ਤਾਜਾ ਖ਼ਬਰਾਂ


ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਮਾਘ ਸੰਮਤ 550
ਵਿਚਾਰ ਪ੍ਰਵਾਹ: ਰਣਨੀਤੀ ਕਿੰਨੀ ਵੀ ਖ਼ੂਬਸੂਰਤ ਕਿਉਂ ਨਾ ਹੋਵੇ, ਤੁਹਾਨੂੰ ਕਦੇ-ਕਦੇ ਨਤੀਜਿਆਂ ਬਾਰੇ ਵੀ ਸੋਚ ਲੈਣਾ ਚਾਹੀਦਾ ਹੈ। -ਸਰ ਵਿੰਸਟਨ ਚਰਚਿਲ

ਤੁਹਾਡੇ ਖ਼ਤ

16-01-2019

 ਸ਼ਲਾਘਾਯੋਗ ਕਦਮ
ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਵਲੋਂ ਮਾਘੀ ਦੇ ਮੇਲੇ 'ਤੇ ਕਾਨਫ਼ਰੰਸ ਨਾ ਕਰਨ ਦਾ ਕੀਤਾ ਗਿਆ ਫ਼ੈਸਲਾ ਇਕ ਸ਼ਲਾਘਾਯੋਗ ਕਦਮ ਹੈ। ਆਮ ਤੌਰ 'ਤੇ ਵੇਖਿਆ ਜਾਂਦਾ ਹੈ ਕਿ ਧਾਰਮਿਕ ਅਸਥਾਨਾਂ 'ਤੇ ਸਿਆਸੀ ਪਾਰਟੀਆਂ ਦੁਆਰਾ ਕਾਨਫ਼ਰੰਸਾਂ ਕੀਤੀਆਂ ਜਾਂਦੀਆਂ ਹਨ ਪਰ ਉਥੇ ਸਿਰਫ ਇਕ-ਦੂਸਰੇ ਉੱਪਰ ਸਿਆਸੀ ਦੂਸ਼ਣਬਾਜ਼ੀ ਕੀਤੀ ਜਾਂਦੀ ਹੈ। ਧਾਰਮਿਕ ਅਸਥਾਨਾਂ ਨਾਲ ਸਬੰਧਿਤ ਗੁਰੂ ਸਾਹਿਬਾਨਾਂ ਦਾ ਜ਼ਿਕਰ ਬਿਲਕੁਲ ਨਹੀਂ ਕੀਤਾ ਜਾਂਦਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿਆਸੀ ਪਾਰਟੀਆਂ ਦੁਆਰਾ ਇਨ੍ਹਾਂ ਕਾਨਫ਼ਰੰਸਾਂ 'ਤੇ ਇਕੱਠ ਕਰਨ ਲਈ ਅਸਿੱਧੇ ਢੰਗਾਂ ਦੀ ਵਰਤੋਂ ਕੀਤੀ ਜਾਂਦੀ। ਸਾਰੇ ਸੂਬਿਆਂ 'ਚ ਇਨ੍ਹਾਂ ਸਿਆਸੀ ਪਾਰਟੀਆਂ ਦੁਆਰਾ ਆਵਾਜਾਈ ਦੇ ਸਾਧਨ ਭੇਜੇ ਜਾਂਦੇ ਹਨ, ਜਿਸ ਕਰਕੇ ਜਗ੍ਹਾ-ਜਗ੍ਹਾ 'ਤੇ ਆਵਾਜਾਈ ਜਾਮ ਹੋ ਜਾਂਦੀ ਹੈ।
ਰੈਲੀਆਂ ਦੀ ਸਮਾਪਤੀ ਦੇਰ ਸ਼ਾਮ ਹੋਣ ਕਰਕੇ ਰਾਤ ਨੂੰ ਦੁਰਘਟਨਾਵਾਂ ਵਾਪਰਦੀਆਂ ਹਨ। ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਕਾਨਫ਼ਰੰਸਾਂ ਨਾ ਕਰਕੇ ਧਾਰਮਿਕ ਅਸਥਾਨਾਂ ਦੀ ਪਵਿੱਤਰਤਾ ਨੂੰ ਬਹਾਲ ਕੀਤਾ ਜਾਵੇ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।


ਗੁਰਦੁਆਰਾ ਸਾਹਿਬਾਨ ਖੋਲ੍ਹਣ ਬਾਰੇ
ਪਿੰਡਾਂ ਵਿਚ ਜਾਂ ਸ਼ਹਿਰਾਂ ਵਿਚ ਆਮ ਦੇਖਣ ਵਿਚ ਆਇਆ ਹੈ ਕਿ ਜਗ੍ਹਾ-ਜਗ੍ਹਾ ਗੁਰਦੁਆਰਾ ਸਾਹਿਬਾਨ ਖੋਲ੍ਹੇ ਜਾ ਰਹੇ ਹਨ। ਇਹ ਰੁਝਾਨ ਗ਼ਲਤ ਹੈ। ਬਹੁਤੇ ਪਿੰਡਾਂ ਵਿਚ ਗੁਰਦੁਆਰਾ ਸਾਹਿਬਾਨ ਜਾਤ, ਪਾਤ ਦੇ ਆਧਾਰ 'ਤੇ ਖੋਲ੍ਹੇ ਹੋਏ ਹਨ। ਗੁਰੂ ਸਾਹਿਬ ਨੇ ਜਾਤ, ਪਾਤ ਖ਼ਤਮ ਕੀਤੀ ਸੀ ਪਰ ਅਸੀਂ ਅਜੇ ਵੀ ਇਸ ਬਿਰਤੀ ਵਿਚ ਵੰਡੇ ਹੋਏ ਹਾਂ। ਚਾਹੀਦਾ ਤਾਂ ਇਹ ਹੈ ਕਿ ਪਿੰਡ ਦਾ ਸਰਪੰਚ, ਇਕ ਜਾਂ ਦੋ ਗੁਰਦੁਆਰੇ ਹਨ ਤਾਂ ਉਨ੍ਹਾਂ ਦੇ ਮੁਹਤਬਰਾਂ ਨੂੰ ਸੱਦ ਕੇ ਸਮਝਾ, ਬੁਝਾ ਕੇ, ਇਕ ਗੁਰਦੁਆਰਾ ਬੰਦ ਕਰਕੇ ਦੂਜੇ ਗੁਰਦੁਆਰਾ ਸਾਹਿਬਾਨ ਵਿਚ ਸਾਂਝਾ ਪ੍ਰਕਾਸ਼ ਕੀਤਾ ਜਾਵੇ। ਇਕ ਤਾਂ ਧਾਰਮਿਕ ਬਿਰਤੀ ਵਧੇਗੀ, ਦੂਸਰਾ ਜਾਤ-ਪਾਤ ਦਾ ਮਸਲਾ ਵੀ ਖ਼ਤਮ ਹੋ ਜਾਵੇਗਾ। ਸੋ, ਜੇਕਰ ਗੁਰਦੁਆਰਾ ਸਾਹਿਬਾਨ ਜ਼ਿਆਦਾ ਹੋਣਗੇ ਤਾਂ ਸਤਿਕਾਰ ਘਟੇਗਾ, ਵਧੇਗਾ ਨਹੀਂ।


-ਹਰਜਿੰਦਰਪਾਲ ਸਿੰਘ ਬਾਜਵਾ
ਵਿਜੇ ਨਗਰ, ਹੁਸ਼ਿਆਰਪੁਰ।


ਜੇ ਹੁਣ ਵੀ ਨਾ ਜਾਗੇ
ਵਿਜੈ ਬੰਬੇਲੀ ਹੁਰਾਂ ਦਾ 'ਝੋਨੇ ਸਬੰਧੀ ਚਰਚਾ ਛੇੜਨਾ ਸਮੇਂ ਦੀ ਲੋੜ' ਪੜ੍ਹਿਆ। ਜਿਹੜੇ ਅੰਕੜੇ ਉਨ੍ਹਾਂ ਪਾਠਕਾਂ ਅੱਗੇ ਰੱਖੇ ਹਨ, ਪੜ੍ਹ ਕੇ ਪਤਾ ਲਗਦਾ ਹੈ ਕਿ ਅਸੀਂ ਹੱਦਾਂ ਤੋਂ ਵੀ ਅੱਗੇ ਲੰਘ ਚੁੱਕੇ ਹਾਂ। ਸਮਝਦਿਆਂ ਹੋਇਆਂ ਵੀ ਪੰਜਾਂ ਪਾਣੀਆਂ ਦੀ ਧਰਤੀ ਨੂੰ ਬੰਜਰ ਤੇ ਨਰਕ ਕੁੰਭੀ ਬਣਾ ਲਿਆ ਹੈ। ਸਰਕਾਰਾਂ ਨੇ ਵੀ ਨਹੀਂ ਸੋਚਿਆ ਕਿ ਝੋਨਾ ਸਾਡੀ ਧਰਤੀ ਦੀ ਫ਼ਸਲ ਨਹੀਂ। ਇਹ ਫ਼ਸਲ ਵੱਧ ਵਰਖਾ ਵਾਲੀਆਂ ਜਾਂ ਵੱਧ ਪਾਣੀ ਵਾਲੀਆਂ ਜ਼ਮੀਨਾਂ ਦੀ ਫ਼ਸਲ ਹੈ। ਫਿਰ ਇਹ ਸਾਡੀ ਖੁਰਾਕ ਦਾ ਹਿੱਸਾ ਵੀ ਨਹੀਂ। ਜੇ ਸਰਕਾਰਾਂ ਗੰਭੀਰ ਹੁੰਦੀਆਂ ਤਾਂ ਕਿਸਾਨਾਂ ਨੇ ਕਮਾਦ ਵੀ ਬੀਜਿਆ, ਸੂਰਜਮੁਖੀ ਵੀ ਲਾਇਆ, ਦਾਲਾਂ ਵੀ ਬੀਜ ਕੇ ਵੇਖ ਲਈਆਂ, ਮੱਕੀ ਵੀ ਬੀਜੀ ਪਰ ਇਨ੍ਹਾਂ ਫ਼ਸਲਾਂ ਦਾ ਪੂਰਾ ਭਾਅ ਨਾ ਮਿਲਣ ਕਰਕੇ ਕਿਸਾਨਾਂ ਦੁਖੀ ਹੋ ਕੇ ਇਨ੍ਹਾਂ ਫ਼ਸਲਾਂ ਵਲੋਂ ਮੂੰਹ ਮੋੜ ਲਿਆ।
ਹੁਣ ਤਾਂ ਸਾਡੀ ਬਾਸਮਤੀ ਵੀ ਕੌਮਾਂਤਰੀ ਮੰਡੀ 'ਚ ਫੇਲ੍ਹ ਹੋ ਗਈ ਹੈ। ਕਾਰਨ ਵਧ ਰਸਾਇਣਕ ਖਾਦਾਂ ਤੇ ਜ਼ਹਿਰਾਂ ਛਿੜਕ ਕੇ ਖਾਣ ਜੋਗੀ ਵੀ ਨਹੀਂ ਛੱਡਿਆ। ਸਰਕਾਰਾਂ ਨੂੰ ਵੀ ਅਤੇ ਕਿਸਾਨਾਂ ਨੂੰ ਵੀ ਜਾਗਣਾ ਪਵੇਗਾ। ਪੀਣ ਵਾਲਾ ਪਾਣੀ ਇਕ ਪਾਸੇ ਰਿਹਾ, ਫ਼ਸਲਾਂ ਨੂੰ ਲਾਉਣ ਵਾਸਤੇ ਵੀ ਨਹੀਂ ਮਿਲਣਾ। ਜਨਜੀਵਨ ਕਿੱਦਾਂ ਬਚੇਗਾ? ਸੋਚਣ ਦੀ ਲੋੜ ਹੈ, ਅੱਜ ਹੀ, ਕੱਲ੍ਹ ਨੂੰ ਦੇਰ ਹੋ ਜਾਵੇਗੀ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਨਾਜਾਇਜ਼ ਢੰਗ ਨਾਲ ਵਿਦੇਸ਼ ਨਾ ਜਾਓ
ਲਗਪਗ ਰੋਜ਼ ਹੀ ਅਖ਼ਬਾਰਾਂ ਵਿਚ ਏਜੰਟਾਂ ਵਲੋਂ ਨੌਜਵਾਨਾਂ ਨਾਲ ਠੱਗੀ ਮਾਰਨ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ, ਜਿਸ ਵਿਚ ਨੌਜਵਾਨਾਂ ਵਲੋਂ ਦੱਸਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਏਜੰਟ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿਚ ਪਾਇਆ ਗਿਆ ਹੈ। ਜਿਹੜੇ ਨੌਜਵਾਨ ਕਿਸੇ ਵੀ ਢੰਗ ਨਾਲ ਵਿਦੇਸ਼ ਜਾਣ ਲਈ ਸਹੀ ਢੰਗ ਨਾਲ ਵੀਜ਼ਾ ਨਹੀਂ ਲੈ ਪਾਉਂਦੇ, ਉਹ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਲਈ ਏਜੰਟਾਂ ਨਾਲ ਰਾਬਤਾ ਕਾਇਮ ਕਰਦੇ ਹਨ ਅਤੇ ਏਜੰਟਾਂ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਵਿਚ ਆ ਕੇ ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿਚ ਪਾਉਂਦੇ ਹਨ। ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾ ਕੇ ਅਸੀਂ ਜਿਥੇ ਆਪਣੇ ਮਾਪਿਆਂ ਦੀ ਖੂਨ-ਪਸੀਨੇ ਦੀ ਕਮਾਈ ਨੂੰ ਖ਼ਰਾਬ ਕਰਦੇ ਹਾਂ, ਉਥੇ ਹੀ ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿਚ ਵੀ ਪਾਉਂਦੇ ਹਾਂ। ਬਿਨਾਂ ਸ਼ੱਕ ਹਰ ਨੌਜਵਾਨ ਨੂੰ ਆਪਣੇ ਸੁਪਨੇ ਪੂਰੇ ਕਰਨ ਦਾ ਅਧਿਕਾਰ ਹੈ ਅਤੇ ਜਾਇਜ਼ ਢੰਗ ਨਾਲ ਵਿਦੇਸ਼ ਜਾਣ ਵਿਚ ਕੋਈ ਵੀ ਨੁਕਸਾਨ ਨਹੀਂ ਹੈ। ਪਰ ਕਿਸੇ ਵੀ ਹਾਲਤ ਵਿਚ ਸਾਨੂੰ ਨਾਜਾਇਜ਼ ਤਰੀਕੇ ਨਾਲ ਵਿਦੇਸ਼ ਨਹੀਂ ਜਾਣਾ ਚਾਹੀਦਾ।


-ਮਨਿੰਦਰ ਸਿੰਘ ਰਾਜੂ
ਬਰਨਾਲਾ।

15-01-2019

 ਸ਼ਰਮਨਾਕ ਵਿਵਸਥਾ
ਸਾਡੇ ਦੇਸ਼ ਦੀ ਸ਼ਰਮਨਾਕ ਵਿਵਸਥਾ ਇਹ ਹੈ ਕਿ ਇਕ ਪਾਸੇ ਤਾਂ ਅੰਨ ਦੇ ਭੰਡਾਰ ਗਲ-ਸੜ ਰਹੇ ਹਨ ਤੇ ਦੂਜੇ ਪਾਸੇ ਝਾਰਖੰਡ ਵਿਚ ਭੁੱਖ ਨਾਲ ਵਿਲਕਦੀ ਇਕ 11 ਸਾਲਾਂ ਦੀ ਬੱਚੀ ਮੌਤ ਦੇ ਮੂੰਹ ਚਲੀ ਜਾਂਦੀ ਹੈ। ਇਕ ਪਾਸੇ ਤਾਂ ਦੇਸ਼ ਦੇ ਧਨ ਕੁਬੇਰ ਵਧ-ਫੁੱਲ ਰਹੇ ਹਨ, ਜਿਨ੍ਹਾਂ ਦੀ ਸੁੱਤੇ ਪਇਆਂ ਦੀ ਆਮਦਨ ਵੀ ਵਧੀ ਜਾ ਰਹੀ ਹੈ ਤੇ ਦੂਜੇ ਪਾਸੇ ਇਕ ਮਜ਼ਦੂਰ ਸਾਰਾ ਦਿਨ ਕੰਮਕਾਰ ਕਰਕੇ ਸ਼ਾਮ ਨੂੰ ਆਪਣੀ ਬਣਦੀ ਦੋ-ਢਾਈ ਸੌ ਰੁਪਏ ਦੀ ਮਿਹਨਤ ਲੈਣ ਲਈ ਵੀ ਤਰਲੇ ਪਾਉਂਦਾ ਵੇਖਿਆ ਜਾ ਸਕਦਾ ਹੈ। ਸਾਡੇ ਦੇਸ਼ ਵਿਚ ਬੁੱਤਾਂ 'ਤੇ ਸੈਂਕੜੇ ਕਰੋੜਾਂ ਰੁਪਿਆਂ ਖਰਚ ਕਰਨ ਲਈ ਤਾਂ ਹੈ ਪਰ ਪਿਛਲੇ ਸੱਤ ਦਹਾਕਿਆਂ ਤੋਂ ਗੁਰਬਤ ਭਰਿਆ ਜੀਵਨ ਜੀਅ ਰਹੀ ਲੋਕਾਈ ਦੀ ਹਾਲਤ ਸੁਧਾਰਨ ਲਈ ਇਕ ਵੀ ਪੈਸਾ ਨਹੀਂ ਹੈ। ਸੰਵਿਧਾਨਕ ਤੌਰ 'ਤੇ ਭਾਵੇਂ ਲੋਕਾਂ ਕੋਲ ਵੋਟਾਂ ਰਾਹੀਂ ਆਪਣੀ ਪਸੰਦੀਦਾ ਉਮੀਦਵਾਰ ਚੁਣਨ ਦੀ ਤਾਕਤ ਹੈ ਪਰ ਇਸ ਸਮੇਂ ਲੋਕ ਗੁੰਮਰਾਹ ਹੋ ਜਾਂਦੇ ਹਨ। ਉਹ ਉਸ ਸਮੇਂ ਆਪਣੇ-ਆਪ ਨੂੰ ਲੁੱਟਿਆ ਮਹਿਸੂਸ ਕਰਦੇ ਹਨ ਜਦੋਂ ਉਨ੍ਹਾਂ ਦੇ ਪਿਛਲੇ ਸਮੇਂ ਤੋਂ ਰੁਕੇ ਕੰਮ ਨਹੀਂ ਹੁੰਦੇ। ਜਦੋਂ ਲੋਕਾਂ ਨੂੰ ਇਹ ਸਮਝ ਆਉਂਦੀ ਹੈ ਕਿ ਉਹ ਗ਼ਲਤ ਬੰਦਾ ਚੁਣ ਬੈਠੇ ਹਨ ਤਾਂ ਉਦੋਂ ਸਮਾਂ ਲੰਘ ਚੁੱਕਾ ਹੁੰਦਾ ਹੈ। ਬੜੇ ਦੁੱਖ ਦੀ ਗੱਲ ਇਹ ਵੀ ਹੈ ਕਿ 70 ਸਾਲਾਂ 'ਚ ਪਿੰਡਾਂ ਦੀਆਂ ਗਲੀਆਂ-ਨਾਲੀਆਂ ਹੀ ਨਹੀਂ ਬਣ ਸਕੀਆਂ। ਪਿੰਡਾਂ ਦੇ ਛੱਪੜਾਂ ਦੀ ਤਰਸਯੋਗ ਹਾਲਤ ਸਭ ਦੇ ਸਾਹਮਣੇ ਹੈ। ਆਮ ਲੋਕਾਂ ਦੀ ਹਾਲਤ ਕਦੋਂ ਸੁਧਰੇਗੀ? ਉਨ੍ਹਾਂ ਦੇ ਬਣਦੇ ਹੱਕ ਉਨ੍ਹਾਂ ਨੂੰ ਕਦੋਂ ਮਿਲਣਗੇ? ਇਸ ਬਾਰੇ ਦਾਅਵੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਰਾਖਵੇਂਕਰਨ ਦਾ ਦਾਅ
ਸੰਪਾਦਕੀ ਲੇਖ 'ਰਾਖਵੇਂਕਰਨ ਦਾ ਦਾਅ' ਵਿਚ ਸਚਾਈ ਦਾ ਵਰਨਣ ਕੀਤਾ ਗਿਆ ਹੈ ਕਿ ਇਹ ਐਲਾਨ ਮੋਦੀ ਸਰਕਾਰ ਦੀ ਘਬਰਾਹਟ ਨੂੰ ਦਰਸਾਉਂਦਾ ਹੈ। ਮੇਰਾ ਵਿਚਾਰ ਹੈ ਕਿ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਮੁਲਕ ਦੇ ਲੋਕਾਂ ਨੂੰ ਰਾਖਵੇਂਕਰਨ ਦੇ ਜਾਲ ਵਿਚ ਉਲਝਾਉਣ ਦੀ ਥਾਂ ਹਰ ਵਰਗ ਤੇ ਹਰ ਜਾਤੀ ਦੇ ਵਿਅਕਤੀ ਲਈ ਬਿਨਾਂ ਕਿਸੇ ਭੇਦਭਾਵ ਉਸ ਦੀ ਯੋਗਤਾ ਅਨੁਸਾਰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣੇ ਚਾਹੀਦੇ ਹਨ। ਸਮੇਂ ਦੀਆਂ ਸਰਕਾਰਾਂ ਨੂੰ ਆਪਣੀਆਂ ਨੀਤੀਆਂ ਰੁਜ਼ਗਾਰ ਪੱਖੀ ਬਣਾਉਣੀਆਂ ਚਾਹੀਦੀਆਂ ਹਨ, ਜਿਨ੍ਹਾਂ ਰਾਹੀਂ ਵੱਧ ਤੋਂ ਵੱਧ ਲੋਕਾਂ ਲਈ ਰੁਜ਼ਗਾਰ ਸਿਰਜਿਆ ਜਾ ਸਕੇ। ਜਦੋਂ ਰਾਖਵੇਂਕਰਨ ਦੀ ਥਾਂ ਯੋਗਤਾ ਦੇ ਆਧਾਰ 'ਤੇ ਮੁਲਕ ਦੇ ਹਰ ਵਿਅਕਤੀ ਨੂੰ ਰੁਜ਼ਗਾਰ ਮਿਲ ਜਾਵੇਗਾ ਤਾਂ ਰਾਸ਼ਟਰ ਦੀਆਂ ਕਈ ਵੱਡੀਆਂ ਸਮੱਸਿਆਵਾਂ ਆਪਣੇ-ਆਪ ਹੱਲ ਹੋ ਜਾਣਗੀਆਂ। ਰਾਖਵੇਂਕਰਨ ਦੀ ਥਾਂ ਯੋਗਤਾ ਨੂੰ ਪਹਿਲ ਦੇ ਕੇ ਹਰ ਘਰ ਰੁਜ਼ਗਾਰ ਮੁਹੱਈਆ ਕਰਨ ਵੱਲ ਸਮੇਂ ਦੀਆਂ ਸਰਕਾਰਾਂ ਨੂੰ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਇਸ ਵਿਚ ਹੀ ਸਾਡੇ ਮੁਲਕ ਦੀ ਭਲਾਈ ਹੈ।

