ਤਾਜਾ ਖ਼ਬਰਾਂ


ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਨੇ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  30 minutes ago
ਰੋਪੜ, 26 ਅਪ੍ਰੈਲ - ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਨਾਮਜ਼ਦਗੀ ਕਾਗ਼ਜ਼ ਦਾਖਲ ਕੀਤੇ। ਇਸ ਮੌਕੇ ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ....
ਭਾਜਪਾ ਨੇਤਾ ਮਹਾਦੇਵ ਸਰਕਾਰ ਦੇ ਖ਼ਿਲਾਫ਼ ਚੋਣ ਕਮਿਸ਼ਨ ਦੀ ਕਾਰਵਾਈ, ਅਗਲੇ 48 ਘੰਟੇ ਨਹੀਂ ਕਰ ਸਕਣਗੇ ਚੋਣ ਪ੍ਰਚਾਰ
. . .  56 minutes ago
ਨਵੀਂ ਦਿੱਲੀ, 26 ਅਪ੍ਰੈਲ- ਚੋਣ ਕਮਿਸ਼ਨ ਨੇ ਨਾਦੀਆ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਮਹਾਦੇਵ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ 'ਤੇ 22 ਅਪ੍ਰੈਲ ਨੂੰ ਕ੍ਰਿਸ਼ਨਾ ਨਗਰ ਸਰਕਾਰੀ ਕਾਲਜ 'ਚ ਇਕ ਜਨਤਕ ਮੀਟਿੰਗ ਦੇ ਦੌਰਾਨ ਟੀ.ਐਮ.ਸੀ. ਦੇ ਨਿੱਜੀ ਜੀਵਨ ਨੂੰ ਲੈ ਕੇ .....
ਭੀਖੀ ਥਾਣੇ ਦੇ ਹੌਲਦਾਰ ਨੇ ਕੀਤੀ ਖ਼ੁਦਕੁਸ਼ੀ
. . .  about 1 hour ago
ਭੀਖੀ, 26 ਅਪ੍ਰੈਲ (ਬਲਦੇਵ ਸਿੰਘ ਸਿੱਧੂ)- ਜ਼ਿਲ੍ਹਾ ਮਾਨਸਾ ਦੇ ਥਾਣਾ ਭੀਖੀ ਦੇ ਹੌਲਦਾਰ ਜੁਗਰਾਜ ਸਿੰਘ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਥਾਣੇ ਦੇ ਕਵਾਟਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ। ਭੀਖੀ ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ....
ਲੋਕਾਂ ਦੀ ਹਿੰਮਤ ਨਾਲ ਸੈਂਕੜੇ ਏਕੜ ਕਣਕ ਦੀ ਫ਼ਸਲ ਅੱਗ 'ਚ ਸੜਨ ਤੋਂ ਬਚੀ
. . .  about 1 hour ago
ਨੂਰਪੁਰ ਬੇਦੀ, 26 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)- ਰੂਪਨਗਰ ਜ਼ਿਲ੍ਹੇ ਦੇ ਪਿੰਡ ਅਬਿਆਣਾ ਕਲਾਂ ਵਿਖੇ ਅੱਜ ਲੋਕਾਂ ਦੀ ਹਿੰਮਤ ਨੇ ਸੈਂਕੜੇ ਏਕੜ ਕਣਕ ਦੀ ਖੜ੍ਹੀ ਫ਼ਸਲ ਨੂੰ ਅੱਗ ਦੀ ਲਪੇਟ 'ਚ ਜਾਣ ਤੋਂ ਬਚਾ ਲਿਆ। ਇਸ ਪਿੰਡ ਦੇ ਇੱਕ ਕਿਸਾਨ ਦੇ ਖੇਤ 'ਚ ਅੱਗ ਲੱਗਣ....
ਤਿੰਨ ਬੱਚਿਆਂ ਦੇ ਪਿਉ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  about 1 hour ago
ਪੁਰਖਾਲੀ, 26 ਅਪ੍ਰੈਲ (ਅੰਮ੍ਰਿਤਪਾਲ ਸਿੰਘ ਬੰਟੀ) - ਇੱਥੋਂ ਨੇੜਲੇ ਪਿੰਡ ਅਕਬਰਪੁਰ ਵਿਖੇ ਇੱਕ ਵਿਅਕਤੀ ਵੱਲੋਂ ਫਾਹਾ ਲੈ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਹਰਚੰਦ ਸਿੰਘ ਸਾਬਕਾ ਸਰਪੰਚ 2 ਧੀਆਂ ਅਤੇ ਇੱਕ ਲੜਕੇ ਦਾ ਪਿਉ......
ਤਰੁੱਟੀਆਂ ਕਾਰਨ ਨਾਮਜ਼ਦਗੀ ਪੱਤਰ ਨਹੀਂ ਭਰ ਸਕੇ ਪ੍ਰੋ. ਸਾਧੂ ਸਿੰਘ
. . .  1 minute ago
ਫ਼ਰੀਦਕੋਟ, 26 ਅਪ੍ਰੈਲ (ਜਸਵੰਤ ਸਿੰਘ ਪੁਰਬਾ)- ਲੋਕ ਸਭਾ ਹਲਕਾ ਰਾਖਵਾਂ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਅੱਜ ਆਪਣੇ ਨਾਮਜ਼ਦਗੀ ਪੱਤਰ 'ਚ ਕੁੱਝ ਤਰੁੱਟੀਆਂ ਕਾਰਨ ਜ਼ਿਲ੍ਹਾ ਚੋਣ ਅਧਿਕਾਰੀ ਕੁਮਾਰ ਸੌਰਭ ਰਾਜ ....
14 ਦਿਨਾਂ ਦੀ ਨਿਆਇਕ ਹਿਰਾਸਤ 'ਚ ਰੋਹਿਤ ਸ਼ੇਖਰ ਦੀ ਪਤਨੀ ਅਪੂਰਵਾ
. . .  about 2 hours ago
ਦੇਹਰਾਦੂਨ, 26 ਅਪ੍ਰੈਲ- ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਐਨ.ਡੀ. ਤਿਵਾੜੀ ਦੇ ਬੇਟੇ ਰੋਹਿਤ ਸ਼ੇਖਰ ਤਿਵਾੜੀ ਹੱਤਿਆ ਕਾਂਡ 'ਚ ਪਤਨੀ ਅਪੂਰਵਾ ਤਿਵਾੜੀ ਨੂੰ ਦਿੱਲੀ ਦੀ ਸਾਕੇਤ ਅਦਾਲਤ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਅਪੂਰਵਾ ਤਿਵਾੜੀ ਨੇ ਦਿੱਲੀ ....
ਪਾਕਿਸਤਾਨ ਦੇ ਪ੍ਰਸਿੱਧ ਤੀਰਥ ਸਥਾਨ 'ਤੇ ਲੂ ਲੱਗਣ ਕਾਰਨ 15 ਲੋਕਾਂ ਦੀ ਮੌਤ
. . .  about 2 hours ago
ਇਸਲਾਮਾਬਾਦ, 26 ਅਪ੍ਰੈਲ- ਪਾਕਿਸਤਾਨ ਦੇ ਸਿੰਧ ਸੂਬੇ 'ਚ ਇੱਕ ਤੀਰਥ ਸਥਾਨ 'ਤੇ ਸਾਲਾਨਾ ਧਾਰਮਿਕ ਰੀਤ 'ਚ ਭਾਗ ਲੈਣ ਦੌਰਾਨ ਲੂ ਲੱਗਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਇੱਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਇਸ ਬਾਰੇ ਸਹਿਵਾਨ...
ਗ਼ਰੀਬ ਕਿਸਾਨ ਦੀ ਖੜੀ ਫ਼ਸਲ ਸੜ ਕੇ ਹੋਈ ਸੁਆਹ
. . .  about 2 hours ago
ਲੌਂਗੋਵਾਲ, 25 ਅਪ੍ਰੈਲ (ਸ.ਸ.ਖੰਨਾ) - ਇੱਥੋਂ ਨੇੜਲੇ ਪਿੰਡ ਨਾਲ ਲਗਦੇ ਮੰਡੇਰ ਕਲਾਂ ਰੋਡ ਵਿਖੇ ਗ਼ਰੀਬ ਕਿਸਾਨ ਗੁਰਮੇਲ ਸਿੰਘ ਵਾਸੀ ਪੱਤੀ ਝਾੜੋ ਦੀ ਦੋ ਏਕੜ ਖੜ੍ਹੀ ਕਣਕ ਬਿਲਕੁਲ ਸੜਕੇ ਸਵਾਹ ਹੋ ਗਈ। ਪੀੜਤ ਕਿਸਾਨ ਵੱਲੋਂ ਦੋ ਕਿੱਲੇ ਜ਼ਮੀਨ ਬਲਬੀਰ ਸਿੰਘ ....
ਖਰੜ 'ਚ ਪੁਲਿਸ ਨੇ ਫੜੀਆਂ ਸ਼ਰਾਬ ਦੀਆਂ 180 ਪੇਟੀਆਂ
. . .  about 2 hours ago
ਖਰੜ, 26 ਅਪ੍ਰੈਲ (ਗੁਰਮੁੱਖ ਸਿੰਘ ਮਾਨ)- ਸੰਨੀ ਐਨਕਲੇਵ ਪੁਲਿਸ ਚੌਕੀ ਖਰੜ ਵਲੋਂ ਅੱਜ ਸ਼ਰਾਬ ਦੀਆਂ 180 ਪੇਟੀਆਂ ਫੜੀਆਂ ਗਈਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਕੇਵਲ ਸਿੰਘ ਨੇ ਦੱਸਿਆ ਕਿ ਸ਼ਰਾਬ ਦੀਆਂ ਇਹ ਪੇਟੀਆਂ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਭਾਦੋ ਸੰਮਤ 550
ਵਿਚਾਰ ਪ੍ਰਵਾਹ: ਲਾਪ੍ਰਵਾਹੀ ਅਕਸਰ ਅਗਿਆਨਤਾ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ

ਤੁਹਾਡੇ ਖ਼ਤ

20-08-2018

 ਆਪਾਂ ਵੀ ਹੰਭਲਾ ਮਾਰੀਏ
ਪੰਜਾਬ ਸਰਕਾਰ ਪੰਜਾਬ ਨੂੰ ਨਸ਼ਾਮੁਕਤ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਜੋ ਤਾਣਾ-ਬਾਣਾ ਪੂਰੇ ਪੰਜਾਬ ਵਿਚ ਵਿਗੜ ਚੁੱਕਿਆ ਹੈ, ਉਸ ਦਾ ਹੱਲ ਬੜਾ ਮੁਸ਼ਕਿਲ ਜਾਪਦਾ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਕੱਲੀ ਸਰਕਾਰ ਕੋਲ ਕਿਹੜੀ ਐਸੀ ਜਾਦੂ ਦੀ ਛੜੀ ਹੈ, ਜਿਸ ਨਾਲ ਪੰਜਾਬ ਨਸ਼ਾਮੁਕਤ ਹੋ ਜਾਵੇਗਾ ਅਤੇ ਸਾਡੇ ਪਿੰਡਾਂ ਦਾ ਸੁਧਾਰ ਹੋ ਜਾਵੇਗਾ ਕਿਉਂਕਿ ਤਾਣਾ-ਬਾਣਾ ਉੱਪਰ ਤੋਂ ਥੱਲੇ ਤੱਕ ਵਿਗੜ ਚੁੱਕਿਆ ਹੈ। ਸਾਨੂੰ ਸਾਰਿਆਂ ਨੂੰ ਸਾਡੀ ਨੌਜਵਾਨੀ ਪ੍ਰਤੀ ਸਾਡੇ, ਸਮਾਜ ਪ੍ਰਤੀ ਤੇ ਸਾਡੇ ਦੇਸ਼ ਪ੍ਰਤੀ ਇਕ ਜ਼ਿੰਮੇਵਾਰ ਇਨਸਾਨ ਬਣਨਾ ਪਵੇਗਾ ਤਾਂ ਕਿ ਬਿਨਾਂ ਨਸ਼ੇ ਜਾਂ ਕਿਸੇ ਹੋਰ ਲਾਲਚ ਤੋਂ ਅਸੀਂ ਆਪਣੀ ਸਹੀ ਸੁੱਧ-ਬੁੱਧ ਮੁਤਾਬਿਕ ਵੋਟ ਦਾ ਇਸਤੇਮਾਲ ਕਰੀਏ ਤਾਂ ਕਿ ਸਾਫ਼-ਸੁਥਰਾ ਪ੍ਰਸ਼ਾਸਨ ਸਮਾਜ ਵਿਚ ਦੁਬਾਰਾ ਆ ਸਕੇ।


-ਦੀਦਾਰ ਖ਼ਾਨ ਧਬਲਾਨ
ਪਟਿਆਲਾ।


ਬਿੱਲਾਂ ਦੀ ਵਸੂਲੀ
ਨਗਰ ਨਿਗਮ ਵਲੋਂ ਪਾਣੀ ਤੇ ਸੀਵਰੇਜ ਦੇ ਲੱਗੇ ਨਾਜਾਇਜ਼ ਕੁਨੈਕਸ਼ਨ ਧਾਰਕਾਂ ਪਾਸੋਂ ਵਸੂਲੀ ਕਰਨ ਅਤੇ ਜੇਕਰ ਅਦਾਇਗੀ ਨਹੀਂ ਕਰਦੇ ਤਾਂ ਇਨ੍ਹਾਂ ਲੋਕਾਂ ਦੇ ਕੁਨੈਕਸ਼ਨ ਕੱਟਣ ਦਾ ਫੈਸਲਾ ਕੀਤਾ ਗਿਆ ਹੈ, ਪ੍ਰੰਤੂ ਜੋ ਲੋਕਾਂ ਨੇ ਜਾਇਜ਼ ਕੁਨੈਕਸ਼ਨ ਲਏ ਹੋਏ ਹਨ, ਖਾਸ ਕਰਕੇ ਖਾਲੀ ਪਲਾਟਾਂ ਵਾਲਿਆਂ ਨੇ, ਜਿਥੇ ਕਿ ਉਨ੍ਹਾਂ ਨੇ ਪ੍ਰਵਾਸੀ ਮਜ਼ਦੂਰ ਰੱਖੇ ਹੋਏ ਹਨ, ਜਿਹੜੇ ਕਿ ਪਾਣੀ ਦੀ ਖੁੱਲ੍ਹ ਕੇ ਦੁਰਵਰਤੋਂ ਕਰਨ ਦੇ ਨਾਲ-ਨਾਲ ਟੂਟੀਆਂ ਵੀ ਖੁੱਲ੍ਹੀਆਂ ਹੀ ਛੱਡ ਦਿੰਦੇ ਹਨ ਅਤੇ ਜਦੋਂ ਵਿਭਾਗ ਵਲੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਇਹ ਟੂਟੀਆਂ ਆਮ ਹੀ ਚਲਦੀਆਂ ਵੇਖੀਆਂ ਜਾ ਸਕਦੀਆਂ ਹਨ, ਪਾਸੋਂ ਨਿਗਮ ਇਹ ਬਕਾਏ ਵਸੂਲ ਨਹੀਂ ਕਰ ਰਿਹਾ ਅਤੇ ਨਾ ਹੀ ਇਨ੍ਹਾਂ ਦੇ ਕੁਨੈਕਸ਼ਨ ਕੱਟ ਰਿਹਾ ਹੈ, ਜਦੋਂਕਿ ਇਨ੍ਹਾਂ ਦੇ ਬਕਾਏ ਦਾ ਰਿਕਾਰਡ ਉਨ੍ਹਾਂ ਦੇ ਦਫਤਰ ਵਿਚ ਮੌਜੂਦ ਹੈ। ਇਹ ਬਕਾਇਆ ਲੱਖਾਂ ਰੁਪਿਆਂ ਵਿਚ ਹੈ। ਮਹਿਕਮੇ ਦੀ ਇਸ ਲਾਪ੍ਰਵਾਹੀ ਨਾਲ ਜਿਥੇ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ, ਉਥੇ ਸਰਕਾਰ ਨੂੰ ਵੀ ਲੱਖਾਂ ਰੁਪਿਆਂ ਦਾ ਚੂਨਾ ਲੱਗ ਰਿਹਾ ਹੈ। ਲੋੜ ਹੈ, ਵਿਭਾਗ ਨੂੰ ਇਸ ਪਾਸੇ ਵੀ ਧਿਆਨ ਦੇਣ ਦੀ।


-ਅਮਰੀਕ ਸਿੰਘ ਚੀਮਾ, ਜਲੰਧਰ।


ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ
ਪੁਰਾਣੇ ਸਮਿਆਂ ਵਿਚ ਸੁਲਤਾਨਪੁਰ ਲੋਧੀ ਇਕ ਮਸ਼ਹੂਰ ਸ਼ਹਿਰ ਰਿਹਾ ਹੈ। ਇਹ ਸ਼ਹਿਰ ਲਾਹੌਰ-ਦਿੱਲੀ ਜਰਨੈਲੀ ਸੜਕ 'ਤੇ ਸਥਿਤ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਭੈਣ ਬੀਬੀ ਨਾਨਕੀ ਕੋਲ ਇਸ ਸ਼ਹਿਰ ਵਿਚ 14 ਸਾਲ ਦੇ ਕਰੀਬ ਸਮਾਂ ਬਿਤਾਇਆ ਸੀ। ਇਸ ਸ਼ਹਿਰ ਦੇ ਖੋਲ਼ੇ, ਖਜੂਰਾਂ, ਥੇਹ ਅਤੇ ਖੋਤੇ ਮਸ਼ਹੂਰ ਸਨ। ਸਾਲ 1969 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜਨਮ ਸ਼ਤਾਬਦੀ ਮਨਾਈ ਗਈ, ਸਾਬਕਾ ਮਰਹੂਮ ਮੰਤਰੀ ਵਿਕਾਸ ਬਾਊ ਆਤਮਾ ਨੇ ਇਸ ਸ਼ਹਿਰ ਦਾ ਕੁਝ ਮੂੰਹ-ਮੱਥਾ ਸੰਵਾਰਿਆ ਸੀ। ਅਗਲੇ ਸਾਲ 2019 ਵਿਚ 550 ਸਾਲਾ ਪ੍ਰਕਾਸ਼ ਪੁਰਬ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੜੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਲਾਕੇ ਦੀ ਜ਼ਰੂਰਤ ਅਨੁਸਾਰ ਆਧੁਨਿਕ ਸਹੂਲਤਾਂ ਵਾਲਾ ਹਸਪਤਾਲ ਬਣਾਇਆ ਜਾਣਾ ਅਤਿ ਜ਼ਰੂਰੀ ਹੈ ਅਤੇ ਸ਼ਹਿਰ ਦੀ ਖੂਬਸੂਰਤੀ ਨੂੰ ਵਧਾਉਣ ਲਈ ਬਹੁਤ ਮਿਹਨਤ ਦੀ ਲੋੜ ਹੈ।


-ਮਹਿੰਦਰ ਸਿੰਘ ਬਾਜਵਾ
ਪਿੰਡ ਮਸੀਤਾਂ, ਡਾਕ: ਟਿੱਬਾ, ਜ਼ਿਲ੍ਹਾ ਕਪੂਰਥਲਾ।


ਵਧਦੀਆਂ ਕੀਮਤਾਂ
ਪਿਛਲੇ ਮਹੀਨੇ ਵਿਚ ਗੈਸ ਸਿਲੰਡਰ ਦੀ ਕੀਮਤ ਵਧਾਈ ਗਈ, ਅਜੇ ਮਹੀਨਾ ਫਿਰ ਪੂਰਾ ਹੋਇਆ, ਅਗਸਤ ਵਿਚ ਫਿਰ ਕੀਮਤ ਵਧਾ ਦਿੱਤੀ ਹੈ। ਫਿਰ ਸਰਕਾਰ ਕਹਿੰਦੀ ਹੈ ਕਿ ਲੋਕ ਰੌਲਾ ਕਿਉਂ ਪਾਉਂਦੇ ਹਨ, ਰੌਲਾ ਨਾ ਪਾਉਣ ਤਾਂ ਕੀ ਕਰਨ। ਜਿਸ ਤਰ੍ਹਾਂ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਸਮਝ ਨਹੀਂ ਆਉਂਦੀ, ਉਹੀ ਹਾਲ ਹੁਣ ਗੈਸ ਸਿਲੰਡਰ ਦਾ ਹੋ ਗਿਆ ਹੈ। ਅੱਗੇ ਗੈਸ (ਡੀਜ਼ਲ, ਪੈਟਰੋਲ) ਦੇ ਭਾਅ ਕਿਧਰੇ ਸਾਲ ਵਿਚ ਇਕ ਜਾਂ ਦੋ ਵਾਰੀ ਵਧਦੇ ਸਨ ਪਰ ਹੁਣ ਲੋਕ ਚੁੱਪ ਕਰ ਕੇ ਨਹੀਂ ਬੈਠਣ ਵਾਲੇ। ਇਕ ਗੈਸ ਸਿਲੰਡਰ ਦੀ ਸਬਸਿਡੀ ਬਾਰੇ ਵੀ ਲੋਕਾਂ ਨੂੰ ਤੰਗ ਕਰ ਰੱਖਿਆ ਹੈ। ਕਾਰਨ ਇਹ ਹੈ ਕਿ ਬੈਕਾਂ ਵਾਲੇ ਕਿਹੜੇ ਸਿੱਧੇ ਮੂੰਹ ਬੋਲਦੇ ਹਨ, ਇਕ ਵਾਰੀ ਇਕ ਗ਼ਰੀਬ ਮਾਈ, ਆਪਣੀ ਇਸ ਸਬਸਿਡੀ ਬਾਰੇ ਬੈਂਕ ਵਿਚ ਪਤਾ ਕਰਨ ਗਈ, ਅੱਗੋਂ ਬਾਬੂ ਸਾਹਿਬ ਬੋਲੇ, 'ਜਾਹ ਮਾਈ ਅਸੀਂ ਵਿਹਲੇ ਨਹੀਂ, ਆਪੇ ਆ ਜਾਵੇਗੀ ਸਬਸਿਡੀ।' ਇਸ ਤਰ੍ਹਾਂ ਗੈਸ ਸਿਲੰਡਰ ਦੇ ਭਾਅ ਅਤੇ ਹੋਰ ਚੀਜ਼ਾਂ ਦੇ ਭਾਅ ਆਸਮਾਨੀ ਚੜ੍ਹੀ ਹੀ ਜਾ ਰਹੇ ਹਨ, ਜਿਨ੍ਹਾਂ ਨੂੰ ਕਾਬੂ ਕਰਨ ਦੀ ਲੋੜ ਹੈ।


-ਹਰਜਿੰਦਰਪਾਲ ਸਿੰਘ ਬਾਜਵਾ
ਵਿਜੈ ਨਗਰ, ਹੁਸ਼ਿਆਰਪੁਰ।


ਰਾਖਵਾਂਕਰਨ
ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਵਲੋਂ ਦਲਿਤਾਂ ਅਤੇ ਪਛੜੇ ਵਰਗਾਂ ਦੇ ਲੋਕਾਂ ਦੇ ਜੀਵਨ ਵਿਚ ਸੁਧਾਰ ਲਿਆਉਣ ਲਈ ਰਾਖਵੇਂਕਰਨ ਦੀ ਨੀਤੀ ਬਣਾਈ ਗਈ ਸੀ। ਲੋਕਤੰਤਰ ਦੇਸ਼ ਵਿਚ ਸੱਤਾ ਦੀ ਕੁਰਸੀ 'ਤੇ ਬੈਠਣ ਅਤੇ ਵੋਟ ਬੈਂਕ ਨੂੰ ਪੱਕੇ ਕਰਨ ਲਈ ਰਾਜਨੀਤਕ ਪਾਰਟੀਆਂ ਨੇ ਜਾਤੀਵਾਦ ਨੂੰ ਹੋਰ ਬੜ੍ਹਾਵਾ ਦਿੱਤਾ ਹੈ। ਅਜਿਹੀ ਸਥਿਤੀ ਨੇ ਸਮੇਂ ਦੇ ਸਮਾਜ ਵਿਚ ਆਰਥਿਕ ਤੇ ਸਮਾਜਿਕ ਟਕਰਾਅ ਪੈਦਾ ਕਰ ਦਿੱਤੇ ਹਨ ਜੋ ਦਿਨੋ-ਦਿਨ ਗੰਭੀਰ ਹੁੰਦੇ ਜਾ ਰਹੇ ਹਨ। ਇਸੇ ਕੜੀ ਤਹਿਤ ਪਿਛਲੇ ਸਮੇਂ ਦੌਰਾਨ ਹਰਿਆਣਾ ਵਿਚ ਜਾਟ ਅੰਦੋਲਨ, ਰਾਜਸਥਾਨ ਤੇ ਪੰਜਾਬ ਵਿਚ ਤਣਾਅ ਅਤੇ ਹੁਣ ਮਹਾਰਾਸ਼ਟਰ ਵਿਚ ਮਰਾਠਾ ਅੰਦੋਲਨ ਲਗਾਤਾਰ ਰਾਖਵੇਂਕਰਨ ਦੀ ਮੰਗ ਕਰ ਰਿਹਾ ਹੈ। ਰਾਖਵਾਂਕਰਨ ਸਮਾਜਿਕ ਨਾਬਰਾਬਰੀ ਨੂੰ ਜਨਮ ਦੇ ਰਿਹਾ ਹੈ। ਆਰਥਿਕਤਾ ਉੱਤੇ ਆਧਾਰਿਤ ਰਾਖਵਾਂਕਰਨ ਲਾਗੂ ਕਰਨ ਨਾਲ ਹੀ ਹਰ ਜਾਤ ਬਰਾਦਰੀ ਅਤੇ ਧਰਮ ਨਾਲ ਸਬੰਧਿਤ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਕੇ ਜੀਵਨ ਬਸਰ ਕਰ ਰਹੇ ਕਰੋੜਾਂ ਭਾਰਤੀਆਂ ਨੂੰ ਇਸ ਦਾ ਲਾਭ ਮਿਲ ਸਕੇਗਾ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ।

17-08-2018

 ਕੀ ਅਸੀਂ ਸੁਤੰਤਰ ਹਾਂ?
ਭਾਰਤ 15 ਅਗਸਤ, 1947 ਨੂੰ ਆਜ਼ਾਦ ਹੋ ਗਿਆ ਸੀ। 26 ਜਨਵਰੀ, 1950 ਨੂੰ ਭਾਰਤ ਨੂੰ ਧਰਮ-ਨਿਰਪੱਖ ਲੋਕਤੰਤਰ ਗਣਰਾਜ ਐਲਾਨ ਕਰ ਦਿੱਤਾ ਗਿਆ। ਜੇਕਰ ਅੱਜ ਦੇ ਹਾਲਾਤ 'ਤੇ ਨਜ਼ਰ ਮਾਰੀ ਜਾਵੇ ਕੀ ਅਜਿਹਾ ਲਗਦਾ ਹੈ ਕਿ ਅਸੀਂ ਆਜ਼ਾਦ ਹੋ ਗਏ ਹਾਂ? ਅੰਗਰੇਜ਼ੀ ਹਕੂਮਤ ਤੋਂ ਸਾਡੇ ਸੂਰਬੀਰ ਯੋਧਿਆਂ ਨੇ ਜਾਨਾਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾ ਲਿਆ ਪਰ ਅੱਜ ਸਾਡੇ ਦੇਸ਼ ਦੀਆਂ ਹਕੂਮਤਾਂ ਜਿਸ ਤਰ੍ਹਾਂ ਲੋਕਾਂ ਦੀ ਆਜ਼ਾਦੀ 'ਤੇ ਰੋਕ ਲਾ ਰਹੀਆਂ ਹਨ, ਉਸ ਤੋਂ ਕਿਵੇਂ ਆਜ਼ਾਦ ਹੋਇਆ ਜਾਵੇਗਾ। ਜੇਕਰ ਕੋਈ ਆਪਣੀ ਆਜ਼ਾਦੀ ਲਈ ਕਲਮ ਦੀ ਵਰਤੋਂ ਕਰਦਾ ਹੈ ਤਾਂ ਉਸ ਦੀ ਕਲਮ 'ਤੇ ਰੋਕ ਲਗਾ ਦਿੱਤੀ ਜਾਂਦੀ ਹੈ। ਦਲਿਤ ਲੋਕਾਂ ਨਾਲ ਅੱਜ ਵੀ ਧਰਮ, ਜਾਤੀ ਦੇ ਆਧਾਰ 'ਤੇ ਭੇਦਭਾਵ ਕੀਤਾ ਜਾਂਦਾ ਹੈ। ਇਸ ਲਈ ਆਜ਼ਾਦੀ ਦਿਹਾੜੇ ਨੂੰ ਕੇਵਲ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ ਦੀ ਰਸਮ ਤੇ ਕੁਝ ਸਮੇਂ ਦੇ ਭਾਸ਼ਣ ਦੇ ਕੇ ਮਨਾਉਣ ਤੱਕ ਸੀਮਤ ਨਾ ਰੱਖਿਆ ਜਾਵੇ, ਸਗੋਂ ਇਸ ਗੱਲ ਦੀ ਪੜਤਾਲ ਕੀਤੀ ਜਾਵੇ, ਕੀ ਸਾਰੇ ਲੋਕ ਆਜ਼ਾਦੀ ਮਾਣ ਰਹੇ ਹਨ, ਕੀ ਉਹ ਜੀਵਨ ਦੇ ਹਰੇਕ ਖੇਤਰ ਵਿਚ ਸੁਤੰਤਰ ਹਨ।


-ਕਮਲ ਬਰਾੜ, ਪਿੰਡ ਕੋਟਲੀ ਅਬਲੂ।


ਰੁੱਖ ਤੇ ਮਨੁੱਖ ਅਟੁੱਟ ਰਿਸ਼ਤਾ
ਰੁੱਖ ਤੇ ਮਨੁੱਖ ਦਾ ਰਿਸ਼ਤਾ ਸਦੀਆਂ ਪੁਰਾਣਾ ਹੈ। ਅਸੀਂ ਕੁਦਰਤ ਤੋਂ ਦੂਰ ਹੁੰਦੇ ਜਾ ਰਹੇ ਹਾਂ। ਹਰੇ ਭਰੇ ਜੰਗਲਾਂ ਤੋਂ ਮਨੁੱਖ ਇੱਟਾਂ ਪੱਥਰਾਂ ਦੇ ਘਰਾਂ ਵਿਚ ਆ ਗਿਆ, ਰੁੱਖਾਂ ਨਾਲੋਂ ਰਿਸ਼ਤਾ ਤੋੜ ਕੇ ਬਨਾਵਟੀ ਜ਼ਿੰਦਗੀ ਜਿਊਣ ਲੱਗ ਪਿਆ। ਕੁਦਰਤ ਤੋਂ ਦੂਰ ਹੋਣ ਕਾਰਨ ਮਨੁੱਖ ਅਣਗਿਣਤ ਚਿੰਤਾਜਨਕ ਸਮੱਸਿਆਵਾਂ ਵਿਚ ਨਿੱਤ-ਪ੍ਰਤੀਦਿਨ ਘਿਰ ਰਿਹਾ ਹੈ। ਸਰੀਰਕ ਰੋਗਾਂ ਜਾਂ ਫਿਰ ਮਾਨਸਿਕ ਰੋਗਾਂ ਦੀ ਗ੍ਰਿਫ਼ਤ ਵਿਚ ਆ ਰਿਹਾ ਹੈ। ਜੇ ਅਸੀਂ ਨਾ ਬਦਲੇ, ਕੁਦਰਤੀ ਸੰਤੁਲਨ ਨਾ ਬਰਕਰਾਰ ਰੱਖਿਆ ਤਾਂ ਸ਼ੁੱਧ ਆਕਸੀਜਨ ਨੂੰ ਤਰਸਾਂਗੇ। ਸਮਾਜ ਦੇ ਹਰ ਵਰਗ ਬੱਚੇ, ਜਵਾਨ, ਬਜ਼ੁਰਗ ਨੂੰ ਰੁੱਖ ਲਗਾਉਣ, ਸੰਭਾਲ ਕਰਨ ਦੀ ਜ਼ਿੰਮੇਵਾਰੀ ਬਣਦੀ ਹੈ। ਇਸ ਵਿਚ ਹੀ ਸਰਬੱਤ ਦਾ ਭਲਾ ਹੈ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿ: ਪਟਿਆਲਾ।


ਖ਼ਤਰਨਾਕ ਹੈ ਕੀਟਨਾਸ਼ਕ ਸਪਰੇਅ
ਅੱਜਕਲ੍ਹ ਕਿਸਾਨਾਂ ਵਾਂਗ ਪਸ਼ੂ ਪਾਲਕ ਵੀ ਆਰਥਿਕ ਮੰਦਵਾੜੇ ਦੀ ਮਾਰ ਝੱਲ ਰਹੇ ਹਨ ਕਿਉਂਕਿ ਦੁੱਧ ਦਾ ਮੁੱਲ ਬਹੁਤ ਘੱਟ ਮਿਲ ਰਿਹਾ ਹੈ। ਇਥੇ ਪਾਣੀ ਦੀ ਬੋਤਲ ਤਾਂ 20-22 ਰੁਪਏ ਮਿਲਦੀ ਹੈ। ਦੁੱਧ ਦੀ ਬੋਤਲ 18 ਰੁਪਏ ਹੈ। ਇਸ ਹਾਲਤ ਵਿਚ ਗੁਜ਼ਾਰਾ ਕਰਨਾ ਮੁਸ਼ਕਿਲ ਹੈ। ਅੱਜਕਲ੍ਹ ਚਾਰੇ ਪਾਸੇ ਮੱਛਰ ਦੀ ਵੀ ਭਰਮਾਰ ਹੈ। ਮਨੁੱਖ ਤਾਂ ਇਸ ਤੋਂ ਬਚਣ ਲਈ ਕਈ ਤਰ੍ਹਾਂ ਦੇ ਉਪਰਾਲੇ ਜਿਵੇਂ ਪੱਖੇ, ਕੁਲਰ, ਗੁੱਡ ਨਾਈਟ, ਮੱਛਰਦਾਨੀ ਆਦਿ ਦਾ ਪ੍ਰਯੋਗ ਕਰਦਾ ਹੈ। ਪਸ਼ੂਆਂ ਲਈ ਉਹ ਜਾਂ ਤਾਂ ਘਾਹ ਫੁਸ ਦੀ ਧੂਣੀ ਪਾ ਛੱਡਦਾ ਹੈ ਜਾਂ ਮੱਛਰ ਵਾਲੀ ਦਵਾਈ ਦਾ ਛਿੜਕਾ ਕਰਦਾ ਹੈ ਜਾਂ ਫਿਰ ਕੀਟਨਾਸ਼ਕ ਦੀ ਹੀ ਸਪਰੇਅ ਕਰ ਦਿੰਦਾ ਹੈ। ਇਸ ਤਰ੍ਹਾਂ ਪਸ਼ੂ ਸਾਰਾ ਦਿਨ ਸਪਰੇਅ ਵਾਲੀ ਥਾਂ ਰਹਿੰਦੇ ਹਨ, ਜਿਸ ਨਾਲ ਪਸ਼ੂ ਬਿਮਾਰ ਹੋ ਜਾਂਦੇ ਹਨ। ਕਈ ਪਸ਼ੂ ਤਾਂ ਮਰ ਵੀ ਜਾਂਦੇ ਹਨ। ਸੋ, ਅਜਿਹੀਆਂ ਨਿੱਕੀਆਂ-ਨਿੱਕੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ।


-ਜਸਕਰਨ ਲੰਡੇ, ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਨਹੀਂ ਰੁਕ ਸਕਦੀ ਰਿਸ਼ਵਤਖੋਰੀ
ਪਿਛਲੇ ਦਿਨੀਂ ਛਪੀ ਖ਼ਬਰ 'ਰਿਸ਼ਵਤ ਕਾਂਡ : ਪੰਜਾਬ ਦੇ ਏ.ਆਈ.ਜੀ. ਪੀ.ਐਸ. ਸੰਧੂ ਦੋਸ਼ੀ ਕਰਾਰ' ਪੜ੍ਹੀ, ਜਿਸ ਵਿਚ ਪੜ੍ਹ ਕੇ ਇੰਜ ਮਹਿਸੂਸ ਹੋਇਆ ਕਿ ਰਿਸ਼ਵਤ ਲੈਣਾ ਇਕ ਆਮ ਗੱਲ ਬਣ ਚੁੱਕੀ ਹੈ। ਕਈ ਲੋਕ ਅਜਿਹੇ ਹੁੰਦੇ ਹਨ ਕਿ ਆਪਣਾ ਕੋਈ ਜੁਰਮ ਲੁਕਾਉਣ ਲਈ ਜਾਂ ਆਪਣਾ ਕੇਸ ਰਫ਼ਾ-ਦਫ਼ਾ ਕਰਨ ਲਈ ਪੁਲਿਸ ਅਫਸਰਾਂ ਨੂੰ ਰਿਸ਼ਵਤ ਦੇਣ ਲੱਗ ਪੈਂਦੇ ਹਨ ਤੇ ਉਹ ਅਫਸਰ ਵੀ ਅਜਿਹੇ ਹੁੰਦੇ ਹਨ ਕਿ ਉਹ ਰਿਸ਼ਵਤ ਲੈਣ ਤੋਂ ਇਨਕਾਰ ਨਹੀਂ ਕਰਦੇ ਤੇ ਉਹ ਆਪ ਵੀ ਜੁਰਮ ਦੇ ਭਾਗੀਦਾਰ ਬਣ ਜਾਂਦੇ ਹਨ। ਕਈ ਅਫਸਰ ਅਜਿਹੇ ਹਨ ਕਿ ਉਹ ਆਪ ਮੂੰਹੋਂ ਰਿਸ਼ਵਤ ਦੀ ਮੰਗ ਕਰਦੇ ਹਨ, ਜਿਸ ਤਰ੍ਹਾਂ ਏ.ਆਈ.ਜੀ. ਪੀ.ਐਸ. ਸੰਧੂ ਨੇ ਨਿਸ਼ਾਤ ਸ਼ਰਮਾ ਦੇ ਧੋਖਾਧੜੀ ਦੇ ਕੇਸ ਨੂੰ ਉਸ ਦੇ ਹੱਕ ਵਿਚ ਕਰਨ ਲਈ 3 ਲੱਖ ਰੁਪਏ ਦੀ ਮੰਗ ਕੀਤੀ ਸੀ। ਇਸ ਤਰ੍ਹਾਂ ਦੇ ਅਫਸਰਾਂ ਨੂੰ ਜੋ ਕਿ ਰਿਸ਼ਵਤ ਦੀ ਮੰਗ ਕਰਦੇ ਹਨ, ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ।


-ਬਲਵਿੰਦਰ ਕੌਰ
ਹਿੰਦੂ ਕੰਨਿਆ ਕਾਲਜ, ਕਪੂਰਥਲਾ।

15-08-2018

 ਕੈਮਿਸਟਾਂ ਦੀ ਹੜਤਾਲ
ਪਿਛਲੇ ਦਿਨੀਂ ਕੈਮਿਸਟਾਂ ਵਲੋਂ ਨਸ਼ੇ ਦੀ ਆੜ ਹੇਠ ਪੁਲਿਸ ਅਤੇ ਸਿਹਤ ਵਿਭਾਗ ਵਲੋਂ ਜਾਣਬੁੱਝ ਕੇ ਤੰਗ-ਪ੍ਰੇਸ਼ਾਨ ਕਰਨ ਅਤੇ ਆਨਲਾਈਨ ਜ਼ਰੀਏ ਗ਼ੈਰ-ਕਾਨੂੰਨੀ ਢੰਗ ਨਾਲ ਦਵਾਈਆਂ ਵੇਚੇ ਜਾਣ ਖਿਲਾਫ਼ ਦਵਾਈਆਂ ਦੀਆਂ ਦੁਕਾਨਾਂ ਬੰਦ ਰੱਖ ਕੇ ਹੜਤਾਲ ਕੀਤੀ ਗਈ, ਜਿਸ ਨਾਲ ਦਵਾਈਆਂ ਦੀ ਅਣਹੋਂਦ ਕਾਰਨ ਆਮ ਨਾਗਰਿਕ ਅਤੇ ਮਰੀਜ਼ ਖੱਜਲ-ਖੁਆਰ ਹੁੰਦੇ ਰਹੇ। ਇਕ ਟੀ.ਵੀ. 'ਤੇ ਬਹਿਸ ਦੌਰਾਨ ਦੇਖਿਆ ਗਿਆ ਕਿ ਕੈਮਿਸਟਾਂ ਦੇ ਅਹੁਦੇਦਾਰ ਬੋਲ ਰਹੇ ਸਨ ਕਿ ਦਵਾਈਆਂ ਦੀ ਦੁਕਾਨ 'ਤੇ ਪੁਲਿਸ ਵਾਲੇ, ਨੰਬਰਦਾਰ ਇਥੋਂ ਤੱਕ ਕਿ ਪਟਵਾਰੀ ਵੀ ਆ ਕੇ ਨਸ਼ੇ ਦੀਆਂ ਗੋਲੀਆਂ ਚੈੱਕ ਕਰਦੇ ਹਨ, ਜਿਨ੍ਹਾਂ ਨੂੰ ਕਿ ਇਸ ਕਿੱਤੇ ਦੀ ਕੋਈ ਜਾਣਕਾਰੀ ਨਹੀਂ ਹੁੰਦੀ। ਕੈਮਿਸਟਾਂ ਨੂੰ ਥਾਣਿਆਂ ਵਿਚ ਬੁਲਾ ਕੇ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ, ਜਿਵੇਂ ਕਿ ਉਹ ਕੋਈ ਮੁਜਰਮ ਹੋਣ। ਕਿਸੇ ਵੀ ਕੈਮਿਸਟ ਦੀ ਦੁਕਾਨ ਦੀ ਚੈਕਿੰਗ ਪੂਰੀ ਟੀਮ ਨਾਲ ਹੋਣੀ ਚਾਹੀਦੀ ਹੈ, ਜਿਸ ਵਿਚ ਘੱਟੋ-ਘੱਟ ਸਿਹਤ ਵਿਭਾਗ ਦਾ ਅਧਿਕਾਰੀ ਜ਼ਰੂਰ ਸ਼ਾਮਿਲ ਹੋਵੇ। ਸੰਗਠਨ ਦੇ ਅਹੁਦੇਦਾਰਾਂ ਜਾਂ ਕੈਮਿਸਟਾਂ ਦੀ ਮੀਟਿੰਗ ਐਸ.ਡੀ.ਐਮ./ਤਹਿਸੀਲਦਾਰ ਦੇ ਦਫ਼ਤਰ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਸ ਕਿੱਤੇ ਨਾਲ ਜੁੜੇ ਲੋਕ ਫਖ਼ਰ ਮਹਿਸੂਸ ਕਰਨ।


-ਅਮਰੀਕ ਸਿੰਘ ਚੀਮਾ, ਜਲੰਧਰ।


ਕਿਰਤ ਦੀ ਮਹੱਤਤਾ
ਪਿੰਗਲਵਾੜਾ ਸੰਸਥਾ (ਅੰਮ੍ਰਿਤਸਰ) ਵਲੋਂ ਅਨੋਖਾ ਕਿਰਤੀ ਮੇਲਾ 29 ਜੁਲਾਈ ਤੋਂ 2 ਅਗਸਤ ਤੱਕ ਮਨਾਇਆ ਗਿਆ। ਕਿਰਤ ਦੀ ਮਹੱਤਤਾ ਨੂੰ ਸਮਰਪਿਤ ਇਸ ਸੰਸਥਾ ਦਾ ਵਧੀਆ ਉਪਰਾਲਾ ਹੈ। ਅੱਜ ਦਾ ਮਨੁੱਖ ਕਿਰਤ ਨਾਲੋਂ ਟੁੱਟ ਰਿਹਾ ਹੈ। ਆਪਣੇ ਦੇਸ਼ ਵਿਚ ਹੱਥੀਂ ਕੰਮ ਕਰਨਾ ਅੱਜ ਦੀ ਨੌਜਵਾਨ ਪੀੜ੍ਹੀ ਲਈ ਬਹੁਤ ਔਖਾ ਹੈ। ਨੌਜਵਾਨਾਂ ਦਾ ਵੀ ਤਰਕ ਹੈ ਕਿ ਇਥੇ ਹੱਥੀਂ ਕਿਰਤ ਦਾ ਮੁੱਲ ਨਹੀਂ ਪੈਂਦਾ। ਸਰਕਾਰਾਂ ਇਸ ਪੱਖ ਤੋਂ ਸੁੱਤੀਆਂ ਹੋਈਆਂ ਹਨ। ਡਾ: ਇੰਦਰਜੀਤ ਕੌਰ ਦਾ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਇਹੋ ਸੁਨੇਹਾ ਦੇਣਾ ਹੈ ਕਿ ਹੱਥੀਂ ਬਣਾਈਆਂ ਵਸਤਾਂ ਦਾ ਚੰਗਾ ਮੁੱਲ ਪਵੇ ਤੇ ਕਾਰੀਗਰ ਖੁਸ਼ਹਾਲ ਹੋਣ। ਇਸ ਮੇਰੇ ਦਾ ਮਕਸਦ ਹੱਥੀਂ ਕਿਰਤ ਕਰਨ ਵਾਲਿਆਂ ਦਾ ਸਤਿਕਾਰ ਤੇ ਉਨ੍ਹਾਂ ਵਲੋਂ ਬਣਾਈਆਂ ਵਸਤਾਂ ਦਾ ਸਹੀ ਮੁੱਲ ਪਵੇ। ਜੰਡਿਆਲਾ ਗੁਰੂ ਦੇ ਪਿੱਤਲ ਦੇ ਭਾਂਡੇ, ਦਾਸੂਵਾਲ ਦੀਆਂ ਕਹੀਆਂ, ਨਕੋਦਰ ਮਹਿਤਪੁਰ ਦੀਆਂ ਦਰੀਆਂ, ਸਭ ਅਲੋਪ ਹੋ ਗਿਆ ਹੈ। ਕਿੱਤਿਆਂ 'ਚ ਮੁਹਾਰਤ ਰੱਖਣ ਵਾਲਿਆਂ ਨੂੰ ਇਸ ਮੇਲੇ 'ਚ ਸਤਿਕਾਰ ਦੇਣਾ ਬਣਦਾ ਹੈ। ਪਿੰਗਲਵਾੜਾ ਸੰਸਥਾ ਦਾ ਇਹ ਵਧੀਆ ਉਪਰਾਲਾ ਹੈ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਪ੍ਰੇਰਨਾਦਾਇਕ ਪ੍ਰਾਪਤੀ
ਬੀਤੇ ਦਿਨੀਂ ਭੁਪਾਲ ਦੇ ਦੇਵਾਸ 'ਚ ਰਹਿਣ ਵਾਲੇ ਆਸਾ ਰਾਮ ਚੌਧਰੀ ਵਲੋਂ ਪਹਿਲੀ ਵਾਰ 'ਚ ਹੀ ਏਮਜ਼ ਦੀ ਦਾਖ਼ਲਾ ਪ੍ਰੀਖਿਆ ਪਾਸ ਕਰਨ ਦੀ ਖ਼ਬਰ ਪੜ੍ਹੀ ਤਾਂ ਆਪ ਮੁਹਾਰੇ ਮਹਾਨ ਸੂਫ਼ੀ ਲੇਖਕ ਹਾਸ਼ਮ ਸ਼ਾਹ ਦੀਆਂ ਸਤਰਾਂ ਯਾਦ ਆ ਗਈਆਂ 'ਹਾਸ਼ਮ ਫ਼ਤਹਿ ਨਸੀਬ ਉਨ੍ਹਾਂ ਤਿਨ੍ਹਾਂ ਹਿੰਮਤ ਯਾਰ ਬਣਾਈ'। ਇਨ੍ਹਾਂ ਸਤਰਾਂ ਨੂੰ ਸੱਚ ਕਰ ਵਿਖਾਇਆ ਭੁਪਾਲ ਦੇ ਦੇਵਾਸ 'ਚ ਰਹਿਣ ਵਾਲੇ ਰਣਜੀਤ ਚੌਧਰੀ ਦੇ ਬੇਟੇ ਆਸਾ ਰਾਮ ਚੌਧਰੀ ਨੇ। ਖ਼ਬਰ ਅਨੁਸਾਰ ਰਣਜੀਤ ਚੌਧਰੀ ਸਫ਼ਾਈ ਕਰਨ ਦਾ ਕੰਮ ਕਰਦਾ ਹੈ ਅਤੇ ਉਸ ਦੇ ਘਰ ਬਿਜਲੀ ਅਤੇ ਪਖਾਨੇ ਦਾ ਵੀ ਪ੍ਰਬੰਧ ਨਹੀਂ ਹੈ। 18 ਸਾਲਾ ਇਹ ਨੌਜਵਾਨ ਜਦੋਂ ਐਮ.ਬੀ.ਬੀ.ਐਸ. ਦੀ ਡਿਗਰੀ ਕਰਨ ਲਈ ਜੋਧਪੁਰ ਬਸ ਰਾਹੀਂ ਰਵਾਨਾ ਹੋਇਆ ਤਾਂ ਉਸ ਦੀ ਟਿਕਟ ਦੇਵਾਸ ਦੇ ਜ਼ਿਲ੍ਹਾ ਕੁਲੈਕਟਰ ਸ੍ਰੀਕਾਂਤ ਪਾਂਡੇ ਨੇ ਲੈ ਕੇ ਦਿੱਤੀ। ਐਮ.ਬੀ.ਬੀ.ਐਸ. ਤੋਂ ਬਾਅਦ ਆਸਾ ਰਾਮ ਦੀ ਤਮੰਨਾ ਹੈ ਕਿ ਨਿਊਰੋਲਾਜੀ ਵਿਚ ਐਮ.ਐਸ. ਕਰੇ ਅਤੇ ਆਪਣੇ ਪਿੰਡ ਦੇ ਲੋੜਵੰਦਾਂ ਦੀ ਸਹਾਇਤਾ ਕਰਨ ਦਾ ਮਾਣ ਹਾਸਲ ਕਰੇ। ਇਸ ਦੀ ਪ੍ਰਾਪਤੀ 'ਤੇ ਸ੍ਰੀ ਰਾਹੁਲ ਗਾਂਧੀ ਵਲੋਂ ਵੀ ਪੱਤਰ ਲਿਖ ਕੇ ਪ੍ਰਸੰਸਾ ਕੀਤੀ ਗਈ। ਸੋ ਲੋੜ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਕੋਲ ਪੂਰੀਆਂ ਸੁਖ-ਸਹੂਲਤਾਂ ਤਾਂ ਮੌਜੂਦ ਹਨ ਪਰ ਜਜ਼ਬਿਆਂ ਦੀ ਘਾਟ ਹੈ, ਇਸ ਨੌਜਵਾਨ ਤੋਂ ਪ੍ਰੇਰਨਾ ਲੈਣ ਅਤੇ ਆਪਣੇ ਮੁਲਕ ਦੀ ਤਰੱਕੀ ਵਿਚ ਯੋਗਦਾਨ ਪਾਉਣ।


-ਧਰਮਿੰਦਰ ਸ਼ਾਹਿਦ ਖੰਨਾ
580, ਗਲੀ ਨੰ:10, ਕ੍ਰਿਸ਼ਨਾ ਨਗਰ, ਖੰਨਾ।


ਸੰਭਵ ਰੁਜ਼ਗਾਰ ਦੇ ਮੌਕੇ
ਅੱਜ ਦੁਨੀਆ 'ਚੋਂ ਜੀਵਨ ਨੂੰ ਸਹੀ ਸਲਾਮਤ ਚਲਾਉਣ ਲਈ ਕਾਨੂੰਨ ਤੇ ਸਮਾਜ ਅਨੁਸਾਰ ਨਿਰਧਾਰਤ ਕੰਮ ਕਰਨਾ ਪੈਂਦਾ ਹੈ, ਜਿਸ ਤੋਂ ਆਮਦਨ ਹੋ ਸਕੇ ਕਿਉਂਕਿ ਹਰ ਚੀਜ਼ ਪੈਸੇ ਦੀ ਆਉਂਦੀ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ ਦੁਨੀਆ ਵਿਚ ਜਨਸੰਖਿਆ ਦੇ ਹਿਸਾਬ ਨਾਲ ਰੁਜ਼ਗਾਰ ਦੇ ਸਾਧਨ ਮੌਜੂਦ ਨਹੀਂ ਹਨ। ਭਾਰਤ ਦੇਸ਼ ਵਿਚ ਹਰੇਕ ਵਿਅਕਤੀ ਤੱਕ ਰੁਜ਼ਗਾਰ ਪਹੁੰਚਾਉਣ ਲਈ ਨਰੇਗਾ ਸਕੀਮ ਜਿਸ ਵਿਚ ਪਰਿਵਾਰ ਲਈ 100 ਦਿਨ ਰੁਜ਼ਗਾਰ ਗਾਰੰਟੀ ਨਾਲ ਦਿੱਤਾ ਜਾਂਦਾ ਹੈ, ਨੂੰ ਵਧਾਉਣਾ ਪਵੇਗਾ। ਅਜਿਹਾ ਦੇਸ਼ ਵਿਚ ਮੌਜੂਦ ਸਾਧਨਾਂ ਨਾਲ ਹੀ ਕਰਨਾ ਸੰਭਵ ਹੈ ਸਿਰਫ ਲੋੜ ਹੈ ਉਪਰਾਲਾ ਕਰਨ ਦੀ। ਮਾਨਸਿਕ ਸਥਿਤੀ ਬਦਲਣੀ ਪਵੇਗੀ। ਸਥਾਪਿਤ ਹੋ ਚੁੱਕੇ ਰੁਜ਼ਗਾਰ ਸਾਧਨਾਂ ਨੂੰ ਲਗਾਤਾਰ ਵਧਾਉਣ ਤੇ ਵਿਕਾਸ ਲਈ ਯਤਨ ਕਰਨ ਦੀ ਲਹਿਰ ਚਲਾ ਕੇ ਹਰੇਕ ਦੇਸ਼ ਵਾਸੀ ਤੱਕ ਰੁਜ਼ਗਾਰ ਪਹੁੰਚਾਉਣਾ ਸੰਭਵ ਹੈ।


-ਬਿਹਾਲਾ ਸਿੰਘ, ਹੁਸ਼ਿਆਰਪੁਰ।


ਡੋਪ ਹੋਇਆ ਅਲੋਪ
ਡੋਪ ਟੈਸਟ ਵੀ ਇਕ ਮਾਤਰ ਟੈਸਟ ਨਾ ਹੁੰਦਾ ਹੋਇਆ ਰਾਜਨੀਤਕ ਮੁੱਦਾ ਬਣ ਕੇ ਰਹਿ ਗਿਆ, ਇਸ ਮੁੱਦੇ ਨੇ ਨਸ਼ਿਆਂ ਵਿਰੁੱਧ ਚੱਲ ਰਹੀ ਸਮਾਜਿਕ ਲਹਿਰ ਨੂੰ ਠੁੱਸ ਕਰਕੇ ਰੱਖ ਦਿੱਤਾ ਹੈ। ਸਮਾਜਿਕ ਲਾਹਨਤ ਬਣ ਚੁੱਕੀ ਨਸ਼ਿਆਂ ਤੋਂ ਬਚਾਉਣ ਲਈ ਕਿਸੇ ਵੀ ਨੇਤਾ ਨੇ ਹੰਭਲਾ ਮਾਰਨ ਦੀ ਬਜਾਇ ਆਪਣੇ-ਆਪ ਦੇ ਅਕਸ ਨੂੰ ਸੁਧਾਰਨ ਲਈ ਡੋਪ ਟੈਸਟ ਦੀ ਭੇਡ ਚਾਲ ਦਾ ਹਿੱਸਾ ਬਣ ਗਏ। ਨਸ਼ਿਆਂ ਦੀ ਦਲਦਲ ਵਿਚੋਂ ਜਵਾਨੀ ਨੂੰ ਕੱਢਣ ਦੀ ਬਜਾਇ ਹਰ ਕੋਈ ਡੋਪ ਟੈਸਟਾਂ ਦੀ ਲਾਈਨ ਵਿਚ ਨਜ਼ਰ ਆਉਣ ਲੱਗਿਆ ਜਿਸ ਤੋਂ ਸਿੱਧ ਹੁੰਦਾ ਸੀ ਕਿ ਹਰ ਕੋਈ ਆਪਣਾ ਦਾਗ਼ ਧੋਣ ਦੀ ਕੋਸ਼ਿਸ ਕਰ ਰਿਹੈ, ਸਮਾਜ ਦੀ ਮੁਸ਼ਕਿਲ ਨੂੰ ਸਮਝਣਾ ਕੋਈ ਜ਼ਰੂਰੀ ਨਹੀਂ ਸਮਝ ਰਿਹਾ ਸੀ। ਦੂਜੇ ਪਾਸੇ ਜਵਾਨ ਪੁੱਤਾਂ ਦੀਆਂ ਲਾਸ਼ਾਂ ਨਾਲ ਸਮਾਜ ਗਹਿਰੇ ਸਦਮੇ ਤੇ ਭੈਭੀਤ ਵਾਲੇ ਮਾਹੌਲ ਵਿਚ ਗੁਜ਼ਰ ਰਿਹਾ। ਦੇਸ਼ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ, ਨਸ਼ੇ ਦੇ ਖ਼ਾਤਮੇ ਲਈ ਹੱਲ ਲੱਭੇ ਜਾਣ ਮੁੱਦੇ ਨਹੀਂ। ਜੇਕਰ ਡਾਕਟਰ ਨੂੰ ਆਪਣੇ ਕੰਮ 'ਤੇ ਹੀ ਯਕੀਨ ਨਹੀਂ, ਉਹ ਰੋਗੀ ਦਾ ਇਲਾਜ ਠੀਕ ਨਹੀਂ ਕਰ ਸਕੇਗਾ।


-ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾ, ਜ਼ਿਲ੍ਹਾ ਫਾਜ਼ਿਲਕਾ।


'ਆਪ' ਦੀ ਅੰਦਰੂਨੀ ਲੜਾਈ
ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਰੂਪ ਵਿਚ ਇਕ ਨਵੇਂ ਪੰਜਾਬ ਦਾ ਸੁਪਨਾ ਵੇਖਿਆ ਸੀ। ਪਰ ਉਹ ਸੁਪਨਾ ਅਧੂਰਾ ਰਹਿ ਗਿਆ ਸੀ। ਅੱਜ ਉਹ ਸੁਪਨਾ ਟੁੱਟਦਾ ਨਜ਼ਰ ਆ ਰਿਹਾ ਹੈ ਜਦੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੋ ਫਾੜ ਨਜ਼ਰ ਆ ਰਹੀ ਹੈ। ਇਸ ਲਈ ਜ਼ਿੰਮੇਵਾਰ ਪਾਰਟੀ ਦੇ ਆਪਣੇ ਲੋਕ ਹੀ ਹਨ। ਕੁਝ ਲੋਕ ਇਹ ਕਹਿ ਰਹੇ ਹਨ ਕਿ ਇਸ ਦਾ ਕਾਰਨ ਖਹਿਰੇ ਦਾ ਕੁਰਸੀ ਨਾਲ ਮੋਹ ਹੈ ਅਤੇ ਜ਼ਿਆਦਾਤਰ ਇਹ ਵੀ ਕਹਿ ਰਹੇ ਹਨ ਕਿ ਇਹ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੀ ਆਪਹੁਦਰੀ ਨੀਤੀ ਇਸ ਦਾ ਕਾਰਨ ਹੈ। ਸ਼ਾਇਦ ਇਹ ਨੀਤੀ ਆਪਾਂ ਪਹਿਲਾਂ ਵੀ ਪੰਜਾਬ ਅਤੇ ਦਿੱਲੀ ਵਿਚ ਵੀ ਪਾਰਟੀ ਦੇ ਕਈ ਅਜਿਹੇ ਹੀ ਫ਼ੈਸਲਿਆਂ ਵਿਚ ਵੇਖ ਚੁੱਕੇ ਹਾਂ। ਜੇਕਰ ਅਜਿਹਾ ਹੈ ਤਾਂ ਆਪਣੇ-ਆਪ ਨੂੰ ਆਮ ਆਦਮੀ ਦੀ ਪਾਰਟੀ ਕਹਿਣ ਵਾਲੀ ਲੀਡਰਸ਼ਿਪ ਆਮ ਆਦਮੀ ਦੀ ਤਾਕਤ ਨੂੰ ਕਿਉਂ ਭੁੱਲ ਗਈ।


-ਗੁਰਦੀਪ ਸਿੰਘ।

10-08-2018

 ਭ੍ਰਿਸ਼ਟਾਚਾਰੀ ਹੋਣ ਦੀ ਲੋੜ ਕਿਉਂ?
ਪਿਛਲੇ ਦਿਨੀਂ 'ਅਜੀਤ' ਵਿਚ ਛਪੀ ਖ਼ਬਰ ਕਿ ਹੁਣ ਰਿਸ਼ਵਤ ਦੇਣ ਵਾਲਿਆਂ ਨੂੰ ਨਵੇਂ ਬਣੇ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਸਹਿਮਤੀ ਤਹਿਤ ਸੱਤ ਸਾਲ ਦੀ ਕੈਦ ਹੋਵੇਗੀ। ਇਹ ਖ਼ਬਰ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਇਕ ਕਦਮ ਹੋ ਸਕਦਾ ਹੈ ਕਿਉਂਕਿ ਰਿਸ਼ਵਤ ਲੈਣਾ ਦੇਣਾ ਅੱਜਕਲ੍ਹ ਆਮ ਜਿਹੀ ਗੱਲ ਹੋ ਗਈ ਹੈ। ਪਰ ਇਸ ਗੱਲ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਕਿ ਕੋਈ ਵਿਅਕਤੀ ਰਿਸ਼ਵਤ ਦੇ ਕਿਉਂ ਰਿਹਾ ਹੈ? ਕੋਈ ਵੀ ਵਿਅਕਤੀ ਆਪਣੀ ਖੁਸ਼ੀ ਨਾਲ ਰਿਸ਼ਵਤ ਨਹੀਂ ਦਿੰਦਾ, ਜਦੋਂ ਆਮ ਵਿਅਕਤੀ ਦੀ ਸੁਣਵਾਈ ਸਰਕਾਰੀ ਦਫ਼ਤਰਾਂ ਵਿਚ ਕਰਮਚਾਰੀਆਂ ਵਲੋਂ ਨਹੀਂ ਕੀਤੀ ਜਾਂਦੀ ਤਾਂ ਮਜਬੂਰਨ ਵਿਅਕਤੀ ਨੂੰ ਲੋੜ ਤੋਂ ਵੱਧ ਪੈਸੇ ਦੇ ਕੇ ਆਪਣਾ ਕੰਮ ਕਰਵਾਉਣਾ ਪੈਂਦਾ ਹੈ। ਇਥੇ ਗ਼ਲਤ ਕੌਣ ਹੈ? ਜੋ ਮਜਬੂਰਨ ਆਪਣੇ ਕੰਮ ਨੂੰ ਕਰਵਾਉਣ ਲਈ ਰਿਸ਼ਵਤ ਦੇ ਰਿਹਾ ਹੈ ਜਾਂ ਉਹ ਜੋ ਉਸ ਦੀ ਸੁਣਵਾਈ ਨਾ ਕਰਦੇ ਹੋਏ ਉਸ ਨੂੰ ਰਿਸ਼ਵਤ ਦੇਣ ਲਈ ਮਜਬੂਰ ਕਰ ਰਹੇ ਹਨ। ਸਿਸਟਮ ਨੇ ਇਹ ਕਾਨੂੰਨ ਤਾਂ ਬਣਾ ਦਿੱਤਾ ਪਰ ਇਹ ਕਾਨੂੰਨ ਕਿੱਥੋਂ ਤੱਕ ਸਹੀ ਹੋਵੇਗਾ? ਇਸ ਤੋਂ ਪਹਿਲਾਂ ਵੀ ਕਿੰਨੇ ਕਾਨੂੰਨ ਬਣੇ ਹੋਏ ਹਨ ਤੇ ਰੋਜ਼ ਕਿੰਨੇ ਹੀ ਕਰਮਚਾਰੀ ਆਪਣੀ ਪਦਵੀ ਦਾ ਗ਼ਲਤ ਫਾਇਦਾ ਲੈਂਦੇ ਹੋਏ ਆਮ ਆਦਮੀ ਨੂੰ ਰਿਸ਼ਵਤ ਦੇਣ ਲਈ ਮਜਬੂਰ ਕਰਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਕੋਈ ਅਜਿਹਾ ਕਾਨੂੰਨ ਬਣਾਏ, ਜਿਸ ਨਾਲ ਕਿਸੇ ਵਿਅਕਤੀ ਨੂੰ ਰਿਸ਼ਵਤ ਦੇਣ ਦੀ ਲੋੜ ਨਾ ਪਵੇ, ਜਿਸ ਨਾਲ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ।


-ਮੋਨਿਕਾ
ਹਿੰਦੂ ਕੰਨਿਆ ਕਾਲਜ, ਕਪੂਰਥਲਾ।


ਰਸਮਾਂ-ਰਿਵਾਜਾਂ ਦੀ ਮਹੱਤਤਾ
ਪੰਜਾਬੀ ਜਨ-ਜੀਵਨ ਵੱਖ-ਵੱਖ ਰਸਮਾਂ, ਰਿਵਾਜਾਂ ਨਾਲ ਓਤਪੋਤ ਹੈ। ਹਰੇਕ ਕਬੀਲੇ, ਜਾਤ ਅਤੇ ਧਰਮ ਦੇ ਲੋਕਾਂ ਦੇ ਆਪਣੇ-ਆਪਣੇ ਰਿਵਾਜ ਹਨ, ਜਿਹੜੇ ਥੋੜ੍ਹੇ ਬਹੁਤੇ ਫ਼ਰਕ ਨਾਲ ਲਗਪਗ ਹਰ ਥਾਂ 'ਤੇ ਨਿਭਾਏ ਜਾਂਦੇ ਰਹੇ ਹਨ। ਅੱਜ ਤਕਨਾਲੋਜੀ ਦੇ ਯੁੱਗ ਵਿਚ ਸਥਿਤੀਆਂ ਦੇ ਬਦਲਣ ਤੇ ਲੋਕਾਂ ਦੀ ਸੋਚ ਦ੍ਰਿਸ਼ਟੀ ਵਿਚ ਪਰਿਵਰਤਨ ਆਉਣ ਨਾਲ ਭਾਵੇਂ ਇਨ੍ਹਾਂ ਸਾਰੇ ਰਸਮਾਂ-ਰਿਵਾਜਾਂ ਦੀ ਇੰਨ-ਬਿੰਨ ਪਾਲਣਾ ਨਹੀਂ ਕੀਤੀ ਜਾਂਦੀ, ਪਰ ਫਿਰ ਵੀ ਅਸੀਂ ਦੇਖਦੇ ਹਾਂ ਕਿ ਕਿਸੇ ਨਾ ਕਿਸੇ ਰੂਪ ਵਿਚ ਥੋੜ੍ਹੇ ਬਹੁਤੇ ਫ਼ਰਕ ਨਾਲ ਇਹ ਰਸਮਾਂ-ਰਿਵਾਜ ਅੱਜ ਵੀ ਨਿਭਾਏ ਜਾ ਰਹੇ ਹਨ ਅਤੇ ਨਿਭਾਏ ਜਾਂਦੇ ਰਹਿਣਗੇ। ਅੱਜ ਲੋੜ ਹੈ ਆਉਣ ਵਾਲੀਆਂ ਨਸਲਾਂ ਨੂੰ ਆਪਣੇ ਅਮੀਰ ਵਿਰਸੇ ਤੋਂ ਜਾਣੂ ਕਰਵਾਉਣ ਦੀ ਅਤੇ ਇਨ੍ਹਾਂ ਦੇ ਵਿਗਿਆਨਕ ਮਹੱਤਵ ਨੂੰ ਦ੍ਰਿੜ੍ਹ ਕਰਵਾਉਣ ਦੀ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਵਿਰਸੇ 'ਤੇ ਮਾਣ ਕਰ ਸਕਣ, ਇਨ੍ਹਾਂ ਦੀ ਮਰਿਆਦਾ ਨੂੰ ਸਮਝ ਸਕਣ। ਸਮੁੱਚੇ ਤੌਰ 'ਤੇ ਇਹ ਸਾਰੇ ਰਸਮ-ਰਿਵਾਜ ਮਨੁੱਖ ਨੂੰ ਮਨੁੱਖ ਨਾਲ, ਰਿਸ਼ਤੇਦਾਰ ਨੂੰ ਰਿਸ਼ਤੇਦਾਰ ਨਾਲ ਅਤੇ ਭਾਈਚਾਰੇ ਨੂੰ ਭਾਈਚਾਰੇ ਨਾਲ ਜੋੜਦੇ ਹਨ।


-ਜਸ਼ਨਦੀਪ ਕੌਰ ਢਿੱਲੋਂ
ਭੁੱਟੀਵਾਲਾ, ਸ੍ਰੀ ਮੁਕਤਸਰ ਸਾਹਿਬ।


ਵਿਦੇਸ਼ੀ ਰੁਝਾਨ
ਦੁਨੀਆ ਦੇ ਲਗਪਗ ਹਰੇਕ ਦੇਸ਼ ਵਿਚ ਭਾਰਤੀ ਮੂਲ ਦੇ ਲੋਕਾਂ ਦਾ ਵਾਸਾ ਹੈ। ਪੁਰਾਣੇ ਸਮੇਂ ਤੋਂ ਕੁਝ ਲੋਕ ਰੁਜ਼ਗਾਰ ਦੀ ਤਲਾਸ਼ ਵਿਚ ਵਿਦੇਸ਼ ਗਏ ਸਨ ਅਤੇ ਬਹੁਤ ਸਾਰੇ ਲੋਕਾਂ ਨੂੰ ਦੇਸ਼ ਦੀ ਗੁਲਾਮੀ ਸਮੇਂ ਕੇਂਦਰੀ ਏਸ਼ੀਆ ਤੋਂ ਆਉਣ ਵਾਲੇ ਹਮਲਾਵਰ ਤੇ ਅੰਗਰੇਜ਼ ਹਕੂਮਤ ਵਲੋਂ ਗੁਲਾਮ ਬਣਾ ਕੇ ਵੱਖ-ਵੱਖ ਦੇਸ਼ਾਂ ਵਿਚ ਆਪਣੀ ਲੋੜ ਅਨੁਸਾਰ ਭੇਜ ਦਿੱਤਾ ਗਿਆ ਜਾਂ ਵੇਚ ਦਿੱਤਾ ਗਿਆ ਸੀ।
ਅੱਜ ਭਾਰਤ ਆਜ਼ਾਦ ਦੇਸ਼ ਹੈ ਪਰ ਫਿਰ ਵੀ ਵਿਦੇਸ਼ੀ ਰੁਝਾਨ ਗੁਲਾਮੀ ਸਮੇਂ ਤੋਂ ਵੀ ਵਧੇਰੇ ਵਧ ਚੁੱਕਾ ਹੈ। ਅਜਿਹਾ ਕਿਉਂ? ਦਰਅਸਲ ਭਾਰਤ ਦੇਸ਼ ਵਿਚ ਸਰਕਾਰ ਦੀ ਦੇਖ-ਰੇਖ ਹੇਠ ਰੁਜ਼ਗਾਰ ਦੇ ਮੌਕਿਆਂ ਦੀ ਬਹੁਤ ਘਾਟ ਹੈ। ਜ਼ਿਆਦਾ ਕੰਮ ਪ੍ਰਾਈਵੇਟ ਹਨ, ਜਿਨ੍ਹਾਂ ਵਿਚ ਮੁਲਾਜ਼ਮਾਂ ਦਾ ਆਰਥਿਕ ਸ਼ੋਸ਼ਣ ਤਾਂ ਹੁੰਦਾ ਹੀ ਹੈ, ਨਾਲ ਹੀ ਅੱਠ ਘੰਟਿਆਂ ਤੋਂ ਜ਼ਿਆਦਾ ਕੰਮ ਲੈ ਕੇ ਸਰੀਰਕ ਤੇ ਮਾਨਸਿਕ ਘਾਣ ਵੀ ਕੀਤਾ ਜਾਂਦਾ ਹੈ। ਵਿਦੇਸ਼ਾਂ ਨੂੰ ਜਾਣ ਵਾਲਾ ਇਕ ਵਰਗ ਮਾਨਸਿਕ ਲਾਲਸਾ ਤੇ ਭਟਕਣਾ ਦਾ ਸ਼ਿਕਾਰ ਵੀ ਹੈ ਕਿਉਂਕਿ ਇਸ ਵਰਗ ਦੇ ਲੋਕਾਂ ਕੋਲ ਭਾਰਤ ਵਿਚ ਚੰਗੀਆਂ ਜ਼ਮੀਨਾਂ ਤੇ ਕਾਰੋਬਾਰ ਉਬਲਬਧ ਹੁੰਦੇ ਹਨ ਪਰ ਫਿਰ ਵੀ ਇਹ ਪੱਛਮੀ ਦੇਸ਼ਾਂ ਨੂੰ ਭੱਜਦੇ ਹਨ। ਸੋ, ਸਰਕਾਰ ਨੂੰ ਚਾਹੀਦਾ ਹੈ ਦੇਸ਼ ਵਿਚ ਹਰ ਪ੍ਰਕਾਰ ਦੇ ਕੰਮਕਾਜ ਅਰਥਾਤ ਰੁਜ਼ਗਾਰ ਸਬੰਧੀ ਠੋਸ ਨੀਤੀ ਬਣਾਵੇ ਤਾਂ ਜੋ ਕੰਮ ਬਦਲੇ ਢੁਕਵਾਂ ਮਿਹਨਤਾਨਾ ਮਿਲੇ ਤੇ ਪ੍ਰਾਈਵੇਟ ਮਾਲਕਾਂ ਨੂੰ ਸ਼ੋਸ਼ਣ, ਘਾਣ ਤੇ ਲੁੱਟ-ਖਸੁੱਟ ਬੰਦ ਕਰਨ ਲਈ ਪਾਬੰਦ ਕਰੇ।


-ਬਿਹਾਲਾ ਸਿੰਘ
ਹੁਸ਼ਿਆਰਪੁਰ।


ਬੇਰੁਜ਼ਗਾਰੀ
ਅਦਾਰਾ 'ਅਜੀਤ' ਵਲੋਂ ਸਮੇਂ-ਸਮੇਂ ਅਨੇਕਾਂ ਮੁੱਦੇ ਉਭਾਰ ਕੇ ਸਮਾਜ ਦੀਆਂ ਅਨੇਕਾਂ ਸਮੱਸਿਆਵਾਂ ਦਾ ਹੱਲ ਸਰਕਾਰ 'ਤੇ ਦਬਾਅ ਬਣਾ ਕੇ ਕਰਨ 'ਚ ਆਪਣੀ ਵਧੀਆ ਭੂਮਿਕਾ ਨਿਭਾਉਣ ਦੇ ਸਦਾ ਯਤਨ ਰਹੇ ਹਨ ਪਰ ਅੱਜ ਸਭ ਤੋਂ ਵੱਡਾ ਮੁੱਦਾ ਜੇ ਹੈ ਤਾਂ ਉਹ ਹੈ ਬੇਰੁਜ਼ਗਾਰੀ ਦਾ।
ਜੇਕਰ ਪੰਜਾਬ ਜਾਂ ਦੇਸ਼ ਦੇ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਸਰਕਾਰੀ ਜਾਂ ਗ਼ੈਰ-ਸਰਕਾਰੀ ਰੁਜ਼ਗਾਰ ਮਿਲ ਜਾਵੇਗਾ ਤਾਂ ਸ਼ਾਇਦ ਮੇਰੀ ਨਿੱਜੀ ਰਾਇ ਅਨੁਸਾਰ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ। ਸਰਕਾਰ ਵਲੋਂ ਗੰਭੀਰ ਹੋ ਕੇ ਘੱਟੋ-ਘੱਟ ਨੌਜਵਾਨਾਂ ਨੂੰ ਸਮੇਂ-ਸਮੇਂ ਰੁਜ਼ਗਾਰ ਦੇ ਕੇ ਸੰਭਾਲਣਾ ਅਤੀ ਜ਼ਰੂਰੀ ਹੈ। ਉਨ੍ਹਾਂ ਦੀ ਗਿਣਤੀ ਨਾ ਕੀਤੀ ਜਾਵੇ ਜਾਂ ਪੜ੍ਹਾਈ ਆਦਿ ਹੀ ਨਾ ਵੇਖੀ ਜਾਵੇ, ਉਨ੍ਹਾਂ ਦੀ ਉਮਰ ਅਨੁਸਾਰ ਉਨ੍ਹਾਂ ਦੀਆਂ ਭਾਵਨਾਵਾਂ ਅਨੁਸਾਰ ਚਲਿਆ ਜਾਵੇ। ਕਿਉਂਕਿ ਦੇਸ਼ ਦੇ ਦੁਸ਼ਮਣ ਜੋ ਦੇਸ਼ ਨੂੰ ਕਮਜ਼ੋਰ ਕਰਨ 'ਚ ਆਪਣੀ ਤਾਕ ਜਮਾਈ ਰੱਖਦੇ ਹਨ, ਉਹ ਨੌਜਵਾਨਾਂ ਨੂੰ ਵਰਲਗਾ ਕੇ ਆਪਣੇ ਮਗਰ ਨਾ ਲਾ ਸਕਣ।


-ਮਾਸਟਰ ਦੇਵ ਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

09-08-2018

 ਪੰਜਾਬ 'ਚ ਮਾਤਮ
ਅੱਜ ਲਗਦਾ ਹੈ ਕਿ ਨਸ਼ਾ ਰੂਪੀ ਮੌਤ ਪੰਜਾਬ ਦੇ ਨੌਜਵਾਨਾਂ ਦੇ ਪਿੱਛੇ ਹੱਥ ਧੋ ਕੇ ਪੈ ਗਈ ਹੈ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਕਾਰਨ ਅੱਜ ਪੰਜਾਬ 'ਚ ਮਾਤਮ ਛਾਇਆ ਹੋਇਆ ਹੈ। ਬੇਹੱਦ ਭਾਵੁਕ ਕਰਨ ਵਾਲੀ ਗੱਲ ਇਹ ਹੈ ਕਿ ਮਰਨ ਵਾਲੇ ਬਹੁਤੇ ਨੌਜਵਾਨਾਂ ਦੀ ਉਮਰ 16-17 ਸਾਲਾਂ ਤੋਂ ਲੈ ਕੇ 25 ਕੁ ਸਾਲਾਂ ਤੱਕ ਹੈ। ਇਹ ਵੀ ਤੱਥ ਸਾਹਮਣੇ ਆ ਰਹੇ ਹਨ ਕਿ ਮਰਨ ਵਾਲੇ ਬਹੁਤੇ ਨੌਜਵਾਨ ਮਾਪਿਆਂ ਦੀ ਇਕਲੌਤੀ ਔਲਾਦ ਹੀ ਹਨ।
ਦੁੱਖਦਾਇਕ ਗੱਲ ਇਹ ਵੀ ਹੈ ਕਿ ਇਨ੍ਹਾਂ ਵਿਚੋਂ ਕੁਝ ਨੌਜਵਾਨਾਂ ਦੇ ਵਿਆਹ ਹੋਇਆਂ ਨੂੰ ਸਾਲ-ਡੇਢ ਸਾਲ ਹੀ ਹੋਇਆ ਸੀ। ਇਨ੍ਹਾਂ ਸੁਹਾਗਣਾਂ ਦੀਆਂ ਇਕੱਲੀਆਂ ਚੂੜੀਆਂ ਹੀ ਨਹੀਂ ਟੁੱਟੀਆਂ, ਸਗੋਂ ਉਮਰ ਭਰ ਦੇ ਚਾਅ ਤੇ ਸੈਂਕੜੇ ਸੁਪਨੇ ਵੀ ਟੁੱਟ ਕੇ ਚੂਰ-ਚੂਰ ਹੋ ਗਏ ਹਨ। ਹੁਣ ਸਮਾਂ ਪੰਜਾਬ ਸਰਕਾਰ ਤੇ ਵਿਰੋਧੀ ਪਾਰਟੀਆਂ ਨੂੰ ਇਕ-ਦੂਜੇ 'ਤੇ ਦੋਸ਼ ਲਾਉਣ ਦਾ ਨਹੀਂ ਹੈ। ਹੁਣ ਤਾਂ ਸਮਾਂ ਪੰਜਾਬ ਦੀ ਜਵਾਨੀ ਦੇ ਨਾਲ-ਨਾਲ ਸੁਹਾਗਣਾਂ ਦੇ ਸੁਹਾਗ ਬਚਾਉਣ ਦਾ ਹੈ। ਅਜਿਹਾ ਸਭ ਪੂਰੀ ਗੰਭੀਰਤਾ, ਦ੍ਰਿੜ੍ਹਤਾ ਤੇ ਇਮਾਨਦਾਰੀ ਨਾਲ ਹੀ ਹੋ ਸਕਦਾ ਹੈ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਮੂਰਖਤਾਪੂਰਨ ਫ਼ੈਸਲਾ
ਪਿਛਲੇ ਦਿਨੀਂ 'ਅਜੀਤ' ਵਿਚ ਖ਼ਬਰ ਪੜ੍ਹ ਕੇ ਹੈਰਾਨੀ ਵੀ ਹੋਈ ਤੇ ਦੁੱਖ ਵੀ ਹੋਇਆ ਕਿ ਡੇਰਾ ਬੱਸੀ ਦੇ ਨੇੜਲੇ ਪਿੰਡ ਮੁਕੰਦਪੁਰ ਵਿਚਲੇ ਖੇੜਾ ਮੰਦਿਰ ਦੇ ਪ੍ਰਬੰਧਕਾਂ ਵਲੋਂ ਇਹ ਤੁਗਲਕੀ ਫੁਰਮਾਨ ਜਾਰੀ ਕੀਤਾ ਗਿਆ ਕਿ ਕੋਈ ਵੀ ਦਲਿਤ ਮੰਦਿਰ ਵਿਚ ਪ੍ਰਵੇਸ਼ ਨਾ ਕਰੇ। ਜੇ ਕੋਈ ਭੁੱਲ ਕੇ ਵੀ ਚਲਿਆ ਗਿਆ ਤਾਂ ਉਸ ਨੂੰ 5100 ਰੁਪਏ ਜੁਰਮਾਨਾ ਕੀਤਾ ਜਾਵੇਗਾ। ਪਿਛਲੇ 5000 ਸਾਲਾਂ ਤੋਂ ਦਲਿਤ, ਕੋਈ ਵੀ ਕਸੂਰ ਕੀਤੇ ਤੋਂ ਬਿਨਾਂ ਹੀ ਸਜ਼ਾਵਾਂ ਭੁਗਤ ਰਹੇ ਹਨ। ਭਾਰਤੀ ਸਮਾਜ ਨੂੰ ਚਾਰ ਹਿੱਸਿਆਂ ਵਿਚ ਵੰਡਣ ਵਾਲੇ ਮੂਰਖਤਾਪੂਰਨ ਫ਼ੈਸਲੇ ਨੂੰ ਲਾਗੂ ਰੱਖਣ ਲਈ ਅੱਜ ਵੀ ਕਈ ਇਖਲਾਕ ਹੀਣ ਜਥੇਬੰਦੀਆਂ ਸਰਗਰਮ ਹਨ। ਭਾਰਤੀ ਕਾਨੂੰਨ ਅਨੁਸਾਰ ਦਲਿਤਾਂ ਨੂੰ ਮਿਲੇ ਹੱਕਾਂ ਦਾ ਸੋਸ਼ਲ ਮੀਡੀਆ 'ਤੇ ਵਿਰੋਧ ਕਰਨ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਜਿਹੜੇ ਭਾਈਚਾਰੇ ਦੇ ਲੋਕਾਂ ਨੂੰ ਅਜੇ ਮੰਦਿਰਾਂ ਵਿਚ ਵੀ ਨਹੀਂ ਵੜਨ ਦਿੱਤਾ ਜਾਂਦਾ, ਉਸ ਭਾਈਚਾਰੇ ਦੀ ਜੀਵਨ ਪੱਧਰ ਕਿੰਨਾ ਕੁ ਉੱਚਾ ਹੋ ਗਿਆ ਹੋਵੇਗਾ। ਕਿ ਉਸ ਦਾ ਵਿਰੋਧ ਕੀਤਾ ਜਾਵੇ। ਕੇਵਲ ਦਲਿਤਾਂ ਨੂੰ ਹੀ ਨਹੀਂ, ਸਗੋਂ ਸਮੁੱਚੀਆਂ ਧਾਰਮਿਕ ਜਥੇਬੰਦੀਆਂ ਨੂੰ ਉਪਰੋਕਤ ਮੰਦਿਰ ਦੇ ਮੂਰਖ ਪ੍ਰਬੰਧਕਾਂ ਦੇ ਇਸ ਮੂਰਖਤਾਪੂਰਨ ਫ਼ੈਸਲੇ ਦਾ ਵਿਰੋਧ ਕਰਨਾ ਚਾਹੀਦਾ ਹੈ।


-ਪ੍ਰੀਤ ਸਿੰਘ ਸੰਦਲ
ਪਿੰਡ ਮਕਸੂਦੜਾ, ਤਹਿ: ਪਾਇਲ (ਲੁਧਿਆਣਾ)।


ਜ਼ਮੀਰ ਦੀ ਆਵਾਜ਼ ਨੂੰ ਪਛਾਣੋ

ਲੱਖਾਂ ਯਤਨਾਂ ਦੇ ਬਾਵਜੂਦ ਜਬਰ ਜਨਾਹ ਦੀਆਂ ਘਟਨਾਵਾਂ ਵਿਚ ਬਹੁਤਾ ਫ਼ਰਕ ਨਹੀਂ ਪੈਂਦਾ ਨਜ਼ਰ ਆਉਂਦਾ ਭਾਵੇਂ ਕਿ ਸਖ਼ਤ ਕਾਨੂੰਨ ਬਣ ਗਿਆ ਹੈ ਪਰ ਫਿਰ ਵੀ ਦਰਿੰਦਗੀ ਦਾ ਨੰਗਾ ਨਾਚ ਵੀ ਬੇਖੌਫ਼ ਚੱਲ ਰਿਹਾ ਹੈ। 'ਅਜੀਤ' ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਜੀ 'ਹਮਦਰਦ' ਦਾ ਸੰਪਾਦਕੀ ਲੇਖ ਪੜ੍ਹਿਆਂ, ਮਨ ਨੂੰ ਧੂਹ ਜਿਹੀ ਪੈਂਦੀ ਹੈ। ਨਿੱਤ-ਦਿਨ ਵਾਪਰ ਰਹੇ ਨਿੱਕੀਆਂ ਬੱਚੀਆਂ ਨਾਲ ਜਬਰ ਜਨਾਹ ਦੀਆਂ ਘਟਨਾਵਾਂ ਤੇ ਪੁਲਿਸ ਦੇ ਵੱਡੇ ਅਫ਼ਸਰਾਂ ਵਲੋਂ ਜਾਂਚ ਵਿਚ ਦੋਸ਼ੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਸਮਾਜ 'ਤੇ ਕਲੰਕ ਲਗਾਉਂਦੀਆਂ ਹਨ। ਇਕ ਪਾਸੇ ਅਸੀਂ ਕਹਿੰਦੇ ਹਾਂ ਧੀਆਂ-ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ, ਫਿਰ ਉਨ੍ਹਾਂ ਦਰਿੰਦਿਆਂ ਨੂੰ ਬਚਾਉਣ ਲਈ ਕਿਸ ਹੱਦ ਤੱਕ ਚਲੇ ਜਾਂਦੇ ਹਨ। ਆਖਰ ਮਨੁੱਖ ਦੇ ਪਸ਼ੂ ਸੁਭਾਅ 'ਚ ਕਦੋਂ ਪਰਿਵਰਤਨ ਆਵੇਗਾ। ਅੱਜ ਲੋੜ ਹੈ ਆਪਣੀ ਜ਼ਮੀਰ ਦੀ ਆਵਾਜ਼ ਨੂੰ ਪਛਾਣਨ ਦੀ।


-ਹਰਵਿੰਦਰ ਸਿੰਘ
ਨਿਊ ਗੁਰਨਾਮ ਨਗਰ, ਅੰਮ੍ਰਿਤਸਰ।


ਚੂਹਿਆਂ ਦੀ ਭਰਮਾਰ
ਕਿਸਾਨ ਨੂੰ ਨਿੱਕੀ ਤੋਂ ਨਿੱਕੀ ਚੀਜ਼ ਤੇਲਾ, ਜੂੰ ਆਦਿ ਤੋਂ ਲੈ ਕੇ ਵੱਡੀ ਤੋਂ ਵੱਡੀ ਚੀਜ਼ ਖਾ ਰਹੀ ਹੈ। ਇਨ੍ਹਾਂ 'ਚ ਇਕ ਜਾਨਵਰ ਹੈ ਚੂਹਾ ਜੋ ਅੱਜਕਲ੍ਹ ਬਹੁਤ ਵੱਡੀ ਤਾਦਾਦ ਵਿਚ ਖੇਤਾਂ ਵਿਚ ਫਿਰ ਰਿਹਾ ਹੈ। ਪਿੱਛੇ ਜਿਹੇ ਖ਼ਬਰਾਂ ਮਿਲੀਆਂ ਕਿ ਚੂਹਾ ਖੇਤ ਵਿਚਲਾ ਨਰਮਾ ਵੱਡੀ ਮਾਤਰਾ ਵਿਚ ਖਾ ਰਿਹਾ ਹੈ। ਅੱਜਕਲ੍ਹ ਚੂਹਾ ਝੋਨੇ ਦੀ ਫ਼ਸਲ ਨੂੰ ਵੀ ਵੱਡੀ ਮਾਤਰਾ ਵਿਚ ਖਾ ਰਿਹਾ ਹੈ। ਕੁਝ ਸਾਲ ਪਹਿਲਾਂ ਸਰਕਾਰ ਚੂਹੇ ਦੇ ਹੱਲ ਲਈ ਕਿਸਾਨਾਂ ਨੂੰ ਵੱਖ-ਵੱਖ ਮਾਧਿਅਮ ਰਾਹੀਂ ਚੂਹੇ ਮਾਰ ਦਵਾਈ ਭੇਜਦੀ ਸੀ। ਕਿਸਾਨ ਉਸ ਦਵਾਈ ਨੂੰ ਇਕੱਠੇ ਹੋ ਕੇ ਪਾਉਂਦੇ ਸਨ ਤਾਂ ਕੁਝ ਰਾਹਤ ਹੁੰਦੀ ਸੀ। ਪਰ ਹੁਣ ਸਰਕਾਰ ਨੇ ਇਹ ਦਵਾਈ ਬੰਦ ਕਰ ਦਿੱਤੀ ਹੈ। ਬਾਜ਼ਾਰ 'ਚ ਮਿਲਦੀ ਦਵਾਈ ਦੀ ਕੀਮਤ ਬਹੁਤ ਜ਼ਿਆਦਾ ਹੈ। ਇਸ ਦੇ ਹੱਲ ਲਈ ਉਹ ਝੋਨੇ ਵਿਚ ਪਾਣੀ ਹੀ ਵਾਧੂ ਲਾਈ ਰੱਖਦਾ ਹੈ, ਜਦੋਂ ਕਿ ਝੋਨੇ ਨੂੰ ਹੁਣ ਪਾਣੀ ਦੀ ਏਨੀ ਲੋੜ ਨਹੀਂ ਹੈ। ਸਿਰਫ ਚੂਹੇ ਦੇ ਕਾਰਨ ਹੀ ਲੱਖਾਂ ਟਨ ਪਾਣੀ ਖਰਾਬ ਹੋ ਰਿਹਾ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਾਣੀ ਵੱਲ ਦੇਖ ਕੇ ਹੀ ਕਿਸਾਨਾਂ ਨੂੰ ਚੂਹੇ ਮਾਰ ਦਵਾਈ ਮੁਫ਼ਤ ਦੇਵੇ। ਕਿਸਾਨ ਵੀ ਚੂਹੇ ਦਾ ਹੋਰ ਹੱਲ ਕੱਢ ਕੇ ਪਾਣੀ ਦੀ ਵਰਤੋਂ ਸੋਚ-ਸਮਝ ਕੇ ਕਰੇ।


-ਜਸਕਰਨ ਲੰਡੇ
ਪਿੰਡ ਤੇ ਡਾਕ : ਲੰਡੇ, ਜ਼ਿਲ੍ਹਾ ਮੋਗਾ।


ਲੋੜ ਹੈ ਸੁਰੱਖਿਆ ਰਣਨੀਤੀ ਦੀ
ਪਿਛਲੇ ਦਿਨੀਂ ਬ੍ਰਿਗੇ: ਕੁਲਦੀਪ ਸਿੰਘ ਕਾਹਲੋਂ ਦਾ ਲੇਖ ਜਾਣਕਾਰੀ ਭਰਪੂਰ ਸੀ, ਜਿਸ ਰਾਹੀਂ ਲੇਖਕ ਨੇ ਫ਼ੌਜ ਦੀ ਟੈਕਨੀਕਲ ਰਿਪੋਰਟ ਜਨਤਕ ਕਰ ਕੇ ਇਕ ਚੌਕਸੀ ਵਾਲਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਵੀ ਦੇਸ਼ ਨੂੰ ਖਤਰਾ ਆਉਂਦਾ ਹੈ, ਜੰਗ ਲਗਦੀ ਹੈ, ਫ਼ੌਜ ਨੂੰ ਜਨਤਾ ਦਾ ਸਹਿਯੋਗ ਵੀ ਜਿੱਤ ਲਈ ਸ਼ਕਤੀਸ਼ਾਲੀ ਹੁੰਦਾ ਹੈ। ਫ਼ੌਜ ਨੂੰ ਹੋਰ ਤਾਕਤ ਦੇਣ ਲਈ ਸੁਰੱਖਿਆ ਰਣਨੀਤੀ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ। ਬ੍ਰਿਗੇ: ਕਾਹਲੋਂ ਦੇ ਲੇਖ ਨੇ ਆਮ ਲੋਕਾਂ ਨੂੰ ਇਸ ਵਿਸ਼ੇ ਸਬੰਧੀ ਜਾਗਰੂਕ ਕੀਤਾ ਹੈ।


-ਜੋਗਿੰਦਰ ਸਿੰਘ ਪੰਛੀ
ਗੁਰੂ ਨਾਨਕ ਨਗਰ, ਪਟਿਆਲਾ।


ਅਜੇ ਵੀ ਬਹੁਤ ਕੁਝ ਬਾਕੀ
ਇਸ ਵਿਚ ਕੋਈ ਦੋ ਰਾਇ ਨਹੀਂ ਕਿ ਆਜ਼ਾਦੀ ਦੇ 71 ਸਾਲਾਂ ਦੌਰਾਨ ਸਾਡੇ ਦੇਸ਼ ਨੇ ਸਮਾਜਿਕ ਪੱਖੋਂ, ਸੂਚਨਾ, ਆਵਾਜਾਈ, ਵਿਗਿਆਨਕ, ਕਿਸਾਨੀ ਪੱਖੋਂ, ਨੀਲੀ ਕ੍ਰਾਂਤੀ, ਆਰਥਿਕ ਪੱਖੋਂ ਤੇ ਸੁਰੱਖਿਆ ਪੱਖੋਂ ਬਹੁਤ ਤਰੱਕੀ ਕੀਤੀ ਅਤੇ ਕਈ ਖੇਤਰਾਂ ਵਿਚ ਸਵੈ-ਨਿਰਭਰ ਹੋ ਕੇ ਵਿਸ਼ਵ ਵਿਚ ਆਪਣੀ ਯੋਗ ਥਾਂ ਬਣਾਈ ਹੈ। ਇਸ ਹੋਈ ਤਰੱਕੀ ਦੇ ਵਿਚ ਸਾਡੇ ਵਿਗਿਆਨੀਆਂ, ਕਿਸਾਨਾਂ, ਖੋਜੀਆਂ, ਫ਼ੌਜੀ ਵੀਰਾਂ, ਸਮੁੱਚੇ ਪ੍ਰਸ਼ਾਸਨ, ਸਤਿਕਾਰਯੋਗ ਅਧਿਆਪਕਾਂ ਅਤੇ ਨਾਗਰਿਕਾਂ ਦਾ ਬਹੁਤ ਵੱਡਾ ਅਹਿਮ ਯੋਗਦਾਨ ਰਿਹਾ ਹੈ। ਪਰ ਅੱਜ ਵੀ ਆਤਮ-ਹੱਤਿਆਵਾਂ ਰੋਕਣ ਲਈ, ਇਸਤਰੀ ਸੁਰੱਖਿਆ ਯਕੀਨੀ ਬਣਾਉਣ ਲਈ, ਅੰਧ-ਵਿਸ਼ਵਾਸਾਂ ਤੋਂ ਮੁਕਤ ਸੋਚ ਅਖ਼ਤਿਆਰ ਕਰਨ-ਕਰਵਾਉਣ ਅਤੇ ਸਮਾਜਿਕ ਕੁਰੀਤੀਆਂ ਦੂਰ ਕਰਕੇ ਮਿਲਵਰਤਣ ਤੇ ਵਿਸ਼ਵਾਸ ਵਧਾਉਣ ਹਿਤ ਜ਼ਰੂਰੀ ਕਦਮ ਚੁੱਕਣ ਦੀ ਸਾਨੂੰ ਖ਼ੁਦ ਨੂੰ ਲੋੜ ਹੈ। ਸੰਕੀਰਣ, ਸੌੜੀ ਤੇ ਨਾਕਾਰਾਤਮਕ ਸੋਚ ਦਾ ਤਿਆਗ ਕਰਕੇ ਅਤੇ ਵਿਗਿਆਨਕ ਸੋਚ ਅਪਣਾ ਕੇ ਘਰ, ਸਮਾਜ ਤੇ ਦੇਸ਼ ਦੀ ਤਰੱਕੀ ਲਈ ਸਹੀ ਸੋਚ ਰੱਖਣਾ ਚੰਗਾ ਉਪਰਾਲਾ ਹੋ ਸਕਦਾ ਹੈ ਅਤੇ ਸ਼ਹੀਦਾਂ ਲਈ ਸੱਚੀ ਸ਼ਰਧਾਂਜਲੀ ਹੋਵੇਗੀ।


-ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ।

 

08-08-2018

 ਬਿਜਲੀ ਬਚਾਓ
ਅੱਜਕਲ੍ਹ ਬਿਜਲੀ ਦੀ ਮੰਗ ਆਮ ਨਾਲੋਂ ਬਹੁਤ ਜ਼ਿਆਦਾ ਵਧ ਜਾਂਦੀ ਹੈ। ਕਾਰਨ ਹੈ ਸਾਡੇ ਜਿਵੇਂ ਦੇ ਹਾਲਾਤ ਹਨ, ਉਨ੍ਹਾਂ ਨਾਲ ਸਮਝੌਤਾ ਨਾ ਕਰਨ ਦੀ ਆਦਤ। ਮਿਸਾਲ ਦੇ ਤੌਰ 'ਤੇ ਅੱਜਕਲ੍ਹ ਭਲੇ ਹੀ ਬਿਜਲੀ ਦੀ ਉਪਲਬਧਤਾ ਘੱਟ ਹੈ ਅਤੇ ਖਪਤ ਜ਼ਿਆਦਾ ਪਰ ਸਾਡੇ ਪੱਖੇ ਚੱਲ ਰਹੇ ਹਨ। ਹਰ ਕਮਰੇ ਵਿਚ ਲਾਈਟਾਂ, ਬਲਬ ਬਿਨਾਂ ਵਜ੍ਹਾ ਚੱਲ ਰਹੇ ਹਨ। ਬੱਚੇ ਅਲੱਗ ਕਮਰਿਆਂ ਵਿਚ ਏ.ਸੀ., ਕੂਲਰ ਚਲਾ ਕੇ ਬੈਠੇ ਹਨ, ਵੱਡੇ ਅਲੱਗ ਬੈਠੇ ਹਨ। ਦੇਖਿਆ ਜਾਵੇ ਤਾਂ ਬਿਜਲੀ ਦੀ ਇਸ ਬਰਬਾਦੀ ਨਾਲ ਜਿਥੇ ਅਸੀਂ ਦੂਜਿਆਂ ਨੂੰ ਪ੍ਰਭਾਵਿਤ ਕਰਦੇ ਹਾਂ, ਉਥੇ ਸਾਡਾ ਆਪਣਾ ਬਜਟ ਵੀ ਕਿਤੇ ਵਧ ਜਾਂਦਾ ਹੈ। ਕੋਸ਼ਿਸ਼ ਕਰੀਏ ਕਿ ਜੇਕਰ ਆਪਾਂ ਦੂਜਿਆਂ ਦਾ ਭਲਾ ਨਹੀਂ ਕਰ ਸਕਦੇ ਤਾਂ ਆਪਣਾ ਭਲਾ ਹੀ ਕਰ ਲਈਏ। ਆਓ, ਪਹਿਲ ਕਰੀਏ, ਢੰਗ-ਤਰੀਕੇ ਨਾਲ ਇਸ ਦੀ ਵਰਤੋਂ ਕਰੀਏ।


-ਦਿਨੇਸ਼ ਖੇੜਾ
ਲੋਹੀਆ ਖ਼ਾਸ (ਜਲੰਧਰ)।


ਵਿਦਿਆਰਥੀਆਂ ਵਿਚ ਨਸ਼ਿਆਂ ਦਾ ਰੁਝਾਨ
ਨਸ਼ਾ ਇਕ ਅਜਿਹਾ ਜ਼ਹਿਰੀਲਾ ਪਦਾਰਥ ਹੁੰਦਾ ਹੈ ਜੋ ਮਨੁੱਖੀ ਸਿਹਤ ਲਈ ਬੇਹੱਦ ਘਾਤਕ ਹੈ। ਇਹ ਦਿਮਾਗ ਦੇ ਨਾੜੀ ਤੰਤਰ ਨੂੰ ਨਸ਼ਟ ਕਰਕੇ ਮਨੁੱਖ ਨੂੰ ਮਾਨਸਿਕ ਤੌਰ 'ਤੇ ਕਮਜ਼ੋਰ, ਬੁੱਧੀਹੀਣ, ਦਿਮਾਗ ਦੀ ਸਰੀਰ 'ਤੇ ਕੰਟਰੋਲ ਦੀ ਸ਼ਕਤੀ ਘਟਾਉਣ ਦਾ ਕਾਰਨ ਬਣਦਾ ਹੈ। ਇਹ ਅਣਖ, ਸਵੈਮਾਨ ਅਤੇ ਜ਼ਮੀਰ ਦਾ ਗਲਾ ਘੁੱਟ ਦਿੰਦਾ ਹੈ। ਆਪਣੇ ਅਤੇ ਸਮਾਜ ਦੇ ਪਤਨ ਦਾ ਕਾਰਨ ਹੋ ਨਿਬੜਦਾ ਹੈ। ਉਂਜ ਤਾਂ ਨਸ਼ੇ ਹਰੇਕ ਵਿਅਕਤੀ ਲਈ ਘਾਤਕ ਹਨ ਪਰ ਸੰਸਾਰ ਪੱਧਰ 'ਤੇ ਵਿਦਿਆਰਥੀਆਂ ਵਿਚ ਵਧ ਰਿਹਾ ਨਸ਼ਿਆਂ ਦਾ ਰੁਝਾਨ ਬਹੁਤ ਹੀ ਚਿੰਤਾਜਨਕ ਹੈ। ਬਹੁਤ ਹੀ ਜ਼ਿਆਦਾ ਫ਼ਿਕਰ ਵਾਲੀ ਗੱਲ ਹੈ ਕਿ ਲੜਕੀਆਂ ਵੀ ਨਸ਼ਿਆਂ ਦੀ ਜਿੱਲ੍ਹਣ ਵਿਚ ਫਸ ਰਹੀਆਂ ਹਨ। ਚੰਗੇ ਕੰਮਾਂ ਲਈ ਮੁੰਡਿਆਂ ਦੀ ਬਰਾਬਰੀ ਕਰਨਾ ਮਾਣ ਵਾਲੀ ਗੱਲ ਹੈ ਪਰ ਨਸ਼ੇ ਵਰਗੀਆਂ ਅਲਾਮਤਾਂ ਲਈ ਬਰਾਬਰੀ ਸਾਡੇ ਸਮਾਜ ਦੇ ਮੱਥੇ 'ਤੇ ਕਲੰਕ ਹੈ। ਇਸ ਲਈ ਸਮਾਂ ਰਹਿੰਦੇ ਇਸ 'ਤੇ ਕਾਬੂ ਪਾਉਣ ਦੀ ਲੋੜ ਹੈ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।


ਨਸ਼ੇ ਵੱਲ ਵਧਦੇ ਕਦਮ
ਪ੍ਰਸ਼ਾਸਨ ਵੀ ਉਸ ਸਮੇਂ ਹੀ ਹਰਕਤ ਵਿਚ ਆਉਂਦਾ ਹੈ ਜਦੋਂ ਮਾਵਾਂ ਆਪਣੇ ਮੋਏ ਪੁੱਤਰਾਂ ਦੀਆਂ ਛਾਤੀਆਂ ਪਿੱਟਦੀਆਂ, ਭੁੱਬਾਂ ਮਾਰਦੀਆਂ ਹੋਈਆਂ ਇਨਸਾਫ਼ ਮੰਗਦੀਆਂ ਹੋਈਆਂ ਬੇਹੋਸ਼ ਹੁੰਦੀਆਂ ਹਨ। ਜ਼ਿਆਦਾਤਰ ਨੌਜਵਾਨ ਛੋਟੇ-ਮੋਟੇ ਨਸ਼ਿਆਂ ਦਾ ਸ਼ਿਕਾਰ ਹੁੰਦੇ ਹੋਏ ਮਾੜੀ ਸੰਗਤ 'ਚ ਪੈ ਨਸ਼ੇ ਦੀ ਓਵਰ ਡੋਜ਼ ਲੈਣੀ ਸ਼ੁਰੂ ਕਰਦੇ ਹਨ ਜੋ ਕਿ ਉਨ੍ਹਾਂ ਦੀ ਮੌਤ ਦਾ ਕਾਰਨ ਬਣ ਜਾਂਦੀ ਹੈ। ਅਨੁਮਾਨ ਲਗਾਇਆ ਜਾਂਦਾ ਹੈ ਕਿ ਪੰਜਾਬ ਵਿਚ ਨਿਕੋਟਿਨ ਪਦਾਰਥਾਂ ਦੀ ਕੋਈ ਵੀ ਫੈਕਟਰੀ ਜਾਂ ਮੰਡੀ ਨਹੀਂ ਹੈ, ਜੋ ਸਿਗਰਟ, ਖੈਣੀ, ਤੰਬਾਕੂ ਆਦਿ ਭਾਰਤ ਦੇ ਬਾਕੀ ਰਾਜਾਂ ਤੋਂ ਆਉਂਦਾ ਹੈ। ਇਨ੍ਹਾਂ ਤੰਬਾਕੂ ਉਤਪਾਦਨਾਂ ਤੋਂ ਮਿਲਣ ਵਾਲੇ ਥੋੜ੍ਹੇ ਜਿਹੇ ਮਾਲੀਆ (ਟੈਕਸ) ਲਈ ਸਰਕਾਰ ਇਸ ਉੱਪਰ ਪਾਬੰਦੀ ਨਹੀਂ ਲਗਾਉਂਦੀ ਜੇਕਰ ਪ੍ਰਸ਼ਾਸਨ ਨੂੰ ਇਸ ਦੇ ਇਸਤੇਮਾਲ ਦੌਰਾਨ ਪ੍ਰਭਾਵ ਬਾਰੇ ਜਾਣਕਾਰੀ ਹੈ ਤਾਂ ਇਸ ਨੂੰ ਮੁਕੰਮਲ ਤੌਰ 'ਤੇ ਬੰਦ ਕਿਉਂ ਨਹੀਂ ਕੀਤਾ ਜਾਂਦਾ।
ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਜਨਤਕ ਥਾਵਾਂ 'ਤੇ ਇਸ ਦੀ ਵਰਤੋਂ ਆਮ ਹੁੰਦੀ ਹੈ, ਜਿਸ ਨਾਲ ਬਾਕੀ ਲੋਕ ਵੀ ਪ੍ਰੇਸ਼ਾਨ ਹੁੰਦੇ ਹਨ। ਭਲਾਈ ਇਸੇ ਵਿਚ ਹੈ ਕਿ ਨੌਜਵਾਨਾਂ ਨੂੰ ਛੋਟੀਆਂ ਗ਼ਲਤੀਆਂ ਤੋਂ ਰੋਕਿਆ ਜਾਵੇ ਤਾਂ ਹੀ ਪੰਜਾਬ ਬਚ ਸਕਦਾ ਹੈ।


-ਪਰਮਜੀਤ ਸਿੰਘ ਬੁੱਟਰ
ਪਿੰਡ ਕੋਟਲਾ ਖੁਰਦ, ਡਾਕ: ਨੌਸ਼ਹਿਰਾ ਮੱਝਾ ਸਿੰਘ, ਗੁਰਦਾਸਪੁਰ।


ਮਹਿੰਗਾਈ ਦੀ ਸਮੱਸਿਆ
ਪਿਛਲੇ ਕੁਝ ਸਾਲਾਂ ਤੋਂ ਦੇਸ਼ ਦੀ ਜਨਤਾ ਮਹਿੰਗਾਈ ਦੀ ਮਾਰ ਲਗਾਤਾਰ ਝੱਲ ਰਹੀ ਹੈ ਪਰ ਸਰਕਾਰ ਇਸ ਉੱਪਰ ਕਾਬੂ ਪਾਉਣ ਵਿਚ ਬਹੁਤੀ ਸਫ਼ਲ ਨਹੀਂ ਹੋ ਸਕੀ। ਅੱਜ ਸਥਿਤੀ ਇਹ ਹੈ ਕਿ ਕੁਝ ਦਿਨ ਪਹਿਲਾਂ ਬਾਜ਼ਾਰ ਤੋਂ ਲਈ ਚੀਜ਼ ਨੂੰ ਜਦ ਦੁਬਾਰਾ ਲੈਣ ਜਾਂਦੇ ਹਾਂ ਤਾਂ ਉਸ ਦੀ ਕੀਮਤ ਵਿਚ ਪਹਿਲਾਂ ਨਾਲੋਂ ਵਾਧਾ ਹੋ ਗਿਆ ਹੁੰਦਾ ਹੈ। ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ, ਜਿਸ ਨਾਲ ਹਰ ਵਰਗ ਬੁਰੀ ਤਰ੍ਹਾਂ ਪ੍ਰੇਸ਼ਾਨ ਹੋਇਆ ਪਿਆ ਹੈ। ਚੋਣਾਂ ਵੇਲੇ ਅਕਸਰ ਹੀ ਮਹਿੰਗਾਈ ਉੱਪਰ ਕਾਬੂ ਪਾਉਣ ਦੇ ਵੱਡੇ ਵਾਅਦੇ ਕੀਤੇ ਜਾਂਦੇ ਹਨ ਪਰ ਬਾਅਦ ਵਿਚ ਉਸ ਉੱਪਰ ਕਾਰਵਾਈ ਹੀ ਨਹੀਂ ਕੀਤੀ ਜਾਂਦੀ। ਪੈਟਰੋਲ, ਡੀਜ਼ਲ, ਰਸੋਈ ਗੈਸ ਦੀ ਕੀਮਤ ਲਗਪਗ ਹਰ ਰੋਜ਼ ਵਧ ਰਹੀ ਹੈ ਪਰ ਸਰਕਾਰਾਂ ਦਾ ਇਸ ਉੱਤੇ ਕੋਈ ਵੀ ਕੰਟਰੋਲ ਨਹੀਂ ਹੈ। ਖਾਣ-ਪੀਣ ਦੀਆਂ ਚੀਜ਼ਾਂ ਦੇ ਮਹਿੰਗੇ ਹੋਣ ਦਾ ਕਾਰਨ ਜਮ੍ਹਾਂਖੋਰੀ ਹੈ, ਜਿਸ ਨੂੰ ਵਪਾਰੀ ਵਰਗ ਵਲੋਂ ਆਪਣੇ ਮੁਨਾਫ਼ੇ ਲਈ ਜਮ੍ਹਾਂ ਕਰ ਲਿਆ ਜਾਂਦਾ ਹੈ। ਮਹਿੰਗਾਈ ਉੱਪਰ ਕਾਬੂ ਪਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜ਼ਿੰਮੇਵਾਰੀ ਲਗਾ ਕੇ ਜਮ੍ਹਾਂਖੋਰੀ ਨੂੰ ਸਖ਼ਤੀ ਨਾਲ ਖ਼ਤਮ ਕਰਨਾ ਚਾਹੀਦਾ ਹੈ ਅਤੇ ਆਮ ਲੋਕਾਂ ਨੂੰ ਸਸਤੇ ਮੁੱਲ 'ਤੇ ਖਾਣ-ਪੀਣ ਦੀਆਂ ਚੀਜ਼ਾਂ ਦਿਵਾਉਣਾ ਯਕੀਨੀ ਬਣਾਇਆ ਜਾਵੇ।


-ਪ੍ਰਿੰਸ ਅਰੋੜਾ, ਮਲੌਦ, ਲੁਧਿਆਣਾ।


ਪਲਾਸਟਿਕ ਡਿਸਪੋਜ਼ੇਬਲ ਸਾਮਾਨ
ਵਿਆਹ ਸਮਾਗਮਾਂ ਆਦਿ ਵਿਚ ਪਲਾਸਟਿਕ ਦੀਆਂ ਡਿਸਪੋਜ਼ੇਬਲ ਪਲੇਟਾਂ, ਗਲਾਸਾਂ ਅਤੇ ਚਮਚਿਆਂ ਆਦਿ ਦਾ ਪਿਆ ਖਿਲਾਰਾ ਸੜਕਾਂ 'ਤੇ ਆਮ ਹੀ ਵੇਖਿਆ ਜਾ ਸਕਦਾ ਹੈ, ਜਿਸ ਨਾਲ ਗੰਦਗੀ ਤਾਂ ਫੈਲਦੀ ਹੀ, ਸਗੋਂ ਇਸ ਨੂੰ ਸਾੜਨ ਨਾਲ ਇਨ੍ਹਾਂ ਵਿਚੋਂ ਨਿਕਲਦੀਆਂ ਜ਼ਹਿਰੀਲੀਆਂ ਗੈਸਾਂ, ਆਬੋ-ਹਵਾ ਵਿਚ ਘੁਲ ਜਾਣ ਕਾਰਨ ਵਾਤਾਵਰਨ ਵੀ ਪ੍ਰਦੂਸ਼ਿਤ ਹੁੰਦਾ ਹੈ, ਕਿਉਂਕਿ ਇਸ ਪਲਾਸਟਿਕ ਦੇ ਸਾਮਾਨ ਦੀ ਮੁੜ ਵਰਤੋਂ ਵੀ ਨਹੀਂ ਹੁੰਦੀ ਦੱਸੀ ਜਾਂਦੀ। ਇਸ ਸਾਮਾਨ ਦੀ ਪੈਕਿੰਗ ਵੀ ਕੰਪਨੀਆਂ ਵਲੋਂ ਪਲਾਸਟਿਕ ਦੇ ਲਿਫ਼ਾਫ਼ਿਆਂ ਨਾਲ ਕੀਤੀ ਜਾਂਦੀ ਹੈ, ਜਿਸ ਦਾ ਵੀ ਕੋਈ ਨਿਪਟਾਰਾ ਨਹੀਂ ਹੁੰਦਾ। ਵਿਆਹ ਸਮਾਗਮਾਂ ਆਦਿ ਵਿਚ ਵਰਤੇ ਜਾਂਦੇ ਇਸ ਪਲਾਸਟਿਕ ਦੇ ਸਾਮਾਨ 'ਤੇ ਪੂਰਨ ਰੂਪ ਵਿਚ ਪਾਬੰਦੀ ਲੱਗਣੀ ਚਾਹੀਦੀ ਹੈ ਅਤੇ ਇਸ ਦੇ ਬਦਲ ਵਜੋਂ ਕਾਗਜ਼, ਲੱਕੜੀ ਜਾਂ ਪੱਤਿਆਂ ਨਾਲ ਬਣੇ ਸਾਮਾਨ ਦੀ ਵਰਤੋਂ ਕਰਨੀ ਚਾਹੀਦੀ ਹੈ। ਪਲਾਸਟਿਕ ਦੇ ਸਾਮਾਨ ਦੀ ਵਰਤੋਂ ਦੀ ਰੋਕਥਾਮ ਲਈ ਜਾਗਰੂਕਤਾ ਮੁਹਿੰਮ ਵੀ ਚਲਾਈ ਜਾਣੀ ਚਾਹੀਦੀ ਹੈ ਤਾਂ ਜੋ ਸਵੱਛ ਭਾਰਤ ਅਭਿਆਨ 'ਤੇ ਸਹੀ ਅਰਥਾਂ ਵਿਚ ਖਰਾ ਉਤਰਿਆ ਜਾ ਸਕੇ।


-ਅਮਰੀਕ ਸਿੰਘ ਚੀਮਾ, ਜਲੰਧਰ।


ਅਸੁਰੱਖਿਅਤ ਲੜਕੀਆਂ
2 ਅਗਸਤ ਨੂੰ 'ਅਜੀਤ' ਦੇ ਮੁੱਖ ਪੰਨੇ 'ਤੇ ਲੜਕੀਆਂ ਦੀ ਹੋ ਰਹੀ ਤਸਕਰੀ ਬਾਰੇ ਛਪੀ ਖਬਰ ਪੜ੍ਹ ਕੇ ਦਿਲ ਨੂੰ ਬੜੀ ਠੇਸ ਪਹੁੰਚੀ। ਰੋਜ਼ਾਨਾ ਅਖ਼ਬਾਰਾਂ ਵਿਚ ਲੜਕੀਆਂ 'ਤੇ ਹੋ ਰਹੇ ਅੱਤਿਆਚਾਰਾਂ ਬਾਰੇ ਖ਼ਬਰਾਂ ਪੜ੍ਹਦੇ ਹਾਂ। ਇਹ ਖ਼ਬਰ ਪੜ੍ਹ ਕੇ ਦਿਲ ਦਹਿਲ ਜਾਂਦਾ ਹੈ ਕਿ ਅੱਜ ਦੇ ਪੜ੍ਹੇ-ਲਿਖੇ ਯੁੱਗ ਵਿਚ ਵੀ ਲੜਕੀਆਂ ਦੀ ਅਜਿਹੀ ਸਥਿਤੀ ਹੈ। ਅੱਜਕਲ੍ਹ ਘੱਟ ਪੜ੍ਹੀਆਂ-ਲਿਖੀਆਂ ਕੁੜੀਆਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਦੂਸਰੇ ਸਥਾਨਾਂ ਉਪਰ ਲਿਜਾ ਕੇ ਉਨ੍ਹਾਂ ਕੋਲੋਂ ਦੇਹ ਵਪਾਰ ਕਰਵਾਇਆ ਜਾਂਦਾ ਹੈ। 12 ਸਾਲ ਤੋਂ ਘੱਟ ਉਮਰ ਦੀ ਬੱਚੀ ਨਾਲ ਹੀ ਜਬਰ ਜਨਾਹ 'ਤੇ ਫਾਂਸੀ ਦੀ ਸਜ਼ਾ ਕਿਉਂ? 12 ਸਾਲ ਤੋਂ ਵੱਧ ਉਮਰ ਦੀਆਂ ਬੱਚੀਆਂ ਵੀ ਉਸੇ ਤਕਲੀਫ਼ ਵਿਚੋਂ ਹੀ ਗੁਜ਼ਰਦੀਆਂ ਹਨ। ਕੁੜੀਆਂ ਨੂੰ ਦੇਹ ਵਪਾਰ ਦੇ ਧੰਦੇ ਵਿਚ ਫਸਾਉਣ ਵਾਲੇ ਵੀ ਇਕ ਤਰ੍ਹਾਂ ਜਬਰ ਜਨਾਹ ਕਰਨ ਵਾਲੇ ਹੀ ਹੁੰਦੇ ਹਨ, ਉਨ੍ਹਾਂ ਨੂੰ ਵੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਲੜਕੀਆਂ ਨੂੰ ਸੁਰੱਖਿਅਤ ਕਰਨ ਲਈ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਏ ਜਾਣ।


-ਨਵਨੀਤ ਕੌਰ
ਹਿੰਦੂ ਕੰਨਿਆ ਕਾਲਜ, ਕਪੂਰਥਲਾ।

07-08-2018

 ਮੁਸ਼ਕਿਲਾਂ ਦਾ ਮੁਕਾਬਲਾ ਕਰੀਏ
ਹਰ ਰੋਜ਼ ਅਖ਼ਬਾਰਾਂ ਵਿਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀਆਂ ਦਿਲ ਕੰਬਾਊ ਖ਼ਬਰਾਂ ਛਪਦੀਆਂ ਹਨ। ਕਈ ਵਾਰੀ ਸੋਚੀਦਾ ਹੈ ਕਿ ਅਸੀਂ ਮੁਸ਼ਕਿਲਾਂ ਤੋਂ ਡਰ ਕੇ ਮਰਨ ਵਾਲੇ ਤਾਂ ਨਹੀਂ ਸੀ, ਸਗੋਂ ਡਟ ਕੇ ਸਾਹਮਣਾ ਕਰਨ ਵਾਲੇ ਸੀ। ਫਿਰ ਕਿਉਂ ਨਾ ਜਿਉਂਦੇ ਰਹਿ ਕੇ ਸਮੱਸਿਆਵਾਂ ਦੇ ਹੱਲ ਲੱਭਣ ਦੀ ਕੋਸ਼ਿਸ਼ ਕਰੀਏ। ਇਕ ਗੱਲ ਹੋਰ ਜਦੋਂ ਪਰਿਵਾਰ ਦਾ ਮਰਦ ਖੁਦਕੁਸ਼ੀ ਕਰਦਾ ਹੈ ਤਾਂ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਔਰਤ 'ਤੇ ਆ ਪੈਂਦੀ ਹੈ। ਕੀ ਉਹਦੇ ਮੋਢੇ ਵੱਧ ਮਜ਼ਬੂਤ ਹੁੰਦੇ ਹਨ, ਜ਼ਿੰਮੇਵਾਰੀ ਦਾ ਭਾਰ ਚੁੱਕਣ ਲਈ? ਜਿਹੜੇ ਖੁਦਕੁਸ਼ੀ ਕਰਨ ਲਈ ਸੋਚ ਰਹੇ ਹਨ, ਉਹ ਇਹ ਵੀ ਸੋਚ ਕੇ ਦੇਖ ਲੈਣ। ਆਪਣੀ ਸਮੱਸਿਆ ਸਾਰੇ ਪਰਿਵਾਰ ਦੇ ਸਾਹਮਣੇ ਰੱਖ ਕੇ ਦੇਖੋ, ਕੋਈ ਨਾ ਕੋਈ ਰਾਹ ਮਿਲ ਜਾਵੇਗਾ।

-ਅੰਮ੍ਰਿਤ ਕੌਰ
ਅੱਧੀ ਟਿੱਬੀ ਬਡਰੁੱਖਾਂ, ਸੰਗਰੂਰ।

ਮਾਂ-ਬੋਲੀ ਦਾ ਸਪੂਤ
ਪਿਛਲੇ ਦਿਨੀਂ ਪੰਜਾਬੀ ਹਿਤੈਸ਼ੀ ਲੇਖਕਾਂ ਦੀ ਸੱਦੀ ਪੰਚਾਇਤ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਸ: ਨਵਜੋਤ ਸਿੰਘ ਸਿੱਧੂ ਵਲੋਂ ਪਹਿਲਕਦਮੀ ਕਰਦਿਆਂ ਇਹ ਐਲਾਨ ਕੀਤਾ ਗਿਆ ਕਿ ਉਨ੍ਹਾਂ ਦੇ ਅਧੀਨ ਆਉਂਦੇ ਦੋਵੇਂ ਵਿਭਾਗਾਂ (ਸਥਾਨਕ ਸਰਕਾਰਾਂ ਅਤੇ ਸੱਭਿਆਚਾਰ ਤੇ ਸੈਰ-ਸਪਾਟਾ) ਵਿਚ ਸਾਰਾ ਕੰਮ ਮਾਤ-ਭਾਸ਼ਾ ਵਿਚ ਕੀਤਾ ਜਾਵੇਗਾ। ਕੇਵਲ ਐਲਾਨ ਹੀ ਨਹੀਂ ਕੀਤਾ, ਸਗੋਂ ਵਿਭਾਗਾਂ ਦੇ ਮੁਖੀਆਂ ਨੂੰ ਪੱਤਰ ਲਿਖ ਕੇ ਇਹ ਫ਼ੈਸਲਾ ਤੁਰੰਤ ਲਾਗੂ ਕਰਨ ਦੇ ਆਦੇਸ਼ ਵੀ ਦਿੱਤੇ। ਕਿੰਨੀ ਹੈਰਾਨੀ ਤੇ ਦੁੱਖ ਦੀ ਗੱਲ ਹੈ ਕਿ ਭਾਸ਼ਾ ਦੇ ਆਧਾਰ 'ਤੇ ਬਣੇ ਇਸ ਛੋਟੇ ਜਿਹੇ ਸੂਬੇ ਵਿਚ ਵੀ ਮਾਤ ਭਾਸ਼ਾ ਲਾਗੂ ਕਰਵਾਉਣ ਲਈ ਸਾਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਪਤਾ ਨਹੀਂ ਸਾਡੇ ਆਪਣੇ ਹੀ ਆਪਣੀ ਮਾਤ ਭਾਸ਼ਾ ਲਾਗੂ ਕਰਨ ਤੋਂ ਕਿਉਂ ਟਾਲਾ ਵੱਟਦੇ ਹਨ? ਸਿੱਧੂ ਸਾਹਿਬ ਦੇ ਇਸ ਫ਼ੈਸਲੇ ਤੋਂ ਬਾਕੀ ਮੰਤਰੀਆਂ ਨੂੰ ਵੀ ਸੇਧ ਲੈਣੀ ਚਾਹੀਦੀ ਐ।

-ਕਵੀਸ਼ਰ ਪ੍ਰੀਤ ਸਿੰਘ ਸੰਦਲ
ਪਿੰਡ ਮਕਸੂਦੜਾ, ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ।

06-08-2018

 ਮੁਸ਼ਕਿਲਾਂ ਦਾ ਮੁਕਾਬਲਾ ਕਰੀਏ
ਹਰ ਰੋਜ਼ ਅਖ਼ਬਾਰਾਂ ਵਿਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀਆਂ ਦਿਲ ਕੰਬਾਊ ਖ਼ਬਰਾਂ ਛਪਦੀਆਂ ਹਨ। ਕਈ ਵਾਰੀ ਸੋਚੀਦਾ ਹੈ ਕਿ ਅਸੀਂ ਮੁਸ਼ਕਿਲਾਂ ਤੋਂ ਡਰ ਕੇ ਮਰਨ ਵਾਲੇ ਤਾਂ ਨਹੀਂ ਸੀ, ਸਗੋਂ ਡਟ ਕੇ ਸਾਹਮਣਾ ਕਰਨ ਵਾਲੇ ਸੀ। ਫਿਰ ਕਿਉਂ ਨਾ ਜਿਉਂਦੇ ਰਹਿ ਕੇ ਸਮੱਸਿਆਵਾਂ ਦੇ ਹੱਲ ਲੱਭਣ ਦੀ ਕੋਸ਼ਿਸ਼ ਕਰੀਏ। ਇਕ ਗੱਲ ਹੋਰ ਜਦੋਂ ਪਰਿਵਾਰ ਦਾ ਮਰਦ ਖੁਦਕੁਸ਼ੀ ਕਰਦਾ ਹੈ ਤਾਂ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਔਰਤ 'ਤੇ ਆ ਪੈਂਦੀ ਹੈ। ਕੀ ਉਹਦੇ ਮੋਢੇ ਵੱਧ ਮਜ਼ਬੂਤ ਹੁੰਦੇ ਹਨ, ਜ਼ਿੰਮੇਵਾਰੀ ਦਾ ਭਾਰ ਚੁੱਕਣ ਲਈ? ਜਿਹੜੇ ਖੁਦਕੁਸ਼ੀ ਕਰਨ ਲਈ ਸੋਚ ਰਹੇ ਹਨ, ਉਹ ਇਹ ਵੀ ਸੋਚ ਕੇ ਦੇਖ ਲੈਣ। ਆਪਣੀ ਸਮੱਸਿਆ ਸਾਰੇ ਪਰਿਵਾਰ ਦੇ ਸਾਹਮਣੇ ਰੱਖ ਕੇ ਦੇਖੋ, ਕੋਈ ਨਾ ਕੋਈ ਰਾਹ ਮਿਲ ਜਾਵੇਗਾ।


-ਅੰਮ੍ਰਿਤ ਕੌਰ
ਅੱਧੀ ਟਿੱਬੀ ਬਡਰੁੱਖਾਂ, ਸੰਗਰੂਰ।


ਮਾਂ-ਬੋਲੀ ਦਾ ਸਪੂਤ
ਪਿਛਲੇ ਦਿਨੀਂ ਪੰਜਾਬੀ ਹਿਤੈਸ਼ੀ ਲੇਖਕਾਂ ਦੀ ਸੱਦੀ ਪੰਚਾਇਤ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਸ: ਨਵਜੋਤ ਸਿੰਘ ਸਿੱਧੂ ਵਲੋਂ ਪਹਿਲਕਦਮੀ ਕਰਦਿਆਂ ਇਹ ਐਲਾਨ ਕੀਤਾ ਗਿਆ ਕਿ ਉਨ੍ਹਾਂ ਦੇ ਅਧੀਨ ਆਉਂਦੇ ਦੋਵੇਂ ਵਿਭਾਗਾਂ (ਸਥਾਨਕ ਸਰਕਾਰਾਂ ਅਤੇ ਸੱਭਿਆਚਾਰ ਤੇ ਸੈਰ-ਸਪਾਟਾ) ਵਿਚ ਸਾਰਾ ਕੰਮ ਮਾਤ-ਭਾਸ਼ਾ ਵਿਚ ਕੀਤਾ ਜਾਵੇਗਾ। ਕੇਵਲ ਐਲਾਨ ਹੀ ਨਹੀਂ ਕੀਤਾ, ਸਗੋਂ ਵਿਭਾਗਾਂ ਦੇ ਮੁਖੀਆਂ ਨੂੰ ਪੱਤਰ ਲਿਖ ਕੇ ਇਹ ਫ਼ੈਸਲਾ ਤੁਰੰਤ ਲਾਗੂ ਕਰਨ ਦੇ ਆਦੇਸ਼ ਵੀ ਦਿੱਤੇ। ਕਿੰਨੀ ਹੈਰਾਨੀ ਤੇ ਦੁੱਖ ਦੀ ਗੱਲ ਹੈ ਕਿ ਭਾਸ਼ਾ ਦੇ ਆਧਾਰ 'ਤੇ ਬਣੇ ਇਸ ਛੋਟੇ ਜਿਹੇ ਸੂਬੇ ਵਿਚ ਵੀ ਮਾਤ ਭਾਸ਼ਾ ਲਾਗੂ ਕਰਵਾਉਣ ਲਈ ਸਾਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਪਤਾ ਨਹੀਂ ਸਾਡੇ ਆਪਣੇ ਹੀ ਆਪਣੀ ਮਾਤ ਭਾਸ਼ਾ ਲਾਗੂ ਕਰਨ ਤੋਂ ਕਿਉਂ ਟਾਲਾ ਵੱਟਦੇ ਹਨ? ਸਿੱਧੂ ਸਾਹਿਬ ਦੇ ਇਸ ਫ਼ੈਸਲੇ ਤੋਂ ਬਾਕੀ ਮੰਤਰੀਆਂ ਨੂੰ ਵੀ ਸੇਧ ਲੈਣੀ ਚਾਹੀਦੀ ਐ।


-ਕਵੀਸ਼ਰ ਪ੍ਰੀਤ ਸਿੰਘ ਸੰਦਲ
ਪਿੰਡ ਮਕਸੂਦੜਾ, ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ।

03-08-2018

 ਸੇਵਾ ਕੇਂਦਰ ਜਾਂ ਖੱਜਲ ਖੁਆਰੀ ਕੇਂਦਰ
ਪੰਜਾਬ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋੋਂ ਸ਼ੁਰੂ ਕੀਤੇ ਸੇਵਾ ਕੇਂਦਰ ਅੱਜਕੱਲ੍ਹ ਖੱਜਲ ਖੁਆਰੀ ਦਾ ਕੇਂਦਰ ਬਣੇ ਹੋੋਏ ਹਨ। ਸ: ਸੁਖਬੀਰ ਸਿੰਘ ਬਾਦਲ ਦੀ ਸੋੋਚ ਸੀ ਕਿ ਆਮ ਲੋੋਕਾਂ ਨੂੰ ਇਕ ਛੱਤ ਥੱਲੇ ਸਾਰੀਆਂ ਸਹੂਲਤਾਂ ਮਿਲਣ ਇਸ ਲਈ ਲਗਪਗ 20-20 ਲੱਖ ਰੁਪਏ ਖਰਚ ਕੇ 4-4, 5-5 ਪਿੰਡਾਂ ਮਗਰ ਇਕ-ਇਕ ਸੇਵਾ ਕੇਂਦਰ ਖੋੋਲ੍ਹਿਆ ਗਿਆ ਸੀ ਅਤੇ ਇਨ੍ਹਾਂ ਵਿਚ ਆਮ ਲੋੋਕਾਂ ਦੇ ਜਨਮ ਸਰਟੀਫਿਕੇਟ, ਹਲਫੀਆ ਬਿਆਨ, ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਪਾਸਪੋੋਰਟ ਆਦਿ ਅਪਲਾਈ ਕਰਨ ਦੇ ਕੰਮ ਘਰ ਦੇ ਦਰ 'ਤੇ ਹੋੋ ਜਾਂਦੇ ਸਨ। ਪਰ ਕਾਂਗਰਸ ਸਰਕਾਰ ਵਲੋਂ ਇਨ੍ਹਾਂ ਸੇਵਾ ਕੇਂਦਰਾਂ ਵਿਚੋੋਂ ਚੱਲ ਰਹੇ ਸੇਵਾ ਕੇਂਦਰਾਂ ਨੂੰ ਇਕਦਮ ਬੰਦ ਕਰਕੇ ਆਮ ਲੋੋਕਾਂ ਨੂੰ ਨੇੜਲੇ ਸ਼ਹਿਰਾਂ ਵਿਚੋੋਂ ਚੱਲ ਰਹੇ ਸੇਵਾ ਕੇਂਦਰਾਂ ਵਿਚ ਜਾ ਕੇ ਆਪਣੇ ਕੰਮ ਕਰਵਾਉਣ ਦਾ ਫੁਰਮਾਨ ਜਾਰੀ ਕਰ ਦਿੱਤਾ। ਪਹਿਲਾਂ ਇਕ ਸੇਵਾ ਕੇਂਦਰ ਪਿੱਛੇ ਚਾਰ ਜਾਂ ਪੰਜ ਪਿੰਡ ਲੱਗਦੇ ਸਨ ਪ੍ਰੰਤੂ ਹੁਣ ਇਕ ਸੇਵਾ ਕੇਂਦਰ ਦੇ ਨਾਲ 50 ਪਿੰਡ ਲਗਾ ਦਿੱਤੇ ਗਏ ਹਨ ਪਰ ਸਟਾਫ ਪਹਿਲਾਂ ਜਿੰਨਾ ਹੀ ਹੋੋਣ ਕਾਰਨ ਆਮ ਲੋੋਕ ਖੱਜਲ-ਖੁਆਰ ਹੋ ਰਹੇ ਹਨ। ਸਵੇਰੇ ਅੱਠ ਵਜੇ ਤੋੋਂ ਜਾ ਕੇ ਵੀ ਲੋੋਕ ਸ਼ਾਮ ਨੂੰ ਬਿਨਾਂ ਕੰਮ ਹੋੋਏ ਲੋਕ ਘਰਾਂ ਨੂੰ ਨਿਰਾਸ਼ ਮੁੜ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਪਿੰਡਾਂ ਵਿਚ ਬਣੀਆਂ ਸ਼ਾਨਦਾਰ ਇਮਾਰਤਾਂ ਨੂੰ ਖੰਡਰ ਨਾ ਬਣਾਉਂਦੇ ਹੋੋਏ ਉਨ੍ਹਾਂ ਵਿਚ ਪਹਿਲਾਂ ਵਾਂਗ ਹੀ ਆਮ ਲੋੋਕਾਂ ਨੂੰ ਸਹੂਲਤਾਂ ਦੇਣੀਆਂ ਸ਼ੁਰੂ ਕਰੇ ਜਿਸ ਨਾਲ ਆਮ ਲੋੋਕ ਅੱਜਕੱਲ੍ਹ ਸੇਵਾ ਕੇਂਦਰਾਂ ਵਿਚ ਹੋ ਰਹੀ ਖੱਜਲ-ਖੁਆਰੀ ਤੋੋਂ ਬਚ ਸਕਣ ਅਤੇ ਆਪਣਾ ਕੀਮਤੀ ਸਮਾਂ ਬਚਾ ਸਕਣ।


-ਗੁਰਦੀਪ ਸਿੰਘ ਮੰਡਾਹਰ
ਪਿੰਡ ਗੋੋਸਲ ਡਾਕ: ਸਹਾਰਨਮਾਜਰਾ, ਤਹਿ: ਪਾਇਲ ਜ਼ਿਲ੍ਹਾ ਲੁਧਿਆਣਾ।


ਸਾਦਾ ਜੀਵਨ ਉੱਚ ਵਿਚਾਰ
ਸਾਡੇ ਦੇਸ਼ ਵਿਚ ਸਾਦਾ ਜੀਵਨ ਅਤੇ ਉੱਚ ਵਿਚਾਰਾਂ ਦੀ ਪ੍ਰੰਪਰਾ ਸਦੀਆਂ ਪੁਰਾਣੀ ਹੈ। ਜਿੰਨੇ ਵੀ ਮਹਾਨ ਲੋਕ ਦੁਨੀਆ 'ਤੇ ਪੈਦਾ ਹੋਏ ਹਨ, ਉਨ੍ਹਾਂ ਨੇ ਆਪਣਾ ਜੀਵਨ ਸਾਦਾ ਬਤੀਤ ਕਰਦੇ ਹੋਏ ਆਪਣੇ ਉੱਚ ਵਿਚਾਰਾਂ ਨਾਲ ਆਪਣਾ ਅਤੇ ਆਲੇ-ਦੁਆਲੇ ਦੇ ਲੋਕਾਂ ਦਾ ਜੀਵਨ ਪੱਧਰ ਵੀ ਉੱਚਾ ਚੁੱਕਿਆ। ਇਕ ਵਾਰ ਲਾਲ ਬਹਾਦਰ ਸ਼ਾਸਤਰੀ ਜੀ ਨੇ ਵਿਦੇਸ਼ ਜਾਣਾ ਸੀ ਤਾਂ ਇਸ ਲਈ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਨੇ ਉਨ੍ਹਾਂ ਲਈ ਇਕ ਨਵਾਂ ਕੋਟ ਬਣਵਾਉਣ ਬਾਰੇ ਸੋਚਿਆ। ਉਨ੍ਹਾਂ ਦਰਜ਼ੀ ਨੂੰ ਨਾਪ ਲੈਣ ਲਈ ਬੁਲਾ ਲਿਆ ਅਤੇ ਕੋਟ ਦਾ ਨਵਾਂ ਕੱਪੜਾ ਉਸ ਨੂੰ ਦੇ ਦਿੱਤਾ। ਦਰਜੀ ਨਾਪ ਲੈ ਕੇ ਡਾਇਰੀ ਵਿਚ ਨੋਟ ਕਰਨ ਲੱਗਾ ਤਾਂ ਲਾਲ ਬਹਾਦਰ ਸ਼ਾਸਤਰੀ ਜੀ ਨੇ ਉਸ ਦੇ ਕੰਮ ਵਿਚ ਕੁਝ ਕਿਹਾ। ਕੁਝ ਦਿਨ ਬਾਅਦ ਜਦ ਦਰਜ਼ੀ ਲਿਫ਼ਾਫ਼ਾ ਲੈ ਕੇ ਆਇਆ ਤਾਂ ਉਸ ਵਿਚ ਪੁਰਾਣਾ ਹੀ ਕੋਟ ਸੀ। ਪਤਨੀ ਅਤੇ ਪੁੱਤਰ ਦੇ ਪੁੱਛਣ 'ਤੇ ਉਨ੍ਹਾਂ ਦੱਸਿਆ ਕਿ ਮੇਰਾ ਪੁਰਾਣਾ ਕੋਟ ਅਜੇ ਪਾਉਣਯੋਗ ਹੈ ਅਤੇ ਮੈਂ ਨਵੇਂ ਕੋਟ ਦਾ ਕੱਪੜਾ ਵੇਚ ਕੇ ਲੋੜਵੰਦ ਵਿਦਿਆਰਥੀਆਂ ਦੀ ਫੀਸ ਭਰ ਦਿੱਤੀ। ਇਸੇ ਤਰ੍ਹਾਂ ਦੀ ਹੀ ਸਿੱਖਿਆ ਸਾਨੂੰ ਮਹਾਤਮਾ ਬੁੱਧ, ਮਹਾਤਮਾ ਗਾਂਧੀ ਅਤੇ ਡਾ: ਅਬਦੁੱਲ ਕਲਾਮ ਦੇ ਜੀਵਨ ਤੋਂ ਮਿਲਦੀ ਹੈ। ਉਨ੍ਹਾਂ ਦੇ ਜੀਵਨ ਤੋਂ ਸੇਧ ਲੈਂਦੇ ਹੋਏ ਸਾਨੂੰ ਆਪਣਾ ਜੀਵਨ ਸਾਦਾ ਬਤੀਤ ਕਰਨ ਦੇ ਨਾਲ ਆਪਣੇ ਵਿਚਾਰਾਂ ਨੂੰ ਉੱਚਾ ਰੱਖਣਾ ਚਾਹੀਦਾ ਹੈ।


-ਪ੍ਰਿੰਸ ਅਰੋੜਾ
ਮਲੌਦ ਲੁਧਿਆਣਾ।


ਫ਼ਰਜ਼ਾਂ ਪ੍ਰਤੀ ਸੁਚੇਤ ਹੋਣ ਦੀ ਲੋੜ
ਪਿਛਲੇ 4-5 ਸਾਲ ਤੋਂ ਪੰਜਾਬ ਭਰ ਵਿਚ ਸੜਕਾਂ ਚੌੜੀਆਂ ਕਰਨ ਦਾ ਕੰਮ ਵੱਡੀ ਪੱਧਰ 'ਤੇ ਚੱਲ ਰਿਹਾ ਹੈ। ਸਰਕਾਰਾਂ ਦੇ ਸੜਕਾਂ ਚੌੜੀਆਂ ਕਰਨ ਦੇ ਵਿਕਾਸਮੁਖੀ ਕਾਰਜ ਨੇ ਦਰੱਖਤਾਂ ਦਾ ਪੂਰੀ ਤਰ੍ਹਾਂ ਵਿਨਾਸ਼ ਕਰ ਦਿੱਤਾ ਹੈ। 10 ਸਾਲ ਤੋਂ ਲੈ ਕੇ 100 ਸਾਲ ਪੁਰਾਣੇ ਦਰੱਖਤਾਂ ਦਾ ਸਫ਼ਾਇਆ ਹੋ ਚੁੱਕਾ ਹੈ। ਅੱਜ ਪੰਜਾਬ ਦਰੱਖਤਾਂ ਦੀ ਘਾਟ ਕਾਰਨ ਤੰਦੂਰ ਵਾਂਗ ਤਪ ਰਿਹਾ ਹੈ। ਇਸ ਸਾਲ ਮਹਿਕਮਾ ਜੰਗਲਾਤ ਵਲੋਂ ਦਰੱਖਤ ਲਗਾਉਣ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਸਰਕਾਰੀ ਨਰਸਰੀਆਂ ਵਿਚੋਂ ਮੁਫ਼ਤ ਵਿਚ ਦਰੱਖਤਾਂ ਦਾ ਖੁੱਲ੍ਹਾ ਗੱਫਾ ਦਿੱਤਾ ਜਾ ਰਿਹਾ ਹੈ। ਲੋਕਾਂ ਵਿਚ ਇਸ ਮੁਫ਼ਤ ਦੀ ਸਕੀਮ ਕਾਰਨ ਵਿਸ਼ੇਸ਼ ਉਤਸ਼ਾਹ ਪਾਇਆ ਜਾ ਰਿਹਾ ਹੈ। ਪਰ ਬੜੇ ਦੁੱਖ ਅਤੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਇਨ੍ਹਾਂ ਦਰੱਖਤਾਂ ਦੀ ਸਾਂਭ-ਸੰਭਾਲ, ਦਰੱਖਤਾਂ ਦੀ ਰਾਖੀ ਅਤੇ ਪਾਣੀ ਦੇਣ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ। ਸਰਕਾਰਾਂ ਦੀ ਨੀਅਤ ਅਤੇ ਨੀਤੀ ਇਮਾਨਦਾਰੀ ਤੋਂ ਸੱਖਣੀ ਹੈ। ਸਰਕਾਰਾਂ ਲੋਕ ਪੱਖੀ ਨੀਤੀਆਂ ਬਣਾਉਣ ਅਤੇ ਲਾਗੂ ਕਰਨ ਤੋਂ ਪੂਰੀ ਤਰ੍ਹਾਂ ਮੁਨਕਰ ਹਨ। ਆਮ ਜਨਤਾ ਦੇ ਜਾਗਰੂਕ ਹੋਣ ਨਾਲ ਆਪਣੇ ਹੱਕਾਂ ਅਤੇ ਫ਼ਰਜ਼ਾਂ ਪ੍ਰਤੀ ਸੁਚੇਤ ਅਤੇ ਚੇਤੰਨ ਹੋਣ ਨਾਲ ਹੀ ਬਹੁਤ ਸਾਰੀਆਂ ਸਮੱਸਿਆਵਾਂ ਦੇ ਹੱਲ ਦੀ ਸੰਭਾਵਨਾ ਹੋ ਸਕਦੀ ਹੈ।


-ਬਲਵਿੰਦਰ ਸਿੰਘ ਰੋਡੇ
ਮੋਗਾ।


ਪੰਜਾਬ ਅਤੇ ਨਸ਼ੇ
ਕੀ ਹੋ ਗਿਆ ਸਾਡੀ ਨੌਜਵਾਨ ਪੀੜ੍ਹੀ ਨੂੰ? ਹਰ ਰੋਜ਼ ਅਖ਼ਬਾਰ ਭਰੀ ਰਹਿੰਦੀ ਹੈ ਅਜਿਹੀਆਂ ਖ਼ਬਰਾਂ ਨਾਲ ਕਿ ਅੱਜ ਦੇ ਨੌਜਵਾਨ ਦਾ ਸਬੰਧ ਸਿਰਫ ਨਸ਼ੇ ਨਾਲ ਹੀ ਹੈ। ਨਸ਼ਾ ਕਰਨ ਵਾਲਾ ਇਨਸਾਨ ਹਰ ਰੋਜ਼ ਮਰਦਾ ਹੈ ਅਤੇ ਜਦੋਂ ਇਕ ਦਿਨ ਸਦਾ ਦੀ ਨੀਂਦ ਸੌਂ ਜਾਂਦਾ ਹੈ ਤਾਂ ਪਿੱਛੇ ਰਹਿ ਜਾਂਦਾ ਹੈ ਉਸ ਦਾ ਰੋਂਦਾ-ਕੁਰਲਾਉਂਦਾ ਪਰਿਵਾਰ, ਬੀਵੀ, ਬੱਚੇ ਅਤੇ ਮਾਪੇ। ਅਜਿਹੀਆਂ ਖ਼ਬਰਾਂ ਪੜ੍ਹ ਕੇ ਮਨ ਕਿੰਨਾ ਚਿਰ ਦੁਖੀ ਰਹਿੰਦਾ ਹੈ ਕਿ ਸਾਡੇ ਬੱਚੇ ਆਖ਼ਰ ਕਿੱਧਰ ਨੂੰ ਜਾ ਰਹੇ ਹਨ। ਇਹ ਵੀ ਸੱਚ ਹੈ ਕਿ ਖ਼ਬਰਾਂ ਜ਼ਿਆਦਾ ਪੰਜਾਬ ਨਾਲ ਸਬੰਧਿਤ ਹੁੰਦੀਆਂ ਹਨ। ਅੱਜ ਕੁੜੀਆਂ-ਮੁੰਡੇ ਦੋਵੇਂ ਹੀ ਬਰਾਬਰ ਦਾ ਨਸ਼ਾ ਲੈ ਰਹੇ ਹਨ ਆਖਿਰ ਕਿਉ? ਪੰਜਾਬ ਦੀ ਇਕ ਭਿਆਨਕ ਤਸਵੀਰ ਵੀ ਸਾਹਮਣੇ ਆ ਰਹੀ ਹੈ ਅਤੇ ਇਹ ਭਵਿੱਖ ਲਈ ਚਿੰਤਾ ਦਾ ਵਿਸ਼ਾ ਹੈ। ਹਰ ਰੋਜ਼ ਘਰਾਂ ਦੇ ਕੀਮਤੀ ਚਿਰਾਗ ਨਸ਼ੇ ਨਾਲ ਬੁਝ ਰਹੇ ਹਨ। ਨਸ਼ੇ ਦੇ ਗੰਦੇ ਕੋਹੜ ਨੂੰ ਖ਼ਤਮ ਕਰਨ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਪਵੇਗਾ। ਆਸ ਕਰਦੀ ਹਾਂ ਕਿ ਭਵਿੱਖ ਵਿਚ ਵਾਹਿਗੁਰੂ ਜੀ ਸਭ ਭਲੀ ਕਰਨ ਤੇ ਸਾਡੀ ਨੌਜਵਾਨ ਪੀੜ੍ਹੀ ਸਹੀ ਰਸਤੇ 'ਤੇ ਪਵੇ।


-ਹਰਪ੍ਰੀਤ ਕੋਰ
(ਐਮ.ਏ., ਬੀ.ਐਡ.), ਸੈਲੀ ਰੋਡ, ਪਠਾਨਕੋਟ।

02-08-2018

 ਭੀੜਤੰਤਰ ਬਨਾਮ ਭਾਜਪਾ
ਪਿਛਲੇ ਦਿਨੀਂ ਰਾਜਸਥਾਨ ਦੇ ਅਲਵਰ ਵਿਚ ਭੜਕੀ ਭੀੜ ਨੇ ਇਕ ਨਿਰਦੋਸ਼ ਰਕਬਰ ਖਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਬਹੁਗਿਣਤੀ ਹੋਣ ਦੀ ਧੌਂਸ ਵਿਚ ਭੜਕੀ ਭੀੜ ਵਲੋਂ ਮੁਸਲਮਾਨ ਜਾਂ ਦਲਿਤਾਂ ਦੀ ਕੁੱਟ-ਕੁੱਟ ਕੇ ਕੀਤੀ ਗਈ ਇਹ ਹੱਤਿਆ ਕੋਈ ਪਹਿਲੀ ਘਟਨਾ ਨਹੀਂ। ਜਿਸ ਤਰ੍ਹਾਂ ਇਸ ਸੰਵੇਦਨਸ਼ੀਲ ਮਸਲੇ ਉੱਪਰ ਦੋਵੇਂ ਪ੍ਰਮੁੱਖ ਪਾਰਟੀਆਂ, ਸੰਵੇਦਨਹੀਣ ਦਿਖਾਈ ਦੇ ਰਹੀਆਂ ਹਨ, ਇਸ ਤੋਂ ਲਗਦਾ ਹੈ ਕਿ ਇਹ ਘਟਨਾ ਆਖਰੀ ਘਟਨਾ ਵੀ ਨਹੀਂ। ਦੇਸ਼ ਦੇ ਗ੍ਰਹਿ ਮੰਤਰੀ ਕਹਿ ਰਹੇ ਹਨ ਕਿ ਜੇ ਇਸ ਮਸਲੇ 'ਤੇ ਲੋੜ ਪਈ ਤਾਂ ਨਵਾਂ ਕਾਨੂੰਨ ਵੀ ਬਣਾਇਆ ਜਾ ਸਕਦਾ ਹੈ ਜਦੋਂ ਕਿ ਕਾਨੂੰਨ ਤਾਂ ਪਹਿਲਾਂ ਹੀ ਮੌਜੂਦ ਹਨ। ਲੋੜ ਤਾਂ ਕਾਨੂੰਨ ਨੂੰ ਪਾਰਟੀਬਾਜ਼ੀ, ਜਾਤ, ਧਰਮ ਤੋਂ ਉੱਪਰ ਉੱਠ ਕੇ ਲਾਗੂ ਕਰਨ ਦੀ ਹੈ। ਪ੍ਰਧਾਨ ਮੰਤਰੀ, ਭੀੜਤੰਤਰ ਨੂੰ ਕਾਬੂ ਕਰਨ ਲਈ ਸਰਕਾਰੀ ਮਿਸ਼ਨਰੀ ਦੇ ਪੂਰੇ ਸਰਗਰਮ ਹੋਣ ਦੀ ਗੱਲ ਕਰ ਰਹੇ ਹਨ। ਜਦ ਕਿ ਸੰਘ ਪਰਿਵਾਰ ਦਾ ਇਕ ਵੱਡਾ ਆਗੂ ਇਦ੍ਰੇਸ਼ ਕੁਮਾਰ ਬਿਆਨ ਦੇ ਰਿਹਾ ਹੈ ਕਿ ਬੀਫ਼ ਖਾਣਾ ਬੰਦ ਕਰੋਗੇ ਤਾਂ ਰੁਕੇਗੀ ਭੀੜਤੰਤਰ ਵਲੋਂ ਹਿੰਸਾ। ਫਿਰ ਕੀ ਸਮਝਿਆ ਜਾਵੇ? ਭਾਜਪਾ ਵਲੋਂ ਨਾ ਤਾਂ ਪਾਰਟੀ ਪੱਧਰ 'ਤੇ ਅਤੇ ਨਾ ਹੀ ਸਰਕਾਰੀ ਪੱਧਰ 'ਤੇ ਇਸ ਬਿਆਨ ਦਾ ਵਿਰੋਧ ਜਾਂ ਨਿੰਦਾ ਕੀਤੀ ਗਈ ਹੈ।


-ਪ੍ਰੀਤ ਸਿੰਘ ਸੰਦਲ
ਪਿੰਡ ਮਕਸੂਦੜਾ, ਤਹਿ: ਪਾਇਲ (ਲੁਧਿਆਣਾ)।


ਅਣ-ਅਧਿਕਾਰਤ ਕਾਲੋਨੀਆਂ
ਪਿਛਲੀ ਸਰਕਾਰ ਸਮੇਂ ਪੂਰੇ ਪੰਜਾਬ ਵਿਚ ਅਣ-ਅਧਿਕਾਰਤ ਕਾਲੋਨੀਆਂ ਤੇ ਪਲਾਟਾਂ ਨੂੰ ਰੈਗੂਲਰ ਕਰਨ ਲਈ 2013 ਵਿਚ ਨੀਤੀ ਜਾਰੀ ਕੀਤੀ ਗਈ ਸੀ, ਜੋ ਕਿ 14 ਜਨਵਰੀ ਤੱਕ ਜਾਰੀ ਰਹੀ, ਜਿਸ ਵਿਚ ਸੈਂਕੜੇ ਹੀ ਅਣ-ਅਧਿਕਾਰਤ ਕਾਲੋਨੀਆਂ ਅਤੇ ਹਜ਼ਾਰਾਂ ਹੀ ਪਲਾਟ ਰੈਗੂਲਰ ਹੋਏ ਅਤੇ ਜਿਸ ਨਾਲ ਸਰਕਾਰ ਨੂੰ ਕਰੋੜਾਂ ਰੁਪਿਆਂ ਵਿਚ ਮਾਲੀਆ ਇਕੱਠਾ ਹੋਇਆ। ਹੁਣ ਜਿਹੜੀ ਨੀਤੀ ਘੜੀ ਗਈ ਹੈ, ਉਹ ਬਹੁਤ ਹੀ ਕਠਿਨ ਹੈ। ਨਵੀਂ ਨੀਤੀ ਵਿਚ ਪਹਿਲਾਂ ਕਾਲੋਨਾਈਜ਼ਰ ਜਿਸ ਨੇ ਕਾਲੋਨੀ ਕੱਟੀ ਸੀ, ਉਹ ਕਾਲੋਨੀ ਰੈਗੂਲਰ ਕਰਵਾਏਗਾ। ਫਿਰ ਪਲਾਟਾਂ ਦੇ ਮਾਲਕ ਆਪਣੇ ਪਲਾਟ ਰੈਗੂਲਰ ਕਰਵਾਉਣਗੇ ਜੋ ਕਿ ਸੰਭਵ ਨਹੀਂ ਹੈ। ਨਵੀਂ ਨੀਤੀ ਜੋ ਘੜੀ ਗਈ ਹੈ, ਭਾਵੇਂ ਕਿ ਇਸ ਨੂੰ ਸ਼ੁਰੂ ਹੋਇਆਂ ਕਈ ਦਿਨ ਹੋ ਗਏ ਹਨ ਪਰ ਕਿਸੇ ਨੇ ਵੀ ਕੋਈ ਕਾਲੋਨੀ ਜਾਂ ਪਲਾਟ ਰੈਗੂਲਰ ਕਰਾਉਣ ਸਬੰਧੀ ਅਰਜ਼ੀ ਨਹੀਂ ਦਿੱਤੀ, ਜਿਸ ਨਾਲ ਲੋਕ ਖੱਜਲ-ਖੁਆਰ ਹੋ ਰਹੇ ਹਨ। ਇਸ ਲਈ ਸਰਕਾਰ ਨੂੰ ਜਨਤਾ ਦੀ ਭਲਾਈ ਲਈ ਇਸ ਨਵੀਂ ਨੀਤੀ ਨੂੰ ਸਰਲ ਤੇ ਸੌਖਾ ਕਰਨਾ ਚਾਹੀਦਾ ਹੈ ਅਤੇ ਜੋ ਲੋਕ ਆਪਣੇ ਪਲਾਟ ਰੈਗੂਲਰ ਕਰਾਉਣ ਤੋਂ ਵਾਂਝੇ ਰਹਿ ਗਏ ਸਨ, ਉਹ ਵੀ ਯੋਜਨਾ ਦਾ ਲਾਭ ਉਠਾ ਸਕਣ, ਕਿਉਂਕਿ ਪਰਜਾਤੰਤਰ ਵਿਚ ਸਰਕਾਰ ਤੇ ਜਨਤਾ ਦੁਆਰਾ, ਜਨਤਾ ਦੀ ਅਤੇ ਜਨਤਾ ਲਈ ਹੀ ਹੁੰਦੀ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆਂ, ਜਲੰਧਰ।


ਵਿਰੋਧੀ ਧਿਰ ਵਿਚ ਵਿਰੋਧ
ਪੰਜਾਬ ਵਿਚ ਨਵੀਂ ਵਿਚਾਰਧਾਰਾ ਨਾਲ ਹੋਂਦ ਵਿਚ ਆਈ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਭਾਰੀ ਫਤਵਾ ਦਿੱਤਾ ਜਿਸ ਕਰਕੇ ਉਹ ਪੰਜਾਬ ਵਿਚ ਦੂਸਰੀ ਵੱਡੀ ਪਾਰਟੀ ਤੇ ਵਿਰੋਧੀ ਧਿਰ ਵਜੋਂ ਉੱਭਰੀ। ਵਰਤਮਾਨ ਸਮੇਂ ਵਿਚ ਜਿਸ ਤਰ੍ਹਾਂ ਇਸ ਪਾਰਟੀ ਵਿਚ ਵਿਰੋਧ ਚੱਲ ਰਿਹਾ ਹੈ, ਉਸ ਤੋਂ ਲਗਦਾ ਹੈ ਕਿ ਲੋਕਾਂ ਦੇ ਮੁੱਦੇ ਉਠਾਉਣ ਦੀ ਬਜਾਇ ਪਾਰਟੀ ਦੇ ਸਿਆਸੀ ਨੇਤਾਵਾਂ ਦੇ ਨਿੱਜੀ ਮਸਲੇ ਜ਼ਿਆਦਾ ਪ੍ਰਮੁੱਖ ਹੋ ਗਏ ਹਨ। ਸਰਕਾਰ ਬਣੀ ਨੂੰ ਡੇਢ ਸਾਲ ਹੋਣ ਦੇ ਕਰੀਬ ਹੈ ਤੇ ਹੁਣ ਤੱਕ ਤਿੰਨ ਵਿਰੋਧੀ ਧਿਰ ਦੇ ਨੇਤਾ ਬਦਲੇ ਜਾ ਚੁੱਕੇ ਹਨ। ਜੇਕਰ ਪਾਰਟੀ ਵਿਚ ਕੋਈ ਮਤਭੇਦ ਹਨ ਤਾਂ ਉਸ ਨੂੰ ਆਪਣੀ ਕੇਂਦਰ ਹਾਈ ਕਮਾਨ ਨਾਲ ਬੈਠ ਕੇ ਦੂਰ ਕੀਤੇ ਜਾ ਸਕਦੇ ਹਨ। ਇਸ ਤਰ੍ਹਾਂ ਵਿਰੋਧੀ ਧਿਰ ਦੇ ਨੇਤਾ ਬਦਲਣਾ ਕੋਈ ਸਾਰਥਕ ਹੱਲ ਨਹੀਂ ਹੈ ਤੇ ਉਨ੍ਹਾਂ ਲੋਕਾਂ ਨਾਲ ਇਨਸਾਫ਼ ਨਹੀਂ ਜਿਹੜਾ ਨੇ ਇਸ ਪਾਰਟੀ 'ਤੇ ਵਿਸ਼ਵਾਸ ਕਰਕੇ ਵਿਰੋਧੀ ਧਿਰ ਵਜੋਂ ਖੜ੍ਹਾ ਕੀਤਾ ਹੈ। ਇਸ ਲਈ ਲੋੜ ਹੈ ਕਿ ਆਪਸੀ ਮਤਭੇਦ ਭੁਲਾ ਕੇ ਆਉਣ ਵਾਲੇ ਸਮੇਂ ਵਿਚ ਲੋਕਾਂ ਦੇ ਮੁੱਦਿਆਂ ਵੱਲ ਧਿਆਨ ਦਿੱਤਾ ਜਾਵੇ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।


ਅਫਸਪਾ ਐਕਟ
ਪਿਛਲੀ ਦਿਨੀਂ ਪ੍ਰਕਾਸ਼ਿਤ ਹੋਏ ਲੇਖ 'ਜੰਮੂ-ਕਸ਼ਮੀਰ ਸੰਬਧੀ ਭਾਰਤ ਦੀ ਪਹੁੰਚ ਕੀ ਹੋਵੇ' ਨੂੰ ਪੜ੍ਹਿਆ ਤਾਂ ਲੇਖ ਵਿਚ 'ਅਫਸਪਾ' ਦਾ ਜ਼ਿਕਰ ਆਇਆ। ਮਨ ਵਿਚ ਇਸ ਬਾਰੇ ਪਤਾ ਕਰਨ ਦੀ ਇੱਛਾ ਪੈਦਾ ਹੋਈ। 'ਅਫਸਪਾ' (ਆਰਮਡ ਫੋਰਸਿਜ਼ ਸਪੈਸ਼ਲ ਪਾਵਰ ਐਕਟ) ਦਾ ਮਤਲਬ ਹੈ ਹਥਿਆਰਬੰਦ ਫੋਰਸ ਵਿਸ਼ੇਸ਼ ਅਧਿਕਾਰ ਕਾਨੂੰਨ। ਇਸ ਕਾਨੂੰਨ ਤਹਿਤ ਫ਼ੌਜ ਨੂੰ ਦੇਸ਼ ਦੀ ਏਕਤਾ ਅਖੰਡਤਾ ਨੂੰ ਢਾਹ ਲਾਉਣ ਵਾਲੇ ਅਨਸਰਾਂ ਨੂੰ ਕਾਬੂ ਕਰਨ ਦੇ ਨਾਂਅ ਹੇਠ ਸਪੈਸ਼ਲ ਸ਼ਕਤੀਆਂ ਵਰਤਣ ਦਾ ਅਧਿਕਾਰ ਦਿੱਤਾ ਜਾਂਦਾ ਹੈ। ਅਫਸਪਾ ਨੂੰ ਕਿਸ ਸਥਿਤੀ ਵਿਚ ਲਾਗੂ ਕਰਨਾ ਹੈ, ਇਹ ਅਧਿਕਾਰ ਕੇਂਦਰ ਸਰਕਾਰ ਕੋਲ ਰਾਖਵਾਂ ਰੱਖਿਆ ਗਿਆ ਹੈ। ਪੰਜਾਬ ਵਿਚ ਇਹ ਐਕਟ 1983 ਵਿਚ ਲਾਗੂ ਹੋਇਆ ਸੀ ਅਤੇ ਲਗਪਗ 14 ਸਾਲ ਬਾਅਦ 1997 ਵਿਚ ਰੱਦ ਕੀਤਾ ਗਿਆ ਸੀ। ਇਸ ਐਕਟ ਬਾਰੇ ਮਿਲੀਜੁਲੀ ਪ੍ਰਤੀਕਿਰਿਆ ਵੇਖਣ ਨੂੰ ਮਿਲਦੀ ਹੈ। ਮਨੁੱਖੀ ਅਧਿਕਾਰ ਪੱਖੋਂ ਇਸ ਐਕਟ ਦੀ ਫੋਰਸ ਵਲੋਂ ਨਾਜਾਇਜ਼ ਫਾਇਦਾ ਉਠਾਉਣ ਦੇ ਮੁੱਦੇ ਨੂੰ ਲੈ ਕੇ ਖੂਬ ਆਲੋਚਨਾ ਹੁੰਦੀ ਆ ਰਹੀ ਹੈ। 31 ਮਾਰਚ, 2012 ਨੂੰ ਸੰਯੁਕਤ ਰਾਸ਼ਟਰ ਨੇ ਵੀ ਭਾਰਤ ਨੂੰ ਅਫਸਪਾ ਐਕਟ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਵਰਤਮਾਨ ਵਿਚ ਇਹ ਐਕਟ ਨਾਗਾਲੈਂਡ, ਅਸਾਮ, ਮਣੀਪੁਰ, ਅਰੁਣਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿਚ ਲਾਗੂ ਹੈ। ਲਗਪਗ 27 ਸਾਲਾਂ ਬਾਅਦ ਪੂਰੇ ਮੇਘਾਲਿਆ ਅਤੇ ਅਰੁਣਾਚਲ ਪ੍ਰਦੇਸ਼ ਦੇ ਅੱਠ ਪੁਲਿਸ ਥਾਣਿਆਂ ਦੇ ਹਲਕਿਆਂ ਤੋਂ ਅਫਸਪਾ ਐਕਟ 31 ਮਾਰਚ, 2018 ਤੋਂ ਬਾਅਦ ਹਟਾ ਦਿੱਤਾ ਗਿਆ ਹੈ।


-ਵਿਸ਼ਾਲ ਜਿੰਦਲ (ਬੋਹਾ)।

01-08-2018

 ਨਸ਼ਿਆਂ ਦਾ ਕਹਿਰ
ਬੀਤੇ ਦਿਨੀਂ 'ਅਜੀਤ' ਦੇ ਲੋਕ ਮੰਚ ਪੰਨੇ 'ਤੇ ਲੇਖਕਾਂ, ਬੁੱਧੀਜੀਵੀਆਂ ਵਲੋਂ ਆਪਣੀਆਂ ਲਿਖਤਾਂ ਰਾਹੀਂ ਨਸ਼ਿਆਂ ਦੇ ਮੁੱਦੇ 'ਤੇ ਚਿੰਤਨ ਕੀਤਾ ਗਿਆ, ਬਹੁਤ ਹੀ ਵਧੀਆ ਲੱਗਿਆ। ਕਈ ਦਹਾਕਿਆਂ ਤੋਂ ਪੰਜਾਬ ਦੀ ਬਦਕਿਸਮਤੀ ਹੈ ਕਿ ਅਜੇ ਪੰਜਾਬ ਅੱਤਵਾਦ ਦੇ ਕਾਲੇ ਦੌਰ ਤੋਂ ਮਸਾਂ ਖਲਾਸੀ ਕਰਾ ਕੇ ਹਟਿਆ ਆਪਣੇ ਪੈਰਾਂ 'ਤੇ ਖੜ੍ਹਾ ਹੋਣ ਦੇ ਯਤਨ ਕਰ ਰਿਹਾ ਸੀ ਕਿ ਘਟੀਆ ਰਾਜਨੀਤੀ ਦਾ ਸ਼ਿਕਾਰ ਹੋ ਗਿਆ। ਕਿਸਾਨ ਕਰਜ਼ਿਆਂ 'ਚ ਧਸ ਗਿਆ, ਫ਼ਸਲਾਂ ਦਾ ਸਮਰਥਨ ਮੁੱਲ ਨਾ ਮਿਲਣ ਕਾਰਨ ਕਿਸਾਨ ਦਿਨ-ਬਦਿਨ ਕਿਸਾਨੀ ਤੇ ਭਾਰੀ ਖਰਚਿਆਂ ਕਾਰਨ ਬਹੁਤ ਆਰਥਿਕ ਪੱਖੋਂ ਕਮਜ਼ੋਰ ਹੁੰਦਾ ਗਿਆ ਤੇ ਕਰਜ਼ਿਆਂ ਕਾਰਨ ਖ਼ੁਦਕੁਸ਼ੀਆਂ ਦੇ ਰਾਹ ਪੈਣ ਲਈ ਮਜਬੂਰ ਹੋ ਗਿਆ।
ਅਜੇ ਉਹ ਸਿਲਸਿਲਾ ਕੁਝ ਰੁਕਣ ਵਾਲੇ ਪਾਸੇ ਗੱਲ ਵਧਣ ਲੱਗੀ ਤਾਂ ਪੰਜਾਬ ਦੇ ਨੌਜਵਾਨ ਨਸ਼ਿਆਂ ਕਾਰਨ ਰੋਜ਼ ਮੌਤ ਦੇ ਮੂੰਹ 'ਚ ਜਾ ਰਹੇ ਹਨ। ਇਹ ਪੰਜਾਬ 'ਚ ਕਰੋਪੀ ਕਹਿ ਲਓ ਜਾਂ ਪੰਜਾਬ ਦੀ ਪਵਿੱਤਰ ਧਰਤੀ ਨੂੰ ਕਿਸੇ ਦੀ ਮਾੜੀ ਨਜ਼ਰ ਲੱਗ ਗਈ ਜਾਪਦੀ ਹੈ। ਕਦੇ ਸਮਾਂ ਸੀ ਜਦ ਪੰਜਾਬ ਦੀ ਖੂਬਸੂਰਤ ਧਰਤੀ ਦੀਆਂ ਸੱਤ ਸਮੁੰਦਰੋਂ ਪਾਰ ਗੱਲਾਂ ਹੁੰਦੀਆਂ ਸਨ। ਸੋਹਣੇ ਗੱਭਰੂ-ਮੁਟਿਆਰਾਂ ਕਾਰਨ ਪੰਜਾਬ ਨੂੰ ਰੰਗਲਾ ਪੰਜਾਬ ਪੁਕਾਰਦੇ ਸਨ। ਪਰ ਅੱਜ ਬੜੇ ਅਫ਼ਸੋਸ ਨਾਲ ਗੱਲ ਕਰਨੀ ਪੈਂਦੀ ਹੈ ਕਿ ਇਸ ਪੰਜਾਬ ਨੂੰ ਕਈ ਦਹਾਕਿਆਂ ਤੋਂ ਨਾ ਤਾਂ ਵਧੀਆ ਤੇ ਇਮਾਨਦਾਰ ਰਾਜਨੇਤਾ ਮਿਲ ਰਹੇ ਹਨ, ਸਗੋਂ ਗੰਦੀ ਰਾਜਨੀਤੀ ਦਾ ਸ਼ਿਕਾਰ ਬਣ ਕੇ ਪੰਜਾਬ ਰਹਿ ਗਿਆ। ਪੜ੍ਹੇ-ਲਿਖੇ ਨੌਜਵਾਨਾਂ ਨੂੰ ਨੌਕਰੀ ਜਾਂ ਢੁਕਵੇਂ ਰੁਜ਼ਗਾਰ ਦੇ ਕੇ ਉਨ੍ਹਾਂ ਜ਼ਿੰਮੇਵਾਰ ਨਾਗਰਿਕ ਬਣਾ ਕੇ ਉਨ੍ਹਾਂ ਦੀ ਸੋਚ ਨੂੰ ਬਦਲਿਆ ਜਾਵੇ। ਹੋ ਸਕਦਾ ਹੈ ਅਜਿਹੇ ਕਾਰਨ ਉਹ ਕੁਰਾਹੇ ਪਾਣ ਤੋਂ ਬਚ ਜਾਣ।


-ਮਾਸਟਰ ਦੇਵ ਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਪੜ੍ਹਾਈ ਜ਼ਰੂਰੀ
ਭਾਵੇਂ ਅਸੀਂ ਕੈਨੇਡਾ ਵਿਚ ਹਾਂ ਪਰ ਫਿਰ ਵੀ ਜਦ ਵਕਤ ਮਿਲਦਾ ਹੈ, ਪੰਜਾਬ ਦੀ ਖ਼ਬਰ ਲੈਣ ਲਈ 'ਅਜੀਤ' ਅਖ਼ਬਾਰ ਇੰਟਰਨੈੱਟ ਰਾਹੀਂ ਪੜ੍ਹਦੇ ਹਾਂ। ਆਪਣੇ ਇਸ ਪੱਤਰ ਰਾਹੀਂ ਮੈਂ ਉਨ੍ਹਾਂ ਬੱਚਿਆਂ ਨੂੰ ਸੰਦੇਸ਼ ਭੇਜਣਾ ਚਾਹੁੰਦਾ ਹਾਂ ਜੋ ਕੈਨੇਡਾ ਆ ਕੇ ਪੜ੍ਹਨਾ ਚਾਹੁੰਦੇ ਹਨ। ਕੈਨੇਡਾ ਵਿਚ ਪੜ੍ਹਾਈ ਚੰਗੀ ਅਤੇ ਸਾਰਥਕ ਹੈ। ਮੈਂ ਵੀ ਇਹ ਸੁਣਿਆ ਸੀ ਕਿ ਕੈਨੇਡਾ ਵਿਚ ਬੱਚੇ ਪੜ੍ਹਦੇ ਘੱਟ ਅਤੇ ਕੰਮ ਜ਼ਿਆਦਾ ਕਰਦੇ ਹਨ। ਮੈਂ ਸਭ ਨੂੰ ਕਹਿਣਾ ਚਾਹੁੰਦਾ ਹਾਂ ਕਿ ਹੁਣ ਦੇ ਹਾਲਾਤ ਅਨੁਸਾਰ ਪੜ੍ਹਾਈ ਕਰਨੀ ਬਹੁਤ ਜ਼ਰੂਰੀ ਹੈ। ਹਰ ਕਾਲਜ ਵਿਚ ਰੋਜ਼ਾਨਾ ਹਾਜ਼ਰੀ ਲਗਦੀ ਹੈ। ਸਭ ਵਿਦਿਆਰਥੀ ਇਹ ਭੁਲੇਖਾ ਦੂਰ ਕਰ ਦੇਣ ਕਿ ਇਥੇ ਪੜ੍ਹਨ ਦੀ ਲੋੜ ਨਹੀਂ। ਪੜ੍ਹਾਈ ਅਤਿ ਜ਼ਰੂਰੀ ਹੈ। ਜੇਕਰ ਕੋਈ ਵਿਦਿਆਰਥੀ ਪੜ੍ਹਾਈ ਵਿਚੋਂ ਫੇਲ ਹੁੰਦਾ ਹੈ ਤਾਂ ਉਸ ਨੂੰ ਅੱਗੇ ਵੀਜ਼ਾ ਮਿਲਣ ਦੀ ਸੰਭਾਵਨਾ ਘੱਟ ਹੈ।


-ਹਰਪ੍ਰੀਤ ਸਿੰਘ ਵਿਰਕ
ਓਂਟਾਰੀਓ, ਕੈਨੇਡਾ।


ਮਜ਼ਾਕ ਦੇ ਪਾਤਰ
ਪਿਛਲੇ ਕਾਫੀ ਸਮੇਂ ਤੋਂ ਨਸ਼ੇ ਦਾ ਮਸਲਾ ਭਖਿਆ ਹੋਇਆ ਹੈ। ਇਸ ਦੇ ਚਲਦਿਆਂ ਇਕ ਤੋਂ ਸੱਤ ਜੁਲਾਈ ਨੂੰ ਨਸ਼ਾ ਵਿਰੋਧੀ ਹਫ਼ਤੇ ਵਜੋਂ ਮਨਾਇਆ ਗਿਆ। ਇਸ ਵਿਚ ਇਕ ਗੱਲ ਬਹੁਤ ਸ਼ਲਾਘਾਯੋਗ ਸੀ ਕਿ ਇਸ ਵਿਚ ਸਾਰੀਆਂ ਪਾਰਟੀਆਂ ਨੇ ਏਕਤਾ ਦਿਖਾਈ ਜੋ ਕਿ ਬਹੁਤ ਜ਼ਰੂਰੀ ਸੀ ਪਰ ਅਫ਼ਸੋਸ ਉਦੋਂ ਮਹਿਸੂਸ ਹੋਇਆ ਜਦੋਂ ਸਾਡੇ ਰਾਜਨੇਤਾਵਾਂ ਨੇ ਡੋਪ ਟੈਸਟ ਦਾ ਡਰਾਮਾ ਸ਼ੁਰੂ ਕਰਕੇ ਲੋਕਾਂ ਦਾ ਧਿਆਨ ਅਸਲ ਮੁੱਦੇ ਤੋਂ ਭੜਕਾਉਣ ਦੀ ਕੋਸ਼ਿਸ਼ ਕੀਤੀ। ਜਦ ਕਿ ਅਜਿਹੇ ਲੋਕਾਂ ਨੂੰ ਆਪਣੇ ਰੁਤਬੇ ਮੁਤਾਬਿਕ ਹੀ ਕੰਮ ਅਤੇ ਗੱਲਾਂ ਕਰਨੀਆਂ ਚਾਹੀਦੀਆਂ ਨਾ ਕਿ ਮਜ਼ਾਕ ਦਾ ਪਾਤਰ ਬਣਨ ਵਾਲੀਆਂ ਹਰਕਤਾਂ। ਮੌਜੂਦਾ ਸਰਕਾਰ ਨੂੰ ਚਾਹੀਦਾ ਹੈ ਕਿ ਡੋਪ ਟੈਸਟ ਦੇ ਡਰਾਮੇ ਨੂੰ ਛੱਡ ਕੇ ਨਸ਼ਿਆਂ ਨੂੰ ਬੰਦ ਕਰਨ ਵੱਲ ਧਿਆਨ ਦੇਵੇ।


-ਅਕਾਸ਼ਦੀਪ ਸੀਰਵਾਲੀ
ਜਮਾਤ-10ਵੀਂ, (ਐਸ.ਬੀ.ਐਸ. ਮਾਡਲ ਸਕੂਲ, ਸੀਰਵਾਲੀ)।


ਆਖ਼ਰ ਕਦੋਂ ਤੱਕ?
ਔਰਤ ਨਾਲ ਸਾਡੇ ਰਿਸ਼ਤੇ ਕਈ ਰੂਪਾਂ ਵਿਚ ਜੁੜਦੇ ਹਨ, ਔਰਤ ਮਾਂ ਵੀ ਹੈ, ਭੈਣ, ਧੀ ਤੇ ਪਤਨੀ ਵੀ ਹੈ। ਧੀਆਂ ਤੋਂ ਬਿਨਾਂ ਵਿਹੜੇ ਸੌਂਹਦੇ ਨਹੀਂ। ਅੱਜ ਦੀ ਔਰਤ ਜ਼ਿੰਦਗੀ ਦੇ ਹਰ ਮੈਦਾਨ ਵਿਚ ਮਰਦ ਨਾਲੋਂ ਕਿਸੇ ਗੱਲ ਤੋਂ ਘੱਟ ਨਹੀਂ ਹੈ। ਫ਼ੌਜ ਤੋਂ ਲੈ ਕੇ ਪਾਇਲਟ ਬਣ ਕੇ ਦੇਸ਼ ਦੀ ਸੇਵਾ ਲਈ ਤਤਪਰ ਹਨ। ਕਿਸੇ ਔਰਤ ਦੀ ਆਨ-ਸ਼ਾਨ ਨੂੰ ਮਿੱਟੀ 'ਚ ਮਿਲਾਉਣ ਵਾਲਾ ਭਾਵੇਂ ਬਾਲਗ ਹੋਵੇ ਜਾਂ ਨਾਬਾਲਗ ਉਸ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ। ਸਾਡੇ ਦੇਸ਼ ਦਾ ਸੰਵਿਧਾਨ ਲਚਕੀਲਾ ਹੋਣ ਕਾਰਨ ਮੁਜਰਮ ਚੋਰ ਮੋਰੀਆਂ ਵਿਚ ਦੀ ਨਿਕਲ ਜਾਂਦੇ ਹਨ, ਜਿਸ ਕਰਕੇ ਦਿਨ-ਪ੍ਰਤੀਦਿਨ ਅਪਰਾਧੀਆਂ ਦੇ ਹੌਸਲੇ ਬੁਲੰਦ ਹੋ ਰਹੇ ਹਨ। ਜਿਸ ਕਰਕੇ ਔਰਤਾਂ ਅਸੁਰੱਖਿਅਤ ਹਨ। ਜਬਰ ਜਨਾਹ ਕਰਨ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਣਾ ਚਾਹੀਦਾ ਤਾਂ ਕਿ ਦੇਸ਼ ਦੀਆਂ ਔਰਤਾਂ ਬੇਧੜਕ ਹੋ ਕੇ ਦੇਸ਼ ਦੀ ਤਰੱਕੀ ਵਿਚ ਭਾਗੀਦਾਰ ਬਣ ਸਕਣ।


-ਪ੍ਰੀਤਮ ਸਿੰਘ ਭੱਟੀ
ਪਿੰਡ ਮਾੜੀ ਮੁਸਤਫਾ, ਜ਼ਿਲ੍ਹਾ ਮੋਗਾ।


ਇਕਲੌਤਾ ਕਾਲਜ
ਪਿਛਲੇ ਦਿਨੀਂ 'ਅਜੀਤ' ਵਿਚ ਛਪੀ ਖ਼ਬਰ 'ਆਪਣੀ ਹੋਂਦ ਨੂੰ ਲੈ ਕੇ ਜੱਦੋ-ਜਹਿਦ ਕਰ ਰਿਹਾ ਸੰਗਰੂਰ ਦਾ ਇਕਲੌਤਾ ਸਰਕਾਰੀ ਕਾਲਜ' ਪੜ੍ਹੀ। ਖ਼ਬਰ ਪੜ੍ਹ ਕੇ ਬੇਹੱਦ ਦੁੱਖ ਹੋਇਆ ਕਿ ਕਿਸੇ ਵੇਲੇ ਆਪਣੀ ਇਮਾਰਤਸਾਜ਼ੀ ਲਈ ਮਸ਼ਹੂਰ ਰਿਹਾ ਸ਼ਹਿਰ ਦਾ ਇਕਲੌਤਾ ਸਰਕਾਰੀ ਰਣਬੀਰ ਕਾਲਜ ਅੱਜ ਦੀ ਘੜੀ ਮਾੜੇ ਦੌਰ ਵਿਚੋਂ ਲੰਘ ਰਿਹਾ ਹੈ। ਕਾਲਜ ਦੀ ਚਾਰਦੀਵਾਰੀ ਦੇ ਨਾਲ ਲੰਘਦਾ ਬਰਸਾਤੀ ਨਾਲੇ ਦਾ ਗੰਦਾ ਪਾਣੀ ਕਾਲਜ ਦੀ ਮੈਦਾਨ ਵਿਚ ਭਰਿਆ ਹੋਣ ਕਰਕੇ ਬਦਬੂ ਮਾਰ ਰਿਹਾ ਹੈ। ਮੈਦਾਨ ਦੀ ਇਹ ਤਸਵੀਰ ਪ੍ਰਧਾਨ ਮੰਤਰੀ ਜੀ ਵਲੋਂ ਚਲਾਈ ਗਈ ਸਵੱਛ ਭਾਰਤ ਮੁਹਿੰਮ ਦਾ ਵੀ ਮੂੰਹ ਚਿੜਾਉਂਦੀ ਹੈ। ਕਾਲਜ ਦੀ ਦੁਰਦਸ਼ਾ ਵੱਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਚੇਰੇ ਤੌਰ 'ਤੇ ਫੌਰੀ ਧਿਆਨ ਦੇਣਾ ਚਾਹੀਦਾ ਹੈ। ਕਾਲਜ ਦੀ ਸਾਂਭ-ਸੰਭਾਲ ਲਈ ਸਿਰਫ ਵਪਾਰ ਮੰਡਲ ਜਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਹੀ ਫਰਜ਼ ਨਹੀਂ ਬਣਦਾ, ਸਗੋਂ ਸਾਡਾ ਸਾਰਿਆਂ ਦਾ ਫ਼ਰਜ਼ ਹੈ ਕਿ ਅਸੀਂ ਸਾਰੇ ਰਲ ਮਿਲ ਕੇ ਹੰਭਲਾ ਮਾਰੀਏ ਅਤੇ ਇਕੋ-ਇਕ ਵਿਰਾਸਤੀ ਕਾਲਜ ਦੀ ਹੋਂਦ ਨੂੰ ਖੁਰਨ ਤੋਂ ਪਹਿਲਾਂ ਹੀ ਬਚਾ ਲਈਏ।


-ਸ. ਸ. ਰਮਲਾ, ਸੰਗਰੂਰ।

31-07-2018

 ਰੁੱਖ ਉੱਤੇ ਮਨੁੱਖ ਦੀ ਦਰਿੰਦਗੀ
ਮਨੁੱਖ ਨੇ ਹਰੀ ਕ੍ਰਾਂਤੀ ਦੀ ਆੜ ਹੇਠ ਧਰਤੀ ਉੱਤੇ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਕਰਕੇ ਕੁਦਰਤੀ ਸੰਤੁਲਨ ਵਿਗਾੜ ਦਿੱਤਾ ਹੈ। ਸਿੱਟਾ ਸਾਡੇ ਸਾਹਮਣੇ ਹੈ, ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਡਾਕਟਰਾਂ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਇਸੇ ਗੱਲ ਦੀ ਗਵਾਹੀ ਭਰਦਾ ਪੂਰਨ ਚੰਦ ਸਰੀਨ ਦਾ ਲੇਖ 'ਰੁੱਖਾਂ ਪ੍ਰਤੀ ਬੇਰੁਖੀ ਦਾ ਨਤੀਜਾ ਭੁਗਤ ਰਹੇ ਹਾਂ ਅਸੀਂ' ਪੜ੍ਹਿਆ ਜੋ ਸਾਨੂੰ ਭਵਿੱਖ ਦੇ ਮਾਰੂ ਖ਼ਤਰਿਆਂ ਪ੍ਰਤੀ ਚੇਤੰਨ ਕਰਦਾ ਹੈ। ਇਕ ਰਿਪੋਰਟ ਅਨੁਸਾਰ ਸਭ ਤੋਂ ਵੱਧ ਪ੍ਰਤੀ ਵਿਅਕਤੀ ਰੁੱਖ ਰੂਸ ਵਿਚ ਹਨ। ਬ੍ਰਾਜ਼ੀਲ ਦੂਜੇ ਅਤੇ ਕੈਨੇਡਾ ਤੀਸਰੇ ਸਥਾਨ 'ਤੇ ਹੈ। ਭਾਰਤ 'ਚ ਪ੍ਰਤੀ ਵਿਅਕਤੀ ਰੁੱਖਾਂ ਦੀ ਗਿਣਤੀ ਬਹੁਤ ਘੱਟ ਹੈ। ਪੰਜਾਬ ਦੀ ਸਥਿਤੀ ਹੋਰ ਵੀ ਬਦਤਰ ਹੈ। ਪੰਜਾਬ 'ਚ ਆਬਾਦੀ ਦੇ ਹਿਸਾਬ ਨਾਲ ਲੋੜੀਂਦੇ ਰੁੱਖਾਂ ਦੀ ਗਿਣਤੀ 23 ਫ਼ੀਸਦੀ ਘੱਟ ਹੈ। ਪੰਜਾਬ ਨੇ ਵਿਕਾਸ ਦੀ ਆੜ ਹੇਠ ਸੜਕਾਂ ਚੌੜੀਆਂ ਕਰਕੇ ਪਿਛਲੇ ਕੁਝ ਅਰਸੇ 'ਚ ਅੰਨ੍ਹੇਵਾਹ ਦਰੱਖਤਾਂ ਉੱਪਰ ਕੁਹਾੜਾ ਚਲਾਇਆ ਹੈ। ਇਕੱਲੇ ਬਠਿੰਡਾ-ਚੰਡੀਗੜ੍ਹ ਸੜਕ ਦੀ ਚੌੜਾਈ ਵਧਾਉਣ ਲਈ 5 ਲੱਖ ਤੋਂ ਜ਼ਿਆਦਾ ਰੁੱਖਾਂ ਦੀ ਬਲੀ ਦਿੱਤੀ ਗਈ ਹੈ। ਜਦ ਕਿ ਲਗਾਇਆ ਇਕ ਵੀ ਰੁੱਖ ਨਹੀਂ ਗਿਆ। ਸੋ ਸਰਕਾਰਾਂ ਤੋਂ ਕਿਸੇ ਕਿਸਮ ਦੀ ਉਮੀਦ ਨਾ ਰੱਖਦਿਆਂ ਆਪਣੇ ਪੱਧਰ 'ਤੇ ਰੁੱਖ ਲਗਾਉਣ ਦੀ ਮੁਹਿੰਮ ਤਹਿਤ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਅੱਗੇ ਆਉਣਾ ਚਾਹੀਦਾ ਹੈ।

-ਸਨਤਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।

ਲਹਿੰਦੇ ਪੰਜਾਬ ਦੀ ਪੁਕਾਰ
ਪਾਕਿਸਤਾਨ ਦੇ ਪੰਜਾਬੀ ਡਾ: ਤਾਹਿਰ ਮਹਿਮੂਦ ਦਾ ਲਿਖਿਆ ਸਮਾਜਿਕ ਤੇ ਧਾਰਮਿਕ ਸਾਂਝ ਨੂੰ ਪ੍ਰਗਟਾਉਂਦਾ ਲੇਖ ਪੜ੍ਹਿਆ, ਚੰਗਾ ਲੱਗਾ। ਸਦੀਆਂ ਤੋਂ ਇਕੱਠੇ ਰਹਿੰਦੇ ਹਿੰਦੂ, ਸਿੱਖ, ਮੁਸਲਿਮ, ਈਸਾਈਆਂ ਨੂੰ 47 ਦੀ ਵੰਡ ਨੇ ਨਿਖੇੜ ਕੇ ਰੱਖ ਦਿੱਤਾ। ਮੁੰਡੀ ਰੋਡ ਕਪੂਰਥਲੇ ਨਾਲ ਸਬੰਧਿਤ ਡਾ: ਮਹਿਮੂਦ ਚੜ੍ਹਦੇ, ਲਹਿੰਦੇ ਪੰਜਾਬ ਦੇ ਵਸਨੀਕਾਂ ਨੂੰ ਇਕ ਮੰਚ 'ਤੇ ਵੇਖਣਾ ਚਾਹੁੰਦਾ ਹੈ। ਰਾਜਨੀਤਕ ਲੋਕਾਂ ਨੇ ਭਾਵੇਂ ਇਧਰ ਉੱਧਰ ਹਜ਼ਾਰਾਂ ਬੰਦਿਸ਼ਾਂ ਲਾਈਆਂ ਹੋਣ ਪਰ ਸਾਂਝੇ ਮੌਸਮ, ਮੇਲੇ, ਬੋਲੀਆਂ, ਸਾਂਝਾ ਸੱਭਿਆਚਾਰ, ਸਾਂਝੇ ਗੁਰੂ ਪੀਰ, ਸਾਂਝੀ ਉਪਜਾਊ ਧਰਤੀ ਦੀਆਂ ਬਰਕਤਾਂ ਨੂੰ ਕੋਈ ਸੰਨ੍ਹ ਨਹੀਂ ਲਾ ਸਕਿਆ। ਸ਼ਾਲਾ! ਇਹ ਮਜ਼ਬੂਤ ਤੰਦਾਂ ਜੁੜੀਆਂ ਰਹਿਣ, ਅੱਜ ਨਹੀਂ ਤਾਂ ਕੱਲ੍ਹ ਇਹ ਸਾਂਝਾਂ ਤੂਫ਼ਾਨ ਬਣ ਕੇ ਅਨੇਕਾਂ ਰੁਕਾਵਟਾਂ ਨੂੰ ਫਨਾਹ ਕਰ ਦੇਣਗੀਆਂ। ਡਾ: ਤਾਹਿਰ ਦੀਆਂ ਨਾਰੋਵਾਲ ਗੁਰੂ ਦਰਬਾਰ ਵਿਚ ਹੰਝੂਆਂ ਭਰੀਆਂ ਅੱਖਾਂ ਨਾਲ ਕੀਤੀਆਂ ਅਰਦਾਸਾਂ ਕਬੂਲ ਹੋਣ ਅਤੇ ਸਾਡਾ ਇਧਰ ਉਧਰ ਸਮਾਜਿਕ ਮੇਲ-ਜੋਲ ਹੋਰ ਵਧੇ। ਲੇਖਕ ਵੀਰ ਆਪਣੀਆਂ ਲਿਖਤਾਂ ਨਾਲ ਆਪਣੀਆਂ ਸਾਂਝਾ ਹੋਰ ਪਕੇਰੀਆਂ ਕਰ ਸਕਦੇ ਹਨ।

-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ, ਘੁਮਾਣ, ਗੁਰਦਾਸਪੁਰ।

ਮਿਜ਼ਾਜ ਅਤੇ ਮਜਾਜ਼
ਮਿਜ਼ਾਜ ਅਤੇ ਮਜਾਜ਼ ਦੋ ਸ਼ਬਦ ਹਨ। ਇਨ੍ਹਾਂ ਦੇ ਉਚਾਰਣ ਵਿਚ ਫ਼ਰਕ ਹੈ ਅਤੇ ਅਰਥਾਂ ਵਿਚ ਵੀ ਕਾਫ਼ੀ ਅੰਤਰ ਹੈ। ਬਹੁਤੇ ਲੋਕਾਂ ਨੂੰ ਇਨ੍ਹਾਂ ਪ੍ਰਤੀ ਭੁਲੇਖਾ ਹੈ। ਲੁਗਾਤ-ਏ-ਫ਼ਿਰੋਜ਼ੀ ਅਨੁਸਾਰ ਮਿਜ਼ਾਜ ਸ਼ਬਦ ਦੇ ਪਹਿਲੇ ਜੱਜੇ ਪੈਰ ਬਿੰਦੀ ਹੈ ਅਤੇ ਦੂਸਰਾ ਖਾਲੀ ਹੈ। ਇਸ ਸ਼ਬਦ ਦਾ ਅਰਥ ਹੈ, ਸੁਭਾਅ, ਤਾਸੀਰ, ਨਖਰਾ, ਅਦਾ, ਹੰਕਾਰ ਤੇ ਆਕੜ ਆਦਿ। ਕਿਸੇ ਦਾ ਹਾਲ ਚਾਲ ਪੁੱਛਣਾ ਹੋਵੇ ਤਾਂ ਕਹਿੰਦੇ ਹਾਂ ਮਿਜ਼ਾਜ ਕੈਸੇ ਹੈਂ। ਮੌਸਮ ਦਾ ਮਿਜ਼ਾਜ ਖੁਸ਼ਨਾਮਾ ਹੈ ਜਾਂ ਬਿਗੜਿਆ ਜਾਪਦਾ ਹੈ। ਮਿਜ਼ਾਜ ਪੁਰਸੀ ਕਰਨ ਤੋਂ ਭਾਵ ਹੈ ਖ਼ੈਰੀਅਤ ਪੁੱਛਣਾ, ਆਓ ਭਗਤ ਕਰਨਾ। ਕਈ ਬੰਦਿਆਂ ਨੂੰ ਵਿਸ਼ੇਸ਼ਣ ਲਾਉਂਦੇ ਹਾਂ ਬੜਾ ਖੁਸ਼ ਮਿਜ਼ਾਜ ਹੈ ਜਾਂ ਬਦ ਮਿਜ਼ਾਜ ਆਦਮੀ ਹੈ। ਵਿਸ਼ੇਸ਼ਣ ਬੋਲੇ ਜਾਂਦੇ ਹਨ। ਦੂਸਰਾ ਸ਼ਬਦ ਹੈ ਮਜਾਜ਼, ਇਸ ਦਾ ਪਹਿਲਾ ਜੱਜਾ ਖਾਲੀ ਹੈ ਤੇ ਦੂਜੇ ਜੱਜੇ ਪੈਰ ਬਿੰਦੀ ਹੈ। ਇਸ ਸ਼ਬਦ ਦਾ ਅਰਥ ਹੈ ਗ਼ੈਰ ਹਕੀਕੀ, ਦੁਨਿਆਵੀ, ਫ਼ਰਜ਼ੀ, ਮਸਨੂਈ ਤੇ ਮਿਥਿਆ ਵਗ਼ੈਰਾ। ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਇਸ਼ਕ ਹਕੀਕੀ ਤੇ ਇਸ਼ਕ ਮਜਾਜ਼ੀ। ਅਲਾਮਾ ਇਕਬਾਲ ਦੀ ਇਕ ਗ਼ਜ਼ਲ ਦਾ ਮਤਲਾਅ ਹੈ :
ਕਭੀ ਐ ਹਕੀਕਤ-ਏ-ਮੁੰਤਜ਼ਿਰ,
ਨਜ਼ਰ ਆ ਲਿਬਾਸੇ-ਮਜਾਜ਼ ਮੇਂ।

-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ।

ਅਧੂਰੀ ਜਾਣਕਾਰੀ ਅਧੂਰਾ ਸੱਚ
14 ਜੁਲਾਈ ਦੇ ਸੰਪਾਦਕੀ ਪੰਨੇ 'ਤੇ ਮੁਖਤਾਰ ਗਿੱਲ ਦੀ ਰਚਨਾ ਕਿਸਾਨਾਂ ਲਈ 'ਜਾਨ ਦਾ ਖੌਅ ਸਰਹੱਦ ਤੇ ਕੰਡਿਆਲੀ' ਤਾਰ ਪੜ੍ਹੀ ਰਚਨਾ ਬਹੁਤ ਵਧੀਆ ਲੱਗੀ ਸਰਹੱਦੀ ਕਿਸਾਨਾਂ ਦੀ ਤਰਸਯੋਗ ਹਾਲਤ ਨੂੰ ਬਿਆਨ ਕੀਤਾ, ਪਰ ਰਚਨਾ ਵਿਚ ਲੇਖਕ ਅਧੂਰੀ ਜਾਣਕਾਰੀ ਰੱਖਦਾ ਪ੍ਰਤੀਤ ਹੁੰਦਾ ਹੈ, ਬਾਰਡਰ ਸੰਘਰਸ਼ ਕਮੇਟੀ ਨਹੀਂ, ਸਗੋਂ ਬਾਰਡਰ ਵੈੱਲਫੇਅਰ ਸੁਸਾਇਟੀ ਪਿਛਲੇ ਕਈ ਸਾਲਾਂ ਤੋਂ ਕੇਸ ਲੜ ਰਹੀ ਹੈ, ਜਿਸ ਦਾ ਕੇਸ ਨੰਬਰ ਐਲ. ਪੀ. ਏ. 35/2012 ਦਰਜ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਅਦਾਲਤ ਵਿਚ ਚਲ ਰਿਹਾ ਹੈ। ਸਰਹੱਦੀ ਦਾਇਰਾ ਤਾਂ ਪਹਿਲਾਂ ਹੀ 16 ਕਿਲੋਮੀਟਰ ਤਹਿ ਹੈ, ਲੇਖ ਗ਼ਲਤ ਜਾਣਕਾਰੀ ਦੇ ਰਿਹਾ ਹੈ ਜੋ 6 ਤੋਂ 8 ਕਿਲੋਮੀਟਰ ਦੱਸ ਰਿਹਾ ਹੈ। ਲੇਖਕ ਕਿਸਾਨ ਅਤੇ ਫ਼ੌਜ ਦੇ ਮਨੋਬਲ ਨੂੰ ਢਾਹ ਲਾ ਰਿਹਾ ਹੈ। ਲੇਖਕ ਜ਼ਮੀਨੀ ਪੱਧਰ ਤੱਕ ਪਹੁੰਚ ਨਹੀਂ ਕਰਦਾ ਪ੍ਰਤੀਤ ਹੁੰਦਾ ਹੈ, ਬਲਕਿ ਜ਼ਬਾਨੀ ਸੁਣੀਆਂ ਗੱਲਾਂ ਤੋਂ ਲੇਖ ਪ੍ਰੇਰਿਤ ਜਾਪਦਾ ਹੈ। ਲੇਖ ਲਿਖਣ ਤੋਂ ਪਹਿਲਾਂ ਲੇਖਕ ਸਾਹਿਬਾਨ ਨੂੰ ਸਹੀ ਬਿਊਰਾ ਇਕੱਠਾ ਕਰਨਾ ਚਾਹੀਦਾ ਸੀ।

-ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾ, ਜ਼ਿਲ੍ਹਾ ਫ਼ਾਜ਼ਿਲਕਾ।

ਸਵਾ ਅਰਬ ਤੋਂ ਪਾਰ ਆਬਾਦੀ
ਸਾਡੇ ਦੇਸ਼ ਦੀ ਆਬਾਦੀ ਅੱਜ ਅਮਰਵੇਲ ਵਾਂਗ ਵਧਦੀ ਜਾ ਰਹੀ ਹੈ, ਜਿਸ ਦੀ ਗਿਣਤੀ ਅੱਜ ਸਵਾ ਅਰਬ ਤੋਂ ਪਾਰ ਜਾ ਚੁੱਕੀ ਹੈ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਕ 2028 ਤੱਕ ਭਾਰਤ ਆਬਾਦੀ ਦੇ ਪੱਖ ਤੋਂ ਚੀਨ ਤੋਂ ਅੱਗੇ ਲੰਘ ਜਾਵੇਗਾ। ਭਾਵ ਭਾਰਤ ਆਬਾਦੀ ਦੇ ਪੱਖ ਤੋਂ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਬਣ ਜਾਵੇਗਾ। ਹੁਣ ਸਮਾਂ ਮੰਗ ਕਰਦਾ ਹੈ ਕਿ ਭਾਰਤ ਵੀ ਇਸ ਪਾਸੇ ਧਿਆਨ ਦੇਵੇ। ਅਮਰੀਕਾ ਤੇ ਰੂਸ ਵਰਗੇ ਦੇਸ਼ ਹਰ ਪੱਖ ਤੋਂ ਮਜ਼ਬੂਤ ਹਨ ਕਿਉਂਕਿ ਉਥੇ ਆਬਾਦੀ ਘੱਟ ਹੈ। ਸਾਡੇ ਦੇਸ਼ ਦੇ ਹੁਕਮਰਾਨਾਂ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਦੇਸ਼ ਨੂੰ ਤਰੱਕੀ ਦੀਆਂ ਲੀਹਾਂ 'ਤੇ ਵੇਖਣ ਵਾਲੇ ਅਗਾਂਹਵਧੂ ਤੇ ਇਨਸਾਫ਼ ਪਸੰਦ ਲੋਕ ਚਾਹੁੰਦੇ ਹਨ ਕਿ ਗੰਭੀਰ ਤੇ ਸੁਚੱਜੇ ਢੰਗ ਤਰੀਕੇ ਵਰਤ ਕੇ ਆਬਾਦੀ 'ਤੇ ਕਾਬੂ ਪਾਇਆ ਜਾਵੇ। ਹੁਣ ਬੇਹੱਦ ਜ਼ਰੂਰੀ ਹੋ ਗਿਆ ਹੈ ਕਿ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਨਾਲ-ਨਾਲ ਆਬਾਦੀ 'ਤੇ ਛੇਤੀ ਕਾਬੂ ਪਾਇਆ ਜਾਵੇ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

30-07-2018

 ਕਿਸਾਨ ਤੇ ਦਿਮਾਗ
ਧਾਰਮਿਕ ਗ੍ਰੰਥਾਂ ਵਿਚ ਖੇਤੀਬਾੜੀ ਦੇ ਧੰਦੇ ਨੂੰ ਸਭ ਕੰਮਾਂ ਤੋਂ ਉੱਪਰ ਦੱਸਿਆ ਗਿਆ ਹੈ। ਖੇਤੀਬਾੜੀ ਦੇ ਉੱਤਮ ਧੰਦੇ ਵਿਚ ਕਿਸਾਨ ਪਰਮਾਤਮਾ ਦੀ ਰਚੀ ਕੁਦਰਤ ਨਾਲ ਜੁੜਿਆ ਰਹਿੰਦਾ ਹੈ। ਕਿਸਾਨ ਆਪਣੀ ਜ਼ਮੀਨ ਉਤੇ ਆਪਣੀ ਮਰਜ਼ੀ ਨਾਲ ਫਸਲਾਂ ਉਗਾਉਣ ਲਈ ਆਜ਼ਾਦ ਹੁੰਦਾ ਹੈ ਤੇ ਆਜ਼ਾਦੀ ਇਕ ਵੱਡੀ ਪ੍ਰਾਪਤੀ ਹੈ। ਖੇਤੀਬਾੜੀ ਦੇ ਧੰਦੇ ਦੇ ਉੱਤਮ ਹੋਣ ਪਿਛੇ ਵਿਸ਼ਾਲ ਤੇ ਤਾਕਤਵਰ ਫਿਲਾਸਫੀ ਹੋਣ ਦੇ ਬਾਵਜੂਦ ਅੱਜ ਦਾ ਕਿਸਾਨ ਇਸ ਉਤਮ ਧੰਦੇ ਨੂੰ ਘਾਟੇ ਵਾਲਾ ਧੰਦਾ ਦਸ ਕੇ ਮੂੰਹ ਮੋੜ ਰਿਹਾ ਹੈ। ਮੇਰੇ ਵਿਚਾਰ ਅਨੁਸਾਰ ਖੇਤੀਬਾੜੀ ਦੇ ਉੱਤਮ ਧੰਦੇ ਨੂੰ ਲਾਭਦਾਇਕ ਤੇ ਉਤਮ ਹੋਣ ਦੀ ਫਿਲਾਸਫੀ ਨੂੰ ਸਮਝਿਆ ਜਾਵੇ। ਅਰਥਾਤ ਕਿਸਾਨਾਂ ਦਾ ਪੜ੍ਹਿਆ-ਲਿਖਿਆ ਹੋਣਾ ਲਾਜ਼ਮੀ ਗੱਲ ਬਣ ਚੁੱਕੀ ਹੈ। ਸਾਹਿਤ ਤੇ ਮਾਹਿਰਾਂ ਦੇ ਤਜਰਬਿਆਂ ਅਨੁਸਾਰ ਆਪਣੇ ਨਿੱਜੀ ਦਿਮਾਗ ਵਰਤ ਕੇ ਸੋਚ ਵਿਚਾਰ ਕਰ ਕੇ, ਫਾਇਦੇ ਵਾਲੀ ਫਸਲ ਬੀਜ ਕੇ ਜਿਸ 'ਤੇ ਘੱਟ ਖਰਚਾ, ਘੱਟ ਪਾਣੀ ਲੱਗੇ ਅਤੇ ਚੰਗਾ ਮੰਡੀਕਰਨ ਹੋਵੇ ਦੇ ਬਾਰੇ ਚਿੰਤਨ ਕਰ ਕੇ ਖੇਤੀਬਾੜੀ ਧੰਦੇ ਨੂੰ ਉੱਤਮ ਧੰਦਾ ਬਣਾਇਆ ਜਾ ਸਕਦਾ ਹੈ।


-ਬਿਹਾਲਾ ਸਿੰਘ, ਹੁਸ਼ਿਆਰਪੁਰ।


ਟੀ.ਬੀ. ਦਾ ਇਲਾਜ ਮੁਫ਼ਤ
ਪੰਜਾਬ ਸਰਕਾਰ ਵਲੋਂ ਅਜਿਹੇ ਟੀ.ਬੀ. ਦੇ ਕਰੈਨਿਕ ਮਰੀਜ਼, ਜਿਨ੍ਹਾਂ 'ਤੇ ਸਾਧਾਰਨ ਦਵਾਈ ਦਾ ਅਸਰ ਨਹੀਂ ਹੁੰਦਾ, ਦਾ ਇਲਾਜ ਮੁਫ਼ਤ ਕਰਨ ਦਾ ਐਲਾਨ ਕੀਤਾ ਹੈ। ਹਰੇਕ ਅਜਿਹੇ ਟੀ.ਬੀ. ਦੇ ਮਰੀਜ਼ ਨੂੰ ਕਰੀਬ ਸਾਢੇ 9 ਲੱਖ ਰੁਪਏ ਦੀ ਦਵਾਈ ਸਹੂਲਤ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ ਅਤੇ ਇਸ ਤੋਂ ਇਲਾਵਾ 500 ਰੁਪਏ ਮਹੀਨਾ ਪੌਸ਼ਟਿਕ ਅਹਾਰ ਦੇਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਪੰਜਾਬ ਸਰਕਾਰ ਵਲੋਂ ਲਿਆ ਗਿਆ ਇਹ ਫ਼ੈਸਲਾ ਬਹਤ ਹੀ ਸ਼ਲਾਘਾਯੋਗ ਹੈ। ਪੰਜਾਬ ਵਿਚ ਅਜਿਹੇ ਕਰੈਨਿਕ ਮਰੀਜ਼ਾਂ ਦੀ ਗਿਣਤੀ ਕਾਫ਼ੀ ਦੱਸੀ ਜਾਂਦੀ ਹੈ ਅਤੇ ਇਸ ਦਾ ਇਲਾਜ ਮਹਿੰਗਾ ਹੋਣ ਕਾਰਨ ਗ਼ਰੀਬ ਲੋਕ ਇਲਾਜ ਨਹੀਂ ਕਰਵਾ ਸਕਦੇ ਅਤੇ ਇਸ ਨਾਮੁਰਾਦ ਬਿਮਾਰੀ ਕਾਰਨ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਸਰਕਾਰ ਵਲੋਂ ਦਿੱਤੀ ਸਹੂਲਤ ਦਾ ਜਿਥੇ ਅਜਿਹੇ ਮਰੀਜ਼ਾਂ ਨੂੰ ਜ਼ਰੂਰ ਫਾਇਦਾ ਉਠਾਉਣਾ ਚਾਹੀਦਾ ਹੈ, ਉਥੇ ਸਰਕਾਰ ਨੂੰ ਇਸ ਦੇ ਇਲਾਜ ਲਈ ਸੌਖਾ ਅਤੇ ਸਰਲ ਰਾਹ ਅਪਨਾਉਣਾ ਚਾਹੀਦਾ ਹੈ ਤਾਂ ਜੋ ਅਜਿਹੇ ਮਰੀਜ਼ ਖੱਜਲ-ਖੁਆਰ ਨਾ ਹੋਣ।


-ਅਮਰੀਕ ਸਿੰਘ ਚੀਮਾ, ਜਲੰਧਰ।


ਪੁਰਾਣਾ ਪੇਂਡੂ ਸੱਭਿਆਚਾਰ

ਪਿਛਲੇ ਦਿਨੀਂ 'ਸਾਡੇ ਪਿੰਡ ਸਾਡੇ ਖੇਤ' ਸਫ਼ੇ 'ਤੇ ਲੜੀਵਾਰ ਛਪ ਰਿਹਾ ਮਹਿੰਦਰ ਸਿੰਘ ਦੁਸਾਂਝ ਦਾ ਲੇਖ 'ਪੰਜਾਬ ਦਾ ਪੁਰਾਣਾ ਪੇਂਡੂ ਸੱਭਿਆਚਾਰ' ਬਹੁਤ ਕਾਬਲ-ਏ-ਤਾਰੀਫ਼ ਹੈ, ਜਿਸ ਵਿਚੋਂ ਉਨ੍ਹਾਂ ਦੀ ਉਮਰ ਦਾ ਤਜਰਬਾ ਬੋਲਦਾ ਹੈ। ਇਹ ਗੱਲ ਸਹੀ ਹੈ ਕਿ ਸਾਡਾ ਪੁਰਾਣਾ ਸਮਾਂ ਅਜੋਕੀ ਪੀੜ੍ਹੀ ਭੁਲਦੀ ਜਾ ਰਹੀ ਹੈ, ਦੋਸਾਂਝ ਸਾਹਿਬ ਨੇ ਲੋਕ ਰਾਤਾਂ ਨੂੰ ਚਾਰ ਹਿੱਸਿਆਂ ਵਿਚ ਵੰਡਣ ਦੀ ਗੱਲ ਕਰ ਕੇ ਗਿਆਨ ਵਿਚ ਬਹੁਤ ਵਾਧਾ ਕੀਤਾ ਤੇ ਕੁੱਕੜ ਦੀ ਬਾਂਗ ਨਾਲ ਉਠਣ ਦੀ ਗੱਲ ਨਾਲ ਬੀਤੇ ਦੀਆਂ ਬਾਤਾਂ ਇਕ ਰੀਲ੍ਹ ਦੀ ਤਰ੍ਹਾਂ ਦਿਮਾਗ ਵਿਚ ਤਰੋ-ਤਾਜ਼ੀਆਂ ਹੋ ਗਈਆਂ। ਸਮੇਂ-ਸਮੇਂ 'ਤੇ ਐਸੀਆਂ ਵਿਰਸੇ ਦੀਆਂ ਰਚਨਾਵਾਂ ਲੱਗਣੀਆਂ 'ਅਜੀਤ' ਅਖ਼ਬਾਰ ਦੀ ਲੋਕਪ੍ਰਿਅਤਾ ਵਿਚ ਅਥਾਹ ਵਾਧਾ ਕਰਦੀਆਂ ਹਨ।


ਜਸਵੀਰ ਸਿੰਘ ਦੱਧਾਹੂਰ
ਸ੍ਰੀ ਮੁਕਤਸਰ ਸਾਹਿਬ।


ਸਤਿਕਾਰਯੋਗ ਸ਼ਖ਼ਸੀਅਤ
ਪਿਛਲੇ ਦਿਨੀਂ ਪ੍ਰੋ: ਅਭੈ ਕੁਮਾਰ ਦੂਬੇ ਦਾ ਲੇਖ ਭਾਜਪਾ ਤੇ ਵਿਰੋਧੀ ਧਿਰ ਦੋਵਾਂ ਲਈ ਮੰਜ਼ਿਲ ਆਸਾਨ ਨਹੀਂ। ਬਿਲਕੁਲ ਸਚਾਈ ਪੇਸ਼ ਕਰਦਾ ਨਜ਼ਰ ਆਉਂਦਾ ਹੈ। ਲੇਖਕ ਦਾ ਕਹਿਣਾ ਹੈ ਕਿ ਭਾਜਪਾ ਮੰਨਦੀ ਹੈ ਕਿ ਵਿਰੋਧੀ ਧਿਰ ਕੋਲ ਨਰਿੰਦਰ ਮੋਦੀ ਦੇ ਹਾਣ ਦਾ ਕੋਈ ਨੇਤਾ ਨਹੀਂ ਹੈ। ਜਿਸ ਦਾ ਭਾਜਪਾ ਨੂੰ ਲਾਭ ਮਿਲੇਗਾ। ਮੇਰੀ ਸੋਚ ਅਨੁਸਾਰ ਜੇ ਕਾਂਗਰਸ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਤੌਰ 'ਤੇ ਡਾ: ਮਨਮੋਹਨ ਸਿੰਘ ਨੂੰ ਅੱਗੇ ਲਿਆਵੇ ਤਾਂ ਮੋਦੀ ਤੋਂ ਵਧ ਵੋਟਾਂ ਡਾ: ਮਨਮੋਹਨ ਸਿੰਘ ਨਾਂਅ 'ਤੇ ਪੈ ਸਕਦੀਆਂ ਹਨ, ਕਿਉਂਕਿ ਡਾ: ਸਾਹਿਬ ਦਾ ਲੋਕ ਮਨਾਂ ਵਿਚ ਬਹੁਤ ਮਾਣ-ਸਤਿਕਾਰ ਹੈ। ਲੋਕ ਅੱਜ ਵੀ ਡਾ: ਸਾਹਿਬ ਨੂੰ ਸਭ ਤੋਂ ਵੱਧ ਸਿਆਣਾ ਅਰਥ ਸ਼ਾਸਤਰੀ ਸਮਝਦੇ ਹਨ। ਜੇ ਕਾਂਗਰਸ ਡਾ: ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਐਲਾਨ ਦਿੰਦੀ ਹੈ ਤਾਂ ਉੱਤਰੀ ਭਾਰਤ ਵਿਚ ਬਹੁਮਤ ਲਿਜਾ ਸਕਦੀ ਹੈ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਸਹਿਕਾਰੀ ਖੇਤੀ ਸਮੇਂ ਦੀ ਲੋੜ
ਇਸ ਸਮੇਂ ਪੰਜਾਬ ਦਾ ਕਿਸਾਨ ਦਿਨ-ਬਦਿਨ ਕਰਜ਼ੇ ਦੇ ਜੰਜਾਲ ਵਿਚ ਧਸ ਰਿਹਾ ਹੈ। ਇਸ ਲਈ ਲੋੜ ਹੈ ਕਿ ਹੁਣ ਕਿਸਾਨ ਖੁਦ ਉਪਰਾਲਾ ਕਰਨ। ਉਨ੍ਹਾਂ ਨੂੰ ਸਹਿਕਾਰੀ ਖੇਤੀ ਕਰਨ ਦੀ ਲੋੜ ਹੈ। ਅੰਕੜਿਆਂ ਮੁਤਾਬਿਕ ਪਿਛਲੇ ਦੋ ਸਾਲਾਂ ਦੌਰਾਨ ਢਾਈ ਲੱਖ ਦੇ ਕਰੀਬ ਨਵੇਂ ਟਰੈਕਟਰਾਂ ਦੀ ਵਿਕਰੀ ਹੋਈ ਹੈ, ਇਕ ਟਰੈਕਟਰ ਦੀ ਔਸਤਨ ਕੀਮਤ ਛੇ ਲੱਖ ਹੈ। ਇਕ ਟਰੈਕਟਰ ਨਾਲ 25 ਏਕੜ ਦੇ ਕਰੀਬ ਖੇਤੀ ਕੀਤੀ ਜਾ ਸਕਦੀ ਹੈ। ਪੰਜਾਬ ਵਿਚ 50 ਫ਼ੀਸਦੀ ਕਿਸਾਨ 5 ਏਕੜ ਜਾਂ ਇਸ ਤੋਂ ਘੱਟ ਜ਼ਮੀਨ ਵਾਲੇ ਹਨ ਪਰ ਅੱਜ ਹਰੇਕ ਛੋਟਾ ਕਿਸਾਨ ਵੀ ਬੈਂਕਾਂ ਪਾਸੋਂ ਕਰਜ਼ੇ ਲੈ ਕੇ ਟਰੈਕਟਰ ਖਰੀਦ ਰਿਹਾ ਹੈ। ਕਿਸਾਨਾਂ ਨੂੰ ਦੂਸਰੀ ਮਾਰ ਸਿੰਚਾਈ ਲਈ ਬਿਜਲੀ ਦੀਆਂ ਮੋਟਰਾਂ ਤੇ ਟਿਊਬਵੈੱਲਾਂ ਦੇ ਖਰਚੇ ਦੀ ਪੈ ਰਹੀ ਹੈ। ਇਕ ਟਿਊਬਵੈੱਲ ਤੇ ਬਿਜਲੀ ਕੁਨੈਕਸ਼ਨ ਦਾ ਖਰਚ ਅਨੁਮਾਨ ਮੁਤਾਬਿਕ 2 ਤੋਂ 3 ਲੱਖ ਦੇ ਕਰੀਬ ਆ ਜਾਂਦਾ ਹੈ। ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਵਿਚ ਟਰੈਕਟਰ ਤੋਂ ਇਲਾਵਾ ਖੇਤੀ ਦੇ ਬਾਕੀ ਸੰਦ ਮੁਹੱਈਆ ਕਰਵਾਏ ਜਾਣ ਤਾਂ ਜੋ ਕਿਸਾਨ ਕਿਰਾਇਆ ਦੇ ਕੇ ਖੇਤੀ ਕਰ ਸਕਣ ਤਾਂ ਹੀ ਕਿਸਾਨ ਨੂੰ ਕਰਜ਼ੇ ਦੇ ਜੰਜਾਲ ਤੋਂ ਕੱਢਿਆ ਜਾ ਸਕਦਾ ਹੈ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।


ਰਾਜਸੀ ਰਿਉੜੀਆਂ ਦੀ ਬਰਸਾਤ
ਪਿਛਲੇ ਦਿਨੀਂ ਡਾ: ਗਿਆਨ ਸਿੰਘ ਹੁਰਾਂ ਦਾ ਸਾਉਣੀ ਦੀਆਂ ਫਸਲਾਂ ਦੇ ਵਾਧੇ ਬਾਰੇ ਲੇਖ ਪੜ੍ਹਿਆ। 2019 ਦੀਆਂ ਚੋਣਾਂ ਵਿਚ ਕਿਸਾਨਾਂ ਨੂੰ ਆਪਣੇ ਹੱਕ ਵਿਚ ਕਰਨ ਲਈ ਇਕ ਤਰ੍ਹਾਂ ਦਾ ਚੋਣ ਜੁਮਲਾ ਹੀ ਜਾਪਦਾ ਹੈ, ਫਸਲਾਂ ਦੇ ਭਾਅ ਵਿਚ ਵਾਧਾ। ਤੇਲ ਵਾਲੀਆਂ ਫਸਲਾਂ, ਚਾਵਲ, ਦਾਲਾਂ ਦੀਆਂ ਫਸਲਾਂ ਦੇ ਭਾਅ ਵਧਣ ਨਾਲ ਖੇਤ ਮਜ਼ਦੂਰਾਂ ਅਤੇ ਹੋਰ ਗ਼ਰੀਬ ਲੋਕਾਂ ਲਈ ਮਹਿੰਗਾਈ ਦਾ ਸਬੱਬ ਬਣੇਗਾ। ਚਾਹੀਦਾ ਤਾਂ ਇਹ ਸੀ ਕਿ ਕਿਸਾਨੀ ਕਰਜ਼ਿਆਂ 'ਤੇ ਵਿਆਜ ਘਟਾਉਣਾ, ਖੇਤੀ ਮਸ਼ੀਨਰੀ ਨੂੰ ਸਸਤੀ ਕਰਨਾ, ਖਾਦਾਂ ਤੇ ਕੀੜੇਮਾਰ ਦਵਾਈਆਂ ਦੇ ਭਾਅ ਘਟਾਉਣਾ, ਚੰਗੇ ਬੀਜ ਕਿਸਾਨਾਂ ਤੱਕ ਸਸਤੇ ਮੁਹੱਈਆ ਕਰਵਾਉਣਾ, ਕਾਲਜਾਂ, ਯੂਨੀਵਰਸਿਟੀਆਂ ਵਿਚ ਕਿਸਾਨਾਂ ਦੇ ਬੱਚਿਆਂ ਲਈ ਮੁਫ਼ਤ ਪੜ੍ਹਾਈ, ਹਸਪਤਾਲਾਂ 'ਚ ਕਿਸਾਨਾਂ ਮਜ਼ਦੂਰਾਂ ਲਈ ਮੁਫ਼ਤ ਸਿਹਤ ਸਹੂਲਤਾਂ। ਭੁੱਖੇ ਢਿੱਡ ਰਿਊੜੀਆਂ ਨਾ ਦੇਵੇ ਕਿਸਾਨਾਂ ਨੂੰ ਸਰਕਾਰ। ਖੇਤੀਬਾੜੀ ਜਿਣਸਾਂ ਦੀਆਂ ਕੀਮਤਾਂ ਤੋਂ ਬਿਨਾਂ ਹੋਰ ਵੀ ਵੱਡੇ ਉਪਰਾਲੇ ਕਰਨੇ ਪੈਣਗੇ।


-ਜਗਤਾਰ ਗਿੱਲ, ਬੱਲ ਸਚੰਦਰ, ਅੰਮ੍ਰਿਤਸਰ।

28-07-2018

 ਭਾਰਤ ਦੀ ਮਹਾਨ ਬੇਟੀ

ਆਸਾਮ ਦੇ ਇਕ ਪਿੰਡ 'ਚ ਗ਼ਰੀਬ ਪਰਿਵਾਰ ਵਿਚ ਜਨਮੀ ਹਿਮਾ ਦਾਸ ਨੇ ਦੇਸ਼ ਦਾ ਨਾਂਅ ਦੁਨੀਆ ਭਰ ਵਿਚ ਰੌਸ਼ਨ ਕਰ ਦਿੱਤਾ ਹੈ। ਉਸ ਨੇ ਪੀ.ਟੀ. ਊਸ਼ਾ ਅਤੇ ਮਿਲਖਾ ਸਿੰਘ ਦੇ ਰਿਕਾਰਡ ਨੂੰ ਤੋੜਦਿਆਂ ਫਿਨਲੈਂਡ ਵਿਖੇ ਹੋਈ ਆਈ.ਏ.ਏ.ਐਫ. ਵਰਲਡ ਅੰਡਰ-20 ਦੀ 400 ਮੀਟਰ ਰੇਸ 'ਚ ਸੋਨ ਤਗਮਾ ਪ੍ਰਾਪਤ ਕੀਤਾ ਹੈ। ਜਿਥੇ ਸਾਰਾ ਦੇਸ਼ ਉਸ ਨੂੰ ਵਧਾਈਆਂ ਦੇ ਰਿਹਾ ਹੈ, ਉਥੇ ਕਾਫੀ ਲੋਕ ਅਜਿਹੇ ਵੀ ਹਨ, ਜੋ ਗੂਗਲ 'ਤੇ ਉਸ ਦੀ ਜਾਤ ਬਾਰੇ ਸਰਚ ਮਾਰ ਰਹੇ ਹਨ। ਤਰਸ ਆਉਂਦਾ ਹੈ ਅਜਿਹੇ ਲੋਕਾਂ ਦੀ ਘਟੀਆ ਸੋਚ 'ਤੇ। ਅਜਿਹੇ ਹੀ ਕੁਝ ਲੋਕ ਸਰਕਾਰਾਂ ਵੱਲ ਵੀ ਉਂਗਲੀ ਉਠਾਉਂਦੇ ਹਨ ਕਿ ਗ਼ਰੀਬ ਤੇ ਜਾਤ ਕਾਰਨ ਕਿਸੇ ਕੇਂਦਰੀ ਸਰਕਾਰ ਜਾਂ ਰਾਜ ਸਰਕਾਰ, ਫ਼ਿਲਮੀ ਸਿਤਾਰੇ, ਕਿਸੇ ਉਦਯੋਗਪਤੀ ਜਾਂ ਕਿਸੇ ਵੀ ਸੰਸਥਾ ਨੇ ਮਾਲੀ ਸਹਾਇਤਾ ਦਾ ਐਲਾਨ ਨਹੀਂ ਕੀਤਾ। ਪਰ ਸਾਡੇ ਦੇਸ਼ ਦੀ ਅਜਿਹੀ ਪਰੰਪਰਾ ਨਹੀਂ। ਉਸ ਨੂੰ ਪੂਰੇ ਦੇਸ਼ 'ਚੋਂ ਮਾਣ-ਸਨਮਾਨ ਮਿਲ ਰਿਹਾ ਹੈ। ਹਿਮਾ ਹੁਣ ਆਸਾਮ ਹੀ ਨਹੀਂ, ਬਲਕਿ ਭਾਰਤ ਦੇਸ਼ ਦੀ ਮਹਾਨ ਤੇ ਹੋਣਹਾਰ ਬੇਟੀ ਹੈ।

-ਪਰਮ ਪਿਆਰ ਸਿੰਘ
ਨਕੋਦਰ।

ਮਿਹਨਤ ਦਾ ਪਹਾੜਾ

ਪਿਛਲੇ ਦਿਨੀਂ ਬੱਬੂ ਤੀਰ ਹੁਰਾਂ ਦਾ ਕਾਲਮ 'ਨੇੜਿਓਂ ਤੱਕੀ' ਪੜ੍ਹਿਆ। ਉਨ੍ਹਾਂ ਦੀ ਲੇਖਣੀ 'ਚ ਗੂੜ੍ਹ ਗਿਆਨ ਦੇ ਨਾਲ-ਨਾਲ ਬਹੁਤ ਬਹੁਮੁੱਲੇ ਵਿਚਾਰ ਹੁੰਦੇ ਹਨ ਜ਼ਿੰਦਗੀ ਜਿਊਣ ਲਈ। ਅੱਜ ਦਾ ਨੌਜਵਾਨ ਬਿਨਾਂ ਮਿਹਨਤ, ਮੁਸ਼ੱਕਤ ਕੀਤਿਆਂ ਰਾਤੋ-ਰਾਤ ਅਮੀਰ ਹੋ ਜਾਣਾ ਲੋਚਦਾ ਹੈ। ਇਹ ਖ਼ਤਰਨਾਕ ਸੋਚ ਹੈ, ਤਬਾਹੀ ਵੱਲ ਜਾਂਦਾ ਰਸਤਾ ਹੈ। ਇਸੇ ਲਈ ਅੱਜ ਦਾ ਸਮਾਜ ਕੁਰਾਹੇ ਪਿਆ ਨਜ਼ਰ ਆ ਰਿਹਾ ਹੈ। ਭ੍ਰਿਸ਼ਟ ਨੇਤਾ ਤੇ ਭ੍ਰਿਸ਼ਟ ਅਫ਼ਸਰਸ਼ਾਹੀ ਵੱਲ ਵੇਖ ਕੇ ਜਾਗਰੂਕ ਲੋਕ ਤਾਂ ਫ਼ਿਕਰਮੰਦ ਹਨ ਪਰ ਬੇਰੁਜ਼ਗਾਰ ਨੌਜਵਾਨ ਪੀੜ੍ਹੀ ਹਨੇਰੀ ਦਲਦਲ ਵਿਚ ਧਸਦੀ ਜਾ ਰਹੀ ਹੈ। ਪੈਸੇ ਅਤੇ ਲਿਆਕਤ ਵਾਲੇ ਨੌਜਵਾਨ ਤਾਂ ਬਾਹਰ ਤੁਰੇ ਜਾ ਰਹੇ ਹਨ, ਵਾਪਸ ਨਾ ਮੁੜਨ ਲਈ ਪਰ ਆਰਥਿਕ ਤੌਰ 'ਤੇ ਪਛੜੇ ਨਸ਼ਿਆਂ ਵਿਚ ਪੈ ਕੇ ਅਪਰਾਧ ਦੀ ਦੁਨੀਆ ਵੱਲ ਪੈ ਜਾਂਦੇ ਹਨ। ਸਿੱਧੇ ਰਾਹ 'ਤੇ ਲਿਆਉਣ ਦੀ ਬਜਾਏ ਪੁਲਿਸ ਤਸ਼ੱਦਦ ਤੇ ਜੇਲ੍ਹਾਂ ਵਿਚ ਡੱਕਣ ਨਾਲ ਹਾਲਾਤ ਤੋਂ ਬਦਤਰ ਹੁੰਦੇ ਜਾ ਰਹੇ ਹਨ। ਜੇ ਸਰਕਾਰਾਂ ਹੁਣ ਵੀ ਛੇਤੀ ਨਾ ਜਾਗੀਆਂ ਤਾਂ ਬਹੁਤ ਦੇਰ ਹੋ ਚੁੱਕੀ ਹੋਵੇਗੀ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਸੋਸ਼ਲ ਮੀਡੀਆ

ਸੋਸ਼ਲ ਮੀਡੀਆ ਦਾ ਫਾਇਦਾ ਵੀ ਬਹੁਤ ਹੈ ਤੇ ਨੁਕਸਾਨ ਵੀ। ਅੱਗੇ ਕੋਈ ਘਟਨਾ ਜਾਂ ਦੁਰਘਟਨਾ ਵਾਪਰ ਜਾਂਦੀ ਸੀ ਤਾਂ ਅਖ਼ਬਾਰ ਜਾਂ ਟੈਲੀਵਿਜ਼ਨ ਤੋਂ ਹੀ ਪਤਾ ਲਗਦਾ ਸੀ। ਅੱਜ ਦੇ ਸਮੇਂ 'ਚ ਸੋਸ਼ਲ ਮੀਡੀਆ ਦਾ ਬਹੁਤ ਮਹੱਤਵ ਹੈ। ਇਸ ਰਾਹੀਂ ਕੋਈ ਵੀ ਜਾਣਕਾਰੀ ਘਰ ਬੈਠੇ ਹੀ ਝੱਟਪਟ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਗਿਆਨ 'ਚ ਵੀ ਵਾਧਾ ਕਰਦੀ ਹੈ। ਸੋਸ਼ਲ ਮੀਡੀਆ ਰਾਹੀਂ ਹਰ ਵਿਅਕਤੀ ਆਪਣੀ ਗੱਲ ਸਰਕਾਰ ਜਾਂ ਲੋਕਾਂ ਤੱਕ ਆਸਾਨੀ ਨਾਲ ਪਹੁੰਚਾ ਸਕਦਾ ਹੈ। ਇਸ ਦਾ ਨੁਕਸਾਨ ਇਹ ਹੈ ਕਿ ਬਹੁਤ ਸਾਰਾ ਸਮਾਂ ਬੇਅਰਥ ਗਵਾਇਆ ਜਾ ਰਿਹਾ ਹੈ। ਕੁਝ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ ਰਾਹੀਂ ਲੋਕਾਂ ਵਿਚ ਝੂਠੀਆਂ ਅਫ਼ਵਾਹਾਂ ਫੈਲਾਅ ਕੇ ਦੰਗੇ ਤੱਕ ਭੜਕਾ ਜਾਂਦੇ ਹਨ, ਜਿਸ ਨਾਲ ਬਹੁਤ ਨੁਕਸਾਨ ਹੁੰਦਾ ਹੈ। ਸੋਸ਼ਲ ਮੀਡੀਆ ਨੇ ਭ੍ਰਿਸ਼ਟਾਚਾਰ ਨੂੰ ਵੀ ਕਾਫੀ ਹੱਦ ਤੱਕ ਨੱਥ ਪਾਈ ਹੈ। ਕਈ ਸਟਿੰਗ ਆਪ੍ਰੇਸ਼ਨਾਂ ਨੇ ਵੱਡੇ ਘੁਟਾਲਿਆਂ ਦਾ ਖੁਲਾਸਾ ਕੀਤਾ ਹੈ ਪਰ ਨਾਲ ਹੀ ਬਲੈਕਮੇਲਿੰਗ ਵੀ ਵਧੀ ਹੈ। ਬਹੁਤ ਸਾਰੇ ਲੋਕਾਂ ਨੇ ਆਪਣੀ ਕਲਾ ਨਾਲ ਚੰਗੇ ਪੈਸਿਆਂ ਦੀ ਕਮਾਈ ਵੀ ਕੀਤੀ। ਸੋਸ਼ਲ ਮੀਡੀਆ ਨੇ ਚਿੱਟੇ ਬਾਰੇ ਲੋਕਾਂ 'ਚ ਬਹੁਤ ਪ੍ਰਚਾਰ ਕੀਤਾ ਕਿ ਚਿੱਟੇ ਨਾਲ ਪੰਜਾਬ ਖ਼ਤਮ ਹੋ ਰਿਹਾ ਹੈ ਪਰ ਸਰਕਾਰ ਨੇ ਇਸ ਨੂੰ ਸਿਆਸਤ ਵਿਰੋਧੀ ਪ੍ਰਚਾਰ ਹੀ ਦੱਸਿਆ। ਪਰ ਹੁਣ ਜਦੋਂ ਇਕ ਮਹੀਨੇ 'ਚ ਸੌ ਤੋਂ ਵੱਧ ਨੌਜਵਾਨ ਚਿੱਟੇ ਨੇ ਆਪਣੀ ਲਪੇਟ ਵਿਚ ਲੈ ਲਏ ਤਾਂ ਥੋੜ੍ਹੀ ਬਹੁਤੀ ਸਰਕਾਰ ਜਾਗੀ ਹੈ ਪਰ ਹਾਲੇ ਕੋਈ ਠੋਸ ਨਤੀਜੇ ਨਿਕਲਦੇ ਨਜ਼ਰ ਨਹੀਂ ਆਉਂਦੇ।

-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

ਡੀ.ਜੀ. ਪੰਜਾਬ ਬਾਰੇ

ਡੀ.ਜੀ. ਪੰਜਾਬ ਸ੍ਰੀ ਸੁਰੇਸ਼ ਅਰੋੜਾ ਨਾਲ ਕੁਝ ਦਿਨ ਪਹਿਲਾਂ ਟੀ.ਵੀ. 'ਤੇ ਇਕ ਪੱਤਰਕਾਰ ਵਲੋਂ ਇੰਟਰਵਿਊ ਲਈ ਜਾ ਰਹੀ ਸੀ। ਕਿੰਨੇ ਸ਼ਾਂਤਮਈ ਤਰੀਕੇ ਨਾਲ ਉਹ ਗੱਲਬਾਤ ਕਰਕੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਇਹ ਪਹਿਲੇ ਪੁਲਿਸ ਅਫਸਰ ਹਨ ਜਿਹੜੇ ਅਕਾਲੀ ਰਾਜ ਸਮੇਂ ਅਤੇ ਕਾਂਗਰਸੀ ਰਾਜ ਸਮੇਂ ਦੋਵਾਂ ਹੀ ਰਾਜਨੀਤਕ ਪਾਰਟੀਆਂ ਦੇ ਪਸੰਦੀਦਾ ਅਫਸਰ ਬਣੇ ਹਨ। ਕਿੰਨਾ ਗੈਂਗਸਟਰਾਂ ਵਲੋਂ, ਨਸ਼ਾ ਕਰਨ ਵਾਲਿਆਂ ਵਲੋਂ, ਵੇਚਣ ਵਾਲਿਆਂ ਵਲੋਂ ਕਿੰਨੇ ਹੰਗਾਮੇ ਕੀਤੇ ਗਏ ਪਰ ਕੋਈ ਗੁੱਸਾ ਨਹੀਂ, ਬੜੀ ਹੀ ਸ਼ਾਂਤ ਸੁਭਾਅ ਨਾਲ ਆਪਣੇ ਮਹਿਕਮੇ ਦੇ ਰਾਹੀਂ ਸਾਰਾ ਕਾਰਜ ਸੰਭਾਲਿਆ ਹੋਇਆ ਹੈ। ਵੇਖੋ, ਉਨ੍ਹਾਂ ਨੇ ਇਹ ਵੀ ਇੰਟਰਵਿਊ ਵਿਚ ਕਿਹਾ ਕਿ ਅਗਰ ਪੁਲਿਸ ਮਹਿਕਮੇ ਵਿਚ ਕੋਈ ਵਿਅਕਤੀ ਗ਼ਲਤ ਕੰਮ ਕਰਦਾ ਹੋਇਆ ਪਾਇਆ ਗਿਆ, ਉਹ ਵੀ ਬਖਸ਼ਿਆ ਨਹੀਂ ਜਾਏਗਾ। ਵਾਕਈ, ਇਨ੍ਹਾਂ ਵਰਗੇ ਅਫਸਰ ਨੂੰ ਪੰਜਾਬ ਬਾਅਦ ਵਿਚ ਯਾਦ ਕਰੇਗਾ।

-ਹਰਜਿੰਦਰਪਾਲ ਸਿੰਘ ਬਾਜਵਾ
536, ਗਲੀ 5-ਬੀ, ਵਿਜੇ ਨਗਰ, ਹੁਸ਼ਿਆਰਪੁਰ।

ਵਧ ਰਹੀਆਂ ਸੜਕ ਦੁਰਘਟਨਾਵਾਂ

ਵਿਗਿਆਨ ਦੀ ਤਰੱਕੀ ਨੇ ਇਨਸਾਨ ਨੂੰ ਬਹੁਤ ਸਾਧਨ ਉਪਲਬਧ ਕਰਵਾਏ ਹਨ। ਆਵਾਜਾਈ ਦੇ ਸਾਧਨ ਜਿਥੇ ਸਾਡੀਆਂ ਸੁਖ ਸਹੂਲਤਾਂ ਵਿਚ ਵਾਧਾ ਕਰ ਰਹੇ ਹਨ, ਉਥੇ ਹੀ ਅੱਜ ਸਾਡਾ ਜੀਵਨ ਅਸੁਰੱਖਿਅਤ ਹੋ ਗਿਆ ਹੈ। ਸੜਕਾਂ ਉੱਪਰ ਰੋਜ਼ ਦੁਰਘਟਨਾਵਾਂ ਹੋ ਰਹੀਆਂ ਹਨ, ਜਿਸ ਦੇ ਨਤੀਜੇ ਵਜੋਂ ਗੰਭੀਰ ਸਰੀਰਕ ਸੱਟਾਂ, ਅੰਗਹੀਣਤਾ ਅਤੇ ਕਈ ਵਾਰ ਕੀਮਤੀ ਇਨਸਾਨੀ ਜਾਨ ਵੀ ਚਲੀ ਜਾਂਦੀ ਹੈ। ਸੜਕ ਦੁਰਘਟਨਾਵਾਂ ਹੋਣ ਪਿੱਛੇ ਮੁੱਖ ਕਾਰਨ ਤੇਜ਼ ਗਤੀ, ਓਵਰ ਲੋਡ, ਜਲਦਬਾਜ਼ੀ, ਨਸ਼ਾ, ਟੁੱਟੀਆਂ ਸੜਕਾਂ, ਮੋਬਾਈਲ ਦੀ ਵਰਤੋਂ, ਸੜਕਾਂ 'ਤੇ ਕਰਤੱਬ, ਗ਼ਲਤ ਦਿਸ਼ਾ, ਅਵਾਰਾ ਜਾਨਵਰਾਂ ਦਾ ਸੜਕਾਂ ਉੱਪਰ ਘੁੰਮਣਾ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਆਦਿ ਹਨ। ਜਿਥੇ ਇਨ੍ਹਾਂ ਸਭ ਕਾਰਨਾਂ ਕਰਕੇ ਲੋਕ ਆਪਣੀ ਜਾਨ ਜੋਖ਼ਮ ਵਿਚ ਪਾਉਂਦੇ ਹਨ, ਉਥੇ ਹੀ ਕਿਸੇ ਦੂਜੇ ਨੂੰ ਵੀ ਦੁਰਘਟਨਾ ਦਾ ਸ਼ਿਕਾਰ ਬਣਾਉਂਦੇ ਹਨ। ਸੜਕ ਸੁਰੱਖਿਆ ਅੱਜ ਸਮੇਂ ਦੀ ਲੋੜ ਹੈ। ਲੋਕਾਂ ਵਿਚ ਸੜਕ ਦੇ ਨਿਯਮਾਂ ਦੀ ਪਾਲਣਾ ਸਬੰਧੀ ਜਾਗਰੂਕਤਾ ਫੈਲਾ ਕੇ ਦੁਰਘਟਨਾਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਡਰਾਈਵਿੰਗ ਲਾਇਸੈਂਸ ਲੈਣ ਦੇ ਨਿਯਮ ਸਖ਼ਤ ਕਰਨੇ ਚਾਹੀਦੇ ਹਨ ਅਤੇ ਨਸ਼ਾ ਕਰਕੇ ਗੱਡੀ ਚਲਾਉਣ ਵਾਲਿਆਂ ਦੇ ਲਾਇਸੈਂਸ ਤੁਰੰਤ ਰੱਦ ਕਰ ਦੇਣੇ ਚਾਹੀਦੇ ਹਨ ਤਾਂ ਜੋ ਕੀਮਤੀ ਇਨਸਾਨੀ ਜਾਨਾਂ ਬਚਾਈਆਂ ਜਾ ਸਕਣ।

-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।

26-07-2018

ਰੇਡੀਓ ਦਾ ਯੋਗਦਾਨ
ਬੀਤੇ ਸੋਮਵਾਰ, ਪ੍ਰੋ: ਕੁਲਬੀਰ ਸਿੰਘ ਦੁਆਰਾ ਰੇਡੀਓ ਤੇ ਦੂਰਦਰਸ਼ਨ ਜਲੰਧਰ ਬਾਰੇ ਲਿਖਿਆ ਇਕ ਲੇਖ ਪੜ੍ਹਨ ਦਾ ਅਵਸਰ ਪ੍ਰਾਪਤ ਹੋਇਆ ਹੈ। ਵਿਦਵਾਨ ਲੇਖਕ ਨੇ ਲੇਖ ਕਾਫੀ ਮਿਹਨਤ ਨਾਲ ਲਿਖਿਆ ਹੈ, ਇਸ ਦੀ ਸ਼ਲਾਘਾ ਕਰਨੀ ਬਣਦੀ ਹੈ। ਜਿਥੋਂ ਤੱਕ ਰੇਡੀਓ ਦਾ ਸਬੰਧ ਹੈ, ਲੇਖਕ ਨੇ ਰੇਡੀਓ ਦੇ ਅਤੀਤ ਬਾਰੇ ਤਾਂ ਗੱਲ ਕੀਤੀ ਹੈ ਪਰੰਤੂ ਵਰਤਮਾਨ ਦਸ਼ਾ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਜੋ ਉਨ੍ਹਾਂ ਨੂੰ ਕਰਨੀ ਚਾਹੀਦੀ ਸੀ।ਆਕਾਸ਼ਵਾਣੀ ਜਲੰਧਰ, ਪੰਜਾਬ ਦਾ ਸਭ ਤੋਂ ਪਹਿਲਾ ਇਲੈਕਟ੍ਰਾਨਿਕ ਮੀਡੀਆ ਹੈ, ਜਿਸ ਰਾਹੀਂ ਸਮੁੱਚੇ ਜਨ-ਜੀਵਨ ਦੀ ਗੱਲ ਹੁੰਦੀ ਰਹੀ ਹੈ। ਅੱਜ ਵੀ ਆਕਾਸ਼ਵਾਣੀ, ਜਲੰਧਰ ਸਰੋਤਿਆਂ ਲਈ ਇਕ ਭਾਵਪੂਰਤ ਆਦਾਨ-ਪ੍ਰਦਾਨ ਕਰਨ ਵਾਲਾ ਰਾਹ-ਦਸੇਰਾ ਹੈ। ਸਵੇਰੇ ਚਾਰ ਵਜੇ ਸ੍ਰੀ ਹਰਿਮੰਦਰ ਸਾਹਿਬ ਅੰਮਿਤਸਰ ਤੋਂ ਸ਼ਬਦ ਕੀਰਤਨ ਆਰੰਭ ਕਰਕੇ ਰਾਤੀਂ ਦੇਰ ਤੱਕ ਹਰ ਵਰਗ ਲਈ ਆਪਣੇ ਪ੍ਰੋਗਰਾਮਾਂ ਦਾ ਢੋਆ ਭੇਟ ਕਰਦਾ ਰਹਿੰਦਾ ਹੈ। ਸਵੇਰੇ-ਸਵੇਰੇ ਵਸਦੇ ਵਿਹੜੇ, ਗੁਰਬਾਣੀ ਵਿਚਾਰ, ਸੱਭਿਆਚਾਰਕ ਤੇ ਫ਼ਿਲਮੀ ਸੰਗੀਤ ਤੋਂ ਬਿਨਾਂ ਖੇਤੀਬਾੜੀ ਦੇ ਪ੍ਰੋਗਰਾਮ, ਪੰਜਾਬੀ ਕਵੀ ਦਰਬਾਰ, ਹਿੰਦੀ ਤੇ ਉਰਦੂ ਦੇ ਅਨੇਕਾਂ ਸਿਰਨਾਵੇਂ ਸਰੋਤਿਆਂ ਦੀ ਖਿੱਚ ਦਾ ਕਾਰਨ ਬਣੇ ਰਹਿੰਦੇ ਹਨ। ਰੇਡੀਓ ਅੱਜ ਵੀ ਲੋਕਾਂ 'ਚ ਹਰਮਨ ਪਿਆਰਾ ਹੈ, ਇਹ ਮੇਰਾ ਪੱਕਾ ਵਿਸ਼ਵਾਸ ਹੈ।

-ਸੁਰਜੀਤ ਸਿੰਘ ਮਜਾਰਾ
ਗੁਰੂ ਕੀ ਨਗਰੀ, ਮੰਡੀ ਗੋਬਿੰਦਗੜ੍ਹ, ਜ਼ਿਲ੍ਹਾ ਫਤਹਿਗੜ੍ਹ ਸਾਹਿਬ।

ਸੁਵਿਧਾ ਕੇਂਦਰ
ਪਿਛਲੀ ਸਰਕਾਰ ਦੁਆਰਾ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਤੇ ਸਾਰੇ ਕੰਮ ਇਕ ਛੱਤ ਹੇਠ ਕਰਵਾਉਣ ਲਈ ਪਿੰਡਾਂ ਵਿਚ ਸੁਵਿਧਾ ਕੇਂਦਰ ਖੋਲ੍ਹੇ ਗਏ ਸਨ। ਇਸ ਨਾਲ ਲੋਕਾਂ ਦੇ ਕੰਮ ਪਿੰਡਾਂ ਵਿਚ ਹੀ ਹੋਣ ਲੱਗ ਪਏ ਸਨ। ਉਨ੍ਹਾਂ ਨੂੰ ਆਪਣੀਆਂ ਫਾਈਲਾਂ ਜਮ੍ਹਾਂ ਕਰਵਾਉਣ ਲਈ ਸ਼ਹਿਰ ਵਿਚ ਖੱਜਲ-ਖੁਆਰ ਨਹੀਂ ਹੋਣਾ ਪੈਂਦਾ ਸੀ। ਮੌਜੂਦਾ ਪੰਜਾਬ ਸਰਕਾਰ ਦੇ ਦੁਆਰਾ ਪੰਜਾਬ ਅੰਦਰ ਚੱਲ ਰਹੇ ਕਰੀਬ 2140 ਸੇਵਾ ਕੇਂਦਰਾਂ 'ਚੋਂ 1600 ਸੇਵਾ ਕੇਂਦਰਾਂ ਨੂੰ ਬੰਦ ਕਰਨ ਦਾ ਫ਼ੈਸਲਾ ਕਰ ਲਿਆ ਹੈ। ਲੋਕਾਂ ਦੀਆਂ ਸੁੱਖ ਸਹੂਲਤਾਂ ਨੂੰ ਛਿੱਕੇ ਟੰਗ ਕੇ ਅਜਿਹੇ ਫ਼ੈਸਲੇ ਕਰਨੇ ਠੀਕ ਨਹੀਂ ਹਨ। ਇਸ ਨਾਲ ਜਿਥੇ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ, ਉਥੇ ਹਜ਼ਾਰਾਂ ਲੋਕਾਂ ਦਾ ਰੁਜ਼ਗਾਰ ਵੀ ਦਾਅ 'ਤੇ ਲੱਗ ਜਾਵੇਗਾ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਸਾਰੇ ਸੁਵਿਧਾ ਕੇਂਦਰ ਬੰਦ ਕਰਨ ਦੀ ਬਜਾਏ ਤਿੰਨ, ਚਾਰ ਪਿੰਡਾਂ ਲਈ ਇਕ ਸੁਵਿਧਾ ਕੇਂਦਰ ਚਲਦਾ ਰੱਖਿਆ ਜਾਵੇ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ।

ਨਸ਼ਿਆਂ ਦੀ ਵਧੇਰੇ ਮਾਤਰਾ
ਅੱਜ ਬਹੁਤ ਸਾਰੇ ਨੌਜਵਾਨ, ਜ਼ਿਆਦਾ ਨਸ਼ੇ ਕਰਕੇ ਆਪਣੀ ਅਣਮੁੱਲੀ ਜ਼ਿੰਦਗੀ ਨੂੰ ਮੌਤ ਦੇ ਹਵਾਲੇ ਕਰ ਰਹੇ ਹਨ। ਪੰਜਾਬ ਵਿਚ ਕਿੰਨੀਆਂ ਮੌਤਾਂ ਹੋ ਰਹੀਆ ਹਨ, ਉਹ ਵੀ ਜ਼ਿਆਦਾ ਨਸ਼ਿਆਂ ਕਰਕੇ, ਪਰ ਸਾਡੀਆਂ ਸਰਕਾਰਾਂ ਸੁੱਤੀਆਂ ਪਈਆਂ ਹਨ, ਕਿਉਂਕਿ ਸਰਕਾਰ ਨੂੰ ਆਪਣੀ ਕੁਰਸੀ ਤੱਕ ਤੇ ਲੋਕਾਂ ਵਲੋਂ ਦਿੱਤੀ ਜਾ ਰਹੀ ਵਾਹ-ਵਾਹ ਤੱਕ ਮਤਲਬ ਹੈ। ਕਿਉਂਕਿ ਜੋ ਲੋਕ ਵੋਟਾਂ ਵਿਚ ਜਿੱਤਣ ਵਾਸਤੇ ਖ਼ੁਦ ਨਸ਼ੇ ਵੰਡਦੇ ਹਨ, ਉਹ ਸਾਡੇ ਨੋਜਵਾਨਾਂ ਨੂੰ ਬਚਾਉਣ ਵਾਸਤੇ ਨਸ਼ੇ ਬੰਦ ਕਿਵੇਂ ਅਤੇ ਕਿਉਂ ਕਰਨਗੇ? ਇਕ ਗੱਲ ਸੋਚਣ ਲਈ ਮਜਬੂਰ ਕਰਦੀ ਹੈ ਕਿ ਪੰਜਾਬ ਵਿਚ ਨਵੇਂ ਤੋਂ ਨਵਾਂ ਨਸ਼ਾ ਕਿੱਥੋਂ ਆ ਰਿਹਾ ਹੈ, ਇਸ ਨੂੰ ਕੌਣ ਲਿਆ ਰਿਹਾ ਹੈ, ਇਹ ਸਭ ਸਾਡੇ ਪੰਜਾਬ ਦੇ ਵਿਕਾਊ ਲੋਕਾਂ ਦੀ ਤੇ ਸਾਡੇ ਪੰਜਾਬ ਦੇ ਉੱਚ ਅਧਿਕਾਰੀਆਂ ਤੇ ਸਿਆਸੀ ਲੋਕਾਂ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ, ਜੋ ਆਪਣੇ ਉੱਚ ਅਧਿਕਾਰਾਂ ਦੀ ਦੁਰਵਰਤੋਂ ਕਰਕੇ ਪੰਜਾਬ ਵਿਚ ਨਸ਼ਾ ਲਿਆਉਂਦੇ ਤੇ ਵਿਕਾਉਂਦੇ ਹਨ, ਉਨ੍ਹਾਂ ਵਾਸਤੇ ਬਹੁਤ ਹੀ ਜ਼ਿਆਦਾ ਸ਼ਰਮ ਵਾਲੀ ਗੱਲ ਹੈ। ਅਜਿਹੇ ਲੋਕਾਂ ਨੇ ਆਪਣੇ ਲਾਲਚ ਲਈ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲ-ਦਲ ਸੁੱਟ ਦਿੱਤਾ ਹੈ। ਸਾਡੇ ਪੰਜਾਬ ਵਿਚ ਬਹੁਤ ਸਾਰੇ ਇਮਾਨਦਾਰ ਅਫ਼ਸਰ ਤੇ ਸਿਆਸੀ ਆਗੂ ਵੀ ਹਨ ਜੋ ਹਰ ਵਕਤ ਪੰਜਾਬ ਹਿਤਾਂ ਲਈ ਚੰਗੇ ਕੰਮ ਕਰਦੇ ਆ ਰਹੇ ਹਨ। ਪਰ ਇਨ੍ਹਾਂ ਵਿਕਾਊ ਲੋਕਾਂ ਨੇ ਉਨ੍ਹਾਂ ਦੀ ਇਮਾਨਦਾਰੀ ਨੂੰ ਵੀ ਦਾਗ ਲਾ ਦਿੱਤੇ ਹਨ।

-ਗੁਰਦੀਪ ਸਿੰਘ
ਘੋਲੀਆ ਕਲਾਂ।

ਧੀਆਂ ਦਾ ਸਨਮਾਨ
ਅਕਸਰ ਹੀ ਅਸੀਂ ਅਖ਼ਬਾਰਾਂ ਵਿਚ ਧੀਆਂ ਨਾਲ ਹੁੰਦੀਆਂ ਬੇਇਨਸਾਫ਼ੀਆਂ ਬਾਰੇ ਪੜ੍ਹਦੇ ਰਹਿੰਦੇ ਹਾਂ। ਸੜਕਾਂ, ਬੱਸਾਂ, ਰੇਲ ਗੱਡੀਆਂ ਅਤੇ ਹੋਰ ਕਈ ਜਨਤਕ ਸਥਾਨਾਂ ਉੱਤੇ ਅਵਾਰਾ ਕਿਸਮ ਦੇ ਨੌਜਵਾਨ ਪੁੱਠੀਆਂ ਸਿੱਧੀਆਂ ਹਰਕਤਾਂ ਕਰਨ ਤੋਂ ਬਾਜ਼ ਨਹੀਂ ਆਉਂਦੇ। ਅੱਜ ਦੇ ਸਮੇਂ ਵਿਚ ਧੀਆਂ ਨੂੰ ਪੜ੍ਹਾਈ ਅਤੇ ਰੁਜ਼ਗਾਰ ਦੇ ਕਾਰਨ ਘਰ ਤੋਂ ਦੂਰ ਰਹਿਣਾ ਪੈਂਦਾ ਹੈ ਅਤੇ ਹਰ ਜਗ੍ਹਾ ਉੱਪਰ ਇਨ੍ਹਾਂ ਦਾ ਸਾਹਮਣਾ ਬੇਸ਼ਰਮ ਅਤੇ ਅਸੱਭਿਅਕ ਲੋਕਾਂ ਨਾਲ ਹੁੰਦਾ ਹੈ, ਜਿਸ ਨੂੰ ਸਿਰਫ ਆਪਣੀ ਸਮਝਦਾਰੀ ਨਾਲ ਟਾਲਿਆ ਜਾ ਸਕਦਾ ਹੈ। ਕੁਝ ਕੁ ਦਹਾਕੇ ਪਹਿਲਾਂ ਪਿੰਡ ਦੀ ਕੁੜੀ ਨਾਲ ਸਾਰੇ ਧੀਆਂ ਵਾਂਗ ਵਿਹਾਰ ਕਰਦੇ ਸਨ ਅਤੇ ਧੀਆਂ ਦਾ ਵੀ ਬਿਨਾਂ ਕਿਸੇ ਡਰ-ਭੈ ਤੋਂ ਇਕ-ਦੂਜੇ ਦੇ ਘਰ ਆਉਣਾ-ਜਾਣਾ ਸੀ ਪਰ ਅੱਜ ਦੇ ਹਾਲਾਤ ਕਿਸੇ ਤੋਂ ਛਿਪੇ ਹੋਏ ਨਹੀਂ ਹਨ। ਧੀਆਂ ਨਾਲ ਹੁੰਦੇ ਅਣਮਨੁੱਖੀ ਵਰਤਾਰੇ ਦੀਆਂ ਖ਼ਬਰਾਂ ਪੜ੍ਹ ਕੇ ਅਜਿਹੇ ਲੋਕਾਂ ਉੱਪਰ ਜਿਥੇ ਬੇਇੰਤਹਾ ਗੁੱਸਾ ਆਉਂਦਾ ਹੈ, ਉਥੇ ਆਪਣੇ ਮਨ ਵਿਚ ਇਕ ਪ੍ਰਸ਼ਨ ਵੀ ਆਉਂਦਾ ਹੈ ਕਿ ਕੀ ਅਸੀਂ ਸੱਚਮੁੱਚ ਹੀ ਸੱਭਿਅਕ ਇਨਸਾਨ ਹਾਂ? ਮਾਪਿਆਂ ਅਤੇ ਅਧਿਆਪਕਾਂ ਨੂੰ ਧੀਆਂ ਨੂੰ ਬੁਰੀ ਛੋਹ ਅਤੇ ਚੰਗੀ ਛੋਹ ਬਾਰੇ ਸ਼ੁਰੂ ਤੋਂ ਹੀ ਜਾਣਕਾਰੀ ਦੇਣੀ ਚਾਹੀਦੀ ਹੈ, ਨਾਲੋਂ-ਨਾਲ ਧੀਆਂ ਨੂੰ ਸਵੈ-ਰੱਖਿਆ ਕਰਨ ਦੀ ਸਿਖਲਾਈ ਦੇਣਾ ਵੀ ਅੱਜ ਦੇ ਸਮੇਂ ਦੀ ਮੰਗ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਅਜਿਹੇ ਮਾੜੇ ਅਨਸਰਾਂ ਨੂੰ ਸਖ਼ਤ ਕਾਨੂੰਨੀ ਅਤੇ ਮਿਸਾਲੀ ਸਜ਼ਾਵਾਂ ਦੇ ਕੇ ਧੀਆਂ ਦੇ ਮਾਣ-ਸਨਮਾਨ ਨੂੰ ਕਾਇਮ ਰੱਖਿਆ ਜਾਵੇ।

-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।

25-07-2018

 ਆਵਾਜ਼ ਪ੍ਰਦੂਸ਼ਣ
ਪੰਜਾਬ ਪ੍ਰਦੂਸ਼ਣ ਬੋਰਡ ਨੇ ਪਿਛਲੇ ਸਾਲ ਇਕ ਅਕਤੂਬਰ ਤੋਂ ਮੋਟਰਸਾਈਕਲ ਦੇ ਪਟਾਕੇ ਪਾਉਣ ਵਾਲਿਆਂ ਅਤੇ ਉੱਚੀ ਆਵਾਜ਼ ਵਾਲੇ ਹਾਰਨ ਵਜਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨ ਲਾਗੂ ਕੀਤਾ ਹੈ। ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਸਜ਼ਾ ਤੇ ਜੁਰਮਾਨਾ ਦੋਵੇਂ ਕੀਤੇ ਜਾਣਗੇ। ਇਸ ਤੋਂ ਇਲਾਵਾ ਉਹ ਮੋਟਰਸਾਈਕਲ ਵੀ ਜ਼ਬਤ ਕੀਤਾ ਜਾਵੇਗਾ। ਇਹ ਬਹੁਤ ਚੰਗੀ ਗੱਲ ਹੈ। ਪਿੰਡਾਂ ਵਿਚ ਸਵੇਰੇ ਸ਼ਾਮ ਗੁਰਦੁਆਰੇ, ਮੰਦਰ, ਮਸੀਤ ਆਦਿ ਧਾਰਮਿਕ ਸਥਾਨਾਂ 'ਤੇ ਉੱਚੀ ਆਵਾਜ਼ ਵਿਚ ਸਪੀਕਰ ਵਜਦੇ ਹਨ, ਜੋ ਮਰੀਜ਼ਾਂ, ਬਜ਼ੁਰਗਾਂ, ਵਿਦਿਆਰਥੀਆਂ ਨੂੰ ਬਹੁਤ ਪਰੇਸ਼ਾਨ ਕਰਦੇ ਹਨ। ਸਿੱਖ ਧਰਮ ਦੀ ਸਰਬਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਵੀ ਹੁਕਮਨਾਮਾ ਜਾਰੀ ਹੋ ਚੁੱਕਾ ਹੈ ਕਿ ਸਪੀਕਰਾਂ ਦੀ ਆਵਾਜ਼ ਗੁਰਦੁਆਰਾ ਸਾਹਿਬ ਤੋਂ ਬਾਹਰ ਨਹੀਂ ਜਾਣੀ ਚਾਹੀਦੀ ਪਰ ਸਾਡੇ ਪਿੰਡਾਂ ਦੇ ਪਾਠੀ ਸਾਹਿਬਾਨ ਇਸ ਹੁਕਮਨਾਮੇ ਨੂੰ ਵੀ ਟਿੱਚ ਜਾਣਦੇ ਹਨ। ਇਸ ਤੋਂ ਇਲਾਵਾ ਸਾਰਾ ਦਿਨ ਸੌਦਾ ਪੱਤਾ ਵੇਚਣ ਵਾਲੇ ਉੱਚੀ ਆਵਾਜ਼ ਵਿਚ ਸਪੀਕਰ ਲਾ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ। ਇਨ੍ਹਾਂ ਨੂੰ ਰੋਕਣ ਲਈ ਕਾਨੂੰਨ ਤਾਂ ਹਨ ਪਰ ਇਨ੍ਹਾਂ ਦੀ ਕੋਈ ਪਰਵਾਹ ਹੀ ਨਹੀਂ ਕਰਦਾ। ਜੇ ਕਾਨੂੰਨ ਲਾਗੂ ਨਹੀਂ ਕਰਨੇ ਤਾਂ ਕਾਗਜ਼ ਕਾਲੇ ਕਰਨ ਦਾ ਕੋਈ ਫਾਇਦਾ ਨਹੀਂ। ਇਸ ਲਈ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਜੋ ਵੀ ਕਾਨੂੰਨ ਸ਼ੋਰ ਪ੍ਰਦੂਸ਼ਣ ਪ੍ਰਤੀ ਸਾਡੇ ਸੰਵਿਧਾਨ ਵਿਚ ਹੈ, ਉਸ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ।


-ਜਸਕਰਨ ਲੰਡੇ
ਪਿੰਡ ਤੇ ਡਾਕ : ਲੰਡੇ, ਜ਼ਿਲ੍ਹਾ ਮੋਗਾ।


ਫਲ ਅਤੇ ਸਬਜ਼ੀਆਂ ਖਾਓ ਉਮਰ ਵਧਾਓ
ਜੇਕਰ ਤੁਸੀਂ ਲੰਮੀ ਉਮਰ ਚਾਹੁੰਦੇ ਹੋ ਤਾਂ ਹੁਣ ਮਾਹਿਰਾਂ ਨੇ ਇਕ ਆਸਾਨ ਤਰੀਕਾ ਲੱਭਿਆ ਹੈ। ਇਹ ਆਸਾਨ ਤਰੀਕਾ ਹੈ ਗਾਜਰ, ਬੰਦਗੋਭੀ ਆਦਿ ਸਬਜ਼ੀਆਂ ਅਤੇ ਹੋਰ ਰੰਗੀਨ ਫਲ਼ਾਂ ਸੇਵਨ ਕਰੋ ਅਤੇ ਕੈਲੋਰੀਜ਼ 'ਤੇ ਕਾਬੂ ਰੱਖੋ। ਇਨ੍ਹਾਂ ਫਲਾਂ ਅਤੇ ਸਬਜ਼ੀਆਂ ਵਿਚ ਪਾਏ ਜਾਣ ਵਾਲੇ ਪੌਸ਼ਕ ਤੱਤ ਖ਼ਾਸ ਕਰਕੇ ਕੈਰੋਟੀਨ ਤੁਹਾਨੂੰ ਲੰਮੀ ਉਮਰ ਦੇ ਸਕਦੇ ਹਨ। ਫਲ ਅਤੇ ਸਬਜ਼ੀਆਂ ਐਂਟੀ ਆਕਸੀਡੈਂਟ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ ਅਤੇ ਇਨ੍ਹਾਂ ਦਾ ਸੇਵਨ ਤੁਹਾਨੂੰ ਲਾਭ ਦਿੰਦਾ ਹੈ। ਇਕ ਖੋਜ ਅਨੁਸਾਰ ਬਜ਼ੁਰਗਾਂ ਵਿਚ ਕੈਰੋਟੀਨ ਦਾ ਜ਼ਿਆਦਾ ਪੱਧਰ ਉਨ੍ਹਾਂ ਨੂੰ ਕੈਂਸਰ ਤੋਂ ਸੁਰੱਖਿਆ ਦਿੰਦਾ ਹੈ। ਪਰ ਸਬਜ਼ੀਆਂ ਦਾ ਸੇਵਨ ਇਨ੍ਹਾਂ ਦੇ ਕੁਦਰਤੀ ਰੂਪ ਵਿਚ ਹੀ ਕਰੋ।


-ਗੁਰਭਿੰਦਰ ਗੁਰੀ।


ਇਕ ਨਜ਼ਰ ਵਿੱਦਿਆ ਅਤੇ ਪੜ੍ਹਾਈ ਬਾਰੇ
ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਰਾਜ ਸਰਕਾਰ/ਕੇਂਦਰ ਸਰਕਾਰ ਵਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਕਿ ਹਰ ਵਰਗ ਨੂੰ ਸਿੱਖਿਆ ਪ੍ਰਦਾਨ ਹੋ ਸਕੇ। ਇੱਥੋ ਤੱਕ ਕਿ ਸਰਕਾਰਾਂ ਨੇ ਹਰ ਇਲਾਕੇ ਵਿਚ ਪ੍ਰਾਇਮਰੀ ਸਕੂਲ, ਮਿਡਲ ਸਕੂਲ, ਹਾਈ ਸਕੂਲ, ਸੈਕੰਡਰੀ ਸਕੂਲ ਅਤੇ ਕਾਲਜ ਖੋਲ੍ਹੇ ਹਨ ਅਤੇ ਕਈ ਧਾਰਮਿਕ ਸੰਸਥਾਵਾਂ ਵਲੋਂ ਵੀ ਸਕੂਲਾਂ ਅਤੇ ਕਾਲਜਾਂ ਨੂੰ ਚਲਾਇਆ ਜਾ ਰਿਹਾ ਹੈ ਤਾਂ ਕਿ ਹਰ ਵਰਗ ਦੇ ਬੱਚਿਆਂ ਨੂੰ ਸਿੱਖਿਆ ਪ੍ਰਾਪਤ ਹੋ ਸਕੇ। ਪ੍ਰੰਤੂ ਬੜੇ ਦੁੱਖ ਦੀ ਗੱਲ ਹੈ ਕਿ ਹਰ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਸਰਕਾਰੀ ਸਕੂਲ ਹੋਣ ਦੇ ਬਾਵਜੂਦ ਮਾਪੇ ਆਪਣੇ ਬੱਚਿਆਂ ਨੂੰ ਵਧੀਆ ਪੜ੍ਹਾਈ ਦੇਣ ਲਈ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਉਣ ਨੂੰ ਤਰਜੀਹ ਦਿੰਦੇ ਹਨ। ਅੱਜ ਪ੍ਰਾਈਵੇਟ ਸਕੂਲਾਂ ਵਲੋਂ ਬੱਚਿਆਂ ਤੋਂ ਪੜ੍ਹਾਈ ਲਈ ਵਾਧੂ ਫੀਸਾਂ ਵਸੂਲੀਆਂ ਜਾ ਰਹੀਆਂ ਹਨ। ਸਰਕਾਰੀ ਸਕੂਲਾਂ ਦੀ ਅੱਜ ਮਾੜੀ ਹਾਲਤ ਹੋਣ ਕਾਰਨ ਅਤੇ ਲੜਕੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਮਾਪੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਉਣ ਨੂੰ ਤਰਜੀਹ ਦੇ ਰਹੇ ਹਨ ਜਿਥੇ ਘੱਟੋ-ਘੱਟ ਕਿਸੇ ਹੱਦ ਤੱਕ ਬੱਚਿਆਂ ਦੀ ਸੁਰੱਖਿਆ ਤਾਂ ਹੈ। ਰਾਜ ਸਰਕਾਰਾਂ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਕਿ ਜਿਸ ਇਲਾਕੇ ਵਿਚ ਸਰਕਾਰੀ ਸਕੂਲ ਅਤੇ ਕਾਲਜ ਬਣੇ ਹੋਏ ਹਨ, ਉਨ੍ਹਾਂ ਇਲਾਕਿਆਂ ਵਿਚ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤਾਂ ਕਿ ਮਾਪੇ ਆਪਣੇ ਬੱਚਿਆਂ ਨੂੰ ਬਿਨਾਂ ਕਿਸੇ ਡਰ ਤੋਂ ਸਕੂਲ ਭੇਜ ਸਕਣ।


-ਜਗਤਾਰ ਸਿੰਘ।


ਸਾਵਧਾਨੀ ਦੀ ਲੋੜ
ਜਦੋਂ ਗਰਮੀ ਬਹੁਤ ਵਧ ਜਾਂਦੀ ਹੈ ਤਾਂ ਹਰ ਕੋਈ ਗਰਮੀ ਤੋਂ ਰਾਹਤ ਪਾਉਣ ਲਈ ਹਵਾ ਅਤੇ ਠੰਢਾ ਪਾਣੀ ਲੱਭਦਾ ਹੈ। ਇਸ ਤਰ੍ਹਾਂ ਦੇ ਮੌਸਮ ਵਿਚ ਬੱਚੇ ਅਤੇ ਨੌਜਵਾਨ ਅਕਸਰ ਹੀ ਨਹਾਉਣ ਲਈ ਤਲਾਅ, ਨਹਿਰਾਂ, ਸੂਏ, ਟੋਭੇ, ਦਰਿਆਵਾਂ ਅਤੇ ਟਿਊਬਵੈੱਲਾਂ ਵੱਲ ਚਲੇ ਜਾਂਦੇ ਹਨ। ਅੱਤ ਦੀ ਗਰਮੀ ਵਿਚ ਚੁੱਭੀਆਂ ਮਾਰ-ਮਾਾਰ ਕੇ ਨਹਾਉਣਾ ਚੰਗਾ ਲਗਦਾ ਹੈ ਪਰ ਕਈ ਵਾਰੀ ਅਣਤਾਰੂ ਲੋਕ ਡੂੰਘੇ ਪਾਣੀ ਦੀ ਤੇਜ਼ ਧਾਰ ਵਿਚ ਵਹਿ ਜਾਂਦੇ ਹਨ। ਬੱਚੇ ਅਤੇ ਨੌਜਵਾਨ ਅਕਸਰ ਹੀ ਨਹਿਰਾਂ ਆਦਿ ਦੇ ਪੁਲਾਂ ਤੋਂ ਛਾਲਾਂ ਮਾਰ-ਮਾਰ ਕੇ ਨਹਾਉਂਦੇ ਹਨ। ਲੋੜ ਹੈ ਕੁਝ ਸਾਵਧਾਨੀਆਂ ਵਰਤਣ ਦੀ ਤਾਂ ਜੋ ਨਹਾਉਂਦੇ ਸਮੇਂ ਹਾਦਸਿਆਂ ਤੋਂ ਬਚਿਆ ਜਾ ਸਕੇ। ਨਹਿਰਾਂ ਅਤੇ ਦਰਿਆਵਾਂ ਵਿਚ ਨਹਾਉਣ ਤੋਂ ਬਚਿਆ ਜਾਵੇ, ਕਿਉਂਕਿ ਮੀਹ ਪੈਣ ਕਾਰਨ ਦਰਿਆਵਾਂ 'ਚ ਵੀ ਪਾਣੀ ਦਾ ਪੱਧਰ ਵਧਿਆ ਹੋਇਆ ਹੁੰਦਾ ਹੈ। ਇਸ ਲਈ ਦਰਿਆਵਾਂ, ਨਦੀਆਂ, ਨਹਿਰਾਂ ਵਿਚ ਨਹਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।


-ਬਲਰਾਮ ਜੀਤ ਸਿੰਘ ਵੜੈਚ
738, ਧਰਮਪੁਰਾ, ਡਾ: ਕਾਦੀਆਂ, ਜ਼ਿਲ੍ਹਾ ਗੁਰਦਾਸਪੁਰ।

24-07-2018

 ਇਕ ਵਕਤ ਸੀ...
ਇਕ ਵਕਤ ਸੀ ਜਦੋਂ ਪੰਜਾਬ ਦਾ ਕਿਤੇ ਵੀ ਜ਼ਿਕਰ ਹੁੰਦਾ ਤਾਂ ਪੰਜਾਬੀਆਂ ਨੂੰ ਹਮੇਸ਼ਾ ਮਿਹਨਤੀ, ਯੋਧੇ ਤੇ ਅਣਖ਼ੀ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ। ਹਰ ਖੇਤਰ ਵਿਚ ਪੰਜਾਬੀ ਪਹਿਲੇ ਨੰਬਰ 'ਤੇ ਆਇਆ ਕਰਦੇ ਸਨ, ਫਿਰ ਭਾਵੇਂ ਉਹ ਖੇਡਾਂ ਦੀ ਗੱਲ ਹੋਵੇ ਜਾਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਸੂਰਬੀਰਾਂ ਦੀ, ਪੰਜਾਬੀਆਂ ਦੀ ਹਰ ਖੇਤਰ ਵਿਚ ਪੂਰੀ ਸਰਦਾਰੀ ਸੀ। ਮਿਹਨਤੀ ਤੇ ਖੁੱਲ੍ਹੇ ਜੁੱਸਿਆਂ ਵਾਲੇ ਪੰਜਾਬੀ ਹਮੇਸ਼ਾ ਦਲੇਰੀ, ਅਣਖ਼ਾਂ ਅਤੇ ਇੱਜ਼ਤਾਂ ਦੇ ਰਖਵਾਲਿਆਂ ਵਜੋਂ ਜਾਣੇ ਜਾਂਦੇ ਸਨ। ਸਿਆਣੇ ਸੱਚ ਹੀ ਕਹਿੰਦੇ ਹਨ ਕਿ ਨਜ਼ਰ ਵੀ ਉਸੇ ਨੂੰ ਹੀ ਲਗਦੀ ਹੈ, ਜਿਸ ਵਿਚ ਕੋਈ ਖ਼ਾਸ ਗੱਲ ਹੋਵੇ, ਬੰਜਰ ਜ਼ਮੀਨਾਂ ਨੂੰ ਜਰਖੇਜ਼ ਬਣਾਉਣ ਵਾਲੇ ਪੰਜਾਬੀਆਂ ਨਾਲ ਵੀ ਕੁਝ ਇਸੇ ਤਰ੍ਹਾਂ ਹੋਇਆ ਹੈ। ਇਹ ਨਸ਼ੇ ਪਤਾ ਨਹੀਂ ਕਿਹੜੀਆਂ ਸਰਹੱਦਾਂ ਟੱਪ ਕੇ, ਸਿਰਫ ਪੰਜਾਬ ਵਿਚ ਆ ਵੜੇ ਹਨ, ਇਹ ਨਸ਼ੇ ਪਤਾ ਨਹੀਂ ਕਿਸ ਦੀ ਦੇਣ ਹਨ, ਜਿਵੇਂ ਸਾਡੇ ਮਨਾਂ ਅੰਦਰ ਕਈ ਸਵਾਲ ਜਨਮ ਲੈਂਦੇ ਹਨ, ਉਸੇ ਤਰ੍ਹਾਂ ਇਨ੍ਹਾਂ ਕਾਰਨਾਂ ਦੇ ਜਵਾਬ ਵੀ ਹੈਰਾਨ ਕਰਨ ਵਾਲੇ ਹਨ। ਜੇ ਵੇਖਿਆ ਜਾਵੇ ਤਾਂ ਸਾਡਾ ਸੱਭਿਆਚਾਰ ਵੀ ਕੁਝ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਹੈ, ਜਿਸ ਦਾ ਦੂਰ-ਦੂਰ ਤੱਕ ਸਾਡੇ ਨਾਲ ਕੋਈ ਵਾਹ-ਵਾਸਤਾ ਨਹੀਂ ਸੀ। ਫਿਰ ਭਾਵੇਂ ਉਹ ਸਾਡੇ ਗੀਤ ਹੋਣ, ਵਿਆਹ ਹੋਣ, ਸਾਡੇ ਮੇਲੇ ਹੋਣ ਸਭਨਾਂ ਵਿਚ ਕੋਈ ਵੀ ਨਸ਼ਿਆਂ ਦੀ ਮਸ਼ਹੂਰੀ ਕਰਨ ਵਿਚ ਪਿੱਛੇ ਨਹੀਂ ਰਿਹਾ ਪਰ ਹੁਣ ਜਦ ਨਸ਼ੇ ਦਾ ਦੈਂਤ ਸਾਡੀ ਜਵਾਨੀ ਨੂੰ ਪੂਰੀ ਤਰ੍ਹਾਂ ਨਿਗਲ ਚੁੱਕਾ ਹੈ, ਹੁਣ ਸਾਨੂੰ ਅਫ਼ਸੋਸ ਹੋ ਰਿਹਾ ਹੈ। ਅੱਜ ਅਸੀਂ ਹਰ ਖੇਤਰ ਵਿਚ ਬਹੁਤ ਪਿੱਛੇ ਰਹਿ ਗਏ ਹਾਂ, ਸਾਡੀ ਨਸਲਕੁਸ਼ੀ ਕਰਨ ਦਾ ਉਪਰਾਲਾ ਵੈਰੀ ਭਾਵੇਂ ਕਈ ਵਰ੍ਹਿਆਂ ਤੋਂ ਕਰ ਰਿਹਾ ਸੀ। ਭਾਵੇਂ ਅੱਜ ਵੀ ਪੰਜਾਬ ਲਈ ਬਹੁਤ ਸਾਰੇ ਲੋਕ ਫ਼ਿਰਕਮੰਦ ਹਨ, ਜੋ ਦਿਨ-ਰਾਤ ਇਕ ਕਰਕੇ ਸਾਡੇ ਰੰਗਲੇ ਪੰਜਾਬ ਨੂੰ ਬਚਾਉਣ ਵਿਚ ਲੱਗੇ ਹਨ। ਸਾਡੀ ਵੀ ਇਹੀ ਦੂਆ ਹੋਵੇਗੀ ਕਿ ਇਹ ਯੋਧੇ ਆਪਣੀ ਕੋਸ਼ਿਸ਼ ਵਿਚ ਕਾਮਯਾਬ ਹੋਣ ਤਾਂ ਜੋ ਇਹ ਨਸ਼ਾ ਪੰਜਾਬ ਦੀ ਧਰਤੀ ਤੋਂ ਹਮੇਸ਼ਾ-ਹਮੇਸ਼ਾ ਲਈ ਖ਼ਤਮ ਹੋ ਜਾਵੇ ਤੇ ਪੰਜਾਬ ਦੀ ਧਰਤੀ ਫਿਰ ਤੋਂ ਸਵਰਗ ਬਣ ਜਾਵੇ।

-ਰੁਪਿੰਦਰ ਹੁੰਦਲ
ਇਟਲੀ।

ਪੌਲੀਥੀਨ ਦੀ ਵਰਤੋਂ 'ਤੇ ਰੋਕ
ਪੰਜਾਬ ਸੂਬੇ ਵਿਚ ਸੂਬਾ ਸਰਕਾਰ ਦੁਆਰਾ ਫਰਵਰੀ, 2016 ਵਿਚ ਪੌਲੀਥੀਨ ਦੇ ਲਿਫ਼ਾਫ਼ੇ ਦੀ ਵਰਤੋਂ 'ਤੇ ਪੂਰਨ ਤੌਰ 'ਤੇ ਰੋਕ ਲਾਉਣ ਦਾ ਐਲਾਨ ਕੀਤਾ ਗਿਆ ਤੇ ਕਾਨੂੰਨ ਪਾਸ ਕੀਤਾ ਗਿਆ ਜੋ 1 ਅਪ੍ਰੈਲ, 2016 ਤੋਂ ਪੂਰੇ ਪੰਜਾਬ ਵਿਚ ਲਾਗੂ ਹੋ ਗਿਆ। ਪੌਲੀਥੀਨ ਦੇ ਘਾਤਕ ਨਤੀਜਿਆਂ ਤੋਂ ਕੁਦਰਤ ਨੂੰ ਬਚਾਉਣ ਲਈ ਇਹ ਇਕ ਸ਼ਲਾਘਾਯੋਗ ਕਦਮ ਸੀ ਪਰ ਇਸ ਕਾਨੂੰਨ ਦੇ ਬਾਵਜੂਦ ਲਗਪਗ ਦੋ ਸਾਲਾਂ ਬਾਅਦ ਵੀ ਪੌਲੀਥੀਨ ਦੀ ਵਰਤੋਂ ਸ਼ਰੇਆਮ ਕੀਤੀ ਜਾ ਰਹੀ ਹੈ। ਪੌਲੀਥੀਨ ਦੇ ਘਾਤਕ ਨਤੀਜਿਆਂ ਬਾਰੇ ਕਈ ਵਾਰ ਅਖ਼ਬਾਰਾਂ, ਟੀ.ਵੀ., ਰੇਡੀਓ ਆਦਿ 'ਤੇ ਦੱਸਿਆ ਜਾ ਚੁੱਕਾ ਹੈ ਪਰ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ, ਨਤੀਜੇ ਵਜੋਂ ਪੌਲੀਥੀਨ ਦਾ ਕੂੜਾ ਇਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਗਿਆ ਹੈ। ਨਾ-ਗਲਣਯੋਗ ਹੋਣ ਕਾਰਨ ਇਸ ਦੇ ਘਾਤਕ ਰਸਾਇਣ ਧਰਤੀ ਦੀ ਉਪਜਾਊ ਸ਼ਕਤੀ ਨੂੰ ਨਸ਼ਟ ਕਰ ਰਹੇ ਹਨ। ਪੌਲੀਥੀਨ ਦਾ ਕੂੜਾ ਸੀਵਰੇਜ, ਨਾਲੀਆਂ ਆਦਿ ਜਾਮ ਹੋਣ ਦਾ ਕਾਰਨ ਵੀ ਬਣਦਾ ਹੈ। ਕਈ ਲੋਕਾਂ ਵਲੋਂ ਪੌਲੀਥੀਨ ਦੇ ਕੂੜੇ ਨੂੰ ਜਲਾ ਕੇ ਹਵਾ ਵਿਚ ਜ਼ਹਿਰ ਘੋਲਿਆ ਜਾ ਰਿਹਾ ਹੈ। ਹੋਰ ਅਨੇਕਾਂ ਹੀ ਸਮੱਸਿਆ ਇਸ ਪੌਲੀਥੀਨ ਦੀ ਵਰਤੋਂ ਕਾਰਨ ਪੈਦਾ ਹੋ ਰਹੀਆਂ ਹਨ, ਜਿਸ ਦਾ ਮੁੱਖ ਕਾਰਨ ਲੋਕਾਂ ਵਿਚ ਜਾਗਰੂਕਤਾ ਦੀ ਘਾਟ ਅਤੇ ਸਰਕਾਰ ਦੀ ਅਣਗਹਿਲੀ ਹੈ। ਪ੍ਰਸ਼ਾਸਨ ਨੂੰ ਅਪੀਲ ਹੈ ਕਿ ਉਹ ਪੌਲੀਥੀਨ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਲੋਕਾਂ ਨੂੰ ਵੀ ਬੇਨਤੀ ਹੈ ਕਿ ਉਹ ਪੌਲੀਥੀਨ ਦੀ ਵਰਤੋਂ ਨਾ ਕਰਦੇ ਹੋਏ ਆਪਣੇ ਆਲੇ-ਦੁਆਲੇ ਦੀ ਸਵੱਛਤਾ ਵਿਚ ਯੋਗਦਾਨ ਪਾਉਣ।

-ਮੀਤਕ ਸ਼ਰਮਾ 'ਮੀਤ ਬਰਾਰੀ'
ਪਿੰਡ ਬਰਾਰੀ, ਨੰਗਲ ਡੈਮ, ਰੂਪਨਗਰ।

ਨਸ਼ਿਆਂ ਦਾ ਹੜ੍ਹ
ਨਸ਼ਿਆਂ ਨੇ ਪੰਜਾਬ ਦੀ ਜਵਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਚਿੱਟੇ ਦੇ ਪ੍ਰਕੋਪ ਨਾਲ ਘਰ-ਘਰ ਵਿਚ ਸੱਥਰ ਵਿਛ ਰਹੇ ਹਨ। ਸਮੇਂ ਦੀਆਂ ਸਰਕਾਰਾਂ ਨੇ ਜਾਪਦਾ ਹੈ ਕਿ ਹੱਥ ਹੀ ਖੜ੍ਹੇ ਕਰ ਦਿੱਤੇ ਹਨ। ਸ਼ਰੇਆਮ ਇਹ ਧੰਦਾ ਜ਼ੋਰਾਂ 'ਤੇ ਹਾਲੇ ਵੀ ਚੱਲ ਰਿਹਾ ਹੈ। ਸਾਰਾ ਪੰਜਾਬ ਹੀ ਇਨ੍ਹਾਂ ਨਸ਼ਿਆਂ ਦੇ ਖਿਲਾਫ਼ ਆਵਾਜ਼ ਬੁਲੰਦ ਕਰ ਰਿਹਾ ਹੈ। ਅਜਿਹੀਆਂ ਕਿਹੜੀਆਂ ਤਾਕਤਾਂ ਨੇ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਦਾ ਤਹੱਈਆ ਕੀਤਾ ਹੋਇਆ ਹੈ? ਖੁਫ਼ੀਆ ਏਜੰਸੀਆਂ ਕੁੰਭਕਰਨੀ ਨੀਂਦ ਸੁੱਤੀਆਂ ਹੋਈਆਂ ਹਨ। ਕੀ ਕਿਸੇ ਠੋਸ ਉਪਰਾਲੇ ਨਾਲ ਕੋਈ ਸਥਾਈ ਹੱਲ ਲੱਭ ਰਹੀਆਂ ਨੇ ਸਰਕਾਰਾਂ? ਹਾਲੇ ਕਿੰਨਾ ਕੁ ਚਿਰ ਮਾਵਾਂ ਦੇ ਪੁੱਤਰ ਹੋਰ ਮਰਦੇ ਰਹਿਣਗੇ। ਪੰਜਾਬ ਦੀ ਕਿਸਾਨੀ ਦਾ ਪਹਿਲਾਂ ਹੀ ਅੰਤਾਂ ਦੀ ਮਹਿੰਗਾਈ ਤੇ ਨਕਲੀ ਕੀਟਨਾਸ਼ਕਾਂ ਨਾਲ ਲੱਕ ਟੁੱਟਿਆ ਹੋਇਆ ਹੈ ਤੇ ਹੁਣ ਇਸ ਨਾਮੁਰਾਦ ਚਿੱਟੇ ਨਾਂਅ ਦੇ ਨਸ਼ੇ ਨੇ ਪੂਰੇ ਪੰਜਾਬ ਨੂੰ ਆਪਣੇ ਕਲਾਵੇ ਵਿਚ ਲੈ ਰੱਖਿਆ ਹੈ। ਜੇਕਰ ਹਾਲੇ ਵੀ ਇਸ 'ਤੇ ਸਖ਼ਤੀ ਨਾਲ ਕੰਟਰੋਲ ਨਾ ਕੀਤਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਬਣ ਜਾਣਗੇ। ਸਰਕਾਰਾਂ ਨੂੰ ਨਸ਼ੇ ਦੇ ਸਮੱਗਲਰਾਂ 'ਤੇ ਪੂਰੀ ਤਰ੍ਹਾਂ ਨਕੇਲ ਕੱਸਣੀ ਪਵੇਗੀ।

-ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ।

ਬੇਰੁਜ਼ਗਾਰੀ ਦੀ ਸਮੱਸਿਆ
ਦੇਸ਼ ਦੀਆਂ ਵੱਡੀਆਂ ਸਮੱਸਿਆਵਾਂ ਵਿਚੋਂ ਬੇਰੁਜ਼ਗਾਰੀ ਦੀ ਸਮੱਸਿਆ ਗੰਭੀਰ ਚਿੰਤਾ ਦਾ ਵਿਸ਼ਾ ਹੈ। ਦੇਸ਼ ਵਿਚ ਬੇਰੁਜ਼ਗਾਰਾਂ ਦੀ ਗਿਣਤੀ ਦਿਨ-ਪ੍ਰਤੀ-ਦਿਨ ਵਧਦੀ ਜਾ ਰਹੀ ਹੈ। ਬੇਰੁਜ਼ਗਾਰ ਦਾ ਮਤਲਬ ਉਸ ਨੌਜਵਾਨ ਤੋਂ ਹੈ, ਜਿਸ ਨੂੰ ਯੋਗਤਾ ਹੋਣ ਦੇ ਬਾਵਜੂਦ ਰੋਜ਼ੀ ਰੋਟੀ ਕਮਾਉਣ ਲਈ ਕੰਮ ਨਹੀਂ ਮਿਲਦਾ। ਸੋਚਣ ਵਾਲੀ ਗੱਲ ਇਹ ਹੈ ਕਿ ਜਿਸ ਇਨਸਾਨ ਨੇ ਆਪਣੀ ਜ਼ਿੰਦਗੀ ਦੇ ਅਨਮੋਲ 20-25 ਸਾਲ ਪੜ੍ਹਾਈ 'ਤੇ ਲਗਾਏ ਹੋਣ, ਮਾਪਿਆਂ ਨੇ ਲੱਖਾਂ ਰੁਪਏ ਫੀਸਾਂ ਭਰੀਆਂ ਹੋਣ, ਰਾਤਾਂ ਜਾਗ-ਜਾਗ ਕੇ ਆਪਣੇ ਸੁੰਦਰ ਭਵਿੱਖ ਦੇ ਸੁਪਨੇ ਸਜਾਏ ਹੋਣ ਅਤੇ ਜਦੋਂ ਇਨ੍ਹਾਂ ਨੌਜਵਾਨਾਂ ਨੂੰ ਪੜ੍ਹ ਲਿਖ ਕੇ ਵੀ ਆਪਣੀ ਯੋਗਤਾ ਮੁਤਾਬਿਕ ਕੰਮ ਨਾ ਮਿਲੇ ਤਾਂ ਫਿਰ ਨੌਜਵਾਨ ਕਿੱਧਰ ਨੂੰ ਜਾਣ? ਅੱਜ ਦਰਜਾ ਚਾਰ ਦੀ ਨੌਕਰੀ ਲਈ ਬੀ.ਏ., ਐਮ.ਏ., ਬੀ.ਐੱਡ., ਬੀ.ਟੈੱਕ., ਪੀ.ਐਚ.ਡੀ. ਨੌਜਵਾਨ ਲਾਈਨਾਂ ਵਿਚ ਲੱਗੇ ਹੋਏ ਹਨ ਪਰ ਫਿਰ ਵੀ ਰੁਜ਼ਗਾਰ ਹਾਸਲ ਨਹੀਂ ਹੁੰਦਾ। ਉੱਚ ਡਿਗਰੀਆਂ ਕਰਨ ਤੋਂ ਬਾਅਦ ਵੀ ਜਦ ਕੰਮ ਨਹੀਂ ਮਿਲਦਾ ਤਾਂ ਕਈ ਵਾਰ ਮਜਬੂਰੀ ਵਸ ਨਿਗੂਣੀਆਂ ਤਨਖ਼ਾਹਾਂ ਉੱਪਰ ਕੰਮ ਕਰਕੇ ਆਪਣਾ ਮਾਨਸਿਕ ਅਤੇ ਆਰਥਿਕ ਸ਼ੋਸ਼ਣ ਕਰਵਾਉਣ ਨੂੰ ਮਜਬੂਰ ਹੋਣਾ ਪੈਂਦਾ ਹੈ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਕਿੱਤਾਮੁਖੀ ਸਿੱਖਿਆ ਗ੍ਰਹਿਣ ਕਰਨ, ਸਹਾਇਕ ਧੰਦੇ ਅਪਣਾਉਣ, ਲਘੂ ਉਦਯੋਗ ਲਗਾਉਣ ਦਾ ਗਿਆਨ ਵੀ ਹਾਸਲ ਕਰਨ ਤਾਂ ਜੋ ਉਹ ਆਪਣਾ ਗੁਜ਼ਾਰਾ ਚੰਗੀ ਤਰ੍ਹਾਂ ਕਰ ਸਕਣ। ਸਰਕਾਰ ਨੂੰ ਇਸ ਸਬੰਧੀ ਪ੍ਰਭਾਵੀ ਨੀਤੀ ਬਣਾ ਕੇ ਲਾਗੂ ਕਰਨੀ ਚਾਹੀਦੀ ਹੈ ਤਾਂ ਜੋ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕੇ।

-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।

23-07-2018

 ਪੰਜਾਬ ਪਤਨ ਵੱਲ ਕਿਉਂ?
ਪੰਜਾਬ ਨੂੰ ਅਣਖ਼, ਇੱਜ਼ਤ, ਸ਼ਰਮ ਅਤੇ ਗ਼ੈਰਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਧਰਤੀ ਨੂੰ ਦਸ ਗੁਰੂ ਸਾਹਿਬਾਨ ਤੋਂ ਇਲਾਵਾ ਅਨੇਕ ਸੰਤਾਂ, ਭਗਤਾਂ ਅਤੇ ਦਰਵੇਸ਼ਾਂ ਨੇ ਆਪਣੀ ਪਵਿੱਤਰ ਗੁਰਬਾਣੀ ਰਾਹੀਂ ਮਨੁੱਖੀ ਜ਼ਿੰਦਗੀ ਵਿਚ ਉੱਚੇ ਨੈਤਿਕ ਆਦਰਸ਼ ਭਰਦਿਆਂ ਅਧਿਆਤਮਿਕ ਰੰਗ ਵਿਚ ਰੰਗਿਆ ਹੈ। ਪੰਜਾਬ ਦਾ ਅਨੰਦਾਤਾ ਕਹਾਉਣ ਵਾਲਾ ਕਿਸਾਨ ਅੱਜ ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਅਤੇ ਝੂਠੇ ਲਾਰਿਆਂ ਕਰਕੇ ਕਰਜ਼ੇ ਹੇਠ ਦੱਬ ਕੇ ਖ਼ੁਦਕੁਸ਼ੀਆਂ ਕਰ ਰਿਹਾ ਹੈ। ਤਾਜ਼ਾ ਅੰਕੜਿਆਂ ਅਨੁਸਾਰ ਬਿਹਾਰ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਤੋਂ ਬਾਅਦ ਦੇਸ਼ ਵਿਚੋਂ ਲੁੱਟਾਂ-ਖੋਹਾਂ ਅਤੇ ਹੋਰ ਜੁਰਮਾਂ ਲਈ ਪੰਜਾਬ ਚੌਥੇ ਨੰਬਰ 'ਤੇ ਆ ਗਿਆ ਹੈ। ਪੰਜਾਬ ਵਿਚ ਚੱਲ ਰਹੇ ਨਿੱਜੀ ਟੀ.ਵੀ. ਚੈਨਲਾਂ ਨੇ ਪੈਸੇ ਖ਼ਾਤਰ ਸਭ ਕੁਝ ਠੀਕ ਹੈ, ਦਾ ਸਰਟੀਫ਼ਿਕੇਟ ਹਾਸਲ ਕੀਤਾ ਲਗਦਾ ਹੈ। ਸੋ, ਪੰਜਾਬ ਵਾਸੀਓ ਕਿਸੇ ਸਰਕਾਰ ਜਾਂ ਰਾਜਸੀ ਪਾਰਟੀ ਤੋਂ ਆਪਣੇ ਭਲੇ ਦੀ ਆਸ ਛੱਡ ਕੇ ਖ਼ੁਦ ਲਾਮਬੰਦ ਹੋ ਜਾਓ ਤਾਂ ਹੀ ਪੰਜਾਬ ਤੇ ਇਸ ਦੇ ਵਾਸੀ ਬਚ ਸਕਦੇ ਹਨ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ ਸਾਹਿਬ।


ਰੁੱਖ ਲਗਾਓ ਮੁਹਿੰਮ
ਹਰ ਸਾਲ ਜੁਲਾਈ ਦੇ ਪਹਿਲੇ ਹਫ਼ਤੇ ਵਣ ਮਹਾਂਉਤਸਵ ਮਨਾਇਆ ਜਾਂਦਾ ਹੈ। ਸਮੇਂ-ਸਮੇਂ ਦੀਆਂ ਸਰਕਾਰਾਂ ਤੇ ਸਵੈ-ਇੱਛੁਕ ਸੰਸਥਾਵਾਂ ਰੁੱਖ ਲਗਾਉਣ ਵਿਚ ਆਪਣਾ ਯੋਗਦਾਨ ਪਾਉਂਦੀਆਂ ਹਨ। ਪੰਜਾਬ ਸਰਕਾਰ ਵਲੋਂ ਵੀ ਆਈ ਹਰਿਆਵਲ ਐਪ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਸਾਰਥਕ ਸਿੱਟੇ ਨਿਕਲਣ ਦੀ ਆਸ ਕੀਤੀ ਜਾ ਸਕਦੀ ਹੈ। ਪੰਜਾਬ ਸਰਕਾਰ ਵਲੋਂ ਜੋ ਵੀ ਬੂਟੇ, ਦਰੱਖ਼ਤ ਲਗਾਉਣ ਦੀ ਇੱਛਾ ਰੱਖਦੇ ਹਨ, ਉਨ੍ਹਾਂ ਨੂੰ ਬੂਟੇ ਦਿੱਤੇ ਜਾਣਗੇ। ਪਹਿਲੇ ਤੋਂ ਕੱਟੇ ਗਏ ਜੰਗਲਾਂ ਦੀ ਪੂਰਤੀ ਲਈ ਇਕ ਵਧੀਆ ਕਦਮ ਮੰਨਿਆ ਜਾ ਸਕਦਾ ਹੈ। ਜੰਗਲਾਂ ਵਿਚ ਪੰਛੀ ਆਲ੍ਹਣੇ ਪਾਉਣਗੇ ਤਾਂ ਪੰਛੀਆਂ ਦਾ ਸੰਗੀਤਮਈ ਬੋਲ ਮਨੁੱਖ ਨੂੰ ਟੁੰਬਦਾ ਹੈ, ਜਿਸ ਨੂੰ ਸੁਣਨ ਲਈ ਅਸੀਂ ਤਰਸ ਗਏ ਹਾਂ, ਕਿਉਂਕਿ ਪੰਛੀਆਂ ਦੀਆਂ ਕੁਝ ਜਾਤੀਆਂ ਤਾਂ ਅਲੋਪ ਹੋਣ ਦੇ ਕਿਨਾਰੇ ਹਨ। ਸੋ, ਆਓ ਰੁੱਖ ਲਗਾਉਣ ਦੀ ਮੁਹਿੰਮ ਵਿਚ ਵੱਧ ਤੋਂ ਵੱਧ ਹਿੱਸਾ ਪਾ ਕੇ ਇਕ-ਇਕ ਰੁਖ਼ ਲਾ ਕੇ ਆਪਣਾ ਯੋਗਦਾਨ ਪਾਈਏ।


-ਸਮਿੱਤਰ ਸਿੰਘ 'ਦੋਸਤ'
# 142, ਦਸਮੇਸ਼ ਨਗਰ, ਖਰੜ।

20-07-2018

 ਸਿੱਖਿਆ ਪ੍ਰਣਾਲੀ ਮਹਿਜ਼ ਇਕ ਤਜਰਬਾ
ਪਿੱਛੇ ਜਿਹੇ 'ਬੌਧਿਕ ਤੌਰ 'ਤੇ ਬੌਣਾ ਹੋ ਰਿਹਾ ਪੰਜਾਬ' ਲੇਖ ਲਿਖਾਰੀ ਪਿਆਰਾ ਸਿੰਘ ਭੋਗਲ ਦੁਆਰਾ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਪਾਠਕਾਂ ਦੇ ਰੂਬਰੂ ਕੀਤਾ ਗਿਆ ਕਿ ਕਿਸੇ ਸਮੁੱਚੇ ਸਮਾਜ ਦੀ ਦਿੱਖ ਦਾ ਚਿਹਰਾ ਉਥੋਂ ਦੇ ਸਿੱਖਿਅਕ ਢਾਂਚੇ 'ਤੇ ਟਿਕਿਆ ਹੋਇਆ ਹੈ। ਸਿੱਖਿਆ ਪ੍ਰਣਾਲੀ ਦੇ ਸੁਧਾਰ ਹਿਤ ਨਿੱਤ ਨਵੀਆਂ ਨੀਤੀਆਂ ਦਾ ਘੜਨਾ ਸਿੱਖਿਆ ਪ੍ਰਣਾਲੀ ਨੂੰ ਮਹਿਜ਼ ਇਕ ਤਜਰਬਿਆਂ ਵਿਚ ਹੀ ਉਲਝਾ ਕੇ ਰੱਖ ਦਿੱਤਾ ਹੈ। ਹੁਣ ਇਕ ਨਵਾਂ ਹੀ ਮੁੱਦਾ ਸਾਹਮਣੇ ਆਇਆ ਕਿ ਡੀ.ਸੀ. ਤੋਂ ਲੈ ਕੇ ਹਰ ਸਰਕਾਰੀ ਮੁਲਾਜ਼ਮ ਦੇ ਬੱਚੇ ਸਰਕਾਰੀ ਸਕੂਲ 'ਚ ਹੀ ਲਾਜ਼ਮੀ ਵਿੱਦਿਆ ਪ੍ਰਾਪਤ ਕਰਨਗੇ। ਸਮਾਜ ਹੋਵੇ ਜਾਂ ਫਿਰ ਸਕੂਲ ਜਾਂ ਕੋਈ ਸੰਸਥਾ, ਬਿਨਾਂ ਸਖ਼ਤੀ ਅਤੇ ਪੂਰਨ ਅਧਿਕਾਰਾਂ ਦੇ ਅਨੁਸ਼ਾਸਨ ਬਣਾਈ ਰੱਖਣਾ ਮੁਸ਼ਕਿਲ ਹੀ ਨਹੀਂ, ਅਸੰਭਵ ਵੀ ਹੈ। ਜ਼ਿੰਮੇਵਾਰੀ ਦੇ ਨਾਲ-ਨਾਲ ਅਧਿਕਾਰਾਂ ਦੀ ਵਰਤੋਂ ਦਾ ਅਧਿਕਾਰ ਸੰਸਥਾਵਾਂ ਨੂੰ ਦਿੱਤਾ ਜਾਵੇ ਬਜਾਇ ਕਿ ਰਾਜਸੀ ਦਖ਼ਲਅੰਦਾਜ਼ੀ ਦੇ।
ਦੂਸਰਾ ਸਰਕਾਰੀ ਸਕੂਲਾਂ ਵਿਚ ਪੂਰੀ ਭਰਤੀ ਕੀਤੀ ਜਾਵੇ, ਹਰ ਵਿਸ਼ੇ ਦੀ ਪੂਰਨ ਜਾਣਕਾਰੀ ਵਿਸ਼ਾ ਮਾਹਿਰ ਹੀ ਦੇ ਸਕਦਾ ਹੈ, ਬੇਮਤਲਬ ਦੀਆਂ ਡਿਊਟੀਆਂ ਅਤੇ ਸੈਮੀਨਾਰਾਂ ਤੋਂ ਰਾਹਤ ਦਿੱਤੀ ਜਾਵੇ। ਹੁਣ ਤਾਂ 'ਪੜ੍ਹੋ ਪੰਜਾਬ ਅਤੇ ਪੜ੍ਹਾਓ ਪੰਜਾਬ' ਨੇ ਇਸ ਗੁਥਲੀ ਨੂੰ ਹੋਰ ਉਲਝਾ ਕੇ ਰੱਖ ਦਿੱਤਾ। ਅਜੋਕੀ ਪ੍ਰਣਾਲੀ ਸਦਕਾ ਕਾਗਜ਼ੀ ਰੂਪ ਵਿਚ ਤਾਂ ਵਿਦਿਆਰਥੀ ਡਿਗਰੀ ਪ੍ਰਾਪਤ ਕਰ ਲੈਂਦਾ ਹੈ ਪਰ ਗੁਣਵੱਤਾ ਪੱਖੋਂ ਵਾਂਝਾ ਰਹਿ ਜਾਂਦਾ ਹੈ। ਉਪਰੋਕਤ ਤੱਥਾਂ ਨੂੰ ਵਿਚਾਰਨ ਤੋਂ ਬਾਅਦ ਹੀ ਇਸ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ ਕਿ ਰਾਜਸੀ ਆਗੂਆਂ, ਸਰਕਾਰੀ ਮੁਲਾਜ਼ਮਾਂ ਤੋਂ ਲੈ ਕੇ ਹੇਠਲੇ ਪੱਧਰ ਤੱਕ ਸਭ ਦੇ ਬੱਚਿਆਂ ਦੀ ਸਿੱਖਿਆ ਸਰਕਾਰੀ ਸਕੂਲਾਂ ਵਿਚ ਲਾਜ਼ਮੀ ਹੋ ਸਕੇ।

-ਕੰਵਲਪ੍ਰੀਤ ਕੌਰ ਥਿੰਦ
ਪਿੰਡ ਯੋਧਾ ਨਗਰੀ, ਅੰਮ੍ਰਿਤਸਰ।


ਨਸ਼ਿਆਂ ਦਾ ਵਧਦਾ ਕੋਹੜ
ਪੰਜਾਬ ਵਿਚੋਂ ਨਸ਼ਾ ਖਾਸਕਰ ਚਿੱਟੇ ਨੂੰ ਖ਼ਤਮ ਕਰਨ ਦੀ ਖਾਧੀ ਸਹੁੰ ਤੋਂ ਪੰਜਾਬ ਵਾਸੀਆਂ ਨੂੰ ਬੇਹੱਦ ਉਮੀਦਾਂ ਸਨ ਪਰ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੂੰ ਇਕ ਸਾਲ ਤੋਂ ਵੀ ਵੱਧ ਸਮਾਂ ਹੋ ਜਾਣ ਦੇ ਬਾਵਜੂਦ ਨਸ਼ੇ ਨੂੰ ਪੂਰੀ ਤਰ੍ਹਾਂ ਠੱਲ੍ਹ ਨਹੀਂ ਪੈ ਸਕੀ। ਨੌਜਵਾਨ ਗੱਭਰੂਆਂ ਨੇ ਨਾਲ-ਨਾਲ ਮੁਟਿਆਰਾਂ ਵੀ ਨਸ਼ਿਆਂ ਦੀ ਗ੍ਰਿਫ਼ਤ ਵਿਚ ਆ ਕੇ ਸੜਕਾਂ 'ਤੇ ਆ ਗਈਆਂ ਹਨ। ਕੈਪਟਨ ਸਰਕਾਰ ਵਲੋਂ ਨਸ਼ੇ 'ਤੇ ਸਖ਼ਤੀ ਕਾਰਨ ਬੇਸ਼ੱਕ ਨਸ਼ਾ ਕੁਝ ਹੱਦ ਤੱਕ ਕੰਟਰੋਲ ਤਾਂ ਹੋਇਆ ਹੈ ਪਰ ਪੂਰੀ ਤਰ੍ਹਾਂ ਪੰਜਾਬ ਦੇ ਨੌਜਵਾਨ ਨਸ਼ਾ ਮੁਕਤ ਨਹੀਂ ਹੋਏ। ਨਸ਼ਾ ਛੁਡਾਊ ਕੇਂਦਰਾਂ ਵਿਚ ਵੀ ਨੌਜਵਾਨ ਕੁਝ ਮਹੀਨੇ ਨਸ਼ਾ ਛੱਡਣ ਮਗਰੋਂ ਫਿਰ ਨਸ਼ਾ ਕਰਨ ਲੱਗ ਜਾਂਦੇ ਹਨ। ਚਿੱਟੇ ਦੇ ਮਹਿੰਗੇ ਤੇ ਮਾਰੂ ਨਸ਼ੇ ਨੇ ਜਿੱਥੇ ਨੌਜਵਾਨਾਂ ਨੂੰ ਚੋਰੀਆਂ, ਡਕੈਤੀਆਂ ਕਰਨ ਲਗਾ ਦਿੱਤਾ ਹੈ, ਉੱਥੇ ਮੁਟਿਆਰਾਂ ਚਿੱਟੇ ਦੀ ਪੂਰਤੀ ਕਰਨ ਲਈ ਆਪਣਾ ਜਿਸਮ ਵੇਚ ਰਹੀਆਂ ਹਨ। ਨਸ਼ੇ ਦੀ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਵੱਖ-ਵੱਖ ਸਿਆਸੀ, ਧਾਰਮਿਕ, ਸਮਾਜਸੇਵੀ ਅਤੇ ਸਾਹਿਤਕ ਸ਼ਖ਼ਸੀਅਤਾਂ ਨੂੰ ਰਲ ਮਿਲ ਕੇ ਹੱਲ ਕਰਨ ਲਈ ਸਿਰ ਜੋੜ ਕੇ ਬੈਠਣ ਦੀ ਲੋੜ ਹੈ।


-ਅੰਗਰੇਜ਼ ਸਿੰਘ ਬਰਾੜ
ਪਿੰਡ ਤੇ ਡਾਕਖ਼ਾਨਾ ਫੇਰੋਕੇ, ਤਹਿ: ਜ਼ੀਰਾ, ਜ਼ਿਲ੍ਹਾ ਫ਼ਿਰੋਜ਼ਪੁਰ।


ਦੂਸ਼ਿਤ ਹੋ ਰਿਹਾ ਵਾਤਾਵਰਨ
ਅੱਜ ਫ਼ਸਲਾਂ 'ਤੇ ਅੰਧਾਧੁੰਦ ਕੀਟਨਾਸ਼ਕ ਦਵਾਈਆਂ ਦੇ ਪ੍ਰਯੋਗ ਕਾਰਨ ਅਨੇਕ ਬਿਮਾਰੀਆਂ ਜਨਮ ਲੈ ਰਹੀਆਂ ਹਨ। ਡਬਲਿਊ.ਐਚ.ਓ. ਦੀ ਰਿਪੋਰਟ ਅਨੁਸਾਰ ਕੈਂਸਰ ਵਰਗੀ ਬਿਮਾਰੀ ਦੇ ਫੈਲਣ ਦਾ ਮੁੱਖ ਕਾਰਨ ਫ਼ਸਲਾਂ 'ਤੇ ਅੰਧਾਧੁੰਦ ਪ੍ਰਯੋਗ ਹੋ ਰਹੀਆਂ ਕੀਟਨਾਸ਼ਕ ਦਵਾਈਆਂ ਹਨ। ਭਾਰਤ ਵਿਚ ਫ਼ਸਲਾਂ 'ਤੇ ਹਰ ਸਾਲ 25 ਲੱਖ ਟਨ ਦਵਾਈਆਂ ਦੀ ਵਰਤੋਂ ਹੁੰਦੀ ਹੈ। ਇਸ ਤਰ੍ਹਾਂ ਹਰ ਸਾਲ 10 ਹਜ਼ਾਰ ਕਰੋੜ ਰੁਪਏ ਇਨ੍ਹਾਂ ਦਵਾਈਆਂ 'ਤੇ ਖਰਚ ਹੁੰਦੇ ਹਨ। ਕੀਟਨਾਸ਼ਕਾਂ ਦੇ ਜ਼ਿਆਦਾ ਪ੍ਰਯੋਗ ਨਾਲ ਨਾ ਕੇਵਲ ਫ਼ਸਲਾਂ ਪ੍ਰਭਾਵਿਤ ਹੋ ਰਹੀਆ ਹਨ, ਸਗੋਂ ਜ਼ਮੀਨ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀ ਹੈ। ਇਹ ਕੀਟਨਾਸ਼ਕ ਦਵਾਈਆਂ ਪਸ਼ੂਆਂ ਦੇ ਹਰੇ-ਚਾਰੇ ਨੂੰ ਵੀ ਜ਼ਹਿਰੀਲਾ ਬਣਾ ਰਹੀਆਂ ਹਨ, ਜਿਸ ਨਾਲ ਪਵਿੱਤਰ ਸਮਝਿਆ ਜਾ ਰਿਹਾ ਦੁੱਧ ਵੀ ਹੁਣ ਜ਼ਹਿਰ ਤੋਂ ਨਹੀਂ ਬਚ ਸਕਿਆ। ਕਿਸਾਨਾਂ ਵਲੋਂ ਕੀਟਨਾਸ਼ਕਾਂ ਦਾ ਅੰਧਾਧੁੰਦ ਪ੍ਰਯੋਗ ਕਿਸਾਨਾਂ ਵਿਚ ਜਾਗਰੂਕਤਾ ਦੀ ਵੱਡੀ ਘਾਟ ਕਾਰਨ ਵੀ ਹੈ। ਪੈਸਟੀਸਾਈਡ ਕੰਪਨੀਆਂ ਨੇ ਆਮ ਕਿਸਾਨਾਂ ਵਿਚ ਇਹ ਭਰਮ ਪੈਦਾ ਕੀਤਾ ਹੋਇਆ ਹੈ ਕਿ ਜ਼ਿਆਦਾ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਦੇ ਪ੍ਰਯੋਗ ਨਾਲ ਫ਼ਸਲ ਦਾ ਉਤਪਾਦਨ ਵਧਦਾ ਹੈ ਜਦੋਂ ਕਿ ਸੱਚਾਈ ਇਹ ਹੈ ਕਿ ਉਤਪਾਦਨ ਜ਼ਮੀਨ ਦੀ ਉਪਜਾਊ ਸ਼ਕਤੀ, ਉਸ ਖੇਤਰ ਦੇ ਪਾਣੀ, ਵਾਤਾਵਰਨ ਅਤੇ ਖੇਤ ਵਿਚ ਪੌਦਿਆਂ ਦੀ ਸੰਖਿਆਂ ਆਦਿ 'ਤੇ ਨਿਰਭਰ ਹੈ। ਜੇਕਰ ਖਾਣ-ਪੀਣ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾ ਲਿਆ ਜਾਵੇ ਤਾਂ ਬਹੁਤ ਸਾਰੀਆ ਬਿਮਾਰੀਆਂ ਆਪਣੇ-ਆਪ ਹੀ ਖ਼ਤਮ ਹੋ ਸਕਦੀਆਂ ਹਨ। ਇਹ ਤਾਂ ਹੀ ਸੰਭਵ ਹੈ ਜੇਕਰ ਕਿਸਾਨ ਇਸ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹੋਣਗੇ। ਅੱਜ ਜ਼ਹਿਰ ਮੁਕਤ ਖੇਤੀ ਨੂੰ ਅਪਣਾਏ ਜਾਣ ਦੀ ਵੱਡੀ ਲੋੜ ਹੈ।


-ਜਗਤਾਰ ਸਮਾਲਸਰ
ਏਲਨਾਬਾਦ, ਜ਼ਿਲ੍ਹਾ ਸਿਰਸਾ।


ਚਿੰਤਾ ਦਾ ਵਿਸ਼ਾ ਹੈ- ਪਾਣੀ ਦਾ ਪ੍ਰਦੂਸ਼ਣ
ਕਿਸੇ ਦੇਸ਼ ਦੀ ਆਰਥਿਕ ਮਜ਼ਬੂਤੀ ਲਈ ਸਨਅਤਾਂ ਦਾ ਵਿਕਾਸ ਹੋਣਾ ਲਾਜ਼ਮੀ ਹੈ। ਪਰ ਇਸ ਦੇ ਉਲਟ ਲੋੜਾਂ ਦੀ ਪੂਰਤੀ ਲਈ ਕੁਦਰਤੀ ਸ੍ਰੋਤਾਂ ਦੀ ਅੰਨ੍ਹੇਵਾਹ ਵਰਤੋਂ ਵੀ ਕੀਤੀ ਹੈ, ਜਿਸ ਨਾਲ ਉਦਯੋਗਿਕ ਖੇਤਰਾਂ ਵਿਚੋਂ ਨਿਕਲਦੇ ਰਸਾਇਣਕ ਤੱਤਾਂ ਨੇ ਨਦੀਆਂ, ਦਰਿਆਵਾਂ ਦੇ ਪਾਣੀਆਂ ਨੂੰ ਵੀ ਜ਼ਹਿਰੀਲਾ ਕਰ ਦਿੱਤਾ ਹੈ। ਮਨੁੱਖ ਦੁਆਰਾ ਸਥਾਪਿਤ ਉਦਯੋਗਿਕ ਇਕਾਈਆਂ ਜੋ ਕਿ ਪਾਣੀ ਦੇ ਨਾਲ-ਨਾਲ ਮਿੱਟੀ ਤੇ ਹਵਾ ਦਾ ਵੀ ਪ੍ਰਦੂਸ਼ਣ ਕਰ ਰਹੀਆਂ ਹਨ। ਪਾਣੀ ਦੇ ਪ੍ਰਦੂਸ਼ਣ ਦੇ ਸੋਮੇ ਜਿਨ੍ਹਾਂ ਵਿਚ ਮਨੁੱਖ ਦੁਆਰਾ ਕੀਤੀਆਂ ਕਿਰਿਆਵਾਂ ਫ਼ਸਲਾਂ ਦੀ ਉਪਜ ਨੂੰ ਵਧਾਉਣ ਲਈ ਕੀਟਨਾਸ਼ਕ ਦਵਾਈਆਂ, ਰਸਾਇਣਕ ਖਾਦਾਂ, ਉਦਯੋਗਿਕ ਰਹਿੰਦ-ਖੂਹੰਦ, ਚਮੜਾ ਰੰਗਾਈ ਤੋਂ ਬਾਅਦ ਨਿਕਲਿਆ ਪ੍ਰਦੂਸ਼ਿਤ ਪਾਣੀ ਦਰਿਆਵਾਂ, ਨਹਿਰਾਂ ਤੇ ਜ਼ਮੀਨੀ ਪਾਣੀ ਨਾਲ ਮਿਲ ਕੇ ਇਨਸਾਨਾਂ ਤੇ ਜੀਵ ਜੰਤੂਆਂ ਦੀ ਤਬਾਹੀ ਦਾ ਕਾਰਨ ਬਣ ਰਿਹਾ ਹੈ। ਪ੍ਰਦੂਸ਼ਿਤ ਪਾਣੀ ਵਰਤਣ ਨਾਲ ਲਾਇਲਾਜ ਕਂੈਸਰ ਜਿਹੀ ਬਿਮਾਰੀ ਨੇ ਆਪਣੇ ਪੈਰ ਪਸਾਰ ਲਏ ਹਨ। ਧਰਤੀ ਦਾ ਉਪਜਾਊਪਣ ਖ਼ਤਮ ਹੋ ਰਿਹਾ ਹੈ। ਜੀਵ-ਜੰਤੂਆਂ ਦੀਆਂ ਪ੍ਰਜਾਤੀਆਂ ਖ਼ਤਮ ਹੋ ਰਹੀਆਂ ਹਨ। ਹੁਣ ਲੋੜ ਹੈ ਧਰਤੀ ਉੱਪਰਲੇ ਜੀਵਨ ਨੂੰ ਬਚਾਉਣ ਦੀ ਜੋ ਕਿ ਤਬਾਹੀ ਵੱਲ ਵਧ ਰਿਹਾ ਹੈ। ਉਦਯੋਗਾਂ ਤੇ ਸੀਵਰੇਜ ਦੇ ਪਾਣੀਆਂ ਨੂੰ ਜੇਕਰ ਸ਼ੁੱਧ ਕਰ ਲਿਆ ਜਾਵੇ ਤਾਂ ਜਿੱਥੇ ਪਾਣੀ ਦੀ ਬੱਚਤ ਹੋਵੇਗੀ ਤੇ ਪ੍ਰਦੂਸ਼ਣ ਤੋਂ ਵੀ ਬਚਾਅ ਹੋ ਜਾਵੇਗਾ ।


-ਪ੍ਰੇਮ ਕੁਮਾਰ ਧੀਮਾਨ
ਪਿੰਡ ਤੇ ਡਾਕ: ਖੇੜਾ ਕਲਮੋਟ (ਰੂਪਨਗਰ)।

18-07-2018

 ਸੁਝਾਅ
ਅੱਜ ਦੀ ਜਵਾਨੀ ਨਸ਼ਿਆਂ ਦੀ ਦਲਦਲ 'ਚ ਖੁੱਬ ਕੇ ਆਪਣਾ ਭਵਿੱਖ ਦਾਅ 'ਤੇ ਲਾ ਰਹੀ ਹੈ। ਜਿਨ੍ਹਾਂ ਦੇ ਮੋਢਿਆਂ 'ਤੇ ਦੇਸ਼ ਦਾ ਭਵਿੱਖ ਸੀ, ਉਹ ਖ਼ੁਦ ਟੀਕਿਆਂ ਦੇ ਮੁਥਾਜ ਹੋ ਗਏ ਹਨ। ਲਾਡਲੇ ਪੁੱਤ ਮਾਵਾਂ ਦੇ ਜ਼ਿੰਦਾ ਲਾਸ਼ਾਂ ਬਣ ਕੇ ਰਹਿ ਗਏ ਹਨ। ਜੋ ਪ੍ਰਸ਼ਾਸਨ ਦੇਸ਼ ਦੀ ਰਾਖੀ ਲਈ ਤਾਇਨਾਤ ਹੋਣਾ ਸੀ, ਉਹ ਆਪਣੇ ਹੀ ਦੇਸ਼ 'ਚ ਆਪਣਿਆਂ ਨੂੰ ਹੀ ਮਾਰ ਮੁਕਾਉਣ 'ਤੇ ਤੁਲਿਆ ਹੋਇਆ ਹੈ। ਮੈਂ ਇਕ ਸੁਝਾਅ ਜ਼ਰੂਰ ਦਿਆਂਗੀ ਕਿ ਸਰਕਾਰਾਂ ਨੂੰ ਪ੍ਰਪੱਕ ਤੌਰ 'ਤੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣੇ ਚਾਹੀਦੇ ਹਨ। ਅਜਿਹੇ ਗੀਤ ਫ਼ਿਲਮਾਂ ਤੇ ਸਾਹਿਤ 'ਤੇ ਵੀ ਪਾਬੰਦੀ ਹੋਣੀ ਚਾਹੀਦੀ ਹੈ ਜੋ ਨਸ਼ਿਆਂ ਨੂੰ ਉਤਸ਼ਾਹਿਤ ਕਰਦੇ ਹੋਣ। ਸ਼ਰਾਬ ਦੇ ਠੇਕੇ ਬੰਦ ਹੋਣੇ ਚਾਹੀਦੇ ਹਨ ਤੇ ਵੱਧ ਤੋਂ ਵੱਧ ਸਕੂਲ, ਕਾਲਜ ਖੋਲ੍ਹਣੇ ਚਾਹੀਦੇ ਹਨ। ਨੌਜਵਾਨ ਵੀਰਾਂ ਤੇ ਭੈਣਾਂ ਨੂੰ ਵੀ ਮੇਰਾ ਸੁਝਾਅ ਹੈ ਕਿ ਉਹ ਬਜਾਇ ਨਸ਼ੇ ਕਰਨ ਦੇ ਆਪਣੀ ਸੋਚ ਨੂੰ ਉਸਾਰੂ ਕੰਮਾਂ ਵਿਚ ਲਾਉਣ। ਅਧਿਆਪਕ ਕਿੱਤੇ ਨਾਲ ਜੁੜੀ ਹੋਣ ਕਰਕੇ ਮੈਂ ਮਹਿਸੂਸ ਕੀਤਾ ਹੈ ਕਿ ਸਿਲੇਬਸ ਵਿਚ ਵੀ ਨਸ਼ਿਆਂ ਦੇ ਭੈੜੇ ਨਤੀਜਿਆਂ ਬਾਰੇ ਲਿਖਿਆ ਜਾਣਾ ਬਹੁਤ ਜ਼ਰੂਰੀ ਹੈ। ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਬੁਰੀ ਸੰਗਤ ਤੋਂ ਰੋਕਣਾ ਚਾਹੀਦਾ ਹੈ।


-ਨਿਰਮਲ ਕੌਰ ਕੋਟਲਾ
ਪਿੰਡ ਕੋਟਲਾ ਮੱਝੇਵਾਲ।


ਕਰੋਗੇ ਗੱਲ, ਮਿਲੇਗਾ ਹੱਲ
ਪਿਛਲੇ ਦਿਨੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਕਿਸਾਨ ਖ਼ੁਦਕੁਸ਼ੀਆਂ ਰੋਕਣ ਸਬੰਧੀ ਇਕ ਸਿੱਖਿਆ ਅਧਿਕਾਰੀ ਵਲੋਂ ਦਿੱਤਾ ਨਾਅਰਾ 'ਕਰੋਗੇ ਗੱਲ, ਮਿਲੇਗਾ ਹੱਲ' ਅਜਾਈਂ ਜ਼ਿੰਦਗੀ ਗੁਆ ਰਹੇ ਕਿਸਾਨਾਂ ਲਈ ਇਕ ਵਰਦਾਨ ਸਾਬਤ ਹੋਵੇਗਾ। ਦੁਖੀ ਕਿਸਾਨ ਵਲੋਂ ਆਪਣੀਆਂ ਤਰਸਮਈ ਭਾਵਨਾਵਾਂ ਜਦੋਂ ਕਿਸੇ ਵੀ ਹੋਰ ਦੂਸਰੇ ਵਿਅਕਤੀ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਤਾਂ ਉਹ ਘੱਟੋ-ਘੱਟ ਹਮਦਰਦੀ ਦੇ ਚਾਰ ਬੋਲ ਤਾਂ ਜ਼ਰੂਰ ਬੋਲੇਗਾ। ਅਜਿਹਾ ਤਾਂ ਹੀ ਸੰਭਵ ਹੋਵੇਗਾ ਜੇ 'ਚੁੱਪ' ਦੇ ਰਸਤੇ ਤੋਂ ਹਟ ਕੇ ਕਿਸਾਨ ਆਪਣੇ ਭੈਣ-ਭਰਾਵਾਂ, ਸੱਜਣਾਂ, ਦੋਸਤਾਂ ਨਾਲ ਆਪਣੀਆਂ ਦੁਖੀ ਭਾਵਨਾਵਾਂ ਸਾਂਝੀਆਂ ਕਰਦਾ ਰਹੇਗਾ। ਦੁਨੀਆ ਵਿਚ ਕੋਈ ਵੀ ਏਡੀ ਵੱਡੀ ਸਮੱਸਿਆ ਨਹੀਂ, ਜੋ ਦੂਜਿਆਂ ਨਾਲ ਸਾਂਝੀ ਕਰਕੇ ਸਾਂਝੇ ਯਤਨਾਂ ਨਾਲ ਹੱਲ ਨਾ ਹੋਵੇ। ਹਰ ਪਿੰਡ ਜਾਂ ਕਸਬੇ ਵਿਚ ਪਹਿਲਾਂ ਹੀ ਬਣੇ ਸਮਾਜਿਕ ਸੰਗਠਨ ਅਜਿਹੇ ਕੰਮਾਂ ਲਈ ਆਪਣਾ ਬਣਦਾ ਰੋਲ ਅਦਾ ਕਰਕੇ ਪੰਜਾਬੀਅਤ ਦਾ ਮਾਣ ਰੱਖ ਸਕਦੇ ਹਨ।


-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ, ਖੁਮਾਣ, ਗੁਰਦਾਸਪੁਰ।


ਦਫ਼ਾ 144
ਅਕਸਰ ਹੀ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੰਜਾਬ ਵਿਚ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵਲੋਂ ਦਫ਼ਾ 144 ਲਗਾਉਣ ਦਾ ਐਲਾਨ ਕੀਤਾ ਜਾਂਦਾ ਹੈ, ਜਿਸ ਤਹਿਤ ਫ਼ੌਜੀ ਰੰਗ ਦੀ ਵਰਤੋਂ, ਕਿਸੇ ਵੀ ਤਰ੍ਹਾਂ ਦਾ ਰੁੱਖ ਕੱਟਣ 'ਤੇ ਪਾਬੰਦੀ, ਮੋਟਰਾਂ ਦੇ ਉੱਚੀ ਹਾਰਨ ਨਾ ਵਜਾਉਣਾ, ਲਾਊਡ ਸਪੀਕਰਾਂ 'ਤੇ ਪਾਬੰਦੀ ਆਦਿ ਐਲਾਨ ਕੀਤੇ ਜਾਂਦੇ ਹਨ। ਪਰ ਇਸ ਦੇ ਬਾਵਜੂਦ ਰੁੱਖ ਕੱਟੇ ਜਾਂਦੇ ਹਨ, ਗੱਡੀਆਂ, ਮੋਟਰਾਂ ਦੇ ਉੱਚੀ ਹਾਰਨ ਵੱਜਦੇ ਹਨ, ਸਵੇਰੇ-ਸ਼ਾਮ ਲਾਊਡ ਸਪੀਕਰ ਵੱਜਦੇ ਹਨ, ਕੀ ਪ੍ਰਸ਼ਾਸਨ ਦੱਸੇਗਾ ਕਿ ਦਫ਼ਾ 144 ਦਾ ਕੀ ਮਤਲਬ ਹੈ? ਦਫ਼ਾ 144 ਦੀ ਉਲੰਘਣਾ ਕਰਨ ਵਾਲੇ ਕਿੰਨੇ ਲੋਕਾਂ ਨੂੰ ਸਜ਼ਾ ਦਿੱਤੀ ਗਈ ਹੈ?


-ਕੇ.ਐਸ. ਅਮਰ
ਪਿੰਡ ਤੇ ਡਾਕ : ਕੋਟਲੀ ਖ਼ਾਸ, ਤਹਿ: ਮੁਕੇਰੀਆਂ, ਹੁਸ਼ਿਆਰਪੁਰ।


ਸਾਰਥਿਕ ਨੀਤੀਆਂ ਦੀ ਲੋੜ
ਦੇਸ਼ ਦੇ ਕਿਸਾਨ ਦੀ ਹਾਲਤ ਆਜ਼ਾਦੀ ਦੇ 7 ਦਹਾਕਿਆਂ ਬਾਅਦ ਵੀ ਉਹੀ ਹੈ ਜੋ ਅੰਗਰੇਜ਼ ਹਕੂਮਤ ਵੇਲੇ ਸੀ। ਖੇਤੀ ਦੇ ਵਿਕਾਸ ਦੇ ਨਾਂਅ 'ਤੇ ਖਾਦਾਂ, ਸਪਰੇਆਂ ਮਸ਼ੀਨਰੀ ਆਦਿ 'ਤੇ ਨਿਰਭਰਤਾ ਤਾਂ ਵਧੀ ਪਰ ਕਿਸਾਨ ਦੀ ਆਰਥਿਕ ਹਾਲਤ ਸੁਧਾਰਨ ਹਿਤ ਕੋਈ ਠੋਸ ਉਪਰਾਲੇ ਨਹੀਂ ਕੀਤੇ, ਜਿਸ ਨਾਲ ਉਸ ਦੀ ਪਤਲੀ ਹੁੰਦੀ ਹਾਲਤ ਨੂੰ ਸੁਧਾਰਿਆ ਜਾ ਸਕੇ। ਕੁਦਰਤੀ ਆਫ਼ਤਾਂ ਅਤੇ ਹੋਰ ਮੁਸ਼ਕਿਲਾਂ ਨੂੰ ਪਾਰ ਕਰਨ ਤੋਂ ਬਾਅਦ ਕਿਸਾਨ ਦੀ ਫ਼ਸਲ ਪ੍ਰਵਾਨ ਚੜ੍ਹਦੀ ਹੈ। ਸਰਕਾਰਾਂ ਹੋਰ ਵਪਾਰਕ ਜਾਂ ਉਦਯੋਗਿਕ ਖੇਤਰਾਂ ਨੂੰ ਤਾਂ ਪੈਕੇਜ ਦਿੰਦੀਆਂ ਹਨ ਪਰ ਕਿਸਾਨ ਨੂੰ ਕੁਝ ਦੇਣ ਸਮੇਂ ਹੱਥ ਘੁਟਦੀਆਂ ਹਨ। ਦੇਸ਼ ਵਿਚ ਬੈਂਕਾਂ ਅਤੇ ਸ਼ਾਹੂਕਾਰਾਂ ਨੇ ਖੇਤੀ ਅਤੇ ਖੇਤੀ ਨਾਲ ਸਬੰਧਿਤ ਕਿੱਤਿਆਂ ਦੇ ਦੁਆਲੇ ਕਰਜ਼ੇ ਦਾ ਇਕ ਅਜਿਹਾ ਚੱਕਰਵਿਊ ਰੱਚ ਦਿੱਤਾ ਹੈ, ਜਿਹੜਾ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਰਿਹਾ ਹੈ। ਇਨ੍ਹਾਂ ਨੂੰ ਰੋਕਣ ਲਈ ਸਾਰਥਿਕ ਨੀਤੀਆਂ ਦੀ ਲੋੜ ਹੈ। ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ, ਖੇਤੀ ਨੂੰ ਲਾਹੇਵੰਦ ਕਿੱਤਾ ਬਣਾਉਣ ਲਈ ਕਿਸਾਨਾਂ ਦੇ ਹਿਤ ਵਿਚ ਮੰਨੀ ਜਾਂਦੀ ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ। ਦੇਸ਼ ਦਾ ਕਿਸਾਨ ਖੁਸ਼ਹਾਲ ਹੋਵੇਗਾ ਅਤੇ ਦੇਸ਼ ਵੀ ਹੋਰ ਖੁਸ਼ਹਾਲ ਹੋਵੇਗਾ।


-ਪਰਗਟ ਸਿੰਘ ਵਜੀਦਪੁਰ
ਜ਼ਿਲ੍ਹਾ ਤੇ ਤਹਿ: ਪਟਿਆਲਾ।


ਪਖੰਡਾਂ ਤੋਂ ਬਚੀਏ
ਮਨੁੱਖ ਦੀ ਹਰ ਲੋੜ ਦੀ ਪੂਰਤੀ ਅੱਜ ਤੱਕ ਬਾਹਰੋਂ ਹੀ ਹੋਈ ਹੈ। ਜਿਵੇਂ ਕਿ ਤਨ ਲਈ ਕੱਪੜਾ, ਖਾਣ ਲਈ ਭੋਜਨ। ਇਹ ਸਭ ਲੋੜਾਂ ਬਾਹਰ ਪੱਖੀ ਹਨ ਤੇ ਇਨ੍ਹਾਂ ਦੀ ਪੂਰਤੀ ਵੀ ਬਾਹਰੋਂ ਹੀ ਹੁੰਦੀ ਹੈ। ਇਸੇ ਲਈ ਸ਼ਾਇਦ ਮਨੁੱਖ ਨੇ ਇਹੀ ਸਮਝ ਲਿਆ ਹੈ ਕਿ ਰੱਬ ਵੀ ਕਿਧਰੇ ਬਾਹਰੋਂ ਹੀ ਮਿਲਦਾ ਹੈ। ਇਸੇ ਦਾ ਹੀ ਨਤੀਜਾ ਹੈ ਕਿ ਅੱਜ ਤੱਕ ਏਨੇ ਧਰਮ ਮੰਦਰ ਅਤੇ ਡੇਰੇ ਖੁੱਲ੍ਹ ਗਏ ਹਨ। ਜਿੰਨਾ ਚੜ੍ਹਾਵਾ ਮੰਦਰਾਂ ਵਿਚ ਚੜ੍ਹਦਾ ਹੈ, ਹੋਰ ਕਿਤੇ ਨਹੀਂ। ਲੋਕਾਂ ਨੂੰ ਦਿਮਾਗੀ ਤੌਰ 'ਤੇ ਸ਼ਰਧਾ ਦੇ ਨਾਂਅ 'ਤੇ ਅਪਾਹਜ ਬਣਾਇਆ ਜਾਂਦਾ ਹੈ, ਜਿਸ ਨੂੰ ਅਸੀਂ ਅੰਗਰੇਜ਼ੀ ਵਿਚ 'ਬਰੇਨ ਵਾਸ਼' ਵੀ ਕਹਿ ਦਿੰਦੇ ਹਾਂ। ਆਮ ਇਨਸਾਨ ਰੱਬ ਦੀ ਅਸਲੀਅਤ ਦੇ ਸੱਚ ਤੋਂ ਅਣਜਾਣ ਹੈ। ਜ਼ਰੂਰਤ ਹੈ ਸਾਨੂੰ ਖ਼ੁਦ ਨੂੰ ਸਮਝਣ ਦੀ। ਇਹ ਝੂਠੇ ਤੇ ਪਖੰਡੀ ਸਾਧ ਆਪਣੇ-ਆਪ ਪੈਦਾ ਨਹੀਂ ਹੁੰਦੇ। ਅਸੀਂ ਲੋਕ ਹੀ ਇਸ ਦੇ ਜ਼ਿੰਮੇਵਾਰ ਹਾਂ। ਅਸਲ ਗੱਲ ਤਾਂ ਇਹ ਹੈ ਕਿ ਅਸੀਂ ਸਾਰੇ ਲੋਕ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹਾਂ। ਅਸੀਂ ਝੱਟ ਆਖ ਦੇਈਦਾ ਹੈ ਜੇਕਰ ਦੂਜੇ ਨਾਲ ਬੁਰਾ ਹੋ ਰਿਹਾ ਹੈ... ਤਾਂ ਸਾਨੂੰ ਕੀ? ਪਰ ਕਦੇ ਨਹੀਂ ਸੋਚਿਆ ਕਿ ਕੱਲ੍ਹ ਨੂੰ ਮੇਰੇ ਨਾਲ ਕੁਝ ਅਜਿਹਾ ਵਾਪਰ ਜਾਵੇ ਤਾਂ ਕੀ? ਇਸ ਲਈ ਸਿਰਫ ਧਾਰਮਿਕ ਹੀ ਨਹੀਂ ਸਮਾਜਿਕ ਪੱਖ ਤੋਂ ਵੀ ਜਾਗਰੂਕਤਾ ਅਤੇ ਜ਼ਿੰਮੇਵਾਰੀ ਨੂੰ ਅਸੀਂ ਸਮਝੀਏ। ਆਪਣੇ ਸਮਾਜ ਨੂੰ ਧਰਮ ਦੇ ਨਾਂਅ 'ਤੇ ਹੋ ਰਹੇ ਪਖੰਡਾਂ ਤੋਂ ਬਚਾਈਏ। ਕਿਉਂਕਿ ਰੱਬ ਡੇਰਿਆਂ ਅਤੇ ਧਰਮ ਮੰਦਰਾਂ ਵਿਚ ਨਹੀਂ ਬਲਕਿ ਸੱਚੇ ਦਿਲਾਂ ਅਤੇ ਸੱਚੇ ਇਨਸਾਨਾਂ ਵਿਚ ਵਸਦਾ ਹੈ। ਇਸ ਦੀ ਪੂਰਤੀ ਬਾਹਰੋਂ ਨਹੀਂ ਸਗੋਂ ਆਪਣੇ ਅੰਦਰ ਦੇ ਝੂਠ ਨੂੰ ਖ਼ਤਮ ਕਰਕੇ ਹੋਵੇਗੀ।


-ਕਿਰਨਪ੍ਰੀਤ ਕੌਰ।

17-07-2018

 ਵਧ ਰਹੇ ਅਪਰਾਧ
ਹਰ ਰੋਜ਼ ਅਨੇਕਾਂ ਗੁਨਾਹ ਖ਼ਬਰਾਂ ਬਣਦੇ ਹਨ ਜਿਨ੍ਹਾਂ ਨੂੰ ਪੜ੍ਹ ਕੇ ਮਨੁੱਖ ਦਾ ਹੈਵਾਨੀਅਤ ਵਾਲਾ ਚਿਹਰਾ ਸਾਹਮਣੇ ਆਉਂਦਾ ਹੈ ਪਰ ਬੀਤੇ ਦਿਨੀਂ ਇਕ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਕਿ ਇਕ ਮਾਂ ਨੇ ਆਪਣੇ ਬੱਚੇ ਨੂੰ ਬੇਰਹਿਮੀ ਨਾਲ ਮਾਰ ਦਿੱਤਾ। ਜਿਥੇ ਇਹ ਇਕ ਘੋਰ ਅਪਰਾਧਕ ਘਟਨਾ ਹੈ, ਜਿਸ ਨਾਲ ਪਰਿਵਾਰ ਦਾ ਨੰਨ੍ਹਾ ਚਿਰਾਗ ਬੁਝ ਗਿਆ, ਉਥੇ ਸਾਡੇ ਸਮਾਜ ਅਤੇ ਸੱਭਿਆਚਾਰ ਉੱਤੇ ਵੀ ਇਕ ਘੋਰ ਅਪਰਾਧ ਦੀ ਕਾਲਖ ਦਾ ਦਾਗ਼ ਹੈ। ਮਾਂ ਤੇ ਪੁੱਤਰ ਦਾ ਰਿਸ਼ਤਾ ਆਂਦਰਾਂ ਦਾ ਸਾਕ ਹੁੰਦਾ ਹੈ। ਮਾਂ ਆਪਣੇ ਬੱਚਿਆਂ ਉੱਪਰ ਆਉਣ ਵਾਲੀ ਹਰ ਮੁਸੀਬਤ ਨੂੰ ਆਪਣੇ ਉੱਪਰ ਟਾਲ ਲੈਂਦੀ ਹੈ। ਅੱਜ ਕਿਉਂ ਉਹੀ ਮਾਂ ਆਪਣੇ ਹੀ ਬੱਚੇ ਦੀ ਕਾਤਲ ਬਣ ਗਈ, ਕਿਉਂ ਉਸ ਦੀ ਮਾਨਸਿਕਤਾ ਏਨੀ ਬਿਮਾਰ ਹੋ ਗਈ ਕਿ ਉਸ ਨੂੰ ਆਂਦਰਾਂ ਦਾ ਮੋਹ ਅਤੇ ਨੰਨ੍ਹੀ ਜਾਨ ਦੀਆਂ ਚੀਕਾਂ ਵੀ ਰੋਕ ਨਹੀਂ ਸਕੀਆਂ। ਲੋੜ ਹੈ ਬਿਮਾਰ ਹੋ ਰਹੀ ਮਾਨਸਿਕਤਾ ਨੂੰ ਸਮਝਣ ਅਤੇ ਸਮਾਜ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਦੀ। ਸਮਾਜਿਕ ਰਿਸ਼ਤਿਆਂ ਨੂੰ ਸਮਝਣ ਅਤੇ ਮਜ਼ਬੂਤ ਕਰਨ ਦੀ ਬਹੁਤ ਲੋੜ ਹੈ। ਰਿਸ਼ਤੇ ਹੀ ਸਾਡੇ ਸਮਾਜ ਅਤੇ ਸੱਭਿਆਚਾਰ ਦੀ ਚੂਲ ਹਨ ਅਤੇ ਇਨ੍ਹਾਂ ਵਿਚ ਸਭ ਤੋਂ ਮਜ਼ਬੂਤ ਚੂਲ ਮਾਂ ਦਾ ਰਿਸ਼ਤਾ ਹੀ ਹੈ।

-ਗੁਰਦੀਪ ਸਿੰਘ
ਪਿੰਡ ਕੋਟਲੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਸੁੰਦਰਤਾ ਤੇ ਸਫ਼ਾਈ ਜ਼ਰੂਰੀ
ਗੁਰੂ ਸਾਹਿਬਾਨ ਨੇ ਵਿੱਦਿਆ ਨੂੰ ਵੱਡਾ ਰੁਤਬਾ ਦਿੱਤਾ ਹੈ। ਅਸੀਂ ਅੱਜ ਵੀ ਗੁਰਬਾਣੀ ਅਨੁਸਾਰ ਵਿੱਦਿਆ ਨੂੰ ਵਿਚਾਰਨ ਤੋਂ ਬੇਸਮਝ ਹੋ ਜਾਂਦੇ ਹਾਂ। ਸਕੂਲਾਂ ਵਿਚ ਲਿਖੀਆਂ ਸੋਹਣੀਆਂ ਲਾਈਨਾਂ ਵੀ ਉਥੇ ਹੀ ਛੱਡ ਆਉਂਦੇ ਹਾਂ। ਵਿੱਦਿਆ ਦੇ ਮੰਦਰ ਵਿਚ ਤਰੀਕਾ ਅਤੇ ਸਲੀਕਾ ਅਪਣਾਉਂਦੇ ਹੋਏ ਕੋਈ ਭੇਦਭਾਵ ਨਹੀਂ ਹੁੰਦਾ, ਸਾਰੇ ਸਾਂਝੀਵਾਲ ਹੁੰਦੇ ਹਨ। ਵਿੱਦਿਆ ਦੇ ਮੰਦਰਾਂ ਨੂੰ ਸਾਫ਼ ਅਤੇ ਸੁੰਦਰ ਬਣਾਉਣ ਦਾ ਪ੍ਰਣ ਅਸੀਂ ਅਜੇ ਤੱਕ ਨਹੀਂ ਲੈ ਸਕੇ। ਇਸ ਵਿਚ ਅਸੀਂ ਕਿੱਥੇ ਉੱਕੇ ਹਾਂ ਸਾਨੂੰ ਸਭ ਨੂੰ ਮਿਲਜੁਲ ਕੇ ਪਰਖ ਪੜਚੋਲ ਕਰਨੀ ਚਾਹੀਦੀ ਹੈ। ਦੂਜੇ ਮੁਲਕਾਂ ਪ੍ਰਤੀ ਸੋਚਣ ਦੀ ਬਜਾਇ ਸਾਨੂੰ ਅੱਜ ਤੋਂ ਹੀ ਵਿੱਦਿਆ ਦੇ ਮੰਦਰਾਂ ਨੂੰ ਸਾਫ਼ ਅਤੇ ਸੁੰਦਰ ਰੱਖਣ ਲਈ ਇਕ ਸਮਾਜਿਕ ਚੇਤਨਤਾ ਪੈਦਾ ਕਰਨੀ ਚਾਹੀਦੀ ਹੈ। ਇਹ ਮੁੱਦਾ ਸਾਡੇ ਸਮਾਜੀਕਰਨ ਦਾ ਅੰਗ ਅਤੇ ਜੀਵਨ ਦਾ ਹਿੱਸਾ ਹੋਣਾ ਚਾਹੀਦਾ ਹੈ। ਇਸ ਨਾਲ ਸਾਡਾ ਭਵਿੱਖ ਸੰਵਰੇਗਾ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

ਨੌਜਵਾਨ ਵਿਹੂਣਾ ਪੰਜਾਬ
ਪੰਜਾਬ ਜਿਸ ਨੂੰ ਕਿਸੇ ਸਮੇਂ ਰੰਗਲਾ ਪੰਜਾਬ ਕਿਹਾ ਜਾਂਦਾ ਸੀ, ਅੱਜ ਹਰ ਪਾਸਿਓਂ ਬੇਰੰਗਾ ਹੁੰਦਾ ਜਾ ਰਿਹਾ ਹੈ। ਅੱਤ ਦਰਜੇ ਦੀ ਮਹਿੰਗਾਈ ਅਤੇ ਰੁਜ਼ਗਾਰ ਦੇ ਮੌਕੇ ਖ਼ਤਮ ਹੋਣ ਕਾਰਨ ਅਜੋਕੀ ਨੌਜਵਾਨ ਪੀੜ੍ਹੀ ਘੋਰ ਨਿਰਾਸ਼ਾ ਦੇ ਆਲਮ ਵਿਚੋਂ ਗੁਜ਼ਰਦੀ ਨਜ਼ਰ ਆ ਰਹੀ ਹੈ। ਵੋਟਾਂ ਵੇਲੇ ਨੇਤਾਵਾਂ ਵਲੋਂ ਕੀਤੇ ਜਾਂਦੇ ਵਾਅਦੇ ਵਫ਼ਾ ਨਾ ਹੋਣ ਕਾਰਨ ਨੌਜਵਾਨਾਂ ਦਾ ਹਰ ਸਿਆਸੀ ਪਾਰਟੀ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਸੂਬੇ ਅੰਦਰ ਬਣੇ ਅਜਿਹੇ ਹਾਲਾਤ ਤੋਂ ਤੰਗ ਆ ਕੇ ਆਏ ਸਾਲ ਬਹੁਤੇ ਨੌਜਵਾਨ ਹੋਰਾਂ ਵਿਕਸਤ ਦੇਸ਼ਾਂ ਵੱਲ ਕੂਚ ਕਰ ਰਹੇ ਹਨ। ਅੱਜ ਜੇਕਰ ਸੂਬੇ ਅੰਦਰ ਨਸ਼ਿਆਂ ਦਾ ਵਰਤਾਰਾ ਵਧਿਆ ਹੈ ਤਾਂ ਉਸ ਪਿੱਛੇ ਵੀ ਕਿਤੇ ਨਾ ਕਿਤੇ ਇਥੋਂ ਦੇ ਹਾਲਾਤ ਹੀ ਜ਼ਿੰਮੇਵਾਰ ਹਨ। ਸੋ, ਸਮੇਂ ਦੀਆਂ ਸਰਕਾਰਾਂ ਨੂੰ ਸੂਬੇ ਅੰਦਰ ਬਣੇ ਅਜਿਹੇ ਹਾਲਾਤ ਪ੍ਰਤੀ ਬੇਹੱਦ ਗੰਭੀਰਤਾ ਦਿਖਾਉਂਦੇ ਹੋਏ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨੇ ਚਾਹੀਦੇ ਹਨ।

-ਰਾਜਾ ਗਿੱਲ (ਚੜਿੱਕ)
ਚੜਿੱਕ (ਮੋਗਾ)।

ਨਸ਼ੀਲੇ ਟੀਕਿਆਂ ਨਾਲ ਮੌਤਾਂ
ਪੰਜਾਬ ਵਿਚ ਹਰ ਰੋਜ਼ ਨਸ਼ੀਲੇ ਟੀਕਿਆਂ ਦੀ ਓਵਰਡੋਜ਼ ਨਾਲ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਨੌਜਵਾਨਾਂ ਦੀਆਂ ਨਸ਼ਿਆਂ 'ਚ ਬੇਸੁਰਤ ਡਿੱਗਿਆਂ ਦੀਆਂ ਵੀਡੀਓਜ਼ ਹਰ ਰੋਜ਼ ਦੇਖਣ ਨੂੰ ਮਿਲ ਰਹੀਆਂ ਹਨ। ਖਾਲੀ ਪਲਾਟਾਂ, ਸੜਕਾਂ, ਕੱਚੇ ਰਾਹਾਂ ਵਿਚ ਡਿੱਗੇ ਤੇ ਨਸ਼ੇ 'ਚ ਬੇਸੁਰਤ ਡਿੱਗੇ ਗੱਭਰੂ ਆਮ ਦੇਖਣ ਨੂੰ ਮਿਲ ਰਹੇ ਹਨ। ਵੇਰਕਾ ਤੇ ਕੋਟਕਪੂਰਾ 'ਚ ਮਰੇ ਗੱਭਰੂਆਂ ਦੀਆਂ ਤਸਵੀਰਾਂ ਦੇਖ ਰੂਹ ਧੁਰ ਅੰਦਰ ਤੱਕ ਕੰਬ ਉੱਠੀ। ਮਾਵਾਂ ਦੇ ਇਕਲੌਤੇ ਪੁੱਤਰ ਤੜਪ-ਤੜਪ ਜਹਾਨ ਛੱਡ ਰਹੇ ਹਨ। ਮਾਵਾਂ ਦੇ ਦੁੱਖ ਸੁਣੇ ਨੀ ਜਾਂਦੇ। ਪੰਜਾਬ ਲਈ ਹਾਲਾਤ ਬਹੁਤ ਹੀ ਖ਼ਤਰਨਾਕ ਬਣ ਚੁੱਕੇ ਹਨ। ਨਸ਼ਿਆਂ ਨੂੰ ਰੋਕਣ ਦਾ ਵਾਅਦਾ ਕਰ ਕੇ ਸੱਤਾ ਦਾ ਸੁੱਖ ਭੋਗ ਰਹੀ ਸਰਕਾਰ ਨੂੰ ਲੋਕਾਂ ਦੀ ਦੁੱਖ ਭਰੀ ਆਵਾਜ਼ ਸੁਣਨੀ ਚਾਹੀਦੀ ਹੈ। ਅੱਜ ਪੰਜਾਬ ਦਾ ਸਭ ਤੋਂ ਵੱਡਾ ਮਸਲਾ ਨਸ਼ਿਆਂ ਨੂੰ ਰੋਕਣਾ ਹੈ। ਸਰਕਾਰ ਇਮਾਨਦਾਰੀ ਦਿਲੀ ਇੱਛਾ ਨਾਲ ਚਾਹੇ ਤਾਂ ਸਭ ਕੁਝ ਹੋ ਸਕਦਾ ਹੈ। ਪੰਜਾਬ ਗੱਭਰੂਆਂ ਬਿਨਾਂ ਸੱਖਣਾ ਹੋ ਰਿਹਾ ਹੈ। ਅਜੇ ਵੀ ਸਮਾਂ ਹੈ ਡੁੱਬਦੇ ਪੰਜਾਬ ਨੂੰ ਬਚਾ ਲਓ।

-ਪਰਮ ਪਿਆਰ ਸਿੰਘ
ਨਕੋਦਰ।

ਗਰੀਨਿੰਗ ਪੰਜਾਬ ਮਿਸ਼ਨ
'ਗਰੀਨਿੰਗ ਪੰਜਾਬ ਮਿਸ਼ਨ' ਤਹਿਤ ਇਕ ਜਾਣਕਾਰੀ ਅਨੁਸਾਰ ਸਾਲ 2017-18 ਦੌਰਾਨ ਪੰਜਾਬ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਸਿੱਖਿਆ ਸੰਸਥਾਵਾਂ, ਕਾਰਪੋਰੇਸ਼ਨਾਂ ਆਦਿ ਦੀਆਂ ਖਾਲੀ ਪਈਆਂ ਥਾਵਾਂ ਤੇ ਇਕ ਕਰੋੜ ਬੂਟੇ ਲਗਾਉਣ ਦਾ ਟੀਚਾ ਰੱਖਿਆ ਗਿਆ ਸੀ, ਪਰ ਸਰਕਾਰ ਦੇ ਇਸ ਮਿਸ਼ਨ ਨੂੰ ਕੋਈ ਖ਼ਾਸ ਸਫਲਤਾ ਨਹੀਂ ਮਿਲੀ, ਕਿਉਂਕਿ ਪਿੰਡਾਂ ਨੂੰ ਜਾਂਦੀਆਂ ਲਿੰਕ ਸੜਕਾਂ, ਕਾਰਪੋਰੇਸ਼ਨਾਂ, ਸਮਾਜਸੇਵੀ ਸੰਸਥਾਵਾਂ, ਸ਼ਾਮਲਾਟਾਂ ਤੇ ਸਿੱਖਿਆ ਸੰਸਥਾਵਾਂ ਦੇ ਖਾਲੀ ਮੈਦਾਨ ਅਜੇ ਵੀ ਰੁੱਖਾਂ ਤੋਂ ਸੱਖਣੇ ਹਨ। ਜੋ ਪੌਦੇ ਲਗਾਏ ਵੀ ਗਏ ਹਨ, ਉਹ ਵੀ ਸਾਂਭ-ਸੰਭਾਲ ਤੋਂ ਬਿਨਾਂ ਸੁਕ-ਸੜ ਰਹੇ ਹਨ।
ਕਿਸਾਨ ਵੀ ਆਪਣੇ ਖੇਤਾਂ ਤੇ ਘਰਾਂ 'ਚ ਦਰੱਖਤ ਲਗਾਉਣ ਤੋਂ ਕਿਨਾਰਾ ਕਰ ਰਹੇ ਹਨ ਅਤੇ ਪੱਤਿਆਂ ਦੇ ਖਿਲਾਰੇ ਤੋਂ ਬਚਣ ਲਈ ਸ਼ਹਿਰੀ ਨਾਗਰਿਕ ਵੀ ਰੁੱਖ ਲਗਾਉਣ ਵਿਚ ਕੋਈ ਬਹੁਤੀ ਰੁਚੀ ਨਹੀਂ ਰੱਖਦੇ। ਸਰਕਾਰ ਨੂੰ ਜ਼ਮੀਨੀ ਪੱਧਰ 'ਤੇ ਇਸ ਮਿਸ਼ਨ ਤਹਿਤ ਠੋਸ ਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਗਰੀਨਿੰਗ ਪੰਜਾਬ ਮਿਸ਼ਨ ਸਹੀ ਅਰਥਾਂ ਵਿਚ ਕਾਮਯਾਬ ਹੋ ਸਕੇ। ਸਾਡੇ ਸਾਰਿਆਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਜਿਥੇ-ਕਿਤੇ ਖਾਲੀ ਥਾਵਾਂ ਪਈਆਂ ਹਨ, ਉਥੇ ਰੁੱਖ ਲਗਾਈਏ ਤਾਂ ਜੋ ਪੰਜਾਬ ਹਰਿਆ-ਭਰਿਆ ਹੋਣ ਦੇ ਨਾਲ-ਨਾਲ ਵਾਤਾਵਰਨ ਵੀ ਸ਼ੁੱਧ ਹੋ ਸਕੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

16-07-2018

 ਬਰਗਾੜੀ ਮੋਰਚਾ
ਸਿੱਖ ਜਥੇਬੰਦੀਆਂ ਦੁਆਰਾ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਤੇ ਸਜ਼ਾ ਪੂਰੀ ਕਰ ਚੁੱਕੇ ਸਿੱਖ ਬੰਦੀ ਕੈਦੀਆਂ ਦੀ ਰਿਹਾਈ ਲਈ ਬਰਗਾੜੀ ਵਿਚ ਸ਼ਾਂਤਮਈ ਢੰਗ ਨਾਲ ਮੋਰਚਾ ਲਾਇਆ ਹੋਇਆ ਹੈ। ਇਸ ਮੋਰਚੇ ਨੂੰ ਡੇਢ ਮਹੀਨੇ ਦੇ ਕਰੀਬ ਹੋਣ ਵਾਲਾ ਹੈ। ਇੰਨੇ ਸਮੇਂ ਦੌਰਾਨ ਸਿੱਖ ਸੰਗਤਾਂ ਤੇ ਜਥੇਬੰਦੀਆਂ ਦੁਆਰਾ ਜਿਸ ਤਰ੍ਹਾਂ ਸ਼ਾਂਤਮਈ ਢੰਗ ਨਾਲ ਆਪਣੀਆਂ ਮੰਗਾਂ ਮੰਨਵਾਉਣ ਲਈ ਬੈਠੀਆਂ ਹਨ, ਇਸ ਲਈ ਉਹ ਤਾਰੀਫ਼ ਦੇ ਕਾਬਲ ਹਨ ਕਿ ਉਨ੍ਹਾਂ ਨੇ ਕਾਨੂੰਨ ਨੂੰ ਆਪਣੇ ਹੱਥ ਵਿਚ ਨਹੀਂ ਲਿਆ ਤੇ ਕੋਈ ਅਜਿਹਾ ਫਿਰਕੂ ਬਿਆਨ ਵੀ ਨਹੀਂ ਦਿੱਤਾ ਜਿਸ ਨਾਲ ਪੰਜਾਬ ਵਿਚ ਅਰਾਜਕਤਾ ਦਾ ਮਾਹੌਲ ਪੈਦਾ ਹੋਵੇ। ਇਸ ਲਈ ਬਰਗਾੜੀ ਦੇ ਵਸਨੀਕ ਤੇ ਸਮੂਹ ਸਿੱਖ ਸੰਗਤਾਂ ਵੀ ਵਧਾਈ ਦੀਆਂ ਹੱਕਦਾਰ ਹਨ, ਜਿਸ ਤਰ੍ਹਾਂ ਉਹ ਦਸਵੰਧ ਕੱਢ ਕੇ ਲੰਗਰ ਪ੍ਰਥਾ ਨੂੰ ਵੀ ਸੁਚੱਜੇ ਢੰਗ ਨਾਲ ਚਲਾ ਰਹੇ ਹਨ। ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਮੁੱਦੇ 'ਤੇ ਚੁੱਪ ਰਹਿਣ ਨਾਲ ਇਨ੍ਹਾਂ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਣੇ ਵਾਜਬ ਹਨ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ।

ਗਊ ਸੈੱਸ
ਮੌਜੂਦਾ ਸਰਕਾਰ ਨੇ ਗਊਸ਼ਾਲਾਵਾਂ ਨੂੰ ਦਿੱਤੀ ਜਾਂਦੀ ਮੁਫ਼ਤ ਬਿਜਲੀ ਦੀ ਸਹੂਲਤ ਬੰਦ ਕਰ ਦਿੱਤੀ ਹੈ। ਪਿਛਲੀ ਸਰਕਾਰ ਸਮੇਂ ਪ੍ਰਵਾਨਤ ਗਊਸ਼ਾਲਾਵਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਜਾਂਦੀ ਰਹੀ ਸੀ ਅਤੇ ਆਮ ਲੋਕਾਂ ਪਾਸੋਂ ਗੂਊ ਸੈੱਸ ਦੇ ਰੂਪ ਵਿਚ ਕਰੋੜਾਂ ਹੀ ਰੁਪਿਆ ਵਸੂਲਿਆ ਜਾਂਦਾ ਸੀ ਜੋ ਕਿ ਅਜੇ ਤੱਕ ਵੀ ਵਸੂਲਿਆ ਜਾ ਰਿਹਾ ਹੈ। ਪਰ ਇਹ ਰਕਮ ਅਜੇ ਤੱਕ ਸਰਕਾਰ ਦੇ ਕੋਲ ਹੀ ਪਈ ਹੋਈ ਦੱਸੀ ਜਾਂਦੀ ਹੈ, ਜਿਸ ਨੂੰ ਕਿ ਗਊਸ਼ਾਲਾਵਾਂ ਦੇ ਵਿਕਾਸ 'ਤੇ ਖਰਚ ਨਹੀਂ ਕੀਤਾ ਗਿਆ। ਅਵਾਰਾ ਗਊਆਂ ਸੜਕਾਂ 'ਤੇ ਘੁੰਮਦੀਆਂ ਫਿਰਦੀਆਂ ਹਨ ਜੋ ਕਿ ਭਿਆਨਕ ਬਿਮਾਰੀਆਂ ਨਾਲ ਪੀੜਤ ਹੋਣ ਦੇ ਨਾਲ-ਨਾਲ ਕੂੜੇ ਦੇ ਢੇਰਾਂ 'ਤੇ ਗੰਦਮੰਦ ਖਾਣ ਲਈ ਵੀ ਮਜਬੂਰ ਹਨ ਅਤੇ ਅਕਸਰ ਹੀ ਹਾਦਸਿਆਂ ਦਾ ਕਾਰਨ ਵੀ ਬਣਦੀਆਂ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਗਊ ਸੈੱਸ ਦੇ ਰੂਪ ਵਿਚ ਲੋਕਾਂ ਪਾਸੋਂ ਇਕੱਠਾ ਕੀਤਾ ਗਿਆ ਪੈਸਾ ਗਊਸ਼ਾਲਾਵਾਂ ਦੇ ਵਿਕਾਸ 'ਤੇ ਖਰਚ ਕੀਤਾ ਜਾਵੇ ਤਾਂ ਜੋ ਅਵਾਰਾ ਗਊਆਂ ਨੂੰ ਉਨ੍ਹਾਂ ਵਿਚ ਰੱਖ ਕੇ ਉਨ੍ਹਾਂ ਦੀ ਸਾਂਭ-ਸੰਭਾਲ ਕੀਤੀ ਜਾ ਸਕੇ ਅਤੇ ਹਾਦਸਿਆਂ ਤੋਂ ਵੀ ਬਚਿਆ ਜਾ ਸਕੇ। ਜੇਕਰ ਇਹ ਪੈਸਾ ਇਸ ਮੰਤਵ ਲਈ ਖਰਚ ਨਹੀਂ ਕੀਤਾ ਜਾਣਾ ਤਾਂ ਲੋਕਾਂ ਨੂੰ ਫਿਰ ਗਊ ਸੈੱਸ ਤੋਂ ਮੁਕਤ ਕਰ ਦਿੱਤਾ ਜਾਵੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਕਾਲਾ ਹਫ਼ਤਾ
ਪੰਜਾਬ ਦੇ ਪਿੰਡ-ਪਿੰਡ 'ਚ ਘਰ ਕਰ ਚੁੱਕੇ ਨਸ਼ਿਆਂ ਦੇ ਦੈਂਤ ਨੇ ਪੰਜਾਬ ਦੀ ਜਵਾਨੀ ਨੂੰ ਬੁਰੀ ਤਰ੍ਹਾਂ ਆਪਣੇ ਕਲਾਵੇ ਵਿਚ ਲੈ ਲਿਆ ਹੈ। ਨਸ਼ਿਆਂ ਦਾ ਇਹ ਦੈਂਤ ਪੰਜਾਬ ਦੀ ਜਵਾਨੀ ਨੂੰ ਰੋਜ਼ਾਨਾ ਵੱਡੀ ਗਿਣਤੀ ਵਿਚ ਨਿਗਲਦਾ ਜਾ ਰਿਹਾ ਹੈ। ਇਹ ਸਚਾਈ ਹੈ ਕਿ ਪੰਜਾਬੀਆਂ ਨੇ ਸਮੇਂ-ਸਮੇਂ 'ਤੇ ਬੜੇ ਦੁੱਖ-ਕਸ਼ਟ ਝੱਲੇ ਹਨ। ਲਗਦਾ ਹੈ ਹੁਣ ਫਿਰ ਪੰਜਾਬੀਆਂ ਤੇ ਨਸ਼ਾ-ਰੂਪੀ ਬੜੀ ਮੁਸੀਬਤ ਆ ਪਈ ਹੈ। ਇਸ ਮੁਸੀਬਤ ਨੇ ਵੀ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮਜਬੂਰਨ ਪੰਜਾਬੀਆਂ ਨੂੰ ਕਾਲਾ ਹਫ਼ਤਾ ਮਨਾਉਣਾ ਪਿਆ ਹੈ। ਕਾਲਾ ਹਫ਼ਤਾ ਮੁਹਿੰਮ ਤੋਂ ਜਾਪ ਰਿਹਾ ਜਿਵੇਂ ਇਸ ਮੁਹਿੰਮ ਵਿਚ ਸਮੂਹ ਪੰਜਾਬੀ ਹੀ ਸ਼ਾਮਿਲ ਹੋ ਗਏ ਹੋਣ। ਨਸ਼ਿਆਂ 'ਚ ਪਨਪਿਆ ਦੁਖਾਂਤ ਕਿਸੇ ਇਕ ਘਰ ਦਾ ਨਹੀਂ ਸਗੋਂ ਸਮੂਹ ਪੰਜਾਬੀਆਂ ਦਾ ਦੁਖਾਂਤ ਹੈ। ਅੱਜ ਪੰਜਾਬ ਦੇ ਪਿੰਡਾਂ ਦੀਆਂ ਸੱਥਾਂ 'ਚ ਇਹ ਚਰਚਾ ਆਮ ਹੋ ਰਹੀ ਹੈ ਕਿ ਆਖਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨਸ਼ਿਆਂ ਨੂੰ ਪੂਰੀ ਤਰ੍ਹਾਂ ਰੋਕਣ 'ਚ ਅਸਫ਼ਲ ਕਿਉਂ ਹੋ ਰਿਹਾ ਹੈ?

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।

ਕਿੱਥੇ ਹੈ ਲੋਕਤੰਤਰ
ਲਕਸ਼ਮੀ ਕਾਂਤਾ ਚਾਵਲਾ ਦਾ ਲੇਖ ਭਾਰਤ ਅਤੇ ਲੋਕਤੰਤਰ ਦੀ ਥਾਂ ਡੰਡਾ-ਤੰਤਰ ਪੜ੍ਹ ਕੇ ਲੋਕਤੰਤਰ ਦੀਆਂ ਉਡਦੀਆਂ ਧੱਜੀਆਂ ਬਾਰੇ ਸਿੱਧ ਹੋ ਜਾਂਦਾ ਹੈ ਕਿ ਸਾਡੇ ਭਾਰਤ ਮਹਾਨ ਵਿਚ ਲੋਕਤੰਤਰ ਨਾਂਅ ਦੀ ਕੋਈ ਚੀਜ਼ ਨਹੀਂ। ਸਮਾਜਿਕ ਸਮੱਸਿਆਵਾਂ ਬਾਰੇ ਉਹ ਬਹੁਤ ਹੀ ਬੇਬਾਕੀ ਨਾਲ ਲਿਖਦੇ ਹਨ। ਧੱਕੇਸ਼ਾਹਾਂ ਖਿਲਾਫ਼ ਉਹ ਆਪਣੀ ਪਾਰਟੀ ਦੇ 'ਨੇਕ ਪੁਰਸ਼ਾਂ' ਨੂੰ ਵੀ ਨਹੀਂ ਬਖ਼ਸ਼ਦੇ। ਕਹਿਣ ਨੂੰ ਤਾਂ ਅਸੀਂ ਲੋਕਤੰਤਰ ਦੇਸ਼ ਦਾ ਹਿੱਸਾ ਹਾਂ ਪਰ ਸਚਾਈ ਕੁਝ ਹੋਰ ਹੀ ਹੈ। ਪੁਲਿਸ ਦਾ ਨਾਂਅ ਸੁਣਦਿਆਂ ਹੀ ਆਮ ਸ਼ਹਿਰੀ ਦੇ ਸਵਾਸ ਖੁਸ਼ਕ ਹੋ ਜਾਂਦੇ ਹਨ। ਬੰਦਾ ਇਨਸਾਫ਼ ਲਈ ਕਿਥੇ ਜਾਵੇ, ਕਾਗਜ਼ੀ ਲੋਕਤੰਤਰ ਨੂੰ ਕੀ ਕਰੇ। ਸਾਡੀ ਪੁਲਿਸ ਦਾ ਅਕਸ ਕਿਉਂ ਖ਼ਰਾਬ ਹੈ? ਸੋਚਣ ਦੀ ਲੋੜ ਹੈ। ਕੀ ਅਸੀਂ ਆਜ਼ਾਦ ਦੇਸ਼ ਦੇ ਵਾਸੀ ਹਾਂ? ਇਨਸਾਫ਼ ਪਸੰਦ ਲੋਕ ਥਾਣਿਆਂ, ਕਚਹਿਰੀਆਂ ਵਿਚ ਜ਼ਲੀਲ ਹੁੰਦੇ ਰਹਿੰਦੇ ਹਨ। ਆਖਰ ਪੁਲਿਸ ਦੀ ਤਾਨਾਸ਼ਾਹੀ ਕਿੰਨਾ ਕੁ ਚਿਰ ਅਸੀਂ ਆਪਣੇ 'ਤੇ ਝੱਲਾਂਗੇ? ਕਦੋਂ ਮਿਲੇਗੀ ਇਸ ਡੰਡਾ-ਤੰਤਰ ਤੋਂ ਰਾਹਤ? ਲੋਕ ਜਾਗਰੂਕ ਹੋਣ ਤੇ ਪੁਲਿਸ ਇਮਾਨਦਾਰ ਤਾਂ ਹੀ ਲੋਕਤੰਤਰ ਕਾਮਯਾਬ ਹੋਵੇਗਾ। ਫਿਲਹਾਲ ਅਜੇ ਤਾਂ ਕੁਝ ਆਸ ਦੀ ਕਿਰਨ ਵਿਖਾਈ ਨਹੀਂ ਦਿੰਦੀ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਭੋਜਨ ਦੀ ਬਰਬਾਦੀ
ਵਿਆਹ, ਸ਼ਾਦੀਆਂ, ਤਿਉਹਾਰਾਂ ਅਤੇ ਕਈ ਸਮਾਗਮਾਂ ਤੋਂ ਬਾਅਦ ਅਕਸਰ ਹੀ ਬਚੇ ਹੋਏ ਭੋਜਨ ਨੂੰ ਕੂੜੇ ਵਿਚ ਸੁੱਟ ਦਿੱਤਾ ਜਾਂਦਾ ਹੈ ਜੋ ਕਿ ਸਿੱਧੇ ਤੌਰ 'ਤੇ ਭੋਜਨ ਦੀ ਬਰਬਾਦੀ ਦੇ ਨਾਲ-ਨਾਲ ਉਸ ਦਾ ਨਿਰਾਦਰ ਵੀ ਹੈ। ਵਿਆਹ-ਸ਼ਾਦੀਆਂ ਵਿਚ ਨਵੇਂ-ਨਵੇਂ ਪਕਵਾਨ ਬਣਵਾਏ ਜਾਂਦੇ ਹਨ ਤੇ ਜ਼ਿਆਦਾਤਰ ਲੋਕ ਬਹੁਤੇ ਪਕਵਾਨ ਖਾਣ ਦੇ ਚੱਕਰ 'ਚ ਪਲੇਟਾਂ ਭਰ ਲੈਂਦੇ ਹਨ ਅਤੇ ਇਹ ਭੁੱਲ ਜਾਂਦੇ ਹਨ ਕਿ ਢਿੱਡ ਦੀ ਖਾਣ ਦੀ ਇਕ ਸੀਮਾ ਹੈ। ਭਾਰਤੀ ਸੰਸਕ੍ਰਿਤੀ ਵਿਚ ਅੰਨ ਨੂੰ ਦੇਵਤਾ ਦਾ ਦਰਜਾ ਦਿੱਤਾ ਗਿਆ ਹੈ ਅਤੇ ਭੋਜਨ ਕਰਨ ਤੋਂ ਪਹਿਲਾਂ ਬਹੁਤੇ ਲੋਕੀਂ ਪਰਮਾਤਮਾ ਦਾ ਨਾਂਅ ਧਿਆਉਂਦੇ ਹਨ ਪਰ ਇਨਸਾਨ ਇਨ੍ਹਾਂ ਸਾਰੀਆਂ ਗੱਲਾਂ ਨੂੰ ਭੁੱਲ ਕੇ ਭੋਜਨ ਦਾ ਨਿਰਾਦਰ ਕਰ ਰਿਹਾ ਹੈ। ਅੱਜ ਸਥਿਤੀ ਇਹ ਹੋ ਚੁੱਕੀ ਹੈ ਕਿ ਵਿਆਹ ਅਤੇ ਹੋਰ ਸਮਾਗਮਾਂ ਵਿਚ ਕਾਫ਼ੀ ਭੋਜਨ ਵਿਅਰਥ ਸੁੱਟ ਦਿੱਤਾ ਜਾਂਦਾ ਹੈ ਜਦਕਿ ਲੱਖਾਂ ਲੋਕ ਅੱਜ ਦਾਣੇ-ਦਾਣੇ ਨੂੰ ਮੋਹਤਾਜ਼ ਹੋਏ ਪਏ ਹਨ, ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ ਅਤੇ ਕਈ ਵਾਰ ਭੁੱਖ ਕਰਕੇ ਮੌਤ ਹੋਣ ਦੀਆਂ ਖ਼ਬਰਾਂ ਵੀ ਪੜ੍ਹਨ/ਸੁਣਨ ਨੂੰ ਮਿਲਦੀਆਂ ਹਨ। ਅਜਿਹੀ ਸਥਿਤੀ ਵਿਚ ਭੋਜਨ ਦੀ ਬਰਬਾਦੀ ਕਰਨਾ ਸਮਝ ਤੋਂ ਪਰ੍ਹੇ ਦੀ ਗੱਲ ਹੈ। ਆਪਣੀ ਥਾਲੀ ਵਿਚ ਸਿਰਫ਼ ਓਨਾ ਹੀ ਭੋਜਨ ਲਓ ਜਿੰਨੀ ਤੁਹਾਨੂੰ ਜ਼ਰੂਰਤ ਹੈ। ਅਸੀਂ ਆਪਣੀਆਂ ਆਦਤਾਂ ਵਿਚ ਬਦਲਾਅ ਕਰਕੇ ਹਜ਼ਾਰਾਂ ਭੁੱਖੇ ਲੋਕਾਂ ਦਾ ਢਿੱਡ ਭਰਨ ਵਿਚ ਆਪਣਾ ਯੋਗਦਾਨ ਪਾ ਸਕਦੇ ਹਾਂ।

-ਪ੍ਰਿੰਸ ਅਰੋੜਾ, ਮਲੌਦ, ਲੁਧਿਆਣਾ।

12-07-2018

 ਸੜਕਾਂ ਦੀ ਸਾਫ਼-ਸਫ਼ਾਈ
ਸਮੇਂ ਦੀ ਤਰੱਕੀ ਨਾਲ ਹੁਣ ਹਰੇਕ ਪਿੰਡ ਵਿਚ ਸੜਕਾਂ ਦਾ ਜਾਲ ਵਿਛਿਆ ਹੋਇਆ ਹੈ। ਪੰਜਾਬ ਵਿਚ ਸ਼ਾਇਦ ਹੀ ਕੋਈ ਅਜਿਹਾ ਪਿੰਡ ਹੋਵੇਗਾ, ਜਿਸ ਨੂੰ ਪੱਕੀ ਸੜਕ ਨਾ ਜਾਂਦੀ ਹੋਵੇ। ਜਿੱਥੇ ਸਰਕਾਰ ਲੱਖਾਂ-ਕਰੋੜਾਂ ਰੁਪਏ ਖ਼ਰਚ ਕਰਕੇ ਸੜਕਾਂ ਬਣਾਉਂਦੀ ਹੈ ਉੱਥੇ ਸਾਡਾ ਫ਼ਰਜ਼ ਵੀ ਬਣਦਾ ਹੈ ਕਿ ਅਸੀਂ ਸੜਕਾਂ ਦੀ ਸਾਂਭ-ਸੰਭਾਲ ਕਰੀਏ। ਪਿੰਡ ਪੱਧਰ 'ਤੇ ਇਹ ਜ਼ਿੰਮੇਵਾਰੀ ਪੰਚਾਇਤਾਂ ਨੂੰ ਨਿਭਾਉਣੀ ਚਾਹੀਦੀ ਹੈ। ਪਰ ਦੇਖਣ ਵਿਚ ਆਉਂਦਾ ਹੈ ਕਿ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਦੇ ਕਿਨਾਰੇ ਭੰਗ, ਜ਼ਹਿਰੀਲੀਆਂ ਬੂਟੀਆਂ ਅਤੇ ਝਾੜੀਆਂ ਪੈਦਲ ਤੁਰਨ ਵਾਲਿਆਂ ਅਤੇ ਦੋ ਪਹੀਆ ਵਾਹਨ 'ਤੇ ਜਾਣ ਵਾਲਿਆਂ ਲਈ ਮੁਸੀਬਤ ਬਣ ਜਾਂਦੀਆਂ ਹਨ। ਕਈ ਵਾਰ ਇਨ੍ਹਾਂ ਝਾੜੀਆਂ ਕਾਰਨ ਹਾਦਸੇ ਵੀ ਵਾਪਰ ਜਾਂਦੇ ਹਨ, ਜਿਨ੍ਹਾਂ ਨਾਲ ਕਈ ਵਾਰ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ। ਬਰਸਾਤ ਦੇ ਮੌਸਮ ਵਿਚ ਇਨ੍ਹਾਂ ਦਾ ਵਾਧਾ ਬਹੁਤ ਜ਼ਿਆਦਾ ਹੁੰਦਾ ਹੈ। ਇਨ੍ਹਾਂ ਦਿਨਾਂ ਵਿਚ ਸੜਕਾਂ 'ਤੇ ਚਲਣਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ, ਜਿਸ ਕਾਰਨ ਕਈ ਵਾਰੀ ਤਾਂ ਹਾਦਸੇ ਵੀ ਵਾਪਰ ਜਾਂਦੇ ਹਨ। ਜੇਕਰ ਪਿੰਡਾਂ ਦੀਆਂ ਪੰਚਾਇਤਾਂ ਆਪਣੇ-ਆਪਣੇ ਪਿੰਡਾਂ ਵੱਲ ਆਉਣ ਵਾਲੀਆਂ ਸੜਕਾਂ ਵੱਲ ਧਿਆਨ ਦੇਣ ਅਤੇ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਲੈਣ ਅਤੇ ਆਪਣੇ ਵਸੀਲਿਆਂ ਰਾਹੀਂ ਇਨ੍ਹਾਂ ਸੜਕਾਂ ਦੇ ਕਿਨਾਰਿਆਂ ਦੀ ਸਾਫ਼-ਸਫ਼ਾਈ ਅਤੇ ਸੰਭਾਲ ਕਰਦੇ ਰਹਿਣ, ਤਾਂ ਇਨ੍ਹਾਂ ਸੜਕਾਂ 'ਤੇ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ।


-ਦਵਿੰਦਰ ਸਿੰਘ ਧਾਮੀ
ਪਿੰਡ-ਨੂਰ ਪੁਰ, ਡਾਕ: ਭੂੰਗਾ, ਹੁਸ਼ਿਆਰਪੁਰ।


ਹਰਿਆਵਲ ਲਹਿਰ
ਪੰਜਾਬ ਵਿਚ ਇਸ ਸਮੇਂ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਇਕ ਗੰਭੀਰ ਸਮੱਸਿਆ ਬਣੀ ਹੋਈ ਹੈ। ਹੁਣ ਰਾਸ਼ਟਰੀ ਮਾਰਗਾਂ ਦੇ ਬਣਨ ਕਰਕੇ ਰੁੱਖਾਂ ਦੀ ਕਟਾਈ ਕੀਤੀ ਜਾ ਰਹੀ ਹੈ, ਜਿਸ ਕਰਕੇ ਪੰਜਾਬ ਵਿਚ ਜੰਗਲਾਤ ਇਲਾਕੇ ਅਧੀਨ ਖੇਤਰ ਹੋਰ ਵੀ ਘਟ ਰਿਹਾ ਹੈ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਕੇਵਲ ਅਖ਼ਬਾਰ ਵਿਚ ਦਰੱਖਤ ਲਾਉਣ ਦੀ ਖ਼ਬਰ ਲਾਉਣ ਤੱਕ ਹੀ ਸੀਮਤ ਨਾ ਰਹਿ ਕੇ ਇਨ੍ਹਾਂ ਰੁੱਖਾਂ ਦਾ ਰੱਖ-ਰਖਾਅ ਵੀ ਕਰਨ। ਪਿੰਡਾਂ ਵਿਚ ਬਣੇ ਨੌਜਵਾਨਾਂ ਦੇ ਕਲੱਬ ਆਪਣੇ ਪੱਧਰ 'ਤੇ ਪਿੰਡਾਂ ਵਿਚ ਜਨਤਕ ਥਾਵਾਂ 'ਤੇ ਰੁੱਖ ਲਗਾ ਕੇ ਕੁਦਰਤ ਵਿਚ ਹਰਿਆਲੀ ਲਿਆ ਸਕਦੇ ਹਨ। ਪੰਜਾਬ ਸਰਕਾਰ ਦੁਆਰਾ ਆਈ ਹਰਿਆਲੀ ਨਾਂਅ ਦਾ ਇਕ ਸਾਫਟਵੇਅਰ ਚਲਾਇਆ ਜਾ ਰਿਹਾ ਹੈ ਜਿਸ ਰਾਹੀਂ ਰਜਿਸਟ੍ਰੇਸ਼ਨ ਕਰਵਾ ਕੇ ਆਪਣੇ ਨਜ਼ਦੀਕੀ ਨਰਸਰੀਆਂ ਤੋਂ ਦਰੱਖਤ ਪ੍ਰਾਪਤ ਕੀਤੇ ਜਾ ਸਕਦੇ ਹਨ। ਮੀਡੀਆ ਰਾਹੀਂ ਯਤਨ ਕਰਨ ਦੀ ਲੋੜ ਹੈ ਤਾਂ ਜੋ ਵਾਤਾਵਰਨ ਨੂੰ ਹਰਿਆ-ਭਰਿਆ ਬਣਾਇਆ ਜਾ ਸਕੇ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।


ਸਖ਼ਤ ਪ੍ਰੀਖਿਆ
'ਸਰਕਾਰ ਲਈ ਇਮਤਿਹਾਨ' ਸਿਰਲੇਖ ਹੇਠ ਛਪੀ ਤੁਹਾਡੀ ਲਿਖਤ ਸਚਮੁੱਚ ਹੀ ਸਰਕਾਰ ਦੇ ਸਾਹਮਣੇ ਆ ਰਹੀ ਸਮੱਸਿਆ ਨੂੰ ਨੰਗਾ ਕਰਦੀ ਹੈ। ਹਾਲਾਤ ਦੁਆਰਾ ਦਿੱਤਾ ਨਾਂਅ 'ਛੇਵਾਂ ਦਰਿਆ' ਭਾਵ ਨਸ਼ਿਆਂ ਦੇ ਹੜ੍ਹ ਦੇ ਵਹਿਣ ਵਿਚ ਸਾਡੇ ਪੰਜਾਬ ਦੀ ਰੀੜ੍ਹ ਦੀ ਹੱਡੀ ਟੁੱਟ ਕੇ ਵਹਿ ਰਹੀ ਹੈ, ਜਿਸ ਤੋਂ ਬਚਾਉਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ। ਇਹ ਵੀ ਕੌੜਾ ਸੱਚ ਹੈ ਕਿ ਸਰਕਾਰ ਦੁਆਰਾ ਕੀਤੇ ਦਾਅਵੇ ਹਵਾ ਵਿਚ ਘੁੰਮਦੇ ਰਹਿ ਗਏ। ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਤੁਹਾਡੇ ਦੁਆਰਾ ਵਿਸ਼ੇਸ਼ ਟਾਸਕ ਫੋਰਸ ਵਾਲੀ ਦਿੱਤੀ ਜਾਣਕਾਰੀ ਬਹੁਤ ਲਾਹੇਵੰਦ ਹੈ। ਪਵਿੱਤਰ ਅਸਥਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਝੂਠੀਆਂ ਸਹੁੰਆਂ ਸਮਾਜ ਨੂੰ ਕੁਝ ਹੋਰ ਸੁਨੇਹਾ ਦਿੰਦੀਆਂ ਹਨ। ਉਮੀਦ ਕਰਦਾ ਹਾਂ ਸਮਾਜ ਵਿਚ ਝੁਲਦੀਆਂ ਹਨੇਰੀਆਂ ਤੋਂ ਜਾਗਰੂਕ ਕਰਨ ਲਈ ਆਪਣੀਆਂ ਰਚਨਾਵਾਂ ਦੇ ਬੀਜ ਬੀਜਦੇ ਰਹੋਗੇ।


-ਰਣਜੀਤ ਕੰਬੋਜ
ਪੰਜਾਬੀ ਮਾਸਟਰ।


ਘਟ ਰਹੀ ਸਹਿਣਸ਼ੀਲਤਾ
ਰਿਸ਼ਤਾ ਕੋਈ ਵੀ ਹੋਵੇ, ਉਸ ਨੂੰ ਵਿਸ਼ਵਾਸ ਤੇ ਜ਼ਿੰਮੇਵਾਰੀ ਨਾਲ ਨਿਭਾਉਣਾ ਹਰ ਇਨਸਾਨ ਦਾ ਆਪਣਾ ਫ਼ਰਜ਼ ਹੈ। ਰਿਸ਼ਤਿਆਂ ਦਾ ਆਪਣਾਪਣ ਤਾਂ ਕਿਧਰੇ ਖੋਹ ਹੀ ਗਿਆ ਹੈ। ਇਸ ਦਾ ਇਕ ਵੱਡਾ ਕਾਰਨ ਮਨੁੱਖੀ ਜੀਵ ਵਿਚ ਪੈਦਾ ਹੋ ਰਹੀ ਅਸਹਿਣਸ਼ੀਲਤਾ ਵੀ ਹੈ। ਅੱਜ ਹਰ ਕੋਈ ਅਮੀਰ ਬਣਨ ਤੇ ਖ਼ੁਦ ਨੂੰ ਅੱਗੇ ਕੱਢਣ ਦੇ ਚੱਕਰ ਵਿਚ ਹੈ। ਹਰ ਮਨੁੱਖ ਸੁਪਨੇ ਸਜਾਉਂਦਾ ਹੈ ਤੇ ਉਸ ਨੂੰ ਪੂਰਾ ਕਰਨ ਦੀ ਹਰ ਕਾਮਯਾਬ ਕੋਸ਼ਿਸ਼ ਵੀ ਕਰਦਾ ਹੈ। ਪਰ ਸਮੱਸਿਆ ਉਸ ਜਗ੍ਹਾ ਆਉਂਦੀ ਹੈ, ਜਦੋਂ ਸਾਡੇ ਰਸਤੇ ਗ਼ਲਤ ਹੋ ਜਾਂਦੇ ਹਨ। ਅਸੀਂ ਖ਼ੁਦ ਨੂੰ ਅੱਗੇ ਲੈ ਕੇ ਜਾਣ ਦੀ ਬਜਾਏ ਦੂਸਰਿਆਂ ਨੂੰ ਨੀਵਾਂ ਕਰਨ 'ਚ ਜ਼ੋਰ ਲਗਾਉਣਾ ਸ਼ੁਰੂ ਕਰ ਦਿੰਦੇ ਹਾਂ। ਇਹ ਸਭ ਚੀਜ਼ਾਂ ਮਨੁੱਖ ਨੂੰ ਅਸਹਿਣਸ਼ੀਲਤਾ ਵੱਲ ਲੈ ਕੇ ਜਾਂਦੀਆਂ ਹਨ। ਇਸ ਨਾਲ ਸਿਰਫ ਰਿਸ਼ਤੇ ਹੀ ਨਹੀਂ ਟੁੱਟਦੇ ਸਗੋਂ ਕਈ ਤਰ੍ਹਾਂ ਦੀਆਂ ਮਾਨਸਿਕ ਬਿਮਾਰੀਆਂ ਵੀ ਆ ਘੇਰਦੀਆਂ ਹਨ। ਗੁੱਸੇ ਵਾਲੇ ਮਨੁੱਖ ਵਿਚ ਸਹਿਣਸ਼ੀਲਤਾ ਦੀ ਬਹੁਤ ਕਮੀ ਹੋ ਜਾਂਦੀ ਹੈ ਤੇ ਰਿਸ਼ਤਿਆਂ ਵਿਚ ਦਰਾਰਾਂ ਤਾਂ ਫਿਰ ਆਮ ਗੱਲ ਹੈ। ਇਸ ਲਈ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਸਮਾਜ ਦੇ ਹੋਰ ਕੰਮ ਕਰਦੇ ਹੋਏ ਵੀ ਅਸੀਂ ਆਪਣੇ ਰਿਸ਼ਤਿਆਂ ਵੱਲ ਵੀ ਧਿਆਨ ਦੇਈਏ ਅਤੇ ਉਨ੍ਹਾਂ ਨੂੰ ਪਿਆਰ ਤੇ ਵਿਸ਼ਵਾਸ ਨਾਲ ਕਾਇਮ ਰੱਖੀਏ। ਜੇ ਮਨੁੱਖ ਨੇ ਅੰਦਰੂਨੀ ਖੁਸ਼ੀਆਂ ਅਤੇ ਸੰਤੁਸ਼ਟੀ ਨੂੰ ਮਾਣਨਾ ਹੈ ਤਾਂ ਉਸ ਨੂੰ ਆਪਣੇ ਪਿਆਰੇ ਰਿਸ਼ਤਿਆਂ ਨੂੰ ਪਿਆਰ ਅਤੇ ਵਿਸ਼ਵਾਸ ਨਾਲ ਪਰੋ ਕੇ ਰੱਖਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਲੱਕੜ ਨੂੰ ਹੌਲੀ-ਹੌਲੀ ਜਿਵੇਂ ਘੁਣ ਖਾ ਜਾਂਦੀ ਹੈ, ਇਵੇਂ ਹੀ ਤੁਹਾਡੀ ਅਸਹਿਣਸ਼ੀਲਤਾ ਅਤੇ ਗੁੱਸਾ ਤੁਹਾਡੇ ਰਿਸ਼ਤਿਆਂ ਨੂੰ ਅੰਦਰੋ ਅੰਦਰੀ ਖੋਖਲਾ ਕਰ ਦੇਵੇਗਾ।


-ਕਿਰਨਪ੍ਰੀਤ ਕੌਰ।


ਬਦਸਲੂਕੀ...
ਪਿਛਲੇ ਦਿਨੀਂ ਮਾਪਿਆਂ ਨਾਲ ਹੋ ਰਹੀ ਬਦਸਲੂਕੀ ਦੀਆਂ ਖ਼ਬਰਾਂ ਲਗਾਤਾਰ ਪੜ੍ਹਨ ਨੂੰ ਮਿਲੀਆਂ। ਮੱਧ ਪ੍ਰਦੇਸ਼ ਦੇ ਮਰਹੂਮ ਮੁੱਖ ਮੰਤਰੀ ਦੀ ਪਤਨੀ ਨੂੰ ਵੀ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ। ਇਕ ਸਰਵੇਖਣ ਦੀ ਰਿਪੋਰਟ ਆਈ ਜਿਸ ਵਿਚ ਅੰਮ੍ਰਿਤਸਰ ਨੂੰ ਬਜ਼ੁਰਗਾਂ ਨਾਲ ਬਦਸਲੂਕੀ ਦੇ ਮਾਮਲੇ ਵਿਚ ਅਗਲੀ ਕਤਾਰ ਵਿਚ ਮੰਨਿਆ ਗਿਆ। ਇਕ ਹੋਰ ਖ਼ਬਰ ਪੜ੍ਹਨ ਨੂੰ ਮਿਲੀ ਜਿਸ ਵਿਚ ਸੇਵਾਮੁਕਤ ਅਧਿਆਪਕਾ ਨੇ ਡੀ.ਸੀ. ਸਾਹਿਬ ਕੋਲ ਸ਼ਿਕਾਇਤ ਕੀਤੀ ਕਿ ਸਾਨੂੰ ਪਤੀ-ਪਤਨੀ ਨੂੰ ਨੂੰਹ-ਪੁੱਤ ਤੋਂ ਜਾਨ ਦਾ ਖ਼ਤਰਾ ਹੈ। ਡੀ.ਸੀ. ਸਾਹਿਬ ਨੇ ਨੂੰਹ-ਪੁੱਤ ਨੂੰ ਘਰ ਖਾਲੀ ਕਰਨ ਲਈ ਕਿਹਾ। ਪਰ ਪਿਛਲੇ ਛੇ ਮਹੀਨਿਆਂ ਤੋਂ ਪੁਲਿਸ ਵਾਲੇ ਆਨੇ-ਬਹਾਨੇ ਲਗਾ ਰਹੇ ਹਨ ਅਤੇ ਘਰ ਖਾਲੀ ਨਹੀਂ ਕਰਵਾ ਰਹੇ। ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਰਿਸ਼ਵਤ ਅਤੇ ਭ੍ਰਿਸ਼ਟਾਚਾਰ ਏਨਾ ਜ਼ਿਆਦਾ ਹੋ ਗਿਆ ਹੈ ਕਿ ਪੈਸੇ ਪਿੱਛੇ ਕੁਝ ਲੋਕ ਜ਼ਮੀਰ ਅਤੇ ਇਨਸਾਨੀਅਤ ਦੋਵੇਂ ਵੇਚ ਦਿੰਦੇ ਹਨ। ਸੀਨੀਅਰ ਸਿਟੀਜ਼ਨ ਦੀ ਅਰਜ਼ੀ ਉਪਰ ਤੁਰੰਤ ਜੇਕਰ ਕਾਰਵਾਈ ਨਹੀਂ ਹੁੰਦੀ ਤਾਂ ਉਸ ਵਿਭਾਗ ਦੇ ਸਬੰਧਿਤ ਅਧਿਕਾਰੀ 'ਤੇ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜਿਊਂਦੇ ਮਾਪਿਆਂ ਨੂੰ ਆਪਣੀ ਜਾਇਦਾਦ ਕਿਸੇ ਵੀ ਹਾਲਤ ਵਿਚ ਪੁੱਤਾਂ ਦੇ ਨਾਂਅ ਨਹੀਂ ਕਰਵਾਉਣੀ ਚਾਹੀਦੀ।


-ਪ੍ਰਭਜੋਤ ਕੌਰ ਢਿੱਲੋਂ,
ਮੁਹਾਲੀ।

11-07-2018

 ਪੰਜਾਬ ਸਰਕਾਰ ਤੇ ਡੋਪ ਟੈਸਟ
ਇਨ੍ਹੀਂ ਦਿਨੀਂ ਡੋਪ ਟੈਸਟਾਂ ਦੀ ਬੜੀ ਚਰਚਾ ਹੈ ਪਰ ਡੋਪ ਟੈਸਟ ਕੀ ਹੁੰਦਾ, ਕਿਸ ਦਾ ਹੁੰਦਾ ਤੇ ਕਿਵੇਂ ਹੁੰਦਾ ਇਸ ਦਾ ਆਮ ਲੋਕਾਂ ਨੂੰ ਕੋਈ ਗਿਆਨ ਨਹੀਂ। ਉਲੰਪਿਕ ਖੇਡਾਂ ਦਾ ਮੈਡੀਕਲ ਕਮਿਸ਼ਨ ਗਾਹੇ-ਬਗਾਹੇ ਉਨ੍ਹਾਂ ਰਸਾਇਣਾਂ ਜਾਂ ਡਰੱਗਜ਼ ਦੀ ਸੂਚੀ ਜਾਰੀ ਕਰਦਾ ਰਹਿੰਦਾ ਹੈ ਜੋ ਖਿਡਾਰੀਆਂ ਲਈ ਵਰਜਿਤ ਹੁੰਦੀਆਂ ਹਨ। ਕੈਨੇਡਾ ਵਿਚ ਪ੍ਰਤੀ ਡੋਪ ਟੈਸਟ 200 ਡਾਲਰ ਲਗਦੇ ਹਨ ਜਦ ਕਿ ਰੈਪਿਡ ਡਰੱਗ ਟੈਸਟ 40 ਡਾਲਰ ਵਿਚ ਹੋ ਜਾਂਦਾ ਹੈ। ਕਈ ਕਬੱਡੀ ਫੈਡਰੇਸ਼ਨਾਂ ਖਿਡਾਰੀਆਂ ਦਾ ਡੋਪ ਟੈੱਸਟ ਕਰਵਾਉਣ ਦੀ ਥਾਂ ਡਰੱਗ ਟੈਸਟ ਕਰਵਾ ਕੇ ਹੀ ਬੁੱਤਾ ਸਾਰ ਲੈਂਦੀਆਂ ਹਨ। ਪੰਜਾਬ ਸਰਕਾਰ ਨੂੰ ਆਪਣੇ ਕਰਮਚਾਰੀਆਂ, ਅਫ਼ਸਰਾਂ ਅਤੇ ਕਾਨੂੰਨਦਾਨਾਂ ਦਾ ਡੋਪ ਜਾਂ ਡਰੱਗ ਟੈਸਟ ਲੈਣ ਬਾਰੇ ਵਰਜਿਤ ਡਰੱਗਜ਼ ਜਾਂ ਨਸ਼ਿਆਂ ਦੀ ਸੂਚੀ ਜਾਰੀ ਕਰਨੀ ਚਾਹੀਦੀ ਹੈ ਤਾਂ ਜੋ ਉਹ ਵਰਜਿਤ ਡਰੱਗਜ਼ ਜਾਂ ਨਸ਼ੇ ਲੈਣ ਤੋਂ ਬਚ ਸਕਣ ਅਤੇ ਉਨਾਂ ਦੇ ਡੋਪ ਟੈਸਟ ਪਾਜ਼ੇਟਿਵ ਨਾ ਆਉਣ। ਕੀ ਅਲਕੋਹਲ ਅਥਵਾ ਬੀਅਰ, ਵਾਈਨ, ਵਿਸਕੀ ਤੇ ਸਕਾਚ ਵੀ ਇਨ੍ਹਾਂ ਵਿਚ ਸ਼ਾਮਿਲ ਹਨ? ਸਰਕਾਰੀ ਨੋਟੀਫਿਕੇਸ਼ਨ ਵਿਚ ਸਭ ਕੁਝ ਸਪੱਸ਼ਟ ਹੋਣਾ ਚਾਹੀਦਾ ਹੈ। ਕਿਤੇ ਡੋਪ ਟੈਸਟ ਦੀ ਥਾਂ ਡੰਗਟਪਾਊ ਡਰੱਗ ਟੈਸਟ ਕਰਵਾ ਕੇ ਹੀ ਨਸ਼ਾ ਵਿਰੋਧੀ ਲਹਿਰ ਦਾ ਲੱਕ ਨਾ ਤੋੜ ਦਿੱਤਾ ਜਾਵੇ।


-ਪ੍ਰਿੰ: ਸਰਵਣ ਸਿੰਘ।


ਸਰਗੋਸ਼ੀਆਂ
ਪਿਛਲੇ ਦਿਨੀਂ 'ਅਜੀਤ' ਦੇ ਸਰਗੋਸ਼ੀਆਂ ਕਾਲਮ ਰਾਹੀਂ ਸ: ਹਰਜਿੰਦਰ ਸਿੰਘ ਲਾਲ ਨੇ ਸਿੱਖ ਭਾਈਚਾਰੇ ਦੀ ਮੌਜੂਦਾ ਦੌਰ 'ਚ ਖਿੰਡਦੀ-ਪੁੰਡਦੀ ਜਾ ਰਹੀ ਵਿਚਾਰਧਾਰਾ ਬਾਰੇ ਤੇ ਸਿੱਖ ਭਾਈਚਾਰੇ ਦਾ ਆਪਣਾ ਕੋਈ ਏਜੰਡਾ ਹੀ ਨਾ ਹੋਣ ਬਾਰੇ ਬੜੇ ਦਲੇਰੀ ਭਰੇ ਸ਼ਬਦਾਂ ਨਾਲ ਆਪਣੇ ਲੱਖਾਂ ਹੀ ਪਾਠਕਾਂ ਨੂੰ ਪ੍ਰਭਾਵਿਤ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਸਮੁੱਚੀ ਲੋਕਾਈ ਲਈ ਪ੍ਰੇਰਨਾ ਦੇ ਸ੍ਰੋਤ ਹਨ, ਦੀ ਵਿਸ਼ਾਲਤਾ ਨੂੰ ਸੀਮਤ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਕਦੇ ਸਿੱਖ ਧਰਮ ਦੇ ਅਹਿਮ ਅੰਗ ਰਹੇ ਕਈ ਭਾਈਚਾਰਿਆਂ ਨੂੰ ਸਿੱਖ ਧਰਮ ਤੋਂ ਦੂਰ ਕੀਤਾ ਜਾ ਰਿਹਾ ਹੈ ਤੇ ਕਈਆਂ ਨੂੰ ਦੂਰ ਕਰ ਦਿੱਤਾ ਗਿਆ ਹੈ। ਸਿੱਖ ਭਾਈਚਾਰਾ ਧਾਰਮਿਕ ਪੱਖ ਦੇ ਨਾਲ-ਨਾਲ ਰਾਜਨੀਤਕ ਪੱਖ ਤੋਂ ਵੀ ਖੇਰੂੰ-ਖੇਰੂੰ ਹੁੰਦਾ ਨਜ਼ਰ ਆ ਰਿਹਾ ਹੈ। ਸਰਗੋਸ਼ੀਆਂ ਕਾਲਮ ਰਾਹੀਂ ਸਮੇਂ-ਸਮੇਂ 'ਤੇ ਅਹਿਮ ਤੇ ਬੇਹੱਦ ਭਾਵਪੂਰਤ ਜਾਣਕਾਰੀ ਪਾਠਕਾਂ ਨੂੰ ਅਕਸਰ ਮਿਲਦੀ ਰਹਿੰਦੀ ਹੈ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਗ੍ਰਾਮ ਪੰਚਾਇਤਾਂ ਦੇ ਵਿਸ਼ੇਸ਼ ਅਧਿਕਾਰ
73ਵੀਂ ਸੰਵਿਧਾਨਕ ਸੋਧ 1992 ਰਾਹੀਂ ਰਾਜਾਂ ਦੀਆਂ ਪੰਚਾਇਤਾਂ ਲਈ ਨਵੇਂ ਪੰਚਾਇਤ ਵਿਧਾਨ ਬਣਾਉਣ ਦਾ ਪ੍ਰਬੰਧ ਕੀਤਾ ਗਿਆ। ਪੰਜਾਬ ਰਾਜ ਨੇ 1994 ਵਿਚ ਪੰਜਾਬ ਪੰਚਾਇਤੀ ਰਾਜ ਐਕਟ ਬਣਾ ਕੇ ਪੰਚਾਇਤੀ ਰਾਜ ਸੰਸਥਾਵਾਂ ਨੂੰ ਤਾਕਤਾਂ ਅਤੇ ਜ਼ਿੰਮੇਵਾਰੀਆਂ ਦੇਣੀਆਂ ਸ਼ੁਰੂ ਕੀਤੀਆਂ। ਪੰਜਾਬ ਰਾਜ ਦੇ ਪੰਚਾਇਤੀ ਐਕਟ ਦੀ ਧਾਰਾ 35 ਅਧੀਨ ਪੰਚਾਇਤਾਂ ਨੂੰ ਆਪਣੇ ਪਿੰਡ ਵਾਸੀਆਂ ਦੀ ਭਲਾਈ ਹਿਤ ਹੁਕਮ ਜਾਰੀ ਕਰਨ ਦੇ ਅਧਿਕਾਰ ਦਿੱਤੇ ਗਏ ਹਨ। ਅੱਜ ਜੋ ਰੇਤ ਦੀ ਖੁਦਾਈ ਦਾ ਰੌਲਾ ਚਲਦਾ ਰਹਿੰਦਾ ਹੈ ਉਸ ਬਾਰੇ ਵੀ ਪੰਚਾਇਤਾਂ ਵਿਸ਼ੇਸ਼ ਯੋਗਦਾਨ ਪਾ ਸਕਦੀਆਂ ਹਨ। ਇਹ ਅਧਿਕਾਰ ਪੰਚਾਇਤਾਂ ਨੂੰ ਸਵੈ-ਸਰਕਾਰਾਂ ਅਤੇ ਕਲਿਆਣਕਾਰੀ ਸਵਰੂਪ ਵੀ ਪ੍ਰਦਾਨ ਕਰਦਾ ਹੈ। ਪੰਚਾਇਤ ਦੀ ਸੁਰੱਖਿਆ ਲਈ ਇਸ ਐਕਟ ਦੀ ਧਾਰਾ 36 ਅਧੀਨ ਗ੍ਰਾਮ ਪੰਚਾਇਤਾਂ ਨੂੰ ਵਿਸ਼ੇਸ਼ ਅਧਿਕਾਰ ਦਿੱਤਾ ਗਿਆ ਹੈ ਕਿ ਉਹ 50 ਰੁਪਏ ਤੱਕ ਦਾ ਜੁਰਮਾਨਾ ਪੰਚਾਇਤ ਦਾ ਅਦੇਸ਼ ਨਾ ਮੰਨਣ ਵਾਲੇ ਨੂੰ ਲਗਾ ਸਕਦੀ ਹੈ। ਪੀੜਤ ਵਿਅਕਤੀਆਂ ਨੂੰ ਵੀ ਗ੍ਰਾਮ ਪੰਚਾਇਤਾਂ ਦੇ ਫ਼ੈਸਲੇ ਵਿਰੁੱਧ 30 ਦਿਨ ਦੇ ਅੰਦਰ-ਅੰਦਰ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਪਾਸ ਅਪੀਲ ਕਰਨ ਦਾ ਅਧਿਕਾਰ ਹੈ ਪਿੰਡ ਪੱਧਰ 'ਤੇ ਪੰਚਾਇਤਾਂ ਦੇ ਇਨ੍ਹਾਂ ਫ਼ੈਸਲਿਆਂ ਨਾਲ ਮਨੁੱਖੀ ਸਿਹਤ ਅਤੇ ਸੁਰੱਖਿਆ ਕਾਇਮ ਰਹਿੰਦੀ ਹੈ। ਹਰ ਗ੍ਰਾਮ ਸਭਾ ਦੇ ਵੋਟਰ ਦਾ ਫਰਜ਼ ਹੈ ਕਿ ਪਿੰਡ ਦੀ ਭਲਾਈ ਲਈ ਗ੍ਰਾਮ ਪੰਚਾਇਤ ਨੂੰ ਪੂਰਨ ਸਹਿਯੋਗ ਦੇਣ ਤਾਂ ਜੋ ਪਿੰਡ ਦਾ ਸਰਵਪੱਖੀ ਵਿਕਾਸ ਅਤੇ ਭਾਈਚਾਰਕ ਏਕਤਾ ਕਾਇਮ ਰਹਿ ਸਕੇ।


-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।


ਖੇਤ ਚੁਗਣ ਤੋਂ ਪਹਿਲਾਂ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਸਫ਼ੇ 'ਤੇ ਪਾਣੀ ਦੀ ਸੰਭਾਲ ਲਈ ਵਧੀਆ ਉਦਾਹਰਨ ਦੇ ਕੇ ਲੇਖਕ ਨੇ ਇਸ ਸਮਾਜਿਕ ਮਸਲੇ ਲਈ ਜ਼ੋਰਦਾਰ ਵਕਾਲਤ ਕੀਤੀ ਹੈ। ਧਰਤੀ ਵਿਚੋਂ ਅਥਾਹ ਪਾਣੀ ਖਿੱਚ ਕੇ, ਥੋੜ੍ਹਚਿਰੀ ਖਾਹਿਸ਼ਾਂ ਦੀ ਪੂਰਤੀ ਲਈ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬੰਜਰ ਭੂਮੀ, ਮਾਰੂਥਲੀ, ਸੱਭਿਅਤਾਂ ਵੱਲ ਧੱਕ ਰਹੇ ਹਾਂ। ਪਾਣੀ ਦੇ ਲਗਾਤਾਰ ਥੱਲੇ ਜਾਣ ਕਰਕੇ ਰੁੱਖਾਂ ਦੀਆਂ ਜੜ੍ਹਾਂ ਨੂੰ ਵੀ ਪਾਣੀ ਨਹੀਂ ਮਿਲੇਗਾ ਤੇ ਹਰਿਆਵਲ, ਠੰਢਕ ਦੇਣ ਵਾਲੀ ਬਨਸਪਤੀ ਘਟੇਗੀ, ਧਰਤੀ ਮਾਂ ਦਾ ਤਾਪਮਾਨ ਹੋਰ ਵਧੇਗਾ। ਜਿਸ ਨਾਲ ਸਮੁੱਚੀ ਮਨੁੱਖਤਾ ਦਾ ਜੀਵਨ ਚੱਕਰ ਪ੍ਰਭਾਵਿਤ ਹੋਵੇਗਾ। ਸਾਡੇ ਮਿੱਤਰ ਪਸ਼ੂ, ਪੰਛੀ ਇਸ ਅਮੋਲਕ ਦਾਤ ਤੋਂ ਵਾਂਝੇ ਰਹਿਣਗੇ। ਪਾਣੀ ਪਿਤਾ ਦੇ ਇਸ ਰੁਤਬੇ ਨੂੰ ਸੰਭਾਲ ਕੇ ਰੱਖੀਏ ਅਤੇ ਆਉਣ ਵਾਲੀਆਂ ਨਸਲਾਂ ਲਈ ਸੁਖਦ ਅਹਿਸਾਸ ਛੱਡ ਕੇ ਜਾਈਏ।


-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ ਭੱਟੀਵਾਲ, ਘੁਮਾਣ, ਗੁਰਦਾਸਪੁਰ।


ਸਾਬਕਾ ਵਿਧਾਇਕ ਤੇ ਪੈਨਸ਼ਨ
ਜਦੋਂ 2004 ਤੋਂ ਬਾਅਦ ਜਿਹੜੇ ਮੁਲਾਜ਼ਮ ਨੌਕਰੀ ਵਿਚ ਆਏ ਹਨ, ਉਨ੍ਹਾਂ ਨੂੰ ਪੈਨਸ਼ਨ ਨਹੀਂ ਲੱਗਣੀ ਤਾਂ ਉਸ ਤੋਂ ਬਾਅਦ ਜਿਹੜੇ ਵਿਧਾਇਕ ਪੈਨਸ਼ਨ ਲੈ ਰਹੇ ਹਨ, ਉਹ ਪੈਨਸ਼ਨ ਦੇ ਕਿਵੇਂ ਹੱਕਦਾਰ ਹਨ? ਇਹ ਸਭ ਕੁਝ ਕਾਨੂੰਨ ਦੇ ਉਲਟ ਹੈ। ਜਿਹੜੇ ਪੰਜਾਬ ਦੇ ਬਜ਼ੁਰਗ ਪੈਨਸ਼ਨ ਲੈ ਰਹੇ ਹਨ, ਉਹ ਵੀ ਬਹੁਤ ਘੱਟ ਹੈ ਤੇ ਕਈ-ਕਈ ਮਹੀਨੇ ਪੈਨਸ਼ਨ ਉਡੀਕਣੀ ਪੈਂਦੀ ਹੈ। ਪਰ ਸਾਬਕਾ ਵਿਧਾਇਕਾਂ ਦੀ ਪੈਨਸ਼ਨ ਕਦੇ ਵੀ ਨਹੀਂ ਰੁਕਦੀ। ਜਦੋਂ ਸਾਬਕਾ ਵਿਧਾਇਕਾਂ ਦੀ ਪੈਨਸ਼ਨ ਵਧਦੀ ਹੈ ਤਾਂ ਚੁੱਪ-ਚੁਪੀਤੇ ਹੀ ਵਧਾ ਦਿੱਤੀ ਜਾਂਦੀ ਹੈ। ਬਜ਼ੁਰਗ ਲੋਕਾਂ ਦੀਆਂ ਇਹ ਪੈਨਸ਼ਨਾਂ ਜਨਤਕ ਸਮਾਗਮ ਕਰਾ ਕੇ ਵੰਡੀਆਂ ਜਾਂਦੀਆਂ ਹਨ। ਪੰਜਾਬ ਦੇ ਕਰੀਬ ਅੱਧੀ ਦਰਜਨ ਅਜਿਹੇ ਸਾਬਕਾ ਵਿਧਾਇਕ ਹਨ, ਜਿਨ੍ਹਾਂ ਨੂੰ ਦੋਹਰੀ ਪੈਨਸ਼ਨ ਮਿਲਦੀ ਹੈ। ਉਹ ਸਾਬਕਾ ਵਿਧਾਇਕ ਪਹਿਲਾਂ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ। ਪਰ ਸਾਡੇ ਬਜ਼ੁਰਗ ਥੋੜ੍ਹੀ ਜਿਹੀ ਪੈਨਸ਼ਨ ਖਾਤਰ ਕਿਵੇਂ ਜ਼ਲੀਲ ਕੀਤੇ ਜਾਂਦੇ ਹਨ। ਲੋਕਾਂ ਨੂੰ ਸੋਚਣ ਦੀ ਲੋੜ ਹੈ।


-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

10-07-2018

ਰਾਹਾਂ 'ਚ ਅੜਿੱਕੇ
ਅੱਜ ਪੰਜਾਬ ਦੇ ਬਹੁਤੇ ਪਿੰਡਾਂ ਦੇ ਰਾਹਾਂ 'ਚੋਂ ਲੰਘਦਿਆਂ ਥਾਂ-ਥਾਂ ਲੱਗੇ ਅੜਿੱਕੇ ਵੇਖਣ ਨੂੰ ਆਮ ਮਿਲਦੇ ਰਹਿੰਦੇ ਹਨ। ਜਿਵੇਂ ਕਿ ਰਾਹਾਂ 'ਚ ਪਸ਼ੂਆਂ ਦਾ ਬੰਨ੍ਹਿਆਂ ਹੋਣਾ, ਮਿੱਟੀ-ਬਜਰੀ ਤੇ ਇੱਟਾਂ ਆਦਿ ਦਾ ਪਏ ਹੋਣਾ ਤਾਂ ਆਮ ਗੱਲ ਹੈ। ਇਸ ਤੋਂ ਇਲਾਵਾ ਬਹੁਤੇ ਲੋਕ ਰਾਹਾਂ 'ਚ ਮੰਜੇ, ਕੁਰਸੀਆਂ ਡਾਹ ਕੇ ਬੈਠੇ ਵੀ ਦੇਖੇ ਜਾ ਸਕਦੇ ਹਨ। ਇਸ ਤੋਂ ਅੱਗੇ ਗਲੀਆਂ-ਨਾਲੀਆਂ 'ਚੋਂ ਕੱਢੇ ਗਏ ਕੂੜੇ-ਕਰਕਟ ਦੀਆਂ ਲੱਗੀਆਂ ਢੇਰੀਆਂ ਵੀ ਆਮ ਰਾਹਗੀਰਾਂ ਦੇ ਨਾਲ-ਨਾਲ ਦੋ ਪਹੀਆ ਵਾਹਨ ਵਾਲਿਆਂ ਲਈ ਵੱਡੀ ਮੁਸੀਬਤ ਬਣ ਰਹੇ ਹਨ। ਇਕ ਹੋਰ ਬੁਰਾਈ ਇਹ ਹੈ ਕਿ ਪਿੰਡਾਂ ਦੇ ਮੁੱਖ ਰਾਹਾਂ ਦੇ ਮੋੜਾਂ 'ਤੇ ਨੌਜਵਾਨਾਂ ਦਾ ਖੜ੍ਹਨਾ ਨਿੱਤ ਦਾ ਕੰਮ ਹੈ। ਕਈ ਵਾਰ ਅਜਿਹਾ ਵਰਤਾਰਾ ਲੜਾਈ-ਝਗੜੇ ਦੇ ਨਾਲ-ਨਾਲ ਹਾਦਸੇ ਦਾ ਕਾਰਨ ਵੀ ਬਣ ਰਿਹਾ ਹੈ। ਸਮੇਂ ਦੀ ਰਫ਼ਤਾਰ ਅਨੁਸਾਰ ਅੱਜ ਜ਼ਰੂਰੀ ਹੋ ਗਿਆ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਤੇ ਮੋਹਤਬਰ ਲੋਕ ਅੱਗੇ ਆਉਣ ਤਾਂ ਕਿ ਪਿੰਡਾਂ 'ਚ ਪਨਪੇ ਇਸ ਮਾੜੇ ਰੁਝਾਨ ਨੂੰ ਰੋਕਿਆ ਜਾਂ ਕੁਝ ਹੱਦ ਤੱਕ ਘਟਾਇਆ ਜਾ ਸਕੇ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਪੰਚਾਇਤਾਂ ਅਤੇ ਛੋਟੇ ਮੁਲਾਜ਼ਮ
73ਵੀਂ ਸੰਵਿਧਾਨਿਕ ਸੋਧ ਤੋਂ ਬਾਅਦ ਪੰਜਾਬ ਰਾਜ ਨੇ ਅਪ੍ਰੈਲ 1994 ਵਿਚ ਪੰਜਾਬ ਪੰਚਾਇਤੀ ਐਕਟ ਦੀ ਸਥਾਪਨਾ ਕੀਤੀ ਸੀ। ਇਸੇ ਲੜੀ ਤਹਿਤ ਗ੍ਰਾਮ ਪੰਚਾਇਤਾਂ ਨੂੰ ਸਵੈ-ਸਰਕਾਰਾਂ ਦਾ ਸਰੂਪ ਦੇਣ ਲਈ ਯਤਨ ਅਰੰਭੇ ਗਏ। ਪ੍ਰਸ਼ਾਸਨ ਦੀ ਮੂਲ ਇਕਾਈ ਪਿੰਡ ਅਤੇ ਪਿੰਡਾਂ ਵਿਚ ਕੰਮ ਕਰਦੇ ਛੋਟੇ ਮੁਲਾਜ਼ਮ ਹੁੰਦੇ ਹਨ। ਪੰਜਾਬ ਪੰਚਾਇਤੀ ਰਾਜ ਐਕਟ ਨੇ ਧਾਰਾ 38 ਤਹਿਤ ਛੋਟੇ ਮੁਲਾਜ਼ਮਾਂ ਦੇ ਗ਼ਲਤ ਵਿਹਾਰ ਨੂੰ ਘੋਖਣ ਅਤੇ ਜਾਂਚ ਕਰਨ ਦਾ ਅਧਿਕਾਰ ਗ੍ਰਾਮ ਪੰਚਇਤਾਂ ਨੂੰ ਦਿੱਤਾ ਹੈ। ਪੰਜਾਬ ਪੰਚਾਇਤੀ ਰਾਜ ਐਕਟ ਨੇ ਪਟਵਾਰੀ ਦੀ ਨਿਗਰਾਨੀ ਕਰਨ ਦਾ ਅਧਿਕਾਰ ਅਤੇ ਚੌਂਕੀਦਾਰ ਦੀ ਨਿਗਰਾਨੀ ਦਾ ਅਧਿਕਾਰ, ਐਕਟ ਦੀ ਧਾਰਾ 39 ਤਹਿਤ ਗ੍ਰਾਮ ਪੰਚਾਇਤ ਨੂੰ ਦਿੱਤਾ ਹੈ। ਇਸ ਧਾਰਾ ਤਹਿਤ ਗ੍ਰਾਮ ਪੰਚਾਇਤ ਦੀ ਰਿਪੋਰਟ 'ਤੇ ਕੀਤੀ ਕਾਰਵਾਈ ਦੀ ਸੂਚਨਾ ਸਬੰਧਿਤ ਅਧਿਕਾਰੀ ਗ੍ਰਾਮ ਪੰਚਾਇਤ ਨੂੰ ਦੇਣ ਦਾ ਪਾਬੰਦ ਹੈ। ਜਿਨ੍ਹਾਂ ਪਿੰਡਾਂ ਵਿਚ ਪੰਚਾਇਤ ਤੇ ਪਿੰਡ ਦੇ ਮੁਲਾਜ਼ਮਾਂ ਵਿਚਕਾਰ ਸਬੰਧ ਵਿਗੜ ਜਾਂਦੇ ਹਨ, ਉਥੇ ਪ੍ਰਸ਼ਾਸਨਿਕ ਦੁਬਿਧਾ ਪੈਦਾ ਹੁੰਦੀ ਹੈ।
ਅੱਜ ਪੰਚਾਇਤੀ ਰਾਜ ਵਿਚ ਯੋਗ ਨੁਮਾਇੰਦੇ ਆਉਂਦੇ ਹਨ। ਇਨ੍ਹਾਂ ਦੀ ਸਿਖਲਾਈ ਦਾ ਪ੍ਰਬੰਧ ਵੀ ਸਰਕਾਰ ਵਲੋਂ ਕੀਤਾ ਜਾਂਦਾ ਹੈ। ਮੁਲਾਜ਼ਮਾਂ ਨੂੰ ਵੀ ਧੜੇਬੰਦੀ ਵਿਚ ਪੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅੱਜ ਲੋਕਤੰਤਰ ਵਿਚ ਪੰਚਾਇਤਾਂ ਨੂੰ ਲੋਕਾਂ ਦਾ ਅਤੇ ਛੋਟੇ ਮੁਲਾਜ਼ਮਾਂ ਨੂੰ ਪੰਚਾਇਤਾਂ ਦਾ ਡਰ ਰਹਿੰਦਾ ਹੈ, ਜਿਸ ਨਾਲ ਪ੍ਰਸ਼ਾਸਨ ਦੀ ਗਤੀ ਬਿਨਾਂ ਕਿਸੇ ਰੁਕਾਵਟ ਤੋਂ ਚੱਲਦੀ ਰਹਿੰਦੀ ਹੈ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

ਪੰਜਾਬੀ ਭਾਸ਼ਾ
ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਪੰਜਾਬੀ ਲਾਗੂ ਕਰਵਾਉਣ ਸਬੰਧੀ ਕਰਵਾਏ ਗਏ ਪ੍ਰੋਗਰਾਮ ਵਿਚ ਪੰਜਾਬੀ ਲੇਖਕ ਸੁਰਜੀਤ ਪਾਤਰ ਤੋਂ ਇਲਾਵਾ ਕੁਝ ਸਿਆਸੀ ਆਗੂਆਂ ਨੇ ਭਾਗ ਲਿਆ ਅਤੇ ਚੰਡੀਗੜ੍ਹ ਵਿਚ ਪੰਜਾਬੀ ਲਾਗੂ ਕਰਵਾਉਣ ਲਈ ਇਕ ਮਸ਼ਾਲ ਜਗਾਈ ਹੈ। ਇਸ ਮਸ਼ਾਲ ਨੂੰ ਰੌਸ਼ਨ ਰੱਖਣ ਲਈ ਸਾਡਾ ਸਾਰੇ ਪੰਜਾਬੀਆਂ ਦਾ ਹੱਕ ਬਣਦਾ ਹੈ ਕਿ ਸਿਆਸਤ ਤੋਂ ਉੱਪਰ ਉੱਠ ਕੇ ਇਸ ਨੂੰ ਰੌਸ਼ਨ ਰੱਖਣ ਦੀ ਕੋਸ਼ਿਸ਼ ਕਰੀਏ ਤਾਂ ਜੋ ਪੰਜਾਬੀ ਨੂੰ ਉਸ ਦਾ ਬਣਦਾ ਮਾਣ-ਸਤਿਕਾਰ ਮਿਲ ਸਕੇ ਅਤੇ ਪੰਜਾਬੀ ਸੂਬਾ ਬਣਾਉਣ ਲਈ ਕੀਤੀਆਂ ਕੁਰਬਾਨੀਆਂ ਦਾ ਸਹੀ ਮੁੱਲ ਪੈ ਸਕੇ।

-ਸਿਮਰਨ ਔਲਖ
ਪਿੰਡ ਸੀਰਵਾਲੀ (ਸ੍ਰੀ ਮੁਕਤਸਰ ਸਾਹਿਬ)।

ਸਾਫ਼-ਸਫ਼ਾਈ ਵਿਚ ਭਾਗੀਦਾਰੀ ਜ਼ਰੂਰੀ
ਸਮੇਂ-ਸਮੇਂ 'ਤੇ ਵੱਖ-ਵੱਖ ਸਰਕਾਰਾਂ ਵਲੋਂ ਸਾਫ਼-ਸਫ਼ਾਈ ਲਈ ਕਈ ਤਰ੍ਹਾਂ ਦੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਰਹੀਆਂ ਹਨ। ਅਜਿਹੀਆਂ ਮੁਹਿੰਮਾਂ ਅਤੇ ਪ੍ਰਚਾਰ ਸਾਨੂੰ ਸਭ ਨੂੰ ਆਪਣੇ ਆਲੇ-ਦੁਆਲੇ ਅਤੇ ਵਾਤਾਵਰਨ ਦੀ ਸਵੱਛਤਾ ਲਈ ਜਾਗਰੂਕ ਕਰਦੇ ਹਨ ਅਤੇ ਸਾਨੂੰ ਆਪਣੇ ਆਲੇ-ਦੁਆਲੇ ਦੀ ਸਾਫ਼-ਸਫ਼ਾਈ ਰੱਖਣ ਲਈ ਸੁਚੇਤ ਕਰਦੇ ਹਨ, ਜੋ ਕਿ ਬਹੁਤ ਹੀ ਚੰਗੀ ਅਤੇ ਨੇਕ ਗੱਲ ਹੈ। ਇਸ ਸਭ ਲਈ ਸਾਨੂੰ ਜ਼ਰੂਰਤ ਹੈ ਕਿ ਅਸੀਂ ਆਪਣੇ ਘਰ-ਪਰਿਵਾਰ, ਆਲੇ-ਦੁਆਲੇ ਅਤੇ ਸਮਾਜ ਵਿਚ ਸਾਫ਼-ਸਫ਼ਾਈ ਰੱਖੀਏ, ਆਪ ਜਾਗਰੂਕ ਹੋ ਜਾਈਏ, ਦੂਸਰਿਆਂ ਨੂੰ ਵੀ ਇਸ ਬਾਰੇ ਸੁਚੇਤ ਕਰੀਏ। ਸਾਨੂੰ ਸਭ ਨੂੰ ਇਹ ਕੋਸ਼ਿਸ਼ ਕਰਨੀ ਬਣਦੀ ਹੈ ਕਿ ਅਸੀਂ ਜਿੰਨਾ ਵੀ ਸੰਭਵ ਹੋ ਸਕੇ, ਜਨਤਕ ਥਾਵਾਂ ਦੀ ਸਾਂਭ ਸੰਭਾਲ, ਸਾਫ਼-ਸਫ਼ਾਈ ਰੱਖਣ ਦੀ ਕੋਸ਼ਿਸ਼ ਕਰੀਏ, ਵੱਧ ਤੋਂ ਵੱਧ ਆਲੇ-ਦੁਆਲੇ ਰੁੱਖ-ਬੂਟੇ ਲਗਾਈਏ, ਬਾਜ਼ਾਰ ਜਾਣ ਸਮੇਂ ਘਰੋਂ ਕੱਪੜੇ ਜਾਂ ਪਟਸਨ ਦਾ ਥੈਲਾ ਨਾਲ ਲੈ ਕੇ ਜਾਈਏ। ਜਨਤਕ ਥਾਵਾਂ 'ਤੇ ਸਥਿਤ ਪਖਾਨਿਆਂ ਆਦਿ ਦੀ ਵਰਤੋਂ ਤੋਂ ਬਾਅਦ ਸਾਫ਼-ਸਫ਼ਾਈ ਰੱਖਣ ਨਾਲ ਵੀ ਸਵੱਛਤਾ ਕਾਇਮ ਰੱਖੀ ਜਾ ਸਕਦੀ ਹੈ। ਬਿਸਕੁਟਾਂ, ਚਾਕਲੇਟਾਂ, ਚਿਪਸਾਂ ਆਦਿ ਦੇ ਖਾਲੀ ਲਿਫ਼ਾਫ਼ਿਆਂ ਨੂੰ ਇਧਰ-ਉਧਰ ਸੁੱਟਣ ਦੀ ਥਾਂ ਸਹੀ ਜਗ੍ਹਾ 'ਤੇ ਕੂੜੇਦਾਨ ਆਦਿ ਵਿਚ ਪਾ ਕੇ ਵੀ ਸਫ਼ਾਈ ਮੁਹਿੰਮ ਵਿਚ ਅਸੀਂ ਆਪਣਾ ਸਹੀ ਯੋਗਦਾਨ ਪਾ ਸਕਦੇ ਹਾਂ। ਇਸ ਤਰ੍ਹਾਂ ਸਾਡੀ ਸਭ ਦੀ ਸਾਫ਼-ਸਫ਼ਾਈ ਵਿਚ ਭਾਗੀਦਾਰੀ ਨਾਲ ਵਾਤਾਵਰਨ ਅਤੇ ਸਾਡਾ ਆਲਾ-ਦੁਆਲਾ ਸ਼ੁੱਧ ਰਹਿ ਸਕਦਾ ਹੈ।

-ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ।

ਨਸ਼ਿਆਂ ਦਾ ਕਹਿਰ
ਇਨਸਾਨ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਬੋਝ ਹੁੰਦਾ ਹੈ ਬੁੱਢੇ ਪਿਓ ਵਲੋਂ ਆਪਣੇ ਜਵਾਨ ਪੁੱਤ ਦੀ ਅਰਥੀ ਨੂੰ ਮੋਢਾ ਦੇਣਾ। ਪਰ ਅੱਜ ਸਾਡੇ ਪੰਜਾਬ ਅੰਦਰ ਤਾਂ ਘਰ-ਘਰ ਇਹ ਕਹਿਰ ਵਾਪਰ ਰਿਹਾ ਹੈ। ਰੋਜ਼ਾਨਾ ਨਸ਼ੇ ਦੀ ਵਧੇਰੇ ਵਰਤੋਂ ਨਾਲ ਅਨੇਕਾਂ ਨੌਜਵਾਨਾਂ ਦੀ ਮੌਤ ਹੋਣਾ ਪੰਜਾਬ ਦੇ ਵਿਨਾਸ਼ ਵੱਲ ਵਧਣ ਦੀ ਨਿਸ਼ਾਨੀ ਹੈ। ਮਾਵਾਂ, ਭੈਣਾਂ ਤੇ ਸੁਹਾਗਣਾਂ ਦੇ ਵੈਣ ਸਰਕਾਰਾਂ 'ਤੇ ਕੋਈ ਅਸਰ ਨਹੀਂ ਪਾ ਰਹੇ। ਪੰਜਾਬ ਵਿਚੋਂ ਨਸ਼ਾ ਖ਼ਤਮ ਕਰਨ ਦਾ ਦਾਅਵਾ ਕਰਨ ਵਾਲੀਆਂ ਸਰਕਾਰਾਂ ਪੰਜਾਬ ਦੇ ਅਜਿਹੇ ਹਾਲਾਤ 'ਤੇ ਚੁੱਪ ਕਿਉਂ ਹਨ? ਚਿੱਟਾ ਅੱਜ ਪੰਜਾਬ ਦੀ ਨੌਜਵਾਨੀ ਨੂੰ ਘੁਣ ਵਾਂਗ ਖਾ ਰਿਹਾ। ਪੰਜ ਦਰਿਆਵਾਂ ਦੀ ਧਰਤੀ ਪੰਜਾਬ, ਜਿਸ ਨੂੰ ਅਨੇਕਾਂ ਸੂਰਬੀਰਾਂ, ਯੋਧਿਆਂ ਦੀ ਧਰਤੀ ਕਰਕੇ ਜਾਣਿਆ ਜਾਂਦਾ ਸੀ, ਅੱਜ ਉਥੇ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਨੇ ਘਰਾਂ ਦੇ ਘਰ ਤਬਾਹ ਕਰਕੇ ਰੱਖ ਦਿੱਤੇ ਹਨ, ਪੰਜਾਬ ਦੀ ਜਵਾਨੀ ਨੂੰ ਰੋਲ ਕੇ ਰੱਖ ਦਿੱਤਾ ਹੈ। ਪੰਜਾਬ ਜਿਸ ਨੇ ਕਦੇ ਦੁਸ਼ਮਣ ਦੀ ਈਨ ਨਹੀਂ ਸੀ ਮੰਨੀ, ਅੱਜ ਇਸ ਦੇ ਵਾਰਿਸਾਂ ਨੇ ਖੁਦ ਇਸ ਨੂੰ ਉਜਾੜ ਕੇ ਰੱਖ ਦਿੱਤਾ ਹੈ। ਹਰੀ ਸਿੰਘ ਨਲੂਆ ਦੇ ਵਾਰਿਸ, ਜੋ ਕਦੇ ਹਥਿਆਰਾਂ ਨਾਲ ਖ਼ਤਮ ਨਹੀਂ ਸਨ ਹੋਏ, ਹੁਣ ਛੋਟੀਆਂ-ਛੋਟੀਆਂ ਸਰਿੰਜਾਂ ਦੀ ਚੋਭ ਨਾਲ ਹੀ ਖ਼ਤਮ ਹੋ ਜਾਣਗੇ। ਪੰਜਾਬੀਓ, ਉਠੋ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਖੁਦ ਹੰਭਲਾ ਮਾਰੋ। ਸਰਕਾਰ 'ਤੇ ਆਸ ਨਾ ਰੱਖੋ।
-ਜਸਪ੍ਰੀਤ ਕੌਰ ਸੰਘਾ
ਤਨੂੰਲੀ, ਹੁਸ਼ਿਆਰਪੁਰ।

09-07-2018

 ਵਿਰਾਸਤੀ ਖੇਡਾਂ
ਸਿੱਖਿਆ ਵਿਭਾਗ ਪੰਜਾਬ ਵਲੋਂ 'ਖੇਡੋ ਪੰਜਾਬ' ਮੁਹਿੰਮ ਤਹਿਤ ਜੋ ਵਿਰਾਸਤੀ ਖੇਡ ਨੀਤੀ ਬਣਾਈ ਗਈ ਹੈ, ਉਹ ਬੇਹੱਦ ਸ਼ਲਾਘਾਯੋਗ ਹੈ। ਪਹਿਲੀ ਤੋਂ ਲੈ ਕੇ 12ਵੀਂ ਜਮਾਤ ਤੱਕ 33 ਦੇ ਕਰੀਬ ਬਣਦੀਆਂ ਇਹ ਵਿਰਾਸਤੀ ਖੇਡਾਂ ਖੇਡਣਾ ਵਿਭਾਗ ਵਲੋਂ ਜ਼ਰੂਰੀ ਕਰਨਾ ਵੀ ਚੰਗੀ ਗੱਲ ਹੈ। ਵੱਡੀ ਗੱਲ ਇਹ ਵੀ ਹੈ ਕਿ ਅੱਜ ਦੇ ਬੱਚਿਆਂ ਨੂੰ ਅਲੋਪ ਹੋ ਚੁੱਕੀਆਂ ਸਾਡੀਆਂ ਅਮੀਰ ਤੇ ਮਹਾਨ ਵਿਰਾਸਤੀ ਖੇਡਾਂ ਬਾਰੇ ਗਿਆਨ ਵੀ ਹੋਵੇਗਾ। ਵਿਭਾਗ ਦੀ ਇਹ ਗੱਲ ਵੀ ਚੰਗੀ ਹੈ ਕਿ ਹਰ ਵਿਦਿਆਰਥੀ ਦਾ ਇਨ੍ਹਾਂ ਖੇਡਾਂ 'ਚ ਹਿੱਸਾ ਲੈਣਾ ਜ਼ਰੂਰੀ ਕੀਤਾ ਗਿਆ ਹੈ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।


ਹਰੀਕੇ ਪੱਤਣ ਸੈਰਗਾਹ
ਪਿਛਲੀ ਸਰਕਾਰ ਸਮੇਂ ਹਰੀਕੇ ਪੱਤਣ ਵਿਖੇ ਸੈਰ-ਸਪਾਟਾ ਵਿਭਾਗ ਵਲੋਂ ਸੈਲਾਨੀਆਂ ਲਈ ਜਿਥੇ ਜਲ ਬੱਸ ਯੋਜਨਾ ਚਲਾਈ ਗਈ ਸੀ, ਉਥੇ ਮੌਜੂਦਾ ਸਰਕਾਰ ਵਲੋਂ ਜਲ ਬਸ ਨੂੰ ਬਰੇਕਾਂ ਲਗਾ ਦਿੱਤੀਆਂ ਸਨ ਤੇ ਹੁਣ ਵਿਸ਼ਵ ਪੱਧਰ 'ਤੇ ਹਰੀਕੇ ਪੱਤਣ ਨੂੰ ਸੈਰਗਾਹ ਵਜੋਂ ਵਿਕਸਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਹਰੀਕੇ ਪੱਤਣ ਵਿਖੇ ਦੋ ਦਰਿਆਵਾਂ ਦਾ ਮੇਲ ਹੁੰਦਾ ਹੈ, ਇਸ ਨੂੰ ਹੁਣ ਜੰਗਲਾਤ ਵਿਭਾਗ, ਸੈਰ-ਸਪਾਟਾ, ਸਿੰਚਾਈ ਮਹਿਕਮਾ ਸਾਂਝੇ ਤੌਰ 'ਤੇ ਮਿਲ ਕੇ ਸੈਰਗਾਹ ਵਜੋਂ ਵਿਕਸਤ ਕਰਨ ਵਿਚ ਸਹਿਯੋਗ ਕਰਨਗੇ। ਮੌਜੂਦਾ ਸਰਕਾਰ ਵਲੋਂ ਜਿਥੇ ਹਰੀਕੇ ਪੱਤਣ ਨੂੰ ਸੈਰ-ਸਪਾਟੇ ਵਜੋਂ ਵਿਕਸਤ ਕਰਨ ਲਈ ਕੀਤਾ ਜਾ ਰਿਹਾ ਇਹ ਉਪਰਾਲਾ ਸ਼ਲਾਘਾਯੋਗ ਹੈ, ਉਥੇ ਇਹ ਵੀ ਜ਼ਰੂਰੀ ਹੋਵੇ ਕਿ ਜਦੋਂ ਨਵੀਂ ਸਰਕਾਰ ਬਣਦੀ ਹੈ ਤਾਂ ਇਸ ਚੱਲ ਰਹੇ ਕੰਮ 'ਤੇ ਰੋਕ ਲਗਾਉਣ ਦੀ ਥਾਂ ਅੱਗੇ ਹੋਰ ਵਿਕਾਸ ਵੱਲ ਲਿਜਾਵੇ ਤਾਂ ਜੋ ਸਰਕਾਰ ਦਾ ਲੱਗਿਆ ਪੈਸਾ ਅਜਾਈਂ ਨਾ ਜਾਏ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਪਾਓ ਨਿਮਰਤਾ ਦਾ ਗਹਿਣਾ
ਮੰਨਿਆ ਜਾਂਦਾ ਹੈ ਕਿ ਸਾਰੇ ਇਨਸਾਨ ਬਰਾਬਰ ਹਨ। ਸਭ ਨੂੰ ਸਿਰਜਣਹਾਰ ਪਰਮਾਤਮਾ ਨੇ ਇਕੋ ਜਿਹੀ ਸਰੀਰਕ ਦਿੱਖ ਤੇ ਅੰਦਰੂਨੀ ਲੱਛਣ ਦਿੱਤੇ ਹਨ ਪਰ ਅਜਿਹਾ ਕੀ ਹੁੰਦਾ ਹੈ ਕਿਸੇ ਵਿਚ, ਕੀ ਅਸੀਂ ਉਸ ਨੂੰ ਭੁਲਾ ਨਹੀਂ ਸਕਦੇ। ਅਸਲ ਵਿਚ ਸਾਨੂੰ ਕਿਸੇ ਵਿਅਕਤੀ ਦੀ ਸ਼ਖ਼ਸੀਅਤ ਇੰਨੀ ਪ੍ਰਭਾਵਿਤ ਕਰ ਜਾਂਦੀ ਹੈ ਕਿ ਅਸੀਂ ਉਸ ਨੂੰ ਅਤੇ ਉਸ ਜਿਹੇ ਵਿਅਕਤੀਆਂ ਨੂੰ ਮਿਲਣਾ ਅਤੇ ਉਨ੍ਹਾਂ ਵਿਚ ਵਿਚਰਨਾ ਵਧੇਰੇ ਪਸੰਦ ਕਰਦੇ ਹਾਂ। ਜਿਹੜਾ ਇਨਸਾਨ ਸਾਡੇ ਨਾਲ ਚੰਗਾ ਵਿਹਾਰ ਕਰਦਾ ਹੈ, ਮਿੱਠਾ ਬੋਲਦਾ ਹੈ, ਉਸ ਬਾਰੇ ਅਸੀਂ ਆਮ ਕਰ ਕੇ ਕਹਿੰਦੇ ਹਾਂ ਕਿ ਉਹ ਚੰਗੀ ਸ਼ਖ਼ਸੀਅਤ ਦਾ ਮਾਲਕ ਹੈ। ਬੇਸ਼ੱਕ ਇਹ ਅਨੇਕਾਂ ਗੁਣ ਚੰਗੀ ਸ਼ਖ਼ਸੀਅਤ ਦੇ ਲਖਾਇਕ ਹਨ ਪਰ ਇਨ੍ਹਾਂ ਤੋਂ ਬਿਨਾਂ ਕੁਝ ਅੰਦਰੂਨੀ ਗੁਣ ਹਨ ਜੋ ਸਾਡੀ ਸ਼ਖ਼ਸੀਅਤ ਨੂੰ ਸਮਾਜ ਸਾਹਮਣੇ ਉਭਾਰਨ ਵਿਚ ਬਹੁਤ ਵੱਡਾ ਯੋਗਦਾਨ ਪਾਉਂਦੇ ਹਨ। ਚੰਗੀ ਅਤੇ ਉੱਚੀ ਸ਼ਖ਼ਸੀਅਤ ਨੂੰ ਕਿਸੇ ਇਨਸਾਨ ਅੰਦਰਲੇ ਨਿਮਰਤਾ ਵਾਲੇ ਭਾਵਾਂ ਤੋਂ ਹੀ ਮਾਪਿਆ ਜਾਂਦਾ ਹੈ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।


ਨਾਜਾਇਜ਼ ਕਾਲੋਨੀਆਂ 'ਤੇ ਕਾਰਵਾਈ
18 ਜੂਨ ਨੂੰ ਜ਼ੀਰਕਪੁਰ ਵਿਚ ਬਣ ਰਹੀਆਂ ਨਾਜਾਇਜ਼ ਕਾਲੋਨੀਆਂ ਬਾਰੇ ਕੌਂਸਲਰਾਂ, ਅਧਿਕਾਰੀਆਂ ਤੇ ਕੌਂਸਲਰ ਪ੍ਰਧਾਨ ਦੇ ਚੁੱਪ ਵੱਟਣ ਬਾਰੇ ਖ਼ਬਰ ਪੜ੍ਹੀ। ਇਸ ਖ਼ਬਰ ਤੋਂ ਤਾਂ ਸਾਫ਼ ਹੈ ਕਿ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਖੱਜਲਖੁਆਰੀ ਕਰਨ ਵਿਚ ਏਹ ਬਰਾਬਰ ਦੇ ਹਿੱਸੇਦਾਰ ਹਨ। ਜਲੰਧਰ ਵਿਚ ਕੀਤੀ ਗਈ ਗ਼ੈਰ-ਕਾਨੂੰਨੀ ਕਾਲੋਨੀਆਂ ਉਤੇ ਕਾਰਵਾਈ ਦੀ ਸਮਝ ਵਿਧਾਇਕ ਨੂੰ ਆ ਗਈ। ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਲੋਕ ਆਪਣੇ ਨਾਲ ਹੋਏ ਧੋਖੇ ਬਾਰੇ ਦੁਹਾਈ ਪਾਉਂਦੇ ਹਨ ਤਾਂ ਏਹ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਤਾਂ ਇਵੇਂ ਅੱਗੇ ਨਹੀਂ ਆਉਂਦੇ। ਦੂਸਰਾ ਸਰਕਾਰ ਬਿਲਡਰਾਂ ਅਤੇ ਪ੍ਰਾਪਰਟੀ ਡੀਲਰਾਂ ਦੇ ਬਣਾਇਆਂ ਨਹੀਂ ਬਣਦੀ, ਲੋਕਾਂ ਦੀਆਂ ਵੋਟਾਂ ਵੀ ਅਹਿਮੀਅਤ ਰੱਖਦੀਆਂ ਹਨ। ਜਦੋਂ ਲੋਕਾਂ ਨੂੰ ਫਲੈਟ ਅਤੇ ਪਲਾਟ ਵੇਚੇ ਜਾਂਦੇ ਹਨ ਤਾਂ ਜੋ ਵਿਖਾਇਆ ਅਤੇ ਦੱਸਿਆ ਜਾਂਦਾ ਹੈ, ਉਹ ਬਿਲਕੁਲ ਨਹੀਂ ਦਿੱਤਾ ਜਾਂਦਾ। ਲੋਕ ਧਰਨੇ ਦਿੰਦੇ ਹਨ, ਅਖ਼ਬਾਰਾਂ ਵਿਚ ਖਬਰਾਂ ਲਗਾਉਂਦੇ ਹਨ ਪਰ ਨਾ ਬਿਲਡਰ 'ਤੇ ਅਸਰ ਹੁੰਦਾ ਹੈ ਅਤੇ ਨਾ ਵਿਭਾਗ 'ਤੇ। ਬਿਲਕੁਲ ਜੋ ਕਦਮ ਚੁੱਕੇ ਗਏ ਹਨ ਜਨ ਹਿਤ ਵਿਚ ਹਨ। ਇੰਜ ਦੇ ਕਦਮ ਚੁੱਕਣੇ ਸਮੇਂ ਦੀ ਬਹੁਤ ਜ਼ਰੂਰਤ ਹੈ। ਇੰਜ ਦੇ ਸਖ਼ਤ ਕਦਮ ਹੀ ਚੁੱਕਿਆਂ ਕੋਈ ਸੁਧਾਰ ਹੋ ਸਕਦਾ ਹੈ। ਕੁਝ ਇਕ ਲੋਕਾਂ ਨੂੰ ਏਹ ਕਦਮ ਚੰਗੇ ਨਹੀਂ ਲੱਗ ਰਹੇ। ਬਹੁ ਗਿਣਤੀ ਖੁਸ਼ ਹੈ ਅਤੇ ਸਹੀ ਕਾਰਵਾਈ ਕਰਨ ਵਾਲੇ ਦੇ ਨਾਲ ਹੈ।


-ਪ੍ਰਭਜੋਤ ਕੌਰ ਢਿੱਲੋਂ


ਧਰਮ ਤੇ ਰਾਜਨੀਤੀ
29 ਜੂਨ ਨੂੰ ਸੰਪਾਦਕੀ ਪੰਨੇ 'ਤੇ ਸਰਗੋਸ਼ੀਆਂ ਵਿਚ ਹਰਜਿੰਦਰ ਸਿੰਘ ਲਾਲ ਨੇ 'ਸਿੱਖ ਪੰਥ ਵਿਚ ਆਈਆਂ ਕਮਜ਼ੋਰੀਆਂ ਦਾ ਕੀ ਕਾਰਨ ਹੈ?' ਦੇ ਸਿਰਲੇਖ ਹੇਠ ਸਿੱਖ ਕੌਮ ਦੇ ਕਮਜ਼ੋਰ ਹੋਣ ਦੀ ਗੱਲ ਕੀਤੀ ਹੈ। ਜਿਸ ਵਿਚ ਲੇਖਕ ਦਾ ਮੰਨਣਾ ਹੈ ਕਿ ਰਾਜਨੀਤੀ ਧਰਮ 'ਤੇ ਭਾਰੂ ਪੈ ਗਈ ਹੈ। ਅੱਜ ਲੋੜ ਹੈ ਧਰਮ ਨੂੰ ਰਾਜਨੀਤੀ ਦੀ ਜਕੜ 'ਚੋਂ ਬਾਹਰ ਕੱਢਣ ਦੀ। ਇਸ ਲਈ ਸ਼੍ਰੋਮਣੀ ਕਮੇਟੀ ਮੈਂਬਰ ਅਜਿਹੇ ਚੁਣੇ ਜਾਣ ਜੋ ਮੈਂ ਮਰਾਂ ਪੰਥ ਜੀਵੇ ਦੇ ਧਾਰਨੀ ਹੋਣ। ਗੁਰਦੁਆਰਿਆਂ ਦੇ ਪਾਠੀ ਪੜ੍ਹੇ-ਲਿਖੇ, ਦੂਰ ਅੰਦੇਸ਼ੀ ਸੋਚ ਵਾਲੇ ਸਿੱਖ ਧਰਮ ਨੂੰ ਅਜਿਹੀ ਸਥਿਤੀ 'ਚੋਂ ਬਾਹਰ ਕੱਢ ਸਕਦੇ ਹਨ। ਸੋ ਸਿੱਖ ਧਰਮ ਨੂੰ ਪਹਿਲਾਂ ਪਿੰਡ-ਪਿੰਡ ਇਕ ਗੁਰਦੁਆਰਾ ਸਾਹਿਬ ਤੇ ਉਸ ਵਿਚ ਪੜ੍ਹਿਆ-ਲਿਖਿਆ ਪਾਠੀ ਸਿੰਘ ਰੱਖਣਾ ਪਵੇਗਾ ਜੋ ਸਾਡੀ ਨੌਜਵਾਨ ਪੀੜ੍ਹੀ ਨੂੰ ਸਿੱਖ ਧਰਮ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾ ਸਕਦਾ ਹੋਵੇ। ਇਸ ਸਬੰਧੀ ਸਿੱਖਾਂ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਮੋਗਾ।

06-07-2018

 ਸ਼ਲਾਘਾਯੋਗ ਕਦਮ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਸਫ਼ੇ 'ਤੇ 'ਮਿਸ਼ਨ ਤੰਦਰੁਸਤ ਪੰਜਾਬ' ਕਾਲਮ ਪੜ੍ਹਿਆ, ਮਨ ਨੂੰ ਬਹੁਤ ਖੁਸ਼ੀ ਹੋਈ। ਸ: ਹਮਦਰਦ ਹੁਰਾਂ ਵੀ ਪੰਜਾਬ ਦੇ ਮੁੱਖ ਮੰਤਰੀ ਅਤੇ ਸ: ਸਿੱਧੂ ਵਲੋਂ ਵਾਤਾਵਰਨ ਨੂੰ ਲੈ ਕੇ ਚੁੱਕੇ ਕਦਮਾਂ ਦੀ ਪੁਰਜ਼ੋਰ ਸ਼ਲਾਘਾ ਕੀਤੀ ਹੈ। ਜੇਕਰ ਕੋਈ ਨੇਕ ਤੇ ਵਧੀਆ ਕਾਰਜ ਕਰਦਾ ਹੈ ਤਾਂ ਸਭ ਦੀ ਦਿਲ ਖੋਲ੍ਹ ਕੇ ਤਾਰੀਫ਼ ਕਰਨ 'ਚ ਕੋਈ ਕਸਰ ਨਹੀਂ ਛੱਡਣੀ ਚਾਹੀਦੀ। ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਪੌਦੇ ਵੰਡ ਕੇ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ 10 ਹਜ਼ਾਰ ਦੇ ਕਰੀਬ ਪੂੰਗ ਪਾਣੀਆਂ 'ਚ ਸੁੱਟ ਕੇ ਇਹ ਸਾਬਤ ਕਰ ਦਿੱਤਾ ਕਿ ਸਰਕਾਰ ਵਾਤਾਵਰਨ ਪ੍ਰਤੀ ਪੂਰੀ ਤਰ੍ਹਾਂ ਸੁਹਿਰਦ ਹੈ। ਪੰਜਾਬ ਨੂੰ ਹਰਿਆ-ਭਰਿਆ ਕਰਨ 'ਚ ਕੋਈ ਕਸਰ ਨਹੀਂ ਛੱਡੀ ਜਾਏਗੀ। ਹਰੇਕ ਘਰ 'ਚ ਜੇਕਰ ਘੱਟੋ-ਘੱਟ ਇਕ-ਇਕ ਬੂਟਾ ਲਗਾਉਣ ਦਾ ਟੀਚਾ ਪੂਰਾ ਹੋ ਗਿਆ ਤਾਂ ਕੋਈ ਸ਼ੱਕ ਨਹੀਂ ਪੰਜਾਬ ਦੀ ਸਮੁੱਚੀ ਧਰਤੀ ਹਰੀ-ਭਰੀ ਹੋ ਜਾਵੇਗੀ ਤੇ ਵਾਤਾਵਰਨ ਵੀ ਪੂਰੀ ਤਰ੍ਹਾਂ ਮਨੁੱਖ ਦੇ ਰਹਿਣ ਦੇ ਅਨੁਕੂਲ ਹੋ ਜਾਵੇਗਾ। ਲੋੜ ਹੈ ਇਸ ਅਮਲੇ ਨੂੰ ਯਕੀਨੀ ਬਣਾ ਕੇ ਸਰਕਾਰ ਦੇ ਮਨੋਰਥ ਨੂੰ ਸਫ਼ਲ ਬਣਾਈਏ।


-ਮਾਸਟਰ ਦੇਵਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਦੁੱਖਦਾਈ ਖ਼ਬਰਾਂ
ਸਾਡੇ ਪੰਜਾਬੀ ਲੋਕ ਦੁਨੀਆ ਦੇ ਹਰ ਖਿੱਤੇ ਵਿਚ ਪੁੱਜ ਚੁੱਕੇ ਹਨ ਤੇ ਉਨ੍ਹਾਂ ਨੇ ਸਖ਼ਤ ਮਿਹਨਤ ਕਰਕੇ ਤੇ ਹੋਰ ਦੁਸ਼ਵਾਰੀਆਂ ਸਹਿ ਕੇ ਆਪਣਾ ਜੀਵਨ ਤਾਂ ਚੰਗਾ ਬਣਾਇਆ ਹੀ ਹੈ, ਨਾਲ ਹੀ ਉਥੋਂ ਚੰਗੀ ਕਮਾਈ ਕਰਕੇ ਪਿਛਲਿਆਂ ਦੀ ਵੀ ਜੀਵਨ ਜੁਗਤ ਸੰਵਾਰੀ ਹੈ ਤੇ ਹੁਣ ਤੱਕ ਸੰਵਾਰੀ ਜਾ ਰਹੀ ਹੈ। ਕਈ ਥਾਵਾਂ 'ਤੇ ਤਾਂ ਮਿੰਨੀ ਪੰਜਾਬ ਵੀ ਬਣ ਗਏ ਹਨ, ਰਾਜਭਾਗਾਂ ਵਿਚ ਤੇ ਅਨੇਕਾਂ ਕੰਮਾਂ ਕਾਰਾਂ ਵਿਚ ਸਾਡੇ ਪੰਜਾਬੀ ਪੂਰੀ ਤਰ੍ਹਾਂ ਛਾਏ ਹੋਏ ਹਨ ਤੇ ਪੰਜਾਬੀਆਂ ਦਾ ਅਕਸ ਉੱਚਾ ਤੇ ਵਧੀਆ ਹੋ ਰਿਹਾ ਹੈ। ਪਰ ਕਈ ਵਾਰ ਮਨ ਬਹੁਤ ਹੀ ਉਦਾਸ ਹੁੰਦਾ ਹੈ ਜਦੋਂ ਕੁਝ ਕੁ ਬੰਦੇ ਗ਼ਲਤ ਕੰਮ ਕਰਕੇ ਸਭ ਨੂੰ ਹੀ ਬਦਨਾਮ ਕਰ ਦਿੰਦੇ ਹਨ। ਨਸ਼ਿਆਂ 'ਚ ਵੀ ਕਈ ਥਾਂ ਪੰਜਾਬੀਆਂ ਦਾ ਨਾਂਅ ਬੋਲਿਆ ਹੈ। ਪੰਜਾਬ ਦੀ ਨਵੀਂ ਪੀੜ੍ਹੀ ਦੇ ਕੁਝ ਮੁੰਡੇ ਪੰਜਾਬ ਵਾਂਗ ਉਥੇ ਵੀ ਗੈਂਗਵਾਰ ਜਾਂ ਹੋਰ ਗ਼ਲਤ ਪਾਸੇ ਤੁਰਦੇ ਨਜ਼ਰ ਆ ਰਹੇ ਹਨ। ਤਾਜ਼ੀ ਘਟਨਾ ਜੋ ਬਰੈਂਪਟਨ 'ਚ ਕੁੱਟਮਾਰ ਦੀ ਹੋਈ ਹੈ, ਉਸ ਨੇ ਪੰਜਾਬੀਆਂ ਦਾ ਨਾਂਅ ਬਦਨਾਮ ਕੀਤਾ ਹੈ।


-ਬਲਬੀਰ ਸਿੰਘ ਬੱਬੀ
ਪੰਜਾਬੀ ਸਾਹਿਤ ਸਭਾ, ਸਮਰਾਲਾ (ਲੁਧਿਆਣਾ)।


ਗੁਲਾਮੀ ਕੱਦ ਤੱਕ
ਪਿਛਲੇ ਸਮਿਆਂ 'ਚ ਗੁਲਾਮ ਦੇਸ਼ਾਂ 'ਚੋਂ ਦੁਨੀਆ ਭਰ 'ਚ ਹੈਂਕੜ ਚਲਾਉਣ ਵਾਲੀਆਂ ਤਾਕਤਾਂ ਦੇ ਕਾਰਕੁਨ ਲੋਕਾਂ ਨੂੰ ਧੱਕੇ ਨਾਲ ਗੁਲਾਮ ਬਣਾ ਕੇ ਲੈ ਜਾਂਦੇ ਸਨ। ਇਨ੍ਹਾਂ ਗੁਲਾਮਾਂ ਨੂੰ ਅੱਗੇ ਮੰਡੀਆਂ 'ਚ ਵੇਚ ਦਿੱਤਾ ਜਾਂਦਾ ਸੀ। ਉਪਰੋਕਤ ਗੁਲਾਮੀ ਵਾਲਾ ਵਰਤਾਰਾ ਅੱਜ ਵੀ ਜਾਰੀ ਹੈ। ਪਰ ਇਸ ਦੀ ਪਰਿਭਾਸ਼ਾ ਬਦਲ ਗਈ ਹੈ। ਹੁਣ ਲੋਕਾਂ ਨੂੰ ਧੱਕੇ ਨਾਲ ਗੁਲਾਮ ਨਹੀਂ ਬਣਾਇਆ ਜਾਂਦਾ। ਹੁਣ ਤਾਂ ਬਹੁਤੇ ਗ਼ਰੀਬ ਦੇਸ਼ਾਂ ਦੇ ਲੋਕ ਖੁਦ ਪੱਲਿਉਂ ਪੈਸੇ ਖਰਚ ਕੇ ਬਾਹਰਲੇ ਦੇਸ਼ਾਂ 'ਚ ਜਾ ਕੇ ਗੁਲਾਮ ਹੋ ਰਹੇ ਹਨ। ਦੁੱਖ ਦੀ ਗੱਲ ਇਹ ਹੈ ਕਿ ਗ਼ਰੀਬ ਤੇ ਬੇਰੁਜ਼ਗਾਰਾਂ ਨੂੰ ਅਖੌਤੀ ਕਿਰਤ ਦੇ ਨਾਂਅ 'ਤੇ ਗੁਲਾਮ ਬਣਾਇਆ ਜਾ ਰਿਹਾ ਹੈ। ਸਰਕਾਰਾਂ ਇਸ ਵਰਤਾਰੇ ਤੋਂ ਅਨਜਾਣ ਨਹੀਂ ਹਨ। ਪਰ ਲਗਦਾ ਹੈ ਕਿ ਸਰਕਾਰਾਂ ਇਨ੍ਹਾਂ ਤਾਕਤਾਂ ਅੱਗੇ ਬੇਵੱਸ ਹਨ। ਅਜਿਹਾ ਸਭ ਸਮਾਜਿਕ ਸੁਰੱਖਿਆ ਦੀ ਘਾਟ ਕਾਰਨ ਤੇ ਕਾਨੂੰਨੀ ਤੌਰ 'ਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਦੀ ਘਾਟ ਕਾਰਨ ਹੋ ਰਿਹਾ ਹੈ। ਅੱਜ ਜ਼ਰੂਰੀ ਹੈ ਕਿ ਸਮਾਜਿਕ ਸੁਰੱਖਿਆ ਤੇ ਮਨੁੱਖੀ ਅਧਿਕਾਰਾਂ ਨੂੰ ਪਹਿਲ ਦੇ ਕੇ ਲੋਕਾਂ ਨੂੰ ਹਿਜ਼ਰਤ ਕਰਨ ਤੋਂ ਰੋਕਿਆ ਜਾਵੇ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਬਜ਼ੁਰਗਾਂ ਦੀ ਸਹਾਇਤਾ ਕੀਤੀ ਜਾਵੇ
ਜਦੋਂ ਵਾੜ ਖੇਤ ਨੂੰ ਖਾਣ ਲੱਗ ਜਾਏ ਤਾਂ ਖੇਤ ਦਾ ਬਚਣਾ ਬਹੁਤ ਔਖਾ ਹੁੰਦਾ ਹੈ। ਮਾਪਿਆਂ ਨੂੰ ਵਧੇਰੇ ਕਰਕੇ ਨੂੰਹ ਪੁੱਤ ਤੰਗ-ਪ੍ਰੇਸ਼ਾਨ ਕਰਦੇ ਹਨ। ਮਾਪੇ ਜਿਵੇਂ-ਤਿਵੇਂ ਕਿਧਰੇ ਸ਼ਿਕਾਇਤ ਕਰਦੇ ਹਨ ਤਾਂ ਦੂਜੇ ਪ੍ਰਭਾਵਸ਼ਾਲੀ ਲੋਕਾਂ ਵਲੋਂ ਪੁੱਤਰਾਂ ਵੱਲ ਦੀ ਗੱਲ ਹੀ ਕੀਤੀ ਜਾਂਦੀ ਹੈ। ਕਿਉਂ ਕਹਿਣ ਦੀ ਜ਼ਰੂਰਤ ਹੀ ਨਹੀਂ, ਜਿਹੜਾ ਪੈਸੇ ਚੜ੍ਹਾ ਦਿੰਦਾ ਹੈ ਜਾਂ ਜਿਸ ਦਾ ਪ੍ਰਭਾਵ ਵਧੇਰੇ ਹੋਵੇ, ਸਾਰੇ ਉਸ ਦੀ ਹਾਮੀ ਭਰਦੇ ਹਨ। ਸੀਨੀਅਰ ਸਿਟੀਜ਼ਨ ਦੇ ਹੱਕ ਵਿਚ ਬਣੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਝੂਠੇ ਕੇਸਾਂ ਵਿਚ ਫਸਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਜਿਹੜੇ ਬਜ਼ੁਰਗਾਂ ਨੂੰ ਸੰਭਾਲਦੇ ਹਨ ਅਤੇ ਉਨ੍ਹਾਂ ਦੀ ਪੈਰਵੀ ਕਰਦੇ ਹਨ, ਉਨ੍ਹਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਅਤੇ ਝੂਠੇ ਕੇਸਾਂ ਵਿਚ ਫਸਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਬਜ਼ੁਰਗਾਂ ਨਾਲ ਧੱਕਾ ਕਰਨ ਵਾਲੇ ਵਿਭਾਗੀ ਅਧਿਕਾਰੀਆਂ ਉੱਪਰ ਸਖ਼ਤ ਕਾਰਵਾਈ ਕੀਤੀ ਜਾਵੇ।


-ਪ੍ਰਭਜੋਤ ਕੌਰ ਢਿੱਲੋਂ।


ਨਸ਼ਿਆਂ ਦੇ ਸੌਦਾਗਰ
ਥੋੜ੍ਹੇ ਦਿਨਾਂ ਤੋਂ ਸੋਸ਼ਲ ਮੀਡੀਆ ਰਾਹੀਂ ਜੋ ਨਸ਼ਿਆਂ ਦੀ ਭੇਟ ਚੜ੍ਹੇ ਨੌਜਵਾਨਾਂ ਦੀਆਂ ਦਰਦਨਾਕ ਤਸਵੀਰਾਂ ਵੇਖ ਰਹੇ ਹਾਂ, ਵੇਖ ਕੇ ਮਾਵਾਂ ਦੇ ਵੈਣ ਜਾਗਰੂਕ ਲੋਕਾਂ ਨੂੰ ਰਾਤ ਸੌਣ ਨਹੀਂ ਦਿੰਦੇ। ਆਖਰ ਕਸੂਰ ਕਿਸ ਦਾ ਹੈ? ਨੌਜਵਾਨਾਂ ਵਿਚ ਬੇਰੁਜ਼ਗਾਰੀ ਨਸ਼ੇ ਫੈਲਾਉਣ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਅੱਜ ਪੰਜਾਬ ਤਬਾਹੀ ਦੇ ਕੰਢੇ 'ਤੇ ਖੜ੍ਹਾ ਹੈ। ਹਵਾ ਪਾਣੀ ਪ੍ਰਦੂਸ਼ਿਤ, ਪੈਰ-ਪੈਰ 'ਤੇ ਖੁੱਲ੍ਹੀਆਂ ਜ਼ਹਿਰ ਦੀਆਂ ਹੱਟੀਆਂ (ਠੇਕੇ) ਕਦੀ ਕਿਸੇ ਮਹਿਕਮੇ ਨੇ ਚੈੱਕ ਕੀਤਾ ਹੈ ਕਿ ਉਹ ਕੀ ਵੇਚ ਰਹੇ ਹਨ? ਜੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਇਮਾਨਦਾਰੀ ਵਰਤਣ, ਪੰਜਾਬ ਦੀ ਜਵਾਨੀ ਦਾ ਫ਼ਿਕਰ ਕਰਨ ਤਾਂ ਮਾਰੂ ਨਸ਼ੇ ਰਾਤੋ-ਰਾਤ ਖ਼ਤਮ ਹੋ ਸਕਦੇ ਹਨ। ਜਾਗਰੂਕ ਲੋਕਾਂ ਨੂੰ ਭ੍ਰਿਸ਼ਟ ਪ੍ਰਸ਼ਾਸਨ ਵਿਰੁੱਧ ਖੜ੍ਹੇ ਹੋਣ ਦੀ ਲੋੜ ਹੈ। ਅੱਜ ਸਿਵਿਆਂ ਦਾ ਸੇਕ ਘਰ-ਘਰ ਪਹੁੰਚ ਗਿਆ ਹੈ। ਸਰਕਾਰ ਵੀ ਗੰਭੀਰ ਹੋਵੇ। ਦੇਰ ਹੁੰਦੀ ਜਾ ਰਹੀ ਹੈ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

04-07-2018

 ਪੈਰਾਬਿਲਟ ਦਾ ਪ੍ਰਕੋਪ

ਕਿਸਾਨਾਂ ਨੂੰ ਸਮੇਂ-ਸਮੇਂ ਕੁਦਰਤੀ ਆਫ਼ਤਾਂ ਦੀ ਮਾਰ ਪੈਂਦੀ ਰਹੀ ਹੈ। ਵਰਤਮਾਨ ਸਮੇਂ ਵਿਚ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਨਰਮੇ, ਕਪਾਹ ਦੀ ਫ਼ਸਲ ਨੂੰ ਪੈਰਾਬਿਲਟ ਨਾਂਅ ਦੀ ਬਿਮਾਰੀ ਨੇ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਬਿਮਾਰੀ ਨਾਲ ਨਰਮੇ ਦੀ ਫਸਲ ਸੁਕਣ ਲੱਗ ਪਈ ਹੈ। ਮਾਲਵਾ ਪੱਟੀ ਵਿਚ ਇਸ ਬਿਮਾਰੀ ਦਾ ਪ੍ਰਭਾਵ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਅੰਕੜਿਆਂ ਮੁਤਾਬਿਕ 600 ਏਕੜ ਦੇ ਕਰੀਬ ਨਰਮੇ ਦੀ ਫਸਲ ਬਰਬਾਦ ਹੋ ਗਈ ਹੈ।
ਕਿਸਾਨਾਂ ਦਾ ਤਰਕ ਹੈ ਕਿ ਇਸ ਬਿਮਾਰੀ ਨੂੰ ਰੋਕਣ ਲਈ ਕੀਟਨਾਸ਼ਕ ਦਵਾਈਆਂ ਬੇਅਸਰ ਸਾਬਤ ਹੋ ਰਹੀਆਂ ਹਨ। ਖੇਤੀਬਾੜੀ ਵਿਭਾਗ ਦੇ ਮਾਹਿਰ ਨਿਰੀਖਣ ਕਰ ਰਹੇ ਹਨ ਪਰ ਲੋੜ ਹੈ ਕਿ ਸਮਾਂ ਰਹਿੰਦੇ ਇਸ ਦਾ ਹੱਲ ਕੱਢਿਆ ਜਾਏ। ਸਰਕਾਰ ਨੂੰ ਬੇਨਤੀ ਹੈ ਜਿਨ੍ਹਾਂ ਕਿਸਾਨਾਂ ਦੀ ਫ਼ਸਲ ਪੂਰੀ ਤਰ੍ਹਾਂ ਖਤਮ ਹੋ ਗਈ ਹੈ, ਉਨ੍ਹਾਂ ਨੂੰ ਮੁਆਵਜ਼ਾ ਦੇ ਕੇ ਉਨ੍ਹਾਂ ਦੇ ਨੁਕਸਾਨ ਦੀ ਕੁਝ ਹੱਦ ਤੱਕ ਭਰਪਾਈ ਕੀਤੀ ਜਾਵੇ ਤੇ ਖੇਤੀਬਾੜੀ ਵਿਭਾਗ ਨੂੰ ਜ਼ਮੀਨੀ ਪੱਧਰ 'ਤੇ ਜਾਂਚ ਕਰ ਕੇ ਇਸ ਦਾ ਹੱਲ ਲੱਭਣ ਦੀ ਲੋੜ ਹੈ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ।

ਸੜਕਾਂ ਵੱਲ ਸਵੱਲੀ ਨਜ਼ਰ...

ਜਗਰਾਉਂ ਖੇਤਰ ਅਤੇ ਖਾਸ ਕਰ ਜਗਰਾਉਂ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ, ਜਿਨ੍ਹਾਂ ਉੱਪਰ ਗੱਡੀਆਂ, ਮੋਟਰਾਂ ਤਾਂ ਕੀ ਪੈਦਲ ਵੀ ਚੱਲਣਾ ਮੁਸ਼ਕਿਲ ਹੋਇਆ ਪਿਆ ਹੈ। ਜਗਰਾਉਂ ਤੋਂ ਰਾਏਕੋਟ ਜਾਂਦੀ ਸੜਕ ਉੱਪਰ ਫੁੱਟ-ਫੁੱਟ ਡੂੰਘੇ ਟੋਏ ਹਨ, ਜਿਨ੍ਹਾਂ ਦੀ ਬਰਸਾਤਾਂ ਦੇ ਦਿਨਾਂ ਵਿਚ ਹਾਲਤ ਹੋਰ ਵੀ ਬਦਤਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਕੱਚਾ ਮਾਲਕ ਰੋਡ, ਸ਼ੇਰਪੁਰ ਰੋਡ, ਜਗਰਾਉਂ ਮੁੱਖ ਸੜਕ ਦੇ ਪੁਲ ਹੇਠਾਂ ਬੱਸ ਅੱਡੇ ਦੇ ਸਾਹਮਣੇ ਵੀ ਵੱਡੇ-ਵੱਡੇ ਟੋਏ ਹਨ, ਜਿਥੋਂ ਲੋਕ ਮੁਸ਼ਕਿਲ ਨਾਲ ਹੀ ਲੰਘਦੇ ਹਨ। ਇਸੇ ਤਰ੍ਹਾਂ ਮੇਨ ਸੜਕ ਤੋਂ ਗਰੀਨ ਸਿਟੀ ਨੂੰ ਜਾਂਦੀ ਸੜਕ, ਗੁਲਾਬੀ ਬਾਗ, ਪੰਜਾਬੀ ਬਾਗ ਅਤੇ ਗੋਲਡਨ ਬਾਗ ਮੁਹੱਲਿਆਂ ਦੀਆਂ ਸੜਕਾਂ ਦੀ ਹਾਲਤ ਵੀ ਮਾੜੀ ਹੈ, ਜੋ ਤੁਰੰਤ ਧਿਆਨ ਦੀ ਮੰਗ ਕਰਦੀਆਂ ਹਨ। ਜਿਵੇਂ ਕਿ ਆਪ ਸਮੁੱਚੇ ਪੰਜਾਬ ਨੂੰ ਬੁਲੰਦੀਆਂ 'ਤੇ ਲਿਜਾਣ ਲਈ ਤਤਪਰ ਹੋ, ਇਸੇ ਤਰ੍ਹਾਂ ਜਗਰਾਉਂ ਇਲਾਕਾ ਵੀ ਆਪ ਜੀ ਦੀ ਸਵੱਲੀ ਨਜ਼ਰ ਦੀ ਮੰਗ ਕਰਦਾ ਹੈ। ਸਮੁੱਚਾ ਇਲਾਕਾ ਆਪ ਜੀ ਦਾ ਇਸ ਸ਼ੁਭ ਕੰਮ ਲਈ ਰਿਣੀ ਰਹੇਗਾ।

-ਸਰਬਜੀਤ ਸਿੰਘ ਹੇਰਾਂ
ਗਲੀ ਨੰਬਰ 4 (ਖੱਬੇ), ਸ਼ਕਤੀ ਨਗਰ ਜਗਰਾਉਂ,
ਜ਼ਿਲ੍ਹਾ ਲੁਧਿਆਣਾ।

ਸੜਕਾਂ ਨੂੰ ਪੁੱਟਣ 'ਤੇ ਪਾਬੰਦੀ ਲੱਗੇ

ਸੜਕਾਂ 'ਤੇ ਟੋਏ ਪੁੱਟ ਕੇ ਟੈਂਟ ਆਦਿ ਲਗਾਉਣ 'ਤੇ ਪੂਰਨ ਪਾਬੰਦੀ ਹੋਣੀ ਚਹੀਦੀ ਹੈ ਕਿਉਂਕਿ ਇਸ ਨਾਲ ਸੜਕਾਂ ਦਾ ਨੁਕਸਾਨ ਹੁੰਦਾ ਹੈ। ਸੜਕਾਂ 'ਤੇ ਟੈਂਟ ਲਗਾਉਣ ਲਈ ਟੋਏ ਪੁੱਟਣ ਲਈ ਬਹੁਤ ਹੀ ਭਾਰੀ ਸੰਦਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਸੜਕ ਦੀ ਪਰਤ 'ਚ ਦਰਾਰ ਪੈਂਦੀ ਹੈ ਜੋ ਕੁਝ ਸਮੇਂ ਬਾਅਦ ਵੱਡੇ ਟੋਏ ਦਾ ਰੂਪ ਧਾਰਨ ਕਰ ਲੈਂਦਾ ਹੈ, ਜਿਸ ਕਾਰਨ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਨ੍ਹਾਂ ਟੋਇਆਂ ਕਾਰਨ ਕਈ ਦੁਰਘਟਨਾਵਾਂ ਵੀ ਹੋ ਜਾਂਦੀਆਂ ਹਨ। ਸੋ ਸੜਕਾਂ ਪੁੱਟਣ 'ਤੇ ਪੂਰਨ ਪਾਬੰਦੀ ਲਗਾਉਣੀ ਚਾਹੀਦੀ ਹੈ।

-ਹਰਤੇਜ ਸਿੰਘ
ਅੰਮ੍ਰਿਤਸਰ।

ਆਓ ਯੋਗਦਾਨ ਪਾਈਏ...

ਵਾਤਾਵਰਨ ਨੂੰ ਲੈ ਕੇ ਲੋਕ ਚੁਕੰਨੇ ਹਨ ਪ੍ਰੰਤੂ ਸਾਰੇ ਲੋਕ ਜਿੰਨਾ ਚਿਰ ਪ੍ਰਦੂਸ਼ਿਤ ਵਾਤਾਵਰਨ ਵਿਰੁੱਧ ਸ਼ਾਮਿਲ ਨਹੀਂ ਹੋਣਗੇ, ਓਨਾ ਚਿਰ ਵਾਤਾਵਰਨ ਨੂੰ ਦੂਸ਼ਿਤ ਤੋਂ ਸ਼ੁੱਧਤਾ ਵੱਲ ਲੈ ਜਾਣ 'ਚ ਕਾਮਯਾਬੀ ਨਹੀਂ ਮਿਲੇਗੀ। ਉਂਜ ਅੱਜ ਲੋਕ ਪਹਿਲਾਂ ਨਾਲੋਂ ਜ਼ਿਆਦਾ ਵਾਤਾਵਰਨ ਨੂੰ ਲੈ ਕੇ ਗੰਭੀਰ ਹਨ। ਰੁੱਖਾਂ ਦੀ ਘਾਟ ਹੀ ਵੱਡਾ ਕਾਰਨ ਹੈ, ਜਿਸ ਕਾਰਨ ਵਾਤਾਵਰਨ ਖਰਾਬ ਹੈ। ਭਾਵੇਂ ਅੱਜ ਛੋਟੇ ਪੌਦੇ ਸੁਸਾਇਟੀਆਂ, ਕਲੱਬਾਂ ਅਤੇ ਹੋਰ ਲੋਕਾਂ ਵਲੋਂ ਬੂਟੇ ਲਗਾਏ ਜਾ ਰਹੇ ਹਨ, ਜਿਸ ਨਾਲ ਧਰਤੀ ਨੂੰ ਹਰਿਆ-ਭਰਿਆ ਕੀਤਾ ਜਾ ਸਕੇਗਾ। ਪਰ ਪੌਦੇ ਲਗਾ ਕੇ ਸਾਡੀ ਜ਼ਿੰਮੇਵਾਰੀ ਖਤਮ ਨਹੀਂ ਹੋ ਜਾਂਦੀ, ਸਗੋਂ ਉਨ੍ਹਾਂ ਨੂੰ ਪਾਲਣਾ, ਸਾਂਭ-ਸੰਭਾਲ ਹੋਰ ਮਹੱਤਵਪੂਰਨ ਡਿਊਟੀ ਜਿਵੇਂ ਸਮੇਂ ਸਿਰ ਪਾਣੀ ਦੇਣਾ, ਅਵਾਰਾ ਪਸ਼ੂਆਂ ਤੋਂ ਬਚਾਉਣ ਆਦਿ ਵੱਧ ਬਣ ਜਾਂਦੀ ਹੈ। ਅਸੀਂ ਆਪਣੇ ਆਲੇ-ਦੁਆਲੇ ਵਾਲੇ ਨਵੇਂ ਲਗਾਏ ਬੂਟਿਆਂ ਦਾ ਧਿਆਨ ਰੱਖੀਏ, ਭਾਵੇਂ ਉਹ ਕਿਸੇ ਵੀ ਵਲੋਂ ਵੀ ਲਗਾਏ ਗਏ ਹੋਣ, ਇਹੀ ਸਾਡਾ ਵਾਤਾਵਰਨ ਵਿਚ ਵੱਡਾ ਯੋਗਦਾਨ ਹੋਵੇਗਾ।

-ਮਾ: ਦੇਵ ਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

ਨਸ਼ਿਆਂ ਦਾ ਕਹਿਰ

ਪੰਜਾਬ ਵਿਚ ਅੱਜ ਵਰਤ ਰਿਹਾ ਨਸ਼ਿਆਂ ਦਾ ਕਹਿਰ ਕਿਸੇ ਤੋਂ ਲੁਕਿਆ-ਛੁਪਿਆ ਨਹੀਂ ਹੈ। ਅਸੀਂ ਦੇਖ ਹੀ ਰਹੇ ਹਾਂ ਕਿਵੇਂ ਨਸ਼ਿਆਂ ਦੀ ਦਲਦਲ ਵਿਚ ਫਸੇ ਗੱਭਰੂ ਨਸ਼ੇ ਦੀ ਵੱਧ ਡੋਜ਼ ਲੈਣ ਕਾਰਨ ਲਗਾਤਾਰ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਚਾਰ ਹਫ਼ਤਿਆਂ ਵਿਚ ਪੰਜਾਬ 'ਚੋਂ ਨਸ਼ਾ ਖਤਮ ਕਰਨ ਦੇ ਵਾਅਦੇ ਕਰਨ ਵਾਲੀ ਸਰਕਾਰ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਵੀ ਅਸਫ਼ਲ ਸਾਬਤ ਹੋ ਰਹੀ ਹੈ। ਸੋ ਪੰਜਾਬ ਵਿਚ ਬਣੇ ਅਜਿਹੇ ਹਾਲਾਤਾਂ ਪ੍ਰਤੀ ਜਿਥੇ ਸਾਨੂੰ ਸਭ ਨੂੰ ਆਪਣੇ ਆਸ-ਪਾਸ ਨਸ਼ਾ ਵੇਚਣ ਵਾਲੇ ਨਸ਼ਾ ਤਸਕਰਾਂ ਦਾ ਸਮੂਹਕ ਰੂਪ ਵਿਚ ਵਿਰੋਧ ਕਰਨਾ ਚਾਹੀਦਾ ਹੈ, ਉਥੇ ਸਰਕਾਰ ਨੂੰ ਅਜਿਹੇ ਲੋਕਾਂ ਪ੍ਰਤੀ ਸਖ਼ਤ ਤੋਂ ਸਖ਼ਤ ਕਾਰਵਾਈ ਯਕੀਨੀ ਬਣਾਉਣੀ ਚਾਹੀਦੀ ਹੈ, ਤਾਂ ਜੋ ਪੰਜਾਬ ਨਾਲ ਰੰਗਲੇ ਦੀ ਥਾਂ ਨਸ਼ੇੜੀ ਜੁੜਦਾ ਜਾ ਰਿਹਾ ਸ਼ਬਦ ਸਮਾਂ ਰਹਿੰਦੇ ਹਟਾਇਆ ਜਾ ਸਕੇ।

-ਰਾਜਾ ਗਿੱਲ (ਚੜਿੱਕ)
ਚੜਿੱਕ (ਮੋਗਾ)।

ਝੋਨਾ, ਕਿਸਾਨ ਅਤੇ ਸਰਕਾਰ

ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਡਿੱਗ ਰਿਹਾ ਪੱਧਰ ਲਗਾਤਾਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪੰਜਾਬ ਦੇ 118 ਬਲਾਕ ਇਸ ਖ਼ਤਰਨਾਕ ਸਥਿਤੀ ਵਿਚ ਗਿਣੇ ਜਾ ਰਹੇ ਹਨ। ਅੱਜ ਤੋਂ ਤੀਹ-ਚਾਲੀ ਸਾਲ ਪਹਿਲਾਂ ਧਰਤੀ ਥੱਲੇ ਪਾਣੀ ਲਗਪਗ 20-25 ਫੁੱਟ 'ਤੇ ਮੌਜੂਦ ਸੀ। ਅੱਜ ਲਗਪਗ ਇਹ ਪਾਣੀ 100-150 ਫੁੱਟ 'ਤੇ ਚਲਾ ਗਿਆ ਹੈ। ਧਰਤੀ ਹੇਠੋਂ ਪਾਣੀ ਖਤਮ ਕਰਨ ਲਈ ਹਰ ਪਾਸਿਉਂ ਕਿਸਾਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਜੋ ਕਿ ਸਰਾਸਰ ਗ਼ਲਤ ਹੈ। ਹੁਣ ਜਦੋਂ ਭਾਰਤ ਦੇ ਸਾਰੇ ਰਾਜਾਂ ਵਿਚ ਚੌਲਾਂ ਦੀ ਫਸਲ ਹੋਣ ਨਾਲ ਦੇਸ਼ ਵਿਚ ਚੌਲਾਂ ਦੇ ਭੰਡਾਰ ਵਾਧੂ ਹੋ ਗਏ ਹਨ ਤਾਂ ਕਿਸਾਨਾਂ ਨੂੰ ਝੋਨੇ ਵਲੋਂ ਹੱਥ ਪਿਛਾਂਹ ਖਿੱਚਣ ਲਈ ਕਈ ਫੁਰਮਾਨ ਜਾਰੀ ਕੀਤੇ ਜਾ ਰਹੇ ਹਨ। ਕਿਸਾਨ ਵੀ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਚਿੰਤਤ ਹਨ। ਕੇਂਦਰ ਸਰਕਾਰ ਸਵਾਮੀਨਾਥਨ ਕਮਿਸ਼ਨ ਰਿਪੋਰਟ ਲਾਗੂ ਕਰੇ। ਪੰਜਾਬ ਵਿਚਲੇ ਦਰਿਆਵਾਂ ਅਤੇ ਮੀਂਹ ਦੇ ਕੁਦਰਤੀ ਪਾਣੀ ਦੀ ਸੰਭਾਲ ਲਈ ਸਰਕਾਰਾਂ ਵੱਡੇ ਪੱਧਰ 'ਤੇ ਯੋਜਨਾਵਾਂ ਬਣਾਉਣ। ਗੱਡੀਆਂ, ਮੋਟਰਾਂ ਅਤੇ ਹੋਰ ਸਾਧਨ ਧੋਣ ਲਈ ਸਾਰਾ ਸਾਲ ਵਰਤੇ ਜਾਂਦੇ ਪਾਣੀ ਸਬੰਧੀ ਸਾਰਥਿਕ ਯੋਜਨਾ ਬਣਾਵੇ। ਪਿੰਡਾਂ ਵਿਚ ਸਥਿਤ ਵੱਡੇ-ਵੱਡੇ ਛੱਪੜਾਂ ਦਾ ਪ੍ਰਦੂਸ਼ਿਤ ਹੋਇਆ ਪਾਣੀ ਸਾਫ਼ ਕਰ ਕੇ ਸਿੰਜਾਈ ਲਈ ਵਰਤਣ ਬਾਰੇ ਯੋਜਨਾਵਾਂ ਬਣਨ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ (ਤਰਨ ਤਾਰਨ ਸਾਹਿਬ)।

 

03-07-2018

 ਠੋਸ ਪ੍ਰਬੰਧਾਂ ਦੀ ਲੋੜ
ਮੌਨਸੂਨ ਦੀ ਬਾਰਿਸ਼ ਨਾਲ ਕਈ ਵਾਰ ਸਾਨੂੰ ਜਾਨੀ ਅਤੇ ਮਾਲੀ ਨੁਕਸਾਨ ਉਠਾਉਣਾ ਪੈਂਦਾ ਹੈ। ਸ਼ਹਿਰਾਂ ਵਿਚ ਸੀਵਰੇਜ ਦੀ ਸਾਫ਼-ਸਫ਼ਾਈ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ, ਜਿਸ ਨਾਲ ਗਲੀਆਂ-ਨਾਲੀਆਂ ਵਿਚ ਬਰਸਾਤੀ ਪਾਣੀ ਨਾਲ ਜਨ-ਜੀਵਨ ਪ੍ਰਭਾਵਿਤ ਨਾ ਹੋਵੇ। ਸਕੂਲਾਂ, ਕਾਲਜਾਂ, ਹਸਪਤਾਲਾਂ ਅੰਦਰ ਵੀ ਪਾਣੀ ਦੀ ਨਿਕਾਸੀ ਲਈ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ, ਪੁਰਾਣੀਆਂ ਵਿੱਦਿਅਕ ਇਮਾਰਤਾਂ 'ਤੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ। ਬਰਸਾਤ ਵਾਲੇ ਦਿਨਾਂ ਅੰਦਰ ਬਿਜਲੀ ਵਿਭਾਗ ਵਲੋਂ ਵੀ ਪੁਖ਼ਤਾਂ ਪ੍ਰਬੰਧ ਕਰਨੇ ਚਾਹੀਦੇ ਹਨ, ਕਿਉਂਕਿ ਕਈ ਵਾਰ ਕਰੰਟ ਲੱਗਣ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਇਸ ਤਰ੍ਹਾਂ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਬਚਾਅ ਪੱਖ ਦੇ ਪੂਰੇ ਪ੍ਰਬੰਧ ਕਰਨੇ ਚਾਹੀਦੇ ਹਨ। ਬੱਸ ਅੱਡਿਆਂ ਅਤੇ ਹੋਰਨਾਂ ਜਨਤਕ ਥਾਵਾਂ 'ਤੇ ਵੀ ਪਾਣੀ ਦੀ ਨਿਕਾਸੀ ਦੇ ਪੁਖ਼ਤਾਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਮੈਡੀਕਲ ਅਤੇ ਸਿਹਤ ਸੇਵਾਵਾਂ ਵੀ ਆਪਣੇ ਤੌਰ 'ਤੇ ਕਿਸੇ ਵੀ ਮੁਸ਼ਕਿਲ ਨਾਲ ਨਜਿੱਠਣ ਲਈ ਤਿਆਰ ਰਹਿਣ। ਕੁਦਰਤੀ ਆਈ ਆਫ਼ਤ ਤੋਂ ਬਚਣ ਲਈ ਮੌਕ ਡਰਿੱਲਾਂ ਹੋਣੀਆਂ ਚਾਹੀਦੀਆਂ ਹਨ, ਜਿਸ ਵਿਚ ਆਮ ਲੋਕ ਦੀ ਹਿੱਸੇਦਾਰੀ ਨੂੰ ਯਕੀਨੀ ਬਣਾਇਆ ਜਾਵੇ। ਸਰਕਾਰਾਂ ਨੂੰ ਚਾਹੀਦਾ ਹੈ ਕਿ ਅਣਸੁਖਾਵੀਂ ਘਟਨਾ ਹੋਣ ਤੋਂ ਮਗਰੋਂ ਮੁਆਵਜ਼ੇ ਦੇਣ ਦੀ ਬਜਾਏ ਪਹਿਲਾਂ ਹੀ ਅਜਿਹੇ ਪ੍ਰਬੰਧ ਕੀਤੇ ਜਾਣ, ਜਿਸ ਨਾਲ ਕਿਸੇ ਵੀ ਮਨੁੱਖੀ ਜਾਨ ਨੂੰ ਖ਼ਤਰਾ ਨਾ ਹੋ ਸਕੇ।

-ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾ, ਜ਼ਿਲ੍ਹਾ ਫ਼ਾਜ਼ਿਲਕਾ।

ਛੁੱਟੀ ਦੀ ਪਰੰਪਰਾ
ਜਦੋਂ ਕਿਸੇ ਵਿਧਾਇਕ, ਮੰਤਰੀ ਜਾਂ ਫਿਰ ਕਿਸੇ ਰਾਜਨੀਤਕ ਪਿਛੋਕੜ ਵਾਲੀ ਸ਼ਖ਼ਸੀਅਤ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦਿਨ ਸਰਕਾਰ ਵਲੋਂ ਛੁੱਟੀ ਦਾ ਐਲਾਨ ਕਰ ਦਿੱਤਾ ਜਾਂਦਾ ਹੈ, ਜਿਸ ਕਰਕੇ ਲੱਖਾਂ ਲੋਕਾਂ ਦੇ ਜ਼ਰੂਰੀ ਕੰਮ ਪ੍ਰਭਾਵਿਤ ਹੁੰਦੇ ਹਨ। .... ਖੈਰ! ਭਾਵੇਂ ਅਜਿਹੇ ਲੋਕ (ਰਾਜਸੀ ਨੇਤਾ) ਲੋਕਾਂ ਦੇ ਪ੍ਰਤੀਨਿਧੀ ਹੀ ਨਹੀਂ ਸਗੋਂ ਲੋਕ ਸੇਵਕ ਹੋਣ ਦਾ ਰੁਤਬਾ ਵੀ ਰੱਖਦੇ ਹੁੰਦੇ ਹਨ। ਸੋ ਕਿਸੇ ਲੋਕ ਪ੍ਰਤੀਨਿਧ ਜਾਂ ਫਿਰ ਲੋਕ ਸੇਵਕ ਨੇਤਾ/ਰਾਜਸੀ ਸ਼ਖ਼ਸੀਅਤ ਦੀ ਮੌਤ ਉਪਰੰਤ ਕੀਤੀ ਜਾਣ ਵਾਲੀ ਛੁੱਟੀ ਬਾਰੇ ਸੋਚ-ਵਿਚਾਰ ਕਰਕੇ ਇਸ ਪਰੰਪਰਾ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਕਿਸੇ ਲੋਕ ਸੇਵਕ ਦੀ ਮੌਤ ਕਾਰਨ, ਉਸ ਦੇ ਚਹੇਤਿਆਂ ਦੇ ਭਾਵ ਲੋਕਾਂ ਦੇ ਜ਼ਰੂਰੀ ਕੰਮ ਨਾ ਰੁਕਣ ਅਤੇ ਉਨ੍ਹਾਂ ਦੀ ਜ਼ਿੰਦਗੀ 'ਤੇ ਕਿਸੇ ਕਿਸਮ ਦਾ ਬੁਰਾ ਪ੍ਰਭਾਵ ਨਾ ਪਵੇ।

-ਲਾਲ ਚੰਦ ਸਿੰਘ
ਪਿੰਡ ਚੁੱਘੇ ਖੁਰਦ, ਜ਼ਿਲ੍ਹਾ ਬਠਿੰਡਾ।

ਰੇਤ ਕਿਰਕਿਰਾ ਕਰ ਰਹੀ ਪੰਜਾਬ ਨੂੰ
ਰੋਪੜ ਵਿਚ ਵਾਪਰੀ ਘਟਨਾ ਤੋਂ ਬਾਅਦ ਅਖ਼ਬਾਰਾਂ ਦੇ ਪਹਿਲੇ ਪੰਨਿਆਂ 'ਤੇ ਲੱਗੀਆਂ ਖ਼ਬਰਾਂ ਅਤੇ ਤਸਵੀਰਾਂ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਪੰਜਾਬ ਦੀ ਸਰਕਾਰੀ ਰੇਤ ਖੱਡਿਆਂ ਵਿਚ ਰੁਲਦੀ ਰਹੀ ਹੋਈ ਦਿਖਾਈ ਦੇ ਰਹੀ ਹੈ। ਖਣਨ ਮਾਫ਼ੀਆ ਦੇ ਵਧ ਰਹੇ ਹੱਥ ਆਮ ਬੰਦੇ ਤੋਂ ਹੁੰਦੇ ਹੋਏ ਵਿਧਾਇਕਾਂ ਦੀਆਂ ਪੱਗਾਂ ਤੱਕ ਪੁੱਜ ਗਏ ਹਨ। ਕੀ ਪੰਜਾਬ ਦੇ ਵਾਸੀ ਪੱਗ ਨਾਲੋਂ ਰੇਤ ਨੂੰ ਜ਼ਿਆਦਾ ਅਹਿਮੀਅਤ ਦੇਣ ਲੱਗ ਪਏ ਹਨ? ਸ਼ਰਮ ਆਉਣੀ ਚਾਹੀਦੀ ਹੈ, ਗੁਰੂਆਂ ਤੋਂ ਮਿਲੀ ਸਰਦਾਰੀ ਨੂੰ ਅੱਜ ਸੱਚ ਮੰਨਿਉ ਗ਼ੈਰਾਂ ਤੋਂ ਨਹੀਂ ਆਪਣਿਆਂ ਤੋਂ ਖ਼ਤਰਾ ਹੈ। ਕਿਸ ਤਰ੍ਹਾਂ ਰੇਤ ਦੇ ਖੱਡੇ ਕਿਰਕਿਰਾ ਕਰ ਰਹੇ ਨੇ ਪੰਜਾਬ ਨੂੰ, ਸਭ ਦੇ ਸਾਹਮਣੇ ਹੈ।
ਵਿਦੇਸ਼ਾਂ ਵਿਚ ਜਾਂ ਕਿਸੇ ਹੋਰਨਾਂ ਸ਼ਰਾਰਤੀ ਅਨਸਰਾਂ ਵਲੋਂ ਪੱਗ ਨਾਲ ਛੇੜਛਾੜ ਕੀਤੀ ਜਾਂਦੀ ਹੈ ਤਾਂ ਹਰ ਪਾਸੇ ਹਾਹਾਕਾਰ ਮਚ ਜਾਂਦੀ ਹੈ। ਜਿਹੜੀਆਂ ਇਹ ਪੱਗਾਂ ਲਾਹੀਆਂ ਗਈਆਂ ਹਨ, ਕੀ ਇਨ੍ਹਾਂ ਪੱਗਾਂ ਦੀ ਕੋਈ ਇੱਜ਼ਤ ਨਹੀਂ ਹੈ? ਅੱਜ ਹਰ ਘਰ ਵਿਚ ਸੋਸ਼ਲ ਨੈੱਟਵਰਕ ਦਾ ਕਬਜ਼ਾ ਹੈ। ਇਸ ਤਰ੍ਹਾਂ ਦੀਆਂ ਵੀਡੀਓ ਜਿਸ ਵਿਚ ਪੱਗ ਅਤੇ ਕੇਸਾਂ ਦੀ ਬੇਅਦਬੀ ਜੱਗ ਜ਼ਾਹਰ ਹੁੰਦੀ ਹੈ, ਇਨ੍ਹਾਂ ਦਾ ਬੱਚਿਆਂ ਅਤੇ ਸਮਾਜ ਅੰਦਰ ਕੀ ਸੁਨੇਹਾ ਜਾਵੇਗਾ? ਇਸ ਘਟਨਾ ਨੇ ਪੂਰੇ ਪੰਜਾਬ ਅਤੇ ਪੰਜਾਬੀਆਂ ਨੂੰ ਸ਼ਰਮਸਾਰ ਕੀਤਾ ਹੈ। ਇਸ ਘਟਨਾ ਤੋਂ ਰੇਤ ਮਾਫ਼ੀਆ ਦੀ ਵਧ ਰਹੀ ਤਾਕਤ ਦਾ ਚਿਹਰਾ ਬੇਨਕਾਬ ਹੋਇਆ ਹੈ। ਇਸ ਘਟਨਾ 'ਚ ਰੇਤ ਦੀ ਚਰਚਾ ਘੱਟ ਪਰ ਪੱਗਾਂ ਦੇ ਲਹਿਣ ਦੀ ਚਰਚਾ ਜ਼ਿਆਦਾ ਦੁਖਦਾਈ ਹੈ। ਇਹੋ ਜਿਹੀਆਂ ਘਟਨਾਵਾਂ 'ਤੇ ਕਾਬੂ ਨਾ ਪਾਇਆ ਗਿਆ ਤਾਂ ਖ਼ਤਰਨਾਕ ਭਵਿੱਖ ਦੂਰ ਨਹੀਂ ਹੈ।

-ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾ, ਜ਼ਿਲ੍ਹਾ ਫਾਜ਼ਿਲਕਾ।

ਸਵੱਛਤਾ ਮੁਹਿੰਮ
ਭਾਰਤ ਸਰਕਾਰ ਵਲੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਵੱਛਤਾ ਮੁਹਿੰਮ ਚਲਾਈ ਗਈ। ਸਰਕਾਰ ਵਲੋਂ ਇਸ ਸਫ਼ਾਈ ਮੁਹਿੰਮ 'ਤੇ ਨਜ਼ਰ ਵੀ ਰੱਖੀ ਜਾਂਦੀ ਹੈ ਤੇ ਜ਼ਿਆਦਾ ਸਾਫ਼-ਸੁਥਰੇ ਸ਼ਹਿਰਾਂ ਦੇ ਨਾਵਾਂ ਦੀ ਘੋਸ਼ਣਾ ਕਰਕੇ ਹੌਸਲਾ ਅਫ਼ਜ਼ਾਈ ਵੀ ਕੀਤੀ ਜਾਂਦੀ ਹੈ। ਨੌਜਵਾਨਾਂ ਨੂੰ ਵੀ ਇਸ ਮੁਹਿੰਮ ਨਾਲ ਜੋੜਨ ਦੇ ਯਤਨ ਕੀਤੇ ਜਾ ਰਹੇ ਹਨ। ਪ੍ਰਸ਼ਨ ਇਹ ਉੱਠਦਾ ਹੈ ਕਿ ਕੀ ਦੇਸ਼ ਦੇ ਹਾਲਾਤ ਦੇ ਮੁਤਾਬਿਕ ਇਸ ਸਵੱਛਤਾ ਮੁਹਿੰਮ ਬਾਰੇ ਵਧੇਰੇ ਕੋਸ਼ਿਸ਼ਾਂ ਕਰਨੀਆਂ ਠੀਕ ਹਨ? ਸਭ ਤੋਂ ਪਹਿਲੀ ਗੱਲ ਇਹ ਹੈ ਕਿ ਕੋਈ ਵੀ ਕੰਮ ਕਰਨ ਲਈ ਮਨ ਨੂੰ ਤਿਆਰ ਕਰਨਾ ਜ਼ਰੂਰੀ ਹੁੰਦਾ ਹੈ ਤਾਂ ਹੀ ਕੰਮ ਵਧੀਆ ਢੰਗ ਨਾਲ ਹੁੰਦਾ ਹੈ। ਭਾਰਤ ਵਾਸੀ ਤਾਂ ਆਪਣੀ ਰੋਜ਼ੀ-ਰੋਟੀ ਲਈ ਕੀਤੇ ਜਾ ਰਹੇ ਕੰਮ ਲਈ ਮਨ ਦੀ ਤਿਆਰੀ ਦੀ ਉਲਝਣ ਵਿਚ ਫਸੇ ਹੋਏ ਹਨ। ਵਿਦਿਆਰਥੀਆਂ ਨੂੰ ਇਸ ਮੁਹਿੰਮ ਨਾਲ ਜੋੜਨ ਦੇ ਨਾਲ-ਨਾਲ 100 ਦਿਨ ਰੁਜ਼ਗਾਰ ਗਾਰੰਟੀ ਯੋਜਨਾ ਨਾਲ ਜੋੜ ਕੇ ਉਨ੍ਹਾਂ ਦੀ ਆਮਦਨ ਦਾ ਸਾਧਨ ਬਣਾਉਣਾ ਚਾਹੀਦਾ ਹੈ। ਇਸ ਸਵੱਛਤਾ ਮੁਹਿੰਮ ਦਾ ਠੀਕ ਤੇ ਢੁਕਵਾਂ ਆਧਾਰ ਨਾ ਹੋਣ ਕਾਰਨ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਵਿਚ ਦਿਨੋ-ਦਿਨ ਵਾਧਾ ਹੁੰਦਾ ਜਾਂਦਾ ਹੈ। ਸੋ ਵਿਚਾਰਨ ਦੀ ਗੱਲ ਹੈ।

-ਬਿਹਾਲਾ ਸਿੰਘ, ਹੁਸ਼ਿਆਰਪੁਰ।

ਨਸ਼ਿਆਂ 'ਤੇ ਸਿਆਸਤ
ਪੰਜਾਬ ਵਿਚ ਅੱਜ ਸਭ ਤੋਂ ਗੰਭੀਰ ਸਮੱਸਿਆ ਨਸ਼ੇ ਹਨ ਤੇ ਸਭ ਤੋਂ ਵੱਧ ਸਿਆਸਤ ਵੀ ਇਸੇ 'ਤੇ ਹੋ ਰਹੀ ਹੈ। ਆਮ ਲੋਕਾਂ ਦਾ ਇਨ੍ਹਾਂ ਸਿਆਸੀ ਪਾਰਟੀਆਂ ਤੋਂ ਭਰੋਸਾ ਉੱਠ ਗਿਆ ਹੈ। ਇਕ ਰਾਸ਼ਟਰੀ ਨੇਤਾ ਦੇ ਇਸ ਬਿਆਨ ਤੋਂ ਕਿ ਪੰਜਾਬ ਦੇ 70 ਫ਼ੀਸਦੀ ਨੌਜਵਾਨ ਨਸ਼ੇੜੀ ਹਨ, ਉਸ ਸਮੇਂ ਦੀ ਸੱਤਾਧਾਰੀ ਪਾਰਟੀ ਨੇ ਇਸ ਗੱਲ ਦਾ ਪੂਰਨ ਤੌਰ 'ਤੇ ਵਿਰੋਧ ਕੀਤਾ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਪਰ ਮੌਜੂਦਾ ਸਮੇਂ ਇਸ ਵਿਚ ਉਹੀ ਸਿਆਸੀ ਦਲ ਪੰਜਾਬ ਵਿਚ ਨਸ਼ੇ ਹੋਣ ਦੀ ਗੱਲ ਸਵੀਕਾਰ ਕਰ ਰਿਹਾ ਹੈ।
ਕਿੰਨਾ ਚੰਗਾ ਹੁੰਦਾ ਜੇਕਰ ਉਸ ਸਮੇਂ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਤਾਂ ਜੋ ਇਸ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ। ਵੱਡੇ ਪੱਧਰ 'ਤੇ ਨਸ਼ਿਆਂ ਦਾ ਵਪਾਰ ਕਰਨ ਵਾਲੇ ਅੱਜ ਵੀ ਪੁਲਿਸ ਦੀ ਪਹੁੰਚ ਤੋਂ ਦੂਰ ਹਨ। ਐਸ.ਟੀ.ਆਈ. ਦੀ ਰਿਪੋਰਟ ਪੇਸ਼ ਕੀਤੀ ਗਈ ਜਿਸ ਵਿਚ ਕੁਝ ਰਾਜਨੀਤਕ ਨੇਤਾਵਾਂ ਦੇ ਨਾਂਅ ਆਉਣ ਕਰਕੇ ਇਹ ਰਿਪੋਰਟ ਜਨਤਕ ਨਹੀਂ ਕੀਤੀ ਗਈ। ਜੇਕਰ ਸਰਕਾਰ ਨਸ਼ਿਆਂ ਨੂੰ ਰੋਕਣ ਲਈ ਸੰਜੀਦਾ ਹੈ ਤਾਂ ਉਹ ਜੋ ਵੀ ਇਸ ਗੰਦੇ ਕਾਰੋਬਾਰ ਵਿਚ ਸ਼ਾਮਿਲ ਹਨ, ਨਿਰਪੱਖ ਹੋ ਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰੇ, ਕਿਉਂਕਿ ਨਸ਼ਿਆਂ 'ਤੇ ਸਿਆਸਤ ਬਹੁਤ ਹੋ ਗਈ ਹੈ ਤੇ ਇਸ ਦੇ ਸ਼ਿਕਾਰ ਨਸ਼ਾ ਪੀੜਤਾਂ ਦੇ ਪਰਿਵਾਰ ਹੋ ਰਹੇ ਹਨ।

-ਕਮਲ ਕੋਟਲੀ।

02-07-2018

 ਪਾਰਕਿੰਗ ਦੀ ਸਮੱਸਿਆ
ਪਟਿਆਲਾ ਸ਼ਹਿਰ ਸ਼ਾਹੀ ਸ਼ਹਿਰ ਅਤੇ ਮਾਨਯੋਗ ਮੁੱਖ ਮੰਤਰੀ ਦਾ ਪੱਕਾ ਇਲਾਕਾ ਵੀ ਹੈ। ਕੋਈ ਸ਼ੱਕ ਨਹੀਂ ਕਿ ਇਸ ਸ਼ਹਿਰ ਦੀ ਬੜੇ ਲੰਮੇ ਸਮੇਂ ਬਾਅਦ ਕੋਈ ਸਾਰ ਲੈ ਰਿਹਾ ਹੈ। ਮੈਂ ਇਹ ਵੀ ਮੰਨਦਾ ਹਾਂ ਕਿ ਪੂਰੀ ਤਰ੍ਹਾਂ ਸੋਹਣਾ ਬਣਨ ਵਿਚ ਸਮਾਂ ਤਾਂ ਲੱਗੇਗਾ ਹੀ ਪਰ ਮੌਜੂਦਾ ਸਮੇਂ ਵਿਚ ਇਸ ਸ਼ਹਿਰ ਦਾ ਪੈਦਲ ਜਾਂ ਫਿਰ ਦੋ ਪਹੀਆ ਵਾਹਨ ਦੀ ਵਰਤੋਂ ਵਾਲਾ ਆਮ ਆਦਮੀ ਦੁਵਿਧਾ ਵਿਚ ਹੈ, ਕਿਥੇ ਤੁਰੇ ਤੇ ਕਿਥੇ ਆਪਣਾ ਵਾਹਨ ਭਾਵੇਂ ਸਾਈਕਲ ਹੀ ਹੈ ਪਾਰਕ ਕਰੇ। ਹੈਰਾਨਗੀ ਦੀ ਗੱਲ ਹੈ ਕਿ ਇਕ ਅੱਧ ਨਿੱਜੀ ਹਸਪਤਾਲ ਨੂੰ ਛੱਡ ਕਿਸੇ ਕੋਲ ਵੀ ਆਪਣੀ ਪਾਰਕਿੰਗ ਨਹੀਂ ਹੈ। ਮੀਡੀਆ ਜਦ ਵੇਖੋ ਸਰਕਾਰ ਜਾਂ ਸਰਕਾਰੀ ਹਸਪਤਾਲਾਂ ਦੇ ਮਗਰ ਤਾਂ ਪਿਆ ਰਹਿੰਦਾ ਹੈ ਪਰ ਇਸ ਸਮੱਸਿਆ ਵੱਲ ਉਹਦੀ ਤੀਜੀ ਅੱਖ ਖੁੱਲ੍ਹਦੀ ਹੀ ਨਹੀਂ। ਜੇ ਕਿਸੇ ਹਸਪਤਾਲ ਪਾਸ ਨਿੱਜੀ ਪਾਰਕਿੰਗ ਨਹੀਂ ਹੈ ਤਾਂ ਸਰਕਾਰ ਇਸ ਵੱਲ ਜ਼ਰੂਰ ਧਿਆਨ ਦੇਵੇ।


-ਡਾ: ਰਿਪੁਦਮਨ ਸਿੰਘ
134-ਐਸ, ਸੰਤ ਨਗਰ, ਪਟਿਆਲਾ-147001.


ਮੁਫ਼ਤ ਬਿਜਲੀ ਪਾਣੀ
ਟਿਊਬਵੈੱਲਾਂ ਵਾਸਤੇ ਬਿਜਲੀ ਮੁਫ਼ਤ ਤਾਂ ਠੀਕ ਹੈ ਪਰ ਜ਼ਿਆਦਾ ਪਾਣੀ ਨਾਲ ਖਾਦਾਂ, ਸਪਰੇਆਂ ਦੀ ਜ਼ਿਆਦਾ ਵਰਤੋਂ ਵੀ ਹੋਣ ਲੱਗੀ ਹੈ। ਇਸ ਦਾ ਕੋਈ ਫਾਇਦਾ ਨਹੀਂ ਤੇ ਨੁਕਸਾਨ ਤਾਂ ਬਹੁਤ ਜ਼ਿਆਦਾ ਹੈ। ਧਰਤੀ ਹੇਠੋਂ ਜ਼ਿਆਦਾ ਪਾਣੀ ਨਿਕਲਣ ਕਰਕੇ ਪੰਜਾਬ ਦੀ ਧਰਤੀ ਬੰਜਰ ਹੋ ਰਹੀ ਹੈ। ਪੰਜਾਬ ਵਿਚ ਕਣਕ ਦੀ ਜ਼ਿਆਦਾ ਪੈਦਾਵਾਰ ਹੋਣ ਕਰਕੇ ਕਣਕ ਸਟੋਰਾਂ ਵਿਚ ਗਲਸੜ ਰਹੀ ਹੈ, ਜੋ ਕਈ ਸਾਲਾਂ ਤੋਂ ਹੋ ਰਿਹਾ ਹੈ। ਜ਼ਿਆਦਾ ਖਾਦਾਂ ਅਤੇ ਸਪਰੇਆਂ ਦੀ ਵਰਤੋਂ ਕਰਕੇ ਇਥੋਂ ਦਾ ਪਾਣੀ ਜ਼ਹਿਰੀਲਾ ਹੋ ਰਿਹਾ ਹੈ। ਸੋ, ਸਾਰਿਆਂ ਨੂੰ ਪਾਣੀ ਦੀ ਵਰਤੋਂ ਸੋਚ-ਸਮਝ ਕੇ ਲੋੜ ਅਨੁਸਾਰ ਹੀ ਕਰਨੀ ਚਾਹੀਦੀ ਹੈ ਤਾਂਕਿ ਪਾਣੀ ਨੂੰ ਵਧੇਰੇ ਬਚਾਇਆ ਜਾ ਸਕੇ।


-ਜਬਰਜੰਗ ਸਿੰਘ


ਟਲ ਗਿਆ ਸੰਕਟ
ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਪਿਛਲੇ ਕਾਫੀ ਸਮੇਂ ਤੋਂ ਉੱਤਰੀ ਕੋਰੀਆ ਅਤੇ ਅਮਰੀਕਾ ਦੇਸ਼ਾਂ ਵਿਚਕਾਰ ਕਾਫ਼ੀ ਤਣਾ-ਤਣੀ ਅਤੇ ਗਰਮ ਮਾਹੌਲ ਬਣਿਆ ਹੋਇਆ ਸੀ। ਬੁੱਧੀਜੀਵੀਆਂ ਨੂੰ ਇਹ ਵੀ ਖਦਸ਼ਾ ਸੀ ਕਿ ਜੇਕਰ ਉੱਤਰੀ ਕੋਰੀਆ ਅਤੇ ਅਮਰੀਕਾ ਦੋਵਾਂ ਦੇਸ਼ਾਂ ਵਿਚਕਾਰ ਯੁੱਧ ਹੋ ਗਿਆ ਤਾਂ ਹਰ ਪੱਖੋਂ ਨੁਕਸਾਨ ਤਾਂ ਹੋਵੇਗਾ ਹੀ ਪਰ ਇਹ ਜੰਗ ਵਿਸ਼ਵ ਯੁੱਧ ਵਿਚ ਹੀ ਨਾ ਬਦਲ ਜਾਵੇ ਜਿਸ ਦੇ ਸਿੱਟੇ ਮਾਨਵਤਾ ਲਈ ਭਿਆਨਕ ਹੀ ਹੋਣੇ ਹਨ। ਪਰ ਕੁਝ ਦਿਨ ਪਹਿਲਾਂ ਮਨ ਨੂੰ ਤਸੱਲੀ ਤੇ ਸ਼ਾਂਤੀ ਦੇਣ ਵਾਲੀ ਘਟਨਾ ਵਾਪਰੀ ਕਿ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਸਿੰਗਾਪੁਰ 'ਚ ਆਪਸੀ ਗੱਲਬਾਤ ਤੇ ਮੁਲਾਕਾਤ ਹੋਈ। ਉਤਰੀ ਕੋਰੀਆ ਅਤੇ ਅਮਰੀਕਾ ਵਿਚਕਾਰ ਹੋਏ ਸਮਝੌਤੇ ਨਾਲ ਦੋਵਾਂ ਦੇਸ਼ਾਂ ਦੀ 65 ਸਾਲ ਪੁਰਾਣੀ ਦੁਸ਼ਮਣੀ ਖ਼ਤਮ ਹੋ ਗਈ। ਇਹ ਵੀ ਕਿ ਸਮਝੌਤੇ ਵਾਲੀ ਥਾਂ 'ਤੇ ਉਤਰੀ ਕੋਰੀਆ ਦੇ ਆਗੂ ਸ੍ਰੀ ਕਿਮ ਜੋਂਗ ਉਨ ਨੇ ਨਿਰਧਾਰਤ ਸਮੇਂ ਤੋਂ ਲਗਪਗ ਸੱਤ ਮਿੰਟ ਪਹਿਲਾਂ ਪਹੁੰਚ ਕੇ ਅਮਰੀਕਾ ਦੇ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਦਾ ਸਤਿਕਾਰ ਕੀਤਾ। ਇਥੇ ਹੀ ਬੱਸ ਨਹੀਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰੋਟੋਕੋਲ ਤੋੜ ਕੇ ਉੱਤਰੀ ਕੋਰੀਆ ਦੇ ਸੈਨਾ ਮੁਖੀ ਨੂੰ ਸਲਿਊਟ ਮਾਰ ਕੇ ਉਨ੍ਹਾਂ ਦਾ ਵੀ ਸਵਾਗਤ ਕੀਤਾ। ਪ੍ਰਮਾਤਮਾ ਦਾ ਸ਼ੁਕਰ ਹੈ ਇਹ ਲੜਾਈ-ਝਗੜੇ ਦਾ ਮੰਡਰਾ ਰਿਹਾ ਸੰਕਟ ਟਲ ਗਿਆ।


-ਮਾ: ਸੰਜੀਵ ਧਰਮਾਣੀ
ਸ੍ਰੀ ਆਨੰਦਪੁਰ ਸਾਹਿਬ।


ਕੁੱਤਿਆਂ ਦੀ ਸਮੱਸਿਆ
ਅਵਾਰਾ ਕੁੱਤਿਆਂ ਵਲੋਂ ਆਏ ਦਿਨ ਅਨੇਕਾਂ ਹੀ ਮਨੁੱਖਾਂ ਅਤੇ ਗਊਆਂ, ਵੱਛੇ-ਵੱਛੀਆਂ ਨੂੰ ਕੱਟਣ ਜਾਂ ਨੋਚ-ਨੋਚ ਕੇ ਖਾਣ ਆਦਿ ਦੀਆਂ ਖ਼ਬਰਾਂ ਅਕਸਰ ਅਖ਼ਬਾਰਾਂ ਵਿਚ ਛਪੀਆਂ ਹੁੰਦੀਆਂ ਹਨ। ਪ੍ਰੰਤੂ ਬੜੇ ਲੰਬੇ ਸਮੇਂ ਤੋਂ ਸਰਕਾਰਾਂ ਨੇ ਜਾਨਵਰਾਂ ਨੂੰ ਮਾਰਨ 'ਤੇ ਪਾਬੰਦੀ ਜ਼ਰੂਰ ਲਗਾਈ ਹੋਈ ਹੈ ਅੱਜ ਅਤੇ ਉਸ ਸਮੇਂ ਦੀ ਸਥਿਤੀ ਵਿਚ ਬਹੁਤ ਫਰਕ ਹੈ। ਅੱਜ ਅਵਾਰਾ ਜਾਨਵਰਾਂ ਨੂੰ ਨਾ ਮਾਰਨ ਦੀ ਪਾਬੰਦੀ ਕਾਰਨ ਉਨ੍ਹਾਂ ਦੀ ਗਿਣਤੀ ਵਿਚ ਬੇਹਤਾਸ਼ਾ ਵਾਧਾ ਹੋ ਚੁੱਕਿਆ ਹੈ। ਅਵਾਰਾ ਕੁੱਤੇ ਤਾਂ ਮਨੁੱਖ ਦੇ ਇਰਦ-ਗਿਰਦ ਦੁਸ਼ਮਣਾਂ ਵਾਂਗਰ ਘੁੰਮ ਰਹੇ ਹਨ। ਅਵਾਰਾ ਕੁੱਤਿਆਂ ਕਾਰਨ ਛੋਟੇ ਬੱਚਿਆਂ ਅਤੇ ਔਰਤਾਂ 'ਚ ਦਹਿਸ਼ਤ ਮਾਹੌਲ ਹੈ। ਕਈ ਵਾਰੀ ਅਜਿਹੀਆਂ ਖ਼ਬਰਾਂ ਸੁਣਨ ਵਿਚ ਆਈਆਂ ਹਨ ਕਿ ਸਕੂਲ ਜਾਂਦੇ ਛੋਟੇ ਬੱਚਿਆਂ 'ਤੇ ਇਨ੍ਹਾਂ ਅਵਾਰਾ ਕੁੱਤਿਆਂ ਵਲੋਂ ਜਾਨ ਲੇਵਾ ਹਮਲੇ ਕੀਤੇ ਗਏ।
ਅੱਜ ਮਨੁੱਖ ਨਾਲੋਂ ਕੁੱਤਿਆਂ ਨੂੰ ਬਚਾਉਣਾ ਜ਼ਰੂਰੀ ਸਮਝਿਆ ਜਾ ਰਿਹਾ ਲਗਦਾ ਹੈ, ਇਹ ਦੁਖਾਂਤ ਹੈ। ਜਿਨ੍ਹਾਂ ਹਾਲਤਾਂ ਜਾਂ ਸਥਿਤੀਆਂ ਨੂੰ ਦੇਖਦੇ ਹੋਏ ਕਾਨੂੰਨ ਬਣਾਏ ਜਾਂਦੇ ਹਨ, ਤਾਂ ਸਥਿਤੀਆਂ ਦੇ ਬਦਲਣ ਨਾਲ ਕਾਨੂੰਨ 'ਚ ਵੀ ਸੋਧ ਕਰਨੀ ਚਾਹੀਦੀ ਹੈ। ਲੋਕਾਂ 'ਚ ਅਵਾਰਾ ਕੁੱਤਿਆਂ ਦੀ ਵਧਦੀ ਗਿਣਤੀ ਨੂੰ ਲੈ ਦਹਿਸ਼ਤ ਅਤੇ ਚਿੰਤਾ ਪਾਈ ਜਾ ਰਹੀ ਹੈ। ਸੋ, ਸਰਕਾਰ ਇਸ ਦਾ ਕੋਈ ਉਚਿਤ ਹੱਲ ਕਰੇ।


-ਮਾ: ਦੇਵਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਨੌਜਵਾਨ ਸੁਚੇਤ ਹੋਣ
ਅੱਜ ਦੇ ਨੌਜਵਾਨਾਂ ਦਾ ਭਵਿੱਖ ਧੁੰਦਲਾ ਵਿਖਾਈ ਦਿੰਦਾ ਹੈ ਕਿਉਂਕਿ ਅੱਜ ਦਾ ਨੌਜਵਾਨ ਭੈੜੀਆਂ ਅਲਾਮਤਾਂ ਜਿਵੇਂ ਨਸ਼ੇ, ਗੁੰਡਾਗਰਦੀ, ਐਸ਼ਪ੍ਰਸਤੀ ਤੇ ਫੈਸ਼ਨਪ੍ਰਸਤੀ ਆਦਿ ਦਾ ਸ਼ਿਕਾਰ ਹੋ ਰਿਹਾ ਹੈ। ਉਹ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਤੋਂ ਭੱਜ ਰਿਹਾ ਹੈ। ਅੱਜ ਆਜ਼ਾਦੀ ਦੇ ਗ਼ਲਤ ਅਰਥ ਕੱਢ ਰਿਹਾ ਹੈ। ਅੱਜ ਦੇ ਨੌਜਵਾਨ ਦਾ ਰਾਜਨੀਤੀ ਬਾਰੇ ਵੀ ਗਿਆਨ ਸੀਮਤ ਹੈ। ਇਸ ਕਰਕੇ ਮੌਕਾਪ੍ਰਸਤ ਨੇਤਾ ਅਜਿਹੇ ਨੌਜਵਾਨਾਂ ਦਾ ਇਸਤੇਮਾਲ ਬਾਖੂਬੀ ਕਰ ਰਹੇ ਹਨ। ਰੁਜ਼ਗਾਰ ਨਾ ਮਿਲਣ ਕਰ ਕੇ ਪੜ੍ਹੇ-ਲਿਖੇ ਨੌਜਵਾਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੁੰਦੇ ਹਨ। ਨੌਜਵਾਨਾਂ ਨੂੰ ਅਪਰਾਧ ਵਲ ਖਿੱਚਣ ਵਿਚ ਨਸ਼ਾਖੋਰੀ ਦੀ ਅਹਿਮ ਭੂਮਿਕਾ ਹੁੰਦੀ ਹੈ। ਇਨ੍ਹਾਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਤੋਂ ਬਾਅਦ ਨੌਜਵਾਨ ਆਪਣੇ ਵਿਵੇਕ 'ਤੇ ਕਾਬੂ ਕਰਨ 'ਚ ਅਸਮਰੱਥ ਹੋ ਜਾਂਦੇ ਹਨ। ਨੌਜਵਾਨਾਂ ਨੂੰ ਅਪਰਾਧ ਵੱਲ ਵਧਣ ਤੋਂ ਰੋਕਣ ਲਈ ਠੋਸ ਕਦਮ ਚੁੱਕਣੇ ਪੈਣਗੇ। ਨੌਜਵਾਨਾਂ ਨੂੰ ਹਮੇਸ਼ਾ ਚੰਗੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ ਤੇ ਚੰਗੀਆਂ ਕਿਤਾਬਾਂ ਪੜ੍ਹ ਕੇ ਜੁਰਮਾਂ ਦੀ ਦਲਦਲ 'ਚੋਂ ਨਿਕਲਣਾ ਪਵੇਗਾ।


-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX