ ਗਈ। ਇਸੇ ਤਰ੍ਹਾਂ ਸੀ.ਆਰ.ਪੀ.ਸੀ. ਵਿਚ ਵੀ ਨਵੀਆਂ ਧਾਰਾਵਾਂ ਸ਼ਾਮਿਲ ਕੀਤੀਆਂ ਗਈਆਂ। ਪ੍ਰੰਤੂ ਨਵੇਂ ਕਾਨੂੰਨ ਦੇ ਬਦਲਣ ਦੇ ਨਾਲ ਵੀ ਇਹ ਸਥਿਤੀ ਠੀਕ ਹੁੰਦੀ ਨਜ਼ਰ ਨਹੀਂ ਆ ਰਹੀ ਅਤੇ ਰੋਜ਼ਾਨਾ ਅਖ਼ਬਾਰਾਂ, ਟੈਲੀਵਿਜ਼ਨ ਵਿਚ ਇਸ ਘਿਨੌਣੇ ਜੁਰਮ ਦੀਆਂ ਖ਼ਬਰਾਂ ਆ ਰਹੀਆਂ ਹਨ।
ਕਾਨੂੰਨ ਵਿਚ ਸੋਧ ਤਾਂ ਕਰ ਦਿੱਤੀ ਗਈ, ਪ੍ਰੰਤੂ ਇਸ ਦੇ ਪਿੱਛੇ ਕੀ ਕਾਰਨ ਹਨ, ਨੂੰ ਕਿਸੇ ਨੇ ਵੀ ਘੋਖਣ ਦੀ ਕੋਸ਼ਿਸ਼ ਨਹੀਂ ਕੀਤੀ। ਨਸ਼ਿਆਂ ਦਾ ਨੌਜਵਾਨਾਂ ਵੱਲੋਂ ਵਧੇਰੇ ਸੇਵਨ ਅਤੇ ਮਾਂ-ਪਿਉ ਛੋਟੇ-ਛੋਟੇ ਬੱਚਿਆਂ ਨੂੰ ਅਤੇ ਜਵਾਨ ਬੱਚਿਆਂ ਨੂੰ ਮੋਬਾਈਲ ਲੈ ਕੇ ਦੇ ਦਿੰਦੇ ਹਨ, ਜੋ ਇਹ ਨੌਜਵਾਨ ਬੱਚੇ ਮੋਬਾਈਲ ਉੱਪਰ ਗੰਦੀਆਂ ਫ਼ਿਲਮਾਂ ਦੇਖਦੇ ਹਨ, ਜਿਸ ਨਾਲ ਉਨ੍ਹਾਂ ਦੀ ਕਾਮ ਵਾਸ਼ਨਾ ਭੜਕਦੀ ਹੈ ਅਤੇ ਉਹ ਕਾਮ ਵਾਸ਼ਨਾ ਵਿਚ ਅੰਨ੍ਹੇ ਹੋਏ ਇਹ ਕਾਰਾ ਕਰੀ ਜਾ ਰਹੇ ਹਨ। ਇਸ ਦਾ ਕੀ ਨਤੀਜਾ ਨਿਕਲੇਗਾ ਬਿਨਾਂ ਸੋਚੇ ਇਹ ਕਾਰਾ ਬੇਖੌਫ਼ ਕਰੀ ਜਾ ਰਹੇ ਹਨ। ਪਹਿਲਾਂ ਬੱਚੇ ਦਸਵੀਂ-ਗਿਆਰਵੀਂ ਕਲਾਸ ਵਿਚ ਪੜ੍ਹਦੇ ਸੀ ਤੇ ਮੁੰਡੇ-ਕੁੜੀਆਂ ਇਕੱਠੇ ਖੇਡਦੇ ਸੀ। ਉਨ੍ਹਾਂ ਨੂੰ ਇਸ ਪ੍ਰਤੀ ਕੋਈ ਜਾਣਕਾਰੀ ਨਹੀਂ ਹੁੰਦੀ ਸੀ ਤੇ ਨਾ ਹੀ ਉਨ੍ਹਾਂ ਦਾ ਇਨ੍ਹਾਂ ਗੰਦੀਆਂ ਹਰਕਤਾਂ ਵੱਲ ਝੁਕਾਅ ਹੁੰਦਾ ਸੀ। ਜੇ ਅਜਿਹਾ ਹਾਲ ਰਿਹਾ ਤਾਂ ਤੁਹਾਨੂੰ ਪੇਟੀ ਬੰਦ ਫੋਰਸਾਂ ਵਿਚ ਭਰਤੀ ਲਈ ਨੌਜਵਾਨ ਮੁੰਡੇ ਨਹੀਂ ਮਿਲਣਗੇ, ਜੋ ਕਿ ਬਹੁਤ ਹੀ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸ ਪ੍ਰਤੀ ਸਰਕਾਰਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਅਤੇ ਸਮਾਜਿਕ ਜਥੇਬੰਦੀਆਂ ਅਤੇ ਬੁੱਧੀਜੀਵੀਆਂ ਨੂੰ ਸੰਜੀਦਗੀ ਨਾਲ ਗ਼ੌਰ ਕਰਨ ਦੀ ਲੋੜ ਹੈ ਅਤੇ ਸਕੂਲਾਂ-ਕਾਲਜਾਂ ਵਿਚ ਸੈਮੀਨਾਰ ਲਗਾ ਕੇ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਦੀ ਲੋੜ ਹੈ।

-ਗੁਰਮੀਤ ਸਿੰਘ ਵੇਰਕਾ
ਮੋਬ: 98786-00221

ਕਦੋਂ ਬਣੇਗਾ ਸਵੱਛ ਭਾਰਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈ ਗਈ ਸਵੱਛ ਭਾਰਤ ਮੁਹਿੰਮ ਕਿੱਧਰੇ ਠੱਪ ਹੋ ਗਈ ਲਗਦੀ ਹੈ। ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਦੀ ਜੈਅੰਤੀ ਮੌਕੇ ਸਵੱਛ ਭਾਰਤ ਮੁਹਿੰਮ ਦਾ ਐਲਾਨ ਕੀਤਾ ਗਿਆ ਸੀ। ਗਾਂਧੀ ਜੀ ਦਾ ਕਥਨ ਸੀ ਕਿ ਭਾਰਤ ਦਾ ਭਵਿੱਖ ਪਿੰਡਾਂ ਵਿਚ ਵਸਦਾ ਹੈ। ਕੀ ਗਾਂਧੀ ਜੀ ਦਾ ਸੁਪਨਾ ਪਿੰਡਾਂ ਵਿਚ ਪੂਰਾ ਹੋ ਸਕਦਾ ਹੈ, ਜਿਥੇ ਸਵੱਛ ਭਾਰਤ ਤਾਂ ਦੂਰ ਦੀ ਗੱਲ, ਆਮ ਲੋਕਾਂ ਦਾ ਜਿਊਣਾ ਵੀ ਦੂਭਰ ਹੈ। ਜਿਥੇ ਦੇਸ਼ ਦੀ ਆਜ਼ਾਦੀ ਤੋਂ ਕਰੀਬ 70 ਸਾਲ ਬਾਅਦ ਵੀ ਲੋਕ ਮੁਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਅਫ਼ਸਰਸ਼ਾਹੀ ਸਿਸਟਮ ਆਪਣੇ ਢਿੱਡ ਭਰਨ ਲਈ ਖਾਨਾਪੂਰਤੀ ਕਰੀ ਜਾਂਦਾ ਹੈ। ਅਰਬਾਂ ਰੁਪਏ ਸਵੱਛ ਭਾਰਤ ਦੇ ਨਾਂਅ 'ਤੇ ਖਰਚੇ ਜਾ ਰਹੇ ਹਨ ਪਰ ਸਵੱਛ ਭਾਰਤ ਦੀ ਕੋਈ ਤਸਵੀਰ ਨਜ਼ਰ ਨਹੀਂ ਆ ਰਹੀ। ਸਰਕਾਰ ਇਨ੍ਹਾਂ ਸਰਕਾਰੀ ਅਫਸਰਾਂ ਦੇ ਹੱਥਾਂ ਵਿਚ ਕਮਾਂਡ ਦੇਣ ਦੀ ਬਜਾਏ ਪ੍ਰਾਈਵੇਟ ਕੰਪਨੀਆਂ ਨਾਲ ਸਮਝੌਤਾ ਕਰਕੇ ਸਵੱਛ ਭਾਰਤ ਦਾ ਸੁਪਨਾ ਪੂਰਾ ਕਰ ਸਕਦੀ ਹੈ।

-ਪੰਮਾ ਬਘੌਰੀਆ
ਪਿੰਡ ਬਘੌਰਾ, ਨਵਾਂਸ਼ਹਿਰ।

25/05/2017

 ਵਿਦਿਆਰਥੀਆਂ ਦੀਆਂ ਪ੍ਰੇਸ਼ਾਨੀਆਂ
ਵਿਦਿਆਰਥੀਆਂ ਨੂੰ ਤਾਂ ਸਕੂਲ ਵਿਚ ਦਾਖ਼ਲਾ ਲੈਂਦਿਆਂ ਹੀ ਪ੍ਰੇਸ਼ਾਨੀਆਂ ਘੇਰ ਲੈਂਦੀਆਂ ਹਨ। ਸਰਕਾਰੀ ਸਕੂਲਾਂ ਵਿਚ ਹੋਣ ਤਾਂ ਉੱਥੇ ਦੀਆਂ ਸੁੱਖ ਸਹੂਲਤਾਂ ਤੇ ਪੜ੍ਹਾਈ ਦੇ ਸਾਧਨਾਂ ਦੀ ਘਾਟ ਦਾ ਸਾਹਮਣਾ ਕਰਦੇ ਹਨ। ਪ੍ਰਾਈਵੇਟ ਸਕੂਲਾਂ ਵਿਚ ਸਹੂਲਤਾਂ ਦੇ ਨਾਂਅ ਹੇਠ ਸਾਲਾਨਾ ਫ਼ੀਸਾਂ, ਦਾਖ਼ਲਾ ਫੀਸਾਂ, ਵੈਨ ਫ਼ੀਸਾਂ, ਸਮਾਰਟ ਕਲਾਸ ਫ਼ੀਸਾਂ, ਕੰਪਿਊਟਰ ਫ਼ੀਸਾਂ ਅਤੇ ਵਪਾਰੀ ਪਹੁੰਚ ਹੇਠ ਕਿਤਾਬਾਂ-ਕਾਪੀਆਂ, ਸਟੇਸ਼ਨਰੀ ਤੇ ਵਰਦੀਆਂ ਆਦਿ ਲਈ ਹੁੰਦੀ ਲੁੱਟ ਨੂੰ ਅੱਖੀਂ ਤੱਕਦੇ ਹਨ। ਫਿਰ ਬੋਝ ਪੜ੍ਹਾਈ ਦੇ ਨੰਬਰਾਂ ਦਾ ਅਤੇ ਅਸੈਸਮੈਂਟ ਦੇ ਕਿੱਸੇ ਵੱਖਰੇ ਹੁੰਦੇ ਹਨ। ਹੱਸਣਾ-ਖੇਡਣਾ ਤਾਂ ਨਕਲੀ ਜਿਹਾ ਹੀ ਹਿੱਸੇ ਆਉਂਦਾ ਹੈ। ਕਾਲਜ ਜਾਣ ਤੋਂ ਪਹਿਲਾਂ ਅਤੇ ਬਾਅਦ ਵਿਚ ਟਿਊਸ਼ਨਾਂ ਵੀ ਪੜ੍ਹਨੀਆਂ ਹੁੰਦੀਆਂ ਹਨ। ਵਿਦਿਆਰਥੀਆਂ ਕੋਲ ਸਮੇਂ ਦੀ ਬੜੀ ਤੰਗੀ ਹੁੰਦੀ ਹੈ। ਅਕਸਰ ਭੋਜਨ ਵੀ ਸਹੀ ਢੰਗ ਨਾਲ ਨਹੀਂ ਕੀਤਾ ਹੁੰਦਾ। ਸੋ, ਸਾਧਾਰਨ ਵਿਦਿਆਰਥੀਆਂ ਨੂੰ ਤੰਗ ਕਰਨ ਵਾਲੇ ਰਵੱਈਏ ਅਸਾਧਾਰਨ ਘਟਨਾਵਾਂ ਨੂੰ ਜਨਮ ਦਿੰਦੇ ਹਨ। ਵਿਦਿਆਰਥੀਆਂ ਅੰਦਰ ਸਵੈ-ਮਾਣ ਭਰਿਆ ਜਾਣਾ ਚਾਹੀਦਾ ਹੈ ਕਿਉਂਕਿ ਕੱਲ੍ਹ ਉਨ੍ਹਾਂ ਨੇ ਹੀ ਪ੍ਰਸ਼ਾਸਨ ਦਾ ਅੰਗ ਬਣਨਾ ਹੈ।


-ਰਸ਼ਪਾਲ ਸਿੰਘ ਸੋਸ਼ਿਆਲੋਜਿਸਟ
ਚੇਅਰਮੈਨ ਸ਼ੁਭ ਕਰਮਨ ਸੁਸਾਇਟੀ
ਟਾਂਡਾ ਰੋਡ, ਹੁਸ਼ਿਆਰਪੁਰ।


...ਚੋਰ ਦੀ ਮਾਂ ਨੂੰ ਮਾਰੋ

ਹਾਲ ਹੀ ਵਿਚ ਆਏ 12ਵੀਂ ਦੇ ਨਤੀਜਿਆਂ ਕਾਰਨ ਪੰਜਾਬ ਸਿੱਖਿਆ ਵਿਭਾਗ ਫਿਰ ਚਰਚਾ ਵਿਚ ਹੈ। ਸਭ ਤੋਂ ਜ਼ਿਆਦਾ ਨਿੰਦਣਯੋਗ ਗੱਲ ਇਹ ਹੈ ਕਿ ਸਿਰਫ ਮਾਂ-ਬੋਲੀ ਪੰਜਾਬੀ ਵਿਸ਼ੇ ਵਿਚੋਂ ਹੀ ਲਗਪਗ 15 ਹਜ਼ਾਰ ਵਿਦਿਆਰਥੀ ਫੇਲ੍ਹ ਹੋ ਗਏ ਹਨ। ਮਾਮਲੇ ਦੀ ਜੜ੍ਹ ਵਿਚ ਜਾਣ ਦੀ ਬਜਾਏ 20 ਫ਼ੀਸਦੀ ਤੋਂ ਘੱਟ ਨਤੀਜਾ ਦੇਣ ਵਾਲੇ ਅਧਿਆਪਕਾਂ ਖਿਲਾਫ਼ ਵਿਭਾਗੀ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ। ਪੰਜਾਬੀ ਦਾ ਮੁਹਾਵਰਾ ਹੈ ਕਿ 'ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ।' ਜੇਕਰ ਪੰਜਾਬੀ ਲੈਕਚਰਾਰ ਵਿਸ਼ਾ ਮਾਹਿਰ ਨਹੀਂ ਹੋ ਸਕਦੇ ਅਤੇ ਉਹ ਵਿਦਿਆਰਥੀਆਂ ਨਾਲ ਨਿਆਂ ਵੀ ਨਹੀਂ ਕਰ ਸਕਦੇ, ਫਿਰ ਨਤੀਜੇ ਵਧੀਆ ਹੋਣ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ। 20 ਸਾਲ ਤੱਕ ਮੈਥ, ਸਾਇੰਸ, ਐਸ.ਐਸ., ਹਿੰਦੀ, ਅੰਗਰੇਜ਼ੀ ਅਤੇ ਸਰੀਰਕ ਸਿੱਖਿਆ ਪੜ੍ਹਾਉਣ ਵਾਲੇ ਨੂੰ ਜੇ ਤੁਸੀਂ ਉਸ ਦੀ ਸੇਵਾ ਦਾ ਲਾਭ ਦੇਣਾ ਚਾਹੁੰਦੇ ਹੋ ਤਾਂ ਇਹ ਉਸ ਦੇ ਵਿਸ਼ੇ ਵਿਚ ਹੀ ਹੋਵੇ ਨਾ ਕਿ ਕੇਵਲ ਪੰਜਾਬੀ ਦੀ ਐਮ.ਏ. ਕਰਨ ਨਾਲ ਉਸ ਨੂੰ ਪੰਜਾਬੀ ਲੈਕਚਰਾਰ ਬਣਾ ਦਿੱਤਾ ਜਾਵੇ। ਵਿਸ਼ੇ ਦਾ ਮਾਹਿਰ ਅਧਿਆਪਕ ਹੀ ਵਿਸ਼ੇ ਨਾਲ ਇਨਸਾਫ਼ ਕਰ ਸਕਦਾ ਹੈ, ਦੂਜਾ ਵਿਸ਼ਾ ਮਾਹਿਰ ਨਹੀਂ। ਮੇਰੀ ਸਿੱਖਿਆ ਮੰਤਰੀ ਸਾਹਿਬਾ ਨੂੰ ਬੇਨਤੀ ਹੈ ਕਿ ਭਾਸ਼ਾ ਅਧਿਆਪਕਾ ਦਾ ਮਾਣ ਸਤਿਕਾਰ ਕਾਇਮ ਰੱਖਿਆ ਜਾਵੇ। ਸਿੱਖਿਆ ਵਿਭਾਗ ਵਿਚਾਲੇ ਇਹੋ ਜਿਹੇ ਪੁਰਾਣੇ ਨਿਯਮਾਂ ਨੂੰ ਤੁਰੰਤ ਬਦਲਿਆ ਜਾਵੇ। ਇਸ ਨਾਲ ਹੀ ਅਸੀਂ ਪੰਜਾਬੀ ਮਾਂ-ਬੋਲੀ ਦਾ ਸਤਿਕਾਰ ਕਾਇਮ ਰੱਖ ਸਕਦੇ ਹਾਂ।


-ਮਾਸਟਰ ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

24/05/2017

ਭੁੱਖਮਰੀ ਦੀ ਮਾਰ
ਪਿਛਲੇ ਦਿਨੀਂ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਅਨੁਸਾਰ ਭਾਰਤ ਵਿਚ ਹਰ ਸਾਲ ਪੰਜ ਸਾਲ ਤੋਂ ਘੱਟ ਉਮਰ ਦੇ ਲਗਪਗ ਦਸ ਲੱਖ ਬੱਚਿਆਂ ਦੀ ਮੌਤ ਭੁੱਖਮਰੀ ਨਾਲ ਹੋ ਜਾਂਦੀ ਹੈ। ਭਾਰਤ ਵਿਸ਼ਵ ਸ਼ਕਤੀ ਬਣਨ ਜਾ ਰਿਹਾ ਹੈ। ਚਾਹੁੰਦੇ ਤਾਂ ਅਸੀਂ ਵੀ ਹਾਂ ਕਿ ਭਾਰਤ ਮਹਾਂਸ਼ਕਤੀ ਬਣੇ ਪਰ ਇਹ ਸ਼ਕਤੀ ਦੇਸ਼ ਦੇ ਉਨ੍ਹਾਂ ਨਾਗਰਿਕਾਂ ਲਈ ਕੋਈ ਮਾਅਨੇ ਨਹੀਂ ਰੱਖਦੀ, ਜਿਹੜੇ ਦਿਨ-ਰਾਤ ਹੱਡ ਭੰਨਵੀਂ ਮਿਹਨਤ ਕਰਕੇ ਵੀ ਭੁੱਖੇ ਪੇਟ ਸੌਣ ਲਈ ਮਜਬੂਰ ਹਨ। ਪਿਛਲੇ ਲੰਮੇ ਸਮੇਂ ਤੋਂ ਖੁਰਾਕੀ ਵਸਤਾਂ ਦੀਆਂ ਕੀਮਤਾਂ ਅਮਰ ਵੇਲ ਵਾਂਗ ਵਧਦੀਆਂ ਹੀ ਜਾ ਰਹੀਆਂ ਹਨ। ਇਨ੍ਹਾਂ ਖੁਰਾਕੀ ਵਸਤਾਂ ਦੀਆਂ ਕੀਮਤਾਂ ਨੂੰ ਸਥਿਰ ਕਰਨ ਲਈ ਕੋਈ ਸਾਰਥਿਕ ਯਤਨ ਨਹੀਂ ਹੋ ਰਹੇ। ਅੱਜ ਵੱਡੀ ਗਿਣਤੀ ਗੁਰਬਤ ਭਰਿਆ ਜੀਵਨ ਜਿਊਣ ਲਈ ਮਜਬੂਰ ਹੈ। ਇਸ ਗੱਲ ਵਿਚ ਪੂਰਨ ਸਚਾਈ ਹੈ ਕਿ ਅੱਜ ਭਾਰਤ ਅਨਾਜ ਪੱਖੋਂ ਆਤਮ-ਨਿਰਭਰ ਹੋ ਗਿਆ ਹੈ ਤੇ ਆਰਥਿਕ ਪੱਖੋਂ ਵੀ ਮਜ਼ਬੂਤ ਹੁੰਦਾ ਜਾ ਰਿਹਾ ਹੈ। ਇਸ ਦੇ ਬਾਵਜੂਦ ਭੁੱਖਮਰੀ ਨਾਲ ਬੱਚਿਆਂ ਦੀ ਮੌਤ ਦਰ ਦਾ ਪ੍ਰਤੀ ਸਾਲ ਵਧਦੇ ਜਾਣਾ ਭਾਰਤ ਦੇ ਅਕਸ ਨੂੰ ਵੱਡਾ ਧੱਬਾ ਲਾ ਰਿਹਾ ਹੈ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਔਰਤਾਂ ਨਜ਼ਰ-ਅੰਦਾਜ਼ ਕਿਉਂ?
21ਵੀਂ ਸਦੀ ਵਿਚ ਵੀ ਔਰਤਾਂ ਨੂੰ ਅਤੀਤ ਸਮੇਂ ਵਾਂਗ ਹੀ ਜ਼ੁਲਮ ਦਾ ਟਾਕਰਾ ਕਰਨਾ ਪੈ ਰਿਹਾ ਹੈ। ਸੰਪਾਦਕੀ ਲੇਖ ਵਿਚ ਹਮਦਰਦ ਜੀ ਨੇ ਔਰਤਾਂ ਪ੍ਰਤੀ ਬਹੁਤ ਸੋਹਣਾ ਲਿਖਿਆ ਕਿ ਕਿਸ ਤਰ੍ਹਾਂ ਨਾਲ ਔਰਤ ਸ਼ੁਰੂ ਤੋਂ ਹੀ ਹਰ ਪਾਸਿਓਂ ਸੱਖਣੇਪਣ ਦਾ ਸੰਤਾਪ ਹੰਢਾਉਦੀ ਆ ਰਹੀ ਹੈ ਤੇ ਸਤੀ ਪ੍ਰਤੀ ਵਰਗੀਆਂ ਅਲਾਮਤਾਂ ਵਿਚੋਂ ਗੁਜ਼ਰਦੀ ਆ ਰਹੀ ਇਸ ਔਰਤ ਨੂੰ ਅੱਜ ਵੀ ਸੁੱਖ ਦਾ ਸਾਹ ਨਹੀਂ ਮਿਲਿਆ। ਤਿੰਨ ਤਲਾਕ ਦੇ ਮੁੱਦੇ 'ਤੇ ਵੀ ਅੱਜ ਇਨ੍ਹਾਂ ਵੱਲੋਂ ਇਹੀ ਇਨਸਾਫ਼ ਮੰਗਿਆ ਜਾ ਰਿਹਾ ਹੈ ਕਿ ਉਸ ਨੂੰ ਪੁਰਾਤਨ ਪਰੰਪਰਾਵਾਂ 'ਚੋਂ ਬਾਹਰ ਕੱਢ ਕੇ ਇਨਸਾਫ਼ ਦਿੱਤਾ ਜਾਵੇ, ਤਾਂ ਕਿ ਉਹ ਮਰਦ ਦੇ ਬਰਾਬਰ ਖੜ੍ਹੀ ਹੋ ਸਕੇ। ਇਸ ਮੁੱਦੇ 'ਤੇ ਜਿਥੇ ਮੁਸਲਿਮ ਸਮਾਜ ਨੂੰ ਅੱਗੇ ਆਉਣ ਦੀ ਲੋੜ ਹੈ, ਉੱਥੇ ਹੀ ਇਨਸਾਨੀਅਤ ਨਾਤੇ ਸਾਰਿਆਂ ਨੂੰ ਔਰਤਾਂ ਲਈ ਨਿਆਂ ਦਿਵਾਉਣ ਵਿਚ ਸਾਥ ਦੇਣਾ ਚਾਹੀਦਾ ਹੈ। ਕਰਟਿਸ ਅਨੁਸਾਰ ਔਰਤ ਦੇ ਸਨਮਾਨ ਨਾਲ ਸੱਭਿਅਤਾ ਦੀ ਪਛਾਣ ਹੁੰਦੀ ਹੈ। ਅੱਜ ਸਾਨੂੰ ਸਾਰਿਆਂ ਨੂੰ ਲੋੜ ਹੈ ਕਿ ਔਰਤ ਦੀ ਪੀੜਾ ਨੂੰ ਸਮਝ ਕੇ ਪੀੜਤ ਔਰਤਾਂ ਦੀ ਗਿਣਤੀ ਨੂੰ ਘਟਾਇਆ ਜਾਵੇ।


-ਰਵਿੰਦਰ ਸਿੰਘ ਰੇਸ਼ਮ
ਪਿੰਡ-ਉਮਰਪੁਰਾ (ਨੱਥੂਮਾਜਰਾ), ਸੰਗਰੂਰ।


ਵਿਗੜ ਰਿਹਾ ਅਮਨ ਕਾਨੂੰਨ
ਸਤਿਕਾਰਯੋਗ ਮੁੱਖ ਸੰਪਾਦਕ ਸਾਹਿਬ ਡਾ: ਬਰਜਿੰਦਰ ਸਿੰਘ ਹਮਦਰਦ ਹੁਰਾਂ ਦੀ ਕਲਮ ਤੋਂ ਲਿਖਿਆ ਸੰਪਾਦਕੀ ਲੇਖ 'ਵਿਗੜ ਰਿਹਾ ਅਮਨ ਕਾਨੂੰਨ-ਇਕ ਚੁਣੌਤੀ' ਕਾਫੀ ਜਾਣਕਾਰੀ ਭਰਪੂਰ ਸੀ। ਵਾਕਿਆ ਹੀ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਬਣੀ ਕਾਂਗਰਸ ਦੀ ਸਰਕਾਰ ਸਾਹਮਣੇ ਇਕ ਨਹੀਂ ਅਨੇਕਾਂ ਹੀ ਚੁਣੌਤੀਆਂ ਹਨ, ਜਿਵੇਂ ਨਸ਼ੇ, ਬੇਰੁਜ਼ਗਾਰੀ, ਗੈਂਗਸਟਰ, ਟ੍ਰੈਫਿਕ ਆਦਿ। ਪੰਜਾਬ ਦੇ ਵਿਗੜੇ ਹੋਏ ਹਾਲਾਤ ਨਾਲ ਨਜਿੱਠਣ ਵਾਸਤੇ ਵਿਰੋਧੀ ਪਾਰਟੀਆਂ ਨੂੰ ਵੀ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ। ਜਦ ਵੀ ਕਾਂਗਰਸ ਸਰਕਾਰ ਹੋਂਦ ਵਿਚ ਆਈ ਹੈ, ਕਾਫੀ ਥਾਵਾਂ ਤੋਂ ਅਜਿਹੀਆਂ ਮਨਹੂਸ ਖ਼ਬਰਾਂ ਪੜ੍ਹਨ-ਸੁਣਨ ਨੂੰ ਮਿਲ ਰਹੀਆਂ ਹਨ ਜੋ ਕਾਂਗਰਸੀ ਵਰਕਰਾਂ ਵੱਲੋਂ ਵਿਰੋਧੀ ਪਾਰਟੀਆਂ ਦੇ ਵਰਕਰਾਂ ਨਾਲ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਦੇ ਵਰਕਰਾਂ ਨੂੰ ਅਜਿਹੀਆਂ ਘਟਨਾਵਾਂ ਕਰਨ ਤੋਂ ਵਰਜਣ ਤਾਂ ਜੋ ਪੰਜਾਬ ਵਿਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣੀ ਰਹੇ ਅਤੇ ਪੰਜਾਬ ਦੀ ਤਰੱਕੀ ਲਈ ਯਤਨ ਕੀਤੇ ਜਾਣ।


-ਅਜਮੇਰ ਸਿੰਘ ਬੱਲ
ਪਿੰਡ ਤੇ ਡਾਕ: ਬੁਤਾਲਾ, ਤਹਿ: ਬਾਬਾ ਬਕਾਲਾ ਸਾਹਿਬ, ਜ਼ਿਲ੍ਹਾ ਅੰਮ੍ਰਿਤਸਰ।





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX