ਤਾਜਾ ਖ਼ਬਰਾਂ


ਸੁਖਪਾਲ ਖਹਿਰਾ ਨੇ ਬਠਿੰਡਾ ਤੋਂ ਭਰਿਆ ਨਾਮਜ਼ਦਗੀ ਪੱਤਰ
. . .  8 minutes ago
ਬਠਿੰਡਾ, 26 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)- ਪੰਜਾਬ ਏਕਤਾ ਪਾਰਟੀ ਦੇ ਆਗੂ ਅਤੇ ਪੰਜਾਬ ਜਮਹੂਰੀ ਗਠਜੋੜ ਦੇ ਸਾਂਝੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਅੱਜ ਲੋਕ ਸਭਾ ਹਲਕਾ ਬਠਿੰਡਾ ਤੋਂ ਆਪਣਾ ਨਾਮਜ਼ਦਗੀ...
ਬਠਿੰਡਾ ਤੋਂ 'ਆਪ' ਉਮੀਦਵਾਰ ਪ੍ਰੋ. ਬਲਜਿੰਦਰ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ
. . .  12 minutes ago
ਬਠਿੰਡਾ, 26 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)- ਆਮ ਆਦਮੀ ਪਾਰਟੀ (ਆਪ) ਦੀ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਵਲੋਂ ਅੱਜ ਲੋਕ ਸਭਾ ਹਲਕਾ ਬਠਿੰਡਾ ਤੋਂ ਨਾਮਜ਼ਦਗੀ ਪੱਤਰ ਦਾਖ਼ਲ...
ਲੋਕ ਦੇਸ਼ ਦਾ ਸ਼ਾਸਨ ਕਾਂਗਰਸ ਦੇ ਹੱਥ 'ਚ ਦੇਣ ਲਈ ਤਿਆਰ- ਬੀਬੀ ਭੱਠਲ
. . .  20 minutes ago
ਲਹਿਰਾਗਾਗਾ, 26 ਅਪ੍ਰੈਲ (ਸੂਰਜ ਭਾਨ ਗੋਇਲ) - ਮੀਡੀਆ ਦੇ ਇੱਕ ਹਿੱਸੇ 'ਚ ਮੇਰਾ ਛਪਿਆ ਬਿਆਨ ਕੀ ਬੀਬੀ ਭੱਠਲ ਭਾਜਪਾ 'ਚ ਸ਼ਾਮਿਲ ਹੋਣ ਜਾ ਰਹੀ ਹੈ ਇਹ ਬਿਲਕੁਲ ਝੂਠ ਹੈ, ਕਿਉਂਕਿ ਕਾਂਗਰਸ ਮੇਰੀ ਮਾਂ ਪਾਰਟੀ ਹੈ। ਇਨ੍ਹਾਂ ਸਬਦਾ ਦਾ ਪ੍ਰਗਟਾਵਾ ਪੰਜਾਬ ਦੀ .....
ਬਠਿੰਡਾ ਤੋਂ ਬੀਬਾ ਬਾਦਲ ਨੇ ਦਾਖ਼ਲ ਕੀਤਾ ਨਾਮਜ਼ਦਗੀ ਕਾਗ਼ਜ਼
. . .  24 minutes ago
ਬਠਿੰਡਾ, 26 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)- ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਾਂਝੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਵਲੋਂ ਇੱਥੇ ਇੱਕ ਵਿਸ਼ਾਲ ਰੋਡ...
ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਲੰਡਨ ਕੋਰਟ ਵੱਲੋਂ ਖ਼ਾਰਜ
. . .  54 minutes ago
ਨਵੀਂ ਦਿੱਲੀ, 26 ਅਪ੍ਰੈਲ- ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਦੋਸ਼ੀ ਨੀਰਵ ਮੋਦੀ ਦੀ ਸ਼ੁੱਕਰਵਾਰ ਨੂੰ ਲੰਦਨ ਦੀ ਵੈਸਟਮਿੰਸਟਰ ਕੋਰਟ 'ਚ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਹੋਈ। ਇਸ ਸੁਣਵਾਈ ਦੇ ਦੌਰਾਨ ਕੋਰਟ ਨੇ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਨੂੰ ਖ਼ਾਰਜ....
ਪਟਿਆਲਾ ਤੋਂ ਸੁਰਜੀਤ ਸਿੰਘ ਰੱਖੜਾ ਨੇ ਦਾਖ਼ਲ ਕਰਾਇਆ ਨਾਮਜ਼ਦਗੀ ਪੱਤਰ
. . .  about 1 hour ago
ਪਟਿਆਲਾ, 26 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)- ਲੋਕ ਸਭਾ ਹਲਕਾ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਭਰਾ...
ਖਡੂਰ ਸਾਹਿਬ ਤੋਂ 'ਆਪ' ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਨੇ ਭਰਿਆ ਨਾਮਜ਼ਦਗੀ ਪੱਤਰ
. . .  about 1 hour ago
ਤਰਨ ਤਾਰਨ, 26 ਅਪ੍ਰੈਲ- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਨੇ ਅੱਜ ਨਾਮਜ਼ਦਗੀ ਪੱਤਰ...
ਜਲੰਧਰ 'ਚ ਨਾਮਜ਼ਦਗੀ ਭਰਨ ਵੇਲੇ ਆਹਮੋ-ਸਾਹਮਣੇ ਹੋਏ ਅਕਾਲੀ ਦਲ ਤੇ ਬਸਪਾ ਦੇ ਸਮਰਥਕ
. . .  about 1 hour ago
ਜਲੰਧਰ, 26 ਅਪ੍ਰੈਲ (ਚਿਰਾਗ)- ਜਲੰਧਰ 'ਚ ਅੱਜ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਉਮੀਦਵਾਰ ਬਲਵਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੇ ਆਪਣੇ-ਆਪਣੇ ਨਾਮਜ਼ਦਗੀ ਪੱਤਰ ਦਾਖ਼ਲ...
ਆਸਾਰਾਮ ਦੇ ਬੇਟੇ ਨਰਾਇਣ ਸਾਈਂ ਜਬਰ ਜਨਾਹ ਮਾਮਲੇ 'ਚ ਦੋਸ਼ੀ ਕਰਾਰ
. . .  about 1 hour ago
ਨਵੀਂ ਦਿੱਲੀ, 26 ਅਪ੍ਰੈਲ- ਆਸਾਰਾਮ ਦੇ ਬੇਟੇ ਨਰਾਇਣ ਸਾਈਂ ਦੇ ਖ਼ਿਲਾਫ਼ ਸੂਰਤ ਦੀ ਰਹਿਣ ਵਾਲੀਆਂ ਦੋ ਭੈਣਾਂ ਵੱਲੋਂ ਲਗਾਏ ਜਬਰ ਜਨਾਹ ਦੇ ਦੋਸ਼ 'ਚ ਅੱਜ ਸੂਰਤ ਦੀ ਸੈਸ਼ਨ ਕੋਰਟ ਨੇ ਨਰਾਇਣ ਸਾਈਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ 'ਚ ਅਦਾਲਤ .....
ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਨੇ ਭਰੇ ਨਾਮਜ਼ਦਗੀ ਪੱਤਰ
. . .  about 1 hour ago
ਤਰਨਤਾਰਨ, 26 ਅਪ੍ਰੈਲ- ਲੋਕ ਸਭਾ ਹਲਕੇ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਨਾਮਜ਼ਦਗੀ ਪੱਤਰ ਭਰੇ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਦੇ ਸਾਬਕਾ ਖ਼ੁਰਾਕ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸਾਬਕਾ ਵਿਧਾਇਕ....
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਮਾਘ ਸੰਮਤ 549
ਵਿਚਾਰ ਪ੍ਰਵਾਹ: ਕਿਸੇ ਉੱਚੇ ਮੁਕਾਮ \'ਤੇ ਪਹੁੰਚਣਾ ਕੁਝ ਸੌਖਾ ਹੈ ਪਰ ਉਸ ਨੂੰ ਕਾਇਮ ਰੱਖਣਾ ਬਹੁਤ ਔਖਾ ਹੈ। -ਅਗਿਆਤ

ਕਿਤਾਬਾਂ

20-01-2018

 ਇਕ ਵਿਚਾਰ ਧਾਰਾ
(ਲੇਖ ਸੰਗ੍ਰਹਿ)
ਲੇਖਕ : ਸੁਰਿੰਦਰ ਸਿੰਘ ਕੰਵਰ
ਪ੍ਰਕਾਸ਼ਕ : ਐਸੀ ਐਡ ਪਬਲੀਕੇਸ਼ਨਜ਼, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 98147-21803.

ਇਕ ਵਿਚਾਰਧਾਰਾ ਆਸਟਰੇਲੀਆ ਵਸਤੇ ਪਰਵਾਸੀ ਪੰਜਾਬੀ ਸੁਰਿੰਦਰ ਸਿੰਘ ਨਰੂਲਾ ਦਾ ਜੀਵਨ ਜਾਚ ਨਾਲ ਸਬੰਧਿਤ ਲੇਖ ਸੰਗ੍ਰਹਿ ਹੈ। ਜੀਵਨ ਜਾਚ ਬਾਰੇ ਇਨ੍ਹਾਂ ਨਿਬੰਧਾਂ ਦੇ ਵਿਸ਼ੇ ਸੁਖ-ਸ਼ਾਂਤੀ ਵਾਲੇ ਵਿਅਕਤੀਗਤ ਜੀਵਨ, ਮਾਂ/ਬਾਪ/ਬਾਲਾਂ/ਪਤੀ-ਪਤਨੀ ਦੇ ਸੁਚੱਜੇ ਸੁਖਾਵੇਂ ਰਿਸ਼ਤੇ, ਬਜ਼ੁਰਗਾਂ ਦੀ ਸੰਭਾਲ, ਨੂੰਹ ਸੱਸ, ਸਮਾਜਿਕ ਵਰਤੋਂ-ਵਿਹਾਰ, ਨਿੱਕੀਆਂ-ਵੱਡੀਆਂ ਕਮਜ਼ੋਰੀਆਂ, ਪਤਨ ਗ੍ਰਸਤ ਕਰਮਕਾਂਡੀ ਸਮਾਜਿਕ/ਧਾਰਮਿਕ ਜੀਵਨ, ਹਉਮੈਂ ਤੇ ਹੋਰ ਮਨੁੱਖੀ ਕਮਜ਼ੋਰੀਆਂ, ਗੁਣਾਂ ਦੀ ਸਾਂਝ, ਗੁਰਬਾਣੀ/ਧਰਮ/ਨਾਮ ਬਾਰੇ ਗੁਰਮਤਿ ਦ੍ਰਿਸ਼ਟੀਕੋਣ ਜਿਹੇ ਵਿਸ਼ਾਲ ਖੇਤਰ ਤੱਕ ਫੈਲੇ ਹੋਏ ਹਨ। ਇਨ੍ਹਾਂ ਦੀ ਸਮੁੱਚੀ ਸੁਰ ਆਦਰਸ਼ਵਾਦੀ ਹੈ ਅਤੇ ਇਸ ਆਦਰਸ਼ਵਾਦ ਦਾ ਆਧਾਰ ਲੇਖਕ ਦੀ ਗੁਰਬਾਣੀ ਦੀ ਸਮਝ ਹੈ।
ਇਸ ਸੰਗ੍ਰਹਿ ਦੇ 24 ਨਿਬੰਧਾਂ ਦੇ ਸਿਰਲੇਖ ਉਨ੍ਹਾਂ ਦੇ ਵਿਸ਼ੇ ਵਸਤੂ ਵੱਲ ਸੰਕੇਤ ਕਰਨ ਲਈ ਕਾਫੀ ਹਨ। ਉਦਾਹਰਨ ਲਈ ਸੁਖੀ ਤੇ ਸ਼ਾਂਤਮਈ ਜੀਵਨ, ਜੀਵਨ ਜਾਚ, ਗੁਨ ਗਾਵਤ ਤੇਰੀ ਉਤਸ ਮੈਲ, ਖੁਸ਼ੀਆਂ ਭਰਿਆ ਸਮਾਜਿਕ ਜੀਵਨ ਵਿਚ ਲੇਖਕ ਗੁਣਾਂ ਨੂੰ ਗ੍ਰਹਿਣ ਕਰਨ 'ਤੇ ਬਲ ਦਿੰਦਾ ਹੈ। ਗੁਰਬਾਣੀ ਦੇ ਕੁਝ ਮੁਢਲੇ ਸੰਦੇਸ਼ਾਂ ਦੀ ਵਿਆਖਿਆ ਵਾਲੇ ਨਿਬੰਧਾਂ ਦੀ ਆਪਣੀ ਸ਼੍ਰੇਣੀ ਹੈ। ਇਸ ਵਿਚਲੇ ਸੇਵਾ ਕਰਤ ਹੋਏ ਨਿਹਕਾਮੀ, ਮਨ ਤੇ ਕਬਹੁ ਨ ਬਿਖਿਆ ਟਰੈ, ਹਉਮੈ ਦੀਰਘ ਰੋਗ ਹੈ, ਸੁਣਿਆ ਮੰਨਿਆ ਮਨ ਕੀਤਾ ਭਾਉ, ਸਹਸ ਸਿਆਣਪਾ ਲਖ ਹੋਹਿ ਜਿਹੇ ਨਿਬੰਧਾਂ ਵਿਚ ਗੁਰਬਾਣੀ ਦੀ ਸਰਬੱਤ ਦੇ ਭਲੇ ਦਾ ਸਰਲ, ਕਾਂਡ ਤੋਂ ਮੁਕਤ ਗੁਣਾਂ ਵਾਲਾ ਜੀਵਨ ਜੀਣ ਦਾ ਸੰਦੇਸ਼ ਹੈ। ਨਰਕ ਸਵਰਗ, ਧਰਮ, ਗੁਰੂ ਨਾਨਕ ਦਾ ਰੱਬ, ਨਿਰੋਗੀ ਕਾਇਆ, ਸੰਗਤ, ਸਿਹਤ ਸੰਭਾਲ, ਔਰਤ ਦੀ ਮਹਾਨਤਾ, ਨਰਕ-ਸਵਰਗ ਜਿਹੇ ਨਿਬੰਧ ਉਪਰੋਕਤ ਸੰਕਲਪਾਂ ਬਾਰੇ ਗੁਰਮਤਿ ਦ੍ਰਿਸ਼ਟੀ ਤੋਂ ਪ੍ਰੇਰਿਤ ਹਨ। ਸਮਾਜਿਕ/ਪਰਿਵਾਰਕ ਰਿਸ਼ਤਿਆਂ ਪ੍ਰਤੀ ਲੇਖਕ ਦੀ ਦ੍ਰਿਸ਼ਟੀ ਉਸਾਰੂ ਹੈ। ਸੇਵਾ, ਔਰਤ ਦਾ ਸਤਿਕਾਰ, ਬਜ਼ੁਰਗਾਂ ਦੀ ਸੰਭਾਲ, ਰਿਸ਼ਤਿਆਂ ਦੀ ਪਾਕੀਜ਼ਗੀ ਜਿਹੀਆਂ ਕਦਰਾਂ-ਕੀਮਤਾਂ ਦੀ ਗੱਲ ਕਰਦੇ ਹੋਏ ਲੇਖਕ ਦੰਦ ਕਥਾਵਾਂ, ਸਾਖੀਆਂ ਤੇ ਲੋਕ ਸਾਹਿਤ ਦੇ ਟੋਟਕਿਆਂ ਨੂੰ ਸਹਿਜੇ ਹੀ ਵਰਤਦਾ ਹੈ। ਲੇਖਕ ਦੀ ਭਾਸ਼ਾ ਸਰਲ ਤੇ ਸੁਰ ਉਪਦੇਸ਼ਾਤਮਕ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਸੈਨਿਕ ਵਿਗਿਆਨ : ਪ੍ਰੈਕਟੀਕਲ ਅਭਿਆਸ
ਲੇਖਕ : ਬਲਦੇਵ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 71
ਸੰਪਰਕ : 97815-84279.

ਹਥਲੀ ਪੁਸਤਕ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ 'ਡਿਫੈਂਸ ਐਂਡ ਸਟ੍ਰੈਟਿਜਿਕ ਸਟੱਡੀਜ਼' ਪੜ੍ਹ ਰਹੇ ਬੀ.ਏ. ਦੇ ਵਿਦਿਆਰਥੀਆਂ ਦੇ ਸਿਲੇਬਸ ਨਾਲ ਸਬੰਧਿਤ ਹੈ। ਇਸ ਪੁਸਤਕ ਦੇ ਵਿਸ਼ੇ ਭਾਵੇਂ ਸੈਨਿਕ ਵਿਗਿਆਨ ਨਾਲ ਸਬੰਧਿਤ ਹਨ ਪਰ ਇਕ ਵਿਲੱਖਣ ਵਿਸ਼ਾ ਹੋਣ ਕਰਕੇ ਆਮ ਪਾਠਕ ਦਾ ਧਿਆਨ ਖਿੱਚਦੇ ਹਨ। ਕਿਉਂਕਿ ਅਜੋਕੇ ਦੌਰ ਵਿਚ ਹਰ ਮਨੁੱਖ ਹਰ ਵਿਸ਼ੇ ਉੱਪਰ ਆਪਣੀ ਜਾਣਕਾਰੀ ਵਧਾਉਣਾ ਚਾਹੁੰਦਾ ਹੈ। ਸੱਤ ਅਧਿਆਇ ਵੱਖ-ਵੱਖ ਵਸਤਾਂ ਬਾਰੇ ਜਾਣਕਾਰੀ ਦਿੰਦੇ ਹਨਂਨਕਸ਼ਾ, ਨਕਸ਼ੇ ਦੀ ਵਰਤੋਂ ਤੇ ਕਿਸਮਾਂ, ਰਵਾਇਤੀ ਚਿੰਨ੍ਹ ਜਾਂ ਸੰਕੇਤ, ਸੈਨਿਕ ਸੰਕੇਤ, ਭੂਗੋਲਿਕ ਚਿੰਨ੍ਹ ਤੇ ਸੰਕੇਤ, ਗਰਿੱਡ ਪ੍ਰਣਾਲੀ, ਗਰਿੱਡ ਰੇਖਾਵਾਂ, ਦਿਸ਼ਾਵਾਂ, ਪਰਛਾਵਾਂ, ਤਾਰਾ ਵਿਧੀ, ਘੜੀ ਵਿਧੀ, ਸਕੇਲ, ਕੰਪਾਸ, ਨਾਈਟ ਮਾਰਚ ਚਾਰਟ ਆਦਿ ਬਾਰੇ ਬੜੇ ਵਿਸਥਾਰ ਨਾਲ ਲਿਖਿਆ ਹੈ। ਸੈਨਿਕ ਵਿਗਿਆਨ ਨਾਲ ਸਬੰਧਿਤ ਵਿਦਿਆਰਥੀਆਂ ਦੇ ਨਾਲ-ਨਾਲ ਆਮ ਮਨੁੱਖਾਂ ਨੂੰ ਵੀ ਇਨ੍ਹਾਂ ਸੰਕੇਤਾਂ, ਚਿੰਨ੍ਹਾਂ ਦੀ ਸਮਝ ਹੋਣੀ ਚਾਹੀਦੀ ਹੈ। ਆਧੁਨਿਕ ਯੁੱਗ ਵਿਚ ਇਹ ਵਿਗਿਆਨ ਨਵੀਆਂ ਤਕਨੀਕਾਂ ਅਤੇ ਵਿਧੀਆਂ ਰਾਹੀਂ ਕਿਸੇ ਦੇਸ਼ ਦੀ ਸੁਰੱਖਿਆ, ਭੂਗੋਲਿਕ ਜਾਣਕਾਰੀ, ਮੌਸਮ ਆਦਿ ਅਨੇਕਾਂ ਖੇਤਰਾਂ ਵਿਚ ਜ਼ਿਕਰਯੋਗ ਕਾਰਜ ਕਰਦਾ ਹੈ। ਇਕ ਅਗਾਂਹ ਵਧੂ ਸਮਾਜ ਦਾ ਹਰ ਬਸ਼ਰ ਸੰਕੇਤਾਂ ਅਤੇ ਚਿੰਨ੍ਹਾਂ ਪ੍ਰਤੀ ਜਾਣੂ ਹੁੰਦਾ ਹੋਇਆ ਕਿਸੇ ਕੁਦਰਤੀ ਆਫ਼ਤ ਜਾਂ ਸਾੜਸਤੀ ਸਮੇਂ ਆਪਣੇ ਆਲੇ-ਦੁਆਲੇ ਦੀਆਂ ਦਿਸ਼ਾਵਾਂ, ਭੂਗੋਲਿਕ ਵੇਰਵਿਆਂ ਤੋਂ ਜਾਣੂ ਹੁੰਦਾ ਹੋਇਆ ਜਨ-ਕਲਿਆਣ ਦੇ ਕਾਰਜ ਵਿਚ ਅਹਿਮ ਯੋਗਦਾਨ ਪਾ ਸਕਦਾ ਹੈ। ਲੇਖਕ ਬਲਦੇਵ ਸਿੰਘ ਵਲੋਂ ਬੜੇ ਸੀਮਤ ਜਿਹੇ ਸਾਧਨਾਂ ਅਤੇ ਸਰੋਤਾਂ ਤੋਂ ਸੈਨਿਕ ਵਿਗਿਆਨ ਬਾਰੇ ਜਾਣਕਾਰੀ ਦਿੱਤੀ ਹੈ। ਇਹ ਉਪਰਾਲਾ ਸਲਾਹੁਣਯੋਗ ਹੈ।

ਂਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.
ਫ ਫ ਫ

ਜੀਵ ਅਤੇ ਕੁਦਰਤ ਦਾ ਪਸਾਰਿਆ ਪਸਾਰਾ
ਲੇਖਕ : ਰਾਮ ਨਾਥ ਸ਼ੁਕਲਾ
ਪ੍ਰਕਾਸ਼ਕ : ਲੋਕ ਹਿਤੂ ਪ੍ਰਕਾਸ਼ਨ, ਪਟਿਆਲਾ
ਮੁੱਲ : 400 ਰੁਪਏ, ਸਫ਼ੇ : 292
ਸੰਪਰਕ : 94643-91902.

ਸਦੀਆਂ ਤੋਂ ਸ੍ਰਿਸ਼ਟੀ ਅਤੇ ਇਸ ਦੇ ਸਿਰਜਣਹਾਰ ਬਾਰੇ ਜਾਣਨ ਲਈ ਅਧਿਆਤਮਕ ਤੇ ਵਿਗਿਆਨਕ ਖੇਤਰ ਦੇ ਖੋਜੀਆਂ ਵਲੋਂ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ। ਪ੍ਰੰਤੂ ਅਜੇ ਤੱਕ ਇਸ ਅਦਭੁਤ ਪਸਾਰੇ ਤੇ ਵਰਤਾਰੇ ਦਾ ਕੋਈ ਭੇਦ ਨਹੀਂ ਪਾ ਸਕਿਆ। ਇਸ ਪੁਸਤਕ ਦੇ ਲੇਖਕ ਨੇ ਇਸ ਵਿਸ਼ੇ ਉੱਪਰ ਚਾਨਣ ਪਾਉਣ ਦਾ ਯਤਨ ਕੀਤਾ ਹੈ। ਕੁਦਰਤ ਦੀ ਵਿਸ਼ਾਲਤਾ ਬਾਰੇ ਉਹ ਲਿਖਦਾ ਹੈ ਕਿ ਕਾਦਰ ਦੁਆਰਾ ਸਾਡੀ ਧਰਤੀ ਤੋਂ ਇਲਾਵਾ ਪਤਾ ਨਹੀਂ ਹੋਰ ਕਿੰਨੀਆਂ ਕੁ ਧਰਤੀਆਂ ਅਤੇ ਭੂ-ਮੰਡਲ ਉਪਜਾਏ ਗਏ ਹਨ। ਇਸ ਮੁੱਖ ਵਿਸ਼ੇ ਦੇ ਨਾਲ-ਨਾਲ ਲੇਖਕ ਨੇ ਇਨ੍ਹਾਂ ਗੌਣ ਵਿਸ਼ਿਆਂ ਬਾਰੇ ਵੀ ਜਾਣਕਾਰੀ ਦਿੱਤੀ ਹੈ :
ਕੁਦਰਤ ਦੀ ਹਰ ਵਸਤੂ ਭੌਤਿਕ ਤੇ ਰਸਾਇਣਕ ਪੱਖੋਂ ਪ੍ਰੀਵਰਤਨਸ਼ੀਲ ਹੈ, ਕੁਦਰਤ ਦੀ ਵਿਸ਼ਾਲਤਾ ਤੇ ਅਦਭੁਦਤਾ; ਮਨੁੱਖਾਂ, ਜੀਵ-ਜੰਤੂਆਂ ਅਤੇ ਵਨਸਪਤੀ ਵਿਚ ਮੁਕਾਬਲੇ ਦੀ ਭਾਵਨਾ ਦਾ ਹੋਣਾ, ਕੁਦਰਤ ਦੇ ਨਿਯਮ ਅਟੱਲ ਹਨ, ਪਰ ਮਨੁੱਖ ਆਪਣੀ ਹੋਣੀ ਨੂੰ ਸਵੀਕਾਰ ਨਹੀਂ ਕਰਦਾ, ਕੁਦਰਤ ਨਾਲ ਛੇੜਛਾੜ ਹਾਨੀਕਾਰਕ ਹੁੰਦੀ ਹੈ, ਕੁਦਰਤ ਦੀ ਰਚੀ ਖੇਡ ਦਾ ਸਹਿਜ ਅਨੰਦ ਮਾਣਨਾ ਚਾਹੀਦਾ ਹੈ, ਮਹਾਂਪੁਰਸ਼ਾਂ ਦੀ ਬਾਣੀ ਨੂੰ ਵਿਚਾਰਨ ਦੀ ਲੋੜ ਹੈ, ਮਨੁੱਖ ਨੂੰ ਭਲੇ ਬੁਰੇ ਦੀ ਸੋਝੀ ਨਹੀਂ, ਉਹ ਮਿੱਟੀ ਦਾ ਪੁਤਲਾ, ਅਸਲ ਪੁਤਲੀਗਰ ਨੂੰ ਭੁੱਲ ਕੇ ਆਪਣੇ-ਆਪ ਨੂੰ ਕਰਤਾ ਸਮਝ ਬੈਠਾ ਹੈ, ਮਨੁੱਖ ਕੁਦਰਤ ਵਲੋਂ ਮਿਲੀ ਸੇਧ ਅਨੁਸਾਰ ਹੀ ਕਰਮ ਕਰਦਾ ਹੈ।

ਂਕੰਵਲਜੀਤ ਸਿੰਘ ਸੂਰੀ
ਮੋ: 93573-24241.
ਫ ਫ ਫ

ਭਾਪਾ ਪ੍ਰੀਤਮ ਸਿੰਘ
ਯਾਦਗਾਰੀ ਭਾਸ਼ਨ

ਸੰ: ਬਲਬੀਰ ਮਾਧੋਪੁਰੀ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 500 ਰੁਪਏ, ਸਫ਼ੇ 284
ਸੰਪਰਕ : 011-23238142.

ਵਿਚਾਰਾਧੀਨ ਪੁਸਤਕ 'ਭਾਪਾ ਪ੍ਰੀਤਮ ਸਿੰਘ ਯਾਦਗਾਰੀ ਭਾਸ਼ਣ' ਬਲਬੀਰ ਮਾਧੋਪੁਰੀ ਦੇ ਉੱਦਮ ਅਤੇ ਵਿਲੱਖਣ ਸੋਚ ਦਾ ਪ੍ਰਤੀਫਲ ਹੈ। ਇਸ ਪੁਸਤਕ ਵਿਚ 2005 ਤੋਂ 2016 ਤੱਕ ਦੇ 12 ਭਾਸ਼ਣ ਸੰਕਲਿਤ ਕੀਤੇ ਗਏ ਹਨ। ਇਨ੍ਹਾਂ ਭਾਸ਼ਣਾਂ ਦਾ ਗਹਿਨ ਅਧਿਐਨ ਕਰਦਿਆਂ ਪਤਾ ਲੱਗਦਾ ਹੈ ਕਿ ਕੁਝ ਇਕ ਨੂੰ ਛੱਡ ਕੇ ਬਾਕੀ ਸਭ ਨੇ ਭਾਪਾ ਜੀ ਨਾਲ ਆਪਣੇ ਨਿੱਜੀ ਸਬੰਧ ਦਰਸਾਉਂਦਿਆਂ ਭਾਸ਼ਣਾਂ ਦੀ ਸ਼ੁਰੂਆਤ ਕੀਤੀ ਹੈ। ਪ੍ਰੋ: ਭਗਵਾਨ ਜੋਸ਼ ਨੇ ਉਨ੍ਹਾਂ ਦੇ ਪੰਜਾਬੀ ਪ੍ਰਕਾਸ਼ਨ ਵਿਚ ਪਾਏ ਯੋਗਦਾਨ ਅਤੇ ਸਾਹਿਤ ਸਬੰਧੀ ਉਨ੍ਹਾਂ ਦੇ ਮੁੱਲਵਾਨ ਵਿਚਾਰਾਂ ਦੀ ਨਿੱਠ ਕੇ ਚਰਚਾ ਕੀਤੀ ਹੈ। ਡਾ: ਅਮਰੀਕ ਸਿੰਘ ਨੇ ਕੀ ਕਹਿਣਾ ਅਤੇ ਕੀ ਨਹੀਂ ਕਹਿਣਾ ਚਾਹੀਦਾ ਅਰਥਾਤ ਸੰਕੋਚ ਵਿਧੀ ਨਾਲ ਪੰਜਾਬੀ ਦੇ ਪਿੱਛੇ ਅੱਗੇ ਬਾਰੇ ਚਰਚਾ ਕੀਤੀ ਹੈ। ਜਸਵੰਤ ਸਿੰਘ ਨੇਕੀ ਨੇ ਸਾਹਿਤ ਅਤੇ ਮਨੋਵਿਗਿਆਨ ਦੇ ਆਪਸੀ ਰਿਸ਼ਤੇ ਦੀ ਗੱਲ ਕਰਦਿਆਂ ਲੇਖਕਾਂ ਅੱਗੇ ਅਨੇਕਾਂ ਪ੍ਰਸ਼ਨ ਖੜ੍ਹੇ ਕਰ ਦਿੱਤੇ ਹਨ। ਅਜੀਤ ਕੌਰ ਨੇ ਇਕ ਨਿੱਕੜੇ ਸੰਤ ਦੇ ਵੱਡੇ ਪਬਲਿਸ਼ਰਜ਼ ਬਣ ਜਾਣ ਦੀ ਕਥਾ ਆਪਣੇ ਵੱਖਰੇ ਅੰਦਾਜ਼ ਵਿਚ ਛੋਹੀ ਹੈ। ਡਾ: ਦਲੀਪ ਕੌਰ ਟਿਵਾਣਾ ਨੇ ਔਰਤ ਦੀ ਕਰੁਣਾਮਈ ਦਸ਼ਾ ਬਿਆਨ ਕਰਦਿਆਂ ਸਾਰਥਕ ਦਿਸ਼ਾ ਨਿਰਧਾਰਤ ਕੀਤੀ ਹੈ। ਡਾ: ਜਸਪਾਲ ਸਿੰਘ ਨੇ ਸਿੱਖੀ ਦੀ 'ਸੰਮਿਲਤ ਪਹੁੰਚ' ਦੇ ਸੰਕਲਪ ਨੂੰ ਬਾਖ਼ੂਬੀ ਪੇਸ਼ ਕਰਦਿਆਂ ਇਸ ਦੇ ਅਜੋਕੇ ਸਮੇਂ ਵਿਚ ਲੋੜ ਅਤੇ ਮਹੱਤਵ ਨੂੰ ਦਰਸਾਇਆ ਹੈ। ਡਾ: ਸਤਯਪਾਲ ਗੌਤਮ ਨੇ ਮਨੁੱਖੀ ਜੀਵਨ ਦਾ ਫ਼ਲਸਫ਼ਾ ਸੌਖੀ ਭਾਸ਼ਾ ਵਿਚ ਸਮਝਾਇਆ ਹੈ। ਗੁਲਜ਼ਾਰ ਸਿੰਘ ਸੰਧੂ ਨੇ ਪੰਜਾਬੀ ਪੱਤਰਕਾਰੀ ਦਾ ਅਨੇਕ ਭਾਸ਼ਾਈ ਇਤਿਹਾਸ ਉਲੀਕਿਆ ਹੈ। ਗੁਰਬਚਨ ਭੁੱਲਰ ਨੇ ਪੰਜਾਬੀ ਦਾ ਭਵਿੱਖ ਕਿਸ ਰਾਹ ਪਿਅ ਹੋਇਆ ਹੈ, ਬਾਰੇ ਸਾਰਥਕ ਵਿਸ਼ਲੇਸ਼ਣ ਕੀਤਾ ਹੈ। ਇਵੇਂ ਡਾ: ਕਰਨਜੀਤ ਸਿੰਘ ਨੇ ਪੰਜਾਬੀ ਸੱਭਿਆਚਾਰ ਦੀ ਬਦਲਦੀ ਨੁਹਾਰ, ਡਾ: ਮਹਿੰਦਰ ਕੌਰ ਗਿੱਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਮਕਾਲੀ ਸੰਦਰਭ; ਅਤੇ ਡਾ: ਸੁਰਜੀਤ ਪਾਤਰ ਨੇ 1947 ਬਾਰੇ ਲਿਖੀ ਕਵਿਤਾ 'ਤੇ ਖੋਜ ਭਰਪੂਰ ਭਾਸ਼ਣ ਪ੍ਰਸਤੁਤ ਕੀਤੇ ਹਨ। ਇਹ ਪੁਸਤਕ ਵਿਭਿੰਨ ਕਿਸਮ ਦੀ ਵਡਮੁੱਲੀ ਜਾਣਕਾਰੀ ਦਾ ਦਸਵਾਤੇਜ਼ ਹੋ ਨਿੱਬੜੀ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਹੋਣਹਾਰ ਬਿਰਵਾਨ ਦੇ ਚਿਕਣੇ ਚਿਕਣੇ ਪੱਤ
ਲੇਖਕ : ਪ੍ਰੋ: ਤਰਸੇਮ ਨਰੂਲਾ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 275 ਰੁਪਏ, ਸਫ਼ੇ : 151
ਸੰਪਰਕ : 94638-31245.

ਪ੍ਰੋ: ਤਰਸੇਮ ਨਰੂਲਾ ਦੀ ਇਹ ਪੁਸਤਕ ਪੰਜਾਬੀ ਜੀਵਨੀ ਸਾਹਿਤ ਰੂਪ ਦਾ ਪ੍ਰਤੀਨਿਧ ਦਸਤਾਵੇਜ਼ ਸਿੱਧ ਹੁੰਦਾ ਹੈ। ਇਸ ਪੁਸਤਕ ਦੀ ਵਿਲੱਖਣਤਾ ਸਬੰਧੀ ਸ: ਗੁਰਦਿਆਲ ਸਿੰਘ (ਸਵਰਗੀ) ਗਿਆਨਪੀਠ ਪੁਰਸਕਾਰ ਵਿਜੇਤਾ ਲਿਖਦੇ ਹਨ, 'ਹੋਣਹਾਰ ਬਿਰਵਾਨ ਦੇ ਚਿਕਣੇ ਚਿਕਣੇ ਪੱਤ' ਪੁਸਤਕ ਵਿਚ ਜਨਮ ਤੋਂ ਜਵਾਨੀ ਤੱਕ ਦੇ ਕੁਝ ਮੰਨੇ-ਪ੍ਰਮੰਨੇ ਵਿਅਕਤੀਆਂ ਦੀਆਂ ਬਾਲ ਜੀਵਨੀਆਂ ਬਾਰੇ ਲਿਖਣਾ ਇਕ ਵਿਲੱਖਣ ਕੰਮ ਹੀ ਨਹੀਂ, ਸਗੋਂ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਪ੍ਰੇਰਨਾ ਸਰੋਤ ਵੀ ਹੈ।' ਪ੍ਰੋ: ਨਰੂਲਾ ਦੀ ਪੁਸਤਕ 'ਚ ਸ਼ਾਮਿਲ 12 ਮਹਾਨ ਹਸਤੀਆਂ ਦੀਆਂ ਜੀਵਨੀਆਂ ਪੜ੍ਹ ਕੇ ਉਸ ਦੀ ਜੀਵਨੀ ਲਿਖਣ ਕਲਾ ਦੀ ਵਿਲੱਖਣਤਾ ਪ੍ਰਭਾਵਿਤ ਕਰਦੀ ਹੈ। ਸਰਲ ਤੇ ਸੌਖੀ ਸ਼ਬਦਾਵਲੀ ਪਾਠਕ ਨੂੰ ਬੰਨ੍ਹੀ ਰੱਖਦੀ ਹੈ। ਤਕਨੀਕੀ ਤੌਰ 'ਤੇ ਉਸ ਦੀ ਕਲਮ ਜੀਵਨੀ ਕਲਾ ਨੂੰ ਰਚਨਾਤਮਿਕਤਾ ਦਾ ਤੱਤ ਪ੍ਰਦਾਨ ਕਰਦੀ ਹੈ। ਪੁਸਤਕ 'ਚ ਸ਼ਾਮਿਲ 'ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ (ਛੋਟੇ ਸਾਹਿਬਜ਼ਾਦੇ)', 'ਝਾਂਸੀ ਦੀ ਰਾਣੀ ਲਕਸ਼ਮੀ ਬਾਈ', ਅਮਰ ਸ਼ਹੀਦ ਸ: ਭਗਤ ਸਿੰਘ, ਨੇਤਾ ਜੀ ਸੁਭਾਸ਼ ਚੰਦਰ ਬੋਸ, ਸਵਾਮੀ ਵਿਵੇਕਾਨੰਦ ਜੀ, ਡਾ: ਰਵਿੰਦਰ ਨਾਥ ਟੈਗੋਰ, ਭਗਤ ਪੂਰਨ ਸਿੰਘ ਆਦਿ ਜੀਵਨੀਆਂ ਇਸ ਪੁਸਤਕ ਦਾ ਹਾਸਲ ਹਨ।

ਂਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.
ਫ ਫ ਫ

ਗੁਰਬਾਣੀ ਦਾ ਰਹਾਉਂ ਸ਼ਾਸਤਰ
ਸੰਪਾਦਕ : ਪ੍ਰੋ: ਮਨਜੀਤ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 200 ਰੁਪਏ, ਸਫ਼ੇ : 117
ਸੰਪਰਕ : 098687-73902.

ਹਥਲੀ ਪੁਸਤਕ ਗੁਰਬਾਣੀ ਦੇ ਗਹਿਨ ਅਧਿਐਤਾ ਡਾ: ਗੁਰਚਰਨ ਸਿੰਘ ਦੁਆਰਾ ਰਚਿਤ ਅਤੇ ਵੱਖ-ਵੱਖ ਰਾਸ਼ਟਰੀ-ਅੰਤਰਰਾਸ਼ਟਰੀ ਸੈਮੀਨਾਰ ਅਤੇ ਗੋਸ਼ਟੀਆਂ ਵਿਚ ਪੇਸ਼ ਕੀਤੇ ਗਏ ਗਿਆਰਾਂ ਖੋਜ-ਪੱਤਰਾਂ ਦਾ ਸੰਗ੍ਰਹਿ ਹੈ।
ਡਾ: ਗੁਰਚਰਨ ਸਿੰਘ ਨੇ ਪੂਰਬੀ ਅਤੇ ਪੱਛਮੀ ਪ੍ਰਚਲਿਤ ਕਾਵਿ-ਸ਼ਾਸਤਰੀ ਵਿਧੀਆਂ ਦੇ ਅੰਤਰਗਤ ਗੁਰਬਾਣੀ ਨੂੰ ਸਮਝਿਆ ਅਤੇ ਪੇਸ਼ ਕੀਤਾ ਹੈ। ਉਸ ਦੀ ਧਾਰਨਾ ਹੈ ਕਿ ਗੁਰਬਾਣੀ ਅਮੀਰ ਵਿਰਾਸਤ ਹੈ ਇਸ ਨੂੰ ਸਮਝਣ ਲਈ ਇਸ ਵਿਚਲੇ ਆਂਤਰਿਕ ਸੰਦਰਭਾਂ ਨੂੰ ਪਛਾਣਨਾ ਜ਼ਰੂਰੀ ਹੈ। ਉਸ ਦੀ ਇਹ ਵੀ ਧਾਰਨਾ ਹੈ ਕਿ ਗੁਰਬਾਣੀ-ਪ੍ਰਵਚਨ ਵਿਚ 'ਰਹਾਉ' ਨਿਰੰਤਰਤਾ ਨੂੰ ਭੰਗ ਕਰਕੇ ਗਿਆਨ-ਮੂਲਕ ਮੋੜ ਦੇਣ ਦੀ ਪ੍ਰਕਿਰਿਆ ਰਾਹੀਂ ਹੀ ਸੱਭਿਆਚਾਰ-ਨਿਰਮਾਣ ਤੇ ਸੱਭਿਆਚਰ-ਵਿਕਾਸ ਦੀਆਂ ਸੰਭਾਵਨਾਵਾਂ ਨੂੰ ਜਗਾਉਣ ਦੀ ਇਕ ਜੁਗਤ ਹੈ। ਗੁਰਬਾਣੀ ਆਪਣੀ ਬੁਨਿਆਦੀ ਧਾਰਨਾ ਵਿਚ ਹੀ ਗਿਆਨ-ਸ਼ਾਸਤਰੀ ਚਰਿੱਤਰ ਵਾਲੀ ਸਿਰਜਣਾ ਹੈ। ਇਸੇ ਤਰ੍ਹਾਂ ਮੱਧ-ਕਾਲੀਨ ਭਗਤੀ ਪਰੰਪਰਾ ਅਤੇ ਗੁਰਬਾਣੀ, ਗੁਰਬਾਣੀ ਤੇ ਪੂਰਬੀ ਵਿਸ਼ਵ-ਦ੍ਰਿਸ਼ਟੀ, ਗੁਰਬਾਣੀ ਦੀ ਪੰਜਾਬੀ ਸੱਭਿਆਚਾਰ ਨੂੰ ਦੇਣ, ਗੁਰਬਾਣੀ ਸਮਾਜ-ਸੱਭਿਆਚਾਰ ਇਤਿਹਾਸ ਦੇ ਸਰੋਤ ਵਜੋਂ, ਗੁਰਬਾਣੀ ਦਾ ਅਧਿਆਤਮਵਾਦ, ਗੁਰਬਾਣੀ ਤੇ ਲੋਕਧਾਰਾ, ਗੁਰੂ ਨਾਨਕ ਦੀ ਬਾਣੀ ਦੇ ਵਿਭਿੰਨ ਪੱਖ ਅਤੇ ਭਗਤ ਬਾਣੀ ਦਾ ਵਿਸ਼ੇ ਸੰਗਠਨ ਆਦਿ ਖੋਜ-ਨਿਬੰਧ ਗੰਭੀਰ ਚਿੰਤਨ ਵਾਲੀ ਸੂਝ-ਬੂਝ ਦਾ ਪ੍ਰਗਟਾਵਾ ਹਨ। ਗੁਰਚਰਨ ਸਿੰਘ ਦਾ ਨਿਰਣਾ ਹੈ ਕਿ ਭਗਤ ਬਾਣੀ ਦੇ ਰਚੇਤਾ ਆਪਣੀ ਰਚਨਾ ਵਿਚ ਜਿਥੇ ਨਵੀਨ ਸਮਾਜ ਸਿਰਜਣ ਦੇ ਵਿਸ਼ੇ ਪ੍ਰਗਟਾਉਂਦੇ ਹਨ, ਉਥੇ ਉਨ੍ਹਾਂ ਨੇ ਪਰੰਪਰਾਈ ਭਾਸ਼ਾ ਨੂੰ ਆਪਣੀ ਟਿੱਪਣੀ ਹੇਠੋਂ ਲੰਘਾਅ ਕੇ ਵਰਤੋਂ ਵਿਚ ਲਿਆਂਦਾ। ਇਸੇ ਤਰ੍ਹਾਂ ਸਿੱਧ ਗੋਸਟਿ, ਬਾਬਰਵਾਣੀ ਅਤੇ ਹੋਰ ਬਾਣੀ ਰਚ ਕੇ ਸਾਂਝਾ ਭਾਰਤੀ ਸੱਭਿਆਚਾਰ ਸਿਰਜਿਆ। ਨਿਰਸੰਦੇਹ, ਇਹ ਪੁਸਤਕ ਗੁਰਮਤਿ ਧਾਰਾ ਨੂੰ ਸਮਝਣ ਲਈ ਇਕ ਨਵਾਂ ਅਤੇ ਨਿਆਰਾ ਮਾਡਲ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦੀ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 98142-09732
ਫ ਫ ਫ

ਪਗਡੰਡੀਆਂ
ਕਹਾਣੀਕਾਰ : ਹੀਰਾ ਸਿੰਘ ਤੂਤ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਕ, ਜਲੰਧਰ
ਮੁੱਲ : 100 ਰੁਪਏ, ਸਫ਼ੇ : 80
ਸੰਪਰਕ : 98724-55994.

ਪਗਡੰਡੀਆਂ ਕਹਾਣੀ ਸੰਗ੍ਰਹਿ ਪੜ੍ਹਦਿਆਂ ਹੀ ਮਹਿਸੂਸ ਹੁੰਦਾ ਹੈ ਕਿ ਇਹ ਕਹਾਣੀਕਾਰ ਦਾ ਪਹਿਲਾ ਕਹਾਣੀ ਸੰਗ੍ਰਹਿ ਹੈ। ਇਸ ਦਾ ਜ਼ਿਕਰ ਪੁਸਤਕ ਦੀ ਭੂਮਿਕਾ ਵੀ ਵਿਚ ਵੀ ਮਿਲਦਾ ਹੈ। ਪੇਂਡੂ ਰਹਿਤਲ ਅਤੇ ਧਰਾਤਲ ਨਾਲ ਜੁੜੀਆਂ ਇਨ੍ਹਾਂ ਕਹਾਣੀਆਂ ਵਿਚ ਕਹਾਣੀਕਾਰ ਨੇ ਆਮ ਜੀਵਨ ਵਿਚ ਸਹਿਜੇ ਵਾਪਰੀਆਂ ਘਟਨਾਵਾਂ ਨੂੰ ਆਪਣੀਆਂ ਕਹਾਣੀਆਂ ਦੇ ਵਿਸ਼ੇ ਵਜੋਂ ਚੁਣਿਆ ਹੈ। ਇਨ੍ਹਾਂ ਕਹਾਣੀਆਂ ਵਿਚ ਕਿਤੇ ਮਾਂ ਦੇ ਰਿਸ਼ਤੇ ਦੀ ਅਹਿਮੀਅਤ ਹੈ, ਕਿਤੇ ਵਰਗ ਵੰਡ ਦਾ ਪ੍ਰਗਟਾਵਾ ਹੈ, ਕਿਧਰੇ ਸਿੱਖਿਆ ਦੇ ਨਾਂਅ 'ਤੇ ਪ੍ਰਾਈਵੇਟ ਅਦਾਰਿਆਂ ਵਲੋਂ ਕੀਤੀ ਜਾਂਦੀ ਲੁੱਟ ਅਤੇ ਕਿਧਰੇ ਰਿਸ਼ਤਿਆਂ ਦੀ ਆੜ ਹੇਠ ਪਲਦੇ ਸਵਾਰਥ ਦੀ ਚਰਚਾ ਹੈ। ਕਈ ਕਹਾਣੀਆਂ ਵਿਚ ਪਿਆਰ ਦੀ ਪਵਿੱਤਰਤਾ ਅਤੇ ਰਿਸ਼ਤਿਆਂ ਦੀ ਪਾਕੀਜ਼ਗੀ ਦੀ ਸਾਂਝ ਨੂੰ ਦਰਸਾਇਆ ਗਿਆ ਹੈ। ਪੁਸਤਕ ਦੀਆਂ ਕਈ ਕਹਾਣੀਆਂ ਅਜਿਹੀਆਂ ਹਨ, ਜਿਨ੍ਹਾਂ ਤੋਂ ਲਗਦਾ ਹੈ ਕਿ ਸਮਾਜਿਕ ਸਰੋਕਾਰ ਨਾਲ ਉਨ੍ਹਾਂ ਦਾ ਕੋਈ ਵਾਸਤਾ ਨਹੀਂ। ਕਹਾਣੀ 'ਅੱਧੇ ਅਧੂਰੇ' ਇਕ ਖ਼ੂਬਸੂਰਤ ਕਹਾਣੀ ਹੈ ਜਿਹੜੀ ਜ਼ਿੰਦਗੀ ਵਿਚ ਕਈ ਵਾਰ ਲਏ ਗਏ ਗ਼ਲਤ ਫ਼ੈਸਲਿਆ ਕਾਰਨ ਸੰਪੂਰਨਤਾ ਦੀ ਤਲਾਸ਼ ਕਰਦੇ ਲੋਕਾਂ ਦੇ ਅੱਧੇ-ਅਧੂਰੇ ਰਹਿ ਜਾਣ ਦੀ ਦਾਸਤਾਨ ਨੂੰ ਬਿਆਨ ਕਰਦੀ ਹੈ। ਕਹਾਣੀਆਂ ਦੀ ਬਣਤਰ ਵਿਚ ਕਥਾਨਕ ਗੁੰਦਵਾਂ ਨਹੀਂ ਸਗੋਂ ਖਿੱਲਰਿਆ ਨਜ਼ਰ ਆਉਂਦਾ ਹੈ। ਕਹਾਣੀ ਵਿਧਾ ਦਾ ਅਧਿਐਨ ਕਹਾਣੀਕਾਰ ਨੂੰ ਇਸ ਖੇਤਰ ਵਿਚ ਅੱਗੇ ਵਧਾ ਸਕਦਾ ਹੈ। ਕਹਾਣੀਕਾਰ ਕੋਲ ਵਿਸ਼ੇ ਹਨ, ਆਪਣੀ ਗੱਲ ਕਹਿਣ ਦੀ ਸਮਰੱਥਾ ਵੀ। ਪਰ ਉਸ ਨੂੰ ਕਹਾਣੀ ਦੀ ਭਾਸ਼ਾ ਤੇ ਬਣਤਰ 'ਤੇ ਸਖ਼ਤ ਮਿਹਨਤ ਦੀ ਲੋੜ ਹੈ।

ਂਡਾ: ਸੁਖਪਾਲ ਕੌਰ ਸਮਰਾਲਾ
ਮੋ: 9888547099
ਫ ਫ ਫ

13-01-2018

 ਸਿੱਧ ਨਾਥ ਅਤੇ ਜੋਗੀ
ਲੇਖਕ : ਡਾ: ਬਲਦੇਵ ਸਿੰਘ ਬੱਦਨ ਤੇ ਡਾ: ਧਰਮ ਪਾਲ ਸਿੰਗਲ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼, ਜਲੰਧਰ
ਮੁੱਲ : 225 ਰੁਪਏ, ਸਫ਼ੇ : 119
ਸੰਪਰਕ : 99588-31357

ਇਹ ਗੱਲ ਸਰਵ-ਸਵੀਕ੍ਰਿਤ ਹੈ ਕਿ ਪੰਜਾਬੀ ਸਾਹਿਤ ਦਾ ਆਰੰਭ ਸਿੱਧਾਂ ਨਾਥਾਂ ਤੇ ਜੋਗੀਆਂ ਦੀਆਂ ਰਚਨਾਵਾਂ ਨਾਲ ਹੋਇਆ। ਇਸ ਦੇ ਬਾਵਜੂਦ ਉਨ੍ਹਾਂ ਬਾਰੇ ਭਰੋਸੇਯੋਗ, ਵਿਸਤ੍ਰਿਤ ਤੇ ਸੰਗਠਿਤ ਜਾਣਕਾਰੀ ਦੀ ਘਾਟ ਹੈ। ਉਨ੍ਹਾਂ ਦੀਆਂ ਰਚਨਾਵਾਂ ਇਧਰ-ਉਧਰ ਛਿਟ-ਪੁਟ ਰੂਪ ਵਿਚ ਹੀ ਪ੍ਰਾਪਤ ਹਨ। ਡਾ: ਬੱਦਨ ਨੇ ਆਪਣੇ ਉਸਤਾਦ ਸਵਰਗਵਾਸੀ ਡਾ: ਧਰਮ ਪਾਲ ਸਿੰਗਲ ਨਾਲ ਲੰਮੇ ਸਮੇਂ ਤੱਕ ਖੋਜ ਕਰਕੇ ਵਿਭਿੰਨ ਸਰੋਤਾਂ ਤੋਂ ਸਿੱਧਾਂ ਨਾਥਾਂ ਤੇ ਜੋਗੀਆਂ ਬਾਰੇ ਜਾਣਕਾਰੀ ਤੇ ਉਨ੍ਹਾਂ ਦੀ ਰਚਨਾ ਇਕੱਤਰ ਕੀਤੀ ਹੈ। ਇਸ ਪੁਸਤਕ ਵਿਚ ਵਿਭਿੰਨ ਸਰੋਤਾਂ ਤੋਂ ਪ੍ਰਾਪਤ ਬਾਣੀ ਦਾ ਮੂਲ ਪਾਠ ਇਕੋ ਥਾਂ ਪੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਿੱਧਾਂ ਨਾਥਾਂ ਤੇ ਜੋਗੀਆਂ ਬਾਰੇ ਵਿਭਿੰਨ ਵਿਦਵਾਨਾਂ/ਸਰੋਤਾਂ ਤੋਂ ਪ੍ਰਾਪਤ ਸਿਧਾਂਤਕ/ਜੀਵਨੀਪਰਕ/ਆਲੋਚਨਾਤਮਕ ਸਮੱਗਰੀ ਦਾ ਸਾਰ ਅਤੇ ਵਿਸ਼ਲੇਸ਼ਣ ਵੀ ਦਰਜ ਹੈ। ਡਾ: ਬੱਦਨ ਵਲੋਂ ਸੰਕਲਿਤ ਬਾਣੀ ਦੇ 6 ਸ੍ਰੋਤ ਹਨ। ਪਹਿਲਾ-ਸੈਂਟਰਲ ਪਬਲਿਕ ਲਾਇਬ੍ਰੇਰੀ ਦੀ ਹਥ ਲਿਖਤ ਨੰ: 2706 ਜੋ 1698 ਈ: ਦੀ ਹੈ। ਨਾਂਅ ਹੈ ਦਾਦੂ ਦਯਾਲ ਕੀ ਅਨਭੈ ਬਾਣੀ, ਪਰ ਇਸ ਵਿਚ ਦਾਦੂ/ਦਾਦੂ ਪੰਥੀ ਸੰਤਾਂ ਤੋਂ ਇਲਾਵਾ ਕਬੀਰ, ਰਵਿਦਾਸ, ਨਾਮਦੇਵ, ਪੀਪਾ ਉਪਰੰਤ ਸਿੱਧਾਂ ਨਾਥਾਂ ਦੀ ਬਾਣੀ ਦਰਜ ਹੈ। ਦੂਜਾ-ਭਾਸ਼ਾ ਵਿਭਾਗ ਵਲੋਂ ਪ੍ਰਕਾਸ਼ਿਤ ਗ੍ਰੰਥ ਸ਼ਬਦ ਸਲੋਕ। ਤੀਜਾ-ਡਾ: ਮੋਹਨ ਸਿੰਘ ਦੀਵਾਨਾ ਰਚਿਤ ਹਿਸਟਰੀ ਆਫ ਪੰਜਾਬੀ ਲਿਟਰੇਚਰ। ਚੌਥਾ-ਡਾ: ਦੀਵਾਨਾ ਦੁਆਰਾ ਲੱਭਿਆ ਇਕ ਗ੍ਰੰਥ ਜਿਸ ਵਿਚ ਚਰਪਟ ਬਾਣੀ ਹੈ। ਪੰਜਵਾਂ-ਦਾਦੂ ਪੰਥੀ ਸੰਤ ਰੱਜਬ ਵਲੋਂ ਸੰਕਲਿਤ ਸਰਬੰਗੀ। ਛੇਵਾਂ-ਪੀਤਾਂਬਰ ਦੱਤ ਬੜਥਵਾਲ ਵਲੋਂ ਸੰਪਾਦਿਤ ਗੋਰਖਬਾਣੀ ਜਿਸ ਦਾ ਪੰਜਾਬੀ ਅਨੁਵਾਦ ਭਾਸ਼ਾ ਵਿਭਾਗ ਨੇ 1963 ਵਿਚ ਪ੍ਰਕਾਸ਼ਿਤ ਕੀਤਾ।
ਆਲੋਚਨਾਤਮਕ/ਸਿਧਾਂਤਕ ਪੱਖੋਂ ਇਸ ਪੁਸਤਕ ਵਿਚ ਮਹੱਤਵਪੂਰਨ ਸ਼ੈਅ ਪੰਜਾਬੀ ਵਿਚ ਪਹਿਲੀ ਵਾਰ ਪੇਸ਼ ਡਾ: ਦੀਵਾਨਾ ਦੀ ਲਘੂ ਪੁਸਤਕ 'ਆਰਡਰ ਆਫ ਸਿੱਧ ਯੋਗੀਜ਼' ਦਾ ਪੰਜਾਬੀ ਅਨੁਵਾਦ ਹੈ। ਇਸ ਤੋਂ ਇਲਾਵਾ ਡਾ: ਬੜਥਵਾਲ, ਹਜ਼ਾਰੀ ਪ੍ਰਸਾਦ ਦਿਵੇਦੀ, ਨਰੇਂਦਰ ਧੀਰ, ਕੋਹਲੀ, ਨਰੂਲਾ, ਕਸੇਲ, ਡਾ: ਜੱਗੀ, ਸੇਖੋਂ, ਪਦਮ ਆਦਿ ਹਰ ਵਿਦਵਾਨ ਦੀ ਇਸ ਵਿਸ਼ੇ ਬਾਰੇ ਦਿੱਤੀ ਜਾਣਕਾਰੀ ਦਾ ਵਿਸ਼ਲੇਸ਼ਣ ਤੇ ਸਾਰ ਇਸ ਪੁਸਤਕ ਨੂੰ ਸਾਂਭਣਯੋਗ ਬਣਾਉਂਦਾ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550


ਇਪਟਾ ਲਹਿਰ ਦੀ ਪੰਜਾਬ ਵਿਚ ਦਸਤਕ
ਸੰਪਾਦਕ : ਕੇਵਲ ਧਾਲੀਵਾਲ
ਪ੍ਰਕਾਸ਼ਕ : ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 248
ਸੰਪਰਕ : 98142-99422

20ਵੀਂ ਸਦੀ ਦੇ ਦੂਜੇ ਅੱਧ ਵਿਚ ਇਪਟਾ (ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ) ਨੇ ਪੰਜਾਬ ਦੇ ਜਨਮਾਨਸ ਨੂੰ ਜਾਗਰੂਕ ਅਤੇ ਵਚਨਬੱਧ ਕਰਨ ਵਿਚ ਇਤਿਹਾਸਕ ਭੂਮਿਕਾ ਨਿਭਾਈ ਹੈ। ਇਪਟਾ ਦੀ ਸਥਾਪਨਾ 24 ਮਈ, 1943 ਨੂੰ ਮੁੰਬਈ ਵਿਖੇ ਹੋਈ। ਇਸ ਦਾ ਨਾਮਕਰਨ ਭਾਰਤ ਦੇ ਪ੍ਰਸਿੱਧ ਵਿਗਿਆਨੀ ਹੋਮੀ ਜਹਾਂਗੀਰ ਭਾਬਾ ਨੇ ਕੀਤਾ, ਜੋ ਰੋਮਾਂ ਰੋਲਾਂ ਦੀ ਇਕ ਪੁਸਤਕ ਦੇ ਸਿਰਲੇਖ ਨਾਲ ਸਬੰਧਿਤ ਸੀ।
ਇਸ ਲਹਿਰ ਦੀ ਸਥਾਪਨਾ ਸਮੇਂ ਪ੍ਰੋ: ਹੀਰੇਨ ਮੁਕਰਜੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਇਹ ਨਿਉਤਾ ਦਿੱਤਾ ਸੀ, 'ਲੇਖਕੋ! ਕਲਾਕਾਰੋ! ਅਦਾਕਾਰੋ ਅਤੇ ਨਾਟਕਕਾਰੋ! ਆਓ ਆਪਣੇ-ਆਪ ਨੂੰ ਇਕ ਨਵਾਂ ਸੰਸਾਰ ਸਿਰਜਣ ਲਈ ਝੋਕ ਦਿਓ, ਜਿਸ ਵਿਚ ਆਜ਼ਾਦੀ ਅਤੇ ਸਮਾਜਿਕ ਨਿਆਂ ਹੋਵੇ।' ਇਪਟਾ ਦੀ ਨੈਸ਼ਨਲ ਕਮੇਟੀ ਵਿਚ ਐਨ.ਐਮ. ਜੋਸ਼ੀ, ਖ਼ੁਆਜਾ ਅਹਿਮਦ ਅੱਬਾਸ, ਬਿਨੌਯ ਰਾਏ ਵਰਗੀਆਂ ਸ਼ਖ਼ਸੀਅਤਾਂ ਸ਼ਾਮਿਲ ਸਨ। ਪੰਜਾਬੀ ਲੇਖਕਾਂ ਅਤੇ ਕਲਾਕਾਰਾਂ ਵਿਚੋਂ ਬਲਰਾਜ ਸਾਹਨੀ, ਸਾਹਿਰ ਲੁਧਿਆਣਵੀ, ਸੱਜਾਦ ਜ਼ਹੀਰ, ਭੀਸ਼ਮ ਸਾਹਨੀ, ਤੇਰਾ ਸਿੰਘ ਚੰਨ ਅਤੇ ਸ਼ੀਲਾ ਭਾਟੀਆ ਵਰਗੀਆਂ ਹਸਤੀਆਂ ਦੇ ਨਾਂਅ ਲਏ ਜਾ ਸਕਦੇ ਹਨ। ਪੰਜਾਬ ਇਪਟਾ ਵਿਚ 1950 ਈ: ਵਿਚ ਪ੍ਰਸਿੱਧ ਹੋਈ। ਇਸ ਦੇ ਮੋਢੀ ਮੈਂਬਰਾਂ ਵਿਚ ਤੇਰਾ ਸਿੰਘ ਚੰਨ, ਸੁਰਿੰਦਰ ਕੌਰ, ਜਗਦੀਸ਼ ਫ਼ਰਿਆਦੀ, ਜੋਗਿੰਦਰ ਬਾਹਰਲਾ, ਪ੍ਰੋ: ਨਿਰੰਜਨ ਸਿੰਘ ਮਾਨ, ਉਮਾ ਗੁਰਬਖਸ਼ ਸਿੰਘ, ਨਵਤੇਜ ਸਿੰਘ, ਅਮਰਜੀਤ ਗੁਰਦਾਸਪੁਰੀ, ਮੱਲ ਸਿੰਘ ਰਾਮਪੁਰੀ, ਕੰਵਲਜੀਤ ਸੂਰੀ, ਹੁਕਮ ਚੰਦ ਖ਼ਲੀਲੀ ਅਤੇ ਨਰਿੰਦਰ ਦੁਸਾਂਝ ਦੇ ਨਾਂਅ ਲਏ ਜਾ ਸਕਦੇ ਹਨ।
ਪੁਸਤਕ ਦੇ ਸੰਪਾਦਕ ਸ੍ਰੀ ਕੇਵਲ ਧਾਲੀਵਾਲ ਨੇ ਨਾ ਕੇਵਲ ਪੰਜਾਬ ਦੇ ਮਹੱਤਵਪੂਰਨ ਕਵੀਆਂ ਅਤੇ ਕਲਾਕਾਰਾਂ ਦੀਆਂ ਪ੍ਰਾਪਤੀਆਂ ਨੂੰ ਹੀ ਇਸ ਪੁਸਤਕ ਦਾ ਸ਼ਿੰਗਾਰ ਬਣਾਇਆ ਹੈ, ਬਲਕਿ ਇਸ ਦੇ ਅੰਤ ਵਿਚ ਜੋਗਿੰਦਰ ਬਾਹਰਲਾ (ਹਾੜ੍ਹੀ ਸੌਣੀ), ਤੇਰਾ ਸਿੰਘ ਚੰਨ (ਲੱਕੜ ਦੀ ਲੱਤ) ਅਤੇ ਨਰਿੰਦਰ ਦੁਸਾਂਝ (ਜੋਰੀਂ ਮੰਗੇ ਦਾਨ ਵੇ ਲਾਲੋ) ਰਚਿਤ ਕੁਝ ਓਪੇਰੇ ਵੀ ਸੰਕਲਿਤ ਕਰ ਦਿੱਤੇ ਹਨ। ਕੇਵਲ ਧਾਲੀਵਾਲ ਤੋਂ ਬਿਨਾਂ ਸਤੀਸ਼ ਵਰਮਾ, ਟੋਨੀ ਬਾਤਿਸ਼, ਹਿਰਦੇਪਾਲ ਸਿੰਘ, ਰਾਜਵੰਤ ਕੌਰ ਮਾਨ, ਰਘਬੀਰ ਸਿੰਘ ਸਿਰਜਣਾ, ਆਤਮਜੀਤ, ਇਕਬਾਲ ਕੌਰ ਸੌੌਂਦ੍ਹ, ਸੰਜੀਵਨ ਸਿੰਘ ਅਤੇ ਕੁਲਦੀਪ ਸਿੰਘ ਦੀਪ ਦੇ ਲੇਖ ਇਸ ਪੁਸਤਕ ਦਾ ਹਾਸਲ ਹਨ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਖੁੱਲ੍ਹੀ ਖਿੜਕੀ ਵਿੱਚੋਂ
ਗ਼ਜ਼ਲਕਾਰ : ਧਨਵੰਤ ਸਿੰਘ ਗੁਰਾਇਆ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 98152-98459.

ਗੁਰਾਇਆ ਕਾਫ਼ੀ ਦੇਰ ਤੋਂ ਗ਼ਜ਼ਲ ਦੀ ਸਿਰਜਣਾ ਵਿਚ ਜੁਟਿਆ ਹੋਇਆ ਹੈ ਪਰ ਉਸ ਦਾ ਗ਼ਜ਼ਲ ਸੰਗ੍ਰਹਿ ਕਾਫ਼ੀ ਪਛੜ ਕੇ ਆਇਆ ਹੈ ਪਰ ਆਇਆ ਹੈ ਬਹੁਤ ਕੁਝ ਨਵਾਂ ਲੈ ਕੇ। ਗ਼ਜ਼ਲਕਾਰ ਆਪਣੇ ਮਨ ਦੀ ਖੁੱਲ੍ਹੀ ਖਿੜਕੀ 'ਚੋਂ ਕਿਸੇ ਇਕ ਖਿੱਤੇ ਜਾਂ ਦੇਸ਼ ਵੱਲ ਨਹੀਂ ਝਾਕਦਾ ਬਲਕਿ ਉਸ ਦੀ ਸੋਚ ਬ੍ਰਹਿਮੰਡੀ ਹੈ। ਆਪਣੀ ਪਹਿਲੀ ਹੀ ਗ਼ਜ਼ਲ ਵਿਚ ਉਹ ਮਹਿਕਾਂ ਲੱਦੀਆਂ ਹਵਾਵਾਂ ਨੂੰ ਡੀਕ ਜਾਣਾ ਲੋਚਦਾ ਹੈ ਤੇ ਸਿਰ ਦੇ ਕੇ ਪ੍ਰਾਪਤ ਕੀਤੀ ਮੁਹੱਬਤ ਨੂੰ ਖ਼ਰਾ ਸੌਦਾ ਮੰਨਦਾ ਹੈ। ਉਸ ਦੀ ਦੂਸਰੀ ਗ਼ਜ਼ਲ ਦਾ ਮਤਲਾ ਭਟਕੇ ਹੋਏ ਰਾਹੀਆਂ ਬਾਰੇ ਹੈ ਜੋ ਆਪਣਾ ਰਸਤਾ ਭੁੱਲ ਚੁੱਕੇ ਹਨ ਤੇ ਉਨ੍ਹਾਂ ਨੂੰ ਢੁਕਵੀਂ ਦਿਸ਼ਾ ਵਲ ਲਿਜਾਣ ਲਈ ਸਹੀ ਮਾਰਗ ਦਰਸ਼ਨ ਦੀ ਜ਼ਰੂਰਤ ਹੈ। ਓਹਲਾ ਰਦੀਫ਼ ਰੱਖ ਕੇ ਉਸ ਨੇ ਬਹੁਤ ਖ਼ੂਬਸੂਰਤ ਗ਼ਜ਼ਲ ਕਹੀ ਹੈ। ਉਸ ਨੂੰ ਬਹਾਰਾਂ ਰੁੱਸੀਆਂ ਹੋਈਆਂ ਜਾਪਦੀਆਂ ਹਨ ਤੇ ਉਸ ਨੂੰ ਸੂਰਜ ਅੱਗੇ ਬੱਦਲਾਂ ਦਾ ਪਰਦਾ ਅੱਖਰਦਾ ਹੈ ਪਰ ਉਸ ਨੂੰ ਯਕੀਨ ਹੈ ਕਿ ਆਖ਼ਰ ਇਹ ਬੱਦਲ ਛਟ ਜਾਣਗੇ। ਉਹ ਆਸ ਦਾ ਪੱਲਾ ਨਹੀਂ ਛੱਡਦਾ ਤੇ ਹੋਰ ਅਗੇਰੇ ਦੀ ਗੱਲ ਕਰਦਾ ਹੋਇਆ ਤਾਰਿਆਂ ਤੇ ਚੰਦਰਮਾ ਉੱਤੇ ਗਰਾਂ ਵਸਾਉਣ ਦੀ ਇੱਛਾ ਪਾਲ ਰਿਹਾ ਹੈ। ਗ਼ਜ਼ਲਕਾਰ ਨੂੰ ਸ਼ਾਂਤ ਵਿਅਕਤੀ ਅੰਦਰ ਵੀ ਸ਼ੋਰ ਸੁਣਦਾ ਹੈ ਤੇ ਪਸਰੀ ਚੁੱਪ ਦੇ ਪਿੱਛੇ ਉਸ ਨੂੰ ਕਿਸੇ ਤੂਫ਼ਾਨ ਦੀ ਕਨਸੋਅ ਮਹਿਸੂਸ ਹੁੰਦੀ ਹੈ। ਇਸ ਪੁਸਤਕ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿਚ ਮੁਹੱਬਤੀ ਉਬਾਲ ਦੀ ਥਾਂ ਪਾਕੀਜ਼ਗੀ ਤੇ ਠਰੰਮਾ ਹੈ। ਇਨ੍ਹਾਂ ਗ਼ਜ਼ਲਾਂ ਵਿਚ ਜ਼ਿੰਦਗੀ ਦੀ ਅਸਲ ਮੰਜ਼ਰਕਸ਼ੀ ਮਿਲਦੀ ਹੈ ਜਿਸ ਨੂੰ ਗ਼ਜ਼ਲਕਾਰ ਨੇ ਬਹੁਤ ਨਜ਼ਦੀਕ ਤੋਂ ਉਲੀਕਿਆ ਹੈ। ਬਹੁਤੇ ਸ਼ਿਅਰ ਮਨੁੱਖੀ ਜੀਵਨ ਦੀਆਂ ਬਾਰੀਕਬੀਨੀ ਨਾਲ ਪਰਤਾਂ ਫਰੋਲਦੇ ਹਨ ਤੇ ਇਹ ਮਨੁੱਖ ਦੀਆਂ ਲੋੜਾਂ, ਥੁੜ੍ਹਾਂ ਤੇ ਦੁੱਖਾਂ ਨਾਲ ਮੋਢੇ ਨਾਲ ਮੋਢਾ ਲਾਈ ਖੜ੍ਹੇ ਪ੍ਰਤੀਤ ਹੁੰਦੇ ਹਨ।

-ਗੁਰਦਿਆਲ ਰੌਸ਼ਨ
ਮੋ: 9988444002


ਉਡਾਨ ਦੀ ਉਮਰ
ਲੇਖਕ : ਸਵਰਨ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 295 ਰੁਪਏ, ਸਫ਼ੇ : 172
ਸੰਪਰਕ : 011-23280657.

ਇਸ ਸੰਗ੍ਰਹਿ ਵਿਚ ਡਾ: ਸਵਰਨ ਸਿੰਘ ਆਪਣੇ ਆਲੇ-ਦੁਆਲੇ ਦੇ ਜਗਤ ਵਿਚੋਂ ਅਨੇਕ ਵਸਤੂ ਵਰਤਾਰਿਆਂ ਨੂੰ ਕਾਵਿਕ ਜ਼ਬਾਨ ਵਿਚ ਢਾਲਦਾ ਹੈ। ਉਸ ਕੋਲ ਵਸਤੂਆਂ, ਸਥਿਤੀਆਂ ਨੂੰ ਤੱਕਣ ਲਈ ਇਕ ਗੰਭੀਰ ਤੇ ਪ੍ਰਤੀਬੱਧ ਦ੍ਰਿਸ਼ਟੀ ਹੈ। ਇਹ ਰਚਨਾਵਾਂ ਜੀਵਨ ਦੀਆਂ ਵਿਸੰਗਤੀਆਂ ਨਾਲ ਜੂਝਦੀਆਂ ਤੇ ਦਸਤਪੰਜਾ ਲੈਂਦੀਆਂ ਹਨ। ਇਹ ਕਵਿਤਾਵਾਂ ਜ਼ਿੰਦਗੀ ਦੀਆਂ ਹਾਂ-ਪੱਖੀ ਕਦਰਾਂ-ਕੀਮਤਾਂ ਦੀਆਂ ਝੰਡਾ ਬਰਦਾਰ ਬਣਦੀਆਂ ਹਨ।
ਜਿਨ੍ਹਾਂ ਨੂੰ ਹੱਥਾਂ ਦੀ ਤਾਕਤ 'ਤੇ
ਭਰੋਸਾ ਹੁੰਦਾ ਹੈ
ਉਹ ਹਥੇਲੀ ਦੀਆਂ
ਗੂੜੀਆਂ ਰੇਖਾਵਾਂ ਦੀ
ਕੱਚੀ ਇਬਾਰਤ ਨਹੀਂ ਪੜ੍ਹਦੇ।
ਡਾ: ਸਵਰਨ ਸਿੰਘ ਆਪਣੀ ਸ਼ਾਇਰੀ-ਸਿਰਜਣਾ ਵਿਚ ਨਵੇਂ-ਨਵੇਂ ਬਿੰਬਾਂ ਅਲੰਕਾਰਾਂ ਦੀ ਵਰਤੋਂ ਬਹੁਤ ਖੂਬਸੂਰਤੀ ਨਾਲ ਕਰਦਾ ਹੈ। ਉਹ ਪਰੰਪਰਕ ਲੀਹਾਂ 'ਤੇ ਚੱਲਣ ਦਾ ਹਾਮੀ ਨਹੀਂ, ਸਗੋਂ ਨਵੀਨਤਾ ਦਾ ਆਸ਼ਕ ਹੈ।
ਅੱਜ ਦੀ ਸਵੇਰ
ਪਰੀ ਬਣ ਕੇ ਆਈ ਹੈ
ਜਾਂ ਸ਼ਾਂਤੀ ਦੂਤ
ਦੁੱਧ ਚਿੱਟੇ ਮਖਮਲੀ
ਲਿਬਾਸ ਅੰਦਰ...
ਇਸ ਸੰਗ੍ਰਹਿ ਵਿਚ ਲੇਖਕ ਨੇ ਇਤਿਹਾਸਕ ਮਿਥਿਹਾਸਕ ਬਿੰਬਾਂ ਦੀ ਭਰਪੂਰ ਵਰਤੋਂ ਕੀਤੀ ਹੈ।

-ਡਾ: ਅਮਰਜੀਤ ਕੌਂਕੇ


ਸੋਲਾਂ ਦਸੰਬਰ
ਲੇਖਕ : ਕੁਲਵਿੰਦਰ ਵਿਰਕ
ਪ੍ਰਕਾਸ਼ਕ : ਸਾਹਿਬਦੀਪ ਪ੍ਰਕਾਸ਼ਨ, ਭੀਖੀ (ਮਾਨਸਾ)
ਮੁੱਲ : 60 ਰੁਪਏ, ਸਫ਼ੇ : 63
ਸੰਪਰਕ : 94173-79217.

ਦੋ ਕਾਵਿ ਸੰਗ੍ਰਹਿ ਦੇਣ ਤੋਂ ਬਾਅਦ ਕੁਲਵਿੰਦਰ ਵਿਰਕ ਦੀ ਇਹ ਕਿਤਾਬ ਕਹਾਣੀਆਂ ਦੀ ਹੈ। ਸੰਗ੍ਰਹਿ ਵਿਚ 10 ਕਹਾਣੀਆਂ ਹਨ। ਸਮਾਜ ਦੇ ਦਲਿਤ ਅਥਵਾ ਨਿਮਨ ਵਰਗ ਦੇ ਪਾਤਰਾਂ ਦਾ ਜੀਵਨ ਪੱਧਰ ਵੇਖ ਕੇ ਉਸ ਦਾ ਅੰਦਰ ਹਲੂਣਿਆ ਜਾਂਦਾ ਹੈ। ਕਹਾਣੀਆਂ ਵਿਚ ਲੇਖਕ ਨੇ ਉਹ ਪਾਤਰ ਲਏ ਹਨ ਜਿਨ੍ਹਾਂ ਨੂੰ ਸਿਆਸੀ ਜ਼ਬਾਨ ਵਿਚ ਵੋਟ ਬੈਂਕ ਕਿਹਾ ਜਾਂਦਾ ਹੈ। ਉਹ ਬੈਂਕ ਦਾ ਖਾਤਾ ਖੁੱਲ੍ਹਵਾਉਣ ਤੋਂ ਵੀ ਅਸਮਰਥ ਹੁੰਦੇ ਹਨ। ਕਿਤਾਬ ਦੀਆਂ ਕਹਾਣੀਆਂ ਸਿੱਧੀਆਂ ਸਪਾਟ ਸਰਲ ਭਾਸ਼ਾ ਵਿਚ ਦਿਲਚਸਪ ਤੇ ਬਦਲਦੇ ਦ੍ਰਿਸ਼ਾਂ ਨਾਲ; ਲੈਸ ਹਨ। ਬੂਰ ਕਹਾਣੀ ਦਾ ਪਾਤਰ ਗ਼ਰੀਬ ਬੱਚਾ ਹੈ। ਉਸ ਦਾ ਬਾਪ ਪਿੰਡ ਦੇ ਸਰਪੰਚ ਕੋਲ ਪੈਸੇ ਲੈਣ ਜਾਂਦਾ ਹੈ। ਸਰਪੰਚ ਅੜ੍ਹਬਪੁਣੇ ਵਿਚ ਕਹਿੰਦਾ ਹੈ-'ਨਾ ਤੇਰੇ ਛੋਹਰ ਪੜ੍ਹ ਕੇ ਕਿਹੜਾ ਡੀ. ਸੀ. ਲੱਗ ਜਾਣਗੇ। ਆ ਗਿਆ ਵੱਡਾ ਨਾਢੂ ਖਾਂ। ਪਰ ਵਕਤ ਬਦਲਦੇ ਦੇਰ ਨਹੀਂ ਲਗਦੀ। ਉਹ ਗ਼ਰੀਬ ਦਾ ਬੱਚਾ ਸਮੇਂ ਨਾਲ ਪੜ੍ਹ ਕੇ ਇਮਤਿਹਾਨ ਪਾਸ ਕਰਦਾ ਸੱਚਮੁੱਚ ਡੀ. ਸੀ. ਬਣ ਜਾਂਦਾ ਹੈ। ਕਹਾਣੀ ਛੋਟੂ ਦਾ ਪਾਤਰ ਬੂਟ ਪਾਲਿਸ਼ ਕਰਦਾ ਹੈ। ਪਿਉ ਸ਼ਰਾਬੀ ਹੈ। ਪਾਲਿਸ਼ ਕਰਦੇ ਹੋਏ ਇਕ ਮੁੰਡੇ ਨੂੰ ਇਕ ਸਰਦਾਰ ਆਪਣੇ ਨਾਲ ਲੈ ਜਾਂਦਾ ਹੈ। ਪੜ੍ਹਨ ਲਾ ਦਿੱਤਾ ਜਾਂਦਾ ਹੈ, ਜੋ ਪੜ੍ਹ ਕੇ ਨੌਕਰੀ 'ਤੇ ਲੱਗ ਜਾਂਦਾ ਹੈ। ਵਿਆਹ ਹੋ ਜਾਂਦਾ ਹੈ। ਅਖ਼ੀਰ ਸਾਰੀ ਜਾਇਦਾਦ ਸਰਦਾਰ ਮੁੰਡੇ ਦੇ ਨਾਂਅ ਕਰ ਦਿੰਦਾ ਹੈ। ਸਿਰਲੇਖ ਵਾਲੀ ਕਹਾਣੀ ਵਿਚ ਲੇਖਕ ਦੀ ਜ਼ਖ਼ਮੀ ਕਬੂਤਰ ਨਾਲ ਸਾਂਝ ਹੈ। ਰਾਣੋਂ ਕਹਾਣੀ ਵਿਚ ਲੇਖਕ ਦੀ ਬਚਪਨ ਵਿਚ ਊਠਣੀ ਨਾਲ ਮੁਹੱਬਤ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160

 

 

 


ਕਿੱਥੇ ਹੈ ਆਦਮੀ?
ਲੇਖਕ : ਓਮ ਪ੍ਰਕਾਸ਼ ਗਾਸੋ
ਪ੍ਰਕਾਸ਼ਕ : ਮਿੱਤਰ ਮੰਡਲ ਪ੍ਰਕਾਸ਼ਨ ਬਰਨਾਲਾ
ਮੁੱਲ : 50 ਰੁਪਏ, ਸਫ਼ੇ : 120
ਸੰਪਰਕ : 94635-61123.

ਓਮ ਪ੍ਰਕਾਸ਼ ਗਾਸੋ ਮਾਨਵੀ ਜੀਵਨ ਵਰਤਾਰੇ ਦੇ ਚੜ੍ਹਦੇ-ਸੂਰਜ ਦੀਆਂ ਰਿਸ਼ਮਾਂ ਦਾ ਸਿਰਜਕ, ਬਹੁ-ਪੱਖੀ ਸਾਹਿਤ ਪ੍ਰਤਿਭਾ ਦਾ ਧਾਰਕ ਹੈ। ਇਹ ਲੇਖਕ ਗਲਪਕਾਰ, ਸੱਭਿਆਚਾਰਕ-ਰਾਜਦੂਤ, ਬਾਲ ਸਾਹਿਤ ਰਿਚੇਤਾ, ਸਵੈ-ਕਥਨੀ ਲੇਖਕ, ਆਲੋਚਕ ਜਾਂ ਅਨੁਵਾਦਕ ਦੇ ਰੂਪ ਵਿਚ ਵੇਖਿਆ-ਪੇਖਿਆ ਜਾਵੇ ਤਾਂ ਨਿਰਸੰਦੇਹ ਉਹ ਪੰਜਾਬੀਅਤ ਦਾ ਅਲੰਬਰਦਾਰ ਲੇਖਕ ਹੈ। ਹਥਲੀ ਪੁਸਤਕ ਵੀ ਇਸੇ ਪੈਗ਼ਾਮ ਦੀ ਸੂਚਕ ਹੁੰਦੀ ਹੋਈ ਅਜੋਕੇ ਵਿਸ਼ਵੀਕਰਨ ਯੁੱਗ ਦੇ ਮਨੁੱਖ ਵਿਚੋਂ ਸ੍ਰੇਸ਼ਟ ਮਨੁੱਖੀ ਕਦਰਾਂ-ਕੀਮਤਾਂ ਦੇ ਮਨਫੀ ਹੋ ਜਾਣ ਵਾਲੇ ਸਰੋਕਾਰਾਂ ਦਾ ਚਿਤਰਣ ਕਰਦੀਆਂ ਪ੍ਰਤੀਤ ਹੁੰਦੀਆਂ ਹਨ। ਕਵੀ ਗਾਸੋ ਨੂੰ ਚਿੰਤਾ ਹੈ ਕਿ ਮਨੁੱਖ ਜ਼ਿੰਦਗੀ ਦੇ ਸਹਿਜ-ਸੁਹੱਪਣ ਨੂੰ ਗਵਾ ਕੇ ਭਟਕਣਾ 'ਚ ਕਿਉਂ ਗਰਕ ਹੋ ਰਿਹਾ ਹੈ? ਕਿਉਂ ਅਡੰਬਰੀ ਫ਼ਲਸਫ਼ੇ ਦੀਆਂ ਉਲਝਣਾਂ 'ਚ ਫੱਸ ਕੇ ਨੈਤਿਕ, ਧਾਰਮਿਕ ਅਤੇ ਪਾਕੀਜ਼ਗੀ ਵਾਲੇ ਰਿਸ਼ਤਿਆਂ ਦਾ ਘਾਣ ਕਰ ਰਿਹਾ ਹੈ? ਅਕੀਦਤ, ਸਹਿ-ਹੋਂਦ, ਮਿਲਵਰਤਣ, ਸਾਂਝੀਵਾਲਤਾ ਅਤੇ ਹੋਰ ਮੁਹੱਬਤੀ ਬੋਲ-ਬਾਣੀ ਜਿਹੇ ਸਾਰਥਿਕ ਤੇ ਪ੍ਰੇਰਕ ਸਰੋਤ ਇਸ ( ਮਨੁੱਖ ) ਵਿਚੋਂ ਲੁਪਤ ਹੁੰਦੇ ਜਾ ਰਹੇ ਹਨ? ਕਿਉਂ ਘ੍ਰਿਣਾ, ਨਫ਼ਰਤ, ਵੈਰ-ਵਿਰੋਧ, ਨਸ਼ਿਆਂ ਦਾ ਸੇਵਨ ਅਤੇ ਬਾਰੂਦੀ ਹਵਾਵਾਂ ਦਾ ਫੈਲਾਅ ਪਸਰ ਰਿਹਾ ਹੈ? ਤੂਫਾਨਾਂ ਨਾਲ ਟੱਕਰ ਲੈਣ ਵਾਲੇ ਲੋਕ ਕਿਉਂ ਖ਼ੁਦ ਬੇੜੀਆਂ ਦੇ ਚੱਪੂ ਵਗਾਹ ਮਾਰ ਰਹੇ ਹਨ? ਧੀਆਂ, ਭੈਣਾਂ, ਮਾਵਾਂ, ਬੀਵੀਆਂ ਦੀ ਆਬਰੂ ਕਿਉਂ ਨਿਵਾਣ ਵੱਲ ਜਾ ਰਹੀ ਹੈ? ਅਜਿਹੇ ਸੈਂਕੜੇ ਪ੍ਰਸ਼ਨਾਂ ਨੂੰ ਉਭਾਰਦੀਆਂ ਵੱਖ-ਵੱਖ ਖੰਡਾਂ ਜ਼ਰੀਏ ਪ੍ਰਸਤੁਤ ਕੀਤੀਆਂ ਇਹ ਕਵਿਤਾਵਾਂ ਅਜੋਕੇ ਸਮਾਜਕ-ਸੱਭਿਆਚਾਰਕ ਵਰਤਾਰੇ ਦਾ ਆਲੋਚਨਾਤਮਕ ਯਥਾਰਥ ਪੇਸ਼ ਕਰਦੀਆਂ ਹੋਈਆਂ ਪ੍ਰਤੀਤ ਹੁੰਦੀਆਂ ਹਨ। ਕਵੀ ਦੀ ਧਾਰਨਾ ਹੈ ਕਿ ਝੂਠ, ਫਰੇਬ, ਭ੍ਰਿਸ਼ਟਾਚਾਰ, ਅਮਾਨਵੀ ਸਬੰਧ, ਲੁੱਟਾਂ-ਖੋਹਾਂ ਦੇ ਵਰਤਾਰੇ 'ਚ ਮਾਨਵ ਜਾਤੀ ਸੁੱਖ ਦਾ ਸਾਹ ਨਹੀਂ ਲੈ ਸਕਦੀ। ਇਹੋ ਜਿਹੀਆਂ ਅਸੰਗਤੀਆਂ ਦੇ ਸਮਾਧਾਨ ਲਈ ਲੋਕ-ਏਕਤਾ ਰਾਇ ਵੀ ਜ਼ਰੂਰੀ ਹੈ ਅਤੇ ਵਿਸ਼ੇਸ਼ਤਰ ਪ੍ਰਸ਼ਾਸਨਿਕ ਅਤੇ ਰਾਜਸੀ ਨੇਤਾਵਾਂ ਜਿਹੇ ਅਹਿਲਕਾਰਾਂ ਦਾ ਵੀ ਵਿਸ਼ੇਸ਼ ਧਿਆਨ ਦੇਣਾ ਬਣਦਾ ਹੈ।

-ਡਾ: ਜਗੀਰ ਸਿੰਘ ਨੂਰ
ਮੋ: 98142-09732.


ਸੁਨਹਿਰੀ ਗੁੱਡੀ
ਲੇਖਕ : ਡਾ: ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨਜ, ਦਿੱਲੀ
ਮੁੱਲ : 150 ਰੁਪਏ, ਸਫ਼ੇ : 70
ਸੰਪਰਕ : 099588-31357.

ਅਨੁਵਾਦਕ, ਸੰਪਾਦਕ, ਆਲੋਚਕ ਡਾ: ਬਲਦੇਵ ਸਿੰਘ ਬੱਦਨ ਨੇ 'ਸੁਪਨਿਆਂ ਦਾ ਮਹੱਲ' ਤੋਂ ਬਾਅਦ 'ਸੁਨਹਿਰੀ ਗੁੱਡੀ' ਨਾਂਅ ਦਾ ਇਕ ਹੋਰ ਨਾਵਲ ਬਾਲ ਪਾਠਕਾਂ ਨੂੰ ਭੇਟ ਕੀਤਾ ਹੈ। ਇਸ ਦਾ ਕਥਾਨਕ ਭਾਵੇਂ ਗੁੰਝਲਦਾਰ ਸਥਿਤੀਆਂ ਥਾਣੀਂ ਗੁਜ਼ਰਦਾ ਹੋਇਆ ਇਕੱਲ, ਉਦਾਸੀ ਅਤੇ ਹੈਰਾਨੀ ਵਿਚ ਮੁੱਕਦਾ ਹੈ। 'ਸੋਨਾਗੜ੍ਹ' ਰਾਜ ਦੇ ਰਾਜੇ ਨੂੰ ਜੋਤਸ਼ੀਆਂ ਤੋਂ ਪਤਾ ਲਗਦਾ ਹੈ ਕਿ ਉਸ ਦੇ ਘਰ ਪੈਦਾ ਹੋਣ ਵਾਲਾ ਪਹਿਲਾ ਬੱਚਾ ਕੰਨਿਆ ਹੈ ਤਾਂ ਉਹ ਉਸ ਦੀ ਭਰੂਣ ਹੱਤਿਆ ਕਰਵਾ ਦਿੰਦਾ ਹੈ। ਧੀ ਦੇ ਗ਼ਮ 'ਚ ਘੁਲ-ਘੁਲ ਕੇ ਰਾਣੀ ਮਰ ਜਾਂਦੀ ਹੈ। ਰਾਜਾ ਸਾਧਾਰਨ ਪਰਿਵਾਰ ਦੀ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾ ਕੇ ਉਸ ਨੂੰ ਰਾਣੀ ਬਣਾ ਲੈਂਦਾ ਹੈ। ਭਰੂਣ ਹੱਤਿਆ 'ਚ ਮੋਈ ਉਸ ਦੀ ਧੀ ਦੇਵਤਿਆਂ ਦੀ ਕਿਰਪਾ ਨਾਲ 'ਸੁਨਹਿਰੀ ਗੁੱਡੀ' ਵਿਚ ਤਬਦੀਲ ਹੋ ਜਾਂਦੀ ਹੈ, ਜੋ ਰਾਜ ਮਹੱਲ ਦੇ ਤਲਾਬਾਂ ਦੇ ਹੇਠਾਂ ਬਣੇ ਮਹੱਲ ਵਿਚ ਰਹਿੰਦੀ ਹੈ ਤੇ ਕਦੀ-ਕਦੀ ਸੈਰ ਕਰਨ ਲਈ ਆਪਣੇ ਰਾਜ ਦਾ ਗੇੜਾ ਕੱਢਦੀ ਹੈ। ਉਹ ਧੀ ਹੋਣ ਦੇ ਨਾਤੇ ਆਪਣੇ ਰਾਜੇ ਪਿਉ ਨੂੰ ਚੰਗੀਆਂ ਸਲਾਹਾਂ ਅਤੇ ਸਹਾਇਤਾ ਦਿੰਦੀ ਰਹਿੰਦੀ ਹੈ। ਕਹਾਣੀ ਕਈ ਪੜਾਵਾਂ ਵਿਚ ਲੰਘਦੀ ਹੋਈ ਅਗਾਂਹ ਤੁਰਦੀ ਜਾਂਦੀ ਹੈ। ਕਹਾਣੀ ਵਿਚ ਸੁਨਹਿਰੀ ਗੁੱਡੀ ਸਰੀਰ ਤਿਆਗ ਕੇ ਦੋਬਪਾ ਕੁਲਮਣ ਰਾਜੇ ਦੇ ਘਰ ਪੁੱਤਰੀ ਦੇ ਰੂਪ ਵਿਚ ਪੈਦਾ ਹੁੰਦੀ ਹੈ ਤੇ ਪਾਰਵਤੀ ਦੀ ਸਹਾਇਤਾ ਤੇ ਵਰਦਾਨ ਨਾਲ ਉਹ ਤੇ ਉਸ ਦੀ ਮਾਂ ਭੈਣਾਂ ਵਾਂਗ ਜਨਮ ਲੈਂਦੀਆਂ ਹਨ ਤੇ ਆਪਣੇ ਭਰਾਵਾਂ ਨਾਲ ਹੀ ਵਿਆਹੀਆਂ ਜਾਂਦੀਆਂ ਹਨ। ਆਖ਼ਰ ਉਹ ਸਭ ਕੁਝ ਛੱਡ-ਛੁਡਾਅ ਕੇ ਸਵਰਗ ਲੋਕ ਹੀ ਚਲੀਆਂ ਜਾਂਦੀਆਂ ਹਨ ਤੇ ਦੋਵਾਂ ਦੇ ਪਤੀ ਉਦਾਸੀ ਦੀ ਹਾਲਤ ਵਿਚ ਉਨ੍ਹਾਂ ਦੇ ਨਿਵਾਸ ਸਥਾਨ ਤਲਾਬ ਵੱਲ ਉਦਾਸ ਝਾਕੀਆਂ ਮਾਰਦੇ ਰਹਿ ਜਾਂਦੇ ਹਨ।

-ਕੇ. ਐਲ. ਗਰਗ
ਮੋ: 94635-37050

 

06-01-2018

 ਸੰਵਾਦ
(ਪੰਜਾਬੀ ਰੈਫਰੀਡ ਰਿਸਰਚ ਜਰਨਲਂਜੁਲਾਈ ਤੋਂ ਦਸੰਬਰ 2017)

ਮੁੱਖ ਸੰਪਾਦਕ : ਪ੍ਰਿੰ: ਮਹਿਲ ਸਿੰਘ
ਸੰਪਾਦਕ : ਡਾ: ਆਤਮ ਸਿੰਘ ਰੰਧਾਵਾ
ਪ੍ਰਕਾਸ਼ਕ : ਪੋਸਟ ਗ੍ਰੈਜੂਏਟ ਪੰਜਾਬੀ ਅਧਿਐਨ ਵਿਭਾਗ, ਖਾਲਸਾ ਕਾਲਜ, ਅੰਮ੍ਰਿਤਸਰ।
ਮੁੱਲ : 125 ਰੁਪਏ, ਸਫ਼ੇ : 144.
ਸੰਪਰਕ : 85288-28200.

ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਇਨ੍ਹਾਂ ਨੂੰ ਸਮਝਣ ਸਮਝਾਉਣ ਵਾਲੀਆਂ ਭਾਰਤੀ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ਅਧਿਐਨ-ਪੱਧਤੀਆਂ ਪ੍ਰਣਾਲੀਆਂ ਦੇ ਝੁਕਾਅ ਅਤੇ ਸੰਭਾਵੀ ਆਲੋਚਨਾਤਮਕ-ਦ੍ਰਿਸ਼ਟੀਆਂ ਦਾ ਦਰਪਣ 'ਸੰਵਾਦ' ਰਸਾਲਾ ਨਹੀਂ ਪੁਸਤਕ ਹੈ। ਪ੍ਰਕਾਸ਼ਨ ਦੇ ਤਿੰਨ ਸਾਲ ਪੂਰਾ ਕਰ ਚੁੱਕੇ ਇਸ ਛੇਵੇਂ ਅੰਕ ਵਿਚ ਉਕਤ ਭਾਵ-ਬੋਧ ਦਾ ਪ੍ਰਗਟਾਵਾ ਅੰਕਿਤ ਹੈ। ਡਾ: ਹਰਿਭਜਨ ਸਿੰਘ ਜਿਸ ਨੇ ਪੰਜਾਬੀ ਸਾਹਿਤ-ਅਧਿਐਨ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਰਚਿਤ 'ਸਾਹਿਤ ਸ਼ਾਸਤਰ' ਖੋਜ-ਨਿਬੰਧ ਚਿਰਕਾਲ ਤੋਂ ਪੜ੍ਹਨ-ਪੜ੍ਹਾਉਣ ਵਾਲਿਆਂ ਲਈ ਦਿਸ਼ਾ-ਮਾਰਗ ਰਿਹਾ ਹੈ। ਸਮਕਾਲੀ ਪੰਜਾਬੀ ਕਵਿਤਾ, ਦਲਿਤ ਚਿੰਤਨ ਨੂੰ ਕਿਸ ਤਰ੍ਹਾਂ ਗ੍ਰਹਿਣ ਕੀਤਾ ਗਿਆ ਅਤੇ ਪ੍ਰਗਟਾਇਆ ਗਿਆ ਹੈ, ਪਰਵਾਸੀ ਕਾਵਿ-ਪ੍ਰਵਚਨ ਕਿੱਥੇ ਸਟੈਂਡ ਕਰਦਾ ਹੈ, ਗੁਰਬਾਣੀ ਅਤੇ ਨਾਨਕ ਬਾਣੀ ਨੂੰ ਕਿਸ ਸਮਦ੍ਰਿਸ਼ਟੀ ਤੋਂ ਸਮਝਿਆ ਜਾ ਰਿਹਾ ਹੈ, ਗਲਪ-ਅਧਿਐਨ ਚੇਤਨਾ ਕਿਸ ਪੱਧਰ ਦੇ ਪਾਸਾਰੇ ਨੂੰ ਪੇਸ਼ ਕਰ ਰਹੀ ਹੈ ਆਦਿ ਸੰਕਲਪਾਂ ਦੇ ਅੰਤਰਗਤ ਗੰਭੀਰ ਅਧਿਐਨ ਉਪਰੰਤ ਵਿਦਵਾਨਾਂ ਨੇ ਸਾਰਥਕ ਸਿੱਟੇ ਕੱਢ ਦਰਸਾਏ ਹਨ। ਡਾ: ਹਰਿਭਜਨ ਸਿੰਘ ਦਾ ਸਾਰਥਕ ਪ੍ਰਵਚਨ ਹੈ ਕਿ ਸਾਹਿਤਿਕ ਅਧਿਐਨ ਇਕ ਪਾਸੇ ਸਾਹਿਤਿਕ ਕਿਰਤ ਦੀ ਵਿਅਕਤੀ-ਵਿਸ਼ੇਸ਼ਤਾ ਨਾਲ ਸਬੰਧਿਤ ਹੁੰਦਾ ਹੈ ਤੇ ਦੂਜੇ ਪਾਸੇ ਸਰਬ ਸਾਂਝੇ ਸਾਹਿਤਿਕ-ਸਿਧਾਂਤਾਂ ਨਾਲ।
ਇਸ ਰਸਾਲੇ ਦੀ ਹੋਰ ਖੂਬੀ ਇਹ ਵੀ ਹੈ ਕਿ ਪ੍ਰਗਤੀਵਾਦੀ ਮੋਢੀ ਕਾਵਿ-ਸਿਰਜਕ ਬਾਵਾ ਬਲਵੰਤ, ਡਾ: ਰਵਿੰਦਰ ਸਿੰਘ ਰਵੀ ਦੀ ਕਾਵਿ-ਸਮੀਖਿਆ ਤੋਂ ਇਲਾਵਾ ਰਸੂਲ ਹਮਜ਼ਾਤੋਵ ਰਚਿਤ 'ਮੇਰਾ ਦਾਗਿਸਤਾਨ' ਦੇ ਦੀਰਘ ਅਧਿਐਨ ਤੋਂ ਬਾਅਦ 'ਬਰਫ ਦਾ ਮਾਰੂਥਲ ਅਤੇ ਕੂੰਜਾਂ ਦੇ ਸਿਰਨਾਵੇਂ', 'ਗੁਲਾਬੀ ਨਗ਼ ਵਾਲੀ ਮੁੰਦਰੀ ਅਤੇ ਫਰੀਦਾ ਖਾਕ ਨਾ ਨਿੰਦੀਐ' ਪੁਸਤਕਾਂ ਦਾ ਆਲੋਚਨਾਤਮਕ ਅਧਿਐਨ ਵੀ ਪੇਸ਼ ਕੀਤਾ ਗਿਆ ਹੈ। ਇਹ ਸਮੁੱਚਾ ਕਾਰਜ ਖਾਲਸਾ ਕਾਲਜ ਅੰਮ੍ਰਿਤਸਰ ਦੀ ਪੰਜਾਬੀਅਤ ਪ੍ਰਤੀ ਉਸਾਰੂ ਅਤੇ ਨਿਸ਼ਠਾਵਾਨ ਸੋਚ-ਦ੍ਰਿਸ਼ਟੀ ਦਾ ਪ੍ਰਗਟਾਵਾ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 98142-09732.
ਫ ਫ ਫ

ਭੁੱਲੇ ਵਿਸਰੇ ਸੁਰਖ਼ ਸਿਤਾਰੇ
ਲੇਖਕ : ਗਿਆਨੀ ਗੁਰਦੇਵ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 375 ਰੁਪਏ, ਸਫ਼ੇ : 236
ਸੰਪਰਕ : 98154-94522.

'ਭੁੱਲੇ-ਵਿਸਰੇ ਸੁਰਖ਼ ਸਿਤਾਰੇ' ਪੰਜਾਬ ਵਿਚ ਕਮਿਊਨਿਸਟ ਪਾਰਟੀ ਲਈ ਕੰਮ ਕਰਨ ਵਾਲਿਆਂ ਯੋਧਿਆਂ ਅਤੇ ਸੰਗਰਾਮੀਆਂ ਦੇ ਮਾਨਮੱਤਾ ਇਤਿਹਾਸ ਅੰਕਿਤ ਹੈ। ਗਿਆਨੀ ਗੁਰਦੇਵ ਸਿੰਘ ਨੇ ਆਪਣੀ ਇਸ ਪੁਸਤਕ ਵਿਚ 67 ਕਮਿਊਨਿਸਟਾਂ ਦਾ ਜੀਵਨ-ਬਿਰਤਾਂਤ ਪੇਸ਼ ਕੀਤਾ ਹੈ। ਇਸ ਪੁਸਤਕ ਵਿਚ ਕਾਮਰੇਡ ਭਾਨ ਸਿੰਘ ਭੌਰਾ, ਕਾ: ਮਦਨ ਲਾਲ ਦੀਦੀ, ਕਾ: ਜੰਗੀਰ ਸਿੰਘ ਜੋਗਾ, ਕਾ: ਰਣਧੀਰ ਸਿੰਘ ਰਾਊਕੇ ਕਲਾਂ, ਸ: ਸੱਘੜ ਸਿੰਘ ਵਿਧਾਇਕ, ਕਾ: ਸੋਹਨ ਸਿੰਘ ਜੋਸ਼, ਕਾ: ਅਵਤਾਰ ਸਿੰਘ ਮਲਹੋਤਰਾ, ਕਾ: ਹਰਕਿਸ਼ਨ ਸਿੰਘ ਸੁਰਜੀਤ, ਦਰਸ਼ਨ ਸਿੰਘ ਕੈਨੇਡੀਅਨ, ਸਤਪਾਲ ਡਾਂਗ, ਸ੍ਰੀਮਤੀ ਵਿਮਲਾ ਡਾਂਗ ਅਤੇ ਕਾ: ਸੁਸ਼ੀਲਾ ਚੈਨ ਆਦਿ ਪੰਜਾਬ ਦੇ ਕਮਿਊਨਿਸਟ ਲੀਡਰਾਂ ਦੇ ਸਮਾਚਾਰ ਅੰਕਿਤ ਹੋਏ ਹਨ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਹੀ ਪੰਜਾਬ ਦੀ ਕਮਿਊਨਿਸਟ ਪਾਰਟੀ ਪੂਰੇ ਭਾਰਤ ਵਿਚ ਪ੍ਰਸਿੱਧ ਹੋ ਚੁੱਕੀ ਸੀ ਪਰ ਆਜ਼ਾਦੀ ਤੋਂ ਬਾਅਦ ਤਿੰਨ-ਚਾਰ ਦਹਾਕੇ ਇਸ ਪਾਰਟੀ ਨੇ ਬੜੀਆਂ ਮਹੱਤਵਪੂਰਨ ਜਿੱਤਾਂ ਦਰਜ ਕੀਤੀਆਂ। ਬੇਸ਼ੱਕ 1990 ਤੋਂ ਬਾਅਦ ਵਿਸ਼ਵ ਪੱਧਰ 'ਤੇ ਹੋਈ ਕਮਿਊਨਿਸਟ ਪਾਰਟੀ ਦੇ ਟੁੱਟ-ਭੱਜ ਨੇ ਭਾਰਤੀ ਕਮਿਊਨਿਸਟ ਪਾਰਟੀ 'ਤੇ ਵੀ ਕਾਫੀ ਨਕਾਰਾਤਮਕ ਪ੍ਰਭਾਵ ਪਾਇਆ।
ਗਿਆਨੀ ਗੁਰਦੇਵ ਸਿੰਘ ਨੇ ਇਸ ਪੁਸਤਕ ਦੀ ਰਚਨਾ ਕਰਨ ਲਈ ਬਹੁਤ ਮਿਹਨਤ ਕੀਤੀ ਹੈ। ਪੰਜਾਬ ਦੀ ਕਮਿਊਨਿਸਟ ਪਾਰਟੀ ਲਈ ਕੰਮ ਕਰਨ ਵਾਲੇ ਏਨੇ ਯੋਧਿਆਂ ਦੀ ਚੋਣ, ਉਨ੍ਹਾਂ ਦੇ ਜੀਵਨ ਵੇਰਵਿਆਂ ਅਤੇ ਰਾਜਨੀਤਕ, ਸਮਾਜਿਕ ਖੇਤਰ ਵਿਚ ਉਨ੍ਹਾਂ ਦੁਆਰਾ ਚਲਾਏ ਅੰਦੋਲਨਾਂ ਨੂੰ ਉਸ ਨੇ ਇਕ ਸੁਘੜ ਇਤਿਹਾਸਕਾਰ ਵਾਂਗ ਬਿਆਨ ਕੀਤਾ ਹੈ। ਉਸ ਦੀ ਸ਼ੈਲੀ ਬੜੀ ਸਰਲ, ਠੇਠ ਅਤੇ ਵੇਗਮਈ ਹੈ। ਕਈ ਵਾਰ ਉਹ ਸ਼ੇਅਰੋ-ਸ਼ਾਇਰੀ ਨਾਲ ਆਪਣੀ ਲੇਖਣੀ ਨੂੰ ਅਲੰਕ੍ਰਿਤ ਕਰ ਦਿੰਦਾ ਹੈ। ਬਹੁਤ ਸਾਰੇ ਆਗੂਆਂ ਨਾਲ ਉਸ ਦੇ ਨਿੱਜੀ ਸਬੰਧ ਵੀ ਸਨ। ਇਸ ਕਾਰਨ ਉਸ ਦੇ ਲੇਖ ਹੋਰ ਵੀ ਪ੍ਰਮਾਣਿਕ ਸਿੱਧ ਹੁੰਦੇ ਹਨ। ਇਸ ਪੁਸਤਕ ਵਿਚ ਕੁਝ ਇਹੋ ਜਿਹੇ ਕਾਮਰੇਡ ਵੀ ਸ਼ਾਮਿਲ ਹਨ, ਜਿਨ੍ਹਾਂ ਬਾਰੇ ਪਹਿਲਾਂ ਕੋਈ ਸਮੱਗਰੀ ਪ੍ਰਾਪਤ ਨਹੀਂ ਹੁੰਦੀ। ਇਸ ਸਥਿਤੀ ਵਿਚ ਇਹ ਪੁਸਤਕ ਭਾਰਤੀ ਕਮਿਊਨਿਸਟ ਪਾਰਟੀ ਦਾ ਇਕ ਅਜਿਹਾ ਇਤਿਹਾਸ ਬਣ ਗਈ ਹੈ, ਜੋ ਹਰ ਪਾਠਕ ਲਈ ਮਹੱਤਵਪੂਰਨ ਸਿੱਧ ਹੋਵੇਗਾ। ਇਹ ਰਚਨਾ ਇਕ 'ਹਵਾਲਾ-ਪੁਸਤਕ' ਦਾ ਦਰਜਾ ਰੱਖਦੀ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਜੀਵਨ ਦੇ ਰੰਗ
ਲੇਖਕ : ਬਲਦੇਵ ਸਿੰਘ ਪ੍ਰਦੇਸੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 138
ਸੰਪਰਕ : 97811-53697.

ਇਸ ਸੰਗ੍ਰਹਿ ਵਿਚ ਜਿਵੇਂ ਪੁਸਤਕ ਦੇ ਨਾਂਅ ਤੋਂ ਹੀ ਸੰਕੇਤ ਪ੍ਰਾਪਤ ਹੁੰਦਾ ਹੈ ਕਿ ਲੇਖਕ ਨੇ ਜੀਵਨ ਦੇ ਵਿਭਿੰਨ ਰੰਗਾਂ ਨੂੰ ਆਪਣੀ ਕਵਿਤਾ ਵਿਚ ਚਿਤਰਿਆ ਹੈ। ਬਲਦੇਵ ਸਿੰਘ ਪ੍ਰਦੇਸੀ ਨੇ ਆਪਣੇ ਜੀਵਨ ਅਨੁਭਵਾਂ/ਤਜਰਬਿਆਂ ਨੂੰ ਬਹੁਤ ਹੀ ਸਰਲਤਾ ਤੇ ਸਾਦੀ ਭਾਸ਼ਾ ਵਿਚ ਚਿਤਰਨ ਦਾ ਯਤਨ ਕੀਤਾ ਹੈ। ਇਸ ਸੰਗ੍ਰਹਿ ਵਿਚ ਸਾਡੇ ਸਮਾਜਿਕ ਵਰਤਾਰੇ ਵਿਚ ਦਰਪੇਸ਼ ਵੱਡੀਆਂ-ਛੋਟੀਆਂ ਮੁਸ਼ਕਿਲਾਂ ਨੂੰ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਮਸਲਿਆਂ ਵਿਚ ਵਾਤਾਵਰਨ ਦੀ ਚਿੰਤਾ, ਬਜ਼ੁਰਗਾਂ ਦਾ ਸਤਿਕਾਰ, ਪੰਜਾਬੀ ਸੱਭਿਆਚਾਰ, ਨਾਰੀ ਦੀ ਦਸ਼ਾ, ਨਸ਼ਿਆਂ ਦੀ ਵਰਤੋਂ ਤੇ ਤਿੜਕਦੇ ਪਰਿਵਾਰਾਂ ਦੀਆਂ ਗਾਥਾਵਾਂ ਦਾ ਬਿਆਨ ਸ਼ਾਮਿਲ ਹੈ। ਨਿੱਤ ਦਿਹਾੜੇ ਵਾਪਰਦੇ ਹਾਦਸਿਆਂ ਨੂੰ ਲੇਖਕ ਨੇ ਆਪਣੇ ਸ਼ਬਦਾਂ ਵਿਚ ਇਸ ਤਰ੍ਹਾਂ ਪਰੋਇਆ ਹੈ :
ਸੜਕ 'ਤੇ ਇਕ ਦੇਖ ਹਾਦਸਾ
ਮੁੰਡੇ ਕੋਲ ਖਲੋ ਗਏ ਜਾ ਕੇ
ਕਾਰ ਸਵਾਰ ਮਾਰ ਕੇ ਠੋਕਰ
ਭੱਜ ਗਿਆ ਆਪਣੀ ਕਾਰ ਦੌੜਾ ਕੇ....
ਬਲਦੇਵ ਸਿੰਘ ਪ੍ਰਦੇਸੀ ਦੀ ਕਵਿਤਾ ਬੇਹੱਦ ਸਰਲ ਤੇ ਸਹਿਜ ਹੈ। ਉਸ ਕੋਲ ਕਹਿਣ ਲਈ ਬਹੁਤ ਕੁਝ ਹੈ। ਆਉਂਦੇ ਸਮੇਂ ਵਿਚ ਲੇਖਕ ਤੋਂ ਹੋਰ ਪਰਪੱਕ ਰਚਨਾਵਾਂ ਦੀ ਉਮੀਦ ਕੀਤੀ ਜਾ ਸਕਦੀ ਹੈ।

ਂਡਾ: ਅਮਰਜੀਤ ਕੌਂਕੇ
ਫ ਫ ਫ

ਉਦੇਸ਼
ਲੇਖਕ : ਡਾ: ਤੇਜਵੰਤ ਮਾਨ
ਪ੍ਰਕਾਸ਼ਕ : ਲਿਟਰੇਚਰ ਹਾਊਸ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98767-83736.

ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਅਤੇ ਸ਼ਿਰੋਮਣੀ ਸਾਹਿਤਕਾਰ ਡਾ: ਤੇਜਵੰਤ ਮਾਨ ਦੀ ਹਥਲੀ ਪੁਸਤਕ ਵਿਚ 16 ਆਲੋਚਨਾਤਮਕ ਖੋਜ ਨਿਬੰਧ, 5 ਪੁਸਤਕਾਂ ਬਾਰੇ ਵਡਮੁੱਲੀ ਜਾਣਕਾਰੀ ਅਤੇ ਸਾਹਿਤਕਾਰਾਂ ਨੂੰ ਲਿਖੇ 5 ਪੱਤਰ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਸਾਰੇ ਆਲੋਚਨਾਤਮਕ ਨਿਬੰਧਾਂ ਦਾ ਮੈਟਾ-ਅਧਿਐਨ ਕਰਦਿਆਂ ਵਿਦਵਾਨ ਆਲੋਚਕ ਦੀ ਆਲੋਚਨਾ-ਦ੍ਰਿਸ਼ਟੀ ਬਾਰੇ ਕੁਝ ਪ੍ਰਮਾਣਿਕ ਤੱਥ ਨਜ਼ਰੀਂ ਪੈਂਦੇ ਹਨ। ਮਸਲਨ : ਡਾ: ਮਾਨ ਵਿਚਾਰਾਧੀਨ ਰਚਨਾ ਦਾ ਕੇਂਦਰੀ ਮੈਟਾਫ਼ਰ/ਕੋਡ/ਧੁਨੀ ਪਕੜਦਾ ਹੈ। ਰੋਲਾਂ ਬਾਰਤ ਦੇ ਸੰਕਲਪ ਆਨੰਦੀ ਪਾਠ (ਪਲੇਅਰ ਔਫ ਦੀ ਟੈਕਸਟ) ਅਤੇ ਪਾਠ-ਆਨੰਦੀ (ਟੈਕਸਟ ਔਫ ਪਲੇਅਰ) ਦੀਆਂ ਰਚਨਾਵਾਂ 'ਚੋਂ ਢੂੰਢ ਕਰਨਾ; ਨਿਰਪੇਖਤਾ ਦੀ ਥਾਂ ਸਾਪੇਖੀ ਗੁਣ ਨੂੰ ਮਹੱਤਵ ਦੇਣਾ;਼ਆਵੇਸ਼ੀ/ਪ੍ਰਵੇਸ਼ੀ ਗੁਣਾਂ ਦੀ ਤਲਾਸ਼ ਕਰਨਾ; ਕਾਰਕੀ-ਜੁਜ਼ਾਂ ਦੀ ਨਿਸ਼ਾਨਦੇਹੀ ਕਰਨਾ; ਪੂੰਜੀਵਾਦ ਤੋਂ ਪੈਦਾ ਹੋਈ ਉਪਭੋਗੀ ਕਲਚਰ ਨੂੰ ਥਾਂ ਪੁਰ ਥਾਂ ਰੱਦ ਕਰਨਾ ਆਦਿ ਵਿਦਵਾਨ ਆਲੋਚਕ ਦੀ ਮੁਲਾਂਕਣ ਵਿਧੀ ਦੇ ਅਹਿਮ ਸੰਦ ਹੋ ਨਿਬੜੇ ਹਨ। ਕੁਝ ਰਚਨਾਵਾਂ ਵਿਚ ਕਿਤੇ-ਕਿਤੇ ਅਨੰਦਮਈ ਸੁਆਦਲੇ ਪਾਠਾਂ ਦੀ ਨਿਸ਼ਾਨਦੇਹੀ ਕਰਦਿਆਂ ਨਵ-ਲੇਖਕਾਂ ਨੂੰ ਅਜਿਹੇ ਰੁਝਾਨ ਤੋਂ ਬਚਣ ਲਈ ਸੁਚੇਤ ਵੀ ਕਰਦਾ ਹੈ।
ਵਿਦਵਾਨ ਆਲੋਚਕ ਨੇ ਇਸ ਪੁਸਤਕ ਵਿਚ ਆਧੁਨਿਕ ਕਵਿਤਾ ਬਾਰੇ ਦੋ ਕਿਸਮ ਦੇ ਵਿਚਾਰ ਪ੍ਰਸਤੁਤ ਕੀਤੇ ਹਨ। ਪਹਿਲਾ : 'ਅੱਜ ਅਖੌਤੀ ਆਧੁਨਿਕਤਾ ਦੇ ਨਾਂਅ 'ਤੇ ਕਵਿਤਾ ਨੂੰ ਪ੍ਰਗੀਤਕਤਾ ਤੋਂ ਦੂਰ ਲੈ ਜਾਣ ਦੇ ਯਤਨ ਹੋ ਰਹੇ ਹਨ।' ਪੰ: 15, ਦੂਜਾ : 'ਇਹ ਵਿਵਾਦ ਹੁਣ ਛੱਡ ਦੇਣਾ ਚਾਹੀਦਾ ਹੈ ਕਿ ਛੰਦ-ਰਹਿਤ ਕਵਿਤਾ ਕਵਿਤਾ ਹੈ ਵੀ ਕਿ ਨਹੀਂ ਜਾਂ ਕੇਵਲ ਛੰਦ-ਬਧ ਕਵਿਤਾ ਹੀ ਕਵਿਤਾ ਹੈ'। ਪੰ: 59.
ਕੁੱਲ ਮਿਲਾ ਕੇ ਇਹ ਪੁਸਤਕ ਪ੍ਰਸੰਸਾਮੁਖੀ/ਮੁੱਖਬੰਦੀ ਗੁਣ ਰੱਖਣ ਕਾਰਨ ਪ੍ਰਿੰ: ਤੇਜਾ ਸਿੰਘ ਤੋਂ ਅਗਲੇਰੇ ਕਦਮ ਪੁੱਟਣ ਵਾਲੀ ਦਸਤਾਵੇਜ਼ ਹੋ ਨਿਬੜੀ ਹੈ। ਵਿਦਵਾਨ ਆਪਣੇ ਉਦੇਸ਼ ਵਿਚ ਸਫ਼ਲ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 88376-79186.
ਫ ਫ ਫ

ਮੁਕਤੀ
ਲੇਖਕ : ਪ੍ਰਿੰ: ਸ.ਸ. ਕਾਲੜਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 94633-50706.

'ਮੁਕਤੀ' ਪ੍ਰਿੰ: ਸ. ਸ. ਕਾਲੜਾ ਦਾ ਮੌਲਿਕ ਪਲੇਠਾ ਨਾਵਲ ਹੈ, ਜਿਸ ਵਿਚ ਉਸ ਨੇ ਗ਼ਰੀਬਾਂ ਅਤੇ ਨਿਮਨ ਵਰਗ ਦੇ ਲੋਕਾਂ ਦੀ ਕਾਰਜ ਸ਼ੈਲੀ ਬਾਰੇ ਦੱਸਿਆ ਹੈ, ਖ਼ਾਸ ਕਰਕੇ ਕਾਗਜ਼ ਤੇ ਕਬਾੜ ਦਾ ਸਾਮਾਨ ਚੁੱਕ ਕੇ ਗੁਜ਼ਾਰਾ ਕਰਨ ਵਾਲੀਆਂ ਗ਼ਰੀਬ ਕੁੜੀਆਂ ਅਤੇ ਔਰਤਾਂ ਦੀ ਕਥਾ ਨੂੰ ਬਿਆਨ ਕੀਤਾ ਹੈ। ਸਮੁੱਚੇ ਨਾਵਲ ਨੂੰ 23 ਕਾਂਡਾਂ ਵਿਚ ਵੰਡਿਆ ਗਿਆ ਹੈ। ਹਰੇਕ ਕਾਂਡ ਵਿਚ ਹੀ ਨਿਮਨ ਵਰਗ ਦੀ ਤ੍ਰਾਸਦੀ ਬਿਆਨ ਕੀਤੀ ਗਈ ਹੈ, ਜਿਵੇਂ ਪਹਿਲੇ ਕਾਂਡ ਵਿਚ ਲਾਡੋ ਅਤੇ ਉਸ ਦੀ ਮਾਂ ਨੂੰ ਜਦੋਂ ਗੰਗਾ ਨਦੀ ਵਿਚੋਂ ਪੈਸੇ ਲੱਭਦੇ ਹਨ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਪਰ ਉਨ੍ਹਾਂ ਦੀ ਖੁਸ਼ੀ 'ਤੇ ਪਾਣੀ ਉਦੋਂ ਫਿਰ ਜਾਂਦਾ ਹੈ ਜਦੋਂ ਕਿ ਇਕ ਸਿਪਾਹੀ ਦਬਕੇ ਮਾਰ ਕੇ ਉਨ੍ਹਾਂ ਤੋਂ ਪੈਸੇ ਖੋਹ ਕੇ ਲੈ ਜਾਂਦਾ ਹੈ। ਜਿਸ ਵਿਚ 'ਡਾਹਢੇ ਅੱਗੇ ਕਾਹਦਾ ਜ਼ੋਰ' ਵਾਂਗੂ ਹੈ। ਇਸ ਤਰ੍ਹਾਂ ਸਮੁੱਚਾ ਨਾਵਲ ਕਾਂਤੀ ਦੇ ਜੀਵਨ ਦੁਆਲੇ ਹੀ ਘੁੰਮਦਾ ਹੈ। ਸਾਰਾ ਗਲਪੀ ਬਿੰਬ ਕਾਂਤੀ ਦੀ ਜ਼ਿੰਦਗੀ ਬਾਰੇ ਹੀ ਹੈ ਕਿ ਉਹ ਕੁੜੀ ਸੋਹਣੀ, ਹੋਣਹਾਰ ਅਤੇ ਮਰਦ ਉਸ 'ਤੇ ਅੱਖ ਰੱਖਦੇ ਹਨ ਪਰ ਉਹ ਕਿਸੇ ਦੇ ਹੱਥ ਨਹੀਂ ਆਉਂਦੀ ਅਤੇ ਆਪਣੀ ਹੈਂਕੜਬਾਜ਼ੀ ਨਾਲ ਆਪਣੀ ਇੱਜ਼ਤ ਬਰਕਰਾਰ ਰੱਖਦੀ ਹੈ, ਜਿਸ ਵਿਚ ਲੇਖਕ ਨੇ ਦੱਸਿਆ ਹੈ ਕਿ ਧਰਮ ਦੇ ਠੇਕੇਦਾਰ ਕਦੋਂ ਤੱਕ ਗ਼ਰੀਬਾਂ ਨੂੰ ਲੁੱਟਦੇ ਰਹਿਣਗੇ ਅਤੇ ਕਦੋਂ ਤੱਕ ਗ਼ਰੀਬਾਂ ਨੂੰ ਮੁਕਤੀ ਮਿਲੇਗੀ। ਇਸ ਤਰ੍ਹਾਂ ਨਾਵਲਕਾਰ ਨੇ ਆਪਣੇ ਨਾਵਲ ਵਿਚ ਗ਼ਰੀਬ ਲੋਕਾਂ ਦੀ ਤ੍ਰਾਸਦੀ ਨੂੰ ਬਿਆਨ ਕਰਕੇ ਮਾਨਵਤਾ ਦੀ ਭਲਾਈ ਦੀ ਕਾਮਨਾ ਕੀਤੀ ਹੈ।

ਂਗੁਰਬਿੰਦਰ ਕੌਰ ਬਰਾੜ
ਮੋ: 098553-95161.
ਫ ਫ ਫ

ਜਸਮੇਰ ਸਿੰਘ ਬਾਲਾ ਦੀ
ਕਾਵਿ-ਪੁਸਤਕ
ਧੀਆਂ ਦੇ ਗੀਤ
ਦਾ ਆਲੋਚਨਾਤਮਕ ਅਧਿਐਨ

ਸੰਪਾਦਕ : ਡਾ: ਤਰਨਜੀਤ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 94176-87546.

ਕਰਨਲ ਜਸਮੇਰ ਸਿੰਘ ਬਾਲਾ ਨੇ ਆਪਣੀ ਧੀ ਨੂੰ ਮੁਖ਼ਾਤਿਬ ਹੋ ਕੇ 'ਧੀਆਂ ਦੇ ਗੀਤ' ਪੁਸਤਕ ਦੀ ਸਿਰਜਣਾ ਕੀਤੀ ਹੈ। 18 ਦੇ ਕਰੀਬ ਵੱਖ-ਵੱਖ ਇਸਤਰੀ ਵਿਦਵਾਨਾਂ ਵਲੋਂ ਲਿਖੇ ਖੋਜ ਪੇਪਰ ਇਸ ਕਾਵਿ-ਪੁਸਤਕ ਦਾ ਕਈ ਪੱਖਾਂ ਤੋਂ ਅਧਿਐਨ ਕਰਦੇ ਹਨ।
ਇਸ ਪੁਸਤਕ ਦੀ ਸੰਪਾਦਕ ਡਾ: ਤਰਨਜੀਤ ਕੌਰ ਨੇ ਆਪਣੇ ਲੇਖ ਵਿਚ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਦੀ ਪੜਚੋਲ ਕਰਦੇ ਹੋਏ ਕਵੀ ਵਲੋਂ ਧੀਆਂ ਦੇ ਦਰਦ ਨੂੰ ਪੂਰੀ ਸ਼ਿੱਦਤ ਨਾਲ ਪ੍ਰਗਟਾਉਂਦੇ ਮਹਿਸੂਸ ਕੀਤਾ ਹੈ। ਡਾ: ਮਨਦੀਪ ਕੌਰ ਢੀਂਡਸਾ ਨੇ 'ਪੰਜਾਬੀ ਸੱਭਿਆਚਾਰ ਵਿਚ ਧੀ ਦੇ ਰੁਤਬੇ' ਉੱਪਰ ਸਰਸਰੀ ਝਾਤ ਪਵਾਉਂਦੇ ਹੋਏ ਇਨ੍ਹਾਂ ਕਵਿਤਾਵਾਂ ਦਾ ਵਿਸ਼ਲੇਸ਼ਣ ਕੀਤਾ ਹੈ। ਡਾ: ਸੁਖਵਿੰਦਰ ਕੌਰ, ਡਾ: ਮਨਦੀਪ ਕੌਰ, ਡਾ: ਰਮਨਦੀਪ ਕੌਰ, ਡਾ: ਬਲਵਿੰਦਰ ਕੌਰ, ਡਾ: ਅਮਰਜੀਤ ਘੁੰਮਣ, ਡਾ: ਅਮਨਦੀਪ ਕੌਰ, ਡਾ: ਕਿਰਨਪਾਲ ਕੌਰ, ਪ੍ਰੋ: ਸਨਦੀਪ ਕੌਰ, ਪ੍ਰੋ: ਇੰਦਰਜੀਤ ਕੌਰ, ਪ੍ਰੋ: ਪਰਮਜੀਤ ਕੌਰ ਔਲਖ, ਪ੍ਰੋ: ਹਰਪ੍ਰੀਤ ਕੌਰ, ਰਾਜਵੀਰ ਕੌਰ, ਪੁਨੀਤ, ਵੰਦਨਾ, ਦਰਸ਼ਨ ਕੌਰ, ਹਰਪ੍ਰੀਤ ਕੌਰ ਵਲੋਂ ਇਸ ਸੰਗ੍ਰਹਿ ਦੇ ਵੱਖ-ਵੱਖ ਪੱਖਾਂ ਬਾਰੇ ਆਪਣੀ ਪੜਚੋਲ ਪੇਸ਼ ਕੀਤੀ ਹੈ ਕਿ ਇਹ ਕਵਿਤਾਵਾਂ ਧੀਆਂ ਨੂੰ ਸਵੈਮਾਣ ਨਾਲ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕਰਦੀਆਂ ਹਨ। ਪ੍ਰੋ: ਬਲਕਾਰ ਸਿੰਘ ਅਤੇ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਦੀਆਂ ਪ੍ਰਭਾਵਸ਼ਾਲੀ ਟਿੱਪਣੀਆਂ ਇਨ੍ਹਾਂ ਕਵਿਤਾਵਾਂ ਦਾ ਸਹੀ ਮੁਲਾਂਕਣ ਕਰਦੀਆਂ ਹਨ।
ਇਸ ਸਮੁੱਚੇ ਅਧਿਐਨ ਤੋਂ ਇਕ ਗੱਲ ਸਪੱਸ਼ਟ ਹੁੰਦੀ ਹੈ ਕਿ ਕਰਨਲ ਬਾਲਾ ਨੇ ਇਸ ਕਵਿਤਾ ਵਿਚ ਇਕ ਅਛੂਤੇ ਅਨੁਭਵ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ ਹੈ। ਇਹ ਕਵਿਤਾਵਾਂ ਧੀਆਂ ਲਈ ਦੁਆਵਾਂ ਹਨ। ਵਿਦਵਾਨ ਲੜਕੀਆਂ ਵਲੋਂ ਕੀਤਾ ਇਹ ਉਪਰਾਲਾ ਸ਼ਲਾਘਾਯੋਗ ਹੈ।

ਂਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.
ਫ ਫ ਫ

ਪੰਜਾਬਣ ਮੁਟਿਆਰ ਦੇ ਬੋਲ ਬਣੇ ਲੋਕ ਗੀਤ
ਨਾਰੀ ਦ੍ਰਿਸ਼ਟੀ

ਸੰਪਾਦਕ : ਡਾ: ਮਨਦੀਪ ਕੌਰ ਢੀਂਡਸਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 95928-88228.

ਵਿਚਾਰ ਅਧੀਨ ਪੁਸਤਕ 21 ਇਸਤਰੀ ਲੇਖਕਾਵਾਂ ਵਲੋਂ ਪ੍ਰਸਤੁਤ ਲੇਖਾਂ ਦਾ ਸੰਗ੍ਰਹਿ ਹੈ, ਜਿਨ੍ਹਾਂ ਵਿਚ ਪ੍ਰੋ: ਕੁਲਦੀਪ ਕੌਰ ਕਲਿਆਣ ਦੀ ਪੁਸਤਕ 'ਪੰਜਾਬਣ ਮੁਟਿਆਰ ਦੇ ਬੋਲ ਬਣੇ ਲੋਕ ਗੀਤ' ਦੇ ਵਿਸ਼ਾ-ਵਸਤੂ ਨੂੰ ਆਧਾਰ ਬਣਾ ਕੇ ਆਲੋਚਨਾਤਮਕ ਅਧਿਐਨ ਕੀਤਾ ਗਿਆ ਹੈ।
ਡਾ: ਮਨਦੀਪ ਕੌਰ ਢੀਂਡਸਾ, ਡਾ: ਮਨਦੀਪ ਕੌਰ ਅਤੇ ਪ੍ਰੋ: ਪਰਮਜੀਤ ਕੌਰ ਔਲਖ ਦੇ ਲੇਖਾਂ ਵਿਚ ਇਸ ਪੁਸਤਕ ਨੂੰ ਆਧਾਰ ਬਣਾ ਕੇ ਸਮਾਜਿਕ ਰਿਸ਼ਤਿਆਂ ਦੀ ਸਾਰਥਕਤਾ ਬਾਰੇ ਵਿਚਾਰ ਚਰਚਾ ਕੀਤੀ ਗਈ ਹੈ। ਪੰਜਾਬਣ ਮੁਟਿਆਰ ਦੇ ਬਿੰਬ ਅਤੇ ਉਸ ਦੀ ਮਨੋ ਦਿਸ਼ਾ ਬਾਰੇ ਡਾ: ਸੁਖਵਿੰਦਰ ਕੌਰ, ਡਾ: ਗੁਰਪ੍ਰੀਤ ਕੌਰ, ਪ੍ਰੋ: ਬਲਜੀਤ ਕੌਰ, ਪ੍ਰੋ: ਸੀਮਾ ਕੁਮਾਰੀ, ਪ੍ਰੋ: ਮਨਪ੍ਰੀਤ ਕੌਰ, ਪ੍ਰੋ: ਸ਼ਿਲਪਾ, ਦਰਸ਼ਨ ਕੌਰ, ਰਾਜਵੀਰ ਕੌਰ ਅਤੇ ਡਾ: ਲਖਵੀਰ ਕੌਰ ਨੇ ਲੇਖ ਪ੍ਰਸਤੁਤ ਕੀਤੇ ਹਨ। ਡਾ: ਜਗਰੂਪ ਕੌਰ, ਡਾ: ਸਰਬਜੀਤ ਕੌਰ, ਪ੍ਰੋ: ਗੁਰਬਿੰਦਰ ਕੌਰ ਬਰਾੜ ਅਤੇ ਵੰਦਨਾ ਨੇ ਆਪਣੇ ਸੰਖੇਪ ਲੇਖਾਂ ਵਿਚ ਪ੍ਰੋ: ਕੁਲਦੀਪ ਕੌਰ ਕਲਿਆਨ ਦੀ ਪੁਸਤਕ ਵਿਚ ਸੱਭਿਆਚਾਰ ਦੇ ਅਵਸੇਸ਼ਾਂ ਦਾ ਨਿਰੂਪਣ ਕੀਤਾ ਹੈ ਅਤੇ ਪੰਜਾਬੀ ਪਾਠਕਾਂ ਦੀ ਸਾਂਝ ਸੱਭਿਆਚਾਰਕ ਗੀਤਾਂ ਨਾਲ ਪੁਆਈ ਹੈ। ਡਾ: ਹਰਜੀਤ ਕੌਰ ਵਿਰਕ, ਡਾ: ਰਾਜਵਿੰਦਰ ਕੌਰ ਨਾਗਰਾ ਅਤੇ ਪੁਨੀਤ ਨੇ ਆਪਣੇ-ਆਪਣੇ ਲੇਖਾਂ ਰਾਹੀਂ ਪੁਸਤਕ ਦਾ ਆਲੋਚਨਾਤਮਕ ਅਧਿਐਨ ਕਰਕੇ ਪ੍ਰੋ: ਕੁਲਦੀਪ ਕੌਰ ਕਲਿਆਣ ਵਲੋਂ ਕੀਤੇ ਗਏ ਕਾਰਜ ਦੀ ਮਹੱਤਤਾ ਅਤੇ ਸਾਰਥਕਤਾ ਨੂੰ ਉਜਾਗਰ ਕੀਤਾ ਹੈ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

30/12/2017

 ਗੁਰਬਾਣੀ ਦੀ ਸੰਕਲਪਗਤ ਚੇਤਨਾ
ਲੇਖਿਕਾ : ਡਾ: ਵਨੀਤਾ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 295 ਰੁਪਏ, ਸਫ਼ੇ : 152
ਸੰਪਰਕ : 011-23280657.

ਡਾ: ਵਨੀਤਾ ਗੁਰਬਾਣੀ ਬਾਰੇ ਬਹੁਪੱਖੀ ਸੂਝ ਤੇ ਸ਼ਰਧਾ ਨਾਲ ਓਤਪੋਤ ਵਿਚਾਰ ਆਧੁਨਿਕ ਆਲੋਚਨਾਤਮਕ ਮੁਹਾਵਰੇ ਵਿਚ ਕਰਨ ਵਾਲੀ ਅਧਿਆਪਕਾ ਹੈ। ਦਿੱਲੀ ਵਿਚ ਪੰਜਾਬੀ ਭਾਸ਼ਾ ਦੇ ਉਚੇਰੇ ਅਧਿਆਪਨ ਦਾ ਲੰਬਾ ਤਜਰਬਾ ਹੈ ਉਸ ਕੋਲ। ਉਸ ਦੀ ਨਵੇਂ ਗਿਆਨ ਦੀ ਜਗਿਆਸਾ ਨੇ ਉਸ ਨੂੰ ਵਿਦਵਤਾ ਤੇ ਖੋਜ ਦੇ ਖੇਤਰ ਵਿਚ ਵੱਡੇ ਵਿਦਵਾਨਾਂ ਦੀ ਸੰਗਤ ਦੇ ਭਰਪੂਰ ਅਵਸਰ ਦਿੱਤੇ ਹਨ। ਅਧਿਐਨ ਅਧਿਆਪਨ ਤੇ ਖੋਜ ਦੇ ਨਾਲ-ਨਾਲ ਉਹ ਗੁਰਬਾਣੀ ਨਾਲ ਸਬੰਧਿਤ ਗੋਸ਼ਟੀਆਂ/ਕਾਨਫ਼ਰੰਸਾਂ/ਸੈਮੀਨਾਰਾਂ ਵਿਚ ਵੀ ਸ਼ਿਰਕਤ ਕਰਦੀ ਹੈ। ਉਸ ਦੀ ਸ਼ਿਰਕਤ ਰਸਮੀ ਨਹੀਂ ਹੁੰਦੀ। ਉਹ ਹਰ ਸਮੇਂ ਨਵੇਂ ਵੰਗਾਰ ਭਰੇ ਵਿਸ਼ੇ/ਥੀਮ/ਸੰਕਲਪ ਨੂੰ ਛੇੜ ਕੇ ਕੁਝ ਵੱਖਰਾ ਕਰਨ ਤੇ ਸਮਝਣ ਸਮਝਾਉਣ ਲਈ ਯਤਨਸ਼ੀਲ ਰਹਿੰਦੀ ਹੈ। ਵਿਚਾਰ ਅਧੀਨ ਪੁਸਤਕਾਂ ਵਿਚ ਉਸ ਦੁਆਰਾ ਗੁਰਬਾਣੀ ਦੇ ਵਿਭਿੰਨ ਪ੍ਰਸੰਗਾਂ/ਸੰਕਲਪਾਂ/ਵਿਸਤਾਰਾਂ ਨਾਲ ਸਬੰਧਿਤ ਸਮੇਂ-ਸਮੇਂ ਪੜ੍ਹੇ ਗਏ ਖੋਜ ਪੱਤਰਾਂ ਦਾ ਸੰਕਲਨ ਹੈ।
ਇਹ ਸਾਰੇ ਨਿਬੰਧ ਪਾਠ ਕੇਂਦਰਿਤ ਹਨ। ਪੂਰਬੀ, ਪੱਛਮੀ ਭਾਰਤੀ ਪਰੰਪਰਾ ਤੋਂ ਨੁਕਤੇ ਉਠਾ ਕੇ ਉਹ ਵਾਰ-ਵਾਰ ਮੂਲ ਪਾਠ ਨੂੰ ਬਾਰੀਕੀ ਨਾਲ ਫਰੋਲ ਕੇ ਨਵੀਆਂ ਅੰਤਰ-ਦ੍ਰਿਸ਼ਟੀਆਂ ਪੇਸ਼ ਕਰਨ ਦੀ ਵਿਧੀ ਅਪਣਾਉਂਦੀ ਹੈ। ਇਸ ਨਾਲ ਗੁਰਬਾਣੀ ਦੀ ਵਿਧੀ, ਸੰਦੇਸ਼, ਚਿਹਨ-ਪ੍ਰਬੰਧ ਨੂੰ ਸਮਝਣ ਵਿਚ ਮਦਦ ਮਿਲਦੀ ਹੈ।
ਲੇਖਿਕਾ ਨੇ ਸੇਵਾ, ਲਿਵ, ਅਨੰਦ ਤੇ ਮਸਤੀ ਦੇ ਸੰਕਲਪਾਂ ਪ੍ਰਤੀ ਗੁਰਬਾਣੀ ਦੀ ਵਿਲੱਖਣ ਪਹੁੰਚ ਸਪੱਸ਼ਟ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਰਾਗਾਂ/ਸੰਗੀਤ ਦਾ ਮਹੱਤਵ ਅਤੇ ਇਨ੍ਹਾਂ ਪ੍ਰਤੀ ਗੁਰੂ ਸਾਹਿਬਾਨ ਦੀ ਪਹੁੰਚ ਨੂੰ ਪਛਾਣਿਆ ਹੈ। ਰਬੀ ਸੰਗੀਤ ਨਾਲ ਇਕਸੁਰ ਗਿਆਨ ਇੰਦਰੀਆਂ ਵਾਲੀ ਸੰਗੀਤਕ ਦੇਹੀ ਦੀ ਹਾਰਮਨੀ ਦਾ ਸੰਕਲਪ ਪੇਸ਼ ਕੀਤਾ ਹੈ। ਗੁਰਬਾਣੀ ਦੀ ਨਾਰੀ ਦਲਿਤ ਵਰਗ ਪ੍ਰਤੀ ਕ੍ਰਾਂਤੀਕਾਰੀ ਦ੍ਰਿਸ਼ਟੀ ਉਜਾਗਰ ਕੀਤੀ ਹੈ। ਉਸ ਨੇ ਗੁਰਬਾਣੀ ਦੀ ਪਲੂਰਲੇ/ਉਤਰ-ਆਧੁਨਿਕ ਪਹੁੰਚ ਬਾਰੇ ਚਰਚਾ ਵੀ ਕੀਤੀ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਪੰਜਾਬੀ ਕਵਿਤਾ ਦਾ ਬਿੰਬ ਵਿਧਾਨਕ ਅਧਿਐਨ
ਲੇਖਕ : ਡਾ: ਕੁਲਵਿੰਦਰ ਸਿੰਘ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 143

\ਸੰਪਰਕ : 99151-29747.ਹਥਲੀ ਖੋਜ ਪੁਸਤਕ ਵਿਚ ਲੇਖਕ ਨੇ ਆਧੁਨਿਕ ਪੰਜਾਬੀ ਕਵੀਆਂ ਦੀ ਕਈ ਪੱਖਾਂ ਤੋਂ ਪ੍ਰਤੀਨਿਧਤਾ ਕਰਨ ਵਾਲਿਆਂ ਵਿਚੋਂ ਕੇਵਲ ਸੁਰਜੀਤ ਪਾਤਰ, ਅਮਰਜੀਤ ਕੌਂਕੇ, ਸ਼ਸ਼ੀ ਸਮੁੰਦਰਾਂ ਅਤੇ ਵਰਿੰਦਰ ਪਰਿਹਾਰ ਦੀਆਂ ਕਾਵਿ ਰਚਨਾਵਾਂ ਨੂੰ ਆਧਾਰ ਬਣਾ ਕੇ ਇਨ੍ਹਾਂ ਕਵੀਆਂ ਦੀ ਕਾਵਿ ਬਿੰਬ ਸਿਰਜਣ ਦੀ ਪ੍ਰਤਿਭਾ ਦਾ ਸਾਰਥਕ ਉਲੇਖ ਕੀਤਾ ਹੈ। ਪੁਸਤਕ ਦਾ ਪਹਿਲਾ ਅਧਿਆਇ ਕਾਵਿ-ਬਿੰਬ ਵਿਧਾਨ ਦੇ ਸਿਧਾਂਤਕ ਪਰਿਪੇਖ ਨੂੰ ਪਾਠਕਾਂ ਸਾਹਮਣੇ ਲਿਆਉਂਦਾ ਹੈ। ਕਾਵਿ ਬਿੰਬ ਦੀ ਉਤਪਤੀ ਪੱਛਮੀ ਅਤੇ ਭਾਰਤੀ ਪੜਚੋਲਕਾਂ ਦੁਆਰਾ ਦਰਸਾਈਆਂ ਦ੍ਰਿਸ਼ਟੀਆਂ ਅਤੇ ਪੰਜਾਬੀ ਕਾਵਿ ਵਿਚ ਇਸਦਾ ਮੁਹਾਂਦਰਾ ਤੁਲਨਾਤਮਿਕ ਦ੍ਰਿਸ਼ਟੀ ਤੋਂ ਪੇਸ਼ ਕੀਤਾ ਹੈ। ਕਾਵਿ ਬਿੰਬ ਦਾ ਖੇਤਰ, ਕਵਿਤਾ ਵਿਚ ਇਸ ਦਾ ਮਹੱਤਵ, ਇਸ ਦੀਆਂ ਬਹੁ ਪਰਤੀ ਵਿਸ਼ੇਸ਼ਤਾਵਾਂ, ਨਿਰਮਾਣਕਾਰੀ ਵਾਲੇ ਤੱਤ ਅਤੇ ਬਿੰਬਾਂ ਦਾ ਵਰਗੀਕਰਨ ਕਰਨਾ ਇਸ ਅਧਿਆਇ ਦਾ ਵਿਸ਼ੇਸ਼ ਹਾਸਲ ਹੈ। ਸੁਰਜੀਤ ਪਾਤਰ ਦੇ ਕਾਵਿ ਜਗਤ ਵਿਚ ਬਿੰਬਾਂ ਦੀ ਸਰਜ਼ਮੀਨ ਤੋਂ ਆਰੰਭ ਕਰਕੇ ਰੁੱਖ, ਬੂਟੇ, ਕਬਰ, ਆਦਮੀ ਆਦਿ ਸਬੰਧੀ ਸਿਰਜੇ ਬਿੰਬਾਂ ਦੀ ਮਹਾਨਤਾ ਅਤੇ ਵਿਲੱਖਣਤਾ ਦਰਸਾਈ ਹੈ। ਇਹ ਚਰਚਾ ਉਸ ਦੀਆਂ ਲਗਪਗ ਸਾਰੀਆਂ ਪੁਸਤਕਾਂ 'ਤੇ ਆਧਾਰਿਤ ਹੈ। ਇਸੇ ਤਰ੍ਹਾਂ ਅਮਰਜੀਤ ਕੌਂਕੇ ਦੀ ਕਵਿਤਾ ਦਾ ਬਿੰਬ ਵਿਧਾਨਕ ਸਰੂਪ ਦਾ ਉਸਾਰ ਪਿਆਰ, ਵਿਛੋੜਾ, ਮਿਲਨ ਦੀ ਤਾਂਘ ਆਦਿ ਮਨੋਵੇਗਾਂ ਵਿਚੋਂ ਸਿਰਜੇ ਹੋਏ ਬਿੰਬ ਉਸ ਦੀਆਂ ਕਾਵਿ ਪੁਸਤਕਾਂ-ਨਿਰਵਾਣ ਦੀ ਤਲਾਸ਼, ਦਵੰਦ ਕਥਾ, ਯਕੀਨ, ਸ਼ਬਦ ਰਹਿਣਗੇ ਕੋਲ, ਸਿਮਰਤੀਆਂ ਦੀ ਲਾਲਟੈਣ, ਪਿਆਸ ਆਦਿ ਵਿਚੋਂ ਉਦਾਹਰਨਾਂ ਸਹਿਤ ਅੰਕਿਤ ਕੀਤੇ ਹਨ।
ਸ਼ਸ਼ੀ ਸਮੁੰਦਰਾਂ ਦੇ ਸਮੁੱਚੇ ਕਾਵਿ ਵਿਚ ਪ੍ਰਗਟ ਅਸਤਿੱਤਵ ਦੀਆਂ ਗੁੰਝਲਾਂ, ਔਰਤ ਮਰਦ ਦੇ ਵਿਭਿੰਨ ਰਿਸ਼ਤਿਆਂ ਦੀਆਂ ਤਹਿਆਂ ਵਿਚੋਂ ਸਹਿਜੇ ਪ੍ਰਗਟ ਹੋਏ ਵਿਭਿੰਨ ਬਿੰਬਾਂ ਨੂੰ ਸਾਰਥਕ ਤਰੀਕੇ ਨਾਲ ਪਛਾਣ ਕੇ ਅਤੇ ਉਸ ਦੁਆਰਾ ਕੁਦਰਤ ਤੋਂ ਸਿਰਜੇ ਬਿੰਬ, ਇੰਦਰਿਆਵੀ ਬਿੰਬ, ਦ੍ਰਿਸ਼ ਅਤੇ ਸਪੱਰਸ਼, ਨਾਦ, ਗੰਧ ਆਦਿ ਅਨੇਕਾਂ ਬਿੰਬਾਂ ਨੂੰ ਬਰੀਕੀ 'ਚ ਪਛਾਣਿਆ ਹੈ।

-ਡਾ: ਜਗੀਰ ਸਿੰਘ ਨੂਰ
ਮੋ: 98142-09732.

c c c


ਇਟਲੀ ਵਿਚ ਸਿੱਖ ਫ਼ੌਜੀ
ਲੇਖਕ : ਬਲਵਿੰਦਰ ਸਿੰਘ ਚਾਹਲ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 250 ਰੁਪਏ, ਸਫ਼ੇ : 220
ਸੰਪਰਕ : 98141-01312.

ਬਲਵਿੰਦਰ ਸਿੰਘ ਚਾਹਲ (ਮਾਧੋ ਜੰਡਾ) ਨੇ ਆਪਣੀ ਹਥਲੀ ਪੁਸਤਕ ਵਿਚ ਦੂਜੇ ਵਿਸ਼ਵ ਯੁੱਧ ਦੌਰਾਨ ਇਟਲੀ ਦੇ ਫਰੰਟ ਉੱਪਰ ਸਿੱਖਾਂ ਦੀ ਬਹਾਦਰੀ ਦੇ ਕੁਝ ਇਤਿਹਾਸਕ ਵੇਰਵੇ ਅੰਕਿਤ ਕਰਕੇ ਪੰਜਾਬੀਆਂ ਦੇ ਗੌਰਵ ਅਤੇ ਕੀਰਤੀ ਦਾ ਉਲੇਖ ਕੀਤਾ ਹੈ।
ਲੇਖਕ ਨੇ ਇਸ ਪੁਸਤਕ ਦੀ ਸਮੱਗਰੀ ਨੂੰ ਛੇ ਉਪਭਾਗਾਂ ਵਿਚ ਇਕੱਤਰ ਕਰਕੇ ਬਿਆਨ ਕੀਤਾ ਹੈ। ਪਹਿਲੇ ਭਾਗ ਵਿਚ ਦੂਜੇ ਵਿਸ਼ਵ ਯੁੱਧ ਦੇ ਕਾਰਨਾਂ ਉੱਪਰ ਰੌਸ਼ਨੀ ਪਾਈ ਗਈ ਹੈ। ਜਰਮਨੀ ਅਤੇ ਇਟਲੀ ਵਿਚ ਫਾਸ਼ੀਵਾਦੀ ਤਾਕਤਾਂ ਦੇ ਉੱਥਾਨ ਨੂੰ ਵਿਸਤਾਰ ਨਾਲ ਪੇਸ਼ ਕੀਤਾ ਗਿਆ ਹੈ। ਦੂਜੇ ਭਾਗ ਵਿਚ ਲਾਰਡ ਡਲਹੌਜ਼ੀ ਦੀ ਨੀਤੀ ਅਧੀਨ ਸਿੱਖਾਂ ਨੂੰ ਬ੍ਰਿਟਿਸ਼ ਆਰਮੀ ਵਿਚ ਭਰਤੀ ਕਰਨ ਦੀ ਪ੍ਰਕਿਰਿਆ ਨੂੰ ਬਿਆਨ ਕੀਤਾ ਹੈ। ਤੀਜਾ ਭਾਗ ਜਰਮਨੀ ਅਤੇ ਇਟਲੀ ਦੇ ਗਠਬੰਧਨ ਦੇ ਕਾਰਨਾਂ ਬਾਰੇ ਜਾਣਕਾਰੀ ਦਿੰਦਾ ਹੈ। ਜੰਗ ਦੇ ਦੌਰਾਨ ਬਹੁਤ ਸਾਰੇ ਇਟਲੀ ਨਿਵਾਸੀ, ਇਤਿਹਾਦੀ (ਇੰਗਲੈਂਡ, ਫਰਾਂਸ) ਫ਼ੌਜਾਂ ਨਾਲ ਮਿਲ ਗਏ ਸਨ, ਜਿਸ ਕਾਰਨ ਜਰਮਨੀ ਦੀ ਫ਼ੌਜ ਨੇ ਇਟਲੀ ਦੇ ਲੋਕਾਂ ਉੱਪਰ ਬੇਪਨਾਹ ਜ਼ੁਲਮ ਢਾਏ। ਇਟਲੀ ਦੇ ਮਜ਼ਲੂਮ ਲੋਕਾਂ ਨੂੰ ਬਚਾਉਣ ਅਤੇ ਉਨ੍ਹਾਂ ਦੇ ਪੁਨਰਵਾਸ ਲਈ ਸਿੱਖ ਰੈਜਮੈਂਟਾਂ ਅੱਗੇ ਹੋ ਕੇ ਲੜੀਆਂ ਅਤੇ ਉਨ੍ਹਾਂ ਨੇ ਜਰਮਨਾਂ ਨੂੰ ਖਦੇੜ ਕੇ ਮਾਨਵਤਾ ਨੂੰ ਵਧੇਰੇ ਲਹੂ-ਲੁਹਾਨ ਅਤੇ ਸ਼ਰਮਸਾਰ ਹੋਣ ਤੋਂ ਬਚਾ ਲਿਆ।
ਪੁਸਤਕ ਦੇ ਚੌਥੇ ਭਾਗ ਵਿਚ ਸਿੱਖਾਂ ਦੇ ਇਟਲੀ ਵਿਚ ਪਾਏ ਯੋਗਦਾਨ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਲੇਖਕ ਅਨੁਸਾਰ ਸਿੱਖ ਫ਼ੌਜੀਆਂ ਵਿਚ ਪੰਜਾਬ ਦੀਆਂ ਸਿੱਖ ਰਿਆਸਤਾਂ ਦੇ ਫ਼ੌਜੀ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਸਨ। ਪੰਜਵੇਂ ਭਾਗ ਵਿਚ ਯੁੱਧ ਨਾਲ ਸਬੰਧਿਤ ਲੋਕਾਂ ਨਾਲ ਕੁਝ ਮੁਲਾਕਾਤਾਂ ਦੇ ਵੇਰਵੇ ਹਨ। ਛੇਵੇਂ ਅਤੇ ਅੰਤਿਮ ਭਾਗ ਵਿਚ ਸਿੱਖਾਂ ਨੂੰ ਪ੍ਰਾਪਤ ਹੋਏ ਬੀਰਤਾ-ਮੈਡਲਾਂ ਅਤੇ ਹੋਰ ਐਵਾਰਡਾਂ ਦਾ ਵਿਵਰਣ ਹੈ। ਇਟਲੀ ਵਿਚ ਬਹੁਤ ਥਾਵਾਂ ਉੱਪਰ ਸਿੱਖਾਂ ਦੀ ਬੀਰਤਾ ਦਾ ਰਿਣ ਉਤਾਰਨ ਲਈ ਬੜੇ ਸੁੰਦਰ ਸਮਾਰਕ ਬਣੇ ਹੋਏ ਹਨ। ਬਲਵਿੰਦਰ ਸਿੰਘ ਚਾਹਲ ਨੇ ਇਸ ਪੁਸਤਕ ਦੀ ਸਿਰਜਣਾ ਕਰਕੇ ਆਪਣੇ ਮਾਨਵੀ ਧਰਮ ਦਾ ਸਾਰਥਿਕ ਨਿਰਬਾਹ ਕਰ ਦਿੱਤਾ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਕਿਲੇ ਦੇ ਮੋਤੀ
ਲੇਖਕ : ਹੀਊ ਜੇ.ਐਮ. ਜੌਹਨਸਟਨ
ਅਨੁਵਾਦਕ : ਹਰਪ੍ਰੀਤ ਸੇਖਾ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ, ਪੰਜਾਬ
ਮੁੱਲ : 250 ਰੁਪਏ, ਸਫ਼ੇ : 325
ਸੰਪਰਕ : 98767-10809.

'ਕਿਲੇ ਦੇ ਮੋਤੀ' ਹੀਊ ਜੇ. ਐਮ. ਜੌਹਨਸਟਨ ਦੁਆਰਾ ਲਿਖੀ ਪੁਸਤਕ 'ਜਿਊਲਜ਼ ਆਫ ਦਾ ਕਿਲਾ' ਪੁਸਤਕ ਦਾ ਪੰਜਾਬੀ ਅਨੁਵਾਦ ਹੈ ਜੋ ਹਰਪ੍ਰੀਤ ਸੇਖਾ ਦੁਆਰਾ ਕੀਤਾ ਗਿਆ ਹੈ। ਇਸ ਪੁਸਤਕ ਵਿਚ ਕਪੂਰ ਸਿੰਘ ਸਿੱਧੂ ਜੋ ਕਿ ਇਕ ਪੰਜਾਬੀ ਵਿਅਕਤੀ ਸੀ, ਜਿਸ ਨੇ ਕੈਨੇਡਾ ਦੀ ਧਰਤੀ 'ਤੇ ਸੰਘਰਸ਼ੀ ਜੀਵਨ ਜਿਊਂਦਿਆਂ ਹੋਇਆਂ ਕਿਵੇਂ ਆਪਣੇ ਪਰਿਵਾਰ ਨੂੰ ਸਥਾਪਿਤ ਕੀਤਾ ਅਤੇ ਪੰਜਾਬੀ ਭਾਈਚਾਰੇ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਵਿਚੋਂ ਕਿਵੇਂ ਉਸ ਦਾ ਜੀਵਨ ਗੁਜ਼ਰਿਆ, ਉਸ ਨੂੰ ਲੇਖਕ ਨੇ ਪੁਸਤਕ ਵਿਚ 'ਇਕ ਇੰਡੋ-ਕੈਨੇਡੀਅਨ ਪਰਿਵਾਰ ਦੀ ਸ਼ਾਨਾਮੱਤੀ ਕਹਾਣੀ' ਸਿਰਲੇਖ ਨਾਲ ਪੇਸ਼ ਕੀਤਾ ਹੈ। ਕਪੂਰ ਸਿੰਘ ਸਿੱਧੂ ਦਾ ਜਨਮ 1885 ਈ: ਨੂੰ ਕੰਢੀ ਇਲਾਕੇ ਦੇ ਪਿੰਡ ਖੜੌਦੀ ਵਿਚ ਹੋਇਆ ਤੇ ਦਿਹਾਂਤ 16 ਫਰਵਰੀ, 1964 ਨੂੰ ਔੜ ਨਜ਼ਦੀਕ ਫਿਲੌਰ ਵਿਖੇ ਹੋਇਆ। ਇਸ ਪੁਸਤਕ ਵਿਚਲਾ ਸਮਾਂ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੇ ਕਾਲ ਵਿਚ ਫੈਲਿਆ ਹੋਇਆ ਹੈ। ਕਪੂਰ ਸਿੰਘ ਸਿੱਧੂ ਸਰਦੇ ਪੁੱਜਦੇ ਪਰਿਵਾਰ ਵਿਚ ਪੈਦਾ ਹੋਇਆ ਸੀ ਤੇ ਉਸ ਵੇਲੇ ਆਮ ਕੈਨੇਡਾ ਜਾਣ ਦਾ ਸੁਪਨਾ ਸੀ ਕਿ ਬਾਹਰਲੇ ਮੁਲਕ ਜਾਓ, ਕੰਮ ਕਰੋ, ਖੁਸ਼ਹਾਲ ਹੋਵੋ ਅਤੇ ਵਾਪਸ ਆ ਕੇ ਦੇਸ਼ ਦੀ ਆਜ਼ਾਦੀ ਵਿਚ ਹਿੱਸਾ ਪਾਓ। ਭਾਵੇਂ ਕਿ ਸਿੱਧੂ ਪਰਿਵਾਰ ਦੀ ਨਿੱਜੀ ਜ਼ਿੰਦਗੀ ਨੂੰ ਇਸ ਪੁਸਤਕ ਵਿਚ ਮੂਲ ਵਿਸ਼ੇ ਵਜੋਂ ਪੇਸ਼ ਕੀਤਾ ਗਿਆ ਹੈ ਪਰ ਤਤਕਾਲੀ ਸਮੇਂ ਦੀਆਂ ਇਤਿਹਾਸਕ, ਭੂਗੋਲਿਕ ਅਤੇ ਪੰਜਾਬੀ ਲੋਕਾਂ ਦੇ ਸੰੰਘਰਸ਼ੀ ਜੀਵਨ ਨੂੰ ਇਸ ਪੁਸਤਕ ਵਿਚ ਤੱਥਾਂ ਸਹਿਤ ਅਤੇ ਖੋਜ ਸਰੋਤਾਂ ਨਾਲ ਪੇਸ਼ ਕੀਤਾ ਗਿਆ ਹੈ। ਇਸ ਪੁਸਤਕ ਵਿਚ ਕਾਮਾਗਾਟਾਮਾਰੂ ਅਤੇ ਗ਼ਦਰ ਲਹਿਰ ਦੇ ਇਤਿਹਾਸਕ ਪੱਖ ਨੂੰ ਵੀ ਪੇਸ਼ ਕੀਤਾ ਗਿਆ ਹੈ।

c c c

ਸਫ਼ਰ ਜ਼ਿੰਦਗੀ ਦਾ
(ਰਾਮਦੇਵ ਪਾਟਨੀ)
ਅਨੁਵਾਦਕ : ਸ੍ਰੀ ਹਰੀਕ੍ਰਿਸ਼ਨ ਮਾਇਰ
ਪ੍ਰਕਾਸ਼ਕ : ਗੋਰਕੀ ਪਬਲਿਸ਼ਰਜ਼, ਲੁਧਿਆਣਾ
ਮੁੱਲ : 100 ਰੁਪਏ, ਸਫ਼ੇ : 124
ਸੰਪਰਕ : 0172-2660807.

ਹਥਲੀ ਪੁਸਤਕ 'ਸਫ਼ਰ ਜ਼ਿੰਦਗੀ ਦਾ (ਰਾਮਦੇਵ ਪਾਟਨੀ' ਰਾਮਦੇਵ ਪਾਟਨੀ ਦੀ ਸਵੈ-ਜੀਵਨੀ 'ਏ ਲਾਈਫ਼ ਆਫ ਐਕਸਟਰਾਔਡਨਰੀ ਆਫ ਏ ਕੌਮਨਰ' ਦਾ ਪੰਜਾਬੀ ਅਨੁਵਾਦ ਹੈ ਜਿਸ ਨੂੰ ਪੀ.ਈ. ਐਸ. (ਸੇਵਾ ਮੁਕਤ) ਅਧਿਕਾਰੀ ਸ੍ਰੀ ਹਰੀ ਕ੍ਰਿਸ਼ਨ ਮਾਇਰ ਦੁਆਰਾ ਕੀਤਾ ਗਿਆ ਹੈ। ਇਸ ਪੁਸਤਕ ਵਿਚ ਸ੍ਰੀ ਰਾਮਦੇਵ ਪਾਟਨੀ ਦੀ ਜਿਥੇ ਨਿੱਜੀ ਜ਼ਿੰਦਗੀ, ਸੰਘਰਸ਼ ਅਤੇ ਪ੍ਰਾਪਤੀਆਂ ਦਾ ਜ਼ਿਕਰ ਛੇੜਿਆ ਗਿਆ ਹੈ, ਉਥੇ ਸਮਕਾਲੀ, ਸਮਾਜਿਕ, ਇਤਿਹਾਸਕ ਪ੍ਰਸਥਿਤੀਆਂ ਦਾ ਵੀ ਭਾਵਪੂਰਤ ਢੰਗ ਨਾਲ ਵਰਨਣ ਕੀਤਾ ਗਿਆ ਹੈ। ਸ੍ਰੀ ਰਾਮਦੇਵ ਪਾਟਨੀ ਦਾ ਜਨਮ ਚਨਿਓਟ ਪਾਕਿਸਤਾਨ ਵਿਚ ਹੋਇਆ ਅਤੇ ਉਨ੍ਹਾਂ ਦਾ ਪਰਿਵਾਰ ਆਰੀਆ ਸਮਾਜੀ ਸੰਸਕਾਰਾਂ ਦਾ ਧਾਰਨੀ ਸੀ। ਚਨਿਓਟ ਵਿਚ ਰਹਿੰਦਿਆਂ ਉਹ ਆਪਣੇ ਪਰਿਵਾਰਕ ਜੀਵਨ ਦਾ ਵਰਨਣ ਵੀ ਕਰਦਾ ਹੈ ਅਤੇ ਆਪਣੇ ਪਿਤਾ ਜੀ ਦੁਆਰਾ ਕੀਤੇ ਸਮਾਜਿਕ ਕਾਰਜਾਂ ਦਾ ਜ਼ਿਕਰ ਵੀ ਕਰਦਾ ਹੈ, ਜਿਨ੍ਹਾਂ ਨੂੰ ਲੋਕ ਪਿਆਰ ਨਾਲ 'ਮਹਾਸ਼ਾ ਜੀ' ਆਖਦੇ ਸਨ। ਉਹ ਚਨਿਓਟ ਦੇ ਉਨ੍ਹਾਂ ਲੋਕਾਂ ਦਾ ਜ਼ਿਕਰ ਵੀ ਕਰਦਾ ਹੈ, ਜਿਨ੍ਹਾਂ ਨੇ ਆਪਣੇ-ਆਪਣੇ ਖੇਤਰ ਵਿਚ ਬਹੁਤ ਨਾਮਣਾ ਖੱਟਿਆ, ਜਿਨ੍ਹਾਂ ਵਿਚ ਭਗਵਾਨ ਦਾਸ ਵਕੀਲ, ਮਲਿਕ ਜੀਵਨ ਲਾਲ ਕਪੂਰ ਜੋ ਸੁਪਰੀਮ ਕੋਰਟ ਦਾ ਜੱਜ ਬਣਿਆ, ਗੋਸਵਾਮੀ ਗਣੇਸ਼ ਦੱਤ ਅਤੇ ਹੋਰ ਵੀ ਕਈ ਸ਼ਖ਼ਸੀਅਤਾਂ ਦਾ ਜ਼ਿਕਰ ਉਹ ਬੜੇ ਅਦਬ ਨਾਲ ਕਰਦਾ ਹੈ। ਇਸ ਸਵੈਜੀਵਨੀ ਦੀ ਵਿਸ਼ੇਸ਼ਤਾ ਹੈ ਕਿ ਜਿਥੇ ਇਸ ਵਿਚ ਦੇਸ਼ ਵੰਡ ਦੀ ਕਰੁਣਾਮਈ ਸਥਿਤੀ ਦਾ ਵਰਨਣ ਹੈ, ਫਿਰ ਪੰਜਾਬੀ ਸੂਬੇ ਬਾਰੇ ਜ਼ਿਕਰ ਹੈ, ਪੰਜਾਬ ਸੰਤਾਪ ਦੀ ਦੁਖਾਂਤਕ ਹਾਲਤ ਬਾਰੇ ਵੇਰਵਾ ਹੈ, ਉਥੇ ਦੇਸ਼ ਵੰਡ ਤੋਂ ਪਹਿਲਾਂ ਅਤੇ ਬਾਅਦ ਵਿਚ ਵਿਦਿਅਕ ਸਥਿਤੀ ਦਾ ਵੀ ਭਾਵਪੂਰਤ ਜ਼ਿਕਰ ਹੈ। ਇਸ ਦੇ ਨਾਲ ਹੀ ਜਦੋਂ ਲੇਖਕ ਦੇਸ਼ ਵੰਡ ਤੋਂ ਬਾਅਦ ਦੁਬਾਰਾ ਆਪਣੇ ਇਲਾਕੇ ਚਨਿਓਟ ਵਿਚ ਜਾਂਦਾ ਹੈ ਤਾਂ ਉਸ ਦਾ ਵਰਨਣ ਕਾਫੀ ਭਾਵੁਕ ਤਰੀਕੇ ਨਾਲ ਕਰਦਾ ਹੈ। ਰਾਮਦੇਵ ਪਾਟਨੀ ਦੀ ਇਹ ਅਨੁਵਾਦਿਤ ਸਵੈਜੀਵਨੀ ਮੌਲਿਕਤਾ ਦੀ ਝਲਕ ਪੇਸ਼ ਕਰਦੀ ਹੈ।

-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.

c c c

ਪੰਜਾਬੀ ਕਹਾਣੀ : ਸਿਧਾਂਤ ਅਤੇ ਸਰੋਕਾਰ
ਸੰਪਾਦਕ : ਡਾ: ਕਿਰਨਦੀਪ ਸਿੰਘ ਕਿਰਨ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 110
ਸੰਪਰਕ : 90410-42823.

ਪੰਜਾਬੀ ਕਹਾਣੀ ਦੇ ਸਿਧਾਂਤਾਂ ਅਤੇ ਸਰੋਕਾਰਾਂ ਬਾਰੇ ਪਿਛਲੇ ਲੰਮੇ ਸਮੇਂ ਤੋਂ ਬਹੁਤ ਉੱਚ-ਕੋਟੀ ਦੀ ਸਮੀਖਿਆ ਹੋ ਰਹੀ ਹੈ। ਕਹਾਣੀ ਹਰਮਨ-ਪਿਆਰੀ ਅਤੇ ਵੱਧ ਪੜ੍ਹੀ ਜਾਣ ਵਾਲੀ ਵਿਧਾ ਹੈ। ਇਸ ਪੁਸਤਕ ਵਿਚ ਇਕ ਖ਼ਾਸ ਸੰਸਥਾ ਦੇ ਅਧਿਆਪਕਾਂ ਅਤੇ ਖੋਜਾਰਥੀਆਂ ਨੇ ਰਲ ਕੇ ਪੰਜਾਬੀ ਕਹਾਣੀ ਦੇ ਸਿਧਾਂਤਾਂ ਬਾਰੇ ਇਕ ਚਰਚਾ ਕੀਤੀ ਹੈ। 10 ਦੇ ਕਰੀਬ ਇਨ੍ਹਾਂ ਲੇਖਾਂ ਵਿਚ ਪੰਜਾਬੀ ਕਹਾਣੀ ਦੇ ਨਿਕਾਸ, ਵਿਕਾਸ, ਅਨੇਕਾਂ ਸਰੋਕਾਰਾਂ ਆਦਿ ਦੀ ਪੇਸ਼ਕਾਰੀ ਕੀਤੀ ਹੈ। ਪਹਿਲਾ ਲੇਖ ਪੁਸਤਕ ਦੇ ਸੰਪਾਦਕ ਡਾ: ਕਿਰਨਦੀਪ ਸਿੰਘ ਕਿਰਨ ਦਾ 'ਪੰਜਾਬੀ ਕਹਾਣੀ : ਉਦਭਵ, ਵਿਕਾਸ ਅਤੇ ਸਰੋਕਾਰ', ਦੂਜਾ ਡਾ: ਬਲਵਿੰਦਰ ਸਿੰਘ ਥਿੰਦ ਦਾ 'ਪੰਜਾਬੀ ਕਹਾਣੀ ਦਾ ਸਿਧਾਂਤਕ ਪਰਿਪੇਖ', ਡਾ: ਮਨਿੰਦਰ ਕੌਰ-'ਪੰਜਾਬੀ ਕਹਾਣੀ ਰੀਤੀਗਤ ਸਰੋਕਾਰ', ਡਾ: ਹਰਜੀਤ ਸਿੰਘ-ਪੰਜਾਬੀ ਕਹਾਣੀ : ਮਾਰਕਸਵਾਦੀ ਸਰੋਕਾਰ (ਟੀ.ਆਰ. ਵਿਨੋਦ ਦੇ ਸੰਦਰਭ ਵਿਚ), ਅਸ਼ੋਕ ਕੁਮਾਰ-'ਪੰਜਾਬੀ ਕਹਾਣੀ-ਪੇਂਡੂ ਅਤੇ ਸ਼ਹਿਰੀ ਜੀਵਨ ਦਾ ਯਥਾਰਥ', ਡਾ: ਸਵਿੰਦਰਪਾਲ ਕੌਰ-'ਪੰਜਾਬੀ ਕਹਾਣੀ-ਲਿੰਗ ਸਬੰਧਾਂ ਦਾ ਚਿਤਰਣ', ਡਾ: ਸੰਦੀਪ ਕੌਰ-'ਪੰਜਾਬੀ ਕਹਾਣੀ-ਨਾਰੀਵਾਦ ਸਰੋਕਾਰ', ਗੁਰਦਰਸ਼ਨ ਸਿੰਘ-'ਪੰਜਾਬੀ ਕਹਾਣੀ : ਆਰਥਿਕ ਸਰੋਕਾਰ', ਹਰਪ੍ਰੀਤ ਸਿੰਘ-ਪੰਜਾਬੀ ਕਹਾਣੀ ਸੰਗ੍ਰਹਿ : 'ਡਾਇਮੰਡ ਰਿੰਗ' ਵਿਚਲੇ ਪਰਵਾਸੀ ਸਰੋਕਾਰ, ਲਖਵੀਰ ਚੰਦ-'ਪੰਜਾਬੀ ਕਹਾਣੀ ਵਿਚ ਔਰਤ ਮਰਦ ਸਬੰਧਾਂ ਦਾ ਜਟਿਲ ਬਿਰਤਾਂਤ' ਆਦਿ ਹਨ।
ਇਹ ਸਾਰੇ ਲੇਖ ਪੰਜਾਬੀ ਕਹਾਣੀ ਬਾਰੇ ਚਲ ਰਹੀ ਵਿਚਾਰ-ਚਰਚਾ ਨੂੰ ਆਧਾਰ ਬਣਾ ਕੇ ਇਸ ਪੁਸਤਕ ਦੀ ਸਿਰਜਣਾ ਦਾ ਕੇਂਦਰ ਬਣਦੇ ਹਨ। ਅਕਾਦਮਿਕ ਲੋੜਾਂ ਦੀ ਪੂਰਤੀ ਵਿਚੋਂ ਉਪਜੀ ਇਸ ਸਮੀਖਿਆ ਦਾ ਵਿਦਿਆਰਥੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਕਾਫੀ ਲਾਭ ਹੋਵੇਗਾ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511

c c c

ਵਿਦੁਰ ਨੀਤੀ
ਅਨੁ: ਡਾ: ਅਮਰ ਕੋਮਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 160
ਸੰਪਰਕ : 84378-73565.

ਡਾ: ਅਮਰ ਕੋਮਲ ਦੁਆਰਾ ਸੰਸਕ੍ਰਿਤ ਤੋਂ ਅਨੁਵਾਦਿਤ ਇਹ ਪੁਸਤਕ 8 ਅਧਿਆਵਾਂ ਵਿਚ ਵੰਡੀ ਹੋਈ ਹੈ। ਹਰ ਅਧਿਆਇ ਮੁੱਖ ਸਲੋਕ ਨਾਲ ਸ਼ੁਰੂ ਹੁੰਦਾ ਹੈ. ਹਰ ਮੁੱਖ ਸਲੋਕ ਤੋਂ ਬਾਅਦ ਵਿਆਖਿਆਤਮਕ ਸਲੋਕ ਆਰੰਭ ਹੁੰਦੇ ਹਨ, ਜਿਨ੍ਹਾਂ ਦੀ ਅੱਠਾਂ ਕਾਂਡਾਂ ਵਿਚ ਕ੍ਰਮਵਾਰ ਗਿਣਤੀ 128, 86, 77, 74, 84, 47, 85, 32 ਹੈ।
ਸਲੋਕਾਂ ਵਿਚ ਮੁੱਖ ਵਕਤਾ ਮਹਾਤਮਾ ਵਿਦੁਰ ਹੈ ਅਤੇ ਮੁੱਖ ਸਰੋਤਾ ਕੌਰਵਾਂ ਦਾ ਨਰੇਸ਼ ਧ੍ਰਿਤਰਾਸ਼ਟਰ ਹੈ। ਤਥਾਤਮਕਤਾ ਇਹ ਹੈ ਕਿ ਸੰਜਯ ਧ੍ਰਿਤਰਾਸ਼ਟਰ ਨੂੰ ਬੁਰਾ ਭਲਾ ਕਹਿ ਕੇ ਚਲਿਆ ਗਿਆ ਹੈ, ਜਿਸ ਨਾਲ ਧ੍ਰਿਤਰਾਸ਼ਟਰ ਬੇਚੈਨ ਹੋ ਗਿਆ। ਹੁਣ ਉਹ ਵਿਦੁਰ ਦੇ ਪ੍ਰਵਚਨ ਸੁਣ ਕੇ ਆਪਣਾ ਕਥਾਰਥਿਸ ਕਰਨਾ ਚਾਹੁੰਦਾ ਹੈ। ਇਸ ਸਾਰੀ ਰਚਨਾ ਦਾ ਮਨੋਰਥ ਇਹ ਹੈ ਕਿ ਧ੍ਰਿਤਰਾਸ਼ਟਰ ਨੂੰ ਵਿਦੁਰ ਸਮਝਾਉਂਦਾ ਹੈ ਕਿ ਉਹ ਪਾਂਡਵਾਂ ਨਾਲ ਧੱਕਾ ਨਾ ਕਰੇ ਅਤੇ ਆਪਣੇ ਰਾਜ ਧਰਮ ਨੂੰ ਪਛਾਣ ਕੇ ਪਾਂਡਵਾਂ ਨੂੰ ਗੁਜ਼ਾਰੇ ਜੋਗੇ ਪਿੰਡ ਸੌਂਪ ਦੇਵੇ ਪਰ ਧ੍ਰਿਤਰਾਸ਼ਟਰ ਸਭ ਕੁਝ ਸਮਝਦਾ ਹੋਇਆ ਪੁੱਤਰ ਦੁਰਯੋਧਨ ਦੇ ਮੋਹ ਅੱਗੇ ਬੇਵਸ ਹੈ। ਇੰਜ ਇਹ ਰਚਨਾ ਧਰਮ ਆਧਾਰਿਤ ਰਾਜਨੀਤੀ ਦਾ ਪ੍ਰਵਚਨ ਹੋ ਨਿੱਬੜੀ ਹੈ। ਅਨੁਵਾਦਕ ਅਨੁਸਾਰ ਮਹਾਂਭਾਰਤ ਦੇ ਸਮੇਂ ਤੋਂ ਅਜੋਕੇ ਸਮੇਂ ਤੱਕ ਕ੍ਰਾਂਤੀਕਾਰੀ ਪਰਿਵਰਤਨ ਆ ਚੁੱਕਾ ਹੈ। ਇਸ ਲਈ ਵਿਦੁਰ ਨੀਤੀ ਦਾ ਗਹਿਨ ਅਧਿਐਨ ਕਰਕੇ ਇਸ ਨੂੰ ਸਮੇਂ ਅਨੁਸਾਰ ਨਵ-ਅਰਥ ਪ੍ਰਦਾਨ ਕਰਕੇ, ਕਲਿਆਣਕਾਰੀ ਸਮਾਜ ਅਤੇ ਰਾਜ ਦੀ ਸਥਾਪਨਾ ਕੀਤੀ ਜਾ ਸਕਦੀ ਹੈ। ਇਸ ਪ੍ਰਯੋਜਨ ਦੀ ਪ੍ਰਾਪਤੀ ਲਈ ਕਰਨਯੋਗ ਕੰਮਾਂ ਅਤੇ ਨਾ ਕਰਨਯੋਗ ਕੰਮਾਂ ਦੀਆਂ ਲੰਮੀਆਂ ਸੂਚੀਆਂ ਦਿੱਤੀਆਂ ਹਨ, ਜਿਨ੍ਹਾਂ ਦੀ ਗਿਣਤੀ ਵੀ ਨਾਲੋ-ਨਾਲ ਉਪਬਲਧ ਹੈ। ਸ਼ਾਸਕਾਂ ਨੂੰ ਆਪਣਾ ਕਿਰਦਾਰ ਹਰ ਪੱਖੋਂ ਉੱਚਾ-ਸੁੱਚਾ ਰੱਖਣਾ ਬਣਦਾ ਹੈ। ਸਾਹਿਤਕ ਦ੍ਰਿਸ਼ਟੀ ਤੋਂ ਵਾਰਤਾਲਾਪ ਦੁਆਰਾ ਨਾਟਕੀ ਅੰਸ਼ ਪ੍ਰਵੇਸ਼ ਕਰ ਗਿਆ ਹੈ। ਪੂਰਵ-ਵਰਤੀ ਉਦਾਹਰਨਾਂ ਪ੍ਰਸਤੁਤ ਹਨ। ਵਿਦੁਰ ਰਾਜੇ ਲਈ ਹਰ ਥਾਂ ਸਤਿਕਾਰ ਸਹਿਤ ਸ਼ਬਦਾਵਲੀ ਦਾ ਪ੍ਰਯੋਗ ਕਰਦਾ ਹੋਇਆ ਵੀ ਧ੍ਰਿਤਰਾਸ਼ਟਰ ਨੂੰ ਖਰੀਆਂ-ਖਰੀਆਂ ਕਹਿਣ ਤੋਂ ਸੰਕੋਚ ਨਹੀਂ ਕਰਦਾ, ਵਿਚਾਰਾਂ ਦੀ ਭਿੰਨਤਾ ਦੇ ਬਾਵਜੂਦ ਇਹ ਰਚਨਾ ਨੀਤਸ਼ੇ ਦੀ 'ਦੱਸ ਸਪੇਕ ਜ਼ਰਥੁਸਟਰਾ' ਵਰਗੀ ਪ੍ਰਤੀਤ ਹੁੰਦੀ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 88376-79186.

c c c

ਹਰਜੀਤ ਕੌਰ ਬਾਜਵਾ ਦੇ ਕਹਾਣੀ ਸੰਗ੍ਰਹਿ
'ਗੁਲਮੋਹਰ' ਦਾ ਸਾਹਿਤਕ ਮੁਲਾਂਕਣ
ਸੰਪਾਦਕ : ਡਾ: ਰਜਿੰਦਰ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 98153-06825.

ਹਰਜੀਤ ਕੌਰ ਬਾਜਵਾ ਨੇ ਤਿੰਨ ਕਹਾਣੀ ਸੰਗ੍ਰਿਹ ਲਿਖੇ ਹਨ। ਇਨ੍ਹਾਂ ਵਿਚੋਂ 'ਗੁਲਮੋਹਰ' ਸੰਗ੍ਰਹਿ ਵਿਚ ਕੁੱਲ 14 ਕਹਾਣੀਆਂ ਹਨ। ਇਨ੍ਹਾਂ ਕਹਾਣੀਆਂ ਦਾ ਸਾਹਿਤਕ ਮੁਲਾਂਕਣ ਪ੍ਰਕਾਸ਼ਕ ਨੇ ਪੰਜਾਬੀ ਦੀਆ 19 ਇਸਤਰੀ ਵਿਦਵਾਨਾਂ ਤੋਂ ਕਰਵਾਇਆ ਹੈ। ਪੁਸਤਕ ਦੀਆਂ ਕਹਾਣੀਆਂ ਕੌੜਾ ਸੱਚ, ਠੋਕਰਾਂ, ਗੁਲਮੋਹਰ, ਮਿੰਦੋ ਕਮਲੀ, ਪਰਾਤ, ਸੁਰਖਰੂ, ਪੀੜ੍ਹੀ, ਬਿਸ਼ਨੀ ਬਲਾਟਿੰਗ ਪੇਪਰ ਦੇ ਵਿਭਿੰਨ ਪੱਖਾਂ ਤੇ ਪ੍ਰਭਾਵਸ਼ਾਲੀ ਲਿਖਤਾਂ ਹਨ। ਸੂਝਵਾਨ ਆਲੋਚਕਾਂ ਨੇ ਕਹਾਣੀਆਂ ਦੇ ਮੂਲ ਹਵਾਲੇ ਦੇ ਕੇ ਵਿਸ਼ਾ ਪੱਖ ਨੂੰ ਉਘਾੜਿਆ ਹੈ। ਡਾ: ਰਜਵਿੰਦਰ ਕੌਰ ਨਾਗਰਾ ਨੇ ਕਹਾਣੀਆਂ ਕਲੀਨ ਸ਼ੇਵਨ, ਪਰਾਤ ਤੇ ਮਿੰਦੋ ਕਮਲੀ ਦੇ ਅਧਿਐਨ ਵਿਚ ਦੇਸ਼ ਵੰਡ ਦੇ ਦੁਖਾਂਤ ਅਤੇ ਸੰਨ ਚੁਰਾਸੀ ਦੇ ਭਿਆਨਕ ਦੁਖਾਂਤ ਬਾਰੇ ਰੌਸ਼ਨੀ ਪਾਈ ਹੈ।
ਕਹਾਣੀਆਂ ਦੀਆਂ ਸਮਾਜਿਕ ਪ੍ਰਸਥਿਤੀਆਂ ਬਾਰੇ ਡਾ: ਗੁਰਪ੍ਰੀਤ ਕੌਰ ਦਾ ਲੇਖ, ਪ੍ਰੋ: ਜਗਰੂਪ ਕੌਰ ਨੇ ਔਰਤ ਦੇ ਦੁਖਾਂਤ ਨੂੰ ਰੂਪਮਾਨ ਕੀਤਾ ਹੈ। ਸਮਾਜਿਕ ਯਥਾਰਥ ਵਿਸ਼ਾ ਡਾ: ਸੁਖਵਿੰਦਰ ਕੌਰ ਤੇ ਕਹਾਣੀਆਂ ਦੇ ਨੈਤਿਕ ਮੁੱਲਾਂ ਦੀ ਕਿਰਨਪਾਲ ਕੌਰ ਨੇ ਨਿਸ਼ਾਨਦੇਹੀ ਕੀਤੀ ਹੈ। ਪੁਨੀਤ ਦਾ ਲੇਖ ਮਨੁੱਖੀ ਰਿਸ਼ਤਿਆਂ ਤੇ ਵੰਦਨਾ ਦਾ ਨਿਬੰਧ ਔਰਤ ਦੀ ਸੁਤੰਤਰ ਹੋਂਦ ਦਾ ਬਿਰਤਾਂਤ ਪੇਸ਼ ਕਰਦਾ ਹੈ। ਮਾਨਵੀ ਸਰੋਕਾਰਾਂ ਬਾਰੇ ਸੁਖਵੀਰ ਕੌਰ ਨੇ, ਡਾ: ਅਮਨਦੀਪ ਕੌਰ ਨੇ ਔਰਤ ਦੀਆਂ ਸਮਾਜਿਕ ਸਮਸਿਆਵਾਂ, ਪ੍ਰੋ: ਪਰਮਜੀਤ ਕੌਰ ਔਲਖ, ਪ੍ਰੋ: ਤੇਜਿੰਦਰ ਕੌਰ ਬੇਰੀ ਤੇ ਪ੍ਰੋ: ਰਾਜਵੀਰ ਕੌਰ ਨੇ ਨਾਰੀ ਸੰਵੇਦਨਾ ਬਾਰੇ ਖੋਜ ਕੀਤੀ ਹੈ। ਸਮੁੱਚਾ ਮੁਲਾਂਕਣ ਪ੍ਰੋ: ਸਰਬਜੀਤ ਕੌਰ ਤੇ ਜਸਪ੍ਰੀਤ ਕੌਰ ਨੇ ਕੀਤਾ ਹੈ। ਪੰਜਾਬੀ ਚਿੰਤਕ ਡਾ: ਟੀ. ਆਰ. ਵਿਨੋਦ, ਡਾ: ਜੀਤ ਸਿੰਘ ਜੋਸ਼ੀ, ਪ੍ਰੋ: ਨਰਿੰਦਰ ਸਿੰਘ ਕਪੂਰ, ਪ੍ਰੋ: ਕਿਰਪਾਲ ਸਿੰਘ ਕਸੇਲ, ਪ੍ਰੋ: ਬਲਵਿੰਦਰ ਕੌਰ ਬਰਾੜ, ਜੁਗਿੰਦਰ ਸਿੰਘ ਰਾਹੀ ਦੀਆਂ ਲਿਖਤਾਂ ਦੇ ਹਵਾਲੇ ਹਨ। ਭਾਸ਼ਾ ਸਰਲ ਤੇ ਕਹਾਣੀਆਂ ਲਈ ਜਗਿਆਸਾ ਪੈਦਾ ਕਰਨ ਵਾਲੀ ਹੈ।

-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160.

c c c

ਨੱਚੀ ਬਲਜੀਤ ਜਦੋਂ
ਲੇਖਕ : ਪ੍ਰੀਤਮ ਲੁਧਿਆਣਵੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 300 ਰੁਪਏ (ਸਜਿਲਦ), ਸਫ਼ੇ : 296
ਸੰਪਰਕ : 98764-28641.

ਪ੍ਰੀਤਮ ਲੁਧਿਆਣਵੀ ਸਰਬਾਂਗੀ ਪੰਜਾਬੀ ਲੇਖਕ ਹੈ। 'ਨੱਚੀ ਬਲਜੀਤ ਜਦੋਂ' ਪੰਜਵਾਂ ਕਾਵਿ-ਸੰਗ੍ਰਹਿ ਹੈ। ਇਸ ਕਾਵਿ-ਸੰਗ੍ਰਹਿ ਵਿਚ 275 ਗੀਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਗੀਤਾਂ ਵਿਚ ਅਜੋਕੇ ਪੰਜਾਬੀ ਜੀਵਨ ਦੇ ਸਾਮਿਅਕ ਵਿਸ਼ਿਆਂ ਨੂੰ ਲਿਆ ਗਿਆ ਹੈ। ਪ੍ਰੀਤਮ ਲੁਧਿਆਣਵੀ ਦਾ ਮੱਤ ਰਿਹਾ ਹੈ ਕਿ ਪੰਜਾਬ ਦੇ ਵਸਨੀਕ ਗੁਰੂਆਂ, ਪੀਰਾਂ, ਰਹਿਬਰਾਂ ਦਾ ਜ਼ਿਆਦਾ ਕਹਿਣਾ ਮੰਨਦੇ ਹਨ, ਇਸੇ ਲਈ ਉਹ ਪੁਰਾਣੇ ਪੰਜਾਬੀ ਸੱਭਿਆਚਾਰ ਦੀ ਪੁਨਰ ਸੰਰਚਨਾ ਲਈ ਸਾਈਂ ਬੁੱਲ੍ਹੇ ਸ਼ਾਹ ਨੂੰ ਯਾਦ ਕਰਦਾ ਹੈ :
ਅੱਜ ਸ਼ਰਮ-ਹਯਾ ਕਲਾਕਾਰਾਂ,
ਹੈ ਛਿੱਕੇ ਟੰਗ ਦਿੱਤੀ,
ਚਿੱਟੀ ਸੱਭਿਆਚਾਰ ਦੀ ਚਾਦਰ,
ਲੱਚਰਤਾ ਨਾਲ ਰੰਗ ਦਿੱਤੀ,
ਹੈ ਬਾਜ਼ਾਰ ਗਰਮ ਚਾਰੇ ਪਾਸੇ,
ਅਖੌਤੀ ਕਲਾਕਾਰ ਦਾ
ਅੱਜ ਬੇੜਾ ਆਣ ਬਚਾ ਲੈ,
ਡੁੱਬਦੇ ਸੱਭਿਆਚਾਰ ਦਾ।
ਗੀਤਕਾਰ ਦਾ ਮੋਹ ਪ੍ਰਕ੍ਰਿਤਕ ਵਰਤਾਰਿਆਂ ਨਾਲ ਹੈ ਇਸ ਲਈ ਦੇਸੀ ਫਲਦਾਰ ਬੂਟਿਆਂ ਦਾ ਮੋਹ ਕਰਦਾ ਹੈ, ਪਰਉਪਕਾਰ ਕਰਨ ਵਾਲੇ ਲੋਕਾਂ ਤੋਂ ਬਲਿਹਾਰੀ ਜਾਣਾ ਵੀ ਉਸ ਦਾ ਮੀਰੀ ਗੁਣ ਹੈ। ਗੀਤਕਾਰ ਭੋਲੀਆਂ-ਭਾਲੀਆਂ ਮੁਟਿਆਰਾਂ ਨੂੰ 'ਅਖੌਤੀ ਰਾਂਝਿਆਂ' ਦੇ ਝਾਂਸੇ ਵਿਚ ਆਉਣ ਤੋਂ ਵੀ ਸੁਚੇਤ ਕਰਦਾ ਹੈ। 'ਲੱਚਰ' ਗੀਤਕਾਰੀ ਅਤੇ ਗਾਇਕੀ ਦੇ ਉਹ ਖਿਲਾਫ਼ ਹੈ ਜੋ ਸਾਡੇ ਪਵਿੱਤਰ ਸਮਾਜਿਕ ਰਿਸ਼ਤਿਆਂ ਨੂੰ ਪਲੀਤ ਕਰ ਰਹੀ ਹੈ। ਪੁਸਤਕ ਵਿਚ ਪਤੀ-ਪਤਨੀ ਦੇ ਪਿਆਰ ਦਾ ਵਿਸ਼ਾ ਵੀ ਭਾਰੂ ਹੈ ਜੋ ਕਿ ਸਮੁੱਚੇ ਸਮਾਜ ਦੀ ਸਿਰਜਣਾ ਵਿਚ ਸਹਾਇਕ ਸਿੱਧ ਹੋ ਸਕਦਾ ਹੈ। ਲਗਪਗ 30 ਗੀਤ ਪਤੀ ਨਾਲ ਹੀ ਸਬੰਧਿਤ ਹਨ, ਜਿਨ੍ਹਾਂ ਵਿਚ ਪਤੀ-ਪ੍ਰੇਮ, ਪਤਨੀ ਨਾਲ ਗਿਲੇ-ਸ਼ਿਕਵਿਆਂ ਦੇ ਵਿਸ਼ੇ ਅੰਕਿਤ ਹਨ। ਵਿਦੇਸ਼ੀ ਭੇਜੇ ਧੀਆਂ-ਪੁੱਤਰਾਂ ਦੇ ਫ਼ਿਕਰ ਨੂੰ ਗੀਤਾਂ 'ਚ ਵਿਸ਼ਾ ਬਣਾਇਆ ਹੈ। ਪਤੀ-ਪਤਨੀ, ਮਾਂ-ਧੀ, ਆਸ਼ਕ-ਮਾਸ਼ੂਕ, ਭਗਤ-ਜਨਾਂ ਅਤੇ ਰੱਬ ਦੇ ਪਿਆਰ ਨੂੰ ਬਿਆਨਦਿਆਂ ਬਿਰਹੋਂ ਦੀਆਂ ਕਸਕਾਂ ਦਾ ਵੀ ਵਰਨਣ ਵੀ ਗੀਤਾਂ 'ਚ ਮਿਲਦਾ ਹੈ। ਗੀਤ ਵਲਵਲੇ ਭਰਪੂਰ ਹਨ ਅਤੇ ਗਾਉਣ ਦੀ ਤੌਫ਼ੀਕ ਰੱਖਦੇ ਹਨ। ਗੱਲ ਕੀ ਲੇਖਕ ਨੇ ਸਮਾਜ ਦੀ ਹਰ ਇਕ ਰਗ 'ਤੇ ਉਂਗਲ ਧਰੀ ਹੈ। ਉਸ ਦੇ ਗੀਤ ਸਮਾਜ-ਸੁਧਾਰ ਦੇ ਲਈ ਅਗਵਾਈ ਕਰਦੇ ਪ੍ਰਤੀਤ ਹੁੰਦੇ ਹਨ। ਲੇਖਕ ਨੂੰ ਵਧਾਈ।

-ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

c c c

ਪੰਜਾਬੀਅਤ ਦਾ ਮੁਦਈ
ਡਾ: ਮਹਿੰਦਰ ਸਿੰਘ ਰੰਧਾਵਾ
ਸੰਪਾਦਕ : ਡਾ: ਗੁਰਪ੍ਰੀਤ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 95920-99002.

ਹਥਲੀ ਪੁਸਤਕ ਪੰਜਾਬ ਦੀ ਬਹੁਪੱਖੀ ਸ਼ਖ਼ਸੀਅਤ ਡਾ: ਮਹਿੰਦਰ ਸਿੰਘ ਰੰਧਾਵਾ ਦੇ ਜੀਵਨ ਉੱਤੇ ਫੋਕਸ 18 ਪ੍ਰਸਿੱਧ ਵਿਦਵਾਨਾਂ ਦੇ ਲੇਖਕਾਂ ਦਾ ਸੰਕਲਨ ਹੈ, ਜਿਸ ਨੂੰ ਡਾ: ਗੁਰਪ੍ਰੀਤ ਕੌਰ ਨੇ ਸੰਪਾਦਤ ਕੀਤਾ ਹੈ। ਡਾ: ਰੰਧਾਵਾ ਜਿਥੇ ਇਕ ਪ੍ਰਬੁੱਧ ਪ੍ਰਸ਼ਾਸਕ ਸਨ, ਉਥੇ ਉਨ੍ਹਾਂ ਨੇ ਪੰਜਾਬ ਦੀ ਲੋਕਧਾਰਾ ਉੱਤੇ ਨਿੱਠ ਕੇ ਖੋਜ ਕਾਰਜ ਕੀਤਾ।
ਇਸ ਪੁਸਤਕ ਵਿਚ ਜਿਨ੍ਹਾਂ ਵਿਦਵਾਨਾਂ ਦੇ ਲੇਖ ਹਨ, ਉਨ੍ਹਾਂ ਦੇ ਨਾਂਅ ਇਸ ਤਰ੍ਹਾਂ ਹਨ : ਡਾ: ਗੁਰਪ੍ਰੀਤ ਕੌਰ, ਡਾ: ਸਰੋਜ ਰਾਣੀ ਸ਼ਰਮਾ, ਡਾ: ਪਲਵਿੰਦਰ ਕੌਰ, ਡਾ: ਮਨਪ੍ਰੀਤ ਕੌਰ, ਡਾ: ਬਲਵਿੰਦਰ ਕੌਰ, ਡਾ: ਜਸਵਿੰਦਰ ਸਿੰਘ ਧਾਲੀਵਾਲ, ਡਾ: ਗੁਰਪ੍ਰੀਤ ਸਿੰਘ, ਪ੍ਰੋ: ਦਲਬੀਰ ਕੌਰ, ਪ੍ਰੋ: ਸੁਖਜਿੰਦਰ ਕੌਰ, ਪ੍ਰੋ: ਸੁਖਵਿੰਦਰ ਸਿੰਘ, ਪ੍ਰੋ: ਦਲਬੀਰ ਕੌਰ, ਪ੍ਰੋ: ਪਰਮਜੀਤ ਕੌਰ, ਪ੍ਰੋ: ਜਗਰੂਪ ਕੌਰ, ਪ੍ਰੋ: ਸਨਦੀਪ ਕੌਰ, ਰਾਜਵੀਰ ਕੌਰ ਅਤੇ ਪੁਨੀਤ।
ਡਾ: ਰੰਧਾਵਾ ਨੇ 13 ਸ਼ਾਨਦਾਰ ਪੁਸਤਕਾਂ ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਕੀਤੀਆਂ, ਜਿਨ੍ਹਾਂ ਵਿਚੋਂ 'ਪੰਜਾਬ ਦੇ ਲੋਕ ਗੀਤ', 'ਕਾਂਗੜਾ ਦੀ ਲੋਕ ਕਲਾ', 'ਪੰਜਾਬ, ਪੰਜਾਬੀ ਲੋਕ ਗੀਤ' ਤੇ ਪ੍ਰੋ: ਪੂਰਨ ਸਿੰਘ ਤੇ ਵਾਰਤਕ' ਪੁਸਤਕਾਂ ਬਹੁਤ ਹਰਮਨ-ਪਿਆਰੀਆਂ ਹੋਈਆਂ।
ਹਥਲੀ ਪੁਸਤਕ ਦੇ ਹਰ ਵਿਦਵਾਨ ਨੇ ਡਾ: ਰੰਧਾਵਾ ਦੇ ਜੀਵਨ ਉੱਤੇ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਹਵਾਲੇ ਸਹਿਤ ਤੇ ਪ੍ਰਮਾਣ ਸਹਿਤ ਗਿਆਨ ਪ੍ਰਦਾਨ ਕਰਕੇ ਪੰਜਾਬੀ ਪਾਠਕਾਂ ਉੱਤੇ ਵੱਡਾ ਅਹਿਸਾਨ ਕੀਤਾ ਹੈ। ਇਸ ਅਦੁੱਤੀ ਨਜ਼ਰਾਨੇ ਨੂੰ ਜੀ ਆਇਆਂ ਹੈ।

-ਸੁਲੱਖਣ ਸਰਹੱਦੀ
ਮੋ: 94174-84337.

c c c

ਦੋ ਨਾਵਲਿਟ
ਲੇਖਕ : ਡਾ: ਡੇਵਿਡ ਤੇਜਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ (ਚੰਡੀਗੜ੍ਹ)
ਮੁੱਲ : 295 ਰੁਪਏ, ਸਫ਼ੇ : 134
ਸੰਪਰਕ : 81466-02218.

ਕੌੜੇ ਨਾਰੀਅਲ (ਕਹਾਣੀ ਸੰਗ੍ਰਹਿ) ਤੇ ਪਿਘਲਦੀ ਖਾਮੋਸ਼ੀ (ਕਾਵਿ ਸੰਗ੍ਰਹਿ) ਤੋਂ ਬਾਅਦ ਡਾ: ਡੇਵਿਡ ਤੇਜਾ ਦੇ ਦੋ ਨਾਵਲਿਟ 'ਗਮ ਦਾ ਦਰਿਆ' ਅਤੇ 'ਇਹ ਵੀ ਸੱਚ ਜਾਣ' ਪ੍ਰਕਾਸ਼ਿਤ ਹੋਏ ਹਨ। ਦੋਵਾਂ ਨਾਲਵਿਟਾਂ ਵਿਚ ਪ੍ਰੇਮ ਅਤੇ ਵਿਆਹ-ਸੰਸਥਾ ਦੇ ਆਪਸੀ ਟਕਰਾਉ ਦੀ ਕਹਾਣੀ ਹੈ। ਪ੍ਰੇਮ ਤੋਂ ਟੁੱਟ ਕੇ ਪਾਤਰ ਵਿਆਹ-ਸੰਸਥਾ ਵੱਲ ਆਕਰਸ਼ਤ ਹੋ ਕੇ ਤ੍ਰਾਸਦੀ ਦੀ ਘਾਟੀ ਥਾਈਂ ਗੁਜ਼ਰਦੇ ਪ੍ਰਤੀਤ ਹੁੰਦੇ ਹਨ। 'ਗਮ ਦਾ ਦਰਿਆ' ਦਾ ਨਾਇਕ ਪ੍ਰਬਲ ਪਿੰਕੀ ਨਾਂਅ ਦੀ ਕੁੜੀ ਨਾਲ ਬੇਥਾਹ ਪਿਆਰ ਕਰਦਾ ਹੈ। ਇਸੇ ਲਈ ਉਹ ਆਪਣੀ ਪਤਨੀ ਬੁਲਬੁਲ ਵੱਲ ਰੁੱਖਾ ਵਤੀਰਾ ਰੱਖਦਾ ਹੈ। ਪਰ ਪਿੰਕੀ ਦੇ ਮਾਪਿਆਂ ਵਲੋਂ ਉਸ ਦਾ ਵਿਆਹ ਅਮਰੀਕਾ ਦੇ ਮੁੰਡੇ ਨਾਲ ਕਰ ਦਿੱਤਾ ਜਾਂਦਾ ਹੈ ਤੇ ਉਹ ਚੁੱਪ-ਚੁਪੀਤੇ ਅਮਰੀਕਾ ਪ੍ਰਵਾਸ ਕਰ ਜਾਂਦੀ ਹੈ। ਇਸ ਨਾਵਲਿਟ ਵਿਚ ਦੂਸਰੇ ਪਾਤਰਾਂ ਦੇ ਰਿਸ਼ਤੇ ਵੀ ਉੱਖੜਦੇ ਤੇ ਜੁੜਦੇ ਰਹਿੰਦੇ ਹਨ, ਜਿਸ ਕਾਰਨ ਇਸ ਦਾ ਕਥਾਨਕ ਗੁੰਝਲਦਾਰ ਤੇ ਕਾਵਿਕ ਹੁੰਦਾ ਜਾਂਦਾ ਹੈ।
ਦੂਸਰੀ ਨਾਵਲਿਟ 'ਇਹ ਵੀ ਸੱਚ ਜਾਣ' ਹੈ ਜਿਸ ਵਿਚ ਰਿਸ਼ਤਿਆਂ ਦੀ ਚਤੁਰਭੁਜ ਦਿਖਾਈ ਦਿੰਦੀ ਹੈ। ਆਮ ਤੌਰ 'ਤੇ ਨਾਵਲਾਂ ਵਿਚ ਪਿਆਰ ਦੀ ਤਿਕੋਣ ਹੁੰਦੀ ਹੈ। ਪਰ ਡਾ: ਤੇਜਾ ਨੇ ਇਸ ਨਾਵਲਿਟ ਵਿਚ ਪਿਆਰ ਦੀ ਚਤੁਰਭੁਜ ਪੇਸ਼ ਕੀਤੀ ਹੈ। ਦਫ਼ਤਰ ਦਾ ਬਾਸ ਆਦਰਸ਼ ਸੁੱਘੜ ਸਿਆਣੀ ਤੇ ਗੰਭੀਰ ਸੁਭਾਅ ਸਟੈਨੋ ਨਾਜਨੀਨ ਵੱਲ ਝੁਕਾਉ ਰੱਖਦਾ ਹੈ। ਪਰ ਆਪਣੇ ਸੰਕੋਚ ਕਾਰਨ ਦੋਵੇਂ ਇਕ-ਦੂਸਰੇ ਲਈ ਪਿਆਰ ਦਾ ਇਜ਼ਹਾਰ ਨਹੀਂ ਕਰਦੇ। ਇਸੇ ਦੌਰਾਨ ਨਾਜਾਂ ਇਕ ਮਹੀਨੇ ਦੀ ਛੁੱਟੀ 'ਤੇ ਚਲੀ ਜਾਂਦੀ ਹੈ ਤਾਂ ਉਸ ਦੀ ਸਹੇਲੀ ਫੋਨ ਆਪ੍ਰੇਟਰ ਤਾਮੀਲਾ ਆਦਰਸ਼ ਪ੍ਰਤੀ ਪਿਆਰ ਦਰਸਾਉਣ ਵਿਚ ਸਫ਼ਲ ਹੋ ਜਾਂਦੀ ਹੈ। ਇਨ੍ਹਾਂ ਟੁੱਟ ਜੁੜ ਰਹੇ ਰਿਸ਼ਤਿਆਂ ਨੂੰ ਜ਼ਬਾਨ ਦੇਣ ਲਈ ਲੇਖਕ ਅਜਿਹਾ ਕਾਵਿਕ ਤੇ ਤ੍ਰਾਸਦਿਕ ਮਾਹੌਲ ਸਿਰਜਦਾ ਹੈ ਜੋ ਰਿਸ਼ਤਿਆਂ ਦੀ ਵੇਦਨਾ, ਤ੍ਰਾਸਦੀ ਤੇ ਨਿੱਘ ਨੂੰ ਬਿਆਨ ਕਰਨ ਵਿਚ ਪ੍ਰਮੁੱਖ ਭੂਮਿਕਾ ਅਦਾ ਕਰਦਾ ਹੈ।

-ਕੇ. ਐਲ. ਗਰਗ
ਮੋ: 94635-37050.

c c c

ਲੋਕ ਰੰਗ ਸੋਚ
ਕਵੀ : ਪ੍ਰਮਿੰਦਰ ਸਿੰਘ ਪ੍ਰਵਾਨਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98146-73236.

ਪਰਮਿੰਦਰ ਸਿੰਘ ਪ੍ਰਵਾਨਾ ਪਰਵਾਸੀ ਸਾਹਿਤਕਾਰ ਹੈ ਜਿਹੜਾ ਅਮਰੀਕਾ ਦੀ ਧਰਤੀ 'ਤੇ ਰਹਿ ਕੇ ਆਪਣੀ ਭਾਸ਼ਾ, ਆਪਣੀ ਬੋਲੀ ਨਾਲ ਪ੍ਰਤੀਬੱਧ ਹੋ ਕੇ ਸ਼ਾਇਰੀ ਕਰ ਰਿਹਾ ਹੈ। ਲੋਕ ਰੰਗ ਸੋਚ ਉਸ ਦੀ ਚੌਥੀ ਕਾਵਿ ਪੁਸਤਕ ਹੈ, ਜਿਸ ਵਿਚ ਲੇਖਕ ਨੇ ਜੀਵਨ ਦੇ ਬਹੁਭਾਂਤੀ ਵਰਤਾਰਿਆਂ ਨੂੰ ਆਪਣੀ ਕਵਿਤਾ ਰਾਹੀਂ ਪੇਸ਼ ਕੀਤਾ ਹੈ।
ਪਰਮਿੰਦਰ ਸਿੰਘ ਪ੍ਰਵਾਨਾ ਦੀ ਸ਼ਾਇਰੀ ਆਪਣੀ ਵਿਰਾਸਤ ਪੰਜਾਬੀਅਤ ਨਾਲ ਜੁੜੀ ਹੋਈ ਸ਼ਾਇਰੀ ਹੈ। ਇਨ੍ਹਾਂ ਕਵਿਤਾਵਾਂ ਵਿਚ ਲੇਖਕ ਜਿਥੇ ਨਿੱਜੀ ਸਰੋਕਾਰਾਂ ਨਾਲ ਸਬੰਧਿਤ ਕਵਿਤਾਵਾਂ ਦੀ ਸਿਰਜਣਾ ਕਰਦਾ ਹੈ, ਉਥੇ ਉਹ ਸਮਾਜਿਕ ਵਿਸੰਗਤੀਆਂ ਤੇ ਸਰੋਕਾਰਾਂ ਨੂੰ ਵੀ ਆਪਣੀ ਸ਼ਾਇਰੀ ਵਿਚ ਬਹੁਤ ਹੀ ਖੂਬਸੂਰਤੀ ਨਾਲ ਚਿਤਰਦਾ ਹੈ। ਉਹ ਜੀਵਨ ਦੇ ਸੰਘਰਸ਼ ਵਿਚ ਵਿਸ਼ਵਾਸ ਰੱਖਦਾ ਹੈ ਤੇ ਹਾਂ-ਪੱਖੀ ਸੋਚ ਨੂੰ ਆਪਣੀ ਕਵਿਤਾ ਵਿਚਲੀ ਦ੍ਰਿਸ਼ਟੀ ਵਜੋਂ ਪੇਸ਼ ਕਰਦਾ ਹੈ :
ਦਿਲ ਮੇਰਾ ਨਹੀਂ ਡਰਦਾ
ਗ਼ਮ ਦੇ ਤੂਫ਼ਾਨਾਂ ਨਾਲ
ਟਕਰਾਉਣ ਤੋਂ
ਕਾਲੀਆਂ ਰਾਤਾਂ ਵਿਚ
ਗ਼ਮਾਂ ਦੀ ਬਾਤ ਪਾਉਣ ਤੋਂ....
ਕੁਝ ਕਵਿਤਾਵਾਂ ਧਾਰਮਿਕ ਅਕੀਦਿਆਂ ਨਾਲ ਵੀ ਜੁੜੀਆਂ ਹਨ ਤੇ ਕੁਝ ਕੁ ਰਾਜਨੀਤਕ ਮੁੱਦਿਆਂ ਨੂੰ ਵੀ ਆਪਣੀ ਵਸਤੂ ਵਜੋਂ ਚਿਤਰਦੀਆਂ ਹਨ। ਪਰਮਿੰਦਰ ਸਿੰਘ ਪ੍ਰਵਾਨਾ ਇਸ ਗੱਲ ਲਈ ਵਧਾਈ ਦੇ ਹੱਕਦਾਰ ਹਨ ਕਿ ਉਨ੍ਹਾਂ ਵਿਦੇਸ਼ ਵਿਚ ਰਹਿੰਦਿਆਂ ਵੀ ਪੰਜਾਬੀ ਭਾਸ਼ਾ ਤੇ ਕਵਿਤਾ ਨਾਲ ਆਪਣਾ ਰਿਸ਼ਤਾ ਕਾਇਮ ਰੱਖਿਆ ਹੈ।

-ਡਾ: ਅਮਰਜੀਤ ਕੌਂਕੇ

c c c

ਮਤਰੱਏ ਪੁੱਤਰਾਂ ਦੀ ਦਾਸਤਾਨ
ਲੇਖਕ : ਪ੍ਰਿੰ: ਬਲਵਿੰਦਰ ਸਿੰਘ ਫਤਿਹਪੁਰੀ
ਪ੍ਰਕਾਸ਼ਕ : ਨਵੀਨ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 120
ਸੰਪਰਕ : 98146-19342.

ਲੇਖਕ ਦੁਆਰਾ ਰਚੇ ਇਸ ਨਿਬੰਧ ਸੰਗ੍ਰਹਿ ਵਿਚ ਸਮਾਜਿਕ ਸਰੋਕਾਰਾਂ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਲੇਖਕ ਅਨੁਸਾਰ ਭਾਰਤ ਦੇ ਮੌਜੂਦਾ ਨੇਤਾਵਾ ਦਾ ਅਤੇ ਲੋਕਾਂ ਦਾ ਵਤੀਰਾ ਦੇਸ਼ ਪ੍ਰਤੀ ਮਤਰੱਏ ਪੁੱਤਰਾਂ ਵਰਗਾ ਹੈ ਜੋ ਸਿਰਫ ਆਪਣੇ ਬਾਰੇ ਸੋਚਦੇ ਹਨ। ਰਾਜਿਆਂ-ਮਹਾਰਾਜਿਆਂ ਦੀ ਐਸ਼ਪ੍ਰਸਤੀ ਵਿਚ ਅਸਲੀ ਭਾਰਤ ਕਿਧਰੇ ਰੁਲ ਗਿਆ ਹੈ। ਅਜੋਕੇ ਬੁੱਧੀਜੀਵੀਆਂ ਦੀ ਦਿਸ਼ਾ ਅਤੇ ਦਸ਼ਾ ਬਦਲਣ ਦੀ ਜ਼ਰੂਰਤ ਹੈ ਤਾਂ ਜੋ ਦੇਸ਼ ਅਤੇ ਨੌਜਵਾਨਾਂ ਨੂੰ ਸੇਧ ਮਿਲ ਸਕੇ। ਸਤਾਏ ਹੋਏ ਲੋਕ ਜਦੋਂ ਆਪਣੇ ਹੱਕਾਂ ਲਈ ਜਾਗ੍ਰਿਤ ਹੁੰਦੇ ਹਨ ਤਾਂ ਉਹ ਕਿਉਂ ਸਮੇਂ ਦੀਆਂ ਸਰਕਾਰਾਂ ਲਈ ਖ਼ਤਰਾ ਬਣ ਜਾਂਦੇ ਹਨ। ਧਰਮ ਦੇ ਨਾਂਅ 'ਤੇ ਹੁੰਦੀ ਲੁੱਟ ਅਤੇ ਵਪਾਰ ਨੂੰ ਵੀ ਲੇਖਕ ਨੇ ਬਾਖੂਬੀ ਪੇਸ਼ ਕੀਤਾ ਹੈ। ਲੇਖਕ ਅਨੁਸਾਰ ਜੀਣ ਦੀ ਕਲਾ ਸਿੱਖਣ ਲਈ ਪਹਿਲਾਂ ਮਰਨ ਦੀ ਕਲਾ ਆਉਣੀ ਜ਼ਰੂਰੀ ਹੈ ਅਤੇ ਵਰਤਮਾਨ ਵਿਚ ਜਿਊਣਾ ਹੀ ਅਸਲੀ ਜਿਊਣਾ ਹੈ। ਵਿਸ਼ਵੀਕਰਨ ਦੇ ਇਸ ਦੌਰ ਵਿਚ ਬਦਲਦੇ ਟੀ ਵੀ ਚੈਨਲ ਅਤੇ ਮੀਡੀਆ ਦੇ ਬਦਲਦੇ ਸਰੋਕਾਰਾਂ ਨੂੰ ਵੀ ਲੇਖਕ ਨੇ ਦਰਸਾਇਆ ਹੈ। ਲੇਖਕ ਵਰਗ ਵੰਡ ਤੋਂ ਉੱਪਰ ਉੱਠ ਕੇ ਸਮਾਜਿਕ ਸਾਂਝ ਪੈਦਾ ਕਰਨ ਅਤੇ ਚਾਦਰ ਦੇਖ ਕੇ ਪੈਰ ਪਸਾਰਦਿਆਂ ਯਥਾਰਥ ਦੀ ਦੁਨੀਆ ਵਿਚ ਵਿਚਰਨ ਦੀ ਸਲਾਹ ਦਿੰਦਾ ਹੈ। ਲੇਖਕ ਅਨੁਸਾਰ ਮੌਜੂਦਾ ਭਾਰਤੀ ਰਾਜਨੀਤੀ ਵਿਚ ਲੋਕਤੰਤਰ ਦੀਆਂ ਪਰੰਪਰਾਵਾਂ ਨੂੰ ਬਰਕਰਾਰ ਰੱਖਣ ਲਈ ਯਤਨਸ਼ੀਲ ਹੋਣ ਦੀ ਲੋੜ ਹੈ। ਲੇਖਕ ਦੇ ਕੁਝ ਨਿਬੰਧ ਭਾਰਤੀ ਲੋਕਤੰਤਰ ਅਤੇ ਅੰਗਰੇਜ਼ੀ ਰਾਜ ਦਾ ਤੁਲਨਾਤਮਿਕ ਅਧਿਐਨ ਕਰਦੇ ਨਜ਼ਰ ਆਉਂਦੇ ਹਨ।
ਪੁਸਤਕ ਦੇ ਕੁਝ ਨਿਬੰਧ ਅਜੋਕੇ ਨੌਜਵਾਨ ਵਰਗ ਦੀ ਭਟਕੀ ਦਿਸ਼ਾ ਅਤੇ ਸਿੱਖ ਧਰਮ ਵਿਚ ਆਈ ਗਿਰਾਵਟ ਵੱਲ ਸੰਕੇਤ ਕਰਦੇ ਹਨ। ਅਖੌਤੀ ਸਮਾਜ ਸੇਵਕਾਂ, ਡੇਰੇਵਾਦ ਅਤੇ ਸਾਮੰਤਵਾਦੀ ਵਿਵਸਥਾ ਤੇ ਲੇਖਕ ਨੇ ਕਰਾਰੀ ਚੋਟ ਕੀਤੀ ਹੈ। ਗ਼ੈਰ-ਭਾਰਤੀਆਂ ਦੇ ਮੁਲਕ ਵਿਚ ਵਸੇਬੇ ਕਾਰਨ ਭਾਰਤੀਆਂ ਨੂੰ ਦਰਪੇਸ਼ ਚੁਣੌਤੀਆਂ ਨੂੰ ਵੀ ਲੇਖਕ ਨੇ ਗੰਭੀਰਤਾ ਨਾਲ ਪੇਸ਼ ਕੀਤਾ ਹੈ।

-ਡਾ: ਸੁਖਪਾਲ ਕੌਰ ਸਮਰਾਲਾ
ਮੋ: 98885-47099.

c c c

ਪੋਚਵੀਂ ਜੇਹੀ ਪੱਗ
ਲੇਖਕ : ਸਾਧੂ ਸਿੰਘ ਦਿਲਸ਼ਾਦ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : : 94170-34200.


ਦੋਗਾਣੇ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਪੰਜਾਬ ਦੀ ਪੇਂਡੂ ਵਰਤਾਰੇ ਨੂੰ ਦੋਗਾਣਿਆਂ ਨੇ ਹੀ ਖੂਬਸੂਰਤੀ ਨਾਲ ਦਰਸਾਇਆ ਹੈ। ਰਿਸ਼ਤਿਆਂ ਦੀ ਨੋਕ-ਝੋਕ, ਮੁਹੱਬਤ, ਵਿਛੋੜੇ ਤੇ ਰੋਜ਼ਮਰ੍ਹਾ ਦੀ ਜ਼ਿੰਦਗੀ ਨਾਲ ਜੁੜੀਆਂ ਬਾਤਾਂ ਦੋਗਾਣਿਆਂ ਨੇ ਪਾਈਆਂ। ਸੈਂਕੜੇ ਕਲਾਕਾਰਾਂ ਨੇ ਦੋਗਾਣਿਆਂ ਨੂੰ ਅੱਗੇ ਵਧਾਉਣ ਵਿਚ ਬਣਦਾ ਯੋਗਦਾਨ ਪਾਇਆ।
'ਪੋਚਵੀਂ ਜੇਹੀ ਪੱਗ' ਵਿਚਲੇ ਸਾਰੇ ਦੋਗਾਣੇ ਚੰਗੇ ਹਨ। ਪੜ੍ਹਨਯੋਗ ਵੀ ਤੇ ਗਾਉਣ ਯੋਗ ਵੀ। ਗਾਉਣਾ ਮਹਿੰਗਾ ਕਿੱਤਾ ਬਣ ਗਿਆ ਹੈ ਤੇ ਕੀਹਨੇ ਕੀ ਗਾਉਣਾ, ਸਬੰਧਿਤ ਕਲਾਕਾਰ ਦੀ ਮਰਜ਼ੀ ਹੈ, ਪਰ ਇਹ ਗੀਤ ਪੜ੍ਹਨਯੋਗ ਜ਼ਰੂਰ ਹਨ।
ਸਾਧੂ ਸਿੰਘ ਦਿਲਸ਼ਾਦ ਦੇ ਸਾਰੇ ਦੋਗਾਣੇ ਪੇਂਡੂ ਧਰਾਤਲ ਨਾਲ ਜੁੜੇ ਹਨ। ਸ਼ੁੱਧ ਪੇਂਡੂ ਮਿਜਾਜ਼ ਵਾਲੇ। ਕੋਈ ਲੱਚਰਤਾ ਨਹੀਂ, ਨਾ ਦੋਅਰਥੀ ਗੱਲਾਂ। ਨੂੰਹ-ਸੱਸ ਦੀ ਲੜਾਈ ਬਾਰੇ ਉਸ ਦਾ ਦੋਗਾਣਾ ਕਮਾਲ ਹੈ। ਜਿਸ ਵਿਚ ਘਰਵਾਲੇ ਦੇ ਵੱਖਰੇ ਵਿਚਾਰ ਹਨ ਤੇ ਘਰਵਾਲੀ ਦੇ ਵੱਖਰੇ।
ਮਰਦ : ਐਸ਼ ਨਾਲ ਹੱਸ ਖੇਡ ਜ਼ਿੰਦਗੀ ਲੰਘਾਈਏ,
ਐਵੇਂ ਰੋਸਿਆਂ 'ਚ ਰਹੀ ਕਾਹਤੋਂ ਸੜ ਨੀਂ,
ਨੂੰਹ ਸੱਸ ਦੀ ਲੜਾਈ ਵਿਚ,
ਤੂੰ ਹੀ ਏਂ ਪੁਆੜਿਆਂ ਦੀ ਜੜ੍ਹ ਨੀਂ।
ਔਰਤ ਆਪਣਾ ਪੱਖ ਪੇਸ਼ ਕਰਦੀ ਹੈ ਕਿ ਮੈਂ ਕੁਝ ਨਹੀਂ ਕਿਹਾ, ਤੇਰੀ ਮਾਂ ਹੀ ਸਾਰੇ ਪੁਆੜਿਆਂ ਦੀ ਜੜ੍ਹ ਹੈ।
ਕਿੰਨੀ ਵਾਰੀ ਆਖਿਆ ਏ ਮਾਂ ਨੂੰ ਸਮਝਾ ਲੈ,
ਰੋਜ਼ ਨਿੱਕੀ ਨਿੱਕੀ ਗੱਲੋਂ ਪੈਂਦੀ ਲੜ ਵੇ,
ਮੈਂ ਤਾਂ ਬੋਲੀ ਨਾ ਬੁਲਾਈ,
ਸੱਸ ਚੰਦਰੀ ਗਈ ਐ ਸਿਰ ਚੜ੍ਹ ਵੇ।
ਜਿਹੜੇ ਲੋਕ ਦੋਗਾਣਿਆਂ ਦੀ ਅਹਿਮੀਅਤ ਨੂੰ ਸਮਝਦੇ ਹਨ ਤੇ ਇਸ ਨੂੰ ਸੱਭਿਆਚਾਰ ਦਾ ਅਨਿੱਖੜਵਾਂ ਹਿੱਸਾ ਮੰਨਦੇ ਹਨ, 'ਪੋਚਵੀਂ ਜੇਹੀ ਪੱਗ' ਵਿਚਲੇ ਗਾਣੇ ਉਨ੍ਹਾਂ ਨੂੰ ਚੰਗੇ ਜ਼ਰੂਰ ਲੱਗਣਗੇ। ਸਮੇਂ ਦੇ ਬਦਲਾਅ ਨਾਲ ਹੁਣ ਦੋਗਾਣਿਆਂ ਦਾ ਰੂਪ ਵੀ ਬਦਲ ਰਿਹਾ ਹੈ। ਲੋਕ ਸਾਜ਼ਾਂ ਤੋਂ ਸੱਖਣੇ ਦੋਗਾਣੇ ਵੀ ਕੰਪਿਊਟਰੀ ਰੂਪ ਹੰਢਾਉਂਦੇ ਜਾਪਦੇ ਹਨ।

-ਸਵਰਨ ਸਿੰਘ ਟਹਿਣਾ
ਮੋ: 98141-78883

30/12/2017

 ਮਧਕਾਲੀ ਪਾਠ ਤੇ ਵਰਤਮਾਨ ਪ੍ਰਸੰਗ
ਲੇਖਕ : ਡਾ: ਗੁਰਚਰਨ ਸਿੰਘ
ਸੰਪਾਦਕ : ਡਾ: ਮਨਜੀਤ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 250 ਰੁਪਏ, ਸਫ਼ੇ : 136
ਸੰਪਰਕ : 098687-73902.

ਗੁਰਬਾਣੀ, ਜਨਮ ਸਾਖੀ, ਕਿੱਸੇ, ਸੂਫ਼ੀ ਕਾਵਿ ਤੇ ਵਾਰਾਂ ਸਾਡੇ ਸਾਹਿਤ ਦਾ ਅਣਮੋਲ ਵਿਰਸਾ ਹਨ। ਇਸ ਪੁਸਤਕ ਵਿਚ ਮਧਕਾਲੀ ਸਾਹਿਤ ਦੇ ਗੰਭੀਰ ਅਧਿਐਤਾ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ: ਗੁਰਚਰਨ ਸਿੰਘ ਦੇ ਵਿਦਵਤਾ ਭਰਪੂਰ 16 ਸਿਧਾਂਤਕ ਤੇ ਵਿਹਾਰਕ ਨਿਬੰਧ ਹਨ। ਡਾ: ਗੁਰਚਰਨ ਸਿੰਘ ਸਵਰਗੀ ਡਾ: ਹਰਿਭਜਨ ਸਿੰਘ ਦੇ ਕਰੜੇ ਅਕਾਦਮਿਕ ਅਨੁਸ਼ਾਸਨ, ਸ਼ਿਕਸ਼ਾ ਦੀਕਸ਼ਾ ਤੇ ਟ੍ਰੇਨਿੰਗ ਵਾਲੇ ਗਿਣਤੀ ਦੇ ਵਿਦਵਾਨਾਂ ਵਿਚੋਂ ਇਕ ਹੈ, ਜਿਨ੍ਹਾਂ ਨੇ ਸਾਹਿਤ/ਆਲੋਚਨਾ ਦੇ ਖੇਤਰ ਵਿਚ ਨਵੀਨ ਅੰਤਰਦ੍ਰਿਸ਼ਟੀਆਂ ਨਾਲ ਆਪਣੀ ਨਿਵੇਕਲੀ ਪਛਾਣ ਬਣਾਈ।
ਇਸ ਪੁਸਤਕ ਦੇ ਪਹਿਲੇ ਦੋ ਨਿਬੰਧ ਭਾਸ਼ਾ, ਸਾਹਿਤ ਤੇ ਚਿਹਨ ਵਿਗਿਆਨ ਬਾਰੇ ਸੂਤਰ ਰੂਪ ਵਿਚ ਇਸ ਅਧਿਐਨ ਲਈ ਸਿਧਾਂਤਕ ਆਧਾਰਾਂ ਵੱਲ ਸੰਕੇਤ ਕਰਦੇ ਹਨ। ਅਧਿਐਨ ਤੇ ਵਿਸ਼ਲੇਸ਼ਣ ਦਾ ਵਿਸਤ੍ਰਿਤ ਤੇ ਧਿਆਨ ਦੇਣਯੋਗ ਕਾਰਜ ਦੂਜੇ ਭਾਗ ਦੇ ਨਿਬੰਧਾਂ ਵਿਚ ਹੈ ਜੋ ਥਾਂ-ਥਾਂ ਨਵੀਆਂ ਅੰਤਰਦ੍ਰਿਸ਼ਟੀਆਂ ਨਾਲ ਪ੍ਰਭਾਵਿਤ ਕਰਦਾ ਹੈ। ਲੇਖਕ ਗੁਰਬਾਣੀ ਦੇ ਪੈਟਰਨ ਨੂੰ ਪਛਾਣਦਾ ਹੈ। ਇਹ ਪਾਰਲੌਕਿਕ ਅਧਿਆਤਮ, ਇਹਲੌਕਿਕ ਪਰਪੰਚ ਅਤੇ ਨਾਂਅ/ਹਰਿ ਉਤੇ ਆਧਾਰਿਤ ਹੈ। ਅਨੰਦ/ਆਕਰਸ਼ਣ ਵਾਲੇ ਇਹਲੌਕਿਕ ਵੇਰਵੇ ਮਨੁੱਖ ਨੂੰ ਭਟਕਾਉਣ ਵਾਲੀ ਪਿੱਠ ਭੂਮੀ ਹਨ। ਇਸ ਵਿਚ ਨਾਂਅ/ਹਰਿ ਦੇ ਦਖ਼ਲ ਨਾਲ ਗੁਰੂ ਆਪਣਾ ਪਾਰਲੌਕਿਕ/ਅਧਿਆਤਮਕ ਸੰਦੇਸ਼ ਅਤਿ ਸੰਖੇਪ ਪਰ ਸਪੱਸ਼ਟ ਰੂਪ ਵਿਚ ਸੰਚਾਰਿਤ ਕਰਦੇ ਹਨ। ਲੇਖਕ ਦੀਆਂ ਕੁਝ ਅੰਤਰਦ੍ਰਿਸ਼ਟੀਆਂ ਵੇਖੋ : ਪ੍ਰਗੀਤਕ ਸੂਫ਼ੀ ਕਾਵਿ ਸਮਨਵੈ-ਵਾਦੀ ਹੈ। ਮਰਿਆਦਾ/ਸੰਜਮ ਤੋਂ ਪ੍ਰਹਾਨ ਵਾਲਾ ਪਰ ਗੁਰਬਾਣੀ ਇਨਕਲਾਬੀ, ਪਰੰਪਰਾ ਨੂੰ ਕਰੜਾਈ ਨਾਲ ਨਿਖੇਧ ਕੇ ਜਬਰ ਜ਼ੁਲਮ ਵਿਰੁੱਧ ਖਲੋਣ ਲਈ ਪ੍ਰੇਰਦੀ ਹੈ। ਗਰਹਿਣ/ਤਿਆਗ ਦੇ ਸਪੱਸ਼ਟ ਨਿਰਦੇਸ਼ ਹਨ ਗੁਰਬਾਣੀ ਵਿਚ। ਕਿੱਸਿਆਂ ਵਿਚ ਰੱਬ ਇਸ਼ਕ ਤੇ ਜਗਤ ਦੇ ਵਿਚਕਾਰ ਖਲੋ ਕੇ ਇਸ਼ਕ ਨੂੰ ਪੀਰ ਫ਼ਕੀਰ ਦਾ ਮਰਤਬਾ ਬਣਾਉਂਦਾ ਹੈ। ਮਜਾਜ਼ੀ ਹੋ ਕੇ ਵੀ ਇਸ ਉਤੇ ਹਕੀਕੀ ਦੇ ਪਰਛਾਵੇਂ ਹਨ। ਕਿੱਸਿਆਂ ਵਿਚ ਸਮਾਜਿਕ ਮਰਿਆਦਾ ਦਾ ਪ੍ਰਾਹਨ ਕਰਦੇ ਸਮੇਂ ਦੈਵੀ ਸ਼ਕਤੀਆਂ ਦਾ ਆਸਰਾ ਲਿਆ ਗਿਆ ਹੈ। ਜਨਮ ਸਾਖੀ ਮਿਥ ਬਿਰਤਾਂਤ ਹੈ ਜੋ ਲੌਕਿਕਤਾ ਤੋਂ ਲੌਕਿਕਤਾ ਵੱਲ ਚੱਲ ਕੇ ਨਾਇਕ ਨੂੰ ਸਥਾਪਤ ਕਰਦੀ ਹੈ। ਕੱਥ/ਵੱਥ ਦੀ ਨਵੀਨਤਾ ਇਸ ਪੁਸਤਕ ਦੀ ਵਿਸ਼ੇਸ਼ ਪ੍ਰਾਪਤੀ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਸਮਾਜਿਕ ਕ੍ਰਾਂਤੀ
ਲੇਖਕ : ਸ. ਸ. ਨਾਹਰ ਆਈ.ਪੀ.ਐਸ.
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 395 ਰੁਪਏ, ਸਫ਼ੇ : 200
ਸੰਪਰਕ : 0172-2615512.

ਸ੍ਰੀ ਸ.ਸ. ਨਾਹਰ ਦੀ ਇਹ ਪੁਸਤਕ ਭਾਰਤੀ ਸਮਾਜ ਅਤੇ ਸੱਭਿਆਚਾਰ ਵਿਚ ਇਕ ਕ੍ਰਾਂਤੀ ਲਿਆਉਣ ਦੇ ਪ੍ਰਾਜੈਕਟ ਨੂੰ ਬਿਆਨ ਕਰਦੀ ਹੈ। ਸ੍ਰੀ ਨਾਹਰ ਨੇ ਆਪਣੇ ਜੀਵਨ ਦੇ ਤਿੰਨ-ਚਾਰ ਦਹਾਕੇ ਇਕ ਆਈ.ਪੀ.ਐਸ. ਅਫ਼ਸਰ ਵਜੋਂ ਜ਼ਿੰਮੇਵਾਰੀ ਨਿਭਾਈ ਅਤੇ ਇਸ ਦੌਰਾਨ ਉਸ ਨੇ ਮਹਿਸੂਸ ਕੀਤਾ ਕਿ ਅਸੀਂ ਭਾਰਤੀ ਲੋਕ ਆਪਣੇ ਲਕਸ਼ ਤੋਂ ਭਟਕ ਗਏ ਹਾਂ। ਲਗਪਗ ਇਕ ਹਜ਼ਾਰ ਵਰ੍ਹਾ ਗੁਲਾਮ ਰਹਿਣ ਦੀ ਸੂਰਤ ਵਿਚ ਅਸੀਂ ਆਪਣੇ ਵਿਰਸੇ ਅਤੇ ਜੀਵਨ ਦ੍ਰਿਸ਼ਟੀ ਨਾਲੋਂ ਵਿਜੋਗੇ ਗਏ ਹਾਂ। ਇਹੀ ਕਾਰਨ ਹੈ ਕਿ ਮੱਧ ਕਾਲ ਦੇ ਪਹਿਲੇ ਅੱਧ ਤੱਕ ਪੂਰੀ ਦੁਨੀਆ ਵਿਚ ਵਿਖਿਆਤ ਭਾਰਤ, ਅੱਜ ਇਕ ਪਛੜਿਆ ਹੋਇਆ ਦੇਸ਼ ਬਣ ਕੇ ਰਹਿ ਗਿਆ ਹੈ। ਆਪਣੀ ਇਸ ਪੁਸਤਕ ਦੇ ਮਹੱਤਵ ਨੂੰ ਬਿਆਨ ਕਰਦਾ ਹੋਇਆ ਉਹ ਲਿਖਦਾ ਹੈ : ਇਹ ਇਕ ਪਾਵਨ-ਗ੍ਰੰਥ ਹੈ। ਇਸ ਵਿਚ ਵੇਦਾਂ ਦਾ ਗਿਆਨ ਹੈ, ਉਪਨਿਸ਼ਦਾਂ ਦਾ ਰਹੱਸ ਹੈ। ਇਸ ਪੁਸਤਕ ਤੋਂ ਬਾਅਦ ਲਿਖੀ ਇਸੇ ਵੰਨਗੀ ਦੀ ਇਕ ਹੋਰ ਪੋਥੀ ਦਾ ਨਾਂਅ ਉਸ ਨੇ 'ਸ਼ਾਸਕੀ ਗੀਤਾ' ਰੱਖਿਆ ਹੈ।
ਲੇਖਕ ਆਪਣੇ ਵਿਚਾਰਾਂ ਨੂੰ ਹਿੰਦੁਸਤਾਨੀ (ਹਿੰਦੀ) ਭਾਸ਼ਾ ਵਿਚ ਅੰਕਿਤ ਕਰਦਾ ਹੈ ਪ੍ਰੰਤੂ ਪੰਜਾਬੀ ਪਾਠਕਾਂ ਦੀ ਸੁਵਿਧਾ ਲਈ ਉਸ ਨੇ ਦੇਵਨਾਗਰੀ ਦੀ ਬਜਾਇ ਗੁਰਮੁਖੀ ਲਿਪੀ ਦਾ ਪ੍ਰਯੋਗ ਕੀਤਾ ਹੈ। ਉਸ ਦਾ ਖਿਆਲ ਹੈ ਕਿ ਅਜੋਕੇ ਸਮਾਜ ਵਿਚ ਵਿਚਰਨ ਵਾਲੇ ਲੋਕਾਂ ਨੂੰ ਜੀਵਨ ਬਾਰੇ ਬਹੁਤਾ ਗਿਆਨ ਨਹੀਂ ਹੈ, ਇਸੇ ਕਾਰਨ ਉਹ ਮਿਥਿਆ ਅਤੇ ਅਨੁਚਿਤ ਵਿਵਹਾਰ ਕਰ ਰਹੇ ਹਨ। ਇਸ ਮੰਤਵ ਲਈ ਉਸ ਨੇ ਭਾਰਤ ਦੇ ਦਾਰਸ਼ਨਿਕ ਅਤੇ ਪੌਰਾਣਿਕ ਗ੍ਰੰਥਾਂ ਨੂੰ ਖ਼ੂਬ ਹੰਘਾਲਿਆ ਹੈ ਅਤੇ ਨਵੇਂ ਯੁੱਗ ਦੀ ਰੌਸ਼ਨੀ ਵਿਚ ਉਨ੍ਹਾਂ ਦਾ ਪੁਨਰਲੇਖਣ ਕੀਤਾ ਹੈ। ਉਸ ਦੀ ਕਾਵਿ-ਸ਼ੈਲੀ ਦਾ ਇਕ ਨਮੂਨਾ ਦੇਖੋ :
ਪਾਂਚਵਾਂ ਸਿਧਾਂਤ ਯੋਜਨਾਓਂ ਕਾ ਹੈ,
ਯੋਜਨਾਏਂ ਸਾਧਨੋਂ ਕੇ ਅੰਦਰ ਹੋਂ।
ਯੋਜਨਾਏਂ ਤਰਤੀਬ ਅਨੁਸਾਰ ਹੋਂ,
ਬਾਹਰੀ ਸੁਰਕਸ਼ਾ ਸਰਵੋਪਰ ਹੋ,
ਅੰਦਰੂਨੀ ਸੁਰਕਸ਼ਾ ਉਸ ਕੇ ਬਾਅਦ ਹੋ।
ਫਿਰ ਵਿਕਾਸ ਕੀ ਯੋਜਨਾਏਂ ਹੋਂ
ਲੋਕ ਭਲਾਈ ਕੀ ਯੋਜਨਾਏਂ ਹੋਂ।
(ਪੰਨਾ 179)
ਲੇਖਕ ਦਾ ਹਿਰਦਾ ਭਾਰਤ ਪ੍ਰਤੀ ਅਖੰਡ ਪ੍ਰੇਮ ਨਾਲ ਲਬਰੇਜ਼ ਹੈ ਪਰ ਜਿਸ ਕਾਰਜ ਦਾ ਉਸ ਨੇ ਬੀੜਾ ਉਠਾ ਰੱਖਿਆ ਹੈ, ਉਸ ਵਾਸਤੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਵਿਚ ਜਾ ਕੇ ਪ੍ਰਚਾਰ ਕਰਨ ਦੀ ਜ਼ਰੂਰਤ ਹੈ। ਪੁਸਤਕ ਰਚਨਾ ਨਾਲ ਏਨਾ ਵੱਡਾ ਕੰਮ ਸ਼ਾਇਦ ਨਾ ਹੋ ਸਕੇ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਪੈਰੋਲ 'ਤੇ ਆਈ ਕਵਿਤਾ
ਲੇਖਕ : ਸੁਖਮਿੰਦਰ ਰਾਮਪੁਰੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 84275-53735.

ਪੈਰੋਲ 'ਤੇ ਆਈ ਕਵਿਤਾ ਕਾਵਿ ਸੰਗ੍ਰਹਿ ਵਿਚ ਚਾਰ ਲੰਮੀਆਂ ਕਵਿਤਾਵਾਂ ਸ਼ਾਮਿਲ ਹਨ। ਇਹ ਕਾਵਿ ਸੰਗ੍ਰਹਿ ਕਵੀ ਦੇ ਮਨ ਦੀ ਘੋਰ ਉਦਾਸੀ ਨਿਰਾਸ਼ਾ ਅਤੇ ਕਿਤੇ-ਕਿਤੇ ਵਿਅੰਗ ਜੁਗਤ ਨੂੰ ਪ੍ਰਗਟ ਕਰਦੇ ਭਾਵਾਂ ਨੂੰ ਰੂਪਮਾਨ ਕਰਦਾ ਹੈ।
ਪਰਵਾਸੀ ਪੰਜਾਬੀਆਂ ਦੀ ਡੂੰਘੀ ਸੰਵੇਦਨਾ ਨੂੰ ਪ੍ਰਗਟ ਕਰਦੀ ਪਹਿਲੀ ਕਵਿਤਾ ਅਜਿਹੇ ਦ੍ਰਿਸ਼ ਸਾਕਾਰ ਕਰਦੀ ਹੈ ਕਿ ਪੰਜਾਬ ਵਿਚ ਬੈਠੇ ਅਸੀਂ ਪ੍ਰਵਾਸੀ ਪੰਜਾਬੀਆਂ ਦੁਆਰਾ ਭੋਗੇ ਜਾਂਦੇ ਮਾਨਸਿਕ ਸੰਤਾਪ ਅਤੇ ਸਰੀਰਕ ਮਿਹਨਤ ਦਾ ਅਨੁਮਾਨ ਲਗਾ ਸਕਦੇ ਹਾਂ
ਉਧਾਰੇ ਘਰ ਨੇ/ਉਧਾਰੀਆਂ ਸੁੱਖ ਸਹੂਲਤਾਂ
ਹਰ ਘਰ ਦੀ ਹਰ ਸ਼ੈ/ਆਪਣੀ ਹੁੰਦਿਆਂ ਵੀ ਪਰਾਈ ਹੈ!
ਘੁੱਗ ਵਸਦੇ ਘਰਾਂ 'ਤੇ ਸਾਹ ਘੁਟਵੀਂ ਤਨਹਾਈ ਹੈ!
ਇਹ ਕਵਿਤਾ ਦੋਵਾਂ ਮੁਲਕਾਂ ਵਿਦੇਸ਼ ਰਹਿ ਰਹੇ ਪੰਜਾਬੀ ਅਤੇ ਪੰਜਾਬ ਵਿਚ ਵਸਦੇ ਉਨ੍ਹਾਂ ਦੇ ਸਾਕ-ਸਬੰਧੀਆਂ ਦੇ ਦ੍ਰਿਸ਼ਟੀਕੋਣ ਨੂੰ ਪ੍ਰਗਟਾਉਂਦੀ ਹੈ। ਇਥੇ ਬੈਠੇ ਸਾਕ-ਸਬੰਧੀ ਸੋਚਦੇ ਹਨ :
ਦੇਸ਼ ਵਿਚ ਰਹਿ ਗਿਆ, ਹਰ ਕੋਈ ਸੋਚਦਾ ਹੈ
ਪਰਦੇਸ ਵਿਚ, ਸਭ ਰੁੱਖਾਂ ਨੂੰ
ਪੱਤੇ ਨਹੀਂ ਡਾਲਰ ਲਗਦੇ ਨੇ।
ਕਵੀ ਆਪਣੇ ਵਤਨ ਦੀ ਬੇਰੁਜ਼ਗਾਰੀ ਤੋਂ ਨਿਰਾਸ਼ ਵਿਦੇਸ਼ ਦੀ ਭਟਕਣਾ ਤੋਂ ਮਜਬੂਰ ਤੇ ਬੇਵੱਸ ਹੈ। ਧਰਮ ਪ੍ਰਤੀ ਆਪਸੀ ਖਿਚੋਤਾਣ, ਧਰਮ ਯੁੱਧ ਵਿਦੇਸ਼ਾਂ ਵਿਚ ਵਸਦੇ ਕੁਝ ਲੋਕਾਂ ਵਲੋਂ ਸੱਭਿਆਚਾਰਕ ਪ੍ਰੋਗਰਾਮਾਂ ਦੇ ਨਾਂਅ 'ਤੇ ਕੀਤੇ ਜਾਂਦੇ ਵਿਖਾਵੇ ਤੇ ਅਡੰਬਰਾਂ ਬਾਰੇ ਵੀ ਕਵੀ ਉਪਰਾਮ ਹੈ। ਗ਼ਲਤ ਢੰਗ-ਤਰੀਕਿਆਂ ਰਾਹੀਂ ਵਿਦੇਸ਼ ਜਾਣ ਤੇ ਫਿਰ ਸਾਰੀ ਉਮਰ ਫ਼ਿਕਰਾਂ ਦੀ ਦਲਦਲ ਵਿਚ ਧਸਦੇ ਰਹਿਣ ਵਾਲੇ ਲੋਕਾਂ ਨਾਲ ਵੀ ਕਵੀ ਨੂੰ ਹਮਦਰਦੀ ਹੈ। ਵਿਦੇਸ਼ ਜਾਣ ਦੀ ਲਾਲਸਾ ਦੀ ਅੱਗ ਵਿਚ ਝੁਲਸਦੇ ਰਿਸ਼ਤੇ, ਬਾਰੇ :
ਤੱਕ ਲੋ ਤੱਕ ਲੋ/ਸਭ ਦਾ ਮੰਡੀਕਰਨ ਹੋ ਗਿਆ
ਕਿਹੋ ਜਿਹਾ ਸੀ ਸਾਡਾ ਵਿਰਸਾ/ਧਨ ਲਈ ਬਿਮਾਰ ਹੋ ਗਿਆ।
ਤੀਜੀ ਕਵਿਤਾ ਪੰਜਾਬ ਦੇ ਇਤਿਹਾਸ ਤੇ ਵਰਤਮਾਨ ਦੀ ਤਸਵੀਰ ਚਿਤਰਦੀ ਹੈ। ਧਰਮ ਦੇ ਵਪਾਰੀਆਂ ਦੁਆਰਾ ਧਰਮ ਤੇ ਵਿਰਸੇ ਪ੍ਰਤੀ ਬੇਮੁਖਤਾ ਕਵੀ ਮਨ ਨੂੰ ਨਿਰਾਸ਼ ਕਰਦੀ ਹੈ।
ਪੈਰੋਲ 'ਤੇ ਆਈ ਕਵਿਤਾ ਕਵੀ ਦੇ ਬਿਗਾਨੀ ਧਰਤੀ ਉੱਪਰ ਬੇਗਾਨਗੀ ਦੇ ਅਹਿਸਾਸ ਨੂੰ ਤੀਖਣ ਕਰਦੀ ਹੈ।
ਮੈਂ ਪੈਰੋਲ 'ਤੇ ਆਈ/ਇਕ ਕਵਿਤਾ ਹੀ ਨਹੀਂ
ਪੈਰੋਲ 'ਤੇ ਆਈ ਇਕ ਧਰਤੀ ਹਾਂ
ਪੰਜ ਦਰਿਆਵਾਂ ਦੀ ਧਰਤੀ/ਜਿਥੇ ਕਵਿਤਾਵਾਂ ਦੇ ਪੰਜ ਦਰਿਆ ਵਗਦੇ ਨੇ।

ਂਡਾ: ਕੁਲਜੀਤ ਕੌਰ ਅਠਵਾਲ
ਫ ਫ ਫ

ਸਿੱਖਿਆ ਖੇਤਰ ਦੇ ਦਾਅਵੇ ਅਤੇ ਹਕੀਕਤਾਂ
ਲੇਖਕ : ਪ੍ਰੋ: ਆਰ. ਕੇ. ਉੱਪਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 110
ਸੰਪਰਕ : 94789-09640.

ਅਜੋਕੇ ਦੌਰ ਦੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸਰਕਾਰ ਆਪਣੇ ਦਾਅਵੇ ਕਰ ਰਹੀ ਹੈ ਪਰ ਇਨ੍ਹਾਂ ਦਾਅਵਿਆਂ ਦੀ ਅਸਲ ਕਹਾਣੀ ਕੀ ਹੈ, ਇਸ ਬਾਰੇ ਇਸ ਪੁਸਤਕ 'ਸਿੱਖਿਆ ਖੇਤਰ ਦੇ ਦਾਅਵੇ ਅਤੇ ਹਕੀਕਤਾਂ' ਵਿਚ ਭਰਪੂਰ ਰੂਪ ਵਿਚ ਪ੍ਰੋ: ਆਰ. ਕੇ. ਉੱਪਲ ਦੁਆਰਾ ਸੰਵਾਦ ਰਚਾਇਆ ਗਿਆ ਹੈ। ਸਰਕਾਰ ਭਾਵੇਂ ਸਕੂਲੀ ਸਿੱਖਿਆ ਤੋਂ ਲੈ ਕੇ ਉੱਚ ਸਿੱਖਿਆ ਤੱਕ ਆਪਣਾ ਤਰਕ ਪੇਸ਼ ਕਰਦੀ ਹੈ ਕਿ ਸਰਕਾਰ ਨੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਬਹੁਤ ਸਾਰੇ ਸਾਧਨ ਜੁਟਾਏ ਹਨ ਅਤੇ ਸੰਸਥਾਵਾਂ ਨੂੰ ਵਿੱਦਿਆ ਦੇ ਸੁਚੱਜੇ ਪ੍ਰਬੰਧ ਲਈ ਬੁਨਿਆਦੀ ਢਾਂਚਾ ਵੀ ਉਪਲਬਧ ਕਰਵਾਇਆ ਹੈ ਪਰ ਲੋਕਾਂ ਦਾ ਵਿਸ਼ਵਾਸ ਸਰਕਾਰੀ ਸਕੂਲਾਂ ਤੋਂ ਕਿਉਂ ਉੱਠ ਰਿਹਾ ਹੈ, ਇਹ ਵੀ ਇਕ ਗੰਭੀਰ ਮਸਲਾ ਹੈ। ਲੇਖਕ ਦਾ ਮੱਤ ਹੈ ਕਿ ਸਰਕਾਰ ਹੋਰ ਨਵੇਂ ਵਿੱਦਿਅਕ ਅਦਾਰੇ ਖੋਲ੍ਹਣ ਦੀ ਬਜਾਏ ਪਹਿਲਾਂ ਖੁੱਲ੍ਹੇ ਹੋਏ ਅਦਾਰਿਆਂ ਵਿਚ ਹੀ ਮਿਆਰੀ ਅਤੇ ਸਮੇਂ ਦੇ ਹਾਣ ਦੀ ਵਿੱਦਿਆ ਪ੍ਰਣਾਲੀ ਉਪਲਬਧ ਕਰਵਾਏ, ਜਿਸ ਨਾਲ ਜਿਥੇ ਵਿਦਿਆਰਥੀ ਦਾ ਰੁਜ਼ਗਾਰ ਦਾ ਮਸਲਾ ਹੱਲ ਹੋਵੇ, ਉਥੇ ਉਸ ਦੀ ਸ਼ਖ਼ਸੀਅਤ ਦਾ ਸਰਬਪੱਖੀ ਵਿਕਾਸ ਵੀ ਹੋਵੇ। ਲੇਖਕ ਨੇ ਬੇਰੁਜ਼ਗਾਰੀ ਦੇ ਮਸਲੇ ਬਾਰੇ ਵੀ ਬੜੀ ਗਹਿਨ ਚਰਚਾ ਕਰਨ ਦੇ ਨਾਲ-ਨਾਲ ਬੇਰੁਜ਼ਗਾਰੀ ਦੇ ਪ੍ਰਕਾਰ ਵੀ ਦੱਸੇ ਹਨ ਅਤੇ ਇਸ ਸਮੱਸਿਆ ਦਾ ਸਮਾਜ 'ਤੇ ਪ੍ਰਭਾਵ ਕੀ ਪੈਂਦਾ ਹੈ, ਉਸ ਬਾਰੇ ਅਧਿਐਨ ਅੰਕੜਿਆਂ ਸਹਿਤ ਉਪਲਬਧ ਕਰਵਾਇਆ ਹੈ। ਜਿਥੇ ਲੇਖਕ ਨੇ ਸਿੱਖਿਆ ਦੇ ਖੇਤਰ ਅਤੇ ਰੁਜ਼ਗਾਰ ਪ੍ਰਾਪਤੀ ਦੇ ਰਾਹ ਵਿਚ ਅੜਿੱਕਾ ਬਣਨ ਵਾਲੇ ਕਾਰਨਾਂ ਦੀ ਤਲਾਸ਼ ਕੀਤੀ ਹੈ, ਉਥੇ ਅਨਪੜ੍ਹ ਅਤੇ ਅੱਧਪੜ੍ਹ ਵਿਅਕਤੀਆਂ ਨੂੰ ਸਮਾਜ ਵਿਚ ਹਰੇਕ ਖੇਤਰ ਵਿਚ ਆਉਂਦੀਆਂ ਮੁਸ਼ਕਿਲਾਂ ਅਤੇ ਦੁਸ਼ਵਾਰੀਆਂ ਨੂੰ ਦਰਸਾਉਣ ਦੇ ਨਾਲ-ਨਾਲ ਇਸ ਦੇ ਹੱਲ ਵੀ ਦੱਸੇ ਹਨ। ਭਾਵੇਂ ਕਿ ਆਧੁਨਿਕ ਤਕਨੀਕ ਨੇ ਵਿਦਿਆਰਥੀਆਂ ਦੀ ਵਿੱਦਿਆ ਪ੍ਰਾਪਤੀ ਦੇ ਖੇਤਰ ਵਿਚ ਵੀ ਕ੍ਰਾਂਤੀ ਪੈਦਾ ਕੀਤੀ ਹੈ ਪਰ ਮੋਬਾਈਲ ਦੀ ਬੇਲੋੜੀ ਵਰਤੋਂ ਵੀ ਵਿਦਿਆਰਥੀਆਂ ਲਈ ਘਾਤਕ ਹੈ। ਅਧਿਆਪਕਾਂ ਨੂੰ ਗ਼ੈਰ-ਵਿੱਦਿਅਕ ਕਾਰਜਾਂ ਤੋਂ ਮੁਕਤੀ ਦਿਵਾ ਕੇ ਅਤੇ ਨਤੀਜਿਆਂ 'ਤੇ ਨਜ਼ਰਸਾਨੀ ਕਰਕੇ ਮਾੜੇ ਨਤੀਜੇ ਵਾਲੇ ਅਧਿਆਪਕਾਂ ਦੀ ਜਵਾਬ ਤਲਬੀ ਕਰਕੇ ਇਸ ਖੇਤਰ ਵਿਚ ਸੁਧਾਰ ਕੀਤਾ ਜਾ ਸਕਦਾ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਸਾਈਨ-ਵੈਲਯੂ ਦਾ ਜਲੌਅ
ਲੇਖਕ : ਬਲਬੀਰ ਪਰਵਾਨਾ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ, ਫਰੀਦਕੋਟ
ਮੁੱਲ : 150 ਰੁਪਏ, ਸਫ਼ੇ : 170
ਸੰਪਰਕ : 95309-44345.

ਇੱਕੀਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਹੁਣ ਤੱਕ ਲਿਖੀ ਜਾ ਰਹੀ ਪੰਜਾਬੀ ਕਹਾਣੀ 20ਵੀਂ ਸਦੀ ਦੇ ਵਿਭਿੰਨ ਵਿਚਾਰਧਾਰਕ ਅਤੇ ਰੂਪ-ਸਰੰਚਨਾ ਦੇ ਮਾਨਦੰਡਾਂ ਤੋਂ ਅਗਾਂਹ ਨਿਕਲ ਚੁੱਕੀ ਹੈ। ਚੇਤਨਾ-ਪ੍ਰਵਾਹ ਸਦਕਾ ਵਿਭਿੰਨ ਪਰੰਪਰਾਇਕ ਵਲਗਣਾਂ ਨੂੰ ਅੱਜ ਦੀ ਕਹਾਣੀ ਉਲੰਘ ਚੁੱਕੀ ਹੈ ਅਤੇ ਸਮਕਾਲ ਦੇ ਮਨੁੱਖੀ-ਜੀਵ ਨੂੰ ਸਹਿਜ-ਸਿਦਕ, ਭਰੋਸੇ, ਮਿਲਵਰਤਣ ਅਤੇ ਰਿਸ਼ਤਿਆਂ ਦੀ ਪਾਕੀਜ਼ਗੀ ਵਿਚ ਜੁੜ ਕੇ, ਹੁੰਦਿਆਂ-ਸੁੰਦਿਆਂ ਜਾਂ ਸੰਕਟ ਸਥਿਤੀਆਂ ਵਿਚ ਵੀ ਸੁਖਾਵਾਂ ਜੀਵਨ ਧਾਰਨ ਕਰਨ ਦੀਆਂ ਪ੍ਰੇਰਕ-ਜੁਗਤਾਂ ਦਰਸਾਅ ਰਹੀ ਹੈ। ਇਸੇ ਹੀ ਵਿਚਾਰਧਾਰਕ-ਸਿਧਾਂਤ ਦਾ ਪ੍ਰਤਿਫਲ 'ਸਾਈਨ- ਵੈਲਯੂ ਦਾ ਜਲੌਅ' ਰਚਿਤ ਬਲਬੀਰ ਪਰਵਾਨਾ ਦਾ 13 ਕਹਾਣੀਆਂ ਦਾ ਸੰਗ੍ਰਹਿ ਸਾਡੇ ਸਨਮੁੱਖ ਹੈ।
ਸਾਲ 1907 ਤੋਂ ਲੈ ਕੇ 2017 ਤੱਕ ਵਿਭਿੰਨ ਉੱਚ-ਦਰਜੇ ਦੇ ਮੈਗਜ਼ੀਨਾਂ 'ਚ ਛਪੀਆਂ ਇਨ੍ਹਾਂ ਕਹਾਣੀਆਂ ਨੇ ਵਾਹ-ਵਾਹ ਖੱਟੀ ਪਰ ਪੁਸਤਕ ਰੂਪ 'ਚ ਇਸ ਦੀ ਆਭਾ ਹੋਰ ਪ੍ਰਭਾਵਸ਼ਾਲੀ ਸਾਬਤ ਹੁੰਦੀ ਹੈ, ਕਿਉਂਕਿ ਅਜੋਕੇ ਮਾਨਵ ਦੇ ਆਪੇ ਵਿਚੋਂ ਆਪਣੇ ਆਪ ਨੂੰ ਖ਼ੁਦ ਮਨਫੀ ਕਰਕੇ, ਬਾਹਰੀ ਨਾ-ਮਿਲਣਯੋਗ ਤ੍ਰਿਪਤੀਆਂ ਦੀ ਭਾਲ ਵਿਚ ਨਾ-ਪ੍ਰਾਪਤੀ ਨੂੰ ਇਹ ਕਹਾਣੀਆਂ ਆਲੋਚਨਾਤਮਕ-ਦ੍ਰਿਸ਼ਟੀ ਤੋਂ ਸਾਡੇ ਸਨਮੁੱਖ ਹੁੰਦੀਆਂ ਹਨ। ਕਹਾਣੀ ਭਾਵੇਂ ਰਾਧੇ ਸ਼ਾਮ ਦੀ ਹੈ, ਭੀੜ ਵਿਚ ਫਸੇ ਵਿਅਕਤੀ ਦੀ ਹੈ, ਗ਼ਮਲਿਆਂ ਵਿਚ ਉੱਗਦੀ ਜ਼ਿੰਦਗੀ ਜਿਉ ਰਹੇ ਲੋਕਾਂ ਦੀ ਹੈ, ਲਾਵਾਰਿਸ ਹੋਏ ਲੋਕ-ਜੀਵਨ ਦੀ ਹੈ, ਅੰਨ੍ਹੀ ਦੌੜ 'ਚ ਭੱਜਦੇ ਹੋਏ ਮਿਰਗ-ਤ੍ਰਿਸ਼ਨਾ ਮੁਲਕ ਸੋਚ ਵਾਲਿਆਂ ਦੀ ਹੈ ਜਾਂ ਦੰਭੀ ਇਨਕਲਾਬੀ ਸੋਚ ਧਾਰਿਆਂ ਅਤੇ ਅਸਲ-ਰੂਪ ਵਿਚ ਕੁਰਬਾਨੀ ਦੇਣ ਵਾਲੇ ਮਰਜੀਵੜਿਆਂ ਦੀ ਹੈ, ਸਭ ਕਹਾਣੀਆਂ ਅਜੋਕੇ ਕਰੂਰ ਯਥਾਰਥ ਦਾ ਪ੍ਰਗਟਾਅ ਵੀ ਹਨ ਅਤੇ ਖਪਤਕਾਰੀ ਰੁਚੀਆਂ ਵਿਚ ਗਲਤਾਨ ਮਨੁੱਖ ਜਾਤੀ ਜਿਸ ਲਈ ਜੀਵਨ ਦਾ ਮਨੋਰਥ ਸਭ ਕੁਝ, ਪੈਸਾ, ਡਾਲਰ, ਯੂਰੋ ਜਾਂ ਹੁਸਨ-ਸ਼ੁਹਰਤ ਬਣ ਚੁੱਕਾ ਹੈ, ਉਸ ਪ੍ਰਤੀ ਦੀਰਘ ਵਿਅੰਗ ਵੀ ਹੈ। ਕਹਾਣੀ ਦੀਨ ਕੇ ਹੇਤ, ਮ੍ਰਿਗ ਤ੍ਰਿਸ਼ਨਾ, ਗਲੇਸ਼ੀਅਰ, ਸਾਈਨ-ਵੈਲਯੂ ਦਾ ਜਲੌਅ, ਬੰਦ ਗੇਟ ਤੇ ਵਿਚਾਰਾ ਇਨਕਲਾਬ, ਭੀੜ 'ਚ ਘਿਰਿਆ ਬੰਦਾ ਆਦਿ ਉਕਤ ਸਰੋਕਾਰਾਂ ਨੂੰ ਕਹਾਣੀ-ਕਲਾ ਦੀ ਪ੍ਰਾਬੀਨ ਕਲਾ-ਕੌਸ਼ਲਤਾ ਜ਼ਰੀਏ ਪ੍ਰਗਟ ਕਰਦੀਆਂ ਪ੍ਰਤੀਤ ਹੁੰਦੀਆਂ ਹਨ।

ਂਡਾ: ਜਗੀਰ ਸਿੰਘ ਨੂਰ
ਮੋ: 98142-09732.
ਫ ਫ ਫ

ਡਾ: ਦਰਸ਼ਨ ਗਿੱਲ ਕਾਵਿ
ਮੂਲ ਸਰੋਕਾਰ

ਲੇਖਿਕਾ : ਡਾ: ਤੇਜਿੰਦਰ ਕੌਰ ਬੇਰੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 87290-80250.

ਹਥਲੀ ਪੁਸਤਕ ਪ੍ਰਸਿੱਧ ਪੰਜਾਬੀ ਪਰਵਾਸੀ ਕਵੀ ਦਰਸ਼ਨ ਗਿੱਲ ਦੀ ਸਮੁੱਚੀ ਕਵਿਤਾ ਦੀ ਪੁਨਰ ਸਮੀਖਿਆ ਕਰਦੀ ਅਤੇ ਇਸ ਦੇ ਵੱਖ-ਵੱਖ ਪਹਿਲੂਆਂ ਨੂੰ ਦ੍ਰਿਸ਼ਟੀਗੋਚਰ ਕਰਦੀ ਹੈ। ਵਿਦਵਾਨ ਲੇਖਿਕਾ ਡਾ: ਤੇਜਿੰਦਰ ਕੌਰ ਨੇ ਪੁਸਤਕ ਨੂੰ ਬੜੇ ਹੀ ਉੱਚੇ ਮਿਆਰਾਂ ਵਿਚ ਰੱਖ ਕੇ ਪੇਸ਼ ਕੀਤਾ ਹੈ। ਉਸ ਦੀ ਕਵਿਤਾ ਦਾ ਹਰ ਪਹਿਲੂ ਸਲਾਹੁਣਯੋਗ ਪ੍ਰਵਚਨ ਉਜਾਗਰ ਕਰਦਾ ਹੈ। ਜਿਥੇ ਇਹ ਕਵਿਤਾ ਭੂਤਕਾਲੀ ਸਿਮਰਤ ਸਥਿਤੀ ਦੇ ਧਰੁਵ ਵੱਲ ਝੁਕਦੀ ਹੈ, ਉਥੇ ਇਸ ਦਾ ਦੂਜਾ ਧਰੁਵ ਪਰਵਾਸ ਦੀਆਂ ਮੁਸ਼ਕਿਲਾਂ, ਸੰਕਟਮਈ ਸਥਿਤੀਆਂ ਅਤੇ ਵਤਨਣ ਦੀ ਹੁੱਬ ਦਾ ਹੈ।
ਪਰਵਾਸ ਵਿਚ ਵਸਦੇ ਅਤੇ ਪੰਜਾਬੀ ਮਾਂ-ਬੋਲੀ, ਕਲਚਰ ਤੇ ਸਾਹਿਤਕਤਾ ਨੂੰ ਬਚਾਈ ਰੱਖਣ ਵਾਲੇ ਪੰਜਾਬੀ ਲੇਖਕਾਂ ਪ੍ਰਤੀ ਉਨ੍ਹਾਂ ਦੇ ਦੇਸ਼/ਵਤਨ ਪੰਜਾਬ ਨੂੰ ਉਨ੍ਹਾਂ ਦੇ ਨਿੱਜੀ ਜੀਵਨ ਬਾਰੇ ਜਾਣਕਾਰੀ ਦੇਣਾ ਸਾਡੇ ਵਿਦਵਾਨਾਂ ਦਾ ਮੁੱਖ ਕਰਤੱਵ ਬਣਦਾ ਹੈ। ਉਹ ਸਾਡੇ ਗੌਰਵ ਤੇ ਗਹੁਰ ਮਾਣਕ ਹਨ। ਡਾ: ਤੇਜਿੰਦਰ ਕੌਰ ਬੇਰੀ ਨੇ ਡਾ: ਦਰਸ਼ਨ ਗਿੱਲ ਬਾਰੇ ਇਹ ਉਸ ਦਾ ਅੰਦਰੂਨੀ ਪੱਖ ਉਘਾੜਦੀ ਇਹ ਪੁਸਤਕ ਸਿਰਜ ਕੇ ਪ੍ਰਵਾਸੀ ਲੇਖਕਾਂ ਪ੍ਰਤੀ ਸਾਡੀ ਸਲਾਮੀ ਪ੍ਰਗਟਾਈ ਹੈ। ਵਿਦਵਾਨ ਲੇਖਿਕਾ ਨੇ ਇਸ ਪੁਸਤਕ ਨੂੰ ਪੰਜਾਂ ਭਾਗਾਂ ਵਿਚ ਵੰਡ ਕੇ ਪੇਸ਼ ਕੀਤਾ ਹੈ ਜਿਵੇਂ : 1. ਪਰਵਾਸੀ ਚੇਤਨਾ, 2. ਪੰਜਾਬੀ ਪਰਵਾਸ ਦਾ ਇਤਿਹਾਸਕ ਪਿਛੋਕੜ, 3. ਡਾ: ਦਰਸ਼ਨ ਗਿੱਲ ਜੀਵਨ ਰਚਨਾ ਤੇ ਪ੍ਰਭਾਵ, 4. ਡਾ: ਦਰਸ਼ਨ ਗਿੱਲ ਕਾਵਿ ਮੂਲ ਸਰੋਕਾਰ, 5. ਪੰਜਾਬੀ ਪਰਵਾਸ ਤੇ ਪਰਵਾਸੀ ਸਰੋਕਾਰ। ਪੁਸਤਕ ਆਪਣੇ ਖੇਤਰ ਵਿਚ ਅਹਿਮ ਰਹੇਗੀ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

23/12/2017

 ਸਾਹਿਤ ਅਤੇ ਯਥਾਰਥ
ਮੂਲ ਲੇਖਕ : ਹਾਵਰਡ ਫਾਸਟ
ਅਨੁਵਾਦਕ : ਡਾ: ਸਰਵਨ ਸਿੰਘ ਪਰਦੇਸੀ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ-ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 118
ਸੰਪਰਕ : 98157-03680.

ਵਿਸ਼ਵ-ਵਿਆਪੀ ਚਿੰਤਕਾਂ ਦੁਆਰਾ ਕੀਤੇ ਗਏ ਸਾਹਿਤ ਅਧਿਐਨ ਅਤੇ ਪੜਚੋਲ ਦੇ ਸਿਧਾਂਤਾਂ ਨੇ ਪੰਜਾਬੀ ਸਾਹਿਤ ਦੇ ਅਧਿਐਨ ਲਈ ਵੀ ਅਨੇਕਾਂ ਦੁਆਰ ਖੋਲ੍ਹੇ। ਇਨ੍ਹਾਂ ਚਿੰਤਕਾਂ-ਪੜਚੋਲਕਾਂ ਵਿਚੋਂ ਹਾਵਰਡ ਫਾਸਟ ਇਕ ਉੱਘਾ ਵਿਦਵਾਨ ਸਾਬਤ ਹੋਇਆ ਪ੍ਰਵਾਨਿਆ ਜਾ ਚੁੱਕਾ ਹੈ। ਉਸ ਦੀ ਗੰਭੀਰ ਚਿੰਤਨਧਾਰਾ, ਬਾਰੀਕਨੁਮਾ-ਸ਼ਬਦ ਸੰਚਾਰ ਕਰਨ ਦੀ ਪੱਧਤੀ ਅਤੇ ਆਪਣੀ ਭਾਸ਼ਾਈ ਸਰਲਤਾ ਨੇ ਜਿਸ ਕਦਰ, ਵਿਸ਼ਵ ਦੇ ਹੋਰਨਾਂ ਖਿੱਤਿਆਂ ਦੇ ਚਿੰਤਕਾਂ ਨੂੰ ਪ੍ਰਭਾਵਿਤ ਕਰਕੇ, ਆਪਣੀ ਹੋਂਦ-ਸਥਿਤੀ ਦੇ ਪ੍ਰਮਾਣ ਨੂੰ ਸਥਾਪਿਤ ਕੀਤਾ, ਉਨ੍ਹਾਂ ਵਿਚੋਂ ਇਸ ਪੁਸਤਕ ਦਾ ਲੇਖਕ ਡਾ: ਸਰਵਨ ਸਿੰਘ ਪਰਦੇਸੀ ਇਕ ਹੈ।
ਇਸ ਅਨੁਵਾਦਕ ਨੇ ਬੜੀ ਸ਼ਿੱਦਤ ਨਾਲ ਹਾਵਰਡ ਫਾਸਟ ਨੂੰ ਪੜ੍ਹਿਆ, ਸਮਝਿਆ ਅਤੇ ਇਸ ਬਾਬਤ ਪਹਿਲਕਿਆਂ-ਅਨੁਵਾਦਕਾਂ ਵਲੋਂ ਜੋ ਕਾਰਜ ਕੀਤਾ ਉਸ ਨੂੰ ਵੀ ਅਗਾਂਹ ਸਫਲਤਾ-ਪੂਰਵ ਤੋਰਿਆ ਹੈ। ਸ਼ਬਦਾਂ ਵਿਚ ਜੀਵਨ ਦੇ ਯਥਾਰਥ ਨੂੰ ਪੇਸ਼ ਕਰਨਾ ਸਹਿਲ ਨਹੀਂ ਹੁੰਦਾ ਅਤੇ ਨਾ ਹੀ ਇਸ ਦਾ ਅਵਲੋਕਨ ਕਰਨਾ।
ਸਥਾਪਤ ਸ਼ਕਤੀਆਂ ਯਥਾਰਥ ਨੂੰ ਕੁਝ ਹੋਰ ਸਮਝ ਰਹੀਆਂ ਹੁੰਦੀਆਂ ਹਨ ਅਤੇ ਜੋ ਅਸਲ ਹੈ ਉਸ ਦੇ ਵਿਰੋਧ ਵਿਚ ਕੁਝ ਹੋਰ ਸਥਾਪਨਾਵਾਂ ਪੇਸ਼ ਕਰ ਰੱਖੀਆਂ ਹੁੰਦੀਆਂ ਹਨ। ਇਸੇ ਤਰ੍ਹਾਂ ਨੈਤਿਕ ਅਤੇ ਸਮਾਜਕ ਜੀਵਨ ਦੇ ਨਾਲ ਸਬੰਧਿਤ ਕਦਰਾਂ-ਕੀਮਤਾਂ ਸ਼ਕਤੀਸ਼ਾਲੀ ਅਲੰਬਰਦਾਰਾਂ ਦੀਆਂ ਹੋਰ ਹੁੰਦੀਆਂ ਹਨ ਅਤੇ ਜਨ-ਸਾਧਾਰਨ ਜੀਵਨ-ਸ਼ੈਲੀ ਦੀਆਂ ਸੁਖਾਵੀਆਂ ਪਰ ਵਧੇਰੇਤਰ ਦੁਖਦਾਵੀਆਂ ਸਥਿਤੀਆਂ ਦੀਆਂ ਅਵਸਥਾਵਾਂ ਕੁਝ ਹੋਰ ਹੁੰਦੀਆਂ ਹਨ। ਇਨ੍ਹਾਂ ਸਭਨਾਂ ਸਰੋਕਾਰਾਂ, ਸਥਿੱਤੀਆਂ ਅਤੇ ਪੈਦਾ ਹੋਈਆਂ ਪ੍ਰਸਥਿਤੀਆਂ ਸਬੰਧੀ ਪ੍ਰਗਟ ਵਿਚਾਰ ਪ੍ਰਭਾਵਸ਼ਾਲੀ ਹਨ ਅਤੇ ਅਜੋਕੇ ਮਨੁੱਖ ਦੀਆਂ ਮਨੋਵਿਗਿਆਨਕ, ਸਮਾਜਿਕ, ਧਾਰਮਿਕ, ਰਾਜਸੀ, ਪ੍ਰਸ਼ਾਸਨਿਕ ਅਤੇ ਘਰੇਲੂ ਜੀਵਨ ਚੱਜ-ਆਚਾਰ ਤੋਂ ਅਗਾਂਹ ਲੰਘ ਕੇ ਮਾਨਵ-ਜਾਤੀ ਨੂੰ ਸਮਝਣ ਦਾ ਪੈਗ਼ਾਮ ਹਨ।

-ਡਾ: ਜਗੀਰ ਸਿੰਘ ਨੂਰ
ਮੋ: 98142-09732


ਮੋਏ ਪਾਣੀਆਂ ਦੀ ਝੀਲ
ਕਵੀ : ਕਰਮਜੀਤ ਸਿੰਘ ਨੌਧਰਾਣੀ
ਪ੍ਰਕਾਸ਼ਕ : ਗਰੇਸ਼ੀਅਸ ਬੁਕਸ ਪਟਿਆਲਾ
ਮੁੱਲ : 150 ਰੁਪਏ, ਸਫ਼ੇ : 140
ਸੰਪਰਕ : 98765-26467.

'ਮੋਏ ਪਾਣੀਆਂ ਦੀ ਝੀਲ' ਦੀਆਂ ਕਵਿਤਾਵਾਂ, ਕਵੀ ਦੇ ਅੰਤਰ-ਦਵੰਦ ਵਿਚੋਂ ਉਪਜੀਆਂ ਹਨ। ਇਸ ਪੁਸਤਕ ਦਾ ਰਚਾਇਤਾ ਕਰਮਜੀਤ ਸਿੰਘ ਨੌਧਰਾਣੀ ਇਕ ਜਾਗਰੂਕ ਅਤੇ ਸੰਵੇਦਨਸ਼ੀਲ ਕਵੀ ਹੈ। ਉਹ ਕਾਵਿ-ਵਿਸਫੋਟ ਦੁਆਰਾ ਪੈਦਾ ਹੋਣ ਵਾਲੀ ਊਰਜਾ ਤੋਂ ਸੁਪਰਿਚਿਤ ਹੈ ਪਰ ਕਈ ਵਾਰ ਉਸ ਨੂੰ ਇੰਜ ਲਗਦਾ ਹੈ, ਜਿਵੇਂ ਲੋਕ (ਪਾਠਕ) ਜਾਣਬੁੱਝ ਕੇ ਕਵਿਤਾ ਤੋਂ ਬੇਮੁੱਖ ਹੋ ਗਏ ਹਨ। ਉਸ ਦੇ ਮਨ ਦਾ ਵਿਵੇਕਸ਼ੀਲ ਭਾਗ ਉਸ ਨੂੰ ਸਮਝਾਉਂਦਾ ਹੈ ਕਿ ਮਨ ਵਿਚ ਪੈਦਾ ਹੋਣ ਵਾਲੇ ਉਦਗਾਰ ਅਤੇ ਵਿਚਾਰ ਪ੍ਰਵਾਹਿਤ ਹੁੰਦੇ ਰਹਿਣੇ ਚਾਹੀਦੇ ਹਨ, ਖੜੋਤੇ ਪਾਣੀਆਂ 'ਚੋਂ ਬਦਬੋ ਆਉਣ ਲਗਦੀ ਹੈ। ਆਪਣੇ ਮਨ ਦੇ ਇਸੇ ਆਦੇਸ਼ ਨੂੰ ਪ੍ਰਵਾਨ ਕਰਕੇ ਉਸ ਨੇ ਕਾਵਿ-ਸਿਰਜਣਾ ਦੀ ਜ਼ਿੰਮੇਵਾਰੀ ਨੂੰ ਸਵੀਕਾਰ ਕੀਤਾ ਹੈ।
ਕਰਮਜੀਤ ਸਿੰਘ ਛੰਦ ਮੁਕਤ (ਖੁੱਲ੍ਹੀ) ਕਵਿਤਾ ਦਾ ਸ਼ਾਇਰ ਹੈ। ਉਸ ਦੇ ਵਿਚਾਰ ਏਨੀ ਸ਼ਿੱਦਤ ਨਾਲ ਰੂਪਮਾਨ ਹੁੰਦੇ ਹਨ ਕਿ ਉਨ੍ਹਾਂ ਨੂੰ ਛੰਦ ਦੀ ਰਵਾਇਤੀ ਮਰਯਾਦਾ ਵਿਚ ਬੰਨ੍ਹਣਾ ਔਖਾ ਹੋ ਜਾਂਦਾ ਹੈ। ਉਸ ਦੇ ਅਨੁਭਵ ਉੱਪਰ ਗੁਰਬਾਣੀ ਦਾ ਬੜਾ ਵਿਆਪਕ ਪ੍ਰਭਾਵ ਹੈ। ਗੁਰਬਾਣੀ ਤੋਂ ਸੇਧ ਪ੍ਰਾਪਤ ਕਰਕੇ ਅਤੇ ਅਜੋਕੇ ਦੌਰ ਵਿਚ ਸਥਿਤ ਹੋ ਕੇ ਉਹ ਆਪਣੀਆਂ ਕਵਿਤਾਵਾਂ ਦੀ ਰੂਪ-ਰਚਨਾ ਕਰਦਾ ਹੈ। ਇਸ ਕਾਰਨ ਉਸ ਦਾ ਕਾਵਿ ਲੋਕ ਬਹੁਅਰਥੀ ਅਤੇ ਬਹੁਦਿਸ਼ਾਵੀ ਹੋ ਗਿਆ ਹੈ। ਇਕ ਉਦਾਹਰਨ ਦੇਖੋ :
ਬੈਲ ਦੇ ਸਿੰਗਾਂ 'ਚ ਹੁਣ
ਮਾਇਆ ਦਾ ਰੱਸਾ ਹੈ
ਦਇਆ-ਪੁੱਤਰ ਬੈਲ ਦੇ ਪੈਰਾਂ 'ਚ ਰਿੜ੍ਹ ਰਿਹਾ
ਜੋ ਨਾ ਮਰਿਆ ਹੈ ਨਾ ਹੀ ਮਰੇਗਾ
ਮਾਇਆ ਦੇ ਚੇਲੇ ਅਜੇ ਵੀ ਡਰੇ ਹੋਏ
ਕਿ ਇਹ ਕਦੇ ਵੀ ਪੈਰਾਂ ਹੇਠੋਂ ਨਿਕਲ
ਰੱਸੇ ਨੂੰ ਕੱਟ, ਬੈਠ ਸਕਦਾ
ਸਿੰਗਾਂ ਉੱਪਰ। (ਮਰਦ ਦਾ ਚੇਲਾ)
ਕਰਮਜੀਤ ਸਿੰਘ ਦੀਆਂ ਬਹੁਤੀਆਂ ਕਵਿਤਾਵਾਂ ਸੰਬੋਧਮਈ ਹਨ। ਉਹ ਆਪਣੇ ਸਮਕਾਲੀ ਲੋਕਾਂ ਨੂੰ ਸਮਾਜਿਕ ਨਿਆਇ ਅਤੇ ਸਮਾਨਤਾ ਦੀ ਪ੍ਰਾਪਤੀ ਲਈ ਵੰਗਾਰਦਾ-ਝੰਜੋੜਦਾ ਹੈ। ਉਹ ਪੰਜਾਬ ਦੇ ਸੱਭਿਆਚਾਰਕ ਅਤੇ ਲੋਕਯਾਨਿਕ ਵਿਰਸੇ ਦੀਆਂ ਤੰਦਾਂ ਨੂੰ ਕਾਵਿ ਦੀ ਬੁਣਤਰ ਵਾਸਤੇ ਬੜੀ ਕੁਸ਼ਲਤਾ ਨਾਲ ਉਣਦਾ-ਬੁਣਦਾ ਹੈ। ਇਨ੍ਹਾਂ ਕਵਿਤਾਵਾਂ ਵਿਚ ਵਿਪੰਨ ਅਤੇ ਹਾਸ਼ੀਆਕ੍ਰਿਤ ਲੋਕਾਂ ਦੇ ਦੁੱਖ-ਦਰਦ ਅਤੇ ਆਸ-ਅੰਦੇਸੇ ਬੜੇ ਮੌਲਿਕ ਢੰਗ ਨਾਲ ਰੂਪਮਾਨ ਹੋਏ ਹਨ। ਉਹ ਆਧੁਨਿਕ ਪੰਜਾਬੀ ਕਾਵਿ ਦੀ ਪਰੰਪਰਾ ਨੂੰ ਨਿਖਾਰਨ-ਵਿਸਤਾਰਨ ਵਾਲਾ ਇਕ ਪ੍ਰਮਾਣਿਕ ਕਵੀ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਗਾਉਂਦੇ ਪੰਛੀ
ਅਨੁ: ਤੇ ਸੰਪਾਦਨਾ : ਪਰਮਿੰਦਰ ਸਿੰਘ
ਪ੍ਰਕਾਸ਼ਕ : ਨਵਰੰਗ ਪ੍ਰਕਾਸ਼ਕ, ਸਮਾਣਾ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 95019-26200.

'ਗਾਉਂਦੇ ਪੰਛੀ' ਪਰਮਿੰਦਰ ਸਿੰਘ ਦੁਆਰਾ ਅਨੁਵਾਦ ਅਤੇ ਸੰਪਾਦਨਾ ਦੀ ਬੜੀ ਖੂਬਸੂਰਤ ਕਿਤਾਬ ਹੈ, ਜਿਸ ਵਿਚ ਉਸ ਨੇ ਸੰਸਾਰ ਪ੍ਰਸਿੱਧ ਕਵੀਆਂ ਦੀਆਂ ਕਵਿਤਾਵਾਂ ਨੂੰ ਅਨੁਵਾਦ ਕਰਕੇ ਪੇਸ਼ ਕੀਤਾ ਹੈ। ਇਨ੍ਹਾਂ ਕਵੀਆਂ ਵਿਚ ਸੰਸਾਰ ਪ੍ਰਸਿੱਧ ਕਵੀ ਲੋਰਕਾ, ਨਾਜ਼ਿਮ ਹਿਕਮਤ, ਬ੍ਰੇਤੋਲਤ ਬ੍ਰੋਖਤ ਦੀਆਂ ਕਵਿਤਾਵਾਂ ਦੇ ਅਨੁਵਾਦ ਸ਼ਾਮਿਲ ਹਨ। ਇਹ ਤਿੰਨੋਂ ਕਵੀ ਸੰਸਾਰ ਪੱਧਰ 'ਤੇ ਬੇਹੱਦ ਮਕਬੂਲ ਸ਼ਾਇਰ ਹਨ, ਜਿਨ੍ਹਾਂ ਨੇ ਆਪਣੇ-ਆਪਣੇ ਖਿੱਤੇ ਜਾਂ ਭਾਸ਼ਾ ਦੀ ਕਵਿਤਾ ਨੂੰ ਹੀ ਪ੍ਰਫੁੱਲਤ ਤੇ ਪ੍ਰਭਾਵਿਤ ਨਹੀਂ ਕੀਤਾ, ਸਗੋਂ ਇਨ੍ਹਾਂ ਕਵੀਆਂ ਨੇ ਵਿਸ਼ਵ ਪੱਧਰ ਦੀ ਕਵਿਤਾ ਨੂੰ ਵੀ ਆਪਣੀ ਕਾਵਿ-ਯੋਗਤਾ ਨਾਲ ਬਦਲਣ ਵਿਚ ਅਹਿਮ ਭੂਮਿਕਾ ਨਿਭਾਈ। ਇਹ ਤਿੰਨੇ ਕਵੀ ਸਾਮਰਾਜਵਾਦ ਦੇ ਖਿਲਾਫ਼ ਪੂਰੇ ਵਿਦਰੋਹ ਨਾਲ ਲੜੇ ਅਤੇ ਇਨ੍ਹਾਂ ਨੇ ਆਪਣੇ ਆਜ਼ਾਦਾਨਾ ਅੰਦਾਜ਼ ਵਿਚ ਕਵਿਤਾ ਨੂੰ ਹਥਿਆਰ ਬਣਾ ਕੇ ਫਾਸ਼ੀਵਾਦੀ ਤਾਕਤਾਂ ਦੇ ਖਿਲਾਫ਼ ਵਿਦਰੋਹ ਦਾ ਪਰਚਮ ਬੁਲੰਦ ਕੀਤਾ। ਤਿੰਨੇ ਕਵੀਆਂ ਨੂੰ ਤਸ਼ੱਦਦ ਤੇ ਜੇਲ੍ਹਾਂ ਵਿਚ ਕਸ਼ਟਾਂ ਦਾ ਸਾਹਮਣਾ ਕਰਨਾ ਪਿਆ। ਪਰ ਫਿਰ ਵੀ ਇਹ ਕਵਿਤਾਵਾਂ ਸ਼ਾਹਦੀ ਭਰਦੀਆਂ ਹਨ ਕਿ ਹਨੇਰੇ ਦੇ ਖਿਲਾਫ਼ ਲੜਨ ਵਾਲੇ ਲੋਕਾਂ ਦੀ ਕਵਿਤਾ ਕਿਸ ਤਰ੍ਹਾਂ ਸਦੀਆਂ ਤੱਕ ਲੋਕਾਂ ਦੇ ਮਨਾਂ ਵਿਚ ਜਿਊਂਦੇ ਰਹਿੰਦੇ ਹਨ। ਬਤੌਰ ਅਨੁਵਾਦਕ ਹਨੇਰੇ ਦੌਰ ਵਿਚ ਲਿਖੀਆਂ ਇਹ ਕਵਿਤਾਵਾਂ ਅਸਲ ਵਿਚ ਪਿਆਰ ਦੇ ਅਜਿਹੇ ਗੀਤ ਹਨ, ਜੋ ਮੌਸਮ ਦੀ ਉਦਾਸੀ ਨੂੰ ਭੰਗ ਹੀ ਨਹੀਂ ਕਰਦੇ, ਸਗੋਂ ਜੀਵਨ ਤੇ ਸੁਪਨਿਆਂ ਨੂੰ ਪਿਆਰ ਕਰਨਾ ਵੀ ਸਿਖਾਉਂਦੇ ਹਨ।

-ਡਾ: ਅਮਰਜੀਤ ਕੌਂਕੇ


ਪੰਜਾਬੀ ਸੂਫ਼ੀ ਕਾਵਿ ਧਾਰਾ
ਲੇਖਕ : ਡਾ: ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨਜ਼, ਦਿੱਲੀ
ਮੁੱਲ : 450 ਰੁਪਏ, ਸਫ਼ੇ : 359
ਸੰਪਰਕ : 099588-31357

ਸੂਫ਼ੀ ਕਾਵਿ ਪੰਜਾਬੀ ਦੇ ਮਧਕਾਲੀ ਕਾਵਿ ਦੀ ਇਕ ਮਹੱਤਵਪੂਰਨ ਕਾਵਿਧਾਰਾ ਹੈ। ਪੰਜਾਬੀ ਦੇ ਅਧਿਐਨ ਅਧਿਆਪਨ ਦਾ ਜ਼ਰੂਰੀ ਹਿੱਸਾ ਹੈ ਇਹ। ਪੰਜਾਬੀ ਸੂਫ਼ੀ ਕਾਵਿ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਵਿਚ ਯੂੁਨਾਨੀ, ਇਸਲਾਮੀ ਤੇ ਭਾਰਤੀ ਰਹੱਸਵਾਦ ਦੇ ਤੱਤਾਂ ਦਾ ਅਨੂਠਾ ਸੁਮੇਲ ਹੈ। ਮੂਲ ਰੂਪ ਵਿਚ ਇਸਲਾਮ ਤੇ ਕੁਰਾਨ ਨਾਲ ਜੁੜੀ ਇਸ ਧਾਰਾ ਦੇ ਸਟੀਕ ਅਧਿਐਨ ਲਈ ਉਰਦੂ, ਅਰਬੀ, ਫ਼ਾਰਸੀ ਦੇ ਭਰੋਸੇਯੋਗ ਵਿਦਵਾਨ ਕਿਰਦੇ-ਕਿਰਦੇ ਹਨ ਹੁਣ ਲਗਪਗ ਖ਼ਤਮ ਹੋ ਗਏ ਹਨ। ਪੰਜਾਬੀ ਵਿਚ ਸੂਫ਼ੀ ਕਾਵਿ ਬਾਰੇ ਹੋਏ ਖੋਜ ਕਾਰਜ ਦਾ ਆਧਾਰ ਸੂਫ਼ੀ ਕਵੀਆਂ ਦਾ ਮੂਲ ਕਾਵਿ-ਪਾਠ, ਉਸ 'ਤੇ ਵੱਖ-ਵੱਖ ਪੀੜਵੀਆਂ ਦੇ ਵਿਦਵਾਨਾਂ ਦੇ ਖੋਜ ਕਾਰਜ ਦਾ ਅਧਿਐਨ, ਪੁਨਰ-ਅਧਿਐਨ ਤੇ ਨਵੇਂ ਸੰਦਰਭਾਂ ਵਿਚ ਪੇਸ਼ਕਾਰੀ ਹੈ। ਹਾਲਾਤ ਇਸ ਗੱਲ ਦੀ ਮੰਗ ਕਰਦੇ ਹਨ ਕਿ ਇਸ ਕਾਰਜ ਬਾਰੇ ਸੰਗਠਿਤ ਤੇ ਬਹੁ-ਆਯਾਮੀ ਜਾਣਕਾਰੀ ਦੇਣ ਵਾਲੀ ਇਕ ਪੁਸਤਕ ਹੋਵੇ ਜੋ ਨਵੇਂ ਖੋਜੀਆਂ ਦਾ ਮਾਰਗ ਦਰਸ਼ਨ ਕਰੇ। ਡਾ: ਬਲਦੇਵ ਸਿੰਘ ਬੱਦਨ ਨੇ ਬੜੀ ਮਿਹਨਤ ਨਾਲ ਇਸ ਲੋੜ ਨੂੰ ਪੂਰਾ ਕੀਤਾ ਹੈ। ਉਸ ਦੀ ਇਸ ਪੁਸਤਕ ਵਿਚ ਪੰਜਾਬੀ ਵਿਚ ਵੱਖ-ਵੱਖ ਯੂਨੀਵਰਸਿਟੀਆਂ ਵਿਚ ਸੂਫ਼ੀ ਕਾਵਿ ਬਾਰੇ ਹੁਣ ਤੱਕ ਦੇ ਐਮ. ਫਿਲ/ਡਾਕਟਰੇਟ ਖੋਜ ਪ੍ਰਬੰਧਾਂ ਦੀ ਸੂਚੀ (ਸਮੇਤ ਉਨ੍ਹਾਂ ਦੀ ਮੂਲ ਰੂਪ ਰੇਖਾ/ਵਸਤੂ), ਵੱਖ-ਵੱਖ ਸੰਸਥਾਵਾਂ/ਵਿਭਾਗਾਂ/ ਪ੍ਰਕਾਸ਼ਕਾਂ ਦੀਆਂ ਇਸ ਵਿਸ਼ੇ 'ਤੇ ਰਚੀਆਂ ਪੁਸਤਕਾਂ, ਖੋਜ ਪੱਤਰਾਂ, ਪੱਤਰ/ਪੱਤ੍ਰਿਕਾਵਾਂ ਦਾ ਵੇਰਵਾ ਪ੍ਰਾਪਤ ਹੈ। ਪੁਸਤਕ ਦੇ ਅੰਤ ਵਿਚ ਅੰਗਰੇਜ਼ੀ, ਪੰਜਾਬੀ, ਹਿੰਦੀ ਦੇ ਚਾਰ ਸੌ ਗ੍ਰੰਥਾਂ ਦੀ ਲੰਮੀ ਸੂਚੀ ਹੈ। ਇਸ ਤੋਂ ਇਲਾਵਾ ਪੰਜਾਬੀ ਸੂਫ਼ੀ ਕਾਵਿ ਦੇ ਬਿੰਬ ਵਿਧਾਨ, ਰਹੱਸਵਾਦ, ਵਿਚਾਰਧਾਰਾ ਤੇ ਯੁੱਗ ਚਿਤ੍ਰਨ ਬਾਰੇ ਸੱਤ ਲੰਮੇ ਖੋਜ ਪੱਤਰ ਹਨ, ਜੋ ਵਿਸਤ੍ਰਿਤ ਹਵਾਲਿਆਂ/ਟੂਕਾਂ ਨਾਲ ਭਰਪੂਰ ਹਨ। ਪੰਜਾਬੀ ਸੂਫ਼ੀ ਕਾਵਿ ਦੇ ਅਧਿਐਨ ਅਧਿਆਪਨ ਤੇ ਖੋਜ ਕਾਰਜ ਲਈ ਇਹ ਕਿਤਾਬ ਇਕ ਹਵਾਲਾ ਪੁਸਤਕ ਦਾ ਕੰਮ ਦੇਵੇਗੀ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

 

 

 

Father ਮੇਰੇ ਪੁੱਤਰਾਂ ਦੇ
ਲੇਖਿਕਾ : ਸਰਿਤਾ ਤਿਵਾੜੀ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਸਫ਼ੇ : 480
ਸੰਪਰਕ : 98150-90493.

ਡਾ: ਵੀ. ਕੇ. ਤਿਵਾੜੀ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਸ਼ੁੱਭ ਚਿੰਤਕਾਂ, ਅਧਿਆਪਕਾਂ, ਦੋਸਤਾਂ ਅਤੇ ਵਿਦਿਆਰਥੀਆਂ ਨੇ ਆਪਣੀਆਂ ਸਾਂਝਾਂ ਦਾ ਜ਼ਿਕਰ ਕਰਦਿਆਂ ਭਾਵ-ਭਿੰਨੀ ਸ਼ਰਧਾਂਜਲੀ ਦਿੱਤੀ ਹੈ। ਡਾ: ਤਿਵਾੜੀ ਬਹੁਪੱਖੀ ਸ਼ਖ਼ਸੀਅਤ ਸਨ। ਅਧਿਆਪਕ ਲਹਿਰ (P33 "") ਦੇ ਮਹੱਤਵਪੂਰਨ ਆਗੂ, ਵਧੀਆ ਬੁਲਾਰੇ, ਆਦਰਸ਼ਕ ਅਧਿਆਪਕ ਸਨ।
ਸਾਰਾ ਜੀਵਨ ਧਰਮ ਨਿਰਪੱਖ ਅਤੇ ਲੋਕਤੰਤਰੀ ਧਿਰਾਂ ਦਾ ਸਾਥ ਦਿੱਤਾ। ਲੰਮਾ ਸਮਾਂ ਉਹ ਪੰਜਾਬ ਚੰਡੀਗੜ੍ਹ ਟੀਚਰਜ਼ ਯੂਨੀਅਨ ਦੇ ਜਨਰਲ ਸਕੱਤਰ ਰਹੇ। ਰਾਸ਼ਟਰੀ ਅਧਿਆਪਕ ਜਥੇਬੰਦੀਆਂ ਦੀ ਫੈਡਰੇਸ਼ਨ (196"3 "®) ਦੇ ਅਹੁਦੇਦਾਰ ਬਣਨਾ ਅਤੇ ਅੰਤਰਰਾਸ਼ਟਰੀ ਅਧਿਆਪਕ ਜਥੇਬੰਦੀਆਂ ਦੀ ਫੈਡਰੇਸ਼ਨ ਦੀ ਕਾਰਜਕਾਰਨੀ ਦੇ ਮੈਂਬਰ ਨਾਮਜ਼ਦ ਹੋਣਾ ਫਖ਼ਰ ਵਾਲੀ ਗੱਲ ਸੀ। ਇਨ੍ਹਾਂ ਜਥੇਬੰਦੀਆਂ ਦੀਆਂ ਸਰਗਰਮੀਆਂ ਵਿਚ ਹਿੱਸਾ ਲੈਣ ਲਈ ਵੱਖ-ਵੱਖ ਰਾਜਾਂ ਅਤੇ ਦੁਨੀਆ ਦੇ ਅਨੇਕਾਂ ਵਿਕਸਤ ਦੇਸ਼ਾਂ ਵਿਚ ਜਾ ਕੇ ਅਧਿਆਪਕ ਵਰਗ ਅਤੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੇ ਅਵਸਰ ਮਿਲਦੇ ਰਹੇ ਹਨ। ਡਾ: ਵੀ.ਕੇ. ਤਿਵਾੜੀ ਦੀ ਸ਼ਖ਼ਸੀਅਤ ਦਾ ਖ਼ਾਸ ਗੁਣ ਉਨ੍ਹਾਂ ਦੀ ਨਿਮਰਤਾ/ਨਿਰਮਾਣਤਾ ਅਤੇ ਹਰ ਨਿੱਕੇ-ਵੱਡੇ ਮਨੁੱਖ ਦੀ ਸਹਾਇਤਾ ਲਈ ਸਦਾ ਤਿਆਰ ਰਹਿਣ ਕਾਰਨ ਹੋਰ ਵੱਧ ਜਾਂਦੀ ਹੈ। ਉਹ ਆਪਣੇ ਸੰਪਰਕ ਵਿਚ ਆਏ ਹਰ ਮਨੁੱਖ ਦੇ ਦੁੱਖ-ਸੁੱਖ ਵਿਚ ਸ਼ਾਮਿਲ ਹੁੰਦੇ ਸਨ। ਡੀ.ਏ.ਵੀ. ਕਾਲਜ ਜਲੰਧਰ ਵਿਚ ਵਿਦਿਆਰਥੀ, ਅਧਿਆਪਕ ਅਤੇ ਪ੍ਰਿੰਸੀਪਲ ਵਜੋਂ ਵਿਚਰਨ ਦਾ ਸਫ਼ਰ ਉਨ੍ਹਾਂ ਦੇ ਵਿਕਾਸ ਮਾਰਗ ਵਿਚ ਵਾਧਾ ਕਰਦਾ ਹੈ। ਇਹ ਵੱਡ-ਆਕਾਰੀ ਪੁਸਤਕ ਉਨ੍ਹਾਂ ਦੀਆਂ ਯਾਦਾਂ ਨੂੰ ਪਾਠਕਾਂ ਨਾਲ ਸਾਂਝਾ ਕਰਦੀ ਹੈ। ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਵਿਚ ਲਿਖੀ ਇਹ ਪੁਸਤਕ ਡਾ: ਵੀ.ਕੇ. ਤਿਵਾੜੀ ਦੀ ਸ਼ਖ਼ਸੀਅਤ ਦੇ ਮਹੱਤਵਪੂਰਨ ਪੱਖਾਂ 'ਤੇ ਪੰਛੀ ਝਾਤ ਪਵਾਉਂਦੀ ਹੈ। ਡਾ: ਤਿਵਾੜੀ ਨੂੰ ਅਧਿਆਪਕ ਵਰਗ ਦੇ ਪ੍ਰਭਾਵਸ਼ਾਲੀ ਆਗੂ ਵਜੋਂ ਬਹੁਤ ਮਾਣ ਸਤਿਕਾਰ ਪ੍ਰਾਪਤ ਹੋਇਆ ਹੈ। ਇਹ ਪੁਸਤਕ ਮੁਲਾਜ਼ਮ ਲਹਿਰ ਦੇ ਸਿਰਮੌਰ ਯੋਧੇ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.


ਯੇ ਰਾਸਤੇ ਹੈਂ ਪਿਆਰ ਕੇ
ਲੇਖਕ : ਓਮ ਪ੍ਰਕਾਸ਼ ਗੋਇਲ ਜੰਡਾਂਵਾਲਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ (ਪਟਿਆਲਾ)
ਮੁੱਲ : 195 ਰੁਪਏ, ਸਫ਼ੇ : 87
ਸੰਪਰਕ : 94644-83199.

ਓਮ ਪ੍ਰਕਾਸ਼ ਗੋਇਲ ਵਾਇਆ ਉਰਦੂ ਪੰਜਾਬੀ ਵੱਲ ਆਇਆ ਹੈ। 'ਯੇ ਰਾਸਤੇ ਹੈਂ ਪਿਆਰ ਕੇ' ਉਸ ਦਾ ਪਲੇਠਾ ਕਹਾਣੀ-ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਕੁੱਲ 13 ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਇਨ੍ਹਾਂ ਕਹਾਣੀਆਂ ਵਿਚ ਕਾਫੀ ਗੱਲਾਂ ਸਾਂਝੀਆਂ ਵੀ ਹਨ। ਨਾਇਕ ਆਪਣੀਆਂ ਭੈਣਾਂ ਕੋਲ ਪੜ੍ਹਾਈ ਕਰਨ ਜਾਂਦੇ ਹਨ। ਉਥੇ ਹੀ ਉਨ੍ਹਾਂ ਦਾ ਮਿਲਣ ਧੀ ਦੇ ਮਾਪਿਆਂ ਨਾਲ ਹੁੰਦਾ ਹੈ। ਉੱਚ ਪੜ੍ਹਾਈ ਕਰਨ ਲਈ ਉਹ ਮਹਿੰਦਰਾ ਕਾਲਜ, ਪਟਿਆਲਾ ਵਿਚ ਹੀ ਦਾਖ਼ਲ ਹੁੰਦੇ ਹਨ। ਪਿਆਰ ਵਿਚ ਨਾਕਾਮੀ ਮਿਲਦੀ ਹੈ। ਵਿਛੋੜੇ ਵਿਚ ਘੁਲ-ਘੁਲ ਕੇ ਕਿਸੇ ਨਾ ਕਿਸੇ ਲਾਇਲਾਜ ਬਿਮਾਰੀ ਵਿਚ ਫਸ ਜਾਂਦੇ ਹਨ। ਕਈ ਵਾਰੀ ਮਰਨ ਤੋਂ ਪਹਿਲਾਂ ਮਿਲ ਵੀ ਪੈਂਦੇ ਹਨ ਤੇ ਖੰਡਹਰ ਜ਼ਿੰਦਗੀ ਵਿਚ ਪਲ ਦੀ ਪਲ ਰੌਸ਼ਨੀ ਦਾ ਝਲਕਾਰਾ ਪੈਣ ਲੱਗਦਾ ਹੈ। ਮੁਹੱਬਤ ਕਮਸਿਨ ਉਮਰ 'ਚ ਹੀ ਹੋ ਜਾਂਦੀ ਹੈ। ਕਈ ਕਹਾਣੀਆਂ ਵਿਚ ਫ਼ਿਲਮਾਂ ਵਾਂਗ ਅਣਹੋਣੇ ਦ੍ਰਿਸ਼ਟਾਂਤ ਵੀ ਝਲਕਦੇ ਪ੍ਰਤੀਤ ਹੁੰਦੇ ਹਨ। ਕੁੜੀਆਂ ਪ੍ਰੇਮ ਵੇਲੇ ਸੁਹਣੀਆਂ ਹੁੰਦੀਆਂ ਹਨ ਪਰ ਬਾਅਦ ਵਿਚ ਉਨ੍ਹਾਂ ਦੀ ਸੁੰਦਰਤਾ ਹੌਲੀ-ਹੌਲੀ, ਇਸ਼ਕ ਦੀ ਨਾਕਾਮੀ ਕਾਰਨ ਝੁਲਸਦੀ ਜਾਂਦੀ ਹੈ। ਕਈ ਕਹਾਣੀਆਂ ਦੀ ਫਾਰਮੂਲੇਸ਼ਨ ਏਦਾਂ ਦੀ ਹੀ ਹੈ। 'ਬੰਗਾਲ ਦਾ ਜਾਦੂ' ਦਾ ਨਾਇਕ ਆਪਣੀ ਪ੍ਰੇਮਿਕਾ ਦੇ ਵੇਸ਼ਿਆ ਬਣ ਜਾਣ ਦੇ ਦੁੱਖ ਵਿਚ ਸਮੁੰਦਰ 'ਚ ਛਲਾਂਗ ਮਾਰ ਕੇ ਖ਼ੁਦਕੁਸ਼ੀ ਹੀ ਕਰ ਲੈਂਦਾ ਹੈ। 'ਅਧੂਰੇ ਰਿਸ਼ਤੇ' ਦਾ ਅੰਤ ਭਾਵੁਕ ਅਤੇ ਫ਼ਿਲਮੀ ਸ਼ੈਲੀ ਵਾਲਾ ਹੈ। 'ਬਾਲੀ ਟਾਪੂ ਦਾ ਕਾਹਨ' ਮਹਿਜ਼ ਇਕ ਘਟਨਾ ਪਾਤਰ ਹੀ ਹੈ, ਕਹਾਣੀ ਨਹੀਂ ਬਣ ਸਕੀ। 'ਭੈਣ ਪਟਵਾਰੀ ਦੀ' ਕਹਾਣੀ ਭਾਵੁਕ ਅੰਤ ਨਾਲ ਮੁਕਦੀ ਹੈ, ਜਦੋਂ ਨਾਇਕ ਨਾਇਕਾ ਦੇ ਮਰਨ ਵੇਲੇ ਉਸ ਨਾਲ ਵਿਆਹ ਕਰਵਾ ਕੇ ਆਪਣੇ ਪ੍ਰੇਮ ਨੂੰ ਪਾ ਲੈਂਦੀ ਹੈ।

-ਕੇ. ਐਲ. ਗਰਗ
ਮੋ: 94635-37050

17/12/2017

 ਡਿਜ਼ੀਟਲ ਅਰਥਵਿਵਸਥਾ ਵੱਲ ਭਾਰਤ ਦਾ ਸਫ਼ਰ
ਲੇਖਕ : ਪ੍ਰੋ: ਆਰ.ਕੇ. ਉਪਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 94789-09640.

ਪ੍ਰੋ: ਆਰ. ਕੇ. ਉਪਲ ਅਰਥ ਸ਼ਾਸਤਰ ਦਾ ਗੰਭੀਰ ਅਧਿਆਪਕ ਤੇ ਵਿਦਿਆਰਥੀ ਹੈ। ਪੰਜਾਬੀ ਭਾਸ਼ਾ ਉੱਤੇ ਵੀ ਉਸ ਨੂੰ ਭਰੋਸੋਯੇਗ ਪਕੜ ਹਾਸਲ ਹੈ। ਇਸ ਲਈ ਉਹ ਆਮ ਆਦਮੀ ਨੂੰ ਪ੍ਰਭਾਵਿਤ ਕਰਨ ਵਾਲੇ ਆਰਥਿਕ ਮਸਲਿਆਂ ਉੱਤੇ ਸਰਲ ਪੰਜਾਬੀ ਵਿਚ ਆਪਣੀ ਗੱਲ ਕਹਿਣ ਦੇ ਸਮਰੱਥ ਹੈ ਤੇ ਉਸ ਦੇ ਨਿਬੰਧ ਪੰਜਾਬੀ ਦੇ ਪੱਤਰ ਪੱਤ੍ਰਿਕਾਵਾਂ ਵਿਚ ਛਪਦੇ ਤੇ ਸਲਾਹੇ ਜਾਂਦੇ ਹਨ। ਹਥਲੀ ਪੁਸਤਕ ਵਿਚ ਉਸ ਨੇ ਭਾਵੇਂ ਮੁੱਖ ਰੂਪ ਵਿਚ ਡਿਜੀਟਲ ਅਰਥ-ਵਿਵਸਥਾ ਨੂੰ ਹੀ ਚਰਚਾ ਦਾ ਬਿੰਦੂ ਬਣਾਇਆ ਹੈ ਪਰ ਪੰਜਾਬ ਨੂੰ ਦਰਪੇਸ਼ ਕੈਂਸਰ, ਨਸ਼ਿਆਂ, ਕੀਟਨਾਸ਼ਕਾਂ ਦੀ ਵਧ ਰਹੀ ਵਰਤੋਂ, ਮਹਿੰਗਾਈ ਤੇ ਰਾਖਵੇਂਕਰਨ ਬਾਰੇ ਵੀ ਘੱਟੋ-ਘੱਟ ਪੰਜ ਨਿਬੰਧ ਸ਼ਾਮਿਲ ਕੀਤੇ ਹਨ। ਪੁਸਤਕ ਦੇ ਨਾਂਅ/ਥੀਮ ਨਾਲੋਂ ਹਟਵੇਂ ਹੋਣ ਦੇ ਬਾਵਜੂਦ ਇਹ ਨਿਬੰਧ ਆਪਣੀ ਪੜ੍ਹਨਯੋਗਤਾ ਤੇ ਵਿਕਾਰਾਂ ਦੇ ਮਹੱਤਵ ਕਾਰਨ ਓਪਰੇਪਣ ਦਾ ਅਹਿਸਾਸ ਨਹੀਂ ਜਗਾਉਂਦੇ।
ਉਪਲ ਸਿਧਾਂਤਕ ਰੂਪ ਵਿਚ ਡਿਜੀਟਲ ਅਰਥ-ਵਿਵਸਥਾ ਦੇ ਮਹੱਤਵ ਨੂੰ ਸਵੀਕਾਰਦਾ ਹੈ ਪਰ ਭਾਰਤ ਦੇ ਵਿਆਪਕ ਹਾਲਾਤ, ਲੋੜੀਂਦੀਆਂ ਸਹੂਲਤਾਂ ਦੀ ਅਣਹੋਂਦ, ਇਸ ਲਈ ਲੋੜੀਂਦੇ ਢਾਂਚੇ/ਸਿੱਖਿਆ/ਉਪਕਰਨਾਂ/ਟ੍ਰੇਨਿੰਗ/ਰੁਚੀ ਦੀ ਘਾਟ ਕਰਕੇ ਇਸ ਦੀ ਸਫ਼ਲਤਾ ਉੱਤੇ ਖੁੱਲ੍ਹ ਕੇ ਕਿੰਤੂ-ਪ੍ਰੰਤੂ ਕਰਦਾ ਹੈ। ਨਾ ਏ.ਟੀ.ਐਮ., ਨਾ ਈਵਾਲਿਟ, ਨਾ ਕੰਪਿਊਟਰ/ਡਿਜੀਟਲ ਵਰਤੋਂ ਦਾ ਗਿਆਨ, ਨਾ ਬੈਂਕ, ਨਾ ਹੋਰ ਸਹੂਲਤਾਂ, ਨਾ ਲੋਕਾਂ ਦੀ ਇੱਛਾ। ਫਿਰ ਇਹ ਪ੍ਰਣਾਲੀ ਲੋਕਾਂ ਦੀ ਪ੍ਰੇਸ਼ਾਨੀ ਵਿਚ ਵਾਧਾ ਹੀ ਕਰਨ ਵਾਲੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਬਿਨਾਂ ਕਿਸੇ ਤਿਆਰੀ, ਬਿਨਾਂ ਸਲਾਹ-ਮਸ਼ਵਰੇ ਇਕਦਮ ਨੋਟਬੰਦੀ ਦਾ ਐਲਾਨ ਕਰਕੇ ਆਮ ਆਦਮੀ ਨੂੰ ਵਖ਼ਤ ਹੀ ਪਾਏ ਹਨ। ਇਸ ਦੇ ਕੋਈ ਸਾਰਥਿਕ ਸਿੱਟੇ ਨਹੀਂ ਨਿਕਲੇ। ਲੇਖਕ ਨੇ ਇਸ ਸਿਲਸਿਲੇ ਵਿਚ ਆਮ ਆਦਮੀ ਤੇ ਮੋਦੀ ਭਗਤਾਂ ਦੋਵਾਂ ਦੇ ਦ੍ਰਿਸ਼ਟੀਕੋਣ ਪੇਸ਼ ਕੀਤੇ ਹਨ।

ਡਾ: ਕੁਲਦੀਪ ਸਿੰਘ ਧੀਰ
ਮੋ: 98722-60550


ਪ੍ਰਵਚਨ ਵਿਸ਼ਲੇਸ਼ਣ
ਬਾਰਤ ਤੋਂ ਕ੍ਰਿਸਤੀਵਾ ਤੱਕ
ਲੇਖਕ : ਡਾ: ਰਾਜ ਕਿਰਪਾਲ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 123
ਸੰਪਰਕ : 98152-43951
.

ਵਿਦਵਾਨ ਖੋਜਕਰਤਾ ਨੇ ਸਾਹਿਤ ਦੇ ਛੁਪੇ ਪ੍ਰਵਚਨਾਂ ਨੂੰ ਵਿਅਕਤ ਕਰਨ ਲਈ ਜੋ ਵਿਧੀ ਵਰਤੀ ਜਾਂਦੀ ਹੈ, ਉਸ ਨੂੰ ਪ੍ਰਵਚਨ ਵਿਸ਼ਲੇਸ਼ਣ ਦਾ ਨਾਂਅ ਦਿੱਤਾ ਹੈ। ਪ੍ਰਵਚਨ ਅਤੇ ਪ੍ਰਵਚਨ ਵਿਸ਼ਲੇਸ਼ਣ ਨੂੰ ਹੋਰ ਸਪੱਸ਼ਟ ਕਰਦਿਆਂ ਸ਼ਬਦ-ਕੋਸ਼ਾਂ, ਵਿਸ਼ਵ-ਕੋਸ਼ਾਂ ਤੋਂ ਬਿਨਾਂ ਪੱਛਮੀ ਵਿਦਵਾਨਾਂ ਜਿਵੇਂ ਕਿ ਮਿਸ਼ੈਲ ਫ਼ੂਕੋ, ਐਡਮ ਜਵੋਰਸਕੀ, ਇਮਾਇਲ ਬੇਨਵਨਿਸ਼ਤੇ ਅਤੇ ਪੰਜਾਬੀ ਵਿਦਵਾਨਾਂ ਡਾ: ਹਰਿਭਜਨ ਸਿੰਘ, ਡਾ: ਜਗਜੀਤ ਸਿੰਘ, ਡਾ: ਗੁਰਬਚਨ ਆਦਿ ਦੇ ਵਿਚਾਰਾਂ ਤੋਂ ਮੁੱਲਵਾਨ ਸਹਾਇਤਾ ਲਈ ਹੈ। ਇੰਜ ਪ੍ਰਵਚਨ ਨੂੰ ਹਮੇਸ਼ਾ ਗਤੀਸ਼ੀਲ ਦੱਸਿਆ ਹੈ। ਪਾਠ (ਟੈਕਸਟ) ਅਤੇ ਪ੍ਰਵਚਨ (ਡਿਸਕੋਰਸ) ਦੇ ਆਪਸੀ ਸਬੰਧਾਂ ਨੂੰ ਉਜਾਗਰ ਕੀਤਾ ਗਿਆ ਹੈ। ਸੰਰਚਨਾਵਾਦੀ, ਉੱਤਰ-ਸੰਰਚਨਾਵਾਦੀ ਅਤੇ ਨਾਰੀਵਾਦੀ ਦ੍ਰਿਸ਼ਟੀ ਤੋਂ ਪ੍ਰਵਚਨ ਨੂੰ ਸਮਝਣ ਦਾ ਉਪਰਾਲਾ ਕੀਤਾ ਗਿਆ ਹੈ। ਇਸੇ ਤਰ੍ਹਾਂ ਪ੍ਰਵਚਨ ਦੀ ਵਿਸ਼ਲੇਸ਼ਣਾਤਮਕ ਵਿਧੀ ਦਾ ਵਿਹਾਰਕ ਦ੍ਰਿਸ਼ਟੀ ਤੋਂ ਗਹਿਨ ਅਤੇ ਸਰਵਪੱਖੀ ਅਧਿਐਨ ਕਰਨ ਵਾਲੇ ਪੰਜ ਸੰਸਾਰ ਪ੍ਰਸਿੱਧ ਵਿਦਵਾਨਾਂ (ਰੋਲਾਂ ਬਾਰਤ, ਮਿਸ਼ੇਲ ਫ਼ੂਕੋ, ਯੱਕ ਲਾਕਾਂ, ਯੱਕ ਦੈਰਿਦਾ ਅਤੇ ਜੂਲੀਆ ਕ੍ਰਿਸਤੀਵਾ) ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ ਹੈ।
ਰੋਲਾਂ ਬਾਰਤ ਨੂੰ ਸਾਹਿਤ ਦਾ ਚਿਹਨ ਮਾਡਲ ਅਧਿਐਨ ਕਰਨ ਵਾਲਾ ਵਿਦਵਾਨ ਸਿੱਧ ਕੀਤਾ ਗਿਆ ਹੈ। ਬਾਰਤ ਵਲੋਂ ਪਾਠਾਤਮਿਕਤਾ, ਅੰਤਰ-ਪਾਠਾਤਮਿਕਤਾ ਤੋਂ ਬਿਨਾਂ ਉਸ ਵਲੋਂ ਪ੍ਰਸਤੁਤ ਪੰਜ ਕੋਡਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਮਿਸ਼ੇਲ ਫ਼ੂਕੋ ਵਿਅਕਤੀਆਂ ਅਤੇ ਸੰਸਥਾਵਾਂ ਦਰਮਿਆਨ ਸ਼ਕਤੀ ਨੂੰ ਕਾਰਜਸ਼ੀਲ ਮੰਨਦਾ ਹੈ। ਯੱਕ ਲਾਕਾਂ ਅਨੁਸਾਰ ਮਨੁੱਖੀ ਅਚੇਤਨ ਕਿਸੇ ਵਿਰਲ/ਪਾੜ ਦੇ ਸਮਾਨ ਹੁੰਦਾ ਹੈ। ਯੱਕ ਦੈਰਿਦਾ ਪ੍ਰਵਚਨ ਵਿਸ਼ਲੇਸ਼ਣ ਨੂੰ ਵਿਰਚਨਾਵਾਦ (ਡੀ-ਕੰਸਟਰਕਸ਼ਨ) ਅਨੁਸਾਰ ਸਮਝਦਾ ਹੈ। ਜੂਲੀਆ ਕ੍ਰਿਸਤੀਵਾ ਨੇ ਆਪਣੇ ਚਿਹਨਾਤਮਿਕ ਅਤੇ ਪ੍ਰਤੀਕਾਤਮਿਕ ਸੰਕਲਪਾਂ ਨੂੰ ਨਾਰੀਵਾਦੀ ਭਾਸ਼ਕ ਅਤੇ ਆਲੋਚਨਾ ਤੱਕ ਵਿਸਤ੍ਰਿਤ ਕੀਤਾ ਹੈ। ਇਨ੍ਹਾਂ ਪੰਜਾਂ ਵਿਦਵਾਨਾਂ ਦੀਆਂ ਪੁਸਤਕਾਂ ਅਤੇ ਵਿਸ਼ੇਸ਼ ਟਰਮਾਂ ਦੀ ਪੇਸ਼ਕਾਰੀ ਕੀਤੀ ਗਈ ਹੈ, ਸੰਖੇਪ ਇਹ ਕਿ ਪ੍ਰਵਚਨ ਵਿਸ਼ਲੇਸ਼ਣ ਸਬੰਧੀ ਇਹ ਜਾਣਕਾਰੀ ਵੱਖ-ਵੱਖ ਸਿਰਲੇਖਾਂ ਅਧੀਨ ਕੇਵਲ ਇੱਕੋ ਕਾਂਡ ਵਿਚ ਦਿੱਤੀ ਗਈ ਹੈ।

ਡਾ: ਧਰਮ ਚੰਦ ਵਾਤਿਸ਼
ਮੋ: 88376-79186.


ਉੱਤਰੀ ਭਾਰਤ ਦੀਆਂ ਪ੍ਰਮੁੱਖ ਨਿਰਗੁਣ ਸੰਪ੍ਰਦਾਵਾਂ
ਲੇਖਕਾ : ਸਵਰਨਜੀਤ ਕੌਰ ਗਰੇਵਾਲ (ਡਾ:)
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 288
ਸੰਪਰਕ : 0161-2561814.

ਲੇਖਕਾ ਨੇ ਵਿਧੀਵਤ ਰੂਪ ਵਿਚ ਪੁਸਤਕ ਨੂੰ ਤਿੰਨ ਖੰਡਾਂ ਵਿਚ ਪੇਸ਼ ਕੀਤਾ ਹੈ। ਪਹਿਲਾ ਖੰਡ ਭਗਤੀ ਸੰਕਲਪ ਨਾਲ ਸਬੰਧਿਤ ਹੈ, ਜਿਸ ਵਿਚ ਭਗਤੀ ਲਹਿਰ ਦੇ ਉਥਾਨ ਅਤੇ ਵਿਭਿੰਨ ਕਾਲ-ਖੰਡਾਂ ਵਿਚ ਚੱਲੀਆਂ ਅਤੇ ਪ੍ਰਚਲਿਤ ਹੋਈਆਂ ਉੱਤਰੀ, ਪੱਛਮੀ, ਦੱਖਣੀ ਅਤੇ ਪੂਰਬੀ ਭਾਰਤੀ ਖਿੱਤਿਆਂ ਦੀਆਂ ਲਹਿਰਾਂ ਦਾ ਵਿਭਿੰਨ ਧਾਰਮਿਕ ਸੰਪਰਦਾਇਆਂ ਦੇ ਅੰਤਰਗਤ ਜਿਨ੍ਹਾਂ 'ਚ ਬੁੱਧ, ਜੈਨ, ਵੈਸ਼ਨਵ ਇਤਿਆਦਿ ਤੋਂ ਅੱਗੇ ਆ ਕੇ ਨਿਰਗੁਣ, ਸਰਗੁਣ ਸੰਪ੍ਰਦਾਵਾਂ ਦਾ ਇਤਿਹਾਸਕ ਪਰਿਪੇਖ ਹੈ ਆਦਿ ਨੂੰ ਉਭਾਰਦਿਆਂ ਹੋਇਆਂ ਗੁਰੂ, ਸਿੱਖ, ਅਵਤਾਰ, ਸੰਤ, ਬ੍ਰਹਮ, ਸ੍ਰਿਸ਼ਟੀ ਆਦਿ ਅਨੇਕਾਂ ਸੰਕਲਪਾਂ ਨੂੰ ਬਾ-ਦਲੀਲ ਸੰਤਾਂ, ਭਗਤਾਂ, ਗੁਰੂਆਂ ਦੀ ਰੱਬੀ ਬਾਣੀ ਜ਼ਰੀਏ ਤਾਰਕਿਕ ਤਰੀਕੇ ਨਾਲ ਪ੍ਰਗਟਾਇਆ ਹੈ। ਪੁਸਤਕ ਦੇ ਦੂਜੇ ਖੰਡ ਵਿਚ 46 ਸੰਪ੍ਰਦਾਵਾਂ ਦਾ ਉਲੇਖ ਹੈ। ਨਾਥ, ਸੂਫੀ, ਕਬੀਰ, ਖਾਲਸਾ ਜਾਂ ਸਿੱਖ, ਨਿਰਮਲ, ਸੇਵਾ-ਪੰਥੀ, ਉਦਾਸੀ, ਦਮਦਮੀ ਟਕਸਾਲ, ਭਾਈ ਮਨੀ ਸਿੰਘ, ਬਾਬਾ ਬਿਧੀ ਚੰਦ, ਨਾਮਧਾਰੀ ਜਾਂ ਕੂਕਾ, ਨਿਰੰਕਾਰੀ, ਰਾਧਾ ਸੁਆਮੀ, ਸੱਚਾ-ਸੌਦਾ, ਗੁਰੂ ਨਾਨਕ ਸੰਤਾਨਕ, ਨਾਨਕਸਰ, ਬਿਸ਼ਨੋਈ, ਸੀਂਗਾ, ਬਾਬਾ ਲਾਲੀ, ਬਾਬਾ ਦਾਦੂ, ਬਾਵਰੀ, ਮਲੂਕ, ਧਰਨੀਸ਼ਵਰੀ, ਪ੍ਰਣਾਮੀ, ਸਾਧ, ਸਤਨਾਮੀ, ਦਰਿਆ ਦਾਸੀ, ਚਰਨਦਾਸੀ, ਸ਼ਿਵ ਨਰਾਇਣ, ਗਰੀਬਦਾਸੀ, ਨਿਤਾਨੰਦੀ, ਰਾਮ ਸਨੇਹੀ, ਸਾਈਂ, ਪਾਨਪ ਪੰਥੀ, ਰਵੀ-ਭਾਣ, ਸਾਹਿਬ ਸ਼ਾਖਾ, ਨਾਂਗਾ, ਘੀਸਾ, ਬੇਨਾਮੀ, ਪਰਮਾਨੰਦ ਅਤੇ ਸੰਮਤਾਂ ਸੰਪ੍ਰਦਾਵਾਂ ਸਬੰਧੀ ਦੁਰਲੱਭ ਜਾਣਕਾਰੀ ਮੁਹੱਈਆ ਕਰਵਾਉਣਾ ਪੁਸਤਕ ਦਾ ਵਿਸ਼ੇਸ਼ ਹਾਸਲ ਹੈ। ਤੀਸਰਾ ਖੰਡ ਨਿਰਗੁਣਵਾਦੀਆਂ ਦੀ ਰਹੱਸ ਅਨੁਭੂਤੀ ਦਾ ਦਰਪਣ ਹੈ। ਇਸ ਭਾਗ ਵਿਚ ਬ੍ਰਹਮ, ਰੱਬ, ਪਰਮਾਤਮਾ, ਆਤਮਾ, ਸ੍ਰਿਸ਼ਟੀ, ਮਾਇਆ, ਮੋਕਸ਼ ਅਤੇ ਮਨੁੱਖੀ ਜੀਵ ਦੀ ਅਸਲ ਹੋਂਦ ਨੂੰ ਸਮੂਹਿਕ ਸੰਤਾਂ, ਭਗਤਾਂ, ਸੰਪ੍ਰਦਾਵਾਂ ਦੇ ਮੁਖੀਆਂ ਵਲੋਂ ਦਿੱਤੇ ਵਖਿਆਨਾਂ, ਜਿਨ੍ਹਾਂ ਵਿਚ ਗੁਰਮਤਿ ਦੀਆਂ ਸਿੱਖਿਆਵਾਂ ਪ੍ਰਬਲ ਹਨ, ਉਨ੍ਹਾਂ ਸਭਨਾਂ ਸਰੋਕਾਰਾਂ ਨੂੰ ਵਿਅਕਤ ਕਰਨ ਦਾ ਉਪਰਾਲਾ ਕੀਤਾ ਗਿਆ ਹੈ।


ਸਾਡਾ ਸੱਭਿਆਚਾਰਕ ਵਿਰਸਾ
ਨਹੀਂ ਲੱਭਣੇ ਰੰਗ ਗੁਆਚੇ
ਲੇਖਕ : ਸ਼ਿਵ ਸਿੰਘ ਸੂਬੇਦਾਰ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 300 ਰੁਪਏ, ਸਫ਼ੇ : 224
ਸੰਪਰਕ : 98723-52884.

ਅਜੋਕੇ ਕਾਲ ਖੰਡ ਦੀ ਪ੍ਰਸੰਗਿਕਤਾ ਵਿਚ ਪੰਜਾਬੀ ਦੀ ਪਛਾਣ ਨੂੰ ਨੀਝ ਨਾਲ ਘੋਖਣ ਵਾਲਿਆਂ ਵਿਚੋਂ ਸ਼ਿਵ ਸਿੰਘ ਸੂਬੇਦਾਰ ਇਕ ਹੈ। ਪੁਸਤਕ ਦੇ ਦਸ ਅਧਿਆਇ ਪੰਜਾਬੀ ਲੋਕਾਂ ਦੀ ਜੀਵਨ ਸ਼ੈਲੀ, ਇਨ੍ਹਾਂ ਦੀਆਂ ਤੰਗੀਆਂ ਤੁਰਸ਼ੀਆਂ, ਹੱਕ-ਹਕੂਕ ਲਈ ਕੀਤੀ ਜਦੋ-ਜਹਿਦ, ਵਿਭਿੰਨ ਕਾਲ ਖੰਡਾਂ ਵਿਚ ਆਏ ਦੇਸ਼ੀ, ਵਿਦੇਸ਼ੀ ਹੁਕਮਰਾਨਾਂ, ਲੁਟੇਰਿਆਂ, ਧਾੜਵੀਆਂ ਅਤੇ ਅੰਦਰੋਂ ਅੰਦਰ ਆਪਣਿਆਂ ਵਿਚ ਪੈ ਰਹੀਆਂ ਮਿਲਵਰਤਨ, ਸਦਭਾਵਨਾ ਅਤੇ ਨੈਤਿਕ ਚੱਜ ਆਚਾਰ ਵਿਚਲੀਆਂ ਤਰੇੜਾਂ ਦਾ ਥਹੁ-ਪਤਾ ਵੀ ਇਹ ਪੁਸਤਕ ਦਰਸਾਂਦੀ ਹੈ ਅਤੇ ਵਾਪਰੇ ਇਤਿਹਾਸ, ਪਲ ਪਲ ਖਿਸਕ ਰਹੇ ਪਰਿਵਾਰਕ ਜੀਵਨ ਵਿਚੋਂ ਮੇਲ-ਮਿਲਾਪ, ਸੇਵਾ ਭਾਵਨਾ ਅਤੇ ਰਿਸ਼ਤੇ ਪ੍ਰਬੰਧ ਦੀਆਂ ਚੂਲਾਂ ਦੇ ਖਿਸਕਣ ਦੇ ਸਭਨਾਂ ਸਰੋਕਾਰਾਂ ਦਾ ਵੀ ਗੰਭੀਰ ਦਰਪਣ ਪੇਸ਼ ਕਰਦੀ ਹੈ। ਖੇਤੀ-ਸੱਭਿਆਚਾਰ ਤੋਂ ਵਪਾਰਕ-ਸੱਭਿਆਚਾਰ ਦੇ ਸੌਦਿਆਂ ਵਿਚ ਘਿਰ ਚੁੱਕੀ ਪੰਜਾਬੀਅਤ ਲਈ ਇਹ ਪੁਸਤਕ ਇਕ ਵੰਗਾਰ ਉਭਾਰਦੀ ਹੈ। ਆਪਸੀ ਨੇੜਤਾ ਦੀ ਸਥਾਪਤੀ ਲਈ ਰਿਸ਼ਤਿਆਂ ਵਿਚ ਪਾਕੀਜ਼ਗੀ ਲਿਆਉਣੀ, ਸਾਂਝੇ ਧਰਮ ਅਨੁਸ਼ਠਾਨਾਂ ਨੂੰ ਸਮਝਣਾ, ਰਲੇ-ਮਿਲੇ ਸਭਨਾਂ ਧਰਮਾਂ, ਜਾਤੀਆਂ, ਕੰਮਾਂ-ਧੰਦਿਆਂ ਨਾਲ ਜੁੜੇ ਲੋਕਾਂ ਨੂੰ ਇਕ ਸਮਾਨ ਸਮਝਣਾ, ਜੋ ਅੱਜ ਪੰਜਾਬੀ ਲੋਕ ਭੁੱਲ ਰਹੇ ਹਨ, ਉਸ ਸਬੰਧੀ ਚਿੰਤਾ ਅਤੇ ਉਸਾਰੂ ਚਿੰਤਨ ਕਰਨਾ ਵੀ ਪੁਸਤਕ ਦਾ ਹਾਸਲ ਹੈ। ਰੋਟੀ, ਕੱਪੜਾ, ਮਕਾਨ, ਸਿਹਤ ਸਿੱਖਿਆ, ਮਾਨਵੀ ਹਿਫ਼ਾਜਤੀ-ਪ੍ਰਬੰਧਨ ਵਿਚ ਤਰੁਟੀਆਂ, ਪੇਂਡੂ ਸੱਭਿਆਚਾਰ ਜੋ ਕਿ ਸਮੁੱਚੇ ਪੰਜਾਬੀ ਸੱਭਿਆਚਾਰ ਦਾ ਦਰਪਣ ਹੁੰਦਾ ਸੀ, ਵਿਚ ਆ ਰਹੀਆਂ ਬੇ-ਹੁਦਰੀਆਂ ਅਤੇ ਪਿੰਡਾਂ ਦੀ ਬਦਲ ਰਹੀ ਉਸਾਰੂ ਜਾਂ ਢਾਹੂ ਸੰਸਕ੍ਰਿਤੀ ਆਦਿ ਸਭਨਾਂ ਵਿਸ਼ਿਆਂ ਨੂੰ ਲੇਖਕ ਨੇ ਅਮਲੀ ਰੂਪ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਭੀੜ-ਭੜੱਕੇ, ਤੰਗ ਘਰਾਂ, ਗਲੀਆਂ, ਕੋਠਿਆਂ ਅਤੇ ਸੁਤੰਤਰ ਫਿਜ਼ਾਵਾਂ ਦਾ ਜ਼ਿਕਰ ਆਮ ਤੋਂ ਖਾਸ ਪਾਠਕਾਂ ਨੂੰ ਵੀ ਪ੍ਰਭਾਵਿਤ ਕਰਨ ਦੇ ਸਮਰੱਥ ਹੈ।

ਡਾ: ਜਗੀਰ ਸਿੰਘ ਨੂਰ
ਮੋ: 98142-09732


ਤਿਕੋਨਾ ਸਫ਼ਰ

ਲੇਖਕ : ਦੇਵ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 175 ਰੁਪਏ, ਸਫ਼ੇ : 85
ਸੰਪਰਕ : 011-26802488.

ਦੇਵ ਕਵੀ ਅਤੇ ਚਿੱਤਰਕਾਰ ਵਜੋਂ ਸਥਾਪਤ ਸ਼ਖ਼ਸੀਅਤ ਹੈ। ਉਹ ਪਿਛਲੇ ਲੰਮੇ ਅਰਸੇ ਤੋਂ ਪਰਵਾਸ ਹੰਢਾਅ ਰਿਹਾ ਹੈ। ਪਿਛਲੀ ਅੱਧੀ ਸਦੀ ਤੋਂ ਕਵਿਤਾ ਦੇ ਖੇਤਰ ਵਿਚ ਇਕ ਦਰਜਨ ਦੇ ਕਰੀਬ ਕਾਵਿ ਪੁਸਤਕਾਂ ਦੀ ਸਿਰਜਣਾ ਕਰ ਚੁੱਕਾ ਇਹ ਕਵੀ ਆਪਣੀ ਕਾਵਿ ਸ਼ੈਲੀ ਅਤੇ ਵਿਲੱਖਣ ਬਿੰਬਾਵਲੀ ਨਾਲ ਨਿਵੇਕਲਾ ਸਥਾਨ ਧਾਰਨ ਕਰ ਚੁੱਕਾ ਹੈ। ਹਥਲਾ ਕਾਵਿ ਸੰਗ੍ਰਹਿ 'ਤਿਕੋਨਾ ਸਫ਼ਰ' ਉਸ ਦੀ ਸਵੈ-ਜੀਵਨੀ ਹੈ। ਭਾਵੇਂ ਕਿ ਸਵੈ-ਜੀਵਨੀ ਗਦ-ਸਾਹਿਤ ਦਾ ਇਕ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਰੂਪ ਹੈ, ਜਿਸ ਰਾਹੀਂ ਲੇਖਕ ਵਲੋਂ ਵਿਸਥਾਰ ਸਹਿਤ ਪਿਛੋਕੜ ਦੀ ਥਾਂ ਅੰਦਰਲੀ ਮਨੋਦਸ਼ਾ ਅਤੇ ਜੀਵਨ ਦੀ ਮਹਾਨਤਾ 'ਤੇ ਬਲ ਦਿੱਤਾ ਜਾਂਦਾ ਹੈ। ਦੇਵ ਇਸ ਤਰ੍ਹਾਂ ਦੀਆਂ ਰਵਾਇਤਾਂ ਨੂੰ ਤੋੜ ਕੇ ਇਸ ਸਵੈ-ਜੀਵਨੀ ਵਿਚ ਘਟਨਾਵਾਂ ਦੀ ਨਾ ਤਾਂ ਬਿਰਤਾਂਤਕ ਉਸਾਰੀ ਕਰਦਾ ਹੈ ਤੇ ਨਾ ਹੀ ਘਟਨਾਵਾਂ ਰਾਹੀਂ ਆਪਣੇ ਸਵੈ ਦੀ ਮਹਿਮਾ ਦਾ ਗਾਇਣ ਕਰਦਾ ਹੈ। ਉਹ ਕਾਵਿਕ ਬੁਝਾਰਤਾਂ ਰਾਹੀਂ ਮਨ ਦੀਆਂ ਪਰਤਾਂ ਦਾ ਵਿਸ਼ਲੇਸ਼ਣ ਕਰਦਾ ਹੈ। ਦੇਵ ਦੀ ਕਾਵਿ ਪੁਸਤਕ ਦੇ ਮੁੱਖ ਬੰਦ ਵਿਚ ਡਾ: ਸਰਬਜੀਤ ਸਿੰਘ ਲਿਖਦਾ ਹੈਂ'ਦੇਵ ਆਪਣੀ ਕਵਿਤਾ, ਕਲਾ ਅਤੇ ਕਿਰਦਾਰ ਵਿਚ ਇਸੇ ਕਰਕੇ ਵੱਖਰਾ ਹੈ ਕਿ ਉਹ ਵੱਗ 'ਚ ਜਮ੍ਹਾਂ ਹੋ ਕੇ ਭੀੜ ਬਣਨ ਤੋਂ ਇਨਕਾਰੀ ਹੈ। ਆਧੁਨਿਕਤਾ ਦੇ ਨਾਂਅ ਹੇਠ ਉਹ ਦੰਭ ਰਚਣ ਦਾ ਦਮ ਨਹੀਂ ਭਰਦਾ ਸਗੋਂ ਆਪਣੇ ਨਵੇਂ ਰਸਤਿਆਂ ਦਾ ਸਿਰਜਕ ਹੈ। (ਪੰਨਾ 15) ਦੇਵ ਕੋਲ ਆਪਾ ਪ੍ਰਗਟਾਵੇ ਦੇ ਦੋ ਮਾਧਿਅਮ ਹਨਂਰੰਗ ਅਤੇ ਸ਼ਬਦ। ਕਵਿਤਾ ਵਿਚ ਸਵੈ-ਜੀਵਨੀ ਲਿਖਣ ਵਿਚ ਸਫ਼ਲ ਯਤਨ ਡਾ: ਜਸਵੰਤ ਸਿੰਘ ਨੇਕੀ ਨੇ ਕੀਤਾ ਸੀ। ਉਸ ਨੇ ਕਾਵਿ ਭਾਸ਼ਾ, ਸ਼ੈਲੀ ਅਤੇ ਬਿੰਬ ਸਫ਼ਲਤਾ ਸਹਿਤ ਵਰਤੇ ਸਨ। ਐਪਰ ਦੇਵ ਦੀ ਇਹ ਸਵੈ-ਜੀਵਨੀ ਪਾਠਕ ਨੂੰ ਘੁੰਮਣ ਘੇਰੀਆਂ ਵਿਚ ਪਾ ਕੇ ਉਲਝਾ ਦਿੰਦੀ ਹੈ। ਰਵਾਇਤੀ ਭਾਂਤ ਦੀ ਕਵਿਤਾ ਦਾ ਪਾਠਕ ਉਸ ਦੇ ਰਚੇ ਦ੍ਰਿਸ਼ਾਂ ਨੂੰ ਮਾਣ ਨਹੀਂ ਸਕਦਾ। ਫਿਰ ਵੀ ਉਸ ਦੇ ਸ਼ਬਦ ਚਿੱਤਰ ਤੇ ਬਿੰਬ ਚਕ੍ਰਿਤ ਕਰਨ ਵਾਲੇ ਹਨ। ਭਾਵੇਂ ਕਿ ਉਸ ਦੇ ਨਿੱਜੀ ਜੀਵਨ ਬਾਰੇ ਕੁਝ ਪਤਾ ਨਹੀਂ ਲਗਦਾ।

ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.


ਤੁਸੀਂ 91ਛ ਕਿਵੇਂ ਬਣੋਗੇ ਭਾਗ 2
ਲੇਖਕ : ਡਾ: ਵਿਜੈ ਅਗਰਵਾਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ।
ਮੁੱਲ : 300 ਰੁਪਏ, ਸਫ਼ੇ : 334
ਸੰਪਰਕ : 78377-18723.

ਇਸ ਪੁਸਤਕ ਨੂੰ ਲਗਪਗ 19 ਸਿਰਲੇਖ ਵਿਚ ਵੰਡਿਆ ਗਿਆ ਹੈ ਤੇ ਹਰ ਸਿਰਲੇਖ ਅਗਵਾਈ ਕਰਦਾ ਹੈ ਕਿ ਅਸੀਂ ਆਈ.ਏ.ਐਸ. ਦੀ ਤਿਆਰੀ ਕਿਵੇਂ ਕਰੀਏ। ਜਿਵੇਂ ਮੁੱਢ ਵਿਚ ਹੀ ਲਿਖਿਆ ਹੈ ਕਿ ਤੁਹਾਡੇ ਵਿਚ ਅਜਿਹਾ ਕੀ ਹੈ ਕਿ ਤੁਸੀਂ ਇਸ ਪ੍ਰੀਖਿਆ ਦੀ ਤਿਆਰੀ ਕਰਨਾ ਚਾਹੁੰਦੇ ਹੋ। ਅਗਲੇ ਕਾਂਡਾਂ ਵਿਚ ਬੇਸਿਕਸ ਦੀ ਧਾਰਨਾ ਤੇ ਤਿਆਰੀ ਕਰਨੀ, ਵਿਸ਼ਲੇਸ਼ਣ ਕਰਨ ਦੀ ਸਮਰੱਥਾ ਦਾ ਵਿਕਾਸ ਲਾਜ਼ਮੀ ਹੈ, ਸਿਵਿਲ ਸੇਵਾ ਪ੍ਰੀਖਿਆ ਵਿਚ ਕਾਮਨ ਸੈਂਸ ਦਾ ਹੋਣਾ ਕਿਉਂ ਤੇ ਕਿੰਨਾ ਲਾਜ਼ਮੀ ਹੈ। ਪ੍ਰੀਖਿਆ ਦਿੰਦੇ ਸਮੇਂ ਸੰਪਾਦਕੀ ਲੇਖਾਂ ਅਤੇ ਟਿੱਪਣੀ ਦੀ ਸਹੀ ਵਰਤੋਂ ਕਿਵੇਂ ਕੀਤੀ ਜਾਏ, ਮਾਧਿਅਮ ਅੰਗਰੇਜ਼ੀ ਹੋਵੇ ਜਾਂ ਹਿੰਦੀ, ਤਿਆਰੀ ਕਰਦੇ ਹੋਏ ਮਨੋਵਿਗਿਆਨਕ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰੀਏ, ਅਗਲੀ ਗੱਲ ਜੋ ਜ਼ਰੂਰੀ ਹੈ ਉਹ ਹੈ ਤਿਆਰੀ ਕਰਨ ਲਈ ਟਾਈਮ ਮੈਨੇਜਮੈਂਟ ਬਹੁਤ ਜ਼ਰੂਰੀ ਹੈ। ਸਭ ਤੋਂ ਜ਼ਰੂਰੀ ਹੈ ਪ੍ਰਾਥਮਿਕ ਪ੍ਰੀਖਿਆ ਦੀ ਰਣਨੀਤੀ ਤਿਆਰ ਕਰਨੀ, ਤੇ ਫਿਰ ਮੁੱਖ ਪ੍ਰੀਖਿਆ ਦੀ ਏਨਾ ਹੀ ਨਹੀਂ ਮੁੱਖ ਪ੍ਰੀਖਿਆ ਵਿਚ ਸਕੋਰ ਦੀ ਰਣਨੀਤੀ ਤਿਆਰ ਕਰਨੀ ਵੀ ਲਾਜ਼ਮੀ ਹੈ। ਆਈ.ਏ.ਐਸ. ਵਾਸਤੇ ਲਾਜ਼ਮੀ ਹੈ ਆਪਣੀ ਰੈਂਕਿੰਗ ਨੂੰ ਬਿਹਤਰ ਬਣਾਉਣਾ, ਡਿਟੇਲਿੰਗ ਦੀ ਤਾਕਤ ਪੈਦਾ ਕਰਨੀ, ਲਿਖਣ ਦਾ ਵਾਰ-ਵਾਰ ਅਭਿਆਸ ਕਰਨਾ, ਉੱਤਰ ਲਿਖ ਕੇ ਫਿਰ ਉਸ ਨੂੰ ਜਾਂਚਣਾ, ਪ੍ਰੀਖਿਆ ਲਈ ਅਹਿਮ ਪ੍ਰਸ਼ਨਾਂ ਦੀ ਚੋਣ ਕਰਨੀ ਆਦਿ। ਪੁਸਤਕ ਦੇ ਅੰਤ ਵਿਚ ਲੇਖਕ ਨੇ ਪ੍ਰੀਖਿਆ ਬਾਰੇ ਕੁਝ ਵਿਵਹਾਰਕ ਗੱਲਾਂ ਕੀਤੀਆਂ ਹਨ ਜੋ ਪ੍ਰੀਖਿਆ ਸਮੇਂ ਬਹੁਤ ਲਾਹੇਵੰਦ ਸਾਬਤ ਹੁੰਦੀਆਂ ਹਨ ਅਤੇ ਇਸ ਗੱਲ ਉੱਤੇ ਜ਼ੋਰ ਦਿੱਤਾ ਹੈ ਕਿ ਪ੍ਰੀਖਿਆ ਤੋਂ ਦੋ ਮਹੀਨੇ ਪਹਿਲਾਂ ਟਾਈਮ ਟੇਬਲ ਬਣਾ ਕੇ ਉਸ ਅਨੁਸਾਰ ਤਿਆਰੀ ਕਰਨੀ ਚਾਹੀਦੀ ਹੈ ਤਾਂ ਕਿ ਪ੍ਰੀਖਿਆ ਦੇ ਸਮੇਂ ਕੋਈ ਔਕੜ ਪੇਸ਼ ਨਾ ਆਏ। ਇਸ ਤਰ੍ਹਾਂ ਲੇਖਕ ਨੇ ਬੜੇ ਵਿਸਥਾਰ ਨਾਲ ਆਈ.ਏ.ਐਸ. ਦੀ ਤਿਆਰੀ ਬਾਰੇ ਚਾਨਣਾ ਪਾਇਆ ਹੈ ਜੋ ਪ੍ਰਤਿਯੋਗੀਆਂ ਲਈ ਲਾਹੇਵੰਦ ਸਾਬਤ ਹੋਏਗਾ।

ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.


ਵਕਤਨਾਮਾ
ਲੇਖਕ : ਪ੍ਰੋ: ਦਾਤਾਰ ਸਿੰਘ
ਪ੍ਰਕਾਸ਼ਕ : ਸ਼ੇਰੇ ਪੰਜਾਬ ਪ੍ਰਕਾਸ਼ਨ, ਸ੍ਰੀ ਮੁਕਤਸਰ ਸਾਹਿਬ
ਮੁੱਲ : 100 ਰੁਪਏ, ਸਫ਼ੇ : 119
ਸੰਪਰਕ : 98157-04108.

ਵਿਚਾਰ-ਗੋਚਰੀ ਪੁਸਤਕ, ਆਪਣੀ ਕਿਸਮ ਦੀ ਵਿਲੱਖਣ ਕਾਵਿ-ਰਚਨਾ ਹੈ। ਵਿਦਵਾਨ ਲੇਖਕ ਨੇ ਇਸ ਦੋਹਾ-ਵਿਧੀ (ਅੱਤ ਪੁਰਾਤਨ ਸਨਾਤਨੀ ਕਾਵਿ-ਸ਼ੈਲੀ) ਦੇ ਜ਼ਰੀਏ ਮੌਜੂਦਾ ਦੌਰ ਦੀ ਸਮਾਜੀ, ਰਾਜਸੀ, ਆਰਥਿਕ ਲੁੱਟ-ਖਸੁੱਟ, ਪ੍ਰਸ਼ਾਸਨ ਤੇ ਹਕੂਮਤਾਂ ਵਲੋਂ ਲੋਕਾਂ ਨਾਲ ਵਿਸ਼ਵਾਸਘਾਤ, ਸੱਚੀਆਂ-ਸੁੱਚੀਆਂ ਮਾਨਵੀ ਕਦਰਾਂ-ਕੀਮਤਾਂ ਵਿਚ ਆਏ ਅੰਤਾਂ ਦੇ ਨਿਘਾਰ, ਦਵੰਧ, ਪਖੰਡ, ਲੂੰਬੜ ਚਾਲਾਂ ਅਤੇ ਦੰਭ ਦਾ ਬੜੇ ਭਾਵ-ਪੂਰਤ ਦੋਹਿਆਂ ਰਾਹੀਂ ਪਰਦਾਫਾਸ਼ ਕੀਤਾ ਹੈ। ਉਸ ਦੇ ਦੋਹੇ, ਉਸ ਦੇ (ਅਤੇ ਜਨ ਸਾਧਾਰਨ) ਦੀ ਅੰਤਰ ਪੀੜਾ, ਦਸ਼ਾ ਤੇ ਤ੍ਰਾਸਦੀ ਦਾ ਠੋਸ ਪ੍ਰਗਟਾਵਾ ਹੈ। ਪਹਿਲੇ ਅਧਿਆਇ ਵਿਚ 'ਦੋਹੇ ਦੇ ਪਿਛੋਕੜ ਅਤੇ ਵਰਤਮਾਨ' ਬਾਰੇ ਬੜੀ ਵਡਮੁੱਲੀ ਜਾਣਕਾਰੀ ਦਿੱਤੀ ਗਈ ਹੈ। ਪ੍ਰੋ: ਸਾਹਿਬ ਦੇ ਰਚੇ ਦੋਹੇ, ਸ਼ੂਕਦੇ ਦਰਿਆ ਦੀ ਰਵਾਨੀ ਵਰਗੇ ਨੇ। ਕੁਝ ਉਦਾਹਰਨਾਂ ਵੇਖਦੇ ਹਾਂ:
ਬਾਪ ਜਿਨ੍ਹਾਂ ਦੇ ਮੁੱਖ ਮੰਤਰੀ, ਪੁੱਤ ਬਣਨ ਲਖਮੀਰ
ਚੱਪਾ ਚੱਪਾ ਰਾਜ ਦਾ, ਬਾਪੂ ਦੀ ਜਾਗੀਰ। (ਮੌਜੂਦਾ ਰਾਜਨੀਤੀ)
ਉਹ ਨੇ ਮੱਲਾਂ ਮਾਰਦੇ, ਅੱਗੇ ਅੱਗੇ ਚੱਲ
ਉੱਚੀ ਚੋਟੀ ਚੜ੍ਹਨ ਦਾ, ਹੋਇ ਜਿਨ੍ਹਾਂ ਨੂੰ ਵੱਲ। (ਪੰਨਾ 22) (ਜੀਵਨ ਜਾਚ)
ਢਕੇ ਪਤੀਲੇ ਖੌਲਦਾ, ਪਾਣੀ ਜਾਏ ਸੁੱਕ
ਅੰਦਰੋਂ ਅੰਦਰੀਂ ਰਿੱਝਦਾ, ਬੰਦਾ ਜਾਏ ਮੁੱਕ। (ਪੰਨਾ 55) (ਮਾਨਵੀ ਚਿੰਤਾ)
ਧਨ ਦੀ ਅੰਨ੍ਹੀ ਦੌੜ ਹੈ, ਨਿੱਤ ਦੇ ਆਤਮਘਾਤ
ਕੀਤੀ ਵੋਟ ਸੁਦਾਗਰਾਂ, ਨਸ਼ਿਆਂ ਦੀ ਹਿਮਪਾਤ। (ਪੰਨਾ 66) (ਨਸ਼ਾਖੋਰੀ+ਰਾਜਨੀਤੀ)
ਤੋਟਾਂ, ਸੋਕੇ-ਮਾਰਿਆਂ ਨੂੰ ਕੀ ਸ਼ੁੱਭ ਅਹਿਸਾਸ
ਹੋਵੇ ਗਣਤੰਤਰ ਦਿਵਸ, ਜਾਂ ਆਜ਼ਾਦੀ ਖ਼ਾਸ। (ਆਰਥਿਕ ਪਾੜਾ)
ਸਮੁੱਚੇ ਤੌਰ 'ਤੇ ਪ੍ਰੋ: ਦਾਤਾਰ ਸਿੰਘ ਦੀ ਇਸ ਪੁਸਤਕ ਵਿਚਲਾ ਹਰ ਦੋਹਾ ਪੜ੍ਹਨ ਅਤੇ ਵਿਚਾਰਨਯੋਗ ਹੈ।

ਤੀਰਥ ਸਿੰਘ ਢਿੱਲੋਂ।
tirathsinghdhillon04@gmail.com


ਸਮੇਂ ਦੇ ਹਾਣੀ
ਲੇਖਕ : ਅਮਰੀਕ ਸਿੰਘ ਕੰਗ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 88
ਸੰਪਰਕ : 78377-18723
.

ਸਮੇਂ ਦੇ ਹਾਣੀ ਪੁਸਤਕ ਵਿਚ ਸ਼ਾਮਿਲ ਰਚਨਾਵਾਂ ਸਮਾਜਿਕ ਸਰੋਕਾਰਾਂ ਨਾਲ ਸਬੰਧਿਤ ਹਨ। ਕਵੀ ਬੜੀ ਬੇਬਾਕੀ ਨਾਲ ਰਾਜਨੀਤਕ ਅਤੇ ਸਮਾਜਿਕ ਵਿਸ਼ਿਆਂ ਨੂੰ ਛੋਂਹਦਾ ਹੈ। ਉਹ ਭਾਰਤੀ ਰਾਜਨੀਤਕ ਪ੍ਰਬੰਧ ਵਿਚਲੀ ਸਥਿਤੀ ਤੋਂ ਨਿਰਾਸ਼ ਹੈ। ਉਹ ਧੀਆਂ ਦੀ ਸਮਾਜ ਵਿਚ ਹੋ ਰਹੀ ਬੇਪਤੀ ਤੋਂ ਨਿਰਾਸ਼ ਹੈ। ਉਹ ਨਵੇਂ ਯੁੱਗ ਦੀ ਸ਼ੁਰੂਆਤ ਦੀ ਉਮੀਦ ਕਰਦਾ ਹੈ ਜਿਥੇ ਧੀਆਂ ਦੀ ਕਦਰ ਹੋਵੇਗੀ।
ਕਵੀ ਉਨ੍ਹਾਂ ਜਥੇਬੰਦੀਆਂ ਨੂੰ ਜੋ ਸਮਾਜ ਵਿਚ ਬਰਾਬਰੀ ਅਤੇ ਸੁਨਹਿਰੀ ਯੁੱਗ ਚਾਹੁੰਦੀਆਂ ਹਨ, ਰਲ-ਮਿਲ ਕੇ ਰਹਿਣ ਅਤੇ ਗੁੱਟਬੰਦੀਆਂ ਤੋਂ ਉੱਪਰ ਉੱਠਣ ਲਈ ਸੁਚੇਤ ਕਰਦਾ ਹੈ। ਵਰਤਮਾਨ ਰਾਜਨੀਤਕ ਤਸਵੀਰ ਕੁਰਬਾਨੀ, ਤਿਆਗ ਅਤੇ ਸੇਵਾ ਦੀ ਥਾਂ ਸਵਾਰਥ, ਮਤਲਬਪ੍ਰਸਤੀ, ਬੇਇਮਾਨੀ ਪਸਰੀ ਵੇਖ ਕੇ ਕਵੀ ਚਿੰਤਤ ਹੈ। ਕਵੀ ਪੱਛਮੀ ਮੁਲਕਾਂ ਵਿਚ ਸੱਭਿਆਚਾਰਕ ਕਦਰਾਂ-ਕੀਮਤਾਂ ਵਿਚਲੀਆਂ ਕਮਜ਼ੋਰੀਆਂ ਅਤੇ ਖਾਮੀਆਂ ਨੂੰ ਵੀ ਮਹਿਸੂਸ ਕਰਦਾ ਹੈ ਅਤੇ ਪਰਵਾਸ ਹੰਢਾਅ ਰਹੇ ਭਾਰਤੀਆਂ ਦੀ ਮਾਨਸਿਕ ਅਵਸਥਾ ਤੋਂ ਵੀ ਜਾਣੂ ਕਰਵਾਉਂਦਾ ਹੈ। 1984 ਦੇ ਦੰਗਿਆਂ ਬਾਰੇ ਵੀ ਕਵੀ ਨੇ ਕਾਵਿ ਰਚਨਾ ਕੀਤੀ ਹੈ।
ਰੁਮਾਂਟਿਕ ਭਾਵਾਂ ਦੀ ਵੀ ਕਿਧਰੇ-ਕਿਧਰੇ ਝਲਕ ਮਿਲਦੀ ਹੈ। ਇਕ ਪੁਸਤਕ ਵਿਚ ਸ਼ਾਮਿਲ 42 ਕਵਿਤਾਵਾਂ ਵਿਚ ਵਿਸ਼ੇ ਪੱਖੋਂ ਕੋਈ ਬਹੁਤੀ ਵਿਭਿੰਨਤਾ ਵੇਖਣ ਨੂੰ ਨਹੀਂ ਮਿਲਦੀ। ਕੁਝ ਕੁ ਕਵਿਤਾਵਾਂ ਨੂੰ ਛੱਡ ਕੇ ਬਹੁਤੀਆਂ ਕਵਿਤਾਵਾਂ ਕਵੀ ਦੀ ਕਾਵਿ-ਭਾਸ਼ਾ ਵਿਚਲੀਆਂ ਕਈ ਕਮਜ਼ੋਰੀਆਂ ਨੂੰ ਵੀ ਪ੍ਰਗਟ ਕਰਦੀਆਂ ਹਨ। ਕਵੀ ਸਮਾਜਿਕ ਨਾ ਬਰਾਬਰੀ ਦੇ ਵਿਸ਼ੇ ਨੂੰ ਛੋਂਹਦਾ ਹੋਇਆ ਖੁੱਲ੍ਹੀਆਂ ਕਵਿਤਾਵਾਂ ਦੀ ਵੀ ਰਚਨਾ ਕਰਦਾ ਹੈ।
ਫਿਰ ਇਕ ਲੋਕ ਹੜ੍ਹ ਉਠੇਗਾ
ਟਿਕ ਨ ਸਕੇਗਾ ਜਿਸ ਦੇ ਅੱਗੇ
ਕੋਈ ਵੀ ਲਸ਼ਕਰ ਤੇਰਾ/ਭਾਵੇਂ ਉਹ ਅੱਜ ਤੱਕ
ਸਬਰ ਦੇ ਘੁੱਟ ਹੀ ਭਰਦਾ ਰਿਹਾ ਏ!!
ਸਮੁੱਚੀਆਂ ਕਵਿਤਾਵਾਂ ਵਿਚ ਕਵੀ ਬੜੀ ਸਾਦਗੀ ਅਤੇ ਸੁਭਾਵਿਕਤਾ ਨਾਲ ਮਨ ਦੀ ਗੱਲ ਕਰਦਾ ਕਈ ਪਰਤਾਂ ਫਰੋਲ ਜਾਂਦਾ ਹੈ। ਉਹ ਵਿਅੰਗ ਦੀ ਜੁਗਤ ਵੀ ਪ੍ਰਯੋਗ ਵਿਚ ਲਿਆਉਂਦਾ ਹੋਇਆ ਕਾਵਿ ਰਚਨਾ ਕਰਦਾ ਹੈ। 'ਕਲਖੰਡ', 'ਇਹ ਇੰਦਰਾ ਦੇ ਭਾਈ', 'ਗਵਾਰ ਮਾਹੀਆ' ਕਵਿਤਾਵਾਂ ਇਸ ਪ੍ਰਸੰਗ ਵਿਚ ਵੇਖੀਆਂ ਜਾ ਸਕਦੀਆਂ ਹਨ।

ਕੁਲਜੀਤ ਕੌਰ ਅਠਵਾਲ।


ਮਨੂੰਵਾਦ ਹਟਾ ਕੇ, ਮਾਨਵਤਾਵਾਦ ਲਿਆਉਣਾ ਹੈ
ਸੰਪਾਦਕ : ਧਰਮਪਾਲ ਕਠਾਰ
ਪ੍ਰਕਾਸ਼ਕ : ਬਾਬਾ ਸਾਹਿਬ ਅੰਬੇਡਕਰ ਵੈੱਲਫੇਅਰ ਟਰੱਸਟ (ਰਜਿ:) ਕੂਪਰ ਢੇਪਰ, ਜਲੰਧਰ
ਮੁੱਲ : 150 ਰੁਪਏ, ਸਫ਼ੇ : 157
ਸੰਪਰਕ : 94638-78242.

ਇਸ ਪੁਸਤਕ ਵਿਚ ਲੇਖਕ ਸਾਹਿਬ ਸ੍ਰੀ ਕਾਸ਼ੀ ਰਾਮ ਵਲੋਂ ਪੰਜਾਬ ਵਿਚ 7 ਤੋਂ ਲੈ ਕੇ 13 ਫਰਵਰੀ, 2000 ਤੱਕ ਦੇ ਬਹੁਜਨ ਸੰਗਠਨ ਦੀ ਮਜ਼ਬੂਤੀ ਅਤੇ ਜਾਗ੍ਰਿਤੀ ਪੈਦਾ ਕਰਨ ਹਿਤ ਕੀਤੇ ਗਏ ਭਾਸ਼ਣਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਭਾਸ਼ਣਾਂ ਵਿਚੋਂ ਉਨ੍ਹਾਂ ਦੀ ਸੋਚ ਅਤੇ ਚਿੰਤਨ ਦੇ ਕਈ ਪਹਿਲੂਆਂ ਦੀ ਥਾਹ ਮਿਲਦੀ ਹੈ। ਉਹ ਭਾਰਤ ਸਰਕਾਰ ਵਲੋਂ ਸੰਵਿਧਾਨ ਦੀ ਸਮੀਖਿਆ ਕਰਵਾਏ ਜਾਣ ਦੇ ਖਿਲਾਫ਼ ਹਨ।
ਮਨੂੰਵਾਦ ਨੂੰ ਰੱਦ ਕਰਕੇ ਜਾਤ ਰਹਿਤ ਸਮਾਜ ਦੀ ਸਥਾਪਨਾ ਕਰਨੀ ਚਾਹੁੰਦੇ ਹਨ। ਰਾਖਵਾਂਕਰਨ ਨੂੰ ਆਪਣਾ ਸੰਵਿਧਾਨਕ ਹੱਕ ਸਮਝਦੇ ਹਨ। ਵੋਟ ਰਾਹੀਂ ਰਾਜਨੀਤਕ ਸੱਤਾ ਪ੍ਰਾਪਤ ਕਰਨੀ ਚਾਹੁੰਦੇ ਹਨ। ਰਾਜਨੀਤਕ ਸੱਤਾ ਮਿਲਦੇ ਹੀ ਜਾਤੀ ਰਹਿਤ ਸਮਾਜ ਦੀ ਸੰਭਾਵਨਾ ਹੋ ਸਕਦੀ ਹੈ। ਇਸ ਪੁਸਤਕ ਰਾਹੀਂ ਪਾਠਕ ਸਾਹਿਬ ਕਾਸ਼ੀ ਰਾਮ ਦੇ ਜੀਵਨ, ਉਨ੍ਹਾਂ ਦੇ ਅੰਦੋਲਨ, ਵਿਚਾਰਧਾਰਾ ਅਤੇ ਉਸ ਨੂੰ ਕਿਸ ਤਰ੍ਹਾਂ ਅੱਗੇ ਵਧਾਇਆ ਜਾ ਸਕਦਾ ਹੈ, ਬਾਰੇ ਜਾਣ ਸਕਦੇ ਹਾਂ। ਬਹੁਜਨ ਸਮਾਜ ਪਾਰਟੀ ਦੀ ਸਥਾਪਨਾ 14 ਅਪ੍ਰੈਲ, 1984 ਨੂੰ ਕੀਤੀ ਗਈ ਤੇ ਉਸ ਤੋਂ ਬਾਅਦ ਇਸ ਸੰਗਠਨ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸਾਹਿਬ ਕਾਸ਼ੀ ਰਾਮ ਨੇ ਆਪਣੀ ਜ਼ਿੰਦਗੀ ਦੇ ਮੁਢਲੇ ਦੌਰ ਵਿਚ ਤਿੰਨ ਪ੍ਰਣ ਕੀਤੇ ਸਨ। ਪਹਿਲਾਂ, ਸ਼ਾਦੀ ਨਹੀਂ ਕਰਵਾਉਣੀ। ਦੂਸਰਾ ਕੋਈ ਜਾਇਦਾਦ ਨਹੀਂ ਬਣਵਾਉਣੀ ਤੇ ਤੀਸਰਾ ਕਦੀ ਬਿਮਾਰ ਨਹੀਂ ਪੈਣਾ। ਉਪਰਲੇ ਦੋ ਪ੍ਰਣਾਂ 'ਤੇ ਉਨ੍ਹਾਂ ਸਾਰੀ ਉਮਰ ਡਟ ਕੇ ਪਹਿਰਾ ਦਿੱਤਾ।
ਸਾਹਿਬ ਕਾਸ਼ੀ ਰਾਮ ਦੇ ਭਾਸ਼ਣਾਂ ਤੋਂ ਇਲਾਵਾ ਇਸ ਪੁਸਤਕ ਵਿਚ ਪ੍ਰੋ: ਵਿਵੇਕ, ਸਤੀਸ਼ ਭਾਰਤੀ, ਅਸ਼ਵਨੀ ਕੁਮਾਰ ਬਲਾਚੌਰ, ਬਲਵਿੰਦਰ ਕੌਰ ਦੇ ਲੇਖ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ਤੋਂ ਬਹੁਜਨ ਸਮਾਜ ਅਤੇ ਸਾਹਿਬ ਕਾਸ਼ੀ ਰਾਮ ਦੇ ਜੀਵਨ ਦੇ ਕਈ ਅਹਿਮ ਵੇਰਵੇ ਮਿਲਦੇ ਹਨ।

ਕੇ. ਐਲ. ਗਰਗ
ਮੋ: 94635-37050.


ਸ਼ਬਦਾਂ ਦੇ ਜਾਦੂਗਰ
ਲੇਖਕ : ਸ਼ਿਵ ਇੰਦਰ ਸਿੰਘ
ਪ੍ਰਕਾਸ਼ਕ : ਸੂਹੀ ਸਵੇਰ ਮੀਡੀਆ ਪਬਲੀਕੇਸ਼ਨਜ਼
ਮੁੱਲ : 150 ਰੁਪਏ, ਸਫ਼ੇ : 123
ਸੰਪਰਕ : 99154-11894.

ਇਸ ਪੁਸਤਕ ਵਿਚ ਦਰਜ ਮੁਲਾਕਾਤਾਂ ਲੇਖਕ ਵਲੋਂ ਇਨ੍ਹਾਂ ਵਿਅਕਤੀਆਂ ਨਾਲ ਵੱਖ-ਵੱਸ਼ ਸਮਿਆਂ ਦੌਰਾਨ ਕਰਕੇ ਇਕੋਲਿਤਰੇ ਰੂਪ ਵਿਚ ਪ੍ਰਕਾਸ਼ਿਤ ਕਰਵਾਈਆਂ ਅਤੇ ਫਿਰ ਇਕ ਥਾਂ 'ਤੇ ਸਾਰੀਆਂ ਇਕੱਠੀਆਂ ਕਰਕੇ ਸਾਂਭਣ ਦਾ ਯਤਨ ਕੀਤਾ ਹੈ। ਇਸ ਪੁਸਤਕ ਵਿਚ ਲੇਖਕ ਵਲੋਂ ਕੁੱਲ 11 ਮੁਲਾਕਾਤਾਂ ਦਰਜ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਕੇਵਲ ਦੋ ਮੁਲਾਕਾਤਾਂ ਇਕ ਹਿਮਾਸ਼ੂੰ ਕੁਮਾਰ ਅਤੇ ਦੂਸਰੀ ਗੁਰਦੇਵ ਢਿੱਲੋਂ ਉਰਫ਼ ਭਜਨੇ ਅਮਲੀ ਦੀ ਹੈ ਜੋ ਇਕ ਰਾਜਨੀਤਕ ਵਿਅਕਤੀ ਅਤੇ ਕਾਮੇਡੀਅਨ ਦੀ ਹੈ ਬਾਕੀ 9 ਮੁਲਾਕਾਤਾਂ ਸਾਹਿਤ ਦੇ ਖੇਤਰ ਦੇ ਵਿਸ਼ੇਸ਼ ਕਰਕੇ ਪੰਜਾਬੀ ਸਾਹਿਤ ਦੇ ਖੇਤਰ ਦੀਆਂ ਨਾਮਵਰ ਹਸਤੀਆਂ ਦੀਆਂ ਹਨ, ਜਿਨ੍ਹਾਂ ਵਿਚ ਇੰਦਰਜੀਤ ਹਸਨਪੁਰੀ, ਇਕਬਾਲ ਰਾਮੂਵਾਲੀਆ, ਦਰਸ਼ਨ ਸਿੰਘ ਆਸ਼ਟ, ਨਿਰੰਜਨ ਤਸਨੀਮ, ਪ੍ਰੇਮ ਗੋਰਖੀ, ਭਗਵਾਨ ਢਿੱਲੋਂ, ਮਹਿੰਦਰ ਸਿੰਘ ਮਾਨੂੰਪੁਰੀ, ਮਿੱਤਰਸੈਨ ਮੀਤ ਅਤੇ ਅਵਤਾਰ ਬਿਲਿੰਗ ਦੇ ਨਾਂਅ ਪ੍ਰਮੁੱਖ ਹਨ।
ਇਹ ਸਾਰੇ ਨਾਂਅ ਪੁਸਤਕ ਵਿਚ ਅੱਖਰਕ੍ਰਮ ਅਨੁਸਾਰ ਹਨ। ਇਸ ਪੁਸਤਕ ਵਿਚ ਦਰਜ ਮੁਲਾਕਾਤਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਜਿਥੇ ਇਨ੍ਹਾਂ ਵਿਚ ਇਨ੍ਹਾਂ ਹਸਤੀਆਂ ਦੀ ਨਿੱਜੀ ਅਤੇ ਪਰਿਵਾਰਕ ਜ਼ਿੰਦਗੀ ਬਾਰੇ ਵਿਸਥਾਰਤ ਵੇਰਵੇ ਦਰਜ ਹਨ, ਉਥੇ ਉਨ੍ਹਾਂ ਦੀ ਸਾਹਿਤ ਨੂੰ ਦੇਣ ਅਤੇ ਉਨ੍ਹਾਂ ਦੇ ਲੇਖਣੀ ਦੀ ਮੂਲ-ਸੁਰ ਦੇ ਨਾਲ-ਨਾਲ ਮੁੱਖ ਸਰੋਕਾਰਾਂ ਦੀ ਗੱਲ ਵੀ ਕੀਤੀ ਹੈ। ਮਿਸਾਲ ਵਜੋਂ ਇੰਦਰਜੀਤ ਹਸਨਪੁਰੀ ਦੀ ਲੇਖਣੀ ਦੇ ਸਫ਼ਰ ਦੇ ਨਾਲ-ਨਾਲ ਫ਼ਿਲਮੀ ਸਫ਼ਰ, ਮਿੱਤਰਸੈਨ ਮੀਤ ਦੇ ਨਾਵਲਾਂ ਵਿਚਲੀ ਪ੍ਰਸ਼ਾਸਕੀ ਢਾਂਚੇ 'ਤੇ ਚੋਟ, ਇਕਬਾਲ ਰਾਮੂਵਾਲੀਆ ਦਾ ਕਵੀਸ਼ਰੀ ਤੋਂ ਕੈਨੇਡਾ ਤੱਕ ਦਾ ਸਫ਼ਰ, ਪ੍ਰੇਮ ਗੋਰਖੀ ਦੀਆਂ ਕਹਾਣੀਆਂ ਵਿਚ ਹਾਸ਼ੀਆਗਤ ਮਨੁੱਖ ਦੀ ਪੇਸ਼ਕਾਰੀ ਤੋਂ ਇਲਾਵਾ ਨਿਰੰਜਨ ਤਸਨੀਮ, ਦਰਸ਼ਨ ਸਿੰਘ ਆਸ਼ਟ ਅਤੇ ਬਾਕੀ ਸਾਹਿਤਾਕਾਰਾਂ ਨਾਲ ਕੀਤੀਆਂ ਮੁਲਾਕਾਤਾਂ ਵਿਚ ਪੰਜਾਬੀ ਸਾਹਿਤ ਦੇ ਨਵੇਂ ਰੁਝਾਨਾਂ ਬਾਰੇ ਘੋਖਵੀਂ ਪੜਤਾਲ ਅਤੇ ਸੰਵਾਦ ਰਚਾਇਆ ਗਿਆ ਹੈ।


ਇਕ ਅਣਕਹੀ ਕਹਾਣੀ

ਲੇਖਕ : ਜਸਦੇਵ ਸਿੰਘ ਧਾਲੀਵਾਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 350 ਰੁਪਏ, ਸਫ਼ੇ : 247
ਸੰਪਰਕ : 94177-41788.

'ਇਕ ਅਣਕਹੀ ਕਹਾਣੀ' ਜਸਦੇਵ ਸਿੰਘ ਧਾਲੀਵਾਲ ਦੀ ਸਵੈ-ਜੀਵਨੀ ਹੈ ਜਿਸ ਵਿਚ ਉਸ ਨੇ ਆਪਣੇ ਜੀਵਨ ਸੰਘਰਸ਼ ਦੀ ਗਾਥਾ ਨੂੰ ਵਿਸਥਾਰਤ ਰੂਪ ਵਿਚ ਪੇਸ਼ ਕੀਤਾ ਹੈ। ਆਪਣੇ ਜਨਮ ਆਦਿ ਬਾਰੇ ਦੱਸਣ ਤੋਂ ਬਾਅਦ ਆਪਣੀ ਪੜ੍ਹਾਈ ਦੇ ਵੇਰਵੇ ਦਰਜ ਕੀਤੇ ਹਨ ਪਰ ਇਨ੍ਹਾਂ ਪੜ੍ਹਾਈ ਦੇ ਵੇਰਵਿਆਂ ਨੂੰ ਉਸ ਨੇ ਆਪਣੀ ਪੂਰੀ ਆਤਮ-ਕਥਾ ਵਿਚ ਫੈਲਾਇਆ ਹੈ। ਕਿਉਂਕਿ ਇਸੇ ਪੜ੍ਹਾਈ ਦੇ ਸੰਘਰਸ਼ ਸਦਕਾ ਹੀ ਲੇਖਕ ਨੇ ਕਈ ਨੌਕਰੀਆਂ ਕੀਤੀਆਂ ਪਰ ਅੱਗੇ ਵਧਣ ਦੀ ਇੱਛਾ ਦਿਲ ਵਿਚ ਲੈ ਕੇ ਇਨ੍ਹਾਂ ਨੌਕਰੀਆਂ ਨੂੰ ਛੱਡਿਆ ਵੀ ਅਤੇ ਉੱਚ-ਵਿੱਦਿਆ ਵੀ ਗ੍ਰਹਿਣ ਕੀਤੀ। ਕਿੱਤਾ ਮੁਖੀ ਸਿੱਖਿਆ ਗ੍ਰਹਿਣ ਕਰਨੀ ਫਿਰ ਅਧਿਆਪਕੀ ਸਫ਼ਰ, ਬੀ.ਡੀ.ਓ. ਦੀ ਨੌਕਰੀ ਤੋਂ ਬਾਅਦ ਏ.ਡੀ.ਸੀ. ਦਾ ਅਹੁਦਾ ਉਸ ਦੀ ਜ਼ਿੰਦਗੀ ਦੇ ਸੰਘਰਸ਼ ਵਿਚੋਂ ਹੀ ਉਸ ਨੂੰ ਪ੍ਰਾਪਤ ਹੋਇਆ। ਇਸ ਦੇ ਨਾਲ-ਨਾਲ ਉਸ ਨੇ ਆਪਣੇ ਪਰਿਵਾਰਕ ਅਤੇ ਰਿਸ਼ਤੇਦਾਰੀਆਂ ਦੇ ਵੇਰਵੇ ਵੀ ਬਹੁਤ ਗਹਿਰਾਈ ਨਾਲ ਦਿੱਤੇ ਹਨ। ਉਸ ਨੇ ਆਪਣੇ ਦੁਆਰਾ ਸਾਹਿਤ ਪੜ੍ਹਨ ਦੀ ਲਗਨ ਅਤੇ ਇਸ ਲਗਨ ਵਿਚੋਂ ਹੀ ਸਾਹਿਤ ਰਚਨਾ ਦਾ ਬੀਜ ਉਪਜਣ ਦਾ ਜ਼ਿਕਰ ਵੀ ਕੀਤਾ ਹੈ ਜਿਵੇਂ ਉਹ ਆਪਣੀਆਂ ਕਹਾਣੀਆਂ ਦੇ ਛਪਣ ਬਾਰੇ 'ਚੰਡੀਗੜ੍ਹ ਦੇ ਦਿਨ' ਕਾਂਡ ਵਿਚ ਜ਼ਿਕਰ ਕਰਦਾ ਹੈ, 'ਪਿਆਰ ਬੇਵਫ਼ਾ ਨਹੀਂ' ਨਾਵਲ ਦੀ ਸਿਰਜਣ ਭੂਮੀ ਬਾਰੇ ਵੀ ਲੇਖਕ ਦਾ ਵੇਰਵਾ ਆਦਿ ਸਾਹਿਤ ਪ੍ਰਤੀ ਉਸ ਦੀ ਖਿੱਚ ਨੂੰ ਪੇਸ਼ ਕਰਨ ਵਾਲੇ ਵੇਰਵੇ ਹਨ। ਲੇਖਕ ਨੇ ਆਪਣੀ ਇਸ ਸਵੈ-ਜੀਵਨੀ ਵਿਚ ਮਾਲਵੇ ਦੀ ਉਪਭਾਸ਼ਾ ਅਤੇ ਮੁਹਾਵਰਿਆਂ ਦਾ ਪ੍ਰਯੋਗ ਕਰਕੇ ਇਸ ਨੂੰ ਸੁਆਦਲੀ ਬਣਾਇਆ ਹੈ।

ਡਾ: ਸਰਦੂਲ ਸਿੰਘ ਔਜਲਾ
ਮੋ: 98141-68611.


ਮੈਂ ਬੋਲਾਂ ਕਲਮ ਪੰਜਾਬ ਦੀ

(ਸਾਂਝਾ ਕਾਵਿ, ਕਹਾਣੀ ਸੰਗ੍ਰਹਿ)
ਸੰਪਾਦਕ : ਜਸਪਾਲ ਕੌਰੇਆਣਾ
ਮੁੱਲ : 200 ਰੁਪਏ, ਸਫ਼ੇ : 166
ਸੰਪਰਕ : 97808-52097.

ਇਹ ਵੱਡ ਆਕਾਰੀ ਪੁਸਤਕ ਨਵੇਂ-ਪੁਰਾਣੇ ਸ਼ਾਇਰਾਂ ਤੇ ਗਲਪ ਲੇਖਕਾਂ ਦੀਆਂ ਵੰਨ-ਸੁਵੰਨੀਆਂ ਰਚਨਾਵਾਂ ਦਾ ਸਾਂਝਾ ਸੰਗ੍ਰਹਿ ਹੈ। ਪੁਸਤਕ ਵਿਚ 59 ਕਲਮਕਾਰਾਂ ਦੀਆਂ ਕੁੱਲ 151 ਰਚਨਾਵਾਂ ਹਨ ਜਿਨ੍ਹਾਂ ਵਿਚੋਂ 50 ਸ਼ਾਇਰਾਂ ਦੀਆਂ 137 ਕਾਵਿ ਰਚਨਾਵਾਂ ਤੇ 9 ਲੇਖਕਾਂ ਦੀਆਂ 14 ਵਾਰਤਕ ਰਚਨਾਵਾਂ ਹਨ। ਕਾਵਿ ਰਚਨਾਵਾਂ ਵਿਚ ਗੀਤ, ਗ਼ਜ਼ਲ, ਖੁੱਲ੍ਹੀ ਕਵਿਤਾ, ਟੱਪੇ, ਕਵਾਲੀ, ਜਾਗੋ ਆਦਿ ਸ਼ਾਮਿਲ ਹਨ। ਗਲਪ ਭਾਗ ਵਿਚ ਮਿੰਨੀ ਕਹਾਣੀ, ਲੇਖ ਵਿੱਦਿਅਕ ਸਮਾਗਮ ਦੀ ਰਿਪੋਰਟ ਹੈ। ਸਥਾਪਿਤ ਲੇਖਕਾਂ ਵਿਚ ਡਾ: ਦਰਸ਼ਨ ਸਿੰਘ ਆਸ਼ਟ ਦੀ ਕਵਿਤਾ ਕਿੱਥੇ ਮਾਰ ਗਈ ਉਡਾਰੀ ਨੀ ਚਿੜੀਏ ਤੇ ਉਨ੍ਹਾਂ ਦਾ ਭਰਵਾਂ ਜੀਵਨ ਵੇਰਵਾ ਪੰਨਾ 13-20 ਤੱਕ ਹੈ ਜਿਸ ਵਿਚ ਡਾ: ਆਸ਼ਟ ਦੀਆਂ ਸਾਹਿਤਕ ਪ੍ਰਾਪਤੀਆਂ ਸਿਰਜਣਾ, ਅਹੁਦੇਦਾਰੀਆਂ, ਸੰਪਾਦਕੀ ਕਾਰਜ ਤੇ ਹੋਰ ਬਹੁਤ ਕੁਝ ਹੈ। ਬਲਵਿੰਦਰ ਬਾਲਮ, ਚਮਕ ਸੁਰਜੀਤ ਸ਼ਾਇਰ, ਫੂਲੇਲ ਸਿੰਘ, ਡਾ: ਅਮਨਦੀਪ ਸਿੰਘ ਟੱਲੇਵਾਲੀਆ ਵਹਿਮਾਂ-ਭਰਮਾਂ ਬਾਰੇ ਨਿਬੰਧ ਹੈ। ਇਨ੍ਹਾਂ ਤੋਂ ਬਿਨਾਂ ਬਾਕੀ ਸਾਰੇ ਕਲਮਕਾਰ ਸਾਹਿਤ ਮਾਰਗ ਦੇ ਨਵੇਂ ਰਾਹੀ ਹਨ। ਵਧੇਰੇ ਰਚਨਾਵਾਂ ਦੇ ਵਿਸ਼ੇ ਸਮਾਜ ਦੇ ਵਿਭਿੰਨ ਸਰੋਕਾਰਾਂ ਨਾਲ ਜੁੜੇ ਹੋਏ ਹਨ, ਜਿਸ ਵਿਚ ਔਰਤਾਂ ਦੇ ਮਸਲੇ, ਪਾਣੀ, ਰੁੱਖ, ਪੰਜਾਬ ਦਾ ਸੱਭਿਆਚਾਰ, ਨਸ਼ੇ, ਪੰਜਾਬ ਦਾ ਵਿਰਸਾ, ਪੁਸਤਕ ਸੱਭਿਆਚਾਰ, ਖੂਨ ਦਾਨ ਆਦਿ ਦੀ ਪੇਸ਼ਕਾਰੀ ਹੈ। ਲੇਖ ਬੇਰੁਜ਼ਗਾਰੀ (ਰਾਜਵੀਰ ਕੌਰ) ਮਿੰਨੀ ਕਹਾਣੀਆਂ ਧੀਆਂ ਬਾਰੇ ਲੇਖ (ਮਾਸਟਰ ਗੁਰਦਿਆਲ ਸਿੰਘ) ਪੰਜਾਬੀ ਸੱਭਿਆਚਾਰ (ਜਗਦੇਵ ਸਿੰਘ ਕੋਟਲੀ ਸਾਬੋ) ਪੁਰਾਣੇ ਅਧਿਆਪਕ ਦੇ ਸਨਮਾਨ ਦੀ ਰਿਪੋਰਟ, ਵਟਸ ਅਪ ਤਿਆਗਣ ਬਾਰੇ ਜਸਵਿੰਦਰ ਸਿੰਘ ਖੁਡੀਆਂ ਦੀ ਲਿਖਤ ਸੇਧਮਈ ਰਚਨਾਵਾਂ ਹਨ। ਕਰੀਬ ਦੋ ਦਰਜਨ ਸਹਿਯੋਗੀਆਂ ਤੇ ਹਰੇਕ ਲੇਖਕ ਦੀ ਰਚਨਾਵਾਂ ਨਾਲ ਤਸਵੀਰ, ਸਿਰਨਾਵਾਂ ਤੇ ਸੰਪਰਕ ਨੰਬਰ ਹੈ।

ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160


ਸਮਰਪਣ
ਲੇਖਿਕਾ : ਸਤਨਾਮ ਚੌਹਾਨ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 125 ਰੁਪਏ, ਸਫ਼ੇ : 88
ਸੰਪਰਕ : 98882-92825.

'ਸਮਰਪਣ' ਸਤਨਾਮ ਚੌਹਾਨ ਦਾ ਦੂਸਰਾ ਕਾਵਿ-ਸੰਗ੍ਰਹਿ ਹੈ। ਇਸ ਸੰਗ੍ਰਹਿ ਦੀਆਂ 76 ਕਵਿਤਾਵਾਂ ਵਿਚ ਕਵਿੱਤਰੀ ਨੇ ਪੁਰਸ਼ਾਂ ਦੇ ਖਿਲਾਫ਼ ਭੜਾਸ ਨਹੀਂ ਕੱਢੀ, ਨਾ ਹੀ ਨਿੱਜੀ ਗਿਲੇ-ਸ਼ਿਕਵਿਆਂ ਦਾ ਵਾਹਕ ਬਣਾਇਆ ਹੈ, ਸਗੋਂ ਕਵਿਤਾਵਾਂ 'ਚ ਭਾਵਨਾਤਮਕ ਪੱਧਰ 'ਤੇ ਵਿਚਰਦਿਆਂ ਮਨੁੱਖੀ ਇੱਛਾਵਾਂ, ਚਾਹਤ, ਵਸਲ ਅਤੇ ਕਾਵਿਕ-ਅਭਿਲਾਸ਼ਾਵਾਂ ਅਭਿ-ਵਿਅਕਤ ਕਰਨ ਦਾ ਸੁਚੱਜਾ ਪ੍ਰਯਤਨ ਕੀਤਾ ਹੈ। ਕਿਰਪਾਲ ਕਜ਼ਾਕ ਅਨੁਸਾਰ ਕਵਿੱਤਰੀ 'ਨਫ਼ਰਤ, ਵਿਛੋੜੇ ਅਤੇ ਦਮਨ ਕਾਰਤਾ ਤੋਂ ਵਿਪਰੀਤ; ਇੱਛਾਗਤ ਜੀਵਨ, ਖੁਸ਼ਹਾਲੀ, ਵਸਲ, ਪਿਆਰ ਅਤੇ ਪੁਰਸ਼ ਤਵ ਦੇ ਸਮ ਵਿੱਥ ਬਰਾਬਰਤਾ ਦੇ ਅਸਤਿੱਤਵ ਨੂੰ ਪ੍ਰਣਾਈ ਹੋਈ ਹੈ।' ਕਵਿਤਾਵਾਂ ਦੇ ਮੈਟਾਫ਼ਰ ਅੰਬਰ, ਤਾਰੇ, ਬੱਦਲ ਤੇ ਮੀਂਹ ਆਦਿ ਨੂੰ ਵੱਖਰੇ-ਵੱਖਰੇ ਸੰਦਰਭਾਂ 'ਚ ਪੇਸ਼ ਕਰਦੀ ਹੈ। ਸਿਤਾਰਿਆਂ ਨਾਲ ਭਰਿਆ ਅਕਾਸ਼ ਕਲਪਨਾਤਮਿਕ ਨਾਇਕ (ਦੁਲਹਨ) ਦੇ ਸਿਰ 'ਤੇ ਲਈ ਫੁਲਕਾਰੀ ਜਾਪਦੀ ਹੈ। 'ਬੱਦਲ' ਪ੍ਰਤੀਕ ਨੂੰ ਉਹ ਦੇਸ਼ਾਂ-ਪ੍ਰਦੇਸਾਂ ਦੇ ਵਾਹਕ ਹੋਣ ਨਾਲ ਜੋੜਦੀ ਹੈ, ਉਥੇ ਮੀਂਹ ਨੂੰ ਔੜ ਦੀ ਤ੍ਰਿਪਤੀ ਅਤੇ ਬਿਰਹਾ ਦੇ ਅੱਥਰੂਆਂ ਵਿਚੋਂ ਪ੍ਰਦੇਸੀ ਕੰਤ ਦੇ ਵਸਲ ਨਾਲ ਆਤਮਸਾਤ ਕਰਦੀ ਹੈ। ਮੁਹੱਬਤ ਦੀ ਪਿਆਸੀ ਸਤਨਾਮ ਤੇ ਸਮਰਪਣ ਦੀ ਨਾਇਕਾ ਨਾਇਕ ਵਿਹੜੇ ਵਿਚ ਲਾਏ ਯਾਦਾਂ ਦੇ ਰੁੱਖ ਹੇਠ ਬੈਠ ਕੇ ਚਰਖੇ 'ਤੇ ਰੂੰ ਨਹੀਂ ਕੱਤਦੀ, ਵਸਲ ਦੀ ਤੰਦ ਪਾਉਂਦੀ ਹੈ :
ਪਾਵਾਂ ਤੰਦ ਵਸਲਾਂ ਦੀ
ਤੱਕਲੇ 'ਤੇ ਸੱਜਣਾ ਵੇ
ਨਾਲੇ ਤੈਨੂੰ ਯਾਦ ਕਰਾਂ...
ਸਤਨਾਮ ਦੀ ਸ਼ੈਲੀ ਅਤੇ ਬੋਲੀ ਲੋਕ-ਗੀਤਾਂ ਦੀ ਲੈਅ ਵਰਗੀ ਹੈ। ਉਹ ਪ੍ਰਾਕਿਰਤਕ ਵਰਤਾਰਿਆਂ ਨੂੰ ਸਨਮੁੱਖ ਰੱਖਦਿਆਂ ਨਫ਼ਰਤ ਦੀ ਥਾਵੇਂ ਪਿਆਰ-ਮੁਹੱਬਤ ਦੇ ਰਿਸ਼ਤੇ ਸਿਰਜਦੀ ਹੈ। ਉਹ ਰੁਦਨ ਨਹੀਂ ਕਰਦੀ। ਬਿਰਹਾ ਦੀ ਕਸਕ ਸਹਿੰਦਿਆਂ ਵੀ ਉਸ ਨੂੰ ਜਾਪਦਾ ਹੈ ਜਿਵੇਂ ਹਵਾਵਾਂ 'ਚ ਕੇਸਰ ਘੁਲਦਾ ਹੈ ਅਤੇ ਚਾਂਦਨੀ ਰਾਤ 'ਚ ਇਤਰ ਮਹਿਕਦਾ ਹੋਵੇ :
ਪੌਣਾਂ ਵਿਚ ਕੇਸਰ ਤੇ
ਚਾਂਦਨੀ ਵਿਚ ਇਤਰ ਘੁਲੇ....
ਭਾਵਾਂ ਦੇ ਪ੍ਰਗਟਾਅ ਲਈ ਚੁਣੀ ਗਈ ਸ਼ਬਦਾਵਲੀ, ਬਿੰਬ ਅਤੇ ਪ੍ਰਤੀਕ ਸੁਚੱਜੇ ਹਨ।


ਗੁਰਮੁਖੀ ਲਿਪੀ
(ਇਤਿਹਾਸ ਤੇ ਇਤਿਹਾਸਕਾਰੀ)
ਸੰਪਾਦਕ : ਬੂਟਾ ਸਿੰਘ ਬਰਾੜ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 225 ਰੁਪਏ, ਸਫ਼ੇ : 127
ਸੰਪਰਕ : 011-23280657.

ਬੂਟਾ ਸਿੰਘ ਬਰਾੜ ਭਾਸ਼ਾ ਵਿਗਿਆਨ ਦੇ ਨਾਲ ਸਬੰਧਿਤ ਪ੍ਰਬੁੱਧ ਵਿਦਵਾਨ ਹੈ। ਗੁਰਮੁਖੀ ਲਿਪੀ (ਇਤਿਹਾਸ ਤੇ ਇਤਿਹਾਸਕਾਰੀ) ਉਸ ਦੀ ਨੌਵੀਂ ਸੰਪਾਦਿਤ ਪੁਸਤਕ ਹੈ। ਇਸ ਖੋਜ ਪੁਸਤਕ ਵਿਚ ਉਸ ਨੇ 10 ਉੱਘੇ ਵਿਦਵਾਨਾਂ ਦੇ ਗੁਰਮੁਖੀ ਲਿਪੀ ਦੀ ਇਤਿਹਾਸਕਾਰੀ ਨਾਲ ਸਬੰਧਿਤ ਖੋਜ ਪੱਤਰਾਂ ਨੂੰ ਸ਼ਾਮਿਲ ਕੀਤਾ ਹੈ। ਇਸ ਦਾ ਆਰੰਭ ਉਹ ਗੌਰੀ ਸ਼ੰਕਰ ਹੀਰਾ ਚੰਦ ਓਝਾ ਦੇ ਖੋਜ-ਪੱਤਰ 'ਭਾਰਤ ਦੀਆਂ ਮੁੱਖ ਵਰਤਮਾਨ ਲਿਪੀਆਂ ਦੀ ਉਤਪਤੀ' ਨਾਲ ਕਰਦਾ ਹੈ। 'ਓਝਾ' ਦੇ ਅਨੁਸਾਰ ਭਾਰਤਵਰਸ਼ ਦੀਆਂ ਸਾਰੀਆਂ ਵਰਤਮਾਨ ਆਰੀਆ ਲਿਪੀਆਂ ਦਾ ਮੂਲ ਬ੍ਰਹਮੀ ਲਿਪੀ ਹੈ, ਜਿਸ ਵਿਚੋਂ ਸ਼ਾਰਦਾ, ਟਾਕਰੀ, ਗੁਰਮੁਖੀ, ਕੈਥੀ, ਬੰਗਲਾ, ਮੈਥਲ, ਉੜੀਆ, ਗੁਜਰਾਤੀ, ਮੋੜੀ, ਤੇਲਗੂ ਅਤੇ ਕੰਨੜੀ, ਗਰੰਥ, ਮਲਯਾਲਮ, ਤੁਲੀ, ਤਾਮਿਲ ਲਿਪੀਆਂ ਦਾ ਜਨਮ ਅਤੇ ਵਿਕਾਸ ਹੋਇਆ ਹੈ। ਭਾਰਤੀ ਲਿਪੀਆਂ ਦੇ ਸਬੰਧ ਵਿਚ ਜੱਜ ਸਿੰਘ ਦਾ ਖੋਜ ਪੱਤਰ 'ਪ੍ਰਾਚੀਨ ਭਾਰਤੀ ਲਿਪੀਆਂ ਦੀ ਉਤਪਤੀ' ਮਹੱਤਵਪੂਰਨ ਹੈ। ਉਸ ਅਨੁਸਾਰ ਸਿੰਧੂ ਲਿਪੀ, ਬ੍ਰਹਮੀ ਲਿਪੀ ਅਤੇ ਖ਼ਰੋਸ਼ਠੀ ਲਿਪੀ, ਭਾਰਤ ਦੀਆਂ ਪ੍ਰਾਚੀਨ ਲਿਪੀਆਂ ਹਨ। ਗੁਰਮੁਖੀ ਲਿਪੀ ਦੀ ਇਤਿਹਾਸਕਾਰੀ ਦਾ ਪ੍ਰਮਾਣਿਕ ਇਤਿਹਾਸਕਾਰ ਪ੍ਰੋਫੈਸਰ ਪ੍ਰੀਤਮ ਸਿੰਘ ਹੈ। ਉਨ੍ਹਾਂ ਦਾ 'ਗੁਰਮੁਖੀ ਲਿਪੀ ਦੀ ਉਤਪਤੀ ਤੇ ਵਿਕਾਸ' ਖੋਜ ਨਿਬੰਧ 'ਚ ਗੁਰਮੁਖੀ ਨਾਂਅ ਬਾਬਾ ਮੋਹਨ ਦੀਆਂ ਪੋਥੀਆਂ ਵਿਚ ਆਇਆ ਹੈ। ਗੁਰੂ ਅੰਗਦ ਦੇਵ ਜੀ ਤੋਂ ਪਹਿਲਾਂ ਇਸ ਦਾ ਕੀ ਨਾਂਅ ਸੀ, ਵੀ ਇਸੇ ਖੋਜ ਪੱਤਰ ਦੀ ਰੌਸ਼ਨੀ 'ਚ ਭਾਲਿਆ ਜਾ ਸਕਦਾ ਹੈ। ਇਸੇ ਪ੍ਰਕਾਰ ਪ੍ਰੋ: ਪ੍ਰੇਮ ਪ੍ਰਕਾਸ਼ ਸਿੰਘ, ਪ੍ਰੋ: ਹਰਕੀਰਤ ਸਿੰਘ, ਪ੍ਰੋ: ਜੋਗਿੰਦਰ ਸਿੰਘ, ਸ: ਬਿੱਕਰ ਸਿੰਘ ਹਾਂਗਕਾਂਗ, ਪ੍ਰੋ: ਕਾਲਾ ਸਿੰਘ ਬੇਦੀ, ਬੂਟਾ ਸਿੰਘ ਬਰਾੜ ਆਦਿ ਖੋਜੀ ਵਿਦਵਾਨਾਂ ਦੇ ਖੋਜ ਨਿਬੰਧ ਸ਼ਾਮਿਲ ਹਨ। ਸੰਪਾਦਕ ਵਲੋਂ ਸ਼ਬਦ-ਜੋੜ ਮੂਲ ਲੇਖਕਾਂ ਅਨੁਸਾਰ ਹੀ ਰੱਖੇ ਗਏ ਹਨ। ਇੰਜ ਵੀ ਕਿਹਾ ਜਾ ਸਕਦਾ ਹੈ ਕਿ ਇਸ ਪੁਸਤਕ ਵਿਚ ਅਜਿਹੇ ਖੋਜ ਪੱਤਰਾਂ, ਲੇਖਾਂ ਨੂੰ ਸ਼ਾਮਿਲ ਕੀਤਾ ਗਿਆ ਜੋ ਗੁਰਮੁਖੀ ਲਿਪੀ ਦੇ ਇਤਿਹਾਸ ਅਤੇ ਇਤਿਹਾਸਕਾਰੀ ਬਾਰੇ ਨਿਸਚਿਤ ਸੂਝ ਅਤੇ ਸਮਝ ਬਣਾਉਣ 'ਚ ਖੋਜਾਰਥੀਆਂ ਮਦਦਗਾਰ ਸਾਬਤ ਹੋ ਸਕਦੇ ਹਨ। ਇਹ ਪੁਸਤਕ ਗੁਰਮੁਖੀ ਲਿਪੀ ਦੇ ਮੂਲ ਸਰੋਤ ਦੀ ਭੂਮਿਕਾ ਨਿਭਾਉਣ 'ਚ ਆਪਣਾ ਅਹਿਮ ਕਿਰਦਾਰ ਨਿਭਾਏਗੀ ਅਤੇ ਖੋਜਾਰਥੀਆਂ ਲਈ ਮਾਰਗ ਦਰਸ਼ਨ ਕਰਦਿਆਂ ਸੰਭਾਵੀ ਖੋਜ ਦਾ ਰਾਹ ਖੋਲ੍ਹੇਗੀ।

ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

 

16/12/2017

 ਜਨਮ ਸਾਖੀਆਂ
ਇਕ ਇਤਿਹਾਸਕ ਪੜਚੋਲ

ਲੇਖਕ : ਡਾ: ਸ਼ੇਰ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ, ਚੰਡੀਗੜ੍ਹ
ਮੁੱਲ : 450 ਰੁਪਏ, ਸਫ਼ੇ : 259
ਸੰਪਰਕ : 78374-95503.

ਜਨਮ ਸਾਖ਼ੀਆਂ ਨਾਲ ਪੰਜਾਬੀ ਵਾਰਤਕ ਦਾ ਜਨਮ ਹੋਇਆ ਹੈ। ਗੁਰੂ ਨਾਨਕ ਦਾ ਜੀਵਨ ਬਿਰਤਾਂਤ ਪ੍ਰੇਮ ਤੇ ਸ਼ਰਧਾ ਨਾਲ ਪੇਸ਼ ਕਰਨ ਵਾਲੀਆਂ ਜਨਮ ਸਾਖੀਆਂ ਦੀਆਂ ਚਾਰ ਮੂਲ ਪਰੰਪਰਾਵਾਂ ਹਨ। ਇਹ ਹਨ : ਪੁਰਾਤਨ/ਹਾਫਿਜ਼ਾਬਾਦ/ਵਲਾਇਤ/ਕੌਲਬਰੁਕ ਵਾਲੀ ਜਨਮ ਸਾਖੀ, ਭਾਈ ਬਾਲੇ ਵਾਲੀ ਜਨਮ ਸਾਖੀ, ਮਿਹਰਬਾਨ ਵਾਲੀ ਜਨਮ ਸਾਖੀ ਤੇ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ। ਡਾ: ਸ਼ੇਰ ਸਿੰਘ ਨੇ ਆਪਣੀ ਪੁਸਤਕ ਵਿਚ ਬੜੀ ਸਹਿਜ ਸਰਲ ਭਾਸ਼ਾ ਵਿਚ ਇਨ੍ਹਾਂ ਚਾਰਾਂ ਬਾਰੇ ਖੋਜ ਭਰਪੂਰ ਵਿਸ਼ਲੇਸ਼ਣ ਇਨ੍ਹਾਂ ਦੇ ਸਾਹਿਤਕ, ਸਮਾਜਿਕ ਤੇ ਇਤਿਹਾਸਕ ਪ੍ਰਸੰਗਾਂ ਨੂੰ ਸਪੱਸ਼ਟ ਕਰਦੇ ਹੋਏ ਕੀਤਾ ਹੈ।
ਇਸ ਪੁਸਤਕ ਦੇ ਉਚੇਰੀ ਖੋਜ ਵਾਸਤੇ ਖੋਜ ਪ੍ਰਬੰਧ ਵਲੋਂ ਲਿਖੇ ਜਾਣ ਦੇ ਪ੍ਰਮਾਣ ਪੁਸਤਕ ਵਿਚ ਨਹੀਂ ਪਰ ਇਸ ਦੀ ਬਣਤਰ, ਪ੍ਰਮਾਣਿਕ/ਵਿਸਤ੍ਰਿਤ ਹਵਾਲੇ ਤੇ ਖੋਜ ਵਿਧੀ ਇਸੇ ਪਾਸੇ ਸੰਕੇਤ ਕਰਦੇ ਹਨ। ਪੰਜ ਅਧਿਆਇ, ਸਿੱਟੇ ਤੇ ਪੁਸਤਕ ਸੂਚੀ ਇਸ ਦਾ ਪ੍ਰਮਾਣ ਹਨ। ਡਾ: ਸ਼ੇਰ ਸਿੰਘ ਦਾ ਨਾਂਅ ਪੜ੍ਹ ਕੇ ਗੁਰਮਤਿ ਦਰਸ਼ਨ ਵਾਲੇ ਬਜ਼ੁਰਗ ਸਵਰਗਵਾਸੀ ਸ਼ੇਰ ਸਿੰਘ ਦਾ ਚੇਤਾ ਆਉਣਾ ਸੁਭਾਵਿਕ ਹੈ। ਇਸ ਪੁਸਤਕ ਦਾ ਲੇਖਕ ਉਹ ਨਹੀਂ, ਕੋਈ ਨਵੀਂ ਪੀੜ੍ਹੀ ਦਾ ਨੌਜਵਾਨ ਹੈ ਜੋ ਇਤਿਹਾਸ ਤੇ ਸਾਹਿਤ ਦੋਵਾਂ ਖੇਤਰਾਂ ਵਿਚ ਰੁਚੀ ਰੱਖਦਾ ਹੈ। ਪੰਜਾ ਅਧਿਆਵਾਂ ਵਿਚ ਵੰਡੀ ਉਸ ਦੀ ਇਹ ਪੁਸਤਕ ਉਕਤ ਦੋਵੇਂ ਖੇਤਰਾਂ ਨੂੰ ਛੋਂਹਦੀ ਹੈ।
ਲੇਖਕ ਨੇ ਪਹਿਲੇ ਅਧਿਆਇ ਵਿਚ ਜਨਮ ਸਾਖੀ ਬਾਰੇ ਸਿਧਾਂਤਕ/ਪਰਿਭਾਸ਼ਕ ਚਰਚਾ ਉਪਰੰਤ ਚਾਰੇ ਜਨਮ ਸਾਖੀਆਂ ਨਾਲ ਮੁਢਲੀ ਜਾਣ-ਪਛਾਣ ਕਰਵਾਈ ਹੈ। ਇਨ੍ਹਾਂ ਦੇ ਲੇਖਕਾਂ, ਲੇਖਣ ਕਾਲ ਤੇ ਸਥਾਨ ਬਾਰੇ ਵਿਵਾਦ ਨੂੰ ਪੇਸ਼ ਕਰਕੇ ਆਪਣੇ ਨਿਰਣੇ ਦਿੱਤੇ ਹਨ। ਦੂਜੇ ਅਧਿਆਇ ਵਿਚ ਚਾਰੇ ਜਨਮ ਸਾਖੀਆਂ ਵਿਚ ਪੇਸ਼ ਗੁਰੂ ਨਾਨਕ ਦੇ ਜਨਮ ਤੇ ਮੁਢਲੇ ਜੀਵਨ ਦਾ ਤੁਲਨਾਤਮਿਕ ਅਧਿਐਨ ਹੈ। ਤੀਜੇ ਅਧਿਆਇ ਵਿਚ ਗੁਰੂ ਨਾਨਕ ਦੀਆਂ ਉਦਾਸੀਆਂ (ਲੰਬੀਆਂ ਯਾਤਰਾਵਾਂ)/ਸਿੱਖਿਆਵਾਂ ਦਾ, ਚੌਥੇ ਵਿਚ ਗੁਰੂ ਨਾਨਕ ਦੇ ਜੀਵਨ ਦੇ ਅੰਤਲੇ ਸਮੇਂ ਦਾ ਤੇ ਪੰਜਵੇਂ ਵਿਚ ਇਨ੍ਹਾਂ ਦੀ ਵਾਰਤਕ/ਭਾਸ਼ਾ ਦਾ ਤੁਲਨਾਮਤਕ ਅਧਿਐਨ ਪੇਸ਼ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਗਿਆਨੀ ਹੀਰਾ ਸਿੰਘ 'ਦਰਦ'
(ਸਮੁੱਚੀਆਂ ਕਹਾਣੀਆਂ)

ਸੰਪਾਦਕ : ਡਾ: ਹਰਜੀਤ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 550 ਰੁਪਏ, ਸਫ਼ੇ : 598
ਸੰਪਰਕ : 94170-33153.

ਗਿਆਨੀ ਹੀਰਾ ਸਿੰਘ ਦਰਦ ਆਧੁਨਿਕ ਪੰਜਾਬੀ ਸਾਹਿਤ ਦੇ ਉਸਰਈਆਂ ਵਿਚ ਸ਼੍ਰੋਮਣੀ ਸਥਾਨ ਰੱਖਦਾ ਹੈ। ਉਸ ਨੇ 1924 ਈ: ਵਿਚ ਆਪਣਾ ਮਾਸਿਕ ਪੱਤਰ 'ਫੁਲਵਾੜੀ' ਸ਼ੁਰੂ ਕੀਤਾ ਅਤੇ ਇਸ ਦੇ ਮਾਧਿਅਮ ਦੁਆਰਾ ਅਨੇਕ ਲੇਖਕਾਂ ਨੂੰ ਸਮਾਜ ਅਤੇ ਸਾਹਿਤ ਵਿਚਲੇ ਪੀਡੇ ਸਬੰਧਾਂ ਬਾਰੇ ਜਾਗਰੂਕ ਕੀਤਾ।
ਕਿਰਤੀਆਂ-ਕਿਸਾਨਾਂ ਦੇ ਸੰਘਰਸ਼ ਨੂੰ ਲਾਮਬੰਦ ਕਰਨ ਵਿਚ ਰੁੱਝੇ ਰਹਿਣ ਕਾਰਨ ਉਹ ਜਿਊਂਦੇ-ਜੀਆਂ ਆਪਣੀਆਂ ਸਾਰੀਆਂ ਕਹਾਣੀਆਂ ਨੂੰ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਨਾ ਕਰ ਸਕਿਆ। ਡਾ: ਹਰਜੀਤ ਸਿੰਘ ਨੇ 'ਫੁਲਵਾੜੀ' ਦੇ ਪੁਰਾਣੇ ਅੰਕ ਫੋਲ ਕੇ ਅਤੇ ਖਰੜੇ ਦੇ ਰੂਪ ਵਿਚ ਪਈਆਂ ਕਹਾਣੀਆਂ ਦੀ ਤਲਾਸ਼ ਕਰਕੇ ਕੁੱਲ 57 ਕਹਾਣੀਆਂ ਲੱਭੀਆਂ ਹਨ ਅਤੇ ਇਨ੍ਹਾਂ ਦੇ ਮੁੱਢ ਵਿਚ ਇਕ ਵਿਦਵਤਾਪੂਰਨ ਸੰਪਾਦਕੀ ਲਿਖ ਕੇ ਇਨ੍ਹਾਂ ਨੂੰ ਪ੍ਰਕਾਸ਼ਿਤ ਕਰ ਦਿੱਤਾ ਹੈ। ਹਰਜੀਤ ਸਿੰਘ ਹੋਰਾਂ ਦੀ ਵਚਨਬੱਧਤਾ ਅਤੇ ਮਿਹਨਤ ਨੂੰ ਸਲਮ ਕਰਨਾ ਬਣਦਾ ਹੈ। ਗਿਆਨੀ ਹੀਰਾ ਸਿੰਘ ਦਰਦ ਇਕ ਮਾਨਵਤਾਵਾਦੀ ਲੇਖਕ ਸੀ। ਉਹ ਆਪਣੀਆਂ ਬਹੁਤ ਸਾਰੀਆਂ ਕਹਾਣੀਆਂ ਨੂੰ ਅੰਕਾਂ (1, 2, 3.... ਆਦਿਕ) ਵਿਚ ਵਿਭਾਜਿਤ ਕਰਕੇ ਵਿਉਂਤਬੱਧ ਕਰਦਾ ਹੈ। ਇੰਜ ਨਿੱਕੀ ਕਹਾਣੀ ਦੀ ਸਪਿਰਟ ਜਾਂ ਅੰਦਾਜ਼ ਤਾਂ ਸਜੀਵ ਨਹੀਂ ਰਹਿੰਦਾ ਪਰ ਬਿਰਤਾਂਤ ਦੀ ਦਿਲਚਸਪੀ ਜ਼ਰੂਰ ਬਣੀ ਰਹਿੰਦੀ ਹੈ। ਗਿਆਨੀ ਹੀਰਾ ਸਿੰਘ ਦਰਦ ਆਪਣੀਆਂ ਕਹਾਣੀਆਂ ਦਾ ਆਰੰਭ ਏਨੇ ਨਾਟਕੀ ਅੰਦਾਜ਼ ਵਿਚ ਕਰਦਾ ਹੈ ਕਿ ਪਾਠਕ ਦੀ ਉਤਸੁਕਤਾ ਟੁੰਬੀ ਜਾਂਦੀ ਹੈ। ਕਈ ਵਾਰ ਉਸ ਦੇ ਪਾਤਰ ਵੀ ਨਾਟਕੀ ਕਿਸਮ ਦੀ ਵਾਰਤਾਲਾਪ ਦਾ ਪ੍ਰਯੋਗ ਕਰਦੇ ਵੇਖੇ ਜਾ ਸਕਦੇ ਹਨ। ਇਸ ਪ੍ਰਸੰਗ ਵਿਚ 'ਗ਼ਦਾਰ' ਨਾਂਅ ਦੀ ਕਹਾਣੀ ਵਿਸ਼ੇਸ਼ ਤੌਰ 'ਤੇ ਉਲੇਖਯੋਗ ਹੈ। ਕਰੁਣਾ, ਸਹਾਨੁਭੂਤੀ ਅਤੇ ਦ੍ਰਿੜ੍ਹਤਾ ਉਸ ਦੀਆਂ ਕਹਾਣੀਆਂ ਦੇ ਮੂਲ ਲੱਛਣ ਹਨ। ਉਹ ਆਪਣੇ ਪਾਠਕਾਂ ਨੂੰ ਪ੍ਰਗਤੀਸ਼ੀਲਤਾ ਅਤੇ ਚੜ੍ਹਦੀ ਕਲਾ ਦਾ ਸੰਦੇਸ਼ ਦੇਣ ਵਾਲਾ ਲੇਖਕ ਹੈ। ਜਿਹੜੇ ਪਾਠਕ ਕਹਾਣੀ ਵਿਚ 'ਕਹਾਣੀ-ਤੱਤ' ਦੀ ਤਵੱਕੋਂ ਰੱਖਦੇ ਹਨ, ਉਨ੍ਹਾਂ ਵਾਸਤੇ ਇਹ ਕਹਾਣੀਆਂ ਵਿਸ਼ੇਸ਼ ਰੂਪ ਵਿਚ ਰੁਚੀਕਰ ਹੋਣਗੀਆਂ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਪੰਜਾਬੀ ਸੱਭਿਆਚਾਰ ਦੀ ਰੰਗੋਲੀ
ਸੰਪਾਦਕ : ਡਾ: ਜੋਗਿੰਦਰ ਸਿੰਘ ਵਿਰਕ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 94173-60278.

ਇਸ ਸੰਗ੍ਰਹਿ ਵਿਚ 19 ਲੇਖਿਕਾਵਾਂ ਦੇ ਲੇਖ ਸ਼ਾਮਿਲ ਹਨ। ਡਾ: ਰਣਜੀਤ ਕੌਰ, ਡਾ: ਗੁਰਪ੍ਰੀਤ ਕੌਰ, ਡਾ: ਰੂਪਾ ਕੌਰ, ਡਾ: ਮਨਜੀਤ ਕੌਰ ਅਤੇ ਵੰਦਨਾ ਨੇ ਆਪਣੇ ਲੇਖਾਂ ਰਾਹੀਂ 'ਏਕਮ' ਦਾ ਆਲੋਚਨਾਤਮਕ ਅਧਿਐਨ ਕਰਕੇ ਇਸ ਦੇ ਸਾਹਿਤਕ ਮਹੱਤਵ ਨੂੰ ਦ੍ਰਿਸ਼ਟੀਮਾਨ ਕੀਤਾ ਹੈ।
ਡਾ: ਸੁਖਵਿੰਦਰ ਕੌਰ, ਡਾ: ਅਮਰਜੀਤ ਘੁੰਮਣ, ਪ੍ਰੋ: ਜਗਰੂਪ ਕੌਰ, ਪ੍ਰੋ: ਇੰਦਰਜੀਤ ਕੌਰ, ਪ੍ਰੋ: ਹਰਜੀਤ ਕੌਰ ਕਲਸੀ, ਪ੍ਰੋ: ਤੇਜਿੰਦਰ ਕੌਰ ਬੇਰੀ, ਡਾ: ਬਲਵਿੰਦਰ ਕੌਰ ਨੇ ਆਪਣੇ-ਆਪਣੇ ਦ੍ਰਿਸ਼ਟੀਕੋਣ ਤੋਂ 'ਏਕਮ' ਦੇ ਸੱਭਿਆਚਾਰਕ ਮੁਹਾਂਦਰੇ ਨੂੰ ਰੂਪਮਾਨ ਕਰਨ ਦਾ ਯਤਨ ਕੀਤਾ ਹੈ। ਡਾ: ਕਿਰਨਪਾਲ ਕੌਰ ਅਨੁਸਾਰ 'ਏਕਮ' ਔਰਤ ਮਨ ਦੀ ਅਭਿਵਿਅਕਤੀ ਕਰਨ ਵਾਲੀ ਰਚਨਾ ਹੈ। ਪ੍ਰੋ: ਪਰਮਜੀਤ ਕੌਰ ਔਲਖ ਨੇ ਆਪਣੇ ਲੇਖ ਰਾਹੀਂ 'ਏਕਮ' ਵਿਚੋਂ ਔਰਤ ਦੇ ਭਿੰਨ-ਭਿੰਨ ਰੂਪਾਂ ਦੀ ਪਛਾਣ ਕਰਵਾਈ ਹੈ। ਰਾਜਵੀਰ ਕੌਰ ਅਨੁਸਾਰ 'ਏਕਮ' ਵਿਚੋਂ ਮਨੁੱਖੀ ਜਜ਼ਬਿਆਂ ਦੇ ਤੱਤਾਂ ਨੂੰ ਲੱਭਣ ਦਾ ਭਰਪੂਰ ਯਤਨ ਕੀਤਾ ਹੈ। ਇਨ੍ਹਾਂ ਲੇਖਾਂ ਤੋਂ ਇਲਾਵਾ ਡਾ: ਹਰਜੀਤ ਕੌਰ ਵਿਰਕ ਅਤੇ ਡਾ: ਅਮਨਦੀਪ ਕੌਰ ਨੇ ਗਿੱਲ ਸੁਰਜੀਤ ਦੀ ਸਮੁੱਚੀ ਗੀਤਕਾਰੀ ਬਾਰੇ ਵਿਚਾਰ ਕੀਤਾ ਹੈ।
ਡਾ: ਜੋਗਿੰਦਰ ਸਿੰਘ ਵਿਰਕ ਨੇ ਇਸ ਸੰਗ੍ਰਹਿ ਦੀ ਸੰਪਾਦਨਾ ਕਰਕੇ ਇਕ ਮਹੱਤਵਪੂਰਨ ਕਾਰਜ ਕੀਤਾ ਹੈ, ਜਿਸ ਲਈ ਉਹ ਵਧਾਈ ਦਾ ਹੱਕਦਾਰ ਹੈ। ਆਸ ਹੈ ਪੰਜਾਬੀ ਪਾਠਕਾਂ ਵਲੋਂ ਇਸ ਪੁਸਤਕ ਦਾ ਭਰਪੂਰ ਸਵਾਗਤ ਕੀਤਾ ਜਾਵੇਗਾ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

ਮਾਰਕਸਵਾਦ ਅਤੇ ਕਵਿਤਾ
ਮੂਲ ਲੇਖਕ : ਜਾਰਜ ਥਾਮਸਨ
ਅਨੁਵਾਦਕ : ਡਾ: ਸਰਵਨ ਸਿੰਘ ਪਰਦੇਸੀ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 150 ਰੁਪਏ, ਸਫ਼ੇ : 78
ਸੰਪਰਕ : 98157-03680.

ਜਾਰਜ ਥਾਮਸਨ ਅਜਿਹਾ ਸਾਹਿਤ ਚਿੰਤਕ ਹੋਇਆ ਹੈ, ਜਿਸ ਨੇ ਵਿਸ਼ਵ-ਵਿਆਪੀ ਸਾਹਿਤ-ਅਧਿਐਨ ਅਤੇ ਇਸ ਦੇ ਮੁਲਾਂਕਣ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ। ਸਾਲ 1929 ਤੋਂ ਸਾਲ 1933 ਤਕ ਉਸ ਦੀਆਂ ਬਾਰਾਂ ਪ੍ਰਕਾਸ਼ਿਤ ਪੁਸਤਕਾਂ ਅਜੋਕੇ ਕਾਲ-ਖੰਡ ਦੇ ਵੱਡੇ ਤੋਂ ਵੱਡੇ ਸਾਹਿਤ-ਪੜਚੋਲਕਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਇਨ੍ਹਾਂ ਪੁਸਤਕਾਂ ਵਿਚੋਂ ਹਥਲੀ ਪੁਸਤਕ ਭਾਵੇਂ ਵੱਡ-ਆਕਾਰੀ ਸਫ਼ਿਆਂ ਤੱਕ ਫੈਲਾਅ ਨਹੀਂ ਰੱਖਦੀ ਪਰ ਪੰਜਾਬੀ ਪਾਠਕਾਂ ਨੂੰ ਤਹਿ-ਦਰ-ਤਹਿ ਯੂਨਾਨੀ, ਯੂਰਪੀ ਅਤੇ ਪੱਛਮੀ ਸਾਹਿਤ ਸਿਰਜਣਾ ਦੇ ਮਨੋਰਥਾਂ, ਪ੍ਰਕਿਰਤੀ-ਪ੍ਰਕਾਰਜਾਂ, ਉਥਾਨ ਦੇ ਸੰਦਰਭਾਂ ਅਤੇ ਸਥਾਪਿਤ ਹੋ ਜਾਣ ਦੇ ਸਰੋਕਾਰਾਂ ਦਾ ਦਰਪਣ ਜ਼ਰੂਰ ਪੇਸ਼ ਕਰਦੀ ਹੈ। ਨਿਰਸੰਦੇਹ, ਅਨੁਵਾਦ ਜ਼ਰੀਏ ਮੂਲ ਸਾਹਿਤਕ ਭਾਸ਼ਾ ਦੀ ਆਭਾ ਕਿਤੇ ਨਾ ਕਿਤੇ ਲੁਪਤ ਹੋ ਸੱਕਣ ਦੀ ਸੰਭਾਵਨਾ ਹੁੰਦੀ ਹੈ ਪਰੰਤੂ ਡਾ: ਸਰਵਨ ਸਿੰਘ ਇਸ ਸਬੰਧੀ ਗੰਭੀਰ ਚੇਤਨਮੁਖੀ ਦ੍ਰਿਸ਼ਟੀਕੋਣ ਦਾ ਧਾਰਿਕ ਹੈ। ਪੁਸਤਕ ਦੇ ਸੱਤ ਅਧਿਆਇ ਜਿਨ੍ਹਾਂ ਦੇ ਸਿਰਲੇਖ ਹਨਂ'ਬੋਲ ਅਤੇ ਜਾਦੂ', 'ਤਾਲ ਅਤੇ ਕਿਰਤ', 'ਤਦਵਕਤੀ ਸਿਰਜਣਾ ਅਤੇ ਪ੍ਰੇਰਣਾ', 'ਮਹਾਂਕਾਵਿ', 'ਨਾਟਕ ਦਾ ਵਿਕਾਸ', 'ਤ੍ਰਾਸਦੀ' ਅਤੇ 'ਭਵਿੱਖ' ਜਿਹੇ ਵਿਸ਼ਿਆਂ ਨੂੰ ਗੰਭੀਰ ਚਿੰਤਕ-ਸ਼ੈਲੀ ਜ਼ਰੀਏ ਪੇਸ਼ ਕੀਤਾ ਗਿਆ ਹੈ, ਉਥੇ ਅਨੁਵਾਦਕ ਦੀ ਵੀ ਖੂਬ ਘਾਲਣਾ ਦਾ ਪ੍ਰਤਿਮਾਨ ਸਥਾਪਿਤ ਹੁੰਦਾ ਜਾਪਦਾ ਹੈ ਭਾਵੇਂ ਕਿ ਪੁਸਤਕ ਵਿਚ ਅੰਕਿਤ ਕਵਿਤਾਵਾਂ ਦਾ ਅਨੁਵਾਦ ਕਰਨ ਤੋਂ ਪਰਦੇਸੀ ਸਾਹਿਬ ਨੇ ਅਸਮਰੱਥਾ ਪ੍ਰਗਟਾਈ ਹੈ। ਜਾਰਜ ਥਾਮਸਨ ਦੇ ਵਿਚਾਰ ਕਿ ਕਵਿਤਾ ਉਹੋ ਕੁਝ ਨਹੀਂ ਹੁੰਦੀ ਜੋ ਕਹਿ ਸਕੀਏ, ਇਸ ਦਾ ਰੂਪਾਕਾਰ ਵੀ ਕੁਝ ਸਮਝਣਯੋਗ ਹੁੰਦਾ ਹੈ। ਕਵਿਤਾ ਦੇ ਸੁਰਤਾਲ ਵਿਚ ਪੈਦਾ ਹੁੰਦਾ ਬੋਧ ਲੋਕਤਾ-ਪਾਲਕ ਹੁੰਦਾ ਜਾਂ ਹੋਣਾ ਚਾਹੀਦਾ ਹੋਵੇ ਤਾਂ ਲੋਕ ਜੁੜ ਸਕਦੇ ਹਨ। ਵਕਤੀ ਸਿਰਜਣਾ ਸਦੀਵੀ ਕਦਾਚਿਤ ਨਹੀਂ ਹੋ ਸਕਦੀ। ਪੂੰਜੀਵਾਦੀ ਜਾਂ ਸਰਮਾਏਦਾਰੀ ਧਿਰ ਨਾਲ ਜੁੜ ਕੇ ਲਿਖਿਆ ਸਾਹਿਤ ਕਦੇ ਵੀ ਸਮੂਹਿਕ ਮਾਨਵ ਹਿਤੈਸ਼ੀ ਨਹੀਂ ਹੋ ਸਕਦਾ। ਔਰਤ ਦੀ ਹੋਂਦ-ਸਥਿਤੀ ਸੱਚਮੁੱਚ ਜ਼ਮੀਨੀ ਹਕੀਕਤ ਹੈ-ਸਮੂਹਿਕ ਉਪਜਕਾਰੀ-ਸ਼ਕਤੀਆਂ 'ਚ ਇਹ ਦੋਵੇਂ ਸਮਰੂਪ ਹਨ। ਅਜਿਹੇ ਵਿਚਾਰਾਂ ਤੋਂ ਅਗਾਂਹ ਦੀ ਪ੍ਰਸੰਗਿਕਤਾ 'ਚ ਇਹ ਵੀ ਦਰਸਾਇਆ ਗਿਆ ਹੈ ਕਿ ਸੁਹਿਰਦ ਲੇਖਕ ਨੂੰ ਕਦੇ ਵੀ ਸਮਕਾਲੀਨ ਰਾਜਸੀ, ਧਾਰਮਿਕ ਅਤੇ ਲੋਭ-ਲੁਭਾਊ ਸ਼ਕਤੀਆਂ ਦੇ ਸ਼ਿਕੰਜੇ ਵਿਚ ਨਹੀਂ ਆਉਣਾ ਚਾਹੀਦਾ।

ਂਡਾ: ਜਗੀਰ ਸਿੰਘ ਨੂਰ
ਮੋ: 98142-09732
ਫ ਫ ਫ

ਚੋਰ ਮੋਰੀਆਂ
ਲੇਖਕ : ਭੁਪਿੰਦਰ ਸਿੰਘ ਬੋਪਾਰਾਏ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 127
ਸੰਪਰਕ : 98550-91442.

ਬੋਪਾਰਾਏ ਦੇ ਇਹ ਲੇਖ ਆਕਾਰ ਵਿਚ ਭਾਵੇਂ ਛੋਟੇ ਹਨ ਪਰ ਆਪਣੇ ਤਿੱਖੇ ਤੇਵਰ ਅਤੇ ਬੁਲੰਦ ਸ਼ਬਦਾਵਲੀ ਕਾਰਨ ਮਹੱਤਵਪੂਰਨ ਹਨ। ਲੇਖਕ ਦਾ ਲਹਿਜ਼ਾ ਗਿਆਨਵਾਨ ਪ੍ਰਚਾਰਕ ਵਾਲਾ ਹੈ ਜੋ ਆਪਣੇ ਪ੍ਰਵਚਨੀ ਅੰਦਾਜ਼ ਵਿਚ ਗ਼ਲਤ ਸਮਾਜੀ ਰਹੁ ਰੀਤਾਂ, ਸੜ ਰਹੀਆਂ ਮਾਨਤਾਵਾਂ 'ਤੇ ਉਂਗਲ ਧਰਦਿਆਂ ਸਾਨੂੰ ਸੁਚੇਤ ਕਰਦਾ ਹੈ। ਉਹ ਬਹੁਤ ਹੀ ਸਾਦਾ ਜ਼ਬਾਨ ਵਿਚ ਸਿੱਧੇ ਰੂਪ ਵਿਚ ਅਜਿਹੀਆਂ ਲਾਹਣਤੀ ਸਥਿਤੀਆਂ 'ਤੇ ਕਠੋਰ ਪ੍ਰਹਾਰ ਕਰਦਾ ਹੈ। ਉਹ ਸਮਾਜ ਦੇ ਵਿਗੜ ਰਹੇ ਸਰੂਪ ਅਤੇ ਦਾਗ਼ੀ ਹੋ ਰਹੀ ਜ਼ਹਿਨੀਅਤ ਪ੍ਰਤੀ ਫ਼ਿਕਰਮੰਦ ਹੈ। ਉਸ ਨੂੰ ਪੰਜਾਬੀ ਭਾਸ਼ਾ ਦੀ ਹੋ ਰਹੀ ਬੇਹੁਰਮਤੀ ਦਾ ਫ਼ਿਕਰ ਹੈ। ਮਾਪਿਆਂ ਦੀ ਔਲਾਦ ਵਲੋਂ ਕੀਤੀ ਜਾ ਰਹੀ ਅਣਦੇਖੀ ਦਾ ਫ਼ਿਕਰ ਹੈ। ਕੁਰਾਹੇ ਪੈ ਰਹੀ ਜਵਾਨੀ ਤੇ ਨਸ਼ਿਆਂ ਤੇ ਲੱਚਰਤਾ ਵਿਚ ਗਲ-ਗਲ ਡੁੱਬੀ ਪੰਜਾਬੀਅਤ ਦੀ ਚਿੰਤਾ ਹੈ। ਬੇਈਮਾਨੀ, ਭ੍ਰਿਸ਼ਟਾਚਾਰ, ਬੇਗ਼ੈਰਤ ਰਾਜਨੀਤੀ ਪ੍ਰਤੀ ਗੁੱਸਾ ਹੈ। ਉਹ ਇਨ੍ਹਾਂ ਸਾਰੀਆਂ ਸਥਿਤੀਆਂ ਅਤੇ ਸਮੱਸਿਆਵਾਂ ਬਾਰੇ ਆਪਣੀ ਰਾਇ ਬੇਲਾਗ ਹੋ ਕੇ ਦਿੰਦਾ ਹੈ। ਉਹ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣੋਂ ਦਰੇਗ ਨਹੀਂ ਕਰਦਾ। ਸਿੱਖੀ ਮਰਿਆਦਾ ਤੋਂ ਬੇਮੁੱਖ ਹੋ ਰਹੇ ਤੇ ਸਿੱਖੀ ਅਸੂਲਾਂ ਨੂੰ ਤਿਆਗ ਰਹੇ ਪੰਜਾਬੀਆਂ ਪ੍ਰਤੀ ਉਸ ਦੇ ਮਨ 'ਚ ਅਥਾਹ ਰੋਸ ਹੈ। ਹੋਰ ਤਾਂ ਹੋਰ ਉਹ ਤਾਂ ਹੋਛੇ ਲੇਖਕਾਂ ਅਤੇ ਖ਼ੁਦਗਰਜ਼ ਕਲਮਕਾਰਾਂ ਨੂੰ ਵੀ ਨਹੀਂ ਬਖਸ਼ਦਾ। ਆਪਣੀ ਗੱਲ 'ਚ ਸ਼ਿੱਦਤ ਭਰਨ ਲਈ ਉਹ ਦਿਸ਼ਟਾਂਤਾਂ ਅਤੇ ਕਥਾਮਈ ਟੂਕਾਂ ਦੀ ਵੀ ਵਰਤੋਂ ਕਰਦਾ ਹੈ।

ਂਕੇ. ਐਲ. ਗਰਗ
ਮੋ: 94635-37050.
ਫ ਫ ਫ

ਗੁਰੂ ਨਾਨਕ ਬਾਣੀ
ਦਾ ਰਸਾਤਮਕ ਅਧਿਐਨ

ਲੇਖਕ : ਡਾ: ਪਰਮਿੰਦਰ ਸਿੰਘ ਬੈਨੀਪਾਲ
ਪ੍ਰਕਾਸ਼ਕ : ਯੂਨੀਸਟਾਰ ਪਬਲਿਸ਼ਰਜ਼, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 107
ਸੰਪਰਕ : 94634-13551.

ਵਿਚਾਰਾਧੀਨ ਪੁਸਤਕ ਨੂੰ ਲੇਖਕ ਨੇ ਪੰਜ ਕਾਂਡਾਂ ਵਿਚ ਵੰਡਿਆ ਹੈ। ਪਹਿਲੇ ਕਾਂਡ ਵਿਚ 19 ਰਾਗਾਂ 'ਤੇ ਆਧਾਰਿਤ ਨਾਨਕ-ਬਾਣੀ ਦਾ ਸੰਖੇਪ ਪਰਿਚੈ ਦਿੱਤਾ ਗਿਆ ਹੈ। ਦੂਸਰੇ ਕਾਂਡ ਵਿਚ ਭਾਰਤੀ ਕਾਵਿ-ਸ਼ਾਸਤਕ ਅਨੁਸਾਰ ਰਸ ਪਰੰਪਰਾ ਦਾ ਸਿਧਾਂਤਕ ਪਰਿਪੇਖ ਉਸਾਰਿਆ ਗਿਆ ਹੈ। ਤੀਸਰੇ ਕਾਂਡ ਵਿਚ ਰਸ ਉਤਪਤੀ ਦੀ ਪ੍ਰਕਿਰਿਆ ਭਾਵ, ਵਿਭਾਵ, ਆਲੰਬਨ, ਉਦੀਪਨ, ਅਨੁਭਾਵ, ਸੰਚਾਰੀ ਭਾਵ, ਰਸ ਨਿਸ਼ਪਤੀ ਅਤੇ ਸਾਧਾਰਣੀਕਰਨ ਨੂੰ ਗਹਿਨ ਦ੍ਰਿਸ਼ਟੀ ਨਾਲ ਵਾਚਦਿਆਂ ਸਾਧਾਰਨੀਕਰਨ ਨੂੰ ਰਸ ਸਿਧਾਂਤ ਦੀ ਬੁਨਿਆਦ ਸਵੀਕਾਰ ਕੀਤਾ ਗਿਆ ਹੈ। ਚੌਥੇ ਕਾਂਡ ਵਿਚ ਨਾਨਕ ਬਾਣੀ ਵਿਚ ਉਪਲਬਧ ਵੱਖ-ਵੱਖ ਰਸਾਂ ਦਾ ਵਿਵੇਚਨ ਕੀਤਾ ਗਿਆ ਹੈ। ਲੇਖਕ ਨੇ ਪੰਜਵੇਂ ਕਾਂਡ ਵਿਚ ਕੁਝ ਵਿਦਵਾਨਾਂ ਦੇ ਇਸ ਮੱਤ ਨਾਲ ਅਸਹਿਮਤੀ ਵਿਅਕਤ ਕੀਤੀ ਹੈ ਕਿ ਨਾਨਕ ਬਾਣੀ ਦਾ ਰਸ-ਰਾਜ ਜਾਂ ਪ੍ਰਧਾਨ ਰਸ ਸ਼ਿੰਗਾਰ ਰਸ ਜਾਂ ਸ਼ਾਂਤ ਰਸ ਹੈ। ਡਾ: ਬੈਨੀਪਾਲ ਤਾਂ ਇਸ ਮੱਤ ਦਾ ਧਾਰਨੀ ਹੈ ਕਿ ਗੁਰੂ ਨਾਨਕ ਦੇਵ ਜੀ ਭਾਉ-ਭਗਤੀ ਅਰਥਾਤ ਪ੍ਰੇਮਾ ਭਗਤੀ 'ਤੇ ਜ਼ੋਰ ਦਿੰਦਿਆਂ 'ਹਸੰਦਿਆਂ, ਖੇਲੰਦਿਆਂ, ਪੈਨੰਦਿਆਂ ਵਿਚੇ ਹੋਵਹਿ ਮੁਕਤ' ਦੀ ਜੀਵਨ-ਜੁਗਤ ਦਾ ਪ੍ਰਯੋਗ ਕਰਨ 'ਤੇ ਬਲ ਦਿੰਦੇ ਹਨ। ਲੇਖਕ ਨੇ ਪ੍ਰੋ: ਆਤਮਜੀਤ, ਪ੍ਰੋ: ਬਲਬੀਰ ਸਿੰਘ ਦਿਲ, ਪ੍ਰੋ: ਪਿਆਰਾ ਸਿੰਘ ਪਦਮ, ਡਾ: ਗੁਰਦੇਵ ਸਿੰਘ ਆਦਿ ਨਾਲ ਸੰਵਾਦ ਰਚਾਉਂਦੇ ਹੋਏ ਪ੍ਰਸ਼ਨ ਕੀਤਾ ਹੈ 'ਕੀ ਬਾਣੀ ਪੜ੍ਹ ਕੇ ਸਾਡੇ ਉੱਪਰ ਪਤੀ-ਪਤਨੀ ਦੇ ਪਿਆਰ ਸਬੰਧ ਹੀ ਸਵਾਰ ਹੋ ਜਾਂਦੇ ਹਨ?' ਵਿਦਵਾਨ ਆਪ ਹੀ ਉੱਤਰ ਦਿੰਦਾ ਹੈ ਕਦਾਚਿੱਤ ਨਹੀਂ। ਸਗੋਂ ਬਾਣੀ ਪੜ੍ਹ ਕੇ ਮਨ ਪਵਿੱਤਰ, ਨਿਰਮਲ ਅਤੇ ਸ਼ਾਂਤ ਹੋ ਜਾਂਦਾ ਹੈ। ਇਹ ਤਾਂ ਸੱਚ ਹੈ ਕਿ ਗੁਰੂ ਨਾਨਕ ਬਾਣੀ ਵਿਚ ਸਾਰੇ ਰਸਾਂ ਦਾ ਕਿਤੇ-ਕਿਤੇ ਸੰਚਾਰ ਹੋਇਆ ਹੈ ਪਰ ਇਹ ਸਾਰੇ ਰਸ ਭਗਤੀ ਰਸ ਦੇ ਅੰਤਰਗਤ ਹੀ ਵਿਚਾਰੇ ਜਾਣੇ ਚਾਹੀਦੇ ਹਨ। ਆਪਣੇ ਹਰ ਨੁਕਤੇ ਨੂੰ ਲੇਖਕ ਨੇ ਗੁਰਬਾਣੀ ਵਿਚੋਂ ਉਦਾਹਰਨਾਂ ਦੇ ਕੇ ਪ੍ਰਸਤੁਤ ਕਰਨ ਦਾ ਯਤਨ ਕੀਤਾ ਹੈ। ਸਮੁੱਚੇ ਤੌਰ 'ਤੇ ਲੇਖਕ ਆਪਣੇ ਇਸ ਮੱਤ 'ਤੇ ਦ੍ਰਿੜ੍ਹ ਹੈ ਕਿ ਭਗਤੀ ਰਸ ਹੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਰਸ-ਰਾਜ ਬਣਨ ਦੀ ਸਮਰੱਥਾ ਰੱਖਦਾ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 88376-79186.
ਫ ਫ ਫ

ਮੇਰੀ ਅਮਰੀਕਾ ਫੇਰੀ
ਲੇਖਕ : ਜੋਰਾ ਸਿੰਘ ਮੰਡੇਰ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 94
ਸੰਪਰਕ : 94179-69201.

ਹਥਲੀ ਪੁਸਤਕ ਸਫ਼ਰਨਾਮਾ ਲੇਖਕ ਦੀ ਚੌਥੀ ਪੁਸਤਕ ਹੈ ਜੋ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਫ਼ਰੈਜ਼ਨੋ ਟਾਊਨ ਵਿਖੇ ਇਕ ਪੰਜਾਬੀ ਗੋਸ਼ਟੀ ਵਿਚ ਭਾਗ ਲੈਣ ਗਏ ਸਮੇਂ ਦੌਰਾਨ ਲਿਖੀ ਗਈ ਹੈ। ਉਥੇ ਜਾ ਕੇ ਲੇਖਕ ਨੂੰ ਜੋ ਅਨੁਭਵ ਹੋਏ, ਸਿੱਖਣ ਦਾ ਮੌਕਾ ਮਿਲਿਆ, ਬੁੱਧੀਜੀਵੀਆਂ ਤੇ ਵਿਦਵਾਨਾਂ ਨੂੰ ਨੇੜੇ ਹੋ ਕੇ ਉਨ੍ਹਾਂ ਦੇ ਵਿਚਾਰ ਪਤਾ ਲੱਗੇ, ਬਾਰੇ ਵਿਸਤ੍ਰਿਤ ਵਰਨਣ ਕੀਤਾ ਗਿਆ ਹੈ। ਪੁਰਾਣੇ ਸਾਥੀਆਂ ਨੂੰ ਮਿਲਣਾ, ਤੇ ਉਨ੍ਹਾਂ ਵਲੋਂ ਮਿਲਿਆ ਨਿੱਘ, ਪਿਆਰ ਤੇ ਸਤਿਕਾਰ ਨੂੰ ਲੇਖਕ ਨੇ ਬਾਖੂਬੀ ਪੇਸ਼ ਕੀਤਾ ਹੈ। ਵਿਦੇਸ਼ਾਂ ਵਿਚ ਰਹਿੰਦੇ ਪਰਿਵਾਰ ਮਿੱਤਰ ਪਿਆਰਿਆਂ ਦਾ ਕਿਵੇਂ ਮਾਣ-ਸਨਮਾਨ ਕਰਦੇ, ਸਿਰ ਮੱਥੇ ਬਿਠਾਉਂਦੇ ਹਨ, ਉਨ੍ਹਾਂ ਵਲੋਂ ਮਿਲੀ ਅਪਣੱਤ ਦਾ ਕੋਈ ਜਵਾਬ ਨਹੀਂ। ਵਿਦੇਸ਼ੀ ਰਹਿੰਦੇ ਲੋਕ ਭਾਵੇਂ ਦਿਨ-ਰਾਤ ਮਿਹਨਤ-ਮੁਸ਼ੱਕਤ ਕਰਦੇ ਹਨ ਪਰ ਸੁਖੀ ਤੇ ਸਫ਼ਲ ਜੀਵਨ ਬਸਰ ਕਰਦੇ ਹਨ, ਉਨ੍ਹਾਂ ਵਿਚ ਭਾਈਚਾਰਕ ਸਾਂਝ, ਨਿੱਘ, ਪਿਆਰ ਤੇ ਮਹਿਮਾਨ ਨਿਵਾਜ਼ੀ ਦੀ ਭਾਵਨਾ ਪ੍ਰਬਲ ਹੈ ਤੇ ਫੁਰਸਤ ਦੇ ਪਲਾਂ ਵਿਚ ਬੈਠ ਕੇ ਪੁਰਾਣੀਆਂ ਯਾਦਾਂ ਤਾਜ਼ਾ ਕਰਕੇ ਭੱਜ-ਦੌੜ ਦੀ ਜ਼ਿੰਦਗੀ ਤੋਂ ਰਾਹਤ ਮਹਿਸੂਸ ਕਰਦੇ ਹਨ। ਅਤੀਤ ਨੂੰ ਛੂਹ ਕੇ ਨਿੱਘ ਮਹਿਸੂਸ ਕਰਦੇ ਹਨ। ਇਸ ਪੁਸਤਕ ਨੂੰ ਲੇਖਕ ਨੇ ਲਗਪਗ 30 ਸਿਰਲੇਖਾਂ ਵਿਚ ਪੇਸ਼ ਕੀਤਾ ਹੈ ਜਿਵੇਂ ਕਿ ਅਮਰੀਕਾ (ਫ਼ਰੈਜ਼ਨੋ) ਵੱਲ ਤਿਆਰੀ, ਐਡਮਿੰਟਨ ਵੱਲ ਉਡਾਣ, ਲਾਸ ਏਂਜਲਸ ਵੱਲ, ਫ਼ਰੈਜ਼ਨੋ ਪਹੁੰਚਣ ਲਈ ਘਰੇਲੂ ਉਡਾਣ, ਮਿੱਤਰ ਗੁਰਬਚਨ ਦੇ ਘਰ ਦੋ ਦਿਨ ਰੈਣ ਬਸੇਰਾ, ਕਾਨਫ਼ਰੰਸ ਵੱਲ ਤਿਆਰੀ, ਸਟੂਡੈਂਟ ਹਾਲ, ਪੰਜਾਬੀ ਵਿਸ਼ਵ ਕਾਨਫ਼ਰੰਸ, ਨਰਿੰਦਰ ਗੁਰਾਇਆ ਦਾ ਰੈਣ ਬਸੇਰਾ, ਸਮੁੰਦਰ ਵੇਖਣ ਦੀ ਤਮੰਨਾ, ਮਾਂ ਦੇ ਜਜ਼ਬਾਤ ਦੀ ਭਾਵੁਕਤਾ, ਭੂਗੋਲਿਕ ਜਾਣਕਾਰੀ, ਗੁਰੂ ਘਰ ਦੇ ਦਰਸ਼ਨ ਤੇ 12 ਜੂਨ ਨੂੰ ਕੈਨੇਡਾ ਵਾਪਸੀ ਆਦਿ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

09/12/2017

 ਪੰਜਾਬੀ ਦੀਆਂ 31 ਸ੍ਰੇਸ਼ਟ ਕਹਾਣੀਆਂ
ਸੰਤਾਪ 1947
ਸੰਪਾ: ਪਰਗਟ ਸਿੰਘ ਸਤੌਜ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 300 ਰੁਪਏ, ਸਫ਼ੇ : 272
ਸੰਪਰਕ : 95922-74200.

1947 ਵਿਚ ਭਿਆਨਕ ਕਹਿਰ ਵਾਪਰਿਆ। ਇਸ ਦੁਖਾਂਤ ਨੂੰ ਪੰਜਾਬ ਕਦੇ ਵੀ ਭੁਲਾ ਨਹੀਂ ਸਕੇਗਾ। ਦੇਸ਼ਾਂ ਦੀਆਂ ਵੰਡਾਂ ਤਾਂ ਇਤਿਹਾਸ ਵਿਚ ਸਮੇਂ-ਸਮੇਂ ਹੁੰਦੀਆਂ ਰਹੀਆਂ ਹਨ ਅਤੇ ਸ਼ਾਇਦ ਅੱਗੋਂ ਵੀ ਹੁੰਦੀਆਂ ਰਹਿਣ। ਪਰ ਧਰਮ ਦੇ ਆਧਾਰ 'ਤੇ ਵਸੋਂ ਦਾ ਤਬਾਦਲਾ ਇਤਿਹਾਸ ਨੇ ਪਹਿਲੀ ਵਾਰ ਹੁੰਦਾ ਵੇਖਿਆ। ਉਸ ਸਮੇਂ ਪਰਿਵਾਰਾਂ ਦੇ ਪਰਿਵਾਰ ਉੱਜੜੇ, ਹਿੰਦੂਆਂ, ਸਿੱਖਾਂ, ਮੁਸਲਮਾਨਾਂ ਨੇ ਧਰਮ ਦੇ ਆਧਾਰ 'ਤੇ ਅਕਹਿ ਅਤੇ ਅਸਹਿ ਤਸੀਹੇ ਝੱਲੇ। ਦਰਿੰਦਿਆਂ ਨੇ ਹਰ ਪੱਖੋਂ ਮਾਨਵਤਾ ਦਾ ਘਾਣ ਕੀਤਾ ਸੀ। ਅਜਿਹੀ ਦੁਰਗੰਧ ਭਰੀ ਫ਼ਿਜ਼ਾ ਵਿਚ ਕਿਧਰੇ-ਕਿਧਰੇ ਮਨੁੱਖਤਾ ਦੀ ਮਹਿਕ ਵੀ ਹਾਜ਼ਰ ਸੀ।
ਅਜਿਹੇ ਭਿਆਨਕ ਹਾਲਾਤ ਤੋਂ ਸੰਵੇਦਨਸ਼ੀਲ ਸਾਹਿਤਕਾਰਾਂ ਦੀਆਂ ਕਲਮਾਂ ਕਿੰਜ ਅਵੇਸਲੀਆਂ ਰਹਿ ਸਕਦੀਆਂ ਨੇ। ਵਿਚਾਰਾਧੀਨ ਪੁਸਤਕ ਦੇ ਸੰਪਾਦਨ ਤੋਂ ਪਹਿਲਾਂ ਵੀ ਕੁਝ ਪੁਸਤਕਾਂ ਸੰਪਾਦਿਤ ਹੋ ਚੁੱਕੀਆਂ ਹਨ। ਹਥਲੇ ਸੰਪਾਦਨ ਵਿਚ ਲਗਪਗ 27 ਕਹਾਣੀਆਂ (ਕੁੱਲ 31 ਵਿਚੋਂ) ਜਿੰਦਰ ਦੇ ਸੰਪਾਦਨ ਵਿਚੋਂ ਸ੍ਰੇਸ਼ਟ ਸਮਝ ਕੇ ਚੁਣੀਆਂ ਪ੍ਰਤੀਤ ਹੁੰਦੀਆਂ ਹਨ। ਇਸ ਸੰਗ੍ਰਹਿ ਦੀ ਵਿਸ਼ੇਸ਼ਤਾ ਇਹ ਹੈ ਕਿ 'ਆਪਣੇ ਘੜੇ ਦਾ ਪਾਣੀ' (ਰਾਮ ਸਰੂਪ ਅਣਖੀ); ਜਿੰਦਰ ਦੀ ਕਹਾਣੀ 'ਜ਼ਖ਼ਮ' ਦੀ ਥਾਂ 'ਹਵੇਲੀ'; ਹਰਜਿੰਦਰ ਸਿੰਘ ਸੂਰੇਵਾਲੀਆ ਦੀ ਕਹਾਣੀ 'ਜਥੇਦਾਰ ਚੜ੍ਹਤ ਸਿੰਘ' ਦੀ ਥਾਂ ਮਹਿੰਦਰ ਸਿੰਘ ਸਰਨਾ ਦੀ 'ਜਥੇਦਾਰ ਮੁਕੰਦ ਸਿੰਘ' ਦੀ ਚੋਣ ਕੀਤੀ ਗਈ ਹੈ। ਸੰਪਾਦਕ ਦੀ ਆਪਣੀ ਬਹੁਪਰਤੀ ਕਹਾਣੀ 'ਹਨੇਰੇ ਦਾ ਸਫ਼ਰ' ਭੂਮਿਕਾ ਤੋਂ ਲੈ ਕੇ ਆਰੰਭ ਹੁੰਦੀ ਹੈ ਅਤੇ ਅਖੀਰਲੇ ਹੰਝੂ 'ਤੇ ਸਮਾਪਤ ਹੁੰਦੀ ਹੈ। ਦਰਮਿਆਨ ਦਾ ਬਿਰਤਾਂਤ ਨੌਹਰ ਨਾਂਅ ਦੇ ਕਥਾ ਨਾਇਕ ਨੇ ਉੱਤਮ ਪੁਰਖੀ ਸ਼ੈਲੀ ਵਿਚ ਕੀਤਾ ਹੈ। ਸਾਰੀ ਕਥਾ ਵਿਚ ਦੁਖਾਂਤ ਉਪਜਦਾ ਅਤੇ ਬਿਨਸਦਾ ਹੈ। ਕਥਾ ਉੱਤਰ-ਆਧੁਨਿਕਤਾ ਵਿਚ ਪ੍ਰਵੇਸ਼ ਕਰਦੀ ਹੈ ਜਦੋਂ ਪਾਠਕ ਪੜ੍ਹਦਾ ਹੈ ਕਿ ਕਥਾਵਾਚਕ ਦੀ 'ਫੇਸ ਬੁੱਕ' ਨੇ ਸੂਚਿਤ ਕੀਤਾ 'ਬਾਬਾ ਜੀ! ਤੇਰਾ ਭਰਾ ਬਚ ਗਿਆ ਹੈ। ਉਹ ਹੁਣ ਪਾਕਿਸਤਾਨ ਵਿਚ ਹੈ। ਉਹਦੀ ਪੋਤੀ ਮੇਰੇ ਨਾਲ ਫੇਸ ਬੁੱਕ 'ਤੇ ਜੁੜੀ ਹੋਈ ਐ। ਮੈਂ ਉਨ੍ਹਾਂ ਨੂੰ ਵੀ ਤੇਰੇ ਬਾਰੇ ਦੱਸ ਦਿੱਤਾ ਸੀ। ਉਨ੍ਹਾਂ ਦਾ ਵੀਜ਼ਾ ਵੀ ਲੱਗ ਗਿਐ। ਉਹ ਅਗਲੇ ਹਫ਼ਤੇ ਇਧਰ ਆ ਰਹੇ ਨੇ... ਤੈਨੂੰ ਮਿਲਣ।' ਪੰ: 264.

ਂਡਾ: ਧਰਮ ਚੰਦ ਵਾਤਿਸ਼
ਮੋ: 88376-79186.
ਫ ਫ ਫ

ਪੰਜਾਬ ਦੇ ਲੋਕ-ਨਾਟ
ਰੂਪ ਅਤੇ ਨਕਲਾਂ
ਖੋਜਕਰਤਾ : ਡਾ: ਸੁਖਵਿੰਦਰ ਸਿੰਘ ਵਿਰਕ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 395 ਰੁਪਏ, ਸਫ਼ੇ : 268
ਸੰਪਰਕ : 98159-80877.

ਡਾ: ਸੁਖਵਿੰਦਰ ਸਿੰਘ ਵਿਰਕ ਨੇ ਪੰਜਾਬ ਦੇ ਲੋਕ-ਨਾਟਕ ਦੀ ਪਛਾਣ ਅਤੇ ਵਿਸ਼ਲੇਸ਼ਣ ਬਾਰੇ ਬੜਾ ਮਹੱਤਵਪੂਰਨ ਖੋਜ ਕਾਰਜ ਕੀਤਾ ਹੈ। ਉਸ ਦਾ ਕਥਨ ਹੈ ਕਿ ਪੰਜਾਬ ਵਿਚ ਲੋਕ-ਨਾਟ ਦੇ ਮੰਚਣ ਦੀਆਂ ਪੰਜ ਪ੍ਰਚਲਿਤ ਸ਼ੈਲੀਆਂ ਹਨ, ਜਿਵੇਂ : ਸਾਂਗ ਸ਼ੈਲੀ, ਸੰਗੀਤ ਸ਼ੈਲੀ, ਰਾਸ ਸ਼ੈਲੀ, ਚਮੋਟਾ ਸ਼ੈਲੀ ਅਤੇ ਗਿੱਧਾ ਨਾਟ ਸ਼ੈਲੀ (ਪੰਨਾ 26)।
ਡਾ: ਵਿਰਕ ਨੇ ਆਪਣੇ ਖੋਜ-ਪ੍ਰਬੰਧ ਛੇ ਨੂੰ ਅਧਿਆਵਾਂ ਵਿਚ ਤਰਤੀਬ ਦਿੱਤੀ ਹੈ। ਪਹਿਲੇ ਅਧਿਆਇ ਵਿਚ ਲੋਕ-ਨਾਟ ਦੀ ਪਰਿਭਾਸ਼ਾ, ਸਰੂਪ ਅਤੇ ਤੱਤ ਬਿਆਨ ਕੀਤੇ ਹਨ। ਦੂਜੇ ਵਿਚ ਪੰਜਾਬ ਲੋਕ-ਨਾਟ (ਰਾਸ ਲੀਲ੍ਹਾ, ਰਾਮ ਲੀਲ੍ਹਾ, ਸਾਂਗ, ਗਿੱਧਾ-ਨਾਟ, ਨਕਲਾਂ ਅਤੇ ਕੁਠਪੁਤਲੀ ਲੀਲ੍ਹਾ) ਦੀਆਂ ਵਿਭਿੰਨ ਸ਼ੈਲੀਆਂ ਦਾ ਵਰਨਣ ਕੀਤਾ ਗਿਆ ਹੈ। ਤੀਜਾ ਅਧਿਆਇ ਨਕਲ-ਕਲਾ ਦੇ ਸਿਧਾਂਤਕ ਪਰਿਪੇਖ ਨਾਲ ਸਬੰਧਿਤ ਹੈ। ਚੌਥੇ ਤੇ ਛੇਵੇਂ ਅਧਿਆਇ ਵਿਚ ਨਕਲਾਂ ਦੇ ਵਿਹਾਰਕ ਪੱਖਾਂ ਬਾਰੇ ਬੜੀ ਸਟੀਕ ਜਾਣਕਾਰੀ ਦਿੱਤੀ ਗਈ ਹੈ। ਅੰਤ ਵਿਚ ਤਿੰਨ ਅੰਤਿਕਾਵਾਂ ਜੋੜੀਆਂ ਗਈਆਂ ਹਨ, ਜਿਨ੍ਹਾਂ ਵਿਚ ਪੰਜਾਬ ਅੰਦਰ ਖੇਡੀਆਂ ਜਾਣ ਵਾਲੀਆਂ ਪ੍ਰਸਿੱਧ ਨਕਲਾਂ ਦਾ ਮੂਲ ਪਾਠ (ਟੈਸਟ) ਦਿੱਤਾ ਗਿਆ ਹੈ।
ਇਸ ਪ੍ਰਕਾਰ ਦਾ ਗੰਭੀਰ ਕਾਰਜ ਡਾ: ਵਿਰਕ ਵਰਗਾ ਕੋਈ ਸਿਰੜੀ ਵਿਦਵਾਨ ਹੀ ਕਰ ਸਕਦਾ ਹੈ। ਉਸ ਨੇ ਨਾ ਕੇਵਲ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਪ੍ਰਸਿੱਧ ਸਰੋਤ-ਪੁਸਤਕਾਂ ਦਾ ਅਧਿਐਨ ਕੀਤਾ ਹੈ ਬਲਕਿ ਇਧਰ-ਉਧਰ ਤੁਰ-ਫਿਰ ਕੇ ਸਮਗਰੀ ਇਕੱਤਰ ਕਰਨ ਵਿਚ ਵੀ ਪੂਰਾ ਉਤਸ਼ਾਹ ਦਿਖਾਇਆ ਹੈ। ਬੜੀ ਖੁਸ਼ੀ ਦੀ ਗੱਲ ਹੈ ਕਿ ਉਹ ਡਾ: ਅਜੀਤ ਸਿੰਘ ਔਲਖ ਅਤੇ ਡਾ: ਹਰਜੀਤ ਕੌਰ ਆਦਿਕ ਵਿਦਵਾਨਾਂ ਵਲੋਂ ਕੀਤੇ ਕੰਮ ਨੂੰ ਵਿਸਤਾਰਦਾ-ਨਿਖਾਰਦਾ ਹੈ। ਸਾਧੂ ਖਾਂ (ਬੜੀਂਟਿੱਬੇ ਵਾਲੇ) ਅਜਮੇਰ ਖਾਨ (ਪਿੰਡ ਪੂਨੀਆਂ, ਨੇੜੇ ਬੰਗਾ), ਰਫ਼ੀਕ ਅਲੀਂਮਨਜ਼ੂਰ ਅਲੀ (ਪਿੰਡ ਡਡਹੇੜੀ) ਅਤੇ ਸਤਪਾਲ ਘੋੜਾ (ਨਵਾਂ ਸ਼ਹਿਰ) ਵਰਗੇ ਪ੍ਰਮੁੱਖ ਨੱਕਾਲਾਂ ਨਾਲ ਕੀਤੇ ਗਏ ਸਾਖਿਆਤਕਾਰ ਵਿਚ ਖੋਜ ਪ੍ਰਬੰਧ ਦਾ ਵੱਡਾ ਹਾਸਲ ਹਨ। ਮੈਂ ਖੋਜਕਾਰ ਦੇ ਪਰਿਸ਼ਰਮ ਦੀ ਪ੍ਰਸੰਸਾ ਕਰਦਾ ਹਾਂ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਸੰਵਾਦ
(ਪੰਜਾਬੀ ਰੈਫਰੀਡ ਰਿਸਰਚ ਜਰਨਲ)

ਪ੍ਰਕਾਸ਼ਕ : ਪੋਸਟ ਗ੍ਰੈਜੂਏਟ ਪੰਜਾਬੀ ਅਧਿਐਨ ਵਿਭਾਗ, ਖਾਲਸਾ ਕਾਲਜ, ਅੰਮ੍ਰਿਤਸਰ (ਜਨਵਰੀ-ਜੂਨ 2017)
ਮੁੱਲ : 125 ਰੁਪਏ, ਸਫ਼ੇ : 144
ਸੰਪਰਕ : 85288-28200.

'ਸੰਵਾਦ' ਖੋਜ ਰਸਾਲੇ ਦਾ ਇਹ ਪੰਜਵਾਂ ਅੰਕ ਹੈ, ਜਿਸ ਵਿਚ 16 ਖੋਜ ਪੱਤਰ ਸ਼ਾਮਿਲ ਹਨ। ਡਾ: ਅਤਰ ਸਿੰਘ, ਡਾ: ਹਰਿਭਜਨ ਸਿੰਘ ਭਾਟੀਆ, ਡਾ: ਮਹਿਲ ਸਿੰਘ, ਡਾ: ਰਜਨੀਸ਼ ਬਹਾਦਰ ਸਿੰਘ, ਡਾ: ਜਸਵਿੰਦਰ ਸਿੰਘ ਸੈਣੀ, ਡਾ: ਸੁਰਜੀਤ ਸਿੰਘ, ਬਲਬੀਰ ਮਾਧੋਪੁਰੀ, ਡਾ: ਲਖਵਿੰਦਰ ਜੌਹਲ, ਡਾ: ਉਮਿੰਦਰ ਜੌਹਲ, ਡਾ: ਆਤਮ ਸਿੰਘ ਰੰਧਾਵਾ, ਡਾ: ਲਖਵੀਰ ਕੌਰ ਲੈਜ਼ੀਆ, ਡਾ: ਗੁਰਮੇਲ ਸਿੰਘ, ਡਾ: ਨਰੇਸ਼ ਕੁਮਾਰ, ਡਾ: ਹਰਜੀਤ ਸਿੰਘ, ਡਾ: ਸਰਬਜੀਤ ਕੌਰ, ਬਲਜਿੰਦਰ ਸਿੰਘ ਦੇ ਲੇਖ ਹਨ। ਇਨ੍ਹਾਂ ਵਿਚੋਂ ਕੁਝ ਮਹੱਤਵਪੂਰਨ ਖੋਜ ਪੇਪਰ ਇਕ ਗੰਭੀਰ ਸੰਵਾਦ ਸਿਰਜਦੇ ਹਨ। ਡਾ: ਅਤਰ ਸਿੰਘ ਦਾ ਲੇਖ ਪੂਰਨ ਭਗਤ ਅਤੇ ਰਾਜਾ ਰਸਾਲੂ ਦੀ ਦੋਹਰੀ ਮਿੱਥ ਦੀ ਗਹਿਰਾਈ ਨੂੰ ਸਮਾਜ ਅਤੇ ਸੱਭਿਆਚਾਰਕ ਪਰਿਪੇਖ ਨਾਲ ਜੋੜ ਕੇ ਵਾਚਦਾ ਹੈ। ਡਾ: ਹਰਿਭਜਨ ਸਿੰਘ ਭਾਟੀਆ ਪੰਜਾਬੀ ਨਾਟਕ ਦੇ ਅਤੀਤ ਅਤੇ ਵਰਤਮਾਨ ਦੀ ਸਥਿਤੀ ਦੀ ਪ੍ਰਸੰਗਿਕਤਾ ਨੂੰ ਪੇਸ਼ ਕਰਦਾ ਹੈ। ਪ੍ਰਿੰਸੀਪਲ ਮਹਿਲ ਸਿੰਘ ਡਾ: ਹਰਿਭਜਨ ਸਿੰਘ ਦੀ ਕਵਿਤਾ ਵਿਚ ਇਤਿਹਾਸਕ ਥੀਮ ਰਾਹੀਂ ਅਜੋਕੇ ਮਨੁੱਖ ਨੂੰ ਜੂਝਣ ਦੀ ਪ੍ਰੇਰਨਾ ਦਿੰਦਾ ਹੈ। ਇਹ ਸਾਰੇ ਖੋਜ ਨਿਬੰਧ ਪਾਠਕਾਂ ਦੇ ਮਨਾਂ ਵਿਚ ਹੋਰ ਜਾਨਣ-ਸਮਝਣ ਦੀ ਸਮਰੱਥਾ ਪੈਦਾ ਕਰਦੇ ਹਨ। ਹਰ ਆਲੋਚਕ ਆਪਣੇ ਨਜ਼ਰੀਏ ਨਾਲ ਮੁਲਾਂਕਣੀ ਰਾਇ ਦਿੰਦਾ ਹੈ। ਗਿਆਨ ਦਾ ਇਹ ਪ੍ਰਵਾਹ ਨਿਰੰਤਰ ਚਲਦਾ ਰਹਿੰਦਾ ਹੈ। ਬਹੁਤ ਗਿਣਤੀ ਲੇਖ ਪ੍ਰਸ਼ਨ ਸੂਚਕ ਵਿਧੀ ਵਾਲੇ ਹਨ। ਵਿਦਿਅਕ ਸੰਸਥਾਵਾਂ ਵਲੋਂ ਅਜਿਹੇ ਮਿਆਰੀ ਖੋਜ ਖਰਚੇ ਕੱਢਣੇ ਪੰਜਾਬੀ ਚਿੰਤਨ ਵਿਚ ਨਵਾਂ ਉਤਸ਼ਾਹ ਪੈਦਾ ਕਰਦੇ ਹਨ।

ਂਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.
ਫ ਫ ਫ

ਚਿਹਰਿਆਂ ਦੇ ਚਾਨਣ
ਲੇਖਕ : ਕੁਲਵਿੰਦਰ ਸਿੰਘ ਬੱਬੂ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ (ਸਜਿਲਦ), ਸਫ਼ੇ : 80
ਸੰਪਰਕ : 94653-66353.

ਇਸ ਕਾਵਿ-ਸੰਗ੍ਰਹਿ ਵਿਚ ਛੰਦ-ਬੱਧ ਅਤੇ ਖੁੱਲ੍ਹੀਆਂ ਨਜ਼ਮਾਂ ਸ਼ਾਮਿਲ ਕੀਤੀਆਂ ਗਈਆਂ ਹਨ। ਇਨ੍ਹਾਂ ਨਜ਼ਮਾਂ ਵਿਚ ਅਜੋਕੇ ਮਨੁੱਖ ਦੀਆਂ ਨਿੱਜੀ ਅਤੇ ਸਮੂਹਿਕ ਭਾਵਨਾਵਾਂ ਵਿਅਕਤ ਹੋਈਆਂ ਹਨ। ਮਨੁੱਖ ਦੀਆਂ ਨਿੱਜੀ ਸਮੱਸਿਆਵਾਂ ਹੀ ਸਮੂਹਿਕ ਭਾਵਨਾਵਾਂ 'ਚ ਬਦਲ ਸਮਾਜਿਕ ਵਰਤਾਰਿਆਂ ਦਾ ਸਬੱਬ ਬਣਦੀਆਂ ਹਨ। ਅਜੋਕੇ ਮਨੁੱਖੀ ਜੀਵਨ 'ਚ ਵਿਸ਼ੇਸ਼ ਤੌਰ 'ਤੇ ਭਰੂਣ ਹੱਤਿਆ, ਨਸ਼ਾਖੋਰੀ, ਆਪਾਧਾਪੀ ਅਤੇ ਲਾਲਚੀ ਪ੍ਰਵਿਰਤੀ ਦੇ ਲੱਛਣ ਮਿਲਦੇ ਹਨ। ਮਨੁੱਖ ਅੰਦਰ ਬਣਦੀ ਪੀਡੀ ਗੁੰਝਲਦਾਰ ਬਣਤਰ, ਦੋਹਰੇ ਚਿਹਰਿਆਂ ਦਾ ਦੁਖਾਂਤ, ਮਨੁੱਖੀ ਰਿਸ਼ਤਿਆਂ ਵਿਚ ਬੇਵਿਸ਼ਵਾਸੀ ਦਾ ਆਲਮ ਬਹੁਤ ਸਾਰੀਆਂ ਮਾਨਸਿਕ ਗੁੰਝਲਾਂ ਨੂੰ ਜਨਮਦਾ ਹੈ। ਇਸ ਵਰਤਾਰੇ ਨੂੰ ਵਿਅੰਗ ਰਾਹੀਂ ਕਵੀ ਮਨੁੱਖ ਨੂੰ ਸੁਚੇਤ ਕਰਦਿਆਂ ਲਿਖਦਾ ਹੈ :
ਖੁਰਦਾ ਜਾ ਰਿਹਾ ਵਿਸ਼ਵਾਸਾਂ ਦਾ ਪੱਧਰ
ਰਿਸ਼ਤਿਆਂ ਦੀ ਬੰਜਰ ਧਰਤੀ ਵਿਚੋਂ
ਨਾ ਕੋਈ ਮੋਹ ਦਾ ਬੂਟਾ ਪਨਪਦਾ।
ਇਸ ਕਾਵਿ-ਸੰਗ੍ਰਹਿ ਦੇ ਸਿਰਲੇਖ 'ਚਿਹਰਿਆਂ' ਅਤੇ 'ਚਾਨਣ' ਵਿਸ਼ੇਸ਼ ਸੰਦਰਭ ਦੇ ਲਖਾਇਕ ਹਨ। ਚਾਨਣ, ਰੌਸ਼ਨੀ ਦਾ ਪ੍ਰਤੀਕ ਹੈ, ਜੋ ਹਨੇਰੇ ਨੂੰ ਗਿਆਨ ਦੀ ਪ੍ਰਾਪਤੀ ਨਾਲ ਦੂਰ ਕਰਦਾ ਹੈ, ਪ੍ਰੰਤੂ ਚਿਹਿਰਿਆਂ 'ਤੇ ਦੋਹਰੇਪਣ ਦਾ ਮੁਲੰਮਾ ਚੜ੍ਹਿਆ ਹੋਇਆ ਹੈ, ਜਿਸ ਕਰਕੇ ਚਿਹਰੇ ਭਰਮ-ਭੁਲੇਖਿਆਂ ਦੇ ਸ਼ਿਕਾਰ ਹਨ। ਉਹ ਆਪਣੇ ਛੋਟੇ-ਛੋਟੇ ਨਿੱਜੀ ਸਵਾਰਥਾਂ ਅਧੀਨ ਆਪਣੀ ਅਤੇ ਦੂਜਿਆਂ ਦੀ ਹੋਂਦ ਨੂੰ ਹੀ ਖ਼ਤਰੇ 'ਚ ਨਹੀਂ ਪਾ ਰਿਹਾ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਕੰਡੇ ਬੀਜ ਰਿਹਾ ਹੈ। ਕਵਿਤਾਵਾਂ ਦੇ ਸਿਰਲੇਖ : ਸੱਪ, ਬੀਨ, ਬਗਲਾ, ਝੁੱਡੂ, ਬਿੱਲੀਆਂ, ਕੱਛੂ, ਬੰਦਾ, ਕਿਰਦਾਰ ਆਦਿ ਅਜਿਹੇ ਬਿੰਬ/ਪ੍ਰਤੀਕ ਹਨ, ਜੋ ਮਨੁੱਖ ਅੰਦਰ ਪਨਪਦੇ ਬੇਵਿਸ਼ਵਾਸੀ, ਦਰਿੰਦਗੀ ਧੋਖਾ ਅਤੇ ਅਣਮਨੁੱਖੀ ਵਰਤਾਰੇ ਦਾ ਪਰਤੌ ਹਨ। ਪੰਜਾਬੀ ਬੰਦਾ ਆਪਣੀ ਹੋਂਦ ਦੀ ਤਲਾਸ਼ 'ਚ ਹੈ। ਪੰਜਾਬੀ ਪਿਛੋਕੜ ਨਾਲ ਸਾਂਝ ਪਾ ਕਵੀ ਨੇ ਆਉਣ ਵਾਲੀਆਂ ਪੀੜ੍ਹੀਆਂ ਦੇ ਪਾਠਕਾਂ ਲਈ ਪ੍ਰੇਰਨਾ ਸਰੋਤ ਦਾ ਕਾਰਜ ਵੀ ਨਿਭਾਇਆ ਹੈ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਪੰਜਾਬੀ ਸੱਭਿਆਚਾਰ ਦਾ ਦਰਪਣ
ਗਿੱਧਾ ਤੇ ਬੋਲੀਆਂ

ਸੰਪਾਦਕ : ਪ੍ਰੋ: ਬਲਜੀਤ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 75891-18076.

'ਗਿੱਧਿਆਂ ਦੀ ਜ਼ਿੰਦ-ਜਾਨ ਬੋਲੀਆਂ' ਦੇ ਆਲੋਚਨਾਤਮਕ ਅਧਿਐਨ ਅਤੇ ਵਿਸ਼ਲੇਸ਼ਣ ਬਾਰੇ ਡਾ: ਸੁਖਵੀਰ ਕੌਰ, ਡਾ: ਹਰਜੀਤ ਕੌਰ ਵਿਰਕ, ਪ੍ਰੋ: ਬਲਜੀਤ ਕੌਰ, ਪ੍ਰੋ: ਪਰਮਜੀਤ ਕੌਰ ਔਲਖ, ਪ੍ਰੋ: ਸਨਦੀਪ ਕੌਰ ਅਤੇ ਪੁਨੀਤ ਦੇ ਲੇਖ ਸ਼ਾਮਿਲ ਹਨ, ਜਿਨ੍ਹਾਂ ਵਿਚ ਉਨ੍ਹਾਂ ਨੇ ਆਪਣੇ-ਆਪਣੇ ਨਜ਼ਰੀਏ ਤੋਂ ਪੁਸਤਕ ਦਾ ਵਿਸ਼ਲੇਸ਼ਣ ਕੀਤਾ ਹੈ। ਡਾ: ਬਲਵਿੰਦਰ ਕੌਰ, ਡਾ: ਰੀਨਾ ਕੁਮਾਰੀ ਅਤੇ ਡਾ: ਕਿਰਨਪਾਲ ਕੌਰ ਨੇ ਆਪਣੇ ਲੇਖਾਂ ਰਾਹੀਂ ਗਿੱਧੇ ਦੀਆਂ ਬੋਲੀਆਂ ਦੇ ਮਾਧਿਅਮ ਰਾਹੀਂ ਪੰਜਾਬੀ ਸੱਭਿਆਚਾਰ ਦੇ ਅਵਸ਼ੇਸ਼ਾਂ ਅਥਵਾ ਅੰਸ਼ਾਂ ਨੂੰ ਪਾਠਕਾਂ ਦੇ ਸਨਮੁੱਖ ਕੀਤਾ ਹੈ। ਡਾ: ਰੁਪਿੰਦਰਜੀਤ ਗਿੱਲ ਨੇ ਆਪਣੇ ਲੇਖ ਗਿੱਧਾ ਤੇ ਬੋਲੀਆਂ-ਸਿਧਾਂਤ ਤੇ ਵਿਹਾਰ ਵਿਚ ਬੋਲੀਆਂ ਦੇ ਸਿਧਾਂਤਕ ਤੇ ਵਿਹਾਰਕ ਪੱਖ ਨੂੰ ਉਭਾਰਿਆ ਹੈ।
ਡਾ: ਸੁਖਵਿੰਦਰ ਕੌਰ, ਡਾ: ਹਰਜੀਤ ਕੌਰ, ਡਾ: ਮਨਦੀਪ ਕੌਰ ਢੀਂਡਸਾ, ਡਾ: ਤਰਨਜੀਤ ਕੌਰ ਅਤੇ ਰਾਜਵੀਰ ਕੌਰ ਨੇ ਪੁਸਤਕ ਵਿਚ ਸ਼ਾਮਿਲ ਬੋਲੀਆਂ ਦੇ ਵਿਸ਼ਾ-ਵਸਤੂ ਨੂੰ ਆਧਾਰ ਬਣਾ ਕੇ ਆਪਣੇ-ਆਪਣੇ ਲੇਖਾਂ ਦੀ ਸਿਰਜਣਾ ਕੀਤੀ ਹੈ। ਇਸ ਤੋਂ ਇਲਾਵਾ ਵੰਦਨਾ ਨੇ ਲੋਕਧਾਰਾਈ ਦ੍ਰਿਸ਼ਟੀ ਤੋਂ ਪੁਸਤਕ ਦਾ ਅਧਿਐਨ ਕੀਤਾ ਹੈ। ਲੋਕਧਾਰਾ ਦੇ ਖੋਜੀ ਵਿਦਿਆਰਥੀਆਂ ਲਈ ਇਹ ਇਕ ਲਾਭਦਾਇਕ ਪੁਸਤਕ ਹੈ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

ਪੰਜਾਂ ਪਾਣੀਆਂ ਦੇ ਗੀਤ
ਸੰਪਾਦਕ : ਸਰਬਜੀਤ ਸੋਹੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ
ਮੁੱਲ : 100 ਰੁਪਏ, ਸਫ਼ੇ : 128
ਸੰਪਰਕ : 78377-18723.

ਇਹ ਗੀਤ ਸੰਗ੍ਰਹਿ ਪੰਜ ਭਾਰਤੀ ਤੇ ਪੰਜ ਆਸਟਰੇਲੀਅਨ ਕਵੀਆਂ/ਗੀਤਕਾਰਾਂ ਦੀਆਂ ਰਚਨਾਵਾਂ ਦਾ ਸੁਮੇਲ ਹੈ। ਪ੍ਰੋ: ਗੁਰਭਜਨ ਗਿੱਲ ਨੇ ਰੰਗਾਂ ਦੇ ਲੱਗੇ ਮੇਲੇ 'ਚ ਕੂੜੇ ਦੇ ਢੇਰਾਂ ਤੋਂ ਰੱਦੀ ਚੁਗਦੇ ਬੱਚਿਆਂ ਦੀ ਰੀਝ, ਰੁੱਖ-ਕੁੱਖ ਦੀ ਅਣਿਆਈ ਮੌਤ, ਗੋਰਿਆਂ ਪਿੱਛੋਂ ਕਾਲੇ ਅੰਗਰੇਜ਼ਾਂ ਵਲੋਂ 'ਸੋਨ ਚਿੜੀ' ਦੇ ਖੰਭ ਖੋਹਣ ਆਦਿ ਵਿਸ਼ਿਆਂ ਨੂੰ ਛੂਹਿਆ ਹੈ। ਹਰਬੰਸ ਮਾਲਵਾ ਨੇ ਧਾਰਮਿਕ ਕੱਟੜਵਾਦ, ਜਵਾਨੀ ਦੀ ਸੁਗੰਧੀ, ਮਨ ਸਾਗਰ, ਉਦਮ ਤੇ ਚੇਤਨ ਆਦਿ ਵਿਚਾਰਾਂ ਨੂੰ ਕਲਮਬੱਧ ਕੀਤਾ ਹੈ। ਅਮਰੀਕ ਸਿੰਘ ਤਲਵੰਡੀ ਨੇ ਮਾਇਆਜਾਲ, ਅਣਖ, ਮਾਖਿਓ ਮਿੱਠੇ ਬੋਲ ਪੰਜਾਬ, ਜੀਵਨ ਜਾਚ, ਸ਼ਹੀਦਾਂ ਦੀ ਸੋਚ ਨੂੰ ਅਪਣਾਉਣ ਆਦਿ ਨੂੰ ਲੈਅ-ਬੱਧ ਕੀਤਾ ਹੈ। ਤ੍ਰੈਲੋਚਨ ਲੋਚੀ ਮਨੁੱਖੀ ਜੀਵਨ ਦੀ ਸਾਂਝ, ਕਰਮ-ਧਰਮ, ਬਿਰਖ ਜਾਂ ਨੀਰ ਬਣਨ ਦੀ ਪਰਉਪਕਾਰੀ ਤਾਂਘ ਤੇ ਜਾਬਰ ਸੰਗ ਖਹਿਣ ਆਦਿ ਨੂੰ ਲੋਚਦਾ ਹੈ।
ਮਨਜਿੰਦਰ ਧਨੋਆ ਨੇ ਪਰਿਵਾਰਕ ਰਿਸ਼ਤੇ, ਬਚਪਨ ਦੀਆਂ ਯਾਦਾਂ, ਫੈਸ਼ਨ ਦੀ ਥਾਂ ਵਿਦਿਆ ਨੂੰ ਪਹਿਲ ਤੇ ਮਨ ਦੀਆਂ ਗੁੰਝਲਾਂ ਆਦਿ ਬਾਰੇ ਗੀਤਕਾਰੀ ਕੀਤੀ ਹੈ। ਸੁਰਜੀਤ ਸੰਧੂ ਨੇ ਜੀਵਨ ਨੂੰ ਪਾਣੀ ਦਾ ਬੁਲਬੁਲਾ ਦੱਸ ਕੇ ਪਿੰਡ ਦੀ ਸੈਰ ਕਰਾਉਂਦਾ ਹੋਇਆ ਪਰਦੇਸੀਆਂ ਨੂੰ ਮਾਂ-ਬੋਲੀ ਨਾਲ ਜੁੜਨ ਦੀ ਸਲਾਹ ਦਿੰਦਾ ਹੈ। ਆਤਮਾ ਹੇਅਰ ਨੇ ਸਰਦਾਰੀ ਦੀ ਪ੍ਰਤੀਕ ਦਸਤਾਰ,ਵਰਤਮਾਨ ਨੂੰ ਮਾਣਦਿਆਂ ਇਤਿਹਾਸ/ਦੇਸ਼ ਭਗਤਾਂ/ਸ਼ਹੀਦਾਂ ਨੂੰ ਚੇਤੇ ਰੱਖਣ ਆਦਿ ਨੂੰ ਕਾਵਿ ਜ਼ਬਾਨ ਦਿੱਤੀ ਹੈ। ਕੰਵਲ ਢਿੱਲੋਂ ਦਸਾਂ ਨੌਹਾਂ ਦੀ ਕਿਰਤ, ਘਰ ਪਰਿਵਾਰ ਦਾ ਵਿਛੋੜਾ, ਸਿਆਣਪ ਤੇ ਚਤੁਰਾਈ 'ਚ ਭੇਦ, ਆਪਣੇ ਖਾਸ ਦੀ ਉਡੀਕ ਵਿਚ ਔਂਸੀਆਂ ਪਾਉਂਦਾ ਨਜ਼ਰ ਆਉਂਦਾ ਹੈ। ਪਾਲ ਰਾਊਕੇ ਮਾਂ ਦੀਆਂ ਲਾਡੀਆਂ ਦੀ ਬਾਤ ਪਾਉਂਦਾ ਹੋਇਆ ਫੁੱਲ ਜਾਂ ਤਾਰਾ ਬਣ ਜਾਣ ਵਾਲਿਆਂ ਨੂੰ ਯਾਦ ਕਰਕੇ ਯਾਰੀਆਂ ਪੁਗਾਉਂਦਾ ਹੈ। ਸਰਬਜੀਤ ਸੋਹੀ ਨੇ ਆਮ ਲੋਕਾਈ ਦੀ ਗੁਰਬਤ, ਵਿੱਦਿਆ ਦੀ ਲੋਅ, ਕੁਰਬਾਨੀਆਂ, ਜਰਵਾਣੇ ਨਾਲ ਲੋਹਾ ਲੈਣ ਅਤੇ ਛੇਵੇਂ ਆਬ/ਦਰਿਆ ਬਾਰੇ ਪੰਜ ਪਾਣੀਆਂ ਦੀ ਆਪਸੀ ਗੁਫਤਗੂ ਆਦਿ ਨੂੰ ਲੈਅ ਬੱਧ ਭਾਵ ਪੂਰਤ ਸ਼ਬਦਾਂ ਨਾਲ ਸੰਜੋਇਆ ਹੈ।

ਂਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858.
ਫ ਫ ਫ

ਹਕੀਕਤਾਂ ਦੇ ਸਨਮੁੱਖ
ਲੇਖਕਾ : ਪ੍ਰੋ: ਹਰਵਿੰਦਰ ਕੌਰ ਨੌਹਰਾ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 127
ਸੰਪਰਕ : 95929-19509.

ਇਹ ਪੁਸਤਕ 23 ਨਿਬੰਧਾਂ ਦਾ ਸੰਗ੍ਰਹਿ ਹੈ। ਇਹ ਨਿਬੰਧ ਸਾਮਿਅਕ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਵਿਸ਼ੇਸ਼ਤਰ ਸਿੱਖਿਆ ਅਤੇ ਸਿਹਤ ਨਾਲ ਸਬੰਧਿਤ ਗੰਭੀਰ ਸਮੱਸਿਆਵਾਂ ਦਾ ਉਲੇਖ ਹਨ। ਅਜੋਕੇ ਜਨਜੀਵਨ ਵਿਚ ਭਾਵੇਂ ਪਾਣੀ ਦੀ ਸਮੱਸਿਆ ਹੈ, ਨਸ਼ਿਆਂ ਦੇ ਸੇਵਨ ਵਿਚ ਵਧ ਰਹੀ ਰੁਚੀ ਹੈ, ਸੜਕਾਂ 'ਤੇ ਬਿਨ ਆਈ ਮੌਤੋਂ ਮਰ ਰਹੀਆਂ ਜਾਨਾਂ ਦੀ ਦਾਸਤਾਨ ਹੈ, ਸਮਾਜਿਕ ਸੁਰੱਖਿਆ ਅਤੇ ਇਨਸਾਫ਼ ਤੋਂ ਰੁਲ ਰਹੇ ਲੋਕਾਂ ਦੀ ਗੱਲ ਹੈ ਜਾਂ ਭ੍ਰਿਸ਼ਟਾਚਾਰ ਅਤੇ ਜਨਚੇਤਨਾ ਵਿਚ ਦਵੰਦਾਤਮਕ ਪਾੜੇ ਦੀ ਗੱਲ ਹੈ ਜਾਂ ਲੀਹੋਂ ਲੱਥਾ ਪੇਂਡੂ ਅਤੇ ਸ਼ਹਿਰੀ ਜੀਵਨ ਢਾਂਚਾ ਹੈ, ਆਦਿ ਸਭਨਾਂ ਵਿਸ਼ਿਆਂ ਬਾਬਤ ਇਹ ਨਿਬੰਧ ਭਾਵਪੂਰਤ ਟਿੱਪਣੀ ਕਰਦੇ ਪ੍ਰਤੀਤ ਹੁੰਦੇ ਹਨ। ਆਧੁਨਿਕ ਕਾਲ ਦੀ ਦੇਣ ਕਾਰਪੋਰੇਟ ਨੀਤੀਆਂ ਅਤੇ ਹੋਰ ਤਰ੍ਹਾਂ-ਤਰ੍ਹਾਂ ਦੇ ਜ਼ਹਿਰ ਭਰੇ ਲੱਡੂਆਂ ਜੋ ਪੰਜਾਬੀ ਜੀਵਨ-ਸ਼ੈਲੀ ਨੂੰ ਗੰਧਲਾ ਕਰ ਰਹੇ ਹਨ ਜਾਂ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਰਹੇ ਹਨ ਜਿਹੇ ਵਿਚਾਰਾਂ ਨੂੰ ਲੇਖਕਾ ਨੇ ਭਾਵ ਪੂਰਤ ਤਰੀਕੇ ਨਾਲ ਤਾਂ ਬਿਆਨਿਆਂ ਹੀ ਹੈ, ਇਸ ਦੇ ਨਾਲ-ਨਾਲ ਉੱਭਰ ਰਹੀਆਂ ਸਮਕਾਲੀਨ ਚੁਣੌਤੀਆਂ ਨੂੰ ਵੀ ਉਭਾਰਿਆ ਹੈ। ਪਿੰਡਾਂ ਦੀ ਰਹਿਤਲ, ਖੁੱਲ੍ਹੇ-ਡੁੱਲ੍ਹੇ ਜੀਵਨ ਚੱਜ ਦੇ ਲੁਪਤ ਹੋ ਜਾਣ ਦੇ ਕਾਰਨਾਂ ਨੂੰ ਵੀ ਪਛਾਣਿਆਂ ਹੈ ਅਤੇ ਪਿੰਡਾਂ ਦਾ ਵਿਕਾਸ ਕਿਸ ਤਰ੍ਹਾਂ ਸੰਭਵ ਹੋ ਸਕਦਾ ਹੈ, ਪ੍ਰਤੀ ਜਾਗਰੂਕ ਕੀਤਾ ਹੈ। ਹਵਾ, ਪਾਣੀ ਦੀ ਸਾਂਭ ਸੰਭਾਲ, ਮਨੁੱਖੀ ਜੀਵਨ, ਕੁਦਰਤੀ ਆਫ਼ਤਾਂ ਤੋਂ ਬਚਾਓ, ਔਰਤ ਨੂੰ ਬਰਾਬਰੀ ਦਾ ਹੱਕ ਦੇਣ, ਮੀਡੀਏ ਦੀ ਉਸਾਰੂ ਭੂਮਿਕਾ, ਜਮਹੂਰੀਅਤ ਦੀ ਮਜ਼ਬੂਤੀ, ਰਾਜਨੀਤਕ ਆਗੂਆਂ ਦੇ ਬਦਲਦੇ ਚਿਹਰੇ ਆਦਿ ਵਿਸ਼ਿਆਂ ਸਬੰਧੀ ਇਹ ਨਿਬੰਧ ਭਰਪੂਰ ਚਰਚਾ ਛੇੜਦੇ ਹਨ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

03/12/2017

 ਅਰਸ਼ੀ ਲਾੜੀ (ਅਨੀਲਕਾ)
ਕਰਤਾ : ਪ੍ਰੋ: ਪੂਰਨ ਸਿੰਘ
ਅਨੁਵਾਦਕ : ਕਿਰਪਾਲ ਸਿੰਘ ਕਸੇਲ
ਪ੍ਰਕਾਸ਼ਕ : ਪੂਰਨ ਸਿੰਘ ਯਾਦਗਾਰੀ ਸਾਹਿਤ ਸੰਸਥਾਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 164
ਸੰਪਰਕ : 0161-6540738.

ਪ੍ਰੋ: ਕਿਰਪਾਲ ਸਿੰਘ ਕਸੇਲ ਪੰਜਾਬੀ ਸਾਹਿਤ ਦਾ ਇਕ ਸਮਰਪਿਤ ਵਿਦਵਾਨ ਹੈ। ਉਸ ਨੇ ਆਪਣਾ ਸਾਰਾ ਜੀਵਨ ਰਿਸ਼ੀਆਂ-ਮੁਨੀਆਂ ਵਾਂਗ ਪਵਿੱਤਰਤਾ ਅਤੇ ਸਚਾਈ ਦੀ ਤਲਾਸ਼ ਵਿਚ ਗੁਜ਼ਾਰਿਆ ਹੈ। ਉਸ ਦੇ ਰਚਨਾ-ਧਰਮ ਵਿਚ ਦੋ ਪੈਰਾਡਾਈਮ ਉਜਾਗਰ ਰੂਪ ਵਿਚ ਦਿਖਾਈ ਦਿੰਦੇ ਹਨ : 1. ਪੰਜਾਬੀ ਸਾਹਿਤ ਦੇ ਇਤਿਹਾਸ ਦਾ ਅੰਕਣ ਅਤੇ ਪ੍ਰੋ: ਪੂਰਨ ਸਿੰਘ ਦੀ ਸ਼ਖ਼ਸੀਅਤ ਤੇ ਕਾਵਿ ਕਲਾ ਦਾ ਵਿਸ਼ਲੇਸ਼ਣ। ਪ੍ਰੋ: ਪੂਰਨ ਸਿੰਘ ਦੀਆਂ ਅੰਗਰੇਜ਼ੀ ਵਿਚ ਲਿਖੀਆਂ 7 ਕਾਵਿ ਪੁਸਤਕਾਂ ਵਿਚੋਂ ਇਹ ਉਸ ਦੁਆਰਾ ਕੀਤਾ ਤੀਜਾ ਕਾਵਿ-ਅਨੁਵਾਦ ਹੈ; ਉਂਜ ਉਸ ਨੇ ਕਵੀ ਦੀਆਂ ਸੱਤੇ ਪੁਸਤਕਾਂ ਦਾ ਅਨੁਵਾਦ ਪ੍ਰਕਾਸ਼ਿਤ ਕਰ ਦਿੱਤਾ ਹੈ। ਪ੍ਰੋ: ਪੂਰਨ ਸਿੰਘ ਵਾਸਤੇ ਨਾਰੀ, ਇਕ ਦੇਵੀ ਹੈ। ਉਹ ਪ੍ਰਭਾਜੋਤ ਅਤੇ ਅਰਸ਼ੀ ਅਸਤਿਤਵ ਦੀ ਸੁਆਮੀ ਹੈ। ਇਸੇ ਕਾਰਨ ਉਸ ਵਿਚ ਏਨੀ ਸ਼ਕਤੀ ਅਤੇ ਜਿਗਰਾ ਹੈ। ਉਹ ਦਾਤਾਂ ਵੰਡਣਾ ਜਾਂ ਦੇਣਾ ਹੀ ਜਾਣਦੀ ਹੈ, ਆਪ ਕੁਝ ਹਾਸਲ ਕਰਨ ਦੇ ਲਾਲਚ ਵਿਚ ਨਹੀਂ ਪੈਂਦੀ। ਇਹੀ ਗੁਣ ਪ੍ਰਭੂ ਦੇ ਹਨ। ਇਸੇ ਕਾਰਨ ਉਹ ਆਪਣੀ ਪ੍ਰਸਿੱਧ ਕਵਿਤਾ 'ਘਰ ਕੀ ਗਹਿਲ ਚੰਗੀ' ਵਿਚ ਨਾਰੀ ਨੂੰ 'ਪ੍ਰਭਾਜੋਤ' ਕਹਿ ਕੇ ਸੰਬੋਧਨ ਕਰਦਾ ਹੈ। ਹਥਲੇ ਕਾਵਿ-ਨਾਟ (ਖੰਡ ਕਾਵਿ) ਵਿਚ ਪੂਰਨ ਸਿੰਘ 'ਅਨੀਲਕਾ' ਨਾਂਅ ਦੀ ਇਕ ਯਕਸ਼ਣੀ ਦੇ, ਇਕ ਸੰਨਿਆਸੀ ਨਾਲ ਪ੍ਰੇਮ-ਪ੍ਰਸੰਗ ਨੂੰ ਬਿਆਨ ਕਰਦਾ ਹੈ।
ਪ੍ਰੋ: ਕਿਰਪਾਲ ਸਿੰਘ ਕਸੇਲ ਇਕ ਸਫ਼ਲ ਅਨੁਵਾਦਕ ਹੈ ਅਤੇ ਪੂਰਨ ਸਿੰਘ ਦੀ ਵੈਰਾਟ ਸ਼ਖ਼ਸੀਅਤ ਨਾਲ ਇਕਸੁਰ ਹੋ ਕੇ ਉਸ ਦੀਆਂ ਰਚਨਾਵਾਂ ਨੂੰ ਟੱਕਰਦਾ ਹੈ, ਇਨ੍ਹਾਂ ਦਾ ਸਾਖਿਆਤਕਾਰ ਕਰਦਾ ਹੈ। ਪ੍ਰੇਮ-ਨਿਰੂਪਣ ਇਕ ਨਾਜ਼ੁਕ ਵਿਸ਼ਾ ਹੈ। ਇਸ ਬਾਰੇ ਲਿਖਣਾ ਆਸਾਨ ਨਹੀਂ ਹੈ। ਪ੍ਰੇਮ ਦਾ ਅਰਥ ਮਨੁੱਖੀ ਆਤਮਾ ਦਾ ਭਰਪੂਰ ਹੋ ਕੇ ਵਹਿ ਤੁਰਨਾ ਹੈ। ਪ੍ਰੋ: ਪੂਰਨ ਸਿੰਘ ਨੇ ਇਕ ਸੰਨਿਆਸੀ ਅਤੇ ਯਕਸ਼ਣੀ ਦੇ ਪ੍ਰੇਮ-ਸਬੰਧਾਂ ਬਾਰੇ ਲਿਖ ਕੇ ਪ੍ਰੇਮ ਦੇ ਵਾਸਤਵਿਕ ਸਰੂਪ ਨੂੰ ਪ੍ਰਗਟ ਕਰ ਦਿੱਤਾ ਹੈ। ਅਸਲ ਪ੍ਰੇਮ ਸੰਨਿਆਸੀ ਲੋਕ ਹੀ ਕਰ ਸਕਦੇ ਹਨ। ਦੁਨਿਆਵੀ ਲੋਕ ਪ੍ਰੇਮ ਦੀ ਸਾਰ ਕੀ ਜਾਣਨ?

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਆਪਣੇ ਆਪਣੇ ਬੁੱਤ
ਲੇਖਕ : ਮਨੋਜ ਕੁਮਾਰ ਪ੍ਰੀਤ
ਅਨੁਵਾਦਕ : ਤੇਜਿੰਦਰ ਚੰਡਿਹੋਕ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ ਬਰਨਾਲਾ
ਮੁੱਲ : 170 ਰੁਪਏ, ਸਫ਼ੇ : 96
ਸੰਪਰਕ : 95010-00224.

ਹਿੰਦੀ ਕਹਾਣੀਕਾਰ ਮਨੋਜ ਕੁਮਾਰ ਪ੍ਰੀਤ ਦੀ ਇਹ ਪੁਸਤਕ ਪੰਜਾਬੀ ਅਨੁਵਾਦ ਹੈ। ਜਿਸ ਵਿਚ ਲੇਖਕ ਦੀਆਂ 19 ਕਹਾਣੀਆਂ ਹਨ। ਪੰਜਾਬੀ ਨਾਵਲਕਾਰ ਓਮ ਪ੍ਰਕਾਸ਼ ਗਾਸੋ ਨੇ ਕਹਾਣੀਆਂ ਦੀ ਅੰਦਰਲੀ ਤੜਪ ਨੂੰ ਮਹਿਸੂਸ ਕੀਤਾ ਹੈ। ਤੇ ਇਨ੍ਹਾਂ ਕਹਾਣੀਆਂ ਨੂੰ ਵਿਲੱਖਣ ਸੁਰ ਵਾਲੀਆਂ ਰਚਨਾਵਾਂ ਕਿਹਾ ਹੈ। ਡਾ: ਅਨਿਲ ਸ਼ੋਰੀ ਨੇ ਮਾਨਵੀ ਵੇਦਨਾ-ਸੰਵੇਦਨਾ ਬਾਰੇ ਵਿਚਾਰ ਲਿਖੇ ਹਨ ਕਿ ਇਹ ਕਹਾਣੀਆਂ ਮਾਨਵੀ ਅੰਤਰਮੁਖਤਾ ਦੀਆਂ ਹਨ। ਕਹਾਣੀ ਕਠਪੁਤਲੀ ਦੀ ਪਾਤਰ ਨੌਜਵਾਨ ਕੁੜੀ ਹੈ ਜਿਸ ਨੂੰ ਘਰ ਵਿਚ ਵੇਖਣ ਵਾਲੇ ਆਉਂਦੇ ਹਨ। ਉਸ ਸਮੇਂ ਉਸ ਦੀ ਮਾਨਸਿਕਤਾ ਨੂੰ ਕਹਾਣੀਕਾਰ ਨੇ ਸ਼ਬਦੀ ਰੂਪ ਦਿੱਤਾ ਹੈ। ਇਸ ਤੋਂ ਪਹਿਲਾਂ ਜਿੰਨੇ ਵੀ ਆਏ ਸਾਰਿਆਂ ਮੇਰੀ ਚੋਣ ਵਿਚ ਮੀਨ ਮੇਖ ਕੱਢੀ। ਹੁਣ ਮੈਂ ਕੁਝ ਵੀ ਸਹਿਣ ਨਹੀਂ ਕਰਾਂਗੀ। (ਪੰਨਾ 23) ਨਾਰੀ ਆਜ਼ਾਦੀ ਵੱਲ ਸੰਕੇਤ ਕਰਦੀ ਰਚਨਾ ਹੈ। ਵਿਸ਼ਵਾਸਘਾਤ ਦਾ ਪਾਤਰ ਰਤਨ ਅਪਾਹਜ ਹੈ। ਕਲਾਸ ਵਿਚ ਉਸ ਨਾਲ ਦੂਸਰਿਆਂ ਦੀ ਹਮਦਰਦੀ ਹੈ। ਅੰਗਹੀਣਾਂ ਦੀ ਮਾਨਸਿਕਤਾ ਕਹਾਣੀ ਵਿਚ ਹੈ। ਕਿਰਾਏ ਦਾ ਪਿਆਰ ਵਿਚ ਨਾਇਕ ਦੀ ਤਿੰਨ ਵੱਖ-ਵੱਖ ਔਰਤਾਂ ਨਾਲ ਨੇੜਤਾ ਹੈ। ਉਨ੍ਹਾਂ ਦਾ ਵਤੀਰਾ, ਮਰਦ ਪ੍ਰਤੀ ਨਾਰੀ ਸੋਚ ਨੂੰ ਕਹਾਣੀ ਵਿਚ ਲਿਆ ਹੈ। ਬੀਵੀ ਦਾ ਪ੍ਰੇਮੀ ਵਿਚ ਪਤੀ ਪਤਨੀ ਵਿਆਹ ਤੋਂ ਪਹਿਲਾਂ ਦੀ ਜ਼ਿੰਦਗੀ ਬਾਰੇ ਸੋਚ ਰਹੇ ਹਨ। ਨਵੇਂ ਸ਼ਬਦ ਦਾ ਨਿਰਮਾਣ ਦੇ ਦੋਵੇਂ ਪਾਤਰ ਸਿਹਤ ਕਰਮਚਾਰੀ ਹਨ। ਆਪਸੀ ਨੇੜਤਾ ਰਾਹੀਂ ਨਵਾਂ ਜੀਵਨ ਸ਼ੁਰੂ ਕਰਨ ਦੀ ਲੋਚਾ ਰੱਖਦੇ ਹਨ। ਇਕ ਯੂਸਕਾ ਹੋਰ ਵਿਚ ਕਹਾਣੀ ਲੇਖਕ ਦੀ ਕਿਸੇ ਕਹਾਣੀ ਦੀ ਪਾਤਰ ਯੂਸਕਾ ਬਾਰੇ ਪਾਠਕ ਦਾ ਲੇਖਕ ਨਾਲ ਸੰਵਾਦ ਹੈ। ਪਾਠਕ ਦੀ ਸਾਹਿਤ ਪ੍ਰਤੀ ਭਾਵਕਤਾ ਹੈ। ਕੋਰੇ ਪੰਨੇ ਪਿਆਰ ਵਿਚ ਬੇਵਫ਼ਾਈ ਦੀ ਕਹਾਣੀ ਹੈ। ਸਰ ਕਹਾਣੀ ਦੀ ਪਾਤਰ ਆਪਣੇ ਅਧਿਆਪਕ ਦਾ ਜਜ਼ਬਾਤੀ ਸਾਥ ਚਾਹੁੰਦੀ ਹੈ। ਪਰ ਸਮਾਜ ਤੋਂ ਡਰਦੀ ਹੈ। ਪਤੀ ਬਨਾਮ ਬੁਆਏ ਫਰੈਂਡ, ਆਪਣੇ ਆਪਣੇ ਬੁੱਤ, ਰਿਸ਼ਤੇ ਦਾ ਦਰਦ ਸੰਗ੍ਰਹਿ ਦੀਆਂ ਬਿਹਤਰੀਨ ਕਹਾਣੀਆਂ ਹਨ। ਇਸਤਰੀ ਮਰਦ ਸਬੰਧਾਂ ਦੀਆਂ ਵੱਖ-ਵੱਖ ਪਰਤਾਂ ਨਾਲ ਜੁੜੀਆਂ ਹਨ। ਅਨੁਵਾਦ ਮਿਆਰੀ ਤੇ ਮੌਲਿਕ ਹੈ। ਪੁਸਤਕ ਦਾ ਸਵਾਗਤ ਹੈ।

ਂਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160
ਫ ਫ ਫ

ਸੰਸਕ੍ਰਿਤੀ
ਲੇਖਕ : ਬਲਦੇਵ ਸਿੰਘ ਢੀਂਡਸਾ
ਪ੍ਰਕਾਸ਼ਨ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 152.
ਸੰਪਰਕ : 98151-57815.

ਬਲਦੇਵ ਸਿੰਘ ਢੀਂਡਸਾ ਨੇ ਆਪਣੇ ਇਸ ਕਹਾਣੀ ਸੰਗ੍ਰਹਿ ਵਿਚ ਅੱਠ ਨਵੀਆਂ ਕਹਾਣੀਆਂ ਨੂੰ ਸ਼ਾਮਿਲ ਕੀਤਾ ਹੈ। ਇਹ ਸਾਰੀਆਂ ਕਹਾਣੀਆਂ ਅਜੋਕੇ ਦੌਰ ਵਿਚ ਸਮਾਜ, ਸੱਭਿਆਚਾਰ, ਵਿਦਿਅਕ ਖੇਤਰ ਅਤੇ ਪਰਵਾਸ ਦੇ ਬਹੁਤ ਸਾਰੇ ਸਰੋਕਾਰਾਂ ਤੋਂ ਪੈਦਾ ਹੋਈਆਂ ਸਮੱਸਿਆਵਾਂ ਨੂੰ ਪਾਠਕਾਂ ਦੇ ਸਾਹਮਣੇ ਲਿਆਉਂਦੀਆਂ ਹਨ। ਮਨੁੱਖ ਜਾਤੀ ਵਿਚੋਂ ਇਨਸਾਨੀਅਤ ਦੇ ਖੁਰ ਰਹੇ ਕਿਰਦਾਰ ਨੂੰ ਪੇਸ਼ ਕਰਦੀਆਂ ਇਹ ਕਹਾਣੀਆਂ ਆਪਣੀਆਂ ਘਟਨਾਵਾਂ ਦਾ ਸਥਲ ਬਿੰਦੂ ਪੰਜਾਬ ਵਿਚਲਾ ਦੁਆਬਾ ਖੇਤਰ, ਇੰਗਲੈਂਡ ਜਾਂ ਕੈਨੇਡਾ ਦੀ ਧਰਤੀ ਤੇ ਜੀਵਨ ਸ਼ੈਲੀ 'ਤੇ ਨਿਰਧਾਰਤ ਕਰਦੀਆਂ ਹਨ। 'ਸੰਸਕ੍ਰਿਤੀ' ਕਹਾਣੀ ਵਿਚ ਆਪਸੀ ਗੱਲਬਾਤ ਨੂੰ ਨਸ਼ਿਆਂ ਦੇ ਸੇਵਨ ਰਾਹੀਂ ਅਗਾਂਹ ਤੋਰਨਾ ਅਤੇ ਦੱਲੀ ਮੈਮ ਰਾਹੀਂ ਵਿਦਿਆਰਥਣਾਂ ਦਾ ਸ਼ੋਸਣ ਕਰਵਾਉਣ ਦੀ ਦਲਾਲੀ ਕਰਨਾ, 'ਜਨੂੰਨ' ਵਿਚ ਪੁਰਾਣੀ ਪੀੜ੍ਹੀ ਦਾ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੋਣਾ ਅਤੇ ਆਪਣੀ ਅਮੀਰ ਵਿਰਾਸਤ ਨੂੰ ਆਪਣੀ ਅਗਲੀ ਪੀੜ੍ਹੀ 'ਚ ਪ੍ਰਵਾਹਮਾਨ ਕਰਨਾ ਪਰ ਅਗਲੀ ਪੀੜ੍ਹੀ ਦਾ ਵਿਦਰੋਹੀ ਹੋ ਕੇ ਮਨਮਾਨੀਆਂ ਕਰਨਾ ਆਦਿ ਸਰੋਕਾਰਾਂ ਨੂੰ ਬਾਖੂਬੀ ਬਿਆਨਿਆ ਹੈ। ਇਸੇ ਤਰ੍ਹਾਂ 'ਸ਼ਹੀਦ', ਅਪੰਗ, ਨੀਚ ਅਤੇ ਪਰਉਪਕਾਰ ਕਹਾਣੀਆਂ ਜਿਥੇ ਸਮਾਜ ਦੀਆਂ ਢਾਹੂ ਕਦਰਾਂ ਨੂੰ ਵਿਅੰਗ ਦੀ ਦ੍ਰਿਸ਼ਟੀ ਤੋਂ ਨੰਗਿਆਂ ਕਰਦੀਆਂ ਹਨ ਉਥੇ ਨਾਲ ਦੀ ਨਾਲ ਸਮਾਜਿਕ ਵਰਤਾਰੇ ਅਤੇ ਨੈਤਿਕ ਕਿਰਦਾਰਾਂ ਦੀ ਗਿਰਾਵਟ ਦੇ ਕਰੂਰ ਯਥਾਰਥ ਦਾ ਬੋਧ ਵੀ ਕਰਵਾਉਂਦੀਆਂ ਹਨ। 'ਅਤੰਕ' ਕਹਾਣੀ ਪੰਜਾਬ ਵਿਚ ਵਾਪਰੇ ਕਾਲੇ ਦਿਨਾਂ ਦੀ ਉਸ ਤਸਵੀਰ ਨੂੰ ਪੇਸ਼ ਕਰਦੀ ਹੈ ਜਿਸ ਵਿਚ ਮਨੁੱਖੀ ਸੋਚ ਬਦਲੇ ਦੀ ਭਾਵਨਾ ਦੀ ਸ਼ਿਕਾਰ ਸੀ। 'ਮੀ ਲਾਰਡ' ਕਹਾਣੀ ਵੀ ਹਸਪਤਾਲ ਵਿਚ ਪਈ ਸਵੀ ਦੀ ਨਿਆਂ ਲਈ ਤੜਪ ਦਾ ਜ਼ਿਕਰ ਹੈ। ਇਨ੍ਹਾਂ ਸਾਰੀਆਂ ਕਹਾਣੀਆਂ ਵਿਚ ਆਂਚਲਿਕ ਰੰਗਤ ਵੀ ਹੈ, ਪਿੱਛਲ ਝਾਤ ਚਿਤਰਣ ਸ਼ੈਲੀ ਦਾ ਪ੍ਰਯੋਗ ਵੀ ਹੈ ਅਤੇ ਕਰੂਰ ਯਥਾਰਥ ਦੀ ਪੇਸ਼ਕਾਰੀ ਵੀ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 98142-09732
ਫ ਫ ਫ

ਵਿਸ਼ਵ ਪ੍ਰਸਿੱਧ ਜੀਵਨੀ
ਅੰਮ੍ਰਿਤਾ ਸ਼ੇਰਗਿੱਲ

ਲੇਖਕ : ਐਨ. ਇਕਬਾਲ ਸਿੰਘ
ਅਨੁਵਾਦਕ : ਹਰਭਜਨ ਸਿੰਘ ਹੁੰਦਲ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ
ਮੁੱਲ : 200 ਰੁਪਏ, ਸਫ਼ੇ : 237
ਸੰਪਰਕ : 99150-42242.

ਅੰਮ੍ਰਿਤਾ ਸ਼ੇਰਗਿੱਲ ਦੀ ਇਹ ਸਾਰੇ ਵਿਸ਼ਵ ਵਿਚ ਪ੍ਰਸਿੱਧ ਜੀਵਨੀ ਦੇ ਲੇਖਕ ਐਨ. ਇਕਬਾਲ ਸਿੰਘ ਨੇ ਇਸ ਦੀ ਰਚਨਾ ਕਰਨ ਵਿਚ ਅਣਥੱਕ ਮਿਹਨਤ ਕੀਤੀ ਹੈ, ਜਿਸ ਨਾਲ ਇਹ ਜੀਵਨੀ ਇਕ ਭਰੋਸੇਯੋਗ ਥੀਸਿਸ ਬਣ ਗਈ ਹੈ। ਇਸ ਰਚਨਾ ਦਾ ਪੰਜਾਬੀ ਅਨੁਵਾਦ ਹਰਭਜਨ ਸਿੰਘ ਹੁੰਦਲ ਦੇ ਮਿਹਨਤੀ ਸੁਭਾਅ ਦਾ ਨਤੀਜਾ ਹੈ। ਇਹ ਉਸ ਮਹਾਨ ਬੇਟੀ ਦੀ ਜੀਵਨੀ ਹੈ ਜੋ ਆਪਣੇ 29 ਵਰ੍ਹਿਆਂ ਦੀ ਛੋਟੀ ਆਯੂ ਵਿਚ ਇਕ ਲੋਕ-ਕਥਾ ਬਣ ਚੁੱਕੀ ਸੀ। ਉਸ ਦੇ ਬਾਰੇ ਵਿਭਿੰਨ ਪਾਰਖੂਆਂ ਦੇ ਵਿਭਿੰਨ ਪ੍ਰਕਾਰ ਦੇ ਵਿਚਾਰ ਹਨ। ਕੋਈ ਉਸ ਨੂੰ 'ਸਭ ਤੋਂ ਵਧੀਆ ਅਤੇ ਸਭ ਤੋਂ ਵੱਧ ਵਿਅਕਤੀਗਤ ਪੇਂਟਰ' ਕਹਿੰਦਾ ਹੈ। ਕੋਈ ਭਾਰਤੀ ਪੇਂਟਿੰਗਜ਼ ਵਿਚ 'ਦਿਓ ਕੱਦ'; ਕੋਈ ਪੇਂਟਿੰਗ ਦੇ ਖੇਤਰ ਦੀ ਮੁਕਤੀ-ਦਾਤਾ; ਕੋਈ ਨਵ-ਪ੍ਰਭਾਵਵਾਦੀ ਪੇਂਟਰ; ਕੋਈ ਯੂਰਪੀ-ਭਾਰਤੀ ਕਲਾ ਦਾ ਸੰਗਮ; ਆਦਿ-ਆਦਿ। ਉੱਭਰਦੀ ਜਵਾਨੀ ਵੇਲੇ ਉਸ ਦੇ ਅਸਤਿਤਵ ਸਾਹਵੇਂ ਅਨੇਕ ਸੰਭਾਵਨਾਵਾਂ ਸਨਂਸੰਗੀਤ, ਬੁੱਤ-ਘਾੜੀ, ਲੇਖਕਾ, ਪੱਤਰਕਲਾ, ਨਾਚ ਆਦਿ ਪਰ ਪੇਂਟਿੰਗਜ਼ ਦਾ ਖੇਤਰ ਉਸ ਦੀ ਆਪਣੀ ਚੋਣ ਸੀ। ਇਸ ਖੇਤਰ ਵਿਚ ਹੀ ਚਕਾਚੌਂਧ ਪੈਦਾ ਕਰਕੇ, ਬੁੱਝ ਗਈ।
ਇਸ ਹੋਣਹਾਰ ਬੇਟੀ ਦਾ ਜਨਮ 30 ਜਨਵਰੀ, 1913 ਨੂੰ ਹੰਗਰੀ ਦੀ ਰਾਜਧਾਨੀ ਬੁਡਾਪੈਸਟ ਵਿਖੇ, ਪਿਤਾ ਉਮਰਾਓ ਸਿੰਘ ਮਜੀਠੀਆ, ਮਾਤਾ ਮਾਂਰੀਆ ਆਨਟੋਨਿਟੀ ਦੀ ਕੁੱਖੋਂ ਹੋਇਆ ਅਤੇ ਉਸ ਦੀ ਮ੍ਰਿਤੂ 5 ਦਸੰਬਰ, 1941 ਨੂੰ ਪੇਚਸ਼ ਦੇ ਰੋਗ ਨਾਲ ਹੋਈ। ਬੇਸ਼ੱਕ ਉਸ ਦੀ ਮੌਤ ਬਾਰੇ ਵੱਖ-ਵੱਖ ਅਫ਼ਵਾਹਾਂ ਸਨ, ਜਿਨ੍ਹਾਂ ਨੂੰ ਲੇਖਕ ਨੇ ਦਲੀਲਾਂ ਅਤੇ ਪ੍ਰਮਾਣਾਂ ਸਹਿਤ ਰੱਦ ਕੀਤਾ ਹੈ। ਉਸ ਦਾ ਜੀਵਨ ਸਾਥੀ ਵਿਕਟਰ ਸੀ। ਇਸ ਜੀਵਨੀ ਦੀ ਪ੍ਰਸਤੁਤੀ ਲੇਖਕ ਨੇ 18 ਕਾਂਡਾਂ ਵਿਚ ਕੀਤੀ ਹੈ। ਇਨ੍ਹਾਂ ਕਾਂਡਾਂ ਵਿਚ ਬਚਪਨ, ਵੱਡਾ ਹੋਣਾ, ਪੈਰਿਸ, ਘਰ ਵਾਪਸੀ, ਮੂਗਰਿੱਜ ਵਕਫ਼ਾ, ਸ਼ਿਮਲੇ ਵਿਚ, ਬੰਬਈ, ਦੱਖਣੀ ਭਾਰਤ ਦੀ ਲੰਬੇਰੀ ਯਾਤਰਾ, ਅਲਾਹਾਬਾਦ 'ਚ ਬੱਲੇ ਬੱਲੇ, ਨਹਿਰੂ ਨਾਲ ਮੁਲਾਕਾਤ, ਮੌਲਣ ਦਾ ਸਮਾਂ, ਲਾਹੌਰ, ਖੁੱਲ੍ਹੀ ਹਵਾ, ਹੰਗਰੀ ਵਿਚ ਵਿਆਹ, ਨਿਰਾਸਤਾ ਦੇ ਦਿਨ, ਅੰਤਿਮ ਪੜਾਅ, ਦੁਖਦਾਈ ਮੌਤ, ਨਿਚੋੜ ਆਦਿ ਤੋਂ ਬਿਨਾਂ ਅੰਮ੍ਰਿਤ ਦੇ ਕੁਝ ਨਿਬੰਧਾਂ ਦਾ ਅਨੁਵਾਦ ਵੀ ਸ਼ਾਮਿਲ ਹੈ।
ਇਸ ਵਿਚ ਉਸ ਦੀਆਂ ਅੱਠ (ਚਿੱਤਰ) ਪੇਂਟਿੰਗਜ਼ ਉਸ ਦੀ ਕਲਾ ਦੀ ਮੂੰਹ ਬੋਲਦੀਆਂ ਤਸਵੀਰਾਂ ਹਨ। ਆਪਣੀ ਜਵਾਨੀ ਵਿਚ ਮਿੱਥ ਬਣ ਚੁੱਕੀ ਇਸ ਪੇਂਟਰ ਦੀ ਜੀਵਨੀ ਪਾਠਕਾਂ ਲਈ ਅਤਿਅੰਤ ਰੌਚਿਕ ਹੋ ਨਿਬੜੀ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 88376-79186.
ਫ ਫ ਫ

ਸਿਰ ਵਿਹੂਣੇ ਧੜ
ਸ਼ਾਇਰ : ਜੁਗਿੰਦਰ ਸੰਧੂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 102
ਸੰਪਰਕ : 94174-02327.

ਸੰਧੂ ਦੇ ਕਾਵਿ ਸੰਗ੍ਰਹਿ 'ਸਿਰ ਵਿਹੂਣੇ ਧੜ' ਵਿਚ ਕਵਿਤਾਵਾਂ ਦੇ ਨਾਲ ਨਾਲ ਗੀਤ, ਗ਼ਜ਼ਲਾਂ ਤੇ ਟੱਪੇ ਵੀ ਹਨ। ਪੁਸਤਕ ਦੀ ਪਹਿਲੀ ਕਵਿਤਾ 'ਸਿਰ ਵਿਹੂਣੇ ਧੜ' ਹੈ ਜਿਹੜੀ ਕਿ ਖਾਲਸੇ ਦੀ ਸਿਰਜਣਾ ਨਾਲ ਸਬੰਧਤ ਹੈ। ਇੰਜ ਹੀ ਇਸ ਪੁਸਤਕ ਦੇ ਸ਼ੁਰੂਆਤੀ ਪੰਨਿਆਂ 'ਤੇ ਹੋਰ ਕਈ ਧਾਰਮਿਕ ਕਵਿਤਾਵਾਂ ਹਨ। ਸ਼ਾਇਰ 'ਪੰਜਾਬੀਆਂ ਦੀ ਸ਼ਾਨ' ਕਵਿਤਾ ਵਿਚ ਪੰਜਾਬੀਆਂ ਦੇ ਰਹਿਣ ਸਹਿਣ ਤੇ ਸੁਭਾਅ ਦੀ ਬੇਬਾਕੀ ਪੇਸ਼ ਕਰਦਾ ਹੈ। 'ਭਾਗਾਂ ਵਾਲੀ ਮੇਰੀ ਮਾਂ' ਵਿਚ ਉਸ ਨੇ ਮਾਂ ਦੇ ਪਵਿੱਤਰ ਰਿਸ਼ਤੇ ਦਾ ਸੁੰਦਰ ਵਰਨਣ ਕੀਤਾ ਹੈ। ਪੱਤਰਕਾਰਤਾ ਕਰਦੇ ਹੋਏ ਕਾਰਗਿਲ ਯੁੱਧ ਨੂੰ ਉਸ ਨੇ ਬਹੁਤ ਲਾਗਿਓਂ ਦੇਖਿਆ ਹੈ ਤੇ ਅੱਖੀਂ ਦੇਖੀ 'ਤੇ ਤਨ 'ਤੇ ਹੰਢਾਈ ਘਟਨਾ ਦਾ ਕਲਾਕ੍ਰਿਤ ਵਿਚ ਪ੍ਰਗਟਾਅ ਹਮੇਸ਼ਾ ਜ਼ੋਰਦਾਰ ਹੁੰਦਾ ਹੈ। ਇਹੀ ਕਾਰਨ ਹੈ ਕਿ ਇਸ ਪੁਸਤਕ ਵਿਚ ਛਪੀਆਂ ਜੰਗ ਨਾਲ ਸਬੰਧਿਤ ਕਵਿਤਾਵਾਂ ਪਾਠਕ ਨੂੰ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ। ਉਸ ਅਨੁਸਾਰ ਜੰਗ ਦਾ ਕਾਲਾ ਦ੍ਰਿਸ਼ ਹਮੇਸ਼ਾਂ ਖ਼ੌਫ਼ਨਾਕ ਤੇ ਭਿਆਨਕ ਹੁੰਦਾ ਹੈ। ਤੋਪ ਦੀ ਬੈਰਲ 'ਚੋਂ ਆਪਣਾ ਭਵਿੱਖ ਦੇਖਣਾ ਕਿਸੇ ਧਰਮ ਦਾ ਫ਼ਲਸਫ਼ਾ ਨਹੀਂ ਹੈ। ਮਾਵਾਂ ਦੀਆਂ ਗੋਦਾਂ ਉੱਜੜਦੀਆਂ ਹਨ ਤੇ ਸੁਹਾਗਣਾ ਦੇ ਸੁਹਾਗ ਲੁੱਟੇ ਪੁੱਟੇ ਜਾਂਦੇ ਹਨ। ਕਵੀ ਮੁਤਾਬਿਕ ਦੋਵਾਂ ਧਿਰਾਂ ਦੇ ਰਾਖੇ ਇਕੋ ਜਿਹੇ ਹੁੰਦੇ ਹਨ ਸਿਰਫ਼ ਜੇਬਾਂ ਵਿਚ ਰੱਖੇ ਪੱਤਰ ਹੀ ਸ਼ਨਾਖ਼ਤ ਕਰਦੇ ਹਨ ਕਿ ਕੌਣ ਕਿਹੜੇ ਦੇਸ਼ ਦਾ ਹੈ। ਸ਼ਾਇਰ ਨੇ ਮਜ਼ਦੂਰ ਤੇ ਕਿਸਾਨੀ ਮਸਲਿਆਂ ਨੂੰ ਵੀ ਉਭਾਰਿਆ ਹੈ ਤੇ ਦੇਸ਼ ਨਾਲ ਮੁਹੱਬਤ ਦਾ ਫ਼ਰਜ਼ ਵੀ ਪਾਲਿਆ ਹੈ। ਸੰਧੂ ਦੇ ਗੀਤ ਪ੍ਰਭਾਵਿਤ ਕਰਦੇ ਹਨ ਤੇ ਇਨ੍ਹਾਂ ਵਿਚ ਬਹੁਤਾ ਕਰਕੇ ਉਸ ਦੀ ਨਿੱਜੀ ਮਾਨਸਿਕ ਪੀੜਾ ਜਲਵਾਗਰ ਹੁੰਦੀ ਹੈ। ਉਸ ਨੇ ਗ਼ਜ਼ਲਾਂ 'ਤੇ ਵੀ ਕਲਮ ਅਜ਼ਮਾਈ ਹੈ ਪਰ ਇਸ ਸਬੰਧੀ ਸ਼ਾਇਰ ਦੇ ਯਤਨ ਹੋਰ ਪਕੇਰੇ ਹੋਣਗੇ ਅਜਿਹੀ ਮੈਨੂੰ ਆਸ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਸ਼ਹਿਰ ਵੱਲ ਜਾਂਦੀ ਸੜਕ
ਨਾਵਲਕਾਰ : ਧਰਮ ਸਿੰਘ ਕੰਮੇਆਣਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 150 ਰੁਪਏ, ਸਫ਼ੇ : 95
ਸੰਪਰਕ : 98760-62329.

ਨਾਵਲ ਸ਼ਹਿਰ ਵੱਲ ਜਾਂਦੀ ਸੜਕ ਛੋਟੇ ਆਕਾਰ ਦਾ ਨਾਵਲ ਹੈ, ਜਿਸ ਵਿਚ ਨਾਵਲਕਾਰ ਨੇ ਪੇਂਡੂ ਅਤੇ ਸ਼ਹਿਰੀ ਜੀਵਨ ਦੇ ਨਾਲ-ਨਾਲ ਕੁਝ ਹੋਰ ਵਿਸ਼ਿਆਂ ਨੂੰ ਵੀ ਉਭਾਰਿਆ ਹੈ। ਸਰਲ ਸਧਾਰਨ ਬਣਤਰ ਵਾਲੇ ਇਸ ਨਾਵਲ ਵਿਚ ਨਾਵਲ ਦਾ ਸਿਰਲੇਖ ਪ੍ਰਤੀਕਾਤਮਕ ਰੂਪ ਵਿਚ ਸ਼ਹਿਰੀ ਜੀਵਨ ਵਿਚ ਬਿਹਤਰ ਭਵਿੱਖੀ ਸੰਭਾਵਾਨਾਵਾਂ ਦੀ ਤਲਾਸ਼ ਨੂੰ ਪੇਸ਼ ਕਰਦਾ ਹੈ। ਨਾਵਲ ਦਾ ਮੁੱਖ ਪਾਤਰ ਕੋਚ ਜਗਮੀਤ ਪਿੰਡ ਤੋਂ ਸ਼ਹਿਰ ਪੜ੍ਹਨ ਲਈ ਜਾਂਦਾ ਹੈ, ਪੜ੍ਹਾਈ ਕਰਦਿਆਂ ਸ਼ਹਿਰੀ ਜੀਵਨ ਦਾ ਆਨੰਦ ਮਾਣਦਿਆਂ ਉਹ ਭਵਿੱਖ ਲਈ ਸੁਪਨੇ ਬੁਣਦਾ ਹੈ। ਉਸ ਨੂੰ ਨੌਕਰੀ ਵੀ ਸ਼ਹਿਰ ਵਿਚ ਹੀ ਮਿਲ ਜਾਂਦੀ ਹੈ। ਆਪਣੀ ਹਮਸਫਰ ਪ੍ਰਕਾਸ਼ ਨਾਲ ਉਹ ਸ਼ਹਿਰ ਰਹਿੰਦਿਆਂ ਹੀ ਆਪਣੀ ਇਕਲੌਤੀ ਬੇਟੀ ਨੂੰ ਉਚੇਰੀ ਵਿੱਦਿਆ ਲਈ ਮੌਕੇ ਪ੍ਰਦਾਨ ਕਰਦਾ ਹੈ ਅਤੇ ਉਸ ਨੂੰ ਆਪਣੇ ਭਵਿੱਖ ਦੇ ਫ਼ੈਸਲੇ ਲੈਣ ਦੇ ਯੋਗ ਬਣਾਉਦਿਆਂ ਬੇਟੀ ਦੁਆਰਾ ਕੀਤੇ ਗਏ ਭਵਿੱਖ ਸਬੰਧੀ ਫ਼ੈਸਲਿਆਂ ਦਾ ਸਮਰਥਨ ਵੀ ਕਰਦਾ ਹੈ। ਨਾਵਲਕਾਰ ਅਨੁਸਾਰ ਇਹ ਸਭ ਕਿਤੇ ਨਾ ਕਿਤੇ ਸ਼ਹਿਰੀ ਜੀਵਨ ਰਹਿਤਲ ਕਾਰਨ ਹੀ ਸੰਭਵ ਹੋਇਆ। ਇਸ ਦੇ ਨਾਲ ਨਾਲ ਹੀ ਨਾਵਲਕਾਰ ਪੇਂਡੂ ਜੀਵਨ ਦਾ ਚਿਤਰਨ ਕਰਦਿਆਂ ਕਿਸਾਨ ਸੀਰੀ ਦੀ ਸਾਂਝ, ਪੇਂਡੂ ਨੌਜਵਾਨਾਂ ਦੇ ਨਸ਼ਿਆਂ ਵਿਚ ਡੁੱਬਣ ਕਾਰਨ ਤਿੜਕਦੇ ਰਿਸ਼ਤੇ, ਵਕਤ ਦੇ ਨਾਲ ਨਾਲ ਆਪਸੀ ਰਿਸ਼ਤਿਆਂ ਵਿਚ ਵਧ ਰਹੀ ਕੁੜੱਤਣ, ਨਜਾਇਜ਼ ਸਬੰਧਾਂ ਕਾਰਨ ਬਿਖਰਦੇ ਪਰਿਵਾਰ ਅਤੇ ਪਰਿਵਾਰਕ ਰਿਸ਼ਤੇ, ਆਦਿ ਦੀ ਪੇਸ਼ਕਾਰੀ ਵੀ ਕੀਤੀ ਹੈ।
ਨਾਵਲਕਾਰ ਨੇ ਜਿੱਥੇ ਕੋਚ ਜਗਮੀਤ ਦੀ ਬੇਟੀ ਅਤੇ ਹਿੰਮਤ ਰਾਏ ਦੇ ਬੇਟੇ ਦੇ ਆਪਸੀ ਸਬੰਧਾਂ ਨੂੰ ਬੜੀ ਖੂਬਸੂਰਤੀ ਅਤੇ ਪ੍ਰੋੜ੍ਹਤਾ ਨਾਲ ਬਿਆਨਿਆ ਹੈ, ਉਥੇ ਹੀ ਉਸ ਨੇ ਏਡਜ਼ ਵਰਗੀ ਨਾਮੁਰਾਦ ਬਿਮਾਰੀ ਅਤੇ ਟਰੱਕ ਡਰਾਈਵਰਾਂ ਦੇ ਇਸ ਨਾਲ ਜੁੜਨ ਤੇ ਉਨ੍ਹਾਂ ਦੇ ਜੀਵਨ ਤੇ ਇਸ ਦੇ ਅਸਰ ਨੂੰ ਵੀ ਦਿਖਾਇਆ ਹੈ। ਸਿੱਖਿਆ ਅਤੇ ਸ਼ਹਿਰੀ ਜੀਵਨ ਦਾ ਨਾਵਲ ਵਿਚ ਅਹਿਮ ਰੋਲ ਪੇਸ਼ ਕੀਤਾ ਗਿਆ ਹੈ। ਨਾਵਲ ਪੇਂਡੂ ਅਤੇ ਸ਼ਹਿਰੀ ਮਾਨਸਿਕਤਾ ਨੂੰ ਬਾਖੂਬੀ ਪੇਸ਼ ਕਰਦਾ ਹੈ।

ਂਡਾ: ਸੁਖਪਾਲ ਕੌਰ ਸਮਰਾਲਾ
ਮੋ: 98885-47099
ਫ ਫ ਫ

ਵਤਨਾਂ ਵਾਲੀ ਮਿੱਟੀ
ਲੇਖਕ : ਜੱਗਾ ਸਿੰਘ ਗਿੱਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 45
ਸੰਪਰਕ : 98553-48117.

ਜੱਗਾ ਸਿੰਘ ਗਿੱਲ ਉਰਫ਼ ਗਿੱਲ ਨੱਥੋਹੇੜੀ ਵਾਲਾ ਮੰਝਿਆ ਹੋਇਆ ਗੀਤਕਾਰ ਹੈ। ਉਸ ਨੇ ਵੰਨ-ਸੁਵੰਨਾ ਲਿਖਿਆ ਹੈ। ਕਈ ਕਲਾਕਾਰਾਂ ਨੇ ਉਸ ਦੇ ਗੀਤਾਂ ਨੂੰ ਆਵਾਜ਼ ਦਿੱਤੀ ਹੈ, ਜਿਨ੍ਹਾਂ ਵਿਚ ਕੁਝ ਚੰਗੀ ਕਾਮਯਾਬੀ ਹਾਸਲ ਕਰਨ ਵਿਚ ਕਾਮਯਾਬ ਰਹੇ। ਉਸ ਦੇ ਬਹੁਤੇ ਗੀਤਾਂ ਵਿਚੋਂ ਅੱਜ ਦੇ ਵਪਾਰਕ ਗਾਣਿਆਂ ਦੀ ਭਾਅ ਮਾਰਦੀ ਹੈ। ਉਹ ਸਰੂਰ ਵਾਲੇ ਗੀਤ ਲਿਖਦਾ ਹੈ। ਕੁਝ ਗੀਤ ਸਮਾਜਿਕਤਾ ਵਾਲੇ ਵੀ ਹਨ, ਪਰ ਬਹੁਗਿਣਤੀ ਵਪਾਰਕ।
'ਵਤਨਾਂ ਵਾਲੀ ਮਿੱਟੀ' ਗਿੱਲ ਨੱਥੋਹੇੜੀ ਵਾਲੇ ਦੇ ਗੀਤਾਂ ਦਾ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦੀਆਂ ਅੱਧੀ ਦਰਜਨ ਤੋਂ ਵੱਧ ਪੁਸਤਕਾਂ ਪ੍ਰਕਾਸ਼ਤ ਹੋਈਆਂ ਹਨ। ਉਹ ਆਪਣਾ ਉਸਤਾਦ ਮਰਹੂਮ ਗੁਰਦੇਵ ਸਿੰਘ ਮਾਨ ਨੂੰ ਮੰਨਦਾ ਹੈ ਤੇ ਉਸ ਮੁਤਾਬਕ ਉਨ੍ਹਾਂ ਦੇ ਆਸ਼ੀਰਵਾਦ ਨਾਲ ਹੀ ਉਹ ਗੀਤਕਾਰੀ ਵਿਚ ਪ੍ਰਵਾਨ ਚੜ੍ਹਿਆ।
'ਵਤਨਾਂ ਵਾਲੀ ਮਿੱਟੀ' ਵਿੱਚ ਭਾਂਤ-ਸੁਭਾਂਤੇ ਗੀਤ ਹਨ। ਇਸ਼ਕੀਆ, ਵਿਛੋੜੇ, ਤਾਂਘ, ਮਿਲਾਪ ਤੇ ਹਰ ਰੰਗ ਵਾਲੇ ਗੀਤ। ਇਕ ਗੀਤ ਵਿਚ ਉਸ ਨੇ ਵਤਨਾਂ ਵਾਲੀ ਮਿੱਟੀ ਨਾਲ ਮੋਹ ਦਾ ਜ਼ਿਕਰ ਅਲਹਿਦੇ ਢੰਗ ਨਾਲ ਕੀਤਾ ਹੈ :
ਤੈਨੂੰ ਬਾਹਲਾ ਮਾਣ ਰਕਾਨੇ,
ਲੰਮੀ ਗੋਰੀ ਚਿੱਟੀ ਦਾ,
ਤੈਥੋਂ ਜ਼ਿਆਦਾ ਪਿਆਰ ਅਸਾਂ ਨੂੰ,
ਵਤਨਾਂ ਵਾਲ਼ੀ ਮਿੱਟੀ ਦਾ।
ਇਸੇ ਤਰ੍ਹਾਂ ਇਕ ਹੋਰ ਗੀਤ ਵਿਚ ਉਹ ਔਸੀਆਂ ਪਾਉਂਦੀ ਇਕ ਮੁਟਿਆਰ, ਜਿਸ ਦਾ ਜੀਵਨ ਸਾਥੀ ਪ੍ਰਦੇਸ ਬੈਠਾ ਹੈ, ਉਸ ਦੀ ਤਾਂਘ ਨੂੰ ਪੇਸ਼ ਕਰਦਾ ਹੈ :
ਜਾਵੀਂ, ਜਾਵੀਂ ਵੇ ਚੰਦਰਿਆ ਕਾਵਾਂ,
ਮੈਂ ਕੁੱਟ ਕੁੱਟ ਪਾਵਾਂ ਚੂਰੀਆਂ।
ਮੇਰੇ ਢੋਲ ਦਾ ਲਿਆਦੇ ਸਿਰਨਾਵਾਂ,
ਮੈਂ ਕੁੱਟ ਕੁੱਟ ਪਾਵਾਂ ਚੂਰੀਆਂ।
ਇਹ ਦੋ ਗੀਤ ਗਿੱਲ ਨੱਥੋਹੇੜੀ ਵਾਲੇ ਦੀ ਗੀਤਕਾਰੀ ਦਾ ਨਮੂਨਾ ਹਨ। ਬਾਕੀ ਗੀਤਾਂ ਵਿਚੋਂ ਵੀ ਬਹੁਤੇ ਇਸੇ ਤਰ੍ਹਾਂ ਮੁਹੱਬਤੀ ਪ੍ਰਸੰਗ ਵਾਲੇ ਹਨ।

ਂਸਵਰਨ ਸਿੰਘ ਟਹਿਣਾ
ਮੋ: 98141-78883
ਫ ਫ ਫ

ਸ਼ਬਦ ਸਰਵਰੁ
ਪ੍ਰੋ: ਸੁਲੱਖਣ ਮੀਤ
ਸੰਪਾਦਕ : ਡਾ: ਅਮਰ ਕੋਮਲ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 450 ਰੁਪਏ, ਸਫ਼ੇ : 384
ਸੰਪਰਕ : 84378-73565.

ਪ੍ਰੋ: ਸੁਲੱਖਣ ਮੀਤ ਪੰਜਾਬੀ ਦਾ ਇਕ ਬਹੁਤ ਹੀ ਸਮਰੱਥਾਵਾਨ ਬਹੁਵਿਧਾਈ ਲੇਖਕ ਹੈ, ਜਿਹੜਾ ਨਿਰੰਤਰ ਪੰਜਾਬੀ ਸਾਹਿਤ ਸਿਰਜਣਾ ਨਾਲ ਜੁੜਿਆ ਹੋਇਆ ਹੈ। ਵੱਖ-ਵੱਖ ਕਾਲਜਾਂ ਵਿਚ ਜ਼ਿੰਮੇਵਾਰੀ ਵਾਲੇ ਅਹੁਦੇ ਪ੍ਰਿੰਸੀਪਲ ਦੀ ਪਦਵੀ ਗ੍ਰਹਿਣ ਕਰਨ ਦੇ ਬਾਵਜੂਦ ਉਸ ਨੇ ਸਾਹਿਤ ਰਚਨਾ ਪੂਰੀ ਤਨਦੇਹੀ, ਸਹਿਜਤਾ ਅਤੇ ਹਲੀਮੀ ਨਾਲ ਕੀਤੀ ਅਤੇ ਪੰਜਾਬੀ ਸਾਹਿਤ ਨੂੰ ਆਪਣੀਆਂ ਲਿਖਤਾਂ ਦੇ ਬਹੁਤ ਵੱਡੇ ਖਜ਼ਾਨੇ ਨਾਲ ਸਰਸ਼ਾਰ ਕੀਤਾ। ਡਾ: ਅਮਰ ਕੋਮਲ ਦੁਆਰਾ ਸੰਪਾਦਿਤ ਪੁਸਤਕ 'ਸ਼ਬਦ ਸਰਵਰੁ ਪ੍ਰੋ: ਸੁਲੱਖਣ ਮੀਤ' ਜਿਥੇ ਸੁਲੱਖਣ ਮੀਤ ਦੀਆਂ ਲਿਖਤਾਂ ਨੂੰ ਵੱਖ-ਵੱਖ ਵਿਦਵਾਨਾਂ ਦੁਆਰਾ ਵਾਚਣ ਦਾ ਨਜ਼ਰੀਆ ਪੇਸ਼ ਕਰਦੀ ਹੈ, ਉਥੇ ਉਸ ਦੀ ਨਿੱਜੀ ਜ਼ਿੰਦਗੀ ਅਤੇ ਕਾਮਯਾਬ ਹੋਣ ਦੇ ਸਿਰੜ ਦੀ ਨਿਸ਼ਾਨਦੇਹੀ ਵੀ ਕਰਦੀ ਹੈ।
ਇਤਿਹਾਸ ਦਾ ਵਿਦਿਆਰਥੀ ਹੋਣ ਦੇ ਬਾਵਜੂਦ ਅਤੇ ਪ੍ਰਿੰਸੀਪਲ ਦੇ ਤੌਰ 'ਤੇ ਜ਼ਿੰਮੇਵਾਰੀ ਨਿਭਾਉਣ ਦੇ ਨਾਲ-ਨਾਲ ਸਾਹਿਤ ਪ੍ਰਤੀ ਮੋਹ ਅਤੇ ਪਿਆਰ ਸਦਕਾ ਰਚਨਾਕਾਰੀ ਉਸ ਦੀ ਬਹੁਪੱਖੀ ਸ਼ਖ਼ਸੀਅਤ ਦਾ ਪ੍ਰਮਾਣ ਹੈ। ਇਸ ਪੁਸਤਕ ਵਿਚ ਸੰਪਾਦਕ ਨੇ ਜਿਥੇ ਸੁਲੱਖਣ ਮੀਤ ਦੀ ਜ਼ਿੰਦਗੀ ਦੇ ਜੀਵਨੀ ਮੂਲਕ ਵੇਰਵਿਆਂ ਦੇ ਨਾਲ-ਨਾਲ ਉਸ ਦੇ ਮਾਣ-ਸਨਮਾਨਾਂ ਦਾ ਲੰਮਾ ਬਿਓਰਾ ਪੇਸ਼ ਕੀਤਾ ਹੈ, ਉਥੇ ਪੁਸਤਕ ਨੂੰ 9 ਭਾਗਾਂ ਵਿਚ ਵੰਡ ਕੇ ਵੱਖ-ਵੱਖ ਸਾਹਿਤ ਰੂਪਾਂ ਤਹਿਤ ਉਸ ਦੀ ਰਚੀ ਰਚਨਾ ਨੂੰ ਵੱਖ-ਵੱਖ ਵਿਦਵਾਨਾਂ ਦੇ ਆਲੋਚਨਾਤਮਕ ਨਜ਼ਰੀਏ ਦੁਆਰਾ ਵਾਚਣ ਦਾ ਕਾਰਜ ਵੀ ਇਸ ਪੁਸਤਕ ਵਿਚ ਪੇਸ਼ ਕੀਤਾ ਹੈ। ਭਾਵੇਂ ਕਿ ਵਿਦਵਾਨਾਂ ਦੁਆਰਾ ਸੁਲੱਖਣ ਮੀਤ ਦੇ ਰਚਨਾ-ਸੰਸਾਰ ਦਾ ਅਧਿਐਨ ਵਿਸ਼ਲੇਸ਼ਣ ਪੇਸ਼ ਕੀਤਾ ਹੈ ਪਰ ਸਭ ਤੋਂ ਦਿਲਚਸਪ ਚੌਥਾ ਭਾਗਂ'ਮੈਂ ਤੇ ਮੈਂ' ਸਿਰਲੇਖ ਤਹਿਤ ਪੇਸ਼ ਹੋਇਆ ਹੈ ਜਦੋਂ ਸੁਲੱਖਣ ਮੀਤ ਸਵੈ-ਜੀਵਨੀ ਪਰਕ ਰੂਪ ਵਿਚ ਆਪਣੀਆਂ ਲਿਖਤਾਂ, ਆਪਣੇ ਪਾਤਰਾਂ ਅਤੇ ਆਪਣੀ ਮਾਨਸਿਕ ਅਵਸਥਾ ਵਿਚਲੀ ਸਾਹਿਤਕ ਜ਼ਮੀਨ ਦੀ ਨਿਸ਼ਾਨਦੇਹੀ ਪਾਠਕਾਂ ਨਾਲ ਸਾਂਝੀ ਕਰਦਾ ਹੈ। ਇਸ ਵੱਡ-ਆਕਾਰੀ ਪੁਸਤਕ ਵਿਚ ਪ੍ਰੋ: ਸੁਲੱਖਣ ਮੀਤ ਦੀਆਂ ਤਸਵੀਰਾਂ ਵੀ ਉਸ ਦੀ ਜ਼ਿੰਦਗੀ ਅਤੇ ਸਾਹਿਤਕ ਸਫ਼ਰ ਨੂੰ ਹੋਰ ਗੂੜੇ ਰੂਪ ਵਿਚ ਪਾਠਕਾਂ ਦੇ ਸਨਮੁੱਖ ਕਰਦੀਆਂ ਹਨ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਮਾਹੀ ਮੇਰਿਆ
ਲੇਖਿਕਾ : ਦਲਬੀਰ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ (ਸਜਿਲਦ), ਸਫ਼ੇ : 116
ਸੰਪਰਕ : 95925-66917.

'ਮਾਹੀ ਮੇਰਿਆ' ਕਾਵਿ-ਸੰਗ੍ਰਹਿ ਦਲਬੀਰ ਕੌਰ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਪੰਜਾਬੀ ਕਾਵਿ-ਜਗਤ 'ਚ 'ਮਾਹੀ' ਦੀ ਵਿਸ਼ੇਸ਼ ਮਹਿਮਾ ਕਹੀ ਗਈ ਹੈ। ਮਾਹੀ ਮਨਮੋਹਣਾ ਵੀ ਹੈ, ਮਾਹੀ ਅੜਬ ਵੀ ਹੈ, ਗੁੱਸੇਖੋਰ ਵੀ ਅਤੇ ਲਾਪਰਵਾਹ ਵੀ, ਪ੍ਰੰਤੂ ਇਥੇ ਦਲਬੀਰ ਉਸ ਨੂੰ 'ਸੱਜਰੇ ਸਵੇਰਿਆਂ' ਨਾਲ ਸਾਂਝ ਪਾ, ਮਿਹਨਤ-ਮੁਸ਼ੱਕਤ ਰਾਹੀਂ ਮੰਜ਼ਿਲ ਨੂੰ ਪਾਉਣ ਲਈ ਤਾਕੀਦ ਕਰਦੀ ਹੈ। ਮਾਹੀ ਤੋਂ ਵਿਛੜਨਾ ਬਿਰਹਾ ਦਾ ਸਬੱਬ ਬਣਦਾ ਹੈ, ਜਿਸ ਵਿਚੋਂ ਸ਼ਿੰਗਾਰ ਰਸ ਦੀ ਕਵਿਤਾ ਦਾ ਜਨਮ ਹੁੰਦਾ ਹੈ। ਸ਼ਿੰਗਾਰ ਰਸ ਦੇ ਦੋ ਪ੍ਰਮੁੱਖ ਰੂਪ ਮਿਲਾਪ ਅਤੇ ਵਿਛੋੜਾ ਹੈ। ਇਥੇ ਵਿਛੋੜੇ ਤੋਂ ਮਿਲਾਪ ਤੱਕ ਦੀ ਗਾਥਾ ਦਾ ਬਿਆਨ ਥਾਂ-ਪੁਰ-ਥਾਂ ਮਿਲਦਾ ਹੈ। ਇਸ ਤੋਂ ਇਲਾਵਾ ਕਵਿੱਤਰੀ ਨੇ ਨਾ-ਬਰਾਬਰੀ, ਪੂੰਜੀਵਾਦੀ ਵਿਵਸਥਾ ਵਿਰੁੱਧ ਰੋਸ, 1984 'ਚ ਸਿੱਖ ਕਤਲੇ-ਆਮ ਦਰਦ, ਆਧੁਨਿਕ ਪੰਜਾਬ ਵਿਚ ਨਸ਼ਿਆਂ ਦੇ ਵਗਦੇ ਵਹਿਣ ਦਾ ਸੰਤਾਪ, ਕੁਦਰਤੀ ਵਾਤਾਵਰਨ ਦਾ ਚਿਤਰਣ, ਰਿਸ਼ਤਿਆਂ ਵਿਚ ਆਈ ਖਟਾਸ, ਪੁਰਾਤਨ ਪੰਜਾਬ ਦੀ ਝਲਕ, ਮਾਂ ਦੀ ਤਰਸਯੋਗ ਹਾਲਤ ਦਾ ਵਰਨਣ ਅਤੇ ਹੋਰ ਸਾਮਿਅਕ ਵਿਸ਼ਿਆਂ ਉੱਪਰ ਵੀ ਕਵਿਤਾਵਾਂ ਸ਼ਾਮਿਲ ਕੀਤੀਆਂ ਹਨ। ਕਵਿੱਤਰੀ ਅਨੁਸਾਰ 21ਵੀਂ ਸਦੀ ਜੋ ਵਿਗਿਆਨ ਦੀ ਤਰੱਕੀ ਦੀ ਉੱਚਤਮ ਅਵਸਥਾ ਮੰਨੀ ਜਾ ਸਕਦੀ ਹੈ, ਵਿਚ ਮਨੁੱਖੀ ਰਿਸ਼ਤਿਆਂ ਵਿਚ ਵਿਸ਼ਵੀਕਰਨ ਦੇ ਪ੍ਰਭਾਵ ਹੇਠ, ਸਵਾਰਥੀਪੁਣੇ ਦੇ ਪਨਪਣ ਨਾਲ ਖਟਾਸ ਭਰ ਗਈ ਹੈ। ਸਭ ਕੁਝ ਓਪਰਾ-ਓਪਰਾ ਲਗਦਾ ਹੈ। ਮਨੁੱਖੀ ਆਤਮਾ ਅੰਦਰੋਂ ਸੰਵੇਦਨਾ ਮੁੱਕ ਚੁੱਕੀ ਹੈ। ਇਥੇ ਸਭ ਕੁਝ ਹੀ ਵਿਕਾਊ ਹੈ। 'ਵਿਕਾਊ' ਕਵਿਤਾ 'ਚੋਂ ਪੇਸ਼ ਹੈ, ਕੁਝ ਸਤਰਾਂ :
ਅੱਜ ਦਾ ਮਨੁੱਖ ਵਿਕਾਊ ਏ,
ਕੀਮਤ ਜਿੰਨੀ ਜ਼ਿਆਦਾ ਹੋਵੇਗੀ,
ਓਨਾ ਹੋਵੇਗਾ ਟਿਕਾਊ ਏ।
ਭਾਵਾਂ ਦੇ ਅਨੁਕੂਲ ਹੀ ਸੁਚੱਜੀ ਭਾਸ਼ਾ ਦੀ ਵਰਤੋਂ ਵੀ ਹੈ ਅਤੇ ਰਵਾਨਗੀ ਅਤੇ ਸਹਿਜਤਾ ਦਾ ਪ੍ਰਗਟਾ ਵੀ। ਕਈ-ਕਈ ਥਾਈਂ ਕਵਿਤਾ ਅੱਗੇ-ਪਿੱਛੇ ਵੀ ਹੋ ਜਾਂਦੀ ਹੈ ਪਰ ਕਵਿੱਤਰੀ ਅਭਿਆਸ ਨਾਲ ਇਸ ਤੋਂ ਛੇਤੀ ਹੀ ਨਿਜ਼ਾਤ ਪਾ ਲਵੇਗੀ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਗੀਤਾਂ ਭਰੀ ਚੰਗੇਰ
ਲੇਖਕ : ਹਰਬੰਸ ਸਿੰਘ ਕੰਵਲ
ਪ੍ਰਕਾਸ਼ਕ : ਕਵੀ ਆਪ
ਸਫ਼ੇ : 76
ਸੰਪਰਕ : 98889-83359.

ਇਸ 'ਗੀਤਾਂ ਭਰੀ ਚੰਗੇਰ' ਕਿਤਾਬਚੇ ਵਿਚ ਹਰਬੰਸ ਸਿੰਘ ਕੰਵਲ ਦੇ 6 ਦਰਜਨ ਦੇ ਲਗਪਗ ਗੀਤ ਹਨ। ਇਹ ਗੀਤ (ਭਾਵੇਂ ਕਵਿਤਾਵਾਂ ਹੋਣ) ਲਗਪਗ ਸਾਰੇ ਗਾਏ ਜਾ ਸਕਦੇ ਹਨ। ਇਸ ਸੰਗ੍ਰਹਿ ਦੇ ਗੀਤਾਂ ਦੇ ਆਧਾਰ ਤੱਤ ਮਨੁੱਖੀ ਭਾਵਨਾਵਾਂ ਅਤੇ ਜਜ਼ਬਾਤਾਂ ਦੀ ਸਹੀ ਪੇਸ਼ਕਾਰੀ ਹੈ। ਲੋਕ ਮਾਨਸਿਕਤਾ ਦੀ ਲੋਕਾਂ ਲਈ ਲਿਖੇ ਗੀਤ ਉਨ੍ਹਾਂ ਦੀ ਸੰਸਕ੍ਰਿਤੀ ਦੀ ਆਵਾਜ਼ ਬਣਦੇ ਹਨ ਅਤੇ ਸ਼ਬਦਾਂ ਰਾਹੀਂ ਲੋਕ ਸੰਸਕ੍ਰਿਤੀ ਨੂੰ ਤਸਵੀਰਦੇ ਹਨ। ਹਰਬੰਸ ਸਿੰਘ ਕੰਵਲ ਦੇ ਇਹ ਗੀਤ ਲੋਕ (ਪੰਜਾਬੀਆਂ ਦੀ) ਸੰਸਕ੍ਰਿਤੀ ਨੂੰ ਅਭਿਵਿਅਕਤ ਕਰਦੇ ਹਨ। ਜਿਵੇਂ ਕਣਕਾਂ ਦੇ ਗੀਤ, ਯਾਦਾਂ, ਬਚਪਨ, ਰੋਸੇ; ਸ਼ਿਕਵੇ; ਨਿਹੋਰੇ; ਡੋਲੀ ਲਾਲਾ ਪਰਾਂਦਾ; ਨਚਨਾ, ਗੋਰਾ ਮੁੱਖੜਾ, ਪਟੋਲਾ, ਦਰਸ਼ਣ; ਨਜ਼ਰ, ਜਵਾਨੀ, ਮੇਲਾ ਵੰਗਾਂ, ਢੋਲ, ਯਾਰੀ ਵਿਸ਼ੇ ਪੰਜਾਬੀ ਲੋਕ-ਸੰਸਕ੍ਰਿਤੀ ਦੇ ਨਰੋਏ ਅੰਗ ਹਨ। ਕੁਝ ਗੀਤਾਂ ਦੇ ਮੁੱਖੜੇ ਪੇਸ਼ ਹਨ :
ੲ ਜੱਟ ਮਾਰਦਾ ਫਿਰੇ ਲਲਕਾਰੇ, ਕਣਕਾਂ ਦੇ ਰੰਗ ਵੇਖ ਕੇ। ੲ ਡੋਲੀ ਚੁੱਕ ਲਓ ਕਹਾਰੋ ਅੱਜ ਮੇਰੀ, ਮੈਂ ਛੱਡ ਚੱਲੀ ਦੇਸ਼ ਆਪਣਾ। ੲ ਗੋਰੀ ਨੱਚਦੀ ਪੰਜਾਬੀਆਂ ਨਾਲ, ਬੱਲੇ ਬੱਲੇ ਹੋ ਗਈ ਮਿੱਤਰੋ! ੲ ਸਾਡੀ ਤਾਰਿਆਂ ਦੇ ਨਾਲ ਪੈ ਗਈ ਯਾਰੀ ਜਾਗ ਜਾਗ ਰਾਤਾਂ ਲੰਘੀਆਂ। ੲ ਜਦ ਵਜਿਆ ਪੰਜਾਬੀਆਂ ਦਾ ਢੋਲ, ਨੱਚ ਪਈਆਂ ਮੇਮਾਂ ਸਾਰੀਆਂ।
ਇਸ ਸੰਗ੍ਰਹਿ ਵਿਚ ਕੁਝ ਗ਼ਜ਼ਲਾਂ ਹਨ, ਉਹ ਵੀ ਗਾਉਣਯੋਗ ਹਨ। ਗੀਤਕਾਰ ਨੇ ਇਨ੍ਹਾਂ ਗੀਤਾਂ ਵਿਚ ਆਪਣੀਆਂ ਭਾਵਨਾਵਾਂ ਅਭਿਵਿਅਕਤ ਕੀਤੀਆਂ ਹਨ, ਉਹ ਪੰਜਾਬੀ ਸੰਸਕ੍ਰਿਤੀ ਦੀ ਉੱਚੀ-ਸੁੱਚੀ ਵਿਰਾਸਤੀ ਪ੍ਰਾਪਤੀ ਹੈ। ਕੋਈ ਗੀਤ ਅਸ਼ਲੀਲ ਨਹੀਂ। ਲੋੜ ਹੈ ਪੰਜਾਬੀ ਸੰਸਕ੍ਰਿਤੀ ਵਿਚ ਭਿੱਜੇ ਇਨ੍ਹਾਂ ਗੀਤਾਂ ਨੂੰ ਸੁਰਤਾਲ ਵਿਚ ਨਿਪੁੰਨ ਪੰਜਾਬੀ ਗਾਇਕਾਂ ਅਤੇ ਗਾਇਕਾਵਾਂ ਦੀ; ਜਿਨ੍ਹਾਂ ਦੀ ਸੁਰੀਲੀ ਆਵਾਜ਼ ਅਤੇ ਉੱਤਮ ਸੰਗੀਤ ਮਿਲ ਕੇ, ਇਨ੍ਹਾਂ ਗੀਤਾਂ ਨੂੰ ਪੰਜਾਬੀਆਂ ਦੇ ਧੁਰ ਮਨਾਂ ਤੱਕ ਸੰਚਾਰ ਕਰ ਸਕੇ।

ਂਡਾ: ਅਮਰ ਕੋਮਲ
ਮੋ: 084378-73565.
ਫ ਫ ਫ

ਚੰਡੀ ਦੀ ਵਾਰ
ਮਿਥਕ ਪਾਸਾਰ
ਲੇਖਕ : ਅਸ਼ੋਕ ਕੁਮਾਰ ਖੁਰਾਣਾ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼, ਜਲੰਧਰ
ਮੁੱਲ : 395 ਰੁਪਏ, ਸਫ਼ੇ : 200
ਸੰਪਰਕ : 98149-05361.

ਪੁਸਤਕ ਦੇ ਪੰਜ ਅਧਿਆਇ ਹਨ : ਮਿਥ: ਪਰਿਭਾਸ਼ਾ ਪ੍ਰਕਿਰਤੀ ਅਤੇ ਸਰੂਪਮਤ ਵਿਸੇਸ਼ਤਾਵਾਂ, ਚੰਡੀ ਦੀ ਵਾਰ : ਸੰਖੇਪ ਪਾਠ ਅਤੇ ਪਾਠਾਂਤਰ, ਚੰਡੀ ਦੀ ਵਾਰ : ਮਿਥਕ ਪਾਸਾਰ, ਚੰਡੀ ਦੀ ਵਾਰ : ਨਾਵਾਂ-ਥਾਵਾਂ, ਪਾਤਰਾਂ ਅਤੇ ਮਿਥਕ ਸੰਕੇਤਾਂ ਬਾਰੇ ਜਾਣਕਾਰੀ ਅਤੇ ਅਖੀਰਲਾ ਅਧਿਆਇ ਚੰਡੀ ਦੀ ਵਾਰ (ਮੂਲ ਪਾਠ) (ਪਦ-ਅਰਥ ਅਤੇ ਅਰਥ)।
ਪਹਿਲੇ ਪਾਠ ਵਿਚ ਲੇਖਕ ਨੇ ਇਹ ਦੱਸਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ। ਲੇਖਕ ਮਿਥ ਨੂੰ ਭਾਸ਼ਾ ਵਾਂਗ ਆਪਣੀ ਕਿਰਤ ਲਈ ਵਰਤਦਾ ਹੈ ਅਤੇ ਮਿਥ ਕਿਸੇ ਰਚਨਾ ਵਿਚ ਹੂ-ਬਹੂ ਪੇਸ਼ ਨਾ ਹੋ ਕੇ ਸਗੋਂ ਰੂਪਾਂਤ੍ਰਿਤ ਰੂਪ ਪੇਸ਼ ਹੁੰਦੀ ਹੈ। ਦੂਜੇ ਪਾਠ 'ਚ ਲੇਖਕ ਦਰਸਾਉਂਦਾ ਹੈ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਦੁਰਗਾ ਦੀ ਮਿਥ ਨੂੰ ਨਵੇਂ ਅਰਥ ਪ੍ਰਦਾਨ ਕੀਤੇ ਹਨ। ਤੀਜੇ ਪਾਠ 'ਚ ਅਸ਼ੋਕ ਕੁਮਾਰ ਖੁਰਾਣਾ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਗੋਬਿੰਦ ਸਿੰਘ ਦੁਆਰਾ ਰਚਿਤ ਇਸ ਵਾਰ ਦੀ ਗੁਰੂ ਜੀ ਸਮੇਂ ਕੀ ਪ੍ਰਸੰਗਿਕਤਾ ਸੀ? ਇਸ ਵਾਰ ਦਾ ਰੂਪਾਂਤ੍ਰਿਤ ਰੂਪ ਪੇਸ਼ ਕਿਉਂ ਕੀਤਾ। ਚੌਥੇ ਪਾਠ ਦੀ ਸੰਪੂਰਨ ਜਾਣਕਾਰੀ ਵੱਖ-ਵੱਖ ਕੋਸ਼ਾਂ, ਵਿਸ਼ਵ ਕੋਸ਼ਾਂ ਤੇ ਹੋਰ ਧਾਰਿਮਕ ਗ੍ਰੰਥਾਂ ਤੋਂ ਉਚਰਿਤ ਕੀਤੀ ਗਈ ਹੈ। ਪੰਜਵਾਂ ਪਾਠ ਚੰਡੀ ਦੀ ਵਾਰ ਦਾ ਮੂਲ ਪਾਠ ਤੇ ਅਰਥ ਹਨ।
ਪੁਸਤਕ ਪੜ੍ਹਨ, ਘੋਖਣ ਤੋਂ ਬਾਅਦ ਅਨੁਸ਼ਾਸਨੀ ਦ੍ਰਿਸ਼ਟੀ ਤੋਂ ਸਾਰੰਸ਼ ਇਹ ਨਿਕਲਦਾ ਹੈ ਕਿ ਲੇਖਕ ਕੋਲ ਆਪਣੀ ਕ੍ਰਿਤ ਨੂੰ ਪੇਸ਼ ਕਰਨ ਦੀ ਅਨੁਸ਼ਾਸਨੀ ਦ੍ਰਿਸ਼ਟੀ ਤੇ ਪ੍ਰਬੀਨ ਕਲਾ ਹੈ। ਸੌਖੀ ਸ਼ਬਦਾਵਲੀ, ਸਰਲ ਵਾਕ ਰਚਨਾ ਤੇ ਆਪਣੀ ਦਲੀਲ ਨੂੰ ਪੁਖ਼ਤਗੀ ਨਾਲ ਪੇਸ਼ ਕਰਨ ਲਈ ਸਟੀਕ ਤੱਥ ਤੇ ਸਾਹਿਤ ਅਧਿਐਨ ਨਾਲ ਜੁੜੇ ਭਾਰਤੀ ਤੇ ਪੱਛਮੀ ਸਾਹਿਤ ਚਿੰਤਨ ਦੇ ਸੰਕਲਪਾਂ ਨੂੰ ਡੂੰਘਾਈ ਨਾਲ ਸਮਝਣ ਦੀ ਕਲਾ ਲੇਖਕ ਦਾ ਹਾਸਲ ਹਨ। ਪਹਿਲੀਆਂ ਲਿਖੀਆਂ ਗਈਆਂ ਮਿਥ ਨਾਲ ਸਬੰਧਿਤ ਪੁਸਤਕਾਂ ਵਿਚ ਇਹ ਕਿਤਾਬ ਇਕ ਗੁਣਾਤਮਿਕ ਵਾਧਾ ਕਰਦੀ ਹੈ। ਖੋਜ ਵਿਦਿਆਰਥੀਆਂ, ਆਲੋਚਕਾਂ ਤੇ ਆਮ ਪਾਠਕਾਂ ਲਈ ਇਹ ਪੁਸਤਕ ਲਾਹੇਵੰਦ ਹੈ, ਰਾਹ ਦਸੇਰੀ ਹੈ। ਅੱਛੀ ਪੁਸਤਕ ਨੂੰ ਜੀ ਆਇਆਂ।

ਂਪ੍ਰੋ: ਸਤਪਾਲ ਸਿੰਘ
ਮੋ: 98725-21515.

ਪਹਿਲਾ ਪਾਣੀ ਜੀਉ ਹੈ
ਸੰਪਾਦਕ : ਬਲਜਿੰਦਰ ਸਿੰਘ ਬਾਗੀ ਕੋਟਭਾਰਾ
ਪ੍ਰਕਾਸ਼ਕ : ਫਤਿਹ ਟਾਈਮਜ਼ ਪਬਲੀਕੇਸ਼ਨ, ਬਠਿੰਡਾ
ਮੁੱਲ : 100 ਰੁਪਏ, ਸਫ਼ੇ : 102
ਸੰਪਰਕ : 97795-22211.

ਵਿਦਵਾਨ ਲੇਖਕ ਅਤੇ ਚਿੰਤਕ ਬਲਜਿੰਦਰ ਸਿੰਘ ਬਾਗੀ ਕੋਟਭਾਰਾ ਵਲੋਂ ਸੰਪਾਦਤ ਇਸ ਪੁਸਤਕ ਵਿਚ ਉਨ੍ਹਾਂ ਦੇ ਲੇਖ ਸਮੇਤ ਕੁੱਲ 12 ਲੇਖ ਦਰਜ ਹਨ। ਇਨ੍ਹਾਂ ਸਾਰਿਆਂ ਲੇਖਾਂ ਦਾ ਵਿਸ਼ਾ ਇਕ ਬੇਹੱਦ ਅਹਿਮ ਨੁਕਤੇ ਨੂੰ ਬਿਆਨ ਕਰਦਾ ਹੈ ਅਤੇ ਉਹ ਹੈ ਪੰਜਾਬ ਦੇ ਪਾਣੀਆਂ ਦੀ ਬਸਤੀਵਾਦੀ ਲੁੱਟ। ਪਲੇਠੇ ਲੇਖ 'ਪਹਿਲਾ ਪਾਣੀ ਜੀਓ ਹੈ' ਰਾਹੀਂ ਸੰਪਾਦਕ ਨੇ ਖ਼ਬਰਦਾਰ ਕੀਤਾ ਹੈ ਕਿ ਜਿਸ ਢੰਗ ਨਾਲ ਪੰਜਾਬ ਦੇ ਪਾਣੀਆਂ ਦੇ ਹੱਕਾਂ ਉੱਤੇ ਸਮੇਂ ਦੀਆਂ ਕੇਂਦਰ ਸਰਕਾਰਾਂ ਵਲੋਂ ਡਾਕਾ ਮਾਰਿਆ ਜਾ ਰਿਹਾ ਹੈ। ਸੁਖਦੇਵ ਸਿੰਘ ਹੁਰਾਂ ਦਾ ਲੇਖ ਦਰਿਆਈ ਪਾਣੀਆਂ ਦੇ ਮੁੱਦੇ ਉੱਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਵਲੋਂ ਕੀਤੀ ਜਾ ਰਹੀ ਸਿਆਸਤ ਨੂੰ ਬੇਨਕਾਬ ਕਰਦਾ ਹੈ। ਮੈਂਬਰ ਪਾਰਲੀਮੈਂਟ ਡਾ: ਧਰਮਵੀਰ ਗਾਂਧੀ ਦਾ ਲੇਖ 'ਪੰਜਾਬ ਦੇ ਪਾਣੀਆਂ ਦੀ ਲੁੱਟ ਦੀ ਦਾਸਤਾਨ' ਸਿਰਲੇਖ ਹੇਠ ਪੰਜਾਬ ਨਾਲ ਹੋ ਰਹੇ ਧੱਕੇ ਨੂੰ ਅੰਕੜਿਆਂ ਅਤੇ ਚਾਰਟਾਂ ਰਾਹੀਂ ਬਿਆਨ ਕਰਦਾ ਹੈ। ਪਰਮਜੀਤ ਸਿੰਘ ਗਾਜ਼ੀ ਨੇ ਇਸ ਮਸਲੇ ਨੂੰ 'ਜਲ ਬਿਨੁ ਸਾਖ ਕੁਮਲਾਵਤੀ' ਸਿਰਲੇਖ ਦਿੰਦੇ ਹੋਏ ਗੁਰਬਾਣੀ ਦੇ ਢੁੱਕਵੇਂ ਪ੍ਰਮਾਣ ਦੇ ਕੇ ਬਿਆਨਿਆ ਹੈ। ਇਸੇ ਤਰ੍ਹਾਂ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਜੁਝਾਰੂ ਸਿੰਘਾਂ ਅਤੇ ਉਨ੍ਹਾਂ ਦੇ ਐਕਸ਼ਨਾਂ ਦਾ ਜ਼ਿਕਰ ਵੀ ਕੀਤਾ ਗਿਆ ਹੈ ਅਤੇ ਇਸ ਕੰਮ ਲਈ ਪੰਥਕ ਦਸਤਾਵੇਜ਼ਾਂ ਦਾ ਹਵਾਲਾ ਦਿੱਤਾ ਗਿਆ ਹੈ। ਇਤਿਹਾਸ ਦੇ ਵਰਕਿਆਂ ਨੂੰ ਫਰੋਲਦੇ ਹੋਏ ਲੇਖਕਾਂ ਸੁਖਦੀਪ ਸਿੰਘ ਬਰਨਾਲਾ ਅਤੇ ਬਲਜੀਤ ਸਿੰਘ ਖਾਲਸਾ ਨੇ ਵੀ ਖੋਜ ਭਰਪੂਰ ਲੇਖ ਪਾਠਕਾਂ ਮੂਹਰੇ ਕੀਤੇ ਹਨ ਅਤੇ ਅਖੀਰਲੇ ਲੇਖ ਵਿਚ ਜਸਪਾਲ ਸਿੰਘ ਸਿੱਧੂ ਨੇ ਵੀ ਪੰਜਾਬ ਦੇ ਪਾਣੀਆਂ ਦੀ ਲੁੱਟ ਦੀ ਕਾਰਵਾਈ ਨੂੰ ਬਸਤੀਵਾਦੀ ਲੁੱਟ ਦੇ ਸੰਦਰਭ ਵਿਚ ਬਿਆਨ ਕੀਤਾ ਹੈ।

ਂਤੀਰਥ ਸਿੰਘ ਢਿੱਲੋਂ
5-ਠ਼ਜ;: ਵਜਗ਼ਵੀਤਜਅਪੀਦੀਜ;;ਰਅ੦੪0ਪਠ਼ਜ;.ਫਰਠ
ਫ ਫ ਫ

ਨਾਰੀ ਸੰਵੇਦਨਾ ਨੂੰ ਪ੍ਰਗਟਾਉਂਦਾ ਕਾਵਿ ਸੰਗ੍ਰਹਿ
ਸੂਰਜ ਡੁੱਬਦਾ ਨਹੀਂ
ਸੰਪਾਦਕ : ਡਾ: ਮਨਪ੍ਰੀਤ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 96467-36802.

ਹਥਲੀ ਪੁਸਤਕ ਕਵਿੱਤਰੀ ਦਵਿੰਦਰਪ੍ਰੀਤ ਦੀ ਕਾਵਿ ਪੁਸਤਕ 'ਸੂਰਜ ਡੁੱਬਦਾ ਨਹੀਂ' ਉੱਤੇ ਵੱਖ-ਵੱਖ ਵਿਦਵਾਨਾਂ ਵਲੋਂ ਲਿਖੀ ਗਈ ਸਮੀਖਿਆ-ਲੇਖਾਂ ਦਾ ਸੰਗ੍ਰਹਿ ਹੈ, ਜਿਸ ਨੂੰ ਡਾ: ਮਨਪ੍ਰੀਤ ਕੌਰ ਨੇ ਸੰਪਾਦਨ ਕੀਤਾ ਹੈ। 'ਸੂਰਜ ਡੁੱਬਦਾ ਨਹੀਂ' ਕਾਵਿ ਸੰਗ੍ਰਹਿ ਵਿਚ ਦਵਿੰਦਰਪ੍ਰੀਤ ਦੀਆਂ 4 ਦਰਜਨ ਭਾਵਪੂਰਤ ਕਵਿਤਾਵਾਂ ਹਨ, ਜਿਸ ਵਿਚ ਉਸ ਦੀ ਕਵਿਤਾ 'ਸੂਰਜ ਡੁੱਬਦਾ ਨਹੀਂ' ਹੀ ਉਸ ਪੁਸਤਕ ਦਾ ਨਾਮਕਰਨ ਕੀਤਾ ਗਿਆ। ਦਵਿੰਦਰਪ੍ਰੀਤ ਦੀ ਕਵਿਤਾ ਦਾ ਮੁੱਖ ਤੌਰ 'ਤੇ ਪਿਆਰ ਮੁਹੱਬਤ, ਔਰਤ ਦੀ ਮਾਨਸਿਕ ਵੇਦਨਾ, ਔਰਤ ਦੀ ਸਮਾਜ ਵਿਚ ਗੌਣ ਸਥਿਤੀ ਤੇ ਨਿੱਜੀ ਰੁਦਨ ਦਾ ਰੰਗ ਹੈ। ਪਰ ਇਨ੍ਹਾਂ ਕਵਿਤਾਵਾਂ ਵਿਚ ਸਮਕਾਲੀ ਸਮਾਜ ਦੀਆਂ ਕਰੂਰਤਾਵਾਂ ਅਤੇ ਸਮੱਸਿਆਵਾਂ ਨੂੰ ਵੀ ਪੇਸ਼ ਕੀਤਾ ਗਿਆ ਹੈ। ਦਵਿੰਦਰਪ੍ਰੀਤ ਨੇ ਧਾਰਮਿਕਤਾ, ਰਾਜਨੀਤੀ, ਸੱਭਿਆਚਾਰਕ ਮਸਲੇ ਅਤੇ ਆਰਥਿਕ ਮਸਲਿਆਂ ਨੂੰ ਵੀ ਕਾਵਿ ਮੂਰਤੀਮਾਨ ਕੀਤਾ ਹੈ। ਔਰਤ ਬਾਰੇ ਉਸ ਦੀਆਂ ਕਈ ਭਾਵਪੂਰਤ ਕਵਿਤਾਵਾਂ ਹਨ। ਕਵਿੱਤਰੀ ਨੇ ਆਮ ਕਰਕੇ ਵਾਰਤਕ ਕਵਿਤਾ ਸਿਰਜੀ ਹੈ, ਜਿਸ ਵਿਚ ਆਪਣੇ ਜਜ਼ਬਾਤਾਂ ਨੂੰ ਉਸ ਨੇ ਬੜੀ ਦਲੇਰ ਤੇ ਸੰਜੀਦਾ ਭਾਸ਼ਾ ਵਿਚ ਪੇਸ਼ ਕੀਤਾ। ਹਥਲੀ ਪੁਸਤਕ ਦਵਿੰਦਰਪ੍ਰੀਤ ਦੀ ਉਕਤ ਪੁਸਤਕ ਦੇ ਵੱਖ-ਵੱਖ ਪਹਿਲੂਆਂ ਨੂੰ ਵਿਦਵਤਾ ਨਾਲ ਪ੍ਰਗਟਾਉਂਦੀ ਹੈ। ਇਸ ਵਿਚ ਜਿਨ੍ਹਾਂ ਵਿਦਵਾਨ ਲੇਖਕਾਂ ਦੇ ਲੇਖ ਹਨ, ਉਨ੍ਹਾਂ ਦੇ ਨਾਂਅ ਇਹ ਹਨ : ਡਾ: ਗੁਰਪ੍ਰੀਤ ਕੌਰ, ਡਾ: ਮਨਪ੍ਰੀਤ ਕੌਰ, ਡਾ: ਸਰੋਜ ਰਾਣੀ ਸ਼ਰਮਾ, ਡਾ: ਮਨਦੀਪ ਕੌਰ ਢੀਂਡਸਾ, ਡਾ: ਪਲਵਿੰਦਰ ਕੌਰ, ਡਾ: ਸਤਿੰਦਰ ਕੌਰ, ਡਾ: ਤਰਨਜੀਤ ਕੌਰ, ਡਾ: ਬਲਵਿੰਦਰ ਕੌਰ, ਡਾ: ਰਜਵਿੰਦਰ ਕੌਰ ਨਾਗਰਾ, ਡਾ: ਸੁਖਵੀਰ ਕੌਰ, ਡਾ: ਅਮਨਦੀਪ ਕੌਰ, ਪ੍ਰੋ: ਪਰਮਜੀਤ ਕੌਰ ਔਲਖ, ਪ੍ਰੋ: ਸਨਦੀਪ ਕੌਰ, ਪ੍ਰੋ: ਇੰਦਰਜੀਤ ਕੌਰ, ਪ੍ਰੋ: ਰਮਨਪ੍ਰੀਤ ਕੌਰ, ਪ੍ਰੋ: ਮਨਪ੍ਰੀਤ ਕੌਰ, ਪ੍ਰੋ: ਸੁਖਜਿੰਦਰ ਕੌਰ, ਡਾ: ਲਖਵੀਰ ਕੌਰ, ਪ੍ਰੋ: ਜਗਪਾਲ ਸਿੰਘ, ਵੰਦਨਾ ਤੇ ਦਰਸ਼ਨ ਕੌਰ।
ਅਸਲ ਵਿਚ ਦਵਿੰਦਰਪ੍ਰੀਤ ਕੌਰ ਦੀ ਅਜੇ ਕਾਵਿਕ ਸਥਿਤੀ ਏਨੀ ਉਚੇਰੀ ਨਹੀਂ ਸੀ ਬਣਦੀ ਕਿ ਉਸ ਦੀ ਸਮੀਖਿਆ ਬਾਰੇ 20 ਤੋਂ ਵਧੇਰੇ 'ਵਿਦਵਾਨਾਂ' ਦੇ ਸਰਟੀਫੀਕੇਟਾਂ ਦੀ ਲੋੜ ਪੈਂਦੀ। ਇਹ ਇਕ ਟ੍ਰੈਂਡ ਹੈ ਜੋ ਵਕਤ ਤੋਂ ਪਹਿਲਾਂ ਹੀ ਸਥਾਪਤੀ ਵੱਲ ਤਰਲੋਮੱਛੀ ਹੈ।

ਫ ਫ ਫ

ਅਹਿਸਾਸ
ਗ਼ਜ਼ਲਕਾਰ : ਰੂਪ ਸਿੱਧੂ
ਪ੍ਰਕਾਸ਼ਕ : ਸਾਹਿਬਦੀਪ ਪ੍ਰਕਾਸ਼ਨ ਭੀਖੀ (ਮਾਨਸਾ)
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 99889-13155.

'ਅਹਿਸਾਸ' ਪੰਜਾਬੀ ਗ਼ਜ਼ਲ ਦੇ ਉਮਦਾ ਸ਼ਾਇਰ ਰੂਪ ਸਿੱਧੂ ਦਾ ਪਲੇਠਾ ਗ਼ਜ਼ਲ ਸੰਗ੍ਰਹਿ ਹੈ। ਅਹਿਸਾਸਮੰਦ ਅਤੇ ਜ਼ਿੰਦਗੀ ਨਾਲ ਨੇੜਿਓਂ ਰਿਸ਼ਤਾ ਪਾਲਦੇ ਇਸ ਸੰਗ੍ਰਹਿ ਵਿਚ 110 ਉੱਚ ਪਾਏ ਦੀਆਂ ਗ਼ਜ਼ਲਾਂ ਹਨ। ਸ਼ਾਇਰ ਨੇ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਉੱਤੇ ਫਲਸਫ਼ਾ ਭਰਪੂਰ ਨਿਗਾਹ ਰੱਖ ਕੇ ਹੰਸ ਬੁੱਧ ਨਾਲ ਅਹਿਸਾਸ ਚੁਣ ਕੇ ਉਨ੍ਹਾਂ ਨੂੰ ਸ਼ਿਅਰਾਂ ਵਿਚ ਢਾਲਿਆ ਹੈ। ਸ਼ਿਅਰਾਂ ਦੀ ਸਾਦਗੀ, ਸਰਲ ਬਿਆਨੀ, ਸਪੱਸ਼ਟਤਾ ਅਤੇ ਸੁਚਿਰਤਾ ਪਾਠਕ ਇਸ ਨੂੰ ਗ੍ਰਹਿਣ ਕਰਨ ਵਿਚ ਔਖ ਮਹਿਸੂਸ ਨਹੀਂ ਕਰਦਾ। ਆਮ ਕਰਕੇ ਜਿਹੜੇ ਸ਼ਾਇਰਾਂ ਨੂੰ ਗ਼ਜ਼ਲ-ਤਕਨੀਕ ਅਤੇ ਰੂਪਕ ਪੱਖ ਉੱਤੇ ਪਕੜ ਹੋ ਜਾਂਦੀ ਹੈ, ਉਹ ਵਿਸ਼ੇ ਨੂੰ ਗੁੰਝਲਦਾਰ ਬਣਾ ਕੇ ਪੇਸ਼ ਕਰਨ ਲਗਦੇ ਹਨ ਪਰ ਰੂਪ ਸਿੱਧੂ ਭਾਵੇਂ ਇਕ ਪੂਰਨ ਗ਼ਜ਼ਲ-ਰੂਪ-ਸਾਧਕ ਹੈ ਪਰ ਉਸ ਦੇ ਸ਼ਿਅਰਾਂ ਦੀ ਭਾਸ਼ਾ ਸਰਲ ਹੈ। ਇਸ ਸਰਲਤਾ ਵਿਚ ਡੂੰਘੇ ਅਹਿਸਾਸ ਅਤੇ ਜਜ਼ਬਾਤ ਹਨ। ਸ਼ਾਇਰ ਨੇ ਸੰਸਾਰ ਪੱਧਰ ਦੇ ਮਸਲੇ ਵੀ ਸਹਿਜ ਨਾਲ ਪੇਸ਼ ਕੀਤੇ ਹਨ। ਉਸ ਦੇ ਇਹ ਸ਼ਿਅਰ ਵੇਖੋ :
-ਕਿੰਨਾ ਦਰਦ ਛੁਪਾ ਕੇ ਰੱਖਿਆ ਹੈ
ਪਰਜਾ ਚੁਪ ਕੀਤੀ ਨੇ।
ਸੱਥ ਸੁਲਗਣੇ ਲਾ ਦਿੱਤੀ
ਇਕ ਕਿਰਤੀ ਦੀ ਹੱਡ ਬੀਤੀ ਨੇ
-ਮੰਦਿਰਾਂ, ਮਠ, ਮਹਿਫ਼ਿਲਾਂ,
ਮੈਖਾਨਿਆਂ ਵਿਚ ਰਾਜਨੀਤੀ।
ਰਿੰਦ ਸਾਕੀ, ਬੋਤਲਾਂ,
ਪੈਮਾਨਿਆਂ ਵਿਚ ਰਾਜਨੀਤੀ।
ਬਜਾਏ ਇਸ ਦੇ ਕਿ ਸ਼ਾਇਰ ਰਾਜਨੀਤੀ ਦੀ ਸਰਬ ਵਿਆਪਕਤਾ ਦਾ ਲੰਮਾ ਵਿਖਿਆਨ ਦਿੰਦਾ ਉਸ ਨੇ ਇਕ ਹੀ ਸ਼ਿਅਰ ਵਿਚ ਸਪੱਸ਼ਟ ਕਰ ਦਿੱਤਾ ਹੈ ਕਿ ਰਾਜਨੀਤੀ ਹਰ ਇਨਸਾਨ ਨੂੰ ਹਰ ਕੋਣ ਤੋਂ ਪ੍ਰਭਾਵਿਤ ਕਰਦੀ ਹੈ। ਪੁਸਤਕ ਦੀ ਬਹੁਤੀ ਸ਼ਾਇਰੀ ਆਦਮੀ ਦੀ ਨੈਤਿਕਤਾ ਪ੍ਰਤੀ ਸਲਾਮੀ ਹੈ। ਸ਼ਾਇਰ ਚਾਹੁੰਦਾ ਹੈ ਕਿ ਸਮਾਜ ਦੇਸ਼ ਅਤੇ ਸੰਸਾਰ ਪੱਧਰ ਉੱਤੇ ਜ਼ਿੰਦਗੀ ਦੀ ਨੈਤਿਕਤਾ ਬਹਾਲ ਰਹੇ। ਸ਼ਾਇਰ ਨੂੰ ਰੋਟੀ-ਰੋਜ਼ੀ ਵਾਸਤੇ ਅਰਬ ਦੇਸ਼ ਵਿਚ ਪ੍ਰਵਾਸ ਕਰਨਾ ਪਿਆ ਪਰ ਉਹ ਆਪਣੀ ਮਿੱਟੀ ਨੂੰ ਨਹੀਂ ਭੁੱਲਾ। ਉਹ ਕਹਿੰਦਾ ਹੈ ਕਿ ਆਪਣੀ ਮਿੱਟੀ ਦੀ ਮਹਿਕ ਪੰਜ ਤਾਰਾ ਹੋਟਲਾਂ ਵਿਚੋਂ ਨਹੀਂ ਲੱਭ ਸਕਦੀ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

02/12/2017

 ਕਿਰਤੀ ਕਾਵਿ
(1926-1940)

ਸੰਪਾਦਕ : ਅਮੋਲਕ ਸਿੰਘ
ਪ੍ਰਕਾਸ਼ਕ : ਦੇਸ਼ ਭਗਤ ਪ੍ਰਕਾਸ਼ਨ, ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ
ਮੁੱਲ : 200 ਰੁਪਏ, ਸਫ਼ੇ : 576
ਸੰਪਰਕ : 94170-76735.

ਕਿਰਤੀ ਲਹਿਰ ਨਾਲ ਸਬੰਧਿਤ ਕਵਿਤਾ ਦੀ ਸਿਰਜਣਾ ਦਾ ਸਮਾਂ 1926 ਈ: ਤੋਂ ਲੈ ਕੇ ਦੂਜੇ ਵਿਸ਼ਵ ਯੁੱਧ ਤੱਕ ਫੈਲਿਆ ਹੋਇਆ ਹੈ। ਇਹ ਕਵਿਤਾ ਬਹੁਪੱਖੀ, ਬਹੁਮੁੱਲੀ ਖੋਜ ਲਈ ਉਤੇਜਿਤ ਕਰਦੀ ਹੈ। ਨਾਲ ਦੀ ਨਾਲ ਗੰਭੀਰ ਅਤੇ ਮੁੱਲਵਾਨ ਸੰਵਾਦ ਛੇੜਦੀ ਹੈ। ਸੌ ਸਾਲਾਂ ਦੇ ਵਕਫ਼ੇ ਬਾਅਦ ਵੀ ਇਸ ਕਵਿਤਾ ਦੀ ਪ੍ਰਸੰਗਿਕਤਾ ਨਵੀਆਂ ਪੀੜ੍ਹੀਆਂ ਨੂੰ ਪ੍ਰੇਰਨਾ ਦੇਣ ਦੇ ਨਾਲ-ਨਾਲ ਨਵੇਂ ਦਿਸਹੱਦਿਆਂ ਦੀ ਬਾਤ ਪਾਉਂਦੀ ਹੈ। ਇਹ ਕਾਵਿ ਕਿਰਤੀ ਅਤੇ ਸਰਮਾਏਦਾਰ ਦਾ ਪ੍ਰਵਚਨ ਹੈ। ਇਸ ਕਵਿਤਾ ਦਾ ਸਿਰਜਕ ਲੁੱਟ ਦਾ ਸ਼ਿਕਾਰ ਕਿਰਤੀ ਆਪ ਹੈ, ਜਿਸ ਕਰਕੇ ਇਸ ਲੁੱਟ ਨੂੰ ਵਧੇਰੇ ਕਾਰਗਰ ਢੰਗ ਨਾਲ ਪੇਸ਼ ਕਰਦਾ ਹੈ। ਇਹ ਅਨੁਭਵ ਉਸ ਦਾ ਆਪਣਾ ਹੱਡੀਂ ਹੰਡਾਇਆ ਹੋਇਆ ਹੈ। ਕਿਰਤੀ ਲਹਿਰ ਦੀ ਕਵਿਤਾ ਵਧੇਰੇ ਕਰਕੇ ਜਮਾਤੀ ਭੇਦ ਵਿਚ ਵਿਸ਼ਵਾਸ ਕਰਦੀ ਹੋਈ ਦੁਨੀਆ ਭਰ ਦੇ ਕਿਰਤੀਆਂ ਨੂੰ ਇਕ ਦੇਖਣਾ ਚਾਹੁੰਦੀ ਸੀ। ਇਸ ਵਿਚੋਂ ਇਕੋ ਸਮੇਂ ਕਈ ਗੂੰਜਾਂ ਸੁਣਾਈ ਦਿੰਦੀਆਂ ਹਨ। ਇਹ ਕਵਿਤਾ ਆਪਣੀ ਸਿਆਸੀ ਦ੍ਰਿਸ਼ਟੀ ਤੋਂ ਕੁਝ ਚਿੰਨ੍ਹਾਂ ਬਾਰੇ ਸਪੱਸ਼ਟ ਤੇ ਪੂਰਬਲੀ ਗ਼ਦਰ ਲਹਿਰ ਦੀ ਕਵਿਤਾ ਤੋਂ ਵੱਖਰੀ ਹੈ। ਇਹ ਕਵਿਤਾ ਬਸਤੀਵਾਦ ਸਾਮਰਾਜੀ ਬਰਤਾਨਵੀ ਹਕੂਮਤ ਦਾ ਖ਼ਾਤਮਾ ਕਰਕੇ ਦੇਸ਼ ਅੰਦਰ ਕਿਰਤੀਆਂ ਅਤੇ ਕਿਸਾਨਾਂ ਦਾ ਅਜਿਹਾ ਰਾਜ ਸਥਾਪਿਤ ਕਰਨਾ ਚਾਹੁੰਦੀ, ਜਿਹੜਾ ਕਿਰਤ ਦੀ ਲੁੱਟ ਨਾ ਹੋਣ ਦੇਵੇ। ਇਹ ਕਵਿਤਾ ਸੰਸਾਰ ਭਰ ਦੇ ਮਿਹਨਤਕਸ਼ਾਂ ਦੀ ਏਕਤਾ ਦਾ ਨਾਅਰਾ ਲਾਉਂਦੀ ਹੈ। ਕਿਰਤੀ ਲਿਖਦਾ ਹੈਂ
ਉਠੋ! ਕਿਰਤਿਓ!! ਅੱਖੀਆਂ ਖੋਹਲ ਦੇਖੋ
ਤੁਹਾਨੂੰ ਸੁੱਤਿਆਂ ਨੂੰ ਕਈ ਸਾਲ ਹੋ ਗਏ
ਖ਼ੂਨ ਚੂਸੀ ਜਾਂਦੇ ਪੂੰਜੀਦਾਰ ਸਾਡਾ
ਅਸੀਂ ਵੀਰਨੋ ਬਹੁਤ ਕੰਗਾਲ ਹੋ ਗਏ।
('ਕਿਰਤੀ' ਅੰਮ੍ਰਿਤਸਰ, ਨਵੰਬਰ 1929) ਪੰਨਾ 320
ਲਗਪਗ ਇਕ ਸਦੀ ਮਗਰੋਂ ਕਿਰਤੀ ਲਹਿਰ ਦੀ ਕਵਿਤਾ ਨੂੰ ਸੰਗ੍ਰਹਿ ਦੇ ਰੂਪ ਵਿਚ ਇਕੱਤਰ ਕਰਨ ਦਾ ਉਪਰਾਲਾ ਦੇਸ਼ ਭਗਤ ਯਾਦਗਾਰ ਕਮੇਟੀ ਨੇ ਕਰਕੇ ਇਕ ਗੰਭੀਰ ਭਾਂਤ ਦੀ ਵਿਚਾਰ ਚਰਚਾ ਛੇੜੀ ਹੈ। ਇਹ ਕਵਿਤਾ ਖੋਜੀਆਂ ਦੀ ਦਿਲਚਸਪੀ ਵਿਚ ਵਾਧਾ ਕਰੇਗੀ ਅਤੇ ਕਈ ਨਵੀਆਂ ਪਰਤਾਂ ਉਜਾਗਰ ਕਰੇਗੀ।

ਂਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.
ਫ ਫ ਫ

ਆਧੁਨਿਕ ਕਾਲ ਦਾ ਕ੍ਰਿਸ਼ਨ ਕਾਵਿ
ਸੰਪਾਦਕ : ਡਾ: ਬਲਦੇਵ ਸਿੰਘ ਬੱਦਨ, ਡਾ: ਧਰਮਪਾਲ ਸਿੰਗਲ
ਪ੍ਰਕਾਸ਼ਕ : ਲਕਸ਼ਯ ਪ੍ਰਕਾਸ਼ਨ, ਦਿੱਲੀ
ਮੁੱਲ : 450 ਰੁਪਏ, ਸਫ਼ੇ : 326

ਸ੍ਰੀ ਕ੍ਰਿਸ਼ਨ ਪੰਜਾਬੀ ਸੱਭਿਆਚਾਰ ਦਾ ਇਕ ਉੱਜਵਲ ਪ੍ਰਤੀਕ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤੀ ਸੱਭਿਆਚਾਰ ਦੇ ਪ੍ਰਸੰਗ ਵਿਚ ਉਸ ਦੇ ਮਹੱਤਵ ਦੇ ਕਾਰਨ 'ਕ੍ਰਿਸ਼ਨਾਵਤਾਰ' ਨਾਂਅ ਦੇ ਖੰਡ ਕਾਵਿ ਦੀ ਰਚਨਾ ਕੀਤੀ ਹੈ। ਆਧੁਨਿਕ ਪੰਜਾਬੀ ਸਾਹਿਤ ਨਾਲ ਸਬੰਧਿਤ ਅਨੇਕ ਕਵੀਆਂ ਨੇ ਉਸ ਬਾਰੇ ਕਵਿਤਾਵਾਂ, ਮਸਨਵੀਆਂ ਅਤੇ ਗੀਤਾਂ ਦੀ ਰਚਨਾ ਕੀਤੀ ਹੈ। ਡਾ: ਸਿੰਗਲ ਅਤੇ ਡਾ: ਬੱਦਨ ਨੇ ਆਧੁਨਿਕ ਪੰਜਾਬੀ ਕਾਵਿ ਵਿਚ 167 ਕਵਿਤਾਵਾਂ ਦੀ ਨਿਸ਼ਾਨਦੇਹੀ ਕੀਤੀ ਹੈ, ਜਿਨ੍ਹਾਂ ਵਿਚ ਸ੍ਰੀ ਕ੍ਰਿਸ਼ਨ ਦਾ ਨਾਇਕਤਵ ਉੱਭਰ ਕੇ ਸਾਹਮਣੇ ਆਉਂਦਾ ਹੈ।
ਇਸ ਪੁਸਤਕ ਵਿਚ ਅੰਮ੍ਰਿਤਾ ਪ੍ਰੀਤਮ, ਸੰਤ ਰਾਮ ਉਦਾਸੀ, ਸੰਤੋਖ ਸਿੰਘ ਧੀਰ, ਗੁਰਚਰਨ ਰਾਮਪੁਰੀ, ਧਨੀ ਰਾਮ ਚਾਤ੍ਰਿਕ, ਫ਼ਿਰੋਜ਼ਦੀਨ ਸ਼ਰਫ, ਡਾ: ਮੋਹਨ ਸਿੰਘ ਦੀਵਾਨਾ ਵਰਗੇ ਕੁਝ ਵੱਡੇ ਨਾਂਅ ਆਏ ਹਨ। ਅਮਰਜੀਤ ਚੰਦਨ, ਅਜਮੇਰ ਰੋਡੇ, ਪਾਸ਼, ਸਤਿ ਕੁਮਾਰ, ਸਤਿੰਦਰ ਸਿੰਘ ਨੂਰ, ਸੁਖਵਿੰਦਰ ਕੰਬੋਜ, ਜਸਬੀਰ ਸਿੰਘ ਆਹਲੂਵਾਲੀਆ, ਜਸਵੰਤ ਦੀਦ, ਪਾਲ ਕੌਰ, ਵਨੀਤਾ ਅਤੇ ਮਨਜੀਤ ਇੰਦਰਾ ਵਰਗੇ ਗ਼ੈਰ-ਰਵਾਇਤੀ ਅਤੇ ਪ੍ਰਯੋਗਧਰਮੀ ਕਵੀ ਵੀ ਸ਼ਾਮਿਲ ਹਨ। ਅਵਤਾਰ ਸਿੰਘ ਆਜ਼ਾਦ, ਪੰਡਤ ਮਾਨ ਸਿੰਘ ਕਾਲੀਦਾਸ, ਅਸ਼ਕ ਅੰਮ੍ਰਿਤਸਰੀ, ਤੇਜਾ ਸਿੰਘ ਸਾਬਰ, ਫ਼ਿਰੋਜ਼ਦੀਨ ਸ਼ਰਫ਼, ਦੀਪਕ ਜੈਤੋਈ ਅਤੇ ਰਣਜੀਤ ਸਿੰਘ ਖੜਗ ਆਦਿਕ ਪ੍ਰੰਪਰਾਗਤ ਕਵੀ ਵੀ ਸ਼ਾਮਿਲ ਕੀਤੇ ਗਏ ਹਨ। ਹੋਰ ਵੀ ਬਹੁਤ ਸਾਰੇ ਮਹੱਤਵਪੂਰਨ ਕਵੀ ਹਨ, ਜਿਨ੍ਹਾਂ ਦਾ ਨਾਂਅ ਇਸ ਸੂਚੀ ਵਿਚ ਦੇਣਾ ਸੰਭਵ ਨਹੀਂ ਹੋ ਸਕਿਆ।
ਦ੍ਰੋਪਦੀ ਦੀ ਲਾਜ ਬਚਾਉਣ ਵਾਲਾ, ਅਰਜੁਨ ਨੂੰ ਯੁੱਧ ਦੀ ਫਿਲਾਸਫ਼ੀ ਸਮਝਾਉਣ ਵਾਲਾ, ਸੱਚ ਅਤੇ ਨਿਆਇ ਦੇ ਹੱਕ ਵਿਚ ਡਟ ਕੇ ਨਿਤਰਣ ਵਾਲਾ ਸ੍ਰੀ ਕ੍ਰਿਸ਼ਨ ਭਾਰਤ ਅਤੇ ਵਿਸ਼ਵ ਦੇ ਹਰ ਨਾਗਰਿਕ ਵਾਸਤੇ ਪ੍ਰਾਸੰਗਿਕ ਹੈ। ਅਜੋਕੇ ਪੂੰਜੀਵਾਦੀ ਦੌਰ ਵਿਚ ਉਸ ਦਾ ਮੁੱਲ ਅਤੇ ਮਹੱਤਵ ਹੋਰ ਵੀ ਵਧ ਗਿਆ ਹੈ, ਕਿਉਂਕਿ ਅੱਜ ਦਾ ਮਨੁੱਖ 'ਸਫ਼ਲਤਾ ਪ੍ਰਾਪਤੀ ਦੀ ਚੂਹੇ ਦੌੜ' ਵਿਚ ਸ਼ਾਮਿਲ ਹੋ ਕੇ ਇਕਾਂਗੀ ਪੁਰਸ਼ ਬਣ ਕੇ ਰਹਿ ਗਿਆ ਹੈ। ਸ੍ਰੀ ਕ੍ਰਿਸ਼ਨ ਸਾਨੂੰ ਬਹੁਅੰਗੀ ਅਤੇ ਬਹੁਆਯਾਮੀ ਬਣਨ ਦੀ ਪ੍ਰੇਰਨਾ ਕਰਦਾ ਹੈ। ਸ੍ਰੀ ਕ੍ਰਿਸ਼ਨ ਦੀਆਂ ਪ੍ਰੇਮ-ਲੀਲ੍ਹਾਵਾਂ ਬਾਰੇ ਧਰਮਵੀਰ ਭਾਰਤੀ ਨੇ ਬਹੁਤ ਡੂੰਘਾ ਅਤੇ ਖੁੱਭ ਕੇ ਲਿਖਿਆ ਹੈ। ਸਾਡੀ ਭਾਸ਼ਾ ਵਿਚ ਸੁਰਜੀਤ ਪਾਤਰ, ਅਜਮੇਰ ਰੋਡੇ ਅਤੇ ਵਨੀਤਾ ਨੇ ਨਵੇਂ ਪ੍ਰਤੀਮਾਨ ਸਥਾਪਿਤ ਕੀਤੇ ਹਨ। ਇਹ ਪੁਸਤਕ ਸਾਨੂੰ ਇਸ ਮੰਤਵ ਲਈ ਅੰਦੋਲਿਤ ਕਰਦੀ ਹੈ ਕਿ ਆਓ ਆਪਣਾ-ਆਪਣਾ ਕ੍ਰਿਸ਼ਨ ਲੱਭੀਏ! ਸ੍ਰੀ ਕ੍ਰਿਸ਼ਨ ਜੀ ਨੂੰ ਧਿਰ ਬਣਾਏ ਤੋਂ ਬਿਨਾਂ ਜ਼ਿੰਦਗੀ ਦੇ ਕੁਰੂਕਸ਼ੇਤਰ ਨੂੰ ਫ਼ਤਹਿ ਕਰਨਾ ਕਠਿਨ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136.
ਫ ਫ ਫ

ਅਜੇ ਇਹ ਅੰਤ ਨਹੀਂ
ਲੇਖਕ : ਜਿੰਦਰ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 300 ਰੁਪਏ, ਸਫ਼ੇ : 167
ਸੰਪਰਕ : 98148-03254.

ਆਪਣੀ ਸਵੈ-ਜੀਵਨੀ ਪੇਸ਼ ਕਰਨ ਲਈ ਲੇਖਕ ਨਵੀਂ ਸ਼ੈਲੀ ਤੇ ਵੱਖਰੀ ਵਿਧੀ ਅਪਣਾਉਂਦਾ ਹੈ। ਉਸ ਦਾ ਪੋਤਾ ਰੂਪ ਕੰਡਾ ਉਸ ਤੋਂ ਉਸ ਦੀ ਜ਼ਿੰਦਗੀ ਬਾਰੇ ਕੁਝ ਸਵਾਲ ਕਰਦਾ ਹੈ, ਜਿਨ੍ਹਾਂ ਦੇ ਜਵਾਬ ਉਹ ਆਪਣੀ ਇਸ ਲਿਖਤ ਰਾਹੀਂ, ਜਿਸ ਨੂੰ ਆਪਣੀ ਸਵੈ-ਜੀਵਨੀ ਆਖਦਾ ਹੈ, ਦਿੰਦਾ ਹੈ।
ਜਿੰਦਰ ਸੁਨਿਆਰਾ ਜਾਤੀ ਨਾਲ ਸਬੰਧ ਰੱਖਦਾ ਹੈ। ਪੇਂਡੂ ਸੁਨਿਆਰੇ ਦੀ ਕੀ ਦਸ਼ਾ ਤੇ ਦਿਸ਼ਾ ਹੁੰਦੀ ਹੈ, ਉਸ ਦੇ ਵੇਰਵੇ ਇਸ ਕਥਾ-ਪ੍ਰਵਾਹ ਵਿਚ ਮਿਲ ਜਾਂਦੇ ਹਨ। ਘਰ 'ਚ ਅੰਤਾਂ ਦੀ ਗ਼ਰੀਬੀ ਹੈ, ਬਾਪ ਚੰਗਾ ਕਾਰੀਗਰ ਹੈ। ਜਿੰਦਰ ਦਾ ਬਚਪਨ ਵੀ ਕੁਝ ਏਦਾਂ ਹੀ ਗੁਜ਼ਰਦਾ ਹੈ। ਜ਼ਿੰਦਗੀ 'ਚ ਕਈ ਪਾਪੜ ਵੇਲੇ। ਆਕਸ਼ਨ ਰਿਕਾਰਡਰ, ਮੁਨੀਮੀ, ਪਰੂਫ ਰੀਡਰੀ ਤੇ ਹੋਰ ਪਤਾ ਨਹੀਂ ਕੀ-ਕੀ। ਪਰ ਇਹ ਸਾਰੇ ਅਨੁਭਵ ਉਸ ਦੀ ਸਿਰਜਣਾ ਲਈ ਨੀਂਹ-ਪੱਥਰ ਸਿੱਧ ਹੁੰਦੇ ਹਨ। ਇਹ ਕਈ ਵਾਰੀ ਲੇਖਕ ਨੂੰ ਵੀ ਪਤਾ ਨਹੀਂ ਹੁੰਦਾ। ਲੇਖਕ ਬਹੁਤ ਹੱਸਾਸਮੰਦ ਇਨਸਾਨ ਹੁੰਦਾ ਹੈ। ਪਿਆਰ ਦਾ ਜਜ਼ਬਾ ਉਸ ਦੇ ਦਿਲ ਵਿਚ ਹਰ ਵੇਲੇ ਤਰਾਟਾਂ ਮਾਰਦਾ ਰਹਿੰਦਾ ਹੈ। ਪੁਸ਼ਪਾ ਨਾਂਅ ਦੀ ਕੁੜੀ ਤੇ ਕੁਝ ਹੋਰ ਕੁੜੀਆਂ ਉਸ ਦੇ ਜੀਵਨ ਵਿਚ ਆਈਆਂ। ਪਰ ਵਿਆਹ ਸੰਸਥਾ ਮਿਡਲ ਕਲਾਸੀਏ ਆਸ਼ਕ ਲਈ ਹਮੇਸ਼ਾ ਇਕ ਚੈਲੰਜ ਵਾਂਗ ਆਉਂਦੀ ਹੈ, ਜਿਸ ਤੋਂ ਉਹ ਆਪਣਾ ਪਿਆਰ ਕੁਰਬਾਨ ਕਰ ਦਿੰਦਾ ਹੈ। ਜਿੰਦਰ ਵੀ ਇਸ ਦਾ ਸ਼ਿਕਾਰ ਹੋਇਆ। ਪੂਸ਼ੀ ਨੂੰ ਛੱਡ ਕੇ ਜੈਤੋ ਦੀ ਇਕ ਸੁਹਣੀ ਕੁੜੀ ਵਿਆਹ ਲਿਆਇਆ। ਪਰ ਪੂਸ਼ੀ ਦੇ ਝਉਲੇ ਤੇ ਭੁਚੱਕੇ ਉਸ ਨੂੰ ਵਾਰ-ਵਾਰ ਪੈਂਦੇ ਹਨ। ਇੰਗਲੈਂਡ ਯਾਤਰਾ ਵੇਲੇ ਵੀ ਇਹ ਭੁਲੱਖਾ ਕਾਇਮ ਰਿਹਾ। ਜਿੰਦਰ ਮੂਲ ਰੂਪ ਵਿਚ ਕਹਾਣੀਕਾਰ ਹੈ। ਉਸ ਨੂੰ ਗੱਲ ਬਣਾਉਣੀ ਆਉਂਦੀ ਹੈ। ਇਸੇ ਲਈ ਇਸ ਸਵੈ-ਜੀਵਨੀ ਨੂੰ ਇਕ ਵਧੀਆ ਕਹਾਣੀ ਵਾਂਗ ਪੜ੍ਹਿਆ ਜਾ ਸਕਦਾ ਹੈ।

ਂਕੇ. ਐਲ. ਗਰਗ
ਮੋ: 94635-37050.
ਫ ਫ ਫ

ਗੋਪੀਆ ਸੰਭਾਲ ਘੁੱਕਰਾ
ਗੀਤਕਾਰ : ਜਗਰੂਪ ਸਿੰਘ ਝੁਨੀਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 95
ਸੰਪਰਕ : 9417095743.

ਜਗਰੂਪ ਸਿੰਘ ਝੁਨੀਰ ਨੇ 'ਗੋਪੀਆ ਸੰਭਾਲ ਘੁੱਕਰਾ' ਨਾਂਅ ਦੀ ਪੁਸਤਕ ਵਿਚ ਮਨ ਦੇ ਵਲਵਲਿਆਂ ਦੀ ਗੀਤਕਾਰੀ ਰਾਹੀਂ ਝੜੀ ਲਾ ਕੇ ਸਾਹਿਤ ਜਗਤ ਨੂੰ ਅਰਪਿਤ ਕੀਤੀ ਹੈ। ਕਿਰਤ ਦੀ ਲੁੱਟ, ਅੰਨਦਾਤੇ ਦੀ ਤਰਾਸਦੀ, ਕਾਣੀ ਵੰਡ, ਫ਼ਿਰਕੂਪੁਣੇ ਦੀ ਜ਼ਹਿਰ, ਹਾਕਮਾਂ ਦੀ 'ਪਾੜੋ ਤੇ ਰਾਜ ਕਰੋ' ਨੀਤੀ ਤੋਂ ਸੁਚੇਤ ਹੋਣ, ਹੱਕਾਂ ਦੀ ਪਹਿਰੇਦਾਰੀ, ਬੁਰਾਈਆਂ ਵਿਰੁੱਧ ਸੰਗਰਾਮ, ਹਾਕਮਾਂ ਵਲੋਂ 'ਖ਼ੈਰਾਤ' ਦਾ ਝਾਂਸਾ, ਅਖੌਤੀ ਆਜ਼ਾਦੀ ਦੇ ਛੁਣਛੁਣੇ, ਵੋਟ ਸਟੰਟ, ਏਕੇ ਨਾਲ ਜੂਝਣ ਦਾ ਅਹਿਦ, ਰਾਹ ਵਿਚ ਆਉਂਦੇ ਕੰਡਿਆਂ ਨੂੰ ਰੋਂਦਣਾ, ਮੰਜ਼ਿਲ ਲਈ ਨਿਰੰਤਰ ਵਧਣਾ, ਮਿਹਨਤਕਸ਼ੀ ਨੂੰ ਸਲਾਮ, ਰੁਜ਼ਗਾਰ ਦੀ ਮਜਬੂਰੀ ਵਿਚ ਦੇਸ਼ੋਂ ਪ੍ਰਦੇਸੀ ਹੋਇਆਂ ਦੇ ਮਾਪੇ ਦੀ ਡੰਗੋਰੀ ਖੁੱਸਣ ਦੀ ਤ੍ਰਾਸਦੀ ਅਤੇ ਅਮੀਰ ਵਿਰਸੇ ਅਤੇ ਦੇਸ਼ ਭਗਤਾਂ ਦੇ ਇਤਿਹਾਸ ਨੂੰ ਸਿਜਦਾ ਆਦਿ ਭਾਵ-ਪੂਰਤ ਵਿਸ਼ਿਆਂ ਦੇ ਮਾਣਕ ਮੋਤੀ ਇਸ ਕਾਵਿ ਮਾਲਾ ਦੇ ਸ਼ਿੰਗਾਰ ਹਨ। ਇਸ ਕਾਵਿ ਮਾਲਾ 'ਗੋਪੀਆ ਸੰਭਾਲ ਘੁੱਕਰਾ' ਦੇ ਮਾਣਕ ਮੋਤੀਆਂ ਦੇ ਰੰਗ ਕੁਝ ਇਸ ਤਰ੍ਹਾਂ ਹਨ :
'ਸਿੱਟਿਆਂ ਨੂੰ ਬੂਰ ਪੈ ਗਿਆ,
ਪੁੱਤਾਂ ਵਾਂਗ ਸੀ ਬਾਜਰੇ ਪਾਲੇ,
ਗੋਪੀਆ ਸੰਭਾਲ ਘੁੱਕਰਾ,
ਠੁੰਗ ਜਾਣ ਨਾ ਵਲੈਤੀ ਚੁੰਝਾਂ ਵਾਲੇ।
-0-
'ਜਿਹੜਾ ਹੱਥ ਰੋਂਦੇ ਮੱਥੇ ਨੂੰ ਮਾਰ ਕੇ,
ਵੱਟ ਘਸੁੰਨ ਲਓ ਓਸਦਾ,
ਹੱਕ ਮੰਗਿਆਂ ਕਦੇ ਨਹੀਂ ਮਿਲਣੇ,
ਲੋਕਾਂ ਤਾਈਂ ਸਮਾਂ ਕੋਸਦਾ।'

ਂਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858.
ਫ ਫ ਫ

ਯਾਦਾਂ ਦੇ ਘੁੱਟ
ਸ਼ਾਇਰ : ਕਸ਼ਮੀਰ ਘੇਸਲ
ਪ੍ਰਕਾਸ਼ਕ : ਊਸ਼ਾ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 140 ਰੁਪਏ, ਸਫ਼ੇ : 78
ਸੰਪਰਕ : 94636-56047.

'ਯਾਦਾਂ ਦੇ ਘੁੱਟ' ਵਿਚ ਘੇਸਲ ਦੀਆਂ ਬਹੁਗਿਣਤੀ ਵਿਚ ਕਵਿਤਾਵਾਂ, ਕੁਝ ਗ਼ਜ਼ਲਾਂ ਤੇ ਕੁਝ ਗੀਤ ਛਪੇ ਮਿਲਦੇ ਹਨ। ਆਪਣੀ ਪਹਿਲੀ ਕਵਿਤਾ 'ਤੇਰੇ ਇਸ ਸ਼ਹਿਰ ਵਿਚ' ਵਿਚ ਉਹ ਸ਼ਹਿਰ ਨੂੰ ਮੁਖ਼ਾਤਿਬ ਹੋ ਕੇ ਸਮੁੱਚੀ ਦੁਨੀਆ ਦੀ ਮਾਨਸਿਕ ਅਵਸਥਾ ਦਾ ਵਰਨਣ ਕਰਦਾ ਹੈ। ਉਹ ਆਖਦਾ ਹੈ ਇਸ ਸੰਸਾਰ ਖ਼ਾਸ ਕਰ ਇਸ ਦੇਸ਼ ਵਿਚ ਕੋਈ ਮਹਿਫ਼ੂਜ਼ ਨਹੀਂ ਹੈ। ਲਾਕਾਨੂੰਨੀ, ਧੱਕੇਸ਼ਾਹੀ, ਝਾੜੀਆਂ ਵਿਚ ਮਿਲਦੀਆਂ ਲਾਸ਼ਾਂ, ਰੁਲਦੀਆਂ ਪੱਗਾਂ, ਬੇਭਰੋਸੇਯੋਗ ਰਿਸ਼ਤੇ, ਗ਼ਰੀਬੀ ਤੇ ਧੂੰਆਂ ਧੱਪਾ ਲੋਕਾਂ ਦੀ ਕਿਸਮਤ ਬਣ ਗਏ ਹਨ। ਆਪਣੀ ਦੂਸਰੀ ਕਵਿਤਾ ਵਿਚ ਉਹ ਪੁਰਾਣੇ ਪੰਜਾਬ ਦੇ ਰਹਿਣ ਸਹਿਣ ਨੂੰ ਯਾਦ ਕਰਵਾਉਂਦਾ ਹੈ ਤੇ ਅੱਜ ਦੇ ਸਮੇਂ ਨਾਲ ਉਸ ਦੀ ਤੁਲਨਾ ਕਰਦਾ ਹੈ। ਪੰਜਾਬ ਵਿਚ ਨਸ਼ੇ ਦਾ ਚਲਣ ਮੁੱਖ ਮਸਲਾ ਹੈ ਜਿਸ ਨੂੰ ਘੇਸਲ ਨੇ ਵੀ ਜ਼ੋਰ-ਸ਼ੋਰ ਨਾਲ ਉਠਾਇਆ ਹੈ। ਇਸ ਪੁਸਤਕ ਦੀ ਰਚਨਾ 'ਆਰ-ਪਾਰ' ਵਿਚ ਉਹ ਪਾਕਿਸਤਾਨ ਤੇ ਭਾਰਤੀ ਪੰਜਾਬ ਦੇ ਲੋਕਾਂ ਦੀ ਸਾਂਝ ਦੀ ਗੱਲ ਕਰਦਾ ਹੈ। ਇੰਜ ਹੋਰਨਾਂ ਰਚਨਾਵਾਂ ਨੂੰ ਪੜ੍ਹਦਿਆਂ ਹੋਇਆਂ ਇਹ ਮਹਿਸੂਸ ਹੁੰਦਾ ਹੈ ਕਿ ਕਸ਼ਮੀਰ ਘੇਸਲ ਵਧੇਰੇ ਕਰਕੇ ਲੋਕ ਮਸਲਿਆਂ ਸਬੰਧੀ ਪ੍ਰਤੀਬੱਧ ਸ਼ਾਇਰ ਹੈ ਜਿਸ ਨੂੰ ਆਪਣੇ ਸਮਾਜ ਦੀ ਚਿੰਤਾ ਹੈ। ਸ਼ਾਇਰ ਨੇ ਕਈ ਅਜਿਹੇ ਵਿਸ਼ੇ ਲਏ ਹਨ ਜਿਨ੍ਹਾਂ ਨੂੰ ਪਹਿਲਾਂ ਗੌਲਿਆ ਨਹੀਂ ਗਿਆ। ਪੁਸਤਕ ਵਿਚ ਗ਼ਜ਼ਲਾਂ ਵੀ ਹਨ ਪਰ ਅਜੇ ਇਸ ਖ਼ੇਤਰ ਵਿਚ ਸ਼ਾਇਰ ਨੂੰ ਬੜਾ ਕੁਝ ਗ੍ਰਹਿਣ ਕਰਨਾ ਪੈਣਾ ਹੈ। ਉਸ ਦੇ ਗੀਤਾਂ ਵਿਚ ਮੁਹੱਬਤੀ ਰੰਗ ਵੀ ਹੈ ਪਰ ਇਹ ਓਨਾ ਕੁ ਹੈ, ਜਿੰਨਾ ਕੁ ਮਨ ਵਿਚ ਸਹਿਜੇ ਲਹਿ ਸਕੇ ਤੇ ਉਸ ਨੇ ਇਨ੍ਹਾਂ ਵਿਚ ਆਪਣੇ ਸ਼ਬਦਾਂ ਨੂੰ ਅਨੁਸ਼ਾਸਨ ਵਿਚ ਰੱਖਿਆ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਪੰਜਾਬੀ ਕਹਾਣੀ ਵਿਚ ਦੇਸ਼ ਵੰਡ ਦਾ ਦੁਖਾਂਤ
ਲੇਖਿਕਾ : ਡਾ: ਰਾਜਿੰਦਰ ਪਾਲ ਕੌਰ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 84278-99001.

ਦੇਸ਼ ਦੀ ਵੰਡ ਦਾ ਦਰਦ ਅਜਿਹਾ ਦਰਦ ਹੈ, ਜਿਸ ਦੀਆਂ ਚੀਸਾਂ ਅੱਜ ਵੀ ਮਹਿਸੂਸ ਹੋ ਰਹੀਆਂ ਹਨ। ਡਾ: ਰਾਜਿੰਦਰ ਪਾਲ ਕੌਰ ਨੇ ਇਸ ਪਹਿਲੂ ਨੂੰ ਉਲੀਕਣ ਲਈ ਕਹਾਣੀ ਨੂੰ ਚੁਣਿਆ ਹੈ ਅਤੇ ਉਨ੍ਹਾਂ ਲੇਖਕਾਂ ਨੂੰ ਲੈ ਕੇ ਪੁਸਤਕ ਦਾ ਵਿਸ਼ਾ ਬਣਾਇਆ ਹੈ, ਜਿਨ੍ਹਾਂ ਨੇ ਕਹਾਣੀ ਰੂਪ ਵਿਚ ਇਸ ਦਰਦ ਨੂੰ ਡੂੰਘਾਈ ਨਾਲ ਪੇਸ਼ ਕੀਤਾ ਹੈ, ਜਿਵੇਂ ਕਿ ਕੁਲਵੰਤ ਸਿੰਘ ਵਿਰਕ ਦੀ ਕਹਾਣੀ 'ਬਿਗਾਨੀ ਧਰਤੀ' ਤੇ 'ਤੂੰ ਮੈਨੂੰ ਜਾਣਨੈ' ਦੇ ਮੁੱਖ ਪਾਤਰਾਂ ਦੀ ਮਾਨਸਿਕ ਸਥਿਤੀ ਇਸ ਦਾ ਪ੍ਰਗਟਾਅ ਰੂਪ ਹੈ। ਵਿਰਕ ਨੇ ਜਿਸ ਡੂੰਘਾਈ ਨਾਲ ਦੇਸ਼ ਵੰਡ ਨੂੰ ਕਹਾਣੀਆਂ ਦਾ ਵਿਸ਼ਾ ਬਣਾਇਆ ਹੈ, ਵਿਸ਼ੇਸ਼ ਮਹੱਤਤਾ ਦਾ ਧਾਰਨੀ ਹੈ। ਉਸ ਨੇ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਘਟਨਾ ਖੂਨ ਖਰਾਬਾ, ਔਰਤਾਂ ਦੀ ਬੇਪਤੀ, ਉਧਾਲੇ, ਜਬਰ ਜਨਾਹ ਆਦਿ ਨੂੰ ਬਾਰੀਕੀ ਨਾਲ ਪੇਸ਼ ਕੀਤਾ ਹੈ। ਮੁਢਲੇ ਕਹਾਣੀਕਾਰਾਂ ਗੁਰਬਖਸ਼ ਸਿੰਘ ਪ੍ਰੀਤਲੜੀ, ਮੁਸਾਫ਼ਿਰ, ਕਰਤਾਰ ਸਿੰਘ ਦੁੱਗਲ, ਅੰਮ੍ਰਿਤਾ ਪ੍ਰੀਤਮ, ਨਵਤੇਜ, ਨਾਨਕ ਸਿੰਘ ਤੇ ਜਸਵੰਤ ਸਿੰਘ ਕੰਵਲ ਨੇ ਵੀ ਆਪਣੀਆਂ ਕਹਾਣੀਆਂ ਵਿਚ ਇਸ ਸੰਤਾਪ ਨੂੰ ਸ਼ਿੱਦਤ ਨਾਲ ਪੇਸ਼ ਕੀਤਾ ਹੈ। ਪੰਜਾਬੀ ਤੋਂ ਇਲਾਵਾ ਉਰਦੂ, ਹਿੰਦੀ, ਬੰਗਾਲੀ, ਡੋਗਰੀ ਤੇ ਹੋਰ ਭਾਸ਼ਾਵਾਂ ਵਿਚ ਵੀ ਪ੍ਰਸਿੱਧ ਸਾਹਿਤਕਾਰਾਂ ਨੇ ਵੀ ਦੇਸ਼ ਵੰਡ ਦੇ ਸੰਤਾਪ ਨੂੰ ਕਹਾਣੀਆਂ ਦਾ ਵਿਸ਼ਾ ਬਣਾਇਆ ਜਿਵੇਂ ਕਿ ਮੰਟੋ, ਬੇਦੀ, ਕ੍ਰਿਸ਼ਨ ਚੰਦਰ, ਹੈਦਰ, ਇਸਮਤ ਚੁਗਤਾਈ, ਭੀਸ਼ਮ ਸਾਹਨੀ ਤੇ ਮੋਹਨ ਰਾਕੇਸ਼ ਆਦਿ। ਦੇਸ਼ ਵੰਡ ਦੇ ਪ੍ਰਮੁੱਖ ਕਾਰਨ ਸਨ ਗੰਦੀ ਰਾਜਨੀਤੀ, ਧਾਰਮਿਕ ਕੱਟੜਤਾ, ਫ਼ਿਰਕਾਪ੍ਰਸਤੀ, ਰਾਜਨੀਤਕ ਦੁਫੇੜ ਤੇ ਨਤੀਜਾ ਨਿਕਲਿਆ ਹਿੰਸਾ, ਅੱਗਾਂ, ਲੁੱਟਮਾਰ, ਕਤਲੇਆਮ, ਉਧਾਲੇ, ਧਾਰਮਿਕ ਸਥਾਨਾਂ ਦੀ ਬੇਹੁਰਮਤੀ, ਜੋ ਸਮੱਸਿਆਵਾਂ ਸਾਹਮਣੇ ਆਈਆਂ ਉਹ ਸਨ ਵਸੋਂ ਦੀ ਤਬਦੀਲੀ ਸਦਕਾ ਸ਼ਰਨਾਰਥੀ ਹੋਣਾ ਤੇ ਉਨ੍ਹਾਂ ਦੀ ਕੁੱਲੀ, ਗੁੱਲੀ ਤੇ ਜੁੱਲੀ ਦਾ ਪ੍ਰਬੰਧ ਕਰਨਾ ਤੇ ਮੁੜ ਵਸੇਬਾ। ਇਨ੍ਹਾਂ ਸਾਰੇ ਪਹਿਲੂਆਂ ਨੂੰ ਜਿਹੜੇ ਕਹਾਣੀਕਾਰਾਂ ਨੇ ਪੇਸ਼ ਕੀਤਾ ਹੈ ਲੇਖਿਕਾ ਨੇ ਬੜੀ ਗਹਿਰਾਈ ਵਿਚ ਜਾ ਕੇ ਉਨ੍ਹਾਂ ਦਾ ਵਿਸ਼ਲੇਸ਼ਣ ਕੀਤਾ ਹੈ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਰਮਜ਼ਾਂ
ਕਵਿੱਤਰੀ : ਰਣਜੀਤ ਕੌਰ ਸਵੀ
ਪ੍ਰਕਾਸ਼ਕ : ਪ੍ਰੀਤ ਪਬਲਿਕੇਸ਼ਨ, ਨਾਭਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 76968-74403.

ਹਥਲੀ ਪੁਸਤਕ ਨਵੀਂ, ਸੰਵੇਦਨਸ਼ੀਲ ਅਤੇ ਕਾਵਿ ਮੁਖਤਾ ਲਹਿਜ਼ੇ ਨਾਲ ਲਬਰੇਜ ਕਵਿੱਤਰੀ ਦੀ ਪਲੇਠੀ ਕਾਵਿ ਪੁਸਤਕ ਹੈ, ਜਿਸ ਵਿਚ ਕੁਝ ਗ਼ਜ਼ਲਾਂ ਅਤੇ ਬਾਕੀ ਕਵਿਤਾਵਾਂ ਹਨ। ਰਣਜੀਤ ਕੌਰ ਸਵੀ ਦੀ ਭਾਵੇਂ ਇਹ ਕਾਵਿ ਪੁਸਤਕ ਉਸ ਦੀ ਪਹਿਲੀ ਹੈ ਪਰ ਪਿਛਲੇ ਸਮੇਂ ਵਿਚ ਰੇਡੀਓ, ਟੀ.ਵੀ. ਅਤੇ ਫੇਸਬੁੱਕ ਉੱਤੇ ਆਪਣੀ ਕਾਵਿ ਪਛਾਣ ਗੂੜੀ ਕਰ ਚੁੱਕੀ ਹੈ। ਉਸ ਦੀਆਂ ਗ਼ਜ਼ਲਾਂ ਪਿਆਰ ਵਿਚ ਭਿੱਜੀਆਂ ਸੁਗਾਤਾਂ ਹਨ। ਭਾਵੇਂ ਉਸ ਨੇ ਅਜੇ ਗ਼ਜ਼ਲ ਦੇ ਖੇਤਰ ਵਿਚ ਰੂਪ ਵਿਧਾਨ ਵਿਚ ਪ੍ਰਪੱਕਤਾ ਤੇ ਸੂਈ ਦੇ ਨੱਕੇ ਵਿਚੋਂ ਦੀ ਨਿਕਲਣ ਦੀ ਮੁਹਾਰਤ ਤਾਂ ਪ੍ਰਾਪਤ ਨਹੀਂ ਕੀਤੀ ਪਰ ਉਸ ਦੀ ਮਾਸੂਮ ਨਿਰਛਲ ਅਤੇ ਨਹੋਰਿਆਂ ਭਰੀ ਸ਼ਿਅਰੀ ਸ਼ੈਲੀ ਪਾਠਕ ਨੂੰ ਸੁਆਦ-ਸੁਆਦ ਕਰਦੀ ਹੈ। ਖ਼ਾਸ ਕਰ ਉਸ ਦੇ ਮੁਹੱਬਤ ਨੂੰ ਪੇਸ਼ ਕਰਦੇ ਸ਼ਿਅਰ ਬਹੁਤ ਪਿਆਰੇ ਹਨ :
-ਇਕ ਅੱਲਾ ਦਾ ਨਾਂਅ ਮੁਹੱਬਤ
ਅੱਖਰਾਂ ਵਿਚ ਪੈਗ਼ਾਮ ਮੁਹੱਬਤ
-ਮਨ ਦਾ ਬਗੀਚਾ ਖਿੜਿਆ ਹਰ ਤਰਫ਼ ਮਹਿਕ ਫੈਲੀ
ਆਹ ਅਚਨਚੇਤ ਤੇਰੀ ਹੈ ਯਾਦ ਕਿਧਰੋਂ ਆਈ।
ਉਸ ਨੇ ਨਿੱਕੇ-ਨਿੱਕੇ ਅਤੇ ਦਰਮਿਆਨੇ ਛੰਦ ਲਏ ਹਨ। ਅਜੇ ਉਸ ਨੇ ਅਰੂਜ਼ ਦੇ ਬਹਿਰ ਨਹੀਂ ਸਿੱਖੇ/ਅਪਣਾਏ। ਗ਼ਜ਼ਲਾਂ ਵਿਚ ਸਰਲ ਬਿਆਨੀ ਸਰਲਤਾ, ਤਰਲਤਾ ਅਤੇ ਮਾਸੂਮੀਅਤ ਮੋਂਹਦੀ ਹੈ। ਉਸ ਦੀਆਂ ਖੁੱਲ੍ਹੀਆਂ ਕਵਿਤਾਵਾਂ ਵਿਚ ਭਾਵੇਂ ਰਵਾਇਤ ਅਨੁਸਾਰ ਛੰਦ ਬਹਿਰ ਨਹੀਂ ਹੈ ਪਰ ਉਨ੍ਹਾਂ ਦਾ ਕਾਵਿ ਵੇਗ ਪਾਠਕ ਨੂੰ ਉਕਤਾਉਣ ਨਹੀਂ ਦਿੰਦਾ। ਉਹ ਕਵਿਤਾਵਾਂ ਵਿਚ ਕਵਿਤਾ ਬਾਰੇ ਵੀ ਗੱਲ ਕਰਦੀ ਹੈ : 'ਉਮਰਾਂ ਦੀ ਗੱਲ ਕਹਿਣ ਵਾਲਿਆ, ਵੇ ਮੈਨੂੰ ਕਵਿਤਾ ਸਿਖਾਉਣ ਵਾਲਿਆਂ/ਵੇ ਕਵਿਤਾ ਜਿਹਿਆ/ਕਿਤੇ ਤੂੰ ਕਵਿਤਾ ਤਾਂ ਨਹੀਂ?/ਉਸ ਦੀਆਂ ਕਵਿਤਾਵਾਂ ਵਿਚ ਭਾਵੇਂ ਨਿੱਜੀ ਪਿਆਰ ਭਾਰੂ ਹੈ ਪਰ ਉਹ ਸਮਾਜਿਕ ਸਮੱਸਿਆਵਾਂ ਉੱਤੇ ਵੀ ਕਲਮ ਚਲਾਉਂਦੀ ਹੈ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

25/11/2017

 ਲਾਈਫ਼ ਮੰਤਰਾ
ਲੇਖਕ : ਡਾ: ਵਿਜੈ ਅਗਰਵਾਲ
ਅਨੁਵਾਦ : ਸਰਜੀਤ ਤਲਵਾਰ, ਅਮਿਤ ਮਿੱਤਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 160 ਰੁਪਏ, ਸਫ਼ੇ : 176
ਸੰਪਰਕ : 78377-18723.

ਡਾ: ਵਿਜੈ ਅਗਰਵਾਲ ਦੀ ਸਾਹਿਤ ਨੂੰ ਬਹੁਤ ਵੱਡੀ ਤੇ ਅਣਮੁੱਲੀ ਦੇਣ ਹੈ, ਇਹ ਪੁਸਤਕ ਉਨ੍ਹਾਂ ਵਿਚੋਂ ਇਕ ਹੈ। ਮੁੱਢ ਵਿਚ ਉਨ੍ਹਾਂ ਨੇ ਖੂਬਸੂਰਤ ਵਿਚਾਰ ਪੇਸ਼ ਕੀਤਾ ਹੈ ਕਿ ਤਿਆਗ ਤੇ ਕਸ਼ਟ ਸਹਿ ਕੇ ਹੀ ਕਿਸੇ ਵੀ ਮੁਲਕ ਦੀ ਤਰੱਕੀ ਦੀ ਨੀਂਹ ਰੱਖੀ ਜਾ ਸਕਦੀ ਹੈ, ਵਿਅਕਤੀਗਤ ਸੁੱਖਾਂ ਰਾਹੀਂ ਨਹੀਂ। ਦਿਮਾਗ ਉਹ ਹੀ ਵਧੀਆ ਜੋ ਪੁੱਛਦਾ, ਹੋਰ ਪੁੱਛਦਾ ਤੇ ਪੁੱਛਦਾ ਰਹਿੰਦਾ ਹੈ।
ਜਿਹੜਾ ਦਿਮਾਗ ਸਵਾਲ ਪੁੱਛਣੋਂ ਬੰਦ ਕਰ ਦਿੰਦਾ ਹੈ, ਉਹ ਮਰ ਜਾਂਦਾ ਹੈ। ਇਕ ਵਿਚਾਰ ਹੈ ਕਿ ਮਨ ਦੀ ਹੋ ਜਾਏ ਤਾਂ ਚੰਗਾ ਹੈ ਜੇ ਮਨ ਦੀ ਨਾ ਹੋਵੇ ਤਾਂ ਉਸ ਤੋਂ ਵੀ ਚੰਗਾ ਹੈ। ਪੁਸਤਕ ਦਾ ਹਰ ਸਿਰਲੇਖ ਕਿਸੇ ਨਾ ਕਿਸੇ ਨਾਇਕ, ਮਹਾਨ ਪੁਰਸ਼ ਤੇ ਵਿਦਵਾਨ ਦੇ ਜੀਵਨ ਨਾਲ ਜੁੜੀ ਕਹਾਣੀ ਜਾਂ ਘਟਨਾ ਰਾਹੀਂ ਆਰੰਭ ਹੁੰਦਾ ਹੈ ਤੇ ਰੌਚਿਕਤਾ ਕਾਇਮ ਰੱਖੀ ਹੈ ਜਿਵੇਂ 'ਸ਼ਾਨਦਾਰ ਜ਼ਿੰਦਗੀ ਸੰਤੁਲਿਤ ਹੁੰਦੀ ਹੈ, ਨੂੰ ਅਲਫਰੈਡ ਨੋਬਲ ਨਾਲ ਜੋੜ ਕੇ ਪੇਸ਼ ਕੀਤਾ ਹੈ, ਜਿਸ ਨੇ ਸਾਰੀ ਦੌਲਤ ਇਕ ਟਰੱਸਟ ਦੇ ਨਾਂਅ ਕਰ ਦਿੱਤੀ ਤੇ ਹੁਣ ਤੱਕ ਉਸ ਰਕਮ ਨਾਲ ਹਰ ਸਾਲ ਛੇ ਇਨਾਮ ਜਿੱਤੇ ਜਾਂਦੇ ਹਨ। ਇਸੇ ਤਰ੍ਹਾਂ ਸੁੱਖ-ਦੁੱਖ ਮਾਪਣ ਦਾ ਪੈਮਾਨਾ ਕੀ ਹੋਵੇ, ਸਮਝਦਾਰ ਲਈ ਇਸ਼ਾਰਾ, ਕੱਲ੍ਹ ਨਹੀਂ ਅੱਜ, ਵਕਤ ਦੀ ਪਾਬੰਦੀ, ਜਾਨ ਹੈ ਤਾਂ ਜਹਾਨ ਹੈ, ਜੈਸੀ ਸੰਗਤ ਵੈਸੀ ਰੰਗਤ, ਜੋ ਰੁਕ ਜਾਏ, ਉਹ ਜ਼ਿੰਦਗੀ ਨਹੀਂ, ਡਿੱਗਣ ਤੋਂ ਡਰੋ ਨਾ, ਪ੍ਰੇਰਿਤ ਹੋਣਾ ਸਿੱਖੋ, ਹਰ ਪਲ ਜਸ਼ਨ ਮਨਾਵੋ, ਦੂਰਦਰਸ਼ੀ ਹੁੰਦਾ ਹੈ ਸਫ਼ਲ ਵਿਅਕਤੀ, ਨਿੰਦਕ ਵੱਖਰੇ ਰੱਖੋ, ਇਨਸਾਫ਼ ਕਰੋ ਫ਼ੈਸਲਾ ਨਹੀਂ, ਊਰਜਾ ਦਾ ਪ੍ਰਭਾਵ, ਪਿਆਰ ਦੀ ਸਿਰਜਣਾਤਮਕ ਸ਼ਕਤੀ, ਸੰਭਾਵਨਾਵਾਂ ਨੂੰ ਜਿਊਂਦੀਆਂ ਰੱਖੋ, ਆਪਣੀ ਵਿਲੱਖਣਤਾ ਢੂੰਡੋ ਤੇ ਸਮੱਸਿਆਵਾਂ ਦੇ ਗਣਿਤ ਨੂੰ ਸਮਝੋ ਆਦਿ ਅਜਿਹੇ ਸਿਰਲੇਖ ਹਨ, ਜਿਨ੍ਹਾਂ ਵਿਚੋਂ ਕੋਈ ਨਾ ਕੋਈ ਰਾਹ ਆਪ ਮੁਹਾਰੇ ਸੁੱਝ ਜਾਂਦਾ ਹੈ ਸਫ਼ਲ ਜੀਵਨ ਜਿਊਣ ਲਈ ਅਤੇ ਇਨ੍ਹਾਂ ਦੇ ਪਿੱਛੇ ਪ੍ਰੇਰਕ ਵਿਅਕਤੀਆਂ, ਘਟਨਾਵਾਂ, ਵਿਦਵਾਨਾਂ ਤੇ ਮਹਾਂਪੁਰਖਾਂ ਦਾ ਹੱਥ ਦਰਸਾਇਆ ਹੈ ਕਿਸੇ ਨਾ ਕਿਸੇ ਕਹਾਣੀ ਦੀ ਮਿਸਾਲ ਦੇ ਕੇ। ਇਹ ਇਕ ਵਿਲੱਖਣ ਢੰਗ ਹੈ ਲੇਖ ਲਿਖਣ ਦਾ ਜੋ ਪਾਠਕ ਨੂੰ ਸਬਕ ਸਿਖਾ ਜਾਂਦਾ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

c c c

ਕਾਲੇ ਪਾਣੀਆਂ
ਦਾ ਸੁੱਚਾ ਮੋਤੀ
(ਕਾ: ਗੁਰਬਖ਼ਸ਼ ਸਿੰਘ ਧਾਲੀਵਾਲ)
ਲੇਖਕ : ਬਲਦੇਵ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 192
ਸੰਪਰਕ : 98147-83069.

ਪੰਜਾਬੀ ਦੇ ਪ੍ਰਮੁੱਖ ਨਾਵਲਕਾਰ ਸ: ਬਲਦੇਵ ਸਿੰਘ ਨੇ ਮਾਲਵੇ ਦੇ ਪ੍ਰਸਿੱਧ ਕਾਮਰੇਡ ਗੁਰਬਖਸ਼ ਸਿੰਘ ਧਾਲੀਵਾਲ ਦੀ ਜੀਵਨੀ ਬਹੁਤ ਮਿਹਨਤ ਨਾਲ ਤਿਆਰ ਕੀਤੀ ਹੈ। ਕਾਮਰੇਡ ਗੁਰਬਖ਼ਸ਼ ਧਾਲੀਵਾਲ ਦਾ ਜਨਮ 1928 ਈ: ਵਿਚ ਅੰਡੇਮਾਨ ਟਾਪੂਆਂ ਵਿਖੇ ਹੋਇਆ। ਉਸ ਦਾ ਪਿਤਾ ਸ: ਉੱਤਮ ਸਿੰਘ ਉਥੋਂ ਦੀ 'ਬਦਨਾਮ ਜੇਲ੍ਹ' ਵਿਚ ਸੂਬੇਦਾਰ ਸੀ। ਜੀਵਨ ਦੇ ਮੁਢਲੇ ਅੱਠ ਸਾਲ ਉਸ ਨੇ ਉਥੇ ਹੀ ਬਿਤਾਏ। ਜਦੋਂ ਉਹ ਮਸਾਂ ਤਿੰਨ ਕੁ ਵਰ੍ਹਿਆਂ ਦਾ ਸੀ ਤਾਂ ਉਸ ਦੀ ਮਾਤਾ ਬੇਬੇ ਸ਼ਾਮ ਕੌਰ ਚਲਾਣਾ ਕਰ ਗਈ। ਉੱਤਮ ਸਿੰਘ ਨੌਕਰੀ ਛੱਡ ਕੇ ਆਪਣੇ ਪਿੰਡ ਆ ਗਿਆ। ਗੁਰਬਖਸ਼ ਸਿੰਘ ਨੇ ਪੱਤੋ ਹੀਰਾ ਸਿੰਘ ਦੇ ਹਾਈ ਸਕੂਲ ਤੋਂ ਦਸਵੀਂ ਪਾਸ ਕਰ ਲਈ ਅਤੇ ਪਿਤਾ ਨੂੰ ਦੱਸੇ ਤੋਂ ਬਗੈਰ ਹੀ ਫ਼ੌਜ ਵਿਚ ਭਰਤੀ ਹੋ ਗਿਆ ਪਰ ਅੰਬਾਲਾ ਛਾਉਣੀ ਦਾ ਕੈਪਟਨ ਉੱਤਮ ਸਿੰਘ ਨੂੰ ਜਾਣਦਾ ਸੀ। ਉਸ ਨੇ ਗੁਰਬਖਸ਼ ਸਿੰਘ ਦਾ ਨਾਵਾਂ ਕਟਾ ਕੇ ਅੱਗੇ ਪੜ੍ਹਨ ਦੀ ਪ੍ਰੇਰਨਾ ਕਰਦਿਆਂ ਵਾਪਸ ਭੇਜ ਦਿੱਤਾ। ਉਹ ਡੀ.ਐਮ. ਕਾਲਜ ਮੋਗਾ ਵਿਚ ਦਾਖ਼ਲ ਹੋ ਗਿਆ। ਦੇਸ਼ ਆਜ਼ਾਦ ਹੋ ਗਿਆ ਸੀ। ਕਾਲਜ ਪੜ੍ਹਨ ਦੌਰਾਨ ਹੀ ਉਹ ਸੀ.ਪੀ.ਆਈ. ਦੀਆਂ ਸਫ਼ਾਂ ਵਿਚ ਦਾਖ਼ਲ ਹੋ ਗਿਆ ਅਤੇ ਛੋਟੀ ਕਿਸਾਨੀ ਨੂੰ ਇਸ ਪ੍ਰਕਾਰ ਲਾਮਬੰਦ ਕੀਤਾ ਕਿ ਨਿਹਾਲ ਸਿੰਘ ਵਾਲਾ ਅਤੇ ਇਸ ਦੇ ਨਾਲ ਲਗਦੇ ਵਿਧਾਨ ਸਭਾ ਹਲਕਿਆਂ ਦੇ ਸਾਰੇ ਪਿੰਡ ਸੀ.ਪੀ.ਆਈ. ਦੇ ਸਮਰਥਕ ਬਣ ਗਏ। ਲਗਾਤਾਰ 5-7 ਚੋਣਾਂ ਵਿਚ ਸੀ.ਪੀ.ਆਈ. ਦੇ ਉਮੀਦਵਾਰ ਇਨ੍ਹਾਂ ਹਲਕਿਆਂ ਤੋਂ ਜਿੱਤਦੇ ਰਹੇ। ਜੀਵਨ ਦੇ ਆਖਰੀ 10-15 ਵਰ੍ਹੇ ਉਸ ਨੇ ਕੈਨੇਡਾ ਅਤੇ ਅਮਰੀਕਾ ਵਿਚ ਗੁਜ਼ਾਰੇ। 16 ਅਗਸਤ, 2005 ਨੂੰ ਉਹ ਅਮਰੀਕਾ ਦੇ ਇਕ ਸ਼ਹਿਰ ਫਰੈਜ਼ਨੋ ਵਿਚ ਅਕਾਲ ਚਲਾਣਾ ਕਰ ਗਿਆ। ਉਸ ਦੇ ਜਾਣ ਨਾਲ ਪੰਜਾਬ ਵਿਚੋਂ ਮਾਰਕਸਵਾਦੀ ਵਿਚਾਰਧਾਰਾ ਨੂੰ ਪ੍ਰਣਾਇਆ ਹੋਇਆ ਇਕ ਵਚਨਬੱਧ ਜਰਨੈਲ ਖੁੱਸ ਗਿਆ। ਬਲਦੇਵ ਸਿੰਘ ਦੁਆਰਾ ਲਿਖੀ ਇਹ ਜੀਵਨੀ ਆਜ਼ਾਦੀ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿਭਿੰਨ ਪਹਿਲੂਆਂ ਉਪਰ ਵੀ ਬੜਾ ਸੁਚੱਜਾ ਪ੍ਰਕਾਸ਼ ਪਾਉਂਦੀ ਹੈ। ਇਸ ਜੀਵਨੀ ਨੂੰ ਪੜ੍ਹਨ ਦੌਰਾਨ ਨਾਵਲ ਵਰਗਾ ਆਨੰਦ ਪ੍ਰਾਪਤ ਹੁੰਦਾ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136.

c c c

ਗ਼ਜ਼ਲਾਂ ਹੀ ਸਿਰਨਾਵਾਂ
ਗ਼ਜ਼ਲਕਾਰ : ਸੁਖਵਿੰਦਰ ਸਿੰਘ ਲੋਟੇ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ।
ਮੁੱਲ : 125 ਰੁਪਏ, ਸਫ਼ੇ : 112
ਸੰਪਰਕ : 94177-73277.

ਪੰਜਾਬੀ ਗ਼ਜ਼ਲ ਸਾਹਿਤ ਵਿਚ ਨਵੀਆਂ ਖ਼ੂਬਸੂਰਤ ਕਲਮਾਂ ਦੀ ਆਮਦ ਸ਼ੁੱਭ ਸ਼ਗਨ ਹੈ ਤੇ ਇਨ੍ਹਾਂ ਕਲਮਾਂ 'ਚੋਂ ਇਕ ਹੈ ਸੁਖਵਿੰਦਰ ਸਿੰਘ ਲੋਟੇ। ਉਸ ਦਾ ਪਲੇਠਾ ਗ਼ਜ਼ਲ ਸੰਗ੍ਰਹਿ 'ਗ਼ਜ਼ਲਾਂ ਹੀ ਸਿਰਨਾਵਾਂ' ਕਈਆਂ ਪੱਖਾਂ ਤੋਂ ਧਿਆਨ ਖਿੱਚਦਾ ਹੈ। ਲੋਟੇ ਦਾ ਅੰਦਾਜ਼ ਪੰਜਾਬੀ ਪਿੰਡਾਂ ਦੀ ਸਿੱਧ ਪੱਧਰੀ ਜ਼ਿੰਦਗੀ ਵਰਗਾ ਹੈ ਤੇ ਉਸ ਨੇ ਆਪਣੇ ਸ਼ਿਅਰਾਂ ਵਿਚ ਜ਼ਿਆਦਾਤਰ ਉਨ੍ਹਾਂ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ ਜਿਹੜੇ ਪਹਿਲਾਂ ਬਹੁਤ ਘੱਟ ਵਰਤੋਂ ਵਿਚ ਲਿਆਂਦੇ ਗਏ ਹਨ। ਗ਼ਜ਼ਲਕਾਰ ਨੇ ਕਈ ਅਛੂਤੀਆਂ ਰਦੀਫ਼ਾਂ ਢਕਿਆ ਰਹਿ, ਕੱਚਾ ਕੋੜ੍ਹ, ਚੰਗੇ ਭਾਗੀਂ ਮਿਲਦਾ ਹੈ, ਕਿਸਾਨਾਂ ਕਰਕੇ, ਜੀਵਨ ਛੋਟਾ ਹੈ, ਮੇਲਾ ਚਾਰ ਦਿਨਾਂ ਦਾ, ਪਾਪੀ ਬੰਦਾ, ਕਿ ਛੱਕਾਂ ਨਾ ਮਾਰੋ, ਗੱਲ ਬਣੇਂ, ਕਾਦਰ ਨੂੰ ਵੀ ਭਾਉਂਦਾ ਹੈ, ਤੈਨੂੰ ਖੂੰਜੇ ਲਾ ਦੂੰ, ਆਦਿ ਪੇਸ਼ ਕੀਤੀਆਂ ਹਨ ਜਿਨ੍ਹਾਂ ਕਾਰਨ ਉਸ ਦੀਆਂ ਗ਼ਜ਼ਲਾਂ ਅਲਹਿਦਾ ਨਜ਼ਰ ਆਉਂਦੀਆਂ ਹਨ। ਲੋਟੇ ਨੇ ਜਿੱਥੇ ਖੱਟੀ ਲੱਸੀ ਤੇ ਛਿੱਕਾਂ ਵਰਗੇ ਅਲਫ਼ਾਜ਼ ਆਪਣੇ ਸ਼ਿਅਰਾਂ ਵਿਚ ਵਰਤੇ ਹਨ ਓਥੇ ਗੂਗਲ, ਫੇਸ ਬੁਕ ਤੇ ਵਟਸ ਅਪ ਵਰਗੇ ਸ਼ਬਦ ਵਰਤ ਕੇ ਆਪਣੀਆਂ ਗ਼ਜ਼ਲਾਂ ਨੂੰ ਅਧੁਨਿਕ ਦੌਰ ਦੇ ਨਵੇਂ ਸਲੀਕਿਆਂ ਨਾਲ ਵੀ ਜੋੜਿਆ ਹੈ। ਗ਼ਜ਼ਲਕਾਰ ਦਾ ਪਹਿਲਾ ਯਤਨ ਪ੍ਰਸ਼ੰਸਾ ਦੇ ਕਾਬਿਲ ਹੈ। ਲੋਟੇ ਕੋਲ ਬੋਤਲ ਵਿਚ ਗ਼ਜ਼ਲਾਂ ਲਿਖਣ ਦੀ ਕਲਾ ਵੀ ਹੈ ਤੇ ਇਹ ਕਲਾ ਉਸ ਦੀ ਇਸ ਪੁਸਤਕ ਵਿਚ ਵੀ ਦੇਖੀ ਜਾ ਸਕਦੀ ਹੈ।

-ਗੁਰਦਿਆਲ ਰੌਸ਼ਨ
ਮੋ: 9988444002

c c c

ਸ਼ਬਦਾਂ ਦਾ ਜਾਦੂਗਰ
ਐਸ. ਅਸ਼ੋਕ ਭੌਰਾ
ਸੰਪਾਦਕ : ਪ੍ਰਿੰ: ਸਰਵਣ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਪਟਿਆਲਾ
ਮੁੱਲ : 495 ਰੁਪਏ, ਸਫ਼ੇ : 336
ਸੰਪਰਕ : 99151-03490.

ਪ੍ਰਿੰ: ਸਰਵਣ ਸਿੰਘ ਨੇ ਇਸ ਸੰਘਰਸ਼ਸ਼ੀਲ ਵਿਅਕਤੀ, ਜਿਸ ਨੇ ਆਪਣੀ ਲਗਨ, ਮਿਹਨਤ ਅਤੇ ਕਲਾਤਮਿਕ ਬਿਰਤੀ ਸਦਕਾ ਆਪੇ ਨੂੰ ਸਾਧਾਰਨ ਤੋਂ ਆਸਾਧਰਨ ਬਣਾ ਵਿਖਾਇਆ, ਸਬੰਧੀ ਵਿਭਿੰਨ ਵਿਦਵਾਨਾਂ ਪਾਸੋਂ 62 ਜੀਵਨੀਪੂਰਕ ਨਿਬੰਧ ਲਿਖਵਾ ਕੇ ਪਾਠਕਾਂ ਦੇ ਸਾਹਮਣੇ ਲਿਆਂਦਾ ਹੈ। ਇਨ੍ਹਾਂ ਸਮੂਹਿਕ ਨਿਬੰਧਾਂ ਵਿਚ ਭੌਰਾ ਜੀ ਦੁਆਰਾ ਰਚਿਤ ਦਰਜਨ ਤੋਂ ਵੱਧ ਮੌਲਿਕ ਪੁਸਤਕਾਂ ਸਬੰਧੀ ਚਰਚਾ ਵੀ ਹੈ। ਸੈਂਕੜੇ ਹੋਰ ਗੀਤਾਂ ਅਤੇ ਕਵਿਤਾਵਾਂ ਦਾ ਜ਼ਿਕਰ ਹੈ। ਵੱਖ-ਵੱਖ ਸਮਿਆਂ ਵਿਚ ਅੱਧੀ ਦਰਜਨ ਤੋਂ ਵੱਧ ਪੰਜਾਬੀ ਅਖ਼ਬਾਰਾਂ ਵਿਚ ਭੌਰਾ ਸਾਹਿਬ ਦੇ ਛਪਦੇ ਰਹੇ ਵਿਭਿੰਨ ਵਿਸ਼ਿਆਂ ਸਬੰਧੀ, ਲੇਖਾਂ, ਸਥਾਈ ਫ਼ੀਚਰਾਂ, ਮੁਲਾਕਾਤਾਂ, ਰੇਡੀਓ ਅਤੇ ਟੈਲੀਵਿਜ਼ਨਾਂ ਰਾਹੀਂ ਦੇਸ-ਵਿਦੇਸ਼ ਵਿਚ ਪੇਸ਼ ਕੀਤੇ ਗਏ ਪ੍ਰੋਗਰਾਮਾਂ ਦਾ ਵੀ ਵੇਰਵਾ ਹੈ ਅਤੇ ਮਾਸਿਕ ਪਰਚਿਆਂ, ਪ੍ਰਿੰਟ ਮੀਡੀਏ ਅਤੇ ਹੋਰ ਸੰਚਾਰ ਮੀਡੀਏ ਨਾਲ ਜੁੜ ਕੇ ਪੰਜਾਬੀਅਤ ਦੀ ਪਛਾਣ ਨੂੰ ਮਹੱਤਤਾ ਪ੍ਰਦਾਨ ਕਰਨ ਵਾਲੇ ਸੁਘੜ ਕਾਰਜਾਂ ਦਾ ਉਲੇਖ ਵੀ ਹੈ। ਫ਼ਿਲਮੀ ਜਗਤ, ਨਾਟਕੀ ਖੇਤਰ 'ਚ ਜੁੜ ਕੇ ਨਿਸ਼ਠਾਪੂਰਨ ਕਾਰਜ ਦਾ ਉਲੇਖ ਵੀ ਧਿਆਨ ਖਿੱਚੂ ਹੈ। ਪੁਸਤਕ ਦਾ ਹੋਰ ਹਾਸਲ ਭੌਰਾ ਜੀ ਦੇ ਪਰਿਵਾਰਕ ਜੀਵਨ ਬਾਰੇ ਜਾਣਕਾਰੀ, ਅਣਗਿਣਤ ਪ੍ਰਾਪਤੀਆਂ ਦਾ ਵੇਰਵਾ, ਫੋਟੋਜ਼ ਸਮੇਤ ਜਿਹੇ ਪ੍ਰਸੰਗਾਂ ਵਿਚੋਂ ਭਾਂਪਿਆ ਜਾ ਸਕਦਾ ਹੈ। ਭੌਰਾ ਸਾਹਿਬ ਦੀ ਸਮਾਜ, ਭਾਸ਼ਾ ਅਤੇ ਦੇਸ਼ ਜਾਂ ਵਿਦੇਸ਼ (ਅਮਰੀਕਾ) ਵਿਚ ਰਹਿੰਦਿਆਂ ਪੰਜਾਬੀ ਭਾਈਚਾਰਕ ਸਾਂਝ ਨੂੰ ਵਿਦਵਾਨਾਂ ਨੇ ਬਾਖੂਬੀ ਪੇਸ਼ ਕੀਤਾ ਹੈ। ਨਿਰਸੰਦੇਹ ਇਹ ਪੁਸਤਕ ਜੀਵਨ-ਸੰਘਰਸ਼ ਦੀ ਉਸ ਆਭਾ ਨੂੰ ਪੇਸ਼ ਕਰਦੀ ਹੈ, ਜਿਸ ਤੋਂ ਪ੍ਰੇਰਿਤ ਹੋ ਕੇ ਅਜੋਕੇ ਨੌਜਵਾਨ, ਕਿਰਤੀ-ਕਿਰਸਾਨ ਅਤੇ ਮੱਧ ਵਰਗੀ ਲੋਕ ਆਪਣਾ ਜੀਵਨ ਅਤੇ ਫ਼ਲਸਫ਼ਾ ਉੱਤਮ ਪੱਧਰ 'ਤੇ ਲਿਜਾ ਸਕਦੇ ਹਨ।

-ਡਾ: ਜਗੀਰ ਸਿੰਘ ਨੂਰ
ਮੋ: 98142-09732

c c c

ਜੀਵਨ ਰਸ
ਲੇਖਕ : ਮਨਮੋਹਨ ਸਿੰਘ ਦਾਊਂ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 98151-23900.

ਪੁਸਤਕ ਦੇ ਸਿਰਲੇਖ ਤੋਂ ਸਪੱਸ਼ਟ ਹੈ ਕਿ ਇਹ ਜੀਵਨ ਸੇਧ ਦੇਣ ਵਾਲਾ ਸਾਹਿਤਕ ਲੇਖ ਸੰਗ੍ਰਹਿ ਹੈ, ਜਿਸ ਵਿਚ ਸ਼ਾਮਿਲ 22 ਲੇਖਾਂ ਰਾਹੀਂ ਲੇਖਕ ਨੇ ਜੀਵਨ ਦੇ ਵੱਖ-ਵੱਖ ਰੰਗਾਂ ਦਾ ਚਿਤਰਨ ਕੀਤਾ ਹੈ। ਦੋ ਹਿੱਸਿਆਂ ਵਿਚ ਵੰਡੀ ਇਸ ਪੁਸਤਕ ਵਿਚ ਪਹਿਲਾ ਹਿੱਸਾ ਸਿਰਜਣਾ, ਕਲਪਨਾ, ਕੁਦਰਤ ਦੀਆਂ ਦਾਤਾਂ ਨਾਲ ਸਜੀ ਜ਼ਿੰਦਗੀ ਨੂੰ ਜਿਊਣ ਦੀਆਂ ਸੇਧਾਂ ਨਾਲ ਸਜਿਆ ਹੋਇਆ ਹੈ। ਇਨ੍ਹਾਂ ਵਿਚ ਲੇਖਕ ਨੇ ਜੀਵਨ ਨੂੰ ਜਾਨਣ, ਮਾਨਣ ਅਤੇ ਸਿਰਜਣਸ਼ੀਲ ਬਣਨ ਲਈ ਸੁਨੇਹਾ ਦਿੰਦਿਆਂ ਕੁਦਰਤ ਦੇ ਸਰੋਤਾਂ ਦੀ ਸੁਵਰਤੋਂ 'ਤੇ ਜ਼ੋਰ ਦਿੱਤਾ ਹੈ ਤਾਂ ਜੋ ਜੀਵਨ ਰੌਂਅ ਨੂੰ ਵਗਦਾ ਰੱਖਿਆ ਜਾ ਸਕੇ।
ਪੁਸਤਕ ਦਾ ਦੂਸਰਾ ਹਿੱਸਾ ਲੇਖਕ ਦੀਆਂ ਨਿੱਜੀ ਯਾਦਾਂ ਨਾਲ ਸਬੰਧਿਤ ਹੈ, ਜਿਸ ਵਿਚ ਲੇਖਕ ਨੇ ਆਪਣੇ ਜੀਵਨ ਵਿਚ ਅਹਿਮੀਅਤ ਰੱਖਦੀਆਂ ਕੁਝ ਵਸਤੂਆਂ ਬਾਰੇ ਲੇਖ ਪੇਸ਼ ਕੀਤੇ ਹਨ। ਇਸੇ ਹਿੱਸੇ ਵਿਚ ਕੁਝ ਮੂਲੋਂ ਹੀ ਨਿਵੇਕਲ਼ੇ ਵਿਸ਼ੇ ਵੀ ਲੇਖਾਂ ਦਾ ਆਧਾਰ ਬਣੇ ਹਨ, ਜਿਨਾਂ ਵਿਚ ਆਥਣ ਵੇਲੇ ਦੀ ਸੁਰਮਈ ਸ਼ਾਮ ਦਾ ਜ਼ਿਕਰ ਬੜਾ ਖੂਬਸੂਰਤ ਹੈ, ਘੁੱਗੀ ਦੀ ਘੂੰ ਘੂੰ, ਸੱਜੇ ਹੱਥ ਕਲਮ ਅਤੇ ਖੱਬੇ ਹੱਥ ਕੈਂਚੀ ਆਦਿ ਸ਼ਾਮਿਲ ਹਨ। ਇਨ੍ਹਾਂ ਵਿਚ ਲੇਖਕ ਨੇ ਕੁਦਰਤ ਤੋਂ ਟੁੱਟਦੇ ਜਾ ਰਹੇ ਮਨੁੱਖ ਦੀ ਹੋਣੀ ਦੇ ਨਾਲ-ਨਾਲ ਹੱਥ ਅਤੇ ਕਿਰਤ ਦੇ ਸੁਮੇਲ ਨੂੰ ਬਿਆਨਿਆ ਹੈ। 'ਮੇਰੀ ਮਨਪਸੰਦ ਪੁਸਤਕ' ਵਿਚ ਲੇਖਕ ਨੇ ਸੰਸਾਰ ਪ੍ਰਸਿੱਧ ਪੁਸਤਕ ਮੇਰਾ ਦਾਗਿਸਤਾਨ ਦੇ ਕੁਝ ਅੰਸ਼ ਪੇਸ਼ ਕੀਤੇ ਹਨ। ਆਪਣੀ ਬੇਬੇ ਦੇ ਸੁਭਾਅ ਤੇ ਸੁਹਜਾਤਮਕ ਰੂਪ ਨਾਲ ਚਰਚਾ ਕਰਨ ਦੇ ਨਾਲ ਨਾਲ ਲੇਖਕ ਨੇ ਪੰਜਾਬ ਦੀਆਂ ਦੋ ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ ਚਿੱਤਰ ਵੀ ਇਸ ਹਿੱਸੇ ਵਿਚ ਸ਼ਾਮਿਲ ਹਨ। ਸਰਲ ਸਧਾਰਨ ਭਾਸ਼ਾ ਵਾਲੇ ਇਹ ਸਾਰੇ ਹੀ ਲੇਖ ਲੇਖਕ ਦੀ ਖੂਬਸੂਰਤ ਲਿਖਣ ਸ਼ੈਲੀ ਨੂੰ ਪ੍ਰਗਟਾਉਂਦੇ ਹਨ।

-ਡਾ: ਸੁਖਪਾਲ ਕੌਰ ਸਮਰਾਲਾ
ਮੋ: 98885-47099

c c c

ਸਿੱਖ ਲਹਿਰ
ਲੇਖਕ : ਪ੍ਰੋ: ਕਿਸ਼ਨ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 250 ਰੁਪਏ, ਸਫ਼ੇ : 208
ਸੰਪਰਕ : 011-23280657.

ਪ੍ਰੋ: ਕਿਸ਼ਨ ਸਿੰਘ ਮੂਲ ਰੂਪ ਵਿਚ ਮਾਰਕਸਵਾਦੀ ਸਾਹਿਤ ਚਿੰਤਕ ਹੈ, ਜੋ ਪੰਜਾਬੀ ਆਲੋਚਨਾ ਦੇ ਖੇਤਰ ਵਿਚ ਬਾਬਾ ਬੋਹੜ ਵਜੋਂ ਸਥਾਪਿਤ ਮਾਰਕਸਵਾਦੀ ਸੰਤ ਸਿੰਘ ਸੇਖੋਂ ਨਾਲ ਸਖ਼ਤ/ਅਸਲੋਂ ਉਲਟ ਸਿਧਾਂਤਕ ਧਾਰਨਾਵਾਂ ਕਾਰਨ ਚਰਚਾ ਵਿਚ ਰਿਹਾ ਹੈ। ਗੁਰਬਾਣੀ ਤੇ ਸਿੱਖ ਲਹਿਰ ਬਾਰੇ ਉਸ ਦੀ ਆਪਣੀ ਵਿਆਖਿਆ ਵਿਧੀ ਹੈ। ਉਹ ਗੁਰਬਾਣੀ ਦੀ ਸ਼ਬਦਾਵਲੀ/ਸਤ੍ਹਾ/ਮੁਹਾਵਰੇ ਨੂੰ ਮਹੱਤਵ ਨਹੀਂ ਦਿੰਦਾ। ਇਸ ਨਾਲ ਪੇਸ਼ ਕੀਤੀ ਇਨਕਲਾਬੀ ਵਸਤੂ, ਇਸ ਦੇ ਸਿਸਟਮ ਵਿਚਲੇ ਲੋਕ ਹਿਤੂ ਫਿਊਡਲ ਵਿਰੋਧੀ ਪੈਂਤੜੇ ਨੂੰ ਉਜਾਗਰ ਕਰਦਾ ਹੈ।
ਗੁਰੂ ਨਾਨਕ ਦਾ ਧਰਮ, ਸਿੱਖ ਲਹਿਰ, ਗੁਰਬਾਣੀ ਫਿਊਡਲ ਦੇ ਉਲਟ ਆਮ ਆਦਮੀ ਨੂੰ ਸੰਗਠਿਤ ਤੇ ਉਤਸ਼ਾਹਿਤ ਕਰਦੇ ਹਨ। ਮਾਇਆ ਕੇਂਦਰਿਤ ਫਿਊਡਲ/ਮਨਮੁੱਖ ਦੀ ਥਾਂ ਨਾਂਅ ਕੇਂਦਰ/ਹਰ ਭੈਅ ਤੋਂ ਮੁਕਤ ਕ੍ਰਾਂਤੀਕਾਰੀ ਚੇਤਨਾ ਵਾਲੀ ਗੁਰਮੁੱਖ ਜੀਵਨ ਜਾਚ ਉਸ ਲਈ ਸਪੱਸ਼ਟ ਨਿਖੇੜ ਦੇ ਆਧਾਰ ਹਨ। ਇਸ ਆਧਾਰ 'ਤੇ ਉਹ ਗੋਕਲ ਚੰਦ ਨਾਰੰਗ, ਇੰਦੂ ਭੂਸ਼ਣ ਬੈਨਰਜੀ ਤੇ ਡਾ: ਜੇ.ਐਸ. ਗ੍ਰੇਵਾਲ ਦੀਆਂ ਧਾਰਨਾਵਾਂ ਦਾ ਬੁਰੀ ਤਰ੍ਹਾਂ ਖੰਡਨ ਕਰਦੇ ਹੋਏ ਕਹਿੰਦਾ ਹੈ ਕਿ ਇਹ ਇਤਿਹਾਸਕਾਰ ਸਿੱਖ ਲਹਿਰ ਦੇ ਸੱਚ ਨੂੰ ਸਮਝਣ ਵਿਚ ਅਸਫ਼ਲ ਰਹੇ ਹਨ।
ਕਿਸ਼ਨ ਸਿੰਘ ਅਨੁਸਾਰ ਸਿੱਖ ਲਹਿਰ ਦਾ ਅਸਲਾ ਸਿਆਸੀ ਹੈ। ਸਿੱਖ ਗੁਰੂ ਲੋਕ ਹਿਤੂ ਪੈਂਤੜੇ ਵਾਲੀ ਮੁਤਵਾਜ਼ੀ ਹਕੂਮਤ/ਕੇਂਦਰ ਉਸਾਰਨ ਵੱਲ ਸੁਚੇਤ ਤੌਰ 'ਤੇ ਨਿਰੰਤਰ ਯਤਨਸ਼ੀਲ ਰਹੇ। ਗੁਰਬਾਣੀ ਇਸੇ ਲਈ ਲੋੜੀਂਦੀ ਮਾਨਸਿਕਤਾ ਵਾਲੇ ਬੰਦੇ ਤਿਆਰ ਕਰਨ ਵਾਲਾ ਪ੍ਰਵਚਨ ਹੈ। ਲੰਗਰ, ਪੰਗਤ, ਸੰਗਤ ਬ੍ਰਾਹਮਣ ਨੂੰ ਉਸ ਦੇ ਪ੍ਰੰਪਰਾਗਤ ਰੁਤਬੇ ਤੋਂ ਖਾਰਜ ਕਰਨ ਵਾਲੀਆਂ ਸੰਸਥਾਵਾਂ ਹਨ। ਬਾਣੀ ਦੇ ਰੱਬ ਦਾ ਸੰਕਲਪ ਫਿਊਡਲ ਵਿਰੋਧੀ ਤੇ ਲੋਕ ਹਿਤੂ ਹੈ। ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਇਸ ਸੰਕਲਪ ਵਿਚ ਆਏ ਵਿਗਾੜ ਤੇ ਵਿਸੰਗਤੀਆਂ 'ਤੇ ਵੀ ਉਂਗਲ ਰੱਖ ਕੇ ਸਿੱਖ ਲਹਿਰ ਦੀ ਵਿਆਖਿਆ ਕਰਦਾ ਹੈ। ਇਹ ਵਿਆਖਿਆ ਇਤਿਹਾਸਕ ਮਹੱਤਵ ਵਾਲੀ ਸ਼ੈਅ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਪੰਜਾਬੀ ਨਾਟਕ ਵਿਚ ਨਿਰੂਪਤ ਪੰਜਾਬ ਸੰਕਟ
ਲੇਖਕ : ਡਾ: ਗੁਰਮੀਤ ਸਿੰਘ ਹੁੰਦਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 86
ਸੰਪਰਕ : 94656-44266.

ਹਥਲੀ ਪੁਸਤਕ ਵਿਚ ਲੇਖਕ ਨੇ ਪੰਜਾਬ ਤ੍ਰਾਸਦੀ ਬਾਰੇ ਪੰਜਾਬੀ ਨਾਟਕਾਂ ਰਾਹੀਂ ਪਾਏ ਯੋਗਦਾਨ ਦਾ ਮੁਲਅੰਕਣ ਕਰਨ ਦਾ ਯਤਨ ਕੀਤਾ ਹੈ। ਪ੍ਰਬੁੱਧ ਲੇਖਕ ਆਪਣੇ ਇਸ ਥੀਸਿਸ ਵਿਚ ਪਹਿਲਾਂ ਪੰਜਾਬ ਤ੍ਰਾਸਦੀ ਦੀਆਂ ਜੜ੍ਹਾਂ ਲੱਭਣ ਦੇ ਆਹਰ ਵਿਚ ਹੈ। ਉਹ ਆਪਣੀ ਤੀਖਣ ਦ੍ਰਿਸ਼ਟੀ ਰਾਹੀਂ ਉਨ੍ਹਾਂ ਸਾਰੇ ਕਾਰਨਾਂ ਦੀ ਪੁਣਛਾਣ ਕਰਦਾ ਹੈ ਜੋ ਪੰਜਾਬ ਤ੍ਰਾਸਦੀ ਦਾ ਸਬੱਬ ਬਣੇ। ਇਸ ਕਾਰਜ ਲਈ ਉਸ ਨੇ ਆਤਮਜੀਤ ਦਾ ਨਾਟਕ 'ਸ਼ਹਿਰ ਬਿਮਾਰ ਹੈ', ਗੁਰਸ਼ਰਨ ਸਿੰਘ ਦੇ ਨਾਟਕ 'ਬਾਬਾ ਬੋਲਦਾ ਹੈ', ਚਰਨਦਾਸ ਸਿੱਧੂ ਦਾ ਨਾਟਕ 'ਭਾਈਆ ਹਾਕਮ ਸਿੰਹੁ' ਦੀ ਚੋਣ ਕੀਤੀ ਹੈ। ਦੋ ਪਰਸਿੱਧ ਕਹਾਣੀਆਂ ਮੰਟੋ ਦੀ 'ਟੋਭਾ ਟੇਕ ਸਿੰਘ' ਅਤੇ ਵਰਿਆਮ ਸਿੰਘ ਸੰਧੂ ਦੀ ਕਹਾਣੀ 'ਭੱਜੀਆਂ ਬਾਹੀਂ' ਦੇ ਨਾਟਕੀ ਰੂਪਾਂਤਰ ਕ੍ਰਮਵਾਰ ਡਾ: ਆਤਮਜੀਤ ਅਤੇ ਅਜਮੇਰ ਸਿੰਘ ਔਲਖ ਨੇ ਕੀਤੇ ਹਨ। ਇਨ੍ਹਾਂ ਨਾਟਕਾਂ ਦੀ ਪੁਣਛਾਣ ਡਾ: ਹੁੰਦਲ ਨੇ ਬੜੀ ਹੀ ਸਰਲ, ਸੁਚੱਜੀ ਤੇ ਆਮ ਸਮਝ ਆਉਣ ਵਾਲੀ ਭਾਸ਼ਾ 'ਚ ਕੀਤੀ ਹੈ। ਇਨ੍ਹਾਂ ਨਾਟਕਾਂ ਵਿਚ ਵਰਤੀਆਂ ਜੁਗਤਾਂ, ਵਿਸ਼ੇ ਦਾ ਨਿਭਾਉ ਅਤੇ ਲੇਖਕ ਦੀ ਦ੍ਰਿਸ਼ਟੀ ਦਾ ਭਲੀ-ਭਾਂਤ ਵਿਸ਼ਲੇਸ਼ਣ ਕੀਤਾ ਗਿਆ ਹੈ। ਨਾਟਕਾਂ ਦੀਆਂ ਖੂਬੀਆਂ ਦੱਸਣ ਦੇ ਨਾਲ-ਨਾਲ ਇਨ੍ਹਾਂ ਵਿਚੋਂ ਲੱਭਦੀਆਂ ਖ਼ਾਮੀਆਂ ਦਾ ਵੀ ਜ਼ਿਕਰ ਉਸੇ ਰੌਂਅ 'ਚ ਕੀਤਾ ਗਿਆ ਹੈ। ਲੇਖਕ ਕਿਸੇ ਵਾਦ ਨਾਲ ਬੱਝਿਆ ਵੀ ਪ੍ਰਤੀਤ ਨਹੀਂ ਹੁੰਦਾ। ਰਚਨਾ ਦੇ ਕੱਥ ਦੀ ਤਹਿ ਤੱਕ ਪਹੁੰਚਣਾ ਹੀ ਆਲੋਚਕ ਦਾ ਮੁੱਖ ਮਕਸਦ ਹੈ। ਇਸ ਪੁਸਤਕ ਰਾਹੀਂ ਅਸੀਂ ਪੰਜਾਬ ਤ੍ਰਾਸਦੀ ਦੀ ਰੂਹ ਤੱਕ ਬਹੁਤ ਹੀ ਸਹਿਜ ਨਾਲ ਪਹੁੰਚਣ ਦੇ ਸਮਰੱਥ ਹੋ ਸਕਾਂਗੇ।

-ਕੇ. ਐਲ. ਗਰਗ
ਮੋ: 94635-37050.

19/11/2017

 ਦਾਸਤਾਨ
ਲੇਖਿਕਾ : ਰੇਸ਼ਮ ਕੌਰ ਰੇਸ਼ਮ
ਪ੍ਰਕਾਸ਼ਕ : ਤਰਲੋਚਨ ਪ੍ਰਕਾਸ਼ਨ, ਜੰਮੂ
ਮੁੱਲ : 300 ਰੁਪਏ, ਸਫ਼ੇ : 128
ਸੰਪਰਕ : 72981-72464

ਰਿਆਸਤ ਜੰਮੂ ਦੀ ਰਹਿਣ ਵਾਲੀ ਰੇਸ਼ਮ ਕੌਰ ਗਿਣੀਆਂ ਚੁਣੀਆਂ ਕਵਿੱਤਰੀਆਂ ਵਿਚੋਂ ਇਕ ਹੈ ਜਿਸ ਨੇ ਗੀਤਾਂ ਨੂੰ ਪੁਸਤਕ ਰੂਪ ਦੇ ਕੇ ਸਾਹਿਤ ਖੇਤਰ ਵਿਚ ਆਪਣੀ ਥਾਂ ਬਣਾਈ ਹੈ। ਇਹ ਗੀਤ ਜੀਵਨ ਦੇ ਯਥਾਰਥ ਨਾਲ ਜੁੜੇ ਦੁੱਖ-ਸੁੱਖ, ਵਲਵਲੇ, ਕਰੁਣਾ, ਜਜ਼ਬਾਤ ਤੇ ਯਾਦਾਂ ਦਾ ਪ੍ਰਗਟਾਅ ਰੂਪ ਹਨ ਅਤੇ ਲੋਕ ਗੀਤ ਦੇ ਸਾਰੇ ਗੁਣ ਸਮੋਏ ਹੋਏ ਹਨ।
ਲੇਖਿਕਾ ਦੇ ਇਸ ਕਾਵਿ ਰੂਪ ਵਿਚ ਪਿਆਰ, ਬਿਰਹੋਂ, ਵਿਛੋੜਾ ਤੇ ਮਿਲਾਪ ਦੀ ਤਾਂਘ ਵਧੇਰੇ ਉਜਾਗਰ ਹੋ ਕੇ ਸਾਹਮਣੇ ਆਉਂਦਾ ਹੈ। ਕਵਿਤਾਵਾਂ 'ਅਰਮਾਨ, ਉਮਰਾਂ ਦਾ ਹੋਣਾ, ਸੱਧਰਾਂ, ਜਿੰਦ ਆਪਣੀ ਦੁੱਖਾਂ ਵਿਚ ਪਾਈ, ਮੇਰਾ ਹੈ ਦਿਲ, ਬੇਰੁਖੀ' ਤੇ 'ਸਾਰੀ ਜ਼ਿੰਦਗੀ ਤੋਂ ਦੂਰ' ਵਿਚ। ਉਸ ਨੇ ਪੇਕਿਆਂ ਦੀ ਬਾਤ ਵੀ ਪਾਈ ਹੈ, ਮੁਕਲਾਵੇ ਦਾ ਗੀਤ ਗਾਇਆ ਹੈ। ਮਿੱਤਰ ਪਿਆਰੇ ਦੀ ਸੁੱਖ ਮੰਗਦੀ ਹੋਈ ਅੰਮੜੀ ਨੂੰ ਵੀ ਯਾਦ ਕੀਤਾ ਹੈ। ਅੱਜ ਜੋ ਬਜ਼ੁਰਗਾਂ ਨਾਲ ਹੋ ਰਿਹਾ ਹੈ ਉਸ ਬੇਕਦਰੀ ਨੂੰ 'ਬੁੱਢੀ ਮਾਂ' ਕਵਿਤਾ ਵਿਚ ਉਲੀਕਿਆ ਹੈ। ਪੰਜਾਬੀ ਮਾਂ-ਬੋਲੀ ਦੀ ਸਿਫ਼ਤ ਕਰਦੀ ਹੋਈ ਲੇਖਿਕਾ ਦੇਸ਼ ਦੀਆਂ ਮਰਿਆਦਾਵਾਂ ਨੂੰ ਵੀ ਬਾਖੂਬੀ ਪੇਸ਼ ਕਰਦੀ ਹੈ ਜਿਵੇਂ ਮਹਿੰਗਾਈ, ਭ੍ਰਿਸ਼ਟਾਚਾਰ, ਨਸ਼ਾ, ਬੇਈਮਾਨੀ ਤੇ ਪ੍ਰਦੇਸੀਂ ਵਸਦੇ ਲੋਕਾਂ ਦੇ ਦਰਦ ਆਦਿ। ਜਿਥੇ ਇਕ ਪਾਸੇ ਜਲ ਹੀ ਜੀਵਨ ਹੈ, ਉਥੇ ਦੂਜੇ ਪਾਸੇ ਉੱਤਰਾਖੰਡ ਵਿਚ ਮਚੀ ਤਬਾਹੀ ਦਾ ਵੀ ਵਰਣਨ ਕੀਤਾ ਹੈ।
ਰੱਬ ਦੇ ਕਹਿਣੇ ਬੱਦਲ ਫਟ ਗਏ ਰੋੜ੍ਹ ਕੇ ਸਭ ਕੁਝ ਲੈ ਗਏ,
ਰੱਬਾ ਤੇਰੇ ਜੀਵ ਤੇ ਜੰਤੂ ਸਭ ਪਾਣੀ ਵਿਚ ਬਹਿ ਗਏ।
ਅੰਤਲੀਆਂ ਕਵਿਤਾਵਾਂ ਵਿਚ ਪਿਆਰ, ਸੱਜਣ ਦੀ ਯਾਦ, ਮਿਲਾਪ ਦੀ ਤਾਂਘ, ਮਾਂ ਦੀ ਉਡੀਕ ਪੁੱਤਰ ਲਈ, ਅੱਜ ਦੇ ਰਾਂਝੇ, ਚਾਰ ਦਿਨਾਂ ਦਾ ਮੇਲਾ, ਸੌਦਾ ਪਿਆਰ ਦਾ, ਭਲੇ ਲੋਕ ਤੇ ਵਰਲਡ ਕੱਪ ਦਾ ਮੈਚ ਆਦਿ ਨੂੰ ਚਿਤਰਿਆ ਹੈ। ਉਹ ਸੱਚ ਕਹਿਣ ਤੋਂ ਨਹੀਂ ਟਲਦੀ ਤੇ ਦੁਨੀਆ ਦੇ ਸਵਾਰਥ ਨੂੰ ਪੇਸ਼ ਕਰਦੀ ਹੋਈ ਲਿਖਦੀ ਹੈਂ
ਸਭ ਦੁਨੀਆ ਮਤਲਬ ਦੀ
ਕੋਈ ਵੀ ਜਿਗਰੀ ਦੋਸਤ ਨਹੀਂ
ਨਾ ਬਣਦੀ ਕੋਈ ਸਕੀ ਸਹੇਲੀ
ਹੁਣ ਖੂਨ ਦੇ ਰਿਸ਼ਤੇ ਵੀ
ਬਣ ਕੇ ਰਹਿ ਗਏ ਇਕ ਪਹੇਲੀ।
ਕਵਿੱਤਰੀ ਨੇ ਜਿਥੇ ਅਨੇਕਾਂ ਵਿਸ਼ੇ ਕਾਵਿ ਦੇ ਕਲਾਵੇ ਵਿਚ ਲਏ ਹਨ, ਉਥੇ ਕਲਾ ਪੱਖ ਤੋਂ ਵੀ ਪੂਰਨ ਤੌਰ 'ਤੇ ਚੰਤਨ ਹੈ। ਭਾਵੇਂ ਮੁਢਲੀ ਰਚਨਾ ਹੋਣ ਕਾਰਨ ਇਸ ਵਿਚ ਕੁਝ ਖਾਮੀਆਂ ਰਹਿ ਗਈਆਂ ਹਨ ਪਰ ਪਹਿਲਾ ਯਤਨ ਸ਼ਲਾਘਾਯੋਗ ਹੈ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਜ਼ੀਲ
ਲੇਖਕ : ਮਨਮੋਹਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 120.
ਸੰਪਰਕ : 098682-52946.

ਹਥਲੇ ਸੰਗ੍ਰਹਿ ਦਾ ਰਚੇਤਾ ਕਵੀ ਮਨਮੋਹਨ ਆਧੁਨਿਕ ਪੰਜਾਬੀ ਕਵਿਤਾ ਨੂੰ, ਇਸ ਸੰਗ੍ਰਹਿ ਜ਼ਰੀਏ, ਵਿਸ਼ਵ ਦੀ ਸ੍ਰੇਸ਼ਟ ਕਾਵਿ-ਰਚਨਾ ਨਾਲ ਜੋੜਦਾ ਪ੍ਰਤੀਤ ਹੁੰਦਾ ਹੈ। ਇਸ ਕਵੀ ਦਾ ਕਾਵਿ-ਬੋਧ ਮਹਿਜ਼ ਅਡੰਬਰੀ ਕਾਵਿ ਸਿਰਜਣ ਪ੍ਰਕਿਰਿਆ ਤੋਂ ਅਗਾਂਹ ਜਾ ਕੇ ਆਂਦਰਾਂ 'ਚੋਂ ਤਿੱਖੇ ਉਭਰੇ ਭਾਵਾਂ, ਵਿਭਾਵਾਂ ਅਤੇ ਵਿਚਾਰਾਂ ਦਾ ਪ੍ਰਗਟਾਅ ਹੈ। 'ਜ਼ੀਲ' ਸ਼ਬਦ ਵੀ ਆਂਦਰਾਂ ਦੀ ਤਾਰ ਤੋਂ ਉਪਜੀ ਤੰਤੀ ਸਾਜ਼ ਦਾ ਹਿੱਸਾ ਹੈ ਜੋ ਨਾਜ਼ੁਕ ਭਾਵਾਂ ਨੂੰ ਉੱਪਰਲੀ ਸੁਰ 'ਚ ਉਭਾਰਦੀ ਹੈ। ਕਵੀ ਦਾ ਕਾਵਿ-ਸਿਧਾਂਤ ਮਾਨਵਤਾ ਹਿਤੈਸ਼ੀ ਅਤੇ ਸਰਵ ਲੋਕਤਾ ਨੂੰ ਸ਼ੁੱਧਤਾ ਦਾ ਜੀਵਨ ਬਸਰ ਕਰਨ ਦਾ ਪੈਗਾਮ ਦਿੰਦਾ ਹੈ।
ਇਹ ਕਵਿਤਾਵਾਂ ਮਨੁੱਖ ਦੀ ਮਾਨਸਿਕਤਾ ਵਿਚੋਂ ਗੁਆਚ ਰਹੇ ਮਨੁੱਖ, ਜੀਵ ਅਤੇ ਪ੍ਰਕਿਰਤੀ ਦੀ ਹੋਂਦ ਅਵਸਥਾ ਤੋਂ ਇਨਕਾਰੀ ਹੋ ਰਹੀ ਸੋਚ ਦ੍ਰਿਸ਼ਟੀ ਦੀ ਸੋਝੀ ਕਰਾਉਂਦੀਆਂ ਹਨ ਅਤੇ ਮਨੁੱਖ ਦੇ ਆਪੇ ਦੀ ਪਛਾਣ ਲੱਭਣ ਲਈ ਦੂਜੇ ਦੀ ਹੋਂਦ ਦੀ ਪਛਾਣ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਸਹਿਜ, ਸ਼ਾਂਤੀ, ਸੁੱਖ, ਰਿਸ਼ਤਿਆਂ ਦੀ ਪਾਕੀਜ਼ਗੀ ਤੋਂ ਪ੍ਰਾਪਤ ਸੁਵਿਧਾਵਾਂ, ਅਪਣੱਤ, ਜਸ਼ਨ ਮਨਾਉਣ ਤੋਂ ਪ੍ਰਾਪਤ ਹੋਈਆਂ ਖੁਸ਼ੀਆਂ, ਵਰਤਮਾਨ ਨੂੰ ਮਾਨਣ ਦਾ ਰਹੱਸ ਅਤੇ ਹੋਰ ਬਹੁਤ ਸਾਰੇ ਸਰੋਕਾਰਾਂ ਨੂੰ ਇਹ ਕਵਿਤਾਵਾਂ ਬਾ-ਖੂਬੀ ਖੋਲ੍ਹਦੀਆਂ ਹੋਈਆਂ ਪ੍ਰਤੀਤ ਹੁੰਦੀਆਂ ਹਨ। ਨਿਰਾਸ਼ਾ 'ਚੋਂ ਆਸ਼ਾ, ਹਾਰਾਂ 'ਚੋਂ ਜਿੱਤਾਂ, ਢਾਹੂ ਸੋਚ ਚੋਂ ਉਸਾਰੂ ਸੋਚ, ਤ੍ਰਿਸ਼ੰਕੂ ਅਤੇ ਖਲਾਅ 'ਚੋਂ ਬਾਹਰ ਆ ਕੇ ਸੁਤੰਤਰ ਅਤੇ ਮਿਠ-ਮਿਲਾਪੜਾ ਜੀਵਨ ਜੀਊਣ ਲਈ ਇਹ ਕਵਿਤਾਵਾਂ ਪ੍ਰੇਰਿਤ ਕਰਦੀਆਂ ਹਨ। ਅਜੋਕਾ ਮਨੁੱਖ ਜੋ ਆਪਣੇ ਘਰ ਪਰਿਵਾਰ, ਸਮਾਜ, ਸੱਭਿਆਚਾਰ, ਇਤਿਹਾਸ ਅਤੇ ਵਿਰਾਸਤੀ ਅਮੀਰੀ ਨੂੰ ਵਿਸਾਰ ਚੁੱਕਾ ਹੈ ਉਨ੍ਹਾਂ ਪੱਖਾਂ ਨੂੰ ਵੀ ਇਸ ਕਵੀ ਨੇ ਬਾ-ਖੂਬੀ ਵਿਅੰਗ ਦੀ ਦ੍ਰਿਸ਼ਟੀ ਤੋਂ ਪ੍ਰਗਟਾਇਆ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 98142-09732.
ਫ ਫ ਫ

ਬਲਦੇਵ ਸਿੰਘ ਧਾਲੀਵਾਲ ਦੀਆਂ ਕਹਾਣੀਆਂ : ਇਕ ਅਧਿਐਨ
ਲੇਖਿਕਾ : ਡਾ: ਨਰਿੰਦਰ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 94
ਸੰਪਰਕ : 94178-19819.

ਪੰਜਾਬੀ ਕਹਾਣੀ ਦੇ ਉੱਘੇ ਹਸਤਾਖਰ ਬਲਦੇਵ ਸਿੰਘ ਧਾਲੀਵਾਲ ਦੇ ਕਹਾਣੀ ਸੰਗ੍ਰਹਿ ਓਪਰੀ ਹਵਾ, ਆਪਣੇ ਆਪਣੇ ਕਾਰਗਿਲ ਤੇ ਉਨ੍ਹਾਂ ਦੀਆਂ ਆਲੋਚਨਾਤਮਕ ਪੁਸਤਕਾਂ, ਕਹਾਣੀ ਸ਼ਾਸਤਰ ਤੇ ਪੰਜਾਬੀ ਕਹਾਣੀ, ਪੰਜਾਬੀ ਕਹਾਣੀ ਦਾ ਇਤਿਹਾਸ ਦੇ ਆਧਾਰਿਤ ਲਿਖੀ ਡਾ: ਨਰਿੰਦਰ ਕੌਰ ਦੀ ਇਸ ਪੁਸਤਕ ਦੇ 10 ਅਧਿਆਇ ਹਨ। ਪਹਿਲਾ ਕਾਂਡ ਪੰਜਾਬੀ ਕਹਾਣੀ ਤੇ ਮਨੁੱਖੀ ਅਨੁਭਵ ਹੈ, ਜਿਸ ਵਿਚ ਲੇਖਿਕਾ ਨੇ ਪੰਜਾਬੀ ਕਹਾਣੀ ਦਾ ਆਰੰਭ, ਵਿਕਾਸ ਤੇ ਮੁਢਲੇ ਕਹਾਣੀਕਾਰਾਂ ਤੋਂ ਲੈ ਕੇ ਹੁਣ ਤੱਕ ਦੀ ਕਹਾਣੀ ਦਾ ਜ਼ਿਕਰ ਕੀਤਾ ਹੈ। ਵੱਖ-ਵੱਖ ਕਾਂਡਾਂ ਵਿਚ ਡਾ: ਧਾਲੀਵਾਲ ਦੇ ਉਪਰੋਕਤ ਕਹਾਣੀ ਪੁਸਤਕਾਂ ਵਿਚੋਂ ਵੱਖ-ਵੱਖ ਕਹਾਣੀਆਂ ਦਾ ਬਹੁਪੱਖੀ ਵਿਸ਼ਲੇਸ਼ਣ ਹੈ। ਕਹਾਣੀਆਂ ਦੀਆਂ ਸੂਖਮ ਪਰਤਾਂ ਦੀ ਸਾਰਥਿਕ ਚਰਚਾ ਹੈ। ਇਨ੍ਹਾਂ ਵਿਸ਼ਿਆਂ ਨੂੰ ਲੇਖਿਕਾ ਨੇ ਅਨੁਭਵੀ ਸਿਰਲੇਖ ਦਿੱਤੇ ਹਨ। ਕਹਾਣੀਆਂ ਵਿਚ ਉੱਭਰਦੀ ਆਰਥਿਕਤਾ, ਗ਼ਰੀਬੀ, ਕਿਸਾਨੀ ਮਸਲੇ, ਰਿਸ਼ਤਿਆਂ ਦਾ ਤਣਾਅ, ਨਵੇਂ ਪੁਰਾਣੇ ਵਿਚਾਰਾਂ ਦਾ ਤਕਰਾਰ, ਪੇਂਡੂ ਤੇ ਸ਼ਹਿਰੀ ਜੀਵਨ, ਨਾਰੀ ਚੇਤਨਾ ਸੱਭਿਆਚਾਰਕ ਰੁਪਾਂਤਰਨ, ਪੰਜਾਬ ਦਾ ਮੌਜੂਦਾ ਸੰਕਟ, ਵਿਸ਼ਵੀਕਰਨ ਪ੍ਰਵਿਰਤੀ, ਮਨੁੱਖ ਦੀ ਮਾਨਸਿਕ ਦੁਬਿਧਾ, ਕਹਾਣੀਆਂ ਵਿਚ ਵਰਤੇ ਬਿੰਬ, ਆਦਿ। ਲੇਖਿਕਾ ਨੇ ਕਹਾਣੀਆਂ ਵਿਚੋਂ ਸਬੰਧਿਤ ਵਿਸ਼ਿਆਂ ਨਾਲ ਜੁੜੀਆਂ ਮੂਲ ਟੂਕਾਂ ਦੇ ਕੇ ਵਿਸ਼ਲੇਸ਼ਣ ਨੂੰ ਨਿੱਗਰ ਰੂਪ ਦਿੱਤਾ ਹੈ। ਪੁਸਤਕ ਦੀ ਸ਼ੈਲੀ ਆਸਾਨ, ਰੌਚਿਕ ਤੇ ਕਲਾਤਮਕ ਹੈ। ਚਰਚਿਤ ਕਹਾਣੀਆਂ ਵਿਚ ਕੀੜੀਆਂ ਦੀ ਮੌਤ, ਐਡਮ ਤੇ ਈਵ, ਓਪਰੀ ਹਵਾ, ਆਈਸਕ੍ਰੀਮ, ਅਰਧਕੁੰਭ, ਤਕੜੀ, ਫ਼ੈਸਲਾ, ਸੱਪ ਛੱਡਣਾ, ਔਂਤ, ਲਛਮਣ ਰੇਖਾ ਦਾ ਵਿਸ਼ਲੇਸ਼ਣ ਇਸ ਕਦਰ ਬਾਰੀਕੀ ਨਾਲ ਕੀਤਾ ਗਿਆ ਹੈ। ਦਸਵੇਂ ਕਾਂਡ ਵਿਚ ਬਲਦੇਵ ਧਾਲੀਵਾਲ ਦੇ ਪੰਜਾਬੀ ਕਹਾਣੀ ਨੂੰ ਦਿੱਤੇ ਯੋਗਦਾਨ ਦੀ ਸਾਰਥਿਕ ਚਰਚਾ ਹੈ।

ਂਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160.
ਫ ਫ ਫ

ਦੁਖੀਆਂ ਦੀ ਦਾਸਤਾਨ
ਲੇਖਕ : ਰਾਜਾ ਰਾਮ ਹੰਡਿਆਇਆ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ,ਬਰਨਾਲਾ
ਮੁੱਲ : 100 ਰੁਪਏ, ਸਫ਼ੇ : 136
ਸੰਪਰਕ : 98721-88762.

ਮਾਨਸਿਕ ਰੋਗੀਆਂ ਦੀਆਂ ਸੱਚੀਆਂ ਕਹਾਣੀਆਂ 'ਤੇ ਆਧਾਰਿਤ ਇਸ ਪੁਸਤਕ ਵਿੱਚ ਮਨੋਵਿਗਿਆਨਕ ਸਮੱਸਿਆਵਾਂ ਦੇ ਵਿਸ਼ਲੇਸ਼ਣ ਨੂੰ ਕਹਾਣੀ ਵਿਧਾਂ ਰਾਹੀ ਪੇਸ਼ ਕੀਤਾ ਗਿਆ ਹੈ। ਵੱਖ-ਵੱਖ ਸਮਾਜਿਕ ਵਰਗ ਅਤੇ ਉਮਰ ਦੇ ਵਿਅਕਤੀਆਂ ਦੀਆਂ ਇਹ ਸਮੱਸਿਆਵਾਂ ਉਨ੍ਹਾਂ ਦੇ ਮਾਨਸਕ ਸੰਸਾਰ ਨਾਲ ਜੁੜੀਆਂ ਹੋਈਆਂ ਹਨ, ਜਿਸ ਦਾ ਅਸਰ ਉਨ੍ਹਾਂ ਦੇ ਬਾਹਰੀ ਵਿਵਹਾਰ ਅਤੇ ਆਸੇ ਪਾਸੇ ਦੇ ਲੋਕਾਂ 'ਤੇ ਵੀ ਪੈਂਦਾ ਹੈ। ਮਾਨਸਿਕ ਰੋਗਾਂ ਦਾ ਮੁੱਖ ਕਾਰਨ ਸਹੀ ਗਿਆਨ ਨਾ ਹੋਣਾ, ਵਹਿਮ ਭਰਮ, ਅੰਦਰਲੇ ਡਰ ਅਤੇ ਕਾਮ ਸਬੰਧੀ ਸਮੱਸਿਆਵਾਂ ਆਦਿ ਹਨ। ਇਨ੍ਹਾਂ ਵਿਸ਼ਿਆਂ ਬਾਰੇ ਖੁੱਲ੍ਹ ਕੇ ਚਰਚਾ ਨਾ ਕਰਨ ਕਰਕੇ ਇਨ੍ਹਾਂ ਪ੍ਰਤੀ ਉਪਜੀ ਅਗਿਆਨਤਾ ਮਨੋਵਿਕਾਰਾਂ ਦਾ ਕਾਰਨ ਬਣਦੀ ਹੈ। ਅਜੋਕੀ ਨੌਜਵਾਨ ਪੀੜ੍ਹੀ ਦੇ ਵਿਚ ਨਸ਼ੇ ਦੀ ਲਤ, ਅਮੀਰ ਬਣਨ ਦੀ ਲਾਲਸਾ ਅਤੇ ਦਿਖਾਵੇ ਦੀ ਪ੍ਰਵਿਰਤੀ ਦਾ ਵਧਣਾ ਵੀ ਮਾਨਸਿਕ ਰੋਗਾਂ ਦਾ ਕਾਰਨ ਬਣਦਾ ਹੈ। ਲੇਖਕ ਅਨੁਸਾਰ ਮਾਨਸਿਕ ਰੋਗੀਆਂ ਨੂੰ ਦੁਰਦਸ਼ਾ ਤੋਂ ਬਚਾਉਣ ਲਈ ਚੰਗੇ ਸਾਹਿਤ ਦੀ ਬਹੁਤ ਲੋੜ ਹੈ, ਇਹ ਪੁਸਤਕ ਅਜਿਹਾ ਹੀ ਉਪਰਾਲਾ ਹੈ। ਪਰਿਵਾਰਕ, ਸਰੀਰਕ, ਮਾਨਸਿਕ ਅਤੇ ਆਲੇ-ਦੁਆਲੇ ਦੇ ਮਾਹੌਲ ਕਾਰਨ ਪੈਦਾ ਹੋਈਆਂ ਮਾਨਸਿਕ ਬਿਮਾਰੀਆਂ ਦਾ ਇਲਾਜ ਤਾਂ ਹੀ ਸੰਭਵ ਹੈ ਜੇਕਰ ਰੋਗੀ ਨੂੰ ਪੂਰੀ ਤਰ੍ਹਾਂ ਸਹਿਯੋਗ ਦਿੱਤਾ ਜਾਵੇ ਅਤੇ ਸਹੀ ਸਲਾਹ ਦਿੱਤੀ ਜਾਵੇ। ਨਸ਼ਿਆਂ ਅਤੇ ਵਹਿਮਾਂ ਭਰਮਾਂ ਤੋਂ ਮੁਕਤ ਕਰਕੇ ਹੀ ਇਨਸਾਨ ਨੂੰ ਮਾਨਸਕ ਤੌਰ 'ਤੇ ਅਰੋਗ ਬਣਾਇਆ ਜਾ ਸਕਦਾ ਹੈ। ਪੁਸਤਕ ਵਿਚਲੀਆਂ ਸਾਰੀਆਂ ਕਹਾਣੀਆਂ ਹੀ ਸੱਚੀਆਂ ਘਟਨਾਵਾਂ 'ਤੇ ਆਧਾਰਿਤ ਹੋਣ ਕਾਰਨ ਇਨ੍ਹਾਂ ਤੋਂ ਮਾਨਸਿਕ ਰੋਗਾਂ ਨਾਲ ਜੁੜੇ ਵਿਅਕਤੀਆਂ ਦੀ ਜੀਵਨ ਜਾਚ ਅਤੇ ਇਲਾਜ ਸਬੰਧੀ ਅਪਣਾਏ ਢੰਗਾਂ ਬਾਰੇ ਰੌਚਕ ਅਤੇ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ।

ਂਡਾ: ਸੁਖਪਾਲ ਕੌਰ ਸਮਰਾਲਾ
ਮੋ: 98885-47099
ਫ ਫ ਫ

ਪੰਜਾਬੀ ਕਾਵਿ ਚਿੰਤਨ
ਦ੍ਰਿਸ਼ਟੀ ਤੇ ਦ੍ਰਿਸ਼ਟੀਕੋਣ
ਲੇਖਿਕਾ : ਮਨਪ੍ਰੀਤ ਕੌਰ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 300 ਰੁਪਏ, ਸਫ਼ੇ : 208
ਸੰਪਰਕ : 99151-29747.

ਇਸ ਪੁਸਤਕ ਵਿਚ ਰੁਮਾਂਸਵਾਦ ਦੇ ਸਿਧਾਂਤਕ ਅਵਲੋਕਨ ਤੋਂ ਲੈ ਕੇ ਭਾਰਤੀ ਕਾਵਿ-ਸ਼ਾਸਤਰੀ ਪਰੰਪਰਾ ਦੇ ਵਿਭਿੰਨ ਪਰਿਪੇਖਾਂ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ ਹੈ। ਮਨਪ੍ਰੀਤ ਕੌਰ ਨੇ ਪੰਜਾਬੀ ਕਾਵਿ-ਸ਼ਾਸਤਰੀ ਪਰੰਪਰਾ ਦੇ ਵੱਖ-ਵੱਖ ਨੇਮਾਂ ਨੂੰ ਪਛਾਣਨ ਤੋਂ ਇਲਾਵਾ ਪੱਛਮੀ ਕਾਵਿ ਪਰੰਪਰਾ ਵਿਚ ਪ੍ਰਚਲਿਤ ਵੱਖ-ਵੱਖ ਪ੍ਰਸੰਗਾਂ ਨੂੰ ਆਪਣੇ ਅਧਿਐਨ ਦਾ ਕੇਂਦਰ ਬਣਾਇਆ ਹੈ।
ਪੁਸਤਕ ਦੇ ਦੋ ਭਾਗ ਹਨ। ਪਹਿਲੇ ਭਾਗ ਵਿਚ ਰੁਮਾਂਸਵਾਦ : ਸਿਧਾਂਤਕ ਅਵਲੋਕਨ ਵਿਚ ਲੇਖਿਕਾ ਕਲਪਨਾ ਨੂੰ ਰੁਮਾਂਸ ਦੀ ਉਤਪਤੀ ਦਾ ਮੁੱਖ ਕਾਰਨ ਸਮਝਦੀ ਹੈ। ਭਾਰਤੀ ਕਾਵਿ ਸ਼ਾਸਤਰੀ ਪਰੰਪਰਾ ਵਿਚਕਾਵਿ ਦੀ ਹੋਂਦ ਵਿਧੀ, ਪ੍ਰਕਾਰਜ ਸਿਰਜਨ-ਪ੍ਰਕਿਰਿਆ, ਪ੍ਰਯੋਜਨ ਤੇ ਕਾਵਿ ਭੇਦਾਂ ਬਾਰੇ ਜ਼ਿਕਰ ਹੈ। ਪੱਛਮੀ ਕਾਵਿ ਸ਼ਾਸਤਰੀ ਪਰੰਪਰਾ ਵਿਚ ਪ੍ਰਭਾਵਵਾਦੀ ਤੇ ਰੀਤੀਵਾਦੀ ਪਰੰਪਰਾਵਾਂ ਬਾਰੇ ਵਿਚਾਰ ਵਿਅਕਤ ਕੀਤੇ ਗਏ ਹਨ। ਪੰਜਾਬੀ ਕਾਵਿ ਸ਼ਾਸਤਰੀ ਪਰੰਪਰਾ ਪਾਠ ਵਿਚ ਲੇਖਿਕਾ ਮੁਢਲੇ ਪੰਜਾਬੀ ਕਾਵਿ ਸ਼ਾਸਤਰੀਆਂ ਬਾਰੇ ਵਿਸਥਾਰ 'ਚ ਲਿਖਦੀ ਹੈ। ਸੂਫ਼ੀਮਤ ਵਾਲੇ ਲੇਖ 'ਚ ਸੂਫੀਮੱਤ ਦੇ ਬੁਨਿਆਦੀ ਸੰਕਲਪਾਂ ਬਾਰੇ ਜ਼ਿਕਰ ਕਰਕੇ ਸੂਫ਼ੀਮੱਤ ਦੇ ਇਤਿਹਾਸਕ ਕਾਰਨਾਂ 'ਤੇ ਰੌਸ਼ਨੀ ਪਾਈ ਗਈ ਹੈ।
ਪੁਸਤਕ ਦੇ ਦੂਜੇ ਭਾਗ 'ਚ ਵਜੀਦ ਦੀ ਵਿਚਾਰਧਾਰਾ, ਬੁੱਲੇ ਸ਼ਾਹ ਦੇ ਜੀਵਨ ਤੇ ਰਚਨਾ ਬਾਰੇ, ਸ਼ਾਇਰ ਖਵਾਜ਼ਾ ਗੁਲਾਮ ਫਰੀਦ ਦੀਆਂ ਕਾਫ਼ੀਆਂ ਬਾਰੇ ਤੇ ਪੰਜਾਬੀ ਕਿੱਸਾ ਕਾਵਿ ਵਿਚ ਹੀਰ ਰਾਂਝੇ ਦੀ ਕਾਵਿ ਪਰੰਪਰਾ ਬਾਰੇ ਲਿਖਿਆ ਹੈ। ਆਧੁਨਿਕ ਕਵਿਤਾ ਵਿਚਲੇ ਨਵ ਰਹੱਸਵਾਦੀ ਰਹੱਸਾਂ ਦੀ ਪਛਾਣ ਬਾਰੇ ਜ਼ਿਕਰ ਕਰਕੇ ਭਾਈ ਵੀਰ ਸਿੰਘ, ਡਾ: ਜਗਤਾਰ ਤੇ ਡਾ: ਅਮਰ ਕੋਮਲ ਦੀ ਪੁਸਤਕ ਬਾਰੇ ਜ਼ਿਕਰ ਹੈ। ਬੜੇ ਚਿਰ ਬਾਅਦ ਉਤਕ੍ਰਿਸ਼ਟ ਆਲੋਚਨਾਤਮਕ ਪੁਸਤਕ ਪੜ੍ਹਨ ਨੂੰ ਮਿਲੀ ਹੈ। ਮਨਪ੍ਰੀਤ ਕੌਰ ਨੇ ਬੜੀ ਸਖ਼ਤ ਘਾਲਣਾ ਨਾਲ ਇਹ ਪੁਸਤਕ ਲਿਖੀ ਹੈ। ਲੇਖਿਕਾ ਨੂੰ ਸੰਕਲਪਾਂ ਦੀ ਡੂੰਘੀ ਸਮਝ ਹੈ। ਸ਼ਬਦ-ਜੜਤ ਤੇ ਵਾਕ ਰਚਨਾ ਮਿਆਰੀ ਹੈ। ਨਵੀਂ ਪੀੜ੍ਹੀ ਦੇ ਵਿਦਵਾਨਾਂ ਆਲੋਚਕਾਂ 'ਚ ਮਨਪ੍ਰੀਤ ਕੌਰ ਮਿਹਨਤੀ ਤੇ ਸਿਰੜੀ ਵਿਦਵਾਨ ਹੈ।

-ਪ੍ਰੋ: ਸਤਪਾਲ ਸਿੰਘ
ਮੋ: 98725-21515.
ਫ ਫ ਫ

ਬੇੜੀ ਮਲਾਹ ਮੀਲਪੱਥਰ
ਲੇਖਕ : ਪ੍ਰਮਿੰਦਰ ਸਿੰਘ ਪ੍ਰਵਾਨਾ
ਸੰਪਾਦਕ : ਗੁਰਵਿੰਦਰ ਸਿੰਘ ਵਿਕ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 98146-73236.

ਧਾਰਮਿਕ ਵਿਸ਼ਿਆਂ ਨਾਲ ਸਬੰਧਿਤ ਕਵਿਤਾਵਾਂ ਰਾਹੀਂ ਕਵੀ ਨੇ ਸਿੱਖ ਗੁਰੂਆਂ ਦੇ ਬਾਰੇ ਸ਼ਰਧਾ ਭਰਪੂਰ ਕਾਵਿ ਰਚਨਾ ਕੀਤੀ ਹੈ ਅਤੇ ਸਿੱਖ ਇਤਿਹਾਸ ਨਾਲ ਸਬੰਧਿਤ ਬਹੁਤ ਸਾਰੀਆਂ ਕਾਵਿ ਰਚਨਾਵਾਂ ਰਾਹੀਂ ਪਾਠਕਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਹੈ। ਹੋਲਾ ਮਹੱਲਾ, ਅਮਰਜੋਤ, ਛੋਟਾ ਘੱਲੂਘਾਰਾ, ਪਹਿਲਾ ਪ੍ਰਕਾਸ਼ ਦਿਵਸ, ਆਖਰੀ ਦਰਬਾਰ, ਕੋਈ ਹੋਰ ਨਹੀਂ ਕਵਿਤਾਵਾਂ ਇਸ ਲੜੀ ਵਿਚੋਂ ਰੱਖੀਆਂ ਜਾ ਸਕਦੀਆਂ ਹਨ।
ਸਮੇਂ ਦੀ ਨਿਰੰਤਰਤਾ ਅਤੇ ਸਮੇਂ ਨਾਲ ਮਨੁੱਖੀ ਜੀਵਨ ਦੇ ਸਬੰਧਾਂ ਨੂੰ ਕਵੀ ਨੇ ਬੜੇ ਭਾਵਪੂਰਤ ਅੰਦਾਜ਼ ਵਿਚ ਪੇਸ਼ ਕੀਤਾ ਹੈ ਇਕ ਪਲ, ਹਰ ਪਲ ਕਵਿਤਾਵਾਂ ਇਸ ਲੜੀ ਤਹਿਤ ਵੇਖੀਆਂ ਜਾ ਸਕਦੀਆਂ ਹਨ। ਅਜੋਕੇ ਯੁੱਗ ਵਿਚ ਇਨਸਾਨੀ ਵਿਹਾਰ ਦੇ ਬਦਲਦੇ ਪਰਿਪੇਖ ਕਵੀ ਨੂੰ ਸੋਚਣ ਲਈ ਮਜਬੂਰ ਕਰਦੇ ਹਨ। ਵਿਅੰਗਮਈ ਸ਼ੈਲੀ ਵਿਚ ਕਵੀ ਮਾਨਵ ਦੇ ਬਦਲਦੇ ਕਿਰਦਾਰ ਅਤੇ ਸਵਾਰਥ ਭਰਪੂਰ ਰਿਸ਼ਤਿਆਂ ਬਾਰੇ ਕਾਵਿ ਰਚਨਾ ਕਰਦਾ ਹੈ। ਅੱਖਰ, ਅਖਾਣ, ਫੁਰਨਾ, ਮਨ, ਰਿਸ਼ਤੇ, ਗੁਸਤਾਖ਼ ਆਦਿ ਅਨੇਕਾਂ ਕਾਵਿ ਰਚਨਾਵਾਂ ਪਾਠਕਾਂ ਦਾ ਧਿਆਨ ਖਿੱਚਦੀਆਂ ਹਨ।
ਕਵੀ ਨੇ ਸਾਮਰਾਜਵਾਦੀ ਪੂੰਜੀਵਾਦੀ ਪ੍ਰਬੰਧ ਵਿਚ ਆਰਥਿਕ ਨਾਬਰਾਬਰੀ ਅਤੇ ਲੋਟੂ ਨਿਜ਼ਾਮ ਦੀ ਤਸਵੀਰ ਬਾਖੂਬੀ ਚਿੱਤਰੀ ਹੈ।
ਕਾਰਖਾਨੇ ਦੀ ਚਿਮਨੀ ਵਿਚੋਂ
ਜਦ ਮਜ਼ਦੂਰਾਂ ਦੇ ਅਰਮਾਨਾਂ
ਧੂੰਆਂ ਬਣਦੇ ਚੜ੍ਹ ਜਾਣ ਅਸਮਾਨ
ਤਾਂ ਸਰਮਾਏਦਾਰ ਦੀਆਂ ਕੋਠੀਆਂ ਵੀ ਕਾਲੀਆਂ ਹੋ ਜਾਂਦੀਆਂ ਨੇ....।
ਕਵੀ ਦੀ ਕਾਵਿ ਰਚਨਾ ਸਵਾਰਥੀ ਰਿਸ਼ਤੇ, ਮਤਲਬਪ੍ਰਸਤੀ ਰਾਜਨੀਤਕ ਕੂਟਨੀਤਕ ਚਾਲਾਂ ਦੀਆਂ ਪਰਤਾਂ ਵੀ ਉਧੇੜਦੀ ਹੈ। ਕਵੀ ਨੇ ਨਾਰੀ ਮਨ ਦੀ ਸੂਖਮਤਾ ਤੇ ਸੰਵੇਦਨਾ ਨੂੰ ਵੀ ਕਾਵਿ ਵਿਸ਼ਾ ਬਣਾਇਆ ਹੈ। ਲਹਿਰ ਕਵਿਤਾ ਇਸ ਪ੍ਰਭਾਵ ਅਧੀਨ ਰਚੀ ਹੈ। ਨੀਅਤ ਕਵਿਤਾ ਨਸ਼ੇਖੋਰੀ ਅਤੇ ਘਟੀਆ ਰਾਜਨੀਤਕ ਨਿਜ਼ਾਮ ਬਾਰੇ ਹੈ। ਕੁੱਲ ਮਿਲਾ ਕੇ ਇਸ ਸੰਗ੍ਰਹਿ ਦੀਆਂ ਸਮੁੱਚੀਆਂ ਕਵਿਤਾਵਾਂ ਜ਼ਿੰਦਗੀ ਦੇ ਵੱਖ-ਵੱਖ ਰੰਗਾਂ ਨੂੰ ਉਭਾਰਦੀਆਂ ਹਨ। ਕਵੀ ਨੇ ਰਾਜਨੀਤਕ, ਸਮਾਜਿਕ ਤੇ ਸੱਭਿਆਚਾਰਕ ਜੀਵਨ ਵਿਚ ਆ ਰਹੀਆਂ ਤਬਦੀਲੀਆਂ ਨੂੰ ਵੀ ਕਾਵਿ ਰਚਨਾ ਦਾ ਵਿਸ਼ਾ ਬਣਾਇਆ।

ਂਪ੍ਰੋ: ਕੁਲਜੀਤ ਕੌਰ ਅਠਵਾਲ।
ਫ ਫ ਫ

ਪਗਡੰਡੀ ਤੋਂ ਬਣਦਾ ਰਾਹ
ਲੇਖਕ : ਕਰਤਾਰ ਠੁੱਲੀਵਾਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 94643-58647.

ਇਸ ਪੁਸਤਕ ਵਿਚ ਲੇਖਕ ਨੇ ਸਾਹਿਤਕਾਰ ਪਵਨ ਹਰਚੰਦਪੁਰੀ ਨਾਲ ਕੀਤੀ ਮੁਲਾਕਾਤ ਨੂੰ ਪ੍ਰਕਾਸ਼ਿਤ ਕੀਤਾ ਹੈ। ਏਨੀ ਲੰਮੀ ਮੁਲਾਕਾਤ ਆਪਣੇ-ਆਪ ਵਿਚ ਨਵੀਂ ਵਿਧਾ ਦੀ ਧਾਰਣੀ ਹੈ। ਇੰਜ ਹੋ ਵੀ ਸਕਦਾ ਹੈ ਕਿ ਵੱਡੇ-ਵੱਡੇ ਲੇਖਕਾਂ ਦੀਆਂ ਮੁਲਾਕਾਤਾਂ ਇਸੇ ਤਰ੍ਹਾਂ ਛਪਣੀਆਂ ਆਰੰਭ ਹੋ ਜਾਣ।
ਪਵਨ ਹਰਚੰਦਪੁਰੀ ਨੇ ਹੁਣ ਤੱਕ 5 ਮੌਲਿਕ ਪੁਸਤਕਾਂ ਸਾਹਿਤ ਦੀ ਝੋਲੀ ਪਾਈਆਂ ਹਨ ਜਦੋਂ ਕਿ 13 ਬਾਲ ਪੁਸਤਕਾਂ ਜੋੜ ਕੇ ਇਹ 18 ਬਣਦੀਆਂ ਹਨ। ਉਸ ਨੇ ਕੁਝ ਹਿੰਦੀ ਤੋਂ ਪੰਜਾਬੀ ਅਨੁਵਾਦ ਕੀਤੇ। 10 ਪੁਸਤਕਾਂ/ਅਭਿਨੰਦਨਾਂ ਦੀ ਸੰਪਾਦਨਾ ਕੀਤੀ। ਪਵਨ ਹਰਚੰਦਪੁਰੀ ਸਾਹਿਤ ਸਿਰਜਣਾ ਅਤੇ ਸਾਹਿਤਕ ਜਥੇਬੰਦੀਆਂ ਵਿਚ ਸਰਗਰਮ ਰਹਿੰਦਾ ਹੈ।
ਬਕੌਲ ਤੇਜਵੰਤ ਮਾਨ ਪਵਨ ਹਰਚੰਦਪੁਰੀ ਨੇ ਭਾਰਤੀ ਸਮਾਜ, ਸੰਸਕ੍ਰਿਤੀ ਦੀ ਬਹੁਬਚਨੀ ਪਛਾਣ ਨੂੰ ਵਿਗਿਆਨਕ ਨਜ਼ਰੀਏ ਤੋਂ ਸਮਝਿਆ ਹੈ ਅਤੇ ਸੰਸਾਰ ਪੱਧਰ ਦੀਆਂ ਵਾਪਰ ਰਹੀਆਂ ਸਮਾਜਿਕ, ਰਾਜਨੀਤਕ, ਸੱਭਿਆਚਾਰਕ ਘਟਨਾਵਾਂ ਨੂੰ ਤੁਲਨਾਤਮਕ ਪੱਧਰ ਉੱਤੇ ਸਵੀਕਾਰ ਜਾਂ ਅਸਵੀਕਾਰ ਕੀਤਾ ਹੈ। ਅਰਥ-ਸ਼ਾਸਤਰ, ਸਮਾਜ ਸ਼ਾਸਤਰ ਅਤੇ ਪੱਤਰਕਾਰਤਾ ਦੇ ਖੇਤਰ ਵਿਚ ਉੱਚ ਵਿੱਦਿਆ ਹਾਸਲ ਕਰਨ ਕਾਰਨ ਵੀ ਪਵਨ ਦੀ ਗਿਆਨ ਸਮਰੱਥਾ ਪ੍ਰਪੱਕ ਹੋਈ....।
ਇਸ ਪੁਸਤਕ ਵਿਚ ਕਈ ਸਾਰੀਆਂ ਸਾਹਿਤਕ, ਰਾਜਨੀਤਕ ਧਾਰਨਾਵਾਂ ਨੂੰ ਪਵਨ ਨੇ ਦਲੇਰੀ ਨਾਲ ਉਸਾਰੂ ਧਾਰਨਾਵਾਂ ਕਾਇਮ ਕੀਤੀਆਂ ਹਨ। ਕਈ ਸਾਰੇ ਅਜਿਹੇ ਪ੍ਰਸ਼ਨ ਪੰਜਾਬੀ ਸਾਹਿਤ ਦੇ ਮਨ ਮਸਤਕ ਉੱਤੇ ਅੰਕਿਤ ਹਨ, ਜਿਨ੍ਹਾਂ ਨੂੰ ਪਵਨ ਅਤੇ ਕਰਤਾਰ ਠੁੱਲ੍ਹੀਵਾਲ ਨੇ ਵਿਗਿਆਨਕ ਉੱਤਰਾਂ ਵਿਚ ਉਜਾਗਰ ਕੀਤਾ ਹੈ। ਇਸ ਪੁਸਤਕ ਵਿਚ ਬਹੁਤ ਸਾਰੇ ਅਛੂਤਾ ਪ੍ਰਵਚਨ ਹਨ, ਜੋ ਬਹਿਸ ਦਾ ਮੁੱਦਾ ਬਣਨ ਦੀ ਹੈਸੀਅਤ ਰੱਖਦੇ ਹਨ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਸੰਕਲਪ
ਲੇਖਕ : ਸੁਖਦੇਵ ਸਿੰਘ ਕਲੇਰ
ਪ੍ਰਕਾਸ਼ਕ : ਅਮਰਗੜ੍ਹ ਪਬਲੀਕੇਸ਼ਨਜ਼, ਫ਼ਤਹਿਗੜ੍ਹ ਸਾਹਿਬ
ਮੁੱਲ : 70 ਰੁਪਏ, ਸਫ਼ੇ : 104
ਸੰਪਰਕ : 98722-36848.

'ਸੰਕਲਪ' ਸੁਖਦੇਵ ਸਿੰਘ ਕਲੇਰ ਦੀ ਵਾਰਤਕ ਦੀ ਪੁਸਤਕ ਹੈ। ਇਸ ਵਿਚ ਸ਼ਾਮਿਲ ਵਧੇਰੇ ਲੇਖ, ਗੁਰਬਾਣੀ ਦੇ ਸੰਦਰਭ ਵਿਚ ਹਨ। ਕੁੱਲ 12 ਲੇਖਾਂ ਵਿਚੋਂ ਪ੍ਰਥਮ ਲੇਖ 'ਸੰਕਲਪ' (ਸ੍ਰਿਸ਼ਟੀ ਦੀ ਰਚਨਾ ਦਾ), ਗੁਰਬਾਣੀ ਪ੍ਰਮਾਣਾਂ ਦੇ ਪਰਿਪੇਖ ਵਿਚ, ਕਾਦਰ ਵਲੋਂ ਸਾਜੀ ਕੁਦਰਤ ਦਾ ਸੁੰਦਰ ਵਰਨਣ ਹੈ। ਲੇਖਕ ਅਨੁਸਾਰ, ਸੰਸਾਰ ਦੀ ਉਤਪਤੀ, ਸ਼ਬਦ ਤੋਂ ਹੋਈ ਹੈ। 'ਕਲਜੁਗ ਦਾ ਸੰਕਲਪ' ਵਿਚ ਕਲਜੁਗ ਦੀ ਪਰਿਭਾਸ਼ਾ ਤੋਂ ਕਲਜੁਗ ਦੇ ਮੱਤਾਂ ਮਤਾਂਤਰਾਂ ਬਾਰੇ ਵਡਮੁੱਲੀ ਜਾਣਕਾਰੀ ਹੈ। ਕਲਜੁਗ ਦਾ ਮਹਾਂ ਕਲਿਆਣਕਾਰੀ ਮੰਤਰ ਵਾਹਿਗੁਰੂ ਹੈ। 'ਸਿੱਖ ਰਾਜ ਦਾ ਸੰਕਲਪ' ਲੇਖ ਦੇ ਅੰਤਰਗਤ, ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਮੱਕੇ ਮਦੀਨੇ ਵਿਖੇ ਕਾਜ਼ੀ ਰੁਕਨਦੀਨ ਦੇ ਸਾਹਮਣੇ ਚਿਤ੍ਰਿਆ ਗਿਆ ਸੀ ਇਹ ਸੰਕਲਪ। 'ਕਰਨੀਨਾਮਾ' ਮੱਕੇ ਵਿਚ ਕਾਜ਼ੀ ਰੁਕਨਦੀਨ ਨਾਲ ਹੋਏ ਸੰਵਾਦ ਬਾਰੇ ਹੈ। ਇਹ ਸੰਵਾਦ ਛੋਟੇ-ਛੋਟੇ ਕਾਵਿਕ ਛੰਦਾਂ ਦੇ ਰੂਪ ਵਿਚ ਬੜਾ ਭਾਵਪੂਰਨ ਹੈ।
ਫੇਰ ਕਰੂੰਗਾ ਖ਼ਾਲਸਾ ਵਸੈ ਵਿਚ ਪੰਜਾਬ
ਬਰਨ ਚਾਰ ਨਾ ਏਕ ਰੂਪ ਦੇਖ ਕਰੂੰ ਮੈਂ ਆਪ
(ਪੰਨਾ 35)
ਲੇਖਕ ਅਨੁਸਾਰ, 'ਬਦਲੇ ਦਾ ਸੰਕਲਪ', ਸਿੱਖ ਧਰਮ ਵਿਚ ਗੁਰੂ ਅਰਜਨ ਦੇਵ ਦੀ ਸ਼ਹਾਦਤ ਉਪਰੰਤ, ਗੁਰੂ ਹਰਗੋਬਿੰਦ ਸਾਹਿਬ ਨੇ ਹੋਂਦ ਵਿਚ ਲਿਆਂਦਾ। ਇਹ ਰਵਾਇਤ, ਓਪਰੇਸ਼ਨ ਬਲਿਊ ਸਟਾਰ ਤੱਕ ਚਲਦੀ ਆ ਰਹੀ ਹੈ ਤੇ ਅੱਗੋਂ ਵੀ ਜਾਰੀ ਰਹੇਗੀ। 'ਸ਼ਹਾਦਤ ਦਾ ਸੰਕਲਪ' ਭਾਈ ਜਿੰਦਾ ਤੇ ਸੁੱਖਾ ਦੀ ਅਜੀਮ ਸ਼ਹੀਦੀ ਦੀ ਦਾਸਤਾਨ ਹੈ। ਉਨ੍ਹਾਂ ਵਲੋਂ ਰਾਸ਼ਟਰਪਤੀ ਨੂੰ ਲਿਖਿਆ ਖੁੱਲ੍ਹਾ ਪੱਤਰ 'ਮੌਤ ਵਿਚ ਵੀ ਜ਼ਿੰਦਗੀ' ਦੀ ਸ਼ਾਨ ਦੀ ਅਮਰ ਗਾਥਾ ਹੈ। 'ਜ਼ੁਲਮ ਦੀ ਹੱਟ' ਕਾਲੇ ਦੌਰ ਅੰਦਰ ਪੰਜਾਬ ਵਿਚ ਹੋਏ ਅਣਮਨੁੱਖੀ ਵਰਤਾਰਿਆਂ ਦੀ ਪੋਲ ਖੋਲ੍ਹਦਾ ਹੈ। 'ਮਾਲੇਗਾਂਵ ਬੰਬ ਧਮਾਕੇ' ਫ਼ਿਰਕੂ ਸੰਕਲਪ ਦੀ ਰੂਪ-ਰੇਖਾ (ਗੁਪਤ ਦਸਤਾਵੇਜ਼), 'ਨਸਲਕੁਸ਼ੀ ਸੰਕਲਪ' ਅਤੇ 'ਰਾਣੀ ਦੀ ਯੋਜਨਾ' ਪੁਸਤਕ ਦੇ ਹੋਰ ਅਤਿਅੰਤ ਅਹਿਮ, ਖੋਜ ਭਰਪੂਰ ਤੱਥਾਂ ਉੱਤੇ ਆਧਾਰਿਤ ਪੜ੍ਹਨ ਤੇ ਵਿਚਾਰਨਯੋਗ ਅਧਿਆਏ ਹਨ। ਪੁਸਤਕ ਵਿਚ ਗੁਰਬਾਣੀ ਦੇ ਢੁਕਵੇਂ ਪ੍ਰਮਾਣਾਂ ਦੇ ਨਾਲ-ਨਾਲ ਕਾਵਿਕ-ਵਿਧਾਵਾਂ, ਡੀ. ਰਾਜਾ ਦਿੱਲੀ, ਸੁਖਦੀਪ ਸਿੰਘ ਬਰਨਾਲਾ ਅਤੇ ਸਰੂਪ ਸਿੰਘ ਨਾਰਦ ਦੇ ਲੇਖ ਵੀ ਸ਼ਾਮਿਲ ਹਨ। ਲੇਖਕ ਦੀਆਂ ਦਲੀਲਾਂ ਠੋਸ ਤੇ ਹਕੀਕੀ ਹਨ।

ਂਤੀਰਥ ਸਿੰਘ ਢਿੱਲੋਂ।
ਫ ਫ ਫ

ਕਿੱਥੇ ਓ ਵਤਨਾਂ ਵਾਲਿਓ?
ਲੇਖਕ : ਪ੍ਰਿੰ: ਬਲਵਿੰਦਰ ਸਿੰਘ ਫਤਿਹਪੁਰੀ
ਪ੍ਰਕਾਸ਼ਕ : ਨਵੀਨ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 120
ਸੰਪਰਕ : 98146-19342.

ਪੰਜਾਬੀ ਵਾਰਤਕ ਸਾਹਿਤ ਦੇ ਵਿਹੜੇ 'ਚ ਡੇਢ ਦਰਜਨ ਤੋਂ ਵੱਧ ਨਿਬੰਧ-ਸੰਗ੍ਰਹਿ ਰਚ ਕੇ ਵਾਰਤਕਕਾਰ ਪ੍ਰਿੰ: ਬਲਵਿੰਦਰ ਸਿੰਘ ਫਤਿਹਪੁਰੀ ਨੇ ਆਪਣੀ ਨਿਵੇਕਲੀ ਲਿਖਣ ਸ਼ੈਲੀ ਅਤੇ ਜੀਵਨ ਤਜਰਬੇ 'ਚੋਂ ਕਮਾਈ ਯਥਾਰਥਿਕ ਵਿਚਾਰਧਾਰਾ ਦਾ ਪਾਠਕ ਮਨਾਂ 'ਚ ਪੱਕਾ ਅਸਰ ਵਸਾ ਦਿੱਤਾ ਹੈ। ਸਰਲ ਅਤੇ ਸਾਦੀ ਭਾਸ਼ਾ 'ਚ ਪੰਜਾਬੀ ਦੀ ਮਾਝੀ ਉਪ ਬੋਲੀ ਮਨਾਂ ਨੂੰ ਮੋਂਹਦੀ ਹੈ।
ਲੇਖਕ ਦੀ ਇਸ 20ਵੀਂ ਨਿਬੰਧ ਪੁਸਤਕ ਵਿਚ ਦਰਜ 33 ਪ੍ਰਭਾਵਸ਼ਾਲੀ ਰਚਨਾਵਾਂ ਸਮੁੱਚੇ ਭਾਰਤ ਵਿਚ ਫੈਲੇ ਭ੍ਰਿਸ਼ਟਾਚਾਰ, ਧੋਖੇਧੜੀ, ਪਖੰਡ, ਰਾਜਨੀਤਕ ਪ੍ਰਦੂਸ਼ਣ, ਮਰੀ ਹੋਈ ਜ਼ਮੀਰ ਵਾਲੇ ਲੋਕਾਂ ਦੀ ਕਾਰਗੁਜ਼ਾਰੀ ਉੱਤੇ ਬੇਬਾਕੀ ਨਾਲ ਉਂਗਲ ਧਰਦੇ ਹਨ। ਇਸ ਸੋਨੇ ਦੀ ਚਿੜੀ ਦਾ ਕਦੀ ਦਰਜਾ ਰੱਖਣ ਵਾਲੇ ਵਤਨ ਭਾਰਤ ਨੂੰ ਆਪਣੀ ਮਾਤਾ ਕਹਿਣ ਵਾਲੇ ਅਤੇ ਇਸ ਦੀ ਆਜ਼ਾਦੀ, ਇੱਜ਼ਤ ਅਤੇ ਅਣਖ ਖਾਤਰ ਜਾਨਾਂ ਵਾਰਨ ਵਾਲੇ ਯੋਧਿਆਂ, ਸ਼ਹੀਦਾਂ ਨੂੰ ਪੁਸਤਕ ਸਾਰੇ ਨਿਬੰਧਾਂ ਵਿਚ ਪੁਕਾਰਦਿਆਂ ਲੇਖਕ ਪ੍ਰਿੰ: ਫਤਿਹਪੁਰੀ ਨੇ ਆਵਾਜ਼ ਮਾਰੀ ਹੈ ਕਿ ਭਾਰਤ ਵਿਚ ਫੈਲੀਆਂ ਤਮਾਮ ਬੁਰਾਈਆਂ ਨੂੰ ਖ਼ਤਮ ਕਰਨ ਲਈ ਅੱਜ ਉਹ ਕਿੱਥੇ ਹਨ।
ਪੁਸਤਕ ਦੇ ਟਾਈਟਲ 'ਤੇ ਛਪੀਆਂ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਸੁਭਾਸ਼ ਚੰਦਰ ਬੋਸ ਅਤੇ ਚੰਦਰ ਸ਼ੇਖਰ ਆਜ਼ਾਦ ਦੀਆਂ ਤਸਵੀਰਾਂ ਪਾਠਕ ਦੇ ਮਨ ਨੂੰ ਝੰਜੋੜਦੀਆਂ ਹੋਈਆਂ ਦੇਸ਼ ਦੀ ਬਦ ਤੋਂ ਬਦਤਰ ਹੋ ਰਹੀ ਹਾਲਤ ਬਾਰੇ ਸੋਚਣ ਲਈ ਮਜਬੂਰ ਕਰਦੀਆਂ ਹਨ। ਵੇ ਤੈਨੂੰ ਲੱਜ ਨਾ ਆਵੇ, ਵੱਡਿਆਂ ਘਰਾਂ ਦੇ ਕਾਕੇ ਵਰਗੇ ਯਾਦਗਾਰੀ ਨਿਬੰਧ ਲੇਖਕ ਦੀ ਲਿਖਣ ਪ੍ਰਤਿਭਾ ਦਾ ਲੋਹਾ ਮੰਨਵਾਉਂਦੇ ਹਨ।

ਂਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.
ਫ ਫ ਫ

ਖੇਤਾਂ ਦਾ ਵਣਜਾਰਾ
ਕਵੀ : ਰਾਜ ਜ਼ਖਮੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ।
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 94633-86558.

ਖੇਤਾਂ ਦਾ ਵਣਜਾਰਾ ਰਾਜ ਜ਼ਖ਼ਮੀ ਦੀ ਗਿਆਰਵੀਂ ਪੁਸਤਕ ਹੈ। ਮਨੁੱਖੀ ਉਪਜੀਵਕਾ ਦੀ ਮੁੱਖ ਧੁਰਾ ਖੇਤ ਹੁੰਦੇ ਹਨ। ਇਸ ਮੁੱਦੇ ਨਾਲ ਜੁੜੇ ਹਰ ਮਹੱਤਵਪੂਰਨ ਵਿਸ਼ੇ ਨੂੰ ਲੈ ਕੇ ਕਵੀ ਨੇ ਆਪਣੇ ਮਨ ਦੇ ਵਲਵਿਆਂ ਨੂੰ ਬੜੀ ਸ਼ਿੱਦਤ ਨਾਲ ਕਲਮ ਬੱਧ ਕੀਤਾ ਹੈ।
ਪਾਣੀ ਦੀ ਵਰਤੋਂ ਦੇ ਨਾਲ-ਨਾਲ ਹੋਰ ਰਹੀ ਦੁਰਵਰਤੋਂ ਨੂੰ ਰੋਕਣਾ ਜਾਨੀ ਪਾਣੀ ਦੀ ਸੰਭਾਲ ਇਕ ਉੱਤਮ ਕਰਮ ਹੈ, ਖੇਤਾਂ ਦਾ ਫੇਰਾ ਤੋਰਾ, ਖੇਤੀ ਕੰਮਾਂ ਵਿਚ ਮਰਦ ਇਸਤਰੀ ਦੀ ਭਾਈਵਾਲੀ ਜਾਨੀ ਜੇ ਮਰਦ ਖੇਤਾਂ ਦਾ ਕੰਮ ਸੰਭਾਲਦਾ ਹੈ ਤਾਂ ਔਰਤ ਚੁੱਲ੍ਹਾ-ਚੌਂਕਾ/ਰੋਟੀ-ਟੁੱਕ ਦੀ ਜ਼ਿੰਮੇਵਾਰੀ ਸੰਭਾਲਦੀ ਹੈ, ਸਾਉਣ ਮਹੀਨੇ ਦੀ ਛਹਿਬਰ, ਮਾਹੀ ਦਾ ਵਿਛੋੜਾ, ਬਸੰਤ ਰੁੱਤ ਦਾ ਖੇੜਾ, ਵਿਸਾਖੀ ਦਾ ਮਹੱਤਵ, ਦੇਸ਼ ਭਗਤਾਂ ਤੇ ਸਮਾਜ ਸੇਵੀਆਂ ਪ੍ਰਤੀ ਸ਼ਰਧਾ, ਧੀਆਂ-ਪੁੱਤਰਾਂ ਵਿਚ ਬਰਾਬਰੀ ਮਾਂ-ਪਿਓ ਦਾ ਸਤਿਕਾਰ, ਪੰਜਾਬੀ ਸੱਭਿਆਚਾਰ/ਵਿਰਸਾ, ਨਸ਼ਾ ਰਹਿਤ ਸਮਾਜ, ਵੱਖ-ਵੱਖ ਭਿਆਨਕ ਰੋਗਾਂ ਪ੍ਰਤੀ ਚੇਤਨਾ, ਬੁਰਾਈਆਂ ਵਿਰੁਧ ਸੰਘਰਸ਼, ਫ਼ੌਜੀ ਜਵਾਨਾਂ ਸਰਹੱਦਾਂ 'ਤੇ ਮੁਸ਼ਤੈਦੀ, ਆਲਸ ਦਾ ਤਿਆਗ ਅਤੇ ਕਰੜੀ ਮਿਹਨਤ ਸਫ਼ਲਤਾ ਦੀ ਕੁੰਜੀ ਆਦਿ ਵਿਸ਼ਿਆਂ ਨੂੰ ਕਵੀ ਨੇ ਬੜੇ ਹੀ ਭਾਵਪੂਰਤ ਸ਼ਬਦਾਂ ਰਾਹੀਂ ਇਸ ਕਾਵਿ ਗੁਲਦਸਤੇ ਦੀਆਂ ਪੰਖੜੀਆਂ ਨੂੰ ਜੜਨ ਦਾ ਸਫ਼ਲ ਯਤਨ ਕੀਤਾ ਹੈ।
ਖੇਤਾਂ ਦੇ ਕੰਮਾਂ ਵਿਚ ਮਰਦ-ਔਰਤ ਦੀ ਭਾਈਵਾਲੀ ਸਬੰਧੀ ਕਵੀ ਰਾਜ ਜ਼ਖਮੀ ਦੇ ਮਨ ਦੇ ਭਾਵ ਕੁਝ ਇਸ ਤਰ੍ਹਾਂ ਹਨ :
'ਜਾਗ ਮੇਰੇ ਮਾਹੀ, ਉਠ ਖੇਤਾਂ ਵੱਲ ਚੱਲ ਵੇ,
ਖੇਤੀ ਕੰਮ ਕਰੂੰ ਮੈਂ ਵੀ ਤੇਰੇ ਨਾਲ ਰੱਲ ਵੇ।'
ਪੜ੍ਹਨ ਤੇ ਮਾਨਣਯੋਗ ਇਸ ਪੁਸਤਕ ਵਿਚ ਕੁਝ ਸਤਰਾਂ ਦੀ ਦੁਹਰਾਈ ਕੁਝ ਅੱਖੜਦੀ ਹੈ। ਆਸ ਹੈ ਅੱਗੇ ਤੋਂ ਕਵੀ ਇਸ ਵੱਲ ਤਵਜੋਂ ਦੇ ਕੇ ਮਾਂ ਬੋਲੀ ਦੀ ਸੇਵਾ ਵਿਚ ਨਿਰੰਤਰ ਜੁੜਿਆ ਰਹੇਗਾ।

ਂਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858.
ਫ ਫ ਫ

ਪਰਵਾਜ਼ ਦਾ ਸਵਾਲ
ਗ਼ਜ਼ਲਕਾਰ : ਸ਼ਮਸ਼ੇਰ ਮੋਹੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 79
ਸੰਪਰਕ : 94171-42415.

ਇਹ ਸੰਗ੍ਰਹਿ ਕਾਫ਼ੀ ਮਿਹਨਤ ਬਾਅਦ ਛਾਇਆ ਹੋਇਆ ਮਹਿਸੂਸ ਹੁੰਦਾ ਹੈ ਤੇ ਇਹ ਗ਼ਜ਼ਲਾਂ ਅਨੁਭਵ 'ਚੋਂ ਛਣ ਕੇ ਨਿਕਲੀਆਂ ਹਨ। ਇਨ੍ਹਾਂ ਗ਼ਜ਼ਲਾਂ ਦੇ ਵਿਸ਼ੇ ਮੁਹੱਬਤੀ ਵੀ ਹਨ ਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਹੋਏ ਵੀ ਹਨ। ਉਸ ਮੁਤਾਬਿਕ ਉਹ ਕਦੀ ਕਿਨਾਰਾ ਹੈ ਕਦੀ ਭੰਵਰ ਹੈ ਤੇ ਉਸ ਦੀ ਤਹਿ ਤੱਕ ਪਹੁੰਚਣ ਲਈ ਵਿਸ਼ੇਸ਼ ਨਜ਼ਰ ਲੋੜੀਂਦੀ ਹੈ। ਆਸ਼ਾ ਨਿਰਾਸ਼ਾ ਦੀ ਖਿੱਚੋਤਾਣ ਵਿਚ ਉਹ ਮੌਲਣ ਦਾ ਫ਼ੈਸਲਾ ਕਰਦਾ ਹੈ ਤੇ ਬਰਸਾਤ ਦੇ ਮੌਸਮ ਵਿਚ ਕਿਣਮਿਣ ਕਿਣਮਿਣ ਹੋਣਾ ਚਾਹੁੰਦਾ ਹੈ। ਉਹ ਪੇਟ ਖ਼ਾਤਿਰ ਆਪਣੇ ਖੰਭਾਂ ਨੂੰ ਗਹਿਣੇ ਕਰਨ ਤੋਂ ਇਨਕਾਰੀ ਹੈ ਤੇ ਇਸ ਨਾਲੋਂ ਉਸ ਨੂੰ ਗ਼ੈਰਤ ਨਾਲ ਮਰ ਮਿਟਣਾ ਪਸੰਦ ਹੈ। ਗ਼ਜ਼ਲਕਾਰ ਆਪਣੇ ਆਪ ਨਾਲ ਸੰਵਾਦ ਰਚਾਉਂਦਾ ਹੈ ਤੇ ਠੀਕ ਗ਼ਲਤ ਦਾ ਨਿਰਣਾ ਖ਼ੁਦ ਲੈਣਾ ਹੀ ਬਿਹਤਰ ਸਮਝਦਾ ਹੈ। ਉਹ ਸਾਜ਼ਿਸ਼ੀ ਪੌਣਾਂ ਖ਼ਿਲਾਫ਼ ਆਪਣੇ ਆਪ ਨੂੰ ਉਭਾਰਦਾ ਵੀ ਹੈ ਤੇ ਆਪਣੇ ਅੰਦਰ ਦੀ ਫ਼ਕੀਰੀ ਨੂੰ ਸਲਾਮਤ ਵੀ ਰੱਖਦਾ ਹੈ। ਸ਼ਾਇਰ ਨੂੰ ਕਾਇਨਾਤ ਵਿਚ ਮਹਿਬੂਬ ਦੇ ਮੁੱਖ ਦੀ ਤਾਜ਼ਗੀ ਦਾ ਕੋਈ ਤੋੜ ਨਹੀਂ ਲੱਭਦਾ ਤੇ ਉਸ ਦੀ ਖ਼ਾਤਿਰ ਉਹ ਕੁਝ ਵੀ ਬਣਨ ਦੀ ਲੋਚਾ ਰੱਖਦਾ ਹੈ। ਇੰਝ ਮੋਹੀ ਦੀਆਂ ਗ਼ਜ਼ਲਾਂ ਕਿਸੇ ਬਾਗ਼ ਦੇ ਫੁੱਲਾਂ ਵਾਂਗ ਜਾਪਦੀਆਂ ਹਨ ਜਿਨ੍ਹਾਂ 'ਤੇ ਭੰਵਰਿਆਂ ਦੀ ਗੁਣਗੁਣਾਹਟ ਤੇ ਤਿਤਲੀਆਂ ਦੀ ਕਿਕਲੀ ਵੀ ਹੈ। ਇਹ ਤਮਾਮ ਗ਼ਜ਼ਲਾਂ ਪ੍ਰਭਾਵਿਤ ਕਰਦੀਆਂ ਹਨ ਪਰ ਕਈ ਜਗ੍ਹਾ ਸ਼ਬਦਾਂ ਦੀ ਤਰਤੀਬ ਨੂੰ ਹੋਰ ਬਿਹਤਰੀ ਦਿੱਤੀ ਜਾ ਸਕਦੀ ਸੀ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਮੇਰੀਆਂ ਕੁਝ ਇਤਿਹਾਸਕ ਯਾਦਾਂ
ਲੇਖਕ : ਹੀਰਾ ਸਿੰਘ ਦਰਦ
ਸੰਪਾਦਕ : ਡਾ: ਹਰਜੀਤ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 210
ਸੰਪਰਕ : 94170-33153.

ਇਸ ਪੁਸਤਕ ਦੇ ਦੋ ਭਾਗ ਹਨ। ਪਹਿਲਾ ਭਾਗ 1955 ਅਤੇ 1960 ਵਿਚ ਪ੍ਰਕਾਸ਼ਿਤ ਹੋਇਆ ਸੀ। ਦੂਜਾ ਭਾਗ ਦਰਦ ਜੀ ਵਲੋਂ 1960 ਤੋਂ ਬਾਅਦ ਲਿਖੀਆਂ ਯਾਦਾਂ ਦਾ ਸੰਕਲਨ ਹੈ, ਜਿਸ ਦੀ ਸੰਪਾਦਨਾ ਡਾ: ਹਰਜੀਤ ਸਿੰਘ ਨੇ ਇਕੋ ਸੈਂਚੀ 'ਚ ਕਰਕੇ ਮਹੱਤਵਪੂਰਨ ਅਤੇ ਸ਼ਲਾਘਾਯੋਗ ਕਾਰਜ ਕੀਤਾ ਹੈ। ਅਸਲ ਵਿਚ ਇਸ ਪੁਸਤਕ ਵਿਚ ਦਰਦ ਜੀ ਦੇ ਬਹੁਪੱਖੀ ਜੀਵਨ ਅਨੁਭਵ ਦਾ ਹੀ ਝਲਕਾਰਾ ਨਹੀਂ ਪੈਂਦਾ ਬਲਕਿ ਪੰਜਾਬ ਦੇ ਅੰਗਰੇਜ਼ ਸਾਮਰਾਜ ਵਿਚ ਸ਼ਾਮਿਲ ਹੋਣ ਤੋਂ ਬਾਅਦ ਦੇਸ਼ ਆਜ਼ਾਦ ਹੋਣ ਦੇ ਸਮੇਂ ਤੱਕ ਪੰਜਾਬ ਵਿਚ ਚੱਲੀਆਂ ਸਮਾਜਿਕ, ਧਾਰਮਿਕ ਅਤੇ ਰਾਜਸੀ ਲਹਿਰਾਂ ਤੋਂ ਇਲਾਵਾ ਦੇਸ਼ ਦੀ ਆਜ਼ਾਦੀ ਲਈ ਲੜੇ ਘੋਲਾਂ ਦਾ ਵੀ ਇਤਿਹਾਸਕ ਵਰਨਣ ਵੀ ਹੈ। ਦਰਦ ਜੀ 1914 ਈ: ਤੋਂ ਹੀ ਇਨ੍ਹਾਂ ਘੋਲਾਂ ਵਿਚ ਹਿੱਸਾ ਲੈਣ ਲੱਗ ਪਏ ਸਨ, ਜਿਸ ਕਰਕੇ ਉਨ੍ਹਾਂ ਦੀ ਪੰਜਾਬ ਦੇ ਬਦਲਦੇ ਹਾਲਾਤ, ਕਦਰਾਂ ਕੀਮਤਾਂ, ਅੰਦੋਲਨਾਂ ਸਦਕਾ ਉਸਰ ਰਹੇ ਇਤਿਹਾਸ ਨਾਲ ਨਿੱਜੀ ਸਾਂਝ ਪੈ ਗਈ ਸੀ।
ਮੇਰੇ ਸਤਿਕਾਰਯੋਗ ਪਿਤਾ ਜੀ, ਪਿਤਾ ਜੀ ਨਾਲ ਮਤਭੇਦ, ਬਚਪਨ ਦੀ ਨਿੱਜੀ ਜਿਹੀ ਘਟਨਾ, ਕਦੇ ਨਾ ਪੂਰਾ ਹੋਣ ਵਾਲਾ ਘਾਟਾ, ਉਨ੍ਹਾਂ ਦੇ ਨਿੱਜੀ ਜੀਵਨ ਨਾਲ ਜੁੜੀਆਂ ਯਾਦਾਂ ਭਾਈਚਾਰਕਤਾ ਸਦਾਚਾਰਕ ਕੀਮਤਾਂ ਦਾ ਮਾਰਗ ਦਰਸ਼ਨ ਕਰਦੀਆਂ ਹਨ। ਮੈਂ ਬਰਾਦਰੀ ਤੋਂ ਛੇਕੇ ਜਾਣ ਤੋਂ ਕਿਵੇਂ ਬਚਿਆ, ਮਜ਼ਹਬੀ ਅਸੂਲਾਂ ਦੇ ਝਗੜੇ, ਭੂਤ-ਪ੍ਰੇਤ ਅਤੇ ਛੂਤ-ਛਾਤ ਦੀਆਂ ਤਹਿਆਂ ਸੱਭਿਆਚਾਰਕ ਪਰਿਵਰਤਨ ਦੇ ਅਹਿਮ ਪੱਖਾਂ ਨੂੰ ਪੇਸ਼ ਕਰਨ ਵਾਲੀਆਂ ਯਾਦਾਂ ਹਨ। ਕਾਮਾਗਾਟਾ ਮਾਰੂ ਜਹਾਜ਼ ਦੀ ਦੁਖਾਂਤ ਕਹਾਣੀ, ਬੀਟੀ ਦੀਆਂ ਡਾਂਗਾਂ ਅਤੇ ਕਾਲਿਆਂਵਾਲਾ ਖੂਹ ਦੀਆਂ ਯਾਦਾਂ ਬਰਤਾਨਵੀ ਸਾਮਰਾਜ ਵਲੋਂ ਢਾਹੇ ਜ਼ੁਲਮਾਂ ਦੀ ਦਾਸਤਾਨ ਬਿਆਨ ਕਰਦੀਆਂ ਹਨ। 'ਅਕਾਲੀ' ਅਖ਼ਬਾਰ, ਗੁਰਦੁਆਰਾ ਰਕਾਬ ਗੰਜ, ਅਕਾਲੀ ਲਹਿਰ ਦੀ ਪਹਿਲੀ ਜਿੱਤ, ਵਰਤਮਾਨ ਰਾਜਨੀਤੀ ਵਿਚ ਸਿੱਖਾਂ ਦਾ ਸਥਾਨ, ਸਿੱਖ ਇਤਿਹਾਸ ਦਾ ਇਕ ਮੀਲ ਪੱਥਰ, ਸਿੱਖ ਵਿਦਿਅਕ ਕਾਨਫ਼ਰੰਸਾਂ, ਗੁਰਦੁਆਰਾ ਬਿੱਲ, ਸਿੱਖ ਸੰਸਥਾਵਾਂ ਦੀ ਅੰਦਰੂਨੀ ਦਸ਼ਾ, ਗੁਰਦੁਆਰਾ ਸੁਧਾਰ ਲਹਿਰ, ਆਮ ਸਿੱਖ ਸਮਾਜ ਵਿਚੋਂ ਨਵੇਂ ਆਗੂਆਂ ਦਾ ਉੱਭਰਵਾਂ ਅਤੇ ਅਕਾਲੀ ਅਖ਼ਬਾਰ ਜਾਰੀ ਹੋਣ ਨਾਲ ਸਿੱਖ ਸੰਘਰਸ਼ ਅਤੇ ਕੌਮੀ ਆਜ਼ਾਦੀ ਦੀ ਲਹਿਰ ਨੂੰ ਮਿਲਣ ਵਾਲਾ ਹੁਲਾਰਾ ਆਦਿ ਇਤਿਹਾਸਕ ਮਹੱਤਵ ਵਾਲੀਆਂ ਯਾਦਾਂ ਹਨ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

ਆਬਸ਼ਾਰ
ਲੇਖਿਕਾ : ਹਰਸ਼ਰਨ ਕੌਰ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 88
ਸੰਪਰਕ : 98882-92825.

'ਆਬਸ਼ਾਰ' ਹਰਸ਼ਰਨ ਕੌਰ ਦਾ ਦੂਸਰਾ ਕਾਵਿ-ਸੰਗ੍ਰਹਿ ਹੈ। ਉਹ ਮੰਨਦੀ ਹੈ ਕਿ ਉਸ ਦੇ ਪੇਕਿਆਂ ਦਾ ਉਸ ਦੀ ਜ਼ਿੰਦਗੀ ਵਿਚ ਅਹਿਮ ਯੋਗਦਾਨ ਰਿਹਾ ਹੈ, ਜਿਸ ਦੀ ਵਜ੍ਹਾ ਕਰਕੇ ਨਫ਼ਰਤ, ਲਾਲਸ ਅਤੇ ਹੰਕਾਰ ਉਸ ਦੇ ਨੇੜੇ ਨਹੀਂ ਫਟਕਿਆ। ਮਨੁੱਖ ਦੀ ਜ਼ਿੰਦਗੀ ਦਾ ਪਰਤੌਅ ਹੀ ਤਾਂ ਸਾਹਿਤਕ-ਸਿਰਜਣਾ ਦਾ ਅਮਲ ਬਣਦਾ ਹੈ, ਜਿਸ ਬਾਰੇ ਉਹ ਖ਼ੁਦ ਲਿਖਦੀ ਹੈ, 'ਜ਼ਿੰਦਗੀ ਵਿਚ ਜਦ ਕਈ ਪਲ ਜ਼ਿਹਨ ਉੱਤੇ ਹਾਵੀ ਹੋ ਜਾਂਦੇ ਹਨ, ਉਹ ਆਪਣਾ ਅਕਸ ਛੱਡ ਜਾਂਦੇ ਹਨ ਤਾਂ ਕਵਿਤਾ ਜਨਮਦੀ ਹੈ। ਹਰਸ਼ਰਨ ਕੌਰ ਦੀ ਕਵਿਤਾ ਬਾਰੇ ਰਵਿੰਦਰ ਰਵੀ ਦੀ ਭੂਮਿਕਾ ਦਾ ਸਿਰਲੇਖ 'ਆਬਸ਼ਾਰ' : ਸੱਜਰੀ ਤੇ ਨਿਵੇਕਲੀ ਨੁਹਾਰ ਵਾਲਾ ਸਵੈ-ਜੀਵਨੀਆਤਮਕ ਕਾਵਿ, ਪਹਿਲੀ ਨਜ਼ਰੇ ਹੀ ਆਕਰਸ਼ਿਤ ਕਰਦਾ ਹੈ। ਉਹ ਲਿਖਦੇ ਹਨ, 'ਹਰਸ਼ਰਨ ਕੌਰ ਦੀ ਕਵਿਤਾ ਸਵੈ-ਵਿਸ਼ਲੇਸ਼ਣ, ਸਵੈ-ਬੋਧ ਅਤੇ ਸਵੈ-ਪ੍ਰਕਾਸ਼ ਦੀ ਕਵਿਤਾ ਹੈ। ਇਹ ਆਪ ਮੁਹਾਰੇ ਆਬਸ਼ਾਰ ਵਾਂਗ ਫੁੱਟਦੀ ਹੈ ਅਤੇ ਉੱਚੀਆਂ ਨੀਵੀਆਂ ਧਰਤੀਆਂ ਨੂੰ ਗਾਹੁੰਦੀ ਹੋਈ ਵਿਸ਼ਾਲ ਸਮੁੰਦਰ ਵਿਚ, ਸਮੁੰਦਰ ਬਣ ਕੇ ਸਮਾਂ ਜਾਣ ਦੀ ਆਸ ਜਾਂ ਤਮੰਨਾ ਰੱਖਦੀ ਹੈ। ਇਹ ਨਿਰਯਤਨ ਆਮਦ ਹੈ ਜੋ ਉਸ 'ਤੇ ਸਹਿਜ ਘਟਦੀ ਹੈ ਅਤੇ ਉਸ ਦਾ ਅੰਦਰ ਬਾਹਰ ਫਰੋਲ ਸੁੱਟਦੀ ਹੈ।' ਇਨ੍ਹਾਂ ਟਿੱਪਣੀਆਂ ਦੇ ਸੰਕੇਤ 'ਮੇਰੀ ਕਿਤਾਬ', ਸੋਚਾਂ ਦਾ ਰਸਤਾ, ਸਾਗਰ ਦੀ ਹਿੱਕੜੀ, ਮੁਹੱਬਤ ਦਾ ਇੰਤਜ਼ਾਰ, ਸ਼ਬਦ-ਰੁੱਤ, ਕਵਿਤਾ ਆਦਿ ਕਵਿਤਾਵਾਂ ਤੋਂ ਇਲਾਵਾ ਹੋਰਨਾਂ ਕਵਿਤਾਵਾਂ ਵਿਚ ਦੇਖੇ ਜਾ ਸਕਦੇ ਹਨ। ਖੂਬੀ ਇਹ ਹੈ ਕਿ ਤੁਸੀਂ ਕਵਿਤਾ ਨੂੰ ਪੜ੍ਹਦਿਆਂ, ਇਸ ਨੂੰ ਮਾਨਣ ਦਾ ਯਤਨ ਕਰਦੇ ਹੋਏ ਭਾਵਨਾਤਮਿਕ ਪੱਧਰ 'ਤੇ ਇਨ੍ਹਾਂ ਪਲਾਂ ਨਾਲ ਇਕਸੁਰ ਹੋਣ ਦੀ ਕੋਸ਼ਿਸ਼ ਕਰਦੇ ਹੋ। ਇਹੀ ਕਵਿਤਾ ਦਾ ਜਾਦੂ ਹੈ ਕਿ ਕਵਿਤਾ ਤੁਹਾਨੂੰ ਤੁਹਾਡੇ ਦੁੱਖਾਂ-ਸੁੱਖਾਂ ਤੋਂ ਨਿਜਾਤ ਦਿਵਾ, ਆਪਣੀ ਹੋਂਦ (ਹਸਤੀ) ਤੋਂ ਮੁਕਤ ਕਰ ਦੇਵੇ। 'ਖਾਲੀ ਵਰਕੇ' ਕਵਿਤਾ ਦੀਆਂ ਕੁਝ ਸਤਰਾਂ ਪੇਸ਼ ਹਨ :
ਮੇਰੇ ਸੀਨੇ ਅੰਦਰ
ਕੁਝ ਕੁ ਅਹਿਸਾਸਾਂ ਦੀਆਂ
ਕਬਰਾਂ, ਖਾਮੋਸ਼ ਸੁੱਤੀਆਂ ਨੇ
.. .. .. .. .. ..
ਸੀਨੇ ਅੰਦਰ ਦਫ਼ਨ ਹੋਈਆਂ
ਕਬਰਾਂ ਨਾਲ ਹੀ ਦਫ਼ਨ ਹੋ ਗਏ!!
ਉਸ ਦੀਆਂ ਕਵਿਤਾਵਾਂ ਵਿਚ ਵਰਤੇ ਨਵੇਂ-ਨਵੇਂ ਅਲੰਕਾਰ ਅਤੇ ਪ੍ਰਤੀਕ, ਉਸ ਦੇ ਸਿਰਜਣਾਤਮਿਕ ਵਿਅਕਤਿੱਤਵ ਨੂੰ ਇਕ ਪੁਸਤਕ ਵਾਂਗ ਪਾਠਕ ਨੂੰ ਪੜ੍ਹਨ ਲਈ ਉਤੇਜਿਤ ਕਰਦੇ ਹਨ। 'ਆਬਸ਼ਾਰ' ਕਵਿਤਾ ਵਿਚ ਇਨ੍ਹਾਂ ਨੂੰ ਦੇਖਿਆ ਜਾ ਸਕਦਾ ਹੈ। ਮੈਂ ਇਨ੍ਹਾਂ ਸ਼ਬਦਾਂ ਰਾਹੀਂ 'ਆਬਸ਼ਾਰ' ਦਾ ਸਵਾਗਤ ਕਰਦਾ ਹਾਂ।

-ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਰੂਹਾਂ ਨਸੀਬਾਂ ਵਾਲੀਆਂ
ਗੀਤਕਾਰ : ਤਰਲੋਚਨ ਸਿੰਘ 'ਚੰਨ' ਜੰਡਿਆਲਵੀ
ਪ੍ਰਕਾਸ਼ਕ : ਜੀਵਨ ਪਬਲਿਸ਼ਰਜ਼, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 0183-5011003.

ਲਗਪਗ ਡੇਢ ਦਰਜਨ ਸਾਹਿਤਕ ਪੁਸਤਕਾਂ ਦੀ ਰਚਨਾ ਕਰਨ ਵਾਲਾ ਤਰਲੋਚਨ ਸਿੰਘ ਚੰਨ ਜੰਡਿਆਲਵੀ ਪੰਜਾਬੀ ਪਾਠਕਾਂ ਲਈ ਕੋਈ ਨਵਾਂ ਨਾਂਅ ਨਹੀਂ ਹੈ। 'ਮਧਾਣੀਆਂ ਹਾਏ ਓ ਮੇਰੇ ਡਾਢਿਆ ਰੱਬਾ ਕਿਨ੍ਹਾਂ ਜੰਮੀਆਂ ਕਿਨ੍ਹਾਂ ਲੈ ਜਾਣੀਆਂ' ਵਰਗੇ ਅਮਰ ਗੀਤ ਦੀ ਰਚਨਾ ਕਰਨ ਵਾਲਾ ਇਹ ਕਵੀ ਹੁਣ ਆਪਣੀ ਨਵੀਂ ਕਾਵਿ-ਪੁਸਤਕ 'ਰੂਹਾਂ ਨਸੀਬਾਂ ਵਾਲੀਆਂ' ਲੈ ਕੇ ਹਾਜ਼ਰ ਹੋਇਆ ਹੈ। ਇਸ ਪੁਸਤਕ ਵਿਚ ਗੀਤ, ਰੁਬਾਈਆਂ ਅਤੇ ਆਪਣੇ ਕੁਝ ਨਜ਼ਦੀਕੀਆਂ ਅਤੇ ਸਕਿਆਂ ਦੇ ਕਾਵਿ-ਚਿੱਤਰ ਵੀ ਖਿੱਚੇ ਹਨ। ਕਈਆਂ ਦੇ ਮਿਲਾਪ ਬਾਰੇ ਤਾਂ ਪੂਰਾ ਕਾਵਿ-ਬਿਰਤਾਂਤ ਵੀ ਪੇਸ਼ ਕੀਤਾ ਹੋਇਆ ਮਿਲਦਾ ਹੈ। ਸਾਹਿਤਕ ਗੀਤਾਂ ਦੀ ਵੰਨਗੀ ਵਿਚ ਸੋਲੋ ਅਤੇ ਦੋਗਾਣੇ ਦੋਵਾਂ ਤਰ੍ਹਾਂ ਦੇ ਹੀ ਗੀਤ ਸ਼ਾਮਿਲ ਹਨ। ਭਾਵੇਂ ਕਿ ਗੀਤਾਂ ਵਿਚ ਆਪਣਿਆਂ ਦਾ ਵਿਛੋੜਾ, ਪਰਿਵਰਤਨ ਰਿਸ਼ਤੇ, ਧੀਆਂ ਪ੍ਰਤੀ ਸਨੇਹ ਅਤੇ ਮੁਹੱਬਤ, ਪੇਸ਼ ਹੋਈ ਮਿਲਦੀ ਹੈ, ਉਥੇ ਰੁਮਾਂਟਿਕ ਰੰਗਣ ਵੀ ਵੇਖਣ ਨੂੰ ਮਿਲਦੀ ਹੈ। ਕਵੀ ਨੇ ਆਪਣੇ ਇਨ੍ਹਾਂ ਗੀਤਾਂ ਵਿਚ ਸਿੱਧੇ ਜਾਂ ਅਸਿੱਧੇ ਰੂਪ ਵਿਚ ਕਿਸੇ ਨਾ ਕਿਸੇ ਸਮਾਜਿਕ, ਸੱਭਿਆਚਾਰਕ ਰੰਗ ਨੂੰ ਪੇਸ਼ ਕਰਦਿਆਂ ਸਮਾਜ ਵਿਚ ਪੈਦਾ ਹੋ ਰਹੀਆਂ ਬੁਰਾਈਆਂ 'ਤੇ ਵੀ ਉਂਗਲ ਰੱਖੀ ਹੈ। ਜਿਵੇਂ 'ਓਹ ਵੀਰ ਮੇਰਾ', 'ਕਬੀਲਦਾਰੀ', 'ਨਵੇਂ ਨਿੱਤ' ਆਦਿ ਗੀਤਾਂ ਵਿਚ ਕਵੀ ਨੇ ਸਮਾਜ ਸੁਧਾਰ ਬਾਰੇ ਵੀ ਇਸ਼ਾਰੇ ਦਿੱਤੇ ਹਨ। 'ਚੰਨ' ਨੇ ਆਪਣੇ ਗੀਤਾਂ ਵਿਚ ਆਪਣੇ ਇਲਾਕੇ ਦੀ ਸਿਫ਼ਤ ਵੀ ਕੀਤੀ ਹੈ ਅਤੇ ਜਿਥੇ ਵਸਦਾ ਹੈ, ਉਸ ਦਾ ਵੀ ਜ਼ਿਕਰ ਭਾਵ ਇੰਗਲੈਂਡ ਬਾਰੇ ਵੀ ਕਾਵਿ-ਰੰਗ ਪੇਸ਼ ਕੀਤਾ ਹੈ। ਆਪਣੇ ਗੀਤਾਂ ਵਿਚ ਉਹ ਜਿਥੇ ਧਨੀ ਪਿੰਡ ਅਤੇ ਮੰਜਕੀ ਦੇ ਇਲਾਕੇ ਬਾਰੇ ਕਾਵਿ-ਰਚਨਾ ਕਰਦਾ ਹੈ, ਉਥੇ ਮਾਨਚੈਸਟਰ, ਬਰਮਿੰਘਮ, ਵੁਲਵਰਹੈਂਪਟਨ, ਸੋਹੋਰੋਡ ਅਤੇ ਕਵੈਂਟਰੀ ਦਾ ਜ਼ਿਕਰ ਵੀ ਛੇੜਦਾ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

18/11/2017

 ਕਾਕੋਰੀ ਸ਼ਹੀਦ
ਸ਼ਹੀਦ ਅਸ਼ਫਾਕ ਉੱਲਾ ਖਾਂ

ਮੂਲ ਲੇਖਕ : ਸੁਧੀਰ ਵਿਦਿਆਰਥੀ
ਅਨੁਵਾਦਕ : ਬਲਬੀਰ ਲੌਂਗੋਵਾਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 70 ਰੁਪਏ ਪੇਪਰ ਬੈਕ, ਸਫ਼ੇ : 80
ਸੰਪਰਕ : 98153-17028
.

ਸ਼ਹੀਦ ਅਸ਼ਫਾਕ ਉੱਲਾ ਖਾਂ ਭਾਰਤ ਦੀ ਆਜ਼ਾਦੀ ਲਈ ਲੜਨ ਵਾਲਿਆਂ ਉਨ੍ਹਾਂ ਬਹਾਦਰ ਸੂਰਮੇ ਕ੍ਰਾਂਤੀਕਾਰੀਆਂ ਦੀ ਲੰਮੀ ਕਤਾਰ ਵਿਚੋਂ ਇਕ ਅਜਿਹਾ ਸੂਰਮਾ ਸੀ, ਜਿਸ ਨੇ ਅੰਗਰੇਜ਼ੀ ਹਕੂਮਤ ਦਾ ਅੰਤ ਕਰਨ ਲਈ ਹਥਿਆਰਬੰਦ ਇਨਕਲਾਬ ਲਿਆਉਣ ਦੇ ਫ਼ੈਸਲੇ ਲਏ ਸਨ। ਕਾਕੋਰੀ ਕਾਂਡ 9 ਅਗਸਤ, 1925 ਦੀ ਰਾਤ ਨੂੰ ਸਰਕਾਰੀ ਖਜ਼ਾਨਾ ਲੁੱਟਣ ਲਈ ਕੁੱਲ 10 ਕ੍ਰਾਂਤੀਕਾਰੀ ਸਨ, ਜਿਨ੍ਹਾਂ ਦੇ ਨਾਂਅ ਅਸ਼ਫਾਕ ਉੱਲਾ, ਮਨਮਥ ਨਾਸ਼, ਚੰਦਰ ਸ਼ੇਖਰ ਆਜ਼ਾਦ, ਰਾਜੇਦ-ਨਾਥ ਲਹਿੜੀ, ਕੇਸ਼ਵ ਚੱਕ੍ਰਵਰਤੀ, ਮੁਰਾਰੀ ਲਾਲ, ਮੁਕੰਦੀ ਲਾਲ ਅਤੇ ਸਚਿੰਦਰ ਨਾਥ ਬਖਸ਼ੀ ਤੇ ਰਾਮ ਪ੍ਰਸਾਦ ਬਿਸਮਿਲ, ਇਨ੍ਹਾਂ ਦੇ ਨੇਤਾ ਸਨ। ਕਾਕੋਰੀ ਸਟੇਸ਼ਨ ਸਹਾਰਨਪੁਰ, ਸ਼ਾਹ ਜਹਾਨਪੁਰ ਲਾਈਨ 'ਤੇ ਹੈ, ਜਿਥੇ ਕ੍ਰਾਂਤੀਕਾਰਾਂ ਨੇ ਚੇਨ ਖਿੱਚ ਕੇ ਗੱਡੀ ਰੁਕਵਾ ਲਈ। ਗੱਡੀ ਰੁਕਦਿਆਂ ਹੀ ਕ੍ਰਾਂਤੀਕਾਰਾਂ ਨੇ ਗੋਲੀਆਂ ਚਲਾ ਕੇ ਆਪਣੀ ਹਾਜ਼ਰੀ ਲੁਆ ਲਈ ਅਤੇ ਆਪਣੀ ਯੋਜਨਾ ਅਨੁਸਾਰ ਸਰਕਾਰੀ ਖਜ਼ਾਨੇ ਵਾਲੀ ਲੋਹੇ ਦੀ ਪੇਟੀ ਲੁੱਟ ਲਈ। ਡਕੈਤੀ ਦਾ ਇਹ ਕੰਮ ਸਿਰਫ 10 ਮਿੰਟਾਂ ਵਿਚ ਸਮਾਪਤ ਹੋ ਗਿਆ। ਇਸ ਖਜ਼ਾਨੇ ਨਾਲ ਉਨ੍ਹਾਂ ਨੇ ਹਥਿਆਰਾਂ ਦੀ ਖਰੀਦ ਲਈ ਤੇ ਬੰਬ ਬਣਾਉਣ ਲਈ ਵੀ ਰੁਪਏ ਰਾਖਵੇਂ ਰੱਖ ਲਏ।
ਪ੍ਰਤੀਕਰਮ ਵਜੋਂ ਅੰਗਰੇਜ਼ ਸਰਕਾਰ ਨੇ ਭਾਰਤੀ ਕ੍ਰਾਂਤੀਕਾਰਾਂ ਬਾਗ਼ੀ ਦੇਸ਼ ਭਗਤਾਂ ਉੱਪਰ ਸਖ਼ਤੀ ਆਰੰਭ ਕਰ ਦਿੱਤੀ। ਅਸ਼ਫਾਕ ਉੱਲਾ ਖਾਂ ਉਸੇ ਰਾਤ ਫਰਾਰ ਹੋ ਕੇ ਰੂਪੋਸ਼ ਹੋ ਗਿਆ। ਕ੍ਰਾਂਤੀਕਾਰ ਦੇਸ਼ ਭਗਤਾਂ ਉੱਪਰ ਮੁਕੱਦਮੇ ਚੱਲੇ ਅਤੇ ਅਸ਼ਫਾਕ ਉੱਲਾ ਖਾਂ ਨਾ ਚਾਹੁੰਦੇ ਹੋਏ ਵੀ ਇਕ ਦਿਨ ਜਿਗਰੀ ਦੋਸਤ ਦੀ ਬੇਵਫ਼ਾਈ ਕਾਰਨ ਪੁਲਿਸ ਦੀ ਗ੍ਰਿਫ਼ਤ ਵਿਚ ਆ ਗਿਆ। ਮੁਕੱਦਮਾ ਚੱਲਿਆ ਅਤੇ ਅੰਤ ਫਾਂਸੀ ਦੀ ਸਜ਼ਾ ਪ੍ਰਾਪਤ ਕਰਕੇ ਅਸ਼ਾਫਾਕ ਉੱਲਾ ਖਾਂ ਨੇ ਸ਼ਹੀਦਾਂ ਦੀ ਲੜੀ ਵਿਚ ਆਪਣਾ ਨਾਂਅ ਅਮਰ ਕਰਵਾ ਲਿਆ।
ਪੁਸਤਕ ਦਾ ਪੰਜਾਬੀ ਰੂਪ ਨਾਵਲੀ ਬਿਰਤਾਂਤ ਵਰਗਾ ਦਿਲਚਸਪ, ਰੌਚਿਕ ਹੈ। ਨਿੱਕੀਆਂ-ਨਿੱਕੀਆਂ ਘਟਨਾਵਾਂ ਦੇ ਵਸਤੂ ਵੇਰਵੇ ਮਿਲਦੇ ਹਨ। ਅਨੁਵਾਦਕ ਦੀ ਖੂਬੀ ਇਹ ਹੈ ਕਿ ਇਹ ਸਾਰੀ ਗਾਥਾ, ਜਿਸ ਉਦੇਸ਼ ਨੂੰ ਲੈ ਕੇ ਲਿਖੀ ਗਈ, ਉਹ ਸਫਲ ਹੈ।

ਂਡਾ: ਅਮਰ ਕੋਮਲ
ਮੋ: 084378-73565.
ਫ ਫ ਫ

ਮੋਪਾਸਾਂ ਦੀਆਂ ਪ੍ਰਤੀਨਿਧ ਕਹਾਣੀਆਂ
ਸੰਪਾਦਕ/ਅਨੁਵਾਦਕ : ਤਰਸੇਮ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 275 ਰੁਪਏ, ਸਫ਼ੇ : 116
ਸੰਪਰਕ : 98159-76485.

ਇਸ ਵਿਚ ਪ੍ਰਸਿੱਧ ਫਰਾਂਸੀਸੀ ਸਾਹਿਤਕਾਰ ਮੋਪਾਸਾਂ ਦੀਆਂ 15 ਕਹਾਣੀਆਂ ਸ਼ਾਮਿਲ ਹਨ। ਮੋਪਾਸਾਂ ਨੇ ਯਥਾਰਥਵਾਦੀ ਕਹਾਣੀ ਦੇ ਖੇਤਰ ਵਿਚ ਵਿਸ਼ੇਸ਼ ਨਾਮਣਾ ਖੱਟਿਆ ਹੈ। ਉਸ ਨੇ ਆਪਣੀਆਂ ਇਨ੍ਹਾਂ ਕਹਾਣੀਆਂ ਵਿਚ ਸਮਾਜ ਦੇ ਉਨ੍ਹਾਂ ਅਣਗੌਲੇ ਪਾਤਰਾਂ ਦੀ ਦਸ਼ਾ ਨੂੰ ਬਿਆਨ ਕੀਤਾ, ਜਿਨ੍ਹਾਂ ਨੂੰ ਸਮਾਜ ਨੇ ਹਾਸ਼ੀਆਗਤ ਸਥਿਤੀ ਵਿਚ ਰੱਖਿਆ ਹੋਇਆ ਸੀ। ਉਨ੍ਹਾਂ ਦੁਆਰਾ ਕੀਤਾ ਗਿਆ ਸਹਿਜ ਸੁਭਾਵਿਕ ਕਾਰਜ ਵੀ ਕਈ ਵਾਰੀਂ ਉਨ੍ਹਾਂ ਲਈ ਹੀ ਨੁਕਸਾਨਦੇਹ ਸਾਬਤ ਹੁੰਦਾ ਹੈ। ਇਨ੍ਹਾਂ ਕਹਾਣੀਆਂ ਵਿਚ ਬਹੁਤੀਆਂ ਕਹਾਣੀਆਂ ਪਾਤਰ ਪ੍ਰਧਾਨ ਕਹਾਣੀਆਂ ਹਨ। ਉਹ ਆਪਣੀ ਕਹਾਣੀ ਨੂੰ ਪਾਤਰਾਂ ਦੇ ਵਾਰਤਾਲਾਪਾਂ ਨਾਲ ਵੀ ਬੁਣਦਾ ਹੈ ਅਤੇ ਬਿਰਤਾਂਤਕਾਰ ਦੇ ਰੂਪ ਵਿਚ ਕਹਾਣੀ ਸੁਣਾਉਂਦਾ ਵੀ ਹੈ। ਤਕਰੀਬਨ ਇਸ ਪੁਸਤਕ ਵਿਚ ਸ਼ਾਮਿਲ ਕਹਾਣੀਆਂ ਦੇ ਪਾਤਰ ਵਿਦੇਸ਼ੀ ਧਰਤੀ ਦੇ ਹੀ ਬਸ਼ਿੰਦੇ ਹਨ, ਜਿਨ੍ਹਾਂ ਦੇ ਨਾਂਅ ਅਤੇ ਰਹਿਣ ਦੀਆਂ ਥਾਵਾਂ ਵੀ ਪਾਠਕਾਂ ਵਾਸਤੇ ਨਵੀਆਂ ਅਤੇ ਦਿਲਚਸਪ ਹਨ। ਕਹਾਣੀਆਂ ਵਿਚ ਪਾਤਰਾਂ ਦੀ ਸਥਿਤੀ ਨੂੰ ਸਪੱਸ਼ਟ ਕਰਨ ਲਈ ਉਹ ਵਾਤਾਵਰਣਿਕ ਪ੍ਰਸਥਿਤੀਆਂ ਦਾ ਵੀ ਬਾਖੂਬੀ ਚਿਤਰਨ ਕਰਦਾ ਹੈ ਜਿਵੇਂ :
ਂਦਸੰਬਰ ਦਾ ਮਹੀਨਾ ਸੀ ਅਤੇ ਠੰਡੀ ਹਵਾ ਖੇਤਾਂ ਅਤੇ ਦਰੱਖਤਾਂ ਦੀਆਂ ਨੰਗੀਆਂ ਟਾਹਣੀਆਂ 'ਚੋਂ ਹੋ ਕੇ ਸਾਂ... ਸਾਂ... ਕਰਦੀ ਵਗ ਰਹੀ ਸੀ...। ਉਹ ਲੰਗੜਾ ਹੌਲੀ-ਹੌਲੀ ਖ਼ੁਦ ਨੂੰ ਘੜੀਸਦਿਆਂ ਤੁਰਦਾ ਰਿਹਾ। (ਮੰਗਤਾ)
ਂਇਹ ਸਭ ਕੁਝ ਅਸਤਾਬਲ ਵਰਗਾ ਲਗਦਾ ਸੀ, ਡੇਅਰੀ ਅਤੇ ਗੰਦ ਦੇ ਢੇਰ, ਸੁੱਕੇ ਘਾਹ, ਪਸ਼ੂਆਂ ਅਤੇ ਮਨੁੱਖਾਂ ਦੇ ਮੁੜ੍ਹਕੇ ਵਿਚੋਂ ਖੇਤਾਂ ਵਿਚ ਕੰਮ ਕਰਨ ਵਾਲਿਆਂ ਵਰਗੀ ਬਦਬੂ ਆ ਰਹੀ ਸੀ। (ਰੱਸੀ ਦਾ ਟੁੱਕੜਾ) ਅਨੁਵਾਦਕਾਰ ਨੇ ਅਨੁਵਾਦ ਕਰਦਿਆਂ ਕਹਾਣੀਆਂ ਦੀ ਮੌਲਿਕ ਰੂਹ ਨੂੰ ਕਾਇਮ ਰੱਖਿਆ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਸੂਰਜਾਂ ਦੇ ਹਾਣੀ
ਲੇਖਕ : ਉਜਾਗਰ ਸਿੰਘ ਕੰਵਲ
ਪ੍ਰਕਾਸ਼ਕ : ਅਸਥੈਟਿਕ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 296
ਸੰਪਰਕ : 98032-61907.

ਹਥਲੇ ਨਾਵਲ ਵਿਚ ਕੰਵਲ ਨੇ ਪੰਜਾਬੀ ਸੱਭਿਆਚਾਰ ਦੇ ਚਿਹਨਾਂ ਨੂੰ ਸਾਹਿਤਕ ਵਿਵੇਕ ਰਾਹੀਂ ਲੱਭਣ ਦਾ ਯਤਨ ਕੀਤਾ ਹੈ। ਬਚਿੱਤਰ ਸਿੰਘ ਦੇ ਪਾਤਰ ਰਾਹੀਂ ਉਹ ਪੰਜਾਬ ਦੇ ਅਜਿਹੇ ਗੱਭਰੂ ਨੂੰ ਨਾਇਕ ਵਜੋਂ ਪੇਸ਼ ਕਰਦਾ ਹੈ, ਜਿਸ ਵਿਚ ਪੰਜਾਬੀਅਤ ਦੇ ਸਾਰੇ ਲੱਛਣ ਉੱਘੜਵੇਂ ਰੂਪ ਵਿਚ ਵਿਦਮਾਨ ਹਨ। ਸਰੀਰਕ ਪੱਖੋਂ ਉਹ ਚੰਗੇ ਕੱਦਕਾਠ ਵਾਲਾ ਸੁਹਣਾ ਗੱਭਰੂ ਹੈ। ਸੁਭਾਅ ਦਾ ਨਰਮ, ਹਮਦਰਦੀ ਰੱਖਣ ਵਾਲਾ ਤੇ ਚੰਗੀਆਂ ਕਦਰਾਂ-ਕੀਮਤਾਂ ਦਾ ਧਾਰਨੀ ਹੈ। ਜਾਇਦਾਦ ਪ੍ਰਤੀ ਸ਼ਰੀਕਾਂ ਦਾ ਮੋਹ, ਕਤਲ, ਹਮਦਰਦੀ, ਮੁਹੱਬਤ, ਦਇਆ, ਕੁਰਬਾਨੀ ਤੇ ਲੋਕ ਸੇਵਾ ਜਿਹੇ ਤੱਤ ਪੰਜਾਬੀ ਜਨਜੀਵਨ ਦੇ ਵਿਰਸੇ ਨਾਲ ਜੁੜੇ ਤੱਤ ਹਨ। ਇਸ ਪਾਤਰ ਨੂੰ ਪੇਸ਼ ਕਰਨ ਲਈ ਕੰਵਲ ਨੇ ਨਵੀਂ ਸ਼ੈਲੀ ਦਾ ਪ੍ਰਯੋਗ ਕੀਤਾ ਹੈ। ਬਚਿੱਤਰ ਦੀ ਮੌਤ ਤੋਂ ਬਾਅਦ ਉਸ ਦਾ ਕਜ਼ਨ ਤੇ ਪੱਕਾ ਸਾਥੀ ਬਸੰਤ ਸਿੰਘ ਉਪਰਾਮ ਹੋ ਜਾਂਦਾ ਹੈ। ਉਸ ਦਾ ਪੋਤਾ ਕਾਲਜ 'ਚ ਪੜ੍ਹਦਾ ਵਿਦਿਆਰਥੀ ਬਲਵਿੰਦਰ ਉਸ ਤੋਂ ਕਾਰਨ ਪੁੱਛਦਾ ਹੈ ਤਾਂ ਉਹ ਬਚਿੱਤਰ ਸਿੰਘ ਦਾ ਜੀਵਨ ਬਿਰਤਾਂਤ ਕਥਾ ਦੇ ਰੂਪ ਵਿਚ ਉਸ ਨੂੰ ਸੁਣਾਉਂਦਾ ਹੈ। ਇੰਜ ਇਹ ਸਾਰੇ ਨਾਵਲ ਦੀ ਕਥਾ ਦਾਦੇ-ਪੋਤੇ ਦੀ ਪ੍ਰਸ਼ਨੋਤਰੀ ਤੇ ਜਵਾਬਾਂ ਰਾਹੀਂ ਸੰਪੂਰਨ ਹੁੰਦੀ ਹੈ। ਇਸ ਨਾਵਲ ਦਾ ਦੂਜਾ ਪੱਖ ਹੈ : ਪ੍ਰਸ਼ਸਾਨੰਦ ਵਲੋਂ ਬਲਵਿੰਦਰ ਦੇ ਕਾਲਜ ਵਿਚ ਭਾਸ਼ਣ ਲੜੀ ਰਾਹੀਂ ਵਿਗਿਆਨ ਤੇ ਧਰਮ ਦਾ ਸਬੰਧ ਤੇ ਰੱਬ ਦੀ ਹੋਂਦ ਜਿਹੇ ਸਵਾਲਾਂ ਦੇ ਜਵਾਬ, ਸੰਵਾਦ ਕਿਰਿਆ ਰਾਹੀਂ ਲੱਭਣੇ ਹਨ। ਕੰਵਲ ਵਿਗਿਆਨ ਰਾਹੀਂ ਧਰਮ ਦੇ ਅਰਥ ਲੱਭਣ ਵੱਲ ਰੁਚਿਤ ਹੈ। ਗੁਰਬਾਣੀ ਨੂੰ ਆਧਾਰ ਬਣਾ ਕੇ ਹੀ ਉਹ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਦਾ ਹੈ। ਤੱਤ ਰੂਪ ਵਿਚ ਉਹ ਦੋ ਸਿੱਟੇ ਕੱਢਦਾ ਹੈ : (1) ਨਿਯਮਬੱਧਤਾ ਹੀ ਸਾਰਥਕ ਜੀਵਨ ਦਾ ਆਧਾਰ ਹੈ। (2) ਸਦਾਚਾਰਕ ਕਦਰਾਂ-ਕੀਮਤਾਂ ਵਾਲਾ ਸੰਸਾਰਕ ਜੀਵਨ ਜਿਊਣਾ ਹੀ ਸਹੀ ਅਰਥਾਂ ਵਿਚ ਜਿਊਣਾ ਹੈ।

ਂਕੇ. ਐਲ. ਗਰਗ
ਮੋ: 94635-37050.
ਫ ਫ ਫ

ਸਮੇਂ ਦਾ ਸੂਰਜ
ਲੇਖਕ : ਮਦਨ ਬੰਗੜ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 100 ਰੁਪਏ, ਸਫ਼ੇ : 95
ਸੰਪਰਕ : 95015-75511

ਇਸ ਸੰਗ੍ਰਹਿ ਵਿਚ ਲੇਖਕ ਨੇ 84 ਦੇ ਕਰੀਬ ਗੀਤ, ਕਵਿਤਾਵਾਂ ਤੇ ਗ਼ਜ਼ਲਾਂ ਸ਼ਾਮਲ ਕੀਤੀਆਂ ਹਨ। ਬੰਗੜ ਚੇਤੰਨ ਕਵੀ ਹੋਣ ਦੇ ਨਾਤੇ ਅਜੋਕੇ ਭ੍ਰਿਸ਼ਟ ਰਾਜਸੀਤੰਤਰ ਨੂੰ ਆਪਣੀ ਵਿਅੰਗ ਆਤਮਕ ਕਵਿਤਾ ਰਾਹੀਂ ਆਪਣੀ ਫਿਕਰਮੰਦੀ ਦਾ ਇਜ਼ਹਾਰ ਕਰਦਾ ਹੈ :
ਦੇਸ਼ ਮੇਰੇ ਨੂੰ ਖਾ ਗਏ ਲੀਡਰ
ਝੂਠੇ ਲਾਰੇ ਲਾ ਗਏ ਲੀਡਰ
ਚਾਰੇ ਪਾਸੇ ਘਪਲੇ ਹੀ ਘਪਲੇ
ਵੱਡੇ ਨੋਟ ਕਮਾ ਗਏ ਲੀਡਰ (ਪੰਨਾ 57)
ਭ੍ਰਿਸ਼ਟਾਚਾਰ ਏਥੇ ਪ੍ਰਧਾਨ
ਫਿਰ ਵੀ ਮੇਰਾ ਦੇਸ਼ ਮਹਾਨ
ਕੱਚੇ ਘਰ ਪੱਕੇ ਸ਼ਮਸ਼ਾਨ
ਇਹ ਹੈ ਮੇਰਾ ਹਿੰਦੁਸਤਾਨ।
ਵਿਕਾਸ ਦੇ ਨਾਂਅ 'ਤੇ ਰੁੱਖਾਂ ਦੀ ਕਟਾਈ ਕਾਰਨ ਜਿਹੜਾ ਵਾਤਾਵਰਨ ਦਾ ਸੰਤੁਲਨ ਵਿਗੜਿਆ ਹੈ, ਉਸ ਨੂੰ ਵੀ ਉਸ ਨੇ ਆਪਣੀ ਕਵਿਤਾ ਦਾ ਆਧਾਰ ਬਣਾਇਆ ਹੈ ਤੇ ਰੁੱਖਾਂ ਦੇ ਮਹੱਤਵ ਦੀ ਬਾਤ ਪਾਈ ਹੈ :-
ਰੁੱਖ ਤੇ ਮਨੁੱਖ ਰਹੇ ਸਦੀਆਂ ਦੇ ਹਾਣੀ
ਸਦੀਆਂ ਪੁਰਾਣੀ ਇਨ੍ਹਾਂ ਦੋਹਾਂ ਦੀ ਕਹਾਣੀ।
ਸਾਡੇ ਸਮਾਜ ਵਿਚ ਧੀਆਂ ਨੂੰ ਕੁੱਖਾਂ ਵਿਚ ਹੀ ਮਾਰਨ ਦੀ ਪ੍ਰਕਿਰਿਆ ਨੇ ਕਵੀ ਨੂੰ ਧੀਆਂ ਪ੍ਰਤੀ ਜਾਗਰੂਕ ਕਰਨ ਲਈ ਪ੍ਰੇਰਿਆ ਹੈ :
ਧੀਆਂ ਘਰ ਦਾ ਰੌਣਕ ਮੇਲਾ
ਧੀਆਂ ਬਿਨ ਘਰ ਲੱਗੇ ਤਬੇਲਾ
ਜੀਵਨ ਦੀ ਪ੍ਰਭਾਤ ਨੇ ਧੀਆਂ।
ਬੰਗੜ ਜ਼ਮੀਨੀ ਹਕੀਕਤਾਂ ਨਾਲ ਜੁੜਿਆ ਹੋਇਆ ਕਵੀ ਹੈ। ਉਸ ਨੇ ਜਲ ਜੀਵਨ ਦੇ ਮਸਲਿਆਂ ਨੇ ਵੀ ਆਪਣੀ ਕਵਿਤਾ ਵਿਚ ਪੇਸ਼ ਕੀਤਾ ਹੈ। 'ਸਮੇਂ ਦਾ ਸੂਰਜ' ਇਕ ਪੜ੍ਹਨਯੋਗ ਪੁਸਤਕ ਹੈ, ਜਿਸ ਨੂੰ ਪੜ੍ਹ ਕੇ ਪਾਠਕ ਸੁਹਜ ਆਤਮਕ ਆਨੰਦ ਪ੍ਰਾਪਤ ਕਰਨਗੇ।

ਂਸੁਖਦੇਵ ਮਾਦਪੁਰੀ
ਮੋ: 94630-34477.
ਫ ਫ ਫ

ਸਰਦਲਾਂ ਤੋਂ ਪਾਰ
ਗ਼ਜ਼ਲਕਾਰ :"ਆਤਮਾ ਰਾਮ ਰੰਜਨ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ।
ਮੁੱਲ : 160 ਰੁਪਏ, ਸਫ਼ੇ : 104
ਸੰਪਰਕ : 94630-88272.

ਆਤਮਾ ਰਾਮ ਰੰਜਨ ਲੋਕ ਦਰਦ ਨੂੰ ਸਮਰਪਤ ਗ਼ਜ਼ਲਕਾਰ ਹੈ ਤੇ 'ਸਰਦਲਾਂ ਤੋਂ ਪਾਰ' ਉਸ ਦਾ ਦੂਸਰਾ ਗ਼ਜ਼ਲ ਸੰਗ੍ਰਹਿ ਹੈ। ਉਸ ਨੇ ਇਸ ਧਾਰਨਾ ਨੂੰ ਗ਼ਲਤ ਸਾਬਤ ਕੀਤਾ ਹੈ ਕਿ ਗ਼ਜ਼ਲ ਆਯਾਸ਼ ਸਿਨਫ਼ ਹੈ ਤੇ ਇਹ ਸਿਰਫ਼ ਮਹਿਬੂਬ ਨਾਲ ਸਬੰਧਤ ਰੋਣੇ ਧੋਣਿਆਂ ਤਕ ਸੀਮਤ ਹੈ। ਸਾਹਿਤ ਲੋਕਾਂ ਲਈ ਹੁੰਦਾ ਹੈ ਤੇ ਇਸ ਦਾ ਸਿੱਧਾ ਅਸਰ ਵੀ ਆਵਾਮ 'ਤੇ ਹੁੰਦਾ ਹੈ ਇਸ ਲਈ ਸਾਹਿਤਕਾਰ ਨੂੰ ਹਮੇਸ਼ਾ ਹੀ ਆਪਣੀ ਕਲਮ ਨੂੰ ਸੋਚ ਕੇ ਵਾਹੁਣਾ ਹੁੰਦਾ ਹੈ। ਇਸ ਪ੍ਰਤੀ ਆਤਮਾ ਰਾਮ ਰੰਜਨ ਮੈਨੂੰ ਕਾਫ਼ੀ ਸੁਚੇਤ ਨਜ਼ਰ ਆਉਂਦਾ ਹੈ। ਉਹ ਹਰ ਪਾਸੇ ਮੁਹੱਬਤ ਦਾ ਪਸਾਰਾ ਦੇਖਣਾ ਚਾਹੁੰਦਾ ਹੈ ਤੇ ਉਹ ਸੋਚਦਾ ਹੈ ਜੇ ਮੁਹੱਬਤ ਦੀ ਖ਼ੁਸ਼ਬੂ ਚੁਫ਼ੇਰੇ ਫ਼ੈਲੀ ਹੁੰਦੀ ਤਾਂ ਦੁਨੀਆਂ ਇਸ ਨਾਲੋਂ ਕਿਤੇ ਬਿਹਤਰ ਹੋਣੀ ਸੀ। ਗ਼ਜ਼ਲਕਾਰ ਅਨੁਸਾਰ ਰਾਜ ਭਾਗ ਕੌਰਵਾਂ ਦੇ ਹੱਥ ਹੈ ਤੇ ਇੱਥੇ ਸ਼ੁਕਨੀਆਂ ਦਾ ਬੋਲਬਾਲਾ ਹੈ। ਆਮ ਬੰਦੇ ਦੀ ਜ਼ਿੰਦਗੀ ਦੁਸ਼ਵਾਰ ਹੈ ਉਸ ਦੇ ਅੰਦਰੋਂ ਨਿਆਂ ਪ੍ਰਤੀ ਆਸਥਾ ਖ਼ਤਮ ਹੋ ਗਈ ਹੈ ਤੇ ਜ਼ੋਰਾਵਰ ਜੇਲ੍ਹਾਂ ਅੰਦਰ ਵੀ ਐਸ਼ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਉਹ ਮੰਤਰਾਂ ਵਾਲੇ ਢੌਂਗੀ ਬਾਬਿਆਂ ਨੂੰ ਵੀ ਲੰਮੇ ਹੱਥੀਂ ਲੈਂਦਾ ਹੈ ਤੇ ਮੁਖੌਟਾਧਾਰੀ ਲੋਕ ਉਸ ਦੀ ਕਲਮ ਦੀ ਨੋਕ 'ਤੇ ਹਨ। ਰੰਜਨ ਸਰਹੱਦਾਂ 'ਤੇ ਹੋ ਰਹੇ ਖ਼ੂਨ ਖ਼ਰਾਬੇ ਦਾ ਵਿਰੋਧੀ ਹੈ ਤੇ ਇਸ ਪਿੱਛੇ ਸਤਹ 'ਤੇ ਕਾਬਜ਼ ਲੋਕਾਂ ਦਾ ਹੱਥ ਮਹਿਸੂਸ ਕਰਦਾ ਹੈ। ਸ਼ਾਇਰ ਆਖਦਾ ਹੈ ਕਿ ਆਪਣੀ ਚੌਧਰ ਲਈ ਭੋਲੇ ਭਾਲੇ ਕਬੂਤਰ ਲੜਾਏ ਜਾ ਰਹੇ ਹਨ ਤੇ ਆਪਣੇ ਸਵਾਰਥ ਦੀ ਪੂਰਤੀ ਲਈ ਰਸਤੇ ਬਣਾਏ ਜਾ ਰਹੇ ਹਨ। ਇੰਝ ਆਤਮਾ ਰਾਮ ਰੰਜਨ ਦੇ ਇਸ ਗ਼ਜ਼ਲ ਸੰਗ੍ਰਹਿ ਦੀਆਂ ਤਮਾਮ ਗ਼ਜ਼ਲਾਂ ਲੋਕ ਹਿਤਾਂ ਦੀ ਗੱਲ ਕਰਦੀਆਂ ਹਨ ਤੇ ਮੌਜੂਦਾ ਪ੍ਰਸਥਿਤੀਆਂ ਦਾ ਢੁਕਵਾਂ ਵਿਸ਼ਲੇਸ਼ਣ ਕਰਦੀਆਂ ਹਨ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਮੇਰਾ ਰੱਬ
ਲੇਖਿਕਾ : ਸੁਰਿੰਦਰ ਸੈਣੀ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨਜ਼, ਨਾਭਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 95010-73600.

ਲੇਖਿਕਾ ਦੇ ਅਨੁਸਾਰ, 'ਜਦੋਂ ਵੀ ਅੰਦਰਲੇ ਜ਼ਖ਼ਮ ਰਿਸਦੇ ਹਨ ਤਾਂ ਮੇਰੀ ਕਲਮ ਨੂੰ ਸਰੂਰ ਚੜ੍ਹ ਜਾਂਦਾ ਹੈ', ਅੰਦਰਲੀ ਦੁਖਦੀ ਰਗ ਉੱਤੇ ਜਦੋਂ ਉਂਗਲੀ ਧਰੀ ਜਾਂਦੀ ਹੈ ਤਾਂ ਰੱਬ ਹੀ ਅਹਿਸਾਸਾਂ 'ਤੇ ਮੱਲ੍ਹਮ ਲਾਉਂਦਾ ਹੈ। ਅਜਿਹੀ ਭਾਵਨਾ ਲੈ ਕੇ ਇਹ ਕਵਿਤਾਵਾਂ ਲਿਖੀਆਂ ਗਈਆਂ ਹਨ। ਜਦੋਂ ਕਦੇ ਜੀਵਨ ਵਿਚ ਪਿਆਰ ਦੇ ਫੁੱਲ ਖਿੜਦੇ ਹਨ ਤਾਂ ਉਨ੍ਹਾਂ ਦੀ ਮਹਿਕ ਵਿਚ ਮਨੁੱਖ ਉਮਰਾਂ ਦਾ ਸਫ਼ਰ ਤੈਅ ਕਰਦਾ ਹੈਂਇਹ ਹੈ ਕਵਿਤਾ ਦਾ ਦੂਜਾ ਰੂਪ। ਕਵਿੱਤਰੀ ਨੇ ਜੀਵਨ ਦੇ ਦੋਵਾਂ ਰੰਗਾਂ ਨੂੰ ਕਾਵਿ ਕਲਾ ਦਾ ਵਿਸ਼ਾ ਬਣਾਇਆ ਹੈ ਜਦੋਂ ਉਹ ਲਿਖਦੀ ਹੈਂ
ਐੋ ਜ਼ਿੰਦਗੀ! ਤੈਨੂੰ ਪਰਖ ਕੇ ਵੇਖ ਲਿਆ
ਕੁਝ ਪਲ ਮੁਸਕਰਾ ਕੇ ਵੇਖ ਲਿਆ
ਖੁਸ਼ਬੂ ਰਿਸ਼ਤਿਆਂ ਦੀ ਸੀ ਬੜੀ ਪਿਆਰੀ।
ਕਵਿਤਾਵਾਂ ਵਿਚ ਪਿਆਰ, ਬਿਰਹੋਂ, ਸ਼ਿਕਵਾ, ਦਿਲ ਦਾ ਰਿਸ਼ਤਾ, ਰੱਬ ਦਿਲਾਂ ਦੀਆਂ ਜਾਣੇ ਤੇ ਗੀਤ ਜ਼ਿੰਦਗੀ ਦਾ ਵੀ ਬਖੂਬੀ ਚਿਤਰਿਆ ਹੈ। ਉਸ ਨੂੰ ਜ਼ਿੰਦਗੀ ਨਾਲ ਪਿਆਰ ਵੀ ਹੈ ਤੇ ਸ਼ਿਕਵਾ ਵੀ ਕਿਉਂਕਿ ਜ਼ਿੰਦਗੀ ਨਾਂਅ ਹੈ ਦੁੱਖਾਂ-ਸੁੱਖਾਂ ਦਾ। ਇਕ ਪਾਸੇ ਉਹ ਜ਼ਿੰਦਗੀ ਦੇ ਗੀਤ ਗਾਉਂਦੀ ਤੇ ਦੂਜੇ ਪਾਸੇ ਇਸ ਤੋਂ ਆਵਾਜ਼ਾਰ ਵੀ ਹੈ। ਉਹ ਵੇਲੇ ਦੀਆਂ ਪੈੜਾਂ ਨੱਪਦੀ, ਦੁਆ ਕਰਦੀ, ਨਵੇਂ ਜ਼ਖਮ ਉੱਤੇ ਮੱਲ੍ਹਮ ਲਾਉਂਦੀ ਹੋਈ ਜ਼ਿੰਦਗੀ ਦੇ ਗੀਤ ਗਾਉਂਦੀ ਹੈ। ਪ੍ਰੀਤਮ ਦਾ ਸਾਥ ਲੋਚਦੀ, ਅਗਲੀ ਰੁੱਤ ਦੀ ਉਡੀਕ ਕਰਦੀ, ਸੱਜਣ ਦੀ ਬੁੱਕਲ ਵਿਚ ਜਾਣ ਦੀ ਚਾਹਨਾ ਰੱਖਦੀ ਹੋਈ ਜ਼ਿੰਦਗੀ ਦੇ ਵਰਕੇ ਫਰੋਲਦੀ ਹੈ। ਲੇਖਿਕਾ ਦੀਆਂ ਕਵਿਤਾਵਾਂ ਪਿਆਰੇ ਦੀ ਓਟ, ਰੂਹਾਂ ਦੀ ਸਾਂਝ, ਸੌਗਾਤ ਤੇਰੀ, ਮਿੱਠਾ ਅਹਿਸਾਸ, ਉਲਾਂਭੇ, ਕਲਪਨਾ, ਰਹਿਮਤ, ਅੰਦਰਲੀ ਹੂਕ, ਜੁਗਨੂੰ ਵਰਗਾ ਰਿਸ਼ਤਾ, ਅਲਵਿਦਾ, ਕੱਚੀਆਂ ਆਸਾਂ, ਤੇ ਇਨਸਾਨੀਅਤ ਵੱਖ-ਵੱਖ ਵਿਸ਼ਿਆਂ ਦਾ ਪ੍ਰਗਟਾ ਰੂਪ ਹਨ। ਕਿਤੇ-ਕਿਤੇ ਉਹ ਜ਼ਿੰਦਗੀ ਨੂੰ ਉਲਾਂਭਾ ਵੀ ਦਿੰਦੀ ਹੈਂ
ਜ਼ਿੰਦਗੀ ਤੂੰ ਕਿਉਂ ਉਦਾਸ ਹੈ
ਸਮੁੰਦਰ ਜਿੱਡੇ ਅੱਖਾਂ ਦੇ ਪਾਣੀ ਨਾਲ
ਤੇਰੀ ਪਿਆਸ ਬੁਝਾਈ ਹੈ।
ਮੈਂ ਤੈਨੂੰ ਕਦੇ ਉਦਾਸ ਨਹੀਂ ਹੋਣ ਦੇਵਾਂਗੀ। ਪ੍ਰਮੁੱਖ ਤੌਰ 'ਤੇ ਇਹ ਕਾਵਿ ਪੁਸਤਕ ਬਿਰਹਾ, ਪਿਆਰ ਤੇ ਵਿਛੋੜੇ ਨਾਲ ਸਬੰਧਤ ਹੈ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਪ੍ਰਮੁੱਖ ਪੰਜਾਬੀ ਸਾਹਿਤਕਾਰ
ਲੇਖਕ : ਡਾ: ਗੁਰਚਰਨ ਸਿੰਘ ਔਲਖ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 395 ਰੁਪਏ, ਸਫ਼ੇ : 301
ਸੰਪਰਕ : 0172-5027427

ਪ੍ਰਮੁੱਖ ਪੰਜਾਬੀ ਸਾਹਿਤਕਾਰਾਂ ਵਿਚ ਡਾ: ਔਲਖ ਨੇ ਵੀਹਵੀਂ ਸਦੀ ਦੇ ਇੱਕੀ ਪ੍ਰਮੁੱਖ ਲੇਖਕਾਂ ਬਾਰੇ ਵਿਦਵਤਾ, ਤਾਜ਼ਗੀ, ਰੌਚਕਤਾ ਭਰਪੂਰ ਨਿਬੰਧ ਪੇਸ਼ ਕੀਤੇ ਹਨ।
ਡਾ: ਔਲਖ ਦੇ ਇਨ੍ਹਾਂ ਨਿਬੰਧਾਂ ਵਿਚ ਪੰਜਾਬੀ ਸਾਹਿਤ ਦੇ ਸਾਧਾਰਨ ਪਾਠਕ, ਵਿਦਿਆਰਥੀ, ਅਧਿਆਪਕ, ਵਿਦਿਆਰਥੀ ਹਰ ਕਿਸੇ ਲਈ ਕੁਝ ਨਾ ਕੁਝ ਹੈ। ਸਾਧਾਰਨ ਕਿਤਾਬੀ ਘਸੀ-ਪਿਟੀ ਜਾਣਕਾਰੀ ਅਤੇ ਆਲੋਚਨਾ ਤੋਂ ਪਰ੍ਹਾਂ ਹਟ ਕੇ ਇਹ ਲਿਖਤਾਂ ਉਸ ਦੇ ਇਨ੍ਹਾਂ ਸਾਹਿਤਕਾਰਾਂ ਨਾਲ ਨਿੱਘੇ ਲੰਬੇ ਸਹਿਚਾਰ, ਨਿਠ ਕੇ ਕੀਤੇ ਅਧਿਐਨ ਚਿੰਤਨ ਤੇ ਉਸ ਨੂੰ ਸਾਹਿਤ ਦੀਆਂ ਉੱਤਮ ਕਸੌਟੀਆਂ ਉੱਤੇ ਸਹਿਜ ਪਰਖ ਦੀ ਦੇਣ ਹਨ। ਵਿਚਾਰਧਾਰਾਈ, ਨਿੱਜੀ ਗੁੱਟ ਬੰਦੀ ਤੇ ਫਤਵੇਬਾਜ਼ੀ ਤੋਂ ਮੁਕਤ ਇਹ ਲੇਖਕਾਂ ਬਾਰੇ ਗੱਲ ਕਰਦੇ ਸਮੇਂ ਹਰ ਵੱਖਰੀ ਸੁਰ/ਵਿਚਾਰ ਜਾਂ ਦੂਸਰੇ ਲਈ ਸਪੇਸ ਛੱਡਦੀਆਂ ਹਨ। ਟਕਰਾਵੇਂ ਵਿਚਾਰ ਨਾਲ-ਨਾਲ ਹਾਜ਼ਰ ਹਨ ਤਾਂ ਕਿ ਪਾਠਕ ਆਪਣੀ ਰਾਏ ਆਪ ਬਣਾ ਸਕਣ ਤੇ ਲੇਖਕ ਨਾਲ ਵੀ ਅਨਿਆਂ ਨਾ ਹੋਵੇ।
ਪੁਸਤਕ ਵਿਚ ਡਾ: ਵੀਰ ਸਿੰਘ, ਚਾਤ੍ਰਿਕ, ਪੂਰਨ ਸਿੰਘ, ਮੋਹਨ ਸਿੰਘ, ਅੰਮ੍ਰਿਤਾ, ਜਗਤਾਰ, ਸ਼ਿਵ, ਪਾਤਰ, ਪਾਸ਼, ਪ੍ਰੋ: ਤੇਜਾ ਸਿੰਘ, ਸੇਖੋਂ, ਗੁਰਬਖਸ਼ ਸਿੰਘ ਪ੍ਰੀਤ ਲੜੀ, ਮਹਿੰਦਰ ਸਿੰਘ ਰੰਧਾਵਾ, ਪ੍ਰੋ: ਪ੍ਰੀਤਮ ਸਿੰਘ, ਵਣਜਾਰਾ ਬੇਦੀ, ਕੰਵਲ, ਗੁਰਦਿਆਲ ਸਿੰਘ, ਨਾਨਕ ਸਿੰਘ, ਦਲੀਪ ਕੌਰ ਟਿਵਾਣਾ, ਬਲਦੇਵ ਸੜਕਨਾਮਾ ਤੇ ਕਾ: ਕਾਨ੍ਹ ਸਿੰਘ ਬਾਰੇ ਗੱਲਾਂ ਹਨ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

11/11/2017

 ਪੀਂਘਾਂ ਸੱਤਰੰਗੀਆਂ
ਲੇਖਕ : ਗੁਰਸ਼ਰਨ ਸਿੰਘ ਨਰੂਲਾ
ਪ੍ਰਕਾਸ਼ਕ : ਏਸ਼ੀਐਡਜ਼ ਪਬਲੀਕੇਸ਼ਨਜ਼, ਅੰਮ੍ਰਿਤਸਰ
ਮੁੱਲ : 175 ਰੁਪਏ, ਸਫ਼ੇ : 104
ਸੰਪਰਕ : 93165-44777.

ਕਾਵਿ-ਸੰਗ੍ਰਹਿ 'ਪੀਂਘਾਂ ਸੱਤਰੰਗੀਆਂ' ਅਜੋਕੇ ਮਨੁੱਖ ਦੀਆਂ ਪਰਤ-ਦਰ-ਪਰਤ ਹਕੀਕਤਾਂ ਦਾ ਪ੍ਰਗਟਾਵਾ ਹੈ। ਸੰਗ੍ਰਹਿ ਵਿਚ ਦਰਜ 72 ਕਾਵਿ-ਰਚਨਾਵਾਂ ਖੁੱਲ੍ਹੀ ਕਵਿਤਾ, ਗੀਤ, ਪ੍ਰਗੀਤ, ਗ਼ਜ਼ਲ, ਮਨੋਬਚਨੀ, ਸੰਵਾਦਵਾਚੀ ਡਾਇਲਾਗ ਰੂਪਾਂ ਵਿਚ ਪ੍ਰਗਟ ਹੋਈਆਂ ਜਾਪਦੀਆਂ ਹਨ। ਲੋਕ ਕਾਵਿ ਰੂਪਾਂ ਨੂੰ ਧਰਾਤਲ ਵਜੋਂ ਅਪਣਾ ਕੇ ਕਾਵਿ-ਸਿਰਜਣਾ ਕੀਤੀ ਹੈ ਅਤੇ ਲੋਕ ਚਿੰਤਨ ਵਿਚ ਵਸ ਚੁੱਕੇ ਵਿਚਾਰਧਾਰਕ-ਪਹਿਲੂਆਂ ਨੂੰ ਵੀ ਪਿਛੋਕੜ 'ਚ ਰੱਖ ਕੇ, ਆਧੁਨਿਕ ਚਿੰਤਨ-ਧਾਰਾ ਦੀ ਪ੍ਰਸੰਗਿਕਤਾ 'ਚ ਪੇਸ਼ ਕੀਤਾ ਹੈ।
ਮਾਨਵ-ਹਿਤੈਸ਼ੀ ਵਜੋਂ ਸਾਂਝੀਵਾਲਤਾ ਦੇ ਭਾਵ-ਬੋਧ, ਮਨੁੱਖ 'ਚੋਂ ਮਨਫ਼ੀ ਹੋ ਰਹੇ ਮਨੁੱਖ ਦੀ ਮਨੋਵਿਗਿਆਨਕ ਅਵਸਥਾ, ਸਮਾਜਿਕ ਪੱਧਰ 'ਤੇ ਪਸਰੀਆਂ ਹੋਈਆਂ ਗੁੰਝਲਦਾਰ ਸਮੱਸਿਆਵਾਂ ਅਤੇ ਆਰਥਿਕ ਸੰਕਟ ਵਿਚ ਚਿਰਜੀਵ ਰਹਿਣ ਦੀ ਲਾਲਸਾ ਭੁਗਤ ਰਹੇ ਇਨਸਾਨ ਦੀ ਸਥਿਤੀ ਦਾ ਵੀ ਇਨ੍ਹਾਂ ਕਾਵਿ-ਰਚਨਾਵਾਂ ਵਿਚ ਵਿਸ਼ੇਸ਼ ਜ਼ਿਕਰ ਅਤੇ ਫ਼ਿਕਰ ਪੇਸ਼ ਹੈ। 'ਕੈਸੇ ਮੌਸਮ ਆਏ ਮੇਰੇ ਯਾਰਾ', 'ਯਾਰੋ ਹੁਣ ਨਹੀਂ ਚੁਕਿਆ ਜਾਂਦਾ ਖਮੋਸ਼ੀ ਦਾ ਭਾਰ', 'ਮੇਰਾ ਦਿਲ 'ਤੇ ਕਾਬੂ ਨਾ ਰਹਿ ਸਕੇ', 'ਫ਼ੈਸਲਾ ਆਪ ਹੀ ਕਰ ਲੈ ਯਾਰਾ' ਆਦਿ ਅਜਿਹੀਆਂ ਰਚਨਾਵਾਂ ਹਨ, ਜੋ ਮਨੁੱਖੀ ਮਨਾਂ ਨੂੰ ਝੰਜੋੜਦੀਆਂ ਹਨ। 'ਧੀ', 'ਭੈਣ', 'ਮਾਂ' ਜਾਂ ਹੋਰ ਪਵਿੱਤਰ ਰਿਸ਼ਤਿਆਂ ਦੇ ਲੀਰੋ-ਲੀਰ ਹੋ ਜਾਣ ਤੋਂ ਉਪਜੇ ਸੰਤਾਪ ਨੂੰ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਪੇਸ਼ ਕਰਦੀਆਂ ਹਨ। 'ਕਿਧਰ ਗਈ ਉਹ ਰੁੱਤ ਸੁਹਾਣੀ', 'ਕੀ ਕਰੀਏ ਇਸ ਰੁੱਤ ਦਾ ਯਾਰ', 'ਦੁਸ਼ਮਣ ਪਾਲ ਨਾ ਐਵੇਂ', 'ਸੂਰਜ ਕੱਲ੍ਹ ਵੀ ਚੜ੍ਹੇਗਾ' ਆਦਿ ਰਚਨਾਵਾਂ ਸਦਾ ਚੜ੍ਹਦੀ ਕਲਾ ਵਿਚ ਰਹਿਣ ਦਾ ਪੈਗਾਮ ਹਨ। 'ਜੁਗਨੀ', 'ਲੋਰੀ' ਆਦਿ ਕਵਿਤਾਵਾਂ ਲੋਕ ਰੰਗ ਦਾ ਪ੍ਰਗਟਾਵਾ ਹਨ, ਜਦ ਕਿ 'ਗਭਰੇਟ ਮਨ ਦੀ ਦਿਲ-ਧੜਕਨ ਨੂੰ', 'ਕੀ ਕਰੀਏ ਇਸ ਰੁੱਤ ਦਾ ਯਾਰ' ਆਦਿ ਵਿਚ ਜਵਾਨੀ ਦੇ ਜਜ਼ਬਾਤਾਂ ਨੂੰ ਸਮਾਜਿਕ ਅਧੋਗਤੀਆਂ ਤੋਂ ਸੁਤੰਤਰ ਹੋਣ ਦੀ ਹੋਂਦ-ਸਥਿਤੀ 'ਚ ਪ੍ਰਗਟ ਕਰਦਿਆਂ ਕਿਹਾ ਗਿਆ ਹੈ ਕਿ-
'ਦਿਲ ਕਦੇ ਕਰਦਾ ਵੇ, ਚੇਤਰ ਦੀ ਪੌਣ ਨੂੰ ਵਾਹਵਾਂ ਵਿਚ ਵਲ ਮੈਂ ਲਵਾਂ'
ਪਿਆਰ ਅਤੇ ਮੁਹੱਬਤੀ ਲੋਕਾਂ ਦੀ ਲੋਕ-ਧੜਕਣ ਇਨ੍ਹਾਂ ਕਵਿਤਾਵਾਂ ਵਿਚ ਸਮਾਈ ਹੋਈ ਜਾਪਦੀ ਹੈ। ਇਸੇ ਕਰਕੇ ਇਹ ਕਵਿਤਾਵਾਂ ਬਾਜ਼ਾਰੀ ਰੁਚੀਆਂ ਦਾ ਖੰਡਨ ਕਰਦੀਆਂ ਪ੍ਰਤੀਤ ਹੁੰਦੀਆਂ ਹਨ ਅਤੇ ਨੇਕ-ਨੀਯਤ ਵਾਲੇ ਇਨਸਾਨ ਦੀ ਸਿਰਜਣਾ ਕਰਨ ਵਾਲੇ ਆਤਮ-ਬੋਧ ਦਾ ਸੁਨੇਹਾ ਦਿੰਦੀਆਂ ਹਨ।

-ਡਾ: ਜਗੀਰ ਸਿੰਘ ਨੂਰ
ਮੋ: 98142-09732.


ਦੇਸ ਮੇਰਾ ਪ੍ਰਦੇਸ
ਲੇਖਕ : ਸੰਤੋਖ ਸਿੰਘ ਗਿੱਲ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 118
ਸੰਪਰਕ : 98140-87063.


ਕਵੀ 1989 ਈ: ਤੋਂ ਕਵਿਤਾ ਕਹਾਣੀ ਲਿਖ ਰਿਹਾ ਹੈ। 'ਦੇਸ ਮੇਰਾ ਪ੍ਰਦੇਸ' ਦੀਆਂ ਇਕਲੋਤਰੀਆਂ ਕਵਿਤਾਵਾਂ ਦੇ ਵਿਸ਼ੇ ਬਹੁਭਾਂਤ ਦੇ ਕਿਸੇ ਵਿਸ਼ੇਸ਼ ਵਿਸ਼ੇ ਉੱਪਰ ਆਧਾਰਿਤ ਨਹੀਂ। ਕਵੀ ਦੇ ਆਪਣੇ ਵਿਚਾਰਾਂ, ਭਾਵਾਂ ਅਤੇ ਅਨੁਭੂਤੀਆਂ ਦੀ ਅਭਿਵਿਅਕਤੀ ਹਨ। ਬਹੁਤੀਆਂ ਕਵਿਤਾਵਾਂ 'ਗ਼ਜ਼ਲ-ਬੰਦਸ਼' ਵਾਂਗ ਵੱਖਰੇ-ਵੱਖਰੇ 'ਖ਼ਿਆਲਾਂ' ਦਾ ਪ੍ਰਦਰਸ਼ਨ ਹਨ; ਜਿਵੇਂ
* ਦੋਸ਼ ਦੂਜੇ ਸਿਰ ਮੜ੍ਹਦਾ ਹੁਜ਼ੂਰ ਆਪਣਾ
ਕੌਣ ਮੰਨਦਾ ਏ ਕਰਕੇ ਕਸੂਰ ਆਪਣਾ॥
* ਚੜ੍ਹਦੀ ਉਮਰੇ ਉਮੰਗਾਂ ਨੂੰ ਸੋਚੋ।
ਗਰਮ ਤੂਫ਼ਾਨੀ ਤਰੰਗਾਂ ਨੂੰ ਸੋਚੋ॥
* ਗੋਲ ਗੋਲਾਈਆਂ
ਸੋਨ-ਸਲਾਈਆਂ ਹਰ ਪਾਸੇ
ਰੰਗ ਚੋ ਚੋ ਜਾਂਦਾ ਜੋਬਨ ਦਾ,
ਤੱਕ ਕੀ ਆਖਾਂ?
* ਜੀਵਨ ਕਿੰਨਾ ਔਖਾ ਹੈ,
ਇਸ ਜਗਤ ਦੇ ਅੰਦਰ।
ਤੋਬਾ, ਕਿੰਨਾ ਧੋਖਾ ਹੈ
ਇਸ ਜਗਤ ਦੇ ਅੰਦਰ॥
ਇਸ ਸੰਗ੍ਰਹਿ ਦੇ ਅੰਤਲੇ ਭਾਗ ਵਿਚ; 'ਭਗਵਾਨ ਕੀ ਹੈ?' ਬੱਸ ਪੈਸਾ ਚਾਹੀਦਾ; 'ਆਕਾਸ਼ ਦੀ ਆਗੋਸ਼ 'ਚ ਸਾਰੇ'। ਦੇਸ ਮੇਰਾ ਪ੍ਰਦੇਸ', ਲੋਕ ਗ਼ੁਲਾਮ ਵੀ ਹਨ, ਕਾਨੂੰਨ ਦੇ', 'ਕੌਣ ਦਿੰਦਾ ਹਥਿਆਰ', ਉਥੇ ਆਤਮ ਕਿਉਂ? ਆਥਣ ਉੱਗਣ, 'ਔਉਧ ਮੇਰੀ', 'ਕਿਰਿਆ ਦੇ ਸਾਥ ਸਾਥ', 'ਇਕ ਵੰਸ', 'ਪੱਤੇ ਜਾਂ ਵਾਲ', 'ਬਦਚਲਣੀ ਗੁਨਾਹ', ਕਿਤਾਬੀ ਢੇਰ ਦੇ ਉੱਪਰ ਥੱਲੇ, 'ਸਰਬੱਤ ਦੇ ਭਲੇ ਦੀ ਮੌਤ', 'ਮੁੰਬਈ ਧਮਾਕੇ', ਦੁਸ਼ਮਨ ਬਣ ਕੇ ਘਰ ਕਿਸੇ' ਆਦਿ ਲੰਮੀਆਂ ਮਹੱਤਵਪੂਰਨ ਕਵਿਤਾਵਾਂ ਹਨ, ਜਿਨ੍ਹਾਂ ਦੇ ਕਾਵਿ ਦ੍ਰਿਸ਼ਟੀ ਕਵੀ ਦੀ ਆਪਣੀ ਨਵੀਂ ਨਰੋਈ ਨਜ਼ਰਾਉਂਦੀ ਹੈ।
ਕਵੀ ਦੀ ਕਾਵਿ-ਦ੍ਰਿਸ਼ਟੀ ਨਵੀਂ ਸੋਚ ਅਨੁਸਾਰ ਪਰੰਪਰਾਵਾਦੀ ਨਹੀਂ। ਹਰ ਮਨੁੱਖ ਦੀ ਜ਼ਿੰਦਗੀ ਇਕ ਥਾਂ ਤੋਂ ਦੂਜੀ ਥਾਂ, ਬਿਹਤਰੀ ਜ਼ਿੰਦਗੀ ਦੀ ਤਲਾਸ਼ ਵਿਚ ਪ੍ਰਵਾਸ ਕਰਦੀ ਹੈ। ਜ਼ਿੰਦਗੀ ਲਈ ਸਫਲਤਾ, ਯਤਨ ਪ੍ਰਯਤਨ ਕਰਦਿਆਂ ਸੰਘਰਸ਼ ਦੀਆਂ ਅਨੇਕਾਂ ਮੰਜ਼ਿਲਾਂ ਪਾਰ ਕੇ, ਤਾਂ ਹੀ ਪ੍ਰਾਪਤ ਹੁੰਦੀ ਹੈ।

-ਡਾ: ਅਮਰ ਕੋਮਲ
ਮੋ: 08437873565.


ਰਾਂਝਣ ਤੋਂ ਨਾ ਮੋੜ
ਗੀਤਕਾਰ : ਪ੍ਰੋ: ਸਾਧੂ ਸਿੰਘ ਪਨਾਗ
ਪ੍ਰਕਾਸ਼ਕ : ਅਧਿਰਾਜ ਪ੍ਰਕਾਸ਼ਨ, ਸਰਹਿੰਦ
ਮੁੱਲ : 150 ਰੁਪਏ, ਸਫ਼ੇ : 103
ਸੰਪਰਕ : 98550-64499.

'ਸੁਰੀਂ ਪਰੋਈਆਂ ਧੜਕਣਾਂ' ਤੋਂ ਬਾਅਦ 'ਰਾਂਝਣ ਤੋਂ ਨਾ ਮੋੜ' ਪ੍ਰੋ: ਸਾਧੂ ਸਿੰਘ ਪਨਾਗ ਦਾ ਦੂਜਾ ਕਾਵਿ-ਸੰਗ੍ਰਹਿ ਹੈ।
ਸਾਧੂ ਸਿੰਘ ਪਨਾਗ ਆਪਣੇ ਗੀਤਾਂ ਰਾਹੀਂ ਰਾਂਝੇ-ਹੀਰ ਦੀ ਪਾਕਿ-ਮੁਹੱਬਤ ਦੇ ਕਈ ਮੁਖੜੇ ਤੇ ਰੂਪ ਪੇਸ਼ ਕਰਦਾ ਹੈ। ਉਸ ਦੇ ਗੀਤਾਂ ਦਾ ਵਿਸ਼ਾ ਪੰਜਾਬੀ ਸੱਭਿਆਚਾਰ ਤੇ ਇਸ ਨਾਲ ਜੁੜੇ ਕਈ ਸਰੋਕਾਰਾਂ ਤੇ ਸਮੱਸਿਆਵਾਂ ਦੀ ਪੇਸ਼ਕਾਰੀ ਵੱਲ ਰੁਚਿਤ ਹੈ। ਭਰੂਣ ਹੱਤਿਆ, ਧੀਆਂ ਦਾ ਨਿਰਾਦਰ ਤੇ ਨਸ਼ਿਆਂ ਦੀ ਦਲਦਲ ਵਿਚ ਫਸੇ ਨੌਜਵਾਨਾਂ ਜਿਹੀਆਂ ਸਮੱਸਿਆਵਾਂ ਉੱਭਰ ਕੇ ਉਸ ਦੇ ਗੀਤਾਂ ਵਿਚ ਪੇਸ਼ ਹੋਈਆਂ ਹਨ। ਪੰਜਾਬੀ ਮੁਟਿਆਰ ਦਾ ਹੁਸਨ, ਉਸ ਦੇ ਵਲਵਲੇ, ਸਧਰਾਂ ਤੇ ਸੰਵੇਦਨਾਵਾਂ ਨੂੰ ਉਜਾਗਰ ਕਰਨ ਵਿਚ ਗੀਤਕਾਰ ਵਿਸ਼ੇਸ਼ ਭੂਮਿਕਾ ਨਿਭਾਉਂਦਾ ਪ੍ਰਤੀਤ ਹੁੰਦਾ ਹੈ। ਪੰਜਾਬੀ ਨੌਜਵਾਨਾਂ ਦੀ ਪੱਗ, ਇਸ ਦੀ ਸਰਦਾਰੀ, ਦਿੱਖ ਅਤੇ ਟੌਹਰ ਵੀ ਉਹ ਆਪਣੀਆਂ ਗੀਤ ਸਤਰਾਂ ਰਾਹੀਂ ਵਡਿਆਉਂਦਾ ਹੈ। ਮਾਂ ਦੀ ਮਮਤਾ, ਕੁਰਬਾਨੀ ਤੇ ਔਲਾਦ ਲਈ ਪਿਆਰ ਉਸ ਦੇ ਗੀਤਾਂ ਦੀ ਆਵਾਜ਼ ਬਣਿਆ ਹੈ। ਗੁਰੂ ਸਾਹਿਬਾਨ ਦੀ ਅਦੁੱਤੀ ਕੁਰਬਾਨੀ ਦਾ ਜਾਦੂ ਉਸ ਦੇ ਗੀਤਾਂ ਵਿਚ ਸਿਰ ਚੜ੍ਹ ਕੇ ਬੋਲਦਾ ਹੈ।
ਉਸ ਦੇ ਗੀਤਾਂ ਵਿਚ ਲੈਅ, ਛੰਦ-ਬੱਧਤਾ ਤੇ ਸੰਗੀਤ ਦੀ ਛਹਿਬਰ ਲੱਗੀ ਨਜ਼ਰ ਆਉਂਦੀ ਹੈ। ਇਹ ਅਜਿਹੇ ਗੀਤ ਹਨ ਜੋ ਘਰ ਪਰਿਵਾਰ ਵਿਚ ਬਹਿ ਕੇ ਸੁਣੇ ਮਾਣੇ ਜਾ ਸਕਦੇ ਹਨ। ਚੰਗੇ ਗੀਤਕਾਰਾਂ ਰਾਹੀਂ ਇਹ ਪੰਜਾਬੀ ਜ਼ਬਾਨ ਦੇ ਵਧੀਆ ਗੀਤ ਸਾਬਤ ਹੋਣਗੇ। ਪ੍ਰੇਮੀਆਂ ਦਾ ਮਿਲਣ, ਇਕ-ਦੂਸਰੇ ਦੀ ਦੀਦ, ਇਕ-ਦੂਸਰੇ ਲਈ ਉਡੀਕ ਜਿਹੀਆਂ ਨਿੱਕੀਆਂ-ਨਿੱਕੀਆਂ ਛੋਹਾਂ ਇਨ੍ਹਾਂ ਗੀਤਾਂ ਦੀ ਅਜਿਹੀ ਰਮਜ਼ ਹਨ, ਜੋ ਹਰੇਕ ਪ੍ਰੇਮੀ ਦੀ ਤਾਂਘ ਬਣ ਜਾਂਦੀਆਂ ਹਨ।

-ਕੇ. ਐਲ. ਗਰਗ
ਮੋ: 94635-37050.


ਪਰਵਾਸੀ ਪੰਜਾਬੀ ਕਹਾਣੀ : ਸੱਭਿਆਚਾਰਕ ਪਰਿਪੇਖ
ਲੇਖਕ : ਬਲਵੰਤ ਸਿੰਘ ਸੰਧੂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 220
ਸੰਪਰਕ : 98886-58185.

ਹਥਲੀ ਪੁਸਤਕ ਵੀ ਹੋਰਨਾਂ ਪਰਵਾਸੀ ਲਿਖਤਾਂ 'ਚ ਇਕ ਹੋਰ ਗਿਣਾਤਮਿਕ ਵਾਧਾ ਹੈ। ਬਲਵੰਤ ਸਿੰਘ ਸੰਧੂ ਨੇ ਇਸ ਪੁਸਤਕ 'ਚ ਇੰਗਲੈਂਡ, ਅਮਰੀਕਾ ਅਤੇ ਕੈਨੇਡਾ 'ਚ ਰਹਿ ਰਹੇ ਪੰਜਾਬੀ ਕਹਾਣੀਕਾਰਾਂ 'ਚੋਂ ਰਘਬੀਰ ਢੰਡ, ਸ਼ਿਵਚਰਨ ਗਿੱਲ, ਦਰਸ਼ਨ ਧੀਰ, ਪਰਵੇਜ ਸੰਧੂ, ਅਮਨ ਪਾਲ ਸਾਰਾ ਅਤੇ ਜਰਨੈਲ ਸਿੰਘ ਦੀਆਂ ਕਹਾਣੀਆਂ ਨੂੰ ਆਪਣੇ ਅਧਿਐਨ ਦਾ ਆਧਾਰ ਬਣਾਇਆ ਹੈ। ਬਲਵੰਤ ਸਿੰਘ ਸੰਧੂ ਨੇ ਪਰਵਾਸੀ ਕਹਾਣੀ ਦਾ ਸੱਭਿਆਚਾਰਕ ਅਧਿਐਨ ਵਿਆਹ ਸੰਬੰਧਾਂ ਦੇ ਸੰਦਰਭ 'ਚ ਕੀਤਾ ਹੈ। ਇਸ ਪੁਸਤਕ 'ਚ ਲੇਖਕ ਆਪਣੇ ਵਿਸ਼ੇ ਨੂੰ ਨੇਪਰੇ ਚਾੜ੍ਹਨ ਲਈ ਪੰਜ ਅਧਿਆਇ ਬਣਾਉਂਦਾ/ਉਲੀਕਦਾ ਹੈ। ਪਹਿਲੇ ਅਧਿਆਇ ਵਿਚ ਉਹ ਪਰਵਾਸੀ ਪੰਜਾਬੀ ਕਹਾਣੀ ਦਾ ਸੱਭਿਆਚਾਰਕ ਪਰਿਪੇਖ ਦੱਸਦਾ ਹੈ। ਦੂਜੇ 'ਚ ਪੰਜਾਬੀ ਅਤੇ ਪੱਛਮੀ ਸੱਭਿਆਚਾਰ ਦਾ ਤੁਲਨਾਤਮਿਕ ਅਧਿਐਨ ਪੇਸ਼ ਕਰਦਾ ਹੈ। ਤੀਜੇ 'ਚ ਪਰਵਾਸੀ ਕਹਾਣੀ ਵਿਚ ਅਣਜੋੜ ਵਿਆਹ ਸੰਬੰਧਾਂ ਦਾ ਜ਼ਿਕਰ, ਚੌਥੇ 'ਚ ਪਰਵਾਸੀ ਪੰਜਾਬੀ ਕਹਾਣੀ ਵਿਚ ਵਿਆਹ ਸੰਬੰਧਾਂ ਵਿਚਲੇ ਤਣਾਅ ਦੇ ਵਿਭਿੰਨ ਪਾਸਾਰ ਅਤੇ ਪੰਜਵੇਂ ਪਾਠ 'ਚ ਲੇਖਕ ਪਰਵਾਸੀ ਪੰਜਾਬੀਆਂ ਦੀ ਦੂਜੀ ਪੀੜ੍ਹੀ ਦੇ ਵਿਆਹ ਸੰਬੰਧ: ਮੂਲ ਸਰੋਕਾਰਾਂ ਦਾ ਜ਼ਿਕਰ ਕਰਦਾ ਹੈ। ਬਲਵੰਤ ਸਿੰਘ ਸੰਧੂ ਦੁਆਰਾ ਇਹ ਅਧਿਐਨ ਗਹਿਣਤਾ ਨਾਲ ਕੀਤਾ ਗਿਆ ਹੈ। ਲੇਖਕ ਨੂੰ ਆਪਣੀ ਗੱਲ ਕਹਿਣ ਦਾ ਵਲ ਆਉਂਦਾ ਹੈ। ਸੌਖੀ ਸ਼ਬਦਾਵਲੀ ਤੇ ਯੋਗ ਹਵਾਲਿਆਂ, ਟਿੱਪਣੀਆਂ ਨਾਲ ਪੁਖ਼ਤਾ ਅਧਿਐਨ ਕੀਤਾ ਗਿਆ ਹੈ।

ਸਤਪਾਲ ਸਿੰਘ
ਮੋ: 98725-21515.


ਪ੍ਰਸੰਸਾ ਦੇ ਦੋ ਬੋਲ
ਲੇਖਕ : ਕੁਲਦੀਪ ਸਿੰਘ ਬੇਦੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 102
ਸੰਪਰਕ : 98760-95392.

ਕੁਲਦੀਪ ਸਿੰਘ ਬੇਦੀ ਦੁਆਰਾ ਰਚੀ ਪੁਸਤਕ 'ਪ੍ਰਸੰਸਾ ਦੇ ਦੋ ਬੋਲ' ਇਨਸਾਨ ਨੂੰ ਜ਼ਿੰਦਗੀ ਵਿਚ ਨਾਂਹ-ਵਾਚੀ ਨਜ਼ਰੀਆ ਛੱਡਣ ਅਤੇ ਹਾਂ-ਵਾਚੀ ਨਜ਼ਰੀਆ ਅਪਣਾ ਕੇ ਆਸ਼ਾਵਾਦੀ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕਰਨ ਵਾਲੀ ਪੁਸਤਕ ਹੈ। ਜ਼ਿੰਦਗੀ ਵਿਚ ਜੇਕਰ ਮਨੁੱਖ ਦੂੁਜਿਆਂ ਪ੍ਰਤੀ ਮੰਦ ਭਾਵਨਾ ਛੱਡ ਕੇ ਆਪਣੇ ਸਵੈ ਦੀ ਪੜਚੋਲ ਕਰਦਿਆਂ ਦੂਜਿਆਂ ਦੇ ਭਲੇ ਵਾਲੀ ਸੋਚ ਨੂੰ ਅਪਣਾਏ ਤਾਂ ਉਸ ਦੀ ਪਰਿਵਾਰਕ ਅਤੇ ਸਮਾਜਿਕ ਜ਼ਿੰਦਗੀ ਸਾਵੀ ਪੱਧਰੀ ਅਤੇ ਸੁਖਾਲੀ ਹੋ ਜਾਵੇਗੀ। ਕਿਸੇ ਪ੍ਰਤੀ ਸਾਡੀ ਮਾਨਸਿਕਤਾ ਵਿਚ ਪੈਦਾ ਹੋਈ ਨਫ਼ਰਤ ਦੀ ਚਿੰਗਾਰੀ ਜਿਥੇ ਦੂਜਿਆਂ ਨੂੰ ਦੁਖੀ ਕਰਦੀ ਹੈ, ਉਥੇ ਸਾਡੀ ਆਪਣੀ ਜ਼ਿੰਦਗੀ ਅਤੇ ਸਿਹਤ ਲਈ ਵੀ ਘਾਤਕ ਸਿੱਧ ਹੁੰਦੀ ਹੈ। ਲੇਖਕ ਆਪਣੀ ਗੱਲ ਦੀ ਸਪੱਸ਼ਟਤਾ ਲਈ ਆਪਣੀ ਜ਼ਿੰਦਗੀ ਵਿਚ ਵਾਪਰੀਆਂ ਘਟਨਾਵਾਂ ਅਤੇ ਵੇਰਵਿਆਂ ਦੇ ਹਵਾਲੇ ਵੀ ਦਿੰਦਾ ਹੈ। ਇਸ ਦੇ ਨਾਲ ਹੀ ਉਹ ਜ਼ਿੰਦਗੀ ਵਿਚ ਸਫ਼ਲ ਵਿਅਕਤੀਆਂ ਦੀਆਂ ਉਦਾਹਰਨਾਂ ਵੀ ਦਿੰਦਾ ਹੈ। ਲੇਖਕ ਮੁਤਾਬਿਕ ਜੇਕਰ ਪਰਿਵਾਰਕ ਜ਼ਿੰਦਗੀ ਜਿਊਂਦਿਆਂ ਅਸੀਂ ਇਕ-ਦੂਜੇ ਪ੍ਰਤੀ ਸਾਕਾਰਾਤਮਿਕ ਰਵੱਈਆ ਅਖ਼ਤਿਆਰ ਕਰੀਏ ਤਾਂ ਜ਼ਿੰਦਗੀ ਵਿਚ ਖੁਸ਼ੀ ਦੇ ਪਲਾਂ ਨੂੰ ਆਸਾਨੀ ਨਾਲ ਮਾਣਿਆ ਜਾ ਸਕਦਾ ਹੈ। ਸਮੇਂ ਦੇ ਪਾਬੰਦ ਹੋਣਾ, ਕਿਸੇ ਸਮਾਗਮ ਵਿਚ ਸਥਿਤੀ ਮੁਤਾਬਿਕ ਆਪਣੇ-ਆਪ ਨੂੰ ਢਾਲ ਲੈਣਾ, ਸੂਰਤ ਦੇ ਨਾਲ-ਨਾਲ ਆਪਣੀ ਸੀਰਤ ਨੂੰ ਵੀ ਖੂਬਸੂਰਤ ਬਣਾਉਣਾ, ਸਿਆਣੇ ਵਿਅਕਤੀਆਂ ਦੀ ਸੰਗਤ ਕਰਨੀ ਅਤੇ ਦੂਜਿਆਂ ਦੀਆਂ ਚੰਗੀਆਂ ਗੱਲਾਂ ਸੁਣਨ ਦੀ ਆਦਤ ਬਣਾਉਣੀ, ਹਰ ਕੰਮ ਨੂੰ ਬੱਝੇ ਰੁੱਧੇ ਕਰਨ ਦੀ ਥਾਂ ਇੱਛਾ ਅਨੁਸਾਰ ਕਰਨਾ, ਹਰ ਕਾਰਜ ਵਿਚ ਤਨਦੇਹੀ ਅਤੇ ਮਿਹਨਤ ਨੂੰ ਸ਼ਾਮਿਲ ਕਰਨਾ, ਦ੍ਰਿੜ੍ਹ ਇਰਾਦਾ ਰੱਖ ਕੇ ਦੂਜਿਆਂ ਪ੍ਰਤੀ ਈਮਾਨਦਾਰਾਨਾ ਰਵੱਈਆ ਕਾਮਯਾਬੀ ਦੇ ਗੁਰ ਲੇਖਕ ਨੇ ਸੁਝਾਏ ਹਨ। ਬਹੁਤ ਹੀ ਸਰਲ ਵਾਰਤਕ ਵਿਚ ਜ਼ਿੰਦਗੀ ਦੇ ਵੱਡੇ ਅਰਥਾਂ ਨੂੰ ਸਮਝਾਉਣ ਅਤੇ ਚੰਗੇਰੀ ਜ਼ਿੰਦਗੀ ਜਿਊਣ ਦਾ ਵਲ ਸਿਖਾਉਂਦੇ 31 ਨਿਬੰਧ ਇਸ ਪੁਸਤਕ ਦਾ ਸ਼ਿੰਗਾਰ ਹਨ।

-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.

 

ਕੱਛੂਕੁਮਾ ਵੱਡਾ ਵੱਡਾ ਹੋਇਆ
ਮੂਲ ਲੇਖਕ : ਰੋਆਲਡ ਡਾਲ੍ਹ
ਅਨੁਵਾਦਕ : ਇੰਦੇ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼ ਦਿੱਲੀ,
ਮੁੱਲ : 150 ਰੁਪਏ, ਸਫ਼ੇ : 68
ਸੰਪਰਕ : 093123-350786

ਬਾਲ ਨਾਵਲ ਹੈ ਇੰਦੇ ਦੁਆਰਾ ਅਨੁਵਾਦਿਤ ਤੇ ਸੰਪਾਦਿਤ ਇਹ ਕਿਤਾਬ। ਮਿਸ ਸਿਲਵਰ ਪਾਲਤੂ ਕੱਛੂ ਪਾਲ ਰਹੀ ਹੈ ਜੋ ਕਮਜ਼ੋਰ ਤੇ ਮਰੀਅਲ ਹੈ। ਵੱਡਾ ਹੀ ਨਹੀਂ ਹੁੰਦਾ ਜਾਪਦਾ। ਮਿਸਿਜ਼ ਸਿਲਵਰ ਫਿਕਰਮੰਦ ਹੈ। ਉਸ ਦੇ ਫਲੈਟ ਦੀ ਉਪਰਲੀ ਮੰਜ਼ਿਲ ਉੱਤੇ ਮਿਸਟਰ ਹੈਪੀ ਰਹਿੰਦਾ ਹੈ ਜੋ ਮਿਸ ਸਿਲਵਰ ਨਾਲ ਇਕ ਪਾਸੜ ਪ੍ਰੇਮ ਵਿਚ ਬੱਝਾ ਹੋਇਆ ਹੈ। ਉਹ ਉਸ ਨੂੰ ਬਹੁਤਾ ਮੂੰਹ ਨਹੀਂ ਲਾਉਂਦੀ। ਐਵੇਂ ਗੱਲਾਂ-ਗੱਲਾਂ ਵਿਚ ਉਸ ਮੂੰਹੋਂ ਨਿਕਲਦਾ ਹੈ ਕਿ ਜੇ ਕੋਈ ਇਸ ਨੂੰ ਵੱਡਾ ਕਰ ਦੇਵੇ ਤਾਂ ਮੈਂ ਉਸ ਤੋਂ ਕੁਝ ਵੀ ਵਾਰ ਦਿਆਂ।
ਹੈਪੀ ਇਹ ਵੰਗਾਰ ਸਵੀਕਾਰਦਾ ਹੈ। ਚੋਰੀ-ਛਿਪੇ ਬਾਜ਼ਾਰ ਜਾ ਕੇ ਕਈ ਕੱਛੂ ਖਰੀਦ ਲਿਆਉਂਦਾ ਹੈ, ਉਸੇ ਰੰਗ ਰੂਪ ਦੇ ਪਰ ਸਾਰੇ ਹੀ ਉਸ ਤੋਂ ਥੋੜ੍ਹੇ-ਥੋੜ੍ਹੇ ਫਰਕ ਨਾਲ ਮੋਟੇ ਅਤੇ ਵੱਡੇ। ਜਦੋਂ ਕਦੇ ਵੀ ਸਿਲਵਰ ਘਰੋਂ ਬਾਹਰ ਜਾਂਦੀ ਹੈ, ਉਹ ਉਸ ਦੇ ਕੱਛੂ ਨਾਲੋਂ ਰਤਾ ਕੁ ਭਾਰਾ ਉਹੋ ਜਿਹਾ ਕੱਛੂ ਵਟਾ ਕੇ ਰੱਖ ਦਿੰਦਾ ਹੈ ਤਾਂ ਕਿ ਉਸ ਦੀ ਚਲਾਕੀ ਫੜੀ ਨਾ ਜਾਵੇ। ਹਰ ਵਾਰ ਆਨੀਂ-ਬਹਾਨੀਂ ਉਹ ਸਿਲਵਰ ਨੂੰ ਕਹਿੰਦਾ ਹੈ ਕਿ ਮੈਨੂੰ ਤਾਂ ਹੁਣ ਤੁਹਾਡਾ ਕੱਛੂ ਵੱਡਾ ਹੁੰਦਾ ਸਾਫ਼ ਦਿਸ ਰਿਹਾ ਹੈ। ਬਸ ਜਿਹੜਾ ਮੰਤਰ ਮੈਂ ਤੈਨੂੰ ਦੱਸਿਆ ਹੈ, ਇਹ ਰੋਜ਼ ਆਪਣੇ ਕੱਛੂ ਨੂੰ ਸੁਣਾਇਆ ਕਰ ਵਾਰ-ਵਾਰ। ਸਿਲਵਰ ਮੰਤਰ ਸੁਣਾਈ ਜਾਂਦੀ ਹੈ ਤੇ ਹੈਪੀ ਹਰ ਹਫ਼ਤੇ ਪਹਿਲਾਂ ਤੋਂ ਵਡੇਰਾ ਕੱਛੂ ਵਟਾ ਕੇ ਰੱਖੀ ਜਾਂਦਾ ਹੈ।
ਆਖਰ ਦਿਨ ਸਿਲਵਰ ਨੂੰ ਵੀ ਆਪਣਾ ਕੱਛੂ ਵੱਡਾ ਦਿਸਣ ਲਗਦਾ ਹੈ। ਸਿਲਵਰ ਹੈਪੀ ਦਾ ਸ਼ੁਕਰੀਆ ਅਦਾ ਕਰਦੀ ਹੈ ਤੇ ਉਸ ਨਾਲ ਪਿਆਰ ਕਰਨ ਲਗਦੀ ਹੈ। ਇੰਝ ਹੈਪੀ ਦੀ ਚਲਾਕੀ ਸਿਲਵਰ ਦਾ ਭੋਲਾਪਣ ਪਿਆਰ ਦੇ ਬੰਧਨ ਨੂੰ ਤੀਬਰ ਕਰਕੇ ਦੋਵਾਂ ਨੂੰ ਜੀਵਨ ਸਾਥੀ ਬਣਾ ਦਿੰਦੇ ਹਨ। ਮੌਕਾ ਤਾੜ ਕੇ ਹੈਪੀ ਆਪਣੇ ਸਾਰੇ ਕੱਛੂ ਬਾਜ਼ਾਰ ਜਾ ਕੇ ਵੇਚ ਦਿੰਦਾ ਹੈ। ਬੱਚੇ ਇਸ ਸਰਲ ਤੇ ਰੌਚਕ ਬਿਰਤਾਂਤ ਨੂੰ ਸਵਾਦ ਨਾਲ ਪੜ੍ਹ ਸੁਣ ਸਕਦੇ ਹਨ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550


ਸਕੂਲੀ ਸਿੱਖਿਆ ਦਾ ਸਫ਼ਰ
ਲੇਖਕ : ਚਰਨ ਸਿੰਘ ਸਰਾਭਾ
ਪ੍ਰਕਾਸ਼ਕ : ਗੋਰਕੀ ਪਬਲਿਸ਼ਰਜ਼, ਲੁਧਿਆਣਾ।
ਮੁੱਲ : 100 ਰੁਪਏ, ਸਫ਼ੇ : 112
ਸੰਪਰਕ : 84276-18686.

ਚਰਨ ਸਿੰਘ ਸਰਾਭਾ ਨੇ ਇਸ ਪੁਸਤਕ ਵਿਚ ਚੰਗੀ ਤੇ ਉਸਾਰੂ ਸਿੱਖਿਆ ਦੇ ਪੱਖ ਨੂੰ ਲੈ ਕੇ ਵੱਖ-ਵੱਖ ਲੇਖਾਂ ਰਾਹੀਂ ਬੜੀ ਡੂੰਘਾਈ ਨਾਲ ਸਮੀਖਿਆ ਕੀਤੀ ਹੈ। ਸੰਨ1968 ਦੀ ਕੌਮੀ ਸਿੱਖਿਆ ਨੀਤੀ ਤੋਂ ਲੈ ਕੇ ਹੁਣ ਤੱਕ ਦੀਆਂ ਨੀਤੀਆਂ ਨੂੰ ਘੋਖ ਵਿਚਾਰ ਕੇ ਲੇਖਕ ਨੇ ਸਪੱਸ਼ਟ ਰੂਪ ਵਿਚ ਤੱਤ ਕੱਢਿਆ ਕਿ ਸਿੱਖਿਆ ਪੱਧਰ ਦਾ ਗ੍ਰਾਫ਼ ਹੇਠਾਂ ਨੂੰ ਜਾ ਰਿਹਾ ਜਦ ਕਿ ਇਸ ਦਾ ਵਪਾਰੀਕਰਨ ਦਾ ਗ੍ਰਾਫ ਸਿਖਰਾਂ 'ਤੇ ਹੈ। ਇਸ ਨਾਲ ਵਿਦਿਅਰਥੀ, ਮਾਪੇ ਤੇ ਅਧਿਆਪਕਾਂ ਦਾ ਦੋਵੇਂ ਹੱਥੀਂ ਸ਼ੋਸਣ ਹੋ ਰਿਹਾ ਹੈ।
'ਕਾਮਨ ਸਕੂਲ ਪ੍ਰਣਾਲੀ' ਜਾਨੀ ਇਕਸਾਰ ਪਾਠ ਕਰਮ ਵਾਲੀ 'ਸਭ ਲਈ ਸਿੱਖਿਆ' ਦਾ ਸਾਰਾ ਪ੍ਰਬੰਧ ਸਰਕਾਰ ਕੋਲ ਹੋਵੇ ਤੇ ਸਕੂਲ, ਸਿੱਖਿਆ, ਅਧਿਆਪਕਾਂ ਵਿਚ ਕੋਈ ਵੰਡੀ ਨਾ ਹੋਵੇ, ਅਮੀਰੀ-ਗ਼ਰੀਬੀ ਦੀ ਥਾਂ ਸਿਰਫ ਲਿਅਕਤਾ ਦਾ ਹੀ ਬੋਲਬਾਲਾ ਹੋਵੇ, ਸਭ ਸਕੂਲਾਂ ਨੂੰ ਬਗੈਰ ਕਿਸੇ ਭੇਦਭਾਵ ਤੋਂ ਇਕ ਚੰਗੀ ਤੇ ਉਸਾਰੂ ਸਿੱਖਿਆ ਲਈ ਸਭ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਸਰਕਾਰ ਦੀ ਇਕ ਵੱਡੀ ਜ਼ਿੰਮੇਵਾਰੀ ਹੋਵੇ, ਸਿੱਖਿਆ ਪ੍ਰਾਪਤੀ ਹੱਕ ਸਭ ਲਈ ਸਾਵਾਂ ਹੋਵੇ ਅਤੇ ਸਮਾਜੀ ਲੋੜਾਂ ਤੋਂ ਸਤੁੰਸ਼ਟ ਤੇ ਤਣਾਅ ਮੁਕਤ ਅਧਿਆਪਕ ਵਰਗ ਇਕ ਵਧੀਆ ਵਿਦਿਅਕ ਮਾਹੌਲ ਸਿਰਜਣ ਦੇ ਸਮਰੱਥ ਹੁੰਦਾ ਹੈ। ਲੇਖਕ ਸਿੱਖਿਆ ਤੰਤਰ ਨਾਲ ਜੁੜੀਆਂ ਮੁੱਖ ਕੜੀਆਂ (ਵਿਦਿਆਰਥੀਆਂ, ਮਾਪੇ, ਅਧਿਆਪਕਾਂ, ਸਿੱਖਿਆ ਵਿਭਾਗ ਤੇ ਸਰਕਾਰ) ਨੂੰ ਸੁਹਿਰਦਤਾ ਨਾਲ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਹੋਣ ਲਈ ਹੋਕਾ ਦਿੰਦਾ ਹੈ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858

05/11/2017

 ਅਸਤਿਤਵਵਾਦ ਦੀ ਸਮਝ
ਲੇਖਕ : ਡਾ: ਧਰਮ ਚੰਦ ਵਾਤਿਸ਼
ਸੰਪਾ: ਡਾ: ਨੀਲਮ ਸ਼ਰਮਾ
ਪ੍ਰਕਾਸ਼ਕ : ਗੋਰਕੀ ਪਬਲਿਸ਼ਰਜ਼, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 94654-00040.

ਅਸਤਿਤਵ ਬਾਰੇ ਡਾ: ਧਰਮ ਚੰਦ ਵਾਤਿਸ਼ ਦੀ ਇਹ ਦੂਜੀ ਕਿਤਾਬ ਹੈ। ਪੱਛਮ ਦੇ ਇਸ ਦਰਸ਼ਨ ਨੂੰ ਉਸ ਨੇ ਭਾਰਤੀ ਧਾਰਮਿਕ/ਅਧਿਆਤਮਿਕ ਪਰੰਪਰਾ ਦੇ ਪਿਛੋਕੜ ਨਾਲ ਸਮਝਣ ਤੇ ਵਿਆਖਿਆਣ ਦਾ ਉਪਰਾਲਾ ਕੀਤਾ ਹੈ। ਉਸ ਨੇ ਇਸ ਵਿਆਖਿਆ ਨੂੰ ਮਾਨਵਵਾਦ ਤੇ ਮਾਰਕਸਵਾਦ ਦੀਆਂ ਧਾਰਨਾਵਾਂ ਤੋਂ ਵੀ ਦੂਰ ਨਹੀਂ ਕੀਤਾ। ਅਸਤਿਤਵ ਦੀ ਪ੍ਰਮਾਣੀਕਤਾ, ਕਹਿਣੀ ਕਰਨੀ ਵਿਚ ਸੁਮੇਲ, ਚੋਣ ਦੀ ਸੁਤੰਤਰਤਾ ਤੇ ਕੀਤੀ ਚੋਣ ਦੇ ਸਿੱਟੇ ਭੋਗਣ ਦੀ ਮਜਬੂਰੀ ਜਿਹੇ ਮੁੱਦੇ ਇਸ ਵਾਦ ਦੇ ਮੂਲ ਬਿੰਦੂ ਹਨ। ਆਸਤਕ ਅਸਤਿਤਵਵਾਦੀਆਂ ਵਿਚੋਂ ਉਸ ਨੇ ਕੀਰਕੇਮਾਰਦ, ਬੂਬਰ, ਮੈਰੀਟੇਨ, ਐਬਰੀਲ ਮਾਰਸ਼ਲ, ਬਰਦੀਏਵ, ਪਾਲ ਟਿਲਿਕ ਤੇ ਬੁਲਟਮਾਨ ਦੇ ਸਿਧਾਂਤਾਂ/ਸੰਕਲਪਾਂ ਉੱਤੇ ਝਾਤ ਮਾਰੀ ਹੈ। ਨਾਸਤਿਕ ਵਰਗ ਵਿਚ ਉਸ ਨੇ ਹੁਸਰਲ, ਨਿਤਸ਼ੇ, ਕਾਰਲ ਜਾਸਪਰਸ, ਹਾਈਡਿਗਰ, ਮਾਰਲੋ ਪੋਂਤੀ ਤੇ ਸਾਰਤਰ ਦੇ ਸੰਕਲਪਾਂ ਦੀ ਗੱਲ ਕੀਤੀ ਹੈ।
ਵਾਤਿਸ਼ ਹਸਰਲ ਦੀ ਫਿਨਾਮੇਨਾਲੋਜੀ ਨੂੰ ਅਸਤਿਤਵਵਾਦ ਦੇ ਜਨਮ/ਵਿਕਾਸ ਲਈ ਮਹੱਤਵਪੂਰਨ ਮੰਨਦਾ ਹੈ। ਰੱਬ/ਜ਼ਮੀਰ ਦੀ ਮੌਤ, ਸੁਪਰਮੈਨ, ਦ੍ਰਿੜ੍ਹ ਵਿਸ਼ਵਾਸ, ਆਪਣੀਆਂ ਸੰਭਾਵਨਾਵਾਂ ਬਾਰੇ ਸੁਤੰਤਰ ਸੋਚ ਜਿਹੇ ਨੁਕਤਿਆਂ ਨੂੰ ਉਹ ਨਿਤਸ਼ੇ ਦੇ ਪ੍ਰਸੰਗ ਵਿਚ ਵਿਚਾਰਦਾ ਹੈ। ਮਾਰਲੋ ਪੋਂਤੀ ਦੀ ਗੱਲ ਕਰਦੇ ਹੋਏ ਵਾਤਿਸ਼ ਦੱਸਦਾ ਹੈ ਕਿ ਸੰਸਾਰ ਵਿਚ ਮਨੁੱਖ ਦੂਜੇ ਲੋਕਾਂ ਨਾਲ ਆਪਣੇ ਸਬੰਧਾਂ ਨੂੰ ਸਮਝਣ ਲਈ ਯਤਨਸ਼ੀਲ ਰਹਿੰਦਾ ਹੈ। ਹਰ ਕ੍ਰਾਂਤੀ ਤੋਂ ਪਹਿਲਾਂ ਸ਼ੋਸ਼ਣ/ਲੁੱਟ ਦਾ ਬੋਲਬਾਲਾ ਲਾਜ਼ਮੀ ਹੈ। ਸਾਰਤਰ ਦੇ ਸਿਧਾਂਤ ਉਹ ਮਨੁੱਖ ਦੇ ਦਖ਼ਲ ਤੋਂ ਪੂਰਵ ਪਦਾਰਥ/ਮਨੁੱਖ ਦੀ ਹੋਂਦ, ਮਨੁੱਖੀ ਦਖ਼ਲ ਨਾਲ ਪੈਦਾ ਹੋਈ ਬੀਇੰਗ ਫਾਰ ਇਟ ਸੈਲਫ਼/ਅਦਰਜ਼ ਜਿਹੇ ਸੂਖਮ ਨਿਖੇੜਾਂ ਨਾਲ ਸਮਝਾਉਂਦਾ ਹੈ। ਪਾਲ ਟਿਲਿਕ ਰੱਬ/ਮਨੁੱਖ/ਅਸਤਿਤਵ ਦੇ ਤਿੰਨ ਬਿੰਦੂਆਂ ਦੁਆਲੇ ਸਾਰੀ ਚਰਚਾ ਛੇੜਦਾ ਹੈ। ਬੁਲਟਮਾਨ ਰਬ, ਬਖਸ਼ਿਸ਼, ਜ਼ਮੀਨ, ਵਿਸ਼ਵਾਸ ਤੇ ਭਾਈਚਾਰੇ ਦੇ ਪ੍ਰਸੰਗ ਵਿਚ ਅਸਤਿਤਵ ਦੀ ਗੱਲ ਕਰਦਾ ਹੈ। ਵਾਤਿਸ਼ ਅਸਤਿਤਵਵਾਦ ਦੇ ਹਰ ਸੂਖਮ ਨੁਕਤੇ ਨੂੰ ਸਪੱਸ਼ਟ ਰੂਪ ਵਿਚ ਸਮਝਦਾ ਸਮਝਾਉਂਦਾ ਹੈ।

ਫ ਫ ਫ

ਕੁਦਰਤਤੰਤ੍ਰ
ਲੇਖਕ : ਅਮਰਿੰਦਰ ਛੀਨਾ
ਪ੍ਰਕਾਸ਼ਕ ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 500 ਰੁਪਏ, ਸਫ਼ੇ : 150
ਸੰਪਰਕ : 94173-94178.

ਅਮਰਿੰਦਰ ਛੀਨਾ ਮੇਰੇ ਲਈ ਨਵਾਂ ਨਾਂਅ ਹੈ। ਸ਼ਾਇਦ ਤੁਹਾਡੇ ਲਈ ਵੀ ਹੋਵੇ। ਉਸ ਦੀ ਇਹ ਕਿਤਾਬ ਰਾਸ਼ਟਰ ਭਾਸ਼ਾ ਹਿੰਦੀ ਵਿਚ ਹੈ। ਕਿਤਾਬ ਦੇ ਟਾਈਟਲ ਤੇ ਵਿਚਲੀ ਸਮੱਗਰੀ ਦੀ ਪੇਸ਼ਕਾਰੀ ਵਿਚ ਅਧਿਆਵਾਂ ਦੇ ਸਿਰਲੇਖ, ਉਪ ਸਿਰਲੇਖ ਅੰਗਰੇਜ਼ੀ ਵਿਚ ਹਨ। ਪੁਸਤਕ ਪੰਜਾਬੀਆਂ ਦੀ ਆਵਾਜ਼ ਪੰਜਾਬੀ 'ਅਜੀਤ' ਨੂੰ ਰੀਵਿਊ ਹਿਤ ਭੇਜੀ ਗਈ ਹੈ। ਕੁੱਲ ਮਿਲਾ ਕੇ ਇੰਜ ਪ੍ਰਤੀਤ ਹੁੰਦਾ ਹੈ ਕਿ ਲੇਖਕ ਆਪਣੇ ਵਿਚਾਰਾਂ ਨੂੰ ਭਾਸ਼ਾ ਦੀਆਂ ਸੀਮਾਵਾਂ ਤੋੜ ਕੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਉਤਸੁਕ ਹੈ। ਉਹ ਨੌਜਵਾਨ ਹੈ ਤੇ ਉਸ ਦੀ ਲਿਖਤ ਵਿਚ ਨੌਜਵਾਨਾਂ ਵਾਲਾ ਕਾਹਲਾਪਨ, ਤਾਜ਼ਗੀ ਅਤੇ ਆਦਰਸ਼ਵਾਦ ਸਾਫ਼ ਪਛਾਣਿਆ ਜਾਂਦਾ ਹੈ।
ਛੀਨਾ ਇਸ ਧਰਤੀ ਨੂੰ ਪ੍ਰਦੂਸ਼ਣ ਤੇ ਅਸ਼ਾਂਤੀ ਤੋਂ ਮੁਕਤ ਵੇਖਣਾ ਚਾਹੁੰਦਾ ਹੈ। ਪੌਣ, ਪਾਣੀ, ਮਿੱਟੀ, ਪ੍ਰਦੂਸ਼ਣ ਮੁਕਤ ਹੋਣ। ਕੁਦਰਤ ਤੋਂ ਟੁੱਟਾ, ਕੁਦਰਤ ਦਾ ਸ਼ੋਸ਼ਣ ਕਰਨ ਵਾਲਾ ਮਨੁੱਖ ਆਪ ਬਿਮਾਰ ਹੈ ਤੇ ਉਸ ਨੇ ਧਰਤੀ/ਕੁਦਰਤ ਨੂੰ ਬਿਮਾਰ ਕਰ ਦਿੱਤਾ ਹੈ। ਗਲੇਸ਼ੀਅਰ ਪਿਘਲ ਰਹੇ ਹਨ। ਮੌਸਮ ਚੱਕਰ ਅਸਤ-ਵਿਅਸਤ ਹੈ। ਗਲੋਬਲ ਵਾਰਮਿੰਗ ਨੇ ਵਖ਼ਤ ਪਾ ਰੱਖੇ ਹਨ। 15000 ਯੁੱਧ ਦੇਖ ਚੁੱਕਾ ਹੈ ਸਾਡੀ ਸੱਭਿਅਤਾ ਦਾ ਛੋਟਾ ਜਿਹਾ ਇਤਿਹਾਸ। ਬੰਬਾਂ ਅਤੇ ਬਾਰੂਦ ਦੇ ਢੇਰ ਉੱਤੇ ਬੈਠੀ ਹੈ ਸਾਡੀ ਇਹ ਦੁਨੀਆ। ਨਿੱਕੇ-ਨਿੱਕੇ ਦਾਇਰਿਆਂ ਵਿਚ ਵੰਡੇ ਨਿੱਕੇ-ਨਿੱਕੇ ਰੱਬਾਂ ਵਾਲਾ ਲੋਕ। ਅਮਰਿੰਦਰ ਛੀਨਾ ਇਸ ਸਾਰੇ ਕੁਝ ਤੋਂ ਅਵਾਜ਼ਾਰ ਹੈ।ਉਹ ਕੁਦਰਤ ਤੰਤ੍ਰ ਦੀ ਯੂਟੋਪੀਅਨ ਕਲਪਨਾ ਕਰਦਾ ਹੈ। ਹੱਦਾਂ ਸਰਹੱਦਾਂ ਤੋਂ ਮੁਕਤ ਇਕੋ ਦੁਨੀਆ। ਸਚਮੁੱਚ ਦਾ ਗਲੋਬਲ ਪਿੰਡ। ਜਿਥੇ ਧਰਮਾਂ/ਦੇਸ਼ਾਂ/ਭਾਸ਼ਾਵਾਂ ਕਾਰਨ ਵਿਤਕਰੇ ਵੰਡਾਂ ਨਾ ਹੋਣ। ਲੋਕ ਕੁਦਰਤ ਦਾ ਸ਼ੋਸ਼ਣ ਨਾ ਕਰਨ, ਪੋਸ਼ਣ ਕਰਨ। ਪ੍ਰਦੂਸ਼ਣ ਨਾ ਹੋਵੇ। ਕੁਦਰਤ ਦੇ ਨੇੜੇ ਰਹਿਣਾ ਸਭ ਦਾ ਉਦੇਸ਼ ਹੋਵੇ। ਪਰਸਪਰ ਸਦਭਾਵਨਾ ਹੋਵੇ। ਅਮਨ ਸ਼ਾਂਤੀ ਹੋਵੇ। ਪੌਣ ਪਾਣੀ ਮਿੱਟੀ ਸਾਰੇ ਜੀਣ ਮਾਣਨਯੋਗ ਹਾਲਾਤ ਵਾਲੇ ਹੋਣ।
ਕਾਸ਼ ਐਸਾ ਹੋ ਸਕੇ। ਮੇਰੇ ਮਹਾਨ ਭਾਰਤ ਦੇ ਕੁਝ ਲੋਕ ਅਮਰਿੰਦਰ ਛੀਨਾ ਦੀਆਂ ਗੱਲਾਂ ਸੁਣ ਪੜ੍ਹ ਕੇ ਉਸ ਦੀ ਆਲੋਚਨਾ ਵੀ ਕਰ ਸਕਦੇ ਹਨ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਅਮਰ ਸਿੰਘ ਅਮਰੀਕਨ ਦੀ ਵਾਪਸੀ
ਸੰਪਾਦਕ : ਜੋਗਿੰਦਰ ਸਿੰਘ ਨਿਰਾਲਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 595 ਰੁਪਏ, ਸਫ਼ੇ : 408
ਸੰਪਰਕ : 98760-61644.

ਉੱਘੇ ਸਰਬਾਂਗੀ ਲੇਖਕ ਡਾ: ਜੋਗਿੰਦਰ ਸਿੰਘ ਨਿਰਾਲਾ ਨੇ ਪ੍ਰੋੜ੍ਹ ਲੇਖਕ ਕਰਮ ਸਿੰਘ ਮਾਨ ਦੀਆਂ ਸਮੁੱਚੀਆਂ 45 ਕਹਾਣੀਆਂ ਇਸ ਸੰਗ੍ਰਹਿ ਵਿਚ ਅੰਕਿਤ ਕਰਕੇ ਜਿਥੇ ਮੂਲ ਲੇਖਕ ਦੀ ਪ੍ਰਤਿਭਾ ਪਛਾਣ ਸਥਾਪਿਤ ਕੀਤੀ ਹੈ, ਉਥੇ ਇਧਰਲੇ ਪੰਜਾਬੀ ਜੀਵਨ ਦੇ ਚੱਜ-ਆਚਾਰ ਦੇ ਵਿਲੱਖਣ ਪਛਾਣ-ਚਿੰਨ੍ਹਾਂ ਜਾਂ ਅਧੋਗਤੀ ਦੇ ਅਨੇਕਾਂ ਸਰੋਕਾਰਾਂ ਨੂੰ ਪਾਠਕਾਂ ਦੇ ਸਨਮੁੱਖ ਕੀਤਾ ਹੈ। ਸਾਰਾ ਕਾਰਜ ਮਿਹਨਤ, ਲਗਨ ਅਤੇ ਨਿਸ਼ਠਾ ਨਾਲ ਸਾਹਿਤ-ਸੇਵਾ ਵਿਚ ਜੁੜੇ ਹੋਣ ਸਦਕਾ ਸਾਹਮਣੇ ਆਇਆ, ਕਿਹਾ ਜਾ ਸਕਦਾ ਹੈ। ਅਸਲ 'ਚ ਕਰਮ ਸਿੰਘ ਮਾਨ ਦੀਆਂ ਇਹ 45 ਕਹਾਣੀਆਂ ਉਨ੍ਹਾਂ ਦੁਆਰਾ ਰਚਿਤ ਕਹਾਣੀ ਸੰਗ੍ਰਹਿਆਂ 'ਹੰਝੂ ਇਕ ਅੱਖ ਦੇ', 'ਵੇਦਨ ਕਹੀਐ ਕਿਸ', 'ਹੇਠ ਵਗੇ ਦਰਿਆ' ਅਤੇ 'ਫਲਾਈ ਓਵਰ' ਵਿਚ ਵੀ ਛਪ ਚੁੱਕੀਆਂ ਹਨ, ਪਾਠਕਾਂ ਅਤੇ ਆਲੋਚਕਾਂ ਨੇ ਮਾਣੀਆਂ ਵੀ ਹਨ ਪ੍ਰੰਤੂ ਸੰਪਾਦਕ ਦੀ ਸਾਹਿਤਕ-ਪਛਾਣ ਨੇ ਇਨ੍ਹਾਂ ਨੂੰ ਹੋਰ ਮਹੱਤਤਾ ਪ੍ਰਦਾਨ ਕੀਤੀ ਹੈ।
ਸਮੁੱਚੀਆਂ ਕਹਾਣੀਆਂ ਪੰਜਾਬੀ ਜੀਵਨ ਸ਼ੈਲੀ ਦੇ ਸਮਾਜਿਕ, ਨੈਤਿਕ, ਧਾਰਮਿਕ, ਸੱਭਿਆਚਾਰਕ ਅਤੇ ਗਲੋਬਲੀ ਰੰਗਤ ਸਦਕਾ ਜੀਵਨ ਵਿਚ ਪ੍ਰਵੇਸ਼ ਸਭਨਾਂ ਸਰੋਕਾਰਾਂ ਦਾ ਯਥਾਰਥ ਪੇਸ਼ ਕਰਦੀਆਂ ਹਨ। ਇਧਰਲੇ ਅਤੇ ਵਿਦੇਸ਼ ਰਹਿੰਦੇ ਲੋਕਾਂ ਦੀ ਜੀਵਨ-ਸ਼ੈਲੀ ਵਿਚ ਸਥਾਪਿਤ ਹੋ ਚੁੱਕੇ ਮੁੱਲ-ਵਿਧਾਨ ਅਤੇ ਬਦਲਦੀਆਂ ਮਕਾਨਕੀ ਜਾਂ ਖਪਤਕਾਰੀ ਰੁਚੀਆਂ ਤਹਿਤ, ਬਦਲ ਗਏ ਸੋਚ-ਤਰੀਕਿਆਂ ਅਤੇ ਵਿਹਾਰਾਂ ਦਾ ਜ਼ਿਕਰ-ਬਾ-ਦਿਲਚਸਪੀ ਕਹਾਣੀਆਂ ਪੜ੍ਹਿਆ ਜਾ ਸਕਦਾ ਹੈ। ਅਮਰ ਸਿੰਘ ਅਮਰੀਕਨ ਤੇ ਉਸ ਦੀ ਪਤਨੀ ਸ਼ਾਮ ਕੌਰ ਜਿਹੇ ਪਾਤਰ ਸੱਚ-ਤੱਥ ਦਾ ਪ੍ਰਗਟਾਅ ਹਨ। ਕਹਾਣੀ 'ਹੰਝੂ ਇਕ ਅੱਖ ਦੇ', 'ਕੰਨੇ ਪਿਆ ਬਲਦ', 'ਚਿੱਟੇ ਕਾਲੇ ਕਾਂ', 'ਝੱਲਾ', 'ਜੈ ਜੋਕਾਂ', 'ਜੋ ਸੁਖ ਛੱਜੂ ਦੇ ਚੁਬਾਰੇ', 'ਸ਼ੇਰਨੀ' ਅਜਿਹੀਆਂ ਕਹਾਣੀਆਂ ਹਨ, ਜੋ ਜੀਵਨ ਦੇ ਵਿਭਿੰਨ ਪੱਖਾਂ ਦਾ ਸਾਖਸ਼ਾਤ ਦਰਪਣ ਜਾਪਦੀਆਂ ਹਨ। ਇਸੇ ਤਰ੍ਹਾਂ ਵਿਦੇਸ਼ੀਂ ਰਹਿੰਦੇ ਪੁੱਤਰ-ਨੂੰਹਾਂ, ਪੋਤੇ-ਪੋਤੀਆਂ ਦਾ ਅਲਗਾਵਵਾਦੀ ਵਿਹਾਰ, ਮਸ਼ੀਨੀ ਪੁਰਜੇ ਬਣ ਕੇ ਰਹਿ ਜਾਣ ਵਾਲੀ ਅਵਸਥਾ, ਭਾਰਤੀ ਮੁੱਲਾਂ ਦੇ ਖੁਰ ਜਾਣ ਜਿਹੀਆਂ ਸਥਿਤੀਆਂ ਦਾ ਪ੍ਰਗਟਾਵਾ ਵੀ ਦੋ ਦਰਜਨਾਂ ਜ਼ਰੀਏ ਪ੍ਰਗਟ ਹੋਇਆ ਹੈ। ਸਰਲ, ਰਸ-ਭਰਪੂਰ ਅਤੇ ਪੰਜਾਬੀ ਮੁਹਾਵਰੇਦਾਰ ਜੁਗਤਾਂ ਨਾਲ ਸਾਹਮਣੇ ਆਈਆਂ ਇਹ ਸਭ ਕਹਾਣੀਆਂ ਸਚਮੁੱਚ ਪੰਜਾਬੀ ਕਹਾਣੀ ਦੇ ਵਿਕਾਸ ਦਾ ਅਹਿਮ ਪੜਾਅ ਹਨ।

ਫ ਫ ਫ

ਖੰਗੂੜਾ ਗੋਤ ਅਤੇ ਲਤਾਲਾ ਪਿੰਡ ਦਾ ਇਤਿਹਾਸ
ਲੇਖਕ : ਡਾ: ਗੁਰਦੇਵ ਸਿੰਘ ਸਿੱਧੂ
ਪ੍ਰਕਾਸ਼ਕ : ਐਸਥੈਟਿਕਸ ਪਬਲੀਕੇਸ਼ਨਜ਼, ਲੁਧਿਆਣਾ
ਸਫ਼ੇ : 240
ਸੰਪਰਕ : 94170-49417.

'ਪਿੰਡ' ਕਦੋਂ ਹੋਂਦ ਵਿਚ ਆਉਂਦਾ ਹੈ। ਇਸ ਦਾ ਭੂਗੋਲਿਕ ਚੁਗਿਰਦਾ ਕੀ ਹੈ? ਇਤਿਹਾਸ ਕਦੋਂ ਬਣਦਾ ਹੈ? ਕਿਹੜੇ-ਕਿਹੜੇ ਜਾਤੀ ਦੇ ਲੋਕ ਇਸ ਦੇ ਨਿਰਮਾਣਕਾਰੀ ਹੁੰਦੇ ਹਨ? ਵਸੇਵੇਂ ਬਾਅਦ ਉਨ੍ਹਾਂ ਦੀ ਹੋਂਦ-ਸਥਿਤੀ ਦੇ ਕਿਹੜੇ ਪ੍ਰਤੀਮਾਨ ਉੱਭਰ ਕੇ ਲੋਕਾਈ ਨੂੰ ਪ੍ਰਭਾਵਿਤ ਕਰਦੇ ਹਨ? ਇਤਿਆਦਿ ਅਨੇਕਾਂ ਪ੍ਰਸ਼ਨਾਂ ਦਾ ਜਵਾਬ ਉੱਘੇ ਖੇਤਰੀ ਖੋਜਕਾਰ ਡਾ: ਗੁਰਦੇਵ ਸਿੰਘ ਸਿੱਧੂ ਨੇ ਦੋ ਭਾਗਾਂ ਵਿਚ ਵੰਡ ਕੇ ਇਸ ਪੁਸਤਕ ਜ਼ਰੀਏ ਪੇਸ਼ ਕੀਤਾ ਹੈ। ਲੇਖਕ ਨੇ ਸ: ਜਸਪਾਲ ਸਿੰਘ ਖੰਗੂੜਾ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਦਾ ਵੀ ਧੰਨਵਾਦ ਕੀਤਾ ਹੈ ਅਤੇ ਇਸ ਪੁਸਤਕ ਨੂੰ ਇਕ ਮਾਡਲ ਰੂਪ 'ਚ ਪੇਸ਼ ਕੀਤਾ ਹੈ।
ਖੰਗੂੜਾ ਗੋਤ ਦਾ ਪਿਛੋਕੜ ਦੱਸਦਿਆਂ ਹੋਇਆਂ ਚੰਦਰ ਬੰਸ, ਯਦੂ ਬੰਸ ਦੇ ਖਜ਼ਾਨਿਆਂ ਦਾ ਜ਼ਿਕਰ ਕਰਨ ਉਪਰੰਤ ਪਿੰਡ ਲਤਾਲਾ ਦੀ ਪਿੱਛਲ-ਝਾਤ ਇਸ ਦੀਆਂ ਇਤਿਹਾਸਕ ਪਰਤਾਂ, ਲਤਾਲਾ ਬਾਰੇ ਬੁਨਿਆਦੀ ਜਾਣਕਾਰੀ ਜੋ ਸਰੋਤਾਂ ਨੂੰ ਗੰਭੀਰ ਚਿੰਤਨ-ਦ੍ਰਿਸ਼ਟੀ ਦੇ ਅੰਦਰਗਤ ਪੇਸ਼ ਕੀਤਾ ਹੈ ਅਤੇ ਨਾਲ ਦੀ ਨਾਲ ਇਥੋਂ ਦੇ ਵਿਭਿੰਨ ਧਾਰਮਿਕ ਸਥਾਨਾਂ, ਖੂਹਾਂ-ਟੋਬਿਆਂ, ਸੰਤਾਂ, ਪਿੰਡ ਦੇ ਕਲਾਵੰਤਾਂ, ਜੰਗਾਂ-ਲੜਾਈਆਂ ਵਿਚ ਉੱਘਾ ਯੋਗਦਾਨ ਪਾਉਣ ਵਾਲੇ ਸੂਰਬੀਰਾਂ-ਯੋਧਿਆਂ ਦੀ ਸ਼ਹਾਦਤ, ਪੈਨਸ਼ਨਾਂ ਦੇ ਵੇਰਵੇ ਆਦਿ ਦਾ ਭਾਵ-ਪੂਰਤ ਜ਼ਿਕਰ ਹੈ।
ਉੱਚ ਦੁਮਾਲੜਾ ਪਰਿਵਾਰ, ਪਿੰਡ ਦਾ ਮਾਣ, ਪਿੰਡ ਦਾ ਮੂੰਹ ਮੱਥਾ ਬਦਲਣ ਵਾਲੇ ਹਿੰਮਤੀ ਲੋਕ, ਸਹਿਯੋਗੀ ਬੰਦੇ, ਵਿਦੇਸ਼ਾਂ 'ਚ ਚੋਗ ਚੁਗਣ ਗਏ ਪਰਵਾਸੀ ਲੋਕਾਂ ਦਾ ਵੀ ਨੇੜਿਓਂ ਜ਼ਿਕਰ ਪੁਸਤਕ ਦੀ ਸ਼ੋਭਾ 'ਚ ਵਾਧਾ ਕਰਦਾ ਹੈ। ਖੰਗੂੜਾ ਨਿਵਾਸੀਆਂ ਦੇ ਲੋਕਾਂ ਨੇ ਭਾਰਤ ਅਤੇ ਪਾਕਿਸਤਾਨ ਵਿਚ ਜਿਹੜੇ-ਜਿਹੜੇ ਪਿੰਡਾਂ ਵਿਚ ਨਿਵਾਸ ਕੀਤਾ ਹੈ, ਉਸ ਦਾ ਵੇਰਵਾ ਵੀ ਖੂਬ ਹੈ। ਪੁਸਤਕ ਦਾ ਮਹੱਤਵਪੂਰਨ ਭਾਗ ਉਹ ਹੈ ਜਿਸ ਵਿਚ ਵਿਭਿੰਨ ਜਾਤੀਆਂ ਕੁਰਸੀਨਾਵਿਆਂ ਨੂੰ 62 ਪੰਨਿਆਂ 'ਚ ਵਿਸਥਾਰ ਸਹਿਤ ਬਾਰੀਕਬੀਨੀ ਦੀ ਖੋਜ ਪ੍ਰਵਿਰਤੀ ਜ਼ਰੀਏ ਪੇਸ਼ ਕੀਤਾ ਗਿਆ ਹੈ। ਇਹ ਪੁਸਤਕ ਸਚਮੁੱਚ ਹਵਾਲਾ ਪੁਸਤਕ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 98142-09732.
ਫ ਫ ਫ

ਮਹਿਫ਼ਿਲ
ਸ਼ਾਇਰ : ਗੁਰਦਿਆਲ ਰੌਸ਼ਨ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 240 ਰੁਪਏ, ਸਫ਼ੇ : 96
ਸੰਪਰਕ : 99884-44002.

ਹਥਲੀ ਗ਼ਜ਼ਲ ਪੁਸਤਕ ਦੀਆਂ ਸਾਰੀਆਂ ਗ਼ਜ਼ਲਾਂ ਸ਼ਾਇਰ ਨੇ ਇਕ ਅਕੀਦਤ ਤਹਿਤ ਅਤੇ ਸਾਰੇ ਹੀ ਮਾਨਸਿਕ, ਸਰੀਰਕ ਰੁਝੇਵੇਂ ਛੱਡ ਕੇ ਚਿੰਤਨ ਦੇ ਭੋਰੇ ਵਿਚ ਛੁੱਪ ਕੇ ਕੇਵਲ 45 ਦਿਨਾਂ ਵਿਚ ਲਿਖੀਆਂ। ਵਾਰਸ ਨੇ ਜਦ ਹੀਰ ਲਿਖੀ ਸੀ ਤਾਂ ਉਹਵੀ ਆਪਣਾ ਜੰਡਿਆਲਾ ਛੱਡ ਕੇ 'ਮਲਿਕਾ ਹਾਂਸ' ਦੇ ਭੋਰੇ ਵਿਚ ਚਲਾ ਗਿਆ ਸੀ। ਗੁਰਦਿਆਲ ਰੌਸ਼ਨ ਦਾ ਚਿੰਤਨ ਤੇ ਸਿਰਜਣ ਭੋਰਾ ਵੀ ਐਸਾ ਹੀ ਰਿਹਾ, ਜਿਸ ਵਿਚ ਉਸ ਨੇ ਆਪਣੀਆਂ ਸਾਰੀਆਂ ਕਹੀਆਂ ਗ਼ਜ਼ਲਾਂ ਤੋਂ ਬਿਲਕੁਲ ਵੱਖਰਤਾ ਭਰੀ ਪੇਸ਼ਕਾਰੀ ਨੂੰ ਰੂਪਮਾਨ ਕੀਤਾ। ਦੀਪਕ ਸਕੂਲ ਦਾ ਸੰਚਾਲਕ ਰੌਸ਼ਨ ਗ਼ਜ਼ਲ ਪਰੰਪਰਾ ਨੂੰ ਕਾਇਮ ਵੀ ਰੱਖਦਾ ਹੈ ਪਰ ਉਸ ਉੱਤੇ ਸੱਜਰੇ, ਲੋਕ ਮੁਖੀ ਅਤੇ ਵਿਲੱਖਣ ਪੁੱਠ ਵੀ ਚਾੜ੍ਹਨ ਵਿਚ ਵੀ ਸਫ਼ਲ ਹੋਇਆ ਹੈ। ਰੌਸ਼ਨ ਪੰਜਾਬੀ ਗ਼ਜ਼ਲ ਦਾ ਉਹ ਰੌਸ਼ਨ ਸਿਤਾਰਾ ਹੈ, ਜਿਸ ਦੀ ਆਭਾ ਕੁੱਲ ਸੰਸਾਰ ਵਿਚ ਫੈਲੀ ਹੋਈ ਹੈ।
ਗੁਰਦਿਆਲ ਮੈਨੂੰ ਇਸ ਕਰਕੇ ਪਿਆਰਾ ਤੇ ਨਿਆਰਾ ਲਗਦਾ ਹੈ ਕਿ ਉਸ ਨੇ ਸਾਰੀ ਉਮਰ ਮਾੜਿਆਂ, ਲਿਤਾੜਿਆਂ ਅਤੇ ਬੇਸਹਾਰਾ ਲੋਕਾਂ ਦੀਆਂ ਦਰਦਾਂ-ਪੀੜਾਂ, ਆਹਾਂ ਤੇ ਮੁਸ਼ਕਿਲਾਂ ਨੂੰ ਹੀ ਸਾਹਮਣੇ ਰੱਖਿਆ ਹੈ ਅਤੇ ਕਦੇ ਵੀ ਮਹਿਲਾਂ ਦੀ ਚਾਕਰੀ ਨਹੀਂ ਸਵੀਕਾਰੀ। ਵਰਨਾ ਜੇ ਉਹ ਮੰਡੀ ਵਿਚ ਚਲਾ ਜਾਂਦਾ ਤਾਂ 'ਪੰਜ ਕਰੋੜੀ' ਵਪਾਰੀ ਵੀ ਮਿਲ ਜਾਂਦੇ। ਪਰ ਉਸ ਦਾ ਗ਼ਜ਼ਲ ਅਕੀਦਾ ਲੋਕ ਸਰੋਕਾਰਾਂ ਦੀ ਪੇਸ਼ਕਾਰੀ ਹੈ। ਮੈਂ ਉਸ ਦੀ ਕਲਮ ਨੂੰ ਚੁੰਮਦਾ ਵੀ ਹਾਂ ਅਤੇ ਸਜਦਾ ਵੀ ਕਰਦਾ ਹਾਂ ਕਿ ਜਿਸ ਨੇ ਪੰਜਾਬੀ ਗ਼ਜ਼ਲ ਦੀ ਉਸ ਰਵਾਇਤ ਨੂੰ ਕਾਇਮ ਕੀਤਾ, ਜਿਸ ਤਹਿਤ ਔਰੰਗਿਆਂ ਤੇ ਹਿਟਲਰਾਂ ਨੂੰ ਕਟਹਿਰੇ ਵਿਚ ਖਲਾਰਿਆ ਜਾਂਦਾ ਹੈ ਤੇ ਭਗਤ, ਸਰਾਭਿਆਂ ਨੂੰ ਸਜੀਵ ਰੱਖਿਆ ਜਾਂਦਾ ਹੈ। ਜਿੱਦਾਂ ਦਾ ਰੌਸ਼ਨ ਆਪ ਹੈ ਓਦਾਂ ਦੀ ਉਸ ਦੀ ਇਹ ਸ਼ਾਇਰੀ ਹੈ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਰੰਗਾਂ ਦੀ ਗਾਗਰ ਵਾਲਾ ਸਰਦਾਰਾ ਸਿੰਘ ਜੌਹਲ
ਲੇਖਕ : ਪ੍ਰਿੰ: ਸਰਵਣ ਸਿੰਘ
ਪ੍ਰਕਾਸ਼ਕ : ਪੀਪਲਜ਼ ਫੋਰਮ, ਬਰਗਾੜੀ
ਮੁੱਲ : 100 ਰੁਪਏ, ਸਫ਼ੇ : 144
ਸੰਪਰਕ : 94651-01651.

ਸਰਦਾਰਾ ਸਿੰਘ ਜੌਹਲ ਇਕ ਮਹਾਨ ਅਰਥ-ਸ਼ਾਸਤਰੀ ਤਾਂ ਹੈ ਹੀ ਪਰ ਨਾਲ ਦੀ ਨਾਲ ਇਕ ਸੂਝਵਾਨ ਇਨਸਾਨ, ਯੋਗ ਪ੍ਰਬੰਧ ਕਰਤਾ, ਸਮਰੱਥਾਵਾਨ ਅਧਿਆਪਕ ਅਤੇ ਬੇਬਾਕ ਸ਼ਖ਼ਸੀਅਤ ਦਾ ਮਾਲਕ ਵਿਅਕਤੀ ਵੀ ਹੈ।
ਸਰਦਾਰਾ ਸਿੰਘ ਜੌਹਲ ਨੇ ਆਪਣੀ ਸਵੈ-ਜੀਵਨੀ 'ਰੰਗਾਂ ਦੀ ਗਾਗਰ' ਪਾਠਕਾਂ ਦੇ ਰੂ-ਬਰੂ ਕੀਤੀ ਸੀ। ਪਰ ਹੁਣ ਪ੍ਰਿੰਸੀਪਲ ਸਰਵਰਣ ਸਿੰਘ ਦੁਆਰਾ 'ਰੰਗਾਂ ਦੀ ਗਾਗਰ ਵਾਲਾ ਸਰਦਾਰਾ ਸਿੰਘ ਜੌਹਲ' ਪੁਸਤਕ ਵਿਚ ਡਾ: ਜੌਹਲ ਦੀ ਜੀਵਨੀ ਲਿਖ ਕੇ ਉਨ੍ਹਾਂ ਦੀ ਸ਼ਖ਼ਸੀਅਤ ਦੇ ਨਿਵੇਕਲੇ ਅਤੇ ਮਹੱਤਵਪੂਰਨ ਪੱਖਾਂ ਨੂੰ ਪਾਠਕਾਂ ਦੇ ਰੂ-ਬਰੂ ਕਰਨ ਦਾ ਵੱਡਮੁੱਲਾ ਯਤਨ ਕੀਤਾ ਹੈ। ਪ੍ਰਿੰਸੀਪਲ ਸਰਵਣ ਸਿੰਘ ਦੀ ਸਰਦਾਰਾ ਸਿੰਘ ਜੌਹਲ ਹੁਰਾਂ ਨਾਲ ਨਿੱਜੀ ਸਾਂਝ ਹੈ, ਜਿਸ ਕਰਕੇ ਉਨ੍ਹਾਂ ਨੇ ਡਾ: ਜੌਹਲ ਨੂੰ ਬਹੁਤ ਹੀ ਨੇੜਿਓਂ ਹੋ ਕੇ ਦੇਖਿਆ ਵਿਸ਼ੇਸ਼ ਕਰਕੇ ਲੇਖਕ ਦੁਆਰਾ ਅਮਰਦੀਪ ਸ਼ੇਰਗਿੱਲ ਮੈਮੋਰੀਅਲ ਕਾਲਜ ਦੀ ਪ੍ਰਿੰਸੀਪਲਸ਼ਿਪ ਦੌਰਾਨ ਉਨ੍ਹਾਂ ਦੀ ਸਾਂਝ ਹੋਰ ਵੀ ਜ਼ਿਆਦਾ ਬਣੀ ਜਦੋਂ ਦੋਵੇਂ ਹੀ ਆਪਣੇ-ਆਪਣੇ ਖੇਤਰ ਦੇ ਵਿਦਵਾਨ ਇਸ ਪੇਂਡੂ ਕਾਲਜ ਦੀ ਅਗਵਾਈ ਕਰਨ ਲੱਗੇ। ਇਸ ਪੁਸਤਕ ਵਿਚ ਪ੍ਰਿੰਸੀਪਲ ਸਰਵਣ ਸਿੰਘ ਨੇ ਬਹੁਤ ਸਾਰੇ ਵਿਸ਼ੇਸ਼ਣਾਂ ਨਾਲ ਡਾ: ਜੌਹਲ ਦੀ ਸ਼ਖ਼ਸੀਅਤ ਬਾਰੇ ਵਿਸਤਾਰ ਸਹਿਤ ਚਰਚਾ ਕੀਤੀ ਹੈ। ਮਿਸਾਲ ਵਜੋਂ ਸਵੈਮਾਨੀ ਸੋਚਵਾਨ, ਸਿਧਾਂਤਕਾਰ, ਉਸਤਾਦ, ਉੱਚ ਦਮਾਲੜੀ ਸ਼ਖ਼ਸੀਅਤ, ਖੇਤਾਂ ਦਾ ਪੁੱਤ, ਧਰਤੀ ਦਾ ਧੌਲ। ਪ੍ਰਿੰਸੀਪਲ ਸਰਵਣ ਸਿੰਘ ਆਪਣੀ ਸੁਆਦਲੀ ਸ਼ੈਲੀ ਸਦਕਾ ਬਹੁਤੇ ਵੇਰਵੇ ਆਪਣੇ ਢੰਗ ਨਾਲ ਡਾ: ਜੌਹਲ ਦੇ ਸ਼ਬਦਾਂ ਵਿਚ ਹੀ ਪੇਸ਼ ਕਰਦਾ ਹੈ।
ਇਸ ਤਰ੍ਹਾਂ ਜਾਪਦਾ ਹੈ ਲੇਖਕ ਪਰਦੇ ਉਹਲੇ ਹੋ ਗਿਆ ਹੋਵੇ ਤੇ ਡਾ: ਜੌਹਲ ਪਾਠਕ ਨਾਲ ਗੱਲਾਂ ਕਰ ਰਹੇ ਹੋਣ। ਤਤਕਾਲੀ ਸਮੇਂ ਦੇ ਹਾਲਾਤ, ਪਾਕਿਸਤਾਨ ਅਤੇ ਭਾਰਤ ਵਿਚ ਦੇਸ਼ ਵੰਡ ਤੋਂ ਪਹਿਲਾਂ ਦੀ ਸਥਿਤੀ, ਸਕੂਲੀ ਵਿੱਦਿਆ, ਤਰੱਕੀ ਦਾ ਰਸਤਾ ਪਰਿਵਾਰਕ ਪਿਛੋਕੜ ਦੇ ਨਾਲ-ਨਾਲ ਲੇਖਕ ਨੇ ਡਾ: ਜੌਹਲ ਦੀਆਂ ਦੋ ਪੁਸਤਕਾਂ 'ਰੰਗਾਂ ਦੀ ਗਾਗਰ' ਤੇ 'ਮੇਰਾ ਭਾਰਤ ਮਹਾਨ' ਬਾਰੇ ਵੀ ਚਰਚਾ ਕੀਤੀ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਰਹਿਤਲ ਵਲੀਆਂ ਵਰਗੀ
ਗ਼ਜ਼ਲਕਾਰ : ਇਰਸ਼ਾਦ ਸੰਧੂ
ਅਨੁਵਾਦਕ : ਨਵਦੀਪ ਝੁਨੀਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੋਹਾਲੀ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98769-68193.

ਵੰਡ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਕਦੀ ਸੁਖਾਵੇਂ ਨਹੀਂ ਰਹੇ ਪਰ ਲਹਿੰਦੇ ਤੇ ਚੜ੍ਹਦੇ ਪੰਜਾਬ ਵਿਚ ਵੰਡ ਦਾ ਦਰਦ ਬਰਾਬਰ ਸ਼ਿੱਦਤ ਨਾਲ ਮਹਿਸੂਸਿਆ ਜਾਂਦਾ ਰਿਹਾ ਹੈ। ਦੋਵਾਂ ਪੰਜਾਬਾਂ ਦੀਆਂ ਰਹੁ ਰੀਤਾਂ, ਜ਼ਬਾਨ, ਰਹਿਣ ਸਹਿਣ ਆਦਿ ਲਿੱਪੀ ਨੂੰ ਛੱਡ ਕੇ ਸਾਂਝੇ ਹੀ ਹਨ।
ਦੋਵੀਂ ਪਾਸੀਂ ਲੋੜਾਂ, ਥੁੜਾਂ ਨਾਕਾਮੀਆਂ ਤੇ ਕਾਮਯਾਬੀਆਂ ਸਾਂਝੀਆਂ ਹਨ। ਇਸੇ ਲਈ 'ਰਹਿਤਲ ਵਲੀਆਂ ਵਰਗੀ' ਗ਼ਜ਼ਲ ਸੰਗ੍ਰਹਿ ਦਾ ਰਚੇਤਾ ਸਾਡੇ ਲਈ ਕੋਈ ਓਪਰਾ ਨਹੀਂ ਹੈ। ਇਨ੍ਹਾਂ ਗ਼ਜ਼ਲਾਂ ਦਾ ਅਨੁਵਾਦ ਕਰਕੇ ਤੇ ਇਸ ਨੂੰ ਕਿਤਾਬੀ ਸ਼ਕਲ ਦੇ ਕੇ ਨਵਦੀਪ ਝੁਨੀਰ ਨੇ ਬਹੁਤ ਵੱਡਾ ਕਾਰਜ ਕੀਤਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਧਰਲੀ ਪੰਜਾਬੀ ਵਿਚ ਸੰਸਕ੍ਰਿਤ ਤੇ ਹਿੰਦੀ ਦਾ ਰਲੇਵਾਂ ਹੈ ਪਰ ਉਧਰ ਸ਼ਾਇਰੀ ਲਈ ਬਿਲਕੁਲ ਢੁਕਵੀਂ ਜ਼ਬਾਨ ਉਰਦੂ ਦੀ ਚਾਸ਼ਨੀ ਹੈ। ਇਸ ਸੰਗ੍ਰਹਿ ਤੋਂ ਪਾਕਿਸਤਾਨੀ ਪੰਜਾਬੀ ਗ਼ਜ਼ਲ ਦੇ ਮੂੰਹ ਮੱਥੇ ਦਾ ਅਨੁਮਾਨ ਲਗਾਇਆ ਜਾਣਾ ਵੀ ਸੌਖਾ ਹੈ। ਗ਼ਜ਼ਲਾਂ ਦੀ ਵਿਸ਼ੇਸ਼ ਖ਼ੂਬੀ ਇਨ੍ਹਾਂ ਦਾ ਸੰਬੋਧਨੀ ਹੋਣਾ ਹੈ।
ਇਨ੍ਹਾਂ ਗ਼ਜ਼ਲਾਂ ਨੂੰ ਪੜ੍ਹਦਿਆਂ ਅਸੀਂ ਸਰਲ ਤੇ ਗੁੰਦਵੀਂ ਭਾਸ਼ਾ ਵਿਚ ਪ੍ਰਭਾਵਸ਼ਾਲੀ ਵਾਰਤਾਲਾਪ ਵਰਗਾ ਆਨੰਦ ਲੈ ਸਕਦੇ ਹਾਂ ਤੇ ਸ਼ਿਅਰਾਂ ਵਿਚ ਕਿਧਰੇ ਨਾ ਕਿਧਰੇ ਕੋਈ ਸੰਦੇਸ਼ ਤੇ ਵੰਗਾਰ ਵੀ ਹੈ। ਇਨ੍ਹਾਂ ਗ਼ਜ਼ਲਾਂ ਵਿਚ ਬਹੁਤ ਹੀ ਨਵੀਆਂ ਸੱਭਿਆਚਾਰਕ ਤੇ ਆਮ ਬੋਲਚਾਲ ਵਾਲੀਆਂ ਰਦੀਫ਼ਾਂ ਦਾ ਪ੍ਰਯੋਗ ਕੀਤਾ ਗਿਆ ਹੈ ਜਿਵੇਂ ਚਾਚਾ, ਪੁੱਤਰਾਂ, ਵੱਟੇ ਮਾਰੇ, ਬਾਬਾ, ਇੱਟਾਂ ਢੋਈਆਂ, ਵੇਚਣ ਮਗਰੋਂ, ਦਿਹਾੜੀ ਕਰਦੇ, ਲਭਦੇ ਲਭਦੇ, ਅੱਧੇ ਇਧਰ ਅੱਧੇ ਉਧਰ, ਗ਼ਜ਼ਲਾਂ ਨਵੀਂਆਂ ਨਵੀਂਆਂ, ਚੁਬਾਰੇ ਉੱਤੇ, ਸਰਦਾਰੀ, ਕਣਕਾਂ, ਸਾਡੇ ਪਿੰਡੋਂ ਆਦਿ। ਇਹ ਤਮਾਮ ਗ਼ਜ਼ਲਾਂ ਸਧਾਰਨ ਸ਼ਬਦਾਂ ਨਾਲ ਆਪਣੇ ਨਾਲ ਵਹਾ ਲੈ ਜਾਂਦੀਆਂ ਹਨ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਮੇਰੇ ਪਿੰਡ ਦੀ ਨੁਹਾਰ
ਲੇਖਕ : ਰਾਮ ਸਰੂਪ ਅਣਖੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ।
ਮੁੱਲ : 50 ਰੁਪਏ, ਸਫ਼ੇ : 48
ਸੰਪਰਕ : 78377-18723.

ਸਾਹਿਤ ਜਗਤ ਦੇ ਧਰੂ ਤਾਰੇ ਰਾਮ ਸਰੂਪ ਅਣਖੀ ਦੁਆਰਾ ਰਚਿਤ ਇਸ ਛੋਟੀ ਪੁਸਤਕ ਵਿਰਸੇ ਦਾ ਇਕ ਬਹੁਤ ਵੱਡਾ ਹਿੱਸਾ ਸਮੋਈ ਬੈਠੀ ਹੈ। ਇਸ ਪੁਸਤਕ ਵਿਚ ਪੰਜਾਬੀ ਸੱਭਿਆਚਾਰ ਦੇ ਮਹੱਤਵਪੂਰਨ ਅੰਗ ਖ਼ੁਦ ਆਪਣੀ ਆਤਮ ਕਥਾਵਾਂ ਲੈ ਕੇ ਹਾਜ਼ਰ ਹੋ ਕੇ ਨਵੇਂ ਸਵੇਰੇ (ਪੋਸ਼) ਵਲੋਂ ਉਨ੍ਹਾਂ ਨੂੰ ਭੁਲਾ/ਵਿਸਾਰ ਦੇਣ ਦਾ ਦੁੱਖ ਫੋਲਦੇ ਹਨ। 'ਸਿੱਧੂਆਂ ਦਾ ਦਰਵਾਜ਼ਾ' ਜੋ ਪਿੰਡ/ਕਸਬੇ ਦੀ ਪਹਿਰੇਦਾਰੀ ਕਰਦਾ ਹੋਇਆ ਹਰ ਆਉਣ ਜਾਣ ਵਾਲੇ 'ਤੇ ਬਾਜ਼ ਅੱਖ ਰੱਖਦਾ ਸੀ ਅੱਜ ਇਕ ਖ਼ੁਦ ਬੇਜ਼ਬਾਨ ਕੰਧ ਬਣ ਚੁੱਕਾ ਹੈ। 'ਆਵਾ' ਆਪਣੇ ਵਿਚ ਪਕਾਈ ਜਾਂਦੀ ਨਿੱਕੀ ਇੱਟ (ਲਾਹੌਰੀ ਇੱਟ) ਜੋ ਚੂਨੇ ਨਾਲ ਮਿਲ ਕੇ ਫੌਲਾਦੀ ਉਸਾਰੀ ਦੀ ਆਧਾਰ ਹੁੰਦੀ ਸੀ, ਦੀ ਬਾਤ ਪਾਉਂਦਾ ਹੈ। 'ਸੱਜਣ ਸਿੰਘ ਦਾ ਗੱਡਾ' ਜਿਸ ਦੀ ਕਦੇ ਲਗਜ਼ਰੀ ਗੱਡੀ ਵਾਲੀ ਪੂਰੀ ਟੋਹਰ ਹੁੰਦੀ ਸੀ ਅੱਜ ਉਹ ਕਿਸੇ ਪੂੰਜੇ ਲੱਗ ਕੇ ਝੂਰ ਰਿਹਾ ਹੈ। 'ਆਸੋ ਦੀ ਚੱਕੀ' ਆਪਣੇ ਨਾਲ-ਨਾਲ ਸੁਆਣੀਆਂ ਦੀ ਮੁਸ਼ੱਕਤ ਭਰੀ ਰੋਜ਼ਮਰ੍ਹਾ ਦੀ ਜੀਵਨ ਕਹਾਣੀ ਵੀ ਬਿਆਨ ਕਰਦੀ ਹੈ।
'ਖੋਮੋ ਦੀ ਭੱਠੀ' ਪਰਾਗੇ ਭਨਾਉਣ ਵਾਲਿਆਂ ਦੀਆਂ ਰੌਣਕਾਂ ਤੇ ਸਿਆਲੀ ਰਾਤ ਨੂੰ ਭੱਠੀ ਦੀ ਸੁਆਹ ਨੂੰ ਫਰੋਲਦਿਆਂ ਨਿੱਘੇ-ਨਿੱਘੇ ਸੇਕ ਵਿਚ ਗੱਭਰੂਆਂ ਦੀ ਚੁੰਝ ਚਰਚਾ, 'ਸਗਨਾ ਨੰਬਰਦਾਰ' ਦੀ ਇਮਾਨਦਾਰੀ ਤੇ ਸੱਚ ਤੇ ਪਹਿਰੇਦਾਰੀ' ਅਤੇ ਰੌਣਕਾਂ ਦੇ ਪ੍ਰਤੀਕ 'ਹਥਾਈ' (ਪਿੰਡਾਂ ਦੀਆਂ ਸਰਵ ਸਾਂਝੀਆਂ ਸਰਾਂਵਾਂ), ਖੂਹ/ਖੂਹੀਆਂ, ਟੋਭੇ ਤੇ ਪਿੱਪਲ ਦੀਆਂ ਛਾਵਾਂ ਆਦਿ ਦੀ ਵੈਰਾਨਗੀ ਅਤੇ ਪੇਂਡੂ ਜੀਵਨ ਦੀ ਆਸਥਾ ਨੂੰ ਬੜੀ ਸ਼ਿੱਦਤ ਨਾਲ 'ਮੇਰੇ ਪਿੰਡ ਦੀ ਨੁਹਾਰ' ਨਾਂਅ ਦੀ ਇਸ ਪੁਸਤਕ ਵਿਚ ਦਰਸਾਇਆ ਗਿਆ ਹੈ।

ਂਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858
ਫ ਫ ਫ

ਅਕੱਥ ਕਹਾਣੀ ਪ੍ਰੇਮ ਕੀ
ਲੇਖਕ : ਪ੍ਰਿਤਪਾਲ ਕੌਰ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ-350 ਰੁਪਏ, ਸਫ਼ੇ : 287
ਸੰਪਰਕ : 95010-07989.

'ਅਕੱਥ ਕਹਾਣੀ ਪ੍ਰੇਮ ਕੀ' ਵਾਰਤਕਨੁਮਾ ਪੁਸਤਕ ਪ੍ਰਿਤਪਾਲ ਕੌਰ ਦੀ ਪਲੇਠੀ ਕਿਤਾਬ ਹੈ। ਜਿਸ ਵਿਚ ਉਸ ਨੇ ਆਪਣੇ ਪਤੀ ਕਰਮਜੀਤ ਸਿੰਘ ਦੀਆਂ ਯਾਦਾਂ ਨੂੰ ਸਮੋਇਆ ਹੈ। ਉਸ ਨੇ ਸਾਰੀ ਕਹਾਣੀ ਹੀ ਆਪਣੇ ਪਤੀ 'ਤੇ ਕੇਂਦਰਿਤ ਕੀਤੀ ਹੈ। ਜਿਸ ਵਿਚ ਆਪਣੀ ਨਿੱਜੀ ਜ਼ਿੰਦਗੀ ਨੂੰ ਸ਼ਾਮਿਲ ਕਰਕੇ ਸਾਰੇ ਜੀਵਨ ਦੀ ਪੇਸ਼ਕਾਰੀ ਬੜੇ ਸੁਚੱਜੇ ਢੰਗ ਨਾਲ ਕੀਤੀ ਹੈ, ਭਾਵੇਂ ਲੇਖਿਕਾ ਇਤਿਹਾਸ ਦੀ ਲੈਕਚਰਾਰ ਰਹੀ ਹੈ ਪਰ ਉਸ ਨੂੰ ਪੰਜਾਬੀ ਸਾਹਿਤ ਨਾਲ ਅੰਤਾਂ ਦਾ ਮੋਹ ਹੈ, ਜਿਸ ਕਰਕੇ ਉਸ ਨੇ ਆਪਣੀ ਕਹਾਣੀ ਵਿਚ ਆਪਣੇ ਜੀਵਨ ਦੇ ਇਤਿਹਾਸ ਨੂੰ ਬਿਆਨ ਕੀਤਾ ਹੈ।
ਕਰਮਜੀਤ ਦੇ ਸੁਭਾਅ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ, ਜਿਵੇਂ ਕੋਈ ਫ਼ਿਲਮ ਦੇਖ ਰਹੇ ਹੋਈਏ ਕਿ ਕਰਮਜੀਤ ਲੋਕਾਂ ਨਾਲ ਕਿਸ ਤਰ੍ਹਾਂ ਵਿਚਰਦਾ ਸੀ ਅਤੇ ਉਸ ਦੀ ਵਿਚਾਰਧਾਰਾ ਏਨੀ ਉੱਚੀ ਤੇ ਸੁੱਚੀ ਸੀ ਕਿ ਹਰ ਇਕ ਬੰਦਾ ਉਸ ਦੀ ਇੱਜ਼ਤ ਕਰਦਾ ਸੀ। ਅਜੋਕੇ ਸਮੇਂ ਵਿਚ ਅਜਿਹੇ ਬੰਦਿਆਂ ਦੀ ਘਾਟ ਹੈ। ਕਿਸੇ ਪਤਨੀ ਦਾ ਆਪਣੇ ਪਤੀ ਪ੍ਰਤੀ ਸੁਹਿਰਦ ਹੋ ਕੇ ਜਿਊਣਾ ਕਿੰਨੀ ਵੱਡੀ ਗੱਲ ਹੈ ਜੋ ਅੱਜ ਦੇ ਵਿਸ਼ਵੀਕਰਨ ਦੇ ਯੁੱਗ ਵਿਚ ਦੰਪਤੀ ਜੋੜਿਆਂ ਵਿਚ ਅਪਣੱਤ ਦੀ ਘਾਟ ਹੈ। ਉਸ ਦੀ ਬੇਟੀ ਕਵਿਤਾ ਅਤੇ ਵੱਡੇ ਬੇਟੇ ਨਿਰਲੇਪ ਅਤੇ ਛੋਟੇ ਬੇਟੇ ਜਿੰਮੀ ਦਾ ਵੀ ਆਪਣੇ ਪਾਪਾ ਪ੍ਰਤੀ ਏਨਾ ਪਿਆਰ ਸੀ ਕਿ ਲੇਖਿਕਾ ਜਦੋਂ ਆਪਣੇ ਸਵਰਗਵਾਸੀ ਪਤੀ ਦੇ ਕੱਪੜਿਆਂ ਨੂੰ ਹਰ ਸਾਲ ਧੁੱਪ ਲਵਾਉਂਦੀ ਸੀ ਤਾਂ ਉਸ ਦੇ ਬੱਚੇ ਵੀ ਕੱਪੜਿਆਂ ਨੂੰ ਵੇਖ ਕੇ ਭਾਵੁਕ ਹੋ ਜਾਂਦੇ ਸਨ ਅਤੇ ਲੇਖਿਕਾ ਨੇ ਉਸ ਦੇ ਸਾਰੇ ਕੱਪੜਿਆਂ ਨੂੰ ਉਸ ਦੇ ਦੋਸਤਾਂ ਨੂੰ ਵੰਡ ਦਿੱਤਾ ਸੀ। ਜੋ ਕਿ ਬਹੁਤ ਹੀ ਪਿਆਰ ਨਾਲ ਹੰਢਾਉਂਦੇ ਸੀ, ਜੋ ਅੰਧ ਵਿਸ਼ਵਾਸ ਨੂੰ ਮਾਤ ਪਾਉਣ ਵਾਲੀ ਗੱਲ ਹੈ।

ਂਗੁਰਬਿੰਦਰ ਕੌਰ ਬਰਾੜ
ਮੋ: 09855395161
ਫ ਫ ਫ

ਖ਼ੁਸ਼ਬੂ ਦਾ ਕਾਫ਼ਲਾ
ਸ਼ਾਇਰਾ : ਕੁਲਵਿੰਦਰ ਕੌਰ ਕਿਰਨ
ਪ੍ਰਕਾਸ਼ਕ : ਤ੍ਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।
ਮੁੱਲ-200 ਰੁਪਏ, ਸਫ਼ੇ : 104
ਸੰਪਰਕ-98151-23174.

ਅਜੋਕੇ ਸਮੇਂ ਵਿਚ ਇਸਤਰੀ ਗ਼ਜ਼ਲਗੋਅ ਵੀ ਚੋਖੀ ਗਿਣਤੀ ਵਿਚ ਮੈਦਾਨ ਵਿਚ ਹਨ ਜਿਸ ਤੋਂ ਪੰਜਾਬੀ ਗ਼ਜ਼ਲ ਦੀ ਲੋਕਪ੍ਰਿਅਤਾ ਤੇ ਪ੍ਰਮਾਣਿਕਤਾ ਦਾ ਪਤਾ ਚਲਦਾ ਹੈ। ਕੁਲਵਿੰਦਰ ਕੌਰ ਕਿਰਨ ਵੀ ਇਨ੍ਹਾਂ ਗ਼ਜ਼ਲਕਾਰਾਂ ਵਿਚ ਸ਼ੁਮਾਰ ਹੈ। ਉਹ ਉਸਤਾਦ ਗ਼ਜ਼ਲਕਾਰ ਸਰਦਾਰ ਪੰਛੀ ਦੀ ਸ਼ਿਸ਼ ਹੈ ਤੇ ਉਸ ਦੀ ਸੰਗਤ ਹੋਰ ਪ੍ਰੋੜ੍ਹ ਗ਼ਜ਼ਲਕਾਰਾਂ ਨਾਲ ਹੈ ਇਸ ਲਈ ਇਸ ਕਿਤਾਬ ਵਿਚ ਤਕਨੀਕੀ ਭੁੱਲਾਂ ਬਹੁਤੀਆਂ ਨਹੀਂ ਹਨ। ਜ਼ਿੰਦਗੀ ਹਮੇਸ਼ਾ ਖ਼ੂਬਸੂਰਤ ਨਹੀਂ ਹੁੰਦੀ ਤੇ ਇਹੋ ਕੁਝ ਕਿਰਨ ਦੇ ਅਨੁਭਵ 'ਚੋਂ ਮਿਲਦਾ ਹੈ। ਉਸ ਨੂੰ ਆਪਣਿਆਂ ਦਾ ਸਾਥ ਚਾਅ ਦਿੰਦਾ ਹੈ ਤੇ ਦੂਰੀ ਕਸਕ ਦਿੰਦੀ ਹੈ। ਨਿਰਾਸ਼ਾ ਤੇ ਆਸ਼ਾ ਵਿਚਕਾਰ ਜੂਝਦੀ ਆਖਿਰ ਵਿਚ ਉਹ ਆਸ ਦਾ ਪੱਲਾ ਫੜਨ ਵਿਚ ਹੀ ਬਿਹਤਰੀ ਸਮਝਦੀ ਹੈ। ਉਸ ਮੁਤਾਬਿਕ ਬੁਰਾ ਵਕਤ ਹਮੇਸ਼ਾਂ ਹੀ ਟਿਕਿਆ ਨਹੀਂ ਰਹਿੰਦਾ ਤੇ ਪੱਤਝੜ ਬਾਅਦ ਹੀ ਬਹਾਰ ਰੁੱਤ ਦਾ ਆਗਮਨ ਹੁੰਦਾ ਹੈ। ਉਹ ਮਾਂ ਬੋਲੀ ਨੂੰ ਮੁਹੱਬਤ ਕਰਦੀ ਹੈ ਤੇ ਇਸ 'ਚੋਂ ਹਮੇਸ਼ਾਂ ਮਾਂ ਦੀਆਂ ਲੋਰੀਆਂ ਸੁਣਦੀ ਹੈ। ਪਿਆਰ ਇਸ ਸੰਗ੍ਰਹਿ ਦੀਆਂ ਬਹੁਤੀਆਂ ਗ਼ਜ਼ਲਾਂ ਦਾ ਮੁੱਖ ਬਿੰਦੂ ਹੈ ਜਿਸ ਦੀ ਘਾਟ ਅੱਜ ਦੇ ਦੌਰ ਵਿਚ ਸ਼ਿੱਦਤ ਨਾਲ ਮਹਿਸੂਸੀ ਜਾਂਦੀ ਹੈ। ਕਿਰਨ ਦੀਆਂ ਗ਼ਜ਼ਲਾਂ ਦੇ ਹੋਰ ਵਿਸ਼ੇ ਪੰਜਾਬੀ ਜਨ ਜੀਵਨ ਨਾਲ ਸਬੰਧਤ ਹਨ। ਇਸ ਪੁਸਤਕ ਨੂੰ ਪੜ੍ਹਦਿਆਂ ਜਾਪਦਾ ਹੈ ਕਿ ਕੁਲਵਿੰਦਰ ਕੌਰ ਕਿਰਨ ਗ਼ਜ਼ਲ ਸਾਹਿਤ ਖ਼ਾਸਕਰ ਇਸਤਰੀ ਗ਼ਜ਼ਲਗੋਆਂ ਵਿਚ ਆਪਣੀ ਜਗ੍ਹਾ ਸੁਰੱਖਿਅਤ ਕਰ ਲਵੇਗੀ ਤੇ ਇਹ ਪੁਸਤਕ ਉਸ ਦੇ ਅਦਬੀ ਸਫ਼ਰ ਦਾ ਆਧਾਰ ਬਣੇਗੀ।

ਂਗੁਰਦਿਆਲ ਰੌਸ਼ਨ
ਫ ਫ ਫ

ਪੰਜ ਕੁੱਜਿਆਂ 'ਚ ਈਸ਼ਵਰ
ਲੇਖਕ : ਪਰੇਮ ਲਤਾ ਪ੍ਰਿੰਸੀਪਲ, ਅਮਰ ਗਰਗ ਕਲਮਦਾਨ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 160 ਰੁਪਏ, ਸਫ਼ੇ : 160
ਸੰਪਰਕ : 98143-41746.

ਇਹ ਪੁਸਤਕ ਪਤੀ ਪਤਨੀ ਦੁਆਰਾ ਰਚਿਤ ਸਾਂਝੀ ਕਿਰਤ ਹੈ। ਇਸ ਵਿਚ 18 ਨਿਬੰਧ ਪ੍ਰੇਮ ਲਤਾ ਪ੍ਰਿੰਸੀਪਲ ਦੁਆਰਾ ਅਤੇ 21 ਨਿਬੰਧ ਅਮਰ ਗਰਗ ਕਲਮਦਾਨ ਵਲੋਂ ਰਚੇ ਗਏ ਹਨ। ਡਾ: ਅਮਲ ਕੋਮਲ ਦੁਆਰਾ ਰਚਿਤ ਮੁੱਖ ਬੰਦ ਤੇ ਤੇਜਵੰਤ ਮਾਨ (ਡਾ:) ਵਲੋਂ ਵੀ ਕੁਝ ਸ਼ਬਦ ਇਸ ਪੁਸਤਕ ਦੀ ਪ੍ਰਸੰਸਾ ਬਾਬਤ ਲਿਖੇ ਗਏ ਹਨ।
ਇਸ ਪੁਸਤਕ ਵਿਚ ਕੁਝ ਨਿਬੰਧ ਵਾਤਾਵਰਨ ਨਾਲ ਸਬੰਧਿਤ, ਕੁਝ ਇਤਿਹਾਸਕ-ਮਿਥਿਹਾਸਕ ਪ੍ਰਸੰਗਾਂ ਸਬੰਧੀ, ਕੁਝ ਸੱਭਿਆਚਾਰਕ ਤੇ ਕੁਝ ਰਾਜਨੀਤਕ ਦ੍ਰਿਸ਼ਟੀਕੋਣ ਤੋਂ ਤੇ ਕੁਝ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਲਿਖੇ ਗਏ ਹਨ। ਵਾਤਾਵਰਨ ਨਾਲ ਸਬੰਧਿਤ ਲੇਖਾਂ 'ਚ ਵਾਤਾਵਰਨ ਸਬੰਧੀ ਚਿੰਤਾ ਜ਼ਾਹਰ ਕਰਦੇ ਹੋਏ ਇਸ ਦੇ ਬਚਾਓ ਨਾਲ ਸਬੰਧਿਤ ਕੁਝ ਸੁਝਾਅ ਦਿੱਤੇ ਗਏ ਹਨ।
ਸਾਰੇ ਨਿਬੰਧਾਂ 'ਚ ਲੇਖਕਾਂ ਨੇ ਸਵੈ ਨਿਰਣੈ ਵੀ ਦਿੱਤੇ ਹਨ। ਇਸ ਪੁਸਤਕ ਨੂੰ ਆਮ ਪਾਠਕ ਦੀ ਦ੍ਰਿਸ਼ਟੀ ਤੋਂ ਰਚਿਆ ਗਿਆ ਹੈ। ਜੇ ਪਾਠਕ ਇਸ ਪੁਸਤਕ ਨੂੰ ਪੜ੍ਹ ਕੇ ਆਪਣੇ ਅੰਦਰ ਹਾਂ-ਪੱਖੀ ਤਬਦੀਲੀ ਲਿਆਵੇ ਤਾਂ ਉਪਰੋਕਤ ਵਿਸ਼ੇ ਸਾਰਥਕ ਹੋ ਸਕਦੇ ਹਨ। ਡਾ: ਅਮਰ ਕੋਮਲ ਨੇ ਇਹ ਮਹਿਸੂਸ ਕੀਤਾ ਹੈ ਕਿ ਇਨ੍ਹਾਂ ਰਚਨਾਵਾਂ 'ਚ ਕਿਤੇ-ਕਿਤੇ ਸਾਹਿਤਕ ਨਿਬੰਧਾਂ ਵਾਲੀ ਪੁਖ਼ਤਾ ਦ੍ਰਿਸ਼ਟੀ ਦੀ ਘਾਟ ਰੜਕਦੀ ਹੈ। ਇਸ ਦੇ ਬਾਵਜੂਦ ਇਸ ਪੁਸਤਕ ਦਾ ਸੁਨੇਹਾ ਅਜੋਕੇ ਸੰਦਰਭ 'ਚ ਸਾਰਥਕ ਹੈ।

ਫ ਫ ਫ

ਸ਼ਿਵਚਰਨ ਜੱਗੀ ਕੁੱਸਾ ਦੇ ਨਾਵਲਾਂ ਵਿਚ ਯਥਾਰਥ
ਲੇਖਿਕਾ : ਮਨਦੀਪ ਕੌਰ ਭੰਮਰਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 400 ਰੁਪਏ, ਸਫ਼ੇ : 232
ਸੰਪਰਕ : 98723-69774.

ਸ਼ਿਵਚਰਨ ਜੱਗੀ ਕੁੱਸਾ ਅੰਦਰ ਸਾਹਿਤ ਨੂੰ, ਸਮਾਜ ਨੂੰ ਘੋਖਣ, ਪਰਖਣ ਅਤੇ ਸਮਝਣ ਦੀ ਅਨੁਸ਼ਾਸਨੀ ਦ੍ਰਿਸ਼ਟੀ ਹੈ। ਉਸ ਕੋਲ ਭਾਰਤੀ ਅਤੇ ਪੱਛਮੀ ਚਿੰਤਨ ਨੂੰ ਸਮਝਣ ਦੀ ਮੁਹਾਰਤ ਹੈ। ਵੱਖ-ਵੱਖ ਦੇਸ਼ਾਂ ਦਾ ਭ੍ਰਮਣ ਕਰਕੇ ਹੁਣ ਉਹ ਬਰਤਾਨੀਆ ਵਸਦਾ ਪੰਜਾਬੀ ਜਗਤ ਪੰਜਾਬੀ ਸਾਹਿਤ ਨਾਲ ਨਿਰੰਤਰ ਜੁੜਿਆ ਹੋਇਆ ਹੈ। ਉਸ ਦੇ ਨਾਵਲ ਗੌਲਣਯੋਗ ਹਨ। ਸ਼ਿਵਚਰਨ ਜੱਗੀ ਕੁੱਸਾ ਦੇ ਜੀਵਨ, ਰਚਨਾ ਤੇ ਹੋਰ ਪਹਿਲੂਆਂ 'ਤੇ ਰੌਸ਼ਨੀ ਪਾਉਂਦੀ ਮਨਦੀਪ ਕੌਰ ਭੰਵਰਾ ਦੀ ਇਹ ਪਲੇਠੀ ਪੁਸਤਕ ਹੈ। ਜੀਵਨ ਅਤੇ ਹੋਰ ਪਹਿਲੂਆਂ ਬਾਰੇ ਵੱਖ-ਵੱਖ ਲੇਖਕਾਂ, ਮਿੱਤਰਾਂ, ਸਨੇਹੀਆਂ ਦੇ ਬਾਰਾਂ ਲੇਖ ਹਨ। ਜੱਗੀ ਦੇ ਸਤਾਰਾਂ ਨਾਵਲਾਂ ਬਾਰੇ, ਲੇਖਿਕਾ ਨੇ ਲਿਖਿਆ ਹੈ। ਪੁਸਤਕ ਵਿਚ ਅੰਤਿਕਾ ਤੋਂ ਇਲਾਵਾ ਇਕ ਅੰਗਰੇਜ਼ੀ ਭਾਸ਼ਾ 'ਚ ਰਚਨਾ ਹੈ। ਅਥਾਹ ਆਸਥਾ ਅਧੀਨ ਲਿਖੀ ਗਈ ਇਹ ਪੁਸਤਕ ਪ੍ਰਵਾਸੀ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦੇ ਸਾਰੇ ਨਾਵਲਾਂ ਬਾਰੇ ਸਾਰ ਰੂਪ 'ਚ ਜਾਣਕਾਰੀ ਦਿੰਦੀ ਹੈ। ਸਰਲ ਸ਼ਬਦਾਵਲੀ 'ਚ ਲਿਖੇ ਨਾਵਲੀ ਸਾਰ ਪੜ੍ਹ ਕੇ ਪਾਠਕ ਨੂੰ ਸਬੰਧਿਤ ਨਾਵਲ ਬਾਰੇ ਲੋੜੀਂਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਯਥਾਰਥਵਾਦੀ ਦ੍ਰਿਸ਼ਟੀਕੋਣ ਤੋਂ ਨਾਵਲ ਵਿਚ ਟੂਕਾਂ ਤੇ ਹਵਾਲੇ ਦੇ ਕੇ ਗੱਲ ਕੀਤੀ ਜਾਂਦੀ ਤਾਂ ਬਿਹਤਰ ਹੁੰਦਾ।

ਂਸਤਪਾਲ ਸਿੰਘ
ਮੋ: 98725-21515.
ਫ ਫ ਫ

ਦੀਵਿਆਂ ਦੀ ਲੋਅ
ਸੰਪਾਦਕ : ਸੰਪਾਦਕੀ ਮੰਡਲ ਸਾਹਿਤ ਸਭਾ, ਜ਼ੀਰਾ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 168
ਸੰਪਰਕ : 94639-20299.

ਇਸ ਸੰਗ੍ਰਹਿ ਦੇ ਸ਼ਾਇਰਾਂ ਨੇ ਵੰਨ-ਸੁਵੰਨੇ ਵਿਸ਼ਿਆਂ 'ਤੇ ਕਲਮ ਅਜ਼ਮਾਈ ਕੀਤੀ ਹੈ। ਸਮਾਜ ਦੇ ਸਨਮੁੱਖ ਅਨੇਕਾਂ ਸਮੱਸਿਆਵਾਂ 'ਤੇ ਆਪਣੀਆਂ ਕਵਿਤਾਵਾਂ ਪੇਸ਼ ਕਰਨ ਦਾ ਉੱਦਮ ਕੀਤਾ ਹੈ। ਭਰੂਣ ਹੱਤਿਆ, ਨਸ਼ੇ ਦੀ ਆਦਤ, ਧੀਆਂ ਪ੍ਰਤੀ ਨਿਰਾਦਰ ਭਾਵਨਾ, ਭ੍ਰਿਸ਼ਟਾਚਾਰ, ਪਖੰਡ, ਕਿਸਾਨ ਦੀ ਦੁਰਦਸ਼ਾ, ਜਿਹੀਆਂ ਅਲਾਮਤਾਂ ਬਾਰੇ ਰੱਜ ਕੇ ਲਿਖਿਆ ਗਿਆ ਹੈ। ਬਹੁਤ ਸਾਰੇ ਕਵੀਆਂ ਨੇ ਪੰਜਾਬੀ ਸੱਭਿਆਚਾਰ ਦੇ ਕਈ ਵੱਡਮੁੱਲੇ ਚਿੱਤਰ ਤੇ ਝਲਕੀਆਂ ਪੇਸ਼ ਕਰਨ ਦਾ ਯਤਨ ਕੀਤਾ ਹੈ। ਇਸ ਸੰਗ੍ਰਹਿ ਵਿਚ ਪੁਰਾਣੇ, ਜਾਣੇ-ਪਛਾਣੇ ਤੇ ਪ੍ਰਸਿੱਧ ਕਵੀਆਂ ਜਿਵੇਂ ਲਾਲੀ ਕਰਤਾਰਪੁਰੀ, ਚਮਕ ਸੁਰਜੀਤ, ਸੁਖਚਰਨ ਸਿੰਘ ਸਿੱਧੂ, ਦੀਪ ਜ਼ੀਰਵੀ, ਜਸਬੀਰ ਭਲੂਰੀਆ, ਹਰੀ ਸਿੰਘ ਸੰਧੂ, ਵਿਵੇਕ, ਵੀਰ ਬਾਨ ਨਾਰੰਗ, ਸਤਿਪਾਲ ਖੁੱਲਰ ਦੇ ਨਾਲ-ਨਾਲ ਨਵੇਂ ਤੇ ਸਿਖਾਂਦਰੂ ਕਵੀਆਂ ਨੂੰ ਵੀ ਉਨ੍ਹਾਂ ਦੀ ਬਣਦੀ ਥਾਂ ਮਿਲਦੀ ਹੈ। ਸੰਪਾਦਕੀ ਮੰਡਲ ਵਲੋਂ ਆਪਣੀ ਚੋਣ ਵਿਚ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਗਿਆ। ਯੋਗ ਰਚਨਾਵਾਂ ਤੇ ਪੜ੍ਹਨਯੋਗ ਸਮੱਗਰੀ ਹੀ ਇਸ ਸੰਗ੍ਰਹਿ ਵਿਚ ਸ਼ਾਮਿਲ ਕੀਤੀ ਗਈ ਹੈ। ਗ਼ਜ਼ਲ ਤੇ ਵਿਅੰਗ-ਕਾਵਿ ਜਿਹੀਆਂ ਗੰਭੀਰ ਵਿਧਾਵਾਂ ਨੂੰ ਵੀ ਇਸ ਸੰਗ੍ਰਹਿ ਵਿਚ ਥਾਂ ਦਿੱਤੀ ਗਈ ਹੈ। ਗ਼ਜ਼ਲਾਂ ਪ੍ਰਮਾਣਿਕ ਰੂਪ ਵਿਚ ਹੀ ਪੇਸ਼ ਹੋਈਆਂ ਹਨ।
ਇਸ ਸੰਗ੍ਰਹਿ ਵਿਚ ਖੁੱਲ੍ਹੀ ਤੇ ਸਪਾਟ ਕਵਿਤਾ ਤੋਂ ਪ੍ਰਹੇਜ਼ ਹੀ ਕੀਤਾ ਗਿਆ ਹੈ। ਇਕ-ਅੱਧ ਸ਼ਾਇਰ ਨੂੰ ਛੱਡ ਕੇ ਬਹੁਤੇ ਸ਼ਾਇਰਾਂ ਨੇ ਛੰਦ-ਬੱਧ ਕਵਿਤਾਵਾਂ ਦੀ ਹੀ ਰਚਨਾ ਕੀਤੀ ਹੈ।

ਂਕੇ. ਐਲ. ਗਰਗ
ਮੋ: 94635-37050.
ਫ ਫ ਫ

ਮਖ਼ਰ ਚਾਨਣੀ
ਲੇਖਕ : ਗੁਰਮੀਤ ਕੌਰ 'ਸੰਧਾ'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 84371-23680.

ਇਸ ਕਾਵਿ-ਸੰਗ੍ਰਹਿ ਵਿਚ ਛੇ ਦਰਜਨ ਦੇ ਲਗਪਗ ਕਵਿਤਾਵਾਂ ਹਨ। ਇਨ੍ਹਾਂ ਕਵਿਤਾਵਾਂ ਦੇ ਵਿਸ਼ੇ ਭਾਵੇਂ ਵਿਕਲੋਤਰੇ ਹਨ; ਪਰ ਕਵਿੱਤਰੀ ਦੇ ਅੰਦਰ, ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਨਾਲ ਲੋਹੜੇ ਦਾ ਮੋਹ ਹੈ। ਉਹ ਜਿਥੇ ਇਕ ਪਾਸੇ ਆਪਣੇ ਮੌਲਾ ਤੋਂ ਅਸੀਸਾਂ ਤੇ ਬਖ਼ਸ਼ੀਸ਼ਾਂ ਮੰਗਦੀ ਹੋਈ; ਚਾਵਾਂ; ਖੁਸ਼ੀਆਂ ਗੁਲਜ਼ਾਰਾਂ ਦੀ ਮੰਗ ਕਰਦੀ ਹੈ; ਉਥੇ ਗੁਰੂ ਗੋਬਿੰਦ ਸਿੰਘ ਤੇ ਬਾਬੇ ਨਾਨਕ ਜੀ ਨੂੰ ਸਜਦੇ ਕਰਦੀ ਹੋਈ, ਲੋਕ ਖੁਸ਼ਹਾਲੀ ਲਈ ਅਰਦਾਸਾਂ ਕਰਦੀ ਹੈ। ਕਵਿੱਤਰੀ ਦੀਆਂ ਸ਼ੁੱਭ ਭਾਵਨਾਵਾਂ ਵਿਚ 'ਜੀਓ ਤੇ ਜੀਣ ਦਿਓ' ਦੀ ਇਲਤਜਾਹ ਹੈ। ਮਾਂ-ਬੋਲੀ ਪੰਜਾਬੀ ਉਸ ਦੇ ਅੰਗ-ਸੰਗ ਹੈ। ਪੰਜਾਬ ਦੀਆਂ ਰੁੱਤਾਂ, ਫ਼ਸਲਾਂ, ਰੁੱਖ, ਪਾਣੀ, ਪਿੰਡ, ਤੀਆਂ, ਅਮਲੀ, ਕੱਚ ਦੀਆਂ ਮੁੰਦਰਾਂ, ਪੰਜਾਬ ਦੀਆਂ ਧੀਆਂ, ਬਚਪਨ, ਚੀਲ-ਪਹਾੜਾਂ ਦੀ, ਪਾਰਬਤੀ ਨਦੀ ਖੇਡਾਂ, ਕੁੜੀਆਂ-ਚਿੜੀਆਂ, ਚੀਚ-ਵਹੁਟੀਆਂ, ਸਸੀ, ਕੱਚ ਦਾ ਕੰਗਣਾ, ਗ਼ਰੀਬ ਲੋਕ, ਕੱਚੀ ਕਲੀ ਆਦਿ ਪੰਜਾਬ ਦੀਆਂ ਅਜਿਹੀਆਂ ਸਸ਼ਾਤਾਂ ਸਨ, ਜਿਹੜੀਆਂ ਅੱਜ 21ਵੀਂ ਸਦੀ ਵਿਚ ਅਲੋਪ ਹਨ, ਪਰ ਕਵਿੱਤਰੀ ਦੀਆਂ ਇਹ ਅਭੁੱਲ ਯਾਦਾਂ, ਉਸ ਦੀਆਂ ਕਵਿਤਾਵਾਂ ਵਿਚ ਮੁੜ-ਮੁੜ ਮਿੱਠੇ ਦਰਦ ਜਗਾਉਂਦੀਆਂ ਯਾਦਾਂ ਬਣ ਕੇ ਉਸ ਦੀ ਵੇਦਨਾ ਨੂੰ ਸੰਵੇਦਨਾ ਵਿਚ ਰੰਗ ਰਹੀਆਂ ਹਨ। ਦੂਜੀ ਕਿਸਮ ਦੀਆਂ ਅਜਿਹੀਆਂ ਕਵਿਤਾਵਾਂ ਹਨ, ਜਿਨ੍ਹਾਂ ਵਿਚ ਧੀਆਂ ਦੀ ਪੀੜਾ ਹੈ, ਪਿੰਡ ਦੀਆਂ ਯਾਦਾਂ ਦੀ ਤੜਪ ਹੈ, ਵੋਟਾਂ ਦੇ ਛਲਾਵਿਆਂ ਦਾ ਦੁੱਖ ਹੈ। ਅਣ-ਜੰਮੀ ਧੀ ਦੀ ਵੇਦਨਾ ਹੈ। ਇਕ ਬੰਦ ਪੇਸ਼ ਹੈ :
ੲ ਰੰਗ-ਸੰਧੂਰੀ ਪਾਵੇ ਲੁੱਡੀਆਂ, ਚਹੁੰ-ਦਿਸ਼ਾਵੀ ਛਿੱਟਾਂ ਉੱਡੀਆਂ
ਕੌਣ ਸੁਹਾਗਣ ਚਾਨਣ ਦਾ ਖੂਹ, ਪੀੜ੍ਹਾ ਡਾਹਕੇ ਰਿੜਕੇ॥ (ਪੰਨਾ 25)
ੲ ਚੇਤਰ-ਮਾਹ ਦੀ ਪੂਰਨ-ਮਾਸੀ, ਗੋਲ ਜਿਵੇਂ ਸੋਨੇ ਦੀ ਤਾਸੀ,
ਹਰ ਵਿਹੜੇ ਦੀ ਲਵੇ ਤਲਾਸ਼ੀ, ਵੇਖ ਨੀ ਚੜ੍ਹਿਆ ਚੰਦਰਮਾ॥ (ਪੰਨਾ 82)
ਪੁਸਤਕ ਦਾ ਨਾਂਅ ਮਖ਼ਰ-ਚਾਨਣੀ ਹੈ, ਕਵਿੱਤਰੀ ਨੇ ਇਸ ਸ਼ਬਦ ਦੇ ਭਾਵਾਤਮਕ ਸ਼ਬਦ ਅਰਥ ਮਟਕ-ਚਾਨਣਾ ਲਏ ਹਨ, ਕਿਤੇ ਧੁੱਪ ਕਿਤੇ ਛਾਂ। ਸਮੁੱਚੇ ਤੌਰ 'ਤੇ ਇਸ ਪੁਸਤਕ ਦੀਆਂ ਕਵਿਤਾਵਾਂ ਪੰਜਾਬੀ, ਪੰਜਾਬ ਤੇ ਪੰਜਾਬੀਅਤ, ਸੱਭਿਆਚਾਰ ਤੇ ਵਿਰਸੇ ਦੇ ਰੰਗ ਵਿਚ ਰੰਗੀਆਂ, ਮਨ ਨੂੰ ਸ਼ੋਭਦੀਆਂ, ਭਾਵਨਾਤਮਕ ਰੀਝਾਂ ਜਗਾਉਂਦੀਆਂ ਹਨ। ਕਵਿੱਤਰੀ ਲਈ ਸ਼ੁੱਭ ਇੱਛਾਵਾਂ।

ਫ ਫ ਫ

ਹੋਂਦ
ਲੇਖਿਕਾ : ਸਿੰਮੀ ਪ੍ਰੀਤ ਕੌਰ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ-2
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 82889-13513.

ਸਿੰਮੀ ਪ੍ਰੀਤ ਕੌਰ ਦੀਆਂ ਕਵਿਤਾਵਾਂ ਦਾ ਪਾਠ ਕਰਦਿਆਂ, ਮਨ ਵਿਚ ਸਰਬਸ੍ਰੇਸ਼ਟ ਖ਼ਿਆਲ ਇਹ ਆਉਂਦਾ ਹੈ ਕਿ ਉਸ ਅੰਦਰ ਨਾਰੀ-ਅਸਤਿਤਵ ਪ੍ਰਤੀ ਪਰੰਪਰਾਵਾਂ ਤੋਂ ਹਟ ਕੇ ਨਵੀਂ ਸੋਚ ਇਕ ਅਜਿਹੀ ਸ਼ਕਤੀ ਦੇ ਰੂਪ ਵਿਚ ਵਿਕਸਤ ਹੁੰਦੀ ਦ੍ਰਿਸ਼ਟੀਗੋਚਰ ਹੁੰਦੀ ਹੈ, ਜੋ ਅਜੋਕੇ ਸਮੇਂ ਨਾਰੀ ਵਿਰੁੱਧ ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਖੇਤਰ 'ਚ ਹੋ ਰਹੀਆਂ ਵਧੀਕੀਆਂ, ਪੇਸ਼ ਸਮੱਸਿਆਵਾਂ ਦਾ ਜਾਗਰੂਕ ਹੋ ਕੇ ਮੁਕਾਬਲਾ ਕਰਨ ਅਤੇ ਉਨ੍ਹਾਂ ਨੂੰ ਬਦਲਣ ਲਈ ਤਿਆਰ ਹੈ। ਬਲਾਤਕਾਰੀ, ਨਾਰੀ-ਅਨਪੜ੍ਹਤਾ, ਛੋਟੀ ਉਮਰ ਦੇ ਵਿਆਹ, ਕੁੜੀਆਂ ਨੂੰ ਨਾ ਪੜ੍ਹਾਉਣ ਵਰਗੇ ਅਨੇਕਾਂ ਹੋਰ ਅਜਿਹੇ ਮਸਲੇ ਹਨ, ਜਿਹੜੇ ਕਵਿੱਤਰੀ ਦੀ ਮਾਨਸਿਕਤਾ ਨੂੰ ਬੇਚੈਨ ਕਰ ਰਹੇ ਹਨ।
ਪੰਜਾਬ ਵਿਚ ਖ਼ੁਦਕੁਸ਼ੀਆਂ ਨੇ ਪਰਿਵਾਰਕ ਮੁਸੀਬਤਾਂ ਵਧਾ ਦਿੱਤੀਆਂ ਹਨ। ਵੀਰੇ ਦੇ ਚਿਹਰੇ 'ਤੇ ਪਾਸੂਮੀਤ ਹੈ। ਕਵਿੱਤਰੀ ਦੇ ਮਨ-ਮਸਤਕ ਵਿਚ ਬਗ਼ਾਵਤ ਹੈ 'ਸੰਸਦੀਓ', 'ਵੰਗਾਰ' ਖੇਤਾਂ ਦਾ ਰਾਜਾ, ਮਾਂ ਦੀ ਉਡੀਕ, ਪ੍ਰੇਰਨਾ, 'ਹਵਾੜ', ਲਛਮਨ-ਰੇਖਾ, ਹੋਂਦ 1-2, 3 ਆਦਿ ਕਵਿਤਾਵਾਂ ਜ਼ਿੰਦਗੀ ਦੇ ਤਲਖ਼ ਤਜਰਬਿਆਂ, ਅਨੁਭਵਾਂ ਅਤੇ ਕੌੜੀਆਂ ਹਕੀਕਤਾਂ ਵਿਚੋਂ ਜਨਮ ਲੈਂਦੀਆਂ ਹਨ। ਆਪ-ਮੁਹਾਰੇ ਮਨ ਦੀਆਂ ਅਨੁਕਿਰਿਆਵਾਂ ਕਵਿੱਤਰੀ ਦੀਆਂ ਕਵਿਤਾਵਾਂ ਦਾ ਆਦਿ ਬਿੰਦੂ ਹਨ। ਨਾਰੀ ਮਨ ਦੇ ਖੰਡਿਤ ਸੁਪਨੇ ਇਨ੍ਹਾਂ ਕਵਿਤਾਵਾਂ ਦੀ ਹੋਣੀ ਹਨ। ਇਨ੍ਹਾਂ ਕਵਿਤਾਵਾਂ ਵਿਚ ਕਵਿੱਤਰੀ ਜ਼ਿੰਦਗੀ ਦੀਆਂ ਟੁੱਟੀਆਂ ਸੱਧਰਾਂ ਦਾ ਜਿੱਥੇ ਨਾਰੀ ਮਨ ਵਿਚ ਉੱਠ ਰਹੀ ਚੀਸ ਤੇ ਚੀਖ਼, ਬਗ਼ਾਵਤ ਬਣਦੀ ਨਜ਼ਰ ਆਉਂਦੀ ਹੈ। ਇਹੋ ਇਨ੍ਹਾਂ ਕਵਿਤਾਵਾਂ ਦੀ ਸਮਾਜਿਕਤਾ ਹੈ। ਪਿਛਲੇ ਸਾਲਾਂ ਵਿਚ ਕਵਿੱਤਰੀ ਦੇ ਹੰਢਾਏ ਤਲਖ਼ ਅਨੁਭਵਾਂ ਦੇ ਪਿਛੋਕੜ ਵਿਚ ਇਹ ਕਵਿਤਾਵਾਂ ਦਾ 'ਕਥਨ' 'ਕ੍ਰੋਧ ਵਿਰੋਧ' ਤੱਕ ਤਾਂ ਅਭਿਵਿਅਕਤ ਹੁੰਦਾ ਹੈ ਪਰ ਕਾਵਿ ਦਰਸ਼ਨ ਕਵਿੱਤਰੀ ਦਾ ਅਜੇ ਸੰਰਚਨਾਤਮਿਕ ਦੌਰ ਵਿਚ ਹੈ। ਮਨੁੱਖੀ ਦੁੱਖ-ਸੁੱਖ ਦੀਆਂ ਝਲਕੀਆਂ ਦਰਸਾਉਣਾ ਹੀ ਕਵਿਤਾ ਦਾ ਲਕਸ਼ ਨਹੀਂ, ਬਲਕਿ ਪਾਠਕਾਂ ਦੀ ਸੋਚ ਵਿਸ਼ੇਸ਼ ਗਤੀ ਵੱਲ ਵੀ ਨਿਰੰਤਰ ਗਤੀਮਾਨ ਹੋਣੀ ਚਾਹੀਦੀ ਹੈ। ਸਿੰਮੀ ਪ੍ਰੀਤ ਕੌਰ ਨਿਰੰਤਰ ਇਸ ਖੇਤਰ ਵਿਚ ਅਧਿਐਨ ਕਰਤਾ ਹੈ। ਮਨੁੱਖ ਦੇ ਆਪਸੀ ਰਿਸ਼ਤਿਆਂ ਦੇ ਵਰਤਮਾਨ ਸਬੰਧਾਂ ਦੀ ਰੌਸ਼ਨੀ ਵਿਚ ਉਹ ਸਮਾਜ ਲਈ ਨਵੀਂ ਚੇਤਨਾ ਦਾ ਸੁਨੇਹੜਾ ਜ਼ਰੂਰ ਸੰਚਾਰੇਗੀ, ਸਾਨੂੰ ਇਹ ਭਰੋਸਾ ਹੈ।

ਂਡਾ: ਅਮਰ ਕੋਮਲ
ਮੋ: 084378-73565.
ਫ ਫ ਫ

04/11/2017

 ਪ੍ਰਸ਼ਾਸਨਿਕ ਚਿੰਤਕ
ਮੂਲ ਲੇਖਕ : ਡਾ: ਵਿਜੇ ਅਗਰਵਾਲ
ਅਨੁਵਾਦ : ਸੁਰਜੀਤ ਤਲਵਾਰ ਤੇ ਜਸਪ੍ਰੀਤ ਕੌਰ ਸੋਹੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 320
ਸੰਪਰਕ : 78377-18723.

ਡਾ: ਵਿਜੇ ਅਗਰਵਾਲ 1983 ਬੈਚ ਦਾ ਭਾਰਤੀ ਸਿਵਲ ਸਰਵਿਸ ਦਾ ਅਧਿਕਾਰੀ ਹੈ, ਜਿਸ ਨੇ ਸਵੈ-ਇੱਛਾ ਨਾਲ ਸੇਵਾ-ਮੁਕਤੀ ਲੈ ਕੇ ਨੌਜਵਾਨਾਂ ਦਾ ਮਾਰਗ ਦਰਸ਼ਨ ਕਰਨ ਦਾ ਬਿਖੜਾ ਰਾਹ ਚੁਣਿਆ ਹੈ। ਉਹ ਆਪਣੇ ਅਧਿਐਨ, ਮਿਹਨਤ, ਚਿੰਤਨ ਤੇ ਅਨੁਭਵ ਦੇ ਸੁਮੇਲ ਨਾਲ ਜੋ ਵੀ ਲਿਖਦਾ ਬੋਲਦਾ ਹੈ, ਉਸ ਵਿਚ ਦਿਲ ਦਿਮਾਗ ਨੂੰ ਤੀਖਣਤਾ ਨਾਲ ਪ੍ਰਭਾਵਿਤ ਕਰਨ ਦੀ ਸ਼ਕਤੀ ਠਾਠਾਂ ਮਾਰਦੀ ਹੈ।
ਲੋਕ ਪ੍ਰਕਾਸ਼ਨ ਨੂੰ ਸਿਵਲ ਸੇਵਾਵਾਂ ਵਿਚ ਇਕ ਵਿਸ਼ੇ ਵਜੋਂ ਲੈ ਕੇ ਪ੍ਰੀਖਿਆ ਦੇਣ ਵਾਲਿਆਂ ਨੂੰ ਤਾਂ ਇਸ ਕਿਤਾਬ ਦਾ ਵਿਸ਼ੇਸ਼ ਲਾਭ ਹੋ ਸਕਦਾ ਹੈ। ਉਂਜ ਬਾਕੀ ਪ੍ਰੀਖਿਆਰਥੀਆਂ ਨੂੰ ਪ੍ਰਸ਼ਾਸਨ ਦੀਆਂ ਬਾਰੀਕੀਆਂ ਤੇ ਸਿਧਾਂਤ ਸਮਝਣ ਵਾਸਤੇ ਵੀ ਇਸ ਨਾਲ ਮਦਦ ਮਿਲੇਗੀ। ਪ੍ਰਸ਼ਾਸਨ/ਪ੍ਰਬੰਧ ਵਿਚ ਲੱਗੇ ਹੋਏ ਅਧਿਕਾਰੀਆਂ ਦਾ ਮਾਰਗ ਦਰਸ਼ਨ ਵੀ ਕਰੇਗੀ ਇਹ ਪੁਸਤਕ। ਲੇਖਕ ਨੇ ਭਾਰਤੀ ਪਰੰਪਰਾ ਦੇ ਕੁਟਲ ਨੀਤੀਵੇਤਾ ਚਾਣਕਿਆ ਨਾਲ ਆਪਣੀ ਗੱਲ ਸ਼ੁਰੂ ਕੀਤੀ ਹੈ। ਉਸ ਨੇ ਵੁਡਰੋ ਵਿਲਸਨ, ਟੇਲਰ, ਫਾਓਲ, ਲੂਥਰ ਗੁਲਿਕ, ਉਰਵਿਕ, ਮੈਕਸ ਵੈਬਰ, ਮਾਰਕਸ, ਢੋਵੇਤ, ਬਰਨਾਡ, ਸਾਈਮਨ, ਮੇਸਲੋ, ਮੈਕਮਰੈਗਰ, ਰਿਗਜ਼, ਆਰਗੀਰਿਸ ਲਿਕਰਟ, ਐਲਟਨ ਮੇਯੋ ਤੇ ਹੇਰਜ਼ਬਰਗ ਨਾਲ ਸੰਖੇਪ ਜਾਣ-ਪਛਾਣ ਕਰਵਾਉਂਦੇ ਹੋਏ ਉਨ੍ਹਾਂ ਦੇ ਸਿਧਾਂਤਾਂ ਦੀ ਸਰਲ ਵਿਆਖਿਆ ਕੀਤੀ ਹੈ। ਕੁਝ ਅਧਿਆਵਾਂ ਵਿਚ ਲੋਕ ਪ੍ਰਸ਼ਾਸਨ ਦੀ ਮੁਢਲੀ ਸਿਧਾਂਤਕ ਜਾਣਕਾਰੀ ਵੀ ਦਿੱਤੀ ਗਈ ਹੈ।
ਮੂਲ ਪੁਸਤਕ ਨੀਰਸ ਜਾਂ ਰੁਖੀ ਨਹੀਂ। ਇਸ ਕਰਕੇ ਮੋਟੇ ਰੂਪ ਵਿਚ ਸਮਝਣੀ ਸੌਖੀ ਹੈ। ਪੰਜਾਬੀ ਵਿਚ ਅਨੁਵਾਦਕ ਨੂੰ ਉਸ ਦੀ ਮਿਹਨਤ ਦਾ ਮੁੱਲ ਕੋਈ ਨਹੀਂ ਦਿੰਦਾ। ਇਹ ਕੌੜਾ ਸੱਚ ਹੈ। ਇਸੇ ਕਾਰਨ ਬਹੁਤੇ ਅਨੁਵਾਦ ਸੰਤੁਸ਼ਟੀ ਨਹੀਂ ਦਿੰਦੇ। ਇਹ ਅਨੁਵਾਦ ਵੀ ਮਸਾਂ ਗੁਜ਼ਾਰੇ ਯੋਗ ਹੈ। ਹਿੰਦੀ ਸ਼ਬਦਾਵਲੀ/ਮੁਹਾਵਰੇ/ਵਾਕ ਬਣਤਰ ਅਤੇ ਅਸਪੱਸ਼ਟਤਾ ਕਈ ਥਾਂ ਸੁਆਦ ਮਾਰਦੀ ਹੈ। ਵੇਬਰ ਦੀ ਨੌਕਰਸ਼ਾਹੀ ਦੀ ਮਾਡਲ (ਪੰਨਾ 142) ਤੇ ਨੌਕਰਸ਼ਾਹੀ ਦੇ ਮਾੜੇ ਪਰਿਣਾਮ (ਪੰਨਾ 146) ਬਸ ਦੋ ਉਦਾਹਰਨਾਂ ਹੀ ਕਾਫੀ ਹਨ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਵਿਸ਼ਵ ਪ੍ਰਸਿੱਧ ਜੀਵਨੀਆਂ
ਜੀਵਨੀਕਾਰ : ਡਾ: ਗੁਰਚਰਨ ਸਿੰਘ ਔਲਖ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 300 ਰੁਪਏ, ਸਫ਼ੇ : 188
ਸੰਪਰਕ : 0172-5027427.

ਹਥਲੀ ਪੁਸਤਕ ਵਿਚ ਲੇਖਕ ਨੇ 25 ਜਗਤ ਪ੍ਰਸਿੱਧ ਵਿਅਕਤੀਆਂ ਦੀਆਂ ਸੰਖੇਪ ਜੀਵਨੀਆਂ ਤਿਆਰ ਕੀਤੀਆਂ ਹਨ। ਇਨ੍ਹਾਂ ਦੀ ਇਕ ਸ਼੍ਰੇਣੀ ਸਿੱਖ ਸਤਿਗੁਰਾਂ (ਗੁਰੂ ਨਾਨਕ, ਗੁਰੂ ਹਰਿਗੋਬਿੰਦ, ਗੁਰੂ ਗੋਬਿੰਦ ਸਿੰਘ) ਨਾਲ ਸਬੰਧ ਰੱਖਦੀ ਹੈ। ਇਸ ਹੋਰ ਪੰਜਾਬ ਦੇ ਵੀਰ ਯੋਧਿਆਂ (ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ) ਬਾਰੇ ਹੈ। ਭਾਰਤ ਦੇ ਸੁਤੰਤਰਤਾ ਸੈਨਾਨੀ ਅਤੇ ਰਾਜਸੀ ਆਗੂਆਂ (ਲਾਲਾ ਹਰਦਿਆਲ, ਸਰਦਾਰ ਭਗਤ ਸਿੰਘ, ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ) ਦੇ ਜੀਵਨ-ਬਿਰਤਾਂਤ ਵੀ ਇਸ ਪੁਸਤਕ ਦਾ ਅੰਗ ਬਣੇ ਹਨ। ਦੁਨੀਆ ਦੇ ਕੁਝ ਹੋਰ ਭਾਗਾਂ ਵਿਚ ਜੰਮੇ-ਜਾਏ ਮਹਾਂਪੁਰਖਾਂ (ਗਾਰੀਬਾਲਡੀ, ਨਾਈਟਿੰਗੇਲ, ਹੈਨਰੀ ਡਯੂਨਾ, ਜਾਰਜ ਵਾਸ਼ਿੰਗਟਨ, ਜੈਫ਼ਰਸਨ, ਲਿੰਕਨ, ਮਾਰਕ, ਮਾਓ ਅਤੇ ਮਦਰ ਟਰੇਸਾ... ਇਤਿਆਦਿ) ਦਾ ਜੀਵਨ-ਬਿਰਤਾਂਤ ਵੀ ਇਸ ਪੁਸਤਕ ਦੀ ਸੋਭਾ ਬਣਿਆ ਹੈ। ਪ੍ਰੋ: ਪੂਰਨ ਸਿੰਘ ਵਾਂਗ ਉਸ ਨੇ ਇਨ੍ਹਾਂ ਮਹਾਂਪੁਰਖਾਂ ਨੂੰ 'ਕਲਾਧਾਰੀ' ਕਿਹਾ ਹੈ। ਪੂਰਨ ਸਿੰਘ ਨੇ ਕਾਰਲਾਈਲ ਦੀ ਇਕ ਪੁਸਤਕ '+ਅ 8ਕਗਰ ਼ਅਦ 8ਕਗਰ-ਰੁਰਗਤੀਜਬ' ਤੋਂ ਇਹ ਨਾਂਅ ਲਿਆ ਸੀ।
ਉੱਤਰ-ਆਧੁਨਿਕ ਵਿਚਾਰਧਾਰਾ ਨਾਲ ਸਬੰਧਿਤ ਕਾਈ ਚਿੰਤਕ (ਦੈਰਿਦਾ, ਮਸ਼ੇਲ ਫੂਕੋ ਅਤੇ ਲਿਓਤਾਰਦ ਆਦਿ) ਇਤਿਹਾਸਕਾਰੀ ਨੂੰ ਵੀ 'ਫਿਕਸ਼ਨ' ਮੰਨਦੇ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ਕੋਈ ਵੀ ਇਤਿਹਾਸ ਨਿਰਪੱਖ ਜਾਂ ਪਾਰਦਰਸ਼ੀ ਨਹੀਂ ਹੋ ਸਕਦਾ। ਹਰ ਇਤਿਹਾਸ ਕਿਸੇ ਨਾ ਕਿਸੇ ਪੈਂਤੜੇ ਜਾਂ ਪੱਖ ਨੂੰ ਲੈ ਕੇ ਲਿਖਿਆ ਜਾਂਦਾ ਹੈ ਅਤੇ ਇਤਿਹਾਸ ਭਾਸ਼ਾ ਦੇ ਆਪਹੁਦਰੇ ਵਰਤਾਰੇ ਦੀ ਇਕ ਖੇਡ ਮਾਤਰ ਹੁੰਦਾ ਹੈ। ਪਰ ਡਾ: ਔਲਖ ਵਰਗੇ ਸਮਰਪਿਤ ਇਤਿਹਾਸਕਾਰ ਅਜਿਹੀਆਂ ਧਾਰਨਾਵਾਂ ਨੂੰ ਨਹੀਂ ਮੰਨਦੇ ਬਲਕਿ ਉਨ੍ਹਾਂ ਅਨੁਸਾਰ ਘਟਨਾਵਾਂ ਨਾਲ ਟਾਕਰਾ ਕਰਨ ਦਾ ਮਨਸ਼ਾ ਅਤੇ ਸ਼ਕਤੀ ਵਿਚੋਂ ਹੀ ਇਤਿਹਾਸ ਪੈਦਾ ਹੁੰਦਾ ਹੈ ਅਤੇ ਅਮਰਤਵ, ਇਸ ਦਾ ਇਕ ਮੂਲ ਲੱਛਣ ਹੈ। ਇਸ ਪੁਸਤਕ ਵਿਚ ਸੰਗ੍ਰਹਿਤ ਜੀਵਨੀਆਂ ਯੁਵਾ-ਪੀੜ੍ਹੀ ਲਈ ਇਕ ਰੋਲ-ਮਾਡਲ ਬਣ ਸਕਦੀਆਂ ਹਨ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਨਵੇਂ ਸੁਨੇਹੜੇ
ਕਵੀ : ਡਾ: ਅਮਰ ਕੋਮਲ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 84378-73565.

'ਨਵੇਂ ਸੁਨੇਹੜੇ' ਡਾ: ਅਮਰ ਕੋਮਲ ਦੀ ਨਵੀਂ ਕਾਵਿ-ਪੁਸਤਕ ਹੈ, ਜਿਸ ਵਿਚੋਂ ਕਵੀ ਦੀ ਉਮਰ ਦਾ ਤਜਰਬਾ ਝਲਕਦਾ ਹੈ। ਡਾ: ਕੋਮਲ ਦੀਆਂ ਸੁਨੇਹੜਿਆਂ ਦੇ ਰੂਪ ਵਿਚ ਰਚੀਆਂ ਇਹ ਕਤਿਾਵਾਂ ਜਿਥੇ ਫ਼ਲਸਫ਼ਾਨਾ ਅੰਦਾਜ਼ ਦੀਆਂ ਧਾਰਨੀ ਹਨ, ਉਥੇ ਸਾਡੇ ਸਮਾਜ ਵਿਚ ਪੈਦਾ ਹੋਈਆਂ ਕੁਰੀਤੀਆਂ ਪ੍ਰਤੀ ਸੁਚੱਜੀ ਅਤੇ ਸਹਿਜ ਪਹੁੰਚ ਨਾਲ ਉਨ੍ਹਾਂ ਨੂੰ ਖ਼ਤਮ ਕਰਨ ਦਾ ਹੋਕਾ ਵੀ ਦਿੰਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਕੋਈ ਮਾਅਰਕੇਬਾਜ਼ੀ ਜਾਂ ਨਾਅਰੇਬਾਜ਼ੀ ਨਹੀਂ ਸਗੋਂ ਸ਼ਾਂਤ ਪਾਣੀ ਵਰਗਾ ਅਨੁਭਵ ਅਤੇ ਅਹਿਸਾਸ ਹਨ ਜੋ ਪਾਠਕ ਨੂੰ ਪ੍ਰਭਾਵਿਤ ਕਰਦੇ ਹਨ। ਕਵੀ ਮਾਨਵੀ ਕਦਰਾਂ-ਕੀਮਤਾਂ ਨੂੰ ਸਮਾਜ ਵਿਚ ਫੈਲਾ ਕੇ ਨਫ਼ਰਤ, ਈਰਖਾ, ਸਾੜਾ ਖ਼ਤਮ ਕਰਨਾ ਚਾਹੁੰਦਾ ਹੈ। ਉਹ ਦੂਜਿਆਂ ਪ੍ਰਤੀ ਸ਼ੁੱਭ-ਇੱਛਾ ਰੱਖਣ ਦੀ ਤਾਗੀਦ ਵੀ ਕਰਦਾ ਹੈ ਅਤੇ ਆਪਣੇ-ਆਪੇ ਨੂੰ ਪਛਾਨਣ ਲਈ ਕਾਵਿਕ-ਅਰਜੋਈ ਵੀ ਕਰਦਾ ਹੈ। ਚਾਹੇ ਗੰਧਲਾ ਹੋ ਰਿਹਾ ਸਮਾਜਿਕ ਵਾਤਾਵਰਨ ਹੋਵੇ ਜਾਂ ਫਿਰ ਭੂਗੋਲਿਕ ਵਾਤਾਵਰਨ, ਕਵੀ ਦੇ ਦਿਲ ਵਿਚ ਇਸ ਦਾ ਦਰਦ ਹੈ। ਆਪਣੇ ਇਕ ਸੌ ਚੌਬਰਗਿਆਂ ਵਿਚੋਂ ਜੋ ਇਸ ਪੁਸਤਕ ਵਿਚ ਸ਼ਾਮਿਲ ਹਨ, ਉਸ ਨੇ ਹਰੇਕ ਉਸ ਪੱਖ ਨੂੰ ਛੋਹਿਆ ਹੈ, ਮਾਨਵ ਵਿਰੋਧੀ ਹੈ ਅਤੇ ਉਸ ਪੱਖ ਦੀ ਪ੍ਰੋੜ੍ਹਤਾ ਕੀਤੀ ਹੈ, ਜੋ ਮਾਨਵ ਹਿਤੈਸ਼ੀ ਹੈ। ਪਰ ਕਈ ਕਵਿਤਾਵਾਂ ਵਿਚ ਕਵੀ ਆਪਣੇ-ਆਪੇ ਨਾਲ ਵੀ ਸੰਵਾਦੀ ਸੁਰ ਵਿਚ ਮੁਖ਼ਾਤਿਬ ਹੁੰਦਾ ਹੈ। ਉਹ ਉਸ ਹਰ ਵਰਤਾਰੇ ਦੀ ਹਾਮੀ ਭਰਦਾ ਹੈ ਜਿਸ ਸਦਕਾ ਮਨੁੱਖ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਗ੍ਰਹਿਣ ਕਰਦਾ ਹੈ ਅਤੇ ਉਸ ਹਰ ਵਰਤਾਰੇ ਉੱਤੇ ਕਾਵਿ-ਵਿਅੰਗ ਕਰਕੇ ਸੁਚੇਤ ਵੀ ਕਰਦਾ ਹੈ ਜੋ ਮਨੁੱਖਤਾ ਲਈ ਘਾਤਕ ਹੈ। ਪ੍ਰੋੜ੍ਹ ਉਮਰ ਦੇ ਅਨੁਭਵ ਨੂੰ ਕਾਵਿਕ ਰੰਗਣ ਵਿਚ ਪੇਸ਼ ਕਰਦੀ ਇਹ ਪੁਸਤਕ ਪੜ੍ਹਨਯੋਗ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਖੂੰਡੇ ਵਾਲੇ ਬਾਬੇ
ਸੰਪਾਦਕ : ਕੇ. ਐਲ. ਗਰਗ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 300 ਰੁਪਏ, ਸਫ਼ੇ : 215
ਸੰਪਰਕ : 94635-37050.

ਹਥਲੀ ਪੁਸਤਕ ਵਿਚ ਬਹੁ-ਪੱਖੀ ਸਾਹਿਤਕ ਪ੍ਰਤਿਭਾ ਦੇ ਮਾਲਕ ਕੇ. ਐਲ. ਗਰਗ ਨੇ 43 ਉੱਚ ਕੋਟੀ ਦੇ ਹਾਸ-ਵਿਅੰਗ ਸ਼ਾਇਰਾਂ ਦੀਆਂ ਚੋਣਵੀਆਂ ਰਚਨਾਵਾਂ ਨੂੰ ਅੰਕਿਤ ਕੀਤਾ ਹੈ। ਬੜੇ ਸਰਲ, ਸਪੱਸ਼ਟ ਅਤੇ ਠੇਠ ਸ਼ਾਬਦਿਕ ਮੁਹਾਵਰੇ ਵਿਚ ਇਨ੍ਹਾਂ ਕਵੀਆਂ ਨੇ ਸਮਾਜਿਕ, ਧਾਰਮਿਕ, ਨੈਤਿਕ, ਰਾਜਨੀਤਕ ਅਤੇ ਹੋਰ ਪ੍ਰਸਥਿਤੀਆਂ ਤੋਂ ਉਪਜੀਆਂ ਮਾਨਵੀ ਅਸੰਗਤੀਆਂ ਨੂੰ ਕਾਰਗਰ ਤਰੀਕੇ ਨਾਲ ਪੇਸ਼ ਕੀਤਾ ਹੈ। ਕਲਮ ਰੂਪੀ ਖੂੰਡਾ ਚਲਾਉਣ ਵਾਲਿਆਂ ਦੇ ਮੋਢੀਆਂ ਵਿਚ ਸ: ਸ ਚਰਨ ਸਿੰਘ ਸ਼ਹੀਦ, ਭਾਈਆ ਈਸ਼ਰ ਸਿੰਘ ਈਸ਼ਰ, ਸੂਬਾ ਸਿੰਘ, ਗੁਰਦੇਵ ਸਿੰਘ ਮਾਨ, ਦਾਨ ਸਿੰਘ ਕੋਮਲ, ਗੁਰਦਾਸ ਰਾਮ ਆਲਮ ਆਦਿ ਦਾ ਵਿਸ਼ੇਸ਼ ਯੋਗਦਾਨ ਹੈ ਜੋ ਇਕ ਪਾਸੇ ਢਿੱਡੀਂ ਪੀੜਾਂ ਪਾ ਕੇ ਪਾਠਕਾਂ ਅਤੇ ਸਰੋਤਿਆਂ ਦੀ ਰੂਹ ਨੂੰ ਤਰੋ-ਤਾਜ਼ਾ ਕਰਕੇ ਮਨ ਦੀਆਂ ਤਾਰਾਂ ਨੂੰ ਤਰੰਗਿਤ ਕਰ ਦਿੰਦਾ ਹੈ ਅਤੇ ਦੂਜੇ ਪਾਸੇ ਮਾਨਵ ਨੂੰ ਹਰ ਪ੍ਰਕਾਰ ਦੇ ਐਬਾਂ ਤੋਂ ਮੁਕਤ ਕਰਨ ਦਾ ਮਾਰਗ ਵੀ ਪ੍ਰਦਾਨ ਕਰ ਦਿੰਦਾ ਹੈ। ਇਸੇ ਤਰ੍ਹਾਂ ਹਰੀ ਸਿੰਘ ਦਿਲਬਰ, ਸੁਮੇਰ ਸਿੰਘ ਮਸਤਾਨਾ, ਸ਼ੇਰ ਸਿੰਘ ਕਮਲ, ਭੂਸ਼ਨ, ਪ੍ਰੋ: ਕੈਲਵੀ, ਲਾਲੀ ਕਰਤਾਰ ਪੁਰੀ, ਅਮਰ ਸੂਫ਼ੀ, ਸੁਖਦਰਸ਼ਨ ਗਰਗ, ਸੰਦੀਪ ਕੁਮਾਰ, ਦੀਪ ਜ਼ੀਰਵੀ, ਜਗਦੀਸ਼ ਰਾਏ ਕੁਲਰੀਆ ਆਦਿ ਅਜਿਹੇ ਸ਼ਾਇਰ ਹਨ ਜਿਨ੍ਹਾਂ ਨੇ ਭ੍ਰਿਸ਼ਟਾਚਾਰ, ਲੁੱਟ-ਖਸੁੱਟ, ਅਖੌਤੀ ਸੰਤਾਂ ਬਾਬਿਆਂ, ਰਾਜਸੀ ਨੇਤਾਵਾਂ, ਵੱਢੀਖੋਰ ਅਫਸਰਾਂ ਆਦਿ ਪ੍ਰਤੀ ਚੰਗੇ ਵਿਅੰਗ ਕੱਸੇ ਹਨ। ਸਾੜ-ਫੂਕ, ਡਕੈਤੀਆਂ, ਕਤਲ, ਛਲ ਕਪਟ ਆਦਿ ਸਰੋਕਾਰਾਂ ਸਬੰਧੀ ਪੁਸਤਕ ਵਿਚ ਦਰਜ ਵਿਭਿੰਨ ਕਾਵਿ-ਰੂਪਾਂ ਜ਼ਰੀਏ ਕਮਾਲ ਦੇ ਹਾਸ-ਵਿਅੰਗ ਸਿਰਜੇ ਗਏ ਹਨ। ਸਮਕਾਲੀਨ ਸਮੱਸਿਆਵਾਂ, ਨੋਟਬੰਦੀ ਦੇ ਪ੍ਰਭਾਵ, 'ਅੱਛੇ ਦਿਨ ਦੀ ਉਮੀਦ' ਅਤੇ ਮੋਬਾਈਲ ਦੀ ਦੇਣ, ਫੇਸ ਬੁੱਕ, ਵਟਸੱਪ, ਕੁਮੈਂਟ, ਸਕਾਈਪ, ਲਾਈਕ ਤੇ ਹਾਈਕ ਆਦਿ ਵਿਸ਼ਿਆਂ ਸਬੰਧੀ ਵੀ ਪੁਸਤਕ ਵਿਚ ਹਾਸ-ਭਰਪੂਰ ਵਿਅੰਗ ਹਨ।

ਂਡਾ: ਜਗੀਰ ਸਿੰਘ ਨੂਰ
ਮੋ: 98142-09732.
ਫ ਫ ਫ

ਕੁਝ ਪਲ ਮੇਰੇ ਨਾਂ ਕਰਦੇ
ਲੇਖਕ : ਕਮਲ ਸੇਖੋਂ
ਪ੍ਰਕਾਸ਼ਕ ਟਵੈਂਟੀ ਫਰਸਟ ਸੈਂਚਰੀ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 100 ਰੁਪਏ, ਸਫ਼ੇ : 72
ਸੰਪਰਕ : 90564-53,888.

ਕਮਲ ਸੇਖੋਂ ਕੋਮਲ ਭਾਵੀ ਜਜ਼ਬਿਆਂ ਅਤੇ ਵਿਚਾਰਾਂ ਨਾਲ ਓਤਪੋਤ ਸ਼ਾਇਰਾ ਹੈ ਜਿਸ ਨੇ ਆਪਣੇ ਮਨਮਸਤਕ ਦੀ ਦ੍ਰਿਸ਼ਟੀ ਨਾਲ ਆਪਣੇ ਨਿੱਜ ਅਤੇ ਆਲੇ-ਦੁਆਲੇ ਦੇ ਸਮਾਜਿਕ ਚੌਗਿਰਦੇ ਨੂੰ ਅਤਿ ਬਾਰੀਕੀ ਨਾਲ ਘੋਖਿਆ ਹੈ ਤੇ ਆਪਣੇ ਕੋਮਲ ਹਿਰਦੇ 'ਤੇ ਪਏ ਪਰਿਭਾਵਾਂ ਨੂੰ ਸਾਦਾ ਸ਼ਬਦਾਂ ਵਿਚ ਗੀਤਾਂ ਦਾ ਰੂਪ ਦੇ ਕੇ ਪਾਠਕਾਂ ਦੇ ਰੂਬਰੂ ਕੀਤਾ ਹੈ। ਉਸ ਦੇ ਗੀਤਾਂ ਵਿਚ ਅੱਲੜ੍ਹ ਤੇ ਕੁਆਰੀ ਮੁਹੱਬਤ ਦਾ ਵੇਗ ਵੀ ਹੈ ਤੇ ਆਵੇਗ ਵੀ ਹੈ। ਨਹੋਰੇ, ਸ਼ਿਕਵੇ, ਵਸਲ ਅਤੇ ਵਿਛੋੜੇ ਦੀ ਝਲਕ ਵੀ ਵਿਦਮਾਨ ਹੈ। ਕਮਲ ਨੇ ਕੇਵਲ ਔਰਤ ਦੀ ਮੁਹੱਬਤ ਦੀ ਬਾਤ ਹੀ ਨਹੀਂ ਪਾਈ ਬਲਕਿ ਸਮਾਜਿਕ ਸਰੋਕਾਰਾਂ ਨੂੰ ਵੀ ਆਪਣੇ ਗੀਤਾਂ ਦਾ ਵਿਸ਼ਾ ਵਸਤੂ ਬਣਾਇਆ ਹੈ, ਆਪਣੇ ਬਾਲਪਨ ਨੂੰ ਵੀ ਚਿਤ੍ਰਿਆ ਹੈ ਅਤੇ ਆਪਣੇ ਪਿੰਡ ਪ੍ਰਤੀ ਮੋਹ ਦੀ ਵੀ ਬਾਤ ਪਾਈ ਹੈ।
ਮਿਸਾਲ ਵਜੋਂ ਸਮਾਜਿਕ ਸਰੋਕਾਰਾਂ ਬਾਰੇ ਉਸ ਦੇ ਇਕ ਗੀਤ ਦੇ ਬੋਲ ਹਨ : ਉਹ ਰੱਬ ਨੂੰ ਉਲਾਂਭਾ ਦਿੰਦੀ ਹੈ :
ਭੈਣਾਂ ਵੀਰ ਮੰਗਣ ਲਈ ਕਰਦੀਆਂ ਅਰਜੋਈ
ਭੈਣ ਕਿਉਂ ਨੀ ਮੰਗਦਾ ਵੀਰ ਅੱਜ ਕੋਈ
ਧੀਆਂ ਭੈਣਾਂ ਦੀ ਇੱਜ਼ਤ ਘਟਾਈ ਕਾਸਤੇ
ਰੱਬਾ ਸੱਚੀਂ ਦੱਸੀਂ ਦੁਨੀਆ ਬਣਾਈ ਕਾਸਤੇ।
ਨੂੰਹਾਂ ਨੂੰ ਦੱਸ ਕਿੱਦਾਂ ਉਹ ਕਰਨ ਪਿਆਰ
ਆਪਣੀ ਧੀ ਹੀ ਜਿਨ੍ਹਾਂ ਕੁੱਖ ਵਿਚ ਦਿੱਤੀ ਮਾਰ
ਜਗ ਜਨਣੀ ਅਪਣੇ ਜੰਮਿਆ ਤੇ ਪਛਤਾਈ ਕਾਸਤੇ
ਰੱਬਾ....।
ਅਤਿ ਸਰਲ ਸ਼ਬਦਾਂ ਵਿਚ ਰਚੇ ਗੀਤ ਪਾਠਕਾਂ ਦੇ ਧੁਰ ਅੰਦਰ ਲਹਿ ਜਾਣ ਦੇ ਸਮਰੱਥ ਹਨ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

ਜੀਵਨ-ਜੁਗਤਿ
ਲੇਖਕ : ਪ੍ਰਿੰ: ਨਿਰੰਜਨ ਸਿੰਘ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 100 ਰੁਪਏ, ਸਫ਼ੇ : 128
ਸੰਪਰਕ : 99150-48005.

ਇਸ ਪੁਸਤਕ ਵਿਚ ਲੇਖਕ ਨੇ 'ਸੁਰਤ ਦੇ ਉੱਚੇ ਮੰਡਲਾਂ ਵਿਚ ਪਹੁੰਚੇ ਮਹਾਂਪੁਰਖਾਂ ਦੇ ਨੁਸਖੇ ਇਕੱਠੇ ਕਰਕੇ ਇਕ ਧਾਗੇ ਵਿਚ ਪਰੋਣ ਦਾ ਉਪਰਾਲਾ ਕੀਤਾ ਹੈ ਤਾਂ ਕਿ ਪਿੱਛੇ ਆਉਂਦੇ ਜਿਗਿਆਸੂਆਂ ਨੂੰ ਸੁਖੀ ਤੇ ਅਨੰਦਮਈ ਜੀਵਨ ਪ੍ਰਾਪਤ ਕਰਨ ਵਿਚ ਸੁਵਿਧਾ ਰਹੇ। ਪਹਿਲਾ ਕਾਂਡ ਹੈ 'ਸੰਤੁਲਤ ਜੀਵਨ' ਜਿਸ ਵਿਚ ਨਰੋਈ ਖੁਰਾਕ, ਨਿਰਮਲ ਜਲ ਤੇ ਸੁੱਧ ਹਵਾ ਲਾਜ਼ਮੀ ਹੈ। ਇਹ ਤਿੰਨੇ ਮਿਲ ਜਾਣ ਤਾਂ ਮਨੁੱਖ ਦਾ ਜੀਵਨ ਸੰਤੁਲਿਤ ਰਹਿੰਦਾ ਹੈ, ਕਿਸੇ ਇਕ ਦੀ ਵੀ ਕਮੀ ਰਹਿ ਜਾਏ ਤਾਂ ਸਰੀਰ ਰੋਗੀ ਹੋ ਜਾਂਦਾ ਹੈ। ਅੱਗੇ ਜਾ ਕੇ ਦੱਸਿਆ ਹੈ ਕਿ ਖੁਰਾਕ ਵਿਚ ਕਿਹੜੇ-ਕਿਹੜੇ ਅੰਸ਼ ਲਾਜ਼ਮੀ ਹੋਣੇ ਚਾਹੀਦੇ ਹਨ, ਜਿਵੇਂ ਕਾਰਬੋਹਾਈਡ੍ਰੇਟਸ, ਫੈਟਸ, ਪ੍ਰੋਟੀਨਜ਼, ਵਿਟਾਮਿਨ ਤੇ ਮਿਨਰਲ ਸਾਲਟਸ। ਲੇਖਕ ਨੇ ਸਰੀਰ ਦੀ ਦੇਖਭਾਲ ਲਈ ਰਸਕਿਨ ਦੀ 'ਬਰੈਡ ਲੇਬਰ ਥਿਊਰੀ' ਦਾ ਜ਼ਿਕਰ ਕਰਦੇ ਹੋਏ ਕਸਰਤ ਨੂੰ ਲਾਜ਼ਮੀ ਦੱਸਿਆ ਹੈ। ਦਿਲਪਰਚਾਵਾ ਵੀ ਜ਼ਰੂਰੀ ਸਾਧਨ ਹੈ, ਨਿਯਮਿਤ ਸਮੇਂ 'ਤੇ ਸੌਣਾ-ਜਾਗਣਾ, ਖਾਣਾ-ਪੀਣਾ ਸਰੀਰ ਨੂੰ ਤੰਦਰੁਸਤੀ ਪ੍ਰਦਾਨ ਕਰਦਾ ਹੈ। 'ਮਨ ਦੀ ਖੇਡ' ਕਾਂਡ ਵਿਚ ਇਕ ਜੋਤ ਤੇ ਗਿਆਨ ਇੰਦਰੀਆਂ ਦੀ ਵਰਤੋਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਹੈ। ਲੇਖਕ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤਾ ਹੈ ਕਿ 'ਦੁੱਖ ਇਕ ਅਜਿਹਾ ਚੌਕੀਦਾਰ ਹੈ ਜੋ ਅਕਲ ਨੂੰ ਸੌਣ ਨਹੀਂ ਦਿੰਦਾ, ਜਗਾਈ ਰੱਖਦਾ ਹੈ।
ਇਸੇ ਤਰ੍ਹਾਂ ਹੋਰ ਲੇਖ ਹਨਂਜੈਹਾ ਬੀਜੈ ਸੋ ਬੁਣੈ, ਨਿਸ਼ਕਾਮ ਸੇਵਾ, ਅਨੰਤ ਸ਼ਕਤੀ, ਵਿਚਾਰ ਸੰਗਤ, ਵਿੱਦਿਆ ਦੀ ਪ੍ਰਾਪਤੀ, ਸਿੱਖਿਆ ਦੇਣ ਦੇ ਨਵੇਂ ਤਰੀਕੇ, ਵਿਆਹ ਦੇ ਸੁੱਖ, ਆਲੇ-ਦੁਆਲੇ ਦਾ ਪ੍ਰਭਾਵ, ਜਥਾ ਰਾਜਾ ਤਥਾ ਪਰਜਾ, ਗੌਰਮਿੰਟਾਂ ਦਾ ਇਕ-ਦੂਜੇ ਉੱਤੇ ਪ੍ਰਭਾਵ, ਚਾਨਣ ਮੁਨਾਰੇ ਤੇ ਸਫ਼ਲ ਤੇ ਸੁਖੀ ਜੀਵਨ ਲਈ ਮੋਟੇ-ਮੋਟੇ ਗੁਰ। ਇਹ ਸਾਰੇ ਲੇਖ ਸਫ਼ਲ ਜੀਵਨ ਵੱਲ ਜਾਂਦਾ ਗਾੜੀ ਰਾਹ ਉਲੀਕਦੇ ਹਨ, ਮਾਰਗ ਦਰਸ਼ਨ ਲਈ ਸਹਾਈ ਹਨ, ਵਿਦਵਾਨਾਂ ਤੇ ਮਹਾਂਪੁਰਖਾਂ ਦੇ ਵਿਚਾਰਾਂ ਨਾਲ ਜੋੜਦੇ ਹਨ। ਅੰਤ ਵਿਚ ਲੇਖਕ ਨੇ ਦਾਰਸ਼ਨਿਕ ਜੈਡ, ਪਲੈਟੋ, ਮਿਹਰ ਬਾਬਾ, ਰਮਨ ਮਹਾਂਰਿਸ਼ੀ, ਕ੍ਰਿਸ਼ਨਾਮੂਰਤੀ, ਟੈਗੌਰ, ਸਵਾਮੀ ਰਾਮਾਨੰਦ ਤੇ ਯੋਗੀਰਾਜ ਨਾਨਕ ਚੰਦ ਦੇ ਵਡਮੁੱਲੇ ਵਿਚਾਰ ਪੇਸ਼ ਕਰਕੇ ਪਾਠਕਾਂ ਦੇ ਗਿਆਨ ਵਿਚ ਵਾਧਾ ਕਰਨ ਦਾ ਸੁਚੱਜਾ ਉਪਰਾਲਾ ਕੀਤਾ ਹੈ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਸਿਫ਼ਤ ਸਾਲਾਹ
ਕਵੀ : ਸੁਰਿੰਦਰ ਸਿੰਘ ਸੋਹਣਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 94175-44400.

ਇਸ ਪੁਸਤਕ ਵਿਚਲੀਆਂ ਕਵਿਤਾਵਾਂ ਰੱਬੀ ਸਿਫ਼ਤ ਸਾਲਾਹ ਦੇ ਸੋਹਿਲੇ ਪੇਸ਼ ਕਰਦੀਆਂ ਹਨ। ਇਤਿਹਾਸਕ ਘਟਨਾਵਾਂ ਨੂੰ ਸਾਹਿਤਕ ਰੰਗ ਚਾੜ੍ਹ ਕੇ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ। ਉਸ ਦੀ ਭਾਸ਼ਾ ਸਾਦੀ ਪਰ ਪ੍ਰਭਾਵਸ਼ਾਲੀ ਹੈ। ਬਹੁਤੀਆਂ ਕਵਿਤਾਵਾਂ ਸਿੱਖੀ ਸਿਧਾਂਤਾਂ ਨੂੰ ਸਪੱਸ਼ਟ ਕਰਦੀਆਂ ਹਨ। ਆਓ, ਇਨ੍ਹਾਂ ਦਾ ਅਨੰਦ ਮਾਣੀਏਂ
-ਧੰਨ ਸਤਿਗੁਰ ਧੰਨ ਤੇਰਾ ਜਿਗਰਾ,
ਮੈਂ ਜਾਵਾਂ ਬਲਿਹਾਰੇ
-ਲਾਲ ਵਾਰ ਕੇ ਚਾਰੇ ਫਿਰ ਵੀ,
ਮੁੱਖ ਤੋਂ ਬਚਨ ਉਚਾਰੇ।
ਸਿੰਘ ਹੀ ਪੁੱਤਰ, ਸਿੰਘ ਹੀ ਧੀਆਂ,
ਸਿੰਘ ਹੀ ਸੱਜਣ ਮੀਤ।
ਰਹੇਗੀ ਜੀਤ, ਪੰਥ ਕੀ ਜੀਤ।
-ਸਦੀਆਂ ਤੋਂ ਸਿੱਖੀ ਨੂੰ ਪਰਖਣ,
ਤੇਗਾਂ, ਬਰਛੇ, ਛਵੀਆਂ
ਸੱਚ ਅੱਗੇ ਹਾਰ ਗਈਆਂ
ਐਪਰ ਦੇਗ਼ ਚਰਖੜੀ ਤਵੀਆਂ।
-ਸਿਰ ਕਲਗੀ ਲਗਾ ਕੇ,
ਬਾਣਾ ਕੇਸਰੀ ਵੀ ਪਾ ਕੇ
ਲੱਖ ਵੇਸ ਕਰ ਲਏ ਉਹਦੇ ਵੇਸ ਵਰਗਾ
ਨਾ ਕੋਈ ਹੋਇਆ, ਨਾ ਕੋਈ ਹੋਣਾ,
ਦਸਮੇਸ਼ ਵਰਗਾ।
ਕਈ ਕਵਿਤਾਵਾਂ ਹਾਸ ਵਿਅੰਗ ਵਾਲੀਆਂ ਹਨ ਜਿਵੇਂ :
-ਸਾਫ਼ ਜਾਂ ਮੈਲਾ ਥੜ੍ਹਾ ਸਾਹਿਬ,
ਨਾ ਐਨਾ ਫ਼ਰਕ ਪਛਾਣੀਦਾ
ਜੋ ਆਉਂਦਾ ਭਰ ਕੇ ਪਾਉਂਦਾ,
ਠਾਹ ਬਾਲਟਾ ਪਾਣੀ ਦਾ।
ਸਮੁੱਚੇ ਤੌਰ 'ਤੇ ਇਹ ਇਕ ਵਧੀਆ ਕਾਵਿ ਪੁਸਤਕ ਹੈ, ਜਿਸ ਵਿਚ ਸਦਗੁਣਾਂ ਦੀ ਪ੍ਰੇਰਨਾ ਅਤੇ ਔਗੁਣਾਂ ਦੇ ਤਿਆਗ ਦੀ ਸੇਧ ਦਿੱਤੀ ਗਈ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

28/10/2017

 ਮਿੱਥ, ਧਰਮ ਅਤੇ ਦਸਮ ਗ੍ਰੰਥ
ਲੇਖਿਕਾ : ਡਾ: ਹਰਿੰਦਰ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 132
ਸੰਪਰਕ : 98154-91048.

ਵਿਚਾਰਾਧੀਨ ਖੋਜ ਪੁਸਤਕ ਦੇ ਦੋ ਮੁੱਖ ਕਾਂਡ ਹਨ। ਇਨ੍ਹਾਂ ਦੋਵਾਂ ਕਾਂਡਾਂ ਨੂੰ ਅੱਗੋਂ ਉਪ-ਸਿਰਲੇਖਾਂ ਅਧੀਨ ਵਿਭਾਜਤ ਕਰਕੇ ਖੋਜ-ਵਿਦੁਸ਼ੀ (ਵਿਦਵਾਨ ਇਸਤਰੀ) ਨੇ ਆਪਣਾ ਖੋਜ ਕਾਰਜ ਸੰਪੰਨ ਕੀਤਾ ਹੈ। ਮਿੱਥ ਦੇ ਸੰਕਲਪ ਨੂੰ ਸਪੱਸ਼ਟ ਕਰਦਿਆਂ ਇਸ ਦਾ ਧਰਮ ਅਤੇ ਰਹੁ-ਰੀਤਾਂ ਨਾਲ ਸਬੰਧ ਦਰਸਾਇਆ ਹੈ। ਮਿੱਥ ਪੂਜਾ ਤੋਂ ਅਗਲੀ ਅਵਸਥਾ ਮਿੱਥ-ਚਿੰਤਨ ਹੁੰਦੀ ਹੈ। ਮਿੱਥ-ਚਿੰਤਨ ਦੀ ਦ੍ਰਿਸ਼ਟੀ ਤੋਂ ਦਸਮ ਗ੍ਰੰਥ ਵਿਚ ਸ਼ਾਮਿਲ ਰਚਨਾਵਾਂ (ਚੌਬੀਸ ਅਵਤਾਰ, ਬਚਿੱਤਰ ਨਾਟਕ, ਚੰਡੀ ਚਰਿੱਤਰ, ਗਿਆਨ ਪ੍ਰਬੋਧ, ਸ੍ਰੀ ਸ਼ਸਤ੍ਰ ਨਾਮ ਮਾਲਾ, ਅਕਾਲ ਉਸਤਤਿ ਆਦਿ ਨੂੰ ਅਧਿਐਨ ਵਸਤੂ ਵਜੋਂ ਗ੍ਰਹਿਣ ਕਰਕੇ ਭਾਵਪੂਰਤ ਚਰਚਾ ਕੀਤੀ ਗਈ ਹੈ।
ਦੂਸਰੇ ਕਾਂਡ ਵਿਚ ਧਰਮ ਦੇ ਤਿੰਨ ਰੂਪ ਵਿਚਾਰੇ ਗਏ ਹਨ-ਲੌਕਿਕ, ਅਲੌਕਿਕ ਅਤੇ ਵਿਕ੍ਰਿਤ। ਲੌਕਿਕ ਧਰਮ ਨੂੰ ਕਦਰ ਪ੍ਰਬੰਧ (ਵੈਲਿਊ ਸਿਸਟਮ) ਵਜੋਂ ਵਿਚਾਰਦੇ ਹੋਏ ਇਸ ਅਨੁਸਾਰ ਨਵੇਂ ਸਮਾਜ ਦੀ ਸਿਰਜਣਾ, ਨੇਕੀ ਬਨਾਮ ਬਦੀ, ਸੰਘਰਸ਼ ਬਨਾਮ ਸ਼ਕਤੀ, ਮਾਨਵੀ ਹਿਤ ਅਤੇ ਵਰਣ-ਵਿਵਸਥਾ ਬਾਰੇ; ਅਲੌਕਿਕ ਧਰਮ ਦੇ ਅੰਤਰਗਤ ਅਕਾਲ ਪੁਰਖ, ਜੀਵਾਤਮਾ, ਗੁਰੂ, ਸਦਾਚਾਰ ਆਦਿ ਬਾਰੇ ਅਤੇ ਵਿਕ੍ਰਿਤ ਧਰਮ ਵਿਚ ਕਰਮ ਕਾਂਡਾਂ, ਮੂਰਤੀ ਪੂਜਾ, ਜਾਤ ਪਾਤ ਆਦਿ ਬਾਰੇ ਉਦਾਹਰਨਾਂ ਸਹਿਤ ਵਿਸ਼ਲੇਸ਼ਣ ਕਰਨਾ ਇਸ ਅਧਿਐਨ ਦਾ ਹਾਸਲ ਹੈ।
ਲੇਖਿਕਾ ਨੇ ਸੰਸਾਰ ਦੇ ਵਿਭਿੰਨ ਸੱਭਿਆਚਾਰਾਂ ਵਿਚ ਮਿੱਥ ਨੂੰ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਪਰਿਭਾਸ਼ਤ ਹੋਣ ਦਾ ਉਲੇਖ ਕੀਤਾ ਹੈ। ਦੁਨੀਆ ਦੇ ਹਰੇਕ ਧਰਮ ਵਿਚ ਮਿੱਥਾਂ ਉਥੋਂ ਦੇ ਸੱਭਿਆਚਾਰ ਅਨੁਸਾਰ ਹੀ ਵਿਕਸਤ ਹੁੰਦੀਆਂ ਹਨ, ਮਿੱਥਾਂ ਕਾਰਨ ਹੀ ਕਿਸੇ ਧਰਮ ਵਿਚ ਸ਼ਰਧਾ ਬਣੀ ਰਹਿੰਦੀ ਹੈ।
ਦਸਮ ਗ੍ਰੰਥ ਦੇ ਕਰਤ੍ਰਿਤਵ ਦੀ ਬਹਿਸ ਤੋਂ ਪਰਾਹਣ (ਡੀਵਇਏਟ) ਕਰਕੇ ਲੇਖਿਕਾ ਨੇ ਮੀਰੀ-ਪੀਰੀ/ਭਗਤੀ ਅਤੇ ਸ਼ਕਤੀ ਦੇ ਸੁਮੇਲ ਪਿੱਛੇ ਕਾਰਜਸ਼ੀਲ ਪੈਟਰਨ ਨੂੰ ਸਮਝਣ ਤੇ ਫੋਕਸੀਕਰਨ ਕਰਨ ਦਾ ਯਤਨ ਕੀਤਾ ਪ੍ਰਤੀਤ ਹੁੰਦਾ ਹੈ। ਪਹਿਲੀ ਪਾਤਸ਼ਾਹੀ ਤੋਂ ਦਸਮ ਪਿਤਾ ਤੱਕ ਗੁਰਮਤਿ ਚਿੰਤਨ ਦੀ ਵਿਕਾਸ ਕਰਦੀ ਨਿਰੰਤਰ ਲਹਿਰ ਨੂੰ ਪ੍ਰਤੀਬਿੰਬਤ ਕਰਨ ਦਾ ਯਤਨ ਕੀਤਾ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.


ਧਰਮ ਯੁੱਧ ਮੋਰਚਾ
ਲੇਖਕ : ਹਰਬੀਰ ਸਿੰਘ ਭੰਵਰ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 208


ਉਮਰ ਦੇ ਅਠਵੇਂ ਦਹਾਕੇ ਨੂੰ ਛੂਹ ਰਿਹਾ ਹਰਬੀਰ ਸਿੰਘ ਭੰਵਰ ਪੰਜਾਬ ਦਾ ਸੀਨੀਅਰ ਟਰੇਂਡ ਪੱਤਰਕਾਰ ਹੈ ਜਿਸ ਨੂੰ ਮੰਨੇ-ਪ੍ਰਮੰਨੇ ਪੱਤਰਕਾਰ ਕੁਲਦੀਪ ਨਈਅਰ ਦੀ ਸ਼ਾਗਿਰਦੀ ਤੇ ਸੋਭਾ ਸਿੰਘ ਚਿੱਤਰਕਾਰ ਦੀ ਸਰਪ੍ਰਸਤੀ ਦਾ ਮਾਣ ਹਾਸਲ ਹੈ। ਨਾਮਵਰ ਨਿਊਜ਼ ਏਜੰਸੀਆਂ ਲਈ ਉਸ ਨੇ ਪੰਜਾਬ ਸੰਕਟ ਦੌਰਾਨ ਕੰਮ ਕੀਤਾ ਹੈ। ਉਸ ਨੇ 1978 ਦੇ ਨਿਰੰਕਾਰੀ ਕਾਂਡ ਤੋਂ ਲੈ ਕੇ 1984 ਦੇ ਬਲੂ ਸਟਾਰ ਤੱਕ ਦੀ ਹਰ ਘਟਨਾ ਨੂੰ ਵੇਖਿਆ ਤੇ ਰਿਪੋਰਟ ਕੀਤਾ ਹੈ। ਇਸ ਸੰਵੇਦਨਸ਼ੀਲ ਸਿੱਖ ਹੋਣ ਦੇ ਨਾਤੇ ਉਸ ਨੂੰ ਇਸ ਵਰਤਾਰੇ ਦੀਆਂ ਇਤਿਹਾਸਕ ਜੜ੍ਹਾਂ ਤੱਕ ਪਹੁੰਚਣ ਦੀ ਮਾਨਸਿਕਤਾ ਵੀ ਹਾਸਲ ਹੈ। ਉਸ ਦੀ ਸੰਤੁਲਿਤ ਪਹੁੰਚ ਨੇ ਧਰਮ ਯੁੱਧ ਮੋਰਚਾ ਨਾਂਅ ਦੀ ਇਸ ਪੁਸਤਕ ਨੂੰ ਪੰਜਾਬ ਦੇ ਅਜੋਕੇ ਇਤਿਹਾਸ ਦਾ ਪ੍ਰਮਾਣੀਕ ਦਸਤਾਵੇਜ਼ ਬਣਾ ਦਿੱਤਾ ਹੈ। ਅਜਿਹਾ ਦਸਤਾਵੇਜ਼ ਜਿਸ ਤੋਂ ਬਿਨਾਂ ਇਸ ਸਮੇਂ ਦੇ ਇਤਿਹਾਸ ਬਾਰੇ ਗੱਲ ਕਰਨੀ ਸੰਭਵ ਨਹੀਂ ਹੋਵੇਗੀ।
82 ਪੰਨਿਆਂ ਵਿਚ ਫੈਲੇ ਪੰਦਰਾਂ ਲੇਖਾਂ ਵਿਚ ਭੰਵਰ ਨੇ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਸ਼ੁਰੂ ਹੋਏ ਸੰਘਰਸ਼ ਤੋਂ ਲੈ ਕੇ ਦਰਬਾਰ ਸਾਹਿਬ ਉੱਤੇ ਹੋਏ ਫ਼ੌਜੀ ਹਮਲੇ ਤੱਕ ਦੇ ਹਰ ਮੁੱਖ ਘਟਨਾ ਦਾ ਬਿਰਤਾਂਤ ਤੇ ਵਿਸ਼ਲੇਸ਼ਣ ਪੇਸ਼ ਕਰ ਦਿੱਤਾ ਹੈ। ਉਸ ਦੇ ਵਿਸ਼ਲੇਸ਼ਣ ਦੀ ਸਟੀਕਤਾ ਉੱਤੇ ਪੰਜਾਬ ਦੇ ਸਥਾਪਿਤ ਇਤਿਹਾਸਕਾਰ ਡਾ: ਪ੍ਰਿਥੀਪਾਲ ਸਿੰਘ ਕਪੂਰ ਦੀ ਪ੍ਰਵਾਨਗੀ ਦੀ ਮੋਹਰ ਛੋਟੀ ਗੱਲ ਨਹੀਂ। ਅਗਲੇ 128 ਪੰਨਿਆਂ ਵਿਚ ਇਸ ਬਿਰਤਾਂਤ ਦੀ ਪੁਸ਼ਟੀ ਦੇ ਦਸਤਾਵੇਜ਼ ਸਤਾਈ ਅੰਤਿਕਾਵਾਂ ਵਜੋਂ ਦਰਜ ਹਨ। ਇਸ ਸਾਰੇ ਕੁਝ ਨਾਲ ਸਬੰਧਤ ਨੇਤਾਵਾਂ/ਸੰਸਥਾਵਾਂ/ ਮਹੱਤਵਪੂਰਨ ਵਿਅਕਤੀਆਂ ਦੇ ਬਿਆਨ, ਮਤੇ, ਭਾਸ਼ਣ, ਸੰਸਦ/ਰੇਡੀਓ ਭਾਸ਼ਣ, ਪ੍ਰਧਾਨਗੀ ਭਾਸ਼ਣ, ਪੱਤਰ, ਖੁੱਲ੍ਹੇ ਪੱਤਰ, ਸਨਮਾਨ ਪੱਤਰ। ਕਈ ਕੁਝ ਹੈ ਇਨ੍ਹਾਂ ਅੰਤਿਕਾਵਾਂ ਵਿਚ ਜੋ ਇਸ ਇਤਿਹਾਸਕ ਦੌਰ ਨੂੰ ਸੂਖਮਤਾ ਸਟੀਕਤਾ ਨਾਲ ਸਮਝਣਯੋਗ ਬਣਾਉਂਦਾ ਹੈ। ਭੰਵਰ ਨੇ ਇਹ ਪੁਸਤਕ ਲਿਖ ਕੇ ਪੰਜਾਬ ਦੇ ਅਜੋਕੇ ਇਤਿਹਾਸ ਨੂੰ ਸੰਭਾਲਣ ਦੀ ਵੱਡੀ ਸੇਵਾ ਕੀਤੀ ਹੈ। ਸਿੰਘ ਬ੍ਰਦਰਜ਼ ਨੇ ਇਸ ਨੂੰ ਪਾਠਕਾਂ ਦੇ ਵਿਸ਼ਾਲ ਜਗਤ ਤੱਕ ਰੀਝ ਨਾਲ ਪਹੁੰਚਾਇਆ ਹੈ।

ਡਾ: ਕੁਲਦੀਪ ਸਿੰਘ ਧੀਰ
ਮੋ: 98722-60550


ਸੱਥ ਕਚਹਿਰੀ
ਲੇਖਕ : ਸੁਖਮੰਦਰ ਸਿੰਘ ਬਰਾੜ (ਭਗਤਾ ਭਾਈ ਕਾ)
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 94650-16000.

'ਸੱਥ ਕਚਹਿਰੀ' ਸੁਖਮੰਦਰ ਸਿੰਘ ਬਰਾੜ ਦੀ ਛੇਵੀਂ ਵਾਰਤਕਨੁਮਾ ਪੁਸਤਕ ਹੈ। ਇਸ ਪੁਸਤਕ ਵਿਚ ਉਸ ਨੇ ਕੁੱਲ 20 ਲੇਖ ਲਿਖ ਕੇ ਪੇਂਡੂ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਹੈ। ਉਸ ਨੇ ਆਪਣੇ ਪਿੰਡ ਦੀ ਸੱਥ ਨੂੰ ਹੀ ਆਪਣੀ ਇਸ ਪੁਸਤਕ ਦਾ ਕੇਂਦਰ-ਬਿੰਦੂ ਬਣਾਇਆ ਹੈ। ਜਿਵੇਂ-'ਵਹਿਮੀ ਬੁੜ੍ਹਾ', 'ਵਿਚੋਲਗੀ', 'ਸਹੁੰ ਦੀ ਅਰਦਾਸ' ਵਿਚ ਲੋਕਾਂ ਦੀ ਆਪਸੀ ਨੋਕ-ਝੋਕ ਨੂੰ ਬਿਆਨ ਕੀਤਾ ਹੈ। 'ਪ੍ਰਾਹੁਣਾ' ਲੇਖ ਵਿਚ ਉਸ ਨੇ ਲਾਈ ਲਗ 'ਤੇ ਚੋਟ ਕੱਸੀ ਹੈ। 'ਗੱਡੇ ਦੀ ਪਿੰਜਣੀ', 'ਦੇਸੀ ਡਾਕਦਾਰ', 'ਤੇਜੂ ਦਾ ਇਲਾਜ', 'ਗੱਲਾਂ ਦਾ ਰੇੜਕਾ', 'ਅਚੰਬਾ' ਅਤੇ 'ਦੈਂਗੜਾਂ ਦਾ ਬੁੜ੍ਹਾ' ਲੇਖਾਂ ਵਿੱਚ ਡਾਕਟਰ ਦੇ ਤੀਰ ਤੁਕਿਆਂ ਦੀ ਗੱਲ, ਗੱਡੇ ਦੀ ਪਿੰਜਣੀ ਤੋਂ ਅਣਜਾਣ ਕਾਮੇ ਦੀ ਗੱਲ ਕੀਤੀ ਹੈ ਅਤੇ 'ਅਚੰਭਾ' ਲੇਖ ਵਿੱਚ ਮੁੰਡੇ ਦੇ ਵਿਆਹ ਤੋਂ ਬਾਅਦ ਉਸ ਦੇ ਭਰਾ ਜੰਮਣ ਕਾਰਨ ਘਟਦੀ ਜ਼ਮੀਨ ਕਰਕੇ ਵਿਚੋਲੇ ਨੂੰ ਪਾਈ ਛਾਪ ਨੂੰ ਮੁੜਵਾਉਣ ਬਾਰੇ ਹੈ ਅਤੇ ਅਖੀਰਲੇ ਲੇਖ 'ਦੈਂਗੜਾਂ ਦਾ ਬੁੜ੍ਹਾ' ਵਿਚ ਆਪਣੀਆਂ ਨੂੰਹਾਂ ਨੂੰ ਗਾਲਾਂ ਕੱਢਣ ਬਾਰੇ ਹੈ।
ਸਮੁੱਚੇ ਰੂਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਇਸ ਪੁਸਤਕ ਵਿਚ ਰੋਜ਼ਾਨਾ ਦੀ ਪਿੰਡ ਦੀ ਜ਼ਿੰਦਗੀ ਨੂੰ ਚਿਤਰਿਆ ਹੈ ਅਤੇ ਠੇਠ ਪੰਜਾਬੀ ਸ਼ਬਦ ਵਰਤ ਕੇ ਪੇਂਡੂ ਸੱਭਿਆਚਾਰ ਦੀ ਅਸਲੀਅਤ ਤੋਂ ਜਾਣੂ ਵੀ ਕਰਵਾਇਆ ਹੈ, ਜੋ ਕਿ ਸਾਡੀ ਅਮੁੱਲ ਵਿਰਾਸਤ ਹੈ, ਪਰ ਸਾਹਿਤਕ ਪੱਖੋਂ ਕੁਝ ਘਾਟ ਜ਼ਰੂਰ ਰੜਕਦੀ ਹੈ, ਜਿਸ ਕਰਕੇ ਸੁਖਮੰਦਰ ਸਿੰਘ ਬਰਾੜ ਨੂੰ ਹੋਰ ਮਿਹਨਤ ਦੀ ਲੋੜ ਹੈ।

-ਗੁਰਬਿੰਦਰ ਕੌਰ ਬਰਾੜ
ਮੋ: 09855395161


ਪੰਜਾਬੀ ਟਾਈਪਿੰਗ ਨਿਯਮ ਤੇ ਨੁਕਤੇ
ਲੇਖਕ : ਡਾ: ਸੀ. ਪੀ. ਕੰਬੋਜ
ਪ੍ਰਕਾਸ਼ਕ : ਕੰਪਿਊਟਰ ਵਿਗਿਆਨ ਪ੍ਰਕਾਸ਼ਨ, ਫਾਜ਼ਿਲਕਾ
ਮੁੱਲ : 200 ਰੁਪਏ, ਸਫ਼ੇ : 160
ਸੰਪਰਕ : 94174-55614.

ਡਾ: ਸੀ. ਪੀ. ਕੰਬੋਜ ਦੀ ਇਹ ਪੁਸਤਕ ਕੰਪਿਊਟਰ ਵਰਤੋਂਕਾਰਾਂ ਨੂੰ ਪੰਜਾਬੀ ਵਿਚ ਟਾਈਪਿੰਗ ਕਰਨ ਦੇ ਵਿਭਿੰਨ ਦਾਅ-ਪੇਚ ਅਭਿਆਸ ਸਮੇਤ ਸਿਖਾਉਣ ਦੇ ਨਿੱਗਰ ਗੁਰ ਪ੍ਰਦਾਨ ਕਰਦੀ ਹੈ। ਜਦੋਂ ਤੋਂ ਪੰਜਾਬੀ ਭਾਸ਼ਾ ਵਿਸ਼ਵ ਭਾਸ਼ਾਵਾਂ ਦੇ ਹਾਣ ਦੀ ਬਣ ਕੇ ਸੰਚਾਰ ਕਰਨ ਲੱਗੀ ਹੈ ਉਦੋਂ ਤੋਂ ਪੰਜਾਬੀ ਲਿਪੀ ਵਿਚ ਟਾਈਪ ਕਰਨਾ ਜ਼ਰੂਰੀ ਹੋ ਗਿਆ ਹੈ ਕਿਉਂਕਿ ਸਮਕਾਲੀ ਦੌਰ ਵਿਚ ਟਾਈਪਿੰਗ ਕਰਨਾ ਰੋਜ਼ੀ-ਰੋਟੀ ਦਾ ਮੁੱਖ ਸਾਧਨ ਬਣ ਗਿਆ ਹੈ। ਡਾ: ਸੀ. ਪੀ. ਕੰਬੋਜ ਨੇ ਇਸ ਪੁਸਤਕ ਵਿਚ ਫੋਨੈਟਿਕ, ਰਮਿੰਗਟਨ ਅਤੇ ਇਨਸਕਰਿਪਟ ਵਿਧੀ ਰਾਹੀਂ ਪੰਜਾਬੀ ਲਿਪੀ ਵਿਚ ਟਾਈਪ ਕਰਨ ਦੀ ਤਕਨੀਕੀ ਜਾਣਕਾਰੀ ਨੂੰ ਤਸਵੀਰਾਂ, ਸਾਰਨੀਆਂ ਅਤੇ ਅਭਿਆਸ ਰਾਹੀਂ ਸਮਝਿਆ-ਸਮਝਾਇਆ ਹੈ। ਇਸ ਦੇ ਨਾਲ-ਨਾਲ ਲੇਖਕ ਨੇ ਅੰਗਰੇਜ਼ੀ ਭਾਸ਼ਾ ਵਿਚ ਟਾਈਪ ਕਰਨ ਲਈ ਵਰਤੇ ਜਾਂਦੇ ਨੁਕਤਿਆਂ ਦੇ ਆਧਾਰ 'ਤੇ ਤੁਲਨਾਤਮਕ ਪਰਿਪੇਖ ਵਿਚ ਪੰਜਾਬੀ ਭਾਸ਼ਾ ਵਿਚ ਕੰਪਿਊਟਰ ਨੂੰ ਵਰਤਣ ਦੇ ਤਰੀਕੇ, ਕੰਪਿਊਟਰ ਦੇ ਵੱਖ-ਵੱਖ ਹਿੱਸਿਆਂ, ਹਾਰਡਵੇਅਰ, ਸਾਫ਼ਟਵੇਅਰ, ਟਾਈਪਿੰਗ ਨਿਯਮਾਂ ਅਤੇ ਮਾਈਕਰੋਸਾਫ਼ਟ ਵਰਡ ਬਾਰੇ ਨਿੱਗਰ ਜਾਣਕਾਰੀ ਪੰਜਾਬੀ ਭਾਸ਼ਾ ਵਿਚ ਪ੍ਰਦਾਨ ਕੀਤੀ ਹੈ। ਇਸ ਪੁਸਤਕ ਦਾ ਬਰੀਕੀ ਨਾਲ ਅਧਿਐਨ ਅਤੇ ਅਭਿਆਸ ਕਰਕੇ ਪਾਠਕ ਘਰ ਬੈਠਿਆਂ ਹੀ ਪੰਜਾਬੀ ਵਿਚ ਟਾਈਪਿੰਗ ਕਰਨੀ ਸਿੱਖ ਸਕਦਾ ਹੈ। ਪੁਸਤਕ ਵਿਚ ਤੇਜ਼ ਗਤੀ ਨਾਲ ਟਾਈਪ ਕਰਨ ਦੇ ਨੁਕਤਿਆਂ ਨੂੰ ਸਮੱਗਰਤਾ ਸਹਿਤ ਪੇਸ਼ ਕਰਨ ਦੇ ਨਾਲ-ਨਾਲ ਟਾਈਪਿੰਗ ਕਰਨ ਸਮੇਂ ਬੈਠਣ ਦੀ ਸਹੀ ਸਥਿਤੀ, ਕੀ-ਬੋਰਡ ਅਤੇ ਮਾਊਸ ਆਦਿ ਦੀ ਸੁਚੱਜੀ ਵਰਤੋਂ, ਕੀ-ਬੋਰਡ ਉੱਤੇ ਉਂਗਲਾਂ ਦੀ ਸਥਿਤੀ, ਕੰਪਿਊਟਰ ਦੀ ਸਾਂਭ-ਸੰਭਾਲ, ਰੱਖ-ਰਖਾਓ ਅਤੇ ਮੁਰੰਮਤ ਬਾਰੇ ਅਹਿਮ ਜਾਣਕਾਰੀ ਦਿੱਤੀ ਗਈ ਹੈ। ਮੈਨੂੰ ਪੂਰਨ ਉਮੀਦ ਹੈ ਕਿ ਇਹ ਪੁਸਤਕ ਪੰਜਾਬੀ ਭਾਸ਼ਾ ਵਿਚ ਟਾਈਪਿੰਗ ਕਰਨ ਦੇ ਮਿਆਰੀ ਗੁਣਾਂ ਦਾ ਇਕ ਕੀਮਤੀ ਦਸਤਾਵੇਜ਼ ਬਣੇਗੀ।

-ਪਰਮਪਾਲ ਸਿੰਘ ਬਾਦਲ
ਮੋ: 99158-95184


ਅਮਰਜੀਤ ਕੌਂਕੇ-ਕਾਵਿ: ਪੰਧ ਤੇ ਪ੍ਰਬੰਧ
ਸੰਪਾਦਕ : ਡਾ: ਭੁਪਿੰਦਰ ਕੌਰ ਅਤੇ ਸੋਨੀਆ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98780-07893.

ਕਵੀ, ਅਨੁਵਾਦਕ ਤੇ ਸੰਪਾਦਕ, ਅਮਰਜੀਤ ਕੌਂਕੇ ਚਿੰਤਨਸ਼ੀਲ ਅਤੇ ਸੰਵੇਦਨਸ਼ੀਲ ਸ਼ਖ਼ਸੀਅਤ ਹੈ। ਹਥਲੀ ਪੁਸਤਕ ਉਸ ਦੀਆਂ ਕਵਿਤਾਵਾਂ (ਸ਼ਾਇਰੀ) ਤੇ ਲਿਖੇ ਖੋਜ-ਪੱਤਰ ਹਨ, ਜਿਨ੍ਹਾਂ ਨੂੰ ਡਾ: ਭੁਪਿੰਦਰ ਕੌਰ ਤੇ ਸੋਨੀਆ ਨੇ ਸੰਪਾਦਿਤ ਕੀਤਾ ਹੈ। ਕਾਵਿ ਸਮੀਖਿਆ ਦੇ ਖੇਤਰ 'ਚ ਨਵੇਂ-ਨਵੇਂ ਪ੍ਰਵੇਸ਼ ਹੋਏ ਕੁਝ ਸਮੀਖਿਆਕਾਰਾਂ ਦੁਆਰਾ ਕੌਂਕੇ-ਕਾਵਿ 'ਤੇ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਖੋਜ ਪੱਤਰ ਲਿਖੇ ਗਏ ਹਨ। ਇਨ੍ਹਾਂ 'ਚ ਬਲਵਿੰਦਰ ਸਿੰਘ, ਸੋਨੀਆ, ਰੇਖਾ ਰਾਣੀ, ਡਾ: ਭੁਪਿੰਦਰ ਕੌਰ, ਡਾ: ਦਵਿੰਦਰ ਸਿੰਘ, ਸਿਮਰਜੀਤ ਕੌਰ, ਡਾ: ਜਸਪ੍ਰੀਤ ਕੌਰ ਤੇ ਡਾ: ਰਚਨਾ ਮਹਿਰੋਕ ਹਨ।
ਉਪਰੋਕਤ ਸਮੀਖਿਆਕਾਰਾਂ ਨੇ ਅਮਰਜੀਤ-ਕਾਵਿ 'ਤੇ ਆਪਣੇ-ਆਪਣੇ ਖੋਜ-ਪੱਤਰਾਂ 'ਚ, ਜੋ ਵਿਸ਼ੇ ਛੋਹੇ ਹਨ : ਵਿਸ਼ਵੀਕਰਨ ਤੇ ਮੰਡੀਕਰਨ ਦੇ ਦੌਰ 'ਚ ਵਾਪਰ ਰਹੀਆਂ ਤਬਦੀਲੀਆਂ ਤੇ ਕੌਂਕੇ-ਕਾਵਿ ਕਿਵੇਂ ਪ੍ਰਭਾਵਿਤ ਹੁੰਦਾ ਹੈ, ਉਸ ਦੀਆਂ ਕਵਿਤਾਵਾਂ 'ਚ ਜੀਵਨ ਦੀਆਂ ਤਲਖੀਆਂ, ਰੰਗੀਨੀਆਂ ਕਿਵੇਂ ਜਾਮਾ ਪਹਿਨਦੀਆਂ ਹਨ। ਮਨੁੱਖ ਦੀ ਅੰਦਰੂਨੀ ਟੁੱਟ ਭੱਜ, ਰਿਸ਼ਤਿਆਂ 'ਚ ਆ ਰਹੀ ਤਬਦੀਲੀ, ਵਰਤਮਾਨ ਵਰਤਾਰੇ ਤੋਂ ਅਸੰਤੁਸ਼ਟਤਾ, ਅਜੋਕੇ ਮਨੁੱਖ ਦਾ ਆਂਤਰਿਕ, ਦਵੰਦ, ਨਾਰੀ ਸੰਵੇਦਨਾ, ਮਾਨਵਤਾ ਦੀ ਪੀੜ ਤੇ ਖ਼ਤਮ ਹੋ ਰਹੀਆਂ ਨੈਤਿਕ ਕਦਰਾਂ-ਕੀਮਤਾਂ ਵੱਖ-ਵੱਖ ਸਮੀਖਿਆਕਾਰਾਂ ਦੇ ਖੋਜ-ਪਰਚਿਆਂ ਦਾ ਵਿਸ਼ਾ ਬਣੇ ਹਨ। ਸਾਰੇ ਵਿਦਵਾਨਾਂ ਨੇ ਚਰਚਿਤ ਕਵੀ ਅਮਰਜੀਤ ਕੌਂਕੇ ਦੇ ਸਮੁੱਚੇ ਕਾਵਿ ਜਗਤ ਨਾਲ ਅਲੱਗ-ਅਲੱਗ ਦ੍ਰਿਸ਼ਟੀਕੋਣਾਂ/ਵਿਸ਼ਿਆਂ ਨਾਲ ਸਾਡੀ ਜਾਣ-ਪਛਾਣ ਚੰਗੇ ਢੰਗ ਨਾਲ ਕਰਵਾਈ ਹੈ।

-ਪ੍ਰੋ: ਸਤਪਾਲ ਸਿੰਘ
ਮੋ: 98725-21515.

 

 


ਸੱਸੀ ਹਾਸ਼ਮ
(ਸਮੀਖਿਆ ਅਤੇ ਮੂਲ ਪਾਠ)
ਸਮੀਖਿਆਕਾਰ : ਡਾ: ਕਮਲਜੀਤ ਕੌਰ ਬਾਂਗਾ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98146-00562.

ਇਹ ਪੁਸਤਕ 21ਵੀਂ ਸਦੀ ਦੀ ਹੋਣਹਾਰ, ਬਲਵਾਨ ਤੇ ਨਵੀਂ ਸੋਚ ਦੀਆਂ ਸੱਸੀਆਂ ਦੇ ਨਾਂਅ ਹੈ, ਜਿਹੜੀਆਂ ਆਪਣੇ ਪੁੰਨੂਆਂ ਵਰਗੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੀਆਂ ਹਨ। ਸੱਸੀ ਪੰਨੂ ਦੀ ਅਮਰ ਪ੍ਰੀਤ ਕਹਾਣੀ ਲਿਖਣ ਵਾਲਾ ਪਹਿਲਾ ਕਿੱਸਾ ਕਵੀ ਹਾਫ਼ਿਜ਼ ਬਰਖ਼ੁਰਦਾਰ ਹੋਇਆ ਹੈ। ਜਿਥੇ ਲਗਪਗ ਸੱਤ ਦਰਜਨ ਕਵੀਆਂ ਨੇ ਸੱਸੀ ਪੁੰਨੂ ਦਾ ਕਿੱਸਾ ਲਿਖਿਆ ਹੈ, ਉਥੇ ਹੀ ਬਹੁਤ ਸਾਰੇ ਵਿਦਵਾਨ ਆਲੋਚਕਾਂ ਨੇ ਸਮੇਂ-ਸਮੇਂ ਇਸ ਦੀ ਸਮੀਖਿਆ ਕੀਤੀ ਹੈ। ਡਾ: ਕਮਲਜੀਤ ਕੌਰ ਨੇ ਐਮ.ਏ. ਦੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਦੇ ਸਿਲੇਬਸ ਵਿਚ ਲੱਗੇ ਸੱਸੀ-ਹਾਸ਼ਮ ਕਿੱਸੇ ਸਬੰਧੀ ਸਮੀਖਿਆ ਪੇਸ਼ ਕੀਤੀ ਹੈ। ਪੁਸਤਕ ਦੇ ਚਾਰ ਅਧਿਆਇ ਹਨ। ਪਹਿਲੇ ਅਧਿਆਇ ਵਿਚ ਪੰਜਾਬੀ ਕਿੱਸਾ ਕਾਵਿ ਦੇ ਸੰਦਰ ਵਿਚ ਕਵੀ ਹਾਸ਼ਮ ਅਤੇ ਉਸ ਦਾ ਕਿੱਸਾ ਸੱਸੀ ਪੁੰਨੂ, ਦੂਜੇ ਅਧਿਆਇ ਵਿਚ ਮੂਲ ਕਹਾਣੀ ਦਾ ਅਧਿਐਨ ਅਤੇ ਤੀਜੇ ਅਧਿਆਇ ਵਿਚ ਹਾਸ਼ਮ ਰਚਿਤ ਕਿੱਸੇ ਦੇ ਕਲਾਤਮਿਕ ਗੁਣਾਂ ਦਾ ਵਰਨਣ ਕੀਤਾ ਗਿਆ ਹੈ। ਚੌਥੇ ਅਧਿਆਇ ਵਿਚ ਇਸ ਕਿੱਸੇ ਦੀਆਂ ਹੋਰ ਵਿਸ਼ੇਸ਼ਤਾਵਾਂ ਦਾ ਵਰਨਣ ਕੀਤਾ ਗਿਆ ਹੈ। ਫਿਰ ਕਿੱਸੇ ਦਾ ਮੂਲ ਪਾਠ ਪ੍ਰਸਤੁਤ ਕਰਕੇ ਔਖੇ ਸ਼ਬਦਾਂ ਦੇ ਅਰਥ ਵੀ ਕੀਤੇ ਗਏ ਹਨ। ਆਓ, ਇਸ ਕਿੱਸੇ ਦੀਆਂ ਕੁਝ ਦਿਲ ਟੁੰਬਵੀਆਂ ਸਤਰਾਂ ਦੇ ਦਰਸ਼ਨ ਕਰੀਏ-
ਓੜਕ ਵਕਤ ਕਹਿਰ ਦੀਆਂ ਕੂਕਾਂ,
ਸੁਣ ਪੱਥਰ ਢਲ ਜਾਵੇ।
ਜਿਸ ਡਾਚੀ ਮੇਰਾ ਪੁੰਨੂੰ ਖੜਿਆ,
ਮਰ ਦੋਜ਼ਖ਼ ਵੱਲ ਜਾਵੇ।
ਫਿਰ ਦਿਲ ਸਮਝ ਕਰੇ ਲੱਖ ਤੋਬਾ,
ਬਹੁਤ ਬੇਅਦਬੀ ਹੋਈ।
ਕੋ ਮੈਂ ਵਾਂਗ ਨਿਕਰਮਣ ਨਾਹੀਂ,
ਕਿਤ ਵਲ ਮਿਲੇ ਨਾ ਢੋਈ।
ਸਿਰ ਧਰ ਖੋਜ ਪਈ ਗ਼ਸ਼ ਆਇਆ,
ਮੌਤ ਸੱਸੀ ਦੀ ਆਈ।
ਖੁਸ਼ ਹੋ ਯਾਰ ਅਸਾਂ ਤੁਧ ਕਾਰਨ,
ਥਲ ਵਿਚ ਜਾਨ ਗਵਾਈ।
ਇਹ ਦਰਦਨਾਕ ਕਹਾਣੀ ਅੱਜ ਵੀ ਲੋਕ ਦਿਲਾਂ 'ਤੇ ਰਾਜ ਕਰਦੀ ਹੈ। ਇਸ ਵਧੀਆ ਪੁਸਤਕ ਦਾ ਸਵਾਗਤ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.


ਸਾਗਰ ਸਿੱਪੀਆਂ ਤੇ ਸੂਰਜ
ਕਵੀ : ਸਵਰਨ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੁੱਲ : 250 ਰੁਪਏ, ਸਫ਼ੇ : 139
ਸੰਪਰਕ : 094183-92845.

ਕਵੀ ਸਵਰਨ ਸਿੰਘ ਦਾ ਪ੍ਰਥਮ ਕਾਵਿ ਸੰਗ੍ਰਹਿ ਹੈ। ਸਵਰਨ ਸਿੰਘ ਨੇ ਆਪਣੀਆਂ ਸਾਰੀਆਂ ਕਵਿਤਾਵਾਂ ਵਾਰਤਿਕ ਕਾਵਿ ਸ਼ੈਲੀ ਵਿਚ ਲਿਖੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਬੇਸ਼ੱਕ ਕਾਫੀਆਂ, ਤੁਕਾਂਗ, ਤੁਕਾਂਤ ਅਤੇ ਗੀਤਾਤਮਿਕਤਾ ਦੇ ਗੁਣ ਨਹੀਂ ਵੀ ਪਰ ਰਸਮਿਕਤਾ ਅਤੇ ਕਰੁਣਾ ਦਾ ਬ੍ਰਿਤਾਂਤ ਏਨਾ ਗੂੜ੍ਹਾ ਹੈ ਕਿ ਕੋਈ ਪਾਠਕ ਇਨ੍ਹਾਂ ਦਾ ਪਾਠ ਕਰਦਿਆਂ ਅਕੇਵਾਂ-ਥਕੇਵਾਂ ਮਹਿਸੂਸ ਨਹੀਂ ਕਰਦਾ। ਕਵਿਤਾਵਾਂ ਵਿਚ ਚਿਹਨ, ਪ੍ਰਤੀਕ, ਬਿੰਬ ਅਤੇ ਭਾਸ਼ਾ ਮੁਹਾਵਰਾ ਸਲਾਹੁਣਯੋਗ ਹੈ। ਅਸਲ ਵਿਚ ਸਵਰਨ ਸਿੰਘ ਉੱਤੇ ਜ਼ਿੰਦਗੀ ਨੇ ਕੁਝ ਅਜਿਹੀਆਂ ਨਿੱਜੀ ਸੱਟਾਂ ਮਾਰੀਆਂ ਕਿ ਉਹ ਟੁੱਟਦਾ-ਟੁੱਟਦਾ ਬਚਿਆ ਸੀ। ਇਸ ਅਸਹਿ ਯਾਤਨਾ ਨੂੰ ਉਸ ਨੇ ਕਵਿਤਾਵਾਂ ਵਿਚ ਢਾਲ ਲਿਆ :
ਮੈਂ ਜਾਣਦਾ ਸੀ ਕਿ ਤੇਰਾ ਦਰਦ/ਮੇਰੇ ਤੋਂ ਵੱਡਾ ਹੈ/ਲੇਕਿਨ ਮੈਂ ਵੀ ਛਿਪਾਂਦਾ ਰਿਹਾ ਤੇ ਤੂੰ ਵੀ/ਐਸੇ ਬੇਰਹਿਮ ਛਿਣ ਵੀ ਆਏ/ਜਦ ਮੈਂ ਆਪਣੀ ਦੇਹ ਨੂੰ ਲੁਹਾਣ ਕਰਕੇ/ਤੇਰੇ ਲਈ ਉਧਾਰੇ ਸਾਹ ਮੰਗਦਾ/....ਮੈਂ ਤੇਰੇ ਹੌਸਲੇ ਨੂੰ/ਸਲਾਮ ਕਹਿੰਦਾ ਹਾਂ..../ਧੀਏ ਮੇਰੀਏ/ਅਗਲੇ ਜਨਮ 'ਚ ਮਿਲੀਏ ਅਸੀਂ...।
ਕਵੀ ਦੀਆਂ ਸਾਰੀਆਂ ਕਵਿਤਾਵਾਂ ਕਰੁਣਾ ਵਿਚ ਗੜੁੱਚ ਹਨ। ਪੜ੍ਹਦਿਆਂ ਇੰਜ ਮਹਿਸੂਸ ਹੁੰਦਾ ਹੈ ਕਿ ਅਸੀਂ ਕਰੁਣਾ ਦੇ ਦੇਸ਼ ਵਿਚ ਗੁਆਚ ਗਏ ਹਾਂ। ਕਵੀ ਆਪਣੀ ਕਰੁਣਾ, ਦਰਦ ਅਤੇ ਮਾਨਸਿਕ ਕੁੰਠਤਾ ਤੋਂ ਕਿੰਨਾ ਦੂਰ ਜਾਣ ਦੀ ਵੀ ਕੋਸ਼ਿਸ਼ ਕਿਉਂ ਨਾ ਕਰੇ, ਉਹ ਹਰ ਵਿਸ਼ੇ ਵਿਚ ਉਹੀ ਸੰਜੀਦਗੀ ਦਾ ਰੰਗ ਗੂੜ੍ਹਾ ਕਰ ਬਹਿੰਦਾ ਹੈ।
ਉਸ ਦੀਆਂ ਕਵਿਤਾਵਾਂ ਕਲਾ ਤੇ ਧਰਮ, ਰਿਸ਼ਤਿਆਂ ਦੀ ਇਮਾਰਤ, ਕਲਾ ਅਤੇ ਰਾਜਨੀਤੀ ਅਚੇਤ ਮਨ ਦੇ ਰਿਸ਼ਤੇ, ਦ੍ਰਿਸ਼ਟੀਕੋਣ ਅਤੇ ਸਮ ਦ੍ਰਿਸ਼ਟੀ, ਪੜ੍ਹਨ ਵਾਲੀਆਂ ਹਨ।

-ਸੁਲੱਖਣ ਸਰਹੱਦੀ
ਮੋ: 94174-84337.

 

22/10/2017

 ਕਾਇਆ ਦੀ ਕੈਨਵਸ
ਲੇਖਕ : ਡਾ: ਗੁਰਬਖਸ਼ ਸਿੰਘ ਭੰਡਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 98152-98459.

ਡਾ: ਗੁਰਬਖਸ਼ ਸਿੰਘ ਭੰਡਾਲ ਮਨੁੱਖੀ ਜੀਵਨ ਨੂੰ ਦਾਰਸ਼ਨਿਕ ਨਜ਼ਰੀਏ ਨਾਲ ਵੇਖਦਾ ਹੈ। ਉਸ ਦਾ ਵਿਚਾਰ ਹੈ ਕਿ ਮਨੁੱਖ ਦਾ ਪਹਿਲਾ ਘਰ ਉਸ ਦਾ ਸਰੀਰ ਹੈ, ਜੋ ਮਨੁੱਖ ਦਾ ਸ਼ਖ਼ਸੀ ਬਿੰਬ ਸਿਰਜਦਾ ਹੈ। ਇਸ ਕਾਰਨ ਮਨੁੱਖੀ ਸ਼ਖ਼ਸੀਅਤ ਨੂੰ ਪ੍ਰਭਾਵਿਤ ਕਰਨ ਵਾਲੇ ਅੰਗਾਂ ਬਾਰੇ ਲਿਖਿਆ ਜਾਣਾ ਚਾਹੀਦਾ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ 'ਆਨੰਦੁ ਸਾਹਿਬ' ਵਿਚ ਸਰੀਰ ਦੇ ਕੁਝ ਅੰਗਾਂ (ਨੇਤਰਾਂ, ਕੰਨਾਂ, ਮਨ ਅਤੇ ਜੀਭਾ ਆਦਿ) ਬਾਰੇ ਲਿਖ ਕੇ ਇਸ ਪਰੰਪਰਾ ਦਾ ਆਗਾਜ਼ 16ਵੀਂ-17ਵੀਂ ਸਦੀ ਵਿਚ ਕਰ ਹੀ ਦਿੱਤਾ ਸੀ। ਡਾ: ਭੰਡਾਲ ਵਿਗਿਆਨਕ ਲੱਭਤਾਂ ਅਤੇ ਤਕਨਾਲੋਜੀਕਲ ਵਿਕਾਸ ਦੇ ਉੱਤਰ-ਆਧੁਨਿਕ ਯੁੱਗ ਵਿਚ ਸਥਿਤ ਹੋ ਕੇ ਮਨੁੱਖੀ ਕਾਇਆ ਦੇ ਵਿਭਿੰਨ ਅੰਗਾਂ ਦੀਆਂ ਕਿਰਿਆਵਾਂ ਦਾ ਵਿਸ਼ਲੇਸ਼ਣ ਕਰਦਾ ਹੈ। ਉਸ ਨੇ ਕਾਇਆ ਦੇ ਲਗਪਗ 20 ਅੰਗਾਂ ਨੂੰ ਦਾਰਸ਼ਨਿਕ-ਕਾਵਿਕ ਅੰਦਾਜ਼ ਵਿਚ ਬਿਆਨ ਕੀਤਾ ਹੈ।
ਇਹ ਪੁਸਤਕ ਸਕਾਰਾਤਮਕ ਸੋਚ ਦਾ ਪ੍ਰਗਟਾਵਾ ਕਰਦੀ ਹੈ ਅਤੇ ਮਨੁੱਖ ਨੂੰ ਚੜ੍ਹਦੀ ਕਲਾ ਵਿਚ ਰਹਿਣ ਦਾ ਸੰਦੇਸ਼ ਦਿੰਦੀ ਹੈ। ਇਸ ਪੁਸਤਕ ਦੇ ਹਾਸਲ ਲੇਖ 'ਜ਼ਿੰਦਗੀ ਨੂੰ ਪੜ੍ਹਦਿਆਂ' ਵਿਚ ਮਨੁੱਖੀ ਜੀਵਨ ਦੇ ਉਦੇਸ਼ ਨੂੰ ਸਪੱਸ਼ਟ ਕਰਦਾ ਹੋਇਆ ਉਹ ਲਿਖਦਾ ਹੈ, 'ਜ਼ਿੰਦਗੀ ਦੇ ਸਫ਼ੇ ਨੂੰ ਨਿਰੰਤਰ ਪੜ੍ਹਨਾ ਹੀ ਮਨੁੱਖੀ ਫ਼ਿਤਰਤ ਦਾ ਸੁਹੱਪਣ, ਸਮਰਪਣ ਅਤੇ ਸੰਤੁਸ਼ਟਤਾ ਹੈ। ਅਗਰ ਇਕ ਹੀ ਵਾਕ ਦੀ ਸਮਝ ਪੱਲੇ ਪੈ ਗਈ ਤਾਂ ਜੀਵਨ-ਤੋਰ ਦੀਆਂ ਕੜੀਆਂ ਜੁੜਦੀਆਂ ਜਾਂਦੀਆਂ ਹਨ ਅਤੇ ਜ਼ਿੰਦਗੀ ਆਪਣੇ ਸਮੁੱਚ ਵਿਚ ਦ੍ਰਿਸ਼ਟਮਾਨ ਹੁੰਦੀ ਹੈ।... ਜ਼ਿੰਦਗੀਏ, ਤੈਨੂੰ ਖੁਸ਼ਆਮਦੀਦ!' (ਪੰਨਾ 160)
ਇਸ ਪੁਸਤਕ ਦੇ ਲੇਖਾਂ ਨੂੰ ਪੜ੍ਹਨ ਸਮੇਂ ਮੈਨੂੰ ਕਈ ਵਾਰ ਟੋਰਾਂਟੋ ਵਿਚ ਰਹਿਣ ਵਾਲੇ ਇਕ ਹੋਰ ਦਾਰਸ਼ਨਿਕ ਲੇਖਕ ਸ: ਪੂਰਨ ਸਿੰਘ ਦੀ ਯਾਦ ਆਈ ਹੈ। ਉਹ ਵੀ ਨਿਰੰਤਰ ਇਸੇ ਵੰਨਗੀ ਦੀ ਵਾਰਤਕ ਲਿਖਦਾ ਰਿਹਾ ਹੈ। ਡਾ: ਭੰਡਾਲ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਚਲਿਆ ਕਿ ਉਹ ਵੀ ਭਾਰਤੀ ਪੰਜਾਬ ਦੇ ਕਿਸੇ ਪਿੰਡ/ਸ਼ਹਿਰ ਵਿਚ ਨਹੀਂ ਰਹਿੰਦਾ, ਬਲਕਿ ਅਮਰੀਕਾ ਦਾ ਨਿਵਾਸੀ ਹੈ। ਸ਼ਾਇਦ, ਇਸੇ ਤਰ੍ਹਾਂ ਜੀਵਨ ਦੇ ਤਤਕਾਲੀ ਸਰੋਕਾਰਾਂ ਤੋਂ ਮੁਕਤ ਹੋ ਕੇ ਹੀ ਸਰਬਕਾਲੀ ਸਰਕੋਰਾਂ ਨਾਲ ਜੁੜਿਆ ਜਾ ਸਕਦਾ ਹੈ। ਡਾ: ਭੰਡਾਲ ਦੀ ਇਹ ਪੁਸਤਕ ਇਕ ਲੰਮੀ ਦਾਰਸ਼ਨਿਕ ਕਵਿਤਾ ਹੀ ਹੈ, ਜਿਸ ਵਿਚਲੇ ਵੱਖ-ਵੱਖ ਕੈਂਟੋਜ਼ (ਲੇਖ) ਪਾਠਕਾਂ ਨੂੰ ਆਨੰਦਿਤ, ਵਿਸਮਾਦਿਤ ਅਤੇ ਅੰਦੋਲਿਤ ਕਰਦੇ ਰਹਿੰਦੇ ਹਨ। ਲੇਖਕ ਦੀ ਸ਼ਖ਼ਸੀਅਤ ਇਨ੍ਹਾਂ ਲੇਖਾਂ ਵਿਚ ਬੜੇ ਪ੍ਰਮਾਣਿਕ ਢੰਗ ਨਾਲ ਉੱਭਰੀ ਹੈ। ਮਨੁੱਖੀ ਜੀਵਨ ਬਾਰੇ ਆਪਣਾ ਨਿੱਜੀ ਅਤੇ ਵੈਕਲਪਿਕ ਨਜ਼ਰੀਆ ਧਾਰਨ ਕਰਨ ਲਈ ਇਹ ਪੁਸਤਕ ਕਾਫੀ ਸਹਾਇਕ ਸਿੱਧ ਹੋ ਸਕਦੀ ਹੈਂ

ਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਕਾਲੇ ਰੰਗ ਗੁਲਾਬਾਂ ਦੇ
ਲੇਖਕ : ਹਰਜੀਤ ਅਟਵਾਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 168
ਸੰਪਰਕ : 99151-03490.

ਹਥਲੀ ਪੁਸਤਕ ਹਰਜੀਤ ਅਟਵਾਲ ਦਾ ਗਿਆਰਵਾਂ ਨਾਵਲ ਹੈ, ਜਿਸ ਨੂੰ 44 ਕਾਂਡਾਂ ਵਿਚ ਵੰਡ ਕੇ ਪੇਸ਼ ਕੀਤਾ ਗਿਆ ਹੈ। ਇਸ ਨਾਵਲ ਵਿਚ ਲੇਖਕ ਨੇ ਲੰਡਨ ਦੀ ਧਰਤੀ 'ਤੇ ਵਸੇ ਪੰਜਾਬੀਆਂ ਦੀ ਫ਼ਿਤਰਤ, ਉਨ੍ਹਾਂ ਦੀ ਅਮੀਰ ਬਣਨ ਦੀ ਲਾਲਸਾ ਦਾ ਜ਼ਿਕਰ ਕੀਤਾ ਹੈ। ਨਾਵਲ ਦਾ ਪਾਤਰ ਜੱਗੀ ਆਪਣੇ ਪਰਿਵਾਰ ਨੂੰ ਪਿਆਰ ਕਰਦਾ ਹੈ, ਸੁਹਿਰਦ ਹੈ ਅਤੇ ਦੂਜੇ ਦੀਆਂ ਗੱਲਾਂ 'ਤੇ ਵਿਸ਼ਵਾਸ ਕਰ ਲੈਂਦਾ ਹੈ ਪਰ ਨਾਲ ਹੀ ਉਸ ਦੀ ਵੱਡੀ ਕਮਜ਼ੋਰੀ ਸ਼ਰਾਬ ਹੈ। ਇਹੋ ਕਾਰਨ ਹੈ ਕਿ ਦੇਵਨ, ਪ੍ਰੀਤੀ, ਨਿੱਕ, ਚਰਨਜੀਤ, ਰੌਕੀ ਅਤੇ ਸ਼ਿਵਚਰਨ ਜਿਹੇ ਹਮੇਸ਼ਾ ਹੀ ਉਸ ਨੂੰ ਜ਼ਲੀਲ ਕਰਦੇ ਹਨ ਅਤੇ ਉਸ ਕੋਲੋਂ ਆਪਣਾ ਮਤਲਬ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਹਰਜੀਤ ਅਟਵਾਲ ਨੇ ਬੜੇ ਵਿਅੰਗਾਤਮਿਕ ਢੰਗ ਨਾਲ ਬਿਆਨ ਕੀਤਾ ਹੈ ਕਿ ਘਰ ਖ਼ਰੀਦਣ ਦੀ ਲਾਲਸਾ ਵਿਚ ਆਪਣੇ ਪਤੀ ਜੱਗੀ ਨੂੰ ਛੱਡ ਕੇ ਵਿਆਹੇ ਹੋਏ ਨਿੱਕ ਨਾਲ ਆਪਣੇ ਸਬੰਧ ਬਣਾ ਕੇ ਆਪਣੀ ਹੱਸਦੀ ਵਸਦੀ ਗ੍ਰਹਿਸਤੀ ਨੂੰ ਠੁਕਰਾ ਦਿੰਦੀ ਹੈ ਭਾਵੇਂ ਕਿ ਘਰ ਉਸ ਨੂੰ ਨਿੱਕ ਵੀ ਖ਼ਰੀਦ ਕੇ ਨਹੀਂ ਸੀ ਦੇ ਸਕਿਆ। ਰਿਸ਼ਤਿਆਂ ਦੀ ਕਰੂਰਤਾ ਦਾ ਤਾਂ ਉਦੋਂ ਅੰਤ ਹੀ ਹੋ ਜਾਂਦਾ ਹੈ ਜਦੋਂ ਚਰਨਜੀਤ ਅਤੇ ਪ੍ਰੀਤੀ, ਜੱਗੀ ਦੀ ਜਾਇਦਾਦ ਨੂੰ ਵੰਡਣ ਤੋਂ ਬਾਅਦ ਉਸ ਦੀ ਫਿਊਨਰਲ ਦਾ ਖ਼ਰਚਾ ਵੀ ਅੱਧਾ-ਅੱਧਾ ਵੰਡਦੀਆਂ ਹੋਈਆਂ ਖੁਸ਼ੀ-ਖੁਸ਼ੀ ਹਸਪਤਾਲ ਪਹੁੰਚਦੀਆਂ ਹਨ ਤਾਂ ਉਥੇ ਨਵੀ ਨਾਲ ਜੱਗੀ ਨੂੰ ਠੀਕ-ਠਾਕ ਬੈਠਾ ਵੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲਗਦੀ ਹੈ। ਵਿਦੇਸ਼ਾਂ ਵਿਚ ਰਹਿੰਦੇ ਲੋਕਾਂ ਦੀਆਂ ਅਨੇਕਾਂ ਪ੍ਰਕਾਰ ਦੀਆਂ ਧੰਨ ਦੌਲਤਾਂ, ਐਸ਼ੋ ਇਸ਼ਰਤ ਅਤੇ ਨਸ਼ਾਖੋਰੀ ਦੀਆਂ ਤ੍ਰਿਸ਼ਨਾਵਾਂ ਨੂੰ ਅਤੇ ਇਨ੍ਹਾਂ ਤੋਂ ਪੈਦਾ ਹੋਣ ਵਾਲੀਆਂ ਦੁਸ਼ਵਾਰੀਆਂ ਨੂੰ ਅਟਵਾਲ ਨੇ ਬਾਰੀਕੀ ਨਾਲ ਰੌਚਿਕ ਸ਼ੈਲੀ ਵਿਚ ਚਿਤਰਿਆ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 98142-09732.
ਫ ਫ ਫ

ਪੰਜਾਬ ਦੇ ਕੋਹੇਨੂਰ
ਭਾਗ ਦੂਜਾ

ਲੇਖਕ : ਪ੍ਰਿੰ: ਸਰਵਣ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 350 ਰੁਪਏ, ਸਫ਼ੇ : 296
ਸੰਪਰਕ : 99151-03490.

ਪ੍ਰਿੰ: ਸਰਵਣ ਸਿੰਘ ਖੇਡ ਜਗਤ ਦਾ ਸਥਾਪਿਤ ਲੇਖਕ ਹੈ। ਪਰ ਉਸ ਨੇ ਵਾਰਤਕ ਵਿਧਾ ਵਿਚ ਅਨੇਕਾਂ ਵੰਨਗੀਆਂ ਦਾ ਸਾਹਿਤ ਰਚਿਆ ਹੈ। ਹਥਲੀ ਪੁਸਤਕ ਵਿਚ ਉਸ ਨੇ 7 ਸ਼ਖ਼ਸੀਅਤਾਂ ਦੇ ਜਨਮ-ਸਾਲ ਤਰਤੀਬ ਅਨੁਸਾਰ ਦਰਸ਼ਨ ਕਰਵਾਏ ਹਨ। ਇਹ ਹਨ ਕ੍ਰਮਵਾਰ : ਡਾ: ਮਹਿੰਦਰ ਸਿੰਘ ਰੰਧਾਵਾ, ਭਾਪਾ ਪ੍ਰੀਤਮ ਸਿੰਘ, ਬਲਵੰਤ ਗਾਰਗੀ, ਦਾਰਾ ਦੁਲੱਚੀਪੁਰੀਆ, ਡਾ: ਹਰਿਭਜਨ ਸਿੰਘ, ਗੁਲਜ਼ਾਰ ਸਿੰਘ ਸੰਧੂ ਤੇ ਸੰਤ ਰਾਮ ਉਦਾਸੀ ਆਦਿ। ਇਸ ਸਤਰੰਗੀ ਪੀਂਘ ਵਿਚ ਗਿਆਨ-ਵਰਧਕ ਅਤੇ ਜਾਣਕਾਰੀ ਦੇ ਬੜੇ ਰੌਚਿਕ ਝੂਟੇ ਹੀ ਝੂਟੇ ਹਨ। ਇਨ੍ਹਾਂ ਨਿਬੰਧ ਰੂਪੀ ਸ਼ਬਦ-ਚਿੱਤਰਾਂ ਵਿਚ ਸਬੰਧਿਤ ਸ਼ਖ਼ਸੀਅਤ ਨਾਲ ਨਿੱਜੀ ਨੇੜਤਾ, ਨਿੱਜੀ ਸੰਪਰਕ ਤੋਂ ਬਿਨਾਂ ਉਨ੍ਹਾਂ ਦਾ ਵਿਸ਼ੇਸ਼ ਖੇਤਰ ਵਿਚ ਯੋਗਦਾਨ ਅਤੇ ਦੇਣ ਦੀ ਅਮਿੱਟ ਛਾਪ ਵੇਖੀ ਜਾ ਸਕਦੀ ਹੈ। ਲੇਖਕ ਦੇ ਵਿਚਾਰਾਂ ਦੀ ਪੁਸ਼ਟੀ ਲਈ ਹੋਰਨਾਂ ਸੋਮਿਆਂ ਤੋਂ ਹਵਾਲੇ, ਉਦਰਿਤ ਟੂਕਾਂ ਦਾ ਕੋਲਾਜ ਇਨ੍ਹਾਂ ਵਿਚ ਅਨੋਖਾ ਰੰਗ ਭਰਦਾ ਹੈ। ਲੇਖਕ ਦੀ ਜੁਗਤ ਹੈ ਕਿ ਉਹ ਪਹਿਲੇ/ਦੂਜੇ ਪੈਰ੍ਹੇ ਅਤੇ ਮੁੱਖਬੰਦ ਵਿਚ ਵਿਚਾਰਾਧੀਨ ਸ਼ਖ਼ਸੀਅਤ ਦੀ ਸਮੁੱਚੀ ਰੂਪ-ਰੇਖਾ ਘੜ ਲੈਂਦਾ ਹੈ। ਬਾਕੀ ਦਾ ਸ਼ਬਦ-ਚਿੱਤਰ ਇਸੇ ਰੂਪ-ਰੇਖਾ ਨੂੰ ਵਿਭਿੰਨ ਦ੍ਰਿਸ਼ਟੀਕੋਣਾਂ ਤੋਂ ਉਘਾੜਦਾ ਚਲਿਆ ਜਾਂਦਾ ਹੈ। ਸਰਵਣ ਆਪਣੇ ਸ਼ਬਦ-ਚਿੱਤਰਾਂ ਦੀ ਸੁੰਦਰ ਵਹਿੰਗੀ, ਕਲਮ ਦੇ ਮੋਢੇ 'ਤੇ ਸਵਾਰ ਕਰਕੇ, ਲੰਮੇ ਪੈਂਡੇ ਤੈਅ ਕਰਦਾ ਹੋਇਆ ਅਨੇਕਾਂ ਵਾਰ ਮੁੱਖ ਵਿਸ਼ੇ ਤੋਂ ਪਰਾਹਣ (ਡੀਵਿਏਟ) ਕਰਕੇ, ਲਗਦੇ ਹੱਥ ਹੋਰਨਾਂ ਸ਼ਖ਼ਸੀਅਤਾਂ/ਘਟਨਾਵਾਂ ਦੀ ਪ੍ਰਸਤੁਤੀ ਕਰਨ ਵਿਚ ਸਿੱਧ-ਹਸਤ ਹੈ। ਇਕ ਵਾਰ ਪਲਾਂਟ ਕੀਤੀ ਕਿਸੇ ਗੱਲ ਨੂੰ ਵੱਖੋ-ਵੱਖਰੇ ਸੰਦਰਭਾਂ ਵਿਚ ਵਾਰ-ਵਾਰ ਟਰਾਂਸਪਲਾਂਟ ਕਰਦਾ ਨੋਟ ਕੀਤਾ ਜਾ ਸਕਦਾ ਹੈ। ਇੰਜ ਬਿਰਤਾਂਤਕ ਸ਼ੈਲੀ ਵਿਚ ਬਾਰੰਬਾਰਤਾ ਦਾ ਲੱਛਣ ਪ੍ਰਵੇਸ਼ ਕਰ ਜਾਂਦਾ ਹੈ। ਬਦਲਵਾਂ ਫੋਕਸੀਕਰਨ ਭਾਰੂ ਹੈ। ਕਦੇ ਇਹ ਉੱਤਮ ਪੁਰਖੀ ਹੋ ਜਾਂਦਾ ਹੈ ਤੇ ਕਦੇ ਅਨ੍ਰਯ ਪੁਰਖੀ। ਲੇਖਕ ਦੀ ਆਪਣੀ ਸਵੈਜੀਵਨੀ ਦੇ ਅੰਸ਼ ਝਲਕਾਰੇ ਮਾਰਦੇ ਹਨ। ਇਹ ਸ਼ਬਦ-ਚਿੱਤਰ ਉਸ ਦੇ ਵਿਸ਼ਾਲ ਅਧਿਐਨ ਦੀ ਸਾਖੀ ਭਰਦੇ ਹਨ। ਭਾਸ਼ਾ ਸਵਾਦਲੀ, ਸੌਖੀ, ਮਲਵਈ ਰੰਗਤ ਵਾਲੀ ਹੈ। ਪਾਠਕ ਨੂੰ ਡਾ: ਹਰਿਭਜਨ ਸਿੰਘ ਦੇ ਸ਼ਬਦਾਂ ਨਾਲ ਸਹਿਮਤ ਹੋਣਾ ਹੀ ਪੈਂਦਾ ਹੈ : 'ਸਰਵਣ ਦੀ ਰਚਨਾ ਦੋਖ, ਦਵੈਖ ਜਾਂ ਦੁਰਭਾਵਨਾ ਤੋਂ ਅਸਲੋਂ ਸਾਫ਼ ਹੈ। ਉਸ ਨੂੰ ਨਾ ਕਿਸੇ ਨਾਲ ਖੁਣਸ ਹੈ, ਨਾ ਖਾਰ ਨਾ ਕਦੂਰਤ। ਉਹਨੇ ਜਿਸ ਕਿਸੇ ਬਾਰੇ ਜੋ ਕੁਝ ਵੀ ਲਿਖਿਆ ਹੈ, ਉਹ ਸੱਚਾ ਵੀ ਹੈ, ਤੇ ਸੁੱਚਾ ਵੀ।' ਪੰ: 195. ਉਹ ਤਾਂ ਸੱਚਮੁੱਚ ਹੀ 'ਸ਼ਬਦਾਂ ਦਾ ਉਲੰਪੀਅਨ ਹੈ।'

ਂਡਾ: ਧਰਮ ਚੰਦ ਵਾਤਿਸ਼
ਮੋ: 88376-79186.
ਫ ਫ ਫ

ਆਜਾ ਮੇਰਾ ਪਿੰਡ ਵੇਖ ਲੈ
ਲੇਖਕ : ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 98148-56160.

'ਆਜਾ ਮੇਰਾ ਪਿੰਡ ਵੇਖ ਲੈ' ਲੇਖਕ ਦੀ ਨਵੀਂ ਪੁਸਤਕ ਹੈ, ਜਿਸ ਵਿਚ ਉਸ ਨੇ ਫਾਜ਼ਿਲਕਾ ਦੇ ਆਲੇ-ਦੁਆਲੇ ਦੇ ਪਿੰਡਾਂ ਦੀ ਸਰਬਪੱਖੀ ਨੁਹਾਰ ਦਾ ਵਰਣਨ ਕੀਤਾ ਹੈ। ਲੇਖਕ ਅਨੁਸਾਰ ਇਸ ਪੁਸਤਕ ਵਿਚਲੇ ਕੁਝ ਲੇਖ ਰੋਜ਼ਾਨਾ ਪੰਜਾਬੀ ਟ੍ਰਿਬਿਊਨ ਵਿਚ ਛਪਦੇ ਵੀ ਰਹੇ ਹਨ। ਇਸ ਪੁਸਤਕ ਵਿਚ ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ ਨੇ ਤਕਰੀਬਨ ਉਨ੍ਹਾਂ ਪਿੰਡਾਂ ਦਾ ਹੀ ਜ਼ਿਕਰ ਕੀਤਾ ਹੈ, ਜਿਨ੍ਹਾਂ ਵਿਚ ਉਸ ਨੇ ਆਪਣੇ ਅਧਿਆਪਕੀ ਕਿੱਤੇ ਦੌਰਾਨ ਸੇਵਾ ਨਿਭਾਈ ਜਾਂ ਫਿਰ ਸਿੱਧੇ ਜਾਂ ਅਸਿੱਧੇ ਰੂਪ ਵਿਚ ਇਥੋਂ ਦੀ ਤਰਜ਼ੇ-ਜ਼ਿੰਦਗੀ ਨਾਲ ਉਸ ਦਾ ਵਾਹ-ਵਾਸਤਾ ਰਿਹਾ। ਪੁਸਤਕ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਜਿਹੜੇ ਪਿੰਡਾਂ ਦਾ ਜ਼ਿਕਰ ਆਇਆ ਹੈ, ਉਨ੍ਹਾਂ ਬਾਰੇ ਵਿਚ ਸਿੱਧਾ ਸਾਦਾ ਜਿਹਾ ਵਰਣਨ ਹੀ ਨਹੀਂ ਹੈ ਸਗੋਂ ਉਸ ਪਿੰਡ ਦਾ ਭੂਗੋਲ, ਇਤਿਹਾਸ, ਸੱਭਿਆਚਾਰਕ ਦਿੱਖ ਪੱਖ ਅਤੇ ਲੋਕਾਂ ਦੇ ਜੀਵਨ ਪੱਧਰ ਬਾਰੇ ਲੇਖਕ ਨੇ ਤੱਥਾਤਮਕ ਜਾਣਕਾਰੀ ਮੁਹੱਈਆ ਕਰਵਾਈ ਹੈ। ਲੇਖਕ ਕਿਸੇ ਪਿੰਡ ਦੇ ਇਤਿਹਾਸ ਅਤੇ ਨਾਮਕਰਨ ਤੋਂ ਬਾਅਦ ਪਿੰਡ ਦੀ ਆਬਾਦੀ, ਖੇਤਰਫਲ, ਸਿਰਕੱਢ ਵਿਅਕਤੀਆਂ ਦੇ ਬਿਊਰੋ ਦੇ ਨਾਲ-ਨਾਲ ਉਥੋਂ ਦੇ ਪੰਚਾਂ-ਸਰਪੰਚਾਂ ਦਾ ਜ਼ਿਕਰ ਛੇੜਦਾ ਹੋਇਆ ਕਿਸੇ ਵਿਸ਼ੇਸ਼ ਖੇਤਰ ਵਿਚ ਮੱਲਾਂ ਮਾਰਨ ਵਾਲੇ ਵਿਅਕਤੀਆਂ ਦਾ ਵੀ ਜ਼ਿਕਰ ਕਰਦਾ ਹੈ। ਇਥੋਂ ਤੱਕ ਕਿ ਪਿੰਡ ਵਿਚ ਖੇਤੀਬਾੜੀ ਅਤੇ ਸੁੱਖ ਸਹੂਲਤਾਂ ਦੇ ਸਾਧਨਾਂ ਬਾਰੇ ਲੇਖਕ ਬਾਰੀਕੀ ਨਾਲ ਵੇਰਵੇ ਦਿੰਦਾ ਹੈ। ਫਾਜ਼ਿਲਕਾ ਦੇ ਆਲੇ-ਦੁਆਲੇ ਦੇ ਪਿੰਡਾਂ ਦੀ ਸਰਬਪੱਖੀ ਦਿੱਖ ਪੱਖ ਡੂੰਘਾਈ ਨਾਲ ਅਧਿਐਨ ਪੇਸ਼ ਕਰਦੀ ਇਹ ਪੁਸਤਕ ਇਕ ਅਹਿਮ ਦਸਤਾਵੇਜ਼ ਹੈ।

ਫ ਫ ਫ

ਬਾਬਾ ਸੋਹਣ ਸਿੰਘ ਭਕਨਾ
ਨਾਟਕਕਾਰ : ਖੋਜੀ ਕਾਫ਼ਿਰ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 110

ਨਾਟਕ ਨੂੰ ਨਾਟਕਕਾਰ ਨੇ 15 ਐਕਟਾਂ ਵਿਚ ਵੰਡਿਆ ਹੈ। ਨਾਟਕ ਵਿਚ ਨਾਟਕਕਾਰ ਦੁਆਰਾ ਪੇਸ਼ ਕੀਤੇ ਦ੍ਰਿਸ਼ਟ ਅਤੇ ਅਦ੍ਰਿਸ਼ਟ 15 ਕੁ ਪਾਤਰਾਂ ਦੁਆਰਾ ਨਾਟਕ ਵਿਚਲੀ ਨਾਟਕੀ ਕਿਰਿਆ ਨੂੰ ਅੱਗੇ ਵਧਾਉਣ ਤੋਂ ਇਲਾਵਾ ਨਾਟਕਕਾਰ ਨੇ ਕੁਝ ਉਨ੍ਹਾਂ ਪਾਤਰਾਂ ਨੂੰ ਵੀ ਨਾਟਕ ਵਿਚ ਪੇਸ਼ ਕੀਤਾ ਹੈ, ਜਿਨ੍ਹਾਂ ਦੀ ਸੂਚੀ ਮੁੱਖ ਪਾਤਰਾਂ ਦੇ ਨਾਵਾਂ ਦੇ ਰੂਪ ਵਿਚ ਨਹੀਂ ਦਿੱਤੀ ਗਈ। ਮਿਸਾਲ ਵਜੋਂ ਅਮਰੀਕਾ ਵਿਚ ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਅਤੇ ਪੰਜਾਬ ਵਿਚ ਪਹੁੰਚ ਕੇ ਭਗਤ ਸਿੰਘ ਨਾਲ ਗੱਲਬਾਤ ਆਦਿ ਦਾ ਜ਼ਿਕਰ ਵੀ ਆਇਆ ਹੈ। ਇਸ ਤੋਂ ਇਲਾਵਾ ਕੁਝ ਅੰਗਰੇਜ਼ ਵਿਅਕਤੀਆਂ ਦਾ ਕਿਰਦਾਰ ਵੀ ਨਾਟਕ ਵਿਚ ਪੇਸ਼ ਹੋਇਆ ਹੈ। ਨਾਟਕ ਦੇ ਮੁਢਲੇ ਦ੍ਰਿਸ਼ਾਂ ਵਿਚ ਨਾਟਕਕਾਰ ਨੇ ਬਾਬਾ ਸੋਹਣ ਸਿੰਘ ਭਕਨਾ ਦੇ ਜਨਮ ਦਾ ਵੇਰਵਾ ਦਿੱਤਾ ਹੈ, ਜਿਸ ਵਿਚ ਬਾਬਾ ਜੀ ਦੀ ਜਨਮ ਦਾਤੀ ਮਾਂ ਰਾਮ ਕੌਰ ਅਤੇ ਧਰਮ-ਮਾਂ ਹਰਿ ਕੌਰ ਤੋਂ ਇਲਾਵਾ ਪਤਨੀ ਬਿਸ਼ਨ ਕੌਰ ਦੇ ਨਾਲ ਦਾਦੀ ਹੁਕਮ ਕੌਰ, ਪਿਤਾ ਕਰਮ ਸਿੰਘ ਦਾ ਵੀ ਜ਼ਿਕਰ ਹੈ। ਬਾਬਾ ਕੇਸਰ ਸਿੰਘ ਦੀ ਸੰਗਤ ਕਰਨੀ, ਮਾੜੀ ਸੰਗਤ ਤੋਂ ਛੁਟਕਾਰਾ ਪਾਉਣਾ, ਅਮਰੀਕਾ ਜਾਣ ਦੀ ਤਿਆਰੀ ਕਰਨੀ, ਅਮਰੀਕਾ ਵਿਚ ਸਖ਼ਤ ਮਿਹਨਤ, ਨਸਲੀ ਟਿੱਪਣੀਆਂ, ਗ਼ਦਰੀਆਂ ਨਾਲ ਮਿਲਾਪ, ਹਿੰਦੁਸਤਾਨ ਪਰਤ ਕੇ ਆਜ਼ਾਦੀ ਸੰਘਰਸ਼ ਵਿਚ ਯੋਗਦਾਨ ਅਤੇ ਅੰਤਿਮ ਸਮਾਂ ਆਦਿ ਵੇਰਵਿਆਂ ਨੂੰ ਨਾਟਕਕਾਰ ਨੇ ਵੱਖ-ਵੱਖ ਦ੍ਰਿਸ਼ਾਂ ਵਿਚ ਫੈਲਾਉਂਦਿਆਂ ਇਸ ਨਾਟਕ ਦੇ ਪਲਾਟ ਦੀ ਘਾੜਤ ਕੀਤੀ ਹੈ। ਪਾਤਰਾਂ ਦੀ ਆਪਸੀ ਗੱਲਬਾਤ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਸਥਿਤੀ ਬਾਖੂਬੀ ਪੇਸ਼ ਕਰਦੀ ਹੈ। ਮਿਸਾਲ ਵਜੋਂ ਨਾਟਕ ਦੇ ਸ਼ੁਰੂ ਵਿਚ ਗੁਆਂਢਣ ਤਾਰੋ ਦੀ ਗੱਲਬਾਤ ਅਤੇ ਅਮਰੀਕਾ ਵਿਚਲੇ ਵਿਦੇਸ਼ੀਆਂ ਦੇ ਨਫ਼ਰਤ ਭਰੇ ਵਾਰਤਾਲਾਪ। ਨਾਟਕ ਬਾਬਾ ਸੋਹਣ ਸਿੰਘ ਭਕਨਾ ਦੀ ਦੇਸ਼ ਪ੍ਰਤੀ ਕੁਰਬਾਨੀ ਦੇ ਜਜ਼ਬੇ ਨੂੰ ਬਾਖੂਬੀ ਪੇਸ਼ ਕਰਦਾ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਰਵਿੰਦਰ ਰਵੀ ਰਚਿਤ ਕਾਵਿ-ਸੰਗ੍ਰਹਿ
ਆਪਣੇ ਖਿਲਾਫ਼

ਸੰਪਾਦਕ : ਮਨਜੀਤ ਸਿੰਘ (ਪ੍ਰੋ:)
ਡਾ: ਜਸਪਾਲ ਕੌਰ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 300 ਰੁਪਏ, ਸਫ਼ੇ : 232
ਸੰਪਰਕ : 099536-2511

ਰਵਿੰਦਰ ਰਵੀ ਰਚਿਤ ਕਾਵਿ ਸੰਗ੍ਰਹਿ 'ਆਪਣੇ ਖਿਲਾਫ਼' ਬਾਰੇ ਸੰਪਾਦਤ ਹਥਲੀ ਪੁਸਤਕ ਵਿਚ ਰਵਿੰਦਰ ਰਵੀ ਦੀ ਕਾਵਿ ਚੇਤਨਾ ਕਾਵਿ ਰਚਨਾਵਾਂ ਦੇ ਮਾਧਿਅਮ ਰਾਹੀਂ ਪ੍ਰਗਟ ਹੋਈ ਹੈ। ਆਰੰਭ ਵਿਚ ਡਾ: ਮਨਜੀਤ ਸਿੰਘ ਅਤੇ ਡਾ: ਜਸਪਾਲ ਕੌਰ ਨੇ ਕੈਨੇਡਾ ਦੀ ਪੰਜਾਬੀ ਕਵਿਤਾ ਉੱਪਰ ਵੀ ਇਕ ਪੰਛੀ ਝਾਤ ਪੁਆਈ ਹੈ। ਕਾਮਾਗਾਟਾਮਾਰੂ ਦੀ ਇਤਿਹਾਸਕ ਪਿੱਠ ਭੂਮੀ ਸਿਰਜਦਿਆਂ ਵਰਤਮਾਨ ਦੌਰ ਤੱਕ ਪੰਜਾਬੀਆਂ ਦੇ ਪਰਵਾਸੀ ਜੀਵਨ ਉੱਪਰ ਵੀ ਲੇਖਿਕਾ ਨੇ ਧਿਆਨ ਦਿਵਾਇਆ ਹੈ। ਲੇਖਿਕਾ ਅਨੁਸਾਰ ਕੈਨੇਡਾ ਦਾ ਪੰਜਾਬੀ ਕਾਵਿ ਰਾਸ਼ਟਰੀ ਚੇਤਨਾ ਤੋਂ ਆਪਣਾ ਆਗਾਜ਼ ਕਰਦਾ ਮੁੱਢੋਂ ਹੀ ਆਪਣੀ ਸੱਭਿਆਚਾਰਕ ਪਛਾਣ ਪ੍ਰਤੀ ਚੇਤੰਨ ਹੈ।
ਆਪਣੇ ਖਿਲਾਫ਼ ਵਿਚੋਂ ਹੀ ਕਵਿੱਤਰੀ ਨੇ ਰਵਿੰਦਰ ਰਵੀ ਦੀ ਕਾਵਿ ਰਚਨਾ ਦਾ ਹਵਾਲਾ ਦਿੰਦਿਆਂ ਉਥੋਂ ਦੇ ਕਵੀਆਂ ਦੇ ਭੂ-ਹੇਰਵੇ ਦੀ ਗੱਲ ਕੀਤੀ ਹੈ :
ਮਾਂ ਭੌਂ ਬਾਝੋਂ ਕਿੱਥੇ ਪਲਰਣ/ਸਭ ਬੇਗਾਨੀਆਂ ਥਾਵਾਂ
ਮੋਹ ਮਾਇਆ ਦੇ ਕਈ ਸਿਰਨਾਵੇਂ/ਮਾਂ ਦਾ ਇਕ ਸਿਰਨਾਵਾਂ।
ਰਵਿੰਦਰ ਰਵੀ ਦਾ ਕਾਵਿ ਸੰਸਾਰ ਦਾਰਸ਼ਨਿਕ ਤੇ ਗੰਭੀਰ ਬੌਧਿਕ ਵਿਸ਼ਿਆਂ ਦਾ ਸੰਸਾਰ ਹੈ। ਜੀਵਨ ਤੇ ਮੌਤ ਵਿਚਾਲੇ ਸਫ਼ਰ ਦੇ ਮਨੁੱਖੀ ਅਹਿਸਾਸ ਉਸ ਦੀ ਕਾਵਿ ਕਲਾ ਦਾ ਦਾਇਰਾ ਬਣੇ ਹਨ।
ਜੀਵਨ ਤੋਂ ਮੌਤ ਤੱਕ ਦਾ ਸਫ਼ਰ/ਬਿੰਦੂ ਤੋਂ ਬਿੰਦੂ ਵੱਲ ਮੁੜਨਾ ਹੈ
ਬਿੰਦੂ ਦਾ ਬਿੰਦੂ ਵਿਚ ਤੁਰਨਾ ਹੈ/ਖੁਰਨਾ ਹੈ/ਭੁਰਨਾ ਹੈ
ਖੜਨਾ ਹੈ/ਫਰਨਾ ਹੈ/ਸੜਨਾ ਹੈ!
ਬਿੰਦੂ ਤੋਂ ਬਿੰਦੂ ਵਿਚਕਾਰ ਕੇਵਲ ਭਰਮ ਹੈ....।
ਲੋਕ ਸੱਭਿਆਚਾਰ ਵਿਚਲੇ ਕਾਵਿ ਰੂਪ ਜਾਗੋ, ਮਾਹੀਆ. ਛੱਲਾ, ਹੀਰ, ਸੋਤਾ ਆਦਿ ਦੇ ਆਧਾਰ 'ਤੇ ਕਵੀ ਨੇ ਨਵੀਆਂ ਵਿਚਾਰਾਂ ਤੇ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਰਚਨਾ ਕੀਤੀ ਹੈ। ਇਸ ਪੁਸਤਕ ਵਿਚ ਪ੍ਰੋ: ਬ੍ਰਹਮਜਗਦੀਸ਼ ਸਿੰਘ, ਡਾ: ਦੇਵਿੰਦਰ ਕੌਰ, ਡਾ: ਹਰਿਭਜਨ ਸਿੰਘ, ਡਾ: ਗੁਰੂਮੇਲ ਵਰਗੇ ਵਿਦਵਾਨਾਂ ਦੇ ਰਵਿੰਦਰ ਰਵੀ ਦੀ ਕਾਵਿ ਚੇਤਨਾ ਬਾਰੇ ਆਲੋਚਨਾਤਮਿਕ ਲੇਖ ਵੀ ਸ਼ਾਮਿਲ ਹਨ। ਡਾ: ਪ੍ਰੇਮ ਪ੍ਰਕਾਸ਼ ਨੇ ਰਵਿੰਦਰ ਰਵੀ ਦੀ ਲੰਮੀ ਕਵਿਤਾ 'ਮਹਾਂਨਗਰ' ਦੀ ਕਾਵਿਗਤ ਸੰਰਚਨਾ ਦੇ ਕਈ ਪਸਾਰਾਂ ਬਾਰੇ ਚਰਚਾ ਕੀਤੀ ਹੈ। ਰੇਲ ਦੀ ਪਟੜੀ 'ਤੇ ਸਮੁੰਦਰ ਕਵਿਤਾ ਬਾਰੇ ਅਜਾਇਬ ਕਮਲ ਨੇ ਮਨੁੱਖੀ ਜੀਵਨ ਨਾਲ ਕਾਵਿਕ ਚਿੰਨ੍ਹਾਂ ਨੂੰ ਅੰਤਰ ਸਬੰਧਤ ਕਰਕੇ ਬੜਾ ਦਿਲਚਸਪ ਲੇਖ ਲਿਖਿਆ ਹੈ।

ਂਪ੍ਰੋ: ਕੁਲਜੀਤ ਕੌਰ ਅਠਵਾਲ।
ਫ ਫ ਫ

ਪੰਚਨਾਦ
ਸ਼ਾਇਰ : ਤੋਤਾ ਰਾਮ 'ਚੀਮਾ'
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ।
ਮੁੱਲ : 100 ਰੁਪਏ, ਸਫ਼ੇ : 96
ਸੰਪਰਕ : 98152-54838

ਤੋਤਾ ਰਾਮ 'ਚੀਮਾ' ਲੋਕ ਪੱਖੀ ਸ਼ਾਇਰ ਹੈ ਜੋ ਆਪਣੇ ਨਿੱਜ ਨਾਲੋਂ ਲੋਕਾਂ ਦੇ ਦਰਦ ਨੂੰ ਤਰਜੀਹੀ ਤੌਰ 'ਤੇ ਜ਼ਬਾਨ ਦਿੰਦਾ ਹੈ। ਇਸ ਪੁਸਤਕ ਵਿਚ ਉਸ ਦੀਆਂ ਅੱਧੀ ਸਦੀ ਪਹਿਲਾਂ ਦੀਆਂ ਵੀ ਕੁਝ ਰਚਨਾਵਾਂ ਸ਼ਾਮਿਲ ਹਨ ਤੇ ਇਸ ਵਿਚ ਗ਼ਜ਼ਲਾਂ ਦੀ ਨਿਸਬਤ ਉਸ ਦੇ ਗੀਤਾਂ ਦੀ ਗਿਣਤੀ ਜ਼ਿਆਦਾ ਹੈ। ਤੋਤਾ ਰਾਮ 'ਚੀਮਾ' ਦੇ ਗੀਤ ਸਰਲ ਭਾਸ਼ਾ ਵਿਚ ਹਨ ਤੇ ਇਨ੍ਹਾਂ ਵਿਚ ਗਾਏ ਜਾਣ ਵਾਲੇ ਸਾਰੇ ਤੱਤ ਹਨ। ਉਸ ਦੇ ਗੀਤ ਦੇਸ਼-ਪਿਆਰ ਵਿਚ ਗੜੁੱਚ ਹਨ, ਕੁਦਰਤ ਰਾਣੀ ਦੇ ਆਸ਼ਿਕ ਹਨ ਤੇ ਵਾਤਾਵਰਨ ਦੀ ਸ਼ੁੱਧਤਾ ਦਾ ਪਾਠ ਪੜ੍ਹਾਉਂਦੇ ਹਨ। ਇਨ੍ਹਾਂ ਵਿਚ ਮਜ਼ਦੂਰ ਦਾ ਮੁੜ੍ਹਕਾ ਹੈ, ਸਰ੍ਹੋਂ ਦੇ ਫੁੱਲਾਂ ਦੀ ਮਹਿਕ ਹੈ ਤੇ ਕੁੜੀਆਂ ਕੱਤਰੀਆਂ ਦੀਆਂ ਰੀਝਾਂ ਹਨ। ਉਸ ਦੇ ਕੁਝ ਗੀਤ ਉਪਦੇਸ਼ਕ ਤੇ ਲੋਕਾਂ ਨੂੰ ਸੁਚੇਤ ਕਰਨ ਵਾਲੇ ਹਨ। ਉਹ ਅਮਨ ਦਾ ਪੁਜਾਰੀ ਹੈ ਤੇ ਜੰਗ ਨਾਲ ਹੋਣ ਵਾਲੀ ਵੱਡੀ ਤਬਾਹੀ ਦਾ ਉਸ ਨੂੰ ਫ਼ਿਕਰ ਹੈ। ਇਕ ਸੱਚਾ-ਸੁੱਚਾ ਸ਼ਾਇਰ ਹਮੇਸ਼ਾ ਆਪਣੇ ਸਮਾਜ ਦੀ ਬਿਹਤਰੀ ਲਈ ਲਿਖਦਾ ਹੈ ਤੇ ਇਹੋ ਕੁਝ ਇਸ ਪੁਸਤਕ ਨੂੰ ਪੜ੍ਹਦਿਆਂ ਮਹਿਸੂਸ ਹੁੰਦਾ ਹੈ। ਤੋਤਾ ਰਾਮ 'ਚੀਮਾ' ਦੀਆਂ ਗ਼ਜ਼ਲਾਂ ਦੇ ਵਿਸ਼ੇ ਵੰਨ-ਸੁਵੰਨੇ ਹਨ ਤੇ ਗ਼ਜ਼ਲ ਸਿਨਫ਼ ਉਸ ਮਨਭਾਉਂਦੀ ਸਿਨਫ਼ ਹੈ। ਉਸ ਦੀਆਂ ਗ਼ਜ਼ਲਾਂ ਵਿਚ ਗੀਤਾਂ ਵਰਗੀ ਹੀ ਸਰਲਤਾ ਤੇ ਤਰਲਤਾ ਹੈ। ਸ਼ਾਇਰ ਨੇ ਮੂਲ ਰੂਪ ਵਿਚ ਗ਼ਜ਼ਲ ਰਾਹੀਂ ਪੰਜਾਬੀ ਕਾਵਿ ਖ਼ੇਤਰ ਵਿਚ ਪ੍ਰਵੇਸ਼ ਕੀਤਾ ਸੀ, ਇਸ ਲਈ 'ਪੰਚਨਾਦ' ਵਿਚ ਹੋਰ ਗ਼ਜ਼ਲਾਂ ਸ਼ਾਮਿਲ ਹੋਣੀਆਂ ਚਾਹੀਦੀਆਂ ਸਨ। ਸ਼ਾਇਰ ਨੇ ਜ਼ਿੰਦਗੀ ਦੀ ਹਕੀਕਤ ਨੂੰ ਹੰਢਾਇਆ ਹੈ ਤੇ ਉਸ ਕੋਲ ਅਨੁਭਵ ਦਾ ਵੱਡਾ ਭੰਡਾਰ ਹੈ ਜਿਸ ਦਾ ਉਹ ਆਪਣੀਆਂ ਰਚਨਾਵਾਂ ਵਿਚ ਕਲਾਤਮਿਕ ਢੰਗ ਨਾਲ ਪ੍ਰਯੋਗ ਕਰਦਾ ਹੈ।

ਂਗੁਰਦਿਆਲ ਰੌਸ਼ਨ
ਮੋ: 99884-44002
ਫ ਫ ਫ

ਕਮਰਿਆਂ ਤੋਂ ਬਾਹਰ ਬੈਠਾ ਘਰ
ਲੇਖਕ : ਤਰਸੇਮ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ: 140 ਰੁਪਏ, ਸਫ਼ੇ : 112
ਸੰਪਰਕ : 98159-76485.

'ਕਮਰਿਆਂ ਤੋਂ ਬਾਹਰ ਬੈਠਾ ਘਰ' ਤਰਸੇਮ ਦਾ ਚੌਥਾ ਕਾਵਿ-ਸੰਗ੍ਰਹਿ ਹੈ। ਇਹ ਪੁਸਤਕ ਉਸ ਨੇ ਮਾਣਯੋਗ ਡਾ: ਦੀਪਕ ਮਨਮੋਹਨ ਸਿੰਘ ਅਤੇ ਡਾ: ਰਵੇਲ ਸਿੰਘ ਨੂੰ ਸਮਰਪਿਤ ਕੀਤੀ ਹੈ। ਇਸ ਕਾਵਿ-ਸੰਗ੍ਰਹਿ ਵਿਚ 46 ਕਵਿਤਾਵਾਂ ਦੇ ਨਾਲ-ਨਾਲ ਡਾ: ਸੁਖਦੇਵ ਸਿੰਘ ਸਿਰਸਾ ਦਾ ਖੋਜ ਭਰਪੂਰ ਲੇਖ : 'ਬੁਰੇ ਵਕਤਾਂ ਦੀ ਕਵਿਤਾ : ਗੁੰਮਸ਼ੁਦਾ ਦੀ ਤਲਾਸ਼' ਸ਼ਾਮਿਲ ਕੀਤਾ ਗਿਆ ਹੈ। 'ਹੇ ਕਵਿਤਾ' ਕਵਿਤਾ ਦੀ ਬਾਹਰੀ ਅਤੇ ਅੰਦਰੂਨੀ ਬਣਤਰ ਦਾ ਸੰਕੇਤ ਦਿੰਦਿਆਂ, ਮਨੁੱਖੀ ਜੀਵਨ 'ਚ ਕਵਿਤਾ ਦੇ ਦਖ਼ਲ ਦੀ ਗਵਾਹੀ ਭਰਦੀ ਇਕ ਆਰਤੀ ਵਜੋਂ ਵਿਚਾਰੀ ਜਾ ਸਕਦੀ ਹੈ।
ਕਵਿਤਾ ਦੇ ਕੁਝ ਮਾਨਵੀ ਸਰੋਕਾਰ ਹਨ : ਗਿਆਨ ਤੇ ਸਕੂਨ। ਕਵਿਤਾ ਮਨੁੱਖੀ ਮਨ ਦੀ ਪਨਾਹਗਾਹ ਵੀ ਹੈ। ਅਜੋਕੇ ਸਮੇਂ ਵਿਚ ਸ਼ਾਇਦ ਮਨੁੱਖ, ਮਨੁੱਖ ਨਹੀਂ ਰਿਹਾ, ਉਹ ਮਸ਼ੀਨ ਬਣ ਗਿਆ ਹੈ ਜਾਂ ਅਜੋਕੇ ਪ੍ਰਬੰਧ ਨੇ ਉਸ ਨੂੰ ਮਸ਼ੀਨ 'ਚ ਤਬਦੀਲ ਕਰ ਦਿੱਤਾ ਹੈ। ਉਹ 'ਅਸੀਂ' ਤੋਂ 'ਮੈਂ' ਵਿਚ ਤਬਦੀਲ ਹੋ ਗਿਆ ਹੈ। ਵਿਸ਼ਵੀਕਰਨ ਦੇ ਦੌਰ 'ਸੰਸਾਰ' ਇਕ 'ਪਿੰਡ' ਵਿਚ ਤਾਂ ਤਬਦੀਲ ਹੋ ਗਿਆ ਹੈ ਪ੍ਰੰਤੂ 'ਘਰ' ਗੁੰਮ-ਗੁਆਚ ਗਿਆ ਹੈ। ਘਰ ਦਾ ਸੰਕਲਪ ਰਿਸ਼ਤਿਆਂ ਦੀ ਪਵਿੱਤਰਤਾ ਨਾਲ ਜੁੜਿਆ ਹੈ ਨਾ ਕਿ ਪਦਾਰਥਕ ਸੁੱਖਾਂ ਦੀ ਬਹੁਤਾਤ ਨਾਲ। ਇਸੇ ਕਰਕੇ ਹੀ ਤਰਸੇਮ ਦੀ ਧਾਰਨਾ ਪ੍ਰਪੱਕ ਹੈ ਕਿ ਘਰ ਕਮਰਿਆਂ ਤੋਂ ਬਾਹਰ ਆ ਗਿਆ ਹੈ। ਕਮਰੇ ਤਾਂ ਹਨ ਪਰ ਘਰ ਨਹੀਂ ਹੈ।
ਵਿਕਾਸ ਦੇ ਅੰਨ੍ਹੇ ਦੌਰ 'ਚ ਬੇਕਿਰਕੀ ਨਾਲ ਜ਼ਿੰਦਗੀ 'ਚ ਵਸਤਾਂ/ਰਿਸ਼ਤਿਆਂ ਦਾ ਵਿਕਾਸ ਹੋ ਰਿਹਾ ਹੈ ਜੋ ਕਬਾੜ 'ਚ ਤਬਦੀਲ ਹੁੰਦਾ ਜਾ ਰਿਹਾ ਹੈ। ਇਹ ਪ੍ਰਸ਼ਨ 'ਦੋ ਪਚਵੰਜਾ', 'ਘਰ', 'ਜੰਗਲ', 'ਕੋਟ ਉਦਾਸ ਹੈ', 'ਸਾਈਕਲ' ਆਦਿ ਬਾ-ਖੂਬੀ ਉਠਾਏ ਗਏ ਹਨ।ਕੁੱਲ ਮਿਲਾ ਕੇ ਇਹ ਪੁਸਤਕ ਪੜ੍ਹਨਯੋਗ ਹੈ, ਪੰਜਾਬੀ ਪਾਠਕਾਂ ਨੂੰ ਇਹ ਪੁਸਤਕ ਪੜ੍ਹਨ ਦੀ ਗੁਜਾਰਿਸ਼ ਕਰਦਿਆਂ ਸਕੂਨ ਮਹਿਸੂਸ ਕਰ ਰਿਹਾ ਹਾਂ। ਅਮੀਨ।

ਂਪ੍ਰੋ: ਸੰਧੂ ਵਰਿਆਣਵੀ
ਮੋ: 098786-14096.
ਫ ਫ ਫ

ਲਫ਼ਜ਼ ਕਲੰਦਰ
ਸ਼ਾਇਰ : ਪਰਵੀਨ ਕੁਮਾਰ ਅਸ਼ਕ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 118
ਸੰਪਰਕ : 98152-98459.

ਪ੍ਰਵੀਨ ਕੁਮਾਰ ਬੁਨਿਆਦੀ ਤੌਰ 'ਤੇ ਉਰਦੂ ਦਾ ਸ਼ਾਇਰ ਹੈ ਪਰ ਉਸ ਨੇ ਪੰਜਾਬੀ ਹੋਣ ਕਰਕੇ ਫੈਜ਼ ਅਹਿਮਦ ਫੈਜ਼ ਤੇ ਮੁਨੀਰ ਨਿਆਜੀ ਵਾਂਗ ਆਪਣੀ ਮਾਂ ਬੋਲੀ ਪੰਜਾਬੀ ਦਾ ਵੀ ਹੱਕ ਅਤਾ ਕੀਤਾ। ਉਸ ਨੇ ਪੰਜਾਬੀ ਵਿਚ ਉੱਚ ਪਾਏ ਦੇ ਸ਼ਿਅਰ ਕਹੇ। ਪਰਵੀਨ ਦੀ ਸ਼ਾਇਰੀ ਦੀ ਬੋਲੀ ਮਾਝੇ ਦੀ ਛਿੰਦੀ ਤੇ ਪਿਆਰੀ ਬੋਲੀ ਹੈ। ਉਸ ਦੀਆਂ ਗ਼ਜ਼ਲਾਂ ਦਾ ਰੰਗ ਠੇਠ ਪੰਜਾਬੀ ਦਾ ਹੈ :
ੲ ਦਿਲ ਨੂੰ ਫੁੱਲ ਬਣਾਇਆ ਕਰ,
ਫੇਰ ਮਸੀਤੇ ਜਾਇਆ ਕਰ...
ੲ ਥਾਂ ਥਾਂ ਮੰਦਿਰ ਮਸਜਿਦ ਸੀ
ਰੱਬ ਪਤਾ ਨਈਂ ਕਿੱਧਰ ਸੀ!
ਅਸ਼ਕ ਦੀ ਸ਼ਾਇਰੀ ਵਿਚ ਪੰਜਾਬੀ ਗ਼ਜ਼ਲ ਦੇ ਮਿਆਰੀ ਰੁਤਬੇ ਹਨ। ਰਾਜਨੀਤੀ ਹੋਵੇ, ਧਾਰਮਿਕ ਧੁੰਦੂਕਾਰਿਆਂ ਦੀ ਸਹਿਜ ਪੇਸ਼ਕਾਰੀ ਹੋਵੇ ਜਾਂ ਗ਼ਰੀਬੀ ਅਮੀਰੀ ਦਾ ਪਾੜਾ ਹੋਵੇ ਪਰ ਮਜਾਲ ਹੈ ਕਿ ਉਸ ਨੇ ਗ਼ਜ਼ਲੀਅਤ ਤੂੰ ਆਂਚ ਆਉਣ ਦਿੱਤਾ ਹੋਵੇ। ਅਸ਼ਕ ਦੇ ਸ਼ਿਅਰਾਂ ਵਿਚ ਜਿਥੇ ਸੂਫ਼ੀਆਨ ਰੰਗਤ ਹੈ, ਉਥੇ ਕਲੰਦਰੀ ਜਨੂੰਨ ਵੀ ਹੈ। ਪੁਸਤਕ ਵਿਚ 58 ਗ਼ਜ਼ਲਾਂ 12 ਗੀਤ ਕੁਝ ਵਾਰਤਕ ਕਵਿਤਾਵਾਂ ਤੇ ਕੁਝ ਟੱਪੇ ਹਨ। ਗ਼ਜ਼ਲ ਭਾਗ ਸਭ ਤੋਂ ਪਿਆਰਾ ਭਾਗ ਹੈ। ਇਸ ਭਾਗ ਦੀਆਂ ਗ਼ਜ਼ਲਾਂ ਨੇ ਪੰਜਾਬੀ ਗ਼ਜ਼ਲ ਨੂੰ ਅਮੀਰੀ ਬਖਸ਼ੀ ਹੈ। ਕੁਝ ਸ਼ਿਆਰ ਵੇਖੋ :
ੲ ਮੈਂ ਬੰਦਿਆਂ ਨਾਲ ਕਿਉਂ ਲੜਦਾ ਬੜਾ ਹਾਂ।
ਖ਼ੁਦਾ ਮੈਂ ਤੈਥੋਂ ਸ਼ਰਮਿੰਦਾ ਬੜਾ ਹਾਂ।
ੲ ਮਾਰੂਥਲ ਵਿਚ ਦਫਨ ਏ ਉਹ
ਜਿਸ ਦੇ ਕੋਲ ਸਮੁੰਦਰ ਸੀ...।
ਸ਼ਾਹਮੁਖੀ ਤੋਂ ਉਲਥਾ ਤੇ ਪੇਸ਼ਕਾਰੀ ਜਨਾਬ ਖਾਲਿਦ ਹੁਸੈਨ ਦੀ ਹੈ। ਸ਼ਾਇਰੀ ਦੀ ਪੁਸਤਕ ਸਾਂਭਣਯੋਗ ਹੈ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਅਗਲੀ ਦਸਤਕ ਅਤੇ ਈਡੀਪਸ
ਦੋ ਨਾਟਕ

ਲੇਖਕ : ਪਾਲੀ ਭੂਪਿੰਦਰ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 90 ਰੁਪਏ, ਸਫ਼ੇ : 80
ਸੰਪਰਕ : 0161-2413613.

ਇਸ ਪੁਸਤਕ ਵਿਚਲੇ ਦੋਵੇਂ ਨਾਟਕ 'ਅਗਲੀ ਦਸਤਕ' ਅਤੇ 'ਈਡੀਪਸ' ਰਾਹੀਂ ਨਾਟ ਵਿਧਾ ਵਿਚ ਆਪਣੀ ਵਿਸ਼ਵ-ਪੱਧਰੀ ਸਮਝ ਦਾ ਪ੍ਰਗਟਾਵਾ ਕਰਨ ਵਿਚ ਪਾਲੀ ਭੁਪਿੰਦਰ ਕਾਮਯਾਬ ਰਿਹਾ ਹੈ। ਇਹ ਦੋਵੇਂ ਨਾਟਕ ਪੰਜਾਬੀ ਨਾਟਕ ਦੇ ਮੂਲ ਵਿਧਾਨ ਤੋਂ ਕਾਫੀ ਵੱਖਰੇ ਹਨ। ਇਨ੍ਹਾਂ ਦੀ ਉੱਪਰੀ ਪਰਤ ਜਿਥੇ ਧਰਮ ਦੇ ਨਾਂਅ 'ਤੇ ਹੋਣ ਵਾਲੀ ਉਥਲ-ਪੁਥਲ ਦੀ ਸਾਧਾਰਨ ਜਿਹੀ ਝਾਕੀ ਨਜ਼ਰ ਆਉਂਦੀ ਹੈ, ਉਥੇ ਹੇਠਲੀ ਪਰਤ ਉੱਤੇ ਅਰਥਾਂ ਦਾ ਇਕ ਵੱਖਰਾ ਸੰਸਾਰ ਪਿਆ ਹੈ। ਪਹਿਲਾ ਨਾਟਕ 'ਅਗਲੀ ਦਸਤਕ' ਰਾਜਨੀਤੀ ਸਿਰਜਿਤ ਮਾਨਵ ਜਾਤੀ ਦੇ ਡੂੰਘੇ ਦੁਖਾਂਤ ਵੱਲ ਇਸ਼ਾਰਾ ਕਰਦਾ ਹੈ ਜਿਸ ਵਿਚ ਸਾਰੇ ਰਿਸ਼ਤੇ ਮੁੱਕ ਜਾਂਦੇ ਹਨ। ਇਕ ਦਸਤਕ ਆਉਂਦੀ ਹੈ ਤੇ ਪਛਾਣ ਦੇ ਨਾਂਅ ਉੱਤੇ ਇਕ ਰਿਸ਼ਤਾ ਖੋਹ ਕੇ ਚਲੀ ਜਾਂਦੀ ਹੈ।
ਪੁਸਤਕ ਦਾ ਦੂਸਰਾ ਨਾਟਕ 'ਈਡੀਪਸ' ਚਿਰ-ਪਰਚਿਤ ਯੂਨਾਨੀ ਨਾਟਕ ਅਤੇ ਈਡੀਪਸ ਕੰਪਲੈਕਸ ਨੂੰ ਨਵੇਂ ਵਿਸਤਾਰ ਦਿੰਦਾ ਹੋਇਆ ਇਹ ਨੁਕਤਾ ਉਭਾਰਦਾ ਹੈ ਕਿ ਔਰਤ-ਮਰਦ ਦੇ ਰਿਸ਼ਤੇ ਵਿਚ ਦੋਵਾਂ ਦੀ ਸਰੀਰਕ ਵੱਖਰਤਾ ਇਕ-ਦੂਜੇ ਦੀ ਪੂਰਕ ਹੈ ਤੇ ਕਿਸੇ ਬਾਹਰੀ ਸੰਕਟ ਵੇਲੇ ਹੀ ਇਸ ਰਿਸ਼ਤੇ ਦੀਆਂ ਅੰਦਰੂਨੀ ਗੁੰਝਲਾਂ ਆਪਣੇ ਤਮਾਮ ਪਸਾਰਾਂ ਸਮੇਤ ਨਜ਼ਰ ਆਉਂਦੀਆਂ ਹਨ।
ਇਨ੍ਹਾਂ ਦੋਵਾਂ ਨਾਟਕਾਂ ਨੂੰ ਰੰਗਮੰਚ ਦੀ ਭਾਸ਼ਾ ਵਿਚ ਲਿਖੇ ਜਾਣ ਲਈ ਇਕ ਉਦਾਹਰਨ ਸਮਝਿਆ ਜਾ ਸਕਦਾ ਹੈ। ਰੰਗਮੰਚੀ ਭਾਸ਼ਾ ਵਿਚ ਸਿਰਫ ਸੰਵਾਦ ਨਹੀਂ, ਪਾਤਰ, ਪਾਤਰਾਂ ਦੇ ਵਿਉਹਾਰ, ਦ੍ਰਿਸ਼, ਸਿਰਜਣ, ਰੌਸ਼ਨੀ, ਅਤੇ ਪਿੱਠ-ਭੂਮੀ ਪ੍ਰਭਾਵ ਹਰ ਪੱਖ ਲਈ ਵਿਧੀ ਬਣਦਾ ਨਜ਼ਰ ਆਉਂਦਾ ਹੈ। ਇਸ ਵਿਧੀ ਦਾ ਨਾਟਕਕਾਰ ਵਲੋਂ ਦੋਵਾਂ ਨਾਟਕਾਂ ਵਿਚ ਇਸਤੇਮਾਲ ਕੀਤਾ ਗਿਆ ਹੈ।
ਨਾਟਕ 'ਈਡੀਪਸ' ਵਿਚ ਹਥਿਆਰ, ਤਿਜ਼ਾਬ ਅਤੇ ਨਾਟਕ 'ਅਗਲੀ ਦਸਤਕ' ਵਿਚ ਖਲ-ਪਾਤਰਾਂ ਦਾ ਮੰਚ ਤੋਂ ਪਰ੍ਹੇ ਹੋਣਾ, ਪਾਤਰਾਂ ਦੇ ਨਾਂਅ ਕਬੀਰ ਅਤੇ ਸਰਘੀ, ਦਸਤਕ ਆਦਿ ਵਿਸ਼ੇ ਨੂੰ ਵਿਸਤਾਰ ਦੇਣ ਵਾਲੇ ਚਿੰਨ੍ਹ ਅਤੇ ਮੈਟਾਫਰ ਹਨ। ਪੁਸਤਕ ਦੇ ਦੋਵੇਂ ਨਾਟਕ ਵੱਡੇ ਪੱਧਰ ਤੇ ਆਲੋਚਨਾਤਮਿਕ ਗੋਸ਼ਟੀ ਦੀ ਮੰਗ ਕਰਦੇ ਹਨ।

ਂਪ੍ਰੋ: ਨਿਰਮਲ ਜੌੜਾ
ਮੋ: 98140-78799.
ਫ ਫ ਫ

ਪ੍ਰਦੇਸਣ
ਲੇਖਕ : ਪ੍ਰਿੰ: ਜਗਤਾਰ ਸਿੰਘ
ਪ੍ਰਕਾਸ਼ਕ : ਅਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 95011-17889.

'ਪ੍ਰਦੇਸਣ' ਕਹਾਣੀ-ਸੰਗ੍ਰਹਿ ਪ੍ਰਿੰ: ਜਗਤਾਰ ਸਿੰਘ ਦਾ ਪਲੇਠਾ ਕਹਾਣੀ-ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਕੁੱਲ 15 ਕਹਾਣੀਆਂ 'ਤੇ ਕਲਮ ਅਜਮਾਈ ਹੈ। ਜਿਵੇਂ: 'ਫ਼ੈਸਲਾ', 'ਕੂੜੇਵਾਲਾ' ਵਿਚ ਕੂੜੇ ਵਾਲੇ ਦੀ ਅਜਿਹੀ ਤ੍ਰਾਸਦੀ ਨੂੰ ਬਿਆਨ ਕੀਤਾ ਹੈ ਕਿ ਉਹ ਆਪਣੇ ਆਪ ਨੂੰ ਕੂੜੇ ਵਾਲਾ ਅਖਵਾਉਣ ਨਾਲ ਨਮੋਸ਼ੀ ਸਹਿਣੀ ਪੈਂਦੀ ਹੈ।
'ਮੰਗਤੀ' ਕਹਾਣੀ ਵਿਚ ਮੰਗਤੀਆਂ ਦੇ ਵਿਆਹਾਂ ਵਿਚ ਖਾਣ-ਪੀਣ ਬਾਰੇ ਹੈ ਕਿ ਲੋਕ ਬਰਬਾਦ ਕੀਤਾ ਖਾਣਾ ਤਾਂ ਬਰਦਾਸ਼ਤ ਕਰ ਲੈਂਦੇ ਹਨ ਪਰ ਮੰਗਤੀਆਂ ਨੂੰ ਖਾਣ ਲਈ ਨਹੀਂ ਦਿੰਦੇ। 'ਸੱਚੋ ਸੱਚ ਦੱਸ ਵੇ ਜੋਗੀ' ਕਹਾਣੀ ਵਿਚ ਦੱਸਿਆ ਗਿਆ ਹੈ ਕਿ ਜੇਕਰ ਦੇਸ਼ ਦਾ ਅੰਨਦਾਤਾ ਖੁਸ਼ ਹੈ ਤਾਂ ਸਾਰਾ ਦੇਸ਼ ਖੁਸ਼ ਹੈ, ਪਰ ਜੇਕਰ ਅੰਨਦਾਤਾ ਖੁਸ਼ ਨਹੀਂ, ਜਿਵੇਂ ਅਜੋਕੇ ਸਮੇਂ ਵਿਚ ਹੋ ਰਿਹਾ ਹੈ ਤਾਂ ਸਾਰਿਆਂ ਨੂੰ ਹੀ ਤ੍ਰਾਸਦੀ ਸਹਿਣੀ ਪੈਂਦੀ ਹੈ। 'ਪ੍ਰਦੇਸਣ' ਕਹਾਣੀ ਵਿਚ ਇਕ ਧੀ ਦੀ ਆਪਣੇ ਪਿਓ ਪ੍ਰਤੀ ਅਪਣੱਤ ਦਿਖਾਈ ਗਈ ਹੈ।
'ਡਿਸਕੋ' ਕਹਾਣੀ ਪੁਰਾਤਨ ਅਤੇ ਨਵੀਂ ਪੀੜ੍ਹੀ ਦੀ ਸੋਚ ਦਾ ਪਾੜਾ ਹੈ। 'ਲਾਵਾਂ ਵਾਲਾ ਸੂਟ' ਕਹਾਣੀ ਵਿਚ ਸੂਟ ਨੂੰ ਆਪਣੀ ਪਤਨੀ ਦੀ ਯਾਦ ਵਿਚ ਸਾਂਭ ਕੇ ਰੱਖਣ ਬਾਰੇ ਹੈ, ਜਿਸ ਵਿਚ ਅੰਤਾਂ ਦਾ ਪਿਆਰ ਛੁਪਿਆ ਹੋਇਆ ਹੈ ਅਤੇ ਅਖੀਰਲੀ ਕਹਾਣੀ 'ਕੋਰਟ ਮੈਰਿਜ' ਵਿਚ ਕੁੜੀਆਂ ਦਾ ਆਪਣੇ ਘਰਦਿਆਂ ਤੋਂ ਵਾਹਰੀਆਂ ਹੋ ਕੇ ਵਿਆਹ ਕਰਵਾਉਣ ਦਾ ਸੰਕਟ ਹੈ।
ਸਮੁੱਚੇ ਰੂਪ ਵਿਚ ਪ੍ਰਿੰ: ਜਗਤਾਰ ਸਿੰਘ ਨੇ ਆਪਣੀ ਕਲਮ ਦੁਆਰਾ ਅਜੋਕੇ ਮਸਲਿਆਂ ਨੂੰ ਛੂਹਣ ਦਾ ਯਤਨ ਤਾਂ ਜ਼ਰੂਰ ਕੀਤਾ ਹੈ, ਪਰ ਉਸ ਦੀ ਕਹਾਣੀ-ਕਲਾ ਨੂੰ ਹੋਰ ਪਰਪੱਕਤਾ ਦੀ ਲੋੜ ਹੈ।

ਂਗੁਰਬਿੰਦਰ ਕੌਰ ਬਰਾੜ
ਮੋ: 09855395161
ਫ ਫ ਫ

ਕਵਿਤਾ ਦੀ ਪਰਵਾਜ਼
ਕਵੀ : ਨਿਰਮਲ ਸਿੰਘ ਲਾਲੀ
ਪ੍ਰਕਾਸ਼ਕ : ਬਲਵੰਤ ਪ੍ਰਕਾਸ਼ਨ, ਜਲੰਧਰ
ਮੁੱਲ : 160 ਰੁਪਏ, ਸਫ਼ੇ : 128
ਸੰਪਰਕ : 0181-2623184.

ਅਮਰੀਕਾ ਦੇ ਸ਼ਹਿਰ ਯੂਬਾ ਸਿਟੀ 'ਚ ਵਸਦੇ ਪ੍ਰਵਾਸੀ ਪੰਜਾਬੀ ਕਵੀ ਨਿਰਮਲ ਸਿੰਘ ਲਾਲੀ ਨੇ ਇਹ ਛੇਵਾਂ ਕਾਵਿ-ਸੰਗ੍ਰਹਿ ਪੰਜਾਬੀ ਕਾਵਿ ਜਗਤ ਦੇ ਸਨਮੁੱਖ ਕੀਤਾ ਹੈ। ਇਸ ਵਿਚ ਕੁੱਲ 86 ਰਚਨਾਵਾਂ ਦਰਜ ਹਨ, ਜਿਨ੍ਹਾਂ 'ਚ 4 ਕੁ ਗ਼ਜ਼ਲਾਂ ਅਤੇ ਬਾਕੀ ਕਵਿਤਾਵਾਂ-ਨਜ਼ਮਾਂ ਕਵੀ ਦੇ ਕਾਵਿ-ਅਨੁਭਵ ਦਾ ਖੁੱਲ੍ਹਾ ਝਲਕਾਰਾ ਹਨ। ਕਵੀ ਲਾਲੀ ਦੀਆਂ ਇਨ੍ਹਾਂ ਕਾਵਿ-ਰਚਨਾਵਾਂ ਦੀ ਤਕਨੀਕੀ ਪੱਖ ਤੋਂ ਨਿਰਖ-ਪਰਖ ਕਰੀਏ ਤਾਂ ਗ਼ਜ਼ਲਾਂ ਨੂੰ ਛੱਡ ਕੇ ਬਾਕੀ ਕਾਵਿ-ਰਚਨਾਵਾਂ ਛੰਦ ਮੁਕਤ ਕਵਿਤਾ ਦੇ ਘੇਰੇ ਵਿਚ ਆਉਂਦੀਆਂ ਹਨ। ਪੁਸਤਕ ਦੇ ਮੁੱਖਬੰਦ ਵਿਚ ਡਾ: ਚਰਨਜੀਤ ਸਿੰਘ ਪੱਡਾ ਲਿਖਦੇ ਹਨ ਕਿ 'ਲਾਲੀ ਦੀਆਂ ਇਨ੍ਹਾਂ ਕਾਵਿ ਰਚਨਾਵਾਂ ਵਿਚਲੇ ਅਨੁਭਵ ਅਤੇ ਅਭਿਵਿਅਕਤੀ ਦਾ ਸੰਤੁਲਿਤ ਸੰਗਮ ਸਦਕਾ ਇਨ੍ਹਾਂ ਰਚਨਾਵਾਂ ਵਿਚੋਂ ਹੁਸਨ ਅਤੇ ਸੁਹਜ ਅਨੰਦ ਦੀ ਤਰੰਗ ਪਾਠਕ ਨੂੰ ਮੰਤਰ ਮੁਗਧ ਕਰਦੀ ਹੈ।' ਭਿੰਨ-ਭਿੰਨ ਵਿਕੋਲਿਤਰੇ ਵਿਸ਼ਿਆਂ ਨੂੰ ਸਾਂਭੀ ਬੈਠੀਆਂ ਕਵੀ ਦੀਆਂ ਇਹ ਨਜ਼ਮਾਂ-ਕਵਿਤਾਵਾਂ ਵਿਚ ਕਦੋਂ ਜਾਗੇਗੀ ਕੌਮ, ਮਾਵਾਂ ਵੀ ਅੱਜ ਡਾਇਣਾਂ, ਖ਼ੁਦਗਰਜ਼, ਅਹੰਕਾਰੀ ਤੇ ਪਖੰਡੀ, ਕੋਈ ਪਤਾ ਨਹੀਂ, 'ਦੀਵਾਲੀ+, ਮਨੁੱਖ, ਨੀ ਕੁੜੀਏ ਅੱਜ ਦੀਏ, ਕਰਦਾ ਕੋਈ ਕੋਈ, ਸੱਜਣ ਆ ਕੇ ਚਲੇ ਗਏ, ਛੇਤੀ ਛੇਤੀ ਆ ਸੱਜਣਾ, ਵਾਹ ਪਰਮਾਤਮਾ, ਛੁੱਟੀ ਲੈ ਕੇ ਆਜਾ ਮਾਹੀ, ਪੀੜਾਂ ਨੂੰ ਲਕੋਵਾਂ ਕਿਸ ਤਰ੍ਹਾਂ, ਉਹ ਮਹਾਨ ਹੁੰਦੇ ਜੋ ਜਿਊਂਦੇ ਦੂਜਿਆਂ ਲਈ, ਪਰਉਪਕਾਰੀ, ਕਲਮਾਂ, ਰੱਖੜੀ, ਮਾਂ ਦੀ ਯਾਦ, ਯਾਦ ਵਤਨਾਂ ਦੀ, ਸਾਹਿਤਕਾਰ, ਤੈਨੂੰ ਤਾਂ ਜਾਣਾ, ਸ਼ਹੀਦੀ, ਜਦੋਂ ਯਾਦਾਂ ਆਉਂਦੀਆਂ ਨੇ ਆਦਿ ਮਿਸਾਲੀ ਰਚਨਾਵਾਂ ਕਵੀ ਦੇ ਤਖੱਈਅਲ ਨੂੰ ਪ੍ਰਗਟਾਉਂਦੀਆਂ ਹਨ। ਕਵੀ ਨਿਰਮਲ ਸਿੰਘ ਲਾਲੀ ਦੇ ਇਸ ਕਾਵਿ-ਸੰਗ੍ਰਹਿ ਦਾ ਪੰਜਾਬੀ ਕਵਿਤਾ ਦੇ ਵਿਹੜੇ ਵਿਚ ਭਰਵਾਂ ਸਵਾਗਤ ਹੋਣਾ ਚਾਹੀਦਾ ਹੈ।

ਂਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444.
ਫ ਫ ਫ

ਵਿਸ਼ਵ-ਸੱਭਿਅਤਾ ਵਿਚ ਦੇਵੀ-ਪੂਜਾ
ਅਤੇ
ਪੰਜਾਬ ਵਿਚ ਜਗਰਾਤੇ

ਸ਼ੋਧ ਕਾਰਜ : ਡਾ: ਸਿਧਾਰਥ ਕੁਮਾਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 168
ਸੰਪਰਕ : 81463-51200.

ਇਹ ਖੋਜ-ਕਾਰਜ ਸਾਹਿਤ ਸੱਭਿਆਚਾਰ; ਧਰਮ ਅਤੇ ਲੋਕਯਾਨਿਕ-ਖੇਤਰ ਦਾ ਅਜਿਹਾ; ਸਮਾਜਿਕ-ਸੱਭਿਆਚਾਰਕ ਅਧਿਐਨ ਹੈ, ਜਿਸ ਦਾ ਸਬੰਧ ਲੋਕ-ਰਸਮਾਂ, ਪੂਜ-ਵਿਧੀਆਂ; ਅਤੇ ਮਾਨਤਾਵਾਂ ਨਾਲ ਹੈ। ਇਸ ਪੁਸਤਕ ਦੇ ਖੋਜ ਕਾਰਜ ਲਈ ਲੇਖਕ ਨੇ ਭੂਮਿਕਾ ਤੋਂ ਇਲਾਵਾ, ਪੰਜ ਅਧਿਆਏ ਹਨ। ਹਰ ਅਧਿਆਇ ਵਿਚ ਖੋਜਾਰਥੀ ਨੇ ਲੋਕ-ਜੀਵਨ ਵਿਚ ਪੂਜਾ, ਪ੍ਰਾਰਥਨਾ ਅਤੇ ਪਰਮਾਤਮਾ ਦੀ ਆਸਥਾ ਪ੍ਰਤੀ, ਮਨੁੱਖੀ ਜੀਵਨ ਦੀ ਇਤਿਹਾਸਕ ਸਮਾਜਿਕ ਅਤੇ ਸੱਭਿਆਚਾਰਕ ਸਥਿਤੀਆਂ-ਪ੍ਰਸਥਿਤੀਆਂ ਦਾ ਮੁਲਾਂਕਣ ਕੀਤਾ ਹੈ। ਜਗਰਾਤਿਆਂ ਦੀ ਪਰੰਪਰਾ ਤੇ ਨਿਕਾਸ, ਨਿਕਾਸ ਤੋਂ ਵਿਕਾਸ ਦੇ ਵੱਖ-ਵੱਖ ਪੜਾਵਾਂ ਦਾ ਅਧਿਐਨ ਕਰਦਿਆਂ ਲੇਖਕ ਨੇ 'ਵਿਸ਼ਵ-ਸੱਭਿਅਤਾ ਵਿਚ ਦੇਵੀ-ਪੂਜਾ ਅਤੇ ਪੰਜਾਬ ਵਿਚ ਜਗਰਾਤੇ' ਵਿਸ਼ੇ 'ਤੇ ਸਿਧਾਂਤਕ ਪਰਿਪੇਖ ਉੱਪਰ ਮੁਲਾਂਕਣ ਕਰਕੇ ਜੋ ਸਿੱਟੇ ਕੱਢੇ ਹਨ, ਉਹ ਸਰਬ ਪ੍ਰਵਾਨਿਤ ਹਨ।
ਚੌਥੇ ਅਧਿਆਇ ਵਿਚ 'ਜਗਰਾਤਾ' ਸਬੰਧੀ ਕਾਰਜ ਪ੍ਰਣਾਲੀ ਦੀ ਪੇਸ਼ਕਾਰੀ ਦੇ ਵਸਤੂ-ਵੇਰਵੇ ਹਨ। ਜਗਰਾਤਿਆਂ ਦੇ ਆਰੰਭ ਅਤੇ ਵਿਕਾਸ ਪ੍ਰਤੀ, ਲੇਖਕ ਨੇ ਦਿਨਾਂ ਦੀ ਲੋੜ; ਵਿਧੀ; ਪੂਜਾ ਸਮੱਗਰੀ, ਪ੍ਰਾਰਥਨਾ, ਗਾਇਕੀ, ਗੀਤ ਭਜਨ ਸ਼ਬਦ ਦੋਹਰੇ ਆਦਿ ਭਗਤੀ-ਗੀਤ ਗਾਉਣ ਦਾ ਆਰੰਭ ਕਿਵੇਂ ਹੋਇਆ ਹੋਵੇਗਾ? ਇਸ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ ਗਈ ਹੈ। ਦੇਵੀ ਮਾਤਾ ਦੇ 108 ਨਾਵਾਂ, ਵੱਖ-ਵੱਖ ਦੇਵੀਆਂ ਦੀ ਇਤਿਹਾਸਕ ਮਿਥਿਹਾਸਕ ਅਤੇ ਧਾਰਮਿਕ ਦ੍ਰਿਸ਼ਟੀ ਤੋਂ ਮਹੱਤਤਾ ਪ੍ਰਗਟਾਈ ਹੈ।
ਨਵੇਂ ਸਾਜ਼; ਨਵੇਂ ਗੀਤ; ਨਵੇਂ ਸੰਗੀਤ ਅਤੇ ਨਵੀਆਂ ਵਿਧੀਆਂ ਦੀ ਵਰਤੋਂ ਹੋਣ ਲੱਗੀ ਹੈ। ਭਾਵੇਂ ਜਗਰਾਤੇ ਦਾ ਸਬੰਧ ਦੇਵੀਆਂ ਪ੍ਰਤੀ ਸ਼ਰਧਾ ਪਿਆਰ ਅਤੇ ਅਟੁੱਟ ਵਿਸ਼ਵਾਸ ਹੈ। ਧਰਮ ਨਾਲ ਸਬੰਧਿਤ ਹੋਣ ਕਾਰਨ ਇਹ ਇਕ ਰਵਾਇਤ ਬਣ ਗਿਆ ਹੈ, ਪ੍ਰੰਤੂ ਅੱਜ ਇਹ ਰਵਾਇਤ ਵਧੇਰੇ ਇਕ ਰਸਮ-ਰਵਾਇਤ ਅਤੇ ਪ੍ਰਦਰਸ਼ਨ ਦਾ ਇਕ 'ਜਲਸਾ' ਬਣ ਗਿਆ ਹੈ।
ਜਗਰਾਤਾ, ਰਿਸ਼ਤਿਆਂ ਦੀ ਪੁਨਰ-ਸੁਰਜੀਤੀ ਲਈ ਇਕ ਨਵੀਂ ਸੋਚ ਸਿਰਜਣਾਤਮਿਕ ਵਲਵਲੇ ਜਗਾਉਣ ਦੀ ਪ੍ਰੇਰਨਾ ਸਰੋਤ ਬਣੇ ਤਾਂ ਸਾਡੇ ਜੀਵਨ ਦੇ ਮਾਂ ਭੈਣ ਵਰਗੇ ਰਿਸ਼ਤੇ ਅਤੇ ਇਨਸਾਨੀ ਭਰੱਪਣ ਦੀ ਪਾਕੀਜ਼ਗੀ ਕਦੇ ਵੀ ਧੀਮੀ ਨਾ ਹੋਵੇ। ਜਗਰਾਤਾ ਅਸਾਡੀ ਆਤਮਾ ਨੂੰ ਜਗਾਉਣ ਦਾ ਮਾਧੀਆ ਬਣੇ! ਅਜਿਹੀ ਖੋਜ ਭਰਪੂਰ ਵਧੀਆ ਰਚਨਾ ਦਾ ਸਵਾਗਤ ਹੈ।

ਂਡਾ: ਅਮਰ ਕੋਮਲ
ਮੋ: 084378-73565.
ਫ ਫ ਫ

ਇਤਿਹਾਸ ਦ੍ਰਿਸ਼ਟੀ
ਲੇਖਕ : ਸਬਿੰਦਰਜੀਤ ਸਿੰਘ ਸਾਗਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 295 ਰੁਪਏ, ਸਫ਼ੇ : 155
ਸੰਪਰਕ : 98145-08894.

ਇਸ ਪੁਸਤਕ ਦੇ ਦੋ ਭਾਗ ਹਨ ਪਹਿਲੇ ਹਿੱਸੇ ਵਿਚ ਸਾਹਿਤ ਦੇ ਵੱਖ-ਵੱਖ ਰੂਪਾਂ ਨੂੰ ਇਤਿਹਾਸਕ ਦ੍ਰਿਸ਼ਟੀ ਤੋਂ ਵਿਖਾਇਆ ਗਿਆ ਹੈ। ਦੂਜਾ ਭਾਗ ਸਾਹਿਤ ਪੱਤਰਕਾਰੀ ਦਾ ਹੈ ਜਿਸ ਵਿਚ ਪੱਤਰਕਾਰੀ ਦੇ ਮਾਧਿਅਮ ਨਾਲ ਪੰਜਾਬੀ ਸਾਹਿਤ ਬਾਰੇ ਸਮਝ ਦੀ ਵਿਕਾਸ ਰੇਖਾ ਨੂੰ ਵੇਖਿਆ ਜਾ ਸਕਦਾ ਹੈ।
ਪੰਜਾਬੀ ਸਾਹਿਤ ਪ੍ਰਤੀ ਇਤਿਹਾਸ-ਦ੍ਰਿਸ਼ਟੀ ਦਾ ਮੁਲਾਂਕਣ ਪੰਜਾਬੀ ਕਵਿਤਾ ਬਾਰੇ ਰਵਿੰਦਰ ਸਿੰਘ ਰਵੀ ਦੀ ਆਲੋਚਨਾ ਦਾ ਮੁਲਾਂਕਣ, ਮੰਟੋ ਦੀ ਕਹਾਣੀ '1919 ਕੀ ਏਕ ਬਾਤ' : ਲੋਕ ਉਭਾਰ ਦਾ ਮਨੋਵਿਗਿਆਨ, ਪੰਜਾਬ ਦੀ ਇਤਿਹਾਸਕਾਰੀ ਤੇ ਕਰਮ ਸਿੰਘ ਹਿਸਟੋਰੀਅਨ ਦਾ ਯੋਗਦਾਨ, ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਵਿਚ ਔਰਤ-ਮਰਦ ਦੇ ਰਿਸ਼ਤਿਆਂ ਦਾ ਯਥਾਰਥ, ਲਾਲ ਸਿੰਘ ਦਿਲ ਦੇ ਕਾਵਿ ਸ਼ਾਸਤਰ ਬਾਰੇ, 'ਕੌਰਵ-ਸਭਾ' ਦੇ ਸਮਾਜਿਕ ਸੰਕਟ ਦਾ ਯਥਾਰਥ, ਮਹਾਰਾਜਾ ਰਣਜੀਤ ਸਿੰਘ ਕਾਲ ਦੀਆਂ ਸਮਾਜਿਕ-ਸੱਭਿਆਚਾਰਕ ਸਥਿਤੀਆਂ, ਆਰੰਭਿਕ ਪੰਜਾਬੀ ਪੱਤਰਕਾਰੀ, ਫੁਲਵਾੜੀ ਦੀ ਪੱਤਰਕਾਰੀ ਦਾ ਮੁਲੰਕਣ, ਪੰਜਾਬੀ ਸਾਹਿਤ-ਪੱਤਰਕਾਰੀ ਵਿਚ 'ਕਵੀ' ਦਾ ਯੋਗਦਾਨ, ਪੰਜ ਦਰਿਆ, ਪ੍ਰੀਤ ਲੜੀ : ਪਰਿਵਰਤਨ ਦਾ ਸੰਕਟ, 'ਸੇਧਾਂ' ਦੀ ਸੇਧ, ਪੰਜਾਬੀ ਸਾਹਿਤ-ਪੱਤਰਕਾਰੀ ਅਤੇ ਅੱਠਵਾਂ ਦਹਾਕਾ, ਅਤੇ ਪਾਸ਼ ਦੀ ਸਾਹਿਤ ਪੱਤਰਕਾਰੀ ਨਾਂਅ ਦੇ ਲੇਖ ਇਸ ਪੁਸਤਕ 'ਚ ਸ਼ਾਮਿਲ ਹਨ।
ਲੇਖਕ ਆਪਣੇ ਲੇਖਾਂ 'ਚ ਢੁਕਵੀਆਂ ਦਲੀਲਾਂ ਲਈ ਹਵਾਲੇ ਤੇ ਟਿੱਪਣੀਆਂ ਦੀ ਯੋਗ ਵਰਤੋਂ ਕਰਦਾ ਹੈ। ਕਿਤੇ ਦੁਹਰਾਓ ਨਹੀਂ।

ਂਪ੍ਰੋ: ਸਤਪਾਲ ਸਿੰਘ
ਮੋ: 98725-21515.
ਫ ਫ ਫ

21/10/2017

 ਡਾ: ਅਮਰ ਕੋਮਲ ਦਾ
ਨਿਬੰਧ-ਜਗਤ
ਸੰ: ਪ੍ਰੋ: ਸਤਿੰਦਰ ਕੌਰ ਰੰਧਾਵਾ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 184
ਸੰਪਰਕ : 89685-10042.

ਵਿਚਾਰਾਧੀਨ ਪੁਸਤਕ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ। ਇਨ੍ਹਾਂ ਭਾਗਾਂ ਦੇ ਸਿਰਲੇਖ ਹਨ : ਮੇਰਾ ਚੇਤਨ-ਅਵਚੇਤਨ; ਖੋਜ ਪੱਤਰ; ਅਤੇ ਕੁਝ ਵਿਚਾਰ : ਚਿੰਤਨ ਚੇਤਨਾ ਦੇ। ਪਹਿਲੇ ਭਾਗ ਵਿਚ ਡਾ: ਅਮਰ ਕੋਮਲ ਦਾ ਵਿਅਕਤਿਤਵ, ਸਾਹਿਤਕ ਚੇਟਕ ਨਾਲ ਸਬੰਧਿਤ ਸਰੋਕਾਰ, ਨਿਬੰਧ ਚੇਤਨਾ ਦਾ ਵਿਕਾਸ ਅਤੇ ਇਨ੍ਹਾਂ ਦੀ ਸਿਰਜਣਾ ਪਿੱਛੇ ਕਾਰਜਸ਼ੀਲ ਮਨੋਰਥ ਬਾਰੇ ਜਾਣਕਾਰੀ ਉਪਬਲਧ ਕਰਵਾਈ ਗਈ ਹੈ। ਖੋਜ ਪੱਤਰਾਂ ਵਾਲੇ ਭਾਗ ਵਿਚ ਵੱਖ-ਵੱਖ ਸਮਕਾਲੀ ਵਿਦਵਾਨਾਂ ਵਲੋਂ 23 ਖੋਜ ਪੱਤਰਾਂ ਵਿਚ ਡਾ: ਕੋਮਲ ਦੇ ਨਿਬੰਧਾਂ ਦਾ ਵਿਸ਼ੇ-ਮੂਲਕ ਅਤੇ ਸ਼ੈਲੀਗਤ ਅਧਿਐਨ ਪ੍ਰਸਤੁਤ ਕੀਤਾ ਗਿਆ ਹੈ। ਇਨ੍ਹਾਂ ਖੋਜ ਪੱਤਰਾਂ ਵਿਚ ਲੇਖਕ ਦੇ ਨਿਬੰਧ ਸੰਗ੍ਰਹਿਆਂਂਕਤਰਾ ਕਤਰਾ ਸਮੁੰਦਰ, ਜ਼ਿੰਦਗੀ ਦੇ ਸਿਰਨਾਵੇਂ, ਚੱਲਣਾ ਹੀ ਜ਼ਿੰਦਗੀ, ਅੰਦਰ-ਬਾਹਰ, ਤੀਜੀ ਅੱਖ, ਸੰਜੀਵਨੀ, ਕਾਮਦੇਵ ਤੇ ਹੋਰ ਲੇਖ, ਪੰਚਾਮ੍ਰਿਤ, ਅਤੇ ਸਲੀਕਾ ਆਦਿ ਨੂੰ ਅਧਿਐਨ ਵਸਤੂ ਵਜੋਂ ਗ੍ਰਹਿਣ ਕਰਕੇ ਬੜਾ ਵਿਦਵਤਾ ਭਰਪੂਰ ਵਿਸ਼ਲੇਸ਼ਣ ਕੀਤਾ ਗਿਆ ਹੈ। ਸਾਰੇ ਹੀ ਤੀਜੇ ਭਾਗ ਵਿਚ ਪਾਰਖੂ ਵਿਦਵਾਨਾਂ ਨੇ ਡਾ: ਕੋਮਲ ਦੀ ਸਮੁੱਚੀ ਸਾਹਿਤ ਸਿਰਜਣਾ ਦੇ ਨਾਲ-ਨਾਲ ਨਿਬੰਧਾਂ ਦੇ ਗੁਣਾਂ 'ਤੇ ਵੀ ਆਪਣਾ ਧਿਆਨ ਕੇਂਦਰਿਤ ਕੀਤਾ ਹੈ। ਅੰਤਿਕਾ ਵਿਚ ਲੇਖਕ ਦੀ ਨਿਬੰਧ ਚੇਤਨਾ ਬਾਰੇ ਭਿੰਨ-ਭਿੰਨ ਵਿਦਵਾਨਾਂ ਦੀਆਂ ਰਾਵਾਂ ਸੰਕਲਿਤ ਹਨ। ਮਸਲਨ : ਡਾ: ਰਤਨ ਸਿੰਘ ਜੱਗੀ ਲਿਖਦੇ ਹਨ : 'ਡਾ: ਅਮਰ ਕੋਲ ਦੇ ਨਿਬੰਧ ਯਥਾਰਥ ਤੋਂ ਆਦਰਸ਼ ਵੱਲ ਵਿਕਾਸ ਕਰਦੇ ਹਨ, ਇਹ ਨਿਬੰਧ ਦਿਸਦੇ ਤੇ ਅਣਦਿਸਦੇ ਦਾ ਸੁਚੱਜਾ ਮੇਲ-ਮਿਲਾਪ ਕਰਵਾਉਂਦੇ ਹਨ। ਜੀਵਨ ਸੱਚ ਨੂੰ ਸਮਝਣ ਯੋਗ ਬਣਾਉਣ ਲਈ, ਉਸ ਦੀ ਸੁਹਜਮਈ ਸ਼ੈਲੀ ਪੂਰਾ ਸਾਥ ਨਿਭਾਅ ਰਹੀ ਹੈ।'
ਕਿਹਾ ਜਾ ਸਕਦਾ ਹੈ ਕਿ ਨਿਬੰਧਕਾਰ ਨੇ ਆਤਮ ਅਤੇ ਅਨਾਤਮ ਦੇ ਸਾਰੇ ਵਿਸ਼ਿਆਂ ਬਾਰੇ ਆਪਣੀ ਕਲਮ ਚਲਾਈ ਹੈ। ਉਸ ਦੀ ਸ਼ੈਲੀ ਸਰਲ ਅਤੇ ਕਾਵਿਕ ਨਖਰੇ ਵਾਲੀ ਹੈ। ਉਹ ਲੋਕ-ਕਥਨ, ਲੋਕ ਅਖਾਣ, ਮੁਹਾਵਰਿਆਂ ਅਤੇ ਸਮਾਸੀ-ਸ਼ਬਦਾਂ ਦੇ ਪ੍ਰਯੋਗ ਵਿਚ ਸਿੱਧ-ਹਸਤ ਹੈ। ਕੁੱਲ ਮਿਲਾ ਕੇ ਉਸ ਦੇ ਨਿਬੰਧ ਸਿੱਖਿਆਦਾਇਕ, ਵਿਗਿਆਨਕ ਸੋਚ ਵਾਲੇ ਅਤੇ ਮਾਰਗ-ਦਰਸ਼ਕ ਹਨ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਸ਼ਾਸਕੀਯ ਗੀਤਾ
(ਇਤਿਹਾਸਕ-ਸੱਭਿਆਚਾਰਕ ਸਰੋਕਾਰ)
ਲੇਖਕ : ਸ. ਸ. ਨਾਹਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 495 ਰੁਪਏ, ਸਫ਼ੇ : 288
ਸੰਪਰਕ : 0172-2615512.

ਸ੍ਰੀ ਨਾਹਰ ਦਾ ਮੰਨਣਾ ਹੈ ਕਿ ਜੇ ਭਾਰਤਵਾਸੀ ਸ੍ਰੀਮਦ ਭਾਗਵਤ ਗੀਤਾ ਵਿਚ ਦਰਸਾਏ ਮਾਰਗ ਨੂੰ ਅਪਣਾ ਲੈਣ ਤਾਂ ਉਨ੍ਹਾਂ ਦੇ ਸਾਰੇ ਫ਼ਿਕਰ ਅਤੇ ਅੰਦੇਸ਼ੇ ਦੂਰ ਹੋ ਸਕਦੇ ਹਨ। ਲੇਖਕ ਨੇ ਸ਼ਾਸਨ ਅਤੇ ਇਸ ਨਾਲ ਸਬੰਧਿਤ ਵੱਖ-ਵੱਖ ਸਰੋਕਾਰਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਇਸ ਪੁਸਤਕ ਵਿਚ ਆਏ ਕੁਝ ਪ੍ਰਮੁੱਖ ਸਰੋਕਾਰ ਇਸ ਪ੍ਰਕਾਰ ਹਨ : ਸ਼ਾਸਕੀ ਤੰਤਰ ਅਤੇ ਸ਼ਾਸਕ ਦੇ ਗੁਣ, ਅੰਦਰੂਨੀ ਅਤੇ ਬਾਹਰੀ ਸੁਰੱਖਿਆ, ਨਿਆਇ-ਪ੍ਰਣਾਲੀ, ਅਰਥ-ਵਿਵਸਥਾ, ਰਾਜਨੀਤਕ ਵਿਵਸਥਾ, ਸੰਵਿਧਾਨ ਦੀ ਮਰਯਾਦਾ, ਧਰਮ-ਨਿਰਪੱਖਤਾ, ਅਖੰਡਤਾ ਅਤੇ ਏਕਤਾ ਅਤੇ ਭ੍ਰਿਸ਼ਟਾਚਾਰ... ਇਤਿਆਦਿ।
ਲੇਖਕ ਦੀ ਇਸ ਰਚਨਾ ਦੀ ਭਾਸ਼ਾ ਹਿੰਦੀ ਹੈ ਪਰ ਉਸ ਨੇ ਇਸ ਦਾ ਗੁਰਮੁਖੀ ਵਿਚ ਲਿਪੀਆਂਤਰਣ ਕਰ ਦਿੱਤਾ ਹੈ, ਜਿਸ ਨਾਲ ਪੰਜਾਬੀ ਪਾਠਕਾਂ ਨੂੰ ਇਸ ਪੁਸਤਕ ਦਾ ਅਧਿਐਨ ਕਰਨਾ ਆਸਾਨ ਹੋ ਗਿਆ ਹੈ। ਉਸ ਨੇ ਇਹ ਪੁਸਤਕ 21ਵੀਂ ਸਦੀ ਦੇ ਆਰੰਭ ਵਿਚ ਲਿਖੀ ਸੀ ਜਦੋਂ ਪੂੰਜੀਵਾਦ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਸੀ। ਇਹ ਦੌਰ ਵੈਸ਼ਵੀਕਰਨ ਅਤੇ ਬਹੁਕੌਮੀ ਕੰਪਨੀਆਂ ਦੇ ਹਵਾਲੇ ਨਾਲ ਵੀ ਜਾਣਿਆ ਜਾਂਦਾ ਹੈ। ਇਸ ਯੁੱਗ ਵਿਚ ਰਾਜਸੱਤਾ ਉੱਤੇ ਅਧਿਕਾਰ ਬਣਾਈ ਰੱਖਣ ਲਈ ਪੂੰਜੀਵਾਦ ਨੇ ਅਨੇਕ ਨਵੇਂ ਹੱਥਕੰਡੇ ਅਪਣਾ ਲਏ ਹਨ। ਇਲੈੱਕਟ੍ਰਾਨਿਕ ਮੀਡੀਆ ਬੜੀ ਨਿਰਣਾਇਕ ਭੂਮਿਕਾ ਨਿਭਾਅ ਰਿਹਾ ਹੈ। ਜੀਵਨ ਦੇ ਯਥਾਰਥ ਦਾ ਸਥਾਨ ਬਿੰਬਾਂ ਨੇ ਲੈ ਲਿਆ ਹੈ ਅਤੇ ਸਭ ਕੁਝ ਅਤਿਯਥਾਰਥਕ ਹੋ ਗਿਆ ਹੈ।
ਇਸ ਦੌਰ ਦੀਆਂ ਵਿਸੰਗਤੀਆਂ ਦੇ ਸਨਮੁੱਖ 'ਸ਼ਾਸਕੀਯ ਗੀਤਾ' ਵਰਗੀ ਪੁਸਤਕ ਨੂੰ ਲਿਖਣਾ ਨਿਸਚੈ ਹੀ ਇਕ ਮਾਅਰਕੇ ਵਾਲਾ ਕੰਮ ਹੈ। ਮੈਂ ਲੇਖਕ ਨੂੰ ਉਸ ਦੇ ਇਸ ਪੁਰਸ਼ਾਰਥ ਦੀ ਵਧਾਈ ਦਿੰਦਾ ਹਾਂ। ਉਸ ਨੇ ਮਾਨਵਤਾਵਾਦੀ ਕਦਰਾਂ-ਕੀਮਤਾਂ ਦੀ ਰਾਖੀ ਲਈ ਇਕ ਮੁਬਾਰਕ ਕਦਮ ਪੁੱਟਿਆ ਹੈ। ਉਸ ਦੀ ਰਚਨਾ ਸ਼ੈਲੀ ਦੀ ਇਕ ਉਦਾਹਰਨ ਦੇਖੋ :
ਸੰਵਿਧਾਨ ਕੀ ਰੂਹ ਘਾਇਲ ਹੈ
ਸੰਵਿਧਾਨ ਕਾ ਜਿਸਮ ਕਾਇਮ ਹੈ।
ਪਾਰਲੀਮਾਨੀ ਪ੍ਰਣਾਲੀ ਨੰਬਰੋਂ ਕਾ ਖੇਲ ਹੈ
ਸਿਧਾਂਤੋਂ ਔਰ ਨੰਬਰੋਂ ਮੇਂ ਨਹੀਂ ਕੁਈ ਮੇਲ ਹੈ
ਧਰਮ ਨਿਰਪੱਖਤਾ ਛੋੜ ਦੀ ਗਈ ਹੈ
ਸਿਧਾਂਤੋਂ ਕੀ ਰਾਜਨੀਤੀ ਤੋੜ ਦੀ ਗਈ ਹੈ।
(ਪੰਨਾ 13)
ਨਾਹਰ ਸਾਹਿਬ ਨੇ ਲਗਪਗ 30 ਵਰ੍ਹੇ ਇਕ ਸਮਰਪਿਤ ਪੁਲਿਸ ਅਫ਼ਸਰ ਵਜੋਂ ਕੰਮ ਕਰਦਿਆਂ ਭਾਰਤੀ ਸੰਵਿਧਾਨ ਅਤੇ ਇਸ ਦੀ ਸੁਰੱਖਿਆ ਵਾਸਤੇ ਪੂਰੀ ਤਰ੍ਹਾਂ ਨਾਲ ਵਚਨਬੱਧ ਹੋ ਕੇ ਕੰਮ ਕੀਤਾ ਸੀ। ਅੱਜਕਲ੍ਹ ਉਹ ਭਾਰਤੀ ਅਧਿਆਤਮਵਾਦ ਦਾ ਪ੍ਰਚਾਰ-ਪ੍ਰਸਾਰ ਪੂਰੀ ਸਿਦਕਦਿਲੀ ਨਾਲ ਕਰ ਰਿਹਾ ਹੈ। ਵਿਚਾਰਾਧੀਨ ਪੁਸਤਕ ਉਸ ਦੀ ਇਸੇ ਕੋਸ਼ਿਸ਼ ਦਾ ਸੁਚੱਜਾ ਪਰਿਣਾਮ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਗੁਲਾਬੀ ਨਗ ਵਾਲੀ ਮੁੰਦਰੀ
ਨਾਵਲਕਾਰ : ਅਵਤਾਰ ਸਿੰਘ ਬਿਲਿੰਗ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨ, ਦਿੱਲੀ-ਪੰਜਾਬ
ਮੁੱਲ : 350 ਰੁਪਏ, ਸਫ਼ੇ : 197
ਸੰਪਰਕ : 82849-09596.

ਅਵਤਾਰ ਸਿੰਘ ਬਿਲਿੰਗ ਪੰਜਾਬੀ ਨਾਵਲ ਦੇ ਖੇਤਰ ਵਿਚ ਸਥਾਪਿਤ ਨਾਂਅ ਹੈ। ਨਾਵਲ ਦੇ ਵਿਸ਼ਾ-ਵਸਤੂ ਵਿਚ ਸੱਤੀ ਅਤੇ ਸਾਧੂ ਸਿੰਘ ਦੇ ਪਰਿਵਾਰ ਅਤੇ ਉਨ੍ਹਾਂ ਦੇ ਜਵਾਨ ਬੱਚਿਆਂ ਦੀਆਂ ਕਾਮਨਾਵਾਂ/ਲਾਲਸਾਵਾਂ ਨੂੰ ਆਧਾਰ ਬਣਾਇਆ ਗਿਆ ਹੈ। ਡੂੰਘੀ ਬਣਤਰ ਵਾਲੇ ਇਸ ਨਾਵਲ ਵਿਚ ਮਾਨਸਿਕ ਸੰਸਾਰ ਦਾ ਬਾਹਰਲੇ ਵਿਵਹਾਰ ਉਪਰ ਅਸਰ, ਸਮਾਜਿਕ ਅਤੇ ਆਰਥਿਕ ਵਖਰੇਵੇਂ ਕਾਰਨ ਹੁੰਦੀ ਮਾਨਸਿਕ ਟੁੱਟ ਭੱਜ, ਸਮੂਹਿਕ ਅਵਚੇਤਨ ਦਾ ਨਿੱਜੀ ਅਵਚੇਤਨ ਉੱਪਰ ਅਸਰ ਅਤੇ ਕਾਮਨਾਵਾਂ ਦੀ ਅਪੂਰਤੀ ਕਿਵੇਂ ਨਿਰਾਸ਼ਾ ਜਾਂ ਪਲਾਇਨ ਵਿਚ ਬਦਲਦੀ ਹੈ ਆਦਿ ਨੂੰ ਨਾਵਲਕਾਰ ਨੇ ਖੂਬਸੂਰਤੀ ਨਾਲ ਬਿਆਨਿਆ ਹੈ।
ਲਾਡੀ ਦੇ ਮਾਤਾ-ਪਿਤਾ ਸੱਤੀ ਅਤੇ ਸਾਧੂ ਸਿੰਘ ਲਾਡੀ ਦਾ ਵਿਆਹ ਰਾਣੋ ਨਾਲ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਇਸ ਅੰਤਰਜਾਤੀ ਵਿਆਹ ਵਿਚ ਸਮਾਜਿਕ ਪੱਧਰ 'ਤੇ ਕੁੜੀ ਵਾਲਿਆਂ ਦੀ ਹੈਸੀਅਤ ਉਨ੍ਹਾਂ ਦੇ ਮੁਤਾਬਿਕ ਨੀਵੀਂ ਹੈ। ਲਾਡੀ ਦਾ ਛੋਟਾ ਭਰਾ ਰਿੰਕੂ ਵਿਦੇਸ਼ ਜਾਣਾ ਚਾਹੁੰਦਾ ਹੈ ਪਰ ਉਸ ਦੀ ਇਸ ਚਾਹਨਾ ਦੀ ਅਪੂਰਤੀ ਉਸ ਨੂੰ ਖ਼ੁਦਕੁਸ਼ੀ ਦੇ ਰਾਹ ਵੱਲ ਲੈ ਜਾਂਦੀ ਹੈ। ਸਾਧੂ ਸਿੰਘ ਦੀ ਆਪਣੇ ਭਰਾ ਨਾਲ ਜ਼ਮੀਨ ਦੇ ਠੇਕੇ ਅਤੇ ਪੈਸਿਆਂ ਦੇ ਹਿੱਸੇ ਕਾਰਨ ਹੁੰਦੀ ਲੜਾਈ ਉਸ ਲਈ ਮਾਨਸਿਕ ਪ੍ਰੇਸ਼ਾਨੀ ਦਾ ਸਬੱਬ ਬਣਦੀ ਹੈ। ਉਨ੍ਹਾਂ ਦੀ ਧੀ ਬੇਬੀ ਵੀ ਆਪਣੇ ਭਵਿੱਖ ਲਈ ਆਪਣਾ ਜੀਵਨ ਸਾਥੀ ਖ਼ੁਦ ਤਲਾਸ਼ ਕਰਦਿਆਂ ਫ਼ੈਸਲਾ ਲੈਣਾ ਚਾਹੁੰਦੀ ਹੈ ਜੋ ਸੱਤੀ ਨੂੰ ਕਿਸੇ ਹਾਲਤ ਵਿਚ ਵੀ ਮਨਜ਼ੂਰ ਨਹੀ ਹੁੰਦਾ ਅਤੇ ਉਹ ਮਾਨਸਿਕ ਸੰਘਰਸ਼ ਵਿਚ ਉਲਝ ਜਾਂਦੀ ਹੈ।
ਲਾਡੀ ਅਤੇ ਰਾਣੋ ਦੋਵਾਂ ਦਾ ਰਿਸ਼ਤਾ ਸਿਰੇ ਨਹੀਂ ਚੜ ਪਾਉਂਦਾ। ਰਾਣੋ ਆਪਣੇ ਮਾਪਿਆਂ ਦੀ ਸਹਿਮਤੀ ਨਾਲ ਉਚੇਰੀ ਪੜ੍ਹਾਈ ਕਰਕੇ ਲੈਕਚਰਾਰ ਬਣ ਜਾਂਦੀ ਹੈ ਅਤੇ ਅੰਤ ਲਾਡੀ ਦੇ ਚਾਚੇ ਦੇ ਮੁੰਡੇ ਨਾਲ ਹੀ ਮੰਗਣੀ ਕਰਾ ਕੇ ਆਸਟਰੇਲੀਆ ਜਾਣ ਲਈ ਤਿਆਰੀ ਕਰਦੀ ਹੈ। ਲਾਡੀ ਜੀਵਨ ਤੋਂ ਉਪਰਾਮ ਹੋ ਇਕੱਲੇ ਰਹਿਣ ਦਾ ਫ਼ੈਸਲਾ ਕਰਦਿਆਂ ਵਿਆਹ ਕਰਵਾਉਣ ਤੋਂ ਇਨਕਾਰੀ ਹੁੰਦਾ ਹੈ। ਅਜੋਕੇ ਸਮਾਜ ਦੀਆਂ ਸਮੱਸਿਆਵਾਂ, ਮਾਤਾ-ਪਿਤਾ ਅਤੇ ਬੱਚਿਆਂ ਦੇ ਆਪਸੀ ਰਿਸ਼ਤੇ, ਅਖੌਤੀ ਆਧੁਨਿਕ ਕਹਾਉਣ ਵਾਲੇ ਲੋਕ ਅਤੇ ਉਨ੍ਹਾਂ ਦੀ ਸੌੜੀ ਸੋਚ ਦੀਆਂ ਪਰਤਾਂ ਫਰੋਲਦਾ ਨਾਵਲ ਮਾਣਨਯੋਗ ਹੈ।

ਂਡਾ: ਸੁਖਪਾਲ ਕੌਰ ਸਮਰਾਲਾ
ਮੋ: 98885-47099
ਫ ਫ ਫ

ਆਤਮਜੀਤ ਰਚਿਤ ਨਾਟਕ
ਮੈਂ ਤਾਂ ਇਕ ਸਾਰੰਗੀ ਹਾਂ :
ਆਲੋਚਨਾਤਮਕ ਅਧਿਐਨ

ਲੇਖਿਕਾ : ਪਲਵਿੰਦਰ ਕੌਰ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 87
ਸੰਪਰਕ : 0172-4608699.

ਇਸ ਨਾਟਕ ਦੇ ਵਿਸ਼ਾ ਵਸਤੂ, ਪਾਤਰ ਚਿਤਰਣ, ਨਾਟਕੀ ਜੁਗਤਾਂ, ਵਾਰਤਾਲਾਪ ਅਤੇ ਭਾਸ਼ਾ-ਸ਼ੈਲੀ ਦਾ ਅਧਿਐਨ ਕਰਦਿਆਂ ਪਲਵਿੰਦਰ ਕੌਰ ਨੇ ਆਪਣੀ ਇਸ ਪਲੇਠੀ ਪੁਸਤਕ ਵਿਚ ਵਿਸਤਰਿਤ ਵਿਚਾਰ ਪੇਸ਼ ਕੀਤੇ ਹਨ।
ਲੇਖਿਕਾ ਦਾ ਮੱਤ ਹੈ ਕਿ ਇਸ ਨਾਟਕ ਵਿਚ ਸਾਰੰਗੀ ਔਰਤ ਦਾ ਪ੍ਰਤੀਕ ਹੈ ਜੋ ਅਜੋਕੇ ਮਰਦ ਪ੍ਰਧਾਨ ਸਮਾਜ ਵਿਚ ਆਪਣੀ ਗੁਆਚੀ ਹੋਂਦ ਦੀ ਭਾਲ ਵਿਚ ਹੈ। ਉਸ ਨੂੰ ਮਰਦ ਨਾਲੋਂ ਅੱਧਾ ਸਮਝਿਆ ਜਾਂਦਾ ਹੈ ਅਤੇ ਹਰ ਕੋਈ ਉਸ ਨੂੰ ਆਪਣੀਆਂ ਇੱਛਾਵਾਂ ਅਨੁਸਾਰ ਵਰਤਣਾ ਚਾਹੁੰਦਾ ਹੈ। ਗੁਰਦਿਆਲ ਸਿੰਘ ਫੁੱਲ ਦੇ ਕਥਨ 'ਨਾਟਕ ਦਾ ਵਿਸ਼ਾ ਸੁਹਜ-ਸੁਆਦ ਵਾਲਾ ਹੋਵੇ, ਨਿਰੀ ਦਲੀਲ ਨਾ ਹੋਵੇ, ਇਹ ਜੀਵਨ ਭੇਦਾਂ ਨੂੰ ਉਜਾਗਰ ਕਰੇ' ਦੇ ਹਵਾਲੇ ਨਾਲ ਪਲਵਿੰਦਰ ਨੇ ਆਤਮਜੀਤ ਦੇ ਇਸ ਨਾਟਕ ਨੂੰ ਸਤਹੀ ਯਥਾਰਥ ਤੋਂ ਉੱਪਰ ਉੱਠ ਕੇ ਅੰਦਰਲੇ ਸੱਚ ਨੂੰ ਗਹਿਰਾਈ ਤੱਕ ਤਲਾਸ਼ ਕਰਨ ਦਾ ਯਤਨ ਕਿਹਾ ਹੈ। ਨਾਟਕ ਦਾ ਕੇਂਦਰੀ ਮਸਲਾ ਨਾਰੀ ਹੋਂਦ ਦੇ ਸਰੋਕਾਰਾਂ ਨਾਲ ਸਬੰਧਿਤ ਹੈ। ਨਾਟਕ ਵਿਚ ਗੀਤਾ, ਮੀਨਾ ਅਤੇ ਪਾਲ ਤਿੰਨੋਂ ਮੁੱਖ ਪਾਤਰ ਹਨ। ਪਾਤਰਾਂ ਦੀ ਵਾਰਤਾਲਾਪ ਅਜੋਕੇ ਸਮਾਜ ਦੀਆਂ ਸਮੱਸਿਆਵਾਂ ਦੇ ਆਧਾਰ ਉੱਪਰ ਹੈ। ਉਨ੍ਹਾਂ ਦੇ ਵਿਚਾਰਾਂ ਵਿਚ ਵਖਰੇਵਾਂ ਹੈ ਅਤੇ ਟਕਰਾਅ ਵੀ ਹੈ, ਜਿਸ ਨੂੰ ਪਾਤਰ ਚਿਤਰਣ ਵਿਚ ਬੜੇ ਹੀ ਕਲਾਤਮਿਕ ਢੰਗ ਨਾਲ ਉਜਾਗਰ ਕੀਤਾ ਗਿਆ ਹੈ। ਪਰਵਿੰਦਰ ਅਨੁਸਾਰ ਆਤਮਜੀਤ ਦੇ ਇਸ ਨਾਟਕ ਵਿਚ ਮਨਬਚਨੀ ਦੀ ਜੁਗਤ ਰਾਹੀਂ ਪਾਤਰਾਂ ਦੀ ਬੀਤ ਚੁੱਕੀ ਜ਼ਿੰਦਗੀ ਬਾਰੇ ਪਤਾ ਲਗਦਾ ਹੈ। ਅਤੀਤ ਵਲ ਵਧਦਾ ਇਹ ਕਾਰਜ ਉਨ੍ਹਾਂ ਦੀ ਸਮੁੱਚੀ ਜ਼ਮੀਨ ਨੂੰ ਪੁਟਦਾ ਅੱਗੇ ਵਧਦਾ ਹੈ। ਵਾਰਤਾਲਾਪ ਦੀ ਭਾਸ਼ਾ ਸਾਫ਼, ਸਰਲ ਅਤੇ ਸਪੱਸ਼ਟ ਹੋਣ ਕਰਕੇ ਪਾਠਕ/ਦਰਸ਼ਕ ਅਖੀਰ ਤੱਕ ਉਤਸੁਕਤਾ ਵਿਚ ਰਹਿੰਦਾ ਹੈ।
ਪੰਜਾਬੀ ਨਾਟ ਆਲੋਚਨਾ ਦੇ ਖੇਤਰ ਵਿਚ ਪ੍ਰਵੇਸ਼ ਕਰਦਿਆਂ ਪਲਵਿੰਦਰ ਨੇ ਅਕਾਦਮਿਕ ਖੋਜ ਵਿਚ ਚੰਗਾ ਉਪਰਾਲਾ ਕੀਤਾ ਹੈ, ਜਿਸ ਦਾ ਇਸ ਖੇਤਰ ਦੇ ਖੋਜਾਰਥੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕਾਫੀ ਲਾਹਾ ਮਿਲੇਗਾ।

ਂਨਿਰਮਲ ਜੌੜਾ
ਮੋ: 98140-78799.
ਫ ਫ ਫ

ਚੇਤਨਾ ਦੇ ਆਰ-ਪਾਰ ਤੇ ਹੋਰ ਨਿਬੰਧ
ਲੇਖਕ : ਡਾ: ਅਮਰ ਕੋਮਲ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 180 ਰੁਪਏ, ਸਫ਼ੇ : 142
ਸੰਪਰਕ : 84378-73565.

ਗੂੜ ਗਿਆਨੀ ਲੇਖਕ ਡਾ: ਅਮਰ ਕੋਮਲ ਨੇ ਅਜੋਕੀ ਮਨੁੱਖੀ ਜੀਵਨ ਸ਼ੈਲੀ ਨੂੰ ਗੰਭੀਰਤਾ ਨਾਲ ਲੈਂਦਿਆਂ 'ਚੇਤਨਾ ਦੇ ਆਰ-ਪਾਰ ਤੇ ਹੋਰ ਨਿਬੰਧ' ਨਾਂਅ ਦੀ ਪੁਸਤਕ ਨੂੰ ਸਾਹਿਤ ਦੇ ਵਿਹੜੇ 'ਚ ਉਤਾਰਿਆ ਹੈ ਤਾਂ ਕਿ ਮਨੁੱਖਤਾ ਦੇ ਵਿਗੜੇ ਮੂੰਹ-ਮੁਹਾਂਦਰੇ ਨੂੰ ਕੁਝ ਸੰਵਾਰਿਆ ਜਾ ਸਕੇ।
ਚੇਤਨਾ ਜੋ ਮਨੁੱਖੀ ਜੀਵਨ ਵਿਚ ਅਸਲੀ ਲੋਅ ਹੁੰਦੀ ਹੈ, ਬਾਰੇ ਜਾਗਰੂਕ ਕਰਨ ਲਈ ਇਸੇ ਵਿਸ਼ੇ ਨੂੰ ਹੀ ਕਰੀਬ 8 ਲੇਖਾਂ ਰਾਹੀਂ ਵਿਆਖਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਭ ਦੀ ਜਨਮ ਦਾਤੀ ਤੇ ਸਭ ਨੂੰ ਹੀ ਗੋਦੀ ਵਿਚ ਸਮੋ ਜਾਣ/ਜੱਜ ਕਰਨ ਦੀ ਤਾਕਤ ਰੱਖਣ ਵਾਲੀ ਮਿੱਟੀ ਦੇ ਰੰਗ, ਕੁਦਰਤ ਦਾ ਚੱਕਰ, ਖੂਬਸੂਰਤੀ, ਜੀਵਨ ਦੀਆਂ ਗੁੰਝਲਾਂ, ਕਲਪਨਾ ਦੇ ਘੋੜੇ, ਖਿਆਲਾਂ ਦੀ ਭੀੜ, ਉਲਝਣਾਂ ਦੇ ਜਵਾਬ ਲੱਭਣ ਦੇ ਯਤਨ, ਗਿਆਨ, ਇਨਸਾਨੀਅਤ, ਸੰਸਕਾਰਾਂ ਨਾਲ ਚਰਿੱਤਰ ਦੀ ਉਸਾਰੀ, ਚੰਗਾ ਵਾਪਰਨ 'ਤੇ 'ਮੈਂ' ਵਲੋਂ ਹਿੱਕ ਤਾਪੜਨੀ ਤੇ ਮਾੜੇ ਲਈ 'ਤੂੰ' ਜਾਂ ਫਿਰ 'ਉਹ'/ਕਾਦਰ 'ਤੇ ਜ਼ਿੰਮੇਵਾਰੀ ਥੋਪਣੀ, ਦੁੱਖ-ਸੁੱਖ ਕਰਨ ਮੱਥੇ ਦੀ ਖੋਪੜੀ 'ਤੇ ਉਕਰੇ ਕਲਪਿਤ ਅੱਖਰਾਂ ਨਾਲ ਨਹੀਂ, ਸਗੋਂ ਨੀਅਤ/ਕੰਮ ਬਿਰਤੀ ਨਾਲ ਜੁੜੇ ਹੁੰਦੇ ਹਨ, ਸੱਤਾ ਤਾਕਤ ਦਾ ਗਰੂਰ ਸਵਾਰਦਾ ਘੱਟ ਤੇ ਵਿਗਾੜਦਾ ਜ਼ਿਆਦਾ ਹੁੰਦਾ, ਆਤਮ-ਗਿਆਨ ਲਈ ਧਿਆਨ ਨਾਲ ਸੁਣਨ ਦੀ ਮਹੱਤਤਾ, ਬੁੱਧ ਪ੍ਰਕਾਸ਼ ਦੀ ਪ੍ਰਾਪਤੀ, ਸੇਵਾ ਤੇ ਬੁਰਾਈਆਂ ਤੋਂ ਮੁਕਤ ਆਦਿ ਭਾਵ ਪੂਰਤ ਵਿਸ਼ਿਆਂ ਨੂੰ ਲੇਖਕ ਨੇ ਬੜੀ ਹੀ ਸੰਜੀਦਗੀ ਤੇ ਵਿਦਵਤਾ ਨਾਲ ਕਲਮਬੱਧ ਕਰਕੇ ਸੁਹਿਰਦ ਪਰ ਅਰਥ ਭਰਪੂਰ ਦਿੱਖ ਵਾਲੀ ਇਸ ਪੁਸਤਕ 'ਚੇਤਨਾ ਦੇ ਆਰ-ਪਾਰ ਤੇ ਹੋਰ ਨਿਬੰਧਾਂ' ਵਿਚਲੇ ਸਾਹਿਤਕ ਖਜ਼ਾਨੇ ਨੂੰ ਫਰੋਲਦਿਆਂ ਪਾਠਕਾਂ ਨੂੰ ਅਧਿਆਤਮਿਕ ਉਡਾਰੀ ਦੇ ਅਹਿਸਾਸ ਹੋਣ ਦੇ ਨਾਲ-ਨਾਲ ਵਿਗਿਆਨਕ ਤੇ ਤਰਕ ਨਾਲ ਜੁੜਨ ਦਾ ਇਕ ਵਧੀਆ ਸਬੱਬ/ਮੌਕਾ ਵੀ ਹਾਸਲ ਹੋਵੇਗਾ।

ਂਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858.
ਫ ਫ ਫ

ਮਨ ਦਾ ਰੇਗਿਸਤਾਨ
ਗ਼ਜ਼ਲਗੋ : ਗੁਰਦਿਆਲ ਰੌਸ਼ਨ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 95
ਸੰਪਰਕ : 99884-44002.

ਗੁਰਦਿਆਲ ਰੌਸ਼ਨ ਉਸਤਾਦ ਗ਼ਜ਼ਲਗੋ ਹੈ। ਨਵੀਆਂ ਗ਼ਜ਼ਲਾਂ ਦਾ ਇਹ ਸੰਗ੍ਰਹਿ ਵਿਸ਼ੇ ਅਤੇ ਰੂਪਕ ਪੱਖੋਂ ਬੇਮਿਸਾਲ ਹੈ। ਡੂੰਘੇ ਭਾਵਾਂ ਅਤੇ ਅਰਥਾਂ ਵਾਲੀਆਂ ਗ਼ਜ਼ਲਾਂ ਨੂੰ ਸੁਖੈਨ ਭਾਸ਼ਾ ਵਿਚ ਲਿਖ ਕੇ ਆਮ ਆਦਮੀ ਤੱਕ ਅੱਪੜਦਾ ਕੀਤਾ ਗਿਆ ਹੈ। ਇਨ੍ਹਾਂ ਵਿਚ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ, ਦੁਸ਼ਵਾਰੀਆਂ ਅਤੇ ਸਮੱਸਿਆਵਾਂ ਨੂੰ ਪੇਸ਼ ਕਰਕੇ ਲੋਕਾਂ ਨੂੰ ਇਨ੍ਹਾਂ ਪ੍ਰਤੀ ਜਾਗ੍ਰਿਤ ਕੀਤਾ ਗਿਆ ਹੈ। ਆਓ ਕੁਝ ਝਲਕਾਂ ਵੇਖੀਏਂ
-ਮੇਰੇ ਸਿਰ ਪਿਓ ਨੇ ਹੱਥ ਰੱਖਿਅ
ਮਾਂ ਤੋਂ ਸ਼ੁੱਭ ਇੱਛਾਵਾਂ ਮਿਲੀਆਂ।
ਤਾਂ ਜਾ ਕੇ ਰਾਹਾਂ 'ਚੋਂ,
ਖੇਤਾਂ 'ਚੋਂ ਗ਼ਜ਼ਲਾਂ ਕਵਿਤਾਵਾਂ ਮਿਲੀਆਂ।
-ਰੰਗ, ਪੱਤੇ, ਫੁੱਲ, ਫਲ,
ਮਹਿਕਾਂ ਚੁਰਾ ਕੇ ਲੈ ਗਿਆ।
ਜਾਪਦੈ ਮੌਸਮ ਜਿਵੇਂ ਰੁੱਤਾਂ ਚੁਰਾ ਕੇ ਲੈ ਗਿਆ।
-ਹੰਝੂ ਹੰਝੂ ਦਾੜ੍ਹੀ ਹੋਈ,
ਪਗੜੀ ਉਸ ਦੀ ਮਿੱਟੀ ਹੋਈ।
ਮਾਰ ਪਈ ਹੈ ਫਿਰ ਕਰਜ਼ੇ ਦੀ,
ਨੂੰਹ ਦੀ ਚੁੰਨੀ ਚਿੱਟੀ ਹੋਈ।
-ਦੇਖਣ ਨੂੰ ਨਜ਼ਦੀਕ ਬੜੇ ਹਾਂ,
ਹਰ ਇਕ ਰਿਸ਼ਤਾ ਇਸ਼ਤਿਹਾਰ ਹੈ,
ਸੱਚ ਪੁੱਛੋ ਮਸ਼ਹੂਰੀ ਹੈ।
ਇਨ੍ਹਾਂ ਖੂਬਸੂਰਤ ਗ਼ਜ਼ਲਾਂ ਵਿਚ ਤਰਲਤਾ, ਸਰਲਤਾ, ਗੰਭੀਰਤਾ, ਵਿਸ਼ਾਲਤਾ ਅਤੇ ਚੇਤਨਤਾ ਹੈ। ਇਨ੍ਹਾਂ ਵਿਚ ਰਵਾਨੀ, ਜੁਗਤ ਅਤੇ ਸੰਜੀਦਗੀ ਹੈ। ਇਨ੍ਹਾਂ ਦੀ ਨੁਹਾਰ 'ਚੋਂ ਸ਼ਾਇਰ ਦੀ ਸ਼ਖ਼ਸੀਅਤ ਅਤੇ ਮੁਹਾਰਤ ਝਲਕਦੀ ਹੈ। ਸ਼ਿਲਪ, ਹੁਨਰ ਅਤੇ ਸੱਜਰੇ ਚਿੰਤਨ ਦੀਆਂ ਧਾਰਨੀ ਗ਼ਜ਼ਲਾਂ ਹਰ ਪੱਖੋਂ ਸਮਰੱਥ ਹਨ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

14/10/2017

 ਮੌਤ ਨੂੰ ਚੁਣੌਤੀ
ਲੇਖਕ : ਤ੍ਰਾਨ੍ਹ ਚਿੰਨ੍ਹ ਵਾਨ
ਅਨੁਵਾਦਕ : ਡਾ: ਮਨਿੰਦਰ ਰੰਧਾਵਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 70 ਰੁਪਏ, ਸਫ਼ੇ : 80
ਸੰਪਰਕ : 78377-18723.

'ਮੌਤ ਨੂੰ ਚੁਣੌਤੀ' ਦੱਖਣੀ ਵੀਅਤਨਾਮ ਦੇ ਅਮਰ ਸ਼ਹੀਦ ਵੀਅਤਨਾਮੀ ਇਨਕਲਾਬ ਦੇ ਸਿਰਲੱਥ ਯੋਧੇ ਨਗੂਬੇਨ ਵਾਨ ਤ੍ਰਾਏ ਦੀ ਜੀਵਨ ਗਾਥਾ ਨੂੰ ਬਿਆਨ ਕਰਦੀ ਪੁਸਤਕ ਹੈ। ਤ੍ਰਾਏ ਵੀਅਤਨਾਮ ਦਾ ਕ੍ਰਾਂਤੀਕਾਰੀ ਮੈਂਬਰ ਅਤੇ ਵੀਅਤ-ਮਿੰਨੁ ਕੌਮੀ ਮੁਕਤੀ ਮੋਰਚੇ ਦਾ ਸਰਗਰਮ ਕਾਰਕੁਨ ਸੀ, ਜੋ ਅਮਰੀਕੀ ਸਾਮਰਾਜ ਵਿਰੁੱਧ ਆਪਣੇ ਦੇਸ਼ ਦੀ ਮੁਕਤੀ ਲਈ ਸੰਘਰਸ਼ਸ਼ੀਲ ਸੀ। ਉਸ ਦੇ ਵਿਆਹ ਨੂੰ ਅਜੇ 19ਵਾਂ ਦਿਨ ਸੀ ਜਦੋਂ ਉਸ ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਸ 'ਤੇ ਦੋਸ਼ ਸੀ ਕਿ ਉਸ ਨੇ ਦੱਖਣੀ ਵੀਅਤਨਾਮ ਦੇ ਦੌਰੇ 'ਤੇ ਆਏ ਅਮਰੀਕੀ ਸੁਰੱਖਿਆ ਸਕੱਤਰ ਮੈਕਨਾਮਾਰਾ ਨੂੰ ਬੰਬ ਨਾਲ ਉਡਾਉਣ ਦੀ ਅਸਫ਼ਲ ਕੋਸ਼ਿਸ਼ ਕੀਤੀ ਹੈ। ਉਸ ਤੋਂ ਦੋਸ਼ ਕਬੂਲਣ ਅਤੇ ਗੁਪਤ ਜਾਣਕਾਰੀ ਪ੍ਰਾਪਤ ਕਰਨ ਲਈ ਪੁਲਿਸ ਨੇ ਉਸ ਨੂੰ ਜਿਹੜੇ ਤਸੀਹੇ ਦਿੱਤੇ ਅਤੇ ਜ਼ੁਲਮ ਢਾਹੇ ਉਸ ਦਾ ਬਿਆਨ ਲੂੰ ਕੰਡੇ ਖੜ੍ਹੇ ਕਰਨ ਵਾਲਾ ਹੈ। ਤ੍ਰਾਏ ਨਿਡਰ ਰਿਹਾ। ਪੁਲਿਸ ਉਸ ਪਾਸੋਂ ਕੁਝ ਵੀ ਪ੍ਰਾਪਤ ਨਾ ਕਰ ਸਕੀ। ਉਸ ਦੀ ਨੌਜਵਾਨ ਪਤਨੀ ਕਵੂਯੇਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਤਾਂ ਜੋ ਉਸ ਪਾਸੋਂ ਪੁਲਿਸ ਤ੍ਰਾਏ ਦੀਆਂ ਗੁਪਤ ਗਤੀਵਿਧੀਆਂ ਬਾਰੇ ਜਾਣਕਾਰੀ ਲੈ ਸਕੇ। ਉਸ ਨੂੰ ਕੁਝ ਵੀ ਜਾਣਕਾਰੀ ਨਹੀਂ ਸੀ ਬਲਕਿ ਜੇਲ੍ਹ ਵਿਚ ਰਹਿੰਦੀਆਂ ਉਸ ਨੂੰ ਹੋਰਨਾਂ ਕੈਦੀ ਔਰਤਾਂ ਪਾਸੋਂ ਤ੍ਰਾਏ ਦੇ ਵੀਰਗਤੀ ਵਾਲੇ ਕਾਰਨਾਮਿਆਂ ਦਾ ਪਤਾ ਲੱਗਾ। ਤ੍ਰਾਏ ਮੌਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਅਮਰੀਕੀ ਸਾਮਰਾਜੀਆਂ ਨੂੰ ਲਲਕਾਰਨ ਵਾਲਾ ਨੌਜਵਾਨ ਸੀ। ਉਹ 24 ਵਰ੍ਹਿਆਂ ਦਾ ਹੀ ਸੀ ਜਦੋਂ ਉਸ ਨੂੰ 15 ਅਕਤੂਬਰ, 1964 ਨੂੰ ਅਮਰੀਕੀ ਸੁਰੱਖਿਆ ਸਕੱਤਰ ਮੈਕਨਾਮਾਰਾ ਨੂੰ ਬੰਬ ਨਾਲ ਉਡਾਉਣ ਦੀ ਅਸਫ਼ਲ ਕੋਸ਼ਿਸ਼ ਦੇ ਦੋਸ਼ ਵਿਚ ਚੀ ਹੋਆ ਜੇਲ੍ਹ ਵਿਚ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਗੋਲੀ ਮਾਰੇ ਜਾਣ ਸਮੇਂ ਉਸ ਨੇ ਪੱਤਰਕਾਰਾਂ ਨੂੰ ਨਿਡਰਤਾ ਨਾਲ ਕਿਹਾ, 'ਅਮਰੀਕੀਆਂ ਨੇ ਸਾਡੇ ਮੁਲਕ 'ਤੇ ਧਾਵਾ ਬੋਲਿਆ ਹੋਇਆ ਹੈ, ਉਹ ਸਾਡੇ ਲੋਕਾਂ ਨੂੰ ਜਹਾਜ਼ਾਂ ਅਤੇ ਬੰਬਾਂ ਨਾਲ ਮਾਰ ਰਹੇ ਹਨ... ਮੈਂ ਕਦੇ ਵੀ ਆਪਣੇ ਲੋਕਾਂ ਦੀ ਇੱਛਾ ਦੇ ਵਿਰੁੱਧ ਕੋਈ ਕੰਮ ਨਹੀਂ ਕੀਤਾ।'
ਲੇਖਕ ਨੇ ਤ੍ਰਾਏ ਦੀ ਜੀਵਨ ਗਾਥਾ ਨੂੰ ਅਤਿ ਰੌਚਿਕ ਅਤੇ ਮਾਰਮਕ ਸ਼ੈਲੀ ਵਿਚ ਬਿਆਨ ਕੀਤਾ ਹੈ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

ਹਜ਼ਰਤ ਪੀਰ
ਜੋਤ ਅਲੀ ਸ਼ਾਹ

ਜੀਵਨ, ਸਿੱਖਿਆ ਅਤੇ ਕਲਾਮ
ਲੇਖਕ : ਪ੍ਰੋ: ਗੁਰਚਰਨ ਸਿੰਘ ਤਲਵਾੜਾ
ਪ੍ਰਕਾਸ਼ਕ : ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 176
ਸੰਪਰਕ : 94634-63193.

ਪੰਜਾਬ ਦਾ ਪ੍ਰਸਿੱਧ ਇਤਿਹਾਸਕਾਰ ਪ੍ਰੋ: ਗੁਰਚਰਨ ਸਿੰਘ ਤਲਵਾੜਾ ਨਾ ਕੇਵਲ ਪੰਜਾਬ ਦੇ ਬਹੁਤ ਸਾਰੇ ਸੂਫ਼ੀ ਸਿਲਸਿਲਿਆਂ ਨਾਲ ਨਿਕਟ ਤੌਰ 'ਤੇ ਜੁੜਿਆ ਹੋਇਆ ਹੈ, ਬਲਕਿ ਉਸ ਨੇ ਪੰਜਾਬ ਵਿਚ ਪੈਦਾ ਹੋਏ ਸੂਫ਼ੀਵਾਦ ਦੀ ਵਿਲੱਖਣਤਾ ਨੂੰ ਵੀ ਪੁਸਤਕਾਂ ਅਤੇ ਲੇਖਾਂ ਦੀ ਸੂਰਤ ਵਿਚ ਜਨਮਾਨਸ ਤੱਕ ਪਹੁੰਚਾਇਆ ਹੈ। ਹਥਲੀ ਪੁਸਤਕ ਵਿਚ ਜੋਤ ਅਲੀ ਸ਼ਾਹ ਚਿਸ਼ਤੀ-ਸਾਬਰੀ ਦੇ ਇਤਿਹਾਸਕ ਅਤੇ ਵਿਚਾਰਧਾਰਕ ਪਰਿਪੇਖ ਨੂੰ ਅੰਕਿਤ ਕੀਤਾ ਗਿਆ ਹੈ। ਇਸ ਪੁਸਤਕ ਦੇ ਅੰਤ ਵਿਚ ਹਜ਼ਰਤ ਪੀਰ ਦਾ ਚੋਣਵਾਂ ਕਲਾਮ ਵੀ ਦਰਜ ਹੈ। ਇਕ ਉਦਾਹਰਨ ਦੇਖੋ :
ਚਿਸ਼ਤੀ ਸਾਬਰੀ ਮਾਇਆ ਪਾ ਦੇ
ਉਤੇ ਮੋਹਰ ਕਲੰਦਰੀ ਲਾ ਦੇ
ਸਾਡਾ ਰਿੰਦਾਂ ਦਾ ਹੈ ਡੋਲਾ
ਮੇਰਾ ਰੰਗ ਦੇ ਸਾਬਰੀ ਚੋਲਾ।
(ਕਾਫ਼ੀਆਂ)
ਪੀਰ ਸਾਹਿਬ ਅਣਵੰਡੇ ਪੰਜਾਬ ਦੇ ਬੁਲੰਦ ਮਰਤਬੇ ਵਾਲੇ ਸੂਫ਼ੀ ਦਰਵੇਸ਼ ਸਨ। ਆਪ ਦਾ ਜਨਮ ਹੁਸ਼ਿਆਰਪੁਰ ਵਿਚ ਬਾਬਾ ਮਹਿਤਾਬਦੀਨ ਦੇ ਗ੍ਰਹਿ ਵਿਖੇ ਹੋਇਆ ਸੀ। ਆਪ ਦਾ ਮੁਢਲਾ ਨਾਂਅ ਫੁੰਮਣ ਸ਼ਾਹ ਸੀ। ਆਪ ਦੇ ਮੁਰਸ਼ਦ ਸ਼ਾਹ ਨਿਹਾਲ ਸਰਕਾਰ ਨੇ ਆਪ ਦਾ ਨਾਂਅ ਜੋਤ ਅਲੀ ਸ਼ਾਹ ਰੱਖਿਆ ਸੀ ਅਤੇ ਬਾਅਦ ਵਿਚ ਆਪ ਇਸੇ ਨਾਂਅ ਨਾਲ ਪ੍ਰਸਿੱਧ ਹੋਏ। ਆਪ 1806 ਈ: ਵਿਚ ਪੈਦਾ ਹੋਏ ਸਨ ਅਤੇ ਲਗਪਗ ਸਵਾ ਸੌ ਸਾਲ ਦੀ ਦੀਰਘ ਉਮਰ ਨੂੰ ਭੋਗ ਕੇ ਅੱਲ੍ਹਾ ਨੂੰ ਪਿਆਰੇ ਹੋਏ ਦੱਸੇ ਜਾਂਦੇ ਹਨ। ਆਪ ਪੈਦਾਇਸ਼ੀ ਵਲੀ ਸਨ। ਆਪ ਜ਼ੁਹਦ, ਇਬਾਦਤ, ਸਖ਼ਾਵਤ ਅਤੇ ਤੌਹੀਦ ਵਿਚ ਯਕੀਨ ਰੱਖਦੇ ਸਨ। ਰੱਬ ਦੀ ਬੰਦਗੀ ਆਪ ਦੇ ਜੀਵਨ ਦਾ ਮੁੱਖ ਮਕਸਦ ਸੀ। ਦਿਖਾਵੇ ਅਤੇ ਪਾਖੰਡ ਦਾ ਵਿਰੋਧ ਕਰਦੇ ਸਨ ਅਤੇ ਜੀਵਨ ਦੀ ਨਾਪਾਏਦਾਰੀ ਦਾ ਸੰਦੇਸ਼ ਦਿੰਦੇ ਰਹਿੰਦੇ ਸਨ। ਆਪ ਦਾ ਦਰਬਾਰ ਸ਼ੇਰਪੁਰ ਸ਼ਰੀਫ਼ (ਨੇੜੇ ਮੁਕੇਰੀਆਂ) ਵਿਖੇ ਸ਼ੋਭਨੀਕ ਹੈ। ਪੰਜ ਹਾੜ੍ਹ ਤੋਂ ਸੱਤ ਹਾੜ੍ਹ ਤੱਕ ਹਰ ਵਰ੍ਹੇ ਇਥੇ ਸਾਲਾਨਾ ਉਰਸ ਚਲਦਾ ਹੈ। ਇਸ ਦਰਗਾਹ ਦੀ ਸੇਵਾ-ਸੰਭਾਲ ਵਿਚ ਸਾਈਂ ਹਰੀ ਸ਼ਾਹ, ਬੇਬੇ ਧੰਨੋ ਸ਼ਾਹ, ਸਾਈਂ ਤਰਸੇਮ ਸ਼ਾਹ, ਬਾਬਾ ਕਰਮੇ ਸ਼ਾਹ ਅਤੇ ਬਾਬਾ ਵਿਜੇ ਸ਼ਾਹ ਨੇ ਵਡਮੁੱਲਾ ਯੋਗਦਾਨ ਪਾਇਆ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਕੌਣ ਲਿਖਦੈ ਸਾਡੀ ਕਿਸਮਤ?
ਲੇਖਕ : ਇੰਦਰਜੀਤ ਗੁਗਨਾਨੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 395 ਰੁਪਏ, ਸਫ਼ੇ : 172
ਸੰਪਰਕ : 0172-4608699.

'ਕੌਣ ਲਿਖਦੈ ਸਾਡੀ ਕਿਸਮਤ' ਵਾਰਤਕਨੁਮਾ ਪੁਸਤਕ ਇੰਦਰਜੀਤ ਗੁਗਨਾਨੀ ਦੀ ਪਲੇਠੀ ਪੁਸਤਕ ਹੈ, ਜਿਸ ਵਿਚ ਉਸ ਨੇ ਕੁੱਲ 34 ਲੇਖ ਲਿਖ ਕੇ ਵੱਡਮੁੱਲੀਆਂ ਗੱਲਾਂ ਦਾ ਖਜ਼ਾਨਾ ਪਾਠਕ ਦੀ ਝੋਲੀ ਵਿਚ ਪਾਇਆ ਹੈ। ਜਿਵੇਂ ਪਹਿਲੇ ਲੇਖ 'ਕਿਵੇਂ ਤੁਰੀਏ, ਕਿਸ ਰਾਹ ਤੁਰੀਏ?' ਵਿਚ ਦੱਸਿਆ ਹੈ ਕਿ ਸਾਨੂੰ ਆਪਣੇ ਆਪ ਨੂੰ ਸੰਵਾਰਨਾ ਚਾਹੀਦਾ ਹੈ।
ਅਗਲੇ ਨਿਬੰਧ 'ਤਾਂ ਤੁਸੀਂ ਹਾਰ ਚੁੱਕੇ ਹੋ' ਵਿਚ ਮਨ ਹੋਵੇ ਤਾਂ ਹਰ ਕੰਮ ਆਸਾਨੀ ਨਾਲ ਸਿਰੇ ਚੜ੍ਹ ਹੀ ਜਾਂਦਾ ਹੈ, ਬਾਰੇ ਹੈ। 'ਆਪੇ ਫਾਥੜੀਏ ਤੈਨੂੰ ਕੌਣ ਛੁਡਾਏ' ਪਾਠ ਵਿਚ ਰੋਟੀ ਦੇ ਕੇ ਅਪਾਹਜ ਨਾ ਬਣਾਓ, ਸਗੋਂ ਰੋਟੀ ਕਮਾਉਣ ਦੇ ਯੋਗ ਬਣਾਉਣ ਦੀ ਅਸਲੀਅਤ ਬਾਰੇ ਦੱਸਿਆ ਗਿਆ ਹੈ। 'ਕਿਸਮਤ ਦੀਆਂ ਗੱਲਾਂ' ਨਿਬੰਧ ਵਿਚ ਸੋਚਾਂ ਚੰਗੀਆਂ ਸੋਚੋਂਗੇ ਤਾਂ ਹੋਵੇਗਾ ਵੀ ਉਸੇ ਤਰ੍ਹਾਂ ਭਾਵ ਸਕਾਰਾਤਮਕ ਸੋਚ ਪੈਦਾ ਕੀਤੀ ਹੈ।
'ਚੁਣੌਤੀਆਂ ਨੂੰ ਕਬੂਲੋ' ਲੇਖ ਵਿਚ ਅਸੰਭਵ ਨੂੰ ਵੀ ਜਿੱਤ ਕੇ ਵਖਾ ਦੇਣਾ ਜ਼ਿੰਦਗੀ ਦਾ ਮਕਸਦ ਹੋਣਾ ਚਾਹੀਦਾ ਹੈ। ਅਗਲੇ ਪਾਠ 'ਸਦਾ ਸ਼ੁਕਰ ਵਿੱਚ ਰਹੋ' ਵਿਚ ਜੋ ਕੋਲ ਹੈ ਉਸ ਨੂੰ ਮਾਣੋ, ਜੋ ਨਹੀਂ ਹੈ ਉਸ ਦੇ ਪਿੱਛੇ ਨਾ ਭੱਜੋ। 'ਕੰਮ ਦੀ ਲਗਨ' ਵਿਚ ਕੰਮ ਕਰਨਾ ਕੋਈ ਵੀ ਮਾੜਾ ਨਹੀਂ, ਸ਼ਰਮ ਮਹਿਸੂਸ ਨਾ ਕਰੋ ਬਾਰੇ ਹੈ। 'ਲੋਕ ਕੀ ਕਹਿਣਗੇ' ਨਿਬੰਧ ਵਿਚ ਕਦੇ ਵੀ ਲੋਕਾਂ ਦੀ ਪਰਵਾਹ ਨਾ ਕਰੋ, ਕੋਈ ਵੀ ਚੰਗਾ ਕੰਮ ਕਰਨ ਲੱਗਿਆਂ ਖੁਸ਼ੀ ਮਹਿਸੂਸ ਕਰਨੀ ਚਾਹੀਦੀ ਹੈ। 'ਅੰਧ-ਵਿਸ਼ਵਾਸ' ਨਿਬੰਧ ਜੋ ਅਜੋਕੇ ਸਮੇਂ ਦੇ ਹਾਣ ਦਾ ਹੈ ਵਿਚ ਦੱੋਸਿਆ ਗਿਆ ਹੈ ਕਿ ਜੋ ਮਿਹਨਤ ਨਾਲ ਸਹੀ ਕੰਮ ਕਰੋਗੇ ਤਾਂ ਕੰਮ ਮਿਲਣ ਦੀ ਕੋਈ ਅੜਚਣ ਨਹੀਂ ਆਵੇਗੀ।
ਸਮੁੱਚੇ ਰੂਪ ਵਿਚ ਨਿਬੰਧਕਾਰ ਨੇ ਆਪਣੀ ਵਿਚਾਰਧਾਰਾ ਦੀ ਪੇਸ਼ਕਾਰੀ ਵਿਚ ਵੱਖ-ਵੱਖ ਵਿਦਵਾਨਾਂ ਦੇ ਵਿਚਾਰਾਂ ਨੂੰ ਅੰਕਿਤ ਕਰਕੇ ਬਹੁਤ ਹੀ ਸੁਚੱਜੇ ਢੰਗ ਨਾਲ ਜਾਣਕਾਰੀ ਦਿੱਤੀ ਹੈ। ਲੇਖਕ ਵਧਾਈ ਦਾ ਪਾਤਰ ਹੈ।

ਂਗੁਰਬਿੰਦਰ ਕੌਰ ਬਰਾੜ
ਮੋ: 9855395161
ਫ ਫ ਫ

ਵੇਲੇ ਦਾ ਬਿਰਤਾਂਤ
ਸ਼ਾਇਰ : ਬਲਬੀਰ ਸਾਹਨੇਵਾਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ।
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 99150-35575.

ਦੋਹਾ ਲਘੂ ਕਾਵਿ ਰੂਪ ਨੂੰ ਕਈ ਪੰਜਾਬੀ ਸ਼ਾਇਰਾਂ ਨੇ ਸੰਜੀਦਗੀ ਨਾਲ ਅਪਣਾਇਆ ਹੈ ਤੇ ਉਨ੍ਹਾਂ ਵਿਚੋਂ ਬਲਬੀਰ ਸਾਹਨੇਵਾਲ ਵੀ ਇਕ ਹੈ। ਇਨ੍ਹਾਂ ਦੋਹਿਆਂ ਵਿਚ ਸ਼ਾਇਰ ਆਪਣੇ ਸਮਾਜ ਦਾ ਕਰੂਰ ਸੱਚ ਉਜਾਗਰ ਕਰਦਾ ਹੈ ਤੇ ਹਰ ਦੋਹਾ ਗ਼ਜ਼ਲ ਦੇ ਸੁਤੰਤਰ ਸ਼ਿਅਰ ਵਾਂਗ ਪਾਠਕ ਨੂੰ ਪ੍ਰਭਾਵਿਤ ਕਰਦਾ ਹੈ। ਸ਼ਾਇਰ ਮੁਤਾਬਿਕ ਸੱਚ ਨੂੰ ਆਮ ਕਰਕੇ ਝੂਠ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਤੇ ਪਹੁੰਚ ਤੋਂ ਬਿਨਾਂ ਨਿਆਂ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਨਸ਼ਿਆਂ ਦੇ ਚਲਣ ਸਬੰਧੀ ਉਹ ਬੜੀ ਜੁਗਤ ਨਾਲ ਆਪਣੇ ਵਿਚਾਰ ਦਿੰਦਾ ਹੈ ਤੇ ਥਾਂ-ਥਾਂ ਲਗਦੇ ਨਾਕਿਆਂ ਤੋਂ ਜਨਤਾ ਦੀ ਦੁਸ਼ਵਾਰੀ ਉਸ ਨੂੰ ਦੁੱਖ ਪਹੁੰਚਾਉਂਦੀ ਹੈ। ਸ਼ਾਇਰ ਅਨੁਸਾਰ ਲੋਕ ਬੇਚੈਨ ਹਨ ਤੇ ਮੁਸ਼ਕਿਲਾਂ ਹੰਢਾਅ ਰਹੇ ਹਨ ਪਰ ਹਾਕਮ ਕੋਠੀਆਂ ਵਿਚ ਆਰਾਮ ਫ਼ਰਮਾ ਰਹੇ ਹਨ। ਉਹ ਬੇਤਰਤੀਬ ਤੇ ਮੁਸ਼ਕਿਲ ਜ਼ਿੰਦਗੀ ਬਤੀਤ ਕਰਦੇ ਲੋਕਾਂ ਦੇ ਹੱਕ ਵਿਚ ਖੜ੍ਹਦਾ ਹੈ ਤੇ ਉਨ੍ਹਾਂ ਦਾ ਧਰਵਾਸ ਬੰਨ੍ਹਦਾ ਹੈ। ਬਲਬੀਰ ਸਾਹਨੇਵਾਲ ਦੇ ਬਹੁਤੇ ਦੋਹੇ ਮਿਹਨਤੀ ਤੇ ਦਰਦ ਹੰਢਾਅ ਰਹੇ ਲੋਕਾਂ ਦੀ ਮੰਜ਼ਰਕਸ਼ੀ ਕਰਦੇ ਹਨ ਪਰ ਕਿਤੇ-ਕਿਤੇ ਉਹ ਘਰੇਲੂ ਸਮੱਸਿਆਵਾਂ 'ਤੇ ਵੀ ਆਪਣਾ ਦ੍ਰਿਸ਼ਟੀਕੋਣ ਦਿੰਦਾ ਹੈ। ਸ਼ਾਇਰ ਨੇ ਪੁਸਤਕ ਵਿਚ ਕਿਧਰੇ-ਕਿਧਰੇ ਮੁਹੱਬਤੀ ਰੰਗ 'ਤੇ ਵੀ ਦੋਹੇ ਕਹੇ ਹਨ। ਦੋਹੇ ਦਾ ਲਹਿਜ਼ਾ ਜ਼ਿਆਦਾਤਰ ਉਪਦੇਸ਼ਕ ਹੁੰਦਾ ਹੈ ਤੇ ਇਸ ਪੁਸਤਕ ਵਿਚ ਵੀ ਕਾਫ਼ੀ ਦੋਹੇ ਇਸੇ ਪਰੰਪਰਾ ਨੂੰ ਅੱਗੇ ਤੋਰਦੇ ਹਨ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਨਾਲ ਸੱਜਣ ਦੇ ਰਹੀਏ
ਲੇਖਕ : ਅਫ਼ਜ਼ਲ ਸਾਹਿਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 95
ਸੰਪਰਕ : 98152-98459.

ਅਫ਼ਜ਼ਲ ਸਾਹਿਰ ਪੰਜਾਬੀ ਦੀ ਕਲਾਸੀਕਲ ਸ਼ਾਇਰੀ ਅਤੇ ਨਵੀਂ ਰੌਸ਼ਨੀ ਦੀ ਸ਼ਾਇਰੀ ਦੇ ਵਿਚਕਾਰ ਪੰਜਾਬੀ ਸ਼ਾਇਰੀ ਦਾ ਝੰਡਾਬਰਦਾਰ ਏ। ਉਸ ਦੀ ਕਲਾਸੀਕਲ ਸ਼ਾਇਰੀ ਦੇ ਰੰਗ ਵਿਚ ਇਸ਼ਕ ਦੀ ਉਦਾਸੀ ਦਾ ਗੂੜ੍ਹਾ ਰੰਗ ਘੁਲਿਆ ਹੋਇਆ ਹੈ। ਉਸ ਨੇ ਆਪਣੀ ਕਿਤਾਬ ਦਾ ਨਾਂਅ ਵੀ ਤਾਂ ਸ਼ਾਹ ਹੁਸੈਨ ਦੀ ਇਕ ਪ੍ਰਸਿੱਧ ਕਾਫੀ ਵਿਚੋਂ ਹੀ ਚਾਇਆ ਏ। ਇਸ਼ਕ ਦੀ ਜਾਤ ਤੋਂ ਇਲਾਵਾ ਉਸ ਦੀ ਸ਼ਾਇਰੀ ਵਿਚ ਆਵਾਮ ਦੇ ਦੁੱਖ, ਪੀੜਾਂ, ਵਲਵਲੇ ਮੂੰਹ ਜ਼ੋਰ ਹੋ ਕੇ ਪੇਸ਼ ਹੋਏ ਹਨ। ਸੂਫ਼ੀ ਸ਼ਾਇਰਾਂ ਵਾਲੀ ਗੂੜ੍ਹੀ ਰਮਜ਼, ਲੈਅ, ਛੰਦ ਤੇ ਰਵਾਨੀ ਉਸ ਦੀ ਸ਼ਾਇਰੀ ਦਾ ਖ਼ਾਸਾ ਏ। ਉਸ ਦੀ ਸ਼ਾਇਰੀ ਦੀਆਂ ਪੁਰਾਣੀਆਂ ਤਰਜ਼ਾਂ ਤੇ ਰਮਜ਼ਾਂ ਵਿਚ ਵੀ ਨਵੇਂ ਲੋਕਾਂ ਦੀਆਂ ਖਾਹਿਸ਼ਾਂ, ਝੁਕਾਉ, ਸੰਵੇਦਨਾਵਾਂ ਨੂੰ ਆਵਾਜ਼ ਮਿਲੀ ਹੈ। ਆਪਣੀਆਂ ਕਾਫ਼ੀਆਂ ਰਾਹੀਂ ਉਹ ਆਪਣੇ ਕਈ ਪਿਆਰੇ ਸੱਜਣਾਂ ਦੀ ਵੇਲ ਮੰਗਦਾ ਹੈ। ਨਜ਼ਮ 'ਵਾਰਤਾ' ਰਾਹੀਂ ਉਹ ਵੀ ਵੰਡ ਦੇ ਸੇਕ ਨਾਲ ਜੂਝਦਾ ਪ੍ਰਤੀਤ ਹੋ ਰਿਹਾ ਹੈ। ਉਸ ਦਾ ਹਰਫ਼-ਹਰਫ਼ ਵਲੂੰਦਰੀ ਪੀੜ ਦੀ ਸ਼ਾਹਦੀ ਭਰਦਾ ਪ੍ਰਤੀਤ ਹੁੰਦਾ ਹੈ। 'ਵੰਡ' ਦਾ ਨਾਸੂਰ ਇਹੋ ਜਿਹਾ ਨਾਸੂਰ ਏ ਜੋ ਇਧਰਲੇ ਤੇ ਉਧਰਲੇ ਆਵਾਮ ਨੂੰ ਹਮੇਸ਼ਾ ਪੱਛਦਾ ਰਹੇਗਾ, ਤੜਫਾਉਂਦਾ ਰਹੇਗਾ, ਕਲਪਾਉਂਦਾ ਰਹੇਗਾ। 'ਵਾਰਤਾ' ਨਜ਼ਮ ਰਾਹੀਂ ਸਾਹਿਰ ਵੀ ਅੰਮ੍ਰਿਤਾ ਪ੍ਰੀਤਮ ਦੀ ਨਜ਼ਮ 'ਅੱਜ ਆਖਾਂ ਵਾਰਿਸ ਸ਼ਾਹ ਨੂੰ' ਵਰਗੀ ਪੀੜ ਝੱਲਦਾ ਦਿਸਦਾ ਏ। ਉਸ ਦੇ ਕਲਾਮ ਵਿਚ ਅੰਤਾਂ ਦੀ ਰਵਾਨੀ ਹੈ। ਪਹਾੜੀ ਝਰਨੇ ਜਿਹੀ ਕਲਕਲ ਹੈ। ਸ਼ਗਨਾਂ ਦਾ ਜਲੌਅ ਹੈ। ਠੇਠ ਪੰਜਾਬੀ ਦਾ ਸੂਹਾ ਰੰਗ ਹੈ ਤੇ ਤਾਸੀਰ ਵਿਚ ਉਮਰਾਂ ਦੀ ਤੇ ਇਸ਼ਕ ਦੀ ਉਦਾਸੀ ਹੈ।

ਂਕੇ. ਐਲ. ਗਰਗ
ਮੋ: 94635-37050.
ਫ ਫ ਫ

ਜੰਗ, ਜਸ਼ਨ ਤੇ ਜੁਗਨੂੰ
ਕਵੀ : ਸੁਖਵਿੰਦਰ ਕੰਬੋਜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 98152-98459.

ਸੁਖਵਿੰਦਰ ਕੰਬੋਜ ਪ੍ਰਵਾਸੀ ਕਵੀਆਂ 'ਚ ਵਿਸ਼ੇਸ਼ ਸਥਾਨ ਰੱਖਦਾ ਹੈ, ਜੋ ਲਗਾਤਾਰ ਪੰਜਾਬੀ ਕਾਵਿ-ਜਗਤ 'ਚ ਆਪਣੀ ਹਾਜ਼ਰੀ ਲਗਵਾਉਂਦਾ ਹੈ ਅਤੇ ਜੰਗ, ਜਸ਼ਨ ਤੇ ਜੁਗਨੂੰ ਉਸ ਦਾ ਚੌਥਾ ਕਾਵਿ-ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਤਿੰਨ ਲਫ਼ਜ਼ਾਂ ਜੰਗ, ਜਸ਼ਨ ਤੇ ਜੁਗਨੂੰ ਬਿੰਬਾਂ/ਪ੍ਰਤੀਕਾਂ ਦਾ ਪਾਸਾਰ ਹੈ। ਸਮਕਾਲੀ ਸੱਭਿਅਤਾ ਭਿਆਨਕ ਜੰਗਾਂ, ਯੁੱਧਾਂ ਦਾ ਅਖਾੜਾ ਬਣੀ ਹੋਈ ਹੈ। ਜੰਗ ਦੀ ਜਿੱਤ ਤੋਂ ਬਾਅਦ ਮਦਮਸਤ ਰਾਜਸੀ ਧੌਂਸ ਜਸ਼ਨ 'ਚ ਮਸਰੂਫ਼ ਹੈ ਪਰ ਜਾਗਰੂਕ ਮਨੁੱਖ ਇਨ੍ਹਾਂ ਜੰਗਾਂ ਤੋਂ ਉਪਜੀ ਭਿਆਨਕ ਤਬਾਹੀ ਦੇ ਮੰਜ਼ਰ ਤੋਂ ਬਾ-ਖ਼ਬਰ ਰਹਿੰਦਿਆਂ 'ਜੁਗਨੂੰ' ਵਾਂਗ ਗਿਆਨ ਦੇ ਚਾਨਣ ਦਾ ਛੱਟਾ ਦੇ ਆਮ ਲੋਕਾਈ ਦੇ ਦੁੱਖਾਂ-ਸੁੱਖਾਂ 'ਚ ਖੜ੍ਹਨ ਦੀ ਜੁਅਰਤ ਕਰਦਾ ਹੈ। ਸਾਮਰਾਜੀ ਧੌਂਸ, ਅਡੰਬਰ, ਪਰਪੰਚ, ਡਾਲਰੀ ਚਕਾਚੌਂਧ ਕੰਬੋਜ ਦੀ ਕਾਵਿਕ-ਪ੍ਰਤੀਬੱਧਤਾ ਪ੍ਰਤੀ ਉਸ ਦੀ ਜ਼ਿੰਮੇਵਾਰੀ ਤੋਂ ਥਿੜਕਾ ਨਹੀਂ ਸਕੇ। ਡਾ: ਜਸਵਿੰਦਰ ਸਿੰਘ ਦਾ ਕਾਵਿ-ਵਿਸ਼ਲੇਸ਼ਣੀ ਲੇਖ ਉਸ ਦੀ ਕਾਵਿਕ-ਪ੍ਰਤੀਬੱਧਤਾ ਦੇ ਅਨੇਕਾਂ ਪਾਸਾਰਾਂ ਦੀ ਨਿਸ਼ਾਨਦੇਹੀ ਕਰਦਾ ਹੈ। ਸੁਖਵਿੰਦਰ ਕੰਬੋਜ ਸਮਕਾਲੀ ਵਰਤਾਰੇ ਨੂੰ 'ਮੈਂ-ਮੂਲਕ' ਵਿਧੀ ਰਾਹੀਂ ਸੰਵਾਦ ਦੀ ਪ੍ਰਸਥਿਤੀ ਸਿਰਜਦਿਆਂ ਹੋਇਆਂ ਸਾਮਰਾਜੀ ਧੋਂਸ ਦੇ ਖਿਲਾਫ਼ ਆਮ ਮਾਨਵੀ ਵਰਤਾਰੇ ਦੀ ਵਿਆਖਿਆ ਕਰਦਾ ਹੋਇਆ ਵਿਅੰਗਾਤਮਕ ਟਿੱਪਣੀਆਂ ਕਰਦਾ ਹੈ :
ਮਨੁੱਖਾਂ ਲਈ ਬੰਬ
ਤੇ ਕੁੱਤਿਆਂ ਲਈ ਪਿਆਰ
ਇਹੀ ਤਾਂ ਹੈ
ਸਾਮਰਾਜ ਦਾ ਸੱਭਿਆਚਾਰ।
ਸੁਖਵਿੰਦਰ ਕੰਬੋਜ ਖੁੱਲ੍ਹੀ ਕਵਿਤਾ ਦਾ ਸਿਰਜਕ ਹੈ ਪਰ ਇਹ ਖੁੱਲ੍ਹੀ ਸੋਚ ਦਾ ਪ੍ਰਗਟਾਵਾ ਤਾਂ ਹੈ ਜੋ ਆਪਮੁਹਾਰਾ ਨਹੀਂ, ਸਗੋਂ ਜ਼ਬਤ ਦੀ ਸੀਮਾ 'ਚ ਹੈ। ਸ਼ਬਦਾਵਲੀ ਦੀ ਚੋਣ, ਵਿਸ਼ਿਆਂ ਦੇ ਅਨੁਕੂਲ ਭਾਵ-ਪੂਰਤ ਅਤੇ ਵਿਸ਼ੇ ਦੇ ਨਿਭਾਅ ਦੇ ਅਨੁਕੂਲ ਹੀ ਹੈ। ਸੁਖਵਿੰਦਰ ਕੰਬੋਜ ਦੀ ਕਾਵਿਕ-ਸਿਰਜਣਾ ਆਮ ਮਨੁੱਖ ਪ੍ਰਤੀ ਮਾਨਵੀ ਸੰਵੇਦਨਾ ਦਾ ਪ੍ਰਗਟਾਅ ਹੈ। ਕਵਿਤਾਵਾਂ ਸੰਜੀਦਾ ਸੰਵਾਦ ਰਚਾਉਣ ਲਈ ਪ੍ਰੇਰਿਤ ਕਰਦੀਆਂ ਹਨ। ਆਮੀਨ!

ਂਸੰਧੂ ਵਰਿਆਣਵੀ
ਮੋ: 94630-14096.
ਫ ਫ ਫ

ਰੱਬੀ ਅਨੁਭਵ ਦੇ ਦੋਹੇ
ਲੇਖਕ : ਪ੍ਰਿੰ: ਦਲਜੀਤ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 135
ਸੰਪਰਕ : 70873-49450.

ਇਸ ਪੁਸਤਕ ਵਿਚ ਕਵੀ ਨੇ ਦੋਹੇ ਰਚੇ ਹਨ, ਜਿਨ੍ਹਾਂ ਦੇ ਵਿਸ਼ੇ ਅਧਿਆਤਮਿਕ, ਸਮਾਜਿਕ ਅਤੇ ਸਾਹਿਤਕ ਹਨ। ਰੱਬ ਦਾ ਪਿਆਰ, ਜੀਵਨ ਦੀਆਂ ਕਦਰਾਂ-ਕੀਮਤਾਂ, ਮਾਂ-ਪਿਓ ਦਾ ਸਤਿਕਾਰ, ਨਸ਼ਿਆਂ ਦਾ ਤਿਆਗ, ਨੇਕ ਸੰਗਤ ਅਤੇ ਸਮੇਂ ਦੀ ਸਹੀ ਸੰਭਾਲ ਨੂੰ ਉਜਾਗਰ ਕਰਦੇ ਦੋਹੇ ਪ੍ਰੇਰਨਾਦਾਇਕ ਹਨ। ਆਓ! ਇਨ੍ਹਾਂ ਦੀਆਂ ਝਲਕਾਂ ਮਾਣੀਏਂ
-ਕਈ ਵਾਰ ਮੈਂ ਹੱਸਦਾ,
ਹੱਸ ਹੱਸ ਹੋਵਾਂ ਚੂਰ।
ਰੱਬ ਤਾਂ ਨੇੜੇ ਬਹੁਤ ਸੀ,
ਮੈਂ ਜਾਣਿਆ ਸੀ ਦੂਰ।
-ਮਿੱਠੀ ਬੋਲੀ ਨਾਲ ਤੂੰ, ਸਭ ਦਾ ਮਨ ਲੈ ਮੋਹ।
ਸਭ ਦੇ ਮਨ ਵਿਚ ਵਸਦਾ,
ਪਾਰਬ੍ਰਹਮ ਹੈ ਉਹ।
-ਇਥੇ ਕੁਝ ਅਕਾਰਨ ਨਹੀਂ ਹੈ,
ਸਭ ਪਿੱਛੇ ਪਰਯੋਜਨ।
ਜੀਵਨ ਪਿੱਛੇ ਮੌਤ ਖੜ੍ਹੀ ਹੈ,
ਮੌਤ ਪਿੱਛੇ ਫਿਰ ਜੀਵਨ।
-ਧੰਨਵਾਦ ਰੱਬਾ ਮੈਨੂੰ ਪੈਦਾ ਕੀਤਾ,
ਧੰਨਵਾਦ ਤੇਰਾ ਸਾਹ ਚਲਦਾ ਕੀਤਾ
ਧੰਨਵਾਦ ਤੇਰੇ ਵਿਰਾਟ ਖੇਲ੍ਹ ਵਿਚ,
ਭਾਗ ਲੈਣ ਦਾ ਮੌਕਾ ਦਿੱਤਾ।
ਅਨਮੋਲ ਮਨੁੱਖੀ ਜੀਵਨ ਦਾ ਉਦੇਸ਼ ਰੱਬ ਦੀ ਪ੍ਰਾਪਤੀ ਹੈ। ਚੰਗੇ ਕੰਮ ਕਰਦਿਆਂ, ਸੇਵਾ ਸਿਮਰਨ ਕਰਦਿਆਂ ਇਸ ਜੀਵਨ ਦਾ ਲਾਹਾ ਲੈਣਾ ਚਾਹੀਦਾ ਹੈ। ਬੁਰਾਈਆਂ ਤੋਂ ਬਚਣਾ ਚਾਹੀਦਾ ਹੈ। ਦੁਰਲੱਭ ਜਨਮ ਨੂੰ ਝੂਠ, ਕਪਟ, ਵਿਕਾਰਾਂ, ਨਿੰਦਿਆ, ਨਸ਼ਿਆਂ ਅਤੇ ਨਾਸਤਿਕਤਾ ਵਿਚ ਜ਼ਾਇਆ ਨਹੀਂ ਕਰਨਾ ਚਾਹੀਦਾ। ਕਵੀ ਨੇ ਸਰਲ ਸਪੱਸ਼ਟ ਬੋਲੀ ਵਿਚ ਮਹਾਨ ਵਿਚਾਰ ਅੰਕਿਤ ਕੀਤੇ ਹਨ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

08/10/2017

 ਦਿਵਸੁ ਰਾਤਿ
ਅਨੁਵਾਦਕ : ਡਾ: ਕਰਨਜੀਤ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 450 ਰੁਪਏ, ਸਫ਼ੇ : 312
ਸੰਪਰਕ : 098711-89446.

ਇਸ ਪੁਸਤਕ ਵਿਚ ਚੋਟੀ ਦੇ ਸੋਵੀਅਤ ਲਿਖਾਰੀਆਂ ਦੀਆਂ ਕਹਾਣੀਆਂ ਹਨ ਜੋ ਪੰਜਾਬੀ ਵਿਚ ਅਨੁਵਾਦ ਕਰਕੇ ਪਾਠਕਾਂ ਦੀ ਨਜ਼ਰ ਕੀਤੀਆਂ ਗਈਆਂ ਹਨ। ਜਰਮਨੀ ਨੇ ਸੋਵੀਅਤ ਯੂਨੀਅਨ ਉੱਤੇ ਵਿਸ਼ਵਾਸਘਾਤੀ ਹਮਲਾ ਕੀਤਾ ਸੀ ਅਤੇ ਇਸ ਜੰਗ ਦੇ ਭਾਂਬੜ ਵਿਚ ਇਕ ਹਜ਼ਾਰ ਚਾਰ ਸੌ ਅਠਾਰਾਂ ਦਿਨ ਬਲਦੇ ਰਹੇ ਸਨ। ਇਸ ਸਮੇਂ ਲਗਪਗ ਦੋ ਕਰੋੜ ਸੋਵੀਅਤ ਲੋਕ ਮਾਰੇ ਗਏ ਸਨ। ਹਜ਼ਾਰਾਂ ਸ਼ਹਿਰ ਅਤੇ ਪਿੰਡ ਅੱਗਾਂ ਨਾਲ ਅਤੇ ਬੰਬਾਂ ਨਾਲ ਨਸ਼ਟ ਕਰ ਦਿੱਤੇ ਗਏ। ਬਹੁਤ ਸਾਰੇ ਮਾਸੂਮ ਲੋਕ ਜਰਮਨਾਂ ਦੇ ਜ਼ੁਲਮ ਦੇ ਸ਼ਿਕਾਰ ਹੋਏ। ਜਰਮਨੀ ਵਿਚ ਬੰਦੀ ਬਣਾਏ ਸੋਵੀਅਤ ਲੋਕਾਂ ਤੋਂ ਲੱਕ ਤੋੜਵੀਂ ਮਿਹਨਤ ਕਰਵਾਈ ਗਈ। ਮੌਤ ਦੇ ਕੈਂਪਾਂ ਵਿਚ ਬੇਤਹਾਸ਼ਾ ਤਸ਼ੱਦਦ ਹੋਇਆ। ਜਿਨ੍ਹਾਂ ਲੇਖਕਾਂ ਨੇ ਮਾਸਕੋ, ਵੋਲਗਾ, ਲੈਨਿਨਗ੍ਰਾਦ, ਪ੍ਰਾਗ, ਬਰਲਿਨ ਅਤੇ ਕੋਈ ਹੋਰ ਥਾਵਾਂ 'ਤੇ ਜੰਗ ਦੇ ਭਾਂਬੜ ਅੱਖੀਂ ਦੇਖੇ, ਉਨ੍ਹਾਂ ਨੇ ਸੱਚੀਆਂ ਕਹਾਣੀਆਂ ਲਿਖ ਕੇ ਸੋਵੀਅਤ ਦੇਸ਼ ਭਗਤਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਇਸ ਪੁਸਤਕ ਵਿਚ ਜਿਨ੍ਹਾਂ ਪ੍ਰਸਿੱਧ ਲੇਖਕਾਂ ਦੀਆਂ ਕਹਾਣੀਆਂ ਦਰਜ ਹਨ, ਉਨ੍ਹਾਂ ਦੇ ਨਾਂਅ ਇਸ ਪ੍ਰਕਾਰ ਹਨਂਕੋਨਸਤਾਨਤਿਨ ਸਿਮੋਨੋਵ, ਅਲੇਕਸਾਂਦਰ ਬੇਕ, ਪਿਓਤਰ ਲਿਦੋਵ, ਵਾਦੀਮ ਕੋਜ਼ੇਵਨੀਕੋਵ, ਅਲੇਕਸਾਂਦਰ ਫਾਦੇਯੇਵ, ਨਿਕੋਲਾਈ ਚੁਕੋਵਸਕੀ, ਓਲਗਾ ਬੇਰੱਗੋਲਤਸ, ਯੂਰੀ ਬੋਨਦਾਰੇਵ, ਬੋਰਿਸ ਪੋਲੇਵਈ, ਆਂਦਰੇਈ ਪਲਾਤੋਨੋਵ, ਵਲਾਦੀਮਿਰ ਬਗਾਗਮੋਲੋਵ, ਅਨਾਤੋਲੀ ਅਨਾਨਿਯੇਵ, ਲਿਓਨਿਦ ਸੋਵੋਲੇਵ, ਅਲੇਕਸੇਈ ਤਾਲਸਤਾਏ, ਗਰੀਗੋਰੀ ਬਾਕਲਾਨੋਵ, ਫਿਓਦਰ ਅਬਰਾਮੋਵ, ਮਿਖ਼ਾਈਲ ਸ਼ੋਲੋਖੋਵ। ਸਾਰੇ ਲੇਖਕਾਂ ਦਾ ਸੰਖੇਪ ਜੀਵਨ ਬਿਊਰਾ ਦੇ ਕੇ ਉਨ੍ਹਾਂ ਨਾਲ ਜਾਣ-ਪਛਾਣ ਕਰਵਾਈ ਗਈ ਹੈ। ਭਾਸ਼ਾ ਸਰਲ ਅਤੇ ਸਪੱਸ਼ਟ ਹੈ। ਅਨੁਵਾਦ ਕਾਫੀ ਵਧੀਆ ਹੈ।
ਇਨ੍ਹਾਂ ਕਹਾਣੀਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਭਾਵੇਂ ਨਸਲ, ਰੰਗ, ਰੂਪ, ਦੇਸ਼, ਕੌਮ ਕੋਈ ਵੀ ਹੋਵੇ, ਇਨਸਾਨੀ ਜਜ਼ਬੇ, ਦੁੱਖ ਦਰਦ ਅਤੇ ਭਾਵਨਾਵਾਂ ਸਾਂਝੀਆਂ ਹੁੰਦੀਆਂ ਹਨ। ਜੰਗ ਵਿਚ ਕਦੇ ਕਿਸੇ ਦਾ ਭਲਾ ਨਹੀਂ ਹੁੰਦਾ। ਅਨੇਕਾਂ ਅਨਮੋਲ ਜੀਵਨ ਉਸ ਦੀ ਭੇਟ ਚੜ੍ਹ ਜਾਂਦੇ ਹਨ। ਇਸ ਪੁਸਤਕ ਦਾ ਸੁਆਗਤ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਕ੍ਰਾਂਤੀ ਦੀ ਕਵਿਤਾ
ਆਲੋਚਕ : ਸੁਖਿੰਦਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 184
ਸੰਪਰਕ : 78377-18723.

ਹਥਲੀ ਪੁਸਤਕ ਵਿਚ ਸੁਖਿੰਦਰ ਨੇ ਬਾਬਾ ਨਜਮੀ, ਡਾ: ਜਗਤਾਰ, ਸੰਤ ਰਾਮ ਉਦਾਸੀ, ਪਾਸ਼, ਲਾਲ ਸਿੰਘ ਦਿਲ, ਦਰਸ਼ਨ ਖਟਕੜ, ਸੁਰਜੀਤ ਪਾਤਰ ਅਤੇ ਆਪਣੀ ਖ਼ੁਦ ਦੀ ਕਵਿਤਾ ਦੇ ਹਵਾਲੇ ਨਾਲ 'ਕ੍ਰਾਂਤੀ ਦੀ ਕਵਿਤਾ' ਦਾ ਵਿਸ਼ਲੇਸ਼ਣ ਕੀਤਾ ਹੈ। ਇਸ ਪੁਸਤਕ ਵਿਚ ਚਰਚਾ ਦਾ ਵਿਸ਼ੇ ਬਣੇ ਸਾਰੇ ਕਵੀ 1960 ਈ: ਤੋਂ ਬਾਅਦ ਵਿਚ ਲਿਖਣ ਲੱਗੇ ਸਨ। ਇਹ ਸ਼ਾਇਰ ਆਧੁਨਿਕ ਪੰਜਾਬੀ ਕਾਵਿ ਦੀ ਤੀਜੀ-ਚੌਥੀ ਪੀੜ੍ਹੀ ਦੇ ਕਵੀ ਸਨ। ਇਸ ਦੌਰ ਤੱਕ ਪਹੁੰਚਦਿਆਂ-ਪਹੁੰਚਦਿਆਂ ਰਵਾਇਤੀ ਕਿਸਮ ਦੀ ਪ੍ਰਗਤੀਵਾਦੀ ਕਵਿਤਾ ਦੇ ਦਿਨ ਪੁੱਗ ਚੁੱਕੇ ਸਨ। ਨਕਸਲਵਾਦੀ ਲਹਿਰ ਨੇ ਸਟੇਟ ਦੇ ਅਮਾਨਵੀ ਚਰਿੱਤਰ ਦੇ ਵਿਰੁੱਧ ਵਿਦਰੋਹ ਦਾ ਪਰਚਮ ਲਹਿਰਾ ਛੱਡਿਆ ਸੀ। ਇੰਜ ਇਹ ਕਵੀ ਪ੍ਰਯੋਗ ਅਤੇ ਵਿਦਰੋਹ ਦੇ ਜੋੜਫ਼ਲ ਦੁਆਰਾ ਹੋਂਦ ਵਿਚ ਆਈ ਇਕ ਨਵੀਨ ਮਾਨਸਿਕਤਾ ਦੇ ਝੰਡਾਬਰਦਾਰ ਸਨ।
ਲੇਖਕ ਦਾ ਵਿਚਾਰ ਹੈ ਕਿ ਇਨਕਲਾਬ ਲਿਆਉਣ ਵਾਸਤੇ ਸ਼ਾਇਰੀ ਕੰਮ ਨਹੀਂ ਆਉਂਦੀ। ਇਹ ਜ਼ਰੀਆ ਤਾਂ ਬਣ ਸਕਦੀ ਹੈ ਪਰ ਮੁਕੰਮਲ ਤੌਰ 'ਤੇ ਕੋਈ ਵੱਡੀ ਤਬਦੀਲੀ ਨਹੀਂ ਲਿਆ ਸਕਦੀ। (ਪੰਨਾ 10) ਜਗਤਾਰ ਬਾਰੇ ਉਸ ਦਾ ਨਿਰਣਾ ਹੈ ਕਿ ਉਸ ਦੀ ਕਵਿਤਾ ਕ੍ਰਾਂਤੀ ਦਾ ਸੁਨੇਹਾ ਬੜੀ ਕਾਮਯਾਬੀ ਨਾਲ ਦਿੰਦੀ ਹੈ (ਪੰਨਾ 36)। ਸੰਤ ਰਾਮ ਉਦਾਸੀ ਦੇ ਗੀਤ ਹਿੰਦੁਸਤਾਨੀਆਂ ਨੂੰ ਜਾਗਣ ਅਤੇ ਉੱਠਣ ਦਾ ਸੁਨੇਹਾ ਦਿੰਦੇ ਹਨ (ਪੰਨਾ 38)। ਕਵਿਤਾ ਕਦੇ ਵੀ ਕਵੀ ਦੇ ਅਮਲ ਤੋਂ ਵੱਖਰੀ ਨਹੀਂ ਹੁੰਦੀ (ਪਾਸ਼, ਪੰਨਾ 56)। ਲਾਲ ਸਿੰਘ ਦਿਲ, ਗੰਭੀਰ ਸੁਰ ਵਾਲੀ ਇਨਕਲਾਬੀ ਕਵਿਤਾ ਲਿਖਦਾ ਹੈ (ਪੰਨਾ 66)। ਦਰਸ਼ਨ ਖਟਕੜ ਦੀ ਸ਼ਾਇਰੀ ਜੈਕਾਰਾ 'ਧਰਮ-ਯੁੱਧ' ਦਾ ਲਾਉਂਦੀ ਹੈ ਪਰ ਗੱਲ 'ਲੋਕ ਯੁੱਧ' ਦੀ ਕਰਦੀ ਹੈ। (ਪੰਨਾ 106)। ਸੁਰਜੀਤ ਪਾਤਰ ਕ੍ਰਾਂਤੀ ਦਾ 'ਸਮਰਥਕ' ਸ਼ਾਇਰ ਹੈ। ਕ੍ਰਾਂਤੀ ਦੇ ਸੁਪਨੇ ਦੀ ਹਮਾਇਤ ਕਰਦਾ ਹੈ (ਪੰਨਾ 129)। ਸੁਖਿੰਦਰ ਆਪਣੇ-ਆਪ ਨੂੰ ਆਮ ਲੋਕਾਂ ਦਾ ਸ਼ਾਇਰ ਮੰਨਦਾ ਹੈ। ਉਹ ਤੇਜ਼ ਧਾਰ ਵਾਲੇ ਸ਼ਬਦ ਵਰਤਦਾ ਹੈ ਜੋ ਪਾਠਕਾਂ ਦੇ ਜਿਹਨ ਨੂੰ ਚੀਰ ਜਾਣ। ਇਸ ਪੁਸਤਕ ਵਿਚ ਉਸ ਨੇ ਪਿਛਲੀ ਅੱਧੀ ਸਦੀ ਵਿਚ ਰਚੀ ਗਈ ਕ੍ਰਾਂਤੀਕਾਰੀ ਪੰਜਾਬੀ ਕਵਿਤਾ ਦਾ ਗੰਭੀਰ ਵਿਸ਼ਲੇਸ਼ਣ ਕੀਤਾ ਹੈ। ਇੰਜ ਇਹ ਪੁਸਤਕ ਇਕ ਮਹੱਤਵਪੂਰਨ ਦਸਤਾਵੇਜ਼ ਬਣ ਗਈ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਜਿਨ੍ਹਾਂ ਲਈ ਅੱਖਾਂ ਤਰਸਦੀਆਂ
ਲੇਖਕ : ਸੁਖਦੇਵ ਗਿੱਲ
ਪ੍ਰਕਾਸ਼ਨ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 88
ਸੰਪਰਕ : 98154-26504.

ਲੇਖਕ ਸੁਖਦੇਵ ਗਿੱਲ ਦਾ ਨਾਂਅ ਅਜੋਕੀ ਪੀੜ੍ਹੀ ਦੇ ਲਿਖਾਰੀਆਂ 'ਚ ਆਉਂਦਾ ਹੈ। ਇਹ ਉਸ ਦੀ ਚੌਥੀ ਪੁਸਤਕ ਹੈ। ਬਾਹਰੋਂ ਪ੍ਰਭਾਵੀ ਦਿੱਖ ਵਾਲੀ ਇਸ ਪੁਸਤਕ 'ਚ ਇਕ ਹਜ਼ਾਰ ਦੇ ਕਰੀਬ ਸ਼ੇਅਰ ਹਨ। ਇਨ੍ਹਾਂ ਸ਼ੇਅਰਾਂ ਦਾ ਕੇਂਦਰੀ ਵਿਸ਼ਾ-ਵਸਤੂ ਦੋਸਤੀ ਹੈ, ਜਿਸ ਦੀ ਖ਼ਾਤਰ ਅਜੋਕੇ ਸਮੇਂ 'ਚ ਵੀ ਚੰਗੇ ਦੋਸਤ ਆਪਾ ਵਾਰਨ ਲਈ ਸਦਾ ਤਿਆਰ ਰਹਿੰਦੇ ਹਨ। ਪੁਸਤਕ 'ਚ ਦਰਜ ਕਈ ਸ਼ੇਅਰਾਂ 'ਚ ਲੋਕ ਸਚਾਈਆਂ ਨੂੰ ਪੇਸ਼ ਕੀਤਾ ਗਿਆ ਹੈ। ਦੋਸਤੀ ਵਿਚ ਉਦਰੇਵਾਂ, ਵਫ਼ਾਦਾਰੀ, ਪਿਆਰ, ਤਾਂਘ ਸਦਾ ਬਣੀ ਰਹਿੰਦੀ ਹੈ। ਤੁਕਾਂਤ ਮੇਲ ਠੀਕ ਹੈ, ਪਰ ਕਈ ਲੰਬੇ ਸ਼ੇਅਰਾਂ 'ਚ ਤੁਕਾਂਤ-ਮੇਲ ਅਣਡਿੱਠ ਕੀਤਾ ਗਿਆ ਹੈ।
ੲ ਬਸੰਤ ਰੁੱਤ ਤੋਂ ਬਾਅਦ ਅਸੀਂ ਬਹਾਰਾਂ ਕਿੱਥੋਂ ਲੱਭਾਂਗੇ,
ਤੇਰੇ ਨਾਲ ਹੁੰਦੀਆਂ ਵਿਚਾਰਾਂ ਕਿੱਥੋਂ ਲੱਭਾਂਗੇ।
ੲ ਜ਼ਖ਼ਮ ਏਨੇ ਗਹਿਰੇ ਸੀ ਕਿ ਇਜ਼ਹਾਰ ਕੀ ਕਰਦੇ,
ਅਸੀਂ ਖ਼ੁਦ ਨਿਸ਼ਾਨਾ ਬਣ ਗਏ ਸੀ ਵਾਰ ਕੀ ਕਰਦੇ।
ਲੇਖਕ ਆਪਣੀਆਂ ਲਿਖਤਾਂ 'ਚ ਦੋਸਤੀ ਨੂੰ ਪਵਿੱਤਰ, ਨਿੱਘਾ ਅਤੇ ਸਦੀਵੀ ਰਿਸ਼ਤਾ ਦੱਸਦਾ ਹੈ। ਦੋਸਤਾਂ ਨੂੰ ਮਿਲਣ ਲਈ ਤਾਂਘਦਾ ਹੈ। ਉਨ੍ਹਾਂ ਪ੍ਰਤੀ ਸਦਾ ਵਫ਼ਾਦਾਰੀ ਦਾ ਪ੍ਰਣ ਦੁਹਰਾਉਂਦਾ ਹੈ। ਦੋਸਤਾਂ ਦੇ ਵਿਛੋੜੇ 'ਚ ਤੜਪਦਾ ਹੈ ਅਤੇ ਦੋਸਤੀ ਨੂੰ ਉੱਚੇ ਰੁਤਬੇ ਨਾਲ ਨਿਵਾਜਦਾ ਹੋਇਆ ਕਾਮਨਾ ਕਰਦਾ ਹੈ ਕਿ ਇਨ੍ਹਾਂ ਦੋਸਤੀਆਂ ਦਾ ਨਿੱਘ, ਪਿਆਰ, ਸਤਿਕਾਰ ਸਦਾ ਬਣਿਆ ਰਹੇ। ਕੁਝ ਸ਼ੇਅਰ ਇਸ਼ਕ ਵਿਸ਼ੇ 'ਤੇ ਆਧਾਰਿਤ ਹਨ ਅਤੇ ਪ੍ਰੇਮਿਕਾ ਨਾਲ ਗਿਲ੍ਹੇ-ਨਿਹੋਰੇ ਕੀਤੇ ਗਏ ਹਨ। ਪੁਸਤਕ 'ਚ ਦਰਜ ਕੀਤੀ ਗਈ ਸ਼ਾਇਰੀ ਵਿਚ ਸਭ-ਰੰਗ ਵੇਖਣ ਨੂੰ ਮਿਲ ਰਹੇ ਹਨ। ਬਹੁਤੇ ਸ਼ੇਅਰ ਸਰਲ ਅਤੇ ਸਪੱਸ਼ਟ ਹਨ ਅਤੇ ਛੇਤੀ ਹੀ ਪਾਠਕ ਦੇ ਮਨ 'ਚ ਬੈਠ ਜਾਣ ਦੀ ਸਮਰੱਥਾ ਰੱਖਦੇ ਹਨ।

ਂਮੋਹਰ ਗਿੱਲ ਸਿਰਸੜੀ
ਮੋ : 98156-59110
ਫ ਫ ਫ

ਆਤਮ ਕਥਾ ਵਰਗੀਆਂ ਜੀਵਨ ਦੀਆਂ ਯਾਦਾਂ
ਲੇਖਕ : ਡਾ: ਜਵਾਹਰ ਧੀਰ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 94
ਸੰਪਰਕ : 98726-25435.

ਲੇਖਕ ਨੇ ਭਾਵੇਂ ਆਪਣੇ ਕਿੱਤੇ ਅਤੇ ਪਰਿਵਾਰ ਨਾਲ ਜੁੜੀਆਂ ਯਾਦਾਂ ਆਤਮ ਕਥਾ ਵਰਗੇ ਲਘੂ ਲੇਖਾਂ ਦੇ ਰੂਪ ਵਿਚ ਇਸ ਪੁਸਤਕ ਵਿਚ ਸ਼ਾਮਿਲ ਕੀਤੀਆਂ ਹਨ ਪਰ ਇਨ੍ਹਾਂ ਦੇ ਸਮਾਜਿਕ ਸਰੋਕਾਰਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਸਮਾਜ ਵਿਚ ਫੈਲੀ ਭ੍ਰਿਸ਼ਟਾਚਾਰੀ, ਆਪਸੀ ਖਿੱਚੋਤਾਣ ਅਤੇ ਨਿਰੰਤਰ ਬਦਲਦੀ ਜ਼ਿੰਦਗੀ ਦੀ ਤੋਰ ਨੂੰ ਡਾ: ਧੀਰ ਨੇ ਬੜੀ ਖੂਬਸੂਰਤੀ ਨਾਲ ਚਿਤਰਿਤ ਕੀਤਾ ਹੈ ਮਿਸਾਲ ਵਜੋਂ ਜਦੋਂ ਉਹ ਕਦੀ ਆਪਣੇ ਅਤੀਤ ਦੀਆਂ ਨੂੰ ਪੇਸ਼ ਕਰਦਾ ਹੈ ਤਾਂ ਨਾਲ ਦੀ ਨਾਲ ਵਰਤਮਾਨ ਜ਼ਿੰਦਗੀ ਦੀਆਂ ਉਦਾਹਰਨਾਂ ਵੀ ਦਿੰਦਾ ਹੈ।
ਉਸ ਦਾ ਵਿਰਸੇ ਪ੍ਰਤੀ ਮੋਹ ਹੈ, ਧਰਮ ਪ੍ਰਤੀ ਆਸਥਾ ਹੈ, ਕਿੱਤੇ ਨਾਲ ਲਗਾਅ ਅਤੇ ਇਮਾਨਦਾਰੀ ਹੈ। ਮਾਤਾ-ਪਿਤਾ ਦੁਆਰਾ ਦਿੱਤੇ ਸੰਸਕਾਰਾਂ ਦਾ ਆਦਰ ਹੈ ਅਤੇ ਆਪਣੇ ਪਰਿਵਾਰ ਪ੍ਰਤੀ ਸਮਰਪਣ ਭਾਵਨਾ ਹੈ। ਉਹ ਆਪਣੇ ਪਿਤਾ ਜੀ ਦਾ ਜ਼ਿਕਰ ਅਤੇ ਉਨ੍ਹਾਂ ਦੇ ਮਜ਼ਾਕੀਆ ਸੁਭਾਅ ਬਾਰੇ, ਆਪਣੇ ਸ਼ਹਿਰ ਫਗਵਾੜੇ ਤੋਂ ਲੈ ਕੇ ਮਿੱਤਰ ਮੰਡਲੀ ਦੇ ਸ਼ਹਿਰ ਜੰਮੂ ਅਤੇ ਬੇਟੀ ਦੇ ਦੇਸ਼ ਆਸਟਰੇਲੀਆ ਤੱਕ ਦੀਆਂ ਯਾਦਾਂ ਸਾਂਝੀਆਂ ਕਰਦਾ ਪੱਛਮੀ ਮੁਲਕਾਂ ਦੇ ਕਾਇਦੇ-ਕਾਨੂੰਨ ਅਤੇ ਸਾਡੇ ਦੇਸ਼ ਦੇ ਕਾਨੂੰਨ ਪ੍ਰਬੰਧ ਦੀ ਹਾਲਤ 'ਤੇ ਵਿਅੰਗ ਵੀ ਕਰਦਾ ਹੈ।
ਉਸ ਦੇ ਬਹੁਤੇ ਲੇਖਾਂ ਵਿਚੋਂ ਉਸ ਦੀ ਭਾਵੁਕਤਾ ਵੀ ਝਲਕਦੀ ਹੈ ਅਤੇ ਕਈ ਲੇਖਾਂ ਵਿਚ ਹਾਸ-ਰਸੀ ਸ਼ੈਲੀ ਵੀ ਦਿਖਾਈ ਦਿੰਦੀ ਹੈ। ਸਾਡੇ ਸਮਾਜ ਦੇ ਬਹੁਤ ਸਾਰੇ ਮਸਲੇ ਮਿਸਾਲ ਬਜ਼ੁਰਗਾਂ ਦੀ ਦਸ਼ਾ, ਡਾਕਟਰੀ ਕਿੱਤੇ ਵਿਚ ਆ ਰਹੀ ਗਿਰਾਵਟ ਅਤੇ ਅਤੀਤ ਦੇ ਠੰਢੇ ਅਤੇ ਮਿੱਠੇ ਤਜਰਬੇ ਜਿਨ੍ਹਾਂ ਵਿਚ ਕਿਤੇ-ਕਿਤੇ ਕੁੜੱਤਣ ਵੀ ਸੀ, ਨੂੰ ਡਾ: ਧੀਰ ਨੇ ਇਸ ਆਤਮ ਕਥਾ ਰੂਪੀ ਯਾਦਾਂ ਦੀ ਪਟਾਰੀ ਵਿਚ ਬਾਖੂਬੀ ਪੇਸ਼ ਕੀਤਾ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਬੁੰਬ
ਗ਼ਜ਼ਲਕਾਰ : ਗੁਰਦਿਆਲ ਦਲਾਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 216
ਸੰਪਰਕ : 98141-85363.

ਹਥਲੇ ਗ਼ਜ਼ਲ ਸੰਗ੍ਰਹਿ ਵਿਚ ਉਸ ਨੇ 206 ਨਵੀਆਂ ਅਤੇ ਖੂਬਸੂਰਤ ਗ਼ਜ਼ਲਾਂ ਪੇਸ਼ ਕੀਤੀਆਂ ਹਨ। ਦਲਾਲ ਕੋਲ ਉਮਰ ਦਾ ਤਜਰਬਾ ਅਤੇ ਸਮਿਆਂ ਦੇ ਟਿੱਬੇ ਟੋਏ ਇਕ ਸਿਮਰਤੀ ਦੀ ਲਾਲਟੈਣ ਵਾਂਗ ਹਨ। ਪਹਿਲੀਆਂ ਗ਼ਜ਼ਲਾਂ ਵਿਚ ਉਸ ਨੂੰ ਬੀਤ ਗਈ ਉਮਰ ਦਾ ਮਲਾਲ ਇਸ ਕਰਕੇ ਹੈ ਕਿ ਗਹਿਰੇ ਸਾਗਰਾਂ ਦੀਆਂ ਡੂੰਘਾਣਾਂ ਵਿਚ ਮਰਜੀਵੜੇ ਬਣੇ ਰਹਿਣ ਉੱਤੇ ਵੀ ਸੁੱਚੇ ਮੋਤੀ ਹੱਥ ਨਹੀਂ ਆਏ :
ੲ ਇਹ ਸਾਡੀ ਵਾਟ ਹੈ ਲੰਮੀ ਚੁਫੇਰੇ ਪਸਰਿਆ ਨ੍ਹੇਰਾ,
ਕਦੀ ਆਵੇਗੀ ਉਸ ਦੇ ਰਾਜ ਵਿਚ ਪ੍ਰਭਾਤ ਨਾ ਲਗਦੀ।
ੲ ਉਮਰ ਦੀ ਝੋਲੀ 'ਚੋਂ ਕਿਰ ਗਏ ਦਿਨ ਮਹੀਨੇ ਸਾਲ ਵੀ
ਰਾਬਤਾ ਇਕ ਦਿਨ ਬਣੇਗਾ ਕਹਿਕਸ਼ਾਂ ਦੇ ਨਾਲ ਵੀ?
ਗੁਰਦਿਆਲ ਦਲਾਲ ਨੇ ਪੰਜਾਬੀ ਗ਼ਜ਼ਲ ਦੇ ਵਿਸ਼ੇ ਲੋਕ ਸਰੋਕਾਰੀ ਲਏ ਹਨ। ਉਸ ਦੇ ਸ਼ਿਅਰਾਂ ਵਿਚ ਸ਼ਿਵਮ, ਸਤਿਅਮ ਅਤੇ ਸੁੰਦਰਮ ਦੇ ਮੂਲ ਆਧਾਰੀ ਗੁਣ ਹਨ। ਸ਼ਾਇਰ ਕੋਈ ਵੀ ਐਸਾ ਸ਼ਿਅਰ ਨਹੀਂ ਸਿਰਜਦਾ ਜੋ ਕਿ ਜ਼ਿੰਦਗੀ ਦੇ ਨਾਲ ਖਹਿ ਕੇ ਅਰਥ ਨਾ ਦੇਵੇ। ਭਾਵੇਂ ਉਹ ਰਾਜਨੀਤੀ ਦੀ ਗੱਲ ਕਰੇ, ਧਰਮ ਜਾਂ ਆਰਥਿਕਤਾ ਦੀ ਬਾਤ ਪਾਵੇ, ਉਸ ਦੇ ਸ਼ਿਅਰਾਂ ਵਿਚੋਂ ਗ਼ਜ਼ਲੀਅਤ ਦਾ ਰੰਗ ਗਾਇਬ ਨਹੀਂ ਹੁੰਦਾ। ਉਸ ਦਾ ਇਹ ਸ਼ਿਅਰ ਲੋਕ ਰਾਜ ਉੱਤੇ ਕਿੰਨਾ ਢੁਕਵਾਂ ਵਿਅੰਗਿਕ ਵਾਰ ਹੈ :
ਜੰਗਲ ਤੋਂ ਚਲ ਰਾਜ ਅਸਾਡੇ ਲੋਕ ਰਾਜ ਵਿਚ ਆ ਵੜਿਆ
ਬਹੁਤੇ ਜੋ ਲੁਕਦੇ ਫਿਰਦੇ ਨੇ ਥੋੜ੍ਹੇ ਜੋ ਸ਼ਹਿ ਲਾ ਬੈਠੇ।
ਦਲਾਲ ਨੇ ਆਪਣੇ ਸ਼ਿਅਰਾਂ ਦੇ ਵਿਸ਼ਿਆਂ ਵਿਚ ਕਮਜ਼ੋਰਾਂ, ਮਜਲੂਮਾਂ ਅਤੇ ਹੱਕ ਗੁਆਉਣ ਵਾਲਿਆਂ ਦਾ ਪੱਖ ਲਿਆ ਹੈ। ਉਸ ਨੇ ਹਰ ਗ਼ਜ਼ਲ ਦਾ ਸਰੂਪ ਆਪਣੀ ਹਰ ਗ਼ਜ਼ਲ ਦੇ ਹੇਠ ਲਿਖ ਦਿੱਤਾ ਹੈ ਭਾਵੇਂ ਕਿ ਪਾਠਕ ਨੂੰ ਇਸ ਗੱਲ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਗ਼ਜ਼ਲ ਖੇਤਰ ਦੀ ਇਹ ਅਹਿਮ ਪੁਸਤਕ ਹੈ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਕਾਰਜਕਰਤਾ
ਲੇਖਕ : ਦੱਤੋਪੰਤ ਠੇਂਗੜੀ
ਅਨੁਵਾਦਕ : ਅਸ਼ਵਨੀ ਗੁਪਤਾ
ਪ੍ਰਕਾਸ਼ਕ : ਪਰੱਗਿਆ ਸਾਹਿਤ ਪ੍ਰਕਾਸ਼ਨ, ਮੋਗਾ
ਮੁੱਲ : 399 ਰੁਪਏ, ਸਫ਼ੇ : 256
ਸੰਪਰਕ : 75894-15720.

ਇਸ ਪੁਸਤਕ ਦਾ ਕੇਂਦਰ ਬਿੰਦੂ ਹੈਂ'ਰਾਸ਼ਟਰੀ ਸਵੈ ਸੇਵਕ ਸੰਘ' ਦਾ ਕਾਰਜਕਰਤਾ। ਇਸ ਵਿਚ ਸੰਘ ਦੇ ਕਾਰਜਕਰਤਾ ਦੇ ਅਧਿਕਾਰ ਤੇ ਸੰਘ ਦੀ ਕਾਰਜਵਿਧੀ ਨੂੰ ਵਿਸਥਾਰ ਨਾਲ ਵਿਚਾਰਿਆ ਗਿਆ ਹੈ ਅਰਥਾਤ ਕਾਰਜਕਰਤਾਵਾਂ ਦੇ ਉੱਚ ਉਦੇਸ਼ ਦੀ ਪ੍ਰਾਪਤੀ ਦੇ ਸੰਕਲਪ ਦਾ ਸਿਧਾਂਤਕ ਆਧਾਰ ਕੀ ਹੈ, ਲਕਸ਼ ਕੀ ਹੈ, ਕੀ ਪ੍ਰਾਪਤ ਕਰਨਾ ਹੈ, ਵੱਖ-ਵੱਖ ਸਾਧਨ ਤੇ ਮਾਧਿਅਮ ਕਿਹੜੇ ਹਨ? ਲੇਖਕ ਨੇ ਕਈ ਪਹਿਲੂ ਛੋਹੇ ਹਨ ਜਿਵੇਂ ਕਿ ਸਾਨੂੰ ਵਾਰ-ਵਾਰ ਉਹੀ ਗੱਲ ਕਿਉਂ ਦੁਹਰਾਉਣੀ ਪੈਂਦੀ ਹੈ, ਸਾਡੇ ਸੁੱਖ ਦੀ ਕਲਪਨਾ ਕੀ ਹੈ, ਧਰਮ-ਆਧਾਰਿਤ ਸਮਾਜ ਸਿਰਜਣਾ, ਸਰਬੱਤ ਦੇ ਭਲੇ ਵਿਚ ਆਪਣਾ ਭਲਾ ਤਲਾਸ਼ ਕਰਨਾ, ਸੱਚੇ ਸਿਧਾਂਤ ਦੀ ਜਿੱਤ ਤੇ ਰੁੱਤ ਆਏ ਫਲ ਹੋਏ ਆਦਿ।
ਲੇਖਕ ਦੇ ਅਨੁਸਾਰ ਚੰਗੇ ਇਰਾਦੇ ਤੇ ਸੰਸਕਾਰਾਂ ਦਾ ਮਾਪਦੰਡ ਕੀ ਹੋਣਾ ਚਾਹੀਦਾ ਹੈ, ਮੌਨ ਸਾਧਨਾ, ਪਰਿਵਾਰਕ ਅਨੁਸ਼ਾਸਨ, ਨੌਜਵਾਨਾਂ ਦੇ ਮੋਢਿਆਂ 'ਤੇ ਬਜ਼ੁਰਗਾਂ ਦੀ ਜ਼ਿੰਮੇਵਾਰੀ, ਇਨ੍ਹਾਂ ਗੱਲਾਂ ਦਾ ਧਿਆਨ ਇਕ ਕਾਰਜਕਰਤਾ ਨੂੰ ਰੱਖਣਾ ਪੈਂਦਾ ਹੈ ਤਾਂ ਹੀ ਉਹ ਸਫ਼ਲਤਾ ਦੀ ਪੌੜੀ ਵੱਲ ਵੱਧ ਸਕਦਾ ਹੈ। ਇਸੇ ਤਰ੍ਹਾਂ ਕਾਰਜਕਰਤਾ ਦੇ ਨਿਰਮਾਣ ਲਈ ਕਿਹੜੀਆਂ ਗੱਲਾਂ ਜ਼ਰੂਰੀ ਹਨ ਜਿਵੇਂ ਕਿ ਉਸ ਦੀ ਪਛਾਣ ਕੀ ਹੈ, ਨਿੱਜੀ ਪਰਿਵਾਰ ਦਾ ਸਹਿਯੋਗ, ਉੱਚ ਉਦੇਸ਼ ਰੱਖਣਾ, ਲਕਸ਼ ਉੇਤੇ ਇਕਾਗਰਤਾ, ਹਊਮੈ ਤੋਂ ਪਰ੍ਹੇ ਰਹਿਣਾ, ਨਿਮਰਤਾ, ਸਮਾਜ ਦੇ ਨਾਲ-ਨਾਲ ਚਲਣਾ, ਬੇਲੋੜੇ ਵਿਵਾਦ ਤੋਂ ਬੱਚ ਕੇ ਰਹਿਣਾ, ਸਵਾਰਥੀ ਮਨੋਬਿਰਤੀ ਤੋਂ ਸਾਵਧਾਨੀ, ਆਦਰਸ਼ ਹਿਮਾਲਿਆ ਵਰਗਾ ਹੋਵੇ, ਆਪਣੇ ਦਾਇਰੇ ਦਾ ਨਹੀਂ ਸਗੋਂ ਪੂਰੇ ਖੇਤਰ ਦਾ ਧਿਆਨ ਰੱਖਣਾ ਉਸ ਦਾ ਪਰਮ ਧਰਮ ਹੋਵੇ। ਦੂਸਰੀ ਗੱਲ ਬੁੱਧੀਮਾਨਾਂ ਤੋਂ ਸਾਵਧਾਨ ਰਹੇ ਅਤੇ ਗ਼ਲਤੀ ਕਰ ਕੇ ਉਸ ਤੋਂ ਸਬਕ ਸਿੱਖੇ।
ਇਸ ਵੱਡੇ ਗ੍ਰੰਥ ਨੂੰ ਪੰਜਾਬੀ ਰੂਪ ਦੇਣ ਦਾ ਜੋ ਬੀੜਾ ਅਸ਼ਵਨੀ ਗੁਪਤਾ ਨੇ ਚੁੱਕਿਆ ਹੈ, ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਅਨੁਵਾਦ ਵਿਚ ਮੌਲਿਕਤਾ ਦਾ ਰੰਗ ਹੈ ਪਰ ਕਿਧਰੇ-ਕਿਧਰੇ ਹਿੰਦੀ ਸ਼ਬਦਾਵਲੀ ਉੱਭਰ ਕੇ ਸਾਹਮਣੇ ਆਉਂਦੀ ਹੈ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਪਿਆਸੀ ਧਰਤੀ
ਮੂਲ ਲੇਖਕ : ਜ਼ਾਹਿਦ ਹਸਨ
ਲਿੱਪੀਅੰਤਰ ਅਤੇ ਅਨੁਵਾਦਕ : ਹਰਬੰਸ ਸਿੰਘ ਧੀਮਾਨ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ।
ਮੁੱਲ : 200 ਰੁਪਏ, ਸਫ਼ੇ : 143
ਸੰਪਰਕ : 98152-18545.

ਜ਼ਾਹਿਦ ਹਸਨ ਪੱਛਮੀ ਪਾਕਿਸਤਾਨ ਦੇ ਅਜੋਕੇ ਨਾਵਲਕਾਰਾਂ ਵਿਚੋਂ ਉੱਘਾ ਹਸਤਾਖਰ ਹੈ। ਇਸ ਦੇ ਨਾਵਲ ਪੰਜਾਬੀ ਜਨਜੀਵਨ ਦੇ ਸੱਭਿਆਚਾਰਕ ਇਤਿਹਾਸ ਦਾ ਮੁਹਾਂਦਰਾ ਉਘਾੜਦੇ ਹਨ। ਪਿਆਸੀ (ਤੱਸੀ) ਧਰਤੀ ਨਾਵਲ ਵੀ ਇਸੇ ਕੜੀ ਦੀ ਪ੍ਰਤੀਨਿਧ ਰਚਨਾ ਹੈ। ਇਸ ਨੂੰ ਸਰਬਾਂਗੀ ਸਾਹਿਤਕਾਰ ਡਾ: ਹਰਬੰਸ ਸਿੰਘ ਧੀਮਾਨ ਨੇ ਲਿਪੀਅੰਤਰ ਕਰਕੇ ਬਾਖੂਬੀ ਸਮੂਹ ਪੰਜਾਬੀ ਪਾਠਕਾਂ ਦੇ ਸਨਮੁੱਖ ਕੀਤਾ ਹੈ। ਇਹ ਨਾਵਲ 19ਵੀਂ ਸਦੀ ਦੇ ਆਰੰਭ ਤੋਂ ਲੈ ਕੇ 20ਵੀਂ ਸਦੀ ਦੇ ਪੰਜਵੇਂ ਦਹਾਕੇ ਤੱਕ ਦੇ ਕਾਲ-ਖੰਡ ਨੂੰ ਮਿਥ ਕੇ ਉਧਰਲੇ ਪੰਜਾਬ ਦੇ ਸਾਂਦਲ ਬਾਰ ਦੇ ਇਲਾਕੇ ਦੇ ਕਿਰਤੀ ਅਤੇ ਵਧੇਰੇ ਕਿਸਾਨੀ ਜੀਵਨ ਨਾਲ ਜੁੜੇ ਹੋਏ ਸਾਧਾਰਨ ਲੋਕਾਂ ਦੇ ਸੰਘਰਸ਼ਮਈ ਅਤੇ ਸਿਤਮਮਈ ਜੀਵਨ ਬਿਰਤਾਂਤ ਨੂੰ ਪ੍ਰਗਟ ਕਰਦਾ ਹੈ।
ਇਹ ਸਾਧਾਰਨ ਲੋਕ ਅਨਪੜ੍ਹਤਾ, ਜਹਾਲਤ ਅਤੇ ਤੰਗੀਆਂ ਤੁਰਸ਼ੀਆਂ ਵਿਚ ਹੁੰਦੇ ਹੋਏ ਵੀ ਝਾੜੀਆਂ, ਬੇਲਿਆਂ ਅਤੇ ਜੰਗਲਾਂ ਦੀਆਂ ਸਫ਼ਾਈਆਂ ਕਰਕੇ ਆਪਣਾ ਅਤੇ ਬੱਚਿਆਂ ਦੇ ਪੇਟ ਭਰਨ ਲਈ ਮੁਸ਼ੱਕਤਾਂ ਕਰਦੇ ਹਨ ਪਰ ਜਦੋਂ ਜ਼ਮੀਨ ਸਾਫ਼ ਹੋ ਜਾਂਦੀ ਅਤੇ ਖਾਣ ਜੋਗੇ ਮਸਾਂ ਹੀ ਦਾਣੇ ਹੁੰਦੇ ਹਨ ਤਾਂ ਇਨ੍ਹਾਂ ਨੂੰ ਬਰਤਾਨਵੀ ਹਕੂਮਤ ਦੀ ਬਸਤੀਵਾਦੀ ਉਲਾਰ ਸੋਚ-ਦ੍ਰਿਸ਼ਟੀ ਸਦਕਾ ਜਰਵਾਣਿਆਂ, ਧਾੜਵੀਆਂ, ਲੁਟੇਰਿਆਂ ਅਤੇ ਇੱਜ਼ਤ ਆਬਰੂ ਲੁੱਟਣ ਵਾਲਿਆਂ ਦਾ ਵਾਰ-ਵਾਰ ਸ਼ਿਕਾਰ ਹੋਣਾ ਪੈਂਦਾ ਹੈ ਅਤੇ ਖਾਨਾਂ-ਬਦੋਸ਼ਾਂ ਵਾਂਗ ਮੁੜ-ਮੁੜ ਅਗਾਂਹ ਰੋਟੀ ਅਤੇ ਪਾਣੀ ਦੀ ਖਾਤਰ ਭਟਕਣਾ ਪੈਂਦਾ ਹੈ। 21 ਕਾਂਡਾਂ ਦੇ ਵੱਖ-ਵੱਖ ਸਿਰਲੇਖਾਂ ਦੇ ਅੰਤਰਗਤ ਵੰਡੇ ਇਸ ਕਥਾਨਕ ਦੀਆਂ ਬਹੁਤ ਸਾਰੀਆਂ ਸਮਾਜਿਕ, ਸੱਭਿਆਚਾਰਕ ਅਤੇ ਇਤਿਹਾਸਕ ਪਰਤਾਂ ਨੂੰ ਖੋਲ੍ਹਦਿਆਂ ਹੋਇਆਂ ਲੇਖਕ ਨੇ ਸਾਂਦਲ ਬਾਰ ਦੀ ਸਰਲ ਭਾਸ਼ਾ, ਮੁਹਾਵਰੇ ਅਤੇ ਲੋਕ ਗੀਤਾਂ ਦੀ ਵਰਤੋਂ ਨਾਲ ਨਾਵਲ ਦੇ ਕਥਾਨਕ ਨੂੰ ਰੌਚਕ ਬਣਾਇਆ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 98142-09732
ਫ ਫ ਫ

ਤੀਲ੍ਹੇ-ਤਿਣਕੇ
ਲੇਖਕ : ਆਤਮਜੀਤ ਹੰਸਪਾਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੋਹਾਲੀ
ਮੁੱਲ : 195 ਰੁਪਏ, ਸਫ਼ੇ : 84
ਸੰਪਰਕ : 097170-28437.

ਇਸ ਕਾਵਿ-ਸੰਗ੍ਰਹਿ ਵਿਚ 32 ਕਵਿਤਾਵਾਂ ਅਤੇ 19 ਗ਼ਜ਼ਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਪ੍ਰਕਾਰ ਇਹ ਕਾਵਿ-ਸੰਗ੍ਰਹਿ ਛੰਦ ਮੁਕਤ-ਛੰਦ ਯੁਕਤ ਕਵਿਤਾਵਾਂ ਦਾ ਮੁਜੱਸਮਾ ਹੈ। 'ਹੰਸਪਾਲ' ਇਕ ਨਿਰਛਲ, ਸਰਲ ਅਤੇ ਸਾਦ-ਮੁਰਾਦਾ ਕਵੀ ਹੈ। ਉਸ ਦੀਆਂ ਕਵਿਤਾਵਾਂ ਦੇ ਨਾਂਅ ਵੀ ਸਾਧਾਰਨ ਮਨੁੱਖ ਦੀ ਸਾਧਾਰਨਤਾ ਨਾਲ ਜੁੜੇ ਹੋਏ ਹਨ। ਮਸਲਨ : ਨਾਦਾਨੀ, ਕਵਿਤਾ ਦਾ ਨਸ਼ਾ, ਭੇਦ, ਤੂੰ ਕੀ ਜਾਣੇਂ, ਕਲਾ ਦੀ ਰੂਹ, ਰਾਤ ਹੈ, ਝੱਖੜ ਹੈ, ਘਰ ਘਰ ਇਕੋ ਅੱਗ, ਰੀਝ, ਸਿਮਰਨ, ਗੁਲਾਬ, ਤਮੰਨਾ ਆਦਿ। 'ਤੀਲ੍ਹੇ-ਤਿਣਕੇ' (ਕਾਵਿ-ਸੰਗ੍ਰਹਿ) ਅਨੇਕਾਂ ਰੰਗਾਂ ਦਾ ਖੂਬਸੂਰਤ ਗੁਲਦਸਤਾ ਹੈ ਜਿਨ੍ਹਾਂ ਵਿਚੋਂ ਅਨੇਕਾਂ ਪ੍ਰਕਾਰ ਦੀ ਜ਼ਿੰਦਗੀ ਦੀਆਂ ਮਹਿਕਾਂ ਆਪਣੀ ਖੁਸ਼ਬੂ ਨਾਲ ਕਾਵਿਕ ਵਾਤਾਵਰਨ ਨੂੰ ਮਹਿਕਾ ਰਹੀਆਂ ਹਨ। ਜ਼ਿੰਦਗੀ ਦੇ ਦੁੱਖ-ਸੁੱਖ, ਭੁੱਖ-ਰੱਜ, ਖੂਬਸੂਰਤੀ/ਕੋਹਜ, ਅੱਜ ਦੇ ਮਨੁੱਖ ਦੀ ਅੰਦਰੂਨੀ ਹਿਰਸ, ਊਚ-ਨੀਚ, ਕਾਣੀ ਵੰਡ, ਮਨੁੱਖੀ ਸੰਵੇਦਨਾ ਦੀਆਂ ਅਨੇਕਾਂ ਪਰਤਾਂ ਦੀ ਨਿਸ਼ਾਨਦੇਹੀ ਆਦਿ ਦਾ ਪ੍ਰਗਟਾਵਾ ਹੈ। 'ਹੰਸਪਾਲ' ਆਸ਼ਾਵਾਦੀ ਕਵੀ ਹੈ। ਉਹ ਮਹਿਸੂਸ ਕਰਦਾ ਹੈ ਕਿ ਵਕਤ ਹਮੇਸ਼ਾ ਬਦਲਦਾ ਰਹਿੰਦਾ ਹੈ ਅਤੇ ਮਨੁੱਖ ਨੂੰ ਭਲੇ ਜ਼ਮਾਨੇ ਆਉਣ ਦੀ ਹਮੇਸ਼ਾ ਤਾਂਘ ਰੱਖਣੀ ਚਾਹੀਦੀ ਹੈ। ਉਮੀਦ 'ਤੇ ਹੀ ਜਹਾਨ ਜਿਊਂਦਾ ਹੈ। ਗ਼ਜ਼ਲ ਦੇ ਇਕ ਸ਼ਿਅਰ ਵਿਚ ਜਿਥੇ ਕਵੀ ਅਰਦਾਸ ਕਰਦਾ ਹੈ, ਉਥੇ ਹੀ ਕਾਵਿ ਖੇਤਰ ਨਾਲ ਜੁੜੀਆਂ ਸਾਹਿਤਕ-ਸ਼ਖ਼ਸੀਅਤਾਂ ਪ੍ਰਤੀ ਅਕੀਦਤ ਵੀ ਪੇਸ਼ ਕਰਦਾ ਹੈ। ਗ਼ਜ਼ਲਾਂ ਦੇ ਸ਼ਿਅਰ ਬਹੁਤ ਹੀ ਭਾਵਪੂਰਤ, ਸਰਲ ਅਤੇ ਸਪੱਸ਼ਟਤਾ ਦਾ ਆਭਾਸ ਕਰਵਾਉਂਦੇ ਹਨ। ਭਾਵ-ਸੰਚਾਰ ਦੀ ਸਮੱਸਿਆ ਦੀ ਅਲਾਮਤ ਤੋਂ ਰਹਿਤ ਹਨ। ਉਹ ਅੱਜ ਦੀ ਮਨੁੱਖੀ ਪਦਾਰਥਵਾਦੀ ਸੋਚ 'ਤੇ ਚਿੰਤਤ ਵੀ ਅਤੇ ਉਸ 'ਤੇ ਖੂਬ ਤਨਜ਼ ਵੀ ਕੱਸਦਾ ਹੈ। ਨਹੁੰ-ਮਾਸ ਦੇ ਰਿਸ਼ਤਿਆਂ ਦਾ ਇਕ ਮੰਜ਼ਰ ਇਸ ਸ਼ਿਅਰ ਵਿਚ ਦੇਖਿਆ ਜਾ ਸਕਦਾ ਹੈ :
ਪੀਤੇ ਦੁੱਧ ਦੀ ਕੀਮਤ ਪੁੱਛਣ
ਬਾਣੀਏ ਬਣੇ ਹਿਸਾਬੀ ਬੱਚੇ।
ਉਸ ਦੀ ਸਾਹਿਤਕ ਘਾਲਣਾ ਦੀ ਕਦਰ ਕਰਦਿਆਂ ਹਰਿਆਣਾ ਸਰਕਾਰ ਨੇ ਉਸ ਨੂੰ ਮਹਾਂ ਕਵੀ ਸੰਤੋਖ ਸਿੰਘ ਪੁਰਸਕਾਰ ਨਾਲ ਨਿਵਾਜਿਆ ਹੈ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਬਾਬਾ ਇਨਕਲਾਬ ਸਿੰਘ
ਲੇਖਕ : ਬਖਸ਼ਿੰਦਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 176
ਸੰਪਰਕ : 78377-18723.

ਬਖਸ਼ਿੰਦਰ ਵਲੋਂ ਲਿਖੀ ਪਟਕਥਾ 'ਬਾਬਾ ਇਨਕਲਾਬ ਸਿੰਘ' ਦੇਸ਼ ਦੇ ਸੰਗਰਾਮੀ ਯੋਧੇ ਬਾਬਾ ਬੂਝਾ ਸਿੰਘ ਦੀ ਜੀਵਨ ਕਥਾ ਹੈ। ਪੁਸਤਕ ਦੀ ਜਾਣ-ਪਛਾਣ ਵਿਚ ਬਖਸ਼ਿੰਦਰ ਵਲੋਂ ਆਪਣੇ ਸੁਭਾਅ ਮੁਤਾਬਿਕ ਕੀਤੀਆਂ ਕੁਝ ਸਪੱਸ਼ਟ ਗੱਲਾਂ ਰਾਹੀਂ ਚਾਨਣਾ ਪਾਇਆ ਗਿਆ ਕਿ ਇਹ ਪਟਕਥਾ ਕਿਉਂ ਲਿਖੀ, ਕਿਵੇਂ ਲਿਖੀ ਅਤੇ ਕਿਤਾਬ ਕਿਵੇਂ ਬਣੀ। ਕਹਾਣੀ ਵਰਤਮਾਨ ਤੋਂ ਸ਼ੁਰੂ ਹੁੰਦੀ ਹੈ, ਪਾਠਕ ਨੂੰ ਆਪਣੇ ਨਾਲ ਤੋਰਦੀ, ਪਿੱਛੇ ਗੇੜਾ ਖਾਂਦੀ ਹੋਈ ਵਰਤਮਾਨ ਵਿਚ ਖੜ੍ਹਾ ਕਰਦੀ ਹੈ। ਚੱਕ ਮਾਈ ਦਾਸ (ਸ਼.ਭ.ਸ. ਨਗਰ) ਵਿਚ ਜਨਮੇ ਅਤੇ ਨਾਈ ਮਜਾਰੇ ਦੇ ਪੁਲ 'ਤੇ ਸ਼ਹੀਦ ਹੋਏ ਬਾਬਾ ਬੂਝਾ ਸਿੰਘ ਦੇ ਇਕ ਡੇਰੇ ਦੀ ਸੇਵਾ ਤੋਂ ਲੈ ਕੇ ਗਦਰ ਲਹਿਰ 'ਚੋਂ ਹੁੰਦਿਆਂ ਨਕਸਲਵਾੜ ਦੀ ਰੰਗਤ ਤੇ ਕੁਰਬਾਨੀ ਦੇ ਮੁਕਾਮ ਤੱਕ ਦਾ ਜੀਵਨ ਘਟਨਾ ਚੱਕਰ ਥੀਏਟਰੀਕਲ ਤਰੀਕੇ ਨਾਲ ਪੇਸ਼ ਕੀਤਾ ਗਿਆ ਇਸ ਪੁਸਤਕ ਵਿਚ।
ਕਹਾਣੀ ਇੰਗਲੈਂਡ ਤੋਂ ਆਏ ਫ਼ਿਲਮਸਾਜ਼ ਮਿਸਟਰ ਪੈਟਰਿਕ ਵਲੋਂ ਬਾਬਾ ਬੂਝਾ ਸਿੰਘ ਦੇ ਜੀਵਨ 'ਤੇ ਫ਼ਿਲਮ ਬਣਾਉਣ ਦੇ ਮਕਸਦ ਤੋਂ ਸ਼ੁਰੂ ਹੁੰਦੀ ਹੈ। ਕੁੱਲ 97 ਦ੍ਰਿਸ਼ਾਂ ਵਿਚ ਇਕ ਇਨਕਲਾਬੀ ਯੋਧੇ ਸੂਰਮੇ ਦੀ ਜੀਵਨ ਲੀਲ੍ਹਾ ਨੂੰ ਪੇਸ਼ ਕੀਤਾ ਗਿਆ ਹੈ।
ਖ਼ਾਸ ਤੌਰ 'ਤੇ ਚਾਚਾ ਅਜੀਤ ਸਿੰਘ ਤੇਜਾ ਸਿੰਘ ਸੁਤੰਤਰ, ਸਾਥੀ ਪੂਰਨ ਸਿੰਘ, ਭਗਤ ਸਿੰਘ ਬਿਲਗਾ, ਗੁਰਮੁੱਖ ਸਿੰਘ ਲਲਤੋਂ, ਕਰਮ ਸਿੰਘ ਚੀਮਾ ਵਰਗੇ ਆਪਣੇ ਸਮੇਂ ਦੇ ਮਹਾਨ ਨਾਇਕ ਇਸ ਕਹਾਣੀ ਦੇ ਪਾਤਰ ਹਨ। ਯਥਾਰਥੀ ਪਾਤਰ ਹੋਣ ਕਰਕੇ ਘਟਨਾਵਾਂ ਅਤੇ ਵਾਰਤਾਲਾਪ ਦਾ ਬੇਹੱਦ ਖਿਆਲ ਰੱਖਣਾ ਪੈਂਦਾ ਹੈ, ਉਨ੍ਹਾਂ ਸੁਭਾਅ ਅਤੇ ਰਹਿਣ-ਸਹਿਣ ਮੁਤਾਬਿਕ ਨਾਟਕੀ ਜੁਗਤ ਬੁਣਨੀ ਪੈਂਦੀ ਹੈ ਜਿਸ ਵਿਚ ਬਖਸ਼ਿੰਦਰ ਦੀ ਕਲਮ ਪੂਰੀ ਤਰ੍ਹਾਂ ਸੁਚੇਤ ਹੋ ਕੇ ਕਾਮਯਾਬ ਹੋਈ ਹੈ। ਬਾਲ ਅਵਸਥਾ ਵਿਚੋਂ ਸਰੀਰਕ ਰੂਪ ਵਿਚ ਜਵਾਨੀ ਤੋਂ ਬੁਢਾਪੇ ਤੱਕ ਅਤੇ ਵਿਚਾਰਧਾਰਕ ਤੌਰ 'ਤੇ ਧਾਰਮਿਕ ਸੇਵਾ ਭਾਵਨਾ ਤੋਂ ਲੋਕ ਹੱਕਾਂ ਦੀ ਲੜਾਈ ਤੱਕ ਬਾਬਾ ਬੂਝਾ ਸਿੰਘ ਦੀ ਜੀਵਨ ਤਬਦੀਲੀ ਨੂੰ ਹਰ ਪੱਖੋਂ ਸਫਲਤਾ ਨਾਲ ਪੜਾਅ ਦਰ ਪੜਾਅ ਅੱਗੇ ਤੋਰਿਆ ਗਿਆ ਹੈ। ਇਸ ਕਿਤਾਬ ਨੂੰ ਨਾਟਕ ਦੇ ਰੂਪ ਵਿਚ ਵੀ ਵੇਖਿਆ ਜਾ ਸਕਦਾ ਹੈ ਅਤੇ ਯਥਾਰਥੀ ਪਾਤਰ, ਸਥਾਨ ਅਤੇ ਘਟਨਾਵਾਂ ਦੇ ਲਹਿਜੇ ਨਾਲ ਇਕ ਦਸਤਾਵੇਜ਼ ਦੇ ਰੂਪ ਵਿਚ ਵੀ।

ਨਿਰਮਲ ਜੋੜਾ
ਮੋ: 98140-78799.
ਫ ਫ ਫ

ਲੂ ਸ਼ੂਨ
ਦੀਆਂ ਚੋਣਵੀਆਂ ਕਹਾਣੀਆਂ
ਅਨੁ: ਤੇ ਸੰਪਾ: ਬਲਬੀਰ ਮਾਧੋਪੁਰੀ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 350 ਰੁਪਏ, ਸਫ਼ੇ : 192
ਸੰਪਰਕ : 093505-48100.

ਅਜੋਕੇ ਸਮੇਂ ਸਮਕਾਲੀ ਸਾਹਿਤ ਦਾ ਸੰਪਾਦਕ ਬਲਬੀਰ ਮਾਧੋਪੁਰੀ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਹਥਲੀ ਪੁਸਤਕ ਆਧੁਨਿਕ ਚੀਨੀ ਸਾਹਿਤ ਦੇ ਪਿਤਾਮਾ ਲੂ ਸ਼ੂਨ ਵਲੋਂ ਖ਼ੁਦ ਚੁਣੀਆਂ ਗਈਆਂ 9 ਕਹਾਣੀਆਂ, ਜਿਨ੍ਹਾਂ ਨੂੰ ਉਸ ਨੇ 1933 ਵਿਚ ਪ੍ਰਕਾਸ਼ਿਤ ਕਰਵਾਇਆ ਸੀ, ਦਾ ਸਰਲ ਪੰਜਾਬੀ ਵਿਚ ਅਨੁਵਾਦ ਹੈ। ਇਹ ਨੌਂ ਕਹਾਣੀਆਂ ਕ੍ਰਮਵਾਰ ਇਸ ਪ੍ਰਕਾਰ ਹਨ : ਪਾਗਲ ਦੀ ਡਾਇਰੀ, ਖੁੰਝ-ਈ-ਚੀ, ਦਵਾਈ, ਕੱਲ੍ਹ, ਮੇਰਾ ਆਪਣਾ ਘਰ, ਆਹ ਕਿਊ ਦੀ ਅਸਲ ਕਹਾਣੀ, ਲੋਕ ਵਿਰੋਧੀ, ਤਲਾਕ ਅਤੇ ਅਨੋਖੀ ਤਲਵਾਰ। ਇਨ੍ਹਾਂ ਵਿਚੋਂ 'ਆਹ ਕਿਊ ਦੀ ਅਸਲ ਕਹਾਣੀ' ਨਾਵਲੈਟ-ਰੂਪੀ ਹੈ ਜਿਸ ਦੇ 9 ਕਾਂਡ ਹਨ। ਲੂ ਸ਼ੂਨ ਨੂੰ ਇਹ ਕਹਾਣੀ ਲਿਖਣ ਸਮੇਂ (ਰਚਨਾ ਦੀ ਵਿਧਾ, ਕੁਲ ਦਾ ਨਾਂਅ, ਨਿੱਜੀ ਨਾਂਅ ਰੱਖਣ, ਜਨਮ ਸਥਾਨ ਨਿਰਧਾਰਿਤ ਕਰਨ) ਆਦਿ ਚਾਰ ਸਮੱਸਿਆਵਾਂ ਨਾਲ ਜੂਝਣਾ ਪਿਆ। ਇਸ ਰਚਨਾ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਅਨੇਕਾਂ ਵਿਰੋਧੀ-ਜੁੱਟਾਂ ਵਿਚੋਂ ਜਨਮ ਲੈਂਦੀ ਹੈ। ਮਸਲਨ : ਕਾਉਂਟੀ ਤੋਂ ਸਫ਼ਲ ਉਮੀਦਵਾਰ/ਰਾਜਸੀ ਤੌਰ 'ਤੇ ਸਫ਼ਲ ਉਮੀਦਵਾਰ, ਪਿੰਡ ਬਨਾਮ ਸ਼ਹਿਰ; ਨਾਇਕ ਦੀ ਖੰਡਿਤ ਸ਼ਖ਼ਸੀਅਤ; ਸਨਮਾਨ/ਅਪਮਾਨ; ਆਮ ਲੋਕ ਬਨਾਮ ਨਾਇਕ; ਗੋਲੀ ਨਾਲ ਮਾਰੇ ਜਾਣ/ਸਿਰ ਕੱਟੇ ਜਾਣ ਨਾਲ ਮੌਤ ਆਦਿ। ਇਸੇ ਨੂੰ ਜਕ ਦੈਰਿਦਾ ਬਾਇਨਰੀ ਔਪਾਜ਼ਿਸ਼ਨ ਦਾ ਨਾਂਅ ਦਿੰਦਾ ਹੈ।
ਇਨ੍ਹਾਂ ਕਹਾਣੀਆਂ ਦੀ ਤਥਾਤਕਮਕਤਾ ਅਵਿਕਸਿਤ ਚੀਨ ਨਾਲ ਸਬੰਧਤ ਹੈ। ਇਹ ਸਮਾਂ ਮੋਮਬੱਤੀਆਂ, ਲਾਲਟੈਨਾਂ ਦਾ ਸੀ। ਧਾਰਮਿਕ ਤੌਰ 'ਤੇ ਲੋਕ ਕਨਫਿਊਸ਼ੀਅਸ, ਬੁੱਧ ਮੱਤ ਅਤੇ ਤਾਓ-ਮੱਤ ਦੇ ਅਨੁਆਈ ਸਨ। ਜਨਮ ਪੱਤਰੀਆਂ ਬਣਦਾਉਂਦੇ ਸਨ। ਰੱਖਿਅਕ ਦੇਵਤਾ, ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸਨ, ਮ੍ਰਿਤੂ-ਭੋਜ ਦੇ ਵਿਸ਼ਵਾਸੀ ਸਨ। ਚੰਦਰਮਾ ਉਤਸਵ ਅਤੇ ਹੋਰ ਮੇਲੇ ਮਨਾਉਂਦੇ ਸਨ। ਤਪਦਿਕ ਦੀ ਬਿਮਾਰੀ ਆਮ ਸੀ। ਚੀਨ ਦੇ ਲੋਕਾਂ ਦੇ ਨਾਂਵ ਆਮ ਤੌਰ 'ਤੇ ਵਾਕੰਸ਼ੀ ਸਨ ਮਸਲਨ : ਪਾਊ ਅੜ; ਆ ਊ; ਵੇਇ ਵਿਯੇਨ-ਸ਼ੂ; ਵਾਂਝ 3-ਕਵੇਇ; ਫੰਙ ਊ ਆਦਿ।
ਕੁੱਲ ਮਿਲਾ ਕੇ ਇਹ ਕਹਾਣੀ ਸੰਗ੍ਰਹਿ ਵੀਹਵੀਂ ਸਦੀ ਦੇ ਪਹਿਲੇ ਦੋ ਦਹਾਕਿਆਂ ਦਾ ਵਿਸ਼ੇਸ਼ ਅਤੇ ਪੁਰਾਤਨ ਚੀਨ ਦਾ ਆਮ ਸੱਭਿਆਚਾਰਕ, ਆਰਥਿਕ, ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਨਿਆਂ ਪ੍ਰਬੰਧ ਦਾ ਭਰਵਾਂ ਬਿੰਬ ਉਜਾਗਰ ਕਰਦਾ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਉਦਾਸ ਨਾ ਹੋ!
ਸੰਪਾਦਕ : ਅਮਰਜੀਤ ਸਿੰਘ ਸੰਧੂ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।
ਮੁੱਲ : 100 ਰੁਪਏ, ਸਫ਼ੇ : 64
ਸੰਪਰਕ : 94636-13528.

'ਉਦਾਸ ਨਾ ਹੋ!' ਗ਼ਜ਼ਲ ਸੰਗ੍ਰਹਿ ਪੰਜਾਬੀ ਗ਼ਜ਼ਲ ਅਕਾਡਮੀ (ਇੰਟਰਨੈਸ਼ਨਲ) ਦੀ ਪੇਸ਼ਕਸ਼ ਹੈ ਤੇ ਇਸ ਨੂੰ ਉਸਤਾਦ ਸ਼ਾਇਰ ਅਮਰਜੀਤ ਸਿੰਘ ਸੰਧੂ ਨੇ ਸੰਪਾਦਿਤ ਕੀਤਾ ਹੈ। ਇਸ ਵਿਚ ਅਕਾਡਮੀ ਨਾਲ ਸਬੰਧਤ 20 ਗ਼ਜ਼ਲਕਾਰਾਂ ਜੈ ਗੋਪਾਲ ਕੋਛੜ, ਜਗਜੀਤ ਸਿੰਘ ਨੂਰ, ਭਗਤ ਰਾਮ ਰੰਗਾੜਾ, ਜੰਗ ਸਿੰਘ ਫੱਟੜ, ਬਲਵਿੰਦਰ ਵਾਲੀਆ, ਪਰਸਰਾਮ ਸਿੰਘ ਬੱਧਣ, ਅਮਰਜੀਤ ਸਿੰਘ ਸੰਧੂ, ਡਾ: ਸੁਰਿੰਦਰਪਾਲ ਚਾਵਲਾ, ਆਰ. ਕੇ. ਭਗਤ, ਧਨਵੰਤ ਸਿੰਘ ਗੁਰਾਇਆ, ਕਰਨੈਲ ਸਿੰਘ ਨੇਕਨਾਮਾ, ਦਰਸ਼ਨ ਸਿੰਘ ਸਿੱਧੂ, ਬਲਬੀਰ ਕੌਰ ਦਿਲਗੀਰ, ਮਨਜੀਤ ਕੌਰ ਅੰਬਾਲਵੀ, ਜਸਵਿੰਦਰ ਮਹਿਰਮ, ਜਿੰਗਾ ਸਿੰਘ ਸਹੋਤਾ, ਰਾਜਦੀਪ ਸਿੰਘ ਤੂਰ, ਪ੍ਰਿੰ: ਸਰਬਜੀਤ ਸਿੰਘ ਜੀਤ, ਲਖਵਿੰਦਰ ਲੱਕੀ ਤੇ ਸਰਬਜੀਤ ਦਰਦੀ ਦੇ ਕਲਾਮ ਹਨ। ਪੁਸਤਕ ਵਿਚ ਹਰੇਕ ਗ਼ਜ਼ਲਕਾਰ ਨੂੰ ਤਿੰਨ-ਤਿੰਨ ਸਫ਼ੇ ਦਿੱਤੇ ਗਏ ਹਨ, ਜਿਨ੍ਹਾਂ 'ਤੇ ਉਸ ਦੀਆਂ ਗ਼ਜ਼ਲਾਂ ਦੇ ਨਾਲ-ਨਾਲ ਜਾਣਕਾਰੀ ਤੇ ਤਸਵੀਰ ਛਾਪੀ ਗਈ ਹੈ। ਪੁਸਤਕ ਦਾ ਪਹਿਲਾ ਪੰਨਾ ਪੰਜਾਬੀ ਗ਼ਜ਼ਲ ਨੂੰ ਮੁਖ਼ਾਤਿਬ ਹੈ ਜਿਸ ਵਿਚ ਗ਼ਜ਼ਲ ਨੂੰ ਰੋਲ-ਘਚੋਲੇ ਵਾਲੀ ਅਜੋਕੀ ਸਥਿਤੀ ਤੋਂ ਉਦਾਸ ਨਾ ਹੋਣ ਲਈ ਕਿਹਾ ਗਿਆ ਹੈ। ਸਚਮੁੱਚ ਪੰਜਾਬੀ ਵਿਚ ਗ਼ਜ਼ਲ ਦਾ ਦਾਇਰਾ ਵੱਡਾ ਤਾਂ ਹੋਇਆ ਹੈ ਪਰ ਲੰਬੇ ਸੰਘਰਸ਼ 'ਚੋਂ ਸਥਾਪਿਤ ਹੋਈ ਗ਼ਜ਼ਲ ਲਈ ਕੁਝ ਚੁਣੌਤੀਆਂ ਵੀ ਨਜ਼ਰ ਆ ਰਹੀਆਂ ਹਨ। ਇਨ੍ਹਾਂ ਚੁਣੌਤੀਆਂ ਬਾਰੇ ਜੇ ਵਿਸਤਰਤ ਤੌਰ 'ਤੇ ਲਿਖਿਆ ਜਾਂਦਾ ਤਾਂ ਬਿਹਤਰ ਹੁੰਦਾ ਪਰ ਜਗ੍ਹਾ ਸਬੰਧੀ ਹਰ ਪੁਸਤਕ ਦੀਆਂ ਸੀਮਾਵਾਂ ਹੁੰਦੀਆਂ ਹਨ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਪਾਠ : ਪਾਠਕ ਤੇ ਪ੍ਰਤੀਕਰਮ
ਲੇਖਕ : ਪ੍ਰਿੰ: ਕ੍ਰਿਸ਼ਨ ਸਿੰਘ
ਪ੍ਰਕਾਸ਼ਕ : ਲਾਲ ਸਿੰਘ ਪ੍ਰਕਾਸ਼ਨ, ਕੁੱਪ ਕਲਾਂ (ਸੰਗਰੂਰ)
ਮੁੱਲ : 175 ਰੁਪਏ, ਸਫ਼ੇ : 128
ਸੰਪਰਕ : 94639-89639.

ਪੰਜ ਆਲੋਚਨਾਤਮਕ ਪੁਸਤਕਾਂ ਦੇ ਰਚੈਤਾ ਪ੍ਰਿੰ: ਕ੍ਰਿਸ਼ਨ ਸਿੰਘ ਦੀ ਇਹ ਛੇਵੀਂ ਪੁਸਤਕ ਹੈ, ਜਿਸ ਦੇ ਦੋ ਭਾਗ ਹਨ। ਪਹਿਲੇ ਭਾਗ 'ਚ ਮੱਧਕਾਲੀ ਸਾਹਿਤ ਚਿੰਤਨ ਨਾਲ ਸਬੰਧਤ ਤਿੰਨ ਲੇਖ ਹਨ, ਦੂਜੇ ਭਾਗ 'ਚ ਆਧੁਨਿਕ ਪੰਜਾਬੀ ਕਵਿਤਾ ਨਾਲ ਸਬੰਧਤ ਤਿੰਨ ਲੇਖ ਹਨ। ਮੱਧਕਾਲੀ ਸਾਹਿਤ ਚਿੰਤਨ 'ਚ ਸ਼ੇਖ ਫ਼ਰੀਦ ਨਾਲ ਸਬੰਧਤ ਤਿੰਨ ਲੇਖ ਸ਼ੇਖ ਫ਼ਰੀਦ ਬਾਣੀ ਦੀ ਅਜੋਕੀ ਪ੍ਰਸੰਗਿਕਤਾ ਦੋ-ਧਿਰੀ ਟਕਰਾਓ ਵਾਲੇ ਯੁੱਧ ਦਾ ਪ੍ਰਮਾਣਿਕ ਸੱਚਂਬਾਬਾ ਸ਼ੇਖ ਫ਼ਰੀਦ ਬਾਣੀ ਅਤੇ ਮਾਨਵੀਕਰਨ ਦੇ ਕਲਾਤਮਿਤ ਸੁਹਜ ਦਾ ਅਦੁੱਤੀ ਮਾਡਲਂਸ਼ੇਖ ਫ਼ਰੀਦ ਬਾਣੀ ਸ਼ਾਮਿਲ ਹਨ। ਬਿਸਮਿਲ ਫ਼ਰੀਦ ਕੋਟੀ ਦਾ ਕਾਵਿ-ਸਿਧਾਂਤ (ੳ), ਵਿਭਿੰਨ ਮਨੁੱਖੀ ਸਰੋਕਾਰਾਂ ਦਾ ਇਨਕਲਾਬੀ ਸ਼ਾਇਰ ਬਿਸਮਿਲ ਫ਼ਰੀਦਕੋਟੀ (ਅ), ਨਵਰਾਹੀ ਘੁਗਿਆਣਵੀ ਦੀ ਪੁਸਤਕ 'ਤੇ ਰਚਿਤ ਲੇਖ ਗੁਲੇਲੀ-ਵਿਅੰਗ ਨਸ਼ਤਰ ਦਾ ਮਕਬੂਲ ਸ਼ਾਇਰ ਅਤੇ ਨਿਵੇਕਲੇ ਕਾਵਿ-ਸਿਧਾਂਤ ਅਤੇ ਮਨੁੱਖੀ ਬਿਬੇਕ ਦਾ ਦਰਪਣ-ਚੱਪਾ ਕੁ ਪੂਰਬ ਸ਼ਾਇਰ ਵਿਜੇ-ਵਿਵੇਕ ਆਧੁਨਿਕ ਪੰਜਾਬੀ ਕਵਿਤਾ 'ਚ ਅੰਤਰਗਤ ਰਚੇ ਗਏ ਹਨ।
ਪ੍ਰਿੰ: ਕ੍ਰਿਸ਼ਨ ਸਿੰਘ ਲੰਬਾ ਸਮਾਂ ਪ੍ਰਾਅਧਿਆਪਕ ਰਹਿਣ ਕਰਕੇ ਅਕਾਦਮਿਕ ਖੇਤਰ ਦਾ ਡੂੰਘਾ ਅਨੁਭਵ ਰੱਖਦਾ ਹੈ। ਉਸ ਕੋਲ ਆਲੋਚਨਾਤਮਕ ਖੇਤਰ ਬਾਰੇ ਗੱਲ ਕਹਿਣ ਦਾ ਪੁਖਤਾ ਹੁਨਰ ਹੈ। ਇਸ ਪੁਸਤਕ ਦੇ ਸਾਰੇ ਲੇਖਾਂ ਨੂੰ ਪੜ੍ਹਨ, ਵਾਚਣ ਤੇ ਘੋਖਣ ਤੋਂ ਪਤਾ ਲਗਦਾ ਹੈ ਕਿ ਪ੍ਰਿੰ: ਕ੍ਰਿਸ਼ਨ ਸਿੰਘ ਨੇ ਡੂੰਘੇ ਮੁਤਾਲਿਆ ਤੋਂ ਬਾਅਦ ਇਹ ਖੋਜ ਪੱਤਰ ਲਿਖੇ ਹਨ।

ਂਪ੍ਰੋ: ਸਤਪਾਲ ਸਿੰਘ
ਮੋ: 98725-21515
ਫ ਫ ਫ

ਦਿਲ ਦਰਿਆ
ਲੇਖਿਕਾ : ਸੁਮਿਤ ਕੌਰ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 232
ਸੰਪਰਕ : 0161-2740738.

ਨਾਵਲ ਦਿਲ ਦਰਿਆ ਵੀ ਇਕ ਅਜਿਹਾ ਨਾਵਲ ਹੈ ਜਿਸ ਵਿਚ ਲੇਖਿਕਾ ਨੇ ਦਿਲ ਦੀਆਂ ਗਹਿਰਾਈਆਂ ਵਿਚ ਬਣਦੀਆਂ ਵਿਗਸਦੀਆਂ ਭਾਵਨਾਵਾਂ ਦੇ ਭੰਵਰ ਵਿਚ ਫਸਦੇ, ਉਲਝਦੇ ਤੇ ਫਿਰ ਸ਼ਾਤ ਚਿੱਤ ਹੋ ਕੇ ੇਸਹਿਜਤਾ ਨਾਲ ਜੀਵਨ ਗੁਜ਼ਾਰਨ ਦਾ ਤਹੱਈਆ ਕਰਦੇ ਨੌਜਵਾਨ ਦੀ ਕਹਾਣੀ ਨੂੰ ਬਿਆਨਿਆ ਹੈ। ਪੂਰਾ ਨਾਵਲ ਨਾਇਕ ਹਰਮਨ ਦੇ ਦਿਲ ਦੇ ਫ਼ੈਸਲਿਆਂ ਦੇ ਦੁਆਲੇ ਘੁੰਮਦਾ ਹੈ। ਹਰਮਨ ਮਾਪਿਆਂ ਦਾ ਲਾਡਲਾ ਪੁੱਤਰ ਹੈ ਜੋ ਆਪਣੇ ਕਾਲਜ ਦੀ ਦੋਸਤ ਜੈਸਮੀਨ ਨਾਲ ਦੋਸਤੀ ਦੇ ਰਿਸ਼ਤੇ ਨੂੰ ਮੁਹੱਬਤ ਵਿਚ ਬਦਲਣ ਦਾ ਸੁਪਨਾ ਲੈਂਦਾ ਹੈ। ਜੈਸਮੀਨ ਇਸ ਸਭ ਤੋਂ ਬੇਖ਼ਬਰ ਆਪਣੀ ਦੁਨੀਆ ਵਿਚ ਮਸਤ ਆਪਣੇ ਭਵਿੱਖ ਦੇ ਸੁਪਨੇ ਕਿਸੇ ਹੋਰ ਨਾਲ ਸੰਜੋਈ ਬੈਠੀ ਹੈ। ਹਰਮਨ ਦਾ ਚਚੇਰਾ ਭਰਾ ਲੱਖੀ ਤੇ ਉਸ ਦੀ ਦੋਸਤ ਅੰਮ੍ਰਿਤ ਉਸ ਨੂੰ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਦਾ ਸਾਹਮਣਾ ਕਰਨ ਲਈ ਤਿਆਰ ਕਰਦੇ ਰਹਿੰਦੇ ਹਨ ਪਰ ਹਰਮਨ ਪਿਆਰ ਵਿਚ ਸੱਟ ਖਾ ਆਪਣੇ ਅੰਦਰ ਇਕ ਵੱਖਰੀ ਦੁਨੀਆ ਵਸਾ ਲੈਂਦਾ ਹੈ। ਇਕ ਐਕਸੀਡੈਂਟ ਤੋਂ ਬਾਅਦ ਉਸ ਦੀ ਚੇਤਨਾ ਉਸ ਨੂੰ ਝੰਜੋੜਦੀ ਹੈ ਅਤੇ ਉਹ ਵਾਪਸ ਜ਼ਿੰਦਗੀ ਵਿਚ ਪਰਤਣ ਲਈ ਯਤਨਸ਼ੀਲ ਹੁੰਦਾ ਹੈ। ਉਹ ਅਤੀਤ ਨੂੰ ਹੁਣ ਇਕ ਸੁਖਾਵੇਂ ਅਹਿਸਾਸ ਦੀ ਤਰ੍ਹਾਂ ਨਾਲ ਲੈ ਕੇ ਤੁਰਦਾ ਹੈ।
ਜੈਸਮੀਨ ਦਾ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਅਸਫ਼ਲ ਰਹਿਣਾ,ਹਰਮਨ ਦੇ ਮਾਪਿਆਂ ਦਾ ਉਸ ਨਾਲ ਮੇਲ, ਜੈਸਮੀਨ ਤੇ ਹਰਮਨ ਦਾ ਦੁਬਾਰਾ ਮਿਲਣਾ, ਜੈਸਮੀਨ ਦੀ ਬੇਟੀ ਆਸ਼ੂ ਨਾਲ ਹਰਮਨ ਦਾ ਪਿਆਰ, ਹਰਮਨ ਦਾ ਕੈਨੇਡਾ ਤੋਂ ਵਾਪਸ ਪਰਤ ਆਪਣੇ ਪਿੰਡ ਰਹਿਣ ਦਾ ਫ਼ੈਸਲਾ ਕਰਨਾ, ਇਨ੍ਹਾਂ ਸਾਰੀਆਂ ਘਟਨਾਵਾਂ ਨਾਲ ਇਹ ਨਾਵਲ ਆਪਣੇ ਸਿਖਰ 'ਤੇ ਪਹੁੰਚਦਾ ਹੈ। ਨਾਵਲ ਵਿਚ ਬਹੁਤ ਜਗ੍ਹਾ ਇੱਛਤ ਯਥਾਰਥ ਸਿਰਜਿਆ ਗਿਆ ਹੈ ਅਤੇ ਕਈ ਘਟਨਾਵਾਂ ਵਿਚ ਮੌਕੇ ਮੇਲ ਦੀ ਜੁਗਤ ਬਾਖੂਬੀ ਵਰਤੀ ਗਈ ਹੈ। ਨਾਵਲ ਵਿਚ ਕਿਤੇ-ਕਿਤੇ ਲੇਖਿਕਾ ਨੇ ਅੰਤਰਮਨ ਦੀਆਂ ਡੂੰਘਾਈਆਂ ਨੂੰ ਖੂਬਸੂਰਤੀ ਨਾਲ ਬਿਆਨਿਆ ਹੈ।

ਫ ਫ ਫ

ਅੰਤਲੇ ਦਿਨ
ਨਾਵਲਕਾਰ : ਕੇ. ਐਲ. ਗਰਗ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 295 ਰੁਪਏ, ਸਫ਼ੇ : 166
ਸੰਪਰਕ : 94635-37050.

ਪ੍ਰਸਿੱਧ ਵਿਅੰਗਕਾਰ ਦੀ ਇਹ ਰਚਨਾ ਵਿਅੰਗ ਅਤੇ ਗੰਭੀਰਤਾ ਦਾ ਸੁਮੇਲ ਹੈ ਜਿਸ ਵਿਚ ਉਸ ਨੇ ਮਨੁੱਖੀ ਜੀਵਨ ਦੀ ਹੋਣੀ, ਮਨੁੱਖੀ ਲਾਲਸਾਵਾਂ/ਕਾਮਨਾਵਾਂ ਤੋਂ ਇਲਾਵਾ ਔਲਾਦ ਦੀ ਮਾਪਿਆਂ ਪ੍ਰਤੀ ਫਰਜ਼ਸਨਾਸ਼ੀ ਅਤੇ ਪਲ ਪਲ ਬਿਨਸ ਰਹੀ ਮਨੁੱਖੀ ਦੇਹੀ ਦੀ ਹੋਣੀ ਨੂੰ ਬੜੀ ਖੂਬਸੂਰਤੀ ਨਾਲ ਬਿਆਨਿਆ ਹੈ। ਸਧਾਰਨ ਬਾਣੀਆ ਪਰਿਵਾਰ ਦੀ ਕਹਾਣੀ ਦੇ ਨਾਲ ਬੁਣੇ ਇਸ ਨਾਵਲ ਦਾ ਵਿਸ਼ਾ ਵਸਤੂ ਦੈਹਿਕ ਰੂਪ ਵਿਚ ਬਿਨਸ ਰਹੇ ਮਨੁੱਖ ਦੀ ਹੋਣੀ ਹੈ ਜਿਸ ਨੂੰ ਤਿੰਨ ਪੁੱਤਰਾਂ ਦੀ ਮਾਂ ਦੇਵਕੀ ਦੇ ਪਾਤਰ ਰਾਹੀਂ ਦਰਸਾਇਆ ਗਿਆ ਹੈ। ਦੇਵਕੀ ਦੇ ਤਿੰਨਾਂ ਪੁੱਤਰਾਂ ਵਿਚੋਂ ਵਿਚਕਾਰਲਾ ਮੁਨਸ਼ੀ ਇਸ ਨਾਵਲ ਦਾ ਦੂਸਰਾ ਮੁੱਖ ਪਾਤਰ ਹੈ ਜਿਹੜਾ ਆਪਣੀ ਮਾਂ ਪ੍ਰਤੀ ਆਪਣੇ ਫਰਜ਼ਾਂ ਦੀ ਪੂਰਤੀ ਵਿਚ ਕਿਤੇ ਵੀ ਕਮੀ ਨਹੀਂ ਆਉਣ ਦਿੰਦਾ। ਉਸ ਦੇ ਉਲਟ ਉਸ ਦੇ ਦੂਸਰੇ ਭਰਾ ਲਾਲਚੀ, ਮੌਕਾਪ੍ਰਸਤ ਤੇ ਸਵਾਰਥੀ ਬਿਰਤੀ ਦਾ ਪ੍ਰਗਟਾਵਾ ਕਰਦੇ ਹਨ।
ਨਾਵਲਕਾਰ ਨੇ ਵਿਅੰਗਾਤਮਕ ਸਥਿਤੀਆ ਰਾਹੀਂ ਉਨ੍ਹਾਂ ਦੇ ਇਸ ਚਰਿੱਤਰ ਨੂੰ ਉਭਾਰਿਆ ਹੈ। ਮੋਹਨ ਤੇ ਸੁਰੇਸ਼ ਦਾ ਮਾਪਿਆ ਪ੍ਰਤੀ ਰਵੱਈਆ ਅਤੇ ਉਨ੍ਹਾਂ ਦੀ ਔਲਾਦ ਦਾ ਉਨ੍ਹਾਂ ਪ੍ਰਤੀ ਰਵੱਈਆ ਜੈਸੇ ਨੂੰ ਤੈਸਾ ਵਾਲੀ ਕਹਾਵਤ ਸੱਚ ਕਰ ਦਿਖਾਉਂਦਾ ਹੈ। ਨਾਵਲ ਪੜ੍ਹਦਿਆਂ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਇਹ ਹਰ ਸਧਾਰਨ ਪਰਿਵਾਰ ਅਤੇ ਉਸ ਇਨਸਾਨ ਦੀ ਕਹਾਣੀ ਹੈ ਜਿਹੜਾ ਕਾਮਨਾਵਾਂ ਅਤੇ ਲਾਲਸਾਵਾਂ (ਜਿਵੇਂ ਕਿ ਦੇਵਕੀ ਦਾ ਪੋਤ ਨੂੰਹ, ਪੜਪੋਤਾ, ਪੜਪੋਤੇ ਦਾ ਵਿਆਹ ਦੇਖਣ ਦੀ ਲਾਲਸਾ) ਵਿਚ ਘਿਰਿਆ ਹੋਇਆ ਜ਼ਿੰਦਗੀ ਗੁਜ਼ਾਰਦਾ ਹੈ। ਨਾਵਲਕਾਰ ਕਿਤੇ ਵੀ ਉਪਦੇਸ਼ਾਤਮਕ ਸੁਰ ਨਹੀ ਵਰਤਦਾ ਸਗੋਂ ਪਾਠਕ ਖ਼ੁਦ ਇਸ ਅਹਿਸਾਸ ਨੂੰ ਮਹਿਸੂਸ ਕਰਦਾ ਹੈ ਕਿ ਅੰਤਮ ਜੀਵਨ ਸੱਚ ਸਿਰਫ ਮੌਤ ਹੈ ਜਿਸ ਦੀ ਉਡੀਕ ਕਈ ਵਾਰ ਬਹੁਤ ਲੰਬੀ ਹੋ ਜਾਂਦੀ ਹੈ ਜੋ ਖੁਦ ਲਈ ਅਤੇ ਆਪਣਿਆਂ ਲਈ ਦੁੱਖਾਂ ਦਾ ਕਾਰਨ ਬਣ ਜਾਂਦੀ ਹੈ। ਜੀਵਨ ਦੀ ਸਧਾਰਨਤਾ, ਪਾਤਰਾਂ ਦੀ ਮਾਨਸਿਕ ਸਥਿਤੀ ਅਤੇ ਜੀਵਨ ਅਤੇ ਮੌਤ ਦੇ ਸੰਘਰਸ਼ ਨੂੰ ਪੇਸ਼ ਕਰਦੇ ਇਸ ਨਾਵਲ ਨੂੰ ਪੜ੍ਹਦਿਆਂ ਜ਼ਿੰਦਗੀ ਅਤੇ ਮੌਤ ਦੀ ਕਸ਼ਮਕਸ਼ ਇਕ ਵਾਰ ਤਾਂ ਜ਼ਰੂਰ ਦਿਲ ਨੂੰ ਝੰਜੋੜਦੀ ਹੈ।

ਂਡਾ: ਸੁਖਪਾਲ ਕੌਰ ਸਮਰਾਲਾ
ਮੋ: 98885-47099
ਫ ਫ ਫ

07/10/2017

 ਸਵਰਾਜਬੀਰ ਦੀ ਨਾਟ-ਕਲਾ
ਲੇਖਿਕਾ : ਡਾ: ਗੁਰਪ੍ਰੀਤ ਕੌਰ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 84
ਸੰਪਰਕ : 99145-08856.

ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬੀ ਸਾਹਿਤ ਰਚਨਾ ਵਿਚ ਕਿਰਿਆਸ਼ੀਲ ਸਵਰਾਜਬੀਰ ਪੰਜਾਬੀ ਨਾਟਕ ਦੀ ਚੌਥੀ ਪੀੜ੍ਹੀ ਦਾ ਸਮਰੱਥ ਨਾਟਕਕਾਰ ਹੈ, ਜਿਸ ਦੀ ਨਾਟਕ ਕਲਾ ਬਾਰੇ ਡਾ: ਗੁਰਪ੍ਰੀਤ ਕੌਰ ਨੇ ਅਕਾਦਮਿਕ ਪੱਧਰ 'ਤੇ ਖੋਜ ਕਾਰਜ ਕਰਕੇ ਪੁਸਤਕ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਹੈ। ਨਾਟਕਕਾਰ ਦੇ ਜੀਵਨ, ਰਚਨਾ ਅਤੇ ਯੋਗਦਾਨ ਦੀ ਗੱਲ ਕਰਦਿਆਂ ਗੁਰਪ੍ਰੀਤ ਨੇ ਸਵਰਾਜਬੀਰ ਦੇ ਜੀਵਨ ਢੰਗ ਨੂੰ ਉਸ ਦੀ ਕਿਰਤ ਨਾਲ ਜੋੜ ਕੇ ਪੰਜਾਬੀ ਨਾਟਕ ਵਿਚ ਉਸ ਦੀ ਦੇਣ ਨੂੰ ਉਜਾਗਰ ਕੀਤਾ ਹੈ।
ਸਵਰਾਜਬੀਰ ਦੇ ਨਾਟਕਾਂ ਦਾ ਵਿਸ਼ੇਗਤ ਅਧਿਐਨ ਕਰਨ ਲਈ ਲੇਖਿਕਾ ਨੇ ਉਸ ਦੇ ਨਾਟਕ, 'ਧਰਮ ਗੁਰੂ', 'ਕ੍ਰਿਸ਼ਨ', 'ਮੇਦਨੀ', 'ਸ਼ਾਇਰੀ', 'ਹੱਕ', 'ਕੱਲਰ' ਅਤੇ 'ਮੱਸਿਆ ਦੀ ਰਾਤ' ਨੂੰ ਆਧਾਰ ਬਣਾਇਆ ਹੈ। ਇਹ ਸੱਤੇ ਨਾਟਕ ਵਿਸ਼ੇ ਅਤੇ ਰੰਗਮੰਚ ਪੱਖੋਂ ਵੀ ਸਫ਼ਲ ਰਹੇ ਹਨ। ਲੇਖਿਕਾ ਨੇ ਅਧਿਐਨ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਸਵਰਾਜਬੀਰ ਦੇ ਇਹ ਨਾਟਕ ਸਮਕਾਲੀਨ ਪ੍ਰਸਥਿਤੀਆਂ ਦੇ ਅਨੁਕੂਲ ਹਨ। ਇਸ ਲਈ ਇਹ ਵਿਸ਼ੇ ਪੱਖੋਂ ਤਾਜ਼ਾ ਅਤੇ ਚਾਰਜੀਵੀ ਸਿੱਧ ਹੋਏ ਹਨ ਅਤੇ ਹੋਣਗੇ। ਲੇਖਿਕਾ ਅਨੁਸਾਰ ਸਵਰਾਜਬੀਰ ਦੇ ਨਾਟਕਾਂ ਦਾ ਕਥਾਨਕ ਭਾਵੇਂ ਮਿਥਿਹਾਸ ਜਾਂ ਇਤਿਹਾਸ ਨਾਲ ਸਬੰਧਤ ਹੈ ਪਰ ਇਨ੍ਹਾਂ ਵਿਚਲੀਆਂ ਘਟਨਾਵਾਂ ਦਾ ਪ੍ਰਸਤੁਤਕਰਨ ਕੁਝ ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ ਕਿ ਪਾਠਕ ਨੂੰ ਮਹਿਸੂਸ ਨਹੀਂ ਹੁੰਦਾ ਕਿ ਇਹ ਸਭ ਕੁਝ ਵਰਤਮਾਨ ਵਿਚ ਵਾਪਰ ਰਿਹਾ ਹੈ। ਇਨ੍ਹਾਂ ਨਾਟਕਾਂ ਵਿਚ ਪਾਤਰਾਂ ਦੀ ਚੋਣ ਅਤੇ ਉਸਾਰੀ ਵੱਲ ਵਿਸ਼ੇਸ਼ ਧਿਆਨ ਦੇਣ ਦੇ ਨਾਲ-ਨਾਲ ਪਾਤਰਾਂ ਦੀ ਢੁਕਵੀਂ ਗਿਣਤੀ, ਸੁਭਾਵਾਂ ਵਿਚ ਵੰਨ-ਸੁਵੰਨਤਾ ਦੀ ਨਾਟਕ ਦੀ ਸਫ਼ਲਤਾ ਦਾ ਹਿੱਸਾ ਬਣਦੇ ਹਨ। ਗੁਰਪ੍ਰੀਤ ਵਲੋਂ ਕੀਤੇ ਗਏ ਅਧਿਐਨ ਦੇ ਮੁਤਾਬਿਕ ਸਵਰਾਜਬੀਰ ਦੇ ਨਾਟਕਾਂ ਵਿਚਲੇ ਪਾਤਰਾਂ ਦਾ ਵਾਰਤਾਲਾਪ ਨਾਟਕ ਦੇ ਵਿਸ਼ੇ ਨੂੰ ਪ੍ਰਗਟਾਉਣ, ਪਾਤਰ ਉਸਾਰੀ ਕਰਨ, ਕਥਾਨਕ ਸਿਰਜਣ ਅਤੇ ਵਾਤਾਵਰਨ ਉਸਾਰਨ ਵਿਚ ਕਾਫੀ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਇਸੇ ਤਰ੍ਹਾਂ ਲੇਖਿਕਾ ਨੇ ਸਵਰਾਜਬੀਰ ਦੇ ਨਾਟਕਾਂ ਵਿਚ ਕਾਵਿਕ ਤੱਤ, ਰੰਗਮੰਚੀ ਜੁਗਤਾਂ ਅਤੇ ਰੰਗਮੰਚੀ ਸਾਰਥਿਕਤਾ ਦਾ ਅਧਿਐਨ ਵੀ ਬਾਖੂਬੀ ਕੀਤਾ ਹੈ।

ਂਨਿਰਮਲ ਜੌੜਾ
ਮੋ: 98140-78799
ਫ ਫ ਫ

ਅਸਤਿਤਵੀ
ਲੇਖਕ : ਡਾ: ਧਰਮ ਚੰਦ ਵਾਤਿਸ਼
ਪ੍ਰਕਾਸ਼ਕ : ਗੋਰਕੀ ਪਬਲਿਸ਼ਰਜ਼, ਲੁਧਿਆਣਾ
ਮੁੱਲ : 220 ਰੁਪਏ, ਸਫ਼ੇ : 214
ਸੰਪਰਕ : 98144-46007.

ਡਾ: ਧਰਮ ਚੰਦ ਵਾਤਿਸ਼, ਪੰਜਾਬੀ ਯੂਨੀਵਰਸਿਟੀ ਦੇ ਪ੍ਰਸਿੱਧ ਪ੍ਰੋਫ਼ੈਸਰ ਡਾ: ਰਤਨ ਸਿੰਘ ਜੱਗੀ ਦਾ ਸਭ ਤੋਂ ਹੋਣਹਾਰ ਸ਼ਾਗਿਰਦ ਰਿਹਾ ਹੈ। ਅਸਤਿਤਵਵਾਦ, ਵੀਹਵੀਂ ਸਦੀ ਦੇ 6ਵੇਂ-7ਵੇਂ ਦਹਾਕੇ ਵਿਚ ਭਾਰਤੀ ਯੂਨੀਵਰਸਿਟੀਆਂ ਦੇ ਸਾਹਿਤ ਅਧਿਐਨ ਵਿਭਾਗਾਂ ਦਾ ਪ੍ਰਮੁੱਖ ਆਕਰਸ਼ਣ ਹੋਇਆ ਕਰਦਾ ਸੀ। ਡਾ: ਵਾਤਿਸ਼ ਪੰਜਾਬੀ ਦੇ ਉਨ੍ਹਾਂ ਗਿਣੇ-ਚੁਣੇ ਆਲੋਚਕਾਂ ਵਿਚੋਂ ਇਕ ਹੈ, ਜਿਨ੍ਹਾਂ ਨੂੰ ਅਸਤਿਤਵਵਾਦ ਦੀ ਗੰਭੀਰ ਜਾਣਕਾਰੀ ਹੈ। ਸਾਰਤਰ ਨਾਬਰੀ ਅਤੇ ਵਿਦਰੋਹ ਨੂੰ ਇਸ ਫ਼ਿਾਲਸਫ਼ੀ ਦੇ ਨਿੱਖੜਵੇਂ ਲੱਛਣ ਮੰਨਦਾ ਸੀ। ਉਸ ਦੇ ਨਾਵਲਾਂ ਅਤੇ ਨਾਟਕਾਂ ਵਿਚ ਇਸ ਫਿਲਾਸਫ਼ੀ ਦੀ ਭਰਪੂਰ ਪੇਸ਼ਕਾਰੀ ਹੋਈ ਹੈ।
ਡਾ: ਵਾਤਿਸ਼ ਨੇ ਅਸਤਿਤਵਵਾਦ ਦੀ ਸਿਧਾਂਤਕ ਜਾਣਕਾਰੀ ਦੇਣ ਤੋਂ ਬਾਅਦ ਪੰਜਾਬੀ ਦੀਆਂ 16 ਰਚਨਾਵਾਂ (ਟੈਕਸਟ) ਵਿਚੋਂ ਅਸਤਿਤਵਵਾਦੀ ਮਾਡਲ ਦੀ ਤਲਾਸ਼ ਕੀਤੀ ਹੈ। ਅਸਤਿਤਵਵਾਦ ਦਾ ਪ੍ਰਮੁੱਖ ਸੂਤਰ ਇਹ ਹੈ : ਹੋਂਦ ਪਹਿਲਾਂ ਹੈ ਅਤੇ ਹੋਣੀ ਬਾਅਦ ਵਿਚ। ਜਿਵੇਂ-ਜਿਵੇਂ ਕੋਈ ਵਿਅਕਤੀ ਵਿਪਰੀਤ ਪ੍ਰਸਥਿਤੀਆਂ ਨਾਲ ਸੰਘਰਸ਼ ਕਰਦਾ ਜਾਂਦਾ ਹੈ, ਤਿਵੇਂ-ਤਿਵੇਂ ਉਸ ਦੀ ਨਿਯਤੀ (ਹੋਣੀ) ਬਣਦੀ ਜਾਂਦੀ ਹੈ। ਸਾਰਤਰ ਅਨੁਸਾਰ ਬੰਦੇ ਨੂੰ ਜਨਮ ਸਮੇਂ ਕੁਝ ਪ੍ਰਸਥਿਤੀਆਂ ਵਿਚ ਸੁੱਟ ਦਿੱਤਾ ਜਾਂਦਾ ਹੈ। ਦੇਖਣ ਵਾਲੀ ਗੱਲ ਇਹ ਹੁੰਦੀ ਹੈ ਕਿ ਉਹ ਪ੍ਰਸਥਿਤੀਆਂ ਵਿਚੋਂ ਨਿਕਲਦਾ ਕਿਵੇਂ ਹੈ? ਇਸ ਮੰਤਵ ਲਈ ਵਿਅਕਤੀ ਨੂੰ ਇਕ ਪ੍ਰਾਜੈਕਟ ਬਣਾਉਣਾ ਪੈਂਦਾ ਹੈ ਅਤੇ ਹਰ ਵਿਅਕਤੀ ਦਾ ਪ੍ਰਾਜੈਕਟ 'ਆਪਣਾ ਰੱਬ ਆਪ' ਬਣਨਾ ਹੁੰਦਾ ਹੈ।
ਮੈਨੂੰ ਡਾ: ਵਾਤਿਸ਼ ਦੀ ਵਿਹਾਰਕ ਆਲੋਚਨਾ ਬਾਰੇ ਲਿਖੀ ਇਹ ਪੁਸਤਕ ਵਿਸ਼ੇਸ਼ ਰੂਪ ਵਿਚ ਪਸੰਦ ਆਈ ਹੈ। ਇਥੋਂ ਪਤਾ ਚਲਦਾ ਹੈ ਕਿ ਉਹ ਯਥਾਸਥਿਤੀਵਾਦ ਦਾ ਪੁਜਾਰੀ ਨਹੀਂ ਹੈ ਸਗੋਂ ਸੰਘਰਸ਼ ਕਰਦੇ ਰਹਿਣ ਦਾ ਅਨੁਸਾਰੀ ਹੈ। ਸ਼ੇਖ ਫ਼ਰੀਦ, ਗੁਰੂ ਨਾਨਕ, ਵਾਰਿਸ ਸ਼ਾਹ, ਪੀਲੂ, ਸ਼ਾਹ ਮੁਹੰਮਦ ਅਤੇ ਆਧੁਨਿਕ ਪੰਜਾਬੀ ਸਾਹਿਤ ਦੇ ਕੁਝ ਪ੍ਰਮੁੱਖ ਲੇਖਕਾਂ ਬਾਰੇ ਪੇਸ਼ ਕੀਤੇ ਉਸ ਦੇ ਨਿਰਣੇ ਕਾਫੀ ਮਹੱਤਵਪੂਰਨ ਹਨ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਸ਼ਬਦਾਂ ਦੀ ਪਰਵਾਜ਼
ਸੰਪਾਦਕ : ਸਰਬਜੀਤ ਸੋਹੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 160
ਸੰਪਰਕ : 78377-18723.

ਬ੍ਰਿਸਬੇਨ (ਆਸਟਰੇਲੀਆ) ਦੇ 12 ਪੁਰ ਅਹਿਸਾਸ ਕਵੀਆਂ ਦਾ ਹਥਲਾ ਸਾਂਝਾ ਕਾਵਿ ਸੰਗ੍ਰਹਿ ਚਰਚਿਤ ਕਵੀ ਸਰਬਜੀਤ ਸੋਹੀ ਦੁਆਰਾ ਸੰਪਾਦਿਤ ਕੀਤਾ ਗਿਆ ਹੈ। ਬ੍ਰਿਸਬੇਨ ਵਿਚ ਪੰਜਾਬ ਵਾਂਗ ਹੀ ਸਾਹਿਤਕ ਸਰਗਰਮੀਆਂ ਦੀ ਲਗਾਤਾਰਤਾ ਇਸ ਤੱਥ ਦੀ ਗੁਆਹੀ ਹੈ ਕਿ ਇਹ ਮਹਾਂਨਗਰ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਦਾ ਝੂਲਾ ਹੋਵੇਗਾ। ਹਥਲੀ ਪੁਸਤਕ ਵੀ ਇਸੇ ਤੱਥ ਨੂੰ ਸਮਰਪਿਤ ਹੈ। ਇਸ ਪੁਸਤਕ ਵਿਚ ਜਿਨ੍ਹਾਂ ਕਵੀਆਂ/ਕਵਿੱਤਰੀਆਂ ਦੀ ਚੋਣਵੀਂ ਕਵਿਤਾ ਸ਼ਾਮਿਲ ਕੀਤੀ ਗਈ ਹੈ, ਉਨ੍ਹਾਂ ਦੇ ਨਾਂਅ ਇਸ ਤਰ੍ਹਾਂ ਹਨ : ਸਰਬਜੀਤ ਸੋਹੀ, ਹਰਮਨ ਗਿੱਲ, ਸਾਵਨਦੀਪ ਆਰਫ਼, ਰੁਪਿੰਦਰ ਸੋਜ਼, ਰਵਿੰਦਰ ਨਾਗਰਾ, ਦਲਵੀਰ ਹਲਵਾਰਵੀ, ਹਰਕੀ ਵਿਰਕ, ਪ੍ਰੀਤ ਸਰਾਂ, ਰੂਪ ਸੇਖੋਂ, ਹਰਜੀਤ ਸੰਧੂ, ਪ੍ਰੀਤ ਗਿੱਲ ਅਤੇ ਰੀਤਕਾ ਅਹੀਰ। ਇਨ੍ਹਾਂ 12 ਕਵੀਆਂ ਵਿਚ 6 ਕਵਿੱਤਰੀਆਂ ਸ਼ਾਮਿਲ ਹਨ ਜੋ ਕਿ ਮਾਣ ਵਾਲੀ ਗੱਲ ਹੈ। ਇਨ੍ਹਾਂ ਕਵੀਆਂ ਵਿਚ ਕੁਝ ਨਾਂਅ ਸਥਾਨਿਕਤਾ ਦੀ ਭੀੜ 'ਚੋਂ ਉੱਭਰ ਕੇ ਸੰਸਾਰ ਪੱਧਰ 'ਤੇ ਆਪਣੀ ਪਛਾਣ ਬਣਾ ਚੁੱਕੇ ਹਨ, ਜਿਵੇਂ ਕਿ ਰੁਪਿੰਦਰ ਸੋਜ਼ ਗ਼ਜ਼ਲ ਵਿਚ ਅਤੇ ਸਰਬਜੀਤ ਸੋਹੀ ਕਵਿਤਾ ਵਿਚ।
ਇਹ ਸੱਚ ਹੈ ਕਿ ਕੋਈ ਵੀ ਕੌਮ ਆਪਣੀ ਮਾਂ ਬੋਲੀ ਤੋਂ ਟੁੱਟ ਕੇ ਬਹੁਤੀ ਦੇਰ ਜੀਅ ਨਹੀਂ ਸਕਦੀ। ਇਸ ਸੱਚ ਨੂੰ ਬ੍ਰਿਸਬੇਨ ਦੇ ਪੰਜਾਬੀਆਂ ਜਾਣ ਲਿਆ ਹੈ। ਪੁਸਤਕ ਨੂੰ ਪੰਜਾਬੀਆਂ ਦੇ ਹੱਥਾਂ ਤੱਕ ਪਹੁੰਚਾਉਣ ਵਾਲਿਆਂ ਵਿਚ ਇਥੋਂ ਦੀ ਇੰਡੋਜ ਪੰਜਾਬੀ ਸਾਹਿਤ ਸਭਾ ਦੇ ਅਹੁਦੇਦਾਰਾਂ ਤੇ ਹੋਰ ਸੁਹਿਰਦ ਪੰਜਾਬੀਆਂ ਦਾ ਧੰਨਵਾਦ ਕਰਨਾ ਬਣਦਾ ਹੈ। ਪੰਜਾਬ ਦੀ ਹਵੇਲੀ ਬਣਨ ਜਾ ਰਹੇ ਆਸਟਰੇਲੀਆ ਦੇਸ਼ ਦੇ ਕਵੀਆਂ ਦੀ ਇਸ ਪਹਿਲ ਨੂੰ ਜੀ ਆਇਆਂ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਬ੍ਰਹਿਮੰਡ ਦੇ ਆਰ ਪਾਰ
ਕਵੀ : ਅਜਾਇਬ ਕਮਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 395 ਰੁਪਏ, ਸਫ਼ੇ : 296
ਸੰਪਰਕ : 94657-64602.

ਅਜਾਇਬ ਕਮਲ ਪੰਜਾਬੀ ਕਾਵਿ ਖੇਤਰ ਦਾ ਪ੍ਰਮੁੱਖ ਹਸਤਾਖਰ ਹੈ। ਉਸ ਨੇ ਆਪਣੇ ਸਮਕਾਲੀ ਸ਼ਾਇਰਾਂ ਨਾਲ ਰਲ ਕੇ ਪੰਜਾਬੀ ਕਵਿਤਾ ਵਿਚ ਪ੍ਰਯੋਗਸ਼ੀਲ ਲਹਿਰ ਦੀ ਸ਼ੁਰੂਆਤ ਵੀ ਕੀਤੀ। ਉਸ ਦੀ ਕਵਿਤਾ ਆਧੁਨਿਕ ਮਨੁੱਖੀ ਜੀਵਨ ਦੇ ਤੀਬਰ ਅਨੁਭਵਾਂ ਤੇ ਮਨੋਭਾਵਾਂ ਨੂੰ ਤੇਜ਼ੀ ਨਾਲ ਪਕੜਨ ਦਾ ਸਿਰਜਣਾਤਮਕ ਯਤਨ ਹੈ। ਇਸ ਪੁਸਤਕ ਦੇ ਮੁੱਖ ਬੰਧ ਵਿਚ ਅਜਾਇਬ ਕਮਲ ਇਹ ਦਾਅਵਾ ਵੀ ਕਰਦਾ ਹੈ ਕਿ ਇਹ ਕਵਿਤਾ ਅੰਮ੍ਰਿਤਾ ਪ੍ਰੀਤਮ-ਮੋਹਨ ਸਿੰਘ ਦੇ ਪਤਨਸ਼ੀਲ ਕਾਵਿ ਦੇ ਉਲਟ ਇਕ ਨਵੀਂ ਕਿਸਮ ਦਾ ਸੰਚਾਰ ਪੈਦਾ ਕਰਨ ਦਾ ਯਤਨ ਕਰਦੀ ਹੈ। ਅਜਾਇਬ ਕਮਲ ਦਾ ਇਹ ਕਾਵਿ ਸੰਗ੍ਰਹਿ ਉਸ ਵਲੋਂ 21ਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ ਰਚੀਆਂ ਕਵਿਤਾਵਾਂ ਦਾ ਸੰਕਲਨ ਹੈ। ਇਹ ਦੌਰ ਵਿਸ਼ਵੀਕਰਨ, ਪੂੰਜੀਵਾਦ ਤੇ ਗਲੋਬਲਾਈਜ਼ੇਸ਼ਨ ਦੇ ਸੰਕਟਾਂ ਵਿਚੋਂ ਲੰਘ ਰਹੇ ਦੌਰ ਦੀ ਗਾਥਾ ਹੈ। ਅਜਾਇਬ ਕਮਲ ਦੀਆਂ ਕਵਿਤਾਵਾਂ ਇਨ੍ਹਾਂ ਗਲੋਬਲੀ ਵਰਤਾਰਿਆਂ ਦੇ ਪ੍ਰਸੰਗ ਵਿਚ ਆਮ ਮਨੁੱਖ ਦੀ ਦਸ਼ਾ ਤੇ ਦਿਸ਼ਾ ਦਾ ਬਿਆਨ ਕਰਦੀਆਂ ਹਨ।
ਇਹ ਉਹ ਮਹਾਂਸ਼ਬਦ ਹੈ
ਜਿਸ 'ਚੋਂ ਅੰਡ ਨਿਕਲਿਆ
ਬ੍ਰਹਿਮੰਡ ਨਿਕਲਿਆ
ਬੀਜ ਨਿਕਲਿਆ
ਬ੍ਰਹਿਮੰਡ ਨਿਕਲਿਆ....
ਇਸੇ ਗਲੋਬਲਾਈਜ਼ੇਸ਼ਨ ਦੇ ਵਰਤਾਰੇ ਵਿਚ ਫਸੇ ਆਮ ਮਨੁੱਖ ਦੀਆਂ ਦੌੜਾਂ, ਚਾਹਤਾਂ, ਸੰਭਾਵਨਾਵਾਂ ਵੀ ਸੀਮਤ ਹੋ ਕੇ ਰਹਿ ਗਈਆਂ ਹਨ। ਜੀਵਨ ਦੇ ਹੋਰ ਖੇਤਰਾਂ ਦੇ ਨਾਲ ਇਹ ਵਰਤਾਰਾ ਕਲਾ ਦੇ ਖੇਤਰ ਵਿਚ ਵੀ ਵਿਆਪਤ ਹੋ ਰਿਹਾ ਹੈ। ਇਸ ਤੋਂ ਇਲਾਵਾ ਅਜਾਇਬ ਕਮਲ ਦੇ ਇਸ ਸੰਗ੍ਰਹਿ ਵਿਚ ਔਰਤ-ਮਰਦ, ਕਵੀ-ਕਵਿਤਾ ਦੇ ਸਬੰਧਾਂ ਬਾਰੇ ਖੂਬਸੂਰਤ ਕਵਿਤਾਵਾਂ ਸ਼ਾਮਿਲ ਹਨ। ਅਜਾਇਬ ਕਮਲ ਦੇ ਤੁਰ ਜਾਣ ਤੋਂ ਬਾਅਦ ਉਸ ਦਾ ਅੰਤਿਮ ਕਾਵਿ ਸੰਗ੍ਰਹਿ ਉਸ ਦੇ ਜੀਵਨ ਤੇ ਕਵਿਤਾ ਨੂੰ ਇਕ ਵਾਰ ਫਿਰ ਪੁਨਰ-ਸਿਮਰਿਤ ਕਰਦਾ ਹੈ।

ਂਡਾ: ਅਮਰਜੀਤ ਕੌਂਕੇ।
ਫ ਫ ਫ

ਰੰਗ ਪੰਜਾਬੀ ਵਿਰਸੇ ਦੇ
ਲੇਖਕ : ਪ੍ਰਿੰ: ਬਹਾਦਰ ਸਿੰਘ ਗੋਸਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 116
ਸੰਪਰਕ : 98764-52223

ਇਸ ਪੁਸਤਕ ਵਿਚ ਪੰਜਾਬੀ ਸੱਭਿਆਚਾਰਕ ਰੰਗ ਨੂੰ ਪੇਸ਼ ਕਰਦੇ 28 ਲਘੂ ਪਰ ਭਾਵਪੂਰਤ ਲੇਖ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਲੇਖਾਂ ਵਿਚ ਜਿਥੇ ਸੱਭਿਆਚਾਰਕ ਵਸਤੂਆਂ ਅਤੇ ਰਸਮਾਂ ਰੀਤਾਂ ਦੇ ਗੁਆਚਣ ਦਾ ਹੇਰਵਾ ਹੈ, ਉਥੇ ਇਨ੍ਹਾਂ ਦੇ ਅਲੋਪ ਹੋਣ ਦੇ ਕਾਰਨ ਵੀ ਤਲਾਸ਼ ਕੀਤੇ ਗਏ ਹਨ। ਬਹੁਤੇ ਲੇਖਾਂ ਵਿਚ ਲੇਖਕ ਨੇ ਆਮ ਪਾਠਕ ਦੇ ਮਨ ਵਿਚ ਪੈਦਾ ਹੁੰਦੇ ਪ੍ਰਸ਼ਨਾਂ ਨੂੰ ਹੀ ਆਧਾਰ ਬਣਾ ਕੇ ਲੇਖਾਂ ਦੀ ਸਿਰਜਣਾ ਕੀਤੀ ਹੈ। ਇਹ ਪ੍ਰਸ਼ਨ ਉਨ੍ਹਾਂ ਪੰਜਾਬੀ ਮਨਾਂ ਵਿਚ ਹਰ ਵੇਲੇ ਖ਼ੌਰੂ ਪਾਉਂਦੇ ਹਨ, ਜਿਨ੍ਹਾਂ ਨੇ ਪੰਜਾਬ ਦੀ ਸਾਦਗੀ, ਸੁਹੱਪਣ ਅਤੇ ਸੁਰਤਾਲ ਵਾਲੀ ਰੰਗੀਨੀ ਭਰੀ ਜ਼ਿੰਦਗੀ ਦੇ ਰੰਗਾਂ ਨੂੰ ਦੇਖਿਆ ਮਾਣਿਆ ਹੈ। ਮਿਸਾਲ ਵਜੋਂ ਕਵੀ ਦਾ ਮੱਤ ਹੈ ਕਿ ਪੰਜਾਬੀ ਲੋਕ ਕਰਮਸ਼ੀਲਤਾ ਅਤੇ ਕਾਰਜਸ਼ੀਲਤਾ ਵਾਲੀ ਜ਼ਿੰਦਗੀ ਨੂੰ ਵਿਸਾਰ ਕੇ ਰੈਡੀਮੇਡ ਕਿਸਮ ਦੀ ਜ਼ਿੰਦਗੀ ਜੀਅ ਰਹੇ ਹਨ। ਲੇਖਕ ਹਰ ਅਲੋਪ ਹੋਈ ਸੱਭਿਆਚਾਰਕ ਵਸਤੂ ਅਤੇ ਰਸਮ ਨੂੰ ਨਿਵੇਕਲੀ ਸ਼ੈਲੀ ਵਿਚ ਪੇਸ਼ ਕਰਦਿਆਂ ਉਸ ਨਾਲ ਸਬੰਧਤ ਲੋਕ ਗੀਤਾਂ ਦੀਆਂ ਪੰਕਤੀਆਂ ਵੀ ਪੇਸ਼ ਕਰਦਾ ਹੈ। ਲੇਖਾਂ ਦੇ ਸਿਰਲੇਖਾਂ ਤੋਂ ਹੀ ਵਿਚਲੀ ਮੂਲ ਸੁਰ ਦੀ ਪਛਾਣ ਪਾਠਕ ਨੂੰ ਸਹਿਜ ਰੂਪ ਵਿਚ ਹੀ ਹੋ ਜਾਂਦੀ ਹੈ ਜਿਵੇਂ 'ਪੰਜਾਬੀ ਵਿਆਹਾਂ 'ਚੋਂ ਅਲੋਪ ਰਹੇ ਲੱਡੂ', 'ਪੰਜਾਬ 'ਚੋਂ ਅਲੋਪ ਹੋਇਆ ਹਵੇਲੀ ਸੱਭਿਆਚਾਰ', 'ਕਿਥੇ ਉੱਡ ਗਏ ਦੁਪੱਟੇ ਸਤਰੰਗ ਦੇ', 'ਹੁਣ ਭੁੱਲੀਆਂ ਬਰਾਤਾਂ ਢੁਕਾਅ ਕਰਨਾ', 'ਪੰਜਾਬ 'ਚੋਂ ਅਲੋਪ ਹੋਇਆ ਕੋਠਿਆਂ 'ਤੇ ਸਪੀਕਰ ਲਗਾਉਣ ਦਾ ਰਿਵਾਜ' ਆਦਿ। ਇਸ ਪੁਸਤਕ ਦੇ ਲੇਖਾਂ ਦੀ ਇਹ ਵਿਸ਼ੇਸ਼ਤਾ ਹੈ ਕਿ ਇਨ੍ਹਾਂ ਵਿਚਲੀ ਭਾਸ਼ਾ ਅਤੇ ਰਸਮਈ ਅੰਦਾਜ਼ ਪਾਠਕਾਂ ਦੀ ਸੁਹਜ ਭੁੱਖ ਦੀ ਤ੍ਰਿਪਤੀ ਵੀ ਕਰਦਾ ਹੈ ਸੱਭਿਆਚਾਰਕ ਮੋਹ ਵੀ ਜਗਾਉਂਦਾ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

32 ਪਾਕਿਸਤਾਨੀ ਕਹਾਣੀਆਂ
ਸੰਪਾਦਕ : ਜਿੰਦਰ
ਅਨੁਵਾਦ ਤੇ ਲਿਪੀਅੰਤਰ : ਮਹਿੰਦਰ ਬੇਦੀ ਜੈਤੋ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ।
ਮੁੱਲ : 250 ਰੁਪਏ, ਸਫ਼ੇ : 272
ਸੰਪਰਕ : 98148-03254.

ਪੁਸਤਕ ਵਿਚ ਦਰਜ ਸਮੂਹ ਕਹਾਣੀਆਂ ਨੂੰ ਸੰਪਾਦਕ ਨੇ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਵਿਚ ਪੇਸ਼ ਕਰਦੇ ਸਮੇਂ ਉਰਦੂ ਦੀਆਂ ਅੱਠ, ਪੰਜਾਬੀ (ਸ਼ਾਹ ਮੁਖੀ) ਦੀਆਂ ਅੱਠ, ਸਿੰਧੀ ਦੀਆਂ ਛੇ, ਬਲੋਚੀ ਦੀਆਂ ਪੰਜ ਅਤੇ ਪਸ਼ਤੋ ਭਾਸ਼ਾ ਦੀਆਂ ਪੰਜ ਕਹਾਣੀਆਂ ਅੰਕਿਤ ਕੀਤੀਆਂ ਹਨ। ਪੁਸਤਕ ਦੇ ਆਰੰਭ ਵਿਚ 'ਕੁਝ ਮੇਰੇ ਵਲੋਂ' ਸਿਰਲੇਖ ਤਹਿਤ ਪਾਕਿਸਤਾਨੀ ਸਮੁੱਚੀ ਕਹਾਣੀ ਦਾ ਸਰਵੇਖਣ ਪੇਸ਼ ਕੀਤਾ ਹੈ। ਸਮੂਹਿਕ ਰੂਪ ਵਿਚ ਇਹ ਸਾਰੀਆਂ ਕਹਾਣੀਆਂ ਸਾਂਝੇ ਹਿੰਦੁਸਤਾਨ ਦੀ ਸਦੀਆਂ ਪੁਰਾਣੀ ਭਾਈਚਾਰਕ ਸਾਂਝ, ਧਰਮ, ਭਾਸ਼ਾ ਅਤੇ ਹੱਦਬੰਦੀਆਂ ਤੋਂ ਉੱਪਰ ਉੱਠ ਕੇ ਬਣਾਈ ਏਕਤਾ ਤੋਂ ਲੈ ਕੇ ਦੇਸ਼ ਦਾ ਬਟਵਾਰਾ ਹੋਣ ਦੇ 70 ਸਾਲ ਬੀਤ ਜਾਣ ਦੇ ਕਾਲ-ਖੰਡ ਤੱਕ ਦੇ ਸਮਾਜਿਕ, ਸੱਭਿਆਚਾਰਕ, ਰਾਜਸੀ, ਧਾਰਮਿਕ ਅਤੇ ਹੋਰ ਅਨੇਕਾਂ ਪ੍ਰਕਾਰ ਦੇ ਜਨੂੰਨੀ ਸਰੋਕਾਰਾਂ ਦੀ ਤਰਜਮਾਨੀ ਕਰਦੀਆਂ ਹਨ। ਘਰ ਪਿਆਰ ਤੋਂ ਲੈ ਕੇ ਸਮਾਜਿਕ ਵਰਤਾਰੇ, ਰਾਜਸੀ ਨੇਤਾਵਾਂ ਦੀਆਂ ਚਾਲਬਾਜ਼ੀਆਂ, ਦੰਭੀ ਧਾਰਮਿਕ ਲੜਾਈਆਂ, ਭਾਸ਼ਾਈ ਵਿਤਕਰਿਆਂ ਅਤੇ ਵੰਡ ਵੰਡਾਈਏ ਦੀਆਂ ਅਨੇਕਾਂ ਅਸੰਗਤੀਆਂ ਜੋ ਮਨੁੱਖ ਦਾ ਅੰਦਰੂਨੀ ਅਤੇ ਬਾਹਰੀ ਚਰਿੱਤਰ ਵਿਗਾੜ ਰਹੀਆਂ ਹਨ, ਉਨ੍ਹਾਂ ਨਾਲ ਸੰਬੰਧਿਤ ਸਭਨਾਂ ਸਰੋਕਾਰਾਂ ਦਾ ਇਹ ਕਹਾਣੀਆਂ ਦਰਪਣ ਹਨ।
ਕਹਾਣੀਆਂ ਵਿਚ ਉਲੇਖ ਹੈ ਕਿ ਜਿਸ ਘਰ ਵਿਚ ਦੌਲਤ, ਸ਼ਰਾਫ਼ਤ ਅਤੇ ਮੁਹੱਬਤ ਦੀ ਘਾਟ ਰਹੇ ਉਥੇ ਸ਼ੰਕੇ, ਕਲੇਸ਼ ਅਤੇ ਦੁੱਖ ਪਸਰ ਜਾਂਦੇ ਹਨ। ਇਸੇ ਤਰ੍ਹਾਂ ਦੇਸ਼ ਦੀ ਵੰਡ ਸਮੇਂ ਇਧਰਲੇ ਅਤੇ ਉਧਰਲੇ ਬਸ਼ਿੰਦਿਆਂ ਨੇ ਜੋ ਨੈਤਿਕ ਹੀਣਤਾ ਵੇਖੀ, ਕਤਲੋਗਾਰਤ ਸਹੀ, ਆਪਣਿਆਂ ਤੋਂ ਬੇਵਿਸ਼ਵਾਸੀ ਵੇਖੀ ਅਤੇ ਸਹਿਕ ਸਿੱਤਮ ਅਤੇ ਤਸ਼ੱਦਦ ਨੂੰ ਜ਼ਰਿਆ ਪਰ ਫਿਰ ਵੀ ਆਸ਼ਾਵਾਦੀ ਹੁੰਦਿਆਂ ਆਪਣੀ ਸਾਂਝ ਦੇ ਪੁਲ ਬੰਨ੍ਹਣ ਦੀ ਕੋਸ਼ਿਸ਼ ਕੀਤੀ ਆਦਿ ਸਾਰੇ ਵਿਸ਼ਿਆਂ ਨੂੰ ਇਹ ਕਹਾਣੀਆਂ ਸਰਲ ਅਤੇ ਸਪੱਸ਼ਟ ਭਾਸ਼ਾ ਵਿਚ ਬਿਆਨ ਕਰਦੀਆਂ ਪ੍ਰਤੀਤ ਹੁੰਦੀਆਂ ਹਨ।

ਂਡਾ: ਜਗੀਰ ਸਿੰਘ ਨੂਰ
ਮੋ: 98142-09732
ਫ ਫ ਫ

ਤਪਦਾ ਪੈਂਡਾ
ਲੇਖਕ : ਜਸਵਿੰਦਰ ਜੱਸ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 120 ਰੁਪਏ, ਸਫ਼ੇ : 96
ਸੰਪਰਕ : 88722-13700

'ਤਪਦਾ ਪੈਂਡਾ' ਪੰਜਾਬ ਦੇ ਮਾਲਵੇ ਖੇਤਰ ਦੇ ਨਿਮਨ ਕਿਸਾਨੀ ਪਰਿਵਾਰਕ ਜੀਵਨ ਦੀਆਂ ਟੁੱਟ-ਭੱਜ ਰਹੀਆਂ ਕਦਰਾਂ-ਕੀਮਤਾਂ, ਬੇਰੁਜ਼ਗਾਰੀ ਅਤੇ ਗ਼ਰੀਬੀ ਕਾਰਨ ਉਪਜੀਆਂ ਪਰਿਵਾਰਕ ਅਤੇ ਸਮਾਜਿਕ ਸਮੱਸਿਆਵਾਂ ਅਤੇ ਕਰਜ਼ੇ ਦੀ ਮਾਰ ਝਲਦੇ ਕਿਸਾਨ ਪਰਿਵਾਰਾਂ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਦਾ ਯਥਾਰਥਕ ਰੂਪ ਦਰਸਾਉਣ ਵਾਲਾ ਨਾਵਲ ਹੈ। ਇਸ ਨਾਵਲ ਦਾ ਨਾਇਕ ਜੀਵਨ ਇਕ ਅਜਿਹਾ ਮਰਜੀਵੜਾ ਹੈ ਜੋ ਗ਼ਰੀਬੀ, ਬੇਰੁਜ਼ਗਾਰੀ ਦੀ ਮਾਰ ਝਲਦਾ ਹੋਇਆ ਕਈ ਕਿਸਮ ਦੇ ਕੰਮ ਕਰਦਾ ਹੈ, ਆਪਣਾ ਪਰਿਵਾਰਕ ਜੀਵਨ ਜੀਣ ਲਈ, ਆਪਣੇ ਆਦਰਸ਼ਾਂ 'ਤੇ ਕਾਇਮ ਰਹਿੰਦਾ ਹੋਇਆ ਸੰਘਰਸ਼ ਕਰਦਾ ਹੈ, ਡੋਲਦਾ ਨਹੀਂ। ਨਾਵਲ ਦੀ ਕਥਾ ਉਸ ਦੇ ਵਿਆਹ ਸਮਾਗਮ ਤੋਂ ਆਰੰਭ ਹੁੰਦੀ ਹੈ। ਉਹ ਬਠਿੰਡਾ ਸ਼ਹਿਰ ਵਿਚ ਇਕ ਪੁਰਾਣੀ ਹਵੇਲੀ ਵਿਚ ਆਪਣੇ ਮਾਪਿਆਂ ਨਾਲ ਕਿਰਾਏ 'ਤੇ ਰਹਿੰਦਾ ਹੈ। ਜੀਵਨ 27 ਵਰ੍ਹਿਆਂ ਦਾ ਜਾਗਰੂਪ ਨੌਜਵਾਨ ਹੈ, ਉਹ ਬੇਰੁਜ਼ਗਾਰ ਹੈ, ਘਰ ਵਿਚ ਗ਼ਰੀਬੀ ਹੈ। ਇਸ ਦੇ ਬਾਵਜੂਦ ਉਸ ਦੇ ਮਾਪੇ 18 ਵਰ੍ਹਿਆਂ ਦੀ ਮਾਸੂਮ, ਖੂਬਸੂਰਤ, ਅੱਲ੍ਹੜ ਮੁਟਿਆਰ ਹਰਪ੍ਰੀਤ ਨਾਲ ਉਸ ਦਾ ਵਿਆਹ ਕਰ ਦਿੰਦੇ ਹਨ। ਉਹ ਨਿਮਨ ਕਿਸਾਨੀ ਪਰਿਵਾਰ ਦੇ ਚੰਗੇ ਤੇ ਖੁੱਲ੍ਹੇ-ਡੁੱਲ੍ਹੇ ਸੁਭਾਅ ਦੀ ਮਾਲਕ ਹੈ ਜੋ ਜੀਵਨ ਦੇ ਹਰ ਦੁੱਖ-ਸੁੱਖ ਵਿਚ ਉਸ ਦਾ ਸਾਥ ਦਿੰਦੀ ਹੈ। ਜੀਵਨ ਦੇ ਬੇਰੁਜ਼ਗਾਰ ਹੋਣ ਕਾਰਨ ਅਤੇ ਘਰ ਦੀ ਗ਼ਰੀਬੀ ਸਦਕਾ ਉਸ ਦੇ ਪਰਿਵਾਰ ਵਿਚ ਜਿਹੜਾ ਮਾਨਸਿਕ ਤਣਾਅ ਅਤੇ ਕਲ੍ਹਾ-ਕਲੇਸ਼ ਪੈਦਾ ਹੁੰਦਾ ਹੈ, ਉਸ ਨੂੰ ਨਾਵਲਕਾਰ ਨੇ ਅਤਿ ਬਾਰੀਕੀ ਨਾਲ ਬਿਆਨ ਕੀਤਾ ਹੈ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

30/09/2017

ਕਵੀ ਤੇ ਗਿਰਗਿਟ
ਲੇਖਕ : ਪਰਨਦੀਪ ਕੈਂਥ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੋਹਾਲੀ, ਚੰਡੀਗੜ੍ਹ
ਮੁੱਲ : 295 ਰੁਪਏ, ਸਫ਼ੇ : 200
ਸੰਪਰਕ : 80544-18929.

ਪਰਨਦੀਪ ਕੈਂਥ ਨੇ ਆਪਣੀ ਪਲੇਠੀ ਕਾਵਿ-ਪੁਸਤਕ 'ਕਵੀ ਤੇ ਗਿਰਗਿਟ' ਰਾਹੀਂ ਪੰਜਾਬੀ ਕਾਵਿ-ਜਗਤ 'ਚ ਅਚੰਭਿਤ ਕਰਨ ਵਾਲੀ ਸ਼ੈਲੀ ਰਾਹੀਂ ਦਸਤਕ ਦਿੱਤੀ ਹੈ। ਉਸ ਨੇ ਇਹ ਕਾਵਿ ਪੁਸਤਕ 'ਬਿਰਧਾਂ ਦੇ ਬਿਰਦ ਦੇ ਨਾਂਅ!' ਕੀਤੀ ਹੈ। ਪਹਿਲੀ ਨਜ਼ਰੇ ਇਹ ਕਾਵਿ-ਪੁਸਤਕ ਸਨਸਨੀ ਪੈਦਾ ਕਰਨ ਵਾਲੀ ਜਾਪਦੀ ਹੈ ਪਰ ਅਜਿਹਾ ਨਹੀਂ ਹੈ। ਇਸ ਕਾਵਿ-ਸੰਗ੍ਰਹਿ ਵਿਚ 'ਬਿੰਦੀ' ਨਜ਼ਮ ਹੈ। ਬਿੰਦੀ ਦੇ ਪਾਸਾਰ ਦੀ ਕੋਈ ਸੀਮਾ ਨਹੀਂ। ਇਹ ਅਨੰਤ ਹੈ। ਇਸ ਦੇ ਵੀ ਦੋਵੇਂ ਪਾਸਾਰ ਹੋ ਸਕਦੇ ਹਨ : ਸਾਕਾਰਾਤਮਿਕ ਅਤੇ ਨਾਕਾਰਾਤਮਿਕ। ਦੇਖਣਾ ਹੈ ਕਿ ਸੰਵੇਦਨਸ਼ੀਲ ਮਨੁੱਖ ਕਿਸ ਧਿਰ ਨਾਲ ਖੜ੍ਹਦਾ ਹੈ। ਅਕਸਰ ਸੰਵੇਦਨਸ਼ੀਲ ਕਹੇ ਜਾਂਦੇ ਵਿਅਕਤੀਤਵ ਹੀ ਥਿੜਕਣ ਦੀ ਜੱਦ 'ਚ ਆਉਂਦੇ ਰਹੇ ਹਨ। 'ਕਵੀ ਤੇ ਗਿਰਗਿਟ' ਨਜ਼ਮ 'ਚ ਪਰਨਦੀਪ ਕੈਂਥ ਕੋਈ ਫ਼ਰਕ ਨਹੀਂ ਸਮਝਦਾ। ਉਸ ਅਨੁਸਾਰ ਦੋਵੇਂ ਹੀ ਰੰਗ ਬਦਲਦੇ ਹਨ। ਇਕ ਆਪਣੇ ਵਿਅਕਤੀਗਤ ਸੰਕਟ 'ਚੋਂ ਨਿਕਲਣ ਲਈ ਅਤੇ ਦੂਜਾ ਹਾਲਾਤ ਦੇ ਅਨੁਸਾਰ ਆਪਣੀ ਕਵਿਤਾ ਰਚਦਾ ਹੈ। ਇਸ ਦਾ ਉੁੱਤਰ ਉਹ 'ਦਬੰਗ ਸਾਹਿਤਕਾਰ...' ਨਜ਼ਮ 'ਚ ਦਿੰਦਾ ਹੈ :
ਕੁੱਲ ਕਾਇਨਾਤ ਦੇ ਜੁ ਲੇਖ ਹੈ ਲਿਖਦਾ
ਉਹ ਸਿਰਫ ਤੇ ਸਿਰਫ
ਦਬੰਗ ਸਾਹਿਤਕਾਰ ਕਹਿਲਾਏ...
ਇਨ੍ਹਾਂ ਨਜ਼ਮਾਂ ਵਿਚ ਵਰਤੇ ਚਿਨ੍ਹਾਂ !!!!!, +, -, %, ****, , ੰ #, '' ਦੇ ਗਣਿਤ ਅਤੇ ਵਿਆਕਰਨ 'ਚ ਨਿਸਚਿਤ ਅਰਥ ਹੋ ਸਕਦੇ ਹਨ ਪਰ ਇਨ੍ਹਾਂ ਚਿੰਨ੍ਹਾਂ ਦੇ ਅਰਥ ਸਾਹਿਤ 'ਚ ਨਿਸਚਿਤ ਨਹੀਂ ਰਹਿ ਸਕਦੇ ਕਿਉਂਕਿ ਸਾਹਿਤ ਮਨੁੱਖੀ ਜ਼ਿੰਦਗੀ 'ਚ ਬਣੇ ਰਿਸ਼ਤਿਆਂ 'ਚ ਮਨਫ਼ੀ ਜਾਂ ਜਮ੍ਹਾਂ ਜਾਂ ਤਕਸੀਮ ਜਾਂ ਜਰਬ, ਉਸ ਤਰ੍ਹਾਂ ਨਹੀਂ ਹੋ ਸਕਦੇ ਜਿਸ ਤਰ੍ਹਾਂ ਇਨ੍ਹਾਂ ਦੇ ਅਰਥ ਸ਼ਬਦ ਕੋਸ਼ਾਂ ਵਿਚ ਦਰਜ ਹਨ :
ਮੇਰੇ ਮੌਲਾ !!!!
ਮੈਨੂੰ ਮੇਰੇ ਹਾਣ ਦੇ ਸ਼ਬਦ ਬਖ਼ਸ਼ਦੇ
ਮੈਂ ਕੀ ਕਰਨੇ
ਸ਼ਬਦ-ਕੋਸ਼ ਦੇ ਗੁਲਾਮ
ਅਲਫ਼ਾਜਾਂ ਦੇ ਜੋੜ ਤੋੜ
+ -- % ****
ਨਜ਼ਮਾਂ 'ਚ ਸੰਬਾਦਕ-ਵਿਧੀ ਦੀ ਖੂਬ ਵਰਤੋਂ ਹੈ। ਨਜ਼ਮਾਂ ਦੇ ਵਿਸ਼ਿਆਂ ਦੇ ਅਨੁਕੂਲ ਦਬੰਗ ਸ਼ਬਦਾਵਲੀ ਦੀ ਖੂਬ ਵਰਤੋਂ ਹੈ, ਨਾਲ ਅੰਗਰੇਜ਼ੀ ਸ਼ਬਦਾਵਲੀ ਦੀ ਵੀ। ਪੁਸਤਕ ਦਾ ਸਿਰਲੇਖ 'ਕਵੀ ਤੇ ਗਿਰਗਿਟ' ਵੀ (!) ਚਿੰਨ੍ਹ ਦੀ ਵਰਤੋਂ ਨਾਲ ਅਚੰਭਿਤ ਕਰਦਾ ਹੈ। ਪੁਸਤਕ ਪੜ੍ਹਨਯੋਗ ਹੈ, ਉਨ੍ਹਾਂ ਲਈ ਜੋ ਚਿੰਤਨ ਨਾਲ ਜੁੜੇ ਹੋਏ ਹਨ। ਆਮ ਪਾਠਕਾਂ ਲਈ ਇਹ ਪੁਸਤਕ ਅਕਾਊ ਵੀ ਹੋ ਸਕਦੀ ਹੈ।

-ਸੰਧੂ ਵਰਿਆਣਵੀ (ਪ੍ਰੋ:)
ਮੋ: 98786-14096.


ਸ.ਸ. ਮੀਸ਼ਾ ਸੰਪੂਰਨ ਕਾਵਿ
ਸੰਪਾਦਕ : ਗੁਲਜ਼ਾਰ ਸਿੰਘ ਸੰਧੂ
ਸ੍ਰੀਮਤੀ ਸੁਰਿੰਦਰ ਕੌਰ ਮੀਸ਼ਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੋਹਾਲੀ
ਮੁੱਲ : 350 ਰੁਪਏ, ਸਫ਼ੇ : 282
ਸੰਪਰਕ : 98157-37548.

ਵਿਚਾਰਾਧੀਨ ਸੰਗ੍ਰਹਿ ਵਿਚ ਪੰਜਾਬੀ ਦੇ ਵਿਲੱਖਣ ਕਵੀ ਸ੍ਰੀ ਸ.ਸ. ਮੀਸ਼ਾ ਦੀ ਸਮੁੱਚੀ ਕਾਵਿ ਰਚਨਾ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਮੀਸ਼ਾ ਸਾਹਿਬ ਨੇ 1952-53 ਈ: ਵਿਚ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਉਹ 1986 ਈ: ਵਿਚ ਹੋਈ ਆਪਣੀ ਮ੍ਰਿਤੂ ਤੱਕ ਕਾਵਿ-ਸਿਰਜਣਾ ਨਾਲ ਨਿਰੰਤਰ ਜੁੜਿਆ ਰਿਹਾ ਪਰ ਸਾਢੇ ਤਿੰਨ ਦਹਾਕਿਆਂ ਵਿਚ ਫੈਲੇ ਆਪਣੇ-ਆਪਣੇ ਕਾਵਿਕ-ਸਫ਼ਰ ਦੌਰਾਨ ਉਸ ਦੀਆਂ 'ਸਾਢੇ ਤਿੰਨ ਪੁਸਤਕਾਂ' ਹੀ ਪ੍ਰਕਾਸ਼ਿਤ ਹੋਈਆਂ। 'ਚੁਰਸਤਾ' (1961), 'ਦਸਤਕ' (1966) ਅਤੇ 'ਕੱਚ ਦੇ ਵਸਤਕ' (1977) ਤੋਂ ਬਾਅਦ 'ਚਪਲ ਚੇਤਨਾ' (2012) ਉਸ ਦੀ ਮ੍ਰਿਤੂ ਉਪਰੰਤ 2012 ਈ: ਵਿਚ ਪ੍ਰਕਾਸ਼ਿਤ ਹੋਈ। ਪ੍ਰੋ: ਸੰਤ ਸਿੰਘ ਸੇਖੋਂ ਨੇ ਮੀਸ਼ਾ ਨੂੰ 'ਧੀਮੇ ਬੋਲਾਂ ਵਾਲਾ ਸ਼ਾਇਰ' ਕਿਹਾ ਸੀ ਪਰ ਅਸਲ ਵਿਚ ਉਹ 'ਧੀਮੀ ਗਤੀ ਵਾਲਾ ਸ਼ਾਇਰ' ਸੀ। ਉਹ ਮੱਧ ਸ਼੍ਰੇਣੀ ਦਾ ਕਵੀ ਸੀ। ਉਹ ਕਿਸੇ ਵੀ ਗਰੈਂਡ-ਨੈਰੇਟਿਵ ਨੂੰ ਆਪਣੀ ਕਵਿਤਾ ਵਿਚ ਸਥਾਨ ਨਹੀਂ ਸੀ ਦਿੰਦਾ ਬਲਕਿ ਮੱਧ ਸ਼੍ਰੇਣੀ ਦੇ ਲਘੂ-ਨੈਰੇਟਿਵਜ਼ ਨੂੰ ਹੀ ਆਪਣੀ ਕਵਿਤਾ ਵਿਚ ਉਤਾਰਦਾ ਸੀ। ਉਸ ਨੂੰ ਦੋਗਲੇ, ਪਾਖੰਡੀ ਅਤੇ ਕੁਲੀਨ-ਵਰਗੀ ਚਰਿੱਤਰ ਵਾਲੇ ਬੰਦੇ ਚੰਗੇ ਨਹੀਂ ਸੀ ਲਗਦੇ।
ਬੇਸ਼ੱਕ ਉਸ ਦਾ ਅੰਤ ਦੁਖਾਂਤਿਕ ਸੀ ਪਰ ਉਹ ਜੀਵਨ ਨੂੰ ਬੇਹੱਦ ਪਿਆਰ ਕਰਦਾ ਸੀ। ਉਹ ਪ੍ਰਤੀਰੋਧ ਦਾ ਕਵੀ ਸੀ, ਭਾਵੇਂ ਵਿਦਰੋਹੀ ਨਹੀਂ ਸੀ। ਉਹ ਬਹੁਤ ਸੰਵੇਦਨਸ਼ੀਲ ਸੀ। ਕਿਸੇ ਦੀ ਜ਼ਰਾ ਜਿੰਨੀ ਅਵੱਗਿਆ ਉੱਪਰ ਤੜਪ ਉੱਠਦਾ ਸੀ ਅਤੇ ਫਿਰ 'ਚੀਕ ਬੁਲਬੁਲੀ' ਦੁਆਰਾ ਆਪਣੇ ਗੁੱਸੇ ਦਾ ਇਜ਼ਹਾਰ ਕਰਦਾ ਸੀ। ਪੁਸਤਕ ਦੇ ਅੰਤ ਵਿਚ ਡਾ: ਬਰਜਿੰਦਰ ਸਿੰਘ ਹਮਦਰਦ ਨਾਲ ਕੀਤਾ ਗਿਆ 'ਸਾਖਿਆਤਕਾਰ' ਇਸ ਪੁਸਤਕ ਦੇ ਮੁੱਲ ਅਤੇ ਮਹੱਤਵ ਵਿਚ ਵਾਧਾ ਕਰਦਾ ਹੈ। ਸੰਤ ਸਿੰਘ ਸੇਖੋਂ ਦੁਆਰਾ ਉਸ ਦੀ ਇਕ ਪੁਸਤਕ 'ਧੀਮੇ ਬੋਲ' (ਸੰਪਾਦਿਤ) ਦੀ ਲਿਖੀ ਭੂਮਿਕਾ ਵੀ ਮੀਸ਼ਾ-ਕਾਵਿ ਬਾਰੇ ਕਾਫੀ ਮਹੱਤਵਪੂਰਨ ਟਿੱਪਣੀਆਂ ਕਰਦੀ ਹੈ।
ਗੁਲਜ਼ਾਰ ਸਿੰਘ ਸੰਧੂ ਮੀਸ਼ੇ ਦਾ ਜਿਗਰੀ ਯਾਰ ਰਿਹਾ ਹੈ ਅਤੇ ਸ੍ਰੀਮਤੀ ਸੁਰਿੰਦਰ ਮੀਸ਼ਾ ਉਨ੍ਹਾਂ ਦੀ ਸੁਪਤਨੀ ਹੈ। ਦੋਵੇਂ ਅਣਹੋਣੀ ਨੂੰ ਪ੍ਰਵਾਨ ਕਰ ਕੇ ਸਬਰ ਦੇ ਘੁੱਟ ਭਰੀ ਬੈਠੇ ਹਨ। ਤਾਂ ਵੀ ਏਨੀ ਬਹੁਮੁੱਲੀ ਪੁਸਤਕ ਨੂੰ ਪ੍ਰਕਾਸ਼ਿਤ ਕਰ ਕੇ ਉਨ੍ਹਾਂ ਨੇ ਪੰਜਾਬੀ ਪਾਠਕਾਂ ਦਾ ਮਨ ਮੋਹ ਲਿਆ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਅਗਿਆਤ ਦੀ ਲੀਲਾ
ਲੇਖਕ : ਗੁਰਬਖਸ਼ ਜੱਸ
ਪ੍ਰਕਾਸ਼ਕ : ਸ਼ਿਲਪੀ ਪ੍ਰਕਾਸ਼ਨ, ਪਾਸ਼ਟਾਂ, ਕਪੂਰਥਲਾ।
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 94647-35836.

ਹਥਲੇ ਸੰਗ੍ਰਹਿ ਵਿਚ ਗੁਰਬਖਸ਼ ਸਿੰਘ ਜੱਸ ਦੀਆਂ ਸੰਤਾਲੀ ਛੋਟੀਆਂ-ਵੱਡੀਆਂ ਖੁੱਲ੍ਹੀਆਂ ਕਵਿਤਾਵਾਂ ਦਰਜ ਹਨ। ਇਹ ਕਵਿਤਾਵਾਂ ਮਾਨਵ ਪ੍ਰਾਣੀ ਦੇ ਸੰਸਾਰ ਵਿਚ ਬਾਹਰੀ ਕਾਰਜਾਂ ਦਾ ਪ੍ਰਗਟਾਵਾ ਵੀ ਹਨ ਅਤੇ ਉਸ ਦੇ ਅੰਦਰ ਮਚੀ ਹੋਈ ਖਲਬਲੀ ਦਾ ਵੀ ਸ਼ਾਬਦਿਕ ਚਿੱਤਰ ਹਨ। ਅਜੋਕਾ ਮਨੁੱਖ ਭੁੱਲ ਚੁੱਕਾ ਹੈ ਕਿ ਉਸ ਦੀ ਅਸਲ ਹੋਂਦ ਕੀ ਹੈ? ਉਹ ਉੱਤਮ ਅਤੇ ਨੀਚ ਦੀ ਮਿੱਥ ਵਿਚਕਾਰ ਲਟਕ ਰਿਹਾ ਹੈ ਅਤੇ ਆਪਣੀ 'ਮੈਂ' ਈਰਖਾ ਦੀ ਬਿਰਤੀ, ਸੁਆਰਥੀ ਨਿੱਜ ਦੀ ਭੱਠੀ ਵਿਚ ਝੁਲਸ ਰਿਹਾ ਹੈ। ਇਹ ਮਨੁੱਖ ਅਗਿਆਤ ਹੁੰਦਾ ਹੋਇਆ ਵੀ ਗਿਆਤਾ ਹੋਣ ਦਾ ਦੰਭ ਪਾਲ ਰਿਹਾ ਹੈ। ਆਪਣਾਪਨ,ਆਪਣੀ ਜਿੱਤ, ਆਪਣੇ ਗਿਆਨ ਦੇ ਦੰਭ ਨੂੰ ਪਾਲਦਾ ਹੋਇਆ ਆਪਣੇ ਅੰਦਰਲੇ ਘਰ ਤੋਂ ਬੇਘਰ ਹੋ ਚੁੱਕਾ ਹੈ। ਅਜਨਬੀਪਣ , ਹੰਕਾਰ ਅਤੇ ਝੂਠ ਇਸ ਵਿਚ ਏਨੇ ਹਾਵੀ ਹੋ ਚੁੱਕੇ ਹਨ ਕਿ ਉਸ ਨੂੰ ਆਪਣਾ ਜੀਵਨ ਰਹੱਸ ਸਮਝ ਨਹੀਂ ਆਉਂਦਾ। ਕਵੀ ਦਾ ਬੜਾ ਵਧੀਆ ਫੁਰਮਾਨ ਹੈ ਕਿ 'ਜਿਸ ਨੂੰ ਇਹ ਗਿਆਨ ਹੋ ਗਿਆ, ਮੈਨੂੰ ਕੁਝ ਨਹੀਂ ਪਤਾ, ਉਹੀ ਹੈ ਸਭ ਤੋਂ ਵੱਡਾ ਗਿਆਨੀ ਸਭ ਤੋਂ ਵੱਡਾ ਧਿਆਨੀ।' ਕਵੀ ਜੱਸ ਦਾ ਮੰਨਣਾ ਹੈ ਕਿ ਅਗਿਆਤ ਦਾ ਅਲੌਕਿਕ ਜਗਤ ਭਾਲਣ ਵਿਚੋਂ ਹੀ ਗਿਆਨ ਹੋ ਸਕਦਾ ਹੈ। ਕਵੀ ਦਾ ਬਾਖੂਬੀ ਬਿਆਨ ਹੈ ਕਿ ਅਜੋਕਾ ਮਨੁੱਖ ਹਿੰਦੂ, ਸਿੱਖ, ਇਸਾਈ ਅਤੇ ਮੁਸਲਮਾਨ ਆਦਿ ਵਰਗਾਂ ਵਿਚ ਤਾਂ ਘਿਰਿਆ ਹੋਇਆ ਹੈ ਪਰੰਤੂ ਬੁੱਧ, ਮਹਾਂਵੀਰ, ਈਸਾ, ਨਾਨਕ ਅਤੇ ਹੋਰ ਪੈਗੰਬਰਾਂ ਤੇ ਪੀਰਾਂ ਫ਼ਕੀਰਾਂ ਦੀਆਂ ਸਿੱਖਿਆਵਾਂ ਭੁੱਲ ਚੁੱਕਿਆ ਹੈ। ਕਵੀ ਦਾ ਸੁਨੇਹਾ ਬਲਵਾਨ ਹੈ ਕਿ ਮਨੁੱਖ ਦੇ ਸੋਝੀਵਾਨ ਹੋ ਕੇ ਪ੍ਰਕਿਰਤੀ ਦੇ ਰਹੱਸ ਨੂੰ ਸਮਝ ਲੈਣ ਅਤੇ ਦੇਸ਼ ਕੌਮ ਦੀਆਂ ਵਲਗਣਾਂ ਤੋਂ ਉਪਰ ਉੱਠ ਕੇ ਆਪਣੀ ਹੀ ਨਹੀਂ ਦੂਜੇ ਦੀ ਹੋਂਦ ਨੂੰ ਵੀ ਸਵੀਕਾਰ ਕਰਨਾ ਚਾਹੀਦਾ ਹੈ।

-ਡਾ: ਜਗੀਰ ਸਿੰਘ ਨੂਰ
ਮੋ: 98142-09732


ਕਿੱਸਾ ਇੰਦਰ ਬੇਗੋ
ਲੇਖਕ : ਸ਼ੇਰ ਸਿੰਘ ਸ਼ੇਰਪੁਰੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ।
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 94785-82534.

'ਇੰਦਰ ਬੇਗੋ' ਪੰਜਾਬੀ ਲੋਕ ਮਾਨਸ ਦੇ ਚੇਤਿਆਂ ਵਿਚ ਵਸੀ ਜਜ਼ਬਾਤੀ ਪਿਆਰ ਅਤੇ ਕੁਰਬਾਨੀ ਦੀ ਪ੍ਰੀਤ ਕਥਾ ਹੈ, ਜੋ ਲਾਹੌਰ ਵਿਖੇ 20ਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਵਾਪਰਦੀ ਹੈ। ਰਾਵੀ ਪਾਰ ਵਸੇ ਸੱਸਾ ਪਿੰਡ ਦੇ ਜ਼ਿਮੀਂਦਾਰ ਕਿਸ਼ਨ ਸਿੰਘ ਦੀ ਅਲਬੇਲੀ ਧੀ ਬੇਗੋ ਆਪਣੇ ਪਿੰਡ ਦੀਆਂ ਅੱਲ੍ਹੜ ਮੁਟਿਆਰਾਂ ਨਾਲ ਫੁਲਕਾਰੀ ਲਈ ਰੇਸ਼ਮੀ ਪੱਟ ਖਰੀਦਣ ਲਾਹੌਰ ਜਾਂਦੀ ਹੈ। ਇੰਦਰ ਬਜਾਜ ਬੇਗੋ ਦੇ ਹੁਸਨ ਦੀ ਤਾਬ ਨਾ ਝਲਦਾ ਹੋਇਆ ਉਸ 'ਤੇ ਅਜਿਹਾ ਫਿਦਾ ਹੋ ਜਾਂਦਾ ਹੈ ਕਿ ਮੁਟਿਅਰਾਂ ਨੂੰ ਮੁਫ਼ਤੋ-ਮੁਫ਼ਤ ਕੱਪੜੇ ਹੀ ਨਹੀਂ ਦਿੰਦਾ ਬਲਕਿ ਮਖੌਲ-ਮਖੌਲ ਵਿਚ ਬੇਗੇ ਦੇ ਕਹੇ 'ਤੇ ਦੁਕਾਨ ਨੂੰ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾ ਦਿੰਦਾ ਹੈ। ਤੇ ਬੇਗੋ ਨਾਲ ਜਾਣ ਦੀ ਜ਼ਿੱਦ ਕਰਦਾ ਹੈ...। ਉਹ ਤਾਂ ਬੇਗੋ ਦੇ ਕਹੇ 'ਤੇ ਜਾਨ ਵਾਰਨ ਲਈ ਵੀ ਤਿਆਰ ਹੈ...। ਬੇਗੋ ਦੇ ਕਹੇ 'ਤੇ ਇੰਦਰ ਰਾਵੀ ਦਰਿਆ ਵਿਚ ਛਾਲ ਮਾਰ ਦਿੰਦਾ ਹੈ। ਉਸ ਦੇ ਛਾਲ ਮਾਰਨ 'ਤੇ ਬੇਗੋ ਵੀ ਝੰਜੋੜੀ ਜਾਂਦੀ ਹੈ ਤੇ ਉਹ ਵੀ ਰਾਵੀ ਵਿਚ ਛਾਲ ਮਾਰ ਕੇ ਜਾਨ ਕੁਰਬਾਨ ਕਰ ਦਿੰਦੀ ਹੈ। ਸ਼ੇਰਪੁਰੀ ਇਸ ਕਥਾ ਨੂੰ ਮੋੜ ਦਿੰਦਾ ਹੈ, ਉਸ ਅਨੁਸਾਰ ਬੇਗੋ ਪਹਿਲਾਂ ਕੱਲੀ ਜਾਂਦੀ ਹੈ ਤੇ ਇੰਦਰ ਤੋਂ ਸੌਦਾ ਉਧਾਰ ਵੀ ਲੈਂਦੀ ਹੈ ਤੇ ਮੁੜ 15 ਦਿਨਾਂ ਮਗਰੋਂ ਆਪਣੀਆਂ ਸਹੇਲੀਆਂ ਨਾਲ ਜਾਂਦੀ ਹੈ। ਇਸੇ ਦਿਨ ਦੁਕਾਨ ਨੂੰ ਅੱਗ ਲਗਾਉਣ ਦੀ ਘਟਨਾ ਵਾਪਰਦੀ ਹੈ। ਜਦੋਂ ਇੰਦਰ ਬੇਗੋ ਦਾ ਪਿੱਛਾ ਕਰਦਾ ਹੈ ਤਾਂ ਮੁਟਿਆਰਾਂ ਉਸ ਨੂੰ ਆਖ ਦਿੰਦੀਆਂ ਹਨ ਕਿ ਬੇਗੋ ਨੇ ਤਾਂ ਰਾਵੀ ਵਿਚ ਛਾਲ ਮਾਰ ਦਿੱਤੀ ਹੈ ਤੇ ਉਹ ਝਟ ਰਾਵੀ ਵਿਚ ਛਾਲ ਮਾਰ ਦਿੰਦਾ ਹੈ। ਮਗਰੋਂ ਬੇਗੋ ਵੀ ਛਾਲ ਮਾਰ ਦਿੰਦੀ ਹੈ। ਦੋਵੇਂ ਰਾਵੀ ਵਿਚ ਡੁੱਬ ਜਾਂਦੇ ਹਨ।
ਸ਼ੇਰ ਸਿੰਘ ਸ਼ੇਰਪੁਰੀ ਸੰਵੇਦਨਸ਼ੀਲ ਕਿੱਸਾਕਾਰ ਹੈ। ਉਸ ਨੇ ਕਹਾਣੀ ਦੀ ਤੰਦ ਜੋੜਦਿਆਂ ਉਸ ਸਮੇਂ ਦੇ ਸਮਾਜਿਕ ਸਰੋਕਾਰਾਂ, ਸਮੇਂ-ਸਮੇਂ ਵਾਪਰੇ ਰਾਜਸੀ ਵਰਤਾਰਿਆਂ ਦੇ ਯਥਾਰਥ ਨੂੰ ਵੀ ਅਤਿ ਰੌਚਿਕ ਅਤੇ ਸੁਹਜਮਈ ਅੰਦਾਜ਼ ਵਿਚ ਬਿਆਨ ਕਰਕੇ ਇਸ ਰਚਨਾ ਨੂੰ ਮਹੱਤਵਪੂਰਨ ਬਣਾ ਹੈ ਅਤੇ ਮੁਹੱਬਤੀ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।

-ਸੁਖਦੇਵ ਮਾਦਪੁਰੀ
ਮੋ: 94630-34472.


ਸਾਹਿਤ ਪਰਿਚਰਚਾ
ਲੇਖਕ : ਡਾ: ਗੁਰਬਚਨ ਸਿੰਘ ਰਾਹੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 192
ਸੰਪਰਕ : 98780-36188.

ਪੁਸਤਕ ਦੀ (ਭੂਮਿਕਾ) ਆਰੰਭਿਕ ਸ਼ਬਦ ਵਿਚ ਡਾ: ਗੁਰਬਚਨ ਸਿੰਘ ਰਾਹੀ ਵਿਚਾਰ ਪ੍ਰਗਟ ਕਰਦਾ ਹੈ ਸਾਡੇ ਪੰਜਾਬੀ ਵਿਦਵਾਨ ਕਿਸੇ ਸਾਹਿਤਕ ਰਚਨਾ ਦਾ ਮੁਲਾਂਕਣ ਕੇਵਲ ਪੱਛਮੀ ਵਿਚਾਰਧਾਰਾ ਦੇ ਆਧਾਰ 'ਤੇ ਹੀ ਕਰ ਰਹੇ ਹਨ... ਸਾਡੇ ਵਿਦਵਾਨ ਆਲੋਚਕ ਭਾਰਤੀ ਮੁਹਾਂਦਰੇ ਨੂੰ ਤਿਆਗ ਕੇ ਪੱਛਮ ਦੀ ਨਕਲ ਕਰਨ ਵੱਲ ਰੁਚਿਤ ਹੋ ਗਏ ਹਨ.... ਪੱਛਮ ਦੇ ਘਸੇ ਪਿਟੇ 'ਵਾਦ' ਸਾਡੇ ਸਾਹਿਤ ਉੱਤੇ ਠੋਸੇ ਜਾ ਰਹੇ ਹਨ ਤੇ ਸਾਹਿਤ ਦਾ ਰਿਸ਼ਤਾ ਮਨ/ਹਿਰਦੇ ਨਾਲੋਂ ਤੋੜ ਕੇ ਦਿਮਾਗ ਨਾਲ ਜੋੜਨ ਦੇ ਯਤਨ ਹੋ ਰਹੇ ਹਨ... ਪੰਜਾਬੀ ਵਿਚ ਹੁਣ ਤੱਕ ਜੋ ਆਲੋਚਨਾ ਹੋਈ ਹੈ, ਉਸ ਵਿਚੋਂ ਬਹੁਤੀ ਆਲੋਚਨਾ ਰਚਨਾ ਵੇਖ ਕੇ ਨਹੀਂ ਕੀਤੀ ਗਈ, ਸਗੋਂ ਲੇਖਕ ਦੀ ਰਾਜਨੀਤਕ ਤੇ ਸਾਹਿਤਕ ਕੱਦ ਵੇਖ ਕੇ ਕੀਤੀ ਜਾਂਦੀ ਹੈ। ਲੇਖਕ ਅਨੁਸਾਰ ਇਸ ਪੁਸਤਕ ਵਿਚਲੇ 18 ਨਿਬੰਧ 'ਕਿਸੇ ਆਧੁਨਿਕਵਾਦ ਨੂੰ ਆਧਾਰ ਬਣਾ ਕੇ ਨਹੀਂ ਲਿਖੇ ਸਗੋਂ ਪ੍ਰਮਾਣਿਕ ਸਿਧਾਂਤਾਂ ਨੂੰ ਮੁੱਖ ਰੱਖ ਕੇ ਲਿਖੇ ਹਨ।'
ਪੰਜਾਬੀ ਵਿਰਸੇ ਦੀ ਅਜਮਤ, ਧਰਮ-ਉਦਭਵ ਤੇ ਵਿਕਾਸ, ਪੰਜਾਬੀ ਸੱਭਿਆਚਾਰ ਤੇ ਸਾਹਿਤ ਦੀ ਬਦਲਦੀ ਨੁਹਾਰ, ਪੰਜਾਬੀ ਸਾਹਿਤ ਅਧਿਆਪਨ ਦੀ ਸਮੱਸਿਆ ਤੇ ਸਮਾਧਾਨ, ਪੰਜਾਬੀ ਕਾਵਿ-ਪਰੰਪਰਾ ਇਕ ਵਿਸ਼ਲੇਸ਼ਣਾਤਮਿਕ ਸਰਵੇਖਣ, ਪੰਜਾਬੀ ਭਾਸ਼ਾ ਦਾ ਅਜੋਕਾ ਸਰੂਪ, ਗੁਰਮੁਖੀ ਬਨਾਮ ਸ਼ਾਹਮੁਖੀ, ਕਵਿਤਾ ਕੀ ਹੈ? ਨਿਬੰਧਾਂ ਤੋਂ ਇਲਾਵਾ ਇਸ ਪੁਸਤਕ ਵਿਚ ਪੰਜਾਬੀ ਭਾਸ਼ਾ (ਸਾਹਿਤ) ਦੀ ਨਾਮਵਰ 8 ਲੇਖਕਾਂ ਬਾਰੇ ਵੀ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਨਿਬੰਧ ਲਿਖੇ ਗਏ ਹਨ (ਬਾਬਾ ਫ਼ਰੀਦ, ਭਾਈ ਗੁਰਦਾਸ, ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਤਾਰਾ ਸਿੰਘ ਕਾਮਲ, ਡਾ: ਜਸਵੰਤ ਸਿੰਘ ਨੇਕੀ, ਸ਼ਿਵ ਕੁਮਾਰ ਬਟਾਲਵੀ ਤੇ ਭਾਈ ਮੋਹਨ ਸਿੰਘ ਵੈਦ) ਇਕ ਨਿਬੰਧ ਪੰਜਾਬੀ ਨਿਬੰਧ ਦਾ ਵਿਕਾਸ-ਕ੍ਰਮ ਬਾਰੇ ਹੈ।

-ਪ੍ਰੋ: ਸਤਪਾਲ ਸਿੰਘ
ਮੋ: 98725-21515.

 

 

 

ਬੋਲ ਤੂੰ ਮਿੱਠੜੇ ਬੋਲ
ਲੇਖਕ : ਮਹਿੰਦਰ ਸਿੰਘ 'ਜੱਗੀ'
ਪ੍ਰਕਾਸ਼ਕ : ਸਾਹਿਤਯ ਕਲਸ਼ ਪਬਲੀਕੇਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 94633-69411.

ਮਹਿੰਦਰ ਸਿੰਘ 'ਜੱਗੀ' ਹਿੰਦੀ, ਪੰਜਾਬੀ ਤੇ ਹੋਰ ਭਾਸ਼ਾਵਾਂ ਦੇ ਵਿਦਵਾਨ ਲੇਖਕ ਤੇ ਕਈ ਪੁਸਤਕਾਂ ਦੇ ਰਚਣਹਾਰੇ ਨੇ। ਸੱਜਰੀ ਪੁਸਤਕ ਉਸ ਦਾ ਕਾਵਿ-ਸੰਗ੍ਰਹਿ ਹੈ, ਜਿਸ ਵਿਚ 39 ਕਾਵਿ-ਰਚਨਾਵਾਂ ਸ਼ਾਮਿਲ ਨੇ। ਇਹ ਕਵਿਤਾਵਾਂ, ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਹਨ। ਕੁੱਲ ਮਿਲਾ ਕੇ ਇਸ ਪੁਸਤਕ ਦਾ ਮੁੱਖ ਵਿਸ਼ਾ, ਰੂਹਾਨੀਅਤ ਹੀ ਹੈ। ਜੱਗੀ ਨੇ ਔਰਤ ਦੀ ਮਹੱਤਤਾ, ਖ਼ੁਦਗਰਜ਼ੀ, ਬਸੰਤ, ਸਹਿਜਤਾ, ਗੁੱਸਾ, ਅੰਤਰਝਾਤ, ਮਨੁੱਖਾ ਜਨਮ ਦੀ ਸ੍ਰੇਸ਼ਟਤਾ, ਬ੍ਰਹਿਮੰਡ, ਮਾਇਆ (ਪਦਾਰਥਵਾਦ) ਦਾ ਪ੍ਰਭਾਵ ਤੇ ਇਸ ਤੋਂ ਉਪਜੀ ਭਟਕਣਾ ਤੇ ਦੁਸਹਿਰੇ ਦੀ ਰੌਣਕ ਵਰਗੇ ਵਿਸ਼ਿਆਂ ਬਾਰੇ, ਭਾਵ-ਪੂਰਤ ਤੇ ਰੱਬੀ ਭੇਤ ਖੋਲ੍ਹਦੀਆਂ ਕਵਿਤਾਵਾਂ ਇਸ ਪੁਸਤਕ ਵਿਚ ਦਰਜ ਕੀਤੀਆਂ ਹਨ। ਅੰਤ ਵਿਚ ਕਾਵਿ-ਵਿਧਾ, ਸੀਹਰਫ਼ੀ ਅੰਕਿਤ ਹੈ। ਕਵੀ ਦੇ ਕਲਮ ਵਿਚ ਰਵਾਨੀ, ਸਰਲਤਾ, ਸਪੱਸ਼ਟਤਾ ਅਤੇ ਮੌਲਿਕਤਾ ਹੈ। ਉਸ ਦੀ ਕਾਵਿ-ਕਲਾ ਦੇ ਕੁਝ ਨਮੂਨੇ ਪੇਸ਼ ਨੇ-
ਪਰਛਾਵਾਂ 'ਮੈਂ' ਦਾ ਪੈ ਗਿਆ,
ਤਾਂ ਪਿੰਜਰਾ ਫੜ ਕੇ ਲੈ ਗਿਆ।
ਰਾਜ਼ੀ ਰਹਿਣਾ ਹੁਕਮ ਵਿਚ 'ਜੱਗੀ',
ਏਹੋ ਹੈ ਲਾਹੇਵੰਦ।
ਟੁੱਟ ਜਾਣਗੇ ਆਪ ਈ, ਪਏ ਜੋ ਤੈਨੂੰ ਬੰਧ।
(ਕਰਮਾਂ ਦਾ ਸਬੰਧ)
'ਜੰਦਰਾ' ਸਿਰਲੇਖ ਹੇਠਲੀ ਕਵਿਤਾ ਦਾ ਡੂੰਘਾ ਸੰਕੇਤ ਵੇਖੋ :
ਮਕਾਨ ਦੀ ਦਾਤ ਦੇਣ ਵਾਲਿਆ।
ਹੈ ਚਾਬੀ ਤੇਰੇ ਕੋਲ॥
ਤੂੰ ਆਪ ਹੀ ਲੈ ਲੈ 'ਮੈਂ ਮੇਰੀ'
ਤੂੰ ਆਪੇ ਜੰਦਰਾ ਖੋਲ੍ਹ। (ਸਫ਼ਾ 72)
ਅੰਤਲੀ ਸੀਹਰਫ਼ੀ, ਉਰਦੂ ਦੇ (ਅਲਫ਼) ਤੋਂ (ਯੇ) ਅੱਖਰ ਤੱਕ, ਕਾਵਿਕ-ਟੋਟਕੇ ਹਨ। ਇਹ ਸੀਹਰਫ਼ੀ ਇਸ ਪੁਸਤਕ ਦਾ ਸ਼ਿੰਗਾਰ ਹੈ-
ਯੇ-ਯਾਦ ਵਿਚ ਗੁਜ਼ਰਿਆ ਪਲ ਜੋ ਜੋ, ਵੱਡੇ ਭਾਗ ਉਸ ਦੇ, ਉਹ ਧੰਨ ਯਾਰਾ॥
ਜੀਵਨ ਉਸ ਦਾ ਕਾਮਯਾਬ ਹੋਇਆ। ਜੋ ਪਹਿਨਿਆ, ਤੇ ਖਾਧਾ ਅੰਨ ਯਾਰਾ। (ਸਫ਼ਾ 96)
ਪੁਸਤਕ, ਪੜ੍ਹਨ ਤੇ ਵਿਚਾਰਨਯੋਗ ਹੈ।

-ਡਾ: ਤੀਰਥ ਸਿੰਘ ਢਿੱਲੋਂ
ਮੋ: 98154-61710.


ਪੜ੍ਹ ਪੜ੍ਹ ਪੁਸਤਕ
ਲੇਖਕ : ਪ੍ਰੋ: ਦੀਪਕ ਮਨਮੋਹਨ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 86
ਸੰਪਰਕ : 98762-00380

ਨਾਮਵਰ ਆਲੋਚਕ ਡਾਕਟਰ ਦੀਪਕ ਮਨਮੋਹਨ ਸਿੰਘ ਦੀ ਇਸ ਨਿਵੇਕਲੀ ਪੁਸਤਕ ਦੇ ਗਿਆਰਾਂ ਆਲੋਚਨਾਤਮਕ ਲੇਖ ਉੱਚ ਵਿਦਿਅਕ ਅਦਾਰਿਆਂ ਵਿਚ ਆ ਚੁੱਕੇ ਅਕੈਡਮਿਕ ਨਿਘਾਰ ਦੀ ਤਸਵੀਰ ਪੇਸ਼ ਕਰਦੇ ਹਨ। ਤੇ ਇਹ ਲੇਖ ਪੰਜਾਬੀ ਦੇ ਸਿਰਕੱਢ ਅਖ਼ਬਾਰ ਵਿਚ ਛੱਪ ਚੁੱਕੇ ਹਨ। ਬਾਬਾ ਬੁੱਲ੍ਹੇ ਸ਼ਾਹ ਦੀ ਕਾਫੀ ਦੀ ਪ੍ਰਸਿੱਧ ਤੁੱਕ ਦੇ ਆਧਾਰਿਤ ਸਿਰਲੇਖ ਵਾਲੇ ਲੇਖ ਵਿਚ ਪੰਜਾਬੀ ਵਿਚ ਬੇਸਿਰ ਪੈਰ ਵਾਲੀਆਂ ਕਿਤਾਬਾਂ ਖ਼ਾਸ ਕਰਕੇ ਖੁੱਲ੍ਹੀ ਕਵਿਤਾ, ਲੇਖਕਾਂ ਵਿਚ ਕਿਤਾਬਾਂ ਦੀ ਗਿਣਤੀ ਵਧਾਉਣ ਦਾ ਜਨੂੰਨ, ਪਛਾਣ ਦੀ ਲਾਲਸਾ ਤੇ ਹੋਰ ਬਹੁਤ ਕੁਝ ਚਿੰਤਾ ਮਈ ਸੁਰ ਵਾਲਾ ਹੈ। ਬਿਨਾਂ ਮਿਹਨਤ ਕੀਤੇ ਕਿਵੇਂ ਡਾਕਟਰੇਟ ਡਿਗਰੀਆਂ ਲਈਆਂ ਜਾਂਦੀਆਂ ਹਨ। ਲੇਖਕ ਇਸ ਅਕੈਡਮਿਕ ਨਿਘਾਰ ਤੋਂ ਬਹੁਤ ਪ੍ਰੇਸ਼ਾਨ ਹੈ। ਪੁਸਤਕ ਲੇਖਕ ਸੁਝਾਅ ਦਿੰਦਾ ਹੈ ਕਿ ਇਕ ਵਿਸ਼ੇਸ਼ ਸਕਰੀਨਿੰਗ ਕਮੇਟੀ ਬਣੇ ਜੋ ਕਿਤਾਬਾਂ ਛਪਣ ਤੋਂ ਪਹਿਲਾਂ ਪ੍ਰਵਾਨ ਕਰੇ (ਪੰਨਾ 17)। ਹੁਣ ਕੋਈ ਅਸੂਲ ਨਹੀਂ। ਪੈਸਾ ਖਰਚੋ, ਕਿਤਾਬ ਛਪਵਾਉ। ਫਿਰ ਖੁੱਲ੍ਹਾ ਖਰਚ ਕਰਕੇ ਗੋਸ਼ਟੀਆਂ ਕਰੋ। ਫੋਕੀ ਵਾਹ-ਵਾਹ ਨਾਲ ਸਥਾਪਤ ਲੇਖਕ ਬਣ ਜਾਉ। ਇਸ ਤਰ੍ਹਾਂ ਦੇ ਤਰਕਸ਼ੀਲ ਵਿਚਾਰਾਂ ਨਾਲ ਕਿਤਾਬ ਭਰੀ ਪਈ ਹੈ। ਇਨ੍ਹਾਂ ਲੇਖਾਂ ਵਿਚ ਲੇਖਕ ਕਵਿਤਾ ਤੇ ਸਾਹਿਤ ਬਾਰੇ ਨਿਗਰ ਵਿਚਾਰ ਪੇਸ਼ ਕਰਦਾ ਹੈ। ਲੇਖਕ ਦਾ ਸਵੈ ਕਥਨ ਹੈ-ਇਨ੍ਹਾਂ ਲੇਖਾਂ ਵਿਚ ਮੇਰੇ ਅੰਦਰ ਦੀ ਭੜਾਸ ਹੈ। ਮੇਰੇ ਕੋਲ ਬੇਬਾਕ ਹੋਣ ਦੀ ਸਹੂਲਤ ਸੀ ਜੋ ਮੈਂ ਵਰਤ ਲਈ ਜੋ ਦਿਲ ਵਿਚ ਆਇਆ ਕਹਿ ਦਿੱਤਾ। ਕਿਤਾਬ ਦੇ ਲੇਖ ਸਮਾਜਿਕ ਸਰੋਕਾਰਾਂ ਵਾਲਾ ਸਾਹਿਤ ਹੀ ਪ੍ਰਵਾਨ ਚੜ੍ਹਦਾ ਹੈ, ਸ਼ਬਦ ਨਾਲ ਲੈਸ ਯੋਧੇ ਹੋਣਗੇ ਝੰਡਾ ਬਰਦਾਰ, ਵਿਸ਼ਵ ਪੰਜਾਬੀ ਕਾਨਫ਼ਰੰਸਾਂ ਬਾਰੇ ਲੇਖਕ ਦੇ ਨਿੱਜੀ ਅਹਿਸਾਸ (ਪੰਨਾ 60-73) ਪੜ੍ਹਨ ਵਾਲੇ ਹਨ।

-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160

24/09/2017

 ਆਧੁਨਿਕ ਪੰਜਾਬੀ ਕਵਿਤਾ ਦੇ ਸੁਰਖ਼ ਰੰਗ
ਲੇਖਿਕਾ : ਡਾ: ਪਰਮਜੀਤ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 168
ਸੰਪਰਕ : 84274-84417.

ਇਸ ਪੁਸਤਕ ਵਿਚ ਭਾਈ ਵੀਰ ਸਿੰਘ ਤੋਂ ਲੈ ਕੇ ਡਾ: ਜਗਤਾਰ ਤੱਕ ਚੋਣਵੀਆਂ ਵੰਨਗੀਆਂ ਦੇ ਰਚਨਹਾਰਿਆਂ ਦੇ ਕਾਵਿ-ਕੌਸ਼ਲ ਨੂੰ ਪੇਸ਼ ਕੀਤਾ ਗਿਆ ਹੈ। ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਕਵਿਤਾ ਵਿਚ ਪਰਮਾਤਮਾ ਦੀ ਅਨੰਤਤਾ ਤੇ ਪ੍ਰਕਿਰਤੀ ਦ ਸੁਹਜ ਹੈ। ਭਾਈ ਵੀਰ ਸਿੰਘ ਨੂੰ 'ਨਿੱਕੀਆਂ ਕਵਿਤਾਵਾਂ ਦਾ ਵੱਡਾ ਕਵੀ' ਵੀ ਕਿਹਾ ਜਾਂਦਾ ਹੈ। ਉਨ੍ਹਾਂ ਤੋਂ ਬਾਅਦ ਅਲਬੇਲਾ ਕਵੀ ਪ੍ਰੋ: ਪੂਰਨ ਸਿੰਘ ਦਾ ਨਾਂਅ ਆਉਂਦਾ ਹੈ, ਜਿਨ੍ਹਾਂ ਨੇ ਖੁੱਲ੍ਹੀ ਕਵਿਤਾ ਦੀ ਪਿਰਤ ਪਾਈ ਤੇ ਖੁੱਲ੍ਹੇ ਲੇਖ, ਖੁੱਲ੍ਹੇ ਘੁੰਡ ਤੇ ਖੁੱਲ੍ਹੇ ਮੈਦਾਨ, ਖੁੱਲ੍ਹੇ ਅਸਮਾਨੀ ਰੰਗ' ਜਿਹੇ ਕਾਵਿ-ਸੰਗ੍ਰਹਿ ਸਾਹਿਤ ਜਗਤ ਦੀ ਝੋਲੀ ਪਾਏ।
ਲੇਖਿਕਾ ਨੇ ਇਕ ਹੋਰ ਸਿਰਮੌਰ ਕਵੀ ਧਨੀ ਰਾਮ ਚਾਤ੍ਰਿਕ ਦੀ ਕਵਿਤਾ ਨੂੰ ਵਿਸ਼ੇਸ਼ ਸਥਾਨ ਦੇ ਕੇ ਪੇਸ਼ ਕੀਤਾ ਹੈ, ਜਿਸ ਨੇ ਪੰਜਾਬੀਅਤ ਤੇ ਮਨੁੱਖ ਦੀ ਉਸਾਰੂ ਸੋਚ ਉੱਤੇ ਪਹਿਰਾ ਦਿੱਤਾ ਤੇ ਮਾਣ ਪੰਜਾਬੀਅਤ ਦਾ ਖਿਤਾਬ ਹਾਸਲ ਕੀਤਾ। ਪ੍ਰੋ: ਮੋਹਨ ਸਿੰੰਘ ਦੀ ਪੁਸਤਕ 'ਸਾਵੇ ਪੱਤਰ' ਵਿਚੋਂ ਵਿਭਿੰਨ ਸਰੋਕਾਰਾਂ ਨੂੰ ਉਭਾਰ ਕੇ ਪੇਸ਼ ਕੀਤਾ ਗਿਆ ਹੈ ਜਿਵੇਂ ਕਿ ਅੰਤਰਮੁਖੀ ਪ੍ਰਗਤੀਸ਼ੀਲ, ਹੁਸਨ, ਪਿਆਰ ਤੇ ਕਲਪਨਾ ਦੀ ਛੋਹ ਆਦਿ। ਅੰਮ੍ਰਿਤਾ ਪ੍ਰੀਤਮ ਪੰਜਾਬੀ ਕਵਿਤਾ ਦੀ ਪਹਿਲੀ ਨਾਰੀ ਕਵਿਤਰੀ ਹੈ, ਜਿਸ ਨੇ ਔਰਤ ਦੇ ਮਨ ਦੀ ਹੂਕ ਤੇ ਵੇਦਨਾ ਨੂੰ ਬਾਖੂਬੀ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਸ਼ਿਵ ਕੁਮਾਰ ਦੀ ਸ਼ਾਹਕਾਰ ਰਚਨਾ 'ਲੂਣਾ', ਦੀਵਾਨ ਸਿੰਘ ਕਾਲੇਪਾਣੀ ਦੀ ਰਚਨਾ 'ਵਗਦੇ ਪਾਣੀ' ਜ਼ਿੰਦਗੀ ਦੀ ਗਤੀਸ਼ੀਲਤਾ ਦਾ ਪ੍ਰਮਾਣ ਹਨ, ਜਿਨ੍ਹਾਂ ਦਾ ਨਿਵੇਕਲੇ ਢੰਗ ਨਾਲ ਵਿਵੇਚਨ ਕੀਤਾ ਹੈ।
ਨਾ ਮਹੱਲਾਂ ਉਚਿਆਂ ਨਾ ਉੱਚੇ ਮੀਨਾਰਾਂ ਦੇ ਨਾਲ
ਕੌਮ ਉੱਚੀ ਉਠਦੀ ਹੈ ਉੱਚੇ ਕਿਰਦਾਰਾਂ ਦੇ ਨਾਲ
ਵਰਗੀ ਵਿਚਾਰਧਾਰਾ ਰੱਖਣ ਵਾਲਾ ਨਿਵੇਕਲਾ ਕਵੀ ਸੁਰਜੀਤ ਪਾਤਰ ਹੈ, ਜਿਸ ਦੀ ਕਾਵਿ ਸੰਵੇਦਨਾ ਨੂੰ ਪੁਸਤਕ 'ਸੁਰਜ਼ਮੀਨ' ਤੇ 'ਲਫ਼ਜ਼ਾਂ ਦੀ ਦਰਗਾਹ' ਦੇ ਆਧਾਰ 'ਤੇ ਉਭਾਰ ਕੇ ਪੇਸ਼ ਕੀਤਾ ਹੈ। ਪਾਸ਼ ਦੇ ਜੁਝਾਰੂ ਸਰੋਕਾਰ ਸਾਹਮਣੇ ਆਉਂਦੇ ਹਨ ਪੁਸਤਕ 'ਸਾਡੇ ਸਮਿਆਂ ਵਿਚੋਂ' ਅਤੇ ਆਪ ਉਹ ਜ਼ਿੰਦਗੀ ਵਿਚ ਕਵਿਤਾ ਵਾਂਗ ਹੀ ਵਿਚਰਿਆ। ਡਾ: ਜਗਤਾਰ ਬਾਤ ਪਾਉਂਦਾ ਹੈ ਸੰਤਾਪੇ ਮਨੁੱਖਾਂ ਦੀ ਦਾਸਤਾਨ ਦੀ ਪੁਸਤਕ 'ਚਨੁਕਰੀ ਸ਼ਾਮ' ਵਿਚ। ਉਹ ਆਪਣੇ ਵਿਅਕਤੀਤਵ ਤੋਂ ਆਪ ਪਰਦਾ ਚੁੱਕ ਕੇ ਕਵਿਤਾ ਕਹਿੰਦਾ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.


ਇੱਜ਼ਤ ਬਚਾਣੀ ਮਹਿੰਗੀ ਪਈ
ਲੇਖਕ : ਡਾ: ਸਵਿੰਦਰ ਸਿੰਘ ਉੱਪਲ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ।
ਮੁੱਲ : 295 ਰੁਪਏ, ਸਫ਼ੇ : 144
ਸੰਪਰਕ : 093112-21881.

ਡਾ: ਸਵਿੰਦਰ ਸਿੰਘ ਉੱਪਲ ਪੰਜਾਬੀ ਕਹਾਣੀ ਅਤੇ ਪੰਜਾਬੀ ਆਲੋਚਨਾ ਦੇ ਖੇਤਰ ਵਿਚ ਇਕ ਸਥਾਪਤ ਸ਼ਖ਼ਸੀਅਤ ਹੈ। ਵਿਚਾਰਾਧੀਨ ਪੁਸਤਕ ਉਸ ਦਾ 11ਵਾਂ ਕਹਾਣੀ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚ ਸੰਕਲਿਤ 13 ਕਹਾਣੀਆਂ ਵਿਭਿੰਨ ਵਿਸ਼ਿਆਂ ਨੂੰ ਆਪਣੇ ਕਲਾਵੇ ਵਿਚ ਸਮੋਈ ਬੈਠੀਆਂ ਹਨ। ਮਸਲਨ : ਨਾਇਕ ਦੀ ਗ਼ਲਤ ਹਰਕਤ ਨੂੰ ਪੈਸਾ ਬਚਾਉਂਦਾ ਹੈ (ਇੱਜ਼ਤ ਬਚਾਣੀ ਮਹਿੰਗੀ ਪਈ); ਭਰਾ ਭਰਾਵਾਂ ਦੀਆਂ ਬਾਹਵਾਂ ਹੁੰਦੀਆਂ ਹਨ (ਰੱਬੀ ਰਿਸ਼ਤੇ); ਫਲ ਵੇਚਣ ਵਾਲੇ ਦੀ ਅਦਾਇਗੀ ਕਰਨ ਲਈ ਲੰਮੀ ਉਡੀਕ (ਈਮਾਨਦਾਰੀ ਹਮੇਸ਼ੀ ਜ਼ਿੰਦਾ ਰਹੇਗੀ); ਅਵੈਧ ਸਬੰਧਾਂ ਦੀ ਜਾਇਜ਼ ਪ੍ਰਸਤੁਤੀ (ਝੂਟੇ ਸੁਰਗਾਂ ਦੇ); ਅਵੈਧ ਸਬੰਧਾਂ ਨਾਲ ਕਿਸੇ ਔਰਤ ਦੀ ਪੁੱਤਰ ਪ੍ਰਾਪਤੀ ਦੀ ਇੱਛਾ ਪੂਰਤੀ, (ਟਿਊਸ਼ਨ); ਦਿੱਲੀ ਵਿਚ ਪੰਜਾਬੀ ਲੇਖਕ ਸੰਗਠਨ ਦਾ ਉਭਾਰ ਅਤੇ ਨਿਘਾਰ, (ਰੂਹੇ ਰਵਾਂ); ਅਖੌਤੀ ਵੱਡੇ ਲੋਕਾਂ ਦੀ ਅਸਤਿਤਵੀ ਅਪ੍ਰਮਾਣਿਕਤਾ (ਵੱਡਾ ਵਿਦਵਾਨ-ਛੋਟਾ ਇਨਸਾਨ) ਕਾਲੇ ਧਨ ਦੀ ਵਰਤੋਂ ਦਾ ਘਰ ਵਿਚ ਵਿਰੋਧ (ਕਾਲਾ ਸ਼ਾਹਨਾਗ); ਬੇ ਜੀ ਵਲੋਂ ਨਾਇਕ ਦੀ ਇੱਜ਼ਤ ਦੀ ਰਾਖੀ (ਰੱਬ ਵਰਗਾ ਵਿਸ਼ਵਾਸ); ਅਵੈਧ ਸਬੰਧਾਂ 'ਚੋਂ ਆਨੰਦ ਦੀ ਪ੍ਰਾਪਤੀ (ਕਲੇਜਾ ਠੰਢਾ-ਮੂੰਹ ਮਿੱਠਾ); ਓੜਕ ਸੱਚ ਰਹੀ (ਦੂਖ ਵਿਸਾਰਨ); ਮਿਹਨਤੀ ਅਧਿਆਪਕ ਦਾ ਸਨਮਾਨ (ਨਵੀਂ ਦੁਨੀਆ, ਨਵੇਂ ਲੋਕ); ਪਾਕਿਸਤਾਨ ਤੋਂ ਉਜੜਨ ਸਮੇਂ ਲੋਕਾਂ ਨਾਲ ਮੁਸਲਮਾਨਾਂ ਦਾ ਪਿਆਰ ਪ੍ਰਗਟਾਵਾ (ਨੀਅਤਾਂ ਨਹੀਂ ਬਦਲੀਆਂ) ਆਦਿ।
ਇਨ੍ਹਾਂ ਕਹਾਣੀਆਂ ਦਾ ਗੰਭੀਰ ਅਧਿਐਨ ਕਰਦਿਆਂ ਲੇਖਕ ਦੇ ਸਵੈਜੀਵਨੀ-ਅੰਸ਼ਾਂ ਦੀ ਨਿਸ਼ਾਨਦੇਹੀ ਸਹਿਜੇ ਹੀ ਕੀਤੀ ਜਾ ਸਕਦੀ ਹੈ। ਮਸਲਨ: ਪਚਾ ਕੇ ਮਾਰ ਕੇ ਖਾਣਾ ਖਾਣਾ; ਇਕ ਧਾਰਮਿਕ ਪੁਸਤਕ ਦਾ ਮੁੱਖ-ਬੰਧ ਲਿਖਣ ਵਾਲੇ ਵਿਦਵਾਨ ਦੀ ਈਰਖਾ; ਦਿੱਲੀ ਵਿਚ ਪੰਜਾਬੀ ਸਾਹਿਤ ਸੰਗਠਨ ਦਾ ਉਭਾਰ ਤੇ ਨਿਘਾਰ; ਲੇਖਕ ਦੀ ਗਰਮੀਆਂ ਵਿਚ ਕਸੌਲੀ ਅਤੇ ਸਰਦੀਆਂ ਵਿਚ ਦਿੱਲੀ ਵਿਖੇ ਰਿਹਾਇਸ਼ ਆਦਿ ਪ੍ਰਸਤੁਤ ਪਾਤਰਾਂ ਨਾਲ ਮੇਲ ਖਾਂਦੀਆਂ ਘਟਨਾਵਾਂ ਪ੍ਰਤੀਤ ਹੁੰਦੀਆਂ ਹਨ। ਕੁੱਲ ਮਿਲਾ ਕੇ ਇਸ ਕਹਾਣੀ ਸੰਗ੍ਰਹਿ ਵਿਚ ਪਾਤਰ ਅਪ੍ਰਤੀਬਿੰਬਤ ਚੇਤਨਾ ਤੋਂ ਪ੍ਰਤੀਬਿੰਬਤ ਚੇਤਨਾ ਤੱਕ ਦੀ ਯਾਤਰਾ ਕਰਦੇ ਹਨ। ਲਗਪਗ ਸਾਰੀਆਂ ਘਟਨਾਵਾਂ ਦਿੱਲੀ ਅਤੇ ਕਸੌਲੀ ਵਿਚ ਵਾਪਰਦੀਆਂ ਹਨ। ਪੋਠੋਹਾਰੀ ਭਾਸ਼ਾ ਦੀ ਮਿਠਾਸ ਪਾਠਕਾਂ ਨੂੰ ਪ੍ਰਭਾਵਿਤ ਕਰਦੀ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 88376-79186.

 

 


ਮੰਟੋ ਦੀਆਂ ਚੋਣਵੀਆਂ ਕਹਾਣੀਆਂ ਤੇ ਕੁਝ ਹੋਰ
ਸੰਪਾਦਕ ਤੇ ਅਨੁਵਾਦਕ : ਡਾ: ਐੱਸ ਤਰਸੇਮ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ।
ਮੁੱਲ : 425 ਰੁਪਏ, ਸਫ਼ੇ : 228
ਸੰਪਰਕ : 95015-36644.

ਸਆਦਤ ਹਸਨ ਮੰਟੋ ਭਾਰਤੀ ਜਾਂ ਪਾਕਿਸਤਾਨੀ ਲੇਖਕ ਵਜੋਂ ਹੀ ਨਹੀਂ ਸਗੋਂ ਵਿਸ਼ਵ ਦੇ ਬਹੁ-ਪੱਖੀ ਸਾਹਿਤਕ ਪ੍ਰਤਿਭਾਵਾਨ ਲੇਖਕਾਂ 'ਚੋਂ ਇਕ ਸੀ। ਅਨੇਕਾਂ ਪਾਰਖੂਆਂ, ਚਿੰਤਕਾਂ ਅਤੇ ਨਿਰਪੱਖ ਸਾਹਿਤ-ਪ੍ਰੇਮੀਆਂ ਨੇ ਉਸ ਦੀਆਂ ਚੋਣਵੀਆਂ ਰਚਨਾਵਾਂ ਨੂੰ ਸਮੇ-ਸਮੇਂ ਉਰਦੂ, ਫ਼ਾਰਸੀ ਅਤੇ ਪੰਜਾਬੀ ਬੋਲੀ ਜ਼ਰੀਏ ਸੰਪਾਦਨ ਕਰਕੇ ਪਾਠਕਾਂ ਦੇ ਸਨਮੁਖ ਕੀਤਾ।
ਪਰ ਇਸ ਹਥਲੀ ਪੁਸਤਕ ਜ਼ਰੀਏ ਡਾ: ਐਸ. ਤਰਸੇਮ ਨੇ ਬਹੁ-ਸਾਹਿਤ ਵਿਧਾ ਵਾਲੀ ਇਸ ਪੁਸਤਕ ਨੂੰ 5 ਸ਼ਬਦ ਚਿੱਤਰਾਂ, 28 ਕਹਾਣੀਆਂ ਅਤੇ ਇਕ ਨਾਟਕ ਦੀ ਟੈਕਸਟ (ਪਾਠ) ਜ਼ਰੀਏ ਪਾਠਕਾਂ ਦੇ ਸਾਹਮਣੇ ਲਿਆਂਦਾ ਗਿਆ ਹੈ। ਉਸ ਦੀ ਬੇਬਾਕ ਬਿਰਤਾਂਤ ਸ਼ੈਲੀ ਕਰੂਰ ਯਥਾਰਥ ਦਾ ਪ੍ਰਗਟਾਵਾ ਰਹੀ।
ਉਹ ਭਾਵੇਂ ਇਧਰਲੇ ਪੰਜਾਬ 'ਚ ਲਿਖਦਾ ਰਿਹਾ ਜਾਂ ਸੰਤਾਲੀ ਦੀ ਵੰਡ ਉਪਰੰਤ ਉਧਰਲੇ ਪੰਜਾਬ 'ਚ ਚਲਾ ਗਿਆ ਪਰ ਉਸ ਦੀ ਪੰਜਾਬੀ ਰਹਿਤਲ ਪ੍ਰਤੀ ਸੋਚ-ਦ੍ਰਿਸ਼ਟੀ ਸਦਾ ਹੀ ਮਾਨਵ ਦੇ ਆਂਤਰਿਕ ਅਤੇ ਬਾਹਰੀ ਪੱਖਾਂ ਦਾ ਪ੍ਰਗਟਾਵਾ ਨਿਸ਼ੰਗਤਾ ਸਹਿਤ ਕਰਦੀ ਰਹੀ। ਜਿਸ ਦੇ ਸਿੱਟੇ ਵਜੋਂ ਭਾਵੇਂ ਉਸ ਨੂੰ 'ਕਾਲੀ ਸਲਵਾਰ', 'ਧੂੰਆਂ', 'ਬੂ', 'ਠੰਡਾ ਗੋਸ਼ਤ' ਆਦਿ ਕਹਾਣੀਆਂ ਲਿਖਣ 'ਤੇ ਕੋਰਟ ਕਚਹਿਰੀਆਂ ਵਿਚ ਜਾਣਾ ਪਿਆ, ਕੈਦ ਭੁਗਤੀ ਅਤੇ ਜੁਰਮਾਨੇ ਵੀ ਭਰੇ। ਅਤਿ ਦੀ ਗ਼ਰੀਬੀ ਦੇ ਅਹਿਸਾਸਾਂ ਨੂੰ ਜਦੋਂ ਉਹ ਮਾਨਵ ਦੀਆਂ ਆਰਥਿਕ ਲੋੜਾਂ ਜਾਂ ਸਰੀਰਕ ਲੋੜਾਂ ਦੇ ਪ੍ਰਸੰਗ ਵਿਚ ਅਸਲ ਰੂਪ ਵਿਚ ਪ੍ਰਗਟ ਕਰਦਾ ਸੀ ਤਾਂ ਉਸ ਉੱਤੇ ਮੁਸ਼ਕਿਲਾਂ ਦੇ ਮਾਰੂ ਝੱਖੜ ਝੁੱਲ ਪੈਂਦੇ ਸਨ। ਇਥੇ ਡਾ: ਐੱਸ. ਤਰਸੇਮ ਦੀ ਮਿਹਨਤ ਦੀ ਸਫ਼ਲਤਾ ਇਸ ਨੁਕਤੇ ਤੋਂ ਜ਼ਾਹਰ ਹੁੰਦੀ ਹੈ ਕਿ ਇਸ ਪੁਸਤਕ ਵਿਚ ਮੰਟੋ ਦੀਆਂ ਦੁਰਲੱਭ ਰਚਨਾਵਾਂ ਨੂੰ ਅੰਕਿਤ ਕੀਤਾ ਹੈ ਅਤੇ ਉਸ ਦੀ ਕਲਾ-ਪ੍ਰਤਿਭਾ ਨੂੰ ਸਮਕਾਲੀਨ ਪ੍ਰਸੰਗਤਾ 'ਚ ਨਵੇਂ ਦ੍ਰਿਸ਼ਟੀਕੋਣ ਤੋਂ ਮੰਟੋ-ਰਚਿਤ ਸਾਹਿਤ ਨੂੰ ਅਧਿਐਨ ਦਾ ਸਰੋਤ ਬਣਾਉਣ ਵਾਸਤੇ ਸਮਗਰੀ ਪ੍ਰਦਾਨ ਕੀਤੀ ਹੈ।

-ਡਾ: ਜਗੀਰ ਸਿੰਘ ਨੂਰ
ਮੋ: 98142-09732


ਅਸ਼ਰਫ਼ੀਆਂ
ਸ਼ਾਇਰ : ਮੁਖਤਿਆਰ ਸਿੰਘ ਕਾਹਲੋਂ
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ, ਮੰਡੀ ਕਾਲਾਂਵਾਲੀ, ਸਿਰਸਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 94781-19781.

'ਅਸ਼ਰਫ਼ੀਆਂ' ਮੁਖਤਿਆਰ ਸਿੰਘ ਕਾਹਲੋਂ ਦੀ ਛੇਵੀਂ ਪ੍ਰਕਾਸ਼ਨਾ ਹੈ, ਜਿਸ ਵਿਚ ਛਪੀਆਂ ਰਚਨਾਵਾਂ ਦਾ ਉਸ ਨੇ 'ਅਸ਼ਰਫ਼ੀਆਂ' ਵਜੋਂ ਨਾਮਕਰਨ ਕੀਤਾ ਹੈ ਤੇ ਇਸ ਵਿਚ ਕੁਝ ਗ਼ਜ਼ਲਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਮੁਢਲੇ ਸਫ਼ਿਆਂ 'ਤੇ ਛਪੀਆਂ ਰਚਨਾਵਾਂ ਦਰਅਸਲ ਮਤਲੇ ਵਾਲੀਆਂ ਗ਼ਜ਼ਲਾਂ ਹੀ ਹਨ।
ਮੁਖਤਿਆਰ ਸਿੰਘ ਕਾਹਲੋਂ ਅਜੋਕੇ ਲੋਕਤੰਤਰ ਨੂੰ ਪੈਸਾ ਤੰਤਰ ਦਾ ਨਾਂਅ ਦਿੰਦਾ ਹੈ। ਉਹ ਪੰਜਾਬੀ ਬੋਲੀ 'ਤੇ ਨਾਜ਼ ਕਰਦਾ ਹੈ ਤੇ ਪੰਜਾਬੀ ਸੱਭਿਆਚਾਰ ਤੋਂ ਬਲਿਹਾਰੇ ਜਾਂਦਾ ਹੈ। ਉਹ ਛਣ-ਛਣ ਕਰਦੀਆਂ ਚੂੜੀਆਂ ਤੇ ਬਲਦਾਂ ਦੇ ਗਲ਼ ਵਿਚ ਬੰਨ੍ਹੀਆਂ ਟੱਲੀਆਂ ਦੀ ਆਵਾਜ਼ ਸੁਣਦਾ ਹੈ। ਟੱਪੇ, ਬੋਲੀਆਂ, ਘੋੜੀਆਂ ਤੇ ਸੁਹਾਗ ਉਸ ਦੇ ਚੇਤੇ ਵਿਚ ਵਸੇ ਹੋਏ ਹਨ ਤੇ ਖੇਤਾਂ ਦੀ ਮਹਿਕ ਉਸ ਨੂੰ ਸਰਸ਼ਾਰ ਕਰਦੀ ਹੈ। ਉਹ ਧੀਆਂ ਧਿਆਣੀਆਂ ਦੇ ਦਰਦ ਨੂੰ ਜ਼ਬਾਨ ਦਿੰਦਾ ਹੈ ਤੇ ਜ਼ਿਆਦਤੀਆਂ ਕਰ ਰਹੇ ਮਰਦ ਪ੍ਰਧਾਨ ਸਮਾਜ ਨੂੰ ਲਾਹਨਤਾਂ ਪਾਉਂਦਾ ਹੈ। ਮਜ਼੍ਹਬ ਦੇ ਨਾਂਅ 'ਤੇ ਨਫ਼ਰਤ, ਜ਼ੋਰਾਵਰਾਂ ਦੀ ਲੁੱਟ-ਖਸੁੱਟ ਤੇ ਰਿਸ਼ਵਤਖੋਰੀ ਦੀ ਉਹ ਨਿੰਦਾ ਕਰਦਾ ਹੈ। ਸ਼ਾਇਰ ਆਖਦਾ ਹੈ ਕਿ ਏਥੇ ਵਿਹਲੇ ਮੌਜਾਂ ਮਾਣਦੇ ਹਨ ਪਰ ਕਿਰਤੀਆਂ ਨੂੰ ਲੁੱਟਿਆ ਜਾ ਰਿਹਾ ਹੈ। ਉਸ ਨੂੰ ਗੋਰੀ ਦੀ ਝਾਂਜਰ ਵੀ ਆਕਰਸ਼ਿਤ ਕਰਦੀ ਹੈ ਤੇ ਉਹ ਹੁਸਨ ਨੂੰ ਸਿਜਦੇ ਵੀ ਕਰਦਾ ਹੈ। ਕਿਤੇ-ਕਿਤੇ ਸ਼ਾਇਰ ਬੀਤੇ ਸਮੇਂ ਵਿਚ ਲਹਿ ਜਾਂਦਾ ਹੈ ਤੇ ਯਾਦਾਂ ਦਾ ਆਨੰਦ ਮਾਣਦਾ ਹੈ। ਉਹ ਨਰਕ ਸਵਰਗ ਦੀ ਧਾਰਨਾ ਨੂੰ ਰੱਦ ਕਰਦਾ ਹੈ ਤੇ ਕਿਰਤ ਕਰਨ ਵਿਚ ਵਿਸ਼ਵਾਸ ਰੱਖਦਾ ਹੈ।
ਪੁਸਤਕ ਦਾ ਗ਼ਜ਼ਲ ਭਾਗ ਪ੍ਰਭਾਵੀ ਹੈ ਪਰ ਇਨ੍ਹਾਂ ਗ਼ਜ਼ਲਾਂ ਨੂੰ ਹੋਰ ਸੰਵਾਰਿਆ ਜਾ ਸਕਦਾ ਸੀ। ਪਹਿਲੇ ਭਾਗ ਵਿਚ ਕਈ ਸ਼ਬਦਾਂ ਦੇ ਮੂਲ ਨੂੰ ਪੁਰਾਤਨ ਕਾਵਿ ਵਾਂਗ ਮਰਜ਼ੀ ਦਾ ਰੂਪ ਦੇ ਦਿੱਤਾ ਗਿਆ ਹੈ ਜੋ ਅੱਖਰਦਾ ਹੈ।

-ਗੁਰਦਿਆਲ ਰੌਸ਼ਨ
ਮੋ: 9988444002


ਮੋਹ ਦੀਆਂ ਤੰਦਾਂ
ਲੇਖਕ : ਮਨਜੀਤ ਕੌਰ ਮੀਤ
ਪ੍ਰਕਾਸ਼ਨ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200, ਸਫ਼ੇ : 96
ਸੰਪਰਕ : 9463840167.

'ਮੋਹ ਦੀਆਂ ਤੰਦਾਂ' ਮਨਜੀਤ ਕੌਰ ਮੀਤ ਦੀ ਦੂਜੀ ਮਿੰਨੀ ਕਹਾਣੀ ਪੁਸਤਕ ਹੈ, ਜਿਸ ਵਿਚ ਉਸ ਨੇ 61 ਕਹਾਣੀਆਂ ਦੀ ਸਿਰਜਣਾ ਕਰਕੇ ਆਪਣੇ ਜੀਵਨ ਤਜਰਬੇ ਸਾਂਝੇ ਕੀਤੇ ਹਨ ਤੇ ਸਮਾਜਿਕ ਸਮੱਸਿਆਵਾਂ ਦੀ ਨਿਸ਼ਾਨਦੇਹੀ ਵੀ ਕੀਤੀ ਹੈ।
ਜਿਵੇਂ ਪਹਿਲੀ ਕਹਾਣੀ 'ਬਹੂ ਦਾ ਵਿਛੋੜਾ' ਇਕ ਨਵੀਂ ਸੋਚ ਦੀ ਕਹਾਣੀ ਹੈ ਕਿ ਜੇ ਸਾਰੀਆਂ ਸੱਸਾਂ ਨੂੰ ਨੂੰਹਾਂ ਦਾ ਏਨਾ ਪਿਆਰ ਆਉਣ ਲੱਗ ਜਾਵੇ ਤਾਂ ਬਹੁਤ ਚੰਗਾ ਹੋਵੇਗਾ। 'ਠੰਡਾ ਪੀਉਂਗੇ' ਕਹਾਣੀ ਵਿਚ ਖਾਹ-ਮਖਾਹ ਛੇੜਖਾਨੀਆਂ ਕਰਨ ਵਾਲੇ ਕੰਡਕਟਰਾਂ ਨੂੰ ਵਰਜਦੀ ਕਹਾਣੀ ਹੈ। 'ਪਰਖ' ਕਹਾਣੀ ਔਰਤਾਂ ਦਾ ਮਰਦਾਂ ਦੀ ਜੇਬ ਨੂੰ ਕੁੰਡੀ ਲਾਉਣ ਬਾਰੇ ਹੈ। 'ਜੰਨਤ' ਕਹਾਣੀ ਵਿਚ ਅਪਣੱਤ ਦਿਖਾਈ ਗਈ ਹੈ। 'ਮਿੰਨੀ ਕੈਨੇਡਾ' ਕਹਾਣੀ ਵਿਚ ਖਾਈਏ ਮਨ ਭਾਉਂਦਾ ਅਤੇ ਪਹਿਨੀਏ ਜੱਗ ਭਾਉਂਦਾ ਬਾਰੇ ਦੱਸਿਆ ਗਿਆ ਹੈ। 'ਚਲਾਕ ਲੂੰਬੜੀ' ਕਹਾਣੀ ਵਿਚ ਸਿਰਫ ਸੁਹੱਪਣ ਦੀ ਕਦਰ ਕਰਨ ਵਾਲਿਆਂ ਨੂੰ ਵਰਜਿਆ ਗਿਆ ਹੈ।
ਇਸ ਤਰ੍ਹਾਂ 'ਥਮ੍ਹਲਾ', 'ਖੂਨ ਦੇ ਰਿਸ਼ਤੇ', 'ਸੋਨੇ ਦੀਆਂ ਚੂੜੀਆਂ' ਕਹਾਣੀਆਂ ਵਿਚ ਪਤੀ ਪਿਆਰ ਅਤੇ ਰਿਸ਼ਤਿਆਂ ਦੇ ਘਾਣ ਬਾਰੇ ਦੱਸਿਆ ਗਿਆ ਹੈ। 'ਅੰਨ੍ਹਾ ਕਾਨੂੰਨ' ਕਹਾਣੀ ਕਸੂਰ ਕਿਸੇ ਦਾ ਤੇ ਦੋਸ਼ੀ ਕੌਣ ਬਾਰੇ ਦੱਸਿਆ ਗਿਆ ਹੈ।
'ਹੋਣੀ', 'ਅਹਿਸਾਸ' ਮਾਸਟਰਪੀਸ ਕਹਾਣੀਆਂ ਵਿਚ ਕਾਹਲੀ, ਸਮਝਦਾਰੀ ਤੋਂ ਕੰਮ ਲੈਣ ਬਾਰੇ ਅਤੇ ਔਰਤ ਦੀ ਬੇਅਕਲੀ ਬਾਰੇ ਦੱਸਿਆ ਗਿਆ ਹੈ। 'ਮੋਹ ਦੀਆਂ ਤੰਦਾਂ' ਕਹਾਣੀ ਵਿਚ ਖ਼ੁਦਕੁਸ਼ੀ ਵੱਲ ਜਾ ਰਹੀ ਔਰਤ ਦਾ ਆਪਣੇ ਪੋਤੇ ਨੂੰ ਬਚਾਉਣ ਬਾਰੇ ਹੈ। ਇਸ ਪ੍ਰਕਾਰ ਸਾਰੀਆਂ ਹੀ ਕਹਾਣੀਆਂ ਵਿਚ ਕਹਾਣੀਕਾਰਾਂ ਨੇ ਸਮਾਜ ਵਿਚ ਜੋ ਵਾਪਰ ਰਿਹਾ ਹੈ, ਉਸ ਦੀ ਤਸਵੀਰ ਪਾਠਕਾਂ ਸਾਹਮਣੇ ਪੇਸ਼ ਕਰਨੀ ਚਾਹੀ ਹੈ। ਸਮੁੱਚੇ ਰੂਪ ਵਿਚ ਇਹ ਪੁਸਤਕ ਨਵੇਂ ਦਿਸ ਹਿੱਦੇ ਸਿਰਜਦੀ ਪੁਸਤਕ ਹੈ।

-ਗੁਰਬਿੰਦਰ ਕੌਰ ਬਰਾੜ
ਮੋ: 09855395161

 

 

 


ਅਣਪੜ੍ਹੀ ਕਿਤਾਬ
ਲੇਖਿਕਾ : ਡਾ: ਪ੍ਰਿਤਪਾਲ ਕੌਰ ਚਾਹਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 85588-57954.

ਹਥਲੀ ਪੁਸਤਕ ਵਿਚ ਖੁੱਲ੍ਹੀਆਂ ਕਵਿਤਾਵਾਂ ਅਤੇ ਨਜ਼ਮਾਂ ਰਾਹੀਂ ਲੇਖਿਕਾ ਨੇ ਜ਼ਿੰਦਗੀ ਦੇ ਅਨੇਕਾਂ ਅਨੁਭਵ ਪਾਠਕਾਂ ਨਾਲ ਸਾਂਝੇ ਕੀਤੇ ਹਨ। ਲੇਖਿਕਾ ਨੇ ਜ਼ਿੰਦਗੀ ਦੇ ਹਰ ਪਹਿਲੂ ਨਾਲ ਸਬੰਧਤ ਕਾਵਿ ਰਚਨਾ ਇਸ ਸੰਗ੍ਰਹਿ ਵਿਚ ਸ਼ਾਮਿਲ ਕੀਤੀ ਹੈ। ਜ਼ਿੰਦਗੀ ਦੀਆਂ ਅਨੇਕਾਂ ਵੰਨ-ਸੁਵੰਨਤਾਵਾਂ ਨੂੰ ਮਾਣਦੀਆਂ ਨਾਰੀ ਕਲਮਾਂ ਅਨੇਕਾਂ ਰੰਗ ਆਪਣੇ ਕਾਵਿ ਰਾਹੀਂ ਪ੍ਰਗਟ ਕਰਦੀਆਂ ਹਨ।
ਜੇਕਰ ਇਸ ਪੁਸਤਕ ਦੀ ਵਿਸੇ ਵੰਡ ਕੀਤੀ ਜਾਵੇ ਤਾਂ ਕਵਿੱਤਰੀ ਨੇ ਪ੍ਰਕਿਰਤੀ ਚਿਤਰਨ, ਰੁਮਾਂਟਿਕ ਭਾਵ, ਅਗਾਂਹਵਧੂ ਸੋਚ, ਨਾਰੀ ਮਨ ਦੀ ਦਾਸਤਾਨ, ਸਮਾਜਿਕ ਬੁਰਾਈਆਂ, ਭਾਰਤ ਪਾਕਿ ਸਬੰਧਾਂ ਬਾਰੇ ਨਜ਼ਮਾਂ ਪ੍ਰਸਤੁਤ ਕੀਤੀਆਂ ਹਨ। ਕਾਵਿ ਭਾਸ਼ਾ ਦੀ ਸਰਲਤਾ ਅਤੇ ਆਮ ਪਾਠਕ ਦੇ ਬੌਧਿਕ ਪੱਧਰ ਉੱਪਰ ਖਰੀ ਉਤਰਦੀ ਇਹ ਕਾਵਿ ਪੁਸਤਕ ਪਾਠਕਾਂ ਦਾ ਵਿਸ਼ੇਸ਼ ਧਿਆਨ ਮੰਗਦੀ ਹੈ। ਕਵਿੱਤਰੀ ਨੇ ਲੋਕ ਕਾਵਿ ਰੂਪਾਂ ਦੇ ਭਿੰਨ-ਭਿੰਨ ਰੂਪ ਮਾਹੀਆ, ਬੋਲੀਆਂ ਅਤੇ ਟੱਪਿਆਂ ਰਾਹੀਂ ਆਪਣੇ ਮਨੋਭਾਵ ਪ੍ਰਗਟ ਕੀਤੇ ਹਨ। ਕਿਤੇ-ਕਿਤੇ ਕਵਿੱਤਰੀ ਦੀ ਕਾਵਿਕ ਸੁਰ ਪ੍ਰਚਾਰ ਅਤੇ ਨਾਅਰੇਬਾਜ਼ੀ ਵੀ ਬਣ ਜਾਂਦੀ ਹੈ, ਜੋ ਪਾਠਕਾਂ ਨੂੰ ਅੱਖਰਦੀ ਹੈ। ਕਵਿਤਰੀ ਨੇ ਨਾਰੀ ਮਨ ਵਿਚਲੀ ਤੜਪ ਤੇ ਮਰਦ ਵਲੋਂ ਅਣਗੌਲਿਆ ਕਰ ਦੇਣ ਦੀ ਭਾਵਨਾ ਨੂੰ ਵੀ ਸਿਰਲੇਖ ਵਾਲੀ ਨਜ਼ਮ ਨਾਲ ਬਿਆਨ ਕੀਤਾ ਹੈ :
ਅਣਪੜ੍ਹੀ ਕਿਤਾਬ ਹਾਂ ਮੈਂ,
ਕਦੀ ਪੜ੍ਹ ਕੇ ਮੈਨੂੰ ਵੇਖ ਜ਼ਰਾ
ਮੇਰਾ ਇਕ-ਇਕ ਅੱਖਰ ਜਾਗਦਾ ਹੈ,
ਕਦੀ ਹੱਥ 'ਚ ਫੜ ਕੇ ਵੇਖ ਜ਼ਰਾ।
ਕਵਿੱਤਰੀ ਨੇ ਬਾਲ ਦਿਵਸ ਬਾਰੇ, ਪੰਜਾਬੀ ਬੋਲੀ ਦੀ ਮਹੱਤਤਾ ਬਾਰੇ ਵੀ ਉੱਤਮ ਕਾਵਿ ਰਚਨਾਵਾਂ ਇਸ ਸੰਗ੍ਰਹਿ ਵਿਚ ਕੀਤੀਆਂ ਹਨ। ਕਵਿਤਰੀ ਇਸ ਕਾਵਿ ਪੁਸਤਕ ਵਿਚ ਕਾਵਿਕ ਦ੍ਰਿਸ਼ ਵੀ ਵਿਦਮਾਨ ਕਰ ਜਾਂਦੀ ਹੈ ਜੋ ਪਾਠਕ ਦੇ ਮਨ ਮਸਤਕ ਉੱਪਰ ਇੰਨ-ਬਿੰਨ ਉੱਕਰ ਜਾਂਦੇ ਹਨ। ਉਹ ਆਸ਼ਾਵਾਦੀ ਸੁਨੇਹਾ ਦਿੰਦੀ ਹਾਰ ਜਿੱਤ ਤੇ ਦੁੱਖ ਸੁਖ ਨੂੰ ਖੁਸ਼ੀ-ਖੁਸ਼ੀ ਸਹਿਣ ਤੇ ਸਦਾ ਅਗਾਂਹਵਧੂ ਰਹਿਣ ਦੀ ਪ੍ਰੇਰਨਾ ਦਿੰਦੀ ਹੈ।

-ਪ੍ਰੋ: ਕੁਲਜੀਤ ਕੌਰ ਅਠਵਾਲ।


ਚਲੋਚਾਲ
ਲੇਖਿਕਾ : ਦਵਿੰਦਰ ਕੌਰ ਦਵੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 88
ਸੰਪਰਕ : 95692-20006.

ਚਲੋਚਾਲ, ਸ਼ਾਇਰਾ ਦਵਿੰਦਰ ਕੌਰ ਦਵੀ ਦਾ ਪਹਿਲਾ ਕਾਵਿ-ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚ ਲੇਖਿਕਾ ਨੇ ਵੱਖੋ-ਵੱਖ ਵਿਸ਼ਿਆਂ ਨਾਲ ਸਬੰਧਿਤ ਆਪਣੀਆਂ ਕਵਿਤਾਵਾਂ ਨੂੰ ਸੰਕਲਿਤ ਕੀਤਾ ਹੈ। ਦਵਿੰਦਰ ਦਵੀ ਦੀਆਂ ਇਹ ਕਵਿਤਾਵਾਂ ਸਾਡੇ ਆਧੁਨਿਕ ਸਮਾਜ ਵਿਚ ਵਿਚਰ ਰਹੇ ਖੰਡਿਤ ਮਨੁੱਖ ਦੀ ਉਸ ਵੇਦਨਾ ਨਾਲ ਸਬੰਧਿਤ ਹਨ, ਜਿਹੜਾ ਪ੍ਰਸਥਿਤੀਆਂ ਦੇ ਚੱਕਰਵਿਊ ਵਿਚ ਘਿਰਿਆ ਆਪਣੀ ਹੋਂਦ ਦੀ ਤਲਾਸ਼ ਵਿਚ ਭਟਕ ਰਿਹਾ ਹੈ। ਉਹ ਕਦੇ ਖ਼ੁਦ ਨੂੰ ਬਾਹੂਬਲੀ ਮਹਿਸੂਸ ਕਰਦਾ ਹੈ, ਕਦੇ ਖ਼ੁਦ ਨੂੰ ਬੇਹੱਦ ਨਿਤਾਣਾ। ਪਲ-ਪਲ ਬਦਲਦੀ ਅਜਿਹੀ ਦਸ਼ਾ ਹੀ ਆਧੁਨਿਕ ਮਨੁੱਖ ਦੀ ਹੋਣੀ ਹੈ। ਦਵਿੰਦਰ ਦਵੀ ਦੀਆਂ ਕਵਿਤਾਵਾਂ ਵਿਚ ਅਜਿਹੀ ਮਾਨਸਿਕਤਾ ਦੀਆਂ ਵਿਕੋਲਿਤਰੀਆਂ ਪਰਤਾਂ ਵੇਖਣ ਨੂੰ ਮਿਲਦੀਆਂ ਹਨ।
ਮੈਂ ਤਾਂ ਪਤਝੜ ਦੀ ਅੱਖ 'ਚੋਂ
ਕਿਰਿਆ ਉਹ ਪੱਤਾ ਹਾਂ
ਜਿਸ ਨੂੰ ਹਵਾ ਦਾ
ਹਲਕਾ ਜਿਹਾ ਬੁਲਾ ਵੀ
ਉਡਾਅ ਕੇ ਲੈ ਜਾਂਦਾ ਹੈ
ਕਿਸੇ ਵੀ ਦਿਸ਼ਾ ਵੱਲ .....
ਇਸ ਤਰ੍ਹਾਂ ਇਹ ਸਥਿਤੀ ਕਰਵਟ ਬਦਲਦੀ ਹੈ ਤਾਂ ਮਾਨਵੀ ਸੰਵੇਦਨਾ ਦੀ ਇਕ ਹੋਰ ਦਸ਼ਾ ਅਗਲੀ ਕਵਿਤਾ ਵਿਚ ਉਜਾਗਰ ਹੁੰਦੀ ਹੈ :
ਨਾ ਜਗਾ
ਮੇਰੇ ਅੰਦਰਲੇ ਤੂਫ਼ਾਨ ਨੂੰ
ਕਮਜ਼ੋਰ ਨਹੀਂ ਖਾਮੋਸ਼ ਹਾਂ ਮੈਂ
ਤਲਵਾਰ ਮਿਆਨ ਵਿਚ ਹੀ ਰਹੇ
ਤਾਂ ਚੰਗਾ ਹੈ....।
ਇਸ ਤਰ੍ਹਾਂ ਮਨੁੱਖੀ ਮਾਨਸਿਕਤਾ ਦੀਆਂ ਤੰਦਾਂ ਫਰੋਲਦੀ ਇਹ ਪੁਸਤਕ ਆਪਣੀ ਮੰਜ਼ਿਲ ਵੱਲ ਅਗਰਸਰ ਹੁੰਦੀ ਹੈ। ਦਵੀ ਦੀਆਂ ਕਵਿਤਾਵਾਂ ਬਿਨਾਂ ਸਿਰਲੇਖ ਕਵਿਤਾਵਾਂ ਹਨ। ਵੱਖੋ-ਵੱਖ ਮੂਡਜ਼ ਤੇ ਸ਼ੇਡਜ਼ ਵਿਚ ਰਚੀਆਂ ਇਹ ਇਕ ਲੰਮੀ ਕਵਿਤਾ ਦਾ ਹਿੱਸਾ ਪ੍ਰਤੀਤ ਹੁੰਦੀਆਂ ਹਨ। ਇਸ ਪੁਸਤਕ ਲਈ ਦਵਿੰਦਰ ਕੌਰ ਦਵੀ ਮੁਬਾਰਕ ਦੀ ਹੱਕਦਾਰ ਹੈ...।

-ਡਾ: ਅਮਰਜੀਤ ਕੌਂਕੇ।

 

 


ਮੁਰਝਾਏ ਫੁੱਲ
ਲੇਖਕ : ਜਸਵੀਰ ਸਿੰਘ ਭਲੂਰੀਆ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 99159-95505

ਜਸਵੀਰ ਸਿੰਘ ਭਲੂਰੀਆ ਕਈ ਸਾਲਾਂ ਤੋਂ ਮਿੰਨੀ ਕਹਾਣੀ ਲਿਖ ਰਿਹਾ ਹੈ। ਉਸ ਦੀ ਇਹ ਪੁਸਤਕ ਬੀਤੇ ਸਮੇਂ ਵਿਚ ਲਿਖੀਆਂ 93 ਮਿੰਨੀ ਕਹਾਣੀਆਂ ਦੀ ਹੈ। ਸਿਰਮੌਰ ਸਾਹਿਤਕਾਰ ਡਾ: ਸ਼ਿਆਮ ਸੁੰਦਰ ਦੀਪਤੀ ਨੇ ਪੁਸਤਕ ਤੇ ਲੇਖਕ ਬਾਰੇ ਲਿਖਿਆ ਹੈ-ਭਲੂਰੀਆ ਦੀਆਂ ਇਹ ਰਚਨਾਵਾਂ ਰਾਜਨੀਤਕ ਭ੍ਰਿਸ਼ਾਟਾਚਾਰ, ਧਾਰਮਿਕ ਪਖੰਡ ਤੇ ਅੰਧਵਿਸ਼ਵਾਸ ਤੋਂ ਪਰਦਾ ਚੁਕਦੀਆਂ ਹਨ। ਇਨ੍ਹਾਂ ਰਚਨਾਵਾਂ ਦੀ ਸਿਫ਼ਤ ਹੈ ਕਿ ਇਹ ਆਕਾਰ ਵਿਚ ਵੀ ਮਿੰਨੀ ਹਨ ਤੇ ਪੇਸ਼ਕਾਰੀ ਵਿਚ ਵੀ। ਕਹਾਣੀਆਂ ਵਿਚ ਲੇਖਕ, ਵਿਅੰਗ ਦੀ ਢੁਕਵੀਂ ਵਰਤੋਂ ਕਰਦਾ ਹੈ। ਸੰਖੇਪਤਾ, ਰੌਚਿਕਤਾ ਤੇ ਢੁਕਵੀਂ ਸ਼ਬਦਾਵਲੀ, ਸੰਵਾਦ ਭਰਪੂਰ ਰਚਨਾਵਾਂ ਪਾਠਕ ਨੂੰ ਬੰਨ੍ਹ ਕੇ ਰੱਖਦੀਆਂ ਹਨ। ਰਚਨਾਵਾਂ ਮਾਂ ਦਾ ਮੁੱਲ, ਦੇ ਤਿੰਨੇ ਭਰਾ ਆਪਣੀ ਮਾਂ ਨੂੰ ਜ਼ਮੀਨ ਖਾਤਰ ਸਾਂਭਣ ਲਈ ਤਿਆਰ ਹੋ ਜਾਂਦੇ ਹਨ। ਲਾਚਾਰ ਦਾ ਬਾਲ ਪਾਤਰ ਸਰੀਰਕ ਪੱਖੋਂ ਲਾਚਾਰ ਹੈ। ਲਾੜੇ ਤੋਂ ਪੈਸੇ ਮੰਗਦਾ ਹੈ। ਪਰ ਮਿਲਦੇ ਨਹੀਂ। ਇਕ ਨਸ਼ਈ ਉਸ ਤੋਂ ਪੈਸੇ ਲੈ ਕੇ ਤੁਰਦਾ ਬਣਦਾ ਹੈ। ਦੋਸ਼ੀ ਦਾ ਪਾਤਰ ਅੰਤਰਰਾਸ਼ਟਰੀ ਹੈ। ਫੰਡਰ ਮੱਝ, ਚਿੜੀਆਂ ਦਾ ਚੰਬਾ, ਰੱਖੜੀ ਵਿਚ ਧੀਆਂ ਦੇ ਮਸਲੇ ਹਨ। ਮੱਸਾ ਰੰਘੜ ਇਤਿਹਾਸ ਨਾਲ ਜੁੜੀ ਕਲਾਤਮਿਕ ਰਚਨਾ ਹੈ। ਅਲਵਿਦਾ ਵਿਚ ਪੰਜਾਬ ਦੇ ਪਾਣੀਆਂ ਦੇ ਮਸਲੇ ਨੂੰ ਪੰਜ ਦਰਿਆਵਾਂ ਵਲੋਂ ਕਹੀ ਅਲਵਿਦਾ ਦੇ ਰੂਪ ਵਿਚ ਲਿਆ ਹੈ। ਬੰਦੇ ਬਨਾਮ ਜਾਨਵਰ ਵਿਚ, ਪੰਜਾਬ ਵਿਚ ਆਵਾਰਾ ਜਾਨਵਰਾਂ ਦੀ ਸਮੱਸਿਆ ਨੂੰ ਲਿਆ ਹੈ। ਲਾਡਲਾ ਦਾ ਪਾਤਰ ਗਈ ਰਾਤ ਤੱਕ ਮੋਬਾਈਲ 'ਤੇ ਰੁਝਿਆ ਰਹਿੰਦਾ ਹੈ। ਰੱਖੜੀ ਸਿਰਲੇਖ ਵਾਲੀ ਦੂਸਰੀ ਕਹਾਣੀ (ਪੰਨਾ 69) ਵਿਚ ਭੈਣ ਭਰਾ ਦੇ ਪਿਆਰ ਵਿਚ ਪੈਂਦੀ ਵਿੱਥ ਹੈ। ਪੁਸਤਕ ਦੀਆਂ ਰਚਨਾਵਾਂ ਪੁੱਤ ਬਨਾਮ ਧੀ, ਇਨਸਾਨੀਅਤ, ਮੁਰਝਾਏ ਫੁੱਲ, ਆਜ਼ਾਦੀ ਦਿਨ, ਕਾਲਾ ਲਹੂ, ਜੁਗਨੂੰ, ਪੱਥਰ ਪ੍ਰਭਾਵਸ਼ਾਲੀ ਸੰਦੇਸ਼ ਦਿੰਦੀਆਂ ਹਨ। ਮਿੰਨੀ ਕਹਾਣੀ ਸੰਗ੍ਰਹਿ ਦਾ ਸਵਾਗਤ ਹੈ। ਆਸ ਹੈ ਕਿ ਲੇਖਕ ਬਾਲ ਗੀਤ ਕਵਿਤਾ ਦੇ ਨਾਲ-ਨਾਲ ਮਿੰਨੀ ਕਹਾਣੀ ਦੀ ਸਿਰਜਣਾ ਵੱਲ ਸੇਧਿਤ ਰਹੇਗਾ।

-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160

..... ਨਾ ਬਲਖ ਨਾ ਬੁਖਾਰੇ
ਲੇਖਕ : ਜਰਨੈਲ ਹੁਸ਼ਿਆਰਪੁਰੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 96
ਸੰਪਰਕ : 84376-00128.

ਲੇਖਕ ਜਰਨੈਲ ਹੁਸ਼ਿਆਰਪੁਰੀ ਨੇ ਬਤੌਰ ਨਾਟਕਕਾਰ, ਇਕਾਂਗੀਕਾਰ ਅਤੇ ਰੰਗਕਰਮੀ ਭਰਪੂਰ ਨਾਮਣਾ ਖੱਟਿਆ ਹੈ। ਉਨ੍ਹਾਂ ਆਪਣੀ ਨੌਕਰੀ ਦੌਰਾਨ ਅਤੇ ਫਿਰ ਸੇਵਾ-ਮੁਕਤੀ ਤੋਂ ਬਾਅਦ ਜੋ ਦੇਸ਼ ਅਤੇ ਵਿਦੇਸ਼ ਦੀਆਂ ਯਾਤਰਾਵਾਂ ਕੀਤੀਆਂ ਹਨ, ਉਨ੍ਹਾਂ ਦੇ ਅਨੁਭਵ ਇਸ ਪੁਸਤਕ ਦੇ ਯਾਤਰਾ ਲੇਖਾਂ ਵਿਚ ਦਰਜ ਕੀਤੇ ਹਨ, ਜਿਨ੍ਹਾਂ ਤੋਂ ਉਨ੍ਹਾਂ ਦੀ ਸੈਰ-ਸਪਾਟਾ ਕਰਨ ਵਾਲੀ ਰੁਚੀ ਅਤੇ ਘੁਮੱਕੜ ਪ੍ਰਵਿਰਤੀ ਦਾ ਭਲੀ-ਭਾਂਤ ਪਤਾ ਲਗਦਾ ਹੈ।
ਉਨ੍ਹਾਂ ਨੇ ਭਾਰਤ ਦੇ ਰਾਜ ਕੇਰਲਾ, ਕੋਚੀ, ਮਨਾਰ, ਮੈਤੰਜਰੀ, ਨਾਗਾਲੈਂਡ, ਮਨੀਪੁਰ, ਇੰਫਾਲ ਦੀਆਂ ਜੋ ਯਾਤਰਾਵਾਂ ਕੀਤੀਆਂ, ਤੋਂ ਪ੍ਰਾਪਤ ਕੀਤੀ ਕੀਮਤੀ ਜਾਣਕਾਰੀ ਇਸ ਪੁਸਤਕ ਨੂੰ ਬੇਹੱਦ ਸਾਰਥਿਕ ਬਣਾਉਂਦੀ ਹੈ। ਲੇਖ 'ਸੱਭਿਆਚਾਰਕ ਖੁਸ਼ਬੋ', 'ਢਾਲਵਾਂ ਰਸਤਾ', 'ਧੁੰਮਾਂ ਹੀ ਧੁੰਮਾਂ', 'ਮੈਂਗੋ ਰੈਸਟੋਰੈਂਟ', 'ਛੱਜੂ ਦਾ ਚੁਬਾਰਾ', ਇਹ ਵੀ ਕੁਮੈਂਟਰੀ' ਉਨ੍ਹਾਂ ਦੀ ਵਾਰਤਕ ਲਿਖਣ-ਕਲਾ ਦਾ ਜਾਦੂ ਤਾਂ ਜਗਾਉਂਦੇ ਹੀ ਹਨ, ਨਾਲ ਹੀ ਭਾਰਤ ਦੀ ਸੱਭਿਆਚਾਰਕ ਵੰਨ-ਸੁਵੰਨਤਾ ਵਿਚ ਏਕਤਾ ਦੇ ਦਰਸ਼ਨ ਕਰਾਉਂਦੇ ਹਨ।
ਵਿਦੇਸ਼ ਦੀ ਯਾਤਰਾ ਨਾਲ ਸਬੰਧਿਤ ਲੇਖ 'ਗੁਰਦੁਆਰਿਆਂ ਦੇ ਦਰਸ਼ਨ' ਵਿਚ ਲੇਖਕ ਨੇ ਆਪਣੀ ਪਾਕਿਸਤਾਨ ਦੀ ਯਾਤਰਾ ਦੌਰਾਨ ਸਿੱਖ ਧਰਮ ਦੇ ਮਹਾਨ ਇਤਿਹਾਸਕ ਗੁਰਦੁਆਰਿਆਂ ਬਾਰੇ ਅਨੁਭਵ ਅਤੇ ਜਾਣਕਾਰੀ ਭਰਪੂਰ ਗਿਆਨ ਸਾਂਝਾ ਕੀਤਾ। ਇਨ੍ਹਾਂ ਲੇਖਾਂ 'ਚ ਉਨ੍ਹਾਂ ਦੀ ਅਪਾਰ ਸ਼ਰਧਾ ਮਹਿਸੂਸ ਕੀਤੀ ਜਾ ਸਕਦੀ ਹੈ। 'ਤ੍ਰੈ-ਦੇਸ਼ੀ ਸਫ਼ਰ ਦੇ ਗੁਬਾਰੇ' ਲੇਖ ਵਿਚ ਸਿੰਗਾਪੁਰ, ਮਲੇਸ਼ੀਆ ਅਤੇ ਥਾਈਲੈਂਡ ਦੇਸ਼ਾਂ ਦੀ ਕੀਤੀ ਸੈਰ ਦੇ ਤਜਰਬੇ ਪਾਠਕ ਨੂੰ ਇਸ ਪੁਸਤਕ ਨਾਲ ਧੁਰ ਅੰਦਰੋਂ ਜੋੜਦੇ ਹਨ। ਇਸੇ ਤਰ੍ਹਾਂ ਦੁਬਈ ਦੇਸ਼ ਦੀ ਕੀਤੀ ਯਾਤਰਾ ਨਾਲ ਜੁੜਿਆ 'ਖੁਸ਼ਹਾਲੀ ਬਨਾਮ ਮਾਰੂਥਲ' ਲੇਖ ਬੇਹੱਦ ਦਿਲਚਸਪ ਹੈ। ਕੈਨੇਡਾ ਦੇ ਰਾਜ ਬ੍ਰਿਟਿਸ਼ ਕੋਲੰਬੀਆ ਦੀ ਸੈਰ ਤੋਂ ਇਲਾਵਾ ਟੋਰਾਂਟੋ ਦੇ ਸ਼ਹਿਰ ਬਰੈਂਪਟਨ ਦੀ ਸੈਰ ਨਾਲ ਸਬੰਧਿਤ ਲੇਖ ਡਾਲਰ ਦੀ ਕਰਾਮਾਤ, ਵੈਨਕੂਵਰ-ਬ੍ਰਿਟਿਸ਼ ਕੋਲੰਬੀਆ, ਟੋਰਾਂਟੋ ਯਾਤਰਾ-ਬਰੈਂਪਟਨ, ਵਿਕਟੋਰੀਆ, ਕੈਨੇਡਾ ਪ੍ਰਣਾਲੀ-ਪੁਖਤਾ ਪ੍ਰਬੰਧ ਇਸ ਪੁਸਤਕ ਦੇ ਹਾਸਲ ਹਨ। ਇਹ ਪੁਸਤਕ ਸਫ਼ਰਨਾਮਾ-ਸਾਹਿਤ ਦੇ ਭੰਡਾਰ ਵਿਚ ਜ਼ਿਕਰਯੋਗ ਵਾਧਾ ਕਰਦੀ ਹੈ।

-ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444.


ਸ਼ਹੀਦਾਂ ਦੇ ਹਮਸਫ਼ਰ
ਲੇਖਕ : ਸੁਧੀਰ ਵਿਦਿਆਰਥੀ
ਅਨੁਵਾਦਕ : ਬਲਬੀਰ ਲੌਂਗੋਵਾਲ
ਪ੍ਰਕਾਸ਼ਕ : ਪੀਪਲਜ਼ ਫੋਰਮ, ਬਰਗਾੜੀ (ਪੰਜਾਬ)।
ਮੁੱਲ : 200 ਰੁਪਏ, ਸਫ਼ੇ : 224
ਸੰਪਰਕ : 98153-17028.

'ਸ਼ਹੀਦਾਂ ਦੇ ਹਮਸਫ਼ਰ' ਸੁਧੀਰ ਵਿਦਿਆਰਥੀ ਦੀ ਕ੍ਰਾਂਤੀਕਾਰੀਆਂ ਦੀਆਂ ਯਾਦਾਂ ਦਾ ਇਤਿਹਾਸਕ ਦਸਤਾਵੇਜ਼ ਹੈ, ਜਿਸ ਵਿਚ ਉਸ ਨੇ ਅਜਿਹੇ ਕ੍ਰਾਂਤੀਕਾਰੀਆਂ ਦੇ ਜੀਵਨ ਅਤੇ ਸੰਘਰਸ਼ਾਂ ਦਾ ਵਿਸਥਾਰ ਸਹਿਤ ਵਰਨਣ ਕੀਤਾ ਹੈ, ਜੋ ਭਾਵੇਂ ਫਾਂਸੀ ਦੇ ਤਖ਼ਤੇ 'ਤੇ ਨਹੀਂ ਚੜ੍ਹ ਸਕੇ ਪਰ ਉਨ੍ਹਾਂ ਨੇ ਬਰਤਾਨਵੀ ਹਕੂਮਤ ਦੇ ਜਬਰ ਦਾ ਸ਼ਿਕਾਰ ਹੁੰਦਿਆਂ ਜੇਲ੍ਹਾਂ ਅਤੇ ਕਾਲੇ ਪਾਣੀ ਦੀਆਂ ਸਜ਼ਾਵਾਂ ਕੱਟੀਆਂ ਹਨ ਅਤੇ ਦੇਸ਼ ਆਜ਼ਾਦ ਹੋਣ ਮਗਰੋਂ ਵੀ ਕ੍ਰਾਂਤੀ ਦੀ ਮਸ਼ਾਲ ਲੈ ਕੇ ਕਿਸੇ ਨਾ ਕਿਸੇ ਰੂਪ ਵਿਚ ਸੰਘਰਸ਼ਸ਼ੀਲ ਰਹੇ ਹਨ।
ਲੇਖਕ ਨੇ ਉਨ੍ਹਾਂ ਵਿਦਰੋਹੀਆਂ ਨੂੰ ਹੀ ਇਸ ਪੁਸਤਕ ਵਿਚ ਸ਼ਾਮਿਲ ਕੀਤਾ ਹੈ, ਜਿਨ੍ਹਾਂ ਦੇ ਸੰਪਰਕ ਅਤੇ ਨੇੜਤਾ ਵਿਚ ਰਹਿਣ ਦਾ ਉਨ੍ਹਾਂ ਨੂੰ ਅਵਸਰ ਮਿਲਿਆ ਹੈ। ਸ਼ਿਵ ਵਰਮਾ, ਦੁਰਗਾ ਭਾਬੀ, ਡਾ: ਗਯਾ ਪ੍ਰਸਾਦ, ਪੰਡਿਤ ਕਿਸ਼ੋਰੀ ਲਾਲ, ਪੰਡਿਤ ਪਰਮਾਨੰਦ, ਵਿਜੇ ਕੁਮਾਰ ਜਿਨਹਤ ਸੁਰਿੰਦਰ ਪਾਂਡੇ, ਸਚਿੰਦਰ ਨਾਥ ਬਖਸ਼ੀ, ਯੋਗੇਸ਼ ਚੰਦਰ ਚੈਟਰਜੀ, ਬਾਬਾ ਪ੍ਰਿਥਵੀ ਸਿੰਘ ਆਜ਼ਾਦ, ਦਾਮੋਦਰ ਸਰੂਪ ਸੇਠ, ਦੇਵ ਨਰਾਇਣ ਭਾਰਤੀ, ਪੰਡਿਤ ਸੁੰਦਰ ਲਾਲ, ਕਾਮਰੇਡ ਸਤਯ ਭਗਤ, ਵਿਸ਼ਣੂੰ ਸ਼ਰਵ ਦੁਵਾਲਿਸ਼, ਕਾਮਰੇਡ ਸ਼ਿਵ ਸਿੰਘ ਅਤੇ ਭਵਾਨੀ ਸਿੰਘ ਰਾਵਤ ਦੇ ਜੀਵਨ ਵੇਲੇ ਯਾਦਾਂ ਸਮੇਤ ਇਸ ਪੁਸਤਕ ਵਿਚ ਦਰਜ ਹਨ। ਇਸ ਪੁਸਤਕ ਦਾ ਪਾਠ ਜਿਥੇ ਸਾਡੀ ਨੌਜਵਾਨ ਪੀੜ੍ਹੀ ਨੂੰ ਕੁਰਬਾਨੀਆਂ ਦੇ ਪੁੰਜ ਕ੍ਰਾਂਤੀਕਾਰੀਆਂ ਦੇ ਮਾਣਮੱਤੇ ਇਤਿਹਾਸ ਤੋਂ ਜਾਣੂ ਕਰਵਾਏਗਾ, ਉਥੇ ਉਨ੍ਹਾਂ ਲਈ ਪ੍ਰੇਰਨਾ ਸਰੋਤ ਵੀ ਸਿੱਧ ਹੋਵੇਗਾ। ਬਲਬੀਰ ਲੌਂਗੋਵਾਲ ਨੇ ਪੁਸਤਕ ਦਾ ਅਨੁਵਾਦ ਅਤਿ ਸਹਿਜ ਅਤੇ ਰੌਚਕ ਭਾਸ਼ਾ ਵਿਚ ਕਰਕੇ ਸ਼ਲਾਘਾਯੋਗ ਕਾਰਜ ਕੀਤਾ ਹੈ।

-ਸੁਖਦੇਵ ਮਾਦਪੁਰੀ
ਮੋ: 94630-34472.


ਟੋਏ ਟਿੱਬੇ
ਭੂਰਾ ਸਿੰਘ ਕਲੇਰ
ਪ੍ਰਕਾਸ਼ਕ : ਲੋਕ ਰੰਗ ਪ੍ਰਕਾਸ਼ਨ, ਬਰਨਾਲਾ
ਮੁੱਲ : 130 ਰੁਪਏ, ਸਫ਼ੇ : 120
ਸੰਪਰਕ : 98726-45669.

ਭੂਰਾ ਸਿੰਘ ਕਲੇਰ ਪੰਜਾਬੀ ਜਗਤ ਵਿਚ ਗੌਲਣਯੋਗ ਨਾਂਅ ਹੈ। ਉਹ ਇਕੋ ਕਵੀ, ਗਾਇਕ ਤੇ ਕਹਾਣੀਕਾਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਹਥਲੀ ਪੁਸਤਕ ਉਸ ਦੀ ਸਵੈਜੀਵਨੀ ਦਾ ਪਹਿਲਾ ਭਾਗ ਹੈ। ਮਲਵਈ ਉਪਭਾਸ਼ਾ ਨਾਲ ਲਬਰੇਜ਼ ਇਹ ਸਵੈਜੀਵਨੀ ਭੂਰਾ ਸਿੰਘ ਕਲੇਰ ਦੀਆਂ ਜੀਵਨ ਘਟਨਾਵਾਂ ਨਾਲ ਸਾਂਝ ਪਵਾਉਂਦੀ-ਪਵਾਉਂਦੀ ਤੁਹਾਨੂੰ ਉਸ ਵਕਤ ਦੇ ਤਤਕਾਲੀ ਹਾਲਾਤ ਦੇ ਵੀ ਸਨਮੁੱਖ ਕਰਦੀ ਹੈ।
ਸਵੈਜੀਵਨੀ 'ਚੋਂ ਪਾਠਕ ਨੂੰ 1944 ਤੋਂ ਲੈ ਕੇ ਮਲਵਈ ਭੂਗੋਲਿਕ ਖਿੱਤੇ ਦੇ ਦਰਸ਼ਨ ਪ੍ਰਤੱਖ ਨਜ਼ਰ ਆਉਂਦੇ ਹਨ। ਮੇਲੇ, ਤਿਉਹਾਰਾਂ ਦੀ ਗੱਲ ਕਰਦਿਆਂ ਕਲੇਰ ਆਪਣੇ ਘਰ ਦੀਆਂ ਤੰਗੀਆਂ ਤੁਰਸ਼ੀਆਂ, ਮਾਪਿਆਂ, ਨਾਨੇ ਨਾਨੀ ਤੇ ਹੋਰ ਰਿਸ਼ਤੇਦਾਰਾਂ ਦੇ ਸੁਭਾਅ ਬਾਰੇ ਵੀ ਚਾਨਣ ਪਾਉਂਦਾ ਹੈ। ਲੇਖਕ ਪੜ੍ਹਨ 'ਚ ਹੁਸ਼ਿਆਰ, ਫ਼ਿਲਮਾਂ ਦਾ ਪਿਓ ਵਾਂਗੂ ਸ਼ੌਕੀਨ, ਸਾਹਿਤ ਦਾ ਰਸੀਆ, ਪਿਤਾ-ਪੁਰਖੀ ਕਿੱਤੇ ਦਾ ਮਾਹਿਰ, ਤਰਕਸ਼ੀਲ ਸੋਚ ਵਾਲਾ, ਬੇਰੁਜ਼ਗਾਰੀ ਦੇ ਆਲਮ 'ਚ ਹੌਸਲਾ ਨਾ ਛੱਡਣ ਵਾਲਾ, ਕਈ ਰੁਜ਼ਗਾਰ ਬਦਲਣ ਵਾਲਾ, ਅੱਛਾ ਗੀਤ ਲੇਖਕ ਤੇ ਗਾਇਕ, ਕਹਾਣੀਕਾਰ, ਰਾਜਨੀਤਕ ਮੱਸ ਰੱਖਣ ਵਾਲਾ, ਸੰਵੇਦਨਸ਼ੀਲ ਤੇ ਸੰਘਰਸ਼ੀ ਜੀਵਨ ਬਿਤਾਉਣ ਵਾਲੀ ਸ਼ਖ਼ਸੀਅਤ ਹੈ। ਭੂਰਾ ਸਿੰਘ ਕਲੇਰ ਇਹ ਵੀ ਦੱਸਦਾ ਹੈ ਕਿ ਬਿਪਤਾ ਵੇਲੇ ਕੋਈ ਰਿਸ਼ਤੇਦਾਰ ਨੇੜੇ ਨਹੀਂ ਢੁਕਦਾ। ਉਨ੍ਹਾਂ ਸਮਿਆਂ 'ਚ ਲੋਕ/ਰਿਸ਼ਤੇਦਾਰ ਕਿਸੇ ਮਰੀਜ਼ ਨੂੰ ਖੂਨ-ਦਾਨ ਕਰਨ ਤੋਂ ਕਿਵੇਂ ਭੱਜਦੇ ਹਨ, ਦਾ ਚਿਤਰਨ ਮਾਰਮਿਕ ਢੰਗ ਨਾਲ ਕਰਦਾ ਹੈ।
ਸਵੈਜੀਵਨੀਕਾਰ ਦੀ ਹਯਾਤੀ 'ਚ ਆਏ ਟੋਏ ਟਿੱਬਿਆਂ ਦਾ ਇਸ ਪ੍ਰਸੰਗਿਕ 'ਚ ਸਫ਼ਲ ਵਰਨਣ ਹੈ। ਵਾਕਿਆ ਹੀ ਉਸ ਦੇ ਆਪਣੇ ਕਥਨ ਅਨੁਸਾਰ, ਮੈਂ ਆਪਣੇ ਬਾਰੇ ਸੱਚ ਹੀ ਲਿਖਿਆ ਹੈ (05)। ਜੀਵਨ ਝਲਕੀਆਂ ਦੇ ਨਾਲ-ਨਾਲ ਮਲਵਈ ਜਗਤ ਦੇ ਸੱਭਿਆਚਾਰਕ ਦਰਸ਼ਨ (ਉਤਕ੍ਰਿਸ਼ਟ ਵੀ ਤੇ ਕਰੂਪ ਵੀ) ਪ੍ਰਤੱਖ ਦ੍ਰਿਸ਼ਟੀਗੋਚਰ ਹੁੰਦੇ ਹਨ।

-ਸਤਪਾਲ ਸਿੰਘ
ਮੋ: 98725-21515.


ਵਤਨ ਦੀ ਮਿੱਟੀ ਉਦਾਸ ਹੈ
ਕਵੀ : ਹਰਨੇਕ ਸਿੰਘ ਬੱਧਣੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 112
ਸੰਪਰਕ : 87280-64138.

ਹਥਲੀ ਪੁਸਤਕ ਵਿਚ ਕਵੀ ਬੱਧਣੀ ਨੇ ਜਿਥੇ 38 ਵਧੀਆ ਗ਼ਜ਼ਲਾਂ ਲਿਖੀਆਂ ਹਨ, ਉਥੇ ਜਜ਼ਬੇ ਵਿਚ ਗੁੰਨੇ ਗੀਤ ਅਤੇ ਤਾਰਕਿਕ ਨਜ਼ਮਾਂ ਵੀ ਸ਼ਾਮਿਲ ਕੀਤੀਆਂ ਹਨ। ਬਕੌਲ ਹਰਨੇਕ ਸਿੰਘ ਬੱਧਣੀ ਭਾਵੇਂ ਗ਼ਜ਼ਲ ਦੀ ਤਕਨੀਕ ਅਤੇ ਚੌਤਰਫ਼ਾ ਗਿਆਨ ਇਸ ਉੱਪਰ ਗ੍ਰਹਿਣ ਕਰਨਾ ਅਤਿ ਮੁਸ਼ਕਿਲ ਸੀ ਪਰ ਕਵੀ ਨੇ ਗ਼ਜ਼ਲ ਵਰਗੀ ਸਿਨਫ਼ ਵਿਚ ਵੀ ਪਰਪੱਕਤਾ ਹਾਸਲ ਕੀਤੀ। ਸਗੋਂ ਮੇਰੇ ਖਿਆਲ ਵਿਚ ਸ਼ਾਇਰ ਬੱਧਣੀ ਅਜੋਕੇ ਅਖੌਤੀ ਗ਼ਜ਼ਲਕਾਰਾਂ ਤੋਂ ਕਿਤੇ ਵੱਧ ਪੁਰ ਅਹਿਸਾਸ ਸ਼ਿਅਰ ਰਚੇਤਾ ਹੈ। ਪਾਕਿਸਤਾਨ ਵਿਚ ਕੰਦੀਲ ਨਾਮੀ ਮਾਡਲ ਕੁੜੀ ਨੂੰ ਉਸ ਦੇ ਸਕੇ ਭਰਾ ਨੇ ਕਤਲ ਕਰ ਦਿੱਤਾ ਸੀ। ਉਸ ਨੂੰ ਸਾਹਮਣੇ ਰੱਖ ਕੇ ਬੱਧਣੀ ਨੇ ਗ਼ਜ਼ਲ ਸਿਰਜੀ ਜੋ ਕਿ ਯਾਦਗਾਰੀ ਹੋ ਨਿਬੜੀ :
-ਬਾਬਾ ਤੇਰੇ ਦੇਸ਼ 'ਚ ਹੋ ਗਈ, ਕਤਲ ਕੰਦੀਲ ਬਲੋਚ,
ਦੱਸ ਧੀਆਂ ਨੂੰ ਇੰਜ ਮਾਰਨ ਦੀ, ਕਦ ਬਦਲੇਗੀ ਸੋਚ?
-ਰਾਜੇ ਜੰਮਣ ਵਾਲੀਆਂ ਧੀਆਂ ਦੇ ਹੱਕ 'ਚ ਬੋਲਣ ਵੇਲੇ,
ਦਾਨਿਸ਼ਮੰਦੋ ਤੇ ਐ ਕਵੀਓ, ਕਰਿਓ ਨਾ ਸੰਕੋਚ...।
ਬੱਧਣੀ ਕੋਲ ਆਰਥਿਕ, ਰਾਜਨੀਤਕ, ਧਾਰਮਿਕ ਅਤੇ ਸੱਭਿਆਚਾਰਕ ਸੂਝ ਹੈ। ਇਸੇ ਲਈ ਉਸ ਦੇ ਸ਼ਿਅਰਾਂ, ਗੀਤਾਂ ਅਤੇ ਨਜ਼ਮਾਂ ਵਿਚ ਪੇਸ਼ਕਾਰੀ ਦੀ ਪਕਿਆਈ ਹੈ। ਸਮੇਂ ਦੇ ਸੱਚ ਨੂੰ ਉਸ ਨੇ ਦਲੇਰੀ ਨਾਲ ਪ੍ਰਗਟਾਇਆ ਹੈ। ਪੰਜਾਬ ਦੇਸ਼ ਵਿਚ ਹਰੀ ਕ੍ਰਾਂਤੀ ਅਤੇ ਹੋਰ ਅੱਤਵਾਦ ਵਰਗੇ ਮੁੱਦਿਆਂ ਨੇ ਕਈ ਮਸਲੇ ਪੈਦਾ ਕੀਤੇ ਹਨ, ਜਿਨ੍ਹਾਂ ਨੂੰ ਕਵੀ ਨੇ ਬੜੀ ਬੇਬਾਕੀ ਨਾਲ ਪੇਸ਼ ਕੀਤਾ ਹੈ। ਭਾਵੇਂ ਕਵੀ ਕੈਨੇਡਾ ਜਾ ਵਸਿਆ ਹੈ ਪਰ ਉਸ ਨੂੰ ਆਪਣੇ ਪੰਜਾਬ ਵਿਚ ਵਾਪਰਦੀਆਂ ਘਟਨਾਵਾਂ/ਦੁਰਘਟਨਾਵਾਂ ਦੀ ਪੂਰਨ ਸੁਰਤ ਹੈ।

-ਸੁਲੱਖਣ ਸਰਹੱਦੀ
ਮੋ: 94174-84337.

 

 

 

ਬੇਇੱਜ਼ਤ
ਲੇਖਿਕਾ : ਸਰਬਜੀਤ ਕੌਰ ਅਠਵਾਲ, ਜੈਫ਼ ਹਡਸਨ
ਅਨੁਵਾਦਕ : ਸੁਖਵੰਤ ਹੁੰਦਲ, ਸਾਧੂ ਬਿਨਿੰਗ, ਗੁਰਮੇਲ ਰਾਏ
ਪ੍ਰਕਾਸ਼ਕ : ਪੀਪਲ ਫੋਰਮ (ਰਜਿ:) ਬਰਗਾੜੀ (ਫ਼ਰੀਦਕੋਟ)
ਮੁੱਲ : 250 ਰੁਪਏ, ਸਫ਼ੇ : 320
ਸੰਪਰਕ : 98729-89313
.

ਇਸ ਨਾਵਲ ਦਾ ਭਖਦਾ ਵਿਸ਼ਾ : ਇੱਜ਼ਤ ਖਾਤਰ ਕੀਤਾ ਗਿਆ ਕਤਲ ਹੈ, ਜਿਸ ਨੇ ਸਾਰੇ ਬਰਤਾਨੀਆ ਨੂੰ ਹਿਲਾ ਦਿੱਤਾ ਸੀ। ਇਹ ਸਾਲ 1998 ਦੀ ਘਟਨਾ ਹੈ। ਬਰਤਾਨੀਆ ਵਿਚ ਵਸਦੇ ਪੰਜਾਬੀ ਅਠਵਾਲ ਪਰਿਵਾਰ ਦੀ ਇਹ ਦਰਦਨਾਕ ਕਹਾਣੀ ਹੈ, ਜਿਸ ਦੀ ਮੁੱਖ ਪਾਤਰ ਆਪ ਨਾਵਲ ਦੀ ਲੇਖਿਕਾ ਸਰਬਜੀਤ ਕੌਰ ਅਠਵਾਲ ਹੈ। ਲੇਖਿਕਾ ਆਪਣੀ ਦੁਖਾਂਤ ਕਹਾਣੀ ਆਪ ਲਿਖਤੀ ਬਿਆਨ ਕਰਦੀ ਹੈ।
ਇੱਜ਼ਤ ਆਧਾਰਿਤ ਹਿੰਸਾ ਸੰਸਾਰ ਦੀ ਸਮਾਜਿਕ ਸਮੱਸਿਆ ਹੈ। ਸੰਸਾਰ ਵਿਚਲੇ ਧਰਮਾਂ ਵਿਚ ਅਜਿਹੇ ਅਪਰਾਧੀ ਸੁਭਾਵਿਕ ਅਤੇ ਬੁਨਿਆਦੀ ਤੌਰ 'ਤੇ ਆਪਣਾ ਧਾਰਮਿਕ, ਪਰ ਕੱਟੜ ਸਰੂਪ ਬਣਾ ਕੇ ਅਪਰਾਧ ਕਰਦੇ ਹਨ, ਇੰਜ ਕਰਦੇ ਹੋਏ ਉਹ ਆਮ ਲੋਕਾਂ ਦੀ ਦ੍ਰਿਸ਼ਟੀ ਵਿਚ 'ਧਾਰਮਿਕ' ਮੰਨੇ ਜਾਂਦੇ ਹਨ। ਇੱਜ਼ਤ ਆਧਾਰਿਤ ਅਹਿੰਸਾ, ਗੁਪਤ ਰੂਪ ਵਿਚ ਹੁੰਦੀ ਰਹਿੰਦੀ ਹੈ; ਇਹ ਸਮਾਜਿਕ ਕਲੰਕ ਹੈ। ਮਾਨਵੀ ਅਧਿਕਾਰਾਂ ਨਾਲ ਖਿਲਵਾੜ ਹੈ। ਇਸ ਨਾਵਲ ਦੀ ਕਹਾਣੀ ਬਰਤਾਨਵੀ ਦੇਸ਼ ਵਿਚ ਲੰਦਨ ਵਿਖੇ ਵਾਪਰਦੀ ਹੈ; ਜਿਥੇ ਹੰਸਲੇ, ਲੰਡਨ ਵਿਚ ਰਹਿਣ ਵਾਲੇ ਸੇਵਾ ਸਿੰਘ ਅਤੇ ਅਮਰਜੀਤ ਕੌਰ ਬਾਠ ਦੀ ਧੀ ਸਰਬਜੀਤ ਕੌਰ ਵੱਡੀ ਹੋ ਕੇ ਅਜਿਹੇ ਸ਼ਹਿਰ ਦੇ ਪੰਜਾਬੀ ਪ੍ਰਵਾਸੀ ਪਰਿਵਾਰ ਅਠਵਾਲ ਖਾਨਦਾਨ ਦੇ ਗਿਆਨ ਸਿੰਘ ਬਚਨ ਕੌਰ ਦੇ ਮੁੰਡੇ ਹਰਦੇਵ ਸਿੰਘ ਨਾਲ ਵਿਆਹੀ ਜਾਂਦੀ ਹੈ।
ਨਾਵਲ ਦੀ ਮੁੱਖ ਪਾਤਰ ਖ਼ੁਦ ਲੇਖਕ ਹੈ। ਨਾਵਲ ਵਿਚ ਉਸ ਨੇ ਆਪਣੀ ਮਨੋਂ ਵੇਦਨਾ-ਸੰਵੇਦਨਾ ਨੂੰ ਬਹੁਤ ਹੀ ਮਰਮ ਢੰਗ ਨਾਲ ਅਭਿਵਿਅਕਤ ਕੀਤਾ ਹੈ। ਨਾਵਲ ਰਾਹੀਂ ਸਾਨੂੰ ਇੰਗਲੈਂਡ ਦੇਸ਼ ਵਿਚ ਇੱਜ਼ਤ ਆਧਾਰਿਤ ਹਿੰਸਾ ਵਰਗੇ ਦੋਸ਼ਾਂ ਦੇ ਮੁਜ਼ਰਮਾਂ ਨੂੰ ਸਜ਼ਾਵਾਂ ਦਿਵਾਉਣ ਵਿਚ ਉਥੋਂ ਦੀ ਪੁਲਿਸ ਕਿੰਨੀ ਮਿਲਵਰਤਣ ਦਿੰਦੀ ਹੈ। ਇਹ ਸਾਨੂੰ ਸਹਿਜ ਹੀ ਪਤਾ ਲਗਦਾ ਹੈ। ਵਿਧੀ ਤੇ ਵਰਨਣ ਨਾਵਲ ਦੀ ਸੁਚੱਜੀ ਵਿਉਂਤ ਦੇ ਕਲਾਤਮਕ ਰੂਪ ਹਨ।


ਤੇਜਾ ਨਗੌਰੀ
ਲੇਖਕ : ਜੀਤ ਸਿੰਘ ਸੰਧੂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ।
ਮੁੱਲ : 250 ਰੁਪਏ, ਸਫ਼ੇ : 168
ਸੰਪਰਕ : 99154-15312.

ਤੇਜਾ ਨਗੌਰੀ, ਤੇਜ਼ੀ ਨਾਲ ਬਦਲਦੇ ਸਮੇਂ ਅਨੁਸਾਰ 21ਵੀਂ ਸਦੀ ਦੇ ਦੂਜੇ ਦਹਾਕੇ ਵਿਚ ਪੰਜਾਬ ਵਿਚ ਬਦਲਦੇ ਸਮਾਜਿਕ, ਰਾਜਨੀਤਕ ਅਤੇ ਸੱਭਿਆਚਾਰਕ ਹਾਲਾਤ ਅਨੁਸਾਰ ਹੋ ਰਹੀਆਂ ਤਬਦੀਲੀਆਂ ਦਾ ਜੀਵੰਤ ਯਥਾਰਥ ਹੈ, ਜਿਸ ਨੂੰ ਅਸੀਂ ਨਵੀਂ ਸੋਚ ਅਤੇ ਨਵੇਂ ਸੰਕਲਪਾਂ ਨੂੰ ਕਿਰਿਆਤਮਕ ਰੂਪ ਵਿਚ ਅਮਲ ਵਿਚ ਲਿਆਉਣ ਦੀ ਪਹਿਲ ਕਹਿ ਸਕਦੇ ਹਾਂ। ਭਾਰਤ ਦੇ ਹੋਰਨਾਂ ਪ੍ਰਾਂਤਾਂ ਵਾਂਗ, ਸਮੁੱਚੇ ਸੰਸਾਰ ਦੇ ਲੋਕਾਂ ਵਿਚ ਸਾਮੰਤੀ ਸੋਚ; ਦਕਿਆਨੁਸੀ-ਵਿਚਾਰ; ਅਤੇ ਹੱਕ ਪ੍ਰਾਪਤ ਕਰਨ ਦੀ ਚੇਤਨਾ ਜਾਗ੍ਰਿਤ ਹੋ ਰਹੀ ਹੈ। ਵਿਗਿਆਨਕ ਯੁੱਗ ਵਿਚ ਸਥਾਪਤ ਹੋ ਚੁੱਕੇ ਕੱਟੜ ਰਸਮ ਰਿਵਾਜ ਅਤੇ ਪੁਰਾਤਨ ਮੁੱਲ ਖ਼ਤਮ ਹੋ ਰਹੇ ਹਨ। ਨਾਵਲਕਾਰ ਨੇ ਦੇਸ਼ ਦ੍ਰਿਸ਼ਟੀਕੋਣ ਅਨੁਸਾਰ ਜਿਥੇ ਨਾਵਲ ਦੀ ਸਜੀਵ ਕਹਾਣੀ ਰਾਹੀਂ; ਪਿੰਡ ਦੇ ਪੇਂਡੂ ਜੋੜੇ (ਸੁਮਨ ਤੇ ਧੀਰਾ) ਨੂੰ ਆਪਣੀ ਮਨਮਰਜ਼ੀ ਦੇ ਰਿਸ਼ਤੇ ਸਥਾਪਤ ਕਰਨ ਦੀ ਪਹਿਲ ਕਰਦਾ ਹੈ, ਉਥੇ ਜਾਤ-ਪਾਤ, ਊਚ-ਨੀਚ; ਅੰਤਰਜਾਤੀ ਵਿਆਹ; ਨਸ਼ਿਆਂ ਦੀ ਕਰੋਪੀ; ਪਰਿਵਾਰਕ ਦੁਸ਼ਮਣੀਆਂ ਆਦਿ ਚਲੰਤ ਵਿਸ਼ਿਆਂ ਨੂੰ ਨਵੀਂ ਸੋਚ ਤੇ ਨਵੇਂ ਸੰਕਲਪਾਂ ਨਾਲ ਵਿਸ਼ਲੇਸ਼ਣ ਕਰਦਾ ਹੈ, ਉਹ ਉਸਾਰੂ ਅਤੇ ਨਵੇਂ ਸਮਾਜਿਕ ਰਿਸ਼ਤਿਆਂ ਦੀ ਸਥਾਪਤੀ ਲਈ ਮਹੱਤਵਪੂਰਨ ਹੈ। ਇਹ ਨਾਵਲ 21ਵੀਂ ਸਦੀ ਦੀ ਨਵੀਂ ਸੋਚ ਲਈ, ਨਵੇਂ ਪ੍ਰਤਿਮਾਨ ਹੀ ਸਥਾਪਤ ਨਹੀਂ ਕਰਦਾ, ਸਗੋਂ ਉਨ੍ਹਾਂ ਪਰਿਵਾਰਾਂ ਦਾ ਯਥਾਰਥ ਵੀ ਦਰਸਾਉਂਦਾ ਹੈ, ਜੋ ਸ਼ਰਾਬ ਵਰਗੇ ਹੋਰ ਭਿਆਨਕ ਨਸ਼ਿਆਂ ਦੇ ਪਰਪੋਕ ਕਾਰਨ ਤਬਾਹ ਹੋ ਜਾਂਦੇ ਹਨ, ਮੁਕੱਦਮਿਆਂ ਉੱਪਰ ਧਨ ਦੌਲਤ ਅਤੇ ਜਾਇਦਾਦ ਬਰਬਾਦ ਕਰ ਦਿੰਦੇ ਹਨ। ਅਜੇ ਵੀ ਪੰਜਾਬ ਦੇ ਪਿੰਡਾਂ ਵਿਚ ਜਾਤ-ਪਾਤ ਹੈ, ਵਿਤਕਰੇ ਹਨ। ਪਰਿਵਾਰਕ ਔਰਤਾਂ ਗੁਲਾਮ ਹਨ। ਨਾਵਲ ਵਿਚ ਤੇਜਾ ਨਗੋਰੀ ਪਾਤਰ ਅਜਿਹਾ ਪਾਤਰ ਹੈ, ਜਿਸ ਨੇ ਜ਼ਿੰਦਗੀ ਭਰ ਸੱਚ, ਹੱਕ, ਨਿਆਇ ਅਤੇ ਕਮਜ਼ੋਰ ਧਿਰਾਂ ਪ੍ਰਤੀ ਆਪਣੀ ਵਫ਼ਾਦਾਰੀ ਨਿਭਾਈ ਹੈ।
ਤੇਜਾ ਸਿੰਘ ਨਗੌਰੀ ਪੁਰਾਤਨ ਪੀੜ੍ਹੀ ਦਾ ਪ੍ਰਤੀਨਿਧ ਹੋ ਕੇ ਵੀ ਧੀਰੇ-ਸੁਮਨ ਤੇ ਉਸ ਦੇ ਸਬੰਧੀਆਂ ਦਾ ਪੱਖ ਪੂਰਦਾ ਅਜਿਹਾ ਪਾਤਰ ਹੈ, ਜਿਸ ਦੇ ਚਰਿੱਤਰ ਰਾਹੀਂ ਨਵੀਂ ਸੋਚ ਤੇ ਨਵੇਂ-ਸੰਕਲਪਾਂ ਨੂੰ ਅਮਲ ਵਿਚ ਢਾਲਿਆ ਜਾ ਸਕਦਾ ਹੈ।

-ਡਾ: ਅਮਰ ਕੋਮਲ
ਮੋ: 08437873565

 

 

23/09/2017

 ਅਮਲਤਾਸ ਦੇ ਪੱਤੇ
ਲੇਖਕ : ਡਾ: ਸ.ਨ. ਸੇਵਕ
ਪ੍ਰਕਾਸ਼ਕ : ਸਾਤਵਿਕ ਬੁੱਕਸ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98150-09066.

ਡਾ: ਸ. ਨ. ਸੇਵਕ ਪੰਜਾਬੀ ਸਾਹਿਤ ਦਾ ਬਹੁ-ਵਿਧਾਈ ਲੇਖਕ ਹੈ। ਵਿਚਾਰਾਧੀਨ ਗ਼ਜ਼ਲ ਸੰਗ੍ਰਹਿ ਵਿਚ ਕੁੱਲ 53 ਗ਼ਜ਼ਲਾਂ ਹਨ। ਇਨ੍ਹਾਂ ਵਿਚੋਂ 20 ਉਸ ਦੇ ਪਹਿਲੇ ਗ਼ਜ਼ਲ ਸੰਗ੍ਰਹਿ (ਰੁੱਤ ਕੰਡਿਆਲੀ) ਨਾਲ ਸਬੰਧਿਤ ਹਨ ਅਤੇ ਬਾਕੀ 33 ਨਵੀਨ ਹਨ। ਇਸ ਪੁਸਤਕ ਦੇ ਸੱਜੇ ਪੰਨੇ (ਰੈਕਟੋ ਪੇਜ) 'ਤੇ ਪੰਜਾਬੀ ਵਿਚ ਅਤੇ ਉਹੀ ਗ਼ਜ਼ਲ ਖੱਬੇ ਪੰਨੇ (ਵਰਸੋ ਪੇਜ) 'ਤੇ ਸ਼ਾਹਮੁਖੀ ਵਿਚ ਅੰਕਿਤ ਹੈ। ਉਦੇਸ਼ ਇਹ ਹੈ ਕਿ ਭਾਰਤੀ ਪੰਜਾਬ ਅਤੇ ਪਾਕਿ-ਪੰਜਾਬ ਦੋਵਾਂ ਦੇ ਪਾਠਕ ਇਸ ਦਾ ਆਨੰਦ ਮਾਣ ਸਕਣ।
ਇਨ੍ਹਾਂ ਗ਼ਜ਼ਲਾਂ ਦਾ ਅਧਿਐਨ ਕਰਦਿਆਂ ਮੁੱਖ ਗੱਲ ਇਹੋ ਪੱਲੇ ਪੈਂਦੀ ਹੈ ਕਿ ਜੀਵਨ ਜੋ ਹੈ ਅਤੇ ਜੇਹੋ-ਜਾ ਹੋਣਾ ਚਾਹੀਦਾ ਹੈ, ਉਸ ਵਿਚ ਪਾੜਾ ਹੈ। ਇਸ ਪਾੜੇ ਦੀ ਪੀੜ ਵਿਚੋਂ ਹੀ ਸੇਵਕ ਦੇ ਸ਼ਿਅਰ ਹੋਂਦ ਗ੍ਰਹਿਣ ਕਰਦੇ ਹਨ। ਉਸ ਦੀਆਂ ਗ਼ਜ਼ਲਾਂ ਸਮਾਜਿਕ, ਧਾਰਮਿਕ, ਰਾਜਨੀਤਕ, ਆਰਥਿਕ ਅਤੇ ਸੱਭਿਆਚਾਰਕ ਤੋਂ ਬਿਨਾਂ ਉਸ ਦੇ ਮਾਨਸਿਕ ਦਿਸਹੱਦੇ ਨੂੰ ਵੀ ਛੋਂਹਦੀਆਂ ਹਨ। ਉਸ ਦੇ ਅਸਤਿਤਵ ਦਾ ਵਿਸ਼ਲੇਸ਼ਣ ਕਰਦੀਆਂ ਹਨ। ਕਵੀ 'ਸੇਵਕ' ਅੰਗਰੇਜ਼ੀ ਦੇ ਰੁਮਾਂਸਵਾਦੀ ਕਵੀਆਂ ਵਾਂਗ ਵਰਤਮਾਨ ਤੋਂ ਅਸੰਤੁਸ਼ਟ ਹੋ ਕੇ ਭੂਤ, ਭਵਿੱਖ, ਪ੍ਰਕਿਰਤੀ, ਇਤਿਹਾਸ ਅਤੇ ਮਿਥਿਹਾਸ ਵਿਚੋਂ ਮਾਨਸਿਕ ਸੰਤੋਖ ਪ੍ਰਾਪਤ ਕਰਨਾ ਲੋਚਦਾ ਹੈ।
ਮਸਲਨ :
(ੳ) ਪਲ ਦੇ ਵਿਚ ਕਿੱਦਾਂ ਵਿਖਾਵਾਂ, ਜ਼ਖ਼ਮ ਇਸ ਸੰਸਾਰ ਦੇ,
ਜ਼ਿੰਦਗੀ ਹੈ ਮੇਰੇ ਯਾਰੋ, ਇਹ ਕੋਈ ਐਲਬਮ ਨਹੀਂ। ਪੰ. 121
(ਅ) ਅਮਲਤਾਸ ਦੇ ਫੁੱਲ ਤੇ ਪੱਤੇ, ਤੇ ਸਰਘੀ ਦੀ ਸੀਤ ਹਵਾ,
ਕਿੰਨਾ ਪਿਆਰਾ ਮੌਸਮ ਸੀ, ਆਇਆ ਵੀ ਤੇ ਬੀਤ ਗਿਆ। ਪੰ. 71
(ੲ) ਕਦ ਇਹ ਧਰਤੀ ਜੰਨਤ ਬਣਸੀ, ਪ੍ਰੀਤਾਂ ਦੇ ਫੁੱਲ ਮਹਿਕਣਗੇ,
ਹਰ ਦਿਲ ਅੰਦਰ ਖੇੜਾ ਹੋਸੀ, ਅਮਨਾਂ ਦੀਆਂ ਫ਼ਿਜ਼ਾਵਾਂ ਦਾ। ਪੰ. 69
ਸੰਖੇਪ ਇਹ ਕਿ ਕਵੀ 'ਸੇਵਕ' ਪੀ.ਬੀ. ਸ਼ੈਲੀ ਵਾਂਗ 'ਭੂਤ ਅਤੇ ਭਵਿੱਖ 'ਚੋਂ ਉਹ ਕੁਝ ਢੂੰਡਦਾ ਹੈ, ਜੋ ਨਹੀਂ ਹੈ-ਉਸ ਲਈ ਝੂਰਦਾ ਹੈ।' (ਆਇ ਲੁਕ ਬਿਫੋਰ ਐਂਡ ਆਫ਼ਟਰ, ਪਾਇਨ ਫਾਰ ਵੌਟ ਇਜ਼ ਨੌਟ) ਉਦਾਸ ਜ਼ਰੂਰ ਹੈ, ਪਰ ਚੰਗੇ ਦਿਨਾਂ ਦੀ ਉਡੀਕ ਵਿਚ ਹੈ। ਆਸ਼ਾਵਾਦੀ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 88376-79186.


ਅੰਬੇਡਕਰ ਵਿਚਾਰ ਦਰਸ਼ਨ
ਲੇਖਕ ਅਤੇ ਸੰਪਾਦਕ : ਸੋਹਣ ਸਹਿਜਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ।
ਮੁੱਲ : 300 ਰੁਪਏ, ਸਫ਼ੇ : 424
ਸੰਪਰਕ : 95014-77278.

ਹਥਲੀ ਪੁਸਤਕ ਮਹਾਰਾਸ਼ਟਰ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਅੰਗਰੇਜ਼ੀ ਭਾਸ਼ਾ ਵਿਚ ਛਾਪੇ 19 ਗ੍ਰੰਥਾਂ ਦਾ ਤੱਥ-ਸਾਰ ਹੈ। ਡਾ: ਅੰਬੇਡਕਰ ਨੇ ਆਪਣੀਆਂ ਲਿਖਤਾਂ ਅਤੇ ਭਾਸ਼ਣਾਂ ਵਿਚ ਦੇਸ਼ ਭਲਾਈ ਹਿਤ ਆਪਣੇ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਅਰਥ-ਵਿਵਸਥਾ ਨਾਲ ਸਬੰਧਿਤ ਵਿਚਾਰਾਂ ਦੀ ਬੇਬਾਕ ਪੇਸ਼ਕਾਰੀ ਕੀਤੀ।
ਗਿਆਨ ਦੇ ਉਸ ਵਿਸ਼ਾਲ ਭੰਡਾਰ ਵਿਚੋਂ ਅੱਜ ਵੀ ਬਹੁਤ ਹੀ ਪ੍ਰਸੰਗਿਕ ਅਤੇ ਉਪਯੋਗੀ ਵਿਚਾਰਾਂ ਦੇ ਸਾਰ-ਤੱਥ ਨੂੰ, 'ਅੰਬੇਡਕਰ ਵਿਚਾਰ ਦਰਸ਼ਨ' ਪੁਸਤਕ ਵਿਚ ਅੰਕਿਤ ਕਰਕੇ ਸ੍ਰੀ ਸੋਹਣ ਸਹਿਜਲ ਨੇ ਸ਼ਲਾਘਾਯੋਗ ਕਾਰਜ ਕਰ ਵਿਖਾਇਆ ਹੈ। ਇਸ ਪੁਸਤਕ ਵਿਚ ਅਛੂਤ, ਦਲਿਤ ਵਰਗ ਅਤੇ ਸਮੂਹਿਕ ਜਨਸਮੂਹ ਦੇ ਹਿਤਾਂ ਦਾ ਉਲੇਖ ਤਾਂ ਹੈ ਹੀ ਨਾਲ ਦੀ ਨਾਲ ਵਕਤ ਦੀਆਂ ਲਹਿਰਾਂ, ਵੱਖ-ਵੱਖ ਵਿਚਾਰਧਾਰਾਵਾਂ ਦੇ ਆਗੂਆਂ, ਗਵਰਨਿੰਗ ਕੌਂਸਲਾਂ, ਅੰਗਰੇਜ਼ ਹਕੂਮਤ ਵਲੋਂ ਵਿਭਿੰਨ ਕਮੇਟੀਆਂ ਦੇ ਆਗੂਆਂ ਨਾਲ ਕੀਤੀਆਂ ਮੁਲਾਕਾਤਾਂ ਅਤੇ ਉਨ੍ਹਾਂ ਤੋਂ ਪ੍ਰਾਪਤ ਸਿੱਟਿਆਂ ਦਾ ਉਲੇਖ ਵੀ ਪ੍ਰਗਟਾਇਆ ਗਿਆ ਹੈ। ਮਹਾਰਾਸ਼ਟਰ ਸਰਕਾਰ ਵਲੋਂ ਛਪੇ ਸਾਰੇ 19 ਗ੍ਰੰਥ ਅੰਗਰੇਜ਼ੀ ਭਾਸ਼ਾ ਵਿਚ ਸਨ, ਜੋ ਹੁਣ ਉਪਲੱਬਧ ਵੀ ਨਹੀਂ। ਪੰਜਾਬੀ ਪਾਠਕਾਂ ਲਈ ਸਰਲ ਭਾਸ਼ਾ ਵਿਚ ਲਿਖੀ ਇਹ ਪੁਸਤਕ ਇਸ ਕਰਕੇ ਵੀ ਲਾਭਦਾਇਕ ਹੈ ਕਿ ਅੰਬੇਡਕਰ ਦੇ ਵਿਚਾਰ ਨਾ ਕੇਵਲ ਦੇਸ਼ ਵਾਸੀਆਂ ਦੇ ਹਿਤ ਵਿਚ ਹਨ ਸਗੋਂ ਵਿਸ਼ਵ ਵਿਆਪੀ ਚਿੰਤਕਾਂ ਲਈ ਖੋਜ-ਦਸਤਾਵੇਜ਼ ਵਜੋਂ ਉਪਲੱਬਧ ਹਨ। ਪੁਸਤਕ ਦੇ ਅੰਤ 'ਚ ਸਹਿਜਲ ਸਾਹਿਬ ਨੇ ਡਾ: ਅੰਬੇਡਕਰ ਦੇ ਜੀਵਨ ਫਲਸਫੇ ਨੂੰ 'ਸੋਚ ਨੂੰ ਸਿਜਦਾ' ਕਵਿਤਾ ਰਾਹੀਂ ਪੇਸ਼ ਕੀਤਾ ਹੈ।

-ਡਾ: ਜਗੀਰ ਸਿੰਘ ਨੂਰ
ਮੋ: 9814209732


ਲਹਿਰਾਂ ਸਾਗਰ ਦੀਆਂ
ਕਵਿੱਤਰੀ : ਇੰਦਰਜੀਤ ਕੌਰ
ਪ੍ਰਕਾਸ਼ਕ : ਸਿੱਖ ਫਾਊਂਡੇਸ਼ਨ, ਦਿੱਲੀ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 093102-14682.

ਇਸ ਪੁਸਤਕ ਵਿਚ 117 ਖੁੱਲ੍ਹੀਆਂ ਕਵਿਤਾਵਾਂ ਹਨ। ਇਨ੍ਹਾਂ ਦੇ ਵਿਸ਼ੇ ਸਮਾਜਿਕ, ਧਾਰਮਿਕ ਅਤੇ ਦਾਰਸ਼ਨਿਕ ਹਨ। ਇਨ੍ਹਾਂ ਵਿਚ ਗੁਰਬਾਣੀ ਦੀ ਰੰਗਤ ਅਤੇ ਸਦਾਚਾਰਕ ਕਦਰਾਂ ਦੀ ਝਲਕ ਹੈ। ਦੁਨੀਆ ਵਿਚ ਜੋ ਕੁਝ ਵੀ ਹੋ ਰਿਹਾ ਹੈ, ਰੱਬੀ ਹੁਕਮ ਅਨੁਸਾਰ ਹੋ ਰਿਹਾ ਹੈ। ਉਸ ਦੇ ਹੁਕਮ ਨੂੰ ਸਮਝ ਕੇ ਅਤੇ ਕਮਾ ਕੇ ਸਹਿਜ ਅਤੇ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ। ਉਸ ਦੀਆਂ ਦਾਤਾਂ ਦਾ ਸਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਭਰੂਣ ਹੱਤਿਆ, ਨਸ਼ੇ, ਦਾਜ ਦਹੇਜ, ਟੁੱਟ ਰਹੇ ਰਿਸ਼ਤੇ ਅਤੇ ਬਜ਼ੁਰਗਾਂ ਤੇ ਵਿਧਵਾਵਾਂ ਦੀਆਂ ਸਮੱਸਿਆਵਾਂ ਵੀ ਪੇਸ਼ ਕੀਤੀਆਂ ਗਈਆਂ ਹਨ। ਉਸ ਦੇ ਕਾਵਿਕ ਬੋਲ ਮਾਂ ਬੋਲੀ, ਦੇਸ਼ ਭਗਤੀ ਅਤੇ ਨਾਰੀ ਸੰਵੇਦਨਾ ਦੀ ਵੀ ਬਾਤ ਪਾਉਂਦੇ ਹਨ। ਆਉ! ਇਸ ਸ਼ਾਇਰੀ ਦੇ ਰੂਬਰੂ ਹੋਈਏ-
-ਉਹਦੇ ਹੁਕਮ ਅੰਦਰ ਰਹਿ ਕੇ ਹੀ ਅਸੀਂ ਜੀਵਨ ਜੀਣਾ ਹੈ
ਤਾਂ ਹੀ ਅਸੀਂ ਕਰ ਸਕਦੇ ਹਾਂ ਉਸ ਪ੍ਰਭੂ ਨਾਲ ਮਿਲਾਪ।
-ਕੋਮਲ ਦਿਲ ਸਿਰਫ ਉਸ ਦਾ ਹੁੰਦਾ ਹੈ
ਜਿਸ ਦੀ ਰਸਨਾ ਤੇ ਪ੍ਰਭੂ ਦਾ ਨਾਮ ਨਿਵਾਸ ਕਰਦਾ ਹੈ।
-ਮੈਂ ਦੇ ਹੁੰਦਿਆਂ, ਤੂੰ ਦੀ ਕੋਈ ਗੱਲ ਜਚਦੀ ਨਹੀਂ
ਪਰ ਜੇ ਤੂੰ ਮਨ ਵਿਚ ਵਸ ਜਾਵੇਂ, ਤਾਂ ਮੈਂ ਦੀ ਕੋਈ ਹਸਤੀ ਨਹੀਂ।
ਇਨ੍ਹਾਂ ਨਜ਼ਮਾਂ ਵਿਚ ਪ੍ਰਗਟਾਈ ਗਈ ਵਿਚਾਰਧਾਰਾ ਖੂਬਸੂਰਤ ਹੈ। ਇਸ ਕਾਵਿ ਸੰਗ੍ਰਹਿ ਦਾ ਸਵਾਗਤ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਪੌਣਾਂ ਵਿਚ ਘੁਲੇ ਗੀਤ
ਦੀਦਾਰ ਖਾਨ ਧਬਲਾਨ
ਪ੍ਰਕਾਸ਼ਕ : ਜ਼ੌਹਰਾ ਪਬਲੀਕੇਸ਼ਨਜ਼, ਪਟਿਆਲਾ,
ਮੁੱਲ : 150 ਰੁਪਏ, ਸਫ਼ੇ : 77
ਸੰਪਰਕ : 99150-24849

'ਪੌਣਾਂ ਵਿਚ ਘੁਲੇ ਗੀਤ' ਦੀਦਾਰ ਦਾ ਪਹਿਲਾ ਗੀਤ ਸੰਗ੍ਰਹਿ ਹੈ। ਇਸ ਵਿਚਲੇ ਸਾਰੇ ਗੀਤ ਸੁਚੱਜੀ ਸੋਚ ਵਾਲੇ ਹਨ। ਉਸ ਨੂੰ ਕੁੱਖ ਵਿਚ ਕਤਲ ਕੀਤੀਆਂ ਜਾਂਦੀਆਂ ਧੀਆਂ ਦਾ ਵੀ ਦੁੱਖ ਹੈ, ਸਰਹੱਦਾਂ ਦੇ ਝੇੜੇ ਵਿਚ ਰੁਲਦੀਆਂ ਆਮ ਲੋਕਾਂ ਦੀਆਂ ਭਾਵਨਾਵਾਂ ਦਾ ਵੀ। ਧੀਆਂ ਬਾਰੇ ਲਿਖਦਾ ਉਹ ਭਾਵੁਕ ਹੁੰਦਾ ਪ੍ਰਤੀਤ ਹੁੰਦਾ ਹੈ। ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਲਿਖਦਾ ਹੈ :
ਪਾਪ ਖੱਟੋ ਨਾ ਤੇ ਹੱਥੀਂ ਜੜ੍ਹਾਂ ਪੱਟੋ ਨਾ,
ਜ਼ਰਾ ਦੇਖ ਲਓ ਵਿਚਾਰ ਕੇ।
ਕਿੱਥੇ ਪੁੱਤਾਂ ਨੂੰ ਵਿਆਹੋਗੇ ਓਏ ਲੋਕੋ,
ਕੁੱਖਾਂ ਵਿਚ ਧੀਆਂ ਮਾਰ ਕੇ।
ਭਾਰਤ ਪਾਕਿਸਤਾਨ ਸਬੰਧਾਂ ਵਿਚ ਤਣਾਤਣੀ ਕੋਈ ਨਵੀਂ ਗੱਲ ਨਹੀਂ। ਦੋਵਾਂ ਦੇਸ਼ਾਂ ਦੇ ਲੋਕਾਂ ਦਾ ਵੱਡਾ ਹਿੱਸਾ ਸਰਹੱਦਾਂ ਮਿਟਾਉਣ ਦੇ ਹੱਕ ਵਿਚ ਹੈ, ਪਰ ਰਾਜਨੀਤਕ ਲੋਕਾਂ ਨੇ ਆਪਣੇ ਸਵਾਰਥਾਂ ਖਾਤਰ ਇਨ੍ਹਾਂ ਮਸਲਿਆਂ ਨੂੰ ਹਮੇਸ਼ਾ ਭਖਾਉਣ ਦਾ ਕੰਮ ਕੀਤਾ ਹੈ। ਦੀਦਾਰ ਚਾਹੁੰਦਾ ਹੈ ਕਿ ਕੰਡਿਆਲੀਆਂ ਤਾਰਾਂ ਮੁੱਕ ਜਾਣ। ਇਧਰੋਂ ਉਧਰ ਤੇ ਉਧਰੋਂ ਇਧਰ ਆਉਣ ਵਿਚ ਕਿਸੇ ਨੂੰ ਮੁਸ਼ਕਿਲ ਨਾ ਹੋਵੇ। ਇਨ੍ਹਾਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਉਹ ਲਿਖਦਾ ਹੈ :
ਕਰੋ ਦੁਆਵਾਂ ਵਾਹਘੇ ਦੀ ਦੀਵਾਰ ਰਹੇ ਨਾ,
ਰੋਕ ਟੋਕ ਕੋਈ ਸਰਹੱਦ ਵਿਚਕਾਰ ਰਹੇ ਨਾ।
ਦੀਦਾਰ ਖਾਨ ਦੇ ਬਾਕੀ ਗੀਤ ਵੀ ਇਨ੍ਹਾਂ ਭਾਵਨਾਵਾਂ ਵਾਲੇ ਹੀ ਹਨ। ਲੱਚਰਤਾ ਤੋਂ ਕੋਹਾਂ ਦੂਰ ਉਹ ਆਪਣੀ ਕਲਮ ਨੂੰ ਸੇਧ ਦੇਣ ਦੇ ਤੌਰ 'ਤੇ ਵਰਤਦਾ ਹੈ। ਅੱਜ ਜਦੋਂ ਪੰਜਾਬੀ ਗਾਇਕੀ ਵਪਾਰਕ ਢਹੇ ਚੜ੍ਹ ਕੇ ਆਪਣਾ ਮਿਸ਼ਨ ਗੁਆਉਂਦੀ ਜਾ ਰਹੀ ਹੈ ਤਾਂ ਮੇਰੀ ਜਾਚੇ ਦੀਦਾਰ ਵਰਗੇ ਗੀਤਕਾਰਾਂ ਵਲੋਂ ਲਿਖੇ ਗੀਤਾਂ ਦੀ ਬੇਹੱਦ ਲੋੜ ਹੈ।

-ਸਵਰਨ ਸਿੰਘ ਟਹਿਣਾ
ਮੋ: 98141-78883


ਅਲਵਿਦਾ ਤੋਂ ਪਹਿਲਾਂ
(ਅਮਨ ਭੁੱਲਰ ਦੀ ਚੋਣਵੀਂ ਕਵਿਤਾ)
ਸੰਪਾਦਕ : ਸਰਬਜੀਤ ਸੋਹੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 78377-18723.

ਅਮਨ ਭੁੱਲਰ ਦੀਆਂ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਵਿਚੋਂ ਗੁਜ਼ਰਦਿਆਂ ਇਸ ਗੱਲ ਦਾ ਤੀਬਰ ਅਹਿਸਾਸ ਹੁੰਦਾ ਹੈ ਕਿ ਜੀਵਨ ਦੇ ਹਾਦਸਿਆਂ ਨਾਲ ਖਹਿ ਕੇ ਲੰਘੀ ਅਮਨ ਦੀ ਜ਼ਿੰਦਗੀ ਨੂੰ ਉਸ ਨੂੰ ਕਵਿਤਾ ਅਤੇ ਚਿੰਤਨ ਦੇ ਰਾਹਾਂ 'ਤੇ ਉਂਗਲੀ ਫੜ ਆਪਣੇ ਨਾਲ ਤੋਰ ਲਿਆ ਸੀ। ਉਸ ਦੀਆਂ ਕਵਿਤਾਵਾਂ ਸਮਾਜਿਕ ਤਬਦੀਲੀ ਲਈ ਉੱਸਲਵੱਟੇ ਲੈਂਦੀਆਂ ਪ੍ਰਤੀਤ ਹੁੰਦੀਆਂ ਹਨ। ਉਸ ਨੂੰ ਅਹਿਸਾਸ ਸੀ ਕਿ ਜਾਤ, ਪਾਤ, ਰੰਗ, ਨਸਲ ਦਾ ਭੇਦ ਮੁਕਾਏ ਬਿਨਾਂ ਮੁਹੱਬਤ ਦਾ ਪ੍ਰਵਾਨ ਚੜ੍ਹਨਾ ਸੰਭਵ ਨਹੀਂ। ਇਸੇ ਲਈ ਸ਼ਾਇਦ ਉਸ ਨੇ ਆਪਣਾ ਨਾਂਅ ਅਮਨ ਭੁੱਲਰ ਤੋਂ ਬਦਲ ਕੇ ਅਮਨ ਭਾਰਤ ਕਰ ਲਿਆ ਸੀ। ਪਰ ਉਸ ਨੂੰ ਇਸ ਗੱਲ ਦਾ ਵੀ ਅਹਿਸਾਸ ਸੀ ਕਿ ਯੁੱਧ ਸਿਰਫ ਰਣਭੂਮੀ ਵਿਚ ਹੀ ਨਹੀਂ ਚਲਦੇ, ਇਹ ਮਨੁੱਖ ਦੇ ਅੰਦਰ ਵੀ ਚਲਦੇ ਹਨ, ਜਿਨ੍ਹਾਂ ਨੂੰ ਜਿੱਤਣਾ ਕਿਤੇ ਵੱਧ ਔਖਾ ਹੈ :
ਪਰ ਸਭ ਤੋਂ ਵੱਧ ਔਖਾ
ਆਪਣੇ-ਆਪ ਸਾਹਵੇਂ ਖੜ੍ਹਨਾ
ਸਭ ਤੋਂ ਔਖਾ
ਆਪਣੇ-ਆਪ ਨਾਲ ਯੁੱਧ ਲੜਨਾ...।
ਇਹ ਕਵਿਤਾਵਾਂ ਆਪਣੀ ਸਮਾਜਿਕ, ਨੈਤਿਕ ਜ਼ਿੰਮੇਵਾਰੀ ਲਈ ਪ੍ਰਤੀਬੱਧ ਕਵਿਤਾਵਾਂ ਹਨ। ਲੇਖਕ ਇਕ ਅਜਿਹਾ ਸਮਾਜ ਸਿਰਜਣ ਦਾ ਸੁਪਨਾ ਲੈਂਦਾ ਹੈ, ਜਿਥੇ ਨਾਬਰਾਬਰੀ, ਰੰਗ, ਨਸਲ, ਭਾਸ਼ਾ ਦਾ ਭੇਦ-ਭਾਵ ਨਾ ਹੋਵੇ। ਅਜਿਹੇ ਸੰਭਾਵਨਾਵਾਂ ਪੂਰਨ ਸ਼ਾਇਰ ਦਾ ਆਪਣਾ ਕਾਵਿ-ਸਫ਼ਰ ਅੱਧ-ਵਿਚਾਲੇ ਛੱਡ ਕੇ ਤੁਰ ਜਾਣਾ ਸਚਮੁੱਚ ਦੁਖਦਾਇਕ ਹੈ।

-ਡਾ: ਅਮਰਜੀਤ ਕੌਂਕੇ।

ਬਟਾਲੇ ਦੀ ਸਮਕਾਲੀ ਕਵਿਤਾ
ਸੰਪਾਦਕ : ਡਾ: ਸੈਮੂਅਲ ਗਿੱਲ
ਪ੍ਰਕਾਸ਼ਕ : ਯੂਨੀਸਟਾਰ ਬੁਕਸ ਪ੍ਰਾਈਵੇਟ ਲਿਮ. ਮੋਹਾਲੀ।
ਮੁੱਲ : 295 ਰੁਪਏ, ਸਫ਼ੇ : 175
ਸੰਪਰਕ : 98780-01630.

ਡਾ: ਸੈਮੂਅਲ ਗਿੱਲ ਨੇ 'ਬਟਾਲੇ ਦੀ ਸਮਕਾਲੀ ਕਵਿਤਾ' ਕਵਿਤਾ-ਸੰਗ੍ਰਹਿ ਰਾਹੀਂ ਬਟਾਲੇ ਅਤੇ ਇਸ ਦੇ ਆਸ-ਪਾਸ 23 ਕਵੀਆਂ ਦੀ ਕਵਿਤਾ ਦੀ ਪਛਾਣ ਕਰਵਾਉਣ ਦਾ ਯਤਨ ਕੀਤਾ ਹੈ। ਹਥਲੇ ਕਾਵਿ ਸੰਗ੍ਰਹਿ ਵਿਚ ਉਸ ਨੇ ਰਾਏ ਭੱਟੀ, ਡਾ: ਰਵਿੰਦਰ, ਸੁਲਤਾਨ ਭਾਰਤੀ, ਅਜੀਤ ਕਮਲ, ਆਰਥਰ ਵਿਕਟਰ, ਸੰਤੋਖ ਸਿੰਘ ਭੋਮਾ, ਚਰਨ ਦਾਸ ਚੰਨ, ਡਾ: ਸੈਮੁਅਲ ਗਿੱਲ, ਚੰਨ ਬੋਲੇਵਾਲੀਆ, ਜਸਵੰਤ ਹਾਂਸ, ਸੁੱਚਾ ਸਿੰਘ ਨਾਗੀ, ਸੁਖਦੇਵ ਸਿੰਘ 'ਪ੍ਰੇਮੀ', ਰਾਹੀ ਬਟਾਲਵੀ, ਪ੍ਰਿੰ: ਸਿਮਰਤ ਸੂਮੈਰਾ, ਪ੍ਰਿੰ: ਏ.ਸੀ. ਪ੍ਰੀਤ, ਤਲਵਿੰਦਰ ਕੌਰ, ਸੰਧੂ ਬਟਾਲਵੀ, ਵਰਗਿਸ ਸਲਾਮਤ, ਬਲਵਿੰਦਰ ਗੰਭੀਰ, ਪਰਮਜੀਤ ਪੰਮਾ, ਡਾ: ਰਮਨਦੀਪ ਸਿੰਘ, ਓਮ ਪ੍ਰਕਾਸ਼ ਭਗਤ ਅਤੇ ਦੁਖਭੰਜਨ ਸਿੰਘ ਰੰਧਾਵਾ ਦੀਆਂ ਛੰਦ-ਬੱਧ ਅਤੇ ਗ਼ੈਰ-ਛੰਦ-ਬੰਧ ਰਚਨਾਵਾਂ ਨੂੰ ਸ਼ਾਮਿਲ ਕੀਤਾ ਹੈ ਅਤੇ ਇਹ ਕਾਵਿ-ਸੰਗ੍ਰਹਿ ਪੰਜਾਬੀ ਦੇ ਬਿਰਹਾ ਦੇ ਸੁਲਤਾਨ ਸ਼ਾਇਰ ਸ਼ਿਵ ਕੁਮਾਰ 'ਬਟਾਲਵੀ' ਦੀ ਮਿੱਠੀ ਯਾਦ ਨੂੰ ਸਮਰਪਿਤ ਕੀਤਾ ਗਿਆ ਹੈ। ਬਟਾਲੇ ਦੀ ਧਰਤੀ ਸ਼ਾਇਰੀ ਦਾ ਮੁੱਢ-ਕਦੀਮੀ ਕੇਂਦਰ ਰਿਹਾ ਹੈ। ਪੰਜਾਬੀ ਕਾਵਿ ਦਾ ਆਰੰਭ ਨਾਥਾਂ-ਜੋਗੀਆਂ ਦੀ ਕਵਿਤਾ ਤੋਂ ਹੀ ਮੰਨਿਆ ਜਾਂਦਾ ਹੈ। ਗੁਰੂ ਬਾਬੇ ਨਾਨਕ ਦਾ ਵਿਆਹ ਅਤੇ ਸਿੱਧ-ਗੋਸ਼ਟ ਦਾ ਸਬੰਧ ਵੀ ਬਟਾਲੇ ਦੀ ਧਰਤੀ ਨੂੰ ਮੰਨਿਆ ਹੈ। ਇਸ ਲਈ ਸੈਮੂਅਲ ਗਿੱਲ ਦੇ ਮੁਤਾਬਿਕ ਇਸ ਧਰਤੀ ਦੇ ਅਜੋਕੇ ਸ਼ਾਇਰ ਪੂਰਬਲੇ ਹੋਏ ਸ਼ਾਇਰ ਤਾਇਰ, ਬਰਕਤ ਰਾਮ ਯੁੰਮਨ, ਸ਼ਿਵ ਕੁਮਾਰ ਬਟਾਲਵੀ ਦੇ ਵਾਰਿਸ ਹਨ :
ਵਾਰਿਸ ਨੇ ਇਹ ਤਾਇਰ, ਯੁਮਨ, ਸ਼ਿਵ ਜਿਹੇ ਸਿਰਮੌਰਾਂ ਦੇ,
ਸੁਹਣੇ ਸੁਹਣੇ ਸ਼ਬਦ ਪਰੋ ਕੇ ਕਾਵਿ ਚਿੱਤਰ ਜਦ ਕਸਦੇ ਨੇ।
ਕਾਵਿ-ਸੰਗ੍ਰਹਿ ਵਿਚ ਸ਼ਾਮਿਲ ਕਵੀਆਂ ਦੀਆਂ ਕਵਿਤਾਵਾਂ ਵਿਚ ਪਰੰਪਰਾਵਾਦੀ ਰਵਾਇਤੀ ਅਤੇ ਆਧੁਨਿਕ ਕਵਿਤਾ ਦੇ ਵੱਖਰੇ-ਵੱਖਰੇ ਰੰਗਾਂ ਦੀ ਝਲਕ ਮਿਲਦੀ ਹੈ, ਜਿਸ ਨਾਲ ਵੰਨ-ਸੁਵੰਨੇ ਵਿਸ਼ਾ-ਰੂਪੀ ਫੁੱਲਾਂ ਦਾ ਇਕ ਨਿਵੇਕਲਾ ਗੁਲਦਸਤਾ ਬਣ ਗਿਆ ਹੈ। ਪਿਆਰ, ਤੜਪ, ਬਿਰਹਾ, ਵਿਅੰਗ, ਗ਼ਰੀਬੀ, ਭੁੱਖ, ਦੁੱਖ-ਸੁੱਖ, ਸੰਘਰਸ਼, ਸਮਾਜਿਕ ਕੁਰੀਤੀਆਂ ਆਦਿ ਵਿਸ਼ਿਆਂ ਨਾਲ ਸਬੰਧਤ ਕਵਿਤਾਵਾਂ ਰਾਹੀਂ ਸ਼ਾਮਿਲ ਸ਼ਾਇਰਾਂ ਨੇ ਆਪਣੀ ਸਮਰੱਥਾ ਅਨੁਸਾਰ ਸਮਾਜਿਕ ਚੇਤਨਾ ਦੀ ਝਲਕ ਵਿਖਾਈ ਹੈ। ਸਾਹਿਤ ਖੋਜਾਰਥੀ ਇਸ ਪੁਸਤਕ ਰਾਹੀਂ ਬਟਾਲੇ ਦੀ ਕਾਵਿਕ-ਚੇਤਨਾ ਪ੍ਰਤੀ ਸੁਜੱਗ ਹੋ ਸਕਦੇ ਹਨ।

-ਸੰਧੂ ਵਰਿਆਣਵੀ (ਪ੍ਰੋ:)
ਮੋ: 98786-14096.

ਵੀਨਾ ਵਰਮਾ ਦੀ ਕਥਾਕਾਰੀ
ਲੇਖਿਕਾ : ਬੰਧਨਾ ਰਾਣੀ
ਪ੍ਰਕਾਸ਼ਕ : ਦਿਲਦੀਪ ਪ੍ਰਕਾਸ਼ਨ, ਸਮਰਾਲਾ
ਮੁੱਲ : 100 ਰੁਪਏ, ਸਫ਼ੇ : 104
ਸੰਪਰਕ : 85579-79125.

ਲੇਖਿਕਾ ਨੇ ਮੁੱਢ ਵਿਚ ਵੀਨਾ ਵਰਮਾ ਦੇ ਜੀਵਨ ਤੇ ਰਚਨਾ ਬਾਰੇ ਵਿਸਤਾਰ ਨਾਲ ਵੇਰਵਾ ਦਿੱਤਾ ਹੈ ਕਿ ਉਹ ਇਕ ਪਛੜੇ ਇਲਾਕੇ ਵਿਚ ਜੰਮੀ ਪਲੀ, ਪਰਿਵਾਰ ਵੱਡਾ ਸੀ, ਪਰ ਆਪਣੀ ਮਿਹਨਤ, ਲਗਨ ਤੇ ਸਿਰੜ ਸਦਕਾ ਉਹ ਅਗਾਂਹ ਵਧਦੀ ਗਈ। ਅਸਫ਼ਲ ਵਿਆਹ ਉਸ ਦੇ ਜੀਵਨ ਦੇ ਵਹਿੰਦੇ ਹੜ੍ਹ ਨੂੰ ਬੰਨ੍ਹ ਨਾ ਪਾ ਸਕਿਆ ਤੇ ਉਹ ਸੱਭਿਆਚਾਰਕ ਤੇ ਹੋਰ ਗਤੀਵਿਧੀਆਂ ਵਿਚ ਅੱਗੇ ਕਦਮ ਵਧਾਉਂਦੀ ਗਈ। ਵਿਦੇਸ਼ ਵਿਚ ਪੈਰ ਜਮਾ ਕੇ ਉਸ ਨੇ ਸਾਹਿਤਕ ਖੇਤਰ ਵਿਚ ਵਿਲੱਖਣ ਸਥਾਨ ਬਣਾ ਲਿਆ। ਉਸ ਬਾਰੇ ਖੁਸ਼ਵੰਤ ਸਿੰਘ, ਬਲਵੰਤ ਗਾਰਗੀ ਤੇ ਹੋਰ ਸਾਹਿਤਕਾਰਾਂ ਨੇ ਕਹਾਣੀਆਂ ਬਾਰੇ ਆਪਣੇ-ਆਪਣੇ ਵਿਚਾਰ ਦਿੱਤੇ। ਲੇਖਿਕਾ ਦੇ ਅਨੁਸਾਰ ਉਸ ਦੇ ਤਿੰਨ ਕਹਾਣੀ ਸੰਗ੍ਰਹਿ ਹਨ-'ਮੁੱਲ ਦੀ ਤੀਵੀਂ, ਫਰੰਗੀਆਂ ਦੀ ਨੂੰਹ ਤੇ ਜੋਗੀਆਂ ਦੀ ਧੀ', ਜੋ ਵਿਸ਼ੇਸ਼ ਵਿਸ਼ਾ-ਵਸਤੂ, ਸ਼ੈਲੀ ਸਦਕਾ ਬਹੁਤ ਮਕਬੂਲ ਹੋਏ। ਵੀਨਾ ਵਰਮਾ ਨੇ ਇਨ੍ਹਾਂ ਕਹਾਣੀਆਂ ਵਿਚ ਔਰਤ-ਮਰਦ ਦੇ ਜਿਨਸੀ ਸਬੰਧਾਂ ਨੂੰ ਖੁੱਲ੍ਹ ਕੇ ਪੇਸ਼ ਕੀਤਾ ਹੈ। ਇਹ ਰਿਸ਼ਤੇ ਜਿੰਨੀ ਤੇਜ਼ੀ ਨਾਲ ਪੱਕਦੇ ਹਨ, ਉਸ ਤੋਂ ਵੱਧ ਤੇਜ਼ੀ ਨਾਲ ਟੁੱਟਦੇ ਹਨ। ਉਨ੍ਹਾਂ ਵਿਚ ਸਥਿਰਤਾ ਨਾ ਹੋਣ ਸਦਕਾ ਥੋੜ੍ਹ ਚਿਰੇ ਹੁੰਦੇ ਹਨ। ਵੀਨਾ ਵਰਮਾ ਨੇ ਪਰਵਾਸੀ ਜੀਵਨ ਦੀਆਂ ਮਾਨਸਿਕ, ਆਰਥਿਕ ਤੇ ਸਮਾਜਿਕ ਸਮੱਸਿਆਵਾਂ ਨੂੰ ਬਾਖੂਬੀ ਪੇਸ਼ ਕੀਤਾ ਹੈ। ਇਨ੍ਹਾਂ ਕਹਾਣੀਆਂ ਵਿਚਲੇ ਵਿਸ਼ਾ-ਵਸਤੂ ਜਗਤ ਵਿਚੋਂ ਪ੍ਰਮੁੱਖ ਹੈ ਵਿਦੇਸ਼ਾਂ ਵਿਚ ਜਾਣ ਦੀ ਪ੍ਰਵਿਰਤੀ, ਪਰ ਜਦੋਂ ਉਥੇ ਜਾ ਕੇ ਸੱਚ ਦਾ ਸਾਹਮਣਾ ਕਰਨਾ ਪੈਂਦਾ ਹੈ, ਸੁਪਨੇ ਟੁੱਟਦੇ ਹਨ ਤਾਂ ਇਸ ਭਿਆਨਕ ਸੱਚ ਦਾ ਮਾਨਸਿਕ ਤੌਰ 'ਤੇ ਕੀ ਪ੍ਰਭਾਵ ਪੈਂਦਾ ਹੈ-ਨੂੰ ਖੂਬਸੂਰਤ ਸ਼ੈਲੀ ਵਿਚ ਚਿਤਰਿਆ ਹੈ। ਉਸ ਨੇ ਔਰਤ ਉੱਤੇ ਹੁੰਦੀਆਂ ਵਧੀਕੀਆਂ, ਔਰਤ ਦੀ ਤ੍ਰਾਸਦੀ-ਮਾਨਸਿਕਤਾ ਦਾ ਬਿੰਬ ਵੀ ਸਿਰਜਿਆ ਹੈ। ਮਰਦ ਖੁੱਲ੍ਹ ਮਾਣੇ ਤਾਂ ਮੁਆਫ਼ ਪਰ ਔਰਤ ਖੁੱਲ੍ਹ ਲਵੇ ਤਾਂ ਪਾਪ ਹੋ ਨਿਬੜਦਾ ਹੈ। ਔਰਤ ਦਾ ਬਾਂਝ ਹੋਣਾ ਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਵੀ ਪੇਸ਼ ਕੀਤਾ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

 

16/09/2017

 ਕਾਮਾਗਾਟਾਮਾਰੂ ਦਾ ਸਹਿ-ਨਾਇਕ ਭਾਈ ਦਲਜੀਤ ਸਿੰਘ
ਲੇਖਕ : ਗੁਰਲਾਲ ਸਿੰਘ ਬਰਾੜ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 395 ਰੁਪਏ, ਸਫ਼ੇ : 320
ਸੰਪਰਕ : 84376-81200.

ਗੁਰਲਾਲ ਸਿੰਘ ਬਰਾੜ ਨੇ 1914 ਦੇ ਕਾਮਾਗਾਟਾਮਾਰੂ ਸਾਕੇ ਦੇ ਇਕ ਭੁੱਲੇ ਵਿਸਰੇ ਆਜ਼ਾਦੀ ਸੰਗਰਾਮੀਏ ਬਾਰੇ ਮਿਹਨਤ ਨਾਲ ਖੋਜ ਕਰਕੇ ਪਹਿਲੀ ਵਾਰ ਵਿਸਤ੍ਰਿਤ ਰੂਪ ਵਿਚ ਉਸ ਦੇ ਜੀਵਨ ਤੇ ਸੰਘਰਸ਼ ਬਾਰੇ ਗੱਲ ਕੀਤੀ ਹੈ। ਭਾਈ ਦਲਜੀਤ ਸਿੰਘ ਮੁਕਤਸਰ ਤੇ ਜੈਤੋ ਵਿਚਾਲੇ ਕਾਉਣੀ ਪਿੰਡ ਵਿਚ 1893 ਵਿਚ ਜਨਮਿਆ। ਪਿਤਾ ਸ: ਮਲੂਕ ਸਿੰਘ ਨਿਮਨ ਮੱਧ ਵਰਗੀ ਕਿਸਾਨ। 1911 ਵਿਚ ਖਾਲਸਾ ਕਾਲਜੀਏਟ ਸਕੂਲ ਅੰਮ੍ਰਿਤਸਰ ਤੋਂ ਦਸਵੀਂ ਕੀਤੀ। ਕੁਝ ਦੇਰ ਫਿਰੋਜ਼ਪੁਰ ਦੇ ਬਹੁਚਰਚਿਤ ਸਿੱਖ ਕੰਨਿਆ ਮਹਾਂਵਿਦਿਆਲਾ ਵਿਚ ਸਕੱਤਰੀ ਕੀਤੀ। ਪੰਜਾਬੀ ਭੈਣ ਰਸਾਲੇ ਦਾ ਸਹਿ-ਸੰਪਾਦਨ ਕੀਤਾ। 1913 ਵਿਚ ਉਹ ਹਾਂਗਕਾਂਗ ਚਲਾ ਗਿਆ, ਜਿਥੇ ਉਸ ਦਾ ਸਬੰਧ ਬਾਬਾ ਗੁਰਦਿੱਤ ਸਿੰਘ ਨਾਲ ਜੁੜਿਆ। ਬਾਬਾ ਜੀ ਨਾਲ ਸਕੱਤਰ/ਸਹਾਇਕ ਵਜੋਂ ਉਹ ਜਹਾਜ਼ ਵਿਚ ਕੈਨੇਡਾ ਗਿਆ। ਜਹਾਜ਼ ਪਹੁੰਚਣ 'ਤੇ ਮੁੜਣ ਦੌਰਾਨ ਹੋਈ ਸਾਰੀ ਸਰਗਰਮੀ ਵਿਚ ਉਹ ਸ਼ਾਮਿਲ ਰਿਹਾ। ਬਜਬਜ ਘਾਟ ਦੇ ਸਾਕੇ ਸਮੇਂ 29 ਸਤੰਬਰ 1914 ਨੂੰ ਉਹ ਰੂਪੋਸ਼ ਹੋ ਕੇ ਰਾਏ ਸਿੰਘ ਦੇ ਨਾਂਅ ਨਾਲ ਵਿਚਰਨ ਲੱਗਾ। 1920 ਵਿਚ ਸਾਹਮਣੇ ਆਇਆ। ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਿਆ। ਮੁਕਤਸਰ ਦੇ ਗੁਰਦੁਆਰੇ ਦਾ ਮੈਨੇਜਰ ਬਣਿਆ। 1922 ਵਿਚ ਗੁਰੂ ਕੇ ਬਾਗ, 1923 ਵਿਚ ਜੈਤੋ ਦੇ ਮੋਰਚੇ ਵਿਚ ਤੇ ਅਕਾਲੀ ਆਗੂ ਸਾਜਿਸ਼ ਕੇਸ ਵਿਚ ਗ੍ਰਿਫ਼ਤਾਰ ਹੋਇਆ। 1926 ਵਿਚ ਰਿਹਾਅ ਹੋਇਆ। ਫਿਰ ਮੁਕਤਸਰ ਗੁਰਦੁਆਰੇ ਦਾ ਮੈਨੇਜਰ ਬਣਿਆ। ਸੈਂਤੀ ਸਾਲ ਦੀ ਉਮਰੇ ਮਸਾਂ ਸ਼ਾਦੀ ਹੋ ਸਕੀ ਤੇ ਚੁਤਾਲੀ ਸਾਲ ਦੀ ਉਮਰੇ ਉਹ ਅਕਾਲ ਚਲਾਣਾ ਵੀ ਕਰ ਗਿਆ।
ਘਟਨਾਵਾਂ ਤੇ ਹੰਗਾਮਿਆਂ ਭਰਪੂਰ ਛੋਟੇ ਜਿਹੇ ਜੀਵਨ ਕਾਲ ਵਿਚ ਦਲਜੀਤ ਸਿੰਘ ਉਰਫ਼ ਰਾਏ ਸਿੰਘ ਨੇ ਦੇਸ਼ ਕੌਮ ਲਈ ਬੜੀਆਂ ਕੁਰਬਾਨੀਆਂ ਕੀਤੀਆਂ। ਅੰਗਰੇਜ਼ ਰਾਜ ਸਮੇਂ ਦੀ ਸੀ.ਆਈ.ਡੀ. ਤੇ ਇੰਟੈਲੀਜੈਂਸ ਦੀਆਂ ਰਿਪੋਰਟਾਂ ਉਸ ਨੂੰ ਖ਼ਤਰਨਾਕ ਬਾਗੀ ਦੱਸਦੀਆਂ ਹਨ। ਅਦਾਲਤਾਂ ਵਿਚ ਉਸ ਦੇ ਤਿੱਖੇ ਬਿਆਨ ਇਸ ਪੁਸਤਕ ਵਿਚ ਪ੍ਰਾਪਤ ਹਨ। ਪੁਸਤਕ ਵਿਚ ਕਾਮਾਗਾਟਾਮਾਰੂ/ਬਜਪਜ ਘਾਟ 'ਤੇ ਇਸ ਸਾਕੇ ਦੇ ਸਾਰੇ ਸੰਗਰਾਮੀਆਂ ਬਾਰੇ ਵਿਸਤ੍ਰਿਤ ਜਾਣਕਾਰੀ ਹੈ। ਪੁਸਤਕ ਦਾ ਸੰਪਾਦਨ ਮਲਵਿੰਦਰ ਜੀਤ ਸਿੰਘ ਵੜੈਚ ਤੇ ਸੀਤਾ ਰਾਮ ਬਾਂਸਲ ਨੇ ਕੀਤਾ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਮੈਂ ਭਾਰਤ ਹਾਂ
ਕਵੀ : ਗੁਰਦਿਆਲ ਰੌਸ਼ਨ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 175 ਰੁਪਏ, ਸਫ਼ੇ : 120
ਸੰਪਰਕ : 99884-44002.

'ਮੈਂ ਭਾਰਤ ਹਾਂ' ਗੁਰਦਿਆਲ ਰੌਸ਼ਨ ਦਾ ਤਾਜ਼ੀਆਂ ਕਵਿਤਾਵਾਂ ਦਾ ਉੱਚ ਪਾਏ ਦਾ ਸੰਗ੍ਰਹਿ ਹੈ। ਹਥਲੀ ਪੁਸਤਕ ਵਿਚ 85 ਸ਼ਾਨਦਾਰ ਨਜ਼ਮਾਂ ਅਤੇ 25 ਨਵੀਆਂ ਗ਼ਜ਼ਲਾਂ ਸ਼ਾਮਿਲ ਹਨ। ਇਹ ਪੁਸਤਕ ਮੌਲਿਕ ਅਤੇ ਨਵੀਨ ਕਾਵਿ-ਪੇਸ਼ਕਾਰੀ ਹੈ। ਸਾਡੇ ਭਾਰਤ ਵਿਚ ਵੱਖ-ਵੱਖ ਸਮੇਂ ਵੱਖ-ਵੱਖ ਮਸਲੇ ਖੜ੍ਹੇ ਹੁੰਦੇ ਰਹਿੰਦੇ ਹਨ। ਇਹ ਮਸਲੇ ਕਈ ਵਾਰ ਤਾਂ ਭਿਆਨਕ ਹੋ ਨਿੱਬੜਦੇ ਹਨ ਜਿਵੇਂ ਕਿ ਸੰਨ ਸੰਤਾਲੀ ਦੀ ਦੇਸ਼ ਵੰਡ ਅਤੇ ਪੰਜਾਬ ਦਾ ਅੱਤਵਾਦ। ਸ਼ਾਇਰੀ ਜਾਂ ਕਵਿਤਾ ਉਹੀ ਕਲਿਆਣਕਾਰੀ ਕਹੀ ਜਾ ਸਕਦੀ ਹੈ, ਜੋ ਕਿ ਉੱਠਦੇ ਲੋਕ ਵਿਰੋਧੀ ਮਸਲਿਆਂ ਨੂੰ ਕਾਵਿ ਜ਼ਬਾਨ ਦੇਵੇ। ਅੱਜ ਜੰਮੂ-ਕਸ਼ਮੀਰ ਦਾ ਮਸਲਾ ਉੱਭਰਵਾਂ ਹੈ ਤੇ ਇਹ ਇਲਾਕਾ ਅੱਤਵਾਦ ਵਿਚ ਗ੍ਰਸਿਆ ਹੋਇਆ ਹੈ। ਸਾਡਾ ਸ਼ਾਇਰ ਇਸ ਖਿੱਤੇ ਬਾਰੇ ਪਹਿਲੀ ਕਵਿਤਾ ਲਿਖਦਾ ਹੈ :
ਮੇਰਾ ਜੰਮੂ ਮੇਰਾ ਕਸ਼ਮੀਰ ਅੱਗ ਵਿਚ ਰੋਜ਼ ਜਲਦਾ ਹੈ,
ਜਦੋਂ ਵੀ ਖੂਨ ਡੁਲ੍ਹਦਾ ਹੈ ਮੇਰਾ ਹਉਕਾ ਨਿਕਲਦਾ ਹੈ
ਹੈ ਜ਼ਖ਼ਮੀ ਆਤਮਾ ਮੇਰੀ, ਮੈਂ ਭਾਰਤ ਹਾਂ, ਮੈਂ ਭਾਰਤ ਹਾਂ।
ਕਵੀ ਨੇ ਰਾਜਨੀਤਕ, ਆਰਥਿਕ, ਧਾਰਮਿਕ ਅਤੇ ਸੱਭਿਆਚਾਰਕ ਮਸਲਿਆਂ ਉੱਤੇ ਅਸਰਅੰਦਾਜ਼ ਉਲਟ ਪ੍ਰਭਾਵੀ ਤੱਤਾਂ ਉੱਤੇ ਕਾਵਿਕਾਰੀ ਕੀਤੀ ਹੈ। ਪਿੰਡਾਂ ਵਿਚਲੀਆਂ ਗ਼ਰੀਬ ਕੁੜੀਆਂ ਮੁਟਿਆਰਾਂ ਬਾਰੇ ਉਹ ਲਿਖਦਾ ਹੈ :
ਘਾਹ ਦੀਆਂ ਪੰਡਾਂ ਚੁੱਕੀ ਕਦਮ ਵਧਾ ਰਹੀਆਂ
ਕੂੰਜਾਂ ਆਪਣੇ ਘਰਾਂ ਨੂੰ ਵਾਪਿਸ ਜਾ ਰਹੀਆਂ।
ਪੁਸਤਕ ਵਿਚ ਸ਼ਾਇਰ ਨੇ ਵਿਗੜ ਰਹੇ ਸੱਭਿਆਚਾਰ, ਭਰੂਣ ਹੱਤਿਆ, ਜੰਗ ਦੇ ਬੱਦਲਾਂ ਦੀ ਨਿਖੇਧੀ, ਪੁਰਾਣਾ ਪੰਜਾਬ, ਕਚਹਿਰੀਆਂ ਦੇ ਦਰਦ, ਮੁਲਤਾਨ-ਲਾਹੌਰ ਦੀਆਂ ਖੈਰਾਂ ਆਦਿ ਅਨੇਕਾਂ ਵਿਸ਼ੇ ਬਾਖੂਬੀ ਨਿਭਾਏ ਹਨ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਵਣਜਾਰੇ ਦੀ ਬੇਟੀ
ਲੇਖਿਕਾ : ਅਮਨਦੀਪ ਅੰਬਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 74
ਸੰਪਰਕ : 099206-24149.

ਅਮਨਦੀਪ ਅੰਬਰ ਦੀ ਸ਼ਾਇਰੀ ਸਮਾਜ ਦੀਆਂ ਪੂਰਬਲੀਆਂ ਮਿੱਥਾਂ ਤੇ ਪੂਰਵਾਂਗ੍ਰਿਹਾਂ ਤੋਂ ਵਿਦਰੋਹ ਦੀ ਸ਼ਾਇਰੀ ਹੈ। ਉਹ ਸਮਾਜ ਦੀਆਂ ਉਨ੍ਹਾਂ ਪ੍ਰਚਲਤ ਰਹੁ ਰੀਤਾਂ ਤੇ ਧਾਰਨਾਵਾਂ ਨੂੰ ਰੱਦ ਕੇ ਆਪਣੀ ਕਾਵਿ ਯਾਤਰਾ ਦਾ ਆਰੰਭ ਕਰਦੀ ਹੈ। ਇਸ ਸੰਗ੍ਰਹਿ ਦੀ ਪਹਿਲੀ ਕਵਿਤਾ ਹੀ 'ਕੁੜੀਆਂ ਚਿੜੀਆਂ' ਦੀ ਮਿੱਥ ਦਾ ਭੰਜਨ ਕਰਦੀ ਪ੍ਰਤੀਤ ਹੁੰਦੀ ਹੈ।
ਮੈਂ ਕੁੜੀ ਹਾਂ
ਮੈਨੂੰ ਚਿੜੀ ਨਾ ਕਹਿਣਾ
ਮੈਂ ਕਿਸੇ ਹੋਰ ਦੇ ਖੇਤ ਵਿਚ ਡਿੱਗੇ
ਦਾਣਿਆਂ ਦੀ ਮੁਹਤਾਜ ਨਹੀਂ....
ਇਸ ਤਰ੍ਹਾਂ ਸ਼ਾਇਰਾ ਪੂਰਵ ਪ੍ਰਚਲਿਤ ਮਾਨਤਾਵਾਂ ਨੂੰ ਨਾਕਰਦੀ ਆਪਣਾ ਰਸਤਾ ਖ਼ੁਦ ਘੜਨ ਵਿਚ ਯਕੀਨ ਕਰਦੀ ਹੈ :
ਦੁਨੀਆ ਨੂੰ ਜਿੱਤਣ ਦੇ
ਦਿਲਾਂ ਨੂੰ ਟੁੱਟਣ ਦੇ
ਕਦਮਾਂ ਨੂੰ ਚੱਲਣ ਦੇ
ਜ਼ਿੰਦਗੀ ਨੂੰ ਰੁੱਸਣ ਦੇ...
ਅਮਨਦੀਪ ਅੰਬਰ ਦੀ ਸ਼ਾਇਰੀ ਇਕ ਸੰਵੇਦਨਸ਼ੀਲ ਮਨ ਦੀ ਸ਼ਾਇਰੀ ਹੈ ਜਿਹੜਾ ਜ਼ਿੰਦਗੀ ਦੇ ਦੁੱਖ-ਸੁੱਖ ਨੂੰ ਮਹਿਸੂਸਦਾ ਹੈ। ਇਸ ਸੰਗ੍ਰਹਿ ਵਿਚਲੀ ਪਿਆਰ ਕਵਿਤਾ ਅਸਲੋਂ ਨਵੇਂ ਬਿੰਬਾਂ ਤੇ ਮੈਟਾਫ਼ਰਾਂ ਨੂੰ ਸਿਰਜਦੀ ਹੈ।
ਮੈਂ ਤੇਰੀ ਕੱਚੀ ਮਿੱਟੀ ਦੀ ਕਵਿਤਾ
ਜੋ ਮਰਜ਼ੀ ਸਾਂਚੇ ਵਿਚ ਪਾ ਲੈ,
ਢਲ ਜਾਵਾਂਗੀ ਤੇਰੇ ਹਰ ਰੰਗ ਵਿਚ
ਰੰਗ ਜਾਵਾਂਗੀ....
ਇਸ ਸੰਗ੍ਰਹਿ ਦੀਆਂ ਕਈ ਕਵਿਤਾਵਾਂ ਸਾਡੇ ਸਮਾਜਿਕ ਰਿਸ਼ਤਿਆਂ ਦੇ ਵਿਯੋਗ ਵਿਚੋਂ ਉਪਜੀ ਵੇਦਨਾ ਨਾਲ ਸਬੰਧਿਤ ਹਨ। ਸਮੁੱਚੇ ਰੂਪ ਵਿਚ ਅਮਨਦੀਪ ਅੰਬਰ ਦੀ ਇਹ ਪੁਸਤਕ ਪੰਜਾਬੀ ਕਾਵਿ ਖੇਤਰ ਇਕ ਜ਼ਿਕਰਯੋਗ ਵਾਧਾ ਹੈ।

ਂਡਾ: ਅਮਰਜੀਤ ਕੌਂਕੇ।
ਫ ਫ ਫ

ਇਹ ਕੇਹੀ ਜੰਨਤ ....!
ਲੇਖਕ : ਜਗਮੇਲ ਸਿੰਘ ਜਠੌਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 142
ਸੰਪਰਕ : 94172-36894.

ਇਸ ਨਾਵਲ ਦੀ ਬਣਤਰ ਨਿਵੇਕਲੀ ਕਿਸਮ ਦੀ ਹੋਣ ਕਾਰਨ ਇਸ ਨੂੰ ਬੜੀ ਸੌਖ਼ ਅਤੇ ਦਿਲਚਸਪੀ ਨਾਲ ਪੜ੍ਹਿਆ ਜਾ ਸਕਦਾ ਹੈ। ਨਾਵਲ ਦੀ ਮੂਲ ਕਥਾਨਕ ਤਾਂ ਸਿਰਫ ਏਨੀ ਕੁ ਹੀ ਹੈ ਕਿ ਜਗਦੀਪ ਨਾਂਅ ਦਾ ਪੰਜਾਬੀ ਨੌਜਵਾਨ ਅੱਤਵਾਦੀਆਂ ਦੀ ਨਜ਼ਰ ਤੋਂ ਪਰ੍ਹਾਂ ਰਹਿਣ ਲਈ ਜੰਮੂ ਕਸ਼ਮੀਰ ਰਿਆਸਤ ਵਿਚ ਬੀ.ਐੱਡ. ਕਰਨ ਚਲਾ ਜਾਂਦਾ ਹੈ, ਜਿਥੇ ਉਸ ਦਾ ਮੇਲ ਫ਼ੌਜੀ ਅਫ਼ਸਰ (ਗੁਰਦਾਸਪੁਰ) ਦੀ ਧੀ ਕੁਲਜੀਤ ਨਾਲ ਹੋ ਜਾਂਦਾ ਹੈ। ਚੁੱਪ ਦੀ ਭਾਸ਼ਾ ਵਿਚ ਉਨ੍ਹਾਂ ਦਾ ਪਿਆਰ ਹੋ ਜਾਂਦਾ ਹੈ ਜੋ ਜਗਦੀਪ ਦੀਆਂ ਪਰਿਵਾਰਕ ਔਕੜਾਂ ਕਾਰਨ ਕਿਸੇ ਤਣ ਪੱਤਣ ਨਹੀਂ ਲਗਦਾ। ਉਹ ਸਾਰੀ ਉਮਰ ਮਿੱਤਰ ਬਣੇ ਰਹਿਣ ਦੀ ਸਾਂਝ ਹੀ ਪਾਲ ਸਕਦੇ ਹਨ। ਇਹ ਨਾਵਲ ਕਿਤੇ-ਕਿਤੇ ਤਾਂ ਕਸ਼ਮੀਰ ਦਾ ਸਫ਼ਰਨਾਮਾ ਹੀ ਜਾਪਦਾ ਹੈ।
ਜਗਮੇਲ ਸਿੰਘ ਜਠੌਲ ਇਸ ਅਕਹਿਰੀ ਗੋਂਦ ਵਾਲੇ ਨਾਵਲ ਵਿਚ ਕਈ ਮਸਲਿਆਂ ਬਾਰੇ ਗੱਲ ਕਰਦਾ ਹੈ। ਪੰਜਾਬ ਦੇ ਖਾੜਕੂ ਦੌਰ ਦਾ ਬਿਰਤਾਂਤ, ਕਸ਼ਮੀਰੀ ਲੋਕਾਂ ਦਾ ਕੇਂਦਰ ਵਿਰੁੱਧ ਸੰਘਰਸ਼, ਜੰਮੂ ਕਸ਼ਮੀਰ ਦੀ ਸਿੱਖਿਆ ਪ੍ਰਣਾਲੀ ਅਤੇ ਕਸ਼ਮੀਰ ਦੀਆਂ ਕਈ ਦੇਖਣਯੋਗ ਥਾਵਾਂ ਦਾ ਇਤਿਹਾਸਕ/ਮਿਥਿਹਾਸਕ ਵੇਰਵਾ ਇਸ ਨਾਵਲ ਦੀ ਕੇਂਦਰੀ ਧੁਨੀ ਬਣੇ ਹਨ। ਅੱਤਵਾਦ ਦਾ ਖੌਫ਼, ਦੋਵਾਂ ਰਾਜਾਂ ਦੀ ਨਿੱਘਰ ਰਹੀ ਆਰਥਿਕਤਾ ਤੇ ਰਿਸ਼ਤਿਆਂ ਦੀ ਟੁੱਟ-ਭੱਜ ਇਸ ਬਿਰਤਾਂਤ ਦਾ ਹਿੱਸਾ ਬਣੇ ਹਨ। ਨਾਵਲ ਦੀ ਬੋਲੀ ਅਤੇ ਕਥਾਨਕ ਬਹੁਤ ਸਰਲ ਹਨ, ਸਿੱਧੀ ਕਤਾਰ ਵਿਚ ਚਲਦੇ ਹਨ। ਪਰ ਅੱਤਵਾਦ ਦੀ ਸਰਕਾਰੀ ਅਤੇ ਅੱਤਵਾਦੀ ਦਹਿਸ਼ਤ ਨਾਵਲ ਦੇ ਕਣ-ਕਣ ਵਿਚ ਬੋਲਦੀ ਹੈ। ਕਸ਼ਮੀਰ ਸਮੱਸਿਆ ਵੱਲ ਵੀ ਸੰਕੇਤ ਮਿਲਦੇ ਹਨ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

ਨਵਾਂ ਸਵੇਰਾ
ਲੇਖਿਕਾ : ਡਾ: ਸੁਨੀਤਾ ਅਗਰਵਾਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200, ਸਫ਼ੇ : 173
ਸੰਪਰਕ : 9463088272.

ਨਵਾਂ ਸਵੇਰਾ ਨਾਵਲ ਡਾ: ਸੁਨੀਤਾ ਅਗਰਵਾਲ ਦਾ ਪਲੇਠਾ ਨਾਵਲ ਹੈ। 'ਨਵਾਂ ਸਵੇਰਾ' ਨਾਵਲ ਵਿਚ ਇਸਤਰੀ ਪਾਤਰ ਲੱਜੀ, ਪੰਮੀ ਤੇ ਗੁੰਨੀ ਨੂੰ ਦੁੱਖ ਝਲਦੀਆਂ ਦਿਖਾਇਆ ਗਿਆ ਹੈ ਜਿਹੜੀਆਂ ਆਪਣੀ ਜ਼ਿੰਦਗੀ ਦਾਅ 'ਤੇ ਲਾ ਕੇ ਜਿਊਂਦੀਆਂ ਹਨ ਤੇ ਪੁਰਸ਼ ਪਾਤਰ ਵੀ ਉਨ੍ਹਾਂ ਦਾ ਸਾਥ ਦਿੰਦੇ ਹਨ। ਜੇਕਰ ਸਾਡੇ ਸਮਾਜ ਵਿਚੋਂ ਦਾਜ ਦਾ ਕੋਹੜ ਤੇ ਜਾਤੀ-ਬੰਧਨ ਮੁੱਕ ਜਾਣ ਤਾਂ ਸਾਡਾ ਸਮਾਜ ਸੁਧਰ ਸਕਦਾ ਹੈ।
ਉੱਧਰ ਪੰਮੀ ਦੀ ਸੱਸ ਵਿਆਹ ਵਾਲੇ ਦਿਨ ਹੀ ਕਲੇਸ਼ ਪਾ ਕੇ ਪੇਕੇ ਤੁਰ ਗਈ ਕਿ ਵਹੁਟੀ (ਬਹੂ) ਦਾਜ ਨਹੀਂ ਲੈ ਕੇ ਆਈ। ਉਸੇ ਦਿਨ ਹੀ ਸੁਖਚੈਨ ਦੀ ਜ਼ਿੰਦਗੀ ਦੀ ਸੋਹਣੀ ਰਾਤ ਝੋਰਿਆਂ ਵਿਚ ਬਦਲ ਗਈ। ਪਰ ਸੁਖਚੈਨ ਜੋ ਪੰਮੀ ਦਾ ਪਤੀ ਸੀ ਦਾਜ ਨਹੀਂ ਲੈਣਾ ਚਾਹੁੰਦਾ ਸੀ। ਉਧਰ ਪੰਮੀ ਦੀ ਭੈਣ ਗੁੰਨੀ ਆਪਣੀਆਂ ਮਜਬੂਰੀਆਂ ਕਰਕੇ ਦੁਖੀ ਸੀ। ਇਸ ਤਰ੍ਹਾਂ ਹੀ ਗੁੰਨੀ ਦਾ ਵੀ ਵਿਆਹ ਹੋ ਜਾਂਦਾ ਹੈ, ਪਰ ਬਹੁਤ ਸਾਰੀਆਂ ਮੁਸੀਬਤਾਂ ਵਿਚ ਘਿਰੀ ਹੋਈ ਵੀ ਆਪਣੀ ਜ਼ਿੰਦਗੀ ਜੀਅ ਰਹੀ ਹੈ। ਇਸ ਤਰ੍ਹਾਂ ਗੁੰਨੀ ਦਾ ਪਤੀ ਮਰ ਜਾਂਦਾ ਹੈ ਤੇ ਉਹ ਆਪਣਾ ਮੁੰਡਾ ਆਪਣੀ ਮਾਸੀ ਦੀ ਝੋਲੀ ਪਾ ਦਿੰਦੀ ਹੈ ਤੇ ਉਹ ਆਪਣਾ ਵਿਆਹ ਮੰਗਲ ਨਾਲ ਕਰਵਾ ਲੈਂਦੀ ਹੈ ਤੇ ਮੰਗਲ ਨਾਲ ਹੀ ਆਪਣਾ ਘਰ ਵਸਾ ਲੈਂਦੀ ਹੈ ਅਤੇ ਸਾਰੇ ਪਾਸੇ ਖੁਸ਼ੀਆਂ ਨਾਲ ਉਸ ਦੇ ਜੀਵਨ ਵਿਚ ਇਕ ਨਵਾਂ ਸਵੇਰਾ ਆਉਂਦਾ ਹੈ। ਲੇਖਿਕਾ ਨੂੰ ਗਲਪੀ ਜੁਗਤਾਂ ਵੱਲ ਧਿਆਨ ਦੇਣ ਦੀ ਲੋੜ ਹੈ। ਸਮੁੱਚੇ ਰੂਪ ਵਿੱਚ ਪੁਸਤਕ ਪੜ੍ਹਣਯੋਗ ਹੈ।

ਂਗੁਰਬਿੰਦਰ ਕੌਰ ਬਰਾੜ
ਮੋ: 09855395161
ਫ ਫ ਫ

ਪਲੇਠੀ ਧੀ
ਲੇਖਕ : ਐਸ ਖੁਸ਼ਹਾਲ ਗਲੋਟੀ
ਪ੍ਰਕਾਸ਼ਕ : ਪੰਜ ਆਬ ਪਬਲੀਕੇਸ਼ਨ ਜਲੰਧਰ
ਮੁੱਲ : 100 ਰੁਪਏ, ਸਫ਼ੇ : 72
ਸੰਪਰਕ : 97790-21297.

ਸਮਾਜਿਕ ਸੁਨੇਹਿਆਂ ਨਾਲ ਸਜੀ ਇਸ ਪੁਸਤਕ ਦਾ ਹਰ ਹਰਫ ਅੰਤਰਮਨ ਨੂੰ ਝੰਜੋੜਦਾ ਹੈ। ਕਵੀ ਛੋਟੇ-ਛੋਟੇ ਕਾਵਿ ਬੰਦਾਂ ਰਾਹੀਂ ਸਮਾਜਿਕ ਵਿਸ਼ਿਆਂ ਨੂੰ ਖੂਬਸੂਰਤ ਸ਼ਬਦਾਂ ਰਾਹੀਂ ਪੇਸ਼ ਕਰਦਾ ਹੈ। ਕਵੀ ਵਹਿਮਾਂ-ਭਰਮਾਂ ਵਿਚ ਜੀਵਨ ਬਤੀਤ ਕਰਨ ਦੀ ਥਾਂ ਕਰਮ ਕਰਨ ਦੇ ਲਈ ਪ੍ਰੇਰਿਤ ਕਰਦਿਆਂ ਈਮਾਨਦਾਰੀ ਅਤੇ ਸੰਘਰਸ਼ ਦਾ ਰਾਹ ਅਪਣਾਉਣ ਦਾ ਸੁਨੇਹਾ ਦਿੰਦਾ ਹੈ।
ਜ਼ਫਰ ਜਾਲ ਕੇ ਮਿਲੀ ਸਿੱਖੀ ਬਾਰੇ ਕਵੀ ਦਾ ਇਹੋ ਸੁਨੇਹਾ ਹੈ ਕਿ ਇਹ ਐਵੇਂ ਨਾ ਗੁਆਈ ਜਾਵੇ। ਕਵੀ ਪੰਜਾਬੀ ਭਾਸ਼ਾ ਅਤੇ ਇਸ ਦੇ ਭਵਿੱਖ ਬਾਰੇ ਕੀਤੀਆਂ ਭਵਿੱਖਬਾਣੀਆਂ ਦੇ ਝੂਠ ਹੋਣ ਲਈ ਅਰਦਾਸ ਕਰਦਾ ਹੈ। ਪੰਜਾਬੀਆਂ ਦੀ ਮਿਹਨਤਕਸ਼ੀ ਦੀ ਆਦਤ ਦੀ ਪ੍ਰਸੰਸਾ ਕਰਦਿਆਂ ਉਹ ਲਿਖਦਾ ਹੈ :
ਮਿਹਨਤ ਕਰਨੀ ਪੰਜਾਬੀਆਂ ਵਿੱਚ ਖੂਬੀ,
ਮਿਹਨਤ ਨਾਲ ਉਹ ਕਰਮ ਬਦਲ ਦਿੰਦੇ। (ਪੰਨਾ-19)
ਕਵੀ ਹੰਕਾਰ ਤੋਂ ਬਚਣ ਦੇ ਨਾਲ-ਨਾਲ ਤਰੱਕੀ ਦੇ ਨਾਂਅ 'ਤੇ ਸਹੇੜੀਆਂ ਜਾ ਰਹੀਆਂ ਬਿਮਾਰੀਆਂ ਤੋਂ ਬਚਣ ਲਈ ਸੁਨੇਹਾ ਦਿੰਦਾ ਹੈ। ਮਾਂ ਦੀ ਮਮਤਾ ਅਤੇ ਬੱਚਿਆਂ ਦੀ ਦਾਤ, ਪੈਸੇ ਦੀ ਆਧੁਨਿਕ ਯੁੱਗ ਵਿਚ ਅਹਿਮੀਅਤ, ਚੰਗੇ ਆਚਰਨ ਅਤੇ ਵਿਵਹਾਰ ਦਾ ਮਹੱਤਵ, ਸੰਘਰਸ਼ਸ਼ੀਲ ਜੀਵਨਜਾਚ, ਪਿਆਰ ਅਤੇ ਆਧੁਨਿਕ ਤਕਨਾਲੋਜੀ, ਈਮਾਨਦਾਰੀ ਦੀ ਨੀਤੀ, ਸੰਸਾਰਕ ਨਾਸ਼ਵਾਨਤਾ ਆਦਿ ਨੂੰ ਉਸ ਨੇ ਆਪਣੇ ਕਾਵਿ ਬੰਦਾਂ ਦਾ ਵਿਸ਼ਾ ਬਣਾਉਂਦਿਆਂ ਖੂਬਸੂਰਤੀ ਨਾਲ ਪੇਸ਼ ਕੀਤਾ ਹੈ। ਕਵੀ ਸ਼ਬਦਾਂ ਦੀ ਅਹਿਮੀਅਤ ਨੂੰ ਖੂਬਸੂਰਤੀ ਅਤੇ ਸੰਜੀਦਗੀ ਨਾਲ ਬਿਆਨ ਕਰਦਿਆਂ ਲਿਖਦਾ ਹੈ :
ਸ਼ਬਦ ਹੀ ਬੰਦੇ ਦੀ ਇੱਜ਼ਤ ਵਧਾਉਂਦੇ
ਸ਼ਬਦ ਹੀ ਇੱਜ਼ਤ ਘਟਾਉਂਦੇ ਨੇ।
ਸ਼ਬਦ ਹੀ ਰੁਸੇ ਮਨਾਉਂਦੇ ਨੇ,
ਸ਼ਬਦ ਹੀ ਕੀਮਤ ਪਾਉਂਦੇ ਨੇ। (ਪੰਨਾ-64)
ਕਵੀ ਉਸ ਪ੍ਰਮਾਤਮਾ ਨੂੰ ਸਭ ਤੋਂ ਵੱਡਾ ਇੰਜੀਨੀਅਰ ਮੰਨਦਾ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ ਹੈ, ਉਸ ਦੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀ ਹਿਲਦਾ। ਸਰਲ ਭਾਸ਼ਾ ਤੇ ਸਰਲ ਬਣਤਰ ਦੇ ਸ਼ਿਅਰਾਂ ਵਾਲੀ ਇਸ ਪੁਸਤਕ ਦੇ ਸਾਰੇ ਸ਼ਿਅਰ ਹੀ ਸਾਰਥਿਕ ਸੁਨੇਹਿਆਂ ਨਾਲ ਭਰਪੂਰ ਹਨ ਅਤੇ ਮਾਨਣਯੋਗ ਹਨ।

ਂਡਾ: ਸੁਖਪਾਲ ਕੌਰ ਸਮਰਾਲਾ
ਮੋ: 98885-47099.
ਫ ਫ ਫ

ਸਵੈ ਦੀ ਤਸਦੀਕ
ਗ਼ਜ਼ਲਗ਼ੋ : ਪਾਲੀ ਖ਼ਾਦਿਮ
ਪ੍ਰਕਾਸ਼ਕ : ਬਾਦਬਾਨ ਪ੍ਰਕਾਸ਼ਨ, ਪੱਖੋਵਾਲ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 99143-10063.

ਇਸ ਗ਼ਜ਼ਲ ਸੰਗ੍ਰਹਿ ਦਾ ਕਰਤਾ ਗ਼ਜ਼ਲ ਦੀਆਂ ਬਾਰੀਕੀਆਂ ਤੋਂ ਵਾਕਿਫ਼ ਹੈ। ਉਸ ਨੇ ਬਹੁਤ ਹੀ ਖੂਬਸੂਰਤ ਗਜ਼ਲਾਂ ਲਿਖੀਆਂ ਹਨ। ਆਓ ਇਨ੍ਹਾਂ ਦਾ ਆਨੰਦ ਮਾਣੀਏਂ
-ਕਿਣਕੇ ਤੋਂ ਕਰ ਦੇਵੇਂ ਪਰਬਤ,
ਤੇਰੀਆਂ ਰਮਜ਼ਾਂ ਤੂੰਈਓ ਜਾਣੇ।
ਤੈਨੂੰ ਕਿੰਝ ਕਰਾਂ ਪਰਭਾਸ਼ਿਤ,
ਤੇਰੀਆਂ ਰਮਜ਼ਾਂ ਤੂੰਈਓ ਜਾਣੇਂ।
-ਸ਼ਬਦਾਂ ਅੰਦਰ ਤੜਫ਼ ਹੈ,
ਮਨ ਅੰਦਰ ਵਿਸਮਾਦ।
ਸਫ਼ਿਆਂ ਉੱਪਰ ਮੈਂ ਕਰਾਂ,
ਤੇਹਾਂ ਦਾ ਅਨੁਵਾਦ।
-ਉਦਾਸੇ ਫੁੱਲ ਨੇ ਤੇ ਬਾਗ
ਵਿਚੋਂ ਤਿਤਲੀਆਂ ਗ਼ਾਇਬ।
ਇਹ ਕੈਸਾ ਦੌਰ ਹੈ ਕਿ
ਕੁੱਖ ਵਿਚੋਂ ਬੱਚੀਆਂ ਗ਼ਾਇਬ।
-ਦੀਵਾ ਉਮੀਦ ਵਾਲਾ,
ਦਿਲ ਵਿਚ ਜਗਾ ਕੇ ਰੱਖੀਂ।
ਗ਼ਮ ਦੀ ਹਵਾ ਤੋਂ ਇਸ ਨੂੰ,
ਹਰਦਮ ਬਚਾ ਕੇ ਰੱਖੀਂ।
-ਚੰਨ, ਸੂਰਜ, ਦੀਪ,
ਜੁਗਨੂੰ ਤੇ ਸਿਤਾਰੇ ਤਮਾਮ ਪਰ
ਲਾਪਤਾ ਹੈ ਜ਼ਿੰਦਗੀ 'ਚੋਂ ਰੌਸ਼ਨੀ ਕਿਉਂ?
ਪਤਾ ਕਰੋ।
-ਬਾਂਸ ਦੀ ਪੋਰੀ ਨਿਗੂਣੀ,
ਕੀਮਤੀ ਮੈਂ ਹੋ ਗਈ।
ਤੂੰ ਜਦੋਂ ਹੋਠੀਂ ਸਜਾਇਆ,
ਬੰਸਰੀ ਮੈਂ ਹੋ ਗਈ।
ਇਹ ਖੂਬਸੂਰਤ ਗ਼ਜ਼ਲਾਂ ਦਿਲ ਵਿਚ ਲਹਿ ਜਾਂਦੀਆਂ ਹਨ। ਹੋਰ ਵਧੀਆ ਗੱਲ ਇਹ ਹੈ ਕਿ ਸ਼ਾਇਰ ਨੇ ਗ਼ਜ਼ਲ ਨਾਲ ਸਾਂਝ ਪੁਆਉਂਦਿਆਂ ਵਿਸਥਾਰ ਨਾਲ ਸਮਝਾਇਆ ਹੈ ਕਿ ਮਿਸਰਾ, ਸ਼ਿਅਰ, ਮਤਲਾ, ਮਕਤਾ, ਅਲੰਕਾਰ, ਪ੍ਰਤੀਕ, ਬਿੰਬ, ਰਸ, ਪਿੰਗਲ, ਅਰੂਜ਼, ਵਜ਼ਨ ਜਾਂ ਬਹਿਰ ਦੇ ਕੀ ਮਾਇਨੇ ਹਨ। ਇਸ ਪਿਆਰੇ ਗ਼ਜ਼ਲ ਸੰਗ੍ਰਹਿ ਦਾ ਸਵਾਗਤ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

10/09/2017

 ਸੂਰਜ ਦੀ ਅੱਖ
ਲੇਖਕ : ਬਲਦੇਵ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 595 ਰੁਪਏ, ਸਫ਼ੇ : 598
ਸੰਪਰਕ : 98147-83069.

ਬਲਦੇਵ ਸਿੰਘ ਪੰਜਾਬੀ ਸਾਹਿਤ ਦੇ ਆਂਗਨ ਵਿਚ ਇਕ ਬਹੁਵਿਧਾਈ, ਬੇਬਾਕ ਪ੍ਰਸਤੁਤੀ ਕਰਨ ਵਾਲਾ ਇਕ ਵਿਲੱਖਣ ਹਸਤਾਖ਼ਰ ਹੈ। ਵਿਚਾਰਾਧੀਨ ਨਾਵਲ ਮਹਾਰਾਜਾ ਸ਼ੇਰੇ-ਪੰਜਾਬ ਰਣਜੀਤ ਸਿੰਘ ਦੇ ਜੀਵਨ ਉੱਪਰ ਆਧਾਰਿਤ ਕਾਲ-ਕ੍ਰਮ ਅਨੁਸਾਰ ਸਿਰਜਿਆ ਇਕ ਇਤਿਹਾਸਕ ਦਸਤਾਵੇਜ਼ ਹੈ।
ਬਿਰਤਾਂਤਕ ਜੁਗਤ ਵਜੋਂ ਨਾਵਲਕਾਰ ਨੇ ਇਤਿਹਾਸ ਦੀ ਗਹਿਰੀ ਜਾਣਕਾਰੀ ਵਾਲਾ, ਇਕ ਸ਼ਾਤਰ ਦਿਮਾਗ ਵਾਲਾ ਪਾਤਰ, ਪ੍ਰੋ: ਕੌਤਕੀ ਸਿਰਜ ਲਿਆ ਹੈ ਜੋ ਗਲਪੀ ਬਿਰਤਾਂਤ ਵਿਚ ਪੰਜ ਵਾਰੀ (ਕਾਂਡ 8, 24, 43, 57, 71) ਘੁਸਪੈਠ ਕਰਕੇ, ਲੇਖਕ ਦੀ ਅਗਵਾਈ ਕਰਦਾ, ਘਟਨਾਵਾਂ ਨੂੰ ਜੁੰਬਸ਼ ਪ੍ਰਦਾਨ ਕਰਦਾ, ਨਾਵਲ ਦੇ ਨਾਇਕ ਸਬੰਧੀ ਪ੍ਰਸੰਸਾ/ਨਿੰਦਾ ਦੀ ਸਮੱਗਰੀ ਪ੍ਰਦਾਨ ਕਰਦਾ ਹੋਇਆ; ਆਲੋਚਕਾਂ ਦੀਆਂ ਨਸ਼ਤਰਾਂ ਵਲੋਂ ਵੀ ਸੁਚੇਤ ਕਰਦਾ ਹੈ।
ਨਾਇਕ ਦੇ ਬਚਪਨ ਵਿਚ ਮਾਤਾ ਨਿਕਲਣ ਕਾਰਨ, ਇਕ ਅੱਖ ਦੀ ਨਜ਼ਰ ਦਾ ਨੁਕਸਾਨ ਜਾਂ ਮਾਤਾ ਦੇ ਚਿਹਰੇ 'ਤੇ ਦਾਗ਼ ਉਸ ਦੇ ਅਸਤਿਤਵ ਦੇ ਵਿਕਾਸ ਅੱਗੇ ਰੋੜਾ ਨਹੀਂ ਬਣ ਸਕੇ। ਉਸ ਦੀ ਸੂਰਜੀ ਤੇਜ ਵਾਲੀ ਅੱਖ ਉਸ ਦੀ ਜੇਤੂ ਸ਼ਖ਼ਸੀਅਤ ਬਣਾਉਣ ਵਿਚ ਸਫ਼ਲ ਹੋਈ। ਜਿੱਤਾਂ/ਖੁਸ਼ੀਆਂ ਵੇਲੇ ਮੁੱਛਾਂ ਨੂੰ ਤਾਅ ਦੇਣਾ ਅਤੇ ਹਾਰਾਂ ਸਮੇਂ ਕ੍ਰੋਧ ਨਾਲ ਉਸ ਦੀਆਂ ਮੁੱਛਾਂ ਫਰਕਦੀਆਂ ਸਾਰੇ ਹੀ ਨਾਵਲ ਵਿਚ ਵਿਖਾਈਆਂ ਗਈਆਂ ਹਨ।
ਸਾਰੇ ਹੀ ਨਾਵਲ ਵਿਚ ਯੁੱਧ ਹੀ ਯੁੱਧ ਹਨ। ਮਹਾਰਾਜੇ ਦੇ ਹਰੇਕ ਦਿਨ 'ਤੇ ਹਮਲਿਆਂ ਦੀ ਸੋਚ ਭਾਰੂ ਰਹੀ। ਨਾਵਲ ਦੇ ਪੰਨੇ ਬੋਲਦੇ ਹਨ-ਫ਼ੌਜ ਨੂੰ ਤਿਆਰ ਰਹਿਣ ਲਈ ਕਿਹਾ ਗਿਆ। ਫ਼ੌਜ ਨੂੰ ਕੂਚ ਕਰਨ ਦਾ ਹੁਕਮ ਦਿੱਤਾ ਗਿਆ। ਫ਼ੌਜ ਨੂੰ ਰਵਾਨਾ ਕੀਤਾ ਗਿਆ। ਏਲਚੀਆਂ, ਕਾਸਦਾਂ, ਸੂਹੀਏ, ਦੂਤਾਂ, ਜਾਸੂਸਾਂ (ਜੋ ਘਟਨਾਵਾਂ ਨੂੰ ਨਵਾਂ ਮੋੜ ਦੇਣ ਲਈ ਨਾਵਲ ਵਿਚ ਕਾਰਜਸ਼ੀਲ ਹਨ) ਵਲੋਂ ਸੂਚਨਾਵਾਂ ਮਿਲਦੀਆਂ ਰਹੀਆਂ। ਇੱਧਰ ਵੀ ਬਗਾਵਤ ਹੋ ਗਈ; ਉੱਧਰ ਵੀ ਬਗਾਵਤ ਹੋ ਗਈ। ਅਮਕੇ ਦੀ ਬਗਾਵਤ ਦਬਾਉਂਦੀ ਹੈ; ਢਿਮਕੇ ਦਾ ਕੰਡਾ ਵੀ ਕੱਢਣਾ ਹੈ। ਜੰਗ ਦੇ ਦ੍ਰਿਸ਼ ਘੋੜੇ, ਹਾਥੀ, ਹਥਿਆਰ, ਬੰਦੂਕਾਂ, ਤੋਪਾਂ, ਵਰ੍ਹਦੀਆਂ ਗੋਲੀਆਂ, ਤਲਵਾਰਾਂ ਦੇ ਵਾਰ, ਸੂਰਮਿਆਂ ਦੇ ਕਰਤੱਵ; ਅੱਲਾਹੂ-ਹੂ-ਅਕਬਰ; ਅਕਾਲ ਸਹਾਇ ਦੇ ਨਾਅਰੇ ਗੂੰਜਦੇ ਸੁਣਾਈ ਦਿੰਦੇ ਹਨ। ਲੋਕਾਂ ਦੇ ਢੇਰ, ਜੇਤੂ ਅੰਦਾਜ਼, ਅਧੀਨਗੀ ਪ੍ਰਵਾਨ ਕਰਦੇ ਜੰਗ ਦੇ ਇਵਜ਼ਾਨੇ ਭਰਦੇ ਵਿਰੋਧੀ ਆਦਿ ਘਟਨਾਵਾਂ ਤੋਂ ਬਿਨਾਂ; ਮਹਾਰਾਜੇ ਦਾ ਇਹ ਕਹਿਣਾ 'ਮੈਂ ਤਲਵਾਰ ਦੇ ਜ਼ੋਰ ਨਾਲ ਇਥੋਂ ਤੱਕ ਪੁੱਜਾ ਹਾਂ। ਤਲਵਾਰ ਕਿੱਲੇ ਉੱਪਰ ਟੰਗ ਕੇ ਗੱਦੀ ਉੱਪਰ ਕਦੀ ਨਹੀਂ ਬੈਠਾਂਗਾ।' ਪੰ: 130. ਉਪਰੋਕਤ ਸਭ ਨੁਕਤੇ ਇਸ ਰਚਨਾ ਨੂੰ ਬੀਰ-ਰਸੀ ਬਣਾਉਂਦੇ ਹਨ। ਇਸ ਲਈ ਇਸ ਇਤਿਹਾਸਿਕ ਰਚਨਾ ਨੂੰ ਨਾਵਲ ਕਹਿਣਾ ਜਚਦਾ ਨਹੀਂ। ਇਹ ਤਾਂ ਵਾਰਤਕ ਰੂਪ ਵਿਚ 'ਮਹਾਰਾਜਾ ਰਣਜੀਤ ਸਿੰਘ ਦਾ ਜੰਗਨਾਮਾ' ਸਵੀਕਾਰ ਕਰ ਲੈਣਾ ਬਣਦਾ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 88376-79186
.


ਮੁਹੱਬਤਗਿਰੀ
ਲੇਖਿਕਾ : ਡਾ: ਸਰਬਜੀਤ ਕੌਰ ਸੋਹਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 295 ਰੁਪਏ, ਸਫ਼ੇ : 148
ਸੰਪਰਕ : 98151-72073
.

ਕਿਤਾਬ ਅੰਦਰ ਪ੍ਰਵੇਸ਼ ਕਰਦਿਆਂ ਮੁੱਖਬੰਧ ਵਿਚ ਲੇਖਿਕਾ ਨੇ ਆਪਣੇ ਨਾਲ ਆਪਣੀ ਕਵਿਤਾ ਦੇ ਰਿਸ਼ਤੇ ਨੂੰ ਬਹੁਤ ਹੀ ਖੂਬਸੂਰਤੀ ਨਾਲ ਪਰਿਭਾਸ਼ਤ ਕੀਤਾ ਹੈ। ਕਵਿਤਾ ਮਨੁੱਖੀ ਜੀਵਨ ਨਾਲ ਅਨੇਕ ਪ੍ਰਸੰਗਾਂ ਤੇ ਪਰਿਪੇਖਾਂ ਰਾਹੀਂ ਜੁੜੀ ਹੋਈ ਹੈ। ਸੰਵੇਦਨਸ਼ੀਲ ਮਨੁੱਖ ਦਾ ਹਰ ਪਲ ਇਕ ਕਵਿਤਾ ਹੈ। ਸਰਬਜੀਤ ਦੀਆਂ ਕਵਿਤਾਵਾਂ ਪੜ੍ਹਦਿਆਂ ਇਹ ਅਹਿਸਾਸ ਹੁੰਦਾ ਹੈ ਕਿ ਲੇਖਿਕਾ ਜੀਵਨ ਦੇ ਨਿੱਕੇ-ਨਿੱਕੇ ਪਲਾਂ-ਛਿਣਾਂ ਨੂੰ ਆਪਣੇ ਸ਼ਬਦਾਂ ਰਾਹੀਂ ਕਵਿਤਾ ਵਿਚ ਢਾਲਣ ਦਾ ਬੇਮਿਸਾਲ ਹੁਨਰ ਰੱਖਦੀ ਹੈ। ਉਸ ਦੀ ਕਵਿਤਾ ਵਿਚ ਮਰਦ ਜਾਤ ਪ੍ਰਤੀ ਆਕ੍ਰੋਸ਼ ਅਤੇ ਤਾਹਨੇ ਮਿਹਣਿਆਂ ਦਾ ਸ਼ੋਰ ਸੁਣਾਈ ਨਹੀਂ ਦਿੰਦਾ ਸਗੋਂ ਇਨ੍ਹਾਂ ਕਵਿਤਾਵਾਂ ਵਿਚ ਲੇਖਿਕਾ ਇਨ੍ਹਾਂ ਸੰਕੀਰਣ ਚੌਖਟਿਆਂ ਵਿਚੋਂ ਨਿਕਲ ਕੇ ਉਨਮੁਕਤ ਤੇ ਮਦਮਸਤ ਹੋ ਕੇ ਆਪਣੀ ਕਾਵਿ ਯਾਤਰਾ 'ਤੇ ਨਿਕਲਦੀ ਹੈ। ਉਸ ਦੀਆਂ ਕਵਿਤਾਵਾਂ ਜ਼ਿੰਦਗੀ ਦੀ ਮੁਹੱਬਤ ਦੀਆਂ ਕਵਿਤਾਵਾਂ ਹਨ। ਇਨ੍ਹਾਂ ਵਿਚ ਜ਼ਿੰਦਗੀ ਨੂੰ ਜਿਊਣ ਤੇ ਮਾਣਨ ਦੀ ਲੋਚਾ ਹੈ। ਇਹ ਕਵਿਤਾਵਾਂ ਕਿਸੇ ਇਕ ਰਿਸ਼ਤੇ ਨਾਲ ਸੰਵਾਦ ਸਿਰਜਣ ਦੀ ਥਾਂ ਸਮੁੱਚੀ ਕਾਇਨਾਤ ਨਾਲ ਆਪਣਾ ਸੰਵਾਦ ਰਚਾਉਂਦੀਆਂ ਹਨ।
ਆ! ਜ਼ਿੰਦਗੀ ਸੰਗ
ਕਦਮ ਮਿਲਾਈਏ
ਕਾਇਨਾਤ ਸੰਗ ਮੌਲੀਏ
ਆ! ਕਿ ਮੁਹੱਬਤ ਕਰੀਏ...।
ਆਧੁਨਿਕ ਸਮਾਜ ਵਿਚ ਫੈਲੇ ਕੁਹਜ ਤੇ ਅਸੁਰੱਖਿਆ, ਅਨਿਆਂ ਤੋਂ ਵੀ ਸਰਬਜੀਤ ਦੀਆਂ ਕਵਿਤਾਵਾਂ ਅਣਭਿੱਜ ਨਹੀਂ ਹਨ। ਉਹ ਆਧੁਨਿਕ ਜੀਵਨ ਵਰਤਾਰੇ ਵਿਚ ਫੈਲੀ ਹਿੰਸਾ, ਅਸੁਰੱਖਿਆ ਦੇ ਉਸ ਮਾਹੌਲ ਨੂੰ ਵੀ ਰੇਖਾਂਕਿਤ ਕਰਦੀ ਹੈ, ਜਿਸ ਵਿਚ ਧੀਆਂ-ਧਿਆਣੀਆਂ ਦਾ ਘਰੋਂ ਨਿਕਲਣਾ ਦੁੱਭਰ ਹੋ ਗਿਆ ਹੈ।
ਸਰਬਜੀਤ ਸੋਹਲ ਦੀਆਂ ਕਵਿਤਾਵਾਂ ਦਾ ਇਕ ਹੋਰ ਗੁਣ ਇਨ੍ਹਾਂ ਵਿਚ ਸਹਿਜਤਾ ਹੈ। ਬਿਨਾਂ ਸ਼ਬਦਾਂ ਦੇ ਅਡੰਬਰ ਦੇ ਬਿਨਾਂ ਕਿਸੇ ਹਿਚਕਿਚਾਹਟ ਇਹ ਕਵਿਤਾਵਾਂ ਆਪਣਾ ਕਾਵਿ ਸੰਦੇਸ਼ ਸਰੋਤਿਆਂ ਤੱਕ ਸੰਚਾਰ ਕਰਦੀਆਂ ਹਨ। ਪੰਜਾਬੀ ਸਾਹਿਤ ਵਿਚ ਇਸ ਕਾਵਿ ਪੁਸਤਕ ਨੂੰ ਜੀ ਆਇਆਂ ਆਖਣਾ ਬਣਦਾ ਹੈ।

-ਡਾ: ਅਮਰਜੀਤ ਕੌਂਕੇ।

 

 


ਬਚ ਕੇ ਮੋੜ ਤੋਂ
ਲੇਖਕ : ਕਰਨੈਲ ਸਿੰਘ ਵਜ਼ੀਰਾਬਾਦ
ਪ੍ਰਕਾਸ਼ਕ : ਚੱਕ ਸਤਾਰਾਂ ਪ੍ਰਕਾਸ਼ਨ, ਰਾਜਪੁਰਾ (ਪਟਿਆਲਾ)
ਮੁੱਲ : 200 ਰੁਪਏ, ਸਫ਼ੇ : 180
ਸੰਪਰਕ : 94649-61436
.

ਕਰਨੈਲ ਸਿੰਘ ਵਜ਼ੀਰਾਬਾਦ ਇਕ ਸੰਘਰਸ਼ਸ਼ੀਲ ਲੇਖਕ ਹੈ। ਇਹ ਉਸ ਦਾ ਦੂਜਾ ਕਹਾਣੀ ਸੰਗ੍ਰਹਿ ਹੈ, ਜਿਸ ਵਿਚ ਉਸ ਨੇ 12 ਕਹਾਣੀਆਂ ਦਰਜ ਕੀਤੀਆਂ ਹਨ। ਪਹਿਲੀ ਕਹਾਣੀ ਦੇ ਨਾਂਅ 'ਤੇ ਹੀ ਉਸ ਨੇ ਪੁਸਤਕ ਦਾ ਨਾਂਅ 'ਬਚ ਕੇ ਮੋੜ ਤੋਂ' ਰੱਖਿਆ ਹੈ।
ਇਸ ਕਹਾਣੀ ਵਿਚ ਇਕ ਕਿਰਤੀ ਪਰਿਵਾਰ ਦਾ ਹੋਣਹਾਰ ਨੌਜਵਾਨ ਕਾਲਜ ਦੇ ਕੁਝ ਵਿਗੜੇ ਹੋਏ ਜਮਾਤੀਆਂ ਦੀ ਕੁਸੰਗਤ ਵਿਚ ਪੈ ਜਾਣ ਕਰਕੇ ਭਟਕ ਜਾਂਦਾ ਹੈ। ਅਖ਼ੀਰ ਉਸ ਦੀਆਂ ਅੱਖਾਂ ਉਸ ਵੇੇਲੇ ਖੁੱਲ੍ਹਦੀਆਂ ਹਨ, ਜਦੋਂ ਉਸ ਨੂੰ ਆਪਣੀ ਛੋਟੀ ਭੈਣ ਦੀ ਜਬਾਨੀ ਪਤਾ ਲੱਗਦਾ ਹੈ ਕਿ ਉਸ ਦੇ ਅੱਯਾਸ਼ ਦੋਸਤਾਂ ਨੇ ਉਸ ਨਾਲ ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਦੀ ਆਤਮਾ ਵਲੂੰਧਰੀ ਜਾਂਦੀ ਹੈ। ਉਹ ਨਵੇਂ ਸਿਰੇ ਤੋਂ ਦ੍ਰਿੜ੍ਹਤਾ ਦਾ ਲੜ ਫੜ ਕੇ ਪੜ੍ਹਾਈ ਕਰਦਾ ਹੋਇਆ ਐਮ.ਐਸ.ਸੀ. ਦੀ ਡਿਗਰੀ ਪ੍ਰਾਪਤ ਕਰਕੇ ਉੱਚ ਅਹੁਦੇ 'ਤੇ ਪਹੁੰਚ ਜਾਂਦਾ ਹੈ।
'ਦੋ ਅਜਨਬੀ ਸਵਾਰੀਆਂ' ਕਹਾਣੀ ਵਿਚ ਜੰਗ ਦੌਰਾਨ ਲਾਪਤਾ ਹੋਏ ਇਕ ਫ਼ੌਜੀ ਜਵਾਨ ਤੇ ਉਸ ਦੇ ਪਰਿਵਾਰ ਦਾ ਦੁਖਾਂਤ ਭਾਵ ਪੂਰਤ ਢੰਗ ਨਾਲ ਦਰਸਾਇਆ ਹੈ। 'ਤੀਵੀਂ ਦਾ ਮੁੱਲ' ਛੱਪੜਾਂ 'ਚੋਂ ਕੱਛੂ ਕੱਢਣ ਵਾਲੇ ਕਬੀਲੇ ਦੀ ਕਹਾਣੀ ਹੈ, ਜਿਸ ਦੀ ਜਵਾਨ ਕੁੜੀ ਨੂੰ ਪਿੰਡ ਦੇ ਇਕ ਅਮੀਰ ਘਰਾਣੇ ਵੱਲੋਂ ਬਲਦ ਦੇ ਬਦਲੇ ਖ਼ਰੀਦਣ ਦਾ ਦੁਖਾਂਤ ਦਰਸਾਇਆ ਹੈ ਪਰ ਸੁਖਾਂਤਕ ਪੱਖ ਇਹ ਹੈ ਕਿ ਪਰਿਵਾਰ ਦੇ ਜੀਅ (ਮਾਂ-ਪੁੱਤਰ) ਬੜੇ ਭਲੇ ਲੋਕ ਹਨ। ਸਮਾਂ ਪਾ ਕੇ ਇਹ ਕੁੜੀ ਆਪਣੀ ਲਿਆਕਤ ਸਦਕਾ ਪਿੰਡ ਦੀ ਸਰਪੰਚ ਬਣ ਜਾਂਦੀ ਹੈ।
'ਭਾਖੜਾ ਨਹਿਰ' ਕਹਾਣੀ ਵਿਚ ਇਕ ਰਾਜਸਥਾਨੀ ਮਜ਼ਦੂਰ ਤੀਵੀਂ ਆਪਣੇ-ਆਪ ਨੂੰ ਠੇਕੇਦਾਰਾਂ ਦੀ ਹਵਸ ਦਾ ਸ਼ਿਕਾਰ ਬਣਨ ਤੋਂ ਕਿਵੇਂ ਬਚਾਉਂਦੀ ਹੈ ਅਤੇ ਆਪਣੇ ਆਚਰਨ ਦਾ ਸੌਦਾ ਨਹੀਂ ਕਰਦੀ। ਇਸ ਸੰਗ੍ਰਹਿ ਦੀਆਂ ਕਹਾਣੀਆਂ, ਜਿਥੇ ਵਿਸ਼ੇ ਪੱਖ ਤੋਂ ਸਮਾਜ ਦਾ ਚਿਤਰਣ ਪੇਸ਼ ਕਰਦੀਆਂ ਹਨ, ਉਥੇ ਕਲਾ ਦੀ ਦ੍ਰਿਸ਼ਟੀ ਤੋਂ ਵੀ ਸ਼ਲਾਘਾਯੋਗ ਹਨ। ਭਾਸ਼ਾ ਸ਼ੈਲੀ ਸਰਲ ਤੇ ਰਵਾਨਗੀ ਭਰਪੂਰ ਹੈ।

-ਕੰਵਲਜੀਤ ਸਿੰਘ ਸੂਰੀ
ਮੋ: 93573-24241.


ਜੀਵਨੀਆਂ ਗਦਰੀ ਸ਼ਹੀਦ
ਪੰਡਿਤ ਸੋਹਨ ਲਾਲ ਪਾਠਕ
ਬਾਬੂ ਹਰਨਾਮ ਸਿੰਘ ਸਾਹਰੀ
ਲੇਖਕ : ਮਲਵਿੰਦਰਜੀਤ ਸਿੰਘ ਵੜੈਚ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 125 ਰੁਪਏ, ਸਫ਼ੇ : 80
ਸੰਪਰਕ : 0172-4608699.

ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਗ਼ਦਰੀ ਸ਼ਹੀਦਾਂ ਦਾ ਯੋਗਦਾਨ ਆਪਣੇ-ਆਪ ਵਿਚ ਬਹੁਤ ਮਹੱਤਵਪੂਰਨ ਹੈ। ਹਜ਼ਾਰਾਂ ਯੋਧਿਆਂ ਵਿਚੋਂ ਦੋ ਗ਼ਦਰੀ ਯੋਧਿਆਂ ਦੀ ਸੰਘਰਸ਼ ਭਰੀ ਜੀਵਨੀ ਨੂੰ ਇਸ ਪੁਸਤਕ ਵਿਚ ਖੋਜਮਈ ਵਿਧੀ ਨਾਲ ਲੇਖਕ ਨੇ ਕਲਮਬੱਧ ਕੀਤਾ ਹੈ। ਗ਼ਦਰ ਪਾਰਟੀ ਦਾ ਆਗਾਜ਼ 1913 ਵਿਚ ਹੋਇਆ। ਗ਼ਦਰ ਪਾਰਟੀ ਲਹਿਰ ਦੇ ਮੋਢੀ ਪ੍ਰੋ: ਜਗਜੀਤ ਸਿੰਘ ਦਾ ਲਿਖਿਆ ਲੇਖ ਸਿਆਮ ਬਰ੍ਹਮਾ ਸਕੀਮ, ਗ਼ਦਰ ਅਖ਼ਬਾਰ ਦੀ ਸ਼ੁਰੂਆਤ, ਪਾਰਟੀ ਪਿਛੋਕੜ ਤੇ ਇਨਕਲਾਬੀ ਸੂਰਮਿਆਂ ਦੀ ਤਸਵੀਰਾਂ ਹਨ। ਜਿਨ੍ਹਾਂ ਵਿਚ ਭਾਈ ਭਗਵਾਨ ਸਿੰਘ, ਭਾਈ ਸੰਤੋਖ ਸਿੰਘ, ਚੇਤ ਰਾਮ ਅਲੀ ਅਹਿਮਦ ਸਦੀਕੀ, ਕਪੂਰ ਸਿੰਘ, ਰਾਮ ਰਖਾ ਹਰਦਿਤ ਸਿੰਘ ਜਿਹੇ ਗ਼ਦਰੀ ਬਾਬਿਆਂ ਦਾ ਜ਼ਿਕਰ ਹੈ।
ਪੰਡਿਤ ਸੋਹਨ ਲਾਲ ਪਾਠਕ ਦੀ ਜੀਵਨ ਯਾਤਰਾ (1893-1916) ਦਾ ਪੂਰਾ ਬਿਊਰਾ। ਕਰਤਾਰ ਸਿੰਘ ਸਰਾਭਾ, ਲਾਲਾ ਰਾਜਪਤ ਰਾਏ, ਕਾਮਾਗਾਟਾਮਾਰੂ ਜੰਗ, ਸ਼ਹੀਦ ਭਗਤ ਸਿੰਘ ਦੇ ਵਿਚਾਰ, ਮੂਲ ਦਸਤਾਵੇਜ਼ਾਂ ਦੀਆਂ ਨਕਲਾਂ ਸ਼ਾਮਿਲ ਹਨ। ਬਾਬੂ ਹਰਨਾਮ ਸਿੰਘ ਸਾਹਰੀ ਦੀ ਜੀਵਨ ਦਾਸਤਾਨ, ਉਸ ਦਾ ਸਵਦੇਸ਼ ਸੇਵਕ ਅਖ਼ਬਾਰ, ਆਜ਼ਾਦੀ ਲਈ ਲੰਮੇ ਸੰਘਰਸ਼ ਦੀ ਪੂਰਨ ਵਾਰਤਾ, ਅਦਾਲਤੀ ਫ਼ੈਸਲੇ, ਦੇਸ਼ ਦੀ ਆਜ਼ਾਦੀ ਲਈ ਸੰਘਰਸ਼ਾਂ ਦੀ ਦਾਸਤਾਨ ਤੇ ਇਤਿਹਾਸਕ ਪੱਖ ਲੇਖਕ ਨੇ ਖੋਜ ਪੜਤਾਲ ਨਾਲ ਪੇਸ਼ ਕੀਤਾ ਹੈ। ਲੇਖਕ ਦਾ ਆਪਣਾ ਪਿਛੋਕੜ, ਅਹਿਮ ਯੋਗਤਾਵਾਂ, ਲੰਮਾ ਅਧਿਆਪਨ ਤਜਰਬਾ, ਇਸ ਤੋਂ ਪਹਿਲਾਂ ਲਿਖੀਆਂ ਦੇਸ਼ ਭਗਤਾਂ ਦੀਆਂ ਪੁਸਤਕਾਂ ਬਾਰੇ ਪਹਿਲੇ ਪੰਨੇ ਦੀ ਬੇਸ਼ਕੀਮਤੀ ਜਾਣਕਾਰੀ ਤੇ ਲੇਖਕ ਦੇ ਵਿਲੱਖਣ ਲਗਾਵ ਦੀ ਝਲਕ ਪੇਸ਼ ਕਰਦੀ ਹੈ।


ਪਾਣੀ ਦੀ ਘੁੱਟ
ਲੇਖਕ : ਮਾਸਟਰ ਬੋਹੜ ਸਿੰਘ ਮੱਲਣ
ਪ੍ਰਕਾਸ਼ਕ : ਅਦਬੀ ਪਰਵਾਜ਼ ਪ੍ਰਕਾਸ਼ਨ, ਮਾਨਸਾ
ਮੁੱਲ : 100 ਰੁਪਏ, ਸਫ਼ੇ : 89
ਸੰਪਰਕ : 96461-41243.

ਬਜ਼ੁਰਗ ਸਾਹਿਤਕਾਰ ਬੋਹੜ ਸਿੰਘ ਮੱਲਣ ਦੀ ਇਹ ਕਿਤਾਬ ਮਿੰਨੀ ਕਹਾਣੀਆਂ ਦੀ ਹੈ, ਜਿਸ ਵਿਚ ਲੇਖਕ ਦੀਆਂ 49 ਰਚਨਾਵਾਂ ਹਨ। ਪੁਸਤਕ ਦੀਆਂ ਰਚਨਾਵਾਂ ਦੇ ਵਿਸ਼ੇ ਨਿਰੋਲ ਪਰਿਵਾਰਕ ਝਮੇਲੇ, ਨਵੀਂ-ਪੁਰਾਣੀ ਪੀੜ੍ਹੀ ਦੇ ਵਿਚਾਰਾਂ ਦਾ ਤਕਰਾਰ, ਬਜ਼ੁਰਗ ਅਵਸਥਾ ਦੇ ਦੁੱਖ-ਸੁਖ; ਸਮਾਜਿਕ ਅੰਧ ਵਿਸ਼ਵਾਸ; ਅਜੋਕੇ ਮਨੁੱਖ ਦੀਆਂ ਲਾਲਸਾਵਾਂ ਤੇ ਤਿੜਕਦੇ ਪਰਿਵਾਰਕ ਰਿਸ਼ਤੇ ਹਨ।
ਪੁਸਤਕ ਦੇ ਸੋਲ੍ਹਾਂ ਪੰਨਿਆਂ 'ਤੇ (16-31) ਵਿਚ ਲੇਖਕ ਨੇ ਆਪਣੇ ਜੀਵਨ ਦਾ ਬਚਪਨ; ਪੜ੍ਹਾਈ; ਸਾਹਿਤ ਵੱਲ ਝੁਕਾਅ ਤੇ ਹੋਰ ਕਈ ਪਰਿਵਾਰਕ ਮਸਲਿਆਂ ਨੂੰ ਦੋ ਸ਼ਬਦ ਹੇਠ ਲਿਖ ਕੇ ਸਵੈਜੀਵਨੀ ਵਰਗਾ ਲਿਖਿਆ ਹੈ। ਕਹਾਣੀ ਅਸਲੀ ਸੇਵਾ ਦੇ ਪਾਤਰ ਘਰ ਵਿਚ ਆਪਣੇ ਬਜ਼ੁਰਗ ਨੂੰ ਗੁਆਂਢੀਆਂ ਦੇ ਆਸਰੇ ਛੱਡ ਕੇ ਆਪ ਧਾਰਮਿਕ ਸਥਾਨ ਦੀ ਸੇਵਾ ਲਈ ਤੁਰ ਜਾਂਦੇ ਹਨ। ਜਦੋਂ ਕਿ ਅਸਲ ਸੇਵਾ ਘਰ ਬੈਠੇ ਬਜ਼ੁਰਗ ਦੀ ਚਾਹੀਦੀ ਹੈ। ਕਰੜਾ ਦਿਨ ਵਿਚ ਲੇਖਕ ਨੂੰ ਮੰਗਲਵਾਰ ਨੂੰ ਕੇਸੀਂ ਨਹਾਉਣ ਤੋਂ ਰੋਕ ਦਿੱਤਾ ਜਾਂਦਾ ਹੈ। ਨੰਗਾ ਸੱਚ ਵਿਚ ਪੋਤਰੀ ਆਪਣੇ ਦਾਦੇ ਨੂੰ ਤਿੱਖਾ ਜਿਹਾ ਸਵਾਲ ਕਰਕੇ ਲਾਜਵਾਬ ਕਰ ਦਿੰਦੀ ਹੈ। ਕੰਜਕਾਂ ਦੀ ਪਾਤਰ ਨੂੰ ਪੁੱਤਰ ਪ੍ਰਾਪਤੀ ਲਈ ਸਾਰੇ ਮੁਹੱਲੇ ਵਿਚੋਂ ਭੋਜਨ ਖਵਾਉਣ ਲਈ ਸੱਤ ਕੁੜੀਆਂ ਨਹੀਂ ਮਿਲਦੀਆਂ। ਉਡੀਕ ਦਾ ਸਫ਼ਰ, ਪਿਆਰ ਦੀ ਘਾਟ, ਬੰਦ ਦਰਵਾਜ਼ਾ, ਮੈਨੂੰ ਮੁਆਫ਼ ਕਰਦੇ ਵਿਚ ਘਟਨਾਵਾਂ ਦੀ ਬਹੁਲਤਾ, ਸੰਯੁਕਤ ਵਾਕ, ਜਿਹੇ ਕੁਝ ਐਬ ਹਨ। ਸਿਰਲੇਖ ਵਾਲੀ ਕਹਾਣੀ ਦਾ ਬਜ਼ੁਰਗ ਆਪਣੀ ਔਲਾਦ ਤੋਂ ਪਾਣੀ ਲਈ ਤਰਸਦਾ ਹੈ। ਸੰਗ੍ਰਹਿ ਮਿੰਨੀ ਕਹਾਣੀ ਸਾਹਿਤ ਵਿਚ ਜ਼ਿਕਰਯੋਗ ਵਾਧਾ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160.

 

 

 

ਕੱਚੇ ਖੰਭ ਪ੍ਰੀਤਾਂ ਦੇ
ਲੇਖਕ : ਆਸ਼ ਕੁਮਾਰ ਸੈਣੀ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 94172-34379.

ਮੁਹੱਬਤ, ਵਿਛੋੜੇ, ਦਰਦ ਤੇ ਜਾਤ ਪਾਤ ਦੇ ਨਾਂਅ 'ਤੇ ਵੰਡੇ ਸਮਾਜ ਦੀ ਗੱਲ ਕਰਦਾ ਆਸ਼ ਕੁਮਾਰ ਸੈਣੀ ਦਾ ਪਲੇਠਾ ਨਾਵਲ 'ਕੱਚੇ ਖੰਭ ਪ੍ਰੀਤਾਂ ਦੇ' ਰਵਾਇਤੀ ਫ਼ਿਲਮਾਂ ਵਰਗਾ ਹੈ। ਇਸ ਨਾਵਲ ਦੇ ਮੁੱਖ ਪਾਤਰ ਸਾਗਰ ਤੇ ਸਰਿਤਾ ਹਨ। ਸਰਿਤਾ, ਸਾਗਰ ਦੀ ਭੈਣ ਦੀ ਸਹੇਲੀ ਹੈ। ਵਿਆਹ ਵਿਚ ਦੋਵੇਂ ਮਿਲਦੇ ਹਨ। ਦੋਵੇਂ ਵਿਆਹ ਕਰਾਉਣਾ ਚਾਹੁੰਦੇ ਹਨ, ਪਰ ਕੁੜੀ ਛੋਟੀ ਜਾਤੀ ਨਾਲ ਸਬੰਧਤ ਹੈ, ਜਿਸ ਕਰਕੇ ਵਿਆਹ ਲਈ ਸਾਗਰ ਦਾ ਬਾਪ ਰਾਜ਼ੀ ਨਹੀਂ ਹੁੰਦਾ। ਮਜਬੂਰੀਆਂ ਕਾਰਨ ਸਾਗਰ, ਸਰਿਤਾ ਨਾਲ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੰਦਾ ਹੈ। ਇਥੋਂ ਸਰਿਤਾ ਦੀ ਦਰਦ ਕਹਾਣੀ ਸ਼ੁਰੂ ਹੁੰਦੀ ਹੈ। ਉਹ ਘਰੋਂ ਨਿਕਲ ਪੈਂਦੀ ਹੈ ਤੇ ਬੱਚੀ ਨੂੰ ਜਨਮ ਦਿੰਦੀ ਹੈ। ਉਸ ਨੂੰ ਪਾਲਦੀ ਹੈ। ਏਧਰ ਸਾਗਰ ਸ਼ਰਾਬ ਤੇ ਹੋਰ ਨਸ਼ਿਆਂ ਦਾ ਆਦੀ ਹੋ ਜਾਂਦਾ ਹੈ।
ਇਕ ਦਿਨ ਸਾਗਰ ਜਦੋਂ ਸ਼ਿਮਲਾ ਜਾਂਦਾ ਹੈ ਤਾਂ ਸਰਿਤਾ ਉਸ ਨੂੰ ਮਿਲ ਪੈਂਦੀ ਹੈ। ਪਰ ਉਹ ਉਸ ਨੂੰ ਬੇਹੱਦ ਨਫ਼ਰਤ ਕਰਦੀ ਹੈ। ਉਸ ਨੇ ਸਮਾਜ ਦੀਆਂ ਨਜ਼ਰਾਂ ਤੋਂ ਬਚਣ ਲਈ ਰਛਪਾਲ ਨਾਂਅ ਦੇ ਇਕ ਵਿਅਕਤੀ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਹੈ। ਸਾਗਰ ਨਫ਼ਰਤ ਦੀ ਅੱਗ ਵਿਚ ਸੜਦਾ ਹੈ ਤੇ ਮਰਨ ਕੰਢੇ ਪਹੁੰਚਿਆ ਹੋਇਆ ਹੈ। ਅਖੀਰ ਰਛਪਾਲ ਸਰਿਤਾ ਨੂੰ ਸਾਗਰ ਕੋਲ ਲੈ ਕੇ ਜਾਂਦਾ ਹੈ, ਜਿੱਥੇ ਉਹ ਦੱਸਦੀ ਹੈ ਕਿ ਮੈਂ ਤੇ ਰਛਪਾਲ ਭੈਣ-ਭਾਈ ਵਾਂਗ ਰਹਿੰਦੇ ਹਾਂ। ਇਹ ਬੱਚੀ ਚੰਦਰਕਾਂਤਾ ਤੇਰੀ ਹੈ। ਸਰਿਤਾ ਕੋਲੋਂ ਮਾਫ਼ੀ ਮਿਲਣ 'ਤੇ ਸਾਗਰ ਦੀ ਜਾਨ ਨਿਕਲ ਜਾਂਦੀ ਹੈ। ਨਾਵਲ ਵਿਚ ਜਾਤ ਪਾਤ 'ਤੇ ਚੰਗਾ ਕਟਾਖਸ਼ ਕੀਤਾ ਗਿਆ ਹੈ। ਭਾਵੇਂ ਅਸੀਂ ਅੱਜ ਦੇ ਸਮਾਜ ਨੂੰ ਬਦਲ ਚੁੱਕਿਆ ਆਖਦੇ ਹਾਂ, ਪਰ ਫਿਰ ਵੀ ਸੋਚ ਨਹੀਂ ਬਦਲ ਰਹੀ। ਦੱਸਿਆ ਗਿਆ ਹੈ ਕਿ ਜੇ ਜਾਤ-ਪਾਤ ਦੀਆਂ ਕੰਧਾਂ ਨਾ ਉਸਰਦੀਆਂ ਤਾਂ ਦੋਵੇਂ ਪਰਿਵਾਰਾਂ ਦੀਆਂ ਖੁਸ਼ੀਆਂ ਤਬਾਹ ਨਾ ਹੁੰਦੀਆਂ। ਆਸ਼ ਕੁਮਾਰ ਸੈਣੀ ਅੱਗੇ ਤੋਂ ਵੀ ਚੰਗੇ ਨਾਵਲ ਲਿਖਦਾ ਰਹੇ, ਇਸ ਦੀ ਕਾਮਨਾ ਕਰਦਾ ਹਾਂ।

-ਸਵਰਨ ਸਿੰਘ ਟਹਿਣਾ
ਮੋ: 98141-78883


ਤਿੜਕੇ ਰਿਸ਼ਤੇ
ਲੇਖਕ : ਵਰਿੰਦਰ ਆਜ਼ਾਦ
ਪ੍ਰਕਾਸ਼ਕ ਰੂਹਾਨੀ ਪ੍ਰਕਾਸ਼ਨ, ਫਿਰੋਜ਼ਪੁਰ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 98150-21527.

ਹਥਲੇ ਕਹਾਣੀ ਸੰਗ੍ਰਹਿ 'ਤਿੜਕੇ ਰਿਸ਼ਤੇ' ਵਿਚ ਲੇਖਕ ਦੀਆਂ ਲਗਪਗ 14 ਕਹਾਣੀਆਂ ਹਨ। 'ਬਦਲਦੇ ਰਿਸ਼ਤੇ' ਵਿਚ ਲੇਖਕ ਨੇ ਸਮਾਜਿਕ ਟੁੱਟ-ਭੱਜ ਤੇ ਆਰਥਿਕ ਹਾਲਾਤ ਅਨੁਸਾਰ ਬਦਲਦੇ ਰਿਸ਼ਤਿਆਂ ਦੀ ਗੱਲ ਕੀਤੀ ਹੈ, ਜੋ ਸੁਭਾਵਿਕ ਵਰਤਾਰਾ ਹੈ।
ਦੂਸਰੇ ਵਿਆਹ ਉੱਤੇ ਉਸਰੀ ਸਮੁੱਚੀ ਕਹਾਣੀ ਵਿਚਾਰਾਂ ਵਿਚਲੇ ਟਕਰਾ ਉੱਤੇ ਚਾਨਣਾ ਪਾਉਂਦੀ ਹੈ। ਦੂਸਰੀ ਪਤਨੀ ਦੀ ਹਮੇਸ਼ਾ ਚਾਹਤ ਹੁੰਦੀ ਹੈ ਕਿ ਉਸ ਦਾ ਪਤੀ ਪਹਿਲੇ ਪਰਿਵਾਰ ਨੂੰ ਛੱਡ ਕੇ ਉਸ ਵੱਲ ਤੇ ਪਰਿਵਾਰ ਵੱਲ ਧਿਆਨ ਕੇਂਦਰਿਤ ਕਰੇ। ਇਥੇ ਹੀ ਪਤੀ-ਪਤਨੀ ਦੇ ਵਿਚਾਰਾਂ ਵਿਚ ਵਿਰੋਧ ਉਤਪੰਨ ਹੁੰਦਾ ਹੈ। ਇਕ ਕਹਾਣੀ 'ਜ਼ਿੰਦਗੀ ਦਾ ਚਿਹਰਾ' ਵਿਚ ਵੀ ਦੂਸਰੇ ਵਿਆਹ ਨੂੰ ਹੀ ਵਿਸ਼ਾ ਬਣਾਇਆ ਗਿਆ ਹੈ ਪਰ ਅੰਤਰ ਇਹ ਹੈ ਕਿ ਨਾਇਕ ਨਹੀਂ ਚਾਹੁੰਦਾ ਕਿ ਕੋਈ ਕੁੜੀ ਤਰਸ ਦੇ ਆਧਾਰ 'ਤੇ ਉਸ ਨਾਲ ਵਿਆਹ ਕਰਵਾਏ। 'ਕਰਮਯੋਗੀ', 'ਸੁਪਨਾ' ਤੇ ਗਰਦਿਸ਼ ਕਹਾਣੀਆਂ ਵੀ ਪਰਿਵਾਰਕ ਖਿੱਚੋਤਾਣ, ਮਾਨਸਿਕ ਵਖਰੇਵਾਂ ਤੇ ਵਿਚਾਰਾਂ ਵਿਚਲੇ ਟਕਰਾਅ ਨਾਲ ਹੀ ਸਬੰਧਿਤ ਹਨ। 'ਤਿੜਕੇ ਰਿਸ਼ਤੇ' ਵਿਚ ਮਾਂ-ਪੁੱਤਰ ਵਿਚ ਵਿਚਾਰਾਂ ਦਾ ਵਖਰੇਵਾਂ ਤੇ ਤਣਾਅ ਹੈ, ਜੋ ਇਕਪਾਸੜ ਖਿੱਚ ਸਦਕਾ ਪੈਦਾ ਹੁੰਦਾ ਹੈ। 'ਦਰਦ, ਤਲਾਕ, ਤੇਰਾ ਭਾਣਾ ਤੇ ਸੰਘਰਸ਼ ਦਾ ਅੰਤ' ਆਦਿ ਕਹਾਣੀਆਂ ਵੀ ਸਮਾਜਿਕ ਦਰਦ ਹੰਢਾਉਂਦੇ ਪਾਤਰਾਂ ਦੇ ਜੀਵਨ ਸੰਘਰਸ਼ ਨਾਲ ਸਬੰਧਿਤ ਹਨ। ਇਨ੍ਹਾਂ ਵਿਚ ਕਿਧਰੇ ਦੂਸਰੇ ਵਿਆਹ ਦੀ ਸਮੱਸਿਆ ਹੈ, ਕਿਧਰੇ ਵਿਧਵਾ ਹੋਣ ਦੀ ਤੇ ਕਿਧਰੇ ਪਰਿਵਾਰ ਦੇ ਮਰਦ ਦੀ ਵਿਧਵਾ ਭਰਜਾਈ ਉੱਤੇ ਮੰਦੀ ਨਜ਼ਰ ਦੀ। ਇਸ ਤਰ੍ਹਾਂ ਆਜ਼ਾਦ ਨੇ ਸਮਾਜਿਕ ਟੁੱਟ-ਭੱਜ ਤੇ ਆਰਥਿਕਤਾ ਨੂੰ ਲੈ ਕੇ ਕਹਾਣੀਆਂ ਲਿਖੀਆਂ ਹਨ। ਪਰ ਇਕ ਸੁਝਾਅ ਹੈ ਲੇਖਕ ਲਈ ਕਿ ਕਹਾਣੀਆਂ ਦੇ ਵਿਸ਼ੇ ਤੇ ਕਹਾਣੀ ਵਿਚਲੀ ਇਕਸੁਰਤਾ ਨੂੰ ਕਾਇਮ ਰੱਖਣ ਤੇ ਵਿਭਿੰਨਤਾ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

 

 

 


ਗੁਲਜ਼ਾਰ ਸਿੰਘ ਸੰਧੂ ਦਾ ਕਥਾ-ਬਿਰਤਾਂਤ
ਲੇਖਿਕਾ : ਡਾ: ਗੁਰਪ੍ਰੀਤ ਕੌਰ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 189
ਸੰਪਰਕ : 99148-28565.

ਪੁਸਤਕ ਪੜ੍ਹ ਕੇ, ਵਾਚ ਕੇ, ਘੋਖ ਕੇ ਪਤਾ ਚਲਦਾ ਹੈ ਕਿ ਸੁਖਦੇਵ ਸਿੰਘ ਸਿਰਸਾ ਵਾਂਗ ਉਸ ਦੇ ਵਿਦਿਆਰਥੀ ਵੀ ਜ਼ਹੀਨ ਤੇ ਸੰਵੇਦਨਸ਼ੀਲ ਹਨ। ਡਾ: ਗੁਰਪ੍ਰੀਤ ਕੌਰ ਨੇ ਹਥਲੀ ਪੁਸਤਕ ਲਿਖ ਕੇ ਸਾਬਤ ਕਰ ਦਿੱਤਾ ਹੈ ਕਿ ਅਜੋਕੇ ਏ.ਪੀ.ਆਰ. ਸਕੋਰ ਇਕੱਠੇ ਕਰਨ ਲਈ ਧੜਾਧੜ ਛਪ ਰਹੀਆਂ ਪੁਸਤਕਾਂ ਦੀ ਦੌੜ ਵਿਚ ਇਹ ਕਿਤਾਬ ਸ਼ਾਮਿਲ ਨਹੀਂ ਹੈ। ਉਸ ਦੀ ਇਹ ਪਲੇਠੀ ਪੁਸਤਕ ਗਲਪ ਅਧਿਐਨ ਸਬੰਧੀ ਸਾਡੀਆਂ ਪ੍ਰਵਾਨਿਤ ਮਾਨਤਾਵਾਂ ਮੁੜ ਸੋਚਣ ਲਈ ਮਜਬੂਰ ਕਰਦੀ ਹੈ।
ਡਾ: ਗੁਰਪ੍ਰੀਤ ਕੌਰ ਨੇ ਗੁਲਜ਼ਾਰ ਸਿੰਘ ਸੰਧੂ ਦੇ ਕਥਾ-ਬਿਰਤਾਂਤ ਨੂੰ ਸਮਝਣ ਲਈ ਉਸ ਦੀਆਂ ਕਹਾਣੀਆਂ ਦਾ ਇਤਿਹਾਸਕ ਤੇ ਸਮਾਜ-ਸ਼ਾਸਤਰੀ ਦ੍ਰਿਸ਼ਟੀ ਤੋਂ ਅਧਿਐਨ ਪ੍ਰਸਤੁਤ ਕੀਤਾ ਹੈ। ਆਪਣੇ ਅਧਿਐਨ ਨੂੰ ਡਾ: ਗੁਰਪ੍ਰੀਤ ਕੌਰ ਪੰਜ ਪਾਠਾਂ ਵਿਚ ਤਕਸੀਮ ਕਰਦੀ ਹੈ : ਸਾਹਿਤ ਅਧਿਐਨ ਦੀ ਸਮਾਜ-ਸ਼ਾਸਤਰੀ ਵਿਧੀ, ਗੁਲਜ਼ਾਰ ਸਿੰਘ ਦੀ ਕਥਾ-ਸੰਵੇਦਨਾ, ਪੰਜਾਬ ਦਾ ਸਮਾਜਿਕ ਸੰਦਰਭ : ਗੁਲਜ਼ਾਰ ਸਿੰਘ ਸੰਧੂ ਦਾ ਕਥਾ-ਪ੍ਰਵਚਨ, ਪੰਜਾਬ ਦੀ ਰਾਜਨੀਤਕ ਸਮੀਕਰਨ : ਗੁਲਜ਼ਾਰ ਸਿੰਘ ਸੰਧੂ ਦੀ ਕਥਾ-ਚੇਤਨਾ ਅਤੇ ਪੰਜਾਬ ਦਾ ਸੱਭਿਆਚਾਰਕ ਰੂਪਾਂਤਰਨ : ਗੁਲਜ਼ਾਰ ਸਿੰਘ ਸੰਧੂ ਦਾ ਰਚਨਾ-ਵਿਧਾਨ। ਪੁਸਤਕ ਅਥਾਹ ਮਿਹਨਤ ਨਾਲ ਲਿਖੀ ਗਈ ਹੈ। ਲੇਖਿਕਾ ਨੂੰ ਆਪਣੇ ਵਿਸ਼ੇ ਨੂੰ ਨਿਭਾਉਣ ਵਿਚ ਮੁਹਾਰਤ ਹੈ।

-ਪ੍ਰੋ: ਸਤਪਾਲ ਸਿੰਘ
ਮੋ: 98725-21515.


ਬੁੱਧ ਭੀਮ ਕਿਰਨਾਂ

ਲੇਖਕ : ਮੋਹਣ ਲਾਲ ਕਰੀਮਪੁਰੀ
ਪ੍ਰਕਾਸ਼ਕ : ਸੁੰਦਰ ਬੁੱਕ ਡੀਪੂ, ਜਲੰਧਰ
ਮੁੱਲ : 150 ਰੁਪਏ, ਸਫ਼ੇ : 212
ਸੰਪਰਕ : 0181-2623184.

ਪੁਸਤਕ ਵਿਚ ਕੁੱਲ 161 ਕਵਿਤਾਵਾਂ ਹਨ, ਇਹ ਅਜਿਹੀਆਂ ਕਵਿਤਾਵਾਂ ਹਨ, ਜਿਨ੍ਹਾਂ ਨੂੰ ਇਕੱਲੇ ਜਾਂ ਮਿਲ ਕੇ ਗਾਇਆ ਜਾ ਸਕਦਾ ਹੈ। ਕਿਉਂਕਿ ਇਹ ਮਿਸ਼ਨਰੀ ਸਾਹਿਤ ਹੈ। ਇਨ੍ਹਾਂ ਕਵਿਤਾਵਾਂ ਰਾਹੀਂ ਉਨ੍ਹਾਂ ਦਲਿਤ ਚੇਤਨਾ ਪ੍ਰਚਾਰਨ, ਪ੍ਰਸਾਰਨ ਵਾਲੇ ਕਵੀ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ਨੇ ਦਲਿਤ ਲੋਕਾਂ ਦਾ ਉਥਾਨ ਕਰਕੇ ਉਨ੍ਹਾਂ ਨੂੰ ਚੇਤਨ ਹੋਣ ਦੇ ਸੁਨੇਹੜੇ ਵੰਡੇ ਗਏ ਹਨ। ਦਲਿਤ ਚੇਤਨਾ ਦੀ ਲਹਿਰ ਨੂੰ ਭਖਦਾ ਰੱਖਣਾ ਸਮੇਂ ਦੀ ਮੰਗ ਹੈ। ਅਗਿਆਨਤਾ, ਵਿਤਕਰਿਆਂ ਦਾ ਵਰਤਾਓ, ਦੌਲਤ ਦੀ ਕਾਣੀ ਵੰਡ, ਧੱਕੇ, ਬੇਇਨਸਾਫ਼ੀ, ਗ਼ਰੀਬੀ ਅਤੇ ਬਿਮਾਰੀ, ਦਲਿਤ ਸਮਾਜ ਲਈ ਲਾਅਣਤ ਹੈ।
ਇਹ ਮਿਸ਼ਨਰੀ ਕਵਿਤਾਵਾਂ ਲੋਕ ਪ੍ਰਚਾਰ ਲਈ ਦਲਿਤ ਸਮਾਜ ਦੇ ਉਥਾਨ ਲਈ ਰਾਖਵੀਆਂ ਹਨ। ਇਨ੍ਹਾਂ ਕਵਿਤਾਵਾਂ ਦਾ ਗਾ ਕੇ ਪਾਠ ਕਰਨਾ ਤੇ ਇਕੱਲੇ-ਇਕੱਲੇ ਜਾਂ ਸਮੂਹਿਕ ਰੂਪ ਵਿਚ ਇਨ੍ਹਾਂ ਨੂੰ ਗਾ ਕੇ ਪ੍ਰਚਾਰਨਾ ਪ੍ਰਸਾਰਨਾ, ਇਨ੍ਹਾਂ ਕਵਿਤਾਵਾਂ ਦੇ ਲਿਖਣ ਦਾ ਮੰਤਵ ਹੈ। ਗਾਇਕੀ ਦਾ ਗੁਣ ਹੈ। ਮਕਸਦ ਸਾਹਮਣੇ ਹਨ। ਇਹ ਗੀਤ ਗਾਏ ਜਾ ਸਕਦੇ ਹਨ। ਮਹਾਤਮਾ ਬੁੱਧ ਅਤੇ ਉਸ ਦੇ ਹੋਰ ਪੈਰੋਕਾਰ ਦਲਿਤ ਸਮਾਜ ਨੂੰ ਜਾਗ੍ਰਿਤ ਕਰਨ ਦੇ ਮੂਲ ਸੰਚਾਲਕ ਹਨ, ਪੁਸਤਕ ਵਿਚ ਇਨ੍ਹਾਂ ਮਹਾਂਪੁਰਸ਼ਾਂ ਦੇ ਗੁਣਾਂ, ਸਿੱਖਿਆਵਾਂ ਪ੍ਰਾਪਤੀਆਂ, ਸਦਬਚਨਾਂ ਦੇ ਸਾਰ-ਤੱਤ ਗੀਤਾਂ ਕਵਿਤਾਵਾਂ ਰਾਹੀਂ ਆਪਣੇ ਪਾਠਕਾਂ ਤੱਕ ਸੰਚਾਰੇ ਗਏ ਹਨ। ਅਜਿਹੀਆਂ ਕਵਿਤਾਵਾਂ ਕਿਸੇ ਵਿਸ਼ੇਸ਼ ਮਿਸ਼ਨ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਾਰਥਕ ਹੁੰਦੀਆਂ ਹਨ।


ਅੰਗੂਠੇ ਦਾ ਨਿਸ਼ਾਨ
ਲੇਖਿਕਾ : ਬਲਵਿੰਦਰ ਕੌਰ ਬਰਾੜ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 204
ਸੰਪਰਕ : 98158-78652.

ਬਲਵਿੰਦਰ ਕੌਰ ਬਰਾੜ ਲਿਖਤ ਇਹ ਨਾਵਲ; ਪੰਜਾਬ ਦੇ ਮਲਵਈ ਪਿੰਡ ਦੇ ਇਕ ਸਾਧਾਰਨ ਮੱਧਵਰਗੀ ਪਰਿਵਾਰ ਦੀ ਇਕ ਮੁਟਿਆਰ ਪੰਮੀ ਦੀ ਜੀਵਨ-ਕਹਾਣੀ ਹੈ, ਜਿਹੜੀ ਆਪਣੀ ਚੜ੍ਹਦੀ ਜਵਾਨੀ ਸਮੇਂ ਆਪਣੇ ਸੁਪਨਿਆਂ ਦੇ ਰਾਜ ਕੁਮਾਰ ਅਰਜਨ ਨੂੰ ਜੀਵਨ-ਸਾਥੀ ਵਜੋਂ ਪਸੰਦ ਕਰ ਲੈਂਦੀ ਹੈ; ਜਿਹੜਾ ਆਪਣੇ ਘਰੇਲੂ ਹਾਲਾਤ ਅਸਾਵੇਂ ਹੋਣ ਕਾਰਨ ਉਸ ਨਾਲ ਵਿਆਹ ਕਰਵਾਏ ਬਗੈਰ ਵਾਪਸ ਕੈਨੇਡਾ ਮੁੜ ਜਾਂਦਾ ਹੈ। ਪੰਮੀ ਕੈਨੇਡਾ ਪਰਵਾਸੀ ਅਰਜਨ ਦੀ ਪਹਿਲੀ ਮਿਲਣੀ ਨੂੰ ਆਪਣੀ ਹਿਕੜੀ 'ਤੇ ਅੰਗੂਠੇ ਦਾ ਨਿਸ਼ਾਨ ਸਮਝ ਕੇ ਲਾ ਲੈਂਦੀ ਹੈ, ਭਾਵੇਂ ਉਸ ਦਾ ਵਿਆਹ ਕਿਸੇ ਹੋਰ ਕੈਨੇਡਾ ਪਰਵਾਸੀ ਕਮਲ ਨਾਲ ਹੋ ਜਾਂਦਾ ਹੈ। ਵਿਆਹ ਪਿੱਛੋਂ ਉਹ ਕੈਨੇਡਾ ਦੇ ਸ਼ਹਿਰ ਕੈਲਗਿਰੀ ਰਹਿਣ ਲਗਦੇ ਹਨ, ਜਿਥੋਂ ਕਮਲ ਟਰੱਕ ਵਾਹੁਣ ਦਾ ਧੰਦਾ ਕਰਦਾ ਹੈ। ਪਰ ਪੰਮੀ ਵਿਆਹ ਤੋਂ ਪਿੱਛੋਂ ਵੀ ਅਰਜਨ ਨੂੰ ਨਹੀਂ ਭੁੱਲਦੀ। ਉਹ ਇਕ ਨਰਸ ਬਣ ਕੇ ਕੰਮ ਕਰਦੀ ਹੈ। ਉਸ ਨੇ ਇਕ ਬੇਟੀ ਸਿਮਰਨ ਨੂੰ ਜਨਮ ਦਿੱਤਾ। ਅਚਾਨਕ ਪੰਮੀ ਦੇ ਘਰਵਾਲੇ ਕਮਲ ਦੀ ਇਕ ਟਰੱਕ ਦੁਰਘਟਨਾ ਵਿਚ ਮੌਤ ਹੋ ਜਾਂਦੀ ਹੈ। ਹਸਪਤਾਲ ਵਿਖੇ ਹੀ ਅਚਾਨਕ ਉਸ ਦਾ ਮਿਲਾਪ ਅਰਜਨ ਨਾਲ ਹੋ ਜਾਂਦਾ ਹੈ, ਜਿਸ ਦੀ ਛੇਤੀ ਹੀ ਮੌਤ ਹੋ ਜਾਂਦੀ ਹੈ। ਭਾਵੇਂ ਇਸ ਨਾਵਲ ਦੀ ਸੰਖੇਪ ਕਹਾਣੀ ਏਨੀ ਹੈ ਪਰ ਪ੍ਰੋ: ਬਲਵਿੰਦਰ ਕੌਰ ਬਰਾੜ ਨੇ ਇਸ ਨਾਵਲ ਵਿਚ ਮੁਟਿਆਰ ਕੁੜੀਆਂ ਦੀਆਂ ਮਨੋਭਾਵਨਾਵਾਂ, ਸੰਵੇਦਨਾਵਾਂ ਨੂੰ ਜਿਊਂਦਾ ਜਾਗਦਾ ਬਣਾ ਕੇ ਇੰਜ ਸੰਚਾਰਿਆ ਹੈ; ਜਿਵੇਂ ਅਨਜੋੜ ਵਿਆਹ ਦੀ ਚਿਰਸਥਾਈ ਸਮੱਸਿਆ ਅੱਜ ਵੀ ਵਿਸ਼ੇਸ਼ ਸਮਾਜਿਕ-ਸਮੱਸਿਆ ਹੈ। ਅਮਨ-ਚੈਨ ਅਤੇ ਇਮਾਨਦਾਰੀ ਨਾਲ ਕੋਈ ਮਨਮਰਜ਼ੀ ਦਾ ਜੀਵਨ ਨਹੀਂ ਜੀਓ ਸਕਦੇ।
ਪ੍ਰੋ: ਬਲਵਿੰਦਰ ਕੌਰ ਔਰਤ ਮਨ ਦੀਆਂ ਤੀਬਰ ਭਾਵਨਾਵਾਂ, ਚਾਵਾਂ, ਪ੍ਰੇਮ ਹੰਢਾਉਣ ਦੀਆਂ ਰੁਚੀਆਂ ਅਤੇ ਸੰਵੇਦਨਾਵਾਂ ਨੂੰ ਮਨੋਵਿਗਿਆਨਕ ਦ੍ਰਿਸ਼ਟੀ ਤੋਂ ਸਮਝਦੀ ਹੈ। ਇਸ ਨਾਵਲ ਵਿਚ ਪੇਸ਼ 'ਨਾਰੀਆਂ' ਦੇ ਅੰਤਰ ਮਨ ਦੀ ਪੀੜ੍ਹਾ ਨੂੰ ਉਸ ਨੇ ਕਹਾਣੀ ਦੇ ਹਰ ਮੋੜ 'ਤੇ ਅਨੁਭਵ ਕੀਤਾ ਹੈ।
ਲੇਖਿਕਾ ਦੀ ਭਾਸ਼ਾ-ਸ਼ੈਲੀ; ਨਾਵਲ ਦੀ ਵਿਉਂਤ ਅਤੇ ਵਿਸ਼ਾ ਸੱਜਰਾ ਨਵਾਂ ਨਰੋਆ ਹੈ। ਕਹਾਣੀ ਕਹਿਣ, ਸੁਣਾਉਣ ਅਤੇ ਵਿਖਾਉਣ ਲਈ ਉਸ ਨੇ ਮਨਬਚਨੀ ਦੀਆਂ ਚੇਤਨ ਪ੍ਰਵਾਹ ਵਿਧੀਆਂ ਦਾ ਪ੍ਰਯੋਗ ਕਰਕੇ ਨਾਵਲ ਨੂੰ ਬੋਝਲ ਨਹੀਂ ਹੋਣ ਦਿੱਤਾ।

-ਡਾ: ਅਮਰ ਕੋਮਲ
ਮੋ: 8437873565


ਚੇਤਿਆਂ 'ਚ ਵੱਸਦਾ
ਮਹਿੰਦਰ ਸਿੰਘ ਰੰਧਾਵਾ
ਸੰਪਾਦਕ : ਕੰਵਲਜੀਤ
ਪ੍ਰਕਾਸ਼ਕ : ਪੀਪਲਜ਼ ਫੋਰਮ, ਬਰਗਾੜੀ (ਪੰਜਾਬ)
ਮੁੱਲ : 200 ਰੁਪਏ, ਸਫ਼ੇ : 282
ਸੰਪਰਕ : 98729-89313.

ਇਸ ਪੁਸਤਕ ਵਿਚ ਅਨੇਕਾਂ ਬੁੱਧੀਜੀਵੀਆਂ, ਉਨ੍ਹਾਂ ਦੇ ਸਹਿਕਰਮੀਆਂ ਤੇ ਸਹਿ-ਧਰਮੀਆਂ ਨੇ ਆਪਣੇ-ਆਪਣੇ ਢੰਗ ਨਾਲ ਮਹਿੰਦਰ ਸਿੰਘ ਰੰਧਾਵਾ ਹੁਰਾਂ ਦੀ ਸ਼ਖ਼ਸੀਅਤ ਨੂੰ ਉਲੀਕਿਆ ਹੈ। ਕੋਈ ਉਨ੍ਹਾਂ ਨੂੰ ਕੱਦਾਵਰ ਸ਼ਖ਼ਸੀਅਤ, ਕੋਈ ਦੂਲਾ ਬਾਦਸ਼ਾਹ, ਖਰਾ ਪੰਜਾਬੀ, ਗੁਣਾਂ ਦਾ ਸਤਨਾਜਾ, ਕਲਾ ਪ੍ਰੇਮੀ, ਲੋਕ-ਬਿੰਬ ਵਹਿੰਦਾ ਦਰਿਆ, ਕਰਮਯੋਗੀ, ਯੁੱਗ ਪੁਰਸ਼, ਸੰਧੂਰੀ ਅੰਬ, ਸਚਿਆਰਾ ਪੁੱਤਰ ਜਾਂ ਕਲਾਕਾਰਾਂ ਦਾ ਅਲੰਬਰਦਾਰ ਆਦਿ ਆਖਦਾ ਹੈ। ਆਪਣੇ ਲੰਮੇ ਕਰਮ ਖੇਤਰ ਵਿਚ ਉਨ੍ਹਾਂ ਕਈਆਂ ਦੇ ਕੰਮ ਸੁਆਰੇ, ਕਈਆਂ ਨੂੰ ਸਨੇਹ ਦੀਆਂ ਬਖਸ਼ਿਸ਼ਾਂ ਕੀਤੀਆਂ। ਇਨ੍ਹਾਂ ਸਾਰੇ ਲੇਖਾਂ ਵਿਚ ਲੇਖਕਾਂ ਨੇ ਜਿਥੇ ਰੰਧਾਵਾ ਹੁਰਾਂ ਦੇ ਕੀਤੇ ਅਣਗਿਣਤ ਕਾਰਜਾਂ ਦੀ ਥਾਹ ਪਾਈ ਹੈ, ਉਥੇ ਆਪਣੇ ਉਨ੍ਹਾਂ ਨਾਲ ਹੰਢਾਏ ਨਿੱਜੀ ਅਨੁਭਵਾਂ ਤੇ ਉਨ੍ਹਾਂ ਰਾਹੀਂ ਕੀਤੀਆਂ ਪ੍ਰਾਪਤੀਆਂ ਦਾ ਜ਼ਿਕਰ ਖੈਰ ਕੀਤਾ ਹੈ। ਇਹ ਪੁਸਤਕ ਉਨ੍ਹਾਂ ਦੁਆਰਾ ਪੰਜਾਬ ਦਾ ਮੂੰਹ ਮੱਥਾ ਸੰਵਾਰਨ ਵਿਚ ਪਾਏ ਯੋਗਦਾਨ ਦਾ ਪ੍ਰਸੰਸਾ ਗੀਤ ਹੈ। ਕੇਵਲ ਭੂਸ਼ਣ ਨੇ ਹੀ ਹਲਕੇ ਜਿਹੇ ਸੰਕੇਤ ਨਾਲ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਲਿਖੀਆਂ ਕਈ ਪੁਸਤਕਾਂ ਹੋਰਨਾਂ ਦੀਆਂ ਲਿਖੀਆਂ ਹੋਈਆਂ ਸਨ ਤੇ ਨਾਂਅ ਉਨ੍ਹਾਂ ਦਾ ਦਰਜ ਕੀਤਾ ਗਿਆ ਸੀ। ਉਹ ਪ੍ਰਸੰਸਾ ਲਈ ਵਿਆਕੁਲ ਰਹਿੰਦੇ ਸਨ। ਪਰ ਇਕ ਅੱਧ ਮਨੁੱਖੀ ਕਮਜ਼ੋਰੀ ਦੇ ਬਾਵਜੂਦ, ਭੂਸ਼ਨ ਵੀ ਆਖਣ ਲਈ ਮਜਬੂਰ ਸੀ ਕਿ ਰੰਧਾਵਾ ਜਿਹਾ ਮੁੜ ਨਹੀਂ ਜੰਮ ਸਕਦਾ। ਡਾ: ਮੋਹਨਜੀਤ ਦਾ ਕਥਨ ਸਹੀ ਹੀ ਹੈ ਕਿ ਅਜਿਹੇ ਕਰਮਯੋਗੀ ਬੰਦਿਆਂ ਦੀਆਂ ਜੀਵਨੀਆਂ ਵਕਤਨ, ਸੁਵਕਤਨ ਲਿਖਦੇ ਰਹਿਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣਕਾਰੀ ਮਿਲਦੀ ਰਹੇ।

-ਕੇ. ਐਲ. ਗਰਗ
ਮੋ: 94635-37050


ਚਿੰਤਾ, ਚਿੰਤਕ, ਚਿੰਤਨ

ਸ਼ਾਇਰ : ਗੁਰਬਚਨ ਸਿੰਘ ਚਿੰਤਕ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 84376-11811.

ਇਹ ਪੁਸਤਕ ਰੁਬਾਈ ਸੰਗ੍ਰਹਿ ਹੈ। ਰੁਬਾਈ ਪਰਸ਼ੀਅਨ ਪਿਛੋਕੜ ਵਾਲਾ ਕਾਵਿ ਰੂਪ ਹੈ ਜੋ ਕਾਫ਼ੀ ਪ੍ਰਭਾਵਸ਼ਾਲੀ ਹੁੰਦਾ ਹੈ। ਚਾਰ ਸਤਰਾਂ ਵਿਚ ਵੱਡੀਆਂ ਗੱਲਾਂ ਕਹਿਣੀਆਂ ਹੁੰਦੀਆਂ ਹਨ। ਪੁਸਤਕ ਵਿਚਲੀਆਂ ਰੁਬਾਈਆਂ ਮਨੁੱਖਤਾ ਦੀਆਂ ਸ਼ੁੱਭਚਿੰਤਕ ਹਨ। ਇਨ੍ਹਾਂ ਵਿਚ ਸੰਵੇਦਨਾ, ਕੋਮਲਤਾ, ਚਿੰਤਨ ਅਤੇ ਚੇਤਨਾ ਹੈ। ਆਓ, ਇਨ੍ਹਾਂ ਦੇ ਦਰਸ਼ਨ ਕਰੀਏ-
-ਯਤੀਮਾਂ ਦੀ ਆਕਾਸ਼ 'ਚ ਉਦੋਂ ਆਹ ਜਾਂਦੀ ਹੈ।
ਜ਼ੁਲਮ ਦੀ ਜਦੋਂ ਹੋ, ਇੰਤਹਾ ਜਾਂਦੀ ਹੈ।
ਆਉਂਦੈ ਨਿਰੰਕਾਰ ਮਨੁੱਖੀ ਰੂਪ ਵਿਚ 'ਚਿੰਤਕ'
ਜਨਤਾ ਜਦੋਂ ਹੋ ਬੇ-ਪਨਾਹ ਜਾਂਦੀ ਹੈ।
-ਦੋਸਤੀ ਇਨਸਾਨੀਅਤ ਦੀ ਮਾਂ ਹੈ।
ਰੂਹ ਦੀ ਕੋਮਲਤਾ ਕਲਾ ਦਾ ਨਾਂਅ ਹੈ।
ਰਾਤ ਹੈ ਕਿ ਦਿਨ ਦਾ ਪਰਛਾਵਾਂ ਜਿਹਾ,
ਮੱਸਿਆ ਫਿਰ ਪੁੰਨਿਆ ਦੀ ਛਾਂ ਹੈ।
-ਆਓ ਲੋਕੋ ਉਨ੍ਹਾਂ ਦੇ ਲਈ, ਕਰੀਏ ਰਲ ਅਰਦਾਸਾਂ।
ਜਾਨ ਵਾਰ ਗਏ ਕਰਨ ਲਈ ਜੋ, ਸਾਡੀਆਂ ਪੂਰੀਆਂ ਆਸਾਂ।
ਸੱਚ ਦੀ ਖ਼ਾਤਰ ਜੋ ਮਰ ਜਾਂਦੇ, ਦਿਲਾਂ 'ਚ ਜਿਊਂਦੇ ਰਹਿੰਦੇ
ਲਿਖ ਗਏ ਇਤਿਹਾਸਕਾਰ ਇਹ, 'ਚਿੰਤਕ' ਵਿਚ ਇਤਿਹਾਸਾਂ। ਇਹ ਸਰਲ ਅਤੇ ਮਾਸੂਮ ਜਿਹੀਆਂ ਰੁਬਾਈਆਂ ਦਿਲ ਨੂੰ ਟੁੰਬਦੀਆਂ ਹਨ। ਇਨ੍ਹਾਂ ਵਿਚ ਨੇਕੀ, ਸਰਬੱਤ ਦਾ ਭਲਾ ਅਤੇ ਲੋਕ ਪੀੜਾ ਹੈ। ਪਰ ਹਾਲੇ ਇਨ੍ਹਾਂ ਵਿਚ ਹੋਰ ਨਿਖਾਰ ਲਿਆਉਣ ਦੀ ਲੋੜ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.


ਕੋਈ ਤਾਂ ਹੈ...
ਲੇਖਕ : ਰਘਬੀਰ ਸਿੰਘ ਮਾਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 88725-54500.

ਵਿਚਾਰ ਅਧੀਨ ਪੁਸਤਕ ਰਘਬੀਰ ਸਿੰਘ ਮਾਨ ਦਾ ਦੂਜਾ ਕਹਾਣੀ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚ 6 ਕਹਾਣੀਆਂ ਹਨ। ਪਹਿਲੀ ਕਹਾਣੀ 'ਖਾਨ ਦੀ ਸਟਾਲ' ਵਿਚ ਉਸ ਨੇ ਪੇਂਡੂ ਖੇਤਰ ਦੀ ਖਚਾਖਚ ਭਰੀ ਬਸ ਵਿਚ ਸਫ਼ਰ ਕਰ ਰਹੇ ਯਾਤਰੀ ਦੀ ਮਾਨਸਿਕਤਾ ਦਾ ਚਿਤਰਨ ਪੇਸ਼ ਕੀਤਾ ਹੈ, ਉਥੇ ਬਸ ਵਿਚ ਖੜ੍ਹੀਆਂ ਸਵਾਰੀਆਂ ਦੇ ਵਿਵਹਾਰ ਅਤੇ ਵਾਰਤਾਲਾਪ ਦਾ ਦ੍ਰਿਸ਼ ਵੀ ਰੂਪਮਾਨ ਕੀਤਾ ਹੈ। ਦੂਜੀ ਕਹਾਣੀ 'ਫ਼ਿਕਰ' ਦਾ ਮੁੱਖ ਪਾਤਰ ਆਪਣੇ ਚਾਚੇ ਦੀ ਘਰ ਵਾਲੀ ਦੇ ਗੁਜ਼ਰਨ ਤੋਂ ਬਾਅਦ ਉਸ ਦੇ ਪੁੱਤਰਾਂ ਵੱਲੋਂ ਬੁਢਾਪੇ ਵਿਚ ਉਸ ਨਾਲ ਕੀਤੇ ਦੁਰਵਿਵਹਾਰ ਕਰਕੇ ਉਸ ਨੂੰ ਆਪਣੀ ਧੀ ਦੀ ਅਣਹੋਂਦ ਦਾ ਅਹਿਸਾਸ ਹੋਣ ਕਰਕੇ ਬੁਢਾਪੇ ਦੀ ਫ਼ਿਕਰਮੰਦੀ ਹੈ। 'ਕੁੜਮਣੀਆਂ' ਅਤੇ 'ਸਮਾਂ ਤੁਰਦਾ ਹੈ' ਜਾਤ-ਪਾਤ ਪ੍ਰਥਾ ਅਤੇ ਅੰਤਰ-ਜਾਤੀ ਵਿਆਹਾਂ ਦੇ ਵਿਸ਼ੇ ਨਾਲ ਸਬੰਧਤ ਕਹਾਣੀਆਂ ਹਨ। ਕੁੜਮਣੀਆਂ ਕਹਾਣੀ ਦੀ ਵਲੈਤੋਂ ਆਈ ਗੁਰਲਾਜ ਆਪਣੀ ਦਲਿਤ ਸਹੇਲੀ ਭਜਨੋ ਦੀ ਲੜਕੀ ਪ੍ਰਵੀਨ ਨੂੰ ਆਪਣੇ ਲੜਕੇ ਹੈਰੀ ਲਈ ਮੰਗ ਕੇ ਜਾਤ-ਪਾਤ ਨੂੰ ਤੋੜ ਕੇ ਰਾਹ ਦਸੇਰੇ ਦਾ ਕਾਰਜ ਕਰਦੀ ਹੈ ਪਰ ਸਮਾਂ ਤੁਰਦਾ ਹੈ ਕਹਾਣੀ ਵਿਚ ਪਿਉ-ਪੁੱਤਰ ਆਪਣੀ ਜ਼ਹੀਨ ਲੜਕੀ ਮਨੀ ਨੂੰ ਅਣਖ ਖਾਤਰ ਕਤਲ ਕਰ ਦਿੰਦੇ ਹਨ ਕਿਉਂਕਿ ਉਹ ਦਲਿਤ ਜਾਤੀ ਦੇ ਜ਼ਹੀਨ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ। 'ਕੋਈ ਤਾਂ ਹੈ' ਇਸ ਸੰਗ੍ਰਹਿ ਦੀ ਵੇਦਨਾਤਮਕ ਭਾਸ਼ਾ ਵਿਚ ਰਚੀ ਖੂਬਸੂਰਤ ਕਥਾ ਹੈ ਜੋ ਭਰੂਣ-ਹੱਤਿਆ ਦੇ ਵਿਸ਼ੇ ਨੂੰ ਆਧਾਰ ਬਣਾ ਕੇ ਸਿਰਜੀ ਗਈ ਹੈ।

-ਸੁਖਦੇਵ ਮਾਦਪੁਰੀ
ਮੋ: 94630-34472.

 

ਸਾਡੇ ਭਾਰਤੀ ਸਿੱਖਿਆ ਸ਼ਾਸਤਰੀ
ਸੰਪਾਦਕ : ਹਰਜਿੰਦਰ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 156
ਸੰਪਰਕ : 95921-00811
.

ਹਰਜਿੰਦਰ ਸਿੰਘ ਦੁਆਰਾ ਸੰਪਾਦਿਤ ਕੀਤੀ ਇਸ ਪੁਸਤਕ ਵਿਚ ਛੇ ਖੋਜ ਲੇਖ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਅਤੇ ਜੀਵਨ ਦਰਸ਼ਨ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਮਹਾਤਮਾ ਬੁੱਧ, ਸਵਾਮੀ ਵਿਵੇਕਾਨੰਦ, ਸ੍ਰੀ ਅਰਬਿੰਦੋ ਘੋਸ਼, ਰਾਵਿੰਦਰ ਨਾਥ ਟੈਗੋਰ, ਸਵਾਮੀ ਦਯਾਨੰਦ, ਡਾ: ਸਰਵਪੱਲੀ ਰਾਧਾ ਕ੍ਰਿਸ਼ਨਨ, ਮਹਾਤਮਾ ਗਾਂਧੀ, ਡਾ: ਭੀਮ ਰਾਓ ਅੰਬੇਡਕਰ ਅਤੇ ਇਕ ਲੇਖ ਬਾਬਾ ਫ਼ਰੀਦ ਜੀ ਦੀ ਵਿਚਾਰਧਾਰਾ ਨਾਲ ਸਬੰਧਤ ਹੈ।
ਪੁਸਤਕ ਵਿਚ ਸਿੱਖਿਆ ਦੇ ਖੇਤਰ ਨਾਲ ਜੁੜੇ ਤਕਰੀਬਨ 22 ਵਿਦਵਾਨਾਂ ਦੁਆਰਾ ਉਪਰੋਕਤ ਮਹਾਨ ਵਿਅਕਤੀਆਂ ਦੀ ਸਿੱਖਿਆ ਦੇ ਖੇਤਰ ਨੂੰ ਦੇਣ ਅਤੇ ਉੱਚੀਆਂ-ਸੁੱਚੀਆਂ ਸਮਾਜਿਕ ਕਦਰਾਂ-ਕੀਮਤਾਂ ਦੀ ਗੱਲ ਕੀਤੀ ਗਈ ਹੈ। ਮਿਸਾਲ ਵਜੋਂ ਗੁਰੂ ਨਾਨਕ ਦੇਵ ਜੀ ਨੇ ਸਮਾਜ ਨੂੰ ਬਰਾਬਰਤਾ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ, ਡਾ: ਅੰਬੇਡਕਰ ਨੇ ਸਿੱਖਿਆ ਵਿਚ ਸਮਾਨਤਾ ਦੀ ਗੱਲ ਕੀਤੀ, ਬਾਬਾ ਫ਼ਰੀਦ ਜੀ ਨੇ ਨਿਮਰਤਾ ਅਤੇ ਸਹਿਣਸ਼ੀਲਤਾ ਦੇ ਸੰਦੇਸ਼ ਨੂੰ ਪ੍ਰਚਾਰਿਆ, ਅਰਬਿੰਦੋ ਘੋਸ਼ ਨੇ ਸਰੀਰਕ, ਦਿਮਾਗੀ ਅਤੇ ਸਮਾਜਿਕ ਵਿਕਾਸ ਬਾਰੇ ਸਿਧਾਂਤ ਪੇਸ਼ ਕੀਤਾ। ਇਸ ਤੋਂ ਇਲਾਵਾ ਡਾ: ਰਾਧਾ ਕ੍ਰਿਸ਼ਨਨ ਨੇ ਮਨੁੱਖੀ ਕਦਰਾਂ-ਕੀਮਤਾਂ ਅਤੇ ਔਰਤਾਂ ਦੀ ਸਿੱਖਿਆ ਬਾਰੇ ਵਿਚਾਰ ਪੇਸ਼ ਕੀਤੇ, ਮਹਾਤਮਾ ਗਾਂਧੀ ਜੀ ਨੇ ਮਾਤ ਭਾਸ਼ਾ ਵਿਚ ਸਿੱਖਿਆ ਦੀ ਗੱਲ ਕਰਦਿਆਂ ਅੰਗਰੇਜ਼ਾਂ ਦੁਆਰਾ ਦਿੱਤੀ ਸਿੱਖਿਆ ਪ੍ਰਣਾਲੀ ਦਾ ਵਿਰੋਧ ਕੀਤਾ, ਸਵਾਮੀ ਵਿਵੇਕਾਨੰਦ ਨੇ ਸਿੱਖਿਆ ਦੀ ਸਰਬਪੱਖੀ ਦੇਣ ਬਾਰੇ ਵਿਚਾਰ ਪੇਸ਼ ਕੀਤੇ। ਪੁਸਤਕ ਵਿਚ ਸ਼ਾਮਿਲ ਸਾਰੇ ਹੀ ਵਿਦਵਾਨਾਂ ਦੇ ਖੋਜ ਲੇਖ ਇਸ ਗੱਲ ਦੀ ਤਾਈਦ ਕਰਦੇ ਹਨ ਕਿ ਸਿੱਖਿਆ ਦੇ ਪਵਿੱਤਰ ਖੇਤਰ ਨੂੰ ਇਨ੍ਹਾਂ ਮਹਾਨ ਵਿਅਕਤੀਆਂ ਦੀ ਸਿੱਖਿਆ ਦੇ ਚਾਨਣ ਵਿਚ ਹੋਰ ਵੀ ਰੁਸ਼ਨਾਇਆ ਜਾ ਸਕਦਾ ਹੈ।


ਸਾਹਾਂ ਦਾ ਸਫ਼ਰ
ਲੇਖਕ : ਹਰਚੰਦ ਸਿੰਘ ਬਾਗੜੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 500 ਰੁਪਏ, ਸਫ਼ੇ : 280
ਸੰਪਰਕ : 98146-73236
.

'ਸਾਹਾਂ ਦਾ ਸਫ਼ਰ' ਹਰਚੰਦ ਸਿੰਘ ਬਾਗੜੀ ਦੀ ਸਵੈਜੀਵਨੀ ਹੈ, ਜਿਸ ਨੂੰ ਉਸ ਨੇ ਦੋ ਭਾਗਾਂ ਵਿਚ ਵੰਡ ਕੇ ਪਾਠਕਾਂ ਨਾਲ ਆਪਣੀ ਜ਼ਿੰਦਗੀ ਦਾ ਨੰਗਾ ਸੱਚ ਪ੍ਰਸਤੁਤ ਕਰਨ ਦਾ ਯਤਨ ਕੀਤਾ ਹੈ। ਪਹਿਲੇ ਭਾਗ ਵਿਚ ਆਪਣੀ ਜ਼ਿੰਦਗੀ ਦੇ 26 ਸਾਲਾਂ ਦਾ ਜ਼ਿਕਰ ਲੇਖਕ ਨੇ ਉਸ ਜੀਵਨ ਕਹਾਣੀ ਦੇ ਰੂਪ ਵਿਚ ਕੀਤਾ ਹੈ ਜੋ ਉਸ ਨੇ ਪੰਜਾਬ ਵਿਚ ਰਹਿੰਦਿਆਂ ਗੁਜ਼ਾਰੇ ਹਨ। ਦੂਜੇ ਭਾਗ ਵਿਚ ਉਸ ਦੀ ਪਰਵਾਸੀ ਜ਼ਿੰਦਗੀ ਭਾਵ ਕੈਨੇਡਾ ਦੀ ਧਰਤੀ 'ਤੇ ਪਹੁੰਚਣ ਅਤੇ ਉਥੇ ਰਹਿੰਦਿਆਂ ਜ਼ਿੰਦਗੀ ਦੀ ਤਸਵੀਰਕਸ਼ੀ ਨਾਲ ਸਬੰਧਤ ਵੇਰਵੇ ਦਰਜ ਕੀਤੇ ਹਨ।
ਪੰਜਾਬ ਵਿਚ ਰਹਿੰਦਿਆਂ ਲੇਖਕ ਜਿਥੇ ਆਪਣੇ ਘਰ ਪਰਿਵਾਰ ਬਾਰੇ ਵੇਰਵੇ ਦਰਜ ਕਰਦਾ ਹੈ, ਉਥੇ ਮਾਲਵੇ ਦੀ ਰਹਿਤਲ ਅਤੇ ਉਥੋਂ ਦੀ ਤਰਜ਼ੇ-ਜ਼ਿੰਦਗੀ ਬਾਰੇ ਵਿਸਥਾਰਪੂਰਬਕ ਵੇਰਵੇ ਦਿੰਦਾ ਹੈ। ਲੇਖਕ ਦਾ ਜਨਮ ਭਾਵੇਂ ਫਰਵਾਹੀ ਪਿੰਡ ਵਿਚ ਹੋਇਆ ਪਰ ਵੱਡੀ ਭੈਣ ਨਾਲ ਬਹੁਤ ਜ਼ਿਆਦਾ ਪਿਆਰ ਹੋਣ ਕਰਕੇ ਉਹ ਉਸ ਕੋਲ ਉਸ ਦੇ ਪਿੰਡ ਜਮਾਲਪੁਰੇ ਵੀ ਸਮਾਂ ਗੁਜ਼ਾਰਦਾ ਹੈ ਤੇ ਮਾਂ ਦੀ ਮੌਤ ਦੇ ਭਾਵੁਕ ਪਲਾਂ ਨੂੰ ਵੀ ਆਪਣੀ ਲਿਖਤ ਵਿਚ ਦਰਜ ਕਰਦਾ ਹੈ। ਜ਼ਿੰਦਗੀ ਵਿਚ ਵਾਪਰੀਆਂ ਘਟਨਾਵਾਂ ਹਾਦਸਿਆਂ ਦੇ ਰੂਪ ਵਿਚ ਪੇਸ਼ ਕਰਦਾ ਲੇਖਕ ਆਪਣੀ ਸਕੂਲੀ ਪੜ੍ਹਾਈ ਅਤੇ ਕਾਲਜ ਦੀ ਸਿੱਖਿਆ ਦੇ ਨਾਲ-ਨਾਲ ਆਈ.ਟੀ.ਆਈ. ਵਿਚ ਦਾਖਲੇ ਦਾ ਜ਼ਿਕਰ ਵੀ ਭਾਵਪੂਰਤ ਤਰੀਕੇ ਨਾਲ ਛੇੜਦਾ ਹੈ। ਲੇਖਕ ਇਸ ਸਵੈਜੀਵਨੀ ਵਿਚ ਲੋਕਾਂ ਦਾ ਮਦਦਗਾਰ ਹੋਣ ਦੇ ਆਪਣੇ ਸੁਭਾਅ ਬਾਰੇ ਵੱਖ-ਵੱਖ ਘਟਨਾਵਾਂ ਦੱਸ ਕੇ ਬਿਆਨ ਕਰਦਾ ਹੈ। ਕੈਨੇਡਾ ਵਿਚ ਜਾਣ ਤੋਂ ਬਾਅਦ ਜਿਥੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਬਾਰੇ ਲੇਖਕ ਨੇ ਆਪਣੇ ਵਿਚਾਰ ਪੇਸ਼ ਕੀਤੇ ਹਨ, ਉਥੇ ਆਪਣੀ ਸਿਰਜਣਾਤਮਕ ਪ੍ਰਤਿਭਾ ਨੂੰ ਹੁਲਾਰਾ ਮਿਲਣ ਅਤੇ ਦਰਜਨ ਤੋਂ ਉੱਪਰ ਆਪਣੀਆਂ ਸਾਹਿਤਕ ਰਚਨਾਵਾਂ ਦੇ ਪ੍ਰਕਾਸ਼ਿਤ ਹੋਣ ਦੀ ਗੱਲ ਵੀ ਛੇੜਦਾ ਹੈ। ਕਾਵਿ-ਪੁਸਤਕਾਂ ਵਿਚ ਵੱਖ-ਵੱਖ ਟੂਕਾਂ ਦੇ ਕੇ ਪਾਠਕਾਂ ਨੂੰ ਆਪਣੀ ਸਿਰਜਣਾਤਮਕ ਦੇ ਦੀਦਾਰ ਵੀ ਕਰਵਾਉਂਦਾ ਹੈ। ਨਿੱਕੀਆਂ-ਨਿੱਕੀਆਂ ਘਟਨਾਵਾਂ ਨੂੰ ਆਧਾਰ ਬਣਾ ਕੇ ਲੇਖਕ ਨੇ ਆਪਣੀ ਸ਼ਖ਼ਸੀਅਤ ਦੇ ਨਿਖਾਰ ਬਾਰੇ ਇਸ ਸਵੈਜੀਵਨੀ ਵਿਚ ਰੌਚਿਕ ਵੇਰਵੇ ਦਰਜ ਕੀਤੇ ਹਨ।

-ਡਾ: ਸਰਦੂਲ ਸਿੰਘ ਔਜਲਾ
ਮੋ: 98141-68611

09/09/2017

 ਅੱਥਰੀ ਰੁੱਤ
ਨਾਵਲਕਾਰ : ਸੁਖਵੰਤ ਕੌਰ ਮਾਨ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 158
ਸੰਪਰਕ : 0172-4608699.

ਇਹ ਨਾਵਲ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨੂੰ ਬਿਆਨ ਕਰਦਾ ਹੈ। ਜੱਸੇ ਨਾਂਅ ਦਾ ਇਕ ਮੁੰਡਾ ਅਨਾਥ ਹੋ ਜਾਂਦਾ ਹੈ। ਬਾਰ੍ਹਾਂ ਵਰ੍ਹਿਆਂ ਦੇ ਇਸ ਬੱਚੇ ਨੂੰ ਤਾਏ, ਚਾਚੇ ਸਕੂਲੋਂ ਹਟਾ ਕੇ ਡੰਗਰ ਚਾਰਨ ਲਾ ਦਿੰਦੇ ਹਨ। ਰਮਦਾਸੀਆਂ ਦਾ ਇਕ ਹਾਣੀ ਮੁੰਡਾ ਘੋਦਰ ਉਸ ਦਾ ਦੋਸਤ ਬਣ ਜਾਂਦਾ ਹੈ।
ਕੁਝ ਦਿਨਾਂ ਲਈ ਜੱਸੇ ਦੇ ਨਾਨਕੇ ਉਸ ਨੂੰ ਆਪਣੇ ਘਰ ਲੈ ਜਾਂਦੇ ਹਨ ਤਾਂ ਉਸ ਦੇ ਚਾਚੇ, ਤਾਏ ਉਸ ਦੀ ਜ਼ਮੀਨ ਦੱਬਣ ਦੀ ਵਿਉਂਤ ਬਣਾਉਂਦੇ ਹਨ। ਜਦੋਂ ਜੱਸੇ ਦਾ ਮਾਮਾ ਉਸ ਨੂੰ ਵਾਪਸ ਛੱਡ ਕੇ ਜਾਂਦਾ ਹੈ ਤਾਂ ਸ਼ਰੀਕ ਕੁਝ ਦਿਨਾਂ ਬਾਅਦ ਮੁੰਡੇ ਨੂੰ ਮਰਵਾ ਦਿੰਦੇ ਹਨ। ਜੱਸੇ ਦਾ ਇਕ ਚਾਚਾ ਫੌਜਾ ਸਿੰਘ ਆਜ਼ਾਦੀ ਘੁਲਾਟੀਆ ਸੀ। ਉਸ ਨੇ ਜੱਸੇ ਦੀ ਜ਼ਮੀਨ ਦਾ ਇਕ ਟਰੱਸਟ ਬਣਵਾ ਦਿੱਤਾ। ਉਸ ਦਾ ਪੁੱਤਰ ਯੂਨੀਵਰਸਿਟੀ ਵਿਚ ਐਮ.ਏ. ਦੀ ਪੜ੍ਹਾਈ ਕਰ ਰਿਹਾ ਸੀ। ਉਸ ਦਾ ਸਬੰਧ ਰਾਜਨੀਤਕਾਂ ਨਾਲ ਹੋ ਗਿਆ।
ਫੌਜਾ ਸਿੰਘ ਦੇ ਯਤਨਾਂ ਨਾਲ ਪਿੰਡ ਵਿਚ ਕੁੜੀਆਂ ਦਾ ਸਕੂਲ ਖੁੱਲ੍ਹ ਗਿਆ। ਬਾਕੀ ਦੀ ਕਹਾਣੀ ਸਕੂਲ ਦੀਆਂ ਕੁੜੀਆਂ, ਟੀਚਰਾਂ ਅਤੇ ਵਿਰੋਧ ਕਰਨ ਵਾਲਿਆਂ ਦੁਆਲੇ ਘੁੰਮਦੀ ਹੈ। ਜੱਸੇ ਦੇ ਇਕ ਚਾਚੇ ਦੇ ਵੈਲੀ ਪੁੱਤ ਕੰਤੇ ਨੇ ਮਾਸੂਮ ਬੱਚੇ ਦਾ ਕਤਲ ਕਰਵਾਇਆ ਸੀ। ਉਹ ਹਮੇਸ਼ਾ ਮਾੜੇ ਕੰਮਾਂ ਵਿਚ ਪਿਆ ਰਹਿੰਦਾ ਹੈ। ਨਕਸਲਵਾਦ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ। ਆਮ ਪੇਂਡੂ ਲੋਕਾਂ ਦੀਆਂ ਆਰਥਿਕ ਮਜਬੂਰੀਆਂ, ਸਮਾਜਿਕ ਕੁਰੀਤੀਆਂ ਅਤੇ ਮਾਨਸਿਕ ਪ੍ਰੇਸ਼ਾਨੀਆਂ ਬਾਰੇ ਬੜੇ ਭਾਵਪੂਰਤ ਢੰਗ ਨਾਲ ਵਰਣਨ ਕੀਤਾ ਗਿਆ ਹੈ। ਲੋਭ ਲਾਲਚ ਤੇ ਹਵਸ ਨੇ ਮਨੁੱਖ ਨੂੰ ਹੈਵਾਨ ਬਣਾ ਦਿੱਤਾ ਹੈ। ਉਸ ਵਿਚ ਸਦਾਚਾਰਕ ਗਿਰਾਵਟ ਆ ਗਈ ਹੈ।
ਜੂਝਦੇ, ਹਫ਼ਦੇ, ਹੰਭਦੇ, ਥੱਕੇ ਟੁੱਟੇ ਲੋਕਾਂ ਦੀ ਕਹਾਣੀ ਕਹਿੰਦਾ ਇਹ ਨਾਵਲ ਕੁਝ ਸੋਚਣ ਲਈ ਮਜਬੂਰ ਕਰਦਾ ਹੈ। ਇਹ ਡਿਗੇ ਢਹੇ, ਅਨਪੜ੍ਹ, ਅਨਜਾਣ, ਭੋਲੇ ਭਾਲੇ ਲੋਕਾਂ ਦਾ ਦੁਖਾਂਤ ਹੈ ਜੋ ਲੇਖਿਕਾ ਨੇ ਬਹੁਤ ਮਾਰਮਿਕ ਢੰਗ ਨਾਲ ਬਿਆਨ ਕੀਤਾ ਹੈ। ਠੇਠ ਮੁਹਾਵਰੇਦਾਰ ਬੋਲੀ, ਨਿਵੇਕਲਾ ਅੰਦਾਜ਼ ਪ੍ਰਭਾਵਸ਼ਾਲੀ ਹੈ। ਰਿਸ਼ਤਿਆਂ ਦੇ ਤਾਣੇ-ਬਾਣੇ, ਜੀਵਨ ਦੇ ਦੁੱਖਾਂ-ਸੁੱਖਾਂ, ਤੰਗੀਆਂ ਤੁਰਸ਼ੀਆਂ ਦੀ ਬਾਤ ਪਾਉਣ ਵਾਲਾ ਇਹ ਨਾਵਲ ਸਾਡੀ ਸੰਵੇਦਨਾ, ਚਿੰਤਨ ਅਤੇ ਚੇਤਨਾ ਨੂੰ ਟੁੰਬਦਾ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਤਰਕਸ਼ ਵਿਚਲੇ ਹਰਫ਼
ਕਵੀ : ਸਰਬਜੀਤ ਸੋਹੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 216
ਸੰਪਰਕ : 78377-18723.

ਸਰਬਜੀਤ ਸੋਹੀ ਦਾ ਨਾਂਅ ਉਨ੍ਹਾਂ ਸ਼ਾਇਰਾਂ ਦੀ ਕਤਾਰ ਵਿਚ ਸ਼ੁਮਾਰ ਕੀਤਾ ਜਾ ਸਕਦਾ ਹੈ ਜਿਹੜੇ ਕਵਿਤਾ ਨੂੰ ਸਮਾਜਿਕ ਤਬਦੀਲੀ ਲਈ ਮਹੱਤਵਪੂਰਨ ਹਥਿਆਰ ਵਜੋਂ ਵਰਤਣਾ ਚਾਹੁੰਦੇ ਹਨ। ਸਮਾਜਿਕ ਬਰਾਬਰੀ ਤੇ ਨਿਆਂ ਭਰਪੂਰ ਸਮਾਜ ਦਾ ਸੁਪਨਾ ਸੋਹੀ ਦੀਆਂ ਕਵਿਤਾਵਾਂ ਵਿਚ ਬਹੁਤ ਹੀ ਸਪੱਸ਼ਟ ਰੂਪ ਵਿਚ ਉੱਘੜ ਕੇ ਸਾਹਮਣੇ ਆਉਂਦਾ ਹੈ
ਮੈਂ ਹਵਾ ਵਿਚ ਗੂੰਜਦਾ
ਲੋਕ ਰੋਹ ਦਾ ਵਿਦਰੋਹੀ ਤੇਵਰ ਹਾਂ
ਜੋ ਵਰਦੀਆਂ ਲਾਠੀਆਂ ਵਿਚੋਂ ਵੀ
ਬੇਖੌਫ਼ ਗੁਜ਼ਰ ਜਾਵਾਂਗਾ....
ਸਰਬਜੀਤ ਸੋਹੀ ਕਵਿਤਾ ਨੂੰ ਸਿਰਫ ਵਿਚਾਰਾਂ ਦੀ ਪੇਸ਼ਕਾਰੀ ਨਹੀਂ ਮੰਨਦਾ, ਉਹ ਤਾਂ ਸ਼ਬਦਾਂ ਤੇ ਵਿਚਾਰਾਂ ਦੇ ਆਪਸੀ ਭੇੜ 'ਚੋਂ ਨਿਕਲਦੇ ਚੰਗਿਆੜਿਆਂ ਦੀ ਬਾਤ ਪਾਉਣ ਦਾ ਸ਼ੌਦਾਈ ਹੈ। ਕਵਿਤਾ ਉਸ ਲਈ ਰੌਸ਼ਨੀ ਦਾ ਮਘਦਾ ਤੇਜਸ ਨਹੀਂ ਸਗੋਂ ਇਕ ਮੁਕੰਮਲ ਸੂਰਜ ਦੇ ਰੂਪ ਵਿਚ ਹਾਜ਼ਰ ਨਾਜ਼ਰ ਹੁੰਦੀ ਹੈ।
ਸਰਬਜੀਤ ਸੋਹੀ ਦੀਆਂ ਕਵਿਤਾਵਾਂ ਆਧੁਨਿਕ ਸਮਾਜਿਕ ਵਰਤਾਰੇ ਵਿਚ ਫੈਲੀ ਉਸ ਘੁਟਣ ਦੀਆਂ ਕਵਿਤਾਵਾਂ ਹਨ, ਜਿਨ੍ਹਾਂ ਵਿਚ ਕੋਈ ਵੀ ਸੰਵੇਦਨਸ਼ੀਲ ਵਿਅਕਤੀ ਆਪਣੀ ਜ਼ਿੰਦਗੀ ਦਾ ਬੋਝ ਢੋਣ ਤੋਂ ਵੀ ਨਾਬਰ ਹੋ ਜਾਂਦਾ ਹੈ। ਨਿੱਤ ਦਿਹਾੜੇ ਹੁੰਦੀਆਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਨੂੰ ਵੀ ਇਸੇ ਪ੍ਰਸੰਗ ਵਿਚ ਰੱਖ ਕੇ ਵੇਖਿਆ ਜਾ ਸਕਦਾ ਹੈ। ਚਕਾਚੌਂਧ ਸੱਭਿਆਚਾਰ ਦਾ ਉਹ ਕਿਹੜਾ ਕੋਨਾ ਹੈ ਜਿਥੇ ਅਜਿਹੇ ਵਰਤਾਰੇ ਵਾਪਰ ਰਹੇ ਹਨ
ਉਸ ਸੁਲਘਦੇ ਹੋਏ ਵਣਾਂ ਦੇ ਰਾਹੀ ਨੂੰ
ਸ਼ਹਿਰ ਦੀ ਘੜਮੱਸ ਖਾ ਗਈ
ਜ਼ਹਿਰ ਦੀ ਅਪਣੱਤ ਖਾ ਗਈ।
ਇਕ ਚੰਗੇਰੇ ਸਮਾਜ ਦੇ ਸੁਪਨੇ ਲਈ ਸੰਘਰਸ਼ਰਤ ਇਨ੍ਹਾਂ ਕਵਿਤਾਵਾਂ ਨੂੰ ਜੀ ਆਇਆਂ ਆਖਣਾ ਬਣਦਾ ਹੈ।

ਂਡਾ: ਅਮਰਜੀਤ ਕੌਂਕੇ।
ਫ ਫ ਫ

ਚੀ ਗੁਵੇਰਾ
ਲੇਖਕ : ਧਰਮ ਸਿੰਘ ਗੋਰਾਇਆ
ਪ੍ਰਕਾਸ਼ਕ : ਯੁਨੀਸਟਾਰ ਬੁਕਸ ਮੁਹਾਲੀ
ਮੁੱਲ : 300 ਰੁਪਏ, ਸਫ਼ੇ : 458
ਸੰਪਰਕ : 0172-4608699

ਹਥਲੀ ਪੁਸਤਕ ਦਾ ਨਾਇਕ 'ਚੀ ਗੁਵੇਰਾ' ਵਿਸ਼ਵ ਪੱਧਰ 'ਤੇ ਜਾਣਿਆ ਯੋਗ ਨਾਇਕ ਹੈ। ਅਠਾਹਠ ਸਿਰਲੇਖਾਂ ਤਹਿਤ ਇਸ ਵਿਅਕਤੀ ਸਬੰਧੀ ਪ੍ਰਸਤੁਤ ਹੋਏ ਲਘੂ ਜਾਂ ਵਿਸਤ੍ਰਿਤ ਲੇਖਾਂ ਤੋਂ ਪਾਠਕਾਂ ਨੂੰ ਪਤਾ ਲੱਗੇਗਾ, ਕਿ ਇਹ ਉਹ ਵਿਅਕਤੀ ਸੀ, ਜਿਸ ਨੇ ਫੀਡਲ ਕਾਸਤਰੋ ਦੀ ਸੱਜੀ ਬਾਂਹ ਬਣ ਕੇ ਸਾਮਰਾਜੀ ਸ਼ਕਤੀਆਂ ਦੁਆਰਾ ਢਾਹੇ ਜਾਂਦੇ ਮਾਨਵੀ ਅੱਤਿਆਚਾਰਾਂ ਅਤੇ ਕਰੋਪੀਆਂ ਨੂੰ ਢਾਹ-ਢੇਰੀ ਕਰ ਕੇ ਸਾਬਤ ਕਰ ਦਿੱਤਾ ਕਿ ਦੁਨੀਆ ਵਿਚ ਅੱਜ ਵੀ ਆਪਣੇ ਹੱਕ-ਹਕੂਕ ਦੀ ਰਾਖੀ ਲਈ ਲੋਕ ਜੀਵੰਤ ਅਤੇ ਉਹ ਮਾਨਵ-ਹਿਤੈਸ਼ੀ ਮੁੱਲਾਂ ਹਿਤ ਹਰ ਕੁਰਬਾਨੀ ਕਰਨ ਦੇ ਸਮਰੱਥ ਹਨ। ਪੁਸਤਕ ਰਿਚੇਤਾ ਧਰਮ ਸਿੰਘ ਗੋਰਾਇਆ ਦਾ ਘਾਲਣਾਮਈ ਖੋਜ-ਮੁਖੀ ਯਤਨ ਹੈ ਕਿ ਉਹ 'ਚੀ ਗੁਵੇਰਾ' ਦੀਆਂ ਪ੍ਰਾਪਤੀਆਂ ਨੂੰ ਅਨੇਕਾਂ ਸਰੋਤ ਸੰਦਰਭਾਂ ਵਿਚੋਂ ਲੱਭ ਕੇ ਪੁਸਤਕ ਵਿਚ ਅੰਕਿਤ ਕਰਦਾ ਹੈ। ਚੀ ਗੁਵੇਰਾ ਦੀਆਂ ਘਰੇਲੂ, ਨੇੜੇ ਦੇ ਸਮਾਜਿਕ ਵਰਤਾਰੇ ਦੇ ਸਰੋਕਾਰਾਂ, ਦੇਸ਼ ਵਿਦੇਸ਼ਾਂ ਵਿਚ ਫੇਰੀਆਂ, ਵਿਭਿੰਨ ਲੋਕਾਂ ਵਿਚ ਵਿਚਰਨ ਦੀਆਂ ਸਥਿਤੀਆਂ ਪ੍ਰਸਥਿਤੀਆਂ ਵਿਚੋਂ ਪੈਦਾ ਹੋਈਆਂ ਵਿਚਾਰ ਚਿੰਤਨ ਧਾਰਾਵਾਂ ਨੂੰ ਵੀ ਪੁਸਤਕ ਵਿਚ ਜਿਸ ਲਹਿਜੇ ਨਾਲ ਪੇਸ਼ ਕੀਤਾ ਗਿਆ ਹੈ, ਉਹ ਗੁਲਾਮੀ ਦੀ ਹੈਸੀਅਤ ਵਿਚੋਂ ਨਿਕਲ ਕੇ ਮਾਨਵ ਜਾਤੀ ਦੇ ਸੰਘਰਸ਼ ਲਈ ਇਕ ਵੱਡਾ ਪ੍ਰੇਰਕ ਸੁਨੇਹਾ ਹੈ। ਯੂਨਾਈਟਿਡ ਨੇਸ਼ਨਜ਼ ਵਿਚ ਦਿੱਤੇ ਭਾਸ਼ਨ ਅਤੇ 1953 ਵਿਚ ਦਿੱਤੇ ਕੋਰਟ ਵਿਚ ਬਿਆਨਾਂ ਨੂੰ ਪੁਸਤਕ ਦੇ ਅੰਤ ਵਿਚ ਲੇਖਕ ਨੇ ਪੇਸ਼ ਕਰਕੇ ਚੀ ਗੁਵੇਰਾ ਦੀ ਸ਼ਖ਼ਸੀਅਤ ਦੇ ਨਿਡਰ ਅਤੇ ਹੋਰ ਮਾਨਵ-ਹਿਤੈਸ਼ੀ ਪੱਖਾਂ ਨੂੰ ਵੀ ਉਜਾਗਰ ਕੀਤਾ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 98142-09732
ਫ ਫ ਫ

ਇਕ ਇਨਕਲਾਬੀ ਥੰਮ੍ਹ
ਗ਼ਦਰੀ ਬਾਬਾ ਸੰਤਾ ਸਿੰਘ ਗੰਡੀਵਿੰਡ
ਲੇਖਕ ਤੇ ਸੰਪਾਦਕ : ਪ੍ਰਿਥੀਪਾਲ ਸਿੰਘ ਮਾੜੀਮੇਘਾ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 50 ਰੁਪਏ, ਸਫ਼ੇ : 136.
ਸੰਪਰਕ : 98760-78731.

ਹਥਲੀ ਪੁਸਤਕ ਪ੍ਰਸਿੱਧ ਗ਼ਦਰੀ ਬਾਬੇ ਬਾਬਾ ਸੰਤਾ ਸਿੰਘ ਗੰਡੀਵਿੰਡ ਦੇ ਜੀਵਨ, ਕਾਰਜਾਂ, ਕੁਰਬਾਨੀਆਂ ਅਤੇ ਗ਼ਦਰ ਲਹਿਰ ਵਿਚ ਪਾਏ ਯੋਗਦਾਨ ਨਾਲ ਸਬੰਧਿਤ ਹੈ, ਜਿਸ ਨੂੰ ਲੇਖਕ ਨੇ ਇਕ ਖੋਜ ਕਾਰਜ ਵਾਂਗ ਨੇਪਰੇ ਚਾੜ੍ਹਿਆ ਹੈ। ਬਾਬਾ ਸੰਤਾ ਸਿੰਘ ਗੰਡੀਵਿੰਡ ਬਾਰੇ ਵੇਰਵੇ ਇਕੱਠੇ ਕਰਨ ਲਈ ਲੇਖਕ ਨੇ ਪੁਰਾਣੇ ਗ਼ਦਰੀਆਂ, ਪਿੰਡ ਦੇ ਲੋਕਾਂ, ਉਸ ਦੇ ਰਿਸ਼ਤੇਦਾਰਾਂ ਅਤੇ ਗ਼ਦਰ ਲਹਿਰ ਨਾਲ ਸਬੰਧਿਤ ਪਰਚਿਆਂ ਅਤੇ ਅਖ਼ਬਾਰਾਂ ਦਾ ਸਹਾਰਾ ਲਿਆ ਹੈ। ਬਾਬਾ ਸੰਤਾ ਸਿੰਘ ਗੰਡੀਵਿੰਡ ਰੁਜ਼ਗਾਰ ਲਈ ਅਮਰੀਕਾ ਗਿਆ ਸੀ ਪਰ ਉਥੇ ਜਾ ਕੇ ਉਸ ਦਾ ਸੰਪਰਕ ਗ਼ਦਰੀ ਲਹਿਰ ਦੇ ਕਾਰਕੁਨਾਂ ਨਾਲ ਪੈ ਜਾਣ ਕਾਰਨ ਉਹ ਆਜ਼ਾਦੀ ਦੀ ਲੜਾਈ ਵਿਚ ਕੁੱਦ ਪਿਆ। ਗ਼ਦਰ ਲਹਿਰ ਫੇਲ੍ਹ ਹੋ ਜਾਣ ਉਪਰੰਤ ਇਹ ਲਹਿਰ ਖਿੰਡ ਪੁੰਡ ਗਈ ਸੀ। ਬਾਬਾ ਸੰਤਾ ਸਿੰਘ ਨੇ ਇਸ ਦੀ ਮੁੜ ਤੇ ਪੁਨਰ ਉਸਾਰੀ ਵਿਚ ਭਰਪੂਰ ਯੋਗਦਾਨ ਪਾਇਆ। ਕਿਰਤੀ ਪਾਰਟੀ ਅਤੇ ਮਜ਼ਦੂਰ ਕਿਸਾਨ ਅਖ਼ਬਾਰ ਵਿਚ ਕੰਮ ਕੀਤਾ। ਅਨੇਕਾਂ ਲੇਖ ਲਿਖੇ। ਰੂਸ ਦੇ ਸੰਘਰਸ਼ ਦੀ ਜਾਣਕਾਰੀ ਮੁਹੱਈਆ ਕੀਤੀ। ਅੰਗਰੇਜ਼ ਸਰਕਾਰ ਵਲੋਂ ਇਨ੍ਹਾਂ ਨੂੰ ਨਜ਼ਰਬੰਦੀ ਦੀਆਂ ਸਜ਼ਾਵਾਂ ਦਿੱਤੀਆਂ। ਨਜ਼ਰਬੰਦੀ ਦੌਰਾਨ ਇਲਾਜ ਖੁਣੋਂ ਇਨ੍ਹਾਂ ਦਾ ਇਕਲੌਤਾ ਪੁੱਤਰ ਬਿਮਾਰ ਹੋ ਕੇ ਗੁਜ਼ਰ ਗਿਆ। ਅਜਿਹੇ ਯੋਧੇ ਦੀ ਜੀਵਨੀ ਲਿਖਣਾ ਪੁੰਨ ਅਤੇ ਦਿਲ ਗੁਰਦੇ ਦਾ ਕਾਰਜ ਹੈ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

ਅੰਨ੍ਹੇ ਕੁੱਤੇ ਹਿਰਨਾਂ ਮਗਰ
ਲੇਖਕ : ਪ੍ਰਿੰ: ਬਲਵਿੰਦਰ ਸਿੰਘ ਫ਼ਤਹਿਪੁਰੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 295 ਰੁਪਏ, ਸਫ਼ੇ : 175
ਸੰਪਰਕ : 98146-19342.

'ਅੰਨ੍ਹੇ ਕੁੱਤੇ ਹਿਰਨਾਂ ਮਗਰ' ਜਿਵੇਂ ਕਿ ਨਾਂਅ ਤੋਂ ਹੀ ਸਪੱਸ਼ਟ ਹੈ ਕਿ ਇਸ ਪੁਸਤਕ ਵਿਚ ਅਵੇਸਲੇਪਨ ਦੀ ਸਥਿਤੀ ਜਾਂ ਦਿਸ਼ਾ