ਤਾਜਾ ਖ਼ਬਰਾਂ


ਮੇਰੇ ਨਿਕਲਣ ਦੇ ਬਾਅਦ 15 ਮਿੰਟ ਬਾਅਦ ਹੋਇਆ ਟਰੇਨ ਹਾਦਸਾ - ਨਵਜੋਤ ਕੌਰ ਸਿੱਧੂ ਨੇ ਦਿੱਤੀ ਸਫ਼ਾਈ
. . .  9 minutes ago
ਅੰਮ੍ਰਿਤਸਰ 'ਚ ਵੱਡਾ ਹਾਦਸਾ, ਟਰੇਨ ਹੇਠ ਆਉਣ ਨਾਲ 60 ਤੋਂ ਵੱਧ ਮੌਤਾਂ
. . .  about 2 hours ago
ਅੰਮ੍ਰਿਤਸਰ, 19 ਅਕਤੂਬਰ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਖੇ ਅੱਜ ਉਸ ਸਮੇਂ ਵੱਡਾ ਹਾਦਸਾ ਹੋ ਗਿਆ ਜਦੋਂ ਦੁਸਹਿਰਾ ਉਤਸਵ ਦੌਰਾਨ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ...
ਰਬੜ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  about 2 hours ago
ਜਲੰਧਰ, 19 ਅਕਤੂਬਰ - ਜਲੰਧਰ ਦੇ ਲੰਮਾ ਪਿੰਡ-ਜੰਡੂਸਿੰਘਾ ਮਾਰਗ 'ਤੇ ਇੱਕ ਰਬੜ ਫ਼ੈਕਟਰੀ ਨੂੰ ਦੇਰ ਸ਼ਾਮ ਅਚਾਨਕ ਅੱਗ ਲੱਗ ਗਈ। ਜਿਸ ਨੇ ਦੇਖਦੇ ਹੀ ਦੇਖਦੇ ਪੂਰੀ ਫ਼ੈਕਟਰੀ...
ਦੇਸ਼ ਭਰ 'ਚ ਧੂਮ ਧਾਮ ਨਾਲ ਮਨਾਇਆ ਗਿਆ ਦੁਸਹਿਰਾ ਉਤਸਵ
. . .  about 2 hours ago
ਨਵੀਂ ਦਿੱਲੀ, 19 ਅਕਤੂਬਰ - ਦੇਸ਼ ਭਰ ਵਿਚ ਨੇਕੀ ਦੀ ਬਦੀ ਉੱਪਰ ਜਿੱਤ ਦਾ ਪ੍ਰਤੀਕ ਦੁਸਹਿਰਾ ਉਤਸਵ ਬੜੀ ਧੂਮ ਧਾਮ ਨਾਲ ਮਨਾਇਆ। ਇਸ ਮੌਕੇ ਜਿੱਥੇ ਸ੍ਰੀਰਾਮ ਚੰਦਰ ਜੀ ਦੇ ਜੀਵਨ ਕਾਲ...
ਮਹਿਲਾਵਾਂ ਨੂੰ ਲੈ ਕੇ ਪਾਕਿਸਤਾਨ ਵੱਲੋਂ ਨਵਾਂ ਫ਼ਰਮਾਨ ਜਾਰੀ
. . .  about 3 hours ago
ਇਸਲਾਮਾਬਾਦ, 19 ਅਕਤੂਬਰ - ਪੰਜਾਬ ਸਿਵਲ ਸਕੱਤਰੇਤ ਨੇ ਪੰਜਾਬ(ਪਾਕਿਸਤਾਨ) ਦੇ ਲਾਹੌਰ ਸੂਬੇ 'ਚ ਇਹ ਹੁਕਮ ਜਾਰੀ ਕੀਤਾ ਹੈ ਕਿ ਮਹਿਲਾਵਾਂ ਨੂੰ ਬਿਨਾਂ ਦੁਪੱਟੇ ਦੇ ਸਰਕਾਰੀ ਇਮਾਰਤਾਂ 'ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਇਹ ਫ਼ਰਮਾਨ ਪੰਜਾਬ ਦੇ ਪ੍ਰਾਇਮਰੀ ਅਤੇ...
23 ਨਵੰਬਰ ਤੱਕ ਪੁਲਿਸ ਰਿਮਾਂਡ 'ਤੇ ਬਾਦਲ ਦੇ ਕਤਲ ਦੀ ਸਾਜ਼ਿਸ਼ 'ਚ ਸ਼ਾਮਿਲ ਜਰਮਨ ਸਿੰਘ
. . .  about 4 hours ago
ਪਟਿਆਲਾ, 19 ਅਕਤੂਬਰ (ਆਤਿਸ਼ ਗੁਪਤਾ) - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹੱਤਿਆ ਦੀ ਸਾਜ਼ਿਸ਼ 'ਚ ਸ਼ਾਮਿਲ ਜਰਮਨ ਸਿੰਘ ਨੂੰ ਸੀ.ਆਈ.ਏ. ਸਟਾਫ਼ ਪਟਿਆਲਾ ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਕੇ ਸਮਾਣਾ ਦੀ ਅਦਾਲਤ 'ਚ ਪੇਸ਼ ਕੀਤਾ.....
ਖੈਰੜ 'ਚ ਸ਼ੱਕੀ ਪੰਜ ਮੁਸਲਮਾਨ ਨੌਜਵਾਨ ਲੋਕਾਂ ਵੱਲੋਂ ਕਾਬੂ ਕਰਕੇ ਕੀਤੇ ਗਏ ਪੁਲਿਸ ਹਵਾਲੇ
. . .  about 4 hours ago
ਕੋਟ ਫ਼ਤੂਹੀ (ਅਵਤਾਰ ਸਿੰਘ ਅਟਵਾਲ) - ਪਿੰਡਾਂ 'ਚ ਲੁੱਟ-ਖੋਹ ਦੀਆ ਚੱਲ ਰਹੀਆਂ ਅਫ਼ਵਾਹਾਂ ਤਹਿਤ ਬਾਅਦ ਦੁਪਹਿਰ ਪਿੰਡ 'ਚ ਪੰਜ ਮੁਸਲਮਾਨ ਨੌਜਵਾਨ ਗੱਡੀ 'ਚ ਆਏ ਤੇ ਪਿੰਡ 'ਚ ਘਰ-ਘਰ 'ਚ 350 ਰੁਪਏ ਦਾ ਇੱਕ ਕੂਪਨ ਵੇਚਦੇ ਸਨ ਜੋ ਮੌਕੇ ਉੱਪਰ ਸਕਰੈਚ ਕਰਨ....
ਟਰੈਕਟਰ ਟਰਾਲੀ ਦੇ ਪਲਟਣ ਕਾਰਨ ਦੋ ਮੌਤਾਂ, 12 ਜ਼ਖਮੀ
. . .  about 4 hours ago
ਭੋਪਾਲ, 19 ਅਕਤੂਬਰ -ਮੱਧ ਪ੍ਰਦੇਸ਼ ਦੇ ਦਤੀਆ ਜ਼ਿਲ੍ਹੇ 'ਚ ਇਕ ਟਰੈਕਟਰ ਟਰਾਲੀ ਦੇ ਪਲਟਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 12 ਹੋਰ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਮੌਕੇ....
ਕੱਲ੍ਹ ਤੇਲੰਗਾਨਾ ਜਾਣਗੇ ਰਾਹੁਲ ਗਾਂਧੀ
. . .  about 5 hours ago
ਹੈਦਰਾਬਾਦ, 19 ਅਕਤੂਬਰ- 7 ਦਸੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸ਼ਨੀਵਾਰ ਨੂੰ ਤੇਲੰਗਾਨਾ ਜਾਣਗੇ। ਤੇਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਸ਼੍ਰਵਣ ਦਾਸੋਜੂ ਨੇ ਦੱਸਿਆ ਕਿ ਰਾਹੁਲ ਆਦਿਲਾਬਾਦ ਜ਼ਿਲ੍ਹੇ ਦੇ...
ਸ੍ਰੀ ਮੁਕਤਸਰ ਸਾਹਿਬ: ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ
. . .  about 5 hours ago
ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਪਿੰਡ ਖਿੜਕੀਆਂ ਵਾਲਾ ਵਿਖੇ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੁਰਦੁਆਰਾ ਸਾਹਿਬ ਦੇ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਅੱਜ ਸਵੇਰੇ ਸਾਨੂੰ ਪਤਾ ਲੱਗਾ ਕਿ ....
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 13 ਵੈਸਾਖ ਸੰਮਤ 550
ਵਿਚਾਰ ਪ੍ਰਵਾਹ: ਉਹ ਰਾਸ਼ਟਰ ਵਿਕਾਸ ਨਹੀਂ ਕਰ ਸਕਦੇ, ਜਿਸ ਦੇ ਲੋਕ ਆਪਣੇ ਅਧਿਕਾਰਾਂ ਦੀ ਉਚਿਤ ਵਰਤੋਂ ਅਤੇ ਕਰਤੱਵਾਂ ਦੀ ਠੀਕ ਪਾਲਣਾ ਨਹੀਂ ਕਰਦੇ। -ਅਗਿਆਤ

ਤੁਹਾਡੇ ਖ਼ਤ

26-04-2018

 ਸ਼ਲਾਘਾਯੋਗ ਫ਼ੈਸਲਾ
ਇਸ ਵਾਰ ਦੀਆਂ ਸਾਲਾਨਾ ਪ੍ਰੀਖਿਆ ਦੌਰਾਨ ਨਕਲ ਨੂੰ ਰੋਕਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪ੍ਰੀਖਿਆ ਪ੍ਰਣਾਲੀ ਵਿਚ ਜੋ ਬਦਲਾਅ ਕੀਤੇ ਗਏ, ਇਹ ਬਦਲਾਅ ਵਿਦਿਆਰਥੀਆਂ ਦੇ ਆਉਣ ਵਾਲੇ ਭਵਿੱਖ ਵਿਚ ਉਸਾਰੂ ਭੂਮਿਕਾ ਅਦਾ ਕਰਨਗੇ। ਬੋਰਡ ਦੇ ਇਸ ਫ਼ੈਸਲੇ ਨੇ ਜਿਥੇ ਨਕਲ ਉੱਪਰ ਕਾਬੂ ਪਾਇਆ, ਉਥੇ ਪੜ੍ਹਾਈ ਦੀ ਮਹੱਤਤਾ ਨੂੰ ਵਿਸਾਰ ਚੁੱਕੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਲੜ ਵੀ ਲਾਇਆ। ਮੈਂ ਖ਼ੁਦ ਵਿਦਿਆਰਥੀ ਵਰਗ ਨਾਲ ਸਬੰਧਿਤ ਹਾਂ। ਮੇਰੇ ਆਲੇ-ਦੁਆਲੇ ਦੇ ਵਿਦਿਆਰਥੀ, ਜਿਨ੍ਹਾਂ ਨੇ ਗਾਰੰਟੀ ਨਾਲ ਜਮਾਤਾਂ ਪਾਸ ਕਰਨ ਲਈ ਕੰਢੀ ਖੇਤਰਾਂ ਵਿਚ ਦਾਖ਼ਲੇ ਭਰੇ ਸਨ, ਇਸ ਵਾਰ ਨਕਲ ਨਾ ਵੱਜਣ ਕਾਰਨ ਉਨ੍ਹਾਂ ਨੇ ਪੂਰੀ ਮਿਹਨਤ ਨਾਲ ਪੜ੍ਹਾਈ ਕਰਕੇ ਪੇਪਰ ਦਿੱਤੇ ਹਨ। ਸਿੱਖਿਆ ਬੋਰਡ ਦਾ ਫ਼ੈਸਲਾ ਬਹੁਤ ਸ਼ਲਾਘਾਯੋਗ ਹੈ, ਜਿਸ ਦੇ ਦੂਰਗਾਮੀ ਸਿੱਟੇ ਨਿਕਲਣਗੇ।

-ਸਿਮਰਨ ਔਲਖ
ਪਿੰਡ ਸੀਰਵਾਲੀ (ਸ੍ਰੀ ਮੁਕਤਸਰ ਸਾਹਿਬ)।

ਸਖ਼ਤ ਕਾਨੂੰਨ ਬਣਾਓ
ਬਹੁਤ ਹੀ ਦੁਖਦਾਇਕ ਖ਼ਬਰ ਸੀ ਕਿ ਅੱਠ ਸਾਲਾਂ ਦੀ ਬੱਚੀ ਨਾਲ ਸੱਤ-ਅੱਠ ਆਦਮੀਆਂ ਵਲੋਂ ਵਹਿਸ਼ੀਆਨਾ ਤਰੀਕੇ ਨਾਲ ਜਬਰ ਜਨਾਹ ਕਰਕੇ ਮਾਰ ਦਿੱਤਾ ਗਿਆ। ਬਾਹਰਲੇ ਮੁਲਕਾਂ 'ਚ ਵੀ ਇਸ ਖ਼ਬਰ ਨਾਲ ਕਾਫ਼ੀ ਹਲਚਲ ਮਚੀ। ਅੱਠ ਸਾਲਾਂ ਦਾ ਬੱਚਾ ਹੁੰਦਾ ਕੀ ਹੈ? ਉਸ ਨੂੰ ਸਮਝ ਕੀ ਹੁੰਦੀ ਹੈ? ਪਰ ਇਨ੍ਹਾਂ ਬੇਰਹਿਮ ਲੋਕਾਂ ਨੂੰ ਤਰਸ ਨਾ ਆਇਆ। ਏਨਾ ਘਿਨਾਉਣਾ ਕਾਂਡ ਸੁਣ ਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਸੋਚੋ ਕਿਸ ਤਰ੍ਹਾਂ ਦਾ ਉਹ ਸਮਾਂ ਹੋਵੇਗਾ। ਉਹ ਰਾਖਸ਼ਸ਼ ਮਾਸਾ ਵੀ ਤਰਸ ਨਾ ਕਰ ਸਕੇ। ਭਾਰਤ ਦੇ ਕਾਨੂੰਨ ਘਾੜਿਓ, ਹਾੜਾ ਓਏ। ਕੁਝ ਕਰੋ। ਬੇਵਸ ਬਾਲਕਾਂ ਨਾਲ ਧੱਕਾ ਨਾ ਕਰੋ। ਲਿਬਨਾਨ 'ਚ ਅਜਿਹਾ ਕਰਨ ਵਾਲੇ ਦੀ ਸਜ਼ਾ ਦੱਸੀਏ ਤਾਂ ਕੋਈ ਅਜਿਹਾ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਭਾਰਤ ਦੇਸ਼ ਦੇ ਨੇਤਾਵੋ ਰਾਜਨੀਤੀ ਨਾ ਕਰਿਆ ਕਰੋ, ਕੁਝ ਕਾਨੂੰਨ ਬਣਾਓ ਕਿ ਕਿਸੇ ਦੀ ਜੁਰਅਤ ਨਾ ਹੋਵੇ ਅਜਿਹਾ ਕਰਨ ਦੀ। ਅਜਿਹੀਆਂ ਘਟਨਾਵਾਂ ਜਦ ਟੀ.ਵੀ. 'ਤੇ ਆਉਂਦੀਆਂ ਹਨ ਤਾਂ ਬਾਹਰਲੇ ਦੇਸ਼ਾਂ 'ਚ ਸਿਰ ਸ਼ਰਮ ਨਾਲ ਝੁਕਦਾ ਹੈ।

-ਸਰਤਾਜ ਸਿੰਘ ਧੌਲ
ਮੈਲਬੌਰਨ।

ਪੰਚਾਇਤ ਚੋਣਾਂ
ਪੰਜਾਬ ਵਿਚ ਕੁਝ ਮਹੀਨਿਆਂ ਤੱਕ ਪੰਚਾਇਤ ਚੋਣਾਂ ਹੋਣ ਜਾ ਰਹੀਆਂ ਹਨ। ਸਰਪੰਚੀ, ਮੈਂਬਰੀ ਦੇ ਚਾਹਵਾਨਾਂ ਵਲੋਂ ਚੋਣਾਂ ਜਿੱਤਣ ਲਈ ਪੈਸੇ ਵੰਡਣ, ਨਸ਼ੇ ਵੰਡਣ ਅਤੇ ਗਰੀਬਾਂ ਦੀਆਂ ਵੋਟਾਂ ਖਰੀਦਣ ਲਈ ਹਰ ਹਰਬਾ ਵਰਤਿਆ ਜਾਵੇਗਾ, ਜੋ ਕਿ ਗ਼ਰੀਬੀ ਅਤੇ ਮਾੜੇ ਆਰਥਿਕ ਹਾਲਤਾਂ ਨਾਲ ਜੂਝਦੇ ਸਮਾਜ ਲਈ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਸਮਾਜ ਦੇ ਅਗਾਂਹਵਧੂ ਨੌਜਵਾਨਾਂ ਨੂੰ ਅਜਿਹੇ ਮੌਕੇ ਅੱਗੇ ਆਉਣਾ ਚਾਹੀਦਾ ਹੈ। ਸ਼ਰਾਬੀ, ਲਾਲਚੀ, ਬੇਈਮਾਨ ਅਤੇ ਨਾ-ਬਰਾਬਰੀ ਫੈਲਾਉਣ ਵਾਲੇ ਉਮੀਦਵਾਰਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ। ਸੂਝਵਾਨ, ਨਿਆਂ ਦੇਣ ਵਾਲੇ ਨਿਰਸੁਆਰਥੀ, ਸੇਵਾ ਭਾਵਨਾ ਵਾਲੇ ਉਮੀਦਵਾਰਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ, ਜੋ ਕਿ ਪਿੰਡ ਅਤੇ ਬੇਰੁਜ਼ਗਾਰੀ ਦੇ ਮਾਰੇ ਹੋਏ ਨੌਜਵਾਨ ਤਬਕੇ ਲਈ ਹੋਰ ਬਿਹਤਰ ਤਰੀਕੇ ਨਾਲ ਕੰਮ ਕਰ ਸਕੇ। ਨਸ਼ਿਆਂ ਵਿਚ ਰੁੜ੍ਹਦੇ ਪੈਸੇ ਨੂੰ ਪਿੰਡ ਅਤੇ ਸਮਾਜ ਦੀ ਭਲਾਈ ਲਈ ਲਗਾਇਆ ਜਾ ਸਕਦਾ ਹੈ। ਅਜਿਹਾ ਕਰਨ ਨਾਲ ਹੀ ਸਮਾਜ ਅਤੇ ਭਾਈਚਾਰਕ ਸਾਂਝ ਦੇ ਡਿਗਦੇ ਮਿਆਰ ਨੂੰ ਉੱਪਰ ਚੁੱਕਿਆ ਜਾ ਸਕਦਾ ਹੈ।

-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ ਘੁਮਾਣ, ਗੁਰਦਾਸਪੁਰ।

ਪ੍ਰਵਾਸ
ਪੰਜਾਬੀਆਂ ਅੰਦਰ ਪ੍ਰਵਾਸ ਦੀ ਰੁਚੀ ਕਾਫ਼ੀ ਪੁਰਾਣੀ ਹੈ। ਪਰ ਅੱਜਕਲ੍ਹ ਇਹ ਦਰ ਬਹੁਤ ਵਧ ਚੁੱਕੀ ਹੈ। ਇਉਂ ਜਾਪਦਾ ਹੈ ਕਿ ਹਰ ਪੰਜਾਬੀ ਵਿਦੇਸ਼ ਉਡਾਰੀ ਮਾਰਨ ਨੂੰ ਕਾਹਲਾ ਹੈ, ਭਾਵੇਂ ਇਸ ਲਈ ਉਸ ਨੂੰ ਕੁਝ ਵੀ ਕਰਨਾ ਪਵੇ। ਇਸ ਰੁਝਾਨ ਦਾ ਵਿਸ਼ਲੇਸ਼ਣ ਕਰਨ 'ਤੇ ਇਹ ਤੱਥ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਪੜ੍ਹੇ-ਲਿਖੇ ਵਰਗ ਅੰਦਰ ਵਧੀ ਹੋਈ ਬੇਰੁਜ਼ਗਾਰੀ ਅਤੇ ਸਾਡੇ ਦੇਸ਼ ਅੰਦਰ ਰੁਜ਼ਗਾਰ ਦੇ ਮੌਕੇ ਨਾ ਮਿਲਣੇ ਇਸ ਦਾ ਮੁੱਖ ਕਾਰਨ ਹੈ। ਕਾਬਲ ਨੌਜਵਾਨਾਂ ਨੂੰ ਦੇਸ਼ ਦੀ ਸਰਕਾਰ ਪ੍ਰਤੀ ਡਾਢਾ ਗਿਲਾ ਹੈ ਕਿ ਉਨ੍ਹਾਂ ਦੀ ਕਾਬਲੀਅਤ ਦੀ ਇਥੇ ਕਦਰ ਨਹੀਂ ਪੈਂਦੀ। ਪਰ ਇਧਰ ਚੰਗੇ ਕੰਮਾਂ 'ਤੇ ਲੱਗੇ ਨੌਜਵਾਨ ਵੀ ਵਿਕਸਤ ਦੇਸ਼ਾਂ ਵੱਲ ਜਾ ਰਹੇ ਹਨ। ਇਸ ਤਬਕੇ ਦਾ ਤਰਕ ਹੈ ਕਿ ਸਾਡੇ ਦੇਸ਼ ਦੇ ਨਿੱਘਰੇ ਹਾਲਾਤ ਕਾਰਨ ਉਹ ਇਥੇ ਰਹਿਣਾ ਨਹੀਂ ਚਾਹੁੰਦੇ।
ਦਰਅਸਲ ਇਹ ਵਰਗ ਇਕ ਤਰ੍ਹਾਂ ਨਾਲ ਹਿਜ਼ਰਤ ਕਰ ਰਿਹਾ ਹੈ, ਜੋ ਕਿ ਸੂਬੇ ਤੇ ਰਾਸ਼ਟਰ ਦੇ ਭਵਿੱਖ ਲਈ ਘਾਤਕ ਹੈ। ਇਸ ਪ੍ਰਤੀ ਸਾਡੇ ਦੇਸ਼ ਦੇ ਹਾਕਮ ਅੱਖਾਂ ਮੀਟੀ ਬੈਠੇ ਹਨ। ਸ਼ਾਇਦ ਉਨ੍ਹਾਂ ਨੂੰ ਤਾਂ ਸਿਰਫ ਆਪਣੀ ਤਿਜੌਰੀਆਂ ਭਰਨ ਦੀ ਹੀ ਚਿੰਤਾ ਹੈ ਨਾ ਕਿ ਰਾਸ਼ਟਰ ਦੇ ਭਵਿੱਖ ਦੀ।

-ਪ੍ਰਿੰ: ਭੁਪਿੰਦਰ ਸਿੰਘ ਢਿੱਲੋਂ
ਦੀਪਗੜ੍ਹ (ਬਰਨਾਲਾ)।

ਬਦਲਵੀਂ ਖੇਤੀ
ਇਕ ਪਾਸੇ ਸਾਡੀ ਸਰਕਾਰ ਕਿਸਾਨਾਂ ਨੂੰ ਝੋਨੇ, ਕਣਕ ਦੇ ਫ਼ਸਲੀ ਚੱਕਰ 'ਚ ਨਿਕਲਣ ਦੀ ਗੱਲ ਕਰਦੀ ਹੈ। ਦੂਜੇ ਪਾਸੇ ਕਿਸਾਨਾਂ ਸਾਹਮਣੇ ਕੋਈ ਬਦਲ ਵੀ ਪੇਸ਼ ਨਹੀਂ ਕੀਤਾ ਜਾਂਦਾ। ਨਾ ਹੀ ਕਿਸਾਨਾਂ ਦੀ ਇਸ ਚੱਕਰ ਵਿਚੋਂ ਨਿਕਲਣ ਲਈ ਕੋਈ ਮਦਦ ਕੀਤੀ ਜਾਂਦੀ ਹੈ। ਜੇ ਕਿਸਾਨ ਆਪਣੀ ਮਰਜ਼ੀ ਨਾਲ ਸਬਜ਼ੀਆਂ, ਗੰਨਾ ਆਦਿ ਦੀ ਖੇਤੀ ਕਰਦਾ ਹੈ ਤਾਂ ਉਸ ਨੂੰ ਉਸ ਫ਼ਸਲ ਦਾ ਸਹੀ ਮੁੱਲ ਨਹੀਂ ਦਿੱਤਾ ਜਾਂਦਾ। ਹੁਣ ਫ਼ਿਰੋਜ਼ਪੁਰ ਤੋਂ ਖ਼ਬਰ ਆਈ ਹਰੀਆਂ ਤੇ ਸ਼ਿਮਲਾ ਮਿਰਚਾਂ ਦੇ ਭਾਅ ਡਿੱਗੇ ਮੂਧੇ ਮੂੰਹ। ਘਾਟੇ ਦਾ ਸੌਦਾ ਸਾਬਤ ਹੋਣ ਕਰਕੇ ਮਿਰਚਾਂ ਵਾਹੁਣ ਲੱਗੇ ਕਿਸਾਨ। ਕਿਉਂਕਿ ਤੁੜਾਈ ਦਾ ਮੁੱਲ ਵੀ ਨਹੀਂ ਸੀ ਪੂਰਾ ਹੁੰਦਾ। ਕਿਸਾਨ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਕੌਡੀਆਂ ਦੇ ਭਾਅ ਵੇਚਣ ਲਈ ਮਜਬੂਰ ਹੈ। ਇਹੋ ਹਾਲ ਦੂਜੀਆਂ ਸਬਜ਼ੀਆਂ ਦਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਬਜ਼ੀਆਂ ਨੂੰ ਡੱਬਾ ਬੰਦ ਕਰਕੇ ਦੇਸ਼-ਵਿਦੇਸ਼ ਵਿਚ ਵੇਚੇ, ਤਾਂ ਕਿ ਕਿਸਾਨਾਂ ਨੂੰ ਸਬਜ਼ੀਆਂ ਦਾ ਸਹੀ ਮੁੱਲ ਮਿਲ ਸਕੇ ਤੇ ਕਿਸਾਨ ਝੋਨੇ-ਕਣਕ ਦੇ ਫ਼ਸਲੀ ਚੱਕਰ 'ਚੋਂ ਨਿਕਲ ਸਕੇ। ਇਸੇ ਵਿਚ ਪੰਜਾਬ ਦੀ ਭਲਾਈ ਹੈ। ਸੋ, ਸਰਕਾਰ ਨੂੰ ਇਸ ਪਾਸੇ ਜਲਦੀ ਧਿਆਨ ਦੇਣਾ ਚਾਹੀਦਾ ਹੈ, ਤਾਂ ਕਿ ਪੰਜਾਬ ਦੀ ਧਰਤੀ, ਪਾਣੀ ਤੇ ਹਵਾ ਨੂੰ ਬਚਾਇਆ ਜਾ ਸਕੇ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਵਿਗਿਆਨਕ ਸੋਚ
ਪਿਛਲੇ ਦਿਨੀਂ 'ਅਜੀਤ' ਵਿਚ ਗੁਰਚਰਨ ਸਿੰਘ ਨੂਰਪੁਰ ਦਾ ਸੰਪਾਦਕੀ ਲੇਖ 'ਵਿਗਿਆਨਕ ਸੋਚ ਹੀ ਮਨੁੱਖ ਦੇ ਕਲਿਆਣ ਦਾ ਰਾਹ' ਪੜ੍ਹਿਆ, ਜੋ ਬੇਹੱਦ ਕਾਬਲ-ਏ-ਤਾਰੀਫ਼ ਸੀ। ਇਹ ਬਿਲਕੁਲ ਸੱਚ ਹੈ ਕਿ ਆਦਿਕਾਲ ਤੋਂ ਧਰਮ ਦੇ ਠੇਕਾਦਾਰਾਂ ਨੇ ਪ੍ਰਚਾਰਿਆ ਕਿ ਮਨੁੱਖ ਸਰੀਰ ਕਰਕੇ ਮਰਦਾ ਹੈ ਤੇ ਆਤਮਿਕ ਤੌਰ 'ਤੇ ਜਿਊਂਦਾ ਰਹਿੰਦਾ ਹੈ। ਸਿੱਟੇ ਵਜੋਂ ਪੁਜਾਰੀਆਂ ਨੇ ਮਨੁੱਖ ਦੀ ਮੌਤ 'ਤੇ ਵੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਅੰਧ-ਵਿਸ਼ਵਾਸਾਂ ਅਤੇ ਵਹਿਮਾਂ-ਭਰਮਾਂ ਵਿਚ ਪਾ ਕੇ ਹਮੇਸ਼ਾ ਹੀ ਲੁੱਟਿਆ ਹੈ। ਅੱਜ ਸੂਚਨਾ ਤੇ ਪ੍ਰਸਾਰਨ ਦੇ ਸਾਧਨ ਜਿੰਨੀ ਤੇਜ਼ੀ ਨਾਲ ਵਧ ਰਹੇ ਹਨ ਓਨੀ ਹੀ ਤੇਜ਼ੀ ਨਾਲ ਅੰਧ-ਵਿਸ਼ਵਾਸ ਤੇ ਵਹਿਮਾਂ-ਭਰਮਾਂ ਦਾ ਫੈਲਾਅ ਵੀ ਹੋ ਰਿਹਾ ਹੈ। ਪਰ ਦੁਨੀਆ ਵਿਚ ਇਕੋ-ਇਕ ਸਿੱਖ ਧਰਮ ਹੀ ਇਕ ਅਜਿਹਾ ਵਿਲੱਖਣ ਧਰਮ ਹੈ ਜਿਸ ਦੇ ਗੁਰੂ ਸਾਹਿਬਾਨਾਂ ਨੇ ਮਨੁੱਖ ਨੂੰ ਵਿਗਿਆਨਕ ਸੋਚ ਅਪਨਾਉਣ ਦੇ ਨਾਲ-ਨਾਲ ਸਭ ਅੰਧ-ਵਿਸ਼ਵਾਸਾਂ ਤੋਂ ਬਚਣ ਲਈ ਪਵਿੱਤਰ ਗੁਰਬਾਣੀ ਰਾਹੀਂ ਅਧਿਆਤਮਿਕਤਾ ਦਾ ਰਾਹ ਅਪਣਾਉਣ 'ਤੇ ਜ਼ੋਰ ਦਿੱਤਾ ਹੈ। ਸੋ, ਅਜੋਕੇ ਸਮੇਂ ਜਟਿਲ ਹੋ ਰਹੀਆਂ ਸਮੱਸਿਆਵਾਂ ਨੂੰ ਸਮਝਣ ਲਈ ਵਿਗਿਆਨਕ ਸੋਚ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਡੀ ਲੋੜ ਹੈ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ।

25-04-2018

 ਸ਼ਲਾਘਾਯੋਗ ਫ਼ੈਸਲਾ
ਇਸ ਵਾਰ ਦੀਆਂ ਸਾਲਾਨਾ ਪ੍ਰੀਖਿਆ ਦੌਰਾਨ ਨਕਲ ਨੂੰ ਰੋਕਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪ੍ਰੀਖਿਆ ਪ੍ਰਣਾਲੀ ਵਿਚ ਜੋ ਬਦਲਾਅ ਕੀਤੇ ਗਏ, ਇਹ ਬਦਲਾਅ ਵਿਦਿਆਰਥੀਆਂ ਦੇ ਆਉਣ ਵਾਲੇ ਭਵਿੱਖ ਵਿਚ ਉਸਾਰੂ ਭੂਮਿਕਾ ਅਦਾ ਕਰਨਗੇ। ਬੋਰਡ ਦੇ ਇਸ ਫ਼ੈਸਲੇ ਨੇ ਜਿਥੇ ਨਕਲ ਉੱਪਰ ਕਾਬੂ ਪਾਇਆ, ਉਥੇ ਪੜ੍ਹਾਈ ਦੀ ਮਹੱਤਤਾ ਨੂੰ ਵਿਸਾਰ ਚੁੱਕੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਲੜ ਵੀ ਲਾਇਆ। ਮੈਂ ਖ਼ੁਦ ਵਿਦਿਆਰਥੀ ਵਰਗ ਨਾਲ ਸਬੰਧਿਤ ਹਾਂ। ਮੇਰੇ ਆਲੇ-ਦੁਆਲੇ ਦੇ ਵਿਦਿਆਰਥੀ, ਜਿਨ੍ਹਾਂ ਨੇ ਗਾਰੰਟੀ ਨਾਲ ਜਮਾਤਾਂ ਪਾਸ ਕਰਨ ਲਈ ਕੰਢੀ ਖੇਤਰਾਂ ਵਿਚ ਦਾਖ਼ਲੇ ਭਰੇ ਸਨ, ਇਸ ਵਾਰ ਨਕਲ ਨਾ ਵੱਜਣ ਕਾਰਨ ਉਨ੍ਹਾਂ ਨੇ ਪੂਰੀ ਮਿਹਨਤ ਨਾਲ ਪੜ੍ਹਾਈ ਕਰਕੇ ਪੇਪਰ ਦਿੱਤੇ ਹਨ। ਸਿੱਖਿਆ ਬੋਰਡ ਦਾ ਫ਼ੈਸਲਾ ਬਹੁਤ ਸ਼ਲਾਘਾਯੋਗ ਹੈ, ਜਿਸ ਦੇ ਦੂਰਗਾਮੀ ਸਿੱਟੇ ਨਿਕਲਣਗੇ।


-ਸਿਮਰਨ ਔਲਖ
ਪਿੰਡ ਸੀਰਵਾਲੀ (ਸ੍ਰੀ ਮੁਕਤਸਰ ਸਾਹਿਬ)।


ਸਖ਼ਤ ਕਾਨੂੰਨ ਬਣਾਓ
ਬਹੁਤ ਹੀ ਦੁਖਦਾਇਕ ਖ਼ਬਰ ਸੀ ਕਿ ਅੱਠ ਸਾਲਾਂ ਦੀ ਬੱਚੀ ਨਾਲ ਸੱਤ-ਅੱਠ ਆਦਮੀਆਂ ਵਲੋਂ ਵਹਿਸ਼ੀਆਨਾ ਤਰੀਕੇ ਨਾਲ ਜਬਰ ਜਨਾਹ ਕਰਕੇ ਮਾਰ ਦਿੱਤਾ ਗਿਆ। ਬਾਹਰਲੇ ਮੁਲਕਾਂ 'ਚ ਵੀ ਇਸ ਖ਼ਬਰ ਨਾਲ ਕਾਫ਼ੀ ਹਲਚਲ ਮਚੀ। ਅੱਠ ਸਾਲਾਂ ਦਾ ਬੱਚਾ ਹੁੰਦਾ ਕੀ ਹੈ? ਉਸ ਨੂੰ ਸਮਝ ਕੀ ਹੁੰਦੀ ਹੈ? ਪਰ ਇਨ੍ਹਾਂ ਬੇਰਹਿਮ ਲੋਕਾਂ ਨੂੰ ਤਰਸ ਨਾ ਆਇਆ। ਏਨਾ ਘਿਨਾਉਣਾ ਕਾਂਡ ਸੁਣ ਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਸੋਚੋ ਕਿਸ ਤਰ੍ਹਾਂ ਦਾ ਉਹ ਸਮਾਂ ਹੋਵੇਗਾ। ਉਹ ਰਾਖਸ਼ਸ਼ ਮਾਸਾ ਵੀ ਤਰਸ ਨਾ ਕਰ ਸਕੇ। ਭਾਰਤ ਦੇ ਕਾਨੂੰਨ ਘਾੜਿਓ, ਹਾੜਾ ਓਏ। ਕੁਝ ਕਰੋ। ਬੇਵਸ ਬਾਲਕਾਂ ਨਾਲ ਧੱਕਾ ਨਾ ਕਰੋ। ਲਿਬਨਾਨ 'ਚ ਅਜਿਹਾ ਕਰਨ ਵਾਲੇ ਦੀ ਸਜ਼ਾ ਦੱਸੀਏ ਤਾਂ ਕੋਈ ਅਜਿਹਾ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਭਾਰਤ ਦੇਸ਼ ਦੇ ਨੇਤਾਵੋ ਰਾਜਨੀਤੀ ਨਾ ਕਰਿਆ ਕਰੋ, ਕੁਝ ਕਾਨੂੰਨ ਬਣਾਓ ਕਿ ਕਿਸੇ ਦੀ ਜੁਰਅਤ ਨਾ ਹੋਵੇ ਅਜਿਹਾ ਕਰਨ ਦੀ। ਅਜਿਹੀਆਂ ਘਟਨਾਵਾਂ ਜਦ ਟੀ.ਵੀ. 'ਤੇ ਆਉਂਦੀਆਂ ਹਨ ਤਾਂ ਬਾਹਰਲੇ ਦੇਸ਼ਾਂ 'ਚ ਸਿਰ ਸ਼ਰਮ ਨਾਲ ਝੁਕਦਾ ਹੈ।


-ਸਰਤਾਜ ਸਿੰਘ ਧੌਲ
ਮੈਲਬੌਰਨ।


ਪੰਚਾਇਤ ਚੋਣਾਂ
ਪੰਜਾਬ ਵਿਚ ਕੁਝ ਮਹੀਨਿਆਂ ਤੱਕ ਪੰਚਾਇਤ ਚੋਣਾਂ ਹੋਣ ਜਾ ਰਹੀਆਂ ਹਨ। ਸਰਪੰਚੀ, ਮੈਂਬਰੀ ਦੇ ਚਾਹਵਾਨਾਂ ਵਲੋਂ ਚੋਣਾਂ ਜਿੱਤਣ ਲਈ ਪੈਸੇ ਵੰਡਣ, ਨਸ਼ੇ ਵੰਡਣ ਅਤੇ ਗਰੀਬਾਂ ਦੀਆਂ ਵੋਟਾਂ ਖਰੀਦਣ ਲਈ ਹਰ ਹਰਬਾ ਵਰਤਿਆ ਜਾਵੇਗਾ, ਜੋ ਕਿ ਗ਼ਰੀਬੀ ਅਤੇ ਮਾੜੇ ਆਰਥਿਕ ਹਾਲਤਾਂ ਨਾਲ ਜੂਝਦੇ ਸਮਾਜ ਲਈ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਸਮਾਜ ਦੇ ਅਗਾਂਹਵਧੂ ਨੌਜਵਾਨਾਂ ਨੂੰ ਅਜਿਹੇ ਮੌਕੇ ਅੱਗੇ ਆਉਣਾ ਚਾਹੀਦਾ ਹੈ। ਸ਼ਰਾਬੀ, ਲਾਲਚੀ, ਬੇਈਮਾਨ ਅਤੇ ਨਾ-ਬਰਾਬਰੀ ਫੈਲਾਉਣ ਵਾਲੇ ਉਮੀਦਵਾਰਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ। ਸੂਝਵਾਨ, ਨਿਆਂ ਦੇਣ ਵਾਲੇ ਨਿਰਸੁਆਰਥੀ, ਸੇਵਾ ਭਾਵਨਾ ਵਾਲੇ ਉਮੀਦਵਾਰਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ, ਜੋ ਕਿ ਪਿੰਡ ਅਤੇ ਬੇਰੁਜ਼ਗਾਰੀ ਦੇ ਮਾਰੇ ਹੋਏ ਨੌਜਵਾਨ ਤਬਕੇ ਲਈ ਹੋਰ ਬਿਹਤਰ ਤਰੀਕੇ ਨਾਲ ਕੰਮ ਕਰ ਸਕੇ। ਨਸ਼ਿਆਂ ਵਿਚ ਰੁੜ੍ਹਦੇ ਪੈਸੇ ਨੂੰ ਪਿੰਡ ਅਤੇ ਸਮਾਜ ਦੀ ਭਲਾਈ ਲਈ ਲਗਾਇਆ ਜਾ ਸਕਦਾ ਹੈ। ਅਜਿਹਾ ਕਰਨ ਨਾਲ ਹੀ ਸਮਾਜ ਅਤੇ ਭਾਈਚਾਰਕ ਸਾਂਝ ਦੇ ਡਿਗਦੇ ਮਿਆਰ ਨੂੰ ਉੱਪਰ ਚੁੱਕਿਆ ਜਾ ਸਕਦਾ ਹੈ।


-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ ਘੁਮਾਣ, ਗੁਰਦਾਸਪੁਰ।


ਪ੍ਰਵਾਸ
ਪੰਜਾਬੀਆਂ ਅੰਦਰ ਪ੍ਰਵਾਸ ਦੀ ਰੁਚੀ ਕਾਫ਼ੀ ਪੁਰਾਣੀ ਹੈ। ਪਰ ਅੱਜਕਲ੍ਹ ਇਹ ਦਰ ਬਹੁਤ ਵਧ ਚੁੱਕੀ ਹੈ। ਇਉਂ ਜਾਪਦਾ ਹੈ ਕਿ ਹਰ ਪੰਜਾਬੀ ਵਿਦੇਸ਼ ਉਡਾਰੀ ਮਾਰਨ ਨੂੰ ਕਾਹਲਾ ਹੈ, ਭਾਵੇਂ ਇਸ ਲਈ ਉਸ ਨੂੰ ਕੁਝ ਵੀ ਕਰਨਾ ਪਵੇ। ਇਸ ਰੁਝਾਨ ਦਾ ਵਿਸ਼ਲੇਸ਼ਣ ਕਰਨ 'ਤੇ ਇਹ ਤੱਥ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਪੜ੍ਹੇ-ਲਿਖੇ ਵਰਗ ਅੰਦਰ ਵਧੀ ਹੋਈ ਬੇਰੁਜ਼ਗਾਰੀ ਅਤੇ ਸਾਡੇ ਦੇਸ਼ ਅੰਦਰ ਰੁਜ਼ਗਾਰ ਦੇ ਮੌਕੇ ਨਾ ਮਿਲਣੇ ਇਸ ਦਾ ਮੁੱਖ ਕਾਰਨ ਹੈ। ਕਾਬਲ ਨੌਜਵਾਨਾਂ ਨੂੰ ਦੇਸ਼ ਦੀ ਸਰਕਾਰ ਪ੍ਰਤੀ ਡਾਢਾ ਗਿਲਾ ਹੈ ਕਿ ਉਨ੍ਹਾਂ ਦੀ ਕਾਬਲੀਅਤ ਦੀ ਇਥੇ ਕਦਰ ਨਹੀਂ ਪੈਂਦੀ। ਪਰ ਇਧਰ ਚੰਗੇ ਕੰਮਾਂ 'ਤੇ ਲੱਗੇ ਨੌਜਵਾਨ ਵੀ ਵਿਕਸਤ ਦੇਸ਼ਾਂ ਵੱਲ ਜਾ ਰਹੇ ਹਨ। ਇਸ ਤਬਕੇ ਦਾ ਤਰਕ ਹੈ ਕਿ ਸਾਡੇ ਦੇਸ਼ ਦੇ ਨਿੱਘਰੇ ਹਾਲਾਤ ਕਾਰਨ ਉਹ ਇਥੇ ਰਹਿਣਾ ਨਹੀਂ ਚਾਹੁੰਦੇ।
ਦਰਅਸਲ ਇਹ ਵਰਗ ਇਕ ਤਰ੍ਹਾਂ ਨਾਲ ਹਿਜ਼ਰਤ ਕਰ ਰਿਹਾ ਹੈ, ਜੋ ਕਿ ਸੂਬੇ ਤੇ ਰਾਸ਼ਟਰ ਦੇ ਭਵਿੱਖ ਲਈ ਘਾਤਕ ਹੈ। ਇਸ ਪ੍ਰਤੀ ਸਾਡੇ ਦੇਸ਼ ਦੇ ਹਾਕਮ ਅੱਖਾਂ ਮੀਟੀ ਬੈਠੇ ਹਨ। ਸ਼ਾਇਦ ਉਨ੍ਹਾਂ ਨੂੰ ਤਾਂ ਸਿਰਫ ਆਪਣੀ ਤਿਜੌਰੀਆਂ ਭਰਨ ਦੀ ਹੀ ਚਿੰਤਾ ਹੈ ਨਾ ਕਿ ਰਾਸ਼ਟਰ ਦੇ ਭਵਿੱਖ ਦੀ।


-ਪ੍ਰਿੰ: ਭੁਪਿੰਦਰ ਸਿੰਘ ਢਿੱਲੋਂ
ਦੀਪਗੜ੍ਹ (ਬਰਨਾਲਾ)।


ਬਦਲਵੀਂ ਖੇਤੀ
ਇਕ ਪਾਸੇ ਸਾਡੀ ਸਰਕਾਰ ਕਿਸਾਨਾਂ ਨੂੰ ਝੋਨੇ, ਕਣਕ ਦੇ ਫ਼ਸਲੀ ਚੱਕਰ 'ਚ ਨਿਕਲਣ ਦੀ ਗੱਲ ਕਰਦੀ ਹੈ। ਦੂਜੇ ਪਾਸੇ ਕਿਸਾਨਾਂ ਸਾਹਮਣੇ ਕੋਈ ਬਦਲ ਵੀ ਪੇਸ਼ ਨਹੀਂ ਕੀਤਾ ਜਾਂਦਾ। ਨਾ ਹੀ ਕਿਸਾਨਾਂ ਦੀ ਇਸ ਚੱਕਰ ਵਿਚੋਂ ਨਿਕਲਣ ਲਈ ਕੋਈ ਮਦਦ ਕੀਤੀ ਜਾਂਦੀ ਹੈ। ਜੇ ਕਿਸਾਨ ਆਪਣੀ ਮਰਜ਼ੀ ਨਾਲ ਸਬਜ਼ੀਆਂ, ਗੰਨਾ ਆਦਿ ਦੀ ਖੇਤੀ ਕਰਦਾ ਹੈ ਤਾਂ ਉਸ ਨੂੰ ਉਸ ਫ਼ਸਲ ਦਾ ਸਹੀ ਮੁੱਲ ਨਹੀਂ ਦਿੱਤਾ ਜਾਂਦਾ। ਹੁਣ ਫ਼ਿਰੋਜ਼ਪੁਰ ਤੋਂ ਖ਼ਬਰ ਆਈ ਹਰੀਆਂ ਤੇ ਸ਼ਿਮਲਾ ਮਿਰਚਾਂ ਦੇ ਭਾਅ ਡਿੱਗੇ ਮੂਧੇ ਮੂੰਹ। ਘਾਟੇ ਦਾ ਸੌਦਾ ਸਾਬਤ ਹੋਣ ਕਰਕੇ ਮਿਰਚਾਂ ਵਾਹੁਣ ਲੱਗੇ ਕਿਸਾਨ। ਕਿਉਂਕਿ ਤੁੜਾਈ ਦਾ ਮੁੱਲ ਵੀ ਨਹੀਂ ਸੀ ਪੂਰਾ ਹੁੰਦਾ। ਕਿਸਾਨ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਕੌਡੀਆਂ ਦੇ ਭਾਅ ਵੇਚਣ ਲਈ ਮਜਬੂਰ ਹੈ। ਇਹੋ ਹਾਲ ਦੂਜੀਆਂ ਸਬਜ਼ੀਆਂ ਦਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਬਜ਼ੀਆਂ ਨੂੰ ਡੱਬਾ ਬੰਦ ਕਰਕੇ ਦੇਸ਼-ਵਿਦੇਸ਼ ਵਿਚ ਵੇਚੇ, ਤਾਂ ਕਿ ਕਿਸਾਨਾਂ ਨੂੰ ਸਬਜ਼ੀਆਂ ਦਾ ਸਹੀ ਮੁੱਲ ਮਿਲ ਸਕੇ ਤੇ ਕਿਸਾਨ ਝੋਨੇ-ਕਣਕ ਦੇ ਫ਼ਸਲੀ ਚੱਕਰ 'ਚੋਂ ਨਿਕਲ ਸਕੇ। ਇਸੇ ਵਿਚ ਪੰਜਾਬ ਦੀ ਭਲਾਈ ਹੈ। ਸੋ, ਸਰਕਾਰ ਨੂੰ ਇਸ ਪਾਸੇ ਜਲਦੀ ਧਿਆਨ ਦੇਣਾ ਚਾਹੀਦਾ ਹੈ, ਤਾਂ ਕਿ ਪੰਜਾਬ ਦੀ ਧਰਤੀ, ਪਾਣੀ ਤੇ ਹਵਾ ਨੂੰ ਬਚਾਇਆ ਜਾ ਸਕੇ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਵਿਗਿਆਨਕ ਸੋਚ
ਪਿਛਲੇ ਦਿਨੀਂ 'ਅਜੀਤ' ਵਿਚ ਗੁਰਚਰਨ ਸਿੰਘ ਨੂਰਪੁਰ ਦਾ ਸੰਪਾਦਕੀ ਲੇਖ 'ਵਿਗਿਆਨਕ ਸੋਚ ਹੀ ਮਨੁੱਖ ਦੇ ਕਲਿਆਣ ਦਾ ਰਾਹ' ਪੜ੍ਹਿਆ, ਜੋ ਬੇਹੱਦ ਕਾਬਲ-ਏ-ਤਾਰੀਫ਼ ਸੀ। ਇਹ ਬਿਲਕੁਲ ਸੱਚ ਹੈ ਕਿ ਆਦਿਕਾਲ ਤੋਂ ਧਰਮ ਦੇ ਠੇਕਾਦਾਰਾਂ ਨੇ ਪ੍ਰਚਾਰਿਆ ਕਿ ਮਨੁੱਖ ਸਰੀਰ ਕਰਕੇ ਮਰਦਾ ਹੈ ਤੇ ਆਤਮਿਕ ਤੌਰ 'ਤੇ ਜਿਊਂਦਾ ਰਹਿੰਦਾ ਹੈ। ਸਿੱਟੇ ਵਜੋਂ ਪੁਜਾਰੀਆਂ ਨੇ ਮਨੁੱਖ ਦੀ ਮੌਤ 'ਤੇ ਵੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਅੰਧ-ਵਿਸ਼ਵਾਸਾਂ ਅਤੇ ਵਹਿਮਾਂ-ਭਰਮਾਂ ਵਿਚ ਪਾ ਕੇ ਹਮੇਸ਼ਾ ਹੀ ਲੁੱਟਿਆ ਹੈ। ਅੱਜ ਸੂਚਨਾ ਤੇ ਪ੍ਰਸਾਰਨ ਦੇ ਸਾਧਨ ਜਿੰਨੀ ਤੇਜ਼ੀ ਨਾਲ ਵਧ ਰਹੇ ਹਨ ਓਨੀ ਹੀ ਤੇਜ਼ੀ ਨਾਲ ਅੰਧ-ਵਿਸ਼ਵਾਸ ਤੇ ਵਹਿਮਾਂ-ਭਰਮਾਂ ਦਾ ਫੈਲਾਅ ਵੀ ਹੋ ਰਿਹਾ ਹੈ। ਪਰ ਦੁਨੀਆ ਵਿਚ ਇਕੋ-ਇਕ ਸਿੱਖ ਧਰਮ ਹੀ ਇਕ ਅਜਿਹਾ ਵਿਲੱਖਣ ਧਰਮ ਹੈ ਜਿਸ ਦੇ ਗੁਰੂ ਸਾਹਿਬਾਨਾਂ ਨੇ ਮਨੁੱਖ ਨੂੰ ਵਿਗਿਆਨਕ ਸੋਚ ਅਪਨਾਉਣ ਦੇ ਨਾਲ-ਨਾਲ ਸਭ ਅੰਧ-ਵਿਸ਼ਵਾਸਾਂ ਤੋਂ ਬਚਣ ਲਈ ਪਵਿੱਤਰ ਗੁਰਬਾਣੀ ਰਾਹੀਂ ਅਧਿਆਤਮਿਕਤਾ ਦਾ ਰਾਹ ਅਪਣਾਉਣ 'ਤੇ ਜ਼ੋਰ ਦਿੱਤਾ ਹੈ। ਸੋ, ਅਜੋਕੇ ਸਮੇਂ ਜਟਿਲ ਹੋ ਰਹੀਆਂ ਸਮੱਸਿਆਵਾਂ ਨੂੰ ਸਮਝਣ ਲਈ ਵਿਗਿਆਨਕ ਸੋਚ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਡੀ ਲੋੜ ਹੈ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ।

24-04-2018

 ਅਜੋਕੀ ਗਾਇਕੀ ਗੁੰਮਰਾਹਕੁਨ
ਪਿਛਲੇ ਦਿਨੀਂ ਪੰਜਾਬੀ ਗਾਇਕੀ ਵਿਚ ਘਰ ਕਰ ਚੁੱਕੇ ਵਿਗਾੜ ਨੂੰ ਦੂਰ ਕਰਨ ਲਈ ਕੁਝ ਮਿੱਤਰਾਂ ਨੇ ਮਾਣਯੋਗ ਪੰਜਾਬ-ਹਰਿਆਣਾ ਉੱਚ ਅਦਾਲਤ ਵਿਚ ਪਹੁੰਚ ਕੀਤੀ ਹੈ। ਆਸ ਹੈ ਕਿ ਅਦਾਲਤ ਕੋਈ ਸਹੀ ਫ਼ੈਸਲਾ ਕਰੇਗੀ। ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿਚ ਸੈਂਸਰ ਬੋਰਡ ਬਣਾਉਣ ਦੀ ਮੰਗ ਉੱਠਦੀ ਰਹੀ ਹੈ ਪਰ ਸਰਕਾਰਾਂ ਦੀਆਂ ਆਪਣੀਆਂ ਮਜਬੂਰੀਆਂ ਸਮਝ ਆਉਂਦੀਆਂ ਹਨ। ਲੱਚਰਤਾ ਤੇ ਮਾਰਧਾੜ ਨਾਲ ਭਰੀ ਗਾਇਕੀ ਨੇ ਸਾਡੇ ਉੱਚੇ-ਸੁੱਚੇ ਅਮੀਰ ਸੱਭਿਆਚਾਰ ਨੂੰ ਛਲਣੀ ਕਰਨ ਦੇ ਨਾਲ-ਨਾਲ ਪੰਜਾਬੀ ਦੀ ਮਹਾਨਤਾ ਨੂੰ ਮਿੱਟੀ ਵਿਚ ਰੋਲਣ ਤੋਂ ਇਲਾਵਾ ਪੰਜਾਬੀ ਪਰਿਵਾਰਾਂ ਦੀ ਸੁਹਜਮਈ ਸੋਚ ਨੂੰ ਬਦ ਤੋਂ ਬਦਤਰ ਬਣਾ ਕੇ ਰੱਖ ਦਿੱਤਾ ਹੈ। ਪਿਛਲੇ ਦਿਨਾਂ 'ਚ ਪੁਲਿਸ ਅਧਿਕਾਰੀਆਂ ਨੇ ਜ਼ਿਲ੍ਹਾ ਪੱਧਰ 'ਤੇ ਗਾਇਕਾਂ ਨਾਲ ਮੀਟਿੰਗਾਂ ਕਰਕੇ ਕਿਹਾ ਹੈ ਕਿ ਉਹ ਅਜਿਹਾ ਨਾ ਗਾਉਣ, ਜੋ ਪੰਜਾਬ ਦੇ ਹਿਤ ਵਿਚ ਨਾ ਹੋਵੇ। ਹੁਣ ਸਮਾਂ ਆ ਗਿਆ ਹੈ ਇਸ ਮਾੜੇ ਵਰਤਾਰੇ ਨੂੰ ਰੋਕਣ ਲਈ ਗੱਲਾਂ ਦੀ ਨਹੀਂ ਡੰਡੇ ਦੀ ਲੋੜ ਹੈ। ਆਸ ਹੈ ਕਿ ਮਾਣਯੋਗ ਅਦਾਲਤ ਉਪਰੋਕਤ ਕੇਸ ਨੂੰ ਪੂਰੀ ਗੰਭੀਰਤਾ ਨਾਲ ਲਵੇਗੀ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਸ਼ਾਨਦਾਰ ਪ੍ਰਦਰਸ਼ਨ
ਪਿਛਲੇ ਦਿਨੀਂ ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਦਾ ਨਾਂਅ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ ਹੈ। ਇਨ੍ਹਾਂ ਖੇਡਾਂ ਵਿਚ ਜਿਸ ਤਰ੍ਹਾਂ ਦੇਸ਼ ਦੇ ਬੱਚੇ ਵੱਖ-ਵੱਖ ਖੇਡਾਂ ਵਿਚ ਮੱਲਾਂ ਮਾਰਦੇ ਹੋਏ ਤਗਮੇ ਲੈ ਕੇ ਆਏ ਹਨ, ਸਾਰੇ ਹੀ ਤਾਰੀਫ਼ ਦੇ ਹੱਕਦਾਰ ਹਨ। ਇਨ੍ਹਾਂ ਖੇਡਾਂ ਵਿਚ ਕੇਵਲ ਲੜਕਿਆਂ ਨੇ ਨਹੀਂ, ਅੱਜ ਦੇਸ਼ ਦੀਆਂ ਧੀਆਂ ਨੇ ਵੀ ਮਾਅਰਕਾ ਮਾਰਿਆ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਉਨ੍ਹਾਂ ਮਾਪਿਆਂ ਨੂੰ ਸਬਕ ਲੈਣਾ ਚਾਹੀਦਾ ਹੈ ਜੋ ਆਪਣੀਆਂ ਧੀਆਂ ਨੂੰ ਬੋਝ ਸਮਝਦੇ ਹਨ। ਹਰ ਇਕ ਮਾਤਾ-ਪਿਤਾ ਨੂੰ ਆਪਣੇ ਧੀਆਂ-ਪੁੱਤਰਾਂ ਨੂੰ ਚੰਗੀ ਸਿੱਖਿਆ ਦਿਵਾਉਣ ਦਾ ਆਪਣਾ ਫਰਜ਼ ਨਿਭਾਉਣ ਦੇ ਨਾਲ-ਨਾਲ ਆਪਣੇ ਬੱਚਿਆਂ ਵਿਚ ਜੋ ਵੀ ਕਲਾ ਹੈ, ਉਸ ਨੂੰ ਉਜਾਗਰ ਕਰਨ ਲਈ ਹੱਲਾਸ਼ੇਰੀ ਦੇਣੀ ਚਾਹੀਦੀ ਹੈ, ਤਾਂ ਜੋ ਬੱਚੇ ਵਿੱਦਿਅਕ ਖੇਤਰ ਵਿਚ ਤਰੱਕੀ ਕਰਨ ਦੇ ਨਾਲ-ਨਾਲ ਮਾਨਸਿਕ ਤੌਰ 'ਤੇ ਵੀ ਮਜ਼ਬੂਤ ਹੋਣ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨ।

-ਮਲਟੀ
ਅਧਿਆਪਕਾ, ਸੇਂਟ ਥੌਮਸ ਕਾਨਵੈਂਟ ਸਕੂਲ, ਰਾਜਾਸਾਂਸੀ।

ਵਿਸਫੋਟਕ ਸਥਿਤੀ 'ਚੋਂ ਲੰਘ ਰਿਹੈ ਪੰਜਾਬ
ਪਿਛਲੇ ਦਿਨੀਂ 'ਅਜੀਤ' ਵਿਚ ਪੰਜਾਬ ਦੀ ਮੌਜੂਦਾ ਸਮਾਜਿਕ ਤਾਣੇ-ਬਾਣੇ ਦੀ ਸਥਿਤੀ ਪੜ੍ਹ ਕੇ ਹਰ ਪਾਠਕ ਨੂੰ ਇਹ ਮਹਿਸੂਸ ਹੋਇਆ ਕਿ ਜਦੋਂ ਵੀ ਅਖ਼ਬਾਰ ਵਿਚ ਲਿਖਦਾ ਹੈ ਤਾਂ ਬੇਧੜਕ ਤੇ ਦਲੇਰੀ ਨਾਲ ਪੰਜਾਬ ਦੇ ਹਰ ਸੰਕਟ ਦੇ ਕਾਰਨਾਂ ਤੋਂ ਪਰਦਾ ਚੁੱਕਦਾ ਹੈ। ਪੰਜਾਬ ਦਾ ਹਰ ਆਮ ਆਦਮੀ, ਨੌਜਵਾਨ ਤੇ ਇਸਤਰੀ ਜਾਤੀ ਨਾਲ ਜੋ ਬੀਤ ਰਹੀ ਹੈ, ਪ੍ਰਸ਼ਾਸਨ ਅੱਖਾਂ ਬੰਦ ਕਰਕੇ ਵੇਖ ਰਿਹਾ ਹੈ।
ਹਾਲਤ ਇਹ ਹੈ ਕਿ ਅੱਜ ਨਾਲੋਂ ਆਉਣ ਵਾਲਾ ਕੱਲ੍ਹ ਬੜਾ ਭਿਆਨਕ ਤੇ ਡਰਾਉਣਾ ਹੁੰਦਾ ਜਾ ਰਿਹਾ ਹੈ। ਸਿਆਸੀ ਆਗੂ ਐਨੇ ਢੀਠ ਤੇ ਬੇਦਰਦ ਹੋ ਗਏ ਹਨ ਕਿ ਵਿਸਫੋਟਕ ਸਥਿਤੀ 'ਚੋਂ ਲੰਘ ਰਹੇ ਪੰਜਾਬ ਨੂੰ ਹੋਰ ਡੂੰਘੀ ਖੱਡ ਵੱਲ ਧਕੇਲ ਰਹੇ ਹਨ। ਦਲੇਰੀ ਨਾਲ ਬਿਆਨ ਕੀਤੀ ਖ਼ਬਰ ਤੋਂ ਸਰਕਾਰ ਅਤੇ ਸਿਆਸੀ ਆਗੂਆਂ ਨੂੰ ਆਪਣੇ-ਆਪ ਨੂੰ ਸੰਭਾਲ ਲੈਣਾ ਚਾਹੀਦਾ ਹੈ, ਤਾਂ ਕਿ ਪੰਜਾਬ ਵਾਸੀਆਂ ਦਾ ਡਰ ਤੇ ਸਹਿਮ ਹੋਰ ਨਾ ਵਧੇ।

-ਸਵਰਨ ਸਿੰਘ ਪਤੰਗ
ਪਿੰਡ ਮਾਣੂਕੇ, ਮੋਗਾ।

ਹਿੰਸਾ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਅੰਕ ਵਿਚ ਲਿਖਿਆ ਹੋਇਆ ਲੇਖ 'ਦੇਸ਼ ਦੇ ਹਿਤ ਨਹੀਂ ਹੈ ਹਿੰਸਕ ਅੰਦੋਲਨਾਂ ਦੀ ਰਾਜਨੀਤੀ' ਬਹੁਤ ਪਸੰਦ ਆਇਆ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਹਿੰਸਕ ਅੰਦੋਲਨਾਂ ਦੀ ਰਾਜਨੀਤੀ ਸਾਡੇ ਦੇਸ਼ ਦੇ ਹਿਤ ਵਿਚ ਨਹੀਂ, ਕਿਉਂਕਿ ਇਸ ਨਾਲ ਸਾਡੇ ਦੇਸ਼ ਦਾ ਹੀ ਨੁਕਸਾਨ ਹੁੰਦਾ ਹੈ। ਹਰੇਕ ਦੇਸ਼ ਵਿਚ ਭੰਨ-ਤੋੜ, ਨਾਅਰੇਬਾਜ਼ੀ, ਧਰਨੇ ਆਦਿ ਆਮ ਹੀ ਹੁੰਦੇ ਰਹਿੰਦੇ ਹਨ। ਪਰ ਇਸ ਨੂੰ ਕਰਨ ਵਾਲੇ ਲੋਕ ਇਹ ਭੁੱਲ ਜਾਂਦੇ ਹਨ ਕਿ ਉਹ ਆਪਣੇ ਦੇਸ਼ ਦਾ ਹੀ ਨੁਕਸਾਨ ਕਰ ਰਹੇ ਹਨ। ਰੋਸ ਸ਼ਾਂਤੀ ਢੰਗ ਨਾਲ ਪ੍ਰਗਟਾਉਣ ਲਈ ਸਾਨੂੰ ਸੜਕਾਂ 'ਤੇ ਧਰਨੇ, ਭੰਨ-ਤੋੜ ਆਦਿ ਕਰਕੇ ਕਿਸੇ ਨੂੰ ਤੰਗ-ਪਰੇਸ਼ਾਨ ਨਹੀਂ ਕਰਨਾ ਚਾਹੀਦਾ। ਦੁਕਾਨਾਂ ਬੰਦ ਕਰਨ ਦੀ ਥਾਂ ਰੋਸ ਪ੍ਰਗਟਾਉਣ ਵਾਲੇ ਦੁਕਾਨਾਂ ਦੇ ਸਾਹਮਣੇ ਕਾਲੇ ਝੰਡੇ ਜਾਂ ਘਰਾਂ 'ਤੇ ਕਾਲੇ ਝੰਡੇ ਲਗਾ ਕੇ ਸ਼ਾਂਤੀ ਨਾਲ ਰੋਸ ਪ੍ਰਗਟਾਅ ਸਕਦੇ ਹਨ, ਕਿਉਂਕਿ ਹਿੰਸਕ ਅੰਦੋਲਨਾਂ ਨਾਲ ਜਿਥੇ ਦੇਸ਼ ਪਿਛਾਂਹ ਨੂੰ ਜਾਂਦਾ ਹੈ, ਉਥੇ ਦੇਸ਼ ਦੀ ਤਰੱਕੀ ਵੀ ਰੁਕਦੀ ਹੈ। ਕਿਉਂਕਿ ਕੁਝ ਕਰਨ ਦਾ ਜਜ਼ਬਾ ਰੱਖਣ ਵਾਲੇ ਲੋਕ ਨਿੱਤ ਦੀ ਹਿੰਸਾ ਤੋਂ ਤੰਗ ਆ ਕੇ ਵਿਦੇਸ਼ਾਂ ਵਿਚ ਚਲੇ ਜਾਂਦੇ ਹਨ, ਜਿਸ ਕਾਰਨ ਦੇਸ਼ ਕਾਬਲ ਲੋਕਾਂ ਨੂੰ ਖੋਹ ਦਿੰਦਾ ਹੈ।

-ਗਗਨਦੀਪ ਕੌਰ ਸੀਰਵਾਲੀ
ਜਮਾਤ 10ਵੀਂ।

ਨਕਲ ਵਿਰੁੱਧ ਸਖ਼ਤੀ
ਪੰਜਾਬ ਸਰਕਾਰ ਨੇ ਨਕਲ ਰੋਕਣ ਸਬੰਧੀ ਜੋ ਫ਼ੈਸਲਾ ਲਿਆ ਹੈ, ਉਹ ਕਾਫੀ ਹੱਦ ਤੱਕ ਸਫ਼ਲ ਹੁੰਦਾ ਜਾ ਰਿਹਾ ਹੈ। ਭਵਿੱਖ ਵਿਚ ਇਸ ਦੇ ਚੰਗੇ ਨਤੀਜੇ ਨਿਕਲਣਗੇ। ਨਕਲ ਦੀ ਆਸ ਵਿਚ ਸਾਰਾ ਸਾਲ ਵਿਦਿਆਰਥੀ ਆਪਣਾ ਸਿਲੇਬਸ ਪੂਰਾ ਨਹੀਂ ਕਰਦੇ, ਜਿਸ ਨਾਲ ਉਹ ਲੋੜੀਂਦੇ ਗਿਆਨ ਤੋਂ ਕੋਰੇ ਰਹਿ ਜਾਂਦੇ ਹਨ। ਨਕਲ ਰੁਕਣ ਨਾਲ ਆਪਣੀ ਪੜ੍ਹਾਈ ਵੱਲ ਹੋਰ ਚੰਗੀ ਤਰ੍ਹਾਂ ਧਿਆਨ ਦੇਣਗੇ। ਅਧਿਆਪਕ ਵਰਗ ਵੀ ਹੋਰ ਤਨ-ਦੇਹੀ ਨਾਲ ਵਿਦਿਆਰਥੀ ਵਰਗ ਨੂੰ ਪੜ੍ਹਨ ਲਈ ਪ੍ਰੇਰਿਤ ਕਰੇਗਾ।

-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ, ਗੁਰਦਾਸਪੁਰ।

ਬੱਚੀਆਂ ਨਾਲ ਕੁਕਰਮ
ਉਨਾਵ ਅਤੇ ਕਠੂਆ 'ਚ ਮਾਸੂਮ ਬੱਚੀਆਂ ਨਾਲ ਵਾਪਰੀਆਂ ਸ਼ਰਮਨਾਕ, ਵਹਿਸ਼ੀ ਤੇ ਦਿਲ ਦਹਿਲਾ ਦੇਣ ਵਾਲੀਆਂ ਖ਼ਬਰਾਂ ਦੀ ਅਜੇ ਅਖ਼ਬਾਰਾਂ 'ਚੋਂ ਸਿਆਹੀ ਵੀ ਨਹੀਂ ਸੁੱਕੀ ਸੀ ਕਿ ਹੁਣ ਫਿਰ 18 ਅਪ੍ਰੈਲ ਨੂੰ ਉੱਤਰ ਪ੍ਰਦੇਸ਼ ਦੇ ਏਟਾ 'ਚ ਇਕ 7 ਸਾਲਾ ਨਾਬਾਲਿਗ ਬੱਚੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਸ ਦੀ ਹੱਤਿਆ ਕੀਤੇ ਜਾਣ ਦੀ ਮੰਦਭਾਗੀ ਖ਼ਬਰ ਪੜ੍ਹਨ ਨੂੰ ਮਿਲ ਗਈ। ਖ਼ਬਰ ਅਨੁਸਾਰ ਦਰਿੰਦਗੀ ਦਾ ਸ਼ਿਕਾਰ ਹੋਈ ਉਕਤ ਮਰਹੂਮ ਲੜਕੀ ਆਪਣੇ ਮਾਤਾ-ਪਿਤਾ ਨਾਲ ਕਿਸੇ ਵਿਆਹ ਸਮਾਗਮ 'ਤੇ ਵਿਆਹ ਦੀਆਂ ਖੁਸ਼ੀਆਂ 'ਚ ਸ਼ਰੀਕ ਹੋਣ ਗਈ ਸੀ। ਜਿਥੇ ਕਿ ਵਿਆਹ 'ਚ ਟੈਂਟ ਲਗਾਉਣ ਵਾਲਾ ਇਕ 19 ਸਾਲਾ ਸਿਰਫਿਰਿਆ ਦਰਿੰਦਾ ਉਕਤ ਬੱਚੀ ਨੂੰ ਕਿਸੇ ਤਰੀਕੇ ਨਾਲ ਉਥੋਂ ਨਜ਼ਦੀਕੀ ਉਸਾਰੀ ਅਧੀਨ ਘਰ 'ਚ ਲੈ ਗਿਆ ਤੇ ਕੁਕਰਮ ਕਰਨ ਮਗਰੋਂ ਬੱਚੀ ਦੀ ਰੱਸੀ ਨਾਲ ਗਲਾ ਦਬਾਅ ਕੇ ਹੱਤਿਆ ਕਰ ਦਿੱਤੀ। ਬਿਨਾਂ ਸ਼ੱਕ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਨਿੱਤ ਦਿਨ ਬੱਚੀਆਂ ਨਾਲ ਵਾਪਰ ਰਹੀਆਂ ਅਤਿ ਘਿਨੌਣੀਆਂ ਘਟਨਾਵਾਂ ਨੂੰ ਦੇਖਦੇ ਹੋਏ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਜਿੰਨਾ ਚਿਰ ਅਪਰਾਧੀਆਂ ਨੂੰ ਮਿਸਾਲੀ ਸਜ਼ਾਵਾਂ ਨਹੀਂ ਮਿਲਦੀਆਂ, ਓਨਾ ਚਿਰ ਉਪਰੋਕਤ ਜਿਹੇ ਨਿੰਦਣਯੋਗ ਕਾਰਿਆਂ ਨੂੰ ਠੱਲ੍ਹਣਾ ਮੁਮਕਿਨ ਨਹੀਂ।

-ਯਸ਼ ਪੱਤੋ
ਪਿੰਡ ਪੱਤੋ ਹੀਰਾ ਸਿੰਘ (ਮੋਗਾ)।

 

23-04-2018

 ਸਦਨ ਦੀ ਮਾਣ ਮਰਯਾਦਾ
ਪਿਛਲੇ ਦਿਨੀਂ ਸੰਪਾਦਕੀ 'ਜ਼ਿੰਮੇਵਾਰੀ ਤੋਂ ਕੰਮ ਲੈਣ ਸਿਆਸੀ ਦਲ' ਪੜ੍ਹੀ, ਜਿਸ ਵਿਚ ਸੰਸਦ ਦੀ ਅਜੋਕੀ ਕਾਰਗੁਜ਼ਾਰੀ 'ਤੇ ਰੌਸ਼ਨੀ ਪਾਈ ਗਈ ਹੈ। ਨਾ ਹੀ ਕੋਈ ਠੋਸ ਦਲੀਲ ਦਿੰਦਾ ਹੈ ਤੇ ਨਾ ਹੀ ਵਿਰੋਧੀ ਸੁਣਨ ਲਈ ਤਿਆਰ ਹਨ। ਕਈ ਪਾਰਟੀਆਂ ਦਾ ਭਾਵ ਹੁੰਦਾ ਹੈ ਕਿ ਸਦਨ ਦਾ ਕੰਮ ਚੱਲਣ ਹੀ ਨਹੀਂ ਦੇਣਾ। ਇਕ ਦਿਨ ਵਿਚ 11 ਵਾਰ ਕਾਰਵਾਈ ਰੋਕਣੀ ਪਈ, ਬਹੁਤ ਸ਼ਰਮਨਾਕ ਗੱਲ ਹੈ। ਦੇਸ਼ ਦੇ ਕਰੋੜਾਂ ਰੁਪਏ ਦਾ ਨੁਕਸਾਨ ਤੇ ਲੋਕਤੰਤਰ ਦਾ ਹੋ ਰਿਹਾ ਘਾਣ ਕਿਸੇ ਦੇ ਯਾਦ ਵਿਚ ਨਹੀਂ ਹੈ। ਸਿਰਫ਼ ਇਕ ਬਿੱਲ ਅਜਿਹਾ ਹੈ ਜੋ ਨਿਰਵਿਰੋਧ ਅਤੇ ਸਰਬਸੰਮਤੀ ਨਾਲ ਪਾਸ ਹੋ ਜਾਂਦਾ ਹੈ। ਉਹ ਬਿੱਲ ਹੈ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀਆਂ ਤਨਖਾਹਾਂ, ਭੱਤੇ ਤੇ ਹੋਰ ਸਹੂਲਤਾਂ ਵਿਚ ਵਾਧਾ।
ਲੋਕ ਸਭ ਜਾਣਦੇ ਹਨ ਕਿ ਇਨ੍ਹਾਂ ਵਿਧਾਨਪਾਲਿਕਾਵਾਂ ਵਿਚ ਵੱਡੀ ਗਿਣਤੀ ਉਨ੍ਹਾਂ ਲੋਕਾਂ ਦੀ ਹੈ ਜੋ ਕਈ ਪ੍ਰਕਾਰ ਦੇ ਕੇਸਾਂ ਵਿਚ ਫਸੇ ਹੋਏ ਹਨ ਜਾਂ ਕਈਆਂ ਦਾ ਪਿਛੋਕੜ ਅਪਰਾਧੀ ਹੈ। ਬਸ ਪੈਸੇ ਦੇ ਜ਼ੋਰ ਨਾਲ ਜਿੱਤ ਕੇ ਆਏ ਹਨ। ਉਹ ਦੇਸ਼ ਤੇ ਲੋਕਾਂ ਦੀ ਕੀ ਸੇਵਾ ਕਰਨਗੇ?
ਯਿਹ ਇਨਕਲਾਬ ਗਰਦਿਸ਼ੇ ਦੌਰਾਂ ਤੋਂ ਦੇਖੀਏ,
ਮੰਜ਼ਿਲ ਉਨਹੇਂ ਮਿਲੀ ਜੋ ਸ਼ਰੀਕੇ ਸਫ਼ਰ ਨਾ ਥੇ।


-ਮਾ: ਮਹਿੰਦਰ ਸਿੰਘ ਸਿੱਧੂ
ਸਿਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ।


ਸਖ਼ਤ ਕਾਨੂੰਨ ਦੀ ਲੋੜ
ਬੀਤੇ ਦਿਨੀਂ 'ਲੋਕ ਮੰਚ' ਪੰਨੇ 'ਤੇ ਸਤਿਕਾਰਯੋਗ ਲੇਖਿਕਾ ਬੇਅੰਤ ਕੌਰ ਗਿੱਲ ਹੁਰਾਂ ਦਾ ਲੇਖ 'ਚੰਗੇ ਸਮਾਜ ਲਈ ਰੂੜੀਵਾਦੀ ਸੋਚ ਤਿਆਗਣੀ ਹੋਵੇਗੀ' ਪੜ੍ਹਿਆ, ਜੋ ਸਮਾਜ ਨੂੰ ਸੇਧ ਦੇਣ ਵਾਲਾ ਸੀ। ਉਨ੍ਹਾਂ ਵਲੋਂ ਜਿਸ ਢੰਗ ਦੁਆਰਾ ਅੱਜ ਜਬਰ-ਜਨਾਹ ਵਰਗੀਆਂ ਘਟਨਾਵਾਂ 'ਤੇ ਚਿੰਤਾ ਵਿਅਕਤ ਕੀਤੀ ਗਈ, ਉਨ੍ਹਾਂ ਦੇ ਵਿਚਾਰਾਂ ਨਾਲ ਸਭ ਬੁੱਧੀਜੀਵੀ ਤੇ ਸੁਹਿਰਦ ਸਮਾਜ ਨੂੰ ਸਹਿਮਤ ਹੋਣਾ ਹੀ ਪੈਣਾ ਹੈ। ਰੋਜ਼ਾਨਾ ਅਖ਼ਬਾਰਾਂ ਜਾਂ ਟੀ.ਵੀ. ਚੈਨਲਾਂ 'ਤੇ ਅਸ਼ਲੀਲਤਾ ਨਾਲ ਸਬੰਧ ਰੱਖਦੀਆਂ ਖ਼ਬਰਾਂ ਅਕਸਰ ਪੜ੍ਹਨ, ਸੁਣਨ ਨੂੰ ਮਿਲ ਰਹੀਆਂ ਹਨ ਅਤੇ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ, ਜੋ ਬੇਹੱਦ ਚਿੰਤਾ ਦਾ ਵਿਸ਼ਾ ਹੈ। ਕੁਝ ਜਥੇਬੰਦੀਆਂ ਵਧੀਆ ਆਚਰਣ, ਨੈਤਿਕ ਕਦਰਾਂ-ਕੀਮਤਾਂ ਪ੍ਰਤੀ ਸੁਚੇਤ ਕਰਨ 'ਚ ਲੱਗੀਆਂ ਹੋਈਆਂ ਹਨ, ਪਰ ਦੂਜੇ ਪਾਸੇ ਧਿਆਨ ਮਾਰੀਏ ਤਾਂ ਲਗਦਾ ਹੈ ਕਿ ਕੁਝ ਵਹਿਸ਼ੀਆਨਾ ਲੋਕਾਂ ਤੇ ਉਨ੍ਹਾਂ ਦੀ ਸਿੱਖਿਆ 'ਤੇ ਸਖ਼ਤ ਸਜ਼ਾਵਾਂ ਵਾਲੇ ਕਾਨੂੰਨਾਂ ਦਾ ਵੀ ਅਸਰ ਨਹੀਂ ਹੋ ਰਿਹਾ। ਸਾਡੇ ਸੱਭਿਆਚਾਰ 'ਚ ਲੱਚਰ ਸੰਗੀਤ (ਗਾਇਕੀ) ਤੇ ਵੱਧ ਨੰਗੇਜ਼ ਦਰਸਾ ਕੇ ਪੈਸੇ ਕਮਾਉਣ ਦੀ ਲੱਗੀ ਦੌੜ ਵੀ ਅਜਿਹੇ ਮਾੜੇ ਅਨਸਰਾਂ ਦੀ ਦਰਿੰਦਗੀ ਸੋਚ ਨੂੰ ਉਕਸਾਉਣ ਦਾ ਕੰਮ ਕਰਦੀ ਹੈ, ਇਹ ਵੀ ਮੁਕੰਮਲ ਬੰਦ ਹੋਣੀ ਚਾਹੀਦੀ ਹੈ। ਸਰਕਾਰ ਨੂੰ ਇਨ੍ਹਾਂ ਪ੍ਰਤੀ ਸਖ਼ਤ ਕਦਮ ਚੁੱਕਣੇ ਹੋਣਗੇ।


-ਮਾ: ਦੇਵਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਸਹਿਣਸ਼ੀਲਤਾ
ਅੱਜ ਦੇ ਸਮੇਂ ਵਿਚ ਸਮਾਜ ਵਿਚ ਵੈਰ, ਈਰਖਾ, ਕ੍ਰੋਧ ਏਨਾ ਵਧ ਚੁੱਕਿਆ ਹੈ ਕਿ ਹਰ ਵਿਅਕਤੀ ਇਨ੍ਹਾਂ ਬੁਰਾਈਆਂ ਦਾ ਸ਼ਿਕਾਰ ਹੋ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅੱਜ ਦੇ ਮਨੁੱਖ ਵਿਚ ਸਹਿਣਸ਼ੀਲਤਾ ਦਾ ਪਤਨ ਹੁੰਦਾ ਜਾ ਰਿਹਾ ਹੈ। ਹਰੇਕ ਵਿਅਕਤੀ ਛੋਟੀ ਜਿਹੀ ਗੱਲ ਨੂੰ ਲੈ ਕੇ ਹਿੰਸਕ ਰੂਪ ਧਾਰਨ ਕਰ ਲੈਂਦਾ ਹੈ। ਰਿਸ਼ਤੇ ਖ਼ਤਮ ਹੁੰਦੇ ਜਾ ਰਹੇ ਹਨ, ਕਿਉਂਕਿ ਛੋਟੀ-ਛੋਟੀ ਗੱਲ 'ਤੇ ਝਗੜੇ ਪੈਦਾ ਹੋ ਜਾਂਦੇ ਹਨ। ਮਨੁੱਖ ਵਿਚ ਹਿੰਸਕ ਪ੍ਰਵਿਰਤੀ ਵਧ ਰਹੀ ਹੈ, ਕਿਉਂਕਿ ਉਸ ਨੂੰ ਸਮਾਜ ਵਿਚ ਸਾਰਥਿਕ ਮਾਹੌਲ ਨਹੀਂ ਮਿਲ ਰਿਹਾ। ਇਸ ਲਈ ਜੇਕਰ ਸੁਚਾਰੂ ਸੋਚ ਪੈਦਾ ਕਰਨੀ ਹੈ ਤਾਂ ਮਨੁੱਖ ਨੂੰ ਚੰਗਾ ਸਾਹਿਤ ਪੜ੍ਹਨਾ ਚਾਹੀਦਾ ਹੈ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।


ਰੁੱਤ ਵਾਢੀਆਂ ਦੀ
ਪੰਜਾਬ ਦੇ ਖੇਤਾਂ 'ਚੋਂ ਸੁਨਹਿਰੀ ਸੋਨਾ ਭਾਵ ਕਣਕ ਦੀ ਫ਼ਸਲ ਦੀ ਕਟਾਈ ਲਗਪਗ ਜ਼ੋਰਾਂ 'ਤੇ ਹੈ। ਭਾਵੇਂ ਹੱਥੀਂ ਵਾਢੀ ਦਾ ਰੁਝਾਨ ਖਤਮ ਹੈ ਪਰ ਫਿਰ ਵੀ ਮੱਧ ਵਰਗੀ ਲੋਕਾਂ ਨੂੰ ਇਸ ਫ਼ਸਲ ਤੋਂ ਦਾਣਿਆਂ ਦੀ ਆਸ ਹੁੰਦੀ ਹੈ ਕਿਉਂਕਿ ਕਣਕ ਹਰ ਇਕ ਦੇ ਭੋਜਨ ਦਾ ਜ਼ਰੂਰੀ ਹਿੱਸਾ ਹੈ। ਪਰ ਕਣਕ ਦੀ ਰਹਿੰਦ-ਖੂੰਹਦ ਨੂੰ ਥੋੜ੍ਹਾ ਸੰਜਮ ਅਤੇ ਤਰੀਕੇ ਨਾਲ ਸੰਭਾਲਣ ਦੀ ਲੋੜ ਹੈ, ਜਿਥੇ ਕਣਕ ਦੇ ਨਾੜ ਨੂੰ ਅੱਗ ਲਾਉਣ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਹੈ, ਉਥੇ ਕਈ ਛੋਟੇ ਜੀਵ-ਜੰਤੂ ਅਤੇ ਪੌਦੇ ਵੀ ਇਸ ਦੀ ਲਪੇਟ ਵਿਚ ਆ ਕੇ ਸੜ ਜਾਂਦੇ ਹਨ, ਜਿਨ੍ਹਾਂ ਨੂੰ ਬਚਾਉਣਾ ਸਮੇਂ ਦੀ ਵੱਡੀ ਲੋੜ ਹੈ। ਕਈ ਲੋਕ ਕਣਕ ਦੀਆਂ ਬੱਲੀਆਂ ਅਤੇ ਕੰਬਾਈਨਾਂ ਦੀ ਰਹਿੰਦ-ਖੂੰਹਦ ਵੱਡੀਆਂ ਅਤੇ ਛੋਟੀਆਂ ਲਿੰਕ ਸੜਕਾਂ 'ਤੇ ਸੁੱਟ ਦਿੰਦੇ ਹਨ ਤਾਂ ਕਿ ਦਾਣੇ ਅਲੱਗ ਹੋ ਜਾਣ ਪਰ ਇਨ੍ਹਾਂ ਨਾਲ ਭਿਆਨਕ ਹਾਦਸੇ ਵੀ ਵਾਪਰਦੇ ਹਨ। ਸੋ, ਆਓ ਆਪਾਂ ਅਜਿਹੀ ਅਣਗਹਿਲੀ ਨਾ ਵਰਤੀਏ ਜਿਸ ਨਾਲ ਸਮਾਜ ਦਾ ਨੁਕਸਾਨ ਹੋ ਰਿਹਾ ਹੋਵੇ।


-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।


ਰੇਤ 'ਤੇ ਸਰਕਾਰੀ ਕੰਟਰੋਲ
ਹਰ ਇਕ ਮਨੁੱਖ ਜੋ ਵੀ ਇਸ ਧਰਤੀ 'ਤੇ ਆਇਆ ਹੈ, ਉਸ ਨੂੰ ਆਪਣੇ ਜੀਵਨ ਲਈ ਤਿੰਨ ਮੁਢਲੀਆਂ ਲੋੜਾਂ ਦੀ ਜ਼ਰੂਰਤ ਹੈ, ਰੋਟੀ, ਕੱਪੜਾ ਅਤੇ ਮਕਾਨ। ਮਨੁੱਖ ਦੇ ਰਹਿਣ ਲਈ ਘਰ ਬਣਾਉਣ ਲਈ ਰੇਤ ਦਾ ਇਕ ਅਹਿਮ ਸਥਾਨ ਹੈ, ਜਿਸ ਦੀ ਮਕਾਨ ਬਣਾਉਣ ਲਈ ਸਭ ਤੋਂ ਵੱਧ ਲੋੜ ਹੁੰਦੀ ਹੈ ਅਤੇ ਇਸ ਦੇ ਭਾਅ ਹੁਣ ਅਸਮਾਨੀਂ ਚੜ੍ਹੇ ਹੋਏ ਹਨ ਅਤੇ ਇਹ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ। ਹੁਣੇ ਹੀ ਪੰਜਾਬ ਸਰਕਾਰ ਨੇ ਮਾਈਨਿੰਗ ਪ੍ਰਕਿਰਿਆ ਅਤੇ ਰੇਤ ਵੇਚਣ ਦਾ ਕੰਮ ਪੂਰੀ ਤਰ੍ਹਾਂ ਆਪਣੇ ਕੰਟਰੋਲ ਵਿਚ ਕਰਨ ਦਾ ਯਤਨ ਕੀਤਾ ਹੈ, ਜੋ ਕਿ ਬਹੁਤ ਹੀ ਵਧੀਆ ਫ਼ੈਸਲਾ ਹੈ। ਹੋਰ ਵੀ ਕਈ ਸੂਬਿਆਂ ਵਿਚ ਰੇਤ 'ਤੇ ਸਰਕਾਰੀ ਕੰਟਰੋਲ ਹੈ। ਜੇਕਰ ਸਰਕਾਰ ਸਹੀ ਅਰਥਾਂ ਵਿਚ ਜ਼ਮੀਨੀ ਪੱਧਰ 'ਤੇ ਇਸ ਨੂੰ ਲਾਗੂ ਕਰ ਦੇਵੇ ਅਤੇ ਸਿੱਧਾ ਸਰਕਾਰ ਹੀ ਇਸ ਨੂੰ ਵੇਚੇ ਤਾਂ ਆਮ ਆਦਮੀ ਬਿਨਾਂ ਵਜ੍ਹਾ ਠੇਕੇਦਾਰ ਜਾਂ ਹੋਰ ਕਰਿੰਦਿਆਂ ਤੋਂ ਲੁੱਟੇ ਨਹੀਂ ਜਾਣਗੇ। ਅਜਿਹਾ ਕਰਨ ਨਾਲ ਜਿਥੇ ਸਰਕਾਰ ਦੀ ਆਮਦਨ ਵਧੇਗੀ, ਉਥੇ ਆਮ ਬੰਦੇ ਨੂੰ ਵੀ ਸੁਖ ਦਾ ਸਾਹ ਆਵੇਗਾ।


-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ, ਜਲੰਧਰ।

20-04-2018

 ਕਿਸਾਨਾਂ ਦੀਆਂ ਸਮੱਸਿਆਵਾਂ
ਕਿਸਾਨਾਂ ਨਾਲ ਗੱਲ ਕਰਕੇ ਪਤਾ ਲੱਗਦਾ ਹੈ ਕਿ ਕਿਸਾਨੀ ਕਿੰਨੀ ਕੁ ਔਖੀ ਹੈ। ਵੇਖਣ ਵਾਲੇ ਨੂੰ ਤਾਂ ਕਿਸਾਨੀ ਬਹੁਤ ਸੌਖੀ ਦਿਸ ਰਹੀ ਹੁੰਦੀ ਹੈ। ਪਰ ਫ਼ਸਲ ਬੀਜਣ ਤੋਂ ਲੈ ਕੇ ਪੱਕਣ ਤੱਕ ਦਾ ਸਫ਼ਰ ਵੀ ਕਿਸਾਨ ਲਈ ਕਾਫੀ ਮੁਸ਼ਕਿਲਾਂ ਵਿਚੋਂ ਲੰਘ ਕੇ ਤੈਅ ਹੁੰਦਾ ਹੈ। ਕਦੇ ਪਾਣੀ ਦੀ ਘਾਟ, ਬਿਜਲੀ ਬੰਦ, ਰੇਹ, ਸਪਰੇਅ ਆਦਿ। ਪਰ ਜਦੋਂ ਫ਼ਸਲ ਘਰ ਆਉਣ ਦਾ ਸਮਾਂ ਹੋ ਜਾਂਦਾ ਹੈ ਤਾਂ ਕਦੇ ਮੌਸਮ ਬੇਇਮਾਨ ਕਦੇ ਕੁਦਰਤ ਦਾ ਕਹਿਰ, ਕਦੇ ਮੰਡੀਕਰਨ ਦਾ ਝੰਜਟ, ਕਟਾਈ, ਛਟਾਈ ਅਤੇ ਅੰਤ ਵਿਚ ਆੜ੍ਹਤੀਆਂ ਦਾ ਕਰਜ਼ ਪੂਰਾ ਸਾਲ ਹੱਡ ਭੰਨਵੀਂ ਮਿਹਨਤ ਤੋਂ ਬਾਅਦ ਵੀ ਕਿਸਾਨ ਦੇ ਪੱਲੇ ਕੁਝ ਨਹੀਂ ਪੈਂਦਾ। ਸਰਕਾਰ ਨੂੰ ਚਾਹੀਦਾ ਹੈ ਪਹਿਲ ਦੇ ਆਧਾਰ 'ਤੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇ ਅਤੇ ਕਿਸਾਨ ਦੀ ਫ਼ਸਲ ਦਾ ਚੰਗਾ ਮੁੱਲ ਦੇਵੇ। ਸਮੇਂ-ਸਮੇਂ 'ਤੇ ਕਿਸਾਨਾਂ ਨੂੰ ਨਵੀਂ ਤਕਨੀਕ, ਨਵਾਂ ਬੀਜ ਤੇ ਖੇਤੀ ਮਾਹਿਰਾਂ ਨਾਲ ਮਿਲ ਕੇ ਕਿਸਾਨੀ ਦੇ ਸਬੰਧ ਵਿਚ ਸੁਝਾਅ ਦਿੱਤੇ ਜਾਣ, ਤਾਂ ਕਿ ਕਿਸਾਨ ਖ਼ੁਦਕੁਸ਼ੀਆਂ ਤੋਂ ਬਚ ਸਕਣ।


-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।


ਹਾਦਸੇ ਬਣੇ ਸੁਰਖੀਆਂ
ਬੇਹੱਦ ਦੁਖਦਾਇਕ ਗੱਲ ਹੈ ਕਿ ਸੜਕ ਦੁਰਘਟਨਾਵਾਂ ਆਏ ਦਿਨ ਮੀਡੀਆ ਦੀਆਂ ਸੁਰਖੀਆਂ ਬਣ ਰਹੀਆਂ ਹਨ। ਸੜਕ ਹਾਦਸਿਆਂ ਰਾਹੀਂ ਪਰਿਵਾਰਾਂ ਦੇ ਪਰਿਵਾਰਾਂ ਦਾ ਮੌਤ ਦੇ ਮੂੰਹ ਜਾਣਾ ਆਮ ਹੁੰਦਾ ਜਾ ਰਿਹਾ ਹੈ। ਅੱਜ ਅੰਕੜੇ ਇਹ ਹਨ ਕਿ ਹਰ ਸਾਲ ਹਾਦਸਿਆਂ ਦੌਰਾਨ ਚਾਰ ਹਜ਼ਾਰ ਤੋਂ ਉੱਪਰ ਲੋਕ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ। ਅਜਿਹਾ ਭਿਆਨਕ ਵਰਤਾਰਾ ਕਿਉਂ ਪਨਪ ਰਿਹਾ ਹੈ? ਇਹ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸੁਖਾਵਾਂ ਤੇ ਵਧੀਆ ਜੀਵਨ ਜਿਊਣ ਲਈ ਨਿਯਮਾਂ ਦਾ ਪਾਲਣ ਕਰਨਾ ਬੇਹੱਦ ਜ਼ਰੂਰੀ ਹੈ। ਨਸ਼ਾ ਕਰਕੇ ਡਰਾਈਵਿੰਗ ਕਰਨਾ ਗ਼ੈਰ-ਕਾਨੂੰਨੀ ਤਾਂ ਹੈ ਹੀ ਤੇ ਨਾਲ ਹੀ ਮੌਤ ਨੂੰ ਆਵਾਜ਼ ਮਾਰਨ ਦੇ ਬਰਾਬਰ ਵੀ ਹੈ। ਦੋ ਪਹੀਆ ਵਾਹਨ 'ਤੇ ਤਿੰਨ ਤੋਂ ਚਾਰ ਵਿਦਿਆਰਥੀਆਂ ਦਾ ਬੈਠਣਾ ਵੀ ਨਿਯਮਾਂ ਦੀ ਉਲੰਘਣਾ ਹੈ। ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕਤਾ ਮੁਹਿੰਮ ਪੂਰੀ ਗੰਭੀਰਤਾ ਨਾਲ ਚਲਾਈ ਜਾਵੇ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਿਆ ਜਾਵੇ। ਸਫ਼ਰ ਦੌਰਾਨ ਯਾਦ ਰੱਖੋ ਕਿ ਤੁਹਾਨੂੰ ਘਰ 'ਚ ਕੋਈ ਉਡੀਕ ਰਿਹਾ ਹੈ। ਨਿਯਮਾਂ 'ਚ ਰਹਿਣਾ ਹੀ ਸਾਡੇ ਹਿਤ ਵਿਚ ਹੈ।


-ਬੰਤ ਘੁਡਾਣੀ
ਪਿੰਡ ਤੇ ਡਾਕ : ਘੁਡਾਣੀ ਕਲਾਂ, ਲੁਧਿਆਣਾ।


ਦੁੱਖਦਾਈ ਦਾਸਤਾਨ
ਇਰਾਕ ਦੇਸ਼ ਦੇ ਮੋਸੂਲ ਸ਼ਹਿਰ ਵਿਚ 39 ਭਾਰਤੀ ਕਾਮਿਆਂ ਨੂੰ ਇਸਲਾਮਿਕ ਅੱਤਵਾਦੀ ਸੰਗਠਨ ਨੇ ਹਿਰਾਸਤ ਵਿਚ ਲੈ ਕੇ ਮਾਰ ਦਿੱਤਾ ਸੀ। ਪਿਛਲੇ ਦਿਨੀਂ ਭਾਰਤੀ ਕਾਮਿਆਂ ਦੀਆਂ ਅਸਥੀਆਂ ਦੇ ਤਾਬੂਤ ਭਾਰਤ ਪੁੱਜੇ ਹਨ। ਭਾਰਤ ਅਤੇ ਪੰਜਾਬ ਵਿਚ ਮਾਹੌਲ ਗ਼ਮਗੀਨ ਹੋ ਗਿਆ। ਇਨ੍ਹਾਂ ਵਿਛੜ ਗਏ ਨੌਜਵਾਨਾਂ ਨੇ ਤਾਂ ਵਾਪਸ ਨਹੀਂ ਆਉਣਾ ਪਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਲੋਂ ਪ੍ਰਭਾਵਿਤ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਦੇ ਐਲਾਨ ਨਾਲ ਥੋੜ੍ਹੀ ਜਿਹੀ ਢਾਰਸ ਜ਼ਰੂਰ ਹੋਈ ਹੈ। ਸੋਚਣਾ ਬਣਦਾ ਹੈ ਇਸ ਦੁਖਦਾਈ ਘਟਨਾ ਬਾਰੇ ਅਤੇ ਦੇਸ਼ ਦੇ ਬੇਰੁਜ਼ਗਾਰ ਨੌਜਵਾਨ ਬਾਰੇ ਜੋ ਲਗਾਤਾਰ ਵਿਦੇਸ਼ਾਂ ਵਿਚ ਰੁਜ਼ਗਾਰ ਦੀ ਭਾਲ ਵਿਚ ਪ੍ਰਵਾਸ ਕਰ ਰਹੇ ਹਨ। ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਨੂੰ ਵੱਧ ਤੋਂ ਵੱਧ ਰੁਜ਼ਗਾਰ ਪੈਦਾ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ, ਤਾਂ ਜੋ ਨੌਜਵਾਨ ਰੁਜ਼ਗਾਰ ਦੀ ਖ਼ਾਤਰ ਵਿਦੇਸ਼ਾਂ ਵਿਚ ਨਾ ਭਟਕਣ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿ: ਪਟਿਆਲਾ।


ਆਵਾਜ਼ ਪ੍ਰਦੂਸ਼ਣ
ਆਦਮੀ ਨੇ ਕੁਦਰਤ ਨਾਲ ਛੇੜਛਾੜ ਕਰਕੇ ਮਾਨਸਿਕ ਪ੍ਰੇਸ਼ਾਨੀਆਂ ਪੈਦਾ ਕਰ ਲਈਆਂ ਹਨ। ਵਾਤਾਵਰਨ ਪ੍ਰਦੂਸ਼ਿਤ ਹੋ ਜਾਣ ਕਾਰਨ ਭਿਆਨਕ ਬਿਮਾਰੀਆਂ ਆਮ ਲੋਕਾਂ ਨੂੰ ਲੱਗ ਰਹੀਆਂ ਹਨ। ਇਸ ਤਰ੍ਹਾਂ ਆਵਾਜ਼ ਪ੍ਰਦੂਸ਼ਣ ਦੇ ਵਧ ਰਹੇ ਰੁਝਾਨ ਕਾਰਨ ਆਮ ਆਦਮੀ ਪ੍ਰਭਾਵਿਤ ਹੋ ਰਿਹਾ ਹੈ। ਪਿੰਡ-ਪਿੰਡ, ਸ਼ਹਿਰ-ਸ਼ਹਿਰ ਮੰਦਰ, ਗੁਰੂ ਘਰ ਆਦਿ ਉਸਾਰੇ ਜਾ ਰਹੇ ਹਨ। ਕਈ ਥਾਵਾਂ 'ਤੇ ਆਪਸੀ ਦੂਰੀ ਵੀ 200 ਗਜ਼ ਤੱਕ ਦੀ ਹੁੰਦੀ ਹੈ। ਜਿਉਂ ਹੀ ਸ਼ਾਮ ਹੁੰਦੀ ਹੈ ਜਾਂ ਦਿਨ ਚੜ੍ਹਦਾ ਹੈ ਤਾਂ ਉੱਚੀ-ਉੱਚੀ ਆਵਾਜ਼ ਵਿਚ ਭਜਨ, ਕੀਰਤਨ, ਕਥਾ ਆਦਿ ਸ਼ੁਰੂ ਹੋ ਜਾਂਦੀ ਹੈ।
ਉਕਤ ਸਪੀਕਰਾਂ ਦੀ ਉੱਚੀ ਆਵਾਜ਼ ਟਕਰਾ ਕੇ ਆਵਾਜ਼ ਪ੍ਰਦੂਸ਼ਣ ਕਰ ਰਹੀ ਹੁੰਦੀ ਹੈ, ਕਿਸੇ ਦੇ ਪੱਲੇ ਕੁਝ ਨਹੀਂ ਪੈਂਦਾ। ਰਾਤ ਨੂੰ ਅਕਸਰ ਜਗਰਾਤੇ ਕੀਤੇ ਜਾਂਦੇ ਹਨ। ਸਾਰੀ-ਸਾਰੀ ਰਾਤ ਉੱਚੀ ਆਵਾਜ਼ 'ਚ ਸਪੀਕਰ ਲਾ ਕੇ ਪ੍ਰੋਗਰਾਮ ਕੀਤੇ ਜਾਂਦੇ ਹਨ, ਜਿਸ ਕਾਰਨ ਬਿਮਾਰ ਲੋਕਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਆਉਂਦੀ ਹੈ। ਆਵਾਜ਼ ਪ੍ਰਦੂਸ਼ਣ ਰੋਕਣ ਲਈ ਪ੍ਰਸ਼ਾਸਨ ਤੇ ਆਮ ਜਥੇਬੰਦੀਆਂ ਨੂੰ ਠੋਸ ਉਪਰਾਲੇ ਕਰਨ ਦੀ ਜ਼ਰੂਰਤ ਹੈ ਤਾਂ ਜੋ ਮਾਨਸਿਕ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਇਆ ਜਾ ਸਕੇ।


-ਹਰਭਜਨ ਸਿੰਘ ਝੰਡਾ
ਸਰਦੂਲਗੜ੍ਹ।


ਸਹੀ ਸੇਧ ਦੀ ਜ਼ਰੂਰਤ
ਅੱਜਕਲ੍ਹ ਦਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ? ਅਸੀਂ ਜਦੋਂ ਰੋਜ਼ ਸਵੇਰੇ ਅਖ਼ਬਾਰ ਪੜ੍ਹਦੇ ਹਾਂ ਜਾਂ ਟੀ.ਵੀ. 'ਤੇ ਖ਼ਬਰਾਂ ਦੇਖਦੇ ਹਾਂ ਤਾਂ ਕਿਸੇ ਸੁਖਾਵੀਂ ਖ਼ਬਰ ਦੀ ਆਸ ਵਿਚ ਅੱਖਾਂ ਅਤੇ ਕੰਨ ਤਰਸ ਜਾਂਦੇ ਹਨ। ਜ਼ਿਆਦਾਤਰ ਖ਼ਬਰਾਂ ਕਿਸੇ ਅਣਸੁਖਾਵੀਂ ਘਟਨਾ ਬਾਰੇ, ਬੱਚਿਆਂ ਨਾਲ ਦੁਸ਼ਕਰਮ ਬਾਰੇ, ਦੇਸ਼ ਵਿਚ ਹੋ ਰਹੇ ਘੁਟਾਲਿਆਂ ਬਾਰੇ ਜਾਂ ਬੇਰੁਜ਼ਗਾਰੀ ਤੋਂ ਤੰਗ ਆਏ ਨੌਜਵਾਨਾਂ ਦੁਆਰਾ ਕੀਤੀਆਂ ਹੜਤਾਲਾਂ ਅਤੇ ਮੁਜ਼ਾਹਰਿਆਂ ਨਾਲ ਭਰੀਆਂ ਹੁੰਦੀਆਂ ਹਨ। ਸਮਾਜ ਵਿਚ ਸਹਿਣਸ਼ੀਲਤਾ ਹੇਠਲੇ ਪੱਧਰ ਤੱਕ ਡਿੱਗ ਚੁੱਕੀ ਹੈ। ਲੋਕਾਂ ਵਿਚ ਗੁੱਸਾ ਏਨਾ ਭਰਿਆ ਪਿਆ ਹੈ ਕਿ ਛੋਟੀ ਜਿਹੀ ਗੱਲ ਦਾ ਬਤੰਗੜ ਬਣ ਜਾਂਦਾ ਹੈ ਅਤੇ ਲੋਕ ਇਕ-ਦੂਜੇ ਦੇ ਲਹੂ ਦੇ ਪਿਆਸੇ ਹੋ ਜਾਂਦੇ ਹਨ। ਜ਼ਿਆਦਾਤਰ ਮੁਜ਼ਾਹਰੇ ਅਤੇ ਦੰਗੇ ਗ਼ਰੀਬ ਦੀ ਆਵਾਜ਼ ਦੇ ਨਾਂਅ 'ਤੇ ਕੀਤੇ ਜਾਂਦੇ ਹਨ ਪਰ ਉਸੇ ਗ਼ਰੀਬ ਘਰ ਜਦੋਂ ਸ਼ਾਮ ਨੂੰ ਚੁੱਲ੍ਹਾ ਨਹੀਂ ਬਲਦਾ, ਉਸ ਨੂੰ ਪੁੱਛਣ ਵਾਲਾ ਕੋਈ ਨਹੀਂ ਹੁੰਦਾ। ਅੱਜ ਦੇ ਸਮਾਜ ਵਿਚ ਲੋੜ ਇਸ ਗੱਲ ਦੀ ਹੈ ਕਿ ਆਪਸੀ ਭਾਈਚਾਰਾ ਵਧੇ-ਫੁੱਲੇ। ਲੋਕ ਅਤੇ ਖ਼ਾਸ ਕਰਕੇ ਨੌਜਵਾਨ ਵਰਗ ਅਫਵਾਹਾਂ ਸੁਣ ਕੇ ਉਕਸਾਵੇ ਵਿਚ ਨਾ ਆਉਣ ਅਤੇ ਆਪਣੀ ਸ਼ਕਤੀ ਨੂੰ ਉਸਾਰੂ ਕੰਮ ਵਿਚ ਲਾ ਕੇ ਦੇਸ਼ ਦੀ ਨੁਹਾਰ ਬਦਲਣ ਵਿਚ ਆਪਣੀ ਭੂਮਿਕਾ ਨਿਭਾਉਣ।


ਕੁਲਦੀਪ ਸ਼ਰਮਾ
ਜਲੰਧਰ।


ਇਕ ਸ਼ਰਮਨਾਕ ਸੱਚ
ਅਜਿਹਾ ਸੱਚ ਜਿਸ ਨੂੰ ਸੁਣ ਕੇ ਸਾਡੀਆਂ ਅੱਖਾਂ ਸ਼ਰਮ ਨਾਲ ਨੀਵੀਆਂ ਹੋ ਗਈਆਂ। ਉਸ ਮਾਸੂਮ ਦੀਆਂ ਭਾਵਨਾਵਾਂ ਨਾਲ ਖੇਡਣ ਵਾਲੇ ਨੂੰ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਅਜਿਹਾ ਕਰਨ ਬਾਰੇ ਕੋਈ ਸੋਚ ਵੀ ਨਾ ਸਕੇ। ਜਬਰ ਜਨਾਹ ਵਰਗੀਆਂ ਸ਼ਰਮਨਾਕ ਘਟਨਾਵਾਂ ਪਹਿਲਾਂ ਵੀ ਕਿੰਨੀ ਵਾਰ ਸੁਣਨ ਨੂੰ ਮਿਲੀਆਂ। ਹਰ ਰੋਜ਼ ਅਖ਼ਬਾਰਾਂ 'ਚ ਪੜ੍ਹਦੇ ਹਾਂ ਅਸੀਂ, ਪਰ ਅਜਿਹੀ ਗੰਦੀ ਹਰਕਤ ਕਰਨ ਵਾਲਿਆਂ ਨੂੰ ਸਜ਼ਾ ਦੀ ਘਾਟ ਕਰਕੇ ਹੀ ਧੀਆਂ ਵਾਲੇ ਅਸੁਰੱਖਿਅਤ ਹਨ। ਛੋਟੀਆਂ-ਛੋਟੀਆਂ ਬੱਚੀਆਂ ਨਾਲ ਸਰੀਰਕ ਸ਼ੋਸ਼ਣ ਹੋ ਰਿਹਾ ਹੈ।
ਕਈ ਸਾਲ ਪਹਿਲਾਂ ਦਿੱਲੀ ਵਿਚ ਹੋਏ ਬੱਸ ਕਾਂਡ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਅਜਿਹੇ ਦਰਿੰਦਿਆਂ 'ਤੇ ਸਖ਼ਤ ਤੋਂ ਸਖ਼ਤ ਕਾਨੂੰਨ ਲਾਗੂ ਕੀਤਾ ਜਾਣਾ ਚਾਹੀਦਾ ਹੈ। ਇਹੋ ਜਿਹੀ ਸਜ਼ਾ ਹੋਵੇ ਤਾਂ ਜੋ ਜਬਰ ਜਨਾਹ ਦੀ ਇਹ ਖੂਨੀ ਖੇਡ ਜੜ੍ਹ ਤੋਂ ਖ਼ਤਮ ਹੋ ਸਕੇ। ਅਜਿਹੇ ਸੱਚ ਦਾ ਸਾਹਮਣਾ ਮਾਸੂਮ ਬੱਚੀਆਂ ਕਿਉਂ ਕਰਨ? ਜਿਨ੍ਹਾਂ ਦੀ ਖੇਡਣ ਦੀ ਉਮਰ ਹੁੰਦੀ ਹੈ। ਆਸਿਫਾ ਲਈ ਇਨਸਾਫ਼ ਦੀ ਸਾਰਿਆਂ ਨੂੰ ਉਡੀਕ ਹੈ।


-ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ (ਲੁਧਿਆਣਾ)।

19-04-2018

 ਖਸਤਾ ਹਾਲਤ ਵਿਚ ਸਕੂਲੀ ਬੱਸਾਂ
ਪਿਛਲੇ ਦਿਨੀਂ ਇਕ ਸਕੂਲੀ ਬੱਸ ਖੱਡ ਵਿਚ ਡਿੱਗਣ ਕਾਰਨ 27 ਬੱਚੇ ਮਰਨ ਦੀ ਖ਼ਬਰ ਨੇ ਦਿਲ ਨੂੰ ਬੜੀ ਠੇਸ ਪਹੁੰਚਾਈ। ਅੱਜਕਲ੍ਹ ਪ੍ਰਾਈਵੇਟ ਸਕੂਲਾਂ ਖਿਲਾਫ਼ ਬੜਾ ਰੌਲਾ ਪਿਆ ਹੋਇਆ ਹੈ ਕਿ ਸਕੂਲ ਫੀਸਾਂ ਵਧ ਲੈ ਰਹੇ ਹਨ। ਸਹੀ ਸਹੂਲਤਾਂ ਨਹੀਂ ਦੇ ਰਹੇ। ਵਰਦੀ, ਕਿਤਾਬਾਂ ਆਦਿ 'ਚ ਕਮਿਸ਼ਨ ਲੈਂਦੇ ਹਨ। ਭਾਵ ਸਾਡੀ ਆਰਥਿਕ ਲੁੱਟ ਕਰ ਰਹੇ ਹਨ। ਪਰ ਇਸ ਤੋਂ ਵੀ ਮਹੱਤਵਪੂਰਨ ਹੈ ਕਿ ਬੱਚਿਆਂ ਦੀ ਜਾਨ। ਜੋ ਇਨ੍ਹਾਂ ਸਕੂਲਾਂ ਦੀਆਂ ਘਟੀਆ ਬੱਸਾਂ ਦਾ ਮਸਲਾ ਹੈ, ਜਿਨ੍ਹਾਂ ਵੱਲ ਅਸੀਂ ਲੋੜੀਂਦਾ ਧਿਆਨ ਨਹੀਂ ਦੇ ਰਹੇ। ਇਨ੍ਹਾਂ ਤੋਂ ਵੀ ਅਗਾਂਹ ਕਈ ਸਕੂਲਾਂ ਵਿਚ ਤਾਂ ਜਗਾੜੂ ਸਾਧਨ ਬਣਾ ਕੇ ਉਨ੍ਹਾਂ ਵਿਚ ਬੱਚਿਆਂ ਨੂੰ ਸਕੂਲ ਲਿਜਾਇਆ ਜਾਂਦਾ ਹੈ, ਜਿਨ੍ਹਾਂ ਦਾ ਕਿਰਾਇਆ ਕੁਝ ਘੱਟ ਹੋਣ ਕਰਕੇ ਮਾਪੇ ਵੀ ਕੋਈ ਪਰਵਾਹ ਨਹੀਂ ਕਰਦੇ। ਕਿਸੇ ਹਾਦਸੇ ਵਾਪਰਨ 'ਤੇ ਸਰਕਾਰ ਵੀ ਗੋਂਗਲੂਆਂ ਤੋਂ ਮਿੱਟੀ ਝਾੜ ਛੱਡਦੀ ਹੈ। ਕੁਝ ਚਿਰ ਬਾਅਦ ਫਿਰ ਉਹੀ ਸਭ ਕੁਝ ਚਲਦਾ ਰਹਿੰਦਾ ਹੈ। ਸੋ, ਫੀਸਾਂ ਤੋਂ ਵੀ ਪਹਿਲਾਂ ਸਕੂਲਾਂ ਦੀਆਂ ਬੱਸਾਂ ਤੇ ਹੋਰ ਜਗਾੜੂ ਸਾਧਨਾਂ ਜਾਂ ਰਿਕਸ਼ਾ ਆਦਿ 'ਤੇ ਵੱਧ ਗਿਣਤੀ ਵਿਚ ਬਿਠਾਏ ਬੱਚੇ ਵੀ ਹਾਦਸੇ ਦੇ ਸ਼ਿਕਾਰ ਹੋ ਜਾਂਦੇ ਹਨ। ਇਸ ਗੱਲ ਵੱਲ ਮਾਪਿਆਂ ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਸਰਕਾਰ ਨੂੰ ਅਜਿਹੇ ਸਕੂਲਾਂ 'ਤੇ ਸਖ਼ਤੀ ਵਰਤਣੀ ਚਾਹੀਦੀ ਹੈ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਬੰਦ ਕੋਈ ਸਾਰਥਕ ਹੱਲ ਨਹੀਂ
ਭਾਰਤ ਵਿਚ ਪਿਛਲੇ ਸਮੇਂ ਤੋਂ ਵਿਆਪਕ ਪੱਧਰ 'ਤੇ ਬੰਦ ਦੇ ਐਲਾਨ ਦੇਸ਼ ਹਿਤ ਵਿਚ ਨਹੀਂ ਹਨ। ਇਸ ਬੰਦ ਦੇ ਐਲਾਨ ਨਾਲ ਜਿਥੇ ਆਮ ਲੋਕਾਂ ਦੇ ਕੰਮਕਾਜ ਪ੍ਰਭਾਵਿਤ ਹੁੰਦੇ ਹਨ, ਉਥੇ ਹੀ ਵਿਦਿਅਕ ਸੰਸਥਾਵਾਂ ਦੇ ਬੰਦ ਹੋਣ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੁੰਦੀ ਹੈ। ਸਭ ਤੋਂ ਜ਼ਿਆਦਾ ਨੁਕਸਾਨ ਸਰਕਾਰੀ ਤੰਤਰ ਨੂੰ ਹੁੰਦਾ ਹੈ। ਸਰਕਾਰੀ ਸੰਸਥਾਵਾਂ ਬੰਦ ਹੋਣ ਕਰਕੇ ਕੇਂਦਰ ਤੇ ਰਾਜ ਸਰਕਾਰਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ। ਪਿਛਲੇ ਦਿਨੀਂ ਬੰਦ ਦਾ ਸਭ ਤੋਂ ਭਿਆਨਕ ਰੂਪ ਉੱਭਰ ਕੇ ਸਾਹਮਣੇ ਆਇਆ ਹੈ ਕਿ ਜਾਤੀ ਵਰਗ ਦੇ ਆਧਾਰ 'ਤੇ ਬੰਦ ਦੇ ਸੱਦੇ ਜਿਥੇ ਦੇਸ਼ ਵਿਚ ਫ਼ਿਰਕੂਵਾਦ ਫੈਲਾਅ ਰਹੇ ਹਨ, ਉਥੇ ਦੇਸ਼ ਇਕ ਜਾਤੀ ਦੇ ਲੋਕਾਂ ਦੀ ਦੂਸਰੀ ਜਾਤੀ ਦੇ ਲੋਕਾਂ ਨਾਲ ਹਿੰਸਾ ਵੀ ਵਧ ਰਹੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਝੂਠੀਆਂ ਖ਼ਬਰਾਂ ਇਨ੍ਹਾਂ ਘਟਨਾਵਾਂ ਨੂੰ ਹੋਰ ਬੜਾਵਾ ਦਿੰਦੀਆਂ ਹਨ। ਇਸ ਲਈ ਰਾਜਸੀ ਪਾਰਟੀਆਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਖਾਸ ਜਾਤੀ ਵਰਗ ਦੀ ਰਾਜਨੀਤੀ ਨਾ ਕਰਨ, ਸਾਰੇ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਨਿਆਇਕ ਅਦਾਲਤਾਂ ਦੇ ਫ਼ੈਸਲਿਆਂ ਨੂੰ ਸਵੀਕਾਰ ਕਰਨ। ਜੇਕਰ ਉਨ੍ਹਾਂ ਨੂੰ ਲਗਦਾ ਹੈ ਕਿ ਫ਼ੈਸਲਾ ਉਨ੍ਹਾਂ ਦੇ ਹਿਤਾਂ ਦੇ ਖਿਲਾਫ਼ ਹੈ ਤਾਂ ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਰਾਹੀਂ ਇਸ ਦਾ ਹੱਲ ਕਰਨਾ ਚਾਹੀਦਾ ਹੈ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।


ਕਿਹੜੀ ਮਰਿਆਦਾ ਭੰਗ ਹੋਈ?
26 ਮਾਰਚ ਦੇ ਅੰਕ ਵਿਚ 'ਬੇਬੇ ਨਾਨਕੀ ਗੁਰਮਤਿ ਸਮਾਗਮ' ਸਬੰਧੀ ਖ਼ਬਰ ਛਪੀ, ਜਿਸ ਮੁਤਾਬਿਕ ਬੀਬੀਆਂ ਵਲੋਂ ਮੰਜੀ ਸਾਹਿਬ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਮਰਿਆਦਾ ਦੀ ਉਲੰਘਣਾ ਕੀਤੀ ਗਈ। ਇਹ ਅਖੌਤੀ ਮਰਿਆਦਾ ਦਰਬਾਰ ਸਾਹਿਬ ਕੰਪਲੈਕਸ 'ਤੇ ਲੰਮਾ ਸਮਾਂ ਕਾਬਜ਼ ਰਹੇ ਧੀਰਮੱਲੀਆ ਦੀ ਦੇਣ ਹੈ, ਜੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਜੰਗਾਂ ਵਿਚ ਉਲਝਣ ਮਗਰੋਂ ਹਾਲਾਤ ਦਾ ਫਾਇਦਾ ਉਠਾ ਕੇ ਦਰਬਾਰ ਸਾਹਿਬ 'ਤੇ ਕਾਬਜ਼ ਹੋ ਗਏ ਸਨ।
ਗੁਰੂ ਦੀ ਸਿੱਖੀ ਸਿਰਫ ਮਰਦਾਂ ਲਈ ਰਾਖਵੀਂ ਨਹੀਂ ਹੈ, ਸਗੋਂ ਸਿੱਖ ਬੀਬੀਆਂ ਵੀ ਬਰਾਬਰ ਦੀਆਂ ਹਿੱਸੇਦਾਰ ਹਨ। ਮੀਰ ਮੰਨੂੰ ਦੀ ਕੈਦ ਵਿਚ ਬੱਚਿਆਂ ਦੇ ਟੋਟੇ ਕਰਵਾ ਕੇ ਝੋਲੀ ਪਵਾਉਣ ਵਾਲੀਆਂ ਬੀਬੀਆਂ ਗੁਰੂ ਦੀ ਤਾਬਿਆ ਬੈਠਣ ਦੀਆਂ ਹੱਕਦਾਰ ਕਿਉਂ ਨਹੀਂ ਹੋ ਸਕਦੀਆਂ? ਇਸ ਦਾ ਜਵਾਬ ਗੁਰਧਾਮਾਂ 'ਤੇ ਕਾਬਜ਼ ਲੋਕਾਂ ਨੂੰ ਦੇਣਾ ਚਾਹੀਦਾ ਹੈ।


-ਗੁਰਬਖਸ਼ ਸਿੰਘ
ਪਿੰਡ ਨਸੀਰਪੁਰ, ਡਾਕ: ਨੱਲ੍ਹ, ਤਹਿ: ਸ਼ਾਹਕੋਟ (ਜਲੰਧਰ)।


ਇਮਤਿਆਜ਼ ਕਿਉਂ?
ਬੋਰਡ ਦੀਆਂ ਕਲਾਸਾਂ ਦੇ ਨਤੀਜੇ ਭਾਵੇਂ ਮਈ-ਜੂਨ 'ਚ ਆਉਣੇ ਹਨ ਪਰ ਨਵੇਂ ਸੈਸ਼ਨ ਅਪ੍ਰੈਲ ਵਿਚ ਸ਼ੁਰੂ ਹੋ ਜਾਂਦੇ ਹਨ। ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਆਟੇ 'ਚ ਲੂਣ ਸਮਾਨ ਰਹਿ ਗਈ ਹੈ, ਜਿਸ ਦਾ ਜ਼ਿੰਮੇਵਾਰ ਕੌਣ ਹੈ? ਸਰਕਾਰ ਹੋਰ ਸਭ ਪਾਸੇ ਤਾਂ ਪੂਰਾ ਸ਼ਿਕੰਜਾ ਕੱਸ ਰਹੀ ਹੈ ਪਰ ਸਕੂਲਾਂ 'ਤੇ ਕਿਉਂ ਨਹੀਂ? ਮਹਿੰਗੇ ਸਕੂਲਾਂ ਵਿਚ ਬੱਚੇ ਪੜ੍ਹਾਉਣਾ ਅੱਜ ਸਭ ਦੀ ਮਜਬੂਰੀ ਬਣ ਗਈ ਹੈ। ਪਰ ਇਕ ਗੱਲ ਸਮਝੋਂ ਬਾਹਰ ਹੈ ਕਿ ਜਿਨ੍ਹਾਂ ਸਕੂਲਾਂ ਵਿਚ ਉੱਚ ਸਿੱਖਿਆ ਪ੍ਰਾਪਤ ਅਧਿਆਪਕ ਹਨ, ਉਥੇ ਤਾਂ ਸਾਨੂੰ ਯਕੀਨ ਨਹੀਂ ਜਿਥੇ ਸਾਡੀ ਚੰਗੀ ਤਰ੍ਹਾਂ ਛਿੱਲ ਲਹਿੰਦੀ ਹੈ ਤੇ ਅਧਿਆਪਕ ਵੀ ਬੀ.ਏ. ਪਾਸ ਹੁੰਦੇ ਹਨ, ਉਥੇ ਸਾਨੂੰ ਪੂਰਾ ਯਕੀਨ ਹੈ। ਸਰਕਾਰ ਨੂੰ ਇਕ ਗੱਲ ਸਖ਼ਤੀ ਨਾਲ ਲਾਗੂ ਕਰਨੀ ਬਣਦੀ ਹੈ ਕਿ ਜਿੰਨੇ ਵੀ ਸਰਕਾਰੀ ਮੁਲਾਜ਼ਮ ਹਨ, ਸਭ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਨਗੇ, ਨੌਕਰੀ ਸਮੇਂ ਇਹ ਸ਼ਰਤ ਯਕੀਨੀ ਹੋਵੇ ਤਾਂ ਜ਼ਰੂਰ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਧੇਗੀ। ਜਦੋਂ ਇਹ ਇਮਤਿਆਜ਼ (ਭੇਦਭਾਵ) ਖ਼ਤਮ ਹੋ ਜਾਵੇਗਾ, ਜ਼ਰੂਰ ਹੀ ਸਿੱਖਿਆ ਦਾ ਪੱਧਰ ਉੱਚਾ ਹੋਵੇਗਾ। ਅਜਿਹੀ ਉਮੀਦ ਹੈ।


-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।


ਪੈਨਸ਼ਨਾਂ
ਇਸ ਸਮੇਂ ਪੰਜਾਬ ਵਿਚ ਬੁਢਾਪਾ, ਵਿਧਵਾ, ਅਪੰਗ ਤੇ ਆਸ਼ਰਿਤ ਬੱਚਿਆਂ ਨੂੰ ਪੈਨਸ਼ਨ ਬੈਂਕਾਂ ਰਾਹੀਂ ਦਿੱਤੀ ਜਾ ਰਹੀ ਹੈ। ਜਿਸ ਕਰਕੇ ਲੋਕਾਂ ਨੂੰ ਕਤਾਰਾਂ 'ਚ ਲੱਗ ਕੇ ਪੈਨਸ਼ਨ ਲੈਣ ਲਈ ਬੜਾ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਬੈਂਕ ਮੁਲਾਜ਼ਮ ਪਹਿਲਾਂ ਹੀ ਜ਼ਿਆਦਾ ਕੰਮ ਦੇ ਬੋਝ ਥੱਲੇ ਦੱਬੇ ਹੋਏ ਹਨ, ਉੱਥੇ ਸਰਕਾਰ ਪੈਨਸ਼ਨਾਂ ਵੰਡਣ ਦਾ ਕੰਮ ਬੈਂਕਾਂ ਨੂੰ ਦੇ ਕੇ ਆਪਣੀ ਨਲਾਇਕੀ ਸਾਬਤ ਕਰ ਚੁੱਕੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਬੈਂਕਾਂ ਨੂੰ ਪੈਨਸ਼ਨ ਵੰਡਣ ਦੇ ਕੰਮ ਤੋਂ ਲਾਂਭੇ ਰੱਖਿਆ ਜਾਵੇ, ਕਿਉਂਕਿ ਬੈਂਕਾਂ ਵਿੱਚ ਮੁਲਾਜ਼ਮਾਂ ਦੀ ਕਮੀ ਹੋਣ ਕਰਕੇ ਬੈਂਕ ਦੇ ਹੋਰ ਕੰਮ ਹੀ ਮਸਾਂ ਪੂਰੇ ਹੁੰਦੇ ਹਨ।
ਪੈਨਸ਼ਨਾਂ ਵੰਡਣ ਦਾ ਕੰਮ ਪਿੰਡਾਂ ਵਿਚ ਸਰਪੰਚ ਤੇ ਸੈਕਟਰੀ ਦੇ ਹਵਾਲੇ ਕੀਤਾ ਜਾਵੇ ਪਰ ਸਮੇਂ-ਸਮੇਂ 'ਤੇ ਚੈਕਿੰਗ ਕਰਵਾ ਕੇ ਇਹ ਯਕੀਨੀ ਬਣਾਇਆ ਜਾਵੇ ਕਿ ਪੈਨਸ਼ਨ ਲਾਭਪਾਤਰੀਆਂ ਨੂੰ ਵੰਡੀ ਜਾ ਰਹੀ ਹੈ ਜਾਂ ਨਹੀਂ। ਸਰਕਾਰ ਨੂੰ ਇਸ ਸਮੱਸਿਆ ਦੇ ਹੱਲ ਲਈ ਪਿੰਡ 'ਚ ਪੈਨਸ਼ਨ ਵੰਡਣੀ ਲਾਗੂ ਕਰਕੇ ਹਰ ਮਹੀਨੇ ਪੈਨਸ਼ਨ ਦੇਣੀ ਲਾਜ਼ਮੀ ਕਰਨੀ ਚਾਹੀਦੀ ਹੈ, ਤਾਂ ਹੀ ਲੋਕਾਂ ਨੂੰ ਇਸ ਖੱਜਲ ਖੁਆਰੀ ਤੋਂ ਨਿਜ਼ਾਤ ਮਿਲ ਸਕੇਗੀ।


-ਸ਼ਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆਂ, ਡਾਕ: ਚੀਮਾਂ ਖੁੱਡੀ, ਜ਼ਿਲ੍ਹਾ ਗੁਰਦਾਸਪੁਰ।

18-04-2018

 ਭਾਰਤ ਬੰਦ ਬਾਰੇ

ਕੋਈ ਵੀ ਵਰਗ ਹੌਲੇ ਜਿਹੇ ਮੂੰਹ ਨਾਲ ਬੰਦ ਦਾ ਸੱਦਾ ਦੇ ਦਿੰਦਾ ਹੈ ਪਰ ਇਸ ਦਾ ਨੁਕਸਾਨ ਕਿੰਨਾ ਹੁੰਦਾ ਹੈ, ਇਸ ਬਾਰੇ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ। ਬੰਦ ਤੋਂ ਬਾਅਦ ਟੀ.ਵੀ. 'ਤੇ ਖ਼ਬਰ ਆ ਰਹੀ ਸੀ ਕਿ ਪੀ.ਆਰ.ਟੀ.ਸੀ. ਰੋਜ਼ਾਨਾ ਡੇਢ ਕਰੋੜ ਰੁਪਏ ਕਮਾਉਂਦੀ ਹੈ ਅਤੇ ਇਸ ਵਿਚੋਂ 50 ਲੱਖ ਦੇ ਕਰੀਬ ਉਸ ਦਾ ਖਰਚਾ ਕੱਢ ਦਿੱਤਾ ਜਾਵੇ ਤਾਂ ਫਿਰ ਬੰਦ ਦੌਰਾਨ ਉਸ ਨੂੰ ਘੱਟੋ-ਘੱਟ ਇਕ ਕਰੋੜ ਦਾ ਨੁਕਸਾਨ ਹੋਇਆ ਹੈ।
ਇਸ ਤੋਂ ਇਲਾਵਾ ਗ਼ਰੀਬ, ਦਿਹਾੜੀਦਾਰ ਮਜ਼ਦੂਰ ਤਬਕਾ ਦੁਖੀ ਹੁੰਦਾ ਹੈ, ਕਿਉਂਕਿ ਉਨ੍ਹਾਂ ਨੇ ਹਰ ਰੋਜ਼ ਕਮਾਉਣਾ ਅਤੇ ਖਾਣਾ ਹੁੰਦਾ ਹੈ। ਅਸੀਂ ਇਹ ਨਹੀਂ ਕਹਿ ਰਹੇ ਕਿ ਆਪਣੇ ਹੱਕ ਦੀ ਖਾਤਰ ਲੜਾਈ ਨਹੀਂ ਲੜਨੀ ਚਾਹੀਦੀ ਪਰ ਇਸ ਦਾ ਢੰਗ ਸ਼ਾਂਤਮਈ ਹੋਵੇ। ਸਾਰਾ ਪੁਆੜਾ ਰਾਜਨੀਤੀ ਦਾ ਹੈ। ਵੋਟਾਂ ਖਾਤਰ ਕਈ ਵਾਰ ਗ਼ਲਤ ਫ਼ੈਸਲੇ ਲੈ ਲਏ ਜਾਂਦੇ ਹਨ, ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਅਜਿਹੇ ਮਾਹੌਲ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੂੰ ਵੀ ਥੋੜ੍ਹੀ-ਬਹੁਤ ਸਖ਼ਤੀ ਵਰਤਣ ਦੀ ਲੋੜ ਹੈ।

-ਹਰਜਿੰਦਰਪਾਲ ਸਿੰਘ ਬਾਜਵਾ
ਕੋਠੀ 536, ਗਲੀ 5 ਬੀ, ਵਿਜੇ ਨਗਰ, ਹੁਸ਼ਿਆਰਪੁਰ।

ਨਿੰਦਣਯੋਗ ਘਟਨਾ

ਪਿਛਲੇ ਦਿਨੀਂ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ 'ਤੇ ਹੋਏ ਹਮਲੇ ਕਰਕੇ ਪੰਜਾਬੀ ਮਨੋਰੰਜਨ ਜਗਤ ਬਹੁਤ ਸਦਮੇ ਵਿਚ ਹੈ। ਪੰਜਾਬ ਵਿਚ ਇਸ ਸਮੇਂ 'ਗੰਨ ਤੇ ਗੈਂਗ' ਦਾ ਰੁਝਾਨ ਆਮ ਲੋਕਾਂ ਲਈ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਆਹ ਸਮਾਗਮ 'ਤੇ ਚਲਦੀਆਂ ਗੋਲੀਆਂ ਨਾਲ ਕੁਝ ਲੋਕ ਇਸ ਦਾ ਸ਼ਿਕਾਰ ਹੋ ਚੁੱਕੇ ਹਨ।
ਸਰਕਾਰ ਸਮੇਂ-ਸਮੇਂ 'ਤੇ ਗੈਂਗਸਟਰਾਂ ਨੂੰ ਕਾਬੂ ਕਰਨ ਦੀ ਗੱਲ ਕਰਦੀ ਹੈ ਪਰ ਸਥਿਤੀ ਦਿਨੋਂ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਗੋਲੀ ਕਿਸੇ ਮਸਲੇ ਦਾ ਹੱਲ ਨਹੀਂ ਜੇ ਕੋਈ ਗਾਇਕ ਇਤਰਾਜ਼ਯੋਗ ਗੀਤ ਗਾਉਂਦਾ ਹੈ ਤਾਂ ਉਸ ਨੂੰ ਸਮਝਾਉਣ ਦੇ ਹੋਰ ਵੀ ਤਰੀਕੇ ਹਨ। ਕਲਾਕਾਰ ਕੋਲੋਂ ਪੈਸੇ ਮੰਗਣੇ, ਤੰਗ ਪ੍ਰੇਸ਼ਾਨ ਕਰਨਾ ਤੇ ਫਿਰ ਗੋਲੀ ਮਾਰ ਦੇਣੀ ਬਹੁਤ ਮਾੜੀ ਗੱਲ ਹੈ। ਪੰਜਾਬ ਦੇ ਇਸ ਸਮੇਂ ਜੋ ਹਾਲਾਤ ਹਨ ਉਸ ਲਈ ਸਰਕਾਰ ਵੀ ਕਾਫੀ ਹੱਦ ਤੱਕ ਜ਼ਿੰਮੇਵਾਰ ਹੈ। ਇਸ ਸਥਿਤੀ ਨੂੰ ਜਲਦੀ ਹੀ ਸੰਭਾਲਣਾ ਪਵੇਗਾ ਨਹੀਂ ਤਾਂ ਇਹ ਸੰਕਟ ਗਹਿਰਾ ਹੋਵੇਗਾ।

ਸ਼ਮਸ਼ੇਰ ਸਿੰਘ ਸੋਹੀ।

ਐਂਬੂਲੈਂਸ ਤੇ ਮੁਲਾਜ਼ਮ

ਭਾਰਤ ਸਰਕਾਰ ਨੇ 'ਨੈਸ਼ਨਲ ਰੂਰਲ ਹੈਲਥ ਮਿਸ਼ਨ' ਬਿਮਾਰ, ਹਾਦਸਾਗ੍ਰਸਤ ਤੇ ਗਰਭਵਤੀ ਔਰਤਾਂ ਲਈ ਐਂਬੂਲੈਂਸ 108 ਨੂੰ ਛੇ ਸਾਲ ਪਹਿਲਾਂ ਲਿਆਂਦਾ ਗਿਆ ਸੀ। ਇਹ ਯੋਜਨਾ ਕੇਂਦਰ ਸਰਕਾਰ ਤੇ ਰਾਜ ਸਰਕਾਰ ਦੀ ਭਾਈਵਾਲੀ ਨਾਲ ਚਲਾਈ ਗਈ ਸੀ। ਪੰਜਾਬ ਵਿਚ 108 ਐਂਬੂਲੈਂਸ ਨੂੰ ਯੁਗੀਸ਼ਾ ਹੈਲਥ ਕੇਅਰ ਲਿਮਟਿਡ ਚਲਾ ਰਹੀ ਹੈ। ਐਂਬੂਲੈਂਸ 'ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਲੇਬਰ ਐਕਟ ਤੋਂ ਘੱਟ ਤਨਖਾਹ ਦੇ ਕੇ ਕੰਪਨੀ ਤੇ ਸਰਕਾਰ ਜਿਥੇ ਉਨ੍ਹਾਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਕਰ ਰਹੀ ਹੈ, ਉਥੇ ਕਿਰਤ ਕਾਨੂੰਨ ਦੀ ਵੀ ਸ਼ਰੇਆਮ ਉਲੰਘਣਾ ਵੀ ਕੀਤੀ ਜਾ ਰਹੀ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਿਹਤ ਮੰਤਰੀ ਤੇ ਹੋਰ ਨੇਤਾਵਾਂ ਨੂੰ ਮੰਗ ਪੱਤਰ ਦਿੱਤੇ ਹਨ ਪਰ ਉਨ੍ਹਾਂ ਲਾਰਿਆਂ ਤੋਂ ਬਿਨਾਂ ਕੁਝ ਵੀ ਪੱਲੇ ਨਹੀਂ ਪਿਆ।

-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

ਵਿਦਿਆਰਥੀ ਖ਼ੁਦਕੁਸ਼ੀਆਂ ਦਾ ਰੁਝਾਨ

ਪਿਛਲੇ ਸਮੇਂ ਤੋਂ ਇਕ ਹੋਰ ਗੰਭੀਰ ਸਮੱਸਿਆ ਉੱਭਰ ਕੇ ਸਾਹਮਣੇ ਆ ਰਹੀ ਹੈ, ਉਹ ਹੈ ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ। ਅੰਕੜਿਆਂ ਮੁਤਾਬਿਕ ਦੇਸ਼ ਵਿਚ ਪਿਛਲੇ ਤਿੰਨ ਸਾਲਾਂ ਤੋਂ 27 ਹਜ਼ਾਰ ਦੇ ਕਰੀਬ ਵਿਦਿਆਰਥੀ ਖ਼ੁਦਕੁਸ਼ੀਆਂ ਕਰ ਚੁੱਕੇ ਹਨ। ਇਨ੍ਹਾਂ ਖ਼ੁਦਕੁਸ਼ੀਆਂ ਪਿੱਛੇ ਤਰਕ ਹਮੇਸ਼ਾ ਇਹ ਦਿੱਤਾ ਜਾਂਦਾ ਹੈ ਕਿ ਬੇਰੁਜ਼ਗਾਰੀ ਇਸ ਦਾ ਸਭ ਤੋਂ ਵੱਡਾ ਕਾਰਨ ਹੈ। ਇਸ ਦਾ ਕੋਈ ਸਾਰਥਕ ਹੱਲ ਕੱਢਣ ਦੀ ਲੋੜ ਹੈ। ਵਿਦਿਆਰਥੀ ਜੀਵਨ ਦਾ ਸਮਾਂ ਉਮਰ ਦਾ ਇਕ ਅਜਿਹਾ ਪੜਾਅ ਹੁੰਦਾ ਹੈ, ਜਦੋਂ ਉਸ ਨੇ ਆਪਣਾ ਭਵਿੱਖ ਬਣਾਉਣਾ ਹੁੰਦਾ ਹੈ। ਵਿਦਿਆਰਥੀਆਂ ਦੇ ਮਨ ਵਿਚ ਪੜ੍ਹਾਈ ਦਾ ਮੰਤਵ ਹੀ ਪੈਸੇ ਕਮਾਉਣਾ ਭਰ ਦਿੱਤਾ ਜਾਂਦਾ ਹੈ ਪਰ ਜਦੋਂ ਉਨ੍ਹਾਂ ਨੂੰ ਡਿਗਰੀਆਂ ਕਰਨ ਤੋਂ ਬਾਅਦ ਕੁਝ ਨਹੀਂ ਮਿਲਦਾ ਤਾਂ ਉਹ ਬੇਵੱਸ ਹੋ ਜਾਂਦੇ ਹਨ। ਇਸ ਲਈ ਵਿਦਿਅਕ ਸੰਸਥਾਵਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਨ੍ਹਾਂ ਨੂੰ ਵਿਦਿਆਰਥੀਆਂ ਨੂੰ ਮਾਨਸਿਕ ਤੌਰ 'ਤੇ ਪੂਰਾ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਹੱਥੀਂ ਕਿਰਤ ਕਰਨ ਦਾ ਪਾਠ ਪੜ੍ਹਾਉਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਵੀ ਚਾਹੀਦਾ ਹੈ ਕਿ ਆਪਣੇ ਸ਼ੌਕ ਸੀਮਤ ਕਰਕੇ ਬੇਝਿਜਕ ਹੋ ਕੇ ਕੋਈ ਛੋਟਾ ਕੰਮ ਕਰਨ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ।

ਬਾਲ ਮਜ਼ਦੂਰੀ

ਬਾਲ ਮਜ਼ਦੂਰੀ 'ਤੇ ਭਾਵੇਂ ਰੋਕ ਲੱਗੀ ਹੈ ਪਰ ਉਹ ਸਿਰਫ ਕਾਗਜ਼ਾਂ ਵਿਚ ਰਹਿ ਗਈ, ਕਿਉਂਕਿ ਮੰਚਾਂ ਉੱਪਰ ਖੜ੍ਹ ਕੇ ਬਾਹਾਂ ਫੈਲਾਅ ਕੇ ਭਾਸ਼ਣ ਦੇਣੇ ਬਹੁਤ ਸੌਖੇ ਹੁੰਦੇ ਹਨ ਪਰ ਉਨ੍ਹਾਂ ਨੂੰ ਅਸਲੀ ਰੂਪ 'ਚ ਲਿਆਉਣਾ ਬਹੁਤ ਔਖਾ ਹੁੰਦਾ ਹੈ। ਅੱਜ ਅਸੀਂ ਇਹ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਅੱਜ ਬਹੁਤ ਸਾਰੇ ਛੋਟੇ-ਛੋਟੇ ਬੱਚੇ ਵੱਡਿਆਂ ਘਰਾਂ ਵਿਚ ਝਾੜੂ, ਪੋਚੇ ਲਗਾਉਂਦੇ, ਖਾਣਾ ਬਣਾਉਂਦੇ ਆਦਿ ਕੰਮ ਕਰਦੇ ਹਨ। ਪੰਜਾਬ ਵਿਚ ਬਹੁਤ ਸਾਰੇ ਹੋਟਲਾਂ, ਢਾਬਿਆਂ ਵਿਚ ਛੋਟੇ-ਛੋਟੇ ਬੱਚੇ ਆਦਿ ਝਾੜੂ ਪੋਚੇ, ਭਾਂਡੇ ਮਾਂਜਣ ਆਦਿ ਦਾ ਕੰਮ ਕਰਦੇ ਦੇਖੇ ਜਾਂਦੇ ਹਨ। ਪੈਸਿਆਂ ਦੇ ਲਾਲਚ ਵਿਚ ਆ ਕੇ ਜਾਂ ਖਾਣ-ਪੀਣ ਦੇ ਲਾਲਚ ਵਿਚ ਆ ਕੇ ਸਕੂਲ ਜਾਣਾ ਬੰਦ ਕਰ ਦਿੰਦੇ ਹਨ। ਕਈ ਬੱਚੇ ਗ਼ਲਤ ਸੰਗਤ ਵਿਚ ਰਲ ਕੇ ਨਸ਼ੇ ਕਰਨ ਲੱਗ ਪੈਂਦੇ ਹਨ, ਜੋ ਕਿ ਉਨ੍ਹਾਂ ਦੇ ਆਉਣ ਵਾਲੇ ਭਵਿੱਖ ਲਈ ਬਹੁਤ ਹੀ ਜ਼ਿਆਦਾ ਘਾਤਕ ਸਿੱਧ ਹੋਵੇਗਾ। ਕਈ ਮਾਪੇ ਘਰ ਦੀ ਗ਼ਰੀਬੀ ਕਰਕੇ ਆਪਣੇ ਬੱਚਿਆਂ ਨੂੰ ਸਕੂਲੋਂ ਹਟਾ ਲੈਂਦੇ ਹਨ, ਜੋ ਕਿ ਉਨ੍ਹਾਂ ਲਈ ਬਹੁਤ ਗ਼ਲਤ ਗੱਲ ਹੈ, ਕਿਉਂਕਿ ਇਹ ਛੋਟੀ ਜਿਹੀ ਉਮਰ ਖੇਡਣ ਤੇ ਪੜ੍ਹਨ ਦੀ ਹੈ, ਨਾ ਕਿ ਮਜ਼ਦੂਰੀ ਕਰਨ ਦੀ।

-ਗੁਰਦੀਪ ਸਿੰਘ ਘੋਲੀਆ, ਚੜਿੱਕ।

ਬੇਰੁਜ਼ਗਾਰੀ ਦਾ ਕਲੰਕ

ਪਿਛਲੇ ਲੰਮੇ ਸਮੇਂ ਤੋਂ ਸੂਬੇ ਵਿਚ ਬੇਰੁਜ਼ਗਾਰੀ ਇਸ ਕਦਰ ਵਧਦੀ ਜਾ ਰਹੀ ਹੈ ਕਿ ਇਸ ਦਾ ਕੋਈ ਢੁਕਵਾਂ ਹੱਲ ਕੱਢਣਾ ਅੱਜ ਸਰਕਾਰਾਂ ਲਈ ਬੇਹੱਦ ਜ਼ਰੂਰੀ ਹੋ ਗਿਆ ਹੈ। ਪਿਛਲੇ ਦਿਨੀਂ ਜ਼ਿਲ੍ਹਾ ਕਚਹਿਰੀ ਹੁਸ਼ਿਆਰਪੁਰ 'ਚ 9 ਚਪੜਾਸੀ ਦੀਆਂ ਅਸਾਮੀਆਂ ਲਈ ਇੰਟਰਵਿਊ ਦੇਣ ਸੂਬੇ ਭਰ ਤੋਂ 2400 ਦੇ ਕਰੀਬ ਲੜਕੇ-ਲੜਕੀਆਂ ਪੁੱਜੇ ਹੋਏ ਸਨ। ਤਰਾਸਦੀ ਇਹ ਵੀ ਸੀ ਕਿ ਇਸ ਅੱਠਵੀਂ ਪਾਸ ਯੋਗਤਾ ਵਾਲੀ ਅਸਾਮੀ ਲਈ ਉੱਚ ਯੋਗਤਾ ਪ੍ਰਾਪਤ ਉਮੀਦਵਾਰ ਪਹੁੰਚੇ ਹੋਏ ਸਨ। ਬੇਰੁਜ਼ਗਾਰੀ ਕਾਰਨ ਹੀ ਦੇਸ਼ ਦੇ ਨੌਜਵਾਨਾਂ ਦੀ ਵੱਡੀ ਗਿਣਤੀ ਵਿਦੇਸ਼ਾਂ 'ਚ ਰੁਲਣ ਲਈ ਮਜਬੂਰ ਹੋ ਰਹੀ ਹੈ। ਬੇਰੁਜ਼ਗਾਰੀ ਕਾਰਨ ਹੀ ਅਪਰਾਧ ਵਧ ਰਹੇ ਹਨ। ਸਮੇਂ ਦੀ ਮੰਗ ਇਹ ਹੈ ਕਿ ਸਰਕਾਰਾਂ ਆਪਣੀਆਂ ਨੀਤੀਆਂ 'ਚ ਬਦਲਾਅ ਲਿਆਉਣ ਤੇ ਪਹਿਲ ਦੇ ਆਧਾਰ 'ਤੇ ਬੇਰੁਜ਼ਗਾਰੀ ਦੀ ਰੋਕਥਾਮ ਲਈ ਪੂਰੀ ਗੰਭੀਰਤਾ ਨਾਲ ਢੁਕਵੇਂ ਪ੍ਰਬੰਧ ਕਰਨ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਰੁੱਤ ਸਾਵਧਾਨੀ ਦੀ ਆਈ

ਅੱਜਕਲ੍ਹ ਪੰਜਾਬ ਦੇ ਖੇਤਾਂ 'ਚ ਚਾਰੇ ਪਾਸੇ ਕਣਕ ਪੱਕ ਚੁੱਕੀ ਹੈ। ਸੁੱਕੀ ਕਣਕ ਬਰੂਦ ਦੀ ਤਰ੍ਹਾਂ ਹੁੰਦੀ ਹੈ, ਜਿਸ ਨੂੰ ਅੱਗ ਬਰੂਦ ਦੀ ਤਰ੍ਹਾਂ ਦੂਰੋਂ ਹੀ ਪੈਂਦੀ ਹੈ। ਇਸ ਲਈ ਅੱਗ ਤੋਂ ਬਚਣ ਲਈ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ। ਇਸ ਲਈ ਸਭ ਤੋਂ ਪਹਿਲਾਂ ਜਿਸ ਕਣਕ ਵਿਚ ਟਰਾਂਸਫਾਰਮਰ ਜਾਂ ਬਿਜਲੀ ਦੇ ਜੋੜ ਹਨ, ਉਸ ਥਾਂ ਤੋਂ ਕਣਕ ਨੂੰ ਕੱਟ ਕੇ ਦੂਰ ਕਰ ਦਿੱਤਾ ਜਾਵੇ ਤੇ ਉਸ ਥਾਂ ਨੂੰ ਵਾਹ ਦਿੱਤਾ ਜਾਵੇ ਤਾਂ ਕਿ ਸ਼ਾਰਟ ਨਾਲ ਅੱਗ ਨਾ ਲੱਗ ਜਾਵੇ। ਇਸ ਤੋਂ ਇਲਾਵਾ ਖੇਤ ਵਿਚ ਕਿਸੇ ਪ੍ਰਕਾਰ ਦੀ ਅੱਗ ਨੂੰ ਖੇਤ ਤੋਂ ਦੂਰ ਰੱਖਿਆ ਜਾਵੇ। ਖੇਤ 'ਚ ਚਾਹ ਆਦਿ ਬਣਾਉਣ ਲੱਗਿਆਂ ਪੂਰੀ ਸਾਵਧਾਨੀ ਵਰਤੀ ਜਾਵੇ। ਟਰੈਕਟਰ ਦੀ ਬੈਟਰੀ ਵਾਲੀਆਂ ਤੇ ਹੋਰ ਹਰ ਤਰ੍ਹਾਂ ਤਾਰਾਂ ਨੂੰ ਚੈੱਕ ਕਰ ਲੈਣਾ ਚਾਹੀਦਾ। ਇਸ ਤੋਂ ਇਲਾਵਾ ਖੇਤਾਂ ਵਿਚ ਪਾਣੀ ਵਾਲੀਆਂ ਖੇਲ, ਡਿੱਗੀ ਆਦਿ ਨੂੰ ਭਰ ਕੇ ਰੱਖਣਾ ਚਾਹੀਦਾ ਹੈ। ਜੇ ਪਿੰਡ ਵਿਚ ਪਾਣੀ ਵਾਲੀ ਟੈਂਕੀ ਹੈ ਤਾਂ ਉਸ ਨੂੰ ਵੀ ਭਰ ਕੇ ਰੱਖਣਾ ਚਾਹੀਦਾ ਹੈ। ਇਸ ਤਰ੍ਹਾਂ ਨਿੱਕੀਆਂ-ਨਿੱਕੀਆਂ ਗੱਲਾਂ ਦਾ ਧਿਆਨ ਰੱਖ ਕੇ ਫ਼ਸਲ ਕਣਕ ਨੂੰ ਅੱਗ ਤੋਂ ਬਚਾਇਆ ਜਾ ਸਕਦਾ ਹੈ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

* ਕਣਕ ਦੀ ਫ਼ਸਲ ਪੱਕ ਰਹੀ ਹੈ। ਛੇ ਮਹੀਨੇ ਕਿਸਾਨਾਂ ਨੇ ਖ਼ੁਦ ਪਸੀਨਾ ਇਕ ਕਰਕੇ ਫ਼ਸਲ ਨੂੰ ਪੁੱਤਾਂ ਵਾਂਗ ਪਾਲਿਆ ਹੈ। ਕਿਸੇ ਵੀ ਫ਼ਸਲ ਦੇ ਪੱਕਣ ਮੌਕੇ ਕਿਸਾਨ ਦਿਲ ਵਿਚ ਸੌ-ਸੌ ਤਰ੍ਹਾਂ ਦੇ ਸੁਪਨੇ ਸਿਰਜਦਾ ਹੈ। ਜੇਕਰ ਕਿਸਾਨ ਦੀ ਪੱਕੀ ਫ਼ਸਲ ਨੂੰ ਅੱਗ ਲੱਗ ਜਾਵੇ ਤਾਂ ਇਸ ਤੋਂ ਮਾੜੀ ਗੱਲ ਕੋਈ ਹੋਰ ਨਹੀਂ ਹੋ ਸਕਦੀ। ਕਿਉਂਕਿ ਖੇਤ ਵਿਚ ਕਿਸਾਨ ਦੀ ਫ਼ਸਲ ਹੀ ਨਹੀਂ ਮੱਚਦੀ, ਸਗੋਂ ਉਸ ਦੇ ਸੁਪਨੇ, ਚਾਅ, ਮਲਾਰ ਅਤੇ ਭਵਿੱਖ ਵੀ ਮਚ ਜਾਂਦਾ ਹੈ।
ਪਿਛਲੇ ਕਈ ਸਾਲਾਂ ਤੋਂ ਪੱਕੀ ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਹੈਰਾਨੀਜਨਕ ਵਾਧਾ ਹੋਇਆ। ਅੱਗ ਲੱਗਣ ਦੇ ਕਈ ਕਾਰਨ ਹੋ ਸਕਦੇ ਹਨ, ਪਰ ਸਭ ਤੋਂ ਵੱਡਾ ਕਾਰਨ ਖੇਤਾਂ ਵਿਚੋਂ ਲੰਘਦੀਆਂ ਬਿਜਲੀ ਦੀਆਂ ਢਿੱਲੀਆਂ ਤਾਰਾਂ ਦਾ ਸ਼ਾਰਟ ਹੋ ਜਾਣਾ ਹੁੰਦਾ ਹੈ। ਸੋ, ਸਾਡੀ ਬਿਜਲੀ ਮਹਿਕਮੇ ਦੇ ਮੁਲਾਜ਼ਮਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਸਮਾਂ ਰਹਿੰਦੇ ਢਿੱਲੀਆਂ ਤਾਰਾਂ ਨੂੰ ਕੱਸਿਆ ਜਾਵੇ, ਤਾਂ ਕਿ ਅਜਿਹੀ ਅਣਹੋਣੀ ਤੋਂ ਬਚਿਆ ਜਾ ਸਕੇ।

-ਪ੍ਰੀਤ ਸਿੰਘ ਸੰਦਲ
ਪਿੰਡ ਮਕਸੂਦੜਾ, ਤਹਿ: ਪਾਇਲ (ਲੁਧਿਆਣਾ)।

17-04-2018

 ਬੰਦ ਦਾ ਅਸਰ

ਹੁਣ ਹਰ ਦਿਨ ਕੋਈ ਨਾ ਕੋਈ ਮੁੱਦਾ ਉਠਾ ਕੇ ਭਾਰਤ ਬੰਦ ਦਾ ਐਲਾਨ ਕਰ ਦਿੱਤਾ ਜਾਂਦਾ ਹੈ। ਸਮਝ ਨਹੀਂ ਆਉਂਦੀ ਇਹ ਹੋ ਕੀ ਰਿਹਾ? ਪੰਜਾਬ ਬੰਦ ਤੇ ਕਦੇ ਭਾਰਤ ਬੰਦ ਦਾ ਕਿੱਸਾ ਤਾਂ ਸਾਡੇ ਸਮਾਜ ਦੇ ਲੋਕਾਂ ਨੇ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਰਕਾਰ ਕੋਲੋਂ ਆਪਣੇ ਅਧਿਕਾਰਾਂ ਦੀ ਮੰਗ ਕਰਨਾ ਸਾਡਾ ਪਹਿਲਾ ਅਧਿਕਾਰ ਹੈ ਪਰ ਆਪਣੇ ਇਸ ਅਧਿਕਾਰ ਦੀ ਦੁਰਵਰਤੋਂ ਕਰਨਾ ਕਿੱਥੋਂ ਤੱਕ ਜਾਇਜ਼ ਹੈ। ਕੀ ਆਪਣੀਆਂ ਮੰਗਾਂ ਦੌਰਾਨ ਅਜਿਹੇ ਐਲਾਨ ਕਰਨ ਵਾਲੇ ਇਹ ਨਹੀਂ ਸੋਚਦੇ ਕਿ ਉਨ੍ਹਾਂ ਦੀਆਂ ਅਜਿਹੀਆਂ ਨੀਤੀਆਂ ਕਾਰਨ ਸਾਰਾ ਦੇਸ਼ ਪ੍ਰਭਾਵਿਤ ਹੋ ਰਿਹਾ ਹੈ। ਇਕ ਇਨਸਾਨ ਜੋ ਗ਼ਰੀਬੀ ਰੇਖਾ ਤੋਂ ਹੇਠਲੇ ਪੱਧਰ 'ਤੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ ਤੇ ਜੋ ਸ਼ਾਮ ਨੂੰ ਕਮਾ ਕੇ ਲਿਆਏਗਾ ਤਾਂ ਹੀ ਉਨ੍ਹਾਂ ਦੇ ਬੱਚਿਆਂ ਨੂੰ ਰੋਟੀ ਮਿਲੇਗੀ, ਉਨ੍ਹਾਂ ਲਈ ਅਜਿਹੇ ਐਲਾਨ ਕਿੰਨੇ ਦੁਖਦਾਈ ਸਿੱਧ ਹੋ ਸਕਦੇ ਹਨ, ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ। ਸਮਾਜਿਕ ਅਹੁਦਿਆਂ 'ਤੇ ਬਿਰਾਜਮਾਨ ਅਤੇ ਸਮਾਜ ਦੇ ਲੋਕਾਂ ਨੂੰ ਬੇਨਤੀ ਹੈ ਕਿ ਅਜਿਹੇ ਐਲਾਨਾਂ ਨਾਲ ਸਬੰਧਿਤ ਨੀਤੀ ਬਣਾਉਣ ਤੋਂ ਪਹਿਲਾਂ ਗ਼ਰੀਬ ਜਨਤਾ ਦੇ ਹਿਤਾਂ ਨੂੰ ਵੀ ਮੁੱਖ ਰੱਖਣ।

-ਨੂਰਦੀਪ ਕੋਮਲ
ਸੰਗਰੂਰ।

ਸ਼ਹੀਦਾਂ ਦੇ ਸੁਪਨੇ

ਪਿਛਲੇ ਦਿਨੀਂ 23 ਮਾਰਚ ਦੇ ਸ਼ਹੀਦਾਂ ਦੀ ਯਾਦ 'ਚ ਦੇਸ਼ ਦੇ ਕਈ ਹਿੱਸਿਆਂ ਦੇ ਨਾਲ-ਨਾਲ ਪੰਜਾਬ ਭਰ 'ਚ ਵੀ ਥਾਂ-ਥਾਂ ਇਨਕਲਾਬੀ ਸਮਾਗਮ ਕਰਵਾਏ ਗਏ। ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਵਰਗੇ ਸੈਂਕੜੇ ਆਜ਼ਾਦੀ ਪ੍ਰਵਾਨਿਆਂ ਨੇ ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਵਾਇਆ। ਦੁੱਖ ਇਸ ਗੱਲ ਦਾ ਹੈ ਕਿ ਉਨ੍ਹਾਂ ਦੀ ਸੋਚ ਦੀ ਝਲਕ ਦੇਸ਼ ਵਿਚ ਕਿਧਰੇ ਦੇਖਣ ਨੂੰ ਨਹੀਂ ਮਿਲ ਰਹੀ।
ਇਸ ਦੇ ਉਲਟ ਸਮਾਜ 'ਚ ਮਾਰਧਾੜ, ਗੁੰਡਾਗਰਦੀ, ਜਬਰ-ਜਨਾਹ, ਤੇਜ਼ਾਬ ਕਾਂਡ, ਭਰੂਣ ਹੱਤਿਆ, ਦਾਜ ਪ੍ਰਥਾ, ਊਚ-ਨੀਚ, ਜਾਤ-ਪਾਤ, ਅਮੀਰ-ਗ਼ਰੀਬ 'ਚ ਵਧਦਾ ਪਾੜਾ, ਸਮਾਜਿਕ ਸੁਰੱਖਿਆ ਦੀ ਘਾਟ, ਨੌਜਵਾਨੀ ਦਾ ਵਿਦੇਸ਼ਾਂ ਨੂੰ ਪ੍ਰਵਾਸ, ਚੰਗੀਆਂ ਸਿਹਤ ਸਹੂਲਤਾਂ ਦੀ ਘਾਟ, ਵਧਦੀ ਜਾ ਰਹੀ ਬੇਰੁਜ਼ਗਾਰੀ, ਮਹਿੰਗਾਈ, ਮਿਲਾਵਟਖੋਰੀ, ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਆਦਿ ਸਾਡੇ ਸਭ ਦੇ ਸਾਹਮਣੇ ਹੈ। ਉਪਰੋਕਤ ਬੁਰਾਈਆਂ ਭਰਿਆ ਵਰਤਾਰਾ ਸਪੱਸ਼ਟ ਕਰਦਾ ਹੈ ਕਿ ਸ਼ਹੀਦਾਂ ਦੇ ਸੁਪਨੇ ਸਾਕਾਰ ਹੋਣੇ ਅਜੇ ਬਹੁਤ ਦੂਰ ਦੀ ਗੱਲ ਹੈ।

-ਬੰਤ ਘੁਡਾਣੀ
ਪਿੰਡ ਤੇ ਡਾਕ : ਘੁਡਾਣੀ ਕਲਾਂ, ਲੁਧਿਆਣਾ।

ਪਾਣੀ ਦੀ ਦੁਰਵਰਤੋਂ

ਪੰਜ ਪਾਣੀਆਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਪੰਜਾਬ ਅੱਜ ਖ਼ੁਦ ਪਿਆਸਾ ਹੁੰਦਾ ਨਜ਼ਰ ਆ ਰਿਹਾ ਹੈ। ਆਏ ਸਾਲ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਹੁੰਦਾ ਜਾ ਰਿਹਾ ਹੈ। ਅਸੀਂ ਸਭ ਭਲੀ-ਭਾਂਤ ਜਾਣਦੇ ਹਾਂ ਕਿ ਪਾਣੀ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਪਰ ਇਹ ਸਭ ਜਾਣਦੇ ਹੋਏ ਵੀ ਅਸੀਂ ਸਭ ਇਸ ਅਣਮੁੱਲੀ ਵਸਤੂ ਦੀ ਦੁਰਵਰਤੋਂ ਕਰਨ 'ਤੇ ਤੁਲੇ ਹੋਏ ਹਾਂ। ਸਮਾਂ ਰਹਿੰਦੇ ਜੇਕਰ ਅਸੀਂ ਇਸ ਗੰਭੀਰ ਮਸਲੇ ਪ੍ਰਤੀ ਸੁਚੇਤ ਨਾ ਹੋਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਸ ਦੀ ਘਾਟ ਕਾਰਨ ਅਸੀਂ ਅਨੇਕਾਂ ਮੁਸ਼ਕਿਲਾਂ ਵਿਚ ਘਿਰ ਜਾਵਾਂਗੇ। ਸੋ, ਸਰਕਾਰ ਦੇ ਨਾਲ-ਨਾਲ ਸਾਨੂੰ ਸਭ ਨੂੰ ਇਸ ਪ੍ਰਤੀ ਸੋਚਣ ਦੀ ਅਹਿਮ ਲੋੜ ਹੈ।

-ਰਾਜਾ ਗਿੱਲ (ਚੜਿੱਕ)
ਪਿੰਡ ਤੇ ਡਾਕ: ਚੜਿੱਕ (ਮੋਗਾ)।

* ਪਾਣੀ ਸਾਡੀ ਜ਼ਿੰਦਗੀ ਦਾ ਅਹਿਮ ਸਰੋਤ ਹੈ, ਜਿਸ ਨੂੰ ਉਸ ਪਰਮਾਤਮਾ ਨੇ ਸਾਡੇ ਲਈ, ਜੀਵ-ਜੰਤੂਆਂ ਲਈ, ਪੌਦਿਆਂ ਆਦਿ ਲਈ ਇਕ ਵਰਦਾਨ ਵਜੋਂ ਦਿੱਤਾ ਹੈ। ਕਿਤੇ ਵੀ ਫਾਲਤੂ ਪਾਣੀ ਵਗਦਾ ਜਾ ਡੁੱਲ੍ਹਦਾ ਹੋਵੇ ਉਸ ਨੂੰ ਆਪਣਾ ਫਰਜ਼ ਸਮਝ ਕੇ ਬੰਦ ਕਰ ਦੇਵੋ। ਪਾਣੀ ਦੇ ਗੁਣਾਂ ਬਾਰੇ ਸਕੂਲ, ਕਾਲਜਾਂ, ਪਿੰਡਾਂ, ਸ਼ਹਿਰਾਂ, ਕਸਬਿਆਂ ਆਦਿ ਵਿਚ ਸਮੇਂ-ਸਮੇਂ ਸਿਰ ਪਾਣੀ ਪ੍ਰਤੀ ਜਾਗਰੂਕਤਾ ਕੈਂਪ, ਸੈਮੀਨਾਰ ਆਦਿ ਲਾਏ ਜਾਣ ਤਾਂ ਜੋ ਸਮੇਂ ਸਿਰ ਸਭ ਨੂੰ ਪਾਣੀ ਦੀ ਸੰਭਾਲ ਬਾਰੇ ਪੂਰੀ ਜਾਣਕਾਰੀ ਮਿਲਦੀ ਰਹੇ। ਕਿਉਂਕਿ ਜੇਕਰ ਅੱਜ ਅਸੀਂ ਸਭ ਰਲ ਕੇ ਪਾਣੀ ਦੀ ਸੰਭਾਲ ਕਰਾਂਗੇ ਤਾਂ ਹੀ ਅਸੀਂ ਆਪਣੇ ਲਈ ਜੀਵ-ਜੰਤੂਆਂ ਲਈ ਪੇੜ-ਪੌਦਿਆਂ ਲਈ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਕੁਦਰਤੀ ਸਰੋਤ ਨੂੰ ਸਾਂਭ ਕੇ ਰੱਖ ਸਕਾਂਗੇ।

-ਗੁਰਦੀਪ ਸਿੰਘ
ਘੋਲੀਆ ਕਲਾਂ(ਮੋਗਾ)।

ਸਥਾਈ ਹੱਲ ਜ਼ਰੂਰੀ

ਅੱਜ ਜੇਕਰ ਅਸੀਂ ਬੇਖ਼ਬਰ, ਬੇਖੌਫ਼ ਹੋ ਕੇ ਰਹਿ ਰਹੇ ਹਾਂ ਤਾਂ ਸਿਰਫ ਤੇ ਸਿਰਫ ਉਨ੍ਹਾਂ ਨੌਜਵਾਨ ਵੀਰ ਫ਼ੌਜੀਆਂ ਦੀ ਬਦੌਲਤ ਜੋ ਸਰਹੱਦਾਂ 'ਤੇ ਦਿਨ-ਰਾਤ ਬਹੁਤ ਹੀ ਸੰਜੀਦਗੀ ਨਾਲ ਆਪਣੇ ਪਰਿਵਾਰਾਂ ਤੋਂ ਦੂਰ ਰਹਿੰਦੇ ਹੋਏ ਸਾਡੇ ਦੇਸ਼ ਦੀ ਰੱਖਿਆ ਕਰ ਰਹੇ ਹਨ।
ਉਹ ਦੇਸ਼ ਦੇ ਸੱਚੇ ਸਿਪਾਹੀ ਹਨ। ਸ਼ਾਂਤੀ ਦੇ ਸਮੇਂ ਵੀ ਉਨ੍ਹਾਂ ਨੂੰ ਬਹੁਤ ਹੀ ਮੁਸ਼ਕਿਲ ਹਾਲਤਾਂ 'ਚ ਰਹਿਣਾ ਪੈ ਰਿਹਾ ਹੈ। ਦੇਸ਼ ਲਈ ਜਿਊਣਾ ਅਤੇ ਮਰਨਾ ਉਨ੍ਹਾਂ ਦਾ ਪਰਮ ਧਰਮ ਹੈ ਪਰ ਅਫ਼ਸੋਸ ਦੇਸ਼ ਦੀਆਂ ਸਰਹੱਦਾਂ 'ਤੇ ਸਾਡੇ ਵੀਰ ਬਹਾਦਰ ਫ਼ੌਜੀ ਦੇਸ਼ ਧ੍ਰੋਹੀਆਂ, ਦੁਸ਼ਮਣਾਂ ਦੀ ਫ਼ੌਜ ਦਾ ਮੁਕਾਬਲੇ ਕਰਦੇ ਸ਼ਹੀਦ ਹੋ ਰਹੇ ਹਨ। ਬਿਨਾਂ ਸ਼ੱਕ ਸਰਕਾਰਾਂ ਵਲੋਂ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਫੌਰੀ ਆਰਥਿਕ ਮਦਦ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਅਤੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ ਜਾਂਦਾ ਹੈ। ਸਮੇਂ ਦੀ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਰੋਜ਼ਾਨਾ ਹੋ ਰਹੇ ਅਣਐਲਾਨੇ ਯੁੱਧ ਦਾ ਕੋਈ ਸਥਾਈ ਹੱਲ ਤੁਰੰਤ ਲੱਭਿਆ ਜਾਵੇ। ਇਸ ਨਾਲ ਰੋਜ਼ਾਨਾ ਦੇ ਹੋ ਰਹੇ ਜਾਨ-ਮਾਲ ਦੇ ਨੁਕਸਾਨ ਤੋਂ ਬਚਿਆ ਜਾ ਸਕੇ।

-ਲੈਕਚਰਾਰ ਵਰਿੰਦਰ ਸ਼ਰਮਾ
ਧਰਮਕੋਟ, ਜ਼ਿਲ੍ਹਾ ਮੋਗਾ।

ਬੇਟੀ ਤੇ ਅੱਤਿਆਚਾਰ

ਮੋਦੀ ਸਰਕਾਰ ਦੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਅਭਿਆਨ ਨੂੰ ਉਸ ਵੇਲੇ ਭਾਰੀ ਧੱਕਾ ਲੱਗਾ ਜਦੋਂ ਉੱਤਰ ਪ੍ਰਦੇਸ਼ ਵਿਚ ਉਨਾਵ ਕੇਸ ਦੀ ਪੀੜਤ ਲੜਕੀ ਨੇ ਭਾਜਪਾ ਸੰਸਦ ਮੈਂਬਰ 'ਤੇ ਜਬਰ ਜਨਾਹ ਕਰਨ ਤੇ ਨਾਲ ਹੀ ਦਬੰਗਾਂ ਵਲੋਂ ਕੇਸ ਵਾਪਸ ਲੈਣ ਤੇ ਸਾਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਮਿਲਦੀਆਂ ਧਮਕੀਆਂ ਦਾ ਦੋਸ਼ ਲਗਾ ਦਿੱਤਾ। ਦਬੰਗਾਂ ਨੇ ਅਮਲੀ ਰੂਪ ਦਿੰਦਿਆਂ ਪਿਤਾ ਨੂੰ ਤਸੀਹੇ ਦੇ ਕੇ ਤੜਫਾ-ਤੜਫਾ ਕੇ ਮਾਰ ਵੀ ਦਿੱਤਾ। ਪੀੜਤ ਨੇ ਨੇਤਾ ਦੇ ਧਮਕੀ ਭਰੇ ਰਿਕਾਰਡ ਫੋਨ ਤੇ ਪਿਤਾ ਨੂੰ ਕੁੱਟ ਕੇ ਮਾਰਨ ਦੇ ਵੀਡੀਓ ਵੀ ਦਿਖਾਏ। ਪਰ ਯੋਗੀ ਸਰਕਾਰ ਦੀ ਪਤਾ ਨਹੀਂ ਕੀ ਮਜਬੂਰੀ ਜਾਂ ਲਾਚਾਰੀ ਹੈ ਕਿ ਉਸ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਹ ਤਾਂ ਭਲਾ ਹੋਵੇ ਮੀਡੀਆ ਦਾ ਜੋ ਲਗਾਤਾਰ ਤਿੰਨ ਦਿਨਾਂ ਤੋਂ ਚੀਕ ਪੁਕਾਰ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਦੀ ਦੁਹਾਈ ਪਾ ਰਿਹਾ ਸੀ। ਲੋਕ ਤਾਂ ਸੜਕਾਂ 'ਤੇ ਵੀ ਆ ਗਏ ਸਨ। ਭਾਜਪਾ ਮੈਂਬਰ ਵਿਰੋਧੀ ਪਾਰਟੀਆਂ ਤੇ ਮੀਡੀਆ 'ਤੇ ਤਿੱਖੇ ਸਵਾਲਾਂ ਦਾ ਜਵਾਬ ਦੇਣ ਤੋਂ ਕੰਨੀ ਕਤਰਾ ਰਹੇ ਸਨ। ਪਰ ਸਵਾਲ ਪੈਦਾ ਹੁੰਦਾ ਹੈ ਕਿ ਕੀ ਹਰ ਪੀੜਤ ਲੜਕੀ ਨੂੰ ਏਨਾ ਕੁਝ ਗੁਆ ਕੇ ਤੇ ਕਸ਼ਟ ਝੱਲ ਕੇ ਹੀ ਇਨਸਾਫ਼ ਮਿਲੇਗਾ? ਬਿਨਾਂ ਸ਼ੱਕ ਇਸ ਕੇਸ ਵਿਚ ਵਰਤੀ ਗਈ ਢਿੱਲਮੱਠ ਤੇ ਪੱਖਪਾਤ ਨਾਲ ਸਰਕਾਰ ਦੀ ਸਾਖ਼ ਨੂੰ ਵੱਡਾ ਧੱਕਾ ਲੱਗਾ ਹੈ।

-ਪਰਮ ਪਿਆਰ ਸਿੰਘ
ਨਕੋਦਰ।

16-04-2018

 ਤਿਉਹਾਰਾਂ ਦਾ ਸੰਦੇਸ਼ ਸਮਝਣ ਦੀ ਲੋੜ
ਵਿਸਾਖੀ ਦਾ ਤਿਉਹਾਰ ਹਰ ਸਾਲ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਅਤੇ ਇਕ ਅਜਿਹੀ ਕੌਮ ਤਿਆਰ ਕੀਤੀ ਸੀ ਜੋ ਨਿਡਰ ਅਤੇ ਯੋਧਾ ਸੀ। ਗਰੀਬ ਅਤੇ ਦੁਖੀਆਂ ਦੀ ਮਦਦ ਕਰਦੀ ਸੀ। ਅਸੀਂ ਹਰ ਸਾਲ ਇਸ ਤਿਉਹਾਰ ਨੂੰ ਬਹੁਤ ਹੀ ਚਾਅ ਨਾਲ ਮਨਾਉਂਦੇ ਹਾਂ ਪਰ ਕੀ ਗੁਰੂਆਂ ਦੇ ਦੱਸੇ ਹੋਏ ਸਿਧਾਂਤਾਂ 'ਤੇ ਚੱਲ ਰਹੇ ਹਾਂ? ਕੀ ਅਸੀਂ ਕਿਸੇ ਮਾਸੂਮਾਂ 'ਤੇ ਹੋ ਰਹੇ ਅੱਤਿਆਚਾਰਾਂ ਦਾ ਵਿਰੋਧ ਕਰਦੇ ਹਾਂ? ਕੀ ਅਸੀਂ ਕਿਸੇ ਮਾਸੂਮ ਨਾਲ ਹੋਏ ਜਬਰ-ਜਨਾਹ ਦੇ ਖਿਲਾਫ਼ ਆਵਾਜ਼ ਉਠਾਉਂਦੇ ਹਾਂ? ਅਜਿਹੇ ਕਿੰਨੇ ਹੀ ਸਵਾਲ ਨੇ ਜੋ ਦਿਲ-ਦਿਮਾਗ 'ਚ ਆਉਂਦੇ ਹਨ, ਜੋ ਝੰਜੋੜ ਕੇ ਰੱਖ ਦਿੰਦੇ ਹਨ। ਲੋੜ ਹੈ ਇਨ੍ਹਾਂ ਤਿਉਹਾਰਾਂ ਦੇ ਅਸਲੀ ਸੰਦੇਸ਼ ਅਤੇ ਮਕਸਦ ਨੂੰ ਸਮਝਣ ਦੀ ਸਮਾਜ 'ਚ ਫੈਲ ਰਹੀਆਂ ਨਾ-ਮੁਰਾਦ ਬਿਮਾਰੀਆਂ ਦਾ ਹੱਲ ਲੱਭਣ ਦੀ ਅਤੇ ਗੁਰੂ ਸਾਹਿਬਾਨਾਂ ਦੇ ਸਿਧਾਂਤਾਂ 'ਤੇ ਚੱਲਣ ਦੀ, ਤਾਂ ਜੋ ਮਾਸੂਮ ਕੁੜੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਸਬਕ ਸਿਖਾਇਆ ਜਾਵੇ। ਆਓ, ਗੁਰੂ ਸਾਹਿਬਾਨਾਂ ਦੇ ਸਿਧਾਂਤਾਂ 'ਤੇ ਚੱਲਣ ਦੀ ਨਿੱਕੀ ਜਿਹੀ ਕੋਸ਼ਿਸ਼ ਕਰੀਏ ਅਤੇ ਆਪਣੇ ਨਵੇਂ ਸਮਾਜ ਦੀ ਸਿਰਜਣਾ ਕਰੀਏ।


-ਅਮਨ ਇਤਰ


ਦੋਹਰੀ ਨੀਤੀ
ਕਾਨੂੰਨੀ ਪ੍ਰਬੰਧ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਬਹੁਤ ਦੁੱਖ ਹੁੰਦਾ ਹੈ ਜਦੋਂ ਦੇਸ਼ ਦਾ ਪ੍ਰਸ਼ਾਸਨ ਦੋਹਰਾ ਰਵੱਈਆ ਅਪਣਾਉਂਦਾ ਹੈ। ਉਦਾਹਰਨ ਦੇ ਤੌਰ 'ਤੇ ਪੰਜਾਬ ਨੈਸ਼ਨਲ ਬੈਂਕ ਘੁਟਾਲਾ ਹੀ ਦੇਖ ਲਓ। ਜਦੋਂ ਕਿਸੇ ਕਿਸਾਨ ਤੋਂ ਫ਼ਸਲ ਮਰ ਜਾਣ ਦੀ ਸੂਰਤ ਜਾਂ ਕਿਸੇ ਹੋਰ ਸਮੱਸਿਆ ਕਰਕੇ ਬੈਂਕ ਤੋਂ ਲਿਆ ਕਰਜ਼ਾ ਸਮੇਂ ਸਿਰ ਵਾਪਸ ਨਹੀਂ ਕੀਤਾ ਜਾਂਦਾ ਤਾਂ ਬੈਂਕ ਅਧਿਕਾਰੀ ਉਸ ਦੀ ਜ਼ਮੀਨ ਅਤੇ ਘਰ 'ਤੇ ਕਬਜ਼ਾ ਕਰ ਲੈਂਦੇ ਹਨ। ਬੇਵਸ ਕਿਸਾਨ ਉਤੇ ਕੀਤੀ ਜਾ ਰਹੀ ਇਸ ਕਾਰਵਾਈ ਵਿਚ ਪੁਲਿਸ ਪ੍ਰਸ਼ਾਸਨ ਵੀ ਬੈਂਕਾਂ ਦਾ ਸਾਥ ਦਿੰਦਾ ਹੈ। ਦੂਜੇ ਪਾਸੇ ਜਦੋਂ ਗੱਲ ਰਸੂਖਵਾਨ ਲੋਕਾਂ ਦੀ ਹੁੰਦੀ ਹੈ ਤਾਂ ਅਰਬਾਂ ਰੁਪਈਆਂ ਦਾ ਘੁਟਾਲਾ ਹੋ ਜਾਣ ਬਾਅਦ ਵੀ ਉਹੀ ਬੈਂਕਾਂ ਅਤੇ ਉਹੀ ਪੁਲਿਸ ਪ੍ਰਸ਼ਾਸਨ ਉਨ੍ਹਾਂ ਨਾਲ ਮਾਣ ਭਰੇ ਤਰੀਕੇ ਨਾਲ ਪੇਸ਼ ਆਉਂਦੇ ਹਨ, ਜਿਸ ਦਾ ਫਾਇਦਾ ਉਠਾਉਂਦੇ ਹੋਏ ਇਹ ਲੋਕ ਅਰਬਾਂ ਦੇ ਘੁਟਾਲਿਆਂ ਨਾਲ ਦੇਸ਼ ਨੂੰ ਅਰਥ ਵਿਵਸਥਾ ਨੂੰ ਡਾਵਾਂਡੋਲ ਸਥਿਤੀ ਵਿਚ ਧੱਕ ਕੇ ਆਪ ਵਿਦੇਸ਼ਾਂ ਨੂੰ ਭੱਜ ਜਾਂਦੇ ਹਨ। ਆਦਮੀ ਦੇ ਮਨ ਉਤੇ ਇਹ ਦੋਹਰੀ ਨੀਤੀ ਵਾਲੀਆਂ ਘਟਨਾਵਾਂ ਬਹੁਤ ਪ੍ਰਭਾਵ ਪਾਉਂਦੀਆਂ ਹਨ।


-ਜੀਤ ਹਰਜੀਤ
ਪ੍ਰੀਤ ਨਗਰ ਹਰੇੜੀ ਰੋਡ, ਸੰਗਰੂਰ।


ਰੁੱਖਾਂ ਨਾਲ ਰਿਸ਼ਤਾ
ਸਾਡੀ ਹੋਂਦ ਤੋਂ ਲੈ ਕੇ ਹੁਣ ਤੱਕ ਰੁੱਖਾਂ ਨਾਲ ਸਾਡਾ ਗੂੜ੍ਹਾ ਰਿਸ਼ਤਾ ਹੈ ਪਰ ਅਜੋਕੇ ਦੌਰ ਵਿਚ ਰੁੱਖਾਂ ਦੀ ਕਟਾਈ ਬੜੀ ਬੇਰਹਿਮੀ ਨਾਲ ਕੀਤੀ ਜਾ ਰਹੀ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਜਿਸ ਤਰ੍ਹਾਂ ਸਾਡੀ ਆਬਾਦੀ ਵਧ ਰਹੀ ਹੈ, ਇਸ ਤਰ੍ਹਾਂ ਸਾਨੂੰ ਰੁੱਖਾਂ ਦੀ ਗਿਣਤੀ ਵਧਾਉਣੀ ਪਵੇਗੀ, ਨਹੀਂ ਤਾਂ ਅਸੀਂ ਵਾਤਾਵਰਨ ਅਸੰਤੁਲਨ ਪੈਦਾ ਕਰ ਲਵਾਂਗੇ। ਰੁੱਖ ਖ਼ੁਸ਼ਹਾਲੀ ਦਾ ਪ੍ਰਤੀਕ ਹਨ, ਕਿਉਂਕਿ ਇਨ੍ਹਾਂ ਨਾਲ ਵਾਤਾਵਰਨ ਹਰਿਆ-ਭਰਿਆ ਹੁੰਦਾ ਹੈ। ਇਹ ਸਾਡੇ ਜੀਵਨ ਦਾ ਆਧਾਰ ਹਨ ਅਤੇ ਉਸਾਰ ਵੀ ਹਨ। ਆਪਣੀ ਹੋਂਦ ਨੂੰ ਬਚਾਈ ਰੱਖਣ ਲਈ ਰੁੱਖ ਲਗਾਉਣਾ ਆਪਣੇ ਜੀਵਨ ਵਿਚ ਆਦਰਸ਼ ਬਣਾਉਣਾ ਪਵੇਗਾ। ਸਾਨੂੰ ਸਭ ਨੂੰ ਆਪਣੇ ਘਰਾਂ, ਖੇਤਾਂ, ਪਿੰਡਾਂ, ਸ਼ਹਿਰਾਂ ਦੀਆਂ ਖਾਲੀ ਥਾਵਾਂ 'ਤੇ ਬੋਹੜ, ਪਿੱਪਲ, ਟਾਹਲੀ, ਤੂਤ ਆਦਿ ਵੱਡੇ ਰੁੱਖ ਲਗਾ ਕੇ ਰੁੱਖਾਂ ਦੀ ਘਾਟ ਨੂੰ ਪੂਰਾ ਕਰਨਾ ਹੋਵੇਗਾ। ਸਾਨੂੰ ਆਪਣੇ ਸਮਾਜਿਕ ਜੀਵਨ ਵਿਚ ਜਨਮ ਦਿਨਾਂ 'ਤੇ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਵੀ ਕਰਨੀ ਚਾਹੀਦੀ ਹੈ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਪਟਿਆਲਾ।


ਸਮਾਜਿਕ ਏਕਤਾ ਦਾ ਆਧਾਰ
ਪਿਛਲੇ ਦਿਨੀਂ ਅਜੀਤ ਦੇ 'ਧਰਮ ਤੇ ਵਿਰਸਾ' ਅੰਕ ਵਿਚ ਛਪਿਆ ਸ: ਤਲਵਿੰਦਰ ਸਿੰਘ ਬੁੱਟਰ ਦਾ ਲੇਖ ਕਾਬਲ-ਏ-ਤਾਰੀਫ਼ ਸੀ। ਲੇਖਕ ਨੇ ਗੁਰਦੁਆਰਾ ਸੰਸਥਾ ਦੀ ਪਰਿਭਾਸ਼ਾ ਅਤੇ ਸੰਕਲਪ ਗੁਰਦੁਆਰਾ ਬਣਨ ਦਾ ਕਾਰਨ, ਇਕ ਗੁਰਦੁਆਰਾ ਮੁਹਿੰਮ ਦੀ ਸਾਰਥਿਕਤਾ ਸਬੰਧੀ ਇਸ ਲੇਖ ਵਿਚ ਆਪਣੇ ਵਿਚਾਰ ਢੁਕਵੀਂ ਸ਼ਬਦਾਵਲੀ ਰਾਹੀਂ ਵਧੀਆ ਢੰਗ ਨਾਲ ਪੇਸ਼ ਕੀਤੇ ਹਨ। ਇਸ ਵਿਚ ਦੋ ਰਾਵਾਂ ਨਹੀਂ ਕਿ 7 ਮਾਰਚ, 2018 ਨੂੰ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪਹਿਲਕਦਮੀ ਸਦਕਾ ਬਾਕਾਇਦਾ ਮਤਾ ਪਾਸ ਕਰ ਕੇ ਇਕ ਪਿੰਡ ਇਕ ਗੁਰਦੁਆਰਾ ਮੁਹਿੰਮ ਦਾ ਕੀਤਾ ਗਿਆ ਆਗਾਜ਼ ਇਕ ਦੂਰਅੰਦੇਸ਼ੀ, ਪ੍ਰੋੜ੍ਹ ਸੋਚ ਅਤੇ ਗੁਰਮਤਿ ਜੁਗਦ ਵਾਲਾ ਇਕ ਵਧੀਆ ਫ਼ੈਸਲਾ ਹੈ। ਜੇਕਰ ਇਹ ਫ਼ੈਸਲਾ ਸ਼੍ਰੋਮਣੀ ਕਮੇਟੀ ਵਲੋਂ ਸਮਰਪਿਤ ਹੋ ਕੇ ਸੰਜੀਦਗੀ ਨਾਲ ਲਾਗੂ ਕੀਤਾ ਜਾਂਦਾ ਹੈ ਤਾਂ ਭਵਿੱਖ 'ਚ ਇਸ ਦੇ ਸਾਰਥਿਕ ਨਤੀਜੇ ਲਾਜ਼ਮੀ ਸਾਹਮਣੇ ਆਉਣਗੇ ਅਤੇ ਇਹ ਸਮਾਜਿਕ ਏਕਤਾ ਦਾ ਆਧਾਰ ਬਣੇਗਾ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।


ਉਲੰਪਿਕ 'ਚ ਤਗਮੇ ਕਿਉਂ ਨਹੀਂ?
ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ ਵਿਖੇ 21ਵੀਂਆਂ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦੇ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕਰਕੇ ਕਈ ਤਗਮੇ ਪ੍ਰਾਪਤ ਕੀਤੇ ਹਨ। ਕੀ ਭਾਰਤ ਉਲੰਪਿਕ ਖੇਡਾਂ 'ਚ ਭਾਰਤ ਵੀ ਇਹ ਪ੍ਰਦਰਸ਼ਨ ਜਾਰੀ ਰੱਖ ਸਕੇਗਾ? ਸਾਲ 2020 'ਚ ਜਾਪਾਨ ਦੀ ਰਾਜਧਾਨੀ ਟੋਕੀਓ 'ਚ ਕਰਵਾਏ ਜਾ ਰਹੇ ਦੁਨੀਆ ਦੇ ਸਭ ਤੋਂ ਵੱਡੇ ਖੇਡ ਮਹਾਂਕੁੰਭ ਉਲੰਪਿਕ 'ਚ ਕਿੰਨੇ ਤਗਮੇ ਪ੍ਰਾਪਤ ਕਰੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਲੋੜ ਹੈ ਖਿਡਾਰੀਆਂ ਨੂੰ ਚੰਗੀ ਟ੍ਰੇਨਿੰਗ, ਵਧੀਆ ਕੋਚ ਅਤੇ ਵਧੀਆ ਖੇਡ ਸਹੂਲਤਾਂ ਤੇ ਬਜਟ ਵਿਚ ਖੇਡਾਂ ਲਈ ਜ਼ਿਆਦਾ ਫੰਡ ਮੁਹੱਈਆ ਕਰਵਾਇਆ ਜਾਵੇ। ਅਥਲੈਟਿਕਸ 'ਚ ਆਜ਼ਾਦੀ ਤੋਂ ਬਾਅਦ ਭਾਰਤ ਉਲੰਪਿਕ 'ਚ ਕਦੇ ਵੀ ਤਗਮਾ ਨਹੀਂ ਜਿੱਤ ਸਕਿਆ। ਭਾਰਤ ਵਾਸੀਆਂ ਨੂੰ ਤਗਮੇ ਦੀ ਅਸਲ ਖੁਸ਼ੀ ਤਾਂ ਉਦੋਂ ਹੋਵੇਗੀ ਜਦੋਂ ਦੇਸ਼ ਦੀਆਂ ਗਲੀਆਂ 'ਚੋਂ ਕੋਈ ਦੂਜਾ ਮਿਲਖਾ ਸਿੰਘ ਪੈਦਾ ਹੋਵੇਗਾ ਤੇ ਉਲੰਪਿਕ 'ਚ ਭਾਰਤ ਦਾ ਝੰਡਾ ਲਹਿਰਾਏਗਾ।


-ਸ਼ਮਸ਼ੇਰ ਸਿੰਘ ਸੋਹੀ, ਪਿੰਡ ਸੋਹੀਆਂ, ਡਾਕਖਾਨਾ ਚੀਮਾ ਖੁੱਡੀ, ਜ਼ਿਲ੍ਹਾ ਗੁਰਦਾਸਪੁਰ।

13-04-2018

 ਢੁਕਵੇਂ ਕਾਨੂੰਨ ਦੀ ਲੋੜ
ਲਚਕਦਾਰ ਕਾਨੂੰਨ ਦੇ ਕਾਰਨ ਸਾਡੇ ਸਮਾਜ 'ਚ ਅਪਰਾਧ ਦਾ ਗ੍ਰਾਫ਼ ਲਗਾਤਾਰ ਵਧ ਰਿਹਾ ਹੈ। ਮਹਾਨਗਰਾਂ, ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ 'ਚ ਅਪਰਾਧ ਬਹੁਤ ਵਧ ਰਹੇ ਹਨ। ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਹਨ ਜਬਰ ਜਨਾਹ ਦੇ ਮਾਮਲੇ। ਅਪਰਾਧਾਂ ਦੀ ਵਧਦੀ ਸੰਖਿਆ ਸਾਡੇ ਭਵਿੱਖ ਲਈ ਖ਼ਤਰੇ ਦੀ ਘੰਟੀ ਹੈ। ਹਾਲਾਤ ਬਹੁਤ ਹੀ ਨਾਜ਼ੁਕ ਹਨ।
ਵਿਦਿਆਰਥੀ ਆਪੇ ਤੋਂ ਬਾਹਰ ਹੋ ਰਹੇ ਹਨ। ਉਹ ਬਹੁਤ ਜ਼ਿਆਦਾ ਸ਼ਰਾਰਤੀ ਅਤੇ ਅਨੁਸ਼ਾਸਨਹੀਣ ਹੁੰਦੇ ਜਾ ਰਹੇ ਹਨ। ਆਪਣੇ ਦੇਸ਼ ਵਿਚ ਵਧਦੇ ਅਪਰਾਧਾਂ 'ਤੇ ਕਾਬੂ ਪਾਉਣ ਲਈ ਢੁਕਵੇਂ ਕਾਨੂੰਨ ਬਣਾਉਣ ਲਈ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਹੈ। ਅਪਰਾਧੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਕੋਈ ਵੀ ਅਪਰਾਧੀ ਕਾਨੂੰਨ ਤੋਂ ਨਾ ਬਚੇ। ਕਾਨੂੰਨ ਤੋਂ ਉੱਪਰ ਕੋਈ ਨਹੀਂ ਹੈ। ਸਮਾਜ, ਸਰਕਾਰਾਂ ਇਸ ਸਬੰਧੀ ਪਹਿਲ ਕਰਨ ਤਾਂ ਸਾਡੇ ਦੇਸ਼ ਦਾ ਭਲਾ ਹੋਵੇਗਾ।


-ਲੈਕਚਰਾਰ ਵਰਿੰਦਰ ਸ਼ਰਮਾ
ਮੁਹੱਲਾ ਪੱਬੀਆਂ, ਧਰਮਕੋਟ (ਮੋਗਾ)।


ਜਵਾਬਦੇਹੀ ਦੀ ਲੋੜ
ਪਿਛਲੇ ਦਿਨੀਂ ਸੰਪਾਦਕੀ ਸਫ਼ੇ 'ਤੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦਾ ਲੇਖ 'ਸਿਆਸੀ ਆਗੂਆਂ ਦੀ ਬਿਆਨਬਾਜ਼ੀ ਨੂੰ ਜਵਾਬਦੇਹ ਬਣਾਉਣ ਦੀ ਲੋੜ' ਵਧੀਆ ਸੀ। ਇਕ ਰਾਜਨੀਤਕ ਵਿਅਕਤੀ ਵਲੋਂ ਅਜਿਹਾ ਲੇਖ ਲਿਖਣਾ, ਬਹੁਤ ਮਾਇਨੇ ਰੱਖਦਾ ਹੈ। ਸਾਡੇ ਜ਼ਿਆਦਾਤਰ ਲੀਡਰ, ਚੋਣ ਜਿੱਤਣ ਨੂੰ ਹੀ ਮੁੱਖ ਟੀਚਾ ਮੰਨਦੇ ਹਨ। ਲੋਕਾਂ ਨਾਲ ਨਾ ਪੂਰੇ ਕੀਤੇ ਜਾਣ ਵਾਲੇ ਵਾਅਦੇ, ਸਿਆਸੀ ਵਿਰੋਧੀਆਂ ਖਿਲਾਫ਼ ਝੂਠੀ ਇਲਾਜ਼ਾਮਬਾਜ਼ੀ, ਸਾਰੇ ਵਰਗਾਂ ਨੂੰ ਖੁੱਲ੍ਹੇ ਗੱਫੇ ਦੇਣ ਦੇ ਐਲਾਨ, ਹੋਰ ਪਤਾ ਨਹੀਂ ਕੀ-ਕੀ।
ਚੋਣ ਬੋਰਡ ਨੂੰ ਚਾਹੀਦਾ ਹੈ ਕਿ ਉਹ ਕੋਈ ਅਜਿਹਾ ਕਾਨੂੰਨ ਬਣਾਏ, ਜਿਸ ਤਹਿਤ ਸਿਆਸੀ ਆਗੂ ਚੋਣਾਂ ਦਰਮਿਆਨ ਕੀਤੇ ਵਾਅਦਿਆਂ ਅਤੇ ਚੋਣ ਮਨੋਰਥ ਪੱਤਰ ਨੂੰ ਪੂਰਾ ਕਰਨ ਲਈ ਜਵਾਬਦੇਹ ਹੋਣ। ਇਕ ਨੀਯਤ ਸਮੇਂ ਵਿਚ ਆਪਣੇ ਵਾਅਦੇ ਅਤੇ ਚੋਣ ਮਨੋਰਥ ਪੱਤਰ ਨੂੰ ਪੂਰਾ ਨਾ ਕਰਨ ਵਾਲੀ ਸਰਕਾਰ ਨੂੰ ਅਯੋਗ ਸਮਝਿਆ ਜਾਵੇ। ਅਜਿਹੇ ਸਖ਼ਤ ਕਾਨੂੰਨ ਤੋਂ ਬਿਨਾਂ ਭਾਰਤੀ ਲੋਕਾਂ ਦਾ ਭਲਾ ਨਹੀਂ ਹੋ ਸਕਦਾ। ਕਿਉਂਕਿ ਸਿਆਸੀ ਲੋਕ ਜਾਣਦੇ ਹਨ, ਇਕ ਵਾਰ ਝੂਠ ਸੱਚ ਬੋਲ ਕੇ ਕੁਰਸੀ ਪ੍ਰਾਪਤ ਕਰੋ, ਫਿਰ ਪੰਜ ਸਾਲ, ਕੋਈ ਮੂਹਰੇ ਅੱਖ ਨਹੀਂ ਉਠਾ ਸਕਦਾ।


-ਕਵੀਸ਼ਰ ਪ੍ਰੀਤ ਸਿੰਘ ਸੰਦਲ
ਪਿੰਡ ਮਕਸੂਦੜਾ, ਤਹਿ: ਪਾਇਲ (ਲੁਧਿਆਣਾ)।


ਮਨੀਲਾ 'ਚ ਕਤਲ
ਦੇਸ਼ ਵਿਚ ਫੈਲੀ ਵੱਡੇ ਪੱਧਰ ਦੀ ਬੇਰੁਜ਼ਗਾਰੀ ਦੀ ਮਾਰ ਦੇ ਝੰਬੇ ਨੌਜਵਾਨ ਹਰ ਸਾਲ ਵੱਡੀ ਗਿਣਤੀ ਵਿਚ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ਵੱਲ ਕੂਚ ਕਰ ਰਹੇ ਹਨ। ਪਿਛਲੇ ਦਿਨੀਂ ਮੇਰੇ ਨੇੜਲੇ ਪਿੰਡ ਸਮਾਲਸਰ (ਮੋਗਾ) ਦੇ 32 ਸਾਲਾ ਨੌਜਵਾਨ ਕੁਲਦੀਪ ਸਿੰਘ ਦਾ ਮਨੀਲਾ (ਫਿਲਪਾਈਨ) ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਨੌਜਵਾਨ ਦੇ ਚੜ੍ਹਦੀ ਅਵਸਥਾ ਵਿਚ ਚਲੇ ਜਾਣ 'ਤੇ ਉਸ ਦੇ ਪਿਛਲੇ ਪਰਿਵਾਰ 'ਤੇ ਕੀ ਬੀਤਦੀ ਹੋਵੇਗੀ, ਇਹ ਤਾਂ ਉਸ ਦਾ ਪਰਿਵਾਰ ਹੀ ਜਾਣਦਾ ਹੈ। ਦੇਖਿਆ ਜਾਵੇ ਤਾਂ ਮਨੀਲਾ ਵਿਚ ਵਾਪਰੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਬਲਕਿ ਇਸ ਤੋਂ ਪਹਿਲਾਂ ਵੀ ਮਨੀਲਾ ਵਿਚ ਅਨੇਕਾਂ ਪੰਜਾਬੀਆਂ ਦੇ ਕਤਲ ਹੋ ਚੁੱਕੇ ਹਨ।
ਸੋ, ਸਰਕਾਰ ਨੂੰ ਮਨੀਲਾ ਵਿਚ ਹੋ ਰਹੇ ਪੰਜਾਬੀਆਂ ਦੇ ਇਨ੍ਹਾਂ ਕਤਲਾਂ ਨੂੰ ਬੇਹੱਦ ਗੰਭੀਰਤਾ ਨਾਲ ਲੈਂਦੇ ਹੋਏ ਮਨੀਲਾ ਸਰਕਾਰ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ ਤਾਂ ਜੋ ਇਥੇ ਰਹਿੰਦੇ ਹਰ ਪੰਜਾਬੀ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।


-ਰਾਜਾ ਗਿੱਲ (ਚੜਿੱਕ)
ਚੜਿੱਕ, ਮੋਗਾ।


ਸ਼ਲਾਘਾਯੋਗ ਉੱਦਮ
'ਅਜੀਤ' 'ਚ ਛਪੀ ਖ਼ਬਰ ਕਿ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਨੂੰ ਆਦੇਸ਼ ਦਿੱਤੇ ਹਨ ਕਿ ਸੂਬੇ ਦੀਆਂ ਸਾਰੀਆਂ ਸਰਕਾਰੀ ਸੰਸਥਾਵਾਂ ਅਤੇ ਵਿੱਦਿਅਕ ਅਦਾਰਿਆਂ ਦਾ ਊਰਜਾ ਆਡਿਟ ਕਰਵਾਇਆ ਜਾਵੇ, ਸ਼ਲਾਘਾਯੋਗ ਉੱਦਮ ਹੈ। ਵੱਡੇ ਅਦਾਰਿਆਂ ਜਿਵੇਂ ਕਿ ਹਸਪਤਾਲਾਂ, ਕਾਲਜਾਂ, ਯੂਨੀਵਰਸਿਟੀਆਂ, ਸਕੱਤਰੇਤਾਂ, ਮਿੰਨੀ ਸਕੱਤਰੇਤਾਂ ਆਦਿ 'ਚ ਬਿਜਲੀ ਦੀ ਬਹੁਤ ਬਰਬਾਦੀ ਹੋ ਰਹੀ ਦੇਖੀ ਜਾਂਦੀ ਹੈ। ਸਸਤੇ-ਸਸਤੇ ਉਪਾਅ ਕਰਕੇ ਊਰਜਾ ਦੀ ਚੋਖੀ ਬਚਤ ਕੀਤੀ ਜਾ ਸਕਦੀ ਹੈ। ਜ਼ਿਲ੍ਹਾ ਕੰਪਲੈਕਸ ਮੁਹਾਲੀ ਦੀ ਬੇਸਮੈਂਟ ਦੀਆਂ ਲਾਈਟਾਂ ਲੋੜ ਨਾ ਹੋਣ 'ਤੇ ਆਪਣੇ-ਆਪ ਬੰਦ ਹੋ ਜਾਂਦੀਆਂ ਹਨ।
ਜਦੋਂ ਵੀ ਕੋਈ ਲਿਫਟ ਕੋਲ ਪੁੱਜਦਾ ਹੈ ਤਾਂ ਸੈਂਸਰ ਇਨ੍ਹਾਂ ਲਾਈਟਾਂ ਨੂੰ ਫੌਰੀ ਚਾਲੂ ਕਰ ਦਿੰਦੇ ਹਨ। ਅਜਿਹੇ ਉਪਰਾਲੇ ਹਰ ਕਿਤੇ ਹੋਣੇ ਚਾਹੀਦੇ ਹਨ। ਵੱਡੀਆਂ ਸਰਕਾਰੀ ਇਮਾਰਤਾਂ ਤੋਂ ਬਾਅਦ ਧਾਰਮਿਕ ਅਦਾਰਿਆਂ ਨੂੰ ਵੀ ਊਰਜਾ ਆਡਿਟ ਕਰਵਾਉਣਾ ਚਾਹੀਦਾ ਹੈ। ਬਿਜਲੀ ਬਹੁਤ ਮਹਿੰਗੀ ਹੁੰਦੀ ਜਾ ਰਹੀ ਹੈ। ਬੱਚਤ ਕਰਨੀ ਬਹੁਤ ਜ਼ਰੂਰੀ ਹੈ।


-ਡਾ: ਸੁਰਿੰਦਰ ਕੁਮਾਰ ਜਿੰਦਲ
ਐਸ.ਏ.ਐਸ. ਨਗਰ।


ਸਾਂਝੇ ਯਤਨ ਕਰੀਏ
ਨਸ਼ਾ ਇਕ ਅਜਿਹੀ ਬਿਮਾਰੀ ਬਣ ਚੁੱਕਾ ਹੈ ਜੋ ਸਾਡੀ ਜਵਾਨੀ ਨੂੰ ਘੁਣ ਵਾਂਗ ਹੌਲੀ-ਹੌਲੀ ਅੰਦਰੋਂ ਖੋਖਲੇ ਕਰ ਰਿਹਾ ਹੈ, ਜੋ ਅੰਤ ਵਿਚ ਸਾਡੀ ਫੁੱਲਾਂ ਵਰਗੀ ਜਵਾਨੀ ਨੂੰ ਰਾਖ ਵਿਚ ਬਦਲ ਦਿੰਦਾ ਹੈ। ਨਸ਼ੇ ਨੂੰ ਰੋਕਣ ਲਈ ਸਾਨੂੰ ਸਭ ਨੂੰ ਜ਼ਮੀਨੀ ਪੱਧਰ 'ਤੇ ਰਲ ਮਿਲ ਕੇ ਯਤਨ ਕਰਨੇ ਚਾਹੀਦੇ ਹਨ। ਨਸ਼ਾ ਕਰ ਰਹੇ ਵਿਅਕਤੀ ਨਾਲ ਦੋਸਤਾਨਾ, ਸਹਿਜ, ਤਰੀਕੇ ਨਾਲ ਪੇਸ਼ ਆਉਣਾ ਚਾਹੀਦਾ ਹੈ, ਉਸ ਨੂੰ ਉਸ ਦੀ ਗ਼ਲਤੀ ਦਾ ਅਹਿਸਾਸ ਕਰਵਾਉਣਾ ਚਾਹੀਦਾ ਹੈ, ਗ਼ਲਤ ਵਤੀਰੇ ਜਾਂ ਹੀਣ ਭਾਵਨਾ ਪੈਦਾ ਹੋਣ ਕਾਰਨ ਮਸਲੇ ਵਿਗੜ ਜਾਂਦੇ ਹਨ। ਨਸ਼ੇ ਤੋਂ ਦੂਰ ਕਰਨਾ ਹੀ ਮਸਲੇ ਦਾ ਹੱਲ ਨਹੀਂ ਹੈ, ਨਸ਼ਾ ਕਰਨ ਦੇ ਕਾਰਨਾਂ ਦੀ ਘੋਖ ਕਰਨੀ ਬਣਦੀ ਹੈ। ਸਖ਼ਤ ਕਾਨੂੰਨ ਨਾਲ ਡਰ ਪੈਦਾ ਕੀਤਾ ਜਾ ਸਕਦਾ ਹੈ ਪਰ ਚੰਗੀ ਮਨੋਵਿਗਿਆਨਕ ਸੋਚ ਪੈਦਾ ਕਰਨ ਲਈ ਰੁਜ਼ਗਾਰ ਦੇ ਨਾਲ-ਨਾਲ ਚੰਗੇ ਸਾਹਿਤ ਨਾਲ ਸਮਾਜ ਦੀ ਬਿਹਤਰ ਸਿਰਜਣਾ ਵੀ ਕਰਨੀ ਚਾਹੀਦੀ ਹੈ, ਜਿਸ ਨਾਲ ਕਿ ਨੌਜਵਾਨੀ ਨੂੰ ਚੰਗੇ ਪਾਸੇ ਢਾਲਿਆਂ ਜਾ ਸਕੇ।


-ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾ, ਜ਼ਿਲ੍ਹਾ ਫਾਜ਼ਿਲਕਾ।

12-04-2018

 ਜੈਵਿਕ ਖੇਤੀ
ਭਾਰਤ ਦੇ ਪੂਰੇ ਖੇਤਰਫ਼ਲ ਦਾ ਪੰਜਾਬ 1.5 ਫ਼ੀਸਦੀ ਹੈ। ਹਰੀ ਕ੍ਰਾਂਤੀ ਦੇ ਨਾਂਹ-ਪੱਖੀ ਪ੍ਰਭਾਵਾਂ ਨੇ ਇਸ ਹਿੱਸੇ ਨੂੰ ਸ਼ੁੱਧਤਾ ਪੱਖੋਂ ਘਸਮੈਲਾ ਕਰ ਕੇ ਰੱਖ ਦਿੱਤਾ ਹੈ। ਅੱਜ ਜ਼ਮੀਨ ਨਸ਼ੱਈ ਹੋ ਚੁੱਕੀ ਹੈ। ਜੇ ਦੇਸੀ ਰੂੜੀ ਨਾਲ ਫ਼ਸਲ ਉਗਾਈਏ ਤਾਂ ਮਸਾਂ ਖਾਣ ਜੋਗੇ ਦਾਣੇ ਮਿਲਣਗੇ। ਅੰਮ੍ਰਿਤ ਮਈ ਪਾਣੀ ਪੀਣ ਯੋਗ ਨਹੀਂ ਰਿਹਾ। ਫ਼ਸਲੀ ਵਿਭਿੰਨਤਾ ਦਾ ਉਪਰਾਲਾ ਵੀ ਨਤੀਜੇ ਨਹੀਂ ਦੇ ਰਿਹਾ। 1950-51 ਤੋਂ ਅੱਜ ਤੱਕ ਫ਼ਸਲ ਦਾ ਵਾਧਾ 5 ਗੁਣਾਂ ਵਧਣ ਦਾ ਅਨੁਮਾਨ ਹੈ। ਇਸ ਸਮੇਂ ਦੌਰਾਨ ਬਿਮਾਰੀਆਂ ਦਾ ਰਿਕਾਰਡ ਘੋਖਿਆ ਜਾਵੇ ਤਾਂ ਹੱਦ-ਬੇਹੱਦ ਟੱਪ ਚੁੱਕਿਆ ਹੈੈ। ਦੁਸ਼ਮਣ ਨਾਲ ਲੜਨ ਦੀ ਰੀਤ ਬਜਾਏ ਖ਼ੁਦ ਦੀ ਸਿਹਤ ਨਾਲ ਲੜਨਾ ਪੈ ਰਿਹਾ ਹੈ। ਸਿਹਤ ਪ੍ਰਤੀ ਖਾਦਾਂ ਦਵਾਈਆਂ ਦੀ ਦੁਰਵਰਤੋਂ ਰੋਕਣ ਲਈ ਸਰਕਾਰੀ ਉਪਰਾਲੇ ਅਤੇ ਕਲਮਾਂ ਦੇ ਰੁੱਖ ਵੀ ਮੋੜਾ ਨਹੀਂ ਦੇ ਸਕੇ। ਜੈਵਿਕ ਖੇਤੀ ਸਮੇਂ ਦੀ ਮੰਗ ਹੈ। ਚੰਗਾ ਹੋਵੇ ਜੇ ਇਸ ਲਈ ਵੱਖਰਾ ਫੰਡ ਸਥਾਪਿਤ ਹੋਵੇ।
ਸਿਹਤ ਅਤੇ ਖੇਤੀ ਮਹਿਕਮਾ ਮਿਲਜੁਲ ਕੇ ਜੈਵਿਕ ਖੇਤੀ ਦਾ ਰੁਝਾਨ ਪੈਦਾ ਕਰਨ। ਆਰਥਿਕ ਅਤੇ ਸਿਹਤ ਦਾ ਸੰਤੁਲਨ ਬਣਾ ਕੇ ਰੱਖਣ। ਜੇ ਇਕੱਲਾ ਬੰਦਾ ਜੈਵਿਕ ਖੇਤੀ ਸ਼ੁਰੂ ਕਰੇ ਤਾਂ ਗੁਆਂਢੀ ਖੇਤਾਂ ਦੇ ਜੀਵ ਜੰਤੂ ਹੀ ਨੁਕਸਾਨ ਕਰ ਦਿੰਦੇ ਹਨ। ਇਸ ਲਈ ਲੋਕਾਂ ਦਾ ਸਹਿਯੋਗ ਅਤੇ ਸਰਕਾਰੀ ਉਪਰਾਲੇ ਜੈਵਿਕ ਖੇਤੀ ਲਈ ਅੱਜ ਤੋਂ ਸ਼ੁਰੂ ਕੀਤੇ ਜਾਣ ਇਸ ਵਿਚ ਹੀ ਸਿਹਤਮੰਦ ਅਤੇ ਖੁਸ਼ਹਾਲ ਪੰਜਾਬ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

ਭਟਕੇ ਆਗੂ
ਵੱਖ-ਵੱਖ ਪਾਰਟੀਆਂ ਨਾਲ ਸਬੰਧਿਤ ਨੇਤਾ ਸਰਕਾਰ ਅਤੇ ਲੋਕਾਂ ਵਿਚਕਾਰ ਇਕ ਕੜੀ ਦੀ ਭੂਮਿਕਾ ਨਿਭਾਉਂਦੇ ਹਨ। ਨੇਤਾ ਸਿਰਫ ਆਪਣੀ ਪਾਰਟੀ ਦੀ ਪ੍ਰਤੀਨਿਧਤਾ ਨਹੀਂ ਕਰਦੇ, ਸਗੋਂ ਲੱਖਾਂ ਲੋਕਾਂ ਦੀਆਂ ਆਸਾਂ-ਉਮੀਦਾਂ ਦੀ ਪ੍ਰਤੀਨਿਧਤਾ ਵੀ ਕਰਦੇ ਹਨ। ਗੁੱਸਾ ਹਰ ਇਕ ਦੇ ਵਿਵਹਾਰ ਵਿਚ ਸ਼ਾਮਿਲ ਹੁੰਦਾ ਹੈ। ਭਾਵੇਂ ਕੋਈ ਨੇਤਾ, ਅਭਿਨੇਤਾ ਜਾਂ ਆਮ ਮਨੁੱਖ ਹੋਵੇ। ਜੇਕਰ ਗੁੱਸੇ 'ਤੇ ਕਾਬੂ ਨਾ ਕੀਤਾ ਜਾਵੇ ਤਾਂ ਇਹ ਬੜੀ ਜਲਦੀ ਉਗਰ ਰੂਪ ਧਾਰ ਲੈਂਦਾ ਹੈ। ਪਰ ਸਾਡੇ ਸੱਭਿਅਕ ਸਮਾਜ ਦੇ ਨੇਤਾ ਗੁੱਸੇ ਵਿਚ ਸਾਰੀਆਂ ਹੱਦਾਂ ਪਾਰ ਕਰ ਕੇ ਅਸੱਭਿਅਕ ਭਾਸ਼ਾ ਦਾ ਪ੍ਰਯੋਗ ਕਰਦੇ ਹੋਏ ਇਕ-ਦੂਜੇ ਉੱਪਰ ਖੂਬ ਚਿੱਕੜ ਉਛਾਲਦੇ ਹਨ।
ਇਕ ਸਭਾ ਜਿੱਥੇ ਦੇਸ਼ ਜਾਂ ਰਾਜ ਨਾਲ ਸਬੰਧਿਤ ਸਮਾਜਿਕ ਆਰਥਿਕ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਕਰਕੇ ਕਲਿਆਣਕਾਰੀ ਰਾਜ ਦੀ ਤਕਦੀਰ ਘੜਨੀ ਹੁੰਦੀ ਹੈ ਉੱਥੇ ਨਿੱਜੀ ਰੰਜਿਸ਼ਾਂ ਕੱਢਦੇ ਹਨ। ਦੂਸ਼ਣਬਾਜ਼ੀ ਅਤੇ ਬੋਲ-ਕੁਬੋਲ ਹੁੰਦੇ ਆਪੇ ਤੋਂ ਬਾਹਰ ਹੋ ਕੇ ਇਹ ਲੋਕ ਪਵਿੱਤਰਤਾ ਦੇ ਪ੍ਰਤੀਕ ਮੰਚ ਨੂੰ ਦੂਸ਼ਿਤ ਕਰਕੇ ਨਾ ਮਿਟਣ ਵਾਲਾ ਧੱਬਾ ਲਾਉਂਦੇ ਹਨ। ਇਸ ਤੋਂ ਵੱਡੀ ਅਸੱਭਿਅਕਤਾ ਦੀ ਹੋਰ ਕੋਈ ਨਿਸ਼ਾਨੀ ਨਹੀਂ ਹੋ ਸਕਦੀ। ਆਪਣੇ ਅਹੁਦੇ ਅਤੇ ਲੋਕਾਂ ਦੀਆਂ ਉਮੀਦਾਂ ਵੱਲ ਤਵੱਜੋ ਦਿੰਦੇ ਹੋਏ ਇਨ੍ਹਾਂ ਆਗੂਆਂ ਨੂੰ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਗੁੱਸੇ ਵਿੱਚ ਹੋਸ਼ ਨਹੀਂ ਗਵਾਉਣਾ ਚਾਹੀਦਾ। ਲੋਕਾਂ ਅੱਗੇ ਵਧੀਆ ਉਦਾਹਰਨ ਬਣ ਕੇ ਪੇਸ਼ ਹੋਣਾ ਚਾਹੀਦਾ ਹੈ। ਜੇਕਰ ਸਾਡੇ ਆਗੂ ਹੀ ਭਟਕੇ ਹੋਣਗੇ ਤਾਂ ਉਹ ਸਮਾਜ ਨੂੰ ਕੀ ਸੇਧ ਦੇਣਗੇ।

-ਅੰਮ੍ਰਿਤ ਪਾਲ।

ਬਜ਼ੁਰਗਾਂ ਦਾ ਸਤਿਕਾਰ
ਸਾਨੂੰ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਸਾਨੂੰ ਇਹ ਦੁਨੀਆ ਦਿਖਾਈ, ਆਪ ਦੁੱਖ ਦੇਖ ਕੇ, ਦੁੱਖ ਸਹਿ ਕੇ ਜ਼ਿੰਦਗੀ ਵਿਚ ਜਿਊਣ ਦੇ ਕਾਬਲ ਬਣਾਇਆ। ਮਹਾਂਪੁਰਸ਼ ਵੀ ਇਹੀ ਕਹਿੰਦੇ ਹਨ ਕਿ ਜਿਨ੍ਹਾਂ ਦੇ ਘਰ ਮਾਂ-ਬਾਪ ਹਨ, ਉਨ੍ਹਾਂ ਨੂੰ ਗੁਰਦੁਆਰੇ ਆਉਣ ਦੀ ਲੋੜ ਨਹੀਂ, ਉਨ੍ਹਾਂ ਦੀ ਹੀ ਸੇਵਾ ਕਰੋ, ਗੁਰਦੁਆਰੇ ਆਉਣ ਦੇ ਬਰਾਬਰ ਹੀ ਹੋ ਜਾਂਦਾ ਹੈ। ਪਹਿਲਾਂ ਬਜ਼ੁਰਗ ਆਪਣੇ ਨੂੰਹ-ਪੁੱਤ ਨੂੰ ਘੂਰ ਵੀ ਲੈਂਦੇ ਸੀ ਅਤੇ ਉਹ ਅੱਗੋਂ 'ਸੀ' ਨਹੀਂ ਸੀ ਕਰਦੇ।
ਉਹ ਫਿਰ ਵੀ ਆਪਣੇ ਮਾਂ-ਬਾਪ ਦਾ, ਸੱਸ-ਸਹੁਰੇ ਦਾ ਸਤਿਕਾਰ ਕਰਦੇ ਸੀ ਪਰ ਅੱਜ ਸਮਾਂ ਏਨਾ ਬਦਲ ਗਿਆ ਹੈ ਕਿ ਬਹੁਤੇ ਬਜ਼ੁਰਗ ਆਪਣੇ ਨੂੰਹ-ਪੁੱਤ ਨੂੰ ਰੋਹਬ ਨਾਲ ਕੋਈ ਕੰਮ ਵੀ ਨਹੀਂ ਕਹਿ ਸਕਦੇ। ਅੱਜ ਨਵੀਂ ਪੀੜ੍ਹੀ ਦੇ ਤੌਰ-ਤਰੀਕੇ ਵੱਖਰੇ ਹਨ। ਉਨ੍ਹਾਂ ਦਾ ਰਹਿਣ-ਸਹਿਣ ਦਾ ਢੰਗ ਵੱਖਰਾ ਹੈ। ਨਵੀਂ ਪੀੜ੍ਹੀ ਤਾਂ ਇਹੀ ਚਾਹੁੰਦੀ ਹੈ ਕਿ ਕੋਈ ਬਜ਼ੁਰਗ ਉਨ੍ਹਾਂ ਨੂੰ ਰੋਕਣ-ਟੋਕਣ ਵਾਲਾ ਨਾ ਹੋਵੇ। ਉਹ ਅਜਿਹੀਆਂ ਗੱਲਾਂ ਤੋਂ ਸ਼ਰਮ ਮਹਿਸੂਸ ਕਰਦੇ ਹਨ। ਅਖੀਰ ਘਰ ਵਿਚ ਜੰਗ ਛਿੜ ਜਾਂਦੀ ਹੈ ਤੇ ਫਿਰ ਸਜ਼ਾ ਬਜ਼ੁਰਗਾਂ ਨੂੰ ਹੀ ਭੁਗਤਣੀ ਪੈਂਦੀ ਹੈ। ਪਰ ਨਵੀਂ ਪੀੜ੍ਹੀ ਨੂੰ ਇਹ ਨਹੀਂ ਪਤਾ ਕਿ ਘਰ ਵਿਚ ਬਜ਼ੁਰਗਾਂ ਦਾ ਹੀ ਪ੍ਰਤਾਪ ਹੈ। ਇਸ ਲਈ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰੋ, ਜੇ ਜ਼ਿੰਦਗੀ ਵਿਚ ਸਫ਼ਲ ਹੋਣਾ ਹੈ। ਉਨ੍ਹਾਂ ਦੇ ਸਤਿਕਾਰ ਨਾਲ ਤੁਹਾਡੀ ਜ਼ਿੰਦਗੀ ਹਰ ਪਾਸੇ ਤੋਂ ਖੁਸ਼ਹਾਲ ਹੋਵੇਗੀ, ਨਹੀਂ ਤਾਂ ਜਿਹੋ ਜਿਹਾ ਬੀਜੋਗੇ, ਉਹੋ ਜਿਹਾ ਵੱਢੋਗੇ।

-ਕਮਲ ਕੋਟਲੀ।

 

11-04-2018

 ਮਾੜਾ ਫ਼ੈਸਲਾ

ਅਕਸਰ ਹੀ ਰਾਜਨੀਤਕ ਪਾਰਟੀਆਂ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਾ ਸੁਨਹਿਰੀ ਸੁਪਨਾ ਦਿਖਾਉਂਦੀਆਂ ਹਨ। ਪਰ ਸਰਕਾਰ ਬਣਨ ਤੋਂ ਬਾਅਦ ਅਜਿਹੇ ਵਾਅਦੇ ਲਾਰੇ ਹੀ ਪ੍ਰਤੀਤ ਹੁੰਦੇ ਹਨ। ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਮੌਜੂਦਾ ਸਰਕਾਰ ਵੀ ਸੇਵਾ ਮੁਕਤ ਹੋ ਚੁੱਕੇ ਮੁਲਾਜ਼ਮਾਂ ਨੂੰ ਉੱਕਾ-ਪੁੱਕਾ ਤਨਖਾਹ ਦੇ ਕੇ ਦੁਬਾਰਾ ਫਿਰ ਭਰਤੀ ਕਰ ਰਹੀ ਹੈ ਜੋ ਕਿ ਇਕ ਨਿੰਦਣਯੋਗ ਕਾਰਵਾਈ ਹੀ ਨਹੀਂ, ਸਗੋਂ ਲੱਖਾਂ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇ ਦਿਖਾਏ ਗਏ ਸੁਪਨੇ ਨੂੰ ਕਤਲ ਕਰਨ ਦੇ ਤੁੱਲ ਹੈ। ਮੁਲਾਜ਼ਮਾਂ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਖਾਲੀ ਹੋਈਆਂ ਥਾਵਾਂ 'ਤੇ ਨੌਜਵਾਨਾਂ ਨੂੰ ਹੀ ਭਰਤੀ ਕਰਨਾ ਚਾਹੀਦਾ ਹੈ, ਤਾਂ ਕਿ ਵਿਕਰਾਲ ਰੂਪ ਧਾਰਨ ਕਰ ਚੁੱਕੀ ਬੇਰੁਜ਼ਗਾਰੀ ਦਾ ਸਾਹਮਣਾ ਕੀਤਾ ਜਾ ਸਕੇ। ਸਰਕਾਰਾਂ ਨੂੰ ਅਤੇ ਸੇਵਾਮੁਕਤ ਮੁਲਾਜ਼ਮਾਂ ਨੂੰ ਆਪਣੇ ਫਰਜ਼ ਪਛਾਨਣੇ ਚਾਹੀਦੇ ਹਨ।

-ਪ੍ਰੀਤ ਸਿੰਘ ਸੰਦਲ (ਕਵੀਸ਼ਰ),
ਪਿੰਡ ਤੇ ਡਾਕ: ਮਕਸੂਦੜਾ (ਲੁਧਿਆਣਾ)।

ਸਹੀ ਯੋਜਨਾ ਦੀ ਲੋੜ

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਹਰ ਸਾਲ ਬੋਰਡ ਪ੍ਰੀਖਿਆਵਾਂ ਵਿਚ ਨਕਲ ਰੋਕਣ ਦੇ ਯਤਨ ਕੀਤੇ ਜਾਂਦੇ ਹਨ। ਇਸ ਸਾਲ ਨਕਲ ਰੋਕਣ ਲਈ ਪ੍ਰੀਖਿਆ ਕੇਂਦਰਾਂ ਦੀ ਅਦਲਾ-ਬਦਲੀ ਕੀਤੀ ਗਈ ਹੈ। ਨਕਲ ਬੰਦ ਹੋਣੀ ਬਹੁਤ ਜ਼ਰੂਰੀ ਹੈ ਪਰ ਨਾਲ ਹੀ ਸਿੱਖਿਆ ਪ੍ਰਬੰਧ ਵਿਚ ਵੀ ਵੱਡੇ ਸੁਧਾਰਾਂ ਦੀ ਲੋੜ ਹੈ। ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਜਿਸ ਵਿਸ਼ੇ ਦਾ ਅਧਿਆਪਕ ਹੀ ਸਕੂਲ ਵਿਚ ਨਹੀਂ, ਵਿਦਿਆਰਥੀ ਉਸ ਵਿਸ਼ੇ ਦੀ ਪ੍ਰੀਖਿਆ ਕਿਵੇਂ ਦੇਵੇਗਾ? ਅਧਿਆਪਕ ਵਰਗ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਤੇ ਬੱਚਿਆਂ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਪੜ੍ਹਾਉਣਾ ਚਾਹੀਦਾ ਹੈ। ਅਧਿਆਪਕ ਯੋਗਤਾ ਟੈਸਟ (ਟੀ.ਈ.ਟੀ.) ਦੀ ਪਾਸ ਫ਼ੀਸਦੀ (3-4 ਫ਼ੀਸਦੀ) ਦੱਸਦਾ ਹੈ ਕਿ ਦੇਸ਼ ਵਿਚ ਚੰਗੇ ਅਧਿਆਪਕਾਂ ਦੀ ਵੱਡੀ ਘਾਟ ਹੈ।

-ਭੁਪਿੰਦਰ ਸਿੰਘ
ਪਿੰਡ ਤੇ ਡਾਕ: ਕੋਹਾਲੀ, ਜ਼ਿਲ੍ਹਾ ਅੰਮ੍ਰਿਤਸਰ।

ਪੰਚਾਇਤੀ ਚੋਣਾਂ

ਪੰਜਾਬ 'ਚ ਪੰਚਾਇਤੀ ਚੋਣਾਂ ਹੋਣ 'ਚ ਕੋਈ ਬਹੁਤਾ ਸਮਾਂ ਨਹੀਂ ਹੈ। ਸਰਪੰਚੀ ਦੇ ਦਾਅਵੇਦਾਰਾਂ ਨੇ ਅੰਦਰਖਾਤੇ ਆਪੋ-ਆਪਣੇ ਪੱਧਰ 'ਤੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪੰਚਾਇਤੀ ਚੋਣਾਂ ਬਾਕੀ ਚੋਣਾਂ ਨਾਲੋਂ ਲੋਕਾਂ ਲਈ ਜ਼ਿਆਦਾ ਖਿੱਚ ਦਾ ਕੇਂਦਰ ਹੁੰਦੀਆਂ ਹਨ। ਬਹੁਤੇ ਲੋਕ ਇਨ੍ਹਾਂ ਚੋਣਾਂ ਨੂੰ ਵੱਕਾਰ ਦਾ ਸਵਾਲ ਬਣਾ ਬੈਠਦੇ ਹਨ। ਸਿੱਟੇ ਵਜੋਂ ਪੈਸੇ ਵੰਡਣ, ਲਾਲਚ ਦੇਣ, ਡਰਾਵੇ ਧਮਕੀਆਂ ਦੇਣ ਦੇ ਨਾਲ-ਨਾਲ ਲੜਾਈ-ਝਗੜੇ ਤੱਕ ਵੀ ਨੌਬਤ ਆ ਜਾਂਦੀ ਹੈ। ਕਈ ਵਾਰ ਤਾਂ ਕਤਲ ਤੱਕ ਵੀ ਹੋ ਜਾਂਦੇ ਹਨ। ਅਸਲ ਵਿਚ ਜਿਥੋਂ ਤੱਕ ਪੰਚਾਇਤੀ ਚੋਣਾਂ ਨੂੰ ਨੇੜੇ ਤੋਂ ਵੇਖਿਆ-ਘੋਖਿਆ ਗਿਆ ਹੈ। ਉਹ ਪੇਂਡੂ ਭਾਈਚਾਰੇ ਲਈ ਘਾਤਕ ਹੀ ਸਾਬਤ ਹੋਇਆ ਹੈ। ਬਹੁਤੀ ਥਾਈਂ ਆਪਸੀ ਭਾਈਚਾਰਾ ਲੀਰੋ-ਲੀਰ ਹੋ ਕੇ ਰਹਿ ਗਿਆ ਹੈ। ਜਦੋਂ ਕਿ ਹੋਣਾ ਤਾਂ ਇਹ ਚਾਹੀਦਾ ਹੈ ਕਿ ਮਿਲੀ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਅ ਕੇ ਵਿਕਾਸ ਕਾਰਜਾਂ ਨੂੰ ਬੜਾਵਾ ਦੇ ਕੇ ਜਿਥੇ ਪਿੰਡ ਨੂੰ ਸੰਵਾਰਿਆ ਜਾਵੇ, ਉਥੇ ਹੋਰਨਾਂ ਲਈ ਪ੍ਰੇਰਨਾ ਦਾ ਸਰੋਤ ਵੀ ਬਣਿਆ ਜਾਵੇ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

39 ਭਾਰਤੀਆਂ ਦਾ ਗ਼ਮ

ਕੁਝ ਅਰਸਾ ਪਹਿਲਾਂ ਰੋਜ਼ੀ-ਰੋਟੀ ਖ਼ਾਤਰ ਵਿਦੇਸ਼ (ਇਰਾਕ) ਗਏ 39 ਭਾਰਤੀਆਂ, ਜਿਨ੍ਹਾਂ ਵਿਚ ਬਹੁਗਿਣਤੀ ਪੰਜਾਬੀਆਂ ਦੀ ਸੀ, ਸਬੰਧੀ ਪਿਛਲੇ ਕੁਝ ਸਮੇਂ ਤੋਂ ਅਚਾਨਕ ਲਾਪਤਾ ਹੋਣ ਦੀਆਂ ਖ਼ਬਰਾਂ ਮੀਡੀਏ ਰਾਹੀਂ ਲਗਾਤਾਰ ਮਿਲ ਰਹੀਆਂ ਸਨ ਅਤੇ ਉਦੋਂ ਤੋਂ ਹੀ ਉਨ੍ਹਾਂ ਦੀ ਭਾਲ ਸਬੰਧੀ ਯਤਨ ਜਾਰੀ ਸਨ। ਹੁਣ ਉਨ੍ਹਾਂ ਲਾਪਤਾ ਭਾਰਤੀਆਂ ਦੀਆਂ ਲਾਸ਼ਾਂ ਇਰਾਕ ਦੇ ਪਹਾੜੀ ਇਲਾਕੇ ਵਿਚੋਂ ਮਿਲਣ ਉਪਰੰਤ ਜਿਉਂ ਹੀ ਉਨ੍ਹਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਆਈਆਂ, ਤਿਉਂ ਹੀ ਦੇਸ਼ ਵਾਸੀਆਂ ਅਤੇ ਖ਼ਾਸ ਕਰਕੇ ਲਾਪਤਾ ਵਿਅਕਤੀਆਂ ਦੇ ਸਕੇ-ਸਬੰਧੀਆਂ ਦੇ ਮਨ ਡੂੰਘੇ ਗ਼ਮ ਦੇ ਸਮੁੰਦਰ ਵਿਚ ਡੁੱਬ ਗਏ। ਬਿਨਾਂ ਸ਼ੱਕ ਇਹ ਇਕ ਨਾ ਬਰਦਾਸ਼ਤਯੋਗ ਅਤੇ ਨਾ ਪੂਰਾ ਹੋਣ ਵਾਲਾ ਘਾਟਾ ਹੈ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

ਫ਼ੌਜ ਦੀ ਨੌਕਰੀ

ਪਿਛਲੇ ਦਿਨੀਂ ਅਖ਼ਬਾਰਾਂ ਵਿਚ ਪੜ੍ਹਿਆ ਹੈ ਕਿ ਸੰਸਦੀ ਕਮੇਟੀ ਨੇ ਸਿਫ਼ਾਰਸ਼ ਕੀਤੀ ਹੈ ਕਿ ਕਾਨੂੰਨ ਬਣਾਇਆ ਜਾਵੇ ਕਿ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਫ਼ੌਜ ਵਿਚ 5 ਸਾਲ ਨੌਕਰੀ ਜ਼ਰੂਰੀ ਕਰਾਰ ਕੀਤੀ ਜਾਵੇ। ਮੇਰੀ ਰਾਇ ਹੈ ਕਿ ਹਰ ਇਕ ਵਿਧਾਇਕ ਜਾਂ ਲੋਕ ਸਭਾ ਦੀ ਚੋਣ ਲੜਨ ਵਾਲੇ ਉਮੀਦਵਾਰ ਨੂੰ ਵੀ 5 ਸਾਲ ਦੀ ਫ਼ੌਜ ਵਾਲੀ ਸ਼ਰਤ ਵੀ ਲਾਜ਼ਮੀ ਹੋਣੀ ਚਾਹੀਦੀ ਹੈ ਤਾਂ ਕਿ ਅਨੁਸ਼ਾਸਿਤ ਲੋਕ ਹੀ ਸਿਆਸਤ ਵਿਚ ਆ ਸਕਣ।

-ਕੁਸਮ ਸ਼ਰਮਾ, ਫ਼ਰੀਦਕੋਟ।

ਪਰਾਈ ਆਸ ਕਰੇ ਨਿਰਾਸ਼

ਜ਼ਿੰਦਗੀ ਵਿਚ ਜੇਕਰ ਸਫ਼ਲ ਹੋਣਾ ਹੈ ਤਾਂ ਇਕ ਗੱਲ ਜ਼ਰੂਰ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਪਰਾਈ ਆਸ ਹਮੇਸ਼ਾ ਨਿਰਾਸ਼ ਹੀ ਕਰਦੀ ਹੈ। ਮੁੱਲ ਹਮੇਸ਼ਾ ਮਿਹਨਤ ਦਾ ਹੀ ਪੈਂਦਾ ਹੈ। ਹਿੰਮਤੀ ਵਿਅਕਤੀ ਹਨੇਰ-ਸਵੇਰ ਆਪਣੀ ਮੰਜ਼ਿਲ 'ਤੇ ਪਹੁੰਚ ਹੀ ਜਾਂਦਾ ਹੈ। ਮਿਹਨਤ ਤੋਂ ਵੱਡਾ ਸਫ਼ਲਤਾ ਦਾ ਕੋਈ ਸਾਧਨ ਨਹੀਂ। ਹਮੇਸ਼ਾ ਦੂਸਰਿਆਂ 'ਤੇ ਆਸ ਰੱਖਣ ਵਾਲਾ ਜਾਂ ਹਮੇਸ਼ਾ ਕਿਸਮਤ ਨੂੰ ਕੋਸਣ ਵਾਲਾ ਵਿਅਕਤੀ ਕਦੇ ਸਫ਼ਲ ਨਹੀਂ ਹੋ ਸਕਦਾ। ਇਨਸਾਨ ਦੀ ਕੀਤੀ ਮਿਹਨਤ ਕਦੇ ਵੀ ਵਿਅਰਥ ਨਹੀਂ ਜਾਂਦੀ, ਉਸ ਦਾ ਫਲ ਉਸ ਨੂੰ ਕਿਸੇ ਨਾ ਕਿਸੇ ਰੂਪ ਵਿਚ ਜ਼ਰੂਰ ਮਿਲ ਜਾਂਦਾ ਹੈ।

-ਜਸਪ੍ਰੀਤ ਕੌਰ 'ਸੰਘਾ'
ਪਿੰਡ ਤਨੂੰਲੀ,
ਜ਼ਿਲ੍ਹਾ ਹੁਸ਼ਿਆਰਪੁਰ।

ਕਣਕ, ਕੁਦਰਤ ਅਤੇ ਕਰੋਪੀ

ਕਣਕ ਪੰਜਾਬੀਆਂ ਦੀ ਜਿੰਦ ਜਾਨ ਹੈ। ਕੁਦਰਤ ਨਾਲ ਕਣਕ ਦਾ ਗੂੜ੍ਹਾ ਰਿਸ਼ਤਾ ਵੀ ਹੈ ਜੋ ਕਿ ਅਤੀਤ ਤੋਂ ਵਰਤਮਾਨ ਤੱਕ ਕਾਇਮ ਹੈ। ਪੰਜਾਬੀਆਂ ਦੇ ਜੀਵਨ ਨਿਰਬਾਹ ਅਤੇ ਆਰਥਿਕਤਾ ਦਾ ਧੁਰਾ ਕਣਕ ਹੀ ਹੈ। ਕਣਕ ਬੀਜਣ, ਵੱਢਣ ਅਤੇ ਸਾਂਭਣ ਦੇ ਤਰੀਕੇ ਸਮੇਂ ਅਨੁਸਾਰ ਢਲਦੇ ਗਏ।
ਕੁਦਰਤ ਨੇ ਕਣਕ ਦੇ ਮਨੁੱਖੀ ਜੀਵਨ ਪ੍ਰਤੀ ਕਈ ਪੱਖਾਂ ਨੂੰ ਪ੍ਰਭਾਵਿਤ ਕੀਤਾ ਹੈ। ਕੁਦਰਤ ਨਾਲ ਹੋਈ ਛੇੜਛਾੜ ਨੇ ਮੌਸਮ ਦਾ ਲਿਹਾਜ ਵਿਗਾੜ ਦਿੱਤਾ। ਦਾਤੀ ਨੂੰ ਘੁੰਗਰੂ ਲਾਉਣ ਦੇ ਨਾਲ-ਨਾਲ ਮੌਸਮ ਨੂੰ ਦੇਖ ਕੇ ਸਾਹ ਸੂਤੇ ਜਾਂਦੇ ਹਨ। ਮਨੁੱਖੀ ਜੀਵਨ ਤੇ ਕਣਕ ਰਾਹੀਂ ਹੋ ਰਹੀ ਅਲਰਜੀ ਸਭ ਤੋਂ ਵੱਧ ਕਰੋਪਵਾਨ ਹੈ। ਕਣਕ ਨੂੰ ਖਾਣ ਅਤੇ ਕਣਕ ਦੀ ਧੂੜ ਨੇ ਅੱਜ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਇਹ ਕੁਦਰਤ ਦੀ ਕਰੋਪੀ ਹੀ ਹੈ। ਭਵਿੱਖ ਜੈਵਿਕ ਖੇਤੀ ਦੀ ਮੰਗ ਕਰਦਾ ਹੈ। ਇਸ ਕਰਕੇ ਕੁਦਰਤ, ਕਣਕ ਵਿਚ ਕਰੋਪੀ ਦਾ ਵਿਛੋੜਾ ਪੈਣ ਦੀ ਆਸ ਬੱਝੇਗੀ। ਇਸ ਨਾਲ ਹੀ ਖੁਸ਼ਹਾਲ ਜੀਵਨ ਲਈ ਵੀ ਕੁਦਰਤ ਦਾ ਸੰਤੁਲਨ ਬਣੇਗਾ। ਇਸ ਨਾਲ ਹੀ ਭਵਿੱਖ ਖੁਸ਼ਹਾਲ ਅਤੇ ਅਰੋਗਤਾ ਭਰਿਆ ਹੋਣ ਦੀ ਆਸ ਬੱਜੇਗੀ। ਕਣਕ ਨਾਲ ਕੁਦਰਤ ਦਾ ਮੇਲ ਮੁੜ ਲੀਹਾਂ 'ਤੇ ਆਉਣ ਨਾਲ ਹੀ ਕਰੋਪੀ ਦਾ ਅੰਤ ਹੋਵੇਗਾ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

10-04-2018

 ਨਸ਼ਿਆਂ ਦੀ ਦਲਦਲ
ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ। ਬਿਨਾਂ ਸ਼ੱਕ ਸਰਕਾਰ ਦੁਆਰਾ ਨਸ਼ਿਆਂ ਦਾ ਕਾਰੋਬਾਰ ਖ਼ਤਮ ਕਰਨ ਦੀ ਗੱਲ ਕਹੀ ਜਾ ਰਹੀ ਹੈ ਪਰ ਜ਼ਮੀਨੀ ਪੱਧਰ 'ਤੇ ਸਥਿਤੀ ਹੋਰ ਹੈ। ਅੱਜ ਵੀ ਪੰਜਾਬ ਵਿਚ ਉਸ ਤਰ੍ਹਾਂ ਹੀ ਨਸ਼ਿਆਂ ਦਾ ਕਾਰੋਬਾਰ ਹੋ ਰਿਹਾ ਹੈ। ਬਿਨਾਂ ਸ਼ੱਕ ਛੋਟੇ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਪਰ ਵੱਡੇ ਤਸਕਰ ਅੱਜ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ ਹਨ। ਕੈਗ ਦੀ ਰਿਪੋਰਟ ਅਨੁਸਾਰ ਨਸ਼ਿਆਂ ਦੀ ਵਰਤੋਂ ਕਰਨ ਵਿਚ ਪੰਜਾਬ ਪਹਿਲੇ ਸਥਾਨ 'ਤੇ ਆ ਗਿਆ ਹੈ, ਜੋ ਕਿ ਪੰਜਾਬ ਲਈ ਬਹੁਤ ਨਮੋਸ਼ੀ ਵਾਲੀ ਗੱਲ ਹੈ। ਇਕ ਅਧਿਐਨ ਅਨੁਸਾਰ ਪੰਜਾਬ ਵਿਚ 75 ਫੀਸਦੀ ਨੌਜਵਾਨ ਨਸ਼ੀਲੇ ਪਦਾਰਥਾਂ ਦੀ ਲਪੇਟ ਵਿਚ ਹਨ, 67 ਫੀਸਦੀ ਘਰਾਂ ਵਿਚ ਘੱਟ ਤੋਂ ਘੱਟ ਇਕ ਵਿਅਕਤੀ ਨਸ਼ੇ ਦਾ ਸੇਵਨ ਕਰਦਾ ਹੈ ਤੇ ਹਰ ਸੱਤ ਦਿਨਾਂ ਵਿਚ ਇਕ ਵਿਅਕਤੀ ਦੀ ਨਸ਼ੇ ਨਾਲ ਮੌਤ ਹੁੰਦੀ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਜ਼ਮੀਨੀ ਪੱਧਰ 'ਤੇ ਨਸ਼ਿਆਂ ਨੂੰ ਖ਼ਤਮ ਕੀਤਾ ਜਾਵੇ। ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਪੱਧਰ 'ਤੇ ਸਰਕਾਰ ਤੇ ਪੁਲਿਸ ਦਾ ਸਹਿਯੋਗ ਕਰਨ, ਕਿਉਂਕਿ ਸਾਰਿਆਂ ਦੇ ਸਹਿਯੋਗ ਨਾਲ ਹੀ ਇਸ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

-ਕਮਲ ਬਰਾੜ,
ਪਿੰਡ ਕੋਟਲੀ ਅਬਲੂ।

ਸ਼ਹਾਦਤ ਦਿਵਸ
ਕੌਮੀ ਪਰਵਾਨਿਆਂ ਨੇ ਸਾਡੇ ਦੇਸ਼ ਨੂੰ ਗੁਲਾਮੀ-ਮੁਕਤ ਦੇਖਣ ਲਈ ਆਪਣੇ ਗਲਾਂ 'ਚ ਫਾਂਸੀ ਦੇ ਰੱਸਿਆਂ ਨੂੰ ਹਾਰ ਸਮਝ ਇਸ ਲਈ ਪਹਿਨਿਆ ਕਿ ਆਜ਼ਾਦ ਭਾਰਤ ਦਾ ਹਰ ਇਕ ਨੌਜਵਾਨ ਆਜ਼ਾਦ ਫਿਜ਼ਾ 'ਚ ਇਕ ਬੁਲੰਦ ਸੋਚ ਰਾਹੀਂ ਨਵੇਂ ਦਿਸਹੱਦਿਆਂ ਦੀ ਭਾਲ 'ਚ ਇਕ ਵੱਖਰਾ ਇਤਿਹਾਸ ਰਚੇ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਗੁਲਾਮ-ਏ-ਜ਼ੰਜੀਰ ਕੱਟਣ ਵਾਲੀ ਸੋਚ ਕਿੱਥੇ ਕੁ ਖੜ੍ਹੀ ਹੈ, ਇਹ ਇਕ ਵੱਡਾ ਸਵਾਲ ਸਾਡੇ ਸਾਹਮਣੇ ਹੈ, ਕਿਤੇ ਅਸੀਂ ਮੁੜ ਗੁਲਾਮੀ ਵੱਲ ਤਾਂ ਨਹੀਂ ਵਧ ਰਹੇ। ਅੱਜ ਸਾਡਾ ਜ਼ਿਆਦਾਤਰ ਨੌਜਵਾਨ ਵਰਗ ਗੈਂਗਸਟਰ ਦੀ ਆੜ 'ਚ ਆਪਣਾ ਵਜੂਦ ਖ਼ਤਮ ਕਰ ਰਿਹਾ ਹੈ। ਗਾਹੇ-ਬਗਾਹੇ ਲੱਭਦੀਆਂ ਛੋਟੀ ਸੂਈ ਵਾਲੀਆਂ ਸਰਿੰਜਾਂ ਕੁਰਾਹੇ ਪਈ ਜਵਾਨੀ ਦਾ ਪ੍ਰਤੀਕ ਹਨ। ਭਗਤ ਸਿੰਘ ਦੇ ਸੁਪਨਿਆਂ ਦਾ ਸੰਸਾਰ ਤਿਲਸਮ ਸਾਬਤ ਹੋ ਰਿਹਾ ਹੈ, ਕਿਉਂਕਿ ਅੱਜ ਉਸ ਦੇ ਜੀਵਨ ਵਰਗੀ ਸਾਦਗੀ, ਸਹਿਜਤਾ, ਸੁਹਜਤਾ, ਸੂਰਤ, ਸੀਰਤ ਅਤੇ ਹਲੀਮੀ ਨੌਜਵਾਨਾਂ 'ਚ ਮਨਫ਼ੀ ਹੋ ਰਹੀ ਹੈ। ਕੇਸਰੀ ਪੱਗ ਵੀ ਅੱਜ ਲੁਕਵੇਂ ਮੰਤਵਾਂ ਦੀ ਆੜ 'ਚ ਨਿੱਜ ਹਿਤਾਂ ਲਈ ਦਮ ਤੋੜਦੀ ਜਾਪਦੀ ਹੈ। ਬਹੁਤ ਸਾਰੇ ਨੌਜਵਾਨ ਜੋ ਸੁੱਚਮਤਾ ਨਾਲ ਸਮਾਜ ਸੇਵਾ ਵਿਚ ਜੁਟੇ ਹੋਏ ਹਨ, ਨਰੋਏ ਸਮਾਜ ਸਿਰਜਣ ਦੀ ਨੀਂਹ ਨੂੰ ਮਜ਼ਬੂਤ ਕਰ ਰਹੇ ਹਨ, ਉਹ ਦੇਸ਼ ਲਈ ਸ਼ੁੱਭ ਸੰਕੇਤ ਹਨ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਲੁਧਿਆਣਾ।

ਪ੍ਰਸ਼ਨ ਪੱਤਰ ਲੀਕ ਮਾਮਲਾ
ਦੇਸ਼ ਵਿਚ ਸਿੱਖਿਆ ਖੇਤਰ ਦੀ ਵਕਾਰੀ ਸੰਸਥਾ ਸੀ. ਬੀ. ਐਸ. ਈ. ਦੇ ਹੋ ਰਹੇ ਸਾਲਾਨਾ ਇਮਤਿਹਾਨਾਂ ਦੌਰਾਨ ਦਸਵੀਂ ਦਾ ਗਣਿਤ ਤੇ ਬਾਰ੍ਹਵੀਂ ਦਾ ਅਰਥ-ਸ਼ਾਸਤਰ ਦੇ ਪੇਪਰ ਲੀਕ ਹੋਣ ਨਾਲ ਇਹ ਗੱਲ ਜੱਗ ਜ਼ਾਹਰ ਹੋ ਗਈ ਹੈ ਕਿ ਦੇਸ਼ ਦਾ ਤੰਤਰ ਕਿੰਨਾ ਭ੍ਰਿਸ਼ਟ ਹੋ ਚੁੱਕਾ ਹੈ। ਰਾਜਨੀਤਕ ਤੇ ਪ੍ਰਸ਼ਾਸਨਿਕ ਖੇਤਰ ਤਾਂ ਭ੍ਰਿਸ਼ਟਾਚਾਰ ਦੀ ਦਲਦਲ ਵਿਚ ਫਸੇ ਹੀ ਸਨ ਪਰ ਸਿੱਖਿਆ ਖੇਤਰ ਵਿਚ ਵਾਪਰੀ ਅਜਿਹੀ ਘਟਨਾ ਤੋਂ ਸਾਰਾ ਦੇਸ਼ ਦੰਗ ਰਹਿ ਗਿਆ। ਪਰ ਇਸ ਦੀ ਸਜ਼ਾ ਬੇਕਸੂਰ ਮਾਪੇ ਤੇ ਵਿਦਿਆਰਥੀ ਭੁਗਤ ਰਹੇ ਹਨ। ਬਿਨਾਂ ਕੁਝ ਖਾਦੇ-ਪੀਤਿਆਂ ਦਿਨ-ਰਾਤ ਇਕ ਕਰਕੇ ਕੀਤੀ ਮਿਹਨਤ 'ਤੇ ਝਟਕੇ 'ਚ ਪਾਣੀ ਫਿਰ ਗਿਆ। ਅਪਰਾਧੀ ਨੂੰ ਲੱਭਣ ਲਈ ਕ੍ਰਾਈਮ ਬ੍ਰਾਂਚ ਤੇ ਐਸ. ਆਈ. ਟੀ. ਵਲੋਂ ਕਈ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ ਪਰ ਇਕ ਵਾਰੀ ਜੋ ਕਲੰਕ ਇਸ ਸਿੱਖਿਆ ਸੰਸਥਾ 'ਤੇ ਲੱਗ ਗਿਆ, ਧੋਣਾ ਮੁਸ਼ਕਿਲ ਹੈ।

-ਪਰਮ ਪਿਆਰ ਸਿੰਘ,
ਨਕੋਦਰ।

ਵੀ.ਆਈ.ਪੀ. ਸੱਭਿਆਚਾਰ
ਧਾਰਮਿਕ ਸਥਾਨ ਆਮ ਲੋਕਾਂ ਦੀ ਆਸਥਾ ਦਾ ਕੇਂਦਰ ਹੁੰਦੇ ਹਨ। ਸਿੱਖ ਗੁਰੂਆਂ ਨੇ ਮਨੁੱਖੀ ਮਹਾਨਤਾ ਦਾ ਹੋਕਾ ਪ੍ਰਚੰਡ ਕੀਤਾ ਹੈ ਪਰ ਅਜੋਕੇ ਸਮੇਂ ਧਾਰਮਿਕ ਸਥਾਨ ਰਾਜਨੀਤੀ ਦਾ ਕੇਂਦਰ ਬਣੇ ਹੋਏ ਹਨ। ਅੱਜ ਧਾਰਮਿਕ ਸਥਾਨਾਂ 'ਤੇ ਵੀ.ਆਈ.ਪੀ. ਸੱਭਿਆਚਾਰ ਅਤੇ ਸਿਫਾਰਸ਼ਾਂ ਦਾ ਬੋਲਬਾਲਾ ਹੈ। ਉੱਚੀ ਪਹੁੰਚ ਰੱਖਣ ਵਾਲੇ ਕਮੇਟੀਆਂ ਦੇ ਅਹੁਦੇਦਾਰਾਂ ਅਤੇ ਪ੍ਰਬੰਧਕਾਂ ਦੇ ਸਿਫ਼ਾਰਸ਼ੀਆਂ ਨੂੰ ਮੱਥਾ ਟੇਕਣ ਅਤੇ ਕਮਰਿਆਂ ਨੂੰ ਰਾਖਵੇਂ ਰੱਖਣ ਆਦਿ ਲਈ ਪਹਿਲ ਦੇਣਾ ਖ਼ਤਰਨਾਕ ਰੁਝਾਨ ਹੈ, ਜੋ ਕਿ ਲੋਕਾਂ ਦੀ ਆਸਥਾ ਨੂੰ ਸੱਟ ਮਾਰਨ ਵਾਲਾ ਹੈ। ਭਾਵੇਂ ਬਜ਼ੁਰਗਾਂ ਜਾਂ ਅਪਾਹਜਾਂ ਲਈ ਪੌੜੀ, ਲਿਫਟਾਂ ਜਾਂ ਚੜ੍ਹਾਈ ਚੜ੍ਹਾਉਣ ਲਈ ਵਿਸ਼ੇਸ਼ ਗੱਡੀਆਂ ਦੇ ਪ੍ਰਬੰਧ ਦਾ ਪ੍ਰਚਾਰ ਕੀਤਾ ਜਾਂਦਾ ਹੈ ਪਰ ਅਸਲ ਵਿਚ ਪ੍ਰਬੰਧ ਨਾਮਾਤਰ ਹੁੰਦੇ ਹਨ। ਸਿਰਫ ਅਖ਼ਬਾਰਾਂ ਦੀਆਂ ਸੁਰਖੀਆਂ ਲਈ ਤਸਵੀਰਾਂ ਖਿਚਵਾਉਣ ਤੱਕ ਹੀ ਸੀਮਤ ਹੁੰਦੇ ਹਨ। ਪਹਿਰੇਦਾਰਾਂ ਦਾ ਅੱਖੜ ਸੁਭਾਅ ਅਤੇ ਅੜੀਅਲ ਵਤੀਰਾ ਬਲਦੀ 'ਤੇ ਤੇਲ ਪਾਉਣ ਦਾ ਕੰਮ ਕਰਦਾ ਹੈ ਅਤੇ ਹਿਰਦੇ ਵਲੂੰਧਰਦਾ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ ਤਾਂ ਅਕਬਰ ਵਰਗੇ ਬਾਦਸ਼ਾਹ ਨੂੰ ਪੰਗਤ ਵਿਚ ਬੈਠ ਕੇ ਲੰਗਰ ਛਕਣ ਤੋਂ ਬਾਅਦ ਹੀ ਦਰਸ਼ਨ ਦਿੱਤੇ ਸਨ, ਜੋ ਕਿ ਵੀ.ਆਈ.ਪੀ. ਸੱਭਿਆਚਾਰ ਵਿਰੁੱਧ ਸਪੱਸ਼ਟ ਸੰਕੇਤ ਅਤੇ ਉਪਦੇਸ਼ ਸੀ। ਵੀ.ਆਈ.ਪੀ. ਸੱਭਿਆਚਾਰ ਖ਼ਤਮ ਕਰਕੇ, ਲੋੜਵੰਦਾਂ ਅਤੇ ਅਪਾਹਜ ਵਿਅਕਤੀਆਂ ਨੂੰ ਪਹਿਲ ਅਤੇ ਵਿਸ਼ੇਸ਼ ਸਹੂਲਤਾਂ ਦੇਣ ਦੀ ਪਹਿਲਕਦਮੀ ਕਰਨੀ ਚਾਹੀਦੀ ਹੈ।

-ਚਰਨਜੀਤ ਸਿੰਘ,
ਲੈਕਚਰਾਰ ਪੰਜਾਬੀ, ਸ: ਸੀ: ਸੈ: ਸਕੂਲ, ਬਾਸੋਵਾਲ (ਰੂਪਨਗਰ)।

 


ਅਧਿਆਪਕਾਂ ਦਾ ਸਤਿਕਾਰ
ਮੇਰੀ ਲਿਖਤ ਸਾਰੇ ਅਧਿਆਪਕਾਂ ਨੂੰ ਬਾਸਤਿਕਾਰ ਸਮਰਪਿਤ ਹੈ। ਮਸ਼ਹੂਰ ਪਾਕਿਸਤਾਨੀ ਅਦੀਬ ਮਰਹੂਮ ਅਸਫਾਕ ਅਹਿਮਦ ਨੇ ਲਿਖਿਆ ਹੈ : ਰੋਮ (ਇਟਲੀ) ਵਿਚ ਮੇਰਾ ਚਾਲਾਨ ਹੋਇਆ ਪਰ ਮਸਰੂਫ਼ ਹੋਣ ਕਾਰਨ ਫ਼ੀਸ ਸਮੇਂ ਸਿਰ ਜਮ੍ਹਾਂ ਨਾ ਕਰਵਾ ਸਕਿਆ। ਲਿਹਾਜ਼ਾ ਅਦਾਲਤ ਜਾਣਾ ਪੈ ਗਿਆ। ਜੱਜ ਦੇ ਸਾਹਮਣੇ ਪੇਸ਼ ਹੋਇਆ ਤਾਂ ਉਸ ਨੇ ਵਜ੍ਹਾ ਪੁੱਛੀ। ਮੈਂ ਕਿਹਾ ਕਿ ਪ੍ਰੋਫੈਸਰ ਹਾਂ, ਮਸਰੂਫ਼ ਹੋਣ ਕਾਰਨ ਵਕਤ ਹੀ ਨਹੀਂ ਮਿਲਿਆ। ਇਸ ਤੋਂ ਪਹਿਲਾਂ ਕਿ ਮੈਂ ਆਪਣੀ ਗੱਲ ਪੂਰੀ ਕਰਦਾ, ਜੱਜ ਬੋਲਿਆ ਕਿ ਇਕ ਅਧਿਆਪਕ ਅਦਾਲਤ ਵਿਚ ਮੌਜੂਦ ਹੈ....॥.... ਸਾਰੇ ਜਣੇ ਖੜ੍ਹੇ ਹੋ ਗਏ ਤੇ ਮੈਥੋਂ ਮਾਫ਼ੀ ਮੰਗ ਕੇ ਚਾਲਾਨ ਰੱਦ ਕਰ ਦਿੱਤਾ। ਉਸ ਵੇਲੇ ਮੁਲਕ ਦੀ ਕਾਮਯਾਬੀ ਦਾ ਰਾਜ ਪਤਾ ਲੱਗਾ। ਅਮਰੀਕਾ ਵਿਚ ਸਿਰਫ ਦੋ ਤਰ੍ਹਾਂ ਦੇ ਲੋਕ ਹੀ ਵੀ.ਆਈ.ਪੀ. ਮੰਨੇ ਜਾਂਦੇ ਹਨ ਵਿਗਿਆਨੀ ਅਤੇ ਅਧਿਆਪਕ। ਫਰਾਂਸ ਵਿਚ ਅਦਾਲਤਾਂ 'ਚ ਸਿਰਫ ਅਧਿਆਪਕਾਂ ਨੂੰ ਹੀ ਕੁਰਸੀ 'ਤੇ ਬੈਠਣ ਦਾ ਹੱਕ ਹਾਸਲ ਹੈ। ਜਾਪਾਨ ਦੀ ਪੁਲਿਸ ਸਰਕਾਰ ਦੀ ਇਜਾਜ਼ਤ ਤੋਂ ਬਾਅਦ ਹੀ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ। ਦੱਖਣੀ ਕੋਰੀਆ ਵਿਚ ਹਰ ਅਧਿਆਪਕ ਨੂੰ ਉਹ ਸਾਰੇ ਹੱਕ ਹਾਸਲ ਹਨ ਜੋ ਭਾਰਤ ਵਿਚ ਵਜ਼ੀਰਾਂ ਨੂੰ ਮਿਲੇ ਹੋਏ ਹਨ।

-ਹਰਜਿੰਦਰ ਪਾਲ ਸਿੰਘ
ਜਵੱਦੀ ਕਲਾਂ, ਲੁਧਿਆਣਾ।

09-04-2018

 ਕਿਸਾਨ ਖੁਦਕੁਸ਼ੀਆਂ
ਅਖ਼ਬਾਰ ਦੇ ਮੁੱਖ ਪੰਨੇ 'ਤੇ ਤਿੰਨ ਸਾਲਾਂ 'ਚ 36 ਹਜ਼ਾਰ ਕਿਸਾਨਾਂ ਵਲੋਂ ਖੁਦਕੁਸ਼ੀਆਂ ਦੀ ਖ਼ਬਰ ਪੜ੍ਹੀ, ਜਿਸ ਨੂੰ ਪੜ੍ਹ ਕੇ ਦਿਲ ਨੂੰ ਬਹੁਤ ਦੁੱਖ ਹੋਇਆ। ਪੰਜਾਬ ਵਿਚ ਬੇਰੁਜ਼ਗਾਰੀ, ਮਹਿੰਗਾਈ ਅਤੇ ਕਰਜ਼ੇ ਦੀ ਮਾਰ ਨੇ ਕਿਸਾਨਾਂ ਦੇ ਜੀਵਨ ਨੂੰ ਐਨਾ ਪ੍ਰਭਾਵਿਤ ਕੀਤਾ ਹੈ ਕਿ ਉਨ੍ਹਾਂ ਦਾ ਜੀਵਨ ਦਿਨੋਂ-ਦਿਨ ਮੌਤ ਦੇ ਮੂੰਹ ਵਿਚ ਜਾ ਰਿਹਾ ਹੈ। ਜੋ ਬੈਂਕ ਸਰਕਾਰ ਵਲੋਂ ਕਿਸਾਨਾਂ ਦੀ ਮਦਦ ਲਈ ਖੋਲ੍ਹੇ ਗਏ ਸਨ, ਉਹੀ ਬੈਂਕ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਕਾਰਨ ਬਣ ਰਹੇ ਹਨ। ਜੀਵਨ ਦੁੱਖਾਂ ਅਤੇ ਸੁੱਖਾਂ ਦਾ ਸੁਮੇਲ ਹੈ। ਜੇ ਇਨਸਾਨ ਸੁੱਖ ਦੀ ਘੜੀ ਨੂੰ ਖਿੜੇ ਮੱਥੇ ਕਬੂਲਦਾ ਹੈ ਤਾਂ ਉਹ ਦੁੱਖ ਦੀ ਘੜੀ ਵਿਚ ਹੌਸਲਾ ਕਿਉਂ ਛੱਡ ਦਿੰਦਾ ਹੈ? ਇਸ ਵਿਚ ਕੋਈ ਸ਼ੱਕ ਨਹੀਂ ਕਿ ਇਕ ਸੂਝਵਾਨ ਵਿਅਕਤੀ ਜੇਕਰ ਚਾਹੇ ਤਾਂ ਥੋੜ੍ਹੀ ਕਮਾਈ ਵਿਚ ਵੀ ਆਪਣਾ ਗੁਜ਼ਾਰਾ ਕਰ ਸਕਦਾ ਹੈ, ਲੋੜ ਹੈ ਤਾਂ ਆਪਣੀ ਚਾਦਰ ਦੇਖ ਕੇ ਪੈਰ ਪਸਾਰਨ ਦੀ। ਸਰਕਾਰ ਓਨੀ ਦੇਰ ਤੱਕ ਖੁਦਕੁਸ਼ੀਆਂ ਦਾ ਸਿਲਸਿਲਾ ਨਹੀਂ ਰੋਕ ਸਕਦੀ, ਜਦੋਂ ਤੱਕ ਸਮਾਜ ਦਾ ਹਰ ਵਿਅਕਤੀ ਜਿਊਣ ਦੀ ਇੱਛਾ ਨੂੰ ਬਰਕਰਾਰ ਨਹੀਂ ਰੱਖੇਗਾ।


-ਨੂਰਦੀਪ ਕੋਮਲ,
ਸੰਗਰੂਰ।


ਸ਼ੋਰ ਪ੍ਰਦੂਸ਼ਣ
ਸੰਪਾਦਕੀ ਪੰਨੇ 'ਤੇ ਯਾਦਵਿੰਦਰ ਸਿੰਘ ਸਤਕੋਹਾ ਦਾ ਲੇਖ 'ਪੰਜਾਬੀਆਂ ਦੇ ਜੀਵਨ ਵਿਚ ਬੁਰੀ ਤਰ੍ਹਾਂ ਘਰ ਕਰ ਗਿਆ ਹੈ ਆਵਾਜ਼ ਪ੍ਰਦੂਸ਼ਣ' ਵਿਚ ਲੇਖਕ ਨੇ ਸਿਰਫ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਦੀ ਤੇ ਵਿਆਹਾਂ 'ਚ ਚਲਦੇ ਡੀ.ਜੇ. ਦੀ ਹੀ ਗੱਲ ਕੀਤੀ ਹੈ, ਜਦੋਂ ਕਿ ਪੰਜਾਬ ਦੇ ਹਰ ਪਿੰਡ ਵਿਚ 10-15 ਮਿੰਟਾਂ ਬਾਅਦ ਸਬਜ਼ੀ ਤੇ ਹੋਰ ਸਾਮਾਨ ਵੇਚਣ ਵਾਲਾ ਸਪੀਕਰਾਂ ਰਾਹੀਂ ਆਵਾਜ਼ ਦਿੰਦਾ ਹੈ, ਜੋ ਬਹੁਤ ਸ਼ੋਰ ਪਾਉਂਦੇ ਹਨ। ਇਸ ਤੋਂ ਬਿਨਾਂ ਲੋਕ ਟਰੈਕਟਰਾਂ 'ਤੇ ਵੀ ਵੱਡੇ ਪੱਧਰ 'ਤੇ ਗਾਣੇ ਵਜਾ ਕੇ ਸ਼ੋਰ ਪੈਦਾ ਕਰ ਰਹੇ ਹਨ। ਪਿੰਡਾਂ-ਸ਼ਹਿਰਾਂ ਵਿਚ ਦੀ ਲੰਘਦੇ ਟਰੱਕ-ਬੱਸ ਆਦਿ ਦੇ ਪ੍ਰੈਸ਼ਰ ਹਾਰਨ ਵੀ ਹਨ। ਅੱਜਕਲ੍ਹ ਲੋਕ ਵਿਆਹਾਂ ਜਾਂ ਹੋਰ ਖੁਸ਼ੀ ਦੇ ਮੌਕੇ 'ਤੇ ਪਟਾਕੇ ਵੀ ਅੱਧੀ ਰਾਤ ਤੱਕ ਵਜਾਉਂਦੇ ਸੁਣਦੇ ਹਨ।


-ਜਸਕਰਨ ਲੰਡੇ,
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਸੀਰੀਆ ਗ੍ਰਹਿ ਯੁੱਧ
ਪਿਛਲੇ ਕੁਝ ਸਮੇਂ ਤੋਂ ਸੀਰੀਆ ਦੀ ਤਬਾਹੀ ਦੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲ ਰਹੀਆਂ ਹਨ। ਹੈਵਾਨੀਅਤ ਦੇ ਇਸ ਗੰਦੇ ਨਾਚ ਨੂੰ ਦੇਖ ਕੇ ਇਨਸਾਨੀਅਤ ਸ਼ਰਮਸਾਰ ਹੁੰਦੀ ਜਾਪਦੀ ਹੈ। ਨਫਰਤ ਨਾਲ ਭਰੀ ਦੁਨੀਆ ਵਿਚ ਇਨਸਾਨੀ ਜ਼ਿੰਦਗੀ ਦੀ ਕੋਈ ਕੀਮਤ ਹੀ ਨਜ਼ਰੀਂ ਨਹੀਂ ਆਉਂਦੀ। ਸੀਰੀਆ ਗ੍ਰਹਿ ਯੁੱਧ ਦੀ ਸ਼ੁਰੂਆਤ 2011 ਵਿਚ ਹੋਈ, ਜਦੋਂ ਸਥਾਨਕ ਲੋਕਾਂ ਨੇ ਰਾਸ਼ਟਰਪਤੀ ਬਸ਼ਰ-ਉਲ-ਅਸਦ ਖਿਲਾਫ ਵਿਦਰੋਹ ਸ਼ੁਰੂ ਕੀਤਾ। ਇਸ ਵਿਦਰੋਹ ਦੀ ਹੋਂਦ 2006 ਤੋਂ 2011 ਤੱਕ ਪਏ ਸੋਕੇ ਦੇ ਪ੍ਰਭਾਵ ਕਾਰਨ ਉਪਜੀ ਬੇਰੁਜ਼ਗਾਰੀ, ਭੁੱਖਮਰੀ 'ਤੇ ਟਿਕੀ ਹੋਈ ਸੀ ਪਰ ਸਥਾਨਕ ਸਰਕਾਰ ਨੇ ਇਸ ਨੂੰ ਅਣਮਨੁੱਖੀ ਢੰਗ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੇ ਸਿੱਟੇ ਵਜੋਂ 'ਰੈਬਲਜ਼ ਆਰਮੀ' ਵਿਦਰੋਹੀਆਂ ਨੇ ਬਣਾਈ, ਜਿਸ ਦਾ ਉਦੇਸ਼ ਮੌਜੂਦਾ ਸਰਕਾਰ ਨੂੰ ਖ਼ਤਮ ਕਰਨਾ ਸੀ। ਇਸ ਗ੍ਰਹਿ ਯੁੱਧ ਵਿਚ ਅਮਰੀਕਾ ਜਿਥੇ 'ਰੈਬਲਜ਼ ਆਰਮੀ' ਦੇ ਹੱਕ ਵਿਚ ਹੈ, ਉਥੇ ਹੀ ਰੂਸ ਸੀਰੀਆ ਦੇ ਰਾਸ਼ਟਰਪਤੀ ਦੇ ਹੱਕ ਵਿਚ ਹੈ। ਸਾਰਕ ਅਤੇ ਯੂ. ਐਨ. ਓ. ਵਰਗੀਆਂ ਅੰਤਰਰਾਸ਼ਟਰੀ ਸੰਸਥਾਵਾਂ ਵੀ ਇਸ ਗ੍ਰਹਿ ਯੁੱਧ ਨੂੰ ਰੋਕਣ ਵਿਚ ਅਸਫਲ ਰਹੀਆਂ। ਇਹ ਸੰਘਰਸ਼ ਦੂਜੀ ਵਿਸ਼ਵ ਜੰਗ ਤੋਂ ਬਾਅਦ ਦੁਨੀਆ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਮਨੁੱਖੀ ਸੰਕਟ ਬਣ ਚੁੱਕਾ ਹੈ। ਇਸ ਗ੍ਰਹਿ ਯੁੱਧ ਵਿਚ ਜਿੱਤ ਕਿਸੇ ਦੀ ਹੋਵੇ ਪਰ ਹਾਰ ਮਨੁੱਖਤਾ ਦੀ ਹੀ ਹੋਈ ਹੈ।


-ਜਸਪ੍ਰੀਤ ਕੌਰ ਸੰਘਾ,
ਪਿੰਡ ਤਨੂੰਲੀ, ਹੁਸ਼ਿਆਰਪੁਰ।


ਅਨੁਸ਼ਾਸਨ ਦੀ ਮਹੱਤਤਾ
ਅਨੁਸ਼ਾਸਨ ਦਾ ਅਰਥ ਹੈ ਕਿ ਕਿਸੇ ਵਿਅਕਤੀ ਦੇ ਦਿਮਾਗ ਅਤੇ ਆਚਰਨ ਨੂੰ ਇਸ ਤਰ੍ਹਾਂ ਦੀ ਸਿਖਲਾਈ ਦੇਣਾ, ਜਿਸ ਨਾਲ ਉਹ ਆਪਣੇ-ਆਪ ਉੱਤੇ ਕਾਬੂ ਰੱਖਣਾ ਸਿੱਖ ਜਾਵੇ। ਅਨੁਸ਼ਾਸਨ ਨਾਲ ਹੀ ਵਿਅਕਤੀ ਸੰਸਕਾਰਾਂ ਵਿਚ ਰਹਿਣਾ ਸਿੱਖਦਾ ਹੈ। ਅਨੁਸ਼ਾਸਨ ਕਿਸੇ ਵੀ ਵਿਅਕਤੀ ਦੇ ਮਨ ਨੂੰ ਸਥਿਰਤਾ ਪ੍ਰਦਾਨ ਕਰਦਾ ਹੈ। ਇਹ ਸਥਿਰਤਾ ਹੀ ਉਸ ਨੂੰ ਜੀਵਨ ਦੇ ਸੰਘਰਸ਼ ਵਿਚ ਅੱਗੇ ਵਧਣ ਵਿਚ ਸਹਾਇਤਾ ਕਰਦੀ ਹੈ।
ਇਕ ਵਿਦਿਆਰਥੀ ਲਈ ਤਾਂ ਅਨੁਸ਼ਾਸਨ ਦਾ ਮਹੱਤਵ ਬਹੁਤ ਜ਼ਿਆਦਾ ਹੈ, ਕਿਉਂਕਿ ਵਿਦਿਆਰਥੀ ਜੀਵਨ ਹੀ ਮਨੁੱਖ ਦੀ ਸ਼ਖ਼ਸੀਅਤ ਦਾ ਆਧਾਰ ਹੁੰਦਾ ਹੈ। ਇਸ ਸਮੇਂ ਦੌਰਾਨ ਵਿਦਿਆਰਥੀ ਜੋ ਵੀ ਗੁਣ ਜਾਂ ਔਗੁਣ ਗ੍ਰਹਿਣ ਕਰਦਾ ਹੈ, ਉਸ ਦੇ ਅਨੁਸਾਰ ਹੀ ਉਸ ਦੇ ਆਚਰਨ ਦਾ ਨਿਰਮਾਣ ਹੁੰਦਾ ਹੈ। ਜੇਕਰ ਬੱਚਿਆਂ ਨੂੰ ਬਚਪਨ ਤੋਂ ਹੀ ਅਨੁਸ਼ਾਸਨ ਵਿਚ ਰਹਿਣਾ ਸਿਖਾਇਆ ਜਾਵੇ ਤਾਂ ਉਹ ਇਨ੍ਹਾਂ ਸਭ ਬੁਰਾਈਆਂ ਤੋਂ ਦੂਰ ਰਹਿ ਸਕਦੇ ਹਨ ਅਤੇ ਇਕ ਚੰਗੇ ਇਨਸਾਨ ਬਣ ਕੇ ਆਪਣਾ, ਆਪਣੇ ਮਾਂ-ਬਾਪ ਅਤੇ ਆਪਣੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕਦੇ ਹਨ।


-ਜਸ਼ਨਦੀਪ ਕੌਰ ਢਿੱਲੋਂ,
ਭੁੱਟੀਵਾਲਾ।


ਸਰਹੱਦਾਂ ਦਾ ਮਾਹੌਲ ਚਿੰਤਾਜਨਕ
ਜੰਮੂ-ਕਸ਼ਮੀਰ ਵਿਚ ਆਏ ਦਿਨੀਂ ਗੁਆਂਢੀ ਮੁਲਕ ਪਾਕਿਸਤਾਨ ਵਲੋਂ ਗੋਲੀਬਾਰੀ ਦੀ ਉਲੰਘਣਾ ਕੀਤੀ ਜਾ ਰਹੀ ਹੈ। ਪਾਕਿਸਤਾਨ ਦਾ ਇਹ ਵਰਤਾਰਾ ਲੰਮੇ ਸਮੇਂ ਤੋਂ ਜਾਰੀ ਹੈ। ਗੋਲੀਬਾਰੀ ਤੋਂ ਪ੍ਰਭਾਵਿਤ ਆਏ ਦਿਨੀਂ ਫੌਜ ਦੇ ਜਵਾਨ ਅਤੇ ਉਥੋਂ ਦੇ ਵਸਨੀਕ ਹੁੰਦੇ ਹਨ। ਲੰਮੇ ਸਮੇਂ ਤੋਂ ਇਹ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਬਿਨਾਂ ਕਿਸੇ ਜੰਗ ਦੇ ਨਿੱਤ ਹੀ ਮਾਵਾਂ ਦੇ ਪੁੱਤ ਸ਼ਹੀਦ ਹੋ ਰਹੇ ਹਨ, ਜਿਸ ਦਾ ਕਾਰਨ ਇਹ ਬੇਵਜ੍ਹਾ ਹੋ ਰਹੀ ਗੋਲੀਬਾਰੀ ਬਣ ਰਹੀ ਹੈ। ਕੇਂਦਰ ਸਰਕਾਰ ਨੂੰ ਇਸ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ, ਤਾਂ ਜੋ ਗੁਆਂਢੀ ਮੁਲਕ ਪਾਕਿਸਤਾਨ ਨਾਲ ਗੱਲਬਾਤ ਰਾਹੀਂ ਇਸ ਮਸਲੇ ਦਾ ਹੱਲ ਕੱਢਿਆ ਜਾ ਸਕੇ।


-ਜੀਤ ਹਰਜੀਤ,
ਪ੍ਰੀਤ ਨਗਰ, ਹਰੇੜੀ ਰੋਡ, ਸੰਗਰੂਰ।

06-04-2018

 ਆਟੋ ਰਿਕਸ਼ਿਆਂ ਦੀ ਭਰਮਾਰ

ਅੱਜ ਸ਼ਹਿਰ ਵਿਚ ਜਿਸ ਪਾਸੇ ਵੀ ਜਾਓ, ਆਟੋ ਰਿਕਸ਼ਾ ਵਾਲਿਆਂ ਦੀ ਭਰਮਾਰ ਹੈ। ਇਕ ਗੱਲ ਤਾਂ ਠੀਕ ਹੈ ਕਿ ਆਟੋ ਰਿਕਸ਼ਾ ਦੀ ਸਹੂਲਤ ਹੈ ਕਿ ਸ਼ਹਿਰ ਵਿਚ ਇਕ ਥਾਂ ਤੋਂ ਦੂਜੀ ਥਾਂ 'ਤੇ ਜਾਣ ਲਈ ਕਿਸੇ ਬੱਸ ਦੀ ਜ਼ਿਆਦਾ ਉਡੀਕ ਨਹੀਂ ਕਰਨੀ ਪੈਂਦੀ ਤੇ ਆਟੋ ਰਿਕਸ਼ਾ ਵਾਲੇ ਤੁਹਾਨੂੰ ਘਰ ਤੋਂ ਬਾਹਰ ਨਿਕਲਦੇ ਹੀ ਮਿਲ ਜਾਣਗੇ। ਪਰ ਅੱਜਕਲ੍ਹ ਸਹੂਲਤ ਦੇ ਨਾਂਅ 'ਤੇ ਗੁੰਡਾਗਰਦੀ ਵਧ ਰਹੀ ਹੈ। ਕੁਝ ਸ਼ਰਾਰਤੀ ਕਿਸਮ ਦੇ ਨੌਜਵਾਨ ਆਟੋ ਰਿਕਸ਼ਾ ਚਲਾਉਂਦੇ ਹਨ, ਜੋ ਕਿ ਬਹੁਤ ਉੱਚੀ ਆਵਾਜ਼ ਵਿਚ ਸਪੀਕਰ ਲਗਾ ਕੇ ਗੀਤ ਵਜਾਉਂਦੇ ਹੋਏ ਲੰਘਦੇ ਹਨ। ਕੁਝ ਆਟੋ ਰਿਕਸ਼ਾ ਵਾਲੇ ਤਾਂ ਸੜਕ 'ਤੇ ਵਿਚਕਾਰ ਹੀ ਆਟੋ ਖੜ੍ਹਾ ਕਰਕੇ ਸਵਾਰੀ ਚੁੱਕਣ ਲੱਗ ਜਾਂਦੇ ਹਨ, ਜਿਸ ਕਰਕੇ ਆਵਾਜਾਈ ਦੀ ਸਮੱਸਿਆ ਪੇਸ਼ ਆਉਂਦੀ ਹੈ। ਪਿਛਲੇ ਦਿਨੀਂ ਪ੍ਰਸ਼ਾਸਨ ਵਲੋਂ ਕੁਝ ਸਖ਼ਤੀ ਕੀਤੀ ਗਈ ਪਰ ਉਸ ਦਾ ਵੀ ਕੋਈ ਖ਼ਾਸ ਅਸਰ ਹੋਇਆ ਨਹੀਂ ਦਿਸਦਾ। ਆਟੋ ਰਿਕਸ਼ਾ ਵਾਲੇ ਨਿਯਮਾਂ ਤੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਆਪਣੀ ਆਵਾਰਾਗਰਦੀ ਉਸੇ ਤਰ੍ਹਾਂ ਜਾਰੀ ਰੱਖ ਰਹੇ ਹਨ। ਆਖ਼ਰ ਇਹ ਕਦੋਂ ਤੱਕ ਚਲਦਾ ਰਹੇਗਾ।

-ਗੁਰਪ੍ਰੀਤ ਸਿੰਘ
ਜਲੰਧਰ।

ਕੈਰੀਅਰ ਦੀ ਚੋਣ

ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਕੈਰੀਅਰ ਦੀ ਚੋਣ ਆਪ ਕਰਨ। ਇਸ ਤਰ੍ਹਾਂ ਹੀ ਉਹ ਅੱਗੇ ਜਾ ਕੇ ਜ਼ਿੰਦਗੀ ਵਿਚ ਸਫ਼ਲ ਹੋ ਸਕਦੇ ਹਨ। ਵਿਦਿਆਰਥੀਆਂ ਦੇ ਇਹ ਵੀ ਧਿਆਨ ਵਿਚ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਜਿਸ ਵਿਸ਼ੇ ਜਾਂ ਫਿਰ ਕਿਸੇ ਕੰਪਿਊਟਰ ਦਾ ਕੋਰਸ ਆਦਿ ਵਿਚ ਦਿਲ ਕਰਦਾ ਹੈ, ਉਨ੍ਹਾਂ ਨੂੰ ਉਹੀ ਵਿਸ਼ਾ ਜਾਂ ਫਿਰ ਕੋਰਸ ਕਰਨਾ ਚਾਹੀਦਾ ਹੈ। ਮਾਤਾ-ਪਿਤਾ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚੇ ਦਾ ਜਿਸ ਵਿਸ਼ੇ ਵਿਚ ਮਨ ਕਰਦਾ ਹੈ, ਉਸ ਨੂੰ ਉਹੀ ਵਿਸ਼ਾ ਪੜ੍ਹਾਇਆ ਜਾਵੇ। ਅੱਜਕਲ੍ਹ ਦੇ ਮੁੰਡੇ-ਕੁੜੀਆਂ ਕੈਰੀਅਰ ਲਈ ਗੁੰਮਰਾਹ ਹੋ ਰਹੇ ਹਨ। ਉਨ੍ਹਾਂ ਨੂੰ ਤਜਰਬੇਕਾਰ ਅਧਿਆਪਕ ਕੋਲੋਂ ਰਾਇ ਲੈਣੀ ਚਾਹੀਦੀ ਹੈ। ਅਸੀਂ ਸਭ ਕੁਝ ਕਰ ਸਕਦੇ ਹਾਂ, ਕੁਝ ਵੀ ਔਖਾ ਨਹੀਂ ਹੁੰਦਾ। ਇਰਾਦਾ ਮਜ਼ਬੂਤ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚ ਸਕਦੇ ਹਾਂ।

-ਪ੍ਰੋ: ਜਗਸੀਰ ਸਿੰਘ
ਕਿਸ਼ਨਗੜ੍ਹ ਫਰਵਾਹੀ (ਮਾਨਸਾ)।

ਲਾਵਾਰਸ ਪਸ਼ੂਆਂ ਲਈ ਜ਼ਿੰਮੇਵਾਰ ਸਮਾਜ

ਰੋਜ਼ਮਰਾ ਅਕਸਰ ਦੇਖਣ 'ਚ ਆਇਆ ਹੈ ਕਿ ਭੁੱਖੇ ਪਸ਼ੂ ਆਪਣੀ ਭੁੱਖ ਮਿਟਾਉਣ ਲਈ ਵਿਚਾਰੇ ਬੇਜ਼ਬਾਨੇ ਇਧਰ-ਉਧਰ ਭਟਕਦੇ ਫ਼ਸਲਾਂ 'ਚ ਪੇਟ ਭਰਨ ਲਈ ਜਾਂਦੇ ਹਨ। ਫ਼ਸਲ ਦਾ ਉਜਾੜਾ ਹੋ ਜਾਂਦਾ ਹੈ। ਯਕੀਨਨ ਹੀ ਉਹ ਕਿਸਾਨ ਦੁਖੀ ਹੋਵੇਗਾ। ਪਰ ਇਸ ਸਭ ਲਈ ਸਾਡਾ ਸਮਾਜ, ਸਰਕਾਰਾਂ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਕਿਉਂਕਿ ਇਨ੍ਹਾਂ ਪਸ਼ੂਆਂ ਦਾ ਖੂਨ-ਪਸੀਨਾ ਨਿਚੋੜ ਕੇ ਆਪਣਾ ਮਤਲਬ ਕੱਢ ਕੇ ਬੇਕਾਰ ਹੋਏ ਸਮਝ ਕੇ ਪਸ਼ੂਆਂ ਦੇ ਸੰਗਲ ਖੋਲ੍ਹ ਆਵਾਰਾ ਛੱਡ ਦਿੰਦੇ ਹਨ ਅਤੇ ਵਿਚਾਰੇ ਅਣਮਨੁੱਖੀ ਅੱਤਿਆਚਾਰ ਦੇ ਸ਼ਿਕਾਰ ਹੋ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਦੇ ਵਸੇਬੇ ਲਈ ਜੋ ਲੱਖਾਂ ਰੁਪਏ ਟੈਕਸ ਲਿਆ ਜਾਂਦਾ ਹੈ ਇਨ੍ਹਾਂ ਲਈ ਉਚਿਤ ਪ੍ਰਬੰਧ ਰੱਖ-ਰਖਾਅ ਲਈ ਕੋਈ ਉਪਰਾਲਾ ਕਰੇ ਅਤੇ ਜੋ ਵਿਅਕਤੀ ਇਨ੍ਹਾਂ ਨੂੰ ਜਦੋਂ ਬੇਕਾਰ ਸਮਝ ਕੇ ਸੰਗਲ ਖੋਲ੍ਹ ਆਵਾਰਾ ਛੱਡ ਦਿੰਦੇ ਹਨ, ਦੇ ਵਿਰੁੱਧ ਸਖ਼ਤ ਕਾਨੂੰਨ ਬਣਾਇਆ ਜਾਵੇ। ਇਸ ਨਾਲ ਫ਼ਸਲਾਂ ਦਾ ਉਜਾੜਾ ਤੇ ਸੜਕਾਂ 'ਤੇ ਰੋਜ਼ਮਰਾ ਦੁਰਘਟਨਾਵਾਂ, ਬੇਜ਼ਬਾਨੇ ਪਸ਼ੂਆਂ 'ਤੇ ਅੱਤਿਆਚਾਰਾਂ ਨੂੰ ਠੱਲ੍ਹ ਪਾਈ ਜਾ ਸਕੇ।

-ਹਰਦੇਵ ਸਿੰਘ
ਭੋਜਾ ਪੱਟੀ, ਨਗਰ ਬਿਲਗਾ, ਤਹਿ: ਫਿਲੌਰ (ਜਲੰਧਰ)।

ਵਿਦਿਆਰਥੀ ਚੋਣ

ਪਿਛਲੇ ਦਿਨੀਂ ਪੰਜਾਬ ਸਰਕਾਰ ਦੁਆਰਾ ਵਿਦਿਆਰਥੀ ਚੋਣਾਂ ਕਰਵਾਉਣ ਦਾ ਐਲਾਨ ਕਰਨਾ ਇਕ ਸ਼ਲਾਘਾਯੋਗ ਕਦਮ ਹੈ। ਇਸ ਤੋਂ ਪਹਿਲਾਂ 1984 ਵਿਚ ਸਾਰੇ ਸੂਬੇ ਵਿਚ ਵਿਦਿਆਰਥੀ ਚੋਣਾਂ ਹੋਈਆਂ ਸਨ ਪਰ ਉਸ ਸਮੇਂ ਕਈ ਹਿੰਸਕ ਘਟਨਾਵਾਂ ਵਾਪਰਨ ਕਰਕੇ ਉਸ ਤੋਂ ਬਾਅਦ ਇਹ ਚੋਣਾਂ ਬੰਦ ਕਰ ਦਿੱਤੀਆਂ ਸਨ। ਇਨ੍ਹਾਂ ਚੋਣਾਂ ਨਾਲ ਜਿਥੇ ਪੰਜਾਬ ਦੇ ਨੌਜਵਾਨਾਂ ਵਿਚ ਅਗਵਾਈ ਵਾਲੇ ਗੁਣ ਪੈਦਾ ਕੀਤੇ ਜਾ ਸਕਦੇ ਹਨ, ਉਥੇ ਵਿਦਿਆਰਥੀ ਆਪਣੀਆਂ ਮੰਗਾਂ ਲਈ ਵੀ ਸੰਘਰਸ਼ ਕਰ ਸਕਦੇ ਹਨ। ਪੰਜਾਬ ਵਿਚ ਜ਼ਿਆਦਾਤਰ ਨੇਤਾ ਵਿਦਿਆਰਥੀ ਯੂਨੀਅਨਾਂ ਤੋਂ ਉੱਠ ਕੇ ਹੀ ਆਉਂਦੇ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਚੋਣਾਂ ਨਿਰਪੱਖ ਹੋ ਕੇ ਕਰਵਾਈਆਂ ਜਾਣ। ਵਿਦਿਆਰਥੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਕਾਨੂੰਨ ਨੂੰ ਆਪਣੇ ਹੱਥ ਵਿਚ ਲੈ ਕੇ ਹੁੱਲੜਬਾਜ਼ੀ ਨਾ ਕਰਨ, ਕਿਸੇ ਨਾਲ ਵੀ ਜਾਤੀ ਰੰਜਿਸ਼ ਨਾ ਕੱਢਣ, ਆਪਣੀ ਹੈਂਕੜ ਜ਼ਾਹਰ ਨਾ ਕਰਨ। ਬਸ ਆਏ ਨਤੀਜਿਆਂ ਨੂੰ ਕਬੂਲ ਕਰਨਾ ਹੀ ਆਪਣੇ ਅਤੇ ਪੰਜਾਬ ਦੇ ਹਿਤ ਵਿਚ ਹੋਵੇਗਾ। ਇਸ ਦੇ ਨਾਲ ਹੀ ਇਨ੍ਹਾਂ ਚੋਣਾਂ ਵਿਚ ਕਿਸੇ ਕਿਸਮ ਦੇ ਨਸ਼ਿਆਂ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਜੋ ਇਕ ਵਧੀਆ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ, ਕਿਉਂਕਿ ਕਿਸੇ ਵੀ ਦੇਸ਼ ਦਾ ਭਵਿੱਖ ਉਥੋਂ ਦੇ ਨੌਜਵਾਨਾਂ 'ਤੇ ਨਿਰਭਰ ਕਰਦਾ ਹੈ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ।

ਅੰਨ੍ਹੀ ਲੁੱਟ

ਸਰਕਾਰ ਵਲੋਂ ਸਰਕਾਰੀ ਸਕੂਲਾਂ ਪ੍ਰਤੀ ਅਪਣਾਈ ਬੇਰੁਖ਼ੀ ਨੀਤੀ ਕਾਰਨ ਅੱਜ ਥਾਂ-ਥਾਂ 'ਤੇ ਨਿੱਜੀ ਸਕੂਲ ਧੜਾਧੜ ਖੁੱਲ੍ਹਦੇ ਨਜ਼ਰ ਆ ਰਹੇ ਹਨ। ਸਰਕਾਰੀ ਸਕੂਲਾਂ ਵਿਚ ਅੱਜ ਖ਼ਾਸ ਕਰਕੇ ਪ੍ਰਾਇਮਰੀ ਪੱਧਰ ਦੀ ਵਿੱਦਿਆ ਦਾ ਮਿਆਰ ਦਿਨ-ਬਦਿਨ ਨਿਘਾਰ ਵੱਲ ਜਾ ਰਿਹਾ ਹੈ। ਸਰਕਾਰੀ ਸਕੂਲਾਂ ਵਿਚ ਬਣੇ ਅਜਿਹੇ ਹਾਲਾਤ ਕਾਰਨ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਭੇਜਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਅਸੀਂ ਦੇਖ ਹੀ ਰਹੇ ਹਾਂ ਕਿ ਕਿਵੇਂ ਇਨ੍ਹਾਂ ਨਿੱਜੀ ਸਕੂਲਾਂ ਵਲੋਂ ਹਰ ਸਾਲ ਦਾਖ਼ਲਾ ਫੀਸ, ਕਿਤਾਬਾਂ, ਕਾਪੀਆਂ, ਵਰਦੀਆਂ ਦੇ ਨਾਂਅ 'ਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਵੱਡੀ ਲੁੱਟ ਕੀਤੀ ਜਾ ਰਹੀ ਹੈ। ਇਸ ਹੋ ਰਹੀ ਵੱਡੀ ਲੁੱਟ ਦੇ ਜੇਕਰ ਸਮੁੱਚੇ ਵਰਤਾਰੇ ਨੂੰ ਦੇਖੀਏ ਤਾਂ ਇਹ ਗੋਰਖ ਧੰਦਾ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਮਰਜ਼ੀ ਤੋਂ ਬਿਨਾਂ ਨਹੀਂ ਚੱਲ ਸਕਦਾ।
ਸੋ, ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਜਿਥੇ ਨਿੱਜੀ ਸਕੂਲਾਂ ਦੀਆਂ ਬੇਨਿਯਮੀਆਂ ਪ੍ਰਤੀ ਬੇਹੱਦ ਸਖ਼ਤੀ ਵਾਲਾ ਰੁਖ਼ ਅਖ਼ਤਿਆਰ ਕਰਨਾ ਚਾਹੀਦਾ ਹੈ, ਉਥੇ ਸਰਕਾਰੀ ਸਕੂਲਾਂ ਵਿਚ ਪੈਦਾ ਹੋਈਆਂ ਹਰ ਤਰ੍ਹਾਂ ਦੀਆਂ ਊਣਤਾਈਆਂ ਨੂੰ ਦੂਰ ਕਰਨ ਲਈ ਯਤਨਸ਼ੀਲ ਹੋਣਾ ਵੀ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ।

-ਰਾਜਾ ਚੜਿੱਕ
ਚੜਿੱਕ (ਮੋਗਾ)।

ਮੂੰਹੋਂ ਨਿਕਲਣ ਵਾਲੇ ਬੋਲ

ਬੋਲਣਾ ਸਾਡੀ ਅਜਿਹੀ ਕਿਰਿਆ ਹੈ ਜਿਸ ਤੋਂ ਬਿਨਾਂ ਅਸੀਂ ਆਪਣੇ ਭਾਵ ਪ੍ਰਗਟ ਨਹੀਂ ਕਰ ਸਕਦੇ। ਆਪਣੇ ਬੋਲਾਂ ਰਾਹੀਂ ਅਸੀਂ ਦੂਜਿਆਂ ਨੂੰ ਆਪਣੇ ਤੋਂ ਜਾਣੂ ਕਰਵਾਉਂਦੇ ਹਾਂ। ਇਸ ਲਈ ਜ਼ਰੂਰੀ ਹੈ ਕਿ ਸਾਡੇ ਬੋਲ ਏਨੀ ਸਮਰੱਥਾ ਰੱਖਦੇ ਹੋਣ ਕਿ ਅਸੀਂ ਦੂਜਿਆਂ ਦੇ ਮਨ 'ਚ ਆਪਣੇ ਲਈ ਚੰਗੀ ਜਗ੍ਹਾ ਬਣਾ ਸਕੀਏ। ਕਈ ਵਾਰ ਅਸੀਂ ਅਜਿਹੀ ਬੋਲੀ ਬੋਲਦੇ ਹਾਂ ਦੂਜੇ ਦੁਖੀ ਹੋ ਜਾਂਦੇ ਹਨ। ਇਸ ਲਈ ਸਾਨੂੰ ਨਿਮਰਤਾ ਨਾਲ ਬੋਲਣਾ ਚਾਹੀਦਾ ਹੈ। ਆਪਣੀ ਬੋਲੀ ਸੁਧਾਰ ਕੇ ਰੱਖਣੀ ਚਾਹੀਦੀ ਹੈ। ਕਿਤੇ ਨਾ ਕਿਤੇ ਸਾਡੇ ਬੋਲਾਂ ਦਾ ਸਾਡੇ ਮਾਣ-ਸਨਮਾਨ 'ਤੇ ਪ੍ਰਭਾਵ ਜ਼ਰੂਰ ਪੈਂਦਾ ਹੈ। ਜੇਕਰ ਅਸੀਂ ਦੂਜਿਆਂ ਨਾਲ ਢੰਗ ਨਾਲ ਬੋਲਾਂਗੇ ਤਾਂ ਹੀ ਸਾਹਮਣੇ ਵਾਲਾ ਸਾਨੂੰ ਸਨਮਾਨ ਦਿੰਦਾ ਹੈ। ਬੱਚੇ ਵੀ ਵੱਡਿਆਂ ਤੋਂ ਹੀ ਸਿੱਖਦੇ ਹਨ ਤੇ ਉਸੇ ਤਰ੍ਹਾਂ ਦੀ ਬੋਲੀ ਅਪਣਾ ਲੈਂਦੇ ਹਨ, ਜਿਸ ਦਾ ਅਸਰ ਜੀਵਨ ਭਰ ਦੇਖਣ ਨੂੰ ਮਿਲਦਾ ਹੈ। ਸਾਡੇ ਬੋਲ ਹੀ ਹਨ, ਜਿਨ੍ਹਾਂ ਤੋਂ ਸਾਡੀ ਸਾਰੀ ਅਸਲੀਅਤ ਚਿਹਰੇ 'ਤੇ ਝਲਕਣ ਲਗਦੀ ਹੈ। ਸਾਡੀ ਬੋਲੀ ਸਾਡੇ ਜੀਵਨ ਦਾ ਸ਼ਿੰਗਾਰ ਹੈ, ਜਿਸ ਤੋਂ ਸਾਡੇ ਪੂਰੇ ਖਾਨਦਾਨ ਦੀ ਪਛਾਣ ਹੋ ਜਾਂਦੀ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਸਮਾਜ ਦੇ ਜੰਮਪਲ ਹਾਂ। ਇਸ ਲਈ ਜ਼ਰੂਰੀ ਹੈ ਕਿ ਅਸੀਂ ਚੰਗੇ ਸੁਭਾਅ ਦੇ ਮਾਲਕ ਬਣੀਏ, ਅਸੀਂ ਆਪਣੇ ਬੋਲ ਵਾਚ ਕੇ ਹੀ ਮੂੰਹੋਂ ਕੱਢੀਏ, ਜੀ ਕਹੀਏ ਤੇ ਜੀ ਕਹਾਈਏ।

-ਨਵਲੀਨ ਕੌਰ ਸਾਉਕੇਂ
ਪੱਤਰਕਾਰੀ ਵਿਭਾਗ, ਗੁਰੂ ਨਾਨਕ ਕਾਲਜ ਫਾਰ ਗਰਲਜ਼, ਸ੍ਰੀ ਮੁਕਤਸਰ ਸਾਹਿਬ

05-04-2018

 ਦਾਨ ਦੀ ਦਿਸ਼ਾ ਬਦਲਣ ਦੀ ਲੋੜ
ਜਦੋਂ ਅਸੀਂ ਦਾਨ ਦੀ ਗੱਲ ਕਰਦੇ ਹਾਂ ਤਾਂ ਆਮ ਤੌਰ 'ਤੇ ਦਾਨ ਨੂੰ ਧਾਰਮਿਕ ਖੇਤਰ ਨਾਲ ਜੋੜ ਲੈਂਦੇ ਹਾਂ। ਪਰ ਜੇਕਰ ਅੱਜ ਸਮਾਜ ਦੇ ਹਾਲਾਤ ਦੇਖੀਏ ਤਾਂ ਲਗਦਾ ਹੈ ਕਿ ਅੱਜ ਦਾਨ ਦੀ ਦਿਸ਼ਾ ਬਦਲਣ ਦੀ ਬਹੁਤ ਜ਼ਰੂਰਤ ਹੈ। ਸਾਡੇ ਸਮਾਜ ਦੀਆਂ ਬਹੁਤ ਸਾਰੀਆਂ ਅਜਿਹੀਆਂ ਜ਼ਰੂਰਤਾਂ ਹਨ, ਜੋ ਧਾਰਮਿਕ ਸਥਾਨਾਂ 'ਤੇ ਸੰਗਮਰਮਰ ਲਗਾਉਣ ਜਾਂ ਲੰਗਰ ਲਗਾਉਣ ਨਾਲੋਂ ਜ਼ਿਆਦਾ ਜ਼ਰੂਰੀ ਹਨ। ਜੇਕਰ ਲੰਗਰ ਲਗਾਉਣਾ ਹੈ ਤਾਂ ਵਿੱਦਿਆ ਦਾ ਲੰਗਰ ਲਗਾਓ, ਲੋੜਵੰਦ ਬੱਚਿਆਂ ਨੂੰ ਕਿਤਾਬਾਂ ਲੈ ਕੇ ਦਿਓ, ਗ਼ਰੀਬ ਬੱਚਿਆਂ ਦੀ ਫੀਸ ਦਿਓ, ਤਾਂ ਕਿ ਉਹ ਬੱਚੇ ਜੋ ਗ਼ਰੀਬੀ ਕਾਰਨ ਸਕੂਲ ਨਹੀਂ ਜਾ ਸਕਦੇ, ਉਨ੍ਹਾਂ ਦਾ ਸਕੂਲ ਜਾਣ ਦਾ ਸੁਪਨਾ ਵੀ ਪੂਰਾ ਹੋ ਸਕੇ। ਪਿੰਡਾਂ, ਸ਼ਹਿਰਾਂ ਵਿਚ ਵਧੀਆ ਡਿਸਪੈਂਸਰੀਆਂ ਖੋਲ੍ਹੀਆਂ ਜਾ ਸਕਦੀਆਂ ਹਨ, ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਜਾ ਸਕਦੀਆਂ ਹਨ। ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਏ ਜਾ ਸਕਦੇ ਹਨ, ਕਿਸੇ ਗ਼ਰੀਬ ਦੀ ਲੜਕੀ ਦਾ ਵਿਆਹ ਕੀਤਾ ਜਾ ਸਕਦਾ ਹੈ। ਸਮਾਜ ਦੇ ਵਿਕਾਸ ਲਈ ਸਿੱਖਿਆ ਸਹੂਲਤਾਂ ਤੇ ਸਿਹਤ ਸਹੂਲਤਾਂ ਦਾ ਹੋਣਾ ਜ਼ਰੂਰੀ ਹੈ।


-ਜਸਪ੍ਰੀਤ ਕੌਰ 'ਸੰਘਾ'
ਪਿੰਡ ਤਨੂੰਲੀ, ਜ਼ਿਲ੍ਹਾ ਹੁਸ਼ਿਆਰਪੁਰ।


ਨਕਲੀ ਦੁੱਧ ਦਾ ਗੋਰਖਧੰਦਾ
ਭਾਵੇਂ ਕਿ ਸੂਬੇ ਦੀ ਹਰ ਸਰਕਾਰ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾਉਣ ਲਈ ਪ੍ਰਚਾਰ ਕਰ ਰਹੀ ਹੈ ਪਰ ਅਫ਼ਸੋਸ ਸਰਕਾਰ ਦੇ ਨੱਕ ਹੇਠ ਹੀ ਬੈਠੇ ਉੱਚ ਅਧਿਕਾਰੀ ਚੋਰਾਂ ਨਾਲ ਰਲ ਕੇ ਭ੍ਰਿਸ਼ਟਾਚਾਰ ਨੂੰ ਅੰਜਾਮ ਦੇ ਰਹੇ ਹਨ। ਨਕਲੀ ਦੁੱਧ ਤਿਆਰ ਕਰਕੇ ਪੰਜਾਬ ਅਤੇ ਦੂਜਿਆਂ ਸੂਬਿਆਂ ਦੇ ਲੋਕਾਂ ਨੂੰ ਦੁੱਧ ਦੇ ਪੈਕਟਾਂ ਅਤੇ ਇਸ ਤੋਂ ਬਣਨ ਵਾਲੀਆਂ ਮਿਠਾਈਆਂ ਰਾਹੀਂ ਜ਼ਹਿਰ ਪਰੋਸਿਆ ਜਾ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਪਿਛਲੇ ਦਿਨੀਂ ਸੰਗਰੂਰ ਜ਼ਿਲ੍ਹੇ ਦੇ ਇਕ ਪਿੰਡ ਵਿਚਲੇ ਵੇਰਕਾ ਮਿਲਕ ਪਲਾਂਟ ਨਾਲ ਸਬੰਧਿਤ ਕੇਂਦਰ, ਜਿਥੋਂ ਹਰ ਰੋਜ਼ ਛੇ ਹਜ਼ਾਰ ਲੀਟਰ ਦੁੱਧ ਵੇਰਕਾ ਮਿਲਕ ਪਲਾਂਟ ਨੂੰ ਭੇਜਿਆ ਜਾਂਦਾ ਸੀ, ਦੀ ਛਾਪੇਮਾਰੀ ਦੌਰਾਨ ਫੜਿਆ ਗਿਆ। ਸੋ, ਸਰਕਾਰ ਨੂੰ ਚਾਹੀਦਾ ਹੈ ਕਿ ਜੇ ਉਹ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਸਥਿਤੀ 'ਚ ਨਹੀਂ ਤਾਂ ਲੋਕਾਂ ਵਲੋਂ ਕੀਤੀ ਜਾ ਰਹੀ ਹੱਕ-ਸੱਚ ਦੀ ਕਮਾਈ 'ਤੇ ਡਾਕਾ ਮਾਰਨ ਵਾਲਿਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ, ਤਾਂ ਕਿ ਅੱਗੇ ਤੋਂ ਕੋਈ ਵੀ ਆਦਮੀ ਇਹੋ ਜਿਹਾ ਗੋਰਖਧੰਦਾ ਕਰਨ ਦੀ ਜੁਰਅਤ ਨਾ ਕਰੇ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ।


ਸਿੱਖਿਆ ਦੀ ਸਾਰਥਿਕਤਾ
ਸਿੱਖਿਆ ਦਾ ਸਾਰਥਿਕ ਹੋਣਾ ਹੀ ਸਿੱਖਿਆ ਦੇ ਉਦੇਸ਼ ਦੀ ਪ੍ਰਾਪਤੀ ਹੋ ਸਕਦਾ ਹੈ। ਬਿਨਾਂ ਸਿੱਖਿਆ ਮਨੁੱਖ ਕੋਰਾ ਕਾਗਜ਼ ਹੀ ਹੁੰਦਾ ਹੈ। ਅਤੀਤ ਦੇ ਤਜਰਬੇ ਅਤੇ ਗਿਆਨ ਤੋਂ ਸੇਧ ਲੇ ਕੇ ਸਿੱਖਿਆ ਸਬੰਧੀ ਸੁਧਾਰ ਅਤਿ ਜ਼ਰੂਰੀ ਹਨ। ਸ਼ੇਖ ਸ਼ਾਅਦੀ ਦਾ ਕਥਨ ਹੈ, 'ਜੋ ਸਿੱਖਦਾ ਹੈ ਪਰ ਵਿੱਦਿਆ ਦਾ ਉਪਯੋਗ ਨਹੀਂ ਕਰਦਾ, ਉਹ ਕਿਤਾਬਾਂ ਨਾਲ ਲੱਦਿਆ ਭਾਰ ਢੋਣ ਵਾਲਾ ਪਸ਼ੂ ਹੈ।' ਇਸ ਕਥਨ ਵਿਚ ਸਿੱਖਿਆ ਦੀ ਸਾਰਥਿਕਤਾ ਛੁਪੀ ਹੋਈ ਹੈ। ਬੱਚੇ ਦੇ ਚਰਿੱਤਰ ਨਿਰਮਾਣ ਨਾਲ ਜੋੜ ਕੇ ਹੀ ਸਿੱਖਿਆ ਦੀ ਸਾਰਥਿਕ ਪਹੁੰਚ ਪੈਦਾ ਕੀਤੀ ਜਾ ਸਕਦੀ ਹੈ। ਸਿੱਖਿਆ ਸਬੰਧੀ ਨੀਤੀਆਂ ਵਿਚ ਨੈਤਿਕ ਗੁਣ ਭਰਪੂਰ ਹੋਣੇ ਚਾਹੀਦੇ ਹਨ। ਸਿੱਖਿਆ ਆਪਣੇ ਉਦੇਸ਼ ਦੀ ਪੂਰਤੀ ਤਦ ਹੀ ਕਰ ਸਕਦੀ ਹੈ ਜੇ ਗ਼ੈਰ-ਮਿਆਰੀ ਅਤੇ ਗ਼ੈਰ-ਲੋੜੀਂਦੀ ਸਿੱਖਿਆ ਦੀ ਸ਼ਨਾਖਤ ਕਰਕੇ ਸਮੇਂ ਦੀ ਮੰਗ ਅਨੁਸਾਰ ਇਸ ਨੂੰ ਪਰੇ ਕੀਤਾ ਜਾਵੇ। ਅੱਜ ਦੇ ਪਦਾਰਥਵਾਦੀ ਯੁੱਗ ਵਿਚ ਸਿੱਖਿਆ ਦਾ ਸਾਰਥਿਕ ਹੋਣਾ ਅਤਿਅੰਤ ਜ਼ਰੂਰੀ ਹੈ। ਇਸ ਨਾਲ ਹੀ ਸਮਾਜ ਦਾ ਸੰਤੁਲਨ ਬਣਿਆ ਰਹਿ ਸਕਦਾ ਹੈ।


-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।


ਕਰਜ਼ਾ ਮੁਆਫ਼ੀ
ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਸਮੇਂ ਪੰਜਾਬ ਦੇ ਕਿਸਾਨਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਸ਼ੁਰੂਆਤ ਕਰਦਿਆਂ ਨਕੋਦਰ ਰੈਲੀ ਵਿਚ 29,192 ਕਿਸਾਨਾਂ ਨੂੰ 162.16 ਕਰੋੜ ਦੇ ਕਰਜ਼ਾ ਮੁਆਫ਼ੀ ਸਰਟੀਫਿਕੇਟ ਸੌਂਪੇ ਗਏ। ਸਰਕਾਰ ਦੇ ਇਸ ਫ਼ੈਸਲੇ ਨਾਲ ਕਰਜ਼ੇ 'ਚ ਜਕੜੇ ਗਏ ਲੋਕਾਂ ਨੇ ਕੁਝਸੁੱਖ ਦਾ ਸਾਹ ਲਿਆ। ਹੁਣ ਸ਼ਾਇਦ ਹਰ ਰੋਜ਼ ਅਖ਼ਬਾਰਾਂ ਵਿਚ ਕਿਸਾਨ ਆਤਮ-ਹੱਤਿਆਵਾਂ ਦੀਆਂ ਖ਼ਬਰਾਂ ਵੀ ਪੜ੍ਹਨ ਨੂੰ ਨਹੀਂ ਮਿਲਣਗੀਆਂ। ਜੇਕਰ ਸਰਕਾਰ ਅਸਲ ਵਿਚ ਲੋਕਾਂ ਦੀਆਂ ਸਮੱਸਿਆਵਾਂ ਲਈ ਗੰਭੀਰ ਹੈ ਤਾਂ ਕਾਂਗਰਸ ਪਾਰਟੀ ਨੂੰ ਮਜ਼ਦੂਰ ਵਰਗ ਦੇ ਲੋਕਾਂ ਦੇ ਕਰਜ਼ੇ ਵੀ ਮੁਆਫ਼ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਹਰ ਰੋਜ਼ ਅਧਿਆਪਕਾਂ ਦੇ ਹੋ ਰਹੇ ਰੋਸ ਮੁਜ਼ਾਹਰਿਆਂ ਦੇ ਹੱਲ ਲਈ ਵੀ ਸੁਹਿਰਦ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਹਰ ਵਰਗ ਦਾ ਕੁਝ ਸੰਤੁਸ਼ਟ ਹੋਣਾ ਹੀ ਸਰਕਾਰ ਦੀ ਕਾਮਯਾਬੀ ਅਤੇ ਹਰਮਨ-ਪਿਆਰਤਾ ਦਾ ਸਬੂਤ ਹੋਵੇਗਾ।


-ਪਰਮ ਪਿਆਰਾ ਸਿੰਘ
ਨਕੋਦਰ।


ਪੰਜਾਬ ਦੇ ਕਿਸਾਨ

ਅੱਜ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੋ ਗਈ ਹੈ ਤੇ ਉਹ ਨਾਜ਼ੁਕ ਦੌਰ ਵਿਚੋਂ ਗੁਜ਼ਰ ਰਹੇ ਹਨ। ਪੰਜਾਬ ਦਾ ਕਿਸਾਨ ਕੇਂਦਰੀ ਅਨਾਜ ਭੰਡਾਰ ਵਿਚ ਸਭ ਤੋਂ ਵੱਧ ਹਿੱਸਾ ਪਾ ਰਿਹਾ ਹੈ। ਫਿਰ ਵੀ ਕੇਂਦਰ ਕਿਸਾਨਾਂ ਦੀ ਬਾਂਹ ਫੜਨ ਨੂੰ ਤਿਆਰ ਨਹੀਂ। ਕੇਂਦਰੀ ਨੀਤੀ ਆਯੋਗ ਨੇ ਤਾਂ ਇਹ ਕਹਿ ਕੇ ਆਪਣਾ ਪੱਲਾ ਝਾੜ ਲਿਆ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫ਼ਿਕਰ ਕਰੇ ਅਤੇ ਅਸੀਂ ਅਨਾਜ ਦਾ ਹੋਰ ਪ੍ਰਬੰਧ ਕਰ ਲਵਾਂਗੇ। ਆਖ਼ਰ ਕੇਂਦਰ ਦਾ ਇਹ ਬੇਰੁਖ਼ੀ ਵਾਲਾ ਕਿਸਾਨਾਂ ਪ੍ਰਤੀ ਵਤੀਰਾ ਕਿਉਂ? ਪੰਜਾਬ ਸਰਕਾਰ ਵੀ ਕਿਸਾਨਾਂ ਦਾ ਸਾਰਾ ਕਰਜ਼ਾ ਕਿਵੇਂ ਮੁਆਫ਼ ਕਰ ਸਕਦੀ ਹੈ। ਇਹ ਤਾਂ ਹੁਣ ਕਿਸਾਨਾਂ ਨੂੰ ਇਸ ਪ੍ਰਤੀ ਸੋਚਣਾ ਪਵੇਗਾ, ਖ਼ੁਦਕੁਸ਼ੀ ਕਰਜ਼ੇ ਤੋਂ ਛੁਟਕਾਰੇ ਦਾ ਹੱਲ ਨਹੀਂ।


-ਸੁਖਚੈਨ ਸਿੰਘ ਢਿੱਲੋਂ
ਖਿੱਪਾਂ ਵਾਲੀ, ਫਾਜ਼ਿਲਕਾ।


ਬੁਲਾਵਾ
ਐਤਵਾਰ ਮੈਗਜ਼ੀਨ ਅੰਕ ਵਿਚ ਆਤਿਸ਼ ਵਲੋਂ ਲਿਖਿਆ ਲੇਖ 'ਚਲੋ ਬੁਲਾਵਾ ਆਇਆ ਹੈ' ਪੜ੍ਹ ਕੇ ਬਹੁਤ ਹੀ ਵਧੀਆ ਲੱਗਾ। ਇਕ ਦਿਨ ਸਭ ਨੇ ਸੰਸਾਰ ਤੋਂ ਆਪਣੀ ਯਾਤਰਾ ਪੂਰੀ ਕਰਕੇ ਜਾਣਾ ਹੀ ਹੁੰਦਾ ਹੈ। ਇਸ ਲੇਖ ਵਿਚ ਜ਼ਿੰਦਗੀ ਦੀ ਅਸਲ ਹਕੀਕਤ ਵਿਅੰਗਮਈ ਢੰਗ ਨਾਲ ਪੇਸ਼ ਕੀਤੀ ਗਈ। ਇਹ ਵੀ ਬਿਲਕੁਲ ਸਹੀ ਲਿਖਿਆ ਕਿ ਕਿਸ ਤਰ੍ਹਾਂ ਰੱਬ ਵਲੋਂ ਤਿਆਰ ਕੀਤੀ ਗਈ ਧਰਤੀ 'ਤੇ ਜਾਤ-ਪਾਤ ਦੇ ਨਾਂਅ 'ਤੇ ਲੜਾਈਆਂ-ਝਗੜੇ ਪਏ ਹੋਏ ਹਨ। ਇਨਸਾਨ ਨੂੰ ਰੱਬ ਦੀ ਇਸ ਰਚਨਾ 'ਤੇ ਸ਼ਾਂਤਮਈ ਵਾਤਾਵਰਨ ਪੈਦਾ ਕਰਨਾ ਚਾਹੀਦਾ ਹੈ।


-ਮਲਟੀ
ਅਧਿਆਪਕਾ, ਸੇਂਟ ਥੌਮਸ ਕਾਨਵੈਂਟ ਸਕੂਲ, ਰਾਜਾਸਾਂਸੀ।


ਸਾਡੇ 'ਤੇ ਰਹਿਮ ਕਰੋ
ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀਂ 207 ਅਸਾਮੀਆਂ ਸਬੰਧੀ ਇਸ਼ਤਿਹਾਰ ਜਾਰੀ ਕੀਤਾ, ਜਿਸ ਨੂੰ ਆਨਲਾਇਨ ਭਰਨ ਦੀ ਆਖਰੀ ਮਿਤੀ 3 ਅਪ੍ਰੈਲ, 2018 ਸੀ। ਦਿਲਚਸਪ ਗੱਲ ਤਾਂ ਇਹ ਰਹੀ ਕਿ ਇਹ ਅਸਾਮੀ ਅਪਲਾਈ ਕਰਨ ਲਈ ਸਰਕਾਰ ਨੇ ਵੱਡੀ ਫੀਸ ਰੱਖ ਦਿੱਤੀ। ਜਨਰਲ ਤੇ ਹੋਰਾਂ ਲਈ 3000 ਰੁਪਏ, ਪੰਜਾਬ ਦੇ ਅਨੁਸੂਚਿਤ ਜਾਤੀ/ਪਛੜੀ ਜਾਤੀ ਲਈ 1125 ਰੁਪਏ, ਪੰਜਾਬ ਦੇ ਅੰਗਹੀਣਾਂ ਲਈ 1750 ਰੁਪਏ, ਪੰਜਾਬ ਦੇ ਸਾਬਕਾ ਫ਼ੌਜੀਆਂ ਲਈ 500 ਰੁਪਏ ਫੀਸ ਨਿਰਧਾਰਿਤ ਕੀਤੀ ਗਈ ਹੈ। ਸਰਕਾਰ ਦੁਆਰਾ ਅਜਿਹਾ ਕਰਨ ਨਾਲ ਸਮੁੱਚੇ ਨੌਜਵਾਨ ਵਰਗ ਨੂੰ ਗਹਿਰੀ ਠੇਸ ਪਹੁੰਚੀ ਹੈ। ਇਕ ਪਾਸੇ ਤਾਂ ਬੇਰੁਜ਼ਗਾਰੀ ਦੀ ਮਾਰ ਨੇ ਸਾਡੀ ਮੱਤ ਮਾਰ ਰੱਖੀ ਹੈ ਅਤੇ ਦੂਜੇ ਪਾਸੇ ਨੌਕਰੀਆਂ ਦੀ ਆੜ ਹੇਠ ਸਾਡੇ ਤੋਂ ਭਾਰੀ ਫੀਸਾਂ ਵਸੂਲੀਆਂ ਜਾ ਰਹੀਆਂ ਹਨ। ਕੀ ਸਾਡੀਆਂ ਚੁਣੀਆਂ ਸਰਕਾਰਾਂ ਹੀ ਨਹੀਂ ਚਾਹੁੰਦੀਆਂ ਕਿ ਅਸੀਂ ਅੱਗੇ ਵਧ ਸਕੀਏ? ਅੱਜ ਮੇਰੀ ਯੋਗਤਾ ਅਨੁਸਾਰ ਮੈਂ ਇਸ ਅਸਾਮੀ ਲਈ ਯੋਗ ਹਾਂ, ਪਰ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਮੈਂ ਇਹ ਅਸਾਮੀ ਨਹੀਂ ਭਰ ਸਕਾਂਗਾ। ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ 'ਤੇ ਰਹਿਮ ਕਰੋ ਘੱਟੋ-ਘੱਟ ਸਾਨੂੰ ਇਸ ਕਾਬਲ ਤਾਂ ਰਹਿਣ ਦਿਓ ਕਿ ਅਸੀਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀਆਂ ਰਾਜ ਪੱਧਰੀ ਪ੍ਰੀਖਿਆਵਾਂ ਤਾਂ ਦੇ ਸਕੀਏ।


-ਸਤਨਾਮ ਸਿੰਘ
satti93india@gmail.com

04-04-2018

 ਫੌਰੀ ਮਦਦ ਦੀ ਲੋੜ

ਵਿਦੇਸ਼ ਮੰਤਰੀ ਦਾ ਇਰਾਕ ਦੇ ਸ਼ਹਿਰ ਮੋਸੂਲ ਵਿਚ 39 ਭਾਰਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕਰਨ ਨਾਲ ਹੀ ਪੀੜਤ ਪਰਿਵਾਰਾਂ 'ਤੇ ਮੁਸੀਬਤਾਂ ਦਾ ਪਹਾੜ ਆਣ ਡਿਗਿਆ ਹੈ। ਪਰਿਵਾਰਾਂ ਨੂੰ ਮੌਤ ਬਾਰੇ ਸ਼ੰਕੇ ਤਾਂ ਪਹਿਲਾਂ ਹੀ ਸਨ ਪਰ ਸਰਕਾਰ ਦੁਆਰਾ ਦਿੱਤੀ ਜਾ ਰਹੀ ਝੂਠੀ ਤਸੱਲੀ ਨਾਲ ਉਨ੍ਹਾਂ ਦੇ ਦਿਲ ਵਿਚ ਆਸ ਦੀ ਕਿਰਨ ਸੀ। ਪਰ ਹੁਣ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਜਵਾਨ ਪੁੱਤਰਾਂ ਨੂੰ ਉਡੀਕਦਿਆਂ ਮਾਵਾਂ ਦੀਆਂ ਅੱਖਾਂ ਦਾ ਪਾਣੀ ਮੁੱਕ ਚੁੱਕਾ ਸੀ। ਪਤਨੀਆਂ, ਬੱਚਿਆਂ ਦਾ ਦਰਦ ਦੇਖਿਆ ਨਹੀਂ ਜਾ ਰਿਹਾ। ਕੋਈ ਆਸ ਦੀ ਕਿਰਨ ਦਿਖਾਈ ਨਹੀਂ ਦੇ ਰਹੀ। ਕੇਂਦਰ ਜਾਂ ਪੰਜਾਬ ਸਰਕਾਰ ਵਲੋਂ ਪੀੜਤ ਪਰਿਵਾਰਾਂ ਦਾ ਦੁੱਖ ਘੱਟ ਕਰਨ ਲਈ ਕੋਈ ਖ਼ਾਸ ਐਲਾਨ ਨਹੀਂ ਕੀਤਾ ਗਿਆ। ਇਨ੍ਹਾਂ ਕਿਸਮਤ ਮਾਰੇ ਲੋਕਾਂ ਦੀ ਕੇਂਦਰ ਤੇ ਪੰਜਾਬ ਸਰਕਾਰ ਨੂੰ ਬਿਨਾਂ ਦੇਰੀ ਕੀਤਿਆਂ ਫੌਰੀ ਮਦਦ ਕਰਨੀ ਚਾਹੀਦੀ ਹੈ।

-ਪਰਮ ਪਿਆਰ ਸਿੰਘ
ਨਕੋਦਰ।

c c c

ਸਹੀ ਸਿਫ਼ਾਰਸ਼

ਸੰਸਦ ਦੀ ਸਥਾਈ ਕਮੇਟੀ ਵਲੋਂ ਅਮਲੇ ਅਤੇ ਸਿਖਲਾਈ ਵਿਭਾਗ ਨੂੰ ਇਹ ਸਿਫ਼ਾਰਸ਼ ਕੀਤੀ ਗਈ ਹੈ ਕਿ ਕੋਈ ਵੀ ਸਰਕਾਰੀ ਨੌਕਰੀ ਪ੍ਰਾਪਤ ਕਰਨ ਤੋਂ ਪਹਿਲਾਂ ਇਕ ਤੋਂ ਪੰਜ ਸਾਲ ਤੱਕ ਫ਼ੌਜ ਵਿਚ ਨੌਕਰੀ ਕਰਨ ਨੂੰ ਲਾਜ਼ਮੀ ਬਣਾਇਆ ਜਾਵੇ। ਤਰਕ ਇਹ ਦਿੱਤਾ ਗਿਆ ਹੈ ਕਿ ਫ਼ੌਜ ਵਿਚ ਨੌਕਰੀ ਕਰਨ ਨਾਲ ਲੋਕ ਅਨੁਸ਼ਾਸਿਤ ਅਤੇ ਦੇਸ਼-ਭਗਤੀ ਦੀ ਭਾਵਨਾ ਨਾਲ ਲਬਰੇਜ਼ ਹੋਣਗੇ। ਇਹ ਬਿਲਕੁਲ ਸਹੀ ਹੈ। ਕਿਉਂਕਿ ਸੈਨਾ ਦੇ ਤਿੰਨੇ ਅੰਗ ਇਸ ਵਕਤ ਅਫ਼ਸਰਾਂ ਅਤੇ ਜਵਾਨਾਂ ਦੀ ਜ਼ਬਰਦਸਤ ਘਾਟ ਨਾਲ ਜੂਝ ਰਹੇ ਹਨ। ਸੈਨਾ ਤੋਂ ਇਲਾਵਾ ਹੋਰ ਸਰਕਾਰੀ ਨੌਕਰੀਆਂ ਲਈ ਗਿਣਤੀ ਦੀਆਂ ਅਸਾਮੀਆਂ ਖਾਤਰ ਲੱਖਾਂ ਦੀ ਤਦਾਦ ਵਿਚ ਅਰਜ਼ੀਆਂ ਆ ਜਾਂਦੀਆਂ ਹਨ ਪਰ ਸੈਨਾ ਨੂੰ ਲੋਕ ਤਰਜੀਹ ਨਹੀਂ ਦਿੰਦੇ। ਸਾਡੀ ਸੰਸਦ ਦੀ ਸਥਾਈ ਕਮੇਟੀ ਅੱਗੇ ਇਕ ਬੇਨਤੀ ਹੈ ਕਿ ਇਹ ਸ਼ਰਤ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਹੀ ਨਹੀਂ ਸਗੋਂ ਰਾਜਨੀਤੀ ਵਿਚ ਆਉਣ ਵਾਲਿਆਂ ਲਈ ਵੀ ਲਾਜ਼ਮੀ ਕੀਤੀ ਜਾਵੇ ਤਾਂ ਕਿ ਉਨ੍ਹਾਂ ਵਿਚ ਵੀ ਦੇਸ਼-ਭਗਤੀ ਅਤੇ ਸੰਵਿਧਾਨ ਪ੍ਰਤੀ ਵਫ਼ਾਦਾਰੀ ਦੀ ਭਾਵਨਾ ਪੈਦਾ ਹੋ ਸਕੇ।

-ਕਵੀਸ਼ਰ ਪ੍ਰੀਤ ਸਿੰਘ ਸੰਦਲ
ਪਿੰਡ ਮਕਸੂਦੜਾ, ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ।

 

 c c

ਬੇਰੁਜ਼ਗਾਰੀ ਦੀ ਮਾਰ

ਪੰਜਾਬ ਵਿਚ ਦਿਨ-ਬਦਿਨ ਬੇਰੁਜ਼ਗਾਰੀ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਬੇਰੁਜ਼ਗਾਰੀ ਦੇ ਝੰਬੇ ਹਰ ਸਾਲ ਅਨੇਕਾਂ ਬੇਰੁਜ਼ਗਾਰ ਆਪਣੀਆਂ ਜੱਦੀ ਪੁਸ਼ਤੀ ਜ਼ਮੀਨਾਂ ਵੇਚ ਕੇ ਜਾਂ ਗਹਿਣੇ ਧਰ ਕੇ ਵਿਦੇਸ਼ਾਂ ਵੱਲ ਉਡਾਰੀਆਂ ਮਾਰਦੇ ਨਜ਼ਰ ਆ ਰਹੇ ਹਨ। ਦੇਖਿਆ ਜਾਵੇ ਤਾਂ ਸੂਬੇ ਵਿਚ ਅੱਜ ਬੇਰੁਜ਼ਗਾਰੀ ਇਸ ਹੱਦ ਤੱਕ ਵਧ ਚੁੱਕੀ ਹੈ ਕਿ ਅੱਜ ਉੱਚ ਡਿਗਰੀਆਂ ਪ੍ਰਾਪਤ ਕਰਕੇ ਵੀ ਨੌਜਵਾਨ ਨੌਕਰੀ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਅਸੀਂ ਸਭ ਨੇ ਪੜ੍ਹਿਆ ਕਿ ਕਿਵੇਂ ਹੁਸ਼ਿਆਰਪੁਰ ਕਚਹਿਰੀਆਂ 'ਚ ਚਪੜਾਸੀ ਦੀ ਨਾਮਾਤਰ 9 ਅਸਾਮੀਆਂ ਲਈ ਸੂਬੇ ਦੇ ਕੋਨੇ-ਕੋਨੇ ਤੋਂ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਉਮੀਦਵਾਰ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੇ ਹੋਏ ਸਨ। ਸੋ, ਸਰਕਾਰ ਨੂੰ ਬੇਰੁਜ਼ਗਾਰੀ ਦੀ ਇਸ ਗੰਭੀਰ ਹੋ ਰਹੀ ਸਮੱਸਿਆਵਾਂ ਦੇ ਹੱਲ ਲਈ ਫੋਕੇ ਹਵਾਈ ਬਿਆਨਾਂ ਦੀ ਬਜਾਏ ਹਕੀਕਤ ਵਿਚ ਕੁਝ ਕਰਨ ਦੇ ਯਤਨ ਕਰਨੇ ਚਾਹੀਦੇ ਹਨ।

-ਰਾਜਾ ਗਿੱਲ (ਚੜਿੱਕ)।

c c c

ਸ਼ੁਰੂਆਤ ਆਪਣੇ-ਆਪ ਤੋਂ ਹੋਏ

ਹਰ ਸਾਲ 1992 ਤੋਂ ਅੰਤਰਰਾਸ਼ਟਰੀ ਜਲ ਦਿਵਸ ਮਨਾਇਆ ਜਾਂਦਾ ਹੈ। ਧਰਤੀ 'ਤੇ 71 ਫ਼ੀਸਦੀ ਜਲ ਹੋਣ ਦੇ ਬਾਵਜੂਦ ਖੋਜਾਂ ਇਹ ਦੱਸਦੀਆਂ ਹਨ ਕਿ ਆਉਣ ਵਾਲੇ ਕੁਝ ਸਾਲਾਂ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੋਰ ਭਿਆਨਕ ਰੂਪ ਧਾਰਨ ਕਰ ਲਵੇਗੀ, ਕਿਉਂਕਿ ਧਰਤੀ ਹੇਠਲਾ ਪਾਣੀ ਦਿਨੋ-ਦਿਨ ਖ਼ਤਮ ਹੁੰਦਾ ਜਾ ਰਿਹਾ ਹੈ। ਪੰਜਾਬ ਵਿਚ ਇਸ ਦਾ ਇਕ ਹੋਰ ਸਬੂਤ ਤੇਜ਼ੀ ਨਾਲ ਡਾਰਕ ਜ਼ੋਨ ਵਾਲੇ ਬਲਾਕਾਂ ਦੀ ਗਿਣਤੀ ਵਿਚ ਵਾਧਾ ਹੋਣਾ ਹੈ। ਇਹ ਕੋਈ ਕੁਦਰਤੀ ਵਰਤਾਰਾ ਨਹੀਂ, ਸਗੋਂ ਇਸ ਵਿਚ ਸਭ ਤੋਂ ਵੱਡੀ ਨਾਂਹ-ਪੱਖੀ ਭੂਮਿਕਾ ਮਨੁੱਖ ਜਾਤੀ ਦੀ ਹੈ। ਪਾਣੀ ਦੀ ਇਸ ਸਮੱਸਿਆ ਦਾ ਹੱਲ ਸਾਨੂੰ ਆਪਣੇ ਘਰ ਤੋਂ ਸ਼ੁਰੂ ਕਰਨਾ ਹੋਵੇਗਾ। 'ਜਲ ਹੀ ਜੀਵਨ ਹੈ', 'ਪਾਣੀ-ਪਿਤਾ' ਤੇ ਹੋਰ ਧਾਰਮਿਕ ਗ੍ਰੰਥਾਂ ਦੀਆਂ ਤੁਕਾਂ ਨੂੰ ਆਪਣੇ ਜ਼ਿਹਨ ਦਾ ਅਹਿਮ ਹਿੱਸਾ ਬਣਾਉਣਾ ਪਵੇਗਾ। ਇਸ ਮਿਸ਼ਨ ਵਿਚ ਵਿਦਿਅਕ ਅਤੇ ਧਾਰਮਿਕ ਸੰਸਥਾਵਾਂ ਆਪਣੀ ਅਹਿਮ ਭੂਮਿਕਾ ਨਿਭਾਅ ਸਕਦੀਆਂ ਹਨ।

-ਮੋਹਿੰਦਰ ਪ੍ਰਤਾਪ।

c c c

ਹੈਲਮਿਟ

ਅੱਜਕੱਲ੍ਹ ਬਹੁਤ ਸਾਰੇ ਸੜਕੀ ਹਾਦਸੇ ਵਾਪਰ ਰਹੇ ਹਨ ਜੋ ਸਾਡੀਆਂ ਬਹੁਤ ਸਾਰੀਆਂ ਗ਼ਲਤੀਆਂ ਕਰਕੇ ਵਾਪਰਦੇ ਹਨ, ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਮੌਤਾਂ ਹੈਲਮਿਟ ਨਾ ਪਾਉਣ ਕਰਕੇ ਸਿਰ ਵਿਚ ਸੱਟ ਵੱਜਣ ਕਾਰਨ ਹੁੰਦੀਆਂ ਹਨ। ਸੋ, ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਹਰ ਪਿੰਡ ਤੇ ਸ਼ਹਿਰ ਵਿਚ ਹੈਲਮਿਟ ਪਾਉਣਾ ਜ਼ਰੂਰੀ ਕੀਤਾ ਜਾਵੇ ਤਾਂ ਜੋ ਅਸੀਂ ਆਪਣੇ-ਆਪ ਨੂੰ ਸਿਰ ਵਿਚ ਸੱਟ ਵੱਜਣ ਤੋਂ ਬਚਾ ਸਕੀਏ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਹਰ ਪਿੰਡ, ਸ਼ਹਿਰ ਵਿਚ ਸੜਕੀ ਨਿਯਮਾਂ ਸਬੰਧੀ ਜਾਗਰੂਕਤਾ ਕੈਂਪ ਲਾਏ ਜਾਣ ਤਾਂ ਜੋ ਸਮੇਂ ਸਿਰ ਲੋਕਾਂ ਨੂੰ ਸੜਕੀ ਨਿਯਮਾਂ ਸਬੰਧੀ ਜਾਣਕਾਰੀ ਮਿਲਦੀ ਰਹੇ।

-ਗੁਰਦੀਪ ਸਿੰਘ ਘੋਲੀਆ
ਜੀ.ਐਸ. ਲੈਬ,ਚੜਿੱਕ।

c c c

23 ਮਾਰਚ ਨੂੰ ਨਸ਼ਿਆਂ ਨੂੰ ਰੋਕਣ ਵਾਸਤੇ ਜੋ ਮੁਹਿੰਮ ਸ਼ੁਰੂ ਕੀਤੀ ਹੈ, ਬਹੁਤ ਸ਼ਲਾਘਾਯੋਗ ਕਦਮ ਹੈ। ਪੰਜਾਬ ਵਿਚ ਨਸ਼ੇ ਨੇ ਤਬਾਹੀ ਮਚਾਈ ਹੋਈ ਹੈ। ਸਿਆਸੀ ਲੋਕ ਇਸ 'ਤੇ ਵੀ ਰੋਟੀਆਂ ਸੇਕਣ ਬੈਠ ਜਾਂਦੇ ਹਨ। ਪ੍ਰਤੀਸ਼ਤ ਵੱਧ-ਘੱਟ ਦੀ ਲੜਾਈ ਸ਼ੁਰੂ ਹੋ ਜਾਂਦੀ ਹੈ। ਨਸ਼ਾ ਬੰਦ ਕਰਨ ਵਾਸਤੇ ਬਹੁਤ ਸਾਰੇ ਕਦਮ ਚੁੱਕਣੇ ਪੈਣੇ ਹਨ। ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸਣਾ ਬਹੁਤ ਜ਼ਰੂਰੀ ਹੈ। ਬਹੁਤ ਸਾਰੇ ਨਸ਼ਾ ਛੁਡਾਊ ਕੇਂਦਰ ਬਣੇ ਹੋਏ ਹਨ, ਜਿਥੇ 10 ਹਜ਼ਾਰ ਤੋਂ 20 ਹਜ਼ਾਰ ਜਾਂ ਇਸ ਤੋਂ ਵੀ ਉੱਪਰ ਰੁਪਏ ਮਹੀਨੇ ਦੇ ਲਏ ਜਾਂਦੇ ਹਨ। ਲੋਕ ਤਾਂ ਇਸ ਦਲਦਲ ਵਿਚ ਫਸੇ ਹੋਏ ਹਨ। ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਸਮੱਸਿਆ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਇਹ ਵੀ ਅੱਤਵਾਦ ਹੀ ਹੈ। ਇਸ ਸਮੱਸਿਆ ਵਾਸਤੇ ਸਾਰੀਆਂ ਪਾਰਟੀਆਂ ਨੂੰ ਇਕ ਹੋ ਕੇ ਕੰਮ ਕਰਨਾ ਚਾਹੀਦਾ ਹੈ। ਇਕ-ਦੂਸਰੇ 'ਤੇ ਤੋਹਮਤਾਂ ਲਗਾਉਣੀਆਂ ਤੇ ਆਪਣੀ ਪਿੱਠ ਠੋਕਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਲੋਕਾਂ ਨੇ ਵੋਟਾਂ ਦੇ ਕੇ ਤੁਹਾਨੂੰ ਨਾਗਰਿਕਾਂ ਲਈ ਕੰਮ ਕਰਨ ਲਈ ਚੁਣਿਆ ਹੈ। ਨੌਜਵਾਨਾਂ ਨੂੰ ਮਿਆਰੀ ਸਿੱਖਿਆ ਦਿਓ, ਰੁਜ਼ਗਾਰ ਦਿਓ, ਨਸ਼ਿਆਂ ਨੂੰ ਸਮਾਜ ਵਿਚ ਪਹੁੰਚਾਉਣ ਵਾਲਿਆਂ 'ਤੇ ਵੀ ਸਖ਼ਤੀ ਵਰਤੋ। ਨਸ਼ੇ ਨੂੰ ਖ਼ਤਮ ਕਰਨਾ ਬਹੁਤ ਜ਼ਰੂਰੀ ਹੈ ਤੇ ਵਕਤ ਦੀ ਮੰਗ ਵੀ।

-ਪ੍ਰਭਜੋਤ ਕੌਰ ਢਿੱਲੋਂ,
ਮੁਹਾਲੀ।

c c c

03-04-2018

 ਬੇਨਿਯਮੀਆਂ
ਅਸੀਂ ਪੰਜਾਬ ਸੁਬਾਰਡੀਨੇਟ ਸਟਾਫ ਸਿਲੈਕਸ਼ਨ ਬੋਰਡ ਰਾਹੀਂ ਜਾਰੀ ਕੀਤੀਆਂ ਗਈਆਂ ਐਕਸਾਈਜ਼ ਅਤੇ ਟੈਕਸੇਸ਼ਨ ਇੰਸਪੈਕਟਰ ਅਤੇ ਇਲੈਕਸ਼ਨ ਕਾਨੂੰਨਗੋ ਦੀਆਂ ਅਸਾਮੀਆਂ (adv. no. 1 of 2016)) ਲਈ ਫਾਰਮ ਭਰੇ ਸਨ। ਹੁਣ ਵਿਭਾਗ ਦੋ ਸਾਲ ਬਾਅਦ ਦੋਵੇਂ ਅਸਾਮੀਆਂ ਲਈ ਇਕੋ ਸਮੇਂ ਇਕੋ ਦਿਨ ਵੱਖ-ਵੱਖ ਪ੍ਰੀਖਿਆਵਾਂ ਲੈਣ ਜਾ ਰਿਹਾ ਹੈ। ਜਦੋਂ ਵਿਭਾਗ ਵਲੋਂ ਦੋਵੇਂ ਪ੍ਰੀਖਿਆਵਾਂ ਲਈ ਵੱਖੋ-ਵੱਖਰੀ ਫੀਸ ਲਈ ਗਈ ਹੈ ਤਾਂ ਫਿਰ ਉਹ ਕਿਸ ਤਰ੍ਹਾਂ ਇਕੋ ਦਿਨ ਇਕੋ ਸਮੇਂ ਦੋਵੇਂ ਪ੍ਰੀਖਿਆਵਾਂ ਲੈ ਸਕਦੇ ਹਨ। ਇਸ ਮਾਮਲੇ ਸਬੰਧੀ ਸਾਡੀ ਕੋਈ ਸੁਣਵਾਈ ਵੀ ਨਹੀਂ ਹੋ ਰਹੀ।

-ਇੰਦਰ ਬੱਲ।
inderbal67@yahoo.in


ਸਾਲਾਨਾ ਫੀਸਾਂ ਦੀ ਲੁੱਟ
ਸਿੱਖਿਆ ਦੇ ਨਾਂਅ 'ਤੇ ਨਿੱਜੀ ਸਕੂਲ ਹਰ ਸਾਲ ਹੀ ਲੋਕਾਂ ਦੀ ਲੁੱਟ-ਖਸੁੱਟ ਕਰ ਰਹੇ ਹਨ। ਪ੍ਰਾਈਵੇਟ ਸਕੂਲਾਂ ਵਲੋਂ ਹਰ ਸਾਲ ਹੀ ਸਾਲਾਨਾ ਫੀਸ ਲਈ ਜਾਂਦੀ ਹੈ, ਜੋ ਕਿ ਸਰਾਸਰ ਗ਼ਲਤ ਹੈ। ਜਦੋਂ ਬੱਚੇ ਦਾ ਦਾਖ਼ਲਾ ਪਹਿਲੀ ਵਾਰ ਸਕੂਲ ਵਿਚ ਕਰਵਾਇਆ ਜਾਂਦਾ ਹੈ ਤਾਂ ਉਦੋਂ ਹੀ ਬੱਚਿਆਂ ਦੇ ਮਾਪਿਆਂ ਵਲੋਂ ਦਾਖ਼ਲਾ ਫੀਸ ਵੀ ਜਮ੍ਹਾਂ ਕਰਵਾ ਦਿੱਤੀ ਜਾਂਦੀ ਹੈ ਪਰ ਪ੍ਰਾਈਵੇਟ ਸਕੂਲਾਂ ਵਲੋਂ ਹਰ ਸਾਲ ਹੀ ਬੱਚਿਆਂ ਦੇ ਮਾਪਿਆਂ ਤੋਂ ਬੱਚਿਆਂ ਦੀ ਮਹੀਨਾ ਫੀਸ ਤੋਂ ਇਲਾਵਾ ਸਾਲਾਨਾ ਫੀਸ ਅਲੱਗ ਲਈ ਜਾਂਦੀ ਹੈ, ਜੋ ਕਿ ਮਾਪਿਆਂ ਦੀ ਸਿੱਧੀ ਲੁੱਟ ਹੈ। ਸਕੂਲਾਂ ਵਲੋਂ ਹੋਰ ਵੀ ਕਈ ਤਰ੍ਹਾਂ ਦੇ ਨਾਵਾਂ ਹੇਠ ਫੰਡ ਲਏ ਜਾਂਦੇ ਹਨ। ਇਸ ਤਂੋ ਇਲਾਵਾ ਸਕੂਲਾਂ ਵਲੋਂ ਹੀ ਨਿਸਚਿਤ ਕੀਤੀਆਂ ਦੁਕਾਨਾਂ ਤੋਂ ਹੀ ਬੱਚਿਆਂ ਦੀਆਂ ਕਾਪੀਆਂ, ਕਿਤਾਬਾਂ ਅਤੇ ਵਰਦੀਆਂ ਮਿਲਦੀਆਂ ਹਨ, ਜਿਸ ਕਾਰਨ ਮਾਪਿਆਂ ਦੀਆਂ ਕਿਤਾਬਾਂ, ਕਾਪੀਆਂ ਦੇ ਮਾਮਲੇ ਵਿਚ ਵੀ ਲੁੱਟ ਕੀਤੀ ਜਾਂਦੀ ਹੈ। ਮਾਪਿਆਂ ਦੀ ਮੰਗ ਹੈ ਕਿ ਪ੍ਰਸ਼ਾਸਨ ਸਖ਼ਤੀ ਨਾਲ ਇਨ੍ਹਾਂ ਸਕੂਲਾਂ ਵਾਲਿਆਂ ਵਲੋਂ ਲੋਕਾਂ ਦੀ ਕੀਤੀ ਜਾਂਦੀ ਲੁੱਟ-ਖਸੁੱਟ ਬੰਦ ਕਰਵਾਏ ਅਤੇ ਸਾਲਾਨਾ ਫੀਸ ਉੱਪਰ ਵੀ ਰੋਕ ਲਗਾਈ ਜਾਵੇ।

-ਪ੍ਰਾਈਵੇਟ ਸਕੂਲਾਂ ਤੋਂ ਪੀੜਤ ਮਾਪੇ
ਖਮਾਣੋਂ ।


ਚੰਗੀ ਪਹਿਲਕਦਮੀ

ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਗੋਬਿੰਦ ਸਿੰਘ ਲੌਂਗੋਵਾਲ ਨੇ ਜੋ 'ਇਕ ਪਿੰਡ ਇਕ ਗੁਰਦੁਆਰਾ' ਬਾਰੇ ਫ਼ੈਸਲਾ ਕੀਤਾ ਹੈ, ਬਹੁਤ ਵਧੀਆ ਫ਼ੈਸਲਾ ਹੈ। ਅੱਜਕਲ੍ਹ ਪਿੰਡਾਂ ਵਿਚ ਵੱਖ-ਵੱਖ ਜਾਤਾਂ ਦੇ ਵੱਖ-ਵੱਖ ਗੁਰਦੁਆਰੇ ਬਣਾਉਣ ਦਾ ਜੋ ਰਿਵਾਜ ਵਧਦਾ ਜਾ ਰਿਹਾ ਸੀ, ਉਸ ਨਾਲ ਵੱਖ-ਵੱਖ ਗੁਰਦੁਆਰਿਆਂ ਦੀਆਂ ਪ੍ਰਬੰਧਕੀ ਕਮੇਟੀਆਂ ਬਣਾਉਣ ਸਬੰਧੀ ਵੀ ਪਿੰਡਾਂ ਵਿਚ ਧੜੇਬੰਦੀ ਵਧਦੀ ਜਾ ਰਹੀ ਸੀ, ਜਿਸ ਨਾਲ ਲੜਾਈ-ਝਗੜੇ ਹੋਣ ਕਰਕੇ ਸਮਾਜ ਵਿਚ ਸਿੱਖ ਕੌਮ ਨੂੰ ਸ਼ਰਮਿੰਦਗੀ ਉਠਾਉਣੀ ਪੈਂਦੀ ਸੀ। ਪਿੰਡਾਂ ਵਿਚ ਇਕ-ਇਕ ਗੁਰਦੁਆਰਾ ਹੋਣ ਕਰਕੇ ਸਾਰੇ ਪਿੰਡ ਦੀ ਸੰਗਤ ਇਕ ਹੀ ਗੁਰਦੁਆਰੇ ਵਿਚ ਇਕੱਠੀ ਹੋਵੇਗੀ ਅਤੇ ਸਾਰੇ ਪਿੰਡ ਦੇ ਵਿਚਕਾਰ ਭਾਈਚਾਰਕ ਸਾਂਝ ਵੀ ਵਧੇਗੀ।

-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ ਘੁਮਾਣ, ਗੁਰਦਾਸਪੁਰ।


ਬੁਲੇਟ ਟ੍ਰੇਨ ਦਾ ਸੁਪਨਾ

ਵੱਡੇ ਪੱਧਰ 'ਤੇ ਰੇਲ ਹਾਦਸਿਆਂ ਕਾਰਨ ਅਕਸਰ ਰੇਲ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿਚ ਆ ਖੜ੍ਹਾ ਹੁੰਦਾ ਹੈ। ਇਸ ਤੋਂ ਇਲਾਵਾ ਰੇਲ ਗੱਡੀਆਂ ਦਾ ਆਪਣੇ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਆਉਣਾ ਆਮ ਜਿਹੀ ਗੱਲ ਹੈ। ਅਕਸਰ ਇਸ ਦੌਰਾਨ ਆਮ ਲੋਕਾਂ ਨੂੰ ਹੋਈ ਪ੍ਰੇਸ਼ਾਨੀ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ। ਰੇਲ ਗੱਡੀਆਂ ਦੇ ਦੇਰੀ ਨਾਲ ਚੱਲਣ 'ਚ ਜ਼ਿੰਮੇਵਾਰ ਕੌਣ ਹੈ? ਕੀ ਸਾਡੇ ਰੇਲ ਕਰਮਚਾਰੀ ਜਾਂ ਅਧਿਕਾਰੀ ਆਪਣਾ ਕੰਮ ਸਮੇਂ ਸਿਰ ਨਹੀਂ ਕਰ ਰਹੇ? ਇਸ ਤਰ੍ਹਾਂ ਦੇ ਸਵਾਲ ਅਕਸਰ ਰੇਲ ਵਿਚ ਸਫ਼ਰ ਕਰਦਿਆਂ ਕਿੰਨੇ ਲੋਕਾਂ ਦੇ ਜ਼ਿਹਨ ਵਿਚ ਉਪਜਦੇ ਹਨ ਪਰ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ। ਜੇਕਰ ਰੇਲ ਪ੍ਰਸ਼ਾਸਨ ਦਾ ਇਹੀ ਹਾਲ ਰਿਹਾ ਤਾਂ ਸ਼ਾਇਦ ਭਾਰਤ ਵਿਚ ਬੁਲੇਟ ਟ੍ਰੇਨ ਚਲਾਉਣ ਦਾ ਸੁਪਨਾ ਕਦੇ ਪੂਰਾ ਨਹੀਂ ਹੋਣਾ।

-ਪ੍ਰਭਜੋਤ ਸਿੰਘ
ਬੀ.ਏ. ਜਰਨਲਿਜ਼ਮ, ਪੰਜਾਬੀ ਯੂਨੀਵਰਸਿਟੀ, ਪਟਿਆਲਾ।


ਮੁਫ਼ਤ ਬਿਜਲੀ

ਜਦੋਂ ਪੰਜਾਬ ਦੀ ਆਰਥਿਕ ਹਾਲਤ ਮਜ਼ਬੂਤ ਸੀ, ਉਦੋਂ ਤੋਂ ਹੀ ਕਿਸਾਨਾਂ ਅਤੇ ਦਲਿਤ ਵਰਗਾਂ ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਜਾਂਦੀ ਰਹੀ ਹੈ। ਪਰ ਹੁਣ ਪੰਜਾਬ ਦੀ ਆਰਥਿਕ ਹਾਲਤ ਮਾੜੀ ਚੱਲ ਰਹੀ ਹੈ। ਜਿਹੜੇ ਵੱਡੇ ਕਿਸਾਨ ਹਨ ਅਤੇ ਨਾਲ ਸਰਕਾਰੀ ਨੌਕਰੀ ਵੀ ਕਰਦੇ ਹਨ ਅਤੇ ਦਲਿਤ ਭਾਈਚਾਰੇ ਵਿਚੋਂ ਵੀ ਕਈ ਲੋਕ ਵੱਡੇ-ਵੱਡੇ ਅਹੁਦਿਆਂ 'ਤੇ ਬਿਰਾਜਮਾਨ ਹਨ, ਅਜਿਹੇ ਲੋਕਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਬਿਜਲੀ ਦੇ ਬਿੱਲ ਲਗਾਉਣੇ ਚਾਹੀਦੇ ਹਨ। ਜੇਕਰ ਸਰਕਾਰ ਨੇ ਜ਼ਰੂਰੀ ਹੀ ਇਹ ਸਹੂਲਤ ਦੇਣੀ ਹੈ ਤਾਂ ਛੋਟੇ ਕਿਸਾਨਾਂ ਅਤੇ ਗ਼ਰੀਬ ਵਰਗ ਨੂੰ ਹੀ ਦਿੱਤੀ ਜਾਵੇ। ਪਰ ਹੁਣ ਸਥਿਤੀ ਅਜਿਹੀ ਬਣ ਗਈ ਹੈ ਕਿ ਜੇਕਰ ਮੌਜੂਦਾ ਸਰਕਾਰ ਕਿਸਾਨਾਂ ਆਦਿ ਪਾਸੋਂ ਇਹ ਸਹੂਲਤ ਵਾਪਸ ਲੈਣਾ ਚਾਹੁੰਦੀ ਹੈ ਤਾਂ ਵਿਰੋਧੀ ਧਿਰ ਇਸ ਸਬੰਧੀ ਵਾਵੇਲਾ ਖੜ੍ਹਾ ਕਰ ਦਿੰਦਾ ਹੈ, ਜਿਵੇਂ ਕਿ ਹੁਣ ਹੋ ਰਿਹਾ ਹੈ ਅਤੇ ਇਹ ਸਹੂਲਤ ਹੁਣ ਸਰਕਾਰਾਂ ਲਈ ਗਲੇ ਦੀ ਹੱਡੀ ਬਣ ਗਈ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਰੁਜ਼ਗਾਰ ਵਾਧੇ ਨੂੰ ਨਕਾਰਦਾ ਬਜਟ

ਉਦਯੋਗਾਂ ਲਈ ਬਿਜਲੀ ਸਬਸਿਡੀ ਤੋਂ ਇਲਾਵਾ ਨਵੇਂ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਇਸ ਬਜਟ ਵਿਚ ਕੁਝ ਨਹੀਂ, ਜਿਸ ਨਾਲ ਰੁਜ਼ਗਾਰ ਪੈਦਾ ਹੋ ਸਕੇ। ਘਰੇਲੂ ਅਤੇ ਛੋਟੇ ਉਦਯੋਗਾਂ ਵਲੋਂ ਵੱਡੀ ਮਾਤਰਾ ਵਿਚ ਰੁਜ਼ਗਾਰ ਪੈਦਾ ਕੀਤਾ ਗਿਆ ਸੀ ਪਰ ਇਸ ਬਜਟ ਵਿਚ ਉਨ੍ਹਾਂ ਇਕਾਈਆਂ ਲਈ ਕੁਝ ਨਹੀਂ ਰੱਖਿਆ ਗਿਆ। ਕੈਂਸਰ ਸੈਟਰਾਂ ਦਾ ਅੰਮ੍ਰਿਤਸਰ ਅਤੇ ਫਾਜ਼ਿਲਕਾ ਖੋਲ੍ਹਣਾ ਉਤਸ਼ਾਹਿਤ ਹੈ, 4015 ਕਰੋੜ ਰੁਪਏ, ਮੁਢਲੀ ਅਤੇ ਸੈਕੰਡਰੀ ਸਿਹਤ ਸੇਵਾ ਲਈ ਰੱਖਣਾ ਉਤਸ਼ਾਹਜਨਕ ਹੈ ਪਰ ਇਸ ਨੂੰ ਪਿੰਡਾਂ ਵਿਚ ਕੇਂਦਰਿਤ ਕਰਨਾ ਚਾਹੀਦਾ ਹੈ। ਹਰ ਮਹੀਨੇ ਪਹਿਲਾਂ ਟੈਕਸ ਦੇਣ ਵਾਲਿਆਂ 'ਤੇ 200 ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ, ਜੋ ਨਵਾਂ ਟੈਕਸ ਹੈ, ਉਹ ਜਾਇਜ਼ ਨਹੀਂ, ਅਸਲ ਵਿਚ ਬਜਟ ਵਿਚ ਬਹੁਤ ਸੀਮਤ ਸਾਧਨਾਂ ਨਾਲ ਵੱਡੀਆਂ ਪ੍ਰਾਪਤੀਆਂ ਦੀ ਕੋਸ਼ਿਸ਼ ਕੀਤੀ ਗਈ ਹੈ।

-ਡਾ. ਐਸ.ਐਸ. ਛੀਨਾ
ਸੀਨੀਅਰ ਫੈਲੋਸ਼ਿਪ ਆਫ ਇੰਸਟੀਚਿਊਟ ਸੋਸ਼ਲ ਸਾਇੰਸਸ, ਨਵੀ ਦਿੱਲੀ।

 

 

ਮਾਨਸਿਕ ਤਣਾਅ
ਅਸੀਂ ਰੋਜ਼ ਖ਼ਬਰਾਂ ਪੜ੍ਹਦੇ-ਸੁਣਦੇ ਹਾਂ ਦਿਲ ਦੇ ਦੌਰੇ ਨਾਲ ਮੌਤ ਜਾਂ ਖ਼ੁਦਕੁਸ਼ੀਆਂ ਕਰਦੇ ਲੋਕ। ਇਹ ਸਭ ਮਾਨਸਿਕ ਤਣਾਅ ਕਰਕੇ ਹੀ ਹੋ ਰਿਹਾ ਹੈ। ਸਿਆਣੇ ਕਹਿੰਦੇ ਹਨ ਆਪਣੀ ਚਾਦਰ ਵੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਹਨ। ਪਰ ਅੱਜ ਦਾ ਮਨੁੱਖ ਇਸ 'ਤੇ ਅਮਲ ਨਹੀਂ ਕਰ ਰਿਹਾ। ਵਿਗਿਆਨ ਨੇ ਮਨੁੱਖ ਨੂੰ ਅਰਾਮਦਾਇਕ ਜ਼ਿੰਦਗੀ ਜਿਊਣ ਲਈ ਬਹੁਤ ਯੰਤਰ ਬਣਾ ਦਿੱਤੇ। ਮਨੁੱਖ ਕੁਦਰਤੀ ਜ਼ਿੰਦਗੀ ਨਾਲੋਂ ਟੁੱਟਦਾ ਜਾ ਰਿਹਾ ਹੈ। ਇਨ੍ਹਾਂ ਸਹੂਲਤਾਂ ਨੂੰ ਮਾਨਣ ਲਈ ਪੈਸੇ ਦੀ ਜ਼ਰੂਰਤ ਹੈ। ਆਮਦਨ ਵਿਚ ਓਨਾ ਵਾਧਾ ਨਹੀਂ ਹੋਇਆ ਜਿੰਨਾ ਖਰਚੇ ਵਿਚ ਵਾਧਾ ਹੋ ਗਿਆ। ਜਿਥੇ ਸਰਕਾਰੀ ਸਕੂਲਾਂ ਵਿਚ ਮੁਫ਼ਤ ਵਿੱਦਿਆ ਮਿਲਦੀ ਸੀ, ਹੁਣ ਨਿੱਜੀ ਸਕੂਲਾਂ ਵਿਚ ਲੱਖਾਂ ਰੁਪਏ ਲਗਦੇ ਹਨ। ਹਰ ਘਰ ਦਾ ਖਰਚਾ ਉਹਦੀ ਆਮਦਨ ਨਾਲੋਂ ਵੱਧ ਹੋ ਗਿਆ ਹੈ। ਜ਼ਰੂਰੀ ਲੋੜਾਂ ਉਹ ਕਰਜ਼ਾ ਚੁੱਕ ਕੇ ਪੂਰੀਆਂ ਕਰਦਾ ਹੈ। ਜਦੋਂ ਕਰਜ਼ਾ ਵਾਪਸ ਨਹੀਂ ਹੁੰਦਾ ਤਾਂ ਉਹ ਮਾਨਸਿਕ ਤਣਾਅ ਵਿਚ ਰਹਿਣ ਲਗਦਾ ਹੈ ਭਾਵੇਂ ਘਰਾਂ ਵਿਚ ਲੜਾਈ-ਝਗੜੇ ਦੇ ਹੋਰ ਵੀ ਕਈ ਕਾਰਨ ਹਨ ਪਰ ਆਰਥਿਕ ਤੰਗੀ ਵੀ ਘਰ 'ਚ ਕਲੇਸ਼ ਪੈਦਾ ਕਰ ਦਿੰਦੀ ਹੈ। ਸਰਕਾਰਾਂ ਦੀਆਂ ਗ਼ਲਤ ਨੀਤੀਆਂ ਨੇ ਆਮ ਲੋਕਾਂ ਦੀ ਜ਼ਿੰਦਗੀ ਦੁਭਰ ਕਰ ਦਿੱਤੀ ਹੈ। ਮਿਹਨਤ ਦਾ ਪੂਰਾ ਮੁੱਲ ਨਾ ਮਿਲਣ ਕਰਕੇ ਉਹਦੀ ਖਰੀਦ ਸ਼ਕਤੀ ਵੀ ਕਮਜ਼ੋਰ ਹੋ ਗਈ ਹੈ।

-ਗੁਰਾਂਦਿੱਤਾ ਸੰਧੂ।
gurandittasukhanwala@gmail.com

 

30-03-2018

 ਬੇਗਾਨਾ ਹੁੰਦਾ ਇਨਸਾਨ
ਪੰਜਾਬੀ ਪਰਿਵਾਰ ਪੰਜਾਬੀ ਸੱਭਿਆਚਾਰ ਦੀ ਇਕ ਮਹੱਤਵਪੂਰਨ ਸੰਸਥਾ ਹੈ। ਇਹ ਸਮਾਜ ਅਤੇ ਸੱਭਿਆਚਾਰ ਵਿਚਲੀ ਰਿਸ਼ਤਾ ਪ੍ਰਣਾਲੀ ਦੀ ਬੁਨਿਆਦੀ ਧਰਾਤਲ ਭੂਮੀ ਹੈ। ਵੈਦਿਕ ਕਾਲ ਤੋਂ ਹੀ ਪੰਜਾਬੀ ਸਮਾਜ ਵਿਚ ਇਹ ਪ੍ਰਥਾ ਚਲਦੀ ਆ ਰਹੀ ਸੀ ਕਿ ਸਾਰਾ ਟੱਬਰ ਇਕੋ ਛੱਤ ਥੱਲੇ ਵਿਚਰਦਿਆਂ ਜ਼ਿੰਦਗੀ ਦੀਆਂ ਖੁਸ਼ੀਆਂ ਗ਼ਮੀਆਂ ਸਾਂਝੀਆਂ ਕਰਦਾ ਹੁੰਦਾ ਸੀ। ਇਸ ਵਿਚ ਪਰਿਵਾਰ ਦਾ ਸਭ ਤੋਂ ਸਿਆਣਾ ਵਿਅਕਤੀ ਪਰਿਵਾਰ ਦਾ ਮੁਖੀ ਹੁੰਦਾ ਹੈ, ਜਿਸ ਨੂੰ 'ਲਾਣੇਦਾਰ' ਵੀ ਕਿਹਾ ਜਾਂਦਾ ਸੀ। ਪਰ ਅੱਜ ਤਰੱਕੀ ਦੀ ਚਕਾਚੌਂਧ ਨੇ ਅਜਿਹੀ ਲਿਸ਼ਕੋਰ ਮਾਰੀ ਕਿ ਆਪਣੇ ਵੀ ਬੇਗਾਨੇ ਜਾਪਣ ਲੱਗੇ। ਆਪਣਿਆਂ ਦੀ ਭਾਵਨਾ ਦਿਨੋ-ਦਿਨ ਦਮ ਤੋੜਨ ਲੱਗੀ। ਪੰਜਾਬੀ ਸਮਾਜ ਵਿਚ ਇਕਹਿਰੇ ਪਰਿਵਾਰ ਦੀ ਪ੍ਰਵਿਰਤੀ ਭਾਰੂ ਹੋ ਗਈ ਹੈ। ਜੇ ਅਸੀਂ ਸੋਚੀਏ ਤਾਂ ਸਾਡੀ ਤਰੱਕੀ ਸਾਨੂੰ ਵਿਨਾਸ਼ ਵੱਲ ਲਿਜਾ ਰਹੀ ਹੈ। ਪੈਸੇ ਦੀ ਦੌੜ ਵਿਚ ਮਨੁੱਖ ਕਿਸੇ ਨੂੰ ਬੁਲਾ ਕੇ ਖੁਸ਼ ਨਹੀਂ। ਪੱਛਮੀ ਚਕਾਚੌਂਧ ਵਿਚ ਇਕ ਤਰ੍ਹਾਂ ਨਾਲ ਅਸੀਂ ਮਸ਼ੀਨਾਂ ਬਣ ਬੈਠੇ ਹਾਂ। ਕਿੱਥੇ ਗਏ ਅੱਜ ਉਹ ਕਾਂ ਜੋ ਸਾਡੇ ਘਰਾਂ ਦੇ ਬਨੇਰਿਆਂ 'ਤੇ ਆ ਕੇ ਰਿਸ਼ਤੇਦਾਰਾਂ ਦੇ ਆਉਣ ਦਾ ਸੁਨੇਹਾ ਦਿੰਦੇ ਸਨ।


-ਜਤਿੰਦਰ ਸਿੰਘ ਧਾਲੀਵਾਲ
ਪਿੰਡ ਬੂਰ ਵਾਲਾ, ਜ਼ਿਲ੍ਹਾ ਫਾਜ਼ਿਲਕਾ।


ਡਿਜੀਟਲ ਇੰਡੀਆ
ਭਾਵੇਂ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਪਿਛਲੇ ਤਿੰਨ ਸਾਲਾਂ ਤੋਂ ਪੂਰੇ ਦੇਸ਼ ਵਿਚ ਡਿਜੀਟਲ ਇੰਡੀਆ ਦਾ ਨਾਅਰਾ ਦੇ ਕੇ ਜਨਤਾ ਨੂੰ ਸਾਰੀਆਂ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਜਦ ਕਿ ਸਰਹੱਦੀ ਜ਼ਿਲ੍ਹੇ ਦੇ ਇਲਾਕੇ ਅੰਦਰ ਸਥਿਤ ਸਰਕਾਰੀ ਪ੍ਰਾਇਮਰੀ, ਮਿਡਲ ਸਕੂਲਾਂ ਵੱਲ ਝਾਤ ਮਾਰੀ ਜਾਵੇ ਤਾਂ ਸ਼ਾਇਦ ਬਹੁਤ ਘੱਟ ਮਾਤਰਾ ਵਿਚ ਸਕੂਲਾਂ ਦੇ ਵਿਦਿਆਰਥੀਆਂ ਨੂੰ ਡਿਜੀਟਲ ਇੰਡੀਆ ਬਾਰੇ ਜਾਣਕਾਰੀ ਹੋਵੇਗੀ। ਹਰ ਖੇਤਰ ਦਾ ਤੇਜ਼ ਗਤੀ ਨਾਲ ਵਿਕਾਸ ਹੋਵੇ, ਇਸ ਸਕੀਮ ਰਾਹੀਂ ਹਰੇਕ ਖੇਤਰ ਨੂੰ ਇੰਟਰਨੈਟ ਨਾਲ ਜੋੜਨਾ ਅਤੇ ਤਕਨੀਕ ਦੇ ਖੇਤਰ ਵਿਚ ਦੇਸ਼ ਨੂੰ ਮਜ਼ਬੂਤ ਬਣਾਉਣ ਦਾ ਟੀਚਾ ਹੈ। ਅੰਤਰਰਾਸ਼ਟਰੀ ਸਰਹੱਦ ਹੋਣ ਕਾਰਨ ਭਾਰਤ ਸੰਚਾਰ ਨਿਗਮ ਲਿਮਟਿਡ ਤੋਂ ਇਲਾਵਾ ਕੋਈ ਵੀ ਮੋਬਾਈਲ ਕੰਪਨੀ ਸਰਹੱਦੀ ਖੇਤਰਾਂ ਵਿਚ ਸੇਵਾਵਾਂ ਨਹੀਂ ਦਿੰਦੀ। ਪਰ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਆਜ਼ਾਦ ਭਾਰਤ ਦੇ ਹੋਰਨਾਂ ਨਾਗਰਿਕਾਂ ਵਰਗੀਆਂ ਸਹੂਲਤਾਂ ਅੱਜ ਤੱਕ ਸਰਹੱਦੀ ਖੇਤਰਾਂ ਦੇ ਲੋਕਾਂ ਨੂੰ ਨਹੀਂ ਮਿਲ ਸਕੀਆਂ ਤਾਂ ਇਥੇ ਡਿਜੀਟਲ ਕ੍ਰਾਂਤੀ ਕਿਵੇਂ ਆਏਗੀ। ਇਸ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਸਰਹੱਦੀ ਖੇਤਰਾਂ ਵਿਚ ਪੜ੍ਹਾਈ ਦਾ ਪੱਧਰ ਉੱਚਾ ਚੁੱਕਣ ਲਈ ਵਿਸ਼ੇਸ਼ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ।


-ਪ੍ਰੋ: ਮਨਪ੍ਰੀਤ ਗੌਰਾਇਆ
ਪਿੰਡ ਸ਼ੇਖਾ (ਗੁਰਦਾਸਪੁਰ)।


ਪੰਜਾਬ ਦੇ ਹਾਲਾਤ ਨਾਜ਼ੁਕ
ਪੰਜਾਬ ਸਰਕਾਰ ਮਾਰਚ ਵਿਚ ਆਪਣਾ ਇਕ ਸਾਲ ਪੂਰਾ ਕਰ ਚੁੱਕੀ ਹੈ। ਸਰਕਾਰ ਨਸ਼ਿਆਂ, ਕਿਸਾਨਾਂ, ਬੇਰੁਜ਼ਗਾਰੀ, ਰੇਤਾ ਬਜਰੀ ਵਰਗੇ ਮੁੱਦਿਆਂ ਨੂੰ ਲੈ ਕੇ ਸੱਤਾ ਵਿਚ ਆਈ ਸੀ ਪਰ ਇਨ੍ਹਾਂ ਸਾਰੇ ਮੁੱਦਿਆਂ 'ਤੇ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋਈ ਹੈ। ਬਿਨਾਂ ਸ਼ੱਕ ਸਰਕਾਰ ਦੁਆਰਾ ਕੁਝ ਕਿਸਾਨਾਂ ਦੇ ਸਹਿਕਾਰੀ ਬੈਂਕਾਂ ਦੇ ਕਰਜ਼ੇ ਮੁਆਫ਼ ਕੀਤੇ ਗਏ ਹਨ ਪਰ ਇਹ ਸਿਰਫ ਵਾਅਦਾ ਪੂਰਾ ਕਰਨ ਦੀ ਕਵਾਇਦ ਹੀ ਕੀਤੀ ਗਈ ਹੈ। ਆੜ੍ਹਤੀਆਂ ਅਤੇ ਦੂਜੇ ਬੈਂਕਾਂ ਦੇ ਕਰਜ਼ੇ ਅੱਜ ਵੀ ਕਿਸਾਨਾਂ ਲਈ ਸਮੱਸਿਆ ਬਣੇ ਹੋਏ ਹਨ। ਗ਼ੈਰ-ਕਾਨੂੰਨੀ ਮਾਈਨਿੰਗ ਵੀ ਇਕ ਪ੍ਰਮੁੱਖ ਸਮੱਸਿਆ ਬਣੀ ਹੋਈ ਹੈ ਜਦ ਕਿ ਸਰਕਾਰ ਦੁਆਰਾ ਇਸ ਸਬੰਧੀ ਸੁਚੱਜੀ ਨੀਤੀ ਬਣਾਉਣ ਦੀ ਗੱਲ ਕਹੀ ਗਈ ਸੀ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਸਾਰਥਕ ਕਦਮ ਚੁੱਕੇ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।

28-03-2018

 ਗ਼ਲਤ ਸ਼ਬਦ-ਜੋੜਾਂ ਬਾਬਤ

ਸਮਕਾਲੀ ਪੰਜਾਬੀ ਲਿਖਤਾਂ ਪੜ੍ਹਦਿਆਂ ਕੁਝ ਸ਼ਬਦ-ਜੋੜਾਂ ਦੀ ਲਗਾਤਾਰ ਗ਼ਲਤ ਵਰਤੋਂ ਹੁੰਦੀ ਮੇਰੇ ਧਿਆਨ ਵਿਚ ਆਈ ਹੈ, ਦਿਲ ਕੀਤਾ ਪਾਠਕਾਂ ਅੱਗੇ ਰੱਖਾਂ। ਪੰਜਾਬੀ ਵਿਆਕਰਨ ਅਨੁਸਾਰ ਹਾਲਤ ਦਾ ਬਹੁ-ਵਚਨ ਹਾਲਤਾਂ ਹੈ ਪਰ ਫਾਰਸੀ ਵਿਚ ਇਹ ਹਾਲਾਤ ਹੈ। ਹਾਲਾਤਾਂ ਕੋਈ ਸ਼ਬਦ ਨਾ ਪੰਜਾਬੀ ਵਿਚ ਨਾ ਫਾਰਸੀ ਵਿਚ ਹੈ ਪਰ ਇਹ ਵਰਤਿਆ ਜਾ ਰਿਹਾ ਹੈ। ਇਸੇ ਤਰ੍ਹਾਂ ਪੰਜਾਬੀ ਦਾ ਸਾਹਿਬ ਸ਼ਬਦ ਫਾਰਸੀ ਵਿਚੋਂ ਆਇਆ ਜਿਸ ਦਾ ਬਹੁ-ਵਚਨ ਸਾਹਿਬਾਨ ਹੈ, ਪੰਜਾਬੀ ਲੇਖਕ ਸਾਹਿਬਾਨਾਂ ਲਿਖ ਰਹੇ ਹਨ ਜੋ ਸਹੀ ਨਹੀਂ।
ਗਾਥਾ ਸ਼ਬਦ ਗਾਇਨ ਜਮ੍ਹਾ ਕਥਾ ਹੈ, ਉਹ ਕਥਾ ਜਿਹੜੀ ਗਾ ਕੇ ਸੁਣਾਈ ਜਾਏ। ਜਿਵੇਂ ਸ਼ਾਹ ਮੁਹੰਮਦ ਦਾ ਜੰਗਨਾਮਾ। ਡਾ: ਗੰਡਾ ਸਿੰਘ ਵਲੋਂ ਦਿੱਤੇ ਵੇਰਵੇ ਇਤਿਹਾਸਕ ਕਥਾ ਹੈ ਗਾਥਾ ਨਹੀਂ। ਕਥਾ ਵਾਰਤਕ ਵਿਚ ਹੁੰਦੀ ਹੈ ਗਾਥਾ ਕਵਿਤਾ ਵਿਚ। ਭਾਰਤੀ ਸੰਵਿਧਾਨ ਦੇ ਨਿਰਮਾਤਾ ਦਾ ਨਾਂਅ ਅੰਬੇਡਕਰ ਹੈ ਪਰ ਦੱਦੇ ਨਾਲ ਅੰਬੇਦਕਰ ਲਿਖਿਆ ਜਾ ਰਿਹਾ ਹੈ। ਜਿੰਨਾ/ਜਿਨ੍ਹਾ, ਕਿੰਨਾ/ਕਿਨ੍ਹਾ, ਸ਼ਬਦਾਂ ਵਿਚ ਭੇਦ ਹਨ, ਇਨ੍ਹਾਂ ਦੀ ਵਰਤੋਂ ਗ਼ਲਤ ਹੋ ਰਹੀ ਹੈ। ਭਾਈ ਕਨ੍ਹਈਆ ਜੀ ਨੂੰ ਭਾਈ ਘਨੱਈਆ ਲਿਖਿਆ ਜਾ ਰਿਹਾ ਹੈ। ਸ੍ਰੀ ਕ੍ਰਿਸ਼ਨ ਜੀ ਦਾ ਇਕ ਨਾਂਅ ਕਾਹਨ ਸੀ ਉਸੇ ਦਾ ਛੋਟਾ ਰੂਪ ਕਾਨ੍ਹ ਹੈ। ਕੱਕੇ ਦੇ ਪੈਰ ਵਿਚਲਾ ਹਾਹਾ ਅੱਖਰ, ਘੱਗੇ ਦੀ ਆਵਾਜ਼ ਨਹੀਂ ਬਣਦਾ। ਹਿੰਦੀ ਭਾਸ਼ੀ ਲੇਖਕ ਇਹ ਗ਼ਲਤੀ ਨਹੀਂ ਕਰਦੇ।

-ਡਾ: ਹਰਪਾਲ ਸਿੰਘ ਪੰਨੂ
ਪੰਜਾਬੀ ਯੂਨਵਿਰਸਿਟੀ ਪਟਿਆਲਾ।

ਵਾਅਦਾ ਖਿਲਾਫ਼ੀ

ਤਕਰੀਬਨ ਹਰੇਕ ਸਾਲ ਇੰਜੀਨੀਅਰਿੰਗ ਕਾਲਜਾਂ ਵਿਚ ਵੱਖ-ਵੱਖ ਸਨਅਤੀ ਇਕਾਈਆਂ ਆ ਕੇ ਆਪਣੀ ਲੋੜ ਅਨੁਸਾਰ, ਵੱਖ-ਵੱਖ ਟਰੇਡਾਂ ਲਈ ਭਰਤੀ ਕਰਦੀਆਂ ਹਨ। ਉਪਰੋਕਤ ਪ੍ਰਕਿਰਿਆ ਨਾਲ ਮੌਜੂਦਾ ਸਰਕਾਰ ਦਾ ਕੋਈ ਵੀ ਲੈਣ-ਦੇਣ ਨਹੀਂ ਹੁੰਦਾ। ਪਰ ਹੈਰਾਨੀ ਦੀ ਗੱਲ ਹੈ ਕਿ ਸਾਡੇ ਮਾਣਯੋਗ ਮੁੱਖ ਮੰਤਰੀ ਇਸ ਰੂਟੀਨ ਦੀ ਕਾਰਵਾਈ ਨੂੰ ਆਪਣੀ ਸਰਕਾਰ ਦੀ ਪ੍ਰਾਪਤੀ ਦੱਸ ਰਹੇ ਹਨ। ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿਚ ਜਾ ਕੇ ਅੱਠ-ਅੱਠ ਦਸ-ਦਸ ਹਜ਼ਾਰ ਰੁਪਏ ਦੀ ਨੌਕਰੀ ਪ੍ਰਾਪਤ ਕਰਨ ਵਾਲਿਆਂ ਨੂੰ ਨਿਯੁਕਤੀ ਪੱਤਰ ਆਪਣੇ ਹੱਥੀਂ ਦੇ ਕੇ ਇਹ ਭਰਤੀ ਸਰਕਾਰੀ ਨਹੀਂ ਬਣ ਜਾਂਦੀ। ਸਰਕਾਰ ਬਣਾਉਣ ਤੋਂ ਪਹਿਲਾਂ ਕੈਪਟਨ ਸਾਹਿਬ ਨੇ ਬੇਰੁਜ਼ਗਾਰਾਂ ਨਾਲ ਸਰਕਾਰੀ ਨੌਕਰੀ ਦਾ ਵਾਅਦਾ ਕੀਤਾ ਸੀ, ਜੋ ਉਨ੍ਹਾਂ ਨੂੰ ਨਿਭਾਉਣਾ ਚਾਹੀਦਾ ਹੈ। ਵਰਨਣਯੋਗ ਹੈ ਕਿ ਪਿਛਲੇ ਦਿਨੀਂ ਸਰਕਾਰ ਦੀ ਤਰਫ਼ੋਂ ਇਹ ਬਿਆਨ ਆਇਆ ਹੈ ਕਿ ਸਰਕਾਰ ਵਲੋਂ ਇਕ ਸਾਲ ਵਿਚ 1,61,522 ਨੌਕਰੀਆਂ ਦਿੱਤੀਆਂ ਗਈਆਂ ਹਨ। ਕੀ ਸਰਕਾਰ ਪੰਜਾਬ ਵਾਸੀਆਂ ਨੂੰ ਇਹ ਦੱਸਣ ਦੀ ਖੇਚਲ ਕਰੇਗੀ ਇਨ੍ਹਾਂ ਨੌਕਰੀਆਂ ਵਿਚ ਸਰਕਾਰੀ ਨੌਕਰੀਆਂ ਕਿੰਨੇ ਪ੍ਰਤੀਸ਼ਤ ਹਨ। ਮੌਜੂਦਾ ਸਰਕਾਰ ਤੋਂ ਹਰੇਕ ਤਬਕੇ ਨੂੰ ਢੇਰ ਸਾਰੀਆਂ ਆਸਾਂ ਹਨ। ਅਮਲੀ ਰੂਪ ਵਿਚ ਕਦਮ ਪੁੱਟੇ ਜਾਣੇ ਚਾਹੀਦੇ ਹਨ ਤਾਂ ਕਿ ਸਾਡੇ ਸਾਰਿਆਂ ਦਾ ਆਪਣੀ ਸਰਕਾਰ ਵਿਚ ਭਰੋਸਾ ਬਣਿਆ ਰਹੇ।

-ਕਵੀਸ਼ਰ ਪ੍ਰੀਤ ਸਿੰਘ ਸੰਦਲ
ਪਿੰਡ ਮਕਸੂਦੜਾ, ਤਹਿ: ਪਾਇਲ (ਲੁਧਿਆਣਾ)।

27-03-2018

 ਵਧਦੀ ਬੇਰੁਜ਼ਗਾਰੀ
20 ਮਾਰਚ ਨੂੰ ਚਪੜਾਸੀ ਦੀਆਂ 9 ਅਸਾਮੀਆਂ ਲਈ ਪੁੱਜੇ ਹਜ਼ਾਰਾਂ ਨੌਜਵਾਨ ਦੇ ਸਿਰਲੇਖ਼ ਹੇਠ ਲੱਗੀ ਖ਼ਬਰ ਪੜ੍ਹ ਕੇ ਮਨ ਝੰਜੋੜਿਆ ਗਿਆ। ਕਚਹਿਰੀਆਂ ਵਿਚ ਚਪੜਾਸੀ ਦੀ ਨੌਕਰੀ ਲਈ ਡਿਗਰੀਆਂ ਵਾਲੇ ਨੌਜਵਾਨ ਭਾਰੀ ਗਿਣਤੀ 'ਚ ਪਹੁੰਚੇ ਹੋਏ ਸਨ ਤਾਂ ਕਿ ਉਹ ਬੇਰੁਜ਼ਗਾਰੀ ਦੀ ਮਾਰ ਤੋਂ ਬਚ ਕੇ ਚਪੜਾਸੀ ਦੀ ਨੌਕਰੀ 'ਤੇ ਹੀ ਲੱਗ ਕੇ ਆਪਣੇ ਪੈਰਾਂ ਸਿਰ ਖੜ੍ਹੇ ਹੋ ਕੇ ਦੋ ਵਕਤ ਦੀ ਰੋਟੀ ਦਾ ਜੁਗਾੜ ਕਰ ਸਕਣ। ਇਕ ਪਾਸੇ ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਹੀ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕਰ ਰਹੀਆਂ ਹਨ। ਪਰ ਅਸਲੀਅਤ ਵਿਚ ਸਾਡੀਆਂ ਸਰਕਾਰਾਂ ਬੇਰੁਜ਼ਗਾਰੀ, ਨਸ਼ਿਆਂ ਦੇ ਖ਼ਾਤਮੇ, ਕਿਸਾਨਾਂ, ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਨੂੰ ਰੋਕਣ 'ਚ ਵਿਚ ਅਸਫ਼ਲ ਸਿੱਧ ਹੋ ਰਹੀਆਂ ਹਨ । ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉੱਚ ਸਿੱਖਿਆ ਪ੍ਰਾਪਤ ਨੌਜਵਾਨਾਂ ਨੂੰ ਉਨ੍ਹਾਂ ਦੀ ਕਾਬਲੀਅਤ ਦੇ ਅਨੁਸਾਰ ਨੌਕਰੀਆਂ ਦੇਵੇ ਤੇ ਲੋੜੀਂਦੀਆਂ ਅਸਾਮੀਆਂ ਹੋਰ ਕੱਢੇ ਤਾਂ ਜੋ ਅਜਿਹੀ ਨੌਬਤ ਹੀ ਨਾ ਆਵੇ।

-ਲਖਵਿੰਦਰ ਪਾਲ ਗਰਗ
ਪਿੰਡ ਤੇ ਡਾਕ: ਘਰਾਚੋਂ, ਜ਼ਿਲ੍ਹਾ ਸੰਗਰੂਰ।

ਇਕ ਪਿੰਡ ਇਕ ਗੁਰੂ ਘਰ
ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਅਹਿਮ ਬਿਆਨ ਦਿੱਤਾ ਗਿਆ ਕਿ ਸ਼੍ਰੋਮਣੀ ਕਮੇਟੀ 'ਇਕ ਪਿੰਡ ਇਕ ਗੁਰਦੁਆਰਾ' ਮੁਹਿੰਮ ਚਲਾਉਣ ਜਾ ਰਹੀ ਹੈ, ਜੋ ਬਹੁਤ ਚੰਗੀ ਗੱਲ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਪਿੰਡਾਂ ਵਿਚ ਕਈ-ਕਈ ਗੁਰਦੁਆਰੇ ਬਣੇ ਹੀ ਕਿਉਂ ਹਨ? ਜਾਤ-ਪਾਤ ਵਿਰੁੱਧ ਮੁਹਿੰਮ ਚਲਾਉਣ ਦੀ ਲੋੜ ਹੈ। ਕੁਝ ਸਮਾਂ ਪਹਿਲਾਂ ਜਾਤ-ਪਾਤ ਨੂੰ ਤੋੜਨ ਵਿਚ ਸਕੂਲਾਂ ਨੇ ਵੱਡੀ ਭੂਮਿਕਾ ਅਦਾ ਕੀਤੀ ਸੀ। ਅਸੀਂ ਸਕੂਲਾਂ ਵਿਚ ਹਰ ਜਾਤ, ਹਰ ਧਰਮ ਦੇ ਬੱਚੇ ਇਕੱਠੇ ਪੜ੍ਹਦੇ, ਇਕੱਠੇ ਖੇਡਦੇ ਸੀ। ਸੋ, ਹੁਣ ਪ੍ਰਾਈਵੇਟ ਸਕੂਲਾਂ ਨੇ ਆਰਥਿਕਤਾ ਦੀ ਕੰਧ ਖੜ੍ਹੀ ਕਰ ਦਿੱਤੀ ਹੈ। ਇਸ ਨੂੰ ਤੋੜਨ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ 'ਇਕ ਪਿੰਡ ਵਿਚ ਇਕ ਗੁਰਦੁਆਰਾ' ਰੱਖ ਕੇ ਬਾਕੀ ਗੁਰਦੁਆਰਿਆਂ ਨੂੰ ਸਕੂਲਾਂ ਵਿਚ ਤਬਦੀਲ ਕਰ ਦਿੱਤਾ ਜਾਵੇ ਜਿਥੇ ਹਰ ਜਾਤ, ਹਰ ਅਮੀਰ-ਗਰੀਬ ਦੇ ਬੱਚਿਆਂ ਨੂੰ ਮੁਫ਼ਤ ਵਿੱਦਿਆ ਦਿੱਤੀ ਜਾਵੇ। ਇਸ ਤਰ੍ਹਾਂ ਬੱਚਿਆਂ ਦੇ ਮਨ 'ਚੋਂ ਜਾਤ-ਪਾਤ ਖ਼ਤਮ ਕਰਕੇ ਹੀ 'ਇਕ ਪਿੰਡ ਇਕ ਗੁਰਦੁਆਰਾ' ਮੁਹਿੰਮ ਕਾਮਯਾਬ ਹੋ ਸਕਦੀ ਹੈ।

-ਜਸਕਰਨ ਲੰਡੇ
ਪਿੰਡ ਤੇ ਡਾਕ : ਲੰਡੇ, ਜ਼ਿਲ੍ਹਾ ਮੋਗਾ।

ਭਟਕੀ 'ਆਪ'
ਪੰਜਾਬ ਵਿਚ ਨਵੀਂ ਰਾਜਨੀਤੀ ਦੀ ਸ਼ੁਰੂਆਤ ਕਰਨ ਆਈ 'ਆਪ' ਪਾਰਟੀ ਆਪਣੇ ਸਿਧਾਂਤਾਂ ਤੋਂ ਭਟਕ ਚੁੱਕੀ ਹੈ। ਲੋਕਾਂ ਨੂੰ ਇਸ ਪਾਰਟੀ ਤੋਂ ਬਹੁਤ ਉਮੀਦਾਂ ਸਨ। ਇਸ ਲਈ ਹੀ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਵਿਚ 'ਆਪ' ਦੂਸਰੀ ਵੱਡੀ ਪਾਰਟੀ ਵਜੋਂ ਉੱਭਰੀ ਸੀ ਪਰ ਮੌਜੂਦਾ ਸਮੇਂ ਵਿਚ ਪਾਰਟੀ ਮੁਖੀ ਵਲੋਂ ਇਕ ਅਕਾਲੀ ਨੇਤਾ ਤੋਂ ਨਸ਼ਿਆਂ ਦੇ ਮੁੱਦੇ 'ਤੇ ਮੁਆਫ਼ੀ ਮੰਗਣ ਕਾਰਨ ਪਾਰਟੀ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਕਈ ਪ੍ਰਮੁੱਖ ਆਗੂਆਂ ਵਲੋਂ ਅਸਤੀਫ਼ੇ ਦਿੱਤੇ ਜਾਣ ਤੇ ਭਾਈਵਾਲ ਪਾਰਟੀ ਦੇ ਵੱਖ ਹੋਣ ਕਾਰਨ ਪਾਰਟੀ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ। ਲੋਕਾਂ ਨੇ ਉਨ੍ਹਾਂ ਨੂੰ ਚੁਣ ਕੇ ਵਿਰੋਧੀ ਧਿਰ ਵਜੋਂ ਖੜ੍ਹਾ ਕੀਤਾ ਹੈ, ਇਸ ਲਈ ਉਹ ਆਪਸੀ ਖਿੱਚੋਤਾਣ ਨੂੰ ਖ਼ਤਮ ਕਰਕੇ ਲੋਕਾਂ ਦੇ ਮੁੱਦਿਆਂ ਨੂੰ ਚੁੱਕ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ।

ਬੌਧਿਕ ਪੱਧਰ
ਸ: ਪਿਆਰਾ ਸਿੰਘ ਭੋਗਲ ਹੁਰਾਂ ਵਲੋਂ ਲਿਖਿਆ ਕਾਲਮ 'ਬੌਧਿਕ ਤੌਰ 'ਤੇ ਬੌਣਾ ਹੋ ਰਿਹੈ ਪੰਜਾਬ' ਪੜ੍ਹਿਆ। ਲੇਖਕ ਨੇ ਸੰਯੁਕਤ ਰਾਸ਼ਟਰ ਦਾ ਹਵਾਲਾ ਦਿੰਦੇ ਦੱਸਿਆ ਕਿ ਯੂਨੈਸਕੋ ਕਹਿੰਦੀ ਹੈ ਕਿ ਬੱਚੇ ਦੀ ਮੁਢਲੀ ਸਿੱਖਿਆ ਜੇ ਮਾਂ ਭਾਸ਼ਾ ਵਿਚ ਨਹੀਂ ਹੁੰਦੀ ਤਾਂ ਬੱਚੇ ਦਾ ਸਹੀ ਬੌਧਿਕ ਵਿਕਾਸ ਨਹੀਂ ਹੁੰਦਾ। ਉਸ ਦੀ ਪੜ੍ਹਨ ਤੇ ਸਿੱਖਣ ਦੀ ਯੋਗਤਾ ਸਹੀ ਢੰਗ ਨਾਲ ਪ੍ਰਫੁੱਲਿਤ ਨਹੀਂ ਹੁੰਦੀ। ਮਾਤ ਭਾਸ਼ਾ ਤੋਂ ਬਿਨਾਂ ਉਹ ਬੱਚੇ ਜ਼ਿੰਦਗੀ ਵਿਚ ਖੁਸ਼ਹਾਲੀ ਪ੍ਰਾਪਤ ਕਰਨ ਦੇ ਸੰਘਰਸ਼ ਵਿਚ ਸ਼ਾਮਿਲ ਹੋਣ ਤੋਂ ਵਿਰਵੇ ਰਹਿੰਦੇ ਹਨ। ਉਹ ਮਾਤ ਭਾਸ਼ਾ ਵਿਚ ਬੋਲਣ, ਲਿਖਣ ਦੀ ਨਿਪੁੰਨਤਾ ਕਰਕੇ ਖੁਸ਼ਹਾਲ ਜੀਵਨ ਜਿਊਣ ਦੇ ਯੋਗ ਹੋ ਜਾਣਗੇ। ਇਸ ਦੇ ਉਲਟ ਮਾਤ ਭਾਸ਼ਾ ਤੋਂ ਬਿਨਾਂ ਬੱਚੇ ਬੁੱਧੀ ਦਾ ਵਿਕਾਸ, ਗਿਆਨ ਪ੍ਰਾਪਤੀ ਵਿਚ ਬੌਣੇ ਹੋਣਗੇ।

-ਪਰਗਟ ਸਿੰਘ ਵਜੀਦਪੁਰ
ਪਿੰਡ ਵਜੀਦਪੁਰ, ਤਹਿ: ਤੇ ਜ਼ਿਲ੍ਹਾ ਪਟਿਆਲਾ।

22-03-2018

 ਪੀ.ਜੀ.ਆਈ.
ਆਜ਼ਾਦੀ ਤੋਂ ਬਾਅਦ ਪੰਜਾਬੀਆਂ ਦੀ ਸਿਹਤ ਅਤੇ ਸਿਹਤਯਾਬੀ ਲਈ ਪੀ.ਜੀ.ਆਈ. ਬਣੀ ਸੀ। ਇਹ ਸੰਸਥਾ ਅੱਜ ਦੇ ਸਮੇਂ ਇਨਸਾਨੀਅਤ ਦੀ ਮੂਰਤ ਹੈ। ਦਾਨ ਦੀ ਦਸ਼ਾ ਅਤੇ ਦਿਸ਼ਾ ਬਦਲਣ ਲਈ ਉੱਠਦੀਆਂ ਸੁਰਾਂ ਤੋਂ ਸਿੱਖ ਕੇ ਇਸ ਸੰਸਥਾ ਨੂੰ ਦਾਨ ਦੇਣਾ ਵੱਡਾ ਪੁੰਨ ਦਾ ਕਰਮ ਹੋਵੇਗਾ। ਕਿਉਂਕਿ ਬਿਨਾਂ ਭੇਦ-ਭਾਵ ਇਲਾਜ ਕਰਨਾ ਅਤੇ ਲਿਹਾਜੀਆਂ ਦੀ ਪੁਸ਼ਤ ਪਨਾਹੀ ਤੋਂ ਇਹ ਸੰਸਥਾ ਮੁਨਕਰ ਹੈ। ਅੱਜ ਪਾਕਿਸਤਾਨ ਤੋਂ ਵੀ ਇਸ ਸੰਸਥਾ ਨਾਲ ਮਰੀਜ਼ ਜੁੜਦੇ ਹਨ। ਰਿਕਾਰਡ ਅਨੁਸਾਰ 25 ਤੋਂ 30 ਲੱਖ ਸਾਲਾਨਾ ਮਰੀਜ਼ ਇਸ ਸੰਸਥਾ ਤੋਂ ਇਲਾਜ ਕਰਵਾਉਂਦੇ ਹਨ। ਵੋਟਾਂ ਦੀ ਰਾਜਨੀਤੀ ਵੇਲੇ ਇਹੋ ਜਿਹੇ ਮੁੱਦੇ ਲੋਕਾਂ ਦੇ ਭਰਮ ਭੁਲੇਖਿਆਂ ਕਰਕੇ ਨੁਕਰੇ ਲੱਗ ਜਾਂਦੇ ਹਨ। ਜਦੋਂ ਕਿ ਖੁਸਦੀ ਜਾ ਰਹੀ ਪੰਜਾਬੀਆਂ ਦੀ ਸਿਹਤ ਲਈ ਇਹੋ ਜਿਹਾ ਅਦਾਰਾ ਹੋਰ ਬਣਨਾ ਲਾਜ਼ਮੀ ਹੈ। ਅਜਿਹੀ ਸੰਸਥਾ ਸਮੇਂ ਦੀ ਲੋੜ ਵੀ ਹੈ ਕਿਉਂਕਿ ਪੀ.ਜੀ.ਆਈ. ਚੰਡੀਗੜ੍ਹ ਉੱਤੇ ਬਹੁਤ ਵੱਡਾ ਭਾਰ ਰਹਿੰਦਾ ਹੈ। ਵਕਤ ਉਡੀਕ ਕਰ ਰਿਹਾ ਹੈ ਕਿ ਅਜਿਹੇ ਸਰਕਾਰੀ ਮਾਣ-ਮੱਤੇ ਫ਼ੈਸਲੇ ਦੀ ਜੋ ਇਕ ਹੋਰ ਪੀ.ਜੀ.ਆਈ ਬਣਾਵੇ।


-ਸੁਖਪਾਲ ਸਿੰਘ ਗਿੱਲ
ਪਿੰਡ ਅਬਿਆਣਾ ਕਲਾਂ।


ਗ਼ਲਤ ਰੁਝਾਨ
ਸ਼ਾਨ ਦਾ ਪ੍ਰਤੀਕ ਬਣ ਚੁੱਕੇ ਹਥਿਆਰ ਸੁਰੱਖਿਆ ਲਈ ਭਲਾ ਹੀ ਜ਼ਰੂਰੀ ਹੋਣ ਜਾਂ ਨਾ ਪਰ ਪੰਜਾਬੀ ਗੱਭਰੂਆਂ ਦਾ ਹਥਿਆਰ ਰੱਖਣ ਦਾ ਸ਼ੌਕ ਬਦਸਤੂਰ ਜਾਰੀ ਹੈ। ਪੰਜਾਬ ਵਿਚ ਵਿਆਹ ਸਮਾਗਮ ਮੌਕੇ ਜਾਂ ਫਿਰ ਹੋਰ ਕਿਸੇ ਖੁਸ਼ੀ ਮੌਕੇ ਹਥਿਆਰਾਂ ਦਾ ਪ੍ਰਦਰਸ਼ਨ ਕਰਨਾ ਲੋਕਾਂ ਲਈ ਸਮਾਜਿਕ ਰੁਤਬੇ ਦਾ ਰੂਪ ਧਾਰਨ ਕਰ ਚੁੱਕਾ ਹੈ। ਪਾਬੰਦੀ ਹੋਣ ਦੇ ਬਾਵਜੂਦ ਇਹ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ, ਜਿਸ ਕਾਰਨ ਪਿਛਲੇ ਸਮੇਂ ਵਿਚ ਕਈ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਮੈਰਿਜ ਪੈਲੇਸਾਂ ਵਿਚ ਗੋਲੀਬਾਰੀ ਕਰਨ 'ਤੇ ਪਾਬੰਦੀ ਲਾਉਂਦਾ ਹੈ ਪਰ ਇਹ ਪਾਬੰਦੀ ਸਿਰਫ ਕਾਗਜ਼ਾਂ ਜਾਂ ਫਿਰ ਪੈਲੇਸ ਵਿਚ ਇਕ ਬੋਰਡ 'ਤੇ ਲਿਖਣ ਤੱਕ ਹੀ ਸੀਮਤ ਰਹਿੰਦੀ ਹੈ।


-ਪ੍ਰੋ: ਮਨਪ੍ਰੀਤ ਗੋਰਾਇਆ
ਪਿੰਡ ਸ਼ੇਖਾ, ਡਾਕ: ਮਗਰ ਮੂਦੀਆਂ, ਗੁਰਦਾਸਪੁਰ।


ਸਿੱਖਿਆ
ਸਿੱਖਿਆ ਇਕ ਲਗਾਤਾਰ ਚਲਣ ਵਾਲੀ ਕਿਰਿਆ ਹੈ। ਮਨੁੱਖ ਜਨਮ ਤੋਂ ਲੈ ਕੇ ਮਰਨ ਤੱਕ ਰੋਜ਼ ਕੁਝ ਨਾ ਕੁਝ ਸਿੱਖਦਾ ਰਹਿੰਦਾ ਹੈ। ਸਿੱਖਿਆ ਆਪਣੇ-ਆਪ ਵਿਚ ਸਭ ਤਰ੍ਹਾਂ ਨਾਲ ਵਿਦਿਆਰਥੀ ਦੇ ਵਿਹਾਰ ਵਿਚ ਉਚਿਤ ਤਬਦੀਲੀਆਂ ਕਰਕੇ ਉਸ ਦੀ ਸ਼ਖ਼ਸੀਅਤ ਦਾ ਸਰਬ-ਪੱਖੀ ਵਿਕਾਸ ਕਰਦੀ ਹੈ। ਫਿਰ ਸਿੱਖਿਆ ਸਬੰਧੀ ਪਾਠ ਸਮੱਗਰੀ ਦੀ ਗੱਲ ਆਉਂਦੀ ਹੈ। ਪਾਠ ਸਮੱਗਰੀ ਵਿਦਿਆਰਥੀ ਦੇ ਵਿਕਾਸ ਦੇ ਪੱਧਰ ਅਨੁਸਾਰ ਹੋਣੀ ਚਾਹੀਦੀ ਹੈ। ਅਧਿਆਪਕ ਲਈ ਜ਼ਰੂਰੀ ਹੈ ਕਿ ਉਹ ਆਪਣੇ-ਆਪ ਬਾਰੇ ਪੂਰੀ ਤਰ੍ਹਾਂ ਜਾਣੂ ਹੋਵੇ ਅਤੇ ਉਸ ਵਿਚ ਵਿਦਿਆਰਥੀਆਂ ਨੂੰ ਵੀ ਜਾਨਣ ਦੀ ਪੂਰੀ ਕੁਸ਼ਲਤਾ ਹੋਣੀ ਜ਼ਰੂਰੀ ਹੈ। ਸਿੱਖਿਆ ਖੇਤਰ ਵਿਚ ਨਿੱਤ ਨਵੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੂੰ ਹੱਲ ਕਰਨ ਲਈ ਨਵੀਆਂ ਧਾਰਨਾਵਾਂ, ਨਿਯਮ ਤੇ ਢੰਗਾਂ ਦੀ ਲੋੜ ਹੈ ਅਤੇ ਸਿੱਖਿਆ ਖੇਤਰ ਨੂੰ ਸੀਮਤ ਹੱਦਾਂ ਵਿਚੋਂ ਬੰਨ੍ਹਣ ਦੀ ਬਜਾਏ ਖੁੱਲ੍ਹਾ ਛੱਡਣਾ ਚਾਹੀਦਾ ਹੈ।


-ਕੁਲਵਿੰਦਰ ਸਿੰਘ
ਪਿੰਡ ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ।

20-03-2018

 ਸਰਕਾਰ ਦੀ ਅਣਦੇਖੀ
ਸਰਕਾਰ ਖ਼ਿਲਾਫ਼ ਸਿਰਫ ਸਮਾਂ ਲੰਘਾਉਣ 'ਤੇ ਲੱਗੀ ਹੋਈ ਹੈ। ਇਕ ਸਾਲ ਦਾ ਸਮਾਂ ਲੰਘ ਗਿਆ ਹੈ ਪਰ ਇਕੋ ਹੀ ਰਟ ਲਗਾ ਕੇ 'ਖਜ਼ਾਨਾ ਖਾਲੀ ਹੈ' ਦਾ ਰੌਲਾ ਪਾਇਆ ਜਾ ਰਿਹਾ ਹੈ। ਆਪਣੇ ਖਰਚੇ ਇਨ੍ਹਾਂ ਕੋਲੋਂ ਘਟਾਏ ਨਹੀਂ ਜਾ ਰਹੇ। ਵਾਅਦੇ ਤਾਂ ਬਹੁਤ ਕਰਦੇ ਹਨ ਪਰ ਸਾਰੇ ਫੋਕੇ ਸਾਬਤ ਹੋ ਰਹੇ ਹਨ। ਸਰਕਾਰਾਂ ਲੋਕਾਂ ਦੀ ਭਲਾਈ ਲਈ ਬਣਦੀਆਂ ਹਨ ਪਰ ਜੇ ਇਨ੍ਹਾਂ ਕੁਝ ਕਰਨਾ ਹੀ ਨਹੀਂ ਤਾਂ ਹੀ ਲੋਕ ਇਨ੍ਹਾਂ ਵਿਰੁੱਧ ਹੀ ਖੜ੍ਹੇ ਹੋ ਜਾਣਗੇ। ਜੇਕਰ ਕੁਝ ਨਾ ਕੁਝ ਕਰਦੇ ਰਹਿਣਗੇ ਤਾਂ ਹੀ ਲੋਕ ਚੁੱਪ ਰਹਿਣਗੇ, ਨਹੀਂ ਤਾਂ ਫਿਰ ਸੜਕਾਂ 'ਤੇ ਆ ਜਾਣਗੇ। ਸਰਕਾਰ ਨੂੰ ਸਮਾਂ ਬਰਬਾਦ ਨਾ ਕਰ ਕੇ, ਕੁਝ ਕਰ ਕੇ ਹੀ ਦਿਖਾਉਣਾ ਪੈਣਾ ਹੈ, ਤਾਂ ਹੀ ਗੱਲ ਬਣਨੀ ਹੈ।

-ਹਰਜਿੰਦਰਪਾਲ ਸਿੰਘ ਬਾਜਵਾ,
536, ਗਲੀ 5-ਬੀ, ਵਿਜੈ ਨਗਰ, ਹੁਸ਼ਿਆਰਪੁਰ।

ਕਰਜ਼ਾ ਮੁਆਫ਼ੀ ਸਮਾਰੋਹ
ਵੋਟਾਂ ਸਮੇਂ ਕਰਜ਼ਾ ਮੁਆਫ਼ੀ ਦੇ ਐਲਾਨ ਤੋਂ ਬਾਅਦ ਹੁਣ ਸਰਕਾਰ ਇਕ ਸਮਾਰੋਹ ਕਰਵਾ ਕੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਵੰਡ ਰਹੀ ਹੈ। ਇਸ ਸਮਾਰੋਹ ਵਿਚ ਸਰਕਾਰ ਇਕ ਕਲਾਕਾਰ ਨੂੰ ਬੁਲਾ ਕੇ ਜਿੱਥੇ ਵਾਧੂ ਖਰਚ ਕਰ ਰਹੀ ਹੈ ਉੱਥੇ ਮਨੋਰੰਜਨ ਮੰਚ ਲਗਾ ਕੇ ਕਿਸਾਨਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕ ਰਹੀ ਹੈ। ਕਰਜ਼ਾ ਮੁਆਫ਼ੀ ਸਮਾਰੋਹ ਦਾ ਕਲਾਕਾਰ ਨਾਲ ਕੋਈ ਸਬੰਧ ਨਹੀਂ ਹੈ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਸਮਾਰੋਹਾਂ 'ਤੇ ਸੰਜਮਤਾ ਨਾਲ ਖਰਚ ਕੀਤਾ ਜਾਵੇ।

-ਸ਼ਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆਂ, ਡਾਕ: ਚੀਮਾਂ ਖੁੱਡੀ,
ਜ਼ਿਲ੍ਹਾ ਗੁਰਦਾਸਪੁਰ।

ਨਕਲ ਦਾ ਕੋਹੜ
ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵਲੋਂ ਦਸਵੀਂ ਅਤੇ ਬਾਰ੍ਹਵੀਂ ਦੀ ਬੋਰਡ ਦੀ ਪ੍ਰੀਖਿਆ ਵਿਚ ਨਕਲ ਨੂੰ ਬੰਦ ਕਰਨ ਦੇ ਲਏ ਫੈਸਲੇ 'ਤੇ ਪਿੰਡਾਂ ਦੀਆਂ ਸੱਥਾਂ ਤੇ ਅਧਿਆਪਕ ਵਰਗ ਵਿਚ ਖੁੰਢ ਚਰਚਾ ਰੋਜ਼ ਰਹਿੰਦੀ ਹੈ। ਬੱਚਿਆਂ ਨੂੰ ਸ਼ੁੱਧ ਪੰਜਾਬੀ ਲਿਖਣ ਤੇ ਪੜ੍ਹਨ ਵਿਚ ਹਿਚਕੀ ਲੱਗ ਜਾਂਦੀ ਹੈ। ਪਹਿਲੀ ਤੋਂ ਅੱਠਵੀਂ ਤੱਕ ਫੇਲ੍ਹ ਨਾ ਕਰਨ ਦੇ ਫੈਸਲੇ ਨੂੰ ਵੀ ਪੰਜਾਬ ਸਰਕਾਰ ਨੂੰ ਰੱਦ ਕਰਨਾ ਪਵੇਗਾ। ਇਸ ਵਾਰ ਸਕੂਲਾਂ ਵਿਚ ਬਣੇ ਪ੍ਰੀਖਿਆ ਕੇਂਦਰਾਂ ਵਿਚ ਨਕਲ ਮਰਵਾਉਣ ਵਾਲਿਆਂ ਦੇ ਪਹਿਲਵਾਨੀ ਗੇੜੇ ਨਜ਼ਰ ਨਹੀਂ ਆਏ। ਅਧਿਆਪਕ ਵਰਗ ਨਕਲ ਨੂੰ ਠੱਲ੍ਹ ਪਾਉਣ ਲਈ ਪ੍ਰੀਖਿਆ ਵਿਚ ਪਾਰਦਰਸ਼ੀ ਡਿਊਟੀ ਨਿਭਾਅ ਰਹੇ ਹਨ। ਕੁਝ ਅਧਿਆਪਕ ਨਕਲ ਬੰਦ ਹੋਣ 'ਤੇ ਖੁਸ਼ ਹਨ। ਜੇ ਕ੍ਰਿਸ਼ਨ ਕੁਮਾਰ ਹੁਰਾਂ ਦਾ ਨਕਲ ਨੂੰ ਬੰਦ ਕਰਨ ਦਾ ਸੁਪਨਾ ਪੂਰਾ ਹੋ ਗਿਆ ਤਾਂ ਅਧਿਆਪਕ ਦਾ ਗੁਆਚਾ ਹੋਇਆ ਸਤਿਕਾਰ ਚੰਗੇ ਅਧਿਆਪਕਾਂ ਨੂੰ ਮਿਲ ਜਾਵੇਗਾ।

-ਜਗੀਰ ਸਿੰਘ ਸਫਰੀ,
ਸਠਿਆਲਾ (ਅੰਮ੍ਰਿਤਸਰ)।

* ਨਕਲ ਤੋਂ ਭਾਵ ਹੈ 'ਨਾ ਅਕਲ'। ਆਪਣੀ ਅਕਲ ਨੂੰ ਨਾ ਵਰਤਣ ਦਾ ਦੂਜਾ ਨਾਂਅ ਹੈ 'ਨਕਲ'। ਜ਼ਿੰਦਗੀ ਵਿਚ ਜੋ ਕੋਈ ਵੀ ਵਿਅਕਤੀ ਆਪਣੇ ਦਿਮਾਗ ਤੋਂ ਕੰਮ ਲੈਣ ਦੀ ਥਾਂ ਦੂਜਿਆਂ ਦੇ ਦਿਮਾਗ ਜਾਂ ਹੋਰ ਸਾਧਨਾਂ ਦਾ ਸਹਾਰਾ ਲੈ ਕੇ ਅੱਗੇ ਵਧਦਾ ਹੈ, ਉਹ ਕਦੇ ਸਥਾਈ ਕਾਮਯਾਬੀ ਪ੍ਰਾਪਤ ਨਹੀਂ ਕਰ ਸਕਦਾ। ਨਕਲ ਵਿਅਕਤੀ ਨੂੰ ਅਗਿਆਨਤਾ ਦੇ ਘੁੱਪ ਹਨੇਰੇ ਵੱਲ ਲੈ ਜਾਂਦੀ ਹੈ ਅਤੇ ਨਕਲ ਕਰਨ ਵਾਲਾ ਕਦੇ ਵੀ ਉਸਾਰੂ ਸੋਚ ਤੇ ਸ਼ਖ਼ਸੀਅਤ ਦਾ ਮਾਲਕ ਨਹੀਂ ਬਣ ਸਕਦਾ। ਨਕਲ ਭਾਵੇਂ ਪੇਪਰਾਂ ਵਿਚ ਹੋਵੇ ਜਾਂ ਜ਼ਿੰਦਗੀ ਦੇ ਹੋਰ ਦੂਜੇ ਖੇਤਰਾਂ ਵਿਚ, ਇਹ ਕਦੇ ਵੀ ਸੁਖਦਾਈ, ਫਲਦਾਈ ਤੇ ਸਵੈਹਿਤੈਸ਼ੀ ਨਹੀਂ ਹੁੰਦੀ। ਨਕਲ ਸਾਡੀ ਅਕਲ ਨੂੰ ਖੋਹ ਕੇ ਸਾਡੀ ਵਿਸ਼ਾਲ ਸੋਚ, ਸਿੱਖਣ ਤੇ ਸਮਝਣ ਸਮਰੱਥਾ ਅਤੇ ਸਕਾਰਾਤਮਕ ਨਜ਼ਰੀਏ ਦਾ ਭੱਠਾ ਬਿਠਾ ਕੇ ਰੱਖ ਦਿੰਦੀ ਹੈ।

-ਮਾਸਟਰ ਸੰਜੀਵ ਧਰਮਾਣੀ,ਸ੍ਰੀ ਅਨੰਦਪੁਰ ਸਾਹਿਬ।

19-03-2018

 ਬੁੱਤ 'ਤੇ ਜੀ. ਐਸ. ਟੀ.
ਸੈਂਟਰਲ ਖ਼ਾਲਸਾ ਯਤੀਮਖਾਨੇ ਤੋਂ ਉੱਠ ਕੇ ਦੇਸ਼ ਲਈ ਆਪਣੀ ਜਾਨ ਵਾਰ ਕੇ ਜਲ੍ਹਿਆਂਵਾਲੇ ਬਾਗ਼ ਦਾ ਬਦਲਾ ਅੰਗਰੇਜ਼ ਸਾਮਰਾਜ ਦੀ ਰਾਜਧਾਨੀ ਲੰਡਨ ਵਿਚ ਜਾ ਕੇ ਲੈਣ ਵਾਲੇ ਦੇਸ਼ ਦੇ ਮਹਾਨ ਸ਼ਹੀਦ ਊਧਮ ਸਿੰਘ ਦੇ ਬੁੱਤ ਉੱਪਰ 52 ਹਜ਼ਾਰ ਦੀ ਜੀ. ਐਸ. ਟੀ. ਲਗਾਉਣਾ ਮੰਦਭਾਗਾ ਹੈ। ਸ਼ਹੀਦ ਦੇਸ਼ ਦਾ ਵਡਮੁੱਲਾ ਸਰਮਾਇਆ ਹਨ। ਉਨ੍ਹਾਂ ਦੀਆਂ ਯਾਦਗਾਰਾਂ ਬਣਾ ਕੇ ਆਉਣ ਵਾਲੀ ਪੀੜ੍ਹੀ ਨੂੰ ਇਤਿਹਾਸ ਤੋਂ ਜਾਣੂ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਪਰ ਸ਼ਹੀਦਾਂ ਦੇ ਬੁੱਤ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਜਿਸ ਨੂੰ ਦੁਨੀਆ ਦੀ ਸਭ ਤੋਂ ਵੱਡੀ ਲੰਗਰ ਛਕਾਉਣ ਵਾਲੀ ਰਸੋਈ ਮੰਨਿਆ ਜਾਂਦਾ ਹੈ, ਉਸ ਉੱਪਰ ਟੈਕਸ ਲਗਾਉਣਾ ਸਰਕਾਰ ਨੂੰ ਸ਼ੋਭਾ ਨਹੀਂ ਦਿੰਦਾ। ਓਨਾ ਨੇ ਸ਼ਹੀਦ ਊਧਮ ਸਿੰਘ, ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪੰਜਾਬ ਅਤੇ ਦੇਸ਼-ਵਿਦੇਸ਼ ਵਿਚ ਵਸਦੇ ਲੋਕਾਂ ਵਲੋਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਲ੍ਹਿਆਂਵਾਲੇ ਬਾਗ਼ ਵਿਚ ਇਕ ਉੱਚ ਪੱਧਰੀ ਸ਼ਹੀਦ ਊਧਮ ਸਿੰਘ ਲਾਇਬ੍ਰੇਰੀ ਉਸਾਰੀ ਜਾਵੇ ਜੋ ਆਉਂਦੇ ਸਾਲ ਜਲ੍ਹਿਆਂਵਾਲੇ ਬਾਗ਼ ਦੇ ਖੂਨੀ ਕਾਂਡ ਦੀ 100ਵੀਂ ਵਰ੍ਹੇਗੰਢ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਪੰਜਾਬੀਆਂ ਨੂੰ ਇਕ ਅਨਮੋਲ ਤੋਹਫ਼ੇ ਵਜੋਂ ਸੌਂਪੀ ਜਾਵੇ।


-ਇੰਜ: ਸੁਖਚੈਨ ਸਿੰਘ ਲਾਇਲਪੁਰੀ
ਪ੍ਰਧਾਨ ਸ਼ਹੀਦ ਊਧਮ ਸਿੰਘ, ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ, ਪੰਜਾਬ।


ਭਾਰਤੀ ਵਿਦੇਸ਼ ਨੀਤੀ
ਸਰਗੋਸ਼ੀਆਂ 'ਕੀ ਜਸਟਿਨ ਟਰੂਡੋ ਦੇ ਦੌਰੇ ਨੂੰ ਸਾਬੋਤਾਜ ਕੀਤਾ ਗਿਆ?' ਬੜੀ ਡੂੰਘੀ ਸਮੀਖਿਆ ਦਾ ਖਾਸ ਹਿੱਸਾ ਹਨ। ਅਹਿਮ ਤੱਥ ਰੱਖਿਆ ਹੈ ਕਿ ਚੀਨ ਵਰਗੇ ਸ਼ਕਤੀਸ਼ਾਲੀ ਦੇਸ਼ ਨਾਲ ਇੱਟ-ਖੜੱਕਾ ਹੋਵੇ ਤੇ ਰੂਸ ਨਾਲ ਦੋਸਤਾਨਾ ਸਬੰਧਾਂ ਵਿਚ ਦੂਰੀ ਦੌਰਾਨ ਵੀ ਅਮਰੀਕਾ, ਬਰਤਾਨੀਆ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਖੁਫੀਆ ਗਠਜੋੜ ਦੇ ਇਕ ਖਾਸ ਮੈਂਬਰ ਨਾਲ ਠੰਢਾ ਵਤੀਰਾ ਭਾਰਤੀ ਵਿਦੇਸ਼ ਨੀਤੀ ਦਾ ਹਿੱਸਾ ਹੈ। ਨੀਤੀ 'ਤੇ ਸਵਾਲਾਂ ਦੀ ਝੜੀ ਲਾਉਂਦਿਆਂ ਵੱਡਾ ਸਵਾਲ ਖੜ੍ਹਾ ਕੀਤਾ ਹੈ ਕਿ ਸ਼ਾਇਦ ਭਾਰਤ ਵਾਧੂ ਸਵੈਵਿਸ਼ਵਾਸ ਦਾ ਸ਼ਿਕਾਰ ਹੈ।
ਜਸਟਿਨ ਟਰੂਡੋ ਦੇ ਭਾਰਤ ਦੇ ਦੌਰੇ ਤੋਂ ਅੱਜ ਤੱਕ ਮਿਲ ਰਹੇ ਸੰਕੇਤਾਂ ਨੂੰ ਪੰਜਾਬੀਆਂ ਅਤੇ ਸਿੱਖ ਭਾਈਚਾਰੇ ਲਈ ਫਿਕਰਮੰਦ ਦਰਸਾਇਆ ਹੈ। ਲਿਖਤ ਦਾ ਵਿਸ਼ਾ ਸਿੱਖ ਕੌਮ ਨੂੰ ਸਾਵਧਾਨ ਕਰਦਾ ਹੈ ਕਿ ਖਤਰੇ ਦੀਆਂ ਘੰਟੀਆਂ ਵੱਜ ਰਹੀਆਂ ਹਨ। ਕੀ ਟਰੂਡੋ ਪ੍ਰਤੀ ਅਪਣਾਇਆ ਰਵੱਈਆ ਘੱਟ-ਗਿਣਤੀਆਂ ਨੂੰ ਕਿਸੇ ਅਣਹੋਣੀ ਦਾ ਅਗਾਊਂ ਸੰਕੇਤ ਤਾਂ ਨਹੀਂ ਦੇ ਰਿਹਾ?


-ਰਸ਼ਪਾਲ ਸਿੰਘ,
ਐਸ. ਜੇ. ਐਸ. ਨਗਰ, ਹੁਸ਼ਿਆਰਪੁਰ।
ਚੇਅਰਮੈਨ ਸ਼ੁਭ ਕਰਮਨ ਸੁਸਾਇਟੀ, ਟਾਂਡਾ ਰੋਡ, ਹੁਸ਼ਿਆਰਪੁਰ।


ਨਿਰਾਸ਼ਾਜਨਕ ਵਤੀਰਾ
ਪੰਜਾਬ ਇਕ ਸੰਵੇਦਨਸ਼ੀਲ ਸੂਬਾ ਹੈ, ਜੋ ਸਮੇਂ ਦੀਆਂ ਅਨੇਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਕੇਂਦਰ ਦੀਆਂ ਸਰਕਾਰਾਂ ਇਸ ਦੀਆਂ ਅਹਿਮ ਸਮੱਸਿਆਵਾਂ ਨੂੰ ਸਮਝਣ ਵਿਚ ਬਹੁਤੀ ਵਾਰ ਅਸਫਲ ਹੀ ਰਹੀਆਂ ਹਨ।
ਹਰੇ ਇਨਕਲਾਬ ਤੋਂ ਬਾਅਦ ਇਸ ਨੂੰ ਕੱਚੇ ਮਾਲ ਦੀ ਮੰਡੀ ਹੀ ਬਣਾ ਕੇ ਰੱਖਿਆ ਗਿਆ ਹੈ। ਦੇਸ਼ ਦੀਆਂ ਅਨਾਜ ਦੀਆਂ ਲੋੜਾਂ ਲਈ ਕਣਕ, ਝੋਨੇ ਦੇ ਫਸਲੀ ਚੱਕਰ ਵਿਚ ਹੀ ਰੱਖਿਆ, ਜਿਸ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ, ਮਿੱਟੀ ਦੀ ਉਪਜਾਊ ਸ਼ਕਤੀ ਦਾ ਘਟਣਾ, ਕਣਕ, ਝੋਨੇ ਦੀ ਰਹਿੰਦ-ਖੂੰਹਦ ਨੂੰ ਤਕਨੀਕੀ ਸਹਾਇਤਾ ਨਾਲ ਹੀ ਨਿਪਟਾਇਆ ਜਾ ਸਕਦਾ ਹੈ।
ਦੇਸ਼ ਦਾ ਕਿਸਾਨ ਕਰਜ਼ੇ ਦੇ ਜਾਲ ਵਿਚ ਫਸ ਚੁੱਕਾ ਹੈ ਪਰ ਦੇਸ਼ ਦੀਆਂ ਸਰਕਾਰਾਂ ਇਸ ਅਹਿਮ ਸਮੱਸਿਆ 'ਤੇ ਰਾਜਨੀਤੀ ਕਰ ਰਹੀਆਂ ਹਨ, ਜਦੋਂ ਕਿ ਕੇਂਦਰ ਤੇ ਰਾਜ ਸਰਕਾਰਾਂ ਨੂੰ ਇਸ ਦਾ ਹੱਲ ਬੜੀ ਸੰਜੀਦਗੀ ਨਾਲ ਕਰਨਾ ਚਾਹੀਦਾ ਹੈ।


-ਪਰਗਟ ਸਿੰਘ ਵਜੀਦਪੁਰ,
ਪਿੰਡ ਤੇ ਡਾਕ: ਵਜੀਦਪੁਰ, ਤਹਿ: ਤੇ ਜ਼ਿਲ੍ਹਾ ਪਟਿਆਲਾ।


* ਸਰਕਾਰਾਂ ਦੇ ਇਸ ਨਾਅਰੇ ਵਿਚ ਕਿੰਨੀ ਸਚਾਈ ਹੈ, ਇਸ ਦਾ ਅੰਦਾਜ਼ਾ ਕਿਸਾਨਾਂ ਦੀਆਂ ਹਰ ਰੋਜ਼ ਹੋ ਰਹੀਆਂ ਖੁਦਕੁਸ਼ੀਆਂ ਬਾਰੇ ਪੜ੍ਹ ਕੇ ਹੋ ਜਾਂਦਾ ਹੈ। ਕਰਜ਼ਾ ਮੁਆਫ਼ੀ ਵੀ ਚੋਣ-ਜੁਮਲਾ ਹੀ ਸਿੱਧ ਹੋਈ ਹੈ। ਜੇਕਰ ਸਰਕਾਰ ਕਿਸਾਨਾਂ ਦੀ ਮੰਦਹਾਲੀ ਪ੍ਰਤੀ ਗੰਭੀਰ ਨਹੀਂ ਹੁੰਦੀ ਤਾਂ ਕਿਸਾਨ ਘਾਟੇ ਦਾ ਵਣਜ ਬਣੀ ਖੇਤੀ ਤੋਂ ਛੇਤੀ ਹੀ ਦੂਰ ਹੋ ਜਾਣਗੇ। ਦੇਸ਼ ਵਿਚ ਭੁੱਖਮਰੀ ਵਰਗੇ ਹਾਲਾਤ ਬਣਦਿਆਂ ਦੇਰ ਨਹੀਂ ਲੱਗੇਗੀ। ਕਿਸਾਨਾਂ ਦੀ ਮੰਦਹਾਲੀ ਲਈ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਹੀ ਜ਼ਿੰਮੇਵਾਰ ਹਨ।


-ਲਖਵਿੰਦਰ ਸਿੰਘ ਗਿੱਲ,
ਪਿੰਡ ਤੇ ਡਾਕ: ਧਨਾਨਸੂ (ਲੁਧਿਆਣਾ)।

16-03-2018

 ਔਰਤਾਂ ਨੂੰ ਜਾਗੂਰਕ ਹੋਣ ਦੀ ਲੋੜ
ਅਜੋਕੇ ਸਮਾਜ ਵਿਚ ਔਰਤ ਨੂੰ ਸਿੱਖਿਅਕ ਤੇ ਜਾਗਰੂਕ ਹੋਣ ਦੀ ਲੋੜ ਹੈ। ਅੱਜ ਭਾਰਤ ਦੇਸ਼ ਵਿਚ ਔਰਤ ਆਪਣੇ ਮਿਲੇ ਅਧਿਕਾਰਾਂ ਤੋਂ ਕੋਹਾਂ ਦੂਰ ਨਜ਼ਰ ਆਉਂਦੀ ਲਗਦੀ ਹੈ। ਸਮਾਜ ਵਿਚ ਉਸ ਨੂੰ ਬੁਰੀ ਨਜ਼ਰ ਨਾਲ ਹੀ ਵੇਖਿਆ ਜਾਂਦਾ ਹੈ। ਪਿੰਡਾਂ ਵਿਚ ਹਰ ਔਰਤ ਨੂੰ ਆਪਣੀ ਬੇਟੀ ਨੂੰ ਜ਼ਰੂਰ ਪੜ੍ਹਾਉਣਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਮਰਦ ਪ੍ਰਧਾਨ ਸਮਾਜ ਵਿਚ ਬਰਾਬਰ ਹੱਕ ਲੈ ਸਕੇ। ਔਰਤ ਅੱਜ ਪੈਰ ਦੀ ਜੁੱਤੀ ਨਹੀਂ ਰਹੀ, ਉਹ ਆਪਣੇ ਪਤੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਮਾਈ ਕਰ ਰਹੀ ਹੈ। ਅੱਜ ਔਰਤ ਹਰ ਖੇਤਰ ਵਿਚ ਮਰਦ ਨਾਲੋਂ ਅੱਗੇ ਦੱਸੀ ਜਾਂਦੀ ਹੈ। ਜੇ ਔਰਤ ਨੂੰ ਰਾਤ ਨੂੰ ਇਕੱਲੀ ਨੂੰ ਆਉਣਾ ਪੈ ਜਾਵੇ ਤਾਂ ਉਸ ਦੀ ਜਾਨ ਹਿਚਕੀਆਂ ਲੈਣ ਲੱਗ ਪੈਂਦੀ ਹੈ। ਔਰਤ ਨੂੰ ਦੁਰਗਾ, ਕੰਨਿਆ, ਕੰਜਕਾਂ ਦੇ ਰੂਪ ਵਿਚ ਪੂਜਿਆ ਜਾਂਦਾ ਹੈ। ਫਿਰ ਵੀ ਔਰਤ ਹੀ ਭਰੂਣ ਹੱਤਿਆ ਕਰਨ ਵਿਚ ਪਤੀ ਨਾਲ ਬਰਾਬਰ ਦੀ ਦੋਸ਼ੀ ਹੈ।


-ਮਾਸਟਰ ਜਗੀਰ ਸਿੰਘ ਸਫਰੀ
ਸਠਿਆਲਾ (ਅੰਮ੍ਰਿਤਸਰ)।


ਬੇਰੁਜ਼ਗਾਰੀ
ਪੰਜਾਬ ਵਿਚ ਬੇਰੁਜ਼ਗਾਰੀ ਇਕ ਵੱਡੀ ਸਮੱਸਿਆ ਬਣੀ ਹੋਈ ਹੈ। ਅੰਕੜਿਆਂ ਮੁਤਾਬਿਕ ਪੰਜਾਬ ਵਿਚ ਬੇਰੁਜ਼ਗਾਰਾਂ ਦੀ ਗਿਣਤੀ 22 ਲੱਖ ਦੇ ਕਰੀਬ ਹੈ। ਸਰਕਾਰ ਦੁਆਰਾ ਇਸ ਲਈ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਪਰ ਇਹ ਰੁਜ਼ਗਾਰ ਮੇਲੇ ਲਗਾ ਕੇ ਕੇਵਲ ਵਾਅਦਾ ਪੂਰਾ ਕਰਨ ਦੀ ਕਵਾਇਦ ਪੂਰੀ ਕੀਤੀ ਜਾ ਰਹੀ ਹੈ। ਇਨ੍ਹਾਂ ਮੇਲਿਆਂ ਵਿਚ ਲੱਖਾਂ ਦੀ ਗਿਣਤੀ ਵਿਚ ਬੇਰੁਜ਼ਗਾਰਾਂ ਦੀ ਭੀੜ ਉਮੜ ਰਹੀ ਹੈ ਪਰ ਕੋਈ ਯੋਜਨਾਬੰਦੀ ਨਾ ਹੋਣ ਕਰਕੇ ਨੌਜਵਾਨਾਂ ਦੇ ਹੱਥ ਨਿਰਾਸ਼ਾ ਹੀ ਪੈ ਰਹੀ ਹੈ। ਸਰਕਾਰੀ ਅਦਾਰਿਆਂ ਜਿਵੇਂ ਸੁਵਿਧਾ ਕੇਂਦਰਾਂ ਤੇ ਹੋਰ ਕਈ ਅਦਾਰਿਆਂ ਦੇ ਬੰਦ ਹੋਣ ਨਾਲ ਬੇਰੁਜ਼ਗਾਰਾਂ ਦੀ ਗਿਣਤੀ ਵਿਚ ਹੋਰ ਵਾਧਾ ਹੋ ਗਿਆ ਹੈ। ਸਰਕਾਰੀ ਅਦਾਰਿਆਂ ਵਿਚ ਹੋਰ ਨੌਕਰੀਆਂ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਪਹਿਲਾਂ ਨੌਕਰੀਆਂ ਕਰਦੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ। ਪੰਜਾਬ ਦਾ ਬਜਟ ਥੋੜ੍ਹੇ ਦਿਨਾਂ ਤੱਕ ਪੇਸ਼ ਕੀਤਾ ਜਾਣਾ ਹੈ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਬਜਟ ਵਿਚ ਇਸ ਸਮੱਸਿਆ 'ਤੇ ਗ਼ੌਰ ਕਰੇ।


-ਕਮਲ ਬਰਾੜ।
ਪਿੰਡ ਕੋਟਲੀ ਅਬਲੂ।


ਜਬਰ ਜਨਾਹ ਮਾਮਲਾ
ਸੰਸਾਰ ਵਿਚ ਔਰਤ ਸਮਾਜ ਪ੍ਰਤੀ ਨਜ਼ਰਅੰਦਾਜ਼ਗੀ ਹਮੇਸ਼ਾ ਹੀ ਉਨ੍ਹਾਂ ਨੂੰ ਦਬਾਉਂਦੀ ਆਈ ਜਿਸ ਦੇ ਸਿੱਟੇ ਪਿਛਲੇ ਕਈ ਸਾਲਾਂ ਤੋਂ ਜ਼ਬਾਨੀ ਬਿਆਨਾਂ ਤੋਂ ਬਾਹਰ ਹੋ ਗਏ ਹਨ। ਗੈਂਗ ਰੇਪ ਤੇ ਜਬਰ ਜਨਾਹ ਦੀਆਂ ਹੋਈਆਂ ਮੰਦਭਾਗੀਆਂ ਘਟਨਾਵਾਂ ਨੇ ਔਰਤਾਂ ਦੀ ਸੁਰੱਖਿਆ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਅਜਿਹੇ ਮਾਮਲਿਆਂ ਦੀ ਬਹੁਤਾਤ ਅਤੇ ਸਮਾਜਿਕ ਪੀੜ ਨੂੰ ਦੇਖਦਿਆਂ ਰਾਜਸਥਾਨ ਦੀ ਸੂਬਾ ਸਰਕਾਰ ਨੇ ਮੰਤਰੀ ਮੰਡਲ ਵਿਚ ਇਕ ਬਿੱਲ ਪਾਸ ਕੀਤਾ ਹੈ ਜਿਸ ਵਿਚ 12 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨਾਲ ਜਬਰ ਜਨਾਹ ਕਰਨ ਵਾਲੇ ਅਪਰਾਧੀ ਦੀ ਸਜ਼ਾ ਮੌਤ ਮਿਥੀ ਗਈ ਹੈ। ਅਜਿਹਾ ਕਰਨ ਵਿਚ ਇਹ ਸੂਬਾ ਦੂਜੇ ਸਥਾਨ 'ਤੇ ਹੈ ਜਦ ਕਿ ਇਸ ਵਿਚ ਮੋਹਰੀ ਸੂਬਾ ਮੱਧ-ਪ੍ਰਦੇਸ਼ ਹੈ। ਹਰ ਪ੍ਰਾਂਤਕ ਸਰਕਾਰ ਨੂੰ ਇਹ ਕਾਨੂੰਨ ਬਣਾਉਣੇ ਚਾਹੀਦੇ ਹਨ ਜਿਸ ਨਾਲ ਅਜਿਹੀਆਂ ਸ਼ਰਮਨਾਕ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ।


-ਰਵਿੰਦਰ ਸਿੰਘ ਰੇਸ਼ਮ
ਨੱਥੂਮਾਜਰਾ, ਸੰਗਰੂਰ।

14-03-2018

 'ਭਾਰਤ ਨੇ ਪ੍ਰਾਹੁਣਾਚਾਰੀ ਦੀ ਪਰੰਪਰਾ ਤੋੜੀ'
23 ਫਰਵਰੀ, 2018 ਨੂੰ 'ਅਜੀਤ ਪ੍ਰਕਾਸ਼ਨ ਸਮੂਹ' ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਨੇ 'ਅਜੀਤ' ਤੇ 'ਅਜੀਤ ਸਮਾਚਾਰ' ਦੇ ਪਹਿਲੇ ਪੰਨੇ 'ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਅਤੇ ਭਾਰਤ ਸਰਕਾਰ ਦੇ ਠੰਢੇ ਵਤੀਰੇ ਸਬੰਧੀ 'ਭਾਰਤ ਨੇ ਪ੍ਰਾਹੁਣਾਚਾਰੀ ਦੀ ਪਰੰਪਰਾ ਤੋੜੀ' ਦੇ ਸਿਰਲੇਖ ਹੇਠ ਵਿਸ਼ੇਸ਼ ਸੰਪਾਦਕੀ ਲਿਖਿਆ ਸੀ, ਜਿਸ ਦੇ ਪ੍ਰਤੀਕਰਮ ਵਜੋਂ ਪਾਠਕਾਂ ਵਲੋਂ ਅਨੇਕਾਂ ਪੱਤਰ ਆਏ ਸਨ। ਕੁਝ ਚੋਣਵੇਂ ਪੱਤਰ ਇਥੇ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ

-ਸੰਪਾਦਕ।


* ਸੰਪਾਦਕੀ 'ਭਾਰਤ ਨੇ ਪ੍ਰਾਹੁਣਾਚਾਰੀ ਦੀ ਪਰੰਪਰਾ ਤੋੜੀ' ਨੂੰ ਪੜ੍ਹ ਕੇ ਬਹੁਤ ਹੀ ਬੁਰਾ ਮਹਿਸੂਸ ਹੋਇਆ। ਭਾਰਤ ਦੇ ਪ੍ਰਧਾਨ ਮੰਤਰੀ ਵਲੋਂ ਇਸ ਤਰ੍ਹਾਂ ਦਾ ਵਰਤਾਰਾ ਕੈਨੇਡਾ ਵਿਚ ਵਸੇ ਭਾਰਤੀਆਂ ਲਈ ਮੁਸੀਬਤ ਵੀ ਬਣ ਸਕਦਾ ਹੈ। ਭਾਰਤ ਨੂੰ ਅਜਿਹੇ ਵਰਤਾਰੇ ਦੀ ਥਾਂ ਆਪਣੇ ਮਿੱਤਰ ਦੇਸ਼ਾਂ ਨਾਲ ਚੰਗੇ ਸਬੰਧ ਬਣਾਉਣੇ ਚਾਹੀਦੇ ਹਨ ਤਾਂ ਜੋ ਵਿਦੇਸ਼ਾਂ ਵਿਚ ਵਸੇ ਭਾਰਤੀਆਂ ਨੂੰ ਭਵਿੱਖ ਵਿਚ ਇਸ ਦਾ ਕੋਈ ਖਮਿਆਜ਼ਾ ਨਾ ਭੁਗਤਣਾ ਪਵੇ।


-ਕਰਨ ਜੈਨ

* 'ਅਜੀਤ' ਦੇ ਪਹਿਲੇ ਪੰਨੇ 'ਤੇ ਲਿਖੇ ਸੰਪਾਦਕੀ 'ਭਾਰਤ ਨੇ ਪ੍ਰਾਹੁਣਾਚਾਰੀ ਦੀ ਪਰੰਪਰਾ ਤੋੜੀ' ਲਈ ਲੱਖ-ਲੱਖ ਮੁਬਾਰਕਾਂ ਅਤੇ ਸ਼ਾਬਾਸ਼! ਇਹ ਸੰਪਾਦਕੀ ਜਿਥੇ ਹਰ ਪੰਜਾਬੀ ਦੇ ਦਿਲਾਂ ਦੀ ਧੜਕਣ ਹੋ ਨਿਬੜਿਆ ਹੈ, ਉਥੇ ਇਸ ਨੇ ਪੱਤਰਕਾਰੀ ਦੇ ਦਿਸਹੱਦੇ ਵਿਚ ਇਕ ਨਵਾਂ ਮੀਲ ਪੱਥਰ ਗੱਡਿਆ ਹੈ। ਇਸ ਸੰਪਾਦਕੀ ਲਈ ਜਿਥੇ ਹਰ ਪੰਜਾਬੀ ਆਪ ਜੀ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹੈ, ਉਥੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਪਿਤਾਮਾ, ਸਵਰਗੀ ਸ: ਸਾਧੂ ਸਿੰਘ ਹਮਦਰਦ ਜੀ, ਆਪਣੇ ਸਪੂਤ ਦੀ ਇਸ ਬਹਾਦਰੀ ਉੱਤੇ ਅਸੀਸਾਂ ਅਤੇ ਖੁਸ਼ੀਆਂ ਦੇ ਫੁੱਲ ਬਰਸਾ ਰਹੇ ਹਨ।


-(ਸਾਬਕਾ) ਮਾਸਟਰ ਕੁਲਬੀਰ ਸਿੰਘ
ਵਿਸ਼ਵਕਰਮਾ ਹਾ: ਸੈ: ਸਕੂਲ, ਮਿੱਲਰਗੰਜ, ਲੁਧਿਆਣਾ।

* 'ਅਜੀਤ' ਦੇ ਪਹਿਲੇ ਹੀ ਪੰਨੇ ਉਪਰ 'ਭਾਰਤ ਨੇ ਪ੍ਰਾਹੁਣਾਚਾਰੀ ਦੀ ਪਰੰਪਰਾ ਤੋੜੀ' ਵਿਚ ਭਾਰਤ ਦੀ ਮੋਦੀ ਸਰਕਾਰ ਵਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਢੁੱਕਵਾਂ ਸਵਾਗਤ ਨਾ ਕਰਨ ਦੇ ਕੌੜੇ ਸੱਚ ਨੂੰ ਬਹੁਤ ਹੀ ਦਲੇਰੀ ਨਾਲ ਬਿਆਨ ਕੀਤਾ ਗਿਆ ਹੈ। ਇਸ ਸੰਪਾਦਕੀ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਯੋਗ ਮਾਣ ਸਨਮਾਨ ਨਾ ਦੇਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਕਟਹਿਰੇ ਵਿਚ ਖੜ੍ਹਾ ਕੀਤਾ ਗਿਆ ਹੈ। ਅਸਲ ਵਿਚ ਇਸ ਸੰਪਾਦਕੀ ਵਿਚ ਸ: ਬਰਜਿੰਦਰ ਸਿੰਘ ਹਮਦਰਦ ਜੀ ਨੇ ਹਰ ਪੰਜਾਬੀ ਦੇ ਦਿਲ ਦੀ ਗੱਲ ਨੂੰ ਹੀ ਬਹੁਤ ਹੀ ਸੋਹਣੇ ਅਤੇ ਢੁੱਕਵੇਂ ਸ਼ਬਦਾਂ ਵਿਚ ਬਿਆਨ ਕੀਤਾ ਹੈ।
ਅੱਜ ਦੇ ਸਮੇਂ ਵਿਚ ਜਿਥੇ ਵੱਡੀ ਗਿਣਤੀ ਵਿਚ ਟੀ. ਵੀ. ਚੈਨਲ ਅਤੇ ਕਈ ਅਖ਼ਬਾਰ ਵੀ ਸਿਰਫ ਪ੍ਰਧਾਨ ਮੰਤਰੀ ਮੋਦੀ ਦਾ ਗੁਣਗਾਨ ਕਰਨ ਨੂੰ ਹੀ ਪੱਤਰਕਾਰੀ ਸਮਝੀ ਬੈਠੇ ਹਨ, ਉਥੇ ਸ: ਬਰਜਿੰਦਰ ਸਿੰਘ ਹਮਦਰਦ ਨੇ ਜਿਸ ਦਲੇਰੀ ਨਾਲ ਭਾਰਤ ਦੀ ਮੋਦੀ ਸਰਕਾਰ ਵਲੋਂ ਭਾਰਤੀ ਪ੍ਰਾਹੁਣਚਾਰੀ ਦੀ ਪਰੰਪਰਾ ਨੂੰ ਤੋੜਨ ਦੇ ਕੌੜੇ ਸੱਚ ਨੂੰ ਬਿਆਨ ਕੀਤਾ ਹੈ, ਉਹ ਸ਼ਲਾਘਾਯੋਗ ਹੈ। ਭਾਰਤ ਵਿਚ ਮਹਿਮਾਨ ਨੂੰ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਹੈ, ਪਰ ਪ੍ਰਧਾਨ ਮੰਤਰੀ ਮੋਦੀ ਵਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਸਾਥੀਆਂ ਪ੍ਰਤੀ ਦਿਖਾਈ ਇਕ ਤਰ੍ਹਾਂ ਦੀ ਬੇਰੁਖ਼ੀ ਨੇ ਭਾਰਤੀਆਂ ਦੇ ਹੀ ਮਾਣ-ਸਨਮਾਨ ਨੂੰ ਸੱਟ ਮਾਰੀ ਹੈ ਅਤੇ ਅੰਤਰਰਾਸ਼ਟਰੀ ਪੱਧਰ ਉੱਪਰ ਭਾਰਤ ਤੇ ਭਾਰਤੀਆਂ ਦਾ ਸਿਰ ਨੀਵਾਂ ਹੋਇਆ ਹੈ। ਅਜਿਹੀ ਸੱਚਾਈ ਭਰਪੂਰ ਸੰਪਾਦਕੀ ਲਿਖਣ ਲਈ ਸ: ਬਰਜਿੰਦਰ ਸਿੰਘ ਹਮਦਰਦ ਜੀ ਵਧਾਈ ਦੇ ਪਾਤਰ ਹਨ।


ਅਜੀਤ ਦੀ ਹੋਰ ਤਰੱਕੀ ਦੀ ਆਸ ਵਿਚ
-ਜਗਮੋਹਨ ਸਿੰਘ ਲੱਕੀ
ਲੱਕੀ ਨਿਵਾਸ, 61 ਏ, ਵਿੱਦਿਆ ਨਗਰ ਪਟਿਆਲਾ।

* ਘਰ ਆਏ ਮਹਿਮਾਨਾਂ ਦਾ ਸਵਾਗਤ ਕਰਨਾ ਭਾਰਤ ਦੀ ਪਰੰਪਰਾ ਰਹੀ ਹੈ ਪਰ ਕੈਨੇਡਾ ਤੋਂ ਆਏ ਪ੍ਰਧਾਨ ਮੰਤਰੀ ਦਾ ਉਚਿਤ ਢੰਗ ਨਾਲ ਸਵਾਗਤ ਨਾ ਕਰਨਾ ਅਤੇ ਕੈਨੇਡਾ ਦੀ ਭਾਰਤ ਪ੍ਰਤੀ ਦੋਸਤਾਨਾ ਪਹੁੰਚ ਤੋਂ ਲਾਭ ਨਾ ਉਠਾਉਣਾ ਉਚਿਤ ਨਹੀਂ ਮੰਨਿਆ ਜਾ ਸਕਦਾ। ਇਸ ਤਰ੍ਹਾਂ ਦਾ ਠੰਢਾ ਵਿਵਹਾਰ ਕਿਸੇ ਮਹਿਮਾਨ ਨਾਲ ਕਰਨਾ ਠੀਕ ਨਹੀਂ ਸੀ।


-ਅਰਸ਼ ਅਰੋੜਾ
arsha0789@gmail.com

* ਪਹਿਲੇ ਪੰਨੇ ਉੱਤੇ ਛਪੇ ਸੰਪਾਦਕੀ ਪੜ੍ਹ ਕੇ ਇਕ ਭਾਰਤੀ ਹੋ ਕੇ ਪ੍ਰਾਹੁਣਾਚਾਰੀ ਤੇ ਸ਼ਰਮ ਆਉਣਾ ਸੁਭਾਵਿਕ ਹੈ। ਸਦੀਆਂ ਤੋਂ ਭਾਰਤ ਦੀ ਪਰੰਪਰਾ ਰਹੀ ਹੈ ਕਿ ਮਹਿਮਾਨ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਂਦਾ ਰਿਹਾ ਹੈ। ਪਰ ਇਹ ਪਰੰਪਰਾ ਤੋੜ ਕੇ ਲੋਕਾਂ ਨੂੰ ਭਾਰਤੀਆਂ ਦੀ ਪ੍ਰਾਹੁਣਾਚਾਰੀ ਬਾਰੇ ਮੁੜ ਤੋਂ ਸੋਚਣ ਲਈ ਮਜਬੂਰ ਕਰ ਦਿੱਤਾ।


-ਜਸਪ੍ਰੀਤ ਕੌਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ।

* ਦੂਰਅੰਦੇਸ਼ੀ ਸੋਚ ਦੇ ਬਲਬਲਿਆਂ ਨੂੰ ਪੜ੍ਹ ਕੇ ਬੇਹੱਦ ਖੁਸ਼ੀ ਮਹਿਸੂਸ ਹੋਈ। 'ਅਜੀਤ' ਵਿਚ ਤੁਹਾਡੀ ਕਲਮ ਨੇ ਪੰਜਾਬੀਅਤ ਦਾ ਸਿਰ ਮਾਣ ਨਾਲ ਹੋਰ ਵੀ ਉੱਚਾ ਕਰ ਦਿੱਤਾ ਹੈ। ਜਦੋਂ ਕੈਨੇਡਾ ਵਰਗੇ ਅਗਾਂਹਵਧੂ ਸੋਚ ਰੱਖਣ ਵਾਲੇ ਦੇਸ਼ ਦੇ ਨਿਮਰਤਾ ਤੇ ਹਲੀਮੀ ਵਾਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਭਾਰਤ ਸਰਕਾਰ ਦੀ ਉੱਭਰੀ ਸੌੜੀ ਸੋਚ ਨੂੰ ਲਾਹਨਤਾਂ ਪਾਉਣ ਲਈ ਹਰ ਪਾਸੇ ਤੁਹਾਡੀ ਭਰਪੂਰ ਸ਼ਲਾਘਾ ਹੋ ਰਹੀ ਹੈ। ਪਰਮਾਤਮਾ ਤੁਹਾਡੀ ਕਲਮ ਨੂੰ ਹੋਰ ਬਲ ਬਖ਼ਸ਼ੇ ਅਤੇ ਪੰਜਾਬ ਪੰਜਾਬੀਅਤ ਦੀ ਸੇਵਾ ਦਿਨ-ਰਾਤ ਕਰਨ ਦਾ ਆਪਣਾ ਸਫ਼ਰ ਜਾਰੀ ਰੱਖੇ।


-ਕੁਲਵਿੰਦਰ ਸਿੰਘ ਨਿਜ਼ਾਮਪੁਰ
ਪੱਤਰਕਾਰ 'ਅਜੀਤ' ਮਲੌਦ (ਖੰਨਾ)।

13-03-2018

 ਨਸ਼ਾ ਤੇ ਜਵਾਨੀ
ਨਸ਼ਾ ਸਾਡੇ ਪੰਜਾਬ, ਸਾਡੇ ਸਮਾਜ ਤੇ ਸਮੁੱਚੀ ਕੌਮ 'ਤੇ ਇਕ ਵੱਡਾ ਦਾਗ਼ ਹੈ ਜਿਸ ਨੂੰ ਲਾਹੁਣਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ। ਕਿਉਂਕਿ ਇਸ ਦੀ ਦਲ-ਦਲ ਏਨੀ ਡੂੰਘੀ ਹੋ ਚੁੱਕੀ ਹੈ ਜਿਸ ਦੀ ਲਪੇਟ ਵਿਚ ਛੋਟੇ-ਵੱਡੇ ਮੁੰਡੇ-ਕੁੜੀਆਂ ਆਦਿ ਆ ਚੁੱਕੇ ਹਨ ਜਿਨ੍ਹਾਂ ਨੇ ਨਸ਼ੇ ਕਰਕੇ ਆਪਣੀ ਬਹੁ-ਅਣਮੁੱਲੀ ਜ਼ਿੰਦਗੀ ਨੂੰ ਨਰਕ ਬਣਾ ਲਿਆ ਹੈ। ਅੱਜ ਬਹੁਤ ਸਾਰੀਆਂ ਕੁੜੀਆਂ ਵੀ ਇਸ ਨਸ਼ੇ ਦੀ ਦਲ-ਦਲ ਵਿਚ ਫਸ ਚੁੱਕੀਆਂ ਹਨ। ਅੱਜ ਸਾਡੇ ਪੰਜਾਬ ਵਿਚ ਪਤਾ ਨਹੀਂ ਕਿੰਨੇ ਕੁ ਨਸ਼ੇ ਹਨ, ਜਿਨ੍ਹਾਂ ਕਰਕੇ ਪੰਜਾਬ ਦੀ ਜਵਾਨੀ ਕੱਖੋਂ ਹੌਲੀ ਹੁੰਦੀ ਜਾ ਰਹੀ ਹੈ।

-ਗੁਰਦੀਪ ਸਿੰਘ ਘੋਲੀਆ
ਜੀ. ਐਸ. ਲੈਬ (ਚੜਿੱਕ)।

ਇਕ ਪਿੰਡ, ਇਕ ਗੁਰੂ ਘਰ
ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਇਕ ਅਹਿਮ ਬਿਆਨ ਦਿੱਤਾ ਗਿਆ ਸੀ ਕਿ ਸ਼੍ਰੋਮਣੀ ਕਮੇਟੀ ਇਕ ਪਿੰਡ ਵਿਚ ਇਕ ਹੀ ਗੁਰੂ ਘਰ ਰੱਖਣ ਲਈ ਵਿਸ਼ੇਸ਼ ਮੁਹਿੰਮ ਚਲਾਉਣ ਜਾ ਰਹੀ ਹੈ ਜੋ ਕਿ ਇਕ ਬਹੁਤ ਹੀ ਵਧੀਆ ਤੇ ਪ੍ਰਸੰਸਾਯੋਗ ਕਾਰਜ ਹੈ। ਜਦੋਂ ਗੁਰੂ ਘਰਾਂ ਵਿਚ ਦਲਿਤ ਸਮਾਜ ਦੇ ਲੋਕਾਂ ਨਾਲ ਜਾਤੀ ਈਰਖਾ ਅਤੇ ਭੇਦ-ਭਾਵ, ਊਚ-ਨੀਚ ਦੀ ਅੱਖ ਨਾਲ ਦੇਖਿਆ ਜਾਂਦਾ ਹੈ ਤਾਂ ਗੁਰੂ ਪ੍ਰਤੀ ਆਪਣੀ ਸ਼ਰਧਾ ਬਰਕਰਾਰ ਰੱਖਣ ਲਈ ਇਸ ਸਮਾਜ ਨੂੰ ਵੱਖਰੇ ਗੁਰੂ ਘਰ ਬਣਾਉਣ ਦੀ ਲੋੜ ਮਹਿਸੂਸ ਹੁੰਦੀ ਹੈ। ਗੁਰੂ ਘਰ ਇਕ ਪਿੰਡ ਵਿਚ ਇਕ ਹੀ ਹੋਣਾ ਚਾਹੀਦਾ ਹੈ। ਪਰ ਗੁਰੂ ਘਰਾਂ ਵਿਚੋਂ ਅਖੌਤੀਪੁਣਾ, ਜਾਤ-ਪਾਤ ਆਦਿ ਬਿਲਕੁਲ ਖ਼ਤਮ ਹੋਣੀ ਚਾਹੀਦੀ ਹੈ। ਜੇ ਪ੍ਰਧਾਨ ਜੀ ਇਸ ਕਾਰਜ ਨੂੰ ਸਹੀ ਸਲਾਮਤ ਨੇਪਰੇ ਚਾੜ੍ਹ ਲੈਂਦੇ ਹਨ ਤਾਂ ਉਨ੍ਹਾਂ ਦਾ ਨਾਂਅ ਵੀ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ।

-ਕੇਵਲ ਸਿੰਘ ਬਾਠਾਂ

ਮਾਣਯੋਗ ਜਸਟਿਨ ਟਰੂਡੋ
ਸੰਸਾਰ ਪ੍ਰਸਿੱਧ, ਹਰ ਦਿਲ ਅਜ਼ੀਜ਼ ਸ਼ਖ਼ਸੀਅਤ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਨੇ ਕੈਨੇਡਾ ਵਿਖੇ ਭਾਰਤੀ ਖ਼ਾਸ ਕਰ ਪੰਜਾਬੀ ਭਾਈਚਾਰੇ ਨੂੰ ਬਹੁਤ ਮਾਣ ਦਿੱਤਾ ਹੈ। ਕੈਨੇਡਾ ਵਿਖੇ ਜੋ ਪੰਜਾਬੀ ਭਾਸ਼ਾ ਨੂੰ ਸਤਿਕਾਰ ਦਿੱਤਾ ਹੈ, ਉਹ ਭਾਰਤ ਵਿਚ ਕਿਸੇ ਸੂਬੇ ਨੇ ਵੀ ਨਹੀਂ ਦਿੱਤਾ ਹੈ। ਦੁਨੀਆ ਭਰ ਦੇ ਲੋਕਾਂ ਦੇ ਹੱਕ-ਸੱਚ ਤੇ ਇਨਸਾਫ਼ ਦਾ ਅਨੁਭਵ ਇਨ੍ਹਾਂ ਦੇ ਦਿਲ ਵਿਚ ਮੌਜੂਦ ਹੈ। ਅਮੀਰ ਮੀਨਾਈ ਦਾ ਸ਼ੇਅਰ ਟਰੂਡੋ ਜੀ ਦੀ ਸ਼ਖ਼ਸੀਅਤ 'ਤੇ ਇਨ-ਬਿਨ ਢੁੱਕਦਾ ਹੈ :-
ਖੰਜਰ ਚਲੇ ਕਿਸੀ ਪੇ ਤੜਪੇਂ ਹੈਂ ਹਮ 'ਅਮੀਰ'
ਸਾਰੇ ਜਹਾਂ ਕਾ ਦਰਦ ਹਮਾਰੇ ਜਿਗਰ ਮੇਂ ਹੈ।

-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ।

ਭਾਰਤੀ ਵਿਦੇਸ਼ ਨੀਤੀ
'ਸਰਗੋਸ਼ੀਆਂ' ਕਾਲਮ 'ਚ 'ਕੀ ਜਸਟਿਨ ਟਰੂਡੋ ਦੇ ਦੌਰੇ ਨੂੰ ਸਾਬੋਤਾਜ ਕੀਤਾ ਗਿਆ?' ਬੜੀ ਡੂੰਘੀ ਸਮੀਖਿਆ ਦਾ ਖਾਸ ਹਿੱਸਾ ਸੀ। ਅਹਿਮ ਤੱਥ ਰੱਖਿਆ ਹੈ ਕਿ ਚੀਨ ਵਰਗੇ ਸ਼ਕਤੀਸ਼ਾਲੀ ਦੇਸ਼ ਨਾਲ ਇੱਟ ਖੜੱਕਾ ਹੋਵੇ ਤੇ ਰੂਸ ਨਾਲ ਦੋਸਤਾਨਾ ਸਬੰਧਾਂ ਵਿਚ ਦੂਰੀ ਦੌਰਾਨ ਵੀ ਅਮਰੀਕਾ, ਬਰਤਾਨੀਆ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਖ਼ੂਫ਼ੀਆ ਗਠਜੋੜ ਦੇ ਇਕ ਖ਼ਾਸ ਮੈਂਬਰ ਨਾਲ ਠੰਢਾ ਵਤੀਰਾ ਭਾਰਤੀ ਵਿਦੇਸ਼ ਨੀਤੀ ਦਾ ਹਿੱਸਾ ਹੈ। ਲੇਖਕ ਨੇ ਜਸਟਿਨ ਟਰੂਡੋ ਦੇ ਭਾਰਤ ਦੇ ਦੌਰੇ ਤੋਂ ਅੱਜ ਤੱਕ ਮਿਲ ਰਹੇ ਸੰਕੇਤਾਂ ਨੂੰ ਪੰਜਾਬੀਆਂ ਅਤੇ ਸਿੱਖ ਭਾਈਚਾਰੇ ਲਈ ਫਿਕਰਮੰਦ ਦਰਸਾਇਆ ਹੈ। ਦੇਸ਼ ਭਰ ਦੇ ਸਾਰੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਇਕ ਲੋਕਰਾਜੀ ਮੰਗ ਨੂੰ ਕਿਵੇਂ ਖ਼ਾਲਿਸਤਾਨ ਵੱਲ ਧੱਕ ਕੇ ਦੇਸ਼ ਵਿਰੋਧੀ ਬਣਾ ਦਿੱਤਾ ਗਿਆ। ਕੀ ਟਰੂਡੋ ਪ੍ਰਤੀ ਅਪਣਾਇਆ ਰਵੱਈਆ ਘੱਟ-ਗਿਣਤੀਆਂ ਨੂੰ ਕਿਸੇ ਅਣਹੋਣੀ ਦਾ ਅਗਾਊਂ ਸੰਕੇਤ ਤਾਂ ਨਹੀਂ ਦੇ ਰਿਹਾ।

-ਰਸ਼ਪਾਲ ਸਿੰਘ
ਐਸ. ਜੇ. ਐਸ. ਨਗਰ, ਹੁਸ਼ਿਆਰਪੁਰ।

12-03-2018

 ਖੱਜਲ-ਖੁਆਰੀ
ਪੰਜਾਬ ਵਿਚ ਚੱਲ ਰਹੀਆਂ ਸਹਿਕਾਰੀ ਤੇ ਨਿੱਜੀ ਖੰਡ ਮਿੱਲਾਂ ਵਲੋਂ ਸਮੇਂ ਸਿਰ ਪਰਚੀਆਂ ਨਾ ਦੇਣ ਤੇ ਅਦਾਇਗੀਆਂ ਸਮੇਂ ਸਿਰ ਨਾ ਕਰਨ ਕਰਕੇ ਕਿਸਾਨਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਇਸ ਸਾਲ 'ਚ ਕਈ ਖੰਡ ਮਿੱਲਾਂ ਵਲੋਂ ਸਮੇਂ ਸਿਰ ਅਦਾਇਗੀ ਕਰਨ ਦੀ ਗੱਲ ਆਖੀ ਗਈ ਸੀ ਪਰ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਪੈਸੇ ਮਹੀਨਾ ਬੀਤ ਜਾਣ ਦੇ ਬਾਅਦ ਵੀ ਨਹੀਂ ਪਾਏ ਗਏ। ਪਰਚੀਆਂ ਦੇਣ ਦੇ ਮਾਮਲੇ 'ਚ ਕਈ ਖੰਡ ਮਿੱਲਾਂ ਆਪਣੇ ਚਹੇਤੇ ਕਿਸਾਨਾਂ ਜਾਂ ਆਪਣੇ ਇਲਾਕੇ ਤੋਂ ਬਾਹਰਲੀਆਂ ਮਿੱਲਾਂ ਦੇ ਕਿਸਾਨਾਂ ਨੂੰ ਪਰਚੀਆਂ ਦੇ ਰਹੇ ਹਨ, ਜਿਸ ਕਰਕੇ ਗੰਨਾ ਕਾਸ਼ਤਕਾਰਾਂ 'ਚ ਨਿਰਾਸ਼ਾ ਪਾਈ ਜਾ ਰਹੀ ਹੈ। ਸਰਕਾਰ ਅੱਜ ਭਾਵੇਂ ਗੰਨੇ ਹੇਠ ਰਕਬਾ ਵਧਾਉਣ ਦੀ ਗੱਲ ਕਰ ਰਹੀ ਹੈ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਗੰਨੇ ਦਾ ਮੁੱਲ ਵਧਾਇਆ ਜਾਵੇ, ਪਰਚੀਆਂ ਸਮੇਂ ਸਿਰ ਕਿਸਾਨਾਂ ਨੂੰ ਦੇਵੇ, ਅਦਾਇਗੀ ਸਮੇਂ ਸਿਰ ਕੀਤੀ ਜਾਵੇ ਤੇ ਸਹਿਕਾਰੀ ਖੰਡ ਮਿੱਲਾਂ ਦਾ ਨਵੀਨੀਕਰਨ ਪਹਿਲ ਦੇ ਆਧਾਰ 'ਤੇ ਕੀਤਾ ਜਾਵੇ।


-ਸ਼ਮਸ਼ੇਰ ਸਿੰਘ ਸੋਹੀ,
ਪਿੰਡ ਸੋਹੀਆਂ, ਡਾਕ: ਚੀਮਾ ਖੁੱਡੀ (ਗੁਰਦਾਸਪੁਰ)।


ਪੁਲਿਸ ਵਿਭਾਗ
ਹਕੀਕਤ ਇਹ ਹੈ ਕਿ ਕਿਧਰੇ ਨਾ ਕਿਧਰੇ ਪੁਲਿਸ ਮੁਲਾਜ਼ਮ ਦਬਾਅ ਹੇਠ ਕੰਮ ਕਰ ਰਹੇ ਹਨ। ਇਹੀ ਵਜ੍ਹਾ ਹੈ ਕਿ ਕਈ ਵਾਰ ਗ਼ਲਤ ਬੰਦਿਆਂ ਦੇ ਹੱਕ ਵਿਚ ਪੁਲਿਸ ਤੁਰ ਪੈਂਦੀ ਹੈ। ਇਕ ਗ਼ਲਤ ਕੰਮ ਸੌ ਗ਼ਲਤ ਕੰਮਾਂ ਨੂੰ ਜਨਮ ਦਿੰਦਾ ਹੈ। ਬਿਨਾਂ ਸ਼ੱਕ ਮਾਨਸਿਕ ਤੌਰ 'ਤੇ ਮੁਲਾਜ਼ਮ ਪ੍ਰੇਸ਼ਾਨ ਹਨ, ਪੂਰੀ ਹਮਦਰਦੀ ਹੈ ਉਨ੍ਹਾਂ ਨਾਲ ਪਰ ਕਦੇ ਉਸ ਆਮ ਬੰਦੇ ਦੀ ਹਾਲਤ 'ਤੇ ਵੀ ਨਜ਼ਰ ਮਾਰੋ, ਜੋ ਠੀਕ ਹੁੰਦਾ ਹੈ, ਆਪਣੀ ਰਿਪੋਰਟ ਦਰਜ ਕਰਵਾਉਣ ਜਾਂਦਾ ਹੈ ਪਰ ਉਸ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ, ਉਸ ਦੀ ਸ਼ਿਕਾਇਤ ਹੀ ਦਰਜ ਨਹੀਂ ਕੀਤੀ ਜਾਂਦੀ ਤੇ ਨਾ ਕਾਰਵਾਈ ਹੁੰਦੀ ਹੈ। ਨਤੀਜਾ ਗ਼ਲਤ ਅਨਸਰਾਂ ਨੂੰ ਹੋਰ ਹੱਲਾਸ਼ੇਰੀ ਮਿਲ ਜਾਂਦੀ ਹੈ। ਪੁਲਿਸ ਜਨਤਾ ਦੇ ਜਾਨ-ਮਾਲ ਦੀ ਜ਼ਿੰਮੇਵਾਰ ਹੈ। ਸਰਕਾਰਾਂ ਨੂੰ ਇਨ੍ਹਾਂ ਨੂੰ ਦਬਾਅ ਮੁਕਤ ਕੰਮ ਕਰਨ ਦਾ ਮਾਹੌਲ ਦਿੱਤਾ ਜਾਵੇ ਤੇ ਇਨ੍ਹਾਂ ਵਲੋਂ ਕੀਤੀ ਗਈ ਕਿਸੇ ਵੀ ਕੁਤਾਹੀ ਨੂੰ ਮੁਆਫ਼ ਨਾ ਕੀਤਾ ਜਾਵੇ। ਜੋ ਮਾਹੌਲ ਬਣ ਰਿਹਾ ਹੈ, ਉਹ ਸਾਡੀ ਅਗਲੀ ਪੀੜ੍ਹੀ ਦੇ ਰਹਿਣ ਯੋਗ ਨਹੀਂ ਰਹਿਣਾ। ਇਸ ਵੱਲ ਧਿਆਨ ਦੇਣਾ ਜ਼ਰੂਰੀ ਹੈ।


-ਪ੍ਰਭਜੋਤ ਕੌਰ ਢਿੱਲੋਂ


ਮਾਂ-ਬੋਲੀ
ਬੀਤੇ ਦਿਨੀਂ ਸਾਰੇ ਹੀ ਸੰਸਾਰ ਵਿਚ ਮਾਤ-ਭਾਸ਼ਾ ਕੌਮਾਂਤਰੀ ਦਿਵਸ ਮਨਾਇਆ ਗਿਆ। ਇਵੇਂ ਹੀ ਪੰਜਾਬ ਵਿਚ ਵੀ ਵੱਖ-ਵੱਖ ਥਾਵਾਂ 'ਤੇ ਰਸਮੀ ਤੌਰ 'ਤੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। ਵਿਸ਼ਵੀਕਰਨ ਨੇ ਵਿੱਦਿਆ ਦਾ ਵਪਾਰੀਕਰਨ ਕਰ ਦਿੱਤਾ ਹੈ। ਸਿੱਖਿਆ ਵੀ ਮੰਡੀ ਦੀ ਵਸਤੂ ਬਣ ਗਈ ਹੈ। ਬੱਚਿਆਂ ਦੇ ਰੁਜ਼ਗਾਰ ਦੀ ਦ੍ਰਿਸ਼ਟੀ ਤੋਂ ਅੰਗਰੇਜ਼ੀ ਮਾਧਿਅਮ ਨੂੰ ਲਾਭ-ਹਿਤ ਮੰਨ ਕੇ ਮਾਪੇ ਮਹਿੰਗੇ ਸਕੂਲਾਂ ਵਿਚ ਆਪਣੇ ਬੱਚਿਆਂ ਨੂੰ ਭੇਜਣ ਲਈ ਤਰਜੀਹ ਦੇ ਰਹੇ ਹਨ। ਇਸ ਸੱਚ ਨੂੰ ਪੰਜਾਬ ਦੇ ਸਕੂਲਾਂ ਦੇ ਸਰਵੇਖਣ ਨੇ ਸਿੱਧ ਕਰ ਦਿੱਤਾ ਹੈ। ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਦਿਨ-ਪ੍ਰਤੀ-ਦਿਨ ਘਟਦੀ ਜਾ ਰਹੀ ਹੈ। ਵੱਡੀਆਂ ਕਲਾਸਾਂ ਵਿਚ ਚੋਣਵਾਂ ਵਿਸ਼ਾ ਪੰਜਾਬੀ ਵੀ ਬਹੁਤ ਥੋੜ੍ਹੇ ਵਿਦਿਆਰਥੀ ਰੱਖ ਰਹੇ ਹਨ। ਇਉਂ ਲਗਦਾ ਹੈ ਜਿਵੇਂ ਮਾਤ-ਭਾਸ਼ਾ ਬਾਰੇ ਜ਼ਮੀਨੀ ਹਕੀਕਤ ਨੂੰ ਸਮਝਣ ਤੋਂ ਅਸੀਂ ਉੱਕ ਰਹੇ ਹਾਂ। ਕਿਹਾ ਜਾ ਸਕਦਾ ਹੈ, 'ਸਿਉਂਕ ਜੜ੍ਹਾਂ ਨੂੰ ਲੱਗੀ ਐ, ਟਾਹਣਿਆਂ 'ਤੇ ਕੋਇਲਾਂ ਕੂਕਦੀਆਂ।'


-ਡਾ: ਧਰਮ ਚੰਦ ਵਾਤਿਸ਼
496, ਅਜੀਤ ਨਗਰ, ਮਾਲੇਰਕੋਟਲਾ (ਸੰਗਰੂਰ)-148023

09-03-2018

 ਸ਼ਹੀਦਾਂ ਦਾ ਮਾਣ-ਸਨਮਾਨ ਜ਼ਰੂਰੀ
ਸ਼ਹੀਦ ਸਾਡੀ ਕੌਮ ਦਾ ਵੱਡਮੁੱਲਾ ਸਰਮਾਇਆ ਹੁੰਦੇ ਹਨ। ਇਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਹੀ ਕੌਮਾਂ ਜ਼ਿੰਦਾ ਰਹਿੰਦੀਆਂ ਹਨ। ਸ਼ਹੀਦ ਉਹ ਹੈ ਜੋ ਸੱਚੇ ਮਾਰਗ 'ਤੇ ਚਲਦਾ ਹੋਇਆ ਕਿਸੇ ਖ਼ਾਸ ਮਕਸਦ ਲਈ ਜਾਨ ਕੁਰਬਾਨ ਕਰ ਦੇਵੇ। ਜਿਵੇਂ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ, ਸ਼ਹੀਦ ਊਧਮ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਨੌਜਵਾਨ ਜੋ ਦੇਸ਼ ਦੀ ਆਜ਼ਾਦੀ ਖਾਤਰ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰ ਗਏ।
ਫਿਰ 1962 ਦੀ ਹਿੰਦ-ਚੀਨ ਦੀ ਲੜਾਈ, 1965 ਦਾ ਹਿੰਦ-ਪਾਕਿ ਯੁੱਧ ਅਤੇ ਫਿਰ 1971 ਦੀ ਹਿੰਦ-ਪਾਕਿ ਦੀ ਲੜਾਈ ਵਿਚ ਸਾਡੇ ਫ਼ੌਜੀ ਜਵਾਨ ਲੜਦੇ ਹੋਏ ਸ਼ਹੀਦ ਹੋ ਗਏ। ਅੱਜ ਪਾਕਿਸਤਾਨ ਨਾਲ ਲਗਦੀ ਜੰਮੂ-ਕਸ਼ਮੀਰ ਦੀ ਸਰਹੱਦ 'ਤੇ ਲੜਾਈ ਵਿਚ ਸਾਡੇ ਫ਼ੌਜੀ ਜਵਾਨ ਸਰਹੱਦਾਂ ਦੀ ਰਾਖੀ ਕਰਦੇ ਹੋਏ ਵੀਰਗਤੀ ਪ੍ਰਾਪਤ ਕਰ ਰਹੇ ਹਨ। ਸਾਨੂੰ ਮਾਣ ਹੈ ਇਨ੍ਹਾਂ ਬਹਾਦਰ ਜਵਾਨਾਂ ਦੀਆਂ ਸ਼ਹੀਦੀਆਂ 'ਤੇ, ਸਾਡਾ ਪ੍ਰਣਾਮ ਹੈ ਇਨ੍ਹਾਂ ਸ਼ਹੀਦਾਂ ਨੂੰ। ਸਾਨੂੰ ਸਾਰਿਆਂ ਨੂੰ ਇਨ੍ਹਾਂ ਸ਼ਹੀਦਾਂ ਦਾ ਮਾਣ-ਸਨਮਾਨ ਕਰਨਾ ਚਾਹੀਦਾ ਹੈ।


-ਸੁਖਚੈਨ ਸਿੰਘ ਢਿੱਲੋਂ
ਖਿੱਪਾਂ ਵਾਲੀ (ਫਾਜ਼ਿਲਕਾ)।


ਬੇਲੋੜਾ ਖਰਚਾ ਘਟਾਉਣ ਦੀ ਲੋੜ
ਅਜੋਕੇ ਸਮੇਂ ਸਾਡੇ ਸਮਾਜ ਅੰਦਰ ਇਹ ਆਮ ਦੇਖਣ-ਸੁਣਨ ਨੂੰ ਮਿਲਦਾ ਹੈ ਕਿ ਸਾਡੇ ਵਿਆਹ-ਸ਼ਾਦੀ ਅਤੇ ਧਾਰਮਿਕ ਸਮਾਗਮਾਂ ਉੱਪਰ ਬੇਤਹਾਸ਼ਾ ਖਰਚ ਕੀਤਾ ਜਾਂਦਾ ਹੈ। ਅਜਿਹਾ ਅਸੀਂ ਜਿਥੇ ਦੂਜਿਆਂ ਦੀ ਰੀਸ ਨਾਲ ਕਰਦੇ ਹਾਂ, ਉਥੇ ਸਮਾਜ ਅੰਦਰ ਫੋਕੀ ਸ਼ੋਹਰਤ ਅਤੇ ਟੋਹਰ ਬਣਾਉਣ ਦੇ ਇਰਾਦੇ ਨਾਲ ਵੀ ਕਰਦੇ ਹਾਂ। ਆਮ ਤੌਰ 'ਤੇ ਮੱਧ ਵਰਗ ਅਤੇ ਹੇਠਲੇ ਵਰਗ ਦੇ ਲੋਕ ਅਜਿਹੇ ਸਮਾਗਮਾਂ 'ਤੇ ਖਰਚ ਲਈ ਪੈਸਾ ਕਰਜ਼ਾ ਚੁੱਕ ਕੇ ਜਾਂ ਉਧਾਰ ਲੈ ਕੇ ਕਰਦੇ ਹਨ, ਜਿਸ ਦੀ ਵਾਪਸੀ ਕਰਨ ਸਮੇਂ ਕਾਫੀ ਮੁਸ਼ਕਿਲ ਅਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਆਪਣੇ ਕੀਤੇ ਬੇਲੋੜੇ ਖਰਚੇ 'ਤੇ ਪਛਤਾਵਾ ਵੀ ਹੁੰਦਾ ਹੈ। ਇਸ ਲਈ ਲੋੜ ਹੈ ਜਿਥੋਂ ਤੱਕ ਸੰਭਵ ਹੋ ਸਕੇ ਅਜਿਹੇ ਸਮਾਮਗਾਂ 'ਤੇ ਖਰਚਾ ਘਟਾਇਆ ਜਾਏ ਤਾਂ ਕਿ ਬਾਅਦ ਵਿਚ ਸਾਨੂੰ ਪ੍ਰੇਸ਼ਾਨੀ ਅਤੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।


ਲਿਫ਼ਾਫ਼ਿਆਂ ਦੀ ਵਰਤੋਂ ਘਟਾਈਏ
ਸਮੇਂ-ਸਮੇਂ 'ਤੇ ਪੋਲੀਥੀਨ ਲਿਫ਼ਾਫ਼ਿਆਂ 'ਤੇ ਪਾਬੰਦੀ ਦੀ ਗੱਲ ਚੱਲੀ ਹੈ ਪਰ ਮਾਈਕਰੋ ਦੇ ਚੱਕਰ ਤੇ ਹੋਰ ਚੱਕਰਾਂ 'ਚ ਇਹ ਚੱਕਰ ਬਾਦਸਤੂਰ ਚੱਲ ਰਿਹਾ ਹੈ ਪਰ ਥੋੜ੍ਹੀ ਜ਼ਿੰਮੇਵਾਰੀ ਨਾਲ ਨਾ ਗਲਣਯੋਗ ਇਹ ਲਿਫ਼ਾਫ਼ੇ ਦੁਬਾਰਾ ਵਰਤੋਂ ਕਰਕੇ ਅਸੀਂ ਘਟਾ ਸਕਦੇ ਹਾਂ ਪ੍ਰਦੂਸ਼ਣ। ਅਸੀਂ ਭੁੱਲ ਗਏ ਬੀਤੇ ਸਮੇਂ ਬਾਜ਼ਾਰ ਜਾਂਦਿਆਂ ਘਰੋਂ ਥੈਲੇ, ਝੋਲੇ ਲਿਜਾਂਦੇ ਸਾਂ ਪਰ ਅੱਜਕਲ੍ਹ ਹਰ ਚੀਜ਼ ਪੋਲੀਥੀਨ ਵਿਚ ਲਿਆਉਣ ਦੇ ਆਦੀ ਹੋ ਗਏ ਹਾਂ। ਚੀਜ਼ਾਂ ਵਰਤ ਕੇ ਲਿਫ਼ਾਫ਼ਾ ਸੁੱਟ ਦਿੰਦੇ ਹਾਂ ਜਦੋਂ ਕਿ ਵਿਗੜਿਆ ਕੁਝ ਨਹੀਂ। ਲਿਫ਼ਾਫ਼ਾ ਦੁਬਾਰਾ ਵਰਤੋਂ 'ਚ ਆਏਗਾ ਤਾਂ ਪ੍ਰਦੂਸ਼ਣ ਘਟੇਗਾ। ਕਿਉਂਕਿ ਸੁੱਟੇ ਲਿਫ਼ਾਫ਼ੇ ਅਵਾਰਾ ਪਸ਼ੂਆਂ ਦੀ ਖੁਰਾਕ ਬਣਦੇ ਹਨ ਤੇ ਨਾਲੀਆਂ, ਨਾਲੇ, ਸੀਵਰੇਜ ਬੰਦ ਕਰਦੇ ਹਨ।


-ਹਰਮਿੰਦਰ ਸਿੰਘ ਝਨੇੜੀ
ਪਿੰਡ ਝਨੇੜੀ, ਸੰਗਰੂਰ।

07-03-2018

 ਪੋਲ ਖੋਲ੍ਹ ਰੈਲੀਆਂ
ਸ਼੍ਰੋਮਣੀ ਅਕਾਲੀ ਦਲ ਵਲੋਂ ਸਾਰੇ ਪੰਜਾਬ ਵਿਚ ਮੌਜੂਦਾ ਸਰਕਾਰ ਨੂੰ ਆਪਣੇ ਵਾਅਦਿਆਂ ਤੋਂ ਭੱਜਣ ਕਰਕੇ ਉਨ੍ਹਾਂ ਦੇ ਖਿਲਾਫ਼ ਪੋਲ ਖੋਲ੍ਹ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਨੂੰ ਆਪਣੇ ਵਾਅਦਿਆਂ ਨੂੰ ਯਾਦ ਕਰਾਉਣ ਲਈ ਇਹ ਜ਼ਰੂਰੀ ਵੀ ਹੈ। ਸਵਾਲ ਇਹ ਉੱਠਦਾ ਹੈ ਕਿ ਇਨ੍ਹਾਂ ਰੈਲੀਆਂ ਵਿਚ ਲੋਕ ਮੁੱਦਿਆਂ ਦੀ ਕਿੰਨੀ ਕੁ ਗੱਲ ਕੀਤੀ ਜਾ ਰਹੀ ਹੈ। ਨੇਤਾ ਇਕ-ਦੂਜੇ ਉੱਪਰ ਨਿੱਜੀ ਹਮਲੇ ਕਰ ਰਹੇ ਹਨ। ਲੋਕ ਮੁੱਦੇ ਗਾਇਬ ਹਨ। ਸਿਆਸੀ ਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੀ ਸ਼ਬਦਾਵਲੀ ਤੋਂ ਗੁਰੇਜ਼ ਕਰਨ। ਜੇਕਰ ਉਹ ਅਸਲ ਵਿਚ ਲੋਕ ਹਿਤੈਸ਼ੀ ਪਾਰਟੀਆਂ ਹਨ ਤਾਂ ਉਨ੍ਹਾਂ ਕੋਲ ਵਿਧਾਨ ਸਭਾ ਦੇ ਇਜਲਾਸ ਵਿਚ ਬਹੁਤ ਸਮਾਂ ਹੁੰਦਾ ਹੈ ਲੋਕਾਂ ਦੇ ਮੁੱਦੇ ਚੁੱਕਣ ਲਈ। ਇਨ੍ਹਾਂ ਰੈਲੀਆਂ ਵਿਚ ਫਜ਼ੂਲ ਦਾ ਖਰਚ ਹੀ ਹੁੰਦਾ ਹੈ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।


ਚੰਗਾ ਯਤਨ
ਸੰਪਾਦਕੀ ਪੰਨੇ 'ਤੇ ਸਵਰਨ ਸਿੰਘ ਟਹਿਣਾ ਦਾ ਲੇਖ 'ਆਓ, ਚਾਦਰ ਵੇਖ ਪੈਰ ਪਸਾਰਨ ਦਾ ਹੁਨਰ ਸਿੱਖੀਏ' ਬਹੁਤ ਹੀ ਸ਼ਲਾਘਾਯੋਗ ਅਤੇ ਚੰਗਾ ਯਤਨ ਸੀ। ਸਾਨੂੰ ਸਾਰਿਆਂ ਨੂੰ ਹੀ ਇਸ ਤਰ੍ਹਾਂ ਦਾ ਯਤਨ ਕਰਨਾ ਚਾਹੀਦਾ ਹੈ। ਅਸੀਂ ਸਾਰੇ ਪੰਜਾਬ ਵਾਸੀ ਇਸ ਤਰ੍ਹਾਂ ਦੀ ਕੋਸ਼ਿਸ਼ ਕਰਕੇ ਪੰਜਾਬ ਨੂੰ ਹੱਸਦਾ ਵਸਦਾ ਰੱਖਣ ਵਿਚ ਭਰਪੂਰ ਹਿੱਸਾ ਪਾ ਸਕਦੇ ਹਾਂ। ਇਸ ਤਰ੍ਹਾਂ ਦੇ ਲੇਖ ਜ਼ਰੂਰ ਹੀ ਅਖ਼ਬਾਰਾਂ ਵਿਚ ਛਪਣੇ ਚਾਹੀਦੇ ਹਨ ਤਾਂ ਜੋ ਲੋਕ ਆਪਣੇ ਪਰਿਵਾਰ ਤੇ ਸੂਬਾ ਪੰਜਾਬ ਨੂੰ ਖੁਸ਼ ਵੇਖ ਸਕਣ।


-ਅਮਰੀਕ ਸਿੰਘ 'ਖਿਆਲਾ'।


ਸੜਕੀ ਹਾਦਸੇ
ਦਿਨ-ਬਦਿਨ ਸੜਕੀ ਹਾਦਸੇ ਲਗਾਤਾਰ ਵਧ ਰਹੇ ਹਨ। ਇਹ ਸੜਕੀ ਅੱਤਵਾਦ ਦਾ ਰੂਪ ਧਾਰਨ ਕਰ ਚੁੱਕੇ ਹਨ। ਇਨ੍ਹਾਂ ਦਾ ਕਾਰਨ ਤੇਜ਼ ਰਫ਼ਤਾਰ ਹੁੰਦਾ ਹੈ। ਵੱਡੇ ਹਾਈਵੇ ਸੜਕਾਂ ਘੱਟ ਅਤੇ ਰੇਸਿੰਗ ਟਰੈਕ ਜ਼ਿਆਦਾ ਲਗਦੇ ਹਨ। ਇਨ੍ਹਾਂ ਨੂੰ ਰੋਕਣ ਲਈ ਸਰਕਾਰ ਨੂੰ ਸਖ਼ਤ ਨਿਯਮ ਬਣਾਉਣੇ ਚਾਹੀਦੇ ਹਨ ਅਤੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਛੋਟੀ ਜਿਹੀ ਗ਼ਲਤੀ ਹੀ ਕਈ ਜ਼ਿੰਦਗੀਆਂ 'ਤੇ ਭਾਰੀ ਪੈ ਸਕਦੀ ਹੈ। ਕਈ ਆਪਣੇ 5 ਮਿੰਟ ਬਚਾਉਣ ਲਈ ਆਪਣੀ ਅਤੇ ਦੂਜਿਆਂ ਦੀ ਜ਼ਿੰਦਗੀ ਦਾਅ 'ਤੇ ਲਾ ਦਿੰਦੇ ਹਨ। ਇਸ ਲਈ ਲੋਕਾਂ ਨੂੰ ਟ੍ਰੈਫਿਕ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਟ੍ਰੈਫਿਕ ਨਿਯਮਾਂ ਬਾਰੇ ਦੱਸਣਾ ਚਾਹੀਦਾ ਹੈ। ਸਰਕਾਰ ਨੂੰ ਛੋਟੇ ਬੱਚਿਆਂ ਦੇ ਪਾਠਕ੍ਰਮ ਵਿਚ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਵੱਖ-ਵੱਖ ਮਾਧਿਅਮਾਂ ਰਾਹੀਂ ਪ੍ਰਚਾਰ ਕਰਨਾ ਚਾਹੀਦਾ ਹੈ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।


-ਕਮਲਜੀਤ ਸਿੰਘ ਨੰਗਲ
ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ, ਬਰਨਾਲਾ।


ਨੈਤਿਕ ਸਿੱਖਿਆ
ਅੱਜਕਲ੍ਹ ਦੇ ਬੱਚਿਆਂ ਵਿਚ ਨੈਤਿਕ ਸਿੱਖਿਆ ਦੀ ਘਾਟ ਹੈ। ਕੁਝ ਬੱਚੇ ਤਾਂ ਜ਼ਰੂਰਤ ਤੋਂ ਜ਼ਿਆਦਾ ਹੀ ਕਿਤਾਬੀ ਕੀੜੇ ਬਣ ਗਏ ਹਨ। ਕੁਝ ਮੋਬਾਈਲ ਵਿਚ ਜਾਂ ਟੈਲੀਵਿਜ਼ਨ ਵਿਚ ਹੀ ਐਨਾ ਰੁੱਝ ਗਏ ਹਨ ਕਿ ਉਨ੍ਹਾਂ ਨੂੰ ਕਿਸੇ ਆਏ ਰਿਸ਼ਤੇਦਾਰ, ਭੈਣ-ਭਰਾ ਜਾਂ ਆਂਢੀ-ਗੁਆਂਢੀ ਕੋਲ ਬੈਠਣ ਲਈ ਸਮਾਂ ਜਾਂ ਲਗਨ ਹੀ ਨਹੀਂ ਹੈ। ਸਭ ਤੋਂ ਵੱਡਾ ਅਸਰਦਾਰ ਕਾਰਕ ਇਸ ਲਈ ਮਾਪਿਆਂ ਦਾ ਆਪਣੇ ਬੱਚੇ ਪ੍ਰਤੀ ਬੇਧਿਆਨੇ ਹੋਣਾ ਹੈ। ਇਨ੍ਹਾਂ ਤੋਂ ਇਲਾਵਾ ਬੱਚੇ ਘਰੇਲੂ ਹਿੰਸਾ ਦਾ ਵੀ ਸ਼ਿਕਾਰ ਹੋ ਜਾਂਦੇ ਹਨ। ਬੱਚੇ ਤਾਂ ਆਖਰ ਕੋਰੇ ਕਾਗਜ਼ ਵਰਗੇ ਹੁੰਦੇ ਹਨ। ਚੰਗੇ ਸੰਸਕਾਰ ਇਨ੍ਹਾਂ ਕੋਰੇ ਕਾਗਜ਼ਾਂ ਉੱਪਰ ਉਲੀਕ ਲਏ ਜਾਣਗੇ ਤਾਂ ਮਾਪਿਆਂ ਦੀ ਜ਼ਿੰਦਗੀ ਸਫ਼ਲ ਹੋ ਜਾਂਦੀ ਹੈ। ਕਈ ਵਾਰ ਮਾਪੇ ਇਨ੍ਹਾਂ ਨੂੰ ਸਮਾਂ ਘੱਟ ਤੇ ਸੁੱਖ ਸਹੂਲਤਾਂ ਕਦਰੋਂ ਵੱਧ ਦੇ ਦਿੰਦੇ ਹਨ ਜੋ ਇਨ੍ਹਾਂ ਨੂੰ ਹਾਜ਼ਮ ਨਹੀਂ ਹੁੰਦੀਆਂ। ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਬਾਰੇ ਜਾਨਣ, ਉਨ੍ਹਾਂ ਨਾਲ ਲਾਡ ਪਿਆਰ ਕਰਨ, ਹਾਸਾ-ਮਜ਼ਾਕ ਕਰਨ ਤਾਂ ਜੋ ਬੱਚੇ ਤੁਹਾਡੇ ਸਾਹਮਣੇ ਆਪਾ ਰੱਖ ਸਕਣ। ਸ਼ਾਇਦ ਬੱਚਿਆਂ ਦੀਆਂ ਪੈਸੇ ਨਾਲੋਂ ਵੱਧ ਇਹੀ ਖੁਆਇਸ਼ਾਂ ਹੋਣ। ਸੋ ਮਾਪਿਆਂ ਨੂੰ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਵੀ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਜਾਇਜ਼ ਹੱਦ ਤੱਕ ਮੰਨਣਾ ਉਨ੍ਹਾਂ ਦਾ ਵੀ ਫਰਜ਼ ਬਣਦਾ ਹੈ।


-ਤਰਸੇਮ ਲੰਡੇ
ਪਿੰਡ ਲੰਡੇ, ਮੋਗਾ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX