ਤਾਜਾ ਖ਼ਬਰਾਂ


ਆਈ ਪੀ ਐੱਲ 2018 : ਹੈਦਰਾਬਾਦ ਨੇ ਕੋਲਕਾਤਾ ਨੂੰ 13 ਦੌੜਾਂ ਨਾਲ ਹਰਾ ਕੇ ਆਈ ਪੀ ਐੱਲ ਦੇ ਫਾਈਨਲ 'ਚ ਕੀਤਾ ਪ੍ਰਵੇਸ਼
. . .  1 day ago
ਆਈ ਪੀ ਐੱਲ 2018 : 15 ਓਵਰਾਂ ਤੋਂ ਬਾਅਦ ਕੇ ਕੇ ਆਰ 118/6
. . .  1 day ago
ਆਈ ਪੀ ਐੱਲ 2018 : ਕੇ ਕੇ ਆਰ ਨੂੰ ਛੇਵਾਂ ਝਟਕਾ
. . .  1 day ago
ਰੂਪਨਗਰ ਬਾਈਪਾਸ ਦੀਆਂ ਨਾਜਾਇਜ਼ ਉਸਾਰੀਆਂ ਵਿਰੁੱਧ ਲੋਕ ਨਿਰਮਾਣ ਵਿਭਾਗ ਨੇ ਚਲਾਈ ਜੇ. ਸੀ. ਬੀ.
. . .  1 day ago
ਰੂਪਨਗਰ, 25 ਮਈ (ਮਨਜਿੰਦਰ ਸਿੰਘ ਚੱਕਲ )-ਬਹੁਕਰੋੜੀ ਬਾਈਪਾਸ 'ਤੇ ਹੋਈਆਂ ਨਾਜਾਇਜ਼ ਉਸਾਰੀਆਂ 'ਤੇ ਅੱਜ ਲੋਕ ਨਿਰਮਾਣ ਵਿਭਾਗ ਨੇ ਜੇ. ਸੀ. ਬੀ. ਚਲਾ ਦਿੱਤੀ ਅਤੇ ਮਾਰਗ ਦੇ ਵਿਚਕਾਰੋਂ ਤੇ ...
ਆਈ ਪੀ ਐੱਲ 2018 : 5 ਓਵਰਾਂ ਤੋਂ ਬਾਅਦ ਕੇ ਕੇ ਆਰ 58/1
. . .  1 day ago
ਆਈ ਪੀ ਐੱਲ 2018 : ਕੇ ਕੇ ਆਰ ਨੂੰ ਪਹਿਲਾ ਝਟਕਾ
. . .  1 day ago
ਆਈ ਪੀ ਐੱਲ 2018 : ਹੈਦਰਾਬਾਦ ਨੇ ਕੋਲਕਾਤਾ ਨੂੰ ਜਿੱਤਣ ਲਈ ਦਿੱਤਾ 175 ਦੌੜਾਂ ਦਾ ਟੀਚਾ
. . .  1 day ago
ਆਈ ਪੀ ਐੱਲ 2018 : ਹੈਦਰਾਬਾਦ ਨੂੰ ਸੱਤਵਾਂ ਝਟਕਾ
. . .  1 day ago
ਆਈ ਪੀ ਐੱਲ 2018 : ਹੈਦਰਾਬਾਦ ਨੂੰ ਛੇਵਾਂ ਝਟਕਾ
. . .  1 day ago
ਆਈ ਪੀ ਐੱਲ 2018 : 15 ਓਵਰਾਂ ਦੇ ਬਾਦ ਹੈਦਰਾਬਾਦ 113/4
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਮਾਘ ਸੰਮਤ 549
ਵਿਚਾਰ ਪ੍ਰਵਾਹ: ਕਿਸੇ ਉੱਚੇ ਮੁਕਾਮ \'ਤੇ ਪਹੁੰਚਣਾ ਕੁਝ ਸੌਖਾ ਹੈ ਪਰ ਉਸ ਨੂੰ ਕਾਇਮ ਰੱਖਣਾ ਬਹੁਤ ਔਖਾ ਹੈ। -ਅਗਿਆਤ
  •     Confirm Target Language  

ਤੁਹਾਡੇ ਖ਼ਤ

16-01-2018

 ਪੰਜਾਬੀ ਬੋਲੀ ਨੂੰ ਵਿਸਾਰਿਆ
ਹਰੇਕ ਵਿਅਕਤੀ ਆਪਣੇ ਵਿਚਾਰਾਂ ਨੂੰ ਪਰਗਟ ਕਰਨ ਲਈ ਭਾਸ਼ਾ ਦੀ ਵਰਤੋਂ ਕਰਦਾ ਹੈ। ਪੰਜਾਬ ਵਿਚ ਪੰਜਾਬੀ ਭਾਸ਼ਾ ਨੂੰ ਮਾਂ-ਬੋਲੀ ਦਾ ਦਰਜਾ ਪ੍ਰਾਪਤ ਹੈ। 1966 ਵਿਚ ਭਾਸ਼ਾ ਦੇ ਆਧਾਰ 'ਤੇ ਵੰਡ ਹੋਈ। ਹਿੰਦੀ ਬੋਲਣ ਵਾਲੇ ਇਲਾਕੇ ਹਰਿਆਣਾ, ਹਿਮਾਚਲ ਤੇ ਪੰਜਾਬੀ ਬੋਲਣ ਵਾਲੇ ਇਲਾਕੇ ਪੰਜਾਬ ਨੂੰ ਦਿੱਤੇ ਗਏ। ਅਜੋਕੇ ਸਮੇਂ ਵਿਚ ਪੰਜਾਬੀ ਭਾਸ਼ਾ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ। ਪੱਛਮੀ ਸੱਭਿਅਤਾ ਨੇ ਪਹਿਰਾਵੇ ਦੇ ਨਾਲ-ਨਾਲ ਪੰਜਾਬੀ ਬੋਲੀ 'ਤੇ ਬਹੁਤ ਪ੍ਰਭਾਵ ਪਾਇਆ ਹੈ। ਲੋਕ ਅੰਗਰੇਜ਼ੀ ਭਾਸ਼ਾ ਨੂੰ ਵਧੇਰੇ ਤਰਜੀਹ ਦੇਣ ਲੱਗੇ ਹਨ। ਮਾਪੇ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਕਾਨਵੈਂਟ ਸਕੂਲ ਵਿਚ ਪੜ੍ਹਨ ਲਈ ਭੇਜ ਰਹੇ ਹਨ। ਹੋਰ ਭਾਸ਼ਾਵਾਂ ਸਿੱਖਣਾ ਜਾਂ ਬੋਲਣਾ ਬੁਰੀ ਗੱਲ ਨਹੀਂ ਪਰ ਆਪਣੀ ਭਾਸ਼ਾ ਨੂੰ ਨਕਾਰ ਕੇ ਅਜਿਹਾ ਕਰਨਾ ਵੀ ਬੇਇਨਸਾਫ਼ੀ ਹੈ। ਭਾਸ਼ਾ ਪ੍ਰੇਮੀਆਂ ਵਲੋਂ ਸਮੇਂ-ਸਮੇਂ 'ਤੇ ਇਸ ਨੂੰ ਪ੍ਰਫੁੱਲਿਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਪਰ ਕੋਸ਼ਿਸ਼ਾਂ ਨੂੰ ਬੂਰ ਨਹੀਂ ਪੈ ਰਿਹਾ ਹੈ। ਪੰਜਾਬੀ ਭਾਸ਼ਾ ਦੇ ਕਈ ਸ਼ਬਦ ਹੀ ਅਲੋਪ ਹੋ ਰਹੇ ਹਨ। ਇਸ ਲਈ ਸਾਹਿਤ ਅਕਾਦਮੀਆਂ ਨੂੰ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਪੰਜਾਬੀ ਸਾਹਿਤ ਲੋਕਾਂ ਤੱਕ ਪਹੁੰਚਾਉਣ ਤਾਂ ਜੋ ਲੋਕ ਇਸ ਨਾਲ ਜੁੜ ਸਕਣ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਚਹੁੰ ਮਾਰਗੀ ਸੜਕਾਂ
ਸਾਡੇ ਪੰਜਾਬ ਵਿਚ ਬਹੁਤ ਸਾਰੀਆਂ ਚਹੁੰ ਮਾਰਗੀ ਸੜਕਾਂ ਤਾਂ ਬਣ ਗਈਆਂ, ਪਰ ਇਨ੍ਹਾਂ 'ਤੇ ਚੱਲਣ ਦਾ ਕਿਸੇ ਵੀ ਪੰਜਾਬ ਵਾਸੀ ਨੂੰ ਬਹੁਤਾ ਗਿਆਨ ਨਹੀਂ ਹੈ। ਪਰ ਦੂਹਰੀ ਸੜਕ 'ਤੇ ਤਾਂ ਲੋਕ ਸੱਜੇ ਪਾਸੇ ਫੁੱਟਪਾਥ ਦੇ ਨਾਲ ਆਰਾਮ ਨਾਲ ਹੌਲ-ਹੌਲੀ ਜਾਂਦੇ ਹਨ। ਪਿਛਲੇ ਪਾਸੇ ਆਉਂਦੇ ਨੂੰ ਮਜਬੂਰੀਵੱਸ ਖੱਬੇ ਪਾਸੇ ਦੀ ਅੱਗੇ ਲੰਘਣਾ ਪੈਂਦਾ ਹੈ। ਕਈ ਵਾਰ ਖੱਬੇ ਪਾਸੇ ਚੱਲਣ ਵਾਲਾ ਛੋਟਾ ਸਾਧਨ ਇਸ ਦੀ ਲਪੇਟ ਵਿਚ ਆ ਜਾਂਦਾ ਹੈ। ਸੋ, ਕਿਰਪਾ ਕਰਕੇ ਸਰਕਾਰ ਸੜਕ ਬਣਾਉਣ ਸਮੇਂ ਹੀ ਇਸ 'ਤੇ ਚੱਲਣ ਦੀ ਜਾਣਕਾਰੀ ਲੋਕਾਂ ਨੂੰ ਕੈਂਪ ਆਦਿ ਲਗਾ ਕੇ ਤੇ ਸੜਕ 'ਤੇ ਚੜ੍ਹਨ ਵਾਲੀ ਥਾਂ 'ਤੇ ਵੱਡੇ ਪੱਧਰ 'ਤੇ ਸੂਚਨਾ ਸੰਕੇਤ ਲਗਾ ਕੇ ਸੜਕ ਦੇ ਨਿਯਮਾਂ ਦੀ ਸਹੀ ਜਾਣਕਾਰੀ ਦਿੱਤੀ ਜਾਵੇ।

-ਜਸਕਰਨ ਲੰਡੇ
ਪਿੰਡ ਤੇ ਡਾਕ : ਲੰਡੇ, ਜ਼ਿਲ੍ਹਾ ਮੋਗਾ।

ਬਾਇਓਮੈਟ੍ਰਿਕ ਹਾਜ਼ਰੀ
ਪੰਜਾਬ ਸਰਕਾਰ ਦੇ ਇਕ ਫ਼ੈਸਲੇ ਮੁਤਾਬਿਕ ਪਹਿਲੀ ਅਪ੍ਰੈਲ ਤੋਂ ਸਰਕਾਰੀ ਮਾਸਟਰ ਰਜਿਸਟਰ ਪ੍ਰਥਾ ਛੱਡ ਕੇ 'ਬਾਇਓਮੈਟ੍ਰਿਕ ਮਸ਼ੀਨ' ਰਾਹੀਂ ਹਾਜ਼ਰੀ ਲਾਉਣਗੇ। ਇਹ ਪੰਜਾਬ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਫ਼ੈਸਲਾ ਹੈ। ਬਾਇਓਮੈਟ੍ਰਿਕ ਮਸ਼ੀਨ 'ਤੇ ਹਾਜ਼ਰੀ ਲਾ ਕੇ ਅਧਿਆਪਕ ਹੁਣ ਕੋਈ ਫਰਲੋ ਨਹੀਂ ਮਾਰ ਸਕਣਗੇ ਅਤੇ ਪੂਰੇ ਸਮੇਂ 'ਤੇ ਸਕੂਲ ਆਉਣਗੇ ਅਤੇ ਛੁੱਟੀ ਸਮੇਂ ਹੀ ਘਰ ਨੂੰ ਜਾ ਸਕਣਗੇ। ਸਰਕਾਰ ਜ਼ਮੀਨੀ ਹਕੀਕਤ ਪਛਾਣ ਕੇ ਫ਼ੈਸਲੇ ਲਵੇ, ਆਪਣੀ ਜ਼ਿੰਮੇਵਾਰੀ ਕੇਵਲ ਅਧਿਆਪਕਾਂ ਸਿਰ ਪਾ ਕੇ ਆਪਣੀ ਖ਼ੁਦ ਦੀ ਜ਼ਿੰਮੇਵਾਰੀ ਤੋਂ ਰੁਖ਼ਸਤ ਨਾ ਹੋਵੇ। ਸਿਰਫ ਅਧਿਆਪਕਾਂ ਨੂੰ ਸਮੇਂ ਸਿਰ ਸਕੂਲ ਸੱਦ ਕੇ ਜਾਂ ਪੂਰੇ ਸਮੇਂ ਤੋਂ ਬਾਅਦ ਘਰ ਜਾਣ ਲਈ ਬਾਇਓਮੈਟ੍ਰਿਕ ਮਸ਼ੀਨਾਂ ਲਾ ਕੇ ਸਿੱਖਿਆ ਵਿਚ ਕੋਈ ਵੱਡੇ ਪੱਧਰ 'ਤੇ ਸੁਧਾਰ ਨਹੀਂ ਹੋਣ ਲੱਗਾ।

-ਇੰਦਰਜੀਤ ਸਿੰਘ ਕੰਗ
ਕੋਟਲਾ ਸਮਸ਼ਪੁਰ (ਸਮਰਾਲਾ), ਜ਼ਿਲ੍ਹਾ ਲੁਧਿਆਣਾ।

12-01-2018

 ਜ਼ਹਿਰੀਲੀ ਹਵਾ
ਦੇਸ਼ 'ਚ ਲਗਪਗ 1.7 ਕਰੋੜ ਬੱਚੇ ਉਨ੍ਹਾਂ ਖੇਤਰਾਂ ਵਿਚ ਰਹਿੰਦੇ ਹਨ, ਜਿਥੇ ਹਵਾ ਪ੍ਰਦੂਸ਼ਣ ਅੰਤਰਰਾਸ਼ਟਰੀ ਹੱਦ ਤੋਂ ਛੇ ਗੁਣਾਂ ਜ਼ਿਆਦਾ ਹੁੰਦਾ ਹੈ, ਜੋ ਸੰਭਾਵਿਕ ਰੂਪ ਤੋਂ ਉਨ੍ਹਾਂ ਦੇ ਦਿਮਾਗ ਦੇ ਵਿਕਾਸ ਲਈ ਖ਼ਤਰਨਾਕ ਹੈ। ਸਭ ਤੋਂ ਦੁੱਖ ਭਰੀ ਗੱਲ ਇਹ ਹੈ ਕਿ ਪ੍ਰਦੂਸ਼ਣ ਤੋਂ ਉਨ੍ਹਾਂ ਨੂੰ ਜੀਵਨ ਭਰ ਲਈ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਹਵਾ ਪ੍ਰਦੂਸ਼ਣ ਫੇਫੜਿਆਂ ਅਤੇ ਦਿਮਾਗ ਦੇ ਵਿਕਾਸ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਬੱਚਿਆਂ ਦੇ ਫੇਫੜੇ ਅਤੇ ਦਿਮਾਗ ਸਾਫ਼ ਹਵਾ ਵਿਚ ਜਲਦੀ ਵਿਕਸਤ ਹੁੰਦੇ ਹਨ। ਉਹ ਆਪਣੇ ਵਿਕਾਸਸ਼ੀਲ ਫੇਫੜਿਆਂ ਇਮਿਊਨ ਸਿਸਟਮ ਦੇ ਚਲਦਿਆਂ ਹਵਾ 'ਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਸਾਹ ਦੁਆਰਾ ਆਪਣੇ ਅੰਦਰ ਲੈ ਰਹੇ ਹਨ ਅਤੇ ਜ਼ਿਆਦਾ ਜ਼ੋਖਮ ਦਾ ਸ਼ਿਕਾਰ ਹੋ ਰਹੇ ਹਨ। ਬੱਚਿਆਂ 'ਤੇ ਪ੍ਰਦੂਸ਼ਣ ਦਾ ਮਾੜਾ ਪ੍ਰਭਾਵ ਪੈਣ ਨਾਲ ਉਨ੍ਹਾਂ ਨੂੰ ਸਰੀਰਕ ਦੇ ਨਾਲ ਸਾਹ ਦੀਆਂ ਬਿਮਾਰੀਆਂ ਵੀ ਲੱਗ ਜਾਂਦੀਆਂ ਹਨ।

-ਵਿਜੈ ਗਰਗ
proffvijaygarg@gmail.com

ਸਿਆਸੀ ਕਾਨਫ਼ਰੰਸਾਂ
ਪੰਜਾਬ ਵਿਚ ਕਈ ਧਾਰਮਿਕ ਅਸਥਾਨਾਂ, ਸਿਆਸੀ ਕਾਨਫਰੰਸਾਂ ਹੁੰਦੀਆਂ ਹਨ। ਇਹ ਕਾਫੀ ਸਮੇਂ ਤੋਂ ਪ੍ਰੰਪਰਾ ਚਲੀ ਆ ਰਹੀ ਹੈ ਪਰ ਹੁਣ ਇਸ 'ਤੇ ਕੁਝ ਸੋਚ ਵਿਚਾਰ ਕਰਨ ਦੀ ਲੋੜ ਹੈ। ਕਿਉਂਕਿ ਰਾਜਨੀਤਕ ਪਾਰਟੀਆਂ ਦੇ ਆਗੂਆਂ ਦੀ ਸ਼ਬਦਾਵਲੀ ਦਾ ਮਿਆਰ ਹੇਠਾਂ ਆ ਰਿਹਾ ਹੈ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਇਨ੍ਹਾਂ ਕਾਨਫਰੰਸਾਂ ਵਿਚ ਧਾਰਮਿਕ ਅਸਥਾਨਾਂ ਜਾਂ ਗੁਰੂ ਸਾਹਿਬਾਨਾਂ ਦਾ ਕੋਈ ਜ਼ਿਕਰ ਤੱਕ ਨਹੀਂ ਕੀਤਾ ਜਾਂਦਾ ਸਗੋਂ ਇਕ-ਦੂਜੇ ਉੱਪਰ ਰਾਜਨੀਤਕ ਹਮਲੇ ਹੀ ਕੀਤੇ ਜਾਂਦੇ ਹਨ, ਜਿਸ ਨਾਲ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਤਾਂ ਭੰਗ ਹੁੰਦੀ ਹੀ ਹੈ, ਨਾਲ ਹੀ ਲੋਕਾਂ ਦੇ ਮਨਾਂ ਨੂੰ ਵੀ ਠੇਸ ਪੁੱਜਦੀ ਹੈ। ਇਸ ਲਈ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਇਸ 'ਤੇ ਗੌਰ ਕਰਨ ਦੀ ਲੋੜ ਹੈ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ, ਸ੍ਰੀ ਮੁਕਤਸਰ ਸਾਹਿਬ।

ਸੜਕ ਹਾਦਸੇ
ਪਿਛਲੇ ਦੋ ਦਿਨਾਂ ਤੋਂ ਵੱਖ-ਵੱਖ ਥਾਵਾਂ 'ਤੇ ਕਈ ਖ਼ਤਰਨਾਕ ਸੜਕ ਹਾਦਸੇ ਵਾਪਰ ਚੁੱਕੇ ਹਨ, ਜਿਸ ਵਿਚ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਸਾਵਧਾਨੀ ਵਜੋਂ ਕਈ ਜ਼ਿਲ੍ਹਿਆਂ ਵਿਚ ਪ੍ਰਸ਼ਾਸਨ ਨੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਬੰਦ ਕਰਨ ਤੇ ਕਈ ਜ਼ਿਲ੍ਹਿਆਂ ਵਿਚ ਸਵੇਰੇ ਸਕੂਲ ਲੱਗਣ ਦਾ ਸਮਾਂ ਬਦਲਣ ਦੇ ਹੁਕਮ ਦਿੱਤੇ ਹਨ। ਪਿਛਲੇ ਸਾਲ ਇਨ੍ਹਾਂ ਦਿਨਾਂ ਵਿਚ ਕਈ ਅਧਿਆਪਕ ਧੁੰਦ ਕਾਰਨ ਸੜਕ ਹਾਦਸੇ ਵਿਚ ਆਪਣੀ ਜਾਨ ਗੁਆ ਚੁੱਕੇ ਹਨ। ਪਰ ਸਭ ਤੋਂ ਵੱਧ ਡਰ ਪ੍ਰਾਈਵੇਟ ਸਕੂਲ ਵੈਨਾਂ ਦਾ ਰਹਿੰਦਾ ਹੈ, ਜਿਨ੍ਹਾਂ 'ਚ ਅਕਸਰ ਮਾਸੂਮਾਂ ਦੀ ਜਾਨ ਚਲੀ ਜਾਂਦੀ ਹੈ। ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਇਸ ਸੰਘਣੀ ਧੁੰਦ ਵਿਚ ਵੱਧ ਤੋਂ ਵੱਧ ਸਾਵਧਾਨੀ ਵਰਤਦੇ ਹੋਏ ਆਪਣਾ ਵਹੀਕਲ ਹੌਲੀ ਤੇ ਸੰਜਮ ਨਾਲ ਚਲਾਉਣ। ਅਕਸਰ ਹੀ ਹਾਦਸੇ ਤੇਜ਼ ਰਫ਼ਤਾਰ ਤੇ ਓਵਰਟੇਕ ਦੇ ਚੱਕਰ 'ਚ ਹੀ ਵਾਪਰਦੇ ਹਨ। ਬਹੁਤੇ ਹਾਦਸੇ ਖਰਾਬ ਗੱਡੀ ਦੇ ਸੜਕ ਕਿਨਾਰੇ ਖੜ੍ਹੀ ਹੋਣ ਕਾਰਨ ਵੀ ਵਾਪਰ ਚੁੱਕੇ ਹਨ। ਅਜਿਹੇ ਹਾਦਸਿਆਂ 'ਚ ਬਹੁਤ ਹੀ ਜਾਨਾਂ ਦਾ ਨੁਕਸਾਨ ਹੋ ਚੁੱਕਾ ਹੈ। ਸੋ, ਅਜਿਹੇ ਮੌਸਮ ਵਿਚ ਬਹੁਤ ਜਾਗਰੂਕਤਾ, ਸੰਜਮ ਤੇ ਸਾਵਧਾਨੀ ਦੀ ਲੋੜ ਹੈ ਤਾਂ ਕਿ ਕਿਸੇ ਦਾ ਵੀ ਜਾਨੀ ਨੁਕਸਾਨ ਨਾ ਹੋਵੇ।

-ਪਰਮ ਪਿਆਰ ਸਿੰਘ
ਨਕੋਦਰ।

11-01-2018

 ਸਰਹੱਦ 'ਤੇ ਤਣਾਅ
ਪਿਛਲੇ ਕਈ ਦਿਨਾਂ ਤੋਂ ਸਰਹੱਦ 'ਤੇ ਚੱਲ ਰਿਹਾ ਤਣਾਅ ਦਾ ਮਹੌਲ ਬੇਹੱਦ ਚਿੰਤਾਜਨਕ ਹੈ। ਇਸੇ ਮਾਹੌਲ ਦੇ ਸਦਕੇ ਪਿਛਲੇ ਦਿਨੀਂ ਚਾਰ ਭਾਰਤੀ ਜਵਾਨਾਂ ਦੀ ਜਾਨ ਗਈ ਸੀ। ਉਸ ਤੋਂ ਬਾਅਦ ਭਾਰਤੀ ਫ਼ੌਜ ਵਲੋਂ ਕੀਤੀ ਜਵਾਬੀ ਕਾਰਵਾਈ, ਜਿਸ ਵਿਚ ਭਾਰਤ ਮੁਤਾਬਕ ਤਿੰਨ ਪਾਕਿਸਤਾਨੀ ਅਧਿਕਾਰੀ ਮਾਰੇ ਗਏ ਸਨ, ਨੂੰ ਅਖ਼ਬਾਰੀ ਦੁਨੀਆ ਨੇ ਭਾਰਤੀ ਫ਼ੌਜ ਨੇ ਲਿਆ ਬਦਲਾ ਕਹਿ ਕੇ ਸੰਬੋਧਨ ਕੀਤਾ ਸੀ। ਉਸ ਦੇ ਕੁਝ ਦਿਨ ਬਾਅਦ ਹੀ ਪੁਲਵਾਮਾ ਵਿਚ ਸੀ.ਆਰ.ਪੀ. ਕੈਂਪ 'ਤੇ ਹੋਏ ਹਮਲੇ ਵਿਚ ਪੰਜ ਭਾਰਤੀ ਜਵਾਨ ਸ਼ਹੀਦ ਹੋ ਗਏ ਹਨ। ਸਵਾਲ ਇਹ ਉੱਠਦਾ ਹੈ ਕਿ ਇਹ ਬਦਲੇ ਦੀ ਆੜ ਵਿਚ ਹੋ ਰਹੀਆਂ ਕਾਰਵਾਈਆਂ ਨੂੰ ਜਾਇਜ਼ ਠਹਿਰਾਇਆ ਜਾ ਸਕਦਾ ਹੈ? ਜਿਨ੍ਹਾਂ ਮਾਵਾਂ ਦੇ ਪੁੱਤ ਇਸ ਬਦਲੇ ਦੀ ਅੱਗ ਵਿਚ ਸ਼ਹੀਦ ਹੁੰਦੇ ਹਨ ਉਨ੍ਹਾਂ ਦਾ ਕਸੂਰ ਕੀ ਹੈ? ਇਹੀ ਕਿ ਉਨ੍ਹਾਂ ਨੇ ਲਾਡਾਂ ਨਾਲ ਪੁੱਤ ਪਾਲ ਕੇ ਫ਼ੌਜ ਵਿਚ ਤੋਰ ਦਿੱਤਾ 'ਜਾ ਪੁੱਤ ਭਾਰਤ ਮਾਂ ਦੀ ਰੱਖਿਆ ਕਰ।' ਕੇਂਦਰ ਸਰਕਾਰ ਨੂੰ ਗੁਆਂਢੀ ਦੇਸ਼ ਪਾਕਿਸਤਾਨ ਨਾਲ ਇਸ ਬਾਰੇ ਗੱਲਬਾਤ ਕਰਕੇ ਇਸ ਸਥਿਤੀ ਨੂੰ ਸੁਲਝਾਉਣ ਦੀ ਲੋੜ ਹੈ।


-ਜੀਤ ਹਰਜੀਤ
ਪ੍ਰੀਤ ਨਗਰ ਹਰੇੜੀ ਰੋਡ ਸੰਗਰੂਰ।


ਰਿਸ਼ਵਤ
ਰਿਸ਼ਵਤ ਤੇ ਭ੍ਰਿਸ਼ਟਾਚਾਰ ਦੇਸ਼ ਨੂੰ ਤਬਾਹ ਕਰਨ ਵਿਚ ਵੱਡਾ ਯੋਗਦਾਨ ਪਾਉਂਦਾ ਹੈ ਤੇ ਸਾਡੇ ਦੇਸ਼ ਨੂੰ ਇਸ ਨੇ ਖੋਖਲਾ ਕੀਤਾ ਹੈ। ਰਿਸ਼ਵਤ ਨੇ ਜਿਸ ਤਰ੍ਹਾਂ ਪੈਰ ਪਸਾਰੇ ਹੋਏ ਹਨ, ਲੋਕਾਂ ਦਾ ਜਿਊਣਾ ਔਖਾ ਹੋ ਗਿਆ ਹੈ। ਪੈਸੇ ਦੇ ਜ਼ੋਰ ਨਾਲ ਹਰ ਗ਼ਲਤ ਕੰਮ ਕਰਵਾਇਆ ਜਾ ਸਕਦਾ ਹੈ ਤੇ ਹੋ ਵੀ ਰਿਹਾ ਹੈ। ਅਦਾਲਤਾਂ 'ਤੇ ਲੋਕਾਂ ਨੂੰ ਆਖਰੀ ਆਸ ਹੁੰਦੀ ਹੈ। ਸਬੂਤ ਕਿੰਨੇ ਤੇ ਕਿਵੇਂ ਦੇ ਚਾਹੀਦੇ ਹਨ, ਠੀਕ ਧਿਰ ਨੂੰ ਸਮਝ ਨਹੀਂ ਪੈਂਦੀ। ਰਿਸ਼ਵਤ ਤੇ ਭ੍ਰਿਸ਼ਟਾਚਾਰ ਸਿਸਟਮ ਦੀਆਂ ਜੜ੍ਹਾਂ ਨੂੰ ਖੋਖਲਾ ਕਰ ਰਿਹਾ ਹੈ ਤੇ ਇਕ ਦਿਨ ਇਸ ਦੇ ਭਿਅੰਕਰ ਨਤੀਜੇ ਸਾਡੇ ਸਾਹਮਣੇ ਆਉਣਗੇ।


-ਪ੍ਰਭਜੋਤ ਕੌਰ ਢਿੱਲੋਂ।


ਨਸ਼ਿਆਂ ਪ੍ਰਤੀ ਜਾਗਰੂਕਤਾ
ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਨਸ਼ਾ ਸਾਡੇ ਸਮਾਜ ਨੂੰ ਅੰਦਰੋਂ-ਅੰਦਰੀ ਘੁਣ ਵਾਂਗ ਖਾਈ ਜਾ ਰਿਹਾ ਹੈ। ਜੇਕਰ ਅੱਜ ਅਸੀਂ ਆਪਣੇ-ਆਪ ਨੂੰ ਤੇ ਆਪਣੇ ਸਮਾਜ ਨੂੰ ਇਨ੍ਹਾਂ ਨਸ਼ਿਆਂ ਦੀ ਦਲਦਲ ਵਿਚੋਂ ਨਾ ਕੱਢਿਆ ਤਾਂ ਸਾਡਾ ਆਉਣ ਵਾਲਾ ਭਵਿੱਖ ਬਹੁਤ ਹੀ ਮਾੜਾ ਹੋਵੇਗਾ। ਸਾਨੂੰ ਨਸ਼ਿਆਂ ਤੋਂ ਹੋਣ ਵਾਲੇ ਮਾੜੇ ਅਸਰ ਬਾਰੇ ਜਾਗਰੂਕ ਹੋਣ ਦੀ ਜ਼ਰੂਰਤ ਹੈ, ਨਾ ਕਿ ਕੰਨੀ ਉਂਗਲਾਂ ਪਾ ਕੇ ਘਰ ਬੈਠਣ ਦੀ, ਕਿਉਂਕਿ ਜਾਗਰੂਕਤਾ ਵਿਚ ਹੀ ਸਭ ਤੋਂ ਵੱਡਾ ਬਚਾਅ ਹੈ।


-ਗੁਰਦੀਪ ਸਿੰਘ
ਘੋਲੀਆ ਕਲਾਂ (ਮੋਗਾ)।

10-01-2018

 ਲੱਚਰ ਗਾਇਕੀ
ਹਰੇਕ ਇਨਸਾਨ ਆਪਣੇ ਮਨ-ਪ੍ਰਚਾਵੇ ਤੇ ਮਨੋਰੰਜਨ ਲਈ ਸੰਗੀਤ ਸੁਣਦਾ ਹੈ, ਪਰ ਅਜੋਕੇ ਸਮੇਂ ਵਿਚ ਲੋਕਾਂ ਸਾਹਮਣੇ ਸੰਗੀਤ ਦੇ ਨਾਂਅ 'ਤੇ ਲੱਚਰਤਾ ਪਰੋਸੀ ਜਾ ਰਹੀ ਹੈ। ਆਮ ਤੌਰ 'ਤੇ ਗਾਇਕ ਅਹਿੰਸਕ, ਅਸ਼ਲੀਲਤਾ ਵਾਲੇ ਗੀਤਾਂ ਰਾਹੀਂ ਲੋਕਾਂ ਦੀ ਮਾਨਸਿਕਤਾ 'ਤੇ ਬੁਰਾ ਪ੍ਰਭਾਵ ਪਾ ਰਹੇ ਹਨ, ਜਿਸ ਨਾਲ ਸਮਾਜ ਵਿਚ ਲੁੱਟਮਾਰ, ਔਰਤਾਂ ਨਾਲ ਛੇੜਛਾੜ ਵਰਗੀਆਂ ਘਟਨਾਵਾਂ ਵਧ ਰਹੀਆਂ ਹਨ। ਇਸ ਵਿਚ ਇਕੱਲੇ ਗਾਇਕਾਂ ਜਾਂ ਸੰਗੀਤਕ ਕੰਪਨੀਆਂ ਦਾ ਦੋਸ਼ ਨਹੀਂ ਹੈ। ਅਸੀਂ ਵੀ ਕੁਝ ਹੱਦ ਤੱਕ ਇਸ ਲਈ ਜ਼ਿੰਮੇਵਾਰ ਹਾਂ, ਕਿਉਂਕਿ ਜਿਸ ਤਰ੍ਹਾਂ ਦਾ ਅਸੀਂ ਸੁਣਦੇ ਹਾਂ, ਉਸ ਤਰ੍ਹਾਂ ਦਾ ਹੀ ਸਾਨੂੰ ਪਰੋਸਿਆ ਜਾ ਰਿਹਾ ਹੈ। ਸਾਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ। ਇਹ ਨਹੀਂ ਕਿ ਸੰਗੀਤ ਦੇ ਖੇਤਰ ਵਿਚ ਸਾਰੇ ਗਾਇਕ ਹੀ ਲੱਚਰਤਾ ਫੈਲਾਉਂਦੇ ਹਨ। ਅੱਜ ਵੀ ਕੁਝ ਅਜਿਹੇ ਗਾਇਕ ਹਨ, ਜੋ ਸਾਫ਼-ਸੁਥਰੇ ਗੀਤਾਂ ਰਾਹੀਂ ਸੱਭਿਆਚਾਰ ਦੀ ਸੇਵਾ ਕਰ ਰਹੇ ਹਨ। ਅਜਿਹੇ ਗਾਇਕਾਂ ਨੂੰ ਸੁਣਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪੰਜਾਬੀ ਗਾਇਕੀ ਲਈ ਸੈਂਸਰ ਬੋਰਡ ਹੋਣਾ ਚਾਹੀਦਾ ਹੈ ਤਾਂ ਜੋ ਕੋਈ ਨਿਸਚਤ ਦਾਇਰੇ ਤੋਂ ਬਾਹਰ ਹੋ ਕੇ ਲੱਚਰਤਾ ਨਾ ਫੈਲਾਅ ਸਕੇ।


-ਕਮਲ ਬਰਾੜ
ਪਿੰਡ ਕੋਟਰੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।


ਘੱਟ-ਗਿਣਤੀਆਂ ਦੇ ਹਾਲਾਤ
ਇਸ ਗੱਲ ਨੂੰ ਪੂਰੀ ਦੁਨੀਆ ਜਾਣਦੀ ਹੈ ਕਿ ਪਾਕਿਸਤਾਨ 'ਚ ਹਿੰਦੂ ਤੇ ਸਿੱਖ ਭਾਈਚਾਰੇ ਦੀ ਜੋ ਦੁਰਗਤੀ ਹੋ ਰਹੀ ਹੈ, ਉਸ ਵਿਰੁੱਧ ਸੁਰ ਉੱਚੀ ਕਰਕੇ ਕੋਈ ਵਿਕਾਸਸ਼ੀਲ ਦੇਸ਼ ਬੋਲਣ ਲਈ ਤਿਆਰ ਨਹੀਂ। ਇਥੋਂ ਤੱਕ ਕੇ ਖ਼ੁਦ ਯੂ.ਐਨ.ਓ. ਵੀ ਹਿੰਦੂ ਸਮੁਦਾਇ ਦੇ ਲੋਕਾਂ 'ਤੇ ਸਿੱਖ ਭਾਈਚਾਰੇ ਦੇ ਜਬਰੀ ਧਰਮ ਪਰਿਵਰਤਨ, ਬੱਚਿਆਂ ਤੇ ਔਰਤਾਂ ਦੇ ਰਕਤ-ਪਾਤ ਲਈ ਜ਼ਿੰਮੇਵਾਰ ਸਮਾਜ ਵਿਰੋਧੀ ਅਨਸਰਾਂ 'ਤੇ ਪਾਬੰਦੀ ਲਾਉਣ ਲਈ ਸਰਕਾਰ 'ਤੇ ਕੋਈ ਦਬਾਅ ਨਹੀਂ ਬਣਾ ਰਿਹਾ। ਇਸ ਦੇ ਉਲਟ ਜੇਕਰ ਭਾਰਤ ਸਰਕਾਰ ਨੇ ਉਥੋਂ ਦੇ ਕੱਟੜ-ਪੰਥੀਆਂ ਤੇ ਅੱਤਵਾਦੀ ਸੰਗਠਨ ਵਿਰੁੱਧ ਕੋਈ ਕਾਰਵਾਈ ਕਰਨ ਲਈ ਕਿਹਾ ਤਾਂ ਸਾਡੇ ਗੁਆਂਢੀ ਮੁਲਕ ਚੀਨ ਵਰਗੇ ਦੇਸ਼ ਇਸ ਗੱਲ ਨੂੰ ਕੋਈ ਬਹੁਤੀ ਤਵਜੋ ਨਹੀਂ ਦੇਣ ਦਿੰਦੇ। ਹੋਰ ਤਾਂ ਹੋਰ ਅਮਰੀਕਾ ਵਰਗੇ ਦੇਸ਼ ਵੀ ਸਾਡੇ ਨਾਲ ਪਾਕਿਸਤਾਨ ਵਿਚ ਪਨਪ ਰਹੇ ਅੱਤਵਾਦ ਬਾਰੇ ਦੋਗਲੀ ਖੇਡ ਖੇਡ ਕੇ ਚਲੇ ਜਾਂਦੇ ਹਨ।


-ਮਨਦੀਪ ਕੁੰਦੀ ਤਖ਼ਤੂਪੁਰਾ
(ਮੋਗਾ)।


ਸਹਿਯੋਗ ਜ਼ਰੂਰੀ
ਕਣਕ-ਝੋਨੇ ਦਾ ਪੱਕਾ ਸਮਰਥਨ ਮੁੱਲ ਅਤੇ ਸਹੀ ਮੰਡੀਕਰਨ ਹੋਣ ਕਾਰਨ ਕਿਸਾਨ ਕਈ ਸਾਲਾਂ ਤੋਂ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚ ਹੀ ਘੁੰਮਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਅਜਿਹੇ ਫ਼ਸਲੀ ਚੱਕਰ ਕਾਰਨ ਪੰਜਾਬ ਵਿਚ ਲਗਾਤਾਰ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨ-ਬ-ਦਿਨ ਨੀਵਾਂ ਹੁੰਦਾ ਜਾ ਰਿਹਾ ਹੈ ਤੇ ਝੋਨੇ ਦੀ ਕਟਾਈ ਪਿੱਛੋਂ ਖੇਤਾਂ ਵਿਚ ਬਚੀ ਪਰਾਲੀ ਨੂੰ ਅੱਗ ਲਗਾਉਣ ਕਾਰਨ ਪੈਦਾ ਹੋਣ ਵਾਲੇ ਪ੍ਰਦੂਸ਼ਣ ਨਾਲ ਸਿਹਤ ਸਬੰਧੀ ਅਨੇਕਾਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਭਾਵੇਂ ਕਿ ਇਹ ਵੀ ਸੱਚ ਹੈ ਕਿ ਪ੍ਰਦੂਸ਼ਣ ਫੈਲਾਉਣ ਵਿਚ ਇੱਟਾਂ ਦੇ ਭੱਠੇ, ਲੋਹਾ ਪਿਘਲਾਉਣ ਵਾਲੀਆਂ ਭੱਠੀਆਂ ਤੇ ਕਈ ਕਿਸਮ ਦੀਆਂ ਫੈਕਟਰੀਆਂ ਦਾ ਵੀ ਸਾਰਾ ਸਾਲ ਪ੍ਰਦੂਸ਼ਣ ਫੈਲਾਉਣ ਵਿਚ ਵੱਡਾ ਹਿੱਸਾ ਰਹਿੰਦਾ ਹੈ ਪਰ ਉਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੁੰਦਾ। ਸਰਕਾਰਾਂ ਗੰਭੀਰ ਹਨ ਤਾਂ ਉਨ੍ਹਾਂ ਨੂੰ ਬਦਲਵੇਂ ਤਰੀਕੇ ਵੀ ਸੁਝਾਉਣੇ ਚਾਹੀਦੇ ਹਨ। ਲੋਕ ਵੀ ਸਰਕਾਰਾਂ ਦਾ ਸਹਿਯੋਗ ਦੇਣ, ਕਿਉਂਕਿ ਹਵਾ ਪ੍ਰਦੂਸ਼ਣ ਅੱਜ ਬੇਹੱਦ ਗੰਭੀਰ ਸਮੱਸਿਆ ਹੈ।


-ਮਾਸਟਰ ਦੇਵ ਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

08-01-2018

 ਗ਼ਰੀਬੀ ਦੀ ਰੇਖਾ
ਆਜ਼ਾਦੀ ਦੇ 70 ਵਰ੍ਹੇ ਗੁਜ਼ਰ ਜਾਣ ਤੋਂ ਬਾਅਦ ਵੀ ਦੇਸ਼ ਦੀ ਕੁੱਲ ਆਬਾਦੀ ਦਾ ਲਗਪਗ 21 ਫ਼ੀਸਦੀ ਹਿੱਸਾ ਅਜੇ ਵੀ ਗ਼ਰੀਬੀ ਨਾਲ ਘੁਲ ਰਿਹਾ ਹੈ। ਦੇਸ਼ ਵਿਚ ਗ਼ਰੀਬੀ ਦੇ ਮੁੱਖ ਕਾਰਨ ਵਧਦੀ ਜਨ-ਸੰਖਿਆ, ਅਨਪੜ੍ਹਤਾ, ਬੇਰੁਜ਼ਗਾਰੀ ਆਦਿ ਹਨ। ਛੱਤੀਸਗੜ੍ਹ ਵਿਚ ਸਾਲ 2012-13 ਦੇ ਅੰਕੜਿਆਂ ਅਨੁਸਾਰ 40 ਫ਼ੀਸਦੀ ਲੋਕ ਗਰੀਬੀ ਰੇਖਾ ਤੋਂ ਥੱਲੇ ਜੀਵਨ ਬਸਰ ਕਰ ਰਹੇ ਹਨ। ਗੋਆ ਵਿਚ ਸਭ ਤੋਂ ਘੱਟ ਗ਼ਰੀਬੀ 5 ਫ਼ੀਸਦੀ ਜਦਕਿ ਪੰਜਾਬ ਲਗਪਗ 8 ਫ਼ੀਸਦੀ ਪੰਜਵੇਂ ਸਥਾਨ 'ਤੇ ਹੈ। ਇਸ ਦੇ ਹੱਲ ਲਈ ਸਰਕਾਰਾਂ ਨੂੰ ਰੁਜ਼ਗਾਰ ਦੇ ਵਧੇਰੇ ਸਾਧਨ ਜੁਟਾਉਣੇ ਪੈਣਗੇ। ਜਿੰਨਾ ਸਮਾਂ ਦੇਸ਼ ਵਿਚੋਂ ਬੇਰੁਜ਼ਗਾਰੀ ਖ਼ਤਮ ਨਹੀਂ ਹੁੰਦੀ, ਓਨਾ ਸਮਾਂ ਦੇਸ਼ ਦੀ ਜਨਤਾ ਦਾ ਵੱਡਾ ਹਿੱਸਾ ਗਰੀਬੀ ਰੇਖਾ ਤੋਂ ਥੱਲੇ ਘੋਲ ਕਰਦਾ ਰਹੇਗਾ।


-ਤਰਸੇਮ ਲੰਡੇ
ਪਿੰਡ ਲੰਡੇ, ਮੋਗਾ।


ਅੰਧ-ਵਿਸ਼ਵਾਸ...
ਇਕ ਸੱਚਾ ਗੁਰੂ ਹੀ ਆਪਣੇ ਭਗਤਾਂ ਨੂੰ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਉਸ ਨੂੰ ਸਹੀ ਰਸਤਾ ਦਿਖਾਉਂਦਾ ਹੈ ਤੇ ਉਸ ਨੂੰ ਸਹੀ ਗਲਤ ਦਾ ਫ਼ਰਕ ਦੱਸਦਾ ਹੈ। ਦਿੱਲੀ ਦੇ ਅਧਿਆਤਮਿਕ ਵਿਦਿਆਲਾ ਦੇ ਸੰਚਾਲਕ ਵੀਰੇਂਦਰ ਦੇਵ ਦੀਕਸ਼ਿਤ ਦਾ ਨਾਂਅ ਵੀ ਹੁਣ ਉਨ੍ਹਾਂ ਢੋਂਗੀ ਬਾਬਿਆਂ ਦੀ ਸੂਚੀ ਵਿਚ ਸ਼ਾਮਿਲ ਹੈ, ਜਿਸ ਨੇ ਸੈਂਕੜੇ ਮਾਸੂਮ ਕੁੜੀਆਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕੀਤਾ ਹੈ। ਇਨ੍ਹਾਂ ਦੇ ਕਸੂਰਵਾਰ ਹੋਣ ਦੇ ਨਾਲ-ਨਾਲ ਕਸੂਰਵਾਰ ਉਹ ਮਾਂ-ਬਾਪ ਹਨ ਜੋ ਇਨ੍ਹਾਂ ਢੋਂਗੀ ਬਾਬਿਆਂ ਦੇ ਚੁੰਗਲ ਵਿਚ ਫਸ ਕੇ ਆਪਣਾ ਸਭ ਕੁਝ ਤਿਆਗ ਕੇ ਆਪਣੀਆਂ ਮਾਸੂਮ ਬੇਟੀਆਂ ਨੂੰ ਇਨ੍ਹਾਂ ਬਾਬਿਆਂ ਦੇ ਹਵਾਲੇ ਕਰ ਦਿੰਦੇ ਹਨ। ਕੀ ਇਨ੍ਹਾਂ ਮਾਪਿਆਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਕਿ ਉਹ ਆਪਣੀਆਂ ਕੁੜੀਆਂ ਨੂੰ ਪੜ੍ਹਾ-ਲਿਖਾ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ। ਘਰ ਵਿਚ ਮੁੰਡੇ ਵੀ ਹੁੰਦੇ ਹਨ, ਉਨ੍ਹਾਂ ਨੂੰ ਕਿਉਂ ਨਹੀਂ ਕਿਸੇ ਆਸ਼ਰਮ 'ਚ ਭੇਜਦੇ। ਕੀ ਮੁੰਡਿਆਂ ਨੂੰ ਧਾਰਮਿਕ ਸਿੱਖਿਆ ਦੀ ਲੋੜ ਨਹੀਂ ਹੈ, ਜੇਕਰ ਅਸੀਂ ਆਪ ਸੋਚ ਸਮਝ ਕੇ ਸਹੀ ਕਦਮ ਚੁੱਕੀਏ ਤਾਂ ਇਨ੍ਹਾਂ ਢੋਂਗੀ ਬਾਬਿਆਂ ਦਾ 'ਅਯਾਸ਼ੀ ਦਾ ਅੱਡਾ' ਬੰਦ ਹੋਵੇਗਾ ਤੇ ਕਿਸੇ ਮਾਸੂਮ ਕੁੜੀ ਨੂੰ ਇਨ੍ਹਾਂ ਬਾਬਿਆਂ ਦੇ ਹੱਥੋਂ ਸ਼ਰਮਸਾਰ ਨਹੀਂ ਹੋਣਾ ਪਵੇਗਾ।


-ਭਾਵਨਾ
ਕੇ.ਐਮ.ਵੀ. ਕਾਲਜ, ਜਲੰਧਰ।


ਛੁੱਟੀਆਂ 'ਚ ਕਟੌਤੀ
ਛੁੱਟੀਆਂ ਦੀ ਬਹੁਤਾਤ ਨੇ ਸਾਨੂੰ ਆਲਸੀ ਬਣਾ ਦਿੱਤਾ ਹੈ। ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਛੁੱਟੀਆਂ 'ਚ ਕਟੌਤੀ ਕਰ ਕੇ ਬਹੁਤ ਵਧੀਆ ਕੰਮ ਕੀਤਾ ਹੈ। ਸਾਡੇ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਮਹੀਨੇ 'ਚ ਕਰੀਬ 20-22 ਦਿਨ ਹੀ ਸਕੂਲ ਲਗਦਾ ਹੈ, ਅਧਿਆਪਕ ਵੀ ਘਰੇ ਮੌਜਾਂ ਲੈਂਦੇ ਹਨ ਤੇ ਬੱਚੇ ਵੀ। ਅਸਲ ਵਿਚ ਹੋਣਾ ਤਾਂ ਇਹ ਚਾਹੀਦਾ ਹੈ ਕਿ ਕਿਸੇ ਮਹਾਨ ਸ਼ਖ਼ਸੀਅਤ ਨੂੰ ਸਮਰਪਿਤ ਦਿਨਾਂ ਦੀ ਛੁੱਟੀ ਕਰਨ ਦੀ ਬਜਾਏ ਬੱਚਿਆਂ ਨੂੰ ਸਕੂਲ 'ਚ ਇਸ ਦਿਨ ਦੀ ਮਹੱਤਤਾ ਬਾਰੇ ਦੱਸਿਆ ਜਾਣਾ ਚਾਹੀਦਾ ਹੈ ਤਾਂ ਜੋ ਬੱਚੇ ਉਨ੍ਹਾਂ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਹਾਸਲ ਕਰਕੇ ਇਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਨਾਉਣ।


-ਸਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆਂ, ਡਾਕ: ਚੀਮਾ ਖੁੱਡੀ, ਜ਼ਿਲ੍ਹਾ ਗੁਰਦਾਸਪੁਰ।

03-01-2018

 ਵਿਦੇਸ਼ ਜਾਣ ਦੀ ਹੋੜ
ਨੌਜਵਾਨਾਂ ਨੂੰ ਆਮ ਤੌਰ 'ਤੇ ਦੇਸ਼ ਦਾ ਭਵਿੱਖ ਕਿਹਾ ਜਾਂਦਾ ਹੈ। ਉਹ ਨੌਜਵਾਨ ਆਪਣੇ ਖੁਦ ਦਾ ਭਵਿੱਖ ਬਣਾਉਣ ਲਈ ਵਿਦੇਸ਼ ਜਾਣ ਨੂੰ ਤਰਜੀਹ ਦੇ ਰਹੇ ਹਨ ਕਿਉਂਕਿ ਇਥੇ ਉਹ ਆਪਣੇ ਭਵਿੱਖ ਸਬੰਧੀ ਆਸਵੰਦ ਨਹੀਂ ਹਨ। ਨੌਜਵਾਨਾਂ ਵਿਚ ਵਿਦੇਸ਼ਾਂ ਵਿਚ ਜਾਣ ਦੀ ਲਾਲਸਾ ਇੰਨੀ ਵਧ ਗਈ ਹੈ ਕਿ ਉਹ ਸਿੱਧੇ ਜਾਂ ਅਸਿੱਧੇ ਢੰਗ ਨਾਲ ਜਾਣ ਲਈ ਟ੍ਰੈਵਲ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ। ਇਸ ਤੋਂ ਇਲਾਵਾ ਸ਼ਹਿਰਾਂ ਵਿਚ ਆਈਲੈਟਸ ਕੋਚਿੰਗ ਸੈਂਟਰ ਵੀ ਮਨਮਰਜ਼ੀ ਨਾਲ ਫੀਸਾਂ ਵਸੂਲ ਰਹੇ ਹਨ। ਨੌਜਵਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਦੇਸ਼ ਲਈ ਕੁਝ ਕਰਨ। ਉਹ ਇਥੇ ਰਹਿ ਕੇ ਵੀ ਜੇਕਰ ਪੂਰੀ ਸ਼ਿੱਦਤ ਨਾਲ ਕੰਮ ਕਰਦੇ ਹਨ ਤਾਂ ਇਥੇ ਰਹਿ ਕੇ ਵੀ ਕਾਮਯਾਬ ਹੋ ਸਕਦੇ ਹਨ। ਇਸ ਲਈ ਨੌਜਵਾਨਾਂ ਨੂੰ ਮਾਨਸਿਕਤਾ ਬਦਲਣ ਦੀ ਲੋੜ ਹੈ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ,
ਸ੍ਰੀ ਮੁਕਤਸਰ ਸਾਹਿਬ।


ਪਕੋਕਾ ਕਾਨੂੰਨ
ਮੌਜੂਦਾ ਸਮੇਂ, ਸਾਡਾ ਪੰਜਾਬ ਬੇਸ਼ੁਮਾਰ ਅਪਰਾਧਕ ਸਮੱਸਿਆਵਾਂ ਦੀ ਅੱਗ 'ਚ ਭੁੱਜ ਰਿਹਾ ਹੈ। ਸੂਬੇ ਅੰਦਰ ਆਏ ਦਿਨ ਵਾਪਰਦੀਆਂ ਅਣਮਨੁਖੀ ਘਟਨਾਵਾਂ ਦੀਆਂ ਖ਼ਬਰਾਂ ਪੜ੍ਹ/ਸੁਣ ਕੇ ਮਨ ਉਦਾਸ ਹੋ ਜਾਂਦਾ ਹੈ। ਕਦੇ-ਕਦੇ ਤਾਂ ਇੰਜ ਪ੍ਰਤੀਤ ਹੁੰਦਾ ਹੈ ਕਿ ਇਥੇ ਕਾਨੂੰਨ ਨਾਂਅ ਦੀ ਕੋਈ ਚੀਜ਼ ਹੀ ਨਹੀਂ ਹੈ। ਦਿਨ-ਬਦਿਨ ਵਧ ਰਹੇ ਅਪਰਾਧਾਂ ਨੂੰ ਰੋਕਣ ਲਈ ਕਿਸੇ ਸਖ਼ਤ ਕਾਨੂੰਨ ਦੀ ਬੇਹੱਦ ਲੋੜ ਹੈ। ਕਾਨੂੰਨ ਦੀ ਸਖ਼ਤੀ ਹੀ ਮਨੁੱਖਤਾ ਦਾ ਘਾਣ ਤੇ ਬੇੜਾ ਗਰਕ ਕਰਨ ਵਾਲਿਆਂ ਨੂੰ ਨੱਥ ਪਾ ਸਕਦੀ ਹੈ। ਸੋ, ਜੇਕਰ ਪੰਜਾਬ ਸਰਕਾਰ ਵਾਕਿਆ ਹੀ ਸੱਚੇ ਦਿਲੋਂ ਅਪਰਾਧਾਂ ਨੂੰ ਠੱਲ੍ਹਣ ਲਈ ਕੋਈ ਨਵਾਂ ਕਾਨੂੰਨ ਬਣਾ ਰਹੀ ਹੈ ਤਾਂ ਅਸੀਂ ਇਸ ਦਾ ਸਵਾਗਤ ਕਰਾਂਗੇ ਅਤੇ ਆਸ ਪ੍ਰਗਟਾਵਾਂਗੇ ਕਿ ਇਹ ਬਣਨ ਵਾਲਾ ਨਵਾਂ ਕਾਨੂੰਨ ਨਿਰੋਲ ਲੋਕ-ਪੱਖੀ ਹੋਵੇਗਾ। ਇਸ ਕਾਨੂੰਨ ਤਹਿਤ ਕਿਸੇ ਨਾਲ ਵੀ ਜ਼ਿਆਦਤੀ ਨਹੀਂ ਹੋਵੇਗੀ ਅਤੇ ਇਸ ਦੇ ਸਾਰਥਕ ਨਤੀਜੇ ਨਿਕਲਣਗੇ।


-ਸੁਖਦੇਵ ਰਾਮ
ਅੱਪਰਾ, ਤਹਿਸੀਲ ਫਿਲੌਰ (ਜਲੰਧਰ)


ਹਾਦਸਾ-ਦਰ-ਹਾਦਸਾ
ਆਵਾਜਾਈ ਦੇ ਸਾਧਨ ਕਾਫ਼ੀ ਵਧ ਚੁੱਕੇ ਹਨ ਅਤੇ ਦੇਸ਼ ਅੰਦਰ ਸੜਕਾਂ ਦਾ ਵੀ ਜਾਲ ਵਿਛਿਆ ਹੋਇਆ ਹੈ। ਲੋਕ ਸਿੱਖਿਆ ਪੱਖੋਂ ਵੀ ਕਾਫ਼ੀ ਸਿੱਖਿਅਤ ਹੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਆਏ ਦਿਨ ਸੜਕੀ ਹਾਦਸਿਆਂ ਵਿਚ ਚੋਖਾ ਵਾਧਾ ਹੋ ਰਿਹਾ ਹੈ। ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇ, ਜਿਸ ਦਿਨ ਕਿਸੇ ਹਾਦਸੇ ਦੀ ਖ਼ਬਰ ਨਾ ਅਖ਼ਬਾਰ ਵਿਚ ਛਪੀ ਹੋਵੇ। ਇਨ੍ਹਾਂ ਹਾਦਸਿਆਂ ਕਾਰਨ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ ਜੋ ਸਾਡੇ ਸਭ ਲਈ ਚਿੰਤਾ ਦਾ ਵਿਸ਼ਾ ਹੈ। ਲੋੜ ਤੋਂ ਵੱਧ ਕਾਹਲੀ ਅਤੇ ਲਾਪ੍ਰਵਾਹੀ ਜਿਥੇ ਹਾਦਸਿਆਂ ਦਾ ਕਾਰਨ ਬਣਦੀ ਹੈ, ਉਥੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਵੀ ਦੁਰਘਟਨਾਵਾਂ ਦਾ ਪ੍ਰਮੁੱਖ ਕਾਰਨ ਹੈ। ਸੋ, ਲੋੜ ਹੈ ਸਰਕਾਰੀ ਅਤੇ ਗ਼ੈਰ-ਸਰਕਾਰੀ ਪੱਧਰ 'ਤੇ ਯੋਗ ਕਦਮ ਚੁੱਕਣ ਦੀ, ਜੋ ਇਨ੍ਹਾਂ ਸੜਕੀ ਦੁਰਘਟਨਾਵਾਂ ਨੂੰ ਠੱਲ੍ਹ ਪਾ ਸਕੇ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

02-01-2018

 ਪੰਜਾਬੀ ਭਾਸ਼ਾ ਪ੍ਰਤੀ ਬੇਰੁਖ਼ੀ
ਪੰਜਾਬ ਵਿਚ ਹੀ ਅਨੇਕਾਂ ਘਰਾਂ-ਪਰਿਵਾਰਾਂ ਵਿਚ ਪੰਜਾਬੀ ਭਾਸ਼ਾ ਨੂੰ ਆਮ ਬੋਲਚਾਲ ਵਜੋਂ ਬੋਲਣ ਤੋਂ ਗੁਰੇਜ਼ ਕੀਤਾ ਜਾਣ ਲੱਗ ਪਿਆ ਹੈ ਅਤੇ ਹਿੰਦੀ ਜਾਂ ਅੰਗਰੇਜ਼ੀ ਭਾਸ਼ਾ ਨੂੰ ਬੋਲਣ ਵਿਚ ਫ਼ਖ਼ਰ ਮਹਿਸੂਸ ਕੀਤਾ ਜਾਂਦਾ ਹੈ। ਅਜਿਹਾ ਰੁਝਾਨ ਪੰਜਾਬੀ ਸੱਭਿਆਚਾਰ, ਪੰਜਾਬੀ ਸੱਭਿਅਤਾ ਅਤੇ ਪੰਜਾਬੀ ਇਤਿਹਾਸ ਲਈ ਵੀ ਗੰਭੀਰ ਵਿਸ਼ਾ ਹੈ। ਦੂਜੀਆਂ ਭਾਸ਼ਾਵਾਂ ਸਿੱਖਣਾ ਚੰਗੀ ਗੱਲ ਹੈ ਪਰ ਆਪਣੀ ਮਾਤ ਭਾਸ਼ਾ 'ਪੰਜਾਬੀ' ਨੂੰ ਆਪਸੀ ਗੱਲਬਾਤ ਸਮੇਂ ਅਤੇ ਘਰਾਂ-ਪਰਿਵਾਰਾਂ ਵਿਚ ਹੀ ਖੁੱਡੇ ਲਾਈਨ ਲਾ ਕੇ ਰੱਖਣਾ ਸਾਡੀ ਅਣਖ ਅਤੇ ਗ਼ੈਰਤ ਦੇ ਵੀ ਖਿਲਾਫ਼ ਹੈ। ਸਾਨੂੰ ਚਾਹੀਦਾ ਹੈ ਕਿ ਘਰ-ਪਰਿਵਾਰ ਵਿਚ ਅਤੇ ਨਵੀਂ ਪੀੜ੍ਹੀ ਨਾਲ ਗੱਲਬਾਤ ਸਮੇਂ ਪੰਜਾਬੀ ਭਾਸ਼ਾ ਨੂੰ ਪਹਿਲ ਦੇਈਏ ਅਤੇ ਵਿਸ਼ਵ ਵਿਚ ਇਸ ਦਾ ਪਰਚਮ ਲਹਿਰਾਏ।

-ਮਾਸਟਰ ਸੰਜੀਵ ਧਰਮਾਣੀ
ਪਿੰਡ ਸੱਧੇਵਾਲ, ਸ੍ਰੀ ਅਨੰਦਪੁਰ ਸਾਹਿਬ।

ਆਪਾ ਬਚਾਓ, ਰੁੱਖ ਲਾਓ
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਲੋਂ ਉੱਤਰੀ ਸੂਬਿਆਂ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ ਦੀ ਵਾਤਾਵਰਨ ਪ੍ਰਦੂਸ਼ਣ 'ਤੇ ਝਾੜਝੰਬ ਕੀਤੀ ਗਈ, ਕਿਉਂਕਿ ਸਰਕਾਰਾਂ ਐਨ.ਜੀ.ਟੀ. ਦੇ ਹੁਕਮਾਂ ਨੂੰ ਆਪਣੇ ਰਾਜਾਂ ਵਿਚ ਲਾਗੂ ਕਰਨ 'ਚ ਨਾਕਾਮ ਰਹੀਆਂ ਹਨ। ਹੁਣ ਸਰਕਾਰਾਂ ਦੇ ਵਿੱਤੀ ਖਾਤੇ ਜ਼ਬਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਭਾਵੇਂ 2017-18 'ਚ ਦੋ ਕਰੋੜ ਬੂਟਾ ਲਾਉਣ ਦਾ ਟੀਚਾ ਮਿਥਿਆ ਗਿਆ ਹੈ ਪਰ ਸਰਕਾਰਾਂ ਦੀ ਟੇਕ ਕੇਂਦਰੀ ਫੰਡਾਂ 'ਤੇ ਹੋਣ ਦੇ ਬਾਵਜੂਦ ਟੀਚਾ ਸਰ ਕਰਨਾ ਮੁਸ਼ਕਿਲ ਜਾਪਦਾ ਹੈ। ਸਰਕਾਰ ਪੰਜਾਬ ਦੇ ਪਿੰਡਾਂ ਦੇ ਸਰਪੰਚਾਂ ਨੂੰ ਗੰਭੀਰਤਾ ਨਾਲ ਹੁਕਮ ਜਾਰੀ ਕਰੇ ਅਤੇ ਹਰ ਇਕ ਪਿੰਡ ਨੂੰ ਇਕ ਨਿਰਧਾਰਤ ਟੀਚੇ 'ਤੇ ਬੂਟੇ ਲਗਾਉਣ ਦੀ ਹਦਾਇਤ ਦੇਵੇ। ਬਾਕਾਇਦਾ ਲਾਏ ਬੂਟਿਆਂ ਦਾ ਰਿਕਾਰਡ ਬਣਾਏ ਤਾਂ ਨਤੀਜੇ ਫ਼ੈਸਲਾਕੁੰਨ ਹੋ ਸਕਦੇ ਹਨ। ਵੱਡੇ-ਵੱਡੇ ਸੜਕੀ ਪ੍ਰਾਜੈਕਟਾਂ ਦੀ ਆੜ 'ਚ ਰੁੱਖਾਂ ਦੀਆਂ ਜੜ੍ਹਾਂ 'ਤੇ ਚਲਦਾ ਆਰਾ ਮਨੁੱਖਤਾ ਦੇ ਘਾਣ ਦਾ ਸੂਚਕ ਹੈ। ਸਾਨੂੰ ਵਿਰਾਸਤੀ ਰੁੱਖ ਲਾ ਕੇ ਆਪਣੀਆਂ ਲੋੜਾਂ ਨੂੰ ਸੀਮਤ ਰੱਖਣਾ ਪਏਗਾ। ਯਾਦ ਰਹੇ ਕੁਦਰਤ ਨਾਲ ਕੀਤਾ ਖਿਲਵਾੜ ਵਿਨਾਸ਼ਕਾਰੀ ਹੈ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲਾ ਲੁਧਿਆਣਾ।

ਕੁੱਤਿਆਂ 'ਤੇ ਪਾਬੰਦੀ
ਮੈਨੂੰ ਸਮਝ ਨਹੀਂ ਆਉਂਦੀ ਪੰਜਾਬ ਦੇ ਲੋਕ ਕਿਹੜੇ ਪਾਸੇ ਤੁਰ ਪਏ ਹਨ। ਕਦੇ ਪੰਜਾਬੀ ਮੱਝਾਂ, ਗਾਵਾਂ, ਬੱਕਰੀਆਂ, ਕੁਕੜੀਆਂ ਆਦਿ ਦੇ ਸ਼ੌਕੀਨ ਹੁੰਦੇ ਸੀ, ਜੋ ਘਰ ਵਿਚ ਆਮਦਨੀ ਦਾ ਛੋਟਾ ਅਜਿਹਾ ਸਾਧਨ ਵੀ ਸਨ। ਬੱਕਰੀ ਹਰ ਘਰੇ ਫਰਿੱਜ ਦਾ ਕੰਮ ਦਿੰਦੀ ਸੀ, ਭਾਵ ਜਦੋਂ ਦੁੱਧ ਦੀ ਲੋੜ ਪਈ, ਉਸੇ ਵਕਤ ਚੋਅ ਲਈ। ਅੱਜਕਲ੍ਹ ਲੋਕ ਕੁੱਕੜ, ਬੱਕਰੀ ਆਦਿ ਜਾਨਵਰਾਂ ਨੂੰ ਗੰਦ ਪਾਊ ਜਾਨਵਰ ਦੱਸਦੇ ਹਨ ਤੇ ਕੁੱਤਿਆਂ ਨੂੰ ਏ.ਸੀ. 'ਚ ਬਿਠਾਉਂਦੇ ਹਨ। ਇਨ੍ਹਾਂ ਲੜਾਕੂ ਕੁੱਤਿਆਂ ਨਾਲ ਰਹਿ ਕੇ ਲੋਕ ਇਨ੍ਹਾਂ ਵਰਗੇ ਲੜਾਕੂ ਜ਼ਰੂਰ ਬਣ ਗਏ ਹਨ। ਜਿਸ ਪਿੱਟ ਬੁੱਲ ਦੀ ਗੱਲ ਕਰਦੇ ਆ, ਉਸ ਦੀਆਂ ਕਈ ਵੀਡੀਓ ਆਈਆਂ ਹਨ, ਜਿਸ ਵਿਚ ਇਹ ਮਨੁੱਖਾਂ ਨੂੰ ਮਾਰ ਦਿੰਦੇ ਹਨ। ਪਰ ਸਾਡੇ ਦੇਸ਼ 'ਚ ਨਾ ਤਾਂ ਪ੍ਰਸ਼ਾਸਨ ਕਾਨੂੰਨ ਲਾਗੂ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਦਾ ਹੈ ਤੇ ਨਾ ਹੀ ਲੋਕ ਕਾਨੂੰਨ ਦੀ ਪਰਵਾਹ ਕਰਦੇ ਹਨ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

01-01-2018

 ਵਿਆਹਾਂ ਦੀ ਦਹਿਸ਼ਤ
ਪੰਜਾਬ ਦੇ ਵਿਆਹਾਂ ਵਿਚ ਪਿਛਲੇ ਸਮੇਂ ਦੌਰਾਨ ਵਾਪਰ ਰਹੀਆਂ ਗੋਲੀ ਚੱਲਣ ਦੀਆਂ ਘਟਨਾਵਾਂ ਬਹੁਤ ਚਿੰਤਾਜਨਕ ਹਨ। ਪੰਜਾਬੀ ਗੀਤਾਂ ਦੀ ਹਿੰਸਕ ਅਤੇ ਭੜਕਾਊ ਸ਼ਬਦਾਵਲੀ, ਸ਼ਰਾਬ ਦਾ ਨਸ਼ਾ ਅਤੇ ਜ਼ਿਹਨੀਅਤ ਦਾ ਖੋਖਲਾਪਨ ਨੱਚਦੇ ਸਮੇਂ ਹਥਿਆਰ ਚਲਾਉਣ ਲਈ ਮਜਬੂਰ ਕਰ ਦਿੰਦਾ ਹੈ ਅਤੇ ਦੁਖਦਾਈ ਨਤੀਜੇ ਵਜੋਂ ਕੋਈ ਬੇਕਸੂਰ ਮਾਰਿਆ ਜਾਂਦਾ ਹੈ। ਪੰਜਾਬੀ ਸਮਾਜ ਨੇ ਪਿਛਲੇ ਕੁਝ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਤੋਂ ਕੋਈ ਸਬਕ ਨਹੀਂ ਲਿਆ, ਜਿਸ ਕਾਰਨ ਅਜਿਹੀਆਂ ਘਟਨਾਵਾਂ ਨਿਰੰਤਰ ਵਾਪਰ ਰਹੀਆਂ ਹਨ। ਪ੍ਰਸ਼ਾਸਨ ਨੂੰ ਅਜਿਹੀਆਂ ਘਟਨਾਵਾਂ 'ਤੇ ਸਖਤੀ ਨਾਲ ਨਜਿੱਠਣਾ ਚਾਹੀਦਾ ਹੈ ਤਾਂ ਕਿ ਭਵਿੱਖ ਵਿਚ ਅਜਿਹੀਆਂ ਮੰਦਭਾਗੀ ਘਟਨਾਵਾਂ ਨਾ ਵਾਪਰ ਸਕਣ।


-ਮਨਿੰਦਰ ਸਿੰਘ
ਸਹਾਇਕ ਪ੍ਰੋ:, ਅਰਜਨ ਦਾਸ ਕਾਲਜ, ਧਰਮਕੋਟ (ਮੋਗਾ)।


ਆਪਣੀ ਸੋਚ ਬਦਲੀਏ
ਦਾਜ ਲੈਣਾ, ਮੰਗਣਾ ਜਾਂ ਦਾਜ ਲਈ ਕਿਸੇ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨਾ, ਅਸੱਭਿਅਕ, ਗ਼ੈਰ-ਮਨੁੱਖੀ, ਅਸਮਾਜਿਕ ਕਾਰਾ ਹੈ। ਇਹ ਹੱਸਦੇ ਵਸਦੇ ਘਰ ਨੂੰ ਉਜਾੜ ਕੇ ਰੱਖ ਦਿੰਦਾ ਹੈ। ਜੇਕਰ ਅਸੀਂ ਸਭ ਇਸ ਬਾਰੇ ਆਪਣੀ ਸੋਚ ਅਤੇ ਵਿਹਾਰ ਬਦਲ ਲਈਏ ਅਤੇ ਦਾਜ ਲੈਣ-ਦੇਣ ਤੋਂ ਤੌਬਾ ਕਰ ਲਈਏ ਤਾਂ ਘਰ, ਸਮਾਜ ਤੇ ਦੇਸ਼ ਤਰੱਕੀ ਤੇ ਖੁਸ਼ਹਾਲੀ ਪ੍ਰਾਪਤ ਕਰ ਸਕਦਾ ਹੈ। ਆਓ, ਇਸ ਬਾਰੇ ਉਸਾਰੂ ਸੋਚ ਅਪਣਾਈਏ।


-ਮਾ: ਸੰਜੀਵ ਧਰਮਾਣੀ,
ਪਿੰਡ ਸੱਧੇਵਾਲ, ਸ੍ਰੀ ਆਨੰਦਪੁਰ ਸਾਹਿਬ (ਰੂਪ ਨਗਰ)।

29-12-2017

 ਅਫੀਮ ਦੀ ਖੇਤੀ

ਮੌਜੂਦਾ ਸਮੇਂ ਵਿਸ਼ਵ ਦੇ 52 ਦੇਸ਼ ਤੇ ਸਾਡੇ ਦੇਸ਼ ਦੇ 12 ਸੂਬਿਆਂ ਵਿਚ ਅਫੀਮ ਦੀ ਖੇਤੀ ਕੀਤੀ ਜਾ ਰਹੀ ਹੈ। ਸਾਡੇ ਸੂਬੇ ਪੰਜਾਬ ਵਿਚ ਪਿਛਲੇ ਸਮੇਂ ਵਿਚ ਜਿਥੇ ਨਸ਼ਿਆਂ 'ਚ ਵਾਧਾ ਹੋਇਆ ਹੈ, ਉਥੇ ਡਰੱਗ ਮਾਫੀਆ ਦਾ ਪਾਸਾਰ ਵੀ ਹੋਇਆ ਹੈ। ਸ਼ਰਾਬ, ਸਿੰਥੈਟਿਕ ਨਸ਼ੇ, ਮੈਡੀਕਲ ਨਸ਼ੇ, ਸਮੈਕ ਤੇ ਹੈਰੋਇਨ ਸਾਡੇ ਸੂਬੇ ਦੀ ਜਵਾਨੀ ਨੂੰ ਤਬਾਹ ਕਰ ਰਹੇ ਹਨ। ਅੱਜ ਲੋੜ ਹੈ ਪੰਜਾਬ ਨੂੰ ਇਨ੍ਹਾਂ ਘਾਤਕ ਨਸ਼ਿਆਂ ਤੋਂ ਮੁਕਤ ਕਰਵਾਉਣ ਲਈ ਅਫੀਮ ਦੀ ਕੁਦਰਤੀ ਖੇਤੀ ਸ਼ੁਰੂ ਕੀਤੀ ਜਾਵੇ। ਅੱਜ ਦੇ ਸਮੇਂ ਕਿਸਾਨੀ, ਜਵਾਨੀ ਤੇ ਪਾਣੀ ਨੂੰ ਬਚਾਉਣ ਲਈ ਸਾਨੂੰ ਅਫੀਮ ਦੀ ਖੇਤੀ ਸ਼ੁਰੂ ਕਰਨੀ ਹੀ ਪਵੇਗੀ। ਕਰਜ਼ੇ ਹੇਠ ਦੱਬੇ ਕਿਸਾਨ ਤੇ ਖ਼ੁਦਕੁਸ਼ੀਆਂ ਦੇ ਰਾਹ ਪਏ ਕਿਸਾਨਾਂ ਲਈ ਬਦਲਵੀਂ ਫ਼ਸਲ ਵਜੋਂ ਅਫੀਮ ਦੀ ਖੇਤੀ ਬਹੁਤ ਲਾਹੇਵੰਦ ਹੋਵੇਗੀ।

-ਸ਼ਮਸ਼ੇਰ ਸਿੰਘ ਸੋਹੀ।

ਆਓ ਰੌਸ਼ਨੀਆਂ ਵੰਡੀਏ

ਅੱਖਾਂ ਸਾਡਾ ਸਭ ਤੋਂ ਕੀਮਤੀ ਅਤੇ ਅਣਮੋਲ ਅੰਗ ਹਨ। ਸਾਡੇ ਮਰਨ ਉਪਰੰਤ ਸਾਡਾ ਸਰੀਰ ਨਸ਼ਟ ਕਰ ਦਿੱਤਾ ਜਾਂਦਾ ਹੈ। ਪਰ ਜੇਕਰ ਅਸੀਂ ਜਿਊਂਦੇ ਜੀਅ ਆਪਣੀਆਂ ਅੱਖਾਂ ਦਾਨ ਕਰ ਦੇਣ ਬਾਰੇ ਫ਼ੈਸਲੇ ਲੈ ਲਈਏ ਤਾਂ ਸਾਡੇ ਬਾਅਦ ਕਿਸੇ ਲੋੜਵੰਦ ਨੂੰ ਇਸ ਰੰਗਲੀ ਦੁਨੀਆ ਨੂੰ ਦੇਖਣ ਦਾ ਮੌਕਾ ਮਿਲ ਸਕਦਾ ਹੈ। ਕਿਉਂਕਿ ਸਾਡੇ ਵਲੋਂ ਕੀਤਾ ਇਕ ਛੋਟਾ ਜਿਹਾ ਉਪਰਾਲਾ ਕਿਸੇ ਦੁਖੀ ਤੇ ਲਾਚਾਰ ਵਿਅਕਤੀ ਦੀ ਜ਼ਿੰਦਗੀ ਵਿਚੋਂ ਹਨੇਰਾ ਖ਼ਤਮ ਕਰਕੇ ਉਸ ਦੀ ਜ਼ਿੰਦਗੀ ਨੂੰ ਸੁਖਾਲਾ ਤੇ ਖੁਸ਼ੀਆਂ ਭਰਿਆ ਬਣਾ ਸਕਦਾ ਹੈ। ਸਾਡੇ ਵਲੋਂ ਕੀਤਾ ਇਹ ਉਪਰਾਲਾ ਸੱਚਮੁੱਚ ਹੀ ਮਾਨਵਤਾ ਵਿਚ ਰੌਸ਼ਨੀਆਂ ਤੇ ਖੁਸ਼ੀਆਂ ਵੰਡ ਸਕਦਾ ਹੈ। ਜ਼ਰੂਰਤ ਹੈ ਇਕ ਕਦਮ ਅੱਗੇ ਵਧਾਉਣ ਦੀ ਅਤੇ ਮਾਨਵਤਾ ਧਰਮ ਨਿਭਾਉਣ ਦੀ।

-ਮਾ: ਸੰਜੀਵ ਧਰਮਾਣੀ
ਪਿੰਡ ਸੱਧੇਵਾਲ, ਡਾਕ: ਗੰਗੂਵਾਲ, ਤਹਿ: ਸ੍ਰੀ ਅਨੰਦਪੁਰ ਸਾਹਿਬ, ਜ਼ਿਲ੍ਹਾ ਰੂਪਨਗਰ।

ਮਾਣ-ਸਨਮਾਨ

ਆਓ ਆਪਣੇ ਦੇਸ਼ ਦੇ ਰਾਖਿਆਂ ਦਾ ਮਾਣ-ਸਨਮਾਨ ਕਰੀਏ। ਝੰਡਾ ਦਿਵਸ ਬਾਰੇ ਹਰ ਦੇਸ਼ ਵਾਸੀ ਨੂੰ ਪਤਾ ਹੋਣਾ ਚਾਹੀਦਾ ਹੈ। ਦੇਸ਼ ਦੇ ਹਰ ਨਾਗਰਿਕ ਨੂੰ ਫ਼ੌਜ ਪ੍ਰਤੀ ਹਮੇਸ਼ਾ ਸੰਜੀਦਾ ਹੋਣਾ ਚਾਹੀਦਾ ਹੈ। ਹਰ ਸ਼ਹੀਦ ਦੇਸ਼ ਦਾ ਸ਼ਹੀਦ ਹੈ, ਉਸ ਦੀ ਸ਼ਹਾਦਤ ਦੀ ਇੱਜ਼ਤ ਕਰਨਾ, ਉਸ ਨੂੰ ਮਾਣ-ਸਨਮਾਨ ਦੇਣਾ ਹਰ ਨਾਗਰਿਕ ਦਾ ਫਰਜ਼ ਹੈ। ਉਹ ਆਪਣੇ ਪਰਿਵਾਰ ਲਈ ਸ਼ਹੀਦ ਨਹੀਂ ਹੋਇਆ, ਉਹ ਦੇਸ਼ ਦੀ ਖਾਤਰ ਤੇ ਹਰ ਨਾਗਰਿਕ ਦੀ ਖਾਤਰ ਸ਼ਹੀਦ ਹੋਇਆ ਹੈ। ਹਰ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਦੇਸ਼ ਦੀ ਫ਼ੌਜ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਸੁਲਝਾਏ। ਇਹ ਦੇਸ਼ ਦੇ ਵੱਡਮੁਲੇ ਸਪੂਤ ਹਨ। ਇਹ ਹਰ ਤਰ੍ਹਾਂ ਦੇ ਮਾਣ-ਸਨਮਾਨ ਦੇ ਹੱਕਦਾਰ ਹਨ। ਦੂਸਰੇ ਦੇਸ਼ਾਂ ਤੋਂ ਬਾਬੂਸ਼ਾਹੀ ਤੇ ਸਿਆਸਤਦਾਨ ਇਹ ਵੀ ਸਿੱਖ ਲੈਣ ਕਿ ਫ਼ੌਜ ਦਾ ਰੁਤਬਾ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ। ਉਨ੍ਹਾਂ ਦੇ ਹੌਸਲਾ ਨੂੰ ਕਦੇ ਠੇਸ ਨਾ ਪਹੁੰਚੇ। ਹਮੇਸ਼ਾ ਦੇਸ਼ ਦੇ ਰਾਖਿਆਂ ਦਾ ਮਾਣ-ਸਨਮਾਨ ਕਰੋ। ਅਸੀਂ ਕੋਈ ਅਹਿਸਾਨ ਨਹੀਂ ਕਰ ਰਹੇ, ਉਹ ਇਸ ਦੇ ਹੱਕਦਾਰ ਹਨ।

-ਪ੍ਰਭਜੋਤ ਕੌਰ ਢਿੱਲੋਂ।

ਲੋਕਤੰਤਰ ਕਿੱਥੇ ਹੈ?

ਜਿਹੜੀ ਵੀ ਸਰਕਾਰ ਹਾਰ ਜਾਂਦੀ ਹੈ, ਉਹ ਵਿਰੋਧੀ ਧਿਰ ਵਜੋਂ ਭੂਮਿਕਾ ਨਿਭਾਉਂਦੀ ਹੈ। ਮੌਜੂਦਾ ਸਰਕਾਰ ਦੀਆਂ ਨੀਤੀਆਂ ਨੂੰ ਲੋਕਤੰਤਰ ਦਾ ਘਾਣ ਦੱਸਣ ਲੱਗ ਪੈਂਦੀ ਹੈ। ਸਾਰੀਆਂ ਧਿਰਾਂ ਇਕੱਠੀਆਂ ਬੈਠ ਕੇ ਲੋਕਾਂ ਦੇ ਬੁਨਿਆਦੀ ਮਸਲਿਆਂ ਨੂੰ ਵਿਚਾਰਨ ਦੀ ਥਾਂ ਸੰਸਦ ਵਿਚੋਂ ਨਾਅਰੇ ਮਾਰਦਿਆਂ ਬਾਹਰ ਆ ਜਾਂਦੇ ਹਨ। ਕੀ ਅਜਿਹਾ ਕਰਨ ਨਾਲ ਲੋਕਤੰਤਰ ਦਾ ਘਾਣ ਨਹੀਂ ਹੁੰਦਾ? ਵਿਰੋਧੀ ਧਿਰ ਨੂੰ ਆਪਣਾ ਸਹੀ ਰੋਲ ਅਪਣਾਉਂਦਿਆਂ ਸੰਸਦ ਵਿਚ ਬੈਠ ਕੇ ਦਲੀਲਾਂ ਸਹਿਤ ਵਿਚਾਰ ਦੇ ਕੇ ਲੋਕਾਂ ਦੇ ਮਸਲਿਆਂ ਦੇ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਹੀ ਲੋਕਾਂ ਦਾ ਭਲਾ ਹੋ ਸਕਦਾ ਹੈ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

28-12-2017

 ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ
ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਦੇ ਵੱਖ-ਵੱਖ ਕੌਮੀ ਮਾਰਗਾਂ ਉੱਤੇ ਮੌਜੂਦਾ ਸਰਕਾਰ ਦੀ ਅਕਾਲੀਆਂ ਨਾਲ ਹੋ ਰਹੀ ਧੱਕੇਸ਼ਾਹੀ ਵਿਰੁੱਧ ਧਰਨੇ ਦੇ ਕੇ ਸੜਕੀ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਗਿਆ ਹੈ। ਇਨ੍ਹਾਂ ਧਰਨਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੁਦ ਮੁੱਢਲੇ ਤੌਰ 'ਤੇ ਸ਼ਾਮਿਲ ਹੋ ਕੇ ਇਨ੍ਹਾਂ ਧਰਨਿਆਂ ਦੀ ਅਗਵਾਈ ਹੀ ਨਹੀਂ ਕੀਤੀ, ਸਗੋਂ ਰਾਤ ਨੂੰ ਖੁੱਲ੍ਹੇ ਆਸਮਾਨ ਹੇਠ ਰਜਾਈਆਂ ਦਾ ਨਿੱਘ ਵੀ ਮਾਣਿਆ। ਕਰੀਬ ਦੋ ਸਾਲ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਸੱਤਾ ਵਿਚ ਹੁੰਦੇ ਹੋਏ ਇਸ ਤਰ੍ਹਾਂ ਦੇ ਵਿਰੁੱਧ ਧਰਨਾ ਲਾਉਣ ਵਾਲਿਆਂ 'ਤੇ ਚੋਟ ਕਰਦਿਆਂ ਕਿਹਾ ਸੀ ਕਿ ਜਿਨ੍ਹਾਂ ਨੂੰ ਕੋਈ ਘਰੇ ਨਹੀਂ ਪੁੱਛਦਾ ਉਹ ਧਰਨੇ ਲਾਉਣ ਲੱਗ ਜਾਂਦੇ ਹਨ। ਕੁਝ ਮਹੀਨੇ ਸੱਤਾ ਤੋਂ ਬਾਹਰ ਰਹਿਣ ਕਾਰਨ ਸਿਆਸੀ ਨੇਤਾਵਾਂ ਵਲੋਂ ਲੋਕਾਂ ਦੀ ਹਮਦਰਦੀ ਜਿੱਤਣ ਲਈ ਅਜਿਹੇ ਹੱਥਕੰਡੇ ਅਪਣਾਏ ਜਾ ਰਹੇ ਹਨ। ਜੇਕਰ ਕੋਈ ਮੋਰਚਾ ਲਾਉਣਾ ਹੀ ਹੈ ਤਾਂ ਸਾਡੇ ਸਮਾਜ ਅੰਦਰ ਫੈਲ ਰਹੇ ਭ੍ਰਿਸ਼ਟਾਚਾਰ ਦੇ ਖਿਲਾਫ ਲਾਉਣ ਜਾਂ ਵਾਤਾਵਰਨ ਵਿੱਚ ਪ੍ਰਦੂਸ਼ਣ ਫੈਲਾਉਣ ਵਾਲਿਆਂ ਖਿਲਾਫ਼ ਮੋਰਚਾ ਲਾਉਣ।


-ਇੰਦਰਜੀਤ ਸਿੰਘ ਕੰਗ
ਕੋਟਲਾ ਸਮਸ਼ਪੁਰ (ਸਮਰਾਲਾ), ਜ਼ਿਲ੍ਹਾ ਲੁਧਿਆਣਾ।


ਕਾਨੂੰਨ ਵਿਵਸਥਾ
ਪੰਜਾਬ ਵਿਚ ਕਾਰਪੋਰੇਸ਼ਨ ਚੋਣਾਂ ਦੇ ਮੱਦੇਨਜ਼ਰ ਨਾਮਜ਼ਦਗੀਆਂ ਸਮੇਂ ਕਈ ਥਾਵਾਂ 'ਤੇ ਹੋਈਆਂ ਹਿੰਸਕ ਘਟਨਾਵਾਂ ਨੇ ਇਕ ਵਾਰ ਫਿਰ ਪੰਜਾਬ ਸਰਕਾਰ ਦੀ ਕਾਨੂੰਨੀ ਵਿਵਸਥਾ 'ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ। ਜੇਕਰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣਾ ਹੈ ਤਾਂ ਇਸ ਲਈ ਪੁਲਿਸ ਨੂੰ ਰਾਜਸੀ ਦਬਾਅ ਤੋਂ ਮੁਕਤ ਕਰਨਾ ਪਵੇਗਾ ਤਾਂ ਜੋ ਉਹ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਰਪੱਖ ਹੋ ਕੇ ਨਿਭਾਅ ਸਕੇ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਿਆਸੀ ਨੇਤਾਵਾਂ ਦੀ ਸ਼ਹਿ 'ਤੇ ਕਾਨੂੰਨ ਨੂੰ ਆਪਣੇ ਹੱਥ ਵਿਚ ਨਾ ਲੈਣ।


-ਕਮਲ ਬਰਾੜ
ਪਿੰਡ ਕੋਟਲਾ ਅਬਲੂ, ਸ੍ਰੀ ਮੁਕਤਸਰ ਸਾਹਿਬ।


ਪੜ੍ਹੋ ਪੰਜਾਬ ਪ੍ਰਾਜੈਕਟ
ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਚੱਲ ਰਿਹਾ ਪ੍ਰਾਜੈਕਟ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰਾਇਮਰੀ ਸਿੱਖਿਆ ਦੀ ਨੀਂਹ ਪੱਕੀ ਕਰਨ ਲਈ ਸਿੱਖਿਆ ਵਿਭਾਗ ਦਾ ਮਹੱਤਵਪੂਰਨ ਉਪਰਾਲਾ ਹੈ। ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਰਹਿਨੁਮਾਈ ਹੇਠ ਚੱਲ ਰਹੇ ਇਸ ਪ੍ਰਾਜੈਕਟ ਨਾਲ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੇ ਬੌਧਿਕ, ਮਾਨਸਿਕ ਤੇ ਸਰੀਰਕ ਵਿਕਾਸ ਵਿਚ ਵਾਧਾ ਹੋਵੇਗਾ ਅਤੇ ਵੱਖ-ਵੱਖ ਗਤੀਵਿਧੀਆਂ ਨੂੰ ਨੰਨ੍ਹੇ-ਮੁੰਨੇ ਬੱਚੇ ਰੌਚਿਕ ਢੰਗ ਨਾਲ ਪੜ੍ਹ ਰਹੇ ਹਨ। ਪੰਜਾਬੀ ਮਾਂ-ਬੋਲੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੜ੍ਹਾਉਣ ਲਈ ਵਿਸ਼ੇਸ਼ ਤਰ੍ਹਾਂ ਦੀਆਂ ਕਿਰਿਆਵਾਂ ਕਰਵਾਈਆਂ ਜਾ ਰਹੀਆਂ ਹਨ। ਬਾਲ ਸਭਾਵਾਂ ਦੌਰਾਨ ਕਵਿਤਾ ਮੁਕਾਬਲੇ, ਸੁੰਦਰ ਲਿਖਾਈ ਲਈ ਮੁਕਾਬਲੇ, ਬਾਲ ਮੈਗਜ਼ੀਨ ਜਾਰੀ ਕਰਨ ਵਰਗੇ ਸ਼ਲਾਘਾਯੋਗ ਉਪਰਾਲੇ ਬੱਚਿਆਂ ਵਿਚ ਹਾਂ-ਪੱਖੀ ਰੁਚੀਆਂ ਪੈਦਾ ਕਰ ਰਹੇ ਹਨ। ਅੱਜ 21ਵੀਂ ਸਦੀ ਦੇ ਵਿਗਿਆਨਕ ਯੁੱਗ ਵਿਚ ਛੋਟੇ ਬੱਚਿਆਂ ਨੂੰ ਜੇਕਰ ਕੰਪਿਊਟਰ ਦੀ ਮਦਦ ਨਾਲ ਪੜ੍ਹਾਇਆ ਜਾਵੇ ਤਾਂ ਪ੍ਰਾਇਮਰੀ ਸਿੱਖਿਆ ਲਈ ਇਹ ਸਭ ਤੋਂ ਵੱਡਾ ਵਰਦਾਨ ਹੋਵੇਗਾ। ਪ੍ਰਾਇਮਰੀ ਸਿੱਖਿਆ ਲਈ ਕੀਤੇ ਜਾ ਰਹੇ ਇਹ ਉਪਰਾਲੇ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ।


-ਕੇ.ਐਸ. ਅਮਰ
ਪਿੰਡ ਤੇ ਡਾਕ: ਕੋਟਲੀਖ਼ਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

24-12-2017

 ਪਿੰਡਾਂ ਵਿਚ ਵਧਦੀ ਧੜੇਬੰਦੀ
ਕਿਸੇ ਸਮੇਂ ਪੰਜਾਬ ਦੇ ਪਿੰਡਾਂ ਦੀਆਂ ਭਾਈਚਾਰਕ ਸਾਂਝ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਸਨ। ਲੋਕ ਮਿਲਵਰਤਨ ਨਾਲ ਰਹਿੰਦੇ ਸਨ। ਇਕ-ਦੂਜੇ ਦੇ ਦੁੱਖ-ਸੁੱਖ ਵਿਚ ਸ਼ਰੀਕ ਹੁੰਦੇ ਸਨ। ਉਸ ਸਮੇਂ ਲੋਕ ਸੂਝਵਾਨ ਸਨ, ਜਿਸ ਕਰਕੇ ਉਹ ਪਿੰਡ ਉੱਪਰ ਸਿਆਸਤ ਨੂੰ ਭਾਰੂ ਨਹੀਂ ਹੋਣ ਦਿੰਦੇ ਸਨ। ਅਜੋਕੇ ਸਮੇਂ ਵਿਚ ਪਿੰਡਾਂ ਵਿਚ ਧੜੇਬੰਦੀ ਕਾਫੀ ਹੱਦ ਤੱਕ ਵਧ ਗਈ ਹੈ। ਪਿੰਡਾਂ ਦੇ ਜ਼ਿਆਦਾਤਰ ਕੰਮ ਇਸ ਦੀ ਬਲੀ ਚੜ੍ਹ ਕੇ ਰਹਿ ਗਏ ਹਨ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਸਿਆਸਤਦਾਨਾਂ ਦੁਆਰਾ ਪਿੰਡਾਂ ਨੂੰ ਧੜਿਆਂ ਵਿਚ ਵੰਡ ਕੇ ਰੱਖਿਆ ਜਾਂਦਾ ਹੈ। ਉਹ ਆਪਣੇ ਨਾਲ ਸਬੰਧਤ ਧੜੇ ਦੇ ਹੀ ਕੰਮ ਕਰਦਾ ਹੈ, ਜਿਸ ਕਰਕੇ ਪਿੰਡਾਂ ਦੇ ਬਹੁਤ ਸਾਰੇ ਕੰਮਾਂ ਦੇ ਸਾਂਝੇ ਮਤੇ ਹੀ ਪਾਸ ਨਹੀਂ ਹੁੰਦੇ। ਪੰਜਾਬ ਵਿਚ ਅੱਜ ਵੀ ਬਹੁਤ ਸਾਰੇ ਅਜਿਹੇ ਪਿੰਡ ਹਨ, ਜਿਹੜੇ ਨਿਰਪੱਖ ਰਹਿ ਕੇ ਭਾਈਚਾਰਕ ਸਾਂਝ ਤੇ ਪਿੰਡ ਦੇ ਵਿਕਾਸ ਨੂੰ ਪਹਿਲ ਦੇ ਰਹੇ ਹਨ। ਇਸ ਲਈ ਚੰਗੀ ਮਾਨਸਿਕਤਾ ਵਾਲੇ ਲੋਕਾਂ ਨੂੰ ਅੱਗੇ ਆਉਣ ਦੀ ਲੋੜ ਹੈ, ਤਾਂ ਜੋ ਪਿੰਡਾਂ ਵਿਚ ਪਹਿਲਾਂ ਵਾਲੀ ਏਕਤਾ ਬਹਾਲ ਕੀਤੀ ਜਾਵੇ।

-ਕਮਲ ਕੋਟਲੀ ਅਬਲੂ

ਮਜ਼ਬੂਤ ਕਾਨੂੰਨ ਵਿਵਸਥਾ ਦੀ ਲੋੜ
ਇਕ ਦੇਸ਼ ਉਸ ਸਮੇਂ ਵਿਕਸਤ ਮੰਨਿਆ ਜਾਂਦਾ ਹੈ ਜਦੋਂ ਦੇਸ਼ ਦੀ ਕਾਨੂੰਨ ਵਿਵਸਥਾ ਮਜ਼ਬੂਤ ਹੋਵੇ। ਜਿਥੇ ਲੋਕਾਂ ਨੂੰ ਮਜ਼ਬੂਤ, ਸਸਤਾ ਅਤੇ ਛੇਤੀ ਨਿਆਂ ਮਿਲਦਾ ਹੋਵੇ। ਭਾਰਤ ਵਿਚ ਨਿਆਂਪਾਲਿਕਾ ਨੂੰ ਲੋਕਤੰਤਰ ਦਾ ਤੀਜਾ ਥੰਮ੍ਹ ਮੰਨਿਆ ਜਾਂਦਾ ਹੈ। ਪਰ ਜੇਕਰ ਦੇਖਿਆ ਜਾਵੇ ਤਾਂ ਸਾਡੇ ਦੇਸ਼ ਦੀ ਕਾਨੂੰਨ ਵਿਵਸਥਾ ਦਿਨ-ਬ-ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ। ਜਦ ਵੀ ਕੋਈ ਗਰੀਬ ਪਰਿਵਾਰ ਦਾ ਵਿਅਕਤੀ ਆਪਣੀ ਸਮੱਸਿਆ ਲੈ ਕੇ ਪੁਲਿਸ ਕੋਲ ਆਉਂਦਾ ਹੈ ਤਾਂ ਉਸ ਨੂੰ ਨਿਆਂ ਦਿੱਤੇ ਬਿਨਾਂ ਹੀ ਉਥੋਂ ਭੇਜ ਦਿੰਦੇ ਹਨ। ਜੇਕਰ ਦੇਸ਼ ਦੀ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਨੂੰ ਮਜ਼ਬੂਤ ਕਰਨਾ ਪਵੇਗਾ, ਤਾਂ ਕਿ ਲੋਕਾਂ ਦੇ ਦਿਲਾਂ ਵਿਚ ਪੁਲਿਸ ਪ੍ਰਸ਼ਾਸਨ ਪ੍ਰਤੀ ਕੋਈ ਡਰ ਨਾ ਹੋਵੇ। ਲੋਕ ਬੇਝਿਜਕ ਹੋ ਕੇ ਆਪਣੀ ਸਮੱਸਿਆ ਲੈ ਕੇ ਆਉਣ ਅਤੇ ਲੋਕਾਂ ਨੂੰ ਮਜ਼ਬੂਤ ਤੇ ਸਹੀ ਸਮੇਂ 'ਤੇ ਨਿਆਂ ਮਿਲ ਸਕੇ।

-ਭਾਵਨਾ,
ਕੇ.ਐਮ.ਵੀ. ਕਾਲਜ, ਜਲੰਧਰ।

ਧਰਨਿਆਂ ਤੋਂ ਬਚਾਅ
ਰਾਜ ਵਿਚ ਧਰਨਿਆਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਕੁਝ ਫ਼ੈਸਲੇ ਤਾਂ ਸਰਕਾਰਾਂ ਨੂੰ ਮਜਬੂਰੀ ਵੱਸ ਲੈਣੇ ਪੈਂਦੇ ਹਨ, ਕੁਝ ਕੁ ਇਹ ਪ੍ਰੈਕਟੀਕਲ ਕਰਕੇ ਦੇਖਦੀਆਂ ਹਨ। ਨਤੀਜਾ ਦੋਵਾਂ ਦਾ ਹੀ ਧਰਨੇ ਵਜੋਂ ਨਿਕਲਦਾ ਹੈ। ਉਦਾਹਰਨ ਦੇ ਤੌਰ 'ਤੇ ਪ੍ਰੀ-ਪ੍ਰਾਇਮਰੀ ਜਮਾਤਾਂ ਕਾਰਨ ਆਂਗਣਵਾੜੀ ਵਰਕਰਾਂ ਦਾ ਰੋਹ, ਬਠਿੰਡਾ ਥਰਮਲ ਪਲਾਂਟ ਫ਼ੈਸਲੇ ਕਾਰਨ ਕਰਮੀਆਂ ਦਾ ਧੁੰਦਲਾ ਰਾਹ ਜਾਂ ਝੂਠੇ ਚੋਣ ਵਾਅਦਿਆਂ ਕਾਰਨ ਆਸਾਂ ਸਹਾਰੇ ਲਟਕਦਾ ਭਵਿੱਖ ਫਿਰ ਸੜਕਾਂ 'ਤੇ ਉਤਰ ਕੇ ਸਰਕਾਰ 'ਤੇ ਦਬਾਅ ਪਾਉਂਦਾ ਹੈ। ਮੰਨਣਯੋਗ ਹੈ ਕਿ ਸਰਕਾਰ ਨੂੰ ਕਈ ਵਾਰ ਸਖ਼ਤ ਫ਼ੈਸਲੇ ਲੈਣੇ ਪੈਂਦੇ ਹਨ ਪਰ ਫ਼ੈਸਲੇ ਅਜਿਹੇ ਨਾ ਹੋਣ, ਜਿਨ੍ਹਾਂ ਨਾਲ ਕਿਸੇ ਵਿਅਕਤੀ ਜਾਂ ਰਾਜ ਦੇ ਭਵਿੱਖ ਨੂੰ ਢਾਅ ਲੱਗੇ।

-ਤਰਸੇਮ ਲੰਡੇ,
ਪਿੰਡ ਲੰਡੇ (ਮੋਗਾ)।

ਮੰਦਰ ਤੇ ਮਸਜਿਦ
ਭਾਰਤ ਦੇਸ਼ ਅਨੇਕਾਂ ਧਰਮਾਂ, ਜਾਤੀਆਂ ਤੇ ਭਾਸ਼ਾਵਾਂ ਦਾ ਇਕ ਵੱਡਾ ਲੋਕਤੰਤਰ ਹੈ। ਇਥੇ ਅੰਗਰੇਜ਼ਾਂ ਵੇਲੇ ਦੀ 'ਪਾੜੋ ਤੇ ਰਾਜ ਕਰੋ' ਦੀ ਨੀਤੀ ਹੁਣ ਵੀ ਜਾਰੀ ਹੈ। ਮਸਜਿਦ ਤੇ ਮੰਦਰ ਦਾ ਝਗੜਾ ਧਰਮ-ਨਿਰਪੱਖਤਾ 'ਤੇ ਚੋਟ ਹੈ ਅਤੇ ਸੰਵਿਧਾਨ ਦੀ ਉਲੰਘਣਾ ਵੀ ਹੈ। ਪ੍ਰਤੱਖ ਵੋਟ ਦੀ ਰਾਜਨੀਤੀ ਹੈ। ਢਿੱਡੋਂ ਭੁੱਖੇ ਕਰੋੜਾਂ ਗਰੀਬ ਲੋਕਾਂ ਦਾ ਧਰਮ ਅਸਥਾਨਾਂ ਦੀ ਪੂਜਾ ਨਾਲ ਕੋਈ ਸਰੋਕਾਰ ਨਹੀਂ ਹੈ, ਕਿਉਂਕਿ ਉਨ੍ਹਾਂ ਨੂੰ ਤਾਂ ਪਹਿਲਾਂ ਪੇਟ ਪੂਜਾ ਦੀ ਲੋੜ ਹੈ। ਸਾਡੇ ਦੇਸ਼ ਵਿਚ ਲੱਖਾਂ ਅਵਾਰਾ ਪਸ਼ੂ ਫਿਰਦੇ ਹਨ, ਜਿਨ੍ਹਾਂ ਦਾ ਕੋਈ ਹੱਲ ਨਹੀਂ ਹੈ। ਗਊਆਂ ਦੀ ਦੁਰਦਸ਼ਾ ਤੇ ਕਿਸਾਨਾਂ ਦੇ ਭਾਰੀ ਨੁਕਸਾਨ ਬਾਰੇ ਸਾਰੇ ਚੁੱਪ ਹਨ। ਧਰਮ ਤੇ ਜਾਤੀ ਦਾ ਪੱਤਾ ਖੇਡ ਕੇ ਵੋਟਾਂ ਬਟੋਰਨ ਦੀਆਂ ਵੱਡੀਆਂ-ਛੋਟੀਆਂ ਬਹੁਤ ਮਿਸਾਲਾਂ ਮੌਜੂਦ ਹਨ।

-ਮਾ: ਮਹਿੰਦਰ ਸਿੰਘ ਸਿੱਧੂ,
ਸਿੱਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ।

ਹਿੰਸਕ ਗੀਤਾਂ ਦੀ ਮਾਰ
ਇਸ ਵਿਚ ਕੋਈ ਸ਼ੱਕ ਨਹੀਂ ਕਿ ਨੌਜਵਾਨ ਪੀੜ੍ਹੀ ਉੱਤੇ ਜਿੰਨਾ ਵਧੀਆ ਅਤੇ ਸੱਭਿਆਚਾਰਕ ਗੀਤਾਂ, ਕਹਾਣੀਆਂ, ਨਾਟਕਾਂ, ਕਵਿਤਾਵਾਂ, ਲੇਖਾਂ, ਫ਼ਿਲਮਾਂ ਆਦਿ ਦਾ ਉਸਾਰੂ ਅਤੇ ਕਿਰਿਆਤਮਕ ਅਸਰ ਹੁੰਦਾ ਹੈ, ਉਥੇ ਹਿੰਸਕ, ਅਸੱਭਿਅਕ, ਗ਼ੈਰ-ਸੱਭਿਆਚਾਰਕ ਸਾਹਿਤ ਅਤੇ ਗੀਤਾਂ ਦਾ ਮਾੜਾ ਪ੍ਰਭਾਵ ਹੋਣਾ ਵੀ ਲਾਜ਼ਮੀ ਹੈ। ਸਵਰਨ ਸਿੰਘ ਟਹਿਣਾ ਦੀਆਂ ਖਰੀਆਂ-ਖਰੀਆਂ ਲੇਖ ਦਾ 'ਸੰਗੀਤ ਖੇਤਰ ਦੇ ਲੋਕਾਂ ਨੂੰ ਵੀ ਪੈਣ ਲੱਗੀ ਹਿੰਸਕ ਗੀਤਾਂ ਦੀ ਮਾਰ' ਵੀ ਇਸੇ ਗੱਲ ਦੀ ਗਵਾਹੀ ਭਰਦਾ ਹੈ। ਅੱਜਕਲ੍ਹ ਦੇ ਗੀਤ ਸੰਗੀਤ ਦੇ ਸ਼ੋਰ ਵਿਚ ਗੁੰਮ ਹੋ ਕੇ ਰਹਿ ਗਏ ਹਨ ਅਤੇ ਕੋਈ ਵੀ ਸਾਰਥਿਕ ਸੁਨੇਹਾ ਦੇਣ ਤੋਂ ਕੋਰੇ ਹਨ। ਗੀਤਕਾਰ ਉਸਾਰੂ ਸੋਚ ਵਾਲੇ ਗੀਤ ਲਿਖਣ ਅਤੇ ਗਾਇਕ ਸੱਭਿਆਚਾਰਕ ਪ੍ਰਦੂਸ਼ਣ ਵਾਲੇ ਗੀਤ ਗਾਉਣ ਤੋਂ ਪ੍ਰਹੇਜ਼ ਕਰਨ।

-ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।

22-12-2017

 ਚੰਗੀ ਪਹਿਲਕਦਮੀ
ਪਿਛਲੇ ਦਿਨੀਂ ਸਾਡੇ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ ਦੀ ਵਿਧਾਨ ਸਭਾ ਨੇ 12 ਸਾਲ ਜਾਂ ਇਸ ਤੋਂ ਘੱਟ ਉਮਰ ਦੀ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਵਿਅਕਤੀ ਨੂੰ ਸਜ਼ਾ-ਏ-ਮੌਤ ਸਬੰਧੀ ਬਿੱਲ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ। ਇਸ ਨਾਲ ਮੱਧ ਪ੍ਰਦੇਸ਼ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ, ਜਿਥੇ ਅਜਿਹੇ ਘਿਨੌਣੇ ਜੁਰਮ ਲਈ ਦੋਸ਼ੀ ਵਿਅਕਤੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ।
ਮੱਧ ਪ੍ਰਦੇਸ਼ ਸੂਬੇ ਦੀ ਇਸ ਚੰਗੀ ਪਹਿਲ ਕਦਮੀ ਲਈ ਜਿਥੇ ਉਥੋਂ ਦੀ ਸਮੂਹ ਸਿਆਸੀ ਜਮਾਤ ਵਧਾਈ ਦੀ ਪਾਤਰ ਹੈ, ਉਥੇ ਦੇਸ਼ ਦੇ ਹਰੇਕ ਸੂਬੇ 'ਚ ਅਜਿਹੇ ਸਖ਼ਤ ਕਾਨੂੰਨ ਲਾਗੂ ਕਰਨ ਦੀ ਲੋੜ ਭਾਸਦੀ ਹੈ।


-ਰਾਜੇਸ਼ ਛਾਬੜਾ
ਪਿੰਡ ਤੇ ਡਾਕ: ਧਿਆਨਪੁਰ (ਬਟਾਲਾ)।


ਲਾਪਰਵਾਹੀ ਜਾਨਲੇਵਾ
ਬਹੁਤੇ ਵਿਅਕਤੀ ਰੇਲਵੇ ਫਾਟਕਾਂ ਦੀ ਵੀ ਪਰਵਾਹ ਨਹੀਂ ਕਰਦੇ ਅਤੇ ਬੰਦ ਕੀਤੇ ਹੋਏ ਫਾਟਕਾਂ ਦੇ ਥੱਲਿਓਂ ਜਾਂ ਕਿਨਾਰੇ ਤੋਂ ਹੋ ਕੇ ਜਾਨ ਜੋਖ਼ਮ ਵਿਚ ਪਾ ਕੇ ਰੇਲਵੇ ਲਾਈਨ ਨੂੰ ਪਾਰ ਕਰਨ ਲੱਗ ਪੈਂਦੇ ਹਨ। ਅਜਿਹਾ ਗ਼ੈਰ-ਕਾਨੂੰਨੀ ਤਾਂ ਹੈ ਹੀ ਪਰ ਨਾਲ ਹੀ ਜਾਨਲੇਵਾ ਵੀ ਹੈ। ਕੁਝ ਪਲ ਇੰਤਜ਼ਾਰ ਕਰਨ ਨਾਲੋਂ ਜਾਨ ਜੋਖ਼ਮ ਵਿਚ ਪਾ ਦੇਣਾ ਕੋਈ ਅਕਲਮੰਦੀ ਨਹੀਂ ਹੋ ਸਕਦੀ। ਸੋ, ਆਪਣੀ ਅਤੇ ਆਪਣੇ ਪਰਿਵਾਰ ਦੀ ਪਰਵਾਹ ਕਰਦੇ ਹੋਏ ਅਜਿਹਾ ਕਰਨ ਤੋਂ ਸਾਨੂੰ ਸਭ ਨੂੰ ਬਚਣਾ ਚਾਹੀਦਾ ਹੈ। ਨਾ ਤਾਂ ਬੰਦ ਕੀਤੇ ਰੇਲਵੇ ਫਾਟਕ ਨੂੰ ਪਾਰ ਕਰਨਾ ਚਾਹੀਦਾ ਹੈ ਅਤੇ ਨਾ ਹੀ ਰੇਲਵੇ ਟਰੈਕ 'ਤੇ ਚੱਲਣਾ ਚਾਹੀਦਾ ਹੈ।


-ਮਾਸਟਰ ਸੰਜੀਵ ਧਰਮਾਣੀ
ਪਿੰਡ ਸੱਧੇਵਾਲ (ਰੂਪਨਗਰ)।


ਪ੍ਰਦੂਸ਼ਿਤ ਦਿੱਲੀ
ਧਰਤੀ ਗ੍ਰਹਿ ਉੱਪਰ ਉਤਪੰਨ ਹੋਏ ਸਮਾਜਿਕ ਪ੍ਰਾਣੀਆਂ ਵਿਚ ਮਨੁੱਖ ਸਭ ਤੋਂ ਸਰਵਸ੍ਰੇਸ਼ਟ ਹੈ, ਕਿਉਂਕਿ ਉਸ ਕੋਲ ਦਿਮਾਗ ਹੈ। ਉਸ ਨੇ ਧਰਤੀ ਉੱਪਰ ਆ ਕੇ ਹਰ ਚੀਜ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਵਿਗਿਆਨ ਅਤੇ ਤਕਨੀਕ ਰਾਹੀਂ ਉਸ ਨੇ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ। ਪਰ ਆਪਣੇ ਹਿਤਾਂ ਦੇ ਵਪਾਰ ਲਈ ਕੁਦਰਤ ਨਾਲ ਹੀ ਛੇੜਛਾੜ ਆਰੰਭ ਕਰ ਦਿੱਤੀ ਹੈ। ਬਨਸਪਤੀ ਅਤੇ ਵਾਤਾਵਰਨ ਨੂੰ ਵਿਗਿਆਨਕ ਢੰਗਾਂ ਨਾਲ ਨਹੀਂ ਸਾਂਭਿਆ, ਜਿਸ ਕਾਰਨ ਅੱਜ ਸਾਡਾ ਸਾਹ ਘੁੱਟ ਰਿਹਾ ਹੈ। ਅੱਜ ਪ੍ਰਦੂਸ਼ਣ ਤੋਂ ਸੁਰੱਖਿਆ ਸਭ ਤੋਂ ਜ਼ਰੂਰੀ ਵਿਸ਼ਾ ਬਣਦਾ ਜਾ ਰਿਹਾ ਹੈ। ਭਾਰਤ ਦਾ ਦਿਲ ਦੇਸ਼ ਦੀ ਰਾਜਧਾਨੀ ਦਿੱਲੀ ਅੱਜ ਬਿਮਾਰ ਹੈ। ਸਿਆਸੀ ਲੋਕ ਪ੍ਰਦੂਸ਼ਣ 'ਤੇ ਵੀ ਸਿਆਸਤ ਕਰਨ ਲੱਗ ਪਏ ਹਨ। ਆਉਣ ਵਾਲਾ ਸਮਾਂ ਘਾਤਕ ਸਾਬਤ ਹੋ ਸਕਦਾ ਹੈ। ਅਸੀਂ ਦੁਨੀਆ ਲਈ ਤਮਾਸ਼ਾ ਬਣਦੇ ਜਾ ਰਹੇ ਹਾਂ। ਹੁਣ ਤਾਂ ਸਾਨੂੰ ਸਬਕ ਸਿੱਖਣਾ ਚਾਹੀਦਾ ਹੈ।


-ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀ ਖ਼ਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

21-12-2017

 ਸੜਕੀ ਹਾਦਸੇ
ਸੜਕੀ ਹਾਦਸੇ ਅੱਤਵਾਦ ਦਾ ਰੂਪ ਧਾਰਨ ਕਰ ਚੁੱਕੇ ਹਨ। ਸੜਕ ਹਾਦਸਿਆਂ ਵਿਚ ਲੱਖਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ, ਹਜ਼ਾਰਾਂ ਲੋਕ ਅਪਾਹਜ ਹੋ ਜਾਂਦੇ ਹਨ। ਇਨ੍ਹਾਂ ਨੂੰ ਰੋਕਣ ਲਈ ਸਰਕਾਰ ਨੂੰ ਸਖ਼ਤ ਨਿਯਮ ਬਣਾਉਣੇ ਚਾਹੀਦੇ ਹਨ ਅਤੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਛੋਟੀ ਜਿਹੀ ਗ਼ਲਤੀ ਹੀ ਕਈ ਜ਼ਿੰਦਗੀਆਂ 'ਤੇ ਭਾਰੀ ਪੈ ਸਕਦੀ ਹੈ। ਕਈ ਆਪਣੇ 5 ਮਿੰਟ ਬਚਾਉਣ ਲਈ ਆਪਣੀ ਅਤੇ ਦੂਜਿਆਂ ਦੀ ਜ਼ਿੰਦਗੀ ਦਾਅ 'ਤੇ ਲਾ ਦਿੰਦੇ ਹਨ। ਇਸ ਲਈ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਟ੍ਰੈਫਿਕ ਨਿਯਮਾਂ ਬਾਰੇ ਦੱਸਣਾ ਚਾਹੀਦਾ ਹੈ। ਸਰਕਾਰ ਨੂੰ ਛੋਟੇ ਬੱਚਿਆਂ ਦੇ ਸਿਲੇਬਸ ਵਿਚ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਵੱਖ-ਵੱਖ ਮਾਧਿਅਮਾਂ ਰਾਹੀਂ ਪ੍ਰਚਾਰ ਕਰਨਾ ਚਾਹੀਦਾ ਹੈ। ਸਰਕਾਰ ਅਤੇ ਲੋਕਾਂ ਦੋਵਾਂ ਦੇ ਉਪਰਾਲੇ ਨਾਲ ਸੜਕੀ ਹਾਦਸਿਆਂ ਵਿਚ ਕਮੀ ਆ ਸਕਦੀ ਹੈ।


-ਕਮਲਜੀਤ ਸਿੰਘ ਨੰਗਲ
ਬੀ.ਏ. ਪਹਿਲਾ ਸਾਲ, ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ (ਬਰਨਾਲਾ)।


ਨਵੇਂ ਕਾਨੂੰਨ ਦੀ ਲੋੜ ਨਹੀਂ
ਗੈਂਗਸਟਰਾਂ ਜਾਂ ਹੋਰ ਸੰਗਠਿਤ ਅਪਰਾਧੀਆਂ ਦਾ ਖ਼ਾਤਮਾ ਕਰਨ ਲਈ ਕਿਸੇ ਨਵੇਂ ਕਾਨੂੰਨ ਦੀ ਲੋੜ ਨਹੀਂ ਹੈ, ਕਿਉਂਕਿ ਅਪਰਾਧਕ ਮਾਮਲਿਆਂ ਨਾਲ ਨਜਿੱਠਣ ਲਈ ਸਾਡੇ ਦੇਸ਼ 'ਚ ਪਹਿਲਾਂ ਹੀ ਕਈ ਕਾਨੂੰਨ ਬਣੇ ਹੋਏ ਹਨ। ਬਾਕੀ ਇਸ ਗੱਲ ਦੀ ਕੀ ਗਾਰੰਟੀ ਹੈ ਕਿ 'ਪਕੋਕਾ' ਕਾਨੂੰਨ ਦੀ ਦੁਰਵਰਤੋਂ ਨਹੀਂ ਹੋਵੇਗੀ? ਸਮੇਂ ਦੀਆਂ ਸਰਕਾਰਾਂ ਵਲੋਂ ਜਿਥੇ ਅਜਿਹੇ ਕਾਨੂੰਨਾਂ ਦੀ ਆੜ 'ਚ ਵਿਰੋਧੀ ਪਾਰਟੀਆਂ ਦੇ ਲੋਕਾਂ ਨੂੰ ਚਿੱਤ ਕਰਨ ਦਾ ਰਾਹ ਅਪਣਾਇਆ ਜਾ ਸਕਦਾ ਹੈ, ਉਥੇ ਆਪਣੀਆਂ ਹੱਕੀ ਮੰਗਾਂ ਮੰਗਣ ਲਈ ਸੰਘਰਸ਼ ਕਰਨ ਵਾਲਿਆਂ ਵਿਰੁੱਧ ਵੀ ਇਸ ਦਾ ਇਸਤੇਮਾਲ ਕੀਤੇ ਜਾਣ ਦੇ ਖ਼ਦਸ਼ੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਸੋ, ਨਵੇਂ ਕਾਨੂੰਨ ਬਣਾਉਣ ਦੀ ਥਾਂ, ਪਹਿਲਾਂ ਤੋਂ ਹੀ ਬਣੇ ਕਾਨੂੰਨਾਂ ਤਹਿਤ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਤਫ਼ਤੀਸ਼ ਕਰਕੇ ਗੁਨਹਗਾਰਾਂ ਤੱਕ ਪਹੁੰਚਿਆ ਜਾਵੇ।


-ਗੁਰਮੀਤ ਸਿੰਘ ਭੋਲਾ
ਪਿੰਡ ਦੀਨਾ (ਮੋਗਾ)।


ਨੌਜਵਾਨਾਂ ਨੂੰ ਰੁਜ਼ਗਾਰ ਦਿਓ
ਨੌਜਵਾਨਾਂ ਨੂੰ ਬੁਰੇ ਕੰਮਾਂ ਵੱਲ ਜਾਣ ਤੋਂ ਰੋਕਣਾ ਹਰ ਇਕ ਸਰਕਾਰ ਦਾ ਮੁਢਲਾ ਤੇ ਨੈਤਿਕ ਫ਼ਰਜ਼ ਹੁੰਦਾ ਹੈ। ਪੰਜਾਬ ਸਰਕਾਰ ਗੁੰਡਾ ਅਨਸਰਾਂ, ਗੈਂਗਸਟਰਾਂ ਜਾਂ ਸੰਗਠਿਤ ਅਪਰਾਧੀਆਂ ਨਾਲ ਸਖ਼ਤੀ ਨਾਲ ਨਜਿੱਠਣ ਲਈ ਜੇਕਰ ਨਵਾਂ ਕਾਨੂੰਨ ਹੋਂਦ 'ਚ ਲਿਆ ਰਹੀ ਹੈ ਤਾਂ ਉਸ ਨੂੰ ਇਹ ਗੱਲ ਵੀ ਬਾਰੀਕੀ ਨਾਲ ਵਿਚਾਰਨੀ ਚਾਹੀਦੀ ਹੈ ਕਿ ਆਖ਼ਰ ਸਾਡੇ ਨੌਜਵਾਨ ਗੱਭਰੂ ਅਪਰਾਧਕ ਤੇ ਗ਼ੈਰ-ਕਾਨੂੰਨੀ ਬੁਰੇ ਕੰਮ ਕਰਨ ਲਈ ਪ੍ਰੇਰਿਤ ਹੀ ਕਿਉਂ ਹੁੰਦੇ ਹਨ? ਬੇਰੁਜ਼ਗਾਰੀ ਦੇ ਝੰਬੇ ਨੌਜਵਾਨ, ਜਿਨ੍ਹਾਂ ਨੂੰ ਆਪਣਾ ਕੋਈ ਉੱਜਵਲ ਭਵਿੱਖ ਨਜ਼ਰ ਹੀ ਨਹੀਂ ਆਉਂਦਾ, ਉਹ ਬੁਰੇ ਰਸਤਿਆਂ 'ਤੇ ਚੱਲ ਪੈਂਦੇ ਹਨ। ਸਾਡੀਆਂ ਸਰਕਾਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਸਿਰਫ ਸਖ਼ਤ ਕਾਨੂੰਨ ਬਣਾਉਣ ਨਾਲ ਅਜਿਹੇ ਅਪਰਾਧਾਂ ਨੂੰ ਠੱਲ੍ਹ ਨਹੀਂ ਪੈਣੀ। ਜੇਕਰ ਸਰਕਾਰਾਂ ਸਚਮੁੱਚ ਸਾਡੇ ਨੌਜਵਾਨਾਂ ਨੂੰ ਅਪਰਾਧੀ ਬਣਨ ਤੋਂ ਬਚਾਉਣਾ ਚਾਹੁੰਦੀਆਂ ਹਨ ਤਾਂ ਸਭ ਤੋਂ ਪਹਿਲਾਂ ਨੌਜਵਾਨ ਵਰਗ ਲਈ ਸਥਾਈ ਰੂਪ 'ਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ।


-ਅਮਰਪ੍ਰੀਤ ਪੱਤੋ,
ਪਿੰਡ ਪੱਤੋ ਹੀਰਾ ਸਿੰਘ (ਮੋਗਾ)।

20-12-2017

 ਹਵਾ ਦੀ ਗੁਣਵੱਤਾ 'ਚ ਗਿਰਾਵਟ
ਪਿਛਲੇ ਦਿਨਾਂ ਤੋਂ ਪੰਜਾਬ, ਹਰਿਆਣਾ ਤੇ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਧੁਆਂਖੀ ਧੁੰਦ ਦਾ ਕਹਿਰ ਜ਼ੋਰਾਂ 'ਤੇ ਹੈ, ਜੋ ਮਨੁੱਖੀ ਜੀਵਨ ਲਈ ਬੇਹੱਦ ਘਾਤਕ ਬਣਿਆ ਹੋਇਆ ਹੈ। ਪਿਛਲੇ ਸਾਲ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਦੁਨੀਆ ਦੇ 90 ਫ਼ੀਸਦੀ ਲੋਕ ਪ੍ਰਦੂਸ਼ਿਤ ਹਵਾ 'ਚ ਸਾਹ ਲੈਣ ਲਈ ਮਜਬੂਰ ਹਨ। ਭਾਵ 10 ਵਿਅਕਤੀਆਂ ਵਿਚੋਂ 9 ਵਿਅਕਤੀ ਪ੍ਰਦੂਸ਼ਿਤ ਹਵਾ ਦਾ ਸ਼ਿਕਾਰ ਹੋ ਰਹੇ ਹਨ। ਅੱਜ ਜ਼ਰੂਰੀ ਇਹ ਹੈ ਕਿ ਸਰਕਾਰਾਂ ਦੇ ਨਾਲ-ਨਾਲ ਆਮ ਲੋਕ ਵੀ ਇਸ ਪੱਖੋਂ ਸੁਚੇਤ ਹੋਣ। ਫੈਕਟਰੀਆਂ, ਮਿੱਲਾਂ, ਇੱਟਾਂ ਦੇ ਭੱਠਿਆਂ ਅਤੇ ਮੋਟਰ ਗੱਡੀਆਂ 'ਚੋਂ ਨਿਕਲ ਰਹੇ ਧੂੰਏਂ ਨੂੰ ਰੋਕਣ ਲਈ ਹੱਲ ਲੱਭਣਾ ਹੋਵੇਗਾ। ਇਸ ਦੇ ਨਾਲ ਹੀ ਕਣਕ ਦੇ ਨਾਲ ਅਤੇ ਝੋਨੇ ਦੀ ਪਰਾਲੀ ਭਾਵ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀ ਥਾਂ ਵੱਖਰੇ ਢੰਗ-ਤਰੀਕੇ ਲੱਭਣੇ ਹੋਣਗੇ। ਇਸ ਤੋਂ ਇਲਾਵਾ ਪਿੰਡਾਂ-ਸ਼ਹਿਰਾਂ ਵਿਚ ਪਲਾਸਟਿਕ ਦੇ ਲਿਫ਼ਾਫ਼ਿਆਂ ਅਤੇ ਹੋਰ ਰੱਦੀ ਆਦਿ ਨੂੰ ਸਾੜਨ ਤੇ ਮੁਕੰਮਲ ਤੌਰ 'ਤੇ ਸਖ਼ਤੀ ਨਾਲ ਪਾਬੰਦੀ ਲਗਾਈ ਜਾਵੇ। ਅੱਜ ਹਵਾ ਦੀ ਗੁਣਵੱਤਾ ਨੂੰ ਬਣਾਈ ਰੱਖਣ ਲਈ ਬੇਹੱਦ ਗੰਭੀਰਤਾ ਦੀ ਲੋੜ ਹੈ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਸਮੇਂ ਦੀ ਲੋੜ
ਪੰਜਾਬ ਦੇ ਮੁੱਖ ਮੰਤਰੀ ਜੇ ਆਪਣੇ ਸੂਬੇ ਦੇ ਲੋਕਾਂ ਦੇ ਹਮਦਰਦ ਹਨ ਤਾਂ ਉਨ੍ਹਾਂ ਲਈ ਇਕੋ ਰਾਹ ਹੈ, ਉਹ ਪਾਰਟੀ ਪੱਖ ਤੋਂ ਉੱਪਰ ਸੋਚ ਬਣਾਉਣ। ਸਾਰੀਆਂ ਪਾਰਟੀਆਂ, ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਨ ਪੰਜਾਬ ਦਾ ਖਜ਼ਾਨਾ ਖਾਲੀ ਹੋਣ ਕਰਕੇ ਅਸੀਂ ਤੁਹਾਡੀ ਕੋਈ ਮੰਗ ਕੇਂਦਰ ਦੀ ਸਹਾਇਤਾ ਬਿਨਾਂ ਪੂਰੀ ਨਹੀਂ ਕਰ ਸਕਦੇ, ਕਿਉਂਕਿ ਕਰਜ਼ਾ ਮੁਆਫ਼ੀ, ਫ਼ਸਲਾਂ ਦੇ ਭਾਅ, ਕੀਮਤ ਸੂਚਕ ਅੰਕ ਨਾਲ ਜੋੜਨਾ, ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਨਾ, ਇਹ ਮੰਗਾਂ ਸਾਡੀ ਕੇਂਦਰ ਸਰਕਾਰ ਹੀ ਪੂਰੀਆਂ ਕਰ ਸਕਦੀ ਹੈ। ਆਓ! ਪੰਜਾਬ ਦੇ ਸਾਰੇ ਲੋਕੋ ਆਪਾਂ ਸਾਰੇ ਇਕੱਠੇ ਹੋ ਕੇ ਦਿੱਲੀ ਚੱਲੀਏ। ਸਭ ਤੋਂ ਪਹਿਲਾਂ ਏਕਤਾ ਦਾ ਝੰਡਾ ਮੈਂ ਫੜਦਾ ਹਾਂ, ਤੁਸੀਂ ਵੀ ਆਪਣੇ ਮਤਭੇਦ ਭੁਲਾ ਕੇ ਚੱਲੋ।


-ਗੁਰਾਂਦਿੱਤਾ ਸਿੰਘ ਸੰਧੂ।


ਮਾਨਸਿਕਤਾ ਬਦਲਣ ਦੀ ਲੋੜ
ਮਾਖਿਓਂ ਮਿੱਠੀ ਬੋਲੀ ਪੰਜਾਬੀ ਜੋ ਅੱਜ ਪਤਨ ਦੇ ਰਾਹ 'ਤੇ ਹੈ ਤਾਂ ਇਸ ਦਾ ਮੁੱਖ ਕਾਰਨ ਹੈ ਲੋਕ ਮਾਨਸਿਕਤਾ। ਅੱਜ ਦੇ ਮਾਪੇ ਅੰਗਰੇਜ਼ੀ ਨੂੰ ਪੜ੍ਹੇ-ਲਿਖਿਆਂ ਦੀ ਅਤੇ ਪੰਜਾਬੀ ਨੂੰ ਗਵਾਰਾਂ ਦੀ ਭਾਸ਼ਾ ਮੰਨਦੇ ਹਨ। ਅਜਿਹੀ ਸੋਚ ਦੇ ਚਲਦਿਆਂ ਉਹ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਵਿਚ ਧੱਕ ਦਿੰਦੇ ਹਨ, ਜਿਸ ਨਾਲ ਬੱਚਿਆਂ ਦਾ ਆਪਣੀ ਭਾਸ਼ਾ ਪ੍ਰਤੀ ਮੋਹ ਤਾਂ ਬਿਲਕੁਲ ਖ਼ਤਮ ਹੁੰਦਾ ਹੈ। ਇਕ ਹੋਰ ਤੱਤ ਜੋ ਪੰਜਾਬੀ ਦੇ ਪਤਨ ਲਈ ਜ਼ਿੰਮੇਵਾਰ ਹੈ, ਉਹ ਹੈ ਸਰਕਾਰ। ਸਰਕਾਰ ਦੁਆਰਾ ਪੱਤਰ ਵਿਹਾਰ ਅਤੇ ਰੁਜ਼ਗਾਰ ਲਈ ਅੰਗਰੇਜ਼ੀ ਨੂੰ ਦਿੱਤੀ ਤਰਜੀਹ ਸਪੱਸ਼ਟ ਰੂਪ ਨਾਲ ਪੰਜਾਬੀ ਭਾਸ਼ਾ ਦਾ ਗਲਾ ਘੁੱਟ ਰਹੀ ਹੈ। ਸੋ, ਸਾਡੀ ਦਮ ਤੋੜਦੀ ਮਾਂ-ਬੋਲੀ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਲੋਕਾਂ ਦੀ ਪੰਜਾਬੀ ਪ੍ਰਤੀ ਤੰਗ ਮਾਨਸਿਕਤਾ ਵਿਚ ਤਬਦੀਲੀ ਲਿਆਂਦੀ ਜਾਵੇ।


-ਤਾਨੀਆ
ਗੁਰੂ ਨਾਨਕ ਕਾਲਜ ਗਰਲਜ਼,
ਸ੍ਰੀ ਮੁਕਤਸਰ ਸਾਹਿਬ।

19-12-2017

 ਵਿਰਸੇ ਨੂੰ ਸੰਭਾਲੀਏ
ਜਿੱਥੇ ਪੰਜਾਬੀ ਹੋਣਾ ਪੰਜਾਬੀਆਂ ਲਈ ਇਕ ਫ਼ਖ਼ਰ ਦੀ ਗੱਲ ਹੈ, ਉਥੇ ਹੀ ਪੰਜਾਬੀ ਭਾਸ਼ਾ ਨਾਲ ਹੋ ਰਹੇ ਵਿਤਕਰੇ ਤੇ ਇਸ ਪ੍ਰਤੀ ਘਟ ਰਿਹਾ ਮੋਹ ਪੰਜਾਬੀ ਕੌਮ ਲਈ ਚਿੰਤਾ ਦਾ ਵਿਸ਼ਾ ਹੈ। ਬੱਚਿਆਂ ਅੰਦਰ ਪੰਜਾਬੀ ਸ਼ਬਦਾਵਲੀ ਦਾ ਗ਼ਲਤ ਪ੍ਰਯੋਗ ਤੇ ਪੰਜਾਬੀ ਵਿਰਸੇ ਤੋਂ ਅਣਜਾਣ, ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਅਸੀਂ ਇਸ ਨੂੰ ਕਿੰਨਾ ਬੇਕਦਰਾ ਰੂਪ ਦੇ ਦਿੱਤਾ ਹੈ। ਸੱਭਿਆਚਾਰ ਵਿਚ ਮਿਲੇ ਕੀਮਤੀ ਨਾਵਾਂ ਜਿਵੇਂ ਕਿ ਤੱਕਲਾ, ਆਲਾ, ਚੱਪਣ, ਵੜੇਵੇਂ, ਓਟਾ, ਮੋਹਲੇ, ਸ਼ਤੀਰ, ਮੋਗਾ, ਛਿੱਕਲੀ, ਸਿੱਠਣੀਆਂ, ਮੇਹਣੇ, ਸਾਬਾ, ਲਾਂਬੇ ਆਦਿ ਤੋਂ ਅੱਜ ਦੇ ਬੱਚੇ ਅਣਜਾਣ ਹਨ ਕਿਉਂਕਿ ਪੰਜਾਬੀ ਵਿਰਸੇ ਨਾਲ ਜੋੜਨ ਦੀ ਬਜਾਏ ਅਸੀਂ ਬੱਚਿਆਂ ਨੂੰ ਪੱਛਮੀ ਪ੍ਰਭਾਵ ਹੇਠਾਂ ਰੱਖਣਾ ਜ਼ਿਆਦਾ ਪਸੰਦ ਕਰਦੇ ਹਾਂ। ਪੂਰੇ ਵਿਸ਼ਵ ਅੰਦਰ ਪੰਜਾਬੀ ਸੱਭਿਆਚਾਰ ਦੇ ਕਾਰਨ ਹੀ ਇਸ ਦੀ ਪਹਿਚਾਣ ਹੈ, ਪ੍ਰੰਤੂ ਪੰਜਾਬ ਅੰਦਰ ਇਸ ਰਾਜ਼ ਵਿਚ ਕਿੰਨਾ ਕੁ ਸੱਚ ਹੈ ਇਹ ਸਾਰੇ ਸੁਭਾਵਿਕ ਹੀ ਜਾਣਦੇ ਹਨ। ਜੇਕਰ ਪੰਜਾਬ ਵਿਚੋਂ ਹੀ ਪੰਜਾਬੀ ਸੱਭਿਆਚਾਰ ਤੇ ਵਿਰਸੇ ਦੀ ਮਹਿਕ ਮੱਧਮ ਪੈ ਗਈ ਤਾਂ ਦੇਸ਼ਾਂ-ਵਿਦੇਸ਼ਾਂ ਅੰਦਰ ਇਸ ਦੀ ਝਲਕ ਕਿਸ ਤਰ੍ਹਾਂ ਦੀ ਹੋਵੇਗੀ।

-ਰਵਿੰਦਰ ਸਿੰਘ ਰੇਸ਼ਮ
ਪਿੰਡ ਉਮਰਪੁਰਾ (ਨੱਥੂ ਮਾਜਰਾ)।

ਬਚਾਅ ਬੇਹੱਦ ਜ਼ਰੂਰੀ
ਇਨ੍ਹਾਂ ਦਿਨਾਂ ਵਿਚ ਚੁਫੇਰੇ ਪਸਰੀ ਧੁੰਦ ਕਾਰਨ ਹਰ ਰੋਜ਼ ਅਨੇਕਾਂ ਕੀਮਤੀ ਮਨੁੱਖੀ ਜ਼ਿੰਦਗੀਆਂ ਅਣਆਈ ਮੌਤ ਦੇ ਮੂੰਹ ਜਾ ਰਹੀਆਂ ਹਨ। ਖ਼ੈਰ! ਅਜੋਕੇ ਵਿਗਿਆਨ ਅਤੇ ਤਕਨੀਕ ਦੇ ਇਸ ਯੁੱਗ ਵਿਚ ਸੜਕੀ ਆਵਾਜਾਈ ਦੌਰਾਨ ਹੋਣ ਵਾਲੀਆਂ ਅਜਿਹੀਆਂ ਮੌਤਾਂ (ਬੇਵਕਤ ਮੌਤਾਂ) ਨੂੰ ਠੱਲ੍ਹ ਪਾਈ ਜਾਣੀ ਚਾਹੀਦੀ ਹੈ। ਇਸ ਲਈ ਜ਼ਰੂਰੀ ਹੈ ਕਿ ਵਾਹਨ ਬਣਾਉਣ ਅਤੇ ਵੇਚਣ ਵਾਲੀਆਂ ਕੰਪਨੀਆਂ ਵਲੋਂ ਆਪੋ-ਆਪਣੇ ਤਕਨੀਕੀ ਮਾਹਿਰਾਂ, ਇੰਜੀਨੀਅਰਾਂ ਆਦਿ ਨੂੰ ਨਵੀਆਂ ਤਕਨੀਕਾਂ ਆਦਿ ਦੀ ਖੋਜ ਕਰਨ ਲਈ ਉਤਸ਼ਾਹ ਦੇਣਾ ਚਾਹੀਦਾ ਹੈ ਤਾਂ ਜੋ ਸੜਕੀ ਦੁਰਘਟਨਾਵਾਂ ਦੌਰਾਨ ਹੋਣ ਵਾਲੀਆਂ ਅਣਆਈ ਮੌਤਾਂ ਨੂੰ ਕਿਸੇ ਹੱਦ ਤੱਕ ਠੱਲ੍ਹ ਪਾਈ ਜਾ ਸਕੇ।

-ਲਾਲ ਚੰਦ ਸਿੰਘ
ਬਠਿੰਡਾ।

ਨੌਜਵਾਨ ਰਾਜਨੀਤੀ 'ਚ ਆਉਣ
ਨੌਜਵਾਨ ਹਮੇਸ਼ਾ ਬੇਰੁਜ਼ਗਾਰੀ, ਭ੍ਰਿਸ਼ਟਾਚਾਰ 'ਤੇ ਪ੍ਰਸ਼ਨ ਉਠਾਉਂਦੇ ਰਹਿੰਦੇ ਹਨ। ਰਾਜਨੀਤੀ ਵਿਚ ਆਉਣ 'ਤੇ ਹੀ ਇਸ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਆਮ ਤੌਰ 'ਤੇ ਇਹ ਧਾਰਨਾ ਬਣੀ ਹੋਈ ਹੈ ਕਿ ਰਾਜਨੀਤੀ ਵਿਚ ਸਾਰੇ ਨੇਤਾ ਹੀ ਭ੍ਰਿਸ਼ਟ ਹੁੰਦੇ ਹਨ। ਪਰ ਜੇਕਰ ਕੁਝ ਚੰਗੀ ਵਿਚਾਰਧਾਰਾ ਵਾਲੇ ਨੌਜਵਾਨ ਇਸ ਖੇਤਰ ਵਿਚ ਆਉਂਦੇ ਹਨ ਤਾਂ ਸਾਫ-ਸੁਥਰੀ ਰਾਜਨੀਤੀ ਦੀ ਪ੍ਰੰਪਰਾ ਚਲਾਈ ਜਾ ਸਕਦੀ ਹੈ। ਜ਼ਿਆਦਾਤਰ ਵੇਖਿਆ ਜਾਂਦਾ ਹੈ ਕਿ ਕੁਝ ਖਾਸ ਰਾਜਨੀਤਕ ਘਰਾਣੇ ਹੀ ਪੀੜ੍ਹੀ-ਦਰ-ਪੀੜ੍ਹੀ ਰਾਜਨੀਤੀ ਵਿਚ ਸਰਗਰਮ ਰਹਿੰਦੇ ਹਨ, ਆਮ ਲੋਕਾਂ ਨੂੰ ਬਹੁਤ ਘੱਟ ਅੱਗੇ ਆਉਣ ਦਿੱਤਾ ਜਾਂਦਾ ਹੈ, ਜੇਕਰ ਨੌਜਵਾਨਾਂ ਵਿਚ ਰਾਜਨੀਤੀ ਵਾਲੇ ਗੁਣ ਹਨ ਤੇ ਉਹ ਸਮਾਜ ਲਈ ਕੁਝ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਲਈ ਜ਼ਰੂਰੀ ਹੈ ਕਿ ਰਾਜਨੀਤੀ ਦੇ ਖੇਤਰ ਵਿਚ ਆਉਣ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕੁਝ ਨੌਜਵਾਨ ਨੇਤਾ ਚੁਣ ਕੇ ਆਏ ਹਨ, ਜੋ ਰਾਜਨੀਤੀ ਲਈ ਸ਼ੁਭ ਸੰਕੇਤ ਹਨ।

-ਕਮਲ ਕੋਟਲੀ

18-12-2017

 ਗੁੜ ਹੋਇਆ ਕੌੜਾ
ਕੋਈ ਸਮਾਂ ਸੀ ਜਦ ਪਿੰਡਾਂ ਵਿਚ ਵੇਲਣੇ ਵੇਖਣ ਨੂੰ ਮਿਲਦੇ ਸੀ। ਪਿੰਡ ਵਿਚ ਜਦ ਕੋਈ ਵੇਲਣਾ ਚਲਾਉਂਦਾ ਸੀ ਤਾਂ ਪੂਰਾ ਪਿੰਡ ਉਥੇ ਜਾ ਕੇ ਗਰਮ-ਗਰਮ ਗੁੜ ਖਾਂਦਾ ਸੀ, ਪਰ ਅੱਜਕਲ੍ਹ ਦੇ ਸਮੇਂ ਵਿਚ ਵੱਧ ਮੁਨਾਫੇ ਕਮਾਉਣ ਦੇ ਚੱਕਰ ਵਿਚ ਇਸ ਮਿੱਠੇ ਗੁੜ ਨੂੰ ਕੌੜਾ ਕਰ ਦਿੱਤਾ ਹੈ, ਜੋ ਕਿ ਆਮ ਲੋਕਾਂ ਲਈ ਬਿਮਾਰੀ ਦਾ ਕਾਰਨ ਸਿੱਧ ਹੋ ਰਿਹਾ ਹੈ। ਜੇਕਰ ਕਿਸੇ ਵੀ ਇਲਾਕੇ ਅੰਦਰ ਝਾਤ ਮਾਰੀ ਜਾਵੇ ਤਾਂ ਦਰਜਨਾਂ ਤੋਂ ਵੱਧ ਵੇਲਣੇ ਆਮ ਵੇਖਣ ਨੂੰ ਮਿਲਦੇ ਹਨ, ਜਿਨ੍ਹਾਂ ਵਿਚ ਸਿਰਫ਼ ਗੁੜ ਨੂੰ ਸਾਫ਼ ਕਰਨ ਲਈ ਵੱਧ ਤੋਂ ਵੱਧ ਰਸਾਇਣਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਕਾਰਨ ਅੱਜ ਦੀ ਨੌਜਵਾਨ ਪੀੜ੍ਹੀ ਸਿਰਫ਼ ਗੁੜ ਦਾ ਰੰਗ ਵੇਖ ਕੇ ਵੱਧ-ਚੜ੍ਹ ਕੇ ਖਰੀਦ ਕਰਦੇ ਹਨ ਪਰ ਉਸ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਬੜੀ ਘੱਟ ਹੀ ਲੋਕ ਸੋਚਦੇ ਹਨ। ਸਿਹਤ ਵਿਭਾਗ ਵਲੋਂ ਵੱਧ-ਚੜ੍ਹ ਕੇ ਇਸ ਧੰਦੇ ਨਾਲ ਜੁੜੇ ਲੋਕਾਂ ਦੇ ਵਿਰੁੱਧ ਸ਼ਿਕੰਜਾ ਕੱਸਣ ਦੀ ਲੋੜ ਹੈ ਤਾਂ ਜੋ ਆਮ ਲੋਕਾਂ ਦੀ ਸਿਹਤ ਨਾਲ ਹੋ ਰਿਹਾ ਖਿਲਵਾੜ ਕੁਝ ਹੱਦ ਤੱਕ ਘਟ ਸਕੇ।


-ਪ੍ਰੋ: ਮਨਪ੍ਰੀਤ ਗੁਰਾਇਆ
ਪਿੰਡ ਸ਼ੇਖਾ, ਡਾਕ: ਮਗਰਮੂਦੀਆ, ਜ਼ਿਲ੍ਹਾ ਗੁਰਦਾਸਪੁਰ।


ਅੰਤਿਮ ਅਦਾਇਗੀਆਂ
ਪੰਜਾਬ ਸਰਕਾਰ ਦੇ ਵਿਭਿੰਨ ਵਿਭਾਗਾਂ ਦੇ ਸੇਵਾ ਮੁਕਤ ਮੁਲਾਜ਼ਮਾਂ ਦੀਆਂ ਅੰਤਿਮ ਅਦਾਇਗੀਆਂ 'ਤੇ ਰੋਕ ਲੱਗੀ ਹੋਈ ਹੈ। ਲਗਪਗ 30-35 ਸਾਲ ਦੀ ਸੇਵਾ ਉਪਰੰਤ ਬੁਢਾਪੇ ਦੀ ਅਵਸਥਾ ਵਿਚ ਮਿਲਣ ਵਾਲੀ ਇਹ ਰਕਮ ਇਨ੍ਹਾਂ ਸੇਵਾਮੁਕਤ ਕਰਮਚਾਰੀਆਂ ਲਈ ਮੁੱਖ ਸਹਾਰਾ ਹੁੰਦੀ ਹੈ। ਮੇਰੇ ਇਕ ਨਜ਼ਦੀਕੀ ਸੇਵਾਮੁਕਤ ਮੁਲਾਜ਼ਮ ਲਈ ਆਪਣੀ ਉੱਚ ਸਿੱਖਿਆ ਪ੍ਰਾਪਤ ਬੇਰੁਜ਼ਗਾਰ ਨੌਜਵਾਨ ਲੜਕੀ ਦਾ ਵਿਆਹ ਕਰਨਾ ਇਕ ਮੁਸ਼ਕਿਲ ਬਣੀ ਹੋਈ ਹੈ, ਕਿਉਂਕਿ ਅਗਸਤ 2017 ਵਿਚ ਸੇਵਾਮੁਕਤ ਹੋਣ ਉਪਰੰਤ ਉਸ ਦੇ ਜੀ.ਪੀ. ਫੰਡ, ਜੀ.ਆਈ.ਐਸ. ਅਤੇ ਗ੍ਰੈਚੁਟੀ ਆਦਿ ਦੇ ਬਿੱਲ ਖਜ਼ਾਨਾ ਦਫ਼ਤਰ ਵਿਚ ਲਟਕੇ ਪਏ ਹਨ। ਕੈਪਟਨ ਸਰਕਾਰ ਦੇ ਮੰਤਰੀਆਂ ਅਤੇ ਸਲਾਹਕਾਰਾਂ ਦੀ ਫ਼ੌਜ ਲਈ ਖਜ਼ਾਨਾ ਖਾਲੀ ਨਹੀਂ ਹੈ ਪਰ ਸੇਵਾਮੁਕਤ ਕਰਮਚਾਰੀ ਅੰਤਿਮ ਅਦਾਇਗੀਆਂ ਲਈ ਤਰਸ ਗਏ ਹਨ।


-ਅਮਰਜੀਤ ਸਿੰਘ
ਮਾਡਲ ਟਾਊਨ, ਕਪੂਰਥਲਾ-144601.


ਔਰਤਾਂ ਵਿਰੁੱਧ ਹਿੰਸਾ
ਪਿਛਲੇ ਦਿਨੀਂ ਔਰਤਾਂ ਵਿਰੁੱਧ ਹੁੰਦੀ ਹਿੰਸਾ ਨੂੰ ਰੋਕਣ ਲਈ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ। ਜ਼ਰਾ ਸੋਚੋ ਸਾਡੇ ਸਮਾਜ ਵਿਚ ਨਾਰੀ ਜਾਤੀ ਦਾ ਕਿੰਨਾ ਕੁ ਸਨਮਾਨ ਹੁੰਦਾ ਹੈ। ਇਕ ਪਾਸੇ 'ਬੇਟੀ ਬਚਾਓ ਬੇਟੀ ਪੜ੍ਹਾਓ' ਦੇ ਫੋਕੇ ਨਾਅਰੇ ਲਗਦੇ ਹਨ ਤੇ ਦੂਜੇ ਪਾਸੇ ਔਰਤ ਨੂੰ ਸੁਰੱਖਿਆ ਕਿੱਥੇ ਮਿਲਦੀ ਹੈ? ਸਾਡੀ ਨਿਆਂ ਪ੍ਰਣਾਲੀ ਵੀ ਅਪਰਾਧੀਆਂ ਨੂੰ ਸਖ਼ਤ ਸਜ਼ਾ ਦੀ ਹਦਾਇਤ ਕਰਦੀ ਹੈ, ਪਰ ਅਸਲ ਵਿਚ ਹੁੰਦਾ ਕੁਝ ਵੀ ਨਹੀਂ। ਗਵਾਹੀਆਂ ਦੀ ਕਮੀ ਕਰਕੇ ਅਪਰਾਧੀ ਬਰੀ ਹੋ ਜਾਂਦੇ ਹਨ। ਔਰਤ ਭਾਵੇਂ ਜਾਗ ਚੁੱਕੀ ਹੈ ਪਰ ਸਮੁੱਚੀ ਮਾਨਵਤਾ ਅਜੇ ਵੀ ਔਰਤਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਇਮਾਨਦਾਰ ਨਹੀਂ। ਅੱਜ ਸਮੁੱਚੇ ਸਮਾਜ ਨੂੰ ਜਾਗਣ ਦੀ ਜ਼ਰੂਰਤ ਹੈ। ਜਿਸ ਸਮਾਜ ਵਿਚ ਔਰਤ ਦਾ ਸਨਮਾਨ ਨਹੀਂ ਉਸ ਸਮਾਜ ਦੀਆਂ ਨੀਹਾਂ ਕਮਜ਼ੋਰ ਹੁੰਦੀਆਂ ਹਨ। ਔਰਤ ਨੂੰ ਵੀ ਹੁਣ ਡਰ ਕੇ ਨਹੀਂ ਡਟ ਕੇ ਹਿੰਸਾ ਵਿਰੁੱਧ ਆਵਾਜ਼ ਉਠਾਉਣ ਦੀ ਹਿੰਮਤ ਕਰਨੀ ਚਾਹੀਦੀ ਹੈ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਸੋਸ਼ਲ ਮੀਡੀਆ 'ਤੇ ਅੰਧ-ਵਿਸ਼ਵਾਸ
ਅੰਧ-ਵਿਸ਼ਵਾਸ ਸਦੀਆਂ ਤੋਂ ਚੱਲੇ ਆ ਰਹੇ ਹਨ। ਸਮੇਂ ਨਾਲ ਇਸ ਵਿਚ ਪਰਿਵਰਤਨ ਹੁੰਦਾ ਆਇਆ ਹੈ। ਅੱਜ ਦੇ ਵਿਗਿਆਨਕ ਯੁੱਗ ਵਿਚ ਸੋਸ਼ਲ ਮੀਡੀਆ ਰਾਹੀਂ ਕਈ ਤਰ੍ਹਾਂ ਦੇ ਅੰਧ-ਵਿਸ਼ਵਾਸ ਪ੍ਰਫੁਲਿਤ ਹੋ ਰਹੇ ਹਨ। ਕਿਸੇ ਧਾਰਮਿਕ ਗੁਰੂ ਦੀ ਤਸਵੀਰ ਪਾ ਕੇ ਕਹਿ ਦਿੱਤਾ ਜਾਂਦਾ ਹੈ ਕਿ ਇਸ ਨੂੰ ਅੱਗੇ ਭੇਜੋ ਚਮਤਕਾਰ ਹੋਵੇਗਾ। ਜ਼ਿਆਦਾ ਅੰਧ-ਵਿਸ਼ਵਾਸ ਧਰਮ ਨਾਲ ਸਬੰਧਤ ਹੁੰਦੇ ਹਨ, ਜੋ ਵਟਸਐਪ, ਫੇਸਬੁੱਕ ਤੋਂ ਇਲਾਵਾ ਕਈ ਹੋਰ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਪਰੋਸੇ ਜਾਂਦੇ ਹਨ। ਇਸ ਨਾਲ ਗੁਰੂਆਂ, ਪੈਗੰਬਰਾਂ ਨਾਲ ਤਾਂ ਖਿਲਵਾੜ ਹੁੰਦਾ ਹੈ ਨਾਲ ਹੀ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਸੱਟ ਵੱਜਦੀ ਹੈ। ਇਸ ਲਈ ਪੜ੍ਹੇ-ਲਿਖੇ ਵਰਗ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਤੇ ਹੋਰ ਲੋਕਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ।


-ਕਮਲ ਬਰਾੜ
ਪਿੰਡ ਤੇ ਡਾਕ: ਕੋਟਲੀ ਅਬਲੂ, ਜ਼ਿਲ੍ਹਾ ਮੁਕਤਸਰ ਸਾਹਿਬ।

15-12-2017

 ਜ਼ਹਿਰੀਲਾ ਵਾਤਾਵਰਨ
ਸੰਪਾਦਕੀ ਲੇਖ ਪੜ੍ਹ ਕੇ ਬੜੀ ਖੁਸ਼ੀ ਹੋਈ ਕਿ ਜੋ ਸੁਪਰੀਮ ਕੋਰਟ ਦੁਆਰਾ ਦਿੱਲੀ ਅਤੇ ਹੋਰ ਇਲਾਕਿਆਂ ਵਿਚ ਆਤਿਸ਼ਬਾਜੀ ਉੱਪਰ ਪਾਬੰਦੀ ਲਗਾਈ ਗਈ ਹੈ। ਸਾਡਾ ਘਰ, ਸਾਡੀ ਪ੍ਰਿਥਵੀ ਲਗਾਤਾਰ ਕਈ ਪ੍ਰਕਾਰ ਦੇ ਪ੍ਰਦੂਸ਼ਣਾਂ ਦਾ ਸ਼ਿਕਾਰ ਹੋ ਰਹੀ ਹੈ। ਜਿਸ ਕਾਰਨ ਇੱਥੇ ਜਿਊਣ ਵਾਲੇ ਹਰ ਇਕ ਜੀਵ ਦਾ ਰਹਿਣਾ ਮੁਸ਼ਕਿਲ ਹੋਇਆ ਪਿਆ ਹੈ। ਸਾਡੀ ਪ੍ਰਿਥਵੀ ਉਸ ਕਮਰੇ ਵਾਂਗ ਹੈ, ਜਿਸ ਵਿਚ ਸਾਰੀਆਂ ਖਿੜਕੀਆਂ ਬੰਦ ਕਰਕੇ ਜੇਕਰ ਇਕ ਮੋਮਬੱਤੀ ਜਲਾ ਦਿੱਤੀ ਜਾਵੇ ਤਾਂ ਠੀਕ ਹੈ। ਪਰ ਜੇਕਰ ਇਕੱਠੀਆਂ 1000 ਮੋਮਬੱਤੀਆਂ ਜਲਾ ਦਿੱਤੀਆਂ ਜਾਣ ਤਾਂ ਇਸ ਵਿਚ ਰਹਿਣ ਵਾਲੇ ਵਿਅਕਤੀਆਂ ਦਾ ਰਹਿਣਾ ਮੁਹਾਲ ਹੋ ਜਾਵੇਗਾ। ਇਸ ਵਿਚਲੀ ਆਕਸੀਜਨ ਕਾਰਬਨ ਮੋਨੋਆਕਸਾਇਡ ਵਿਚ ਬਦਲ ਜਾਵੇਗੀ ਅਤੇ ਜ਼ਹਿਰੀਲੀ ਹੋਣ ਕਰਕੇ ਕਮਰੇ ਵਿਚਲੇ ਵਿਅਕਤੀਆਂ ਦੀ ਮੌਤ ਦਾ ਕਾਰਨ ਬਣ ਸਕਦੀ ਹੈ। ਇਸ ਪ੍ਰਕਾਰ ਹੀ ਸਾਡੀ ਧਰਤੀ ਇਕ ਬਹੁਤ ਵੱਡੇ ਕਮਰੇ ਵਾਂਗ ਹੈ। ਅਸੀਂ ਅੱਜ ਇਸ ਧਰਤੀ ਦੇ ਵਾਤਾਵਰਨ ਨੂੰ ਲਗਾਤਾਰ ਖ਼ਰਾਬ ਕਰੀਂ ਜਾ ਰਹੇ ਹਾਂ ਕੁਝ ਸਮੇਂ ਦੀ ਖੁਸ਼ੀ ਲਈ ਜਾਂ ਫਿਰ ਕੁਝ ਕੁ ਆਰਥਿਕ ਲਾਭਾਂ ਦੀ ਖਾਤਰ। ਇਹ ਸਹੀ ਹੈ ਕਿ ਅਸੀਂ ਕੁਝ ਸਮੇਂ ਲਈ ਖੁਸ਼ ਹੋ ਜਾਵਾਂਗੇ ਪਰ ਇਸ ਸਭ ਦਾ ਮੁੱਲ ਸਾਨੂੰ ਆਪਣੀਆਂ ਆਉਣ ਵਾਲੀਆਂ ਨਸਲਾਂ ਦੀਆਂ ਸਿਹਤਾਂ ਖਰਾਬ ਕਰਕੇ ਤਾਰਨਾ ਪੈਣਾ ਹੈ। ਚਾਹੇ ਕੁਝ ਦੇਰ ਹੋ ਚੁੱਕੀ ਹੈ ਪਰ ਫਿਰ ਵੀ ਆਤਿਸ਼ਬਾਜ਼ੀ, ਪਰਾਲੀ ਜਾਂ ਹੋਰ ਕਿਸੇ ਵੀ ਪ੍ਰਕਾਰ ਦੇ ਪ੍ਰਦੂਸ਼ਣ ਨੂੰ ਰੋਕ ਕੇ ਇਸ ਧਰਤੀ ਤਪਸ਼ ਨੂੰ ਰੋਕ ਸਕਦੇ ਹਾਂ। ਇਸ ਨੂੰ ਰਹਿਣਯੋਗ ਰੱਖਿਆ ਜਾ ਸਕਦਾ ਹੈ।

-ਭੂਸ਼ਨ ਕੁਮਾਰ
ਪੰਜਾਬੀ ਮਾਸਟਰ, ਸਮਿਸ ਲੁਟਕੀਮਾਜਰਾ (ਪਟਿਆਲਾ)।

ਕਿਸਾਨੀ ਸੰਕਟ
ਇਕ ਇਨਸਾਨ ਨੂੰ ਜ਼ਿੰਦਗੀ ਵਿਚ ਸਭ ਤੋਂ ਪਿਆਰੀ ਉਸ ਦੇ ਪਰਿਵਾਰ ਦੀ ਖੁਸ਼ੀ ਹੁੰਦੀ ਹੈ। ਜਦ 5-6 ਮਹੀਨੇ ਅੱਤ ਦੀ ਮਿਹਨਤ ਕਰਨ, ਸਰਦੀ ਗਰਮੀ ਸਹਿਣ ਅਤੇ ਫ਼ਸਲ ਦੀ ਬੱਚਿਆਂ ਵਾਂਗ ਦੇਖ-ਰੇਖ ਕਰਨ ਦੇ ਬਾਅਦ, ਉਹ ਫ਼ਸਲ ਅਚਾਨਕ ਆਈ ਬੇਮੌਸਮੀ ਬਾਰਿਸ਼, ਗੜੇਮਾਰ ਆਦਿ ਦੀ ਭੇਟ ਚੜ੍ਹ ਜਾਵੇ ਤਾਂ ਸੋਚੋ ਉਸ ਦੇ ਪਾਲਣਹਾਰ ਕਿਸਾਨ ਦੀ ਕੀ ਮਨੋਸਥਿਤੀ ਹੁੰਦੀ ਹੋਵੇਗੀ। ਆਪਣੀਆਂ ਘਰ ਦੀਆਂ ਲੋੜਾਂ ਪੂਰਾ ਕਰਨ ਲਈ, ਬਾਲ ਬੱਚਿਆਂ ਦੀ ਪੜ੍ਹਾਈ, ਵਿਆਹ ਲਈ ਪੈਸੇ ਜੁਟਾਉਣ ਲਈ ਫਿਰ ਉਹੀ ਜ਼ਿੰਮੇਵਾਰ ਕਰਜ਼ੇ ਲੈਣ 'ਤੇ ਮਜਬੂਰ ਹੋ ਕੇ ਕਿਵੇਂ ਵਿਆਜ ਦੇ ਜਾਲ ਵਿਚ ਨਹੀਂ ਫਸੇਗਾ? ਹਰ ਸਾਲ ਕੀਮਤਾਂ ਤਾਂ ਦੁੱਗਣੀਆਂ, ਚੌਗੁਣੀਆਂ ਹੋ ਜਾਂਦੀਆਂ ਹਨ ਪਰ ਕਿਸਾਨ ਦੀ ਫ਼ਸਲ ਲਈ ਤੈਅ ਕੀਮਤ ਕੇਵਲ 100-250 ਰੁਪਏ ਹੀ ਵਧੇ ਤਾਂ ਉਹ ਕਿਸਾਨ ਖ਼ਰਚੇ ਚਲਾਉਣ ਲਈ ਕੀ ਕਰ ਸਕਦਾ ਹੈ। ਕਿਸਾਨੀ ਸੰਕਟ ਦਾ ਹੱਲ ਆਸਾਨ ਨਹੀਂ ਪਰ ਨਾ ਮੁਮਕਿਨ ਵੀ ਨਹੀਂ। ਦੂਰ ਦੀ ਸੋਚ ਅਖ਼ਤਿਆਰ ਕਰਕੇ ਬਿਮਾਰੀ ਦੇ ਕੇਵਲ ਲੱਛਣ ਦਾ ਇਲਾਜ ਨਾ ਕਰਨ ਬਲਕਿ ਉਸ ਨੂੰ ਮੁੱਢ ਤੋਂ ਖ਼ਤਮ ਕਰਨ ਦੀ ਹੈ, ਤਾਂ ਜੋ ਕਿਸਾਨ ਵੀਰ ਖੁਸ਼ਹਾਲ ਅਤੇ ਦੇਸ਼ ਮਜ਼ਬੂਤ ਹੋ ਸਕੇ।

-ਪੁਸ਼ਪਾਲ ਸਿੰਘ
126, ਅਨੰਦ ਐਵੀਨਿਊ, ਅੰਮ੍ਰਿਤਸਰ।

13-12-2017

 ਜੇ ਕਿਤੇ ਵਾਅ ਚੱਲੇ

ਅਜੋਕਾ ਯੁੱਗ ਵਿਗਿਆਨਕ ਯੁੱਗ ਹੈ। ਇਸ ਯੁੱਗ ਵਿਚ ਜਿਊਣ ਲਈ ਜਾਤਾਂ-ਪਾਤਾਂ ਤੇ ਧਰਮਾਂ ਤੋਂ ਉੱਪਰ ਉੱਠਣਾ ਪਵੇਗਾ। ਪਰ ਕੁਝ ਤਾਕਤਾਂ ਅਜਿਹਾ ਨਹੀਂ ਚਾਹੁੰਦੀਆਂ। ਅਜਿਹੀਆਂ ਤਾਕਤਾਂ ਵਲੋਂ ਹੀ ਸਮੇਂ-ਸਮੇਂ 'ਤੇ ਬੀਜੇ ਜਾਤ-ਪਾਤ ਦੇ ਬੀਜ ਅੱਜ ਦਰੱਖਤਾਂ ਦਾ ਰੂਪ ਧਾਰ ਚੁੱਕੇ ਹਨ। ਜਾਤ-ਪਾਤ ਦੇ ਨਾਂਅ 'ਤੇ ਦੇਸ਼ ਵਿਚ ਵੰਡੀਆਂ ਪਾਈਆਂ ਜਾ ਰਹੀਆਂ ਹਨ। ਕਾਫੀ ਹੱਦ ਤੱਕ ਇਹ ਤਾਕਤਾਂ ਆਪਣੇ ਘਿਨਾਉਣੇ ਮਨਸੂਬਿਆਂ 'ਚ ਕਾਮਯਾਬ ਹੁੰਦੀਆਂ ਜਾ ਰਹੀਆਂ ਹਨ ਤੇ ਬਹੁਤਿਆਂ 'ਚ ਕਾਮਯਾਬ ਹੋ ਚੁੱਕੀਆਂ ਹਨ। ਮਹਾਤਮਾ ਬੁੱਧ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਵਰਗੀਆਂ ਮਹਾਨ ਸ਼ਖ਼ਸੀਅਤਾਂ ਨੇ ਜਾਤ ਪਾਤ ਦੇ ਪ੍ਰਛਾਵੇਂ ਨੂੰ ਮਿਟਾਉਣ ਲਈ ਬੜੇ ਯਤਨ ਕੀਤੇ। ਪਰ ਸਿਆਸਤਦਾਨ ਜਾਤ ਪਾਤ ਤੇ ਧਰਮਾਂ ਨੂੰ ਰੱਜ ਕੇ ਵਰਤ ਰਹੇ ਹਨ, ਜਿਸ ਕਰਕੇ ਦੇਸ਼ ਦੇ ਬਹੁਤੇ ਭਾਈਚਾਰਿਆਂ 'ਚ ਨਫ਼ਰਤਾਂ ਪੈਦਾ ਹੋ ਰਹੀਆਂ ਹਨ। ਜੇ ਕਿਤੇ ਇਨ੍ਹਾਂ ਤਾਕਤਾਂ ਦੀ ਅੱਗੇ ਵੀ ਵਾਅ ਚੱਲੇ ਤਾਂ ਸ਼ਾਇਦ ਇਹ ਜਾਤ ਪਾਤ ਦੇ ਨਾਂਅ 'ਤੇ ਸਾਹ ਲੈਣ ਵਾਲੀ ਹਵਾ 'ਚ ਵੀ ਵੰਡੀਆਂ ਪਾਉਣ 'ਚ ਕਾਮਯਾਬ ਹੋ ਜਾਣਗੀਆਂ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਪਾਣੀ ਦੀ ਦੁਰਵਰਤੋਂ

ਮੈਂ ਧਰਤੀ ਦੇ ਸਾਰੇ ਪਾਣੀ ਦੀ ਗੱਲ ਨਹੀਂ ਕਹਿਣ ਜਾ ਰਿਹਾ। ਮੈਂ ਪੀਣ ਵਾਲੇ ਸਾਫ਼ ਪਾਣੀ ਦੀ ਗੱਲ ਕਰ ਰਿਹਾ ਹਾਂ। ਸਭ ਨੂੰ ਪਤਾ ਹੈ ਕਿ ਪਾਣੀ ਧਰਤੀ ਹੇਠੋਂ ਮੁੱਕ ਰਿਹਾ ਹੈ, ਪੱਧਰ ਬਹੁਤ ਨੀਵਾਂ ਹੋਈ ਜਾ ਰਿਹਾ ਹੈ। ਕਾਰਨ ਵੀ ਪਤਾ ਹੈ। ਫਿਰ ਵੀ ਅੱਜ ਦਾ ਮਨੁੱਖ ਜਾਣਬੁੱਝ ਕੇ ਇਸ ਅਣਮੁੱਲੇ ਖਜ਼ਾਨੇ ਨੂੰ ਆਪਣੀਆਂ ਗ਼ਲਤ ਹਰਕਤਾਂ ਕਰਕੇ ਖ਼ਤਮ ਕਰਨ 'ਤੇ ਤੁਲਿਆ ਪਿਆ ਹੈ। ਕੁਝ ਕੁ ਜਾਗਰੂਕ ਲੋਕ ਹੀ ਇਸ ਅਣਮੁੱਲੇ ਖਜ਼ਾਨੇ ਪ੍ਰਤੀ ਸੋਚਦੇ ਹਨ। ਚਲਦੀ ਟੂਟੀ ਵੇਖ ਕੇ ਸੂਝਵਾਨ ਲੋਕ ਤਾਂ ਬੰਦ ਕਰ ਦਿੰਦੇ ਹਨ, ਬੇਪਰਵਾਹ ਲੋਕ ਧਿਆਨ ਹੀ ਨਹੀਂ ਕਰਦੇ। ਸਾਡੀ ਸਮੁੱਚੀ ਜੀਵਨ ਪ੍ਰਣਾਲੀ ਦਾ ਅਣਮੋਲ ਖਜ਼ਾਨਾ ਸਾਡੇ ਸਾਹਾਂ ਲਈ ਜ਼ਰੂਰੀ ਅਤੇ ਰੋਜ਼ਾਨਾ ਜਨਜੀਵਨ ਤੇ ਧਰਤੀ ਨੂੰ ਹਰਿਆਲੀ ਬਖਸ਼ਣ ਵਾਲਾ, ਸਾਡੀ ਰੋਜ਼ਾਨਾ ਖਾਧ ਖੁਰਾਕ ਦੀ ਉਪਜ ਦਾ ਵਸੀਲਾ ਐਵੇਂ ਹੀ ਬਰਬਾਦ ਹੋਈ ਜਾ ਰਿਹਾ ਹੈ। ਆਓ! ਸਾਰੇ ਸੋਚੀਏ, ਬੂੰਦ-ਬੂੰਦ ਬਚਾਈਏ।

-ਜਗਤਾਰ ਗਿੱਲ
ਬੱਲ ਸਚੰਦਰ (ਅੰਮ੍ਰਿਤਸਰ)।

ਅਦਾਲਤ ਦੀ ਪਹਿਲ

ਡਾ: ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ ਦਾ ਲੇਖ 'ਸੁਪਰੀਮ ਕੋਰਟ ਦੀ ਪਹਿਲ' ਕਾਬਲੇ ਤਾਰੀਫ਼ ਹੈ। ਤਿਉਹਾਰਾਂ ਦੇ ਦਿਨਾਂ ਵਿਚ ਵੱਡੇ ਪੱਧਰ 'ਤੇ ਪ੍ਰਦੂਸ਼ਣ ਫੈਲਦਾ ਹੈ। ਝੋਨੇ ਦੀ ਪਰਾਲੀ ਨੂੰ ਅੱਗ ਦੇ ਹਵਾਲੇ ਕਰਨ ਨਾਲ ਅਸਮਾਨ ਧੂੰਏਂ ਨਾਲ ਭਰਦਾ ਹੈ। ਡੀਜ਼ਲ ਨਾਲ ਚੱਲਣ ਵਾਲੇ ਵਾਹਨ ਵੀ ਜ਼ਹਿਰੀਲਾ ਧੂੰਆਂ ਪੈਦਾ ਕਰਦੇ ਹਨ। ਫੈਕਟਰੀਆਂ, ਉਦਯੋਗਾਂ ਦੇ ਗੰਧਲੇ ਧੂੰਏਂ ਅਤੇ ਕੈਮੀਕਲ ਯੁਕਤ ਪਾਣੀ ਨਾਲ ਹਵਾ, ਧਰਤੀ ਅਤੇ ਜਲ ਸ੍ਰੋਤ ਜ਼ਹਿਰੀ ਹੋ ਰਹੇ ਹਨ। ਜਿਸ ਨਾਲ ਹਰ ਇਕ ਦੀ ਸਿਹਤ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ, ਸਾਹ ਦੀਆਂ ਬਿਮਾਰੀਆਂ ਉਤਪੰਨ ਹੋ ਰਹੀਆਂ ਹਨ। ਗੰਧਲੇ ਵਾਤਾਵਰਨ ਦੇ ਸਿਰਜਣਕਾਰ ਖ਼ੁਦ ਵੀ ਇਹ ਗੰਧਲਾ ਧੂੰਆਂ ਫੱਕ ਰਹੇ ਹਨ ਬਿਮਾਰ ਹੋ ਰਹੇ ਹਨ। ਆਓ! ਵਾਤਾਵਰਨ ਮਿੱਤਰ ਬਣੀਏ ਅਤੇ ਧਰਤੀ, ਹਵਾ ਅਤੇ ਪਾਣੀ ਨੂੰ ਸਾਫ਼ ਰੱਖੀਏ।

-ਜਸਪਾਲ ਸਿੰਘ ਲੋਹਾਮ
#29/166 ਗਲੀ ਹਜ਼ਾਰਾ ਸਿੰਘ, ਮੋਗਾ।

11-12-2017

 ਰੁੱਖ ਲਗਾਓ
ਚਾਰੇ ਪਾਸੇ ਸੜਕਾਂ ਅਤੇ ਪੁਲਾਂ ਦੇ ਜਾਲ ਵਿਛ ਗਏ ਹਨ। ਮਨੁੱਖ ਆਪਣੀ ਤਰੱਕੀ ਤੋਂ ਬਹੁਤ ਖੁਸ਼ ਹੈ। ਭੀੜ-ਭੜੱਕੇ ਤੋਂ ਬਚਾਅ ਕਰਨ ਲਈ ਸੜਕਾਂ ਚੌੜੀਆਂ ਕਰ ਦਿੱਤੀਆਂ ਗਈਆਂ ਹਨ ਅਤੇ ਸ਼ਹਿਰ ਤੋਂ ਬਾਹਰ ਜਾਣ ਲਈ ਵੱਡੇ-ਵੱਡੇ ਪੁਲ ਬਣ ਗਏ ਹਨ ਤਾਂ ਜੋ ਸ਼ਹਿਰ ਵਾਸੀਆਂ ਨੂੰ ਅਤੇ ਦੂਰ ਜਾਣ ਵਾਲੇ ਰਾਹਗੀਰਾਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਪਰ ਇਹ ਸੁਹੱਪਣ ਕੁਝ ਅਧੂਰਾ ਜਿਹਾ ਜਾਪਦਾ ਹੈ, ਜਦੋਂ ਚਾਰੇ ਪਾਸੇ ਦੇ ਉਜਾੜ 'ਤੇ ਨਿਗ੍ਹਾ ਜਾਂਦੀ ਹੈ। ਜਿਥੇ ਵੱਡੇ-ਵੱਡੇ ਦਰੱਖਤ, ਖਜੂਰਾਂ, ਟਾਹਲੀਆਂ, ਨਿੰਮ, ਕਿੱਕਰਾਂ, ਬੋਹੜ ਆਦਿ ਦੀ ਹਰਿਆਲੀ ਨੂੰ ਵੇਖ ਕੇ ਰੂਹ ਖੁਸ਼ ਹੁੰਦੀ ਸੀ। ਇਸ ਤਰ੍ਹਾਂ ਲਗਦਾ ਸੀ ਕਿ ਇਹ ਵੱਡੇ ਰੁੱਖ ਸਾਨੂੰ ਆਸ਼ੀਰਵਾਦ ਦੇ ਰਹੇ ਹੋਣ, ਜਿਸ ਨਾਲ ਸਾਡੀ ਸਿਹਤ ਅਤੇ ਸਾਡੀ ਖੁਸ਼ੀ ਦੁੱਗਣੀ ਹੋ ਜਾਂਦੀ। ਅਸੀਂ ਜਾਣਦੇ ਹਾਂ ਕਿ ਸੜਕਾਂ 'ਤੇ ਗੱਡੀਆਂ ਹੀ ਨਹੀਂ ਜਾਂਦੀਆਂ ਸਗੋਂ ਪੈਦਲ, ਸਾਈਕਲਾਂ ਵਾਲੇ ਰਾਹਗੀਰ ਵੀ ਜਾਂਦੇ ਹਨ। ਉਹ ਥੱਕ-ਟੁੱਟ ਕੇ ਜਿੱਥੇ ਰੁੱਖਾਂ ਹੇਠ ਆਰਾਮ ਕਰ ਲੈਂਦੇ ਸੀ, ਹੁਣ ਧੁੱਪ ਅਤੇ ਗਰਮੀ ਵਿਚ ਹੀ ਔਖੇ ਹੁੰਦੇ ਰਹਿੰਦੇ ਹਨ। ਲੱਖਾਂ ਦੀ ਗਿਣਤੀ ਵਿਚ ਰੁੱਖ ਕੱਟ ਕੇ ਸੜਕਾਂ ਅਤੇ ਪੁਲ ਬਣ ਗਏ ਹਨ। ਪਰ ਉਨ੍ਹਾਂ ਦੀ ਥਾਂ 'ਤੇ ਕੋਈ ਨਵੇਂ ਰੁੱਖ ਨਹੀਂ ਲੱਗੇ। ਮੇਰੀ ਬੇਨਤੀ ਹੈ ਕਿ ਸਰਕਾਰ ਨਵੇਂ ਰੁੱਖ ਤਾਂ ਲਗਾਵੇ ਹੀ ਪਰ ਜਿਹੜੇ ਰੁੱਖ-ਬੂਟੇ ਪੁੱਟੇ ਗਏ ਹਨ, ਉਨ੍ਹਾਂ ਦੀ ਜਗ੍ਹਾ ਵੀ ਸਾਡੇ ਜੀਵਨ ਦਾਤੇ ਰੁੱਖਾਂ ਦੀ ਥਾਂ ਨਵੇਂ ਰੁੱਖ ਲਗਾਉਣ ਲਈ ਅਹਿਮ ਕਦਮ ਚੁੱਕੇ।


-ਸੁਖਵਿੰਦਰ ਕੌਰ ਬੀਰੋਕੇ
ਪੰਜਾਬੀ ਅਧਿਆਪਕ, ਸ. ਹ. ਸ. ਫਤਹਿਪੁਰ ਰਾਜਪੂਤਾਂ, ਜ਼ਿਲ੍ਹਾ ਪਟਿਆਲਾ।


ਦੂਰ ਦੇ ਢੋਲ
ਦੁਨੀਆ 'ਚ ਹਰ ਇਕ ਬੰਦੇ ਨੂੰ ਇਹ ਭੁਲੇਖਾ ਹੈ ਕਿ ਦੁਨੀਆ 'ਚ ਦੁੱਖ ਕੇਵਲ ਉਸ ਨੂੰ ਹੀ ਹੈ ਤੇ ਬਾਕੀ ਸਾਰੇ ਸੁਖੀ ਹਨ। ਅਸਲ 'ਚ ਦੂਰ ਦੇ ਢੋਲ ਹੀ ਸੁਹਾਵਣੇ ਹੁੰਦੇ ਹਨ, ਜਦੋਂ ਅਸੀਂ ਅਮੀਰ ਲੋਕਾਂ ਦੀਆਂ ਕਾਰਾਂ, ਆਲੀਸ਼ਾਨ ਕੋਠੀਆਂ, ਕੱਪੜੇ, ਨੌਕਰ ਚਾਕਰ ਦੇਖਦੇ ਹਾਂ ਤਾਂ ਅਸੀਂ ਸੋਚਦੇ ਹਾਂ ਕਿ ਇਨ੍ਹਾਂ ਨੂੰ ਤਾਂ ਕੋਈ ਦੁੱਖ ਨਹੀਂ ਪਰ ਜਦੋਂ ਅਸੀਂ ਨੇੜੇ ਜਾਂਦੇ ਹਾਂ ਤਾਂ ਉਦੋਂ ਪਤਾ ਚਲਦਾ ਹੈ ਕਿ ਉਹ ਮਾਨਸਿਕ ਤੌਰ 'ਤੇ ਕਿੰਨੇ ਪ੍ਰੇਸ਼ਾਨ ਹਨ। ਦੁੱਖ ਤਾਂ ਅਵਤਾਰਾਂ, ਰਾਜਿਆਂ, ਪੀਰਾਂ ਤੇ ਪੈਗੰਬਰਾਂ 'ਤੇ ਵੀ ਆਏ ਸਨ। ਇਸ ਲਈ ਮਨੁੱਖ ਨੂੰ ਦੁੱਖਾਂ ਤੋਂ ਘਬਰਾਉਣਾ ਨਹੀਂ ਚਾਹੀਦਾ, ਸਗੋਂ ਇਨ੍ਹਾਂ ਨੂੰ ਜ਼ਿੰਦਗੀ ਦਾ ਹਿੱਸਾ ਮੰਨ ਕੇ ਸਵੀਕਾਰ ਕਰਨਾ ਚਾਹੀਦਾ ਹੈ।


-ਵਿਨੈ ਕੁਮਾਰ


ਕਾਲਜ ਦੀ ਨਾਂਅ ਬਦਲੀ
ਅੱਜਕਲ੍ਹ ਦੇਸ਼ ਵਿਚ ਸੋਸ਼ਲ ਮੀਡੀਆ ਰਾਹੀਂ ਆਮ ਲੋਕਾਂ ਖਾਸ ਕਰਕੇ ਘੱਟ-ਗਿਣਤੀ ਤੱਕ ਇਹ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਇਹ ਦੇਸ਼ ਤੁਹਾਡੇ ਲਈ ਸੁਰੱਖਿਅਤ ਨਹੀਂ ਹੈ। ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀ ਦਿੱਤੀ, ਪਰ ਉਸ ਦੇ ਬਦਲੇ ਸਾਨੂੰ ਸਿੱਖਾਂ ਨੂੰ ਕੁਝ ਨਹੀਂ ਮਿਲਿਆ। ਸਿੱਖਾਂ ਸਮੇਤ ਘੱਟ ਗਿਣਤੀ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਵਕਤ ਅਜਿਹਾ ਪ੍ਰਚਾਰ ਹੋ ਰਿਹਾ ਹੋਵੇ, ਉਸ ਸਮੇਂ ਦਿਆਲ ਸਿੰਘ ਕਾਲਜ ਦੀ ਨਾਂਅ ਬਦਲੀ ਬਲਦੀ 'ਤੇ ਤੇਲ ਦਾ ਕੰਮ ਕਰ ਸਕਦੀ ਹੈ। ਮੇਰੀ ਭਾਰਤ ਸਰਕਾਰ ਨੂੰ ਬੇਨਤੀ ਹੈ ਕਿ ਅਜਿਹੀ ਕੋਈ ਗ਼ਲਤੀ ਨਾ ਕੀਤੀ ਜਾਵੇ, ਜਿਸ ਨਾਲ ਘੱਟ-ਗਿਣਤੀ ਨੂੰ ਠੇਸ ਪਹੁੰਚੇ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

08-12-2017

 ਨੇਤਾਵਾਂ ਦੀ ਬਿਆਨਬਾਜ਼ੀ
ਭਾਰਤ ਵਿਚ ਪੁਰਾਤਨ ਸਮੇਂ ਤੋਂ ਹੀ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਵਸੇ ਹੋਏ ਹਨ। ਦੇਸ਼ ਦੀ ਆਜ਼ਾਦੀ ਵੇਲੇ ਵੀ ਵੱਡੇ-ਵੱਡੇ ਲੀਡਰਾਂ ਨੇ ਧਰਮ ਦੇ ਨਾਂਅ 'ਤੇ ਰਾਜਨੀਤੀ ਕਰਦਿਆਂ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਪਾੜਾ ਵਧਾਉਂਦੇ ਹੋਏ ਭਾਰਤ ਦੇ ਦੋ ਟੁਕੜੇ ਕਰਵਾ ਦਿੱਤੇ। ਠੀਕ ਇਸੇ ਤਰ੍ਹਾਂ ਹੁਣ ਜਦੋਂ ਤੋਂ ਕੇਂਦਰ ਵਿਚ ਭਾਜਪਾ ਤੇ ਸਹਿਯੋਗੀਆਂ ਦੀ ਸਰਕਾਰ ਆਈ ਹੈ, ਭਾਜਪਾ ਦੇ ਵੱਖ-ਵੱਖ ਆਗੂ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਆਗੂ ਸਾਰੇ ਦੇਸ਼ ਨੂੰ ਹਿੰਦੂਤਵ ਦੇ ਭਗਵੇਂ ਰੰਗ ਵਿਚ ਰੰਗਣ ਲਈ ਕਾਹਲੇ ਪੈ ਗਏ ਹਨ। ਕਿਸੇ ਵੀ ਦੂਜੇ ਧਰਮ ਦੀ ਆਲੋਚਨਾ ਅਤੇ ਨਿੰਦਿਆ ਕਰਨੀ ਇਕ ਤਰ੍ਹਾਂ ਨਾਲ ਗ਼ੈਰ-ਇਖ਼ਲਾਕੀ ਕੰਮ ਮੰਨਿਆ ਜਾਂਦਾ ਹੈ। ਭਾਜਪਾ ਆਗੂਆਂ ਅਤੇ ਆਰ.ਐਸ.ਐਸ. ਨੂੰ ਹੋਰਾਂ ਧਰਮਾਂ ਵਿਚ ਦਖ਼ਲਅੰਦਾਜ਼ੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।


-ਸਰਵਣ ਸਿੰਘ ਭੰਗਲਾਂ
ਸਮਰਾਲਾ।


ਅਸ਼ਲੀਲਤਾ ਤੋਂ ਬਚਾਅ
ਸੁਪਰੀਮ ਕੋਰਟ ਦੇ ਇਕ ਬੁਲਾਰੇ ਵਲੋਂ ਦਾਇਰ ਇਕ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਇਤਰਾਜ਼ਯੋਗ ਸਮੱਗਰੀ ਦੇ ਪ੍ਰਸਾਰ ਉੱਪਰ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਚੁੱਕਾ ਹੈ। ਜੇਕਰ ਭਾਰਤ ਸਰਕਾਰ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਇਸ ਅਨੈਤਿਕ ਪਸਾਰੇ ਨੂੰ ਰੋਕਣ ਲਈ ਮਜਬੂਰ ਕਰ ਦਿੰਦੀ ਹੈ ਤਾਂ ਨਿਰਸੰਦੇਹ ਬੱਚੇ ਮਾਨਸਿਕ ਪ੍ਰਦੂਸ਼ਣ ਤੋਂ ਬਚ ਸਕਣਗੇ। ਬਿਨਾਂ ਸ਼ੱਕ ਹਿੰਸਾ ਅਤੇ ਰੇਪ ਜਾਂ ਗੈਂਗਰੇਪ ਵਰਗੀਆਂ ਘਟਨਾਵਾਂ ਵੀ ਘੱਟ ਹੋਣਗੀਆਂ। ਜਿਸ ਨੇ ਇੰਟਰਨੈੱਟ ਨੂੰ ਕੇਵਲ ਗਿਆਨ-ਵਿਗਿਆਨ ਲਈ ਖੋਲ੍ਹਿਆ ਹੁੰਦਾ ਹੈ ਤਾਂ ਉਸ ਨੂੰ ਬਿਨਾਂ ਮੰਗ ਅਸ਼ਲੀਲ ਜਾਂ ਲੱਚਰ ਪਰੋਸਿਆ ਜਾਣਾ ਇਕ ਅਪਰਾਧ ਹੀ ਮੰਨਿਆ ਜਾਣਾ ਚਾਹੀਦਾ ਹੈ।


-ਰਸ਼ਪਾਲ ਸਿੰਘ ਸੋਸ਼ਿਆਲੋਜਿਸਟ
ਸ਼ੁਭ ਕਰਮਨ ਸੁਸਾਇਟੀ, ਟਾਂਡਾ ਰੋਡ, ਹੁਸ਼ਿਆਰਪੁਰ।


ਬਚਪਨ
ਪ੍ਰਿੰਸੀਪਲ ਵਿਜੈ ਕੁਮਾਰ ਦਾ ਲੇਖ 'ਕਿਉਂ ਰੁਲ ਗਿਆ ਹੈ ਨਹਿਰੂ ਦੇ ਸੁਪਨਿਆਂ ਦਾ ਬਚਪਨ', ਪੜ੍ਹਿਆ, ਬਹੁਤ ਵਧੀਆ ਲੱਗਾ। ਸੱਚਮੁਚ ਹੀ ਅੱਜ ਪੜ੍ਹਾਈ ਦੇ ਬੋਝ ਅਤੇ ਇਕਸਾਰਤਾ ਨਾ ਹੋਣ ਕਾਰਨ ਬਚਪਨ ਰੁਲ ਗਿਆ ਹੈ। ਗ਼ਰੀਬ ਬੱਚਿਆਂ ਦਾ ਵੀ ਪੜ੍ਹਨ ਨੂੰ ਦਿਲ ਕਰਦਾ ਹੈ ਪਰ ਮਾੜੀ ਆਰਥਿਕਤਾ ਅਤੇ ਮਹਿੰਗੀ ਪੜ੍ਹਾਈ ਉਨ੍ਹਾਂ ਨੂੰ ਪੜ੍ਹਨ ਦੀ ਆਗਿਆ ਨਹੀਂ ਦਿੰਦੀ। ਜੋ ਬੱਚੇ ਆਰਥਿਕ ਤੌਰ 'ਤੇ ਮਜ਼ਬੂਤ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ, ਉਨ੍ਹਾਂ 'ਤੇ ਨਿੱਜੀ ਸਕੂਲਾਂ ਵਲੋਂ ਪੜ੍ਹਾਈ ਦਾ ਏਨਾ ਕੁ ਬੋਝ ਪਾਇਆ ਹੋਇਆ ਹੈ ਕਿ ਉਹ ਖੇਡਣ ਬਾਰੇ ਸੋਚ ਵੀ ਨਹੀਂ ਸਕਦੇ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਸਿੱਖਿਆ ਨੀਤੀ ਵਿਚ ਸੁਧਾਰ ਕਰਨ ਤਾਂ ਕਿ ਪੜ੍ਹਾਈ ਹਰ ਬੱਚੇ ਦੀ ਪਹੁੰਚ ਵਿਚ ਹੋਵੇ ਅਤੇ ਜੋ ਪੜ੍ਹ ਰਹੇ ਹਨ, ਉਨ੍ਹਾਂ ਦੇ ਦਿਮਾਗ ਤੋਂ ਬੇਲੋੜਾ ਬੋਝ ਘਟਾਇਆ ਜਾਵੇ ਤਾਂ ਕਿ ਉਹ ਅਣਮੁੱਲੇ ਬਚਪਨ ਦਾ ਸੁਚੱਜੇ ਢੰਗ ਨਾਲ ਅਨੰਦ ਮਾਣ ਸਕਣ।


-ਲੱਕੀ ਚਾਵਲਾ ਮੁਕਤਸਰ
ਸ੍ਰੀ ਮੁਕਤਸਰ ਸਾਹਿਬ।

06-12-2017

 ਚਿੰਤਾ ਦਾ ਵਿਸ਼ਾ
ਦੇਸ਼ ਮੰਦੀ ਦੀ ਮਾਰ ਹੇਠ ਹੈ। ਮਹਾਨ ਅਰਥ ਸ਼ਾਸਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਵੀ ਦੇਸ਼ ਦੀ ਡਾਵਾਂਡੋਲ ਹੋਈ ਅਰਥ ਵਿਵਸਥਾ ਬਾਰੇ ਕਈ ਟਿੱਪਣੀਆਂ ਕਰ ਚੱਕੇ ਹਨ, ਪਤਾ ਨਹੀਂ ਕਿਉਂ ਉਨ੍ਹਾਂ ਦੀ ਗੱਲ ਨੂੰ ਨਹੀਂ ਵਿਚਾਰਿਆ ਜਾ ਰਿਹਾ? ਪਹਿਲਾਂ ਨੋਟਬੰਦੀ ਅਤੇ ਫਿਰ ਇਕ ਟੈਕਸ ਪ੍ਰਣਾਲੀ ਨੇ ਦੇਸ਼ ਦੇ ਕੰਮਕਾਰ ਦੀ ਚਾਲ ਬਹੁਤ ਜ਼ਿਆਦਾ ਢਿੱਲੀ ਪਾ ਦਿੱਤੀ ਹੈ। ਕੰਮਕਾਰ ਦਿਨ ਪ੍ਰਤੀ ਦਿਨ ਨਿਘਾਰ ਵੱਲ ਜਾ ਰਿਹਾ ਹੈ। ਅੱਜ ਕੰਮਕਾਰ ਨੂੰ ਲੈ ਕੇ ਹਰ ਬੰਦਾ ਖ਼ੌਫ ਦੇ ਵਿਚ ਹੈ ਕਿ ਪਤਾ ਨਹੀਂ ਆਉਣ ਵਾਲੇ ਸਮੇਂ ਵਿਚ ਕੀ ਬਣੇਗਾ? ਛੇਤੀ ਹੀ ਜੇ ਕੇਂਦਰ ਦੀ ਸਰਕਾਰ ਜ਼ਮੀਨੀ ਹਕੀਕਤ ਨੂੰ ਸਮਝ ਕੇ ਇਸ ਬਾਰੇ ਕੋਈ ਠੋਸ ਕਦਮ ਨਹੀਂ ਚੁੱਕੇਗੀ ਤਾਂ ਹਾਲਾਤ ਹੋਰ ਮਾੜੇ ਹੋਣ ਦੇ ਆਸਾਰ ਹਨ।


-ਜੀਤ ਹਰਜੀਤ
ਪ੍ਰੀਤ ਨਗਰ ਹਰੇੜੀ ਰੋਡ, ਸੰਗਰੂਰ।


ਆਵਾਰਾ ਪਸ਼ੂ
ਅੱਜ ਅਵਾਰਾ ਪਸ਼ੂਆਂ ਦੀ ਸਮੱਸਿਆ ਸਭ ਤੋਂ ਚਿੰਤਾਜਨਕ ਵਿਸ਼ਾ ਹੈ ਜਿਸ ਤੋਂ ਦੇਸ਼ ਦਾ ਹਰ ਵਰਗ ਪ੍ਰੇਸ਼ਾਨ ਹੈ ਪਰ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਕਿਸਾਨਾਂ ਨੂੰ ਝੱਲਣੀ ਪੈ ਰਹੀ ਹੈ। ਕਿਸਾਨ ਨੂੰ ਇਕ ਕਰਜ਼ੇ ਦੀ ਮਾਰ ਦੂੁਜੀ ਸਰਕਾਰਾਂ ਦੀ ਅਣਦੇਖੀ, ਨਕਲੀ ਕੀਟਨਾਸ਼ਕ ਦਵਾਈਆਂ, ਨਕਲੀ ਰੇਹਾਂ, ਨਕਲੀ ਬੀਜਾਂ, ਮੌਸਮ ਦੀ ਕਰੋਪੀ ਦੀ ਮਾਰ ਤਾਂ ਝੱਲਣੀ ਪੈਂਦੀ ਹੈ ਪਰ ਕਿਸਾਨਾਂ ਦੀ ਆਰਥਿਕਤਾ ਨੂੰ ਅਵਾਰਾ ਪਸ਼ੂ ਵੀ ਬਹੁਤ ਜ਼ਿਆਦਾ ਸੱਟ ਮਾਰ ਰਹੇ ਹਨ। ਇਨ੍ਹਾਂ ਆਵਾਰਾ ਪਸ਼ੂਆਂ ਦੇ ਕਾਰਨ ਪਿੰਡਾਂ ਦੀ ਭਾਈਚਾਰਕ ਸਾਂਝ ਵਿਚ ਵੀ ਤਰੇੜਾਂ ਆ ਰਹੀਆਂ ਹਨ। ਇਨ੍ਹਾਂ ਆਵਾਰਾ ਪਸ਼ੂਆਂ ਤੋਂ ਰਾਖੀ ਲਈ ਕਿਸਾਨਾਂ ਨੂੰ ਗਰਮੀ ਅਤੇ ਸਰਦੀ ਦੇ ਮੌਸਮ ਵਿਚ ਰਾਤਾਂ ਖੇਤਾਂ ਵਿਚ ਕੱਟਣੀਆ ਪੈਂਦੀਆਂ ਹਨ। ਇਸ ਤੋਂ ਇਲਾਵਾ ਇਨ੍ਹਾਂ ਅਵਾਰਾ ਪਸ਼ੂਆਂ ਕਾਰਨ ਸੜਕਾਂ 'ਤੇ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ। ਇਸ ਮਸਲੇ ਨੂੰ ਵਿਚਾਰਨਾ ਚਾਹੀਦਾ ਹੈ ਤਾਂ ਕਿ ਇਸ ਦਾ ਕੋਈ ਠੋਸ ਹੱਲ ਲੱਭਿਆ ਜਾ ਸਕੇ। ਜੇਕਰ ਸਮਾਂ ਰਹਿੰਦਿਆਂ ਅਜਿਹਾ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਅਵਾਰਾ ਪਸ਼ੂਆਂ ਦੀ ਭਰਮਾਰ ਕਾਰਨ ਵੱਡਾ ਸੰਕਟ ਖੜ੍ਹਾ ਹੋ ਜਾਵੇਗਾ।


-ਅਵਤਾਰ ਸਿੰਘ ਧਾਲੀਵਾਲ
ਪਿੰਡ 'ਤੇ ਡਾਕ: ਦਿਆਲਪੁਰਾ ਭਾਈਕਾ (ਬਠਿੰਡਾ)।


ਪ੍ਰੀ ਪ੍ਰਾਇਮਰੀ ਸਿੱਖਿਆ
ਪ੍ਰਾਇਮਰੀ ਸਿੱਖਿਆ ਸੰਸਥਾਵਾਂ ਵਿਚ ਪ੍ਰੀ ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਹੋ ਚੁੱਕੀ ਹੈ। 3-6 ਸਾਲ ਦੇ ਬੱਚਿਆਂ ਨੂੰ 3 ਕੁ ਘੰਟੇ ਦੀ ਸਿੱਖਿਆ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ। ਬੱਚੇ ਇਸ ਸਿੱਖਿਆ ਨਾਲ ਅਗਲੇਰੀਆਂ ਜਮਾਤਾਂ ਲਈ ਮਾਨਸਿਕ, ਬੌਧਿਕ ਅਤੇ ਸਮਾਜਿਕ ਤੌਰ ਪੂਰਨ ਵਿਕਸਿਤ ਹੋ ਜਾਣਗੇ। ਬੇਸ਼ੱਕ ਪੰਜਾਬ ਸਰਕਾਰ ਦਾ ਇਹ ਸ਼ਲਾਘਾਯੋਗ ਉਪਰਾਲਾ ਹੈ। ਪਰ ਇਸ ਸਿੱਖਿਆ ਨਾਲ ਕਈ ਸਮੱਸਿਆਵਾਂ ਵੀ ਜੁੜੀਆਂ ਹਨ ਜਿਵੇਂ ਆਂਗਣਵਾੜੀ ਵਿਚ ਬੱਚਿਆਂ ਦੀ ਘਾਟ ਹੋਣ ਕਾਰਨ ਕਰਮਚਾਰੀਆਂ ਵਿਚ ਨੌਕਰੀ ਦੀ ਅਸਥਿਰਤਾ ਦਾ ਡਰ, ਕਈ ਪ੍ਰਾਇਮਰੀ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ, ਛੋਟੇ ਬੱਚਿਆਂ ਦੀ ਦੇਖਭਾਲ ਲਈ ਅਧਿਆਪਕ ਨੂੰ ਦਰਜਾ ਚਾਰ ਕਰਮਚਾਰੀਆਂ ਦੀ ਲੋੜ ਆਦਿ ਕਈ ਸਮੱਸਿਆਂਵਾਂ ਹਨ ਜਿਨ੍ਹਾਂ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਅਤੇ ਢੁਕਵਾਂ ਹੱਲ ਲੱਭਣਾ ਚਾਹੀਦਾ ਹੈ।


-ਅੰਮ੍ਰਿਤਪਾਲ ਸਿੰਘ
ਐਸ.ਐਸ. ਮਾਸਟਰ।

04-12-2017

 ਗੰਨੇ ਦੇ ਭਾਅ 'ਚ ਨਿਗੁਣਾ ਵਾਧਾ
ਸਿਰ 'ਤੇ ਕਰਜ਼ੇ ਦੀ ਪੰਡ ਚੁੱਕੀ ਜ਼ਿੰਦਗੀ ਦੇ ਕੀਮਤੀ ਰਾਹਾਂ ਨੂੰ ਦਾਅ 'ਤੇ ਲਾ ਕੇ ਆਪਣੇ ਖ਼ੂਨ-ਪਸੀਨੇ ਨਾਲ ਖੇਤਾਂ ਨੂੰ ਸਿੰਜ ਕੇ ਪਾਲੀ ਹੋਈ ਫ਼ਸਲ ਦੀ ਕਿਸਾਨ ਨੂੰ ਪੁੱਤਰ ਵਰਗੀ ਆਸ ਹੁੰਦੀ ਹੈ। ਹਰ ਸਾਲ ਚੰਗੇ ਭਾਅ ਦੀ ਆਸ ਨਾਲ ਕਿਸਾਨ ਆਪਣੇ ਖੇਤਾਂ ਵਿਚ ਦਿਲੋ-ਜਾਨ ਨਾਲ ਮਿਹਨਤ ਕਰਦਾ ਹੈ ਪਰ ਪਿਛੋਕੜ ਗਵਾਹ ਹੈ ਕਿ ਕਿਸਾਨੀ ਨੂੰ ਕਦੇ ਵੀ ਮੁਨਾਫ਼ਾ ਨਹੀਂ ਹੋਇਆ ਕਿਉਂਕਿ ਕਦੇ ਮੌਸਮ ਦੀ ਖਰਾਬੀ ਕਰਕੇ ਅਤੇ ਕਦੇ ਸਰਕਾਰਾਂ ਦੀ ਅਣਦੇਖੀ ਕਰਕੇ ਕਿਸਾਨ ਨੂੰ ਘਾਟਾ ਸਹਿਣਾ ਪੈਂਦਾ ਹੈ। ਇਸ ਵਾਰ ਜੀ.ਐਸ.ਟੀ. ਨੇ ਜਿਥੇ ਪਹਿਲਾਂ ਹੀ ਕਿਸਾਨੀ ਦਾ ਲੱਕ ਤੋੜ ਦਿੱਤਾ ਹੈ, ਉਥੇ ਡੀਜ਼ਲ ਦੀਆਂ ਕੀਮਤਾਂ 'ਚ ਦਿਨੋ-ਦਿਨ ਵਾਧਾ ਹੋਣਾ ਹੋਰ ਵੀ ਮਾਰੂ ਸਾਬਤ ਹੋ ਰਿਹਾ ਹੈ। ਕਿਸਾਨਾਂ ਨੂੰ ਆਸ ਸੀ ਕਿ ਇਸ ਵਾਰ ਗੰਨੇ ਦੇ ਭਾਅ 'ਚ ਚੋਖਾ ਵਾਧਾ ਹੋਵੇਗਾ, ਖੇਤੀ ਦੇ ਧੰਦੇ ਨਾਲ ਜੁੜੇ ਹਰੇਕ ਵਿਅਕਤੀ ਨੂੰ ਪੂਰੀ ਉਮੀਦ ਸੀ ਕਿ ਸਰਕਾਰ ਏਨਾ ਭਾਅ ਤਾਂ ਦੇਵੇਗੀ ਹੀ ਜਿਸ ਨਾਲ ਕਿਸਾਨ ਆਪਣਾ ਗੁਜ਼ਾਰਾ ਕਰ ਸਕਣ ਪਰ ਸਰਕਾਰ ਨੇ ਮਹਿੰਗਾਈ ਦੇ ਇਸ ਦੌਰ ਵਿਚ ਗੰਨੇ ਦੇ ਸਮਰਥਨ ਮੁੱਲ ਵਿਚ ਸਿਰਫ਼ 10 ਰੁਪਏ ਦਾ ਨਿਗੂਣਾ ਜਿਹਾ ਵਾਧਾ ਕਰਨ ਦਾ ਐਲਾਨ ਕੀਤਾ ਹੈ ਜੋ ਕਿਸਾਨੀ ਨਾਲ ਕੋਝਾ ਮਜ਼ਾਕ ਹੈ।


-ਪ੍ਰੋ: ਮਨਪ੍ਰੀਤ ਗੁਰਾਇਆ
ਪਿੰਡ ਸ਼ੇਖਾ, ਡਾਕ: ਮਗਰਮੂਦੀਆ, ਜ਼ਿਲ੍ਹਾ ਗੁਰਦਾਸਪੁਰ।


ਦਿਸ਼ਾਹੀਣ ਹੁੰਦੀ ਨੌਜਵਾਨੀ
ਕਿਸੇ ਵੀ ਦੇਸ਼ ਨੂੰ ਨੌਜਵਾਨਾਂ ਤੋਂ ਬਹੁਤ ਉਮੀਦਾਂ ਹੁੰਦੀਆਂ ਹਨ। ਪਰ ਪਿਛਲੇ ਸਮੇਂ ਤੋਂ ਪੰਜਾਬ ਦੇ ਨੌਜਵਾਨ ਬੇਰੁਜ਼ਗਾਰੀ ਦਾ ਸ਼ਿਕਾਰ ਹੋ ਰਹੇ ਹਨ। ਉਹ ਆਪਣਾ ਭਵਿੱਖ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ, ਜਿਸ ਕਰਕੇ ਉਹ ਆਪਣੇ ਟੀਚੇ ਤੋਂ ਭਟਕ ਕੇ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ ਜਾਂ ਵਿਦੇਸ਼ਾਂ 'ਚ ਜਾਣ ਲਈ ਸਿੱਧੇ-ਅਸਿੱਧੇ ਢੰਗ-ਤਰੀਕੇ ਅਪਣਾ ਰਹੇ ਹਨ। ਜ਼ਿਆਦਾਤਰ ਨੌਜਵਾਨ ਤਾਂ ਹਿੰਸਕ ਗਤੀਵਿਧੀਆਂ ਵੀ ਕਰਨ ਲੱਗੇ ਹਨ। ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਪ੍ਰਾਈਵੇਟ ਜਾਂ ਸਰਕਾਰੀ ਸੈਕਟਰ ਵਿਚ ਨੌਜਵਾਨ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣ।


-ਕਮਲ ਕੋਟਲੀ


ਕੀ ਇਨਸਾਨੀਅਤ...?
ਅੱਜ ਸਾਡੇ ਆਲੇ-ਦੁਆਲੇ ਜਦੋਂ ਵੀ ਕੋਈ ਦੁਰਘਟਨਾ, ਅਣਹੋਣੀ ਜਾਂ ਗ਼ੈਰ-ਕੁਦਰਤੀ ਘਟਨਾ ਵਾਪਰਦੀ ਹੈ ਤਾਂ ਅਕਸਰ ਹੀ ਕਈ ਥਾਵਾਂ 'ਤੇ ਕਈ ਲੋਕ ਝਟਪਟ ਮੋਬਾਈਲ ਫੋਨਾਂ 'ਤੇ ਉਸ ਦੀ ਵੀਡੀਓ ਬਣਾਉਣ ਜਾਂ ਫੋਟੋ ਖਿੱਚਣ ਲੱਗ ਪੈਂਦੇ ਹਨ ਅਤੇ ਦੁਰਘਟਨਾ ਦਾ ਸ਼ਿਕਾਰ ਹੋਇਆ ਮਨੁੱਖ ਮਾਨਵਤਾ ਅਤੇ ਸਾਡੇ ਇਖਲਾਕ 'ਤੇ ਅੱਥਰੂ ਵਹਾਉਂਦਾ ਹੋਇਆ ਜ਼ਿੰਦਗੀ-ਮੌਤ ਦੀ ਜੰਗ ਲੜ ਰਿਹਾ ਹੁੰਦਾ ਹੈ। ਕੁਝ ਮਰੀ ਹੋਈ ਜ਼ਮੀਰ ਵਾਲੇ ਅਤੇ ਗ਼ੈਰ-ਅਣਖੀ ਬੰਦੇ ਅਜਿਹੇ ਨਾਜ਼ੁਕ ਸਮੇਂ ਦੌਰਾਨ ਵੀ ਜ਼ਰੂਰਤਮੰਦ ਬੰਦੇ ਦੀ ਮਦਦ ਕਰਨ ਦੀ ਥਾਂ ਆਪਣੇ ਮਨੋਰੰਜਨ ਲਈ ਕੁਝ ਲੱਭ ਰਹੇ ਹੁੰਦੇ ਹਨ। ਕਿਸੇ 'ਤੇ ਆਈ ਹੋਈ ਮੁਸੀਬਤ ਸਮੇਂ ਉਸਦੀ ਸਹਾਇਤਾ ਕਰਨ ਦੀ ਥਾਂ ਉਸ ਦੀ ਵੀਡੀਓ ਬਣਾਉਣਾ ਜਾਂ ਉਸ ਦੀਆਂ ਫੋਟੋਆਂ ਮੋਬਾਈਲ ਫੋਨਾਂ 'ਤੇ ਖਿੱਚਣਾ ਕਿਸੇ ਵੀ ਤਰ੍ਹਾਂ ਸਹੀ ਤੇ ਉਸਾਰੂ ਸੋਚ ਦਾ ਪ੍ਰਤੀਕ ਨਹੀਂ ਹੋ ਸਕਦਾ। ਇਹ ਤਾਂ ਕੇਵਲ ਮਰ-ਮੁੱਕ ਚੁੱਕੀ ਇਨਸਾਨੀਅਤ ਦੀ ਨਿਸ਼ਾਨੀ ਹੀ ਹੋ ਸਕਦਾ ਹੈ।


-ਮਾ: ਸੰਜੀਵ ਧਰਮਾਣੀ
ਪਿੰਡ ਸੱਧੇਵਾਲ, ਡਾਕ: ਗੰਗੂਵਾਲ, ਤਹਿ: ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ)।


ਝੀਲਾਂ ਵੱਲ ਉਡਾਰੀ
ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਪ੍ਰਵਾਸੀ ਪੰਛੀਆਂ ਨੇ ਝੀਲਾਂ ਖਾਸ ਕਰਕੇ ਹਰੀਕੇ ਝੀਲ ਵੱਲ ਨੂੰ ਉਡਾਰੀ ਭਰ ਲਈ ਹੈ। ਹਰੀਕੇ ਝੀਲ ਜੋ ਨੂੰ ਬਿਆਸ-ਸਤਲੁਜ ਦਰਿਆਵਾਂ ਦਾ ਮਿਲਾਪ ਸਥਾਨ ਹੈ, ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਵਾਸੀ ਪੰਛੀਆਂ ਨੇ ਵੱਡੀ ਗਿਣਤੀ 'ਚ ਆਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਇਹ ਪੰਛੀ ਅਠਖੇਲੀਆਂ ਕਰਦੇ ਹਰ ਇਕ ਦਾ ਮਨ ਮੋਹ ਰਹੇ ਹਨ। ਹਰੀਕੇ ਝੀਲ ਤੋਂ ਇਲਾਵਾ ਦੇਸ਼ ਦੇ ਹੋਰ, ਦਰਿਆਵਾਂ, ਝੀਲਾਂ, ਪੱਤਣਾਂ ਵੱਲ ਪ੍ਰਵਾਸੀ ਪੰਛੀਆਂ ਦੀ ਆਮਦ ਜਾਰੀ ਹੈ। ਪ੍ਰਵਾਸੀ ਪੰਛੀਆਂ ਦੇ ਆਉਣ ਦਾ ਅਸਲ ਕਾਰਨ ਸਰਦੀ ਦੀ ਰੁੱਤ ਇਥੇ ਬਤੀਤ ਕਰਨਾ ਹੈ। ਪ੍ਰਵਾਸੀ ਪੰਛੀਆਂ ਵਲੋਂ ਹਜ਼ਾਰਾਂ ਕਿਲੋਮੀਟਰ ਦੂਰੋਂ ਘੱਤੀਆਂ ਵਹੀਰਾਂ ਆਲਸੀ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਬਣ ਗਈਆਂ ਹਨ। ਇਹ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਹਰ ਪਲ ਉਡਾਰੀ ਭਰੀ ਰੱਖਦੇ ਹਨ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।

27-11-2017

 ਕੀ ਅਸੀਂ ਪੰਜਾਬੀ ਹਾਂ?
ਪੰਜਾਬ ਵਿਚ ਹੀ ਸਾਡੀ ਮਾਤ-ਭਾਸ਼ਾ ਪੰਜਾਬੀ ਨਾਲ ਮਤਰੇਈ ਮਾਂ ਵਾਂਗ ਹੋ ਰਹੇ ਵਿਵਹਾਰ ਨੂੰ ਦੇਖ ਕੇ ਇੰਜ ਲੱਗ ਰਿਹਾ ਹੈ ਕਿ ਅਸੀਂ ਪੰਜਾਬੀ ਹਾਂ। ਪੰਜਾਬੀ ਸੂਬੇ ਅੰਦਰ ਹੀ ਪੰਜਾਬੀ ਭਾਸ਼ਾ ਦੇ ਬੋਲਣ ਤੇ ਲਿਖਣ ਉੱਪਰ ਪਾਬੰਦੀਆਂ ਇਸ ਦੀ ਸੁਤੰਤਰਤਾ 'ਤੇ ਸਵਾਲੀਆ ਚਿੰਨ੍ਹ ਲਗਾ ਰਹੀਆਂ ਹਨ। ਪੰਜ ਦਰਿਆਵਾਂ ਦੀ ਧਰਤੀ ਉੱਪਰ ਖੁੱਲ੍ਹੇ ਵਿਦਿਅਕ ਅਦਾਰੇ ਹੀ ਇਸ ਤੋਂ ਮੋਹ ਭੰਗ ਕਰ ਚੁੱਕੇ ਹਨ। ਕਈ ਵਾਰ ਮਹਿਸੂਸ ਹੁੰਦਾ ਹੈ ਕਿ ਲਾਜ਼ਮੀ ਪੰਜਾਬੀ ਕਿਧਰੇ ਕਿਤਾਬਾਂ ਵਿਚ ਹੀ ਨਾ ਰਹਿ ਜਾਵੇ। ਸੂਬਾ ਸਰਕਾਰਾਂ ਨੂੰ ਵੀ ਇਸ ਦੇ ਉਥਾਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ, ਅਜਿਹਾ ਨਾ ਹੋਵੇ ਕਿ ਪੰਜਾਬੀ ਭਾਸ਼ਾ ਪ੍ਰਤੀ ਸਾਡੀ ਨਜ਼ਰ-ਅੰਦਾਜ ਸੋਚ ਤੇ ਲਾਪ੍ਰਵਾਹੀ ਵਿਦੇਸ਼ੀ ਵਸਤੂਆਂ ਵਾਂਗ ਵਿਦੇਸ਼ੀ ਭਾਸ਼ਾਵਾਂ ਨੂੰ ਪਨਾਹ ਦੇ ਦੇਵੇ ਤੇ ਅਸੀਂ ਆਪਣੀ ਪਹਿਚਾਣ ਨੂੰ ਲੱਭਦੇ ਰਹੀਏ।


-ਰਵਿੰਦਰ ਸਿੰਘ ਰੇਸ਼ਮ
ਪਿੰਡ ਉਮਰਪੁਰਾ (ਨੱਥੂਮਾਜਰਾ) ਸੰਗਰੂਰ।


ਪਦਾਰਥਵਾਦੀ
ਮਨੁੱਖ ਇਕ ਅਜਿਹਾ ਸਮਾਜਿਕ ਪ੍ਰਾਣੀ ਹੈ, ਜਿਸ ਨੇ ਆਪਣੀ ਦੁਨੀਆ ਵਸਾਈ ਹੋਈ ਹੈ। ਉਹ ਸਭ ਕੁਝ ਆਪਣੇ ਹੱਥ ਵਿਚ ਲੈ ਲੈਣਾ ਚਾਹੁੰਦਾ ਹੈ। ਉਸ ਦੀਆਂ ਲੋੜਾਂ ਬਹੁਤ ਵਧ ਗਈਆਂ ਹਨ। ਉਹ ਆਪਣੇ ਪਰਿਵਾਰ ਨੂੰ ਪਦਾਰਥਵਾਦੀ ਚੀਜ਼ਾਂ ਤਾਂ ਮੁਹੱਈਆ ਕਰਵਾ ਰਿਹਾ ਹੈ ਪਰ ਉਸ ਕੋਲ ਪਰਿਵਾਰ ਲਈ ਸਮਾਂ ਨਹੀਂ ਹੈ। ਅੱਜ ਦੇ ਸਮੇਂ ਵਿਚ ਪੈਸਾ ਹੀ ਪ੍ਰਮੁੱਖ ਹੋ ਗਿਆ ਹੈ। ਮਨੁੱਖ ਦੀ ਅਭਿਲਾਸਾ ਕਦੇ ਪੂਰੀ ਨਹੀਂ ਹੋ ਸਕਦੀ। ਪੁਰਾਣੇ ਸਮਿਆਂ ਵਿਚ ਮਨੁੱਖ ਦੀਆਂ ਲੋੜਾਂ ਸੀਮਤ ਸਨ। ਉਸ ਸਮੇਂ ਇੰਨੀ ਤਕਨੀਕ ਨਹੀਂ ਸੀ ਪਰ ਲੋਕ ਖੁਸ਼ ਸਨ। ਉਸ ਸਮੇਂ ਪਰਿਵਾਰ ਸਾਂਝੇ ਸਨ। ਲੋਕਾਂ ਵਿਚ ਪਿਆਰ ਸੀ। ਉਹ ਇਕ-ਦੂਜੇ ਦੇ ਦੁੱਖ-ਸੁੱਖ ਵਿਚ ਸ਼ਾਮਿਲ ਹੁੰਦੇ ਸਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੈਸਾ ਜੀਵਨ ਲਈ ਜ਼ਰੂਰੀ ਹੈ ਪਰ ਪੈਸਾ ਜ਼ਿੰਦਗੀ ਨਹੀਂ। ਆਪਣੇ-ਆਪ ਨੂੰ, ਪਰਿਵਾਰ ਨੂੰ ਸਮਾਂ ਦੇਣਾ ਚਾਹੀਦਾ ਹੈ। ਕੁਦਰਤ ਨਾਲ ਪਿਆਰ ਕਰਨਾ ਚਾਹੀਦਾ ਹੈ।


-ਕਮਲ ਕੋਟਲੀ


ਧੂੰਆਂ ਤੇ ਪੰਜਾਬ
ਜਲੰਧਰ ਤੋਂ ਮੇਜਰ ਸਿੰਘ ਦੀ ਰਿਪੋਰਟ 'ਧੂੰਏਂ ਦੀ ਚਾਦਰ 'ਚ ਲਿਪਟਿਆ ਪੰਜਾਬ-ਬਿਮਾਰੀਆਂ 'ਚ ਘਿਰੇ ਲੋਕ' ਸਾਨੂੰ ਸਭ ਨੂੰ ਸੋਚਣ ਲਈ ਮਜਬੂਰ ਕਰਦੀ ਹੈ। ਮੌਕੇ ਦੀਆਂ ਸਰਕਾਰਾਂ ਨੇ ਆਮ ਜਨਤਾ ਦੀ ਸਿਹਤ ਨੂੰ ਅੱਖੋਂ ਓਹਲੇ ਕਰਕੇ ਚੌਧਰਦਾਰਾਂ ਦੀ ਅੜੀ 'ਤੇ ਫੁੱਲ ਚੜ੍ਹਾਏ ਅਤੇ ਅਧਿਕਾਰੀਆਂ ਨੂੰ ਪਰਾਲੀ ਸਾੜਨ ਵਾਲਿਆਂ ਖਿਲਾਫ਼ ਕਾਰਵਾਈ ਨਾ ਕਰਨ ਦਾ ਹੁਕਮ ਸੁਣਾ ਕੇ ਆਪਣਾ ਵੋਟ ਬੈਂਕ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਤੋਂ ਨਿਕਲਣ ਵਾਲੇ ਸਿੱਟਿਆਂ ਅਤੇ ਹੋਣ ਵਾਲੇ ਮਾਰੂ ਅਤੇ ਖਤਰਨਾਕ ਪ੍ਰਭਾਵਾਂ ਨਾਲ ਨਜਿੱਠਣ ਲਈ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤੇ। ਬਿਨਾਂ ਸ਼ੱਕ ਅੱਜ ਪੰਜਾਬ 'ਚ ਪ੍ਰਦੂਸ਼ਣ ਕਾਰਨ ਵਾਤਾਵਰਨ ਵਿਚ ਜ਼ਹਿਰੀਲੀਆਂ ਗੈਸਾਂ ਦਾ ਪੱਧਰ ਆਮ ਨਾਲੋਂ ਕਈ ਗੁਣਾ ਜ਼ਿਆਦਾ ਹੈ, ਜਿਸ ਨਾਲ ਬਹੁਤ ਲੋਕ ਬਿਮਾਰ ਹੋ ਗਏ ਹਨ। ਭਵਿੱਖ ਦੇ ਖ਼ਤਰੇ ਨੂੰ ਦੇਖਦਿਆਂ ਇਸ ਤੋਂ ਛੁਟਕਾਰਾ ਪਾਉਣ ਲਈ ਸਮਾਜਸੇਵੀ ਸੰਸਥਾਵਾਂ ਦੀ ਮਦਦ ਨਾਲ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ ਅਤੇ ਪਰਾਲੀ ਨੂੰ ਸਾਂਭਣ ਲਈ ਲੋੜੀਂਦੇ ਪ੍ਰਬੰਧ ਹੁਣੇ ਤੋਂ ਜੁਟਾਉਣੇ ਸ਼ੁਰੂ ਕਰ ਦੇਣੇ ਚਾਹੀਦੇ ਹਨ।


-ਸਤਨਾਮ ਸਿੰਘ ਮੱਟੂ
ਬੀਂਬੜ ਸੰਗਰੂਰ।


ਸਰਗੋਸ਼ੀਆਂ
ਕਈ ਵਾਰ ਅਸੀਂ ਕਈ ਅਖ਼ਬਾਰਾਂ ਵਿਚ ਹਫ਼ਤਾਵਾਰੀ ਕਾਲਮ ਆਦਿ ਪੜ੍ਹਦੇ ਹਾਂ, ਜੋ ਖਾਸ ਕਾਲਮ ਨਵੀਸਾਂ ਵਲੋਂ ਖਾਸ ਹੀ ਲਿਖੇ ਜਾਂਦੇ ਹਨ। ਇਸੇ ਤਰ੍ਹਾਂ ਹੀ 'ਅਜੀਤ' ਵਿਚ ਲੰਮੇ ਸਮੇਂ ਤੋਂ ਹਫ਼ਤਾਵਾਰੀ ਕਾਲਮ ਸਰਗੋਸ਼ੀਆਂ ਪੜ੍ਹਨ ਨੂੰ ਮਿਲ ਰਿਹਾ ਹੈ। ਪੰਜਾਬ ਨਾਲ ਜੁੜੀ ਹਰ ਗੱਲਬਾਤ ਨੂੰ ਸਚਾਈ ਤੇ ਰੌਚਿਕਤਾ ਨਾਲ ਪੇਸ਼ ਕੀਤਾ ਜਾਂਦਾ ਹੈ ਜੋ ਕਿ ਹਰ ਪਾਸਿਆਂ ਤੋਂ ਕਾਬਲ-ਏ-ਤਾਰੀਫ਼ ਹੁੰਦਾ ਹੈ। ਮੌਜੂਦਾ ਸਮੇਂ ਚੱਲ ਰਹੀ ਅਕਾਲੀ ਰਾਜਨੀਤੀ 'ਤੇ ਖਰੀਆਂ-ਖਰੀਆਂ ਗੱਲਾਂ ਬਾਰੇ ਇਹ ਕਾਲਮ ਪੂਰੀ ਤਰ੍ਹਾਂ ਖੁਭ ਕੇ ਅਕਾਲੀ ਦਲ ਦੇ ਆਗੂ ਪੜ੍ਹ-ਲੈਣ ਤਾਂ ਉਨ੍ਹਾਂ ਨੂੰ ਆਪਣੇ ਕੀਤੇ 'ਤੇ ਪਛਤਾਵਾ ਤਾਂ ਹੋਵੇਗਾ ਹੀ ਤੇ ਨਾਲ ਹੀ ਵਧੀਆ ਸਬਕ ਵੀ ਸਿੱਖਿਆ ਜਾ ਸਕਦਾ ਹੈ। ਕਿਉਂਕਿ ਚੰਗੇ ਕਲਮਕਾਰ ਨੇ ਤਾਂ ਕਲਮ ਚਲਾ ਕੇ ਸਚਾਈ ਦੱਸਣੀ ਹੁੰਦੀ ਹੈ। ਅਮਲ ਤਾਂ ਉਸ ਨੇ ਕਰਨਾ ਹੈ, ਜਿਸ ਨੂੰ ਲੋੜ ਹੈ। ਇਨ੍ਹਾਂ ਦੀ ਕਲਮ ਤੋਂ ਹੋਰ ਵੀ ਆਸਾਂ ਹਨ ਕਿਉਂਕਿ ਜਨਤਾ ਅੱਗੇ ਸਚਾਈ ਆਉਣੀ ਜ਼ਰੂਰੀ ਹੈ, ਮਸਲਾ ਕੋਈ ਵੀ ਹੋਵੇ।


-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿਆਣਾ)

24-11-2017

 ...ਅਸੀਂ ਕਦੋਂ ਬਦਲਾਂਗੇ?
ਸੰਪਾਦਕੀ ਸਫ਼ੇ 'ਤੇ ਇੰਦਰਜੀਤ ਸਿੰਘ ਕੰਗ ਦਾ ਲੇਖ 'ਵਾਤਾਵਰਨ ਤਾਂ ਬਦਲ ਰਿਹਾ ਹੈ, ਅਸੀਂ ਕਦੋਂ ਬਦਲਾਂਗੇ?' ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਧਿਆਨ ਮੰਗਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮੌਕੇ ਦੀਆਂ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਇਸ ਤਰ੍ਹਾਂ ਦੇ ਲੋਕਾਂ ਦੀ ਸਿਹਤ ਨਾਲ ਜੁੜੇ ਮੁੱਦੇ ਖ਼ਤਮ ਹੋ ਜਾਣ। ਸਰਕਾਰਾਂ ਜਨਤਾ ਦੀ ਸਿਹਤ ਨਾਲ ਖਿਲਵਾੜ ਕਰਕੇ ਰਾਜਨੀਤੀ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੀਆਂ। ਝੋਨੇ ਦੀ ਪਰਾਲੀ ਨੂੰ ਫੂਕਣਾ ਇਕ ਬਹੁਤ ਹੀ ਚਿੰਤਾਜਨਕ ਵਿਸ਼ਾ ਹੈ। ਨੈਸ਼ਨਲ ਗਰੀਨ ਟ੍ਰਿਬਿਊਨਲ ਪਿਛਲੇ ਸਾਲਾਂ ਤੋਂ ਸਰਕਾਰਾਂ ਨੂੰ ਇਸ ਪ੍ਰਤੀ ਸੁਚੇਤ ਕਰਕੇ ਵਾਤਾਵਰਨ ਨੂੰ ਹਾਨੀਕਾਰਕ ਅਤੇ ਜ਼ਹਿਰੀਲੀਆਂ ਗੈਸਾਂ ਤੋਂ ਬਚਾਉਣ ਲਈ ਇਸ ਪ੍ਰਤੀ ਢੁਕਵੇਂ ਪ੍ਰਬੰਧ ਕਰਨ ਦੀਆਂ ਹਦਾਇਤਾਂ ਜਾਰੀ ਕਰਦਾ ਆ ਰਿਹਾ ਹੈ ਪਰ ਸਰਕਾਰਾਂ ਨੇ ਇਸ ਪ੍ਰਤੀ ਅਵੇਸਲਾਪਣ ਧਾਰੀ ਰੱਖਿਆ। ਕੇਂਦਰ ਸਰਕਾਰ ਨੇ ਵੀ ਇਸ ਪ੍ਰਤੀ ਕੋਈ ਦਿਲਚਸਪੀ ਨਹੀਂ ਦਿਖਾਈ, ਜਦ ਕਿ ਦੇਸ਼ ਦੀ ਰਾਜਧਾਨੀ ਵਿਚ ਪਿਛਲੇ ਸਾਲ ਵੀ ਪ੍ਰਦੂਸ਼ਣ ਸਭ ਹੱਦਾਂ ਬੰਨੇ ਪਾਰ ਕਰ ਗਿਆ ਸੀ। ਆਓ ਆਪਾਂ ਸਾਰੇ ਰਲ ਕੇ ਕੁਦਰਤ ਦੀ ਇਸ ਅਮੁੱਲੀ ਦਾਤ ਨੂੰ ਸਾਂਭਣ ਦਾ ਯਤਨ ਕਰੀਏ ਅਤੇ ਧਰਤੀ ਨੂੰ ਹਰਾ ਭਰਿਆ ਬਣਾਉਣ ਲਈ ਵੱਧ ਤੋਂ ਵੱਧ ਦਰੱਖਤ ਲਗਾਈਏ ਅਤੇ ਦੂਜਿਆਂ ਨੂੰ ਵੀ ਪ੍ਰੇਰਿਤ ਕਰੀਏ।

-ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।

ਸਹੀ ਹੱਲ ਲੱਭਣ ਦੀ ਲੋੜ
ਇਸ ਵਿਚ ਕੋਈ ਸ਼ੱਕ ਨਹੀਂ ਕਿ ਵਾਤਾਵਰਨ ਵਿਚ ਲਗਾਤਾਰ ਪ੍ਰਦੂਸ਼ਣ ਵਧ ਰਿਹਾ ਹੈ। ਧਰਤੀ ਦਾ ਤਾਪਮਾਨ ਵਧ ਰਿਹਾ ਹੈ। ਅੱਗ ਲਗਾਉਣ ਨਾਲ ਦਰੱਖਤ ਵੀ ਝੁਲਸ ਜਾਂਦੇ ਹਨ। ਕਿਸਾਨਾਂ ਨੂੰ ਵੀ ਪਤਾ, ਕਿ ਉਨ੍ਹਾਂ ਨੇ ਵੀ ਉਸ ਕੁਦਰਤ ਵਿਚ ਜ਼ਿੰਦਗੀ ਬਤੀਤ ਕਰਨੀ ਹੈ। ਕਿਸਾਨਾਂ ਨੂੰ ਵੀ ਇਸ ਗੱਲ ਦਾ ਇਲਮ ਹੈ ਕਿ ਪਰਾਲੀ ਨੂੰ ਸਾੜਨ ਨਾਲ ਧਰਤੀ ਦੀ ਉਪਜਾਊ ਸ਼ਕਤੀ ਘਟਦੀ ਹੈ। ਮਿੱਤਰ ਕੀੜੇ ਨਸ਼ਟ ਹੋ ਜਾਂਦੇ ਹਨ। ਕਿਸਾਨਾਂ ਨੂੰ ਪਰਾਲੀ ਦਾ ਹੱਲ ਚਾਹੀਦਾ ਹੈ। ਸਰਕਾਰਾਂ ਪਿਛਲੇ ਸਮੇਂ ਤੋਂ ਇਸ ਦਾ ਹੱਲ ਲੱਭਣ ਲਈ ਉਪਰਾਲੇ ਕਰ ਰਹੀਆਂ ਹਨ।

-ਕਮਲ ਕੋਟਲੀ

ਸਿਆਸੀ ਦਖ਼ਲ
ਆਮ ਦੇਖਣ ਵਿਚ ਆਇਆ ਹੈ ਕਿ ਸਿਆਸੀ ਪਾਰਟੀਆਂ ਜਦੋਂ ਸੱਤਾ ਵਿਚ ਆਉਂਦੀਆਂ ਹਨ, ਤਾਂ ਪੁਲਿਸ ਕੋਲੋਂ ਗ਼ੈਰ-ਕਾਨੂੰਨੀ ਕੰਮ ਕਰਵਾਉਂਦੀਆਂ ਹਨ। ਵਿਰੋਧੀ ਧਿਰ ਦੇ ਨੇਤਾਵਾਂ ਅਤੇ ਪਾਰਟੀ ਵਰਕਰਾਂ ਉੱਪਰ ਝੂਠੇ ਪਰਚੇ ਦਰਜ ਕਰਵਾਏ ਜਾਂਦੇ ਹਨ। ਹਾਰ-ਜਿੱਤ ਤਾਂ ਬਣੀ ਹੀ ਰਹਿੰਦੀ ਹੈ, ਸਾਰੇ ਕਿੱਥੋਂ ਜਿੱਤ ਜਾਣ। ਚੋਣਾਂ ਪਿਛੋਂ ਹਾਰੇ ਅਤੇ ਜਿੱਤੇ ਮਿਲ ਕੇ ਲੋਕਾਂ ਦੀਆਂ ਮੁਸ਼ਕਿਲਾਂ ਵੱਲ ਧਿਆਨ ਦੇਣ। ਬੇਰੁਜ਼ਗਾਰੀ, ਗ਼ਰੀਬੀ, ਬਿਮਾਰੀ, ਭ੍ਰਿਸ਼ਟਾਚਾਰ ਅਤੇ ਖ਼ੁਦਕੁਸ਼ੀਆਂ ਰੋਕਣ ਲਈ ਉਪਰਾਲੇ ਕਰਨੇ ਚਾਹੀਦੇ ਹਨ।
ਪੁਲਿਸ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ ਤਾਂ ਜੋ ਸਮਾਜ ਵਿਚ ਵਧ ਰਹੇ ਜੁਰਮਾਂ ਅਤੇ ਗੁੰਡਾਗਰਦੀ ਦਾ ਡੱਟ ਕੇ ਮੁਕਾਬਲਾ ਕਰ ਸਕਣ। ਇਸ ਲਈ ਪੁਲਿਸ ਨੂੰ ਪੂਰਨ ਆਜ਼ਾਦੀ ਵਿਚ ਕੰਮ ਕਰਨ ਦੇਣਾ ਚਾਹੀਦਾ ਹੈ, ਸਿਆਸੀ ਲੋਕਾਂ ਦੀ ਦਖ਼ਲਅੰਦਾਜ਼ੀ ਨਹੀਂ ਹੋਣੀ ਚਾਹੀਦੀ।

-ਮਹਿੰਦਰ ਸਿੰਘ ਬਾਜਵਾ
ਪਿੰਡ ਮਸੀਤਾਂ, ਜ਼ਿਲ੍ਹਾ ਕਪੂਰਥਲਾ।

22-11-2017

 ਸਿੱਖਿਆ ਪ੍ਰਣਾਲੀ
ਸਾਡੀ ਸਿੱਖਿਆ ਪ੍ਰਣਾਲੀ ਸਾਡੀਆਂ ਸਰਕਾਰਾਂ ਦੀਆਂ ਨੀਤੀਆਂ ਕਿਧਰੇ ਵੀ ਨੌਜਵਾਨ ਪੀੜ੍ਹੀ, ਸਮਾਜ ਲਈ ਪੂਰੀ ਤਰ੍ਹਾਂ ਲਾਹੇਵੰਦ ਨਹੀਂ ਹਨ। ਸਰਕਾਰੀ ਸਕੂਲਾਂ ਦੀ ਜੋ ਹਾਲਤ ਹੈ, ਉਹ ਕਿਸੇ ਤੋਂ ਵੀ ਲੁਕੀ-ਛਿਪੀ ਨਹੀਂ ਹੈ। ਟੁੱਟੀਆਂ ਇਮਾਰਤਾਂ, ਅਧਿਆਪਕਾਂ ਤੋਂ ਵਿਹੂਣੇ ਸਕੂਲ, ਮੁਢਲੀਆਂ ਸਹੂਲਤਾਂ, ਪੀਣ ਵਾਲਾ ਪਾਣੀ ਤੇ ਪਖਾਨਿਆਂ ਨੂੰ ਬਣਾਉਣਾ ਇਹ ਤਾਂ ਸੋਚ ਵਿਚ ਹੈ ਹੀ ਨਹੀਂ। ਸਿੱਖਿਆ ਦਾ ਪ੍ਰਬੰਧ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਮੁਢਲੀਆਂ ਸਹੂਲਤਾਂ ਵਿਚੋਂ ਇਕ ਹੈ। ਪੜ੍ਹਾਈ ਤੋਂ ਬਾਅਦ ਨੌਕਰੀ ਦੇਣੀ ਸਰਕਾਰ ਦੀ ਜ਼ਿੰਮੇਵਾਰੀ ਹੈ। ਪ੍ਰਾਈਵੇਟ ਸਕੂਲਾਂ, ਕਾਲਜਾਂ ਦੀ ਭਰਮਾਰ ਹੈ। ਹਰ ਸਾਲ ਲੱਖਾਂ ਦੀ ਗਿਣਤੀ ਵਿਚ ਨੌਜਵਾਨ ਡਿਗਰੀਆਂ ਲੈ ਕੇ ਬਾਹਰ ਨਿਕਲਦੇ ਹਨ ਤੇ ਫਿਰ ਬੇਰੁਜ਼ਗਾਰੀ ਨਾਲ ਜੂਝ ਰਹੀ ਭੀੜ ਦਾ ਇਕ ਹਿੱਸਾ ਬਣ ਜਾਂਦੇ ਹਨ। ਦੇਸ਼ ਹੈ ਤਾਂ ਕੁਰਸੀਆਂ ਹਨ, ਇਹ ਸ਼ਾਹੀ ਠਾਠ-ਬਾਠ ਹਨ। ਵਧੀਆ ਤੇ ਬਰਾਬਰ ਦੀ ਸਿੱਖਿਆ ਹੋਵੇ। ਗ਼ਰੀਬ ਵੀ ਦੇਸ਼ ਦਾ ਨਾਗਰਿਕ ਹੈ।


-ਪ੍ਰਭਜੋਤ ਕੌਰ ਢਿੱਲੋਂ


ਰੁਜ਼ਗਾਰ ਮੇਲੇ ਤੇ ਨੌਜਵਾਨ
ਕੈਪਟਨ ਸਰਕਾਰ ਵਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਲਗਾਏ ਗਏ ਰੁਜ਼ਗਾਰ ਮੇਲੇ ਬੇਹੱਦ ਸ਼ਲਾਘਾਯੋਗ ਕਦਮ ਹੈ। ਇਸ ਨਾਲ ਜਿਥੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਉਥੇ ਵੱਖ-ਵੱਖ ਕੰਪਨੀਆਂ ਤੇ ਮਹਿਕਮਿਆਂ ਦੇ ਕਾਮਿਆਂ ਸਬੰਧੀ ਲੋੜ ਨੂੰ ਵੀ ਆਸਾਨੀ ਨਾਲ ਪੂਰਾ ਕਰਕੇ ਅਤੇ ਉਤਪਾਦਨ ਵਧਾ ਕੇ ਰਾਜ ਨੂੰ ਆਰਥਿਕ ਪਖੋਂ ਮਜ਼ਬੂਤ ਕੀਤਾ ਜਾ ਸਕੇਗਾ ਪਰ ਇਹ ਬਹੁਤ ਹੈਰਾਨੀ ਭਰੀ ਗੱਲ ਹੈ ਕਿ ਏਨਾ ਵਧੀਆ ਮੌਕਾ ਦਿੱਤੇ ਜਾਣ ਦੇ ਬਾਵਜੂਦ ਵੀ ਬਹੁਤੇ ਨੌਜਵਾਨ ਇੰਟਰਵਿਊ ਦੇਣ ਸਿਰਫ਼ ਇਸ ਕਰਕੇ ਨਹੀਂ ਪਹੁੰਚਦੇ ਕਿਉਂਕਿ ਉਨ੍ਹਾਂ ਨੂੰ ਪ੍ਰਾਈਵੇਟ ਨੌਕਰੀ ਤੋਂ ਮਿਲਣ ਵਾਲੇ 20-30 ਹਜ਼ਾਰ ਰੁਪਏ ਨਾਲੋਂ ਘਰ ਵਿਚ ਵਿਹਲੇ ਬੈਠੇ ਰਹਿਣਾ ਜ਼ਿਆਦਾ ਬਿਹਤਰ ਜਾਪਦਾ ਹੈ। ਇਹ ਗੱਲ ਅੱਜ ਦੇ ਨੌਜਵਾਨਾਂ ਦੀ ਨਕਾਰਾਤਮਕ ਮਾਨਸਿਕਤਾ ਉਤੇ ਸਵਾਲੀਆ ਨਿਸ਼ਾਨ ਲਗਾ ਰਹੀ ਹੈ। ਸਮੇਂ ਦੀ ਮੰਗ ਇਹ ਹੈ ਕਿ ਸਿੱਖਿਆ ਅਤੇ ਹੋਰ ਸਾਧਨਾਂ ਦੇ ਮਾਧਿਅਮ ਰਾਹੀਂ ਨੌਜਵਾਨ ਪੀੜ੍ਹੀ ਦੀ ਸੋਚ ਵਿਚ ਉਸਾਰੂ ਪਰਿਵਰਤਨ ਲਿਆ ਕੇ ਉਨ੍ਹਾਂ ਨੂੰ ਕਿਰਤ ਲਈ ਪ੍ਰੇਰਿਆ ਜਾਵੇ, ਤਾਂ ਜੋ ਪੰਜਾਬ ਦੇ ਸੁਨਹਿਰੇ ਭਵਿੱਖ ਦੀ ਆਸ ਬੱਝ ਸਕੇ।


-ਤਾਨੀਆ
ਗੁਰੂ ਨਾਨਕ ਕਾਲਜ, ਸ੍ਰੀ ਮੁਕਤਸਰ ਸਾਹਿਬ।


ਅਧਿਆਪਕ ਫ਼ਰਜ਼ ਪਛਾਨਣ
ਸਕੂਲਾਂ ਵਿਚ ਬੱਚਿਆਂ ਦੀ ਨਫਰੀ ਕਿਉਂ ਘੱਟ ਹੈ, ਇਸ ਗੱਲ ਦੀ ਉਨ੍ਹਾਂ ਨੂੰ ਕੋਈ ਚਿੰਤਾ ਨਹੀਂ। ਨੌਕਰੀ ਛੁੱਟਣ ਦੇ ਡਰ ਨਾਲ ਅਧਿਆਪਕ ਸਰਕਾਰ ਨੂੰ ਦੋਸ਼ੀ ਠਹਿਰਾ ਰਹੇ ਹਨ। ਪਰ ਸਰਕਾਰ ਵੀ ਕੀ ਕਰੇ? 800 ਸਕੂਲਾਂ ਵਿਚ ਬੱਚਿਆਂ ਦੀ ਹਾਜ਼ਰੀ 20 ਨਾਲੋਂ ਵੀ ਘੱਟ ਹੈ। ਸਰਕਾਰ ਬੁੱਢਿਆਂ ਨੂੰ 750 ਰੁਪਏ ਦੇਣ ਲਈ 6-6 ਮਹੀਨੇ ਲਾ ਰਹੀ ਹੈ। ਅਧਿਆਪਕਾਂ ਦੀਆਂ ਮੋਟੀਆਂ ਤਨਖਾਹਾਂ ਅਤੇ ਸਕੂਲ ਦੇ ਹੋਰ ਖਰਚੇ ਕਿਵੇਂ ਪੂਰੇ ਕਰੇ? ਬਹੁਤੇ ਅਧਿਆਪਕਾਂ ਦੇ ਤਾਂ ਆਪਣੇ ਹੀ ਬੱਚੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹ ਰਹੇ ਹਨ। ਸਰਕਾਰ ਇਹ ਲਾਜ਼ਮੀ ਕਰੇ ਕਿ ਸਰਕਾਰੀ ਅਧਿਆਪਕਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਹੀ ਪੜ੍ਹਨਗੇ ਤਾਂ ਹੀ ਅਧਿਆਪਕ ਨੌਕਰੀ ਦਾ ਹੱਕਦਾਰ ਹੈ। ਸਰਕਾਰ ਵੀ ਅਧਿਆਪਕਾਂ ਨੂੰ ਪੜ੍ਹਾਈ ਵਲੋਂ ਹਟਾ ਕੇ ਹੋਰ ਕੰਮਾਂ ਵੱਲ ਤੋਰਨਾ ਛੱਡ ਦੇਵੇ ਤਾਂ ਕਿ ਅਧਿਆਪਕ ਇਕ ਮਨ ਹੋ ਕੇ ਪੜ੍ਹਾ ਸਕਣ।


-ਭੁਪਿੰਦਰ ਸਿੰਘ ਬੱਸਣ

20-11-2017

 ਜ਼ਹਿਰੀਲੀਆਂ ਹਵਾਵਾਂ

ਪੰਜਾਬ ਪਿਛਲੇ ਦਿਨੀਂ ਸੰਘਣੀਆਂ ਕਾਲੀਆਂ ਹਵਾਵਾਂ ਦੀ ਮਾਰ ਹੇਠ ਆਇਆ ਹੋਇਆ ਸੀ। ਚਾਰੇ ਪਾਸੇ ਧੂੰਏਂ ਦੇ ਗੁਬਾਰ ਹੀ ਨਜ਼ਰ ਆਉਂਦੇ ਸਨ। ਕੁਦਰਤੀ ਨਿਆਮਤਾਂ ਦੇ ਵਰੋਸਾਏ ਇਸ ਖਿੱਤੇ ਨੂੰ ਅਸੀਂ ਖੁਦ ਉਜਾੜਨ ਦੇ ਰਾਹ ਪਏ ਹੋਏ ਹਾਂ। ਆਮ ਲੋਕ ਇਸ ਵਰਤਾਰੇ ਲਈ ਕਿਸਾਨ ਵਰਗ ਨੂੰ ਦੋਸ਼ੀ ਸਮਝ ਰਹੇ ਨੇ ਤੇ ਪਹਿਲਾਂ ਹੀ ਹਾਲਾਤ ਦੀ ਝੰਬੀ ਕਿਸਾਨੀ ਦੀ ਉਂਗਲ ਸਰਕਾਰ ਵੱਲ ਸਿੱਧੀ ਹੈ। ਪਰ ਜਿਸ ਬੇਦਰਦ ਤਰੀਕੇ ਨਾਲ ਅਸੀਂ ਆਪਣੇ ਵਰਤਮਾਨ ਨੂੰ ਸਾੜ ਰਹੇ ਹਾਂ, ਭਵਿੱਖ ਲਈ ਸਾਡੇ ਕੋਲ ਕਾਲਖ ਤੋਂ ਸਿਵਾ ਕੁਝ ਨਹੀਂ ਬਚੇਗਾ। ਦਰਿਆਵਾਂ ਦੀ ਧਰਤੀ 'ਤੇ ਬੋਤਲ ਬੰਦ ਪਾਣੀ ਪਹਿਲਾਂ ਹੀ ਵਿਕ ਰਿਹਾ ਹੈ। ਜੇ ਹਾਲਾਤ ਇੰਜ ਹੀ ਰਹੇ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਆਕਸੀਜਨ ਦਾ ਸਿਲੰਡਰ ਹਰ ਇਕ ਦੀ ਪਿੱਠ ਉੱਤੇ ਬੱਝਾ ਹੋਵੇਗਾ।

-ਬਲਜਿੰਦਰ ਸਿੰਘ ਸਮਾਘ
ਸ੍ਰੀ ਮੁਕਤਸਰ ਸਾਹਿਬ।

ਸਰਕਾਰੀ ਸਕੀਮਾਂ ਦਾ ਹਸ਼ਰ

ਸਾਡੇ ਮਾਣਯੋਗ ਪ੍ਰਧਾਨ ਮੰਤਰੀ ਜੀ ਨੇ ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਜਿਸ ਤਹਿਤ ਕੋਈ ਵੀ 8ਵੀਂ ਪਾਸ ਜਾਂ ਜ਼ਿਆਦਾ ਪੜ੍ਹਿਆ ਹੋਇਆ ਵਿਅਕਤੀ ਆਪਣਾ ਸਵੈ-ਰੁਜ਼ਗਾਰ ਸ਼ੁਰੂ ਕਰਨ ਲਈ ਸਰਕਾਰ ਤੋਂ 25 ਲੱਖ ਰੁਪਏ ਤੱਕ ਸਹਾਇਤਾ ਪ੍ਰਾਪਤ ਕਰ ਸਕਦਾ ਹੈ। ਅਜਿਹੀਆਂ ਸਕੀਮਾਂ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਪਹਿਲਾਂ ਵੀ ਬਹੁਤ ਹਨ। ਦੁੱਖ ਦੀ ਗੱਲ ਹੈ, ਜਦੋਂ ਲੋੜਵੰਦ ਸਹਾਇਤਾ ਲੈਣ ਲਈ ਬੈਂਕ ਤੱਕ ਪਹੁੰਚ ਕਰਦਾ ਹੈ ਤਾਂ ਬੈਂਕ ਕਰਮਚਾਰੀਆਂ ਦੀ ਬੇਰੁਖ਼ੀ ਉਹਦੇ ਸੁਪਨੇ ਨੂੰ ਤਾਰ-ਤਾਰ ਕਰ ਦਿੰਦੀ ਹੈ। ਉਹ ਸਹਾਇਤਾ ਲੈਣ ਲਈ ਅਜਿਹੀਆਂ ਸ਼ਰਤਾਂ ਲਾਉਂਦੇ ਹਨ, ਜਿਹੜੀਆਂ ਲੋੜਵੰਦ ਲਈ ਪੂਰੀਆਂ ਕਰਨੀਆਂ ਸੌਖੀਆਂ ਨਹੀਂ ਹੁੰਦੀਆਂ। ਕਈ ਵਾਰ ਕਹਿੰਦੇ ਹਨ ਕਿ ਕਿਸੇ ਸਰਕਾਰੀ ਨੌਕਰੀ ਕਰਦੇ ਵਿਅਕਤੀ ਦੀ ਜ਼ਿੰਮੇਵਾਰੀ ਪਵਾਓ। ਖੱਜਲ-ਖੁਆਰ ਹੋ ਕੇ ਅਖੀਰ ਨੂੰ ਲੋੜਵੰਦ ਸਹਾਇਤਾ ਦਾ ਖਿਆਲ ਛੱਡ ਕੇ ਮਜ਼ਦੂਰੀ ਕਰਨ ਨੂੰ ਹੀ ਪਹਿਲ ਦਿੰਦਾ ਹੈ।

-ਪ੍ਰੀਤ ਸਿੰਘ ਸੰਦਲ (ਕਵੀਸ਼ਰ)
ਪਿੰਡ ਮਕਸੂਦੜਾ, ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ।

ਮੁੱਖ ਮੰਤਰੀ ਦਾ ਪੰਜਾਬੀ ਪ੍ਰੇਮ

ਉਂਜ ਤਾਂ ਮੁੱਖ ਮੰਤਰੀ ਕੈਪਟਨ ਸਾਹਿਬ ਦੇ ਪੰਜਾਬੀ ਨਾਲ ਪ੍ਰੇਮ ਦਾ ਪਹਿਲੇ ਦਿਨ ਹੀ ਪਤਾ ਲੱਗ ਗਿਆ ਸੀ, ਜਦੋਂ ਉਨ੍ਹਾਂ ਨੇ ਆਪਣੇ ਅਹੁਦੇ ਦੀ ਸਹੁੰ ਅੰਗਰੇਜ਼ੀ ਵਿਚ ਚੁੱਕੀ ਸੀ, ਖੈਰ! ਹੁਣ ਜਦੋਂ ਪੰਜਾਬੀ ਖ਼ਬਰਾਂ ਵਾਲੇ ਚੈਨਲਾਂ 'ਤੇ ਮੁੱਖ ਮੰਤਰੀ ਸਾਹਿਬ ਦੇ ਬਿਆਨ ਸੁਣਦੇ ਹਾਂ ਤਾਂ ਉਨ੍ਹਾਂ ਨੂੰ ਪੂਰੀ ਅੰਗਰੇਜ਼ੀ ਦੀ ਪੁੱਠ ਚੜ੍ਹੀ ਹੁੰਦੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਪੱਤਰਕਾਰ ਵੀਰ ਪੰਜਾਬੀ ਵਿਚ ਸਵਾਲ ਕਰਦੇ ਹਨ ਤਾਂ ਉਸ ਵੇਲੇ ਵੀ ਸਾਡੇ ਮੁੱਖ ਮੰਤਰੀ ਸਾਹਿਬ ਅੰਗਰੇਜ਼ੀ ਦਾ ਮਿਸ਼ਰਣ ਕਰਕੇ ਜਵਾਬ ਦਿੰਦੇ ਹਨ। ਜਦੋਂ ਹਰ ਗੱਲਬਾਤ ਪੰਜਾਬ ਨਾਲ ਹੀ ਸਬੰਧਤ ਹੁੰਦੀ ਹੈ, ਫਿਰ ਅੰਗਰੇਜ਼ੀ ਨੂੰ ਪਹਿਲ ਕਿਉਂ? ਅੱਜਕਲ੍ਹ ਪੰਜਾਬ ਵਿਚ ਸੜਕੀ ਬੋਰਡਾਂ 'ਤੇ ਪੰਜਾਬੀ ਦਾ ਮਸਲਾ ਭਖਿਆ ਹੈ। ਜਲੰਧਰ ਵਿਚ ਇਸੇ ਵਿਸ਼ੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬੀ ਬਾਰੇ ਹੋ ਰਹੀ ਗੱਲਬਾਤ ਦਾ ਜ਼ਿਕਰ ਵੀ ਅੰਗਰੇਜ਼ੀ ਵਿਚ ਹੀ ਕੀਤਾ ਤੇ ਇਹ ਸੁਣ ਕੇ ਮੁੱਖ ਮੰਤਰੀ ਜੀ ਦੇ ਅੰਗਰੇਜ਼ੀ ਮੋਹ ਦਾ ਫਿਰ ਪਤਾ ਚਲ ਗਿਆ।

-ਬਲਬੀਰ ਸਿੰਘ ਬੱਬੀ

ਪਾਣੀ ਬਚਾਓ

ਪਾਣੀ ਇਕ ਬਹੁਤ ਹੀ ਅਨਮੋਲ ਅਤੇ ਵਡਮੁੱਲੀ ਦਾਤ ਹੈ। ਪਾਣੀ ਜੀਵ-ਜੰਤੂ ਅਤੇ ਪੰਛੀਆਂ ਲਈ ਬਹੁਤ ਹੀ ਜ਼ਰੂਰੀ ਹੈ। ਮਨੁੱਖ ਰੋਟੀ ਤੋਂ ਬਿਨਾਂ ਰਹਿ ਸਕਦਾ ਹੈ ਪਰ ਪਾਣੀ ਤੋਂ ਬਿਨਾਂ ਜੀਵਤ ਨਹੀਂ ਰਹਿ ਸਕਦਾ। ਇਸ ਲਈ ਸਾਨੂੰ ਪਾਣੀ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਅੱਜ ਕੇਵਲ ਹਵਾ ਹੀ ਨਹੀਂ, ਸਗੋਂ ਧਰਤੀ ਉਪਰਲਾ ਪਾਣੀ ਜੋ ਕਿ ਸਮੁੱਚੇ ਜੀਵਨ ਦਾ ਆਧਾਰ ਹੈ ਵੀ ਬੁਰੀ ਤਰ੍ਹਾਂ ਜ਼ਹਿਰੀਲਾ ਹੋ ਚੁੱਕਾ ਹੈ। ਕਈ ਅਜਿਹੀਆਂ ਥਾਵਾਂ ਹਨ, ਜਿਥੇ ਪੀਣ ਯੋਗ ਪਾਣੀ ਨਹੀਂ ਹੈ। ਇਸ ਲਈ ਸਾਨੂੰ ਪਾਣੀ ਦੀ ਵਰਤੋਂ ਬਹੁਤ ਹੀ ਸੰਜਮ ਨਾਲ ਕਰਨੀ ਚਾਹੀਦੀ ਹੈ।

-ਰਮਨਦੀਪ ਕੌਰ
ਪੱਤਰਕਾਰੀ ਵਿਭਾਗ, ਗੁਰੂ ਨਾਨਕ ਕਾਲਜ, ਸ੍ਰੀ ਮੁਕਤਸਰ ਸਾਹਿਬ।

15-11-2017

 ਮਿਲਾਵਟ

ਬਾਜ਼ਾਰਾਂ ਦੀਆਂ ਦੁਕਾਨਾਂ ਵਿਚ ਵੱਖ-ਵੱਖ ਰੰਗਾਂ ਵਿਚ ਰੱਖ ਕੇ ਸਜਾਈਆਂ ਗਈਆਂ ਮਠਿਆਈਆਂ ਵਿਚ ਕਈ ਤਰ੍ਹਾਂ ਦੇ ਜ਼ਹਿਰ ਮਿਲਾਏ ਜਾਂਦੇ ਹਨ। ਕਈ ਤਰ੍ਹਾਂ ਦੇ ਜ਼ਹਿਰੀਲੇ ਪਦਾਰਥ ਮਿਲਾ ਕੇ ਨਕਲੀ ਦੁੱਧ, ਖੋਆ, ਘਿਓ, ਪਨੀਰ ਤਿਆਰ ਕੀਤਾ ਜਾਂਦਾ ਹੈ, ਜਿਸ ਨੂੰ ਖਾਣ ਵਾਲੇ ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਪਰ ਅਜਿਹੇ ਲੋਕ ਆਪਣੀ ਔਲਾਦ ਖ਼ਾਤਰ ਅਤੇ ਪੈਸੇ ਕਮਾਉਣ ਲਈ ਦੂਜੇ ਪਰਿਵਾਰਾਂ ਵਿਚ ਬਿਮਾਰੀਆਂ ਵੰਡ ਰਹੇ ਹਨ। ਕਿਥੇ ਭਲਾ ਹੋਵੇਗਾ ਅਜਿਹੇ ਮਿਲਾਵਟਖੋਰਾਂ ਦਾ। ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਸੁਰੱਖਿਆ ਲਈ ਤਿਉਹਾਰਾਂ ਦੇ ਦਿਨਾਂ ਵਿਚ ਖਰੀਦਣ ਵਾਲੀਆਂ ਮਠਿਆਈਆਂ ਤੋਂ ਪ੍ਰਹੇਜ਼ ਕੀਤਾ ਜਾਵੇ। ਬੱਚਿਆਂ ਨੂੰ ਘਰ ਵਿਚ ਤਿਆਰ ਕੀਤੀਆਂ ਚੀਜ਼ਾਂ ਹੀ ਖਵਾਓ, ਕਿਉਂਕਿ ਮਿਲਾਵਟਖੋਰ ਦਾ ਧੰਦਾ ਬੰਦ ਨਹੀਂ ਹੋਣਾ।

-ਪਿਆਰਾ ਸਿੰਘ ਮਾਸਟਰ
ਨਕੋਦਰ।

ਜ਼ਿੰਮੇਵਾਰੀ ਸਮਝਣ ਨਿੱਜੀ ਸਕੂਲ

\ਅਜੋਕੇ ਦੌਰ ਵਿਚ ਹਰ ਇਕ ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੀ ਬਜਾਇ ਨਿੱਜੀ ਸਕੂਲਾਂ ਵਿਚ ਪੜ੍ਹਾਉਣ ਨੂੰ ਵਧੇਰੇ ਅਹਿਮੀਅਤ ਦਿੰਦੇ ਹਨ, ਬੇਸ਼ੱਕ ਇਸ ਦੇ ਲਈ ਉਨ੍ਹਾਂ ਨੂੰ ਸਰਕਾਰੀ ਸਕੂਲਾਂ ਨਾਲੋਂ ਕਈ ਗੁਣਾ ਜ਼ਿਆਦਾ ਫੀਸਾਂ ਦਾ ਭੁਗਤਾਨ ਕਰਨਾ ਪੈਂਦਾ ਹੈ ਪਰ ਬੱਚੇ ਦੇ ਬਿਹਤਰ ਭਵਿੱਖ ਲਈ ਆਪਣੀਆਂ ਜੇਬਾਂ 'ਤੇ ਪੈਂਦਾ ਵਾਧੂ ਭਾਰ ਉਨ੍ਹਾਂ ਲਈ ਕੋਈ ਖ਼ਾਸ ਅਹਿਮੀਅਤ ਨਹੀਂ ਰੱਖਦਾ। ਆਮ ਤੌਰ 'ਤੇ ਵੇਖਣ ਵਿਚ ਆਇਆ ਹੈ ਕਿ ਜ਼ਿਆਦਾਤਰ ਸਕੂਲਾਂ ਵਾਲੇ ਸਰਕਾਰ ਵਲੋਂ ਟਰਾਂਸਪੋਰਟ ਲਈ ਜਾਰੀ ਕੀਤੀ ਗਈ ਗਾਈਡਲਾਈਨ ਨੂੰ ਅੱਖੋਂ-ਪਰੋਖੇ ਰੱਖਦੇ ਹਨ। ਸਕੂਲਾਂ ਵਿਚ ਖਸਤਾ ਹਾਲ ਬੱਸਾਂ ਦੀ ਵਰਤੋਂ ਕਰਨੀ, ਗ਼ੈਰ-ਤਜਰਬੇਕਾਰ ਡਰਾਈਵਰ ਭਰਤੀ ਕਰਨੇ ਅਤੇ ਅਤੇ ਡਰਾਈਵਰਾਂ ਦੇ ਨਾਲ ਬੱਚਿਆਂ ਦੀ ਨਜ਼ਰਸਾਨੀ ਰੱਖਣ ਲਈ ਸਹਾਇਕ ਨਾ ਰੱਖਣੇ ਇਹ ਉਹ ਅਹਿਮ ਘਾਟਾਂ ਹਨ, ਜੋ ਜ਼ਿਆਦਾਤਰ ਸਕੂਲਾਂ ਵਿਚ ਆਮ ਵੇਖਣ ਨੂੰ ਮਿਲਦੀਆਂ ਹਨ। ਇਸ ਲਈ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਨੂੰ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਰਕਾਰ ਵਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਹਰ ਹਾਲਤ ਵਿਚ ਪਾਲਣਾ ਕਰਨੀ ਯਕੀਨੀ ਬਣਾਉਣੀ ਚਾਹੀਦੀ ਹੈ ਅਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਉਹ ਸਮੇਂ-ਸਮੇਂ 'ਤੇ ਸਕੂਲੀ ਬੱਸਾਂ ਦੀ ਰੋਜ਼ਾਨਾ ਚੈਕਿੰਗ ਕਰਦਾ ਰਹੇ, ਤਾਂ ਜੋ ਮਾਪਿਆਂ ਦੀਆਂ ਅੱਖਾਂ ਦੇ ਤਾਰੇ ਘਰੋਂ ਜਾਣ ਤੇ ਘਰ ਵਾਪਸ ਆਉਣ ਤੱਕ ਮਹਿਫੂਜ਼ ਰਹਿ ਸਕਣ।

-ਸਰਵਣ ਸਿੰਘ ਭੰਗਲਾਂ
ਸਮਰਾਲਾ (ਲੁਧਿਆਣਾ)

ਜ਼ਿੰਦਗੀ ਨੂੰ ਜ਼ਿੰਦਾਦਿਲੀ ਬਣਾਓ

'ਕੁਝ ਠਹਿਰ ਜਿੰਦੜੀਏ ਠਹਿਰ, ਠਹਿਰ ਮੈਂ ਹੋਰ ਬੜਾ ਕੁਝ ਕਰਨਾ', ਲੇਖਕ ਸਵਰਨ ਸਿੰਘ ਟਹਿਣਾ ਨੇ ਖਰੀਆਂ-ਖਰੀਆਂ ਅਧੀਨ ਬਾਖੂਬ ਲਿਖਿਆ। ਜਿਊਂਦੇ ਜੀਅ ਕੋਈ ਯਾਦ ਕਰੇ ਨਾ ਕਰੇ ਪਰ ਮਰਨ ਉਪਰੰਤ ਇਹ ਜ਼ਰੂਰ ਕਹਿ ਯਾਦ ਕਰਦੇ ਹਨ ਕਿ ਉਹ ਬਹੁਤ ਚੰਗਾ ਸੀ, ਉਹ ਬਹੁਤ ਮਾੜਾ ਸੀ, ਉਹ ਤਾਂ ਪੁਆੜੇ ਦੀ ਜੜ੍ਹ ਸੀ। ਉਹ ਤਾਂ ਨਿਰਾ ਪੁਆੜੇ ਦੀ ਥਾਂ ਸੀ। ਨਾ ਟਿਕਦਾ ਨਾ ਟਿਕਣ ਦਿੰਦਾ। ਉਹ ਬੰਦਾ ਤਾਂ ਸੁੱਖ-ਦੁੱਖ 'ਚ ਸਾਥੀ ਸੀ। ਜ਼ਿੰਦਗੀ ਭੋਗਣ ਦਾ ਨਾਂਅ ਨਹੀਂ ਹੈ। ਇਹ ਤਾਂ ਕੁਝ ਕਰ ਗੁਜ਼ਰਨ ਦਾ ਸਮਾਂ ਹੈ। ਉਜੱਡ ਸੁਭਾਅ, ਜ਼ਿਦਬਾਜ਼ੀ, ਹੰਕਾਰ, ਲਾਲਚੀ, ਮੌਕਾਪ੍ਰਸਤ ਬੰਦਾ ਕੁੰਢੀ ਫਸਾਈ ਰੱਖਦਾ ਹੈ, ਖਹਿੜਾ ਹੀ ਨਹੀਂ ਛੱਡਦਾ। ਇਹ ਜ਼ਿੰਦਗੀ ਨਹੀਂ। ਇਹ ਹੰਕਾਰ ਏ ਜਿਹੜਾ ਬੰਦੇ ਨੂੰ ਖਾ ਜਾਂਦਾ ਹੈ। ਇਹ ਨਿਰਾ ਨਰਕ ਹੈ। ਸਮਾਂ ਬੜਾ ਬਲਵਾਨ ਹੈ। ਇਸ ਦੀ ਕਦਰ ਕਰਨੀ ਚਾਹੀਦੀ ਹੈ। ਹੱਥੋਂ ਲੰਘ ਗਿਆ ਤਾਂ ਮੁੜ ਕੇ ਨਹੀਂ ਆਏਗਾ। ਇਸ ਲਈ ਜ਼ਿੰਦਗੀ ਨੂੰ ਜ਼ਿੰਦਾਦਿਲੀ ਬਣਾਓ। ਦੂਜਿਆਂ ਲਈ ਜੀਓ। ਫਿਰ ਦੇਖੋ ਜ਼ਿੰਦਗੀ ਦਾ ਰੰਗ।

-ਜਸਪਾਲ ਸਿੰਘ ਲੋਹਾਮ
#29/166 ਗਲੀ ਹਜ਼ਾਰਾ ਸਿੰਘ, ਮੋਗਾ-142001.

14-11-2017

 ਮਾਤ ਭਾਸ਼ਾ ਦੇ ਭਗੌੜੇ
ਪਿਛਲੇ ਦਿਨੀਂ ਬਠਿੰਡਾ-ਫ਼ਰੀਦਕੋਟ ਨੈਸ਼ਨਲ ਹਾਈਵੇਜ਼ ਉੱਪਰ ਅੰਗਰੇਜ਼ੀ-ਹਿੰਦੀ ਵਿਚ ਲਿਖੇ ਮੀਲ ਪੱਥਰਾਂ ਉੱਪਰ ਕਿਸੇ ਨੇ ਕਾਲਖ ਫੇਰਨ ਦਾ ਸ਼ੁਭ ਕਾਰਜ ਕਰ ਦਿੱਤਾ। ਪੰਜਾਬ ਸੂਬੇ ਦੀ ਮਾਤ ਭਾਸ਼ਾ ਪੰਜਾਬੀ ਹੈ। ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਸਾਨੂੰ ਬੇਅੰਤ ਕੁਰਬਾਨੀਆਂ ਕਰਨੀਆਂ ਪਈਆਂ ਹਨ ਅਤੇ ਨੁਕਸਾਨ ਝੱਲਣੇ ਪਏ। ਪਰ ਦੁੱਖ ਦੀ ਗੱਲ ਹੈ ਕਿ ਅੱਜ ਤੱਕ ਪੰਜਾਬੀ ਭਾਸ਼ਾ ਨੂੰ ਪੰਜਾਬ ਵਿਚ ਵੀ ਸਰਕਾਰੀ ਕੰਮ-ਕਾਰ ਵਾਲੀ ਭਾਸ਼ਾ ਦਾ ਦਰਜਾ ਨਹੀਂ ਮਿਲਿਆ। ਸਰਕਾਰਾਂ ਭਾਵੇਂ ਕਿਸੇ ਵੀ ਪਾਰਟੀ ਦੀਆਂ ਹੋਣ, ਉਹ ਅੰਗਰੇਜ਼ੀ, ਹਿੰਦੀ ਦਾ ਮੋਹ ਹੀ ਪਾਲਦੀਆਂ ਰਹੀਆਂ ਹਨ, ਪੰਜਾਬੀ ਨਾਲ ਹਮੇਸ਼ਾ ਧੱਕੇਸ਼ਾਹੀ ਹੀ ਹੁੰਦੀ ਰਹੀ। ਕੀ ਕੋਈ ਸਰਕਾਰ ਮਹਾਰਾਸ਼ਟਰ ਜਾਂ ਕਿਸੇ ਹੋਰ ਹਿੰਦੂ ਭਾਸ਼ਾਈ ਸੂਬੇ ਦੀ ਮਾਤ ਭਾਸ਼ਾ ਨਾਲ ਅਜਿਹੀ ਧੱਕੇਸ਼ਾਹੀ ਕਰ ਸਕਦੀ ਹੈ? ਕਦੇ ਵੀ ਨਹੀਂ। ਸਾਨੂੰ ਆਲਸ ਤਿਆਗ ਕੇ, ਮਾਤ ਭਾਸ਼ਾ ਦੇ ਸਤਿਕਾਰ ਨੂੰ ਬਹਾਲ ਕਰਵਾਉਣ ਲਈ ਸੰਘਰਸ਼ ਵਿੱਢਣਾ ਪਏਗਾ। ਭਾਵੇਂ ਮੀਲ ਪੱਥਰਾਂ 'ਤੇ ਕਾਲਖ ਫੇਰਨ ਦੀ ਜ਼ਿੰਮੇਵਾਰੀ ਕਿਸੇ ਜਥੇਬੰਦੀ ਨੇ ਨਹੀਂ ਲਈ ਪਰ ਸਾਰੇ ਪੰਜਾਬੀਆਂ ਨੂੰ ਅਜਿਹੇ ਕਦਮ ਦੀ ਸ਼ਲਾਘਾ ਕਰਨੀ ਚਾਹੀਦੀ ਹੈ।

-ਪ੍ਰੀਤ ਸਿੰਘ ਸੰਦਲ (ਕਵੀਸ਼ਰ)
ਪਿੰਡ ਮਕਸੂਦੜਾ, ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ।

ਵਾਤਾਵਰਨ ਪ੍ਰਦੂਸ਼ਣ
ਅੱਜਕਲ੍ਹ ਪ੍ਰਦੂਸ਼ਣ ਨੂੰ ਲੈ ਕੇ ਮੀਡੀਏ 'ਚ ਗੱਲ ਜ਼ੋਰਾਂ 'ਤੇ ਹੈ ਕਿ ਪਰਾਲੀ ਨੂੰ ਅੱਗਾਂ ਲਾਉਣ ਨਾਲ ਇਕ ਤਾਂ ਧਰਤੀ ਦੀ ਉਪਜਾਊ ਸ਼ਕਤੀ ਪ੍ਰਭਾਵਿਤ ਹੁੰਦੀ ਹੈ ਤੇ ਅਨੇਕਾਂ ਪੇੜ-ਪੌਦੇ, ਪੰਛੀ ਅਤੇ ਮਿੱਤਰ ਕੀੜਿਆਂ ਦਾ ਨਾਸ ਹੁੰਦਾ ਹੈ ਤੇ ਦੂਜੇ ਪਾਸੇ ਵਾਤਾਵਰਨ ਮਾਹਿਰਾਂ ਅਨੁਸਾਰ ਪਰਾਲੀ ਦੇ ਧੂੰਏਂ ਨਾਲ ਵਾਤਾਵਰਨ ਪਲੀਤ ਭਾਵ ਪ੍ਰਦੂਸ਼ਣ ਵਿਚ ਚੋਖਾ ਵਾਧਾ ਹੁੰਦਾ ਹੈ। ਗੱਲ ਤਾਂ ਪੂਰੀ ਤਰ੍ਹਾਂ ਮੰਨਣ ਵਿਚ ਆ ਰਹੀ ਹੈ, ਪਰਾਲੀ ਨੂੰ ਅੱਗਾਂ ਲਾਉਣਾ ਆਦਿ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਮਨੁੱਖਤਾ ਦਾ ਭਲਾ ਹੁੰਦਾ ਹੈ। ਅੱਜ ਤੇਜ਼ੀ ਨਾਲ ਬਦਲ ਰਹੇ ਯੁੱਗ ਅੰਦਰ ਸਾਨੂੰ ਸਭ ਕਾਸੇ ਬਾਰੇ ਸੋਚਣਾ ਹੋਵੇਗਾ। ਸਾਰੇ ਤਿਉਹਾਰ ਪਵਿੱਤਰ ਹਨ, ਉਨ੍ਹਾਂ ਦੀ ਪਵਿੱਤਰਤਾ ਨੂੰ ਤਰ੍ਹਾਂ-ਤਰ੍ਹਾਂ ਦੇ ਘਾਤਿਕ ਬੰਬ-ਪਟਾਕਿਆਂ ਨੂੰ ਚਲਾ ਕੇ ਆਵਾਜ਼ ਪ੍ਰਦੂਸ਼ਣ ਤੇ ਵਾਤਾਵਰਨ ਪ੍ਰਦੂਸ਼ਣ ਰਾਹੀਂ ਗੰਧਲਾ ਨਾ ਕਰੀਏ, ਸਗੋਂ ਸ਼ਾਂਤੀ ਪੂਰਵਕ ਤੇ ਬਿਨਾਂ ਕਿਸੇ ਪ੍ਰਦੂਸ਼ਣ ਫੈਲਾਏ ਸਾਰੇ ਤਿਉਹਾਰ ਮਨਾਉਣ ਨਾਲ ਸ਼ਾਇਦ ਦੇਵੀ-ਦੇਵਤੇ ਜ਼ਿਆਦਾ ਖੁਸ਼ ਹੋਣਗੇ।

-ਮਾ: ਦੇਵ ਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

'ਮੈਂ ਤੇ ਮੇਰੇ ਵਾਸਤੇ'
ਜ਼ਿੰਦਗੀ ਦੀ ਰਫ਼ਤਾਰ ਬਹੁਤ ਤੇਜ਼ ਹੋ ਗਈ। ਪੈਸੇ ਨੇ ਦੁਨੀਆ ਘੁੰਮਾ ਕੇ ਰੱਖ ਦਿੱਤੀ। ਪੈਸਾ ਬਹੁਤ ਕੁਝ ਹੋ ਸਕਦਾ ਹੈ ਪਰ ਸਭ ਕੁਝ ਨਹੀਂ। ਹਰ ਕੋਈ ਵੇਖਾ-ਵੇਖੀ ਵਧੀਆ, ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਣਾ ਚਾਹੁੰਦਾ ਹੈ। ਉਸ ਵਿਚ ਰਿਸ਼ਤਿਆਂ ਦਾ ਘਾਣ ਕਰਨ ਲੱਗਾ ਵੀ ਅੱਗੇ-ਪਿੱਛੇ ਨਹੀਂ ਵੇਖਦਾ। ਅੱਜ ਹਾਲਾਤ ਇਹ ਹੋ ਗਏ ਨੇ ਕਿ ਸੋਚ ਸਿਰਫ਼ 'ਮੈਂ ਤੇ ਮੇਰੇ ਵਾਸਤੇ' ਤੱਕ ਸੀਮਤ ਹੋ ਗਈ ਹੈ। ਸਮਾਜ ਵਿਚ ਬਹੁਤ ਕੁਰੀਤੀਆਂ ਵੀ ਹਨ, ਜੋ ਹੈ ਤਾਂ ਪਿੱਛੋਂ ਆਈਆਂ ਪਰ ਸਮੇਂ ਤੇ ਵਕਤ ਦੇ ਬਦਲਣ ਨਾਲ ਵਿਕਰਾਲ ਰੂਪ ਧਾਰ ਗਈਆਂ। ਇਸ ਵਕਤ ਤਲਾਕ, ਬਜ਼ੁਰਗ ਮਾਪਿਆਂ ਦੀ ਦੁਰਦਸ਼ਾ ਤੇ ਔਰਤਾਂ ਦੀਆਂ ਕੁਝ ਗੁੰਝਲਦਾਰ ਸਮੱਸਿਆਵਾਂ ਹਨ। ਜੇਕਰ ਸਮਾਜ ਵਿਚ ਇਹ ਹਵਾ ਇੰਨੀ ਤੇਜ਼ੀ ਨਾਲ ਚੱਲਦੀ ਰਹੀ ਤਾਂ ਸਭ ਕੁਝ ਤੀਲਾ-ਤੀਲਾ ਹੋ ਜਾਵੇਗਾ।

-ਪ੍ਰਭਜੋਤ ਕੌਰ ਢਿੱਲੋਂ

13-11-2017

 ਮਾਂ-ਬੋਲੀ ਦਾ ਸਤਿਕਾਰ
ਪੰਜਾਬੀ ਸਾਡੀ ਮਾਂ-ਬੋਲੀ ਹੀ ਨਹੀਂ ਸਾਡੀ ਅਣਖ, ਗ਼ੈਰਤ, ਸਰਮਾਇਆ, ਪਹਿਚਾਣ ਅਤੇ ਸਾਡੀ ਸੱਭਿਅਤਾ ਵੀ ਹੈ। ਸਾਨੂੰ ਪੰਜਾਬੀ ਬੋਲੀ ਨੂੰ ਸਿਰ ਦਾ ਤਾਜ ਬਣਾਉਣ ਲਈ ਪੰਜਾਬੀ ਬੋਲਣੀ ਪੜ੍ਹਨੀ ਤੇ ਲਿਖਣੀ ਚਾਹੀਦੀ ਹੈ। ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਆਓ, ਪੰਜਾਬੀ ਭਾਸ਼ਾ ਨੂੰ ਦਿਲੋਂ ਸਤਿਕਾਰ ਦੇਈਏ, ਘਰ ਪਰਿਵਾਰ ਵਿਚ ਪੰਜਾਬੀ ਬੋਲੀਏ, ਪੰਜਾਬੀ ਅਖ਼ਬਾਰ ਪੜ੍ਹੀਏ ਅਤੇ ਆਪਣੇ ਬੱਚਿਆਂ ਨੂੰ ਵੀ ਮਾਂ-ਬੋਲੀ ਨਾਲ ਜੋੜੀਏ। ਦੂਜੀਆਂ ਭਾਸ਼ਾਵਾਂ ਦਾ ਗਿਆਨ ਰੱਖਣਾ ਕੋਈ ਮਾੜੀ ਗੱਲ ਨਹੀਂ ਪਰ ਮਾਤ ਭਾਸ਼ਾ ਪੰਜਾਬੀ ਨੂੰ ਕੱਖੋਂ ਹੌਲੇ ਕਰਨਾ ਵੀ ਸਹੀ ਨਹੀਂ।

-ਮਾ: ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ।

ਕੁੜੀਆਂ ਦੀ ਸਰਦਾਰੀ
ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ੀਆ ਕੱਪ ਜਿੱਤ ਕੇ 2018 'ਚ ਹੋਣ ਵਾਲੇ ਵਿਸ਼ਵ ਹਾਕੀ ਕੱਪ ਲਈ ਕੁਆਲੀਫਾਈ ਕਰ ਲਿਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਨੇ ਇਸ ਟੂਰਨਾਮੈਂਟ ਦੇ ਆਪਣੇ ਗਰੁੱਪ ਦੇ ਸਾਰੇ ਦੇ ਸਾਰੇ ਮੈਚ ਜਿੱਤ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਇਨ੍ਹਾਂ ਹਾਕੀ ਖਿਡਾਰਨਾਂ ਦੀ ਹੌਸਲਾ ਅਫ਼ਜਾਈ ਕਰਦੇ ਹੋਏ ਸਰਕਾਰ ਨੂੰ ਇਨ੍ਹਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਨੀ ਚਾਹੀਦੀ ਹੈ। ਬੇਸ਼ੱਕ ਇਹ ਏਸ਼ੀਆ ਕੱਪ 13 ਸਾਲ ਦੀ ਜੱਦੋ-ਜਹਿਦ ਤੋਂ ਬਾਅਦ ਹੀ ਨਸੀਬ ਹੋਇਆ ਹੈ। ਪਰ ਅਸੀਂ ਇਸ ਨੂੰ ਹਾਕੀ ਦੇ ਇਤਿਹਾਸ ਵਿਚ ਸ਼ੁੱਭ ਸ਼ਗਨ ਮੰਨਦੇ ਹਾਂ। ਭਾਰਤ ਦੀ ਹਾਕੀ ਦੀ ਟੀਮ ਚਾਹੇ ਉਹ ਮਰਦਾਂ ਦੀ ਹੋਵੇ ਜਾਂ ਲੜਕੀਆਂ ਦੀ ਸਾਨੂੰ ਧਿਆਨ ਚੰਦ ਤੋਂ ਪ੍ਰੇਰਨਾ ਲੈ ਕੇ ਹਾਕੀ ਨੂੰ ਸਿਖਰਾਂ 'ਤੇ ਪਹੁੰਚਾਉਣਾ ਹੋਵੇਗਾ। ਸਾਰੇ ਭਾਰਤ ਦੇ ਲੋਕਾਂ ਦੀਆਂ ਸ਼ੁੱਭ ਇੱਛਾਵਾਂ ਇਨ੍ਹਾਂ ਹਾਕੀ ਖਿਡਾਰਨਾਂ ਦੇ ਨਾਲ ਸਦਾ ਰਹਿਣਗੀਆਂ।

-ਸਮਿੱਤਰ ਸਿੰਘ ਦੋਸਤ
142, ਦਸਮੇਸ਼ ਨਗਰ, ਚੁੰਗੀਆ ਰੋਡ, ਵਾਰਡ-1, ਖਰੜ।

ਫੰਡਾਂ ਦਾ ਸੋਕਾ
'ਭਾਸ਼ਾ ਵਿਭਾਗ ਕੋਲ ਫੰਡਾਂ ਦਾ ਸੋਕਾ' ਪੜ੍ਹ ਕੇ ਮਨ ਨੂੰ ਠੇਸ ਪਹੁੰਚੀ। ਪੰਜਾਬ ਸਰਕਾਰ ਦਾ ਭਾਸ਼ਾ ਵਿਭਾਗ ਆਪਣੇ ਆਖਰੀ ਸਾਹਾਂ ਵਿਚੋਂ ਬੜੇ ਹੀ ਧੀਮੇ ਸ਼ਬਦਾਂ ਵਿਚ ਆਪਣਾ ਦਰਦ ਬਿਆਨ ਕਰ ਰਿਹਾ ਹੈ। ਸਾਫ਼ ਹੈ ਕਿ ਪੰਜਾਬ ਸਰਕਾਰ ਭਾਸ਼ਾ ਵਿਭਾਗ ਨੂੰ ਕੋਈ ਫੰਡ ਨਹੀਂ ਦੇ ਰਹੀ, ਜਿਸ ਕਰਕੇ ਉਹ ਅਸਮਰੱਥਤਾ ਜ਼ਾਹਰ ਕਰ ਰਹੇ ਹਨ। ਦੂਸਰੇ ਪਾਸੇ ਪੰਜਾਬੀ ਭਾਸ਼ਾ ਬਚਾਓ ਕਮੇਟੀਆਂ ਵਲੋਂ ਧਰਨੇ ਲਾਏ ਜਾ ਰਹੇ ਹਨ। ਚੰਡੀਗੜ੍ਹ ਵਿਚ ਰਾਜਪਾਲ ਦੇ ਦਫਤਰ ਵੱਲ ਮਾਰਚ ਕੀਤਾ ਜਾ ਰਿਹਾ ਹੈ। ਸਕੱਤਰੇਤ ਵਿਖੇ ਮਿਸਲਾਂ ਵੇਖ ਲਓ ਇਕ ਅੱਧੀ ਮਿਸਲ 'ਤੇ ਪੰਜਾਬੀ ਅੱਖਰ ਨਜ਼ਰ ਪੈਣਗੇ। ਸਿੱਧੂ ਸਾਹਿਬ ਇਕ ਪਾਸੇ ਲੱਖਾਂ ਰੁਪਏ ਦਿੰਦੇ ਵਿਖਾਈ ਦਿੰਦੇ ਹਨ ਪਰ ਭਾਸ਼ਾ ਵਿਭਾਗ ਬਾਰੇ ਸ਼ਾਇਦ ਉਨ੍ਹਾਂ ਦੀ ਯਾਦਦਾਸ਼ਤ ਕਮਜ਼ੋਰ ਪੈ ਗਈ ਹੈ। ਸੱਭਿਆਚਾਰ ਲਈ ਕਰੋੜਾਂ ਪਰ ਭਾਸ਼ਾ ਲਈ ਖੋਟਾ ਪੈਸਾ ਵੀ ਨਹੀਂ। ਪੰਜਾਬ ਸਰਕਾਰ ਭਾਸ਼ਾ ਵਿਭਾਗ ਦੇ ਸਾਹ ਸਵੱਲੇ ਕਰਨ ਲਈ ਕੁਝ ਰਾਹਤ ਦਾ ਐਲਾਨ ਕਰੇ।

-ਨਰਿੰਦਰਪਾਲ ਸਿੰਘ ਕੋਮਲ
ਪੰਜਾਬੀ ਨਾਵਲਕਾਰ, 1359 ਸੈਕਟਰ 44-ਬੀ, ਚੰਡੀਗੜ੍ਹ।

ਜੱਜਾਂ ਦੇ ਖਾਲੀ ਅਹੁਦੇ
ਸਰਦਾਰਾ ਸ਼ੰਗਾਰਾ ਸਿੰਘ ਭੁੱਲਰ ਦਾ ਲੇਖ 'ਲੰਮੇ ਸਮੇਂ ਤੋਂ ਕਿਉਂ ਖਾਲੀ ਹਨ ਜੱਜਾਂ ਦੇ ਅਹੁਦੇ' ਕਾਬਲ-ਏ-ਤਾਰੀਫ਼ ਹੈ। ਅਦਾਲਤਾਂ ਵਿਚ ਜੱਜਾਂ ਦੀਆਂ ਬਹੁਤ ਸਾਰੀਆਂ ਅਸਾਮੀਆਂ ਖਾਲੀ ਪਈਆਂ ਹਨ। ਉੱਤਰ ਪ੍ਰਦੇਸ਼ ਵਿਚ ਜੱਜਾਂ ਦੀਆਂ ਅੱਧੀਆਂ ਅਸਾਮੀਆਂ ਖਾਲੀ ਪਈਆਂ ਹਨ। ਇਸੇ ਕਰਕੇ ਕੇਸਾਂ ਦੇ ਨਿਪਟਾਰੇ ਹੋਣ ਵਿਚ ਵਧੇਰੇ ਸਮਾਂ ਲੱਗ ਰਿਹਾ ਹੈ। ਪੀੜਤ ਪਰਿਵਾਰਾਂ ਨੂੰ ਇਨਸਾਫ਼ ਲੈਣ ਵਿਚ ਵਧੇਰੇ ਸਮਾਂ ਲਗਦਾ ਹੈ। ਨਿਆਂ ਸਰਲ ਹੋਵੇ ਅਤੇ ਖੱਜਲ-ਖੁਆਰੀ ਨਾ ਹੋਵੇ ਤਾਂ ਚੰਗੀ ਗੱਲ ਹੈ। ਜੇਕਰ ਸਾਰੀਆਂ ਅਸਾਮੀਆਂ ਭਰੀਆਂ ਜਾਣ ਤਾਂ ਅਦਾਲਤ ਦੇ ਕੰਮਾਂ ਵਿਚ ਤੇਜ਼ੀ ਆਵੇਗੀ ਅਤੇ ਘੱਟ ਸਮੇਂ ਵਿਚ ਕੇਸਾਂ ਦਾ ਨਿਪਟਾਰਾ ਹੋਵੇਗਾ।

-ਜਸਪਾਲ ਸਿੰਘ ਲੋਹਾਮ
# 29/166, ਗਲੀ ਹਜ਼ਾਰਾ ਸਿੰਘ, ਮੋਗਾ-142001.

08-11-2017

 ਮਿਲਾਵਟਖੋਰੀ
ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿਚ ਦੁੱਧ ਅਤੇ ਹੋਰ ਖੁਰਾਕੀ ਪਦਾਰਥਾਂ ਵਿਚ ਮਿਲਾਵਟ ਦੇ ਮਾਮਲੇ ਅਕਸਰ ਹੀ ਮੀਡੀਆ ਰਾਹੀਂ ਸਾਹਮਣੇ ਆਉਂਦੇ ਰਹਿੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਮਿਲਾਵਟੀ ਤੱਤ ਸਿਹਤ ਲਈ ਬੇਹੱਦ ਹਾਨੀਕਾਰਕ ਹਨ। ਮਿਲਾਵਟਖੋਰੀ ਨੂੰ ਰੋਕਣ ਲਈ ਭਾਰਤ ਸਰਕਾਰ ਨੇ 2006 'ਚ ਇਕ ਖੁਰਾਕ ਸੁਰੱਖਿਆ ਅਤੇ ਮਾਨਕ (ਸਟੈਂਡਰਡਜ਼) ਐਕਟ ਬਣਾਇਆ ਸੀ। ਜੋ 2011 'ਚ ਲਾਗੂ ਕਰ ਦਿੱਤਾ ਗਿਆ ਸੀ। ਪਰ ਦੁੱਖ ਇਸ ਗੱਲ ਦਾ ਹੈ ਕਿ ਐਕਟ ਦੇ ਲਾਗੂ ਹੋਣ 'ਤੇ ਵੀ ਮਿਲਾਵਟਖੋਰੀ ਨੂੰ ਠੱਲ੍ਹ ਨਹੀਂ ਪਈ। ਭਾਰਤ ਸਰਕਾਰ ਦੇ ਐਕਟ ਅਨੁਸਾਰ ਮਿਲਾਵਟਖੋਰਾਂ ਨੂੰ ਸਖ਼ਤ ਸਜ਼ਾ ਤੇ ਭਾਰੀ ਜੁਰਮਾਨੇ ਦੀ ਗੱਲ ਕੀਤੀ ਗਈ ਹੈ। ਐਕਟ ਲਾਗੂ ਹੋਣ ਸਮੇਂ ਦੇਸ਼ ਦੀ ਜਨਤਾ ਨੂੰ ਕੁਝ ਆਸ ਜਾਗੀ ਸੀ ਕਿ ਉਸ ਨੂੰ ਹੁਣ ਖੁਰਾਕੀ ਪਦਾਰਥ ਮਿਲਾਵਟ ਰਹਿਤ ਮਿਲਣਗੇ। ਪਰ ਅਜਿਹਾ ਨਹੀਂ ਹੋਇਆ। ਅਸੀਂ ਦੇਸ਼ ਦੀ ਸਰਕਾਰ ਦੇ ਨਾਲ-ਨਾਲ ਸੂਬਾ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਮਿਲਾਵਟਖੋਰੀ ਦੇ ਕੋਹੜ ਨੂੰ ਜੜ੍ਹੋਂ ਖਤਮ ਕਰਨ ਲਈ ਪੂਰੀ ਇਮਾਨਦਾਰੀ ਤੇ ਗੰਭੀਰਤਾ ਨਾਲ ਪੇਸ਼ ਆਇਆ ਜਾਵੇ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।


ਬੇਵਸ ਪਾਣੀ
ਲੱਖਾਂ ਮਣ ਕਾਗਜ਼ ਅਤੇ ਸਿਆਹੀ ਪਾਣੀ ਨੂੰ ਸਾਫ਼ ਰੱਖਣ ਲਈ ਵਰਤੀ ਜਾ ਚੁੱਕੀ ਹੈ ਪਰ ਲਛਮੀ ਦੀ ਆਮਦ ਲਈ ਮਨੁੱਖ ਨੇ ਬਾਕੀ ਦੇਵੀ-ਦੇਵਤੇ ਦੂਜੇ ਨੰਬਰ 'ਤੇ ਰੱਖ ਹੋਏ ਹਨ। ਬਟਵਾਰੇ ਦੀ ਮਾਰ ਨੇ ਇਸ ਦੇ ਪਾਣੀ ਨੂੰ ਵੀ ਡੋਲਿਆ। ਪੰਜ ਵਿਚੋਂ ਬਚੇ ਤਿੰਨ ਦਰਿਆ ਆਪਣੇ ਅੰਦਰ ਲੱਖਾਂ ਟਨ ਵਿਸ਼ੈਲੇ ਪਦਾਰਥਾਂ ਨਾਲ ਅਤੀਤ ਨੂੰ ਝੂਰ ਰਹੇ ਹਨ। ਪੰਜਾਬ ਦੇ ਪਾਣੀਆਂ ਨੂੰ ਆਬ ਹੱਯਾਤ ਦਾ ਰੁਤਬਾ ਸੀ। ਅੱਜ ਪੰਜਾਬ ਵਿਚ ਖਵਾਜਾ ਅਤੇ ਇੰਦਰ ਵੀ ਮਨੁੱਖੀ ਹਰਕਤਾਂ ਤੋਂ ਪ੍ਰੇਸ਼ਾਨ ਹਨ। ਪੰਜਾਬ ਦਾ ਪਾਣੀ ਬੇਵੱਸ ਹੈ। ਗੁਰਬਾਣੀ ਦੇ ਫਲਸਫੇ ਅਨੁਸਾਰ ਪਾਣੀ ਨੂੰ ਜੀਵਨ ਮੰਨ ਕੇ ਆਪਣੀਆਂ ਹਰਕਤਾਂ ਸੁਧਾਰਨ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਣਾ। ਨਹੀਂ ਤਾਂ ਭਵਿੱਖ ਕੰਧਾਂ ਨਾਲ ਟੱਕਰਾਂ ਮਾਰਨ ਲਈ ਉਡੀਕਵਾਨ ਹੈ।


-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।


ਸਕੂਲ ਨੀਤੀ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਾਲ 2011-12 ਦੌਰਾਨ ਅਕਾਲੀ-ਭਾਜਪਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਰਾਜ ਦੇ ਗ਼ੈਰ-ਮਾਨਤਾ ਪ੍ਰਾਪਤ ਸਕੂਲਾਂ ਜੋਕਿ ਐਫੀਲੀਏਸ਼ਨ ਐਕਟ ਦੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਅਸਮਰੱਥ ਸਨ। ਉਨ੍ਹਾਂ ਸਕੂਲਾਂ ਦੀ ਹੋਂਦ ਨੂੰ ਬਚਾਉਣ ਲਈ ਮੁਢਲੀਆਂ ਸ਼ਰਤਾਂ ਦੀ ਪੂਰਤੀ ਕਰਵਾ ਕੇ ਦਸਵੀਂ ਤੇ ਬਾਰ੍ਹਵੀਂ ਪੱਧਰ ਤੱਕ ਐਸੋਸੀਏਸ਼ਨ ਦਾ ਦਰਜਾ ਦਿੱਤਾ ਗਿਆ ਸੀ। ਤਾਂ ਜੋ ਸਬੰਧਤ ਸਕੂਲ ਪ੍ਰਬੰਧਕਾਂ ਨੂੰ ਐਫੀਲੀਏਸ਼ਨ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਕੁਝ ਸਮਾਂ ਮਿਲ ਸਕੇ। ਦੂਜੇ ਪਾਸੇ ਬੋਰਡ ਦੁਆਰਾ ਮੌਜੂਦਾ ਸਮੇਂ ਦੌਰਾਨ ਕਿਸੇ ਵੀ ਨਵੀਂ ਸੰਸਥਾ ਨੂੰ ਐਸੋਸੀਏਸ਼ਨ ਨਹੀਂ ਦਿੱਤੀ ਜਾ ਰਹੀ। ਬਿਹਤਰ ਹੋਵੇਗਾ ਕਿ ਐਸੋਸੀਏਸ਼ਨ ਨੀਤੀ ਨੂੰ ਐਫੀਲੀਏਸ਼ਨ ਦੀ ਤਰ੍ਹਾਂ ਹਰ ਸਾਲ ਚਾਲੂ ਰੱਖਿਆ ਜਾਵੇ ਤਾਂ ਜੋ ਐਫੀਲੀਏਸ਼ਨ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਸਕੂਲ ਐਸੋਸੀਏਸ਼ਨ ਲੈ ਕੇ ਆਪਣੀ ਹੋਂਦ ਬਰਕਰਾਰ ਰੱਖਣ।


-ਲਖਵੀਰ ਕੌਰ
ਸੀਰਵਾਲੀ (ਸ੍ਰੀ ਮੁਕਤਸਰ ਸਾਹਿਬ)।

07-11-2017

 ਆਪਸੀ ਦੂਸ਼ਣਬਾਜ਼ੀ
ਪਿਛਲੇ ਦਿਨੀਂ ਪੰਜਾਬ ਦੇ ਨੇਤਾਵਾਂ ਵਿਚ ਸਿਆਸੀ ਬਿਆਨਬਾਜ਼ੀ ਸਿਖ਼ਰਾਂ 'ਤੇ ਸੀ। ਨੇਤਾਵਾਂ ਦੀ ਸ਼ਬਦਾਵਲੀ ਦਾ ਮਿਆਰ ਨੀਵਾਂ ਸੀ। ਲੋਕਾਂ ਦੁਆਰਾ ਇਨ੍ਹਾਂ ਨੂੰ ਆਪਣੀਆਂ ਮੰਗਾਂ ਦੇ ਹੱਲ ਲਈ ਵਿਧਾਨ ਸਭਾ ਵਿਚ ਭੇਜਿਆ ਗਿਆ। ਜੇਕਰ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦੇ ਇਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਕਰਨ ਤਾਂ ਉਥੋਂ ਦੀ ਜਨਤਾ ਤੋਂ ਕੋਈ ਆਸ ਕੀਤੀ ਜਾ ਸਕਦੀ ਹੈ। ਜੋ ਨੇਤਾ ਸਰਕਾਰ ਵਿਚ ਹਨ, ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਵਿਰੋਧੀ ਧਿਰ ਦੇ ਨੇਤਾ ਲੋਕਤੰਤਰੀ ਢੰਗ ਨਾਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਪੇਸ਼ ਕਰਨ। ਆਪਸੀ ਨਿੱਜੀ ਦੂਸ਼ਣਬਾਜ਼ੀ ਤੋਂ ਬਚਣ।

-ਕਮਲ ਕੋਟਲੀ।

ਲੰਗਰ ਦੀ ਪ੍ਰਥਾ
'ਧਰਮ ਤੇ ਵਿਰਸਾ' ਅੰਕ ਵਿਚ ਅਮਨਦੀਪ ਸਿੰਘ ਸਿੱਧੂ ਹੁਰਾਂ ਦਾ 'ਲੰਗਰ ਦੀ ਪ੍ਰਥਾ ਪਿੱਛੇ ਉਦੇਸ਼' ਪੜ੍ਹਿਆ। ਅੱਜ ਦੇ ਦੌਰ ਵਿਚ ਲੰਗਰ ਲਾਉਣ ਵਾਲੀਆਂ ਸੰਸਥਾਵਾਂ ਲਈ ਵਿਚਾਰਨ ਯੋਗ ਲੇਖ ਹੈ। ਪੇਟ ਦੀ ਤ੍ਰਿਪਤੀ ਦੇ ਨਾਲ-ਨਾਲ ਹੋ ਰਹੇ ਸਮਾਜੀ ਵਿਤਕਰੇ ਨੂੰ ਦੂਰ ਕਰਨ ਦੀ ਪ੍ਰਥਾ ਹੈ। ਅੱਜ ਦੇ ਦੌਰ ਵਿਚ ਲੰਗਰ ਲਾਉਣ ਵਾਲੇ ਲੰਗਰ ਪ੍ਰਥਾ ਨੂੰ ਅੱਖਾਂ ਤੋਂ ਓਹਲੇ ਕਰ ਰਹੇ ਹਨ। ਪੰਗਤ ਵਿਚ ਬੈਠ ਕੇ ਦਾਲ ਪ੍ਰਸ਼ਾਦਾ ਛਕਣ ਦਾ ਅਨੰਦ ਵੱਖਰਾ ਹੀ ਹੈ, ਜੋ ਸਾਡੇ ਗੁਰੂਆਂ ਨੇ ਸ਼ੁਰੂ ਕੀਤਾ। ਅੱਜ ਤਾਂ ਅਸੀਂ ਪ੍ਰੋਗਰਾਮਾਂ ਤੇ ਆਮ ਲੋਕਾਂ ਲਈ ਲੰਗਰ ਹੋਰ ਅਤੇ ਵੀ.ਆਈ.ਪੀ. ਲੋਕਾਂ ਲਈ ਲੰਗਰ ਹੋਰ ਦਾ ਰਿਵਾਜ ਪਾਲ ਲਿਆ ਹੈ। ਗੁਰਮਤਿ ਸਿਧਾਂਤ ਅਨੁਸਾਰ ਲੰਗਰ ਪ੍ਰਥਾ ਚਲਾਉਣ ਲਈ ਅਜਿਹੇ ਲੇਖਕਾਂ ਦੇ ਵਿਚਾਰ ਅਣਮੁੱਲ ਹਨ।

-ਜੁਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਗ਼ਲਤ ਰੁਝਾਨ
ਲੋਕ ਤਾਂ ਪਹਿਲਾਂ ਹੀ ਮੁਢਲੀਆਂ ਸਹੂਲਤਾਂ ਤੋਂ ਕੋਹਾਂ ਦੂਰ ਹਨ। ਕੀ ਲੋਕਾਂ ਨੂੰ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਜਾਂ ਨਹੀਂ। ਸ਼ਰਮ ਆਉਂਦੀ ਹੈ ਗੱਲ ਕਰਨ ਲੱਗਿਆਂ ਕਿ ਸਾਡੀਆਂ ਸਰਕਾਰਾਂ ਪ੍ਰਾਇਮਰੀ ਸਿੱਖਿਆ ਦੇਣ ਦੇ ਵੀ ਕਾਬਲ ਨਹੀਂ। ਨੌਜਵਾਨਾਂ ਦੇ ਹੱਥਾਂ ਵਿਚ ਡਿਗਰੀਆਂ ਨੇ, ਉਨ੍ਹਾਂ ਨੂੰ ਨੌਕਰੀਆਂ ਨਹੀਂ, ਜੇਕਰ ਇਸ ਤਰ੍ਹਾਂ ਸਰਕਾਰੀ ਸਕੂਲਾਂ ਦਾ ਬੰਦ ਹੋਣਾ ਸ਼ੁਰੂ ਹੋ ਗਿਆ ਤਾਂ ਇਨ੍ਹਾਂ ਨੂੰ ਰੁਜ਼ਗਾਰ ਕਿੱਥੇ ਮਿਲੇਗਾ। ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ, ਉਥੋਂ ਦੇ ਖਰਚੇ ਆਮ ਲੋਕਾਂ ਦੇ ਵੱਸ ਦੇ ਨਹੀਂ ਰਹੇ। ਜਿਸ ਦੇਸ਼ ਵਿਚ ਮੁਢਲੀ ਸਿੱਖਿਆ ਦਾ ਇਹ ਹਸ਼ਰ ਹੈ, ਉਸ ਦਾ ਵਿਕਾਸ ਹੋਣਾ ਮੁਸ਼ਕਿਲ ਹੈ। ਇਲਾਹਾਬਾਦ ਹਾਈ ਕੋਰਟ ਨੇ ਇਕ ਫ਼ੈਸਲਾ ਸੁਣਾਇਆ ਸੀ ਕਿ ਹਰ ਸਰਕਾਰੀ ਅਧਿਕਾਰੀ, ਅਫ਼ਸਰ ਤੇ ਹਰ ਉੱਚ ਅਧਿਕਾਰੀ ਦੇ ਬੱਚਿਆਂ ਦਾ ਸਰਕਾਰੀ ਸਕੂਲ ਵਿਚ ਪੜ੍ਹਨਾ ਲਾਜ਼ਮੀ ਹੋਵੇ। ਅਫ਼ਸੋਸ ਕਿਸੇ ਨੇ ਵੀ ਹਾਈ ਕੋਰਟ ਦੇ ਇਸ ਫ਼ੈਸਲੇ ਨੂੰ ਲਾਗੂ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ। ਸਰਕਾਰੀ ਸਕੂਲ ਬੰਦ ਕਰਨ ਦੀ ਥਾਂ ਮੰਤਰੀਆਂ ਤੇ ਵਿਧਾਇਕਾਂ ਦੇ ਖਰਚਿਆਂ 'ਤੇ ਕਾਬੂ ਪਾਓ। ਇਹ ਲੋਕ ਇੰਜ ਵਿਖਾਉਂਦੇ ਹਨ ਕਿ ਉਨ੍ਹਾਂ ਨੂੰ ਬਹੁਤ ਕੰਮ ਹੈ। ਲੋਕਾਂ ਨੂੰ ਮਿਲਣਾ, ਲੋਕਾਂ ਵਿਚ ਆਉਣਾ ਆਪਣੀ ਤੌਹੀਨ ਸਮਝਦੇ ਹਨ। ਲਾਲਾ ਤੁਲਾ ਰਾਮ ਜੀ ਦੀਆਂ ਸਤਰਾਂ ਮੈਨੂੰ ਇਥੇ ਬਹੁਤ ਢੁਕਵੀਆਂ ਲੱਗੀਆਂ, 'ਧੇਲੇ ਦੀ ਸੇਲ ਨਹੀਂ, ਸਿਰ ਖੁਰਕਣ ਦੀ ਵਿਹਲ ਨਹੀਂ।' ਸਿਸਟਮ ਨੂੰ ਸੁਧਾਰਨ ਦੀ ਥਾਂ ਇਸ ਤਰ੍ਹਾਂ ਦੇ ਕਦਮ ਗ਼ਲਤ ਤੇ ਖ਼ਤਰਨਾਕ ਰੁਝਾਨ ਵੱਲ ਜਾ ਰਹੇ ਕਦਮ ਹਨ।

-ਪ੍ਰਭਜੋਤ ਕੌਰ ਢਿੱਲੋਂ।

06-11-2017

 ਬੂਟੇ ਸੰਭਾਲਣ ਦੀ ਲੋੜ
ਪਿਛਲੇ ਮਹੀਨਿਆਂ ਦੌਰਾਨ ਮੌਸਮ ਸਾਜ਼ਗਾਰ ਹੋਣ ਕਰਕੇ, ਪਿੰਡਾਂ ਅਤੇ ਸ਼ਹਿਰਾਂ ਵਿਚ ਧਾਰਮਿਕ ਆਗੂਆਂ, ਕਲੱਬਾਂ ਅਤੇ ਹੋਰ ਸੰਸਥਾਵਾਂ ਵਲੋਂ ਬੇਸ਼ੁਮਾਰ ਬੂਟੇ ਲਗਾਏ ਗਏ, ਜੋ ਕਿ ਇਕ ਸ਼ਲਾਘਾਯੋਗ ਕਦਮ ਹੈ। ਬੂਟੇ ਲਾਉਂਦਿਆਂ ਦੀਆਂ ਫੋਟੋਆਂ ਅਖ਼ਬਾਰਾਂ ਅਤੇ ਸ਼ੋਸ਼ਲ ਮੀਡੀਆ ਦਾ ਸ਼ਿੰਗਾਰ ਬਣੀਆਂ। ਸਿਰਫ਼ ਇਸ ਸਾਲ ਹੀ ਲਾਏ ਗਏ ਬੂਟਿਆਂ ਦੀ ਗਿਣਤੀ ਲੱਖਾਂ ਵਿਚ ਹੈ। ਚਾਰ ਦਿਨ ਦੀ ਚਾਨਣੀ, ਫਿਰ ਹਨੇਰੀ ਰਾਤ, ਕਹਾਵਤ ਵਾਂਗ, ਚਾਰ ਦਿਨ ਬੱਲੇ-ਬੱਲੇ ਕਰਵਾ ਕੇ, ਫਿਰ ਇਨ੍ਹਾਂ ਨਵੇਂ ਲਾਏ ਬੂਟਿਆਂ ਨੂੰ ਵਿਸਾਰ ਦਿੱਤਾ ਜਾਂਦਾ ਹੈ। ਅਖੀਰ ਨੂੰ ਸੁੱਕਦੇ ਸੁੱਕਦੇ ਇਹ ਲਗਪਗ ਸਾਰੇ ਬੂਟੇ ਸੁੱਕ ਜਾਂਦੇ ਨੇ। ਕਈ ਸੰਸਥਾਵਾਂ ਪੰਚਾਇਤਾਂ ਜਾਂ ਕਲੱਬਾਂ ਨੂੰ ਬੂਟੇ ਮੁਫ਼ਤ ਦਿੰਦੀਆਂ ਹਨ। ਉਨ੍ਹਾਂ ਨੂੰ ਚਾਹੀਦਾ ਹੈ, ਉਹ ਲਾਏ ਗਏ ਬੂਟਿਆਂ ਦੀ ਬਾਅਦ ਵਿਚ ਪੜਤਾਲ ਕਰਨ ਤਾਂ ਕਿ ਮਾਨਵ ਭਲਾਈ ਦਾ ਇਹ ਕੀਤਾ ਜਾ ਰਿਹਾ ਕਾਰਜ ਸਾਰਥਿਕ ਸਿੱਧ ਹੋ ਸਕੇ।


-ਪ੍ਰੀਤ ਸਿੰਘ ਸੰਦਲ (ਕਵੀਸ਼ਰ)
ਪਿੰਡ ਮਕਸੂਦੜਾ, ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ।


ਸਿੱਖਿਆ ਦਾ ਡਿੱਗਦਾ ਪੱਧਰ
ਪੰਜਾਬ ਵਿਚ ਸਿੱਖਿਆ ਦਾ ਪੱਧਰ ਦਿਨੋਂ-ਦਿਨ ਡਿਗਦਾ ਜਾ ਰਿਹਾ ਹੈ। ਸਾਲ ਦਾ ਤੀਜਾ ਹਿੱਸਾ ਬੀਤਣ 'ਤੇ ਵੀ ਸਰਕਾਰੀ ਸਕੂਲਾਂ ਦੇ ਬੱਚੇ ਬਿਨਾਂ ਕਿਤਾਬਾਂ ਤੋਂ ਪੜ੍ਹਾਈ ਕਰ ਰਹੇ ਹਨ। ਗ਼ਰੀਬ ਪਰਿਵਾਰਾਂ ਦੇ ਬੱਚਿਆਂ ਤੋਂ ਚਿੱਟੇ ਦਿਨ ਸਿੱਖਿਆ ਖੋਹੀ ਜਾ ਰਹੀ ਹੈ। ਖਾਸ ਕਰ ਰਾਜ ਦੇ ਪ੍ਰਾਇਮਰੀ ਸਕੂਲਾਂ ਵਿਚ ਸਪਾਂਸਿਡ ਪ੍ਰੋਗਰਾਮ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਚਲਾਇਆ ਜਾ ਰਿਹਾ ਹੈ, ਜੋ ਅੰਕੜਿਆਂ ਦੀ ਖੇਡ ਜਿਸ ਵਿਚ ਟੀਚਾ ਮਿਥਿਆ ਗਿਆ ਹੈ। ਬੱਚਿਆਂ ਦਾ ਨਾ ਕੋਈ ਪੇਪਰ ਨਾ ਲੈਣਾ ਨਾ ਦੇਣਾ, ਇਸ ਤਰ੍ਹਾਂ ਬੱਚੇ ਨਿੱਜੀ ਸਕੂਲਾਂ ਵੱਲ ਰੁਖ਼ ਕਰ ਰਹੇ ਹਨ। ਸਰਕਾਰ ਦੇ ਅਧਿਕਾਰੀ ਸਰਕਾਰੀ ਸਕੂਲ ਬੰਦ ਕਰਾਉਣ ਤੇ ਨਿੱਜਤਾ ਨੂੰ ਬੜਾਵਾ ਦੇ ਰਹੇ ਹਨ। ਮੈਂ ਇਕ ਸੇਵਾਮੁਕਤ ਅਧਿਆਪਕ ਹਾਂ। ਮੇਰੀ ਰਾਇ ਅਨੁਸਾਰ ਅਜਿਹੇ ਸਪਾਂਸਿਡ ਪ੍ਰੋਗਰਾਮਾਂ ਨੂੰ ਤੁਰੰਤ ਬੰਦ ਕੀਤਾ ਜਾਵੇ, ਸਕੂਲਾਂ ਵਿਚ ਕਿਤਾਬਾਂ ਮੁਹੱਈਆ ਕਰਵਾਈਆਂ ਜਾਣ।


-ਮਾ: ਰਘਬੀਰ ਸਿੰਘ
ਪਿੰਡ ਮਾਜਰੀ, ਮੈਂਬਰ ਐਸ.ਐਮ.ਸੀ.


ਸ਼ਬਦੀ ਜੰਗ
ਦੇਸ਼ ਦੀ ਰਾਜਨੀਤੀ ਵਿਚ ਚੱਲ ਰਹੀ ਸ਼ਬਦੀ ਜੰਗ ਨੇ ਉਸ ਵਕਤ ਨਵਾਂ ਮੋੜ ਦੇ ਦਿੱਤਾ ਜਦੋਂ ਭਾਜਪਾ ਦੇ ਸੁੱਘੜ ਸਿਆਣੇ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਦੇ ਤਿੱਖੇ ਵਾਰਾਂ ਨੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਦੀਆਂ ਲੋਕ ਵਿਰੋਧੀ ਨੀਤੀਆਂ ਵਿਚ ਨੋਟਬੰਦੀ ਤੇ ਜੀ.ਐਸ.ਟੀ. ਲਗਾਉਣ ਦੀਆਂ ਸਕੀਮਾਂ ਨੇ ਹਰ ਵਰਗ ਦੇ ਲੋਕਾਂ ਨੂੰ ਹਾਏ-ਹਾਏ ਕਰਨ ਲਈ ਮਜਬੂਰ ਕਰ ਦਿੱਤਾ ਅਤੇ ਸਭ ਤੋਂ ਵੱਧ ਚੱਕੀ ਦੇ ਪੁੜਾਂ ਵਿਚ ਫਸੇ ਹੋਣ ਵਰਗੀ ਪੇਂਡੂ ਮੱਧਵਰਗੀ ਕਿਸਾਨ ਪਰਿਵਾਰਾਂ ਦੀ ਹਾਲਤ ਵੇਖੀ ਜਾ ਸਕਦੀ ਹੈ। ਦੂਜੇ ਪਾਸੇ ਲੋਕ ਫ਼ਤਵੇ ਅੱਗੇ ਗੋਡੇ ਟੇਕ ਕੇ ਰਾਜ ਸਭਾ ਦੇ ਰਸਤੇ ਰਾਹੀਂ ਦੇਸ਼ ਦੇ ਵਿੱਤ ਮੰਤਰੀ ਦਾ ਅਹੁਦਾ ਸੰਭਾਲਣ ਤੇ ਸੱਚ ਨੂੰ ਵੰਗਾਰਨ ਦੀ ਬਿਆਨਬਾਜ਼ੀ ਨੂੰ ਵੀ ਲਾਹਨਤਾਂ ਪੈ ਰਹੀਆਂ ਹਨ।


-ਕੁਲਵਿੰਦਰ ਸਿੰਘ ਨਿਜ਼ਾਮਪੁਰ
ਮਲੌਦ।


ਪੰਜਾਬੀ ਲੋਕ ਜੀਵਨ
'ਅਜੀਤ ਮੈਗਜ਼ੀਨ' ਵਿਚ ਲੇਖਕ ਜੁਝਾਰ ਸਿੰਘ ਖੁਸ਼ਦਿਲ ਦਾ ਸੱਭਿਆਚਾਰ ਦੀ ਅਸਲ ਤਸਵੀਰ ਪੇਸ਼ ਕਰਦਾ 'ਕਦੇ ਪਿਆਰ ਤੇ ਸਾਦਗੀ ਦਾ ਸੁਮੇਲ ਸੀ ਪੰਜਾਬੀ ਲੋਕ ਜੀਵਨ' ਲੇਖ ਧੁਰ ਅੰਦਰ ਤੱਕ ਦਿਲ ਨੂੰ ਛੂਹ ਗਿਆ। ਪੰਜਾਬ ਦੇ ਪਿੰਡਾਂ ਦੀ ਅਸਲੀਅਤ ਪੇਸ਼ ਕਰਨ ਦੀ ਲੇਖਕ ਨੇ ਪੂਰੀ ਕੋਸ਼ਿਸ਼ ਕੀਤੀ ਹੈ। ਅੱਜ ਦਾ ਬਚਪਨ ਪੜ੍ਹਾਈ ਦੇ ਬੋਝ ਅਤੇ ਨੌਜਵਾਨ ਇੰਟਰਨੈੱਟ ਵਿਚ ਡੁੱਬ ਕੇ ਸਰੀਰਕ ਪੱਖੋਂ ਕਮਜ਼ੋਰ ਹੋਇਆ ਪਿਆ ਹੈ ਪਰ ਉਸ ਸਮੇਂ ਬੱਚਿਆਂ ਦੀਆਂ ਮੈਦਾਨੀ ਖੇਡਾਂ ਸਰੀਰਕ ਫੁਰਤੀ ਪੈਦਾ ਕਰਦੀਆਂ ਸਨ। ਸਾਰੇ ਰਿਸ਼ਤਿਆਂ ਦੀ ਕਦਰ ਕਰਦੇ ਸਨ। ਉਦੋਂ ਲੋਕਾਂ ਵਿਚ ਪਿਆਰ ਅਤੇ ਸਤਿਕਾਰ ਸੀ।


-ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।

03-11-2017

 ਮੁੱਖ ਅਧਿਆਪਕਾਂ ਦੀ ਘਾਟ
ਪੰਜਾਬ ਦੇ ਸਰਕਾਰੀ ਹਾਈ ਸਕੂਲਾਂ ਵਿਚ ਲੰਬੇ ਸਮੇਂ ਤੋਂ ਮੁੱਖ ਅਧਿਆਪਕ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਅਤੇ ਤਰੱਕੀ ਰਾਹੀਂ ਭਰੀਆਂ ਨਹੀਂ ਜਾ ਰਹੀਆਂ। ਇਕ ਮੁੱਖ ਅਧਿਆਪਕ ਨੂੰ 3-4 ਸਕੂਲਾਂ ਦੀਆਂ ਡੀ.ਡੀ.ਓ. ਪਾਵਰਾਂ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ। ਸਥਿਤੀ ਊਠ ਦੇ ਬੁੱਲ੍ਹ ਵਰਗੀ ਹੋ ਗਈ ਹੈ। ਕਈ ਮਹੀਨੇ ਬੀਤ ਜਾਣ 'ਤੇ ਵੀ ਮਾਸਟਰ ਕੇਡਰ ਦੀ ਸੀਨੀਆਰਟੀ ਹੀ ਨਹੀਂ ਬਣੀ ਜਿਸ ਕਰਕੇ ਮਾਸਟਰ ਤਰੱਕੀਆਂ ਨੂੰ ਉਡੀਕਦੇ ਸੇਵਾ-ਮੁਕਤ ਹੋ ਰਹੇ ਹਨ। ਸਿੱਖਿਆ ਵਿਭਾਗ ਦਾ ਸਾਰਾ ਵੇਰਵਾ ਈ-ਪੰਜਾਬ ਦੀ ਵੈਬ ਸਾਈਟ 'ਤੇ ਹੈ ਅਤੇ ਉਹ ਵੇਰਵਾ ਲੈ ਕੇ ਮਾਸਟਰ ਤੋਂ ਮੁੱਖ ਅਧਿਆਪਕ ਤਰੱਕੀਆਂ ਕੀਤੀਆਂ ਜਾਣ।

-ਨਰਿੰਦਰ ਸਿੰਘ ਖਾਨਖਾਨਾ
ਪਿੰਡ ਤੇ ਡਾਕ: ਖਾਨਖਾਨਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ।

ਡੇਂਗੂ ਦੇ ਮਰੀਜ਼ਾਂ ਦੀ ਲੁੱਟ
ਪਿਛਲੇ ਕਈ ਦਿਨਾਂ ਤੋਂ ਪੂਰੇ ਪੰਜਾਬ ਵਿਚ ਡੇਂਗੂ ਤੋਂ ਪ੍ਰਭਾਵਿਤ ਹੋਏ ਮਰੀਜ਼ਾਂ ਦੀ ਗਿਣਤੀ ਇਸ ਵੇਲੇ ਹਜ਼ਾਰਾਂ ਨੂੰ ਜਾ ਢੁੱਕੀ ਹੈ। ਸਭ ਤੋਂ ਜ਼ਿਆਦਾ ਨੁਕਸਾਨ ਹਰ ਰੋਜ਼ ਕਮਾ ਕੇ ਖਾਣ ਵਾਲੇ ਦਿਹਾੜੀਦਾਰ ਕਾਮੇ ਜਾਂ ਗਰੀਬ ਤਬਕੇ ਨੂੰ ਪੁੱਜਦਾ ਹੈ, ਜਿਸ ਦੇ ਬਿਮਾਰ ਹੋਣ 'ਤੇ ਇਕ ਪਾਸੇ ਆਮਦਨ ਬੰਦ ਹੋ ਜਾਂਦੀ ਹੈ ਤੇ ਦੂਜੇ ਪਾਸੇ ਇਲਾਜ ਦੇ ਨਾਂਅ 'ਤੇ ਹਜ਼ਾਰਾਂ ਰੁਪਏ ਖਰਚਣੇ ਪੈਂਦੇ ਹਨ। ਪਿੰਡਾਂ ਦੀਆਂ ਡਿਸਪੈਂਸਰੀਆਂ ਅਤੇ ਛੋਟੇ ਸ਼ਹਿਰਾਂ ਦੇ ਸਰਕਾਰੀ ਹਸਪਤਾਲਾਂ ਵਿਚ ਸਰਕਾਰ ਵਲੋਂ ਡੇਂਗੂ ਦੇ ਟੈਸਟ ਕਰਨ ਲਈ ਆਮ ਲੋਕਾਂ ਨੂੰ ਕੋਈ ਸਹੂਲਤ ਪ੍ਰਦਾਨ ਨਹੀਂ ਕੀਤੀ ਗਈ, ਜਿਸ ਕਰਕੇ ਗਰੀਬ ਵਰਗ ਨਿੱਜੀ ਲੈਬੋਰੇਟਰੀਆਂ ਪਾਸੋਂ ਆਪਣੀ ਲੁੱਟ-ਖਸੁੱਟ ਕਰਵਾ ਰਿਹਾ ਹੈ। ਜਦੋਂ ਕੋਈ ਬਿਮਾਰੀ ਆਪਣੀ ਚਰਮ ਸੀਮਾ 'ਤੇ ਫੈਲ ਜਾਂਦੀ ਹੈ ਤਾਂ ਉਸ ਵੇਲੇ ਸਰਕਾਰੀ ਅਧਿਕਾਰੀ ਵਿਖਾਵੇ ਦੇ ਤੌਰ 'ਤੇ ਨਾਮਾਤਰ ਕਾਰਵਾਈ ਨੂੰ ਅਮਲ ਵਿਚ ਲਿਆਉਣ 'ਤੇ ਜੁੱਟ ਜਾਂਦੇ ਹਨ।

-ਸਰਵਣ ਸਿੰਘ ਭੰਗਲਾਂ
ਸਮਰਾਲਾ।

ਜ਼ਿੰਦਗੀਆਂ ਨਾਲ ਖਿਲਵਾੜ
ਹਰ ਮਨੁੱਖ ਲਈ ਸ਼ੁੱਧ ਖੁਰਾਕ ਅਤੇ ਸਾਫ਼-ਸੁਥਰੇ ਵਾਤਾਵਰਨ ਦੀ ਲੋੜ ਹੁੰਦੀ ਹੈ। ਪਰ ਅਜੋਕੇ ਸਮੇਂ ਵਿਚ ਇਹ ਸਭ ਕੁਝ ਮਿਲਣਾ ਸੰਭਵ ਨਹੀ ਜਾਪਦਾ, ਕਿਉਂਕਿ ਅੱਜ ਜੇ ਸ਼ੁੱਧ ਖੁਰਾਕ ਦੀ ਗੱਲ ਕਰੀਏ ਤਾਂ ਸ਼ਾਇਦ ਹੀ ਕੋਈ ਖਾਣ ਪੀਣ ਵਾਲੇ ਪਦਾਰਥ ਸ਼ੁੱਧ ਹੋਣ। ਅੱਜ ਕਲ੍ਹ ਦੁਕਾਨਾਂ 'ਤੇ ਨਕਲੀ ਦੁੱਧ, ਦਹੀਂ, ਘਿਉ, ਪਨੀਰ ਆਦਿ ਦੀ ਵਿਕਰੀ ਆਮ ਹੋ ਰਹੀ ਹੈ। ਤਿਉਹਾਰਾਂ ਦੇ ਦਿਨਾਂ ਵਿਚ ਖਾਣ ਪੀਣ ਵਾਲੀਆਂ ਵਸਤੂਆਂ ਦੀ ਵਿਕਰੀ ਦੁੱਗਣੀ ਹੋ ਜਾਂਦੀ ਹੈ। ਇਸ ਗੱਲ ਦਾ ਫਾਇਦਾ ਮਿਲਾਵਟਖੋਰ ਪੂਰੀ ਤਰ੍ਹਾਂ ਲੈਂਦੇ ਹਨ। ਇਸ ਕਰਕੇ ਉਪਭੋਗਤਾ ਨੂੰ ਚਾਹੀਦਾ ਹੈ ਕਿ ਜੇਕਰ ਆਪਣੇ ਇਲਾਕੇ ਵਿਚ ਹੋੋ ਰਹੀ ਮਿਲਾਵਟ ਸਬੰਧੀ ਪਤਾ ਲੱਗਦਾ ਹੈ ਤਾਂ ਇਸ ਦੀ ਸ਼ਿਕਾਇਤ ਉਪਭੋਗਤਾ ਫੋਰਮ ਵਿਚ ਕੀਤੀ ਜਾਵੇ। ਜੇਕਰ ਅਸੀਂ ਸਾਰੇ ਉਪਭੋਗਤਾ ਜਾਗਰੂਕ ਰਹਾਂਗੇ ਤਾਂ ਇਨ੍ਹਾਂ ਮਿਲਾਵਟਖੋਰਾਂ 'ਤੇ ਸ਼ਿਕੰਜਾ ਕੱਸਿਆ ਜਾ ਸਕਦਾ ਹੈ।

-ਦਵਿੰਦਰ ਸਿੰਘ ਧਾਮੀ
ਪਿੰਡ ਨੂਰਪੁਰ, ਡਾਕ: ਭੂੰਗਾ, ਜ਼ਿਲ੍ਹਾ- ਹੁਸ਼ਿਆਰਪੁਰ।

26-10-2017

ਪਾਖੰਡੀ ਸਾਧਾਂ ਤੋਂ ਸਾਵਧਾਨ
ਕਾਫੀ ਦਿਨਾਂ ਤੋਂ ਮੀਡੀਏ 'ਚ ਪਾਖੰਡੀ ਸਾਧਾਂ ਦਾ ਮੁੱਦਾ ਗਰਮਾਇਆ ਹੋਇਆ ਹੈ, ਚੰਗੀ ਗੱਲ ਹੈ ਅਜਿਹੇ ਨਾਲ ਆਮ ਲੋਕਾਂ ਅੰਦਰ ਅੰਧ-ਵਿਸ਼ਵਾਸ ਪ੍ਰਤੀ ਜਾਗਰੂਕਤਾ ਆਏਗੀ। ਮੈਂ ਕਿਸੇ ਇਕ ਵਿਸ਼ੇਸ਼ ਡੇਰੇ ਦੀ ਗੱਲ ਨਹੀਂ ਕਰਦਾ। ਬੀਤੇ ਸਮਿਆਂ 'ਚ ਆਮ ਸਾਧਾਰਨ ਲੋਕਾਂ ਦਾ ਅਖੌਤੀ ਬਾਬਿਆਂ ਜਾਂ ਡੇਰਾਵਾਦ ਵੱਲ ਝੁਕਾਅ ਵਧਿਆ। ਇਸ ਦੇ ਗ਼ਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ ਵੱਡੇ ਕਾਰਨ ਹਨ। ਬੜੇ ਅਫ਼ਸੋਸ ਨਾਲ ਇਹ ਕਹਿਣਾ ਪੈਂਦਾ ਹੈ ਕਿ ਪਿਛਲੇ ਕੋਈ ਇਕ ਦਹਾਕੇ ਤੋਂ ਕਈ ਨਾਮਵਰ ਬਾਬੇ ਮਾਣਯੋਗ ਅਦਾਲਤਾਂ ਨੇ ਜੇਲ੍ਹਾਂ ਅੰਦਰ ਡੱਕੇ ਹਨ, ਲੋਕ ਫਿਰ ਵੀ ਅਜਿਹੇ ਢਕੌਂਜੀ ਬਾਬਿਆਂ ਦੇ ਸ਼ਿਕਾਰ ਹੋ ਜਾਂਦੇ ਹਨ। ਇਕ ਡੇਰਾ ਬਦਨਾਮ ਹੋਇਆ ਲੋਕ ਦੂਜੇ ਵਲ ਰੁਖ਼ ਕਰ ਲੈਂਦੇ ਹਨ। ਲੋਕੋ, ਸੁਚੇਤ ਹੋਵੋ, ਡੇਰਿਆਂ ਵਿਚ ਕੁਝ ਨਹੀਂ, ਮਿਹਨਤ ਕਰਕੇ ਆਪਣੀਆਂ ਸਮੱਸਿਆਵਾਂ ਆਪ ਖ਼ੁਦ ਨਜਿੱਠਣ ਦੇ ਕਾਬਲ ਹੋਵੋ।


-ਮਾਸਟਰ ਦੇਵਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਪੰਜਾਬੀ ਨਾਲ ਵਿਤਕਰਾ
ਪੰਜਾਬ ਵਿਚ ਰਾਸ਼ਟਰੀ ਰਾਜ ਮਾਰਗਾਂ 'ਤੇ ਲੱਗੀਆਂ ਰਾਹ ਦੱਸਣ ਵਾਲੀਆਂ ਤਖ਼ਤੀਆਂ ਜਾਂ ਬੁਰਜੀਆਂ 'ਤੇ ਪੰਜਾਬੀ ਭਾਸ਼ਾ ਨੂੰ ਤੀਜੇ ਸਥਾਨ 'ਤੇ ਲਿਖਣ ਦਾ ਮਾਮਲਾ ਹਰ ਅਖ਼ਬਾਰ ਦੀ ਸੁਰਖੀ ਬਣਿਆ ਹੋਇਆ ਹੈ। ਸਰਕਾਰੀ ਭਾਸ਼ਾ ਐਕਟ 1963 ਅਨੁਸਾਰ ਸਥਾਨਕ ਭਾਸ਼ਾ ਬੋਰਡਾਂ 'ਤੇ ਪੰਜਾਬੀ ਪਹਿਲੇ ਨੰਬਰ 'ਤੇ ਹੋਣੀ ਚਾਹੀਦੀ ਹੈ। ਜੇ ਕਿਧਰੇ ਪੰਜਾਬੀ ਲਿਖ ਵੀ ਦਿੱਤੀ ਜਾਂਦੀ ਹੈ ਤਾਂ ਉਸ ਵਿਚ ਬੇਸ਼ੁਮਾਰ ਗ਼ਲਤੀਆਂ ਹੁੰਦੀਆਂ ਹਨ। ਅੱਜਕਲ੍ਹ ਪੰਜਾਬ ਵਿਚ ਇਨ੍ਹਾਂ ਰਸਤਾ ਦੱਸਣ ਵਾਲੇ ਤਖ਼ਤਿਆਂ 'ਤੇ ਪਹਿਲੇ ਤੇ ਦੂਜੇ ਨੰਬਰ 'ਤੇ ਲਿਖੀ ਹਿੰਦੀ ਤੇ ਅੰਗਰੇਜ਼ੀ ਨੂੰ ਲੋਕਾਂ ਵਲੋਂ ਕਾਲਾ ਰੰਗ ਫੇਰ ਕੇ ਮਟਾਇਆ ਜਾ ਰਿਹਾ ਹੈ। ਵਿਭਾਗ ਨੂੰ ਚਾਹੀਦਾ ਹੈ ਕਿ ਉਹ ਜਲਦੀ ਤੋਂ ਜਲਦੀ ਆਪਣੀ ਗ਼ਲਤੀ ਸੁਧਾਰੇ ਤੇ ਇਨ੍ਹਾਂ ਤਖ਼ਤੀਆਂ 'ਤੇ ਪੰਜਾਬੀ ਭਾਸ਼ਾ ਨੂੰ ਪਹਿਲੇ ਨੰਬਰ 'ਤੇ ਲਿਖੇ।


-ਸ਼ਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆਂ, ਡਾਕ: ਚੀਮਾਂ ਖੁੱਡੀ, ਤਹਿ: ਬਟਾਲਾ, ਜ਼ਿਲ੍ਹਾ ਗੁਰਦਾਸਪੁਰ।


ਨਕਲੀ ਦਵਾਈਆਂ
ਭਾਵੇਂ ਦੇਸ਼ ਦਾ ਸਾਰਾ ਅਰਥਚਾਰਾ ਖੇਤੀ ਨਾਲ ਜੁੜਿਆ ਹੈ। ਪਰ ਸਰਕਾਰਾਂ ਨੇ ਕਦੇ ਵੀ ਖੇਤੀ ਨੂੰ ਪੈਰਾਂ ਸਿਰ ਕਰਨ ਲਈ ਵਿਉਂਤਬੰਦੀ ਨਹੀਂ ਕੀਤੀ। ਉਹ ਤਾਂ ਹਾਲੇ ਤੱਕ ਕਿਸਾਨ ਨੂੰ ਬਦਲਵਾਂ ਮੰਡੀਕਰਨ ਹੀ ਨਹੀਂ ਦੇ ਸਕੀ। ਪਿਛਲੇ ਲੰਬੇ ਸਮੇਂ ਤੋਂ ਨਕਲੀ ਅਤੇ ਪੈਸਟੀਸਾਈਡ ਦਵਾਈਆਂ ਦੀ ਭਰਮਾਰ ਨੇ ਕਿਸਾਨ ਦੀ ਚਿੰਤਾ ਵਧਾਉਣ ਦੇ ਨਾਲ-ਨਾਲ ਆਰਥਿਕ ਤੌਰ 'ਤੇ ਭਾਰੀ ਸੱਟ ਮਾਰੀ। ਇਕ ਕੀੜੇਮਾਰ ਜਾਂ ਨਦੀਨਨਾਸ਼ਕ ਦਵਾਈ ਦਾ ਲੀਟਰ ਕਿਸਾਨ ਨੂੰ ਇਕ ਦੁਕਾਨ ਤੋਂ ਜੇਕਰ 600 ਰੁਪਏ ਦਾ ਮਿਲਦਾ ਹੈ ਤਾਂ ਉਸੇ ਕੰਪਨੀ ਦਾ ਲੀਟਰ ਦੂਜੇ ਸ਼ਹਿਰ ਤੋਂ 400 ਰੁਪਏ ਵਿਚ ਮਿਲਦਾ ਹੈ। ਕਿਸਾਨਾਂ ਦੇ ਮੁਤਾਬਿਕ ਉਸ ਦਾ ਤੇਲੇ 'ਤੇ ਕੰਮ ਕਰਨ ਦਾ ਅਸਰ ਵੀ ਵੱਖੋ-ਵੱਖਰਾ ਹੈ। ਖੇਤੀਬਾੜੀ ਦਫ਼ਤਰ ਚਿੱਟੇ ਹਾਥੀ ਦੇ ਰੂਪ ਵਿਚ ਕੰਮ ਕਰ ਰਹੇ ਹਨ। ਖੇਤੀ ਨਾਲ ਸਬੰਧਿਤ ਦਵਾਈਆਂ ਦੇ ਵੱਡੀ ਗਿਣਤੀ ਵਿਚ ਨਕਲੀ ਆਉਣ ਨਾਲ ਉਨ੍ਹਾਂ ਦਾ ਅਸਰ ਨਾ-ਮਾਤਰ ਹੋ ਚੁੱਕਾ ਹੈ।
ਲੋੜ ਹੈ ਸਰਕਾਰ ਨੂੰ ਸਖ਼ਤੀ ਵਰਤਦਿਆਂ ਨਕਲੀ ਦਵਾਈਆਂ ਦੇ ਮੱਕੜ ਜਾਲ ਵਿਚ ਉਲਝੇ ਅੰਨ ਦਾਤੇ ਨੂੰ ਕੱਢਣ ਦੀ ਤਾਂ ਕਿ ਦੇਸ਼ ਦਾ ਢਿੱਡ ਭਰਨ ਵਾਲਾ ਸੁੱਖ ਦੀ ਰੋਟੀ ਖਾ ਸਕੇ।


-ਮਨਜਿੰਦਰ ਸਿੰਘ ਸਰੌਦ
ਮਾਲੇਰਕੋਟਲਾ।

25-10-2017

 ਨਿਯਮਾਂ ਦੀ ਪਾਲਣਾ
ਡਾ: ਚਰਨਜੀਤ ਸਿੰਘ ਗੁਮਟਾਲਾ ਦਾ ਲੇਖ 'ਸੜਕੀ ਦੁਰਘਟਨਾਵਾਂ ਪ੍ਰਤੀ ਗੰਭੀਰ ਹੋਣ ਦੀ ਲੋੜ' ਨੇ ਸਹੀ ਤੱਥ ਪੇਸ਼ ਕੀਤੇ। ਡਰਾਈਵਰਾਂ ਦਾ ਸ਼ਰਾਬ ਅਤੇ ਹੋਰ ਨਸ਼ਾ ਕਰਕੇ ਗੱਡੀ ਚਲਾਉਣਾ, ਮੋਬਾਈਲ ਫੋਨ ਦੀ ਵਰਤੋਂ, ਸੀਟ ਬੈਲਟ ਨਾ ਲਾਉਣਾ, ਹੈਲਮਟ ਨਾ ਪਾਉਣਾ, ਤੇਜ਼ ਰਫ਼ਤਾਰ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨਾ ਦੁਰਘਟਨਾਵਾਂ ਨੂੰ ਜਨਮ ਦੇਣਾ ਹੈ। ਕਈ ਮਾਵਾਂ ਦੇ ਪੁੱਤ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਾਉਣ ਵਾਲੇ ਖ਼ੁਦ ਆਪਣੀਆਂ ਗੱਡੀਆਂ ਸੜਕ ਦੇ ਵਿਚਕਾਰ ਟੇਢੀਆਂ ਕਰਕੇ ਲਾਉਂਦੇ ਹਨ। ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਸਭ ਦਾ ਮੁੱਢਲਾ ਫ਼ਰਜ਼ ਹੈ।


-ਜਸਪਾਲ ਸਿੰਘ ਲੋਹਾਮ
#29/166 ਗਲੀ ਹਜ਼ਾਰਾ ਸਿੰਘ ਮੋਗਾ।


ਸਿਆਸੀ ਚੁੱਪ ਦੇ ਸ਼ੰਕੇ
ਪਿਛਲੇ ਪੰਦਰਾਂ ਸਾਲਾਂ ਤੋਂ ਚਰਚਿਤ ਇਕ ਜਬਰ ਜਨਾਹ ਦੇ ਮਾਮਲੇ ਵਿਚ ਇਕ ਡੇਰਾ ਮੁਖੀ ਨੂੰ 20 ਸਾਲ ਦੀ ਕੈਦ ਹੋਈ ਹੈ, ਜਿਸ ਦੇ ਇਵਜ਼ ਵਜੋਂ ਵੱਡੀ ਪੱਧਰ 'ਤੇ ਮਾਰਧਾੜ ਹੋਈ। ਕਈ ਜਾਨਾਂ ਗਈਆਂ। ਆਰਥਿਕ ਤੌਰ 'ਤੇ ਅਰਬਾਂ ਦਾ ਨੁਕਸਾਨ ਹੋਇਆ। ਪਰ ਇਸ ਸਭ ਦੇ ਬਾਵਜੂਦ ਕਿਸੇ ਵੀ ਸਿਆਸੀ ਪਾਰਟੀ ਜਾਂ ਸਿਆਸੀ ਆਗੂ ਨੇ ਕਿੰਤੂ ਤੱਕ ਨਹੀਂ ਕੀਤਾ। ਸਿਰਫ ਏਨਾ ਜ਼ਰੂਰ ਕਹਿੰਦੇ ਰਹੇ ਕਿ ਉਹ ਅਦਾਲਤੀ ਕਾਰਵਾਈ 'ਤੇ ਕੁਝ ਨਹੀਂ ਕਹਿਣਗੇ। ਅਜਿਹੇ ਮਾਹੌਲ ਵੇਲੇ ਸਮੂਹ ਸਿਆਸੀ ਆਗੂਆਂ ਵਲੋਂ ਮੌਨ ਧਾਰ ਲੈਣਾ ਵੱਡੇ ਸ਼ੰਕੇ ਪੈਦਾ ਕਰਦਾ ਹੈ। ਸਹੀ ਮਾਅਨਿਆਂ 'ਚ ਅਜੋਕੀ ਰਾਜਨੀਤੀ ਡੇਰਾਵਾਦ 'ਚੋਂ ਵੋਟ ਬੈਂਕ ਵੇਖਣ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ। ਜਦ ਕਿ ਦੂਜੇ ਪਾਸੇ ਉਹ ਲੋਕ ਹਿਤਾਂ ਦੇ ਨਾਲ-ਨਾਲ ਦੇਸ਼ ਹਿਤ ਨੂੰ ਵੀ ਇਕ ਤਰ੍ਹਾਂ ਨਾਲ ਤਿਲਾਂਜਲੀ ਹੀ ਦੇ ਚੁੱਕੀ ਹੈ। ਜੋ ਦੇਸ਼ ਦੇ ਹਰ ਨਾਗਰਿਕ ਲਈ ਰੁਜ਼ਗਾਰ ਦੇ ਮੌਕਿਆਂ ਦੀ ਆਸ ਲਗਾਈ ਬੈਠੇ ਹਨ ਤੇ ਉਨ੍ਹਾਂ ਲੋਕਾਂ ਨੂੰ ਵੀ ਸ਼ਸ਼ੋਪੰਜ 'ਚ ਪਾ ਦਿੱਤਾ ਹੈ ਜੋ ਦੇੇਸ਼ ਨੂੰ ਆਰਥਿਕ ਪੱਖ ਦੇ ਨਾਲ-ਨਾਲ ਸੁਰੱਖਿਅਤ ਪੱਖ ਤੋਂ ਵੀ ਮਜ਼ਬੂਤ ਵੇਖਣਾ ਚਾਹੁੰਦੇ ਹਨ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਸਾਕਾਰਾਤਮਿਕ ਸੋਚ ਤੇ ਕਰਮਸ਼ੀਲਤਾ

ਸਾਕਾਰਾਤਮਿਕ ਸੋਚ ਤੇ ਕਰਮਸ਼ੀਲਤਾ ਇਹ ਦੋ ਅਜਿਹੇ ਨਾਂਅ ਹਨ, ਜਿਨ੍ਹਾਂ ਦੀ ਹੋਂਦ ਤੋਂ ਬਿਨਾਂ ਦੁਨੀਆ ਵਿਚ ਮਨੁੱਖੀ ਜ਼ਿੰਦਗੀ ਦੇ ਸਰਬਪੱਖੀ ਵਿਕਾਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਮਨੁੱਖ ਇਕ ਅਜਿਹੇ ਸੁੱਕੇ ਰੁਖ਼ ਵਰਗਾ ਹੋ ਗਿਐ, ਜਿਸ ਵਿਚੋਂ ਮਨੁੱਖਤਾ ਦੇ ਪ੍ਰੇਮ ਦਾ ਰਸ ਮੁੱਕ ਚੁੱਕਿਐ। ਮਨੁੱਖੀ ਜ਼ਿੰਦਗੀ 'ਚੋਂ ਚਾਅ ਤੇ ਹਾਸੇ ਵਿਕਾਸ ਦੀ ਚਿਤਾ 'ਤੇ ਸਵਾਹ ਹੋ ਗਏ ਹਨ। ਵਿਸ਼ਵ ਦੇ ਹਰੇਕ ਸਮਾਜ ਤੇ ਰਾਸ਼ਟਰ ਵਿਚ ਸਾਕਾਰਾਤਮਿਕ ਸੋਚ ਤੇ ਕਰਮਸ਼ੀਲਤਾ ਦਮ ਤੋੜਦੀ ਦਿਖਾਈ ਦਿੰਦੀ ਹੈ। ਅਜੋਕੇ ਵਿਸ਼ਵ ਦਾ ਸਾਕਾਰਾਤਮਿਕ ਤੇ ਕਰਮਸ਼ੀਲਤਾ ਦੀ ਸੋਚ ਤੋਂ ਪਿੱਛੇ ਹਟਣਾ ਹੀ ਇਸ ਦੀ ਤਬਾਹੀ ਦਾ ਕਾਰਨ ਬਣ ਰਿਹਾ ਹੈ। ਸੰਸਾਰ ਵਿਚ ਆਧੁਨਿਕ ਸਮੇਂ ਵਰਗਾ ਆਤਮਘਾਤੀ ਮਾਹੌਲ ਐਵੇਂ ਤਾਂ ਨਹੀਂ ਸਿਰਜਿਆ ਗਿਆ। ਇਸ ਦਾ ਕਸੂਰਵਾਰ ਵੀ ਮਨੁੱਖ ਹੀ ਤਾਂ ਹੈ। ਸੋ, ਮਨੁੱਖੀ ਜੀਵਨ ਦੇ ਸੁਨਹਿਰੇ ਭਵਿੱਖ ਲਈ ਜ਼ਰੂਰੀ ਹੈ ਸਾਕਾਰਾਤਮਿਕ ਸੋਚ ਤੇ ਕਰਮਸ਼ੀਲਤਾ ਪ੍ਰਤੀ ਪ੍ਰੇਮ-ਭਾਵਨਾਵਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ।


-ਤਲਵਿੰਦਰ ਸ਼ਾਸਤਰੀ ਨਾਰੀਕੇ
ਮਾਲੇਰਕੋਟਲਾ।

24-10-2017

 ਵਿਸ਼ਵ ਵਿਕਾਸ ਸੂਚਨਾ
19 ਦਸੰਬਰ, 1972 ਨੂੰ ਸੰਯੁਕਤ ਰਾਸ਼ਟਰ ਅਸੰਬਲੀ ਵਿਚ 3038 (ਵਿਸ਼ਵ ਵਿਕਾਸ ਸੂਚਨਾ) ਬਿਲ ਪਾਸ ਕੀਤਾ ਗਿਆ। ਵਿਸ਼ਵ ਵਿਕਾਸ ਸੂਚਨਾ ਬਿਲ ਦਾ ਮੁੱਖ ਕੰਮ ਵਿਸ਼ਵ ਵਿਚ ਵਿਕਾਸ ਦੀਆਂ ਮੁਸ਼ਕਿਲਾਂ ਵੱਲ ਆਮ ਲੋਕਾਂ ਦਾ ਧਿਆਨ ਦਿਵਾਉਣਾ ਸੀ। ਇਹ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਸੰਯੁਕਤ ਰਾਸ਼ਟਰ ਦੀ ਸਥਾਪਨਾ ਵਾਲੇ ਦਿਨ ਨੂੰ 1973 ਤੋਂ ਵਿਸ਼ਵ ਵਿਕਾਸ ਸੂਚਨਾ ਦਿਵਸ ਵਜੋਂ ਸਾਂਝੇ ਤੌਰ 'ਤੇ ਮਨਾਇਆ ਜਾਣ ਲੱਗਾ ਹੈ। ਮੌਜੂਦਾ ਸਮੇਂ ਵਿਚ ਤਕਨਾਲੋਜੀ ਦੇ ਵਿਕਾਸ ਨਾਲ ਇੰਟਰਨੈੱਟ ਅਤੇ ਮੋਬਾਈਲ ਫ਼ੋਨ ਦੀਆਂ ਸੇਵਾਵਾਂ ਰਾਹੀਂ ਲੋਕਾਂ ਨੂੰ ਵਿਕਾਸ ਅਤੇ ਵਪਾਰ ਸਬੰਧੀ ਮੁਸ਼ਕਿਲਾਂ ਦਾ ਹੱਲ ਲੱਭਣ ਅਤੇ ਇਸ ਪ੍ਰਤੀ ਜਾਗਰੂਕ ਕਰਨ ਵਿਚ ਅਹਿਮ ਰੋਲ ਅਦਾ ਕਰ ਰਿਹਾ ਹੈ।

-ਅਮਰਜੀਤ ਸਿੰਘ

ਟਰੈਕਟਰ ਟੋਚਨ ਮੁਕਾਬਲੇ
ਪਿਛਲੇ ਕੁਝ ਸਮੇਂ ਤੋਂ ਪੰਜਾਬ ਅੰਦਰ ਇਕ ਨਵੀਂ ਖੇਡ ਪ੍ਰਚਲਿਤ ਕੀਤੀ ਜਾ ਰਹੀ ਹੈ, ਉਹ ਹੈ ਟਰੈਕਟਰ ਟੋਚਨ ਮੁਕਾਬਲੇ। ਦੁੱਖ ਤਾਂ ਇਹ ਦੇਖ ਕੇ ਹੁੰਦਾ ਹੈ ਕਿ ਇਕ ਪਾਸੇ ਤਾਂ ਸਾਡੇ ਕਿਸਾਨ ਭਰਾ ਆਰਥਿਕ ਤੰਗੀ ਕਾਰਨ ਨਿੱਤ ਦਿਨ ਖ਼ੁਦਕੁਸ਼ੀਆਂ ਕਰ ਰਹੇ ਹਨ। ਦੂਜੇ ਪਾਸੇ ਕੁਝ ਕਿਸਾਨ ਹੀ ਇਨ੍ਹਾਂ ਟੋਚਨ ਮੁਕਾਬਲਿਆਂ ਦਾ ਪ੍ਰਬੰਧ ਕਰ ਰਹੇ ਹਨ। ਉਸ ਵੇਲੇ ਤਾਂ ਹੋਰ ਵੀ ਹੈਰਾਨੀ ਹੁੰਦੀ ਹੈ, ਜਦੋਂ ਜੱਟ ਮਹਾਂ ਸਭਾਵਾਂ ਤੇ ਸਿਆਸੀ ਪਾਰਟੀਆਂ ਦੇ ਆਗੂ ਇਨ੍ਹਾਂ ਮੁਕਾਬਲਿਆਂ ਵਿਚ ਸ਼ਾਮਿਲ ਹੋ ਕੇ ਇਸ ਖੇਡ ਨੂੰ ਹੱਲਾਸ਼ੇਰੀ ਦਿੰਦੇ ਹਨ। ਹਾਲ ਦੀ ਘੜੀ ਇਹ ਠੀਕ ਨਹੀਂ ਹੈ।

-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿਆਣਾ)।

23-10-2017

 ਪੱਤਰਹੱਲ ਲੱਭਣਾ ਜ਼ਰੂਰੀ
ਖੇਤ ਵਿਚ ਪਰਾਲੀ ਸਾੜਨ ਤੋਂ ਜੇਕਰ ਫਿਲਹਾਲ ਪੂਰੀ ਤਰ੍ਹਾਂ ਨਹੀਂ ਬਚਿਆ ਜਾ ਸਕਦਾ ਤਾਂ ਕੁਝ ਯਤਨ ਕਰਨੇ ਤਾਂ ਜ਼ਰੂਰੀ ਹਨ। ਸਭ ਤੋਂ ਪਹਿਲਾਂ ਜ਼ਰੂਰੀ ਹੈ ਸਰਕਾਰ ਅਤੇ ਕਿਸਾਨ ਇਸ ਮੁੱਦੇ 'ਤੇ ਇਕ-ਦੂਜੇ ਦੇ ਵਿਰੋਧ ਵਿਚ ਖੜ੍ਹੇ ਨਾ ਹੋਣ। ਇਸ ਵਾਰ ਕੁਝ ਮਸ਼ੀਨਾਂ ਆਈਆਂ ਹਨ, ਜੋ ਪਰਾਲੀ ਦਾ ਹੱਲ ਕਰ ਰਹੀਆਂ ਹਨ। ਅਗਲੀ ਵਾਰ ਇਨ੍ਹਾਂ ਦੀ ਸੰਖਿਆ ਵਧਾਈ ਜਾ ਸਕਦੀ ਹੈ। ਪਰਾਲੀ ਤੋਂ ਜੈਵਿਕ ਖਾਦ ਤਿਆਰ ਕੀਤੀ ਜਾ ਸਕਦੀ ਹੈ, ਜੇ ਸਰਕਾਰ ਤੀਜੀ ਫਸਲ ਦੀ ਖਰੀਦ ਸ਼ੁਰੂ ਕਰ ਦੇਵੇ ਜੋ ਕਿਸਾਨਾਂ ਲਈ ਫਾਇਦੇਮੰਦ ਹੋਵੇ ਤਾਂ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ। ਮਿੱਟੀ, ਪਾਣੀ ਅਤੇ ਵਾਤਾਵਰਨ ਜੇਕਰ ਜ਼ਿੰਦਾ ਰਹਿਣਾ ਹੈ ਤਾਂ ਇਨ੍ਹਾਂ ਨੂੰ ਬਚਾਉਣਾ ਜ਼ਰੂਰੀ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੀ ਮਜਬੂਰੀ ਦੀ ਦੁਹਾਈ ਨਹੀਂ ਦਿੱਤੀ ਜਾ ਸਕਦੀ ਹੈ। ਜੇਕਰ ਕੱਲ੍ਹ ਨੂੰ ਸਾਡੇ ਬੱਚਿਆਂ ਨੂੰ ਪੰਜਾਬ ਦੀ ਧਰਤੀ ਤੇ ਪਾਣੀ ਨਹੀਂ ਮਿਲਦਾ ਤਾਂ ਸਾਡੇ ਬੱਚੇ ਇਹ ਦਲੀਲ ਮੰਨਣ ਲਈ ਤਿਆਰ ਨਹੀਂ ਹੋਣਗੇ ਕਿ ਸਾਡੇ ਬਾਪ, ਦਾਦਾ ਪਾਣੀ, ਮਿੱਟੀ ਅਤੇ ਵਾਤਾਵਰਨ ਦੀ ਕੁਰਬਾਨੀ ਦੇ ਕੇ ਜੀਰੀ ਬੀਜਣ ਲਈ ਮਜਬੂਰ ਸਨ, ਇਸ ਨੂੰ ਸਿਰਫ਼ ਸਰਕਾਰ ਅਤੇ ਸਮਾਜ ਦੀ ਲਾਪ੍ਰਵਾਹੀ ਮੰਨਿਆ ਜਾਵੇਗਾ।


-ਸੰਦੀਪ ਗਰਗ
'ਲਹਿਰਾਗਾਗਾ'


ਸਿੱਖ ਧਰਮ ਦਾ ਪ੍ਰਚਾਰ
'ਧਰਮ ਅਤੇ ਵਿਰਸਾ' ਅੰਕ ਵਿਚ ਸ: ਜਗਦੀਪ ਸਿੰਘ ਮੁਕੇਰੀਆਂ ਦਾ ਲੇਖ 'ਸਿੱਖ ਧਰਮ ਦੇ ਪ੍ਰਚਾਰ ਲਈ ਆਧੁਨਿਕ ਸਾਧਨ ਅਪਣਾਉਣਾ ਸਮੇਂ ਦੀ ਮੁੱਖ ਲੋੜ' ਪੜ੍ਹਿਆ ਜੋ ਬੇਹੱਦ ਕਾਬਲ-ਏ-ਤਾਰੀਫ਼ ਸੀ। ਸਿੱਖ ਧਰਮ ਦੁਨੀਆ ਵਿਚ ਇਕ ਵਿਲੱਖਣ ਧਰਮ ਹੈ। ਸਾਂਝੀਵਾਲਤਾ ਦਾ ਹਾਮੀ, ਸਰਬੱਤ ਦਾ ਭਲਾ ਚਾਹੁਣ ਵਾਲਾ, ਉੱਚੀ-ਸੁੱਚੀ ਨੈਤਿਕਤਾ ਅਤੇ ਭਗਤੀ ਤੇ ਸ਼ਕਤੀ ਦਾ ਪ੍ਰਤੀਕ, ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਵਿਚ ਵਿਸ਼ਵਾਸ ਰੱਖਣ ਵਾਲਾ ਪ੍ਰੈਕਟੀਕਲ ਧਰਮ ਹੈ। ਅੱਜ ਮੀਡੀਏ ਦਾ ਯੁੱਗ ਹੈ ਤਾਂ ਫਿਰ ਕਿਉਂ ਨਾ ਇਨ੍ਹਾਂ ਸਾਧਨਾਂ ਰਾਹੀਂ ਸਿੱਖ ਧਰਮ ਦਾ ਪ੍ਰਚਾਰ ਕੀਤਾ ਜਾਵੇ। 99 ਫ਼ੀਸਦੀ ਨੌਜਵਾਨ ਆਧੁਨਿਕ ਸਾਧਨਾਂ ਉੱਪਰ ਵਕਤ ਗੁਜ਼ਾਰਦੇ ਹਨ। ਸਿੱਖ ਧਰਮ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਫਿਲਮਾਂ ਬਣਾ ਕੇ ਟੀ.ਵੀ. ਚੈਨਲਾਂ ਅਤੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਾਈਆਂ ਜਾਣ, ਤਾਂ ਕਿ ਲੋਕ ਦੇਹਧਾਰੀ ਗੁਰੂਆਂ ਅਤੇ ਅਖੌਤੀ ਡੇਰਿਆਂ ਦੇ ਮੱਕੜ ਜਾਲ ਵਿਚ ਫਸਣੋਂ ਬਚ ਜਾਣ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ (ਤਰਨ ਤਾਰਨ ਸਾਹਿਬ)।


ਸ਼ਲਾਘਾਯੋਗ ਕਦਮ
ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ 'ਚ ਸਿੱਖਿਆ ਬੋਰਡ ਪੰਜਾਬ ਨੇ ਫੈਸਲਾ ਲਿਆ ਹੈ ਕਿ ਜਿਥੇ ਪ੍ਰੀਖਿਆ ਕੇਂਦਰ ਬਣੇਗਾ, ਉਸ ਸਕੂਲ ਦੇ ਪ੍ਰੀਖਿਆਰਥੀ ਕਿਸੇ ਦੂਸਰੇ ਪ੍ਰੀਖਿਆ ਕੇਂਦਰ 'ਚ ਪ੍ਰੀਖਿਆ ਦੇਣਗੇ, ਇਹ ਇਕ ਬਹੁਤ ਹੀ ਦੂਰਅੰਦੇਸ਼ੀ ਵਾਲਾ ਕਦਮ ਹੈ। ਪੰਜਾਬ ਲੰਮੇ ਸਮੇਂ ਤੋਂ ਨਕਲ ਦਾ ਸੰਤਾਪ ਭੋਗ ਰਿਹਾ ਹੈ। ਪੰਜਾਬ 'ਚ ਨੌਜਵਾਨਾਂ ਕੋਲ +2 ਦੇ ਸਰਟੀਫਿਕੇਟ ਤਾਂ ਹਨ ਪਰ ਕਿਸੇ ਅਹੁਦੇ ਲਈ ਯੋਗਤਾ ਨਹੀਂ ਰੱਖਦੇ। ਨਕਲ ਦਾ ਬੂਟਾ ਪੂਰੀ ਤਰ੍ਹਾਂ ਵਧ-ਫੁਲ ਰਿਹਾ ਹੈ। ਜੇਕਰ ਸਿੱਖਿਆ ਵਿਭਾਗ ਆਪਣੇ ਫੈਸਲੇ 'ਤੇ ਅਟੱਲ ਰਹਿੰਦਾ ਹੈ ਤੇ ਇਸ ਨੂੰ ਅਮਲੀ ਜਾਮਾ ਪਹਿਨਾਉਂਦੇ ਹਨ ਤਾਂ ਇਹ ਮਿਹਨਤੀ ਨੌਜਵਾਨਾਂ ਲਈ ਇਕ ਸ਼ੁੱਭ ਸ਼ਗਨ ਹੋਵੇਗਾ।


-ਬਲਵੰਤ ਸਿੰਘ ਬਟਾਲਾ

19-10-2017

 ਸਾਈਬਰ ਠੱਗੀ ਦਾ ਮੱਕੜ ਜਾਲ

ਇਸ ਤਕਨੀਕ ਦੀ ਤਰੱਕੀ ਨੇ ਅਜਿਹੇ ਠੱਗ ਪੈਦਾ ਕਰ ਦਿੱਤੇ ਹਨ ਜੋ ਆਪਣੇ ਸ਼ਾਤਿਰ ਦਿਮਾਗ਼ ਨਾਲ ਤਕਨੀਕ ਦੀ ਵਰਤੋਂ ਕਰਕੇ ਲੱਖਾਂ ਲੋਕਾਂ ਨੂੰ ਆਪਣੀ ਆਰਥਿਕ ਲੁੱਟ ਦਾ ਸ਼ਿਕਾਰ ਬਣਾਉਂਦੇ ਹਨ। ਅਕਸਰ ਇਹ ਠੱਗੀ ਬੈਂਕਾਂ ਜਾਂ ਇਨਾਮੀ ਰਾਸ਼ੀ ਦੇ ਨਾਂਅ 'ਤੇ ਕੀਤੀ ਜਾਂਦੀ ਹੈ। ਅੱਜ ਜਦੋਂ ਸਰਕਾਰਾਂ ਹਰ ਚੀਜ਼ ਨੂੰ ਆਧਾਰ ਤੇ ਪੈਨ ਕਾਰਡ ਨਾਲ ਲਿੰਕ ਕਰਨ ਲਈ ਨਿੱਤ ਨਵੇਂ ਫਰਮਾਨ ਜਾਰੀ ਕਰ ਰਹੀਆਂ ਹਨ ਤਾਂ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਬੈਂਕ ਦੇ ਅਧਿਕਾਰਤ ਕਰਮਚਾਰੀਆਂ ਤੋਂ ਇਲਾਵਾ ਕਿਸੇ ਵੀ ਅਜਿਹੇ ਵਿਅਕਤੀ ਨਾਲ ਆਪਣੇ ਵੇਰਵੇ ਨਸ਼ਰ ਨਾ ਕਰੀਏ ਜੋ ਸਾਨੂੰ ਅਜਿਹੀਆਂ ਠੱਗੀਆਂ ਦਾ ਸ਼ਿਕਾਰ ਬਣਾਉਂਦੇ ਹਨ।

-ਮਾ: ਜੀਵਨ ਕੁਮਾਰ
ਪਿੰਡ ਤੇ ਡਾਕ: ਹਰਸ਼ਾ ਮਾਨਸਰ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

ਹਮਦਰਦੀ ਦਾ ਗੁਣ

ਹਰ ਪਾਸੇ ਹਾਲਾਤ ਤਾਂ ਇੰਜ ਨੇ ਜਿਵੇਂ ਚੱਕੀ ਦੇ ਪੁੜਾਂ ਵਿਚ ਪਿਸ ਰਹੇ ਹਾਂ। ਬਹੁ-ਗਿਣਤੀ ਸਵਾਰਥੀ, ਲਾਲਚੀ ਤੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਦੀ ਵਿਖਾਈ ਦਿੰਦੀ ਹੈ। ਜਿਸ ਵਿਚ ਸਵਾਰਥ, ਲਾਲਚ ਤੇ ਭ੍ਰਿਸ਼ਟਾਚਾਰ ਆ ਜਾਏ ਉਸ ਵਿਚ ਹਮਦਰਦ ਤੇ ਪਿਆਰ ਦਾ ਜਜ਼ਬਾ ਖਤਮ ਹੋ ਜਾਂਦਾ ਹੈ। ਸ਼ਾਇਦ ਕਿਧਰੇ ਉਨ੍ਹਾਂ ਵਿਚੋਂ ਮਨੁੱਖਤਾ ਮਰ ਜਾਂਦੀ ਹੈ। ਨਰਿੰਦਰ ਸਿੰਘ ਕਪੂਰ ਨੇ ਲਿਖਿਆ ਹੈ, 'ਪਿਆਰ ਸਭ ਤੋਂ ਵੱਡਾ ਮਨੁੱਖੀ ਗੁਣ ਹੈ, ਦੂਜਾ ਵੱਡਾ ਮਨੁੱਖੀ ਗੁਣ ਹਮਦਰਦੀ ਹੈ', ਰਿਸ਼ਵਤ ਦੇ ਪੈਸੇ ਨਾਲ ਗ਼ਲਤ ਨੂੰ ਠੀਕ ਤੇ ਠੀਕ ਨੂੰ ਗ਼ਲਤ ਕਰਨਾ ਆਮ ਜਿਹੀ ਗੱਲ ਹੈ। ਕਈ ਵਾਰ ਬਜ਼ੁਰਗ ਵੀ ਖੱਜਲ ਹੁੰਦੇ ਵੇਖੇ ਗਏ ਨੇ ਪਰ ਕਿਸੇ ਨੂੰ ਬਹੁਤੀ ਵਾਰ ਹਮਦਰਦੀ ਵੀ ਨਹੀਂ ਹੁੰਦੀ ਸਗੋਂ ਮਜ਼ਾਕ ਉਡਾਉਂਦੇ ਨੇ। ਇਹ ਸਭ ਮਨੁੱਖਤਾ ਦੇ ਮਰ ਜਾਣ ਦੀ ਨਿਸ਼ਾਨੀ ਹੈ। ਇਸ ਆਧੁਨਿਕਤਾ ਤੇ ਲਾਲਚ ਨੇ ਸਾਨੂੰ ਜਾਨਵਰ ਬਿਰਤੀ ਵਲ ਧਕੇਲ ਦਿੱਤਾ ਹੈ। ਜਿਸ ਅੰਦਰ ਹਮਦਰਦੀ ਤੇ ਪਿਆਰ ਮਰ ਜਾਂਦਾ ਹੈ, ਉਹ ਦੂਸਰੇ ਦੀ ਮਜਬੂਰੀ ਤੇ ਤਕਲੀਫ਼ ਦਾ ਫਾਇਦਾ ਚੁੱਕਣ ਵਿਚ ਵੀ ਸ਼ਰਮ ਨਹੀਂ ਕਰਦਾ। ਸਾਡੇ ਸਮਾਜ ਦਾ, ਦਫਤਰੀ ਤੇ ਸਿਆਸੀ ਢਾਂਚਾ ਇਸ ਦੀ ਜਕੜ ਵਿਚ ਹੈ।

-ਪ੍ਰਭਜੋਤ ਕੌਰ ਢਿੱਲੋਂ।

ਪਟਾਕਿਆਂ 'ਤੇ ਪਾਬੰਦੀ

ਦੀਵਾਲੀ ਮੌਕੇ ਚਲਾਏ ਜਾਣ ਵਾਲੇ ਪਟਾਕਿਆਂ ਨਾਲ ਵਾਤਾਵਰਨ ਵਿਚ ਜ਼ਹਿਰ ਘੁਲਣ ਤੋਂ ਰੋਕਣ ਲਈ ਮਾਣਯੋਗ ਸਰਬ-ਉੱਚ ਅਦਾਲਤ ਨੇ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਪਟਾਕੇ ਵੇਚਣ ਅਤੇ ਚਲਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ, ਜੋ ਕਿ ਮਾਨਵਤਾ ਦੀ ਭਲਾਈ ਦੇ ਹੱਕ ਵਿਚ ਲਿਆ ਗਿਆ ਇਕ ਇਤਿਹਾਸਕ ਫ਼ੈਸਲਾ ਹੈ। ਇਸ ਨਾਲ ਵਾਤਾਵਰਨ ਵਿਚ ਘੁਲਣ ਵਾਲੀਆਂ ਜ਼ਹਿਰੀਲੀਆਂ ਅਤੇ ਹਾਨੀਕਾਰਕ ਗੈਸਾਂ ਤੋਂ ਵੀ ਰਾਹਤ ਮਿਲੇਗੀ। ਕੇਂਦਰ ਸਰਕਾਰ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਇਸ ਫੈਸਲੇ ਨੂੰ ਰਾਜ ਸਰਕਾਰਾਂ ਅਤੇ ਮਾਣਯੋਗ ਉੱਚ ਅਦਾਲਤਾਂ ਦੇ ਰਾਹੀਂ ਸੂਬਿਆਂ ਵਿਚ ਵੀ ਲਾਗੂ ਕਰਵਾਉਣ ਤਾਂ ਇਹ ਇਕ ਬਹੁਤ ਹੀ ਪਾਏਦਾਰ ਕਦਮ ਹੋਵੇਗਾ।

-ਸਤਨਾਮ ਸਿੰਘ ਮੱਟੂ
ਬੀਬੜ, ਸੰਗਰੂਰ।

ਔਰਤ ਅਤੇ ਇਸ਼ਤਿਹਾਰਬਾਜ਼ੀ

ਬੀਤੇ ਦਿਨੀਂ 'ਅਜੀਤ' 'ਚ ਖੁੰਢ ਚਰਚਾ ਕਾਲਮ 'ਚ ਮਾਣਯੋਗ ਗੁਰਭੇਜ ਸਿੰਘ ਚਾਹਲ ਨੇ 'ਔਰਤ ਅਤੇ ਇਸ਼ਤਿਹਾਰਬਾਜ਼ੀ' ਦੇ ਸਬੰਧ ਵਿਚ ਬਹੁਤ ਵਧੀਆ ਵਿਚਾਰ ਪੇਸ਼ ਕੀਤੇ। ਖੇਡਾਂ ਜਾਂ ਹੋਰ ਖੇਤਰਾਂ ਵਿਚ ਵਧੀਆ ਪ੍ਰਦਰਸ਼ਨਾਂ ਦੁਆਰਾ ਦੇਸ਼ ਅਤੇ ਦੁਨੀਆ ਵਿਚ ਸਿਤਾਰੇ ਬਣ ਕੇ ਉਭਰਦੇ ਹਨ ਉਹ ਸ਼ਖ਼ਸੀਅਤਾਂ ਸਮਾਜ 'ਚ ਹਰਮਨ-ਪਿਆਰੇ ਭਾਵ ਮਾਡਲ ਬਣ ਜਾਂਦੇ ਹਨ ਉਹ ਹੀ ਫਿਰ ਇਸ਼ਤਿਹਾਰਬਾਜ਼ੀ 'ਚ ਚੋਖਾ ਪੈਸਾ ਕਮਾਉਂਦੇ ਹਨ ਪਰ ਇਸ਼ਤਿਹਾਰਬਾਜ਼ੀ 'ਚ ਅਸ਼ਲੀਲਤਾ ਨਿੰਦਣਯੋਗ ਰੁਝਾਨ ਹੈ। ਨੌਜਵਾਨ ਔਰਤਾਂ ਦੀਆਂ ਕੰਪਨੀਆਂ ਵਲੋਂ ਅਰਧ-ਨੰਗੀਆਂ ਤਸਵੀਰਾਂ ਦੀ ਇਸ਼ਤਿਹਾਰਬਾਜ਼ੀ ਜਿਵੇਂ ਜਾਪਾਨ ਦੀ ਇਕ ਕੰਪਨੀ ਵਲੋਂ ਨਰਮੇ ਦੀ ਫ਼ਸਲ ਦੇ ਛਿੜਕਾਅ ਕਰਨ ਵਾਲੀ ਦਵਾਈ ਦੀ ਪਬਲੀਸਿਟੀ ਅਰਧ-ਨੰਗੀ ਔਰਤ ਦੀ ਤਸਵੀਰ ਰਾਹੀਂ ਕਰਨੀ ਵਾਕਿਆ ਨਿੰਦਣਯੋਗ ਹੈ। ਸੂਝਵਾਨ ਔਰਤ ਵਰਗ ਵੀ ਅਜਿਹੇ ਰੁਝਾਨ ਦੀ ਨਿੰਦਾ ਲਈ ਅੱਗੇ ਆਉਣ ਜੋ ਸਮੇਂ ਦੀ ਲੋੜ ਹੈ।

-ਮਾ: ਦੇਵ ਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

18-10-2017

 ਧੀਆਂ ਦਾ ਦਿਨ
27 ਸਤੰਬਰ ਧੀਆਂ ਦੇ ਦਿਨ ਵਜੋਂ ਜਾਣਿਆ ਜਾਂਦਾ ਅਹਿਮ ਦਿਨ ਹੈ। ਧੀਆਂ ਸਾਡੇ ਸਮਾਜ ਦਾ ਆਧਾਰ ਹਨ। ਪਰ ਅੱਜ ਦੀ ਗਾਇਕੀ ਨੇ ਧੀਆਂ ਦੇ ਸਨਮਾਨ ਨੂੰ ਹੱਦ ਦਰਜੇ ਤੱਕ ਢਾਹ ਲਾਈ ਹੈ। ਬਿਨਾਂ ਸ਼ੱਕ ਅਸੀਂ 21ਵੀਂ ਸਦੀ ਦਾ ਡੇਢ ਦਹਾਕਾ ਪਾਰ ਕਰ ਚੱਕੇ ਹਾਂ ਪਰ ਸਾਡੀ 'ਜੰਗਾਲੀ ਸੋਚ' ਖੜ੍ਹੀ ਘੜੀ ਦੀ ਸੂਈ ਵਾਂਗ ਉਥੇ ਹੀ ਟਿਕੀ ਖੜ੍ਹੀ ਹੈ। ਅੱਜ ਦੁਨੀਆ ਦਾ ਕੋਈ ਵੀ ਖੇਤਰ ਨਹੀਂ ਜਿਥੇ ਲੜਕੀਆਂ ਦੀ ਸ਼ਮੂਲੀਅਤ ਨਹੀਂ ਫਿਰ ਕਿਉਂ ਅਸੀਂ ਧੀਆਂ ਨੂੰ ਇਸ ਸਤਰੰਗੇ ਸੰਸਾਰ 'ਤੇ ਆਉਣ ਤੋਂ ਰੋਕ ਰਹੇ ਹਾਂ। ਕਈ ਮਨਚਲਿਆਂ ਨੇ ਤਿਜ਼ਾਬੀ ਹਮਲੇ ਕਰ ਲੜਕੀਆਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ। ਲੋੜ ਹੈ ਸਾਨੂੰ ਆਪਣੀ ਸੋਚ ਦੀ ਤਖ਼ਤੀ ਨੂੰ ਪਲਟਣ ਦੀ ਤਾਂ ਕਿ ਸਮਾਜ 'ਚ ਧੀਆਂ ਨੂੰ ਸਨਮਾਨਯੋਗ ਥਾਂ ਮਿਲੇ ਅਤੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਦੇ ਨਾਅਰੇ ਨੂੰ ਸਾਕਾਰ ਕੀਤਾ ਜਾ ਸਕੇ।


-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।


ਵਿਦਿਆਰਥੀ ਚੋਣਾਂ
ਬਿਨਾਂ ਸ਼ੱਕ ਵਿਦਿਆਰਥੀ ਚੋਣਾਂ ਵਿਦਿਆਰਥੀਆਂ ਵਿਚ ਅਗਵਾਈ ਦੀ ਭਾਵਨਾ ਨੂੰ ਵਿਕਸਤ ਕਰਦੀਆਂ ਦਿਖਾਈ ਦਿੰਦੀਆਂ ਹਨ ਪਰ ਇਨ੍ਹਾਂ ਚੋਣਾਂ ਨੂੰ ਸਿਆਸੀ ਰੰਗਤ ਦੇਣਾ ਵੀ ਇਕ ਵਿਚਾਰਨਯੋਗ ਮੁੱਦਾ ਹੈ, ਜੋ ਕਿ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਹ ਚੋਣਾਂ ਉਸ ਸਮੇਂ ਬੇਅਰਥ ਪ੍ਰਤੀਤ ਹੁੰਦੀਆਂ ਹਨ, ਜਦੋਂ ਨੌਜਵਾਨ ਵਿਦਿਆਰਥੀ ਇਸ ਨੂੰ ਆਪਣੀ ਮੁੱਛ ਦਾ ਸਵਾਲ ਮੰਨ ਕੇ ਜਿੱਤਣ ਲਈ ਹਰ ਸੰਭਵ ਯਤਨ ਕਰਦੇ ਹੋਏ ਸਿਆਸੀ ਹੱਥਕੰਡੇ ਅਪਣਾਉਣੋਂ ਵੀ ਨਹੀਂ ਝਿਜਕਦੇ, ਜੋ ਕਿ ਨਾ ਸਿਰਫ ਉਨ੍ਹਾਂ ਦੀ ਪੜ੍ਹਾਈ 'ਤੇ ਅਸਰ ਪਾਉਂਦਾ ਹੈ, ਸਗੋਂ ਸਮਾਜ ਵਿਚ ਗੁੰਡਾਗਰਦੀ ਨੂੰ ਵੀ ਬੜ੍ਹਾਵਾ ਦਿੰਦਾ ਹੈ। ਇਨ੍ਹਾਂ ਚੋਣਾਂ ਦੇ ਪ੍ਰਚਾਰ 'ਤੇ ਪੈਸੇ ਨੂੰ ਪਾਣੀ ਵਾਂਗ ਵਹਾਇਆ ਜਾਂਦਾ ਹੈ। ਸੋ ਵਿਦਿਆਰਥੀ ਚੋਣਾਂ ਰਾਹੀਂ ਵਿਦਿਆਰਥੀਆਂ ਵਿਚ ਅਗਵਾਈ ਅਤੇ ਸਹਿਯੋਗ ਦੀ ਭਾਵਨਾ ਪੈਦਾ ਕਰਕੇ ਇਨ੍ਹਾਂ ਦੇ ਅਸਲ ਉਦੇਸ਼ ਨੂੰ ਸਾਕਾਰ ਕਰਨਾ ਚਾਹੀਦਾ ਹੈ।


-ਤਾਨੀਆ
ਗੁਰੂ ਨਾਨਕ ਕਾਲਜ ਫਾਰ ਗਰਲਜ਼, ਸ੍ਰੀ ਮੁਕਤਸਰ ਸਾਹਿਬ।


ਮਾਂ-ਬੋਲੀ ਪੰਜਾਬੀ
ਪੰਜਾਬੀ ਸੂਬਾ ਬਣਨ ਤੋਂ ਬਾਅਦ ਅੱਜ ਤੱਕ ਪੰਜਾਬ ਵਿਚ ਹੀ ਪੰਜਾਬੀ ਬੋਲੀ ਉੱਪਰ ਸਿੱਧੇ ਜਾਂ ਅਸਿੱਧੇ ਤੌਰ 'ਤੇ ਹਮਲੇ ਹੁੰਦੇ ਰਹੇ ਹਨ। ਪੰਜਾਬੀ ਮਾਂ-ਬੋਲੀ ਨੂੰ ਰੋਲਣ ਵਿਚ ਆਪਣਿਆਂ ਅਤੇ ਗ਼ੈਰਾਂ ਦੋਵਾਂ ਦਾ ਹੀ ਹੱਥ ਰਿਹਾ ਹੈ। ਹੁਣ ਫਿਰ ਕੇਂਦਰ ਸਰਕਾਰ ਵਲੋਂ ਪੰਜਾਬੀ ਭਾਸ਼ਾ ਨੂੰ ਨੀਵਾਂ ਦਿਖਾਉਣ ਦਾ ਕੋਝਾ ਯਤਨ ਕੀਤਾ ਗਿਆ ਹੈ। ਬਠਿੰਡਾ-ਅੰਮ੍ਰਿਤਸਰ ਚਾਰ ਲੇਨ ਬਣ ਰਹੀ ਸੜਕ 'ਤੇ ਜੋ ਦਿਸ਼ਾ ਸੂਚਕ ਬੋਰਡ ਲਾਏ ਜਾ ਰਹੇ ਹਨ, ਉਨ੍ਹਾਂ 'ਤੇ ਪੰਜਾਬੀ ਨੂੰ ਤੀਜੇ ਥਾਂ 'ਤੇ ਰੱਖਿਆ ਗਿਆ ਹੈ। ਕਈ ਪਿੰਡਾਂ/ਸ਼ਹਿਰਾਂ ਦੇ ਨਾਂਅ ਤਾਂ ਸਿਰਫ ਹਿੰਦੀ ਵਿਚ ਹੀ ਲਿਖੇ ਹਨ। ਬੀਤੇ ਦਿਨੀਂ ਇਸ ਦਾ ਵਿਰੋਧ ਪੰਜਾਬ ਦੀਆਂ ਸਰਗਰਮ ਸੰਸਥਾਵਾਂ ਵਲੋਂ ਫ਼ਰੀਦਕੋਟ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਸੋ, ਆਓ ਸਾਰੇ ਪੰਜਾਬੀ ਰਲ ਕੇ ਆਪਣੀ ਪਿਆਰੀ ਮਾਂ-ਬੋਲੀ ਪੰਜਾਬੀ ਨੂੰ ਬਣਦਾ ਸਤਿਕਾਰ ਦਿਵਾਈਏ।


-ਜਸਵੀਰ ਸਿੰਘ ਭਲੂਰੀਆ
ਪਿੰਡ ਤੇ ਡਾਕ: ਭਲੂਰ (ਮੋਗਾ)।

17-10-2017

 ਵਧ ਰਹੀ ਫਿਰਕਾਪ੍ਰਸਤੀ
ਪ੍ਰਸਿੱਧ ਲੇਖਕ ਸ੍ਰੀ ਕੁਲਦੀਪ ਨਈਅਰ ਦਾ ਲੇਖ 'ਦੇਸ਼ ਵਿਚ ਵਧ ਰਹੀ ਫਿਰਕਾਪ੍ਰਸਤੀ' ਕਾਬਲੇ ਤਾਰੀਫ਼ ਹੈ। ਦੇਸ਼ ਵਾਸੀਆਂ ਨੂੰ ਫਿਰਕਾਪ੍ਰਸਤ ਤਾਕਤਾਂ ਤੋਂ ਨਿਰਪੱਖ ਹੋਣ ਦੀ ਲੋੜ ਹੈ ਅਤੇ ਚੰਗੀ ਵਧੀਆ ਭਾਵਨਾ ਮਨਾਂ ਵਿਚ ਉਜਾਗਰ ਕਰਨ ਦੀ ਜ਼ਰੂਰਤ ਹੈ। ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਸਦਾ ਹੀ ਪਹਿਲ ਦਿੱਤੀ ਜਾਵੇ ਅਤੇ ਇਸ ਲਈ ਹਰ ਸੰਭਵ ਯਤਨ ਕੀਤੇ ਜਾਣੇ ਚਾਹੀਦੇ ਹਨ। ਫਿਰਕੂ ਤਾਕਤਾਂ ਤੋਂ ਕਿਨਾਰਾਕਸ਼ੀ ਕੀਤੀ ਜਾਵੇ। ਸਰਬੱਤ ਦੇ ਭਲੇ ਲਈ ਕੰਮ ਕੀਤੇ ਜਾਣ ਅਤੇ ਬਰਾਬਰਤਾ ਦਾ ਭਾਈਚਾਰਾ ਕਾਇਮ ਕੀਤਾ ਜਾਵੇ।

-ਜਸਪਾਲ ਸਿੰਘ ਲੋਹਾਮ
29/166, ਗਲੀ ਹਜ਼ਾਰਾ ਸਿੰਘ ਮੋਗਾ-142001.

ਬੱਚਿਆਂ ਦੀ ਸੁਰੱਖਿਆ
ਸਕੂਲਾਂ ਵਿਚ ਪੜ੍ਹ ਰਹੇ ਬੱਚਿਆਂ ਦਾ ਕਿਸੇ ਨਾ ਕਿਸੇ ਜੁਰਮ ਜਾਂ ਬਦਫੈਲੀ ਦਾ ਸ਼ਿਕਾਰ ਹੋਣਾ ਇਕ ਸੱਭਿਅਕ ਅਤੇ ਪੜ੍ਹੇ-ਲਿਖੇ ਸਮਾਜ ਨੂੰ ਸ਼ੋਭਾ ਨਹੀਂ ਦਿੰਦਾ। ਰਸਮੀ ਸਿੱਖਿਆ ਦੇ ਤੌਰ 'ਤੇ ਸਕੂਲ ਹੀ ਬੱਚੇ ਦੇ ਚੰਗੇ ਭਵਿੱਖ ਦੀ ਸਿਰਜਣਾ ਦਾ ਅਹਿਮ ਆਧਾਰ ਮੰਨੇ ਜਾਂਦੇ ਹਨ। ਜੇ ਇਥੇ ਹੀ ਸੁਰੱਖਿਆ ਨਹੀਂ ਤਾਂ ਸਮਾਜਿਕ ਜੀਵ ਦੇ ਪੂਰਨ ਰੂਪ ਵਿਚ ਉਭਰਨ ਤੇ ਵਿਚਰਨ 'ਤੇ ਸਹਿਜੇ ਹੀ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ।
ਇਸ ਸਬੰਧ ਵਿਚ ਰਾਜੀਵ ਚੰਦਰ ਸ਼ੇਖਰ ਦਾ ਲੇਖ ਪੜ੍ਹਿਆ, ਚੰਗਾ ਲੱਗਾ ਕਿ ਉਹ ਇਸ ਪ੍ਰਤੀ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਅ ਰਹੇ ਹਨ। ਉਨ੍ਹਾਂ ਨੇ ਬੜੇ ਹੀ ਸੁਲਝੇ ਹੋਏ ਢੰਗ ਨਾਲ ਸਕੂਲਾਂ ਦੇ ਪ੍ਰਬੰਧਕਾਂ ਦੇ ਵਤੀਰੇ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਪ੍ਰਤੀ ਸਵਾਲ ਉਠਾਏ। ਚਾਹੀਦਾ ਹੈ ਕਿ ਸਖਤ ਦਿਸ਼ਾ-ਨਿਰਦੇਸ਼ਾਂ ਹੇਠ ਨਿੱਜੀ ਸਕੂਲਾਂ ਨੂੰ ਲਾਈਸੈਂਸ ਜਾਰੀ ਕਰਨ ਤੇ ਸਟਾਫ਼ ਪ੍ਰਤੀ ਪੂਰੀ ਜਾਣਕਾਰੀ ਤੇ ਪਿਛੋਕੜ ਪ੍ਰਤੀ ਤੱਥ ਲਾਜ਼ਮੀ ਕੀਤੇ ਜਾਣੇ ਚਾਹੀਦੇ ਹਨ।

-ਕੰਵਲਪ੍ਰੀਤ ਕੌਰ ਥਿੰਦ (ਚੌਹਾਨ)
ਸਾਇੰਸ ਅਧਿਆਪਕਾ, ਸ. ਸ. ਸ. ਸਕੂਲ, ਡਿਹਰੀਵਾਲਾ (ਅੰਮ੍ਰਿਤਸਰ)

ਕਿਸਾਨੀ ਦਾ ਸ਼ੋਸ਼ਣ
ਕਿਸਾਨ ਜੋ ਪਹਿਲਾਂ ਹੀ ਸਰਕਾਰਾਂ ਦੇ ਕੀਤੇ ਜਾ ਰਹੇ ਸ਼ੋਸ਼ਣ ਤੋਂ ਦੁਖੀ ਹੋ ਕੇ ਖ਼ੁਦਕੁਸ਼ੀਆਂ ਕਰ ਰਿਹਾ ਹੈ। ਉਸ ਨਾਲ ਪਰਾਲੀ ਨੂੰ ਅੱਗ ਨਾ ਲਾਉਣ ਵਾਲੀ ਗੱਲ ਉਸ ਦੇ ਜ਼ਖ਼ਮਾਂ ਉੱਪਰ ਲੂਣ ਹੈ। ਕਿਸਾਨ ਖੁਦ ਵੀ ਨਹੀਂ ਚਾਹੁੰਦਾ ਕਿ ਉਹ ਪਰਾਲੀ ਨੂੰ ਅੱਗ ਲਾਵੇ ਅਤੇ ਕੁਦਰਤ ਦਾ ਦੁਸ਼ਮਣ ਬਣੇ।
ਦਫ਼ਤਰਾਂ ਵਿਚ ਬੈਠੇ ਸਰਕਾਰਾਂ ਦੇ ਕਰਿੰਦੇ ਜੋ ਕੁਦਰਤ ਵਾਸਤੇ ਇਹੋ ਜਿਹੇ ਕਾਨੂੰਨ ਪਾਸ ਕਰਕੇ ਆਪਣਾ-ਆਪ ਨੂੰ ਵਾਤਾਵਰਨ ਦਾ ਰਖਲਾਵਾ ਸਮਝਦੇ ਹਨ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਕਿ ਕਿਸਾਨ ਉਨ੍ਹਾਂ ਨਾਲੋਂ ਸੌ ਗੁਣਾ ਜ਼ਿਆਦਾ ਪਿਆਰ ਕਰਦਾ ਹੈ ਕੁਦਰਤ ਨੂੰ। ਜੋ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਹੈ ਉਹ ਕਿਥੋਂ ਰੋਟਾਵੇਟਰਾਂ ਆਦਿ ਸੰਦਾਂ ਦੇ ਖਰਚੇ ਚੱਕ ਪਰਾਲੀ ਨੂੰ ਸਾਂਭ ਸਕਦਾ। ਜੇ ਸਰਕਾਰ ਸੱਚਮੁੱਚ ਹੀ ਵਾਤਾਵਰਨ ਨੂੰ ਬਚਾਉਣ ਅਤੇ ਕਿਸਾਨੀ ਬਚਾਉਣ ਦੇ ਹੱਕ ਵਿਚ ਹੈ ਤਾਂ ਕਿਸਾਨਾਂ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਖਰਚ ਦਿੱਤਾ ਜਾਵੇ।

-ਕਮਲ ਕੋਟਲੀ।

16-10-2017

 ਹਾਂ-ਪੱਖੀ ਉਪਾਅ
ਅਕਸਰ ਅਖ਼ਬਾਰਾਂ ਤੇ ਟੀ.ਵੀ. ਵਿਚ ਲੇਖਕਾਂ, ਬੁੱਧੀਜੀਵੀਆਂ ਤੇ ਵਿਗਿਆਨੀਆਂ ਦੇ ਬਿਆਨ ਪੜ੍ਹਦੇ-ਸੁਣਦੇ ਹਾਂ ਕਿ ਕਿਸਾਨ ਝੋਨੇ-ਕਣਕ ਦੇ ਵੱਢਾਂ ਨੂੰ ਅੱਗ ਨਾ ਲਾਉਣ। ਇਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਜਿਸ ਕਰ ਕੇ ਅਨੇਕਾਂ ਬਿਮਾਰੀਆਂ ਫੈਲਦੀਆਂ ਹਨ। ਸਰਕਾਰ ਨੇ ਕਾਨੂੰਨ ਵੀ ਬਣਾ ਦਿੱਤਾ ਹੈ ਕਿ ਖੇਤਾਂ ਵਿਚਲੀ ਰਹਿੰਦ-ਖੂੰਹਦ ਸਾੜ ਕੇ ਵਾਤਾਵਰਨ ਪ੍ਰਦੂਸ਼ਿਤ ਕਰਨ ਵਾਲੇ ਨੂੰ ਸਜ਼ਾ ਤੇ ਜੁਰਮਾਨਾ ਵੀ ਹੋ ਸਕਦੇ ਹਨ।
ਜੇਕਰ ਸਰਕਾਰ ਕਿਸਾਨਾਂ ਨੂੰ ਵੱਢ ਸਾੜਣ ਤੋਂ ਰੋਕਣਾ ਚਾਹੁੰਦੀ ਹੈ ਤਾਂ ਸਰਕਾਰ ਨੂੰ ਕਿਸਾਨਾਂ ਦੀ ਮਦਦ ਕਰਨੀ ਪਵੇਗੀ। ਸਹਿਕਾਰੀ ਸਭਾਵਾਂ ਨੂੰ ਹਦਾਇਤ ਦਿੱਤੀ ਜਾਵੇ ਕਿ ਉਹ 5 ਏਕੜ ਤੱਕ ਵਾਲੇ ਹਰ ਕਿਸਾਨ ਨੂੰ ਸਿਰਫ਼ ਤੇਲ 'ਤੇ ਹੀ ਰੋਟਾਵੇਟਰ ਨਾਲ ਕਣਕ ਬੀਜ ਕੇ ਦੇਣ। ਦਰਮਿਆਨੇ ਤੇ ਵੱਡੇ ਕਿਸਾਨਾਂ ਨੂੰ ਮੁਫ਼ਤ ਰੋਟਾਵੇਟਰ ਇਸ ਸ਼ਰਤ 'ਤੇ ਦਿੱਤੇ ਜਾਣ ਕਿ ਉਹ ਆਪਣੇ ਖੇਤ ਵਿਚ ਪੰਜ ਸਾਲ ਕਣਕ-ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਾਉਣਗੇ।
ਸਰਕਾਰ ਇਹ ਵੀ ਜ਼ਰੂਰੀ ਬਣਾਵੇ ਕਿ ਮਈ-ਜੂਨ ਅਤੇ ਅਕਤੂਬਰ-ਨਵੰਬਰ ਮਹੀਨਿਆਂ 'ਚ ਕਿਸਾਨਾਂ ਨੂੰ ਦਸ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ ਤਾਂ ਜੋ ਕਿਸਾਨ ਵਾਹੀ ਹੋਈ ਰਹਿੰਦ-ਖੂੰਹਦ ਨੂੰ ਪਾਣੀ ਲਾ ਕੇ ਜ਼ਮੀਨ ਵਿਚ ਹੀ ਗਾਲ ਦੇਣ। ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਰਕਾਰ ਨੂੰ ਇਨ੍ਹਾਂ ਕਿਸਾਨ-ਹਿਤੂ ਕੰਮਾਂ ਨੂੰ ਪਹਿਲ ਦੇਣੀ ਚਾਹੀਦੀ ਹੈ।

- ਜਸਕਰਨ ਲੰਡੇ
ਪਿੰਡ ਤੇ ਡਾਕਖਾਨਾ: ਲੰਡੇ, ਜ਼ਿਲ੍ਹਾ: ਮੋਗਾ-142049.

13-10-2017

 ਜਾਨਲੇਵਾ ਖੇਡ
ਅੱਜਕਲ੍ਹ ਮੋਬਾਈਲ ਫੋਨਾਂ 'ਤੇ ਬਲਿਊ ਵੇਲ ਨਾਂਅ ਦੀ ਜਾਨਲੇਵਾ ਖੇਡ ਦਾ ਕਹਿਰ ਵਾਪਰ ਰਿਹਾ ਹੈ। ਨਿੱਤ ਦਿਹਾੜੇ ਕੋਈ ਨਾ ਕੋਈ ਬੱਚਾ ਇਸ ਦੀ ਗ੍ਰਿਫ਼ਤ ਵਿਚ ਆ ਕੇ ਮੌਤ ਨੂੰ ਗਲੇ ਲਗਾ ਰਿਹਾ ਹੈ ਅਤੇ ਹੱਸਦੇ ਵੱਸਦੇ ਘਰਾਂ ਦੇ ਚਿਰਾਗ ਬੁੱਝ ਰਹੇ ਹਨ। ਇਹ ਇਕ ਭਿਆਨਕ ਸਮੱਸਿਆ ਬਣਦੀ ਜਾ ਰਹੀ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਬੱਚਿਆਂ ਨਾਲ ਪਰਿਵਾਰ ਵਿਚ ਬੈਠ ਕੇ ਵੱਧ ਤੋਂ ਵੱਧ ਗੱਲਾਂਬਾਤਾਂ ਕੀਤੀਆਂ ਜਾਣ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਤੇ ਰੁਚੀਆਂ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਬੱਚੇ ਆਪਣੇ ਮਨ ਦੀਆਂ ਗੁੰਝਲਾਂ ਅਤੇ ਔਕੜਾਂ ਆਪਣੇ ਮਾਪਿਆਂ ਨਾਲ ਸਾਂਝੀਆਂ ਕਰ ਸਕਣ। ਇਸ ਦੇ ਲਈ ਤਕਨੀਕੀ ਮਾਹਿਰਾਂ ਦੀ ਰਾਏ ਲੈਣੀ ਵੀ ਸਹੀ ਹੋ ਸਕਦੀ ਹੈ ਤਾਂ ਜੋ ਕਿਸੇ ਵੀ ਹੱਸਦੇ ਵੱਸਦੇ ਘਰ ਦਾ ਚਿਰਾਗ ਨਾ ਬੁਝੇ।

-ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ।

ਠੋਸ ਹੱਲ ਦੀ ਜ਼ਰੂਰਤ
ਪਿਛਲੇ ਕਈ ਸਾਲਾਂ ਤੋਂ ਸਰਕਾਰ ਵਲੋਂ ਨੈਸ਼ਨਲ ਗਰੀਨ ਟ੍ਰਿਬਿਊਨਲ ਵਲੋਂ ਖੇਤੀ ਮਾਹਿਰਾਂ ਵਲੋਂ, ਸਮਾਜ ਸੇਵਕਾਂ ਵਲੋਂ, ਵਿਦਵਾਨਾਂ ਵਲੋਂ, ਸਿਹਤ ਵਿਭਾਗ ਵਲੋਂ ਅਤੇ ਲੇਖਕਾਂ ਵਲੋਂ ਕਣਕ ਦਾ ਨਾੜ ਅਤੇ ਝੋਨੇ ਦੀ ਪਰਾਲੀ ਨਾ ਸਾੜਨ ਲਈ ਕਿਸਾਨਾਂ ਉੱਪਰ ਦਬਾਅ ਪਾਇਆ ਜਾ ਰਿਹਾ ਹੈ। ਪਰ ਅਫ਼ਸੋਸ ਕਿ ਕਿਸੇ ਸੰਸਥਾ ਵਲੋਂ ਵੀ ਇਸ ਸਮੱਸਿਆ ਦਾ ਠੋਸ ਹੱਲ ਨਹੀਂ ਸੁਲਝਾਇਆ ਗਿਆ। ਪਰ ਸੋਚਣ ਵਾਲੀ ਗੱਲ ਹੈ ਕਿ ਕੀ 'ਕੱਲਾ ਕਿਸਾਨ ਹੀ ਪ੍ਰਦੂਸ਼ਣ ਫੈਲਾਉਂਦਾ ਹੈ? ਦੁਸਹਿਰੇ 'ਤੇ ਕਰੋੜਾਂ ਰੁਪਏ ਦਾ ਬਾਰੂਦ ਫੂਕਿਆ ਗਿਆ, ਦੀਵਾਲੀ ਤੱਕ ਅਰਬਾਂ ਰੁਪਏ ਦਾ ਬਾਰੂਦ ਫੂਕਿਆ ਜਾਏਗਾ। ਹਰ ਵਾਰ ਕਰੋੜਾਂ ਰੁਪਏ ਦਾ ਮਾਲੀ ਤੇ ਜਾਨੀ ਨੁਕਸਾਨ ਵੀ ਹੁੰਦਾ ਹੈ ਪਰ ਇਸ ਪ੍ਰਦੂਸ਼ਣ 'ਤੇ ਪਾਬੰਦੀ ਲਾਉਣ ਲਈ ਕੋਈ ਨਹੀਂ ਕਹਿੰਦਾ। ਵੱਡੇ ਸ਼ਹਿਰਾਂ ਵਿਚ ਕਾਰਖਾਨਿਆਂ ਅਤੇ ਪਿੰਡਾਂ ਵਿਚ ਭੱਠਿਆਂ ਦੀਆਂ ਚਿਮਨੀਆਂ ਸਾਰਾ ਸਾਲ ਧੂੰਆਂ ਛੱਡਦੀਆਂ ਰਹਿੰਦੀਆਂ ਹਨ ਪਰ ਕੋਈ ਪੁੱਛਣ ਵਾਲਾ ਨਹੀਂ। ਅਸੀਂ ਨਹੀਂ ਚਾਹੁੰਦੇ ਕਿ ਕਿਸਾਨ ਨਾੜ/ਪਰਾਲੀ ਸਾੜਨ ਪਰ ਮਾਪਦੰਡ ਸਭ ਲਈ ਬਰਾਬਰ ਹੋਣੇ ਚਾਹੀਦੇ ਹਨ।

-ਜਸਵੀਰ ਸਿੰਘ ਭਲੂਰੀਆ।

ਵਿਦੇਸ਼ ਜਾਣ ਦਾ ਰੁਝਾਨ
ਨਵਤੇਜ ਸਿੰਘ ਮੱਲ੍ਹੀ ਦਾ ਲੇਖ 'ਅਨਿਸਚਿਤਤਾ ਕਾਰਨ ਵਧ ਰਿਹਾ ਨੌਜਵਾਨਾਂ 'ਚ ਵਿਦੇਸ਼ ਜਾਣ ਦਾ ਰੁਝਾਨ' ਰੌਂਗਟੇ ਖੜ੍ਹੇ ਕਰਨ ਵਾਲੇ ਤੱਤ ਪੇਸ਼ ਕਰਦਾ ਹੈ ਤੇ ਅਸਲੀਅਤ ਵੀ ਹੈ। ਪਿੰਡਾਂ ਵਿਚ ਪਹਿਲਾਂ ਜਦੋਂ ਕਿਸੇ ਦੇ ਘਰ ਲੜਕਾ 20-22 ਸਾਲ ਦਾ ਹੋ ਜਾਂਦਾ ਸੀ ਤਾਂ ਉਸ ਘਰ ਲੜਕੇ ਦੇ ਰਿਸ਼ਤੇ ਲਈ ਬਹੁਤ ਲੋਕ ਆਉਂਦੇ ਸਨ ਪਰ ਹੁਣ ਪਿੰਡਾਂ ਵਿਚ ਨੌਕਰੀ ਕਰਦੇ, ਕਾਰੋਬਾਰ ਕਰਦੇ ਅਤੇ ਖੇਤੀ ਕਰਦੇ ਨੌਜਵਾਨ 26-27 ਸਾਲ ਦੀ ਉਮਰ ਪਾਰ ਕਰ ਜਾਂਦੇ ਹਨ ਪਰ ਉਨ੍ਹਾਂ ਲਈ ਕੋਈ ਰਿਸ਼ਤਾ ਨਹੀਂ ਆਉਂਦਾ। ਨੌਜਵਾਨਾਂ ਦੇ ਮਾਂ-ਬਾਪ ਜਿਹੜੇ ਬਾਹਰ ਜਾਣ ਦੇ ਹੱਕ ਵਿਚ ਨਹੀਂ ਜਾਂ ਕੋਈ ਉਨ੍ਹਾਂ ਦਾ ਕੋਈ ਸਾਧਨ ਨਹੀਂ, ਬਹੁਤ ਹੀ ਪ੍ਰੇਸ਼ਾਨੀ ਵਿਚ ਹਨ। ਮੱਲ੍ਹੀ ਦਾ ਲੇਖ ਬਹੁਤ ਕਾਬਲੇ ਤਾਰੀਫ਼ ਸੀ।

-ਸਰਵਨ ਸਿੰਘ ਪਤੰਗ।

12-10-2017

 ਪੱਤਰਸਾਹਿਤ ਫੁਲਵਾੜੀ
ਬੀਤੇ ਦਿਨ 'ਅਜੀਤ' ਮੈਗਜ਼ੀਨ ਦੇ 'ਸਾਹਿਤ ਫੁਲਵਾੜੀ' ਵਿਚ ਕਾਵਿ-ਮਹਿਫ਼ਲ ਕਮਾਲ ਦੀ ਸੀ। ਸਾਰੀਆਂ ਕਵਿਤਾਵਾਂ, ਗ਼ਜ਼ਲਾਂ ਇਕ ਤੋਂ ਇਕ ਵੱਧ ਪਿਆਰੀਆਂ ਸਨ, ਦਿਲ ਨੂੰ ਟੁੰਬਦੀਆਂ ਸਨ। ਜਿਸ ਕਿਸੇ ਨੇ ਵੀ ਕਾਵਿ-ਮਹਿਫ਼ਲ ਪੜ੍ਹਿਆ ਹੋਵੇਗਾ, ਉਹ ਕਾਫੀ ਸਮਾਂ ਵੱਖਰਾ ਅਹਿਸਾਸ ਮਹਿਸੂਸ ਜ਼ਰੂਰ ਕਰਦਾ ਹੋਵੇਗਾ। ਮੈਂ ਜਦ ਸਾਰੇ ਮਾਣਯੋਗ ਤੇ ਅਤੀ ਸਤਿਕਾਰਯੋਗ ਲੇਖਕਾਂ ਦੇ ਕਾਵਿ ਪੜ੍ਹ ਰਿਹਾ ਸੀ ਤਾਂ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਮੈਂ ਕਿਸੇ ਮੁਸ਼ਾਇਰੇ ਵਿਚ ਬੈਠਾ ਹੋਵਾਂ ਭਾਵ ਪੂਰਾ ਅਨੰਦ ਆ ਰਿਹਾ ਸੀ। ਕੁੱਲ ਮਿਲਾ ਕੇ ਅਜਿਹੀਆਂ ਰਚਨਾਵਾਂ ਜੋ ਇਕੱਠੇ ਪੰਜ-ਸੱਤ ਨਾਮਵਰ ਲੇਖਕਾਂ ਦੀਆਂ ਇਕੋ ਵਾਰ ਛਪੀਆਂ ਘੱਟ ਹੀ ਮੌਕੇ ਪੜ੍ਹਨ ਨੂੰ ਮਿਲਦੇ ਹਨ।


-ਮਾਸਟਰ ਦੇਵ ਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਅਲੋਪ ਹੋਈਆਂ ਖੱਡੀਆਂ
ਸੰਨ 1974-75 ਵਿਚ ਇਕ ਗਲੀਚੇ ਨੂੰ ਬਣਾਉਣ ਪਿਛੇ ਸਿਰਫ਼ 15-20 ਰੁਪਏ ਵਸੂਲ ਕੀਤੇ ਜਾਂਦੇ ਸਨ ਅਤੇ ਇਹ ਕੰਮ ਕਾਫੀ ਲੰਮਾ ਸਮਾਂ ਬਹੁਤ ਹੀ ਵਧੀਆ ਚੱਲਿਆ ਪਰ ਅੱਜਕਲ੍ਹ ਮਸ਼ੀਨਰੀ ਯੁੱਗ ਆਉਣ ਕਾਰਨ ਇਹ ਕੰਮ ਨਾਮਾਤਰ ਹੀ ਬਣ ਗਿਆ ਅਤੇ ਸਿਰਫ਼ ਖੱਡੀ ਸਾਡੇ ਵੱਡਿਆਂ ਦੀ ਵਿਰਾਸਤ ਵਜੋਂ ਹੀ ਰੱਖੀ ਜਾਂਦੀ ਹੈ, ਇਸ ਨਾਲ ਕੰਮਕਾਰ ਤਾਂ ਨਾਮਾਤਰ ਹੀ ਕੀਤਾ ਜਾਂਦਾ ਹੈ ਕਿਉਂਕਿ ਅੱਜਕਲ੍ਹ ਰੈਡੀਮੇਡ ਮਾਲ ਰਿਕਸ਼ਿਆਂ ਤੇ ਗਲੀਚੇ, ਚਾਦਰਾਂ ਆਦਿ ਰੱਖ ਕੇ ਗਲੀਆਂ ਵਿਚ ਵੇਚਦੇ ਆਮ ਵੇਖੇ ਜਾਂਦੇ ਹਨ। ਜੇਕਰ ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਇਸ ਸਬੰਧੀ ਪੁੱਛਿਆ ਜਾਵੇ ਤਾਂ ਸ਼ਾਇਦ 80 ਫ਼ੀਸਦੀ ਲੋਕਾਂ ਨੂੰ ਖੱਡੀ ਬਾਰੇ ਜਾਣਕਾਰੀ ਹੀ ਨਹੀਂ ਹੋਵੇਗੀ।


-ਪ੍ਰੋ: ਮਨਪ੍ਰੀਤ ਗੋਰਾਇਆ
ਗਿਆਨ ਸਾਗਰ ਕਾਲਜ, ਕਲਾਨੌਰ (ਗੁਰਦਾਸਪੁਰ)।


ਸਾਂਝੀ ਜ਼ਿੰਮੇਵਾਰੀ
ਗਾਲਿਬ ਨੇ ਕਿਹਾ ਸੀ, 'ਕਿਸੇ ਦੇ ਮਰਨ ਦਾ ਅਫ਼ਸੋਸ ਉਹ ਕਰੇ, ਜਿਸ ਨੇ ਆਪ ਮਰਨਾ ਨਾ ਹੋਵੇ। ਇਸੇ ਤਰ੍ਹਾਂ ਕਈ ਸੋਚਦੇ ਹਨ ਕਿ ਆਲਮੀ ਤਪਸ਼ ਦੀ ਚਿੰਤਾ ਉਹ ਕਰਨ, ਜਿਨ੍ਹਾਂ ਇਸ ਦੇ ਨਿਕਲਣ ਵਾਲੇ ਸਿੱਟਿਆਂ ਨਾਲ ਭਵਿੱਖ ਵਿਚ ਨਿਪਟਣਾ ਹੋਵੇਗਾ। ਪਰ ਅਸੀਂ ਕਿਉਂ ਨਹੀਂ ਸਮਝ ਰਹੇ ਕਿ ਵਧਦੇ ਜਾ ਰਹੇ ਭੂਗੋਲਿਕ ਤਾਪਮਾਨ ਦੇ ਸਿੱਟੇ ਨਿਕਲਣੇ ਸ਼ੁਰੂ ਹੋ ਗਏ ਹਨ। ਜੀਵਨ ਦੇ ਪ੍ਰਸੰਗ 'ਚ ਮੂਲ ਹਕੀਕਤ ਇਹ ਹੈ ਕਿ ਆਲਾ-ਦੁਆਲਾ ਜੀਵ ਦੇ ਅਨੁਕੂਲ ਨਾ ਹੋਣ ਦੀ ਸੂਰਤ ਵਿਚ ਉਹ ਜਿਊਂਦਾ ਨਹੀਂ ਰਹਿ ਸਕਦਾ। ਹਰ ਇਕ ਹੋਂਦ ਦੀ ਬੁੱਕਲ 'ਚ ਅਣਹੋਂਦ ਦਾ ਸੱਪ ਛੁਪਿਆ ਬੈਠਾ ਹੈ ਜਿਸ ਨੇ ਸਮਾਂ ਆਉਣ 'ਤੇ ਹੋਂਦ ਨੂੰ ਡੱਸ ਲੈਣਾ ਹੁੰਦਾ ਹੈ। ਪਿਛਲੇ 50 ਵਰ੍ਹਿਆਂ ਦੌਰਾਨ ਦੁਨੀਆ ਭਰ ਦੀਆਂ 40 ਫ਼ੀਸਦੀ ਪ੍ਰਜਾਤੀਆਂ ਆਪਣੀ ਹੋਂਦ ਗੁਆ ਬੈਠੀਆਂ ਹਨ। ਹਰ ਵਰ੍ਹੇ ਲੱਖਾਂ ਜੀਵ ਨਸਲਾਂ ਲੋਪ ਹੋ ਰਹੀਆਂ ਹਨ।


-ਨਵਦੀਪ ਕੌਰ
ਗੁਰੂ ਨਾਨਕ ਕਾਲਜ ਫਾਰ ਗਰਲਜ਼, ਸ੍ਰੀ ਮੁਕਤਸਰ ਸਾਹਿਬ।


ਜਾਨ ਦਾ ਖੌਅ
ਲੋਕਾਂ ਦੀ ਜਾਨ ਦਾ ਖੌਅ ਸ਼ੰਗਾਰਾ ਸਿੰਘ ਭੁੱਲਰ ਦਾ ਲੇਖ ਕਾਬਲੇ ਤਾਰੀਫ਼ ਹੈ। ਆਵਾਰਾ ਪਸ਼ੂ ਜਾਨ ਲਈ ਖ਼ਤਰਾ ਬਣੇ ਹੋਏ ਹਨ। ਜਿੱਥੇ ਝੁੰਡ ਹੁੰਦੇ ਹਨ, ਉਥੇ ਡਰ ਰਹਿੰਦਾ ਹੈ। ਆਵਾਰਾ ਪਸ਼ੂ ਖੜ੍ਹੇ-ਖੜ੍ਹੇ ਭਿੜਨ ਲੱਗ ਜਾਂਦੇ ਹਨ ਅਤੇ ਕਾਰਾਂ, ਜੀਪਾਂ ਅਤੇ ਆਮ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲੈਂਦੇ ਹਨ। ਇਸ ਗੰਭੀਰ ਸਮੱਸਿਆ ਵੱਲ ਧਿਆਨ ਦੇਣ ਦੀ ਲੋੜ ਹੈ।


ਜਸਪਾਲ ਸਿੰਘ ਲੋਹਾਮ
#29/166 ਗਲੀ ਹਜ਼ਾਰਾ ਸਿੰਘ, ਮੋਗਾ।

11-10-2017

 ਪੱਤਰਪਾਤਰ ਤੋਂ ਆਸਾਂ
ਪੰਜਾਬ, ਪੰਜਾਬੀਅਤ ਤੇ ਸਾਹਿਤਕ ਹਲਕਿਆਂ ਲਈ ਇਹ ਅਹਿਮ ਖ਼ਬਰ ਹੋ ਨਿਬੜੀ, ਜਦੋਂ ਪਤਾ ਲੱਗਾ ਕਿ ਪੰਜਾਬੀ ਮਾਂ-ਬੋਲੀ ਦੇ ਸਪੂਤ ਸੁਰਜੀਤ ਪਾਤਰ ਜੀ ਨੂੰ ਪੰਜਾਬ ਕਲਾ ਪ੍ਰੀਸ਼ਦ ਦਾ ਚੇਅਰਮੈਨ ਚੁਣ ਲਿਆ ਗਿਆ ਹੈ। ਕਿਉਂਕਿ ਕਿਸੇ ਵੀ ਸੰਸਥਾ ਦਾ ਪ੍ਰਧਾਨ ਉਹੀ ਸੋਭਦਾ ਹੈ ਜੋ ਉਸ ਸੰਸਥਾ ਦੀ ਧਰਾਤਲ ਨਾਲ ਜੁੜਿਆ ਹੋਵੇ। ਵੱਡੇ-ਵੱਡੇ ਇਨਾਮ ਤੇ ਮਾਣ-ਸਨਮਾਨ ਪਹਿਲਾਂ ਹੀ ਪਾਤਰ ਦੀ ਝੋਲੀ ਵਿਚ ਪੈ ਚੁੱਕੇ ਹਨ। ਪਰ ਸ਼ਾਇਦ ਸਿਆਸਤਦਾਨਾਂ ਦੀ ਸਿਆਸਤ ਇਥੇ ਵੀ ਜ਼ੋਰ-ਅਜ਼ਮਾਈ ਕਰਦੀ ਜਾਪੀ। ਖੈਰ, ਸਭ ਪੰਜਾਬੀ ਖ਼ਾਸ ਕਰ ਸਾਹਿਤਕਾਰ ਸੁਰਜੀਤ ਪਾਤਰ ਦੇ ਇਸ ਅਹੁਦਾ ਸਾਂਭਣ 'ਤੇ ਖੁਸ਼ ਹਨ ਤੇ ਸਾਡੀਆਂ ਸਭ ਦੀਆਂ ਆਸਾਂ ਨੂੰ ਬੂਰ ਪਵੇ, ਪੰਜਾਬ, ਪੰਜਾਬੀਅਤ ਤੇ ਪੰਜਾਬੀ ਵਧੇ ਫੁੱਲੇ।


-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿਆਣਾ)।


ਰੁਜ਼ਗਾਰ ਵਿਭਾਗ
ਪੰਜਾਬ ਵਿਚ ਰੁਜ਼ਗਾਰ ਵਿਭਾਗ ਦੀ ਕਾਰਜ ਪ੍ਰਣਾਲੀ ਬਦਲ ਗਈ ਹੈ। ਭਾਰਤ ਸਰਕਾਰ ਦੇ ਇਸ ਵਿਭਾਗ ਦੇ ਡਾਇਰੈਕਟਰ ਜਨਰਲ ਦੇ ਅਦਾਰੇ ਰਾਹੀਂ ਪਤਾ ਚਲਦਾ ਹੈ ਕਿ ਇਸ ਵਿਭਾਗ ਦੇ ਇਹ ਕੁਝ ਅਹਿਮ ਸ਼ਾਖਾਵਾਂ ਹਨ, ਜਿਨ੍ਹਾਂ ਵਿਚ ਬੇਰੁਜ਼ਗਾਰਾਂ ਦਾ ਨਾਂਅ ਦਰਜ ਕਰਨਾ ਹੁੰਦਾ ਹੈ। ਰੁਜ਼ਗਾਰ ਮੰਡੀ ਤੇ ਸੂਚਨਾ ਜਿਸ ਰਾਹੀਂ ਇਹ ਵਿਭਾਗ ਸਰਕਾਰ ਤੇ ਸਮਾਜ ਨੂੰ ਜਾਣਕਾਰੀ ਦਿੰਦਾ ਹੋਵੇਗਾ ਕਿ ਕਿਹੜੇ ਰੁਜ਼ਗਾਰ ਵਿਚ ਅੱਜ ਲੋੜ ਹੈ ਜਾਂ ਨਹੀਂ, ਇਸੇ ਸੂਚਨਾ ਦੇ ਆਧਾਰ 'ਤੇ ਸਰਕਾਰਾਂ ਨੇ ਕੋਰਸ ਸ਼ੁਰੂ ਕਰਨੇ ਤੇ ਬੰਦ ਕਰਨੇ ਹੁੰਦੇ ਹਨ।
ਇਹੋ ਸ਼ਾਖਾ ਹੈ ਜਿਸ ਰਾਹੀਂ ਜਿਹੜੇ ਨਿਯੋਜਕ ਭਾਰਤ ਸਰਕਾਰ ਦੇ ਸੀ.ਐਨ.ਵੀ. ਐਕਟ 1959 ਦੀ ਪਾਲਣਾ ਨਹੀਂ ਕਰਦੇ ਹੁੰਦੇ, ਨੂੰ ਨੋਟਿਸ ਭੇਜ ਸੁਚੇਤ ਕਰਦੇ ਹੋਏ ਅਦਾਲਤੀ ਕਾਰਵਾਈ ਕਰਨੀ ਹੁੰਦੀ ਹੈ ਪਰ ਅੱਜ ਦੇ ਸਮੇਂ ਵਿਚ ਇਹ ਸ਼ਾਖਾ ਅਜਿਹਾ ਕੁਝ ਨਹੀਂ ਕਰਦੀ ਜਾਪਦੀ। ਕਈ ਕਾਰਨ ਹੋ ਸਕਦੇ ਹਨ ਸਮਾਜਿਕ ਤੇ ਨਿੱਜੀ। ਪਟਿਆਲਾ ਸ਼ਹਿਰ ਵਿਚ ਹੀ ਅਨੇਕ ਅਦਾਰੇ ਹਨ ਵਿਸ਼ੇਸ਼ ਕਰਕੇ ਹਸਪਤਾਲ ਤੇ ਫੈਕਟਰੀਆਂ ਜਿਹੜੇ ਅਜੇ ਤੱਕ ਵਿਭਾਗ ਦੇ ਨਿਯੋਜਕ ਰਜਿਸਟਰ ਵਿਚ ਹੀ ਦਰਜ ਨਹੀਂ ਕੀਤੇ ਗਏ ਭਾਵੇਂ 20-20 ਸਾਲ ਹੋ ਗਏ ਨੇ ਅਦਾਰੇ ਖੁੱਲ੍ਹਿਆਂ ਨੂੰ। ਵਿਭਾਗ ਤੇ ਸਰਕਾਰ ਨੂੰ ਇਸ ਵੱਲ ਨਾ ਸਿਰਫ ਧਿਆਨ ਦੇਣ ਦੀ ਜ਼ਰੂਰਤ ਹੈ ਸਗੋਂ ਸਖ਼ਤ ਕਾਰਵਾਈ ਦੀ ਵੀ।


-ਡਾ: ਰਿਪੁਦਮਨ ਸਿੰਘ
134-ਐਸ, ਸੰਤ ਨਗਰ, ਪਟਿਆਲਾ।


ਪਰਾਲੀ ਸਾੜਨ ਪ੍ਰਤੀ ਸਖ਼ਤੀ
ਨੈਸ਼ਨਲ ਗਰੀਨ ਟ੍ਰਿਬਿਊਨਲ ਨਵੀਂ ਦਿੱਲੀ ਵਲੋਂ ਕਿਸਾਨਾਂ ਦੁਆਰਾ ਖੇਤਾਂ ਵਿਚ ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨਾਂ ਪ੍ਰਤੀ ਸਖ਼ਤ ਰੁਖ਼ ਅਪਣਾਇਆ ਜਾ ਰਿਹਾ ਹੈ। ਉਲੰਘਣਾ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 2500 ਰੁਪਏ ਤੋਂ 15 ਹਜ਼ਾਰ ਰੁਪਏ ਤੱਕ ਜੁਰਮਾਨੇ ਕਰਨ ਦੀ ਵਿਵਸਥਾ ਵੀ ਰੱਖੀ ਗਈ ਹੈ। ਪਰ ਹੁਣ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਖੇਤਾਂ ਵਿਚ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਤੋਂ ਸਾਡਾ ਕਿਸਾਨ ਭਲੀ-ਭਾਂਤ ਜਾਣੂ ਤਾਂ ਹੈ ਪਰ ਇਹ ਸਭ ਕੁਝ ਕਰਨਾ ਉਸ ਦੀ ਮਜਬੂਰੀ ਹੈ। ਸੋ, ਸਰਕਾਰ ਨੂੰ ਅਜਿਹੇ ਹਾਲਾਤ ਵਿਚ ਕਿਸਾਨਾਂ ਪ੍ਰਤੀ ਬੇਹੱਦ ਸਖ਼ਤੀ ਦਿਖਾਉਣ ਦੀ ਬਜਾਏ ਇਸ ਦਾ ਯੋਗ ਬਦਲ ਲੱਭਣਾ ਚਾਹੀਦਾ ਹੈ, ਨਹੀਂ ਤਾਂ ਕਿਸਾਨ ਅਤੇ ਇਸ ਦੇ ਨਾਲ ਜੁੜੇ ਅਨੇਕਾਂ ਲੋਕਾਂ ਦੇ ਧੰਦੇ ਚੌਪਟ ਹੋਣ ਨੂੰ ਦੇਰ ਨਹੀਂ ਲੱਗੇਗੀ।


-ਰਾਜਾ ਗਿੱਲ (ਚੜਿੱਕ)
ਪਿੰਡ ਤੇ ਡਾਕ: ਚੜਿੱਕ (ਮੋਗਾ)।

10-10-2017

 ਭਗਵਾਨ ਸ੍ਰੀ ਵਾਲਮੀਕਿ ਦੇ ਲੇਖ ਸਬੰਧੀ
ਸੰਪਾਦਕ ਜੀਓ
ਮਿਤੀ 5 ਅਕਤੂਬਰ ਨੂੰ ਆਪ ਦੇ ਅਖ਼ਬਾਰ ਵਿਚ ਮੇਰਾ ਭਗਵਾਨ ਸ੍ਰੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਬਾਰੇ ਲੇਖ ਛਪਿਆ ਸੀ। ਇਸ ਲੇਖ ਵਿਚ ਕੁਝ ਤੱਥ ਗ਼ਲਤ ਛਪ ਗਏ ਸਨ, ਜਿਸ ਨਾਲ ਵਾਲਮੀਕਿ ਭਾਈਚਾਰੇ ਦੇ ਮਨਾਂ ਨੂੰ ਠੇਸ ਪਹੁੰਚੀ ਹੈ। ਮੈਂ ਖ਼ੁਦ ਵੀ ਇਸ ਭਾਈਚਾਰੇ ਨਾਲ ਸਬੰਧਤ ਹਾਂ। ਇਨ੍ਹਾਂ ਤੱਥਾਂ ਦੇ ਗ਼ਲਤ ਛਪਣ ਦਾ ਮੈਨੂੰ ਅਫ਼ਸੋਸ ਹੈ, ਇਸ ਲਈ ਮੈਂ ਆਪਣੇ ਭਾਈਚਾਰੇ ਤੋਂ ਮੁਆਫ਼ੀ ਮੰਗਦਾ ਹਾਂ।

-ਗਿਆਨ ਸਿੰਘ ਵਜ਼ੀਦਕੇ
ਲੱਖੀ ਕਾਲੋਨੀ, ਬਰਨਾਲਾ।

ਪੁੱਤਰਾਂ ਦੀ ਸਿੱਖਿਆ
ਬੀਤੇ ਦਿਨ 'ਨਾਰੀ ਸੰਸਾਰ' ਸਫ਼ੇ 'ਤੇ ਪ੍ਰੋ: ਕੁਲਜੀਤ ਕੌਰ ਅਠਵਾਲ ਦਾ ਲੇਖ 'ਪੁੱਤਰਾਂ ਨੂੰ ਬਚਪਨ ਤੋਂ ਸਿਖਾਓ ਔਰਤਾਂ ਦਾ ਸਨਮਾਨ' ਪੜ੍ਹਿਆ, ਚੰਗਾ ਲੱਗਾ। ਘਰ ਵਿਚ ਬੱਚਿਆਂ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਮਾਂ-ਬਾਪ ਦੀ ਹੈ ਅਤੇ ਉਨ੍ਹਾਂ ਅੰਦਰ ਚੰਗੇ ਸੰਸਕਾਰ ਪੈਦਾ ਕਰਨੇ ਵੀ ਘਰ ਵਿਚ ਉਨ੍ਹਾਂ ਅਤੇ ਬਜ਼ੁਰਗਾਂ ਦੀ ਜ਼ਿੰਮੇਵਾਰੀ ਜ਼ਿਆਦਾ ਬਣਦੀ ਹੈ। ਧੀ ਅਤੇ ਪੁੱਤ ਦੇ ਪਾਲਣ-ਪੋਸ਼ਣ ਵਿਚ ਘਰ 'ਚ ਜ਼ਿਆਦਾ ਅੰਤਰ ਨਹੀਂ ਹੋਣਾ ਚਾਹੀਦਾ। ਜੇਕਰ ਧੀ ਅੰਦਰ ਚੰਗੀ ਔਰਤ ਬਣਨ ਦੇ ਸੰਸਕਾਰ ਭਰਦੇ ਹਾਂ ਤਾਂ ਪੁੱਤ ਅੰਦਰ ਵੀ ਵਧੀਆ ਨਾਗਰਿਕ ਬਣਾਉਣ ਦੇ ਸੰਸਕਾਰ ਵੀ ਮਾਤਾ-ਪਿਤਾ ਅਤੇ ਵੱਡਿਆਂ ਵਲੋਂ ਭਰਨੇ ਅਤੀ ਜ਼ਰੂਰੀ ਹਨ। ਪੁੱਤਰਾਂ ਅੰਦਰ ਸਹਿਣਸ਼ੀਲਤਾ, ਅਨੁਸ਼ਾਸਨ, ਸੰਜਮ, ਅਪਣੱਤ ਅਤੇ ਚੰਗੇ ਵਿਵਹਾਰ ਦੀ ਸੋਚ ਭਰਨੀ ਹੋਵੇਗੀ ਤਾਂ ਹੀ ਉਹ ਕੱਲ੍ਹ ਨੂੰ ਸਮਾਜ ਵਿਚ ਇਕ ਵਧੀਆ ਨਾਗਰਿਕ ਬਣ ਸਕੇਗਾ।

-ਮਾਸਟਰ ਦੇਵ ਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

ਇਹ 'ਅੱਛੇ ਦਿਨ' ਨਹੀਂ
ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਖਪਤਕਾਰਾਂ ਦੀਆਂ ਜੇਬਾਂ ਲਗਾਤਾਰ ਕੱਟ ਹੋ ਰਹੀਆਂ ਹਨ। ਉਮੀਦ ਸੀ ਕਿ ਇਸ 16 ਜੂਨ ਤੋਂ ਤੇਲ ਕੀਮਤਾਂ 'ਚ ਕੀਤੀ ਜਾਣ ਵਾਲੀ ਰੋਜ਼ਾਨਾ ਸੁਧਾਈ ਗਾਹਕਾਂ ਤੱਕ ਰਾਹਤ ਪਹੁੰਚਾਏਗੀ ਪਰ ਇਸ ਸਮੇਂ 'ਚ ਕੀਮਤਾਂ 'ਚ 5 ਫ਼ੀਸਦੀ ਤੱਕ ਹੋਰ ਵਾਧਾ ਹੋ ਗਿਆ ਹੈ। ਇਸੇ ਸਮੇਂ ਦੌਰਾਨ ਪੈਟਰੋਲ 'ਤੇ ਐਕਸਾਈਜ਼ ਡਿਊਟੀ 9.48 ਰੁਪਏ ਪ੍ਰਤੀ ਲਿਟਰ ਤੋਂ ਵਧਾ ਕੇ 21.48 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 'ਤੇ 3.56 ਰੁਪਏ ਤੋਂ ਵਧਾ ਕੇ 17.33 ਰੁਪਏ ਪ੍ਰਤੀ ਲਿਟਰ ਕਰ ਦਿੱਤੀ ਗਈ ਹੈ। ਹਿੰਦੁਸਤਾਨ ਵਿਚ ਪੈਟਰੋਲ ਦੀ ਸਾਲਾਨਾ ਖਪਤ 320000 ਕਿਲੋ ਲਿਟਰ ਤੇ 9 ਲੱਖ ਕਿਲੋ ਲਿਟਰ ਡੀਜ਼ਲ ਦੀ ਹੈ, ਜਿਸ ਉੱਪਰ ਵਧੀ ਹੋਈ ਸਾਲਾਨਾ ਐਕਸਾਈਜ਼ ਡਿਊਟੀ 162000 ਕਰੋੜ ਰੁਪਏ ਖਪਤਕਾਰਾਂ ਦੀ ਜੇਬ 'ਚੋਂ ਨਿਕਲ ਕੇ ਸਰਕਾਰ ਦੇ ਖਜ਼ਾਨੇ 'ਚ ਜਾ ਰਹੀ ਹੈ। ਇਨ੍ਹਾਂ ਖਪਤਕਾਰਾਂ 'ਚੋਂ ਕਿਸਾਨ ਤੇ ਰੇਲਵੇ ਵੱਡੇ ਖਪਤਕਾਰ ਹਨ, ਜਿਨ੍ਹਾਂ ਲਈ ਇਹ 'ਅੱਛੇ ਦਿਨ' ਨਹੀਂ ਹਨ।

-ਸ.ਸ. ਗਿੱਲ
ਬਰਨਾਲਾ।

ਅਸੂਲ ਅਤੇ ਅਮਲ ਵਿਚ ਅੰਤਰ
ਅਸੀਂ ਗੱਲਾਂ ਅਸੂਲਾਂ ਦੀਆਂ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ ਕਰਦੇ ਹਾਂ, ਬਹੁਤ ਹੀ ਖੂਬਸੂਰਤ ਵਿਚਾਰ ਹੈ। ਅਸੂਲ ਅਤੇ ਅਮਲ ਵਿਚ ਅੰਤਰ ਕਰਨਾ ਫਿਤਰਤ ਬਣ ਜਾਂਦੀ ਹੈ। ਸੱਚਾਈ ਦੀ ਧਾਰ 'ਤੇ ਵਿਰਲੇ ਹੀ ਖਰਾ ਉੱਤਰਦੇ ਹਨ। ਅਸਲ ਜੀਵਨ ਵਿਚ ਆਪਣੇ ਵੱਲ ਝਾਤੀ ਮਾਰਨ ਅਤੇ ਆਪਣਾ ਸਵੈ-ਨਿਰੀਖਣ ਕਰਨ ਲਈ ਕਿਸੇ ਕੋਲ ਸਮਾਂ ਹੀ ਨਹੀਂ। ਹਰ ਇਕ ਦੇ ਪਰਖ ਕਰਨ ਦਾ ਪੈਮਾਨਾ ਆਪਣਾ ਹੈ ਅਤੇ ਸੋਚ ਆਪਣੀ ਹੈ। ਗੱਲਾਂ ਕਰਨੀਆਂ ਸੁਖਾਲੀਆਂ ਪਰ ਉਸ 'ਤੇ ਖਰਾ ਉਤਰਨਾ ਮੁਸ਼ਕਿਲ ਹੈ। ਪਹਿਲਾਂ ਤੋਲੋ ਫਿਰ ਬੋਲੋ। ਕਦੋਂ ਬੋਲਣਾ ਕਦੋਂ ਨਹੀਂ ਬੋਲਣਾ ਧਿਆਨ ਦੇਣ ਦੀ ਲੋੜ ਹੈ। ਕੁਦਰਤ ਦੀ ਚੱਕੀ ਵਿਚ ਮਾੜੀ ਸੋਚ ਜ਼ਿਆਦਾ ਦੇਰ ਤੱਕ ਨਹੀਂ ਚਲਦੀ।

-ਜਸਪਾਲ ਸਿੰਘ ਲੋਹਾਮ
#29/166 ਗਲੀ ਹਜ਼ਾਰਾ ਸਿੰਘ ਮੋਗਾ।

09-10-2017

 ਝੋਨੇ ਦਾ ਬਦਲ ਜ਼ਰੂਰੀ
ਅੱਜਕਲ੍ਹ ਚਾਰੇ ਪਾਸੇ ਪਰਾਲੀ ਨੂੰ ਅੱਗ ਲਾਉਣ ਦੀ ਚਰਚਾ ਜ਼ੋਰਾਂ 'ਤੇ ਹੈ। ਐਨ.ਜੀ.ਟੀ. ਨੇ ਕਿਸਾਨਾਂ ਨੂੰ ਜ਼ਮੀਨ ਦੇ ਹਿਸਾਬ ਨਾਲ ਪਰਾਲੀ ਸਾੜਨ ਦਾ ਜੁਰਮਾਨਾ ਵੀ ਰੱਖਿਆ ਹੈ। ਐਨ.ਜੀ.ਟੀ. ਆਪਣੇ ਥਾਂ ਸਹੀ ਹੈ। ਕਿਸਾਨਾਂ ਦੀ ਆਪਣੀ ਮਜਬੂਰੀ ਹੈ। ਪੰਜਾਬ ਵਿਚ ਧਰਤੀ ਹੇਠਲਾ ਪਾਣੀ ਖਤਰੇ ਦੀ ਹੱਦ ਟੱਪ ਗਿਆ ਹੈ। ਸਮਝ ਨਹੀਂ ਆਉਂਦੀ ਸਰਕਾਰ ਪੰਜਾਬ ਨੂੰ ਰੇਗਿਸਤਾਨ ਬਣਾਉਣ 'ਤੇ ਕਿਉਂ ਤੁਲੀ ਹੋਈ ਐ? ਉਹ ਝੋਨੇ 'ਤੇ ਪਾਬੰਦੀ ਕਿਉਂ ਨਹੀਂ ਲਾਉਂਦੀ? ਜਦੋਂ ਬਾਂਸ ਨਾ ਰਿਹਾ ਤਾਂ ਬੰਸਰੀ ਕਿਥੋਂ ਵੱਜੂ? ਜਿਸ ਝੋਨੇ ਨੇ ਧਰਤੀ 'ਚੋਂ ਪਾਣੀ ਖਤਮ ਕਰਤਾ, ਜਿਸ ਝੋਨੇ ਨੇ ਖੇਤ ਮਜ਼ਦੂਰ ਵਿਹਲੇ ਕਰ 'ਤੇ, ਕਿਸਾਨ ਵਿਹਲੇ ਕਰ 'ਤੇ, ਧਰਤੀ ਦੇ ਸੋਮੇ ਬੰਦ ਕਰ 'ਤੇ, ਦਰੱਖਤ ਖਤਮ ਕਰ 'ਤੇ। ਸਭ ਬਿਮਾਰੀਆਂ ਦੀ ਜੜ੍ਹ ਝੋਨਾ ਹੀ ਹੈ। ਅੱਜ ਲੋੜ ਹੈ ਝੋਨੇ ਦਾ ਬਦਲ ਲੱਭਣਦੀ। ਸਰਕਾਰ ਇਸ ਪਾਸੇ ਧਿਆਨ ਦੇਵੇ। ਜੋ ਅੱਜ ਦੀ ਸਖਤ ਲੋੜ ਹੈ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਸਿੱਖਿਆ ਨੀਤੀ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪ੍ਰੀਖਿਆਵਾਂ ਲੈਣ ਸਬੰਧੀ ਇਕ ਬਹੁਤ ਹੀ ਅਹਿਮ ਫ਼ੈਸਲਾ ਲਿਆ ਗਿਆ ਹੈ, ਜਿਸ ਨਾਲ ਇਮਤਿਹਾਨਾਂ ਵਿਚ ਹੋਣ ਵਾਲੀ ਨਕਲ 'ਤੇ ਪੂਰੀ ਤਰ੍ਹਾਂ ਕਾਬੂ ਪਾਇਆ ਜਾ ਸਕਦਾ ਹੈ। ਕਿਉਂਕਿ ਬੋਰਡ ਦੇ ਫੈਸਲੇ ਅਨੁਸਾਰ ਜਿਸ ਸੰਸਥਾ ਵਿਚ ਪ੍ਰੀਖਿਆ ਕੇਂਦਰ ਸਥਾਪਤ ਹੋਵੇਗਾ, ਉਸ ਸੰਸਥਾ ਦੇ ਪ੍ਰੀਖਿਆਰਥੀ ਆਪਣੇ ਸੰਸਥਾ ਦੇ ਸੈਂਟਰ ਵਿਚ ਪ੍ਰੀਖਿਆ ਨਹੀਂ ਦੇ ਸਕਣਗੇ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੂਰੇ ਦੇਸ਼ ਵਿਚ ਸਿੱਖਿਆ ਦਾ ਰਾਸ਼ਟਰੀਕਰਨ ਕਰਕੇ ਇਕੋ ਜਿਹਾ ਸਿਲੇਬਸ ਕਰੇ ਤਾਂ ਜੋਸਾਰਿਆਂ ਦੀ ਬੁੱਧੀ ਦਾ ਸਹੀ ਪ੍ਰੀਖਣ ਹੋ ਸਕੇ ਅਤੇ ਤਿੰਨ ਤਰ੍ਹਾਂ ਦੇ ਪੇਪਰਾਂ ਦੀ ਥਾਂ 'ਤੇ ਇਕੋ ਤਰ੍ਹਾਂ ਦੇ ਪੇਪਰ ਪਾਏ ਜਾਣ। ਪੇਪਰ ਤਿਆਰ ਕਰਨ ਸਮੇਂ ਪੈਦਾ ਹੋਈਆਂ ਮੁਸ਼ਕਿਲਾਂ ਘਟਣਗੀਆਂ ਅਤੇ ਪ੍ਰੀਖਿਆਰਥੀਆਂ ਨੂੰ ਵੀ ਇਹ ਸ਼ਿਕਾਇਤ ਨਹੀਂ ਰਹੇਗੀ ਕਿ 'ਮੇਰੇ ਵਾਲਾ ਪੇਪਰ ਔਖਾ ਸੀ।'

-ਸਿਮਰਨ ਔਲਖ
ਪਿੰਡ ਸੀਰਵਾਲੀ (ਸ੍ਰੀ ਮੁਕਤਸਰ ਸਾਹਿਬ)

ਪਿੰਡਾਂ ਦਾ ਵਿਕਾਸ
ਭਾਰਤ ਪਿੰਡਾਂ ਵਿਚ ਵੱਸਦਾ ਹੈ। ਪਿੰਡਾਂ ਦੇ ਵਿਕਾਸ ਲਈ ਸਰਕਾਰ ਕਈ ਸਕੀਮਾਂ ਤਹਿਤ ਗਰਾਂਟ ਭੇਜਦੀ ਹੈ। ਅੱਜ ਵੀ ਕਈ ਇਮਾਨਦਾਰ ਪੰਚ, ਸਰਪੰਚ, ਪੰਚਾਇਤ ਸਕੱਤਰ, ਬੀ.ਡੀ.ਪੀ.ਓ. ਤੇ ਕਈ ਉੱਚ ਅਧਿਕਾਰੀ ਹਨ ਜੋ ਪਿੰਡ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਪਿੰਡ ਦੇ ਨੌਜਵਾਨ ਮੁੰਡਿਆਂ ਨੂੰ ਵੀ ਆਪਣੇ ਸਰਪੰਚ ਨਾਲ ਸਲਾਹ ਕਰਕੇ ਪਿੰਡ ਦੇ ਵਿਕਾਸ ਕਾਰਜਾਂ ਵਿਚ ਹਿੱਸਾ ਪਾਉਣਾ ਚਾਹੀਦਾ ਹੈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੂੰ ਚਾਹੀਦਾ ਹੈ ਕਿ ਪਿੰਡ ਵਿਚ ਅਜਿਹੀਆਂ ਯੋਜਨਾਵਾਂ ਚਲਾਈਆਂ ਜਾਣ, ਜਿਸ ਨਾਲ ਪਿੰਡ ਵਿਚ ਛੱਪੜ ਦੀ ਸਫਾਈ ਅਤੇ ਨਾਜਾਇਜ਼ ਕਬਜ਼ੇ ਹਟਾਏ ਜਾ ਸਕਣ। ਜੇਕਰ ਇਸ ਤਰ੍ਹਾਂ ਹੋ ਜਾਂਦਾ ਹੈ, ਸਾਡੇ ਪਿੰਡ ਵੀ ਤਰੱਕੀ ਕਰਨਗੇ।

-ਸ਼ਮਸ਼ੇਰ ਸਿੰਘ ਸੋਹੀ

04-10-2017

 ਮੁਆਵਜ਼ਾ

ਪਿਛਲੇ ਦਿਨੀਂ ਹਰਿਆਣਾ ਦੇ ਇਕ ਮੰਤਰੀ ਦਾ ਬਿਆਨ ਆਇਆ ਕਿ ਜੋ ਪੰਚਕੂਲਾ 'ਚ ਮਾਰੇ ਗਏ ਹਨ ਉਨ੍ਹਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਪਰ ਇਸ ਬਿਆਨ ਨੂੰ ਮੀਡੀਆ ਵਲੋਂ ਵਧਾਅ-ਚੜ੍ਹਾ ਕੇ ਦਿਖਾਇਆ ਜਾ ਰਿਹਾ ਹੈ ਕਿ ਭਾਜਪਾ ਦਾ ਡੇਰਾ ਪ੍ਰੇਮ ਘੱਟ ਨਹੀਂ ਹੋ ਰਿਹਾ। ਜਦੋਂ ਹਰਿਆਣਾ 'ਚ ਜਾਟ ਅੰਦੋਲਨ ਹੋਇਆ ਸੀ ਤਾਂ ਉਨ੍ਹਾਂ ਲੋਕਾਂ ਨੂੰ ਮੁਆਵਜ਼ਾ ਮਿਲਿਆ ਸੀ ਤਾਂ ਇਨ੍ਹਾਂ ਡੇਰਾ ਪ੍ਰੇਮੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਕਿਉਂ ਨਹੀਂ ਮਿਲ ਸਕਦਾ। ਮੁਆਵਜ਼ਾ ਮਿਲਣਾ ਚਾਹੀਦਾ ਹੈ ਕਿਉਂਕਿ ਉਹ ਵੀ ਇਸੇ ਹੀ ਭਾਰਤ ਦੇ ਵਾਸੀ ਹਨ ਅਤੇ ਹਰਿਆਣਾ ਸਰਕਾਰ ਦੀ ਅਣਗਹਿਲੀ ਕਾਰਨ ਪੰਚਕੂਲਾ ਵਿਚ ਇਕੱਠੇ ਹੋਏ ਸਨ ਅਤੇ ਬਾਅਦ ਵਿਚ ਡੇਰਾ ਪ੍ਰੇਮੀਆਂ ਵਿੱਚੋਂ 40 ਦੇ ਕਰੀਬ ਵਿਅਕਤੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਇਸ ਲਈ ਮੇਰੀ ਸਰਕਾਰ ਨੂੰ ਅਪੀਲ ਹੈ ਕਿ ਉਹ ਵੀ ਆਮ ਲੋਕਾਂ ਵਾਂਗ ਇਨ੍ਹਾਂ ਡੇਰਾ ਪ੍ਰੇਮੀਆਂ ਨੂੰ ਸਮਝੇ ਅਤੇ ਇਨ੍ਹਾਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਘਰ੍ਹਾਂ ਨੂੰ ਥੋੜ੍ਹਾ ਬਹੁਤ ਸਹਾਰਾ ਮਿਲ ਸਕੇ।

-ਨਰਿੰਦਰ ਸਿੰਘ ਚੌਹਾਣ
ਪਿੰਡ ਬਠੋਈ ਕਲਾਂ, ਪਟਿਆਲਾ।

ਉੱਤਰੀ ਕੋਰੀਆ ਦੀ ਭੜਕਾਹਟ

ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਜੀ ਦਾ ਸੰਪਾਦਕੀ ਲੇਖ 'ਵਿਸ਼ਵ ਸ਼ਾਂਤੀ ਲਈ ਖ਼ਤਰਾ' ਕਾਬਲੇ ਤਾਰੀਫ਼ ਹੈ। ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨੇ ਮੌਜੂਦਾ ਹਾਲਾਤ ਖਰਾਬ ਕਰ ਦਿੱਤੇ ਅਤੇ ਉਸ ਦੇ ਪ੍ਰਮਾਣੂ ਤਜਰਬਿਆਂ ਨੇ ਸਾਰੀ ਦੁਨੀਆ ਨੂੰ ਫ਼ਿਕਰਾਂ ਵਿਚ ਪਾ ਦਿੱਤਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲਾਤ ਨੂੰ ਸਮਝਿਆ ਅਤੇ ਉੱਤਰੀ ਕੋਰੀਆ ਨੂੰ ਸਾਫ਼ ਸ਼ਬਦਾਂ ਵਿਚ ਕਹਿ ਦਿੱਤਾ ਕਿ ਅਮਰੀਕਾ ਆਪਣੀ ਅਤੇ ਸਾਥੀ ਭਾਈਵਾਲ ਦੇਸ਼ਾਂ ਦੀ ਰੱਖਿਆ ਖਾਤਰ ਮਜਬੂਰ ਹੋ ਕੇ ਉੱਤਰੀ ਕੋਰੀਆ ਨੂੰ ਨਸ਼ਟ ਵੀ ਕਰ ਸਕਦਾ ਹੈ। ਹਾਲਾਤ ਖ਼ਤਰਨਾਕ ਹੋ ਰਹੇ ਹਨ। ਵਿਸ਼ਵ ਸ਼ਾਂਤੀ ਦੀ ਸਥਾਪਨਾ ਲਈ ਅੰਤਰਰਾਸ਼ਟਰੀ ਸ਼ਕਤੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।

-ਜਸਪਾਲ ਸਿੰਘ ਲੋਹਾਮ
#29/166 ਗਲੀ ਹਜਾਰਾ ਸਿੰਘ, ਮੋਗਾ।

ਕਮਿਸ਼ਨ ਖੋਰੀ ਬਣੀ ਸੀਨਾ ਜ਼ੋਰੀ

ਸਰਕਾਰ ਹਰ ਦਿਨ ਕੋਈ ਨਾ ਕੋਈ ਕਾਨੂੰਨ ਲਾਗੂ ਕਰਦੀ ਹੈ। ਪਰ ਇਕ ਬਿਮਾਰੀ ਜੋ ਸਾਡੇ ਦੇਸ਼ ਵਿਚ ਲਾਇਲਾਜ ਹੈ, ਉਹ ਹੈ ਕਮਿਸ਼ਨ ਖੋਰੀ। ਇਸ ਨੇ ਸਾਡੇ ਦੇਸ਼ ਦੀ ਜਨਤਾ ਨੂੰ ਨਿਚੋੜ ਦਿੱਤਾ ਹੈ। ਡਾਕਟਰ ਕਦੇ ਰੱਬ ਦਾ ਰੂਪ ਮੰਨੇ ਜਾਂਦੇ ਸਨ ਜੋ ਕਿ ਅੱਜ ਦੇ ਸਮੇਂ ਵਿਚ ਕਮਿਸ਼ਨਾਂ 'ਤੇ ਹੀ ਨਿਰਭਰ ਹਨ। ਖੂਨ ਟੈਸਟ, ਸਕੈਨ ਆਦਿ ਹਰੇਕ ਵਿਚੋਂ ਕਮਿਸ਼ਨ ਭਾਲਦੇ ਹਨ। ਇਸ ਦਾ ਸਾਰਾ ਭਾਰ ਮਰੀਜ਼ਾਂ ਉੱਪਰ ਪੈਂਦਾ ਹੈ। ਸਰਕਾਰ ਤੋਂ ਇਕੋ ਹੀ ਮੰਗ ਹੈ ਕਿ ਕਮਿਸ਼ਨ ਉੱਤੇ ਕੋਈ ਕਾਨੂੰਨ ਬਣਾ ਕੇ ਠੱਲ੍ਹ ਪਾਵੇ। ਨਹੀਂ ਤਾਂ ਜਨਤਾ ਚੱਕੀ 'ਚ ਪਿਸੀ ਜਾਉਗੀ। ਮੀਡੀਆ ਤੋਂ ਵੀ ਇਹੀ ਚਾਹੁੰਦਾ ਹਾਂ ਕਿ ਉਹ ਵੀ ਇਸ ਮੁੱਦੇ ਨੂੰ ਸਾਹਮਣੇ ਲੈ ਕੇ ਆਏ ਤੇ ਸਰਕਾਰ ਤੱਕ ਪਹੁੰਚਾਵੇ।

-ਪ੍ਰਦੀਪ
ਹੁਸ਼ਿਆਰਪੁਰ।

03-10-2017

 ਮੰਗਲ ਉਤੇ ਜਾਏਗੀ...
ਪਿਛਲੇ ਦਿਨੀਂ 'ਅਜੀਤ ਮੈਗਜ਼ੀਨ' ਵਿਚ ਡਾ: ਕੁਲਦੀਪ ਸਿੰਘ ਧੀਰ ਦਾ ਲੇਖ 'ਮੰਗਲ ਉੱਤੇ ਜਾਏਗੀ ਜਸਲੀਨ ਕੌਰ' ਪੜ੍ਹ ਕੇ ਮਨ ਨੂੰ ਬੇਹੱਦ ਖੁਸ਼ ਹੋਈ ਕਿ ਇਕ ਹੋਰ ਪੰਜਾਬੀ ਪਿਛੋਕੜ ਵਾਲੀ ਹੋਣਹਾਰ ਲੜਕੀ ਦੀ ਮੰਗਲ ਉਤੇ ਜਾਣ ਵਾਲੀ ਟੀਮ ਵਿਚ ਚੋਣ ਹੋ ਗਈ ਹੈ। ਪੰਜਾਬੀ ਹੋਣ ਕਾਰਨ ਮਾਣ ਨਾਲ ਸਿਰ ਉੱਚਾ ਹੋ ਗਿਆ। ਜਸਲੀਨ ਦੀ ਸਖ਼ਤ ਮਿਹਨਤ, ਦ੍ਰਿੜ੍ਹ ਇਰਾਦਾ ਅਤੇ ਬੁਲੰਦ ਹੌਸਲੇ ਦੀ ਦਾਦ ਦੇਣੀ ਬਣਦੀ ਹੈ, ਜੋ ਕੁਰੂਕਸ਼ੇਤਰ ਵਰਗੇ ਨਿੱਕੇ ਜਿਹੇ ਸ਼ਹਿਰ ਦੀ ਧਰਤੀ ਤੋਂ ਅਸਮਾਨ ਤੱਕ ਉਡਾਰੀ ਲਾਉਣ ਦੇ ਯੋਗ ਹੋਈ ਹੈ। ਲੇਖਕ ਇਹ ਜਾਣਕਾਰੀ ਪਾਠਕਾਂ ਤੱਕ ਪਹੁੰਚਾਉਣ ਲਈ ਵਧਾਈ ਦਾ ਹੱਕਦਾਰ ਹੈ। ਸਾਡੀਆਂ ਸ਼ੁਭ-ਇਛਾਵਾਂ ਇਸ ਬੱਚੀ ਦੇ ਨਾਲ ਹਨ।

-ਸਤਨਾਮ ਸਿੰਘ ਮੱਟੂ
ਅਨੰਦ ਨਗਰ-ਬੀ, ਪਟਿਆਲਾ।

ਪੰਜਾਬ ਨੂੰ ਮਲੇਰੀਆ ਮੁਕਤ...
ਸਿਹਤ ਵਿਭਾਗ ਵਲੋਂ 2021 ਵਿਚ ਪੰਜਾਬ ਨੂੰ ਮਲੇਰੀਆ ਮੁਕਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਵਿਭਾਗ ਦੀ ਨਾਲਾਇਕੀ ਕਾਰਨ ਜਿਥੇ ਅੱਜ ਵੀ ਸੈਂਕੜੇ ਲੋਕ ਜੋ ਪੇਂਡੂ ਖੇਤਰਾਂ ਨਾਲ ਸਬੰਧਤ ਹਨ, ਇਸ ਬਿਮਾਰੀ ਦੀ ਲਪੇਟ ਵਿਚ ਆ ਰਹੇ ਹਨ। ਬਰਸਾਤੀ ਮੌਸਮ ਵਿਚ ਮਲੇਰੀਆ ਫੈਲਾਉਣ ਵਾਲੇ ਮੱਛਰ ਬੜੀ ਤੇਜ਼ੀ ਨਾਲ ਵਿਕਸਤ ਹੋ ਰਹੇ ਹਨ, ਵਿਭਾਗ ਦੀਆਂ ਸਾਰੀਆਂ ਕੋਸ਼ਿਸ਼ਾਂ ਸਿਰਫ਼ ਦਫਤਰਾਂ ਵਿਚ ਮੀਟਿੰਗਾਂ ਕਰਕੇ ਅਤੇ ਕਾਗਜ਼ਾਂ ਵਿਚ ਆਪਣੀਆਂ ਡਿਊਟੀਆਂ ਰਾਹੀਂ ਇਸ ਬਿਮਾਰੀ ਤੋਂ ਪੰਜਾਬ ਮੁਕਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਪਰ ਇਸ ਦੇ ਬਾਵਜੂਦ ਹਰ ਸਾਲ ਮਲੇਰੀਆ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪੰਜਾਬ ਵਿਚ ਸਭ ਤੋਂ ਵੱਧ ਮਾਮਲੇ ਮੋਹਾਲੀ ਵਿਚ ਮਲੇਰੀਆ ਦੇ ਮਿਲੇ ਸਨ ਅਤੇ ਦੂਜੇ ਨੰਬਰ 'ਤੇ ਬਠਿੰਡਾ ਅਤੇ ਤੀਸਰੇ ਨੰਬਰ 'ਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿਚ ਕੇਸ ਸਾਹਮਣੇ ਆਏ ਸਨ। ਸਭ ਤੋਂ ਪਹਿਲਾਂ ਵਿਭਾਗ ਨੂੰ ਪੇਂਡੂ ਖੇਤਰ ਵਿਚ ਸੁਧਾਰ ਕਰਨ ਦੀ ਬਹੁਤ ਜ਼ਰੂਰਤ ਹੈ ਤੇ ਨਾਲ-ਨਾਲ ਲੋਕਾਂ ਵਿਚ ਜਾਗਰੂਕਤਾ ਲਿਆਉਣੀ ਵੀ ਲਾਜ਼ਮੀ ਹੈ ਤਾਂ ਕਿ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਕਰਨ ਲਈ ਠੋਸ ਕਦਮ ਚੁੱਕੇ ਜਾਣ ਅਤੇ ਸਿਹਤ ਵਿਭਾਗ ਦੇ ਕੰਮਕਾਰ ਵਿਚ ਸੁਧਾਰ ਲਿਆਉਣ ਲਈ ਪੇਂਡੂ ਖੇਤਰ ਦੇ ਸਿਹਤ ਕੇਂਦਰਾਂ ਵਿਚ ਕਰਮਚਾਰੀਆਂ ਦੀ ਡਿਊਟੀ ਲਾਜ਼ਮੀ ਬਣਾਉਣ ਲਈ ਸਮੇਂ-ਸਮੇਂ 'ਤੇ ਚੈਕਿੰਗ ਵਰਗੇ ਅਭਿਐਨ ਨੂੰ ਨਿਰੰਤਰ ਜਾਰੀ ਰੱਖਣਾ ਚਾਹੀਦਾ ਹੈ ਤਾਂ ਕਿ ਲੋਕਾਂ ਤੱਕ ਸਹੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾ ਸਕਣ ਤੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਦੇ ਬਚਾਅ ਲਈ ਸੁਝਾਅ ਪ੍ਰਾਪਤ ਹੋ ਸਕਣ।

-ਪ੍ਰੋ: ਮਨਪ੍ਰੀਤ ਗੋਰਾਇਆ
ਪਿੰਡ ਸ਼ੇਖਾ, ਜ਼ਿਲ੍ਹਾ ਗੁਰਦਾਸਪੁਰ।

ਪਰਾਲੀ ਸਾੜਨ 'ਤੇ ਸਖ਼ਤੀ
ਨੈਸ਼ਨਲ ਗਰੀਨ ਟ੍ਰਿਬਿਊਨਲ ਨਵੀਂ ਦਿੱਲੀ ਵੱਲੋਂ ਕਿਸਾਨਾਂ ਦੁਆਰਾ ਖੇਤਾਂ ਵਿਚ ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨਾਂ ਪ੍ਰਤੀ ਸਖ਼ਤ ਰੁਖ਼ ਅਪਣਾਇਆ ਜਾ ਰਿਹਾ ਹੈ। ਉਲੰਘਣਾ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 2500 ਰੁਪਏ ਤੋਂ 15 ਹਜ਼ਾਰ ਰੁਪਏ ਤੱਕ ਜੁਰਮਾਨੇ ਕਰਨ ਦੀ ਵਿਵਸਥਾ ਵੀ ਰੱਖੀ ਗਈ ਹੈ। ਝੋਨੇ ਦੀ ਪਰਾਲੀ ਨੂੰ ਖੇਤ ਵਿਚ ਦਫ਼ਨਾਉਣ ਲਈ ਮਹਿੰਗੀ ਮਸ਼ੀਨਰੀ ਖਰੀਦਣੀ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਦੀ ਗੱਲ ਹੈ। ਸੋ, ਸਰਕਾਰ ਨੂੰ ਅਜਿਹੇ ਹਲਾਤਾਂ ਵਿਚ ਕਿਸਾਨਾਂ ਪ੍ਰਤੀ ਬੇਹੱਦ ਸਖ਼ਤੀ ਦਿਖਾਉਣ ਦੀ ਬਜਾਇ ਇਸ ਦਾ ਯੋਗ ਬਦਲ ਲੱਭਣਾ ਚਾਹੀਦਾ ਹੈ।

-ਰਾਜਾ ਗਿੱਲ (ਚੜਿੱਕ)
ਪਿੰਡ ਤੇ ਡਾਕ: ਚੜਿੱਕ (ਮੋਗਾ)।

02-10-2017

 ਚੋਣਾਂ ਸਮੇਂ ਬਦਲੀਆਂ
ਜਦੋਂ ਵੀ ਚੋਣਾਂ ਆਉਂਦੀਆਂ ਹਨ, ਸਬ ਇੰਸਪੈਕਟਰ ਤੋਂ ਲੈ ਕੇ ਇੰਸਪੈਕਟਰ ਰੈਂਕ ਦੇ ਕਰਮਚਾਰੀਆਂ ਦੀਆਂ ਬਦਲੀਆਂ ਗ਼ੈਰ ਜ਼ਿਲ੍ਹੇ ਦੀਆਂ ਕਰ ਦਿੱਤੀਆਂ ਜਾਂਦੀਆਂ ਹਨ। ਇਧਰੋਂ-ਉਧਰ ਦੂਜੇ ਜ਼ਿਲ੍ਹਿਆਂ ਵਿਚ ਗਏ ਅਤੇ ਦੂਜੇ ਜ਼ਿਲ੍ਹਿਆਂ ਵਿਚੋਂ ਆਏ ਇਹ ਕਰਮਚਾਰੀ ਇਕ ਦੂਜੇ ਦੀਆਂ ਤਫ਼ਤੀਸ਼ਾਂ ਤੋਂ ਵੀ ਅਣਜਾਣ ਹੁੰਦੇ ਹਨ ਅਤੇ ਉਨ੍ਹਾਂ ਤਫ਼ਤੀਸ਼ਾਂ ਦੀ ਦੁਬਾਰਾ ਸਟੱਡੀ ਕਰਨ ਵਿਚ ਸਮਾਂ ਲਗਦਾ ਹੈ।
ਹੁਣ ਤਾਂ ਲੋਕ ਏਨੇ ਪੜ੍ਹੇ-ਲਿਖੇ ਤੇ ਅਗਾਂਹਵਧੂ ਹੋ ਚੁੱਕੇ ਹਨ, ਮੀਡੀਆ ਦਾ ਵੀ ਬਹੁਤ ਪ੍ਰਭਾਵ ਹੈ। ਸੀ.ਸੀ.ਟੀ.ਵੀ. ਕੈਮਰੇ ਲੱਗਣ ਨਾਲ ਕੋਈ ਗ਼ਲਤ ਕੰਮ ਕਰਨ ਦਾ ਹੀਲਾ ਨਹੀਂ ਕਰ ਸਕਦਾ। ਹਰ ਕਰਮਚਾਰੀ ਡਰਦਾ ਹੈ ਕਿ ਉਸ ਦੀ ਫ਼ਸਲ ਪੱਕੀ ਹੈ, ਕੋਈ ਗ਼ਲਤ ਕੰਮ ਨਹੀਂ ਕਰਦਾ, ਨਾਲੇ ਪੁਲਿਸ ਦੀ ਤਾਂ ਡਿਊਟੀ ਬਾਹਰ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੀ ਹੈ ਜੇ ਲੋੜ ਹੈ ਤਾਂ ਇਲੈਕਸ਼ਨ ਕਮਿਸ਼ਨ ਨੂੰ ਇਸ ਬਾਰੇ ਸੰਜੀਦਗੀ ਨਾਲ ਵਿਚਾਰ ਕਰਨ ਦੀ ਹੈ ਤਾਂ ਜੋ ਬਦਲੀਆਂ ਦਾ ਰੁਝਾਨ ਖ਼ਤਮ ਕੀਤਾ ਜਾ ਸਕੇ।


-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਿਨ, ਸੇਵਾਮੁਕਤ ਇੰਸਪੈਕਟਰ।


ਕਸੂਰਵਾਰ ਕੌਣ ਹੈ?
ਕਹਾਵਤ ਹੈ ਕਿ ਚੋਰ ਦੀ ਬਜਾਇ ਉਸਦੀ ਮਾਂ ਨੂੰ ਮਾਰੋ। ਚੋਣਾਂ ਮੌਕੇ ਅਖੌਤੀ ਤੇ ਅਪਰਾਧੀ ਸਾਧਾਂ ਦੇ ਚਰਨੀਂ ਡਿਗਦੇ ਹਨ ਕੇਵਲ ਵੋਟ ਬੈਂਕ ਦੀ ਖ਼ਾਤਰ। ਉਹ ਤਾਂ ਫਿਰ ਮਨਮਾਨੀਆਂ ਕਰੇਗਾ ਹੀ। ਤਿੰਨ ਚਾਰ ਸੂਬਿਆਂ ਵਿਚੋਂ ਸ਼ਾਇਦ ਹੀ ਕੋਈ ਨੇਤਾ ਹੋਵੇਗਾ ਜਿਸ ਨੇ ਸਿਰਸੇ ਜਾ ਕੇ ਮੱਥਾ ਨਾ ਰਗੜਿਆ ਹੋਵੇ। ਸਾਡੇ ਸਿਆਸਤਦਾਨਾਂ ਦੀਆਂ ਕਰਨੀਆਂ ਦਾ ਫਲ ਭੁਗਤ ਰਹੇ ਹਨ ਆਮ ਲੋਕ ਜਾਂ ਪੁਲਿਸ, ਫ਼ੌਜ ਤੇ ਹੋਰ ਸਹਾਇਕ ਬਲ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਰਜਕਾਲ ਸਮੇਂ ਧਰਿੰਦਰ ਬ੍ਰਹਮਚਾਰੀ ਦੀ ਪੂਰੀ ਚੜ੍ਹਤ ਸੀ। ਉਹ ਬੰਦੂਕਾਂ ਦੀ ਸਮੱਗਲਿੰਗ ਕਰਦਾ ਸੀ, ਕੋਈ ਨਹੀਂ ਸੀ ਪੁੱਛਦਾ। ਨਰਸਿਮ੍ਹਾ ਰਾਓ ਸਮੇਂ ਦਿੱਲੀ ਵਿਚ ਚੰਦਰਾ ਸੁਆਮੀ ਦਾ ਰਾਜ ਚਲਦਾ ਸੀ। ਠੱਗੀ, ਦਲਾਲੀ, ਕਬੂਤਰਬਾਜ਼ੀ ਆਦਿ ਬੜੇ ਘੁਟਾਲੇ ਹੋਏ ਪ੍ਰੰਤੂ ਸਾਡੇ ਦੇਸ਼ ਵਿਚ ਵੱਡੇ ਨੇਤਾਵਾਂ ਤੇ ਪਹੁੰਚ ਵਾਲੇ ਸਾਧਾਂ ਵਾਸਤੇ ਕਾਨੂੰਨ ਕੋਈ ਅਰਥ ਨਹੀਂ ਰੱਖਦਾ। ਇਸੇ ਤਰ੍ਹਾਂ ਦੱਖਣੀ ਭਾਰਤ ਦੀਆਂ ਵੀ ਕਈ ਉਦਾਹਰਨਾਂ ਹਨ। ਕੁਰਸੀ ਦੀ ਦੌੜ ਨੇ ਆਮ ਲੋਕਾਂ ਦਾ ਕਈ ਪੱਖਾਂ ਤੋਂ ਨੱਕ ਵਿਚ ਦਮ ਕਰ ਰੱਖਿਆ ਹੈ।


-ਮਾ: ਮਹਿੰਦਰ ਸਿੰਘ ਸਿੱਧੂ
ਸਿਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ।


ਪਰਾਲੀ ਨੂੰ ਅੱਗ
ਫ਼ਸਲ ਚਾਹੇ ਕਣਕ ਦੀ ਹੋਵੇ ਜਾਂ ਝੋਨੇ ਦੀ ਤਿੰਨ ਕੁ ਮਹੀਨੇ ਦੇ ਵਕਫ਼ੇ ਪਿਛੋਂ ਫ਼ਸਲ ਨੂੰ ਕਟਵਾਉਣ ਉਪਰੰਤ ਰਹਿੰਦ-ਖੂੰਹਦ ਨੂੰ ਸਾੜਨ ਦਾ ਖਿਆਲ ਸਾਡੇ ਸਭ ਦੇ ਮਨਾਂ ਅੰਦਰ ਚੱਟਾਨ ਵਾਂਗ ਖੜ੍ਹਾ ਰਹਿੰਦਾ ਹੈ। ਭਾਵੇਂ ਐਨ.ਜੀ.ਟੀ. ਨੇ ਕਿਸਾਨਾਂ ਨੂੰ ਜ਼ਮੀਨਾਂ ਦੇ ਹਿਸਾਬ ਨਾਲ ਪਰਾਲੀ ਨੂੰ ਸਾੜਨ ਦਾ ਜੁਰਮਾਨਾ ਵੀ ਰੱਖਿਆ ਹੈ ਪਰ ਹਰ ਵਾਰ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ। ਇਕ ਪਾਸੇ ਤਾਂ ਅਸੀਂ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਆਪਣੇ ਪਰਿਵਾਰਾਂ ਨੂੰ ਆਰਥਿਕ ਪੱਖ ਤੋਂ ਮਜ਼ਬੂਤ ਕਰ ਰਹੇ ਹਾਂ ਪਰ ਦੂਜੇ ਪਾਸੇ ਸੈਂਕੜੇ ਪਰਿਵਾਰਾਂ ਨੂੰ ਬਰਬਾਦ ਕਰ ਰਹੇ ਹਾਂ। ਅਸੀਂ ਕਦੇ ਇਹ ਨਹੀਂ ਸੋਚਦੇ ਕਿ ਸਾਡੇ ਅੱਗ ਲਾਉਣ ਨਾਲ ਕਿੰਨੇ ਪੰਛੀ ਪੰਖੇਰੂ, ਜਾਨਵਰ ਤੇ ਲੋਕ ਪ੍ਰੇਸ਼ਾਨ ਨੇ ਪਰ ਅਸੀਂ ਸਿਰਫ਼ ਆਪੇ ਤੱਕ ਸੀਮਤ ਹਾਂ। ਅੱਜ ਸ਼ਹਿਰਾਂ ਵਿਚ ਉੱਚੀਆਂ-ਉੱਚੀਆਂ ਬਿਲਡਿੰਗਾਂ ਉਸਾਰ ਕੈਨੇਡਾ ਯੂਰਪ ਮੁਲਕਾਂ ਦੀ ਰੀਸ ਤਾਂ ਕੀਤੀ ਜਾ ਰਹੀ ਹੈ ਪਰ ਉਥੋਂ ਦੇ ਸਾਫ਼ ਵਾਤਾਵਰਨ ਦੀ ਰੀਸ ਕਿਉਂ ਨਹੀਂ ਕੀਤੀ ਜਾ ਰਹੀ? ਜੇਕਰ ਸਰਕਾਰਾਂ ਪੰਜਾਬ ਦੇ ਪਿੰਡਾਂ ਦੇ ਸਰਪੰਚਾਂ ਨੂੰ ਖਾਸ ਨੋਟਿਸ ਗੰਭੀਰਤਾ ਨਾਲ 'ਪਰਾਲੀ ਨਾ ਸਾੜਨ' ਦੇ ਜਾਰੀ ਕਰੇ ਤਾਂ ਕੁਝ ਹੱਦ ਤੱਕ ਸੁਧਾਰ ਹੋ ਸਕਦਾ ਹੈ। ਸਾਨੂੰ ਆਪਣੀ ਦਿਨ-ਬਦਿਨ ਖੁਰਦੀ ਹੋਂਦ ਨੂੰ ਬਚਾਉਣ ਲਈ 'ਪਰਾਲੀ ਨਾ ਸਾੜਨ' ਦਾ ਬਦਲ ਲੱਭਣਾ ਹੀ ਪੈਣੈ, ਤਦੇ ਹੀ ਚੌਗਿਰਦੇ ਨੂੰ ਪਲੀਤ ਹੋਣ ਤੋਂ ਬਚਾਇਆ ਜਾ ਸਕਦਾ ਹੈ।


-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।

29-09-2017

 ਭੱਠਾ ਸਨਅਤ ਦਾ ਬੈਠਾ ਭੱਠਾ
ਪੰਜਾਬ ਵਿਚ ਸਨਅਤ ਬਹੁਤ ਘੱਟ ਹੈ, ਜਿਸ ਦੇ ਸਿੱਟੇ ਵਜੋਂ ਇਥੇ ਬੇਰੁਜ਼ਗਾਰੀ ਬਹੁਤ ਵਧ ਗਈ ਹੈ, ਜੋ ਸਾਡੇ ਸਮਾਜ ਲਈ ਬਹੁਤ ਖ਼ਤਰਨਾਕ ਹੈ। ਇਥੇ ਇਕ ਭੱਠਾ ਸਨਅਤ ਸੀ ਜੋ ਕੁਝ ਸਮਾਂ ਪਹਿਲਾਂ ਕਾਫੀ ਲਾਹੇਵੰਦ ਧੰਦਾ ਸੀ। ਇਸ ਦੇ ਘਾਟੇ ਵਿਚ ਜਾਣ ਦੇ ਕਈ ਕਾਰਨ ਹਨ। ਜਿਵੇਂ ਭੱਠੇ ਵਾਲੇ ਬਾਲਣ ਦੀ ਕਮੀ, ਮਜ਼ਦੂਰਾਂ ਦੀ ਘਾਟ, ਰਾਜਸਥਾਨ ਤੋਂ ਸਸਤੇ ਮੁੱਲ ਵਿਚ ਇੱਟਾਂ ਦਾ ਮਿਲਣਾ ਆਦਿ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਪਹਿਲਾਂ ਪੰਜਾਬ 'ਚ ਧਾਗਾ ਮਿੱਲਾਂ ਅਲੋਪ ਹੋ ਗਈਆਂ ਤੇ ਹੁਣ ਭੱਠੇ ਵੀ ਅਲੋਪ ਹੋਣ ਕਿਨਾਰੇ ਹਨ। ਹੋਰ ਵੀ ਕਈ ਮਿੱਲਾਂ ਇਥੋਂ ਕੂਚ ਕਰ ਗਈਆਂ ਹਨ, ਜੋ ਬਹੁਤ ਮਾੜਾ ਰੁਝਾਨ ਹੈ। ਇਸ ਲਈ ਪੰਜਾਬ ਸਰਕਾਰ ਨੂੰ ਇਸ ਵਾਸਤੇ ਕੋਈ ਕਦਮ ਚੁੱਕਣੇ ਚਾਹੀਦੇ ਹਨ, ਨਹੀਂ ਤਾਂ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਇਸ ਸੂਬੇ ਵਿਚ ਹੋਰ ਬੇਰੁਜ਼ਗਾਰੀ ਫੈਲ ਜਾਵੇਗੀ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਨੂੰਹਾਂ ਨੂੰ ਵੀ ਧੀਆਂ ਸਮਝੋ
ਸਾਡੇ ਸਮਾਜ ਵਿਚ ਜਦੋਂ ਵੀ ਕੋਈ ਨੂੰਹ ਘਰ 'ਚ ਵਿਆਹੀ ਆਉਂਦੀ ਹੈ ਤਾਂ ਉਸ ਨੂੰ ਕਈ ਵਾਰ ਸਹੁਰੇ ਘਰ ਵਲੋਂ ਘੱਟ ਦਾਜ ਲਿਆਉਣ ਕਾਰਨ ਤਾਅਨੇ ਮਾਰੇ ਜਾਂਦੇ ਹਨ। ਕਈ ਵਾਰ ਸੱਸਾਂ ਵੀ ਇਨ੍ਹਾਂ ਨੂੰ ਬੇਗਾਨੀਆਂ ਧੀਆਂ ਸਮਝਦੀਆਂ ਹਨ ਪਰ ਅਸਲ ਵਿਚ ਇਹ ਨੂੰਹਾਂ ਹੀ ਸਾਡੀਆਂ ਧੀਆਂ ਹੁੰਦੀਆਂ ਹਨ। ਕਿਉਂਕਿ ਆਪਣੀਆਂ ਧੀਆਂ ਤਾਂ ਅਗਲੇ ਘਰ ਵਿਆਹੀਆਂ ਜਾਂਦੀਆਂ ਹਨ ਅਤੇ ਉਸ ਘਰ ਦੀਆਂ ਨੂੰਹਾਂ ਧੀਆਂ ਬਣ ਜਾਂਦੀਆਂ ਹਨ। ਇਸ ਕਰਕੇ ਸੱਸਾਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਨੂੰਹਾਂ ਨੂੰ ਧੀਆਂ ਹੀ ਸਮਝਣ ਪਰ ਨੂੰਹਾਂ ਨੂੰ ਵੀ ਆਪਣੀਆਂ ਸੱਸਾਂ ਨੂੰ ਮਾਂ ਹੀ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਆਪਣੀ ਮਾਂ ਦੀ ਤਰ੍ਹਾਂ ਹੀ ਮਾਣ-ਸਤਿਕਾਰ ਕਰਨਾ ਚਾਹੀਦਾ ਹੈ ਤਾਂ ਕਿ ਉਹ ਪਿਆਰ ਲੈ ਸਕਣ।

-ਕਮਲੇਸ਼
ਲੁਧਿਆਣਾ।

ਅਹਿਮ ਫ਼ੈਸਲਾ
ਤਕਰੀਬਨ 2010 ਵਿਚ ਕੇਂਦਰ ਸਰਕਾਰ ਨੇ ਇਕ ਕਾਨੂੰਨ ਬਣਾਇਆ ਸੀ ਜਿਸ ਤਹਿਤ 6 ਤੋਂ ਲੈ ਕੇ 14 ਸਾਲ ਦੇ ਵੱਧ ਤੋਂ ਵੱਧ ਬੱਚਿਆਂ ਨੂੰ ਲਾਜ਼ਮੀ ਸਿੱਖਿਆ ਦਿੱਤੀ ਜਾਵੇ ਤੇ ਅੱਠਵੀਂ ਜਮਾਤ ਤੱਕ ਕਿਸੇ ਬੱਚੇ ਨੂੰ ਫੇਲ੍ਹ ਨਾ ਕੀਤਾ ਜਾਵੇ। ਇਸ ਸਭ ਪਿੱਛੇ ਸਰਕਾਰ ਦੀ ਮਨਸ਼ਾ ਸੀ ਕਿ ਸਕੂਲਾਂ ਵਿਚ ਵੱਧ ਤੋਂ ਵੱਧ ਬੱਚਿਆਂ ਨੂੰ ਲਿਆਂਦਾ ਜਾਵੇ ਤੇ ਕੋਈ ਵੀ ਬੱਚਾ ਅਨਪੜ੍ਹ ਨਾ ਰਹੇ। ਸਰਕਾਰ ਦੀ ਸੋਚ ਤਾਂ ਸਹੀ ਸੀ ਪਰ ਫੇਲ੍ਹ ਨਾ ਕਰਨ ਦੀ ਨੀਤੀ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਇਸ ਪ੍ਰਤੀ ਸੰਜੀਦਾ ਹੋਣ ਦੀ ਬਜਾਏ ਲਾਪਰਵਾਹੀ ਵੱਲ ਧੱਕ ਦਿੱਤਾ। ਇਸ ਸਭ ਨੂੰ ਭਾਂਪਦਿਆਂ ਪਿਛਲੇ ਦਿਨੀਂ ਕੇਂਦਰੀ ਮੰਤਰੀ ਮੰਡਲ ਨੇ ਇਕ ਅਹਿਮ ਫ਼ੈਸਲੇ ਰਾਹੀਂ ਅੱਠਵੀਂ ਜਮਾਤ ਤੱਕ ਫੇਲ੍ਹ ਨਾ ਕਰਨ ਦੀ ਨੀਤੀ ਨੂੰ ਰੱਦ ਕਰ ਦਿੱਤਾ ਹੈ। ਅੱਜ ਸਮਾਂ ਆ ਗਿਆ ਹੈ ਕਿ ਸਰਕਾਰ ਗੰਭੀਰਤਾ ਨਾਲ ਸੋਚ-ਵਿਚਾਰ ਕਰਕੇ ਕਿ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਦਿਨੋ-ਦਿਨ ਘਟ ਕਿਉਂ ਰਹੀ ਹੈ। ਇਸ ਸਭ 'ਤੇ ਤੁਰੰਤ ਵਿਚਾਰ ਕਰਨ ਦੀ ਲੋੜ ਹੈ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

28-09-2017

 ਹਰ ਘਰ ਨੌਕਰੀ
ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਵੋਟਾਂ ਲੈਣ ਲਈ ਸੂਬੇ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਸੱਤਾ 'ਚ ਆਉਣ ਤੋਂ ਬਾਅਦ ਉਨ੍ਹਾਂ ਵਾਅਦਿਆਂ ਦੀ ਰੂਪ-ਰੇਖਾ ਬਦਲਦੀ ਜਾ ਰਹੀ ਹੈ। ਹਰ ਘਰ ਇਕ ਪੱਕੀ ਨੌਕਰੀ ਦੇਣ ਦੇ ਵਾਅਦੇ ਨੂੰ ਤਬਦੀਲ ਕਰਕੇ ਹੁਣ ਰੁਜ਼ਗਾਰ ਮੇਲੇ ਲਗਾ ਕੇ ਪ੍ਰਾਈਵੇਟ ਕੰਪਨੀਆਂ ਵਿਚ ਨੌਕਰੀਆਂ ਦੇ ਕੇ ਸਰਕਾਰ ਬੱਲੇ-ਬੱਲੇ ਕਰਵਾ ਰਹੀ ਹੈ। ਪਿਛਲੀ ਸਰਕਾਰ ਸਮੇਂ ਵੱਖ-ਵੱਖ ਵਿਭਾਗਾਂ ਵਿਚ ਸਰਕਾਰੀ ਨੌਕਰੀਆਂ ਲਈ ਆਰੰਭੀਆਂ ਭਰਤੀ ਪ੍ਰਕ੍ਰਿਆਵਾਂ ਅਜੇ ਤੱਕ ਅਧੂਰੀਆਂ ਪਈਆਂ ਹਨ, ਮੌਜੂਦਾ ਸਰਕਾਰ ਵਲੋਂ ਉਨ੍ਹਾਂ ਭਰਤੀਆਂ ਨੂੰ ਮੁਕੰਮਲ ਕਰਨ ਵੱਲ ਤਵੱਜੋ ਨਹੀਂ ਦਿੱਤੀ ਜਾ ਰਹੀ। ਜਦ ਕਿ ਸੂਬੇ ਦੇ ਨੌਜਵਾਨ ਸਰਕਾਰ ਦੇ ਹਰ ਘਰ ਸਰਕਾਰੀ ਨੌਕਰੀ ਦੇਣ ਦੇ ਵਾਅਦੇ ਅਨੁਸਾਰ ਰੁਜ਼ਗਾਰ ਪ੍ਰਾਪਤ ਕਰਨ ਲਈ ਵੋਟਾਂ ਤੋਂ ਪਹਿਲਾਂ ਕਾਂਗਰਸੀ ਵਰਕਰਾਂ ਵਲੋਂ ਭਰੇ ਆਪਣੇ ਫਾਰਮ ਸੰਭਾਲੀ ਬੈਠੇ ਪੱਕੀ ਸਰਕਾਰੀ ਨੌਕਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।


-ਰਵਿੰਦਰ ਕਸਾਣਾ ਸੂਰਾਪੁਰੀ
ਕਾਠਗੜ੍ਹ।


ਨਿਮਰਤਾ ਦੀ ਅਹਿਮੀਅਤ
'....ਆਪਣੇ ਦਿੱਤੇ ਦੀ ਅਹਿਮੀਅਤ ਨੂੰ ਸਮਝੇ' ਲੇਖ ਆਪਣੀ ਸੱਚਾਈ ਬਿਆਨ ਕਰ ਰਿਹਾ ਸੀ। ਤੇਜ਼ ਹਵਾਵਾਂ ਉੱਚੇ ਅਤੇ ਮੋਟੇ ਤਣੇ ਵਾਲੇ ਦਰੱਖਤਾਂ ਨੂੰ ਉਖਾੜ ਕੇ ਰੱਖ ਦਿੰਦੀਆਂ ਹਨ। ਰਸਤੇ ਵਿਚ ਹਰੇਕ ਮੁਸ਼ਕਿਲ ਨੂੰ ਹੰਢਾਉਂਦੇ ਹੋਏ ਉਦੇਸ਼ ਪ੍ਰਾਪਤੀ ਵੱਲ ਜਾਣਾ ਚਾਹੀਦਾ ਹੈ। ਬਹੁਤ ਚੰਗਾ ਕਦਮ ਹੈ। ਇਸ ਦੇ ਵਧੀਆ ਨਤੀਜੇ ਨਿਕਲਦੇ ਹਨ। ਕਿਸੇ ਨੂੰ ਚੰਗਾ ਇਨਸਾਨ ਬਣਾਉਣਾ ਕਿਸੇ ਕਰਮਾਂ ਵਾਲੇ ਨੂੰ ਨਸੀਬ ਹੁੰਦਾ ਹੈ। ਬੰਦੇ ਨੂੰ ਆਪਣੇ ਅਹੁਦੇ ਦੀ ਖੁਸ਼ੀ ਮਹਿਸੂਸ ਕਰਨੀ ਚਾਹੀਦੀ ਹੈ। ਸਦਾ ਸੰਤੁਸ਼ਟ ਰਹਿਣਾ ਚਾਹੀਦਾ ਹੈ। ਨਿਮਰਤਾ ਨਾਲ ਚੰਗੇ ਟੀਚਿਆਂ ਨੂੰ ਹਾਸਲ ਕੀਤਾ ਜਾ ਸਕਦਾ ਹੈ। ਸਦਾ ਜ਼ਮੀਨ 'ਤੇ ਰਹੀਏ ਅਤੇ ਉੱਚੀਆਂ ਉਡਾਣਾਂ ਭਰੀਏ।


-ਜਸਪਾਲ ਸਿੰਘ ਲੋਹਾਮ
#29/166 ਗਲੀ ਹਜ਼ਾਰਾ ਸਿੰਘ, ਮੋਗਾ।


ਸੋਚ ਤੇ ਵਿਚਾਰ
ਸੋਚ ਨੂੰ ਤੇ ਵਿਚਾਰਾਂ ਨੂੰ ਮਾਰਨਾ ਬਹੁਤ ਔਖਾ ਹੁੰਦਾ ਹੈ। ਜਿੰਨਾ ਕਿਸੇ ਦੇ ਵਿਚਾਰਾਂ ਨੂੰ ਮਾਰ ਕੇ ਦੱਬਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਉਹ ਦੂਣ ਸਿਵਾਏ ਹੋ ਕੇ ਨਿਕਲਣਗੇ। ਗੌਰੀ ਲੰਕੇਸ਼ ਦਾ ਕਤਲ ਬੇਹੱਦ ਨਿੰਦਣਯੋਗ ਹੈ। ਕੀ ਗ਼ਲਤ ਹੋ ਰਹੇ ਦੇ ਖਿਲਾਫ਼ ਲਿਖਣਾ ਤੇ ਬੋਲਣਾ ਗੁਨਾਹ ਹੈ? ਇਹ ਤਾਂ ਆਜ਼ਾਦ ਦੇਸ਼ ਤੇ ਲੋਕਤੰਤਰ ਵਾਲੀ ਕੋਈ ਗੱਲ ਨਾ ਹੋਈ। ਸੱਚ ਦੀ ਆਵਾਜ਼ ਦਬਾਅ ਦੇਣਾ ਇਸ ਦਾ ਕੋਈ ਹੱਲ ਨਹੀਂ। ਅਗਰ ਪਹਿਲੇ ਪੱਤਰਕਾਰਾਂ ਤੇ ਲੇਖਕਾਂ ਦੇ ਕਾਤਲਾਂ ਨੂੰ ਸਜ਼ਾ ਦਿੱਤੀ ਹੁੰਦੀ ਤਾਂ ਗੌਰੀ ਦਾ ਕਤਲ ਨਾ ਹੁੰਦਾ। ਇਸ ਦਾ ਮਤਲਬ ਤਾਂ ਇਹ ਹੋਇਆ ਕਿ ਇਸ ਸਤੰਭ ਨੂੰ ਢੇਰੀ ਕਰਨ ਲਈ ਇਹ ਸਭ ਹੋ ਰਿਹਾ ਹੈ। ਕਿਸੇ ਦੀ ਵੀ ਮੌਤ 'ਤੇ ਸਿਆਸੀ ਰੋਟੀਆਂ ਸੇਕਣਾ ਗ਼ਲਤ ਹੈ। ਲੇਖਕ ਦੇ ਆਪਣੇ ਵਿਚਾਰ, ਆਪਣੀ ਸੋਚ ਹੈ, ਉਹ ਆਪਣੇ ਵਿਚਾਰਾਂ ਨੂੰ ਲਿਖਣ ਵਾਸਤੇ ਆਜ਼ਾਦ ਹੈ। ਸਾਰਿਆਂ ਦਾ ਉਸ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ, ਉਸ ਦੇ ਵਿਚਾਰਾਂ ਨਾਲ ਅਸਹਿਮਤੀ ਵਿਖਾ ਸਕਦੇ ਹੋ ਪਰ ਕਿਸੇ ਨੂੰ ਮੌਤ ਦੇ ਘਾਟ ਉਤਾਰ ਦੇਣ ਦਾ ਹੱਕ ਕਿਸੇ ਨੂੰ ਨਹੀਂ। ਗੌਰੀ ਦੇ ਆਪਣੇ ਵਿਚਾਰ ਸਨ, ਆਪਣੀ ਸੋਚ ਸੀ, ਉਸ ਨੂੰ ਮਾਰਨਾ ਬੁਝਦਿਲੀ ਹੈ।


-ਪ੍ਰਭਜੋਤ ਕੌਰ ਢਿੱਲੋਂ।

27-09-2017

 ਵਿਰੋਧ ਕਿਉਂ?
ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਪਹਿਲੀ ਜਮਾਤ ਤੋਂ ਅੰਗਰੇਜ਼ੀ ਮਾਧਿਅਮ ਲਾਗੂ ਕਰਨ ਦਾ ਜੋ ਐਲਾਨ ਕੀਤਾ ਹੈ, ਉਸ ਦੀ ਅਸੀਂ ਪੁਰਜ਼ੋਰ ਹਮਾਇਤ ਤੇ ਸਰਾਹਨਾ ਕਰਦੇ ਹਾਂ। ਕਿਉਂਕਿ ਸਰਕਾਰ ਦਾ ਇਹ ਐਲਾਨ ਸਮੇਂ ਦੀ ਰਫ਼ਤਾਰ 'ਤੇ ਮੰਗ ਅਨੁਸਾਰ ਬਿਲਕੁਲ ਜਾਇਜ਼ ਹੈ। ਉਪਰੋਕਤ ਐਲਾਨ ਨਾਲ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਸਰਕਾਰ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਸਮੇਂ ਦਾ ਹਾਣੀ ਬਣਾਉਣਾ ਚਾਹੁੰਦੀ ਹੈ। ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ 'ਤੇ ਦੋਸ਼ ਲਾਏ ਜਾ ਰਹੇ ਸਨ ਕਿ ਉਹ ਸਰਕਾਰੀ ਸਕੂਲਾਂ 'ਚ ਪਹਿਲੀ ਜਮਾਤ ਤੋਂ ਅੰਗਰੇਜ਼ੀ ਮਾਧਿਅਮ ਲਾਗੂ ਨਾ ਕਰਕੇ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨਾਲ ਦੁਰੈਤ ਰੱਖ ਰਹੀ ਹੈ। ਪਰ ਇਸ ਐਲਾਨ ਨੇ ਗ਼ਰੀਬ ਪਰਿਵਾਰਾਂ ਦੇ ਸ਼ੰਕੇ ਦੂਰ ਕਰ ਦਿੱਤੇ ਹਨ। ਮੈਂ ਵਿਰੋਧ ਕਰਨ ਵਾਲੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੇ ਤੁਸੀਂ ਵਿਰੋਧ ਕਰਨਾ ਹੀ ਹੈ ਤਾਂ ਪੰਜਾਬ 'ਚ ਥਾਂ-ਥਾਂ ਖੁੱਲ੍ਹੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਦਾ ਵੀ ਕਰੋ। ਵਿਰੋਧਤਾ ਦਲੀਲਾਂ ਨਾਲ ਹੁੰਦੀ ਹੈ ਨਾ ਕਿ ਸੁਰਖੀਆਂ 'ਚ ਰਹਿਣ ਲਈ। ਵਿਰੋਧਤਾ ਕਰੋ ਜ਼ਰੂਰ ਪਰ ਬੁਰਾਈ ਦੀ ਨਾ ਕਿ ਚੰਗਿਆਈ ਦੀ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਰੁੱਖਾਂ ਦੀ ਬੜੀ ਲੋੜ ਹੈ
ਬਿਜਲੀ ਦੇ ਪੱਖਿਆਂ ਨੇ ਰੁੱਖਾਂ ਦੀ ਲੋੜ ਘਟਾਈ ਹੈ ਪਰ ਪੱਖਿਆਂ ਕੋਲ ਆਕਸੀਜਨ ਗੈਸ ਤਾਂ ਨਹੀਂ, ਜੋ ਸਿਹਤ ਲਈ ਜ਼ਰੂਰੀ ਹੈ। ਵਿਦੇਸ਼ਾਂ ਵਿਚ ਬਿਜਲੀ ਦੀ ਬਹੁਤਾਤ ਨਾਲ ਰੁੱਖਾਂ ਦੇ ਭਾਰੀ ਜੰਗਲ ਹਨ, ਜੋ ਲਗਾਤਾਰ ਸਿਹਤਮੰਦ ਆਕਸੀਜਨ ਛੱਡਦੇ ਰਹਿੰਦੇ ਹਨ। ਪੰਜਾਬੀ ਲੋਕ ਤਾਂ ਰੁੱਖਾਂ ਦੇ ਜੰਗਲ ਬੇਲਿਆਂ, ਝੁੰਡਨੁਮਾ ਜੀਰਾਂਦਾਂ ਤੇ ਫਲਦਾਰ ਰੁੱਖਾਂ ਦੇ ਵੱਡੇ ਸ਼ੌਕੀਨ ਹਨ। ਹਰੇਕ ਬੰਬੀ 'ਤੇ ਪੰਜ-ਪੰਜ ਰੁੱਖ ਲਗਾ ਕੇ ਤੇ ਖੇਤਾਂ ਦੇ ਕੰਢਿਆਂ 'ਤੇ ਬਿਨਾਂ ਛਾਂ ਵਾਲੇ ਰੁੱਖ ਲਗਾ ਕੇ ਰੁੱਖਾਂ ਦੀ ਕਮੀ ਪੂਰੀ ਕਰੀਏ। ਸਾਰੀਆਂ ਨਹਿਰਾਂ ਤੇ ਖਾਲੀ ਥਾਵਾਂ ਦੇ ਕੰਢਿਆਂ 'ਤੇ ਰੁੱਖ ਲਗਾ ਕੇ ਵਾਤਾਵਰਨ ਹਰਾ-ਭਰਾ ਬਣਾ ਦੇਈਏ। ਫਿਰ ਹਰਿਆਵਲ ਦਾ ਅਨੰਦ ਮਾਣੀਏ ਤੇ ਕੁਝ ਸਾਲਾਂ ਬਾਅਦ ਭਰਪੂਰ ਬਾਰਿਸ਼ਾਂ ਦਾ ਸੁੱਖ ਲਈਏ। ਇਕ ਰੁੱਖ ਦੇ ਸੌ ਸੁੱਖ ਹੁੰਦੇ ਹਨ। ਸੋ ਆਓ, ਸਾਰੇ ਰਲ ਕੇ ਰੁੱਖ ਲਗਾਈਏ ਤੇ ਸੁੱਖ ਪਾਈਏ।


-ਇੰਜੀ: ਕੁਲਦੀਪ ਸਿੰਘ ਲੁੱਧਰ
ਗੁਰੂ ਨਾਨਕ ਵਾੜਾ, ਅੰਮ੍ਰਿਤਸਰ।


ਆਜ਼ਾਦੀ ਜਾਂ ਬਰਬਾਦੀ
ਆਜ਼ਾਦੀ ਲਈ ਜੱਦੋ-ਜਹਿਦ ਕਰਦਾ ਮਨੁੱਖ ਅੱਜ ਖੁੱਲ੍ਹੇ ਅੰਬਰਾਂ ਦੇ ਪੰਛੀਆਂ ਵਾਂਗ ਆਜ਼ਾਦ ਹੋ ਗਿਆ ਹੈ। ਅਜਿਹਾ ਕਰਦਿਆਂ ਇਸ ਨੇ ਤਾਂ ਸਮਾਜਿਕ ਰੀਤੀ-ਰਿਵਾਜਾਂ ਦੀਆਂ ਤੰਦਾਂ ਵੀ ਤੋੜ ਦਿੱਤੀਆਂ ਹਨ। ਰਿਸ਼ਤਿਆਂ ਵਿਚੋਂ ਮੋਹ ਦੀਆਂ ਮਹਿਕਾਂ ਮੁੱਕ ਗਈਆਂ ਹਨ। ਆਜ਼ਾਦੀ ਦੇ ਨਾਂਅ 'ਤੇ ਕੁਚੱਜਾ ਪਹਿਰਾਵਾ ਪਹਿਨਿਆ ਜਾ ਰਿਹਾ ਹੈ। ਆਪ ਤੋਂ ਵੱਡੇ-ਛੋਟੇ ਦੀ ਪਰਵਾਹ, ਇੱਜ਼ਤ, ਸੰਗ-ਸ਼ਰਮ ਨਹੀਂ ਰਹੀ। ਅਕਸਰ ਅੱਜਕਲ੍ਹ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਹਰ ਸਮੇਂ ਜੂਝਦੇ ਹੋਏ ਦੇਖਿਆ ਜਾ ਸਕਦਾ ਹੈ। ਹਰ ਇਕ ਮਨੁੱਖ ਅਸੁਰੱਖਿਅਤ ਹੈ ਦੂਜੇ ਮਨੁੱਖ ਤੋਂ। ਮਨੁੱਖ ਲਈ ਇਹ ਆਜ਼ਾਦੀ ਕਿਤੇ ਬਰਬਾਦੀ ਨਾ ਬਣ ਜਾਵੇ। ਸਾਡੇ ਨੌਜਵਾਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਤੱਕ ਪਾਣੀ ਨਦੀ ਰੂਪੀ ਮਰਿਯਾਦਾ ਵਿਚ ਰਹਿੰਦਾ ਹੈ, ਲਾਭਦਾਇਕ ਹੁੰਦਾ ਹੈ। ਜਿਉਂ ਹੀ ਮਰਿਯਾਦਾ ਹੀਣ ਹੋ ਕੇ ਕੰਢਿਆਂ ਤੋਂ ਬਾਹਰ ਹੋਇਆ, ਤਬਾਹੀਆਂ ਮਚਾ ਦਿੰਦਾ ਹੈ।


-ਤਲਵਿੰਦਰ ਸ਼ਾਸਤਰੀ ਨਾਰੀਕੇ
ਸੰਸਥਾਪਕ ਮਾਂ ਚੰਡੀ ਹਿੰਦੂ ਸ਼ਕਤੀਪੀਠ (ਟਰੱਸਟ) ਮਾਲੇਰਕੋਟਲਾ।

26-09-2017

 ਜ਼ਮੀਨਾਂ ਦੇ ਕਬਜ਼ੇ
ਪਿੰਡਾਂ ਵਿਚ ਜਿੱਥੇ ਲੋਕਾਂ ਵਲੋਂ ਪੰਚਾਇਤੀ ਜ਼ਮੀਨਾਂ 'ਤੇ ਕਬਜ਼ਾ ਕੀਤਾ ਹੋਇਆ ਹੈ, ਉੱਥੇ ਪੰਜਾਬ ਵਿਚ ਚਲਦੇ ਕਈ ਡੇਰਿਆਂ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ ਤੇ ਪੰਚਾਇਤੀ ਜ਼ਮੀਨਾਂ 'ਤੇ ਕਬਜ਼ੇ ਕੀਤੇ ਜਾ ਰਹੇ ਹਨ। ਸਿਰਸਾ ਵਾਲੇ ਰਾਮ ਰਹੀਮ ਨੇ ਧੋਖੇ ਨਾਲ ਕਈ ਲੋਕਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰਕੇ ਡੇਰਾ ਉਸਾਰਿਆ ਹੋਇਆ ਸੀ ਜੋ ਸੱਚ ਅੱਜ ਲੋਕਾਂ ਦੇ ਸਾਹਮਣੇ ਆ ਚੁੱਕਾ ਹੈ। ਇਸ ਕੰਮ ਵਿਚ ਕੋਈ ਵੀ ਡੇਰਾ ਪਿੱਛੇ ਨਹੀਂ, ਆਪਣੇ ਡੇਰੇ ਦੀ ਹੱਦ ਨਾਲ ਲਗਦੇ ਕਈ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ 'ਤੇ ਇਹ ਡੇਰੇ ਵਾਲੇ ਕਬਜ਼ਾ ਕਰੀ ਬੈਠੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸਬੰਧ ਵਿਚ ਸਖ਼ਤੀ ਨਾਲ ਕਾਨੂੰਨ ਲਾਗੂ ਕੀਤਾ ਜਾਵੇ।

-ਸ਼ਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆਂ, ਡਾਕਖਾਨਾ ਚੀਮਾਂ ਖੁੱਡੀ
ਤਹਿ: ਬਟਾਲਾ, ਜ਼ਿਲ੍ਹਾ ਗੁਰਦਾਸਪੁਰ।

ਪੱਤਰਕਾਰਾਂ ਦੀ ਆਜ਼ਾਦੀ 'ਤੇ ਪ੍ਰਸ਼ਨ ਚਿੰਨ੍ਹ
ਦੁਨੀਆ ਭਰ ਵਿਚ ਜਿਹੜੇ ਪੱਤਰਕਾਰ ਲੋਕਾਂ ਦੀਆਂ ਖ਼ਬਰਾਂ ਲਗਾਉਂਦੇ ਹਨ, ਉਹ ਆਪ ਕਦੋਂ ਖ਼ਬਰਬਣ ਜਾਂਦੇ ਹਨ ਪਤਾ ਹੀ ਨਹੀਂ ਲਗਦਾ। ਪ੍ਰੈੱਸ ਕੌਂਸਲ ਆਫ ਇੰਡੀਆ ਦੀ ਰਿਪੋਰਟ ਦੇ ਮੁਤਾਬਕ 1990 ਤੋਂ ਹੁਣ ਤੱਕ 80 ਪੱਤਰਕਾਰਾਂ ਦੀ ਹੱਤਿਆ ਹੋ ਚੁੱਕੀ ਹੈ। ਇਹ ਪੱਤਰਕਾਰਾਂ ਦੀ ਆਜ਼ਾਦੀ ਅਤੇ ਸੁਰੱਖਿਆ ਉਤੇ ਇਕ ਵੱਡਾ ਪ੍ਰਸ਼ਨ ਚਿੰਨ੍ਹ ਹੈ। ਜਮਹੂਰੀ ਕੌਮ ਵਿਚ ਜਿੱਥੇ ਹਰ ਇਕ ਨੂੰ ਨਿਡਰ ਹੋ ਕੇ ਬੋਲਣ ਦਾ ਅਧਿਕਾਰ ਪ੍ਰਾਪਤ ਹੈ, ਉੱਥੇ ਪੱਤਰਕਾਰ ਆਪਣੇ ਵਿਚਾਰਾਂ ਨੂੰ ਸਾਂਝਾ ਕਰਨ ਲਈ ਆਜ਼ਾਦ ਕਿਉਂ ਨਹੀਂ ਹਨ? ਜੇਕਰ ਉਹ ਗ਼ਲਤ ਕਰਨ ਵਾਲਿਆਂ ਦੇ ਖਿਲਾਫ਼ ਕੁਝ ਲਿਖਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ। ਜੇਕਰ ਇਹੀ ਚਲਦਾ ਰਿਹਾ ਤਾਂ ਸਾਡਾ ਭਵਿੱਖ ਬਹੁਤ ਧੁੰਦਲਾ ਹੋ ਜਾਵੇਗਾ।

-ਵਰਸ਼ਾ ਵਰਮਾ
ਪਟਿਆਲਾ।

ਸੋਚ ਤੇ ਸੱਚ ਦੀਆਂ ਰਾਹਾਂ
ਗੌਰੀ ਲੰਕੇਸ਼ ਦੀ ਹੱਤਿਆ ਦੇਸ਼ ਵਿਚ ਫੈਲੀ ਹਿੰਸਕ ਤੇ ਫ਼ਿਰਕੂਵਾਦੀ ਸੋਚ ਦੇ ਫੈਲਾਅ ਦੀ ਪੁਖਤਾ ਉਦਾਹਰਨ ਹੈ। ਇਕ ਪਾਸੇ ਕੇਂਦਰੀ ਹਕੂਮਤ ਸਭ ਅੱਛਾ ਹੋਣ ਦੇ ਹੋਕੇ ਨਾਲ ਲੋਕਾਂ ਨੂੰ 2019 ਲਈ ਪੁਚਕਾਰ ਰਹੇ ਹਨ ਜਦੋਂ ਕਿ ਹਕੀਕਤ ਵਿਚ ਕੁਝ ਵੀ ਅੱਛਾ ਨਹੀਂ। ਸ੍ਰੀ ਮੋਦੀ ਭਾਵੇਂ ਲੱਛੇਦਾਰ ਭਾਸ਼ਣ ਸ਼ੈਲੀ ਨਾਲ ਬਾਹਰੀ ਦੇਸ਼ਾਂ ਵਿਚ ਆਪਣਾ ਅਕਸ ਨਿਰਪੱਖ ਪ੍ਰਧਾਨ ਮੰਤਰੀ ਵਜੋਂ ਪੇਸ਼ ਕਰਦੇ ਹਨ ਪਰ ਅਜਿਹੀਆਂ ਘਟਨਾਵਾਂ ਨਾਲ ਦੁਨੀਆ ਵਿਚ ਪਹੁੰਚ ਰਿਹਾ ਅਸਹਿਣਸ਼ੀਲਤਾ ਤੇ ਫ਼ਿਰਕੂਵਾਦ ਦਾ ਸੁਨੇਹਾ ਕਿਸੇ ਤੋਂ ਲੁਕਿਆ ਨਹੀਂ। ਇਕ ਸੋਗ ਪੱਤਰ, ਨਿਖੇਧੀ ਤੇ ਜਾਂਚ ਦੀ ਮੰਗ ਨਾਲ ਇਸ ਧੱਬੇ ਨੂੰ ਨਹੀਂ ਧੋਇਆ ਜਾ ਸਕਦਾ। ਵਿਰੋਧੀ ਪਾਰਟੀ ਨੇ ਇਸ ਮੁੱਦੇ ਨੂੰ ਭਾਵੇਂ ਨਵੇਂ ਸਿਰੇ ਤੋਂ ਚੁੱਕਿਆ ਜਦੋਂ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਕੇਸ ਅਣਸੁਲਝੇ ਪਏ ਹਨ। ਸੰਵਿਧਾਨਕ ਅਧਿਕਾਰ ਤੇ ਪੱਤਰਕਾਰਤਾ ਦੀ ਰੱਖਿਆ ਲਈ ਲੋਕਾਂ ਨੂੰ ਮੋਮਬੱਤੀ ਮਾਰਚ ਤੋਂ ਅੱਗੇ ਲੰਘ ਕੇ ਜਨਤਕ ਲਹਿਰ ਨਾਲ ਵਿਸ਼ਾਲ ਘੇਰੇ ਦੇ ਸੰਘਰਸ਼ ਵਿੱਢਣ ਦੀ ਲੋੜ ਹੈ। ਉਂਜ ਧਰਮ ਵਿਚ ਆਸਥਾ ਸਭ ਦੀ ਆਪੋ-ਆਪਣੀ ਹੈ ਪਰ ਇਕ ਭਾਰਤੀ ਹੋਣ ਦੇ ਨਾਤੇ ਸੱਚ ਦੀ ਆਵਾਜ਼, ਬੋਲਣ ਦੀ ਆਜ਼ਾਦੀ ਨੂੰ ਬਚਾਉਣ ਲਈ ਅਤੇ ਫ਼ਿਰਕੂ ਲਹਿਰ ਦਬਾਉਣ ਲਈ ਆਮ ਜਨਤਾ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ।

-ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ
ਪਿੰਡ ਨੱਥੂ ਮਾਜਰਾ, ਜ਼ਿਲ੍ਹਾ ਸੰਗਰੂਰ।

25-09-2017

 ਪ੍ਰਦੂਸ਼ਣ ਰਹਿਤ ਤਿਉਹਾਰ
ਰੁੱਤ ਬਦਲ ਰਹੀ ਹੈ। ਸਿਆਲ ਦੀ ਰੁੱਤ ਸਾਡੇ ਬਰੂਹੀਂ 'ਦਸਤਕ' ਦੇਣ ਵਾਲੀ ਹੈ। ਤਿਉਹਾਰਾਂ ਦਾ ਮੌਸਮ ਵੀ ਆ ਰਿਹਾ ਹੈ। ਪਹਿਲਾਂ ਦੁਸਹਿਰਾ, ਉਸ ਪਿਛੋਂ ਦੀਵਾਲੀ, ਜਿਹੜੇ ਲੋਕ ਦੁਸਹਿਰੇ ਨੂੰ ਅੱਗ ਵਿਖਾਉਂਦੇ ਹਨ, ਸਾਨੂੰ ਸਭ ਨੂੰ ਪਤਾ ਹੈ ਕਿ ਉਹੋ ਲੋਕ ਹੀ ਬੁਰਾਈਆਂ ਦਾ ਹਿੱਸਾ ਬਣਦੇ ਹਨ। ਅਜਿਹੇ ਧੂੰਏਂ ਵਾਲੇ ਮਾਹੌਲ 'ਚ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਦੀਵਾਲੀ ਵਾਲੀ ਰਾਤ ਵੀ ਅਸੀਂ ਖਤਰਨਾਕ ਪਟਾਕੇ ਚਲਾ ਕੇ ਪੈਸੇ ਦੀ ਬਰਬਾਦੀ ਤਾਂ ਕਰਦੇ ਹੀ ਹਾਂ ਸਗੋਂ ਵਾਤਾਵਰਨ ਨੂੰ ਖਰਾਬ ਕਰਨ ਦੇ ਨਾਲ-ਨਾਲ ਸ਼ੋਰ ਪ੍ਰਦੂਸ਼ਣ ਵਿਚ ਵੀ ਵਾਧਾ ਕਰਦੇ ਹਾਂ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਪੈਸੇ ਬਚਾਉਣ ਦੇ ਨਾਲ-ਨਾਲ ਵਾਤਾਵਰਨ ਨੂੰ ਧੂੰਏਂ ਨਾਲ ਭਰਨ ਤੋਂ ਬਚਾਉਣ ਲਈ ਪ੍ਰੇਰਿਤ ਕਰਨ। ਸੋਚ ਨੂੰ ਬਦਲਣਾ ਪਵੇਗਾ। ਵਿਗੜਦੇ ਵਾਤਾਵਰਨ ਨੂੰ ਬਚਾਉਣਾ ਅੱਜ ਸਮੇਂ ਦੀ ਮੁੱਖ ਲੋੜ ਹੈ।


-ਜਗਤਾਰ ਗਿੱਲ
ਬੱਲ ਸਚੰਦਰ (ਅੰਮ੍ਰਿਤਸਰ)।


ਰੁਜ਼ਗਾਰ ਮੇਲੇ ਤੇ ਨੌਜਵਾਨ
ਕੈਪਟਨ ਸਰਕਾਰ ਵਲੋਂ ਪੰਜਾਬ ਦੇ ਵੱਖੋ-ਵੱਖ ਹਿੱਸਿਆਂ ਵਿਚ ਲਾਏ ਗਏ ਰੁਜ਼ਗਾਰ ਮੇਲੇ ਬੇਹੱਦ ਸ਼ਲਾਘਾਯੋਗ ਕਦਮ ਕਿਹਾ ਜਾ ਸਕਦਾ ਹੈ। ਇਸ ਦੇ ਨਾਲ ਹੀ ਰੁਜ਼ਗਾਰ ਦਾ ਪੱਧਰ ਵਧਾ ਕੇ ਸੁਨਹਿਰੇ ਭਵਿੱਖ ਦੀ ਆਸ ਵੀ ਕੀਤੀ ਜਾ ਸਕਦੀ ਹੈ। ਪਰ ਹੈਰਾਨੀ ਭਰੀ ਗੱਲ ਇਹ ਹੈ ਕਿ ਏਨਾ ਵਧੀਆ ਮੌਕਾ ਮਿਲਣ ਦੇ ਬਾਵਜੂਦ ਬਹੁਤੇ ਨੌਜਵਾਨ ਇਨ੍ਹਾਂ ਮੇਲਿਆਂ ਵਿਚ ਇੰਟਰਵਿਊ ਤੱਕ ਵੀ ਦੇਣ ਸਿਰਫ਼ ਇਸ ਲਈ ਨਹੀਂ ਆਏ, ਕਿਉਂਕਿ ਉਨ੍ਹਾਂ ਨੂੰ ਸਰਕਾਰੀ ਨੌਕਰੀ ਚਾਹੀਦੀ ਹੈ। ਇਹ ਲੋਕਾਂ ਦੀ ਮਾਨਸਿਕਤਾ 'ਤੇ ਵੀ ਸਵਾਲੀਆ ਨਿਸ਼ਾਨ ਹੈ ਕਿ ਜੋ ਉਨ੍ਹਾਂ ਨੂੰ ਸਰਕਾਰੀ ਸਕੂਲ ਵਿਚ ਪੜ੍ਹਨਾ ਘਟੀਆ ਲਗਦਾ ਹੈ ਤਾਂ ਸਰਕਾਰੀ ਨੌਕਰੀ ਲੈਣੀ ਵਧੀਆ ਕਿਉਂ ਲਗਦੀ ਹੈ? ਸਮੇਂ ਦੀ ਜ਼ਰੂਰਤ ਇਹੀ ਹੈ ਕਿ ਹੈ ਕਿ ਸੋਸ਼ਲ ਮੀਡੀਆ, ਸਿੱਖਿਆ ਤੇ ਹੋਰ ਸਾਧਨਾਂ ਦਾ ਪ੍ਰਯੋਗ ਕਰਕੇ ਨੌਜਵਾਨ ਪੀੜ੍ਹੀ ਦੀ ਸੋਚ ਵਿਚ ਸਾਕਾਰਾਤਮਿਕ ਪਰਿਵਰਤਨ ਲਿਆਂਦੇ ਜਾਣ ਤਾਂ ਕਿ ਉਹ ਮੌਕੇ ਦਾ ਲਾਭ ਉਠਾ ਕੇ ਆਪਣਾ ਤੇ ਆਪਣੇ ਰਾਜ ਦਾ ਨਾਂਅ ਰੋਸ਼ਨ ਕਰਨ।


-ਤਾਨੀਆ
ਗੁਰੂ ਨਾਨਕ ਕਾਲਜ ਫਾਰ ਗਰਲਜ਼, ਸ੍ਰੀ ਮੁਕਤਸਰ ਸਾਹਿਬ।


ਸਿਆਸਤ
'ਪਰਿਵਾਰਵਾਦ ਦੀ ਸਿਆਸਤ 'ਅਜੋਕੇ ਸਿਆਸਤਦਾਨਾਂ ਲਈ ਚੰਗਾ ਸਬਕ ਸੀ। ਮੈਨੂੰ ਲਗਦਾ ਹੈ ਕਿ ਅਜੋਕੀ ਸਿਆਸਤ ਪੂਰੀ ਦੀ ਪੂਰੀ ਸਿਰਫ਼ ਆਪਣੇ ਨਿੱਜੀ ਪ੍ਰੰਪਰਾ ਨੂੰ ਅੱਗੇ ਤੋਰਨ ਦਾ ਕੰਮ ਕਰ ਰਹੀ ਹੈ। ਕਿਸੇ ਸਮੇਂ ਰਾਜ ਸੱਤਾ ਲੋਕਾਂ ਦੀ ਸੇਵਾ ਦਾ ਸਾਧਨ ਹੁੰਦੀ ਸੀ ਤੇ ਹੁਣ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ 'ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ' ਵਾਲੀ ਗੱਲ ਰਹਿ ਗਈ। ਜੋ ਸਾਡੀ ਨੌਜਵਾਨ ਪੀੜ੍ਹੀ ਤੇ ਆਉਣ ਵਾਲੇ ਸਮੇਂ ਲਈ ਬਹੁਤ ਘਾਤਕ ਸਿੱਧ ਹੋਵੇਗੀ।


-ਮਨਦੀਪ ਕੁੰਦੀ ਤਖਤੂਪੁਰਾ
ਮੋਗਾ।


ਤੇਲ ਕੀਮਤਾਂ...
ਇਸ ਵੇਲੇ ਤਕਰੀਬਨ ਸਾਰੇ ਭਾਰਤ ਵਿਚ ਪੈਟਰੋਲ ਦਾ ਮੁੱਲ ਕਿਸੇ ਵੀ ਗੁਆਂਢੀ ਮੁਲਕ ਨਾਲੋਂ ਕਿਤੇ ਜ਼ਿਆਦਾ ਹੈ। ਪੈਟਰੋਲ ਦੇ ਮੁੱਲ ਨਾਲੋਂ ਵੀ ਜ਼ਿਆਦਾ ਤਕਰੀਬਨ 107 ਫ਼ੀਸਦੀ ਕਰ ਸਰਕਾਰ ਵੱਲੋਂ ਲਗਾਇਆ ਜਾ ਰਿਹਾ ਹੈ। ਜੋ ਆਮ ਲੋਕਾਂ ਨਾਲ ਸਰਾਸਰ ਧੱਕੇਸ਼ਾਹੀ ਹੈ। ਜਦੋਂ ਵੀ ਮੋਦੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੇ ਭਾਅ ਵਧਾਏ ਤਾਂ ਹਮੇਸ਼ਾ ਇਹੀ ਤਰਕ ਦਿੱਤਾ ਹੈ ਕਿ ਪੈਟਰੋਲ ਕੰਪਨੀਆਂ ਘਾਟੇ ਵਿਚ ਜਾ ਰਹੀਆਂ ਹਨ। ਇਸ ਲਈ ਰੇਟ ਵਧਾਉਣੇ ਪੈਂਦੇ ਹਨ ਪਰ ਜੇਕਰ ਭਾਰਤ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਦਾ 2016-17 ਦਾ ਮੁਨਾਫਾ ਵੇਖੀਏ ਤਾਂ ਇਸ ਵਿਚ ਪਿਛਲੇ ਸਾਲ ਨਾਲੋਂ 58 ਫ਼ੀਸਦੀ ਯਾਨੀ ਕਿ 17242 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਮੋਦੀ ਸਰਕਾਰ ਵੱਲੋਂ ਪਹਿਲਾਂ ਨੋਟਬੰਦੀ ਫਿਰ ਜੀ.ਐਸ.ਟੀ. ਅਤੇ ਹੁਣ ਤੇਲ ਕੰਪਨੀਆਂ ਨੂੰ ਮੁਨਾਫ਼ਾ ਪਹੁੰਚਾਉਣ ਲਈ ਨਿੱਤ ਨਵੇਂ ਜੁਮਲੇ ਰਚ ਕੇ ਆਮ ਲੋਕਾਂ ਦਾ ਲਹੂ ਨਿਚੋੜਿਆ ਜਾ ਰਿਹਾ ਹੈ।


-ਸਰਵਨ ਸਿੰਘ ਭੰਗਲਾਂ
ਸਮਰਾਲਾ।

25-09-2017

  ਪ੍ਰਦੂਸ਼ਣ ਰਹਿਤ ਤਿਉਹਾਰ
ਰੁੱਤ ਬਦਲ ਰਹੀ ਹੈ। ਸਿਆਲ ਦੀ ਰੁੱਤ ਸਾਡੇ ਬਰੂਹੀਂ 'ਦਸਤਕ' ਦੇਣ ਵਾਲੀ ਹੈ। ਤਿਉਹਾਰਾਂ ਦਾ ਮੌਸਮ ਵੀ ਆ ਰਿਹਾ ਹੈ। ਪਹਿਲਾਂ ਦੁਸਹਿਰਾ, ਉਸ ਪਿਛੋਂ ਦੀਵਾਲੀ, ਜਿਹੜੇ ਲੋਕ ਦੁਸਹਿਰੇ ਨੂੰ ਅੱਗ ਵਿਖਾਉਂਦੇ ਹਨ, ਸਾਨੂੰ ਸਭ ਨੂੰ ਪਤਾ ਹੈ ਕਿ ਉਹੋ ਲੋਕ ਹੀ ਬੁਰਾਈਆਂ ਦਾ ਹਿੱਸਾ ਬਣਦੇ ਹਨ। ਅਜਿਹੇ ਧੂੰਏਂ ਵਾਲੇ ਮਾਹੌਲ 'ਚ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਦੀਵਾਲੀ ਵਾਲੀ ਰਾਤ ਵੀ ਅਸੀਂ ਖਤਰਨਾਕ ਪਟਾਕੇ ਚਲਾ ਕੇ ਪੈਸੇ ਦੀ ਬਰਬਾਦੀ ਤਾਂ ਕਰਦੇ ਹੀ ਹਾਂ ਸਗੋਂ ਵਾਤਾਵਰਨ ਨੂੰ ਖਰਾਬ ਕਰਨ ਦੇ ਨਾਲ-ਨਾਲ ਸ਼ੋਰ ਪ੍ਰਦੂਸ਼ਣ ਵਿਚ ਵੀ ਵਾਧਾ ਕਰਦੇ ਹਾਂ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਪੈਸੇ ਬਚਾਉਣ ਦੇ ਨਾਲ-ਨਾਲ ਵਾਤਾਵਰਨ ਨੂੰ ਧੂੰਏਂ ਨਾਲ ਭਰਨ ਤੋਂ ਬਚਾਉਣ ਲਈ ਪ੍ਰੇਰਿਤ ਕਰਨ। ਸੋਚ ਨੂੰ ਬਦਲਣਾ ਪਵੇਗਾ। ਵਿਗੜਦੇ ਵਾਤਾਵਰਨ ਨੂੰ ਬਚਾਉਣਾ ਅੱਜ ਸਮੇਂ ਦੀ ਮੁੱਖ ਲੋੜ ਹੈ।


-ਜਗਤਾਰ ਗਿੱਲ
ਬੱਲ ਸਚੰਦਰ (ਅੰਮ੍ਰਿਤਸਰ)।


ਰੁਜ਼ਗਾਰ ਮੇਲੇ ਤੇ ਨੌਜਵਾਨ
ਕੈਪਟਨ ਸਰਕਾਰ ਵਲੋਂ ਪੰਜਾਬ ਦੇ ਵੱਖੋ-ਵੱਖ ਹਿੱਸਿਆਂ ਵਿਚ ਲਾਏ ਗਏ ਰੁਜ਼ਗਾਰ ਮੇਲੇ ਬੇਹੱਦ ਸ਼ਲਾਘਾਯੋਗ ਕਦਮ ਕਿਹਾ ਜਾ ਸਕਦਾ ਹੈ। ਇਸ ਦੇ ਨਾਲ ਹੀ ਰੁਜ਼ਗਾਰ ਦਾ ਪੱਧਰ ਵਧਾ ਕੇ ਸੁਨਹਿਰੇ ਭਵਿੱਖ ਦੀ ਆਸ ਵੀ ਕੀਤੀ ਜਾ ਸਕਦੀ ਹੈ। ਪਰ ਹੈਰਾਨੀ ਭਰੀ ਗੱਲ ਇਹ ਹੈ ਕਿ ਏਨਾ ਵਧੀਆ ਮੌਕਾ ਮਿਲਣ ਦੇ ਬਾਵਜੂਦ ਬਹੁਤੇ ਨੌਜਵਾਨ ਇਨ੍ਹਾਂ ਮੇਲਿਆਂ ਵਿਚ ਇੰਟਰਵਿਊ ਤੱਕ ਵੀ ਦੇਣ ਸਿਰਫ਼ ਇਸ ਲਈ ਨਹੀਂ ਆਏ, ਕਿਉਂਕਿ ਉਨ੍ਹਾਂ ਨੂੰ ਸਰਕਾਰੀ ਨੌਕਰੀ ਚਾਹੀਦੀ ਹੈ। ਇਹ ਲੋਕਾਂ ਦੀ ਮਾਨਸਿਕਤਾ 'ਤੇ ਵੀ ਸਵਾਲੀਆ ਨਿਸ਼ਾਨ ਹੈ ਕਿ ਜੋ ਉਨ੍ਹਾਂ ਨੂੰ ਸਰਕਾਰੀ ਸਕੂਲ ਵਿਚ ਪੜ੍ਹਨਾ ਘਟੀਆ ਲਗਦਾ ਹੈ ਤਾਂ ਸਰਕਾਰੀ ਨੌਕਰੀ ਲੈਣੀ ਵਧੀਆ ਕਿਉਂ ਲਗਦੀ ਹੈ? ਸਮੇਂ ਦੀ ਜ਼ਰੂਰਤ ਇਹੀ ਹੈ ਕਿ ਹੈ ਕਿ ਸੋਸ਼ਲ ਮੀਡੀਆ, ਸਿੱਖਿਆ ਤੇ ਹੋਰ ਸਾਧਨਾਂ ਦਾ ਪ੍ਰਯੋਗ ਕਰਕੇ ਨੌਜਵਾਨ ਪੀੜ੍ਹੀ ਦੀ ਸੋਚ ਵਿਚ ਸਾਕਾਰਾਤਮਿਕ ਪਰਿਵਰਤਨ ਲਿਆਂਦੇ ਜਾਣ ਤਾਂ ਕਿ ਉਹ ਮੌਕੇ ਦਾ ਲਾਭ ਉਠਾ ਕੇ ਆਪਣਾ ਤੇ ਆਪਣੇ ਰਾਜ ਦਾ ਨਾਂਅ ਰੋਸ਼ਨ ਕਰਨ।


-ਤਾਨੀਆ
ਗੁਰੂ ਨਾਨਕ ਕਾਲਜ ਫਾਰ ਗਰਲਜ਼, ਸ੍ਰੀ ਮੁਕਤਸਰ ਸਾਹਿਬ।


ਸਿਆਸਤ
'ਪਰਿਵਾਰਵਾਦ ਦੀ ਸਿਆਸਤ 'ਅਜੋਕੇ ਸਿਆਸਤਦਾਨਾਂ ਲਈ ਚੰਗਾ ਸਬਕ ਸੀ। ਮੈਨੂੰ ਲਗਦਾ ਹੈ ਕਿ ਅਜੋਕੀ ਸਿਆਸਤ ਪੂਰੀ ਦੀ ਪੂਰੀ ਸਿਰਫ਼ ਆਪਣੇ ਨਿੱਜੀ ਪ੍ਰੰਪਰਾ ਨੂੰ ਅੱਗੇ ਤੋਰਨ ਦਾ ਕੰਮ ਕਰ ਰਹੀ ਹੈ। ਕਿਸੇ ਸਮੇਂ ਰਾਜ ਸੱਤਾ ਲੋਕਾਂ ਦੀ ਸੇਵਾ ਦਾ ਸਾਧਨ ਹੁੰਦੀ ਸੀ ਤੇ ਹੁਣ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ 'ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ' ਵਾਲੀ ਗੱਲ ਰਹਿ ਗਈ। ਜੋ ਸਾਡੀ ਨੌਜਵਾਨ ਪੀੜ੍ਹੀ ਤੇ ਆਉਣ ਵਾਲੇ ਸਮੇਂ ਲਈ ਬਹੁਤ ਘਾਤਕ ਸਿੱਧ ਹੋਵੇਗੀ।


-ਮਨਦੀਪ ਕੁੰਦੀ ਤਖਤੂਪੁਰਾ
ਮੋਗਾ।


ਤੇਲ ਕੀਮਤਾਂ...

ਇਸ ਵੇਲੇ ਤਕਰੀਬਨ ਸਾਰੇ ਭਾਰਤ ਵਿਚ ਪੈਟਰੋਲ ਦਾ ਮੁੱਲ ਕਿਸੇ ਵੀ ਗੁਆਂਢੀ ਮੁਲਕ ਨਾਲੋਂ ਕਿਤੇ ਜ਼ਿਆਦਾ ਹੈ। ਪੈਟਰੋਲ ਦੇ ਮੁੱਲ ਨਾਲੋਂ ਵੀ ਜ਼ਿਆਦਾ ਤਕਰੀਬਨ 107 ਫ਼ੀਸਦੀ ਕਰ ਸਰਕਾਰ ਵੱਲੋਂ ਲਗਾਇਆ ਜਾ ਰਿਹਾ ਹੈ। ਜੋ ਆਮ ਲੋਕਾਂ ਨਾਲ ਸਰਾਸਰ ਧੱਕੇਸ਼ਾਹੀ ਹੈ। ਜਦੋਂ ਵੀ ਮੋਦੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੇ ਭਾਅ ਵਧਾਏ ਤਾਂ ਹਮੇਸ਼ਾ ਇਹੀ ਤਰਕ ਦਿੱਤਾ ਹੈ ਕਿ ਪੈਟਰੋਲ ਕੰਪਨੀਆਂ ਘਾਟੇ ਵਿਚ ਜਾ ਰਹੀਆਂ ਹਨ। ਇਸ ਲਈ ਰੇਟ ਵਧਾਉਣੇ ਪੈਂਦੇ ਹਨ ਪਰ ਜੇਕਰ ਭਾਰਤ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਦਾ 2016-17 ਦਾ ਮੁਨਾਫਾ ਵੇਖੀਏ ਤਾਂ ਇਸ ਵਿਚ ਪਿਛਲੇ ਸਾਲ ਨਾਲੋਂ 58 ਫ਼ੀਸਦੀ ਯਾਨੀ ਕਿ 17242 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਮੋਦੀ ਸਰਕਾਰ ਵੱਲੋਂ ਪਹਿਲਾਂ ਨੋਟਬੰਦੀ ਫਿਰ ਜੀ.ਐਸ.ਟੀ. ਅਤੇ ਹੁਣ ਤੇਲ ਕੰਪਨੀਆਂ ਨੂੰ ਮੁਨਾਫ਼ਾ ਪਹੁੰਚਾਉਣ ਲਈ ਨਿੱਤ ਨਵੇਂ ਜੁਮਲੇ ਰਚ ਕੇ ਆਮ ਲੋਕਾਂ ਦਾ ਲਹੂ ਨਿਚੋੜਿਆ ਜਾ ਰਿਹਾ ਹੈ।


-ਸਰਵਨ ਸਿੰਘ ਭੰਗਲਾਂ
ਸਮਰਾਲਾ।

22/09/2017

 ਬਲੂ ਵੇਲ੍ਹ
ਅੱਜਕਲ੍ਹ ਰੋਜ਼ਾਨਾ ਅਖ਼ਬਾਰਾਂ ਵਿਚ 'ਬਲੂ ਵੇਲ੍ਹ' ਖੇਡ ਦੀ ਖ਼ਬਰ ਪੜ੍ਹਨ ਨੂੰ ਮਿਲ ਰਹੀ ਹੈ। ਗੂਗਲ ਦੀ ਜਾਣਕਾਰੀ ਅਨੁਸਾਰ ਪੰਜਾਬ ਵੀ ਇਸ ਖੇਡ ਦੀ ਭਾਲ ਵਿਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਮੌਤ ਦੀ ਖੇਡ ਤੋਂ ਸਾਵਧਾਨੀ ਤੇ ਸਮਝਦਾਰੀ ਨਾਲ ਬਚਿਆ ਜਾ ਸਕਦਾ ਹੈ। ਘਰਾਂ ਵਿਚ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖਿਆ ਜਾਵੇ। ਬੱਚਿਆਂ ਨੂੰ ਮੈਦਾਨੀ ਖੇਡਾਂ ਖੇਡਣ ਲਈ ਉਤਸ਼ਾਹਤ ਕੀਤਾ ਜਾਵੇ। ਮੇਰੀ ਸਰਕਾਰ ਨੂੰ ਅਪੀਲ ਹੈ ਕਿ ਇਸ ਮੌਤ ਦੀ ਖੇਡ 'ਤੇ ਜਲਦੀ ਤੋਂ ਜਲਦੀ ਪਾਬੰਦੀ ਲਗਾਈ ਜਾਵੇ। ਇਸ ਮੌਤ ਦੀ ਖੇਡ ਨੇ ਕਈ ਬੱਚੇ ਨਿਗਲ ਲਏ ਹਨ। ਇਸ ਜਾਨਲੇਵਾ ਖੇਡ ਤੋਂ ਦੂਰ ਰਹਿਣ 'ਚ ਹੀ ਸਾਡੀ ਭਲਾਈ ਹੈ।

-ਨਵਜੋਤ ਕੌਰ
ਜਲੰਧਰ।

ਦਰਦਨਾਕ ਹਾਦਸੇ
ਨੂਰਮਹਿਲ ਤਲਵਣ ਰੋਡ 'ਤੇ ਬੱਸ ਨਾਲ ਵਾਪਰੇ ਦਰਦਨਾਕ ਹਾਦਸੇ ਵਿਚ ਮੋਟਰਸਾਈਕਲ 'ਤੇ ਸਵਾਰ ਤਿੰਨ ਮੰੁੰਡੇ ਮੌਕੇ 'ਤੇ ਹੀ ਮਾਰੇ ਗਏ ਜੋ ਕਿ ਇਕ ਹੀ ਪਿੰਡ ਤੇ ਕਾਲਜ ਦੇ ਜਮਾਤੀ ਸਨ। ਹਾਦਸੇ ਦਾ ਮੁੱਖ ਕਾਰਨ ਛੇ ਮੁੰਡਿਆਂ ਦਾ ਦੋ ਅਲੱਗ-ਅਲੱਗ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਰੇਸ ਲਗਾਉਣਾ ਸੀ। ਕੁਝ ਸਮਾਂ ਪਹਿਲਾਂ ਵੀ ਨੂਰਮਹਿਲ ਨੇੜੇ ਹੀ ਮੋਟਰਸਾਈਕਲ 'ਤੇ ਸਵਾਰ ਤਿੰਨ ਮੁੰਡੇ ਤੇਜ਼ ਸਪੀਡ ਕਾਰਨ ਹਨੇਰੇ 'ਚ ਖੜ੍ਹੀ ਟਰਾਲੀ ਨਾਲ ਟਕਰਾ ਗਏ। ਦੋ ਮੌਕੇ 'ਤੇ ਹੀ ਮਰ ਗਏ ਤੇ ਇਕ ਸਿਰ 'ਚ ਸੱਟ ਲੱਗਣ ਕਾਰਨ ਪਾਗਲ ਹੋ ਗਿਆ ਸੀ। ਜਵਾਨੀ ਦਾ ਜੋਸ਼ ਤੇ ਤੇਜ਼ ਰਫ਼ਤਾਰ ਕਾਰਨ ਹੋਰ ਵੀ ਕਈ ਗੱਭਰੂ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਜਾ ਚੁੱਕੇ ਹਨ। ਮਾਪਿਆਂ ਨੂੰ ਸੜਕਾਂ 'ਤੇ ਮੌਤ ਵੰਡਦੀਆਂ ਅੰਨ੍ਹੇਵਾਹ ਬੇਗਲਾਮ ਤੇਜ਼ ਦੌੜ ਰਹੀਆਂ ਗੱਡੀਆਂ ਤੋਂ ਆਪਣਿਆਂ ਲਾਡਲਿਆਂ ਨੂੰ ਬਚਾਉਣਾ ਹੈ। ਸਾਰੀ ਉਮਰ ਰੋਣ ਨਾਲੋਂ ਜੇਕਰ ਬੱਚੇ 'ਤੇ ਸਖ਼ਤੀ ਕਰ ਲਈ ਜਾਵੇ ਤਾਂ ਵੀ ਕੋਈ ਹਰਜ਼ ਨਹੀਂ।

-ਪਿਆਰਾ ਸਿੰਘ ਮਾਸਟਰ
ਨਕੋਦਰ।

ਲੋਕਤੰਤਰ ਦਾ ਕਤਲ
ਸੰਪਾਦਕੀ ਸਫ਼ੇ 'ਤੇ ਪ੍ਰੋ: ਐਚ.ਐਸ. ਡਿੰਪਲ ਦਾ ਗੌਰੀ ਲੰਕੇਸ਼ ਬਾਰੇ ਲਿਖਿਆ ਲੇਖ ਪੜ੍ਹ ਕੇ ਇੰਜ ਲਗਦਾ ਹੈ ਕਿ ਇਹ ਸਿਰਫ ਗੌਰੀ ਲੰਕੇਸ਼ ਦਾ ਕਤਲ ਹੀ ਨਹੀਂ ਸਗੋਂ ਦੁਨੀਆ ਦੇ ਵੱਡੇ ਲੋਕਤੰਤਰ ਦਾ ਕਤਲ ਹੈ। ਸੰਵਿਧਾਨ ਦੀ ਧਾਰਾ 19 (1)ਏ ਦੇ ਵਿਚਾਰਾਂ ਦੇ ਪ੍ਰਗਟਾਓ ਦੀ ਆਜ਼ਾਦੀ ਦਿੰਦੀ ਹੈ। ਪਰ ਜਿਸ ਤਰ੍ਹਾਂ ਪ੍ਰੋ: ਡਿੰਪਲ ਨੇ ਦੱਸਿਆ ਹੈ ਕਿ ਬਹੁਤੇ ਲੇਖਕ, ਬੁੱਧੀਜੀਵੀ ਔਖੀ ਤੇ ਘੁਮਾਂਅਦਾਰ ਭਾਸ਼ਾ ਵਰਤਦੇ ਹੋਏ ਜੁਗਾੜ ਲਾ ਕੇ ਐਵਾਰਡਾਂ, ਮਾਣ-ਸਨਮਾਨਾਂ ਦੇ ਚੱਕਰ 'ਚ ਪੈਂਦੇ ਹਨ। ਅੱਜ ਬਹੁਤੇ ਜਥੇਬੰਦਕ ਸੰਗਠਨ ਵੀ ਜੁੁਗਾੜੂ ਪ੍ਰਵਿਰਤੀ ਦੇ ਹੋ ਚੁੱਕੇ ਹਨ ਜੋ ਕਿ ਨਰੋਏ ਸਮਾਜ ਲਈ ਘਾਤਕ ਹਨ। ਡਾਅਢਿਆਂ ਦੇ ਝੋਲੀ ਚੁੱਕ ਬਣਨ ਦੀ ਥਾਂ ਗੌਰੀ ਲੰਕੇਸ਼ ਬਣਨਾ ਹੀ ਲੋਕਤੰਤਰ ਦੇ ਹੱਕ ਵਿਚ ਜਾਂਦਾ ਹੈ। ਸੱਚ ਦਾ ਸਾਥ ਦੇਣਾ ਜ਼ਰੂਰੀ ਹੈ।

-ਬਲਵੀਰ ਸਿੰਘ ਬਾਸੀਆਂ।

19-09-2017

ਖਿਲਵਾੜ ਕਿਉਂ?

ਕਈ ਵਾਰ ਇਨਸਾਨ ਦੀ ਕਿਸੇ ਪ੍ਰਤੀ ਅਥਾਹ ਸ਼ਰਧਾ ਵੀ ਉਸ ਦੀ ਚਿੰਤਾ ਦਾ ਕਾਰਨ ਬਣ ਜਾਂਦੀ ਹੈ। ਇਨਸਾਨ ਆਪਣੇ ਲਈ ਜੀਣਾ ਭੁੱਲ ਕੇ ਉਸ ਵੱਲ ਸਥਾਪਤ ਹੋ ਜਾਂਦਾ ਹੈ ਤੇ ਆਪਣੀ ਜਾਨ ਤੱਕ ਗੁਆ ਬੈਠਦਾ ਹੈ। ਪਰ ਮਨੁੱਖਤਾ ਦੀਆਂ ਭਾਵਨਾਵਾਂ ਨਾਲ ਜਦੋਂ ਖਿਲਵਾੜ ਹੁੰਦਾ ਹੈ ਤਾਂ ਸ਼ਾਇਦ ਕੁਦਰਤ ਨੂੰ ਵੀ ਉਸ ਦੀ ਸਿਰਜਣਾ ਕਰ ਆਪਣੀ ਗ਼ਲਤੀ ਦਾ ਅਹਿਸਾਸ ਹੁੰਦਾ ਹੋਵੇਗਾ। ਇਨਸਾਨ ਭੁੱਲ ਬੈਠਦਾ ਹੈ ਕਿ ਉਸ ਨੇ ਆਪਣੇ ਇਸ 'ਤਿਲੱਸਮ ਸੰਸਾਰ' ਨੂੰ ਛੱਡ ਇਕ ਦਿਨ 'ਪ੍ਰਾਣ ਪੰਖੇਰੂ' ਉਡਾਰੀ ਮਾਰਨੀ ਹੈ। ਕਿਸੇ ਦੇ ਵਿਸ਼ਵਾਸ ਦਾ ਵਿਸ਼ਵਾਸਘਾਤ ਕਰਨਾ ਅਪਰਾਧਕ ਬਿਰਤੀ ਤੋਂ ਘੱਟ ਨਹੀਂ, ਜਦ ਕਿ ਇਨਸਾਨੀ ਜ਼ਿੰਦਗੀ ਖੜ੍ਹੀ ਹੀ ਵਿਸ਼ਵਾਸ ਦੀ ਕੱਚੀ ਰੇਤ 'ਤੇ ਹੈ। ਮਕੜੀ ਦੇ ਬੁਣੇ ਜਾਲ ਵਾਂਗ ਇਨਸਾਨ ਕਈ ਵਾਰ ਆਪਣੇ ਹੀ ਰਚੇ ਅਡੰਬਰ ਵਿਚ ਅਜਿਹਾ ਕਸੂਤਾ ਫਸਦਾ ਹੈ ਜਿਸ ਵਿਚੋਂ ਫਿਰ ਨਿਕਲਣਾ ਮੁਹਾਲ ਹੋ ਜਾਂਦਾ ਹੈ। ਖੂਹ ਦੇ ਡੱਡੂ ਵਾਂਗ ਵਿਚੇ ਹੀ ਜ਼ਿੰਦਗੀ ਦਮਨ ਹੋ ਜਾਂਦੀ ਹੈ। ਥੋੜ੍ਹੇ ਸਮੇਂ ਦੇ ਐਸ਼ੋ ਆਰਾਮ ਲਈ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਕਿਉਂ? ਆਓ! ਆਪਣੇ-ਆਪ ਨੂੰ ਅਜਿਹਾ ਬਣਾਉਣ ਦਾ ਯਤਨ ਕਰੀਏ, ਜਿਸ 'ਤੇ ਇਨਸਾਨੀਅਤ ਸ਼ਰਮਸਾਰ ਨਾ ਹੋਵੇ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ (ਲੁਧਿਆਣਾ)।

ਆਵਾਜ਼ ਪ੍ਰਦੂਸ਼ਣ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ 1 ਅਕਤੂਬਰ ਤੋਂ ਵਾਹਨਾਂ 'ਚ ਤੇਜ਼ ਹਾਰਨ ਵਜਾਉਣ ਵਾਲਿਆਂ ਖ਼ਿਲਾਫ਼ ਤੇ ਮੋਟਰਸਾਈਕਲ ਦੇ ਪਟਾਕੇ ਪਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨ ਲਾਗੂ ਕਰ ਰਹੀ ਹੈ ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਸਜ਼ਾ ਤੇ ਜੁੁਰਮਾਨਾ ਕੀਤਾ ਜਾਵੇਗਾ। ਇਸ ਕਾਨੂੰਨ ਤਹਿਤ ਪਟਾਕੇ ਪਾਉਣ ਵਾਲੇ ਸਾਇਲੈਂਸਰ ਤੇ ਕਿਸੇ ਵੀ ਤਰ੍ਹਾਂ ਦਾ ਉੱਚੀ ਆਵਾਜ਼ ਵਾਲਾ ਹਾਰਨ ਲਾਉਣ 'ਤੇ ਸਖ਼ਤ ਪਾਬੰਦੀ ਹੈ। ਆਵਾਜ਼ ਪ੍ਰਦੂਸ਼ਣ ਰੋਕਣ ਲਈ ਇਹ ਇਕ ਬਹੁਤ ਹੀ ਵੱਡਾ ਉਪਰਾਲਾ ਹੈ। ਕਿਉਂਕਿ ਉੱਚੀ ਆਵਾਜ਼ ਵਾਲੇ ਪ੍ਰੈਸ਼ਰ ਹਾਰਨ ਤੇ ਪਟਾਕੇ ਮਾਰਨ ਕਰਕੇ ਕਈ ਹਾਦਸੇ ਵਾਪਰ ਚੁੱਕੇ ਹਨ। ਉੱਚੀ ਆਵਾਜ਼ ਸਿਹਤ ਲਈ ਵੀ ਨੁਕਸਾਨਦੇਹ ਹੈ।

-ਸ਼ਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆਂ, ਡਾਕ: ਚੀਮਾਂ ਖੁੱਡੀ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ।

ਬੋਲਚਾਲ 'ਚ ਅਸ਼ਲੀਲਤਾ

ਬੀਤੇ ਦਿਨ 'ਲੋਕ ਮੰਚ' ਅੰਦਰ ਡਾ: ਮਨਮੋਹਣ ਸਿੰਘ ਭਾਗੋਵਾਲੀਆ ਦਾ ਲੇਖ 'ਆਮ ਬੋਲਚਾਲ ਵਿਚ ਵਧ ਰਹੀ ਅਸ਼ਲੀਲਤਾ' ਕਾਫੀ ਮਨ ਨੂੰ ਟੁੰਬਦਾ ਸੀ। ਕੁਝ ਅਜਿਹੇ ਸ਼ਬਦ ਜੋ ਰਿਸ਼ਤਿਆਂ ਨਾਲ ਤਾਅਲੁਕ ਰੱਖਦੇ ਅਤੇ ਮਹੱਤਵਪੂਰਨ ਵੀ ਹੁੰਦੇ ਹਨ, ਅਕਸਰ ਬੜੇ ਲੰਮੇ ਸਮਿਆਂ ਤੋਂ ਆਪਸੀ ਗੱਲਾਬਾਤ ਵਿਚ ਵਰਤੇ ਜਾ ਰਹੇ ਹਨ। ਕਦੇ-ਕਦੇ ਤਾਂ ਇਕ-ਦੂਜੇ ਵਲੋਂ ਸਹਿ ਲਏ ਜਾਂਦੇ ਹਨ ਅਤੇ ਕਦੇ-ਕਦੇ ਕੁੜੱਤਣ ਦਾ ਰੂਪ ਵੀ ਧਾਰ ਲੈਂਦੇ ਹਨ। ਸਾਲਾ, ਮਾਮਾ, ਸਹੁਰਾ ਆਦਿ ਕਿੰਨੇ ਸਾਰਥਿਕ ਸਬੰਧਾਂ ਵਿਚ ਉਹ ਮਹੱਤਤਾ ਰੱਖਦੇ ਹਨ ਪਰ ਜਦ ਕਿਧਰੇ ਇਹ ਸ਼ਬਦ ਗਾਲੀ-ਗਲੋਚ ਵਿਚ ਵਰਤੇ ਜਾਂਦੇ ਹਨ ਤਾਂ ਬਹੁਤ ਭਿਆਨਕ ਨਤੀਜੇ ਭੁਗਤਣੇ ਪੈ ਜਾਂਦੇ ਹਨ। ਪਿਆਰ ਵਿਚ ਅਜਿਹੇ ਸ਼ਬਦਾਂ ਦੀ ਅਜੋਕੀ ਨੌਜਵਾਨ ਪੀੜ੍ਹੀ ਵਿਚ ਕੁਝ ਜ਼ਿਆਦਾ ਹੀ ਵਰਤੋਂ ਕੀਤੀ ਜਾਂਦੀ ਅਕਸਰ ਸੁਣੀ ਜਾਂਦੀ ਹੈ।

-ਮਾਸਟਰ ਦੇਵ ਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

15-09-2017

 ਖ਼ਤਰਨਾਕ ਖੇਡਾਂ
ਪਿਛਲੇ ਦਿਨੀਂ ਯਾਦਵਿੰਦਰ ਸਿੰਘ ਸਤਕੋਹਾ ਨੇ ਆਪਣੇ ਲੇਖ 'ਇੰਟਰਨੈੱਟ ਦੀਆਂ ਖ਼ਤਰਨਾਕ ਖੇਡਾਂ ਤੋਂ ਬੱਚਿਆਂ ਨੂੰ ਬਚਾਉਣ ਦੀ ਲੋੜ' ਰਾਹੀਂ ਅਜੋਕੇ ਸਾਇੰਸ ਦੇ ਯੁੱਗ ਵਿਚ ਇੰਟਰਨੈੱਟ ਦੀਆਂ ਖੇਡਾਂ ਦੇ ਬੱਚਿਆਂ ਅਤੇ ਅੱਲੜ੍ਹ ਉਮਰ ਦੇ ਵਿਅਕਤੀਆਂ ਉੱਪਰ ਪੈ ਰਹੇ ਮਾਰੂ ਅਤੇ ਖ਼ਤਰਨਾਕ ਪ੍ਰਭਾਵਾਂ ਪ੍ਰਤੀ ਸੁਚੇਤ ਕਰਨ ਦਾ ਉਪਰਾਲਾ ਕੀਤਾ ਹੈ। ਇੰਟਰਨੈੱਟ ਖੇਡਾਂ ਬੇਸ਼ੱਕ ਦਿਮਾਗੀ ਤੌਰ 'ਤੇ ਤੇਜ਼ ਕਰਦੀਆਂ ਹਨ ਪਰ ਸਰੀਰਕ ਤੌਰ 'ਤੇ ਕਮਜ਼ੋਰ ਕਰਦੀਆਂ ਹਨ, ਕਿਉਂਕਿ ਇਨ੍ਹਾਂ ਵਿਚ ਸਰੀਰਕ ਕਸਰਤ ਨਹੀਂ ਹੁੰਦੀ। ਬਲਿਊ ਵੇਲ, ਚੈਲੰਜ ਨਾਂਅ ਦੀ ਖੇਡ ਪ੍ਰਤੀ ਇਕ ਕਿੱਸਾ ਸਾਂਝਾ ਕਰ ਰਿਹਾ ਹਾਂ। ਇਕ ਬੱਚੇ ਨੇ ਪੁਲਿਸ ਨੂੰ ਫੋਨ ਕਰਕੇ ਕਿਹਾ ਸੀ ਕਿ ਮੈਨੂੰ ਬਚਾ ਲਓ, ਉਹ ਲੋਕ ਮੈਨੂੰ ਮਾਰ ਦੇਣਗੇ। ਬੱਚੇ ਨੂੰ ਪਿਆਰ ਨਾਲ ਪੁੱਛਣ 'ਤੇ ਉਸ ਨੇ ਇਸ ਇੰਟਰਨੈੱਟ ਖੇਡ ਦਾ ਹਵਾਲਾ ਦਿੱਤਾ। ਕਿਉਂਕਿ ਬੱਚਿਆਂ ਦਾ ਦਿਲ ਬਹੁਤ ਹੀ ਕੋਮਲ ਹੁੰਦਾ ਹੈ, ਬਹੁਤ ਹੀ ਜ਼ਿਆਦਾ ਹੌਸਲਾ ਦੇਣ ਅਤੇ ਪਿਆਰ ਨਾਲ ਸਮਝਾਉਣ 'ਤੇ ਉਹ ਨਾਰਮਲ ਹੋਇਆ। ਬੱਚਿਆਂ ਨੂੰ ਇੰਟਰਨੈੱਟ ਗੇਮਾਂ ਨਾਲ ਬਿਲਕੁਲ ਚਿਪਕੂ ਹੋਣ ਤੋਂ ਬਚਾਉਣ ਅਤੇ ਸਮਝਾਉਣ ਦੀ ਲੋੜ ਹੈ।


-ਸਤਨਾਮ ਸਿੰਘ ਮੱਟੂ
ਪਟਿਆਲਾ।


ਅਧਿਆਪਕ ਦਾ ਸਤਿਕਾਰ
ਅਸੀਂ ਹਰ ਸਾਲ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦੇ ਜਨਮ ਦਿਨ ਨੂੰ ਸਮਰਪਿਤ ਅਧਿਆਪਕ ਦਿਵਸ ਮਨਾਉਂਦੇ ਹਾਂ, ਜਿਸ ਵਿਚ ਵਿਦਿਆਰਥੀ ਅਧਿਆਪਕ ਪ੍ਰਤੀ ਆਪਣੀ ਸ਼ਰਧਾ ਨੂੰ ਕੁਝ ਤੋਹਫ਼ੇ ਭੇਟ ਕਰਕੇ ਪੇਸ਼ ਕਰਦੇ ਹਨ। ਪਰ ਅੱਜ ਦੇ ਸਮੇਂ 'ਚ ਵਿਦਿਆਰਥੀਆਂ ਅੰਦਰ ਅਧਿਆਪਕ ਪ੍ਰਤੀ ਖ਼ਤਮ ਹੋ ਰਹੇ ਸਤਿਕਾਰ ਅਤੇ ਸੰਸਕਾਰ ਦੇ ਜ਼ਿੰਮੇਵਾਰ ਜ਼ਿਆਦਾਤਰ ਮਾਪੇ ਹੀ ਹਨ। ਅਧਿਆਪਕ ਵਲੋਂ ਬੱਚੇ ਨੂੰ ਡਾਂਟਣ ਤੇ ਮਾਪਿਆਂ ਵਲੋਂ ਵਿਰੋਧ ਵਿਚ ਸਾਹਸ ਭਰਨਾ ਉਨ੍ਹਾਂ ਲਈ ਭਵਿੱਖਤ ਚੁਣੌਤੀ ਹੈ। ਅਧਿਆਪਕ ਨੂੰ ਰਾਸ਼ਟਰ ਦਾ ਨਿਰਮਾਤਾ ਕਿਹਾ ਜਾਂਦਾ ਹੈ, ਜੋ ਨਵੇਂ ਰਾਸ਼ਟਰ ਦਾ ਨਿਰਮਾਣ ਕਰਦਾ ਹੈ। ਅਧਿਆਪਕ ਇਕ ਮੋਮਬੱਤੀ ਦੀ ਤਰ੍ਹਾਂ ਹੁੰਦਾ ਹੈ, ਜੋ ਆਪ ਜਲ ਕੇ ਦੂਸਰਿਆਂ ਨੂੰ ਰੌਸ਼ਨੀ ਪ੍ਰਦਾਨ ਕਰਦਾ ਹੈ। ਇਸ ਲਈ ਪੂਰੇ ਸਮਾਜ ਨੂੰ ਹੀ ਅਧਿਆਪਕ ਦਾ ਸਤਿਕਾਰ ਕਰਨਾ ਬਣਦਾ ਹੈ।


-ਰਵਿੰਦਰ ਸਿੰਘ ਰੇਸ਼ਮ
ਅਧਿਆਪਕ ਜਵਾਹਰ ਨਵੋਦਿਆ ਵਿਦਿਆਲਿਆ, ਉਮਰਪੁਰਾ (ਨੱਥੂਮਾਜਰਾ) ਸੰਗਰੂਰ।


ਖ਼ਤਰਨਾਕ ਤੇਵਰ
'ਉੱਤਰੀ ਕੋਰੀਆ ਦੇ ਖ਼ਤਰਨਾਕ ਤੇਵਰ' ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਜੀ ਦੇ ਸੰਪਾਦਕੀ ਲੇਖ ਨੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ। ਉੱਤਰੀ ਕੋਰੀਆ ਚੀਨ ਅਤੇ ਜਾਪਾਨ ਦਾ ਗੁਆਂਢੀ ਮੁਲਕ ਹੈ। ਕੋਰੀਆ ਜਾਪਾਨ ਦੇ ਅਧੀਨ ਵੀ ਰਿਹਾ ਹੈ। ਬੀਤੇ ਦਿਨੀਂ ਉਸ ਨੇ ਹਾਈਡ੍ਰੋਜਨ ਬੰਬ ਦਾ ਪ੍ਰੀਖਣ ਕੀਤਾ ਅਤੇ ਸਭ ਦੀਆਂ ਨੀਂਦਾਂ ਉਡਾ ਦਿੱਤੀਆਂ ਜਿਸ ਕਰਕੇ ਬਹੁਤ ਸਾਰੇ ਮੁਲਕ ਉਸ ਦੇ ਖਿਲਾਫ਼ ਹੋ ਗਏ। ਜੇ ਉਸ 'ਤੇ ਕੋਈ ਕਾਰਵਾਈ ਹੁੰਦੀ ਹੈ ਤਾਂ ਉਸ ਕਾਰਵਾਈ ਨੂੰ ਜਾਇਜ਼ ਠਹਿਰਾਇਆ ਜਾਵੇਗਾ। ਉਸ ਨੇ ਲੰਬੀ ਦੂਰੀ ਵਾਲੀਆਂ ਮਿਜ਼ਾਇਲਾਂ ਦਾ ਵੀ ਪ੍ਰੀਖਣ ਕੀਤਾ ਸੀ। ਵਿਸ਼ਵ ਪੱਧਰ 'ਤੇ ਸ਼ਾਂਤੀ ਬਣਾਉਣ ਲਈ ਸਾਰੇ ਦੇਸ਼ਾਂ ਨੂੰ ਹੰਭਲੇ ਮਾਰਨ ਦੀ ਲੋੜ ਹੈ।


-ਜਸਪਾਲ ਸਿੰਘ ਲੋਹਾਮ
#29/166 ਗਲੀ ਹਜ਼ਾਰਾ ਸਿੰਘ ਮੋਗਾ।

14-09-2017

 ਖੇਡ ਮੰਤਰੀ
ਆਜ਼ਾਦੀ ਤੋਂ ਬਾਅਦ ਹੁਣ ਤੱਕ ਕੋਈ ਵੀ ਖਿਡਾਰੀ ਭਾਰਤ ਦਾ ਖੇਡ ਮੰਤਰੀ ਨਾ ਬਣ ਸਕਿਆ, ਬੀਤੇ ਦਿਨੀਂ ਰਾਜਵਰਧਨ ਸਿੰਘ ਰਠੌਰ ਜਿਨ੍ਹਾਂ ਨੂੰ ਵਿਜੇ ਗੋਇਲ ਦੀ ਥਾਂ ਖੇਡ ਮੰਤਰੀ ਬਣਾਇਆ ਗਿਆ, ਜੋ ਕਿ ਭਾਰਤੀ ਖਿਡਾਰੀਆਂ ਦੇ ਸੁਨਹਿਰੀ ਭਵਿੱਖ ਲਈ ਇਕ ਚੰਗਾ ਸੁਨੇਹਾ ਹੈ। ਖਿਡਾਰੀਆਂ ਦੀਆਂ ਹਰ ਤਰ੍ਹਾਂ ਦੀਆਂ ਮੁਸ਼ਕਿਲਾਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਵਧੇਰੇ ਗਿਆਨ ਇਕ ਖਿਡਾਰੀ ਤੋਂ ਇਲਾਵਾ ਹੋਰ ਕਿਸੇ ਵੀ ਆਮ ਵਿਅਕਤੀ ਨੂੰ ਨਹੀਂ ਹੋ ਸਕਦਾ, ਕੇਂਦਰ ਸਰਕਾਰ ਦੀ ਤਰ੍ਹਾਂ ਪੰਜਾਬ ਸਰਕਾਰ ਵਲੋਂ ਪਰਗਟ ਸਿੰਘ ਨੂੰ ਖੇਡ ਮੰਤਰੀ ਬਣਾ ਕੇ ਉਸ ਦੇ ਖੇਡਾਂ ਪ੍ਰਤੀ ਤਜਰਬੇ ਦਾ ਪੰਜਾਬ ਦੇ ਖਿਡਾਰੀਆਂ ਦੇ ਸੁਨਹਿਰੀ ਭਵਿੱਖ ਲਈ ਫਾਇਦਾ ਲਿਆ ਜਾ ਸਕਦਾ ਹੈ। ਮੋਦੀ ਸਰਕਾਰ ਵਲੋਂ ਰਾਠੌਰ ਦੀ ਨਿਯੁਕਤੀ ਚੰਗੀ ਸੋਚ ਦੀ ਨਿਸ਼ਾਨੀ ਹੈ।


-ਕੁਲਵੀਰ ਜੌੜਾ।


ਲੋਕਾਂ ਦਾ ਵਿਸ਼ਵਾਸ
ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਭਾਰਤ ਸਰਕਾਰ ਦੀ ਨਿਰਪੱਖ ਨਿਆਂਪਾਲਿਕਾ ਨੇ ਵੱਧ ਤੋਂ ਵੱਧ ਸਜ਼ਾ ਦੇ ਕੇ ਰਾਜਨੀਤਕ ਲੀਡਰਾਂ ਦੀ ਸੁੱਤੀ ਹੋਈ ਆਤਮਾ ਨੂੰ ਝੰਜੋੜ ਕੇ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਨ੍ਹਾਂ ਦੀਆਂ ਬੰਦ ਪਈਆਂ ਅੱਖਾਂ ਨੂੰ ਖੋਲ੍ਹ ਕੇ ਲੋਕਾਂ ਸਾਹਮਣੇ ਪੀੜਤਾਂ ਨੂੰ ਇਨਸਾਫ਼ ਦੇ ਕੇ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਪ੍ਰਤੀ ਲੋਕਾਂ ਦਾ ਨਿਆਂਪਾਲਿਕਾ ਪ੍ਰਤੀ ਵਿਸ਼ਵਾਸ ਪੈਦਾ ਕਰਕੇ ਲੋਕਾਂ ਨੂੰ ਸਾਬਤ ਕਰ ਦਿੱਤਾ ਹੈ ਕਿ ਨਿਆਂਪਾਲਿਕਾ ਹਮੇਸ਼ਾ ਇਨਸਾਫ਼ ਕਰਦੀ ਹੈ ਅਤੇ ਉਨ੍ਹਾਂ ਅੰਧਵਿਸ਼ਵਾਸੀ ਭਟਕੇ ਹੋਏ ਲੋਕ ਜੋ ਅੰਨ੍ਹੇ ਹੋ ਕੇ ਆਸਥਾ ਦੇ ਨਾਂਅ 'ਤੇ ਪਾਖੰਡੀ ਸਾਧੂ ਸੰਤਾਂ ਦੇ ਘੇਰੇ ਵਿਚ ਜਕੜੇ ਹੋਏ ਹਨ, ਨੂੰ ਵੀ ਕਟਿਹਰੇ ਵਿਚ ਖੜ੍ਹਾ ਕਰ ਦਿੱਤਾ ਹੈ। ਇਸ ਦੇ ਨਾਲ ਪੀੜਤਾ ਨੇ ਬਿਨਾਂ ਡਰ ਖੌਫ਼ ਤੋਂ ਅਤੇ ਸਬੰਧਿਤ ਗਵਾਹਾਂ ਨੇ ਸੱਚੀ ਗਵਾਹੀ ਦੇ ਕੇ ਅਤੇ ਸੀ.ਬੀ.ਆਈ. ਦੀ ਪੂਰੀ ਟੀਮ ਨੇ ਨਾਰੀ ਜਾਤੀ ਦਾ ਮਨੋਬਲ ਵਧਾਇਆ ਹੈ।


-ਗੁਰਮੀਤ ਸਿੰਘ ਵੇਰਕਾ
(ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ)
ਸੇਵਾ-ਮੁਕਤ ਇੰਸਪੈਕਟਰ।


ਜ਼ਿੰਦਗੀ ਦੀ ਬਾਜ਼ੀ
ਲੇਖਿਕਾ ਬੱਬੂ ਤੀਰ ਦਾ ਲੇਖ 'ਵਿਸ਼ਵਾਸ ਨਾਲ ਹੀ ਜਿੱਤੀ ਜਾਂਦੀ ਹੈ ਜ਼ਿੰਦਗੀ ਦੀ ਬਾਜ਼ੀ' ਕਾਬਲੇ ਤਰੀਫ ਹੈ। ਭਰੋਸਾ ਸ਼ਬਦ ਬੇਸ਼ੱਕ ਛੋਟਾ ਹੈ ਪਰ ਇਸ ਦੀ ਦੁਰਵਰਤੋਂ ਨਾਲ ਢਾਂਚਾ ਹਿੱਲ ਜਾਂਦਾ ਹੈ। ਹਰੇਕ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਅਕਸਰ ਹੀ ਅਜਿਹੇ ਲੋਕ ਵਿਸ਼ਵਾਸ ਦੇ ਕਾਬਲ ਨਹੀਂ ਹੁੰਦੇ ਅਤੇ ਸਭ ਉਨ੍ਹਾਂ ਤੋਂ ਕਿਨਾਰਾਕਸ਼ੀ ਕਰਦੇ ਹਨ ਅਤੇ ਕਈ ਇਹ ਵੀ ਕਹਿਣ ਤੋਂ ਗੁਰੇਜ਼ ਨਹੀਂ ਕਰਦੇ ਕਿ ਇਹ ਤਾਂ ਭਰੜ ਭਾਂਡਾ ਹੈ ਪਤਾ ਨੀ ਕਦੋਂ ਖੜਕ ਜਾਵੇ। ਸਾਡਾ ਮਨੋਬਲ ਸਾਡੀ ਵੱਡੀ ਤਾਕਤ ਹੈ। ਆਪਣੇ ਮਨ ਦੀ ਗੱਲ ਹਰੇਕ ਨਾਲ ਸਾਂਝੀ ਨਹੀਂ ਕੀਤੀ ਜਾ ਸਕਦੀ। ਅਜੋਕੇ ਸਮਾਜ ਵਿਚ ਸਭ ਸੱਚ ਹੈ। ਸਿਰਫ ਸੱਚੇ ਤੇ ਪੱਕੇ ਦੋਸਤ ਹੀ ਵਿਸ਼ਵਾਸ ਬਹਾਲ ਰੱਖਦੇ ਹਨ ਅਤੇ ਅਜਿਹੇ ਦੋਸਤਾਂ 'ਤੇ ਸਦਾ ਮਾਣ ਕਰਨਾ ਚਾਹੀਦਾ ਹੈ। ਜ਼ਿੰਦਗੀ ਦੀ ਬਾਜ਼ੀ ਜਿੱਤਣ ਲਈ ਸਦਾ ਹੀ ਤੱਤਪਰ ਰਹਿਣਾ ਚਾਹੀਦਾ ਹੈ।


-ਜਸਪਾਲ ਸਿੰਘ ਲੋਹਾਮ
#29/166 ਗਲੀ ਹਜ਼ਾਰਾ ਸਿੰਘ, ਮੋਗਾ।

12-09-2017

 ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ
ਪੰਜਾਬ 'ਚ ਅਕਸਰ ਹੀ ਸਮੇਂ-ਸਮੇਂ 'ਤੇ ਅੰਧ-ਵਿਸ਼ਵਾਸ ਨਾਲ ਜੁੜੀਆਂ ਅਫ਼ਵਾਹਾਂ ਵੱਡੀ ਗਿਣਤੀ 'ਚ ਫੈਲਦੀਆਂ ਰਹਿੰਦੀਆਂ ਹਨ। ਅਜਿਹੀਆਂ ਘਟਨਾਵਾਂ ਨੂੰ ਕੁਝ ਸ਼ਾਤਰ ਦਿਮਾਗ ਲੋਕ ਆਪਣਾ ਤੋਰੀ ਫੁਲਕਾ ਚਲਦਾ ਰੱਖਣ ਲਈ ਅੰਧ-ਵਿਸ਼ਵਾਸ ਨਾਲ ਜੋੜ ਕੇ ਇਸ ਕਦਰ ਪੇਸ਼ ਕਰਦੇ ਹਨ, ਜਿਸ ਦਾ ਖ਼ਾਸ ਕਰਕੇ ਬਹੁਤਾ ਅਸਰ ਆਮ ਲੋਕਾਂ 'ਤੇ ਪੈਂਦਾ ਹੈ, ਜੋ ਅਜਿਹੀਆਂ ਘਟਨਾਵਾਂ ਦੀ ਘੋਖ ਕਰਨ ਦੀ ਬਜਾਏ ਹੱਦੋਂ ਵੱਧ ਘਬਰਾ ਜਾਂਦੇ ਹਨ। ਸਿੱਟੇ ਵਜੋਂ ਜਿਵੇਂ ਵੀ ਕੋਈ ਇਨ੍ਹਾਂ ਨੂੰ ਕਹਿੰਦਾ ਹੈ, ਇਹ ਉਵੇਂ ਹੀ ਕਰਨ ਨੂੰ ਤਿਆਰ ਹੋ ਜਾਂਦੇ ਹਨ। ਅੱਜ ਪੰਜਾਬ ਦੇ ਬਹੁਤੇ ਪਿੰਡਾਂ ਦੇ ਘਰਾਂ ਦੇ ਮੁੱਖ ਗੇਟਾਂ 'ਤੇ ਨਿੰਮ ਦੇ ਪੱਤੇ ਵਗੈਰਾ ਟੰਗੇ ਆਮ ਦੇਖੇ ਜਾ ਸਕਦੇ ਹਨ। ਇਥੇ ਸਵਾਲ ਉੱਠਦਾ ਹੈ ਕਿ ਅਜਿਹਾ ਸਭ ਵਿਗਿਆਨਕ ਚੇਤਨਾ ਦੀ ਘਾਟ ਕਾਰਨ ਹੋ ਰਿਹਾ ਹੈ। ਸਿੱਟੇ ਵਜੋਂ ਦੁਨੀਆ ਦਾ ਵੱਡਾ ਹਿੱਸਾ ਮਾਨਸਿਕ ਰੋਗੀ ਬਣਦਾ ਜਾ ਰਿਹਾ ਹੈ। ਅੱਜ ਮਨੁੱਖ ਨੂੰ ਪ੍ਰਭਾਵੀ ਚੇਤਨਾ ਦੀ ਲੋੜ ਹੈ। ਉਹ ਚੇਤਨਾ ਜੋ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮਿਲਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਸਾਨੂੰ ਗੈਬੀ ਸ਼ਕਤੀਆਂ ਤੇ ਅੰਧ-ਵਿਸ਼ਵਾਸਾਂ ਤੋਂ ਮੁਕਤ ਜੀਵਨ ਜਿਊਣ ਦੀ ਪ੍ਰੇਰਨਾ ਦਿੰਦੀ ਹੈ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਲਾਪਰਵਾਹੀ
ਦਸ ਦਿਨਾਂ ਵਿਚ ਫਿਰ ਤੀਸਰਾ ਹਾਦਸਾ, ਨਾਗਪੁਰ ਮੁੰਬਈ ਦੁਰੰਤੋ ਐਕਸਪ੍ਰੈਸ ਮਹਾਰਾਸ਼ਟਰ ਦੇ ਟਿਟਵਾਲਾ ਖੇਤਰ ਵਿਖੇ ਪੰਜ ਡੱਬੇ ਇੰਜਣ ਸਮੇਤ ਸਵੇਰੇ ਕਰੀਬ 6.40 ਵਜੇ ਲੀਹੋਂ ਲੈ ਗਏ ਹਨ। ਲਾਪਰਵਾਹੀ ਦਾ ਨਾਂਅ ਦੇ ਕੇ ਕਸੂਰਵਾਰ ਕਰਮਚਾਰੀਆਂ ਨੂੰ ਸਸਪੈਂਡ ਜਾਂ ਬਦਲੀ ਕਰ ਦਿੱਤੀ ਜਾਂਦੀ ਹੈ ਜਾਂ ਛੁੱਟੀ 'ਤੇ ਭੇਜ ਦਿੱਤਾ ਜਾਂਦਾ ਹੈ। ਮਰਨ ਵਾਲੇ ਅਤੇ ਜ਼ਖ਼ਮੀ ਵਿਅਕਤੀਆਂ ਨੂੰ ਮੁਆਵਜ਼ਾ ਦੇ ਕੇ ਗੋਂਗਲੂਆਂ ਤੋਂ ਮਿੱਟੀ ਝਾੜ ਦਿੱਤੀ ਜਾਂਦੀ ਹੈ।
ਦਿਨ-ਬ-ਦਿਨ ਰੇਲਵੇ ਹਾਦਸਿਆਂ ਨੂੰ ਦੇਖ ਕੇ ਲੋੜ ਹੈ ਲਾਪਰਵਾਹੀ ਨੂੰ ਕਤਲ ਜਾਂ ਦੰਡਯੋਗ ਮਨੁੱਖੀ ਹੱਤਿਆ ਦੀ ਪਰਿਭਾਸ਼ਾ ਵਿਚ ਜੋੜ ਕੇ ਸੰਸਦ ਵਿਚ ਕਾਨੂੰਨ ਪਾਸ ਕਰਨ ਦੀ ਤਾਂ ਜੋ ਕਸੂਰਵਾਰ ਵਿਅਕਤੀਆਂ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਵੱਧ ਤੋਂ ਵੱਧ ਸਜ਼ਾਵਾਂ ਦਿੱਤੀਆਂ ਜਾਣ। ਇਸ ਤਰ੍ਹਾਂ ਹਰ ਇਕ ਵਿਅਕਤੀ ਨੂੰ ਕਾਨੂੰਨ ਦਾ ਡਰ ਹੋਵੇਗਾ ਅਤੇ ਇਹੋ ਜਿਹੀਆਂ ਘਟਨਾਵਾਂ 'ਤੇ ਰੋਕ ਲੱਗੇਗੀ।

-ਗੁਰਮੀਤ ਸਿੰਘ ਵੇਰਕਾ
(ਐਮ.ਏ. ਪੁਲਿਸ ਐਡਮਨਿਸਟ੍ਰੈਸ਼ਨ)
ਰਿਟਾਇਰਡ ਇੰਸਪੈਕਟਰ।

ਭ੍ਰਿਸ਼ਟਾਚਾਰ
ਭਾਰਤ ਵਿਚ ਰਾਜਨੀਤਕ, ਅਫ਼ਸਰਸ਼ਾਹੀ, ਕਾਰਪੋਰੇਟ ਅਤੇ ਪੇਸ਼ਾਜਨਕ ਭ੍ਰਿਸ਼ਟਾਚਾਰ ਇਕ ਗੰਭੀਰ ਸਮੱਸਿਆ ਹੈ ਅਤੇ ਨਵੀਆਂ ਆਰਥਿਕ ਨੀਤੀਆਂ ਅਤੇ ਉਦਾਰੀਕਰਨ ਨੇ ਇਸ ਨੂੰ ਹੋਰ ਵੀ ਹੁਲਾਰਾ ਦਿੱਤਾ ਹੈ। ਇਕ ਸਰਵੇਖਣ ਅਨੁਸਾਰ ਇਹ 100 ਫ਼ੀਸਦੀ ਦੀ ਰਫ਼ਤਾਰ ਨਾਲ ਵਧ ਰਿਹਾ ਹੈ। ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਪਿਛਲੇ ਸਾਲ ਕੁਝ ਸਮੇਂ ਤੋਂ ਇਹ ਗੱਲ ਜਗ-ਜ਼ਾਹਰ ਹੋ ਚੁੱਕੀ ਹੈ ਕਿ ਭਾਰਤ ਦੀ ਸਰਕਾਰ ਅਜਿਹੇ ਮੰਤਰੀਆਂ, ਅਫ਼ਸਰਾਂ ਤੇ ਵਿਚੋਲਿਆਂ ਨਾਲ ਭਰੀ ਪਈ ਹੈ, ਜਿਨ੍ਹਾਂ ਦੇ ਸਬੰਧ ਹੇਠ ਕਈ-ਕਈ ਲੱਖ ਕਰੋੜ ਰੁਪਏ ਦੇ ਘੁਟਾਲੇ ਹੋਏ ਹਨ। ਇਸ ਕਰਕੇ ਹਰ ਕੋਈ ਇਕ ਭੰਬਲਭੂਸੇ ਦਾ ਸ਼ਿਕਾਰ ਹੈ ਤੇ ਲੋਕਾਂ ਨੂੰ ਹਨੇਰੇ ਵਿਚ ਰੱਖ ਕੇ ਸਿਆਸਤ ਦੇ ਭ੍ਰਿਸ਼ਟਾਚਾਰ ਦੇ ਖਿਡਾਰੀ ਤੇ ਅਫ਼ਸਰ ਮੌਜਾਂ ਲੈ ਰਹੇ ਹਨ।

-ਸ਼ਿਵਾਨੀ
ਐਚ.ਐਮ.ਵੀ., ਜਲੰਧਰ।

11-09-2017

 ਰਿਸ਼ਤਿਆਂ ਦਾ ਘਾਣ
ਪਦਾਰਥਵਾਦੀ ਸੋਚ ਨੇ ਸਾਡੇ ਰਿਸ਼ਤਿਆਂ ਨਾਤਿਆਂ ਤੇ ਭਾਈਚਾਰਕ ਸਾਂਝ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਅੱਜ ਪੈਸੇ ਦੀ ਅੰਨ੍ਹੀ ਦੌੜ ਮਗਰ ਲੱਗ ਕੇ ਆਪਣਾ ਅਮੀਰ ਵਿਰਸਾ ਗਵਾ ਲਿਆ ਹੈ। ਅੱਜ ਸਕੂਲਾਂ, ਕਾਲਜਾਂ ਵਿਚ ਨੈਤਿਕ ਸਿੱਖਿਆ ਵਿਚ ਵੀ ਨਿਘਾਰ ਆ ਗਿਆ ਹੈ। ਜਿਸ ਕਰਕੇ ਅਧਿਆਪਕਾਂ ਦਾ ਸਤਿਕਾਰ ਵੀ ਘਟ ਗਿਆ ਹੈ। ਖਾਣ-ਪੀਣ, ਪਹਿਨਣ ਅਤੇ ਰਹਿਣ-ਸਹਿਣ ਦੇ ਢੰਗਾਂ ਵਿਚੋਂ ਸਾਦਗੀ ਖਤਮ ਹੋ ਗਈ ਹੈ। ਸਿਹਤ ਪੱਖੋਂ ਵੀ ਬੇਜਾਨ ਜਿਹੇ ਲੱਗ ਰਹੇ ਹਾਂ। ਅੱਜ ਸਾਰਿਆਂ ਨੂੰ ਇਕੱਲਤਾ ਨੇ ਘੇਰ ਲਿਆ ਹੈ। ਬਜ਼ੁਰਗ ਨਵੀਂ ਪੀੜ੍ਹੀ ਦੀਆਂ ਆਦਤਾਂ ਤੋਂ ਪ੍ਰੇਸ਼ਾਨ ਕਿਸੇ ਨੂੰ ਝਿੜਕ ਜਾਂ ਸਲਾਹ ਵੀ ਨਹੀਂ ਦੇ ਸਕਦੇ। ਜਿਸ ਕਰਕੇ ਸਾਡਾ ਪਰਿਵਾਰਕ ਢਾਂਚਾ ਵਿਗੜ ਗਿਆ ਹੈ। ਤਰੱਕੀ ਵੀ ਜ਼ਰੂਰੀ ਹੈ, ਪੈਸਾ ਕਮਾਉਣਾ ਵੀ ਜ਼ਰੂਰੀ ਹੈ ਪਰ ਪਰਿਵਾਰਕ ਸਾਂਝ ਅਤੇ ਰਿਸ਼ਤੇ ਨਾਤਿਆਂ ਨੂੰ ਕਾਇਮ ਰੱਖਣਾ ਅੱਜ ਵੀ ਵੱਡੀ ਜ਼ਰੂਰਤ ਹੈ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਕੇਹੇ ਸਮਾਜ ਵਿਚ...
'ਮੀਡੀਆ ਨੇ ਵਿਖਾਇਆ ਸ਼ੀਸ਼ਾ : ਕੇਹੇ ਸਮਾਜ ਵਿਚ ਰਹਿ ਰਹੇ ਹਾਂ ਅਸੀਂ' ਇਕ ਮਾਰਗ ਦਰਸ਼ਕ ਲੱਗਿਆ। ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਨੇ ਬਹੁਤ ਤਰੱਕੀ ਕੀਤੀ ਹੈ ਅਤੇ ਉਹ ਪਲ ਪਲ ਦੀਆਂ ਖ਼ਬਰਾਂ ਸਾਡੇ ਸਾਹਮਣੇ ਲਿਆਉਂਦੇ ਹਨ। ਪੱਤਰਕਾਰਾਂ ਦਾ ਕਾਰਜ ਕੋਈ ਸੁਖਾਲਾ ਨਹੀਂ ਹੁੰਦਾ ਬਹੁਤ ਹੀ ਮੁਸ਼ਕਿਲ ਭਰਿਆ ਹੁੰਦਾ ਹੈ। ਦੇਸ਼ ਵਿਚ ਆਪ-ਹੁਦਰੀਆਂ ਅਤੇ ਮਨਮਰਜ਼ੀਆਂ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ, ਜਿਹੜਾ ਚਿੰਤਾ ਦਾ ਵਿਸ਼ਾ ਹੈ। ਦੇਸ਼ ਦੀ ਵਿਗੜੀ ਹੋਈ ਸਥਿਤੀ ਨੂੰ ਨਕੇਲ ਪਾਉਣੀ ਬਹੁਤ ਜ਼ਰੂਰੀ ਹੈ ਅਤੇ ਸਮੇਂ ਦੀ ਲੋੜ ਹੈ। ਸੁਧਾਰਾਂ ਲਈ ਲਗਾਤਾਰ ਹੰਭਲੇ ਮਾਰਨ ਦੀ ਜ਼ਰੂਰਤ ਹੈ।


-ਜਸਪਾਲ ਸਿੰਘ ਲੋਹਾਮ
29/166, ਗਲੀ ਹਜ਼ਾਰਾ ਸਿੰਘ, ਮੋਗਾ।


ਬਿਰਖਾਂ ਬਾਝ ਨਾ...
ਬੀਤੇ ਦਿਨੀਂ ਮੈਗਜ਼ੀਨ 'ਚ ਡਾ: ਬਲਵਿੰਦਰ ਸਿੰਘ ਲੱਖੇਵਾਲੀ ਵੱਲੋਂ ਲਿਖਿਆ ਲੇਖ 'ਬਿਰਖਾਂ ਬਾਝ ਨਾ ਸੋਂਹਦੀ ਧਰਤੀ...' ਪੜ੍ਹਿਆ ਮਨ ਬਾਗੋਬਾਗ ਹੋ ਗਿਆ। ਉਨ੍ਹਾਂ ਨੇ ਰੁੱਖਾਂ ਦੀ ਮਹੱਤਤਾ ਬਾਰੇ ਬਾਖੂਬੀ ਲਿਖਿਆ ਹੈ। ਅੱਜ ਮਨੁੱਖ ਧਰਤੀ ਉਤੇ ਬਹੁਮੰਜ਼ਲੀ ਇਮਾਰਤਾਂ, ਇੱਟਾਂ, ਪੱਥਰਾਂ ਨਾਲ ਬਣਾ ਕੇ, ਖੜ੍ਹੀਆਂ ਕਰਕੇ ਖੁਸ਼ੀ ਮਨਾ ਰਿਹਾ ਹੈ ਪ੍ਰੰਤੂ ਧਰਤੀ ਦਾ ਅਸਲੀ ਸ਼ਿੰਗਾਰ ਤਾਂ ਰੁੱਖ ਹਨ। ਜ਼ਿੰਦਗੀ ਦੀ ਦੌੜ-ਭੱਜ ਵਿਚ ਅਸੀਂ ਕੁਦਰਤ ਦੇ ਇਨ੍ਹਾਂ ਬਹੁਮੁੱਲੇ ਤੋਹਫਿਆਂ ਨੂੰ ਵਿਸਾਰਦੇ ਜਾ ਰਹੇ ਹਾਂ। ਪ੍ਰਸਿੱਧ ਵਿਦਵਾਨ ਸੁਰਜੀਤ ਪਾਤਰ ਦੇ ਬੋਲ ਹਨ 'ਏਹੋ ਹੈ ਮੇਰੀ ਮੈਅਕਸ਼ੀ, ਏਸੇ 'ਚ ਮਸਤ ਹਾਂ, ਪੌਣਾਂ 'ਚੋਂ ਜ਼ਹਿਰ ਪੀ ਰਿਹਾ ਹਾਂ, ਮੈਂ ਦਰੱਖਤ ਹਾਂ।' ਬਰਸਾਤ ਦਾ ਮੌਸਮ ਹੈ ਇਸ ਮੌਸਮ 'ਚ ਹਰੇਕ ਮਨੁੱਖ ਨੂੰ ਇਕ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ। ਉਸ ਦੀ ਸਾਂਭ-ਸੰਭਾਲ ਵੀ ਕਰਨੀ ਚਾਹੀਦੀ ਹੈ। ਇਹੀ ਸਾਡਾ ਸਭ ਦਾ ਫ਼ਰਜ਼ ਹੈ, ਇਹੀ ਸਭ ਤੋਂ ਵੱਡਾ ਪੁੰਨ ਹੈ।


-ਮਾ: ਦੇਵ ਰਾਜ ਖੁੰਡਾ
ਰਾਮ ਸ਼ਰਮਨ ਕਾਲੋਨੀ, ਗੁਰਦਾਸਪੁਰ।

08-09-2017

 ਨਵਾਂ ਉਪਕਰਨ
ਪਿਛਲੇ ਦਿਨੀਂ ਸਰਕਾਰ ਨੇ ਫ਼ੈਸਲਾ ਕੀਤਾ ਸੀ ਕਿ ਝੋਨੇ ਦੀ ਕਟਾਈ ਲਈ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਥਾਂ ਕੁਤਰਾ ਕਰਨ ਲਈ ਮੌਜੂਦਾ ਕੰਬਾਈਨਾਂ ਨਾਲ ਐਸ.ਐਮ.ਐਸ. ਨਾਂਅ ਦਾ ਉਪਕਰਨ ਲਗਾਇਆ ਜਾਵੇ, ਜਿਸ ਉੱਪਰ ਤਕਰੀਬਨ ਡੇਢ ਦੋ ਲੱਖ ਰੁਪਏ ਦਾ ਖਰਚ ਆਉਂਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਉਪਕਰਨ ਪੁਰਾਣੀਆਂ ਕੰਬਾਈਨਾਂ ਨਾਲ ਲਗਾਉਣ ਨਾਲ ਕਿਸਾਨਾਂ ਦਾ ਨੁਕਸਾਨ ਹੋਣਾ ਤੈਅ ਹੈ ਅਤੇ ਇਸ ਨਾਲ ਮਸ਼ੀਨ ਦੀ ਝੋਨਾ ਕੱਟਣ ਦੀ ਸਮਰੱਥਾ ਵੀ ਘਟ ਜਾਵੇਗੀ ਅਤੇ ਕਿਸਾਨਾਂ ਦਾ ਦੋ ਤੋਂ ਢਾਈ ਕੁਇੰਟਲ ਝੋਨੇ ਦਾ ਪ੍ਰਤੀ ਏਕੜ ਨਾਲ ਨੁਕਸਾਨ ਹੋਵੇਗਾ ਅਤੇ ਪੁਰਾਣੀਆਂ ਮਸ਼ੀਨਾਂ ਦੇ ਚੱਲਣ ਵਿਚ ਵੀ ਉਨ੍ਹਾਂ ਨੂੰ ਪ੍ਰੇਸ਼ਾਨੀ ਆਏਗੀ ਅਤੇ ਡੀਜ਼ਲ ਆਦਿ ਦਾ ਖਰਚਾ ਵੀ ਵਧ ਜਾਏਗਾ, ਜਿਸ ਦਾ ਸਿੱਧਾ ਅਸਰ ਕਿਸਾਨਾਂ 'ਤੇ ਪਵੇਗਾ ਜੋ ਕਿ ਆਪਣੇ ਝੋਨੇ ਦੀ ਕਟਾਈ ਕਿਰਾਏ 'ਤੇ ਕਰਾਉਂਦੇ ਹਨ। ਐਨ.ਜੀ.ਟੀ. ਨੇ ਇਥੋਂ ਤੱਕ ਵੀ ਕਿਹਾ ਹੈ ਕਿ ਸਿਰਫ ਪੰਜਾਬ ਦੇ ਕਿਸਾਨਾਂ 'ਤੇ ਹੀ ਇਹ ਉਪਕਰਨ ਲਗਾਉਣ ਦਾ ਕਿਉਂ ਦਬਾਅ ਪਾਇਆ ਜਾ ਰਿਹਾ ਹੈ, ਜਦੋਂ ਕਿ ਹੋਰਾਂ ਸੂਬਿਆਂ ਨੂੰ ਛੋਟ ਦਿੱਤੀ ਗਈ ਹੈ। ਸੋ, ਇਸ ਸਬੰਧੀ ਸਰਕਾਰ ਨੂੰ ਗੰਭੀਰਤਾ ਨਾਲ ਫ਼ੈਸਲਾ ਲੈਣ ਦੀ ਲੋੜ ਹੈ ਕਿ ਜੇਕਰ ਪਰਾਲੀ ਨੂੰ ਸਾੜਨ ਨੂੰ ਪੂਰੀ ਤਰ੍ਹਾਂ ਰੋਕਣ ਲਈ ਝੋਨੇ ਦੀ ਕਟਾਈ ਲਈ ਕੰਬਾਈਨਾਂ ਨਾਲ ਇਹ ਉਪਕਰਨ ਜ਼ਰੂਰੀ ਲਗਾਉਣਾ ਹੈ ਤਾਂ ਕਿਸਾਨਾਂ ਨੂੰ ਇਸ ਦੇ ਖਰਚੇ ਲਈ ਮਾਲੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਸਖ਼ਤ ਕਾਰਵਾਈ ਦੀ ਲੋੜ
ਇਕ ਪਾਸੇ ਡਿਜੀਟਲ ਭਾਰਤ ਦੀ ਗੱਲ ਹੋ ਰਹੀ ਹੈ ਤੇ ਦੂਜੇ ਪਾਸੇ ਇਹੋ ਜਿਹੇ ਹਾਲਾਤ, ਇਵੇਂ ਦੇ ਬਾਬੇ ਤਾਂ ਭਾਰਤ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਹੈ, ਫਿਰ ਲੋਕਾਂ ਲਈ ਤਾਂ ਇਸ ਨੂੰ ਮੁਸ਼ਕਿਲਾਂ ਵਿਚ ਪਾਉਣਾ ਹੀ ਕਿਹਾ ਜਾ ਸਕਦਾ ਹੈ। ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੈ। ਇਕ ਅਖ਼ਬਾਰ ਵਿਚ ਅਨੁਮਾਨ ਲਗਾ ਕੇ ਦੱਸਿਆ ਗਿਆ ਕਿ ਜੋ ਸੇਵਾਵਾਂ ਠੱਪ ਹੋਈਆਂ, ਉਸ ਨਾਲ ਲਗਪਗ ਇਕ ਹਜ਼ਾਰ ਕਰੋੜ ਦਾ ਨੁਕਸਾਨ ਹੋਵੇਗਾ, ਪੰਜ ਸੌ ਕਰੋੜ ਸੈਨਿਕ ਬਲਾਂ ਤੇ ਹੋਰ ਪ੍ਰਬੰਧਾਂ 'ਤੇ ਹੋ ਜਾਏਗਾ। ਇਹ ਸਿਆਸਤ ਦੀ ਦੇਣ ਹੈ, ਚੋਣਾਂ ਵੇਲੇ ਇਨ੍ਹਾਂ ਬਾਬਾ ਗੁਰੂਆਂ ਕੋਲੋਂ ਵੋਟਾਂ ਲੈਣ ਲਈ ਨੇਤਾ ਜਾਂਦੇ ਹਨ। ਫਿਰ ਇਹ ਵੋਟਾਂ ਬਾਬੇ ਦੇ ਕਹਿਣ 'ਤੇ ਭੁਗਤਦੀਆਂ ਵੀ ਹਨ। ਕਿਉਂ ਧਰਮ ਨੂੰ ਸਿਆਸਤ ਨਾਲ ਜੋੜਿਆ ਜਾ ਰਿਹਾ ਹੈ? ਧਰਮ ਗੁਰੂ ਦਾ ਆਪਣਾ ਵੱਖਰਾ ਸਥਾਨ ਹੈ, ਲੋਕਾਂ ਵਿਚ ਉਸ ਪ੍ਰਤੀ ਸ਼ਰਧਾ ਹੁੰਦੀ ਹੈ। ਸਿਆਸਤ ਵਾਸਤੇ ਉਨ੍ਹਾਂ ਦੀ ਸ਼ਰਧਾ ਨੂੰ ਵਰਤਣਾ ਵੀ ਗ਼ਲਤ ਹੈ। ਪੁਲਿਸ ਤੇ ਪ੍ਰਸ਼ਾਸਨ ਨੂੰ ਵੀ ਨੇਤਾਵਾਂ ਵੱਲੋਂ ਆਪਣੀ ਮਰਜ਼ੀ ਨਾਲ ਵਰਤਣਾ, ਸਮੁੱਚੇ ਢਾਂਜੇ ਨੂੰ ਲੰਗੜਾ ਕਰ ਰਿਹਾ ਹੈ। ਹਕੀਕਤ ਹੈ ਪੁਲਿਸ ਤੇ ਪ੍ਰਸ਼ਾਸਨ ਨੂੰ ਪਹਿਲਾਂ ਗ਼ਲਤ ਤਰੀਕੇ ਨਾਲ ਵਰਤਿਆ ਜਾਂਦਾ ਹੈ ਤੇ ਫਿਰ ਉਸ ਨੂੰ ਕੋਸਿਆ ਜਾਂਦਾ ਹੈ। ਬੇਹੱਦ ਅਫ਼ਸੋਸਜਨਕ ਹੈ ਜੋ ਵੀ ਹੋਇਆ। ਮਾਹਰਾਂ, ਬੁੱਧੀਜੀਵੀਆਂ, ਉੱਚ ਅਦਾਲਤ ਅਤੇ ਸਰਬਉੱਚ ਅਦਾਲਤ ਨੂੰ ਇਸ ਉੱਪਰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

-ਪ੍ਰਭਜੋਤ ਕੌਰ ਢਿੱਲੋਂ।

 

07-09-2017

 ਕਿਸਾਨ ਯੂਨੀਅਨ
ਸਾਡੀਆਂ ਕਿਸਾਨ ਯੂਨੀਅਨਾਂ ਕਿਸਾਨਾਂ ਦੇ ਹੱਕ 'ਚ ਧਰਨੇ, ਰੇਲਾਂ ਰੋਕ ਕੇ ਆਦਿ ਆਪਣੀਆਂ ਮੰਗਾਂ ਮੰਨਵਾਉਣ ਦਾ ਯਤਨ ਕਰਦੀਆਂ ਹਨ। ਉਧਰ ਸਰਕਾਰਾਂ ਵੀ ਟੀ.ਵੀ., ਅਖ਼ਬਾਰ, ਰੇਡੀਓ 'ਚ ਸਾਰਾ ਦਿਨ ਕਿਸਾਨਾਂ ਦਾ ਹੀ ਗੁਣਗਾਣ ਕਰਦੀਆਂ ਹਨ ਪਰ ਏਨੀ ਭੱਜ-ਦੌੜ ਕਰਕੇ ਕਿਸਾਨਾਂ ਨੂੰ ਉਨ੍ਹਾਂ ਦੀ ਆਫਤ ਨਾਲ ਨੁਕਸਾਨੀ ਫ਼ਸਲ ਦਾ ਕੋਈ ਪੈਸਾ ਨਹੀਂ ਮਿਲਦਾ। 15-16 ਸਾਲ ਦੀ ਗੱਲ ਹੈ, ਇਕ ਕਿਸਾਨ ਯੂਨੀਅਨ ਦਾ ਵੱਡਾ ਨੇਤਾ ਪੰਜਾਬ 'ਚੋਂ ਲਗਪਗ 5000 ਕਿਸਾਨ ਇਕੱਠੇ ਕਰਕੇ ਦਿੱਲੀ ਲੈ ਗਿਆ। ਉਹ ਲੀਡਰ 4-5 ਆਪਣੇ ਖ਼ਾਸ ਬੰਦੇ ਲੈ ਕੇ ਰਾਸ਼ਟਰਪਤੀ ਪਤਾ ਨਹੀਂ ਪ੍ਰਧਾਨ ਮੰਤਰੀ ਕੋਲ ਗਿਆ ਫਿਰ 8-10 ਘੰਟੇ ਬਾਅਦ ਆ ਕੇ ਕਹਿੰਦਾ ਕਿਸਾਨ ਭਰਾਵੋ, ਤੁਹਾਨੂੰ ਵਧਾਈਆਂ ਕਿਉਂਕਿ ਮੈਨੂੰ ਸਰਕਾਰ ਨੇ ਰਾਜ ਸਭਾ ਦਾ ਮੈਂਬਰ ਨਿਯੁਕਤ ਕਰ ਦਿੱਤਾ ਹੈ। ਭੋਲੇ ਕਿਸਾਨਾਂ ਨੇ ਤਾੜੀਆਂ ਜੈਕਾਰੇ ਛੱਡ ਤੇ ਪਿੰਡ ਨੂੰ ਮੁੜ ਪਏ। ਕਿਸੇ ਨੇ ਨਹੀਂ ਪੁੱਛਿਆ ਕਿ ਕੀ ਕਰਨ ਆਏ ਸੀ ਤੇ ਕੀ ਕਰਕੇ ਚੱਲੇ ਹਾਂ। ਕਿਸਾਨਾਂ ਨੂੰ ਇਹ ਕਿਉਂ ਨਹੀਂ ਪਤਾ ਲਗਦਾ ਕਿ ਕੁੱਤੀ ਚੋਰ ਨਾਲ ਰਲੀ ਹੋਈ ਹੈ। ਨਹੀਂ, ਕਦੇ ਤਾਂ ਕੁਝ ਪੱਲੇ ਪਵੇ।


-ਮੱਘਰ ਸਿੰਘ
ਪਿੰਡ ਦੰਦਰਾਲਾ ਖਰੋਡ, ਪਟਿਆਲਾ।


ਮਨੁੱਖੀ ਤਸਕਰੀ
ਮਨੁੱਖੀ ਤਸਕਰੀ ਵਿਚ ਛੋਟੀ ਉਮਰ ਦੇ ਬੱਚੇ ਜ਼ਿਆਦਾ ਸ਼ਿਕਾਰ ਬਣ ਰਹੇ ਹਨ। ਲੜਕੀਆਂ ਨੂੰ ਗਾਇਬ ਕਰਨ ਤੋਂ ਬਾਅਦ ਉਨ੍ਹਾਂ ਨੂੰ ਦੇਹ ਵਪਾਰ ਦੇ ਧੰਦੇ ਵਾਲੇ ਕੋਠਿਆਂ 'ਤੇ ਪਹੁੰਚਾ ਦਿੱਤਾ ਜਾਂਦਾ ਹੈ, ਜਿਥੇ ਬੱਚੇ ਦੀ ਵੱਡੀ ਕੀਮਤ ਵਸੂਲ ਕੀਤੀ ਜਾਂਦੀ ਹੈ। ਪੈਸੇ ਦਾ ਲਾਲਚ ਪਤਾ ਨਹੀਂ ਕਦੋਂ ਮਨੁੱਖ ਅੰਦਰ ਸ਼ੈਤਾਨ ਜਗ੍ਹਾ ਦੇਵੇ ਅਤੇ ਉਹ ਕਿਸੇ ਮਾਸੂਮ ਨੂੰ ਆਪਣਾ ਨਿਸ਼ਾਨਾ ਬਣਾ ਲਵੇ। ਬੱਚਿਆਂ ਦਾ ਗੁਆਚਣਾ ਜਿਸ ਤਰ੍ਹਾਂ ਵਧ ਰਿਹਾ ਹੈ, ਇਹ ਬਹੁਤ ਚਿੰਤਾਜਨਕ ਗੱਲ ਹੈ, ਕਿਉਂਕਿ ਅਗਵਾ ਕਰਕੇ ਬੱਚਿਆਂ ਦੇ ਮਾਂ-ਬਾਪ ਤੋਂ ਫਿਰੌਤੀ ਵਸੂਲਣੀ, ਬੱਚਿਆਂ ਦੇ ਗੁਰਦੇ, ਲੀਵਰ, ਅੱਖਾਂ ਅਤੇ ਹੋਰ ਅੰਗ ਕੱਢ ਕੇ ਵੇਚ ਦੇਣੇ ਜਾਂ ਹੋਰ ਖ਼ਤਰਨਾਕ ਕੰਮਾਂ ਵਿਚ ਲਾ ਦੇਣਾ। ਇਸ ਕਰਕੇ ਮਾਸੂਮ ਬੱਚਿਆਂ ਨੂੰ ਅਪਰਾਧੀਆਂ ਤੋਂ ਬਚਾ ਕੇ ਰੱਖਣ ਲਈ ਮਾਂ-ਬਾਪ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਇਸ ਦੇ ਨਾਲ ਬੱਚਿਆਂ ਨੂੰ ਇਹ ਵੀ ਦੱਸਦੇ ਰਹਿਣਾ ਚਾਹੀਦਾ ਹੈ ਕਿ ਉਹ ਕਿਸੇ ਅਣਜਾਣ ਵਿਅਕਤੀ ਦੇ ਨਾਲ ਇੱਧਰ-ਉੱਧਰ ਜਾਣ ਤੋਂ ਇਨਕਾਰ ਕਰਨ।


-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।


ਇਕ ਫ਼ੌਜੀ ਦਾ ਸੁਨੇਹਾ
ਇਹ ਸੁਨੇਹਾ ਇਕ ਫ਼ੌਜੀ ਜਵਾਨ ਰਾਤ ਸਮੇਂ ਆਪਣੇ ਦੇਸ਼ ਵਾਸੀਆਂ ਨੂੰ ਦਿੰਦਾ ਹੈ ਤਾਂ ਜਵਾਨਾਂ ਪ੍ਰਤੀ ਮਾਣ ਮਹਿਸੂਸ ਹੁੰਦਾ ਹੈ। ਇਸ ਸੁਨੇਹੇ ਦਾ ਅੰਤਰੀਵ ਭਾਵ ਇਹ ਹੈ ਕਿ ਅਸੀਂ ਆਪਣੇ ਦੇਸ਼ ਅੰਦਰ ਬੇਫ਼ਿਕਰ ਹੋ ਕੇ ਸਿਰਫ ਆਪਣੇ ਫ਼ੌਜੀ ਜਵਾਨਾਂ ਕਰਕੇ ਹੀ ਸੌਂਦੇ ਹਾਂ। ਸਾਡਾ ਗੁਆਂਢ ਚੰਦਰਾ ਹੈ, ਇਸੇ ਲਈ ਸਾਡਾ ਜਵਾਨ ਸਾਡੀ ਖ਼ੈਰੀਅਤ ਮੰਗਦਾ ਹੋਇਆ ਬੰਦੂਕ ਦੀ ਨੋਕ ਦੁਸ਼ਮਣ ਵੱਲ ਕਰਕੇ ਰਾਤਾਂ ਝਾਕਦਾ ਹੈ। ਫ਼ੌਜੀ ਦੀ ਦੇਸ਼-ਭਗਤੀ, ਇਮਾਨਦਾਰੀ, ਸਮੇਂ ਦੀ ਪਾਬੰਦੀ ਅਤੇ ਦੇਸ਼ ਦੇ ਦੁਸ਼ਮਣ ਨੂੰ ਜਵਾਬ ਦੇਣਾ ਹੀ ਮਾਣ-ਮੱਤਾ ਸੁਨੇਹਾ ਹੈ। ਸਾਡਾ ਅਮੀਰ ਸੱਭਿਆਚਾਰ, ਸੱਭਿਅਤਾ, ਰਿਵਾਜ਼ ਅਤੇ ਚਾਅ ਮਲਾਰ ਮਾਨਣ ਲਈ ਸਾਡੇ ਸਰਹੱਦੀ ਰੱਖਵਾਲਿਆਂ ਦਾ ਸਾਡੇ ਲਈ ਵੱਡਾ ਯੋਗਦਾਨ ਹੈ। ਉਹ ਵਤਨ ਵਾਸੀਆਂ ਨੂੰ ਸ਼ੁੱਭ ਰਾਤਰੀ ਆਖ ਕੇ ਆਪਣੀ ਨਜ਼ਰ ਅਤੇ ਨੋਕ ਦੁਸ਼ਮਣ ਵੱਲ ਕਰ ਲੈਂਦਾ ਹੈ। ਸਿੱਜਦਾ ਹੈ, ਫ਼ੌਜੀ ਜਵਾਨ ਨੂੰ ਜਿਨ੍ਹਾਂ 'ਤੇ ਭਾਰਤ ਮਾਤਾ ਨੂੰ ਮਾਣ ਹੈ ਅਤੇ ਵਤਨ ਵਾਸੀਆਂ ਨੂੰ ਆਪਣੇ ਫ਼ੌਜੀ ਵੀਰ 'ਤੇ ਸਵੈਮਾਣ ਹੈ। ਜੈ ਜਵਾਨ!


-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।


ਬਾਬਿਆਂ ਤੋਂ ਬਚੋ
ਮੇਰੀ ਬੜੀ ਨਿਮਰ ਸਲਾਹ ਹੈ ਉਨ੍ਹਾਂ ਲੋਕਾਂ ਨੂੰ ਜਿਹੜੇ ਡੇਰਿਆਂ ਵਿਚ ਖੱਜਲ-ਖੁਆਰ ਹੁੰਦੇ ਹਨ। ਜਿਹੜਾ ਵਿਸ਼ਵਾਸ ਲੈ ਕੇ ਲੋਕ ਡੇਰਿਆਂ ਨੂੰ ਭੱਜਦੇ ਹਨ, ਉਸੇ ਵਿਸ਼ਵਾਸ ਨਾਲ ਆਪਣੇ ਘਰ ਦੀ ਚਾਰਦੀਵਾਰੀ ਦਾ ਨਿਰਮਾਣ ਕਰਨ। ਕਿਸੇ ਦੇਹਧਾਰੀ ਦੀ ਚਾਕਰੀ ਲਈ ਜੋ ਸ਼ਰਧਾ ਰੱਖਦੇ ਹਨ, ਉਹੀ ਸ਼ਰਧਾ ਦੀ ਪੱਖੀ ਆਪਣੇ ਘਰ ਦੇ ਜੀਆਂ ਦੀ ਖੁਸ਼ੀ ਲਈ ਝੱਲਣ। ਸੇਵਾ ਭਾਵਨਾ ਦੀ ਪੂਰਤੀ ਲਈ ਆਪਣੇ ਬਜ਼ੁਰਗਾਂ ਨੂੰ ਚੁਣਨ, ਬੱਚਿਆਂ ਦੇ ਭਵਿੱਖ ਨੂੰ ਉੱਦਮ ਦੇ ਲੜ ਲਾਉਣ। ਪਿਆਰ ਦੇ ਭਾਵਾਂ ਦੀ ਅਗਰਬੱਤੀ ਘਰ ਵਿਚ ਜਲਾਉਣ, ਘਰ ਦਾ ਵਾਤਾਵਰਨ ਪਵਿੱਤਰ ਹੋ ਜਾਵੇਗਾ। ਹਰ ਮਨੁੱਖ ਆਪਣੇ ਚੌਗਿਰਦੇ ਤੇ ਘਰ ਦੇ ਵਿਹੜੇ ਵਿਚ ਵਫ਼ਾਦਾਰੀ ਤੇ ਮੁਹੱਬਤੀ ਬੂਟੇ ਲਾਵੇ ਤਾਂ ਆਲੇ-ਦੁਆਲੇ ਵਾਹਿਗੁਰੂ ਦੀ ਮਿਹਰ ਨਾਲ ਖੁਸ਼ੀਆਂ ਦੀ ਮਹਿਕ ਆਵੇਗੀ।


-ਪੁਨਰਦੀਪ ਕੌਰ ਜੌਹਲ
ਆਸਟਰੇਲੀਆ।

06-09-2017

 ਹਾਮਿਦ ਅੰਸਾਰੀ ਦੀ ਵਿਚਾਰਧਾਰਾ

ਹਮਦਰਦ ਜੀ ਨੇ ਆਪਣੀ ਸੰਪਾਦਕੀ ਵਿਚ ਸ੍ਰੀ ਹਾਮਿਦ ਅੰਸਾਰੀ ਦੇ ਬਿਆਨ ਦੀ ਵਿਆਖਿਆ ਕਰਦਿਆਂ ਕਈ ਪੱਖਾਂ 'ਤੇ ਰੌਸ਼ਨੀ ਪਾਈ ਹੈ। ਅੰਸਾਰੀ ਜੀ ਨੇ ਆਪਣੀ ਭਾਵਨਾ ਪ੍ਰਗਟ ਕਰਦਿਆਂ ਬਿਆਨ ਕੀਤਾ ਹੈ ਕਿ ਭਾਰਤ ਵਿਚ ਘੱਟ-ਗਿਣਤੀਆਂ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਡੰਗਰਾਂ ਦੀ ਖ਼ਰੀਦੋ ਫ਼ਰੋਖ਼ਤ ਅਤੇ ਗਊ ਮਾਸ ਦੀ ਆੜ ਵਿਚ ਬੇਸ਼ੱਕ ਅਫ਼ਵਾਹ ਹੀ ਹੋਵੇ, ਕਿੰਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਕੁੱਟਮਾਰ ਤੇ ਕਤਲ ਹੋਏ ਹਨ। ਗੁਜਰਾਤ ਦੰਗਿਆਂ ਵਿਚ ਬਹੁਗਿਣਤੀ ਬੇਕਸੂਰ ਮੁਸਲਮਾਨ ਕਤਲ ਗੀਤੇ ਗਏ ਤੇ ਸਾੜਫੂਕ ਹੋਈ। ਕੀ ਉਹ ਭਾਰਤ ਦੇ ਨਾਗਰਿਕ ਨਹੀਂ ਸਨ? ਘੱਟ-ਗਿਣਤੀ ਸਿੱਖ ਆਜ਼ਾਦੀ ਪ੍ਰਾਪਤੀ ਵਿਚ 80 ਫ਼ੀਸਦੀ ਹਿੱਸਾ ਪਾਉਣ ਵਾਲਿਆਂ ਨੂੰ ਭਾਰਤ ਆਜ਼ਾਦ ਹੁੰਦਿਆਂ ਹੀ ਜਰਾਇਮ ਪੇਸ਼ਾ ਕਰਾਰ ਦੇ ਦਿੱਤਾ ਗਿਆ ਸੀ। ਨਵੰਬਰ 1984 ਵਿਚ ਸਿੱਖਾਂ ਦਾ ਕਤਲੇਆਮ ਸਭ ਦੁਨੀਆ ਜਾਣਦੀ ਹੈ। ਇਹ ਸਭ ਘੋਰ ਅਪਰਾਧ ਕਰਾਉਣ ਵਾਲੇ ਕੌਣ ਸਨ? ਫਿਰ ਘੱਟ-ਗਿਣਤੀਆਂ ਨੂੰ ਸੁਰੱਖਿਅਤ ਕਿਵੇਂ ਕਹਿ ਸਕਦੇ ਹਾਂ।

-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ।

ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ

ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਅਤੇ ਹਰਜਿੰਦਰ ਸਿੰਘ ਲਾਲ ਦੇ ਲੇਖ ਨੇ ਸਾਫ਼ ਤਸਵੀਰ ਪੇਸ਼ ਕੀਤੀ ਹੈ। ਲੱਗਦਾ ਹੈ ਕਿ ਉੱਤਰ-ਪੂਰਬੀ ਅਤੇ ਪਹਾੜੀ ਰਾਜਾਂ ਦੇ ਉਦਯੋਗਾਂ ਲਈ ਦੋ ਦਹਾਕਿਆਂ ਤੋਂ ਲਾਗੂ ਟੈਕਸ ਰਿਆਇਤਾਂ ਦਾ ਕੇਂਦਰ ਵਲੋਂ ਸੰਨ 2027 ਤੱਕ ਲਈ ਐਲਾਨਿਆ ਵਾਧਾ ਸਿਆਸੀ ਮੰਤਵ ਦਾ ਹਿੱਸਾ ਹੈ। ਕਿਉਂਕਿ ਹਿਮਾਚਲ ਪ੍ਰਦੇਸ਼, ਮੇਘਾਲਿਆ, ਨਾਗਾਲੈਂਡ, ਤ੍ਰਿਪੁਰਾ ਅਤੇ ਮਿਜ਼ੋਰਮ ਸੰਨ 2018 ਵਿਚ ਅਤੇ ਸਿੱਕਮ ਤੇ ਅਰੁਣਾਚਲ ਪ੍ਰਦੇਸ਼ ਵੀ ਪੌਣੇ ਦੋ ਕੁ ਸਾਲ ਵਿਚ ਚੋਣ ਮੇਲਾ ਲਾਉਣ ਜਾ ਰਹੇ ਹਨ। ਜੀ.ਐਸ.ਟੀ. ਕੁੰਡੇ ਦੇ ਅੜਿੱਕੇ ਨੂੰ ਟੈਕਸ ਛੋਟ ਰਿਫੰਡ ਅਧੀਨ ਸੁਲਝਾ ਲਿਆ ਜਾਣਾ ਹੈ। ਪੰਜਾਬ ਦੇ ਉਦਯੋਗਿਕ ਅਦਾਰੇ ਵੀ ਟੈਕਸ ਛੋਟਾਂ ਵਾਲੇ ਰਾਜਾਂ ਵੱਲ ਰੁਖ਼ ਕਰਨਗੇ। ਪਹਿਲਾਂ ਵੀ ਪੰਜਾਬ ਦੇ ਉਦਯੋਗ ਨੂੰ ਮਾਰ ਪੈਂਦੀ ਆ ਰਹੀ ਹੈ ਅਤੇ ਇਥੋਂ ਤੱਕ ਕਿ ਸੰਤਾਪ ਦੇ ਸ਼ਿਕਾਰ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਤੇ ਕੰਢੀ ਖੇਤਰਾਂ ਨੂੰ ਐਸੀਆਂ ਰਿਆਇਤਾਂ ਤੋਂ ਵਾਂਝਾ ਰੱਖਿਆ ਗਿਆ ਹੈ। ਪੰਜਾਬ ਨੂੰ ਬਚਾਉਣ ਲਈ ਇਹ ਸੰਘਰਸ਼ ਕਿਸੇ ਇਕ ਕੌਮ ਨਾਲ ਜਾਂ ਇਕ ਧਰਮ ਨਾਲ ਜੁੜ ਜਾਂਦਾ ਹੈ ਅਤੇ ਆਰਥਿਕ ਮੁੱਦਾ ਗੁਆਚ ਜਾਂਦਾ ਹੈ। ਵਧੀਕੀਆਂ ਤੇ ਦੁਸ਼ਵਾਰੀਆਂ ਹੱਥੋਂ ਗਰਮਾਏ ਲਹੂ ਪੰਜਾਬ ਲਈ ਕੋਈ ਵੀ ਲਾਹਾ ਪ੍ਰਾਪਤ ਨਹੀਂ ਕਰ ਸਕੇ ਹਨ। ਨੌਜਵਾਨੋਂ ਜਿਸਮਾਨੀ ਲੜਾਈ ਲਈ ਬਿਲਕੁਲ ਨਾ ਸੋਚਿਉ। ਸਿਰ ਦੇਣ ਦੀ ਥਾਂ ਸਿਰਾਂ ਨਾਲ ਸੋਚ ਕੇ ਸਰਦਾਰੀਆਂ ਕਾਇਮ ਕਰਿਉ। ਸੰਜਮ ਤੇ ਸਿਆਣਪ ਨਾਲ ਹੱਕ ਲੈਣ ਦੀ ਜੁਗਤ ਲੱਭੋ ਤੇ ਜੁਗ ਜੁਗ ਜੀਓ।

-ਕੁਲਵੰਤ ਕੌਰ
ਆਫ਼ਿਸ ਮੈਨੇਜਮੈਂਟ ਐਂਡ ਸੈਕ੍ਰੇਟੇਰੀਅਲ ਪ੍ਰੈਕਟਿਸ ਵਿਭਾਗ
ਗੁਰੂ ਨਾਨਕ ਖ਼ਾਲਸਾ ਕਾਲਜ, ਡਰੋਲੀ ਕਲਾਂ, ਜਲੰਧਰ।

ਕਿਸਾਨਾਂ ਦੀ ਲੁੱਟ

ਵਿਸ਼ਵ ਪੱਧਰ 'ਤੇ ਡੀਜ਼ਲ 106 ਡਾਲਰ ਪ੍ਰਤੀ ਬੈਰਲ ਤੋਂ ਘਟ ਕੇ 45.64 ਡਾਲਰ ਪ੍ਰਤੀ ਬੈਰਲ ਰਹਿ ਗਿਆ ਹੈ। ਡੀ.ਏ.ਪੀ. 650 ਡਾਲਰ ਟਨ ਤੋਂ ਘਟ ਕੇ 370 ਡਾਲਰ ਰਹਿ ਗਈ, ਅਮੋਨੀਆ, ਸਲਫਰ, ਯੂਰੀਆ ਆਦਿ ਦੇ ਭਾਅ ਵਿਚ ਵਿਸ਼ਵ ਮੰਡੀ ਵਿਚ ਭਾਰੀ ਗਿਰਾਵਟ ਆਈ ਪਰ ਭਾਰਤ ਸਰਕਾਰ ਨੇ ਇਸ ਘਟੇ ਭਾਅ ਦਾ ਕਿਸਾਨਾਂ ਨੂੰ ਕੋਈ ਫ਼ਾਇਦਾ ਨਹੀਂ ਹੋਣ ਦਿੱਤਾ। ਉਲਟਾ ਖਾਦ ਉੱਤੇ ਸਬਸਿਡੀ 2012-13 'ਚ 70000 ਕਰੋੜ ਰੁਪਏ ਸੀ, ਹੁਣ ਨਾਨ ਯੂਰੀਆ ਖਾਦਾਂ ਉੱਤੇ 36088 ਕਰੋੜ ਤੋਂ ਘਟਾ ਕੇ 2016-17 ਵਿਚ 19000 ਕਰੋੜ ਰੁਪਏ ਰਹਿ ਗਈ ਹੈ, ਜਦੋਂ ਕਿ ਯੂਰੀਆ ਖਾਦ ਉੱਤੇ ਜੋ ਸਬਸਿਡੀ 33924 ਕਰੋੜ ਰੁਪਏ ਵਧ ਕੇ 51000 ਕਰੋੜ ਹੋ ਗਈ ਹੈ। ਖਾਦਾਂ ਦੀਆਂ ਕੀਮਤਾਂ ਨੂੰ ਜੀ.ਐਸ.ਟੀ. ਤੋਂ ਪਹਿਲਾਂ ਸਥਿਰ ਰੱਖਿਆ ਪਰ ਵਿਸ਼ਵ ਮੰਡੀ ਤੋਂ ਸਸਤੇ ਭਾਅ ਖ਼ਰੀਦ ਕੇ ਉਨ੍ਹਾਂ ਉੱਤੇ ਦਿੱਤੀ ਜਾਣ ਵਾਲੀ ਸਬਸਿਡੀ ਬਚਾਅ ਕੇ ਆਪਣਾ ਖਜ਼ਾਨਾ ਭਰ ਲਿਆ। ਜਿਥੇ ਕਿਸਾਨਾਂ ਨੂੰ ਸਰਕਾਰੀ ਮਦਦ ਦੀ ਸਖ਼ਤ ਲੋੜ ਹੈ ਸਰਕਾਰ ਉਨ੍ਹਾਂ ਨੂੰ ਲੁੱਟ ਕੇ ਧਨਾਢਾਂ ਦੇ ਘਰ ਭਰ ਰਹੀ ਹੈ। ਕਿਸਾਨਾਂ ਦੇ ਮਸੀਹਾ ਅਖਵਾਉਣ ਵਾਲੇ ਕਿਸੇ ਵੀ ਵਿਅਕਤੀ ਨੇ ਇਹ ਮੁੱਦਾ ਨਹੀਂ ਉਠਾਇਆ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

05-09-2017

 ਅਧਿਆਪਕ ਦਾ ਸਨਮਾਨ

ਭਾਰਤ ਇਕ ਬਹੁਤ ਜ਼ਿਆਦਾ ਗੁਰੂ ਅਰਾਧਨਾ ਵਾਲਾ ਦੇਸ਼ ਹੈ। ਪੁਰਾਣੇ ਸਮੇਂ ਵਿਚ ਵਿਦਿਆਰਥੀ ਗੁਰੂਕੁਲ ਵਿਚ ਪੜ੍ਹਨ ਜਾਇਆ ਕਰਦੇ ਸਨ ਅਤੇ ਆਪਣੇ ਗੁਰੂ ਭਾਵ ਅਧਿਆਪਕ ਦੇ ਹੁਕਮ ਦੀ ਪਾਲਣਾ ਕਰਨਾ ਆਪਣਾ ਫਰਜ਼ ਸਮਝਦੇ ਸਨ। ਇਸ ਦੀ ਇਕ ਮਿਸਾਲ ਇਹ ਹੈ ਕਿ ਇਕਲਵਿਆ ਦਾ ਆਪਣਾ ਅੰਗੂਠਾ ਗੁਰੂ-ਦਖਸ਼ਣਾ ਦੇ ਰੂਪ ਵਿਚ ਆਪਣੇ ਗੁਰੂ ਦਰੋਣਾਚਾਰੀਆ ਨੂੰ ਭੇਟ ਕਰਨਾ ਅਤੇ ਇਸ ਤਰ੍ਹਾਂ ਦੀਆਂ ਅਨੇਕਾਂ ਮਿਸਾਲਾਂ ਨਾਲ ਇਤਿਹਾਸ ਭਰਿਆ ਪਿਆ ਹੈ। ਪੂਰੇ ਭਾਰਤ ਵਿਚ 5 ਸਤੰਬਰ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਦੀ ਮਹੱਤਤਾ ਇਸ ਕਰਕੇ ਵੀ ਹੈ ਕਿਉਂਕਿ ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ ਅਤੇ ਦੂਸਰੇ ਰਾਸ਼ਟਰਪਤੀ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਦਾ ਜਨਮ ਦਿਨ ਹੁੰਦਾ ਹੈ ਅਤੇ ਉਹ ਵੀ ਇਕ ਅਧਿਆਪਕ ਸਨ। ਉਨ੍ਹਾਂ ਆਪਣੇ ਉੱਚ ਅਹੁਦਿਆਂ 'ਤੇ ਰਹਿੰਦੇ ਹੋਏ ਬਹੁਤ ਸਾਰੇ ਮਾਨਵ ਭਲਾਈ ਦੇ ਕਾਰਜ ਕੀਤੇ ਅਤੇ ਭਾਰਤ ਅੰਦਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਿਚ ਅਹਿਮ ਰੋਲ ਅਦਾ ਕੀਤਾ। ਆਓ! ਆਪਾਂ ਸਾਰੇ ਮਿਲ ਕੇ ਅਧਿਆਪਕ ਦਿਵਸ ਦੇ ਮੌਕੇ 'ਤੇ ਸਮਾਜ ਵਿਚਲੇ ਅਧਿਆਪਕਾਂ ਨੂੰ ਬਣਦਾ ਸਤਿਕਾਰ ਦੇਈਏ ਕਿਉਂਕਿ ਅਧਿਆਪਕ ਹੀ ਰਾਸ਼ਟਰ ਦਾ ਨਿਰਮਾਣ ਕਰਦੇ ਹਨ।

-ਬਲਜੀਤ ਕੌਰ 'ਜੱਸੀ'
ਕੇ.ਐਮ.ਵੀ. ਕਾਲਜ, ਜਲੰਧਰ।

ਕੇਂਦਰੀ ਸਿਹਤ ਮੰਤਰਾਲੇ ਦੇ ਧਿਆਨ ਹਿਤ

ਅਸੀਂ ਚਿੰਤਪੁਰਨੀ ਮੈਡੀਕਲ ਕਾਲਜ, ਬੁੰਗਾਲ, ਪਠਾਨਕੋਟ ਦੇ ਐਮ.ਬੀ.ਬੀ.ਐਸ. ਦੇ ਪਹਿਲੇ ਅਤੇ ਤੀਜੇ ਸਾਲ ਦੇ ਵਿਦਿਆਰਥੀ ਤੁਹਾਨੂੰ ਪੱਤਰ ਲਿਖ ਰਹੇ ਹਾਂ।ਸਾਡਾ ਮੈਡੀਕਲ ਕਾਲਜ, ਜੋ ਕਿ 2011 ਵਿਚ ਖੁੱਲ੍ਹਿਆ ਸੀ, ਅਜੇ ਵੀ ਐਮ.ਸੀ.ਆਈ. (ਮੈਡੀਕਲ ਕੌਂਸਲ ਆਫ ਇੰਡੀਆ) ਤੋਂ ਮਾਨਤਾ ਪ੍ਰਾਪਤ ਨਹੀਂ ਕਰ ਸਕਿਆ। ਇਸੇ ਹੀ ਕਾਲਜ ਦੇ ਵਿਦਿਆਰਥੀਆਂ ਦਾ ਪਹਿਲਾ ਬੈਚ (ਸਾਡਾ ਸੀਨੀਅਰ ਬੈਚ) ਅਜੇ ਤੱਕ ਐਮ.ਸੀ.ਆਈ. ਤੋਂ ਮਾਨਤਾ ਦੀ ਉਡੀਕ ਕਰ ਰਿਹਾ ਹੈ। ਭਾਰਤ ਸਰਕਾਰ ਅਤੇ ਸਿਹਤ ਮੰਤਰਾਲੇ ਤੇ ਡੀ.ਈ.ਐਲ.ਐਚ.ਆਈ. ਨੂੰ ਬੇਨਤੀ ਹੈ ਕਿ ਸਾਡੀ ਐਮ.ਬੀ.ਬੀ.ਐਸ. ਦੀ ਡਿਗਰੀ ਦੀ ਐਮ.ਸੀ.ਆਈ. ਤੋਂ ਮਾਨਤਾ ਦਿਵਾਉਣ ਵਿਚ ਮਦਦ ਕਰਨ, ਤਾਂ ਜੋ ਅਸੀਂ ਆਪਣੀ ਡਿਗਰੀ ਵਕਤ ਸਿਰ ਪ੍ਰਾਪਤ ਕਰਕੇ ਭਾਰਤ ਦੇ ਗ਼ਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰ ਸਕੀਏ।

ਆਪ ਜੀ ਦੇ ਸ਼ੁੱਭਚਿੰਤਕ
ਚਿੰਤਪੁਰਨੀ ਮੈਡੀਕਲ ਕਾਲਜ ਦੇ ਵਿਦਿਆਰਥੀ।

ਸੁਪਨੇ ਵੇਚਣ ਵਾਲੇ

ਪਿਛਲੇ ਦਿਨੀਂ ਨੌਜਵਾਨ ਲੇਖਕ ਸਵਰਨ ਸਿੰਘ ਟਹਿਣਾ ਦਾ ਸੰਪਾਦਕੀ ਸਫ਼ੇ 'ਤੇ 'ਜੱਟਾਂ ਦੇ ਸੁਪਨੇ ਵੇਚਣ ਵਾਲੇ ਕਲਾਕਾਰਾਂ ਦੀ ਸੋਚ ਨੂੰ ਵੰਗਾਰਦੇ ਗੀਤ' ਸਿਰਲੇਖ ਅਧੀਨ ਲੇਖ ਪੜ੍ਹਿਆ, ਜੋ ਬਹੁਤ ਚੰਗਾ ਲੱਗਾ। ਸੱਭਿਆਚਾਰ ਦੇ ਅਖ਼ੌਤੀ ਰਾਖੇ ਜਾਂ ਸੇਵਾ ਦੇ ਨਾਂਅ 'ਤੇ ਫੋਕੀ ਸ਼ੁਹਰਤ ਖੱਟਣ ਲਈ ਗਾਇਕ ਅਤੇ ਗੀਤਕਾਰਾਂ ਨੇ ਕਿਸਾਨ ਦੀ ਅਸਲ ਜ਼ਿੰਦਗੀ ਤੋਂ ਕਿਤੇ ਦੂਰ ਦੀਆਂ ਗੱਲਾਂ ਕਰਕੇ ਕਿਸਾਨਾਂ ਦੇ ਅਸਲ ਦਰਦ ਨੂੰ ਅੱਖੋਂ ਪਰੋਖੇ ਕੀਤਾ ਹੈ। ਲੇਖਕ ਨੇ ਕੁਝ ਗੀਤਾਂ ਦੀਆਂ ਉਦਾਹਰਨਾਂ ਦੇ ਕੇ ਮੌਜੂਦਾ ਗੀਤਕਾਰ ਅਤੇ ਗਾਇਕਾਂ 'ਤੇ ਕਰਾਰੀ ਚੋਟ ਕੀਤੀ ਹੈ ਜੋ ਅਸਲੀਅਤ ਨੂੰ ਛੁਪਾ ਕੇ ਕਿਸਾਨ ਖ਼ਾਸਕਰ ਨੌਜਵਾਨਾਂ ਨੂੰ ਕੁਰਾਹੇ ਪਾਉਣ 'ਤੇ ਲੱਗੇ ਹੋਏ ਹਨ।

-ਸਤਨਾਮ ਸਿੰਘ ਮੱਟੂ

04-09-2017

 ਪੱਤਰਕੀਟਨਾਸ਼ਕਾਂ ਦੀ ਵਰਤੋਂ
ਭਾਰਤ ਦੇ ਕੁਲ ਖੇਤੀਬਾੜੀ ਅਧੀਨ ਰਕਬੇ ਵਿਚ ਪੰਜਾਬ ਦਾ ਰਕਬਾ ਕਰੀਬ 2 ਫੀਸਦੀ ਬਣਦਾ ਹੈ ਪਰ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਦੇ ਮਾਮਲੇ ਵਿਚ ਪੰਜਾਬ 'ਚ ਵਰਤੀਆਂ ਜਾਣ ਵਾਲੀਆਂ ਕੀਟਨਾਸ਼ਕ ਦਵਾਈਆਂ ਕੁੱਲ ਭਾਰਤ ਵਿਚ ਵਰਤੀਆਂ ਜਾਣ ਵਾਲੀਆਂ ਕੀਟਨਾਸ਼ਕ ਦਵਾਈਆਂ ਦਾ 15 ਤੋਂ 18 ਫੀਸਦੀ ਹਿੱਸਾ ਬਣਦੀਆਂ ਹਨ। ਕਿਸਾਨ ਇਸ ਗੱਲ ਤੋਂ ਅਣਜਾਣ ਹਨ ਕਿ ਇਨ੍ਹਾਂ ਜ਼ਹਿਰੀਲੀਆਂ ਦਵਾਈਆਂ ਦੇ ਅੰਸ਼ ਕੁਝ ਨਾ ਕੁਝ ਮਾਤਰਾ 'ਚ ਖਾਣ ਵਾਲੀਆਂ ਵਸਤਾਂ ਜ਼ਰੀਏ ਮਨੁੱਖੀ ਸਰੀਰ ਵਿਚ ਪ੍ਰਵੇਸ਼ ਕਰਕੇ ਹਰ ਮਨੁੱਖ ਲਈ ਕੈਂਸਰ ਦੀ ਸੌਗਾਤ ਵੰਡਣ ਦਾ ਜ਼ਰੀਆ ਵੀ ਬਣ ਰਹੇ ਹਨ। ਕਈ ਕੀਟਨਾਸ਼ਕ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦਾ ਇਕੋ-ਇਕ ਮਕਸਦ ਆਪਣੇ ਉਤਪਾਦਾਂ ਦੀ ਵੱਧ ਤੋਂ ਵੱਧ ਵਿਕਰੀ ਕਰਨਾ ਹੈ। ਸਰਕਾਰ ਅਤੇ ਖੇਤੀਬਾੜੀ ਮਹਿਕਮੇ ਨੂੰ ਕੀਟਨਾਸ਼ਕ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ ਨੂੰ ਘੱਟ ਕਰਨ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਕਿਸਾਨ ਭਰਾਵਾਂ ਨੂੰ ਵੀ ਇਨ੍ਹਾਂ ਦੀ ਵਰਤੋਂ ਘੱਟ ਤੋਂ ਘੱਟ ਮਾਤਰਾ ਵਿਚ ਕਰਨੀ ਚਾਹੀਦੀ ਹੈ।


-ਸਰਵਣ ਸਿੰਘ ਭੰਗਲਾਂ,
ਸਮਰਾਲਾ।


ਭਾਈਚਾਰਕ ਸਾਂਝ
ਪਿਛਲੇ ਦਿਨੀਂ 'ਲੋਕ ਮੰਚ' ਸਫ਼ੇ 'ਤੇ ਮਾਣਯੋਗ ਲੇਖਕ ਲੱਖਾ ਸਹਿਜਪਾਲ ਦੌਧਰ ਦਾ ਲੇਖ 'ਘਟ ਰਹੀ ਭਾਈਚਾਰਕ ਸਾਂਝ' ਪੜ੍ਹਿਆ ਚੰਗਾ ਲੱਗਾ। ਦੋ ਕੁ ਦਹਾਕ ਪਿੱਛੇ ਵੱਲ ਝਾਤ ਮਾਰੀਏ ਤਾਂ ਸੋਚ ਕੇ ਸਭ ਹੈਰਾਨ ਤਾਂ ਹੋਣੋਂ ਨਹੀਂ ਰਹਿ ਸਕਦੇ। ਉਨ੍ਹਾਂ ਸਮਿਆਂ ਨੂੰ ਆਪਾਂ ਸਾਰਿਆਂ ਹੰਢਾਇਆ ਹੋਇਆ ਹੈ ਕਿੰਨਾ ਪਿਆਰ ਸੀ ਸਾਰੇ ਰਿਸ਼ਤਿਆਂ ਵਿਚ, ਖਿੱਚ ਸੀ। ਬਹੁਤਾ ਸਮਾਂ ਅੱਜ ਮੋਬਾਈਲਾਂ ਦੀ ਵਰਤੋਂ ਵਿਚ ਗੁਜ਼ਾਰ ਦਿੰਦੇ ਹਾਂ ਜਦ ਕੰਮਾਂ ਤੋਂ ਫੁਰਸਤ ਮਿਲੇ, ਝੱਟ ਮੋਬਾਈਲ ਵਿਚ ਰੁਝ ਜਾਂਦੇ ਹਾਂ ਜਦੋਂ ਕਿ ਵੇਹਲਾ ਸਮਾਂ ਪਰਿਵਾਰ ਜਾਂ ਰਿਸ਼ਤੇਦਾਰਾਂ ਦੇ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਸਮਿਆਂ 'ਚ ਵਾਕਿਆ ਪ੍ਰਾਹੁਣਾਚਾਰੀ 'ਚ ਕਿੰਨਾ ਚਾਅ ਹੁੰਦਾ ਸੀ। ਅੱਜ ਵਾਕਿਆ ਹੀ ਮਨੁੱਖ ਮੋਬਾਈਲ ਆਦਿ ਦੀ ਪਕੜ ਵਿਚ ਪੂਰੀ ਤਰ੍ਹਾਂ ਜਕੜਿਆ ਗਿਆ ਹੈ।


-ਮਾ: ਦੇਵ ਰਾਜ ਖੁੰਡਾ,
ਸ੍ਰੀ ਰਾਮਸਰ ਕਾਲੋਨੀ, ਗੁਰਦਾਸਪੁਰ।


ਤਰਸਯੋਗ ਹਾਲਤ

ਸੰਪਾਦਕੀ ਪੰਨੇ 'ਤੇ ਯਾਦਵਿੰਦਰ ਸਿੰਘ ਸਤਕੋਹਾ ਦਾ ਲੇਖ ਮਿਆਰੀ ਨਹੀਂ ਹਨ ਪੰਜਾਬ ਦੀਆਂ ਸੜਕਾਂ ਬਹੁਤ ਵਧੀਆ ਲੇਖ ਸੀ। ਲੇਖਕ ਨੇ ਸ਼ਾਹਰਾਗ ਸੜਕਾਂ ਦੀ ਜ਼ਿਆਦਾ ਗੱਲ ਕੀਤੀ ਹੈ ਜੋ ਵਿਦੇਸ਼ਾਂ ਵਿਚ ਬਹੁਤ ਹੀ ਸਪੀਡ ਲਈ ਬਣੀਆਂ ਹਨ। ਉਨ੍ਹਾਂ 'ਤੇ ਘੱਟ ਸਪੀਡ ਵਾਲਾ ਕੋਈ ਸਾਧਨ ਨਹੀਂ ਚਲਦਾ, ਨਾ ਹੀ ਕੋਈ ਪਸ਼ੂ ਆਦਿ ਸੜਕ 'ਤੇ ਚੜ੍ਹ ਸਕਦਾ ਹੈ। ਸਾਡੇ ਦੇਸ਼ ਵਿਚ ਹਰ ਸੜਕ 'ਤੇ ਪਸ਼ੂ, ਸਾਈਕਲ, ਰੇੜਾ ਆਦਿ ਚਲਦੇ ਹਨ। ਦੂਜਾ ਪੰਜਾਬ ਦੇ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਤਾਂ ਬਹੁਤ ਹੀ ਤਰਸਯੋਗ ਬਣੀ ਹੋਈ ਹੈ। ਕੋਈ ਸੜਕਾਂ 'ਤੇ ਤਾਂ ਰੂੜੀਆਂ ਦੇ ਢੇਰ ਲੱਗੇ ਪਏ ਹਨ। ਟੁੱਟੀਆਂ ਸੜਕਾਂ ਹਾਦਸਿਆਂ ਦਾ ਕਾਰਨ ਬਣਦੀਆਂ ਹਨ। ਸ਼ਾਹਰਾਹ ਲੁਧਿਆਣਾ ਤੋਂ ਫਿਰੋਜ਼ਪੁਰ ਬਣਦੀ ਨੂੰ ਕਈ ਸਾਲ ਹੋ ਗਏ ਹਨ ਜੋ ਹਾਲੇ ਤੱਕ ਪੂਰੀ ਨਹੀਂ ਹੋਈ, ਅਜਿਹੀ ਸੜਕ 'ਤੇ ਚੱਲਣਾ ਮੌਤ ਨੂੰ ਸੱਦਾ ਦੇਣ ਵਾਲੀ ਗੱਲ ਹੈ। ਇਨ੍ਹਾਂ ਸੜਕਾਂ ਦਾ ਕੰਮ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

30-08-2017

 ਪੱਤਰਮਾਪੇ ਬਿਰਧ ਆਸ਼ਰਮਾਂ ਹਵਾਲੇ
ਐਤਵਾਰ ਦੇ 'ਅਜੀਤ ਮੈਗਜ਼ੀਨ' ਦੇ 'ਦਿਲਚਸਪੀਆਂ' ਅੰਕ ਵਿਚ 'ਮਾਪੇ ਬਿਰਧ ਆਸ਼ਰਮਾਂ' ਲੇਖਕ ਡਾ: ਹਰਪਾਲ ਸਿੰਘ ਪੰਨੂੰ ਦੀ ਮਿੰਨੀ ਕਹਾਣੀ ਪੜ੍ਹ ਕੇ ਮਨ 'ਚ ਇਕ ਤਸਵੀਰ ਉੱਭਰ ਕੇ ਆਈ ਕਿ ਬਜ਼ੁਰਗਾਂ ਨੂੰ ਘਰ ਦਾ ਤਾਲਾ ਕਹਿ ਕੇ ਇਕੱਲਿਆਂ ਵਿਆਹ ਸ਼ਾਦੀ ਜਾਂ ਯਾਤਰਾ 'ਤੇ ਨਵੀਂ ਪੀੜ੍ਹੀ ਚਲੀ ਜਾਂਦੀ ਹੈ ਤੇ ਡੰਗਰਾਂ ਦੀ ਰਾਖੀ ਲਈ ਕਮਰਾ ਦੇ ਕੇ ਨਿਵਾਜਿਆ ਜਾਂਦਾ ਹੈ। ਅੱਜ ਕਈ ਬਜ਼ੁਰਗਾਂ ਦੀ ਹਾਲਤ ਵੇਖੀ ਨਹੀਂ ਜਾਂਦੀ। ਇਕ ਨੂੰਹ ਨੇ ਬਜ਼ੁਰਗ ਨੂੰ ਧਮਕੀ ਦਿੱਤੀ ਕਿ ਰੋਟੀ ਜਿਹੋ-ਜਿਹੀ ਮਿਲਦੀ ਹੈ ਖਾਈ ਜਾਹ, ਨਹੀਂ ਤਾਂ ਘਰੋਂ ਕੱਢ ਦੇਵਾਂਗੀ। ਮਾਣਯੋਗ ਸੁਪਰੀਮ ਕੋਰਟ ਨੇ ਅਜਿਹੇ ਆਪ-ਹੁਦਰੇ ਨੂੰਹ-ਪੁੱਤ ਦੇ ਵਿਰੁੱਧ ਸਜ਼ਾ ਦੇ ਨਿਯਮ ਬਣਾਏ ਹਨ ਪਰ ਫਿਰ ਵੀ ਮਾਪਿਆਂ ਨੂੰ ਬੇਇੱਜ਼ਤ ਕਰਨ ਤੋਂ ਨੂੰਹ -ਪੁੱਤ ਬਾਜ਼ ਨਹੀ ਆ ਰਹੇ। ਇਸ ਕਹਾਣੀ ਤੋਂ ਪਾਕਿਸਤਾਨ ਦੇ ਈਦੀ ਬਾਰੇ ਪੜ੍ਹ ਕੇ ਹੋਰ ਗਿਆਨ ਮਿਲਿਆ ਹੈ ਤੇ ਨੌਜਵਾਨ ਪੀੜ੍ਹੀ ਨੂੰ ਬਜ਼ੁਰਗਾਂ ਦੀ ਸੇਵਾ ਕਰ ਰਹੇ ਈਦੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਕਿਵੇਂ ਬਜ਼ੁਰਗਾਂ ਦੇ ਲਈ ਬਿਰਧ ਆਸ਼ਰਮ ਖੋਲ੍ਹ ਕੇ ਪੁੰਨ ਦਾ ਕੰਮ ਕਰ ਰਹੇ ਹਨ।


-ਮਾ: ਜਗੀਰ ਸਿੰਘ ਸਫਰੀ
ਸਠਿਆਲਾ (ਅੰਮ੍ਰਿਤਸਰ)।


ਹਮਸਾਏ, ਮਾਂ ਪਿਓ ਜਾਏ
ਸਿਆਣਿਆਂ ਦਾ ਕਥਨ ਹੈ ਕਿ ਕੁੜਮ ਕੁਪੱਤੇ ਬਣੋ ਪਰ ਗੁਆਂਢ ਕੁਪੱਤੇ ਕਦੀ ਨਾ ਬਣੋ। ਔਖੇ-ਸੌਖੇ ਵੇਲੇ ਰਿਸ਼ਤੇਦਾਰ ਤਾਂ ਦੇਰ ਨਾਲ ਪੁੱਜਣਗੇ ਪਰ ਗੁਆਂਢੀ ਤਾਂ ਆਵਾਜ਼ ਦਿੱਤਿਆਂ ਹੀ ਉਸੇ ਵੇਲੇ ਹਾਜ਼ਰ ਹੋ ਸਕਦਾ ਹੈ। ਸਾਡੇ ਜੀਵਨ ਵਿਚ ਮੁਸ਼ਕਿਲਾਂ ਤਾਂ ਕਦੀ ਵੀ ਆ ਸਕਦੀਆਂ ਹਨ। ਗੁਆਂਢੀਆਂ ਦਾ ਆਪਸੀ ਪਿਆਰ ਇਕ ਚੰਗੇ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਦਾ ਪ੍ਰਤੀਕ ਹੈ। ਇਸੇ ਤਰ੍ਹਾਂ ਹੀ ਅਗਰ ਦੋ ਗੁਆਂਢੀ ਮੁਲਕਾਂ ਦਾ ਆਪਸ ਵਿਚ ਚੰਗਾ ਮੇਲਜੋਲ ਹੈ ਤਾਂ ਉਹ ਵੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਸਕਦੇ ਹਨ। ਇਹ ਬਦਕਿਸਮਤੀ ਵਾਲੀ ਗੱਲ ਹੈ ਕਿ ਸਾਡੇ ਦੋਵੇਂ ਗੁਆਂਢੀ ਦੇਸ਼ ਚੀਨ ਅਤੇ ਪਾਕਿਸਤਾਨ ਦੁਸ਼ਮਣੀ ਵਾਲਾ ਰਵੱਈਆ ਅਪਣਾਈ ਰੱਖਦੇ ਹਨ, ਜਿਸ ਤੋਂ ਕੁਝ ਵੀ ਪ੍ਰਾਪਤ ਹੋਣ ਵਾਲਾ ਨਹੀਂ।


-ਮਾ: ਮਹਿੰਦਰ ਸਿੰਘ ਬਾਜਵਾ।


ਪ੍ਰਸੰਸਾਯੋਗ ਕੰਮ
ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਦੁਆਰਾ ਪੰਜਾਬ ਦੇ ਵਿਦਿਆਰਥੀਆਂ ਦੇ ਪੱਖ ਵਿਚ ਇਕ ਪ੍ਰਸੰਸਾਯੋਗ ਕਦਮ ਉਠਾਉਂਦੇ ਹੋਏ ਉਨ੍ਹਾਂ ਨੂੰ ਸਕੂਲ ਪੱਧਰ 'ਤੇ ਹੀ ਆਪਣੇ ਨਾਂਅ, ਜਨਮ ਮਿਤੀ ਆਦਿ ਗ਼ਲਤੀਆਂ ਨੂੰ ਠੀਕ ਕਰਵਾਉਣ ਲਈ ਸਕੂਲ ਦੇ ਮੁਖੀ ਨੂੰ ਸ਼ਕਤੀ ਸੌਂਪ ਕੇ ਇਕ ਵੱਡਾ ਕਦਮ ਉਠਾਇਆ ਹੈ। ਸਕੂਲ ਪੱਧਰ 'ਤੇ ਹੋਣ ਵਾਲੀਆਂ ਇਨ੍ਹਾਂ ਗ਼ਲਤੀਆਂ ਨੂੰ ਦਰੁੱਸਤ ਕਰਵਾਉਣ ਲਈ ਸਕੂਲ ਪੱਧਰ ਤੋਂ ਲੈ ਕੇ ਡੀ.ਪੀ.ਆਈ. ਦਫ਼ਤਰ ਤੱਕ ਅਨੇਕਾਂ ਚੱਕਰ ਲਾਉਣੇ ਪੈਂਦੇ ਸਨ। ਇਨ੍ਹਾਂ ਅਸ਼ੁੱਧੀਆਂ ਨੂੰ ਠੀਕ ਕਰਵਾਉਣ ਲਈ ਧਨ ਅਤੇ ਸਮੇਂ ਦੀ ਬਰਬਾਦੀ ਅਲੱਗ ਹੁੰਦੀ ਹੈ। ਸਕੂਲ ਮੁਖੀ ਨੂੰ ਇਨ੍ਹਾਂ ਅਸ਼ੁੱਧੀਆਂ ਨੂੰ ਠੀਕ ਕਰਨ ਦੀ ਸ਼ਕਤੀ ਸੌਂਪ ਕੇ ਪੰਜਾਬ ਸਿੱਖਿਆ ਮੰਤਰੀ ਨੇ ਇਕ ਵੱਡਾ ਪ੍ਰਸੰਸਾਯੋਗ ਕੰਮ ਕੀਤਾ ਹੈ।


-ਸਤਿਆ ਪਾਲ ਅਰੋੜਾ
ਸੇਵਾ-ਮੁਕਤ ਅਧਿਆਪਕ।

29-08-2017

 ਅਸਲ ਵਾਰਸ
ਕੋਈ ਵੀ ਰੁਤਬਾ ਸੰਸਥਾ ਵਾਰਸਾਂ ਤੋਂ ਬਿਨਾਂ ਅਧੂਰਾ ਹੁੰਦਾ ਹੈ। ਇਸੇ ਪ੍ਰਸੰਗ ਵਿਚ ਪੰਜਾਬ ਸਰਕਾਰ ਨੇ ਪੰਜਾਬ ਕਲਾ ਪ੍ਰੀਸ਼ਦ ਦਾ ਮੁਖੀ ਸੁਰਜੀਤ ਪਾਤਰ ਨੂੰ ਬਣਾ ਕੇ ਕਲਾ ਪ੍ਰੀਸ਼ਦ ਨੂੰ ਅਸਲ ਵਾਰਸਾਂ ਦੇ ਹਵਾਲੇ ਕੀਤਾ ਹੈ। ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਪਹਿਲੇ ਚੈਅਰਮੇਨ ਅਧੂਰੇ ਸਨ, ਉਨ੍ਹਾਂ ਸਾਰਿਆਂ ਨੇ ਵੀ ਬਣਦਾ ਯੋਗਦਾਨ ਪਾਇਆ। ਸਭ ਤੋਂ ਵੱਡਾ ਪਹਿਲੂ ਇਹ ਰਿਹਾ ਕਿ ਬੇਲੋੜੇ ਬੋਝ ਅਤੇ ਫਾਲਤੂ ਦੇ ਡਰਾਮਿਆਂ ਤੋਂ ਪਰ੍ਹੇ ਹਟ ਕੇ ਪੰਜਾਬ ਸਰਕਾਰ ਨੇ ਹੀਰੇ ਦੀ ਪਛਾਣ ਕਰਕੇ ਉਸ ਦੇ ਘਰ ਤੱਕ ਪਹੁੰਚ ਕੀਤੀ। ਡਾ: ਸੁਰਜੀਤ ਪਾਤਰ ਦੇ ਆਉਣ ਨਾਲ ਪੰਜਾਬ ਕਲਾ ਪ੍ਰੀਸ਼ਦ ਵਿਚ ਨਵੇਂ ਅਧਿਆਏ ਦੀ ਸ਼ੁਰੂਆਤ ਹੋਈ ਹੈ। ਉਨ੍ਹਾਂ ਵਲੋਂ ਕਲਾ ਪ੍ਰੇਮੀਆਂ ਨੂੰ ਭਰੋਸਾ ਵੀ ਦਿੱਤਾ ਗਿਆ ਹੈ ਕਿ ਉਹ ਸੱਭਿਆਚਾਰ ਨੂੰ ਪ੍ਰਫੁੱਲਤ ਕਰਨਗੇ।

-ਸੁਖਪਾਲ ਸਿੰਘ ਗਿੱਲ।

ਖੇਤੀ ਕਰਜ਼ਾ ਮੁਆਫ਼ੀ
ਖੇਤੀ ਵਾਸਤੇ ਲਏ ਕਰਜ਼ੇ ਦੀ ਚਰਚਾ ਕਾਫੀ ਚੱਲ ਰਹੀ ਹੈ। ਕਈ ਸੂਬਾ ਸਰਕਾਰਾਂ ਨੇ ਤਾਂ ਕਰਜ਼ੇ ਮੁਆਫ਼ ਕਰ ਦਿੱਤੇ। ਜ਼ਿਮੀਂਦਾਰਾਂ ਦੀ ਮੌਜੂਦਾ ਹਾਲਤ ਇਹ ਹੈ ਕਿ ਸਾਲ 2017 ਜ਼ਿਮੀਂਦਾਰਾਂ ਵਾਸਤੇ ਮੁੱਢ ਤੋਂ ਹੀ ਮਾੜਾ ਰਿਹਾ। ਮਟਰ, ਗੋਭੀ, ਗਾਜਰਾਂ, ਆਲੂ ਅਤੇ ਟਮਾਟਰ ਸਭ ਕੌਡੀਆਂ ਭਾਅ ਵਿਕੇ। ਕਿਸਾਨਾਂ ਨੂੰ ਤੁੜਾਈ ਵੀ ਨਹੀਂ ਵਾਪਸ ਹੋਈ। ਫ਼ਸਲਾਂ ਖੇਤ ਦੇ ਵਿਚੇ ਹੀ ਵਾਹੁਣੀਆਂ ਪਈਆਂ। ਘਰਾਂ ਦਾ ਖਰਚਾ ਚਲਾਉਣਾ ਮੁਸ਼ਕਿਲ ਹੋ ਗਿਆ। ਹੁਣ ਤੱਕ ਕੇਂਦਰ ਸਰਕਾਰ ਨੇ ਕਣਕ, ਝੋਨਾ ਅਤੇ ਗੰਨੇ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕੀਤਾ ਹੈ। ਜੇਕਰ ਕੁਝ ਦਾਲਾਂ ਦਾ ਸਮਰਥਨ ਮੁੱਲ ਵੀ ਤੈਅ ਕੀਤਾ ਹੈ ਤਾਂ ਉਹ ਵੀ ਨਿਰਧਾਰਤ ਮੁੱਲ ਤੋਂ ਹੇਠਾਂ ਵਿਕ ਰਹੀਆਂ ਹਨ। ਜੇਕਰ ਜ਼ਿਮੀਂਦਾਰਾਂ ਦੀ ਫ਼ਸਲ ਦਾ ਮੁੱਲ ਮੰਡੀ ਵਿਚ ਨਹੀਂ ਮਿਲ ਰਿਹਾ ਤੇ ਕਰਜ਼ਾ ਲੈ ਕੇ ਉਗਾਈ ਫ਼ਸਲ ਤੋਂ ਪੈਸੇ ਦੀ ਵਸੂਲੀ ਨਹੀਂ ਹੁੰਦੀ ਤਾਂ ਜ਼ਿਮੀਂਦਾਰ ਬੈਂਕਾਂ ਤੋਂ ਲਏ ਕਰਜ਼ੇ ਨੂੰ ਕਿਵੇਂ ਵਾਪਸ ਕਰੇਗਾ ਤਾਂ ਫਿਰ ਕਰਜ਼ਾ ਮੁਆਫ਼ੀ ਬਣਦੀ ਹੀ ਹੈ।

-ਸਰਬਜੀਤ ਸਿੰਘ
126, ਮੋਹਨ ਵਿਹਾਰ, ਜਲੰਧਰ।

ਦਫਾ 144
ਇਹ ਇਨਸਾਨੀ ਫ਼ਿਤਰਤ ਹੈ ਕਿ ਮਨੁੱਖ ਹੋਣ ਦੇ ਨਾਤੇ ਅਸੀਂ ਦੂਜਿਆਂ ਦੀਆਂ ਭਾਵਨਾਵਾਂ ਦਾ ਖਿਆਲ ਰੱਖੀਏ। ਇਕ ਸੱਭਿਅਕ ਸਮਾਜ ਦਾ ਨਿਰਮਾਣ ਕਰੀਏ। ਇਹ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ 'ਤੇ ਪਾਬੰਦੀਆਂ ਦਾ ਐਲਾਨ ਕੀਤਾ ਜਾਂਦਾ ਹੈ। ਜ਼ਿਲ੍ਹੇ ਵਿਚ ਦਫ਼ਾ 144 ਤਹਿਤ ਲਾਊਡ ਸਪੀਕਰ ਉੱਚੀ ਆਵਾਜ਼ ਵਿਚ ਨਾ ਵਜਾਉਣਾ, ਬੱਸਾਂ ਵਿਚ ਅਸ਼ਲੀਲ ਗਾਣੇ ਤੇ ਫ਼ਿਲਮਾਂ ਨਾ ਦਿਖਾਉਣਾ, ਗੱਡੀਆਂ ਮੋਟਰਾਂ ਦੇ ਪ੍ਰੈਸ਼ਰ ਹਾਰਨਾਂ 'ਤੇ ਪਾਬੰਦੀ ਲਗਾਉਣਾ, ਅਜਿਹੀਆਂ ਪਾਬੰਦੀਆਂ ਅੱਜ ਮਜ਼ਾਕ ਬਣ ਕੇ ਰਹਿ ਗਈਆਂ ਹਨ। ਸਾਡਾ ਗ਼ਰੀਬ ਜਿਹਾ ਗੁਆਂਢੀ ਦੇਸ਼ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਇਹ ਸਮਝਾਉਣ ਵਿਚ ਸਫਲ ਰਿਹਾ ਹੈ ਕਿ ਸਾਡਾ ਦੇਸ਼ ਆਪਣੇ ਘਰ ਵਾਂਗ ਹੀ ਹੈ। 'ਕਾਠਮੰਡੂ' ਵਰਗੇ ਸ਼ਹਿਰ ਵਿਚ ਥੁੱਕਣਾ ਤੇ ਹਾਰਨ ਵਜਾਉਣਾ ਸਖ਼ਤ ਮਨ੍ਹਾਂ ਹੈ। ਮਨਾਹੀ ਦੀ ਉਲੰਘਣਾ ਤੇ ਤੁਰੰਤ ਜੁਰਮਾਨਾ ਵਸੂਲਿਆ ਜਾਂਦਾ ਹੈ। ਸਾਨੂੰ ਵੀ ਚਾਹੀਦਾ ਹੈ ਕਿ ਅਜਿਹੇ ਸੱਭਿਅਕ ਨਿਯਮ ਅਪਣਾ ਕੇ ਧਾਰਾ 144 ਤੋੜਨ 'ਤੇ ਤੁਰੰਤ ਜੁਰਮਾਨਾ ਵਸੂਲਿਆ ਜਾਵੇ।

-ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀਖਾਸ, ਤਹਿ: ਮੁਕੇਰੀਆਂ, ਹੁਸ਼ਿਆਰਪੁਰ।

28-08-2017

 ਪੱਤਰਨਸ਼ੇ ਅਤੇ ਸਮਾਜ
ਅਜੋਕੇ ਸਮੇਂ ਸਾਡੇ ਸਮਾਜ ਵਿਚ ਅਨੇਕਾਂ ਬੁਰਾਈਆਂ/ਕੁਰੀਤੀਆਂ ਪਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿਚੋਂ ਹੀ ਇਕ ਬੁਰਾਈ ਹੈ 'ਨਸ਼ੇ', ਜਿਸ ਨੇ ਸਮਾਜ ਉਪਰ ਗਹਿਰਾ ਦੁਰਪ੍ਰਭਾਵ ਪਾਇਆ ਹੈ ਅਤੇ ਸਮਾਜਿਕ ਸਿਹਤ ਨੂੰ ਕਮਜ਼ੋਰ ਤੇ ਖੋਖਲਾ ਕਰ ਦਿੱਤਾ ਹੈ। ਭਾਵੇਂ ਬੇਰੁਜ਼ਗਾਰੀ ਅਤੇ ਅਨਪੜ੍ਹਤਾ ਨਸ਼ਿਆਂ ਦੇ ਮੁੱਖ ਕਾਰਨ ਹਨ ਪਰ ਕਿਸੇ ਕੰਮ ਵਿਚ ਮਿਲੀ ਅਸਫ਼ਲਤਾ ਕਾਰਨ ਪੈਦਾ ਹੋਈ ਹੀਣਭਾਵਨਾ ਵੀ ਇਨ੍ਹਾਂ ਦਾ (ਨਸ਼ਿਆਂ ਦਾ) ਇਕ ਕਾਰਨ ਆਖਿਆ ਜਾ ਸਕਦਾ ਹੈ। ਨਸ਼ਿਆਂ ਦੇ ਆਦੀ ਵਿਅਕਤੀ ਪਾਸੋਂ ਸਮਾਜ ਸੇਵਾ ਜਾਂ ਦੇਸ਼ ਸੇਵਾ ਦੀ ਕੋਈ ਆਸ ਨਹੀਂ ਰੱਖੀ ਜਾ ਸਕਦੀ। ਨਸ਼ਿਆਂ ਦੇ ਵਰਤਾਰੇ ਨੂੰ ਰੋਕਣ ਦੀ ਹਰ ਸੰਭਵ ਕੋਸ਼ਿਸ਼ ਹੋਣੀ ਚਾਹੀਦੀ ਹੈ ਤਾਂ ਇਕ ਸੱਭਿਅਕ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।


ਮੀਡੀਆ ਜ਼ਿੰਮੇਵਾਰੀ ਤੋਂ ਕੰਮ ਲਵੇ
21ਵੀਂ ਸਦੀ ਸਹੀ ਮਾਅਨਿਆਂ ਵਿਚ ਵਿਗਿਆਨ ਦੀ ਸਦੀ ਹੈ ਪਰ ਇਸ ਵਿਚ ਜਦੋਂ ਕੋਈ ਅੰਧ-ਵਿਸ਼ਵਾਸ ਨਾਲ ਜੁੜੀ ਖ਼ਬਰ ਪੜ੍ਹਨ-ਸੁਣਨ ਨੂੰ ਮਿਲਦੀ ਹੈ ਤਾਂ ਬੇਹੱਦ ਦੁੱਖ ਦੇ ਨਾਲ-ਨਾਲ ਹੈਰਾਨੀ ਵੀ ਹੁੰਦੀ ਹੈ। ਪਿਛਲੇ ਦਿਨਾਂ ਤੋਂ ਪੰਜਾਬ-ਹਰਿਆਣਾ 'ਚ ਖਾਸ ਕਰਕੇ ਔਰਤਾਂ ਦੇ ਰਹੱਸਮਈ ਢੰਗ ਨਾਲ ਵਾਲ ਕੱਟਣ ਦੀਆਂ ਘਟਨਾਵਾਂ ਨੂੰ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਦੇ ਇਕ ਹਿੱਸੇ ਵੱਲੋਂ ਬੇਹੱਦ ਮਸਾਲਾ ਲਾ-ਲਾ ਪੇਸ਼ ਕੀਤਾ ਜਾ ਰਿਹਾ ਹੈ। ਪੱਤਰਕਾਰੀ ਮਿਆਰੀ ਹੋਣੀ ਚਾਹੀਦੀ ਹੈ। ਪੱਤਰਕਾਰੀ 21ਵੀਂ ਸਦੀ ਦੇ ਹਾਣ ਦੀ ਹੋਣ ਦੀ ਚਾਹੀਦੀ ਹੈ। ਅਸਲ ਵਿਚ ਹੋਣਾ ਤਾਂ ਇਹ ਚਾਹੀਦਾ ਹੈ ਕਿ ਵਹਿਮਾਂ-ਭਰਮਾਂ ਨੂੰ ਤੂਲ ਦਿੰਦੀ ਖ਼ਬਰ ਦੀ ਪ੍ਰਕਾਸ਼ਨਾ ਤੋਂ ਗੁਰੇਜ਼ ਹੀ ਕੀਤਾ ਜਾਵੇ। ਇਸ ਦੇ ਨਾਲ ਹੀ ਅੱਜ ਇਹ ਵੀ ਜ਼ਰੂਰੀ ਹੈ ਕਿ ਆਮ ਲੋਕਾਂ ਵਿਚ ਵਿਗਿਆਨਕ ਚੇਤਨਾ ਪੈਦਾ ਕੀਤੀ ਜਾਵੇ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।

25-08-2017

 ਰੁੱਖ ਅਤੇ ਮਨੁੱਖ
ਸਾਡੇ ਦੇਸ਼ ਦੀ ਪਵਿੱਤਰ ਧਰਤੀ ਨੂੰ ਦੁਨੀਆ ਦੇ ਦੇਸ਼ ਵੀ ਵੱਖਰੀ ਤਰ੍ਹਾਂ ਦੀ ਧਰਤੀ ਮੰਨਦੇ ਹਨ, ਜਿਥੇ ਅਨੇਕਾਂ ਮਹਾਂਪੁਰਸ਼ਾਂ ਨੇ ਜਨਮ ਲਿਆ। ਉਨ੍ਹਾਂ ਵੀ ਇਸ ਦੇਸ਼ ਦੀ ਮਿੱਟੀ ਦੀ ਆਪਣੇ ਢੰਗ ਨਾਲ ਸੇਵਾ ਕੀਤੀ ਸੀ। ਕਿਉਂਕਿ ਇਹ ਧਰਤੀ ਬਨਸਪਤੀ, ਖੁਸ਼ਬੂਦਾਰ ਰੁੱਖਾਂ, ਬੋਹੜਾਂ, ਪਿੱਪਲਾਂ ਅਤੇ ਅਨੇਕਾਂ ਸਜਾਵਟੀ ਫੁੱਲਾਂ ਭਰੇ ਪੌਦਿਆਂ ਨਾਲ ਭਰੀ ਤੇ ਹਰੀ-ਭਰੀ ਚਾਰੇ ਪਾਸੇ ਦਿਖਾਈ ਦਿੰਦੀ ਸੀ। ਭਾਵ ਸਾਡੇ ਦੇਸ਼ ਦੀ ਧਰਤੀ 'ਤੇ ਕੁਦਰਤ ਪੂਰੀ ਮਿਹਰਬਾਨ ਸੀ। ਅਫ਼ਸੋਸ ਅੱਜ ਧਰਤੀ 'ਤੇ ਰੁੱਖਾਂ, ਜੰਗਲਾਂ ਦੀ ਧੜਾਧੜ ਕਟਾਈ ਕਾਰਨ ਵਾਤਾਵਰਨ ਪੂਰੀ ਤਰ੍ਹਾਂ ਦੂਸ਼ਿਤ ਤੇ ਪ੍ਰਭਾਵਿਤ ਹੋ ਰਿਹਾ ਹੈ। ਇਕ ਤਾਂ ਰੁੱਖ ਧਰਤੀ ਮਾਂ ਦਾ ਸ਼ਿੰਗਾਰ ਹਨ, ਦੂਜੇ ਪਾਸੇ ਸਮੁੱਚਾ ਮਨੁੱਖੀ ਤਾਣਾ-ਬਾਣਾ ਰੁੱਖਾਂ 'ਤੇ ਨਿਰਭਰ ਹੈ। ਇਸ ਵਿਚ ਕੋਈ ਦੋ ਰਾਵਾਂ ਨਹੀਂ ਜੇ ਧਰਤੀ 'ਤੇ ਰੁੱਖ ਹਨ ਤਾਂ ਮਨੁੱਖ ਹਨ। ਵਾਤਾਵਰਨ ਦੀ ਸ਼ੁੱਧਤਾ ਲਈ ਨਵੇਂ ਹੋਰ ਪੌਦੇ ਲਗਾ ਕੇ ਆਪਣਾ ਬਣਦਾ ਹਿੱਸਾ ਪਾਈਏ।

-ਮਾ: ਦੇਵਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

ਸੂਰਜੀ ਊਰਜਾ ਵਰਤਣ ਦੀ ਲੋੜ
ਕੁਦਰਤ ਨੇ ਸਾਨੂੰ ਬੇਸ਼ਕੀਮਤੀ ਵਸਤਾਂ ਦੇ ਕੇ ਨਿਵਾਜਿਆ ਹੈ। ਊਰਜਾ ਦਾ ਪ੍ਰਮੁੱਖ ਸੋਮਾ ਸੂਰਜੀ ਊਰਜਾ ਵੀ ਉਨ੍ਹਾਂ ਵਿਚੋਂ ਇਕ ਹੈ। ਅੱਜ ਵਧਦੇ ਪ੍ਰਦੂਸ਼ਣ ਅਤੇ ਘਟਦੇ ਹੋਰ ਕੁਦਰਤੀ ਸੋਮਿਆਂ ਦੇ ਸੰਦਰਭ ਵਿਚ ਸੂਰਜੀ ਊਰਜਾ ਇਕ ਮਹੱਤਵਪੂਰਨ ਬਦਲ ਹੋ ਸਕਦਾ ਹੈ। ਅੱਜ ਲੋੜ ਹੈ ਕਿ ਇਸ ਮਹਾਨ ਕੁਦਰਤੀ ਦਾਤ ਦੀ ਵਰਤੋਂ ਨੂੰ ਪਹਿਲ ਦੇ ਕੇ ਵਾਤਾਵਰਨ ਅਤੇ ਕੁਦਰਤੀ ਸੋਮਿਆਂ ਨੂੰ ਬਚਾਈਏ।

-ਮਾ: ਸੰਜੀਵ ਧਰਮਾਣੀ
ਪਿੰਡ ਸੱਧੇਵਾਲ, ਸ੍ਰੀ ਅਨੰਦਪੁਰ ਸਾਹਿਬ।

ਸਹੀ ਕਦਮ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਸੈਨਿਕ ਨਾਲ ਕੀਤੀ ਜ਼ਿਆਦਤੀ ਨੂੰ ਬੜੀ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਮੁਲਾਜ਼ਮਾਂ 'ਤੇ ਕਾਰਵਾਈ ਕੀਤੀ ਹੈ। ਬੇਹੱਦ ਵਧੀਆ ਕਦਮ ਹੈ। ਮੈਨੂੰ ਹੈਰਾਨੀ ਹੁੰਦੀ ਹੈ ਕਿ ਇਨ੍ਹਾਂ ਦੇ ਆਪਣੇ ਕੰਮ, ਜਿਨ੍ਹਾਂ ਦੀ ਇਹ ਤਨਖਾਹ ਲੈਂਦੇ ਹਨ, ਸੁਖ ਸਹੂਲਤਾਂ ਮਾਣਦੇ ਹਨ, ਉਹ ਵੀ ਨਹੀਂ ਕਰ ਸਕਦੇ। ਇੱਜ਼ਤ ਕਰਨੀ ਸੈਨਿਕਾਂ ਦੀ ਤਾਂ ਇਕ ਪਾਸੇ, ਇਹ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ ਕਿ ਫ਼ੌਜੀ ਹੈ ਜਿਸ ਤਰ੍ਹਾਂ ਕੰਮ ਕਰਵਾਉਣਾ ਚਾਹੁੰਦਾ ਹੈ, ਸਾਰੀ ਛੁੱਟੀ ਕੱਟ ਲਵੇਗਾ ਪਰ ਕੰਮ ਨਹੀਂ ਹੋਏਗਾ। ਬਦਕਿਸਮਤੀ ਵੇਖੋ ਕਿ ਸਿਆਚਿੰਨ੍ਹ ਦੀ ਠੰਢ ਵਿਚ ਦੁਸ਼ਮਣਾਂ ਤੋਂ ਨਾ ਹਾਰਨ ਵਾਲਾ ਸੈਨਿਕ, ਉਨ੍ਹਾਂ ਤੋਂ ਹਾਰ ਜਾਂਦਾ ਹੈ ਜਿਨ੍ਹਾਂ ਦੀ ਹਿਫ਼ਾਜ਼ਤ ਲਈ ਉਹ ਮਨਫ਼ੀ ਤਾਪਮਾਨ ਵਿਚ ਇਮਾਨਦਾਰੀ ਨਾਲ ਡਿਊਟੀ ਦਿੰਦਾ ਹੈ। ਇੱਕਾ-ਦੁੱਕਾ ਅਫਸਰਾਂ, ਅਧਿਕਾਰੀਆਂ, ਕਰਮਚਾਰੀਆਂ ਤੇ ਮੁਲਾਜ਼ਮਾਂ ਨੂੰ ਛੱਡ ਕੇ ਕਿਸੇ ਵੀ ਵਿਭਾਗ ਤੇ ਕਿਸੇ ਵੀ ਦਫ਼ਤਰ ਵਿਚ ਕੰਮ ਹੁੰਦਾ ਹੀ ਨਹੀਂ। ਬਿਲਡਰਾਂ ਤੋਂ ਮੋਟੀਆਂ ਰਕਮਾਂ ਲੈ ਕੇ ਪ੍ਰਾਜੈਕਟਾਂ ਵਿਚ ਕਮੀਆਂ ਪੇਸ਼ੀਆਂ ਵੱਲ ਧਿਆਨ ਹੀ ਨਹੀਂ ਦਿੰਦੇ। ਸ਼ਿਕਾਇਤ ਕਰੋ ਤਾਂ ਅਜਿਹੇ ਭੰਬਲਭੂਸੇ ਵਿਚ ਪਾਉਂਦੇ ਹਨ ਕਿ ਖੂਨ ਦੇ ਹੰਝੂ ਰੁਆ ਦਿੰਦੇ ਹਨ। ਸਰਕਾਰ ਨੂੰ ਇਹ ਗੰਧਲੇ ਤੇ ਭ੍ਰਿਸ਼ਟ ਸਿਸਟਮ ਨੂੰ ਸੁਧਾਰਨ ਵੱਲ ਤਵਜੋਂ ਗੰਭੀਰਤਾ ਨਾਲ ਦੇਣੀ ਚਾਹੀਦੀ ਹੈ। ਇਸ ਸੈਨਿਕ ਵਰਗੇ ਹਜ਼ਾਰਾਂ ਸੈਨਿਕ ਤੇ ਲੱਖਾਂ ਲੋਕ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ।

-ਪ੍ਰਭਜੋਤ ਕੌਰ ਢਿੱਲੋਂ।

24-08-2017

 ਫ਼ੌਜੀ ਵੀਰਾਂ ਦਾ ਸਨਮਾਨ
ਸਾਲ ਬਾਅਦ ਜਦ ਵੀ ਕਾਰਗਿਲ ਵਿਜੈ ਦਿਵਸ ਆਉਂਦਾ ਹੈ, ਦੇਸ਼ ਭਗਤ ਲੋਕਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਸਰਕਾਰ ਨੇ ਭਾਵੇਂ ਸ਼ਹੀਦਾਂ ਦੇ ਨਾਂਅ 'ਤੇ ਗੈਸ ਏਜੰਸੀਆਂ, ਪੈਟਰੋਲ ਪੰਪ ਅਤੇ ਹੋਰ ਸਹੂਲਤਾਂ ਦਿੱਤੀਆਂ ਪਰ ਕਈ ਪਰਿਵਾਰ ਅਜੇ ਵੀ ਸਹੂਲਤਾਂ ਤੋਂ ਸੱਖਣੇ ਹਨ। ਨਿਗੂਣੀਆਂ ਪੈਨਸ਼ਨਾਂ ਨਾਲ ਗੁਜ਼ਾਰਾ ਵੀ ਮੁਸ਼ਕਿਲ ਨਾਲ ਹੋ ਰਿਹਾ ਹੈ। ਸਰਕਾਰਾਂ ਤੇ ਖ਼ੁਦਗਰਜ਼ ਲੋਕ ਉਨ੍ਹਾਂ ਸ਼ਹੀਦਾਂ ਦੀਆਂ ਦਿੱਤੀਆਂ ਕੁਰਬਾਨੀਆਂ ਨੂੰ ਭੁਲ ਗਏ ਹਨ। ਅੱਜ ਸਾਬਕਾ ਫ਼ੌਜੀ ਅਤੇ ਸ਼ਹੀਦਾਂ ਦੀਆਂ ਵਿਧਵਾਵਾਂ ਪੈਨਸ਼ਨਾਂ ਦੀਆਂ ਊਣਤਾਈਆਂ ਤੇ 7ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਾਉਣ ਲਈ ਸੰਘਰਸ਼ ਦੇ ਰਾਹ ਪਏ ਹੋਏ ਹਨ। ਸਾਨੂੰ ਸਾਰੇ ਦੇਸ਼ਵਾਸੀਆਂ ਨੂੰ ਉਨ੍ਹਾਂ ਬਹਾਦਰ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਮੈਂ ਵੀ ਫਖ਼ਰ ਮਹਿਸੂਸ ਕਰਦਾ ਹਾਂ ਕਿਉਂਕਿ ਮੇਰੇ ਦੋੋਵੇਂ ਬੇਟੇ ਸਰੱਹਦਾਂ ਦੀ ਰਾਖੀ ਕਰ ਰਹੇ ਹਨ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਨਸ਼ੀਲੇ ਪਦਾਰਥਾਂ ਦੀ ਤਸਕਰੀ
ਸੰਪਾਦਕੀ ਲੇਖ ਨਸ਼ੀਲੇ ਪਦਾਰਥਾਂ ਦੀ ਤਸਕਰੀ ਪੜ੍ਹ ਕੇ ਤਸਵੀਰ ਸਾਫ਼ ਨਜ਼ਰ ਆਈ ਹੈ ਕਿ ਪੰਜਾਬ ਸੂਬੇ ਦੇ ਨੌਜਵਾਨਾਂ ਦੀ ਨਸ਼ੇ ਦੀ ਆਦਤ ਜਿਉਂ ਦੀ ਤਿਉਂ ਹੈ। ਜਦ ਪੰਜਾਬ ਵਿਚ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਣੇ ਤਾਂ ਪੰਜਾਬ ਦੇ ਲੋਕਾਂ ਦੀ ਆਸ ਜਾਗੀ ਕਿ ਪੰਜਾਬ ਹੁਣ ਨਸ਼ਾ ਮੁਕਤ ਹੋ ਜਾਵੇਗਾ। ਅੱਜ ਵੀ ਪਿੰਡਾਂ ਵਿਚ ਨੌਜਵਾਨ ਨਸ਼ੇ ਦੇ ਸ਼ਿਕਾਰ ਹਨ। ਉਨ੍ਹਾਂ ਨੂੰ ਦੁਕਾਨਾਂ ਤੋਂ ਸਰਿੰਜਾਂ ਤੇ ਨਸ਼ੀਲੇ ਕੈਪਸੂਲ ਅਤੇ ਗੋਲੀਆ ਲੈਂਦੇ ਵੇਖਿਆ ਜਾ ਸਕਦਾ ਹੈ। ਕੈਪਟਨ ਸਰਕਾਰ ਨਸ਼ਾ ਬੰਦ ਕਰਵਾਉਣ ਵਿਚ ਢਿੱਲੀ ਪੈ ਰਹੀ ਹੈ। ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਆਏ ਦਿਨ ਲੁੱਟਾਂ-ਖੋਹਾਂ ਹੋ ਰਹੀਆ ਹਨ ਤੇ ਕੇਵਲ ਨਸ਼ੇ ਦੀ ਪੂਰਤੀ ਲਈ ਰਾਹਗੀਰਾਂ ਨੂੰ ਲੁੱਟਿਆ ਜਾ ਰਿਹਾ ਹੈ ਤੇ ਪੁਿਲਸ ਲੁਟੇਰਿਆਂ ਤੇ ਚੋਰੀ ਦੀਆਂ ਵਾਰਦਾਤਾਂ ਦੇ ਖਿਲਾਫ਼ ਐਫ.ਆਈ.ਆਰ. ਦਰਜ ਕਰਨ ਤੋਂ ਕੰਨੀ ਕਤਰਾਉਂਦੀ ਹੈ।


-ਮਾ: ਜਗੀਰ ਸਿੰਘ ਸਫ਼ਰੀ
ਸਠਿਆਲਾ (ਅੰਮ੍ਰਿਤਸਰ)।


ਪੰਜਾਬੀ ਭਾਸ਼ਾ ਦੀ ਦੁਰਗਤੀ
ਮਾਣਯੋਗ ਸਿੱਖਿਆ ਮੰਤਰੀ ਅਰੁਣਾ ਚੌਧਰੀ ਜੀ! ਮੈਂ ਤੁਹਾਡਾ ਪੰਜਾਬੀ ਭਾਸ਼ਾ ਦੀ ਹੋ ਰਹੀ ਦੁਰਗਤੀ ਵੱਲ ਧਿਆਨ ਦਿਵਾਉਣਾ ਚਾਹੁੰਦਾ ਹਾਂ। ਜਦੋਂ ਤੋਂ ਗਿਆਨੀ, ਓ.ਟੀ. ਵਿਚੋਂ ਪੰਜਾਬੀ ਅਧਿਆਪਕਾਂ ਦੀ ਚੋਣ ਬੰਦ ਕੀਤੀ ਹੈ, ਉਦੋਂ ਤੋਂ ਹੀ ਪੰਜਾਬੀ ਦੀ ਪੜ੍ਹਾਈ ਦਾ ਨਿਘਾਰ ਹੋ ਰਿਹਾ ਹੈ। ਲਾਹਨਤ ਹੈ ਕਿ ਅਸੀਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਕੁਝ ਵੀ ਨਹੀਂ ਕਰ ਸਕੇ। ਅਜੇ ਵੀ ਮੌਕਾ ਹੈ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਅਤੇ ਅਸੀਂ ਪੰਜਾਬੀ ਅਧਿਆਪਕਾਂ ਦੀ ਚੋਣ ਵੇਲੇ ਕੁਝ ਚੁਕੰਨੇ ਹੋਈਏ ਤਾਂ ਜੋ ਪੰਜਾਬੀ ਦੀ ਪ੍ਰਫੁੱਲਤਾ ਲਈ ਚੰਗੇ ਅਧਿਆਪਕ ਅੱਗੇ ਲਿਆ ਸਕੀਏ।


-ਮਾ: ਅਜੀਤ ਸਿੰਘ ਚੜਿੱਕ।


ਹਵਾ ਪ੍ਰਦੂਸ਼ਣ
ਮੈਂ ਤੁਹਾਡੇ ਧਿਆਨ 'ਚ ਵਧ ਰਹੇ ਹਵਾ ਪ੍ਰਦੂਸ਼ਣ ਨੂੰ ਲਿਆਉਣਾ ਚਾਹੁੰਦੀ ਹਾਂ। ਦਿਨੋ-ਦਿਨ ਸੜਕੀ ਆਵਾਜਾਈ ਅਤੇ ਉਦਯੋਗਿਕ ਇਕਾਈਆਂ ਵੱਲੋਂ ਹਵਾ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸਾਹ, ਅੱਖਾਂ ਅਤੇ ਚਮੜੀ ਦੇ ਰੋਗਾਂ 'ਚ ਵਾਧਾ ਹੋ ਰਿਹਾ ਹੈ। ਬੇਨਤੀ ਹੈ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਵਾਤਾਵਰਨ ਨੂੰ ਬਚਾਉਣ ਲਈ ਕਦਮ ਉਠਾਉਣੇ ਚਾਹੀਦੇ ਹਨ ਤਾਂ ਜੋ ਭਵਿੱਖ 'ਚ ਸੁਰੱਖਿਅਤ ਅਤੇ ਸਾਫ਼-ਸੁਥਰਾ ਮਾਹੌਲ ਸਿਰਜਿਆ ਜਾਵੇ।


-ਹਰਪ੍ਰੀਤ ਕੌਰ
ਜਮਾਤ ਅੱਠਵੀਂ।

23-08-2017

 ਦਰਦਨਾਕ ਹਾਦਸਾ
ਗੋਰਖਪੁਰ ਵਿਚ 63 ਬੱਚਿਆਂ ਦੀ ਮੌਤ ਦਾ ਕਿੱਸਾ ਸਾਹਮਣੇ ਆਇਆ ਹੈ। ਇਹ ਇਕ ਬਹੁਤ ਹੀ ਦਰਦਨਾਕ ਅਤੇ ਸ਼ਰਮਨਾਕ ਹਾਦਸਾ ਹੈ। ਸਰਕਾਰੀ ਹਸਪਤਾਲ, ਜਿਥੇ ਕਿ ਗ਼ਰੀਬਾਂ ਦਾ ਇਲਾਜ ਮੁਫ਼ਤ ਹੁੰਦਾ ਹੈ, ਉਥੇ ਸਰਕਾਰ ਵੱਲੋਂ ਪੈਸੇ ਨਾ ਦਿੱਤੇ ਜਾਣ ਕਾਰਨ ਆਕਸੀਜਨ ਸਪਲਾਈ ਬੰਦ ਕਰ ਦਿੱਤੀ ਗਈ, ਜਿਸ ਦੇ ਕਾਰਨ ਕਈ ਬੱਚਿਆਂ ਦੀ ਜਾਨ ਚਲੀ ਗਈ। ਮੇਰੀ ਨਜ਼ਰ ਵਿਚ ਇਹ ਯੋਗੀ ਸਰਕਾਰ ਵਾਸਤੇ ਇਕ ਬਹੁਤ ਹੀ ਨਮੋਸ਼ੀਜਨਕ ਘਟਨਾ ਹੈ। ਆਖਰ ਕਿਉਂ ਸਰਕਾਰ ਪੈਸਾ ਨਹੀਂ ਦੇ ਸਕੀ, ਇਹ ਜਾਣਦੇ ਹੋਏ ਵੀ ਕਿ ਗੋਰਖਪੁਰ ਯੋਗੀ ਅਦਿੱਤਿਆਨਾਥ ਦਾ ਹਲਕਾ ਹੈ। ਕੀ ਕਾਰਨ ਹੋ ਸਕਦਾ ਹੈ। ਯੋਗੀ ਅਦਿੱਤਿਆਨਾਥ 1998 ਤੋਂ ਬਾਅਦ ਗੋਰਖਪੁਰ ਹਲਕੇ ਤੋਂ ਤਿੰਨ ਵਾਰ ਜਿੱਤ ਚੁੱਕੇ ਹਨ। ਜੇ ਉਨ੍ਹਾਂ ਦੇ ਆਪਣੇ ਹਲਕੇ ਵਿਚ ਇਹ ਹਾਲ ਹੈ ਤਾਂ ਅਸੀਂ ਕੀ ਉਮੀਦ ਕਰ ਸਕਦੇ ਹਾਂ ਕਿ ਬਾਕੀ ਸੂਬੇ ਵਿਚ ਕੀ ਹਾਲ ਹੋਵੇਗਾ। ਸ਼ੁਰੂਆਤ ਤੋਂ ਹੀ ਯੋਗੀ ਦੀ ਸਰਕਾਰ ਚੰਗਾ ਕਰ ਰਹੀ ਸੀ ਪਰ ਇਸ ਘਟਨਾ ਤੋਂ ਬਾਅਦ ਲੋਕੀਂ ਯੋਗੀ ਸਰਕਾਰ ਤੋਂ ਬਹੁਤ ਨਿਰਾਸ਼ ਹੋਣਗੇ।


-ਵੇਦਾਂਤ ਰਾਜੇਸ਼
ਬੀ.ਏ.-ਜੇ.ਐਮ.ਸੀ., ਡੀ.ਏ.ਵੀ. ਕਾਲਜ, ਅੰਮ੍ਰਿਤਸਰ।


ਸੱਚ ਦਾ ਸ਼ੀਸ਼ਾ
ਪਿਛਲੇ ਦਿਨਾਂ ਦੀ ਸੰਪਾਦਕੀ ਪੰਜਾਬ ਨਾਲ ਬੇਇਨਸਾਫ਼ੀ ਵਿਚ ਅਸਲੀਅਤ ਪੇਸ਼ ਕਰਨ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਸੱਚ ਦਾ ਸ਼ੀਸ਼ਾ ਵਿਖਾਇਆ ਗਿਆ ਹੈ। ਇਸ ਵਿਚ ਅੰਕੜਿਆਂ ਸਹਿਤ ਦੱਸਿਆ ਗਿਆ ਹੈ ਕਿ ਉੱਤਰ ਪੂਰਬੀ ਅਤੇ ਪਹਾੜੀ ਰਾਜਾਂ ਦੇ ਉਦਯੋਗਾਂ ਲਈ ਟੈਕਸ ਰਿਆਇਤਾਂ ਵਿਚ ਸਾਲ 2027 ਤੱਕ ਕੀਤੇ ਵਾਧੇ ਨਾਲ ਪੰਜਾਬ ਨਾਲ ਬੇਇਨਸਾਫ਼ੀ ਹੋਈ ਹੈ। ਇਹ ਵੀ ਸੋਚਣਾ ਹੋਵੇਗਾ ਕਿ ਇਸ ਦਾ ਪੰਜਾਬ ਅਤੇ ਹਰਿਆਣਾ ਵਰਗੇ ਸੂਬਿਆਂ ਉੱਪਰ ਕੀ ਅਸਰ ਪਵੇਗਾ? ਇਸ ਕਾਰਨ ਪਹਿਲਾਂ ਹੀ ਪੰਜਾਬ ਵਿਚ ਵੱਡੀ ਗਿਣਤੀ ਸਨਅਤੀ ਇਕਾਈਆਂ ਬੰਦ ਹੋ ਗਈਆਂ ਹਨ ਅਤੇ ਅਨੇਕਾਂ ਹੋਰ ਬੰਦ ਹੋਣ ਕੰਢੇ ਹਨ। ਪੰਜਾਬ ਦੀ ਆਰਥਿਕਤਾ ਉਪਰ ਵੱਡਾ ਅਸਰ ਪਿਆ ਹੈ ਅਤੇ ਬੇਰੁਜ਼ਗਾਰੀ ਵਧੀ ਹੈ। ਇਸ ਦੇ ਨਾਲ ਹੀ ਇਸ ਸੰਪਾਦਕੀ ਦੇ ਅਖੀਰ ਵਿਚ ਬਿਲਕੁਲ ਸੱਚ ਲਿਖਿਆ ਹੈ ਕਿ ਸਨਅਤੀ ਖੇਤਰ ਵਿਚ ਪਛੜੇ ਪੰਜਾਬ ਦੀ ਸਥਿਤੀ ਕਿਸੇ ਵੱਡੇ ਦੁਖਾਂਤ ਨੂੰ ਜਨਮ ਦੇ ਸਕਦੀ ਹੈ।


-ਜਗਮੋਹਨ ਸਿੰਘ ਲੱਕੀ।


ਸਮਾਜਿਕ ਨਿਯਮਾਂਵਲੀ
ਰਾਜਨੀਤੀ ਵਿਚ ਵਿਰੋਧ ਆਮ ਗੱਲ ਹੈ ਪਰ ਇਸ ਵਿਰੋਧ ਨੂੰ ਘਰ ਦੇ ਚੁੱਲ੍ਹੇ ਤੱਕ ਲੈ ਕੇ ਆਉਣਾ ਗ਼ਲਤ ਹੈ। ਮਾਤਾ ਦੇ ਦਿਹਾਂਤ ਪਿੱਛੋਂ ਮਹਾਰਾਜਾ ਅਮਰਿੰਦਰ ਸਿੰਘ ਦੇ ਘਰ ਘੁੱਪ ਹਨੇਰਾ ਹੋ ਗਿਆ ਹੈ। ਜਿਹੜੇ ਲੋਕ ਮਾਵਾਂ ਗੁਆ ਚੁੱਕੇ ਹਨ, ਉਹ ਇਸ ਦਰਦ ਨੂੰ ਜਾਣਦੇ ਹਨ। ਦੁੱਖ ਦੀ ਘੜੀ ਵਿਚ ਸਮਾਜੀ ਕਦਰਾਂ-ਕੀਮਤਾਂ ਤੋਂ ਜਾਣੂ ਹੋਣਾ ਹਰ ਪ੍ਰਾਣੀ ਦਾ ਫ਼ਰਜ਼ ਹੈ। ਇਸ ਲਈ ਸਮਾਜਿਕ ਨਿਯਮਾਂਵਲੀ ਵਿਚ ਰਹਿ ਕੇ ਬਾਦਲ ਪਰਿਵਾਰ ਨੇ ਉੱਚਾ ਸੁਨੇਹਾ ਦਿੱਤਾ ਹੈ। ਰਾਜ ਮਾਤਾ ਆਪਣੇ ਪਰਿਵਾਰ ਲਈ ਸਹਿਜ ਅਤੇ ਸਿਆਣਪ ਦੀ ਮੂਰਤ ਸੀ, ਜਿਸ ਦੇ ਜਾਣ ਨਾਲ ਪਰਿਵਾਰ ਵਿਚ ਹਨੇਰਾ ਛਾ ਗਿਆ। ਲੋੜ ਹੈ ਹਰ ਪੰਜਾਬੀ ਨੂੰ ਖ਼ਾਸ ਤੌਰ 'ਤੇ ਸ਼ਰੀਕ ਰਾਜਨੀਤਕਾਂ ਨੂੰ ਦੁੱਖ ਦੀ ਘੜੀ ਵਿਚ ਸ਼ਰੀਕ ਹੋ ਕੇ ਸਮਾਜਿਕ ਨਿਯਮਾਂਵਲੀ ਅਪਣਾਉਣ ਦੀ ਹੈ। ਆਖਰ ਮਾਂ ਤਾਂ ਮਾਂ ਹੁੰਦੀ ਹੈ।


-ਸੁਖਪਾਲ ਸਿੰਘ
ਅਬਿਆਣਾ ਕਲਾਂ।

22-08-2017

 ਸਰਕਾਰੀ ਖਜ਼ਾਨੇ ਦੀ ਲੁੱਟ ਰੋਕੋ
ਪੰਜਾਬ 'ਚ ਮੋਤੀਆਂ ਵਾਲੀ ਸਰਕਾਰ, ਖਰਚੇ ਸ਼ਾਹਾਨਾ, ਸਰਕਾਰ ਸਲਾਹਕਾਰਾਂ ਤੇ ਓ. ਐੱਸ. ਡੀਜ਼ ਦੀਆਂ ਨਿਯੁਕਤੀ 'ਤੇ ਪ੍ਰਤੀ ਮਹੀਨਾ 30 ਲੱਖ ਰੁਪਏ ਨਾਜਾਇਜ਼ ਉਡਾ ਰਹੀ ਹੈ। ਉਥੇ ਪੁਲਿਸ ਵਿਭਾਗ 'ਚ ਉੱਚ ਅਧਿਕਾਰੀਆਂ ਦੀ ਭਰਮਾਰ ਹੈ। ਇਸ ਵੇਲੇ ਪੰਜਾਬ ਵਿਚ ਡੀ. ਜੀ. ਪੀ. ਦੀ ਗਿਣਤੀ 11 ਤੇ ਏ. ਡੀ. ਜੀ. ਪੀ. ਦੀ ਗਿਣਤੀ 10 ਹੈ, ਜਦੋਂ ਕਿ ਇੰਡੀਅਨ ਪੁਲਿਸ ਸਰਵਿਸ ਦੇ ਰੂਲਜ਼ ਅਨੁਸਾਰ ਪੰਜਾਬ ਵਿਚ 2 ਡੀ.ਜੀ.ਪੀ. ਦੇ ਅਹੁਦਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਸੂਬਾ ਸਰਕਾਰ ਇਸ ਤੋਂ ਇਲਾਵਾ ਦੋ ਹੋਰ ਡੀ. ਜੀ. ਪੀ. ਦੇ ਅਹੁਦਿਆਂ 'ਤੇ ਅਫਸਰਾਂ ਦੀ ਤਾਇਨਾਤੀ ਕਰ ਸਕਦੀ ਹੈ ਪਰ ਪੰਜਾਬ ਸਰਕਾਰ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ 11 ਡੀ. ਜੀ. ਪੀ. ਬਣਾ ਦਿੱਤੇ ਹਨ। ਇਨ੍ਹਾਂ ਅਫਸਰਾਂ ਨੂੰ ਦੋਵੇਂ ਹੱਥੀਂ ਖਜ਼ਾਨਾ ਲੁਟਾਇਆ ਜਾ ਰਿਹਾ ਹੈ ਪਰ ਇਸ ਵਿਸ਼ੇ 'ਤੇ ਸਾਡੇ ਖਜ਼ਾਨਾ ਮੰਤਰੀ ਦੀ ਚੁੱਪ ਕਈ ਸਵਾਲ ਖੜ੍ਹੇ ਕਰਦੀ ਹੈ।

-ਜਸਕਰਨ ਲੰਡੇ,
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਮੀਡੀਆ ਦੀ ਤਾਕਤ
ਵਿਕਾਸ ਬਰਾਲਾ ਅਤੇ ਵਰਣਿਕਾ ਚੰਡੀਗੜ੍ਹ ਕੇਸ ਨੂੰ ਨਵੀਂ ਰੰਗਤ ਦੇਣ ਵਿਚ ਮੀਡੀਏ ਨੇ ਬਿਨਾਂ ਕਿਸੇ ਰਾਜਨੀਤਕ ਪੱਖਪਾਤ ਦੇ ਆਪਣੀ ਬਣਦੀ ਭੂਮਿਕਾ ਨੂੰ ਨਿਭਾਇਆ ਹੈ, ਜਿਸ ਕਾਰਨ ਸ਼ਾਇਦ ਅੱਜ ਕੁੰਡੂ ਪਰਿਵਾਰ ਨੂੰ ਅਤੇ ਪੀੜਤ ਲੜਕੀ ਨੂੰ ਇਨਸਾਫ ਲਈ ਕਾਨੂੰਨ 'ਤੇ ਭਰੋਸਾ ਬੱਝਾ। ਪੁਲਿਸ ਪ੍ਰਸ਼ਾਸਨ ਦਾ ਪਹਿਲਾਂ ਦਾ ਵਤੀਰਾ ਅਤੇ ਹੁਣ ਦਾ ਰਵੱਈਆ ਕਿਤੇ ਨਾ ਕਿਤੇ ਮਹਿਕਮੇ ਨੂੰ ਸਵਾਲਾਂ ਦੇ ਘੇਰੇ ਵਿਚ ਲੈਂਦਾ ਹੈ। ਸ਼ਾਇਦ ਮੀਡੀਆ ਨੇ ਪ੍ਰਸ਼ਾਸਨ ਨੂੰ ਰਾਜਨੀਤਕ ਦਖਲਅੰਦਾਜ਼ੀ ਤੋਂ ਉੱਪਰ ਉੱਠ ਕੇ ਕੇਸ ਨੂੰ ਨਜਿੱਠਣ ਲਈ ਮਜਬੂਰ ਕੀਤਾ। ਐੱਨ. ਡੀ. ਟੀ. ਵੀ. ਨੂੰ ਆਈ.ਏ.ਐੱਸ. ਅਧਿਕਾਰੀ ਵੀ. ਐੱਸ. ਕੁੰਡੂ ਵੱਲੋਂ ਦਿੱਤੀ ਇੰਟਰਵਿਊ ਸਪੱਸ਼ਟ ਕਰਦੀ ਹੈ ਕਿ ਉਨ੍ਹਾਂ ਦਾ ਮੀਡੀਏ ਪ੍ਰਤੀ ਰਵੱਈਆ ਭਰੋਸੇ ਵਾਲਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੀਡੀਏ ਦੀ ਬਦੌਲਤ ਅੱਜ ਕੇਸ ਨੂੰ ਨਵਾਂ ਤੇ ਸਪੱਸ਼ਟ ਚਿਹਰਾ ਮਿਲਿਆ ਹੈ। ਉਧਰ ਵਰਣਿਕਾ ਦਾ ਕਹਿਣਾ ਹੈ ਕਿ ਹੁਣ ਇਹ ਸਿਰਫ ਉਸ ਦੀ ਲੜਾਈ ਨਹੀਂ, ਸਗੋਂ ਹੁਣ ਇਹ ਦੇਸ਼ ਦੀ ਹਰ ਔਰਤ ਦੀ ਲੜਾਈ ਹੈ, ਤਾਂ ਜੋ ਕਿਸੇ ਵੀ ਔਰਤ ਨੂੰ ਬਾਹਰ ਨਿਕਲਣ ਤੋਂ ਪਹਿਲਾਂ ਘੜੀ ਦੀ ਸੂਈ ਵੱਲ ਨਾ ਦੇਖਣਾ ਪਵੇ। ਇਸ ਕੇਸ ਵਿਚ ਮੀਡੀਏ ਵੱਲੋਂ ਕੀਤਾ ਫੇਰਬਦਲ ਇਸ ਗੱਲ ਦਾ ਪ੍ਰਤੀਕ ਸਾਬਤ ਹੁੰਦਾ ਹੈ ਕਿ ਮੀਡੀਆ ਸਾਡੀ ਜ਼ਿੰਦਗੀ ਦਾ ਅਟੁੱਟ ਅੰਗ ਬਣ ਚੁੱਕਾ ਹੈ।

-ਅਰਮਿੰਦਰ ਸਿੰਘ ਮਾਨ

ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ
ਭਾਰਤ ਦੇ ਕੁਲ ਖੇਤੀਬਾੜੀ ਅਧੀਨ ਰਕਬੇ ਵਿਚ ਪੰਜਾਬ ਦਾ ਰਕਬਾ ਕਰੀਬ 2 ਫੀਸਦੀ ਬਣਦਾ ਹੈ ਪਰ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਦੇ ਮਾਮਲੇ ਵਿਚ ਪੰਜਾਬ 'ਚ ਵਰਤੀਆਂ ਜਾਣ ਵਾਲੀਆਂ ਕੀਟਨਾਸ਼ਕ ਦਵਾਈਆਂ ਕੁੱਲ ਭਾਰਤ ਵਿਚ ਵਰਤੀਆਂ ਜਾਣ ਵਾਲੀਆਂ ਕੀਟਨਾਸ਼ਕ ਦਵਾਈਆਂ ਦਾ 15 ਤੋਂ 18 ਫੀਸਦੀ ਹਿੱਸਾ ਬਣਦੀਆਂ ਹਨ। ਕਿਸਾਨ ਇਸ ਗੱਲ ਤੋਂ ਅਣਜਾਣ ਹਨ ਕਿ ਇਨ੍ਹਾਂ ਜ਼ਹਿਰੀਲੀਆਂ ਦਵਾਈਆਂ ਦੇ ਅੰਸ਼ ਕੁਝ ਨਾ ਕੁਝ ਮਾਤਰਾ 'ਚ ਖਾਣ ਵਾਲੀਆਂ ਵਸਤਾਂ ਜ਼ਰੀਏ ਮਨੁੱਖੀ ਸਰੀਰ ਵਿਚ ਪ੍ਰਵੇਸ਼ ਕਰਕੇ ਹਰ ਮਨੁੱਖ ਲਈ ਕੈਂਸਰ ਦੀ ਸੌਗਾਤ ਵੰਡਣ ਦਾ ਜ਼ਰੀਆ ਵੀ ਬਣ ਰਹੇ ਹਨ। ਕਈ ਕੀਟਨਾਸ਼ਕ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦਾ ਇਕੋ-ਇਕ ਮਕਸਦ ਆਪਣੇ ਉਤਪਾਦਾਂ ਦੀ ਵੱਧ ਤੋਂ ਵੱਧ ਵਿਕਰੀ ਕਰਨਾ ਹੈ। ਸਰਕਾਰ ਅਤੇ ਖੇਤੀਬਾੜੀ ਮਹਿਕਮੇ ਨੂੰ ਕੀਟਨਾਸ਼ਕ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ ਨੂੰ ਘੱਟ ਕਰਨ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਕਿਸਾਨ ਭਰਾਵਾਂ ਨੂੰ ਵੀ ਇਨ੍ਹਾਂ ਦੀ ਵਰਤੋਂ ਘੱਟ ਤੋਂ ਘੱਟ ਮਾਤਰਾ ਵਿਚ ਕਰਨੀ ਚਾਹੀਦੀ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਨਤੀਜੇ ਇਸ ਤੋਂ ਵੀ ਜ਼ਿਆਦਾ ਘਾਤਕ ਹੋਣਗੇ।

-ਸਰਵਣ ਸਿੰਘ ਭੰਗਲਾਂ,
ਸਮਰਾਲਾ।

21-08-2017

 ਪੰਜਾਬ ਤੇ ਹਿਸਾਬ
'ਪੰਜਾਬ ਨਾਲ ਬੇਇਨਸਾਫ਼ੀ' ਸੰਪਾਦਕੀ ਅਤੇ 'ਪਹਾੜੀ ਰਾਜਾਂ ਨੂੰ ਰਿਆਇਤਾਂ ਦੇਣ ਪਿੱਛੇ ਹੈ ਸਿਆਸੀ ਮੰਤਵ', ਹਰਜਿੰਦਰ ਸਿੰਘ ਲਾਲ ਦਾ ਲੇਖ ਪੜ੍ਹ ਕੇ ਮਹਿਸੂਸ ਹੋਇਆ ਹੈ ਕਿ ਪੰਜਾਬ ਨੂੰ ਹਮੇਸ਼ਾ ਹੀ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਪੰਜਾਬ ਦੀਆਂ ਸਨਅਤੀ ਇਕਾਈਆਂ ਬੰਦ ਹੋਈਆਂ ਅਤੇ ਹੋ ਰਹੀਆਂ ਹਨ, ਕਿਉਂਕਿ ਇਨ੍ਹਾਂ ਰਾਜਾਂ ਦੇ ਮੁਕਾਬਲੇ ਵਿਚ ਮਹਿੰਗੇ ਭਾਅ ਬਣੀ ਵਸਤ ਮਹਿੰਗੇ ਭਾਅ ਹੀ ਵੇਚਣੀ ਹੁੰਦੀ ਹੈ। ਖ਼ਰੀਦਦਾਰ ਸਸਤੀ ਮੰਡੀ ਵਿਚ ਜਾਵੇਗਾ, ਇਹ ਕੁਦਰਤੀ ਹੈ। ਮਾਹਿਰਾਂ ਨੂੰ ਇਕ ਆਸ ਦੀ ਕਿਰਨ ਨਜ਼ਰ ਆ ਰਹੀ ਸੀ ਕਿ ਪਿਛਲੇ ਦੋ ਦਹਾਕਿਆਂ ਤੋਂ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਚੱਲ ਰਹੀਆਂ ਟੈਕਸ ਸਹੂਲਤਾਂ ਦੇ ਖ਼ਤਮ ਹੋਣ ਦਾ ਸਮਾਂ ਨੇੜੇ ਹੈ। ਸਨਅਤਕਾਰ ਪੰਜਾਬ ਵੱਲ ਮੁੜ ਆਵੇਗਾ। ਪੰਜਾਬ ਸਰਕਾਰ ਵੱਲੋਂ ਸਨਅਤਾਂ ਲਈ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਐਲਾਨ ਹੋਰ ਉਤਸ਼ਾਹ ਭਰਨਾ ਵਾਲਾ ਸੀ ਪਰ ਕੇਂਦਰ ਵੱਲੋਂ ਉੱਤਰ-ਪੂਰਬੀ ਰਾਜਾਂ ਦੇ ਪਹਾੜੀ ਰਾਜਾਂ ਨੂੰ ਦਿੱਤੀਆਂ ਟੈਕਸ ਰਿਆਇਤਾਂ ਵਿਚ ਹੋਰ 10 ਸਾਲ ਲਈ ਵਾਧਾ ਕਰਕੇ ਆਸ 'ਤੇ ਪਾਣੀ ਫੇਰ ਦਿੱਤਾ ਗਿਆ ਹੈ। ਪੰਜਾਬ ਲਈ ਹਮੇਸ਼ਾ ਵੱਖਰਾ ਹਿਸਾਬ ਤੇ ਵੱਖਰਾ ਫਾਰਮੂਲਾ ਕਿਉਂ ਲਾਇਆ ਜਾਂਦਾ ਹੈ, ਇਸ ਦਾ ਉੱਤਰ ਉਕਰਨਾ ਪਵੇਗਾ।


-ਰਸ਼ਪਾਲ ਸਿੰਘ,
ਸ਼ੁਭ ਕਰਮਨ ਸੁਸਾਇਟੀ, ਹੁਸ਼ਿਆਰਪੁਰ।


ਘਟੀਆ ਸਿਆਸਤ ਬੰਦ ਹੋਵੇ

ਯੂ. ਪੀ. ਵਿਚ 73 ਬੱਚਿਆਂ ਦੀ ਮੌਤ ਖ਼ੌਫਨਾਕ ਖ਼ਬਰ ਸੀ ਪਰ ਸਾਡੇ ਸਿਸਟਮ ਨੂੰ ਚਲਾਉਣ ਵਾਲਿਆਂ ਵਾਸਤੇ ਇਹ ਕੁਝ ਵੀ ਨਹੀਂ। ਸਜ਼ਾ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ ਪਰ ਸਾਡੇ ਦੇਸ਼ ਦੀ ਬਦਕਿਸਮਤੀ ਹੈ ਕਿ ਇਥੇ ਹਿਰਨ ਨੂੰ ਮਾਰਨ ਵਾਲੇ 'ਤੇ ਕੇਸ ਚੱਲ ਸਕਦਾ ਹੈ ਪਰ ਬੱਚਿਆਂ ਦੇ ਮਰਨ 'ਤੇ ਕਿਸੇ ਦੀ ਇਨਸਾਨੀਅਤ ਨਹੀਂ ਜਾਗੀ। ਇਕ ਦਿਨ ਕੋਈ ਚੈਨਲ 'ਤੇ ਕਹਿ ਰਿਹਾ ਸੀ, 'ਅੱਜ ਤਾਂ ਸਿਰਫ ਸੱਤ ਬੱਚੇ ਮਰੇ ਹਨ।' ਇਸ ਇਕ ਵਾਕ ਵਿਚੋਂ ਇਨ੍ਹਾਂ ਦੀ ਇਨਸਾਨੀਅਤ, ਲੋਕਾਂ ਪ੍ਰਤੀ ਸੋਚ ਤੇ ਕੁਰਸੀਆਂ ਦੀ ਤਾਕਤ ਦਾ ਹੰਕਾਰ ਵਿਖਾਈ ਦੇ ਗਿਆ।
ਕਾਹਦੀ ਆਜ਼ਾਦੀ, ਕਾਹਦਾ ਵਿਕਾਸ ਤੇ ਕਿਹੜਾ ਵਿਕਾਸ? ਲੋਕਾਂ ਨੂੰ ਮੁਢਲੀਆਂ ਸਹੂਲਤਾਂ ਨਹੀਂ ਤੇ ਡਿਜੀਟਲ ਇੰਡੀਆ ਬਣਾ ਕੇ ਕਿਹਨੂੰ ਲਾਭ ਦੇਣਾ? ਕਿਉਂ ਮੰਤਰੀ ਵਿਦੇਸ਼ਾਂ ਵਿਚ ਇਲਾਜ ਲਈ ਜਾਂਦੇ ਹਨ? ਕਿਉਂ ਇਨ੍ਹਾਂ ਨੂੰ ਸਕਿਉਰਿਟੀ ਚਾਹੀਦੀ ਹੈ? ਸ਼ਰਮ ਆਉਂਦੀ ਹੈ ਤੇ ਆਪਣੀ ਗ਼ਲਤੀ ਦਾ ਅਹਿਸਾਸ ਹੁੰਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਬੰਦੇ ਚੁਣ ਕੇ ਸਰਕਾਰ ਬਣਾਉਣ ਲਈ ਭੇਜਦੇ ਹਾਂ? ਮਿਹਰਬਾਨੀ ਕਰਕੇ ਏਨੀ ਗੰਦੀ ਤੇ ਘਟੀਆ ਸਿਆਸਤ ਨਾ ਕਰੋ। ਜਿੰਨੀ ਦੇਰ ਤੱਕ ਸਜ਼ਾਵਾਂ ਤੇ ਫੈਸਲੇ ਜਲਦੀ ਨਹੀਂ ਲਏ ਜਾਂਦੇ, ਮੰਦਭਾਗੀਆਂ ਘਟਨਾਵਾਂ ਨੂੰ ਰੋਕਣਾ ਮੁਸ਼ਕਿਲ ਹੈ।


-ਪ੍ਰਭਜੋਤ ਕੌਰ ਢਿੱਲੋਂ


ਅੰਧ-ਵਿਸ਼ਵਾਸ

ਪਿਛਲੇ ਦੋ ਮਹੀਨਿਆਂ ਤੋਂ ਇਕ ਅਫਵਾਹ ਫੈਲਾਈ ਜਾ ਰਹੀ ਹੈ ਕਿ ਕੋਈ ਗੈਬੀ ਸ਼ਕਤੀ ਸੁੱਤੇ ਪਏ, ਤੁਰਦੇ-ਫਿਰਦੇ, ਕੰਮਕਾਰ ਕਰਦੇ ਆਦਮੀ, ਔਰਤ ਅਤੇ ਬੱਚੇ ਦੇ ਸਿਰ ਤੋਂ ਵਾਲ ਕੱਟ ਜਾਂਦੀ ਹੈ। ਪਰ ਉਸ ਸ਼ਕਤੀ ਦਾ ਪਤਾ ਨਹੀਂ ਲੱਗ ਸਕਿਆ। ਵੱਖ-ਵੱਖ ਤਰ੍ਹਾਂ ਦੇ ਅਨੁਮਾਨ ਲਗਾਏ ਜਾ ਰਹੇ ਹਨ। ਸਾਡੇ ਬਾਬੇ, ਤਾਂਤਰਿਕ, ਸਿਆਣੇ ਅਤੇ ਵਹਿਮੀ ਲੋਕ ਆਪਣੇ-ਆਪਣੇ ਢੰਗ ਨਾਲ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਬੜਾ ਅਫ਼ਸੋਸ ਹੁੰਦਾ ਜਦ ਅਸੀਂ 21ਵੀਂ ਸਦੀ ਦੇ ਵਿਚ ਪਹੁੰਚ ਕੇ ਭਾਰਤ ਨੂੰ ਸੁਪਰਪਾਵਰ ਬਣਾਉਣ ਦੀ ਗੱਲ ਕਰਦੇ ਹਾਂ ਪਰ ਸਾਡੀ ਜਨਤਾ ਹਾਲੇ ਵੀ ਅੰਧਵਿਸ਼ਵਾਸ ਵਿਚ ਬੁਰੀ ਤਰ੍ਹਾਂ ਖੁੱਭੀ ਹੋਈ ਹੈ। ਸ਼ਰਾਰਤੀ ਦਿਮਾਗ ਵਾਲੇ ਲੋਕ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾਅ ਕੇ ਆਪਣੀ ਰੋਟੀ ਸੇਕ ਰਹੇ ਹਨ, ਇਨ੍ਹਾਂ ਤੋਂ ਬਚੋ।


-ਜਗਰੂਪ ਸਿੰਘ,
ਥੇਹ ਕਲੰਦਰ (ਫਾਜ਼ਿਲਕਾ)।

18-08-2017

 ਡੋਕਲਾਮ ਬਾਰੂਦ ਦੀ ਢੇਰੀ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ 'ਗੱਲਬਾਤ ਹੀ ਹੈ ਬਿਹਤਰ ਬਦਲ' ਨੇ ਹਫ਼ਤਿਆਂ ਦੇ ਚਲੇ ਆ ਰਹੇ ਰੇੜਕੇ 'ਡੋਕਲਾਮ' ਦੀ ਵਿਸਥਾਰ ਤੇ ਅਰਥ ਭਰਪੂਰ ਜਾਣਕਾਰੀ ਦਿੱਤੀ ਹੈ। ਦਿਨ-ਬਦਿਨ ਦੋਵਾਂ ਪਾਸਿਆਂ ਤੋਂ ਹੋ ਰਹੀ ਬਿਆਨਬਾਜ਼ੀ ਯੁੱਧ ਵਰਗਾ ਮਾਹੌਲ ਸਿਰਜ ਰਹੀ ਹੈ, ਜਿਸ ਤੋਂ ਸੁਭਾਵਿਕ ਹੀ ਪੂਰੀ ਲੋਕਾਈ ਮਾਯੂਸ ਨਜ਼ਰ ਆ ਰਹੀ ਹੈ। 'ਡੋਕਲਾਮ' ਬਾਰੂਦ ਦੀ ਉਹ ਢੇਰੀ ਪ੍ਰਤੀਤ ਹੋ ਰਹੀ ਹੈ ਜੋ ਇਕ ਤੀਲੀ ਨਾਲ ਦੋ ਗੁਆਂਢੀ ਮੁਲਕਾਂ ਨੂੰ ਨੇਸਤੋਨਾਬੂਦ ਕਰ ਸਕਦੀ ਹੈ। ਸੋ, ਲੋੜ ਹੈ ਇਸ ਮਸਲੇ ਨੂੰ ਸਿਰ ਜੋੜ ਕੇ ਹੀ ਨਿਬੇੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ ਤਾਂ ਜੋ ਲੋਕ ਦਹਿਸ਼ਤ ਦੇ ਮਾਹੌਲ ਤੋਂ ਬਾਹਰ ਆ ਸਕਣ।

-ਅੰਮ੍ਰਿਤਪਾਲ ਸਿੰਘ ਮੇਘਾਣੀਆਂ
ਸਰਕਾਰੀ ਮਿਡਲ ਸਕੂਲ ਚੌਰਵਾਲਾ (ਫ਼ਤਹਿਗੜ੍ਹ ਸਾਹਿਬ)।

ਧਾਰਮਿਕ/ਰਾਜਸੀ ਸਰਗਰਮੀਆਂ
ਧਾਰਮਿਕ ਸਮਾਗਮ ਵਿਚ ਕਥਾ, ਕੀਰਤਨ ਸੁਣ ਕੇ ਸੰਗਤਾਂ ਵਾਹਿਗੁਰੂ-ਵਾਹਿਗੁਰੂ ਕਰਦੀਆਂ ਘਰਾਂ ਨੂੰ ਵਾਪਸ ਜਾਂਦੀਆਂ ਹਨ ਜਿਸ ਨਾਲ ਸਾਡੀ ਧਾਰਮਿਕ ਬਿਰਤੀ ਬਣੀ ਰਹਿੰਦੀ ਹੈ ਤੇ ਬਣੀ ਰਹਿਣੀ ਵੀ ਚਾਹੀਦੀ ਹੈ। ਪਰ ਸਾਡੇ ਇਹ ਰੁਝਾਨ ਬਣ ਗਿਆ ਹੈ ਕਿ ਜਿਥੇ ਵੀ ਧਾਰਮਿਕ ਸਮਾਗਮ ਹੋਣ, ਉਥੇ ਰਾਜਸੀ ਪਾਰਟੀਆਂ ਇਕੱਠ ਦਾ ਗ਼ਲਤ ਫਾਇਦਾ ਉਠਾਉਂਦੀਆਂ ਹਨ। ਚਾਹੀਦਾ ਇਹ ਹੈ ਕਿ ਸਾਡੀ ਧਾਰਮਿਕ ਸੰਸਥਾ, ਸ਼੍ਰੋ: ਗੁ: ਪ੍ਰੰ: ਕਮੇਟੀ, ਇਸ ਰੁਝਾਨ ਨੂੰ ਬੰਦ ਕਰਵਾਏ। ਚਾਹੇ ਕੋਈ ਵੀ ਪਾਰਟੀ ਹੋਵੇ, ਉਸ ਨੂੰ ਉਥੇ ਧਾਰਮਿਕ ਜਗ੍ਹਾ 'ਤੇ ਕੋਈ ਵੀ ਕਾਨਫ਼ਰੰਸ ਨਾ ਕਰਨ ਦੇਵੇ। ਮੱਥਾ ਟੇਕਣ ਹਰ ਵਰਗ ਦਾ ਬੰਦਾ ਆਉਂਦਾ ਹੈ ਤਾਂ ਚਾਹੀਦਾ ਇਹ ਹੈ ਕਿ ਇਥੋਂ ਕੁਝ ਸਿੱਖਿਆ ਲੈ ਕੇ ਜਾਵੇ, ਨਾ ਕਿ ਇਕ-ਦੂਜੇ ਦੀ ਪਾਰਟੀ ਨੂੰ ਗਾਲ੍ਹਾਂ ਕੱਢਦਾ ਮੁੜੇ।

-ਹਰਜਿੰਦਰਪਾਲ ਸਿੰਘ ਬਾਜਵਾ
536, ਗਲੀ 5-ਬੀ, ਵਿਜੇ ਨਗਰ, ਹੁਸ਼ਿਆਰਪੁਰ

ਭ੍ਰਿਸ਼ਟਾਚਾਰ ਦਾ ਖ਼ਾਤਮਾ
ਪਿਛਲੇ ਦਿਨੀਂ ਸੰਪਾਦਕੀ ਪੰਨੇ 'ਤੇ ਲੇਖ 'ਆਜ਼ਾਦੀ ਦਾ ਸੰਘਰਸ਼' ਪੜ੍ਹਿਆ, ਜਿਸ ਵਿਚ ਫ਼ਿਰਕੂਵਾਦ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਗ਼ਰੀਬੀ ਵਰਗੇ ਗੰਭੀਰ ਮੁੱਦਿਆਂ ਦੀ ਗੱਲ ਕੀਤੀ ਗਈ ਸੀ। ਇਹ ਚੁਣੌਤੀਆਂ ਦੇਸ਼ ਦੇ ਅੱਗੇ ਹਨ ਅਤੇ ਇਨ੍ਹਾਂ ਨੂੰ ਤਕੜੇ ਹੋ ਕੇ ਨਜਿੱਠਣ ਦੀ ਲੋੜ ਹੈ। ਭ੍ਰਿਸ਼ਟਾਚਾਰ ਕੈਂਸਰ ਰੂਪੀ ਜੰਜਾਲ ਹੈ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਹੈ। ਇਹ ਅਹਿਮ ਸਮੱਸਿਆ ਹੈ। ਦੇਸ਼ ਦੀ ਤਰੱਕੀ ਵਿਚ ਭ੍ਰਿਸ਼ਟਾਚਾਰ ਬਹੁਤ ਵੱਡੀ ਰੁਕਾਵਟ ਹੈ, ਦੇਸ਼ ਅਤੇ ਨਾਗਰਿਕਾਂ ਨੂੰ ਇਸ ਦੀ ਕੀਮਤ ਚੁਕਾਉਣੀ ਪੈ ਰਹੀ ਹੈ। ਵੱਡੇ-ਛੋਟੇ ਭ੍ਰਿਸ਼ਟਾਚਾਰੀਆਂ ਨੂੰ ਕਾਬੂ ਕਰਨ ਦੀ ਲੋੜ ਹੈ। ਆਮ ਨਾਗਰਿਕ ਸੁਚੇਤ ਹੋਣ। ਦਲਾਲਾਂ ਅਤੇ ਭ੍ਰਿਸ਼ਟਾਚਾਰੀਆਂ ਦਾ ਤਾਣਾ-ਬਾਣਾ ਖ਼ਤਮ ਕੀਤਾ ਜਾਵੇ। ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵੱਡੇ ਪੱਧਰ 'ਤੇ ਵਿੱਢਣ ਦੀ ਲੋੜ ਹੈ। ਇਹ ਲੇਖ ਸ਼ਲਾਘਾਯੋਗ ਸੀ।

-ਜਸਪਾਲ ਸਿੰਘ ਲੋਹਾਮ
#29/166 ਗਲੀ ਹਜ਼ਾਰਾ ਸਿੰਘ, ਮੋਗਾ।

17-08-2017

 ਰਸੋਈ ਦਾ ਬਜਟ
ਲੋਕ ਹਿਤੈਸ਼ੀ ਸਰਕਾਰ ਦਾ ਮੁਢਲਾ ਫ਼ਰਜ਼ ਬਣਦਾ ਹੈ ਕਿ ਹਰ ਪਰਿਵਾਰ ਦੀ ਰਸੋਈ ਦੇ ਬਜਟ ਦਾ ਖਿਆਲ ਰੱਖੇ। ਪਰ ਸਰਕਾਰ ਨੇ ਜੀ.ਐਸ.ਟੀ. ਰਾਹੀਂ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ। ਬਹੁਤ ਸਾਰੇ ਪਦਾਰਥਾਂ 'ਤੇ ਜੀ.ਐਸ.ਟੀ. ਦੀ ਉੱਚੀ ਦਰ ਨੇ ਹਰ ਸੁਆਣੀ ਦੀ ਚਿੰਤਾ ਵਧਾ ਦਿੱਤੀ ਹੈ। ਰਹਿੰਦੀ ਕਸਰ ਕੇਂਦਰ ਸਰਕਾਰ ਵੱਲੋਂ ਰਸੋਈ ਗੈਸ 'ਤੇ ਸਬਸਿਡੀ ਖ਼ਤਮ ਕਰਨ ਦੇ ਤਾਜ਼ਾ ਫ਼ੈਸਲੇ ਨੇ ਪੂਰੀ ਕਰ ਦਿੱਤੀ ਹੈ। ਅਜਿਹੇ ਫ਼ੈਸਲੇ ਕਲਿਆਣਕਾਰੀ ਰਾਜ ਦੇ ਸੰਕਲਪ ਦੇ ਉਲਟ ਹਨ। ਪਹਿਲਾਂ ਹੀ ਸਾਡੇ ਸਮਾਜ ਦੇ ਮਿਹਨਤਕਸ਼ ਵਰਗ ਨੂੰ ਦੋ ਡੰਗ ਦੀ ਰੋਟੀ ਦੇ ਲਾਲੇ ਪਏ ਹੋਏ ਹਨ। ਸੋ, ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਇਸ ਅਹਿਮ ਪਹਿਲੂ ਬਾਰੇ ਵਿਚਾਰ ਕੇ ਰਸੋਈ ਦੇ ਬਜਟ ਨੂੰ ਘਟਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।

-ਮਹਿੰਦਰ ਕੌਰ ਢਿੱਲੋਂ
ਪ੍ਰਿੰ: ਦਸਮੇਸ਼ ਪਬਲਿਕ ਸੀ.ਸੈ. ਸਕੂਲ, ਬਿਲਾਸਪੁਰ (ਮੋਗਾ)।

ਅਵਾਰਾ ਕੁੱਤੇ
ਅਵਾਰਾ ਕੁੱਤਿਆਂ ਨੇ ਆਮ ਲੋਕਾਂ ਦੀ ਜ਼ਿੰਦਗੀ ਬੇਹਾਲ ਕੀਤੀ ਹੋਈ ਹੈ। ਕੁਝ ਸਮਾਂ ਪਹਿਲਾਂ ਇਕ ਚਾਰ ਸਾਲ ਦੇ ਬੱਚੇ ਨੂੰ ਖਾ ਗਏ, ਜੋ ਕਿ ਮਾਪਿਆਂ ਦਾ ਇਕਲੌਤਾ ਬੇਟਾ ਸੀ। ਕੀ ਇਹ ਕਤਲ ਨਹੀਂ ਹੈ? ਇਸ ਕਤਲ ਦਾ ਪਰਚਾ ਕਿਸ 'ਤੇ ਦਰਜ ਹੋਵੇ। ਕਿਸੇ ਕੁੱਤੇ ਉੱਪਰ ਜਾਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ 'ਤੇ ਜਾਂ ਫਿਰ ਕਿਸੇ ਮੰਤਰੀ 'ਤੇ। ਜਦੋਂ ਇਨ੍ਹਾਂ ਕੁੱਤਿਆਂ ਦਾ ਕਹਿਰ ਵਾਪਰਦਾ ਹੈ ਤਾਂ ਇਕ-ਦੋ ਦਿਨ ਖ਼ਬਰਾਂ ਆਉਂਦੀਆਂ ਹਨ। ਸਰਕਾਰ ਨੂੰ ਬੇਨਤੀ ਹੈ ਕਿ ਇਸ ਦਾ ਕੋਈ ਪੱਕਾ ਹੱਲ ਕੱਢਿਆ ਜਾਵੇ ਜਾਂ ਇਹ ਜੋ ਕੁੱਤੇ ਅੱਤਵਾਦ ਦੀਆਂ ਫ਼ੌਜਾਂ ਵਾਂਗ ਫਿਰਦੇ ਹਨ, ਇਨ੍ਹਾਂ ਨੂੰ ਦਵਾਈ ਪਾ ਕੇ ਮਾਰਨ ਦੀ ਇਜਾਜ਼ਤ ਦਿੱਤੀ ਜਾਵੇ।

-ਡਾ: ਕੇਵਲ ਸਿੰਘ ਰੰਧਾਵਾ
ਪਿੰਡ ਹਰਸ਼ਾ ਛੀਨਾ (ਉੱਚਾ ਕਿਲ੍ਹਾ), ਤਹਿ: ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ।

ਨਿਯਮਬੱਧ ਹੋਣਾ
ਦੁਨੀਆ ਵਿਚ ਕਿਸੇ ਵੀ ਸੰਸਥਾ ਨੂੰ ਦੇਖ ਲਈਏ ਹਰੇਕ ਦੇ ਆਪਣੇ ਕੁਝ ਨਿਯਮ ਹੁੰਦੇ ਹਨ, ਜਿਨ੍ਹਾਂ ਅਨੁਸਾਰ ਉਸ ਸੰਸਥਾ ਦੇ ਜੋ ਕਰਮਚਾਰੀ ਹਨ, ਉਨ੍ਹਾਂ ਦੇ ਕਾਰਜ ਕਰਨੇ ਹੁੰਦੇ ਹਨ। ਜੋ ਵਿਦਿਆਰਥੀ, ਸਕੂਲ, ਕਾਲਜ ਦੇ ਨਿਯਮ ਅਨੁਸਾਰ ਚਲਦਾ ਹੈ, ਜ਼ਰੂਰ ਸਫਲਤਾ ਪ੍ਰਾਪਤ ਕਰਦਾ ਹੈ। ਜਿਵੇਂ ਸੜਕ 'ਤੇ ਚੱਲਣ ਦੇ ਕੁਝ ਨਿਯਮ ਹਨ, ਜੋ ਮਨੁੱਖ ਉਨ੍ਹਾਂ ਦੀ ਉਲੰਘਣਾ ਕਰਦੇ ਹਨ, ਉਹ ਸੁਭਾਵਿਕ ਹੀ ਹੈ ਕਿ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਉਹ ਮੰਜ਼ਿਲ ਨੂੰ ਪ੍ਰਾਪਤ ਨਹੀਂ ਕਰ ਪਾਉਂਦੇ ਪਰ ਜੋ ਇਨ੍ਹਾਂ ਨਿਯਮਾਂ ਦੀ ਪਾਲਣ ਕਰਦਾ ਹੈ, ਉਹ ਹਮੇਸ਼ਾ ਦੁਰਘਟਨਾਵਾਂ ਤੋਂ ਬਚ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦਾ ਹੈ। ਸੋ, ਇਸੇ ਤਰ੍ਹਾਂ ਜ਼ਿੰਦਗੀ ਦੇ ਕੁਝ ਨਿਯਮ ਹਨ ਜੋ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਦੇ ਹੋਏ ਜੀਵਨ ਬਤੀਤ ਕਰਦੇ ਹਨ, ਉਨ੍ਹਾਂ ਦੇ ਪੈਰ ਸਫਲਤਾ ਆਪ ਚੁੰਮਦੀ ਹੈ।

-ਨਵਜੋਤ ਸਿੰਘ ਰੰਧਾਵਾ
ਖਡੂਰ ਸਾਹਿਬ।

ਕਾਨੂੰਨ ਦੀਆਂ ਖ਼ਾਮੀਆਂ
ਔਰਤਾਂ 'ਤੇ ਜ਼ੁਲਮ ਬਦਸਤੂਰ ਜਾਰੀ ਹਨ। ਹਿਮਾਚਲ ਦਾ ਗੁੜੀਆ ਕਾਂਡ ਹੋਵੇ, ਤਲਵੰਡੀ ਸਾਬੋ ਵਿਖੇ ਸਕੂਲ ਵਿਦਿਆਰਥਣ 'ਤੇ ਕਾਤਲਾਨਾ ਹਮਲਾ ਜਾਂ ਕਪੂਰਥਲਾ ਵਿਖੇ ਮਹਿਲਾ ਜੱਜ ਦੇ ਹੱਥੋਂ ਮੋਬਾਈਲ ਖੋਹਣ ਦੀ ਘਟਨਾ ਹੋਵੇ। ਲੁੱਟ ਜਾਂ ਨਸ਼ਾ ਤਸਕਰੀ, ਰੁਕਣ ਦਾ ਨਾਂਅ ਹੀ ਨਹੀਂ ਲੈ ਰਹੇ। ਆਮ ਆਦਮੀ ਦਾ ਜੀਣਾ ਮੁਹਾਲ ਹੋ ਰਿਹਾ ਹੈ। ਐਫ.ਆਈ.ਆਰ. ਦਰਜ ਕਰਾਉਣ ਲਈ ਸੜਕਾਂ ਜਾਮ ਕਰਨੀਆਂ ਪੈਂਦੀਆਂ ਹਨ। ਦੋਸ਼ੀਆਂ ਨੂੰ ਫੜਨ 'ਚ ਦੇਰੀ ਆਦਿ ਦੀਆਂ ਗੰਭੀਰ ਘਟਨਾਵਾਂ ਕਾਰਨ ਦੋਸ਼ੀਆਂ ਨੂੰ ਬਲ ਮਿਲਦਾ ਹੈ। ਲਗਦਾ ਹੈ ਕਿ ਸਿਆਸੀ ਪ੍ਰਭਾਵ ਅਤੇ ਪੈਸੇ ਦੀ ਵਰਤੋਂ ਦੀ ਮਜ਼ਲੂਮਾਂ ਨੂੰ ਇਨਸਾਫ਼ ਲੈਣ ਵਿਚ ਰੁਕਾਵਟ ਪਾਉਂਦੇ ਹਨ।

-ਮਾ: ਮਹਿੰਦਰ ਸਿੰਘ ਬਾਜਵਾ।

15-08-2017

 ਮੋਬਾਈਲ ਅਤੇ ਨੌਜਵਾਨ ਪੀੜ੍ਹੀ
ਦਹਾਕਾ ਕੁ ਪਹਿਲਾਂ ਤੋਂ ਸ਼ੁਰੂ ਹੋਇਆ ਮੋਬਾਈਲ ਦਾ ਯੁੱਗ ਬੇਸ਼ੱਕ ਸਾਡੀਆਂ ਜ਼ਰੂਰਤਾਂ ਦਾ ਹਿੱਸਾ ਬਣ ਚੁੱਕਾ ਹੈ। ਨੈੱਟਵਰਕ ਕੰਪਨੀਆਂ ਵੱਲੋਂ ਦਿੱਤੀਆਂ ਜਾਂਦੀਆਂ ਸਸਤੇ ਹੋਣ ਦੀਆਂ ਸਹੂਲਤਾਂ ਆਮ ਜਨਤਾ ਦੀ ਜ਼ਰੂਰਤ ਬਣ ਚੁੱਕੀਆਂ ਹਨ। ਮੋਬਾਈਲ ਫੋਨ ਵਿਚ ਚੱਲ ਰਹੇ ਐਪਸ ਜਿਵੇਂ ਫੇਸਬੁੱਕ, ਵਟਸ-ਐਪ, ਜੀ-ਮੇਲ, ਇੰਸਟਾਗ੍ਰਾਮ ਆਦਿ ਉੱਪਰ ਆਪਣੀ ਫੋਕੀ ਸ਼ੋਹਰਤ ਲਈ ਅਲੱਗ-ਅਲੱਗ ਤਰ੍ਹਾਂ ਦੇ ਪੋਜ ਬਣਾ ਕੇ ਸੈਲਫੀਆਂ ਕਲਿਕ ਕਰਕੇ ਪਾ ਰਹੇ ਹਨ ਅਤੇ ਕੁਝ ਲੋਕ ਸੈਲਫੀਆਂ ਦੇ ਚੱਕਰ ਵਿਚ ਆਪਣੀ ਜਾਨ ਤੱਕ ਗੁਆ ਚੁੱਕੇ ਹਨ। ਜਿਨ੍ਹਾਂ ਨੌਜਵਾਨਾਂ ਦੇ ਹੱਥਾਂ ਵਿਚ ਖੇਡਾਂ ਵਿਚ ਪ੍ਰਾਪਤ ਕੀਤੇ ਇਨਾਮ ਹੋਣੇ ਚਾਹੀਦੇ ਹਨ। ਅੱਜ ਉਨ੍ਹਾਂ ਦੇ ਹੱਥਾਂ ਵਿਚ ਪਿਸਤੌਲ-ਬੰਦੂਕਾਂ ਆਦਿ ਹੁੰਦੀਆਂ ਹਨ ਜਾਂ ਮਹਿੰਗੀਆਂ ਗੱਡੀਆਂ, ਚਾਹੇ ਉਹ ਕਿਸੇ ਹੋਰ ਦੀਆਂ ਹੀ ਕਿਉਂ ਨਾ ਹੋਣ। ਫੋਟੋਆਂ ਖਿੱਚ ਕੇ ਫੇਸਬੁੱਕ, ਵਟਸਐਪ 'ਤੇ ਪਾਈਆਂ ਜਾਂਦੀਆਂ ਹਨ। ਅੱਜ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਪੇਪਰ ਵਿਚੋਂ ਪਾਸ ਹੋਣ ਦੀ ਓਨੀ ਫ਼ਿਕਰ ਨਹੀਂ ਹੁੰਦੀ ਜਿੰਨੀ ਇਹ ਉਤਸੁਕਤਾ ਹੁੰਦੀ ਹੈ ਕਿ ਕਿਹੜੀ ਕੰਪਨੀ ਕਦੋਂ ਨਵਾਂ ਫੋਨ ਲਾਂਚ ਕਰ ਰਹੀ ਹੈ। ਇਸ ਫੋਕੀ ਸ਼ੋਹਰਤ ਨੂੰ ਛੱਡ ਕੇ ਨੌਜਵਾਨ ਵਰਗ ਪੜ੍ਹਾਈ ਅਤੇ ਖੇਡਾਂ ਵੱਲ ਜ਼ਿਆਦਾ ਧਿਆਨ ਦੇਵੇ ਤੇ ਪੰਜਾਬ ਦਾ ਨਾਂਅ ਰੌਸ਼ਨ ਕਰੇ।

-ਪਰਮਜੀਤ ਸਿੰਘ ਬੁੱਟਰ
ਪਿੰਡ ਕੋਟਲਾ ਖੁਰਦ, ਜ਼ਿਲ੍ਹਾ ਗੁਰਦਾਸਪੁਰ।

ਸਰਕਾਰ ਦੇ ਧਿਆਨ ਹਿਤ
ਪੰਜਾਬ ਸਰਕਾਰ ਦੇ ਲਗਪਗ 5 ਮਹੀਨੇ ਪੂਰੇ ਹੋਣ ਤੋਂ ਬਾਅਦ ਵੀ ਬੁਢਾਪਾ, ਵਿਧਵਾ ਅਤੇ ਅੰਗਹੀਣ ਪੈਨਸ਼ਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਮੀਡੀਆ ਦੁਆਰਾ ਸਰਕਾਰ ਦੇ ਧਿਆਨ ਵਿਚ ਲਿਆਉਣਾ ਜ਼ਰੂਰੀ ਹੈ ਕਿ ਸਰਕਾਰ ਹੋਰ ਕੰਮਾਂ ਦੇ ਨਾਲ-ਨਾਲ ਪੈਨਸ਼ਨਾਂ ਦਾ ਕੰਮ ਪਹਿਲ ਦੇ ਆਧਾਰ 'ਤੇ ਕਰੇ। ਕਿਉਂਕਿ ਵੱਡੀ ਤਦਾਦ ਵਿਚ ਲਾਭਪਾਤਰੀ ਪੈਨਸ਼ਨਾਂ 'ਤੇ ਹੀ ਨਿਰਭਰ ਹਨ। ਸਰਕਾਰ ਨੇ ਅਜੇ ਤੱਕ ਇਸ ਬਾਰੇ ਵੀ ਕੋਈ ਖੁੱਲ੍ਹ ਕੇ ਬਿਆਨ ਨਹੀਂ ਦਿੱਤਾ ਕਿ ਆਟਾ-ਦਾਲ ਸਕੀਮ ਕਦੋਂ ਤੱਕ ਲੋੜਵੰਦਾਂ ਤੱਕ ਪਹੁੰਚ ਜਾਵੇਗੀ। ਬਾਕੀ ਇਹ ਜ਼ਰੂਰੀ ਹੈ ਕਿ ਅਕਾਲੀ ਦਲ ਦੀ ਸਰਕਾਰ ਨੇ ਜੋ ਨੀਲੇ ਕਾਰਡ ਬਣਾਏ ਸੀ, ਉਨ੍ਹਾਂ ਵਿਚ ਕਾਫੀ ਹੱਦ ਤੱਕ ਨਾਜਾਇਜ਼ ਕਾਰਡ ਵੀ ਬਣੇ ਹੋਏ ਹਨ। ਆਟਾ-ਦਾਲ ਵੰਡਣ ਦੇ ਨਾਲ-ਨਾਲ ਪੜਚੋਲ ਕਰ ਨਾਜਾਇਜ਼ ਬਣੇ ਨੀਲੇ ਕਾਰਡ ਵੀ ਬੰਦ ਕੀਤੇ ਜਾਣ।

-ਸੁਖਵਿੰਦਰ ਕਲੇਰ ਬੱਸੀਆਂ
ਪਿੰਡ ਤੇ ਡਾਕ: ਬੱਸੀਆਂ, ਜ਼ਿਲ੍ਹਾ ਲੁਧਿਆਣਾ।

ਸਾਂਝੇ ਪਰਿਵਾਰ
ਬੀਤੇ ਦਿਨ ਲੋਕ ਮੰਚ ਸਫ਼ੇ 'ਤੇ ਲੇਖਕ ਮੁਹੰਮਦ ਬਸ਼ੀਰ ਦਾ ਲੇਖ 'ਰਿਸ਼ਤਿਆਂ ਵਿਚ ਘਟਿਆ ਨਿੱਘ' ਪੜ੍ਹਿਆ, ਵਧੀਆ ਲੱਗਾ। ਵਾਕਿਆ ਪਦਾਰਥਵਾਦ ਦੀ ਚੱਲ ਰਹੀ ਹਨੇਰੀ ਵਿਚ ਅਸੀਂ ਬਹੁਤ ਕੀਮਤੀ ਤੇ ਅਤੀ ਨਜ਼ਦੀਕੀ ਰਿਸ਼ਤਿਆਂ ਨੂੰ ਭੰਗ ਦੇ ਭਾਅ ਹੀ ਗੁਆ ਦਿੱਤਾ। ਪਿਆਰ ਦੀਆਂ ਗੰਢਾਂ ਢਿੱਲੀਆਂ ਹੋ ਗਈਆਂ। ਸਾਡੇ ਸਮਾਜ 'ਚ ਇਖਲਾਕੀ ਗਿਰਾਵਟ ਆ ਚੁੱਕੀ ਹੈ। ਸਹਿਣਸ਼ੀਲਤਾ, ਪਿਆਰ, ਇਮਾਨਦਾਰੀ, ਵੱਡਿਆਂ ਦਾ ਸਤਿਕਾਰ, ਮਿਹਨਤ ਤੇ ਸਾਕਾਰਤਮਿਕ ਸੋਚ ਵਰਗੇ ਗੁਣ ਸਾਨੂੰ ਸਾਂਝੇ ਪਰਿਵਾਰਾਂ ਵਿਚ ਰਹਿ ਕੇ ਸਿੱਖਣ ਨੂੰ ਮਿਲਦੇ ਸਨ। ਇਕ ਤਰ੍ਹਾਂ ਨਾਲ ਸੰਯੁਕਤ ਪਰਿਵਾਰ ਬੱਚੇ ਲਈ ਪਹਿਲਾ ਸਕੂਲ ਹੁੰਦਾ ਸੀ। ਕੁੱਲ ਮਿਲਾ ਕੇ ਰਿਸ਼ਤਿਆਂ ਦੇ ਨਿੱਘ ਲਈ ਹਊਮੈ ਦਾ ਤਿਆਗ ਜ਼ਰੂਰੀ ਹੈ। ਸ਼ਾਂਤਮਈ ਵਾਤਾਵਰਨ ਸਿਰਜ, ਸਾਂਝੇ ਪਰਿਵਾਰ ਨੂੰ ਮੁੜ ਸੁਰਜੀਤ ਕਰਨ ਦੀ ਸੰਭਵ ਕੋਸ਼ਿਸ਼ ਕਰਨੀ ਬਣਦੀ ਹੈ।

-ਮਾ: ਦੇਵ ਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

ਸਿੱਖਿਆ ਸੁਧਾਰ
ਜਿਸ ਤਰ੍ਹਾਂ ਇਕ ਛੋਟੇ ਬੱਚੇ ਨੂੰ ਵਧਣ-ਫੁੱਲਣ ਲਈ ਵਧੀਆ ਖੁਰਾਕ ਅਤੇ ਸੂਰਜ ਦੀ ਰੌਸ਼ਨੀ ਦੀ ਜ਼ਰੂਰਤ ਹੈ, ਉਸੇ ਤਰ੍ਹਾਂ ਹੀ ਅੱਜ ਸਿੱਖਿਆ ਵਿਭਾਗ ਦੇ ਬੁਨਿਆਦੀ ਢਾਂਚੇ ਅਤੇ ਇਸ ਨੂੰ ਵਿਗਿਆਨਕ ਲੀਹਾਂ ਉੱਪਰ ਤੋਰਨ ਦੀ ਜ਼ਰੂਰਤ ਹੈ। ਸ੍ਰੀ ਕ੍ਰਿਸ਼ਨ ਕੁਮਾਰ ਆਈ.ਏ.ਐਸ. ਦੀ ਬਤੌਰ ਸਕੱਤਰ ਪੰਜਾਬ ਸਿੱਖਿਆ ਵਿਭਾਗ ਵਿਚ ਨਿਯੁਕਤੀ ਸਿੱਖਿਆ ਸੁਧਾਰਾਂ ਲਈ ਇਕ ਵਧੀਆ ਸ਼ਗਨ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਪਲੇਠੇ ਸੰਬੋਧਨ ਰਾਹੀਂ ਆਪਣੇ ਇਰਾਦੇ ਸਾਫ਼ ਕਰ ਦਿੱਤੇ ਹਨ। ਇਸ ਪਵਿੱਤਰ ਪੇਸ਼ੇ ਨੂੰ ਰਾਜਨੀਤਕ ਗ੍ਰਹਿਣ ਨਹੀਂ ਲੱਗਣਾ ਚਾਹੀਦਾ। ਅੱਜ ਸਮੇਂ ਦੀ ਜ਼ਰੂਰਤ ਹੈ ਕਿ ਸਿੱਖਿਆ ਵਿਭਾਗ ਪੰਜਾਬ ਵਧੇ ਫੁੱਲੇ ਅਤੇ ਹਮੇਸ਼ਾ ਦੀ ਤਰ੍ਹਾਂ ਪੂਰੇ ਦੇਸ਼ ਦੀ ਅਗਵਾਈ ਕਰੇ।

-ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

14-08-2017

 ਅਫ਼ਵਾਹਾਂ ਅਤੇ ਡਰਾਮੇਬਾਜ਼ੀਆਂ
ਰਾਜਸਥਾਨ ਦੇ ਰੇਤਲੇ ਟਿੱਬਿਆਂ ਵਿਚੋਂ ਉਠੀਆਂ ਔਰਤਾਂ ਦੇ ਵਾਲ ਕੱਟੇ ਜਾਣ ਦੀਆਂ ਡਰਾਮੇਬਾਜ਼ੀਆਂ ਨੇ ਹੁਣ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਦੀ ਹੁੰਦੀਆਂ ਆਰਥਿਕ ਪੱਖੋਂ ਕਮਜ਼ੋਰ ਅਤੇ ਅਨਪੜ੍ਹਤਾ ਦੇ ਸ਼ਿਕਾਰ ਲੋਕਾਂ ਦੇ ਘਰਾਂ ਵਿਚ ਦਸਤਕ ਦੇ ਦਿੱਤੀ ਹੈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਅਜਿਹੀਆਂ ਅਫ਼ਵਾਹਾਂ ਅਤੇ ਡਰਾਮੇਬਾਜ਼ੀਆਂ ਹੁੰਦੀਆਂ ਸੁਣ ਕੇ ਪੰਜਾਬ ਦਾ ਪੜ੍ਹਿਆ-ਲਿਖਿਆ ਵਰਗ ਵੀ ਖ਼ਾਮੋਸ਼ ਬੈਠਾ ਹੈ। ਬੀਤੇ ਸਮੇਂ ਵਿਚ ਲੋਕਾਂ ਨੇ ਘਿਓ ਤੋਰੀਆਂ ਵਿਚ ਸੱਪ ਦੀ ਫੋਟੋ ਦਿਸਣੀ, ਦੋਹਤਿਆਂ ਦੀ ਸਲਾਮਤੀ ਲਈ ਨਾਨੀਆਂ ਵੱਲੋਂ ਠੂਠੀਆਂ ਲੈ ਕੇ ਜਾਣਾ ਅਤੇ ਮੂਰਤੀਆਂ ਨੇ ਦੁੱਧ ਪੀਣਾ ਆਦਿ ਅਨੇਕਾਂ ਅਫ਼ਵਾਹਾਂ ਨੰਗੇ ਪਿੰਡੇ 'ਤੇ ਹੰਢਾਈਆਂ ਹਨ। ਲੋੜ ਹੈ ਸੂਝਵਾਨ ਲੋਕਾਂ ਨੂੰ ਅਜਿਹੇ ਅੰਧ-ਵਿਸ਼ਵਾਸ ਦੇ ਟੋਏ ਨੂੰ ਭਰਨ ਦੀ, ਤਾਂ ਕਿ ਕੱਲ੍ਹ ਨੂੰ ਕੋਈ ਨਵੀਂ ਅਫ਼ਵਾਹ ਜਨਮ ਨਾ ਲੈ ਸਕੇ।


-ਅੰਗਰੇਜ਼ ਸਿੰਘ ਬਰਾੜ
ਪਿੰਡ ਤੇ ਡਾਕ: ਫੇਰੋਕੇ, ਤਹਿਸੀਲ ਜ਼ੀਰਾ, (ਫਿਰੋਜ਼ਪੁਰ)।


ਚੂਹਿਆਂ ਦੀ ਭਰਮਾਰ
ਕਿਸਾਨ ਨੂੰ ਕਦੇ ਅਵਾਰਾ ਪਸ਼ੂਆਂ, ਕਦੇ ਅਵਾਰਾ ਸੂਰ, ਕਦੇ ਅਵਾਰਾ ਕੁੱਤੇ ਤੇ ਕਦੇ ਕੋਈ ਹੋਰ ਜਾਨਵਰ ਤੰਗ ਕਰਦੇ ਹਨ। ਇਸ ਵਾਰ ਖੇਤਾਂ ਵਿਚ ਚੂਹਿਆਂ ਦੀ ਭਰਮਾਰ ਹੈ। ਜਿਹੜੇ ਖੇਤ ਵਿਚ ਉੱਗੀ ਹਰ ਤਰ੍ਹਾਂ ਦੀ ਫ਼ਸਲ ਹਰਾ-ਚਾਰਾ, ਨਰਮਾ, ਝੋਨਾ, ਬਾਸਮਤੀ ਆਦਿ ਦਾ ਬਹੁਤ ਨੁਕਸਾਨ ਕਰਦੇ ਹਨ। ਝੋਨੇ, ਬਾਸਮਤੀ ਨੂੰ ਚੂਹਿਆਂ ਤੋਂ ਬਚਾਉਣ ਲਈ ਕਿਸਾਨ ਝੋਨੇ ਦੀ ਫ਼ਸਲ ਵਿਚ ਜ਼ਿਆਦਾ ਪਾਣੀ ਲਗਾ ਰਹੇ ਹਨ। ਕੁਝ ਸਾਲ ਪਹਿਲਾਂ ਚੂਹਿਆਂ ਨੂੰ ਮਾਰਨ ਲਈ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਮੁਫ਼ਤ ਦਵਾਈ ਦਿੰਦਾ ਹੁੰਦਾ ਸੀ। ਪਰ ਪਿਛਲੇ ਕੁਝ ਅਰਸੇ ਦੌਰਾਨ ਸਰਕਾਰ ਦਾ ਇਸ ਪਾਸੇ ਧਿਆਨ ਹੀ ਨਹੀਂ ਹੈ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਸੰਭਲ ਕੇ ਚੱਲਣ ਦੀ ਲੋੜ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ 'ਚ ਕੈਪਟਨ ਸਰਕਾਰ ਨੂੰ ਸਹੀ ਸਮੇਂ 'ਤੇ ਸਹੀ ਸਲਾਹ ਦਿੱਤੀ ਹੈ ਕਿ ਮੁਫ਼ਤਖੋਰੀ ਪੰਜਾਬ ਦੀ ਮਾਲੀ ਸਿਹਤ ਲਈ ਠੀਕ ਨਹੀਂ ਹੈ। ਵੈਸੇ ਵੀ ਨੀਲੇ-ਪੀਲੇ ਕਾਰਡ ਧਾਰਕਾਂ ਨੇ ਕੰਮ ਕਰਨਾ ਛੱਡ ਦਿੱਤਾ ਹੈ। ਜੇਕਰ ਕੈਪਟਨ ਸੋਚਦੇ ਹਨ ਕਿ ਮੁਫ਼ਤ ਦੇ ਗੱਫੇ ਪਾਰਟੀ ਨੂੰ ਮਜ਼ਬੂਤ ਕਰਨਗੇ ਤਾਂ ਉਹ ਵੱਡਾ ਭੁਲੇਖਾ ਪਾਲ ਰਹੇ ਹਨ। ਹਰੇਕ ਘਰ ਦੇ ਇਕ ਪੜ੍ਹੇ-ਲਿਖੇ ਬੇਰੁਜ਼ਗਾਰ ਨੂੰ ਸਰਕਾਰੀ ਨੌਕਰੀ ਦੇਵੇ। ਮਜ਼ਦੂਰਾਂ ਨੂੰ ਸਨਅਤੀ ਖੇਤਰ 'ਚ ਕੰਮ ਦਿੱਤਾ ਜਾਵੇ। ਨੀਲੇ-ਪੀਲੇ ਕਾਰਡ ਧਾਰਕਾਂ ਨੂੰ ਕੰਮ ਕਰਨ ਲਈ ਪ੍ਰੇਰਿਆ ਜਾਵੇ। ਇਹ ਸਭ ਕਰਨ ਨਾਲ ਪੰਜਾਬ ਮਜ਼ਬੂਤ ਹੋਵੇਗਾ।


-ਕੇ. ਕੇ. ਸਿੰਘ ਖਮਾਣੋਂ
ਵਾਰਡ ਨੰ: 1, ਖਮਾਣੋਂ, ਤਹਿ: ਤੇ ਡਾਕ: ਖਮਾਣੋਂ, ਜ਼ਿਲ੍ਹਾ ਫਤਹਿਗੜ੍ਹ ਸਾਹਿਬ।


ਵਿਦੇਸ਼ ਜਾਣ ਦਾ ਰੁਝਾਨ
ਤਾਜ਼ਾ ਅੰਕੜਿਆਂ ਅਨੁਸਾਰ ਸੂਬੇ ਦੇ 70 ਫ਼ੀਸਦੀ ਵਿਦਿਆਰਥੀ ਵਿਦੇਸ਼ਾਂ ਵਿਚ ਪੜ੍ਹਨ ਦੇ ਨਾਂਅ 'ਤੇ ਰੋਜ਼ੀ-ਰੋਟੀ ਕਮਾਉਣ ਲਈ ਮਜਬੂਰ ਹਨ, ਪ੍ਰੰਤੂ ਸੂਬਾ ਸਰਕਾਰ ਹੱਥ 'ਤੇ ਹੱਥ ਧਰੀ ਬੈਠੀ ਹੈ। ਵਿਦੇਸ਼ੀਂ ਪੜ੍ਹਾਈ ਕਰਨ ਦੇ ਨਾਂਅ 'ਤੇ ਜਿਸ ਤਰ੍ਹਾਂ ਨੌਜਵਾਨ ਊਰਜਾ ਅਤੇ ਧਨ ਵਿਦੇਸ਼ਾਂ ਵੱਲ ਤੁਰਿਆ ਜਾ ਰਿਹਾ ਹੈ, ਇਕ ਵੱਡੀ ਚਿੰਤਾ ਦਾ ਵਿਸ਼ਾ ਹੈ। ਦੇਸ਼ ਦੀ ਜਵਾਨੀ ਨੂੰ ਕਿਰਤ ਸੱਭਿਆਚਾਰ ਨਾਲ ਜੋੜਨ ਲਈ ਸੂਬਾ ਸਰਕਾਰ ਨੂੰ ਲੋੜੀਂਦੇ ਪ੍ਰਬੰਧ ਕਰਨ ਦੀ ਲੋੜ ਹੈ। ਪਰਵਾਸ ਕਰਨਾ ਕੋਈ ਮਾੜੀ ਗੱਲ ਨਹੀਂ, ਪ੍ਰੰਤੂ ਦੇਸ਼ ਦੀ ਆਜ਼ਾਦੀ ਵਿਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਸੂਬੇ ਦੇ ਨੌਜਵਾਨ ਐਨੇ ਨਿਰਾਸ਼ ਹੋ ਗਏ ਹਨ ਕਿ ਆਪਣੇ ਹੱਥੀਂ ਆਪਣੇ ਲਈ ਪਿੰਜਰਾ ਬਣਾ ਰਹੇ ਹਨ।


-ਸਿਮਰਨ ਔਲਖ
ਪਿੰਡ ਸੀਰਵਾਲੀ (ਸ੍ਰੀ ਮੁਕਤਸਰ ਸਾਹਿਬ)।

08-08-2017

ਚੀਨੀ ਸਾਮਾਨ ਦਾ ਬਾਈਕਾਟ
ਆਪਣੀ ਵਿਸ਼ਾਲ ਫ਼ੌਜ ਦਾ ਖਰਚ ਚਲਾਉਣ ਲਈ ਚੀਨ ਵਿਦੇਸ਼ਾਂ ਵਿਚ ਘਟੀਆ ਮਿਆਰ ਦਾ ਸਮਾਨ ਵੇਚ ਕੇ ਆਪਣੀ ਆਮਦਨ ਵਿਚ ਵਾਧਾ ਕਰ ਰਿਹਾ ਹੈ। ਭਾਰਤ ਵਰਗੇ ਵਿਸ਼ਾਲ ਦੇਸ਼ ਵਿਚ ਉਸਦਾ ਕਾਰੋਬਾਰ ਵੱਡੇ ਪੈਮਾਨੇ 'ਤੇ ਫੈਲਿਆ ਹੋਇਆ ਹੈ। ਦੂਜੇ ਪਾਸੇ ਸਰਹੱਦ ਉੱਪਰ ਉਹ ਸਾਨੂੰ ਅੱਖਾਂ ਵੀ ਦਿਖਾ ਰਿਹਾ ਹੈ। ਨਿੱਤ ਦਿਨ ਹਮਲੇ ਦੀਆਂ ਧਮਕੀਆਂ ਵੀ ਦਿੰਦਾ ਹੈ। ਭਾਰਤ ਵਿਚ ਹੋ ਰਹੀ ਉਸ ਦੀ ਕਰੋੜਾਂ ਦੀ ਲੁੱਟ ਨੂੰ ਰੋਕਣ ਲਈ ਹਰ ਭਾਰਤੀ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਚੀਨ ਦੇ ਬਣੇ ਸਾਮਾਨ ਦਾ ਬਾਈਕਾਟ ਕਰਨ। ਇਸ ਨਾਲ ਹੀ ਉਸ ਦੀ ਫ਼ੌਜ ਦਾ ਲੱਕ ਤੋੜਿਆ ਜਾ ਸਕਦਾ ਹੈ।

-ਕੇ.ਐਸ. ਅਮਰ
ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

ਦਰੱਖਤਾਂ ਦੀ ਕਟਾਈ
ਪੰਜਾਬ ਦੇ ਸਿਰ ਤੋਂ ਸੰਘਣੀ ਛਾਂ ਖੋਹਣ ਦੇ ਲਈ ਅਸੀਂ ਸਾਰੇ ਇਕ ਦੂਜੇ ਨੂੰ ਦੋਸ਼ੀ ਠਹਿਰਾਉਣ ਤੋਂ ਇਲਾਵਾ ਕੁਝ ਵੀ ਨਹੀਂ ਕਰ ਰਹੇ। ਹਜ਼ਾਰਾਂ ਦਰੱਖਤ ਇਸ ਅਨੋਖੇ ਵਿਕਾਸ ਦੀ ਭੇਟ ਚੜ੍ਹ ਰਹੇ ਹਨ। ਸਰਕਾਰਾਂ ਕੋਈ ਬਦਲਵਾਂ ਹੱਲ ਲੱਭਣ ਤੋਂ ਅਸਮਰੱਥ ਜਾਪ ਰਹੀਆਂ ਹਨ। ਕਿਸਾਨ ਵੀਰ ਵੀ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਸਮੇਂ ਮਨੁੱਖ ਨੂੰ ਜੀਵ ਦਾਨ ਬਖਸ਼ਣ ਵਾਲੇ ਇਸ ਆਕਸੀਜਨ ਰੂਪੀ ਬੂਟੇ ਨੂੰ ਵੀ ਅੱਗ ਦੇ ਹਵਾਲੇ ਕਰ ਦਿੰਦੇ ਹਨ। ਪਿੰਡਾਂ ਦੇ ਆਗੂਆਂ ਤੇ ਪੰਚਾਇਤ ਮੁਖੀਆਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੇ ਨਕਾਰੇ ਹੋਏ ਲੀਡਰਾਂ ਦੇ ਏ.ਸੀ. ਕਮਰਿਆਂ ਦੀ ਠੰਢਕ ਨੂੰ ਵਿਸਾਰ ਕੇ ਇਨ੍ਹਾਂ ਕਤਲ ਹੋ ਰਹੇ ਬੇਜ਼ੁਬਾਨ ਜੀਵਨ ਦਾਤਿਆਂ ਵੱਲ ਵੀ ਧਿਆਨ ਦੇਣ ਤਾਂ ਕਿ ਅਸੀਂ ਅਤੇ ਅਗਲੀ ਪੀੜ੍ਹੀ ਕੁਦਰਤ ਦੇ ਕਹਿਰ ਤੋਂ ਬਚ ਸਕੇ ਅਤੇ ਪੰਜਾਬ ਮੁੜ ਹਰਿਆਲੀ ਵੱਲ ਪਰਤ ਆਵੇ।

-ਮਨਜਿੰਦਰ ਸਿੰਘ ਸਰੌਂਦ
ਮਾਲੇਰਕੋਟਲਾ।

ਜੀ.ਐਸ.ਟੀ. ਤੋਂ ਛੋਟ ਹੋਵੇ
ਕੁਝ ਦਿਨ ਪਹਿਲਾਂ ਕੇਂਦਰ ਸਰਕਾਰ ਵੱਲੋਂ ਪੂਰੇ ਦੇਸ਼ ਅੰਦਰ ਵੱਖ-ਵੱਖ ਵਸਤੂਆਂ 'ਤੇ ਜੀ.ਐਸ.ਟੀ. ਟੈਕਸ ਦੀ ਸ਼ੁਰੂਆਤ ਕਰਕੇ ਇਕ ਨਵੇਂ ਟੈਕਸ ਨੂੰ ਲਾਗੂ ਕਰ ਦਿੱਤਾ ਹੈ। ਭਾਵੇਂ ਇਸ ਟੈਕਸ ਨੂੰ ਪੂਰਨ ਰੂਪ ਵਿਚ ਲਾਗੂ ਕੀਤਾ ਗਿਆ ਹੈ ਪਰ ਗੁਰੂ ਘਰਾਂ ਅੰਦਰ ਚਲਦੇ ਲੰਗਰ ਦੀਆਂ ਵਸਤੂਆਂ ਨੂੰ ਕੇਂਦਰ ਸਰਕਾਰ ਦੁਆਰਾ ਛੋਟ ਦਿੱਤੀ ਜਾਣੀ ਚਾਹੀਦੀ ਹੈ। ਗਰੀਬ ਅਤੇ ਲੋੜਵੰਦ ਗੁਰਦੁਆਰਾ ਸਾਹਿਬ ਦੇ ਲੰਗਰ ਵਿਚ ਆਪਣੀ ਭੁੱਖ ਮਿਟਾ ਲੈਂਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਲਗਾਤਾਰ ਲੰਗਰ ਦੇ ਸਮਾਨ ਨੂੰ ਜੀ.ਐਸ.ਟੀ. ਮੁਕਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਲਈ ਕੇਂਦਰ ਸਰਕਾਰ ਇਸ ਮੰਗ ਨੂੰ ਪੂਰਾ ਕਰਕੇ ਗੁਰੂ ਘਰਾਂ ਦੇ ਲੰਗਰ ਨੂੰ ਜੀ.ਐਸ.ਟੀ. ਤੋਂ ਬਾਹਰ ਕਰੇ ਤਾਂ ਕਿ ਕਿਸੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੰਗਰ ਚਲਾਉਣ ਵਿਚ ਮੁਸ਼ਕਿਲ ਪੇਸ਼ ਨਾ ਆਵੇ।

-ਸੁਖਰਾਜ ਸਿੰਘ ਚਹਿਲ
ਧਨੌਲਾ-148105 (ਬਰਨਾਲਾ)

03-08-2017

 ਪੰਜਾਬੀ ਜ਼ਬਾਨ
ਪਿਛਲੇ ਦਿਨੀਂ 'ਅਜੀਤ' ਵਿਚ ਇਹ ਖ਼ਬਰ 'ਸ੍ਰੀ ਨਨਕਾਣਾ ਸਾਹਿਬ 'ਚ ਲਿਖ ਕੇ ਲਾਏ ਹੋਰਡਿੰਗ ਬਣੇ ਖਿੱਚ ਦਾ ਕੇਂਦਰ' ਪੜ੍ਹ ਕੇ ਬੇਹੱਦ ਖੁਸ਼ੀ ਹੋਈ। ਪਾਕਿਸਤਾਨ ਵਿਚ ਸੂਬਾ ਸਰਕਾਰ ਦੇ ਹੁਕਮ ਤੇ ਐਮ.ਪੀ.ਏ. ਅਤੇ ਚੇਅਰਮੈਨ ਸਟੈਂਡਿੰਗ ਕਮੇਟੀ ਬਰਾਏ ਇਨਸਾਨੀ ਹਕੂਕ ਸ: ਰਮੇਸ਼ ਸਿੰਘ ਅਰੋੜਾ ਵੱਲੋਂ ਨਨਕਾਣਾ ਸਾਹਿਬ ਨੂੰ ਜਾਂਦੇ ਮੁੱਖ ਰਸਤੇ ਉੱਪਰ ਗੁਰਮੁਖੀ 'ਚ ਲਿਖ ਕੇ ਲਗਵਾਏ ਸੂਚਨਾ ਬੋਰਡ ਖਿੱਚ ਦਾ ਕੇਂਦਰ ਬਣੇ ਹੋਏ ਹਨ। ਪਰ ਕੁਝ ਦਿਨ ਪਹਿਲਾਂ ਮੌਜੂਦਾ ਪੰਜਾਬ ਸਰਕਾਰ ਵੱਲੋਂ ਫੁਰਮਾਨ ਆਇਆ ਹੈ ਕਿ ਪ੍ਰਾਈਵੇਟ ਸਕੂਲਾਂ ਵਾਂਗ ਸਰਕਾਰੀ ਸਕੂਲਾਂ ਵਿਚ ਵੀ ਸਿੱਖਿਆ ਦਾ ਮਾਧਿਅਮ ਅੰਗਰੇਜ਼ੀ ਭਾਸ਼ਾ ਨੂੰ ਬਣਾਇਆ ਜਾਵੇਗਾ। ਇਹ ਗੱਲ ਮੰਨਣਯੋਗ ਹੈ ਕਿ ਅੱਜ ਅੰਗਰੇਜ਼ੀ ਭਾਸ਼ਾ ਦੀ ਅੰਤਰਰਾਸ਼ਟਰੀ ਪੱਧਰ 'ਤੇ ਲੋੜ ਹੈ ਪਰ ਕੀ ਇਸ ਨੂੰ ਵਧੀਆ ਤਰੀਕੇ ਨਾਲ ਇਕ ਵਿਸ਼ੇ ਦੇ ਤੌਰ 'ਤੇ ਨਹੀਂ ਪੜ੍ਹਾਇਆ ਜਾ ਸਕਦਾ। ਪੰਜਾਬ ਵਿਚ ਸਿੱਖਿਆ ਦਾ ਮਾਧਿਅਮ ਪੰਜਾਬੀ ਨੂੰ ਛੱਡ ਕੇ ਅੰਗਰੇਜ਼ੀ ਕਰਨਾ ਤੁਗਲਕੀ ਫੁਰਮਾਨ ਤੋਂ ਘੱਟ ਨਹੀਂ ਹੋਵੇਗਾ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ (ਤਰਨ ਤਾਰਨ)।


ਮੈਡੀਕਲ ਸਟੋਰ
ਦੇਸ਼ ਅੰਦਰ ਹਜ਼ਾਰਾਂ ਦੇ ਲਗਪਗ ਅਜਿਹੀਆਂ ਦਵਾਈਆਂ ਵੇਚੀਆਂ ਜਾ ਰਹੀਆਂ ਹਨ, ਜਿਨ੍ਹਾਂ 'ਤੇ ਵਿਸ਼ਵ ਦੇ ਕਈ ਦੇਸ਼ ਪਾਬੰਦੀ ਲਾ ਚੁੱਕੇ ਹਨ। ਸ਼ਹਿਰਾਂ ਤੇ ਪਿੰਡਾਂ ਵਿਚ ਬਿਨਾਂ ਡਿਗਰੀ ਅਤੇ ਲਾਇਸੈਂਸ ਤੋਂ ਸੈਂਕੜੇ ਮੈਡੀਕਲ ਸਟੋਰ ਕੰਮ ਕਰ ਰਹੇ ਹਨ, ਜਿਨ੍ਹਾਂ ਦਾ ਸਿਹਤ ਵਿਭਾਗ ਕੋਲ ਕੋਈ ਰਿਕਾਰਡ ਨਹੀਂ। ਇਸ ਕਰਕੇ ਹੀ ਇਨ੍ਹਾਂ ਸਟੋਰਾਂ 'ਤੇ ਨਸ਼ੀਲੀਆਂ ਦਵਾਈਆਂ ਦਾ ਕਾਰੋਬਾਰ ਕਰਕੇ ਨੌਜਵਾਨਾਂ ਦੀਆਂ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ 'ਤੇ ਨਸ਼ੀਲੀਆਂ ਦਵਾਈਆਂ ਵਿਰੁੱਧ ਚਲਾਈਆਂ ਜਾ ਰਹੀਆਂ ਮੁਹਿੰਮਾਂ ਅਤੇ ਚੁੱਕੇ ਜਾ ਰਹੇ ਸਖ਼ਤ ਕਦਮਾਂ ਦੇ ਬਾਵਜੂਦ ਇਨ੍ਹਾਂ ਨਸ਼ੀਲੀਆਂ ਦਵਾਈਆਂ ਦਾ ਕਾਰੋਬਾਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਦੇਸ਼ ਪੱਧਰ 'ਤੇ ਵਧ-ਫੁਲ ਰਹੇ ਇਸ ਕਾਰੋਬਾਰ ਨੂੰ ਰੋਕਣ ਲਈ ਅੱਗੇ ਆਉਣ ਦੀ ਲੋੜ ਹੈ।


-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।


ਲਿਖਣਾ ਇਕ ਕਲਾ
ਕੋਈ ਸਮਾਂ ਹੁੰਦਾ ਸੀ ਕਿ ਖ਼ਤਾਂ ਦੀ ਹਰ ਪਾਸੇ ਸਰਦਾਰੀ ਹੁੰਦੀ ਸੀ। ਖ਼ਤ ਲਿਖਣ ਵਾਲੇ ਨੂੰ ਜੋ ਖੁਸ਼ੀ ਹਾਸਲ ਹੁੰਦੀ ਸੀ, ਉਸੇ ਖੁਸ਼ੀ ਦਾ ਅਹਿਸਾਸ ਮਿਲਣ ਵਾਲੇ ਨੂੰ ਵੀ ਹੁੰਦਾ ਸੀ। ਖ਼ਤ ਲਿਖਣਾ ਵੀ ਇਕ ਕਲਾ ਹੈ। ਕਿਉਂਕਿ ਹੁਣ ਸੁਨੇਹੇ ਦੇਣ ਅਤੇ ਰਾਜ਼ੀ ਖੁਸ਼ੀ ਲੈਣ-ਦੇਣ ਦੇ ਆਧੁਨਿਕ ਸਾਧਨ ਆ ਗਏ ਹਨ ਤਾਂ ਹੁਣ ਸਰਕਾਰੀ ਖ਼ਤ ਹੀ ਆਉਂਦੇ ਹਨ। ਪੁਰਾਣੇ ਸਮੇਂ ਵਿਚ ਰੇਡੀਓ ਨੂੰ ਖ਼ਤ ਲਿਖ ਕੇ ਆਪਣੀ ਫਰਮਾਇਸ਼ ਪੂਰੀ ਕਰਵਾਉਣੀ ਵੀ ਬਹੁਤ ਲੋਕਾਂ ਦਾ ਸ਼ੋਕ ਸੀ। ਜੇਕਰ ਕਿਸੇ ਨਾਲ ਗੱਲਬਾਤ ਕਰਨੀ ਔਖੀ ਜਾਪਦੀ ਹੋਵੇ, ਉਸ ਨੂੰ ਖ਼ਤ ਰਾਹੀਂ ਆਪਣੇ ਜਜ਼ਬਾਤ ਅਤੇ ਭਾਸ਼ਾ ਨਾਲ ਆਸਾਨੀ ਨਾਲ ਪ੍ਰਗਟ ਕੀਤਾ ਜਾ ਸਕਦਾ ਹੈ।


-ਅਰਸ਼ਪ੍ਰੀਤ ਸਿੰਘ
ਪਿੰਡ ਸਮਾਧ ਭਾਈ, ਮੋਗਾ।

02-08-2017

 ਪੱਤਰਮਨੁੱਖਤਾ 'ਤੇ ਅਹਿਸਾਨ
ਪਿਛਲੇ ਦਿਨੀਂ ਪੰਘੂੜਾ ਘਰ ਵਿਚ ਇਕ ਨਵਜੰਮੀ ਬੱਚੀ ਕਿਸੇ ਵੱਲੋਂ ਪਹੁੰਚਾਈ ਗਈ। ਮੈਡੀਕਲ ਚੈੱਕਅੱਪ ਤੋਂ ਬਾਅਦ ਪਤਾ ਲੱਗਾ ਕਿ ਬੱਚੀ ਦੀ ਦੋਵਾਂ ਅੱਖਾਂ ਦੀ ਰੌਸ਼ਨੀ ਨਹੀਂ ਹੈ। 'ਅਜੀਤ' ਵਿਚ ਇਹ ਖ਼ਬਰ ਪੜ੍ਹ ਕੇ ਅਤਿਅੰਤ ਖੁਸ਼ੀ ਹੋਈ ਕਿ ਪ੍ਰਸਿੱਧ ਖੂਨਦਾਨੀ, ਨੈਸ਼ਨਲ ਐਵਾਰਡੀ ਐਡਵੋਕੇਟ ਰਘਬੀਰ ਸਿੰਘ ਤੂਰ ਨੇ ਆਪਣੀ ਇਕ ਅੱਖ, ਉਪਰੋਕਤ ਬੱਚੀ ਨੂੰ ਦੇਣ ਦਾ ਐਲਾਨ ਕੀਤਾ। ਮਰਨ ਉਪਰੰਤ ਅੱਖਾਂ ਦਾ ਦਾਨ ਕਰਨਾ ਵੀ ਉੱਤਮ ਦਰਜੇ ਦਾ ਦਾਨ ਹੈ, ਪਰ ਜਿਊਂਦੇ ਜੀਅ ਆਪਣੀ ਇਕ ਅੱਖ, ਮਜਬੂਰ ਬੱਚੇ ਨੂੰ ਦੇਣੀ ਤਾਂ ਰੱਬ ਨੂੰ ਮੁੱਲ ਲੈਣ ਵਾਲੀ ਗੱਲ ਹੈ। ਅਸੀਂ ਆਪਣੇ ਵੱਲੋਂ ਤੂਰ ਸਾਹਿਬ ਦੇ ਜਜ਼ਬੇ ਨੂੰ ਸਲਾਮ ਕਰਦੇ ਹਾਂ। ਨਿਰਸੰਦੇਹ, ਉਨ੍ਹਾਂ ਦੀ ਇਹ ਕੁਰਬਾਨੀ ਸਮੁੱਚੀ ਮਨੁੱਖਤਾ ਸਿਰ ਅਹਿਸਾਨ ਹੈ।


-ਪ੍ਰੀਤ ਸਿੰਘ ਸੰਦਲ (ਕਵੀਸ਼ਰ)
ਪਿੰਡ ਮਕਸੂਦੜਾ, ਤਹਿ: ਪਾਇਲ (ਲੁਧਿਆਣਾ)।


ਫ਼ੌਜ ਦਾ ਰੁਤਬਾ
ਬ੍ਰਿਗੇਡੀਅਰ ਕਾਹਲੋਂ ਵੱਲੋਂ ਕਾਰਗਿਲ ਯੁੱਧ ਬਾਰੇ ਲਿਖੇ ਲੇਖ ਤੇ ਉਨ੍ਹਾਂ ਵੱਲੋਂ ਕਹੀ ਗਈ ਹਰ ਗੱਲ 'ਤੇ ਗ਼ੌਰ ਕਰਨਾ ਬਣਦਾ ਹੈ। ਹਕੀਕਤ ਇਹ ਹੈ ਕਿ ਇਹ ਬਾਬੂਸ਼ਾਹੀ ਤੇ ਨੇਤਾ ਦਫ਼ਤਰਾਂ ਵਿਚ ਬੈਠ ਕੇ ਸਿਰਫ ਨੀਤੀਆਂ ਬਣਾਉਂਦੇ ਹਨ ਤੇ ਭਾਸ਼ਣ ਦਿੰਦੇ ਹਨ। ਫ਼ੌਜ ਵਾਸਤੇ ਕੁਝ ਵੀ ਕਰਨ ਤੇ ਸੋਚਣ ਲਈ ਇਨ੍ਹਾਂ ਕੋਲ ਨਾ ਵਕਤ ਹੈ ਤੇ ਨਾ ਹੀ ਕੁਝ ਕਰਨ ਦੀ ਨੀਅਤ। ਕਿਸੇ ਵੀ ਜਗ੍ਹਾ ਕੰਮ ਵਿਚ ਗੰਭੀਰਤਾ ਨਹੀਂ ਵਿਖਾਈ ਦਿੰਦੀ। ਫ਼ੌਜ ਦਾ ਰੁਤਬਾ ਜਿਸ ਤਰ੍ਹਾਂ ਹੇਠਾਂ ਡੇਗਿਆ ਜਾ ਰਿਹਾ ਹੈ, ਉਸ ਦੇ ਨਾਲ ਸੈਨਿਕਾਂ ਦਾ ਮਨੋਬਲ ਵੀ ਹੇਠਾਂ ਡਿਗਣਾ ਸੁਭਾਵਿਕ ਹੈ। ਬਾਬੂਸ਼ਾਹੀ ਆਪਣੇ-ਆਪ ਦੀ ਦੇਖਭਾਲ ਕਰਦੀ ਹੈ ਤੇ ਮੰਤਰੀਆਂ ਦੀ। ਕਿਸੇ ਦੂਜੇ ਨੂੰ ਵੀ ਕੋਈ ਸਹੂਲਤ ਦੇਣੀ ਹੁੰਦੀ ਹੈ ਤਾਂ ਫਾਈਲਾਂ ਅੱਗੇ ਤੁਰਦੀਆਂ ਹੀ ਨਹੀਂ। ਬਿਲਕੁਲ ਦਰੁਸਤ ਕਿਹਾ ਗਿਆ ਹੈ ਲੇਖ ਵਿਚ ਕਿ ਫ਼ੌਜ ਨੂੰ ਤਨਖਾਹ, ਭੱਤੇ ਸਭ ਬੜੇ ਰੋ-ਰੋ ਕੇ ਦਿੱਤੇ ਜਾਂਦੇ ਹਨ। ਅਜੇ ਤੱਕ ਸੱਤਵੇਂ ਤਨਖਾਹ ਕਮਿਸ਼ਨ ਦਾ ਪੱਲਾ ਨਹੀਂ ਫੜਾਇਆ। ਹਰ ਦੇਸ਼ ਵਿਚ ਫ਼ੌਜ ਦਾ ਰੁਤਬਾ ਸਭ ਤੋਂ ਉੱਪਰ ਤੇ ਹਰ ਕੋਈ ਇਸ ਨੂੰ ਬੇਹੱਦ ਸਤਿਕਾਰ ਕਰਦਾ ਹੈ।


-ਪ੍ਰਭਜੋਤ ਕੌਰ ਢਿੱਲੋਂ।


ਖ਼ੁਦਕੁਸ਼ੀਆਂ
ਰੋਜ਼ਾਨਾ ਹੀ ਅਖ਼ਬਾਰ ਵਿਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਬਾਰੇ ਪੜ੍ਹ ਕੇ ਮਨ ਦੁਖੀ ਹੋ ਉੱਠਦਾ ਹੈ। ਪਿਛਲੇ ਦਿਨੀਂ ਤਾਂ ਇਕੱਠਿਆਂ ਹੀ 6 ਕਿਸਾਨਾਂ ਵੱਲੋਂ ਖ਼ੁਦਕੁਸ਼ੀ ਕਰਕੇ ਮਨ ਬਹੁਤ ਬੇਚੈਨ ਹੋਇਆ ਹੈ। ਕਿਸਾਨਾਂ ਬਾਰੇ ਸਿਰਫ ਸਰਕਾਰਾਂ ਪੱਲਾਂ ਹੀ ਝਾੜਦੀਆਂ ਨਜ਼ਰ ਆਈਆਂ ਹਨ, ਕੋਈ ਠੋਸ ਉਪਰਾਲਾ ਹੀ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਇਹ ਪੇਚੀਦਾ ਮਸਲਾ ਹੱਲ ਹੋ ਸਕੇ। ਕਿਸਾਨ ਕਰਜ਼ਾ ਜ਼ਮੀਨ ਨੂੰ ਵਾਹੁਣ ਵਾਸਤੇ ਲਵੇ ਨਾ ਕਿ ਹੋਰ ਕੰਮਾਂ ਵਾਸਤੇ। ਸਾਨੂੰ ਤਾਂ ਇਹ ਵੀ ਸਮਝ ਨਹੀਂ ਆਉਂਦੀ, ਇਕ ਰੇਹੜੀ ਵਾਲਾ, ਇਕ ਮਜ਼ਦੂਰ ਵੀ ਟੱਬਰ ਪਾਲ ਰਿਹਾ ਹੈ। ਮੌਜੂਦਾ ਸਰਕਾਰ ਵੱਲੋਂ ਇਨ੍ਹਾਂ ਕਿਸਾਨਾਂ ਬਾਰੇ ਜਲਦ ਸੋਚਿਆ ਜਾਵੇ। ਜਿੰਨਾ ਕੁ ਕਰਜ਼ੇ ਦੀ ਪੰਡ ਹੌਲੀ ਕਰ ਸਕਦੀ ਹੈ, ਸਰਕਾਰ ਕਰੇ ਤਾਂ ਕਿ ਕਿਸਾਨ ਖ਼ੁਦਕੁਸ਼ੀ ਦੇ ਰਾਹ ਹੀ ਨਾ ਪਵੇ।


-ਹਰਜਿੰਦਰ ਪਾਲ ਸਿੰਘ ਬਾਜਵਾ
536, ਗਲੀ 5-ਬੀ, ਵਿਜੇ ਨਗਰ, ਹੁਸ਼ਿਆਰਪੁਰ।

1-08-2017

 ਚੌਧਰ ਦੀ ਲਾਲਸਾ
ਸਿਆਣੇ ਕਹਿੰਦੇ ਹਨ ਕਿ ਚੌਧਰਪੁਣਾ ਤਾਂ ਮਾੜਾ ਹੁੰਦਾ ਹੈ। ਅਸਲ ਵਿਚ ਚੌਧਰਪੁਣਾ ਸ਼ਬਦ ਹੀ ਮਾੜਾ ਹੈ। ਲਗਦਾ ਹੈ ਕਿ ਜਿਵੇਂ ਚੌਧਰਪੁਣੇ ਨੂੰ ਬਹੁਤੇ ਲੋਕਾਂ ਨੇ ਸਰੀਰ ਦਾ ਇਕ ਜ਼ਰੂਰੀ ਅੰਗ ਬਣਾ ਲਿਆ ਹੋਵੇ। ਸਿਆਣੇ ਤਾਂ ਕਹਿੰਦੇ ਹਨ ਕਿ ਜਿੰਨਾ ਅਜਿਹੀ ਭਾਵਨਾ ਤੋਂ ਬਚਿਆ ਜਾਵੇ, ਓਨਾ ਹੀ ਚੰਗਾ ਹੈ। ਕਿਉਂਕਿ ਇਸ ਚੌਧਰਪੁਣੇ ਨੇ ਕਈ ਹੱਸਦੇ-ਵਸਦੇ ਘਰ ਉਜਾੜ ਕੇ ਰੱਖ ਦਿੱਤੇ ਹਨ। ਦੁੱਖ ਇਸ ਗੱਲ ਦਾ ਹੈ ਕਿ ਅੱਜ ਬਹੁਤੇ ਲੋਕ ਚੌਧਰਪੁਣੇ ਵਰਗੀ ਮਾੜੀ ਮਾਨਸਿਕਤਾ ਦੇ ਗੁਲਾਮ ਹੋ ਕੇ ਰਹਿ ਗਏ ਹਨ। ਇਹ ਵੀ ਸੱਚ ਹੈ ਕਿ ਇਸ ਬੁਰਾਈ ਦਾ ਬਹੁਤਾ ਸ਼ਿਕਾਰ ਪੜ੍ਹਿਆ-ਲਿਖਿਆ ਤਬਕਾ ਹੀ ਹੋ ਰਿਹਾ ਹੈ। ਅੱਜ ਲੋੜ ਹੈ ਕਿ ਅਜਿਹੀ ਭਟਕਣਾ 'ਚੋਂ ਨਿਕਲ ਕੇ ਜੀਵਨ ਦੇ ਹਰ ਪਹਿਲੂ ਨੂੰ ਬਰੀਕੀ ਨਾਲ ਘੋਖਿਆ-ਵਿਚਾਰਿਆ ਜਾਵੇ। ਸਾਡਾ ਹਰ ਕਦਮ ਜੀਵਨ ਜਾਚ ਸਿੱਖਣ ਵੱਲ ਹੋਣਾ ਚਾਹੀਦਾ ਹੈ। ਅਖੀਰ ਇਹੀ ਕਹਾਂਗੇ ਕਿ ਜੀਵਨ ਦੇ ਹਰ ਪਲ ਦਾ ਅਨੰਦ ਲਿਆ ਜਾਵੇ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਹੱਲ ਕੱਢਿਆ ਜਾਵੇ
ਪਲਾਸਟਿਕ ਦੀਆਂ ਥੈਲੀਆਂ ਦਾ ਪ੍ਰਯੋਗ ਸਾਧਾਰਨ ਸਮੱਸਿਆ ਦੇ ਰੂਪ ਵਿਚ ਦੇਖਣਾ ਵੱਡੀ ਭੁੱਲ ਹੈ। ਇਹ ਦਿੱਕਤ ਧਰਤੀ ਅਤੇ ਸਾਡੀ ਹੋਂਦ ਨਾਲ ਜੁੜੀ ਹੈ। ਬੇਸ਼ੱਕ ਸਰਕਾਰ ਵੱਲੋਂ ਇਸ ਉੱਪਰ ਰੋਕ ਲਾਈ ਗਈ ਹੈ ਪਰ ਫਿਰ ਵੀ ਇਸ ਦਾ ਕੋਈ ਸਥਾਈ ਹੱਲ ਨਹੀਂ ਹੋ ਸਕਿਆ ਸਗੋਂ ਇਸ ਦੀ ਵਿੱਕਰੀ ਲਗਾਤਾਰ ਵਧ ਰਹੀ ਹੈ। ਜਦੋਂ ਤੱਕ ਸਰਕਾਰ ਅਤੇ ਲੋਕ ਇਸ ਗੰਭੀਰ ਮਸਲੇ ਪ੍ਰਤੀ ਜਾਗਰੂਕ ਨਹੀਂ ਹੁੰਦੇ, ਉਦੋਂ ਤੱਕ ਇਸ ਸਮੱਸਿਆ ਦਾ ਹੱਲ ਸੰਭਵ ਨਹੀਂ ਹੋ ਸਕਦਾ।

-ਸੇਵਾ ਰਾਮ ਸਿੰਗਲਾ
1120, ਤਿੰਨ ਫੇਜ਼, ਮਾਡਲ ਟਾਊਨ, ਬਠਿੰਡਾ।

ਬੂਟਿਆਂ ਦੀ ਸਾਂਭ-ਸੰਭਾਲ
ਅਕਸਰ ਅਖ਼ਬਾਰਾਂ ਵਿਚ ਬੂਟੇ ਲਾਉਣ ਦੀਆਂ ਖ਼ਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਕਈ ਵਾਰ ਅਸੀਂ ਵੇਖਦੇ ਹਾਂ ਕਿ ਫੋਟੋ ਖਿਚਵਾਉਣ ਵਾਲੇ ਜਿਸ ਬੂਟੇ ਨੂੰ ਰੰਗਦਾਰ ਸ਼ਾਵਰ ਨਾਲ ਪਾਣੀ ਪਾਇਆ ਗਿਆ, ਉਹੀ ਬੂਟਾ ਬਾਅਦ 'ਚ ਬਿਨਾਂ ਪਾਣੀ ਤੋਂ ਖੜਸੁੱਕ ਹੋ ਕੇ ਮਰ ਜਾਂਦਾ ਹੈ। ਅੱਜ ਕਿਤੇ ਵੀ ਇਹ ਸੁਣਨ ਵਿਚ ਨਹੀਂ ਆਇਆ ਕਿ ਪਿਛਲੇ ਸਾਲ ਲਾਏ ਬੂਟਿਆਂ ਦੀ ਸੰਭਾਲ ਕੀਤੀ ਗਈ ਜਾਂ ਕਿੰਨੇ ਬੂਟੇ ਪੂਰੀ ਤਰ੍ਹਾਂ ਚੱਲੇ ਕਿੰਨੇ ਮਰੇ। ਇਸ ਬਰਸਾਤ ਰੁੱਤ ਵਿਚ ਵੱਧ ਤੋਂ ਵੱਧ ਰੁੱਖ ਲਾਓ ਪਰ ਉਨ੍ਹਾਂ ਦੀ ਸੰਭਾਲ ਨੂੰ ਆਪਣੇ-ਆਪਣੇ ਨਿੱਜੀ ਤੌਰ 'ਤੇ ਯਕੀਨੀ ਬਣਾਓ ਫਿਰ ਹੀ ਤੁਹਾਡਾ ਬੂਟੇ ਲਾਉਣਾ ਸਫਲ ਹੈ। ਕਈ ਵਾਰ ਸਾਡੇ ਘਰਾਂ ਦੇ ਨਜ਼ਦੀਕ ਬੂਟੇ ਲੱਗੇ ਹੁੰਦੇ ਹਨ। ਜੇਕਰ ਅਸੀਂ ਆਪਣੇ ਫਰਜ਼ ਸਮਝਦੇ ਹੋਏ ਪਾਣੀ ਦੇਈਏ ਤਾਂ ਯਕੀਨ ਕਰੋ ਥੋੜ੍ਹੇ ਸਮੇਂ ਵਿਚ ਬੂਟੇ ਰੁੱਖ ਬਣਨ ਵੱਲ ਵਧਣੇ ਸ਼ੁਰੂ ਹੋ ਜਾਣਗੇ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।

31-07-2017

 ਰੋਕਣਾ ਜ਼ਰੂਰੀ
ਵਿਸ਼ਵ ਆਬਾਦੀ ਦਿਵਸ 'ਤੇ ਵਿਸ਼ੇਸ਼ ਲੇਖ ਵਿਚ ਡਾ: ਰਣਜੀਤ ਸਿੰਘ ਨੇ ਬਹੁਤ ਹੀ ਵਧੀਆ ਲੇਖ ਲਿਖਿਆ ਹੈ ਜੋ ਕਿ ਕਾਬਲੇ ਤਾਰੀਫ਼ ਹੈ। ਲੇਖ ਵਿਚ ਡਾ: ਸਾਹਿਬ ਨੇ ਜ਼ਿਕਰ ਕੀਤਾ ਹੈ ਕਿ ਸਾਡੇ ਦੇਸ਼ ਕੋਲ ਨੌਜਵਾਨ ਸ਼ਕਤੀ ਦੁਨੀਆ ਦੇ ਦੂਜੇ ਦੇਸ਼ਾਂ ਦੇ ਮੁਕਾਬਲੇ ਕਾਫੀ ਹੈ। ਆਬਾਦੀ ਵਧਣ ਕਾਰਨ ਮੁਢਲੀਆਂ ਲੋੜਾਂ ਵੀ ਘਟ ਰਹੀਆਂ ਹਨ। ਆਉਣ ਵਾਲੇ ਸਮੇਂ ਵਿਚ ਪੀਣ ਵਾਲਾ ਪਾਣੀ, ਅਨਾਜ ਅਤੇ ਪ੍ਰਦੂਸ਼ਣ ਆਦਿ ਦੀਆਂ ਸਮੱਸਿਆਵਾਂ ਮੂੰਹ ਅੱਡੀ ਖੜ੍ਹੀਆਂ ਹਨ। ਇਸ ਲਈ ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਆਬਾਦੀ ਕੰਟਰੋਲ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਸਾਡੇ ਧਾਰਮਿਕ ਆਗੂਆਂ ਅਤੇ ਰਾਜਨੀਤਕ ਆਗੂਆਂ ਨੂੰ ਨਿੱਜਵਾਦ ਨੂੰ ਪਿੱਛੇ ਕਰਕੇ ਦੇਸ਼ ਦੇ ਭਲੇ ਲਈ ਯਤਨ ਕਰਨੇ ਚਾਹੀਦੇ ਹਨ।


-ਗੁਰਚਰਨ ਸਿੰਘ ਉੱਪਲ।


ਵੇਲੇ ਦੀ ਨਮਾਜ਼ ਕੁਵੇਲੇ...
ਸਿੱਖਿਆ ਦਾ ਅਧਿਕਾਰ ਕਾਨੂੰਨ 2009 ਦੇਸ਼ ਦੇ ਸਾਰੇ 6 ਤੋਂ 14 ਸਾਲ ਦੇ ਬੱਚਿਆਂ ਲਈ ਲਾਜ਼ਮੀ ਅਤੇ ਮੁਫ਼ਤ ਸਿੱਖਿਆ ਦੀ ਗੱਲ ਕਰਦਾ ਹੈ ਪ੍ਰੰਤੂ ਪੰਜਾਬ ਸਿੱਖਿਆ ਵਿਭਾਗ ਆਪਣੀ ਗ਼ੈਰ-ਯੋਜਨਾਬੰਦੀ ਕਾਰਨ ਆਪਣੇ ਰਾਜ ਦੇ ਬੱਚਿਆਂ ਦਾ ਨੁਕਸਾਨ ਕਰ ਰਿਹਾ ਹੈ। ਰਾਜ ਦੇ ਸਕੂਲਾਂ ਵਿਚ ਆਮ ਬਦਲੀਆਂ ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਵਿਚ ਹੋਣੀਆਂ ਚਾਹੀਦੀਆਂ ਹਨ ਪ੍ਰੰਤੂ ਇਸ ਵਾਰ ਬਦਲੀਆਂ ਜੁਲਾਈ ਮਹੀਨੇ ਦੌਰਾਨ ਕੀਤੀਆਂ ਜਾ ਰਹੀਆਂ ਹਨ। ਇਸ ਦੇ ਬਾਵਜੂਦ ਰਾਜ ਦੇ ਬਹੁਤ ਸਾਰੇ ਸਕੂਲਾਂ ਦੀਆਂ ਖਾਲੀ ਅਸਾਮੀਆਂ ਪੂਰਾ ਸੈਸ਼ਨ ਹੀ ਖਾਲੀ ਰਹਿਣਗੀਆਂ। ਐਲੀਮੈਂਟਰੀ ਪੱਧਰ ਤੱਕ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਮੁਫ਼ਤ ਕਿਤਾਬਾਂ ਵੀ ਸਮੇਂ ਸਿਰ ਵਿਦਿਆਰਥੀਆਂ ਨੂੰ ਪ੍ਰਾਪਤ ਨਹੀਂ ਹੋ ਰਹੀਆਂ ਹਨ।


-ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।


ਕਥਾਵਾਚਕ ਬਾਬੇ
ਅੱਜ ਕਿਸਾਨ, ਮਜ਼ਦੂਰ, ਮੁਲਾਜ਼ਮ, ਵਪਾਰੀ ਹਰ ਵਰਗ ਸਰਕਾਰਾਂ ਦੇ ਕੰਮ ਤੋਂ ਦੁਖੀ ਹੈ। ਇਸ ਮਾਨਸਿਕ ਪ੍ਰੇਸ਼ਾਨੀ ਤੋਂ ਰਾਹਤ ਲਈ ਤੇ ਮਨ ਨੂੰ ਸ਼ਾਂਤ ਕਰਨ ਲਈ ਲੋਕ ਸਰਕਾਰ ਤੋਂ ਨਿਆਂ ਲੈਣ ਦੀ ਬਜਾਏ ਉਹ ਧਰਮ ਅਸਥਾਨਾਂ ਵੱਲ ਹੋ ਤੁਰੇ ਹਨ। ਲੋਕ ਆਪਣੇ ਧਾਰਮਿਕ ਮਸਲੇ ਸਰਕਾਰਾਂ ਤੋਂ ਹੱਲ ਕਰਾਉਣ ਲਈ ਕਿਸੇ ਜਥੇਬੰਦੀ ਨਾਲ ਨਹੀਂ ਜੁੜਦੇ। ਮੇਰੀ ਉਨ੍ਹਾਂ ਸ਼ਰਧਾਲੂਆਂ ਨੂੰ ਬੇਨਤੀ ਹੈ ਕਿ ਤੁਸੀਂ ਉਨ੍ਹਾਂ ਬਾਬਿਆਂ ਦੀ ਅਗਵਾਈ 'ਚ ਹੁੰਦੇ ਇਕੱਠਾਂ ਨੂੰ ਇਨ੍ਹਾਂ ਦੀਵਾਨਾਂ ਨੂੰ ਹੁਣ ਧਰਨਿਆਂ, ਮੁਜ਼ਾਹਰਿਆਂ ਦਾ ਰੂਪ ਦੇ ਦਿਓ। ਪਹਿਲਾਂ ਵੀ ਸਾਰੇ ਗੁਰੂ ਸਾਹਿਬਾਨ ਵੀ ਲੋਕਾਂ ਦੇ ਹੱਕਾਂ ਦੀ ਖਾਤਰ ਸਰਕਾਰਾਂ ਨਾਲ ਟੱਕਰ ਲੈਂਦੇ ਰਹੇ ਹਨ।


-ਗੁਰਾਂਦਿੱਤਾ ਸੰਧੂ।


ਬਜ਼ੁਰਗਾਂ ਦੀ ਭੂਮਿਕਾ
ਬੀਤੇ ਦਿਨ 'ਅਜੀਤ' ਦੇ ਨਾਰੀ ਸੰਸਾਰ ਪੰਨੇ 'ਤੇ ਮਾਣਯੋਗ ਲੇਖਿਕਾ ਪ੍ਰੋ: ਕੁਲਜੀਤ ਕੌਰ ਅਠਵਾਲ ਦਾ ਲੇਖ 'ਬੱਚਿਆਂ ਦੇ ਪਾਲਣ-ਪੋਸ਼ਣ ਵਿਚ ਬਜ਼ੁਰਗਾਂ ਦੀ ਭੂਮਿਕਾ' ਪੜ੍ਹਿਆ, ਬੇਹੱਦ ਪਸੰਦ ਆਇਆ। ਮੈਂ ਖ਼ੁਦ ਸਾਰਾ ਦਿਨ ਆਪਣੀ ਪਿਆਰੀ ਪੋਤੀ ਦੇ ਨਾਲ ਬਿਤਾਉਂਦਾ ਹਾਂ, ਜੋ ਢਾਈ ਕੁ ਸਾਲਾਂ ਦੀ ਹੈ। ਅਸੀਂ ਦੋਵੇਂ ਸਾਰਾ ਦਿਨ ਬਹੁਤ ਹੀ ਅਨੰਦਮਈ ਜੀਵਨ ਗੁਜ਼ਾਰਦੇ ਹਾਂ। ਮੇਰਾ ਸਭ ਕਹਿਣ ਦਾ ਭਾਵ ਹੈ ਕਿ ਲੇਖਿਕਾ ਦੇ ਲੇਖ ਅਨੁਸਾਰ ਹੀ ਅਸੀਂ ਦੋਵੇਂ ਸਾਰਾ ਦਿਨ ਵਿਚਰਦੇ ਹਾਂ। ਮਾਣਯੋਗ ਲੇਖਕਾ ਦਾ ਲੇਖ ਮੈਨੂੰ ਇਸ ਕਰਕੇ ਵੀ ਬਹੁਤ ਪਸੰਦ ਆਇਆ ਕਿਉਂਕਿ ਲਗਪਗ ਮੇਰੇ 'ਤੇ ਢੁੱਕਦਾ ਹੈ। ਭਾਵ ਹਰ ਬਜ਼ੁਰਗ ਦਾਦਾ-ਦਾਦੀ ਨਾਨਾ-ਨਾਨੀ 'ਤੇ ਜ਼ਰੂਰ ਢੁੱਕਦਾ ਹੋਵੇਗਾ। ਬਜ਼ੁਰਗ ਬੜਾ ਕੀਮਤੀ ਖਜ਼ਾਨਾ ਹੁੰਦੇ ਹਨ। ਉਹ ਆਪਣੇ ਚੰਗੇ ਗੁਣ, ਸੰਸਕਾਰ ਆਪਣੇ ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਅੰਦਰ ਭਰਨ ਦਾ ਅਕਸਰ ਯਤਨ ਕਰਦੇ ਹਨ। ਚੰਗੇ ਸੰਸਕਾਰਾਂ ਦੀ ਬੁਨਿਆਦ ਬੱਚਿਆਂ ਦੀ ਬਜ਼ੁਰਗਾਂ ਦੀ ਸੰਗਤ ਨਾਲ ਹੀ ਬਣ ਸਕਦੀ ਹੈ।


-ਮਾ: ਦੇਵਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

27-07-2017

 ਪੱਤਰਚੰਗਾ ਫ਼ੈਸਲਾ
ਪਿੰਡਾਂ 'ਚ ਲੱਗੇ ਨੀਂਹ-ਪੱਥਰਾਂ ਨੂੰ ਵਿਰੋਧੀ ਵਿਅਕਤੀ ਜਾਂ ਪਾਰਟੀ ਵਰਕਰਾਂ ਵੱਲੋਂ ਰੰਜ਼ਿਸ਼ ਤਹਿਤ ਤੋੜਨ ਤੇ ਪੁੁਲਿਸ ਠਾਣਿਆਂ 'ਚ ਸ਼ਿਕਾਇਤਾਂ ਦਰਜ ਹੋਈਆਂ ਸਨ। ਪੰਜਾਬ ਸਰਕਾਰ ਵੱਲੋਂ ਉਦਘਾਟਨੀ ਪੱਥਰ 'ਚ ਵਿਧਾਇਕਾਂ ਦਾ ਨਾਂਅ ਨਾ ਲਿਖਣ ਦਾ ਲਿਆ ਫ਼ੈਸਲਾ ਦਰੁਸਤ ਹੈ। ਸਮੇਂ-ਸਮੇਂ ਸਰਕਾਰਾਂ ਦੇ ਵਿਧਾਇਕਾਂ ਵੱਲੋਂ ਪਿੰਡਾਂ ਵਿਚ ਸੰਪਰਕ ਸੜਕਾਂ ਦੇ ਨੀਂਹ-ਪੱਥਰ ਵਿਕਾਸ ਦੇ ਨਾਂਅ 'ਤੇ ਰੱਖੇੇ ਗਏ ਪਰ ਵਿਕਾਸ ਤਾਂ ਨਜ਼ਰ ਨਹੀਂ ਆਏ ਪਰ ਨੀਂਹ-ਪੱਥਰ ਚਿੱਟਾ ਹਾਥੀ ਬਣ ਕੇ ਰਹਿ ਗਏ। ਨੀਂਹ-ਪੱਥਰਾਂ 'ਤੇ ਉਨ੍ਹਾਂ ਵਿਅਕਤੀਆਂ ਦਾ ਨਾਂਅ ਹੋਣਾ ਚਾਹੀਦਾ ਹੈ, ਜੋ ਲੋਕ ਬੁੱਧੀਜੀਵੀ ਹੋਣ, ਜਿਹੜੇ ਸਮਾਜ ਸੇਵਕ ਲੋਕ ਭਲਾਈ ਦਾ ਕੰਮ ਕਰਦੇ ਹਨ, ਉਨ੍ਹਾਂ ਲੋਕਾਂ ਨੂੰ ਉਦਘਾਟਨੀ ਪੱਥਰਾਂ 'ਚ ਸ਼ਾਮਿਲ ਕਰਨਾ ਚਾਹੀਦਾ ਹੈ।


-ਮਾਸਟਰ ਜਗੀਰ ਸਿੰਘ ਸਫਰੀ
ਸਠਿਆਲਾ (ਅੰਮ੍ਰਿਤਸਰ)।


ਪੰਜਾਬ ਸਰਕਾਰ 'ਤੇ ਉਮੀਦਾਂ
ਲੋਕ ਵੋਟਾਂ ਪਾ ਕੇ ਆਪਣੀ ਪਸੰਦ ਦੀ ਸਰਕਾਰ ਚੁਣਦੇ ਹਨ ਅਤੇ ਆਸ ਕਰਦੇ ਹਨ ਕਿ ਸਰਕਾਰ ਬਣਨ ਤੋਂ ਬਾਅਦ ਇਹ ਸਾਡੀਆਂ ਮੁਸੀਬਤਾਂ ਦੀ ਲੜੀ ਨੂੰ ਕੁਝ ਛੋਟਾ ਕਰੇਗੀ। ਬੜੇ ਉਤਸਾਹ ਨਾਲ ਲੱਖਾਂ ਨੌਜਵਾਨਾਂ ਨੇ ਕਾਂਗਰਸ ਦੀ ਹਰ ਘਰ ਨੌਕਰੀ ਦਾ ਫਾਰਮ ਅਪਲਾਈ ਕੀਤੇ ਸਨ ਪਰ ਸਰਕਾਰ ਦਾ ਅੱਜ ਤੱਕ ਕੋਈ ਵੀ ਨੌਕਰੀ ਦੇਣ ਦਾ ਵਾਅਦਾ ਸਿਰੇ ਨਹੀਂ ਚੜ੍ਹਿਆ। ਅੱਜ ਲੱਖਾਂ ਨੌਜਵਾਨਾਂ ਦੀਆਂ ਆਸਾਂ ਸਰਕਾਰ 'ਤੇ ਟਿਕੀਆਂ ਹੋਈਆਂ ਹਨ ਕਿ ਕਦੋਂ ਸਰਕਾਰ ਉਨ੍ਹਾਂ ਦੇ ਸੁਪਨਿਆਂ ਨੂੰ ਬੂਰ ਪਾਵੇਗੀ। ਇਸੇ ਤਰ੍ਹਾਂ ਹੀ ਬਜ਼ੁਰਗਾਂ ਦੀਆਂ ਬਹੁਤ ਸਾਰੀਆਂ ਆਸਾਂ ਸਰਕਾਰ ਨਾਲ ਜੁੜੀਆਂ ਹੋਈਆਂ ਹਨ, ਉਨ੍ਹਾਂ ਦਾ ਵੀ ਸਰਕਾਰ ਚੇਤਾ ਆਪਣੇ ਧਿਆਨ ਵਿਚ ਜ਼ਰੂਰ ਰੱਖੇ। ਕਿਸਾਨਾਂ ਦਾ ਕਰਜ਼ਾ ਤਾਂ ਮੁਆਫ਼ ਕਰਨ ਦਾ ਐਲਾਨ ਤਾਂ ਕਰ ਦਿੱਤਾ ਗਿਆ ਹੈ ਪਰ ਇਸ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਦੀ ਵੀ ਲੋੜ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮੁੜ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਸਾਧਨ ਪੈਦਾ ਕਰੇ ਤਾਂ ਜੋ ਪੰਜਾਬ ਦੀ ਨਸ਼ਿਆਂ ਵਿਚ ਗਲਤਾਨ ਹੋ ਰਹੀ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕੇ।


-ਨਰਿੰਦਰ ਸਿੰਘ ਚੌਹਾਨ
ਪਿੰਡ ਬਠੋਈ ਕਲਾਂ, ਜ਼ਿਲ੍ਹਾ ਪਟਿਆਲਾ।


ਬੱਚੇ, ਮਾਪੇ ਅਤੇ ਲਾਇਬ੍ਰੇਰੀ
ਵਿਦਵਾਨ ਵਿਅਕਤੀ ਲਈ ਇਹ ਪੂਰੀ ਦੁਨੀਆ ਗਿਆਨ ਦਾ ਵੱਡਾ ਸਮੁੰਦਰ ਹੈ। ਅਮਰੀਕਾ ਦੇ ਵਿਦਵਾਨ ਲੇਖਕ ਰੇਅ ਬਰੇਡਬਰੀ ਨੇ ਲਿਖਿਆ ਹੈ, ਬਿਨਾਂ ਲਾਇਬ੍ਰੇਰੀਆਂ ਤੋਂ ਅਸੀਂ ਕੀ ਹਾਂ, ਸਾਡਾ ਨਾ ਕੋਈ ਭੂਤਕਾਲ ਤੇ ਨਾ ਹੀ ਕੋਈ ਭਵਿੱਖ ਕਾਲ ਹੈ। ਇਸ ਵਿਚ ਕੋਈ ਦੋ ਰਾਏ ਨਹੀਂ ਕਿ ਸਕੂਲਾਂ ਖ਼ਾਸ ਕਰ ਸਰਕਾਰੀ ਸਕੂਲਾਂ ਵਿਚ ਇਨ੍ਹਾਂ ਦੀ ਵਰਤੋਂ ਨਾ ਦੇ ਬਰਾਬਰ ਹੈ। ਜੇ ਪੱਕੀ ਲਾਇਬ੍ਰੇਰੀਅਨ ਦੀ ਅਸਾਮੀ ਸਕੂਲਾਂ ਵਿਚ ਲਾਗੂ ਹੋਵੇ ਤੇ ਹਰ ਕਲਾਸ ਦਾ ਫਰੀ ਪੀਰੀਅਡ ਲਾਇਬ੍ਰੇਰੀ ਨਾਲ ਜੋੜਿਆ ਜਾਵੇ ਜਿਸ ਕਰਕੇ ਬੱਚਿਆਂ ਦੀ ਰੁਚੀ ਦੇ ਨਾਲੋ-ਨਾਲ ਬੌਧਿਕ ਪੱਧਰ ਵੀ ਉੱਚਾ ਚੁੱਕ ਸਕਦੇ ਹਾਂ। ਵਿਡੰਬਨਾ ਇਹ ਵੀ ਹੈ ਕਿ ਅਕਸਰ ਅਸੀਂ ਦੇਖਦੇ ਹਾਂ ਮਾਪੇ ਘਰੇ ਪੜ੍ਹਾਉਣ ਸਮੇਂ ਬੱਚੇ ਸਾਹਮਣੇ ਖ਼ੁਦ ਸੋਸ਼ਲ ਮੀਡੀਆ ਵਿਚ ਵਿਅਸਥ ਰਹਿੰਦੇ ਹਨ। ਸਰਕਾਰ ਵੱਲੋਂ ਵੀ ਦਿੱਤੀਆਂ ਜਾਂਦੀਆਂ ਗਰਾਂਟਾਂ ਨਾਲ ਸਕੂਲਾਂ ਵਿਚ ਕਿਤਾਬ ਘਰ ਦੇ ਨਾਂਅ ਤੇ ਖੜ੍ਹੇ ਚਿੱਟੇ ਹਾਥੀਆਂ 'ਤੇ ਲਗਾਮ ਕੱਸਣੀ ਚਾਹੀਦੀ ਹੈ। ਅੱਜ ਵੀ ਕੁਝ ਅਗਾਂਹ ਵਧੂ ਸੰਸਥਾਵਾਂ ਸਕੂਲਾਂ ਕਾਲਜਾਂ ਵਿਚ ਮੁਫ਼ਤ ਕਿਤਾਬਾਂ ਵੰਡ ਕੇ ਸਾਹਿਤਕ ਰੁਚੀ ਦਾ ਘੇਰਾ ਵਧਾਉਣ ਲਈ ਤਤਪਰ ਹਨ। ਸਰਕਾਰ, ਮਾਪੇ ਤੇ ਅਧਿਆਪਕਾਂ ਨੂੰ ਇਨ੍ਹਾਂ ਨਾਲ ਸਾਂਝੀਆਂ ਕਮੇਟੀਆਂ ਗਠਤ ਕਰਕੇ ਵਿੱਦਿਆ ਦੇ ਚਾਨਣ ਦਾ ਹੋਰ ਫੈਲਾਉਣਾ ਚਾਹੀਦਾ ਹੈ।


-ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ
ਪਿੰਡ ਨੱਥੂ ਮਾਜਰਾ, ਜ਼ਿਲ੍ਹਾ ਸੰਗਰੂਰ।

26-07-2017

 ਕੰਨਾਂ ਦੇ ਕੱਚੇ

ਪੰਜਾਬ ਦੇ ਤਕਰੀਬਨ ਹਰ ਇਕ ਪਿੰਡ ਵਿਚ ਹਰ ਤਰ੍ਹਾਂ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ਵਿਚ ਕੁਝ ਗਰਮ, ਕੁਝ ਨਰਮ, ਕੋਈ ਸੱਚਾ, ਕੋਈ ਝੂਠਾ, ਕੋਈ ਗਾਲੜੀ ਅਤੇ ਕਈ ਬੇਹੱਦ ਸ਼ਾਂਤ ਸੁਭਾਅ ਦੇ ਮਾਲਕ ਹੁੰਦੇ ਹਨ। ਇਨ੍ਹਾਂ ਸਭ ਤੋਂ ਇਲਾਵਾ ਹਰੇਕ ਪਿੰਡ ਵਿਚ ਕੁਝ ਅਜਿਹੇ ਵੀ ਲੋਕ ਹੁੰਦੇ ਹਨ, ਜੋ ਕਿਸੇ ਦੁਆਰਾ ਆਖੀ ਕਿਸੇ ਗੱਲ ਦੀ ਬਿਨਾਂ ਜਾਂਚ ਪੜਤਾਲ ਕੀਤੇ ਉਸ 'ਤੇ ਯਕੀਨ ਕਰ ਲੈਂਦੇ ਹਨ। ਪੇਂਡੂ ਭਾਸ਼ਾ ਵਿਚ ਅਜਿਹੇ ਲੋਕਾਂ ਨੂੰ 'ਕੰਨਾਂ ਦੇ ਕੱਚੇ' ਨਾਂਅ ਨਾਲ ਜਾਣਿਆ ਜਾਂਦਾ ਹੈ। ਅਸੀਂ ਅਕਸਰ ਹੀ ਦੇਖਦੇ ਹਾਂ ਕਿ ਲੋਕਾਂ ਵੱਲੋਂ ਕਿਸੇ ਦੀ ਸੁਣੀ-ਸੁਣਾਈ ਗੱਲ ਨੂੰ ਸੱਚ ਮੰਨ ਕੇ ਬਿਨਾਂ ਸੋਚੇ ਸਮਝੇ ਆਪਣੇ ਸਕਿਆਂ ਭਰਾਵਾਂ, ਆਂਢ-ਗੁਆਂਢ ਜਾਂ ਰਿਸ਼ਤੇਦਾਰਾਂ ਨਾਲ ਮੂੰਹ ਮੋਟੇ ਕਰ ਲਏ ਜਾਂਦੇ ਹਨ। ਕਈ ਵਾਰ ਗ਼ਲਤਫਹਿਮੀ ਵਿਚ ਚੁੱਕਿਆ ਸਾਡਾ ਇਕ ਹੀ ਕਦਮ ਸਾਲਾਂ ਦੀ ਬਣੀ ਬਣਾਈ ਨੂੰ ਤਹਿਸ-ਨਹਿਸ ਕਰਨ ਲਈ ਕਾਫੀ ਹੋ ਨਿਬੜਦਾ ਹੈ।

-ਰਾਜਾ ਗਿੱਲ (ਚੜਿੱਕ)।

ਪ੍ਰੇਰਨਾ ਦਾ ਕਮਾਲ

ਮਨੁੱਖ ਦੇ ਜੀਵਨ ਵਿਚ ਪ੍ਰੇਰਨਾ ਦੀ ਬਹੁਤ ਅਹਿਮੀਅਤ ਹੈ, ਹਰ ਵੱਡਾ ਕੰਮ ਪ੍ਰੇਰਿਤ ਹੋ ਕੇ ਹੀ ਕੀਤਾ ਜਾਂਦਾ ਹੈ। ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨਾ ਸਾਡਾ ਫਰਜ਼ ਹੈ। ਜ਼ਰੂਰਤ ਹੈ ਅਜਿਹੇ ਸਾਹਿਤ ਨੂੰ ਪ੍ਰਫੁੱਲਿਤ ਕੀਤਾ ਜਾਵੇ ਤਾਂ ਜੋ ਸਮਾਜ ਵਿਚ ਸਾਕਾਰਾਤਮਕ ਸੋਚ ਦਿੱਤੀ ਜਾ ਸਕੇ। ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਪ੍ਰੋ: ਡੀ.ਸੀ. ਸ਼ਰਮਾ ਦੇ ਲੇਖਾਂ ਦੀ ਜੋ ਚੰਗੀ ਪ੍ਰੇਰਨਾ ਦਿੰਦੇ ਹਨ। ਇਸ ਦੇ ਨਾਲ-ਨਾਲ ਲੇਖਕ ਤਰਨਜੀਤ ਸਿੰਘ ਰੰਧਾਵਾ ਵੱਲੋਂ ਅਜੀਤ ਮੈਗਜ਼ੀਨ ਵਿਚ ਛਾਪੇ ਲੇਖ 'ਪ੍ਰੇਰਨਾ ਦਾ ਕਮਾਲ' ਅਤੇ 'ਆਕਰਸ਼ਣ ਦਾ ਰਹੱਸ' ਲਾਹੇਵੰਦ ਅਤੇ ਸ਼ਲਾਘਾਯੋਗ ਹਨ। ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਅਜਿਹਾ ਸਾਕਾਰਾਤਮਿਕ ਨਜ਼ਰੀਆ ਅਤੇ ਹੌਸਲਾ, ਪ੍ਰੇਰਨਾ ਦੇਣ ਵਾਲੇ ਲੇਖ ਆਪ ਜੀ ਵੱਲੋਂ ਸਾਨੂੰ ਪੜ੍ਹਨ ਲਈ ਮਿਲਣਗੇ।

-ਜਗਮੀਤ ਸਿੰਘ
ਜਲੰਧਰ।

ਖੇਡਾਂ ਅਤੇ ਨਸ਼ੇ

ਅਕਸਰ ਹਰੇਕ ਖੇਤਰ ਵਿਚ ਖੇਡਾਂ ਹੁੰਦੀਆਂ ਹਨ। ਇਨ੍ਹਾਂ ਵਿਚ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਖੇਡਾਂ ਤਾਂ ਸਹੀ ਹਨ ਪਰ ਇਨ੍ਹਾਂ ਖੇਡਾਂ ਵਿਚ ਖੇਡਣ ਅਤੇ ਖਿਡਾਉਣ ਵਾਲੇ ਕੁਝ ਠੀਕ ਨਹੀਂ ਜਾਪਦੇ। ਅਕਸਰ ਖੇਡਾਂ ਵਿਚ ਹੁੰਦਾ ਹੈ ਕਿ ਕਈ ਕੋਚ ਨਸ਼ਾ ਕਰਵਾਉਂਦੇ ਅਤੇ ਕਈ ਖਿਡਾਰੀ ਵੀ ਨਸ਼ਾ ਕਰਕੇ ਖੇਡਦੇ ਹਨ। ਹੁਣ ਤੱਕ ਦੇ ਰਿਕਾਰਡ ਅਨੁਸਾਰ ਨਸ਼ਾ ਕਰਕੇ ਖੇਡਣ ਵਾਲੇ ਬਹੁਤ ਖਿਡਾਰੀ ਆਪਣੀ ਜਾਨ ਤੋਂ ਵੀ ਹੱਥ ਧੋ ਚੁੱਕੇ ਹਨ। ਖੇਡਾਂ ਆਪਣੀ ਸਿਹਤ ਨੂੰ ਠੀਕ ਰੱਖਣ ਲਈ ਹੁੰਦੀਆਂ ਹਨ, ਨਾ ਕਿ ਸਿਹਤ ਖਰਾਬ ਕਰਨ ਲਈ। ਨਸ਼ਿਆਂ ਨਾਲ ਤਾਂ ਸਰੀਰ ਖੋਖਲਾ ਹੋ ਜਾਂਦਾ ਹੈ। ਇਸ ਲਈ ਲੋੜ ਹੈ, ਹਰ ਇਕ ਖੇਡ ਵਿਚ ਡੋਪ ਟੈਸਟ ਹੋਣਾ ਚਾਹੀਦਾ ਹੈ ਅਤੇ ਖਿਡਾਰੀਆਂ ਅਤੇ ਕੋਚਾਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਉਹ ਨਸ਼ੇ ਤੋਂ ਦੂਰੀ ਬਣਾ ਕੇ ਰੱਖਣ।

-ਅਕਾਸ਼ਦੀਪ ਸਿੰਘ
ਪਿੰਡ ਸੀਰਵਾਲੀ (ਸ੍ਰੀ ਮੁਕਤਸਰ ਸਾਹਿਬ)।

ਗੁਮਰਾਹਕੁੰਨ ਅੰਕੜੇ

ਪਿਛਲੇ ਦਿਨੀਂ ਡਾ: ਸਤਿੰਦਰਪਾਲ ਸਿੰਘ ਬਰਾੜ ਹੁਰਾਂ ਦਾ ਖੇਤੀ ਕਰਜ਼ੇ ਦੀ ਮੁਆਫ਼ੀ ਅਤੇ ਕਿਸਾਨਾਂ ਦੀ ਦਸ਼ਾ-ਦਿਸ਼ਾ ਬਾਰੇ ਲੇਖ ਪੜ੍ਹਿਆ, ਜਿਸ ਵਿਚ ਕਿਸਾਨਾਂ ਨੂੰ ਬਹੁਤ ਅਮੀਰ ਦਰਸਾਉਣ ਲਈ ਡਾ: ਸਾਹਿਬ ਲਿਖਦੇ ਹਨ ਕਿ ਕਣਕ, ਝੋਨੇ ਲਈ ਬੀਜ, ਖਾਦ, ਕੀਟਨਾਸ਼ਕ, ਡੀਜ਼ਲ, ਮਜ਼ਦੂਰੀ ਅਤੇ ਮਸ਼ੀਨਰੀ ਮੁਰੰਮਤ ਉੱਪਰ ਪ੍ਰਤੀ ਏਕੜ ਕੁੱਲ ਲਾਗਤ 25-30 ਹਜ਼ਾਰ ਕੱਢ ਕੇ ਸਾਲਾਨਾ ਕਮਾਈ 40-50 ਹਜ਼ਾਰ ਪ੍ਰਤੀ ਏਕੜ ਹੈ। ਮੈਂ ਇਕ ਕਿਸਾਨ ਹੋਣ ਦੇ ਨਾਤੇ ਇਹ ਗੱਲ ਦਾਅਵੇ ਨਾਲ ਕਹਿੰਦਾ ਹਾਂ ਕਿ ਕਿਸਾਨ ਦੀ ਸਾਲਾਨਾ ਕਮਾਈ ਪ੍ਰਤੀ ਏਕੜ ਕਦੇ ਵੀ 12-15 ਹਜ਼ਾਰ ਤੋਂ ਵੱਧ ਨਹੀਂ ਹੋ ਸਕਦੀ। ਜੇਕਰ ਦੱਸੇ ਅੰਕੜੇ ਸੱਚ ਹੁੰਦੇ ਤਾਂ ਅੱਜ ਕਿਸਾਨ ਖ਼ੁਦਕੁਸ਼ੀਆਂ ਨਾ ਕਰਦੇ।

-ਲੱਖੀ ਗਿੱਲ ਧਨਾਨਸੂ
ਪਿੰਡ ਤੇ ਡਾਕ: ਧਨਾਨਸੂ, ਜ਼ਿਲ੍ਹਾ ਲੁਧਿਆਣਾ।

 

25-07-2017

 ਨਕਲ
ਅੱਜ ਦੇ ਵਿਦਿਆਰਥੀਆਂ ਵਿਚ ਨਕਲ ਦਾ ਜ਼ਹਿਰ ਏਨਾ ਫੈਲ ਗਿਆ ਹੈ, ਜਿਸ ਕਾਰਨ ਉਨ੍ਹਾਂ ਦਾ ਭਵਿੱਖ ਖ਼ਤਰੇ ਵਿਚ ਦਿਖਾਈ ਦਿੰਦਾ ਹੈ। ਨਕਲ ਦੇ ਸਿਰ 'ਤੇ ਵਿਦਿਆਰਥੀ ਇਮਤਿਹਾਨਾਂ ਵਿਚੋਂ ਤਾਂ ਪਾਸ ਹੋ ਜਾਂਦੇ ਹਨ ਪਰ ਜ਼ਿੰਦਗੀ ਦੇ ਇਮਤਿਹਾਨ 'ਚੋਂ ਹਮੇਸ਼ਾ ਫੇਲ੍ਹ ਰਹਿੰਦੇ ਹਨ। ਇਸ ਦੀ ਉਦਾਹਰਨ ਸਾਨੂੰ ਮੈਰੀਟੋਰੀਅਸ ਸਕੂਲ ਦਾਖ਼ਲਾ ਪ੍ਰੀਖਿਆ ਦੇ ਮਾੜੇ ਨਤੀਜਿਆਂ ਤੋਂ ਮਿਲਦੀ ਹੈ, ਜਿਸ ਵਿਚ 4837 ਵਿਦਿਆਰਥੀਆਂ ਵਿਚੋਂ ਕੇਵਲ 2775 ਵਿਦਿਆਰਥੀ ਹੀ ਸਫਲ ਹੋ ਸਕੇ ਅਤੇ 1300 ਦੇ ਕਰੀਬ ਸੀਟਾਂ ਖਾਲੀ ਰਹਿ ਗਈਆਂ। ਹੁਣ ਇਨ੍ਹਾਂ ਵਿਦਿਆਰਥੀਆਂ ਨੂੰ ਦੁਬਾਰਾ ਮੌਕਾ ਦੇਣ ਦੀ ਥਾਂ 'ਤੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਦੇ ਮੱਧ ਵਰਗੀ ਪਰਿਵਾਰਾਂ ਦੇ ਬੱਚਿਆਂ ਨੂੰ ਪ੍ਰੀਖਿਆ ਦੇਣ ਦਾ ਇਕ ਮੌਕਾ ਦਿੱਤਾ ਜਾਵੇ, ਤਾਂ ਕਿ ਉਹ ਵੀ ਆਪਣੀ ਕਾਬਲੀਅਤ ਨੂੰ ਸਾਬਤ ਕਰ ਸਕਣ ਅਤੇ ਅਸਫ਼ਲ ਰਹਿਣ ਵਾਲੇ ਵਿਦਿਆਰਥੀ ਵੀ ਇਨ੍ਹਾਂ ਨਤੀਜਿਆਂ ਤੋਂ ਸਬਕ ਲੈ ਕੇ ਭਵਿੱਖ ਵਿਚ ਨਕਲ ਨਾ ਮਾਰਨ ਅਤੇ ਮਿਹਨਤ ਕਰਨ ਦੀ ਪ੍ਰੇਰਣਾ ਲੈ ਸਕਣ।

-ਸਿਮਰਨ ਔਲਖ
ਪਿੰਡ ਸੀਰਵਾਲੀ (ਸ੍ਰੀ ਮੁਕਤਸਰ ਸਾਹਿਬ)।

ਰੁੱਖ ਲਗਾਓ
ਆਮ ਕਰਕੇ ਪਿੰਡਾਂ ਅਤੇ ਸ਼ਹਿਰਾਂ ਵਿਚ ਸਮਾਜ-ਸੇਵੀ ਲੋਕਾਂ ਵੱਲੋਂ ਪੰਛੀਆਂ ਦੇ ਰਹਿਣ ਲਈ ਲੱਕੜੀ ਦੇ ਆਲ੍ਹਣੇ ਤਿਆਰ ਕਰਵਾ ਕੇ ਖੰਭਿਆਂ ਅਤੇ ਇਮਾਰਤਾਂ ਉੱਪਰ ਤਪਦੀ ਧੁੱਪ ਵਿਚ ਲਗਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਆਲ੍ਹਣਿਆਂ ਨੂੰ ਲਗਾਉਣ ਦੀ ਨੌਬਤ ਰੁੱਖਾਂ ਦੀ ਧੜਾਧੜ ਪੁਟਾਈ ਕਾਰਨ ਅਤੇ ਕੱਚੇ ਘਰਾਂ ਦੀ ਥਾਂ ਮਾਰਬਲਾਂ ਵਾਲੀਆਂ ਆਲੀਸ਼ਾਨ ਕੋਠੀਆਂ ਬਣ ਜਾਣ ਕਾਰਨ ਆਈ ਹੈ। ਜੇਕਰ ਆਲ੍ਹਣਿਆਂ ਨਾਲੋਂ ਅਸੀਂ ਵੱਧ ਤੋਂ ਵੱਧ ਰੁੱਖਾਂ ਦੀ ਪੈਦਾਵਾਰ ਕਰੀਏ ਤਾਂ ਉਹ ਜ਼ਿਆਦਾ ਚੰਗਾ ਹੈ ਕਿਉਂਕਿ ਵਾਤਾਵਰਨ ਦੀ ਸ਼ੁੱਧਤਾ ਅਤੇ ਰੁੱਖਾਂ ਦੀ ਛਾਂ ਹੇਠ ਮੌਸਮ ਦੇ ਅਨੁਕੂਲ ਆਲ੍ਹਣੇ ਤਾਂ ਹਿੰਮਤੀ ਪੰਛੀ ਖ਼ੁਦ ਆਪਣੀ ਪਸੰਦ ਦੇ ਬਣਾ ਲੈਣਗੇ। ਸੋ, ਆਲ੍ਹਣੇ ਲਗਾ ਕੇ ਪੰਛੀਆਂ ਨੂੰ ਆਲਸੀ ਬਣਾਉਣ ਦੀ ਥਾਂ ਖੁੱਲ੍ਹੇ ਮਾਹੌਲ ਵਿਚ ਆਜ਼ਾਦੀ ਨਾਲ ਰਹਿਣ ਦਾ ਹੌਸਲਾ ਤੇ ਹਿੰਮਤ ਦੇਣੀ ਚਾਹੀਦੀ ਹੈ।

-ਕੁਲਵਿੰਦਰ ਸਿੰਘ ਨਿਜ਼ਾਮਪੁਰ
ਮਲੌਦ।

ਜੀਵਨ ਬੀਮਾ ਯੋਜਨਾ
ਪੰਜਾਬ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਵਾਸਤੇ ਇਕ ਜੀਵਨ ਬੀਮਾ ਯੋਜਨਾ ਲਾਗੂ ਕੀਤੀ ਸੀ ਜਿਸ ਨਾਲ ਕਰਮਚਾਰੀਆਂ ਨੂੰ ਇਸ ਯੋਜਨਾ ਦਾ ਕਾਫੀ ਲਾਭ ਮਿਲਿਆ ਸੀ ਅਤੇ ਇਸ ਦੀ ਸ਼ਲਾਘਾ ਵੀ ਹੋਈ ਸੀ, ਪ੍ਰੰਤੂ ਹੁਣ ਇਹ ਯੋਜਨਾ ਬੰਦ ਕਰ ਦਿੱਤੀ ਗਈ ਹੈ। ਪੁਲਿਸ ਦੀ ਡਿਊਟੀ 24 ਘੰਟੇ ਹੋਣ ਕਰਕੇ ਡਿਊਟੀ ਦੀ ਕੋਈ ਸੀਮਾ ਨਹੀਂ ਹੈ। ਪੁਲਿਸ ਕਰਮਚਾਰੀ ਜ਼ਿਆਦਾ ਬਿਮਾਰੀਆਂ ਵਿਚ ਗ੍ਰਸਤ ਹੋਣ ਕਰਕੇ ਜੀਵਨ ਬੀਮਾ ਕੰਪਨੀਆਂ ਵੀ ਇਨ੍ਹਾਂ ਦਾ ਬੀਮਾ ਕਰਨ ਤੋਂ ਗੁਰੇਜ਼ ਕਰਦੀਆਂ ਹਨ। ਅਜਿਹੀ ਸਹੂਲਤ ਫ਼ੌਜੀਆਂ ਨੂੰ ਹਰ ਹਸਪਤਾਲ ਵਿਚ ਮਿਲ ਰਹੀ ਹੈ। ਸਰਕਾਰ ਨੂੰ ਇਸ ਬਾਰੇ ਸੰਜੀਦਗੀ ਨਾਲ ਵਿਚਾਰ ਕਰਨੀ ਚਾਹੀਦੀ ਹੈ।

-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ।

20-07-2017

 ਸਾਜ਼ਿਸ਼ਾਂ
ਪਿਛਲੇ ਦਿਨੀਂ 'ਅਜੀਤ' ਅਖ਼ਬਾਰ ਵਿਚ ਪ੍ਰੋ: ਅਭੈ ਕੁਮਾਰ ਦੂਬੇ ਦਾ ਲੇਖ 'ਅੰਬੇਡਕਰਵਾਦੀਆਂ ਨੂੰ ਬਦਲਣੀ ਪਵੇਗੀ ਆਪਣੀ ਰਣਨੀਤੀ' ਜਿੱਥੇ ਦਲਿਤ ਨੇਤਾਵਾਂ ਨੂੰ ਹਲੂਣਾ ਦੇਣ ਵਾਲਾ ਹੈ, ਉੱਥੇ ਆਮ ਦਲਿਤਾਂ ਅੰਦਰ ਨਵ-ਚੇਤਨਾ ਪੈਦਾ ਕਰਨ ਵਾਲਾ ਹੈ। ਸਾਫ਼ ਸ਼ੀਸ਼ਾ ਵਿਖਾਇਆ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਪਹਿਲੇ ਪਛੜੇ ਵਰਗ ਦੇ ਨੇਤਾ ਦੇ ਰੂਪ ਵਿਚ ਉਭਾਰਨ ਦੀ ਕੋਸ਼ਿਸ਼ ਚੱਲ ਰਹੀ ਹੈ। ਸੰਘ ਪਰਿਵਾਰ ਨੇ ਦਲਿਤ ਅਤੇ ਪਛੜੇ ਪ੍ਰਤੀਕਾਂ ਨੂੰ ਰਾਜਨੀਤੀ ਖਾਤਰ ਹੜੱਪ ਲਿਆ ਹੈ। ਫੂਲੇ ਅਤੇ ਅੰਬੇਡਕਰ ਨੂੰ ਹਿੰਦੂ ਸੁਧਾਰਕ ਵੀ ਐਲਾਨ ਦਿੱਤਾ ਹੈ। ਭੀਮ ਸੈਨਾ ਵਲੋਂ 'ਦ ਗ੍ਰੇਟ ਚਮਾਰ' ਦੇ ਫ਼ਿਕਰੇ ਦਾ ਹਮਲਾਵਰ ਇਸਤੇਮਾਲ ਭਾਜਪਾ ਦੇ ਪੱਖ ਵਿਚ ਜਾ ਰਿਹਾ ਹੈ। ਲੋਹੀਆਵਾਦੀ ਅਤੇ ਅੰਬੇਡਕਰਵਾਦੀ ਸ਼ੈਲੀ ਦੀ ਸਮਾਜਿਕ ਨਿਆਂ ਦੀ ਰਾਜਨੀਤੀ ਨੇ ਆਪਣੀ ਸਾਖ਼ ਲਗਾਤਾਰ ਗੁਆਈ ਹੈ। ਲੇਖਕ ਨੇ ਅਹਿਮ ਸਵਾਲ ਲਿਖ ਦਿੱਤਾ ਹੈ ਕਿ ਕੀ ਇਹ ਸ਼ਕਤੀਆਂ ਹਿੰਦੂਤਵ ਦੇ ਜੇਤੂ ਰੱਥ ਨੂੰ ਇਕ ਵਾਰ ਫਿਰ ਰੋਕ ਸਕਣਗੀਆਂ?


-ਰਸ਼ਪਾਲ ਸਿੰਘ
ਐਸ.ਜੇ.ਐਸ. ਨਗਰ, ਹੁਸ਼ਿਆਰਪੁਰ।


ਫ਼ਿਰਕਾਪ੍ਰਸਤੀ ਦਾ ਨਾਗ
ਫ਼ਿਰਕਾਪ੍ਰਸਤੀ ਦੇ ਜ਼ਹਿਰੀਲੇ ਨਾਗ ਨੇ ਦੁਨੀਆ ਦੇ ਲੱਖਾਂ ਵਿਅਕਤੀਆਂ ਨੂੰ ਡਸਿਆ ਹੈ। ਵਿਕਸਤ ਦੇਸ਼ਾਂ ਨੇ ਇਸ ਫਨੀਅਰ ਨੂੰ ਕੀਲ ਪਟਾਰੀ ਵਿਚ ਪਾ ਕੇ ਵਿਕਾਸ ਦੀਆਂ ਉੱਚੀਆਂ ਮੰਜ਼ਿਲਾਂ ਨੂੰ ਸਰ ਕਰ ਲਿਆ। ਪਰ ਵਿਕਾਸਸ਼ੀਲ ਦੇਸ਼ਾਂ ਲਈ ਇਹ ਅਜੇ ਵੀ ਵੱਡੀ ਚੁਣੌਤੀ ਬਣੀ ਹੋਈ ਹੈ। ਸਾਡੇ ਰਾਜਸੀ ਨੇਤਾ ਸੱਤਾ ਪ੍ਰਾਪਤੀ ਲਈ ਫ਼ਿਰਕੂ ਪੱਤੇ ਦੀ ਖੁੱਲ੍ਹ ਕੇ ਵਰਤੋਂ ਕਰ ਰਹੇ ਹਨ। ਵਿਅਕਤੀ ਦੀ ਪਛਾਣ ਉਸ ਦੇ ਮਜ਼ਹਬ ਦੇ ਆਧਾਰ 'ਤੇ ਕੀਤੀ ਜਾ ਰਹੀ ਹੈ ਨਾ ਕਿ ਉਸ ਦੀ ਕਾਬਲੀਅਤ ਦੇ ਆਧਾਰ 'ਤੇ। ਦਰਅਸਲ ਸਾਡੇ ਸਿਆਸੀ ਪ੍ਰਭੂ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਅਤੇ ਆਰਥਿਕ ਸਮੱਸਿਆਵਾਂ ਤੋਂ ਹਟਾਉਣ ਲਈ ਸਮੇਂ-ਸਮੇਂ ਫ਼ਿਰਕੂ ਪੱਤਿਆਂ ਦੀ ਬੇਦਰੇਗ ਵਰਤੋਂ ਕਰਦੇ ਹਨ ਜੋ ਕਿ ਬੇਹੱਦ ਮੰਦਭਾਗੀ ਗੱਲ ਹੈ। ਸਮੇਂ ਦੀ ਲੋੜ ਹੈ ਕਿ ਸਾਡੇ ਰਾਸ਼ਟਰ ਦੇ ਲੋਕ ਜਾਗਰੂਕ ਹੋ ਕੇ ਸੌੜੀ ਸੋਚ ਦੀਆਂ ਵਲਗਣਾਂ ਤੋਂ ਬਾਹਰ ਨਿਕਲ ਕੇ ਨਵੇਂ ਭਾਰਤ ਦੀ ਸਿਰਜਣਾ ਵਿਚ ਜੁਟ ਜਾਣ।


-ਪ੍ਰਿੰ: ਭੁਪਿੰਦਰ ਸਿੰਘ ਢਿੱਲੋਂ
ਦੀਪਗੜ੍ਹ (ਬਰਨਾਲਾ)।


ਮੁਆਫ਼ੀ ਦੀ ਆਸ
ਮੁੱਖ ਮੰਤਰੀ ਜੀ ਦਾ ਟੀ.ਵੀ. 'ਤੇ ਭਾਸ਼ਣ ਸੁਣ ਕੇ ਅਤੇ ਅਖ਼ਬਾਰਾਂ ਵਿਚ ਪੜ੍ਹ ਕੇ ਪੰਜਾਬ ਦੇ ਬਹੁਗਿਣਤੀ ਕਿਸਾਨਾਂ ਨੇ ਕਰਜ਼ਾ ਨਹੀਂ ਮੋੜਿਆ ਕਿ ਸਭ ਮੁਆਫ਼ ਹੋ ਜਾਏਗਾ। ਛਮਾਹੀ ਦਾ ਸਮਾਂ ਲੰਘ ਜਾਣ ਕਰਕੇ ਸੁਸਾਇਟੀ ਤੇ ਬੈਂਕਾਂ ਵਾਲਿਆਂ ਨੇ ਵਿਆਜ ਦਰ ਵੀ ਵਧ ਲਾਈ ਹੈ ਅਤੇ ਲੇਟ ਹੋਣ ਕਰਕੇ ਵਿਆਜ ਵੀ ਕਾਫੀ ਵਧ ਗਿਆ ਹੈ। ਕਈ ਖਾਦ ਵੀ ਸਮੇਂ ਸਿਰ ਨਹੀਂ ਚੁੱਕ ਸਕੇ। ਕਰਜ਼ਾ ਮੁਆਫ਼ੀ ਦੀ ਆਸ ਵਿਚ ਹੋਰ ਵਾਧੂ ਰਗੜਾ ਖਾ ਬੈਠੇ ਹਾਂ।


-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ।

19-07-2017

 ਭਵਿੱਖ ਬਾਰੇ ਸੋਚੋ
ਸੰਪਾਦਕੀ ਸਫ਼ੇ 'ਤੇ ਛਪੇ ਸਵਰਨ ਸਿੰਘ ਟਹਿਣਾ ਦਾ ਲੇਖ 'ਲੋਕ ਨੁਮਾਇੰਦੇ ਪੰਜਾਬ ਦੇ ਭਵਿੱਖ ਬਾਰੇ ਸੋਚਣ' ਬਹੁਤ ਹੀ ਧਿਆਨ ਦੇਣ ਵਾਲਾ ਵਿਸ਼ਾ ਹੈ। ਲੇਖਕ ਨੇ ਇਹ ਗੱਲ ਬਿਲਕੁਲ ਸੱਚ ਆਖੀ ਹੈ ਕਿ ਵਿਧਾਨ ਸਭਾ ਵਿਚ ਹੋ ਰਹੀਆਂ ਹਰਕਤਾਂ ਦਾ ਬੱਚਿਆਂ ਅਤੇ ਨੌਜਵਾਨਾਂ ਦੀ ਮਾਨਸਿਕਤਾ 'ਤੇ ਬਹੁਤ ਅਸਰ ਪੈ ਰਿਹਾ ਹੈ ਅਤੇ ਇਕ ਵਿਦਿਆਰਥੀ ਹੋਣ ਦੇ ਨਾਤੇ ਇਹ ਗੱਲ ਮੈਂ ਚੰਗੀ ਤਰ੍ਹਾਂ ਸਮਝ ਸਕਦੀ ਹਾਂ। ਸੈਕੰਡਰੀ ਪੱਧਰ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਿਲੇਬਸ ਵਿਚ ਇਕ ਬਿੱਲ ਕਾਨੂੰਨ ਕਿਵੇਂ ਬਣਦਾ ਹੈ, ਬਾਰੇ ਦੱਸਿਆ ਜਾਂਦਾ ਹੈ। ਜਦੋਂ ਅਸੀਂ ਕਿਤਾਬਾਂ ਵਿਚ ਕੁਝ ਹੋਰ ਪੜ੍ਹਦੇ ਹਾਂ ਅਤੇ ਹਕੀਕਤ ਵਿਚ ਕੁਝ ਹੋਰ ਦੇਖਦੇ ਹਾਂ ਤਾਂ ਆਮ ਜਿਹੀ ਗੱਲ ਹੈ ਕਿ ਅਸੀਂ ਆਪਣੇ ਦੇਸ਼ ਦੇ ਕਾਨੂੰਨ ਵਿਚ ਕਿੰਨਾ ਕੁ ਵਿਸ਼ਵਾਸ ਕਰਾਂਗੇ। ਇਸ ਕਾਰਨ ਹੀ ਸਾਡੇ ਨੌਜਵਾਨ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ ਅਤੇ ਉਨ੍ਹਾਂ ਵਿਚ ਅਪਰਾਧਾਂ ਦੀ ਬਿਰਤੀ ਵਧ ਰਹੀ ਹੈ।


-ਸਿਮਰਨ ਔਲਖ
ਸੀਰਵਾਲੀ (ਸ੍ਰੀ ਮੁਕਤਸਰ ਸਾਹਿਬ।)


ਚੋਰਾਂ ਦੀ ਦਹਿਸ਼ਤ
ਪਟਿਆਲਾ ਜ਼ਿਲ੍ਹੇ ਦੇ ਹਲਕਾ ਸਮਾਣਾ ਦੇ ਕਸਬਾ ਡਕਾਲਾ ਅੰਦਰ ਅੱਜਕਲ੍ਹ ਚੋਰਾਂ ਨੇ ਪੂਰੀ ਦਹਿਸ਼ਤ ਫਲਾਈ ਹੋਈ ਹੈ। ਪਿਛਲੇ ਇਕ ਮਹੀਨੇ ਦੌਰਾਨ ਕਸਬੇ ਅੰਦਰ ਅੱਧੀ ਦਰਜਨ ਦੇ ਕਰੀਬ ਚੋਰੀ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ। ਇੱਧਰ ਪੁਲਿਸ ਜਾਂਚ ਦੀ ਗੱਲ ਕਹਿ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜਦੀ ਲੱਗ ਰਹੀ ਹੈ, ਕਿਉਂਕਿ ਅੱਜ ਤੱਕ ਪੁਲਿਸ ਨੂੰ ਕਿਸੇ ਵੀ ਚੋਰੀ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ ਹੈ। ਲੋਕਾਂ ਨੇ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਇਨ੍ਹਾਂ ਵਾਰਦਾਤਾਂ ਤੋਂ ਆਮ ਜਨਤਾ ਨੂੰ ਨਿਜਾਤ ਦਿਵਾਵੇ।


-ਨਰਿੰਦਰ ਸਿੰਘ ਚੌਹਾਨ
ਪਿੰਡ ਬਠੋਈ ਕਲਾਂ।


ਕਰਜ਼ਾ ਮੁਆਫ਼ੀ
ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਕਿਸਾਨਾਂ ਸਿਰ ਚੜ੍ਹੇ 90 ਹਜ਼ਾਰ ਕਰੋੜ ਦੇ ਕਰਜ਼ ਵਿਚੋਂ 10 ਲੱਖ ਕਿਸਾਨਾਂ ਦੇ ਸਿਰਫ 1500 ਕਰੋੜ ਮੁਆਫ਼ ਕਰਨ ਦੀ ਗੱਲ ਕਹੀ ਹੈ। ਇਸ ਤੁਛ ਜਿਹੀ ਰਕਮ ਨਾਲ ਤਾਂ ਸਿਰਫ ਸਾਰੇ ਬੈਂਕਾਂ ਨੂੰ ਕੁਝ ਮਹੀਨਿਆਂ ਦਾ ਵਿਆਜ ਹੀ ਅਦਾ ਕੀਤਾ ਜਾ ਸਕਦਾ ਹੈ। ਲਾਭਪਾਤਰੀ ਕਿਸਾਨਾਂ ਦੀ ਸ਼ਨਾਖਤ ਕਰਕੇ ਸਰਕਾਰ ਤਰਫੋਂ ਪ੍ਰਮਾਣ ਪੱਤਰ ਜਾਰੀ ਕੀਤੇ ਜਾਣ। ਸਾਡੇ ਸਰਕਾਰੀ ਗ਼ੈਰ-ਸਰਕਾਰੀ ਬੈਂਕ ਕਿਸਾਨਾਂ ਦੀ ਗਹਿਣੇ ਕੀਤੀ ਜ਼ਮੀਨ ਦੇ ਮਾਲਕੀ ਹੱਕ ਕਿਸਾਨਾਂ ਨੂੰ ਵਾਪਸ ਦੇਣ ਕਿਉਂਕਿ ਹੁਣ 5 ਏਕੜ ਤੱਕ ਕਿਸਾਨਾਂ ਦਾ ਕਰਜ਼ਾ ਐਲਾਨ ਮੁਤਾਬਿਕ ਸਰਕਾਰ ਨੇ ਅਦਾ ਕਰਨਾ ਹੈ, ਕਿਸਾਨਾਂ ਨੇ ਨਹੀਂ।


-ਲੱਖੀ ਗਿੱਲ ਧਨਾਨਸੂ।


ਸਕੂਲ ਲਾਇਬ੍ਰੇਰੀ
ਹਰ ਸਰਕਾਰੀ ਅਤੇ ਗ਼ੈਰ-ਸਰਕਾਰੀ ਸਕੂਲ ਵਿਚ ਬੇਅੰਤ ਪੁਸਤਕਾਂ ਵਿਦਿਆਰਥੀਆਂ ਦੇ ਪੜ੍ਹਨ ਵਾਸਤੇ ਪਈਆਂ ਹਨ। ਉਨ੍ਹਾਂ ਪੁਸਤਕਾਂ ਵਿਚ ਇਤਿਹਾਸ, ਵਿਗਿਆਨ, ਕਵਿਤਾਵਾਂ, ਨਾਵਲ, ਨਾਟਕ ਆਦਿ ਹਨ, ਜਿਨ੍ਹਾਂ ਨੂੰ ਪੜ੍ਹ ਕੇ ਵਿਦਿਆਰਥੀ ਚੰਗੇ ਲਿਖਾਰੀ ਬਣ ਸਕਦੇ ਹਨ। ਪਰ ਕਿਤਾਬਾਂ ਅਲਮਾਰੀਆਂ ਵਿਚ ਪਈਆਂ ਹੋਣ ਕਰਕੇ ਸਿਉਂਕ ਦੀ ਭੇਟ ਚੜ੍ਹ ਜਾਂਦੀਆਂ ਹਨ। ਬੱਚਿਆਂ 'ਚ ਕਿਤਾਬਾਂ ਪੜ੍ਹਨ ਦਾ ਸ਼ੌਕ ਪੈਦਾ ਕਰਨਾ ਚਾਹੀਦਾ ਹੈ। ਸਿੱਖਿਆ ਵਿਭਾਗ ਇਸ ਪਾਸੇ ਪੂਰਾ ਧਿਆਨ ਦੇਵੇ।


-ਜਸਵੰਤ ਸਿੰਘ
ਲੋਹਾਮ ਨਗਰ, ਮੋਗਾ।

18/07/2017

 ਡੀਜ਼ਲ ਪੈਟਰੋਲ ਦੀਆਂ ਕੀਮਤਾਂ
ਡੀਜ਼ਲ ਪੈਟਰੋਲ ਦੀਆਂ ਭਾਰੀ ਭਰਕਮ ਕੀਮਤਾਂ ਨੇ ਹਰ ਵਰਗ ਨੂੰ ਪ੍ਰਭਾਵਿਤ ਕੀਤਾ ਹੈ, ਕਿਉਂਕਿ ਇਸ ਦੀ ਵਰਤੋਂ ਅਜੋਕੇ ਸਮੇਂ ਅੰਦਰ ਤਕਰੀਬਨ ਹਰ ਵਿਅਕਤੀ ਕਰਦਾ ਹੈ। ਕੇਂਦਰ ਸਰਕਾਰ ਨੇ 'ਇਕ ਦੇਸ਼ ਇਕ ਟੈਕਸ' ਦਾ ਖੂਬ ਢਿੰਡੋਰਾ ਪਿੱਟਿਆ ਹੈ। ਦਰਅਸਲ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਟੈਕਸਾਂ ਦੇ ਰਾਹੀਂ ਲੋਕਾਂ ਉੱਪਰ ਭਾਰੀ ਬੋਝ ਪਾਇਆ ਹੋਇਆ ਹੈ। ਹੈਰਾਨੀ ਦੀ ਗੱਲ ਹੈ ਕਿ ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਆ ਰਹੀ ਹੈ। ਲੋੜ ਹੈ ਕਿ ਕਲਿਆਣਕਾਰੀ ਰਾਜ ਦੇ ਸਿਧਾਂਤ 'ਤੇ ਪਹਿਰਾ ਦਿੰਦਿਆਂ ਭਾਰਤ ਸਰਕਾਰ ਤੁਰੰਤ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਨੂੰ ਜੀ.ਐਸ.ਟੀ. ਦੇ ਦਾਇਰੇ ਵਿਚ ਲਿਆ ਕੇ ਲੋਕਾਂ ਨੂੰ ਰਾਹਤ ਦੇਵੇ। ਸਰਕਾਰ ਦੀ ਇਸ ਤਰ੍ਹਾਂ ਦੀ ਦੋਗਲੀ ਨੀਤੀ ਕਾਰਨ ਜੀ.ਐਸ.ਟੀ. ਪ੍ਰਤੀ ਵੀ ਸ਼ੰਕੇ ਉਪਜਣ ਲੱਗੇ ਹਨ।

-ਪ੍ਰਿੰ: ਮਹਿੰਦਰ ਕੌਰ ਢਿੱਲੋਂ
ਬਿਲਾਸਪੁਰ (ਮੋਗਾ)।

ਬੇਸੁਆਦੀ ਚਾਹ
ਪਹਿਲਾਂ ਆਮ ਢਾਬੇ ਉਪਰ ਚਾਹ ਦਾ ਕੱਪ ਸਿਰਫ 10 ਰੁਪਏ ਵਿਚ ਮਿਲ ਜਾਂਦਾ ਸੀ ਪਰ ਹੁਣ ਜੀ. ਐਸ. ਟੀ. ਲਾਗੂ ਹੋਣ ਕਰਕੇ ਚਾਹ ਪੱਤੀ ਤੇ ਚੀਨੀ ਮਹਿੰਗੇ ਹੋ ਗਏ ਹਨ ਅਤੇ ਢਾਬਿਆਂ ਵਾਲਿਆਂ ਨੇ ਚਾਹ ਦਾ ਕੱਪ 15 ਰੁਪਏ ਦਾ ਵੇਚਣਾ ਸ਼ੁਰੂ ਕਰ ਦਿਤਾ ਹੈ। ਹੁਣ ਤਾਂ ਲੋਕ ਇਕ ਦੂਜੇ ਨੂੰ ਮਿਲਣ ਸਮੇਂ ਚਾਹ ਦੀ ਸੁਲਾਹ ਮਾਰਨ ਤੋਂ ਵੀ ਗੁਰੇਜ਼ ਕਰਨ ਲੱਗ ਪਏ ਹਨ।
ਆਮ ਲੋਕਾਂ ਦਾ ਕਹਿਣਾ ਹੈ ਕਿ ਕੁਝ ਸਰਕਾਰੀ ਸਹਾਇਤਾ ਪ੍ਰਾਪਤ ਜਥੇਬੰਦੀਆਂ ਅਤੇ ਸਰਕਾਰ ਦੇ ਝੋਲੀ ਚੁੱਕ ਇਹ ਪ੍ਰਚਾਰ ਕਰ ਰਹੇ ਹਨ ਕਿ ਜੀ. ਐਸ. ਟੀ. ਲਾਗੂ ਹੋਣ ਨਾਲ ਬਹੁਤ ਸਾਰਾ ਸਮਾਨ ਸਸਤਾ ਹੋ ਗਿਆ ਹੈ ਪਰ ਅਸਲੀਅਤ ਇਸ ਤੋਂ ਉਲਟ ਹੈ, ਜੀ. ਐਸ. ਟੀ. ਲਾਗੂ ਹੋਣ ਕਾਰਨ ਹਰ ਸਮਾਨ ਹੀ ਮਹਿੰਗਾ ਹੋ ਗਿਆ ਹੈ।

-ਜਗਮੋਹਨ ਸਿੰਘ ਲੱਕੀ
ਲੱਕੀ ਨਿਵਾਸ, 61 ਏ ਵਿਦਿਆ ਨਗਰ ਪਟਿਆਲਾ।

ਅਸ਼ਲੀਲਤਾ ਅਤੇ ਸਮਾਜ
ਅਜੋਕੇ ਸਮੇਂ ਸਾਡੇ ਸਮਾਜ ਨੂੰ ਅਨੇਕਾਂ ਬੁਰਾਈਆਂ, ਕੁਰੀਤੀਆਂ ਨੇ ਘੇਰ ਰੱਖਿਆ ਹੈ ਜੋ ਕਿ ਸਮਾਜਿਕ ਸਿਹਤ ਨੂੰ ਲੱਕੜ ਦੇ ਘੁਣ ਵਾਂਗ ਖੋਖਲਾ ਤੇ ਕਮਜ਼ੋਰ ਕਰ ਰਹੀਆਂ ਹਨ। ਇਨ੍ਹਾਂ ਬੁਰਾਈਆਂ ਵਿਚ ਨਸ਼ੇ, ਫੈਸ਼ਨ, ਦਾਜ, ਮਾਦਾ ਭਰੂਣ ਹੱਤਿਆ ਆਦਿ ਸ਼ਾਮਿਲ ਹਨ ਤੇ ਇਨ੍ਹਾਂ ਵਿਚੋਂ ਇਕ ਬੁਰਾਈ ਹੈ 'ਅਸ਼ਲੀਲਤਾ', ਜਿਸ ਨੇ ਸਮਾਡੇ ਸਮਾਜ ਉੱਪਰ ਗਹਿਰਾ ਦੁਰਪ੍ਰਭਾਵ ਪਾਇਆ ਹੋਇਆ ਹੈ। ਮੀਡੀਆ ਚਾਹੇ ਬਿਜਲਈ ਹੋਵੇ ਜਾਂ ਪ੍ਰਿੰਟ ਹੋਵੇ, ਅਸ਼ਲੀਲਤਾ ਦੇ ਵਾਧੇ ਵਿਚ ਪ੍ਰਮੁੱਖ ਰੋਲ ਅਦਾ ਕਰ ਰਿਹਾ ਹੈ। ਸਿੱਟੇ ਵਜੋਂ ਸਮਾਜ ਦਾ ਅਹਿਮ ਅੰਗ ਨੌਜਵਾਨ ਵਰਗ ਇਸ ਸਮਾਜਿਕ ਬੁਰਾਈ (ਅਸ਼ਲੀਲਤਾ) ਦਾ ਜ਼ਿਆਦਾ ਸ਼ਿਕਾਰ ਹੋ ਰਿਹਾ ਹੈ। ਸੋ, ਇਸ ਵਰਤਾਰੇ ਨੂੰ ਰੋਕਣ ਲਈ ਸਮਾਜ ਦੇ ਜਾਗਰੂਕ ਲੋਕਾਂ ਤੋਂ ਇਲਾਵਾ ਪ੍ਰਮੁੱਖ ਧਿਰ ਸਰਕਾਰ ਨੂੰ ਉਚੇਚਾ ਧਿਆਨ ਦੇ ਕੇ ਢੁਕਵੇਂ ਕਦਮ ਉਠਾਉਣੇ ਚਾਹੀਦੇ ਹਨ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

17/07/2017

 ਪੱਤਰਕਾਬਲ-ਏ-ਤਾਰੀਫ਼
ਪਿਛਲੇ ਦਿਨੀਂ ਸੰਪਾਦਕੀ ਸਫ਼ੇ 'ਤੇ ਛਪੇ ਲੇਖ 'ਕਿੰਨੇ ਕੁ ਸੰਤੁਸ਼ਟ ਹਨ ਵਿਦੇਸ਼ਾਂ ਵਿਚ ਪੰਜਾਬੀ' ਜਿਥੇ ਕੈਨੇਡਾ ਵਰਗੇ ਵਿਕਸਿਤ ਦੇਸ਼ ਦੇ ਵਸਨੀਕਾਂ ਦੀ ਸਰਮਾਏਦਾਰਾਨਾ ਵਿਵਸਥਾ ਅਧੀਨ ਨਿੱਘਰਦੀ ਹਾਲਤ ਨੂੰ ਬਿਆਨ ਕਰਦਾ ਸੀ, ਉਥੇ ਪੰਜਾਬੀ ਭਾਈਚਾਰੇ ਦੀ ਉਦਾਸੀ ਤੇ ਬਹੁ-ਪਰਤੀ ਸਮੱਸਿਆਵਾਂ ਨਾਲ ਜੂਝ ਰਹੀ ਸਥਿਤੀ ਦਾ ਸ਼ੀਸ਼ਾ ਵੀ ਸੀ। ਪੂਰਬ ਦੇ ਫਲਸਫ਼ੇ ਨੇ ਜੀਵਨ ਨੂੰ ਸੁਚੱਜਾ ਤੇ ਅਰਥਪੂਰਨ ਬਣਾਉਣ ਦਾ ਸੰਕਲਪ ਪੇਸ਼ ਕੀਤਾ ਹੈ ਪਰ ਪੱਛਮੀ ਚਮਕ ਨੇ ਮਨੁੱਖ ਨੂੰ ਕੇਵਲ ਆਪਣੇ ਵੱਲ ਖਿੱਚ ਕੇ ਜ਼ਿੰਦਗੀ ਦੇ ਅਸਲ ਮਨੋਰਥ ਤੋਂ ਤੋੜਿਆ ਹੈ। ਮਨੁੱਖ ਅੰਦਰ ਪਨਪਦੀ ਅਸੰਤੁਸ਼ਟੀ ਦੀ ਭਾਵਨਾ ਨੇ ਉਸ ਨੂੰ ਸੁਆਰਥੀ ਤੇ ਲਾਲਚੀ ਬਣਾਇਆ ਹੈ ਜੋ ਕਿ ਕੇਵਲ ਤੇ ਕੇਵਲ ਸਰਮਾਏਦਾਰੀ ਦੀ ਹੀ ਦੇਣ ਹੈ। ਲੇਖਕ ਮੁਤਾਬਿਕ ਪੱਛਮੀ ਸਰਮਾਏਦਾਰੀ ਵਿਚ ਸਵਰਗ ਦੀ ਪ੍ਰਾਪਤੀ ਨਾ ਹੋਣ ਦੀ ਗੱਲ ਬਿਲਕੁਲ ਠੀਕ ਤੇ ਵਿਅੰਗਾਤਮਿਕ ਰੂਪ ਵਿਚ ਬੇਹੱਦ ਵਿਚਾਰਨਯੋਗ ਤੇ ਗੰਭੀਰ ਟਿੱਪਣੀ ਸੀ।


-ਬਿਕਰਮਜੀਤ ਸਿੰਘ ਜੀਤ
ਅੰਮ੍ਰਿਤਸਰ।


ਪ੍ਰਾਇਮਰੀ ਸਿੱਖਿਆ
ਬੀਤੇ ਦਿਨੀਂ ਪਰਮਜੀਤ ਸਿੰਘ ਢੀਂਗਰਾ ਦਾ ਲੇਖ 'ਉੱਚਿਤ ਨਹੀਂ ਹੈ ਪ੍ਰਾਇਮਰੀ ਸਿੱਖਿਆ ਅੰਗਰੇਜ਼ੀ ਵਿਚ ਦੇਣ ਦਾ ਫ਼ੈਸਲਾ' ਸਲਾਹੁਣਯੋਗ ਸੀ। ਮੈਂ ਉਨ੍ਹਾਂ ਦੇ ਵਿਚਾਰ ਨਾਲ ਸਹਿਮਤ ਹਾਂ ਕਿ ਪੰਜਵੀਂ ਕਲਾਸ ਪਾਸ ਕਰਨ ਤੱਕ ਬੱਚੇ ਨੂੰ ਆਪਣੀ ਮਾਂ-ਬੋਲੀ ਤਾਂ ਚੰਗੀ ਤਰ੍ਹਾਂ ਪੜ੍ਹਨੀ ਤੇ ਲਿਖਣੀ ਆਉਣੀ ਚਾਹੀਦੀ ਹੈ। ਟਰੱਕ ਤਿੰਨ ਅੱਖਰਾਂ ਦਾ ਸ਼ਬਦ ਹੈ, ਰਾਰੇ 'ਤੇ ਟਿੱਪੀ ਪੈ ਗਈ ਤਾਂ ਸਮਾਨ ਪਾਉਣ ਵਾਲਾ ਟਰੰਕ ਹੈ, ਜੇ ਰਾਰੇ 'ਤੇ ਅੱਧਕ ਪੈ ਗਿਆ ਤਾਂ ਭਾਰ ਢੋਣ ਵਾਲਾ ਟਰੱਕ ਹੈ। ਮੈਂ ਬਹੁਤ ਸਾਰੇ ਪੰਜਵੀਂ ਪਾਸ ਬੱਚੇ ਪੰਜਾਬੀ ਪੜ੍ਹਨ ਵਿਚ ਕਮਜ਼ੋਰ ਵੇਖੇ ਹਨ। ਅੰਗਰੇਜ਼ੀ ਅਧਿਆਪਨ ਵਾਲੇ ਸਕੂਲਾਂ ਵਿਚ ਪੜ੍ਹੇ ਅੰਗਰੇਜ਼ੀ ਵਿਚ ਮਾਹਿਰ ਬੱਚੇ ਪੰਜਾਬੀ ਦੇ ਮਹਾਨ ਵਿਦਵਾਨ ਸਾਹਿਤਕਾਰਾਂ ਬਾਰੇ ਮੈਂ ਅਣਜਾਣ ਵੇਖੇ ਹਨ। ਅੱਜ ਵੀ ਬਹੁਤ ਸਾਰੇ ਲੋਕ 59, 69, 79 ਅਤੇ 89 ਦਾ ਭੁਲੇਖਾ ਖਾਂਦੇ ਹਨ।


-ਦੀਪਕ ਤੇਜਾ
ਪਿੰਡ ਬਵਾਣੀਆਂ, ਤਹਿ: ਗਿੱਦਗੜਬਾਹਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।


ਗਿਆਨ ਵਧਾਊ ਲੇਖ
'ਅਜੀਤ ਮੈਗਜ਼ੀਨ' 'ਚ ਛਪੇ ਤਿੰਨੇ ਹੀ ਲੇਖ 'ਕੀ ਭਾਰਤ-ਪਾਕਿ ਰਿਸ਼ਤੇ ਸੁਧਰ ਸਕਦੇ ਹਨ?' ਅਮਰਜੀਤ ਸਿੰਘ ਹੇਅਰ ਦੁਆਰਾ ਲਿਖਤ, ਭਾਰਤ ਪਾਕਿਸਤਾਨ ਨਾਲ ਗੱਲਬਾਤ ਉਦੋਂ ਤੱਕ ਕਰਨ ਲਈ ਤਿਆਰ ਨਹੀਂ ਜਿੰਨਾ ਚਿਰ ਉਸ ਦੀ ਧਰਤੀ ਤੋਂ ਉਪਜਿਆ ਆਤੰਕਵਾਦ ਬੰਦ ਨਹੀਂ ਹੁੰਦਾ, ਇਹ ਤਾਂ ਉਹ ਗੱਲ ਹੋਈ 'ਨਾ ਨੌਂ ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ' ਰੱਬ ਕਰੇ 14 ਅਗਸਤ, 2017 ਨੂੰ ਅਮਨਪਸੰਦ ਲੋਕਾਂ ਦੀਆਂ ਵਾਹਗਾ ਸਰਹੱਦ 'ਤੇ ਜਲਾਈਆਂ ਜਾਣ ਵਾਲੀਆਂ ਮੋਮਬੱਤੀਆਂ ਦਾ ਚਾਨਣ ਭਾਰਤੀਆਂ ਅਤੇ ਪਾਕਿਸਤਾਨੀਆਂ ਦੇ ਦਿਮਾਗਾਂ ਵਿਚ ਛਾਏ ਹਨੇਰੇ ਨੂੰ ਦੂਰ ਕਰ ਦੇਵੇ। ਡਾ: ਬਲਵਿੰਦਰ ਸਿੰਘ ਲੱਖੇਵਾਲੀ ਦੁਆਰਾ ਲਿਖਤ, 'ਬਿਰਖਾਂ ਬਾਝ ਨਾ ਸੋਂਹਦੀ ਧਰਤੀ, ਭਾਵੇਂ ਲੱਖ ਹਵੇਲੀਆਂ ਖੜ੍ਹੀਆਂ', ਸੁਰਜੀਤ ਪਾਤਰ ਦੀਆਂ ਲਾਈਨਾਂ 'ਏਹੋ ਹੈ ਮੇਰੀ ਮੈਅਕਸ਼ੀ, ਏਸੇ 'ਚ ਮਸਤ ਹਾਂ, ਪੌਣਾਂ 'ਚੋਂ ਜ਼ਹਿਰਾਂ ਪੀ ਰਿਹਾ ਹਾਂ, ਮੈਂ ਦਰੱਖਤ ਹਾਂ।' 'ਸਾਡੇ ਬਣਵਾਨਸ ਨਾਲ ਸਬੰਧ ਹਕੀਕਤ ਜਾਂ ਵਹਿਮ', ਡਾ: ਸੁਰਜੀਤ ਸਿੰਘ ਦੁਆਰਾ ਲਿਖਤ, ਮਨੁੱਖ ਦੀ ਉਤਪਤੀ ਦੇ ਸਿਧਾਂਤ ਦੇ ਉਪਰੰਤ ਡਾਰਵਿਨ ਨੇ ਸਾਨੂੰ ਪ੍ਰਾਣੀਆਂ ਦੀ ਸਫ਼ ਵਿਚ ਸ਼ਾਮਿਲ ਕਰ ਦਿੱਤਾ। ਸਾਰੇ ਹੀ ਲੇਖ ਬੇਹੱਦ ਗਿਆਨਵਰਧਕ ਤੇ ਰੌਚਿਕ ਸਨ।


-ਡਾ: ਅਮਰਜੀਤ ਸਿੰਘ ਮਾਨ
ਸੰਗਰੂਰ।

14/07/2017

 ਅੱਤਵਾਦੀਆਂ ਦੀ ਦਰਿੰਦਗੀ
ਪਿਛਲੇ ਦਿਨੀਂ ਦੱਖਣੀ ਕਸ਼ਮੀਰ 'ਚ ਅਨੰਤਨਾਗ ਤੇ ਬਦੇਗੂ 'ਚ ਅੱਤਵਾਦੀਆਂ ਨੇ ਅਮਰਨਾਥ ਸ਼ਰਧਾਲੂਆਂ ਅਤੇ ਸੁਰੱਖਿਆ ਬਲਾਂ ਦੇ ਕਾਫ਼ਲੇ 'ਤੇ ਕਾਤਲਾਨਾ ਹਮਲਾ ਕੀਤਾ। ਅੰਨ੍ਹੇਵਾਹ ਚਲਾਈ ਗੋਲੀ ਦੌਰਾਨ ਬੱਸ 'ਚ ਸਵਾਰ ਛੇ ਸ਼ਰਧਾਲੂਆਂ ਦੀ ਮੌਤ ਹੋ ਗਈ ਜਦ ਕਿ 12 ਸ਼ਰਧਾਲੂ ਅਤੇ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਹਮਲੇ ਤੋਂ ਬਾਅਦ ਅੱਤਵਾਦੀ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਭੱਜ ਨਿਕਲੇ। ਇਹ ਘਿਨਾਉਣੀ ਅਤੇ ਦਿਲ ਕੰਬਾਉਣ ਵਾਲੀ ਘਟਨਾ ਨੇ ਹਰ ਭਾਰਤੀ ਨਾਗਰਿਕ ਦਾ ਦਿਲ ਵਲੂੰਧਰ ਕੇ ਰੱਖ ਦਿੱਤਾ। ਇਸ ਘਟਨਾ ਦੀ ਵਿਸ਼ਵ ਭਰ ਵਿਚ ਅਲੋਚਨਾ ਕੀਤੀ ਗਈ ਹੈ। ਹੁਣ ਵਕਤ ਆ ਗਿਆ ਹੈ ਕਿ ਪੂਰੇ ਵਿਸ਼ਵ ਨੂੰ ਇਨ੍ਹਾਂ ਦੇ ਵਿਰੁੱਧ ਇਕ ਝੰਡੇ ਥੱਲੇ ਖਲੋ ਕੇ ਆਵਾਜ਼ ਬੁਲੰਦ ਕਰਨ ਦੀ ਲੋੜ ਹੈ। ਜੋ ਲੋਕ ਅਤੇ ਮੁਲਕ ਇਨ੍ਹਾਂ ਨੂੰ ਸ਼ਹਿ ਅਤੇ ਪਨਾਹ ਦੇ ਰਹੇ ਹਨ ਉਨ੍ਹਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ। ਪੈਰਾ ਮਿਲਟਰੀ ਫੋਰਸ ਤੇ ਪੁਲਿਸ ਨੂੰ ਵਧੇਰੇ ਅਧਿਕਾਰ ਦੇ ਕੇ ਉਨ੍ਹਾਂ ਦਾ ਮਨੋਬਲ ਵਧਾਉਣਾ ਸਮੇਂ ਦੀ ਜ਼ਰੂਰਤ ਹੈ।

-ਗੁਰਮੀਤ ਸਿੰਘ ਵੇਰਕਾ
ਰਿਟਾਇਰਡ ਇੰਸਪੈਕਟਰ।

ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ
ਭਾਰਤ-ਚੀਨ ਵਿਵਾਦ ਅੱਜ ਸਾਰੀਆਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਿਆ ਹੋਇਆ ਹੈ। ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵੱਲੋਂ ਇਕ-ਦੂਜੇ 'ਤੇ ਸਰਹੱਦਾਂ ਦੀਆਂ ਉਲੰਘਣਾਵਾਂ ਦਾ ਦੋਸ਼ ਮੜ੍ਹਿਆ ਜਾ ਰਿਹਾ ਹੈ। ਇਕ-ਦੂਜੇ ਨੂੰ ਨਤੀਜਿਆਂ ਦੇ ਭੁਗਤਣ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ। ਅੱਜ ਤੱਕ ਕਿਸੇ ਦੇਸ਼ ਨੇ ਵੀ ਜੰਗਾਂ ਤੋਂ ਕੁਝ ਨਹੀਂ ਖੱਟਿਆ। ਜੰਗਾਂ ਤਬਾਹੀ ਦਾ ਕਾਰਨ ਬਣਦੀਆਂ ਹਨ। ਹੀਰੋਸ਼ੀਮਾ, ਨਾਗਾਸਾਕੀ ਤੇ ਪਹਿਲੀਆਂ ਦੋ ਸੰਸਾਰ ਜੰਗਾਂ ਦਾ ਸੰਤਾਪ ਅਜੇ ਤੱਕ ਲੋਕ ਭੋਗ ਰਹੇ ਹਨ। ਅੱਜ ਹਰੇਕ ਦੇਸ਼ ਕੋਲ ਮਾਰੂ ਹਥਿਆਰ ਹਨ, ਰਤਾ ਜਿੰਨੀ ਵੀ ਕੁਤਾਹੀ ਨਾਲ ਹੱਸਦੀ-ਵਸਦੀ ਦੁਨੀਆ ਰਾਖ ਦਾ ਢੇਰ ਹੋ ਸਕਦੀ ਹੈ। ਵਿਵਾਦਾਂ ਦਾ ਹੱਲ ਮਿਲ-ਬੈਠ ਕੇ ਸੁਲਝਾਇਆ ਜਾ ਸਕਦਾ ਹੈ। ਅੱਜ ਸੰਸਾਰ ਨੂੰ ਅਮਨ ਸ਼ਾਂਤੀ ਦੀ ਲੋੜ ਹੈ। ਅਸਲ੍ਹੇ ਦੇ ਵਪਾਰੀ ਤਾਂ ਜੰਗਾਂ-ਯੁੱਧਾਂ ਚਾਹੁੰਦੇ ਹੀ ਹਨ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ

ਰੁੱਖ ਲਗਾਓ
ਵਾਤਾਵਰਨ ਵਿਚ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ, ਫੈਕਟਰੀਆਂ, ਮੋਟਰ ਗੱਡੀਆਂ ਦਾ ਜ਼ਹਿਰੀਲਾ ਧੂੰਆਂ ਤੇ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਕਾਰਨ ਧਰਤੀ ਦਾ ਤਾਪਮਾਨ ਹਰ ਸਾਲ ਵਧਦਾ ਜਾਂਦਾ ਹੈ। ਨਤੀਜੇ ਵਜੋਂ ਬਾਰਿਸ਼ਾਂ ਨਾ-ਮਾਤਰ ਹੋਣ ਤੇ ਟੋਭੇ-ਤਲਾਅ ਸੁੱਕਣ ਕਾਰਨ ਜੀਵ-ਜੰਤੂਆਂ ਦਾ ਜਿਊਣਾ ਮੁਹਾਲ ਹੋ ਜਾਂਦਾ ਹੈ। ਬਰਸਾਤਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਇਨ੍ਹਾਂ ਦਿਨਾਂ 'ਚ ਲਗਾਏ ਪੌਦੇ ਜਲਦੀ ਹੀ ਜੜ੍ਹ ਫੜ ਲੈਂਦੇ ਹਨ ਤੇ ਛੇਤੀ ਵਧਦੇ ਫੁੱਲਦੇ ਹਨ। ਲੋੜ ਹੈ ਇਕ-ਇਕ ਬੂਟਾ ਲਗਾ ਕੇ ਸ਼ੁਰੂਆਤ ਕਰਨ ਦੀ।

-ਪਿਆਰਾ ਸਿੰਘ ਮਾਸਟਰ
ਨਕੋਦਰ।

13/07/2017

 ਕਿਸਾਨਾਂ ਦੀਆਂ ਸਮੱਸਿਆਵਾਂ ਤੇ ਕਰਜ਼ਾ
ਕਿਸਾਨ ਅੱਜ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਬਹੁਤ ਹੀ ਅਫ਼ਸੋਸ ਦੀ ਗੱਲ ਹੈ ਕਿ ਸਮੁੱਚੀ ਲੋਕਾਈ ਦਾ ਢਿੱਡ ਭਰਨ ਵਾਲਾ ਅੱਜ ਭੁੱਖੇ ਢਿੱਡ ਖ਼ੁਦਕੁਸ਼ੀਆਂ ਕਰ ਰਿਹਾ ਹੈ। ਮੌਤ ਨੂੰ ਗਲ ਲਾਉਣਾ ਸੌਖਾ ਨਹੀਂ ਹੁੰਦਾ। ਕੀ ਕਦੇ ਕਿਸੇ ਸਨਅਤਕਾਰ ਜਾਂ ਵਪਾਰੀ ਨੇ ਆਰਥਿਕ ਸੰਕਟ 'ਚ ਗੁਜ਼ਰਦਿਆਂ ਖ਼ੁਦਕੁਸ਼ੀ ਕੀਤੀ ਹੈ? ਕਿਸਾਨੀ ਜਿਣਸਾਂ ਦੇ ਭਾਅ ਓਨੀ ਤੇਜ਼ੀ ਨਾਲ ਨਹੀਂ ਵਧਦੇ, ਜਿੰਨੀ ਤੇਜ਼ੀ ਨਾਲ ਖੇਤੀ ਲਾਗਤ ਭਾਵ ਬੀਜ, ਦਵਾਈਆਂ, ਮਸ਼ੀਨਰੀ, ਖਾਦਾਂ ਆਦਿ ਦੇ ਭਾਅ ਵਧਦੇ ਹਨ। ਸਰਕਾਰ ਦਾ ਇਨ੍ਹਾਂ 'ਤੇ ਕੋਈ ਕੰਟਰੋਲ ਨਹੀਂ। ਕਿਸਾਨ ਜਥੇਬੰਦੀਆਂ ਨੂੰ ਖੇਤੀ ਮਸ਼ੀਨਰੀ ਬਣਾਉਣ ਵਾਲੇ ਅਤੇ ਦਵਾਈਆਂ, ਖਾਦਾਂ ਆਦਿ ਕੰਪਨੀਆਂ ਵਿਰੁੱਧ ਵੀ ਮੋਰਚੇ ਲਾਉਣੇ ਚਾਹੀਦੇ ਹਨ। ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਈਮਾਨਦਾਰ ਅਫ਼ਸਰਾਂ ਨੂੰ ਸਰਵੇਅ ਕਰਨ ਲਈ ਲਾਏ ਕਿ ਕਿਹੜੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨਾ ਹੈ। ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਕਿਸਾਨ ਬਚੇਗਾ ਤਾਂ ਦੇਸ਼ ਬਚੇਗਾ। ਸਰਕਾਰਾਂ ਹੁਣ ਨਾ ਜਾਗਣਗੀਆਂ ਤਾਂ ਕਦੋਂ ਜਾਗਣਗੀਆਂ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਚੁਕੰਨੇ ਰਹਿਣ ਦੀ ਲੋੜ
ਪੂਰੀ ਦੁਨੀਆ ਜਾਣਦੀ ਹੈ ਕਿ ਪਾਣੀ ਇਕ ਅਜਿਹਾ ਸਰੋਤ ਹੈ ਜਿਸ ਨੂੰ ਖ਼ਤਮ ਹੋਣ ਤੋਂ ਬਾਅਦ ਮੁੜ ਕਿਸੇ ਵੀ ਤਕਨੀਕ ਨਾਲ ਦੁਬਾਰਾ ਪੈਦਾ ਨਹੀਂ ਕੀਤਾ ਜਾ ਸਕਦਾ। ਪਾਣੀ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ। ਪਰ ਫਿਰ ਵੀ ਪਾਣੀ ਦੀ ਬਰਬਾਦੀ ਵੱਡੀ ਪੱਧਰ 'ਤੇ ਕੀਤੀ ਜਾ ਰਹੀ ਹੈ। ਅੱਜ ਪੰਜਾਬ ਦੇ ਅੰਕੜੇ ਦੱਸਦੇ ਹਨ ਕਿ ਪੰਜਾਬ ਦੇ ਤਕਰੀਬਨ 25 ਬਲਾਕਾਂ ਦਾ ਡੇਢ ਮੀਟਰ ਪਾਣੀ ਦਾ ਪੱਧਰ ਹੇਠਾਂ ਚਲਾ ਗਿਆ ਹੈ ਜਦ ਕਿ ਲੁਧਿਆਣੇ ਜ਼ਿਲ੍ਹੇ ਦਾ 1.29 ਮੀਟਰ ਪਾਣੀ ਹੇਠਾਂ ਚਲਾ ਗਿਆ ਦੱਸਿਆ ਜਾ ਰਿਹਾ ਹੈ। ਇਹ ਅੰਕੜੇ ਅੱਜ ਸਾਨੂੰ ਗੰਭੀਰ ਹੋਣ ਦੀ ਚਿਤਾਵਨੀ ਦੇ ਰਹੇ ਹਨ। ਪੰਜ ਆਬਾਂ ਵਾਲਾ ਪੰਜਾਬ ਅੱਜ ਢਾਈ ਆਬਾਂ ਦਾ ਹੀ ਰਹਿ ਗਿਆ ਹੈ, ਜਦ ਕਿ ਇਨ੍ਹਾਂ ਢਾਈ ਆਬਾਂ ਨੂੰ ਵੀ ਖੋਹਣ ਲਈ ਪੰਜਾਬ ਵਿਰੋਧੀ ਤਾਕਤਾਂ ਤਰਲੋ-ਮੱਛੀ ਹੋਈਆਂ ਪਈਆਂ ਹਨ, ਜਿਨ੍ਹਾਂ ਤੋਂ ਪੰਜਾਬੀਆਂ ਨੂੰ ਚੁਕੰਨੇ ਰਹਿਣ ਦੀ ਲੋੜ ਹੈ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਮਹਿੰਗੀ ਰੇਤਾ
ਪੰਜਾਬ ਵਿਚ ਅੱਜ ਆਮ ਲੋਕਾਂ ਲਈ ਘਰ ਬਣਾਉਣਾ ਬੇਹੱਦ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਅੱਜ ਰੇਤ ਦੇ ਭਾਅ ਅਸਮਾਨ ਨੂੰ ਛੂੰਹਦੇ ਨਜ਼ਰ ਆ ਰਹੇ ਹਨ। ਅਕਾਲੀ-ਭਾਜਪਾ ਸਰਕਾਰ ਸਮੇਂ ਵੀ ਰੇਤਾ ਦੀ ਕਾਲਾਬਾਜ਼ਾਰੀ ਦਾ ਮਸਲਾ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ। ਵਿਧਾਨ ਸਭਾ ਚੋਣਾਂ ਦੌਰਾਨ ਭਾਵੇਂ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਦੀ ਸਰਕਾਰ ਆਉਣ 'ਤੇ ਰੇਤਾ ਦੇ ਭਾਅ ਆਮ ਲੋਕਾਂ ਦੀ ਪਹੁੰਚ ਵਿਚ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਪਰ ਅੱਜ ਤਿੰਨ ਮਹੀਨੇ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਸਰਕਾਰ ਰੇਤਾ ਦੀ ਕੀਮਤ ਨੂੰ ਘੱਟ ਕਰਨ ਵਿਚ ਨਾਕਾਮ ਨਜ਼ਰ ਆ ਰਹੀ ਹੈ। ਆਏ ਦਿਨ ਰੇਤ ਦੇ ਵਧ ਰਹੇ ਭਾਅ ਲੋਕਾਂ ਲਈ ਭਾਰੀ ਮੁਸ਼ਕਿਲਾਂ ਪੈਦਾ ਕਰ ਰਹੇ ਹਨ। ਸੋ, ਸਰਕਾਰ ਨੂੰ ਲੋਕਾਂ ਅਤੇ ਵਿਰੋਧੀ ਧਿਰ ਦੇ ਵਿਦਰੋਹ ਤੋਂ ਬਚਣ ਲਈ ਰੇਤ ਦੀਆਂ ਕੀਮਤਾਂ ਨੂੰ ਆਮ ਬੰਦੇ ਦੀ ਪਹੁੰਚ ਵਿਚ ਕਰਨ ਲਈ ਕੋਈ ਠੋਸ ਨੀਤੀ ਜ਼ਰੂਰ ਘੜਨੀ ਚਾਹੀਦੀ ਹੈ ਤਾਂ ਜੋ ਹਰ ਕਿਸੇ ਨੂੰ ਆਪਣੀ ਮੁਢਲੀ ਜ਼ਰੂਰਤ ਘਰ ਬਣਾਉਣ ਵਿਚ ਆਸਾਨੀ ਹੋ ਸਕੇ।


-ਰਾਜਾ ਗਿੱਲ (ਚੜਿੱਕ)

12/07/2017

 ਕਾਂਗਰਸ ਸਰਕਾਰ ਦੇ ਸੌ ਦਿਨ
ਸੌ ਦਿਨ ਪੂਰੇ ਹੋਣ 'ਤੇ ਕਾਂਗਰਸ ਸਰਕਾਰ ਦੇ ਝੂਠੇ ਵਾਅਦਿਆਂ ਦੀ ਫੂਕ ਵੀ ਨਿਕਲ ਚੁੱਕੀ ਹੈ। ਆਮ ਨਾਗਰਿਕ ਤੋਂ ਸ਼ੁੱਧ ਪਾਣੀ ਅਤੇ ਬਿਜਲੀ ਆਦਿ ਦੀ ਸਹੂਲਤ ਖੁੱਸ ਚੁੱਕੀ ਹੈ। ਸਰਕਾਰ ਵੱਲੋਂ ਨਸ਼ਾ ਬੰਦ ਕਰਨ ਦੇ ਨਾਂਅ 'ਤੇ ਆਰ.ਐਮ.ਪੀ. ਡਾਕਟਰਾਂ ਦੀਆਂ ਦੁਕਾਨਾਂ ਤਾਂ ਬੰਦ ਕਰ ਦਿੱਤੀਆਂ ਗਈਆਂ ਪਰ ਆਮ ਲੋਕਾਂ ਲਈ ਸਿਹਤ ਸਹੂਲਤ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ। ਸਿੱਖਿਆ ਮੰਤਰੀ ਅਰੁਣਾ ਚੌਧਰੀ ਨੂੰ ਕਹਿਣਾ ਚਾਹੁੰਦੇ ਹਾਂ ਕਿ ਕੈਪਟਨ ਸਾਹਿਬ ਦੇ ਨਕਸ਼ੇ ਕਦਮ 'ਤੇ ਚਲ ਕੇ ਪੰਜਾਬੀ ਭਾਸ਼ਾ ਦੀ ਸੰਘੀ ਨਾ ਘੁੱਟੀ ਜਾਵੇ।


-ਲਖਵੀਰ ਕੌਰ
ਪਿੰਡ ਸੀਰਵਾਲੀ (ਮੁਕਤਸਰ)।


ਰੇਲਵੇ ਦਾ ਵਿਸਥਾਰ ਜ਼ਰੂਰੀ
ਦੇਸ਼ ਦੀ ਆਰਥਿਕਤਾ, ਸੁਰੱਖਿਆ ਸਥਿਤੀ ਅਤੇ ਆਪਸੀ ਨੇੜਤਾ ਵਧਾਉਣ ਲਈ ਰੇਲਵੇ ਦਾ ਹੋਰ ਵਿਸਥਾਰ ਕਰਨਾ ਬਹੁਤ ਹੀ ਉੱਤਮ ਹੋ ਸਕਦਾ ਹੈ। ਇਕ ਤਾਂ ਇਸ ਨਾਲ ਜਨ-ਸਾਧਾਰਨ ਨੂੰ ਰੁਜ਼ਗਾਰ ਮੁਹੱਈਆ ਹੋਵੇਗਾ, ਦੂਸਰਾ ਸੈਰ-ਸਪਾਟਾ ਉਦਯੋਗ ਵੀ ਪ੍ਰਫੁਲਿਤ ਹੋ ਸਕਦਾ ਹੈ, ਖ਼ਾਸ ਤੌਰ 'ਤੇ ਪਹਾੜੀ ਰਾਜਾਂ ਵਿਚ ਰੇਲਵੇ ਦਾ ਵਿਸਥਾਰ ਹੋਣਾ ਅਤਿ ਜ਼ਰੂਰੀ ਹੈ ਅਤੇ ਪ੍ਰਮੁੱਖ ਸ਼ਹਿਰ ਆਪਸ ਵਿਚ ਜੁੜਨ ਨਾਲ ਦੇਸ਼ ਦੀ ਆਰਥਿਕਤਾ, ਸੁਰੱਖਿਆ ਆਦਿ ਵੀ ਹੋਰ ਵਧੇਰੇ ਮਜ਼ਬੂਤ ਹੋਵੇਗੀ ਅਤੇ ਕਿਸੇ ਵੀ ਸੰਕਟ ਭਰੀ ਸਥਿਤੀ ਜਾਂ ਕੁਦਰਤੀ ਆਫ਼ਤਾਂ ਸਮੇਂ ਰੇਲਵੇ ਦਾ ਵਿਸਥਾਰ ਬਹੁਤ ਜ਼ਿਆਦਾ ਸਹਾਇਕ ਸਿੱਧ ਹੋ ਸਕਦਾ ਹੈ।


-ਮਾਸਟਰ ਸੰਜੀਵ ਧਰਮਾਣੀ
ਪਿੰਡ ਸੱਧੇਵਾਲ, ਡਾਕ: ਗੰਗੂਵਾਲ (ਸ੍ਰੀ ਅਨੰਦਪੁਰ ਸਾਹਿਬ)।


ਲੋਕਤੰਤਰ ਦੇ ਮੰਦਿਰ ਦੀ ਖਿੜਕੀ 'ਚੋਂ....!
ਭਾਰਤ ਦੁਨੀਆ ਦਾ ਵੱਡਾ ਲੋਕਤੰਤਰੀ ਦੇਸ਼ ਹੈ, ਜਿੱਥੇ ਲੋਕਾਂ ਨੂੰ ਆਪਣੀ ਇੱਛਾ ਅਤੇ ਮਰਜ਼ੀ ਅਨੁਸਾਰ ਆਪਣੇ ਨੁਮਾਇੰਦੇ ਚੁਣਨ ਦਾ ਸੰਪੂਰਨ ਸੰਵਿਧਾਨਕ ਅਧਿਕਾਰ ਪ੍ਰਾਪਤ ਹੈ। ਵਿਧਾਨ ਸਭਾ ਦੀਆਂ ਇਮਾਰਤਾਂ ਨੂੰ ਅਸੀਂ ਲੋਕਤੰਤਰ ਦਾ ਵੱਡਾ ਮੰਦਿਰ ਮੰਨਦੇ ਹਾਂ। ਪਰ ਜਦੋਂ ਲੋਕਤੰਤਰੀ ਮੰਦਿਰਾਂ ਦੀ ਖਿੜਕੀ 'ਚੋਂ ਅੰਦਰ ਝਾਤ ਮਾਰ ਕੇ ਦੇਖਦੇ ਹਾਂ ਤਾਂ ਇਸ ਤਰ੍ਹਾਂ ਲਗਦਾ ਹੈ ਜਿਵੇਂ ਅਸੀਂ ਕਿਸੇ ਜੰਗ ਦੇ ਮੈਦਾਨ ਦਾ ਦ੍ਰਿਸ਼ ਦੇਖ ਰਹੇ ਹੋਈਏ। ਸਾਡੇ ਦੇਸ਼ ਦੀਆਂ ਵਿਧਾਨ ਸਭਾਵਾਂ ਵਿਚ ਅਜਿਹੇ ਦ੍ਰਿਸ਼ ਆਮ ਵਰਤਾਰਾ ਬਣਦੇ ਜਾ ਰਹੇੇ ਹਨ। ਲੋਕਾਂ ਦੇ ਕਰੋੜਾਂ ਰੁਪਈਏ ਇਕ-ਇਕ ਸੈਸ਼ਨ ਵਿਚ ਬਿਨਾਂ ਸਾਰਥਿਕ ਨਤੀਜਿਆਂ ਦੇ ਸਵਾਹ ਕਰ ਦਿੱਤੇ ਜਾਂਦੇ ਹਨ ਅਤੇ ਲੋਕਾਂ ਦੀ ਆਸ ਦਾ ਬੂਰ ਫਲ਼ ਬਣਨ ਤੋਂ ਪਹਿਲਾਂ ਹੀ ਕਿਰ ਜਾਂਦਾ ਹੈ। ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਲੋਕਤੰਤਰ ਦੇ ਅਸਲੀ ਅਰਥ ਗੁਆਚ ਗਏ ਹੋਣ। ਪਰ ਸਾਡੇ ਨੁਮਾਇੰਦਿਆਂ ਨੂੰ ਗੰਭੀਰਤਾ, ਸੰਜਮ ਅਤੇ ਸਲੀਕੇ ਤੋਂ ਕੰਮ ਲੈਣਾ ਚਾਹੀਦਾ ਹੈ ਤਾਂ ਜੋ ਲੋਕਤੰਤਰੀ ਮੰਦਿਰਾਂ ਦੀ ਪਵਿੱਤਰਤਾ ਅਤੇ ਲੋਕਤੰਤਰ ਦੀ ਭਰੋਸੇਯੋਗਤਾ ਬਣੀ ਰਹੇ।


-ਸੁਖਵੀਰ ਘੁਮਾਣ ਦਿੜ੍ਹਬਾ।

11-07-2017

 ਨਵੀਂ ਸੱਭਿਆਚਾਰਕ ਨੀਤੀ

ਸਾਡੀ ਸੱਭਿਅਤਾ, ਸਾਰਾ ਵਿਰਸਾ, ਜਿਸ 'ਤੇ ਅਸੀਂ ਮਾਣ ਕਰਿਆ ਕਰਦੇ ਸਾਂ, ਅੱਜ ਉਹ ਅਲੋਪ ਹੁੰਦੇ ਜਾ ਰਹੇ ਹਨ। ਜਿਥੇ ਅਸੀਂ ਮਾਂ-ਬੋਲੀ ਨੂੰ ਮਨੋਂ ਵਿਸਾਰ ਰਹੇ ਹਾਂ, ਉਥੋਂ ਅਸੀਂ ਮਨੁੱਖੀ ਕਦਰਾਂ-ਕੀਮਤਾਂ ਤੋਂ ਵੀ ਦੂਰ ਹੁੰਦੇ ਜਾ ਰਹੇ ਹਾਂ। ਸਰਕਾਰ ਵੱਲੋਂ ਸੱਭਿਆਚਾਰ ਅਤੇ ਵਿਰਸੇ ਨੂੰ ਬਚਾਉਣ ਲਈ ਕੀਤੀ ਗਈ ਪਹਿਲਕਦਮੀ ਸ਼ਲਾਘਾਯੋਗ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਇਸ 'ਤੇ ਸੱਚੇ ਦਿਲੋਂ ਅਮਲ ਹੁੰਦਾ ਹੈ ਜਾਂ ਨਹੀਂ। ਜੇ ਚੰਗਾ ਲਿਖਣ ਵਾਲੇ, ਚੰਗਾ ਗਾਉਣ ਵਾਲੇ ਅਤੇ ਵਧੀਆ ਫ਼ਿਲਮਾਉਣ ਵਾਲੇ ਲੋਕਾਂ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ ਤਾਂ ਇਹ ਆਪਣੀ ਸੱਭਿਅਤਾ ਤੇ ਵਿਰਸੇ ਨੂੰ ਬਚਾਉਣ ਵੱਲ ਵਧੀਆ ਕਦਮ ਹੋਵੇਗਾ। ਇਤਿਹਾਸਕ ਅਤੇ ਧਾਰਮਿਕ ਵਿਰਾਸਤ ਨੂੰ ਬਚਾਉਣਾ ਵੀ ਤਾਂ ਸਾਡੇ ਸੱਭਿਆਚਾਰ ਦਾ ਹਿੱਸਾ ਹੈ। ਆਪਣੇ ਸੱਭਿਆਚਾਰਕ ਵਿਰਸੇ ਨੂੰ ਬਚਾਈ ਰੱਖਣ ਲਈ ਸਰਕਾਰਾਂ ਦੀ ਪਹਿਲਕਦਮੀ ਦੇ ਨਾਲ-ਨਾਲ ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਹੈ।

-ਸਮਿੱਤਰ ਸਿੰਘ
#142, ਦਸਮੇਸ਼ ਨਗਰ, ਝੁੰਗੀਆਂ ਰੋਡ, ਖਰੜ।

ਜਾਤਪਾਤ ਦੇ ਨਾਂਅ 'ਤੇ

ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਨਜ਼ਦੀਕ ਜਾਤ ਬਰਾਦਰੀ ਦੇ ਨਾਂਅ 'ਤੇ ਵੱਡੀ ਪੱਧਰ 'ਤੇ ਮਾਰਧਾੜ ਕਰਕੇ ਮਾਹੌਲ ਵਿਗਾੜਿਆ ਗਿਆ। ਗੁਰੂ ਸਾਹਿਬਾਨਾਂ ਤੇ ਮਹਾਨ ਭਗਤਾਂ ਨੇ ਜਾਤ-ਪਾਤ ਨੂੰ ਮਿਟਾਉਣ ਲਈ ਬੜੇ ਯਤਨ ਕੀਤੇ। ਪਰ ਦੁੱਖ ਹੈ ਕਿ ਉਨ੍ਹਾਂ ਦੇ ਯਤਨ ਬਹੁਤੇ ਸਫਲ ਨਹੀਂ ਹੋਏ। ਪਿਛਲੇ ਲੰਮੇ ਸਮੇਂ ਤੋਂ ਸਿਆਸਤਦਾਨ ਧਰਮਾਂ-ਜਾਤਾਂ ਦੇ ਨਾਂਅ 'ਤੇ ਰੱਜ ਕੇ ਸਿਆਸਤ ਕਰਦੇ ਆ ਰਹੇ ਹਨ। ਇਸ ਤੋਂ ਵੀ ਚਿੰਤਾਜਨਕ ਗੱਲ ਇਹ ਹੈ ਕਿ ਅੱਜ ਜਾਤ ਦੇ ਨਾਂਅ 'ਤੇ ਮਰਦਮਸ਼ੁਮਾਰੀਆਂ ਕਰਵਾਈਆਂ ਜਾਣ ਲੱਗੀਆਂ ਹਨ। ਇਹ ਵਰਤਾਰਾ ਜਿੱਥੇ ਬਹੁਤੇ ਭਾਈਚਾਰਿਆਂ 'ਚ ਨਫ਼ਰਤਾਂ ਪੈਦਾ ਕਰ ਰਿਹਾ ਹੈ, ਉਥੇ ਅਜਿਹਾ ਕਰਨਾ ਸੰਵਿਧਾਨ ਦੇ ਵੀ ਉਲਟ ਹੈ। ਭਾਰਤੀ ਸਮਾਜ ਵਿਚੋਂ ਜਾਤ-ਪਾਤ ਵਰਗੀ ਬੁਰਾਈ ਨੂੰ ਖ਼ਤਮ ਕਰਨ ਲਈ ਵੱਡੇ ਪੱਧਰ 'ਤੇ ਯਤਨ ਆਰੰਭ ਕਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ ਹੀ ਰਾਸ਼ਟਰ ਦੇ ਹਿਤ ਸੁਰੱਖਿਅਤ ਰਹਿ ਸਕਦੇ ਹਨ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਦੋਸ਼ੀ ਕੌਣ?

'ਖੇਡ ਜਗਤ' ਅੰਕ ਵਿਚ ਪ੍ਰੋ: ਪਰਮਜੀਤ ਸਿੰਘ ਰੰਧਾਵਾ ਦਾ ਲੇਖ 'ਕੀ ਦੋਸ਼ੀ ਸਾਡੇ ਚੋਣਕਾਰ ਜਾਂ ਵਿਦੇਸ਼ੀ ਕੋਚ?' ਕੌੜੀ ਸਚਾਈ ਬਿਆਨ ਕਰਦਾ ਹੈ। ਇਹ ਸਚਾਈ ਸਿਰਫ ਕੌਮੀ ਹਾਕੀ ਟੀਮ ਦੀ ਹੀ ਨਹੀਂ, ਸਗੋਂ ਭਾਰਤ ਵਿਚ ਹਰ ਖੇਡ ਦੀ ਹੀ ਹੈ। ਇਥੇ ਸਕੂਲਾਂ ਦੇ ਮੁਕਾਬਲਿਆਂ ਤੋਂ ਹੀ ਜੁਗਾੜੀ ਲੋਕ ਆਪਣਾ ਜੁਗਾੜ ਲਾਉਣ ਲੱਗ ਜਾਂਦੇ ਹਨ, ਜਿਨ੍ਹਾਂ ਨੂੰ ਖੇਡਾਂ ਅਤੇ ਦੇਸ਼ ਦੀ ਇੱਜ਼ਤ ਨਾਲੋਂ ਨਿੱਜੀ ਹਿਤ ਪਿਆਰੇ ਹੁੰਦੇ ਹਨ। ਕੁਝ ਬਹੁਤ ਹੀ ਸਿਦਕੀ ਲੰਮਾ ਸੰਘਰਸ਼ ਤਾਂ ਕਰਦੇ ਹਨ ਪਰ ਉਨ੍ਹਾਂ ਦਾ ਮੁੱਲ ਨਹੀਂ ਪੈਂਦਾ। ਇਸ ਲਈ ਅੱਜ ਲੋੜ ਹੈ, ਇਨ੍ਹਾਂ ਜੁਗਾੜੀ ਲੋਕਾਂ 'ਤੇ ਸ਼ਿਕੰਜਾ ਕੱਸਣ ਦੀ, ਤਾਂ ਕਿ ਸਾਡੀ ਕੌਮੀ ਖੇਡ ਹਾਕੀ ਬੁਲੰਦੀ ਵੱਲ ਜਾ ਸਕੇ।

-ਸਿਮਰਨ ਔਲਖ
ਪਿੰਡ ਸੀਰਵਾਲੀ
(ਸ੍ਰੀ ਮੁਕਤਸਰ ਸਾਹਿਬ)।

10-07-2017

 ਕਿਤਾਬਾਂ ਸਾਡੀਆਂ ਹਮਸਫ਼ਰ
ਬੀਤੇ ਦਿਨੀਂ ਸੰਪਾਦਕੀ ਪੰਨੇ 'ਤੇ ਮਾਣਯੋਗ ਲੇਖਕ ਤਰਨਜੀਤ ਸਿੰਘ ਰੰਧਾਵਾ ਦਾ ਆਰਟੀਕਲ 'ਕਿਤਾਬਾਂ ਸਾਡੀਆਂ ਹਮਸਫ਼ਰ' ਪੜ੍ਹਿਆ, ਬਹੁਤ ਹੀ ਲਾਹੇਵੰਦ ਸੀ। ਲੇਖਕ ਅਨੁਸਾਰ ਕਿਤਾਬਾਂ ਸਾਡੇ ਜੀਵਨ ਵਿਚ ਅਹਿਮ ਸਥਾਨ ਰੱਖਦੀਆਂ ਹਨ। ਉਹ ਅਥਾਹ ਗਿਆਨ ਭੰਡਾਰ ਹੋਣ ਕਾਰਨ ਸਾਨੂੰ ਚੰਗਾ ਜੀਵਨ ਆਚਰਣ, ਨੈਤਿਕ ਅਤੇ ਅਗਾਂਹਵਧੂ ਸੋਚ ਪ੍ਰਦਾਨ ਕਰਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਮਾਨਸਿਕ ਤਣਾਅ ਤੋਂ ਨਿਜਾਤ ਮਿਲਦੀ ਹੈ। ਇਹ ਸਾਡੇ ਸ਼ਬਦ ਭੰਡਾਰ ਵਿਚ ਵਾਧਾ ਕਰਦੀਆਂ ਹਨ। ਸਾਡੇ ਰਹਿਬਰਾਂ ਨੇ ਵੀ ਕਿਤਾਬਾਂ ਦੀ ਮਹੱਤਤਾ ਨੂੰ ਬਹੁਤ ਉੱਚਾ ਦੱਸਿਆ ਹੈ। ਇਨ੍ਹਾਂ ਨੂੰ ਪੜ੍ਹਨ ਨਾਲ ਮਨੁੱਖ ਅੰਦਰ ਗਿਆਨ ਦਾ ਪ੍ਰਵਾਹ ਚਲਦਾ ਹੈ ਤੇ ਦਲੀਲ ਨਾਲ ਗੱਲ ਕਰਨ ਦੀ ਸਮਰੱਥਾ ਤੇ ਸਮਝ ਆਉਂਦੀ ਹੈ। ਕਿਤਾਬਾਂ 'ਤੇ ਲਗਾਇਆ ਧਨ ਅਤੇ ਸਮਾਂ ਕਦੇ ਬਰਬਾਦ ਨਹੀਂ ਹੁੰਦਾ। ਚੰਗੀਆਂ ਪੁਸਤਕਾਂ ਸਾਡਾ ਬਹੁਤ ਹੀ ਕੀਮਤੀ ਖਜ਼ਾਨਾ ਹਨ।

-ਮਾ: ਦੇਵ ਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

ਦੋਸਤੀ ਤੱਕ ਦਾ ਸਫ਼ਰ
ਇਹ ਜ਼ਰੂਰੀ ਨਹੀਂ ਕਿ ਦੋਸਤੀ ਸਿਰਫ਼ ਹਮਉਮਰ ਨਾਲ ਹੀ ਹੋ ਸਕਦੀ ਹੈ। ਦੋਸਤ ਦੀ ਖਾਸੀਅਤ ਇਹ ਹੁੰਦੀ ਹੈ ਕਿ ਦੋਸਤ ਸਾਨੂੰ ਸਮਝਣ ਵਾਲਾ ਹੋਵੇ। ਸੱਚਾ ਦੋਸਤ ਮਿਲਣਾ ਮੁਸ਼ਕਿਲ ਹੁੰਦਾ ਹੈ। ਅੱਜ ਦੇ ਸਮੇਂ ਵਿਚ ਲੋਕਾਂ ਨੇ ਦੋਸਤੀ ਦੇ ਅਰਥਾਂ ਨੂੰ ਹੀ ਬਦਲ ਕੇ ਰੱਖ ਦਿੱਤਾ ਹੈ। ਅਸਲ ਦੋਸਤ ਉਹ ਹੁੰਦਾ ਹੈ ਜੋ ਮੁਸ਼ਕਿਲ ਸਮੇਂ ਵਿਚ ਕੰਮ ਆਵੇ। ਸੁੱਖ ਵਿਚ ਹਿੱਸਾ ਪਾਉਣ ਤਾਂ ਸੱਤ ਬੇਗਾਨੇ ਵੀ ਆ ਜਾਂਦੇ ਹਨ। ਸੱਚਾ ਦੋਸਤ ਉਹੀ ਹੁੰਦਾ ਹੈ ਜੋ ਕੋਲ ਰਹਿ ਕੇ ਸਾਨੂੰ ਸਾਡੀਆਂ ਬੁਰਾਈਆਂ ਤੋਂ ਜਾਣੂ ਕਰਵਾਏ। ਨਹੀਂ ਤਾਂ ਤੋਹਮਤਾਂ ਤਾਂ ਦੁਸ਼ਮਣ ਵੀ ਲਗਾ ਲੈਂਦੇ ਨੇ।

-ਗਗਨ ਬਰਾੜ
ਸ੍ਰੀ ਮੁਕਤਸਰ ਸਾਹਿਬ।

ਨੇਤਾਵਾਂ ਦੀ ਅਮੀਰੀ
ਬੇਸ਼ੱਕ ਅੱਜ ਵੀ ਸਾਡੇ ਦੇਸ਼ ਵਿਚ ਉੱਚੇ-ਸੁੱਚੇ ਆਚਰਣ ਵਾਲੇ ਨੇਤਾਵਾਂ ਦੀ ਘਾਟ ਨਹੀਂ ਹੈ ਪਰ ਬਹੁ-ਗਿਣਤੀ ਭ੍ਰਿਸ਼ਟ ਨੇਤਾਵਾਂ ਦੀ ਹੀ ਹੈ। ਸਾਡੇ ਇਹ ਲੀਡਰ ਦਿਨੋ-ਦਿਨ ਅਮੀਰ ਹੋ ਰਹੇ ਹਨ। 1980 ਦੇ ਦਹਾਕੇ ਵਿਚ ਕਈ ਲੀਡਰਾਂ ਦੀ ਨਿੱਜੀ ਜਾਇਦਾਦ ਹਜ਼ਾਰਾਂ, ਲੱਖਾਂ ਵਿਚ ਸੀ ਜੋ ਕਿ ਅੱਜ ਕਰੋੜਾਂ, ਅਰਬਾਂ ਵਿਚ ਹੋ ਚੁੱਕੀ ਹੈ। ਇਹ ਲੋਕ ਕੁਝ ਸਮੇਂ ਵਿਚ ਹੀ ਵੱਡੀਆਂ ਕੰਪਨੀਆਂ, ਟਰਾਂਸਪੋਰਟਾਂ ਪੈਟਰੋਲ ਪੰਪਾਂ ਆਦਿ ਦੇ ਮਾਲਕ ਬਣ ਚੁੱਕੇ ਹਨ। ਸਾਡਾ ਇਨਕਮ ਟੈਕਸ ਵਿਭਾਗ ਅਤੇ ਜਾਂਚ ਏਜੰਸੀਆਂ ਇਨ੍ਹਾਂ ਭ੍ਰਿਸ਼ਟ ਲੀਡਰਾਂ ਤੇ ਇਨ੍ਹਾਂ ਦੀ ਆਮਦਨ ਦੇ ਸਾਧਨਾਂ ਬਾਰੇ ਕਿਉਂ ਨਹੀਂ ਪੁੱਛਦੀਆਂ? ਇਹ ਵੀ ਪੜਤਾਲ ਕਰਨ ਕਿ ਇਨ੍ਹਾਂ ਨੇ ਵੱਡੇ ਸ਼ਹਿਰਾਂ ਵਿਚ ਕੋਠੀਆਂ ਅਤੇ ਵੱਡੀਆਂ ਗੱਡੀਆਂ ਕਿਹੜੇ ਪੈਸੇ ਨਾਲ ਖਰੀਦੀਆਂ ਹਨ। ਦੇਸ਼ ਵਿਚੋਂ ਭ੍ਰਿਸ਼ਟਾਚਾਰ ਖਤਮ ਕਰਨ ਲਈ ਕਾਨੂੰਨ ਨੂੰ ਸਖਤਾਈ ਨਾਲ ਲਾਗੂ ਕਰਨਾ ਪਵੇਗਾ ਅਤੇ ਦੋਸ਼ੀਆਂ ਨੂੰ ਸਜ਼ਾ ਵੀ ਦੇਣੀ ਹੋਵੇਗੀ।

-ਲੱਖੀ ਗਿੱਲ ਧਨਾਨਸੂ

ਜਾਤ-ਪਾਤ
ਇਕ ਜੁਲਾਈ ਦੇ ਅੰਕ ਵਿਚ ਛਪਿਆ ਪੂਰਨ ਚੰਦ ਸਰੀਨ ਦਾ ਲੇਖ 'ਅਜੇ ਵੀ ਜਾਤ-ਪਾਤ ਤੋਂ ਉਭਰ ਨਹੀਂ ਸਕਿਆ ਦੇਸ਼' ਬਹੁਤ ਪਸੰਦ ਆਇਆ। ਅਸਲੀਅਤ ਵਿਚ, ਅੱਜ ਸੰਵਿਧਾਨ ਵਿਚ ਰਹਿ ਗਈਆਂ ਕਮਜ਼ੋਰੀਆਂ ਵਿਚ ਸੋਧ ਕਰਨੀ ਚਾਹੀਦੀ ਹੈ। ਜਾਤ-ਪਾਤ ਦੇ ਨਾਂਅ 'ਤੇ ਹੁੰਦੀ ਹਿੰਸਾ ਅਤੇ ਰਾਖਵਾਂਕਰਨ ਨੂੰ ਖਤਮ ਕਰਨ ਦੀ ਲੋੜ ਹੈ ਤਾਂ ਕਿ ਸਾਰੇ ਦੇਸ਼ ਵਾਸੀ ਬਰਾਬਰ ਦੇ ਅਧਿਕਾਰਾਂ ਨੂੰ ਮਾਣ ਸਕਣ। ਸ੍ਰੀ ਨਰਿੰਦਰ ਮੋਦੀ ਵੱਡੇ ਫੈਸਲੇ ਲੈਣ ਵਾਲੇ ਪ੍ਰਧਾਨ ਮੰਤਰੀ ਵਜੋਂ ਮਸ਼ਹੂਰ ਹਨ ਤੇ ਸਾਨੂੰ ਆਸ ਹੈ ਕਿ ਉਹ ਇਸ ਬਾਰੇ ਛੇਤੀ ਕੋਈ ਫ਼ੈਸਲਾ ਲੈਣਗੇ।

-ਸਿਮਰਨ ਔਲਖ
ਪਿੰਡ ਸੀਰਵਾਲੀ (ਸ੍ਰੀ ਮੁਕਤਸਰ ਸਾਹਿਬ।

06/07/2017

 ਜਮਹੂਰੀਅਤ ਦਾ ਜਨਾਜ਼ਾ
ਲੋਕਤੰਤਰੀ ਵਿਵਸਥਾ ਅੰਦਰ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧ ਵਿਧਾਨ ਸਭਾ 'ਚ ਜਾ ਕੇ ਲੋਕ ਮਸਲੇ ਉਠਾਉਣ ਦੇ ਫ਼ਰਜ਼ ਅਦਾ ਕਰਦੇ ਹਨ ਪਰ ਪੰਜਾਬ ਦੇ ਲੋਕਾਂ ਨੂੰ ਜੰਗ ਦਾ ਅਖਾੜਾ ਬਣੀ ਵਿਧਾਨ ਸਭਾ ਦੇ ਦ੍ਰਿਸ਼ਾਂ ਨੇ ਬੇਹੱਦ ਨਿਰਾਸ਼ ਕੀਤਾ ਹੈ। ਸੱਤ ਦਹਾਕੇ ਬੀਤਣ ਦੇ ਬਾਵਜੂਦ ਸਾਡਾ ਲੋਕਤੰਤਰ ਅਜੇ ਬਚਪਨ ਦੀਆਂ ਦਹਿਲੀਜ਼ਾਂ ਟੱਪਿਆ ਵੀ ਨਹੀਂ ਜਾਪਦਾ। ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਦਾਅਵੇ ਮਿੱਟੀ 'ਚ ਮਿਲੇ ਜਾਪ ਰਹੇ ਹਨ।
ਆਖਰ ਦੇਸ਼ ਦੇ ਲੋਕ ਕਦੋਂ ਤੱਕ ਅਜਿਹਾ ਤਮਾਸ਼ਾ ਚੁੱਪ-ਚਾਪ ਦੇਖਦੇ ਰਹਿਣਗੇ। ਸੋ, ਸਮੇਂ ਦੀ ਅਹਿਮ ਲੋੜ ਹੈ ਕਿ ਲੋਕਾਂ ਦੇ ਪ੍ਰਤੀਨਿਧਾਂ ਲਈ ਸਦਨਾਂ ਅੰਦਰ ਬਣਦੇ ਸਤਿਕਾਰ ਦੀ ਵਿਵਸਥਾ ਕੀਤੀ ਜਾਵੇ ਅਤੇ ਸਦਨ ਚਲਾਉਣ ਦੀ ਜ਼ਿੰਮੇਵਾਰੀ ਹੰਢੇ ਵਰਤੇ ਲੋਕ ਪ੍ਰਤੀਨਿਧਾਂ ਦੇ ਸਪੁਰਦ ਕੀਤੀ ਜਾਵੇ। ਹਰ ਪਾਰਟੀ ਦੇ ਕਾਰਕੁੰਨਾਂ ਨੂੰ ਸੰਜਮ ਅਤੇ ਸਹਿਣਸ਼ੀਲਤਾ ਦਾ ਪੱਲਾ ਘੁੱਟ ਕੇ ਫੜਨ ਦੀ ਵੀ ਜ਼ਰੂਰਤ ਹੈ।


-ਪ੍ਰਿੰ: ਭੁਪਿੰਦਰ ਸਿੰਘ ਢਿੱਲੋਂ
ਦੀਪਗੜ੍ਹ (ਬਰਨਾਲਾ)।


ਵਿਧਾਨ ਸਭਾ ਦਾ ਸਿੱਧਾ ਪ੍ਰਸਾਰਨ
ਚੋਣਾਂ ਦੌਰਾਨ ਲੋਕਾਂ ਨੂੰ ਸਬਜ਼ਬਾਗ ਦਿਖਾ ਕੇ ਲੀਡਰ ਸੱਤਾ ਪ੍ਰਾਪਤ ਕਰਦੇ ਹਨ ਪਰ ਸੱਤਾ ਪ੍ਰਾਪਤੀ ਤੋਂ ਬਾਅਦ ਜਿਥੇ ਬੈਠ ਕੇ ਲੀਡਰਾਂ ਵੱਲੋਂ ਸੂਬੇ ਦੀ ਬਿਹਤਰੀ, ਕਿਸਾਨੀ ਤੇ ਜਵਾਨੀ ਦੀ ਭਲਾਈ ਲਈ ਵਿਉਂਤਬੰਦੀ ਕਰਨੀ ਹੁੰਦੀ ਹੈ, ਉਸ ਜਗ੍ਹਾ ਨੂੰ ਲੀਡਰਾਂ ਵੱਲੋਂ ਜੰਗ ਦਾ ਮੈਦਾਨ ਬਣਾਇਆ ਜਾ ਰਿਹਾ ਹੈ। ਬੀਤੇ ਦਿਨੀਂ ਵਿਧਾਨ ਸਭਾ 'ਚ ਜੋ ਕੁਝ ਹੋਇਆ, ਉਸ ਨਾਲ ਸਮੁੱਚੇ ਸੂਬੇ ਦੇ ਲੋਕ ਮਨਾਂ ਵਿਚ ਮਾਯੂਸੀ ਛਾਈ ਹੋਈ ਹੈ। ਲੋਕ ਦੇਖਣਾ ਚਾਹੁੰਦੇ ਹਨ ਕਿ ਆਖਰ ਵਿਧਾਨ ਸਭਾ ਅੰਦਰ ਉਨ੍ਹਾਂ ਵੱਲੋਂ ਚੁਣੇ ਲੀਡਰ ਕੀ ਕਰਦੇ ਹਨ।
ਭਵਿੱਖ ਵਿਚ ਵਿਧਾਨ ਸਭਾ ਦੀ ਸਮੁੱਚੀ ਕਾਰਵਾਈ ਦਾ ਟੀ.ਵੀ. 'ਤੇ ਸਿੱਧਾ ਪ੍ਰਸਾਰਨ ਕੀਤਾ ਜਾਵੇ ਤਾਂ ਜੋ ਲੋਕ ਵੀ ਦੇਖ ਸਕਣ ਕਿ ਉਨ੍ਹਾਂ ਦੇ ਚੁਣੇ ਲੀਡਰ ਲੋਕ ਹਿੱਤਾਂ ਦੀ ਗੱਲ ਕਰਦੇ ਵੀ ਹਨ ਜਾਂ ਨਹੀਂ। ਅਜਿਹਾ ਕਰਨ ਨਾਲ ਲੋਕ ਚੰਗੇ-ਮਾੜੇ ਦੀ ਪਹਿਚਾਣ ਕਰ ਲੈਣਗੇ ਤੇ ਭਵਿੱਖ ਵਿਚ ਸੋਚ ਸਮਝ ਕੇ ਮਤਦਾਨ ਕਰਨਗੇ।


-ਰਵਿੰਦਰ ਕਸਾਣਾ ਸੂਰਾਪੁਰੀ
ਕਾਠਗੜ੍ਹ।


ਗ਼ਰੀਬਾਂ ਦਾ ਕਰਜ਼ਾ ਮੁਆਫ਼ ਹੋਵੇ
ਪੰਜਾਬ ਸਰਕਾਰ ਵੱਲੋਂ ਬਜਟ ਸੈਸ਼ਨ ਵਿਚ ਕੀਤੇ ਗਏ ਕਰਜ਼ਾ ਮੁਆਫ਼ੀ ਦੇ ਐਲਾਨ ਨਾਲ ਛੋਟੇ ਕਿਸਾਨਾਂ ਨੂੰ ਬਹੁਤ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਸਰਕਾਰ ਦਾ ਇਹ ਇਕ ਸ਼ਲਾਘਾਯੋਗ ਕਦਮ ਹੈ। ਅਸੀਂ ਇਥੇ ਨਾਲ ਹੀ ਸਰਕਾਰ ਦਾ ਧਿਆਨ ਉਨ੍ਹਾਂ ਗਰੀਬ ਮਜ਼ਦੂਰਾਂ ਵੱਲ ਵੀ ਦੁਆਉਣਾ ਚਾਹੁੰਦੇ ਹਾਂ, ਜਿਨ੍ਹਾਂ ਨੇ ਬੈਂਕਾਂ ਤੋਂ ਥੋੜ੍ਹਾ ਬਹੁਤ ਕਰਜ਼ਾ ਲਿਆ ਹੈ ਪਰ ਵਾਪਸ ਕਰਨ ਦੇ ਸਮਰੱਥ ਨਹੀਂ। ਕੀ ਇਹ ਇਨ੍ਹਾਂ ਗ਼ਰੀਬ ਮਜ਼ਦੂਰਾਂ ਨਾਲ ਬੇਇਨਸਾਫ਼ੀ ਨਹੀਂ?
ਇਹ ਗ਼ਰੀਬ ਅਨਪੜ੍ਹ ਮਜ਼ਦੂਰ ਆਪਣੀ ਆਵਾਜ਼ ਬੁਲੰਦ ਨਹੀਂ ਕਰ ਸਕਦੇ। ਗ਼ਰੀਬ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀਆਂ ਸੰਸਥਾਵਾਂ ਯੂਨੀਅਨਾਂ ਨੂੰ ਬੇਨਤੀ ਹੈ ਕਿ ਉਹ ਵੀ ਮਜ਼ਦੂਰਾਂ ਦੀ ਮੰਗ ਪੰਜਾਬ ਸਰਕਾਰ ਅੱਗੇ ਰੱਖਣ ਦੀ ਕ੍ਰਿਪਾਲਤਾ ਕਰਨ।


-ਪਰਮਿੰਦਰ ਸਿੰਘ

05/07/2017

 ਗੰਭੀਰਤਾ ਦੀ ਲੋੜ
ਪਿਛਲੇ ਦਿਨੀਂ ਇਕ ਮਹਿਲਾ ਪੁਲਿਸ ਮੁਲਾਜ਼ਮ ਵੱਲੋਂ ਆਤਮ-ਹੱਤਿਆ ਕਰ ਲੈਣਾ ਸਮੁੱਚੇ ਪੁਲਿਸ ਪ੍ਰਸ਼ਾਸਨ ਲਈ ਵੱਡੀ ਸ਼ਰਮ ਵਾਲੀ ਗੱਲ ਹੈ। ਪਿਛਲੇ ਲੰਮੇ ਸਮੇਂ ਤੋਂ ਇਹ ਕਿਹਾ ਜਾਣ ਲੱਗਾ ਹੈ ਕਿ ਪੁਲਿਸ ਪ੍ਰਸ਼ਾਸਨ 'ਚ ਮਾੜੇ ਆਚਰਨ ਵਾਲੇ ਲੋਕ ਘੁਸਪੈਠ ਕਰ ਚੁੱਕੇ ਹਨ। ਆਤਮ-ਹੱਤਿਆ ਬੰਦਾ ਉਦੋਂ ਕਰਦਾ ਹੈ ਜਦੋਂ ਉਹ ਇਨਸਾਫ਼ ਦੀ ਆਸ ਛੱਡ ਦੇਵੇ ਜਾਂ ਕਿਸੇ ਵੱਲੋਂ ਡਾਢਾ ਪ੍ਰੇਸ਼ਾਨ ਕਰ ਦਿੱਤਾ ਗਿਆ ਹੋਵੇ। ਇਸ ਲੜਕੀ ਨੂੰ ਉਸ ਸਿਰ ਫਿਰੇ ਮੁਨਸ਼ੀ ਵੱਲੋਂ ਕਿੰਨਾ ਕੁ ਤੰਗ ਪ੍ਰੇਸ਼ਾਨ ਤੇ ਮਾਨਸਿਕ ਤਸੀਹੇ ਦਿੱਤੇ ਗਏ ਹੋਣਗੇ ਕਿ ਉਸ ਨੇ ਮੌਤ ਨੂੰ ਹੀ ਗਲੇ ਲਾਉਣਾ ਬਿਹਤਰ ਸਮਝਿਆ। ਸਵਾਲ ਉਠਦਾ ਹੈ ਕਿ ਜਦ ਉਸ ਨੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ ਤਾਂ ਉਸ ਨੂੰ ਪੂਰੀ ਗੰਭੀਰਤਾ ਨਾਲ ਕਿਉਂ ਨਾ ਲਿਆ ਗਿਆ? ਅਮਨਪ੍ਰੀਤ ਕੌਰ ਦੀ ਤਰ੍ਹਾਂ ਹੋਰ ਮਹਿਲਾਵਾਂ ਪੁਲਿਸ ਪ੍ਰਸ਼ਾਸਨ ਵਿਚ ਘੁਟਣ ਮਹਿਸੂਸ ਕਰਦੀਆਂ ਹੋਣਗੀਆਂ? ਦੂਜੇ ਪਾਸੇ ਦੋਸ਼ੀ ਮੰਨੇ ਜਾਂਦੇ ਮੁਨਸ਼ੀ ਦੇ ਘਰ ਵਾਲੀ ਦਾ ਕਹਿਣਾ ਹੈ ਕਿ ਜੇ ਉਸ ਦਾ ਪਤੀ ਦੋਸ਼ੀ ਹੈ ਤਾਂ ਉਸ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ ਕਿਉਂਕਿ ਇਕ ਔਰਤ ਹੀ ਦੂਜੀ ਔਰਤ ਦੀ ਵੇਦਨਾ ਸਮਝ ਸਕਦੀ ਹੈ। ਉਪਰੋਕਤ ਘਟਨਾ ਨੂੰ ਪੂਰੀ ਗੰਭੀਰਤਾ ਨਾਲ ਲਿਆ ਜਾਵੇ ਤਾਂ ਕਿ ਪੁਲਿਸ ਪ੍ਰਸ਼ਾਸਨ 'ਚ ਅਜਿਹੀ ਘਟਨਾ ਮੁੜ ਨਾ ਵਾਪਰੇ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।


ਸ਼ਲਾਘਾਯੋਗ ਕਦਮ
ਪਿਛਲੇ ਦਿਨੀਂ ਪੰਜਾਬ ਦੀ ਕੈਪਟਨ ਸਰਕਾਰ ਨੇ ਪੰਚਾਇਤਾਂ ਅਤੇ ਸਥਾਨਕ ਸਰਕਾਰਾਂ ਵਿਚ ਔਰਤਾਂ ਦੀ 50 ਫ਼ੀਸਦੀ ਰਾਖਵੇਂਕਰਨ ਦੀ ਘੋਸ਼ਣਾ ਕੀਤੀ। ਔਰਤਾਂ ਦੇ ਸਸ਼ਕਤੀਕਰਨ ਲਈ ਇਹ ਇਕ ਸ਼ਲਾਘਾਯੋਗ ਫੈਸਲਾ ਹੈ। ਕਈ ਵਾਰ ਦੇਖਿਆ ਜਾਂਦਾ ਹੈ, ਪੰਚ ਜਾਂ ਸਰਪੰਚ ਔਰਤ ਦਾ ਪਤੀ ਜਾਂ ਪੁੱਤਰ ਹੀ ਪੰਚਾਇਤ ਵਿਚ ਪੰਚ ਜਾਂ ਸਰਪੰਚ ਦਾ ਰੋਲ ਅਦਾ ਕਰਦੇ ਹਨ। ਦਲਿਤ ਔਰਤਾਂ ਦੇ ਸਬੰਧ ਵਿਚ ਤਾਂ ਸਥਿਤੀ ਹੋਰ ਵੀ ਨਿਮੋਸ਼ੀਜਨਕ ਹੈ। ਅਜਿਹੀ ਸਥਿਤੀ ਵਿਚ ਰਾਖਵਾਂਕਰਨ, ਮਖੌਲ ਤੋਂ ਵੱਧ ਕੁਝ ਵੀ ਮਾਅਨਾ ਨਹੀਂ ਰਖਾਉਂਦਾ। ਔਰਤਾਂ ਲਈ ਪੰਜਾਹ ਫ਼ੀਸਦੀ ਰਾਖਵਾਂਕਰਨ ਪੰਚਾਇਤਾਂ ਵਿਚ ਹੀ ਨਹੀਂ ਸਗੋਂ ਵਿਧਾਨ ਸਭਾਵਾਂ ਅਤੇ ਲੋਕ ਸਭਾ ਵਿਚ ਵੀ ਹੋਣਾ ਚਾਹੀਦਾ ਹੈ। ਭਾਵੇਂ ਅਜਿਹਾ ਕਰਨਾ ਪੰਜਾਬ ਸਰਕਾਰ ਦੇ ਹੱਥ ਵਿਚ ਨਹੀਂ ਪਰ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਉਹ ਇਕ ਚੰਗਾ ਕਦਮ ਜ਼ਰੂਰ ਪੁੱਟ ਸਕਦੀ ਹੈ।


-ਪ੍ਰੀਤ ਸਿੰਘ ਸੰਦਲ (ਕਵੀਸ਼ਰ)
ਪਿੰਡ ਮਕਸੂਦੜਾ, ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ।


ਕਰਜ਼ਾ ਮੁਆਫ਼ੀ ਦਾ ਫ਼ੈਸਲਾ
ਪੰਜਾਬ ਵਿਚ ਕਿਸਾਨਾਂ ਦੀਆਂ ਹਰ ਰੋਜ਼ ਹੋ ਰਹੀਆਂ ਆਤਮ-ਹੱਤਿਆਵਾਂ ਨੂੰ ਰੋਕਣ ਲਈ ਸਰਕਾਰ ਨੇ 2 ਲੱਖ ਤੱਕ ਦਾ ਕਰਜ਼ਾ ਮੁਆਫ਼ ਕਰ ਦਿੱਤਾ ਹੈ, ਜਿਸ ਨਾਲ 10.25 ਲੱਖ ਦਰਮਿਆਨੇ ਤੇ 8.75 ਲੱਖ ਪੰਜ ਏਕੜ ਵਾਲੇ ਕਿਸਾਨਾਂ ਨੂੰ ਰਾਹਤ ਮਿਲੇਗੀ। ਇਸ ਦੇ ਨਾਲ ਹੀ ਆਤਮਦਾਹ ਕਰ ਚੁੱਕੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਦੇਸ਼ ਦੇ ਕਿਸੇ ਵੀ ਰਾਜ ਵਿਚ ਕਿਸੇ ਵੀ ਸਰਕਾਰ ਦੁਆਰਾ ਲਿਆ ਗਿਆ ਇਹ ਇਕ ਪਹਿਲਾ ਇਤਿਹਾਸਕ ਫ਼ੈਸਲਾ ਹੋਏਗਾ। ਕਰਜ਼ੇ ਕਾਰਨ ਕਈ ਘਰਾਂ ਦੇ ਕਮਾਊ ਪੁੱਤ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਕਰਜ਼ੇ ਵਿਚ ਡੁੱਬੇ ਕਿਸਾਨਾਂ ਦੀ ਬਾਂਹ ਫੜ ਸਰਕਾਰ ਨੇ ਕਈ ਕੀਮਤੀ ਜਾਨਾਂ ਬਚਾਅ ਲਈਆਂ।


-ਮਾ: ਪਿਆਰਾ ਸਿੰਘ
ਨਕੋਦਰ।

04/07/2017

 'ਪੱਗ' ਨੂੰ ਤਮਾਸ਼ਾ ਨਾ ਬਣਾਓ
ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੌਰਾਨ ਜੋ ਕੁਝ ਵੀ ਵਾਪਰਿਆ ਹੈ, ਉਹ ਬਹੁਤ ਹੀ ਨਿੰਦਣਯੋਗ ਹੈ। ਸਪੀਕਰ ਦੇ ਹੁਕਮ ਅਨੁਸਾਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਸਦਨ ਵਿਚੋਂ ਕੱਢਣ ਸਮੇਂ ਇਕ ਵਿਧਾਇਕ ਦੀ ਪੱਗ ਉੱਤਰ ਗਈ, ਜਿਸ ਨੂੰ ਅਕਾਲੀ ਵਿਧਾਇਕਾਂ ਦੁਆਰਾ ਚੁੱਕ ਲਿਆ ਗਿਆ, ਚੁੱਕ ਤਾਂ ਇਸ ਨੂੰ ਸੱਤਾਧਾਰੀ ਪਾਰਟੀ ਦੇ ਵਿਧਾਇਕ ਵੀ ਸਕਦੇ ਸਨ ਪਰ ਉਨ੍ਹਾਂ ਨੇ ਸ਼ਾਇਦ ਲੋੜ ਮਹਿਸੂਸ ਨਹੀਂ ਕੀਤੀ। ਹੁਣ ਕੁਝ ਨਿੱਜੀ ਟੀ.ਵੀ. ਚੈਨਲਾਂ ਵੱਲੋਂ ਇਸ ਨੂੰ ਭਖਦਾ ਮੁੱਦਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ਇਕਪਾਸੜ ਬਹਿਸ ਕਰਵਾਈ ਜਾ ਰਹੀ ਹੈ। ਅਜਿਹਾ ਲਗਦਾ ਹੈ ਜਿਵੇਂ ਪੱਗ ਦਾ ਤਮਾਸ਼ਾ ਬਣਾਇਆ ਜਾ ਰਿਹਾ ਹੋਵੇ। ਜਦ ਕਿਸੇ ਦੇ ਮਨ ਨੂੰ ਦੁੱਖ ਲੱਗਦਾ ਹੈ, ਉਹ ਰੋਂਦਾ ਹੈ ਅਤੇ ਹਮਦਰਦੀ ਪ੍ਰਗਟ ਕਰਨ ਵਾਲੇ ਹਮਦਰਦੀ ਵੀ ਪ੍ਰਗਟ ਕਰਦੇ ਹਨ। ਕੁਝ ਸੱਚੀ ਵੀ ਕਰਦੇ ਹਨ ਅਤੇ ਕੁਝ ਝੂਠੀ ਮੂਠੀ ਵੀ ਕਰਦੇ ਹਨ ਪਰ ਝੂਠੀ ਵਾਲਿਆਂ ਨੂੰ ਵੀ ਕੋਈ ਬੁਰਾ ਨਹੀਂ ਕਹਿੰਦਾ, ਇਹ ਸਾਡੇ ਸਮਾਜਿਕ ਮੁੱਲ ਹਨ। ਪਰ ਕੁਝ ਟੀ.ਵੀ. ਚੈਨਲਾਂ ਵੱਲੋਂ ਇਕਪਾਸੜ ਬਹਿਸ ਕਰਵਾ ਕੇ ਪੱਗ ਦੇ ਹੱਕ ਵਿਚ ਗੱਲ ਕਰਨ ਵਾਲਿਆਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਜ਼ਾਰਾਂ ਲੋਕ ਪੱਗਾਂ ਬੰਨ੍ਹਦੇ ਹਨ ਅਤੇ ਬੰਨ੍ਹਣ ਵਾਲਿਆਂ ਤੋਂ ਕਿਤੇ ਜ਼ਿਆਦਾ ਇਸ ਦੀ ਕਦਰ ਕਰਦੇ ਹਨ। ਇਹ ਵੀ ਠੀਕ ਹੈ ਗਲੀ-ਮੁਹੱਲਿਆਂ ਵਿਚ ਹੋਣ ਵਾਲੀਆਂ ਲੜਾਈਆਂ ਵਿਚ ਬਹੁਤ ਵਾਰੀ ਲੋਕਾਂ ਦੀ ਪੱਗ ਲੱਥ ਜਾਂਦੀ ਹੈ ਪਰ ਇਨ੍ਹਾਂ ਘਟਨਾਵਾਂ ਨੂੰ ਆਧਾਰ ਬਣਾ ਕੇ 'ਪੰਜਾਬ ਵਿਧਾਨ ਸਭਾ' ਜਿਥੇ ਸੁਰੱਖਿਆ ਦੇ ਅਹਿਮ ਪੁਖਤਾ ਇੰਤਜ਼ਾਮ ਹਨ, ਵਿਚ 'ਲੱਥੀ ਪੱਗ' ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।

-ਸਿਕੰਦਰ ਸਿੰਘ ਨਿਆਮੀਵਾਲਾ।

ਲੇਖਕਾਂ ਨੂੰ ਵੀ ਮਿਲੇ ਬਣਦਾ ਮਾਣ-ਸਤਿਕਾਰ
ਲੇਖਕ ਸਮਾਜ ਦਾ ਸ਼ੀਸ਼ਾ ਹੁੰਦੇ ਹਨ, ਜੋ ਆਪਣੇ ਦੁਆਰਾ ਲਿਖੀਆਂ ਕਹਾਣੀਆਂ, ਕਾਵਿ-ਵਿਅੰਗਾਂ, ਨਾਵਲਾਂ, ਗ਼ਜ਼ਲਾਂ, ਲੇਖਾਂ, ਕਵਿਤਾ ਅਤੇ ਗੀਤਾਂ ਰਾਹੀਂ ਜਿਥੇ ਸਭ ਦਾ ਮਨੋਰੰਜਨ ਕਰਦੇ ਹਨ, ਉਥੇ ਆਪਣੀਆਂ ਇਨ੍ਹਾਂ ਲਿਖਤਾਂ ਰਾਹੀਂ ਸਮਾਜ ਵਿਚ ਬੜਾ ਕੁਝ ਚੰਗਾ ਕਰਨ ਦਾ ਯਤਨ ਵੀ ਕਰਦੇ ਰਹਿੰਦੇ ਹਨ। ਆਪਣੀਆਂ ਇਨ੍ਹਾਂ ਲਿਖਤਾਂ ਰਾਹੀਂ ਬੜੀ ਮਿਹਨਤ ਨਾਲ ਜਿਥੇ ਇਹ ਲੇਖਕ ਸਮਾਜ ਵਿਚ ਵਾਪਰ ਰਹੇ ਹਰ ਚੰਗੇ-ਮਾੜੇ ਪੱਖਾਂ ਨੂੰ ਉਜਾਗਰ ਕਰਦੇ ਹਨ, ਉਥੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵੀ ਸਰਕਾਰਾਂ ਤੱਕ ਪਹੁੰਚਾਉਣ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਇਸ ਤਰ੍ਹਾਂ ਲੰਮਾ ਸਮਾਂ ਆਪਣੀਆਂ ਲਿਖਤਾਂ ਰਾਹੀਂ ਸਮਾਜ ਭਲਾਈ ਦਾ ਕੰਮ ਕਰਨ ਵਾਲੇ ਅਨੇਕਾਂ ਲੇਖਕ ਕਈ ਵਾਰ ਆਪਣੀ ਪਿਛਲੀ ਉਮਰੇ ਕੰਮ ਕਰਨ ਤੋਂ ਅਸਮਰਥ ਹੋ ਜਾਣ ਕਾਰਨ ਆਪਣੀ ਕਮਜ਼ੋਰ ਹੋਈ ਆਰਥਿਕ ਸਥਿਤੀ ਵਿਚ ਆਪਣੇ ਇਸ ਸ਼ੌਕ ਨੂੰ ਸਮਾਂ ਰਹਿੰਦੇ ਹੀ ਦਫ਼ਨ ਕਰ ਬੈਠਦੇ ਹਨ। ਸੋ, ਸਰਕਾਰ ਨੂੰ ਸਮਾਜ ਦੀ ਭਲਾਈ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਇਨ੍ਹਾਂ ਲੇਖਕਾਂ ਪ੍ਰਤੀ ਵਿਸ਼ੇਸ਼ ਮਾਪਦੰਡ ਤਹਿ ਕਰਕੇ ਕੋਈ ਭੱਤਾ ਜਾਂ ਪੈਨਸ਼ਨ ਆਦਿ ਦੀ ਵਿਵਸਥਾ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਲੇਖਕਾਂ ਦਾ ਸ਼ੌਕ ਅਤੇ ਸਮਾਜ ਵਿਚੋਂ ਮਿਲਦਾ ਮਾਣ-ਸਤਿਕਾਰ ਜ਼ਿੰਦਗੀ ਦੇ ਆਖਰੀ ਸਾਹਾਂ ਤੱਕ ਬਰਕਰਾਰ ਰਹਿ ਸਕੇ।

-ਰਾਜਾ ਗਿੱਲ (ਚੜਿੱਕ)।

30/06/2017

 ਵਿਦਿਅਕ ਢਾਂਚੇ 'ਚ ਵਿਭਾਗੀ ਸੁਧਾਰ ਦੀ ਲੋੜ
ਉਂਜ ਸਭ ਸਰਕਾਰਾਂ ਆਪਣੇ ਰਾਜ ਕਾਲ ਦੌਰਾਨ ਵਿੱਦਿਆ, ਸਿਹਤ ਤੇ ਰੁਜ਼ਗਾਰ ਦੀਆਂ ਸਹੂਲਤਾਂ ਦੇਣ ਦਾ ਖੂਬ ਢੰਡੋਰਾ ਪਿੱਟਦੀਆਂ ਹਨ ਪਰ ਸੁਧਾਰ ਦੇ ਨਾਂਅ 'ਤੇ ਸਭ ਸਕੂਲਾਂ ਨੂੰ ਧਮਕੀ-ਨੁਮਾ ਪੱਤਰ ਜਾਂ ਸਿਆਸੀ ਲਾਰਿਆਂ ਤੋਂ ਜ਼ਿਆਦਾ ਕੁਝ ਨਹੀਂ ਹੁੰਦਾ। ਇਸ ਨਾਲੋਂ ਚੰਗਾ ਹੈ ਕਿ ਹਕੀਕਤ ਵਿਚ ਸਿੱਖਿਆ ਦੇ ਵਿਭਾਗੀ ਤੇ ਵਿਦਿਅਕ ਕੰਮਾਂ ਨੂੰ ਤਰੀਕੇ ਨਾਲ ਵੰਡਣ ਲਈ ਸਬੰਧਤ ਮਾਹਿਰਾਂ ਦੀਆਂ ਕਮੇਟੀਆਂ ਗਠਨ ਹੋਣ, ਜਿਸ ਵਿਚ ਅਧਿਆਪਕ, ਲੇਖਕ, ਯੂਨੀਵਰਸਿਟੀ ਵਿਚਲੇ ਵਿਸ਼ਾ ਮਾਹਿਰਾਂ ਦੀ ਸਲਾਹ ਨਾਲ ਸੰਜੀਦਾ ਫ਼ੈਸਲੇ ਲਏ ਜਾਣ। ਪੂਰਾ ਸਾਲ ਦੋਇਮ ਦਰਜੇ ਦੀ ਰਾਜਨੀਤੀ ਕਰਕੇ ਅੰਤ ਮਾੜੇ ਨਤੀਜਿਆਂ ਤੋਂ ਬਾਅਦ ਹੀ ਆਲੋਚਨਾ ਕਰਨਾ ਕੋਈ ਤਰੱਕੀ ਲਈ ਰਾਹ ਦਸੇਰਾ ਨਹੀਂ। ਸਕੂਲਾਂ ਵਿਚ ਅਸਾਮੀਆਂ ਖਾਲੀ ਪਈਆਂ ਹਨ, ਸਰਕਾਰ ਦੀ ਗੰਭੀਰਤਾ ਇਸ ਗੱਲ ਤੋਂ ਵੀ ਸਾਫ਼ ਦਿਖਾਈ ਦਿੰਦੀ ਹੈ ਕਿ ਠੇਕੇ 'ਤੇ ਰੱਖੇ ਅਧਿਆਪਕ ਪਿਛਲੇ 6 ਮਹੀਨਿਆਂ ਤੋਂ ਤਨਖਾਹ ਤੋਂ ਵਿਰਵੇ ਹਨ। ਅਜਿਹੀ ਵਿਗੜੀ ਆਰਥਿਕ ਦਸ਼ਾ ਵਿਚ ਜੇ ਵਿਅਕਤੀ ਆਪਣੇ ਅਧਿਆਪਨ ਦੇ ਕਿੱਤੇ 'ਤੇ ਹੀ ਨਿਰਭਰ ਹੋਵੇ, ਕਿਸ ਤਰ੍ਹਾਂ ਇਕਾਗਰਤਾ ਨਾਲ ਪੜ੍ਹਾ ਸਕੇਗਾ, ਜਦੋਂ ਕਿ ਯੂਰਪ ਅਤੇ ਅਮਰੀਕਾ ਵਰਗੇ ਦੇਸ਼ਾਂ ਵਿਚ ਸਕੂਲੀ ਅਧਿਆਪਕਾਂ ਨੂੰ ਚੰਗੀ ਤਨਖਾਹ ਦਿੱਤੀ ਜਾਂਦੀ ਹੈ ਤਾਂ ਜੋ ਉਹ ਬੱਚਿਆਂ ਨੂੰ ਬਿਨਾਂ ਕਿਸੇ ਮਾਨਸਿਕ ਤੇ ਆਰਥਿਕ ਦਬਾਅ ਤੋਂ ਚੰਗੀ ਸਿੱਖਿਆ ਦੇ ਸਕਣ। ਸਰਕਾਰ ਨੂੰ ਪੱਕੀ ਭਰਤੀ, ਸਕੂਲਾਂ ਵਿਚ ਪੂਰਾ ਸਾਜ਼ੋ-ਸਾਮਾਨ ਅਤੇ ਸਮੇਂ-ਸਮੇਂ 'ਤੇ ਬਦਲ ਰਹੇ ਪੜ੍ਹਾਉਣ ਦੇ ਤਰੀਕਿਆਂ ਲਈ ਰਿਫਰੈਸ਼ਰ ਕੋਰਸ ਆਦਿ ਦਾ ਅਧਿਆਪਕਾਂ ਲਈ ਪ੍ਰਬੰਧ ਕਰਨਾ ਚਾਹੀਦਾ ਹੈ।


-ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ
ਪਿੰਡ ਨੱਥੂ ਮਾਜਰਾ, ਜ਼ਿਲ੍ਹਾ ਸੰਗਰੂਰ।

28/06/2017

ਬਾਬੂਆਂ 'ਤੇ ਬਾਜ਼ ਅੱਖ
ਅੱਜ ਪੰਜਾਬ ਦੇ ਬਹੁਤੇ ਸਰਕਾਰੀ ਤੇ ਗ਼ੈਰ-ਸਰਕਾਰੀ ਅਦਾਰਿਆਂ ਵਿਚ ਫੈਲ ਚੁੱਕੇ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਨੂੰ ਜੜੋਂ੍ਹ ਖ਼ਤਮ ਕਰਨ ਲਈ ਅਤੇ ਡਿਊਟੀ ਪ੍ਰਤੀ ਅਵੇਸਲਾਪਨ ਦਿਖਾਉਣ ਵਾਲੇ ਬਾਬੂਆਂ 'ਤੇ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਬਾਜ਼ ਅੱਖ ਰੱਖੀ ਜਾ ਰਹੀ ਹੈ। ਹੋਣਾਂ ਤਾਂ ਇਹ ਚਾਹੀਦਾ ਹੈ ਕਿ ਸਰਕਾਰੀ ਬਾਬੂਆਂ 'ਤੇ ਚਲਦੇ ਕੇਸ ਸੇਵਾ-ਮੁਕਤੀ ਤੋਂ ਬਾਅਦ ਵੀ ਜਾਰੀ ਰਹਿਣ।
ਭ੍ਰਿਸ਼ਟ ਕਰਮਚਾਰੀਆਂ ਦੀ ਸੰਪਤੀ ਤੱਕ ਜ਼ਬਤ ਕੀਤੀ ਜਾਵੇ। ਕਰਮਚਾਰੀਆਂ ਨਾਲ ਸਬੰਧ ਰੱਖਦਾ ਇਕ ਕਾਨੂੰਨ 1988 ਵਿਚ ਬਣਿਆ ਸੀ ਤਾਂ ਕਿ ਭ੍ਰਿਸ਼ਟ ਕਰਮਚਾਰੀਆਂ 'ਚ ਡਰ ਪੈਦਾ ਕੀਤਾ ਜਾ ਸਕੇ। ਪਰ ਬਹੁਤੀ ਥਾਈਂ ਅਜਿਹਾ ਨਹੀਂ ਹੋਇਆ। ਲਗਦਾ ਹੈ ਕਿ ਇਹ ਕਾਨੂੰਨ ਆਪਣਾ ਪ੍ਰਭਾਵ ਨਹੀਂ ਛੱਡ ਸਕਿਆ। ਅੱਜ ਇਸ ਕਾਨੂੰਨ ਵਿਚ ਸੋਧ ਕਰਨ ਦੀ ਲੋੜ ਭਾਸਦੀ ਹੈ। ਜੇਕਰ ਵਿਜੀਲੈਂਸ ਬਿਊਰੋ ਪੰਜਾਬ ਆਪਣੀ ਮੁਹਿੰਮ ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਨਿਭਾਉਂਦਾ ਹੈ ਤਾਂ ਬਿਨਾਂ ਸ਼ੱਕ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਤੋਂ ਪੰਜਾਬੀਆਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ।


-ਬੰਤ ਘੁਡਾਣੀ
ਪਿੰਡ ਤੇ ਡਾਕ : ਘੁਡਾਣੀ ਕਲਾਂ, ਲੁਧਿਆਣਾ।

27/06/2017

 13ਵੀਂ ਤਨਖਾਹ ਸਬੰਧੀ
ਪੰਜਾਬ ਸਰਕਾਰ ਨੇ ਜੋ ਪੁਲਿਸ ਮੁਲਾਜ਼ਮ ਦਫ਼ਤਰਾਂ ਵਿਚ ਕੰਮ ਕਰਦੇ ਹਨ, ਉਨ੍ਹਾਂ ਦੀ ਤੇਹਰਵੀਂ ਤਨਖਾਹ ਬੰਦ ਕਰਨ ਦਾ ਜੋ ਫ਼ੈਸਲਾ ਲਿਆ ਹੈ, ਬਾਰੇ ਵਿਚਾਰ ਕਰਨ ਦੀ ਸਰਕਾਰ ਨੂੰ ਸੰਜੀਦਗੀ ਨਾਲ ਲੋੜ ਹੈ, ਕਿਉਂਕਿ ਪੁਲਿਸ ਦੀ ਡਿਊਟੀ 24 ਘੰਟੇ ਦੀ ਹੈ। ਸਾਰੀ ਉਮਰ ਨੌਕਰੀ ਤਣਾਅ ਵਿਚ ਹੀ ਲੰਘ ਜਾਂਦੀ ਹੈ ਤੇ ਆਪਣੇ ਬੱਚਿਆਂ ਦੀ ਵੀ ਚੰਗੀ ਤਰ੍ਹਾਂ ਸਾਂਭ ਸੰਭਾਲ ਨਹੀਂ ਹੁੰਦੀ ਅਤੇ ਨਾ ਹੀ ਉਨ੍ਹਾਂ ਦੀ ਪੜ੍ਹਾਈ ਵੱਲ ਧਿਆਨ ਦਿੱਤਾ ਜਾਂਦਾ ਹੈ। ਪੁਲਿਸ ਦੇ ਖਾਣ ਪੀਣ ਦਾ ਕੋਈ ਟਾਈਮ ਟੇਬਲ ਨਹੀਂ ਹੈ। ਸਿਖਰ ਦੁਪਹਿਰ ਵਿਚ ਪੁਲਿਸ ਮੁਲਾਜ਼ਮ ਨੂੰ ਇਕ ਲੱਤ 'ਤੇ ਖੜ੍ਹੇ ਰਹਿ ਕੇ ਅਲਰਟ ਹੋ ਕੇ ਡਿਊਟੀ ਕਰਨੀ ਪੈਂਦੀ ਹੈ ਜਦੋਂ ਕਿ ਸਿਵਲ ਦੇ ਮੁਲਾਜ਼ਮ ਏ.ਸੀ. ਕਮਰਿਆਂ ਵਿਚ ਬਹਿ ਕੇ ਨੌਂ ਤੋਂ ਪੰਜ ਡਿਊਟੀ ਕਰਦੇ ਹਨ। ਇਨ੍ਹਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਹੀ ਸਰਕਾਰਾਂ ਨੇ ਪੁਲਿਸ ਮੁਲਾਜ਼ਮ ਦੀ ਤੇਹਰਵੀਂ ਤਨਖਾਹ ਲਗਾਈ ਸੀ। ਇਨ੍ਹਾਂ ਦੀ ਦਫ਼ਤਰ ਤੋਂ ਡਿਊਟੀ ਤੋਂ ਬਾਅਦ ਵੀ ਅਤੇ ਐਤਵਾਰ ਵਾਲੇ ਦਿਨ ਵੀ ਅਤੇ ਗਜ਼ਟਿਡ ਛੁੱਟੀ ਵਾਲੇ ਦਿਨ ਵੀ ਵੀ.ਆਈ.ਪੀ. ਡਿਊਟੀ, ਲਾਅ ਐਂਡ ਆਰਡਰ ਡਿਊਟੀ ਅਤੇ ਐਮਰਜੈਂਸੀ ਡਿਊਟੀ ਲਗਾ ਦਿੱਤੀ ਜਾਂਦੀ ਹੈ। ਸਰਕਾਰ ਨੂੰ ਇਸ ਨੂੰ ਸੰਜੀਦਗੀ ਨਾਲ ਲੈ ਕੇ ਇਹ ਹੁਕਮ ਵਾਪਸ ਲੈਣਾ ਚਾਹੀਦਾ ਹੈ ਅਤੇ ਮੁਲਾਜ਼ਮਾਂ ਦੀ ਪਰੇਡ ਦੀ ਜਗ੍ਹਾ ਉਨ੍ਹਾਂ ਪਾਸੋਂ ਯੋਗਾ ਕਰਾਉਣਾ ਚਾਹੀਦਾ ਹੈ ਤਾਂ ਜੋ ਯੋਗਾ ਕਰਕੇ ਉਨ੍ਹਾਂ ਦਾ ਤਣਾਅ ਘਟਾਇਆ ਜਾ ਸਕੇ ਅਤੇ ਬਿਮਾਰੀਆਂ ਤੋਂ ਵੀ ਛੁਟਕਾਰਾ ਦਿਵਾਇਆ ਜਾ ਸਕੇ।

ਗੁਰਮੀਤ ਸਿੰਘ ਵੇਰਕਾ।

26/06/2017

 ਸਿੱਖਿਆ ਪ੍ਰਣਾਲੀ 'ਚ ਨਿਘਾਰ
ਸਭ ਤੋਂ ਅਹਿਮ ਜ਼ਰੂਰਤ ਸਿੱਖਿਆ ਅਧਿਕਾਰ ਐਕਟ ਦੀਆਂ ਦੋਸ਼ਪੂਰਨ ਧਾਰਾਵਾਂ ਦਾ ਮੰਥਨ ਕਰਕੇ, ਉਨ੍ਹਾਂ ਨੂੰ ਸੋਧਣਾ ਹੈ। ਅਜਿਹੇ ਬੱਚੇ ਵੀ ਅੱਠਵੀਂ ਪਾਸ ਕਰਨ ਦਾ ਪ੍ਰਮਾਣ ਪੱਤਰ ਲਈ ਫਿਰਦੇ ਹਨ, ਜਿਨ੍ਹਾਂ ਨੂੰ ਪੰਜਾਬੀ ਵਿਚ ਸਧਾਰਨ ਅਰਜ਼ੀ ਨਹੀਂ ਲਿਖਣੀ ਆਉਂਦੀ ਅਤੇ ਨਾ ਹੀ ਗਣਿਤ ਦੀ ਮੁਢਲੀ ਜੋੜ-ਘਟਾਓ ਆਉਂਦੀ ਹੈ। ਇਸ ਐਕਟ ਰਾਹੀਂ ਸਿਰਫ਼ ਬੱਚਿਆਂ ਦੀ ਗਿਣਤੀ ਹੀ ਸਕੂਲਾਂ 'ਚ ਵਧਾ ਕੇ ਦਰਸਾਈ ਜਾ ਸਕਦੀ ਹੈ। ਇਸ ਪ੍ਰਤੀ ਨਾ ਸਾਡਾ ਸਮਾਜ ਅਤੇ ਨਾ ਹੀ ਸਰਕਾਰ ਸੰਜੀਦਾ ਹੈ। ਆਖਰ ਕਦੋਂ ਤੱਕ ਅਸੀਂ ਥੁੱਕੀਂ ਵੜੇ ਪਕਾ ਕੇ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਦੇ ਰਹਾਂਗੇ।

ਪ੍ਰਿੰ: ਭੁਪਿੰਦਰ ਸਿੰਘ ਢਿੱਲੋਂ
ਦੀਪਗੜ੍ਹ (ਬਰਨਾਲਾ)।

ਅਨਪੜ੍ਹ ਸਾਥੋਂ ਚੰਗੇ
ਪੰਜਾਬ 'ਚ ਜਿੰਨੇ ਲੋਕ ਵੱਧ ਪੜ੍ਹ-ਲਿਖ ਰਹੇ ਹਨ, ਉਨੇ ਹੀ ਵੱਡੀ ਪੱਧਰ 'ਤੇ ਲੋਕਾਂ ਦੀ ਸਿਆਣਪ 'ਤੇ ਠੂਠਾ ਮੂਧਾ ਵੱਜਦਾ ਨਜ਼ਰ ਆ ਰਿਹਾ ਹੈ। ਸਹਿਣ-ਸ਼ਕਤੀ ਘੱਟ ਹੋਣ ਕਰਕੇ ਲੋਕਾਂ 'ਚ ਆਪਸੀ ਹੋ ਰਹੇ ਲੜਾਈ-ਝਗੜਿਆਂ ਦੀ ਗੱਲ ਥਾਣੇ ਤੋਂ ਕਚਹਿਰੀਆਂ ਤੱਕ ਪੁੱਜਣਾ ਆਮ ਗੱਲ ਬਣਦੀ ਜਾ ਰਹੀ ਹੈ। ਦੂਸਰੇ ਪਾਸੇ ਪੰਜਾਬ ਵਿਚ ਉਹ ਜਮਾਂਦਰੂ ਅਨਪੜ੍ਹ ਲੋਕ ਵੀ ਵਸਦੇ ਹਨ, ਜਿਨ੍ਹਾਂ ਨੇ ਥਾਣੇ-ਕਚਹਿਰੀ ਦਾ ਮੂੰਹ ਤੱਕ ਨਹੀਂ ਦੇਖਿਆ। ਇਹ ਲੋਕ ਹਨ ਗੱਡੀਆਂ ਵਾਲੇ ਵਣਜਾਰੇ, ਜੋ ਹਾੜ੍ਹੀ-ਸਾਉਣੀ ਦੇ ਸਮੇਂ 'ਚ ਪਿੰਡਾਂ ਦੀਆਂ ਸਾਂਝੀਆਂ ਥਾਵਾਂ 'ਤੇ ਬੈਠ ਕੇ ਕਿਸਾਨਾਂ ਨੂੰ ਹੱਥੀਂ ਕੰਮ ਕਰਨ ਵਾਲੇ ਔਜਾਰ ਆਦਿ ਬਣਾ ਕੇ ਦਿੰਦੇ ਹਨ। ਇਹ ਲੋਕ ਦੱਸਦੇ ਹਨ ਕਿ ਇਨ੍ਹਾਂ ਦੇ ਪੁਰਖਿਆਂ ਤੋਂ ਲੈ ਕੇ ਅੱਜ ਤੱਕ ਕਬੀਲੇ ਦੇ ਲੋਕਾਂ ਨੇ ਕਦੇ ਥਾਣੇ-ਕਚਹਿਰੀ ਦਾ ਮੂੰਹ ਤੱਕ ਨਹੀਂ ਵੇਖਿਆ। ਪੰਚਾਇਤ ਦੇ ਕੀਤੇ ਫ਼ੈਸਲੇ ਨੂੰ ਕਬੀਲੇ ਦੇ ਲੋਕ ਖਿੜੇ ਮੱਥੇ ਪ੍ਰਵਾਨ ਕਰ ਲੈਂਦੇ ਹਨ।
ਪਿਛਲੇ ਦਿਨੀਂ 'ਅਜੀਤ' ਵਿਚ ਇਹ ਜਾਣਕਾਰੀ ਪੜ੍ਹ ਕੇ ਸਾਡੇ ਪੜ੍ਹੇ-ਲਿਖੇ ਵਰਗ ਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਵਿਕਸਿਤ, ਖੁਸ਼ਹਾਲ, ਗਿਆਨ ਰੂਪੀ ਤੀਜੀ ਅੱਖ ਦੇ ਮਾਲਕ ਪੰਜਾਬ ਵਾਸੀ ਇਨ੍ਹਾਂ ਕਦਬੁੱਤ ਵਾਲੇ ਅਨਪੜ੍ਹ ਲੋਕਾਂ ਸਾਹਮਣੇ ਕਿੰਨੇ ਬੌਣੇ ਹਾਂ।

-ਪ੍ਰਿੰ: ਗੁਰਬਚਨ ਸਿੰਘ ਲਾਲੀ
ਪੀ.ਈ.ਐਸ.-ਏ, ਲੇਖਕ ਮੰਚ ਪੱਟੀ।

ਨਾਨਕੇ ਪਿੰਡ ਦਾ ਚਾਅ
ਪਿਛਲੇ ਦਿਨੀਂ 'ਅਜੀਤ' ਦੇ ਲੋਕ ਮੰਚ 'ਚ ਰਾਜਾ ਗਿੱਲ ਦਾ ਲੇਖ 'ਅਲੋਪ ਹੋ ਰਿਹਾ ਛੁੱਟੀਆਂ 'ਚ ਨਾਨਕੇ ਪਿੰਡ ਜਾਣ ਦਾ ਚਾਅ' ਬੇਹੱਦ ਪਸੰਦ ਆਇਆ। ਭਾਵੇਂ ਲੇਖਕ ਨੇ ਕੇਵਲ ਆਪਣੀ ਹੱਡਬੀਤੀ ਦੱਸੀ ਪਰ ਇੰਜ ਲੱਗਦਾ ਸੀ ਜਿਵੇਂ ਉਹ ਮੇਰੀ ਗੱਲ ਕਰਦੇ ਹੋਣ। ਬਿਲਕੁਲ ਸਚਾਈ ਹੈ ਇਹੀ ਜੇ ਮੌਜੂਦਾ ਦੌਰ ਦੀ ਗੱਲ ਕਰੀਏ ਸੰਚਾਰ ਦੇ ਸਾਧਨਾਂ ਮੋਬਾਈਲਾਂ ਆਦਿ ਨੇ ਸਾਡੇ ਸਾਰੇ ਨਜ਼ਦੀਕੀ ਤੋਂ ਨਜ਼ਦੀਕੀ ਰਿਸ਼ਤਿਆਂ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਇਹ ਸਾਰਾ ਕੁਝ ਉਂਜ ਦੋ ਕੁ ਦਹਾਕਿਆਂ ਤੋਂ ਹੀ ਸ਼ੁਰੂ ਹੋਇਆ ਹੈ। ਪਹਿਲਾਂ ਅਜਿਹਾ ਨਹੀਂ ਸੀ ਹੁੰਦਾ, ਪਹਿਲਾਂ ਸਾਰੇ ਰਿਸ਼ਤਿਆਂ ਵਿਚ ਹੀ ਖਿੱਚ ਹੁੰਦੀ ਸੀ। ਖਾਸ ਕਰਕੇ ਛੁੱਟੀਆਂ ਹੋਣ ਤੋਂ ਪਹਿਲਾਂ ਹੀ ਨਾਨਕੇ ਜਾਣ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸਨ। ਉਦੋਂ ਟੈਲੀਫੋਨ ਆਦਿ ਕੋਈ ਸਾਧਨ ਨਹੀਂ ਹੁੰਦੇ ਸਨ। ਚਿੱਠੀਆਂ-ਪੱਤਰਾਂ ਰਾਹੀਂ ਸਾਰਾ ਕੁਝ ਹੋਣਾ। ਵਾਕਿਆ ਹੀ ਉਹ ਦਿਨ ਬੜੇ ਪਿਆਰੇ ਸਨ। ਆਧੁਨਿਕ ਸੰਚਾਰ ਸਾਧਨ ਬੇਸ਼ੱਕ ਅੱਜ ਦੇ ਦੌਰ 'ਚ ਬਹੁਤ ਜ਼ਰੂਰੀ ਹਨ ਪ੍ਰੰਤੂ ਇਨ੍ਹਾਂ ਦੇ ਚਲਦਿਆਂ ਸਾਰੇ ਰਿਸ਼ਤਿਆਂ 'ਚ ਮਿਠਾਸ ਵੀ ਬਣੀ ਰਹਿਣੀ ਜ਼ਰੂਰੀ ਹੈ।

-ਮਾ: ਦੇਵ ਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

22/06/2017

 ਪੱਤਰਸਿੱਖੀ ਦੇ ਅਸੂਲ...
ਸ: ਤਰਲੋਚਨ ਸਿੰਘ ਦਾ ਲੇਖ 'ਪੰਜਾਬ ਵਿਚ ਅਮਨ ਕਿਸੇ ਇਕ ਪੁਲਿਸ ਅਫ਼ਸਰ ਦੀ ਦੇਣ ਨਹੀਂ' ਪ੍ਰਕਾਸ਼ਿਤ ਹੋਇਆ। ਕੇ.ਪੀ.ਐਸ. ਗਿੱਲ 1988-90 ਵਿਚ ਪੰਜਾਬ ਦਾ ਡਾਇਰੈਕਟਰ ਜਨਰਲ ਰਿਹਾ ਪ੍ਰੰਤੂ ਸ਼ਾਂਤੀ ਨਹੀਂ ਲਿਆ ਸਕਿਆ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਕਾਬਲ ਪ੍ਰਬੰਧਕ ਸੀ। ਸ਼ਾਂਤੀ ਚੁਣੀ ਹੋਈ ਸਰਕਾਰ ਦੇ ਆਉਣ ਤੋਂ ਬਾਅਦ ਆਈ ਹੈ। ਲੇਖ ਵਿਚ ਲਿਖਿਆ ਗਿਆ ਹੈ ਪੰਜਾਬ ਦੇ ਹਾਲਾਤ ਬਲਿਊ ਸਟਾਰ ਅਪ੍ਰੇਸ਼ਨ ਤੋਂ ਬਾਅਦ ਵਿਗੜੇ ਸਨ, ਕਿਉਂਕਿ ਪੰਜਾਬੀਆਂ ਦੀਆਂ ਭਾਵਨਾਵਾਂ ਜ਼ਖ਼ਮੀ ਹੋਈਆਂ ਸਨ। ਜਿਹੜੀ ਗੱਲ ਲੇਖ ਵਿਚ ਗਿੱਲ ਨੂੰ ਪੱਕਾ ਸਿੱਖ ਹੋਣ ਬਾਰੇ ਲਿਖੀ ਹੈ, ਮੈਂ ਉਸ ਨਾਲ ਸਹਿਮਤ ਨਹੀਂ। ਦਾੜ੍ਹੀ ਰੱਖਣਾ ਸਿੱਖੀ ਨਹੀਂ ਪ੍ਰੰਤੂ ਸਿੱਖੀ ਦੇ ਅਸੂਲਾਂ ਤੇ ਚਲਣਾ ਸਿੱਖੀ ਹੈ। ਉਂਜ ਤਰਲੋਚਨ ਸਿੰਘ ਨੇ ਦਲੇਰੀ ਕਰਕੇ ਸਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਚੰਗੀ ਗੱਲ ਹੈ।


-ਉਜਾਗਰ ਸਿੰਘ
ਪਟਿਆਲਾ।


ਕਿਸਾਨ ਤੇ ਪਾਣੀ
ਕਰੀਬ 1970 ਵਿਚ ਪੰਜਾਬ ਦਾ ਕਿਸਾਨ ਟਿਊਬਵੈੱਲ ਇੰਜਣ ਨਾਲ ਸਿੰਚਾਈ ਕਰਨ ਲੱਗਿਆ ਸੀ। ਉਸ ਸਮੇਂ ਪਾਣੀ ਦਾ ਪੱਧਰ ਕਾਫੀ ਉੱਚਾ ਸੀ। ਪਰ ਹੁਣ ਸਥਿਤੀ ਏਨੀ ਵਿਗੜ ਚੁੱਕੀ ਹੈ ਕਿ 50-100 ਫੁੱਟ ਤੱਕ ਵੀ ਸਾਫ਼ ਪਾਣੀ ਨਹੀਂ ਮਿਲਦਾ। ਲੋੜ ਹੈ ਕਿ ਕਿਸਾਨ ਵੀਰ ਬਦਲ ਰਹੇ ਹਾਲਾਤ ਨੂੰ ਸਮਝਣ ਅਤੇ ਪਾਣੀ ਬਚਾਉਣ ਲਈ ਉਪਰਾਲੇ ਕਰਨ। ਜਿਵੇਂ ਕਿ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਨਹਿਰੀ ਪਾਣੀ ਦੀ ਕੀਤੀ ਜਾਵੇ। ਪਿੰਡਾਂ ਦੇ ਛੱਪੜ, ਟੋਬੇ ਆਦਿ ਸਾਫ਼ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਮੀਂਹ ਦਾ ਜ਼ਿਆਦਾ ਪਾਣੀ ਇਨ੍ਹਾਂ ਵਿਚ ਇਕੱਠਾ ਕੀਤਾ ਜਾ ਸਕੇ। ਝੋਨੇ ਹੇਠਲਾ ਰਕਬਾ ਘੱਟ ਕਰਕੇ ਹੋਰ ਫ਼ਸਲਾਂ ਦੀ ਬਿਜਾਈ ਕਰਨੀ ਚਾਹੀਦੀ ਹੈ। ਅੱਜ ਲੋੜ ਹੈ ਕਿ ਅਨਮੋਲ ਰਤਨ ਪਾਣੀ ਨੂੰ ਬਚਾਉਣ ਲਈ ਵੱਧ ਤੋਂ ਵੱਧ ਉਪਰਾਲੇ ਕਰੀਏ।


-ਪਰਮਜੀਤ ਸਿੰਘ ਬੁੱਟਰ
ਪਿੰਡ ਕੋਟਲਾ ਖੁਰਦ, ਗੁਰਦਾਸਪੁਰ।


ਨਿੰਦਣਯੋਗ ਘਟਨਾ
ਇਕ ਔਰਤ ਪੁਲਿਸ ਮੁਲਾਜ਼ਮ ਅਮਨਪ੍ਰੀਤ ਕੌਰ ਵੱਲੋਂ ਖ਼ਦਕੁਸ਼ੀ ਕਰ ਲੈਣੀ ਇਕ ਬਹੁਤ ਹੀ ਨਿੰਦਣਯੋਗ ਘਟਨਾ ਹੈ। ਸਾਡੇ ਦੇਸ਼ ਵਿਚ ਅਜਿਹੇ ਕਈ ਦਰਿੰਦੇ ਪੈਦਾ ਹੋ ਗਏ ਹਨ, ਜੋ ਆਪਣੇ ਦਫ਼ਤਰ ਵਿਚ ਕੰਮ ਕਰਦੀ ਔਰਤ ਨੂੰ ਆਪਣੇ ਚੁੰਗਲ ਵਿਚ ਫਸਾਉਣ ਲਈ ਸਦਾ ਤੰਗ-ਪ੍ਰੇਸ਼ਾਨ ਕਰਦੇ ਰਹਿੰਦੇ ਹਨ। ਪੁਲਿਸ ਮੁਲਾਜ਼ਮਾਂ ਵੱਲੋਂ ਅਜਿਹੀ ਹਰਕਤ ਕਰਨ ਨਾਲ ਹੁਣ ਲੋਕਾਂ ਦਾ ਪੁਲਿਸ ਤੋਂ ਵਿਸ਼ਵਾਸ ਉੱਠ ਜਾਵੇਗਾ ਤੇ ਹੁਣ ਮਾਪੇ ਆਪਣੀਆਂ ਕੁੜੀਆਂ ਨੂੰ ਪੁਲਿਸ ਵਿਚ ਭਰਤੀ ਕਰਵਾਉਣ ਤੋਂ ਵੀ ਡਰਨਗੇ। ਕਲੰਕਤ ਹੋ ਚੁੱਕੇ ਪੁਲਿਸ ਪ੍ਰਸ਼ਾਸਨ ਨੂੰ ਬਚਾਉਣ ਲਈ ਸਰਕਾਰ ਨੂੰ ਬਿਨਾਂ ਦੇਰੀ ਕੀਤਿਆਂ ਅਜਿਹੇ ਵਿਅਕਤੀਆਂ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਵਿਚ ਕੋਈ ਵੀ ਵਿਅਕਤੀ ਅਜਿਹੀ ਹਰਕਤ ਕਰਨ ਦੀ ਜੁਰਅਤ ਨਾ ਕਰੇ।


-ਸ਼ਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆਂ, ਡਾਕ: ਚੀਮਾਂ ਖੁੱਡੀ
ਜ਼ਿਲ੍ਹਾ ਗੁਰਦਾਸਪੁਰ।

20/06/2017

 ਵਧ ਰਹੇ ਗੈਂਗਰੇਪ ਦੇ ਮਾਮਲੇ

ਅੱਜਕਲ੍ਹ ਸਾਡੇ ਭਾਰਤ ਦੇਸ਼ ਦੇ ਹਰੇਕ ਰਾਜ ਵਿਚ ਔਰਤਾਂ ਨਾਲ ਜ਼ਿਆਦਤੀਆਂ ਦਿਨੋ-ਦਿਨ ਵਧ ਰਹੀਆਂ ਹਨ। ਉਨ੍ਹਾਂ ਨਾਲ ਗੈਂਗਰੇਪ ਵਰਗੇ ਘਟੀਆ ਕਰਮ ਕੀਤੇ ਜਾ ਰਹੇ ਹਨ ਜੋ ਕਿ ਸਮੁੱਚੀ ਮਾਨਵਤਾ ਦੇ ਹਿਰਦਿਆਂ ਨੂੰ ਵਲੂੰਧਰਦੇ ਹਨ। ਅਜਿਹੀਆਂ ਘਟਨਾਵਾਂ ਵਾਪਰਨ ਕਾਰਨ ਹਰੇਕ ਮਾਂ-ਪਿਓ ਆਪਣੀ ਧੀ ਦੀ ਰੱਖਿਆ ਪ੍ਰਤੀ ਮੂੰਹ ਵਿਚ ਉਂਗਲ ਪਾ ਕੇ ਸੋਚਣ ਲਈ ਮਜਬੂਰ ਹੋ ਜਾਂਦਾ ਹੈ। ਸਭ ਤੋਂ ਵੱਧ ਸਰਕਾਰ ਦੀ ਹੀ ਜ਼ਿੰਮੇਵਾਰੀ ਬਣਦੀ ਹੈ ਕਿ ਅਜਿਹੇ ਮਾਨਵਤਾ ਦੇ ਦੋਸ਼ੀਆਂ ਨੂੰ ਕਰੜੀ ਤੋਂ ਕਰੜੀ ਸਜ਼ਾ ਦਿੱਤੀ ਜਾਵੇ ਤਾਂ ਹੀ ਅੱਜ ਦੀ ਬਾਲੜੀ ਅਤੇ ਅੱਜ ਦੀ ਨਾਰੀ ਆਪਣੇ-ਆਪ ਨੂੰ ਕੁਝ ਸੁਰੱਖਿਅਤ ਮਹਿਸੂਸ ਕਰ ਸਕਦੀ ਹੈ ਅਤੇ ਖੁੱਲ੍ਹ ਕੇ ਪੂਰੀ ਈਮਾਨਦਾਰੀ ਨਾਲ ਦੇਸ਼ ਪ੍ਰਤੀ ਆਪਣੇ ਫ਼ਰਜ਼ ਨਿਭਾਉਣ ਦੇ ਸਮਰੱਥ ਹੋ ਸਕਦੀ ਹੈ।

-ਜਸਪ੍ਰੀਤ ਕੌਰ ਸ਼ੰਕਰ
ਲੁਧਿਆਣਾ।

ਘਟ ਰਿਹਾ ਮੋਹ-ਪਿਆਰ

ਨਰੋਈਆਂ ਕਦਰਾਂ-ਕੀਮਤਾਂ ਹੀ ਸਮਾਜ ਨੂੰ ਆਪਸ ਵਿਚ ਜੋੜੀ ਰੱਖਦੀਆਂ ਹਨ। ਅੱਜ ਜੇ ਸਾਡਾ ਸਮਾਜ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਜਾਂ ਉਲਝਣਾਂ ਵਿਚ ਘਿਰ ਰਿਹਾ ਹੈ ਤਾਂ ਸਾਨੂੰ ਇਸ ਬਾਰੇ ਜ਼ਰੂਰ ਸੋਚਣਾ ਪਵੇਗਾ। ਕਹਿਣ ਨੂੰ ਤਾਂ ਪਿੰਡਾਂ ਵਿਚ ਵੀ ਸ਼ਹਿਰਾਂ ਵਾਲੀਆਂ ਸਹੂਲਤਾਂ ਮਿਲ ਰਹੀਆਂ ਹਨ ਪਰ ਫਿਰ ਵੀ ਦਿਮਾਗੀ ਸਕੂਨ ਨਹੀਂ ਮਿਲ ਰਿਹਾ। ਕੀ ਕਦੀ ਸੋਚਿਆ ਹੈ ਕਿ ਅਜਿਹਾ ਕਿਉਂ ਹੋ ਰਿਹਾ ਹੈ। ਕਿਉਂ ਅਸੀਂ ਆਪਸੀ ਰਿਸ਼ਤਿਆਂ ਵੱਲ ਪਿੱਠ ਕਰ ਲਈ ਹੈ। ਦਰਅਸਲ ਪਦਾਰਥਵਾਦੀ ਸੋਚ ਨੇ ਹਰ ਇਕ ਨੂੰ ਘੇਰ ਲਿਆ ਹੈ। 'ਕੀ ਕਰੀਏ ਵਿਹਲ ਹੀ ਨਹੀਂ ਮਿਲਦਾ' ਅਕਸਰ ਇਹ ਸ਼ਬਦ ਹੀ ਇਕ ਦੂਜੇ ਤੋਂ ਸੁਣਨ ਨੂੰ ਮਿਲਦੇ ਹਨ। ਕੋਈ ਸਮਾਂ ਸੀ ਜਦੋਂ ਅਸੀਂ ਆਪਣੇ ਦੁੱਖ-ਸੁੱਖ ਆਪਸ ਵਿਚ ਵੰਡ ਲੈਂਦੇ ਸਾਂ। ਵੱਡੀਆਂ-ਵੱਡੀਆਂ ਸਮੱਸਿਆਵਾਂ ਦਾ ਵੀ ਮਿਲ-ਬੈਠ ਕੇ ਹੱਲ ਕੱਢ ਲਿਆ ਜਾਂਦਾ ਸੀ। ਅੱਜ ਛੋਟੀ ਜਿਹੀ ਗੱਲ ਵੀ ਮੁਸੀਬਤ ਬਣ ਜਾਂਦੀ ਹੈ, ਕਿਉਂਕਿ ਅਸੀਂ ਇਕੱਲਤਾ ਆਪਣੇ ਗਲ ਪਾ ਲਈ ਹੈ। ਹਉਕੇ ਲੈਣਾ ਸਿੱਖ ਲਿਆ ਹੈ। ਕਈ ਵਾਰ ਸੋਚਦਾ ਹਾਂ ਕਿ ਹਮੇਸ਼ਾ ਦੁੱਖ-ਸੁਖ ਵਿਚ ਚੜ੍ਹਦੀ ਕਲਾ ਵਿਚ ਰਹਿਣ ਵਾਲਿਆਂ ਦੇ ਚਿਹਰਿਆਂ ਨੂੰ ਕਿਹੜਾ ਗ੍ਰਹਿਣ ਲੱਗ ਗਿਆ ਹੈ। ਅੱਜ ਦੇ ਸਮੇਂ 'ਚ ਆਪਸੀ ਪਿਆਰ ਹੀ ਸਮਾਜ ਨੂੰ ਜੋੜ ਕੇ ਰੱਖ ਸਕਦਾ ਹੈ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਕੁਰਾਹੇ ਪਾ ਰਹੀ ਗਾਇਕੀ

ਪਿਛਲੇ ਕਾਫੀ ਸਮੇਂ ਤੋਂ ਪੰਜਾਬੀ ਗਾਇਕੀ ਅੰਦਰ ਲੱਚਰਤਾ ਤੇ ਨੰਗੇਜ ਵਾਲੀ ਘਟੀਆ ਗਾਇਕੀ ਆਰੰਭ ਹੋ ਚੁੱਕੀ ਹੈ। ਪਰ ਹੁਣ ਜਾਣਬੁੱਝ ਕੇ ਪੰਜਾਬੀ ਗੀਤਾਂ ਦੀਆਂ ਵੀਡੀਓ ਦੇ ਫਿਲਮਾਂਕਣ ਦੇ ਰੂਪ ਵਿਚ ਇਹ ਸਭ ਕੁਝ ਧੜੱਲੇ ਨਾਲ ਵਿਖਾਇਆ ਵੀ ਜਾ ਰਿਹਾ ਹੈ। ਕਈ ਗੀਤਾਂ 'ਤੇ ਤਾਂ ਸਿੱਧੀ ਹੀ ਉਂਗਲ ਉੱਠ ਰਹੀ ਹੈ। ਪਰ ਅਜਿਹੇ ਗਾਇਕ ਕਹਿ ਰਹੇ ਹਨ ਕਿ ਪੰਜਾਬੀ ਬੋਲੀ ਤੇ ਸੰਗੀਤ ਦੀ ਸੇਵਾ ਕਰ ਰਹੇ ਹਾਂ, ਅਸੀਂ ਜ਼ਮੀਰ ਮਾਰ ਕੇ ਇਹ ਸਭ ਕੁਝ ਸੁਣੀ ਵੀ ਜਾ ਰਹੇ ਹਾਂ। ਪੰਜਾਬ ਦੀ ਜਵਾਨੀ ਕਾਫੀ ਹੱਦ ਤੱਕ ਪੰਜਾਬੀ ਗੀਤਾਂ ਨੇ ਕੁਰਾਹੇ ਪਾ ਦਿੱਤੀ ਹੈ। ਅੱਜ ਧੜਾਧੜ ਚੱਲ ਰਹੇ ਲੱਚਰ ਗੀਤ ਬੰਦ ਕੀਤੇ ਜਾਣੇ ਚਾਹੀਦੇ ਹਨ। ਸਾਨੂੰ ਚਾਹੀਦਾ ਹੈ ਕਿ ਸਹੀ ਤੇ ਸਮਝਦਾਰ ਸਰੋਤੇ-ਦਰਸ਼ਕ ਬਣ ਕੇ ਘਟੀਆ ਤੇ ਲਚਰ ਗੀਤਾਂ ਨੂੰ ਨਾ ਪਸੰਦ ਕਰੀਏ।

-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿਆਣਾ)।

16/06/2017

 ਕਿਸਾਨ ਦੀ ਤਰਾਸਦੀ
ਦੇਸ਼ ਦਾ ਅੰਨਦਾਤਾ ਕਿਸਾਨ ਗੰਭੀਰ ਸੰਕਟ ਵਿਚੋਂ ਲੰਘ ਰਿਹਾ ਹੈ। ਵੱਡਾ ਵੋਟ ਬੈਂਕ ਹੋਣ ਕਾਰਨ ਸਾਰੇ ਸਿਆਸੀ ਦਲਾਂ ਨੇ ਇਸ ਵਰਗ ਨੂੰ ਚੋਣਾਂ ਮੌਕੇ ਖੂਬ ਸਬਜ਼ਬਾਗ ਦਿਖਾਏ ਹਨ। ਰੋਜ਼ਾਨਾ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਸਰਕਾਰਾਂ ਦੀ ਗ਼ੈਰ-ਸੰਜੀਦਗੀ ਅਤੇ ਸਹੀ ਸੇਧ ਦੀ ਘਾਟ ਦਾ ਭਾਂਡਾ ਚੌਰਾਹੇ 'ਚ ਭੰਨ ਰਹੀਆਂ ਹਨ। ਕਿਸੇ ਵੀ ਸਿਆਸੀ ਦਲ ਨੇ ਕਰਜ਼ੇ ਦੀ ਪੰਡ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਨ ਅਤੇ ਇਸ ਨੂੰ ਹੌਲੀ ਕਰਨ ਦਾ ਪੈਗ਼ਾਮ ਦੇਣ ਦੀ ਜ਼ਹਿਮਤ ਨਹੀਂ ਉਠਾਈ। ਕਿਸੇ ਪਾਸੇ ਤੋਂ ਇਸ ਦਾ ਠੋਸ ਹੱਲ ਕੱਢਣ ਦੇ ਸੰਜੀਦਾ ਯਤਨਾਂ ਦੀ ਸੂਹ ਨਹੀਂ ਮਿਲ ਰਹੀ। ਜੇ ਕਿਸਾਨ ਨਾ ਰਿਹਾ ਤਾਂ ਸਮਾਜ ਦੀ ਰੀੜ੍ਹ ਦੀ ਹੱਡੀ ਟੁੱਟ ਜਾਏਗੀ। ਫਿਰ ਸਮਾਜਿਕ ਅਰਾਜਕਤਾ ਦੀ ਪੈਦਾਇਸ਼ ਨੂੰ ਰੋਕ ਸਕਣਾ ਸਰਕਾਰਾਂ ਦੇ ਵੱਸ ਵਿਚ ਨਹੀਂ ਰਹਿਣਾ।


-ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ
ਪਿੰਡ ਦੀਪਗੜ੍ਹ (ਬਰਨਾਲਾ)।


ਮਾਂ-ਬੋਲੀ ਹੋਈ ਦਰਕਿਨਾਰ
ਪੰਜਾਬ ਵਿਚ ਸਰਕਾਰੀ ਵਕੀਲਾਂ ਦੀ ਭਰਤੀ ਵਿਚ 'ਪੰਜਾਬੀ ਲਾਜ਼ਮੀ' ਦੀ ਸ਼ਰਤ ਖ਼ਤਮ ਦੀ ਖ਼ਬਰ ਪੜ੍ਹੀ। ਪਿਛਲੀ ਸਰਕਾਰ ਵੱਲੋਂ ਪੰਜਾਬ ਵਿਚ ਹਰ ਮਹਿਕਮੇ 'ਚ ਪੰਜਾਬੀ ਲਾਗੂ ਕਰਕੇ ਪੰਜਾਬੀ ਮਾਂ ਬੋਲੀ ਨੂੰ ਉੱਚਾ ਦਰਜਾ ਦਿੱਤਾ ਗਿਆ ਸੀ। ਬਾਹਰਲੇ ਦੇਸ਼ਾਂ ਵਿਚ ਕਿਸੇ ਭਾਰਤੀ 'ਤੇ ਕੇਸ ਅਦਾਲਤ ਵਿਚ ਚਲਦਾ ਹੈ ਤਾਂ ਉਸ ਨੂੰ ਆਪਣੀ ਮਾਤ ਭਾਸ਼ਾ ਵਿਚ ਗੱਲ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਪਿੰਡਾਂ ਦੇ ਬਹੁਤੇ ਲੋਕ ਘੱਟ ਹੀ ਪੜ੍ਹੇ-ਲਿਖੇ ਹੁੰਦੇ ਹਨ ਪਰ ਉਨ੍ਹਾਂ ਦੇ ਜ਼ਿਆਦਾ ਕੇਸ ਅਦਾਲਤਾਂ ਵਿਚ ਚਲ ਰਹੇ ਹਨ। ਕੋਈ ਵਿਅਕਤੀ ਵਕੀਲਾਂ ਵੱਲੋਂ ਅਦਾਲਤ ਵਿਚ ਕੋਈ ਪਟੀਸ਼ਨ ਦਾਇਰ ਕਰਦਾ ਹੈ ਤਾਂ ਉਸ ਨੂੰ ਬਿਆਨ ਦੀ ਕਾਪੀ ਅੰਗੇਰਜ਼ੀ 'ਚ ਜਦ ਮਿਲੇਗੀ ਤਾਂ ਉਹ ਕਿਵੇਂ ਪੜ੍ਹੇਗਾ। ਮਾਣਯੋਗ ਅਦਾਲਤ ਵਿਚ ਹਰ ਭਾਸ਼ਾ ਦਾ ਸਤਿਕਾਰ ਹੋਣਾ ਚਾਹੀਦਾ ਹੈ। ਪੰਜਾਬੀ ਲੇਖਕ ਪੰਜਾਬੀ ਮਾਂ-ਬੋਲੀ ਪ੍ਰਤੀ ਪੰਜਾਬੀ ਸਾਹਿਤ ਸਭਾਵਾਂ ਬਣਾ ਕੇ ਵੱਡਾ ਯੋਗਦਾਨ ਪਾ ਰਹੇ ਹਨ ਪਰ ਮੌਜੂਦਾ ਸਰਕਾਰ ਵੀ ਪੰਜਾਬੀ ਭਾਸ਼ਾ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝੇ।


-ਮਾਸਟਰ ਜਗੀਰ ਸਿੰਘ ਸਫਰੀ
ਪਿੰਡ ਸਠਿਆਲਾ (ਅੰਮ੍ਰਿਤਸਰ)।


ਸੜਕ ਦੁਰਘਟਨਾਵਾਂ
ਪੰਜਾਬ ਵਿਚ ਸੜਕ ਦੁਰਘਟਨਾਵਾਂ ਦਾ ਵਰਤਾਰਾ ਆਮ ਹੀ ਹੋ ਗਿਆ ਹੈ। ਸਭ ਤੋਂ ਵੱਡਾ ਕਾਰਨ ਤੇਜ਼ ਰਫ਼ਤਾਰ ਗੱਡੀ ਚਲਾਉਣਾ ਮੰਨਿਆ ਜਾ ਸਕਦਾ ਹੈ। ਪਰ ਪਿਛਲੇ ਦੋ-ਤਿੰਨ ਦਿਨਾਂ ਤੋਂ ਧਾਰਮਿਕ ਅਸਥਾਨਾਂ 'ਤੇ ਆਉਣ-ਜਾਣ ਵਾਲੀਆਂ ਗੱਡੀਆਂ ਦੇ ਦੁਰਘਟਨਾਗ੍ਰਸਤ ਹੋਣ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਪੜ੍ਹਨ ਨੂੰ ਆ ਰਹੀਆਂ ਹਨ, ਜਿਸ ਵਿਚ ਕਈ ਲੋਕ ਜ਼ਖ਼ਮੀ ਹੋਏ ਤੇ ਕਈ ਮਰ ਗਏ। ਇਸ ਦੇ ਕਾਰਨ ਓਵਰਲੋਡਿੰਗ, ਲੰਮੀ ਯਾਤਰਾ ਦੀ ਥਕਾਵਟ ਤੇ ਉਨੀਂਦਰਾਪਨ ਜਾਂ ਅਣਗਹਿਲੀ ਵੀ ਹੋ ਸਕਦੇ ਹਨ। ਪਰ ਅਫ਼ਸੋਸ ਤੇ ਦੁੱਖ ਇਸ ਗੱਲ ਦਾ ਹੈ ਕਿ ਅਜਿਹੇ ਹਾਦਸੇ ਰੁਕ ਨਹੀਂ ਰਹੇ ਤੇ ਨਾ ਹੀ ਸਰਕਾਰ ਰੋਕਣ ਲਈ ਆਵਾਜਾਈ ਨਿਯਮਾਂ ਪ੍ਰਤੀ ਅਜੇ ਤੱਕ ਸੰਜੀਦਾ ਹੈ।


-ਪਿਆਰਾ ਸਿੰਘ
ਨਕੋਦਰ।

13/06/2017

 ਗਰੀਨ ਟ੍ਰਿਬਿਊਨਲ ਤੇ ਕਿਸਾਨ

ਵਾਤਾਵਰਨ ਦੀ ਸਾਂਭ-ਸੰਭਾਲ ਲਈ 'ਕੌਮੀ ਗਰੀਨ ਟ੍ਰਿਬਿਊਨਲ' ਵੱਲੋਂ ਖੇਤਾਂ ਵਿਚਲੀ ਰਹਿੰਦ-ਖੂੰਹਦ ਨੂੰ ਸਾੜਨ 'ਤੇ ਪਾਬੰਦੀ ਲਗਾਈ ਗਈ ਹੈ। ਪੂਰੇ ਪੰਜਾਬ ਵਿਚ ਨਜ਼ਰ ਰੱਖਣ ਲਈ 'ਪੰਜਾਬ ਰਿਮੋਟ ਸੈਸਿੰਗ ਕੇਂਦਰ' ਲੁਧਿਆਣਾ ਵਿਚ ਸਥਾਪਿਤ ਕੀਤਾ ਗਿਆ ਹੈ। ਜੰਗਲਾਤ ਵਿਭਾਗ ਦੇ ਕਰਮਚਾਰੀਆਂ ਵਾਲੇ ਸਰੇਆਮ ਨੈਸ਼ਨਲ ਹਾਈਵੇ 'ਤੇ ਡਿਵਾਈਡਰਾਂ ਉੱਪਰ ਲਗਾਈਆਂ ਅੱਗਾਂ ਨਜ਼ਰ ਨਹੀਂ ਆਉਂਦੀਆਂ ਜੋ ਖ਼ੂਬਸੂਰਤ ਹਰੇ ਭਰੇ ਫੁੱਲਾਂ ਨਾਲ ਲੱਦੇ ਕਨੇਰ ਦੇ ਰੁੱਖਾਂ ਨੂੰ ਖ਼ਤਮ ਕਰ ਰਹੀਆਂ ਹਨ? ਕੀ ਸਰਕਾਰੀ ਅੱਗ ਦੁਆਰਾ ਪ੍ਰਦੂਸ਼ਣ ਨਹੀਂ ਫੈਲਦਾ? ਪੰਜਾਬ ਵਿਚ ਬਹੁਤ ਸਾਰੀਆਂ ਸਨਅਤੀ ਇਕਾਈਆਂ ਹਨ ਜੋ ਸਾਰਾ ਸਾਲ ਪ੍ਰਦੂਸ਼ਣ ਫੈਲਾਉਂਦੀਆਂ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਪੁਰਾਣੇ ਵਾਹਨ ਵੀ ਨਿਤ ਇਹ ਸਾਰਾ ਕੁਝ ਕੌਮੀ ਗਰੀਨ ਟ੍ਰਿਬਿਊਨਲ ਨੂੰ ਨਜ਼ਰ ਨਹੀਂ ਆਉਂਦਾ? ਜੇਕਰ ਅੱਜ ਹਵਾ ਵਿਚੋਂ ਆਕਸੀਜਨ ਦੀ ਮਾਤਰਾ ਲਗਾਤਾਰ ਘਟ ਰਹੀ ਹੈ ਤਾਂ ਇਸ ਦਾ ਕਾਰਨ ਸਿਰਫ਼ ਸੂਬੇ ਦੇ ਕਿਸਾਨ ਨਹੀਂ ਹੋਰ ਵੀ ਬਹੁਤ ਸਾਰੇ ਕਾਰਨ ਹਨ। ਕੌਮੀ ਗ੍ਰੀਨ ਟ੍ਰਿਬਿਊਨਲ ਨੂੰ ਚਾਹੀਦਾ ਹੈ ਕਿ ਉਸ ਵਿਭਾਗ ਦੀ ਖ਼ਬਰ ਵੀ ਲਵੇ ਜਿਸ ਦਾ ਮੁੱਖ ਕੰਮ ਹੀ ਬੂਟੇ ਲਗਾਉਣਾ ਹੈ, ਬੂਟੇ ਸਾੜਨਾ ਨਹੀਂ। ਪੰਜਾਬ ਸਰਕਾਰ ਨੂੰ ਵੀ ਤੁਰੰਤ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।

-ਕੇ. ਐੱਸ. ਅਮਰ
ਪਿੰਡ ਤੇ ਡਾਕ: ਕੋਟਲੀਖ਼ਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

ਸੜਕ ਹਾਦਸੇ

ਲਗਪਗ ਹਰ ਦਿਨ ਸਵੇਰੇ ਜਦੋਂ ਆਪਣੇ ਆਲੇ-ਦੁਆਲੇ ਦੀ ਖ਼ਬਰਸਾਰ ਲੈਣ ਲਈ ਅਖ਼ਬਾਰ ਚੁੱਕੀਦਾ ਹੈ ਤਾਂ ਮੁੱਖ ਪੰਨੇ 'ਤੇ ਹੀ ਸੜਕ ਹਾਦਸੇ ਦੀ ਕੋਈ ਨਾ ਕੋਈ ਖ਼ਬਰ ਜ਼ਰੂਰ ਪੜ੍ਹਨ ਨੂੰ ਮਿਲਦੀ ਹੈ। ਪਿਛਲੇ ਦਿਨੀਂ ਸਾਡੇ ਬੜੇ ਹੀ ਅਜ਼ੀਜ਼ ਸ: ਅਵਤਾਰ ਸਿੰਘ ਪਮਾਲ (ਲੈਕਚਰਾਰ ਫਿਜ਼ੀਕਲ ਐਜੂਕੇਸ਼ਨ) ਇਕ ਸੜਕੀ ਹਾਦਸੇ ਦੀ ਭੇਟ ਚੜ੍ਹ ਗਏ। ਕੀ ਕਸੂਰ ਸੀ ਉਸ ਵੀਰ ਦਾ ਜੋ ਆਪਣੀ ਸਾਈਡ 'ਤੇ ਅਰਾਮ ਨਾਲ ਸਕੂਟਰ 'ਤੇ ਜਾ ਰਿਹਾ ਸੀ ਅਤੇ ਪਿੱਛੋਂ ਦੀ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਆ ਦਰੜਿਆ। ਟ੍ਰੈਫ਼ਿਕ ਵਿਭਾਗ ਨੂੰ ਸਖ਼ਤੀ ਨਾਲ ਟ੍ਰੈਫ਼ਿਕ ਨਿਯਮਾਂ ਸਬੰਧੀ ਕਾਨੂੰਨ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ। ਆਮ ਲੋਕਾਂ ਨੂੰ ਵੀ ਇਸ ਪ੍ਰਤੀ ਸੁਚੇਤ ਹੋ ਕੇ ਟ੍ਰੈਫਿਕ ਵਿਭਾਗ ਦਾ ਸਾਥ ਦੇਣਾ ਬਣਦਾ ਹੈ। ਘੱਟ ਉਮਰ ਦੇ ਬੱਚਿਆਂ ਨੂੰ ਸੜਕ 'ਤੇ ਵਹੀਕਲ ਨਹੀਂ ਵਰਤਣ ਦੇਣਾ ਚਾਹੀਦਾ। ਮੈਨੂੰ ਉਮੀਦ ਹੀ ਨਹੀਂ ਸਗੋਂ ਪੂਰਾ ਯਕੀਨ ਹੈ ਕਿ ਜੇਕਰ ਹਰ ਇਨਸਾਨ ਸੜਕ 'ਤੇ ਚਲਦਿਆਂ ਟ੍ਰੈਫਿਕ ਨਿਯਮਾਂ ਨੂੰ ਧਿਆਨ ਵਿਚ ਕਿ ਵਹੀਕਲ ਚਲਾਵੇ ਅਤੇ ਟ੍ਰੈਫਿਕ ਵਿਭਾਗ ਨਿਯਮ ਤੋੜਨ ਵਾਲਿਆਂ ਨਾਲ ਸਖ਼ਤੀ ਨਾਲ ਪੇਸ਼ ਆਵੇ ਤਾਂ ਕਿਸੇ ਵੀ ਘਰ ਦਾ ਕੋਈ ਜੀਅ ਅਜਾਈਂ ਨਹੀਂ ਜਾਵੇਗਾ।

-ਬਲਦੇਵ ਸਿੰਘ ਸ਼ੇਖੂਪੁਰਾ
ਕੰਪਿਊਟਰ ਅਧਿਆਪਕ, ਸਰਕਾਰੀ ਹਾਈ ਸਕੂਲ ਜੱਸੋਵਾਲ ਕੁਲਾਰ (ਲੁਧਿਆਣਾ)।

ਤਿੰਨ ਤਲਾਕ

ਭਾਰਤੀ ਸੰਵਿਧਾਨ, ਭਾਰਤ ਦੇ ਹਰ ਸ਼ਹਿਰੀ ਨੂੰ, ਭਾਵੇਂ ਉਹ ਕਿਸੇ ਵੀ ਕੌਮ, ਮਜ਼੍ਹਬ ਜਾਂ ਜਾਤੀ ਨਾਲ ਸਬੰਧ ਰੱਖਦਾ ਹੋਵੇ, ਲਿਖਣ ਅਤੇ ਬੋਲਣ ਦੀ ਆਜ਼ਾਦੀ ਦਿੰਦਾ ਹੈ। ਇਸ ਦੇ ਨਾਲ ਹੀ ਔਰਤਾਂ ਨੂੰ ਅਪਮਾਨਜਨਕ ਕਰਨ ਵਾਲੀਆਂ ਕਾਰਵਾਈਆਂ ਜਾਂ ਕੰਮਾਂ ਨੂੰ ਰੋਕਣ ਲਈ ਵੀ ਵਚਨਬੱਧ ਹੈ। ਕਿਸੇ ਵੀ ਧਰਮ ਦੀਆਂ ਔਰਤਾਂ 'ਤੇ ਜਦੋਂ ਜ਼ਿਆਦਤੀ ਹੁੰਦੀ ਹੈ ਤਾਂ ਨਿਆਂ ਪਾਲਿਕਾ ਜਾਂ ਸਰਕਾਰ ਨੂੰ ਫੌਰੀ ਤੌਰ 'ਤੇ ਬਿਨਾਂ ਕਿਸੇ ਪੱਖਪਾਤ ਤੋਂ ਉਨ੍ਹਾਂ ਦੀ ਸੁਣਵਾਈ ਕੀਤੀ ਜਾਣੀ ਜ਼ਰੂਰੀ ਹੈ। ਬੱਸ ਜਦੋਂ ਮਰਜ਼ੀ ਤਿੰਨ ਤਲਾਕ ਕਹਿ ਕੇ ਔਰਤ ਨੂੰ ਸਦਾ ਲਈ ਨਰਕ ਵਾਲੀ ਜ਼ਿੰਦਗੀ ਵਿਚ ਧੱਕਾ ਦੇ ਦੇਣਾ ਔਰਤ ਦੀ ਹੋਂਦ ਦਾ ਅਪਮਾਨ ਹੈ, ਖ਼ਾਸ ਕਰਕੇ ਭਾਰਤ ਵਰਗੇ ਦੇਸ਼ ਵਿਚ ਜਿਥੇ ਘਰੇਲੂ ਔਰਤਾਂ ਬਹੁਗਿਣਤੀ ਵਿਚ ਹਨ। ਇਸ ਪਰੰਪਰਾ ਨੂੰ ਖ਼ਤਮ ਕਰਨ ਦੀ ਲੋੜ ਹੈ ਤਾਂ ਜੋ ਔਰਤਾਂ ਵੀ ਸੁਖ ਦਾ ਜੀਵਨ ਬਤੀਤ ਕਰ ਸਕਣ।
-ਮਹਿੰਦਰ ਸਿੰਘ ਬਾਜਵਾ

ਪਿੰਡ ਮਸੀਤਾਂ, ਜ਼ਿਲ੍ਹਾ ਕਪੂਰਥਲਾ।

13/06/2017

 ਸ: ਤਰਲੋਚਨ ਸਿੰਘ ਦੇ ਨਾਂਅ
ਪਿਛਲੇ ਦਿਨੀਂ ਸ: ਤਰਲੋਚਨ ਸਿੰਘ ਦਾ ਕੇ.ਪੀ.ਐਸ. ਗਿੱਲ ਸਬੰਧੀ ਇਕ ਲੇਖ 'ਅਜੀਤ' ਵਿਚ ਛਪਿਆ ਸੀ, ਇਸ ਸਬੰਧੀ ਭਾਜਪਾ ਆਗੂ ਸ੍ਰੀਮਤੀ ਲਕਸ਼ਮੀ ਕਾਂਤਾ ਚਾਵਲਾ ਦਾ ਪ੍ਰਤੀਕਰਮ ਸਾਨੂੰ ਪੁੱਜਾ ਹੈ, ਜਿਸ ਨੂੰ ਇਨ੍ਹਾਂ ਕਾਲਮਾਂ ਵਿਚ ਪ੍ਰਕਾਸ਼ਿਤ ਕਰ ਰਹੇ ਹਾਂ। ਂਸੰਪਾਦਕ
ਸਾਰੇ ਜਾਣਦੇ ਹਨ ਕਿ ਤੁਸੀਂ ਬੁੱਧੀਜੀਵੀ ਹੋ, ਵਿਦਵਾਨ ਹੋ। ਪੰਜਾਬ ਵਿਚ ਕਾਲੇ ਦਿਨ ਤੁਹਾਡੇ ਸਾਹਮਣੇ ਹੀ ਆਏ ਅਤੇ ਖ਼ਤਮ ਹੋਏ। ਤੁਹਾਡਾ ਇਹ ਲਿਖਣਾ ਤਾਂ ਸਹੀ ਹੋ ਸਕਦਾ ਹੈ ਕਿ ਕਿਸੇ ਇਕ ਪੁਲਿਸ ਅਫ਼ਸਰ ਨੂੰ ਸਾਰਾ ਸਿਹਰਾ ਨਹੀਂ ਦਿੱਤਾ ਜਾਣਾ ਚਾਹੀਦਾ, ਜਿਵੇਂ ਕਿ ਕੇ.ਪੀ.ਐਸ. ਗਿੱਲ ਨੂੰ ਦਿੱਤਾ ਜਾ ਰਿਹਾ ਹੈ ਪਰ ਕਿਤੇ ਵੀ ਤੁਸੀਂ ਇਕ ਸ਼ਬਦ ਉਨ੍ਹਾਂ ਲਈ ਨਹੀਂ ਲਿਖਿਆ ਜੋ ਬੱਸਾਂ ਅਤੇ ਗੱਡੀਆਂ ਤੋਂ ਕੱਢ ਕੇ ਮਾਰੇ ਗਏ, ਪਟਿਆਲਾ ਦੇ ਕਾਲਜ ਵਿਚ ਵਿਦਿਆਰਥੀਆਂ ਦੇ ਕਤਲ ਹੋਏ। ਰੋਪੜ ਵਿਚ ਨਹਿਰ ਦੇ ਕੰਢੇ ਮਜ਼ਦੂਰਾਂ ਦਾ ਕਤਲ ਕੀਤਾ ਗਿਆ। ਅੰਮ੍ਰਿਤਸਰ ਚੌਕ ਘੰਟਾਘਰ ਵਿਚ ਸੈਂਕੜੇ ਲੋਕਾਂ ਨੂੰ ਜ਼ਖ਼ਮੀ ਕੀਤਾ ਗਿਆ ਅਤੇ ਮਾਰ ਦਿੱਤਾ ਗਿਆ। ਪੰਜਾਬ ਵਿਚ ਬੇਕਸੂਰਾਂ ਦਾ ਕਿੰਨਾ ਖੂਨ ਵਹਾਇਆ ਗਿਆ, ਨਿਸਚਤ ਹੀ ਤੁਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਹੋਵੇਗਾ। ਹੈਰਾਨੀ ਹੈ ਕਿ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦਾ ਮੈਂਬਰ ਰਹਿਣ ਵਾਲਾ ਇਕ ਬੁੱਧੀਜੀਵੀ ਉਨ੍ਹਾਂ ਦੇ ਹੰਝੂ ਪੂੰਝਣ ਕਦੇ ਨਹੀਂ ਆਇਆ ਜੋ ਬੇਕਸੂਰ ਘਰਾਂ, ਦੁਕਾਨਾਂ, ਬਾਜ਼ਾਰਾਂ ਵਿਚੋਂ ਖਿੱਚ-ਖਿੱਚ ਕੇ ਗੋਲੀਆਂ ਨਾਲ ਭੁੰਨ ਦਿੱਤੇ। ਬੇਕਸੂਰ ਦੀ ਮੌਤ ਦੁਖਦਾਈ ਹੈ। ਚਾਹੇ ਪੁਲਿਸ ਦੇ ਹੱਥੋਂ ਹੋਵੇ ਜਾਂ ਅੱਤਵਾਦੀਆਂ ਦੇ ਹੱਥੋਂ, ਪਰ ਇਕ ਪੱਖੀ ਫ਼ੈਸਲਾ ਤੁਹਾਡੇ ਵਰਗੇ ਵਿਅਕਤੀਆਂ ਦੀ ਕਲਮ ਤੋਂ ਸ਼ੋਭਾ ਨਹੀਂ ਦਿੰਦਾ। ਇਹ ਤਾਂ ਤੁਹਾਨੂੰ ਵੀ ਮੰਨਣਾ ਪਵੇਗਾ ਕਿ ਜਿਸ ਸਮੇਂ ਬੇਅੰਤ ਸਿੰਘ ਦੀ ਸਰਕਾਰ ਆਈ, ਉਸੇ ਸਮੇਂ ਸ੍ਰੀ ਗਿੱਲ ਨੇ ਕੰਮ ਸ਼ੁਰੂ ਕੀਤਾ। ਜੇ ਬੇਅੰਤ ਸਿੰਘ ਕੇ.ਪੀ.ਐਸ. ਗਿੱਲ ਨੂੰ ਨਾ ਚਾਹੁੰਦੇ ਤਾਂ 1993 ਤੋਂ ਬਾਅਦ 1995 ਤੱਕ ਉਨ੍ਹਾਂ ਨੂੰ ਸੇਵਾ ਵਿਚ ਕਿਉਂ ਰੱਖਦੇ? ਅਫ਼ਸੋਸ ਹੈ ਕਿ ਸ੍ਰੀ ਗਿੱਲ ਨੂੰ ਉਹ ਅਧਿਕਾਰ ਵੀ ਨਾ ਦੇਣ ਦਾ ਐਲਾਨ ਹੋ ਗਿਆ ਜੋ ਇਕ ਸਿੱਖ ਦੇ ਨਾਤੇ ਉਨ੍ਹਾਂ ਦਾ ਅਧਿਕਾਰ ਸੀ ਕਿ ਸਿੱਖ ਮਰਿਆਦਾ ਅਨੁਸਾਰ ਉਨ੍ਹਾਂ ਦੀਆਂ ਅੰਤਿਮ ਰਸਮਾਂ ਹੋਣ। ਚੰਗਾ ਲੱਗਾ ਤੁਸੀਂ ਇਸ ਦੀ ਨਿੰਦਾ ਕੀਤੀ ਹੈ।

-ਲਕਸ਼ਮੀ ਕਾਂਤਾ ਚਾਵਲਾ।

ਕੀ ਹੁਣ ਦੇਸ਼ ਲਾਲ ਪਰੀ ਦੀ ਕਮਾਈ ਨਾਲ ਚੱਲੇਗਾ?
ਇਹ ਚਰਚਾ ਜ਼ੋਰਾਂ 'ਤੇ ਹੈ ਕਿ ਸ਼ਰਾਬ ਦੀ ਵਿੱਕਰੀ ਬਿਨਾਂ ਸਰਕਾਰਾਂ ਚੱਲ ਹੀ ਨਹੀਂ ਸਕਦੀਆਂ। ਇਸ ਸੰਦਰਭ ਵਿਚ ਸਵਾਲ ਪੈਦਾ ਹੁੰਦਾ ਹੈ ਕਿ ਕੀ ਸਰਕਾਰਾਂ ਕੋਲ ਕੋਈ ਅਜਿਹਾ ਅਰਥ-ਸ਼ਾਸਤਰ ਹੈ ਹੀ ਨਹੀਂ ਹੈ, ਜੋ ਸ਼ਰਾਬ ਦੇ ਪਾਣੀ ਬਿਨਾਂ ਦੇਸ਼ ਨੂੰ ਚਲਾ ਸਕੇ? ਵਿਦਵਾਨ ਤਾਂ ਇਹ ਕਹਿੰਦੇ ਹਨ ਕਿ ਏਨੇ ਬੰਦੇ ਸਮੁੰਦਰ ਵਿਚ ਡੁੱਬ ਕੇ ਨਹੀਂ ਮਰੇ, ਜਿੰਨੇ ਸ਼ਰਾਬ ਵਿਚ ਡੁੱਬ ਕੇ ਮਰਦੇ ਹਨ। ਸ਼ਰਾਬ ਪੀੜਤ ਪਰਿਵਾਰ ਰੀਂਘ-ਰੀਂਘ ਜ਼ਿੰਦਗੀ ਜੀਅ ਰਹੇ ਹਨ। ਧਰਮ ਬਦਲੇ ਮਰ ਮਿਟ ਜਾਣ ਵਾਲੇ ਆਪਣੇ ਧਰਮ-ਸ਼ਾਸਤਰ ਨੂੰ ਕਿਉਂ ਪਿੱਠ ਵਿਖਾ ਰਹੇ ਹਨ, ਜਿਹੜਾ ਸ਼ਰਾਬ ਅਤੇ ਨਸ਼ਿਆਂ ਦੀ ਵਰਤੋਂ ਵਿਰੁੱਧ ਕੂਕਦਾ ਹੈ? ਨੀਤੀ ਸ਼ਾਸਤਰ ਉਸ ਸਮਾਜ ਨੂੰ ਪਾਪੀ ਆਖਦੇ ਹਨ ਜਿਹੜਾ ਕੇਵਲ ਮਾਇਆ ਬਦਲੇ ਘਟੀਆ ਵਪਾਰ ਤੇ ਦੁਰਵਿਹਾਰ ਕਰਦਾ ਹੈ। ਇਹ ਚਿੰਤਾ ਦਾ ਵਿਸ਼ਾ ਹੈ। ਆਉ, ਚਿੰਤਨ ਕਰੀਏ ਤੇ ਦੇਸ਼ ਨੂੰ ਚਲਾਉਣ ਦੀ ਸਹੀ ਸਿਹਤਮੰਦ ਦਿਸ਼ਾ ਵਲ ਨੂੰ ਚੱਲੀਏ।

-ਕੁਲਵੰਤ ਕੌਰ
ਗੁਰੂ ਨਾਨਕ ਖਾਲਸਾ ਕਾਲਜ ਡਰੋਲੀ (ਜਲੰਧਰ)।

12/06/2017

 ਨਸ਼ਾ ਖ਼ਤਮ ਹੋਵੇ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਸਫੇ 'ਤੇ 'ਵਿਸ਼ਵ ਪੱਧਰ 'ਤੇ ਤੰਬਾਕੂ ਮੁਕਤ ਦਿਵਸ' ਸਬੰਧੀ ਜਸਵਿੰਦਰ ਸਿੰਘ ਸਹੋਤਾ ਦਾ ਲੇਖ ਛਪਿਆ। ਅੰਕੜਿਆਂ ਅਤੇ ਤੱਥਾਂ 'ਤੇ ਆਧਾਰਿਤ ਤੰਬਾਕੂ ਦੇ ਸੇਵਨ ਕਾਰਨ ਸਿਹਤ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦਾ ਜ਼ਿਕਰ ਸਲਾਹੁਣਯੋਗ ਸੀ ਪ੍ਰੰਤੂ ਬੁੱਧੀਜੀਵੀਆਂ ਵੱਲੋਂ ਆਪਣੀਆਂ ਲਿਖਤਾਂ ਰਾਹੀਂ ਤੰਬਾਕੂ ਦੇ ਸੇਵਨ ਨੂੰ ਬਹੁਤ ਹੀ ਮਾੜਾ ਤੇ ਅਤਿ ਨਿੰਦਣਯੋਗ ਕਿਹਾ ਗਿਆ ਪਰ ਗੱਲ ਉਥੇ ਦੀ ਉਥੇ ਖੜ੍ਹੀ ਦਿਖਾਈ ਦਿੰਦੀ ਹੈ। ਸੋ, ਕੁੱਲ ਮਿਲਾ ਕੇ ਤੰਬਾਕੂ ਦੇ ਉਤਪਾਦਨ 'ਤੇ ਅਤੇ ਤੰਬਾਕੂ ਤੋਂ ਬਣੇ ਅਨੇਕਾਂ ਪਦਾਰਥਾਂ ਜੋ ਬਜ਼ਾਰਾਂ ਵਿਚ ਵਿਕਦੇ ਹਨ, ਉਤੇ ਪੂਰਨ ਤੌਰ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ, ਤਾਂ ਹੀ ਤੰਬਾਕੂ ਦੇ ਨਸ਼ੇ ਨੂੰ ਖਤਮ ਕੀਤਾ ਜਾ ਸਕਦਾ ਹੈ।


-ਮਾ: ਦੇਵ ਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਵਿਦਿਆਰਥੀਆਂ ਵਿਚ ਅਸਹਿਣਸ਼ੀਲਤਾ
ਕੁਝ ਕੁ ਦਿਨ ਪਹਿਲਾਂ 12ਵੀਂ ਅਤੇ ਦਸਵੀਂ ਦਾ ਨਤੀਜਾ ਐਲਾਨਿਆ ਗਿਆ। ਨਾਕਾਮਯਾਬੀ ਮਿਲਣ 'ਤੇ ਕੁਝ ਵਿਦਿਆਰਥੀਆਂ ਦੁਆਰਾ ਖੁਦਕੁਸ਼ੀ ਕਰ ਲਈ ਗਈ। ਇਸ ਦੁਖਦਾਈ ਘਟਨਾ ਤੋਂ ਜ਼ਾਹਿਰ ਹੈ ਕਿ ਵਿਦਿਆਰਥੀ ਜੀਵਨ ਵਿਚੋਂ ਸਹਿਣਸ਼ੀਲਤਾ ਖਤਮ ਹੋ ਚੁੱਕੀ ਹੈ ਜੋ ਕਿ ਸਮਾਜ ਅਤੇ ਮਨੁੱਖਤਾ ਲਈ ਖਤਰਨਾਕ ਹੈ। ਸਿੱਖਿਆ ਦੀ ਨੀਂਹ ਮਾਤਾ-ਪਿਤਾ ਦੁਆਰਾ ਰੱਖਣੀ ਚਾਹੀਦੀ ਹੈ ਕਿਉਂਕਿ ਮਾਪੇ ਬੱਚੇ ਦੇ ਮੁਢਲੇ ਅਧਿਆਪਕ ਹੁੰਦੇ ਹਨ ਅਤੇ ਅਧਿਆਪਕ ਦੁਆਰਾ ਇਸ ਉਤੇ ਉਸਾਰੀ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਚੰਗੇ ਮਾੜੇ ਹਾਲਾਤ ਦਾ ਮੁਕਾਬਲਾ ਕਰਨ ਦੇ ਯੋਗ ਬਣਾਉਣਾ ਅਤੇ ਮਿਹਨਤ ਕਰਦੇ ਰਹਿਣ ਦੀ ਪ੍ਰੇਰਨਾ ਦਿੰਦੇ ਰਹਿਣਾ ਚਾਹੀਦਾ ਹੈ ਤਾਂ ਜੋ ਬੱਚਾ ਕਿਸੇ ਵੀ ਮੁਸ਼ਕਿਲ ਤੋਂ ਭੱਜਣ ਜਾਂ ਖੁਦਕੁਸ਼ੀ ਕਰਨ ਦੀ ਬਜਾਏ ਇਸਦਾ ਬਹਾਦਰੀ ਨਾਲ ਸਾਹਮਣਾ ਕਰੇ।


-ਅੰਮ੍ਰਿਤਪਾਲ ਸਿੰਘ ਸੰਧੂ
ਪਿੰਡ ਤੇ ਡਾਕ: ਬਾੜੀਆਂ ਕਲਾਂ।


ਸਰਕਾਰ ਸੁਚੱਜੀ ਵਿਉਂਤਬੰਦੀ ਕਰੇ
ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ 'ਚੋਂ ਲੰਘਣਾ ਪੈ ਰਿਹਾ ਹੈ ਕਿਉਂਕਿ ਰੇਤਾ ਦਾ ਮੁੱਲ ਤਾਂ ਸੀਮੈਂਟ ਤੋਂ ਵੀ ਅਗਾਂਹ ਲੰਘਦਾ ਜਾ ਰਿਹਾ ਹੈ। ਧੜੱਲੇਦਾਰ ਲੋਕ ਤਾਂ ਇਸ ਦੀ ਖਰੀਦ ਕਰੀ ਜਾਂਦੇ ਹਨ ਪਰ ਸਧਾਰਨ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਰੇਤਾ ਬੜਾ ਵੱਡਾ ਮਸਲਾ ਹੈ। ਨਿਖੇਧੀ ਇਸ ਗੱਲ ਦੀ ਹੈ ਕਿ ਨਿਲਾਮ ਕੀਤੀਆਂ ਖੱਡਾਂ 'ਚੋਂ ਸਰਕਾਰ ਆਪਣਾ ਤਾਂ ਮੁਆਵਜ਼ਾ ਪ੍ਰਾਪਤ ਕਰ ਲੈਂਦੀ ਹੈ ਪਰ ਆਮ ਲੋਕ ਠੇਕੇਦਾਰਾਂ ਦੀ ਮਨਮਰਜ਼ੀ ਦੇ ਰੇਟਾਂ ਦੇ ਧੱਕੇ ਚੜ੍ਹਦੇ ਹਨ। ਪਹਿਲਾਂ ਸਰਕਾਰ ਰੇਤਾ-ਬਜਰੀ ਦਾ ਵਾਜਬ ਮੁੱਲ ਨਿਸਚਿਤ ਕਰੇ, ਜਿਹੜਾ ਸਾਧਾਰਨ ਲੋਕਾਈ ਦੀ ਪਹੁੰਚ ਬਣ ਸਕੇ। ਸੋ, ਜ਼ਰੂਰਤ ਹੈ, ਸਮੇਂ ਦੀ ਸਰਕਾਰ ਵੱਲੋਂ ਸੁਚੱਜੀ ਵਿਉਂਤਬੰਦੀ ਕੀਤੀ ਜਾਵੇ, ਤਾਂ ਜੋ ਰੇਤਾ-ਬਜਰੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਨਾ ਜਾਵੇ।


-ਕਮਲਜੀਤ ਸਿੰਘ
ਪਿੰਡ ਤੇ ਡਾਕ: ਮੱਲ੍ਹੀਆਂ (ਕਰਤਾਰਪੁਰ), ਜ਼ਿਲ੍ਹਾ ਜਲੰਧਰ।

08/06/2017

 ਕਿੰਨੇ ਸੋਹਣੇ ਦਿਨ ਸਨ
75ਵਿਆਂ ਨੂੰ ਢੁਕੇ ਇਕ ਬਜ਼ੁਰਗ ਨੇ ਅਜੋਕੇ ਪੰਜਾਬ ਦੇ ਹਾਲਾਤ 'ਤੇ ਲੰਮਾ ਹਉਕਾ ਲੈਂਦਿਆ ਸੋਹਣੇ ਦਿਨਾਂ ਬਾਰੇ ਦੱਸਦਿਆਂ ਕਿਹਾ ਕਿ ਸਾਡੇ ਸਮੇਂ ਕਣਕ-ਮੱਕੀ, ਨਰਮੇ-ਕਪਾਹ, ਕਮਾਦ, ਮੂੰਗਫਲੀ, ਸਰ੍ਹੋਂ, ਅਰਹਰ ਆਦਿ ਹਰ ਫ਼ਸਲ ਹੋਇਆ ਕਰਦੀ ਸੀ। ਉਨ੍ਹਾਂ ਅੱਗੇ ਦੱਸਦਿਆਂ ਕਿਹਾ ਕਿ ਉਸ ਸਮੇਂ ਹਰ ਕਿਸਾਨ ਦੀ ਮੋਟਰ 'ਤੇ ਘੁਲਾੜੀ ਦਾ ਚੱਲਣਾ, ਮੱਕੀ ਦੀ ਰੋਟੀ-ਸਰ੍ਹੋਂ ਦਾ ਸਾਗ, ਕਣਕ ਦੀ ਰੋਟੀ-ਹਾਰੇ ਦੀ ਦਾਲ, ਕਾੜਨੀ ਦੀ ਲੱਸੀ-ਦਹੀਂ, ਮਿਰਚ, ਔਲੇ ਤੇ ਅਦਰਕ ਦਾ ਆਚਾਰ ਬਹੁਤ ਸਵਾਦੀ ਹੁੰਦਾ ਸੀ।
ਘਰ-ਘਰ ਬਲਦੇ ਚੁੱਲ੍ਹੇ ਵੱਖਰਾ ਹੀ ਸਕੂਨ ਦਿੰਦੇ ਸਨ। ਖੇਤਾਂ 'ਚ ਮੂਲੀ, ਸ਼ਲਗਮ, ਗਾਜਰ ਤੇ ਹੋਰ ਕਈ ਕੁਝ ਆਮ ਹੁੰਦੇ ਸਨ। ਮੂੰਗਫਲੀ ਤੇ ਸ਼ਕਰਕੰਦੀ ਭੁੰਨ ਕੇ ਖਾਂਦੇ ਰਹਿੰਦੇ ਸੀ। ਦਿਨ-ਰਾਤ ਖੇਤਾਂ 'ਚ ਕੰਮ ਕਰਦਿਆਂ ਕਦੇ ਬਿਮਾਰ ਨਹੀਂ ਸੀ ਹੋਏ। ਤਾਜ਼ੀ ਆਬੋ-ਹਵਾ ਹੁੰਦੀ ਸੀ, ਮਿੱਠਾ ਸਰਬਤ ਵਰਗਾ ਪਾਣੀ ਹੁੰਦਾ ਸੀ। ਬਜ਼ੁਰਗ ਹਓਕਾ ਲੈਂਦਾ ਅੱਗੇ ਕਹਿੰਦਾ ਕਿ ਜੇ ਅੱਜ ਸਾਡੇ ਸਮੇਂ ਦਾ ਪੰਜਾਬ ਹੁੰਦਾ ਤਾਂ ਕਿਸਾਨ ਖ਼ੁਦਕੁਸ਼ੀ ਨਾ ਕਰਦਾ, ਪੰਜਾਬੀ ਨਸ਼ਈ ਨਾ ਹੁੰਦਾ। ਵਾਕਿਆ ਹੀ ਉਹ ਕਿੰਨੇ ਸੋਹਣੇ ਦਿਨ ਸੀ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਬੰਬ ਧਮਾਕੇ
ਇਰਾਕ ਅਤੇ ਕਾਬੁਲ ਦੇਸ਼ਾਂ 'ਚ ਅੱਤਵਾਦੀਆਂ ਵੱਲੋਂ ਬੰਬ ਧਮਾਕਿਆਂ ਰਾਹੀਂ ਬੜੀ ਕਰੂਰਤ ਤੇ ਬੇਰਹਿਮੀ ਨਾਲ ਮਨੁੱਖਤਾ ਦਾ ਖੂਨ ਵਹਾਏ ਜਾਣ ਦੀਆਂ ਮੰਦਭਾਗੀਆਂ ਖ਼ਬਰਾਂ ਪੜ੍ਹਨ ਨੂੰ ਮਿਲੀਆਂ, ਜਿਨ੍ਹਾਂ ਨੇ ਸਾਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ। ਅਜਿਹੇ ਬੁਰੇ ਤੇ ਗ਼ੈਰ-ਮਨੁੱਖੀ ਕੰਮਾਂ ਨੂੰ ਅੰਜਾਮ ਦੇਣ ਵਾਲੇ ਇਹ ਕਾਫਰ ਲੋਕ ਕਿੰਨੇ ਬੇਰਹਿਮ, ਬੁਝਦਿਲ ਤੇ ਬੇਕਿਰਕ ਹੋਣਗੇ, ਜਿਨ੍ਹਾਂ ਨੂੰ ਨਾ ਇਨਸਾਨੀਅਤ ਨਾਲ ਪਿਆਰ ਅਤੇ ਨਾ ਹੀ ਖ਼ੁਦਾ ਦਾ ਕੋਈ ਖੌਫ਼ ਹੈ। ਇਹ ਬੰਬ ਧਮਾਕੇ ਰੂਪੀ ਕੋਝੇ ਕਾਰੇ ਕਰਨ ਵਾਲੇ ਇਨਸਾਨੀਅਤ ਵਿਹੂਣੇ ਖੂੰਖਾਰ ਦਹਿਸ਼ਤਗਰਦਾਂ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ। ਪ੍ਰਭੂ ਅਜਿਹੇ ਮਨੁੱਖਤਾ ਦਾ ਘਾਣ ਕਰਨ ਵਾਲੇ ਦਹਿਸ਼ਤੀਆਂ ਨੂੰ ਅਕਲ ਬਖਸ਼ੇ ਤਾਂ ਜੋ ਅਗਾਂਹ ਨੂੰ ਕੋਈ ਅਜਿਹੀ ਦਿਲ-ਕੰਬਾਊ ਤੇ ਲੋਕ ਉਜਾੜੂ ਘਟਨਾ ਨਾ ਵਾਪਰੇ।


-ਯਸ਼ ਪੱਤੋ
ਪਿੰਡ ਪੱਤੋ ਹੀਰਾ ਸਿੰਘ, ਤਹਿ: ਨਿਹਾਲ ਸਿੰਘ ਵਾਲਾ (ਮੋਗਾ)।


ਸਮੇਂ ਦੀ ਲੋੜ
ਬੇਨਤੀ ਹੈ ਉਨ੍ਹਾਂ ਵਿਦਵਾਨਾਂ ਅਤੇ ਬੁੱਧੀਜੀਵੀਆਂ ਅਤੇ ਲੇਖਕਾਂ ਨੂੰ ਕਿ ਉਹ ਸਾਰਾ ਧਿਆਨ ਪੰਜਾਬ ਦੇ ਵਿਗੜਦੇ ਹਲਾਤ 'ਤੇ ਕੇਂਦਰਿਤ ਕਰਨ। ਮਨੋਰੰਜਨ ਦੇ ਕਿੱਸੇ ਛੱਡ ਕੇ ਪੰਜਾਬ ਦੀ ਆਰਥਿਕਤਾ ਦਾ ਕੀ ਹਾਲ ਹੈ, ਨਸ਼ਾ, ਬੇਰੁਜ਼ਗਾਰੀ, ਲੁੱਟ-ਖੋਹ, ਘਪਲੇਬਾਜ਼ੀ, ਕਿਸੇ ਪਾਸੇ ਕੋਈ ਮਸਲਾ ਹੱਲ ਨਹੀਂ ਹੋਇਆ। ਅਜਿਹੇ ਹਲਾਤ 1980 ਵਿਚ ਬਣ ਗਏ ਸੀ ਜਦੋਂ ਆਰਥਿਕ ਮਸਲੇ, ਧਾਰਮਿਕ ਮਸਲੇ ਬਣ ਗਏ ਸੀ। ਇਸ ਕਰਕੇ ਜੋ ਤਬਾਹੀ 90 ਦੇ ਦਹਾਕੇ 'ਚ ਹੋਈ, ਉਹ ਹੁਣ ਨਾ ਹੋਵੇ।


-ਗੁਰਾਂਦਿੱਤਾ ਸਿੰਘ ਸੰਧੂ

07/06/2017

  ਪਾਣੀ ਦੀ ਦੁਰਵਰਤੋਂ ਨੂੰ ਰੋਕੇ ਸਰਕਾਰ
ਮਨੁੱਖ ਕੋਲ ਜਿਹੜੀ ਚੀਜ਼ ਬਹੁਤ ਹੋਵੇ ਉਸ ਦੀ ਕਦਰ ਮਨੁੱਖ ਘੱਟ ਹੀ ਕਰਦਾ ਹੈ। ਜਿਵੇਂ ਪੰਜਾਬ ਵਿਚ ਹਾਲ ਦੀ ਘੜੀ ਪੀਣ ਵਾਲੇ ਸਾਫ਼ ਪਾਣੀ ਦੀ ਕੋਈ ਕਮੀ ਨਹੀਂ। ਬਹੁਤ ਥੋੜ੍ਹੇ ਜਾਗਰੂਕ ਲੋਕ ਹਨ ਜਿਨ੍ਹਾਂ ਨੇ ਟੈਂਕੀ ਭਰ ਜਾਣ ਦੀ ਸੂਚਨਾ ਦੇਣ ਵਾਲਾ ਅਲਾਰਮ ਲਗਾਇਆ ਹੈ ਜਦਕਿ ਬਹੁਗਿਣਤੀ ਲੋਕ ਇਹ ਅਲਾਰਮ ਨਹੀਂ ਲਗਾਉਂਦੇ ਜਿਸ ਨਾਲ ਟੈਂਕੀ ਭਰਨ ਤੋਂ ਬਾਅਦ ਕੀਮਤੀ ਪਾਣੀ ਬਰਬਾਦ ਹੁੰਦਾ ਰਹਿੰਦਾ ਹੈ। ਕੀ ਸਰਕਾਰ ਅਤੇ ਨਗਰ ਨਿਗਮਾਂ ਇਸ ਗੰਭੀਰ ਮਸਲੇ ਦੇ ਹੱਲ ਲਈ ਕੋਈ ਠੋਸ ਕਾਰਵਾਈ ਕਰਨਗੀਆਂ। ਇਸ ਨਾਲ ਲੋੜਵੰਦਾਂ ਨੂੰ ਪਾਣੀ ਮਿਲਣ ਵਿਚ ਸਹਾਇਤਾ ਮਿਲੇਗੀ।


-ਗੁਲਸ਼ਨ ਕੁਮਾਰ
ਕਿਸ਼ਨਪੁਰਾ, ਜਲੰਧਰ ਸ਼ਹਿਰ।


ਸੋਚਣ ਦੀ ਲੋੜ

ਪਿਛਲੇ ਦਿਨੀਂ ਬਲਬੀਰ ਸਿੰਘ ਰਾਜੇਵਾਲ ਦਾ ਲੇਖ 'ਕਿਸਾਨਾਂ ਨੂੰ ਖੁਦਕੁਸ਼ੀਆਂ ਦਾ ਰਾਹ ਛੱਡ ਕੇ ਖੁਦ ਹੱਲ ਲੱਭਣਾ ਪਊ' ਬਹੁਤ ਵਧੀਆ ਸੀ। ਜੇਕਰ ਕਿਸਾਨ ਸਬਜ਼ੀਆਂ ਜਾਂ ਕਣਕ-ਝੋਨੇ ਤੋਂ ਬਿਨਾਂ ਕੋਈ ਹੋਰ ਫਸਲ ਬੀਜ ਵੀ ਲੈਂਦਾ ਹੈ ਤਾਂ ਠੀਕ ਮੰਡੀਕਰਨ ਦੀ ਅਣਹੋਂਦ ਕਾਰਨ ਕਿਸਾਨ ਨੂੰ ਨੁਕਸਾਨ ਹੀ ਹੁੰਦਾ ਹੈ। ਜਦੋਂ ਤੱਕ ਕਿਸਾਨ ਪੈਦਾਵਾਰ ਨੂੰ ਸਿੱਧਾ ਖਪਤਕਾਰ ਤੱਕ ਪਹੁੰਚਾਉਣ ਵੱਲ ਭਾਵ ਮੰਡੀਕਰਨ ਵੱਲ ਢੁਕਦਾ ਧਿਆਨ ਨਹੀਂ ਦੇਵੇਗਾ, ਉਦੋਂ ਤੱਕ ਕਿਸਾਨ ਦੀ ਮੌਜੂਦਾ ਆਰਥਿਕ ਹਾਲਤ ਵਿਚ ਕੋਈ ਬਹੁਤੀ ਤਬਦੀਲੀ ਨਹੀਂ ਆਵੇਗੀ।
ਦੂਸਰਾ ਜੇਕਰ ਘਰ ਵਿਚ ਬਿਮਾਰੀ ਲਈ ਕਰਜ਼ਾ ਲੈਣਾ ਪੈ ਜਾਵੇ ਉਹ ਤਾਂ ਅਲੱਗ ਗੱਲ ਹੈ। ਅੰਤ ਵਿਚ ਮੈਂ ਇਹੀ ਕਹਾਂਗਾ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਵਿਅਕਤੀ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਜਿਸ ਸਮੱਸਿਆ ਨਾਲ ਅਸੀਂ ਦੋਵੇਂ ਪਤੀ-ਪਤਨੀ ਨਹੀਂ ਲੜ ਸਕਦੇ, ਉਸ ਲੜਾਈ ਨੂੰ ਮੇਰੀ ਪਤਨੀ ਇਕੱਲੀ ਕਿਵੇਂ ਲੜੇਗੀ, ਜਾਂ ਮੇਰੇ ਖੁਦਕੁਸ਼ੀ ਕਰਨ ਦਾ ਮੇਰੇ ਬੱਚਿਆਂ ਦੀ ਮਾਨਸਿਕਤਾ 'ਤੇ ਕੀ ਅਸਰ ਹੋਵੇਗਾ?

-ਬਿਕਰਮਜੀਤ ਸਿੰਘ
ਭਾਦਸੋਂ (ਪਟਿਆਲਾ)।


ਚਿੰਤਾ ਦਾ ਵਿਸ਼ਾ

12ਵੀਂ ਜਮਾਤ ਦੇ ਨਤੀਜਿਆਂ ਦੀ ਪਾਸ ਦਰ ਪਿਛਲੇ ਸਾਲ ਨਾਲੋਂ 14.41 ਫ਼ੀਸਦੀ ਘਟਣਾ ਗੰਭੀਰ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ। ਨਤੀਜਿਆਂ 'ਚ ਆਈ ਗਿਰਾਵਟ ਦਾ ਕਾਰਨ ਕਾਫ਼ੀ ਹੱਦ ਤੱਕ ਸਿੱਖਿਆ ਸਿਸਟਮ ਨੂੰ ਵੀ ਮੰਨਿਆ ਜਾ ਸਕਦਾ ਹੈ। ਪਰ ਪਿਛਲੇ ਸਾਲਾਂ ਦੌਰਾਨ ਸ਼ੁਰੂ ਹੋਏ ਸੀ.ਸੀ.ਈ. ਸਿਸਟਮ ਤੇ ਅੱਠਵੀਂ ਤੱਕ ਫੇਲ੍ਹ ਨਾ ਕਰਨ ਦੀ ਨੀਤੀ ਨੇ ਬੱਚਿਆਂ ਦੇ ਮਨਾਂ 'ਚੋਂ ਇਮਤਿਹਾਨਾਂ ਦਾ ਡਰ ਕੱਢ ਦਿੱਤਾ ਹੈ।
ਬੱਚੇ ਇਮਤਿਹਾਨਾਂ ਨੂੰ ਰਸਮੀ ਤੌਰ 'ਤੇ ਲੈਣ ਲੱਗੇ ਹਨ। ਗਰੇਡ ਸਿਸਟਮ ਨੇ ਬੱਚਿਆਂ 'ਚ ਮੁਕਾਬਲੇ ਦੀ ਭਾਵਨਾ ਘਟਾਈ ਹੈ। ਉਪਰੋਕਤ ਕਾਰਨਾਂ ਕਰਕੇ ਅੱਗੇ ਜਾ ਕੇ ਪਾਸ ਦਰ ਘਟਣੀ ਸੁਭਾਵਿਕ ਹੀ ਹੈ। ਅੱਠਵੀਂ ਤੱਕ ਫੇਲ੍ਹ ਨਾ ਕਰਨ ਦਾ ਸਿਸਟਮ ਬੰਦ ਹੋਣਾ ਚਾਹੀਦਾ ਹੈ। ਸੀ.ਬੀ.ਐਸ.ਈ. ਦੀ ਤਰਜ਼ 'ਤੇ ਸਾਲਾਨਾ ਪ੍ਰੀਖਿਆ ਪ੍ਰਣਾਲੀ ਮੁੜ ਸ਼ੁਰੂ ਕਰਨ ਤੇ ਗੌਰ ਕਰਨੀ ਬਣਦੀ ਹੈ। ਨਹੀਂ ਤਾਂ ਮੁਕਾਬਲੇਬਾਜ਼ੀ ਦੇ ਯੁੱਗ ਵਿਚ ਸਰਕਾਰੀ ਸਿੱਖਿਆਤੰਤਰ ਬਹੁਤਾ ਚਿਰ ਨਹੀਂ ਟਿਕ ਸਕੇਗਾ।

-ਬਲਵੀਰ ਸਿੰਘ ਵਾਸੀਆ

06/06/2017

 ਪਾਸ ਪ੍ਰਤੀਸ਼ਤ ਘਟਨਾ ਦੁਖਦਾਇਕ
ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2017 ਦਾ ਬਾਰ੍ਹਵੀਂ ਤੇ ਦਸਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਦੋਵੇਂ ਜਮਾਤਾਂ ਦੇ ਕੁੜੀਆਂ ਦੇ ਹੱਕ 'ਚ ਆਏ ਨਤੀਜਿਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕੁੜੀਆਂ ਲਗਨ ਨਾਲ ਪੜ੍ਹਾਈ ਕਰ ਰਹੀਆਂ ਹਨ। ਪਰ ਇਸ ਵਾਰ ਜਿਸ ਤਰ੍ਹਾਂ ਦੋਵੇਂ ਜਮਾਤਾਂ ਦੀ ਪਾਸ ਪ੍ਰਤੀਸ਼ਤ ਘਟੀ ਹੈ, ਉਹ ਹੈਰਾਨੀਜਨਕ ਤੇ ਪ੍ਰੇਸ਼ਾਨ ਕਰਨ ਵਾਲੀ ਹੈ। ਵਾਧੂ ਅੰਕਾਂ ਨੂੰ ਛੱਡ ਕੇ ਵੀ ਪਾਸ ਪ੍ਰਤੀਸ਼ਤ ਦਾ ਘਟਣਾ ਸੋਚਣ ਲਈ ਮਜਬੂਰ ਕਰਦਾ ਹੈ। ਇਸ ਦੀ ਘੋਖ ਕਰਨੀ ਬਣਦੀ ਹੈ। ਬਹੁਤਾ ਕਰਕੇ ਅੱਜ ਦੋਸ਼ੀ ਸੋਸ਼ਲ ਮੀਡੀਆ ਨੈੱਟਵਰਕ ਨੂੰ ਮੰਨਿਆ ਜਾ ਰਿਹਾ ਹੈ। ਵਿਦਿਆਰਥੀ ਸਿਰਫ ਪੜ੍ਹਾਈ ਨੂੰ ਤਰਜੀਹ ਦੇਣ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਕਿਸਾਨ ਪੱਖੀ ਯੋਜਨਾਵਾਂ ਦੀ ਲੋੜ
ਤਾਜ਼ਾ ਅੰਕੜਿਆਂ ਮੁਤਾਬਿਕ ਪੰਜਾਬ ਦੇ ਲਗਪਗ 30 ਲੱਖ ਕਿਸਾਨ 62000 ਕਰੋੜ ਦੇ ਕਰਜ਼ਾਈ ਹਨ। ਸਰਕਾਰੀ ਨੀਤੀਆਂ ਸਰਮਾਏਦਾਰੀ ਪੱਖੀ ਹਨ। ਕਿਸਾਨ ਦੀ ਕੋਈ ਬਾਂਹ ਨਹੀਂ ਫੜਦੀ। ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਕੇਵਲ ਕਾਗਜ਼ੀ ਦਸਤਾਵੇਜ਼ ਬਣ ਕੇ ਅਲਮਾਰੀਆਂ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ। ਫਸਲੀ ਬੀਮਾ ਯੋਜਨਾਵਾਂ ਅਧੂਰੀਆਂ ਹਨ। ਪੂਰੇ ਦੇਸ਼ ਨੂੰ ਪਾਲਣ ਵਾਲਾ ਕਿਸਾਨ ਅੱਜ ਆਪਣਾ ਟੱਬਰ ਪਾਲਣ ਤੋਂ ਵੀ ਅਸਮਰੱਥ ਦਿਖਾਈ ਦੇ ਰਿਹਾ ਹੈ। ਕੀ ਸੱਤਾ ਦਾ ਸੁੱਖ ਭੋਗਣ ਵਾਲੇ ਰਾਜਸੀ ਨੇਤਾ ਵਾਤਾਅਨੁਕੂਲ ਕਮਰਿਆਂ ਵਿਚੋਂ ਨਿਕਲ ਕੇ ਕਰਜ਼ੇ ਨਾਲ ਸਤਾਏ ਕਿਸਾਨ ਦੀ ਬਾਂਹ ਫੜਨਗੇ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

-ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀ ਖ਼ਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

ਆਉ! ਕੁਦਰਤ ਪ੍ਰਤੀ ਇਮਾਨਦਾਰ ਹੋਈਏ
ਸਾਡੇ ਹੀ ਵਿਗਾੜੇ ਹੋਏ ਕੁਦਰਤੀ ਪ੍ਰਬੰਧ ਵਿਚ ਜਦੋਂ ਅਸੀਂ ਖੁਦ ਘੁਟਣ ਮਹਿਸੂਸ ਕਰਦੇ ਹਾਂ ਤਾਂ ਸਾਡੀ ਅੱਖ ਰਤਾ ਕੁ ਖੁੱਲ੍ਹਦੀ ਹੈ ਕਿ ਕੁਦਰਤੀ ਨਿਆਮਤਾਂ ਨਾਲ ਭਰਪੂਰ ਇਕੋ ਇਕ ਗ੍ਰਹਿ ਨੂੰ ਅਸੀਂ ਸਹੂਲਤਾਂ ਸੰਪੰਨ ਬਣਾਉਣ ਦੇ ਚੱਕਰ ਵਿਚ ਜੀਣ ਜੋਗਾ ਵੀ ਨਹੀਂ ਰਹਿਣ ਦੇ ਰਹੇ ਤਾਂ ਇਸ ਦੀ ਸਾਂਭ-ਸੰਭਾਲ ਦਾ ਖਿਆਲ ਵੀ ਜ਼ਰੂਰ ਮਨ ਦਰਵਾਜ਼ੇ 'ਤੇ ਆ ਖੜ੍ਹਦਾ ਹੈ।
ਰੁੱਖ ਲਗਾਉਣੇ ਹਰ ਮਨੁੱਖੀ ਸੁਭਾਅ ਦਾ ਅੰਗ ਬਣਨਾ ਚਾਹੀਦਾ ਹੈ। ਸਕੂਲਾਂ, ਕਾਲਜਾਂ ਵਿਚ ਵਾਤਾਵਰਨ ਵਿਸ਼ਾ ਕੇਵਲ ਅੰਕ ਹਾਸਲ ਕਰਨ ਦਾ ਜ਼ਰੀਆ ਨਹੀਂ ਹੋਣਾ ਚਾਹੀਦਾ, ਸਗੋਂ ਇਸ ਨੂੰ ਨਵੀਂ ਪੀੜ੍ਹੀ ਨੂੰ ਕੁਦਰਤ ਨਾਲ ਜੋੜਨ ਦੇ ਢੰਗ ਵਜੋਂ ਵਰਤਣ ਦੀ ਲੋੜ ਹੈ ਤਾਂ ਹੀ ਕੁਦਰਤ ਤੇ ਮਨੁੱਖ ਦੇ ਵਧ ਰਹੇ ਪਾੜੇ ਨੂੰ ਪੂਰਿਆ ਜਾ ਸਕਦਾ ਹੈ। ਕੁਦਰਤ ਸਾਡੀ ਪਾਲਣਹਾਰ ਹੈ, ਇਸ ਦੀ ਮਹੱਤਤਾ ਸਮਝਦਿਆਂ ਮਨੁੱਖ ਨੂੰ ਆਪਣੀਆਂ ਤਬਾਹਕੁਨ ਰੁਚੀਆਂ ਨੂੰ ਮੋੜਾ ਦੇਣਾ ਹੀ ਪਵੇਗਾ। ਆਓ ਆਪਣੇ ਕੁਦਰਤ ਪ੍ਰਤੀ ਫ਼ਰਜ਼ਾਂ ਨੂੰ ਨਿਭਾਈਏ ਤੇ ਮੌਸਮੀ ਦਰਸ਼ਕਾਂ ਦੀ ਥਾਂ ਕੁਦਰਤ ਦੇ ਇਮਾਨਦਾਰ ਪ੍ਰਸੰਸਕ ਬਣੀਏ।

-ਬਲਵਿੰਦਰ ਸਿੰਘ ਸਮਾਘ
ਸ੍ਰੀ ਮੁਕਤਸਰ ਸਾਹਿਬ।

05/06/2017

 ਅਸਲ ਛਬੀਲ
ਅਸੀਂ ਪਿੰਡ ਦੇ ਨੌਜਵਾਨ ਛਬੀਲ ਲਈ ਉਗਰਾਹੀ ਕਰਦੇ-ਕਰਦੇ ਜਦੋਂ ਪਿੰਡ ਦੀ ਫਿਰਨੀ ਦੇ ਬਾਹਰਵਾਰ ਬਜ਼ੁਰਗ ਬਾਬੇ ਸੰਤੇ ਦੇ ਘਰ ਪੁੱਜੇ ਤਾਂ ਸਾਨੂੰ ਬਾਬੇ ਨੇ ਕਿਹਾ, 'ਮੇਰਾ ਇਕ ਸੁਝਾਅ ਹੈ, ਮੰਨਿਓ ਭਾਵੇਂ ਨਾ ਮੰਨਿਓ। ਲੋਕ ਪਾਣੀ ਪੀਂਦੇ ਘੱਟ ਅਤੇ ਖਰਾਬ ਜ਼ਿਆਦਾ ਕਰਦੇ ਹਨ। ਜੇਕਰ ਤੁਸੀਂ ਸੱਚਮੁੱਚ ਹੀ ਅਸਲੀ ਸੇਵਾ ਵਾਲਾ ਕੰਮ ਕਰਨਾ ਚਾਹੁੰਦੇ ਹੋ ਤਾਂ ਆਪਣੇ ਪਿੰਡ ਦੇ ਸਰਕਾਰੀ ਸਕੂਲ ਤੇ ਹਸਪਤਾਲ ਜਾਓ ਤੇ ਚਿਰਾਂ ਤੋਂ ਬੰਦ ਪਏ ਪੱਖੇ ਠੀਕ ਕਰਵਾ ਦਿਓ। ਸਕੂਲ ਦੇ ਬੱਚੇ ਅਤੇ ਦੂਰ ਤੋਂ ਆਏ ਹੋਏ ਮਰੀਜ਼ ਤੁਹਾਨੂੰ ਹਰ ਗਰਮੀ ਦੇ ਮੌਸਮ ਵਿਚ ਅਸੀਸਾਂ ਦਿਆ ਕਰਨਗੇ। ਇਕ ਠੰਢੇ ਪਾਣੀ ਵਾਲਾ ਵਾਟਰ ਕੂਲਰ ਸਕੂਲ 'ਚ ਲਗਵਾ ਦਿਓ। ਕੁਝ ਛਾਂਦਾਰ ਬੂਟੇ ਲਗਵਾ ਦਿਓ ਤਾਂ ਕਿ ਵਾਤਾਵਰਨ ਸਾਫ਼-ਸੁਥਰਾ ਹੋ ਸਕੇ, ਪੰਛੀ ਆਪਣਾ ਰੈਣ-ਬਸੇਰਾ ਬਣਾਉਣ ਅਤੇ ਅਸੀਂ ਆਉਣ ਵਾਲੇ ਸਮੇਂ ਗਰਮੀ ਤੋਂ ਕੁਝ ਰਾਹਤ ਮਹਿਸੂਸ ਕਰ ਸਕੀਏ। ਬਜ਼ੁਰਗ ਬਾਪੂ ਜੀ ਦੀ ਸਿੱਖਿਆ ਸੁਣ ਕੇ ਸੱਚਮੁਚ ਇੰਜ ਲੱਗ ਰਿਹਾ ਸੀ ਕਿ ਜਿਵੇਂ ਸਾਨੂੰ ਛਬੀਲ ਦਾ ਅਸਲੀ ਅਰਥ ਲੱਭ ਪਿਆ ਹੋਵੇ।

-ਜਸਵੰਤ ਸਿੰਘ ਰੌਲੀ
ਸਰਕਾਰੀ ਐਲੀਮੈਂਟਰੀ ਸਕੂਲ ਬਾਠ ਕਲਾਂ (ਜਲੰਧਰ)

ਸਿੱਖਿਆ ਦਾ ਵਪਾਰੀਕਰਨ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਨੁਸਾਰ 12ਵੀਂ ਦੇ ਨਤੀਜੇ 'ਚੋਂ 62 ਹਜ਼ਾਰ 916 ਦੇ ਕਰੀਬ ਵਿਦਿਆਰਥੀਆਂ ਦੀ ਕੰਪਾਰਟਮੈਂਟ ਅਤੇ 10ਵੀਂ ਦੇ ਨਤੀਜੇ 'ਚੋਂ 94 ਹਜ਼ਾਰ 271 ਦੇ ਕਰੀਬ ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ। ਫਿਰ ਦੁਬਾਰਾ ਪੇਪਰ ਦੇਣ ਲਈ 10ਵੀਂ ਦੀ ਫੀਸ 1050 ਰੁਪਏ ਤੇ ਬਾਰ੍ਹਵੀਂ ਦੀ ਫੀਸ 1350 ਰੁਪਏ ਦੇ ਹਿਸਾਬ ਨਾਲ ਕੁੱਲ ਫੀਸ ਦੀ ਰਾਸ਼ੀ 18 ਕਰੋੜ 30 ਲੱਖ 21 ਹਜ਼ਾਰ ਦੇ ਕਰੀਬ ਬਣਦੀ ਹੈ। ਸਿੱਖਿਆ ਬੋਰਡ ਅਤੇ ਮੌਜੂਦਾ ਸਰਕਾਰ ਨੂੰ ਚਾਹੀਦਾ ਹੈ ਕਿ ਰੀਅਪੀਅਰ ਵਾਲੇ ਵਿਦਿਆਰਥੀਆਂ ਦੀ ਪੇਪਰ ਫੀਸ ਕਾਫੀ ਹੱਦ ਤੱਕ ਘਟਾ ਕੇ ਉਨ੍ਹਾਂ ਨੂੰ ਆਪਣਾ ਭਵਿੱਖ ਅਤੇ ਸਮਾਜ ਸਿਰਜਣ ਦਾ ਇਕ ਵਧੀਆ ਮੌਕਾ ਦਿੱਤਾ ਜਾਵੇ ਤਾਂ ਜੋ ਇਹ ਬੱਚੇ ਆਪਣੇ ਮਾਪਿਆਂ 'ਤੇ ਬੋਝ ਨਾ ਬਣਨ ਤੇ ਮਾਪੇ ਇਨ੍ਹਾਂ ਦੀ ਫੀਸ ਆਸਾਨੀ ਨਾਲ ਭਰ ਸਕਣ।

-ਤਰਸੇਮ ਮਹਿਤੋ
ਪਿੰਡ ਬਈਏਵਾਲ, ਜ਼ਿਲ੍ਹਾ ਸੰਗਰੂਰ।

ਅੰਧ-ਵਿਸ਼ਵਾਸ
21ਵੀਂ ਸਦੀ ਦਾ ਮਨੁੱਖ ਮੋਬਾਈਲ ਕ੍ਰਾਂਤੀ ਦੇ ਯੁੱਗ ਵਿਚ ਰਹਿ ਰਿਹਾ ਹੈ। ਸੋਸ਼ਲ ਸਾਈਟਾਂ ਨੇ ਪੂਰੀ ਦੁਨੀਆ ਨੂੰ ਇਕ ਪਿੰਡ ਵਿਚ ਤਬਦੀਲ ਕਰ ਦਿੱਤਾ ਹੈ। ਇਨ੍ਹਾਂ ਸੋਸ਼ਲ ਸਾਈਟਾਂ ਨੇ ਭਾਵੇਂ ਮਨੁੱਖੀ ਗਿਆਨ-ਵਿਗਿਆਨ ਦੀ ਜਾਣਕਾਰੀ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਪਰ ਅੱਜ ਦੇ ਵਿਗਿਆਨਕ ਯੁੱਗ ਵਿਚ ਮੋਬਾਈਲ ਫੋਨ ਦੀ ਵਰਤੋਂ ਕਰਦੇ ਪੜ੍ਹੇ-ਲਿਖੇ ਇਨਸਾਨ ਵੀ ਅੰਧ-ਵਿਸ਼ਵਾਸ ਦੀ ਜਕੜ ਤੋਂ ਖਹਿੜਾ ਨਹੀਂ ਛੁਡਾ ਸਕੇ। ਇਸ ਤਰ੍ਹਾਂ ਦੇ ਬਹੁ-ਗਿਣਤੀ ਮੈਸੇਜ਼ ਵੀਡੀਓ ਕਲਿੱਪ ਕੰਪਿਊਟਰ ਦੁਆਰਾ ਐਡਿਟ ਕਰਕੇ ਪਾਏ ਜਾਂਦੇ ਹਨ, ਜੋ ਸੱਚ ਹੋਣ ਦਾ ਭੁਲੇਖਾ ਪਾਉਂਦੇ ਹਨ। ਅੱਜ ਦੇ ਮਨੁੱਖ ਨੂੰ ਇਨ੍ਹਾਂ ਭਰਮ ਫੈਲਾਓ ਪੋਸਟਾਂ ਜਾਂ ਵੀਡੀਓ ਕਲਿੱਪਾਂ ਤੋਂ ਵਧੇਰੇ ਸੁਚੇਤ ਹੋਣ ਦੀ ਲੋੜ ਹੈ।

-ਸੁਖਵੀਰ ਘੁਮਾਣ ਦਿੜ੍ਹਬਾ

02/06/2017

 ਨੌਜਵਾਨਾਂ ਵੱਲੋਂ ਖ਼ੁਦਕੁਸ਼ੀਆਂ ਦਾ ਰੁਝਾਨ
ਕਿਸਾਨ ਖ਼ੁਦਕੁਸ਼ੀਆਂ ਦਾ ਮੁੱਦਾ ਕਈ ਸਾਲਾਂ ਤੋਂ ਮੀਡੀਆ ਵਿਚ ਛਾਇਆ ਹੋਇਆ ਹੈ। ਪਰ ਕੁਝ ਅਰਸੇ ਤੋਂ ਨੌਜਵਾਨਾਂ ਵੱਲੋਂ ਖ਼ੁਦਕੁਸ਼ੀਆਂ ਦਾ ਰੁਝਾਨ ਵੀ ਵਧਦਾ ਜਾ ਰਿਹਾ ਹੈ। ਪਿਛਲੇ ਦਿਨੀਂ 12ਵੀਂ ਅਤੇ 10ਵੀਂ ਜਮਾਤਾਂ ਦੇ ਆਏ ਨਤੀਜਿਆਂ ਵਿਚ ਅਸਫਲ ਰਹਿਣ ਵਾਲੇ ਜਾਂ ਘੱਟ ਨੰਬਰ ਪ੍ਰਾਪਤ ਕਰਨ ਵਾਲੇ ਕੁਝ ਵਿਦਿਆਰਥੀਆਂ ਨੇ ਖ਼ੁਦਕੁਸ਼ੀਆਂ ਕੀਤੀਆਂ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਉਮਰ ਤਾਂ ਜ਼ਿੰਦਗੀ ਨੂੰ ਮਾਨਣ ਦੀ ਹੁੰਦੀ ਹੈ, ਜੋਸ਼ ਨਾਲ ਕੰਮ ਕਰਨ ਦੀ ਹੁੰਦੀ ਹੈ, ਮੰਜ਼ਿਲਾਂ ਸਰ ਕਰਨ ਦੀ ਹੁੰਦੀ ਹੈ, ਮੁਸ਼ਕਿਲਾਂ ਨੂੰ ਚੁਣੌਤੀ ਦੇਣ ਦੀ ਹੁੰਦੀ ਹੈ ਅਤੇ ਸੁਪਨੇ ਦੇਖਣ ਅਤੇ ਸਾਕਾਰ ਕਰਨ ਦੀ ਹੁੰਦੀ ਹੈ, ਫਿਰ ਇਸ ਉਮਰ ਵਿਚ ਏਨੀ ਨਿਰਾਸ਼ਾ ਕਿਉਂ? ਸਰਕਾਰਾਂ ਕੋਲ ਤਾਂ ਅਜਿਹੇ ਮੁੱਦਿਆਂ ਲਈ ਸਮਾਂ ਹੀ ਨਹੀਂ ਹੁੰਦਾ। ਜੇ ਸਾਡਾ ਨੌਜਵਾਨ ਹੀ ਨਿਰਾਸ਼ਾ ਦੇ ਆਲਮ ਵਿਚ ਚਲਾ ਗਿਆ, ਫਿਰ ਦੇਸ਼ ਤਰੱਕੀ ਕਿਵੇਂ ਕਰੇਗਾ? ਸੋ ਲੋੜ ਹੈ ਇਸ ਮੁੱਦੇ ਵੱਲ ਤੁਰੰਤ ਧਿਆਨ ਦੇਣ ਦੀ, ਵਰਨਾ ਸੱਪ ਲੰਘਣ ਤੋਂ ਬਾਅਦ ਲੀਹ ਕੁੱਟਣ ਦਾ ਕੋਈ ਫਾਇਦਾ ਨਹੀਂ ਹੋਵੇਗਾ।


-ਜਸਵੀਰ ਸਿੰਘ ਭਲੂਰੀਆ
ਪਿੰਡ ਤੇ ਡਾਕ: ਭਲੂਰ (ਮੋਗਾ)।


ਲੋਕ ਸਭਾ ਦੇ ਮਹਿਲਾ ਸਪੀਕਰ ਅਤੇ ਉਨ੍ਹਾਂ ਦਾ ਕਾਰਜ ਕਾਲ
ਆਜ਼ਾਦੀ ਤੋਂ ਬਾਅਦ ਪਹਿਲੀ ਲੋਕ ਸਭਾ ਚੋਣ 25 ਅਕਤੂਬਰ 1951 ਤੋਂ 21 ਫਰਵਰੀ 1952 ਦੌਰਾਨ ਆਜ਼ਾਦ ਭਾਰਤ ਦੇ ਪਹਿਲੇ ਚੋਣ ਕਮਿਸ਼ਨਰ ਸੁਕੁਮਰ ਸੇਨ ਦੀ ਦੇਖ ਰੇਖ ਵਿਚ ਹੋਈ ਜੋ ਕਿ ਚੁਣੌਤੀ ਭਰਿਆ ਕੰਮ ਸੀ। ਲੋਕ ਸਭਾ ਦੇ ਸਪੀਕਰ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ। ਉਸ ਨੇ ਲੋਕ ਸਭਾ ਦੀ ਕਾਰਵਾਈ ਚਲਾਉਣੀ ਹੁੰਦੀ ਹੈ। ਉਸ ਦੀ ਚੋਣ ਲੋਕ ਸਭਾ ਮੈਂਬਰਾਂ ਵਿਚੋਂ ਤਕਰੀਬਨ ਆਮ ਸਹਿਮਤੀ ਨਾਲ ਕੀਤੀ ਜਾਂਦੀ ਹੈ। ਸੰਸਦ ਦੇ ਇਸ ਸਦਨ ਦੀ ਮਾਣ-ਮਰਿਆਦਾ ਨੂੰ ਕਾਇਮ ਰੱਖਣਾ ਉਸ ਦਾ ਕੰਮ ਹੈ। ਉਸ ਨੇ ਲੋਕ ਸਭਾ ਦੀ ਕਾਰਵਾਈ ਨਿਰਪੱਖ ਢੰਗ ਨਾਲ ਚਲਾਉਣੀ ਹੁੰਦੀ ਹੈ। ਕੋਈ ਵੀ ਮੈਂਬਰ ਉਸ ਦੀ ਇਜ਼ਾਜਤ ਬਿਨਾਂ ਸਦਨ ਵਿਚ ਬੋਲ ਨਹੀਂ ਸਕਦਾ। ਸਪੀਕਰ ਦਾ ਰੁਤਬਾ ਚੀਫ ਜਸਟਿਸ ਦੇ ਬਰਾਬਰ ਦਾ ਹੈ। ਪਹਿਲੀ ਮਹਿਲਾ ਸਪੀਕਰ ਮੀਰਾ ਕੁਮਾਰ (ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ) ਬਤੌਰ 16ਵੇਂ ਸਪੀਕਰ ਵਜੋਂ 4 ਜੂਨ 2009 ਤੋਂ 4 ਜੂਨ 2014 ਤੱਕ ਸਫਲਤਾਪੂਰਨ ਸੇਵਾ ਨਿਭਾ ਚੁੱਕੇ ਹਨ। ਹੁਣ ਤੱਕ ਸਤਾਰਾਂ ਲੋਕ ਸਭਾ ਚੋਣਾਂ ਹੋ ਚੁੱਕੀਆਂ ਹਨ। ਹੁਣ ਸ੍ਰੀਮਤੀ ਸੁਮਿੱਤਰਾ ਮਹਾਜਨ (ਭਾਰਤੀ ਜਨਤਾ ਪਾਰਟੀ) ਦੂਜੀ ਮਹਿਲਾ ਹਨ, ਜੋ ਸਤਾਰ੍ਹਵੀਂ ਲੋਕ ਸਭਾ ਸਪੀਕਰ ਦੀ ਸੇਵਾ ਨਿਭਾਅ ਰਹੇ ਹਨ।


-ਮੇਜਰ ਸਿੰਘ ਨਾਭਾ
#208, ਗੁਰੂ ਤੇਗ ਬਹਾਦਰ ਨਗਰ, ਨਾਭਾ (ਪਟਿਆਲਾ)।


ਸਾਡੀ ਰਸੋਈ
'ਸਾਡੀ ਰਸੋਈ' ਰਾਹੀਂ ਗ਼ਰੀਬਾਂ ਅਤੇ ਲੋੜਵੰਦਾਂ ਨੂੰ ਰਿਆਇਤ ਕੀਮਤ 'ਤੇ ਖਾਣਾ ਦੇਣ ਲਈ ਜੋ ਉਪਰਾਲਾ ਨਵਾਂਸ਼ਹਿਰ ਵਿਚ ਹੋਇਆ, ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਅੱਜ ਦੇ ਹਾਲਾਤ ਵਿਚ ਬਹੁਤ ਸਾਰੇ ਅਜਿਹੇ ਕੇਸ ਹੋ ਚੁੱਕੇ ਹਨ, ਜੋ ਰੋਟੀ ਨਾ ਮਿਲਣ ਦੇ ਦੁੱਖੋਂ ਮਰੇ ਹਨ। ਚੰਗਾ ਹੋਵੇਗਾ ਜੇਕਰ ਇਹ ਸਕੀਮ ਟਿਫਨ-ਡੱਬਾ ਸਿਸਟਮ ਰਾਹੀਂ ਲੋੜੀਂਦੇ ਘਰਾਂ ਤੱਕ ਖਾਣਾ ਮੁਹੱਈਆ ਕੀਤਾ ਜਾਵੇ ਤਾਂ ਕਿ ਇਹ ਸਮਾਜ ਸੇਵਾ ਸਰਕਾਰੀ ਸੇਵਾ ਵਿਚ ਬਦਲ ਜਾਵੇ। ਕਿਰਪਾ ਕਰਕੇ ਹੋਟਲਾਂ, ਦੁਕਾਨਦਾਰਾਂ ਵੱਲੋਂ ਕੀਤੀ ਜਾ ਰਹੀ ਲੁੱਟ 'ਤੇ ਕਾਬੂ ਪਾਇਆ ਜਾਵੇ।


-ਸੁਪਰਡੈਂਟ ਰਘਬੀਰ ਸਿੰਘ ਬੈਂਸ
ਮੋ: 94633-64101.


ਬੋਰਡ ਪ੍ਰੀਖਿਆਵਾਂ ਦਾ ਸੱਚ
ਜੇਕਰ ਦਸਵੀਂ ਅਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਨਕਲ ਰਹਿਤ ਹੁੰਦੀਆਂ ਤਾਂ ਨਤੀਜਾ ਕਦੇ ਵੀ 20 ਫ਼ੀਸਦੀ ਤੋਂ ਵੱਧ ਨਹੀਂ ਸੀ ਹੋ ਸਕਦਾ। ਕਿਸੇ ਵੀ ਦੇਸ਼ ਦੀ ਤਰੱਕੀ ਦਾ ਮੁੱਢ ਉਸ ਦੀ ਸਿੱਖਿਆ ਪ੍ਰਣਾਲੀ ਤੋਂ ਬੱਝਦਾ ਹੈ। ਬੋਰਡ ਨੂੰ ਚਾਹੀਦਾ ਹੈ ਕਿ ਉਹ ਨੌਵੀਂ ਤੇ ਗਿਆਰਵੀਂ ਦੀਆਂ ਪ੍ਰੀਖਿਆਵਾਂ ਵੀ ਆਪਣੇ ਹੱਥ ਵਿਚ ਲੈ ਲਵੇ। ਵਿਦਿਆਰਥੀਆਂ ਨੂੰ ਪੜ੍ਹਨ ਦੀ ਆਦਤ ਪਵੇਗੀ, ਸਾਫ਼-ਸੁਥਰੇ ਰੌਸ਼ਨ ਦਿਮਾਗ ਵਿਦਿਆਰਥੀ ਕਾਲਜਾਂ ਵਿਚ ਪਹੁੰਚਣਗੇ। ਸਰਕਾਰ ਸੰਜੀਦਾ ਹੋਵੇ, ਪ੍ਰੀਖਿਆਵਾਂ ਸਖ਼ਤ ਨਿਗਰਾਨੀ ਹੇਠ ਹੋਣ ਤਾਂ ਜੋ ਨਕਲ ਰੂਪੀ ਕੋਹੜ ਨੂੰ ਸਮਾਜ ਵਿਚੋਂ ਕੱਢਿਆ ਜਾ ਸਕੇ।


-ਬਲਦੇਵ ਸਿੰਘ
ਬਟਾਲਾ, ਮੋ: 98720-84105.

01/06/2017

 ਪਾਣੀ ਦਾ ਡਿੱਗਦਾ ਪੱਧਰ
ਮਨੁੱਖ ਪਾਣੀ ਦੀ ਕਦਰ ਨਾ ਕਰਦਾ ਹੋਇਆ ਆਪਣੇ ਪੈਰੀਂ ਆਪ ਕੁਹਾੜਾ ਮਾਰ ਰਿਹਾ ਹੈ। ਅੱਜ ਜੋ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ, ਉਸ ਦੇ ਸਿੱਟੇ ਬਹੁਤ ਭਿਆਨਕ ਹੋਣਗੇ। ਪਵਿੱਤਰ ਗੁਰਬਾਣੀ ਵਿਚ ਹਵਾ ਨੂੰ ਗੁਰੂ ਅਤੇ ਪਾਣੀ ਨੂੰ ਪਿਤਾ ਕਿਹਾ ਗਿਆ ਹੈ ਪਰ ਮਨੁੱਖ ਹਵਾ ਅਤੇ ਪਾਣੀ ਦੋਵਾਂ ਨੂੰ ਹੀ ਦੂਸ਼ਿਤ ਕਰ ਰਿਹਾ ਹੈ। ਧਰਤੀ ਹੇਠਲੇ ਪਾਣੀ ਦੇ ਡਿਗਦੇ ਪੱਧਰ ਨੂੰ ਧਿਆਨ 'ਚ ਰੱਖਦਿਆਂ ਮਨੁੱਖ ਨੂੰ ਸੋਚ ਵਿਚਾਰ ਕਰਨੀ ਚਾਹੀਦੀ ਹੈ। ਜੇਕਰ ਮਨੁੱਖ ਇਸ ਤਰ੍ਹਾਂ ਧਰਤੀ ਹੇਠਲੇ ਪਾਣੀ ਨੂੰ ਖ਼ਤਮ ਕਰਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਕੋਲ ਧਰਤੀ ਹੇਠੋਂ ਪਾਣੀ ਕੱਢਣ ਦੇ ਸਾਰੇ ਸਾਧਨ ਵੀ ਖ਼ਤਮ ਹੋ ਜਾਣਗੇ।


-ਸੁਖਵਿੰਦਰ ਕਲੇਰ ਬੱਸੀਆਂ
ਪਿੰਡ ਤੇ ਡਾਕ: ਬੱਸੀਆਂ, ਜ਼ਿਲ੍ਹਾ ਲੁਧਿਆਣਾ।


ਸਰਕਾਰੀ ਹਸਪਤਾਲਾਂ ਦੀ ਅਸਲੀ ਤਸਵੀਰ
ਸਰਕਾਰੀ ਹਸਪਤਾਲਾਂ ਦੀ ਜੋ ਹਾਲਤ ਹੈ, ਉਸ ਬਾਰੇ ਕੁਝ ਵੀ ਲੁਕਿਆ ਹੋਇਆ ਨਹੀਂ। ਟੁੱਟੇ ਭੱਜੇ, ਗੰਦਗੀ ਭਰਪੂਰ, ਡਾਕਟਰਾਂ ਤੋਂ ਸੱਖਣੇ, ਸਟਾਫ ਦਾ ਕੁਝ ਅਤਾ ਪਤਾ ਨਹੀਂ ਤੇ ਦਵਾਈਆਂ-ਰਹਿਤ, ਇਹ ਹੈ ਸਰਕਾਰੀ ਹਸਪਤਾਲਾਂ ਦੀ ਅਸਲੀ ਤਸਵੀਰ। ਜੇ ਪ੍ਰਾਈਵੇਟ ਹਸਪਤਾਲਾਂ ਵਿਚ ਮਹਿੰਗੇ ਇਲਾਜ ਕਰਵਾਉਣੇ ਹਨ ਤਾਂ ਸਰਕਾਰਾਂ ਚੁਣਨ ਦਾ ਕੀ ਫਾਇਦਾ? ਟੈਕਸ ਦੇਣ ਦਾ ਕੀ ਲਾਭ? ਬਜਟ ਵਿਚ ਪੈਸਾ ਰੱਖਿਆ ਕਿੱਥੇ ਜਾਂਦਾ ਹੈ? ਪਰ ਬਦਕਿਸਮਤੀ ਕੋਈ ਧਿਰ ਜਵਾਬ ਦੇਣ ਵਾਸਤੇ ਤਿਆਰ ਨਹੀਂ। ਪ੍ਰਾਈਵੇਟ ਡਾਕਟਰਾਂ ਨੇ ਤਾਂ ਅਜਿਹਾ ਮਕੜ ਜਾਲ ਵਿਛਾਇਆ ਹੈ ਕਿ ਬੰਦਾ ਮਜਬੂਰੀ ਵਿਚ ਅਜਿਹਾ ਫਸਦਾ ਹੈ ਕਿ ਉਸ ਦੀ ਹਾਲਤ ਉੱਜੜਿਆਂ ਵਰਗੀ ਹੋ ਜਾਂਦੀ ਹੈ। ਲੋਕਾਂ ਦੀ ਪ੍ਰਾਈਵੇਟ ਹਸਪਤਾਲਾਂ ਵਿਚ ਹੋ ਰਹੀ ਲੁੱਟ ਦੀ ਜ਼ਿੰਮੇਵਾਰ ਸਰਕਾਰ ਹੈ। ਸਿਹਤ ਸਹੂਲਤਾਂ ਜਿਵੇਂ ਹਰ ਹਸਪਤਾਲ ਵਿਚ ਡਾਕਟਰਾਂ ਦਾ ਹੋਣਾ, ਸਟਾਫ ਦਾ ਹੋਣਾ, ਦਵਾਈਆਂ ਦਾ ਹੋਣਾ, ਸਾਫ਼-ਸਫ਼ਾਈ ਆਦਿ ਸਰਕਾਰ ਦੀ ਜ਼ਿੰਮੇਵਾਰੀ ਹੈ। ਜੋ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਸਿਹਤ ਸਹੂਲਤਾਂ ਹੀ ਨਹੀਂ ਦੇ ਸਕਦੀ ਹੈ, ਉਸ ਦੀ ਗੰਭੀਰਤਾ ਸਭ ਦੇ ਸਾਹਮਣੇ ਹੀ ਹੈ।


-ਪ੍ਰਭਜੋਤ ਕੌਰ ਢਿੱਲੋਂ
ਮੋ: 98150-30221.


ਸ਼ਰਾਬ ਫੈਕਟਰੀਆਂ ਦਾ ਪਾਣੀ

ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਰਿਪੋਰਟ 'ਅਜੀਤ' ਵਿਚ ਪੜ੍ਹੀ, ਜਿਸ ਵਿਚ ਸ਼ਰਾਬ ਫੈਕਟਰੀਆਂ ਦੇ ਗੰਦੇ ਪਾਣੀ ਬਾਰੇ ਚਿੰਤਾ ਪ੍ਰਗਟ ਕਰ ਸੱਚ ਲੋਕਾਂ ਸਾਹਮਣੇ ਰੱਖਿਆ ਗਿਆ। ਇਹ ਤਾਂ ਇਕੱਲੇ ਇਸ ਇਲੱਕੇ ਦੀ ਹੀ ਤ੍ਰਾਸਦੀ ਪੜ੍ਹੀ ਹੈ, ਹੋਰ ਅਣਗਿਣਤ ਸ਼ਰਾਬ ਦੀਆਂ ਫੈਕਟਰੀਆਂ ਪੰਜਾਬ ਦੀ ਧਰਤੀ 'ਤੇ ਲੱਗ ਚੁੱਕੀਆਂ ਹਨ ਤੇ ਸਾਰੇ ਹੀ ਇਲਾਕਿਆਂ ਵਿਚ ਵਾਤਾਵਰਨ ਪੱਖੋਂ ਤਰਥੱਲੀ ਮਚਾ ਰਹੀਆਂ ਹਨ। ਧਰਤੀ ਹੇਠਲਾ ਪਾਣੀ ਅਨੇਕਾਂ ਕਾਰਨਾਂ ਕਰਕੇ ਪਹਿਲਾਂ ਹੀ ਜ਼ਹਿਰੀਲਾ ਹੋ ਚੁੱਕਾ ਹੈ ਤੇ ਉੱਪਰੋਂ ਅਜਿਹੇ ਨਵੇਂ ਸਾਧਨਾਂ ਕਰਕੇ ਰਹਿੰਦੀ ਕਸਰ ਨਿਕਲ ਜਾਵੇਗੀ। ਇਸ ਨਾਲ ਪੰਜਾਬ ਦਾ ਭਵਿੱਖ ਵਿਗੜਦਾ ਹੀ ਜਾ ਰਿਹਾ ਹੈ। ਅਨੇਕਾਂ ਫੈਕਟਰੀਆਂ, ਪ੍ਰਦੂਸ਼ਣ ਸਬੰਧੀ ਮਾਪਦੰਡ 'ਤੇ ਸਹੀ ਨਹੀਂ ਉਤਰਦੀਆਂ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਸਹੀ ਜ਼ਿੰਮੇਵਾਰੀ ਨਹੀਂ ਨਿਭਾਅ ਰਿਹਾ। ਸਾਡੀ ਬੇਨਤੀ ਹੈ ਕਿ ਪੰਜਾਬ ਦੇ ਪਾਣੀਆਂ ਵਿਚ ਜ਼ਹਿਰ ਘੁਲਣ ਤੋਂ ਰੋਕੀ ਜਾਵੇ ਤਾਂ ਕਿ ਪੰਜਾਬ ਜੀਵਤ ਰਹਿ ਸਕੇ।


-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿਆਣਾ)।

30/05/2017

 ਆਪਣੇ ਫ਼ਰਜ਼ ਪਛਾਣੀਏ
ਅਸੀਂ ਹਰ ਦੋਸ਼ ਸਰਕਾਰਾਂ ਸਿਰ ਮੜ੍ਹ ਆਪ ਸੁਰਖਰੂ ਹੋ ਜਾਂਦੇ ਹਾਂ ਪਰ ਆਪਣੇ ਮੁਢਲੇ ਫ਼ਰਜ਼ ਪਛਾਨਣ ਵਿਚ ਵੱਡੀ ਕੁਤਾਹੀ ਵਰਤਦੇ ਹਾਂ। ਹੁਣ ਸਰਕਾਰ ਨੇ ਵਾਤਾਵਰਨ ਬਚਾਉਣ ਹਿਤ ਕਣਕ ਦੇ ਨਾੜ ਨੂੰ ਅੱਗ ਲਾਉਣ 'ਤੇ ਪਾਬੰਦੀ ਲਾਈ ਪਰ ਰਾਤ-ਬਰਾਤੇ ਨਾੜ ਸਾੜ ਉਲੰਘਣਾ ਕੀਤੀ ਗਈ ਕਿ ਵਹਾਈ 'ਤੇ ਵੱਧ ਖਰਚ ਆਉਂਦਾ ਹੈ। ਸਰਕਾਰ ਨੇ ਪਿੰਡਾਂ ਵਿਚ ਪਾਣੀ ਵਾਲੀਆਂ ਮੋਟਰਾਂ ਸਾਡੀ ਸਹੂਲਤ ਲਈ ਲਗਵਾਈਆਂ ਤਾਂ ਕਿ ਡੂੰਘੇ ਪਾਣੀ ਕਾਰਨ ਅਵਾਮ ਨੂੰ ਪ੍ਰੇਸ਼ਾਨੀ ਨਾ ਹੋਵੇ ਪਰ ਅਸੀਂ ਪਾਣੀ ਬੇਲੋੜਾ ਅਜਾਈਂ ਵਹਾ ਰਹੇ ਹਾਂ। ਐਨ.ਜੀ.ਟੀ. (ਨੈਸ਼ਨਲ ਗਰੀਨ ਟ੍ਰਿਬਿਊਨਲ) ਨੇ ਨਿਰਦੇਸ਼ ਦਿੱਤੇ ਕਿ ਬਿਨਾਂ ਮਨਜ਼ੂਰੀ ਰੁੱਖਾਂ ਦੀ ਕਟਾਈ ਨਹੀਂ ਪਰ ਅਸੀਂ ਤਾਂ ਖੇਤਾਂ ਵਿਚ ਇੱਕਾ-ਦੁੱਕਾ ਦਰੱਖਤਾਂ ਦੀਆਂ ਜੜ੍ਹਾਂ 'ਤੇ ਵੀ ਕੁਹਾੜਾ ਚਲਾ ਦਿੱਤਾ ਕਿ ਇਹ ਫ਼ਸਲਾਂ ਨੂੰ ਮਾਰ ਕਰਦੇ ਹਨ। ਜੇ ਅਸੀਂ ਆਪਣੀ-ਆਪਣੀ ਜ਼ਿੰਮੇਵਾਰੀ ਨੂੰ ਪਛਾਣਾਂਗੇ ਨਹੀਂ ਤਾਂ ਪਛਤਾਵੇਂ ਬਿਨਾਂ ਕੁਝ ਪੱਲੇ ਨਹੀਂ ਬਚੇਗਾ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਜ਼ਿਲ੍ਹਾ ਲੁਧਿਆਣਾ।

ਪਾਣੀ ਦੀ ਬੱਚਤ ਕਰੋ
ਪਾਣੀ ਨੂੰ ਬਚਾਉਣ ਲਈ ਪਾਣੀ ਦੀ ਸੰਜਮ ਨਾਲ ਕੀਤੀ ਵਰਤੋਂ ਅਤੇ ਮੁੜ ਜੰਗਲ ਲਗਾ ਕੇ ਮੋਹਲੇਧਾਰ ਬਾਰਿਸ਼ਾਂ ਦਾ ਮੌਸਮ ਪੈਦਾ ਕਰਕੇ ਪਾਣੀ ਬਚਾਇਆ ਜਾ ਸਕਦਾ ਹੈ। ਘਰਾਂ ਵਿਚ ਬੁਰਸ਼ ਕਰਨ ਤੇ ਨਹਾਉਣ, ਕੱਪੜੇ ਧੋਣ ਤੇ ਰਸੋਈਆਂ ਵਿਚ ਪਾਣੀ ਬਾਲਟੀਆਂ ਜਾਂ ਟੱਬ ਭਰ ਕੇ ਵਰਤਣਾ ਚਾਹੀਦਾ ਹੈ। ਖੇਤਾਂ ਵਿਚ ਸਿੰਜਾਈ ਲਈ ਤੁਪਕਾ ਸਕੀਮ ਅਪਣਾਉਣੀ ਚਾਹੀਦੀ ਹੈ। ਜੇਕਰ ਸਰਕਾਰ ਸਾਫ਼ ਕੀਤਾ ਨਹਿਰੀ ਪਾਣੀ ਘਰਾਂ ਅਤੇ ਕਾਰਖਾਨਿਆਂ ਨੂੰ ਨਹਾਉਣ ਤੇ ਕੱਪੜੇ ਧੋਣ ਲਈ ਸਪਲਾਈ ਕਰ ਸਕੇ ਤਾਂ ਪੀਣ ਵਾਲਾ ਧਰਤੀ ਹੇਠਲਾ ਪਾਣੀ ਹੋਰ ਬਚ ਸਕਦਾ ਹੈ। ਕਿਸਾਨਾਂ ਨੂੰ ਝੋਨੇ ਦੀ ਥਾਂ ਮੱਕੀ ਤੇ ਕਮਾਦ ਵਰਗੀਆਂ ਫ਼ਸਲਾਂ ਬੀਜਣ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ।

-ਇੰਜ: ਕੁਲਦੀਪ ਸਿੰਘ ਲੁੱਧਰ
ਗੁਰੂ ਨਾਨਕ ਵਾੜਾ, ਅੰਮ੍ਰਿਤਸਰ।

ਮਾਂ ਰੱਬ ਦਾ ਦੂਜਾ ਰੂਪ
ਮਾਂ ਦਿਵਸ ਮਨਾਉਣ ਦੀਆਂ ਖ਼ਬਰਾਂ ਪੜ੍ਹਦਿਆਂ-ਪੜ੍ਹਦਿਆਂ ਜੋ ਖਿਆਲ ਮਨ 'ਚ ਆਇਆ ਪਾਠਕਾਂ ਨਾਲ ਸਾਂਝਾ ਕਰ ਰਿਹਾ ਹਾਂ। ਇਕ ਆਦਮੀ ਦੂਜੇ ਨੂੰ ਪੁੱਛਦਾ ਕੀ ਤੂੰ ਰੱਬ ਵੇਖਿਆ ਹੈ? ਦੂਜਾ ਅੱਗੋਂ ਜਵਾਬ ਦਿੰਦਾ, ਮੈਂ ਰੱਬ ਵੇਖਿਆ ਤਾਂ ਨਹੀਂ ਪਰ ਲਗਦਾ ਮੇਰੀ ਮਾਂ ਵਰਗਾ ਹੋਣਾ। ਸੱਚਮੁੱਚ ਇਸ ਧਰਤੀ 'ਤੇ ਜੇ ਰੱਬ ਦਾ ਕੋਈ ਵਜੂਦ ਵੇਖਣ ਨੂੰ ਮਿਲਦਾ ਹੈ ਤਾਂ ਉਹ ਹੈ 'ਮਾਂ'। ਰੱਬ ਹੈ ਇਕ ਖਿਆਲ ਦਾ ਨਾਂਅ ਪਰ ਮਾਂ ਹੈ ਇਕ ਪਿਆਰ ਦਾ ਨਾਂਅ। ਰੱਬ ਹੈ ਸ੍ਰਿਸ਼ਟੀ ਸਿਰਜਣਹਾਰ, ਐਪਰ ਮਾਂ ਹੈ ਪਾਲਣਹਾਰ। ਮਾਂ-ਮਾਂ ਕਰਦਾ ਬੱਚਾ ਪਲਦਾ, ਮਾਂ-ਮਾਂ ਕਰਦਾ ਜੋਬਨ ਫੜਦਾ। ਪਾਲ-ਪਾਲ ਮਾਂ ਵੱਡਾ ਕਰਦੀ, ਦੁੱਖ-ਸੁੱਖ ਆਪਣੇ ਸਿਰ 'ਤੇ ਜਰਦੀ। ਰਿਸ਼ੀ-ਮੁਨੀ ਅਵਤਾਰ ਕਹਾਏ, ਮਾਂ ਨੇ ਹੀ ਸਭ ਗੋਦ ਖਿਡਾਏ। ਮਾਂ ਦੇ ਪਿਆਰ ਦਾ ਅਜਬ ਨਜ਼ਾਰਾ, ਨਾ ਮਾਂ ਵਰਗਾ ਕੋਈ ਹੋਰ ਸਹਾਰਾ। ਕੀ-ਕੀ ਮਾਂ ਦੀ ਸਿਫ਼ਤ ਸੁਣਾਵਾਂ, ਮਨ ਭਰ ਆਉਂਦਾ ਕੀ ਬਤਲਾਵਾਂ। ਹੁਕਮਾ ਮੇਰੀ ਮਾਂ ਹੁੰਦੀ ਸੀ, ਠੰਢੀ-ਮਿੱਠੀ ਜਿਹਦੀ ਛਾਂ ਹੁੰਦੀ ਸੀ। ਬਾਰਿਸ਼ ਕਹਿ ਜਦ ਆਵਾਜ਼ ਲਗਾਵੇ, ਇੰਜ ਲਗਦਾ ਸੀ ਕੋਈ ਰੱਬ ਬੁਲਾਵੇ। ਇਸੇ ਖਿਆਲ 'ਚ ਹੈ ਇਹ ਲਿਖਿਆ, ਮਾਂ ਵਰਗਾ ਨੀ ਕੋਈ ਦਿਖਿਆ। ਲਿਖਤ ਮੇਰੀ 'ਚ ਇਹੋ ਸਬੂਤ, ਮਾਂ ਹੈ ਰੱਬ ਦਾ ਦੂਜਾ ਰੂਪ।

-ਬਨਾਰਸੀ ਦਾਸ ਅਧਿਆਪਕ
ਰੱਤੇਵਾਲ (ਨਵਾਂਸ਼ਹਿਰ)।

29/05/2017

 ਰਸਾਤਲ ਵੱਲ ਜਾ ਰਹੀ ਸਿੱਖਿਆ
ਬੋਰਡ ਦੀਆਂ ਜਮਾਤਾਂ ਦੇ ਨਤੀਜੇ ਬੇਹੱਦ ਨਿਰਾਸ਼ਾਜਨਕ ਰਹੇ ਹਨ। ਦਸਵੀਂ ਜਮਾਤ ਦੇ 14 ਹਜ਼ਾਰ ਬੱਚਿਆਂ ਦਾ ਮਾਤ ਭਾਸ਼ਾ ਪੰਜਾਬੀ ਦੇ ਵਿਸ਼ੇ 'ਚੋਂ ਫੇਲ੍ਹ ਹੋ ਜਾਣਾ ਬੇਹੱਦ ਮਾੜਾ ਪੱਖ ਕਿਹਾ ਜਾ ਸਕਦਾ ਹੈ। ਦਿਨੋ ਦਿਨ ਰਸਾਤਲ ਵੱਲ ਜਾ ਰਹੀ ਸਰਕਾਰੀ ਸਕੂਲਾਂ ਦੀ ਸਿੱਖਿਆ ਦਾ ਮਾਮਲਾ ਬੇਹੱਦ ਗੰਭੀਰ ਹੈ। ਸਰਕਾਰੀ ਸਕੂਲਾਂ ਦੇ ਕੇਵਲ 24 ਵਿਦਿਆਰਥੀਆਂ ਦਾ ਪੰਜਾਬ ਦੀ ਮੈਰਿਟ 'ਚ ਆਉਣਾ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦਾ ਹੈ। ਅਧਿਆਪਕ ਵਰਗ ਮਾੜੇ ਨਤੀਜਿਆਂ ਲਈ ਰਾਈਟ-ਟੂ ਐਜੂਕੇਸ਼ਨ ਕਾਨੂੰਨ ਅਤੇ ਅਧਿਆਪਕਾਂ ਤੋਂ ਲਏ ਜਾਂਦੇ ਬੇਲੋੜੇ ਕੰਮਾਂ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ। ਅਜੋਕੇ ਸਮੇਂ ਸਰਕਾਰੀ ਸਕੂਲਾਂ 'ਚ ਕੇਵਲ ਲੋੜਵੰਦ ਜਾਂ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਬੱਚੇ ਹੀ ਸਿੱਖਿਆ ਲੈ ਰਹੇ ਹਨ। ਇਕ ਦੂਜੇ ਸਿਰ ਦੋਸ਼ ਮੜ੍ਹ ਕੇ ਇਸ ਸਮੱਸਿਆ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ।


-ਸੁਖਵੀਰ ਘੁਮਾਣ ਦਿੜ੍ਹਬਾ


ਕਿਸਾਨੀ...
ਸਾਡੇ ਦੇਸ਼ ਵਿਚ ਕੋਈ ਕਾਰਖਾਨੇ ਵਿਚ ਜੇ ਕੋਈ ਚੀਜ਼ ਤਿਆਰ ਕਰਦਾ ਹੈ ਤਾਂ ਉਹ ਇਕ ਕਿਲੋ ਕੱਚਾ ਮਾਲ ਲੈ ਕੇ ਉਸ ਤੋਂ ਘੱਟ ਵਜ਼ਨ ਦੀ ਚੀਜ਼ ਤਿਆਰ ਕਰਦਾ ਹੈ। ਜਿਵੇਂ ਇਕ ਕਿਲੋ ਲੋਹਾ ਜਾਂ ਪਲਾਸਟਿਕ ਲੈ ਕੇ ਉਹਦਾ ਕਾਰਖਾਨਾ 900 ਜਾਂ 800 ਗਰਾਮ ਦੀ ਚੀਜ਼ ਤਿਆਰ ਕਰਦਾ ਹੈ। ਦੂਜੇ ਪਾਸੇ ਕਿਸਾਨ ਦਾ ਕਾਰਖਾਨਾ (ਖੇਤ) ਇਕ ਕਿਲੋ ਬੀਜ ਲੈ ਕੇ 50 ਜਾਂ 60 ਕਿਲੋ ਬਣਾ ਦਿੰਦਾ ਹੈ। ਘੱਟ ਮਾਲ ਤਿਆਰ ਕਰਨ ਵਾਲਾ ਅਮੀਰ ਹੋਈ ਜਾਂਦਾ ਹੈ ਤੇ 60 ਗਣਾਂ ਵੱਧ ਤਿਆਰ ਕਰਨ ਵਾਲਾ ਕਰਜ਼ਾਈ ਹੋਈ ਜਾਂਦਾ ਹੈ। ਸਾਡੇ ਦੇਸ਼ ਦੀ ਖੇਤੀ ਨੀਤੀ ਵੱਲ ਸਰਕਾਰ ਧਿਆਨ ਦੇਵੇ, ਮਰਦੀ ਕਿਸਾਨੀ ਨੂੰ ਬਚਾਵੇ।


-ਗੁਰਾਂਦਿੱਤਾ ਸੰਧੂ
ਮੋਬਾਈਲ : 98760-47435.


ਇਕ ਪੱਖ
ਪਿਛਲੇ ਦਿਨੀਂ 'ਅਜੀਤ' ਵਿਚ ਲੇਖ 'ਲੋਕਾਂ ਦਾ ਸਰਕਾਰੀ ਸਕੂਲਾਂ ਵਿਚ ਵਿਸ਼ਵਾਸ ਹੋ ਸਕਦਾ ਹੈ ਬਹਾਲ' ਪੜ੍ਹਿਆ। ਕੇਵਲ ਇਕ ਹੀ ਪੱਖ ਉਜਾਗਰ ਕੀਤਾ ਗਿਆ ਹੈ, ਜਿਸ ਨਾਲ ਮੈਂ ਪੂਰਨ ਤੌਰ 'ਤੇ ਸਹਿਮਤ ਨਹੀਂ ਹਾਂ। ਕੇਵਲ ਅਧਿਆਪਕ ਹੀ ਕਿਉਂ, ਹਰ ਸਰਕਾਰੀ ਮੁਲਾਜ਼ਮ, ਅਫਸਰ, ਮੰਤਰੀ, ਨੇਤਾ ਜੋ ਸਰਕਾਰੀ ਖਜ਼ਾਨੇ ਵਿਚੋਂ ਤਨਖਾਹ ਲੈ ਰਿਹਾ ਹੈ, ਉਹ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਲਾਉਣ ਲਈ ਪਾਬੰਦ ਹੋਵੇ। ਫਿਰ ਇਨ੍ਹਾਂ ਸਰਕਾਰੀ ਸਕੂਲਾਂ ਵਿਚ ਕਿਸੇ ਅਧਿਆਪਕ ਦੀ ਗ਼ੈਰ-ਵਿਦਿਅਕ ਕੰਮਾਂ ਜਿਵੇਂ ਬੀ.ਐਲ.ਓ., ਮਰਦਮਸ਼ੁਮਾਰੀ ਅਤੇ ਹੋਰ ਅਨੇਕਾਂ ਡਾਟੇ ਇਕੱਠੇ ਕਰਨ 'ਤੇ ਡਿਊਟੀ ਵੀ ਨਹੀਂ ਲੱਗੇਗੀ।


-ਗੁਰਦਿਆਲ ਰਾਹੀ
ਮੋਬਾਈਲ : 94646-16539.


ਮੋਦੀ ਸਰਕਾਰ ਦੇ ਤਿੰਨ ਸਾਲ
ਮੋਦੀ ਸਰਕਾਰ ਦੇ ਤਿੰਨ ਸਾਲਾਂ ਦਾ ਲੇਖਾ-ਜੋਖਾ, ਜਿਸ ਵਿਚ ਹਰ ਵਰਗ ਦੀਆਂ ਸਮੱਸਿਆਵਾਂ ਅਤੇ ਵਿਚਾਰ ਪੜ੍ਹੇ। ਪਰ ਕੁਝ ਸਮੱਸਿਆਵਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਜਾਣ ਕੇ ਬਟਾਲਾ ਵਾਸੀ ਅਤੇ ਲੋਕ ਜ਼ਰੂਰ ਸਹਿਮਤ ਹੋਣਗੇ। ਸਭ ਤੋਂ ਵੱਡੀ ਸਮੱਸਿਆ ਸੜਕੀ ਆਵਾਜਾਈ ਦੀ ਹੈ। ਪਠਾਨਕੋਟ ਤੋਂ ਮਹਿਤਾ ਚੌਕ ਬਿਆਸ ਜਾਣ ਲਈ ਅੱਜ ਵੀ ਸ਼ਹਿਰ ਵਿਚੋਂ ਦੀ ਹੀ ਲੰਘਣਾ ਪੈਂਦਾ ਹੈ। ਪਠਾਨਕੋਟ ਰੋਡ ਤੋਂ ਮਹਿਤਾ-ਬਿਆਸ ਰੋਡ ਲਈ ਬਾਈਪਾਸ ਤਿਆਰ ਕੀਤਾ ਜਾਵੇ ਤਾਂ ਜੋ ਭਾਰੀ ਵਾਹਨ ਬਾਈਪਾਸ ਜਾਣ। ਸਰਕਾਰ ਨੂੰ ਚਾਹੀਦਾ ਹੈ ਕਿ ਬਟਾਲੇ ਸ਼ਹਿਰ ਨੂੰ ਇਕ ਵੱਡੀ ਸਨਅਤ ਵਜੋਂ ਵਿਕਸਤ ਕੀਤਾ ਜਾਵੇ।


-ਪਰਮਜੀਤ ਸਿੰਘ
ਮੋਬਾਈਲ : 94642-41024.

26/05/2017

 ਜਬਰ-ਜਨਾਹ ਦੀਆਂ ਘਟਨਾਵਾਂ
ਦਸੰਬਰ 2012 'ਚ ਦਿੱਲੀ ਵਿਚ ਵਾਪਰੇ 'ਦਾਮਨੀ ਜਬਰ-ਜਨਾਹ ਦੁਖਾਂਤ' ਤੋਂ ਬਾਅਦ ਪੂਰੇ ਹਿੰਦੁਸਤਾਨ ਵਿਚ ਉੱਠੇ ਗੁੱਸੇ ਦੇ ਅੱਗੇ ਭਾਰਤ ਦੀ ਸੰਸਦ ਨੇ ਝੁੱਕ ਕੇ ਆਈ.ਪੀ.ਸੀ, ਸੀ.ਆਰ.ਪੀ.ਸੀ ਅਤੇ ਐਵੀਡੈਂਸ ਐਕਟ ਵਿਚ ਔਰਤਾਂ ਸਬੰਧੀ ਧਾਰਾ ਫ਼ੌਜਦਾਰੀ ਕਾਨੂੰਨ (ਤਰਮੀਮ ਐਕਟ 2013) ਪਾਸ ਕਰਕੇ ਕਾਨੂੰਨੀ ਪਰਿਭਾਸ਼ਾ ਅਤੇ ਜ਼ਾਬਤੇ ਨੂੰ ਵਿਆਪਕ ਤੌਰ 'ਤੇ ਬਦਲ ਦਿੱਤਾ ਸੀ ਅਤੇ ਸਜ਼ਾ ਨੂੰ ਹੋਰ ਸਖ਼ਤ ਕਰ ਦਿੱਤਾ ਸੀ। ਜਿਹੜੇ-ਜਿਹੜੇ ਹਿਸਾਬ ਨਾਲ ਜੁਰਮਾਂ ਵਿਚ ਵਾਧਾ ਹੋਇਆ, ਉਸੇ ਹਿਸਾਬ ਨਾਲ ਆਈ.ਪੀ.ਸੀ. ਦੀਆਂ ਨਵੀਆਂ ਧਾਰਾਵਾਂ ਵਿਚ ਸੋਧ ਕੀਤੀ ਗਈ। ਇਸੇ ਤਰ੍ਹਾਂ ਸੀ.ਆਰ.ਪੀ.ਸੀ. ਵਿਚ ਵੀ ਨਵੀਆਂ ਧਾਰਾਵਾਂ ਸ਼ਾਮਿਲ ਕੀਤੀਆਂ ਗਈਆਂ। ਪ੍ਰੰਤੂ ਨਵੇਂ ਕਾਨੂੰਨ ਦੇ ਬਦਲਣ ਦੇ ਨਾਲ ਵੀ ਇਹ ਸਥਿਤੀ ਠੀਕ ਹੁੰਦੀ ਨਜ਼ਰ ਨਹੀਂ ਆ ਰਹੀ ਅਤੇ ਰੋਜ਼ਾਨਾ ਅਖ਼ਬਾਰਾਂ, ਟੈਲੀਵਿਜ਼ਨ ਵਿਚ ਇਸ ਘਿਨੌਣੇ ਜੁਰਮ ਦੀਆਂ ਖ਼ਬਰਾਂ ਆ ਰਹੀਆਂ ਹਨ।
ਕਾਨੂੰਨ ਵਿਚ ਸੋਧ ਤਾਂ ਕਰ ਦਿੱਤੀ ਗਈ, ਪ੍ਰੰਤੂ ਇਸ ਦੇ ਪਿੱਛੇ ਕੀ ਕਾਰਨ ਹਨ, ਨੂੰ ਕਿਸੇ ਨੇ ਵੀ ਘੋਖਣ ਦੀ ਕੋਸ਼ਿਸ਼ ਨਹੀਂ ਕੀਤੀ। ਨਸ਼ਿਆਂ ਦਾ ਨੌਜਵਾਨਾਂ ਵੱਲੋਂ ਵਧੇਰੇ ਸੇਵਨ ਅਤੇ ਮਾਂ-ਪਿਉ ਛੋਟੇ-ਛੋਟੇ ਬੱਚਿਆਂ ਨੂੰ ਅਤੇ ਜਵਾਨ ਬੱਚਿਆਂ ਨੂੰ ਮੋਬਾਈਲ ਲੈ ਕੇ ਦੇ ਦਿੰਦੇ ਹਨ, ਜੋ ਇਹ ਨੌਜਵਾਨ ਬੱਚੇ ਮੋਬਾਈਲ ਉੱਪਰ ਗੰਦੀਆਂ ਫ਼ਿਲਮਾਂ ਦੇਖਦੇ ਹਨ, ਜਿਸ ਨਾਲ ਉਨ੍ਹਾਂ ਦੀ ਕਾਮ ਵਾਸ਼ਨਾ ਭੜਕਦੀ ਹੈ ਅਤੇ ਉਹ ਕਾਮ ਵਾਸ਼ਨਾ ਵਿਚ ਅੰਨ੍ਹੇ ਹੋਏ ਇਹ ਕਾਰਾ ਕਰੀ ਜਾ ਰਹੇ ਹਨ। ਇਸ ਦਾ ਕੀ ਨਤੀਜਾ ਨਿਕਲੇਗਾ ਬਿਨਾਂ ਸੋਚੇ ਇਹ ਕਾਰਾ ਬੇਖੌਫ਼ ਕਰੀ ਜਾ ਰਹੇ ਹਨ। ਪਹਿਲਾਂ ਬੱਚੇ ਦਸਵੀਂ-ਗਿਆਰਵੀਂ ਕਲਾਸ ਵਿਚ ਪੜ੍ਹਦੇ ਸੀ ਤੇ ਮੁੰਡੇ-ਕੁੜੀਆਂ ਇਕੱਠੇ ਖੇਡਦੇ ਸੀ। ਉਨ੍ਹਾਂ ਨੂੰ ਇਸ ਪ੍ਰਤੀ ਕੋਈ ਜਾਣਕਾਰੀ ਨਹੀਂ ਹੁੰਦੀ ਸੀ ਤੇ ਨਾ ਹੀ ਉਨ੍ਹਾਂ ਦਾ ਇਨ੍ਹਾਂ ਗੰਦੀਆਂ ਹਰਕਤਾਂ ਵੱਲ ਝੁਕਾਅ ਹੁੰਦਾ ਸੀ। ਜੇ ਅਜਿਹਾ ਹਾਲ ਰਿਹਾ ਤਾਂ ਤੁਹਾਨੂੰ ਪੇਟੀ ਬੰਦ ਫੋਰਸਾਂ ਵਿਚ ਭਰਤੀ ਲਈ ਨੌਜਵਾਨ ਮੁੰਡੇ ਨਹੀਂ ਮਿਲਣਗੇ, ਜੋ ਕਿ ਬਹੁਤ ਹੀ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸ ਪ੍ਰਤੀ ਸਰਕਾਰਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਅਤੇ ਸਮਾਜਿਕ ਜਥੇਬੰਦੀਆਂ ਅਤੇ ਬੁੱਧੀਜੀਵੀਆਂ ਨੂੰ ਸੰਜੀਦਗੀ ਨਾਲ ਗ਼ੌਰ ਕਰਨ ਦੀ ਲੋੜ ਹੈ ਅਤੇ ਸਕੂਲਾਂ-ਕਾਲਜਾਂ ਵਿਚ ਸੈਮੀਨਾਰ ਲਗਾ ਕੇ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਦੀ ਲੋੜ ਹੈ।

-ਗੁਰਮੀਤ ਸਿੰਘ ਵੇਰਕਾ
ਮੋਬ: 98786-00221

ਕਦੋਂ ਬਣੇਗਾ ਸਵੱਛ ਭਾਰਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈ ਗਈ ਸਵੱਛ ਭਾਰਤ ਮੁਹਿੰਮ ਕਿੱਧਰੇ ਠੱਪ ਹੋ ਗਈ ਲਗਦੀ ਹੈ। ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਦੀ ਜੈਅੰਤੀ ਮੌਕੇ ਸਵੱਛ ਭਾਰਤ ਮੁਹਿੰਮ ਦਾ ਐਲਾਨ ਕੀਤਾ ਗਿਆ ਸੀ। ਗਾਂਧੀ ਜੀ ਦਾ ਕਥਨ ਸੀ ਕਿ ਭਾਰਤ ਦਾ ਭਵਿੱਖ ਪਿੰਡਾਂ ਵਿਚ ਵਸਦਾ ਹੈ। ਕੀ ਗਾਂਧੀ ਜੀ ਦਾ ਸੁਪਨਾ ਪਿੰਡਾਂ ਵਿਚ ਪੂਰਾ ਹੋ ਸਕਦਾ ਹੈ, ਜਿਥੇ ਸਵੱਛ ਭਾਰਤ ਤਾਂ ਦੂਰ ਦੀ ਗੱਲ, ਆਮ ਲੋਕਾਂ ਦਾ ਜਿਊਣਾ ਵੀ ਦੂਭਰ ਹੈ। ਜਿਥੇ ਦੇਸ਼ ਦੀ ਆਜ਼ਾਦੀ ਤੋਂ ਕਰੀਬ 70 ਸਾਲ ਬਾਅਦ ਵੀ ਲੋਕ ਮੁਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਅਫ਼ਸਰਸ਼ਾਹੀ ਸਿਸਟਮ ਆਪਣੇ ਢਿੱਡ ਭਰਨ ਲਈ ਖਾਨਾਪੂਰਤੀ ਕਰੀ ਜਾਂਦਾ ਹੈ। ਅਰਬਾਂ ਰੁਪਏ ਸਵੱਛ ਭਾਰਤ ਦੇ ਨਾਂਅ 'ਤੇ ਖਰਚੇ ਜਾ ਰਹੇ ਹਨ ਪਰ ਸਵੱਛ ਭਾਰਤ ਦੀ ਕੋਈ ਤਸਵੀਰ ਨਜ਼ਰ ਨਹੀਂ ਆ ਰਹੀ। ਸਰਕਾਰ ਇਨ੍ਹਾਂ ਸਰਕਾਰੀ ਅਫਸਰਾਂ ਦੇ ਹੱਥਾਂ ਵਿਚ ਕਮਾਂਡ ਦੇਣ ਦੀ ਬਜਾਏ ਪ੍ਰਾਈਵੇਟ ਕੰਪਨੀਆਂ ਨਾਲ ਸਮਝੌਤਾ ਕਰਕੇ ਸਵੱਛ ਭਾਰਤ ਦਾ ਸੁਪਨਾ ਪੂਰਾ ਕਰ ਸਕਦੀ ਹੈ।

-ਪੰਮਾ ਬਘੌਰੀਆ
ਪਿੰਡ ਬਘੌਰਾ, ਨਵਾਂਸ਼ਹਿਰ।

25/05/2017

 ਵਿਦਿਆਰਥੀਆਂ ਦੀਆਂ ਪ੍ਰੇਸ਼ਾਨੀਆਂ
ਵਿਦਿਆਰਥੀਆਂ ਨੂੰ ਤਾਂ ਸਕੂਲ ਵਿਚ ਦਾਖ਼ਲਾ ਲੈਂਦਿਆਂ ਹੀ ਪ੍ਰੇਸ਼ਾਨੀਆਂ ਘੇਰ ਲੈਂਦੀਆਂ ਹਨ। ਸਰਕਾਰੀ ਸਕੂਲਾਂ ਵਿਚ ਹੋਣ ਤਾਂ ਉੱਥੇ ਦੀਆਂ ਸੁੱਖ ਸਹੂਲਤਾਂ ਤੇ ਪੜ੍ਹਾਈ ਦੇ ਸਾਧਨਾਂ ਦੀ ਘਾਟ ਦਾ ਸਾਹਮਣਾ ਕਰਦੇ ਹਨ। ਪ੍ਰਾਈਵੇਟ ਸਕੂਲਾਂ ਵਿਚ ਸਹੂਲਤਾਂ ਦੇ ਨਾਂਅ ਹੇਠ ਸਾਲਾਨਾ ਫ਼ੀਸਾਂ, ਦਾਖ਼ਲਾ ਫੀਸਾਂ, ਵੈਨ ਫ਼ੀਸਾਂ, ਸਮਾਰਟ ਕਲਾਸ ਫ਼ੀਸਾਂ, ਕੰਪਿਊਟਰ ਫ਼ੀਸਾਂ ਅਤੇ ਵਪਾਰੀ ਪਹੁੰਚ ਹੇਠ ਕਿਤਾਬਾਂ-ਕਾਪੀਆਂ, ਸਟੇਸ਼ਨਰੀ ਤੇ ਵਰਦੀਆਂ ਆਦਿ ਲਈ ਹੁੰਦੀ ਲੁੱਟ ਨੂੰ ਅੱਖੀਂ ਤੱਕਦੇ ਹਨ। ਫਿਰ ਬੋਝ ਪੜ੍ਹਾਈ ਦੇ ਨੰਬਰਾਂ ਦਾ ਅਤੇ ਅਸੈਸਮੈਂਟ ਦੇ ਕਿੱਸੇ ਵੱਖਰੇ ਹੁੰਦੇ ਹਨ। ਹੱਸਣਾ-ਖੇਡਣਾ ਤਾਂ ਨਕਲੀ ਜਿਹਾ ਹੀ ਹਿੱਸੇ ਆਉਂਦਾ ਹੈ। ਕਾਲਜ ਜਾਣ ਤੋਂ ਪਹਿਲਾਂ ਅਤੇ ਬਾਅਦ ਵਿਚ ਟਿਊਸ਼ਨਾਂ ਵੀ ਪੜ੍ਹਨੀਆਂ ਹੁੰਦੀਆਂ ਹਨ। ਵਿਦਿਆਰਥੀਆਂ ਕੋਲ ਸਮੇਂ ਦੀ ਬੜੀ ਤੰਗੀ ਹੁੰਦੀ ਹੈ। ਅਕਸਰ ਭੋਜਨ ਵੀ ਸਹੀ ਢੰਗ ਨਾਲ ਨਹੀਂ ਕੀਤਾ ਹੁੰਦਾ। ਸੋ, ਸਾਧਾਰਨ ਵਿਦਿਆਰਥੀਆਂ ਨੂੰ ਤੰਗ ਕਰਨ ਵਾਲੇ ਰਵੱਈਏ ਅਸਾਧਾਰਨ ਘਟਨਾਵਾਂ ਨੂੰ ਜਨਮ ਦਿੰਦੇ ਹਨ। ਵਿਦਿਆਰਥੀਆਂ ਅੰਦਰ ਸਵੈ-ਮਾਣ ਭਰਿਆ ਜਾਣਾ ਚਾਹੀਦਾ ਹੈ ਕਿਉਂਕਿ ਕੱਲ੍ਹ ਉਨ੍ਹਾਂ ਨੇ ਹੀ ਪ੍ਰਸ਼ਾਸਨ ਦਾ ਅੰਗ ਬਣਨਾ ਹੈ।


-ਰਸ਼ਪਾਲ ਸਿੰਘ ਸੋਸ਼ਿਆਲੋਜਿਸਟ
ਚੇਅਰਮੈਨ ਸ਼ੁਭ ਕਰਮਨ ਸੁਸਾਇਟੀ
ਟਾਂਡਾ ਰੋਡ, ਹੁਸ਼ਿਆਰਪੁਰ।


...ਚੋਰ ਦੀ ਮਾਂ ਨੂੰ ਮਾਰੋ

ਹਾਲ ਹੀ ਵਿਚ ਆਏ 12ਵੀਂ ਦੇ ਨਤੀਜਿਆਂ ਕਾਰਨ ਪੰਜਾਬ ਸਿੱਖਿਆ ਵਿਭਾਗ ਫਿਰ ਚਰਚਾ ਵਿਚ ਹੈ। ਸਭ ਤੋਂ ਜ਼ਿਆਦਾ ਨਿੰਦਣਯੋਗ ਗੱਲ ਇਹ ਹੈ ਕਿ ਸਿਰਫ ਮਾਂ-ਬੋਲੀ ਪੰਜਾਬੀ ਵਿਸ਼ੇ ਵਿਚੋਂ ਹੀ ਲਗਪਗ 15 ਹਜ਼ਾਰ ਵਿਦਿਆਰਥੀ ਫੇਲ੍ਹ ਹੋ ਗਏ ਹਨ। ਮਾਮਲੇ ਦੀ ਜੜ੍ਹ ਵਿਚ ਜਾਣ ਦੀ ਬਜਾਏ 20 ਫ਼ੀਸਦੀ ਤੋਂ ਘੱਟ ਨਤੀਜਾ ਦੇਣ ਵਾਲੇ ਅਧਿਆਪਕਾਂ ਖਿਲਾਫ਼ ਵਿਭਾਗੀ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ। ਪੰਜਾਬੀ ਦਾ ਮੁਹਾਵਰਾ ਹੈ ਕਿ 'ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ।' ਜੇਕਰ ਪੰਜਾਬੀ ਲੈਕਚਰਾਰ ਵਿਸ਼ਾ ਮਾਹਿਰ ਨਹੀਂ ਹੋ ਸਕਦੇ ਅਤੇ ਉਹ ਵਿਦਿਆਰਥੀਆਂ ਨਾਲ ਨਿਆਂ ਵੀ ਨਹੀਂ ਕਰ ਸਕਦੇ, ਫਿਰ ਨਤੀਜੇ ਵਧੀਆ ਹੋਣ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ। 20 ਸਾਲ ਤੱਕ ਮੈਥ, ਸਾਇੰਸ, ਐਸ.ਐਸ., ਹਿੰਦੀ, ਅੰਗਰੇਜ਼ੀ ਅਤੇ ਸਰੀਰਕ ਸਿੱਖਿਆ ਪੜ੍ਹਾਉਣ ਵਾਲੇ ਨੂੰ ਜੇ ਤੁਸੀਂ ਉਸ ਦੀ ਸੇਵਾ ਦਾ ਲਾਭ ਦੇਣਾ ਚਾਹੁੰਦੇ ਹੋ ਤਾਂ ਇਹ ਉਸ ਦੇ ਵਿਸ਼ੇ ਵਿਚ ਹੀ ਹੋਵੇ ਨਾ ਕਿ ਕੇਵਲ ਪੰਜਾਬੀ ਦੀ ਐਮ.ਏ. ਕਰਨ ਨਾਲ ਉਸ ਨੂੰ ਪੰਜਾਬੀ ਲੈਕਚਰਾਰ ਬਣਾ ਦਿੱਤਾ ਜਾਵੇ। ਵਿਸ਼ੇ ਦਾ ਮਾਹਿਰ ਅਧਿਆਪਕ ਹੀ ਵਿਸ਼ੇ ਨਾਲ ਇਨਸਾਫ਼ ਕਰ ਸਕਦਾ ਹੈ, ਦੂਜਾ ਵਿਸ਼ਾ ਮਾਹਿਰ ਨਹੀਂ। ਮੇਰੀ ਸਿੱਖਿਆ ਮੰਤਰੀ ਸਾਹਿਬਾ ਨੂੰ ਬੇਨਤੀ ਹੈ ਕਿ ਭਾਸ਼ਾ ਅਧਿਆਪਕਾ ਦਾ ਮਾਣ ਸਤਿਕਾਰ ਕਾਇਮ ਰੱਖਿਆ ਜਾਵੇ। ਸਿੱਖਿਆ ਵਿਭਾਗ ਵਿਚਾਲੇ ਇਹੋ ਜਿਹੇ ਪੁਰਾਣੇ ਨਿਯਮਾਂ ਨੂੰ ਤੁਰੰਤ ਬਦਲਿਆ ਜਾਵੇ। ਇਸ ਨਾਲ ਹੀ ਅਸੀਂ ਪੰਜਾਬੀ ਮਾਂ-ਬੋਲੀ ਦਾ ਸਤਿਕਾਰ ਕਾਇਮ ਰੱਖ ਸਕਦੇ ਹਾਂ।


-ਮਾਸਟਰ ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

24/05/2017

ਭੁੱਖਮਰੀ ਦੀ ਮਾਰ
ਪਿਛਲੇ ਦਿਨੀਂ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਅਨੁਸਾਰ ਭਾਰਤ ਵਿਚ ਹਰ ਸਾਲ ਪੰਜ ਸਾਲ ਤੋਂ ਘੱਟ ਉਮਰ ਦੇ ਲਗਪਗ ਦਸ ਲੱਖ ਬੱਚਿਆਂ ਦੀ ਮੌਤ ਭੁੱਖਮਰੀ ਨਾਲ ਹੋ ਜਾਂਦੀ ਹੈ। ਭਾਰਤ ਵਿਸ਼ਵ ਸ਼ਕਤੀ ਬਣਨ ਜਾ ਰਿਹਾ ਹੈ। ਚਾਹੁੰਦੇ ਤਾਂ ਅਸੀਂ ਵੀ ਹਾਂ ਕਿ ਭਾਰਤ ਮਹਾਂਸ਼ਕਤੀ ਬਣੇ ਪਰ ਇਹ ਸ਼ਕਤੀ ਦੇਸ਼ ਦੇ ਉਨ੍ਹਾਂ ਨਾਗਰਿਕਾਂ ਲਈ ਕੋਈ ਮਾਅਨੇ ਨਹੀਂ ਰੱਖਦੀ, ਜਿਹੜੇ ਦਿਨ-ਰਾਤ ਹੱਡ ਭੰਨਵੀਂ ਮਿਹਨਤ ਕਰਕੇ ਵੀ ਭੁੱਖੇ ਪੇਟ ਸੌਣ ਲਈ ਮਜਬੂਰ ਹਨ। ਪਿਛਲੇ ਲੰਮੇ ਸਮੇਂ ਤੋਂ ਖੁਰਾਕੀ ਵਸਤਾਂ ਦੀਆਂ ਕੀਮਤਾਂ ਅਮਰ ਵੇਲ ਵਾਂਗ ਵਧਦੀਆਂ ਹੀ ਜਾ ਰਹੀਆਂ ਹਨ। ਇਨ੍ਹਾਂ ਖੁਰਾਕੀ ਵਸਤਾਂ ਦੀਆਂ ਕੀਮਤਾਂ ਨੂੰ ਸਥਿਰ ਕਰਨ ਲਈ ਕੋਈ ਸਾਰਥਿਕ ਯਤਨ ਨਹੀਂ ਹੋ ਰਹੇ। ਅੱਜ ਵੱਡੀ ਗਿਣਤੀ ਗੁਰਬਤ ਭਰਿਆ ਜੀਵਨ ਜਿਊਣ ਲਈ ਮਜਬੂਰ ਹੈ। ਇਸ ਗੱਲ ਵਿਚ ਪੂਰਨ ਸਚਾਈ ਹੈ ਕਿ ਅੱਜ ਭਾਰਤ ਅਨਾਜ ਪੱਖੋਂ ਆਤਮ-ਨਿਰਭਰ ਹੋ ਗਿਆ ਹੈ ਤੇ ਆਰਥਿਕ ਪੱਖੋਂ ਵੀ ਮਜ਼ਬੂਤ ਹੁੰਦਾ ਜਾ ਰਿਹਾ ਹੈ। ਇਸ ਦੇ ਬਾਵਜੂਦ ਭੁੱਖਮਰੀ ਨਾਲ ਬੱਚਿਆਂ ਦੀ ਮੌਤ ਦਰ ਦਾ ਪ੍ਰਤੀ ਸਾਲ ਵਧਦੇ ਜਾਣਾ ਭਾਰਤ ਦੇ ਅਕਸ ਨੂੰ ਵੱਡਾ ਧੱਬਾ ਲਾ ਰਿਹਾ ਹੈ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਔਰਤਾਂ ਨਜ਼ਰ-ਅੰਦਾਜ਼ ਕਿਉਂ?
21ਵੀਂ ਸਦੀ ਵਿਚ ਵੀ ਔਰਤਾਂ ਨੂੰ ਅਤੀਤ ਸਮੇਂ ਵਾਂਗ ਹੀ ਜ਼ੁਲਮ ਦਾ ਟਾਕਰਾ ਕਰਨਾ ਪੈ ਰਿਹਾ ਹੈ। ਸੰਪਾਦਕੀ ਲੇਖ ਵਿਚ ਹਮਦਰਦ ਜੀ ਨੇ ਔਰਤਾਂ ਪ੍ਰਤੀ ਬਹੁਤ ਸੋਹਣਾ ਲਿਖਿਆ ਕਿ ਕਿਸ ਤਰ੍ਹਾਂ ਨਾਲ ਔਰਤ ਸ਼ੁਰੂ ਤੋਂ ਹੀ ਹਰ ਪਾਸਿਓਂ ਸੱਖਣੇਪਣ ਦਾ ਸੰਤਾਪ ਹੰਢਾਉਦੀ ਆ ਰਹੀ ਹੈ ਤੇ ਸਤੀ ਪ੍ਰਤੀ ਵਰਗੀਆਂ ਅਲਾਮਤਾਂ ਵਿਚੋਂ ਗੁਜ਼ਰਦੀ ਆ ਰਹੀ ਇਸ ਔਰਤ ਨੂੰ ਅੱਜ ਵੀ ਸੁੱਖ ਦਾ ਸਾਹ ਨਹੀਂ ਮਿਲਿਆ। ਤਿੰਨ ਤਲਾਕ ਦੇ ਮੁੱਦੇ 'ਤੇ ਵੀ ਅੱਜ ਇਨ੍ਹਾਂ ਵੱਲੋਂ ਇਹੀ ਇਨਸਾਫ਼ ਮੰਗਿਆ ਜਾ ਰਿਹਾ ਹੈ ਕਿ ਉਸ ਨੂੰ ਪੁਰਾਤਨ ਪਰੰਪਰਾਵਾਂ 'ਚੋਂ ਬਾਹਰ ਕੱਢ ਕੇ ਇਨਸਾਫ਼ ਦਿੱਤਾ ਜਾਵੇ, ਤਾਂ ਕਿ ਉਹ ਮਰਦ ਦੇ ਬਰਾਬਰ ਖੜ੍ਹੀ ਹੋ ਸਕੇ। ਇਸ ਮੁੱਦੇ 'ਤੇ ਜਿਥੇ ਮੁਸਲਿਮ ਸਮਾਜ ਨੂੰ ਅੱਗੇ ਆਉਣ ਦੀ ਲੋੜ ਹੈ, ਉੱਥੇ ਹੀ ਇਨਸਾਨੀਅਤ ਨਾਤੇ ਸਾਰਿਆਂ ਨੂੰ ਔਰਤਾਂ ਲਈ ਨਿਆਂ ਦਿਵਾਉਣ ਵਿਚ ਸਾਥ ਦੇਣਾ ਚਾਹੀਦਾ ਹੈ। ਕਰਟਿਸ ਅਨੁਸਾਰ ਔਰਤ ਦੇ ਸਨਮਾਨ ਨਾਲ ਸੱਭਿਅਤਾ ਦੀ ਪਛਾਣ ਹੁੰਦੀ ਹੈ। ਅੱਜ ਸਾਨੂੰ ਸਾਰਿਆਂ ਨੂੰ ਲੋੜ ਹੈ ਕਿ ਔਰਤ ਦੀ ਪੀੜਾ ਨੂੰ ਸਮਝ ਕੇ ਪੀੜਤ ਔਰਤਾਂ ਦੀ ਗਿਣਤੀ ਨੂੰ ਘਟਾਇਆ ਜਾਵੇ।


-ਰਵਿੰਦਰ ਸਿੰਘ ਰੇਸ਼ਮ
ਪਿੰਡ-ਉਮਰਪੁਰਾ (ਨੱਥੂਮਾਜਰਾ), ਸੰਗਰੂਰ।


ਵਿਗੜ ਰਿਹਾ ਅਮਨ ਕਾਨੂੰਨ
ਸਤਿਕਾਰਯੋਗ ਮੁੱਖ ਸੰਪਾਦਕ ਸਾਹਿਬ ਡਾ: ਬਰਜਿੰਦਰ ਸਿੰਘ ਹਮਦਰਦ ਹੁਰਾਂ ਦੀ ਕਲਮ ਤੋਂ ਲਿਖਿਆ ਸੰਪਾਦਕੀ ਲੇਖ 'ਵਿਗੜ ਰਿਹਾ ਅਮਨ ਕਾਨੂੰਨ-ਇਕ ਚੁਣੌਤੀ' ਕਾਫੀ ਜਾਣਕਾਰੀ ਭਰਪੂਰ ਸੀ। ਵਾਕਿਆ ਹੀ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਬਣੀ ਕਾਂਗਰਸ ਦੀ ਸਰਕਾਰ ਸਾਹਮਣੇ ਇਕ ਨਹੀਂ ਅਨੇਕਾਂ ਹੀ ਚੁਣੌਤੀਆਂ ਹਨ, ਜਿਵੇਂ ਨਸ਼ੇ, ਬੇਰੁਜ਼ਗਾਰੀ, ਗੈਂਗਸਟਰ, ਟ੍ਰੈਫਿਕ ਆਦਿ। ਪੰਜਾਬ ਦੇ ਵਿਗੜੇ ਹੋਏ ਹਾਲਾਤ ਨਾਲ ਨਜਿੱਠਣ ਵਾਸਤੇ ਵਿਰੋਧੀ ਪਾਰਟੀਆਂ ਨੂੰ ਵੀ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ। ਜਦ ਵੀ ਕਾਂਗਰਸ ਸਰਕਾਰ ਹੋਂਦ ਵਿਚ ਆਈ ਹੈ, ਕਾਫੀ ਥਾਵਾਂ ਤੋਂ ਅਜਿਹੀਆਂ ਮਨਹੂਸ ਖ਼ਬਰਾਂ ਪੜ੍ਹਨ-ਸੁਣਨ ਨੂੰ ਮਿਲ ਰਹੀਆਂ ਹਨ ਜੋ ਕਾਂਗਰਸੀ ਵਰਕਰਾਂ ਵੱਲੋਂ ਵਿਰੋਧੀ ਪਾਰਟੀਆਂ ਦੇ ਵਰਕਰਾਂ ਨਾਲ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਦੇ ਵਰਕਰਾਂ ਨੂੰ ਅਜਿਹੀਆਂ ਘਟਨਾਵਾਂ ਕਰਨ ਤੋਂ ਵਰਜਣ ਤਾਂ ਜੋ ਪੰਜਾਬ ਵਿਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣੀ ਰਹੇ ਅਤੇ ਪੰਜਾਬ ਦੀ ਤਰੱਕੀ ਲਈ ਯਤਨ ਕੀਤੇ ਜਾਣ।


-ਅਜਮੇਰ ਸਿੰਘ ਬੱਲ
ਪਿੰਡ ਤੇ ਡਾਕ: ਬੁਤਾਲਾ, ਤਹਿ: ਬਾਬਾ ਬਕਾਲਾ ਸਾਹਿਬ, ਜ਼ਿਲ੍ਹਾ ਅੰਮ੍ਰਿਤਸਰ।

23/05/2017

 ਕਿਸਾਨਾਂ ਦੀਆਂ ਖ਼ੁਦਕੁਸ਼ੀਆਂ

ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ। ਰੋਜ਼ਾਨਾ ਅਖ਼ਬਾਰਾਂ ਸੁਰਖੀਆਂ ਨਾਲ ਭਰੀਆਂ ਹੁੰਦੀਆਂ ਹਨ। ਆਰਥਿਕ ਤੰਗੀ ਦੇ ਚਲਦਿਆਂ ਕਿਸਾਨਾਂ ਵੱਲੋਂ ਖ਼ੁਦਕੁਸ਼ੀ ਦੀਆਂ ਖ਼ਬਰਾਂ ਪੜ੍ਹ ਕੇ ਬਹੁਤ ਹੀ ਦੁੱਖ ਹੋਇਆ, ਜੋ ਦਿਲ ਨੂੰ ਅੰਦਰੇ ਹੀ ਅੰਦਰੇ ਵਲੂੰਧਰਾ ਗਿਆ। ਵਾਰ-ਵਾਰ ਖਿਆਲ ਆ ਰਿਹਾ ਸੀ ਕਿ ਮਰਨ ਨੂੰ ਕੀਹਦਾ ਦਿਲ ਕਰਦਾ ਹੈ। ਮਨੁੱਖਾ ਜਨਮ ਗੁਰੂ ਦੀ ਦਿੱਤੀ ਹੋਈ ਬਹੁਤ ਵੱਡੀ ਦੇਣ ਹੈ ਅਤੇ ਇਹ ਕਰਮਾਂ ਨਾਲ ਹੀ ਮਿਲਦਾ ਹੈ। ਖ਼ੁਦਕੁਸ਼ੀ ਬੁਜ਼ਦਿਲੀ ਦਾ ਨਾਂਅ ਹੈ, ਜੋ ਸਾਡੇ ਗੁਰੂਆਂ ਨੇ ਵੀ ਇਸ ਪ੍ਰਤੀ ਆਵਾਜ਼ ਉਠਾਈ ਸੀ। ਇਨਸਾਨ ਨੂੰ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਵਾਰੀ ਆਪਣੇ ਦਿਮਾਗ ਨਾਲ ਸੋਚ ਲੈਣਾ ਚਹੀਦਾ ਹੈ ਕਿ ਉਹ ਤਾਂ ਅਜਿਹਾ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦਾ ਹੋਇਆ ਸੰਸਾਰ ਤੋਂ ਛੁਟਕਾਰਾ ਪਾ ਗਿਆ ਤੇ ਆਪਣੇ ਪਰਿਵਾਰ ਨੂੰ ਕਿਸ ਦੇ ਸਹਾਰੇ ਛੱਡ ਚੱਲਿਆ? ਜੋ ਉਸ ਦੇ ਸਹਾਰੇ 'ਤੇ ਨਿਰਭਰ ਕਰਦੇ ਸੀ ਕਿ ਅਜਿਹਾ ਕਰਕੇ ਉਨ੍ਹਾਂ ਦਾ ਕਰਜ਼ਾ ਮਾਫ਼ ਹੋ ਜਾਵੇਗਾ। ਉਹ ਤਾਂ ਆਪਣੇ ਪਰਿਵਾਰ ਨੂੰ ਸਾਰੀ ਉਮਰ ਦੇ ਅੱਥਰੂ ਕੇਰਨ ਲਈ ਛੱਡ ਗਿਆ। ਜੇਕਰ ਇਨਸਾਨ 'ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਉਸ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਨਵੀਂ ਸਰਕਾਰ ਬੜੀ ਸੰਜੀਦਗੀ ਦੇ ਨਾਲ ਕਰਜ਼ੇ ਮਾਫ਼ ਕਰਨ ਬਾਰੇ ਸੋਚ ਰਹੀ ਹੈ। ਸਰਕਾਰ ਨੇ ਜੋ ਕਮੇਟੀ ਗਠਿਤ ਕੀਤੀ ਹੈ, ਉਸ ਨੂੰ ਨਿਰਦੇਸ਼ ਦੇ ਕੇ ਜਲਦੀ ਤੋਂ ਜਲਦੀ ਰਿਪੋਰਟ ਹਾਸਲ ਕਰਕੇ ਤੁਰੰਤ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਅਤੇ ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਕਿਸਾਨੀ ਦੇ ਮਕਸਦ ਲਈ ਲਿਆ ਕਰਜ਼ਾ ਉਸੇ ਮਕਸਦ ਦੇ ਲਈ ਇਸਤੇਮਾਲ ਕੀਤਾ ਜਾਵੇ ਨਾ ਕਿ ਵਿਆਹ ਸ਼ਾਦੀਆਂ ਦੀ ਝੂਠੀ ਸ਼ੋਹਰਤ ਵਾਸਤੇ ਵਰਤ ਲਿਆ ਜਾਵੇ। ਕਿਸਾਨਾਂ ਦਾ ਜੋ ਫ਼ਸਲਾਂ ਦਾ ਨੁਕਸਾਨ ਹੋਇਆ ਹੈ, ਉਸ ਦੀ ਜਲਦੀ ਤੋਂ ਜਲਦੀ ਸਰਕਾਰ ਨੂੰ ਭਰਪਾਈ ਕਰਕੇ ਕਿਸਾਨਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦੇਣਾ ਚਾਹੀਦਾ ਹੈ ਅਤੇ ਝੋਨੇ ਦੀ ਜਿਣਸ ਦਾ ਵਾਜਬ ਭਾਅ ਦਿਵਾ ਕੇ ਜੋ ਕਿਸਾਨਾਂ ਵੱਲੋਂ ਲਗਾਤਾਰ ਖ਼ੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ, ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਇਸ ਪ੍ਰਤੀ ਸਰਕਾਰ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।

-ਗੁਰਮੀਤ ਸਿੰਘ ਵੇਰਕਾ
ਮੋ: 9878600221

ਕਾਨੂੰਨ 'ਚ ਸੋਧ ਜ਼ਰੂਰੀ

\ਦਿੱਲੀ ਦੇ ਨਿਰਭੈਅ ਕੇਸ ਵਿਚ 6 'ਚੋਂ ਇਕ ਖ਼ੁਦਕੁਸ਼ੀ ਕਰ ਗਿਆ, 4 ਨੂੰ ਮੌਤ ਦੀ ਸਜ਼ਾ ਹੋਈ ਤੇ ਇਕ ਨੂੰ ਨਾਬਾਲਗ ਕਰਕੇ ਸਿਰਫ 3 ਸਾਲ ਦੀ ਸਜ਼ਾ ਹੋਈ ਤੇ ਸਜ਼ਾ ਕੱਟ ਕੇ ਉਹ ਰਿਹਾਅ ਵੀ ਹੋ ਚੁੱਕਾ ਹੋਵੇਗਾ। ਇਨ੍ਹਾਂ ਦਰਿੰਦਿਆਂ ਨੇ ਉਸ ਲੜਕੀ ਨਾਲ ਜਿਹੜਾ ਜੁਰਮ ਕੀਤਾ, ਇਨਸਾਨੀਅਤ ਵੀ ਸ਼ਰਮਸ਼ਾਰ ਹੋ ਗਈ।
ਫਿਰ ਇਕ ਦੋਸ਼ੀ ਦਾ ਨਾਬਾਲਗ ਕਰਕੇ ਬਚ ਨਿਕਲਣਾ, ਸਮਾਜ ਲਈ ਬੜਾ ਚਿੰਤਾ ਦਾ ਵਿਸ਼ਾ ਹੈ। ਜੇ ਉਹ ਨਾਬਾਲਗ ਹੁੰਦੇ ਹੋਏ ਘਿਨਾਉਣਾ ਜੁਰਮ ਕਰ ਸਕਦਾ ਹੈ ਤਾਂ ਉਸ ਦੀ ਸਜ਼ਾ ਕਿਉਂ ਨਹੀਂ ਭੁਗਤ ਸਕਦਾ? ਉਹ ਸਜ਼ਾ ਦਾ ਬਰਾਬਰ ਹਿੱਸੇਦਾਰ ਹੋਣਾ ਚਾਹੀਦਾ ਸੀ। ਇਹ ਹੋ ਸਕਦਾ ਹੈ, ਸਜ਼ਾ ਮੁਅੱਤਲ ਰੱਖੀ ਜਾਏ ਤੇ ਜਦੋਂ ਉਹ ਬਾਲਗ ਹੋ ਜਾਵੇ ਤਾਂ ਉਹ ਸਜ਼ਾ ਲਾਗੂ ਕੀਤੀ ਜਾਵੇ। ਇਸ ਲਈ ਕਾਨੂੰਨ ਵਿਚ ਜ਼ਰੂਰੀ ਸੋਧ ਸਰਕਾਰ ਨੂੰ ਕਰਨੀ ਚਾਹੀਦੀ ਹੈ, ਤਾਂ ਜੋ ਇਹੋ ਜਿਹੇ ਜੁਰਮਾਂ ਨੂੰ ਨੱਥ ਪਾਈ ਜਾ ਸਕੇ।

-ਰਘਬੀਰ ਸਿੰਘ ਚੀਮਾ
ਪਿੰਡ ਤੇ ਡਾਕ: ਚੀਮਾ ਖੁੱਡੀ, ਜ਼ਿਲ੍ਹਾ ਗੁਰਦਾਸਪੁਰ।

18/05/2017

 ਅੱਗ ਦੀਆਂ ਮਾਰਾਂ
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੂਰੇ ਪੰਜਾਬ ਅੰਦਰ ਅਨੇਕਾਂ ਥਾਵਾਂ 'ਤੇ ਕਿਸਾਨਾਂ ਦੀ ਪੱਕੀ ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਖੇਤਾਂ ਵਿਚ ਖੜ੍ਹੀ ਕਣਕ ਨੂੰ ਅੱਗ ਲੱਗਣ ਦੇ ਕਈ ਕਾਰਨ ਸਾਹਮਣੇ ਆਉਂਦੇ ਹਨ। ਪਰ ਮੁੱਖ ਕਾਰਨ ਖੇਤਾਂ ਉੱਪਰੋਂ ਗੁਜ਼ਰਦੀਆਂ ਬਿਜਲੀ ਦੀਆਂ ਤਾਰਾਂ ਦਾ ਸ਼ਾਰਟ ਸਰਕਟ ਹੀ ਮੰਨਿਆ ਜਾਂਦਾ ਹੈ। ਥਾਂ-ਥਾਂ ਲੱਗੀਆਂ ਇਨ੍ਹਾਂ ਅੱਗਾਂ ਕਾਰਨ ਜਿਥੇ ਪ੍ਰਭਾਵਿਤ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ, ਉਥੇ ਉਨ੍ਹਾਂ ਕੋਲ ਇਸ ਨੁਕਸਾਨ ਦੀ ਪੂਰਤੀ ਦਾ ਕੋਈ ਹੋਰ ਬਦਲ ਵੀ ਨਹੀਂ ਹੈ। ਬਹੁਤ ਸਾਰੇ ਕਿਸਾਨ ਤਾਂ ਇਸ ਤਰ੍ਹਾਂ ਦੇ ਵੀ ਹਨ ਜਿਨ੍ਹਾਂ ਦੇ ਪੂਰੇ ਦੇ ਪੂਰੇ ਖੇਤ ਅੱਗ ਵਿਚ ਸੜ ਜਾਣ ਕਾਰਨ ਉਹ ਆਪਣੇ ਖਾਣ ਲਈ ਦਾਣੇ ਅਤੇ ਪਸ਼ੂਆਂ ਲਈ ਤੂੜੀ ਤੋਂ ਮੁਥਾਜ ਨਜ਼ਰ ਆ ਰਹੇ ਹਨ। ਸੋ, ਸਰਕਾਰ ਨੂੰ ਜਿਥੇ ਕਿਸਾਨਾਂ ਦੇ ਫ਼ਸਲੀ ਬੀਮੇ ਦਾ ਮੁਕੰਮਲ ਅਤੇ ਸੌਖਾ ਤਰੀਕਾ ਯਕੀਨੀ ਬਣਾਉਣਾ ਚਾਹੀਦਾ ਹੈ, ਉਥੇ ਅਜਿਹੀਆਂ ਘਟਨਾਵਾਂ ਵਿਚ ਪ੍ਰਭਾਵਿਤ ਹੋਏ ਕਿਸਾਨਾਂ ਦੀ ਵਿਸ਼ੇਸ਼ ਜਾਂਚ ਕਰਕੇ ਵੱਧ ਤੋਂ ਵੱਧ ਰਾਹਤ ਦੇਣ ਲਈ ਉਪਰਾਲੇ ਯਕੀਨੀ ਬਣਾਉਣੇ ਚਾਹੀਦੇ ਹਨ ਤਾਂ ਕਿ ਆਪਣਾ ਸਭ ਕੁਝ ਗੁਆ ਬੈਠੇ ਕਿਸਾਨਾਂ ਨੂੰ ਕੁਝ ਸਹਾਰਾ ਮਿਲ ਸਕੇ।


-ਰਾਜਾ ਗਿੱਲ (ਚੜਿੱਕ)
ਮੋ: 94654-11585.


ਕਾਂਗਰਸ ਦਾ ਸਿਆਸੀ ਮਿਜਾਜ਼
ਪੰਜਾਬ ਦੇ ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ ਦੇ ਸਿਆਸੀ ਮਿਜਾਜ਼ ਵਿਚ ਆਈ ਤਬਦੀਲੀ ਰਾਸ਼ਟਰੀ ਪੱਧਰ ਲਈ ਵੀ ਸ਼ੁੱਭ ਜਾਪਦੀ ਹੈ। ਸਿਰਫ ਫ਼ਰਮਾਨ ਦੇਣ ਨਾਲੋਂ ਰਾਜ ਦੇ ਸਥਾਨਕ ਆਗੂਆਂ ਨਾਲ ਵਿਚਾਰ ਕਰਕੇ ਚਲਾਈ ਸਿਆਸੀ ਲਹਿਰ ਦੇ ਨਾਲ ਅੱਜ ਕਾਂਗਰਸ ਆਪਣੀ ਸਾਖ ਬਚਾਉਣ ਵਿਚ ਕਾਮਯਾਬ ਰਹੀ। ਜੋ ਪਿਛਲੇ 10 ਸਾਲਾਂ ਤੋਂ ਪੰਜਾਬ ਵਿਚ ਹਾਸ਼ੀਏ 'ਤੇ ਪਹੁੰਚੀ ਕਾਂਗਰਸ ਹੁਣ ਇਸ ਬਦਲੀ ਸਿਆਸੀ ਫਿਜ਼ਾ ਨੂੰ ਆਪਣੇ ਪੱਖ ਵਿਚ ਹੋਰ ਉਭਾਰਨ ਲਈ ਕੋਈ ਵੀ ਤੀਰ ਖਾਲੀ ਨਹੀਂ ਜਾਣ ਦੇਣਾ ਚਾਹੁੰਦੀ। ਕਿਉਂਕਿ 2012 ਦੀਆਂ ਚੋਣਾਂ ਵਿਚ ਆਪੋ-ਧਾਪੀ ਕਾਰਨ ਇਕ ਤੀਜੀ ਪਾਰਟੀ ਵੱਲੋਂ ਵੱਧ ਵੋਟਾਂ ਲੈ ਜਾਣ ਕਾਰਨ ਕੈਪਟਨ ਸਰਕਾਰ ਬਣਾਉਣ ਤੋਂ ਖੁੰਝ ਗਏ ਸਨ ਜਦੋਂ ਕਿ ਵੋਟ ਪ੍ਰਤੀਸ਼ਤ ਤੇ ਸੀਟਾਂ 'ਤੇ ਜਿੱਤ ਲਗਪਗ ਅਕਾਲੀਆਂ ਦੇ ਬਰਾਬਰ ਹੀ ਸੀ। ਨਵੇਂ ਪ੍ਰਧਾਨ ਦੀ ਹਾਈ ਕਮਾਨ ਵੱਲੋਂ ਕੀਤੀ ਚੋਣ ਤੇ ਵੱਡੇ ਆਗੂਆਂ ਵੱਲੋਂ ਵਿਰੋਧ ਨਾ ਕਰਨਾ ਵੀ ਪੰਜਾਬੀਆਂ ਵੱਲੋਂ ਮਿਲੇ ਫਤਵੇ ਦੇ ਸਨਮਾਨ ਬਰਾਬਰ ਹੈ। ਪਹਿਲਾਂ ਕੈਪਟਨ ਵੱਲੋਂ ਅਤੇ ਹੁਣ ਜਾਖੜ ਵੱਲੋਂ ਆਪਣੇ ਤਾਜਪੋਸ਼ੀ ਸਮੇਂ ਸਾਦੇ ਸਮਾਗਮਾਂ ਦੀ ਰੀਤ ਵੀ ਕਾਬਲ-ਏ-ਤਾਰੀਫ਼ ਹੈ। ਉਂਜ ਭਾਵੇਂ ਇਸ ਪਿੱਛੇ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਹਿੰਦੂ ਸਿੱਖ ਵੋਟ ਨੂੰ ਜੋੜ ਕੇ ਰੱਖਣ ਦੀ ਸਿਆਸੀ ਰੀਝ ਹੀ ਹੋਵੇ । ਪਰ ਸ਼ਾਂਤੀ ਨਾਲ ਪ੍ਰਧਾਨ ਦੀ ਹੋਈ ਚੋਣ ਨੇ ਪਾਰਟੀ ਦਾ ਕੱਦ ਹੋਰ ਉੱਚਾ ਕਰ ਦਿੱਤਾ ਹੈ। ਸਿਆਸੀ ਸੂਝ, ਖੇਤਰੀ ਆਧਾਰ ਤੇ ਬੇਦਾਗ ਨਵੇਂ ਪ੍ਰਧਾਨ ਦੀ ਘੋਸ਼ਣਾ ਤੋਂ ਲੈ ਕੇ ਹੁਣ ਤੱਕ ਕਿਸੇ ਵਿਰੋਧੀ ਵੱਲੋਂ ਕੋਈ ਵੀ ਟਿੱਪਣੀ ਨਾ ਕਰਨਾ ਆਪਣੇ ਆਪ ਵਿਚ ਸਿਆਸੀ ਬੁਲੰਦੀ ਤੈਅ ਹੁੰਦੀ ਹੈ।
ਸੱਤਾ ਸੰਭਾਲਣ ਤੋਂ ਬਾਅਦ ਵੀ ਕੈਪਟਨ ਵੱਲੋਂ ਸਭ ਪਾਰਟੀ ਮੈਂਬਰਾਂ ਨੂੰ ਕਲਾਵੇ ਵਿਚ ਲੈ ਕੇ ਚੱਲਣਾ ਤੇ ਤਿੱਖੀ ਬਿਆਨਬਾਜ਼ੀ ਨਾਲੋਂ ਕੰਮ ਨੂੰ ਦਿੱਤੀ ਜਾ ਰਹੀ ਤਰਜੀਹ ਵਾਲੇ ਬਦਲੇ ਰੰਗ ਕਾਰਨ ਲੋਕਾਂ ਨੂੰ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦਿਆਂ ਨੂੰ ਵੀ ਬੂਰ ਪੈਂਦਾ ਨਜ਼ਰ ਆ ਰਿਹਾ ਹੈ, ਚੰਗਾ ਹੋਵੇ ਇਸੇ ਦੌਰਾਨ ਕਿਸਾਨ ਲਈ ਹਰਿਆਲੀ ਤੇ ਨੌਜਵਾਨਾਂ ਦੇ ਚਿਹਰਿਆਂ ਦੀ ਲਾਲੀ ਵਾਪਸ ਲਿਆਉਣ ਲਈ ਕੁਝ ਸਾਰਥਕ ਯੋਜਨਾਵਾਂ ਜਲਦ ਉਲੀਕੀਆਂ ਜਾਣ ਤਾਂ ਜੋ ਨਿੱਤ ਦਿਹਾੜੇ ਕਰਜ਼ੇ ਕਾਰਨ ਵਧ ਰਹੀਆਂ ਖ਼ੁਦਕੁਸ਼ੀਆਂ ਅਤੇ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਦੇ ਅੰਕੜਿਆਂ ਨੂੰ ਠੱਲ੍ਹਿਆ ਜਾ ਸਕੇ। ਸਮੇਂ ਦੀ ਜ਼ਰਰੂਤ ਹੈ ਕਿ ਪਿਛਲੀ ਹਕੂਮਤ ਦੀਆਂ ਆਪਹੁਦਰੀਆਂ 'ਤੇ ਮਿੱਟੀ ਪਾ ਕੇ ਵਿਹਲੇ ਫਿਰ ਰਹੇ ਪਾੜ੍ਹਿਆਂ ਨੂੰ ਰੁਜ਼ਗਾਰ ਤੇ ਆਮ ਲੋਕਾਂ ਨੂੰ ਆਪਣੇ ਕੰਮ ਕਰਨ ਦੀ ਪੂਰਨ ਆਜ਼ਾਦੀ ਮਿਲ ਸਕੇ ਅਤੇ ਪੰਜਾਬ ਮੁੜ ਆਪਣੀ ਆਰਥਿਕ ਮਜ਼ਬੂਤੀ ਦੁਨੀਆ ਨੂੰ ਦਿਖਾ ਸਕੇ।


-ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ
ਪਿੰਡ ਨੱਥੂ ਮਾਜਰਾ, ਜ਼ਿਲ੍ਹਾ ਸੰਗਰੂਰ।

17/05/2017

 ਕੁੜੀਆਂ ਦੀ ਬੱਲੇ-ਬੱਲੇ
ਇਸ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਦੇ ਨਤੀਜਿਆਂ ਵਿਚ ਕੁੜੀਆਂ ਬਾਜ਼ੀ ਮਾਰ ਗਈਆਂ ਹਨ। ਜਿਥੇ ਕੁੜੀਆਂ ਦੀ ਪਾਸ ਫ਼ੀਸਦੀ 72.59 ਰਹੀ, ਉਥੇ ਮੁੰਡੇ ਪਛੜ ਕੇ 54.42 ਫ਼ੀਸਦੀ 'ਤੇ ਪਹੁੰਚ ਗਏ। ਪਹਿਲੇ ਤਿੰਨ ਸਥਾਨ ਵੀ ਕੁੜੀਆਂ ਨੇ ਹਾਸਲ ਕੀਤੇ। ਲੜਕੀਆਂ ਵਧਾਈ ਦੀਆਂ ਪਾਤਰ ਹਨ, ਜਿਨ੍ਹਾਂ ਨੇ ਇਹ ਪੁਜ਼ੀਸ਼ਨਾਂ ਹਾਸਲ ਕਰਕੇ ਨਾ ਸਿਰਫ ਆਪਣੇ ਮਾਂ-ਬਾਪ ਦਾ ਹੀ ਸਿਰ ਉੱਚਾ ਕੀਤਾ, ਸਗੋਂ ਸਮਾਜ ਵਿਚ ਇਸਤਰੀ ਜਾਤੀ ਦਾ ਮਾਣ ਵੀ ਵਧਾਇਆ ਹੈ। ਇਸਤਰੀ ਜਾਤੀ ਨੇ ਜੇ ਮਰਦ ਪ੍ਰਧਾਨ ਸਮਾਜ ਵਿਚ ਆਪਣੀ ਬਰਾਬਰ ਦੀ ਜਗ੍ਹਾ ਬਣਾਉਣੀ ਹੈ ਤਾਂ ਧਰਤੀ ਤੋਂ ਅੰਬਰ ਤੱਕ ਆਪਣੀ ਯੋਗਤਾ ਨੂੰ ਸਿੱਧ ਕਰਨਾ ਪਵੇਗਾ। ਆਪਣੇ-ਆਪ ਨੂੰ ਗਲੈਮਰ ਤੇ ਫੈਸ਼ਨ ਦੀ ਦੁਨੀਆ ਤੋਂ ਥੋੜ੍ਹਾ ਵੱਖਰਾ ਕਰਨਾ ਪਵੇਗਾ। ਹੁਣ ਮੁੰਡਿਆਂ ਨੂੰ ਪੜ੍ਹਾਈ ਵਿਚ ਮੈਰਿਟ ਹਾਸਲ ਕਰਨ ਲਈ ਕੁੜੀਆਂ ਤੋਂ ਸੇਧ ਲੈਣੀ ਹੋਵੇਗੀ। ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਦ੍ਰਿੜ੍ਹ ਵਿਸ਼ਵਾਸ, ਸੰਕਲਪ, ਨੇਕ ਇਰਾਦਾ, ਸਬਰ ਤੇ ਸੰਤੋਖ ਅਹਿਮ ਰੋਲ ਅਦਾ ਕਰਦੇ ਹਨ।


-ਸਮਿੱਤਰ ਸਿੰਘ 'ਦੋਸਤ'
142, ਦਸਮੇਸ਼ ਨਗਰ, ਖਰੜ (ਮੁਹਾਲੀ)।


ਭਾਰਤ ਸਖ਼ਤੀ ਵਰਤੇ

ਬੀਤੇ ਦਿਨ ਗੁਆਂਢੀ ਮੁਲਕ ਪਾਕਿਸਤਾਨ ਵੱਲੋਂ ਕ੍ਰਿਸ਼ਨਾ ਘਾਟੀ ਸੈਕਟਰ ਵਿਚ ਕੰਟਰੋਲ ਰੇਖਾ ਪਾਰ ਕਰਕੇ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੋ ਬੇਹੱਦ ਸ਼ਰਮਨਾਕ, ਅਤਿ ਨਿੰਦਣਯੋਗ ਹੈ। ਭਾਰਤ ਦੇਸ਼ ਜੋ ਆਪਣੇ ਗੁਆਂਢੀ ਮੁਲਕਾਂ ਨਾਲ ਦੋਸਤਾਨਾ ਸਬੰਧ ਚਾਹੁੰਦਾ ਹੈ, ਇਸ ਦਾ ਮਤਲਬ ਉਹ ਗ਼ਲਤ ਕੱਢ ਰਹੇ ਹਨ। ਸਾਡੇ ਗੁਰੂਆਂ-ਰਹਿਬਰਾਂ ਨੇ ਵੀ ਬੁਲੰਦ ਆਵਾਜ਼ 'ਚ ਕਿਹਾ ਸੀ ਕਿ ਜ਼ੁਲਮ ਕਰਨਾ ਵੀ ਪਾਪ ਹੈ ਤੇ ਹੱਦ ਤੋਂ ਵੱਧ ਜ਼ੁਲਮ ਸਹਿਣਾ ਵੀ ਪਾਪ ਹੈ। ਬੇਸ਼ੱਕ ਭਾਰਤ ਵੀ ਜਵਾਬੀ ਕਾਰਵਾਈ ਰਾਹੀਂ ਉਨ੍ਹਾਂ ਨੂੰ ਸਬਕ ਸਿਖਾ ਰਿਹਾ ਹੈ ਪਰ ਉਸ ਨੂੰ ਅਜਿਹੀ ਜਵਾਬੀ ਕਾਰਵਾਈ ਨਾਲ ਜ਼ਿਆਦਾ ਫ਼ਰਕ ਨਹੀਂ ਪੈ ਰਿਹਾ। ਜੋ ਦਿਲ ਕੰਬਾਊ ਵਾਰਦਾਤ ਪਾਕਿ ਸੈਨਾ ਵੱਲੋਂ ਭਾਰਤੀ ਨੌਜਵਾਨਾਂ ਦੇ ਸਿਰ ਕਲਮ ਕਰਕੇ ਕੀਤੀ ਗਈ ਹੈ, ਸਮੁੱਚੀ ਦੁਨੀਆ ਦੇ ਇਨਸਾਫ਼-ਪਸੰਦ ਦੇਸ਼ਾਂ ਵੱਲੋਂ ਪਾਕਿ ਦੀ ਖੁੱਲ੍ਹ ਕੇ ਨਿੰਦਾ ਕਰਨੀ ਬਣਦੀ ਹੈ। ਭਾਰਤ ਨੂੰ ਵੀ ਕੁਝ ਸਖ਼ਤੀ ਨਾਲ ਪੇਸ਼ ਆਉਣਾ ਬਣਦਾ ਹੈ।


-ਮਾਸਟਰ ਦੇਵਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਸਿੱਖਿਅਕ ਯੋਗਤਾ ਦੀ ਲੋੜ
ਭਾਰਤ ਵਿਚ ਪ੍ਰਾਪਰਟੀ ਡੀਲਰ ਅਤੇ ਨੇਤਾ ਬਣਨ ਦੀ ਕੋਈ ਨਿਸਚਤ ਯੋਗਤਾ ਨਹੀਂ। ਨਾ ਹੀ ਜ਼ਾਬਤੇ ਦੀ ਅਤੇ ਨਾ ਹੀ ਕਿਸੇ ਸਿੱਖਿਆ ਯੋਗਤਾ ਦੀ ਲੋੜ ਹੈ। ਨਵੇਂ ਕਾਨੂੰਨ ਵਿਚ ਪ੍ਰਾਪਰਟੀ ਡੀਲਰ ਅਤੇ ਨੇਤਾ ਬਣਨ ਦੀ ਸਿੱਖਿਅਕ ਯੋਗਤਾ ਅਤੇ ਨਿਯਮ ਸ਼ਰਤਾਂ ਤੈਅ ਕਰ ਦਿੱਤੀਆਂ ਜਾਣ ਤਾਂ ਇਹ ਲੋਕਾਂ ਲਈ ਲਾਹੇਵੰਦ ਹੋ ਸਕਦਾ ਹੈ। ਅਨਪੜ੍ਹ ਵਿਅਕਤੀ ਨੂੰ ਲੋਕਾਂ ਵੱਲੋਂ ਵੋਟਾਂ ਪਾ ਕੇ ਜਿਤਾ ਦੇਣਾ ਘਾਟੇ ਦਾ ਸੌਦਾ ਹੈ। ਬਿਨਾਂ ਤਜਰਬੇ ਅਤੇ ਸਿੱਖਿਅਕ ਯੋਗਤਾ ਤੋਂ ਪ੍ਰਾਪਰਟੀ ਡੀਲਰ ਜਾਂ ਨੇਤਾ ਬਣਨਾ ਸਹੀ ਗੱਲ ਨਹੀਂ ਹੈ। ਦੇਸ਼ ਤਾਂ ਹੀ ਤਰੱਕੀ ਕਰੇਗਾ ਜੇ ਤਜਰਬੇਕਾਰ ਅਤੇ ਸਿੱਖਿਅਕ ਲੋਕ ਅੱਗੇ ਆਉਣਗੇ।


-ਹਰਜਿੰਦਰ ਪਾਲ ਸਿੰਘ
ਜਵੱਦੀ ਕਲਾਂ, ਲੁਧਿਆਣਾ।

16/05/2017

 ਧੀ ਖ਼ਤਮ, ਧਰਤੀ ਖ਼ਤਮ
'ਧੀ ਖ਼ਤਮ, ਧਰਤੀ ਖ਼ਤਮ' ਲੇਖ ਪੜ੍ਹ ਕੇ ਇਹ ਮਹਿਸੂਸ ਕੀਤਾ ਹੈ ਕਿ ਇਕ ਔਰਤ ਤੋਂ ਬਿਨਾਂ ਸਮਾਜ ਨਹੀਂ ਬਣ ਸਕਦਾ। ਪਰਮਾਤਮਾ ਨੇ ਹਰੇਕ ਜੀਵ, ਪੰਛੀ, ਜਾਨਵਰ ਅਤੇ ਇਨਸਾਨ ਵਿਚ ਨਰ ਅਤੇ ਮਾਦਾ ਪੈਦੇ ਕੀਤੇ ਹਨ ਤਾਂ ਕਿ ਧਰਤੀ ਦਾ ਸੰਤੁਲਨ ਬਣਿਆ ਰਹਿ ਸਕੇ। ਕਿਤਾਬਾਂ ਵਿਚ ਪੜ੍ਹਿਆ ਹੈ ਕਿ ਮਨੁੱਖ 40 ਲੱਖ ਸਾਲ ਪਹਿਲਾਂ ਧਰਤੀ 'ਤੇ ਪੈਦਾ ਹੋਇਆ ਹੈ। ਅੱਜ ਇਨਸਾਨ ਧੀ ਨੂੰ ਪੈਦਾ ਕਰਨ ਤੇ ਔਰਤ ਜਾਤੀ ਨੂੰ ਮਾਰਨ 'ਤੇ ਤੁਲਿਆ ਹੋਇਆ ਹੈ। ਪਿੰਡਾਂ ਤੇ ਸ਼ਹਿਰਾਂ ਵਿਚ ਤਲਾਕ ਹੋ ਰਹੇ ਹਨ। ਹਰ ਧਰਮ ਵਿਚ ਧੀਆਂ ਨੂੰ ਪੈਦਾ ਕਰਨ 'ਤੇ ਘਰ ਵਿਚ ਕਲੇਸ਼ ਹੁੰਦਾ ਹੈ ਤੇ ਨੌਬਤ ਤਲਾਕ ਤੱਕ ਆ ਜਾਂਦੀ ਹੈ। ਦਾਜ ਦੇ ਲਾਲਚੀ ਅੱਜ ਦੀਆਂ ਧੀਆਂ ਨੂੰ ਸਾੜ ਰਹੇ ਹਨ। ਧੀ ਨੂੰ ਜੰਮਣ ਤੋਂ ਪਹਿਲਾਂ ਹੀ ਖ਼ਤਮ ਕਰ ਦੇਣਾ ਸਮਾਜ ਦੇ ਮੱਥੇ 'ਤੇ ਵੱਡਾ ਕਲੰਕ ਹੈ। ਦਾਜ ਦੇ ਲਾਲਚੀਆਂ ਤੇ ਭਰੂਣ ਹੱਤਿਆ ਕਰਨ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਦਾ ਹੁਕਮ ਹੋਣਾ ਚਾਹੀਦਾ ਹੈ। ਆਤਿਸ਼ ਜੀ ਨੇ ਠੀਕ ਲਿਖਿਆ ਹੈ ਕਿ ਜਿਸ ਦਿਨ ਔਰਤ ਨਹੀਂ ਰਹੇਗੀ, ਧਰਤੀ ਵੀ ਖ਼ਤਮ ਹੋ ਜਾਵੇਗੀ।

-ਮਾਸਟਰ ਜਗੀਰ ਸਿੰਘ ਸਫ਼ਰੀ
ਸਠਿਆਲਾ (ਅੰਮ੍ਰਿਤਸਰ)।

ਆਵਾਰਾ ਡੰਗਰ-ਪਸ਼ੂ
ਅੱਜਕਲ੍ਹ ਆਵਾਰਾ ਪਸ਼ੂ ਮੁਹੱਲਿਆਂ, ਸੜਕਾਂ ਵਿਚ ਭੁੱਖਣਭਾਣੇ, ਗੰਦ-ਮੰਦ ਵਿਚ ਮੂੰਹ ਮਾਰਦੇ ਅਤੇ ਚਾਰੇ ਪਾਸੇ ਗੰਦ ਪਾਉਂਦੇ ਫਿਰਦੇ ਆਮ ਵੇਖੇ ਜਾ ਸਕਦੇ ਹਨ। ਫ਼ਸਲਾਂ ਦੇ ਉਜਾੜੇ, ਸੜਕ ਹਾਦਸੇ ਅਤੇ ਹੋਰ ਜਾਨੀ-ਮਾਲੀ ਨੁਕਸਾਨ ਦਾ ਸਬੱਬ ਵੀ ਕਈ ਵਾਰ ਇਹ ਪ੍ਰਾਣੀ ਬਣ ਚੁੱਕੇ ਹਨ। ਅਵਾਰਾ ਕੁੱਤਿਆਂ ਦਾ ਮਾਸੂਮ ਬੱਚਿਆਂ ਨੂੰ ਨੋਚ-ਨੋਚ ਕੇ ਖਾ ਜਾਣਾ, ਕਈ ਬਜ਼ੁਰਗ ਅਤੇ ਨੌਜਵਾਨਾਂ ਨੂੰ ਵੱਢਣਾ ਅਤੇ ਜ਼ਖ਼ਮੀ ਕਰਨ ਦੀਆਂ ਘਟਨਾਵਾਂ ਬਹੁਤ ਵਾਰ ਵਾਪਰ ਚੁੱਕੀਆਂ ਹਨ। ਹਮੇਸ਼ਾ ਇਨ੍ਹਾਂ ਤੋਂ ਖ਼ਤਰਾ ਬਣਿਆ ਹੋਇਆ ਹੈ ਅਤੇ ਲੋਕ ਡਰ-ਭੈਅ ਹੇਠ ਜਿਊਣ ਲਈ ਮਜਬੂਰ ਹਨ। ਸਰਕਾਰ ਅਤੇ ਪ੍ਰਸ਼ਾਸਨ ਇਸ ਗੰਭੀਰ ਮਸਲੇ ਦਾ ਕੋਈ ਠੋਸ ਹੱਲ ਜਲਦੀ ਕਰੇ। ਲੋਕ ਵੀ ਸਰਕਾਰਾਂ ਅਤੇ ਪ੍ਰਸ਼ਾਸਨ 'ਤੇ ਦਬਾਅ ਬਣਾਉਣ ਲਈ ਅੱਗੇ ਆਉਣ।

-ਅਜੀਤ ਪ੍ਰਦੇਸੀ
ਰੋਪੜ।

ਭ੍ਰਿਸ਼ਟਾਚਾਰ ਦਾ ਖ਼ਾਤਮਾ
ਚੋਣਾਂ ਤੋਂ ਪਹਿਲਾਂ ਹਰ ਪਾਰਟੀ ਆਪਣੇ ਮਨੋਰਥ ਪੱਤਰ ਵਿਚ ਪਹਿਲੀ ਗੱਲ ਇਹ ਲਿਖਦੀ ਹੈ ਕਿ ਭ੍ਰਿਸ਼ਟਾਚਾਰ ਜੜ੍ਹ ਤੋਂ ਖ਼ਤਮ ਕੀਤਾ ਜਾਵੇਗਾ। ਭ੍ਰਿਸ਼ਟਾਚਾਰ ਉੱਪਰੋਂ ਸ਼ੁਰੂ ਹੁੰਦਾ ਹੈ ਤੇ ਪੈਸਾ ਹਰ ਮਹਿਕਮੇ ਵਿਚ ਹੇਠੋਂ ਉੱਪਰ ਤੱਕ ਜਾਂਦਾ ਹੈ। ਇਸ ਪ੍ਰਣਾਲੀ ਨੂੰ 'ਸੰਤਰੀ ਤੇ ਮੰਤਰੀ' ਕਹਿੰਦੇ ਹਨ। ਜਦੋਂ ਹਿੱਸਾ ਪੱਤੀ ਧੁਰ ਉੱਪਰ ਤੱਕ ਚਲਦੀ ਹੈ ਤਾਂ ਖ਼ਾਤਮਾ ਕਿਸ ਨੇ ਕਰਨਾ ਹੈ। ਦੇਸ਼ ਵਿਚ ਰਿਸ਼ਵਤਖੋਰੀ ਵਿਰੋਧੀ ਕਈ ਏਜੰਸੀਆਂ ਕੰਮ ਕਰ ਰਹੀਆਂ ਹਨ। ਇਹ ਵੀ ਪੜ੍ਹਦੇ-ਸੁਣਦੇ ਹਾਂ ਕਿ ਰਿਸ਼ਵਤ ਲੈਂਦਾ ਚਪੜਾਸੀ, ਕਲਰਕ, ਸਿਪਾਹੀ, ਪਟਵਾਰੀ ਜਾਂ ਕੋਈ ਛੋਟਾ ਅਫ਼ਸਰ ਫੜਿਆ ਗਿਆ ਹੈ। ਕਈ ਵੱਡੇ ਅਹੁਦੇਦਾਰ ਜਾਂਚ ਦੇ ਘੇਰੇ ਵਿਚ ਤਾਂ ਆ ਜਾਂਦੇ ਹਨ, ਘਪਲੇ ਵੀ ਕਰੋੜਾਂ-ਅਰਬਾਂ ਦੇ ਸਪੱਸ਼ਟ ਹੋ ਜਾਂਦੇ ਹਨ ਪਰ ਕਿਸੇ ਨੂੰ ਸਜ਼ਾ ਨਹੀਂ ਹੁੰਦੀ। ਜੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਨੂੰ ਕੋਈ ਅੰਦਰ ਹੋਇਆ ਵੀ ਤਾਂ ਸਭ ਸਹੂਲਤਾਂ, ਸਪੈਸ਼ਲ ਭੋਜਨ ਤੇ ਜੇਲ੍ਹ ਸੁਪਰਡੈਂਟ ਨਾਲ ਪੂਰੀ ਸਾਂਝ ਹੁੰਦੀ ਹੈ। ਕੇਸ ਦਾ ਪਤਾ ਹੀ ਨਹੀਂ ਲਗਦਾ ਕਦੋਂ ਤੇ ਕਿਵੇਂ ਖ਼ਤਮ ਹੋ ਗਿਆ। ਜਿੰਨੀ ਦੇਰ ਘੁਟਾਲੇ ਖ਼ਤਮ ਨਹੀਂ ਹੁੰਦੇ, ਕਸੂਰਵਾਰ ਨੂੰ ਸਜ਼ਾ ਨਹੀਂ ਹੁੰਦੀ, ਭ੍ਰਿਸ਼ਟਾਚਾਰ ਦਾ ਖ਼ਾਤਮਾ ਨਹੀਂ ਹੋ ਸਕਦਾ।

-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ।

15/05/2017

 ਬੱਚਿਆਂ ਪ੍ਰਤੀ ਸੁਚੇਤ
ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਗਰਮੀ ਤੋਂ ਬਚਣ ਲਈ ਬੱਚਿਆਂ ਦਾ ਝੁਕਾਅ ਪਾਣੀ ਵੱਲ ਹੋ ਜਾਂਦਾ ਹੈ। ਗਰਮੀ 'ਚ ਮਾਪਿਆਂ ਦੀ ਜ਼ਿੰਮੇਵਾਰੀ ਵਧ ਜਾਂਦੀ ਹੈ, ਕਿਉਂਕਿ ਬੱਚੇ ਗਰਮੀ 'ਚ ਖਾਸ ਕਰਕੇ ਜੂਨ ਦੀਆਂ ਛੁੱਟੀਆਂ 'ਚ ਆਪਣੇ ਸਾਥੀਆਂ ਨਾਲ ਨਹਿਰਾਂ, ਸੂਏ, ਛੱਪੜਾਂ ਆਦਿ ਵਿਚ ਨਹਾਉਣ ਲਈ ਚਲੇ ਜਾਂਦੇ ਹਨ, ਤੈਰਨਾ ਨਾ ਆਉਣ ਦੇ ਕਾਰਨ ਉਹ ਡੁੱਬ ਵੀ ਜਾਂਦੇ ਨੇ। ਬੱਚਿਆਂ ਦੀ ਅਣਗਹਿਲੀ ਕਾਰਨ ਜਾਨੀ ਨੁਕਸਾਨ ਹੋ ਜਾਂਦਾ ਹੈ, ਜਿਸ ਦਾ ਘਾਟਾ ਕਦੇ ਪੂਰਾ ਨਹੀਂ ਹੁੰਦਾ। ਬੱਚੇ ਅਣਭੋਲ ਹੁੰਦੇ ਹਨ ਤੇ ਅਕਸਰ ਉਹ ਆਪਣੇ ਸਾਥੀਆਂ ਨਾਲ ਝੁੰਡ ਬਣਾ ਕੇ ਖਾਸ ਕਰ ਪਿੰਡਾਂ ਵਿਚ ਦੂਰ ਛੱਪੜਾਂ, ਸੂਇਆਂ, ਨਹਿਰਾਂ 'ਤੇ ਨਹਾਉਣ ਚਲੇ ਜਾਂਦੇ ਹਨ, ਜਿਥੇ ਉਹ ਪਾਣੀ ਦੇ ਤੇਜ਼ ਵਹਾਅ ਵਿਚ ਡੁੱਬ ਜਾਂਦੇ ਹਨ। ਆਓ! ਆਪਣੇ ਬੱਚਿਆਂ ਪ੍ਰਤੀ ਸੁਹਿਰਦ ਹੋਈਏ ਤੇ ਉਨ੍ਹਾਂ ਨੂੰ ਅਜਿਹੀ ਅਣਗਹਿਲੀ ਕਰਨ ਤੋਂ ਵਰਜੀਏ, ਤਾਂ ਕਿ ਪਾਣੀ ਵਿਚ ਡੁੱਬਣ ਦੀਆਂ ਘਟਨਾਵਾਂ ਕਾਰਨ ਹੋ ਰਹੇ ਜਾਨੀ ਨੁਕਸਾਨ ਤੋਂ ਬਚਾਅ ਹੋ ਸਕੇ। ਜ਼ਿੰਦਗੀ ਇਕ ਕੁਦਰਤ ਦੁਆਰਾ ਬਖਸ਼ਿਆ ਅਨਮੋਲ ਤੋਹਫ਼ਾ ਹੈ, ਇਸ ਦੀ ਕਦਰ ਕਰੋ, ਨਾ ਕਿ ਅਣਦੇਖੀ।


-ਜਸਬੀਰ ਦੱਧਾਹੂਰ,
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ (ਲੁਧਿਆਣਾ)।


ਕਣਕ-ਅਗਨੀ ਕਾਂਡ
ਹਰ ਰੋਜ਼ ਜਦ ਕਿਸੇ ਕਿਸਾਨ ਦੀ ਪੱਕੀ ਕਣਕ ਦੀ ਫਸਲ ਅੱਗ ਨਾਲ ਸੜਨ ਦੀ ਖ਼ਬਰ ਪੜ੍ਹਦੇ ਹਾਂ ਤਾਂ ਹਰ ਇਨਸਾਨ ਦੇ ਹਿਰਦੇ ਨੂੰ ਬਹੁਤ ਠੇਸ ਪਹੁੰਚਦੀ ਹੈ। ਕਿਉਂਕਿ ਦੇਸ਼ ਦਾ ਅੰਨਦਾਤਾ ਕਿਸਾਨ ਆਪਣੀ ਫਸਲ ਨੂੰ ਪੁੱਤਰਾਂ ਵਾਂਗ ਪਾਲਦਾ ਹੈ। ਉਸ ਦੇ ਪਰਿਵਾਰ ਦਾ ਅਤੇ ਸਾਡੇ ਦੇਸ਼ ਦਾ ਭਵਿੱਖ ਉਸ ਦੀ ਫਸਲ 'ਤੇ ਨਿਰਭਰ ਹੁੰਦਾ ਹੈ। ਇਸ ਵਾਰ ਹਜ਼ਾਰਾਂ ਏਕੜ ਕਣਕ ਅਤੇ ਨਾੜ ਸੜ ਕੇ ਸੁਆਹ ਹੋਇਆ ਹੈ। ਕਾਰਨ ਚਾਹੇ ਕੁਝ ਵੀ ਹੋਵੇ ਪਰ ਇਹ ਸਾਡੇ ਲਈ ਸ਼ੁੱਭ ਸੰਕੇਤ ਨਹੀਂ ਹੈ, ਕਿਉਂਕਿ ਕਿਸਾਨ ਪਹਿਲਾਂ ਹੀ ਆਰਥਿਕ ਤੌਰ 'ਤੇ ਮੰਦਹਾਲੀ ਦਾ ਸ਼ਿਕਾਰ ਹਨ। ਇਸ ਲਈ ਪੀੜਤ ਕਿਸਾਨਾਂ ਨੂੰ ਯੋਗ ਮੁਆਵਜ਼ੇ ਦੀ ਲੋੜ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਫਸਲ ਦੀ ਸੁਰੱਖਿਆ ਲਈ ਪੇਂਡੂ ਖੇਤਰ ਵਿਚ ਬਲਾਕ ਪੱਧਰ 'ਤੇ ਫਾਇਰ ਬ੍ਰਿਗੇਡ ਗੱਡੀਆਂ ਦਾ ਇੰਤਜ਼ਾਮ ਕਰੇ ਅਤੇ ਪਿੰਡ-ਪਿੰਡ ਖੇਤੀਬਾੜੀ ਸੁਸਾਇਟੀਆਂ ਵਿਚ ਪਾਣੀ ਵਾਲੀਆਂ ਟੈਂਕੀਆਂ ਆਦਿ ਦਾ ਪ੍ਰਬੰਧ ਕਰੇ। ਬਿਜਲੀ ਮਹਿਕਮੇ ਨੂੰ ਵੀ ਪਹਿਲਾਂ ਤੋਂ ਹੀ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਕਿ ਅੱਗੇ ਤੋਂ ਕੋਈ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ।


-ਲੱਖੀ ਗਿੱਲ ਧਨਾਨਸੂ
ਮੋਬਾ: 88726-60007


ਪੁਸਤਕ ਸੱਭਿਆਚਾਰ
ਟੀ.ਵੀ. ਵਟਸਐਪ ਅਤੇ ਫੇਸਬੁੱਕ ਆਦਿ ਤੱਟ-ਫੱਟ ਵਾਲਾ ਵਰਤਾਰਾ ਹੈ। ਇਨ੍ਹਾਂ ਨੂੰ ਪੜ੍ਹਨ ਉਪਰੰਤ ਡਿਲੀਟ ਕਰਨਾ ਪੈਂਦਾ ਹੈ, ਕਿਉਂਕਿ ਇਨ੍ਹਾਂ ਸਾਰਿਆਂ ਨੂੰ ਫੋਨ ਵਿਚ ਸਮਾਉਣ ਦੀ ਸਮਰੱਥਾ ਵੀ ਥੋੜ੍ਹੀ ਹੁੰਦੀ ਹੈ। ਇਹ ਅਲਮਾਰੀ ਵਿਚ ਬੰਦ ਪਈਆਂ ਵੀ ਤੁਹਾਨੂੰ ਆਵਾਜ਼ਾਂ ਮਾਰਦੀਆਂ ਰਹਿੰਦੀਆਂ ਹਨ। ਇਹ ਗੱਲ ਵੱਖਰੀ ਹੈ ਕਿ ਤੁਸੀਂ ਆਪਣੇ ਕੰਨ ਤੇ ਅੱਖਾਂ ਬੰਦ ਰੱਖੋ। ਕਿਤਾਬਾਂ ਦੇ ਨਾਲ-ਨਾਲ ਸਾਹਿਤਕ ਰਸਾਲਿਆਂ ਦੀ ਉਮਰ ਵੀ ਲੰਮੀ ਹੁੰਦੀ ਹੈ। ਮੈਂ ਅੱਜ ਤੱਕ ਪੁਰਾਣੇ ਮੈਗਜ਼ੀਨ ਸਾਂਭ ਕੇ ਰੱਖੇ ਹੋਏ ਹਨ। ਸਮਾਂ ਮਿਲਣ 'ਤੇ ਪੜ੍ਹ ਵੀ ਲੈਂਦਾ ਹਾਂ। ਅਸੀਂ ਪੁਸਤਕਾਂ ਤੋਂ ਦੂਰ ਹੋਈ ਜਾ ਰਹੇ ਹਾਂ। ਨਵੀਂ ਪੀੜ੍ਹੀ ਲਾਇਬ੍ਰੇਰੀਆਂ ਵੱਲ ਝਾਕਦੀ ਵੀ ਨਹੀਂ। ਉਹ ਪੁਸਤਕਾਂ ਪੜ੍ਹਨਾ ਫਜ਼ੂਲ ਕੰਮ ਸਮਝਦੀ ਹੈ। ਪੁਸਤਕਾਂ ਪੜ੍ਹਨਾ ਤੇ ਹੋਰਾਂ ਨੂੰ ਪੁਸਤਕਾਂ ਸੰਗ ਲਾਉਣਾ ਪੁੰਨ ਦਾ ਕੰਮ ਹੈ। ਜਿਹੜੇ ਪੁਸਤਕਾਂ ਪੜ੍ਹਦੇ ਹਨ, ਉਹ ਲਿਖਣ ਪ੍ਰਕਿਰਿਆ ਵੱਲ ਝੁਕ ਰਹੇ ਹਨ। ਪੁਸਤਕ ਕੋਲ ਪਈ ਨਿੱਘ ਦਿੰਦੀ ਹੈ। ਕਿਸੇ ਨੇ ਠੀਕ ਹੀ ਕਿਹਾ ਹੈ-'ਦੋਸਤ ਛੱਡ ਕੇ ਜਾ ਸਕਦਾ ਹੈ, ਪੁਸਤਕ ਨਹੀਂ।' ਕਿੰਨੇ ਹੀ ਮਹਾਨ ਲਿਖਾਰੀ ਹੋਏ ਹਨ, ਜੇ ਉਹ ਚੰਗੀਆਂ ਕਿਤਾਬਾਂ ਨਾ ਪੜ੍ਹਦੇ ਤਾਂ ਅੱਜ ਉਹ ਮਹਾਨ ਲੇਖਕ ਨਾ ਹੁੰਦੇ। ਪੁਸਤਕ ਸੱਭਿਆਚਾਰ ਨੂੰ ਫੈਲਾਉਣ ਦੀ ਅੱਜ ਬਹੁਤ ਲੋੜ ਹੈ। ਮੈਂ ਕਿਸੇ ਸ਼ਾਇਰ ਦੇ ਸ਼ਿਅਰ ਨਾਲ ਗੱਲ ਖ਼ਤਮ ਕਰਦਾ ਹਾਂ-
ਮੈਂ ਕੁਝ ਕਿਤਾਬਾਂ ਕਿਰਾਏ ਦੇ ਘਰ 'ਚ ਜਦ ਧਰੀਆਂ,
ਤਾਂ ਮਾਲਕ ਪੁੱਛਦੈ, ਤੇਰਾ ਸਮਾਨ ਕਿਥੇ ਹੈ।


-ਜਗਤਾਰ ਗਿੱਲ,
ਬੱਲ ਸਚੰਦਰ, ਅੰਮ੍ਰਿਤਸਰ।

11/05/2017

 ਲਾਲ ਬੱਤੀਆਂ
ਗੱਡੀਆਂ ਤੋਂ ਲਾਲ ਬੱਤੀ ਹਟਾਉਣਾ ਇਕ ਸ਼ਲਾਘਾਯੋਗ ਕਦਮ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਲਾਲ ਬੱਤੀ ਗੱਡੀ ਤੋਂ ਹੀ ਨਹੀਂ ਮਨ 'ਚੋਂ ਵੀ ਹਟਾ ਦਿਓ। ਗੱਡੀ ਤੋਂ ਲਾਲ ਬੱਤੀ ਤਾਂ ਆਡਰ ਦਿੱਤਿਆਂ ਹਟ ਜਾਏਗੀ ਪਰ ਹੋਰ ਜਗ ਰਹੀਆਂ ਲਾਲ ਬੱਤੀਆਂ ਨੂੰ ਬੰਦ ਕਰਨ ਲਈ ਕਦੋਂ ਸੋਚਣਾ ਹੈ? ਪਹਿਲੀ ਲਾਲ ਬੱਤੀ ਵਧ ਰਹੀ ਜਨਸੰਖਿਆ ਦੀ ਜਿਹੜੀ ਦਿਨੋਂ-ਦਿਨ ਹੋਰ ਗੂੜ੍ਹੀ ਹੋ ਰਹੀ ਹੈ। ਦੂਜੀ ਲਾਲ ਬੱਤੀ ਵਧ ਰਹੀ ਬੇਰੁਜ਼ਗਾਰੀ ਦੀ ਜਿਹੜੀ ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ, ਚੋਰੀਆਂ ਅਤੇ ਡਕੈਤੀਆਂ ਵੱਲ ਧੱਕ ਰਹੀ ਹੈ। ਤੀਜੀ ਲਾਲ ਬੱਤੀ ਅੱਤਵਾਦ ਦੀ ਜਿਹੜੀ ਪੂਰੇ ਭਾਰਤ 'ਤੇ ਮੰਡਰਾ ਰਹੀ ਹੈ। ਸੁਰੱਖਿਆ ਬਲਾਂ ਦੀਆਂ ਦਰਦਨਾਕ ਸ਼ਹਾਦਤਾਂ ਹੋ ਰਹੀਆਂ ਹਨ। ਚੌਥੀ ਲਾਲ ਬੱਤੀ ਰਿਸ਼ਵਤਖੋਰੀ ਦੀ ਜੋ ਭਾਰਤ ਨੂੰ ਘੁਣ ਵਾਂਗ ਖਾ ਰਹੀ ਹੈ। ਪੰਜਵੀਂ ਲਾਲ ਬੱਤੀ ਧਰਮ ਦੇ ਨਾਂਅ 'ਤੇ ਹੋ ਰਹੀਆਂ ਲੜਾਈਆਂ ਦੀ, ਜਿਸ ਨੇ ਆਪਸੀ ਭਾਈਚਾਰੇ ਨੂੰ ਖੇਰੂੰ-ਖੇਰੂੰ ਕਰਕੇ ਰੱਖ ਦਿੱਤਾ ਹੈ। ਇਨ੍ਹਾਂ ਲਾਲ ਬੱਤੀਆਂ ਦੇ ਸਾਹਮਣੇ ਤਾਂ ਗੱਡੀ 'ਤੇ ਲੱਗੀ ਲਾਲ ਬੱਤੀ ਕੁਝ ਵੀ ਨਹੀਂ। ਲੋੜ ਹੈ ਇਨ੍ਹਾਂ ਲਾਲ ਬੱਤੀਆਂ ਨੂੰ ਬੰਦ ਕਰਨ ਦੀ।


-ਸਰਬਜੀਤ ਸਿੰਘ, ਜਲੰਧਰ।


ਸਚਾਈ ਭਰਿਆ ਲੇਖ
ਪਿਛਲੇ ਦਿਨੀਂ ਦੋ ਕਿਸ਼ਤਾਂ ਵਿਚ 'ਬੇਮੁਹਾਰ ਹੋ ਗਈਆਂ ਹਨ ਬਾਜ਼ਾਰੂ ਕੀਮਤਾਂ' ਸਿਰਲੇਖ ਹੇਠ ਛਪਿਆ ਸਤਨਾਮ ਸਿੰਘ ਮਾਣਕ ਦਾ ਲੇਖ ਬਹੁਤ ਹੀ ਪ੍ਰਭਾਵਸ਼ਾਲੀ ਸੀ। ਸਮੇਂ-ਸਮੇਂ ਦੀਆਂ ਸਰਕਾਰਾਂ ਦੀਆਂ ਨੀਤੀਆਂ ਅਤੇ ਨੀਅਤਾਂ ਦਾ ਬਾਖੂਬੀ ਵਰਨਣ ਕੀਤਾ ਹੈ। ਨਰਸਿਮ੍ਹਾ ਰਾਓ ਦੇ ਪ੍ਰਧਾਨ ਮੰਤਰੀ ਹੁੰਦਿਆਂ ਅਤੇ ਵਿੱਤ ਮੰਤਰੀ ਡਾ: ਮਨਮੋਹਨ ਸਿੰਘ ਵੇਲੇ ਸਰਕਾਰ ਨੇ ਨਿੱਜੀਕਰਨ ਅਤੇ ਉਦਾਰਵਾਦੀ ਨੀਤੀਆਂ ਧਾਰਨ ਕੀਤੀਆਂ। ਸਿੱਟੇ ਵਜੋਂ ਹਰ ਖੇਤਰ ਵਿਚ ਲੋਕਾਂ ਦੇ ਹਿਤ ਨਦਾਰਦ ਕਰ ਦਿੱਤੇ ਗਏ। ਧਨਾਢ ਅਤੇ ਵਪਾਰੀ ਵਰਗ ਨੇ ਮੱਧ ਵਰਗ ਦਾ ਰੱਜ ਕੇ ਸ਼ੋਸ਼ਣ ਕੀਤਾ। ਸਿਹਤ ਅਤੇ ਸਿੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਵੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ। ਮਹਿੰਗਾਈ ਛਾਲਾਂ ਮਾਰ-ਮਾਰ ਵੱਧ ਗਈ। ਹਰ ਖੇਤਰ 'ਤੇ ਜਿਵੇਂ ਕਿ ਰੇਤਾ, ਬਜਰੀ, ਕੇਬਲ, ਟਰਾਂਸਪੋਰਟ ਆਦਿ 'ਤੇ ਤਾਕਤਵਰ ਲੋਕਾਂ ਨੇ ਕਬਜ਼ਾ ਕਰ ਲਿਆ ਹੈ।


-ਜਗਤਾਰ ਸਿੰਘ ਰੁਲਦੂਵਾਲਾ
ਹੈਲਥ ਇੰਸਪੈਕਟਰ ਅਮਰਗੜ੍ਹ (ਸੰਗਰੂਰ)।


ਅਵਾਰਾ ਕੁੱਤਿਆਂ ਦੀ ਸਮੱਸਿਆ
ਅਖ਼ਬਾਰ ਵਿਚ ਕੁੱਤਿਆਂ ਦੇ ਖੌਫ਼ ਬਾਰੇ ਪੜ੍ਹਨ ਨੂੰ ਮਿਲਿਆ। ਇਸ ਤੋਂ ਵੱਧ ਬਦਕਿਸਮਤੀ ਕੀ ਹੋ ਸਕਦੀ ਹੈ ਕਿ ਕੁੱਤਿਆਂ ਵੱਲੋਂ ਲੋਕਾਂ ਨੂੰ ਨੋਚ-ਨੋਚ ਕੇ ਖਾਧਾ ਜਾ ਰਿਹਾ ਅਤੇ ਸਰਕਾਰਾਂ ਖਾਮੋਸ਼ ਹਨ। ਜਦੋਂ ਅਵਾਰਾ ਕੁੱਤਿਆਂ 'ਤੇ ਕੋਈ ਕੰਟਰੋਲ ਕਰਨ ਦਾ ਪ੍ਰਬੰਧ ਨਹੀਂ, ਇਨ੍ਹਾਂ ਨੂੰ ਕਿੱਥੇ ਤੇ ਕਿਵੇਂ ਰੱਖਣਾ ਹੈ ਤਾਂ ਅਵਾਰਾ ਕੁੱਤਿਆਂ ਨੂੰ ਖੁੱਲ੍ਹੇ ਫਿਰਨ ਦੇਣਾ ਕਿੱਥੋਂ ਦੀ ਸਿਆਣਪ ਹੈ। ਪਹਿਲਾਂ ਸਿਹਤ ਵਿਭਾਗ ਵੱਲੋਂ ਅਵਾਰਾ ਕੁੱਤਿਆਂ ਨੂੰ ਮਾਰ ਕੇ ਦਫ਼ਨਾਇਆ ਜਾਂਦਾ ਸੀ। ਹੁਣ ਤਾਂ ਝੁੰਡਾ ਦੇ ਝੁੰਡ ਗਲੀਆਂ, ਸੜਕਾਂ 'ਤੇ ਘੁੰਮ ਰਹੇ ਹਨ। ਨਸਬੰਦੀ ਦਾ ਜੋ ਹਾਲ ਹੋਇਆ, ਉਹ ਕਿਸੇ ਤੋਂ ਲੁਕਿਆ-ਛਿਪਿਆ ਨਹੀਂ। ਕਾਗਜ਼ਾਂ ਵਿਚ ਜੋ ਹੈ, ਉਸ ਤੋਂ ਬਾਹਰ ਆ ਕੇ ਜ਼ਮੀਨੀ ਹਕੀਕਤ ਜਾਣੋ, ਉਹ ਅਸਲੀਅਤ ਬਿਆਨ ਕਰੇਗੀ। ਲੋਕਾਂ ਦੇ ਹਿਤਾਂ ਦੀ ਜਦੋਂ ਗੱਲ ਹੁੰਦੀ ਹੈ ਤਾਂ ਪੈਸੇ ਦੀ ਘਾਟ ਦੱਸੀ ਜਾਂਦੀ ਹੈ। ਮਹੀਨੇ ਵਿਚ ਇਕ ਮੰਤਰੀ, ਵਿਧਾਇਕ ਜਾਂ ਸਕੱਤਰ ਲੱਖਾਂ ਰੁਪਏ ਦਾ ਡੀਜ਼ਲ ਸਰਕਾਰੀ ਖਜ਼ਾਨੇ ਵਿਚੋਂ ਵਰਤ ਲਵੇ ਤਾਂ ਪੈਸੇ ਦੀ ਸਮੱਸਿਆ ਕੋਈ ਨਹੀਂ ਹੁੰਦੀ। ਜੇਕਰ ਬੰਦੇ ਦੇ ਜਿਊਣ ਦੀ ਰਾਖੀ ਸਰਕਾਰ ਤੇ ਪ੍ਰਸ਼ਾਸਨ ਨਹੀਂ ਕਰ ਸਕਦਾ ਤਾਂ ਏਨੇ ਵੱਡੇ ਤਾਮ-ਝਾਮ ਬਣਾਉਣ ਦੀ ਜ਼ਰੂਰਤ ਹੀ ਕੀ ਹੈ? ਜੰਗਲਾਂ ਵਿਚ ਰਹਿੰਦਾ ਮਨੁੱਖ ਆਪਣੇ ਹਿਸਾਬ ਨਾਲ ਆਪਣੀ ਹਿਫ਼ਾਜ਼ਤ ਕਰ ਹੀ ਲੈਂਦਾ ਸੀ। ਜਿਹੜੇ ਕਾਨੂੰਨ ਬਣਾ ਰਹੇ ਨੇ, ਉਨ੍ਹਾਂ ਦੇ ਘਰਾਂ ਤੇ ਉਨ੍ਹਾਂ ਦੇ ਪਰਿਵਾਰ ਏਨੇ ਸੁਰੱਖਿਆ ਗਾਰਡਾਂ ਨਾਲ ਘੁੰਮਦੇ ਹਨ ਕਿ ਉਹ ਕੀ ਜਾਨਣ ਕੁੱਤੇ ਦੇ ਵੱਢੇ ਦਾ ਦਰਦ, ਨੋਚ-ਨੋਚ ਖਾਧੇ ਜਾਣ ਦੀ ਤਕਲੀਫ਼। ਸਰਕਾਰ ਗੰਭੀਰ ਹੋਏ ਤਾਂ ਪ੍ਰਸ਼ਾਸਨ ਵੀ ਸੁਚੇਤ ਹੋਏਗਾ। ਅਖ਼ਬਾਰਾਂ ਵਿਚ ਅਵਾਰਾ ਕੁੱਤਿਆਂ ਦੀ ਸਮੱਸਿਆ ਪੜ੍ਹ ਕੇ ਮੇਰਾ ਵੀ ਇਹ ਹੀ ਸਵਾਲ ਹੈ ਕਿ ਇਹ ਸਮੱਸਿਆ ਹੱਲ ਕਿਉਂ ਨਹੀਂ ਕੀਤੀ ਜਾਂਦੀ? ਇਸ ਨਾਲ ਹੋਏ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੈ?


-ਪ੍ਰਭਜੋਤ ਕੌਰ ਢਿੱਲੋਂ
ਮੋ: 98150-30221

10-4-2017

 ਸਰਕਾਰ ਦੀ ਬੇਰੁਖ਼ੀ

ਕਿਸਾਨ ਦੀ ਹਾਲਤ ਦਿਨ-ਬਦਿਨ ਵਿਗੜਦੀ ਜਾ ਰਹੀ ਹੈ। ਉਦਯੋਗਪਤੀਆਂ ਦੇ ਕਰਜ਼ਿਆਂ ਦੀ ਸਮੱਸਿਆ ਨੂੰ ਇਕ ਖਾਸ ਵਿਧੀ ਨਾਲ ਸੁਲਝਾ ਲਿਆ ਜਾਂਦਾ ਹੈ ਪਰ ਕਿਸਾਨਾਂ ਵਾਸਤੇ ਝੱਜੂ ਪੈ ਜਾਂਦਾ ਹੈ। ਕਿਉਂ ਕਿਸਾਨਾਂ ਦੀਆਂ ਸਮੱਸਿਆਵਾਂ ਸਮਝ ਨਹੀਂ ਆਉਂਦੀਆਂ? ਕਿਉਂ ਇਸ ਦਾ ਪੱਕਾ ਹੱਲ ਨਹੀਂ ਲੱਭਿਆ ਜਾ ਰਿਹਾ? ਕਿਉਂ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋ ਰਿਹਾ ਹੈ ਕਿਸਾਨ? ਸੁਪਰੀਮ ਕੋਰਟ ਨੇ ਵੀ ਇਸ 'ਤੇ ਚਿੰਤਾ ਜ਼ਾਹਰ ਕੀਤੀ ਹੈ ਪਰ ਇਸ ਬਾਰੇ ਕੋਈ ਵੀ ਸਰਕਾਰ ਗੰਭੀਰ ਨਹੀਂ ਹੈ। ਜਿਸ ਤਰ੍ਹਾਂ ਕਿਸਾਨ ਜੰਤਰ ਮੰਤਰ 'ਤੇ ਧਰਨਾ ਦੇ ਰਹੇ ਹਨ, ਸਰਕਾਰ ਦੀ ਬੇਰੁਖ਼ੀ ਸਹੀ ਨਹੀਂ ਲਗਦੀ। ਬੜੀ ਹੈਰਾਨੀ ਹੁੰਦੀ ਹੈ ਜਦੋਂ ਕਿਸਾਨ ਨੂੰ ਆਲੂ ਦਾ ਭਾਅ ਇਕ ਰੁਪਏ ਤੱਕ ਮਿਲਦਾ ਹੈ ਅਤੇ ਗਾਹਕਾਂ ਨੂੰ ਆਲੂ ਉਸ ਸਮੇਂ ਵੀ ਬਾਜ਼ਾਰ ਵਿਚ 8-9 ਰੁਪਏ ਮਿਲ ਰਿਹਾ ਹੁੰਦਾ ਹੈ। ਸਬਜ਼ੀਆਂ ਦੀ ਵੀ ਇੰਜ ਹੀ ਦੁਰਦਸ਼ਾ ਕੀਤੀ ਜਾਂਦੀ ਹੈ। ਕਿਸਾਨ ਨੂੰ ਕੁਦਰਤ ਵੀ ਮਾਰ ਜਾਂਦੀ ਹੈ, ਬੇਮੌਸਮਾ ਮੀਂਹ, ਗੜੇ, ਝੱਖੜ ਉਸ ਦੀ ਮਿਹਨਤ ਨੂੰ ਤਹਿਸ-ਨਹਿਸ ਕਰ ਦਿੰਦੇ ਹਨ। ਮੁਆਵਜ਼ੇ ਦੇ ਨਾਂਅ 'ਤੇ ਜੋ ਧਾਂਦਲੀਆਂ ਹੁੰਦੀਆਂ ਹਨ, ਉਹ ਕਿਸੇ ਤੋਂ ਵੀ ਲੁਕੀਆਂ ਨਹੀਂ।
ਕਿਸਾਨੀ ਦਾ ਧੰਦਾ ਹੀ ਅਜਿਹਾ ਹੈ, ਜਿਸ ਵਿਚ ਮਾਲਕ ਆਪਣੀ ਚੀਜ਼ ਦਾ ਮੁੱਲ ਖ਼ੁਦ ਨਹੀਂ ਤੈਅ ਕਰ ਸਕਦਾ। ਸੂਈ ਤੋਂ ਲੈ ਕੇ ਜਹਾਜ਼ ਬਣਾਉਣ ਵਾਲਾ ਆਪਣੀ ਚੀਜ਼ ਦੀ ਕੀਮਤ ਤੇ ਮੁਨਾਫ਼ਾ ਖ਼ੁਦ ਤੈਅ ਕਰਦਾ ਹੈ। ਬਹੁਤੀ ਵਾਰ ਇਹ ਸਵਾਲ ਉੱਠਦਾ ਹੈ ਕਿ ਕਿਸਾਨ ਵਿਆਹ 'ਤੇ ਖਰਚਾ ਬਹੁਤ ਕਰਦੇ ਨੇ, ਇਸ ਗੱਲ ਨਾਲ ਮੈਂ ਵੀ ਸਹਿਮਤ ਹਾਂ ਪਰ ਜਿਵੇਂ ਦੇ ਸਮਾਜ ਦੇ ਹਾਲਾਤ ਬਣੇ ਹੋਏ ਹਨ, ਉਨ੍ਹਾਂ ਵਿਚ ਕਿਸਾਨਾਂ ਨੂੰ ਵੱਖਰਾ ਕਿਵੇਂ ਕਰ ਸਕਦੇ ਹਾਂ। ਬੱਚਿਆਂ ਦੀ ਪੜ੍ਹਾਈ 'ਤੇ ਜੋ ਖਰਚਾ ਹੋ ਰਿਹਾ ਹੈ, ਉਸ ਨੂੰ ਉਹ ਕਿਵੇਂ ਘੱਟ ਕਰ ਸਕਦਾ ਹੈ। ਪੜ੍ਹਾਈ ਤੋਂ ਬਾਅਦ ਬੱਚੇ ਨਾ ਤਾਂ ਖੇਤੀ ਕਰਦੇ ਹਨ ਅਤੇ ਨਾ ਹੀ ਨੌਕਰੀ ਮਿਲਦੀ ਹੈ। ਮਹਿੰਗਾਈ, ਬੇਰੁਜ਼ਗਾਰੀ, ਰਿਸ਼ਵਤ ਤੇ ਭ੍ਰਿਸ਼ਟਾਚਾਰ ਨੇ ਇਸ ਵਰਗ ਦਾ ਵੀ ਲੱਕ ਤੋੜਿਆ ਹੋਇਆ ਹੈ। ਕਿਸਾਨ ਸਭ ਦਾ ਪੇਟ ਭਰਦਾ ਹੈ ਪਰ ਉਸ ਦਾ ਖਿਆਲ ਰੱਖਣ ਵਾਲਾ ਕੋਈ ਨਹੀਂ। ਇਸ ਤੋਂ ਵੱਡੀ ਅਣਗਹਿਲੀ ਤੇ ਗ਼ੈਰ-ਜ਼ਿੰਮੇਵਾਰੀ ਵਾਲੀ ਹਰਕਤ ਹੋਰ ਕੀ ਹੋ ਸਕਦੀ ਹੈ। ਸਵਾਮੀਨਾਥਨ ਰਿਪੋਰਟ 'ਤੇ ਗ਼ੌਰ ਕਿਉਂ ਨਹੀਂ ਹੋ ਰਿਹਾ।

-ਪ੍ਰਭਜੋਤ ਕੌਰ ਢਿੱਲੋਂ
ਸੰਪਰਕ : 98150-30221.

ਲੋਕ ਕੀ ਚਾਹੁੰਦੇ ਹਨ?

ਪਿਛਲੇ ਦਿਨੀਂ ਡਾ: ਸ਼ਿਆਮ ਸੁੰਦਰ ਦੀਪਤੀ ਹੁਰਾਂ ਦਾ ਲੇਖ 'ਲੋਕਾਂ ਦੀ ਮਾਨਸਿਕਤਾ ਨੂੰ ਸਮਝਣ ਸਿਆਸੀ ਦਲ' ਪੜ੍ਹਿਆ। ਦਰਅਸਲ ਦੇਸ਼ ਆਜ਼ਾਦ ਹੁੰਦਿਆ ਹੀ ਸਾਡੇ ਰਾਜਨੀਤੀਵਾਨਾਂ ਨੇ ਲੋਕਾਂ ਦੇ ਬੁਨਿਆਦੀ ਮੁੱਦਿਆਂ ਵੱਲ ਘੱਟ ਹੀ ਧਿਆਨ ਦਿੱਤਾ ਹੈ, ਜੇ ਧਿਆਨ ਦਿੱਤਾ ਹੁੰਦਾ ਤਾਂ ਦੇਸ਼ ਦੀ ਅਜਿਹੀ ਦੁਰਦਸ਼ਾ ਨਾ ਹੁੰਦੀ। ਇਹ ਠੀਕ ਹੈ ਕਿ ਤਰੱਕੀ ਹੋਈ ਹੈ ਪਰ ਜੋ ਤਰੱਕੀ ਵਿਖਾਈ ਦੇ ਰਹੀ ਹੈ, ਉਸ ਨਾਲ ਆਮ ਆਦਮੀ ਦਾ ਕੋਈ ਲੈਣ-ਦੇਣ ਨਹੀਂ ਹੈ। ਲੋਕ ਚਾਹੁੰਦੇ ਹਨ ਕਿ ਸਿਹਤ ਸਹੂਲਤਾਂ, ਚੰਗੀ ਵਿੱਦਿਆ, ਵਧੀਆ ਰਹਿਣ-ਸਹਿਣ, ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ, ਖੁਸ਼ਹਾਲ ਕਿਰਸਾਨੀ, ਦੇਸ਼ ਦੀ ਤਰੱਕੀ ਤੇ ਰੁਜ਼ਗਾਰ ਲਈ ਸਨਅਤਾਂ, ਪੜ੍ਹੀ-ਲਿਖੀ ਜਵਾਨੀ ਲਈ ਚੰਗੀਆਂ ਸਰਕਾਰੀ ਤੇ ਗ਼ੈਰ-ਸਰਕਾਰੀ ਨੌਕਰੀਆਂ ਆਦਿ ਬੁਨਿਆਦੀ ਲੋੜਾਂ ਪੂਰੀਆਂ ਹੋਣ। ਰਾਜਨੀਤੀਵਾਨਾਂ ਨੂੰ ਹੁਣ ਲੋਕਾਂ ਦੀ ਮਾਨਸਿਕਤਾ ਨੂੰ ਸਮਝ ਲੈਣਾ ਚਾਹੀਦਾ ਹੈ। ਹੋਰ ਲਾਰਿਆਂ ਨਾਲ ਸਮਾਂ ਨਹੀਂ ਲੰਘਾਉਣਾ ਚਾਹੀਦਾ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

09/05/2017

ਸਿੱਖ ਨਸਲਕੁਸ਼ੀ

ਪਿਛਲੇ ਦਿਨੀਂ ਕੈਨੇਡਾ ਦੀ ਉਂਟਾਰੀਓ ਅਸੈਂਬਲੀ ਨੇ 1984 ਵਿਚ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਦੇ ਕੀਤੇ ਗਏ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਕਹਿਣ 'ਤੇ ਭਾਰਤ ਦੇ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਸਖ਼ਤ ਇਤਰਾਜ਼ ਕੀਤਾ, ਜਦੋਂ ਕਿ ਭਾਜਪਾ ਦੇ ਪ੍ਰਕਾਸ਼ ਜਾਵਡੇਕਰ ਅਤੇ ਰਾਜਨਾਥ ਸਿੰਘ ਵੱਡੇ ਆਗੂ '84 ਕਤਲੇਆਮ ਨੂੰ ਪਹਿਲਾਂ ਹੀ ਸਿੱਖ ਨਸਲਕੁਸ਼ੀ ਕਹਿ ਚੁੱਕੇ ਹਨ। ਫਿਰ ਸ੍ਰੀ ਜੇਤਲੀ ਨੂੰ ਇਸ ਮੁੱਦੇ 'ਤੇ ਭਾਰਤ ਅਤੇ ਕੈਨੇਡਾ ਦੇ ਰਾਜਨੀਤਕ ਸਬੰਧ ਵਿਗੜਨ ਤੱਕ ਦੀ ਗੱਲ ਕਹਿਣੀ ਪਈ। ਜੇਕਰ '84 ਕਤਲੇਆਮ ਦਾ ਮਸਲਾ ਅੰਤਰਰਾਸ਼ਟਰੀ ਪੱਧਰ 'ਤੇ ਉੱਠਿਆ ਤਾਂ ਹੋ ਸਕਦਾ ਸਿੱਖਾਂ ਦੇ ਕਾਤਲਾਂ ਨੂੰ ਨਾ ਚਾਹੁੰਦੇ ਹੋਏ ਵੀ ਸਜ਼ਾਵਾਂ ਦੇਣੀਆਂ ਪੈਣ। ਭਾਜਪਾ ਨੂੰ ਡਰ ਹੈ ਕਿ ਹੋ ਸਕਦਾ ਹੈ ਅਜਿਹਾ ਕਰਨ ਨਾਲ ਹਿੰਦੂ ਵੋਟਾਂ ਉਹਦੇ ਨਾਲੋਂ ਟੁੱਟ ਜਾਣ। ਕੀ ਪੰਜਾਬ ਜਾਂ ਸਿੱਖ ਵੋਟਰ ਭਾਜਪਾ ਲਈ ਕੋਈ ਮਾਅਨੇ ਨਹੀਂ ਰੱਖਦੇ? ਇਸ ਮਾਮਲੇ 'ਤੇ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਪ੍ਰੰਤੂ ਸਿੱਖਾਂ ਦੀ ਪ੍ਰਤੀਨਿਧ ਕਹਾਉਣ ਵਾਲੀ ਪਾਰਟੀ ਦੀ ਚੁੱਪ ਕੇਵਲ ਚੁੱਭਦੀ ਹੀ ਨਹੀਂ, ਸਗੋਂ ਕਈ ਤਰ੍ਹਾਂ ਦੇ ਸ਼ੰਕੇ ਵੀ ਖੜ੍ਹੇ ਕਰਦੀ ਹੈ।

-ਪ੍ਰੀਤ ਸਿੰਘ ਸੰਦਲ
ਪਿੰਡ ਮਕਸੂਦੜਾ, ਤਹਿ: ਪਾਇਲ (ਲੁਧਿਆਣਾ)।

ਕਿਸਾਨ ਬਨਾਮ ਸਰਕਾਰੀ ਫ਼ੈਸਲੇ

ਪਿਛਲੇ ਲੰਮੇ ਸਮੇਂ ਤੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਨਾ ਸਾੜਨ ਬਾਰੇ ਬਹਿਸ ਹੁੰਦੀ ਰਹੀ ਹੈ ਅਤੇ ਇਸ ਵਾਰ ਇਸ ਨੂੰ ਸਖ਼ਤੀ ਨਾਲ ਲਾਗੂ ਵੀ ਕਰ ਦਿੱਤਾ ਗਿਆ। ਬੇਸ਼ੱਕ ਫ਼ੈਸਲਾ ਵਾਤਾਵਰਨ ਹਿਤੈਸ਼ੀ ਹੈ ਪ੍ਰੰਤੂ ਕੀ ਕਿਸਾਨੀ ਜੋ ਕਿ ਪਹਿਲਾਂ ਹੀ ਕਰਜ਼ੇ ਵਿਚ ਫਸੀ ਹੋਈ ਹੈ, ਆਰਥਿਕ ਤੌਰ 'ਤੇ ਵੱਧ ਵਹਾਈ ਦੇ ਖਰਚ ਨੂੰ ਸਹਿਣ ਕਰ ਪਾਏਗੀ? ਕੀ ਸਰਕਾਰ ਨੇ ਝੋਨੇ ਦੇ ਆਗਾਮੀ ਸੀਜ਼ਨ ਦੌਰਾਨ ਝੋਨੇ ਦੀ ਵਿਆਪਕ ਪਰਾਲੀ ਨਾਲ ਨਜਿੱਠਣ ਲਈ ਕੋਈ ਪ੍ਰਬੰਧ ਕੀਤੇ ਹਨ? ਕਿਸਾਨ ਸਰਕਾਰ ਤੋਂ ਮੁਨਕਰ ਨਹੀਂ ਪ੍ਰੰਤੂ ਉਨ੍ਹਾਂ ਨੂੰ ਇਸ ਸਮੱਸਿਆ ਨਾਲ ਨਜਿੱਠਣ ਲਈ ਲੋੜੀਂਦੇ ਵਸੀਲੇ ਪ੍ਰਦਾਨ ਕੀਤੇ ਜਾਣ। ਪ੍ਰਦੂਸ਼ਣ ਨਾਲ ਨਜਿੱਠਣ ਲਈ ਕੇਵਲ ਕਿਸਾਨ ਹੀ ਕਿਉਂ, ਉਦਯੋਗਾਂ 'ਤੇ ਵੀ ਸ਼ਿਕੰਜਾ ਕੱਸੋ। ਪ੍ਰਦੂਸ਼ਣ ਲਈ ਉਦਯੋਗ ਵੀ ਜ਼ਿੰਮੇਵਾਰ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਲੋੜੀਂਦੇ ਪ੍ਰਬੰਧ ਕਰੇ।

-ਮਨਦੀਪ ਸਿਵੀਆ
ਪਿੰਡ ਤੇ ਡਾਕ: ਜੋੜਕੀ ਅੰਧੇਵਾਲੀ, ਜ਼ਿਲ੍ਹਾ ਫਾਜ਼ਿਲਕਾ।

ਪੰਜਾਬ ਦੀ ਸਰਪਲੱਸ ਬਿਜਲੀ

ਪੰਜਾਬ ਦੀ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਕੇਂਦਰ ਦੀ ਮੋਦੀ ਸਰਕਾਰ ਨੂੰ ਬੇਨਤੀ ਕਰ ਰਹੇ ਹਨ ਕਿ ਪੰਜਾਬ ਵਿਚ ਬਿਜਲੀ ਸਰਪਲਸ ਹੈ ਅਤੇ ਇਸ ਨੂੰ ਪਾਕਿਸਤਾਨ ਅਤੇ ਨਿਪਾਲ ਨੂੰ ਵੇਚਣ ਦੀ ਪ੍ਰਵਾਨਗੀ ਦਿੱਤੀ ਜਾਵੇ, ਜੋ ਕਿ ਬਹੁਤ ਹੀ ਸੁਚੱਜਾ, ਸੁਚਾਰੂ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ। ਪ੍ਰੰਤੂ ਬਿਜਲੀ ਦੂਸਰੇ ਦੇਸ਼ਾਂ ਨੂੰ ਵੇਚਣ ਤੋਂ ਪਹਿਲਾਂ ਇਹ ਤਸੱਲੀ ਕਰ ਲੈਣੀ ਚਾਹੀਦੀ ਹੈ ਕਿ ਪੰਜਾਬ ਕੋਲ ਬਿਜਲੀ ਵਾਕਿਆ ਹੀ ਸਰਪਲੱਸ ਹੈ। ਜੇਕਰ ਸਚਮੁੱਚ ਬਿਜਲੀ ਸਰਪਲੱਸ ਹੈ ਤਾਂ ਕਿਸਾਨਾਂ ਨੂੰ ਖੇਤੀ ਲਈ ਝੋਨੇ ਦੇ ਸੀਜ਼ਨ ਵਿਚ 8 ਘੰਟੇ ਕਿਉਂ ਸਪਲਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ 24 ਘੰਟੇ ਬਿਜਲੀ ਪਹਿਲਾਂ ਦਿੱਤੀ ਜਾਵੇ ਅਤੇ ਸਨਅਤਾਂ ਨੂੰ ਪੂਰੀ ਬਿਜਲੀ ਪਹਿਲਾਂ ਦਿੱਤੀ ਜਾਣੀ ਚਾਹੀਦੀ ਹੈ, ਤਾਂ ਜੋ ਕਿਸਾਨ ਅਤੇ ਸਨਅਤਕਾਰ ਦੇਸ਼ ਦੀ ਖੁਸ਼ਹਾਲੀ ਵਿਚ ਹੋਰ ਯੋਗਦਾਨ ਪਾ ਸਕਣ। ਇਸ ਲਈ ਪਹਿਲਾਂ ਪੰਜਾਬ ਦੀ ਮੰਗ ਪੂਰੀ ਕੀਤੀ ਜਾਵੇ ਅਤੇ ਜੇਕਰ ਫਿਰ ਵੀ ਬਿਜਲੀ ਸਰਪਲੱਸ ਹੈ ਤਾਂ ਇਸ ਨੂੰ ਵੇਚਣ ਵਿਚ ਕੋਈ ਹਰਜ਼ ਨਹੀਂ ਹੈ। ਅਜਿਹਾ ਕਰਨ ਨਾਲ ਪੰਜਾਬ ਅਤੇ ਭਾਰਤ ਦਾ ਮਾਣ ਹੋਰ ਵਧੇਗਾ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, 15 ਰਮਨੀਕ ਨਗਰ, ਮਿੱਠਾਪੁਰ ਰੋਡ, ਜਲੰਧਰ।

05/05/2017

 ਗ਼ਲਤ ਫ਼ੈਸਲੇ
ਸਿੱਖਿਆ ਵਿਚ ਸੁਧਾਰ ਕਰਨ ਲਈ ਪੰਜਾਬ ਦਾ ਸਿੱਖਿਆ ਵਿਭਾਗ ਬਹੁਤ ਯਤਨਸ਼ੀਲ ਹੈ। ਫਿਰ ਵੀ ਵਿਦਿਆਰਥੀਆਂ ਦੀ ਗਿਣਤੀ ਨਹੀਂ ਵਧ ਰਹੀ। ਇਸ ਦਾ ਸਭ ਤੋਂ ਵੱਡਾ ਕਾਰਨ ਅਧਿਆਪਕਾਂ ਦੀ ਕਮੀ ਹੈ। ਪੜ੍ਹਾਈ ਦੇ ਦਿਨਾਂ 'ਚ ਅਧਿਆਪਕਾਂ ਦੇ ਸੈਮੀਨਾਰ ਲਗਾ ਦਿੱਤੇ ਜਾਂਦੇ ਹਨ, ਜਦੋਂ ਕਿ ਜਨਵਰੀ ਤੋਂ ਲੈ ਕੇ ਮਾਰਚ ਦੇ ਅਖੀਰ ਤੱਕ ਕੋਈ ਸੈਮੀਨਾਰ ਨਹੀਂ ਲੱਗਣਾ ਚਾਹੀਦਾ। ਕੁਝ ਹੋਰ ਫ਼ੈਸਲੇ ਜਿਵੇਂ ਅਧਿਆਪਕਾਂ ਦੀ ਰੋਜ਼ਾਨਾ ਕੰਮ ਕਾਜ ਦੀ ਡਾਇਰੀ ਵਿਦਿਆਰਥੀ ਲਿਖਣਗੇ। ਬੱਚਿਆਂ ਨੂੰ ਛੁੱਟੀ ਪਹਿਲਾਂ ਹੋਵੇਗੀ ਅਤੇ ਅਧਿਆਪਕ ਅੱਧਾ ਪੌਣਾ ਘੰਟਾ ਸਕੂਲ 'ਚ ਹੀ ਬੈਠਣਗੇ। ਪੰਜਵੀਂ ਅਤੇ ਅੱਠਵੀਂ ਸ਼੍ਰੇਣੀ ਵਿਚੋਂ ਕੋਈ ਵੀ ਵਿਦਿਆਰਥੀ ਫੇਲ੍ਹ ਨਾ ਕਰਨ ਵਾਲਾ ਫ਼ੈਸਲਾ ਵਿਦਿਆਰਥੀਆਂ ਦੀ ਜ਼ਿੰਦਗੀ ਤਬਾਹ ਕਰਨ ਵਾਲਾ ਫ਼ੈਸਲਾ ਸੀ। ਰਾਜ ਸਰਕਾਰ ਨੂੰ ਚਾਹੀਦਾ ਹੈ ਕਿ ਸਿੱਖਿਆ ਦਾ ਪ੍ਰਬੰਧ ਸਿੱਖਿਆ ਸ਼ਾਸਤਰੀਆਂ ਦੇ ਹਵਾਲੇ ਕਰੇ ਤਾਂ ਜੋ ਸਕੂਲਾਂ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।

-ਮਹਿੰਦਰ ਸਿੰਘ ਬਾਜਵਾ
ਪਿੰਡ ਮਸੀਤਾਂ, ਜ਼ਿਲ੍ਹਾ ਕਪੂਰਥਲਾ।

ਨਵੀਂ ਟਰਾਂਸਪੋਰਟ ਨੀਤੀ
ਪੰਜਾਬ ਸਰਕਾਰ ਵੱਲੋਂ ਨਵੀਂ ਟਰਾਂਸਪੋਰਟ ਨੀਤੀ ਬਣਾਉਣ 'ਤੇ ਵਿਚਾਰ ਹੋਈ ਹੈ। ਪੰਜਾਬ ਦੀਆਂ ਸੜਕਾਂ 'ਤੇ ਰੋਡਵੇਜ਼ ਜਾਂ ਪੈਪਸੂ ਰੋਡ ਟਰਾਂਸਪੋਰਟ ਤਾਂ ਬਹੁਤ ਹੀ ਘੱਟ ਨਜ਼ਰ ਆਉਂਦੀ ਹੈ। ਪਿੰਡਾਂ ਦੇ ਰੂਟਾਂ 'ਤੇ 1980 ਦੇ ਕਰੀਬ ਰੋਡਵੇਜ਼ ਦੀਆਂ ਬੱਸਾਂ ਜਾਂਦੀਆਂ ਸਨ ਪਰ ਅੱਜ ਰੋਡਵੇਜ਼ ਦੀ ਬੱਸ ਹੁਣ ਨਜ਼ਰ ਨਹੀਂ ਆਉਂਦੀ। ਸਭ ਪਾਸੇ ਮਿੰਨੀ ਬੱਸਾਂ ਦਾ ਬੋਲਬਾਲਾ ਹੈ। ਬੱਸ ਦਾ ਮਾਲਕ ਕੋਈ ਹੁੰਦਾ ਹੈ ਤੇ ਪਰਮਿਟ ਦਾ ਮਾਲਕ ਕੋਈ ਹੋਰ। ਜਿਨ੍ਹਾਂ ਲੋਕਾਂ ਦਾ ਸਿਆਸੀ ਕੱਦ ਉੱਚਾ ਹੁੰਦਾ ਹੈ, ਉਹ ਲੋਕ ਬਿਨਾਂ ਪਰਮਿਟ ਤੋਂ ਕਮਾਈ ਕਰ ਰਹੇ ਹਨ। ਨਿੱਜੀ ਟਰਾਂਸਪੋਰਟਰ ਅੱਜ ਮਾਲੋਮਾਲ ਹਨ ਤੇ ਸਰਕਾਰੀ ਬੱਸਾਂ ਨੂੰ ਕਮਾਈ ਘੱਟ ਹੋਣ ਨਾਲ ਖਜ਼ਾਨੇ ਨੂੰ ਧੱਕਾ ਲੱਗਾ ਹੈ। ਜੇਕਰ ਸਰਕਾਰ ਪਿਡਾਂ ਨੂੰ ਰੋਡਵੇਜ਼ ਦੀਆਂ ਮਿੰਨੀ ਬੱਸਾਂ ਲਗਾ ਦੇਵੇ ਤਾਂ ਸਰਕਾਰ ਨੂੰ ਜਿੱਥੇ ਕਮਾਈ ਹੋਵੇਗੀ, ਉੱਥੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲ ਸਕਦਾ ਹੈ। ਜੇਕਰ ਪੰਜਾਬ ਸਰਕਾਰ ਰੋਡਵੇਜ਼, ਪੈਪਸੂ ਬੱਸਾਂ ਨੂੰ ਸੁਚੱਜੇ ਢੰਗ ਨਾਲ ਚਲਾਵੇ ਤਾਂ ਪੰਜਾਬ ਦਾ ਖਜ਼ਾਨਾ ਮਾਲੋਮਾਲ ਹੋ ਸਕਦਾ ਹੈ, ਜੇ ਪੰਜਾਬ ਸਰਕਾਰ ਨਿੱਜੀ ਕੰਪਨੀ ਦੇ ਟਰਾਂਸਪੋਰਟਰ ਨੂੰ ਘੁਸਪੈਠ ਤੋਂ ਰੋਕਣ ਵਿਚ ਸਫਲ ਹੁੰਦੀ ਹੈ।

-ਮਾਸਟਰ ਜਗੀਰ ਸਿੰਘ ਸਫਰੀ
ਸਠਿਆਲਾ (ਅੰਮ੍ਰਿਤਸਰ)।

ਜੇ ਨਾ ਮਨੋਂ ਮੁਕਾਈਏ
ਹਜ਼ਰਤ ਬੁੱਲ੍ਹੇ ਸ਼ਾਹ ਨੇ ਤੱਤ ਕੱਢ ਕੇ ਕਿਹਾ ਹੈ, 'ਮੱਕੇ ਗਿਆਂ ਗੱਲ ਮੁਕਦੀ ਨਾਹੀਂ, ਜੇ ਨ ਮਨੋਂ ਮੁਕਾਈਏ'। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਵੀ.ਆਈ.ਪੀ. ਕਲਚਰ ਖ਼ਤਮ ਕਰਨ ਲਈ ਜੋ ਕਦਮ ਉਠਾਇਆ, ਸ਼ਲਾਘਾਯੋਗ ਹੈ। ਪ੍ਰੰਤੂ ਇਹ ਕੇਵਲ ਲਾਲ ਬੱਤੀ ਤੇ ਹੂਟਰ ਹਟਾਉਣ ਨਾਲ ਖ਼ਤਮ ਨਹੀਂ ਹੋਣਾ। ਸਾਡੇ ਵਿਧਾਇਕ ਤਾਂ ਸਟੇਜਾਂ 'ਤੇ ਖਲੋ ਕੇ ਪੁਲਿਸ ਨੂੰ ਜ਼ਬਰਦਸਤ ਐਲਾਨੀਆਂ ਧਮਕੀਆਂ ਦਿੰਦੇ ਹਨ। ਇਕ ਵਿਧਾਇਕ ਦਾ ਸਮਰਥਕ ਧੁੱਪ ਵਿਚ ਖੜ੍ਹੇ ਡਿਊਟੀ ਦੇ ਰਹੇ ਪੁਲਿਸ ਕਰਮਚਾਰੀ ਨੂੰ ਗੱਡੀ ਰੋਕਣ ਦਾ ਇਸ਼ਾਰਾ ਕਰਨ 'ਤੇ ਅੱਗ ਬਬੂਲਾ ਹੋ ਕੇ ਕੁੱਟਣ ਤੱਕ ਜਾਂਦਾ ਸੀ ਕਿ ਗੱਡੀ ਨੂੰ ਰੋਕਿਆ ਕਿਉਂ ਹੈ। ਅਜਿਹੇ ਤਾਨਾਸ਼ਾਹ ਸਲੂਕ ਕਰਨ ਵਾਲਿਆਂ ਦੀਆਂ ਹੋਰ ਵੀ ਖ਼ਬਰਾਂ ਪੜ੍ਹਨ ਨੂੰ ਮਿਲੀਆਂ ਹਨ। ਜਿੰਨਾ ਚਿਰ ਸਾਡੇ ਸ਼ਾਸਕਾਂ, ਆਗੂਆਂ ਤੇ ਅਫ਼ਸਰਾਂ ਦੇ ਮਨ ਵਿਚੋਂ ਸੱਤਾ ਦਾ ਗਰੂਰ, ਅਹੁਦੇ ਦੀ ਸ਼ਕਤੀ ਤੇ ਕੁਰਸੀਆਂ ਦੇ ਨਸ਼ੇ ਵਿਚੋਂ ਤੁਗਲਕੀ ਫਰਮਾਨ ਨਹੀਂ ਜਾਂਦੇ ਅਤੇ ਸੇਵਾ ਭਾਵ ਦਾ ਜਜ਼ਬਾ ਨਹੀਂ ਆਉਂਦਾ, ਵੀ.ਆਈ.ਪੀ. ਸੱਭਿਆਚਾਰ ਨਹੀਂ ਜਾਏਗਾ।

-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ।

04/05/2017

 ਆਪਣੇ ਫ਼ਰਜ਼ ਪਛਾਣੋ
ਪ੍ਰਦੂਸ਼ਣ ਦੀ ਗੱਲ ਤਾਂ ਹਰ ਕੋਈ ਕਰਦਾ ਹੈ, ਬਹਿਸ ਵੀ ਚੈਨਲਾਂ 'ਤੇ ਵੇਖਣ ਨੂੰ ਮਿਲ ਜਾਂਦੀ ਹੈ। ਜੇ ਨੇਤਾ ਤੇ ਪ੍ਰਸ਼ਾਸਨ, ਜਿਵੇਂ ਦੀਆਂ ਗੱਲਾਂ ਕਰਦੇ ਹਨ ਤਾਂ ਹੱਲ ਵੀ ਨਿਕਲ ਆਏ ਪਰ ਹੈਰਾਨੀ ਵਾਲੀ ਤੇ ਸਭ ਤੋਂ ਵੱਧ ਚਿੰਤਾ ਦੀ ਗੱਲ ਇਹ ਹੈ ਕਿ ਲੋਕ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਨਿਭਾਉਂਦੇ। ਹਰ ਜਗ੍ਹਾ ਪ੍ਰਦੂਸ਼ਣ ਜਿਵੇਂ ਪਾਣੀ ਪ੍ਰਦੂਸ਼ਿਤ, ਹਵਾ ਪ੍ਰਦੂਸ਼ਿਤ, ਆਵਾਜ਼ ਦਾ ਪ੍ਰਦੂਸ਼ਣ, ਖਾਣ ਵਾਲੀਆਂ ਚੀਜ਼ਾਂ ਵਿਚ ਮਿਲਾਵਟ, ਫਲਾਂ, ਸਬਜ਼ੀਆਂ 'ਤੇ ਸਪਰੇਅ ਤੇ ਪਕਾਉਣ ਵਾਸਤੇ ਪਾਊਡਰ, ਦਵਾਈਆਂ ਨਕਲੀ, ਗੱਲ ਕੀ ਸਭ ਕੁਝ ਵਿਚ ਗੜਬੜ। ਜਵਾਬਦੇਹੀ ਕਿਸ ਦੀ ਹੋਵੇ? ਢੇਰ ਸਾਰੇ ਵਿਭਾਗ ਇਨ੍ਹਾਂ 'ਤੇ ਨਕੇਲ ਕੱਸਣ ਲਈ ਬਣੇ ਹੋਏ ਹਨ। ਫਿਰ ਚੂਕ ਕਿਉਂ? ਗੱਲ ਕਰੀਏ ਕਿ ਕਿਵੇਂ ਤੇ ਕਿਉਂ ਉਦਯੋਗਿਕ ਇਕਾਈਆਂ ਗੰਦਾ ਪਾਣੀ ਤੇ ਰਹਿੰਦ-ਖੂੰਹਦ ਨਦੀਆਂ, ਨਾਲਿਆਂ ਤੇ ਦਰਿਆਵਾਂ ਵਿਚ ਸੁੱਟ ਰਹੇ ਹਨ। ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਹ ਕਿਉਂ ਨਹੀਂ ਸਮਝ ਆ ਰਹੀ? ਲੋਕਾਂ ਦੀ ਜ਼ਿੰਦਗੀ ਨਾਲ ਤਾਂ ਉਹ ਮਜ਼ਾਕ ਕਰ ਰਹੇ ਹਨ। ਹਵਾ ਦਾ ਵੀ ਬੁਰਾ ਹਾਲ ਹੈ। ਦੋਸ਼ੀ ਉਹ ਵੀ ਹਨ ਜੋ ਗ਼ਲਤ ਕੰਮ ਕਰਦੇ ਹਨ ਤੇ ਗੁਨਾਹ ਉਹ ਵੀ ਕਰ ਰਹੇ ਹਨ ਜੋ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਅ ਰਹੇ। ਜੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਨਹੀਂ ਕਰਨੀਆਂ ਤਾਂ ਫਿਰ ਇਹ ਵਿਭਾਗ ਕਿਸ ਕੰਮ ਦੇ। ਏਨੇ ਵੀ ਸਵਾਰਥੀ ਨਾ ਬਣੋ ਕਿ ਲੋਕਾਂ ਦੀ ਜ਼ਿੰਦਗੀ ਖ਼ਤਮ ਕਰਨ ਦੇ ਭਾਗੀਦਾਰ ਬਣ ਜਾਓ। ਹਰ ਇਕ ਦੀ ਜ਼ਿੰਦਗੀ ਅਨਮੋਲ ਹੈ।

-ਪ੍ਰਭਜੋਤ ਕੌਰ ਢਿੱਲੋਂ
ਮੋ: 98150-30221

ਰੁੱਖ ਲਾਓ, ਸੁੱਖ ਪਾਓ
'ਪਾਣੀ ਮੁੱਕੂ ਤਾਂ ਵੇਖੀ ਜਾਊ' ਦੇ ਸਿਰਲੇਖ ਹੇਠ ਇਕ ਲੇਖ ਪਿਛਲੇ ਦਿਨੀਂ 'ਅਜੀਤ' ਵਿਚ ਛਪਿਆ ਸੀ। ਇਸ ਲੇਖ ਦੇ ਪ੍ਰਤੀਕਰਮ ਵਿਚ ਬਹੁਤ ਸਾਰੀਆਂ ਫੋਨ ਕਾਲਾਂ ਦਾ ਸਿਲਸਿਲਾ ਜਾਰੀ ਰਿਹਾ। ਕਈਆਂ ਨੇ ਨਵੇਂ ਰੁੱਖ ਲਗਾਉਣ ਬਾਰੇ ਕਿਹਾ ਕਿ ਲੋਕਾਂ ਨੂੰ ਆਪਣੇ ਘਰਾਂ ਵਿਚ ਅੰਗੂਰਾਂ ਦੀ ਇਕ ਵੇਲ ਤੇ ਪਪੀਤੇ ਦੇ ਪੌਦੇ ਲਗਾਉਣ ਪਿੱਛੋਂ ਹਰੇਕ ਟਿਊਬਵੈੱਲ ਉੱਤੇ ਪੰਜ-ਪੰਜ ਰੁੱਖ ਲਗਾਉਣੇ ਚਾਹੀਦੇ ਹਨ। ਇਸ ਪਿੱਛੋਂ ਪਿੰਡਾਂ ਦੀਆਂ ਫਿਰਨੀਆਂ 'ਤੇ ਪਹੁੰਚ ਮਾਰਗਾਂ 'ਤੇ ਛਾਂਦਾਰ ਰੁੱਖ ਲਗਾਉਣੇ ਤੇ ਪਾਲਣੇ ਚਾਹੀਦੇ ਹਨ। ਸੜਕਾਂ ਉੱਤੇ ਰੁੱਖ ਲਗਾਉਣ ਲਈ ਇਲਾਕੇ ਦੇ ਐਮ.ਐਲ.ਏ. ਦੀ ਸਹਾਇਤਾ ਲੈਣੀ ਚਾਹੀਦੀ ਹੈ। ਕੁਝ ਲੋਕਾਂ ਨੇ ਬਿਜਲੀ ਅੱਠ ਘੰਟੇ ਨਾ ਮਿਲਣ ਦਾ ਸ਼ਿਕਵਾ ਕੀਤਾ ਹੈ। ਕਈਆਂ ਨੇ ਕਿਹਾ ਹੈ ਕਿ ਬਿਜਲੀ ਮਹਿਕਮੇ ਨੂੰ ਨਵੀਆਂ ਲਾਈਨਾਂ ਸਮੇਤ ਹਰੇਕ ਕੰਮ ਖੁਦ ਕਰਨਾ ਚਾਹੀਦਾ ਹੈ।
ਲੋਕਾਂ ਦੀ ਚੁਣੀ ਹੋਈ ਹਰੇਕ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਲੋਕਾਂ ਦੇ ਗਿਲੇ-ਸ਼ਿਕਵੇ ਦੂਰ ਕਰੇ। ਸਰਕਾਰੀ ਨੌਕਰੀ ਦੌਰਾਨ ਲੋਕ ਸੇਵਾ ਦਾ ਇਕ ਸੁਨਹਿਰੀ ਮੌਕਾ ਮਿਲਦਾ ਹੈ। ਜਿਹੜੇ ਅਫ਼ਸਰ ਤੇ ਕਰਮਚਾਰੀ ਲੋਕ ਸੇਵਾ ਨੂੰ ਸੱਚੇ ਦਿਲੋਂ ਆਪਣਾ ਲੈਂਦੇ ਹਨ, ਉਨ੍ਹਾਂ ਦਾ ਸੇਵਾ ਮੁਕਤੀ ਤੋਂ ਬਾਅਦ ਦਾ ਸਮਾਂ ਲੰਮਾ ਤੇ ਹੁਸੀਨ ਹੁੰਦਾ ਹੈ।

-ਇੰਜ: ਕੁਲਦੀਪ ਸਿੰਘ ਲੁੱਧਰ
ਗੁਰੂ ਨਾਨਕ ਵਾੜਾ, ਅੰਮ੍ਰਿਤਸਰ।

03/05/2017

 ਨਿੱਜੀ ਸਕੂਲਾਂ ਦੀ ਲੁੱਟ
ਪੂਰੇ ਪੰਜਾਬ ਭਰ ਵਿਚ ਭਾਵੇਂ ਕਿ ਸਕੂਲਾਂ ਵਿਚ ਦਾਖ਼ਲਿਆਂ ਦਾ ਦੌਰ ਚੱਲ ਰਿਹਾ ਹੈ ਪਰ ਪ੍ਰਸ਼ਾਸਨ ਦੀ ਨਲਾਇਕੀ ਕਾਰਨ ਪ੍ਰਾਈਵੇਟ ਸਕੂਲਾਂ ਅਤੇ ਸੀ.ਬੀ.ਐਸ.ਸੀ. ਪੈਟਰਨ ਸਕੂਲਾਂ ਵਿਚ ਦਾਖ਼ਲਾ ਫੀਸਾਂ ਵੱਧ ਹੋਣ ਦੇ ਬਾਵਜੂਦ ਮਾਪਿਆਂ ਨੂੰ ਬੇਵਸ ਹੋ ਕੇ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਵੱਖ-ਵੱਖ ਸਕੂਲਾਂ ਵਿਚ ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਵੱਡੇ ਪੱਧਰ 'ਤੇ ਹੋ ਰਹੀ ਅੰਨੀ ਲੁੱਟ ਦੇ ਖਿਲਾਫ਼ ਰੈਲੀਆਂ ਅਤੇ ਮੁਜ਼ਾਹਰੇ ਕੀਤੇ ਜਾ ਰਹੇ ਹਨ। ਸਕੂਲਾਂ ਵਿਚ ਵਾਧੂ ਫੀਸ ਨੂੰ ਸਾਲਾਨਾ ਫੀਸ (ਐਨੂਅਲ ਫੀਸ) ਦਾ ਨਾਂਅ ਦੇ ਕੇ ਸਿੱਧੇ ਤੌਰ 'ਤੇ ਮਾਪਿਆਂ ਦੀ ਲੁੱਟ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਅੰਨਾ ਵੰਡੇ ਰਿਓੜੀਆਂ ਮੁੜ-ਮੁੜ ਆਪਣਿਆਂ ਨੂੰ ਦੀ ਅਖੌਤ ਖਮਾਣੋਂ ਦੇ ਇਕ ਸੀ.ਬੀ.ਐਸ.ਸੀ. ਪੈਟਰਨ 'ਤੇ ਬਿਲਕੁਲ ਢੁਕਦੀ ਹੈ, ਕਿਉਂਕਿ ਹੋਏ ਹੁਕਮਾਂ ਅਨੁਸਾਰ ਕੋਈ ਵੀ ਸਕੂਲ ਆਪਣੇ ਦਾਇਰੇ ਅੰਦਰ ਕਿਤਾਬਾਂ ਅਤੇ ਵਰਦੀਆਂ ਨਹੀਂ ਵੇਚ ਸਕਦਾ ਪਰ ਇਥੋਂ ਦੇ ਇਕ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਹੀ ਆਪਣੀਆਂ ਦੁਕਾਨਾਂ 'ਤੇ ਵਰਦੀਆਂ, ਬੈਲਟਾਂ ਅਤੇ ਟਾਈਆਂ ਆਦਿ ਵੇਚ ਰਹੇ ਹਨ ਅਤੇ ਪ੍ਰਸ਼ਾਸਨ ਮੂਕ-ਦਰਸ਼ਕ ਬਣ ਕੇ ਇਹ ਤਮਾਸ਼ਾ ਵੇਖ ਰਿਹਾ ਹੈ। ਜਦੋਂ ਕਿ ਪ੍ਰਸ਼ਾਸਨ ਦਾ ਆਪਣਾ ਨੈਤਿਕ ਫਰਜ਼ ਬਣਦਾ ਹੈ ਕਿ ਸਿੱਖਿਆ ਦੇ ਖੇਤਰ ਵਿਚ ਸ਼ਰੇਆਮ ਹੋ ਰਹੀ ਅੰਨੀ ਲੁੱਟ ਨੂੰ ਤੁਰੰਤ ਬੰਦ ਕਰਵਾ ਕੇ ਇਨ੍ਹਾਂ ਨਿੱਜੀ ਸੰਸਥਾਵਾਂ ਦੀ ਇੰਨਕੁਆਰੀ ਕਰਵਾ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਨੂੰ ਆ ਰਹੀ ਇਸ ਮੁਸ਼ਕਿਲ ਤੋਂ ਰਾਹਤ ਮਿਲ ਸਕੇ।


-ਸਕੂਲੀ ਬੱਚਿਆਂ ਦੇ ਮਾਪੇ
ਖਮਾਣੋਂ।


ਸਾਡਾ ਹੱਕ
ਪੰਜਾਬ ਦੀ ਹਰ ਪਾਰਟੀ ਨੇ ਚੋਣ ਮੈਨੀਫੈਸਟੋ ਵਿਚ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਜਿੱਤਣ ਤੋਂ ਬਾਅਦ ਹਰ ਇਕ ਪਰਿਵਾਰ ਲਈ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਵਾਂਗੇ ਅਤੇ ਬੇਘਰੇ ਗਰੀਬ ਪਰਿਵਾਰਾਂ ਨੂੰ 4 ਮਰਲੇ ਦੇ ਪਲਾਟਾਂ 'ਤੇ ਅਤੇ ਮਕਾਨ ਬਣਵਾ ਕੇ ਦੇਵਾਂਗੇ। ਪਰ ਵੇਖਣ ਵਿਚ ਇਹ ਆਇਆ ਹੈ ਕਿ ਜਿੰਨੇ ਵੀ ਦੂਸਰੇ ਸੂਬਿਆਂ ਤੋਂ ਪੰਜਾਬ ਆ ਕੇ ਵਸੇ ਹਨ, ਉਨ੍ਹਾਂ ਲੋਕਾਂ ਦੇ ਫਾਰਮ ਜ਼ਿਆਦਾਤਰ ਭਰੇ ਗਏ ਹਨ, ਇਹ ਪੰਜਾਬ ਦੇ ਗਰੀਬ ਵਰਗ ਨਾਲ ਇਕ ਬੇਇਨਸਾਫ਼ੀ ਹੈ। ਕਿਉਂਕਿ ਪੰਜਾਬ ਦਾ ਗਰੀਬ ਤਾਂ ਫਿਰ ਆਪਣੇ ਹੱਕ ਤੋਂ ਵਾਂਝਾ ਰਹਿ ਗਿਆ ਹੈ। ਕਿਰਪਾ ਕਰਕੇ ਜੋ ਪਰਿਵਾਰ ਪੰਜਾਬ ਦੇ ਵਾਸੀ ਹਨ, ਇਸ ਸਕੀਮ ਦਾ ਲਾਭ ਉਨ੍ਹਾਂ ਪਰਿਵਾਰਾਂ ਨੂੰ ਪਹਿਲ ਦੇ ਆਧਾਰ 'ਤੇ ਦਿੱਤਾ ਜਾਵੇ ਤਾਂ ਕਿ ਇਹ ਪਰਿਵਾਰ ਆਪਣਾ ਹੱਕ ਲੈ ਸਕਣ।


-ਦੀਦਾਰ ਖਾਨ ਧਬਲਾਨ
ਪਿੰਡ ਤੇ ਡਾਕ: ਧਬਲਾਨ, ਜ਼ਿਲ੍ਹਾ : ਪਟਿਆਲਾ।


ਸਾਦਗੀ ਅਤੇ ਸੰਵੇਦਨਸ਼ੀਲਤਾ
ਸਾਦਗੀ, ਸਾਦਾਪਣ, ਸਫ਼ਾਈ, ਸਚਾਈ, ਸੁਥਰਾਪਣ ਵਿਚੋਂ ਸਾਡੀ ਝਲਕ ਚਮਕਦੀ ਹੈ। ਆਧੁਨਿਕਤਾ ਦੇ ਦੌਰ 'ਚ ਫੋਕੀ ਟੌਹਰ, ਫੁਕਰੇਪਣ ਤੇ ਬਨਾਉਟੀ ਦਿਖਾਵੇ ਨੇ ਸਾਦਕੀ ਉੱਪਰ ਬੜੇ ਮਾਰੂ ਅਸਰ ਪਾਏ ਹਨ। ਵਾਧੂ ਖਰਚਾ ਸਾਦਗੀ ਦਾ ਦੋਖੀ ਹੈ, ਜੋ ਸਮਾਜ ਦੀ ਸਿਹਤ ਨੂੰ ਖਰਾਬ ਕਰਦਾ ਹੈ। ਸਾਦਗੀ ਦਾ ਆਪਣਾ ਇਕ ਸੁਹੱਪਣ ਹੁੰਦਾ ਹੈ, ਸਲੀਕਾ ਹੁੰਦਾ ਹੈ, ਸੁਹਜ ਤੇ ਸੁਆਦ ਹੁੰਦਾ ਹੈ। ਸਾਦਗੀ ਵਿਚੋਂ ਸਪੱਸ਼ਟਤਾ ਉਪਜਦੀ ਹੈ ਅਤੇ ਸਾਨੂੰ ਸਮਰਥਾਵਾਨ ਬਣਾਉਂਦੀ ਆਪਣਿਆਂ ਨਾਲ ਜੋੜਦੀ ਹੈ। ਸਾਦਾ ਭੋਜਨ ਸਿਹਤਮੰਦ ਸਮਾਜ ਦੀ ਸਿਰਜਣਾ 'ਚ ਚੰਗਾ ਹੁੰਦਾ ਹੈ। ਸਾਦਗੀ, ਸਿਆਣੇ ਤੇ ਸਾਊ ਲੋਕਾਂ ਦਾ ਸੰਗ੍ਰਹਿ ਸਿਰਜਦੀ ਹੈ। ਸਾਦਗੀ ਦੇ ਸਾਥ ਨਾਲ ਮੇਲ-ਮਿਲਾਪ ਵਧਦਾ ਹੈ। ਸਾਦਗੀ ਨਾਲ ਕੀਤੀ ਸੇਵਾ ਸਾਨੂੰ ਸਕੂਨ, ਅਨੰਦਮਈ ਮਾਹੌਲ ਅਤੇ ਸਨੇਹਸ਼ੀਲਤਾ ਪ੍ਰਦਾਨ ਕਰਦੀ ਹੈ। ਸਾਦਗੀ 'ਚੋਂ ਸੰਜਮ ਉਪਜਦਾ ਹੈ।


-ਸਨੇਹਇੰਦਰ ਮੀਲੂ ਫਰੌਰ
ਮੋ: 93163-17356

02/05/2017

ਜਾਗੋ, ਨਸ਼ੇ ਤਿਆਗੋ
ਸ਼ਰਾਬ ਦੇ ਨਸ਼ੇ ਦੀ ਕਈ ਤਾਰੀਫ਼ ਕਰਦੇ ਹਨ, ਪਰ ਉਨ੍ਹਾਂ ਨੂੰ ਇਹ ਗੱਲ ਬਿਲਕੁਲ ਵੀ ਯਾਦ ਨਹੀਂ ਰਹਿੰਦੀ ਕਿ ਇਸ ਭੈੜੇ ਨਸ਼ੇ ਦੀ ਬਦੌਲਤ ਕਿੰਨੇ ਘਰ ਉਜੜੇ ਤੇ ਕਿੰਨੀਆਂ ਸਾਡੀਆਂ ਧੀਆਂ ਭੈਣਾਂ ਘਰ ਤੋਂ ਬੇਘਰ ਹੋਈਆਂ। ਬਹੁਤ ਸਾਰੇ ਕਲਾਕਾਰ ਜਾਂ ਫ਼ਿਲਮੀ ਅਦਾਕਾਰ ਆਪਣੇ ਗੀਤਾਂ ਤੇ ਫ਼ਿਲਮਾਂ ਵਿਚ ਸ਼ਰਾਬ ਦੀ ਝਲਕ ਜ਼ਰੂਰ ਵਿਖਾਉਂਦੇ ਹਨ। ਜਿਵੇਂ ਠੇਕੇ 'ਤੇ ਬੈਠੇ ਨੌਜਵਾਨਾਂ ਨੂੰ ਪੀਂਦੇ ਹੋਏ ਦਿਖਾਉਣਾ। ਉਹ ਆਪਣੀ ਫ਼ਿਲਮ ਨੂੰ ਮਸ਼ਹੂਰ ਕਰਨ ਲਈ ਬਹੁਤ ਸਾਰੇ ਪਾਪੜ ਵੇਲਦੇ ਹਨ, ਜਿਸ ਦਾ ਪ੍ਰਭਾਵ ਸਾਡੀ ਆਉਣ ਵਾਲੀ ਪੀੜ੍ਹੀ 'ਤੇ ਪੈਂਦਾ ਹੈ। ਜਿਵੇਂ ਕਿ ਸਿਆਣੇ ਕਹਿੰਦੇ ਨੇ ਕਿ 'ਖਰਬੂਜ਼ੇ ਨੂੰ ਵੇਖ ਕੇ ਭਾਈ ਖਰਬੂਜ਼ਾ ਵੀ ਰੰਗ ਫੜ ਲੈਂਦਾ ਹੈ'। ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਦਾ ਵੀ ਡਰ ਹੈ ਉਹ ਵੀ ਉਸ ਚੀਜ਼ ਦੀ ਨਕਲ ਕਰਦੇ-ਕਰਦੇ ਵਿਆਹਾਂ ਸ਼ਾਦੀਆਂ ਵਿਚ ਇਸ ਚੀਜ਼ ਦਾ ਇਸਤੇਮਾਲ ਨਾ ਕਰਨ ਲੱਗ ਜਾਣ। ਕੁਝ ਲੋਕ ਤਾਂ ਇਹ ਵੀ ਆਖਦੇ ਨੇ ਕਿ ਭਾਈ ਜਿਸ ਵਿਆਹ 'ਚ ਸ਼ਰਾਬ ਹੀ ਨਾ ਹੋਵੇ ਉਹ ਵਿਆਹ ਫਿਰ ਕਾਹਦਾ ਹੋਇਆ। ਬਹੁਤ ਸਾਰੀਆਂ ਸੜਕਾਂ ਦੇ ਉਤੇ ਵੱਡੇ-ਵੱਡੇ ਅੱਖਰਾਂ ਵਿਚ ਲਿਖਿਆ ਹੁੰਦਾ ਹੈ ਕਿ 'ਸ਼ਰਾਬ ਤੇ ਡਰਾਈਵਿੰਗ ਦਾ ਕੋਈ ਮੇਲ ਨਹੀ', ਇਨ੍ਹਾਂ ਨਸ਼ਿਆਂ ਦੀ ਵਰਤੋਂ ਕਾਰਨ ਹੀ ਸੜਕਾਂ ਉਤੇ ਤਰ੍ਹਾਂ-ਤਰ੍ਹਾਂ ਦੇ ਹਾਦਸੇ ਵਾਪਰਦੇ ਹਨ। ਅਣਗਹਿਲੀ ਕਾਰਨ ਸਾਡੇ ਸਕੂਲੀ ਬੱਚਿਆਂ ਦੀ ਚੱਤੋਂ ਪੈਰ ਜਾਨ ਖ਼ਤਰੇ ਵਿਚ ਰਹਿੰਦੀ ਹੈ ਅਤੇ ਕਈ ਗ਼ਰੀਬ ਸਾਈਕਲਾਂ 'ਤੇ ਜਾਣ ਵਾਲੇ ਬਿਨਾਂ ਗੱਲ ਤੋਂ ਹੀ ਇਨ੍ਹਾਂ ਦੀ ਲਪੇਟ ਵਿਚ ਆ ਜਾਂਦੇ ਹਨ। ਪਰ ਡਰਾਈਵਰ ਵੀਰ ਫਿਰ ਵੀ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਕਿੰਨੀਆਂ ਮਾਵਾਂ ਦੇ ਪੁੱਤ ਇਨ੍ਹਾਂ ਨਸ਼ਿਆਂ ਕਾਰਨ ਮੌਤ ਦੀ ਝੋਲੀ 'ਚ ਜਾ ਪੈਂਦੇ ਹਨ ਪਰ ਕਦੇ ਉਨ੍ਹਾਂ ਮਾਵਾਂ ਦੇ ਦਿਲਾਂ ਨੂੰ ਪੁੱਛ ਕੇ ਵੇਖਿਓ ਕਿ ਉਨ੍ਹਾਂ ਤੁਹਾਡਾ ਪਾਲਣ ਪੋਸ਼ਣ ਕਰਕੇ ਤੁਹਾਨੂੰ ਕਿਵੇਂ ਵੱਡੇ ਕੀਤੇ ਸੀ।

-ਸਾਹਿਬ ਸਿੰਘ ਸ਼ੱਬੀ ਸਵਾੜਾ
ਜ਼ਿਲ੍ਹਾ ਮੁਹਾਲੀ, ਤਹਿ: ਖਰੜ, ਡਾਕ: ਲਾਂਡਰਾਂ।

ਕਿਸਾਨੀ ਖ਼ੁਦਕੁਸ਼ੀਆਂ
ਭਾਰਤ ਦੇ ਖੁਸ਼ਹਾਲ ਸੂਬੇ ਪੰਜਾਬ ਵਿਚ ਅੱਜ ਰੋਜ਼ਾਨਾ ਖ਼ੁਦਕੁਸ਼ੀਆਂ ਹੋ ਰਹੀਆਂ ਹਨ। ਅੰਨਦਾਤਾ ਕਹਾਉਣ ਵਾਲਾ ਪੰਜਾਬ ਅੱਜ ਖ਼ੁਦਕੁਸ਼ੀਆਂ ਦਾ ਅੱਡਾ ਬਣ ਕੇ ਰਹਿ ਗਿਆ ਹੈ। ਮਜ਼ਦੂਰਾਂ ਦੇ ਮੁਕਾਬਲੇ ਕਿਸਾਨਾਂ ਵੱਲੋਂ ਜ਼ਿਆਦਾ ਖ਼ੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ। ਜਟ ਕਿਸਾਨ ਵਧੀਆ ਜ਼ਿੰਦਗੀ ਜਿਊਣ ਲਈ ਅਤੇ ਸਮਾਜ ਵਿਚ ਆਪਣੀ ਟੌਹਰ ਬਣਾਉਣ ਲਈ ਬੈਂਕਾਂ ਅਤੇ ਆੜ੍ਹਤੀਆਂ ਤੋਂ ਕਰਜ਼ੇ ਚੁੱਕਦੇ ਹਨ। ਖੇਤੀ ਦਾ ਘਾਟੇਵੰਦਾ ਧੰਦਾ ਹੋਣ ਕਾਰਨ ਅਤੇ ਸਰਕਾਰਾਂ ਦੀਆਂ ਕਿਸਾਨ-ਮਾਰੂ ਨੀਤੀਆਂ ਕਰਕੇ ਕਰਜ਼ੇ ਦੀ ਪੰਡ ਦਿਨੋ-ਦਿਨ ਭਾਰੀ ਹੁੰਦੀ ਜਾਂਦੀ ਹੈ। ਬਹੁਤੇ ਕਿਸਾਨ ਸਿਰਫ ਖੇਤੀਬਾੜੀ ਉੱਤੇ ਹੀ ਨਿਰਭਰ ਹਨ ਤੇ ਹੋਰ ਛੋਟੇ ਮੋਟੇ ਸਹਾਇਕ ਧੰਦੇ ਨਹੀਂ ਕਰਦੇ, ਇਹ ਗੱਲ ਉਨ੍ਹਾਂ ਦੀ ਖ਼ੁਦਕੁਸ਼ੀ ਦਾ ਕਾਰਨ ਬਣਦੀ ਹੈ। ਕਿਉਂਕਿ ਪੰਜਾਬ ਦੇ ਬਹੁਗਿਣਤੀ ਕਿਸਾਨਾਂ ਕੋਲ ਸਿਰਫ ਇਕ ਤੋਂ ਦੋ ਢਾਈ ਏਕੜ ਹੀ ਜ਼ਮੀਨ ਹੈ। ਏਨੀ ਥੋੜ੍ਹੀ ਜ਼ਮੀਨ ਵਿਚੋਂ ਪਰਿਵਾਰ ਦਾ ਪਾਲਣ-ਪੋਸ਼ਣ ਕਰਨਾ ਕਰਜ਼ੇ ਨੂੰ ਜਨਮ ਦਿੰਦਾ ਹੈ। ਸੋ, ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਖੇਤੀ ਜਿਣਸਾਂ ਦੇ ਸਹੀ ਮੁੱਲ ਨਿਰਧਾਰਤ ਕਰਕੇ ਉਨ੍ਹਾਂ ਦਾ ਵਧੀਆ ਮੰਡੀਕਰਨ ਕਰਵਾਉਣ। ਕਿਸਾਨਾਂ ਨੂੰ ਬਹੁਤੇ ਕਰਜ਼ੇ ਦੇਣ ਦੀ ਬਜਾਏ ਉਨ੍ਹਾਂ ਲਈ ਰੁਜ਼ਗਾਰ ਦੇ ਵਸੀਲੇ ਪੈਦਾ ਕੀਤੇ ਜਾਣ। ਰੁਜ਼ਗਾਰ ਦੇ ਵਸੀਲੇ ਨਾ ਹੋਣ ਕਾਰਨ ਮਜਬੂਰੀਵਸ ਕਿਸਾਨ ਕਰਜ਼ਾ ਚੁੱਕਦੇ ਹਨ। ਖੇਤੀ ਆਧਾਰਿਤ ਵੱਧ ਤੋਂ ਵੱਧ ਸਨਅਤਾਂ ਲਾਈਆਂ ਜਾਣੀਆਂ ਚਾਹੀਦੀਆਂ ਹਨ। ਸਾਡੀਆਂ ਸਰਕਾਰਾਂ ਕੋਲ ਪੈਸੇ ਦੀ ਘਾਟ ਨਹੀਂ ਸਗੋਂ ਚੰਗੀਆਂ ਨੀਤੀਆਂ ਦੀ ਘਾਟ ਹੈ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ (ਤਰਨ ਤਾਰਨ)।

28/04/2017

 ਵਕਤ ਤਾਂ ਗੁਜ਼ਰ ਹੀ ਜਾਣਾ ਹੈ
ਪਿਛਲੇ ਦਿਨੀਂ ਸੰਪਾਦਕੀ ਸਫ਼ੇ 'ਤੇ ਮੈਡਮ ਬੱਬੂ ਤੀਰ ਦਾ ਕਾਲਮ 'ਵਕਤ ਤਾਂ ਗੁਜ਼ਰ ਹੀ ਜਾਣਾ ਹੈ' ਪੜ੍ਹਿਆ। ਇਸ ਕਾਲਮ ਵਿਚ ਬੜੇ ਹੀ ਸਾਰਥਿਕ ਤਰੀਕੇ ਨਾਲ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਜ਼ਿੰਦਾਦਿਲੀ ਹਰ ਇਨਸਾਨ ਨੂੰ ਅੱਗੇ ਵਧਣ ਲਈ ਸਹਾਈ ਹੁੰਦੀ ਹੈ। ਸਾਡੇ ਬੜੇ ਹੀ ਅਜ਼ੀਜ਼ ਸ: ਗੁਰਨਾਮ ਸਿੰਘ ਤੀਰ (ਚਾਚਾ ਚੰਡੀਗੜ੍ਹੀਆ) ਦੀ ਜ਼ਿੰਦਗੀ ਦੇ ਹਿੱਸੇ ਦਾ ਇਸ ਕਾਲਮ ਵਿਚ ਇਕ ਉਦਾਹਰਨ ਵਜੋਂ ਜ਼ਿਕਰ ਕੀਤਾ ਗਿਆ, ਜੋ ਵਿਸ਼ੇ ਨਾਲ ਬਾਖੂਬੀ ਮੇਲ ਖਾਂਦਾ ਸੀ। ਚਾਚਾ ਚੰਡੀਗੜ੍ਹੀਆ ਜੀ ਨੂੰ ਨਹੀਂ ਸੀ ਪਤਾ ਕਿ 15 ਅਪ੍ਰੈਲ ਉਨ੍ਹਾਂ ਦੀ ਜ਼ਿੰਦਗੀ ਦਾ ਆਖਰੀ ਦਿਨ ਹੋਵੇਗਾ ਪਰ ਉਨ੍ਹਾਂ ਦੀ ਜ਼ਿੰਦਾਦਿਲੀ ਇਸ ਗੱਲ ਨੂੰ ਜ਼ਾਹਿਰ ਕਰਦੀ ਹੈ ਕਿ ਉਨ੍ਹਾਂ ਵਿਚ ਇਸ ਵਿਸਾਖੀ ਨੂੰ ਮਨਾਉਣ ਦੀ ਇਕ ਉਮੀਦ ਹੀ ਉਨ੍ਹਾਂ ਦਾ ਜ਼ਜ਼ਬਾ ਸੀ। ਕਿਸੇ ਇਨਸਾਨ ਨੂੰ ਨਹੀਂ ਪਤਾ ਕਿ ਉਸ ਨੇ ਆਖਰੀ ਸਾਹ ਕਦੋਂ ਤੇ ਕਿਥੇ ਲੈਣਾ ਹੈ। ਪਰ ਇਹ ਸੋਚ ਇਨਸਾਨ ਨੂੰ ਅੱਗੇ ਵਧਦੇ ਹੋਏ ਜ਼ਿੰਦਗੀ ਬਤੀਤ ਕਰਨ ਲਈ ਪ੍ਰੇਰਦੀ ਹੈ ਕਿ 'ਜੇ ਵਕਤ ਬੁਰਾ ਆਇਆ ਹੈ ਤਾਂ ਕੀ ਗੱਲ ਹੈ, ਵਕਤ ਚੰਗਾ ਵੀ ਜ਼ਰੂਰ ਆਵੇਗਾ'। ਇਸ ਦੇ ਉਲਟ ਜੇਕਰ ਇਹੀ ਸੋਚ-ਸੋਚ ਕੇ ਹਰ ਦਿਨ ਬਤੀਤ ਕਰੀ ਜਾਈਏ ਕਿ 'ਬਹੁਤ ਬੁਰਾ ਵਕਤ ਹੈ, ਹੁਣ ਜ਼ਿੰਦਗੀ ਦਾ ਕੀ ਜਿਊਣਾ ਹੈ ਤਾਂ ਜ਼ਿੰਦਗੀ ਉੱਥੇ ਹੀ ਰੁਕ ਜਾਂਦੀ ਹੈ। ਕਹਿਣ ਤੋਂ ਭਾਵ ਜ਼ਿੰਦਗੀ ਦੁੱਖ ਅਤੇ ਸੁੱਖ ਦਾ ਸੁਮੇਲ ਹੈ। ਜੇਕਰ ਅੱਜ ਦੁੱਖ ਆਇਆ ਹੈ ਤਾਂ ਇਹ ਸੋਚੋ ਕਿ ਕੱਲ੍ਹ ਨੂੰ ਜ਼ਰੂਰ ਕੋਈ ਸੁੱਖ ਤੁਹਾਡੀ ਦਹਿਲੀਜ਼ 'ਤੇ ਦਸਤਕ ਦੇਵੇਗਾ। ਤੁਹਾਡੀ ਸਕਾਰਾਤਮਕ ਸੋਚ ਹੀ ਤੁਹਾਨੂੰ ਸਫਲਤਾ ਦਾ ਰਾਹ ਦਿਖਾਉਂਦੀ ਹੈ। ਵਕਤਕ ਦੇ ਰੁਕਦਾ ਨਹੀਂ, ਚੰਗਾ ਹੋਵੇ ਜਾਂ ਬੁਰਾ, ਵਕਤ ਤਾਂ ਗੁਜ਼ਰ ਹੀ ਜਾਣਾ ਹੈ।

-ਬਲਦੇਵ ਸਿੰਘ ਸ਼ੇਖੂਪੁਰਾ
ਕੰਪਿਊਟਰ ਅਧਿਆਪਕ ਸ.ਹ.ਸ. ਜੱਸੋਵਾਲ ਕੁਲਾਰ (ਲੁਧਿਆਣਾ)।

ਨਾੜ ਨੂੰ ਅੱਗ ਨਾ ਲਾਈ ਜਾਵੇ
ਪਿਛਲੇ ਦਿਨੀਂ 'ਅਜੀਤ' ਵਿਚ ਛਪੇ ਲੋਕ ਮੰਚ ਵਿਚ ਨਾੜ ਨੂੰ ਅੱਗ ਲਗਾਉਣ ਬਾਰੇ ਵੱਖ-ਵੱਖ ਲੇਖਕਾਂ ਵੱਲੋਂ ਕਿਸਾਨਾਂ ਨੂੰ ਸੁਝਾਅ ਦੇਣ ਵਾਲੀ ਚਰਚਾ ਸ਼ਲਾਘਾ ਯੋਗ ਹੈ। ਇਸ ਵਿਚ ਲੇਖਕ ਡਾ: ਅਮਰੀਕ ਸਿੰਘ ਵੱਲੋਂ ਕਣਕ ਦੇ ਨਾੜ ਦੀ ਸੰਭਾਲ ਬਾਰੇ ਕਿਸਾਨਾਂ ਨੂੰ ਵਿਸਥਾਰ ਨਾਲ ਸੁਝਾਅ ਦਿੱਤੇ ਗਏ ਹਨ ਜੋ ਸ਼ਾਲਾਘਾ ਯੋਗ ਹਨ। ਕਿਸਾਨਾਂ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੱਲੋਪੁਰ ਦੇ ਸਟੇਟ ਐਵਾਰਡੀ ਕਿਸਾਨ ਗੁਰਦਿਆਲ ਸਿੰਘ ਦੀ ਮਿਹਨਤ ਬਾਰੇ ਸੁਝਾਅ ਦਿੱਤਾ ਗਿਆ ਹੈ ਕਿ ਉਸ ਨੇ ਪਿਛਲੇ 4-5 ਸਾਲਾਂ ਵਿਚ ਕਣਕ ਦੀ ਕਟਾਈ ਕਰਕੇ ਤੂੜੀ ਬਣਾਉਣ ਉਪਰੰਤ ਸਣ ਜਾਂ ਜੰਤਰ ਬੀਜ ਤੇ ਹਰੀ ਖਾਦ ਤਿਆਰ ਕੀਤੀ। ਉਨ੍ਹਾਂ ਦਾ ਤਰਜਬਾ ਇਹ ਹੈ ਕਿ ਖੇਤ 'ਚ ਹਰੀ ਖਾਦ ਬਣਾਉਣ ਨਾਲ ਰਸਾਇਣਕ ਖਾਦਾਂ ਦੀ ਖਪਤ ਅੱਧੀ ਰਹਿ ਜਾਂਦੀ ਹੈ ਅਤੇ ਕੀੜਿਆਂ, ਬਿਮਾਰੀਆਂ ਦਾ ਹਮਲਾ ਨਾ ਹੋਣ ਕਾਰਨ ਰਸਾਇਣਕ ਦਵਾਈਆਂ 'ਤੇ ਹੋਣ ਵਾਲੇ ਖਰਚੇ ਵਿਚ ਕਮੀ ਆਉਂਦੀ ਹੈ। ਇਸ ਤਰ੍ਹਾਂ ਮਾ: ਸੰਜੀਵ ਸਿੰਘ, ਬਲਜੀਤ ਸਿੰਘ ਢਿੱਲੋਂ, ਰਾਜਵਿੰਦਰ ਰੋਂਤਾ, ਮਾਣਕ ਸਿੰਘ ਖੋਸਾ ਆਦਿ ਅਤੇ ਊਧਮ ਸਿੰਘ ਸ਼ੌਕੀ ਨੇ ਕਵਿਤਾ 'ਲਾਵੋ ਨਾ ਨਾੜ ਨੂੰ ਅੱਗ' ਰਾਹੀਂ ਕਿਸਾਨਾਂ ਨੂੰ ਜਾਗ੍ਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੋਕ ਮੰਚ ਗੁਣਾਂ ਨਾਲ ਭਰਪੂਰ ਹੈ। ਕਿਸਾਨਾਂ ਲਈ ਵਰਦਾਨ ਸਾਬਤ ਹੋਵੇਗਾ ਜੇ ਲੋਕ ਮੰਚ ਵਾਲਾ ਪਰਚਾ ਸਾਂਭ ਕੇ ਰੱਖ ਲਿਆ ਜਾਵੇ।

-ਮਾਸਟਰ ਜਗੀਰ ਸਿੰਘ ਸਫਰੀ
ਸਠਿਆਲਾ (ਅੰਮ੍ਰਿਤਸਰ)।

26/04/2017

 ਕਿਸਾਨ ਖ਼ੁਦਕੁਸ਼ੀਆਂ ਦਾ ਹੱਲ
ਕਰਜ਼ੇ ਦੀ ਪੰਡ ਭਾਰੀ ਹੋਣ ਕਰਕੇ, ਖੇਤੀ ਤੇ ਲਾਗਤ ਖਰਚੇ ਵਧਣ ਕਰਕੇ, ਜਿਣਸਾਂ ਦਾ ਝਾੜ ਘਟਣ ਤੇ ਵਾਜਬ ਮੁੱਲ ਨਾ ਮਿਲਣ ਕਰਕੇ ਕਿਸਾਨ ਸਮਾਜ ਵਿਚ ਹੋਣ ਵਾਲੀ ਬੇਇੱਜ਼ਤੀ ਤੇ ਜ਼ਮੀਨ ਦੀ ਕੁਰਕੀ ਦੇ ਡਰੋਂ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨ ਖ਼ੁਦਕੁਸ਼ੀਆਂ ਨੂੰ ਰੋਕਣ ਲਈ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਬਿਨਾਂ ਦੇਰੀ ਲਾਗੂ ਕੀਤਾ ਜਾਵੇ, ਫ਼ਸਲਾਂ ਦੇ ਭਾਅ ਲਾਗਤ ਕੀਮਤ ਸੂਚਕ ਅੰਕ ਨੂੰ ਸਾਹਮਣੇ ਰੱਖ ਕੇ ਹੀ ਮਿੱਥੇ ਜਾਣ, ਛੋਟੇ ਕਿਸਾਨਾਂ ਨੂੰ ਘੱਟ ਵਿਆਜ 'ਤੇ ਕਰਜ਼ਾ ਦਿੱਤਾ ਜਾਵੇ ਤੇ ਇਕ ਟਿਊਬਵੈੱਲ ਸਰਕਾਰੀ ਖਰਚੇ 'ਤੇ ਲਗਾ ਕੇ ਦਿੱਤਾ ਜਾਵੇ, ਫ਼ਸਲ ਨੁਕਸਾਨੀ ਜਾਣ 'ਤੇ 100 ਫ਼ੀਸਦੀ ਫ਼ਸਲੀ ਬੀਮੇ ਦੀ ਸਕੀਮ ਲਿਆਂਦੀ ਜਾਵੇ, ਕਿਸਾਨ ਦੇ ਪਰਿਵਾਰ, ਮਾਲ ਡੰਗਰ ਦੇ ਮੁਫ਼ਤ ਇਲਾਜ ਦਾ ਬੀਮਾ ਕੀਤਾ ਜਾਵੇ ਤੇ ਛੋਟੇ ਕਿਸਾਨਾਂ ਨੂੰ ਵਾਜਬ ਕਿਰਾਏ 'ਤੇ ਖੇਤੀ ਸੰਦ ਦਿੱਤੇ ਜਾਣ। ਫ਼ਸਲੀ ਖਾਦਾਂ ਸਬਸਿਡੀ ਤੇ ਘੱਟ ਮੁੱਲ 'ਤੇ ਦਿੱਤੀਆਂ ਜਾਣ, ਡੀਜ਼ਲ ਦੇ ਭਾਅ ਘੱਟ ਕੀਤੇ ਜਾਣ, ਕਿਸਾਨ ਨੂੰ ਫ਼ਸਲ ਬੀਜਣ ਲਈ ਪੈਸੇ ਦਿੱਤੇ ਜਾਣ ਤੇ ਉਸ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਕਿਸਾਨ ਨੂੰ ਖੁਦ ਵੀ ਚਾਹੀਦਾ ਹੈ ਕਿ ਇਸ ਸਮੱਸਿਆ 'ਚੋਂ ਨਿਕਲਣ ਲਈ ਖੇਤੀ ਦਾ ਜ਼ਿਆਦਾ ਕੰਮ ਲੇਬਰ ਤੋਂ ਕਰਾਉਣ ਦੀ ਬਜਾਏ ਆਪ ਕਰਨ ਨੂੰ ਤਰਜੀਹ ਦੇਵੇ ਤੇ ਵਿਆਹ ਸ਼ਾਦੀਆਂ, ਕੋਠੀਆਂ ਉਸਾਰਨ, ਟਰੈਕਟਰ ਖਰੀਦਣ, ਮਰਨ ਜੰਮਣੇ ਅਤੇ ਹੋਰ ਸਮਾਜਿਕ ਰਸਮਾਂ 'ਤੇ ਘੱਟ ਤੋਂ ਘੱਟ ਖਰਚ ਕਰੇ ਤੇ ਬੈਂਕਾਂ, ਆੜ੍ਹਤੀਆਂ ਤੋਂ ਬੇਲੋੜਾ ਕਰਜ਼ਾ ਚੁੱਕਣ ਤੋਂ ਬਚੇ।


-ਸ਼ਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆਂ, ਡਾਕ: ਚੀਮਾ ਖੁੱਡੀ, ਜ਼ਿਲ੍ਹਾ ਗੁਰਦਾਸਪੁਰ।


ਵੀ.ਆਈ.ਪੀ. ਸੱਭਿਆਚਾਰ

ਪੰਜਾਬ ਵਿਚ ਨਵੀਂ ਬਣੀ ਕਾਂਗਰਸ ਸਰਕਾਰ ਨੇ ਵੀ.ਆਈ.ਪੀ. ਸੱਭਿਆਚਾਰ ਖ਼ਤਮ ਕਰਨ ਲਈ ਜੋ ਕਦਮ ਚੁੱਕਿਆ ਹੈ। ਵੀ.ਆਈ.ਪੀ. ਕਲਚਰ ਤੋਂ ਪੰਜਾਬ ਦੇ ਲੋਕ ਸੱਚਮੁੱਚ ਹੀ ਬਹੁਤ ਔਖੇ ਸਨ। ਸਾਰੇ ਲੋਕ ਚਾਹੁੰਦੇ ਹਨ ਕਿ ਸਾਡੇ ਲੀਡਰ ਸਾਨੂੰ ਆਸਾਨੀ ਨਾਲ ਮਿਲਣ। ਪਰ ਸਾਡੇ ਲੀਡਰ ਜਿੱਤ ਕੇ ਹਮੇਸ਼ਾ ਲੋਕਾਂ ਤੋਂ ਦੂਰ ਰਹਿੰਦੇ ਹਨ। ਇਸ ਤੋਂ ਇਲਾਵਾ ਸਰਕਾਰੀ ਅਮਲਾ ਵੀ ਲੀਡਰਾਂ ਦੀਆਂ ਵੀ.ਆਈ.ਪੀ. ਡਿਊਟੀਆਂ ਵਿਚ ਹੀ ਉਲਝਿਆ ਰਹਿੰਦਾ ਹੈ। ਹੁਣ ਕਾਫੀ ਪੁਲਿਸ ਮੁਲਾਜ਼ਮ ਵੀ ਵਾਪਸ ਬੁਲਾਏ ਹਨ ਜੋ ਵੀ.ਆਈ.ਪੀ. ਦੀਆਂ ਸੁਰੱਖਿਆ ਵਿਚ ਲੱਗੇ ਹੋਏ ਸਨ। ਲਾਲ ਬੱਤੀਆਂ ਅਤੇ ਹੂਟਰਾਂ ਦੀਆਂ ਆਵਾਜ਼ਾਂ ਤੋਂ ਸਾਰੇ ਲੋਕ ਤੰਗ ਹਨ। ਜੇਕਰ ਕਾਂਗਰਸ ਦੀ ਸਰਕਾਰ ਵੀ.ਆਈ.ਪੀ. ਸੱਭਿਆਚਾਰ ਨੂੰ ਜੜ੍ਹੋਂ ਖ਼ਤਮ ਕਰ ਦੇਵੇ ਤਾਂ ਸਾਰੇ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਦਾ ਹਰ ਪੱਖ ਤੋਂ ਸਾਥ ਦੇਣ ਲਈ ਤਿਆਰ ਰਹਿਣਗੇ। ਜੇਕਰ ਪੰਜਾਬ ਦਾ ਪੈਸਾ ਵਾਧੂ ਖਰਚ ਹੋਣ ਤੋਂ ਕਾਂਗਰਸ ਸਰਕਾਰ ਬਚਾ ਸਕੇਗੀ ਤਾਂ ਫਿਰ ਪੰਜਾਬ ਸਿਰ ਚੜ੍ਹੇ ਕਰਜ਼ੇ ਦਾ ਬੋਝ ਘਟਾਇਆ ਜਾ ਸਕੇਗਾ ਅਤੇ ਪੰਜਾਬ ਨੂੰ ਕਰਜ਼ਾ-ਮੁਕਤ ਸੂਬਾ ਬਣਾ ਕੇ ਫਿਰ ਤੋਂ ਖੁਸ਼ਹਾਲ ਸੂਬਾ ਬਣਾਇਆ ਜਾ ਸਕਦਾ ਹੈ।


-ਸੁਖਰਾਜ ਚਹਿਲ ਧਨੌਲਾ
ਮੋਬਾਈਲ : 97810-48055.


ਮਨ ਕੀ ਬਾਤ

'ਮਨ ਕੀ ਬਾਤ' ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਦੇਸ਼ ਦੇ ਲੋਕਾਂ ਨਾਲ ਇਹ ਗੱਲ ਸਾਂਝੀ ਕੀਤੀ ਹੈ ਕਿ ਅਧਿਆਤਮਿਕ ਗੁਰੂ ਰਵਿੰਦਰ ਨਾਥ ਟੈਗੋਰ ਵੱਲੋਂ ਜੋ ਪ੍ਰੇਰਨਾ ਸ਼ਹੀਦ ਭਗਤ ਸਿੰਘ ਨੂੰ 12 ਸਾਲ ਦੀ ਉਮਰ ਵਿਚ ਦਿੱਤੀ ਗਈ ਸੀ ਅਤੇ ਉਸ ਕਾਰਨ ਹੀ ਉਹ 23 ਸਾਲ ਦੀ ਅੱਲੜ੍ਹ ਉਮਰ ਵਿਚ ਦੇਸ਼ ਦੇ ਸ਼ਹੀਦ ਬਣ ਗਏ। ਅੱਜ ਦੇਸ਼ ਦੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸਮਾਧੀ 'ਤੇ ਜਾਣਾ ਚਾਹੀਦਾ ਹੈ। ਬਿਨਾਂ ਸ਼ੱਕ ਪ੍ਰਧਾਨ ਮੰਤਰੀ ਦਾ ਸੰਦੇਸ਼ ਪ੍ਰੇਰਨਾਦਾਇਕ ਹੈ, ਉਹ ਵੀ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਦੇਸ਼ ਦੇ ਸ਼ਹੀਦ ਮੰਨਦੇ ਹਨ, ਜੋ ਸਮੁੱਚੇ ਦੇਸ਼ ਦੀ ਖਾਤਰ ਹੀ ਕੁਰਬਾਨ ਹੋਏ ਸਨ। ਪ੍ਰੰਤੂ ਮਾਣਯੋਗ ਪ੍ਰਧਾਨ ਮੰਤਰੀ ਨੂੰ ਇਸ ਅਤੀ ਸੰਵੇਦਨਸ਼ੀਲ ਸਵਾਲ ਦਾ ਜਵਾਬ ਜ਼ਰੂਰ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਮੁਹਾਲੀ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖਣ ਦਾ ਕੀ ਇਤਰਾਜ਼ ਹੈ? ਕੀ ਸ਼ਹੀਦਾਂ ਦੇ ਨਾਵਾਂ 'ਤੇ ਵੀ ਹਮੇਸ਼ਾ ਸਿਆਸਤ ਹੁੰਦੀ ਰਹੇਗੀ?


-ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ, ਹੁਸ਼ਿਆਰਪੁਰ।

25/04/2017

 ਕਿਸਾਨ ਲੁੱਟ ਤੋਂ ਬਚਣ
ਅੱਜ ਦਾ ਕਿਸਾਨ ਭਾਵੇਂ ਹੁਣ ਪੜ੍ਹ-ਲਿਖ ਵੀ ਗਿਆ ਹੈ ਪਰ ਫਿਰ ਵੀ ਉਹ ਲੁੱਟ ਦਾ ਸ਼ਿਕਾਰ ਹੋ ਜਾਂਦਾ ਹੈ। ਜੇਕਰ ਕਿਸਾਨ ਛੋਟੀਆਂ-ਛੋਟੀਆਂ ਗੱਲਾਂ ਵੱਲ ਧਿਆਨ ਦੇਵੇ ਤਾਂ ਉਹ ਇਸ ਘਾਟੇ ਤੋਂ ਬਚ ਸਕਦਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮੰਡੀ 'ਚ ਕਣਕ ਦੀ ਟਰਾਲੀ ਉਤਾਰਨ, ਕਣਕ ਸਾਫ਼ ਕਰਨ, ਕਣਕ ਦੀ ਭਰਾਈ ਆਦਿ ਸਭ ਖਰਚੇ ਕਿਸਾਨ ਨੂੰ ਸਹਿਣ ਕਰਨੇ ਪੈਂਦੇ ਹਨ। ਪਰ ਇਹ ਕਿਸਾਨ ਦੀ ਜਾਣਕਾਰੀ ਲਈ ਦੱਸਣਾ ਜ਼ਰੂਰੀ ਹੈ ਕਿ ਜੇਕਰ ਉਸ ਦੀ ਟਰਾਲੀ ਲਿਫਟ ਵਾਲੀ ਹੈ ਤਾਂ ਉਸ ਦਾ ਕਣਕ ਟਰਾਲੀ ਵਿਚੋਂ ਉਤਾਰਨ ਦਾ ਖਰਚਾ ਬਚ ਸਕਦਾ ਹੈ। ਇਸ ਤਰ੍ਹਾਂ ਹੀ ਜੇਕਰ ਕੋਈ ਕਿਸਾਨ ਆਪਣੇ ਘਰ ਤੋਂ ਹੀ ਕਣਕ ਪੂਰੀ ਤਰ੍ਹਾਂ ਸਾਫ਼ ਕਰਕੇ ਲੈ ਕੇ ਆਉਂਦਾ ਹੈ ਤਾਂ ਉਸ ਨੂੰ ਛਣਾਈ ਦਾ ਖਰਚਾ ਸਹਿਣ ਨਹੀਂ ਕਰਨਾ ਪੈਂਦਾ, ਉਹ ਇਸ ਖਰਚੇ ਤੋਂ ਵੀ ਬਚ ਸਕਦਾ ਹੈ।
ਇਸ ਤਰ੍ਹਾਂ ਕਈ ਵਾਰ ਕਣਕ ਦੀ ਭਰਾਈ ਵੇਲੇ ਕਿਸਾਨ ਨੂੰ ਕੰਡਾ ਨਹੀਂ ਵਿਖਾਇਆ ਜਾਂਦਾ ਪਰ ਹਦਾਇਤਾਂ ਅਨੁਸਾਰ ਕਿਸਾਨ ਨੂੰ ਕੰਡਾ ਵਿਖਾਉਣਾ ਜ਼ਰੂਰੀ ਹੈ। ਕਈ ਵਾਰ ਇਹ ਬਹਾਨਾ ਲਗਾ ਕੇ ਵੱਧ ਫ਼ਸਲ ਤੋਲੀ ਜਾਂਦੀ ਹੈ ਕਿ ਤੁਹਾਡੀ ਫ਼ਸਲ ਗਿੱਲੀ ਹੈ। ਇਸ ਤਰ੍ਹਾਂ ਦੀ ਕੋਈ ਹਦਾਇਤ ਨਹੀਂ ਹੈ ਕਿ ਕਿਸੇ ਕਿਸਾਨ ਦੀ ਫ਼ਸਲ ਦੀ ਤੁਲਾਈ ਨਿਸਚਿਤ ਮਾਤਰਾ ਤੋਂ ਵੱਧ ਕੀਤੀ ਜਾਵੇ, ਬਰਦਾਨੇ ਦਾ ਨਿਸਚਿਤ ਭਾਰ ਅਤੇ ਫ਼ਸਲ ਦੀ ਭਰਤੀ ਅਨੁਸਾਰ ਹੀ ਤੁਲਾਈ ਕਰਨ ਦੀ ਸਖ਼ਤ ਹਦਾਇਤ ਹੁੰਦੀ ਹੈ। ਕਈ ਵਾਰ ਤੁਲਾਈ ਵੇਲੇ ਲੇਬਰ ਵੱਲੋਂ ਕਣਕ ਦੀ ਖਿੱਲਰੀ ਮਾਤਰਾ ਉੱਪਰ ਬੋਰੀਆਂ ਲਗਾਈਆਂ ਜਾਂਦੀਆਂ ਹਨ, ਕਿਸਾਨ ਇਸ ਸਬੰਧੀ ਆੜ੍ਹਤੀਏ ਨੂੰ ਸ਼ਿਕਾਇਤ ਕਰ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਕਿਸਾਨ ਦੀ ਫ਼ਸਲ ਦੀ ਕੋਈ ਚੋਰੀ ਕਰਦਾ ਹੈ ਤਾਂ ਉਸ ਦੀ ਸ਼ਿਕਾਇਤ ਵੀ ਮੰਡੀ ਬੋਰਡ ਨੂੰ ਕੀਤੀ ਜਾਂਦੀ ਹੈ। ਸਭ ਤੋਂ ਵੱਡੀ ਲੁੱਟ ਕਿਸਾਨ ਦੀ ਉਸ ਵੇਲੇ ਹੁੰਦੀ ਹੈ ਜਦ ਆੜ੍ਹਤੀਆ ਉਸ ਨੂੰ ਇਹ ਕਹਿੰਦਾ ਹੈ ਕਿ ਪ੍ਰਤੀ ਗੱਟਾ ਕੁਝ ਰੁਪਏ ਉਸ ਨੂੰ ਦਿੱਤੇ ਜਾਣ ਤਾਂ ਕਿ ਉਹ ਉੱਚ ਅਧਿਕਾਰੀਆਂ ਤੱਕ ਰਕਮ ਪਹੁੰਚਾ ਸਕੇ। ਇਹ ਆਮ ਤੌਰ 'ਤੇ ਵੇਖਿਆ ਗਿਆ ਕਿ ਆੜ੍ਹਤੀਆ ਕਈ ਤਰ੍ਹਾਂ ਦੇ ਬਹਾਨੇ ਲਗਾ ਕੇ ਕਿਸਾਨ ਤੋਂ ਪ੍ਰਤੀ ਗੱਟਾ ਕੁਝ ਰੁਪਏ ਪ੍ਰਾਪਤ ਕਰਦਾ ਹੈ। ਇਥੇ ਕਿਸਾਨ ਦਾ ਫ਼ਰਜ਼ ਹੈ ਕਿ ਉਹ ਕੋਈ ਪੈਸਾ ਕਿਸੇ ਨੂੰ ਨਾ ਦੇਵੇ ਅਤੇ ਫਾਰਮ 'ਜੇ' ਅਨੁਸਾਰ ਹੀ ਆੜ੍ਹਤੀਏ ਤੋਂ ਰੁਪਏ ਪ੍ਰਾਪਤ ਕਰੇ। ਜੇਕਰ ਉਸ ਦੀ ਕੋਈ ਰਕਮ ਕੱਟੇ ਤਾਂ ਇਸ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਜ਼ਰੂਰ ਕੀਤੀ ਜਾਵੇ।

-ਸੁਖਵਿੰਦਰ ਸਿੰਘ 'ਅੱਕੂਮਸਤੇ ਕੇ'
ਫਿਰੋਜ਼ਪੁਰ।

ਵੀ.ਆਈ.ਪੀ. ਸੱਭਿਆਚਾਰ
ਪੰਜਾਬ ਵਿਚ ਨਵੀਂ ਬਣੀ ਕਾਂਗਰਸ ਸਰਕਾਰ ਨੇ ਵੀ.ਆਈ.ਪੀ. ਸੱਭਿਆਚਾਰ ਖ਼ਤਮ ਕਰਨ ਲਈ ਜੋ ਕਦਮ ਚੁੱਕਿਆ ਹੈ। ਇਹ ਬਹੁਤ ਸ਼ਲਾਘਾਯੋਗ ਹੈ, ਕਿਉਂਕਿ ਪੰਜਾਬ ਦਾ ਬਹੁਤ ਸਾਰਾ ਪੈਸਾ ਅਜਾਈਂ ਹੀ ਵੀ.ਆਈ.ਪੀ. ਸੱਭਿਆਚਾਰ ਤੇ ਪਾਣੀ ਵਾਂਗੂੰ ਵਹਾਇਆ ਜਾਂਦਾ ਹੈ। ਵੀ.ਆਈ.ਪੀ. ਕਲਚਰ ਤੋਂ ਪੰਜਾਬ ਦੇ ਲੋਕ ਸੱਚਮੁੱਚ ਹੀ ਬਹੁਤ ਔਖੇ ਸਨ। ਸਾਰੇ ਲੋਕ ਚਾਹੁੰਦੇ ਹਨ ਕਿ ਸਾਡੇ ਲੀਡਰ ਸਾਨੂੰ ਆਸਾਨੀ ਨਾਲ ਮਿਲਣ। ਪਰ ਸਾਡੇ ਲੀਡਰ ਜਿੱਤ ਕੇ ਹਮੇਸ਼ਾ ਲੋਕਾਂ ਤੋਂ ਦੂਰ ਰਹਿੰਦੇ ਹਨ। ਜਦੋਂ ਕਿਤੇ ਉਹ ਆਪਣੇ ਇਲਾਕਿਆਂ ਵਿਚ ਆਉਂਦੇ ਹਨ ਤਾਂ ਫਿਰ ਸਕਿਊਰਿਟੀ ਵਾਲੇ ਮਿਲਣ ਨਹੀਂ ਦਿੰਦੇ। ਇਸ ਤੋਂ ਇਲਾਵਾ ਸਰਕਾਰੀ ਅਮਲਾ ਵੀ ਲੀਡਰਾਂ ਦੀਆਂ ਵੀ.ਆਈ.ਪੀ. ਡਿਊਟੀਆਂ ਵਿਚ ਹੀ ਉਲਝਿਆ ਰਹਿੰਦਾ ਹੈ। ਹੁਣ ਕਾਫੀ ਪੁਲਿਸ ਮੁਲਾਜ਼ਮ ਵੀ ਵਾਪਸ ਬੁਲਾਏ ਹਨ ਜੋ ਵੀ.ਆਈ.ਪੀ. ਦੀਆਂ ਸੁਰੱਖਿਆ ਵਿਚ ਲੱਗੇ ਹੋਏ ਸਨ। ਲਾਲ ਬੱਤੀਆਂ ਅਤੇ ਹੂਟਰਾਂ ਦੀਆਂ ਆਵਾਜ਼ਾਂ ਤੋਂ ਸਾਰੇ ਲੋਕ ਤੰਗ ਹਨ। ਜੇਕਰ ਕਾਂਗਰਸ ਦੀ ਸਰਕਾਰ ਵੀ.ਆਈ.ਪੀ. ਸੱਭਿਆਚਾਰ ਨੂੰ ਜੜ੍ਹੋਂ ਖ਼ਤਮ ਕਰ ਦੇਵੇ ਤਾਂ ਸਾਰੇ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਦਾ ਹਰ ਪੱਖ ਤੋਂ ਸਾਥ ਦੇਣ ਲਈ ਤਿਆਰ ਰਹਿਣਗੇ। ਜੇਕਰ ਪੰਜਾਬ ਦਾ ਪੈਸਾ ਵਾਧੂ ਖਰਚ ਹੋਣ ਤੋਂ ਕਾਂਗਰਸ ਸਰਕਾਰ ਬਚਾ ਸਕੇਗੀ ਤਾਂ ਫਿਰ ਪੰਜਾਬ ਸਿਰ ਚੜ੍ਹੇ ਕਰਜ਼ੇ ਦਾ ਬੋਝ ਘਟਾਇਆ ਜਾ ਸਕੇਗਾ ਅਤੇ ਪੰਜਾਬ ਨੂੰ ਕਰਜ਼ਾ-ਮੁਕਤ ਸੂਬਾ ਬਣਾ ਕੇ ਫਿਰ ਤੋਂ ਖੁਸ਼ਹਾਲ ਸੂਬਾ ਬਣਾਇਆ ਜਾ ਸਕਦਾ ਹੈ।

-ਸੁਖਰਾਜ ਚਹਿਲ ਧਨੌਲਾ
ਮੋਬਾਈਲ : 97810-48055.

24/04/2017

 ਪਿੰਗਲਵਾੜੇ ਦੇ ਬੱਚੇ
ਇਨਸਾਨੀਅਤ ਦੇ ਮਹਾਨ ਪੂਜਕ ਭਗਤ ਪੂਰਨ ਸਿੰਘ ਜੀ ਨੇ ਸਿੱਖ ਧਰਮ ਵਿਚਲੇ ਸੇਵਾ ਦੇ ਸੰਕਲਪ ਨੂੰ ਸਮਝ ਕੇ ਆਪਣੀ ਜ਼ਿੰਦਗੀ ਲੂਲੇ-ਲੰਗੜੇ ਤੇ ਬੇਸਹਾਰਾ ਲੋਕਾਂ ਦੇ ਲੇਖੇ ਲਾਈ ਤੇ ਪਿੰਗਲਵਾੜੇ ਜਿਹੀ ਮਹਾਨ ਸੰਸਥਾ ਦੀ ਸਥਾਪਨਾ ਕੀਤੀ। ਪਿਛਲੇ ਦਿਨੀਂ ਇਹ ਸੁਣ ਕੇ ਬੜੀ ਖੁਸ਼ੀ ਹੋਈ ਕਿ ਪਿੰਗਲਵਾੜਾ ਦੇ ਬੱਚਿਆਂ ਨੇ ਅੰਤਰਰਾਸ਼ਟਰੀ ਖੇਡਾਂ ਵਿਚ ਮੱਲਾਂ ਮਾਰ ਕੇ ਸੋਨੇ ਦੇ ਤਗਮੇ ਜਿਤੇ। ਪਿੰਗਲਵਾੜੇ 'ਚ ਚੰਗੀ ਪੜ੍ਹਾਈ, ਚੰਗੀ ਖੁਰਾਕ ਤੇ ਚੰਗੀ ਅਗਵਾਈ ਵਿਚ ਇਨ੍ਹਾਂ ਬੱਚਿਆਂ ਨੇ ਭਾਰਤ, ਪੰਜਾਬ ਖਾਸ ਕਰਕੇ ਪਿੰਗਲਵਾੜੇ ਦਾ ਨਾਂਅ ਰੌਸ਼ਨ ਕੀਤਾ ਹੈ। ਭਗਤ ਜੀ ਨੇ ਜੋ ਸੋਚ ਕੇ ਪਿੰਗਲਵਾੜੇ ਦੀ ਸਥਾਪਨਾ ਕੀਤੀ ਸੀ, ਇਹ ਹੁਣ ਉਸ ਤੋਂ ਵੀ ਅੱਗੇ ਨਿਕਲ ਚੁੱਕਾ ਹੈ, ਜੋ ਸਾਡੇ ਲਈ ਮਾਣ ਵਾਲੀ ਗੱਲ ਹੈ। ਸਾਨੂੰ ਜਿਥੇ ਇਹੋ ਜਿਹੀਆਂ ਚੰਗੀਆਂ ਸੰਸਥਾਵਾਂ ਨਾਲ ਜੁੜ ਕੇ ਕੁਝ ਮਦਦ ਕਰਨੀ ਚਾਹੀਦੀ ਹੈ, ਉਥੇ ਆਪਣੀ ਜੀਵਨ ਜੁਗਤ ਲਈ ਸੇਧ ਵੀ ਲੈਣੀ ਜ਼ਰੂਰੀ ਹੈ। ਇਹ ਸੰਸਥਾ ਖਾਸ ਕਰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚੱਲਦੀ ਹੈ ਤੇ ਬਹੁਤ ਤਰੱਕੀਆਂ ਕਰ ਰਹੀ ਹੈ। ਸਰਕਾਰਾਂ ਨੂੰ ਇਹੋ ਜਿਹੀਆਂ ਸੰਸਥਾਵਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ। ਅਸੀਂ ਬੱਚਿਆਂ ਦੇ ਜਿੱਤਣ 'ਤੇ ਬੀਬੀ ਇੰਦਰਜੀਤ ਕੌਰ ਤੇ ਪਿੰਗਲਵਾੜੇ ਨਾਲ ਜੁੜੀ ਹਰ ਰੂਹ ਨੂੰ ਮੁਬਾਰਕਾਂ ਦਿੰਦੇ ਹਾਂ।


-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ, ਜ਼ਿਲ੍ਹਾ ਲੁਧਿਆਣਾ।
ਮੋ: 92175-92531.


ਅੰਮ੍ਰਿਤਸਰ-ਟੋਰਾਂਟੋ ਸਿੱਧੀ ਉਡਾਣ

ਕੈਨੇਡਾ ਅਤੇ ਅਮਰੀਕਾ ਦੇ ਸ਼ਹਿਰਾਂ ਲਈ ਅੰਮ੍ਰਿਤਸਰ-ਟੋਰਾਂਟੋ ਏਅਰ ਇੰਡੀਆ ਦੀ ਸਿੱਧੀ ਉਡਾਣ ਪਿਛਲੇ ਸੱਤਾਂ ਸਾਲਾਂ ਤੋਂ ਬੰਦ ਪਈ ਹੈ। ਇਹ ਉਡਾਣ ਇਕ ਖਾਸ ਕੰਪਨੀ ਦੀਆਂ 150 ਲਗਜ਼ਰੀ ਬੱਸਾਂ ਨੂੰ ਲਾਭ ਪਹੁੰਚਾਉਣ ਦੇ ਮਨਸ਼ੇ ਨਾਲ ਬੰਦ ਕੀਤੀ ਗਈ ਸੀ। ਪੰਜਾਬੀਆਂ ਅਤੇ ਪੰਜਾਬੀ ਪ੍ਰਵਾਸੀਆਂ ਨਾਲ ਇਹ ਵੱਡੀ ਬੇਇਨਸਾਫ਼ੀ ਹੋਈ ਸੀ। ਉਨ੍ਹਾਂ ਨੂੰ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਆਉਣ-ਜਾਣ ਲਈ ਦਿੱਲੀ ਤੋਂ ਕੋਈ ਫਲਾਈਟ ਲੈਣੀ ਪੈਂਦੀ ਸੀ। ਇਹ ਫਲਾਈਟ ਲੈਣ ਲਈ ਉਨ੍ਹਾਂ ਨੂੰ 15 ਘੰਟੇ ਦੀ ਖੱਜਲ-ਖੁਆਰੀ ਝੱਲਣੀ ਪੈਂਦੀ ਸੀ। ਇਸ ਦੇ ਨਾਲ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਦੀ ਇੱਛਾ ਵੀ ਪੂਰੀ ਨਹੀਂ ਹੁੰਦੀ ਸੀ। ਸੋ, ਹੁਣ ਬੰਦ ਪਈ ਏਅਰ ਇੰਡੀਆ ਦੀ ਉਕਤ ਫਲਾਈਟ ਨੂੰ ਮੁੜ ਚਾਲੂ ਕਰਵਾ ਕੇ ਨਵਜੋਤ ਸਿੰਘ ਸਿੱਧੂ ਨੂੰ ਆਪਣਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ। ਏਅਰ ਇੰਡੀਆ ਦੀ ਉਕਤ ਫਲਾਈਟ ਇਕ ਲਾਹੇਵੰਦਾ ਸੌਦਾ ਹੈ ਅਤੇ ਪੰਜਾਬ ਵਾਸੀਆਂ ਤੇ ਪ੍ਰਵਾਸੀਆਂ ਦੇ ਹਿਤ ਵਿਚ ਹੈ।


-ਇੰਜ: ਕੁਲਦੀਪ ਸਿੰਘ ਤੇ ਸਾਥੀ
ਅੰਮ੍ਰਿਤਸਰ।

 

ਡੀ.ਜੇ. ਦਾ ਸ਼ੋਰ
ਵਿਆਹਾਂ-ਸ਼ਾਦੀਆਂ, ਪਾਰਟੀਆਂ ਵਿਚ ਰਾਤ ਨੂੰ ਡੀ.ਜੇ. ਲਗਾਏ ਜਾਂਦੇ ਹਨ, ਜੋ ਵਿਦਿਆਰਥੀਆਂ ਲਈ, ਦਿਲ ਦੇ ਮਰੀਜ਼ਾਂ ਲਈ, ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਬੜੇ ਘਾਤਕ ਸਾਬਤ ਹੁੰਦੇ ਹਨ। ਇਨ੍ਹਾਂ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਵਿਘਨ ਪੈਂਦਾ ਹੈ। ਮਾਂ-ਬਾਪ ਬੱਚਿਆਂ ਦੀਆਂ ਲੱਖਾਂ ਰੁਪਏ ਫੀਸਾਂ ਭਰਦੇ ਹਨ। ਬੱਚੇ ਸਾਰਾ ਸਾਲ ਲਗਨ, ਮਿਹਨਤ ਨਾਲ ਆਪਣੇ ਪੇਪਰਾਂ ਦੀਆਂ ਤਿਆਰੀ ਕਰਦੇ ਹਨ ਪਰ ਕਈ ਵਾਰ ਡੀ.ਜੇ. ਉਨ੍ਹਾਂ ਦੀ ਪੜ੍ਹਾਈ ਵਿਚ ਵਿਘਨ ਦਾ ਕਾਰਨ ਬਣਦੇ ਹਨ। ਭਾਵੇਂ ਅਦਾਲਤ ਵੱਲੋਂ ਡੀ.ਜੇ. ਉੱਪਰ ਸਖ਼ਤੀ ਕੀਤੀ ਗਈ ਹੈ ਪਰ ਫਿਰ ਵੀ ਡੀ.ਜੇ. ਦੇਰ ਰਾਤ ਤੱਕ ਸ਼ਰੇਆਮ ਚਲਦੇ ਰਹਿੰਦੇ ਹਨ। ਸਰਕਾਰ ਨੇ ਸ਼ੋਰ ਪ੍ਰਦੂਸ਼ਣ ਨੂੰ ਘਟਾਉਣ ਲਈ ਨਿਯਮ ਵੀ ਬਣਾਏ ਹੋਏ ਹਨ ਪਰ ਇਨ੍ਹਾਂ ਨਿਯਮਾਂ ਦੀ ਕੋਈ ਪ੍ਰਵਾਹ ਨਹੀਂ ਕਰਦਾ। ਇਨ੍ਹਾਂ ਨੂੰ ਬੰਦ ਕਰਵਾਉਣ ਲਈ ਸਰਕਾਰ ਵੱਲੋਂ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।


-ਰਾਜਵੰਤ ਸਿੰਘ ਰਾਜੂ
ਰਾਏਕੋਟ।

21/04/2017

 ਸੜਕੀ ਅੱਤਵਾਦ
ਅੱਜ ਸਾਡੇ ਦੇਸ਼ ਵਿਚ ਰੋਜ਼ਾਨਾ ਅਨੇਕਾਂ ਸੜਕ ਹਾਦਸੇ ਵਾਪਰ ਰਹੇ ਹਨ। ਅਸੀਂ ਆਪਣੇ ਰੋਜ਼ਮਰਾ ਦੇ ਸਫ਼ਰ ਦੌਰਾਨ ਦੇਖਦੇ ਹਾਂ ਕਿ ਸ਼ਾਇਦ ਹੀ ਅੱਜ ਕੋਈ ਅਜਿਹੀ ਸੜਕ ਹੋਵੇਗੀ, ਜਿਸ ਉੱਪਰ ਐਕਸੀਡੈਂਟ ਦੇ ਰੂਪ ਵਿਚ ਸੜਕੀ ਅੱਤਵਾਦ ਆਪਣਾ ਫਨ ਖਿਲਾਰੀ ਨਜ਼ਰ ਨਹੀਂ ਆਏਗਾ। ਇਨ੍ਹਾਂ ਹੋ ਰਹੇ ਸੜਕੀ ਹਾਦਸਿਆਂ ਵਿਚ ਰੋਜ਼ਾਨਾ ਕੀਮਤੀ ਜਾਨਾਂ ਮੌਤ ਦੇ ਮੂੰਹ ਜਾ ਰਹੀਆਂ ਹਨ। ਇਨ੍ਹਾਂ ਸੜਕੀ ਹਾਦਸਿਆਂ ਲਈ ਜਿਥੇ ਖਸਤਾ ਹੋਈਆਂ ਸੜਕਾਂ ਜ਼ਿੰਮੇਵਾਰ ਹਨ, ਉਥੇ ਖ਼ੁਦ ਸਾਡੇ ਵੱਲੋਂ ਵਰਤੀ ਜਾਂਦੀ ਅਣਗਹਿਲੀ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਅੱਜ ਭਰੇ ਬਾਜ਼ਾਰਾਂ ਵਿਚ 15-15 ਸਾਲ ਦੇ ਲੜਕੇ/ਲੜਕੀਆਂ ਜਿਨ੍ਹਾਂ ਦੇ ਪੂਰੀ ਤਰ੍ਹਾਂ ਥੱਲੇ ਪੈਰ ਵੀ ਨਹੀਂ ਲਗਦੇ, ਮੋਟਰ ਸਾਈਕਲਾਂ, ਸਕੂਟਰੀਆਂ ਗੱਡੀਆਂ ਤੇਜ਼ ਰਫ਼ਤਾਰ ਦੌੜਾਉਂਦੇ ਆਮ ਹੀ ਦੇਖੇ ਜਾ ਸਕਦੇ ਹਨ, ਜਿਨ੍ਹਾਂ ਕੋਲ ਕੋਈ ਡਰਾਈਵਿੰਗ ਲਾਇਸੰਸ ਵੀ ਨਹੀਂ ਹੁੰਦਾ ਹੈ। ਇਸ ਤਰ੍ਹਾਂ ਬਹੁਤ ਸਾਰੇ ਲੋਕਾਂ ਵੱਲੋਂ ਸ਼ਰਾਬ ਆਦਿ ਦੇ ਨਸ਼ੇ ਵਿਚ ਟੁੰਨ ਹੋ ਕੇ ਜਾਂ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ਲੋਕਾਂ ਦੀ ਇਸ ਤਰ੍ਹਾਂ ਦੀ ਅਣਗਹਿਲੀ ਕਦੋਂ ਕਿਸੇ ਸਾਹਮਣੇ ਤੋਂ ਆ ਰਹੇ ਬੇਕਸੂਰ ਦੀਆਂ ਲੱਤਾਂ ਤੋੜ ਦੇਵੇ, ਕੋਈ ਪਤਾ ਨਹੀਂ ਚਲਦਾ। ਸੋ, ਸਰਕਾਰ ਨੂੰ ਜਿਥੇ ਡਰਾਈਵਿੰਗ ਲਾਇਸੰਸ ਬਣਾਉਣ ਦੀ ਪ੍ਰਕਿਰਿਆ ਬੇਹੱਦ ਸਖ਼ਤ ਕਰਨੀ ਚਾਹੀਦੀ ਹੈ, ਉਥੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਖਿਲਾਫ਼ ਵੀ ਕਾਰਵਾਈ ਯਕੀਨੀ ਬਣਾਉਣੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਕੀਤੀ ਹੋਈ ਅਣਗਹਿਲੀ ਕਿਸੇ ਹੋਰ ਲਈ ਮੁਸੀਬਤ ਦਾ ਕਾਰਨ ਨਾ ਬਣ ਸਕੇ।


-ਰਾਜਾ ਗਿੱਲ (ਚੜਿੱਕ)
ਮੋ: 94654-11585.


ਬੱਚਿਆਂ ਨਾਲ ਭਾਵਨਾਤਮਕ ਸਾਂਝ ਜ਼ਰੂਰੀ
ਬੱਚੇ ਦੀ ਜ਼ਿੰਦਗੀ ਦੇ ਸ਼ੁਰੂਆਤੀ ਸਾਲਾਂ ਵਿਚ ਭਾਵਨਾਵਾਂ ਬਹੁਤੀਆਂ ਤੀਬਰ ਨਹੀਂ ਹੁੰਦੀਆ ਪਰ ਜਿਵੇਂ-ਜਿਵੇਂ ਉਹ ਬਚਪਨ ਵਿਚੋਂ ਨਿਕਲ ਕੇ ਕਿਸ਼ੋਰ ਅਵਸਥਾ (13-18 ਸਾਲ) ਵੱਲ ਵਧਦਾ ਹੈ, ਉਸ ਦੀਆਂ ਭਾਵਨਾਵਾਂ ਗੁੰਝਲਦਾਰ ਅਤੇ ਆਪ-ਮੁਹਾਰੀਆਂ ਹੋਣ ਲਗਦੀਆਂ ਹਨ। ਇਹ ਇਕ ਅਜਿਹਾ ਪੜਾਅ ਹੈ ਜਿਸ ਵਿਚ ਭਾਵਨਾਵਾਂ ਦੇ ਵਹਾਅ ਨੂੰ ਬੱਚਾ ਸਾਂਭ ਨਹੀਂ ਸਕਦਾ। ਇਨ੍ਹਾਂ ਦੇ ਵਹਿਣ ਵਿਚ ਵਹਿੰਦਾ ਚਲਾ ਜਾਂਦਾ ਹੈ। ਉਸ ਦਾ ਵਿਵਹਾਰ ਸਥਿਰ ਨਹੀਂ ਹੁੰਦਾ। ਕਦੇ ਬਹੁਤ ਜ਼ਿਆਦਾ ਖੁਸ਼ ਅਤੇ ਕਦੀ ਹੱਦੋਂ ਵੱਧ ਦੁਖੀ ਹੋਣਾ, ਉਸ ਦੇ ਸੁਭਾਅ ਦਾ ਅੰਗ ਬਣ ਜਾਂਦਾ ਹੈ। ਇਸ ਸਮੇਂ ਉਸ ਨੂੰ ਆਪਣੇ ਮਾਪਿਆਂ ਨਾਲ ਭਾਵਨਾਤਮਕ ਸਾਂਝ ਦੀ ਲੋੜ ਹੁੰਦੀ ਹੈ ਬਸ਼ਰਤੇ ਮਾਪੇ ਆਪਣੇ ਬੱਚੇ ਲਈ ਹਊਆ ਨਾ ਬਣਨ ਅਤੇ ਉਹ ਬੱਚੇ ਦੀੇ ਮਾਨਸਿਕ ਹਾਲਤ ਸਮਝਦੇ ਹੋਏ ਕਾਮਯਾਬੀ ਵਿਚ ਖੁਸ਼ ਹੋਣ ਅਤੇ ਨਾਕਾਮਯਾਬੀ ਵਿਚ ਉਸ ਨੂੰ ਹੌਸਲਾ ਦੇਣ। ਪਰ ਜੇਕਰ ਬੱਚਿਆਂ ਨਾਲ ਮਾਪੇ ਦੋਸਤੀਪੂਰਨ ਵਿਵਹਾਰ ਨਹੀਂ ਕਰਦੇ ਅਤੇ ਬੱਚੇ ਦੇ ਮਨ ਵਿਚ ਆਪਣੇ ਪ੍ਰਤੀ ਡਰ ਪੈਦਾ ਕਰੀ ਰੱਖਦੇ ਹਨ ਤਾਂ ਬੱਚਾ ਆਪਣੀ ਸਮੱਸਿਆ ਉਨ੍ਹਾਂ ਨਾਲ ਸਾਂਝੀ ਨਾ ਕਰਦੇ ਹੋਏ ਦੱਬਿਆ ਘੁੱਟਿਆ ਮਹਿਸੂਸ ਕਰੇਗਾ ਅਤੇ ਮਾਨਸਿਕ ਪ੍ਰੇਸ਼ਾਨੀ ਜਾਂ ਤਣਾਅ ਦਾ ਸ਼ਿਕਾਰ ਹੋ ਜਾਵੇਗਾ। ਦੇਖਣ ਵਿਚ ਆਇਆ ਹੈ ਕਿ ਅਜਿਹੀ ਸਥਿਤੀ ਵਿਚ ਬੱਚੇ ਕਿਸੇ ਗ਼ਲਤ ਘਟਨਾ ਨੂੰ ਅੰਜਾਮ ਦੇ ਦਿੰਦੇ ਹਨ। ਇਸ ਲਈ ਬੱਚਿਆਂ ਨਾਲ ਮਾਪਿਆਂ ਦੀ ਭਾਵਨਾਤਮਕ ਸਾਂਝ ਹੋਣੀ ਚਾਹੀਦੀ ਹੈ। ਜਿਵੇਂ ਬੱਚੇ ਆਪਣੇ ਦੋਸਤਾਂ ਨਾਲ ਹਰ ਗੱਲ ਸਾਂਝੀ ਕਰ ਲੈਂਦੇ ਹਨ। ਇਸੇ ਤਰ੍ਹਾਂ ਇਸ ਉਮਰੇ ਮਾਪਿਆਂ ਨੂੰ ਉਮਰ ਦੀ ਨਜ਼ਾਕਤ ਨੂੰ ਸਮਝਦੇ ਹੋਏ ਬੱਚਿਆਂ ਨਾਲ ਸਬੰਧਾਂ ਵਿੱਚ ਪਾਰਦਰਸ਼ਤਾ ਲਿਆਉਣੀ ਚਾਹੀਦੀ ਹੈ ਤਾਂ ਜੋ ਬੱਚੇ ਆਪਣੀ ਹਰ ਗੱਲ ਆਪਣੇ ਮਾਪਿਆਂ ਨਾਲ ਸਾਂਝੀ ਕਰ ਸਕਣ।


-ਅੰਮ੍ਰਿਤਪਾਲ ਸਿੰਘ ਸੰਧੂ
ਪਿੰਡ ਤੇ ਡਾਕਖਾਨਾ ਬਾੜੀਆਂ ਕਲਾਂ
ਜ਼ਿਲ੍ਹਾ ਹੁਸ਼ਿਆਰਪੁਰ।

20/04/2017

 ਸਿਰਫ ਅਧਿਆਪਕ ਹੀ ਕਿਉਂ ਨਿਸ਼ਾਨਾ ਬਣਨ
ਪਿਛਲੇ ਦਿਨੀਂ ਸੰਪਾਦਕੀ ਸਫ਼ੇ 'ਤੇ ਪ੍ਰੋ: ਰਣਜੀਤ ਸਿੰਘ ਧਨੋਆ ਦਾ ਲੇਖ 'ਦਮ ਤੋੜ ਰਹੀ ਹੈ ਸਾਡੀ ਸਰਕਾਰੀ ਪ੍ਰਾਇਮਰੀ ਸਿੱਖਿਆ' ਪੜ੍ਹਨ ਦਾ ਮੌਕਾ ਮਿਲਿਆ। ਇਸ ਵਿਚ ਲੇਖਕ ਨੇ ਸਿੱਖਿਆ ਅਧਿਕਾਰ ਐਕਟ ਦੀਆਂ ਜ਼ਮੀਨੀ ਹਕੀਕਤਾਂ ਨੂੰ ਵਧੀਆ ਢੰਗ ਨਾਲ ਬਿਆਨਿਆ ਹੈ, ਜਿਵੇਂ ਕਿ ਅੱਠਵੀਂ ਤੱਕ ਫੇਲ੍ਹ ਨਾ ਕਰਨ ਦੀ ਨੀਤੀ ਅਤੇ ਉਮਰ ਅਨੁਸਾਰ ਬੱਚੇ ਨੂੰ ਜਮਾਤ 'ਚ ਦਾਖ਼ਲ ਕਰਨ ਦੀ ਨੀਤੀ ਦੇ ਨੁਕਸਾਨ ਬਾਰੇ ਜ਼ਿਕਰ ਕੀਤਾ ਹੈ। ਪਰ ਲੇਖਕ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਆਪਣੇ ਸਕੂਲਾਂ ਪ੍ਰਤੀ ਬੇਭਰੋਸਗੀ ਦਾ ਜੋ ਜ਼ਿਕਰ ਕੀਤਾ ਹੈ, ਉਸ ਨਾਲ ਸਹਿਮਤ ਨਹੀਂ ਹਾਂ।
ਲੇਖਕ ਨੇ ਇਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਦਾ ਜ਼ਿਕਰ ਕੀਤਾ ਹੈ, ਮੈਂ ਉਸ ਨਾਲ ਸਹਿਮਤ ਹਾਂ ਕਿ ਜਿਹੜਾ ਵੀ ਵਿਅਕਤੀ/ਮੁਲਾਜ਼ਮ ਸਰਕਾਰੀ ਖਜ਼ਾਨੇ 'ਚੋਂ ਤਨਖਾਹ ਲੈਂਦਾ ਹੈ, ਉਸ ਦਾ ਬੱਚਾ ਸਰਕਾਰੀ ਸਕੂਲ 'ਚ ਪੜ੍ਹੇਗਾ। ਜਿਸ ਦਿਨ ਇਹੋ ਜਿਹੇ ਫ਼ੈਸਲੇ ਹਕੀਕੀ ਰੂਪ 'ਚ ਲਾਗੂ ਹੋ ਜਾਣਗੇ ਤਾਂ ਸਭ ਤੋਂ ਵੱਧ ਖੁਸ਼ੀ ਅਧਿਆਪਕ ਵਰਗ ਨੂੰ ਹੋਵੇਗੀ ਤੇ ਸਾਰੇ ਅਧਿਆਪਕ ਪਹਿਲ ਦੇ ਆਧਾਰ 'ਤੇ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਲਾਉਣਗੇ। ਜਦੋਂ ਸਿਸਟਮ 'ਤੇ ਕਾਬਜ਼ ਲੋਕ ਹੀ ਸਿੱਖਿਆ ਨੂੰ ਵੇਚਣ ਵੱਟਣ ਵਾਲੀ ਵਸਤ ਸਮਝ ਕੇ ਨੀਤੀਆਂ ਬਣਾਉਣਗੇ ਤਾਂ ਅਧਿਆਪਕ ਵਰਗ ਵੀ ਇਸ ਦੀ ਲਪੇਟ 'ਚ ਆਏਗਾ। ਬਾਕੀ ਲੇਖਕ ਨੇ ਕ੍ਰਿਸ਼ਨ ਕੁਮਾਰ ਵਰਗੇ ਅਫਸਰ ਸਾਹਿਬਾਨ ਦੀ ਗੱਲ ਕੀਤੀ ਹੈ, ਉਹ ਕਾਬਲੇ ਤਾਰੀਫ਼ ਸੀ ਪਰ ਜਦੋਂ ਉਨ੍ਹਾਂ ਵਰਗਾ ਸਿੱਖਿਆ ਸੁਧਾਰਕ ਅਫ਼ਸਰ ਇਸ ਸਿਸਟਮ ਦੇ ਫਿੱਟ ਨਹੀਂ ਬੈਠਦਾ ਤਾਂ ਉਸ ਨੂੰ ਵੀ ਬਦਲ ਦਿੱਤਾ ਜਾਂਦਾ ਹੈ। ਜਦੋਂ ਸਿਸਟਮ ਹੀ ਸੁਧਾਰ ਨਹੀਂ ਚਾਹੁੰਦਾ ਤਾਂ ਸਿਰਫ ਅਧਿਆਪਕ ਵਰਗ 'ਤੇ ਉਂਗਲ ਉਠਾਉਣੀ ਕਿਸੇ ਤਰ੍ਹਾਂ ਜਾਇਜ਼ ਨਹੀਂ।


-ਬਲਵੀਰ ਸਿੰਘ ਬਾਸੀਆਂ
ਮੋ: 8437600371


ਭ੍ਰਿਸ਼ਟਾਚਾਰ ਤੋਂ ਮਿਲੇ ਨਿਜਾਤ

ਪਿਛਲੇ ਦਿਨੀਂ ਸੰਗਰੂਰ ਪੁਲਿਸ ਵਿਭਾਗ ਦੇ ਰਿਸ਼ਵਤ ਮਾਮਲੇ ਬਾਰੇ ਪੜ੍ਹਿਆ, ਹਰ ਵਿਭਾਗ ਵਿਚ ਕੁਝ ਇਕ ਅਫ਼ਸਰਾਂ, ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਛੱਡ ਕੇ, ਰਿਸ਼ਵਤ ਨੂੰ ਆਪਣਾ ਹੱਕ ਮੰਨਦੇ ਹਨ। ਅਗਰ ਪੰਜਾਬ ਸਰਕਾਰ ਰਿਸ਼ਵਤ ਤੇ ਭ੍ਰਿਸ਼ਟਾਚਾਰ ਨੂੰ ਕਾਬੂ ਕਰਨ ਵਿਚ ਸਫਲ ਹੋ ਜਾਂਦੀ ਹੈ ਤਾਂ ਬਹੁਤ ਕੁਝ ਥਾਂ ਸਿਰ ਆਪਣੇ ਆਪ ਆ ਜਾਵੇਗਾ। ਜਿਨ੍ਹਾਂ ਵਿਭਾਗਾਂ ਨਾਲ ਆਮ ਬੰਦੇ ਦਾ ਵਾਹ ਵਾਸਤਾ ਪੈਣਾ ਹੀ ਪੈਣਾ ਹੈ, ਉਨ੍ਹਾਂ ਵਿਚ ਮਾਲ ਮਹਿਕਮਾ ਤੇ ਪੁਲਿਸ ਵਿਭਾਗ ਅਹਿਮ ਹਨ। ਇਥੇ ਗੜਬੜੀ ਦੇ ਮੌਕੇ ਵੀ ਵੱਧ ਹਨ, ਜਿਨ੍ਹਾਂ ਲੋਕਾਂ ਨੇ ਗੜਬੜੀ ਕਰਨੀ ਹੁੰਦੀ ਹੈ, ਉਨ੍ਹਾਂ ਨੂੰ ਅਜਿਹੇ ਲੋਕ ਮਿਲ ਹੀ ਜਾਂਦੇ ਹਨ। ਫਿਰ ਸ਼ੁਰੂ ਹੁੰਦਾ ਹੈ ਝੂਠੀਆਂ ਵਸੀਅਤਾਂ ਬਣਾਉਣ ਦਾ ਸਿਲਸਿਲਾ ਝੂਠੇ ਕਾਗਜ਼ਾਤ ਬਣਾਉਣ ਦਾ ਕੰਮ ਤੇ ਸ਼ਰੀਫ ਲੋਕਾਂ ਨੂੰ ਤੰਗ ਕਰਨ, ਉਨ੍ਹਾਂ ਦੀਆਂ ਜ਼ਮੀਨਾਂ ਹਥਿਆਉਣ ਦਾ ਸਿਲਸਿਲਾ। ਪੁਲਿਸ ਵਿਚ ਵੀ ਸ਼ਿਕਾਇਤ ਦਰਜ ਕਰਵਾਉਣੀ ਬੇਹੱਦ ਔਖੀ ਹੁੰਦੀ ਹੈ।
ਅਗਰ ਸਰਕਾਰ ਇਹ ਧਾਰ ਲਵੇ ਕਿ ਜਿਹੜੇ ਰਿਸ਼ਵਤ ਲੈ ਕੇ ਗ਼ਲਤ ਨੂੰ ਠੀਕ ਤੇ ਠੀਕ ਨੂੰ ਗ਼ਲਤ ਕਰਦੇ ਹਨ, ਸਖ਼ਤ ਸਜ਼ਾ ਅਜਿਹੀ ਦੇਵੇ ਕਿ ਦੂਸਰੇ ਅਜਿਹਾ ਕੰਮ ਕਰਨ ਤੋਂ ਪਹਿਲਾਂ, ਇਕ ਵਾਰ ਨਹੀਂ ਸੌ ਵਾਰ ਸੋਚਣ। ਜਿਸ ਨੇ ਅਜਿਹਾ ਕੰਮ ਰਿਸ਼ਵਤ ਦੇ ਕੇ ਕਰਵਾਇਆ ਹੋਵੇ, ਉਸ ਨੂੰ ਵੀ ਸਜ਼ਾ ਦਿੱਤੀ ਜਾਵੇ। ਸਮਾਜ ਵਿਚ ਸਾਰੇ ਚੰਗੇ ਨਹੀਂ ਹੁੰਦੇ ਤੇ ਸਾਰੇ ਬੁਰੇ ਨਹੀਂ ਹੁੰਦੇ, ਪਰ ਇਸ ਵੇਲੇ ਸੰਤੁਲਨ ਵਿਗੜਿਆ ਹੋਇਆ ਹੈ। ਪੰਜਾਬ ਦੇ ਲੋਕ ਸਰਕਾਰ ਤੋਂ ਇਹ ਉਮੀਦ ਲਗਾ ਕੇ ਬੈਠੇ ਹੋਏ ਹਨ ਕਿ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਤੋਂ ਉਨ੍ਹਾਂ ਨੂੰ ਨਿਜ਼ਾਤ ਮਿਲੇ।
ਪੰਜਾਬ ਦੇ ਲੋਕ ਸਰਕਾਰ ਦੇ ਨਾਲ ਹਨ। ਅਖ਼ਬਾਰਾਂ ਤੇ ਚੈਨਲਾਂ ਨੂੰ ਵੀ ਆਪਣੀ ਭੂਮਿਕਾ ਵਧੀਆ ਤਰੀਕੇ ਨਾਲ ਨਿਭਾਉਣੀ ਚਾਹੀਦੀ ਹੈ। ਲੋਕਾਂ ਦੀ ਆਵਾਜ਼ ਬਣੇ ਮੀਡੀਆ। ਸਰਕਾਰ ਵਾਸਤੇ ਇਹ ਚੁਣੌਤੀ ਹੈ। ਲੋਕਾਂ ਵੱਲੋਂ ਕੀਤੀਆਂ ਜਾਂਦੀਆਂ ਸ਼ਿਕਾਇਤਾਂ 'ਤੇ ਸਰਕਾਰ ਉਨ੍ਹਾਂ ਕਰਮਚਾਰੀਆਂ ਤੇ ਅਧਿਕਾਰੀਆਂ 'ਤੇ ਸ਼ਿਕੰਜਾ ਕੱਸੇ। ਸਾਫ਼ ਸੁਥਰੇ ਸਮਾਜ ਵਾਸਤੇ ਇਹ ਕਦਮ ਸਰਕਾਰ ਵੱਲੋਂ ਪੁੱਟਣੇ ਵਕਤ ਦੀ ਮੰਗ ਹੈ।


-ਪ੍ਰਭਜੋਤ ਕੌਰ ਢਿੱਲੋਂ
ਮੋ: 98150-30221.

19/04/2017

 ਘਟ ਰਹੀ ਹਰਿਆਵਲ
ਅੱਜ ਦੇ ਵਾਤਾਵਰਨ ਦਾ ਦ੍ਰਿਸ਼ ਸਾਡੀ ਗੁਰਬਾਣੀ ਤੋਂ ਬਿਲਕੁੱਲ ਉਲਟ ਜਾਪਦਾ ਹੈ-ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਗੁਰਮਤਿ ਮਰਯਾਦਾ ਦੇ ਉਲਟ ਅਸੀਂ ਆਪਣੀ ਹਵਾ ਨੂੰ ਫੈਕਟਰੀਆਂ, ਵਾਹਨਾਂ ਅਤੇ ਜ਼ਹਿਰੀਲੀਆਂ ਗੈਸਾਂ ਨਾਲ ਪ੍ਰਦੂਸ਼ਿਤ ਕਰ ਰਹੇ ਹਾਂ। ਪਾਣੀ ਨੂੰ ਬੇਹੱਦ ਗੰਧਲਾ ਕਰ ਰਹੇ ਹਾਂ। ਮਿੱਟੀ ਵਿਚਲੇ ਜ਼ਰੂਰੀ ਤੱਤਾਂ ਨੂੰ ਖ਼ਤਮ ਕਰਕੇ ਮਾਰੂ ਰਸਾਇਣਾਂ ਨਾਲ ਭਰਪੂਰ ਬਣਾ ਰਹੇ ਹਾਂ। ਅਜਿਹਾ ਕਰਨ ਦੇ ਬਾਵਜੂਦ ਅਸੀਂ ਬੇਧਿਆਨੇ ਅਤੇ ਬੇਪ੍ਰਵਾਹ ਹੋ ਰਹੇ ਹਾਂ। ਅਸੀਂ ਇਹ ਸਭ ਕਰਨ ਦੇ ਬਾਵਜੂਦ ਅਜਿਹਾ ਹੀ ਕਹਿੰਦੇ ਹਾਂ ਕਿ ਕੁਦਰਤ ਕਿਉਂ ਸਾਡੇ ਉੱਤੇ ਮਿਹਰਬਾਨ ਨਹੀਂ ਰਹੀ? ਤੇਜ਼ੀ ਨਾਲ ਹੋ ਰਿਹਾ ਸ਼ਹਿਰੀਕਰਨ ਅਤੇ ਮਸ਼ੀਨੀਕਰਨ ਸਾਡੀਆਂ ਤਰਜੀਹਾਂ ਤਾਂ ਬਦਲ ਰਿਹਾ ਹੈ, ਪਰ ਸਾਡੀ ਧਰਤੀ ਵਿਚ ਵੀ ਵਿਗਾੜઠਪਾ ਰਿਹਾ ਹੈ। ਸਾਡੀ ਲਾਪਰਵਾਹੀ ਅਤੇ ਬੇਪਰਵਾਹੀ ਕਾਰਨ ਸਮੁੱਚੀ ਹਰਿਆਵਲ ਹੀ ਘਟ ਰਹੀ ਹੈ। ਅਬਾਦੀ ਦੇ ਜ਼ਿਆਦਾ ਵਧਣ ਕਾਰਨ ਜਨਸੰਖਿਆ ਵਿਸਫੋਟ ਹੋਣ ਦਾ ਡਰ ਵਧ ਰਿਹਾ ਹੈ। ਦਰੱਖਤਾਂ ਦੀ ਕਟਾਈ ਕਾਰਨ ਹਰਿਆਵਲ ਅਤੇ ਆਕਸੀਜਨ ਘਟ ਰਹੀ ਹੈ। ਇਸ ਦੇ ਉਲਟ ਪ੍ਰਦੂਸ਼ਣ ਅਤੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧ ਰਹੀ ਹੈ।
ਇਹ ਮਸਲਾ ਕੌਮਾਂਤਰੀ ਪੱਧਰ 'ਤੇ ਵੀ ਏਨਾ ਗੰਭੀਰ ਹੋ ਚੁੱਕਾ ਹੈ ਕਿ ਇਸ ਸਬੰਧੀ ਲੋਕਾਂ ਵਿਚ ਚੇਤਨਾ ਪੈਦਾ ਕੀਤੀ ਜਾ ਰਹੀ ਹੈ। 1972 ਵਿਚ ਸੰਯੁਕਤ ਰਾਸ਼ਟਰ ਸੰਘ ਦੁਆਰਾ ਸਟਾਕਹੋਮ ਵਿਚ ਵਾਤਾਵਰਨ ਸੰਭਾਲઠਲਈ ਕਾਨਫ਼ਰੰਸ ਵੀ ਕੀਤੀ ਗਈ ਸੀ। ਇਸ ਕਰਕੇ 5 ਜੂਨ ਨੂੰ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ।
ਅੰਤ ਸਾਨੂੰ ਇਹ ਹੀ ਉਪਰਾਲੇ ਕਰਨੇ ਚਾਹੀਦੇ ਹਨ, ਜਿਸ ਨਾਲ ਬਦਲਦੀ ਹਰਿਆਵਲ ਦੇ ਦ੍ਰਿਸ਼ ਨੂੰ ਮੁੜ ਪਹਿਲਾਂ ਵਾਂਗ ਖੁਸ਼ਹਾਲ ਅਤੇ ਜਿਊਣਯੋਗ ਕੀਤਾ ਜਾ ਸਕੇ। ਸਾਨੂੰ ਸਾਰਿਆਂ ਨੂੰ ਸਿਹਤਮੰਦ, ਸੁਚੇਤ ਅਤੇ ਉਸਾਰੂ ਯਤਨਾਂ ਦੁਆਰਾ ਆਪਣੀ ਹਰਿਆਵਲ ਨੂੰ ਵਧਾਉਣ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ।


-ਹੋਮਪ੍ਰੀਤ ਕੌਰ,
ਗੁਰੂ ਨਾਨਕ ਕਾਲਜ ਫਾਰ ਗਰਲਜ਼, ਸ੍ਰੀ ਮੁਕਤਸਰ ਸਾਹਿਬ।


ਮਾਇਕ ਮਦਦ ਦੀ ਲੋੜ
ਪਿਛਲੇ ਦਿਨੀਂ 'ਅਜੀਤ' ਵਿਚ ਪ੍ਰਕਾਸ਼ਿਤ ਆਜ਼ਾਦੀ ਵਾਸਤੇ ਚੱਲ ਰਹੇ ਜ਼ੋਰਦਾਰ ਕੌਮੀ ਸੰਘਰਸ਼ ਦੌਰਾਨ ਵਿਦੇਸ਼ੀ ਅੰਗਰੇਜ਼ੀ ਸਰਕਾਰ ਵੱਲੋਂ ਵਰਤਾਏ ਗਏ ਘੋਰ ਜ਼ੁਲਮੀ ਸਾਕੇ ਦੀ ਰਿਪੋਰਟ ਨੇ ਜਿਥੇ ਅੱਖਾਂ ਨਮ ਕੀਤੀਆਂ, ਉਥੇ ਦੋ ਸ਼ਹੀਦਾਂ ਦੀਆਂ ਸੁਪਤਨੀਆਂ ਇਸ ਕਾਂਡ 'ਚ ਸਰਕਾਰ ਵੱਲੋਂ ਸ਼ਹੀਦਾਂ ਦੇ ਵਾਰਸਾਂ ਨੂੰ ਐਲਾਨੀ ਗਈ ਸਹਾਇਤਾ ਰਾਸ਼ੀ ਨੂੰ ਠੁਕਰਾਉਣ ਵਾਲੀਆਂ ਔਰਤਾਂ ਬੀਬੀ ਅਤਰ ਕੌਰ ਅਤੇ ਬੀਬੀ ਰਤਨ ਦੇਈ ਦੇ ਕੌਮੀ ਗੌਰਵ ਨੂੰ ਬਰਕਰਾਰ ਰੱਖਣ ਹਿਤ ਸਿਦਕ ਤੇ ਅਥਾਹ ਸੰਘਰਸ਼ ਬਾਰੇ ਪੜ੍ਹ ਕੇ ਮੈਨੂੰ ਹੀ ਨਹੀਂ, ਸਗੋਂ ਸਭਨਾਂ ਪਾਠਕਾਂ ਨੂੰ ਭਰਪੂਰ ਮਾਣ ਹੋਣਾ ਸੁਭਾਵਿਕ ਹੈ ਅਜਿਹੇ ਪਰਿਵਾਰਾਂ ਦੇ ਮੌਜੂਦਾ ਮਜਬੂਰ ਜੀਆਂ ਦੀ ਉਨ੍ਹਾਂ ਦਾ ਸਵੈਮਾਣ ਕਾਇਮ ਰੱਖਦਿਆਂ ਮਾਇਕ ਤੇ ਹੋਰ ਲੋੜੀਂਦੀ ਮਦਦ ਕਰਨਾ ਮੌਜੂਦਾ ਸਰਕਾਰ ਦਾ ਕੌਮੀ ਫ਼ਰਜ਼ ਹੈ। ਅਣਖੀਲੇ ਲੋਕ ਖ਼ੁਦ ਸਾਡੇ ਅੱਗੇ ਕਦੇ ਵੀ ਮਦਦ ਲਈ ਹੱਥ ਨਹੀਂ ਫੈਲਾਉਣਗੇ।


-ਸੁਰਿੰਦਰ ਸਿੰਘ ਨਿਮਾਣਾ
ਅੰਮ੍ਰਿਤਸਰ।

18/04/2017

 ਧਰਤੀ ਨਾਲ ਧੱਕੇਸ਼ਾਹੀ ਬੰਦ ਕਰੋ
ਧਰਤੀ ਦਇਆਵਾਨ ਹੈ, ਫ਼ਸਲਾਂ ਤੇ ਨਸਲਾਂ ਲਈ ਵਰਦਾਨ ਹੈ। ਭਵਿੱਖ ਲਈ ਧਰਤੀ ਦੀ ਸਿਹਤ ਤੇ ਸੁੰਦਰਤਾ ਲਈ ਚਿੰਤਾ ਤੇ ਚਿੰਤਨ ਦੀ ਲੋੜ ਹੈ। ਸਹਿਜ ਤੇ ਧੀਰਜ ਨਾਲ ਧਰਤੀ ਦੀ ਤਪਸ਼ ਨੂੰ ਇਸ 'ਤੇ ਵਧ ਰਹੇ ਭਾਰ ਨੂੰ ਘਟਾਓ। ਧਰਤੀ ਕਰਕੇ ਹੀ ਅਸੀਂ ਧਨੀ ਹਾਂ। ਧਰਤੀ ਸਾਨੂੰ ਸਿਹਤ ਤੇ ਸ਼ਕਤੀ ਦਿੰਦੀ ਹੈ। ਸਾਡਾ ਜੀਵਨ, ਪ੍ਰਕਿਰਤੀ ਕਰਕੇ ਹੀ ਹੈ। ਜਿਥੇ ਜੀਵਨ ਜਿਊਂਦਾ ਹੋਵੇ, ਜਾਗਦਾ ਹੋਵੇ, ਉਗਦਾ ਹੋਵੇ, ਉਥੇ ਅੱਗਾਂ ਦਾ ਕੀ ਕੰਮ, ਧਰਤੀ ਮਾਂ ਤਾਂ ਧੀਆਂ ਵਰਗੀਆਂ ਫ਼ਸਲਾਂ ਨੂੰ ਜਨਮ ਦਿੰਦੀ ਹੈ। ਉਸ ਦੀ ਕੁੱਖ ਨੂੰ ਬਾਂਝ ਨਾ ਕਰੋ। ਧਰਤੀ ਦੀ ਚਾਦਰ 'ਤੇ ਕੋਈ ਧੱਬਾ ਨਾ ਲਾਓ। ਸਗੋਂ ਇਸ ਨੂੰ ਰੁੱਖਾਂ ਨਾਲ, ਫੁੱਲਾਂ ਨਾਲ ਫਲਾਂ ਕੁਦਰਤੀ ਵਸਤਾਂ ਨਾਲ ਸਜਾਓ, ਚਮਕਾਓ ਤੇ ਸ਼ਿੰਗਾਰੋ, ਫਿਰ ਦੇਖੋ ਨਤੀਜੇ ਕਿੰਨੇ ਵਧੀਆ ਹੋਣਗੇ। ਨਕਲੀ ਤੇ ਬਨਾਉਟੀਪਣ ਤੋਂ ਦੂਰੀਆਂ ਕਰਕੇ, ਕਾਦਰ ਦੀ ਕੁਦਰਤ ਨਾਲ ਸਾਂਝਾਂ ਪਾਓ। ਪ੍ਰਕਿਰਤੀ ਨਾਲ ਪਾਕਿ ਮੁਹੱਬਤਾਂ ਪਾ ਕੇ ਧਰਤੀ ਨਾਲ ਹੁੰਦੀ ਧੱਕੇਸ਼ਾਹੀ ਨੂੰ ਬੰਦ ਕਰੋ। ਅੱਜ ਲਾਈ ਅੱਗ ਨਾਲ ਸਾਡਾ ਅੱਗਾ ਸੁਆਹ ਬਣ ਜਾਵੇਗਾ। ਕੁਦਰਤ ਦੀ ਰਜ਼ਾ ਵਿਚ ਰਹਿਣ ਵਾਲੇ ਜੀਵ-ਜੰਤੂਆਂ ਦੀ ਮਿੱਤਰਤਾ ਨੂੰ ਪਛਾਣੋ। ਧਰਤੀ ਦੀਆਂ ਸ਼ਕਤੀਆਂ ਦੀ ਕਿਰਪਾ ਦਾ ਅਨੰਦ ਮਾਣੋ। ਅਮੀਨ!

-ਸਨੇਹਇੰਦਰ ਮੀਲੂ ਫਰੌਰ
ਮੋ: 93163-17356.

ਅਖ਼ਬਾਰਾਂ ਤੇ ਕਿਤਾਬਾਂ ਲਾਜ਼ਮੀ ਪੜ੍ਹੋ
ਪਿਛਲੇ ਦਿਨੀਂ ਮੈਗਜ਼ੀਨ ਅੰਕ ਵਿਚ ਡਾ: ਹਰਨੇਕ ਸਿੰਘ ਕੋਮਲ ਦਾ ਲੇਖ 'ਪੁਸਤਕ ਪ੍ਰੇਮ ਤੋਂ ਸੱਖਣੇ ਹੋ ਰਹੇ ਲੋਕ' ਪੜ੍ਹਨਯੋਗ ਸੀ। ਜ਼ਿਆਦਾਤਰ ਲੋਕ ਸਕੂਲ ਜਾਂ ਕਾਲਜ ਪੜ੍ਹਨ ਤੋਂ ਬਾਅਦ ਪੁਸਤਕ ਪੜ੍ਹਨੀ ਹੀ ਬੰਦ ਕਰ ਦਿੰਦੇ ਹਨ। ਕਈ ਲੋਕ ਏਨੇ ਆਲਸੀ ਹੁੰਦੇ ਹਨ ਕਿ ਉਹ ਅਖ਼ਬਾਰ ਵੀ ਨਹੀਂ ਪੜ੍ਹਦੇ। ਢਾਣੀ ਵਿਚ ਬੈਠੇ ਲੋਕ ਦੂਜੇ ਨੂੰ ਕਹਿਣਗੇ ਖ਼ਬਰ ਪੜ੍ਹ ਕੇ ਸੁਣਾ ਦੇ। ਬਹੁਤੇ ਲੋਕਾਂ ਨੂੰ ਜਦੋਂ ਪੁੱਛਦੇ ਹਾਂ ਕਿ ਤੁਸੀਂ ਘਰ ਕੋਈ ਅਖ਼ਬਾਰ ਲਗਵਾਇਆ ਹੈ ਤਾਂ ਜਵਾਬ ਦੇਣਗੇ ਹੁਣ ਤੇ ਐਨੇ ਟੀ.ਵੀ. ਚੈਨਲ ਹਨ, ਬਸ ਉਸ ਤੋਂ ਖ਼ਬਰਾਂ ਦੇਖ ਲਈ ਦੀਆਂ ਹਨ। ਅਖ਼ਬਾਰ ਤੇ ਪੁਸਤਕ ਬਗੈਰ ਮਨੁੱਖ ਦਾ ਜੀਵਨ ਅਧੂਰਾ ਹੈ। ਅਸੀਂ ਕੋਈ ਵੀ ਕੰਮ ਸਿੱਖਣਾ ਹੋਵੇ ਤਾਂ ਵੀ ਪੁਸਤਕ ਦਾ ਸਹਾਰਾ ਲੈਂਦੇ ਹਾਂ। ਜੋ ਲੋਕ ਪੁਸਤਕ ਜਾਂ ਅਖ਼ਬਾਰ ਨਹੀਂ ਪੜ੍ਹਦੇ, ਉਹ ਸਮਾਜ ਵਿਚ ਕਾਫੀ ਪਛੜ ਜਾਂਦੇ ਹਨ। ਜ਼ਿਆਦਾ ਤੋਂ ਜ਼ਿਆਦਾ ਲਾਇਬ੍ਰੇਰੀਆਂ ਖੋਲ੍ਹਣ ਦਾ ਪ੍ਰਚਾਰ ਤੇ ਸਹਾਇਤਾ ਵੀ ਕਰਨੀ ਚਾਹੀਦੀ ਹੈ। ਪੜ੍ਹਨਾ ਹੀ ਜ਼ਿੰਦਗੀ ਹੈ।

-ਹਰਜਿੰਦਰਪਾਲ ਸਿੰਘ
ਜਵੱਦੀ ਕਲਾਂ, ਲੁਧਿਆਣਾ।

ਈ.ਡੀ. ਦੀ ਕਾਰਵਾਈ
ਪੰਜਾਬ ਵਿਚ ਨਸ਼ਿਆਂ ਦਾ ਜੋ ਬੋਲਬਾਲਾ ਹੈ, ਉਸ ਦਾ ਰੌਲਾ-ਰੱਪਾ ਤਾਂ ਲੰਮੇ ਸਮੇਂ ਤੋਂ ਪੈ ਰਿਹਾ ਸੀ ਪਰ ਸਿਆਸੀ ਕਾਰਨਾਂ ਕਰਕੇ ਸ਼ਾਇਦ ਇਸ ਨੂੰ ਬਹੁਤੇ ਮੰਨਦੇ ਨਹੀਂ ਸਨ। ਹਾਲਾਂ ਕਿ ਨਸ਼ਿਆਂ ਦੇ ਸਬੰਧ ਵਿਚ ਜੋ ਕੁਝ ਪੰਜਾਬ ਦੀ ਧਰਤੀ 'ਤੇ ਵਾਪਰ ਰਿਹਾ ਹੈ, ਉਹ ਕਿਸੇ ਤੋਂ ਲੁਕਿਆ-ਛਿਪਿਆ ਵੀ ਨਹੀਂ ਹੈ। ਅਨੇਕਾਂ ਜਵਾਨੀਆਂ, ਅਨੇਕਾਂ ਘਰ ਨਸ਼ਾ ਰੂਪੀ ਦੈਂਤ ਨੇ ਤਬਾਹ ਕਰ ਦਿੱਤੇ ਹਨ ਪਰ ਕਾਰਵਾਈ ਬਹੁਤ ਹੌਲੀ ਜਾਂ ਗ਼ਲਤ ਹੋਈ। ਪਿਛਲੇ ਦਿਨੀਂ ਪੰਜਾਬ ਦੇ ਈ.ਡੀ. ਵਿਭਾਗ ਨੇ 62 ਕਰੋੜ ਦੀ ਜਾਇਦਾਦ ਜ਼ਬਤ ਉਨ੍ਹਾਂ ਦੀ ਕੀਤੀ ਹੈ, ਜਿਨ੍ਹਾਂ ਦਾ ਨਾਂਅ ਨਸ਼ੇ ਦੇ ਕਾਰੋਬਾਰ ਨਾਲ ਜੁੜਦਾ ਸੀ। ਜੇ ਹੁਣ ਇਸ ਮਸਲੇ 'ਤੇ ਈ.ਡੀ. ਨੇ ਆਜ਼ਾਦ ਹੋ ਕੇ ਕਾਰਵਾਈ ਕੀਤੀ ਹੈ ਤਾਂ ਅਸੀਂ ਤਹਿ ਦਿਲੋਂ ਇਸ ਦਾ ਸਵਾਗਤ ਕਰਦੇ ਹਾਂ ਤੇ ਉਨ੍ਹਾਂ ਦੇ ਸ਼ੁਕਰਗੁਜ਼ਾਰ ਵੀ ਹਾਂ ਤਾਂ ਕਿ ਇਸ ਨਸ਼ੇ ਕਾਰਨ ਹੋਣ ਵਾਲੇ ਹੋਰ ਨੁਕਸਾਨ ਨੂੰ ਠੱਲ੍ਹ ਪਾਈ ਜਾ ਸਕੇ। ਸ਼ਾਇਦ ਸਰਕਾਰ ਦੀ ਸਖ਼ਤੀ ਨਾਲ ਨਸ਼ਾ ਰੁਕ ਸਕੇ ਤੇ ਪੰਜਾਬ ਦੀ ਜਵਾਨੀ ਬਚਾਈ ਜਾ ਸਕੇ ਤੇ ਪੰਜਾਬ ਬਚਦਾ ਰਹਿ ਕੇ ਵਸਦਾ ਰਹਿ ਸਕੇ।

-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ, ਲੁਧਿਆਣਾ।

14/04/2017

 ਭਾਸ਼ਾ ਦਾ ਸਤਿਕਾਰ ਹੋਵੇ
ਪੰਜਾਬ ਵਿਚ ਬਣੀ ਨਵੀਂ ਸਰਕਾਰ 'ਚ ਪੰਜਾਬ ਦੀ ਸਿੱਖਿਆ ਤੇ ਭਾਸ਼ਾ ਬਾਰੇ ਰਾਜ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਦਾ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ। ਪਰ ਉਦੋਂ ਦੁੱਖ ਹੋਇਆ ਜਦੋਂ ਉਨ੍ਹਾਂ ਨੇ ਵਜ਼ਾਰਤੀ ਅਹੁਦੇ ਦੀ ਸਹੁੰ ਹਿੰਦੀ ਭਾਸ਼ਾ 'ਚ ਅਤੇ ਵਿਧਾਨ ਸਭਾ 'ਚ ਵਿਧਾਇਕਾ ਵਜੋਂ ਸਹੁੰ ਅੰਗਰੇਜ਼ੀ ਵਿਚ ਚੁੱਕੀ। ਸ਼ਾਇਦ ਅਜਿਹਾ ਕਰਕੇ ਉਨ੍ਹਾਂ ਨੇ ਆਪਣੀ ਸ਼ਾਨ ਤੇ ਵਡੱਪਣ ਸਮਝਿਆ ਹੋਵੇਗਾ। ਸਵਾਲ ਇਹ ਉੱਠਦਾ ਹੈ ਕਿ ਵੋਟਾਂ ਤਾਂ ਤੁਸੀਂ ਪੰਜਾਬੀਆਂ ਕੋਲੋਂ ਪੰਜਾਬੀ ਭਾਸ਼ਾ 'ਚ ਮੰਗੀਆਂ ਪਰ ਚੁਣੇ ਜਾਣ ਤੋਂ ਤੁਰੰਤ ਬਾਅਦ ਪੰਜਾਬੀ ਭਾਸ਼ਾ ਤੋਂ ਬੇਮੁਖ ਕਿਵੇਂ ਹੋ ਗਏ? ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬੀ ਸੂਬਾ ਭਾਸ਼ਾ ਦੇ ਆਧਾਰ 'ਤੇ ਪੰਜਾਬੀਆਂ ਦੇ ਵੱਡੇ ਸੰਘਰਸ਼ਾਂ ਤੋਂ ਬਾਅਦ ਹੋਂਦ ਵਿਚ ਆਇਆ ਸੀ। ਇਸੇ ਤਰ੍ਹਾਂ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਲੇਖਕ ਪੰਜਾਬੀ ਭਾਸ਼ਾ ਨੂੰ ਸੂਬੇ ਵਿਚ ਰਾਜ ਭਾਸ਼ਾ ਦਾ ਦਰਜਾ ਦਿਵਾਉਣ ਲਈ ਜੱਦੋ-ਜਹਿਦ ਕਰਦੇ ਆ ਰਹੇ ਹਨ। ਸਾਨੂੰ ਪੰਜਾਬੀ ਹੋਣ ਤੇ ਪੰਜਾਬੀ ਬੋਲਣ 'ਤੇ ਮਾਣ ਮਹਿਸੂਸ ਹੋਣਾ ਚਾਹੀਦਾ ਹੈ। ਪੰਜਾਬੀ ਭਾਸ਼ਾ ਦੀ ਦੁਰਦਸ਼ਾ ਨੂੰ ਸਵੀਕਾਰਿਆ ਨਹੀਂ ਜਾ ਸਕਦਾ। ਅੱਜ ਪੰਜਾਬ ਸਰਕਾਰ ਤੋਂ ਪੰਜਾਬੀ ਹਿਤੈਸ਼ੀਆਂ ਦੀ ਪੁਰਜ਼ੋਰ ਮੰਗ ਹੈ ਕਿ ਪੰਜਾਬੀ ਭਾਸ਼ਾ ਦੇ ਸਤਿਕਾਰ ਨੂੰ ਹਰ ਹਾਲ ਕਾਇਮ ਰੱਖਿਆ ਜਾਵੇ।


-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਮਨੁੱਖੀ ਵਿਹਾਰ
ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬੀਆਂ ਨੂੰ ਸਾਰੇ ਸੰਸਾਰ ਵਿਚ ਇਨ੍ਹਾਂ ਦੇ ਖੁੱਲ੍ਹੇ-ਡੁੱਲ੍ਹੇ ਸੁਭਾਅ ਅਤੇ ਮਿਲਣਸਾਰ ਵਿਹਾਰ ਕਰਕੇ ਜਾਣਿਆ ਜਾਂਦਾ ਹੈ। ਪੰਜਾਬੀਆਂ ਦਾ ਖੁੱਲ੍ਹੇ-ਡੁੱਲ੍ਹੇ ਅਤੇ ਮਿਲਣਸਾਰ ਸੁਭਾਅ ਵਾਲੀ ਖਾਸੀਅਤ ਹੀ ਇਨ੍ਹਾਂ ਨੂੰ ਹੋਰਨਾਂ ਪ੍ਰਾਂਤਾਂ ਦੇ ਲੋਕਾਂ ਨਾਲੋਂ ਅਲੱਗ ਕਰਦੀ ਆਈ ਹੈ, ਪਰ ਮੌਜੂਦਾ ਸਮੇਂ ਦੀ ਜੇ ਗੱਲ ਕਰੀਏ ਤਾ ਰੋਜ਼ਾਨਾ ਜ਼ਿੰਦਗੀ ਵਿਚ ਪੰਜਾਬੀਆਂ ਦਾ ਵਿਹਾਰ ਲੜਾਕੂ ਬਣ ਚੁੱਕਾ ਹੈ। ਸਹਿਣਸ਼ੀਲਤਾ ਖ਼ਤਮ ਹੋ ਚੁੱਕੀ ਹੈ, ਇਕ-ਦੂਜੇ ਪ੍ਰਤੀ ਆਦਰ ਸਤਿਕਾਰ ਦੀ ਭਾਵਨਾ ਵੀ ਦਮ ਤੋੜਦੀ ਜਾਪਦੀ ਹੈ। ਜਦੋਂ ਧਾਰਮਿਕ ਸਮਾਗਮ ਹੁੰਦੇ ਹਨ ਤਾਂ ਉੱਥੇ ਸੇਵਾ ਕਰਨ ਵਾਲੇ ਪੰਜਾਬੀਆਂ ਦਾ ਸੁਭਾਅ ਬੇਹੱਦ ਨਿਮਰਤਾ, ਸਹਿਣਸ਼ੀਲਤਾ ਅਤੇ ਸਤਿਕਾਰ ਭਾਵਨਾ ਨਾਲ ਭਰਿਆ ਹੁੰਦਾ ਹੈ। ਇਸ ਮੌਕੇ ਇਨ੍ਹਾਂ ਨੂੰ ਦੇਖ ਕੇ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਇਨ੍ਹਾਂ ਤੋਂ ਚੰਗੇ ਵਿਹਾਰ ਵਾਲਾ ਵਿਅਕਤੀ ਹੋ ਹੀ ਨਹੀਂ ਸਕਦਾ, ਪਰ ਜੇਕਰ ਇਨ੍ਹਾਂ ਹੀ ਪੰਜਾਬੀਆਂ ਦਾ ਵਿਹਾਰ ਜਨਤਕ ਸਥਾਨਾਂ, ਟ੍ਰੈਫਿਕ ਵਾਲੇ ਸਥਾਨਾਂ, ਬੱਤੀਆਂ ਵਾਲੇ ਚੌਕਾਂ, ਪਾਰਕਿੰਗ ਵਾਲੇ ਸਥਾਨਾਂ ਆਦਿ ਉੱਤੇ ਦੇਖਿਆ ਜਾਵੇ ਤਾਂ ਇਸ ਮੌਕੇ ਸਹਿਣਸ਼ੀਲਤਾ, ਬੋਲੀ, ਨਿਮਰਤਾ, ਲਿਆਕਤ ਆਦਿ ਸਭ ਕੁਝ ਮਨਫ਼ੀ ਹੋ ਚੁੱਕਾ ਨਜ਼ਰ ਆਉਂਦਾ ਹੈ। ਇਕ ਮਿੰਟ ਵਿਚ ਹੀ ਨਿੱਕੀ ਜਿਹੀ ਗੱਲ 'ਤੇ ਝਗੜੇ ਦਾ ਵਾਤਾਵਰਨ ਪੈਦਾ ਕਰ ਲਿਆ ਜਾਂਦਾ ਹੈ। ਕਿੰਨਾ ਚੰਗਾ ਹੋਵੇ ਜੇਕਰ ਧਾਰਮਿਕ ਸਥਾਨਾਂ ਦੇ ਨਾਲ-ਨਾਲ ਜਨਤਕ ਸਥਾਨਾਂ ਅਤੇ ਰੋਜ਼ਾਨਾ ਜ਼ਿੰਦਗੀ ਵਿਚ ਵੀ ਪੰਜਾਬੀਆਂ ਦਾ ਵਿਹਾਰ ਏਨਾ ਚੰਗਾ ਬਣ ਜਾਵੇ ਕਿ ਉਨ੍ਹਾਂ ਸਥਾਨਾਂ 'ਤੇ ਮੌਜੂਦ ਬੱਚੇ ਵੀ ਕੁਝ ਨਵਾਂ ਅਤੇ ਵਧੀਆ ਸਿੱਖਣ ਅਤੇ ਸਾਡੇ ਸਮਾਜ ਲਈ ਚੰਗੀ ਉਦਾਹਰਣ ਬਣ ਜਾਣ।


-ਕੁਲਵੰਤ ਸਿੰਘ ਲੋਹਗੜ੍ਹ
ਜ਼ਿਲ੍ਹਾ ਬਰਨਾਲਾ।

13/04/2017

 ਬੱਚਿਆਂ ਦਾ ਬਚਪਨ ਗਿਆ
ਪਿਛਲੇ ਦਿਨੀਂ ਲਖਵਿੰਦਰ ਸਿੰਘ ਰਈਆ ਦਾ ਉਸਾਰੂ ਲੇਖ 'ਲੋੜ ਹੈ ਸਿੱਖਿਆ ਰੂਪੀ ਅੰਗੂਰ ਨੂੰ ਮਿੱਠਾ ਕਰਨ ਦੀ' ਸਿਰਲੇਖ ਹੇਠ ਪੜ੍ਹਿਆ। ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਬੱਚਿਆਂ ਦਾ ਬਚਪਨ ਪੜ੍ਹਾਈ ਨਾਂਅ ਦੇ ਲਫ਼ਜ਼ ਨੇ ਨਿਗਲ ਲਿਆ ਹੈ। ਅਜੇ ਬੱਚਾ 2+ ਦਾ ਹੁੰਦਾ ਹੀ ਹੈ ਕਿ ਕੰਪੀਟੀਸ਼ਨ ਦੀ ਦੌੜ ਦੌੜਦਾ ਸਮਾਜ ਉਨ੍ਹਾਂ ਨੂੰ ਸਕੂਲ ਵਿਚ ਭਰਤੀ ਕਰਵਾ ਦਿੰਦਾ ਹੈ। ਉਨ੍ਹਾਂ ਦੀਆਂ ਕਿਤਾਬਾਂ ਤੇ ਬੈਗ ਦਾ ਭਾਰ ਉਨ੍ਹਾਂ ਦੇ ਖ਼ੁਦ ਦੇ ਭਾਰ ਤੋਂ ਵੱਧ ਹੁੰਦਾ ਹੈ। ਸਕੂਲ ਸਮਾਂ ਪੜ੍ਹਾਈ, ਟਿਊਸ਼ਨ ਪੜ੍ਹਾਈ ਫਿਰ ਰਹਿੰਦੀ ਕਸਰ ਘਰ ਆ ਕੇ ਫਿਰ ਪੜ੍ਹਾਈ। ਬੇਸ਼ੱਕ ਤਰੱਕੀ ਲਈ ਉੱਚ ਵਿੱਦਿਆ ਬਹੁਤ ਜ਼ਰੂਰੀ ਹੈ ਪਰ ਅਜੋਕੇ ਸਮੇਂ ਵਿਚ ਬੱਚਾ ਜਿਥੇ ਸਰੀਰਕ ਤੌਰ 'ਤੇ ਕਮਜ਼ੋਰ ਹੋ ਰਿਹਾ ਹੈ, ਉਥੇ ਮਾਨਸਿਕ ਤੌਰ 'ਤੇ ਵੀ ਉਸ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਸਰਕਾਰਾਂ ਨੂੰ ਬੱਚਿਆਂ ਦੇ ਵਿਕਾਸ ਹਿਤ ਉਸਾਰੂ ਨੀਤੀਆਂ ਅਪਣਾਉਣੀਆਂ ਚਾਹੀਦੀਆਂ ਹਨ। ਲੇਖ ਉਸਾਰੂ ਤੇ ਗਿਆਨਬੱਧ ਹੋ ਨਿਬੜਿਆ।


-ਮਨਜੀਤ ਸਿੰਘ ਭਾਮ
ਸੂਬਾ ਪ੍ਰਧਾਨ, ਮਨੁੱਖੀ ਅਧਿਕਾਰ ਸੰਗਠਨ, ਪੰਜਾਬ।


ਨਿੱਜੀ ਸਕੂਲਾਂ ਵੱਲੋਂ ਲੁੱਟ
ਸਕੂਲਾਂ ਵਿਚ ਨਵੀਆਂ ਜਮਾਤਾਂ ਸ਼ੁਰੂ ਹੋ ਗਈਆਂ ਹਨ। ਮਿਹਨਤੀ ਲੋਕਾਂ ਵਿਚ ਆਪਣੇ ਬੱਚਿਆਂ ਦੇ ਦਾਖ਼ਲੇ, ਫੀਸਾਂ, ਕਿਤਾਬਾਂ, ਵਰਦੀਆਂ ਆਦਿ ਲਈ ਫ਼ਿਕਰ ਬਣਿਆ ਹੋਇਆ ਹੈ। ਅੱਜ ਹਰ ਕੋਈ ਚਾਹੁੰਦਾ ਹੈ ਕਿ ਮੇਰਾ ਬੱਚਾ ਚੰਗੇ ਸਕੂਲ ਵਿਚ ਚੰਗੀ ਸਿੱਖਿਆ ਹਾਸਲ ਕਰੇ। ਵਿੱਦਿਆ ਦੇ ਨਾਂਅ 'ਤੇ ਨਿੱਜੀ ਸਕੂਲਾਂ ਨੇ ਲੁੱਟ ਮਚਾ ਰੱਖੀ ਹੈ। 50 ਫ਼ੀਸਦੀ ਵਰਦੀਆਂ, ਕਿਤਾਬਾਂ ਆਦਿ 'ਚੋਂ ਕਮਿਸ਼ਨ, ਸਾਰਾ ਸਾਲ ਫੰਕਸ਼ਨਾਂ ਦੇ ਨਾਂਅ 'ਤੇ ਲੁੱਟ। ਹੱਦੋਂ ਵੱਧ ਪੇਪਰਾਂ ਦੇ ਪੈਸੇ। ਹੈ ਕੋਈ ਇਨ੍ਹਾਂ ਨੂੰ ਪੁੱਛਣ ਵਾਲਾ? ਸਰਕਾਰ ਚੁੱਪ ਧਾਰੀ ਬੈਠੀ ਹੈ। ਸਾਰਾ ਸਾਲ ਬੱਚੇ ਟਿਊਸ਼ਨਾਂ ਪੜ੍ਹਦੇ ਨੇ। ਖੇਡਣ ਮੱਲ੍ਹਣ ਲਈ ਬੱਚਿਆਂ ਕੋਲ ਸਮਾਂ ਨਹੀਂ ਰਿਹਾ। ਸਰੀਰਕ ਵਿਕਾਸ ਕੀ ਹੋਵੇ? ਬੱਚੇ ਤਾਂ ਉਸੇ ਸਕੂਲ 'ਚ ਹੀ ਅਗਲੀਆਂ ਜਮਾਤਾਂ ਵਿਚ ਹੋਏ ਹਨ ਫਿਰ ਦਾਖ਼ਲਾ ਕਾਹਦਾ? ਦੋ ਮਹੀਨੇ ਬੱਚਿਆਂ ਨੂੰ ਛੁੱਟੀਆਂ, ਵੈਨ ਚਾਰਜਿਜ਼ ਪੂਰੇ। ਵਿੱਦਿਆ ਦੇ ਨਾਂਅ 'ਤੇ ਲੁੱਟ ਬੰਦ ਹੋਣੀ ਚਾਹੀਦੀ ਹੈ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਸਰਕਾਰੀ ਸਕੂਲਾਂ ਦੀ ਦਸ਼ਾ ਸੁਧਾਰਨ ਦਾ ਯਤਨ ਕਰੇ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਭ੍ਰਿਸ਼ਟਾਚਾਰ ਅਤੇ ਸਮਾਜ
ਅਜੋਕੇ ਸਮੇਂ ਸਾਡਾ ਸਮਾਜ ਅਨੇਕਾਂ ਬੁਰਾਈਆਂ, ਕੁਰੀਤੀਆਂ, ਜਿਵੇਂ ਦਾਜ, ਨਸ਼ੇ, ਅਸ਼ਲੀਲਤਾ ਤੇ ਮਾਦਾ ਭਰੂਣ ਹੱਤਿਆ ਆਦਿ ਦਾ ਸ਼ਿਕਾਰ ਹੋ ਚੁੱਕਾ ਹੈ, ਜਿਸ ਕਰਕੇ ਸਾਡੇ ਸਮਾਜ ਦੀ ਤੰਦਰੁਸਤੀ ਖ਼ਤਰੇ ਵਿਚ ਹੈ। ਇਨ੍ਹਾਂ ਬੁਰਾਈਆਂ ਵਿਚੋਂ ਹੀ ਇਕ ਬੁਰਾਈ ਹੈ ਭ੍ਰਿਸ਼ਟਾਚਾਰ ਜਾਂ ਰਿਸ਼ਵਤ। ਬਿਨਾਂ ਸ਼ੱਕ ਇਸ ਸਮਾਜਿਕ ਬੁਰਾਈ ਨੇ ਸਾਡੇ ਸਮਾਜ ਉੱਪਰ ਬੜਾ ਮਾੜਾ ਪ੍ਰਭਾਵ ਪਾਇਆ ਹੈ। ਇੰਜ ਜਾਪਦਾ ਹੈ ਕਿ ਅਜੋਕਾ ਸਮਾਜ ਇਸ ਭ੍ਰਿਸ਼ਟਾਚਾਰ ਰੂਪੀ ਦੈਂਤ ਨੂੰ ਕਾਬੂ ਕਰਨ ਤੋਂ ਅਸਮਰੱਥ ਹੁੰਦਾ ਜਾ ਰਿਹਾ ਹੈ, ਜੋ ਕਿ ਡਾਢੀ ਚਿੰਤਾ ਦਾ ਵਿਸ਼ਾ ਹੈ। ਜੇਕਰ ਅਸੀਂ ਕਿਸੇ ਬੁਰਾਈ ਦੇ ਖਿਲਾਫ਼ ਸੰਘਰਸ਼ ਨਹੀਂ ਕਰ ਸਕਦੇ, ਆਵਾਜ਼ ਬੁਲੰਦ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਉਸ ਬੁਰਾਈ ਨੂੰ ਨਫ਼ਰਤ ਤਾਂ ਕਰ ਹੀ ਸਕਦੇ ਹਾਂ। ਅਜਿਹਾ ਕਰਨਾ ਸਮੇਂ ਦੀ ਮੰਗ ਹੀ ਨਹੀਂ, ਬਲਕਿ ਵੱਡੀ ਲੋੜ ਵੀ ਹੈ ਅਤੇ ਅਜਿਹਾ ਕਰਕੇ ਹੀ ਅਸੀਂ ਸਮਾਜ ਦਾ ਤੇ ਦੇਸ਼ ਦਾ ਭਵਿੱਖ ਉੱਜਵਲ ਕਰ ਸਕਦੇ ਹਾਂ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

12/04/2017

 ਪਹਿਲਾਂ ਪੇਟ ਪੂਜਾ
ਰਾਮ ਮੰਦਿਰ ਦੇ ਵਿਵਾਦ ਦੇ ਸਬੰਧ ਵਿਚ ਜੋ ਹਮਦਰਦ ਸਾਹਿਬ ਨੇ ਆਪਣੀ ਸੰਪਾਦਕੀ ਵਿਚ ਵਿਚਾਰ ਦਿੱਤੇ ਹਨ, ਬਿਲਕੁਲ ਸਹੀ ਤਜਵੀਜ਼ ਪੇਸ਼ ਕੀਤੀ ਹੈ। ਜਿਹੜੇ ਕਚਹਿਰੀਆਂ ਅਤੇ ਆਪਸੀ ਸਮਝੌਤਿਆਂ ਦੇ ਚੱਕਰ ਵਿਚ ਅਸੀਂ ਅੱਜ ਪਏ ਹੋਏ ਹਾਂ, ਇਹ 6 ਦਸੰਬਰ 1992 ਤੋਂ ਪਹਿਲਾਂ ਵਿਚਾਰੇ ਜਾਣੇ ਚਾਹੀਦੇ ਸਨ।
ਪਹਿਲੀ ਗੱਲ ਤਾਂ ਇਹ ਹੈ ਕਿ ਬਾਬਰੀ ਮਸਜਿਦ ਢਾਹੇ ਜਾਣਾ ਧਰਮ-ਨਿਰਪੱਖਤਾ, ਸੰਵਿਧਾਨ ਅਤੇ ਕਾਨੂੰਨ 'ਤੇ ਜ਼ਬਰਦਸਤ ਚੋਟ ਹੈ। ਮਸਲਾ ਇਸ ਕਦਰ ਪੇਚੀਦਾ ਹੈ ਕਿ ਸੌਖਾ ਹੱਲ ਨਜ਼ਰ ਹੀ ਨਹੀਂ ਆਉਂਦਾ। ਇਸ ਵਿਵਾਦ ਨਾਲ ਆਮ ਲੋਕਾਂ ਦਾ ਕੋਈ ਸਰੋਕਾਰ ਨਹੀਂ ਹੈ। ਉੱਚ ਦਰਜੇ ਦੇ ਸਿਆਸਤਦਾਨ ਤੇ ਵੱਡੇ ਧਾਰਮਿਕ ਆਗੂਆਂ ਨੂੰ ਉਨ੍ਹਾਂ ਕਰੋੜਾਂ ਲੋਕਾਂ ਦੇ ਜੀਵਨ ਬਾਰੇ ਅਨੁਭਵ ਹੀ ਨਹੀਂ ਹੈ, ਜੋ ਭੁੱਖ ਨਾਲ ਘੁਲ ਰਹੇ ਹਨ।
ਬੰਗਲਿਆਂ ਤੇ ਕਾਰਾਂ ਵਾਲਿਆਂ ਨੂੰ ਗ਼ਰੀਬੀ ਦਾ ਕੀ ਪਤਾ ਹੈ। ਇਹ ਬਹੁਗਿਣਤੀ ਬੇਘਰੇ ਤੇ ਬੇਰੁਜ਼ਗਾਰ ਲੋਕਾਂ ਨੂੰ ਮੰਦਿਰ, ਮਸਜਿਦ ਦੀ ਪੂਜਾ ਨਾਲੋਂ ਪੇਟ ਪੂਜਾ ਸਭ ਤੋਂ ਅਹਿਮ ਤੇ ਅਵੱਸ਼ਕ ਹੈ। ਇਹ ਵੀ ਭਾਰਤ ਮਹਾਨ ਦੇ ਨਾਗਰਿਕ ਹਨ। 'ਗ਼ਰੀਬੀ ਹਟਾਓ' ਦਾ ਨਾਅਰਾ ਸੁਣਦਿਆਂ-ਸੁਣਦਿਆਂ ਲਗਪਗ ਅੱਧੀ ਸਦੀ ਬੀਤ ਗਈ ਹੈ। ਪ੍ਰੰਤੂ ਗ਼ਰੀਬੀ ਤੇਜ਼ ਰਫ਼ਤਾਰ ਨਾਲ ਵਧ ਰਹੀ ਹੈ।


ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ।


ਟੈਕਸ ਦੇਣ ਬਾਰੇ
ਟੈਕਸ ਨਾ ਦੇਣ ਕਰਕੇ ਸਰਕਾਰਾਂ ਹਾਲੋਂ ਬੇਹਾਲ ਹੋ ਜਾਂਦੀਆਂ ਹਨ। ਜਿਨ੍ਹਾਂ ਵਿਚੋਂ ਪੰਜਾਬ ਸਰਕਾਰ ਹੈ, ਜਿਸ ਦਾ ਬੁਰਾ ਹਾਲ ਹੋਇਆ ਪਿਆ ਹੈ। ਸਭ ਤੋਂ ਪਹਿਲਾਂ ਅਸੀਂ ਗ਼ਲਤੀ ਇਹ ਕੀਤੀ ਕਿ ਜੋ ਚੁੰਗੀਆਂ ਖ਼ਤਮ ਕਰ ਦਿੱਤੀਆਂ, ਸਾਡੇ ਵਿਚੋਂ ਅੰਗਰੇਜ਼ ਤਾਂ ਚਲੇ ਗਏ ਪਰ ਕਈ ਕੰਮ ਉਹ ਅਜਿਹਾ ਕਰ ਗਏ ਸਨ, ਜਿਨ੍ਹਾਂ ਨੂੰ ਸਾਨੂੰ ਬੰਦ ਨਹੀਂ ਕਰਨਾ ਚਾਹੀਦਾ ਸੀ। ਕਿਉਂਕਿ ਚੁੰਗੀਆਂ ਦੀ ਆਮਦਨ ਤੋਂ ਹੀ ਸ਼ਹਿਰਾਂ ਵਿਚ, ਗਲੀਆਂ, ਨਾਲੀਆਂ, ਲਾਈਟਾਂ ਦਾ ਕੰਮ ਚਲਦਾ ਸੀ। ਇਹ ਬੰਦ ਕਰਕੇ ਸ਼ਹਿਰਾਂ ਦੀ ਆਮਦਨ ਘਟ ਗਈ।
ਇਸ ਤੋਂ ਇਲਾਵਾ ਸਿੱਧੂ ਸਾਹਿਬ ਮੰਤਰੀ ਸਥਾਨਕ ਸਰਕਾਰਾਂ ਦਾ ਬਿਆਨ ਆਇਆ ਸੀ ਕਿ ਥੋੜ੍ਹੇ-ਬਹੁਤੇ ਟੈਕਸ ਲਾਉਣੇ ਹੀ ਪੈਣੇ ਹਨ। ਦਰਅਸਲ ਟੈਕਸਾਂ ਬਗੈਰ ਕੰਮ ਨਹੀਂ ਚਲਦਾ ਹੁੰਦਾ। ਜੇ ਸਰਕਾਰ ਟਿਊਬਵੈੱਲ ਲਾ ਕੇ ਪਾਣੀ ਦਿੰਦੀ ਹੈ ਤਾਂ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਪਾਣੀ ਦਾ ਬਿੱਲ ਦੇਈਏ। ਕਿਉਂਕਿ 100-150 ਰੁਪਏ ਨਾਲ ਕਿਸੇ ਨੂੰ ਫ਼ਰਕ ਨਹੀਂ ਪੈਣ ਵਾਲਾ। ਇਸੇ ਤਰ੍ਹਾਂ ਪਲਾਟ ਦੇ ਹਿਸਾਬ ਨਾਲ ਹਾਊਸ ਟੈਕਸ ਲੱਗ ਜਾਣਾ ਚਾਹੀਦਾ ਹੈ। ਇਸ ਨਾਲ ਕਮੇਟੀਆਂ, ਕਾਰਪੋਰੇਸ਼ਨਾਂ ਨੂੰ ਕੁਝ ਨਾ ਕੁਝ ਮਦਦ ਮਿਲੇਗੀ ਹੀ।
ਸਿਆਣੇ ਕਹਿੰਦੇ ਹਨ ਕਿ ਬੂੰਦ-ਬੂੰਦ ਨਾਲ ਘੜਾ ਭਰ ਜਾਂਦਾ ਹੈ। ਉਂਜ ਕੋਈ ਵੀ ਚੀਜ਼ ਮੁਫ਼ਤ ਨਹੀਂ ਹੋਣੀ ਚਾਹੀਦੀ। ਇਹ ਸਾਰਾ ਸਿਸਟਮ ਹੀ ਮੁਫ਼ਤ ਨੇ ਵਿਗਾੜਿਆ ਹੈ। ਘਰਾਂ ਵਿਚ ਜੋ ਯੂਨਿਟ ਮੁਆਫ਼ ਹੁੰਦੇ ਹਨ, ਉਹ ਵੀ ਨਹੀਂ ਹੋਣੇ ਚਾਹੀਦੇ। ਇਹ ਸਾਰਾ ਤਾਣਾ-ਬਾਣਾ ਵੋਟਾਂ ਕਰਕੇ ਵਿਗਾੜਿਆ ਹੈ।


-ਹਰਜਿੰਦਰਪਾਲ ਸਿੰਘ ਬਾਜਵਾ
536, ਗਲੀ ਨੰ: 5ਬੀ, ਵਿਜੇ ਨਗਰ, ਹੁਸ਼ਿਆਰਪੁਰ।

11/04/2017

 ਅਵਾਰਾ ਕੁੱਤਿਆਂ ਦੀ ਦਹਿਸ਼ਤ
ਕੁਝ ਦਿਨ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਲੋਪੁਰ ਵਿਖੇ ਖੂੰਖਾਰ ਕੁੱਤਿਆਂ ਨੇ ਦਿਲ ਨੂੰ ਪੂਰੀ ਤਰ੍ਹਾਂ ਹਿਲਾਅ ਦੇਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਕਿ ਇਕ 80-90 ਸਾਲਾਂ ਦੇ ਬਜ਼ੁਰਗ ਜੋ ਖੇਤਾਂ ਵਿਚ ਆਪਣੇ ਧਿਆਨ ਨਾਲ ਬੈਠਾ ਕੰਮ ਕਰ ਰਿਹਾ ਸੀ, ਪਿਛੋਂ ਕੁੱਤਿਆਂ ਦੇ ਝੁੰਡ ਨੇ ਉਸ 'ਤੇ ਹਮਲਾ ਬੋਲ ਦਿੱਤਾ। ਸਿੱਟੇ ਵਜੋਂ ਉਸ ਬਜ਼ੁਰਗ ਨੂੰ ਉਨ੍ਹਾਂ ਨੋਚ-ਨੋਚ ਕੇ ਬਹੁਤ ਹੀ ਬੁਰੀ ਤਰ੍ਹਾਂ ਬੋਟੀ-ਬੋਟੀ ਕਰਕੇ ਖਾ ਲਿਆ, ਕੇਵਲ ਪਿੰਜਰ ਹੀ ਬਾਕੀ ਛੱਡਿਆ।
ਰੋਜ਼ ਅਨੇਕਾਂ ਹੀ ਅਜਿਹੀਆਂ ਘਟਨਾਵਾਂ ਕਿਤੇ ਛੋਟੇ-ਛੋਟੇ ਬੱਚਿਆਂ ਤੇ ਕਦੇ ਗਾਵਾਂ ਦੇ ਵੱਛੇ-ਵੱਛੀਆਂ, ਕਦੇ ਰਾਹ ਜਾਂਦੇ ਆਮ ਵਿਅਕਤੀ 'ਤੇ ਹਮਲਾ ਬੋਲ ਕੇ ਖ਼ਤਰਨਾਕ ਘਟਨਾਵਾਂ ਨੂੰ ਅੰਜਾਮ ਦੇ ਰਹੇ। ਅਵਾਰਾ ਕੁੱਤਿਆਂ ਦੀ ਦਹਿਸ਼ਤ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਸਰਕਾਰ ਹੱਥ 'ਤੇ ਹੱਥ ਧਰ ਕੇ ਚੁੱਪੀ ਸਾਧ ਕੇ ਵੇਖੀ ਜਾ ਰਹੀ ਹੈ। ਅਗਰ ਜਾਨਵਰਾਂ ਨੂੰ ਬਚਾਅ ਕੇ ਰੱਖਣ ਬਾਰੇ ਕਾਨੂੰਨ ਬਣੇ ਹਨ ਤਾਂ ਘੱਟੋ-ਘੱਟ ਕੁੱਤਿਆਂ ਬਾਰੇ ਤਾਂ ਸੋਚਿਆ ਜਾ ਸਕਦਾ ਹੈ, ਜੋ ਬਿਲਕੁਲ ਅਵਾਰਾ ਤੇ ਮਨੁੱਖਾਂ ਦਾ ਚਿੱਟੇ ਦਿਨ ਘਾਣ ਕਰਨ 'ਤੇ ਉਤਰੇ ਹੋਏ ਹਨ। ਜੇ ਇਸ ਬਾਰੇ ਸੰਜੀਦਾ ਹੋ ਕੇ ਨਾ ਵਿਚਾਰਿਆ ਗਿਆ ਤਾਂ ਆਉਣ ਵਾਲੇ ਸਮਿਆਂ ਅੰਦਰ ਹੋਰ ਵੀ ਅਨੇਕਾਂ ਅਜਿਹੀਆਂ ਹੌਲਨਾਕ ਘਟਨਾਵਾਂ ਵਾਪਰ ਸਕਦੀਆਂ ਹਨ।

-ਮਾਸਟਰ ਦੇਵ ਰਾਜ ਖੁੰਡਾ
ਗੁਰਦਾਸਪੁਰ।

ਅੰਮ੍ਰਿਤਸਰ ਕਾਰਪੋਰੇਸ਼ਨ ਦੀ ਲੁੱਟ
ਅੰਮ੍ਰਿਤਸਰ ਕਾਰਪੋਰੇਸ਼ਨ ਦੇ ਅਧਿਕਾਰੀ ਸਾਲ 2016-17 ਦੇ ਵਿੱਤੀ ਸਾਲ ਦੌਰਾਨ ਹੀ ਪ੍ਰਾਪਰਟੀ ਟੈਕਸ ਉੱਤੇ 20 ਫ਼ੀਸਦੀ ਜੁਰਮਾਨਾ ਲਗਾ ਕੇ ਟੈਕਸ ਵਸੂਲ ਰਹੇ ਹਨ। ਹਰੇਕ ਵਿੱਤੀ ਸਾਲ ਹਰੇਕ ਸਰਕਾਰ ਦਾ ਕੰਮ ਨਿਪਟਾਉਣ ਦਾ ਸਾਲ ਹੁੰਦਾ ਹੈ। ਵਿੱਤੀ ਸਾਲ ਦੌਰਾਨ ਕੋਈ ਜੁਰਮਾਨਾ ਵਸੂਲਣਾ ਇਕ ਧੱਕੇਸ਼ਾਹੀ ਜਾਂ ਲੁੱਟ ਹੀ ਕਹੀ ਜਾ ਸਕਦੀ ਹੈ। ਅਫ਼ਸੋਸ ਨਾਲ ਲਿਖਣਾ ਪੈਂਦਾ ਹੈ ਕਿ ਮੇਰੇ ਕੋਲੋਂ ਰਸੀਦ ਨੰ: 28, 29/4579 ਮਿਤੀ 31.3.2017 ਰਾਹੀਂ ਤਿੰਨ ਸੌ ਰੁਪਏ ਜੁਰਮਾਨੇ ਦੇ ਵਾਧੂ ਵਸੂਲੇ ਗਏ ਹਨ। ਲੋਕਲ ਬਾਡੀਜ਼ ਮਨਿਸਟਰ ਨੂੰ ਅਜਿਹੇ ਨਾਜਾਇਜ਼ ਵਸੂਲੇ ਪੈਸੇ ਲੋਕਾਂ ਨੂੰ ਵਾਪਸ ਕਰਵਾਉਣੇ ਬਣਦੇ ਹਨ।
ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਆਪਣੇ ਨਾਦਰਸ਼ਾਹੀ ਫ਼ੈਸਲਿਆਂ ਕਾਰਨ ਹੀ ਹੁਣੇ-ਹੁਣੇ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਨਮੋਸ਼ੀਜਨਕ ਹਾਰ ਦਾ ਮੂੰਹ ਦੇਖਣਾ ਪਿਆ ਹੈ। ਸ਼ਹਿਰਾਂ ਵਿਚ ਵਪਾਰੀਆਂ ਉਤੇ ਚੁੰਗੀ ਟੈਕਸ ਖ਼ਤਮ ਕਰਨਾ ਤੇ ਆਪਣੇ ਹੀ ਜੱਦੀ ਘਰਾਂ ਉੱਤੇ 'ਮੁਗਲਾਂ ਦੇ ਜਜ਼ੀਆ' ਟੈਕਸ ਨੂੰ ਲਗਾਉਣਾ ਸ਼ਹਿਰੀਆਂ ਨੇ ਇਕ ਤਰਕਹੀਣ ਅਤੇ ਮਿਊਂਸਪਲ ਵਿੱਤੀ ਪ੍ਰਬੰਧ ਦਾ ਦੀਵਾਲਾ ਕੱਢਣ ਵਾਲਾ ਫ਼ੈਸਲਾ ਕਰਾਰ ਦਿੱਤਾ ਸੀ। ਸ਼ਹਿਰੀਆਂ ਨੇ ਆਪਣੇ ਜੱਦੀ ਘਰਾਂ ਉੱਤੇ ਲੱਗੇ ਪ੍ਰਾਪਰਟੀ ਟੈਕਸ ਨੂੰ ਆਪਣੀ ਹੱਤਕ ਸਮਝਿਆ ਸੀ। ਸੋ, ਨਵੀਂ ਬਣੀ ਸਰਕਾਰ ਨੂੰ ਉਕਤ ਦੋਵੇਂ ਫ਼ੈਸਲੇ ਛੇਤੀ ਹੀ ਬਦਲ ਕੇ ਇਕ ਲੋਕ-ਪੱਖੀ ਸਰਕਾਰ ਹੋਣ ਦਾ ਦਾਅਵਾ ਪੇਸ਼ ਕਰਨਾ ਚਾਹੀਦਾ ਹੈ।

-ਇੰਜ: ਕੁਲਦੀਪ ਸਿੰਘ ਲੁੱਧਰ
4724, ਗੁਰੂ ਨਾਨਕ ਵਾੜਾ, ਖ਼ਾਲਸਾ ਕਾਲਜ, ਅੰਮ੍ਰਿਤਸਰ।

10/04/2017

 ਨਿੱਜੀ ਸਕੂਲਾਂ ਦਾ ਮਾਮਲਾ
ਨਿੱਜੀ ਸਕੂਲਾਂ ਵੱਲੋਂ ਹਰ ਸਾਲ ਦਾਖਲਾ ਫੀਸਾਂ ਲੈ ਕੇ ਬੱਚਿਆਂ ਦੇ ਮਾਪਿਆਂ ਦੀ ਲੁੱਟ ਕੀਤੀ ਜਾ ਰਹੀ ਹੈ। ਇਕ ਬੱਚੇ ਨੂੰ ਜਦੋਂ ਕਿਸੇ ਨਿੱਜੀ ਸਕੂਲ ਵਿਚ ਦਾਖਲ ਕੀਤਾ ਜਾਂਦਾ ਹੈ, ਉਸੇ ਸਮੇਂ ਹਜ਼ਾਰਾਂ ਰੁਪਏ ਦਾਖਲਾ ਫੀਸ ਲਈ ਜਾਂਦੀ ਹੈ। ਉਸ ਤੋਂ ਬਾਅਦ ਜਦੋਂ ਬੱਚਾ ਅਗਲੇਰੀ ਕਲਾਸ ਵਿਚ ਜਾਂਦਾ ਹੈ, ਉਸ ਵੇਲੇ ਵੀ ਦਾਖਲਾ ਫੀਸ ਦੇ ਨਾਂਅ 'ਤੇ ਹਜ਼ਾਰਾਂ ਰੁਪਏ ਵਸੂਲ ਕੀਤੇ ਜਾਂਦੇ ਹਨ, ਜੋ ਕਿ ਪੰਜਾਬ ਸਰਕਾਰ ਅਤੇ ਹਾਈ ਕੋਰਟ ਦੇ ਫੈਸਲੇ ਨੂੰ ਛਿੱਕੇ ਟੰਗ ਕੇ ਇਹ ਨਿੱਜੀ ਸਕੂਲ ਲੋਕਾਂ ਨੂੰ ਲੁੱਟ ਰਹੇ ਹਨ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਦਾਖਲਾ ਫੀਸ ਇਕ ਵਾਰ ਲਈ ਜਾਵੇ, ਵਾਰ-ਵਾਰ ਨਹੀਂ।


-ਗੁਰਦੀਪ ਸਿੰਘ ਜੰਡਿਆਲਾ
ਮੋਬਾ: 98152-01287


ਵਿਦੇਸ਼ਾਂ ਵੱਲ ਸਿੱਧੀਆਂ ਉਡਾਨਾਂ

ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਸ: ਗੁਰਜੀਤ ਸਿੰਘ ਔਜਲਾ ਨੇ ਪਾਰਲੀਮੈਂਟ ਵਿਚ ਬੜੇ ਜ਼ੋਰਦਾਰ ਢੰਗ ਨਾਲ ਅੰਮ੍ਰਿਤਸਰ ਦੇ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਵਿਦੇਸ਼ਾਂ ਵੱਲ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਸਵਾਲ ਉਠਾਇਆ ਹੈ। ਉਨ੍ਹਾਂ ਨੇ ਦਲੀਲਾਂ ਦੇ ਕੇ ਸਾਬਤ ਕੀਤਾ ਹੈ ਕਿ ਅੰਮ੍ਰਿਤਸਰ ਤੋਂ ਸਿੱਧੀਆਂ ਵਿਦੇਸ਼ੀ ਉਡਾਣਾਂ ਹਵਾਈ ਕੰਪਨੀਆਂ ਅਤੇ ਪ੍ਰਵਾਸੀਆਂ ਵਾਸਤੇ ਲਾਭਦਾਇਕ ਸਨ। ਪਰ ਬੜੇ ਦੁੱਖ ਦੀ ਗੱਲ ਹੈ ਕਿ ਪੂਰੇ ਸੰਸਾਰ ਵਿਚ ਫੈਲੇ ਪੰਜਾਬੀ ਪ੍ਰਵਾਸੀਆਂ ਦੀਆਂ ਆਸਾਂ ਉੱਤੇ ਪਾਣੀ ਫੇਰ ਕੇ ਸਾਰੀਆਂ ਵਿਦੇਸ਼ੀ ਉਡਾਣਾਂ ਦਿੱਲੀ ਹਵਾਈ ਅੱਡੇ ਉੱਤੇ ਤਬਦੀਲ ਕਰ ਦਿੱਤੀਆਂ ਗਈਆਂ ਸਨ। ਜੇਕਰ ਅੰਤਰਰਾਸ਼ਟਰੀ ਹਵਾਈ ਉਡਾਣਾਂ ਇਸੇ ਵਿੱਤੀ ਵਰ੍ਹੇ 'ਚ ਅਪ੍ਰੈਲ, 2017 ਤੋਂ ਸ਼ੁਰੂ ਕਰਵਾ ਦਿੱਤੀਆਂ ਜਾਣ ਤਾਂ ਗਰਮੀਆਂ ਦੇ ਮੌਸਮ ਦੌਰਾਨ ਪ੍ਰਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ।


-ਇੰਜੀ: ਕੁਲਦੀਪ ਸਿੰਘ ਲੁੱਧਰ,
4724, ਗੁਰੂ ਨਾਨਕ ਵਾੜਾ, ਅੰਮ੍ਰਿਤਸਰ।


ਅਵਾਰਾ ਪਸ਼ੂਆਂ ਦੀ ਸਮੱਸਿਆ

ਪਿੰਡ ਖਟੜਾ, ਖੰਨਾ ਖੁਰਦ, ਖੰਨਾ ਕਲਾਂ ਅਤੇ ਇਸ ਦੇ ਨੇੜੇ-ਤੇੜੇ ਅਵਾਰਾ ਪਸ਼ੂ ਅਕਸਰ ਘੁੰਮਦੇ ਰਹਿੰਦੇ ਹਨ, ਜੋ ਰੋਜ਼ਾਨਾ ਹੀ ਲੋਕਾਂ ਦਾ ਜਾਨੀ-ਮਾਲੀ ਨੁਕਸਾਨ ਕਰਦੇ ਹਨ। ਜਿਥੇ ਪਸ਼ੂ ਕਿਸਾਨਾਂ ਦੀਆਂ ਸਖ਼ਤ ਮਿਹਨਤ ਨਾਲ ਪਾਲੀਆਂ ਫਸਲਾਂ ਤਬਾਹ ਕਰ ਰਹੇ ਹਨ, ਉਥੇ ਅਵਾਰਾ ਕੁੱਤੇ ਮਾਸੂਮ ਬੱਚਿਆਂ, ਨਿਰਦੋਸ਼ ਲੋਕਾਂ, ਬੇਸਹਾਰਾ ਗਊਆਂ ਦੇ ਵੱਛੇ-ਵੱਛੀਆਂ ਨੂੰ ਖਾ ਰਹੇ ਹਨ। ਪ੍ਰਸ਼ਾਸਨ ਵੱਲੋਂ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਇਹ ਸਮੱਸਿਆ ਦਿਨ-ਪ੍ਰਤੀ-ਦਿਨ ਵਧਦੀ ਜਾ ਰਹੀ ਹੈ। ਇਕ ਪਾਸੇ ਤਾਂ ਸਰਕਾਰ ਲੋਕਾਂ ਤੋਂ ਗਊ ਸੈੱਸ ਵਸੂਲ ਕਰ ਰਹੀ ਹੈ ਪਰ ਦੂਜੇ ਪਾਸੇ ਗਊਆਂ, ਸਾਨ੍ਹ ਆਦਿ ਮੋਟਰਾਂ-ਗੱਡੀਆਂ ਅਤੇ ਹੋਰ ਵਾਹਨਾਂ ਵਿਚ ਵੱਜ ਕੇ ਆਪਣੀ ਅਤੇ ਲੋਕਾਂ ਦੀ ਜਾਨ ਦਾ ਖੌਅ ਬਣ ਰਹੇ ਹਨ। ਲਗਦੈ ਸਰਕਾਰ ਕਿਸੇ ਵੱਡੇ ਨੁਕਸਾਨ ਦੀ ਉਡੀਕ ਕਰ ਰਹੀ ਹੈ। ਰੋਜ਼ਾਨਾ ਹੀ ਅਖ਼ਬਾਰਾਂ ਵਿਚ ਇਸ ਸਬੰਧੀ ਖ਼ਬਰਾਂ ਛਪਦੀਆਂ ਹਨ ਪਰ ਕਿਸੇ ਵੀ ਅਧਿਕਾਰੀ ਦਾ ਧਿਆਨ ਨਹੀਂ ਜਾਂਦਾ। ਅਵਾਰਾ ਪਸ਼ੂਆਂ ਲਈ ਯੋਗ ਪ੍ਰਬੰਧ ਕਰਨਾ ਸਰਕਾਰ ਦਾ ਫਰਜ਼ ਹੈ। ਅਸੀਂ ਸਬੰਧਤ ਅਧਿਕਾਰੀਆਂ, ਅਫਸਰਾਂ, ਅਦਾਲਤਾਂ ਨੂੰ ਬੇਨਤੀ ਕਰਦੇ ਹਾਂ ਕਿ ਛੇਤੀ ਅਤੇ ਜ਼ਰੂਰੀ ਤੌਰ 'ਤੇ ਅਵਾਰਾ ਪਸ਼ੂਆਂ ਦੀ ਸਮੱਸਿਆ ਹੱਲ ਕੀਤੀ ਜਾਵੇ, ਤਾਂ ਜੋ ਲੋਕਾਂ ਦੀ ਜਾਨ-ਮਾਲ ਦੀ ਰਾਖੀ ਹੋ ਸਕੇ।


-ਰਾਜਪਾਲ,
ਪੀ.ਜੀ.ਡੀ. (ਮਨੁੱਖੀ ਅਧਿਕਾਰ), ਗਲੀ ਨੰ: 4, ਸਮਾਧੀ ਰੋਡ, ਖੰਨਾ (ਲੁਧਿਆਣਾ)।
ਮੋਬਾ: 98150-41652

07/04/2017

 ਐਚ.ਆਈ.ਵੀ./ਏਡਜ਼
ਐਚ.ਆਈ.ਵੀ. ਭਾਵ ਮਨੁੱਖ ਦੀ ਸਰੀਰ ਦੀ ਪ੍ਰਤੀਰੋਧਕ ਸਮਰਥਾ ਘੱਟ ਕਰਨ ਵਾਲੇ ਵਾਇਰਸ। ਏਡਜ਼ ਭਾਵ ਸਰੀਰ ਦੀ ਪ੍ਰਤੀ ਰੱਖਿਅਕ ਪ੍ਰਣਾਲੀ ਦਾ ਕਮਜ਼ੋਰ ਹੋਣਾ। ਦੋਵੇਂ ਬਿਮਾਰੀਆਂ ਆਪਸ ਵਿਚ ਸਬੰਧਤ ਹਨ। ਸਰੀਰ ਵਿਚ ਐਚ.ਆਈ.ਵੀ. ਵਿਸ਼ਾਣੂ ਫੈਲਣ 'ਤੇ ਪ੍ਰਤੀਰੋਧੀ ਸਮਰੱਥਾ ਘੱਟ ਹੁੰਦੀ ਹੈ। ਇਸ ਦਾ ਅਗਲਾ ਰੂਪ ਏਡਜ਼ ਹੁੰਦਾ ਹੈ, ਜਿਹੜੀ ਕਿ ਇਕ ਖ਼ਤਰਨਾਕ ਬਿਮਾਰੀ ਹੈ। ਮਨੁੱਖ ਵਿਚ ਇਹ ਰੋਗ ਤੇਜ਼ੀ ਨਾਲ ਫੈਲਦਾ ਹੈ। ਸੰਨ 1959 ਵਿਚ ਅਮਰੀਕਾ ਵਿਚ ਖੂਨ ਦੇ ਨਮੂਨੇ ਵਿਚ ਏਡਜ਼ ਦਾ ਪਤਾ ਲੱਗਾ।
ਕਿਹਾ ਜਾਂਦਾ ਹੈ ਕਿ ਐਚ.ਆਈ.ਵੀ. ਵਿਸ਼ਾਣੂ ਸਭ ਤੋਂ ਪਹਿਲਾਂ ਅਫਰੀਕਾ ਦੇ ਬਾਂਦਰਾਂ ਵਿਚ ਪਾਇਆ ਗਿਆ। ਇਸ ਤੋਂ ਬਾਅਦ ਮਨੁੱਖੀ ਸਰੀਰ ਵਿਚ ਪ੍ਰਵੇਸ਼ ਕੀਤਾ ਅਤੇ ਹੌਲੀ-ਹੌਲੀ ਇਕ ਦੂਜੇ ਮਨੁੱਖ ਤੱਕ ਪਹੁੰਚਦਾ ਗਿਆ। ਇਹ ਲਾਗ ਦਾ ਰੋਗ ਸਰੀਰਕ ਸਬੰਧਾਂ ਰਾਹੀਂ ਫੈਲਦਾ ਹੈ। ਸਿਹਤਮੰਦ ਵਿਅਕਤੀ ਨੂੰ ਏਡਜ਼ ਸੰਕ੍ਰਮਿਤ ਵਿਅਕਤੀ ਦਾ ਖੂਨ ਚੜ੍ਹਾਉਣ ਜਾਂ ਉਸ ਦੀ ਸਰਿੰਜ ਦੀ ਵਰਤੋਂ ਨਾਲ ਵੀ ਇਹ ਰੋਗ ਫੈਲ ਸਕਦਾ ਹੈ। ਇਸ ਰੋਗ ਨਾਲ ਪੀੜਤ ਮਾਤਾ-ਪਿਤਾ ਤੋਂ ਪੈਦਾ ਹੋਈ ਸੰਤਾਨ ਨੂੰ ਵੀ ਇਹ ਰੋਗ ਹੋ ਸਕਦਾ ਹੈ। ਰੋਗ ਲੱਗਣ ਉਪਰੰਤ ਇਸ ਦਾ ਕੋਈ ਇਲਾਜ ਨਹੀਂ, ਜੇ ਹੈ ਤਾਂ ਉਹ ਹੈ ਪ੍ਰਹੇਜ਼।

-ਜਸਪ੍ਰੀਤ ਕੌਰ 'ਸੰਘਾ'
ਪਿੰਡ ਤਨੂੰਲੀ, ਜ਼ਿਲ੍ਹਾ ਹੁਸ਼ਿਆਰਪੁਰ।

ਨਜ਼ਰੀਆ ਬਦਲਣ ਦੀ ਲੋੜ
ਦੁਨੀਆ ਵਿਚ ਅੱਜ ਵੀ ਔਰਤ ਨੂੰ ਆਪਣੇ ਸਵੈਮਾਣ ਮਾਣ-ਸਨਮਾਨ ਤੇ ਸਮਾਜਿਕ ਹੋਂਦ ਲਈ ਜੂਝਣਾ ਪੈ ਰਿਹਾ ਹੈ, ਭਾਵੇਂ ਕਿ ਔਰਤ ਆਪਣੇ ਦਮ 'ਤੇ ਸਿੱਖਿਆ ਪ੍ਰਾਪਤ ਕਰਕੇ ਸਮਾਜ 'ਚ ਆਪਣੀ ਨਿਵੇਕਲੀ ਪਛਾਣ ਸਥਾਪਤ ਕਰ ਚੁੱਕੀ ਹੈ। ਔਰਤ ਮਰਦ ਨਾਲੋਂ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਹੈ ਭਾਵੇਂ ਖੇਡਾਂ, ਸਿਆਸਤ, ਵਿਗਿਆਨ ਜਾਂ ਪੁਲਿਸ ਪ੍ਰਬੰਧ ਦਾ ਖੇਤਰ ਹੋਵੇ। ਔਰਤ ਮਕਾਨ ਨੂੰ 'ਘਰ' 'ਚ ਬਦਲਣ ਦੀ ਸਮਰੱਥਾ ਰੱਖਦੀ ਹੈ। ਅਫ਼ਸੋਸ ਹੈ ਕਿ ਏਨੇ ਕੁਝ ਦੇ ਬਾਵਜੂਦ ਔਰਤ ਨੂੰ ਸਮਾਜ ਨੇ ਹਾਸ਼ੀਏ 'ਤੇ ਰੱਖਿਆ ਹੋਇਆ ਹੈ। ਭਰੂਣ ਹੱਤਿਆਵਾਂ, ਸਰੀਰਕ ਸ਼ੋਸ਼ਣ, ਦਾਜ ਦਹੇਜ ਆਦਿ ਜਿਹੀਆਂ ਨਾਮੁਰਾਦ ਸਮੱਸਿਆਵਾਂ ਨਾਲ ਔਰਤ ਨੂੰ ਨਿਪਟਣਾ ਪੈ ਰਿਹਾ ਹੈ। ਅੱਜ ਪੜ੍ਹੀ-ਲਿਖੀ ਔਰਤ ਹੋਣ ਦੇ ਬਾਵਜੂਦ ਗਲੀ-ਮੁਹੱਲੇ, ਬੱਸ, ਰੇਲ ਸਫ਼ਰ 'ਚ ਕਿਤੇ ਵੀ ਉਹ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ। ਇਸ ਸਭ ਕਾਸੇ ਪਿੱਛੇ ਸਾਡੀ ਲੋਕ ਮਾਨਸਿਕਤਾ ਹੈ। ਔਰਤ ਕੋਮਲ ਹੈ, ਕਮਜ਼ੋਰ ਨਹੀਂ। ਉਸ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨ ਦੀ ਜ਼ਰੂਰਤ ਹੈ। ਉਸ ਦੇ ਉਤਸ਼ਾਹ ਨੂੰ ਬੜਾਵਾ ਦੇਣਾ ਹੋਵੇਗਾ। ਉਸ ਪ੍ਰਤੀ ਆਪਣਾ ਵਿਵਹਾਰ ਅਤੇ ਨਜ਼ਰੀਆ ਬਦਲਣਾ ਬਹੁਤ ਜ਼ਰੂਰੀ ਹੈ। ਸੋ, ਉਸ ਨੂੰ ਸਮਾਜ 'ਚ ਬਣਦਾ ਸਨਮਾਨ ਮਿਲਣਾ ਤੇ ਦੇਣਾ ਸਮੇਂ ਦੀ ਵੱਡੀ ਲੋੜ ਹੈ ਤਾਂ ਹੀ ਸਾਡਾ ਘਰ ਤੇ ਰਾਸ਼ਟਰ ਉੱਨਤੀ ਕਰੇਗਾ।

-ਮਾਸਟਰ ਦੇਵ ਰਾਜ ਖੁੰਡਾ
ਗੁਰਦਾਸਪੁਰ।

06/04/2017

 ਪ੍ਰਦੂਸ਼ਣ ਲਈ ਦੋਸ਼ੀ ਕੌਣ?
ਜੇ ਧਿਆਨ ਨਾਲ ਵਿਚਾਰਿਆ ਜਾਵੇ ਤਾਂ ਪ੍ਰਦੂਸ਼ਣ ਲਈ ਸਰਕਾਰ ਅਤੇ ਲੋਕ ਬਰਾਬਰ ਦੇ ਭਾਈਵਾਲ ਹਨ। ਸੜਕਾਂ ਉਤੋਂ ਸਰਕਾਰ ਨੇ ਰੁੱਖ ਮੁਕਾਏ, ਕਾਲੋਨੀਆਂ ਬਣਾਉਣ ਵਾਲਿਆਂ ਸ਼ਹਿਰਾਂ ਦੁਆਲਿਓਂ, ਕਿਸਾਨਾਂ ਨੇ ਖੇਤਾਂ ਵਿਚੋਂ ਅਤੇ ਆਮ ਲੋਕਾਂ ਨੇ ਘਰਾਂ ਦੇ ਵਿਹੜਿਆਂ ਵਿਚੋਂ। ਬਿਜਲੀ ਨਾਲ ਚੱਲਣ ਵਾਲੇ ਪੱਖਿਆਂ ਤੇ ਏ.ਸੀ. ਦੇ ਯੰਤਰਾਂ ਨੇ ਲੋਕਾਂ ਨੂੰ ਬਨਾਉਟੀ ਵਾਤਾਵਰਨ ਦੇ ਕੇ ਰੁੱਖਾਂ ਦੀ ਕੀਮਤੀ ਤੇ ਸਿਹਤਮੰਦ ਆਕਸੀਜਨ ਖੋਹ ਲਈ ਹੈ। ਰੁੱਖ, ਫਲ, ਫੁੱਲ, ਠੰਢੀ ਛਾਂ ਤੇ ਸ਼ੁੱਧ ਹਵਾ ਦੇ ਨਾਲ ਮੀਂਹ ਵਰ੍ਹਾਉਂਦੇ ਅਤੇ ਅਨੇਕਾਂ ਸੁੱਖ ਪਹੁੰਚਾਉਂਦੇ ਹਨ। ਜੇਕਰ ਧਰਤੀ 'ਤੇ ਵਸਦੇ ਇਨਸਾਨ ਨੇ ਕੁਦਰਤ ਦੀ ਸਭ ਤੋਂ ਕੀਮਤੀ ਨਿਆਮਤ ਦੀ ਸਾਰ ਨਹੀਂ ਜਾਣੀ ਤਾਂ ਉਸ ਤੋਂ ਵੱਡਾ ਮੂਰਖ ਹੋਰ ਕੌਣ ਹੋ ਸਕਦਾ ਹੈ। ਹਵਾ ਨੂੰ ਸ਼ੁੱਧ ਬਣਾਉਣ ਲਈ ਸੜਕਾਂ ਤੋਂ ਪੁਰਾਣੀਆਂ ਮੋਟਰ ਗੱਡੀਆਂ ਹਟਾਉਣ ਦੀ ਲੋੜ ਹੈ। ਕਾਰਖਾਨਿਆਂ ਦੇ ਧੂੰਏਂ ਨੂੰ ਟਰੀਟਮੈਂਟ ਪਲਾਂਟਾਂ ਰਾਹੀਂ ਸਾਫ਼ ਕਰਕੇ ਛੱਡਣ ਦੇ ਨਾਲ ਖੇਤਾਂ ਦੀ ਪਰਾਲੀ ਨੂੰ ਸਾੜਨ ਦਾ ਰਿਵਾਜ ਬੰਦ ਕਰਨ ਦੀ ਲੋੜ ਹੈ। ਦੇਸ਼ ਵਿਚ ਲੋਕਰਾਜ ਹੈ। ਲੀਡਰਾਂ ਨੂੰ ਸੜਕਾਂ ਉੱਤੇ ਰੁੱਖ ਲਗਾਉਣ ਨੂੰ ਆਖੀਏ ਅਤੇ ਖ਼ੁਦ ਵੀ ਆਪਣੇ ਸ਼ਹਿਰਾਂ ਤੇ ਪਿੰਡਾਂ ਨੂੰ ਰੁੱਖਾਂ ਦੀ ਹਰਿਆਵਲ ਨਾਲ ਮਾਲੋ-ਮਾਲ ਕਰ ਦੇਈਏ। ਇਸ ਵਿਚ ਸਰਬੱਤ ਦਾ ਭਲਾ ਹੈ।-

ਇੰਜ: ਕੁਲਦੀਪ ਸਿੰਘ ਲੁੱਧਰ
ਗੁਰੂ ਨਾਨਕ ਵਾੜਾ, ਅੰਮ੍ਰਿਤਸਰ।

ਵਧੀਆ ਪ੍ਰਸ਼ਾਸਨ ਮਿਲੇ
ਅਖੀਰ ਪੰਜਾਬ ਵਿਚ 15ਵੀਂ ਵਿਧਾਨ ਸਭਾ ਦਾ ਗਠਨ ਹੋ ਗਿਆ। ਜਿਸ ਵਿਚ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਸਭ ਦੇ ਸਾਹਮਣੇ ਆਈ ਅਤੇ ਸੱਤਾ 'ਤੇ ਕਾਬਜ਼ ਹੋ ਗਈ। ਦੇਖਣਾ ਇਹ ਹੈ ਕਿ ਪੰਜਾਬ ਅੰਦਰ ਇਸ ਵਾਰ ਚੁਣੀ ਨਵੀਂ ਸਰਕਾਰ ਕੀ ਫ਼ੈਸਲੇ ਲੈਂਦੀ ਹੈ। ਜਿਸ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਅਨੇਕਾਂ ਹੀ ਅਜਿਹੇ ਵਾਅਦੇ ਕੀਤੇ ਹੋਏ ਹਨ, ਜਿਨ੍ਹਾਂ ਨੂੰ ਪੂਰੇ ਕਰਨਾ ਤਾਂ ਕੀ ਸਮਝਣਾ ਵੀ ਔਖਾ ਹੈ। ਅੱਜ ਆਮ ਲੋਕ ਆਰਥਿਕ ਪੱਖੋਂ ਏਨੇ ਜ਼ਿਆਦਾ ਕਮਜ਼ੋਰ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਇਨ੍ਹਾਂ ਚੋਣਾਂ ਦੇ ਨਤੀਜਿਆਂ ਵਿਚੋਂ ਇਕ ਨਵੀਂ ਆਸ ਦੀ ਕਿਰਨ ਦਿਖਾਈ ਦੇ ਰਹੀ ਹੈ, ਜਿਸ ਦੀ ਉਹ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਉਨ੍ਹਾਂ ਦੀ ਰਾਇ ਵੀ ਇਹੀ ਹੈ ਕਿ ਨਵੀਂ ਸਰਕਾਰ ਉਨ੍ਹਾਂ ਨੂੰ ਖੈਰਾਤ ਨਾ ਦੇਵੇ, ਬਲਕਿ ਇਕ ਵਧੀਆ ਪ੍ਰਸ਼ਾਸਨ ਦੇਵੇ। ਮਨੁੱਖ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਹੋਵੇ। ਗਰੀਬ ਢਿੱਡ ਭਰ ਕੇ ਰੋਟੀ ਖਾ ਸਕੇ। ਪੜ੍ਹਿਆ-ਲਿਖਿਆ ਨੌਜਵਾਨ ਆਪਣੀ ਯੋਗਤਾ ਅਨੁਸਾਰ ਰੁਜ਼ਗਾਰ ਪਾ ਸਕੇ। ਬੁਢੇਪਾ ਨਾ ਰੁਲੇ, ਧੀਆਂ ਸੁਰੱਖਿਅਤ ਹੋਣ, ਸਭ ਲਈ ਸਿਹਤ ਸੇਵਾਵਾਂ ਹੋਣ। ਲੋਕਾਂ ਦੇ ਚੁਣੇ ਨੁਮਾਇੰਦੇ ਉਨ੍ਹਾਂ ਪ੍ਰਤੀ ਜਵਾਬਦੇਹ ਹੋਣ। ਇਹੀ ਨਵੀਂ ਸਰਕਾਰ ਤੋਂ ਉਮੀਦਾਂ ਹਨ ਕਿ ਉਹ ਪੰਜਾਬ ਨਾਲ ਵਫ਼ਾਦਾਰੀ ਨਿਭਾਅ ਕੇ ਲੋਕਾਂ ਨੂੰ ਵਧੀਆ ਪ੍ਰਸ਼ਾਸਨ ਦੇ ਨਾਲ-ਨਾਲ ਸਾਫ਼-ਸੁਥਰਾ ਚੌਗਿਰਦਾ ਮੁਹੱਈਆ ਕਰਵਾਏ। ਪੰਜਾਬ ਵਿਚ ਆਈ ਨਵੀਂ ਸਰਕਾਰ ਲਈ 'ਮੁਬਾਰਕਬਾਦ'।

-ਇੰਦਰਜੀਤ ਸਿੰਘ ਕੰਗ
ਕੋਟਲਾ ਸਮਸ਼ਪੁਰ (ਸਮਰਾਲਾ) ਜ਼ਿਲ੍ਹਾ ਲੁਧਿਆਣਾ।

05/04/2017

 ਰਿਸ਼ਤਿਆਂ ਦੇ ਬਦਲਦੇ ਮਾਇਨੇ
ਹੁਣ ਰੋਜ਼ਾਨਾ ਅਖ਼ਬਾਰਾਂ ਵਿਚ ਕਤਲ ਹੋਣ ਦੀਆਂ ਖ਼ਬਰਾਂ ਛਪਦੀਆਂ ਹਨ। ਜ਼ਿਆਦਾਤਰ ਕਤਲ ਕਰਨ ਵਾਲੇ ਪਰਿਵਾਰਕ ਮੈਂਬਰ ਹੀ ਨਿਕਲਦੇ ਹਨ। ਪਤਨੀ ਵੱਲੋਂ ਪਤੀ ਦਾ ਕਤਲ, ਪਤੀ ਦੁਆਰਾ ਪਤਨੀ ਦਾ ਕਤਲ ਕੀਤਾ ਜਾ ਰਿਹਾ ਹੈ। ਪਿਤਾ ਬੱਚਿਆਂ ਦਾ ਕਤਲ ਕਰ ਰਿਹਾ ਹੈ। ਭੈਣ-ਭਰਾਵਾਂ ਵਰਗੇ ਪਵਿੱਤਰ ਰਿਸ਼ਤੇ ਵੀ ਜਾਇਦਾਦ ਦੇ ਲਾਲਚ ਦੀ ਭੇਟ ਚੜ੍ਹ ਰਹੇ ਹਨ। ਅੱਜ ਦੇ ਸਮੇਂ ਵਿਚ ਸਭ ਨੇ ਪੈਸੇ ਨੂੰ ਅਹਿਮੀਅਤ ਦੇ ਰੱਖੀ ਹੈ, ਜਿਸ ਦੇ ਅੱਗੇ ਸਭ ਰਿਸ਼ਤੇ-ਨਾਤੇ ਫਿੱਕੇ ਪੈ ਰਹੇ ਹਨ। ਘਟ ਰਹੀ ਸਹਿਣਸ਼ੀਲਤਾ, ਨਾਜਾਇਜ਼ ਸਬੰਧ, ਆਪਸੀ ਅਵਿਸ਼ਵਾਸ, ਟੁੱਟ ਰਹੇ ਪਰਿਵਾਰ ਇਸ ਦੇ ਮੁੱਖ ਕਾਰਨ ਹਨ। ਅੱਜ ਦੀ ਨੌਜਵਾਨ ਪੀੜ੍ਹੀ ਵਿਚ ਹੱਥੀਂ ਕੰਮ ਕਰਕੇ ਕਮਾਉਣ ਦਾ ਰੁਝਾਨ ਘਟ ਰਿਹਾ ਹੈ। ਹਰ ਕੋਈ ਬਣਿਆ ਬਣਾਇਆ ਭਾਲਦਾ ਹੈ, ਜਿਸ ਕਾਰਨ ਮਾਪਿਆਂ ਅਤੇ ਬੱਚਿਆਂ ਵਿਚ ਵੀ ਫ਼ਾਸਲੇ ਵਧ ਰਹੇ ਹਨ।


-ਰਾਜਵੀਰ ਕੌਰ
ਧਨੌਲਾ।


ਰੁੱਖ ਨੀਤੀ 2017
ਅਸੀਂ ਸਭ ਜਾਣਦੇ ਹਾਂ ਕਿ ਅੱਜ ਪੰਜਾਬ ਵਿਚ ਜੰਗਲਾਂ ਹੇਠ ਰਕਬਾ ਲਗਾਤਾਰ ਘਟਦਾ ਜਾ ਰਿਹਾ ਹੈ। ਇਹ ਸਿਰਫ 3 ਫ਼ੀਸਦੀ ਹੀ ਰਹਿ ਗਿਆ ਹੈ। ਅਖੌਤੀ ਵਿਕਾਸ ਦੇ ਨਾਂਅ 'ਤੇ ਰੁੱਖਾਂ ਨੂੰ ਬੜੀ ਬੇਰਹਿਮੀ ਨਾਲ ਕੱਟਿਆ-ਵੱਢਿਆ ਜਾ ਰਿਹਾ ਹੈ। ਪਿਛਲੇ ਦਿਨੀਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ 'ਰੁੱਖ ਨੀਤੀ 2017' ਤਹਿਤ ਪੰਜਾਬ ਦੀਆਂ ਤਕਰੀਬਨ 13000 ਦੇ ਕਰੀਬ ਪੰਚਾਇਤਾਂ ਨੂੰ ਪੰਚਾਇਤੀ ਜ਼ਮੀਨਾਂ ਵਿਚ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਹਦਾਇਤ ਕੀਤੀ ਗਈ ਹੈ। ਰੁੱਖ ਲਗਾਓ ਨੀਤੀ ਚੰਗੀ ਗੱਲ ਹੈ। ਅਸੀਂ ਵਿਭਾਗ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਿਹੜੀ ਪੰਚਾਇਤ ਰੁੱਖ ਲਗਾਉਣ ਦੀ ਨੀਤੀ 'ਤੇ ਫੁੱਲ ਚੜ੍ਹਾਉਂਦੀ ਹੈ, ਉਸ ਪੰਚਾਇਤ ਨੂੰ ਜ਼ਿਲ੍ਹਾ ਜਾਂ ਸੂਬਾ ਪੱਧਰ 'ਤੇ ਸਨਮਾਨਿਤ ਕੀਤਾ ਜਾਵੇ। ਜਿਹੜੀ ਪੰਚਾਇਤ ਇਹ ਨੀਤੀ ਨਹੀਂ ਅਪਣਾਉਂਦੀ, ਉਸ ਨੂੰ ਨੋਟਿਸ ਭੇਜ ਕੇ ਜੁਰਮਾਨਾ ਵਗੈਰਾ ਦਾ ਭਾਗੀ ਬਣਾਇਆ ਜਾਵੇ। ਦੁੱਖ ਹੈ ਕਿ ਰੁੱਖਾਂ ਪ੍ਰਤੀ ਵੀ ਮਨੁੱਖ ਸਵਾਰਥੀ ਹੁੰਦਾ ਜਾ ਰਿਹਾ ਹੈ। ਅੱਜ ਜ਼ਰੂਰੀ ਹੈ ਕਿ ਗੁਰੂਆਂ ਦੀ ਸੋਚ ਦੇ ਧਾਰਨੀ ਬਣ ਕੇ ਵੱਧ ਤੋਂ ਵੱਧ ਰੁੱਖ ਲਗਾਈਏ।


-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਜ਼ਿੰਮੇਵਾਰੀ ਸਮਝਣ ਦੀ ਲੋੜ
ਪਿਛਲੇ ਦਿਨੀਂ 'ਅਜੀਤ' ਵਿਚ ਮੋਹਨ ਸ਼ਰਮਾ ਦੀ ਲਿਖਤ 'ਹਵਾ ਦੇ ਰੁਖ਼ ਅਨੁਸਾਰ ਚੋਲਾ ਬਦਲਣ ਵਾਲੇ ਲੋਕ' ਪੜ੍ਹੀ। ਉਨ੍ਹਾਂ ਨੇ ਆਪਣੇ ਤਜਰਬੇ ਨੂੰ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਤੇ ਸਮਾਜ ਦੇ ਕੁਝ ਲੋਕਾਂ ਦੀ ਅਸਲੀਅਤ ਬਿਆਨ ਕੀਤੀ। ਪੈਸੇ ਦਾ ਲੈਣ-ਦੇਣ, ਰਿਸ਼ਵਤ, ਸਿਆਸੀ ਪਾਰਟੀਆਂ ਦਾ ਜੋੜ-ਤੋੜ ਪਹਿਲਾਂ ਵੀ ਹੁੰਦਾ ਸੀ। ਉਦੋਂ ਏਨਾ ਜ਼ਿਆਦਾ ਖੁੱਲ੍ਹੇਆਮ ਨਹੀਂ ਸੀ। ਇਹ ਸਾਡਾ ਸਮਾਜ ਹੈ, ਸਾਡਾ ਦੇਸ਼ ਹੈ, ਇਸ ਦਾ ਸਿਸਟਮ ਵਧੀਆ ਤੇ ਸੁਚਾਰੂ ਤਰੀਕੇ ਨਾਲ ਚੱਲੇਗਾ ਤਾਂ ਸਾਨੂੰ ਸਭ ਨੂੰ ਫਾਇਦਾ ਹੈ, ਸਾਡੇ ਬੱਚਿਆਂ ਨੂੰ ਵਧੀਆ ਸਹੂਲਤਾਂ ਮਿਲਣਗੀਆਂ। ਜੇ ਸਿਸਟਮ ਵਿਚ ਕਿਧਰੇ ਕੋਤਾਹੀ ਹੈ ਤਾਂ ਗ਼ਲਤੀ ਕਿਤੇ ਨਾ ਕਿਤੇ ਅਸੀਂ ਵੀ ਕੀਤੀ ਹੁੰਦੀ ਹੈ। ਸ਼ਰਮਾ ਸਾਹਿਬ ਦੀ ਇਹ ਲਿਖਤ ਬਹੁਤ ਕੁਝ ਦੱਸ ਗਈ, ਕਹਿ ਗਈ, ਸਮਝਾ ਗਈ। ਸਮਾਜ ਅਤੇ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਹੀ ਆਪਣੀਆਂ ਸਹੂਲਤਾਂ ਨੂੰ ਜ਼ਿੰਦਾ ਰੱਖਣ ਦਾ ਰਸਤਾ ਹੈ।


-ਪ੍ਰਭਜੋਤ ਕੌਰ ਢਿੱਲੋਂ
ਮੋ: 98150-30221.

04/04/2017

 ਸੜਕਾਂ ਤਰਸਣ ਰੁੱਖਾਂ ਨੂੰ
ਅਟਾਰੀ-ਵਾਹਗਾ ਸਰਹੱਦ ਤੋਂ ਸ਼ਹਿਰ ਅੰਮ੍ਰਿਤਸਰ ਵਿਚ ਦਾਖਲ ਹੁੰਦੀ ਜੀ.ਟੀ. ਰੋਡ ਅਤੇ ਬੀ.ਆਰ.ਟੀ.ਐਸ. ਦੇ ਬੱਸ ਪ੍ਰਾਜੈਕਟ ਅਧੀਨ ਆਉਂਦੀਆਂ ਸ਼ਹਿਰ ਦੀਆਂ ਹੋਰ ਸੜਕਾਂ ਦੇ ਕਿਨਾਰਿਆਂ ਤੋਂ ਰੁੱਖਾਂ ਦੀ ਹਰਿਆਵਲ ਨੂੰ ਤਹਿਸ-ਨਹਿਸ ਕਰਕੇ ਪਿਛਲੀ ਸਰਕਾਰ ਨੇ ਰੁੱਖਾਂ, ਮਨੁੱਖਾਂ ਅਤੇ ਭੋਲੇ ਪੰਛੀਆਂ 'ਤੇ ਜ਼ੁਲਮ ਢਾਹਿਆ ਸੀ। ਸ਼ਹਿਰ ਵਾਸੀਆਂ ਦੀ ਫੈਲੇ ਹੋਏ ਪ੍ਰਦੂਸ਼ਣ ਦੀ ਚੀਖ-ਪੁਕਾਰ ਸਮੇਂ ਦੀ ਸਰਕਾਰ ਨੇ ਵੀ ਨਾ ਸੁਣੀ। ਹੁਣ ਉਹ ਸਮਾਂ ਆ ਚੁੱਕਾ ਹੈ, ਜਦੋਂ ਸ: ਨਵਜੋਤ ਸਿੰਘ ਸਿੱਧੂ ਐਮ.ਐਲ.ਏ., ਇਸ ਗੁਰੂ ਦੀ ਨਗਰੀ ਨੂੰ 'ਕਲੀਨ ਤੇ ਗਰੀਨ' ਕਰਨ ਦਾ ਆਪਣਾ ਪੁਰਾਣਾ ਵਾਅਦਾ ਪੂਰਾ ਕਰ ਸਕਦੇ ਹਨ। ਹੁਣ ਉਹ ਸ਼ਹਿਰ ਵਿਚ ਕੂੜੇ-ਕਰਕਟ ਤੋਂ ਖਾਦ ਬਣਾਉਣ ਦੇ ਪਲਾਂਟ ਅਤੇ ਸੀਵਰੇਜ-ਸਿਸਟਮ ਦੇ ਸੁਧਾਰ ਲਈ ਟਰੀਟਮੈਂਟ ਪਲਾਂਟ ਵੀ ਲਗਾਉਣ ਦੇ ਸਮਰੱਥ ਬਣ ਚੁੱਕੇ ਹਨ। ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਉਹ ਅੰਮ੍ਰਿਤਸਰ ਤੋਂ ਹੀ ਚੋਣ ਜਿੱਤੇ ਹਨ ਅਤੇ ਉਨ੍ਹਾਂ ਨੂੰ ਗੁਰੂ ਮਹਾਰਾਜ ਨੇ ਗੁਰੂ ਦੀ ਨਗਰੀ ਦੇ ਸੁਧਾਰ ਦਾ ਇਕ ਸੁਨਹਿਰੀ ਅਵਸਰ ਬਖਸ਼ਿਆ ਹੈ। ਕੀਤੀ ਸੇਵਾ ਕਦੇ ਬੇਅਰਥ ਨਹੀਂ ਜਾਂਦੀ।


-ਇੰਜ: ਕੁਲਦੀਪ ਸਿੰਘ ਲੁੱਧਰ
ਅੰਮ੍ਰਿਤਸਰ।


ਵਧਦੀ ਮਹਿੰਗਾਈ
ਅੱਜ ਦੇ ਜ਼ਮਾਨੇ ਵਿਚ ਮਹਿੰਗਾਈ ਰੂਪੀ ਦੈਂਤ ਨੇ ਆਮ ਲੋਕਾਂ ਦਾ ਜਿਊਣਾ ਏਨਾ ਦੁੱਭਰ ਕਰ ਦਿੱਤਾ ਹੈ ਕਿ ਉਹ ਤੰਗ ਆਏ ਹੋਏ ਹਨ। ਮਹਿੰਗਾਈ ਵਧਣ ਨਾਲ ਉਨ੍ਹਾਂ ਦੇ ਜੀਵਨ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਨਹੀਂ ਹੋ ਰਹੀ। ਇਥੋਂ ਤੱਕ ਕਿ ਉਨ੍ਹਾਂ ਨੂੰ ਖਾਣ-ਪੀਣ ਵਾਲੀਆਂ ਵਸਤਾਂ ਦੀ ਪ੍ਰਾਪਤੀ ਲਈ ਵੱਡੀ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਪਰ ਇਨ੍ਹਾਂ ਵਸਤਾਂ ਦੇ ਭਾਅ ਫਿਰ ਵੀ ਥੰਮ੍ਹਣ ਦਾ ਨਾਂਅ ਨਹੀਂ ਲੈ ਰਹੇ, ਸਗੋਂ ਆਏ ਦਿਨ ਵਧਦੇ ਜਾ ਰਹੇ ਹਨ। ਜੇਕਰ ਮਹਿੰਗਾਈ ਦਾ ਹਾਲ ਇਹੀ ਰਿਹਾ ਤਾਂ ਆਮ ਲੋਕਾਂ ਲਈ ਜਿਊਣਾ ਬਹੁਤ ਹੀ ਕਠਿਨ ਹੋ ਜਾਵੇਗਾ।


-ਰਾਜਵੰਤ ਸਿੰਘ ਰਾਜੂ
ਗੁਰੂ ਨਾਨਕ ਆਟੋ ਸਪੇਅਰਜ਼, ਰਾਏਕੋਟ।


ਅਵਾਰਾ ਕੁੱਤਿਆਂ ਦੀ ਸਮੱਸਿਆ
ਪੰਜਾਬ ਵਿਚ ਅਵਾਰਾ ਕੁੱਤਿਆਂ ਦੀ ਸਮੱਸਿਆ ਦਿਨੋ-ਦਿਨ ਵਿਰਾਟ ਰੂਪ ਧਾਰਨ ਕਰਦੀ ਜਾ ਰਹੀ ਹੈ। ਇਨ੍ਹਾਂ ਕੁੱਤਿਆਂ ਦੇ ਝੁੰਡ ਮਨੁੱਖਾਂ ਤੇ ਬੱਚਿਆਂ ਨੂੰ ਨੋਚ-ਨੋਚ ਕੇ ਖਾਈ ਜਾ ਰਹੇ ਹਨ। ਇਹ ਕੁੱਤੇ ਹੱਡਾ-ਰੋੜੀਆਂ ਦੇ ਇਰਦ-ਗਿਰਦ ਪਸ਼ੂਆਂ ਦਾ ਮਾਸ ਖਾਣ ਲਈ ਇਕੱਠੇ ਹੁੰਦੇ ਹਨ ਅਤੇ ਖੂੰਖਾਰ ਹੋ ਜਾਂਦੇ ਹਨ। ਇਕ ਸਮਾਂ ਸੀ ਜਦੋਂ ਮਨੁੱਖ ਅਤੇ ਜਾਨਵਰਾਂ ਵਿਚ ਆਪਸੀ ਸਾਂਝ ਹੁੰਦੀ ਸੀ। ਇਹ ਸਾਂਝ ਹੁਣ ਖਤਮ ਹੁੰਦੀ ਜਾ ਰਹੀ ਹੈ। ਘਰਾਂ ਅੱਗੇ ਜਦੋਂ ਗੇਟ ਨਹੀਂ ਲੱਗੇ ਹੁੰਦੇ ਸਨ, ਉਦੋਂ ਇਹ ਅਵਾਰਾ ਕੁੱਤੇ ਘਰਾਂ ਦੇ ਵਿਹੜਿਆਂ ਵਿਚ ਖੂਬ ਚੱਕਰ ਲਗਾਉਂਦੇ ਰਹਿੰਦੇ ਸਨ ਅਤੇ ਘਰ ਦੀਆਂ ਸੁਆਣੀਆਂ ਇਨ੍ਹਾਂ ਜਾਨਵਰਾਂ ਲਈ ਰੋਟੀ ਵਗੈਰਾ ਰੱਖਦੀਆਂ ਸਨ ਤੇ ਇਨ੍ਹਾਂ ਜਾਨਵਰਾਂ ਦੇ ਪੇਟ ਦੀ ਥੋੜ੍ਹੀ ਬਹੁਤੀ ਭੁੱਖ ਮਿਟ ਜਾਂਦੀ ਸੀ। ਪਰ ਹੁਣ ਜਾਨਵਰਾਂ ਨੂੰ ਇਨ੍ਹਾਂ ਘਰਾਂ ਵਿਚੋਂ ਖਾਣ ਨੂੰ ਕੁਝ ਵੀ ਨਸੀਬ ਨਹੀਂ ਹੁੰਦਾ ਅਤੇ ਹੁਣ ਇਹ ਆਪਣੇ ਪੇਟ ਦੀ ਅੱਗ ਬੁਝਾਉਣ ਲਈ ਮਨੁੱਖਾਂ 'ਤੇ ਹਮਲੇ ਕਰਦੇ ਹਨ ਅਤੇ ਇਨਸਾਨਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਬਹੁਤ ਸਾਰੇ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਕਈ ਜਗ੍ਹਾ ਇਨ੍ਹਾਂ ਦੀ ਗਿਣਤੀ ਨੂੰ ਘਟਾਉਣ ਲਈ ਨਸਬੰਦੀ ਕੀਤੀ ਜਾ ਰਹੀ ਹੈ ਪਰ ਇਹ ਕੰਮ ਏਨਾ ਸੌਖਾ ਨਹੀਂ ਹੈ। ਕਾਨੂੰਨੀ ਤੌਰ 'ਤੇ ਕੁੱਤਿਆਂ ਨੂੰ ਮਾਰਨ 'ਤੇ ਪਾਬੰਦੀ ਹੈ। ਇਕ ਹੱਲ ਹੋਰ ਹੈ ਕਿ ਇਨ੍ਹਾਂ ਕੁੱਤਿਆਂ ਨੂੰ ਵਪਾਰਕ ਤੌਰ 'ਤੇ ਵਰਤਿਆ ਜਾਵੇ ਤੇ ਜਿਨ੍ਹਾਂ ਪ੍ਰਦੇਸ਼ਾਂ ਤੇ ਬਾਹਰਲੇ ਦੇਸ਼ਾਂ ਨੂੰ ਇਨ੍ਹਾਂ ਜਾਨਵਰਾਂ ਦੀ ਲੋੜ ਹੈ, ਉਥੇ ਸਰਕਾਰੀ ਸਮਝੌਤਿਆਂ ਅਧੀਨ ਸਪਲਾਈ ਕੀਤਾ ਜਾਵੇ।


-ਸਮਿੱਤਰ ਸਿੰਘ 'ਦੋਸਤ'
ਮੋਬਾਈਲ : 92562-92764.

03/04/2017

 ਚਿਹਰਿਆਂ 'ਤੇ ਰੌਣਕ
ਪੰਜਾਬ ਵਿਚ ਕੈਪਟਨ ਸਰਕਾਰ ਦੇ ਬਣਦਿਆਂ ਹੀ ਪੰਜਾਬ ਵਿਚ ਪਨਪੀਆਂ ਅਨੇਕਾਂ ਬੁਰਾਈਆਂ 'ਤੇ ਤੁਰੰਤ ਕਾਬੂ ਪਾਉਣ ਦੇ ਕੀਤੇ ਜਾ ਰਹੇ ਯਤਨਾਂ ਦੀ ਹਰ ਪਾਸੇ ਸ਼ਲਾਘਾ ਹੋਣੀ ਸ਼ੁਰੂ ਹੋ ਗਈ ਹੈ। ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਲੁੱਟ-ਖੋਹ, ਕਤਲੋਗਾਰਤ ਆਮ ਹੋ ਗਿਆ ਹੈ। ਜਬਰ-ਜਨਾਹ ਤੇ ਛੇੜ-ਛਾੜ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਰੇਤ-ਬਜਰੀ ਮਾਫੀਆ ਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਆਪਣੇ ਗ਼ੈਰ-ਕਾਨੂੰਨੀ ਕੰਮਾਂ ਨੂੰ ਇਸ ਤਰ੍ਹਾਂ ਕਰ ਰਹੇ ਹਨ, ਜਿਵੇਂ ਉਨ੍ਹਾਂ ਨੂੰ ਕਾਨੂੰਨ ਆਦਿ ਦਾ ਕੋਈ ਡਰ ਹੀ ਨਾ ਹੋਵੇ। ਇਸ ਤੋਂ ਇਲਾਵਾ ਪੰਜਾਬ 'ਚ ਥਾਂ-ਥਾਂ ਘੁੰਮ ਰਹੇ ਹਨ ਗੈਂਗਸਟਰ, ਜਿਨ੍ਹਾਂ ਨੇ ਸੂਬੇ ਦੇ ਸ਼ਾਂਤ ਮਾਹੌਲ ਨੂੰ ਮਾਰਧਾੜ ਵਿਚ ਬਦਲ ਕੇ ਰੱਖ ਦਿੱਤਾ ਹੈ। ਹਰ ਤਰ੍ਹਾਂ ਦੇ ਨਾਜਾਇਜ਼ ਕਾਰੋਬਾਰ ਕਰਨ ਵਾਲਿਆਂ ਨੂੰ ਨੱਥ ਪਾਉਣ ਦੇ ਨਾਲ-ਨਾਲ ਹਰ ਮਹਿਕਮੇ ਵਿਚ ਫੈਲ ਚੁੱਕੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਤੋਂ ਇਲਾਵਾ ਉਪਰੋਕਤ ਬੁਰਾਈਆਂ 'ਤੇ ਕਾਬੂ ਪਾਉਣ ਲਈ ਜੋ ਦ੍ਰਿੜ੍ਹਤਾ ਦਿਖਾਈ ਜਾ ਰਹੀ ਹੈ, ਤੋਂ ਇਨਸਾਫ਼ ਪਸੰਦ ਲੋਕਾਂ ਦੇ ਚਿਹਰਿਆਂ 'ਤੇ ਰੌਣਕ ਆਉਣੀ ਸ਼ੁਰੂ ਹੋ ਗਈ ਹੈ।


-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।


ਚੁੰਗੀ ਤੇ ਪ੍ਰਾਪਰਟੀ ਟੈਕਸ
ਪੰਜਾਬ ਦੇ ਸ਼ਹਿਰਾਂ ਦਾ ਚਿਹਰਾ ਮੁਹਰਾ ਸੁਧਾਰਨ ਲਈ ਸ: ਨਵਜੋਤ ਸਿੰਘ ਸਿੱਧੂ ਦੀ ਬਤੌਰ ਲੋਕਲ ਬਾਡੀਜ਼ ਮੰਤਰੀ ਚੋਣ, ਇਕ ਸਹੀ ਤੇ ਵਧੀਆ ਚੋਣ ਹੈ। ਉਹ ਅੰਮ੍ਰਿਤਸਰ ਦੀ ਪਵਿੱਤਰ ਨਗਰੀ ਸਮੇਤ ਪੰਜਾਬ ਦੇ ਸ਼ਹਿਰੀ ਵਿਕਾਸ ਦੇ ਹਾਮੀ ਰਹੇ ਹਨ। ਪ੍ਰੰਤੂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਲੋਕਲ ਬਾਡੀਜ਼ ਦੇ ਵਿਤੀ ਪ੍ਰਬੰਧ ਨੂੰ ਸੁਧਾਰਨਾ ਪਵੇਗਾ। ਇਸ ਕੰਮ ਲਈ ਉਨ੍ਹਾਂ ਨੂੰ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਬੰਦ ਕੀਤਾ ਚੁੰਗੀ ਟੈਕਸ ਮੁੜ ਬਹਾਲ ਕਰਨਾ ਪਵੇਗਾ। ਸ਼ਹਿਰੀਆਂ ਦਾ ਸਨਮਾਨ ਬਹਾਲ ਕਰਨ ਲਈ ਉਨ੍ਹਾਂ ਨੂੰ ਰਿਹਾਇਸ਼ੀ ਘਰਾਂ ਉਤੇ ਲਗਾਇਆ ਪ੍ਰਾਪਰਟੀ ਟੈਕਸ ਖਤਮ ਕਰਨਾ ਪਵੇਗਾ। ਲੋਕਲ ਬਾਡੀਜ਼ ਨੇ ਸ਼ਹਿਰਾਂ ਵਿਚ ਪਾਣੀ ਦੀ ਸਪਲਾਈ, ਸੀਵਰੇਜ ਸਿਸਟਮ, ਸਟਰੀਟ ਲਾਈਟ ਅਤੇ ਸੜਕੀ ਪ੍ਰਬੰਧ ਨੂੰ ਸੁਰੱਖਿਅਤ ਢੰਗ ਨਾਲ ਚਲਾਉਣਾ ਹੁੰਦਾ ਹੈ। ਕਰਮਚਾਰੀਆਂ ਦੀਆਂ ਤਨਖਾਹਾਂ ਸਮੇਤ ਕੁਝ ਨਵੇਂ ਕਾਰਜ ਵੀ ਸਿਰੇ ਚਾੜ੍ਹਨੇ ਹੁੰਦੇ ਹਨ। ਸੋ, ਜੇਕਰ ਚੁੰਗੀ ਟੈਕਸ ਨਾਲ ਸ਼ਹਿਰੀ ਸੁਧਾਰ ਹੁੰਦਾ ਹੈ ਤਾਂ ਇਸ ਟੈਕਸ ਨੂੰ ਖਿੜੇ ਮੱਥੇ ਪ੍ਰਵਾਨ ਕਰ ਲੈਣਾ ਹੀ ਵੱਡੀ ਸਿਆਣਪ ਹੈ।


-ਇੰਜ: ਕੁਲਦੀਪ ਸਿੰਘ ਲੁੱਧਰ
ਅੰਮ੍ਰਿਤਸਰ।


ਸੜਕ ਹਾਦਸੇ
ਪੰਜਾਬ ਵਿਚ ਦਿਨੋ-ਦਿਨ ਵਧ ਰਹੇ ਸੜਕ ਹਾਦਸੇ ਚਿੰਤਾ ਦਾ ਵਿਸ਼ਾ ਹਨ। ਥੋੜ੍ਹੀ ਜਿਹੀ ਲਾਪ੍ਰਵਾਹੀ ਕਾਰਨ ਸੈਂਕੜੇ ਕੀਮਤੀ ਜਾਨਾਂ ਹਰ ਰੋਜ਼ ਚਲੀਆਂ ਜਾਂਦੀਆਂ ਹਨ। ਜੇਕਰ ਧਿਆਨ ਪੂਰਵਰਕ ਵਾਚਿਆ ਜਾਵੇ ਤਾਂ ਇਹ ਸੜਕ ਹਾਦਸੇ ਮਨੁੱਖੀ ਗ਼ਲਤੀ ਦਾ ਹੀ ਮੁੱਖ ਕਾਰਨ ਹੁੰਦੇ ਹਨ, ਜਿਨ੍ਹਾਂ ਵਿਚ ਟ੍ਰੈਫਿਕ ਨਿਯਮਾਂ ਦੀ ਲਾਪ੍ਰਵਾਹੀ ਮੁੱਖ ਤੌਰ 'ਤੇ ਸ਼ਾਮਿਲ ਹੈ। ਸੋ, ਸਾਨੂੰ ਚਾਹੀਦਾ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ, ਸੜਕਾਂ ਅਤੇ ਬਾਜ਼ਾਰਾਂ ਵਿਚ ਨਾਜਾਇਜ਼ ਉਸਾਰੀਆਂ ਤੋਂ ਪ੍ਰਹੇਜ਼ ਕਰੀਏ, ਛੋਟੀ ਉਮਰ ਦੇ ਬੱਚਿਆਂ ਨੂੰ ਵਾਹਨ ਚਲਾਉਣ ਤੋਂ ਵਰਜ਼ੀਏ, ਨਸ਼ੇ ਦੀ ਵਰਤੋਂ ਨਾ ਕਰੀਏ ਅਤੇ ਵਾਹਨ ਦੀ ਰਫ਼ਤਾਰ ਨੂੰ ਕਾਬੂ ਵਿਚ ਰੱਖੀਏ ਕਿਉਂਕਿ ਕਦੇ ਵੀ ਨਾ ਪਹੁੰਚਣ ਨਾਲੋਂ ਦੇਰ ਨਾਲ ਪਹੁੰਚਣਾ ਚੰਗਾ ਹੁੰਦਾ ਹੈ।


-ਰਾਜਵੰਤ ਸਿੰਘ ਰਾਜੂ
ਗੁਰੂ ਨਾਨਕ ਆਟੋ ਸਪੇਅਰਜ਼, ਰਾਏਕੋਟ।

31/03/2017

 ਸਕੂਲਾਂ ਵੱਲੋਂ ਮਾਪਿਆਂ ਦੀ ਲੁੱਟ
ਨਿੱਜੀ ਸਕੂਲਾਂ ਵੱਲੋਂ ਸਾਲਾਨਾ ਤੇ ਮਹੀਨਾਵਾਰ ਫੀਸਾਂ ਸਹਿਤ ਕਈ ਤਰ੍ਹਾਂ ਦੇ ਫੰਡਾਂ ਦੇ ਨਾਂਅ 'ਤੇ ਫੀਸਾਂ ਵਿਚ ਭਾਰੀ ਵਾਧਾ ਕਰਕੇ ਬੱਚਿਆਂ ਦੇ ਮਾਪਿਆਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਤੇ ਹਾਈਕੋਰਟ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਇਹ ਨਿੱਜੀ ਸਕੂਲ ਮਾਪਿਆਂ ਦੀ ਅੰਨ੍ਹੀ ਲੁੱਟ ਕਰਕੇ ਤੇ ਟੀਚਰਾਂ ਨੂੰ ਘੱਟ ਮਿਹਨਤਾਨਾ ਦੇ ਕੇ ਸਕੂਲਾਂ ਦੀਆਂ ਵੱਡੀਆਂ-ਵੱਡੀਆਂ ਆਲੀਸ਼ਾਨ ਇਮਾਰਤਾਂ ਉਸਾਰ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਸਕੂਲਾਂ ਅੰਦਰ ਬਾਜ਼ਾਰ ਨਾਲੋਂ ਮਹਿੰਗੇ ਭਾਅ ਵੇਚੀਆਂ ਜਾਂ ਰਹੀਆਂ ਵਰਦੀਆਂ, ਸਟੇਸ਼ਨਰੀ ਤੇ ਕਿਤਾਬਾਂ ਦੇ ਕਾਊਂਟਰ ਬੰਦ ਕਰਕੇ, ਹਰੇਕ ਸਕੂਲ ਦਾ ਸਿਲੇਬਸ ਇਕ ਸਮਾਨ ਕੀਤਾ ਜਾਵੇ ਕਿਉਂਕਿ ਨਿੱਜੀ ਸਕੂਲ ਵਾਰ-ਵਾਰ ਕਿਤਾਬਾਂ ਤੇ ਵਰਦੀਆਂ ਬਦਲ ਕੇ ਦੁਕਾਨਦਾਰਾਂ ਨਾਲ ਮਿਲ ਕੇ ਮੋਟਾ ਕਮਿਸ਼ਨ ਵਸੂਲ ਰਹੇ ਹਨ। ਸਰਕਾਰ ਨੂੰ ਸਖ਼ਤ ਫ਼ੈਸਲਾ ਲੈਂਦਿਆਂ ਹੋਇਆਂ ਲੁੱਟ-ਖਸੁੱਟ ਕਰ ਰਹੇ ਇਨ੍ਹਾਂ ਪ੍ਰਾਈਵੇਟ ਸਕੂਲਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਕੇ ਮਾਪਿਆਂ ਨੂੰ ਇਨਸਾਫ਼ ਦਿਵਾਉਣਾ ਚਾਹੀਦਾ ਹੈ ਤਾਂ ਕਿ ਅੱਗੇ ਤੋਂ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣ ਲਈ ਭਾਰੀ ਫੀਸਾਂ ਕਰਕੇ ਕੋਈ ਪ੍ਰੇਸ਼ਾਨੀ ਨਾ ਆਵੇ।-

ਮਸ਼ੇਰ ਸਿੰਘ ਸੋਹੀਪਿੰਡ ਸੋਹੀਆਂ, ਡਾਕ: ਚੀਮਾ ਖੁੱਡੀ, ਤਹਿ: ਬਟਾਲਾ, ਜ਼ਿਲ੍ਹਾ ਗੁਰਦਾਸਪੁਰ।

ਨਸ਼ਿਆਂ 'ਤੇ ਨਕੇਲ
ਪੰਜਾਬ ਵਿਚ ਪਿਛਲੇ ਕੁਝ ਸਾਲਾਂ ਤੋਂ ਫੈਲੇ ਨਸ਼ਿਆਂ ਨੂੰ ਨਕੇਲ ਪਾਉਣ ਲਈ ਨਵੀਂ-ਨਵੀਂ ਸੱਤਾ ਵਿਚ ਆਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੀ ਹੈ। ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੁਰਸੀ ਸੰਭਾਲਦਿਆਂ ਹੀ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਜਿਥੇ ਇਸ ਧੰਦੇ ਤੋਂ ਬਾਜ ਆਉਣ ਲਈ ਸਖ਼ਤ ਤਾੜਨਾ ਕੀਤੀ ਗਈ ਹੈ, ਉਥੇ ਰਾਜ ਦੇ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਪੁਲਿਸ ਮੁਖੀਆਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਨਸ਼ਾ ਵੇਚਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਉਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਸੋ, ਸਾਨੂੰ ਸਭ ਨੂੰ ਵੀ ਇਸ ਮੁਹਿੰਮ ਦਾ ਹਿੱਸਾ ਬਣ ਕੇ ਆਪਣੇ-ਆਪਣੇ ਇਲਾਕੇ ਅੰਦਰ ਚੋਰੀ-ਛੁਪੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦੀ ਜਾਣਕਾਰੀ ਪੁਲਿਸ ਨੂੰ ਪਹਿਲ ਦੇ ਆਧਾਰ 'ਤੇ ਦੇਣੀ ਚਾਹੀਦੀ ਹੈ ਤਾਂ ਜੋ ਨਸ਼ਿਆਂ ਦੀ ਦਲਦਲ ਵਿਚ ਧੱਸਦੀ ਜਾ ਰਹੀ ਜਵਾਨੀ ਬਰਬਾਦ ਹੋਣੋਂ ਬਚ ਸਕੇ ਅਤੇ ਪੰਜਾਬ ਮੁੜ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਣ ਲੱਗੇ।

-ਰਾਜਾ ਗਿੱਲ (ਚੜਿੱਕ)
ਮੋ: 94654-11585

ਸਿਆਣੇ ਕਹਿੰਦੇ ਹੱਸਣਾ ਚਾਹੀਦੈ
ਸਿਆਣਿਆਂ ਦਾ ਕਹਿਣਾ ਹੈ ਕਿ ਹੱਸਣਾ ਰੂਹ ਦੀ ਖੁਰਾਕ ਹੈ। ਜੀਵਨ ਦੇ ਹਰ ਪਲ ਨੂੰ ਖੁਸ਼ਹਾਲ ਬਣਾਉਣ ਲਈ ਜ਼ਰੂਰੀ ਹੈ ਕਿ ਅਸੀਂ ਸਦਾ ਖੁਸ਼ ਰਹੀਏ ਕਿਉਂਕਿ ਸਦਾ ਖੁਸ਼ ਰਹਿਣ ਵਾਲਾ ਵਿਅਕਤੀ ਜਿਥੇ ਹਮੇਸ਼ਾ ਤੰਦਰੁਸਤ ਰਹਿੰਦਾ ਹੈ, ਉਥੇ ਉਹ ਹਰ ਵੇਲੇ ਫੁੱਲਾਂ ਵਾਂਗ ਖਿੜ੍ਹਿਆ-ਖਿੜ੍ਹਿਆ ਵੀ ਰਹਿੰਦਾ ਹੈ। ਇਹ ਵੀ ਸੱਚ ਹੈ ਕਿ ਹੱਸਦਿਆਂ ਦੇ ਹੀ ਘਰ ਵੱਸਦੇ ਹਨ। ਮੱਥੇ ਤਿਉੜੀ ਰੱਖਣ ਵਾਲਾ ਵਿਅਕਤੀ ਜਿਥੇ ਲੋਕਾਂ ਵਿਚ ਘ੍ਰਿਣਾ ਦਾ ਪਾਤਰ ਬਣਿਆ ਰਹਿੰਦਾ ਹੈ, ਉਥੇ ਉਹ ਜ਼ਿੰਦਗੀ ਵਿਚ ਬਾਕੀ ਲੋਕਾਂ ਨਾਲੋਂ ਕਾਫੀ ਪਛੜ ਕੇ ਵੀ ਰਹਿ ਜਾਂਦਾ ਹੈ। ਇਹ ਵੀ ਸੱਚ ਹੈ ਕਿ ਲਗਪਗ ਹਰ ਮਨੁੱਖ ਤਣਾਅ, ਭੈਅ ਅਤੇ ਚਿੰਤਾ ਵਿਚ ਗ੍ਰਸਤ ਹੈ। ਅੱਜ ਮਨੁੱਖ ਨੇ ਸਮੱਸਿਆਵਾਂ ਨੂੰ ਏਨਾ ਵਧਾ ਲਿਆ ਹੈ ਕਿ ਉਹ ਮਾਨਸਿਕ ਰੋਗੀ ਬਣਦਾ ਜਾ ਰਿਹਾ ਹੈ। ਜਿਥੇ ਉਹ ਸਮੇਂ ਸਿਰ ਖਾਣਾ-ਪੀਣਾ ਭੁੱਲ ਗਿਆ ਹੈ, ਉਥੇ ਉਹ ਹੱਸਣਾ ਵੀ ਭੁੱਲਦਾ ਜਾ ਰਿਹਾ ਹੈ। ਸਿਆਣਿਆਂ ਦੀ ਉਪਰੋਕਤ ਸਲਾਹ 'ਤੇ ਅਮਲ ਕਰਨ ਨਾਲ ਅਜੋਕਾ ਮਨੁੱਖ ਕਾਫੀ ਹੱਦ ਤੱਕ ਰਾਹਤ ਪਾ ਸਕਦਾ ਹੈ।

-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

30/03/2017

ਸ਼ਲਾਘਾਯੋਗ ਉਪਰਾਲਾ

ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਦਾ ਨਵਾਂ ਸਿਲੇਬਸ ਲਾਗੂ ਕਰਨ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਚੰਨੀ ਸਾਹਿਬ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਸਮਾਜ ਦੇ ਨੌਜਵਾਨਾਂ ਦੀ ਮੁੱਖ ਸਮੱਸਿਆ ਬੇਰੁਜ਼ਗਾਰੀ ਨੂੰ ਸੁਲਝਾਉਣ ਵੱਲ ਧਿਆਨ ਦਿੱਤਾ ਹੈ। ਨਵੇਂ ਸਿਲੇਬਸ ਅਨੁਸਾਰ ਇਨ੍ਹਾਂ ਬਣ ਰਹੇ ਇੰਜੀਨੀਅਰ ਨੌਜਵਾਨਾਂ ਨੂੰ ਉਦਯੋਗਿਕ ਇਕਾਈਆਂ ਨਾਲ ਜੋੜ ਕੇ ਇਕਾਈਆਂ ਦੀ ਲੋੜ ਅਨੁਸਾਰ ਸਿਖਲਾਈ ਦੁਆ ਕੇ ਨੌਜਵਾਨਾਂ ਨੂੰ ਕਿੱਤੇ ਦੇ ਮਾਹਿਰ ਅਤੇ ਰੁਜ਼ਗਾਰ ਦੇ ਯੋਗ ਬਣਾ ਕੇ ਬੇਰੁਜ਼ਗਾਰੀ ਨੂੰ ਨੱਥ ਪਾਈ ਜਾ ਸਕੇਗੀ ਅਤੇ ਨੌਜਵਾਨ ਸਵੈ-ਰੁਜ਼ਗਾਰ ਲਈ ਵੀ ਉਤਸ਼ਾਹਿਤ ਹੋਣਗੇ।

-ਡਾ: ਚਮਨ ਲਾਲ ਸਚਦੇਵਾ
ਮੋਗਾ।

ਜਲੰਧਰ ਟੀ.ਵੀ. 'ਤੇ ਵੀ

ਅੱਜ ਪੰਜਾਬੀ ਗੀਤ-ਸੰਗੀਤ ਫੈਲ ਤਾਂ ਬਹੁਤ ਵੱਡੇ ਪੱਧਰ 'ਤੇ ਰਿਹਾ ਹੈ ਪਰ ਇਸ ਦਾ ਮਿਆਰ ਦਿਨ-ਬਦਿਨ ਡਿਗਦਾ ਜਾ ਰਿਹਾ ਹੈ। ਅੱਜ ਬਹੁਗਿਣਤੀ ਸੰਗੀਤਕ ਪੰਜਾਬੀ ਚੈਨਲ ਪੰਜਾਬੀ ਗਾਇਕੀ ਵਿਖਾ ਰਹੇ ਹਨ ਤੇ ਦਿਖਾਏ ਜਾਣ ਵਾਲੇ ਗੀਤ ਕਈ ਪਾਸਿਆਂ ਤੋਂ ਗ਼ਲਤ ਹੁੰਦੇ ਹਨ। ਇਸੇ ਦੇਖਾ-ਦੇਖੀ ਅਧੀਨ ਹੁਣ ਸਰਕਾਰੀ ਚੈਨਲ, ਜਲੰਧਰ ਟੀ.ਵੀ. ਵੀ ਆਪਣੇ ਸੰਗੀਤਕ ਪ੍ਰੋਗਰਾਮਾਂ ਵਿਚ ਅਸ਼ਲੀਲ ਗੀਤ ਪੇਸ਼ ਕਰਨ ਲੱਗ ਪਿਆ ਹੈ। ਬੀਤੇ ਦਿਨੀਂ ਇਸ ਚੈਨਲ 'ਤੇ ਗੀਤ ਚੱਲ ਰਿਹਾ ਸੀ 'ਨੀ ਤੂੰ ਦੇਸੀ ਦੇ ਡਰੰਮ ਵਰਗੀ, ਜੱਟ ਪੀ ਜਾਊ ਗਟ-ਗਟ ਕਰਕੇ'। ਹੁਣ ਦੱਸੋ ਇਹੋ ਜਿਹੇ ਗੀਤ ਧੱਕੇ ਨਾਲ ਵਿਖਾਉਣ ਦੀ ਕੀ ਤੁਕ ਬਣਦੀ ਹੈ। ਇਸ ਗੀਤ ਵਿਚ ਨਸ਼ਿਆਂ ਦਾ ਪ੍ਰਚਾਰ, ਔਰਤ ਦਾ ਗ਼ਲਤ ਰੂਪ, ਨੰਗੇਜ਼ ਆਦਿ ਸਭ ਕੁਝ ਰੱਜ ਕੇ ਦਿਖਾਇਆ ਗਿਆ ਹੈ। ਸਮਝ ਨਹੀਂ ਆ ਰਹੀ ਕਿ ਸਭ ਆਪਣੀ ਜ਼ਿੰਮੇਵਾਰੀ ਛੱਡ ਕੇ ਕੀ ਸੋਚ ਰਹੇ ਹਨ, ਜੋ ਉੱਚ ਅਹੁਦਿਆਂ 'ਤੇ ਬੈਠੇ ਹਨ। ਇਨ੍ਹਾਂ ਗ਼ਲਤ ਗੱਲਾਂ ਦਾ ਵੱਧ ਤੋਂ ਵੱਧ ਵਿਰੋਧ ਹੋਵੇ ਤਾਂ ਜੋ ਲੋਕ ਵੀ ਜਾਗਣ ਅਤੇ ਟੀ.ਵੀ. ਅਧਿਕਾਰੀ ਵੀ ਸੋਚਣ ਲਈ ਮਜਬੂਰ ਹੋਣ।

-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿਆਣਾ)।

ਅਕਸ਼ੈ ਕੁਮਾਰ ਵੱਲੋਂ ਆਰਥਿਕ ਮਦਦ

ਪਿਛਲੇ ਦਿਨੀਂ ਸਾਡੇ ਦੇਸ਼ ਦੇ ਛੱਤੀਸਗੜ੍ਹ ਸੂਬੇ ਦੇ ਸੁਕਮਾ ਜ਼ਿਲ੍ਹੇ 'ਚ ਨਕਸਲੀਆਂ ਨਾਲ 2 ਘੰਟੇ ਤੱਕ ਚੱਲੇ ਮੁਕਾਬਲੇ 'ਚ ਸੀ.ਆਰ.ਪੀ.ਐਫ. ਦੇ 12 ਜਵਾਨ ਸ਼ਹੀਦ ਹੋ ਗਏ ਸਨ। ਇਹ ਬੜੀ ਹੀ ਦੁੱਖਦਾਇਕ ਘਟਨਾ ਸੀ। ਇਸ ਦੁੱਖ ਦੀ ਘੜੀ 'ਚ ਸ਼ਹੀਦ ਪਰਿਵਾਰਾਂ ਦੇ ਆਰਥਿਕ ਸਹਾਰੇ ਲਈ ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਨੇ ਆਪਣੀ ਕਿਰਤ ਕਮਾਈ 'ਚੋਂ 9 ਲੱਖ ਪ੍ਰਤੀ ਪਰਿਵਾਰ ਦੇ ਹਿਸਾਬ ਨਾਲ 1 ਕਰੋੜ 8 ਲੱਖ ਰੁਪਏ ਮਦਦ ਦੇ ਰੂਪ 'ਚ ਦਿੱਤੇ ਹਨ। ਇਹ ਅਕਸ਼ੈ ਕੁਮਾਰ ਵੱਲੋਂ ਕੀਤਾ ਗਿਆ ਬੜਾ ਹੀ ਸ਼ਲਾਘਾਯੋਗ ਉਪਰਾਲਾ ਹੈ। ਪਰਮਾਤਮਾ ਅਕਸ਼ੈ ਕੁਮਾਰ ਤੇ ਉਸ ਦੇ ਪਰਿਵਾਰ ਨੂੰ ਸੁੱਖ-ਸਲਾਮਤੀ ਤੇ ਦਿਨ ਦੁੱਗਣੀ ਤੇ ਰਾਤ ਚੋਗੁਣੀ ਤਰੱਕੀ ਬਖਸ਼ੇ।

-ਰਾਜੇਸ਼ ਛਾਬੜਾ
ਪਿੰਡ ਤੇ ਡਾਕ: ਧਿਆਨਪੁਰ (ਬਟਾਲਾ)।

29/03/2017

 ਨਵੀਂ ਸਰਕਾਰ ਨਵੀਆਂ ਚੁਣੌਤੀਆਂ
ਲੰਮੇਰੀ ਤੇ ਅਕੇਵੇਂ ਭਰੀ ਚੋਣ ਪ੍ਰਕਿਰਿਆ ਤੋਂ ਬਾਅਦ ਆਖ਼ਰ ਕੈਪਟਨ ਸਰਕਾਰ ਨੇ ਸੂਬੇ ਦੀ ਵਾਗਡੋਰ ਸੰਭਾਲ ਕੇ ਨਵੇਂ ਸਿਰੇ ਤੋਂ ਵਿਧਾਨ ਪਾਲਿਕਾ ਦੇ ਫਰਜ਼ ਨਿਭਾਉਣੇ ਸ਼ੁਰੂ ਕਰ ਦਿੱਤੇ ਹਨ। ਸ਼ੁਰੂਆਤੀ ਦੌਰ ਵਿਚ ਕੁਝ ਚੰਗੇ ਫ਼ੈਸਲੇ ਲੈ ਕੇ ਹਾਕਮ ਧਿਰ ਨੇ ਲੋਕਾਂ ਵਿਚ ਆਪਣੀ ਭੱਲ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਤਾਂ ਜੋ ਲੋਕਾਈ ਨੂੰ ਬਦਲਾਅ ਦਾ ਅਹਿਸਾਸ ਕਰਾਇਆ ਜਾ ਸਕੇ। ਲੋਕ ਹਿੱਤ ਵਿਚ ਲਏ ਫ਼ੈਸਲਿਆਂ ਦੀ ਸ਼ਲਾਘਾ ਕਰਨੀ ਵੀ ਬਣਦੀ ਹੈ। ਪਰ ਤਾਜ ਪਹਿਨਦਿਆਂ ਹੀ ਹਜ਼ਾਰਾਂ ਹੋਰ ਚੁਣੌਤੀਆਂ ਵੀ ਸਰਕਾਰ ਦੇ ਸਵਾਗਤ ਲਈ ਤਿਆਰ-ਬਰ-ਤਿਆਰ ਖੜ੍ਹੀਆਂ ਹਨ। ਚਾਹੇ ਉਹ ਐਸ.ਵਾਈ.ਐਲ. ਦਾ ਮੁੱਦਾ ਹੋਵੇ ਜਾਂ ਨਸ਼ੇ ਦੇ ਸਮਗਲਰਾਂ ਅਤੇ ਮਾਫ਼ੀਆ ਰਾਜ ਦੀ ਗੁੰਡਾਗਰਦੀ ਦਾ ਮੁੱਦਾ। ਡੂੰਘੀ ਦਲਦਲ ਵਿਚ ਧਸੀ ਹੋਈ ਅਮਨ-ਕਾਨੂੰਨ ਦੀ ਗੱਡੀ ਨੂੰ ਵੀ ਰਾਹ 'ਤੇ ਤੋਰਨਾ ਹੈ ਤੇ ਮੁਲਾਜ਼ਮ ਵਰਗ ਦੀਆਂ ਆਸਾਂ ਨੂੰ ਵੀ ਬੂਰ ਪਾਉਣਾ ਕਾਂਗਰਸ ਦੇ ਚੋਣ ਮੈਨੀਫੈਸਟੋ ਦਾ ਹਿੱਸਾ ਹੈ। ਕੁੱਲ ਮਿਲਾ ਕੇ ਲੋਕਾਂ ਨੂੰ ਭਵਿੱਖ ਦੀ ਪੌੜੀ ਦੇ ਉਸ ਸਿਰੇ ਤੱਕ ਅਪੜਾਉਣ ਦਾ ਵਾਅਦਾ ਕੀਤਾ ਗਿਆ ਹੈ ਜਿਥੋਂ ਇਕ ਖੁਸ਼ਹਾਲ ਤੇ ਚੰਗੇਰੇ ਭਵਿੱਖ ਦੀ ਫੁਟਦੀ ਲੋਅ ਦਾ ਚਾਨਣ ਦਿਸਦਾ ਹੋਵੇ ਤੇ ਇਸੇ ਪੌੜੀ ਦੇ ਡੰਡੇ ਚੜ੍ਹ ਕੇ ਹੀ ਕਾਂਗਰਸ ਨੇ ਵੀ ਪੂਰੇ 10 ਸਾਲ ਬਾਅਦ ਸਫਲਤਾ ਦਾ ਅਨੰਦ ਮਾਣਿਆ। ਲੋਕਾਂ ਨੇ ਵੀ ਆਪਣੇ ਵੱਲੋਂ ਸਾਰੀ ਘਾਟ ਦੂਰ ਕਰਦਿਆਂ ਆਸ ਤੋਂ ਵੱਧ ਸਫਲਤਾ ਨਾਲ ਸਾਥ ਦਿੱਤਾ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਕਾਗਜ਼ਾਂ ਦੀ ਹਿੱਕ 'ਤੇ ਲਕੀਰਾਂ ਖਿੱਚ ਕੇ ਦਿਖਾਏ ਸੁਪਨੇ ਜ਼ਮੀਨੀ ਸਤਹ 'ਤੇ ਕਿੰਨੀ ਡੂੰਘਾਈ ਨਾਲ ਪੁੰਗਰਦੇ ਹਨ ਜਾਂ ਫਿਰ ਹਮੇਸ਼ਾ ਵਾਂਗ ਪਾਰਟੀਆਂ ਵੱਲੋਂ ਵਾਅਦੇ ਵਫ਼ਾ ਨਾ ਕਰਨ ਦੀ ਰੀਤ ਹੀ ਭਾਰੂ ਰਹੇਗੀ।


-ਬਲਜਿੰਦਰ ਸਿੰਘ ਸਮਾਘ
ਸ੍ਰੀ ਮੁਕਤਸਰ ਸਾਹਿਬ।


ਕਿਵੇਂ ਰੁਕਣ ਖ਼ੁਦਕੁਸ਼ੀਆਂ

ਅੱਜਕਲ੍ਹ ਪੰਜਾਬ ਵਿਚ ਜਿਥੇ ਕਿਸਾਨ ਖ਼ੁਦਕੁਸ਼ੀਆਂ ਦਾ ਰੁਝਾਨ ਦਿਨੋ-ਦਿਨ ਵਧ ਰਿਹਾ ਹੈ, ਉਥੇ ਹੀ ਪੰਜਾਬੀ ਪਰਿਵਾਰਾਂ ਵਿਚ ਆਪਣੇ ਪਰਿਵਾਰਕ ਝਗੜਿਆਂ ਵਿਚ ਅਣਭੋਲ ਤੇ ਬੇਕਸੂਰ ਬੱਚੇ ਵੀ ਬਲੀ ਦਾ ਬੱਕਰਾ ਬਣ ਰਹੇ ਹਨ। ਕਈ ਪਰਿਵਾਰ ਆਪਣੇ ਨੰਨ੍ਹੇ ਬੱਚੇ-ਬੱਚੀਆਂ ਸਮੇਤ ਨਹਿਰਾਂ ਦੀ ਭੇਟ ਚੜ੍ਹ ਰਹੇ ਹਨ, ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਹਰ ਦੰਪਤੀ ਨੂੰ ਦ੍ਰਿੜ੍ਹ ਇਰਾਦੇ ਨਾਲ ਔਖੇ ਤੋਂ ਔਖੇ ਸਮਾਜਿਕ ਤੇ ਆਰਥਿਕ ਹਾਲਾਤ ਨਾਲ ਨਜਿੱਠਣਾ ਆਉਣਾ ਚਾਹੀਦਾ ਹੈ। ਹਰ ਮਸਲੇ ਦਾ ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਆਉਂਦਾ ਹੈ। ਖ਼ੁਦਕੁਸ਼ੀ ਕਿਸੇ ਮਸਲੇ ਦਾ ਹੱਲ ਨਹੀਂ। ਜ਼ਿੰਦਗੀ ਅਨਮੋਲ ਹੈ। ਹਰ ਪਰਿਵਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਖਰਚਿਆਂ ਨੂੰ ਆਪਣੀ ਆਮਦਨ ਦੇ ਅੰਦਰ ਹੀ ਰੱਖੇ। ਆਮਦਨ ਨਾਲੋਂ ਵਧਿਆ ਖਰਚ ਕਈ ਪ੍ਰੇਸ਼ਾਨੀਆਂ ਪੈਦਾ ਕਰ ਜਾਂਦਾ ਹੈ।


-ਮਾਸਟਰ ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ, ਘੁਮਾਣ, ਗੁਰਦਾਸਪੁਰ।


ਖੂੰਖਾਰ ਕੁੱਤੇ ਤੇ ਭੈਭੀਤ ਸਮਾਜ

ਪੰਜਾਬ ਦੇ ਪਿੰਡਾਂ ਵਿਚ ਦਗੜ-ਦਗੜ ਕਰਦੇ ਕੁੱਤਿਆਂ ਦੇ ਝੁੰਡਾਂ ਤੋਂ ਸਮਾਜ ਕਿਸ ਤਰ੍ਹਾਂ ਭੈਅ-ਭੀਤ ਹੋ ਕੇ ਜ਼ਿੰਦਗੀ ਬਸਰ ਕਰ ਰਿਹਾ ਹੈ, ਇਹ ਲਿਖਣ ਤੇ ਦੱਸਣ ਤੋਂ ਬਾਹਰੀ ਗੱਲ ਹੈ। ਜਦੋਂ ਅਖ਼ਬਾਰਾਂ ਵਿਚ ਕੁੱਤਿਆਂ ਵੱਲੋਂ ਮਚਾਈ ਬਰਬਾਦੀ ਦੀ ਕਹਾਣੀ ਪੜ੍ਹਨ ਨੂੰ ਮਿਲਦੀ ਹੈ ਤਾਂ ਦਿਲ ਦਹਿਲ ਜਾਂਦਾ ਹੈ ਕਿਉਂਕਿ ਹੱਡਾ ਰੋੜੀਆਂ ਪਿੰਡਾਂ ਦੇ ਲਾਗੇ ਤੇ ਸੜਕਾਂ ਦੇ ਉੱਪਰ ਬਣੀਆਂ ਹੋਈਆਂ ਹਨ। ਉਹ ਕੁੱਤੇ ਪਸ਼ੂਆਂ ਦਾ ਮਾਸ ਖਾ ਕੇ ਮਾਸਖੋਰ ਕੁੱਤੇ ਬਣ ਜਾਂਦੇ ਹਨ। ਫਿਰ ਉਹ ਪਿੰਡਾਂ ਵਿਚ 'ਕੱਲੇ ਇਕਹਿਰੇ ਬੰਦੇ 'ਤੇ ਜਾਂ ਫਿਰ ਬੱਚਿਆਂ 'ਤੇ ਹਮਲਾ ਕਰਕੇ ਕੋਹਰਾਮ ਮਚਾਉਂਦੇ ਹਨ। ਸਰਕਾਰ ਨੂੰ ਇਨ੍ਹਾਂ 'ਤੇ ਗੰਭੀਰਤਾ ਨਾਲ ਵਿਚਾਰਨਾ ਚਾਹੀਦਾ ਹੈ। ਇਹੋ ਜਿਹਾ ਕਾਨੂੰਨ ਬਣਾਉਣਾ ਚਾਹੀਦਾ ਹੈ ਜਿਸ ਨਾਲ ਸਮਾਜ ਵਿਚ ਭੈਅ-ਭੀਤ ਦਾ ਮਾਹੌਲ ਹਟਾਇਆ ਜਾ ਸਕੇ। ਕਈ ਵਾਰ ਸੜਕਾਂ 'ਤੇ ਹੁੰਦੇ ਐਕਸੀਡੈਂਟ ਵੀ ਕੁੱਤਿਆਂ ਦੇ ਤਾਂਡਵ ਨਾਚ ਦਾ ਹੀ ਹਿੱਸਾ ਬਣਦੇ ਹਨ। ਸਰਕਾਰ ਨੂੰ ਇਸ ਪਾਸੇ ਵੱਲ ਧਿਆਨ ਦੇ ਕੇ ਕਾਨੂੰਨ ਬਣਾਉਣ ਦੀ ਲੋੜ ਹੈ।


-ਮਨਜੀਤ ਸਿੰਘ ਭਾਮ।

28/03/2017

 ਜੱਟ ਦੀ ਜੂਨ ਬੁਰੀ

ਪਿਛਲੇ ਦਿਨੀਂ ਡਾ: ਸ. ਸ. ਛੀਨਾ ਦਾ ਲੇਖ 'ਇਕ ਗੰਭੀਰ ਕੌਮੀ ਮੁੱਦਾ ਹਨ ਕਿਸਾਨ ਖ਼ੁਦਕੁਸ਼ੀਆਂ' ਸੁੱਤੀਆਂ ਸਰਕਾਰਾਂ ਨੂੰ ਜਗਾਉਣ ਵਾਲਾ ਸੀ। ਅੰਗਰੇਜ਼ ਸਰਕਾਰ ਵੇਲੇ ਜੇ ਕੋਈ ਕਿਸਾਨ ਖ਼ੁਦਕੁਸ਼ੀ ਕਰਦਾ ਸੀ ਤਾਂ ਸਰਕਾਰ ਉਸ ਦੇ ਪਰਿਵਾਰ ਖਿਲਾਫ਼ ਕੇਸ ਦਰਜ ਕਰਦੀ ਸੀ, ਜਿਸ ਦਾ ਨਤੀਜਾ ਇਹ ਹੋਇਆ ਕਿ ਕੋਈ ਹਿੰਮਤ ਨਹੀਂ ਕਰਦਾ ਸੀ ਖ਼ੁਦਕੁਸ਼ੀ ਕਰਨ ਦੀ। ਇਸ ਦੇ ਉਲਟ ਪਿਛਲੀ ਅਕਾਲੀ-ਭਾਜਪਾ ਸਰਕਾਰ, ਜੋ ਕਿਸਾਨਾਂ ਦੀ ਸਰਕਾਰ ਅਖਵਾਉਂਦੀ ਰਹੀ ਹੈ, ਵਿਚ ਸਭ ਤੋਂ ਵੱਧ ਕਿਸਾਨੀ ਖ਼ੁਦਕੁਸ਼ੀਆਂ ਹੋਈਆਂ ਹਨ। ਬਿਜਲੀ, ਪਾਣੀ ਬਿੱਲ ਮੁਆਫ਼ ਹੋਣ ਦੇ ਬਾਵਜੂਦ ਕਿਸਾਨਾਂ ਨੇ ਖ਼ੁਦਕੁਸ਼ੀ ਦਾ ਰਾਹ ਚੁਣਿਆ। ਖ਼ੁਦਕੁਸ਼ੀਆਂ ਦਾ ਮੁੱਖ ਕਾਰਨ ਕਰਜ਼ਾ ਹੈ, ਜੋ ਵਧਦਾ ਤਾਂ ਗਿਆ ਪਰ ਵਾਪਸ ਨਹੀਂ ਹੋਇਆ। ਦੂਜਾ ਕਾਰਨ ਆੜ੍ਹਤੀਆਂ ਦਾ ਬੈਂਕਾਂ ਨਾਲੋਂ ਵਧੇਰੇ ਵਿਆਜ ਹੈ। ਪਿੰਡਾਂ ਵਿਚ ਬੇਰੁਜ਼ਗਾਰੀ, ਫ਼ਸਲਾਂ ਦਾ ਸਹੀ ਮੁੱਲ ਨਾ ਮਿਲਣਾ, ਡੇਅਰੀ ਧੰਦਾ ਵੀ ਦਮ ਤੋੜਦਾ ਨਜ਼ਰ ਆ ਰਿਹਾ ਹੈ। ਹੁਣ ਤਾਂ ਕਾਂਗਰਸ ਰਾਜ ਆ ਗਿਆ ਹੈ। ਸਵਾਮੀਨਾਥਨ ਰਿਪੋਰਟ ਲਾਗੂ ਕਰਵਾਉਣ ਲਈ ਪਹਿਲ ਕਰਨੀ ਚਾਹੀਦੀ ਹੈ। 'ਜੱਟ ਦੀ ਜੂਨ ਬੁਰੀ ਤੜਫ-ਤੜਫ਼ ਮਰ ਜਾਣਾ' ਸਹੀ ਤੱਥ ਹਨ।

-ਹਰਜਿੰਦਰ ਪਾਲ ਸਿੰਘ
ਜਵੱਦੀ ਕਲਾਂ, ਲੁਧਿਆਣਾ।

ਫੀਸਾਂ ਵਿਚ ਬੇਲੋੜਾ ਵਾਧਾ

ਪਿਛਲੇ ਦਿਨੀਂ ਅਖ਼ਬਾਰਾਂ ਰਾਹੀਂ ਹੀ ਪਤਾ ਲੱਗਾ ਕਿ ਸੈਂਟਰਲ ਮੋਟਰ ਵਹੀਕਲ ਐਕਟ ਤਹਿਤ ਅਲੱਗ-ਅਲੱਗ ਕੰਮਾਂ ਲਈ ਵਿਭਾਗ ਵੱਲੋਂ ਜੋ ਸਰਕਾਰੀ ਫੀਸਾਂ ਲਈਆਂ ਜਾ ਰਹੀਆਂ ਸਨ, ਉਨ੍ਹਾਂ ਵਿਚ ਚੁੱਪ-ਚੁਪੀਤੇ ਹੀ ਢੇਰ ਸਾਰਾ ਵਾਧਾ ਕਰ ਦਿੱਤਾ ਗਿਆ ਹੈ। ਕਈ ਫੀਸਾਂ ਵਿਚ ਤਾਂ ਨਾਜਾਇਜ਼ ਹੀ ਪੰਜ ਗੁਣਾਂ ਤੱਕ ਵਾਧਾ ਕਰ ਦਿੱਤਾ ਹੈ, ਜੋ ਕਿ ਕਿਸੇ ਪਾਸਿਉਂ ਵੀ ਸਹੀ ਨਹੀਂ ਹੈ ਤੇ ਆਮ ਜਨਤਾ ਵਿਚ ਇਨ੍ਹਾਂ ਵਧਾਈਆਂ ਫੀਸਾਂ ਦਾ ਰੋਸ ਵੀ ਹੈ। ਅੱਜ ਆਵਾਜਾਈ ਦੇ ਕੰਮ ਲਈ ਵੱਡੇ ਤੇ ਛੋਟੇ ਵਾਹਨਾਂ ਦੀ ਭਾਰੀ ਲੋੜ ਹੈ, ਇਨ੍ਹਾਂ ਬਿਨਾਂ ਕੰਮ ਨਹੀਂ ਚਲਦਾ, ਇਸ ਤਰ੍ਹਾਂ ਵਧਾਈਆਂ ਫੀਸਾਂ ਕਾਰਨ ਹਰ ਪਾਸੇ ਮਹਿੰਗਾਈ ਦਾ ਅਸਰ ਵੀ ਪੈਣਾ ਲਾਜ਼ਮੀ ਹੈ। ਹਾਲੇ ਤੱਕ ਨੋਟਬੰਦੀ ਵਾਲਾ ਮਸਲਾ ਪੂਰੀ ਤਰ੍ਹਾਂ ਸਹੀ ਨਹੀਂ ਹੋ ਸਕਿਆ ਤੇ ਲੋਕਾਂ ਦੇ ਕੰਮਕਾਰ ਵੀ ਠੱਪ ਜਿਹੇ ਹੀ ਹਨ, ਉੱਪਰੋਂ ਟਰਾਂਸਪੋਰਟ ਵਿਭਾਗ ਨੇ ਸਰਕਾਰੀ ਫੀਸਾਂ ਵਿਚ ਵੱਡਾ ਵਾਧਾ ਕਰਕੇ ਲੋਕਾਂ ਦੀ ਜੇਬ ਨੂੰ ਤੰਗ ਕਰ ਦਿੱਤਾ ਹੈ। ਹਾਂ ਜੇ ਕੋਈ ਫੀਸ ਆਦਿ ਵਧਾਉਣੀ ਪਵੇ ਤਾਂ ਲੋਕ ਰਾਇ ਨਾਲ ਵਧਾਉਣੀ ਚਾਹੀਦੀ ਹੈ, ਉਹ ਵੀ ਕਿਸੇ ਹਿਸਾਬ-ਕਿਤਾਬ ਨਾਲ ਨਾ ਕਿ ਕਈ ਗੁਣਾਂ ਵਧਾਈ ਜਾਵੇ। ਸਰਕਾਰ ਨੂੰ ਲੋਕ ਸਹੂਲਤਾਂ ਦਾ ਵੀ ਧਿਆਨ ਰੱਖਣਾ ਪਵੇਗਾ।

-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ, ਲੁਧਿਆਣਾ।

ਜੀਵਨੀਆਂ ਪੜ੍ਹਨਾ

ਮਹਾਨ ਪੁਰਸ਼ਾਂ ਦੀਆਂ ਜੀਵਨੀਆਂ ਪੜ੍ਹਨਾ, ਉਨ੍ਹਾਂ ਨਾਲ ਗੱਲਾਂ ਕਰਨ ਦੇ ਬਰਾਬਰ ਹੁੰਦਾ ਹੈ। ਪ੍ਰਸਿੱਧ ਵਿਗਿਆਨੀ, ਉਘੇ ਖਿਡਾਰੀ, ਮਹਾਨ ਚਿੱਤਰਕਾਰ ਤੇ ਸਾਹਿਤਕਾਰ ਬੜੀ ਮਿਹਨਤ ਤੇ ਲਗਨ ਸਦਕਾ ਹੀ ਮਹਾਨ ਬਣੇ ਸਨ। ਜ਼ਿੰਦਗੀ ਵਿਚ ਆਈਆਂ ਅਨੇਕਾਂ ਅਸਫ਼ਲਤਾਵਾਂ ਦਾ ਸਾਹਮਣਾ ਕਰਦੇ ਹੋਏ ਇਨ੍ਹਾਂ ਮਹਾਨ ਪੁਰਸ਼ਾਂ ਨੇ ਕਦੇ ਹਿੰਮਤ ਨਹੀਂ ਹਾਰੀ ਤੇ ਦੁਨੀਆ 'ਤੇ ਆਪਣਾ ਨਾਂਅ ਚਮਕਾਇਆ। ਪ੍ਰਸਿੱਧ ਵਿਅਕਤੀਆਂ ਦੀਆਂ ਜੀਵਨੀਆਂ ਤੇ ਕਿਤਾਬਾਂ ਪੜ੍ਹਨਾ ਸ਼ਹੀਦ ਭਗਤ ਸਿੰਘ ਦਾ ਸ਼ੌਕ ਸੀ। ਭਗਤ ਸਿੰਘ ਫਾਂਸੀ 'ਤੇ ਚੜ੍ਹਨ ਤੋਂ ਕੁਝ ਸਮਾਂ ਪਹਿਲਾਂ ਵੀ ਲੈਨਿਨ ਦੀ ਜੀਵਨੀ ਪੜ੍ਹ ਰਿਹਾ ਸੀ। ਆਓ! ਆਪਣੇ ਬੱਚਿਆਂ ਵਿਚ ਪੁਸਤਕਾਂ ਪੜ੍ਹਨ ਦਾ ਸ਼ੌਕ ਪੈਦਾ ਕਰੀਏ ਤੇ ਉਨ੍ਹਾਂ ਦੇ ਜਨਮ ਦਿਨ 'ਤੇ ਪੁਸਤਕਾਂ ਤੋਹਫ਼ੇ ਵਜੋਂ ਭੇਟ ਕਰੀਏ। ਮਹਾਨ ਲੋਕਾਂ ਦੀਆਂ ਜੀਵਨੀਆਂ ਸਾਨੂੰ ਜੀਵਨ-ਜਾਚ ਸਿਖਾਉਂਦੀਆਂ ਹਨ। ਆਓ! ਇਨ੍ਹਾਂ ਵਿਚੋਂ ਗਿਆਨ ਸੰਗ੍ਰਹਿਤ ਕਰਕੇ ਅਸੀਂ ਵੀ ਆਪਣੇ ਦੇਸ਼ ਦੀ ਤਰੱਕੀ ਵਿਚ ਯੋਗਤਾਨ ਪਾਈਏ.

-ਸ਼ਮਸ਼ੇਰ ਸਿੰਘ ਸੋਹੀ
ਮੋ : 98764-74671.

27/03/2017

 ਭੁੱਖੇ ਕੁੱਤੇ ਖਾਂਦੇ ਬੰਦੇ
ਪਿਛਲੇ ਦਿਨੀਂ ਇਕ ਅਤਿ ਦੁਖਦਾਈ ਖ਼ਬਰ ਸੀ ਕਿ ਪਿੰਡ ਕੈਰੋਂਵਾਲ ਦੇ ਨੇੜੇ ਭੁੱਖੇ ਕੁੱਤਿਆਂ ਦੇ ਇਕ ਹਜੂਮ ਨੇ ਇਕ ਸਾਢੇ ਚਾਰ ਸਾਲਾ ਮਾਸੂਮ ਬੱਚੇ ਨੂੰ ਨੋਚ-ਨੋਚ ਕੇ ਖਾਧਾ ਹੈ। ਦੇਸ਼ ਵਿਚ ਲੋੜੋਂ ਵੱਧ, ਵਧੀ ਆਬਾਦੀ ਵਾਂਗ ਪੂਰੇ ਪੰਜਾਬ ਵਿਚ ਕੁੱਤਿਆਂ ਦੀ ਗਿਣਤੀ ਵਿਚ ਭਿਆਨਕ ਵਾਧਾ ਹੋਇਆ ਹੈ। ਕੁੱਤਿਆਂ ਦੀ ਗਿਣਤੀ ਘਟਾਉਣ ਲਈ ਇਨ੍ਹਾਂ ਨੂੰ ਲੋੜੀਂਦੇ ਟੀਕੇ ਵੱਡੀ ਪੱਧਰ ਉਤੇ ਲਗਾਉਣ ਲਈ ਸਰਕਾਰ ਨੂੰ ਫੌਰਨ ਹੀ ਮੈਦਾਨ ਵਿਚ ਨਿਤਰ ਪੈਣਾ ਜ਼ਰੂਰੀ ਹੈ। ਮੈਂ ਸਮਝਦਾ ਹਾਂ ਕਿ ਪਿੰਡ ਦੇ ਬੱਚੇ ਦੀ ਮੌਤ ਦਾ ਦੁੱਖ, ਸਰਕਾਰ ਨੂੰ ਆਪਣਾ ਦੁੱਖ ਸਮਝਣਾ ਚਾਹੀਦਾ ਹੈ ਅਤੇ ਮਾਪਿਆਂ ਦੀ ਉਚਿਤ ਸਹਾਇਤਾ ਕਰਨੀ ਚਾਹੀਦੀ ਹੈ। ਦੂਸਰੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਰੋਜ਼ਾਨਾ ਹੀ ਭੁੱਖੇ ਕੁੱਤਿਆਂ ਨੂੰ ਰੋਟੀ ਪਾਉਣੀ ਚਾਹੀਦੀ ਹੈ ਤਾਂ ਕਿ ਉਹ ਭੁੱਖੇ ਪੇਟ ਕਿਸੇ ਇਨਸਾਨ ਉਤੇ ਹਮਲਾ ਨਾ ਕਰਨ। ਸਰਕਾਰ ਅਤੇ ਪੰਚਾਇਤਾਂ ਨੂੰ ਇਸ ਪਾਸੇ ਵੱਲ ਉਚਿਤ ਧਿਆਨ ਦੀ ਲੋੜ ਹੈ ਤਾਂ ਜੋ ਕਿਸੇ ਮਾਸੂਮ ਦੀ ਜਾਨ ਨਾ ਜਾ ਸਕੇ।

-ਇੰਜ: ਕੁਲਦੀਪ ਸਿੰਘ ਲੁੱਧਰ
ਅੰਮ੍ਰਿਤਸਰ।

ਲਾਵਾਰਿਸ ਬੱਚੀ ਕਿਸ ਦੀ ਹੈ?
ਅਸੀਂ ਹਰ ਰੋਜ਼ ਅਖ਼ਬਾਰਾਂ 'ਚ ਖ਼ਬਰਾਂ ਪੜ੍ਹਦੇ ਹਾਂ, ਟੀ. ਵੀ. 'ਤੇ ਖ਼ਬਰਾਂ ਸੁਣਦੇ ਹਾਂ ਕਿ ਇਹ ਲਵਾਰਿਸ ਬੱਚੀ ਕਿਸ ਦੀ ਹੈ? ਜਦੋਂ ਇਹ ਸੁਣਦੇ ਹਾਂ ਦਿਲ ਵਿਚੋਂ ਇਕ ਚੀਸ ਜਿਹੀ ਨਿਕਲਦੀ ਹੈ। ਹਿਰਦਾ ਕੰਬ ਜਾਂਦਾ ਹੈ, ਇਹ ਖ਼ਬਰ ਸੁਣ ਕੇ ਪਰ ਉਹ ਮਾਪੇ ਕਿੰਨੇ ਨਿਰਦਈ ਹਨ ਜਿਹੜੇ ਆਪਣੇ ਜਿਗਰ ਦੇ ਟੁਕੜੇ ਨੂੰ ਨਾਲੋਂ ਲਾਹ ਕੇ ਸੁੱਟ ਦਿੰਦੇ ਨੇ ਰੂੜੀਆਂ 'ਤੇ ਰੁਲਣ ਲਈ। ਕੜਾਕੇ ਦੀ ਠੰਢ 'ਚ ਠਰਨ ਲਈ, ਮਰਨ ਲਈ। ਇਕ ਨੰਨ੍ਹੀ ਜਾਨ ਨੂੰ ਕੀ ਪਤਾ ਕਿ ਉਸ ਦਾ ਏਨਾ ਹੀ ਕਸੂਰ ਹੈ ਕਿ ਉਹ ਇਕ ਲੜਕੀ ਹੈ। ਕਈ ਥਾਈਂ ਇਹ ਬੱਚੀਆਂ ਝਾੜੀਆਂ ਵਿਚ ਕੁੱਤਿਆਂ ਆਦਿ ਦਾ ਖਾਜਾ ਬਣੀਆਂ ਹਨ। ਕੀ ਅਸੀਂ ਅਨਪੜ੍ਹ ਹਾਂ, ਗੁਆਰ ਹਾਂ। ਜੰਮਣ ਤੋਂ ਪਹਿਲਾਂ ਧੀ ਨੂੰ ਮਾਰਨਾ ਬਹੁਤ ਵੱਡਾ ਪਾਪ ਹੈ। ਅਸੀਂ ਬਹੁਤ ਨਾਅਰੇ ਲਗਾ ਰਹੇ ਹਾਂ 'ਬੇਟੀ ਬਚਾਓ, ਬੇਟੀ ਪੜ੍ਹਾਓ।' ਕਿੰਨਾ ਕੁ ਅਸਰ ਹੋਇਆ ਇਨ੍ਹਾਂ ਦਾ। ਮੁੰਡਾ ਹੋਵੇ ਜਾਂ ਕੁੜੀ, ਇਹ ਕੁਦਰਤ ਦਾ ਨਿਯਮ ਹੈ ਅਤੇ ਇਸ ਨਿਯਮ ਨੂੰ ਬਣਾਈ ਰੱਖਣਾ ਹੀ ਸਾਡੇ ਸਾਰਿਆਂ ਲਈ ਸਹੀ ਹੈ। ਜੇਕਰ ਧੀਆਂ ਮਾਰ ਮੁਕਾਵਾਂਗੇ ਤਾਂ ਨੂੰਹਾਂ ਕਿਥੋਂ ਲਿਆਵਾਂਗੇ।

-ਤਿਲਕ ਰਾਜ ਰਾਜੂ
ਮੋਬਾਈਲ : 93560-42793
.

ਸੱਚ ਕੀ ਹੈ?
ਹੁਣ ਵਿਧਾਨ ਸਭਾ ਚੋਣਾਂ 'ਚ ਕਈ ਹਾਰਨ ਵਾਲੀਆਂ ਰਾਜਨੀਤਕ ਪਾਰਟੀਆਂ ਦੇ ਲੀਡਰਾਂ ਦੁਆਰਾ ਈ.ਵੀ.ਐੱਮ ਮਸ਼ੀਨਾਂ ਤੇ ਵੋਟਾਂ 'ਚ ਗੜਬੜੀ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਭਾਵੇਂ ਕਿ ਇਹ ਗੱਲ ਸ਼ੋਭਦੀ ਨਹੀਂ ਕਿਉਂਕਿ ਈ.ਵੀ.ਐੱਮ ਮਸ਼ੀਨਾਂ ਰਾਹੀਂ ਅਜਿਹਾ ਨਹੀਂ ਹੋ ਸਕਦਾ। ਚੋਣ ਕਮਿਸ਼ਨ ਵੱਲੋਂ ਪੂਰੀ ਸਖ਼ਤੀ ਕੀਤੀ ਹੁੰਦੀ ਹੈ ਪਰ ਆਮ ਆਦਮੀ ਪਾਰਟੀ ਵੱਲੋਂ ਕਈ ਥਾਂਵਾਂ 'ਤੇ ਪੂਰੇ ਸਬੂਤਾਂ ਦੇ ਆਧਾਰ 'ਤੇ ਆਪਣੇ ਵਲੰਟੀਅਰਾਂ ਦੀਆਂ ਵੋਟਾਂ ਘੱਟ ਭੁਗਤਣ ਦੀਆਂ ਗੱਲਾਂ ਆਖੀਆਂ ਜਾ ਰਹੀਆਂ ਹਨ। ਕਿਉਂਕਿ ਉਨ੍ਹਾਂ ਦੇ ਵਲੰਟੀਅਰਾਂ ਦੀ ਗਿਣਤੀ ਜ਼ਿਆਦਾ ਹੈ ਪਰ ਵੋਟਾਂ ਬੂਥ ਤੋਂ ਗਿਣਤੀ ਮੌਕੇ ਘੱਟ ਨਿਕਲਦੀਆਂ ਹਨ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਵਿਚ ਵੀ ਅਜਿਹੇ ਦੋਸ਼ ਲਗਾਏ ਜਾ ਰਹੇ ਹਨ। ਸ੍ਰੀ ਅਰਵਿੰਦ ਕੇਜਰੀਵਾਲ ਨੇ ਮਹਾਰਾਸ਼ਟਰ ਤੋਂ ਇਕ ਉਮੀਦਵਾਰ ਦੀ ਉਦਾਹਰਨ ਦਿੱਤੀ ਹੈ ਜਿੱਥੇ ਉਸ ਉਮੀਦਵਾਰ ਨੇ ਖੁਦ ਨੂੰ ਵੋਟ ਪਾਈ ਉਥੇ ਉਸ ਉਮੀਦਵਾਰ ਦੇ ਹੱਕ ਵਿਚ ਕੋਈ ਵੋਟ ਨਹੀਂ ਨਿਕਲਿਆ। ਅਜਿਹੇ ਮਾਮਲੇ ਜੇਕਰ ਸੱਚ ਹੁੰਦੇ ਹਨ ਤਾਂ ਫਿਰ ਲੋਕਾਂ ਦਾ ਲੋਕਤੰਤਰ ਬਿਨਾਂ ਕਿਸੇ ਸ਼ੱਕ ਦੇ ਸੱਚਮੁੱਚ ਹੀ ਖ਼ਤਰੇ ਵਿਚ ਹੈ। ਅਜਿਹੇ ਹਾਲਾਤ ਮੌਕੇ ਚੋਣ ਕਮਿਸ਼ਨ ਨੂੰ ਸਾਰਾ ਸੱਚ ਜਨਤਾ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ ਤਾਂ ਕਿ ਲੋਕਾਂ ਦਾ ਈ.ਵੀ.ਐੱਮ ਮਸ਼ੀਨਾਂ ਤੋਂ ਵਿਸ਼ਵਾਸ ਭੰਗ ਨਾ ਹੋਵੇ।

-ਸੁਖਰਾਜ ਚਹਿਲ ਧਨੌਲਾ
-ਮੋਬਾਈਲ : 97810-48055.

23/03/2017

 ਵਧਦੀ ਅਸਹਿਣਸ਼ੀਲਤਾ
ਪਿਛਲੇ ਦਿਨੀਂ ਦੇ ਐਤਵਾਰ ਦੇ ਅੰਕ ਵਿਚ ਸੰਪਾਦਕੀ ਸਫ਼ੇ 'ਤੇ ਕਿਛੁ ਸੁਣੀਐ ਕਿਛੁ ਕਹੀਐ ਕਾਲਮ ਅਧੀਨ ਉੱਘੇ ਚਿੰਤਕ ਸਤਨਾਮ ਸਿੰਘ ਮਾਣਕ ਦਾ ਲੇਖ 'ਦੇਸ਼ ਲਈ ਵੱਡੀ ਚੁਣੌਤੀ ਬਣ ਸਕਦੀ ਹੈ ਵਧਦੀ ਹੋਈ ਅਸਹਿਣਸ਼ੀਲਤਾ' ਪੜ੍ਹਿਆ। ਲੇਖਕ ਨੇ ਬਾਖੂਬੀ ਕੇਂਦਰ ਵਿਚ ਸੱਤਾਧਾਰੀ ਸਿਆਸੀ ਪਾਰਟੀ ਦਾ ਇਕਪਾਸੜ ਸੋਚ ਦਾ ਕੱਚਾ ਚਿੱਠਾ ਬਿਆਨ ਕੀਤਾ। ਲੇਖ ਨੂੰ ਪੜ੍ਹ ਕੇ ਮਹਿਸੂਸ ਹੋਇਆ ਕਿ ਭਾਜਪਾ ਦੇਸ਼ ਦੇ ਧਰਮ-ਨਿਰਪੱਖ ਖਾਸੇ ਨੂੰ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਮੰਨਣ ਲਈ ਤਿਆਰ ਨਹੀਂ ਹੈ। ਸੱਚਮੁੱਚ ਭਾਜਪਾ ਮੁੜ ਉਹੀ ਖੇਡ ਖੇਡਣ ਜਾ ਰਹੀ ਹੈ, ਜੋ ਕਾਂਗਰਸ ਨੇ ਘੱਟ-ਗਿਣਤੀ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਖੇਡੀ ਸੀ। ਕਿਸੇ ਨਿਰਪੱਖ ਵਿਅਕਤੀ ਦੇ ਬੌਧਿਕ ਪੱਧਰ 'ਚੋਂ ਨਿਕਲੀ ਵਿਚਾਰਧਾਰਾ ਪ੍ਰਤੀ ਜੋ ਅਸਹਿਣਸ਼ੀਲਤਾ ਦੇਖਣ ਨੂੰ ਮਿਲਦੀ ਹੈ, ਸਾਰੇ ਭਾਰਤ ਵਾਸੀਆਂ ਲਈ ਸ਼ਰਮ ਦੀ ਗੱਲ ਹੈ ਕਿ ਅਸੀਂ ਧਰਮ-ਨਿਰਪੱਖ ਰਾਸ਼ਟਰ ਦੇ ਨਾਗਰਿਕ ਹੁੰਦੇ ਹੋਏ ਅਜਿਹਾ ਕੁਝ ਸ਼ਰੇਆਮ ਹੁੰਦਾ ਦੇਖਦੇ ਹਾਂ।

-ਗੁਰਪਾਲ ਬਿਲਾਵਲ 'ਧਨੌਲਾ'
ਸਰਾਏ ਅਮਾਨਤ ਖਾਂ (ਤਰਨ ਤਾਰਨ)।

ਕਿਸਾਨਾਂ ਦੀ ਲੁੱਟ
ਪਿਛਲੇ ਦਿਨੀਂ 'ਅਜੀਤ' ਵਿਚ ਡਾ: ਸੁਰਿੰਦਰ ਸਿੰਘ ਮੰਡ ਦਾ ਲੇਖ 'ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ ਮੋਦੀ ਸਰਕਾਰ' ਪੜ੍ਹਨ ਨੂੰ ਮਿਲਿਆ, ਜੋ ਕਾਬਲੇ-ਤਾਰੀਫ਼ ਹੈ। ਡਾ: ਸਾਹਿਬ ਨੇ ਬੜੇ ਵਿਸਥਾਰਪੂਰਵਕ ਦੱਸਿਆ ਕਿ ਕਿਵੇਂ, ਵਪਾਰੀ ਲੋਕ ਸਰਕਾਰ ਦੀ ਮਿਲੀਭੁਗਤ ਨਾਲ ਕਿਸਾਨੀ ਨੂੰ ਲੁੱਟਦੇ ਆ ਰਹੇ ਹਨ ਅਤੇ ਆਪਣੀ ਫ਼ਸਲ ਨੂੰ ਲਾਗਤ ਤੋਂ ਵੀ ਕਿਤੇ ਘੱਟ ਕੀਮਤ 'ਤੇ ਵੇਚਣ ਲਈ ਮਜਬੂਰ ਹਨ। ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਹੀ ਖੇਤੀ ਅੱਜ ਘਾਟੇ ਵਾਲਾ ਸੌਦਾ ਬਣ ਕੇ ਰਹਿ ਗਈ ਹੈ। ਇਸ ਲੇਖ ਵਿਚ ਡਾ: ਸਾਹਿਬ ਨੇ ਫ਼ਸਲੀ ਬੀਮੇ ਬਾਰੇ, ਖ਼ੁਦਕੁਸ਼ੀਆਂ ਬਾਰੇ ਅਤੇ ਕੁਦਰਤੀ ਸੋਮਿਆਂ ਬਾਰੇ ਵੀ ਚਾਨਣਾ ਪਾਇਆ ਹੈ। ਸਾਡੀ ਸਰਕਾਰ ਨੂੰ ਅਜਿਹੇ ਸੂਝਵਾਨ, ਪੜ੍ਹੇ-ਲਿਖੇ ਵਿਅਕਤੀਆਂ ਕੋਲੋਂ ਸਲਾਹ ਲੈ ਕੇ ਕਿਸਾਨਾਂ ਨੂੰ ਖੇਤੀ ਸੰਕਟ 'ਚੋਂ ਕੱਢਣਾ ਚਾਹੀਦਾ ਹੈ।

-ਗੁਰਚਰਨ ਸਿੰਘ ਉੱਪਲ
ਪਿੰਡ ਤੇ ਡਾਕ: ਉੱਪਲ, ਲੁਧਿਆਣਾ।

ਗੈਂਗਸਟਰ : ਸਮਾਜ ਲਈ ਖ਼ਤਰਾ

ਪਿਛਲੇ ਦਿਨੀਂ ਸੁਰਿੰਦਰ ਚਹਿਲ ਖੇੜੀ ਦਾ ਲਿਖਿਆ ਲੇਖ 'ਗੈਂਗਸਟਰ... ਇਕ ਖ਼ਤਰਨਾਕ ਮੋੜ' ਸਿਰਲੇਖ ਹੇਠ ਪੜ੍ਹਿਆ। ਅੱਜ ਇਹ ਸਮਾਜ ਲਈ ਬਹੁਤ ਖ਼ਤਰਨਾਕ ਸਾਬਤ ਹੋ ਰਿਹਾ ਹੈ। ਇਸ ਸਾਰੇ ਦੇ ਪਿੱਛੇ ਸਿਆਸੀ ਹੱਲਾਸ਼ੇਰੀ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ। ਜਦੋਂ ਪਿੰਡਾਂ, ਸ਼ਹਿਰਾਂ ਵਿਚ ਪਹਿਲਾਂ ਛੋਟੀਆਂ-ਛੋਟੀਆਂ ਲੜਾਈਆਂ 'ਚ ਸ਼ਾਮਿਲ ਲੋਕਾਂ ਨੂੰ ਸਿਆਸੀ ਦਿਮਾਗ ਆਪਣੇ ਮੁਫ਼ਾਦ ਲਈ ਥਾਣਿਆਂ ਵਿਚੋਂ ਛੁਡਵਾ ਲੈਂਦੇ ਸਨ। ਫਿਰ ਇਹ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਤੇ ਫਿਰ ਬਦਮਾਸ਼ੀ ਵਿਚ ਉਨ੍ਹਾਂ ਦੀ ਤੂਤੀ ਬੋਲਦੀ ਹੈ। ਪਰ ਇਹ ਮਾੜੀ ਸੰਗਤ ਦੀ ਰੰਗਤ ਉਨ੍ਹਾਂ ਨੂੰ ਉਸ ਰਾਹ 'ਤੇ ਲੈ ਜਾਂਦੀ ਹੈ, ਜਿਥੋਂ ਜਿਊਂਦੇ ਵਾਪਸ ਨਹੀਂ ਆਇਆ ਜਾ ਸਕਦਾ। ਇਸ ਸਾਰੇ ਪਿੱਛੇ ਵੀ ਗਰੀਬੀ, ਬੇਰੁਜ਼ਗਾਰੀ ਹੀ ਮੁੱਖ ਤੌਰ 'ਤੇ ਜ਼ਿੰਮੇਵਾਰ ਹੈ। ਲੋੜ ਹੈ ਸਮਾਜ ਨੂੰ ਸਹੀ ਤੇ ਨਰੋਈ ਸੇਧ ਦੇਣ ਦੀ ਤਾਂ ਹੀ ਸਮਾਜ ਵਿਚ ਪ੍ਰੇਮ ਭਾਵਨਾ ਪੈਦਾ ਹੋ ਸਕਦੀ ਹੈ।

-ਮਨਜੀਤ ਸਿੰਘ ਭਾਮ
ਹੁਸ਼ਿਆਰਪੁਰ, ਸੂਬਾ ਪ੍ਰਧਾਨ, ਮਨੁੱਖੀ ਅਧਿਕਾਰ ਸੰਗਠਨ, ਪੰਜਾਬ।

22/03/2017

 ਅਣਸੱਦੇ ਮਹਿਮਾਨ
ਪੰਜਾਬ ਵਿਚ ਹਰ ਸਾਲ ਤਕਰੀਬਨ ਨਵੰਬਰ ਮਹੀਨੇ ਤੋਂ ਸ਼ੁਰੂ ਹੋ ਕੇ ਮਾਰਚ ਮਹੀਨੇ ਤੱਕ ਵਿਆਹ-ਸ਼ਾਦੀਆਂ ਦਾ ਬੇਹੱਦ ਜ਼ੋਰ ਪਾਇਆ ਜਾਂਦਾ ਹੈ। ਇਨ੍ਹਾਂ ਵਿਆਹ ਸਮਾਗਮਾਂ ਵਿਚ ਸ਼ਾਮਿਲ ਹੋਣ ਲਈ ਸਾਨੂੰ ਅਨੇਕਾਂ ਯਾਰਾਂ, ਮਿੱਤਰਾਂ ਅਤੇ ਰਿਸ਼ਤੇਦਾਰੀਆਂ ਵਿਚੋਂ ਰੋਜ਼ਾਨਾ ਕੋਈ ਨਾ ਕੋਈ ਸੱਦਾ ਪੱਤਰ ਆਇਆ ਹੀ ਰਹਿੰਦਾ ਹੈ। ਇਨ੍ਹਾਂ ਵਿਆਹ ਸਮਾਗਮਾਂ ਵਿਚ ਜਾਣ ਸਮੇਂ ਅਨੇਕਾਂ ਲੋਕਾਂ ਵੱਲੋਂ ਅਕਸਰ ਹੀ ਆਪਣੇ ਕਈ-ਕਈ ਯਾਰਾਂ ਬੇਲੀਆਂ ਨੂੰ ਨਾਲ ਜਾਣ ਲਈ ਤਿਆਰ ਕਰ ਲਿਆ ਜਾਂਦਾ ਹੈ। ਲੋਕਾਂ ਦੇ ਇਸ ਰਵੱਈਏ ਕਾਰਨ ਇਸ ਤਰ੍ਹਾਂ ਇਕ ਸਮਾਗਮ ਵਿਚ ਕਈ-ਕਈ ਅਣਸੱਦੇ ਮਹਿਮਾਨ ਸ਼ਾਮਿਲ ਹੋ ਜਾਂਦੇ ਹਨ, ਜਿਨ੍ਹਾਂ ਦਾ ਲੜਕੇ ਜਾਂ ਲੜਕੀ ਪਰਿਵਾਰ ਨਾਲ ਕੋਈ ਵਾਹ-ਵਾਸਤਾ ਵੀ ਨਹੀਂ ਹੁੰਦਾ ਹੈ। ਇਸ ਤੋਂ ਇਲਾਵਾ ਇਹ ਵੀ ਵੇਖਣ ਵਿਚ ਆਉਂਦਾ ਹੈ ਕਿ ਕਈ ਵਾਰ ਇਹ ਅਣਸੱਦੇ ਮਹਿਮਾਨ ਘਰ ਵਾਲਿਆਂ ਦਾ 1000-1200 ਰੁਪਏ ਦਾ ਸਮਾਨ ਡਕਾਰ ਕੇ ਲੜਕੇ ਜਾਂ ਲੜਕੀ ਨੂੰ ਬਿਨਾਂ ਸ਼ਗਨ ਦਿੱਤੇ ਹੀ ਆਪਣੇ ਘਰਾਂ ਨੂੰ ਪਰਤ ਜਾਂਦੇ ਹਨ। ਸੋ, ਜਿੰਨਾ ਹੋ ਸਕੇ, ਸਾਨੂੰ ਸਭ ਨੂੰ ਅਜਿਹੇ ਘਟੀਆ ਵਰਤਾਰੇ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਆਪਣੀਆਂ ਲਿਹਾਜ਼ਾਂ ਪੂਰਦੇ ਹੋਏ ਕਿਸੇ 'ਤੇ ਬੋਝ ਬਣਨਾ ਕੋਈ ਚੰਗੀ ਗੱਲ ਨਹੀਂ ਹੈ।


-ਰਾਜਾ ਗਿੱਲ (ਚੜਿੱਕ)
ਮੋ: 94654-11585.


ਪੰਜਾਬੀਆਂ ਨੂੰ ਬੇਨਤੀ
ਮੈਂ ਪਿਛਲੇ ਚਾਰ ਮਹੀਨਿਆਂ ਤੋਂ ਦੁਬਈ ਵਿਚ ਹਾਂ ਤੇ ਪੰਜਾਬ ਰਹਿੰਦੇ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਏਜੰਟਾਂ ਵੱਲੋਂ ਦੁਬਈ ਟੈਕਸੀ ਵਿਚ ਭੇਜਣ ਦੇ ਝਾਂਸੇ ਵਿਚ ਨਾ ਆਉਣ। ਦੁਬਈ ਟੈਕਸੀ ਵਿਚ ਤੁਸੀਂ ਆ ਤਾਂ ਜਾਓਗੇ ਪਰ ਇਸ ਦਾ ਖਰਚ 3-4 ਲੱਖ ਤੱਕ ਆ ਜਾਂਦਾ ਹੈ ਤੇ ਬਾਅਦ 'ਚ ਇਥੇ ਆ ਕੇ ਪੈਸੇ ਪੂਰੇ ਬੜੀ ਮੁਸ਼ਕਿਲ ਨਾਲ ਹੁੰਦੇ ਹਨ। ਇਥੇ ਅਸੀਂ ਦੋ ਸੌ ਤੋਂ ਵਧੇਰੇ ਮੁੰਡੇ ਆਏ ਹਾਂ। ਸਾਡਾ ਤਾਂ ਇਹੀ ਕਹਿਣਾ ਹੈ ਕਿ ਆਪਣੇ ਪੈਸੇ ਖਰਾਬ ਨਾ ਕਰਿਓ।


-ਜਰਮਨਜੀਤ ਸਿੰਘ
singhjarmanjit87@yahoo.com


ਪਾਣੀ ਦੀ ਬਰਬਾਦੀ ਇੰਜ ਵੀ

ਅਸੀਂ ਸਾਰੇ ਇਸ ਗੱਲ ਤੋਂ ਭਲੀਭਾਂਤ ਜਾਣੂ ਹਾਂ ਕਿ ਜੇ ਪਾਣੀ ਹੈ ਤਾਂ ਜੀਵਨ ਸੰਭਵ ਹੈ। ਜੇ ਪਾਣੀ ਨਹੀਂ ਤਾਂ ਕੁਝ ਵੀ ਨਹੀਂ। ਅਕਸਰ ਹੀ ਪਾਣੀ ਦੀ ਬਰਬਾਦੀ ਦਾ ਬਹੁਤਾ ਇਲਜ਼ਾਮ ਕਿਸਾਨਾਂ 'ਤੇ ਲਾਇਆ ਜਾਂਦਾ ਹੈ, ਜਦੋਂ ਕਿ ਸਚਾਈ ਇਹ ਹੈ ਕਿ ਕਿਸਾਨ ਤਾਂ ਪਾਣੀ ਦੀ ਵਰਤੋਂ ਫ਼ਸਲ ਦੀ ਉਪਜ ਲਈ ਹੀ ਕਰਦਾ ਹੈ। ਅਸਲ ਵਿਚ ਪਾਣੀ ਦੀ ਦੁਰਵਰਤੋਂ ਉਹ ਲੋਕ ਕਰਦੇ ਹਨ, ਜੋ ਪਾਣੀ ਦੀ ਅਹਿਮੀਅਤ ਤੋਂ ਕੋਰੇ ਹਨ। ਪਾਣੀ ਦੀ ਬਰਬਾਦੀ ਦਾ ਇਕ ਵੱਡਾ ਕਾਰਨ ਲੋਕਾਂ ਦੀ ਵੱਡੀ ਗਿਣਤੀ ਦਾ ਵਹਿਮਾਂ-ਭਰਮਾਂ ਵਿਚ ਫਸਿਆ ਹੋਣਾ ਵੀ ਹੈ। ਪੜ੍ਹੀਆਂ-ਲਿਖੀਆਂ ਤੇ ਖਾਂਦੇ-ਪੀਂਦੇ ਘਰਾਂ ਦੀਆਂ ਔਰਤਾਂ ਅਕਸਰ ਹੀ ਰਿਹਾਇਸ਼ੀ ਮਕਾਨਾਂ ਦੇ ਮੁੱਖ ਗੇਟਾਂ ਅੱਗੇ ਪਾਣੀ ਡੋਲ੍ਹਦੀਆਂ ਆਮ ਦੇਖੀਆਂ ਜਾਂਦੀਆਂ ਹਨ। ਸਾਡੇ ਇਕ ਮਿੱਤਰ ਨੇ ਦੱਸਿਆ ਕਿ ਉਸ ਦੇ ਗੁਆਂਢੀ ਇਸ ਕਦਰ ਮਾਨਸਿਕ ਰੋਗੀ ਬਣ ਚੁੱਕੇ ਹਨ ਕਿ ਜੇ ਇਸ ਪਰਿਵਾਰ 'ਚੋਂ ਕਿਸੇ ਇਕ ਮੈਂਬਰ ਦੀ ਅੱਖ ਰਾਤੀਂ 12 ਵਜੇ ਖੁੱਲ੍ਹ ਗਈ ਤਾਂ ਉਹ ਝੱਟ ਉੱਠ ਕੇ ਪਾਣੀ ਦੀ ਇਕ ਬਾਲਟੀ ਭਰ ਕੇ ਮਕਾਨ ਦੇ ਮੁੱਖ ਗੇਟ 'ਚ ਡੋਲ੍ਹ ਆਉਂਦਾ ਹੈ। ਅੱਜ ਦੇ ਇਸ ਵਿਗਿਆਨਕ ਯੁੱਗ ਤੇ 21ਵੀਂ ਸਦੀ 'ਚ ਵਿਚਰਦਿਆਂ ਮਾਨਸਿਕ ਰੋਗੀਆਂ ਦੀ ਗਿਣਤੀ ਦਾ ਵਧਣਾ ਬੇਹੱਦ ਚਿੰਤਾਜਨਕ ਵਿਸ਼ਾ ਹੈ। ਇਸ ਤੋਂ ਇਲਾਵਾ ਗੱਡੀਆਂ ਧੋਣ ਦੇ ਨਾਂਅ 'ਤੇ ਪਾਣੀ ਦੀ ਵੱਡੀ ਬਰਬਾਦੀ ਕੀਤੀ ਜਾਂਦੀ ਹੈ। ਸੋ, ਪਾਣੀ ਵਰਗੇ ਸਰੋਤ ਨੂੰ ਬਚਾਉਣ ਲਈ ਅੱਜ ਸੁਚੇਤ ਹੋਣ ਦੀ ਵੱਡੀ ਲੋੜ ਹੈ।


-ਬੰਤ ਘੁਡਾਣੀ
ਪਿੰਡ ਤੇ ਡਾਕ : ਘੁਡਾਣੀ ਕਲਾਂ, ਲੁਧਿਆਣਾ।

21/03/2017

ਕਿਸਾਨਾਂ ਦੀ ਬਾਂਹ ਫੜਨ ਦਾ ਵੇਲਾ
ਪਿਛਲੇ ਦਿਨਾਂ ਦੇ ਅਖ਼ਬਾਰ ਪੰਜਾਬ ਦੇ ਆਲੂ ਕਾਸ਼ਤਕਾਰਾਂ ਵੱਲੋਂ ਆਪਣੀ ਜਿਣਸ ਸੜਕਾਂ 'ਤੇ ਸੁੱਟ ਕੇ ਮੁਜ਼ਾਹਰੇ ਕਰਨ ਦੀਆਂ ਤਸਵੀਰਾਂ ਨਾਲ ਭਰੇ ਪਏ ਹਨ। ਕਿਸਾਨਾਂ ਨੂੰ ਆਪਣੀ ਮਿਹਨਤ ਦਾ ਪੂਰਾ ਮੁੱਲ ਨਾ ਮਿਲਣ ਦਾ ਰੋਸ ਹੈ। ਉਨ੍ਹਾਂ ਦਾ ਇਹ ਰੋਸ ਜਾਇਜ਼ ਵੀ ਹੈ। ਟਨਾਂ ਦੇ ਹਿਸਾਬ ਨਾਲ ਸੜਕਾਂ 'ਤੇ ਰੁਲਦੇ ਇਹ ਓਹੀ ਆਲੂ ਹਨ, ਜਿਨ੍ਹਾਂ ਤੋਂ ਤਿਆਰ ਚਿਪਸ ਗ੍ਰਾਮਾਂ ਦੀ ਮਾਤਰਾ ਵਿਚ ਵਿਕਦੇ ਹਨ। ਕਿਸਾਨ ਦੇ ਖੇਤ ਵਿਚੋਂ ਦੋ-ਢਾਈ ਰੁਪਏ ਕਿਲੋ ਦੇ ਰੇਟ 'ਚ ਵਿਕੇ ਆਲੂ,ઠਖਪਤਕਾਰ ਨੂੰ 10 ਰੁਪਏ ਕਿੱਲੋ ਦੇ ਭਾਅ ਮਿਲਦੇ ਹਨ।
ਕਿਸਾਨ ਖੇਤ ਦੀ ਤਿਆਰੀ ਤੋਂ ਲੈ ਕੇ ਫ਼ਸਲ ਸਮੇਟਣ ਤੱਕ, ਸੌ ਮਾਰਾਂ ਸਹਿ ਕੇ ਸਖ਼ਤ ਮਿਹਨਤ ਕਰਦਾ ਹੈ। ਜਦੋਂ ਆਪਣੀ ਫ਼ਸਲ ਮੰਡੀ 'ਚ ਲੈ ਕੇ ਜਾਂਦਾ ਹੈ ਤਾਂ ਉਸ ਦਾ ਮੁੱਲ ਕੌਡੀ ਪੈਂਦਾ ਹੈ ਤੇ ਉਸ ਨੂੰ ਪੂਰਾ ਮੁੱਲ ਲੈਣ ਲਈ ਵੀ ਸੰਘਰਸ਼ ਕਰਨਾ ਪੈਂਦਾ ਹੈ। ਮਹਾਰਾਸ਼ਟਰ ਵਿਚ ਦਾਲਾਂ ਦੇ ਕਾਸ਼ਤਕਾਰਾਂ ਦਾ ਹਾਲ ਵੀ ਆਲੂ ਕਾਸ਼ਤਕਾਰਾਂ ਤੋਂ ਬਹੁਤਾ ਵੱਖਰਾ ਨਹੀਂ। ਆਪਣੀ ਬੰਪਰ ਪੈਦਾਵਾਰ ਨੂੰ ਉਹ ਵੀ ਭੰਗ ਦੇ ਭਾਅ ਵੇਚਣ ਲਈ ਮਜਬੂਰ ਹਨ। ਦਾਲਾਂ ਦੀ ਪੈਦਾਵਾਰ ਪੱਖੋਂ ਸਾਡਾ ਦੇਸ਼ ਆਤਮ-ਨਿਰਭਰ ਨਹੀਂ ਹੈ। ਸਰਕਾਰ ਹਰ ਸਾਲ ਲੱਖਾਂ ਟਨ ਦਾਲਾਂ ਦਰਾਮਦ ਕਰਦੀ ਹੈ। ਆਪਣੇ ਘਰੇਲੂ ਪੈਦਾਵਾਰ ਨੂੰ ਸੜਕਾਂ 'ਤੇ ਰੋਲ ਕੇ ਵਿਦੇਸ਼ਾਂ ਤੋਂ ਵਸਤਾਂ ਦਰਾਮਦ ਕਰਨ ਦੀ ਨੀਤੀ ਸਧਾਰਨ ਬੰਦੇ ਦੀ ਸਮਝ ਤੋਂ ਪਰ੍ਹੇ ਹੈ।
ਫ਼ਸਲ ਲੈ ਕੇ ਮੰਡੀ ਪਹੁੰਚੇ ਕਿਸਾਨ ਦੀ ਸਰਕਾਰ ਬਾਂਹ ਨਹੀਂ ਫੜਦੀ। ਉਸ ਨੂੰ ਖੁੱਲ੍ਹੇ ਬਾਜ਼ਾਰ ਦੇ ਦੈਂਤ ਅੱਗੇ ਛੱਡ ਦਿੱਤਾ ਜਾਂਦਾ ਹੈ। ਆਖਰ ਉਹ ਕਿਹੜੀਆਂ ਨੀਤੀਆਂ ਹਨ ਜੋ ਕਿਸਾਨਾਂ ਨੂੰ ਮੁਨਾਫ਼ਾ ਤਾਂ ਦੂਰ, ਆਪਣੀ ਮਿਹਨਤ ਦਾ ਪੂਰਾ ਮੁੱਲ ਵੱਟਣ ਤੋਂ ਵੀ ਪਾਸੇ ਖੜ੍ਹਾ ਰੱਖਦੀਆਂ ਹਨ?ઠਕੀ ਅਜਿਹੀਆਂ ਨੀਤੀਆਂ ਬਣਾਉਣ ਵਾਲੇ ਕਦੇ ਕਿਸਾਨਾਂ ਬਾਰੇ ਵੀ ਕੁਝ ਸੋਚਣਗੇ? ਗਲ਼ ਤੱਕ ਕਰਜ਼ੇ 'ਚ ਡੁੱਬ ਚੁੱਕੇ ਕਿਸਾਨ ਨੂੰ ਉਸੇ ਦੇ ਹਾਲ 'ਤੇ ਨਹੀਂ ਛੱਡ ਦੇਣਾ ਚਾਹੀਦਾ।


-ਅਮਰਜੀਤ ਸਿੰਘ ਮਾਨ
ਮੌੜ ਕਲਾਂ, ਬਠਿੰਡਾ।


ਪਾਵਰਕਾਮ ਦਾ ਪਲਾਸ
ਆਮ ਲੋਕਾਂ ਦਾ ਬਿਜਲੀ ਦਾ ਬਿੱਲ ਜੇ ਨਿਸਚਿਤ ਮਿਤੀ ਤੋਂ ਇਕ ਦਿਨ ਵੀ ਲੇਟ ਹੋ ਜਾਵੇ ਤਾਂ ਬਿੱਲ 'ਤੇ ਲਿਖਿਆ ਹੋਇਆ ਜੁਰਮਾਨਾ ਭਰਨਾ ਪੈਂਦਾ ਹੈ। ਜੇ ਬਿੱਲ ਨਾ ਦਿੱਤਾ ਜਾਵੇ ਤਾਂ ਬਗੈਰ ਪੁੱਛ-ਗਿੱਛ ਦੇ ਪਲਾਸ ਚੱਲ ਜਾਂਦਾ ਹੈ ਅਤੇ ਦੁਬਾਰਾ ਕੁਨੈਕਸ਼ਨ ਜੋੜਨ ਲਈ ਖੱਜਲ-ਖੁਆਰ ਹੋਣਾ ਪੈਂਦਾ ਹੈ ਤੇ ਕੁਨੈਕਸ਼ਨ ਜੋੜਨ ਦੇ ਵਾਧੂ ਪੈਸੇ ਦੇਣੇ ਪੈਂਦੇ ਹਨ। ਹੈਰਾਨੀ ਦੀ ਗੱਲ ਹੈ ਕਿ ਸਰਕਾਰੀ ਮਹਿਕਮਿਆਂ, ਅਦਾਰਿਆਂ, ਨਿਗਮਾਂ ਤੇ ਕਮੇਟੀਆਂ ਵੱਲ ਕਰੋੜਾਂ ਦਾ ਬਕਾਇਆ ਖੜ੍ਹਾ ਹੈ ਪ੍ਰੰਤੂ ਅਧਿਕਾਰੀਆਂ ਨੂੰ ਕੋਈ ਚਿੰਤਾ ਹੀ ਨਹੀਂ ਹੈ ਕਿ ਬਿਜਲੀ ਵਿਭਾਗ ਕੰਮ ਕਿਵੇਂ ਚਲਾਵੇ।
ਇਸ ਤੋਂ ਵੀ ਅਨੋਖੀ ਗੱਲ ਇਹ ਹੈ ਕਿ ਸਾਡੇ ਸ਼ਾਸਕਾਂ, ਸਿਆਸੀ ਆਗੂਆਂ ਤੇ ਕਈ ਵੱਡੇ ਘਰਾਣਿਆਂ ਜਿਨ੍ਹਾਂ ਵੱਲ ਲੱਖਾਂ ਦੇ ਬਕਾਏ ਖੜ੍ਹੇ ਹਨ, ਨੂੰ ਤਾਂ ਬਿੱਲ ਭਰਨ ਦੀ ਪ੍ਰਵਾਹ ਹੀ ਨਹੀਂ ਹੈ। ਉਲਟਾ ਕਰਮਚਾਰੀਆਂ ਨੂੰ ਡਰਾਵੇ ਦਿੰਦੇ ਹਨ। ਇਹ ਲੋਕ ਕੀ ਮਿਸਾਲ ਕਾਇਮ ਕਰਨਾ ਚਾਹੁੰਦੇ ਹਨ? ਕੀ ਸਾਡਾ ਇਖ਼ਲਾਕ ਇਸ ਕਦਰ ਉੱਚਾ-ਸੁੱਚਾ ਹੈ? ਪਾਵਰਕਾਮ ਦੇ ਪਲਾਸ ਨੂੰ ਆਪਣੀ ਕਾਰਵਾਈ ਜਾਰੀ ਰੱਖਣੀ ਚਾਹੀਦੀ ਹੈ ਤਾਂ ਕਿ ਕਾਨੂੰਨ ਦੀ ਇਕਸਾਰਤਾ ਬਣੀ ਰਹੇ।


-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ।

20/03/2017

 ਇਕ ਐਨ ਆਰ ਆਈ ਦਾ ਪੰਜਾਬ ਵੱਲ ਸੁਨੇਹਾ
ਵਿਦੇਸ਼ਾਂ ਵਿਚ ਵਸਦਿਆਂ ਤਾਂ ਮੇਰੀਆਂ ਪੰਜਾਬ ਫੇਰੀਆਂ ਲਗਦੀਆਂ ਰਹੀਆਂ ਪਰ ਆਪਣੇ ਪਿੰਡ ਤੋਂ ਆਇਆਂ ਨੂੰ ਵਰ੍ਹੇ ਹੀ ਬੀਤ ਗਏ। ਪਰ ਇਹ ਪਿੰਡ ਵਡਾਲਾ ਖੁਰਦ ਨੇੜੇ ਤਪ ਅਸਥਾਨ ਗੁਰੂ ਤੇਗ ਬਹਾਦਰ ਜੀ ਦਾ ਬਾਬਾ ਬਕਾਲਾ ਸਾਹਿਬ ਕਦੇ ਆਪਣੇ ਦਿਮਾਗ/ਸੋਚ ਵਿਚੋਂ ਨਾ ਕੱਢ ਸਕਿਆ। ਵਿਧਾਨ ਸਭਾ ਚੋਣਾਂ ਮੌਕੇ ਫਿਰ ਪੰਜਾਬ ਆਇਆ ਤਾਂ ਮੁੜ ਪੰਜਾਬ ਨੂੰ ਨੇੜੇ ਤੋਂ ਵੇਖਿਆ। ਜੋ ਪੰਜਾਬ ਦੇ ਹਾਲਾਤ ਵੇਖੇ, ਉਹ ਬਹੁਤ ਚਿੰਤਾਜਨਕ ਸਨ। ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਰਾਹ ਤੁਰ ਪਈ ਹੈ ਅਤੇ ਇਸ ਪਾਸੇ ਨਵੀਂ ਬਣਨ ਵਾਲੀ ਪੰਜਾਬ ਸਰਕਾਰ ਨੂੰ ਬਹੁਤ ਜਲਦੀ ਧਿਆਨ ਦੇਣ ਦੀ ਲੋੜ ਹੈ। ਸਮੱਸਿਆ ਬਹੁਤ ਗੰਭੀਰ ਹੁੰਦੀ ਜਾਂਦੀ ਹੈ, ਬੇਰੁਜ਼ਗਾਰੀ ਸਮੱਸਿਆ ਦੀ ਜੜ੍ਹ ਹੈ। ਪੰਜਾਬ ਵਿਚ ਜ਼ਮੀਨਾਂ ਘਟ ਰਹੀਆਂ ਹਨ ਅਤੇ ਜ਼ਿਮੀਂਦਾਰਾ ਖ਼ਤਮ ਹੋ ਰਿਹਾ ਹੈ, ਜਾਇਜ਼-ਨਾਜਾਇਜ਼ ਤਰੀਕੇ ਵਰਤ ਕੇ ਨੌਂਜਵਾਨ ਪੀੜ੍ਹੀ ਵਿਦੇਸ਼ਾਂ ਨੂੰ ਆਉਣ ਨੂੰ ਕਾਹਲ ਕਰ ਰਹੀ ਹੈ ਪਰ ਉਨ੍ਹਾਂ ਨੂੰ ਸੇਧ ਕੋਈ ਨਹੀਂ ਦੇ ਰਿਹਾ, ਉਨ੍ਹਾਂ ਦੇ ਹੱਥਾਂ ਵਿਚ ਕੋਈ ਹੁਨਰ ਨਹੀਂ ਹੈ। ਅੱਜ ਪੰਜਾਬ ਵਿਚ ਕਾਫੀ ਆਈ.ਟੀ.ਆਈ. ਤੇ ਹੋਰ ਡਿਗਰੀ ਕਾਲਜ, ਮੈਡੀਕਲ ਤੇ ਨਰਸਿੰਗ ਕਾਲਜ ਤਾਂ ਹਨ ਪਰ ਕਾਫੀ ਫਿਰ ਵੀ ਨਹੀਂ ਹਨ। ਦੂਸਰਾ ਇਹ ਬਹੁਤ ਮਹਿੰਗੇ ਹਨ। ਆਮ ਗਰੀਬ ਜੱਟ ਦਾ ਮੁੰਡਾ ਕਿਵੇਂ ਇਹ ਸਾਰਾ ਕੁਝ ਕਰ ਲਉ। ਮੇਰੀ ਜ਼ਿੰਦਗੀ ਦਾ ਤਜਰਬਾ ਹੈ ਕਿ ਅੱਜ ਪੰਜਾਬ ਦੀ ਨੌਜਵਾਨੀ ਨੂੰ ਟੈਕਨੀਕਲ ਕੰਮ ਵੱਲ ਲਾਉਣ ਦੀ ਸਖ਼ਤ ਲੋੜ ਹੈ। ਭਾਵੇਂ ਪੰਜਾਬ ਸਰਕਾਰ ਕਈ ਖੇਤਰਾਂ 'ਚ ਆਪਣੇ ਵੱਲੋਂ ਬਹੁਤ ਚੰਗਾ ਕੰਮ ਕਰ ਰਹੀ ਹੈ, ਭਾਵੇਂ ਕੁਝ ਮੁਸ਼ਕਿਲਾਂ ਹਨ ਪਰ ਪੰਜਾਬ ਫਿਰ ਵੀ ਤਰੱਕੀ ਦੀ ਰਾਹ 'ਤੇ ਤੁਰਿਆ ਜਾਂਦਾ ਹੈ। ਸਮੇਂ ਦੇ ਹਾਣੀ ਹੋਣ ਵਾਸਤੇ ਹੋਰ ਬਹੁਤ ਚੰਗੇ ਕਦਮ ਪੁੱਟਣ ਦੀ ਲੋੜ ਹੈ। ਇਨ੍ਹਾਂ ਵਿਚੋਂ ਇਕ ਹੈ ਦੋ ਸਾਲਾਂ ਦਾ ਟੈਕਨੀਕਲ ਕੋਰਸ, ਆਪ੍ਰੇਸ਼ਨ ਐਂਡ ਮੇਂਟੀਨੈਂਸ ਆਫ ਹੈਵੇਅਰਜ਼ ਮੈਵਿੰਗ ਮਸ਼ੀਨਰੀ। ਅੱਜ ਤੋਂ 30-35 ਸਾਲ ਪਹਿਲਾਂ ਇਹ ਕੋਰਸ ਨੰਗਲ ਭਾਖੜਾ ਡੈਮ ਲਾਗੇ ਅਮਰੀਕੀ ਸਹਾਇਤਾ ਨਾਲ ਚਲਦਾ ਸੀ। ਫਿਰ ਅਮਰੀਕਾ ਦੀ ਸਰਕਾਰ ਨੇ ਅਚਨਚੇਤ ਬੰਦ ਕਰ ਦਿੱਤਾ। ਪੰਜਾਬ ਸਰਕਾਰ ਕੋਲ ਟੈਕਨੀਕਲ ਮਾਹਿਰ ਵੀ ਹਨ, ਮੈਨੂੰ ਲੰਮਾ ਸਮਾਂ ਵਿਦੇਸ਼ਾਂ ਵਿਚ ਟੈਕਨੀਕਲ ਕੰਮਾਂ ਦਾ ਤਜਰਬਾ ਹੈ। ਪੰਜਾਬ ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਪੰਜਾਬ ਵਿਚ ਇਹ ਕੋਰਸ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਜੋ ਸਾਡੇ ਨੌਜਵਾਨ ਬੱਚੇ ਇਹ ਕੋਰਸ ਕਰਕੇ ਆਪਣਾ ਭਵਿੱਖ ਸੰਵਾਰ ਸਕਣ ਅਤੇ ਦੇਸ਼ ਅਤੇ ਵਿਦੇਸ਼ ਵਿਚ ਚੰਗਾ ਰੁਜ਼ਗਾਰ ਹਾਸਲ ਕਰ ਸਕਣ। ਇਹ ਪੰਜਾਬ ਸਰਕਾਰ ਦਾ ਆਪਣੇ ਸ਼ਹਿਰੀਆਂ ਪ੍ਰਤੀ ਫਰਜ਼ ਵੀ ਹੈ। ਇਸ ਤਰ੍ਹਾਂ ਕਰਨ ਨਾਲ ਕੁਝ ਤਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਇਸ ਕੋਰਸ ਨੂੰ ਚਲਾਉਣ ਵਾਸਤੇ ਸਰਕਾਰ ਚਾਹੇ ਤਾਂ ਇਸ ਵਾਸਤੇ ਟੈਕਨੀਕਲ ਸਹਾਇਤਾ ਬਗੈਰ ਕਿਸੇ ਸੇਵਾ ਤੋਂ ਦਿੱਤੀ ਜਾ ਸਕਦੀ ਹੈ।


-ਰਤਨ ਸਿੰਘ ਸੇਖੋਂ
(ਮੋਬ:) 98-7688-1829, ਫੋਨ ਆਸਟਰੀਆ 0043-676-610-7242
ਰਾਹੀਂ-ਸ਼ਰਨਬੀਰ ਸਿੰਘ ਕੰਗ,
ਪ.ਪ.ਰਈਆ।

17-03-2017

 ਕਾਂਗਰਸ ਦੀ ਵੱਡੀ ਜਿੱਤ
ਪੰਜਾਬ ਵਿਚ ਹੋਈਆਂ ਚੋਣਾਂ ਦਾ ਫ਼ੈਸਲਾ ਕਾਂਗਰਸ ਪਾਰਟੀ ਲਈ ਵੱਡੀ ਪ੍ਰਾਪਤੀ ਸਾਬਤ ਹੋਇਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੁੰਦਿਆਂ ਹੀ ਜਨਤਾ ਵਿਚ ਹਲਚਲ ਦਾ ਮਾਹੌਲ ਬਣ ਗਿਆ। ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਾਸੀਆਂ ਨੇ ਉਨ੍ਹਾਂ ਦੇ ਜਨਮ ਦਿਨ ਦਾ ਤੋਹਫਾ ਪੰਜਾਬ ਦੇ ਮੁੱਖ ਮੰਤਰੀ ਦੇ ਰੂਪ ਵਿਚ ਦੇ ਦਿੱਤਾ ਹੈ। 10 ਸਾਲ ਰਾਜ ਕਰਨ ਵਾਲੀ ਅਕਾਲੀ-ਭਾਜਪਾ ਸਰਕਾਰ ਨੂੰ ਪੰਜਾਬੀਆਂ ਨੇ ਹੁਣ ਸੱਤਾ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਜਨਤਾ ਨਾਲ ਬਹੁਤ ਲੁਭਾਉਣੇ ਵਾਅਦੇ ਕੀਤੇ ਸਨ, ਜਿਨ੍ਹਾਂ ਵਿਚ ਪੈਨਸ਼ਨ ਵਧਾਉਣਾ, ਨੌਜਵਾਨਾਂ ਨੂੰ ਸਮਾਰਟ ਫੋਨ ਦੇਣਾ ਅਤੇ ਹਰ ਘਰ ਵਿਚ ਇਕ ਨੌਕਰੀ ਦੇਣ ਦਾ ਵਾਅਦਾ ਵੀ ਸ਼ਾਮਿਲ ਹੈ। ਹੁਣ ਸਮਾਂ ਆ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਨਤਾ ਨਾਲ ਕੀਤੇ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਅਤੇ ਆਪਣੀ ਪਾਰਟੀ ਨੂੰ ਮੁੜ ਸਿਆਸਤ ਵਿਚ ਪਹਿਲਾਂ ਵਾਂਗ ਹੀ ਸਾਬਤ ਕਰਨ।-

ਵਰਸ਼ਾ ਵਰਮਾ
ਮੋ: 9023456748


ਕਿਸਾਨ ਖ਼ੁਦਕੁਸ਼ੀਆਂ ਦਾ ਮੁੱਦਾ
ਇਕ ਗ਼ੈਰ-ਸਰਕਾਰੀ ਸੰਗਠਨ ਵੱਲੋਂ ਕਿਸਾਨ ਖ਼ੁਦਕੁਸ਼ੀਆਂ ਬਾਰੇ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਸਰਕਾਰ ਨੂੰ ਨਸੀਹਤ ਦਿੰਦਿਆਂ ਕਿਹਾ ਹੈ ਕਿ 21 ਦਿਨਾਂ ਦੇ ਸਮੇਂ ਵਿਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਰੋਕਣ ਲਈ ਕੋਈ ਠੋਸ ਨੀਤੀ ਤਿਆਰ ਕੀਤੀ ਜਾਵੇ, ਸਿਰਫ ਕੁਝ ਮੁਆਵਜ਼ਾ ਦੇਣਾ ਹੀ ਇਸ ਦਾ ਹੱਲ ਨਹੀਂ ਹੈ। ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਸਵਾਮੀਨਾਥਨ ਰਿਪੋਰਟ ਨੂੰ ਆਧਾਰ ਬਣਾ ਕੇ ਫ਼ਸਲਾਂ ਦੀ ਕੀਮਤ ਤੈਅ ਕੀਤੀ ਜਾਵੇ। ਕਿਸਾਨਾਂ ਦੇ ਵੱਡੇ ਕਰਜ਼ੇ ਮੁਆਫ਼ ਕਰਕੇ ਘੱਟ ਵਿਆਜ ਦਰ 'ਤੇ ਕਰਜ਼ੇ ਦਿੱਤੇ ਜਾਣ ਅਤੇ ਖੇਤੀ ਸੰਦਾਂ 'ਤੇ 50 ਫ਼ੀਸਦੀ ਸਬਸਿਡੀ ਦਿੱਤੀ ਜਾਵੇ। ਫ਼ਸਲੀ ਬੀਮੇ ਦਾ ਪੰਜਾਬ ਦੇ ਕਿਸਾਨਾਂ ਨੂੰ ਕੋਈ ਲਾਭ ਨਹੀਂ ਕਿਉਂਕਿ ਪੰਜਾਬ ਦਾ ਕਿਸਾਨ ਕਿਸੇ ਕੁਦਰਤੀ ਕਰੋਪੀ ਨਾਲ ਨਹੀਂ, ਬਲਕਿ ਸਰਕਾਰੀ ਕਰੋਪੀ ਨਾਲ ਮਰ ਰਿਹਾ ਹੈ।-

ਲੱਖੀ ਗਿੱਲ ਧਨਾਨਸੂ
ਜ਼ਿਲ੍ਹਾ ਲੁਧਿਆਣਾ।


ਸਿਹਤ ਵਿਭਾਗ ਦੇ ਧਿਆਨ ਹਿਤ

ਸਿਹਤ ਵਿਭਾਗ ਪੰਜਾਬ ਮੌਜੂਦਾ ਸਰਕਾਰੀ ਡਿਸਪੈਂਸਰੀਆਂ ਤੇ ਪ੍ਰਾਇਮਰੀ ਹੈਲਥ ਸੈਂਟਰਾਂ ਵਿਚ ਜਿਥੇ ਡਾਕਟਰਾਂ ਦੀ ਘਾਟ ਨੂੰ ਪੂਰਨ ਲਈ ਬਣਦੀ ਭਰਤੀ ਕਰੇ, ਉਥੇ ਇਨ੍ਹਾਂ ਡਿਸਪੈਂਸਰੀਆਂ ਵਿਚ ਦਵਾਈਆਂ ਦੀ ਸਪਲਾਈ ਵੀ ਤੁਰੰਤ ਯਕੀਨੀ ਬਣਾਵੇ। ਆਮ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਇਨ੍ਹਾਂ ਡਿਸਪੈਂਸਰੀਆਂ ਤੇ ਹੈਲਥ ਸੈਂਟਰਾਂ ਵਿਚ ਡਾਕਟਰਾਂ ਦੀ ਹਾਜ਼ਰੀ ਪੂਰੇ ਦਿਨ ਦੇ ਨਾਲ-ਨਾਲ ਰਾਤ ਨੂੰ ਵੀ ਯਕੀਨੀ ਬਣਾਈ ਜਾਵੇ। ਅਜਿਹਾ ਕਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਅੱਜ ਪਿੰਡਾਂ ਵਿਚ ਬੈਠੇ ਅਣਸਿੱਖਿਅਤ ਡਾਕਟਰ ਜਿਥੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ, ਉਥੇ ਉਹ ਵੱਡੀ ਪੱਧਰ 'ਤੇ ਆਰਥਿਕ ਲੁੱਟ ਵੀ ਕਰ ਰਹੇ ਹਨ। ਅਜਿਹਾ ਹੀ ਧਿਆਨ ਪਿੰਡਾਂ ਵਿਚ ਖੋਲ੍ਹੀਆਂ ਗਈਆਂ ਆਯੁਰਵੈਦਿਕ ਤੇ ਹੋਮਿਓਪੈਥਿਕ ਡਿਸਪੈਂਸਰੀਆਂ ਮੰਗ ਰਹੀਆਂ ਹਨ। ਸਬੰਧਤ ਵਿਭਾਗ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਅੱਜ ਬੇਹੱਦ ਜ਼ਰੂਰਤ ਹੈ।

-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

16/03/2017

 ਔਕੜਾਂ 'ਚ ਘਿਰੀ ਔਰਤ
'ਔਰਤ ਦਿਵਸ' 'ਤੇ ਉੱਚੇ ਅਹੁਦੇ 'ਤੇ ਬੈਠੀਆਂ ਔਰਤਾਂ ਦੇ ਵਿਚਾਰ ਪੜ੍ਹਨ ਨੂੰ ਮਿਲੇ। ਇਕ ਪਲ ਲਈ ਸੋਚਣ ਤੇ ਫਿਰ ਲਿਖਣ ਲਈ ਮਜਬੂਰ ਕਰ ਦਿੱਤਾ ਹੈ। ਪ੍ਰਿੰਸੀਪਲ ਨਵਜੋਤ ਕੌਰ, ਡਾ: ਰਘਬੀਰ ਕੌਰ ਤੇ ਡਾ: ਨਵਜੋਤ ਦੇ ਵਿਚਾਰਾਂ ਨੂੰ ਜਲੰਧਰ ਦੇ ਪੱਤਰਕਾਰ ਜਸਪਾਲ ਨੇ ਪੇਸ਼ ਕੀਤਾ ਜੋ ਹੋਰ ਔਰਤਾਂ ਦੇ ਲਈ ਸੇਧ ਹਨ। ਔਰਤ ਨੌਕਰੀ 'ਤੇ ਲੱਗੀ ਵੀ ਅਜ਼ਾਦ ਨਹੀਂ ਹੈ। ਉਹ ਆਪਣੀ ਮਰਜ਼ੀ ਨਾਲ ਖਰਚ ਨਹੀਂ ਕਰ ਸਕਦੀ, ਜਦ ਤੱਕ ਉਸ ਦਾ ਪਤੀ ਆਗਿਆ ਨਾ ਦੇਵੇ। ਜੇ ਕੁੜੀ ਨੇ ਬਾਜ਼ਾਰ ਨੂੰ ਜਾਣਾ ਹੋਵੇ ਤਾਂ ਛੋਟੇ ਬੱਚੇ ਨੂੰ ਉਂਗਲੀ ਨਾਲ ਲਗਾ ਕੇ ਜਾਊਗੀ। ਮਰਦ ਪ੍ਰਧਾਨ ਸਮਾਜ ਵਿਚ ਔਰਤ ਮਹਿਸੂਸ ਕਰਦੀ ਹੈ ਕਿ ਉਸ ਦੀ ਆਪਣੀ ਇੱਜ਼ਤ ਹਮੇਸ਼ਾ ਖ਼ਤਰੇ ਵਿਚ ਰਹਿੰਦੀ ਹੈ।
ਕਾਨੂੰਨੀ ਤੌਰ 'ਤੇ ਕਈ ਤਰ੍ਹਾਂ ਦੇ ਹੱਕ ਮਿਲੇ ਹੋਏ ਹਨ। ਪਿੰਡਾਂ ਵਿਚ ਅੱਜ ਵੀ ਔਰਤ ਸਰਪੰਚ ਜਾਂ ਪੰਚ ਹੈ ਤੇ ਉਸ ਨੂੰ ਕਦੇ ਵੀ ਥਾਣੇ ਜਾਂ ਪਿੰਡ ਦੀ ਪੰਚਾਇਤ ਵਿਚ ਨਹੀਂ ਸੱਦਿਆ ਜਾਂਦਾ ਤੇ ਉਸ ਦੇ ਹਸਤਾਖਰ ਉਸ ਦਾ ਪਤੀ ਜਾਂ ਬੇਟਾ ਕਰ ਜਾਂਦਾ ਹੈ। ਦਲਿਤ ਔਰਤਾਂ ਜੋ ਪਿੰਡਾਂ ਦੀਆਂ ਸਰਪੰਚ ਹਨ, ਨੂੰ ਦਬਾ ਕੇ ਰੱਖਿਆ ਹੋਇਆ ਹੈ। ਕਹਿਣ ਦਾ ਭਾਵ ਹੈ ਕਿ ਔਰਤ ਕਿਸੇ ਵੀ ਧਰਮ ਜਾਂ ਜਾਤ ਦੀ ਹੋਵੇ, ਮਰਦ ਪ੍ਰਧਾਨ ਸਮਾਜ ਦੇ ਬਰਾਬਰ ਨਹੀਂ ਹੈ। ਔਰਤ ਨੂੰ ਸਮਾਜ ਦੇ ਮਾੜੇ ਤਾਣੇ-ਬਾਣੇ ਤੋਂ ਮੁਕਤ ਹੋਣ ਲਈ ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਪਵੇਗਾ। ਸਮਾਜ ਵਿਚ ਗ਼ਲਤ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਮਰਦ ਨੂੰ ਔਰਤਾਂ ਦਾ ਸਾਥ ਦੇਣਾ ਚਾਹੀਦਾ ਹੈ, ਜਿਸ ਤਰ੍ਹਾਂ ਗੁਰਮੇਹਰ ਦਾ ਲੋਕਾਂ ਨੇ ਸਾਥ ਦਿੱਤਾ ਹੈ।

-ਮਾ: ਜਗੀਰ ਸਿੰਘ ਸਠਿਆਲਾ
ਸ.ਕੰ.ਹ.ਸਕੂਲ ਸਠਿਆਲਾ (ਅੰਮ੍ਰਿਤਸਰ)।

ਅਸ਼ਲੀਲਤਾ ਵਿਰੁੱਧ ਸਖ਼ਤੀ ਹੋਵੇ
ਅੱਜ ਟੈਲੀਵਿਜ਼ਨ ਦੇ ਜ਼ਿਆਦਾਤਰ ਚੈਨਲਾਂ 'ਤੇ ਬਹੁਤੇ ਪ੍ਰੋਗਰਾਮਾਂ ਵਿਚ ਅਸ਼ਲੀਲਤਾ ਦਾ ਮਿਆਰ ਦਿਨ-ਪ੍ਰਤੀ-ਦਿਨ ਵਧਦਾ ਜਾ ਰਿਹਾ ਹੈ। ਵਿਅਕਤੀ ਨੂੰ ਆਪਣੇ ਪੂਰੇ ਪਰਿਵਾਰ ਵਿਚ ਬੈਠ ਕੇ ਪਤਨੀ, ਭੈਣ, ਬੱਚਿਆਂ, ਬਜ਼ੁਰਗਾਂ, ਰਿਸ਼ਤੇਦਾਰਾਂ ਆਦਿ ਨਾਲ ਰਲ-ਮਿਲ ਕੇ ਟੈਲੀਵਿਜ਼ਨ ਦੇ ਪ੍ਰੋਗਰਾਮ ਦੇਖਣੇ ਦੁੱਭਰ ਹੋ ਰਹੇ ਹਨ। ਕੀ ਪ੍ਰਸਿੱਧੀ ਪ੍ਰਾਪਤ ਕਰਨ ਲਈ ਹੱਦੋਂ ਵੱਧ ਅਸ਼ਲੀਲਤਾ ਦਰਸਾਉਣਾ ਹੀ ਟੈਲੀਵਿਜ਼ਨ ਦਾ ਉਦੇਸ਼ ਅਤੇ ਸਾਧਨ ਮਾਤਰ ਰਹਿ ਗਿਆ ਹੈ? ਇਸ ਲਈ ਸੈਂਸਰ ਬੋਰਡ ਇਸ ਵਿਰੁੱਧ ਬਣਦੀ ਕਾਰਵਾਈ ਤੁਰੰਤ ਪ੍ਰਭਾਵ ਨਾਲ ਕਰੇ ਤਾਂ ਜੋ ਪੰਜਾਬੀ ਵਿਰਸੇ ਅਤੇ ਭਾਰਤੀ ਸਮਾਜ ਨੂੰ ਅਸ਼ਲੀਲਤਾ ਦੀ ਦਲਦਲ ਵਿਚ ਧੱਸ ਜਾਣ ਤੋਂ ਬਚਾਇਆ ਜਾ ਸਕੇ, ਸਮਾਜਿਕ ਕੁਰੀਤੀਆਂ ਨੂੰ ਵਧਣ ਤੋਂ ਰੋਕਿਆ ਜਾ ਸਕੇ ਅਤੇ ਸਾਦਗੀ ਨੂੰ ਅਹਿਮੀਅਤ ਦਿੱਤੀ ਜਾ ਸਕੇ। ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਦ-ਆਚਰਨ ਵਿਚ ਰਹਿਣ ਦਾ ਸੁਖਾਵਾਂ ਮਾਹੌਲ ਮਿਲੇਗਾ ਅਤੇ ਸਾਡੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਵੀ ਖੋਰਾ ਨਹੀਂ ਲੱਗੇਗਾ।

-ਸੰਜੀਵ ਧਰਮਾਣੀ
ਮੱਧੇਵਾਲੀਆ, ਸ੍ਰੀ ਅਨੰਦਪੁਰ ਸਾਹਿਬ।

13/03/2017

 ਕਿਸਾਨ ਖੁਦਕੁਸ਼ੀਆਂ ਕਿਵੇਂ ਰੁਕਣ
ਕਿਸਾਨੀ ਕਰਜ਼ਿਆਂ ਦੀ ਮੁਆਫ਼ੀ ਕਿਸਾਨ ਖੁਦਕੁਸ਼ੀਆਂ ਰੋਕਣ ਦਾ ਕੋਈ ਪੱਕਾ ਹੱਲ ਨਹੀਂ ਹੈ। ਕਿਸਾਨੀ ਨੂੰ ਬਚਾਉਣ ਲਈ ਪੰਜ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਦੀ ਘੱਟੋ-ਘੱਟ ਆਮਦਨ ਤੈਅ ਕਰਨ ਦੀ ਲੋੜ ਹੈ। ਘੱਟੋ-ਘੱਟ ਸਾਲਾਨਾ ਆਮਦਨ ਤੋਂ ਜਿੰਨੀ ਆਮਦਨ ਘੱਟ ਹੋਵੇ, ਉਸ ਨੂੰ ਕੇਂਦਰ ਸਰਕਾਰ ਆਪਣੇ ਖਜ਼ਾਨੇ ਵਿਚੋਂ ਪੂਰਾ ਕਰੇ। ਦੂਜੇ ਪਾਸੇ ਕਿਸਾਨਾਂ ਨੂੰ ਆਪਣੀ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ। ਸਾਦਾ ਜੀਵਨ ਬਿਤਾਉਣ ਅਤੇ ਵਿਆਹ-ਸ਼ਾਦੀਆਂ ਤੇ ਹੋਰ ਸਮਾਗਮਾਂ ਵਿਚ ਅਮੀਰ ਲੋਕਾਂ ਦੀ ਰੀਸ ਨਾਲ ਵਿਤੋਂ ਵੱਧ ਖਰਚ ਤੋਂ ਪ੍ਰਹੇਜ਼ ਕਰਨ ਨਾਲ ਹੀ ਜੀਵਨ ਸੁਖੀ ਬਣ ਸਕਦਾ ਹੈ। ਇਨਸਾਨ ਨੂੰ ਜਿਊਂਦੇ ਰਹਿਣ ਲਈ ਅਨਾਜ ਦੀ ਲੋੜ ਹੁੰਦੀ ਹੈ। ਕਿਸਾਨ, ਅਨਾਜ ਪੈਦਾ ਕਰਦਾ ਹੈ। ਇਸ ਲਈ ਉਸ ਨੂੰ ਵੀ ਜਿਊਂਦੇ ਰੱਖਣ ਦੀ ਲੋੜ ਹੈ। 'ਪੇਟ ਨਾ ਪਈਆਂ ਰੋਟੀਆਂ ਤਾਂ ਸਭੇ ਗੱਲਾਂ ਖੋਟੀਆਂ' ਦੇ ਅਖਾਣ ਅਨੁਸਾਰ ਅਨਾਜ ਖੁਣੋਂ ਭੁੱਖਾ ਢਿੱਡ, ਸੰਸਾਰ ਵਿਚਲੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਅ ਸਕਦਾ। ਹੁਣ ਛੋਟੀ ਕਿਸਾਨੀ ਨੂੰ ਬਚਾਉਣ ਵਿਚ ਹੀ ਅਕਲਮੰਦੀ ਹੈ। ਕੇਂਦਰ ਸਰਕਾਰ ਨੂੰ ਛੋਟੇ ਕਿਸਾਨਾਂ ਦੀ ਘੱਟੋ-ਘੱਟ ਸਾਲਾਨਾ ਆਮਦਨ ਮਿਥਣ ਦਾ ਬਿੱਲ ਲੋਕ ਸਭਾ ਵਿਚ ਪਾਸ ਕਰ ਦੇਣਾ ਚਾਹੀਦਾ ਹੈ। ਕਿਸਾਨ ਖੁਦਕੁਸ਼ੀਆਂ ਰੋਕਣ ਦਾ ਇਹ ਹੀ ਸਥਾਈ ਹੱਲ ਹੈ।


-ਇੰਜ: ਕੁਲਦੀਪ ਸਿੰਘ ਲੁੱਧਰ
ਅੰਮ੍ਰਿਤਸਰ।


ਵਿਆਹ 'ਤੇ ਖਰਚ
8 ਮਾਰਚ, 2017 ਦੀ 'ਅਜੀਤ' ਵਿਚ ਛਪਿਆ ਲੇਖ 'ਕੀ ਹੁਣ ਵਿਆਹ ਸੌਖੇ ਤੇ ਸਸਤੇ ਹੋਣਗੇ?' ਸਮਾਜ ਲਈ ਰਾਮਬਾਣ ਸਿੱਧ ਹੋਏਗਾ। ਲੋਕ ਸਭਾ ਵਿਚ ਪੇਸ਼ ਬਿੱਲ ਜਨਤਾ ਨੂੰ ਇਕ ਨਵਾਂ ਰਾਹ ਦਿਖਾਏਗਾ। ਲੋਕਾਂ ਵੱਲੋਂ ਇਸ ਦਾ ਸਵਾਗਤ ਕੀਤਾ ਜਾ ਰਿਹਾ ਹੈ। ਇਸ ਬਿੱਲ ਦਾ ਫਾਇਦਾ ਗ਼ਰੀਬ ਲੋਕਾਂ ਨੂੰ ਵੱਧ ਮਿਲੇਗਾ। ਕਿਉਂਕਿ ਉਹ ਦੋ-ਤਿੰਨ ਘੰਟੇ ਦੇ ਪ੍ਰੋਗਰਾਮ 'ਤੇ ਆਪਣੀ ਜ਼ਿੰਦਗੀ ਦੀ ਖੂਨ-ਪਸੀਨੇ ਦੀ ਸਾਰੀ ਕਮਾਈ ਖਰਚ ਕਰ ਦਿੰਦੇ ਹਨ ਅਤੇ ਉਹ