-ਜਗਮੋਹਨ ਸਿੰਘ ਲੱਕੀ
61 ਏ ਵਿੱਦਿਆ ਨਗਰ, ਪਟਿਆਲਾ।

ਖ਼ਤਰਨਾਕ ਹੈ ਚਾਈਨਾ ਡੋਰ
ਕੋਈ ਸਮਾਂ ਸੀ ਜਦੋਂ ਦੇਸ਼ ਵਿਚ ਬਣੀ ਡੋਰ ਸਭ ਤੋਂ ਵਧੀਆ ਮੰਨੀ ਜਾਂਦੀ ਸੀ ਅਤੇ ਕਿਸੇ ਸਮੇਂ ਬਰੇਲੀ ਦੀ ਡੋਰ ਦੀ ਮੰਗ ਸਭ ਤੋਂ ਜ਼ਿਆਦਾ ਸੀ। ਇਹ ਡੋਰ ਦੂਜੀਆਂ ਦੇ ਮੁਕਾਬਲੇ ਵਧੀਆ ਕਿਸਮ ਦੀ ਹੁੰਦੀ ਸੀ ਅਤੇ ਕਿਸੇ ਵੀ ਪਸ਼ੂ ਪੰਛੀ ਜਾਂ ਇਨਸਾਨ ਲਈ ਜਾਨਲੇਵਾ ਸਾਬਤ ਨਹੀਂ ਹੁੰਦੀ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਬਾਜ਼ਾਰ ਵਿਚ ਚਾਈਨਾ ਦੀ ਬਣੀ ਡੋਰ ਦੀ ਮੰਗ ਬਹੁਤ ਜ਼ਿਆਦਾ ਹੈ। ਕਿਉਂਕਿ ਇਹ ਡੋਰ ਬਹੁਤ ਮਜ਼ਬੂਤ ਅਤੇ ਸਸਤੀ ਹੋਣ ਕਰਕੇ ਨੌਜਵਾਨਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ ਪਰ ਇਸ ਦੀ ਵਰਤੋਂ ਕਰਦੇ ਹੋਏ ਨੌਜਵਾਨ ਜਾਣੇ-ਅਣਜਾਣੇ ਵਿਚ ਜਿਥੇ ਆਪਣੀ ਜਾਨ ਨੂੰ ਖ਼ਤਰੇ ਵਿਚ ਪਾਉਂਦੇ ਹਨ, ਉਥੇ ਹੀ ਬੇਜ਼ਬਾਨ ਪੰਛੀਆਂ ਅਤੇ ਇਨਸਾਨਾਂ ਦੀ ਜ਼ਿੰਦਗੀ ਨੂੰ ਵੀ ਖ਼ਤਰੇ ਵਿਚ ਪਾਉਂਦੇ ਹਨ।
ਇਸ ਡੋਰ ਦੀ ਵਰਤੋਂ ਨਾਲ ਨੌਜਵਾਨਾਂ ਨੂੰ ਕਰੰਟ ਲੱਗਣ ਦੀਆਂ, ਗਲੇ ਵਿਚ ਫਸ ਕੇ ਜ਼ਖ਼ਮੀ ਹੋਣ ਦੀਆਂ ਅਤੇ ਕਈ ਵਾਰ ਨੌਜਵਾਨਾਂ ਅਤੇ ਰਾਹਗੀਰਾਂ ਦੀ ਮੌਤ ਦੀਆਂ ਖ਼ਬਰਾਂ ਵੀ ਸੁਣਨ ਨੂੰ ਮਿਲਦੀਆਂ ਹਨ। ਭਾਵੇਂ ਕਿ ਸਰਕਾਰ ਵਲੋਂ ਇਸ ਦੀ ਵਰਤੋਂ ਕਾਰਨ ਹੁੰਦੇ ਨੁਕਸਾਨ ਕਰਕੇ ਇਸ 'ਤੇ ਪੂਰਨ ਪਾਬੰਦੀ ਲਗਾਈ ਹੋਈ ਹੈ ਪਰ ਚੰਦ ਕੁ ਰੁਪਈਆਂ ਦੇ ਲਾਲਚ ਕਰਕੇ ਕਈ ਦੁਕਾਨਦਾਰ ਚੋਰੀ-ਛੁਪੇ ਇਸ ਦਾ ਵਪਾਰ ਕਰ ਰਹੇ ਹਨ ਅਤੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿਚ ਪਾ ਰਹੇ ਹਨ। ਦੁਕਾਨਦਾਰਾਂ ਨੂੰ ਵੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਇਸ ਨੂੰ ਵੇਚਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।

ਰੁਜ਼ਗਾਰ ਚਾਹੀਦਾ, ਨਾ ਕਿ ਸਮਾਰਟ ਫੋਨ
ਸਰਕਾਰਾਂ ਜਦ ਵੀ ਆਉਂਦੀਆਂ ਹਨ, ਆਉਣ ਤੋਂ ਪਹਿਲਾਂ ਬਹੁਤ ਵਾਅਦੇ ਕਰਦੀਆਂ ਹਨ। ਇਹ ਯਕੀਨੀ ਹੋ ਗਿਆ ਹੈ ਕਿ ਵਾਅਦੇ ਜਿੱਤਣ ਪਿੱਛੋਂ ਲਾਰਿਆਂ ਦਾ ਰੂਪ ਧਾਰਨ ਕਰ ਲੈਂਦੇ ਹਨ। ਇਹ ਕੋਈ ਇਕ-ਦੋ ਵਾਰ ਨਹੀਂ ਹੋਇਆ, ਹਰ ਵਾਰ ਹਰ ਸਰਕਾਰ ਇਹ ਡਰਾਮਾ ਰਚਦੀ ਹੈ। ਇਸੇ ਤਰ੍ਹਾਂ ਹੀ ਕਾਂਗਰਸ ਸਰਕਾਰ ਨੇ ਬਹੁਤ ਵਾਅਦੇ ਕੀਤੇ ਸੀ। ਚੋਣ ਮਨੋਰਥ ਦੀ ਕਿਤਾਬ ਹੀ ਛਾਪ ਦਿੱਤੀ ਸੀ। ਪਰ ਵਾਅਦਾ ਕੋਈ ਹੀ ਪੂਰਾ ਹੋਇਆ ਹੋਣਾ। ਕੈਪਟਨ ਸਾਹਬ ਨੇ ਘਰ-ਘਰ ਨੌਕਰੀ ਦਾ ਵਾਅਦਾ ਕੀਤਾ। ਨਾਲ ਹੀ ਫੋਨ ਦੇਣ ਦੀ ਗੱਲ ਕੀਤੀ। ਮੇਰੇ ਮੁਲਕ ਦਾ ਬੇਰੁਜ਼ਗਾਰੀ ਨਾਲ ਬਹੁਤ ਬੁਰਾ ਹਾਲ ਹੈ। ਨੌਜਵਾਨ ਮਹਿੰਗੀਆਂ ਪੜ੍ਹਾਈਆਂ ਕਰਕੇ ਸਰਕਾਰਾਂ ਦੇ ਮੂੰਹ ਵੱਲ ਵੇਖ ਰਹੇ ਹਨ। ਕੋਈ ਅਜਿਹਾ ਦਿਨ ਨਹੀਂ ਜਿਸ ਦਿਨ ਸਰਕਾਰ ਦੇ ਵਿਰੁੱਧ ਰੋਸ ਮੁਜ਼ਾਹਰਾ ਨਾ ਹੋਇਆ ਹੋਵੇ। ਕੈਪਟਨ ਸਾਹਬ ਯੋਗਤਾ ਅਨੁਸਾਰ ਰੁਜ਼ਗਾਰ ਦਿਓ। ਭਿਖਾਰੀ ਨਾ ਬਣਾਓ ਸਾਨੂੰ, ਜਦ ਰੁਜ਼ਗਾਰ ਮਿਲ ਗਿਆ ਇਹ ਸਭ ਅਸੀਂ ਖ਼ੁਦ ਖਰੀਦ ਲਵਾਂਗੇ। ਬੇਰੁਜ਼ਗਾਰਾਂ ਨੂੰ ਰੁਜ਼ਗਾਰ ਚਾਹੀਦਾ ਫੋਨ ਨਹੀਂ। ਬੇਰੁਜ਼ਗਾਰਾਂ ਨੂੰ ਇਨ੍ਹਾਂ ਬੇਕਾਰ ਗੱਲਾਂ ਵਿਚ ਨਾ ਉਲਝਾਓ। ਘਰ-ਘਰ ਨੌਕਰੀ ਵਾਲਾ ਵਾਅਦਾ ਪੂਰਾ ਕਰੋ। ਬਾਕੀ ਸਭ ਸਹੂਲਤਾਂ ਆਪ ਹਾਸਲ ਕਰ ਲਵਾਂਗੇ।

-ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ: ਸ਼ੇਰੋਂ ਤਹਿ: ਸੁਨਾਮ, ਜ਼ਿਲ੍ਹਾ ਸੰਗਰੂਰ।

14-01-2019

 ਪੰਚਾਇਤ ਚੋਣਾਂ
ਭਾਰਤੀ ਲੋਕਤੰਤਰ ਦੀ ਜੜ੍ਹ ਕਹੀਆਂ ਜਾਣ ਵਾਲੀਆਂ ਪੰਚਾਇਤੀ ਚੋਣਾਂ ਆਪਣਾ ਰੰਗ ਵਿਖਾ ਕਿਸੇ ਨੂੰ ਜਿਤਾ ਤੇ ਕਿਸੇ ਨੂੰ ਹਰਾ ਕੇ ਅੱਗੇ ਲੰਘ ਗਈਆਂ ਹਨ ਪਰ ਇਹ ਚੋਣਾਂ ਪਿਛੇ ਬਹੁਤ ਹੀ ਕਸੂਤੇ ਤੇ ਉਲਝਵੇਂ ਰੰਗ ਛੱਡ ਗਈਆਂ ਹਨ। ਇਨ੍ਹਾਂ ਚੋਣਾਂ ਦਾ ਰੰਗ ਕਿਸੇ ਨੂੰ ਬਹੁਤ ਹੀ ਚੜ੍ਹਿਆ ਤੇ ਕਿਸੇ ਨੂੰ ਬਿਲਕੁਲ ਬੇਰੰਗ ਕਰ ਗਿਆ। ਜੇ ਪਿੱਛੇ ਝਾਤ ਮਾਰੀਏ ਤਾਂ ਪਿਛਲੇ ਸਮੇਂ ਇਸ ਤਰ੍ਹਾਂ ਦੀ ਸਿਆਸਤ ਦਾ ਬੋਲਬਾਲਾ ਸਾਡੇ ਪਿੰਡ ਵਿਚ ਨਹੀਂ ਰਿਹਾ ਸੀ, ਹੁਣ ਨਿੱਤ ਨਵੀਂ ਤਾਣੀ ਉਲਝਦੀ ਅੱਗੇ ਆ ਰਹੀ ਹੈ ਤੇ ਕਈ ਥਾਵਾਂ 'ਤੇ ਇਨ੍ਹਾਂ ਚੋਣਾਂ ਦੇ ਸਿੱਟੇ ਮਾੜੇ ਨਿਕਲੇ। ਸਾਡੇ ਪਿੰਡਾਂ ਦੀ ਆਪਸੀ ਭਾਈਚਾਰਕ ਸਾਂਝ ਨੂੰ ਤੀਲਾ-ਤੀਲਾ ਕਰ ਗਈਆਂ ਹਨ, ਇਹ ਪੰਚਾਇਤੀ ਚੋਣਾਂ। ਲੋਕ ਸਿਆਸੀ ਚਾਲਾਂ ਨੂੰ ਸਮਝਣ ਦੀ ਥਾਂ ਇਨ੍ਹਾਂ ਚਾਲਾਂ ਦਾ ਸ਼ਿਕਾਰ ਹੋ ਗਏ। ਪਿਆਰ ਨਾਲ ਵੱਸਦੇ ਆਂਢੀ-ਗੁਆਂਢੀ, ਭਰਾ-ਭਰਾ, ਸੱਸ-ਨੂੰਹ ਤੇ ਹੋਰ ਪਰਿਵਾਰਕ ਰਿਸ਼ਤੇ ਵੀ ਇਨ੍ਹਾਂ ਚੋਣਾਂ ਦੀ ਭੇਂਟ ਚੜ੍ਹ ਗਏ। ਚੋਣਾਂ ਵਿਚ ਪੈਦਾ ਹੋਇਆ ਤਣਾਅ ਜਿਥੇ ਜਲਦੀ ਖਤਮ ਨਹੀਂ ਹੋਵੇਗਾ, ਉਥੇ ਝਗੜੇ-ਝੇੜੇ ਵੀ ਵਧੇ ਹਨ। ਇਹੋ ਜਿਹੀਆਂ ਚੋਣਾਂ ਨਹੀਂ ਚਾਹੀਦੀਆਂ ਜੋ ਸਮਾਜ ਨੂੰ ਵੰਡਣ।


-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ, ਜ਼ਿਲ੍ਹਾ ਲੁਧਿਆਣਾ।


ਨੇਕੀ ਦੀ ਦੀਵਾਰ
ਦਾਨੀ ਲੋਕਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵਲੋਂ 'ਨੇਕੀ ਦੀ ਦੀਵਾਰ' ਨਾਂਅ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਸਮਾਜ ਦੇ ਕਮਜ਼ੋਰ ਵਰਗਾਂ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਇਸ ਪ੍ਰੋਜੈਕਟ ਰਾਹੀਂ ਦਾਨੀ ਲੋਕ ਗ਼ਰੀਬ ਲੋਕਾਂ ਨੂੰ ਜੁੱਤੀਆਂ, ਕੱਪੜੇ, ਕੰਬਲ ਆਦਿ ਦੇ ਕੇ ਉਨ੍ਹਾਂ ਦੀ ਸਹਾਇਤਾ ਕਰ ਸਕਣਗੇ ਅਤੇ ਇਸ ਦੇ ਨਾਲ ਹੀ ਖਿਡੌਣਾ ਬੈਂਕ ਦੇ ਚਾਲੂ ਹੋ ਜਾਣ ਨਾਲ ਦਾਨੀ ਲੋਕ ਆਪਣੇ ਬੱਚਿਆਂ ਦੇ ਪੁਰਾਣੇ ਖਿਡੌਣੇ ਵੀ ਦਾਨ ਕਰ ਸਕਣਗੇ। ਜੋ ਗ਼ਰੀਬ ਲੋਕ ਆਪਣੇ ਬੱਚਿਆਂ ਨੂੰ ਨਵੇਂ ਖਿਡੌਣੇ ਖਰੀਦ ਕੇ ਨਹੀਂ ਦੇ ਸਕਦੇ, ਉਨ੍ਹਾਂ ਬੱਚਿਆਂ ਦੇ ਕੰਮ ਆਉਣਗੇ। ਅਜਿਹਾ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਬਹੁਤ ਵਧੀਆ ਕਦਮ ਉਠਾਇਆ ਹੈ। ਜਿਥੇ ਦਾਨੀ ਲੋਕਾਂ ਨੂੰ ਗ਼ਰੀਬ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ, ਉਥੇ ਹੀ ਅਜਿਹੇ ਪ੍ਰੋਜੈਕਟ ਪੰਜਾਬ ਦੇ ਬਾਕੀ ਸ਼ਹਿਰਾਂ, ਕਸਬਿਆਂ ਵਿਚ ਖੋਲ੍ਹੇ ਜਾਣ ਦੀ ਜ਼ਰੂਰਤ ਹੈ। ਅਜਿਹੇ ਮੰਚਾਂ 'ਤੇ ਦਾਨੀ ਲੋਕ ਦਾਨ ਕਰ ਸਕਣਗੇ ਅਤੇ ਗ਼ਰੀਬ ਲੋਕ ਇਸ ਦਾ ਫਾਇਦਾ ਉਠਾ ਸਕਣਗੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਸੰਘਰਸ਼ ਵਿੱਢਣਾ ਪਵੇਗਾ
ਅੱਜ ਪੰਜਾਬੀ ਭਾਸ਼ਾ ਸਾਹਮਣੇ ਬੇਸ਼ੁਮਾਰ ਚੁਣੌਤੀਆਂ ਹਨ। ਪੰਜਾਬੀ ਲੇਖਕ ਤੇ ਪੰਜਾਬੀ ਪ੍ਰੇਮੀ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਭਾਸ਼ਾ ਨੂੰ ਸਿਖ਼ਰ 'ਤੇ ਦੇਖਣਾ ਲੋਚਦੇ ਹਨ ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਤੇ ਅਫਸਰਸ਼ਾਹੀ ਦੀਆਂ ਪੰਜਾਬੀ ਭਾਸ਼ਾ ਵਿਰੋਧੀ ਨੀਤੀਆਂ ਇਸ ਦੇ ਵਿਕਾਸ ਵਿਚ ਵੱਡਾ ਰੋੜਾ ਬਣੀਆਂ ਹੋਈਆਂ ਹਨ।
ਪੰਜਾਬੀ ਭਾਸ਼ਾ ਦਾ ਇਸ ਤੋਂ ਵੱਡਾ ਨਿਰਾਦਰ ਹੋਰ ਕੀ ਹੋ ਸਕਦਾ ਹੈ ਕਿ ਸੂਬੇ ਦੇ ਪਬਲਿਕ ਸਕੂਲਾਂ ਵਿਚ ਵੀ ਪੰਜਾਬੀ ਬੋਲਣ 'ਤੇ ਮਨਾਹੀ ਹੈ। ਗਿਆਨ ਵਧਾਉਣ ਲਈ ਹੋਰ ਭਾਸ਼ਾਵਾਂ ਸਿੱਖਣਾ ਚੰਗੀ ਗੱਲ ਹੈ, ਪਰ ਮਾਤ ਭਾਸ਼ਾ ਤੋਂ ਜਾਣਬੁੱਝ ਕੇ ਮੁੱਖ ਮੋੜਨੇ ਜਾਂ ਮੁੜਵਾਉਣੇ ਬੇਹੱਦ ਮਾੜੀ ਗੱਲ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕਿਸੇ ਦੇਸ਼ ਜਾਂ ਸੂਬੇ ਦੀ ਤਰੱਕੀ ਵਿਚ ਉਥੋਂ ਦੀ ਮਾਤ-ਭਾਸ਼ਾ ਦਾ ਅਹਿਮ ਰੋਲ ਹੁੰਦਾ ਹੈ। ਪੰਜਾਬੀ ਭਾਸ਼ਾ ਦਾ ਨਿਰਾਦਰ ਪੰਜਾਬੀ ਹਿਤੈਸ਼ੀਆਂ ਲਈ ਅਸਹਿਣਯੋਗ ਹੈ। ਲਗਦਾ ਹੈ ਪੰਜਾਬੀ ਭਾਸ਼ਾ ਨੂੰ ਬਣਦਾ ਹੱਕ ਦਿਵਾਉਣ ਲਈ ਵੱਡਾ ਸੰਘਰਸ਼ ਵਿੱਢਣਾ ਪਵੇਗਾ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।


ਸਮਾਂ ਕਦੇ ਰੁੁਕਦਾ ਨਹੀਂ
ਵਕਤ ਜਾਂ ਸਮੇਂ ਦੀ ਗੱਲ ਕਰੀਏ ਤਾਂ ਇਹ ਬਹੁਤ ਸ਼ਕਤੀਸ਼ਾਲੀ ਹੈ। ਇਸ ਨੂੰ ਅੱਜ ਤੱਕ ਕੋਈ ਆਪਣੇ ਅਨੁਸਾਰ ਨਹੀਂ ਚਲਾ ਸਕਿਆ। ਇਹ ਹਮੇਸ਼ਾਂ ਆਪਣੀ ਚਾਲ ਚੱਲਦਾ ਰਹਿੰਦਾ ਹੈ। ਵਕਤ ਬਹੁਤ ਕੁਝ ਦਿੰਦਾ ਵੀ ਹੈ ਅਤੇ ਬਹੁਤ ਕੁਝ ਖੋਹ ਵੀ ਲੈਂਦਾ ਹੈ। ਸੱਚ ਕਹਿੰਦੇ ਨੇ ਸਿਆਣੇ ਵਕਤ ਬੜਾ ਬਲਵਾਨ ਹੁੰਦਾ ਹੈ। ਸਟੀਫ਼ਨ ਕਿੰਗ ਨੇ ਲਿਖਿਆ ਹੈ, 'ਵਕਤ ਹਰ ਚੀਜ਼ ਖੋਹ ਲੈਂਦਾ ਹੈ ਭਾਵੇਂ ਤੁਹਾਨੂੰ ਇਸ ਦੀ ਲੋੜ ਹੈ ਜਾਂ ਨਹੀਂ ਹੈ।' ਵਕਤ ਰਾਜੇ ਤੋਂ ਰੰਕ ਅਤੇ ਭਿਖਾਰੀ ਤੋਂ ਬਾਦਸ਼ਾਹ ਬਣਾ ਦਿੰਦਾ ਹੈ।
ਮਾਰਗਰੇਟ ਮੀ ਚੇਲ ਅਨੁਸਾਰ, 'ਮੌਤ, ਟੈਕਸ ਅਤੇ ਬੱਚੇ ਦੇ ਜੰਮਣ ਵਕਤ, ਇਨ੍ਹਾਂ ਤਿੰਨਾਂ ਦੇ ਵਾਪਰਨ ਦਾ ਕੋਈ ਉਚਿਤ ਸਮਾਂ ਨਹੀਂ ਹੁੰਦਾ। ਵਕਤ ਬਹੁਤ ਧਨ ਦੌਲਤ ਦਿੰਦਾ ਹੈ ਅਤੇ ਬੰਦੇ ਨੂੰ ਇਸ ਵਿੱਚ ਉਲਝਾ ਦਿੰਦਾ ਹੈ ਕਿ ਤੇਰੇ ਜਿੰਨਾ ਕੋਈ ਸ਼ਕਤੀਸ਼ਾਲੀ ਨਹੀਂ। ਇਵੇਂ ਹੀ ਬੁਰਾ ਵਕਤ ਆ ਜਾਵੇ ਤਾਂ ਘਬਰਾਉਣਾ ਨਹੀਂ ਚਾਹੀਦਾ। ਬੁਰਾ ਵਕਤ ਬਹੁਤ ਕੁਝ ਸਿਖਾ ਜਾਂਦਾ ਹੈ। ਓਸਕਰ ਵਾਈਲਡ ਅਨੁਸਾਰ, 'ਔਖੇ ਵਕਤ ਆਮ ਬੰਦਿਆਂ ਨੂੰ ਕਿਸੇ ਖ਼ਾਸ ਮੁਕਾਮ ਤੱਕ ਪਹੁੰਚਣ ਲਈ ਤਿਆਰ ਕਰਦੇ ਹਨ।' ਔਖੇ ਸਮੇਂ, ਗਰੀਬੀ ਜਾਂ ਤੰਗੀ ਵੇਖਕੇ ਪੈਸੇ ਦੀ ਅਤੇ ਵਕਤ ਦੀ ਕਦਰ ਕਰਨ ਦੀ ਸਮਝ ਆ ਜਾਂਦੀ ਹੈ। ਹਕੀਕਤ ਇਹ ਹੈ ਵਕਤ ਦੇ ਨਾਲ ਅਤੇ ਵਕਤ ਦੇ ਅਨੁਸਾਰ ਅਸੀਂ ਆਪਣੇ ਆਪ ਬਦਲ ਜਾਂਦੇ ਹਾਂ। ਚੰਗਾ ਹੋਵੇ ਜਾਂ ਮਾੜਾ ਵਕਤ ਜਾਂ ਸਮਾਂ ਕਦੇ ਹਮੇਸ਼ਾਂ ਲਈ ਨਹੀਂ ਹੁੰਦਾ ਕਿਉਂਕਿ ਇਹ ਰੁੱਕਦਾ ਨਹੀਂ।


ਪ੍ਰਭਜੋਤ ਕੌਰ ਢਿੱਲੋਂ
ਮੁਹਾਲੀ।

10-01-2019

ਮਿਥਿਹਾਸ ਦਾ ਤੜਕਾ ਨਾ ਲਾਉ
ਮਿਥਿਹਾਸ ਦੀਆਂ ਕਹਾਣੀਆਂ ਨੂੰ ਵਿਗਿਆਨ ਕਾਨਫ਼ਰੰਸ ਤੋਂ ਦੂਰ ਰੱਖਣ ਦੀ ਲੋੜ ਹੈ। ਇਹ ਸੱਚ ਹੈ ਕਿ ਪਿਛਲੇ ਸਮੇਂ ਤੋਂ ਜਦੋਂ ਦਾ ਮੋਦੀ ਰਾਜ ਆਇਆ ਹੈ ਇਸ ਨੇ ਮਿਥਿਹਾਸ ਨੂੰ ਇਤਿਹਾਸ ਬਣਾਉਣ ਦੀਆਂ ਉਦੋਂ ਤੋਂ ਹੀ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੈਸੇ ਵਿਚ ਬਹੁਤ ਤਾਕਤ ਹੁੰਦੀ ਹੈ। ਇਸ ਨਾਲ ਸਭ ਕੁਝ ਖਰੀਦਿਆ ਜਾ ਸਕਦਾ ਹੈ। ਇੱਥੋਂ ਤੱਕ ਕਿ ਵਿਗਿਆਨੀਆਂ ਨੂੰ ਵੀ। ਇਨ੍ਹਾਂ ਅਖੌਤੀ ਵਿਗਿਆਨੀਆਂ ਨੂੰ ਖਰੀਦ ਕੇ ਇਤਿਹਾਸ ਨੂੰ ਮਿਥਿਹਾਸ ਦਾ ਤੜਕਾ ਲਾਉਣ ਦੀਆਂ ਹਰ ਵਕਤ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਪਰ ਇਹ ਫਿਰ ਵੀ ਸਫ਼ਲ ਨਹੀਂ ਹੁੰਦੇ। ਸੱਚ ਹਮੇਸ਼ਾ ਸੱਚ ਹੀ ਰਹਿੰਦਾ ਹੈ। ਉਸ ਨੂੰ ਅੰਧਵਿਸ਼ਵਾਸ ਦੀ ਧੁੰਦ ਕਦੇ ਵੀ ਢਕ ਕੇ ਨਹੀਂ ਰੱਖ ਸਕਦੀ। ਮਿਥਿਹਾਸ ਵਿਚ ਅਜਿਹੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ ਕਿ ਜਿਨ੍ਹਾਂ ਨੂੰ ਬਿਆਨ ਕਰਨ ਵਿਚ ਸ਼ਰਮ ਮਹਿਸੂਸ ਹੁੰਦੀ ਹੈ। ਫਿਰ ਵੀ ਸੱਚ ਤਾਂ ਦੱਸਣਾ ਹੀ ਪੈਂਦਾ ਹੈ। ਲੱਖਾਂ ਸਾਲਾਂ ਦੇ ਝੂਠ ਦਾ ਬਾਬੇ ਨਾਨਕ ਨੇ ਇਨ੍ਹਾਂ ਦੇ ਅੰਧਵਿਸ਼ਵਾਸਾਂ ਦਾ ਸਾਹਮਣੇ ਭਾਂਡਾ ਭੰਨਿਆ ਸੀ ਪਰ ਫਿਰ ਵੀ ਸਿਆਸਤਦਾਨ ਇਕ-ਦੂਜੇ ਦੇ ਮੋਢਿਆਂ 'ਤੇ ਚੜ੍ਹ ਕੇ ਸਿਆਸਤ ਦਾ ਅਨੰਦ ਮਾਣਨ ਲਈ ਊਠ ਅਤੇ ਝੋਟੇ ਦਾ ਹਲ ਜੋੜ ਕੇ ਖੇਤੀ ਕਰਨ ਤੋਂ ਬਾਜ਼ ਨਹੀਂ ਆਉਂਦੇ ਤਾਂ ਹੀ ਸਾਡੇ ਦੇਸ਼ ਦਾ ਬੁਰਾ ਹਾਲ ਹੈ। ਮਿਥਿਹਾਸ ਵਿਚ ਤਾਂ ਕਈ ਕਹਾਣੀਆਂ ਐਸੀਆਂ ਹਨ ਕਿ ਪੜ੍ਹ ਕੇ ਹਾਸਾ ਵੀ ਆਉਂਦਾ ਹੈ। ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।


-ਸੁਖਮਿੰਦਰ ਬਾਗੀ
ਆਦਰਸ਼ ਨਗਰ, ਸਮਰਾਲਾ।


ਪਿਆਰ ਦੇ ਰੂਪ ਅਨੇਕ
ਪੂਰਨ ਚੰਦ ਸਰੀਨ ਦੀ ਲਿਖਤ 'ਅਨੇਕ ਰੂਪ ਹਨ ਪਿਆਰ ਦੇ' ਪੜ੍ਹੀ ਤੇ ਪੜ੍ਹ ਕੇ ਬਹੁਤ ਹੀ ਵਧੀਆ ਲੱਗੀ। ਪਿਆਰ ਇਕ ਛੋਟਾ ਜਿਹਾ ਸ਼ਬਦ ਹੈ ਪਰ ਇਹ ਸ਼ਬਦ ਆਪਣੇ ਅੰਦਰ ਹਰ ਰਿਸ਼ਤੇ ਨੂੰ, ਹਰ ਭਾਵਨਾ ਨੂੰ ਸਮੋਈ ਬੈਠਾ ਹੈ। ਕੁਦਰਤ ਨਾਲ ਪਿਆਰ ਕਰਨ ਵਾਲੇ ਨੂੰ ਆਪਣੇ ਆਲੇ-ਦੁਆਲੇ ਦੀ ਹਰ ਚੀਜ਼ ਆਪਣੀ ਲਗਦੀ ਹੈ ਅਤੇ ਉਹ ਹਰ ਉਸ ਕੁਦਰਤੀ ਚੀਜ਼ ਨੂੰ ਸਾਫ਼-ਸੁਥਰਾ ਅਤੇ ਸੰਭਾਲ ਕੇ ਰੱਖਣ ਲਈ ਹਮੇਸ਼ਾ ਤਤਪਰ ਰਹਿੰਦਾ ਹੈ। ਸੱਚੇ ਦਿਲੋਂ ਪਰਮਾਤਮਾ ਨਾਲ ਪਿਆਰ ਕਰਨ ਵਾਲੇ ਲਈ ਸਾਰੀ ਲੋਕਾਈ ਉਸ ਰੱਬ ਦਾ ਰੂਪ ਹੁੰਦੀ ਹੈ ਅਤੇ ਉਸ ਨੂੰ ਚਾਰੇ ਪਾਸੇ ਉਸ ਪਰਮਾਤਮਾ ਦਾ ਪਰਛਾਵਾਂ ਹੀ ਨਜ਼ਰ ਆਉਂਦਾ ਹੈ। ਜਿਸ ਰੂਹ ਵਿਚ ਸੱਚਾ ਪਿਆਰ ਸਮਾ ਜਾਵੇ, ਉਸ ਕੋਲ ਨਫ਼ਰਤ ਕਰਨ ਦਾ ਸਮਾਂ ਹੀ ਨਹੀਂ ਰਹਿੰਦਾ ਅਤੇ ਜਿਸ ਸੋਚ ਵਿਚ ਪਿਆਰ ਦੇ ਨਾਲ ਸਵਾਰਥ ਰਲ ਜਾਵੇ, ਉਹ ਕਦੇ ਕਿਸੇ ਨੂੰ ਸੱਚਾ ਪਿਆਰ ਨਹੀਂ ਕਰ ਸਕਦਾ। ਇਹੀ ਜ਼ਿੰਦਗੀ ਦਾ ਕੌੜਾ ਸੱਚ ਹੈ।


-ਬਲਦੇਵ ਸਿੰਘ ਸ਼ੇਖੂਪੁਰਾ
ਕੰਪਿਊਟਰ ਅਧਿਆਪਕ (ਜੱਸੋਵਾਲ ਕੁਲਾਰ)।


ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ
ਗੁਰਦੇਵ ਸਿੰਘ ਗਹੂਣ ਨੇ ਉਪਰੋਕਤ ਵਿਸ਼ੇ ਦੇ ਸਬੰਧ ਵਿਚ ਲੇਖ ਲਿਖਿਆ ਜੋ ਸਿੱਖਿਆ ਦੇ ਖੇਤਰ ਵਿਚ ਅੰਦਰਲੀਆਂ ਸਚਾਈਆਂ ਨੂੰ ਬਿਆਨਦਾ ਹੈ। ਇਹ ਪ੍ਰਾਜੈਕਟ ਮੌਜੂਦਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੀ ਕਾਢ ਹੈ। ਅਧਿਆਪਕ ਵਰਗ ਅਨੁਸਾਰ ਇਹ ਪ੍ਰਾਜੈਕਟ ਕੇਂਦਰ ਤੋਂ ਪ੍ਰਾਪਤ ਫੰਡਾਂ ਨੂੰ ਮੰਤਰੀਆਂ ਅਤੇ ਅਫ਼ਸਰਸ਼ਾਹੀ ਦੀਆਂ ਜੇਬਾਂ ਤੱਕ ਪਹੁੰਚਾਉਣ ਲਈ ਹੀ ਘੜਿਆ ਗਿਆ ਹੈ। ਇਸ ਪ੍ਰਾਜੈਕਟ ਤਹਿਤ ਵਿਗਿਆਨ ਗਣਿਤ, ਸਮਾਜਿਕ ਅਧਿਐਨ, ਅੰਗਰੇਜ਼ੀ, ਪੰਜਾਬੀ, ਹਿੰਦੀ ਆਦਿ ਵਿਸ਼ਿਆਂ ਦੀਆਂ ਸਰਗਰਮੀਆਂ ਇਕੋ ਸਮੇਂ ਕਰਵਾਉਣ ਨਾਲ ਵਿਦਿਆਰਥੀ ਵੀ ਪੜ੍ਹਾਈ 'ਤੇ ਧਿਆਨ ਕੇਂਦਰਿਤ ਨਹੀਂ ਕਰ ਪਾ ਰਹੇ ਹਨ, ਜਿਸ ਦੇ ਨਤੀਜੇ ਵਜੋਂ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਜ਼ਿਲ੍ਹਾ ਤਰਨ ਤਾਰਨ ਸਾਹਿਬ।


ਅਧਿਆਪਕ ਵਰਗ
ਪੰਜਾਬ ਦੀ ਜਵਾਨੀ ਦੇ ਸਿੱਖਿਅਤ ਹੋ ਕੇ ਰੁਜ਼ਗਾਰ ਲੈਣ ਦੇ ਸੁਪਨੇ 'ਤੜੱਕ-ਤੜੱਕ' ਕਰਕੇ ਟੁੱਟਦੇ ਹਨ ਜਦੋਂ ਉਨ੍ਹਾਂ ਦੀ ਪੂਰੀ ਤਨਖਾਹ 45000 ਤੋਂ 15000 ਦੇ ਕੇ ਭਿਖਾਰੀ ਬਣਾਇਆ ਜਾਂਦਾ ਹੈ ਜਦੋਂ ਕਿ 5 ਤੋਂ 8 ਜਮਾਤਾਂ ਪੜ੍ਹ ਕੇ ਅਸਿੱਖਿਅਤ ਰਹਿ ਕੇ ਵੀ ਇਕ ਮਜ਼ਦੂਰ 500 ਰੁਪਏ ਦਿਹਾੜੀ ਨੂੰ ਹੱਥ ਫੇਰ ਜਾਂਦਾ ਹੈ। ਇਹੀ ਕਾਰਨ ਹੈ ਕਿ ਪੰਜਾਬ ਦੀ ਜਵਾਨੀ ਆਪਣੀ ਮਾਤ-ਭੂਮੀ ਨੂੰ 'ਅਲਵਿਦਾ' ਕਹਿ ਕੇ ਆਪ ਤੇ ਆਪਣਾ ਕੀਮਤੀ ਸਰਮਾਇਆ ਲੈ ਕੇ 'ਮਜਬੂਰੀਵੱਸ' ਵਿਦੇਸ਼ਾਂ ਵਿਚ ਵਸਣ ਲਈ ਤਰਲੋਮੱਛੀ ਹੋ ਰਹੀ ਹੈ। ਜਦੋਂ ਵਿਧਾਨ ਸਭਾ ਦੇ ਮੈਂਬਰਾਂ ਨੇ ਆਪਣੀਆਂ ਤਨਖਾਹਾਂ, ਭੱਤੇ ਹੋਰ ਅਨੇਕਾਂ ਲਾਭ ਵਧਾਉਣੇ ਹੁੰਦੇ ਹਨ ਤਾਂ ਇਹ ਹਵਾ ਵੀ ਬਾਹਰ ਨਹੀਂ ਕੱਢਦੇ। ਚੁੱਪ-ਚੁਪੀਤੇ ਬਿਨਾਂ ਕਿਸੇ ਨੂੰ ਪੁੱਛੇ ਵਧਾ ਲੈਂਦੇ ਹਨ। ਅਸੀਂ ਸਰਕਾਰ ਦੀ ਇਸ ਧੱਕੇਸ਼ਾਹੀ ਦੀ ਨਿੰਦਾ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਅਧਿਆਪਕਾਂ ਦੀਆਂ ਪੂਰੀਆਂ ਤਨਖਾਹਾਂ ਅਤੇ ਜਾਇਜ਼ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ।


-ਮਾ: ਜਸਵੰਤ ਸਿੰਘ, ਗੁਰਦਾਸਪੁਰ।


ਪੰਚਾਇਤੀ ਮਤੇ
ਅੱਜ 21ਵੀਂ ਸਦੀ ਵਿਚ ਪ੍ਰਵੇਸ਼ ਹੋ ਕੇ ਵੀ ਮਨੁੱਖ ਤਰ੍ਹਾਂ-ਤਰ੍ਹਾਂ ਦੇ ਵਹਿਮਾਂ-ਭਰਮਾਂ ਵਿਚ ਜਕੜਿਆ ਪਿਆ ਹੈ ਅਤੇ ਖ਼ਾਸ ਕਰਕੇ ਮਰਗਾਂ ਦੇ ਭੋਗਾਂ 'ਤੇ ਫਜ਼ੂਲ ਖਰਚੇ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਿਹਾ ਅਤੇ ਫਜ਼ੂਲ ਖਰਚ ਕਰਨ ਨੂੰ ਉਹ ਆਪਣੀ ਮਜਬੂਰੀ ਦੱਸ ਰਿਹਾ ਹੁੰਦਾ ਹੈ। ਅਜਿਹੇ ਸਮਾਗਮਾਂ ਨੂੰ ਸਾਦੇ ਢੰਗ ਨਾਲ ਵੀ ਨੇਪਰੇ ਚਾੜ੍ਹਿਆ ਜਾ ਸਕਦਾ ਹੈ ਪਰ ਲੋਕਾਂ ਵਲੋਂ ਦੇਖੋ-ਦੇਖੀ ਬੇਲੋੜਾ ਖਰਚ ਕੀਤਾ ਜਾਂਦਾ ਹੈ। ਇਸ ਦੇ ਉਲਟ ਜਿਥੇ ਪੰਚਾਇਤ ਸੂਝਵਾਨ ਅਤੇ ਪੜ੍ਹੀ-ਲਿਖੀ ਹੁੰਦੀ ਹੈ, ਉਥੇ ਅਜਿਹੇ ਫਜ਼ੂਲ ਖਰਚਿਆਂ ਦੇ ਵਿਰੁੱਧ ਮਤੇ ਪਾਸ ਕੀਤੇ ਜਾਂਦੇ ਹਨ। ਨਵੀਆਂ ਪੰਚਾਇਤਾਂ ਨੂੰ ਵੀ ਫਜ਼ੂਲ ਖਰਚਿਆਂ ਵਿਰੁੱਧ ਵੱਧ ਤੋਂ ਵੱਧ ਮਤੇ ਪਾ ਕੇ ਮਹਿੰਗਾਈ ਦੀ ਚੱਕੀ ਵਿਚ ਪਿਸ ਰਹੀ ਸਮੁੱਚੀ ਆਵਾਮ ਦਾ ਹਮੇਸ਼ਾ ਭਲਾ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਵੀ ਸਾਡਾ ਖ਼ਤਮ ਹੋ ਰਿਹਾ ਪੰਜਾਬ ਕੁਝ ਹੱਦ ਤੱਕ ਕਾਮਯਾਬੀ ਦੀਆਂ ਬੁਲੰਦੀਆਂ ਹਾਸਲ ਕਰ ਸਕਦਾ ਹੈ।


-ਕੇਵਲ ਸਿੰਘ ਬਾਠਾਂ
ਡਾ: ਅੰਬੇਡਕਰ ਮਿਸ਼ਨ ਕਲੱਬ, ਮਲੇਰਕੋਟਲਾ।

08-01-2019

 ਕਿਸਾਨੀ ਸੰਕਟ
ਖੇਤੀਬਾੜੀ ਭਾਰਤੀ ਅਰਥ-ਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ। ਇਸ ਨੂੰ ਤੰਦਰੁਸਤ ਰੱਖਣ ਲਈ ਸਮੇਂ-ਸਮੇਂ ਦੀ ਕੇਂਦਰੀ ਸਰਕਾਰ ਨੂੰ ਇਸ ਪਾਸੇ ਵੱਲ ਸਭ ਪਹਿਲੂਆਂ ਤੋਂ ਵੱਧ ਧਿਆਨ ਦੇਣਾ ਚਾਹੀਦਾ ਸੀ ਪਰ ਅਫ਼ਸੋਸ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਿਸਾਨੀ ਸੰਕਟ ਲਗਾਤਾਰ ਵਧਦਾ ਹੀ ਆ ਰਿਹਾ ਹੈ। ਸਵਾਮੀਨਾਥਨ ਰਿਪੋਰਟ ਜਿਸ ਨੂੰ ਲਾਗੂ ਕਰਨ ਲਈ ਸਾਰੇ ਭਾਰਤ ਦੇ ਕਿਸਾਨ ਮੰਗ ਕਰ ਰਹੇ ਹਨ, ਜਿਸ ਨੂੰ ਨਾ ਤਾਂ ਕੇਂਦਰ ਵਿਚ ਲੰਮਾ ਸਮਾਂ ਰਾਜ ਕਰਦੀ ਕਾਂਗਰਸ ਪਾਰਟੀ ਨੇ ਲਾਗੂ ਕੀਤਾ ਹੈ ਤੇ ਨਾ ਹੀ ਭਾਜਪਾ ਨੇ। ਖ਼ਾਸ ਕਰਕੇ ਭਾਜਪਾ ਨੇ ਤਾਂ ਇਸ ਨੂੰ ਸਰਕਾਰ ਬਣਨ 'ਤੇ ਪਹਿਲ ਦੇ ਆਧਾਰ 'ਤੇ ਲਾਗੂ ਕਰਨ ਦੀ ਗੱਲ ਕੀਤੀ ਸੀ। ਅੱਜ ਖੇਤੀ ਲਾਗਤ ਲਗਾਤਾਰ ਵਧ ਰਹੀ ਹੈ ਤੇ ਆਮਦਨ ਲਗਾਤਾਰ ਘਟਦੀ ਜਾ ਰਹੀ ਹੈ। ਆਪਣੀ ਸਿਆਸਤ ਚਮਕਾਉਣ ਲਈ ਇਸ ਧਰਤੀ ਦੀ ਹਿੱਕ 'ਤੇ ਕਰੋੜਾਂ ਅਰਬਾਂ ਰੁਪਿਆਂ ਦੀਆਂ ਮੂਰਤੀਆਂ ਅਤੇ ਮੰਦਰ ਬਣਾਉਣ ਦੀ ਥਾਂ ਖ਼ੁਦਕੁਸ਼ੀਆਂ ਕਰ ਰਹੇ ਕਿਸਾਨਾਂ ਦੀਆਂ ਨਿੱਤ ਬਣਦੀਆਂ ਚਿਖਾਵਾਂ ਨੂੰ ਰੋਕੋ।

-ਮਾਸਟਰ ਜਸਪਿੰਦਰ ਸਿੰਘ ਗਿੱਲ
ਪਿੰਡ ਓਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ ਸਾਹਿਬ।

ਰੁਜ਼ਗਾਰ ਜ਼ਰੂਰੀ
ਅੱਜ ਦੇ ਨੌਜਵਾਨ ਦਾ ਸਭ ਤੋਂ ਵੱਡਾ ਦੁੱਖ ਜਾਂ ਉਸ ਦੀ ਤ੍ਰਾਸਦੀ ਇਹ ਹੈ ਕਿ ਉਸ ਕੋਲ ਰੁਜ਼ਗਾਰ ਨਹੀਂ ਹੈ। ਬੇਰੁਜ਼ਗਾਰ ਵਿਅਕਤੀ ਫ਼ਿਕਰਾਂ, ਚਿੰਤਾਵਾਂ, ਝੋਰਿਆਂ, ਤਰਸੇਵਿਆਂ, ਹਉਕਿਆਂ, ਪਛਤਾਵਿਆਂ ਦੀ ਜ਼ਿੰਦਗੀ ਬਸਰ ਕਰਦਾ ਹੈ। ਉਸ ਦਾ ਕੋਈ ਵੀ ਸੁਪਨਾ ਜਦੋਂ ਸਾਕਾਰ ਨਹੀਂ ਹੁੰਦਾ ਤਾਂ ਉਸ ਦੀ ਮਾਨਸਿਕਤਾ ਢਹਿੰਦੀ ਕਲਾ ਵੱਲ ਨੂੰ ਜਾਂਦੀ ਹੈ। ਢਹਿੰਦੀ ਕਲਾ ਵਾਲਾ ਵਿਅਕਤੀ ਹੋਰਾਂ ਨੂੰ ਤਾਂ ਕੀ ਆਪਣੇ-ਆਪ ਨੂੰ ਵੀ ਪਿਆਰ ਕਰਨਾ ਛੱਡ ਦਿੰਦਾ ਹੈ। ਅਜਿਹੇ ਵਿਅਕਤੀ ਤੋਂ ਸਮਾਜ ਅਤੇ ਦੇਸ਼, ਕੌਮ ਦੇ ਪਿਆਰ ਦੀ ਆਸ ਕਰਨੀ, ਆਸ ਕਰਨ ਵਾਲੇ ਦੀ ਬੇਸਮਝੀ ਹੀ ਕਿਹਾ ਜਾ ਸਕਦਾ ਹੈ। ਰੁਜ਼ਗਾਰ ਦੇ ਲੋੜੀਂਦੇ ਮੌਕਿਆਂ ਦੀ ਘਾਟ ਕਾਰਨ ਹੀ ਸਥਾਨਕ ਸੱਭਿਆਚਾਰਾਂ ਵਿਚ ਉਥਲ-ਪੁਥਲ ਹੋਣੀ ਪਈ ਹੈ ਤੇ ਹੋ ਰਹੀ ਹੈ। ਸਮਾਜਿਕ ਤਣਾਅ ਦਾ ਜ਼ਿਆਦਾ ਕਾਰਨ ਪਰਿਵਾਰਾਂ ਦਾ ਖਿੰਡਣਾ ਤੇ ਪਰਵਾਸ ਕਾਰਨ ਸੱਭਿਆਚਾਰਾਂ ਵਿਚ ਤੇਜ਼ੀ ਨਾਲ ਆ ਰਿਹਾ ਬਦਲਾਅ ਹੈ। ਜੇ ਅਸੀਂ ਸਮੁੱਚੇ ਵਿਸ਼ਵ ਵਿਚ ਅਮਨ ਸ਼ਾਂਤੀ, ਸੰਤੁਲਨ, ਭਰਾਤਰੀ ਭਾਵ ਬਣਾਈ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਸਭ ਨੂੰ ਆਪਣੇ ਲੋਕਾਂ ਲਈ ਉਨ੍ਹਾਂ ਦੀ ਜਨਮ ਭੂਮੀ 'ਤੇ ਰੁਜ਼ਗਾਰ ਦੇ ਲੋੜੀਂਦੇ ਮੌਕੇ ਜ਼ਰੂਰ ਹੀ ਪ੍ਰਦਾਨ ਕਰਨੇ ਹੋਣਗੇ।

-ਡਾ: ਬਲਵਿੰਦਰ ਸਿੰਘ ਕਾਲੀਆ
ਈਸ਼ਰ ਨਗਰ, ਬਲਾਕ ਸੀ, ਲੁਧਿਆਣਾ।

ਨੈਤਿਕ ਕਦਰਾਂ-ਕੀਮਤਾਂ
ਅਜੋਕੀ ਭੱਜ-ਨੱਸ ਦੇ ਜ਼ਿੰਦਗੀ ਵਿਚ ਮਨੁੱਖ ਏਨਾ ਉਲਝ ਗਿਆ ਹੈ ਕਿ ਉਹ ਅਹਿਮ ਫ਼ਰਜ਼ ਅਤੇ ਰਿਸ਼ਤਿਆਂ ਨੂੰ ਭੁੱਲ ਰਿਹਾ ਹੈ। ਚਾਚਾ-ਚਾਚੀ, ਤਾਇਆ-ਤਾਈ, ਮਾਸੜ-ਮਾਸੀ, ਭੂਆ-ਫੁੱਫੜ, ਮਾਮਾ-ਮਾਮੀ, ਨਾਨਾ-ਨਾਨੀ, ਦਾਦਾ-ਦਾਦੀ ਆਦਿ ਜੋ ਰਿਸ਼ਤੇ ਪੰਜਾਬੀ ਸੱਭਿਆਚਾਰ ਵਿਚ ਖਾਸ ਪਛਾਣ ਰੱਖਦੇ ਸਨ, ਅੱਜ ਉਨ੍ਹਾਂ ਦੀ ਅਹਿਮੀਅਤ ਘਟ ਰਹੀ ਹੈ। ਸਾਡੇ ਬੱਚੇ ਪੱਛਮੀ ਸੱਭਿਅਤਾ ਦੇ ਪ੍ਰਭਾਵ ਅਧੀਨ ਇਨ੍ਹਾਂ ਅਮੀਰ ਰਿਸ਼ਤਿਆਂ ਦੇ ਪਿਆਰ ਅਤੇ ਨਿੱਘ ਤੋਂ ਸੱਖਣੇ ਹੋ ਰਹੇ ਹਨ। ਬੱਚੇ ਇਨ੍ਹਾਂ ਰਿਸ਼ਤਿਆਂ ਤੋਂ ਜ਼ਿਆਦਾ ਮੋਬਾਈਲ ਅਤੇ ਸੋਸ਼ਲ ਮੀਡੀਆ ਦੇ ਨੇੜੇ ਜਾ ਰਹੇ ਹਨ। ਅਸੀਂ ਵਿਦੇਸ਼ੀ ਭਾਸ਼ਾ ਨੂੰ ਏਨੀ ਅਹਿਮੀਅਤ ਦੇ ਰਹੇ ਹਾਂ ਜਿਸ ਨਾਲ ਸਾਡੇ ਬੱਚੇ ਅਮੀਰ ਵਿਰਸੇ ਅਤੇ ਨੈਤਿਕਤਾ ਤੋਂ ਦੂਰ ਹੁੰਦੇ ਜਾ ਰਹੇ ਹਨ। ਨੈਤਿਕ ਕਦਰਾਂ-ਕੀਮਤਾਂ ਦਾ ਪਾਠ ਅਸੀਂ ਦਾਦੀ ਅਤੇ ਨਾਨੀ ਦੀਆਂ ਕਹਾਣੀਆਂ ਵਿਚੋਂ ਸਿੱਖ ਲਿਆ ਸੀ। ਬੱਚੇ ਕੋਰੇ ਕਾਗਜ਼ ਵਰਗੇ ਹੁੰਦੇ ਹਨ, ਜੋ ਮਰਜ਼ੀ ਲਿਖ ਦਿੱਤਾ ਜਾਵੇ। ਹਰ ਮਾਂ-ਬਾਪ ਨੂੰ ਚਾਹੀਦਾ ਹੈ, ਉਨ੍ਹਾਂ ਦੇ ਕੋਰੇ ਕਾਗਜ਼ ਉੱਪਰ ਕੀ ਲਿਖਿਆ ਜਾ ਰਿਹਾ ਹੈ, ਉਸ ਨੂੰ ਸਮੇਂ ਸਿਰ ਪੜ੍ਹਦੇ ਅਤੇ ਸੁਧਾਰਦੇ ਰਹਿਣ।

-ਗੁਰਦੀਪ ਸਿੰਘ, ਕੋਟਲੀ ਅਬਲੂ।

ਭਾਰਤ-ਪਾਕਿਸਤਾਨ ਸਰਹੱਦ
ਪਿਛਲੇ ਲੰਮੇ ਸਮੇਂ ਤੋਂ ਭਾਰਤ-ਪਾਕਿਸਤਾਨ ਸਰਹੱਦ 'ਤੇ ਤਣਾਅ ਵਧਦਾ ਜਾ ਰਿਹਾ ਹੈ। ਭਾਰਤ-ਪਾਕਿਸਤਾਨ ਦੀ ਵੰਡ ਉਪਰੰਤ ਸਰਹੱਦ ਦੇ ਵੱਖ-ਵੱਖ ਹਿੱਸਿਆਂ ਖ਼ਾਸ ਕਰ ਜੰਮੂ-ਕਸ਼ਮੀਰ ਵਿਖੇ ਰੋਜ਼ਾਨਾ ਹੀ ਸੁਰੱਖਿਆ ਬਲਾਂ ਦੇ ਜਵਾਨ ਸ਼ਹਾਦਤ ਦਾ ਜਾਮ ਪੀ ਰਹੇ ਹਨ। ਸਮੇਂ ਦੀਆਂ ਸਰਕਾਰਾਂ ਦੇ ਨੁਮਾਇੰਦੇ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਹੋਏ ਹਾਲਾਤ ਸੁਖਾਵੇਂ ਬਣਾਉਣ ਦੇ ਵੱਡੇ-ਵੱਡੇ ਦਾਅਵੇ ਤਾਂ ਕਰਦੇ ਹਨ ਪਰ ਹਾਲੇ ਤੱਕ ਇਸ ਰੋਜ਼ਾਨਾ ਵਾਪਰ ਰਹੇ ਵੱਡੇ ਦੁਖਾਂਤ ਨੂੰ ਠੱਲ੍ਹ ਪਾਉਣ ਵਿਚ ਅਸਮਰੱਥ ਰਹੇ ਹਨ। ਸੱਚ ਸਿਆਣੇ ਕਹਿੰਦੇ ਹਨ ਕਿ 'ਜਿਸ ਤਨ ਲਾਗੇ ਸੋ ਤਨ ਜਾਣੇ'। ਜਿਹੜੇ ਘਰਾਂ ਦੇ ਜਵਾਨ ਪੁੱਤਰ ਸ਼ਹੀਦ ਹੁੰਦੇ ਹਨ, ਉਨ੍ਹਾਂ ਦਾ ਅਸਲ ਦਰਦ ਉਹ ਪਰਿਵਾਰ ਹੀ ਸਮਝ ਸਕਦੇ ਹਨ ਜੋ ਆਪਣੇ ਜਿਊਂਦੇ ਜੀਅ ਹਰ ਪਲ ਵਿਛੜਨ ਵਾਲੇ ਦੀ ਪੀੜ ਹੰਢਾਉਂਦੇ ਹਨ। ਮੁੱਠੀ ਭਰ ਲੋਕਾਂ ਨੂੰ ਛੱਡ ਕੇ ਦੋਵੇਂ ਦੇਸ਼ਾਂ ਦੇ ਲੋਕ ਅਮਨ-ਚੈਨ ਚਾਹੁੰਦੇ ਹਨ। ਅੱਜ ਵੀ ਦੋਵਾਂ ਪਾਸਿਆਂ ਤੋਂ ਮਹਾਨ ਸਾਹਿਤਕਾਰ ਅਤੇ ਕਲਾਕਾਰ ਸਰਹੱਦ 'ਤੇ ਦੋਵਾਂ ਪਾਸਿਆਂ ਤੋਂ ਮੋਮਬੱਤੀਆਂ ਜਗਾ ਕੇ ਸ਼ਾਂਤੀ ਅਤੇ ਭਾਈਚਾਰੇ ਦੀ ਤਸਵੀਰ ਦਾ ਬੇਹੱਦ ਖੂਬਸੂਰਤ ਨਮੂਨਾ ਪੇਸ਼ ਕਰਦੇ ਹਨ।

-ਮਨਿੰਦਰ ਸਿੰਘ ਰਾਜੂ
ਬਰਨਾਲਾ।

07-01-2019

 ਧੜੇਬੰਦੀ ਤੋਂ ਉੱਪਰ
2018 ਜਾਂਦੇ-ਜਾਂਦੇ ਜਮਹੂਰੀਅਤ ਦੇ ਸਭ ਤੋਂ ਹੇਠਲੇ ਅਦਾਰੇ ਪੰਚਾਇਤਾਂ ਦੀਆਂ ਚੋਣਾਂ ਕਰਵਾ ਗਿਆ। ਕਾਫ਼ੀ ਸਮੇਂ ਤੋਂ ਲਟਕਦੀਆਂ ਇਨ੍ਹਾਂ ਚੋਣਾਂ ਦਾ ਫ਼ੈਸਲਾ ਸਾਲ ਦੇ ਅੰਤ 'ਚ ਹੋ ਗਿਆ। ਚੁਣੇ ਗਏ ਪੰਚ-ਸਰਪੰਚ ਸਭ ਵਧਾਈ ਦੇ ਪਾਤਰ ਨੇ ਪਰ ਸਰਪੰਚੀ ਦਾ ਤਾਜ ਪਹਿਨਣ ਵਾਲਾ ਪਿੰਡ ਦਾ ਸਾਂਝਾ ਨੁਮਾਇੰਦਾ ਹੁੰਦਾ ਹੈ। ਵੋਟ ਰਾਜਨੀਤੀ ਤੋਂ ਉੱਪਰ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਬਿਨਾਂ ਭੇਦ-ਭਾਵ ਕਰਨਾ ਉਸ ਦਾ ਪਹਿਲਾ ਫ਼ਰਜ਼ ਹੋਣਾ ਚਾਹੀਦਾ ਹੈ। ਚਲੋ ਜਿਵੇਂ ਮਰਜ਼ੀ ਪੰਜਾਬ ਵਿਚ ਨਵੀਆਂ ਪੰਚਾਇਤਾਂ ਚੁਣੀਆਂ ਜਾ ਚੁੱਕੀਆਂ ਹਨ ਪਰ ਪਿੰਡਾਂ ਦੇ ਲੋਕਾਂ ਨੂੰ ਧੜੇਬੰਦੀ ਤੋਂ ਉੱਪਰ ਉਠ ਇਕ-ਦੂਜੇ ਦੇ ਸੁਖ-ਦੁੱਖ 'ਚ ਪਹਿਲਾਂ ਵਾਂਗ ਹੀ ਸ਼ਰੀਕ ਤੋਂ ਪੇਂਡੂ ਭਾਈਚਾਰਕ ਸਾਂਝ ਦਾ ਸਬੂਤ ਦੇਣਾ ਹੋਵੇਗਾ। ਸਿਆਸਤ ਦੀ ਇਸ ਗੰਧਲੀ ਖੇਡ ਨੇ ਭਾਈਆਂ-ਭਾਈਆਂ ਦਾ ਖ਼ੂਨ ਸਫੈਦ ਕਰ ਦਿੱਤਾ ਪਰ ਵੋਟਾਂ ਨੂੰ ਸਿਰਫ਼ ਪਾਰਟੀ ਤੱਕ ਹੀ ਸੀਮਤ ਰੱਖਣਾ ਚਾਹੀਦਾ ਹੈ। ਪਿੰਡਾਂ ਵਿਚ ਸਾਡੇ ਲੋਕਾਂ ਨੂੰ ਬਿਨਾਂ ਕਿਸੇ ਨਿੱਜੀ ਰੰਜਿਸ਼ ਤਹਿਤ ਸਾਂਝੇ ਕਾਰਜਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਯਾਦ ਰਹੇ ਪਾਰਟੀਬਾਜ਼ੀ ਕਾਰਨ ਪਿੰਡਾਂ ਦੇ ਵਿਕਾਸ ਰੁਕ ਜਾਂਦੇ ਹਨ। ਚੁਣੇ ਪੰਚਾਂ-ਸਰਪੰਚਾਂ ਨੂੰ ਵੀ ਪਾਰਟੀਬਾਜ਼ੀ ਤੋਂ ਉੱਪਰ ਨਿਮਰਤਾ ਸਹਿਤ ਸਭ ਨੂੰ ਜੀ ਹਜ਼ੂਰੀਆਪਨ ਆਖਣਾ ਉਸ ਦਾ ਮੁਢਲਾ ਫ਼ਰਜ਼ ਹੋਣਾ ਚਾਹੀਦਾ ਹੈ। ਅੰਤ ਨਵਾਂ ਸਾਲ, ਨਵੇਂ ਸਰਪੰਚਾਂ ਦੇ ਨਵੇਂ ਪੈਗ਼ਾਮ ਸਭ ਲਈ ਸ਼ੁਭ ਹੋਵੇ।


-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਜ਼ਿਲ੍ਹਾ ਲੁਧਿਆਣਾ।


ਅੱਜ ਦੀ ਸਿੱਖਿਆ ਪ੍ਰਣਾਲੀ
ਪੁਰਾਣੇ ਸਮੇਂ 'ਚ ਸਿੱਖਿਆ ਗਿਆਨ ਦਾਨ ਦੀ ਪੁੰਨ ਵਾਲੀ ਪਰੰਪਰਾ ਸੀ, ਜੋ ਅੱਜ ਸਿਰਫ਼ ਪੈਸਾ ਇਕੱਠਾ ਕਰਨ ਦੀ ਯੋਜਨਾ ਬਣਕੇ ਰਹਿ ਗਈ ਹੈ। ਪਹਿਲਾਂ ਸਿੱਖਿਆ ਸੁਆਰਥ ਰਹਿਤ ਸੇਵਾ ਸੀ, ਜੋ ਸਭ ਦੇ ਹਿੱਤਾਂ ਨੂੰ ਦਰਸਾਉਂਦੀ ਸੀ। ਪਹਿਲਾਂ ਸਿੱਖਿਆ ਤੋਹਫ਼ੇ ਦਾ ਸਰੂਪ ਸੀ, ਅੱਜ ਉਹ ਸਿਰਫ਼ ਕਾਰੋਬਾਰ ਦਾ ਸੋਮਾ ਹੈ। ਅੱਜ ਸਿੱਖਿਆ ਵਿਸ਼ਵ ਬਾਜ਼ਾਰ 'ਚ ਏਨੇ ਵੱਡੇ ਕਾਰੋਬਾਰ ਦੇ ਰੂਪ 'ਚ ਤਬਦੀਲ ਹੋ ਗਈ ਹੈ ਜੋ ਅਸਲ ਵਿਚ ਇਕ ਕ੍ਰਿਸ਼ਮਾ ਲਗਦਾ ਹੈ। ਹਰੇਕ ਮਾਤਾ-ਪਿਤਾ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ ਪੜ੍ਹ-ਲਿਖ ਕੇ ਇਕ ਕਾਬਲ ਇਨਸਾਨ ਬਣੇ ਪਰ ਅਜੋਕੀ ਸਿੱਖਿਆ ਪ੍ਰਣਾਲੀ ਨੂੰ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਸਿੱਖਿਆ ਇਕ ਬਾਜ਼ਾਰ ਵਿਚ ਵੇਚੀ ਜਾਣ ਵਾਲੀ ਚੀਜ਼ ਬਣ ਗਈ ਹੈ। ਸੋ, ਮੇਰੀ ਪੰਜਾਬ ਸਰਕਾਰ ਅੱਗੇ ਅਪੀਲ ਹੈ ਕਿ ਸਰਕਾਰੀ ਸਕੂਲਾਂ ਵਿਚ ਵਿਸ਼ੇਸ਼ ਦਾਖਲਾ ਮੁਹਿੰਮ ਚਲਾ ਕੇ ਵੱਧ ਤੋਂ ਵੱਧ ਬੱਚੇ ਦਾਖ਼ਲ ਕੀਤੇ ਜਾਣ ਅਤੇ ਉਨ੍ਹਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ।


-ਮਣੀ ਕੁਲਦੀਪ
ਅਬਦਾਲ (ਅੰਮ੍ਰਿਤਸਰ)।


ਸੁਖੀ ਜੀਵਨ
ਜੀਵਨ ਵਿਚ ਦੁੱਖ ਅਤੇ ਸੁੱਖ ਇਕ ਸਿੱਕੇ ਦੇ ਦੋ ਪਹਿਲੂ ਹਨ ਅਤੇ ਹਰ ਮਨੁੱਖ ਨੂੰ ਇਨ੍ਹਾਂ ਦੋਵਾਂ ਸਥਿਤੀਆਂ ਵਿਚੋਂ ਲੰਘਣਾ ਹੀ ਪੈਂਦਾ ਹੈ। ਆਪਾਂ ਜਿੰਨੇ ਮਰਜ਼ੀ ਯਤਨ, ਉਪਰਾਲੇ ਕਰ ਲਈਏ ਪੈਸੇ ਨਾਲ ਆਪਾਂ ਐਸ਼ੋ-ਆਰਾਮ ਨਾਲ ਚੰਗਾ ਘਰ, ਗੱਡੀ, ਸਹੂਲਤਾਂ, ਕੱਪੜੇ ਆਦਿ ਤਾਂ ਖਰੀਦ ਸਕਦੇ ਹਾਂ ਪਰ ਚੰਗੀ ਸਿਹਤ, ਚੰਗੀ ਨੀਂਦ ਅਤੇ ਸਾਰੀ ਜ਼ਿੰਦਗੀ ਲਈ ਸੁੱਖ ਨਹੀਂ ਖਰੀਦ ਸਕਦੇ ਪਰ ਵੱਡਿਆਂ ਦਾ ਸਤਿਕਾਰ, ਛੋਟਿਆਂ ਨਾਲ ਪਿਆਰ, ਹੱਕ ਅਤੇ ਮਿਹਨਤ ਦੀ ਕਮਾਈ, ਸਹਿਣਸ਼ੀਲਤਾ, ਲੱਜਾ, ਪ੍ਰੇਮ ਅਤੇ ਨਾਮ ਜਪਣ ਜਿਹੇ ਗੁਣ ਤੁਹਾਡੇ ਦੁੱਖਾਂ-ਕਲੇਸ਼ਾਂ ਤੋਂ ਛੁਟਕਾਰਾ ਪਵਾ ਸਕਦੇ ਹਨ।


-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।


ਕੁਵੇਲੇ ਦਾ ਰਾਗ
ਪਿਛਲੇ ਦਿਨੀਂ ਸੰਪਾਦਕੀ ਲੇਖ 'ਕੁਵੇਲੇ ਦਾ ਰਾਗ' ਪੜ੍ਹਨ ਨੂੰ ਮਿਲਿਆ। ਕਈ ਦਹਾਕਿਆਂ ਬਾਅਦ ਦੁਸ਼ਮਣੀ ਦੇ ਮਾਰੇ ਭਾਰਤ-ਪਾਕਿਸਤਾਨ ਦੇ ਰਾਜਨੀਤਕ ਵਾਰਸਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਂਝੇ ਫਲਸਫੇ ਨੂੰ ਸਮਝਦਿਆਂ ਹੋਇਆਂ ਸਾਂਝੇ ਲਾਂਘੇ ਨੂੰ ਖੋਲ੍ਹਣ ਲਈ ਸਹਿਮਤੀ ਬਣਾਈ ਗਈ ਹੈ।
ਇਹ ਪਲ ਦੇਸ਼ਾਂ-ਵਿਦੇਸ਼ਾਂ ਵਿਚ ਵਸਦੇ ਕਰੋੜਾਂ ਹਿੰਦੂ, ਸਿੱਖ, ਮੁਸਲਮਾਨਾਂ ਦੇ ਸੁਖਦਮਈ ਪਲਾਂ ਦੀ ਤਰਜਮਾਨੀ ਕਰਦੇ ਹਨ। ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਰਾਜਨੀਕ ਪਾਰਟੀਆਂ ਦੇ ਕਾਰਕੁਨਾਂ ਨੇ ਜਿਹੜੀ 'ਅਕਲ ਦਾ ਮੁਜ਼ਾਹਰਾ' ਕੀਤਾ, ਬਹੁਤ ਨਿੰਦਣਯੋਗ ਹੈ। ਅਜਿਹੇ ਸੁਭਾਗੇ ਸਮੇਂ ਕੁਝ 'ਪਿਆਰ ਮੁਹੱਬਤਾਂ' ਵਾਲੇ ਬੋਲ ਬੋਲਣ ਦੀ ਬਜਾਇ 'ਜ਼ਹਿਰ' ਹੀ ਉਗਲਦੇ ਰਹੇ। ਹੁਣ ਜਦੋਂ ਪਾਕਿਸਤਾਨ ਵਾਲੇ ਪਾਸੇ ਵਲੋਂ ਠੰਢੇ ਬੁੱਲ੍ਹੇ ਆਉਣੇ ਸ਼ੁਰੂ ਹੋਣ ਦੇ ਮੌਕੇ ਬਣ ਰਹੇ ਹਨ ਤਾਂ ਸਾਡੇ 'ਸਰਦਾਰਾਂ' ਨੂੰ ਨਿੱਤ ਦੀ ਗੋਲਾਬਾਰੀ ਯਾਦ ਆਉਣ ਲੱਗ ਪਈ ਹੈ। ਅਸੀਂ ਇਸ ਸੁਭਾਗੇ ਸਮੇਂ ਘਟੀਆ ਭਾਸ਼ਣ ਦੀ ਨਿੰਦਾ ਕਰਦੇ ਹਾਂ। ਇਸ ਸਮੇਂ ਭਵਿੱਖ ਵਿਚ ਦੂਰੀਆਂ ਘਟਾਉਣ, ਸਮਾਜਿਕ ਤੇ ਆਰਥਿਕ ਸਾਂਝਾਂ ਵਧਾਉਣ, ਇਧਰ-ਉਧਰ ਦੇ ਲੇਖਕ ਵੀਰਾਂ ਦੀਆਂ ਦਿਲੀ ਭਾਵਨਾਵਾਂ ਨੂੰ ਸਮਝਣ ਦੀ ਲੋੜ ਹੈ।


-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ, ਘੁਮਾਣ, ਗੁਰਦਾਸਪੁਰ।

03-01-2019

 ਜੀਵਨ ਗਿਆਨ
ਮਨੁੱਖਾ ਜਨਮ ਨੂੰ ਖੁਸ਼ੀ ਤੇ ਖੁਸ਼ਹਾਲੀ ਨਾਲ ਬਤੀਤ ਕਰਨ ਲਈ ਗਿਆਨ ਦੀ ਲੋੜ ਹੁੰਦੀ ਹੈ। ਰਸਮੀ ਵਿੱਦਿਆ ਦੇ ਨਾਲ ਗ਼ੈਰ-ਰਸਮੀ ਵਿੱਦਿਆ, ਤਜਰਬੇ ਵੀ ਗਿਆਨ ਦੇ ਚੰਗੇ ਸਰੋਤ ਹਨ। ਗਿਆਨ ਦੀ ਪ੍ਰਾਪਤੀ ਦਾ ਵੱਡਾ ਸਾਧਨ ਮਨੁੱਖ ਦਾ ਆਪਣੇ-ਆਪ ਨੂੰ ਖੋਜਣਾ ਹੀ ਹੁੰਦਾ ਹੈ। ਆਮ ਤੌਰ 'ਤੇ ਦੁਨੀਆ ਬਾਹਰਮੁਖੀ ਹੋ ਕੇ ਦੂਜੇ ਮਨੁੱਖਾਂ ਤੇ ਦੂਜੀਆਂ ਚੀਜ਼ਾਂ ਬਾਰੇ ਵਧੇਰੇ ਗੱਲਾਂ ਕਰਦੀ ਹੈ ਪਰ ਅੰਦਰਮੁਖੀ ਹੋ ਕੇ ਆਪਣੀ ਪੀੜ੍ਹੀ ਥੱਲੇ ਝਾੜੂ ਫੇਰਨ ਵਾਲੇ ਵਿਅਕਤੀ ਬਹੁਤ ਘੱਟ ਹੀ ਹੁੰਦੇ ਹਨ। ਵਿਦਵਾਨਾਂ ਤੇ ਮਨੋਵਿਗਿਆਨੀਆਂ ਅਨੁਸਾਰ ਆਪਣੇ ਸੁਭਾਅ, ਵਿਵਹਾਰ, ਵਿਚਾਰ, ਕਲਪਨਾਵਾਂ ਤੇ ਸਰੀਰਕ ਹਰਕਤਾਂ ਬਾਰੇ ਸੋਚਦੇ-ਵਿਚਾਰਦੇ ਰਹਿਣਾ ਚਾਹੀਦਾ ਹੈ। ਜਦੋਂ ਮਨੁੱਖ ਆਪਣੇ-ਆਪ ਦਾ ਵਿਸ਼ਲੇਸ਼ਣ ਕਰੇ ਤਾਂ ਆਪਣੀਆਂ ਸਾਹਮਣੇ ਆਈਆਂ ਕਮੀਆਂ ਤੇ ਖੋਟਾਂ ਨੂੰ ਸੁਧਾਰਨਾ ਸ਼ੁਰੂ ਕਰ ਦੇਵੇ ਤਾਂ ਗਿਆਨ ਉਤਪੰਨ ਹੁੰਦਾ ਹੈ। ਜੀਵਨ ਦਾ ਅਸਲੀ ਗਿਆਨ ਹਰੇਕ ਮਨੁੱਖ ਦਾ ਆਪਣਾ ਨਿੱਜੀ ਹੁੰਦਾ ਹੈ ਤੇ ਦੁਨੀਆ ਦੇ ਦੋ ਮਨੁੱਖਾਂ ਦਾ ਗਿਆਨ ਬਰਾਬਰ ਤੇ ਸਮਾਨ ਨਹੀਂ ਹੁੰਦਾ। ਗਿਆਨ ਸਾਗਰ ਵਿਚ ਡੁੱਬ ਕੇ ਅਨੰਦ ਦੀ ਪ੍ਰਾਪਤੀ ਤੇ ਸੁੱਖ ਸ਼ਾਂਤੀ ਦਾ ਅਨੁਭਵ ਆਪਣਾ-ਆਪਣਾ ਹੀ ਹੁੰਦਾ ਹੈ। ਜੀਵਨ-ਗਿਆਨ ਦੀ ਅਲੌਕਿਕ ਤੇ ਚਮਤਕਾਰੀ ਪ੍ਰਾਪਤੀ ਉਸ ਸਮੇਂ ਹੁੰਦੀ ਹੈ ਜਦੋਂ ਮਨੁੱਖ ਮਨ ਤੇ ਦਿਮਾਗ ਦੀਆਂ ਕਿਰਿਆਵਾਂ ਦੀ ਜਗ੍ਹਾ ਧੁਨੀ ਉੱਪਰ ਧਿਆਨ ਕੇਂਦਰਿਤ ਹੋ ਜਾਵੇ, ਜਿਹੜਾ ਕਿ ਗਰਭ ਅਵਸਥਾ ਸਮੇਂ ਹੁੰਦਾ ਹੈ।


-ਵਿਚਾਰਧਾਰਾ ਕੇਂਦਰ
ਪਿੰਡ ਬਿਹਾਲਾ, ਜ਼ਿਲ੍ਹਾ ਹੁਸ਼ਿਆਪੁਰ।


ਜ਼ਹਿਰੀਲਾ ਪਾਣੀ
ਹਰ ਰੋਜ਼ ਬੇਸ਼ੁਮਾਰ ਗੰਦਗੀ ਡਰੇਨਾਂ ਤੇ ਨਾਲਿਆਂ ਰਾਹੀਂ ਸਤਲੁਜ ਦਰਿਆ ਨੂੰ ਪ੍ਰਦੂਸ਼ਿਤ ਕਰ ਰਹੀ ਹੈ ਅਤੇ ਸਤਲੁਜ ਦਰਿਆ ਦਾ ਪਾਣੀ ਹਰੀਕੇ ਵਿਚ ਜਾ ਕੇ ਬਿਆਸ ਦਰਿਆ ਦਾ ਸਾਫ਼ ਪਾਣੀ ਵੀ ਗੰਦਾ ਕਰ ਰਿਹਾ ਹੈ, ਜਿਸ ਨਾਲ ਕਈ ਵਾਰ ਹੀ ਜਲਚਰ ਜੀਵ ਅਤੇ ਮੱਛੀਆਂ ਇਸ ਜ਼ਹਿਰੀਲੇ ਪਾਣੀ ਦੀ ਭੇਟ ਚੜ੍ਹ ਚੁੱਕੀਆਂ ਹਨ। ਹਰੀਕੇ ਤੋਂ ਦੋਵਾਂ ਦਰਿਆਵਾਂ ਦਾ ਜ਼ਹਿਰੀਲਾ ਪਾਣੀ ਨਹਿਰਾਂ ਰਾਹੀਂ ਮਾਲਵੇ ਦੇ ਖੇਤਰ ਨੂੰ ਜਾਂਦਾ ਹੈ ਅਤੇ ਲੋਕ ਇਸ ਪਾਣੀ ਨੂੰ ਪੀਣ ਲਈ ਅਤੇ ਸਿੰਚਾਈ ਲਈ ਵਰਤਦੇ ਹਨ, ਜਿਸ ਨਾਲ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਹੁਣ ਸਰਕਾਰ ਦੀ ਇਸ ਅਣਦੇਖੀ ਕਾਰਨ ਕੌਮੀ ਗਰੀਨ ਟ੍ਰਿਬਿਊਨਲ ਨੇ ਭਾਰੀ ਜੁਰਮਾਨਾ ਕੀਤਾ ਹੈ। ਲੋਕਾਂ ਦੀ ਸਿਹਤ, ਜਲਚਰ ਜੀਵਾਂ ਦੀ ਸੰਭਾਲ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਪੰਜਾਬ ਸਰਕਾਰ ਨੂੰ ਠੋਸ ਅਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਲੋੜ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਜੰਝ ਘਰ ਤੋਂ ਪੈਲੇਸ ਬਣਾਉਣ ਦੀ ਲੋੜ
ਸਾਡੇ ਪਿੰਡਾਂ ਵਿਚ ਕਈ-ਕਈ ਧਰਮਸ਼ਾਲਾਵਾਂ ਹਨ। ਜਿਨ੍ਹਾਂ ਨੂੰ ਪਹਿਲਾਂ ਜੰਝ ਘਰ ਕਿਹਾ ਜਾਂਦਾ ਸੀ। ਹੁਣ ਇਹ ਆਪਣਾ ਸਮਾਂ ਲੰਘਾ ਚੁੱਕੀਆਂ ਹਨ। ਬਹੁਤ ਸਾਰੀਆਂ ਧਰਮਸ਼ਾਲਾ ਖੰਡਰ ਬਣ ਗਈਆਂ ਹਨ। ਜੋ ਨਸ਼ੇੜੀਆਂ ਦਾ ਅੱਡਾ ਬਣ ਗਈਆਂ ਹਨ। ਕਿਸੇ ਸਮੇਂ ਇਹ ਅਦਾਲਤ ਦਾ ਕੰਮ ਵੀ ਕਰਦੀਆਂ ਸਨ। ਉਸ ਸਮੇਂ ਪੰਚਾਇਤ ਪਿੰਡਾਂ ਦਾ ਹਰ ਫ਼ੈਸਲਾ ਇਨ੍ਹਾਂ ਧਰਮਸ਼ਾਲਾਵਾਂ ਵਿਚ ਹੀ ਕਰਦੀ ਸੀ। ਆਬਾਦੀ ਵਧਣ ਦੇ ਨਾਲ-ਨਾਲ ਪਿੰਡਾਂ ਵਿਚ ਇਨ੍ਹਾਂ ਦੀ ਗਿਣਤੀ ਵਿਚ ਵੀ ਕਾਫ਼ੀ ਵਾਧਾ ਹੋਇਆ ਸਭ ਤੋਂ ਮਾੜੀ ਗੱਲ ਇਹ ਹੋਈ ਕਿ ਇਹ ਜਾਤਾਂ-ਪਾਤਾਂ ਵਿਚ ਵੰਡੀਆਂ ਗਈਆਂ ਤੇ ਇਹ ਹੁਣ ਖੰਡਰ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਅੱਜ ਲੋੜ ਹੈ ਸਾਰੇ ਪਿੰਡਾਂ ਨੂੰ ਏਕਾ ਕਰਕੇ ਵੱਖ-ਵੱਖ ਜਾਤਾਂ ਦੇ ਆਧਾਰ 'ਤੇ ਬਣੀਆਂ ਧਰਮਸ਼ਾਲਾਵਾਂ ਤੋਂ ਇਕ ਪੈਲੇਸ ਬਣਾ ਦਿੱਤਾ ਜਾਵੇ। ਪਿੰਡ ਵਿਚ ਇਕ ਧਰਮਸ਼ਾਲਾ ਨੂੰ ਛੱਡ ਕੇ ਬਾਕੀ ਸਾਰੀਆਂ ਨੂੰ ਵੇਚ ਕੇ ਉਨ੍ਹਾਂ ਪੈਸਿਆਂ ਨਾਲ, ਜੇ ਕੁਝ ਘਟਣ ਤਾਂ ਪਿੰਡ 'ਚੋਂ ਹੋਰ ਇਕੱਠੇ ਕਰਕੇ ਪਿੰਡੋਂ ਬਾਹਰ ਨਿਕਲ ਇਕ ਪੈਲੇਸ ਤਿਆਰ ਕੀਤਾ ਜਾਵੇ ਅਤੇ ਇਸ ਤਰ੍ਹਾਂ ਪਿੰਡ ਵਿਚ ਪੈਲੇਸ ਜੰਝ ਘਰ ਵਾਂਗ ਹੋਵੇ, ਜਿਥੇ ਹਰ ਅਮੀਰ-ਗਰੀਬ ਆਪਣੀ ਲੜਕੀ ਦੀ ਸ਼ਾਦੀ ਕਰ ਸਕੇ। ਅੱਜ ਪਿੰਡਾਂ ਵਿਚ ਸਾਂਝੇ ਪੈਲੇਸ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਹੁਣ ਬਹੁਤੇ ਵਿਆਹ ਤਾਂ ਹੁੰਦੇ ਹੀ ਪੈਲੇਸਾਂ ਵਿਚ ਹਨ। ਪਿੰਡਾਂ ਵਿਚਲੇ ਬਹੁਤੇ ਲੋਕਾਂ ਦੀ ਆਮਦਨ ਘੱਟ ਹੋਣ ਕਰਕੇ ਉਹ ਮਹਿੰਗੇ ਪੈਲੇਸਾਂ ਦੇ ਖਰਚ ਝੱਲਣ ਦੇ ਅਸਮਰੱਥ ਹਨ। ਸੋ, ਅੱਜ ਸਮੇਂ ਦੀ ਲੋੜ ਹੈ ਜੰਝਘਰ ਦੀ ਥਾਂ ਸਾਂਝੇ ਪੈਲੇਸ ਬਣਾਏ ਜਾਣ। ਇਸ ਕੰਮ ਲਈ ਵਿਦੇਸ਼ੀ ਵੀਰਾਂ ਦੀ ਵੀ ਮਦਦ ਲਈ ਜਾ ਸਕਦੀ ਹੈ।


-ਜਸਕਰਨ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਅੰਧ-ਵਿਸ਼ਵਾਸ ਦੀ ਮਾਰ
ਭਾਰਤ ਵਿਚ ਅੰਧ-ਵਿਸ਼ਵਾਸ ਦੀਆਂ ਜੜ੍ਹਾਂ ਬੁਹਤ ਹੀ ਮਜ਼ਬੂਤ ਹਨ ਅਤੇ ਇਹ ਲੋਕ ਇਕ ਸਧਾਰਨ ਵਿਅਕਤੀ ਤੋਂ ਲੈ ਕੇ ਇਕ ਉੱਚ-ਕੋਟੀ ਦੇ ਲੀਡਰ ਜਾਂ ਸਿਆਸਤਦਾਨ ਤੱਕ ਅੰਧ-ਵਿਸ਼ਵਾਸ ਦੀ ਪਕੜ ਤੋਂ ਬਾਹਰ ਨਹੀਂ। ਵੋਟਾਂ ਵੇਲੇ ਜਾਂ ਕਿਸੇ ਹੋਰ ਸਿਆਸੀ ਮਕਸਦ ਵੇਲੇ ਲੀਡਰ ਜਾਂ ਆਮ ਲੋਕ ਮੜ੍ਹੀਆਂ-ਮਸਾਣੀਆਂ ਜਾਂ ਅਖੌਤੀ ਡੇਰਿਆਂ 'ਤੇ ਜਾ ਕੇ ਨੱਕ ਰਗੜਦੇ ਅਤੇ ਅਣਗਿਣਤ ਮਾਇਆ ਜਾਂ ਹੋਰ ਕੀਮਤੀ ਵਸਤੂਆਂ ਦਾਨ ਕਰਦੇ ਆਮ ਦੇਖੇ ਜਾ ਸਕਦੇ ਹਨ। ਅੰਧ-ਵਿਸ਼ਵਾਸ ਦੀ ਮਾਰ ਹੇਠ ਹੀ ਲੱਖਾਂ ਕਰੋੜਾਂ ਟਨ ਸੋਨਾ ਮੰਦਰਾਂ ਵਿਚ ਪਿਆ ਹੋਇਆ ਹੈ। ਸੋ, ਸਾਨੂੰ ਹਮੇਸ਼ਾ ਹੀ ਅੰਧ-ਵਿਸ਼ਵਾਸ ਦੀ ਬਿਮਾਰੀ ਤੋਂ ਖਹਿੜਾ ਛੁਡਾਉਣਾ ਪਊ ਤਾਂ ਹੀ ਸਾਡਾ ਭਾਰਤ ਤਰੱਕੀਆਂ ਵੱਲ ਜਾ ਸਕਦਾ ਹੈ।


-ਪ੍ਰਧਾਨ ਕੇਵਲ ਸਿੰਘ ਬਾਠਾਂ
ਮਲੇਰਕੋਟਲਾ।

02-01-2019

 ਭਾਈਚਾਰਕ ਸਾਂਝ
ਅੱਜਕਲ੍ਹ ਭਾਰਤ ਭੀੜਤੰਤਰ ਦੀ ਚਪੇਟ ਵਿਚ ਆਇਆ ਹੋਇਆ ਹੈ। ਇਹ ਦੇਸ਼ ਵੱਖ-ਵੱਖ ਸੱਭਿਆਚਾਰਕ ਫੁੱਲਾਂ ਦਾ ਸੋਹਣਾ ਜਿਹਾ ਗੁਲਦਸਤਾ ਹੈ ਜਿਸ ਵਿਚੋਂ ਭਾਈਚਾਰੇ ਤੇ ਏਕਤਾ ਦੀ ਸੁਗੰਧ ਆਉਂਦੀ ਹੈ। ਅਜਿਹੇ ਹਿੰਸਕ ਵਿਖਾਵੇ ਇਸ ਦੇਸ਼ ਦੀ ਖੂਬਸੂਰਤੀ 'ਤੇ ਭੱਦਾ ਦਾਗ਼ ਹੈ। ਦੇਸ਼ ਵਿਚ ਹਰੇਕ ਨਾਗਰਿਕ ਨੂੰ ਹਰੇਕ ਧਰਮ, ਜਾਤੀ ਅਤੇ ਵਰਗ ਨੂੰ ਸਹਿਣ ਦਾ ਪੂਰਾ-ਪੂਰਾ ਹੱਕ ਹੈ। ਹਰ ਕੋਈ ਆਪਣੇ ਵਿਸ਼ਵਾਸ ਅਤੇ ਸ਼ਰਧਾ ਮੁਤਾਬਿਕ ਕਾਰਜ ਕਰ ਸਕਦਾ ਹੈ। ਅਸੀਂ ਜ਼ੋਰ-ਜ਼ਬਰਦਸਤੀ ਨਾਲ ਕਿਸੇ 'ਤੇ ਵੀ ਆਪਣਾ ਰੰਗ ਨਹੀਂ ਚੜ੍ਹਾ ਸਕਦੇ। ਕਿਸੇ ਉੱਪਰ ਧੱਕੇ ਨਾਲ ਆਪਣੀ ਸੋਚ ਥੋਪ ਨਹੀਂ ਸਕਦੇ। ਹੁਣ ਜੇ ਇੰਜ ਹੀ ਫ਼ਿਰਕੂ ਮਾਹੌਲ ਬਣਦਾ ਰਿਹਾ ਤਾਂ ਲੋਕ ਜੋ ਰੁਜ਼ਗਾਰ ਤੇ ਰੋਟੀ ਦੀ ਭਾਲ ਵਿਚ ਹਨ, ਉਨ੍ਹਾਂ ਹੱਥ ਨਿਰਾਸ਼ਾ ਹੀ ਲੱਗੇਗੀ। ਨੌਜਵਾਨ ਤਾਂ ਹੁਣ ਇਸ ਦੇਸ਼ ਵਿਚ ਰਹਿਣਾ ਹੀ ਨਹੀਂ ਚਾਹੁੰਦੇ ਕਿਉਂਕਿ ਇਥੇ ਤਰੱਕੀ ਦੀ ਸੰਭਾਵਨਾ ਹੀ ਖ਼ਤਮ ਹੋ ਰਹੀ ਹੈ। ਇਸ ਲਈ ਸਰਕਾਰ ਭੀੜਤੰਤਰ ਨੂੰ ਨੱਥ ਪਾਵੇ। ਜੇ ਅਜਿਹਾ ਨਾ ਹੋਇਆ ਤਾਂ ਦੇਸ਼ ਹੋਰ ਵੀ ਭੀੜਤੰਤਰ ਦੇ ਚੁੰਗਲ ਵਿਚ ਫਸਦਾ ਜਾਵੇਗਾ, ਜਿਸ ਨਾਲ ਲੋਕਤੰਤਰ ਮਰਦਾ ਜਾਵੇਗਾ।


-ਵਿਵੇਕ
ਕੋਟ ਈਸੇ ਖਾਂ (ਮੋਗਾ)।


ਰੈਣ ਬਸੇਰੇ ਤੇ ਬੇਸਹਾਰਾ ਲੋਕ
ਪੰਜਾਬ ਦੇ ਕਈ ਸ਼ਹਿਰਾਂ ਵਿਚ ਜਿਥੇ ਬੇਸਹਾਰਾ ਲੋਕਾਂ ਲਈ ਰੈਣ-ਬਸੇਰੇ ਬਣਾਏ ਗਏ ਹਨ, ਉਥੇ ਹੀ ਕੜਾਕੇ ਦੀ ਪੈ ਰਹੀ ਸਰਦੀ ਵਿਚ ਗਰੀਬ ਅਤੇ ਬੇਸਹਾਰਾ ਲੋਕ ਸ਼ਹਿਰਾਂ ਵਿਚ ਲੱਗੇ ਕੂੜੇ ਦੇ ਢੇਰਾਂ, ਪੁਲਾਂ ਦੇ ਹੇਠਾਂ ਅਤੇ ਗੰਦੀਆਂ ਥਾਵਾਂ 'ਤੇ ਖਾਣਾ ਖਾਣ ਅਤੇ ਠੰਢੀਆਂ ਰਾਤਾਂ ਬਾਹਰ ਹੀ ਕੱਟਣ ਲਈ ਮਜਬੂਰ ਹਨ। ਇਹ ਲੋਕ ਕੂੜੇ ਦੇ ਢੇਰਾਂ 'ਤੇ ਹੀ ਸਰਦੀ ਤੋਂ ਬਚਣ ਲਈ ਅੱਗ ਸੇਕ ਕੇ ਆਪਣਾ ਬਚਾਅ ਕਰ ਰਹੇ ਹਨ ਅਤੇ ਪਸ਼ੂਆਂ ਵਾਲਾ ਜੀਵਨ ਬਤੀਤ ਕਰ ਰਹੇ ਹਨ। ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਆਦਿ ਨੂੰ ਇਨ੍ਹਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਇਸ ਦੇ ਨਾਲ ਹੀ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਨੂੰ ਵੀ ਚੁੱਕਣ ਦਾ ਪ੍ਰਬੰਧ ਕਰਨ ਦੀ ਲੋੜ ਹੈ। ਅਜਿਹਾ ਕਰਨ ਨਾਲ ਜਿਥੇ ਰੈਣ-ਬਸੇਰਿਆਂ ਵਿਚ ਇਨ੍ਹਾਂ ਬੇਸਹਾਰਾ ਲੋਕਾਂ ਦਾ ਸਰਦੀ ਤੋਂ ਬਚਾਅ ਹੋਵੇਗਾ, ਉਥੇ ਹੀ ਕੂੜੇ ਦੇ ਢੇਰ ਚੁੱਕੇ ਜਾਣ ਨਾਲ ਸ਼ਹਿਰਾਂ ਦੀ ਦਿੱਖ ਵੀ ਵਧੀਆ ਲੱਗੇਗੀ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਇਕ ਸ਼ਲਾਘਾਯੋਗ ਕਦਮ
ਸੰਨ 1947 ਵਿਚ ਹੋਈ ਭਾਰਤ-ਪਾਕਿਸਤਾਨ ਵੰਡ ਦੇ ਕਾਰਨ ਜਿੱਥੇ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਨੇ ਆਪਣਾ ਬਹੁਤ ਕੁਝ ਗੁਆਇਆ ਹੈ, ਉਥੇ ਹੀ ਭਾਰਤ ਦੀਆਂ ਸਿੱਖ ਸੰਗਤਾਂ ਆਪਣੇ ਪਿਆਰੇ ਗੁਰੂਧਾਮਾਂ ਕਰਤਾਰਪੁਰ ਸਾਹਿਬ ਅਤੇ ਨਨਕਾਣਾ ਸਾਹਿਬ ਤੋਂ ਵੀ ਦੂਰ ਹੋ ਗਈਆਂ। ਪੰਜਾਬ ਦੀ ਸਰਹੱਦ ਨਾਲ ਰਾਵੀ ਤੋਂ ਪਾਰ ਕੁਝ ਮੀਲ ਦੇ ਫ਼ਾਸਲੇ 'ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਸਥਿਤ ਹੈ। ਕਰਤਾਰਪੁਰ ਸਾਹਿਬ ਉਹ ਪਵਿੱਤਰ ਸਥਾਨ ਹੈ, ਜਿਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ 18 ਸਾਲ ਬਿਤਾਏ ਸਨ। ਭਾਰਤੀ ਸੰਗਤਾਂ ਸਾਲਾਂ ਤੋਂ ਇਸ ਪਵਿੱਤਰ ਸਥਾਨ ਨੂੰ ਸਿਰਫ ਦੂਰਬੀਨ ਰਾਹੀਂ ਹੀ ਨਿਹਾਰ ਸਕਦੀਆਂ ਸਨ ਪਰ ਹੁਣ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਸਾਂਝੇ ਯਤਨਾਂ ਸਦਕਾ ਕਰਤਾਰਪੁਰ ਲਾਂਘਾ ਖੁੱਲ੍ਹ ਗਿਆ ਹੈ। ਹੁਣ ਭਾਰਤੀ ਸੰਗਤਾਂ ਬਿਨਾਂ ਕਿਸੇ ਰੁਕਾਵਟ ਦੇ ਇਸ ਗੁਰਧਾਮ ਦੇ ਦਰਸ਼ਨ ਕਰ ਸਕਣਗੀਆਂ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਇਸ ਪਹਿਲਕਦਮੀ ਲਈ ਵਧਾਈ ਦੀਆਂ ਪਾਤਰ ਹਨ।


-ਜਸਪ੍ਰੀਤ ਕੌਰ ਸੰਘਾ
ਪਿੰਡ ਤਨੂੰਲੀ, ਜ਼ਿਲ੍ਹਾ ਹੁਸ਼ਿਆਰਪੁਰ।


ਵਰਤਮਾਨ ਸਥਿਤੀ
ਪੰਜਾਬ ਵਿਚ ਇਸ ਸਮੇਂ ਬੇਰੁਜ਼ਗਾਰੀ, ਕਿਸਾਨ ਖ਼ੁਦਕੁਸ਼ੀਆਂ, ਗ਼ੈਰ-ਕਾਨੂੰਨੀ ਖੁਦਾਈ, ਭ੍ਰਿਸ਼ਟਾਚਾਰ ਤੇ ਨਸ਼ਿਆਂ ਵਰਗੇ ਮੁੱਦੇ ਲੁਪਤ ਹੋ ਗਏ ਜਾਪਦੇ ਹਨ। ਪੰਜਾਬ ਦੀ ਸਿਹਤ ਤੇ ਸਿੱਖਿਆ ਦੇ ਖੇਤਰ ਵਿਚ ਸਥਿਤੀ ਤਰਸਯੋਗ ਬਣੀ ਹੋਈ ਹੈ। ਧਰਤੀ ਹੇਠਲਾ ਪਾਣੀ ਏਨਾ ਦੂਸ਼ਿਤ ਹੋ ਚੁੱਕਾ ਹੈ ਕਿ ਉਹ ਪੀਣਯੋਗ ਨਹੀਂ ਰਿਹਾ ਜਿਸ ਕਰਕੇ ਕੈਂਸਰ ਵਰਗੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ ਪਰ ਇਨ੍ਹਾਂ ਸਾਰੇ ਮੁੱਦਿਆਂ 'ਤੇ ਨਾ ਤਾਂ ਵਰਤਮਾਨ ਸਰਕਾਰ ਕੁਝ ਕਰ ਰਹੀ ਹੈ ਤੇ ਨਾ ਹੀ ਵਿਰੋਧੀ ਧਿਰ ਇਨ੍ਹਾਂ ਮੁੱਦਿਆਂ ਨੂੰ ਚੁੱਕਣ ਲਈ ਗੰਭੀਰ ਹੈ। ਪੰਜਾਬ ਵਿਚ ਇਸ ਸਮੇਂ ਕੋਈ ਵੀ ਸਿਆਸੀ ਪਾਰਟੀ ਆਪਣੀ ਜ਼ਿੰਮੇਵਾਰੀ ਠੀਕ ਤਰ੍ਹਾਂ ਨਹੀਂ ਨਿਭਾਅ ਰਹੀ। ਹਰੇਕ ਸਿਆਸੀ ਲੀਡਰ ਆਪਣਾ ਸਿਆਸੀ ਭਵਿੱਖ ਚਮਕਾਉਣਾ ਚਾਹੁੰਦਾ ਹੈ। ਸਹਾਰਾ ਲੋਕਾਂ ਦਾ ਲਿਆ ਜਾਂਦਾ ਹੈ ਪਰ ਉਨ੍ਹਾਂ ਦੇ ਮੁੱਦਿਆਂ ਦੀ ਗੱਲ ਕੋਈ ਨਹੀਂ ਕੀਤੀ ਜਾਂਦੀ। ਕੋਈ ਇਨਸਾਫ਼ ਮਾਰਚ ਕਰ ਰਿਹਾ ਹੈ, ਕੋਈ ਆਪਣੀਆਂ ਭੁੱਲਾਂ ਬਖਸ਼ਾਉਣ ਲਈ ਅਰਦਾਸਾਂ ਕਰ ਰਿਹਾ ਹੈ। ਹੁਣ ਸਿਆਸੀ ਪਾਰਟੀਆਂ ਨੂੰ ਚਾਹੀਦਾ ਹੈ ਕਿ ਆਪਸੀ ਅੰਦਰੂਨੀ ਖਿੱਚੋਤਾਣ ਖ਼ਤਮ ਕਰਕੇ ਸੱਤਾਧਾਰੀ ਪਾਰਟੀ ਤੇ ਵਿਰੋਧੀ ਪਾਰਟੀਆਂ ਲੋਕ ਮੁੱਦਿਆਂ ਦੀ ਗੱਲ ਕਰਨ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।

31-12-2018

 ਸ਼ੋਰ-ਸ਼ਰਾਬਾ...
ਸੰਸਦ ਵਿਚ ਲਗਾਤਾਰ ਸ਼ੋਰ-ਸ਼ਰਾਬਾ ਅਤੇ ਹੰਗਾਮਾ ਹੋਣ ਤੋਂ ਦੁਖੀ ਲੋਕ ਸਭਾ ਸਪੀਕਰ ਸਤਿਕਾਰਤ ਸੁਮਿੱਤਰਾ ਮਹਾਜਨ ਨੇ ਦੁਖੀ ਸ਼ਬਦਾਂ 'ਚ ਸੰਸਦ ਮੈਂਬਰਾਂ ਨੂੰ ਫਿਟਕਾਰ ਲਾਉਂਦੇ ਹੋਏ ਕਿਹਾ ਕਿ ਤੁਸੀਂ ਸਕੂਲੀ ਬੱਚਿਆਂ ਤੋਂ ਵੀ ਥੱਲੇ ਹੋ ਜੋ ਲੋਕਤੰਤਰ ਨੂੰ ਸ਼ਰਮਸਾਰ ਕਰ ਕੇ ਬਿਨਾਂ ਵਜ੍ਹਾ ਰੌਲਾ-ਰੱਪਾ ਪਾ ਕੇ ਸਰਕਾਰੀ ਕੰਮਕਾਜ ਅਤੇ ਲੋਕ ਹਿਤ ਦੇ ਬਿੱਲ ਪਾਸ ਨਹੀਂ ਹੋਣ ਦਿੰਦੇ, ਜਿਸ ਨਾਲ ਸੰਸਦ ਦੀ ਕਾਰਵਾਈ ਠੱਪ ਹੋ ਜਾਂਦੀ ਹੈ। ਬੱਚੇ ਤਾਂ ਕਹਿਣ ਜਾਂ ਝਿੜਕਣ 'ਤੇ ਮੰਨ ਜਾਂਦੇ ਹਨ ਪਰ ਤੁਸੀਂ ਤਾਂ ਕਿਸੇ ਦੀ ਸੁਣਦੇ ਹੀ ਨਹੀਂ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਰਬ ਸਾਂਝੀ ਸਿਆਸੀ ਮੀਟਿੰਗ ਵਿਚ ਸਾਰੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਸੀ ਕਿ ਇਹ ਆਖਰੀ ਸੈਸ਼ਨ ਹੈ ਅਤੇ ਇਹ ਸੁਚਾਰੂ ਰੂਪ ਵਿਚ ਚਲਾਇਆ ਜਾਵੇ। ਇਹ ਗੱਲ ਠੀਕ ਵੀ ਸੀ ਫਿਰ ਵੀ ਆਪੋ-ਆਪਣੀ ਪਾਰਟੀ ਕਰਕੇ ਵੱਖ-ਵੱਖ ਮੁੱਦਿਆਂ 'ਤੇ ਸੰਸਦ 'ਚ ਹੰਗਾਮਾ ਹੁੰਦਾ ਰਿਹਾ। ਕਿਸੇ ਵੀ ਸਿਆਸੀ ਪਾਰਟੀ ਨੂੰ ਦੇਸ਼ ਹਿਤ ਨਹੀਂ ਆਪਣੇ ਹਿਤ ਪਿਆਰੇ ਹਨ। ਕੁਝ ਸੰਸਦ ਮੈਂਬਰ ਤਾਂ ਸਦਨ ਵਿਚ ਹਾਜ਼ਰੀ ਘੱਟ ਟੈਲੀਵਿਜ਼ਨ 'ਤੇ ਹਾਜ਼ਰੀ ਜ਼ਿਆਦਾ ਭਰਦੇ ਹਨ। ਜੇ ਸਾਡੇ ਸੰਸਦ ਮੈਂਬਰ ਇੰਜ ਹੀ ਸੰਸਦ ਦੀ ਕਾਰਵਾਈ ਬਾਰੇ ਸੰਵੇਦਨਹੀਣਤਾ ਵਿਖਾਉਂਦੇ ਰਹੇ ਤਾਂ ਇਸ ਦੇਸ਼ ਦਾ ਅਤੇ ਇਥੋਂ ਦੇ ਲੋਕਾਂ ਦਾ ਭਵਿੱਖ ਧੁੰਦਲਾ ਹੀ ਰਹੇਗਾ।

-ਵਿਵੇਕ ਕੁਮਾਰ
ਕੋਟ ਈਸੇ ਖਾਂ (ਮੋਗਾ)

ਮਾਡਰਨ ਗ੍ਰਾਮ
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ-ਛੋਹ ਪ੍ਰਾਪਤ ਖੇਤਰਾਂ ਵਿਚ ਵਿਕਾਸ ਕਰਨ ਦਾ ਫ਼ੈਸਲਾ, ਪੰਜਾਬ ਸਰਕਾਰ ਵਲੋਂ ਕੀਤਾ ਗਿਆ ਹੈ ਅਤੇ 41 ਪਿੰਡਾਂ ਦੀ ਸੂਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਰਾਜ ਸਰਕਾਰ ਨੂੰ ਭੇਜੀ ਗਈ ਹੈ। ਇਥੇ ਇਹ ਵਰਨਣਯੋਗ ਹੈ ਕਿ ਬਟਾਲਾ ਦੇ ਨਜ਼ਦੀਕ ਕਾਦੀਆਂ ਰੋਡ 'ਤੇ ਸਥਿਤ ਪਿੰਡ ਵਡਾਲਾ ਗ੍ਰੰਥੀਆਂ 'ਮਾਡਰਨ ਗ੍ਰਾਮ' ਪਿੰਡਾਂ ਦੀ ਸੂਚੀ ਵਿਚ ਸ਼ਾਮਲ ਹੈ, ਜਿਥੇ ਕੇ ਫਲਾਹੀ ਸਾਹਿਬ ਗੁਰਦੁਆਰਾ ਸਥਿਤ ਹੈ, ਜਦੋਂ ਕਿ ਬਟਾਲਾ ਦੇ ਹੀ ਨਜ਼ਦੀਕ ਜਲੰਧਰ ਰੋਡ 'ਤੇ ਸਥਿਤ ਅੱਚਲ ਸਾਹਿਬ ਪਿੰਡ ਹੈ ਅਤੇ ਇਥੇ ਵੀ ਗੁਰੂ ਸਾਹਿਬ ਦੀ ਯਾਦ ਵਿਚ ਅੱਚਲ ਸਾਹਿਬ ਗੁਰਦੁਆਰਾ ਸੁਸ਼ੋਭਿਤ ਹੈ, ਜੋ ਕਿ ਇਸ ਸੂਚੀ ਵਿਚ ਸ਼ਾਮਿਲ ਨਹੀਂ ਹੈ। ਇਨ੍ਹਾਂ ਦੋਵਾਂ ਅਸਥਾਨਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ ਅਤੇ ਇਨ੍ਹਾਂ ਦਾ ਬਾਕਾਇਦਾ ਇਤਿਹਾਸ ਗੁਰੂ ਸਾਹਿਬ ਨਾਲ ਜੁੜਿਆ ਹੋਇਆ ਹੈ। ਜਿਥੇ ਇਨ੍ਹਾਂ ਪਿੰਡਾਂ ਨੂੰ ਵੀ 'ਮਾਡਰਨ ਗ੍ਰਾਮ' ਪਿੰਡਾਂ ਦੀ ਸੂਚੀ ਵਿਚ ਸ਼ਾਮਲ ਕਰਨਾ ਚਾਹੀਦਾ ਹੈ, ਉਥੇ ਹੀ ਇਨ੍ਹਾਂ ਦੋਵਾਂ ਪਿੰਡਾਂ ਵਿਚ ਬਣੇ ਇਤਿਹਾਸਕ ਅਸਥਾਨ ਵੀ ਸ਼ਾਮਲ ਕਰਨ ਦੀ ਲੋੜ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਕਮੇਟੀ ਅਤੇ ਰਾਜ ਸਰਕਾਰ ਨੂੰ ਇਨ੍ਹਾਂ ਧਾਰਮਿਕ ਅਸਥਾਨਾਂ ਦੇ ਸਰਬਪੱਖੀ ਵਿਕਾਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਲੋਕਤੰਤਰ ਦੀ ਉਲੰਘਣਾ
ਕੋਈ ਵੀ ਇਸ ਗੱਲ ਤੋਂ ਅਣਜਾਣ ਨਹੀਂ ਹੈ ਕਿ 30 ਦਸੰਬਰ ਨੂੰ ਹੋਈਆਂ ਪੰਚਾਇਤੀ ਚੋਣਾਂ ਲਈ ਹਰ ਪਿੰਡ ਵਿਚ ਇਕ ਜਾਂ ਇਕ ਤੋਂ ਵਧੇਰੇ ਉਮੀਦਵਾਰ ਆਪਣੇ ਨਾਮਜ਼ਦਗੀ ਕਾਗਜ਼ ਜਮ੍ਹਾਂ ਕਰਵਾ ਰਹੇ ਸਨ ਪਰ ਚੋਣ ਕਮਿਸ਼ਨ ਦੁਆਰਾ ਜਿਨ੍ਹਾਂ ਉਮੀਦਵਾਰਾਂ ਦੇ ਕਾਗਜ਼ ਜਮ੍ਹਾ ਨਹੀਂ ਕੀਤੇ ਗਏ ਜਾਂ ਕੋਈ ਕਮੀ ਕੱਢੀ ਗਈ ਤਾਂ ਉਨ੍ਹਾਂ ਉਮੀਦਵਾਰਾਂ ਵਲੋਂ ਇਹ ਗੱਲ ਮੰਨਣ ਦੀ ਬਜਾਏ ਲੜਾਈ, ਝਗੜੇ, ਗਾਲੀ-ਗਲੋਚ ਦਾ ਸਹਾਰਾ ਲੈ ਕੇ ਹਾਲਾਤ ਨੂੰ ਜ਼ਿਆਦਾ ਨਾਜ਼ੁਕ ਬਣਾਇਆ ਗਿਆ। ਇਥੋਂ ਤੱਕ ਕਿ ਜੇ ਇਨ੍ਹਾਂ ਮਸਲਿਆਂ ਵਿਚ ਪੁਲਿਸ ਅੱਗੇ ਆਈ ਤਾਂ ਉਨ੍ਹਾਂ ਲਈ ਵੀ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ। ਕੁਝ ਖੇਤਰਾਂ ਵਿਚ ਤਾਂ ਪੁਲਿਸ ਨੂੰ ਦਖਲਅੰਦਾਜ਼ੀ ਕਰਨ ਤੋਂ ਸਾਫ਼ ਮਨ੍ਹਾਂ ਕਰ ਦਿੱਤਾ ਗਿਆ। ਇਹ ਲੋਕਤੰਤਰ ਦੀ ਪਾਲਣਾ ਨਹੀਂ ਸਗੋਂ ਉਲੰਘਣਾ ਹੈ।

-ਕਵਲਪ੍ਰੀਤ ਕੌਰ
ਬਟਾਲਾ (ਗੁਰਦਾਸਪੁਰ)

ਕਾਨੂੰਨ 'ਚ ਵਿਸ਼ਵਾਸ ਵਧਿਆ
ਪਿਛਲੇ ਦਿਨੀਂ ਦਿੱਲੀ ਹਾਈਕੋਰਟ ਵਲੋਂ 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸੁਣਾਈ ਸਜ਼ਾ ਨਾਲ ਕਾਨੂੰਨ 'ਚ ਲੋਕਾਂ ਦਾ ਵਿਸ਼ਵਾਸ ਵਧਿਆ ਹੈ ਕਿਉਂਕਿ ਇਸ ਕਤਲੇਆਮ ਨੂੰ ਵਾਪਰਿਆਂ ਤਿੰਨ ਦਹਾਕੇ ਤੋਂ ਉੱਪਰ ਸਮਾਂ ਬੀਤ ਗਿਆ ਹੈ। 34 ਸਾਲਾਂ ਬਾਅਦ ਏਨੇ ਵੱਡੇ ਦੁਖਾਂਤ ਦਾ ਫੈਸਲਾ ਆਉਣਾ ਕਾਨੂੰਨੀ ਪ੍ਰਕਿਰਿਆ 'ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ। ਭਾਵੇਂ ਸੱਜਣ ਕੁਮਾਰ ਵਰਗੇ ਮੁੱਖ ਦੋਸ਼ੀ ਨੂੰ ਸਜ਼ਾ ਮਿਲਣ ਨਾਲ ਸਿੱਖ ਪੀੜਤਾਂ ਨੂੰ ਕੁਝ ਇਨਸਾਫ਼ ਜ਼ਰੂਰ ਮਿਲਿਆ ਹੈ ਪਰ ਪੂਰਾ ਇਨਸਾਫ਼ ਤਾਂ ਉਦੋਂ ਹੀ ਮਿਲੇਗਾ ਜਦੋਂ ਸਾਰੇ ਦੋਸ਼ੀਆਂ ਨੂੰ ਕਾਨੂੰਨ ਢੁੱਕਵੀਂ ਸਜ਼ਾ ਦੇਵੇਗਾ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।

ਅਵਾਰਾ ਪਸ਼ੂਆਂ ਤੇ ਕੁੱਤਿਆਂ ਦੀ ਸਮੱਸਿਆ
ਅਵਾਰਾ ਕੁੱਤਿਆਂ ਅਤੇ ਅਵਾਰਾ ਪਸ਼ੂਆਂ ਨੂੰ ਲੈ ਕੇ ਸਮਾਜ ਕਾਫ਼ੀ ਦੁਖੀ ਹੈ। ਰੋਜ਼ ਅਨੇਕਾਂ ਘਟਨਾਵਾਂ ਅਜਿਹੇ ਅਵਾਰਾ ਜਾਨਵਰਾਂ ਕਾਰਨ ਵਾਪਰ ਰਹੀਆਂ ਹਨ। ਅਵਾਰਾ ਕੁੱਤਿਆਂ ਦੀ ਗਿਣਤੀ ਵਿਚ ਧੜਾਧੜ ਵਾਧਾ ਚਿੰਤਾ ਦਾ ਵਿਸ਼ਾ ਹੈ। ਸਾਡੇ ਘਰਾਂ, ਮੁਹੱਲਿਆਂ, ਪਾਰਕਾਂ ਵਿਚ ਅਵਾਰਾ ਕੁੱਤਿਆਂ ਦੇ ਖੂੰਖਾਰ ਕਿਸਮ ਦੇ ਝੁੰਡ ਅਕਸਰ ਵੇਖਣ ਨੂੰ ਮਿਲਦੇ ਹਨ। ਸਮਾਜ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਬੀਤੇ ਦਿਨੀਂ ਜਲੰਧਰ ਤੇ ਚੰਡੀਗੜ੍ਹ ਵਿਚ ਕੁੱਤਿਆਂ ਵਲੋਂ ਨਿੱਕੇ-ਨਿੱਕੇ ਬੱਚਿਆਂ ਨੂੰ ਲਹੂ-ਲੁਹਾਣ ਕਰਨ ਦੀਆਂ ਖ਼ਬਰਾਂ ਪੜ੍ਹੀਆਂ ਜੋ ਅਤਿ ਚਿੰਤਾ ਦਾ ਵਿਸ਼ਾ ਹੈ। ਅਵਾਰਾ ਕੁੱਤੇ ਦਿਨ-ਦਿਹਾੜੇ ਹੀ ਔਰਤਾਂ ਤੇ ਬੱਚਿਆਂ 'ਤੇ ਹਮਲਾ ਕਰ ਦਿੰਦੇ ਹਨ, ਜਦਕਿ ਰਾਤ ਨੂੰ ਤਾਂ ਘਰੋਂ ਬਾਹਰ ਨਿਕਲਣਾ ਖਤਰੇ ਤੋਂ ਖਾਲੀ ਨਹੀਂ।
ਅਵਾਰਾ ਕੁੱਤਿਆਂ ਨੂੰ ਅਕਸਰ ਕਾਰਾਂ-ਸਕੂਟਰ ਸਵਾਰਾਂ ਦੇ ਮਗਰ ਦੂਰ ਤੱਕ ਦੌੜਦੇ ਵੇਖਿਆ ਜਾਂਦਾ ਹੈ। ਹਮਲਾਵਰ ਇਰਾਦੇ ਨਾਲ ਸੜਕਾਂ ਤੇ ਅਵਾਰਾ ਕੁੱਤੇ ਬੇਖੌਫ਼ ਫਿਰਦੇ ਹਨ। ਕੁਝ ਦਹਾਕੇ ਪਹਿਲਾਂ ਤਾਂ ਸਰਕਾਰਾਂ/ਪ੍ਰਸ਼ਾਸਨ ਸਮੇਂ-ਸਮੇਂ ਇਨ੍ਹਾਂ ਦੇ ਵਾਧੇ ਨੂੰ ਵੇਖਦਿਆਂ ਕਈ ਕਦਮ ਉਠਾਇਆ ਕਰਦੇ ਸਨ ਪਰ ਹੁਣ ਇਧਰ ਕੋਈ ਧਿਆਨ ਨਹੀਂ ਦੇ ਰਿਹਾ। ਸੋ, ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਸਮੱਸਿਆ ਪ੍ਰਤੀ ਸਖ਼ਤ ਕਦਮ ਚੁੱਕਣ ਦੀ ਲੋੜ ਹੈ।

-ਮਾ: ਦੇਵਰਾਜ ਖੁੰਡਾ
ਸ੍ਰੀਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

26-12-2018

 ਜਾਇਜ਼ ਢੰਗ ਨਾਲ ਵਿਦੇਸ਼ ਜਾਓ
ਜਿਹੜੇ ਨੌਜਵਾਨ ਕਿਸੇ ਵੀ ਢੰਗ ਨਾਲ ਵਿਦੇਸ਼ ਜਾਣ ਲਈ ਸਹੀ ਢੰਗ ਨਾਲ ਵੀਜ਼ਾ ਨਹੀਂ ਲੈ ਪਾਉਂਦੇ, ਉਹ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਲਈ ਏਜੰਟਾਂ ਨਾਲ ਰਾਬਤਾ ਕਾਇਮ ਕਰਦੇ ਹਨ ਅਤੇ ਏਜੰਟਾਂ ਦੀਆਂ ਮਿੱਠੀਆਂ ਗੱਲਾਂ ਵਿਚ ਆ ਕੇ ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿਚ ਪਾਉਂਦੇ ਹਨ। ਲਗਪਗ ਰੋਜ਼ ਹੀ ਅਖ਼ਬਾਰਾਂ ਦੇ ਵਿਚ ਏਜੰਟਾਂ ਵਲੋਂ ਨੌਜਵਾਨਾਂ ਨਾਲ ਠੱਗੀ ਮਾਰਨ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ, ਜਿਸ ਵਿਚ ਨੌਜਵਾਨਾਂ ਵਲੋਂ ਦੱਸਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਏਜੰਟ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿਚ ਪਾਇਆ ਹੈ। ਬਿਨਾਂ ਸ਼ੱਕ ਹਰ ਨੌਜਵਾਨ ਨੂੰ ਆਪਣੇ ਸੁਪਨੇ ਪੂਰੇ ਕਰਨ ਦਾ ਅਧਿਕਾਰ ਹੈ ਅਤੇ ਜਾਇਜ਼ ਢੰਗ ਨਾਲ ਵਿਦੇਸ਼ ਜਾਣ ਵਿਚ ਕੋਈ ਵੀ ਨੁਕਸਾਨ ਨਹੀਂ ਹੈ। ਪਰ ਕਿਸੇ ਵੀ ਹਾਲਤ ਵਿਚ ਸਾਨੂੰ ਨਾਜਾਇਜ਼ ਤਰੀਕੇ ਨਾਲ ਵਿਦੇਸ਼ ਨਹੀਂ ਜਾਣਾ ਚਾਹੀਦਾ। ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾ ਕੇ ਅਸੀਂ ਜਿਥੇ ਆਪਣੇ ਮਾਪਿਆਂ ਦੀ ਖ਼ੂਨ ਪਸੀਨੇ ਦੀ ਕਮਾਈ ਨੂੰ ਖ਼ਰਾਬ ਕਰਦੇ ਹਾਂ, ਉਥੇ ਹੀ ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿਚ ਵੀ ਪਾਉਂਦੇ ਹਾਂ।


-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।


ਪੰਚਾਇਤੀ ਚੋਣਾਂ
ਪੰਜਾਬ ਵਿਚ ਪੰਚਾਇਤੀ ਚੋਣਾਂ ਦਾ ਐਲਾਨ ਹੋਣ ਦੇ ਨਾਲ ਹੀ ਕੜਾਕੇ ਦੀ ਠੰਢ ਵਿਚ ਪਿੰਡਾਂ ਵਿਚਲੀ ਸਿਆਸਤ ਗਰਮਾਉਣੀ ਸ਼ੁਰੂ ਹੋ ਗਈ ਹੈ। ਪੰਚੀ-ਸਰਪੰਚੀ ਦੇ ਦਾਅਵੇਦਾਰਾਂ ਵਲੋਂ ਵੋਟਰਾਂ ਨੂੰ ਆਪਣੇ ਹੱਕ ਵਿਚ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ। ਕਈ ਥਾਈਂ ਇਹ ਚੋਣਾਂ ਸਰਬਸੰਮਤੀ ਨਾਲ ਜਿਥੇ ਨੇਪਰੇ ਚਾੜ੍ਹਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉਥੇ ਕਈ ਥਾਈਂ ਉਮੀਦਵਾਰਾਂ ਵਿਚ ਸਖ਼ਤ ਮੁਕਾਬਲੇ ਹੋਣ ਕਾਰਨ ਉਨ੍ਹਾਂ ਦੇ ਘਰ ਰੋਜ਼ਾਨਾ ਸ਼ਾਮ ਨੂੰ ਪਿਆਕੜਾਂ ਵਲੋਂ ਕੱਚ ਦੀਆਂ ਗਿਲਾਸੀਆਂ ਖੜਕਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਹੁਣ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਸਾਨੂੰ ਸਭ ਨੂੰ 5 ਸਾਲ ਬਾਅਦ ਇਕ ਵਾਰ ਫਿਰ ਸਰਪੰਚ ਦੇ ਰੂਪ ਵਿਚ ਆਪਣੇ ਪਿੰਡ ਦਾ ਮੁਖੀ ਚੁਣਨ ਦਾ ਮੌਕਾ ਮਿਲਿਆ ਹੈ। ਸੋ, ਸਾਨੂੰ ਸਭ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੜ੍ਹੇ-ਲਿਖੇ ਅਤੇ ਸਮਝਦਾਰ ਪੰਚਾਂ-ਸਰਪੰਚਾਂ ਦੀ ਹਮਾਇਤ ਕਰਨੀ ਚਾਹੀਦੀ ਹੈ, ਤਾਂ ਜੋ ਸਾਡੇ ਪਿੰਡਾਂ ਅਤੇ ਸੂਬੇ ਦਾ ਖੂਬ ਵਿਕਾਸ ਹੋ ਸਕੇ।


-ਰਾਜਾ ਗਿੱਲ, ਚੜਿੱਕ (ਮੋਗਾ)।


ਕਿਸਾਨਾਂ ਨਾਲ ਧੱਕੇਸ਼ਾਹੀ
ਇਕ ਪਾਸੇ ਸਰਕਾਰਾਂ ਕਿਸਾਨ ਨੂੰ ਅੰਨ ਦੇਵਤਾ ਕਹਿ ਰਹੀਆਂ ਹਨ ਪਰ ਦੂਸਰੇ ਪਾਸੇ ਕਿਸਾਨ ਦੀ ਕਿੰਨੀ ਬੇਕਦਰੀ ਹੋ ਰਹੀ ਹੈ। ਪਹਿਲਾਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਵਿਖੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਪਰ ਉਥੇ ਵੀ ਕੇਂਦਰ ਸਰਕਾਰ ਨੇ ਕਿਸਾਨ ਨੂੰ ਕੋਈ ਹੱਥ-ਪੱਲਾ ਨਹੀਂ ਫੜਾਇਆ। ਹੁਣ ਕਿਸਾਨ ਗੰਨੇ ਦੀ ਸਮੱਸਿਆ ਨਾਲ ਉਲਝ ਰਿਹਾ ਹੈ। ਮੁਲਾਜ਼ਮ ਨੂੰ ਇਕ ਮਹੀਨਾ ਤਨਖਾਹ ਨਾ ਮਿਲੇ ਤਾਂ ਉਹ ਕਿਵੇਂ ਦੁਖੀ ਹੁੰਦਾ ਹੈ। ਜਿਥੇ ਕਿਸਾਨ ਦਾ ਸਾਰਾ ਦਾਰੋਮਦਾਰ ਹੀ ਖੇਤੀ 'ਤੇ ਹੈ ਤੇ ਫਿਰ ਜੇਕਰ ਉਸ ਦੀ ਮਿਹਨਤ ਦਾ ਮੁੱਲ ਵਕਤ ਸਿਰ ਨਾ ਮਿਲੇ ਤਾਂ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ। ਸਰਕਾਰ ਪੰਜਾਬ ਦੇ ਸਾਰੇ ਮਸਲੇ ਫੌਰਨ ਹੱਲ ਕਰੇ ਤੇ ਆਪ ਵੀ ਚੈਨ ਨਾਲ ਸਰਕਾਰ ਚਲਾਵੇ ਤੇ ਪੰਜਾਬ ਦੇ ਲੋਕ ਵੀ ਚੈਨ ਦੀ ਜ਼ਿੰਦਗੀ ਜੀਅ ਸਕਣ।


-ਹਰਜਿੰਦਰਪਾਲ ਸਿੰਘ ਬਾਜਵਾ
ਵਿਜੇ ਨਗਰ, ਹੁਸ਼ਿਆਰਪੁਰ।


ਅਧਿਆਪਕ ਦਾ ਸਨਮਾਨ
ਪਿਛਲੇ ਕੁਝ ਸਮੇਂ ਤੋਂ ਸਾਡੀ ਕੌਮ ਦਾ ਨਿਰਮਾਤਾ ਹੀ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਿਹਾ ਹੈ। ਅਧਿਆਪਕਾਂ ਨਾਲ ਅਨਿਆਂ ਹੁੰਦਾ ਵੇਖ ਕੇ ਬਹੁਤ ਸਾਰੀਆਂ ਮੁਲਾਜ਼ਮ, ਵਿਦਿਆਰਥੀ, ਸਮਾਜ ਸੇਵੀ, ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਅਧਿਆਪਕ ਵਰਗ ਦੇ ਹੱਕ ਵਿਚ ਉੱਤਰ ਆਈਆਂ। ਭਾਵੇਂ ਸਰਕਾਰ ਨੇ ਅਧਿਆਪਕਾਂ ਪ੍ਰਤੀ ਅਜੇ ਤੱਕ ਹਾਂ-ਪੱਖੀ ਵਤੀਰਾ ਨਹੀਂ ਅਪਣਾਇਆ ਅਤੇ ਜਥੇਬੰਦੀਆਂ ਨਾਲ ਬੈਠ ਕੇ ਗੱਲਬਾਤ ਕਰਨ ਤੋਂ ਵੀ ਭੱਜਦੀ ਨਜ਼ਰ ਆਈ ਹੈ ਪਰ ਅਧਿਆਪਕਾਂ ਨੂੰ ਸਮਕਾਲੀ ਸਮਾਜ ਵਲੋਂ ਜੋ ਭਾਰੀ ਹਮਾਇਤ ਪ੍ਰਾਪਤ ਹੋਈ ਹੈ, ਉਹ ਹਰ ਅਧਿਆਪਕ ਲਈ ਮਾਣ ਵਾਲੀ ਗੱਲ ਹੈ। ਦੂਜੇ ਪਾਸੇ ਕੁਝ ਲੋਕ ਸੋਸ਼ਲ ਮੀਡੀਆ ਰਾਹੀਂ ਅਧਿਆਪਕ ਵਰਗ ਲਈ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਕੇ ਹਰ ਇਕ ਅਧਿਆਪਕ ਨੂੰ ਕਟਹਿਰੇ ਵਿਚ ਖੜ੍ਹਾ ਕਰ ਰਹੇ ਹਨ। ਕਣਕ ਵਿਚੋਂ ਕਾਂਗਿਆਰੀ ਖ਼ਤਮ ਕਰਨ ਲਈ ਸੁਨਹਿਰੀ ਦਾਣਿਆਂ ਨੂੰ ਵੀ ਝਾੜ ਨਹੀਂ ਦਿੱਤਾ ਜਾਂਦਾ। ਜਿਸ ਅਧਿਆਪਕ ਸਿਰ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਨਾਲ-ਨਾਲ ਉਨ੍ਹਾਂ ਅੰਦਰ ਨੈਤਿਕ ਕਦਰਾਂ-ਕੀਮਤਾਂ ਪੈਦਾ ਕਰਨ ਦੀ ਜ਼ਿੰਮੇਵਾਰੀ ਮਿਲੀ ਹੈ, ਉਸ ਲਈ ਸਮਾਜ ਤੋਂ ਮਿਲਣ ਵਾਲਾ ਮਾਣ-ਸਨਮਾਨ ਉਸ ਦੀਆਂ ਕੋਸ਼ਿਸ਼ਾਂ ਨੂੰ ਉਡਾਣ ਦੇ ਸਕਦਾ ਹੈ।


-ਗੁਰਦੀਪ ਸਿੰਘ
ਕੋਟਲੀ ਅਬਲੂ।

25-12-2018

 ਕਦੋਂ ਮਿਲੇਗੀ ਵਾਜਬ ਕੀਮਤ
ਅਜੋਕੇ ਸਮੇਂ ਦੇਸ਼ ਦਾ ਅੰਨਦਾਤਾ ਕਹਿਲਾਉਣ ਵਾਲਾ ਕਿਸਾਨ ਆਪਣੀ ਉਪਜ ਦੀ ਨਕਦ ਵਾਜਬ ਕੀਮਤ ਲੈਣ ਵਾਸਤੇ ਸੰਘਰਸ਼ ਦੇ ਰਾਹ ਪਿਆ ਹੋਇਆ ਹੈ। ਅਨੇਕਾਂ ਮੁਸ਼ਕਿਲਾਂ ਝਲਦੇ ਹੋਏ, ਤਿਆਰ ਆਪਣੀ ਫ਼ਸਲ ਨੂੰ ਜਦੋਂ ਮੰਡੀ ਜਾਂ ਗੰਨਾ ਮਿੱਲ ਵਿਚ ਲੈ ਕੇ ਜਾਂਦਾ ਹੈ ਤਾਂ ਉਥੇ ਉਸ ਦੀ ਉਪਜ ਦਾ ਨਾ ਤਾਂ ਵਾਜਬ ਮੁੱਲ ਮਿਲਦਾ ਹੈ ਅਤੇ ਨਾ ਹੀ ਨਕਦ ਪੈਸੇ। ਅਜਿਹੇ ਹਾਲਾਤ ਵਿਚ ਅੰਨਦਾਤੇ ਦਾ ਦੁਖੀ ਅਤੇ ਪ੍ਰੇਸ਼ਾਨ ਹੋਣਾ ਸੁਭਾਵਿਕ ਹੀ ਹੈ। ਕਈ ਵਾਰ ਕੁਦਰਤੀ ਕਰੋਪੀ ਕਾਰਨ ਵੀ ਕਿਸਾਨ ਦੀ ਫ਼ਸਲ ਬਰਬਾਦ ਹੋ ਜਾਂਦੀ ਹੈ, ਇਸ ਤਰ੍ਹਾਂ ਕਿਸਾਨ ਦੋਹਰੀ ਮਾਰ ਦਾ ਸ਼ਿਕਾਰ ਹੁੰਦਾ ਹੈ। ਜਦੋਂ ਕਿਸਾਨ ਦੀ ਉਪਜ ਦਾ ਸਹੀ ਮੁੱਲ ਨਾ ਮਿਲੇ ਅਤੇ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਣਾ ਪਵੇ ਤਾਂ ਉਸ ਸਮੇਂ ਜੋ ਕਿਸਾਨ ਦੇ ਦਿਲ 'ਤੇ ਬੀਤਦੀ ਹੈ, ਉਹ ਕੇਵਲ ਉਹੀ ਜਾਣ ਸਕਦਾ ਹੈ। ਕੀ ਸਮੇਂ ਦੀਆਂ ਸਰਕਾਰਾਂ ਅੰਨਦਾਤੇ ਦੀ ਮੰਦਹਾਲੀ ਵੱਲ ਕੋਈ ਉਚੇਚਾ ਧਿਆਨ ਦੇਣਗੀਆਂ? ਅਜਿਹਾ ਕਰਨਾ ਸਮੇਂ ਦੀ ਮੰਗ ਹੀ ਨਹੀਂ, ਸਗੋਂ ਵੱਡੀ ਲੋੜ ਵੀ ਹੈ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ (ਹੁਸ਼ਿਆਰਪੁਰ)।

ਅਖ਼ਬਾਰਾਂ ਲਈ ਨੁਕਸਾਨਦੇਹ
ਅਖ਼ਬਾਰ ਅੱਜ ਦੇ ਜ਼ਮਾਨੇ ਲਈ ਚਮਕਦਾ ਸੂਰਜ ਹੁੰਦੇ ਹਨ, ਜਿਸ ਦੀ ਉਡੀਕ ਹਰ ਨਵੀਂ ਸਵੇਰ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਆਮ ਪਾਠਕਾਂ ਨੂੰ ਚਿੱਟੇ ਦੇ ਨਸ਼ੇ ਤੋਂ ਵੀ ਵੱਧ ਪੜ੍ਹਨ ਦੀ ਲੱਗੀ ਰਹਿੰਦੀ ਹੈ। ਅਖ਼ਬਾਰਾਂ ਦੇ ਸੰਪਾਦਕ ਅਤੇ ਪ੍ਰਬੰਧਕਾਂ ਵਲੋਂ ਠੀਕ ਚਾਰ ਵਜੇ ਤੋਂ ਪਹਿਲਾਂ ਸ਼ਹਿਰਾਂ ਦੇ ਅਖ਼ਬਾਰ ਏਜੰਟਾਂ ਕੋਲ ਪਹੁੰਚਾ ਦਿੱਤੇ ਜਾਂਦੇ ਹਨ। ਪਰ ਕਈ ਏਜੰਟਾਂ ਵਲੋਂ ਹਰੇਕ ਅਖ਼ਬਾਰ ਵਿਚ ਬਿਮਾਰੀਆਂ, ਡਾਕਟਰਾਂ ਅਤੇ ਤਾਂਤਰਿਕਾਂ, ਜੋਤਸ਼ੀਆਂ ਵਲੋਂ ਵੱਡੀ ਗਿਣਤੀ ਵਿਚ ਇਸ਼ਤਿਹਾਰ ਪਾ ਦਿੱਤੇ ਜਾਂਦੇ ਹਨ। ਜਿਨ੍ਹਾਂ ਨੂੰ ਪਾਉਣ ਲਈ ਤਕਰੀਬਨ ਇਕ ਘੰਟਾ ਲੱਗ ਜਾਂਦਾ ਹੈ। ਪਿੰਡਾਂ ਨੂੰ ਇਹ ਅਖ਼ਬਾਰ ਹਾਕਰਾਂ ਕੋਲ ਬਹੁਤ ਦੇਰੀ ਨਾਲ ਪਹੁੰਚਦੇ ਹਨ, ਜਿਥੇ ਅਖ਼ਬਾਰਾਂ ਵਿਚ ਇਸ਼ਤਿਹਾਰ ਪਾਉਣੇ ਗ਼ੈਰ-ਕਾਨੂੰਨੀ ਹਨ, ਉਥੇ ਅਖ਼ਬਾਰਾਂ ਦੀ ਆਮਦਨੀ ਲਈ ਵੀ ਨੁਕਸਾਨਦੇਹ ਹਨ। ਇਸ਼ਤਿਹਾਰ ਸਿਰਫ਼ ਅਖ਼ਬਾਰ ਵਿਚ ਹੀ ਛਪਣੇ ਚਾਹੀਦੇ ਹਨ। ਜਦ ਪਾਠਕ ਅਖ਼ਬਾਰ ਪੜ੍ਹਨ ਲਈ ਚੁੱਕਦੇ ਹਨ ਤਾਂ 8-10 ਇਸ਼ਤਿਹਾਰ ਇਧਰ-ਉਧਰ ਬਿਖਰ ਜਾਂਦੇ ਹਨ ਤੇ ਅਖ਼ਬਾਰ ਪੜ੍ਹਨ ਵਿਚ ਵਿਘਨ ਪੈ ਜਾਂਦਾ ਹੈ। ਸੋ, ਅਖ਼ਬਾਰਾਂ ਦੇ ਏਜੰਟਾਂ ਨੂੰ ਅਖ਼ਬਾਰ ਵਿਚ ਇਸ਼ਤਿਹਾਰ ਖ਼ਾਸ ਕਰਕੇ ਤਾਂਤਰਿਕਾਂ ਵਲੋਂ ਅੰਧਵਿਸ਼ਵਾਸ ਫੈਲਾਉਣ ਵਾਲੇ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਤਾਂ ਕਿ ਅਖ਼ਬਾਰਾਂ ਦੀ ਹਰਮਨ-ਪਿਆਰਤਾ ਬਣੀ ਰਹੇ।

-ਸਰਵਨ ਸਿੰਘ ਪਤੰਗ
ਪਿੰਡ ਮਾਣੂੰਕੇ, ਮੋਗਾ।

ਵਿਗਿਆਨ ਤੇ ਰਿਸ਼ਤੇ
ਅੱਜ ਤੋਂ 15 ਕੁ ਸਾਲ ਪਹਿਲਾਂ ਜਦੋਂ ਵਿਗਿਆਨ ਦਾ ਦਿੱਤਾ ਹੋਇਆ ਮੋਬਾਈਲ ਯੰਤਰ ਜ਼ਿਆਦਾ ਨਹੀਂ ਸੀ ਉਪਲਬਧ ਹੋਇਆ, ਉਦੋਂ ਸਾਡੇ ਰਿਸ਼ਤਿਆਂ ਵਿਚ ਬਹੁਮੁੱਲਾ ਨਿੱਘ ਸੀ। ਸਾਰੇ ਰਿਸ਼ਤੇ ਨਾਤੇ ਤੇ ਪਿਆਰ ਭਰੇ ਸੁਨੇਹੇ ਚਿੱਠੀ ਪੱਤਰ ਰਾਹੀਂ ਸਭ ਤੱਕ ਪਹੁੰਚਦੇ ਕੀਤੇ ਜਾਂਦੇ ਸਨ। ਇਨ੍ਹਾਂ ਪਿਆਰ ਭਰੇ ਸੁਨੇਹਿਆਂ ਨੂੰ ਪੜ੍ਹ-ਸੁਣ ਕੇ ਸਵੀਕਾਰ ਕੀਤਾ ਜਾਂਦਾ ਸੀ, ਭੇਜੇ ਹੋਏ ਜਾਂ ਪਹੁੰਚੇ ਹੋਏ ਸੁਨੇਹੇ ਪੱਤਰ ਦਾ ਜਵਾਬ ਲੈਣ-ਦੇਣ ਦੀ ਉਤਸੁਕਤਾ ਰਹਿੰਦੀ ਸੀ। ਅਜਿਹਾ ਕਰਨ ਨਾਲ ਆਪਣੀ ਮਾਣ-ਮੱਤੇ ਇਤਿਹਾਸ ਤੇ ਮਾਂ-ਬੋਲੀ ਨਾਲ ਸਨੇਹ ਬਣਿਆ ਹੋਇਆ ਸੀ। ਇਹ ਸਾਡੀ ਬੋਲੀ ਸਾਡੇ ਲਈ ਉੱਤਮ ਰਿਸ਼ਤਾ ਸੀ, ਪਰ ਹੁਣ ਜਦੋਂ ਦਾ ਮੋਬਾਈਲ ਸੈੱਲ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਆਇਆ ਹੈ ਤਾਂ ਸਾਰੇ ਰਿਸ਼ਤਿਆਂ ਦੀਆਂ ਕਦਰਾਂ-ਕੀਮਤਾਂ ਘਟਣੀਆਂ ਸ਼ੁਰੂ ਹੋ ਗਈਆਂ ਹਨ। ਇਹ ਵਿਗਿਆਨ ਦੀ ਤਰੱਕੀ ਸਾਡੇ ਕਾਰੋਬਾਰਾਂ ਜਾਂ ਹੋਰ ਗੱਲਾਂਬਾਤਾਂ ਲਈ ਸਹੀ ਹੈ ਪਰ ਸਾਡੇ ਪਰਿਵਾਰਕ ਰਿਸ਼ਤਿਆਂ ਨੂੰ ਫਿੱਕੇ ਪਾਉਂਦੀ ਨਜ਼ਰ ਆ ਰਹੀ ਹੈ। ਆਓ, ਇਸ ਵਿਗਿਆਨ ਦੇ ਯੰਤਰ ਦੀ ਥੋੜ੍ਹੀ ਦੁਰਵਰਤੋਂ ਘਟਾਉਂਦੇ ਹੋਏ ਆਪਣੇ ਰਿਸ਼ਤਿਆਂ ਨਾਤਿਆਂ ਦਾ ਨਿੱਘ ਮਾਣੀਏ।

-ਸੁਖਚੈਨ ਸਿੰਘ ਠੱਠੀ ਭਾਈ, ਦੁਬਈ।

ਪੰਜਾਬੀ ਵਿਰੋਧੀ ਫ਼ੈਸਲੇ
ਪਿਛਲੇ ਦਿਨੀਂ ਡਾ: ਲਖਵਿੰਦਰ ਸਿੰਘ ਜੌਹਲ ਦਾ ਲੇਖ 'ਪੰਜਾਬੀ ਦੀ ਪੜ੍ਹਾਈ ਲਈ ਘਾਤਕ ਹੋਵੇਗਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਫ਼ੈਸਲਾ' ਪੜ੍ਹਿਆ। ਲੇਖ ਪੜ੍ਹਨ ਤੋਂ ਬਾਅਦ ਬੜਾ ਦੁੱਖ ਹੋਇਆ ਕਿ ਜਿਸ ਯੂਨੀਵਰਸਿਟੀ ਨੇ ਪੰਜਾਬੀ ਮਾਂ-ਬੋਲੀ ਅਤੇ ਇਸ ਦੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀ ਸੰਭਾਲ ਕਰਨੀ ਹੈ, ਉਸ ਵਲੋਂ ਹੀ 15 ਅਕਤੂਬਰ, 2018 ਦੀ ਸਿੰਡੀਕੇਟ ਦੀ ਮੀਟਿੰਗ ਵਿਚ ਪਾਸ ਕੀਤਾ ਗਿਆ ਪੰਜਾਬੀ ਵਿਰੋਧੀ ਨੋਟੀਫਿਕੇਸ਼ਨ ਪੰਜਾਬੀ ਦੀ ਪੜ੍ਹਾਈ ਉੱਤੇ ਕੀਤਾ ਗਿਆ ਦੂਸਰਾ ਹਮਲਾ ਹੈ। ਇਸ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਦੇ ਵਸਨੀਕ ਅਤੇ ਗ਼ੈਰ-ਵਸਨੀਕ ਜਿਨ੍ਹਾਂ ਨੇ ਦਸਵੀਂ ਤੱਕ ਪੰਜਾਬੀ ਨਹੀਂ ਪੜ੍ਹੀ, ਮੁਢਲੀ ਪੰਜਾਬੀ ਜਾਂ ਪੰਜਾਬ ਇਤਿਹਾਸ ਅਤੇ ਸੱਭਿਆਚਾਰ ਪੜ੍ਹ ਸਕਦੇ ਹਨ। ਇਸ ਦਾ ਮਤਲਬ ਸਾਫ਼ ਹੈ ਕਿ ਹੁਣ ਸਕੂਲਾਂ ਵਿਚ ਦਸਵੀਂ ਤੱਕ ਪੰਜਾਬੀ ਭਾਸ਼ਾ ਪੜ੍ਹਨੀ ਜ਼ਰੂਰੀ ਨਹੀਂ। ਇਹੋ ਹਾਲ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਹੈ ਜਿਸ ਦੇ ਵੱਡੇ ਅਹੁਦਿਆਂ 'ਤੇ ਬੈਠੇ ਅਧਿਕਾਰੀ ਪੰਜਾਬੀ ਭਾਸ਼ਾ, ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਨੂੰ ਕੱਟਣ-ਵੱਢਣ ਵਿਚ ਕੋਈ ਕਸਰ ਨਹੀਂ ਛੱਡ ਰਹੇ। ਇਹ ਸਭ ਕੁਝ ਅਗਿਆਨਤਾ ਵੱਸ ਹੋ ਰਿਹਾ ਹੈ ਜਾਂ ਫਿਰ ਪੰਜਾਬ ਅਤੇ ਪੰਜਾਬੀ ਵਿਰੋਧੀ ਕੁਝ ਤਾਕਤਾਂ ਕਰਵਾ ਰਹੀਆਂ ਹਨ, ਜਿਨ੍ਹਾਂ ਦੇ ਚਿਹਰੇ ਨੰਗੇ ਕਰਨ ਲਈ ਪੰਜਾਬੀਆਂ ਨੂੰ ਹੁਣ ਬਿਨਾਂ ਦੇਰੀ ਸੁਚੇਤ ਹੋਣਾ ਪਵੇਗਾ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਓਬੋਕੇ, ਤਰਨ ਤਾਰਨ ਸਾਹਿਬ

ਵਹਿਮ ਭਰਮ
ਅਜੋਕੇ ਸਮੇਂ ਵਿਚ ਵਿਗਿਆਨ, ਗਿਆਨ-ਧਿਆਨ ਤੇ ਸੱਭਿਅਤਾ ਦੀ ਉੱਨਤੀ ਤੇ ਵਿਕਾਸ ਦੇ ਨਾਲ-ਨਾਲ ਵਹਿਮਾਂ-ਭਰਮਾਂ ਵਿਚ ਵੀ ਕਾਫੀ ਵਾਧਾ ਤੇ ਵਿਕਾਸ ਹੋਇਆ ਹੈ। ਸਮਾਜ ਵਿਚ ਕਾਲਾ ਇਲਮ, ਜੋਤਿਸ਼ ਵਿੱਦਿਆ ਤੇ ਠੱਗ, ਨਕਲੀ ਬਾਬਿਆਂ ਵਿਚ ਲੋੜ ਤੋਂ ਜ਼ਿਆਦਾ ਵਿਸ਼ਵਾਸ ਵਧਿਆ ਹੈ, ਉਥੇ ਹੀ ਦਿਨਾਂ, ਤਿਉਹਾਰਾਂ, ਛਿੱਕਾਂ, ਬਿੱਲੀ ਜਾਂ ਕੁੱਤੇ ਦੇ ਰਸਤਾ ਕੱਟਣ, ਘਰੋਂ ਦਹੀਂ ਖਾ ਕੇ ਜਾਣਾ ਆਦਿ ਸਬੰਧੀ ਵਹਿਮਾਂ-ਭਰਮਾਂ ਦਾ ਪਸਾਰਾ ਵੀ ਅਜੇ ਤੱਕ ਕਾਇਮ ਹੈ। ਪ੍ਰਸ਼ਨ ਇਹ ਉੱਠਦਾ ਹੈ ਕਿ ਕੀ ਵਹਿਮਾਂ-ਭਰਮਾਂ ਵਿਚ ਸੱਚਾਈ ਹੁੰਦੀ ਹੈ ਜਾਂ ਵਿਗਿਆਨ ਦੀ ਤਰੱਕੀ ਵਿਚ ਕਮੀ ਹੈ। ਮੇਰੀ ਸੋਚ ਅਨੁਸਾਰ ਅੱਜ ਦੀ ਦੁਨੀਆ ਜ਼ਿੰਦਗੀ ਦੀਆਂ ਉਲਝਣਾਂ, ਸੋਚਾਂ, ਵਿਗਿਆਨ ਤੇ ਵਹਿਮਾਂ-ਭਰਮਾਂ ਦੇ ਚੌਰਾਹੇ ਵਿਚ ਆ ਖੜ੍ਹੀ ਹੋਈ ਹੈ। ਜਿਨ੍ਹਾਂ ਨੂੰ ਅਸੀਂ ਵਹਿਮ-ਭਰਮ ਆਖਦੇ ਹਾਂ, ਦਰਅਸਲ ਸਿਆਣਿਆਂ ਨੇ ਮਨ ਨੂੰ ਸਥਿਰਤਾ ਤੇ ਸਮਾਜ ਨੂੰ ਕੁਝ ਨਿਯਮਾਂ ਵਿਚ ਬੰਨ੍ਹਣ ਲਈ ਬਣਾਏ ਸਨ। ਵਿਗਿਆਨ ਅਤੇ ਖੋਜਾਂ ਵੀ ਅਜੇ ਸੰਪੂਰਨ ਜ਼ਿੰਦਗੀ ਦੇ ਸਾਰੇ ਪੱਖਾਂ 'ਤੇ ਕੇਂਦਰਿਤ ਨਹੀਂ ਹਨ ਅਤੇ ਸਮੱਸਿਆਵਾਂ ਦੇ ਅਨੁਸਾਰ ਅਧੂਰੀਆਂ ਖੋਜਾਂ ਹਨ। ਸਮਾਜ ਆਪਣੇ-ਆਪ ਦਾ ਸਹੀ ਮੁੱਲ-ਅੰਕਣ ਕਰਨ ਵਿਚ ਅਜੇ ਸਫਲ ਨਹੀਂ ਹੋਇਆ, ਕਿਉਂਕਿ ਕੁਦਰਤ ਦੇ ਵਿਸ਼ਾਲ ਭੇਦਾਂ ਸਾਹਮਣੇ ਵਿਗਿਆਨ ਦੀ ਅਜੇ ਸ਼ੁਰੂਆਤ ਹੀ ਹੋਈ ਹੈ।

-ਕੁਲਵਿੰਦਰ ਸਿੰਘ
ਪਿੰਡ ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ।

24-12-2018

 ਪੰਚਾਇਤੀ ਚੋਣਾਂ
ਪੰਜਾਬ ਵਿਚ ਪੰਚਾਇਤੀ ਚੋਣਾਂ ਨੇ ਜ਼ੋਰ ਫੜ ਲਿਆ ਹੈ ਅਤੇ 30 ਦਸੰਬਰ ਨੂੰ ਵੋਟਾਂ ਪੈਣ ਤੋਂ ਬਾਅਦ ਪੰਚਾਂ ਅਤੇ ਸਰਪੰਚਾਂ ਦੀ ਕਿਸਮਤ ਦਾ ਫ਼ੈਸਲਾ ਆ ਜਾਵੇਗਾ। ਪਿੰਡਾਂ ਦੇ ਲੋਕਾਂ ਵਿਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਨਿੰਦਣਯੋਗ ਹੈ ਪਿਛਲੇ ਚੁਣੇ ਗਏ ਸਰਪੰਚਾਂ ਨੂੰ ਉਨ੍ਹਾਂ ਦਾ ਬਣਦਾ ਭੱਤਾ ਹੀ ਨਹੀਂ ਦਿੱਤਾ ਗਿਆ। ਸਰਪੰਚਾਂ ਦਾ ਬਣਦਾ ਭੱਤਾ ਨਾ ਦੇਣਾ ਪੰਚਾਇਤਾਂ ਨਾਲ ਇਕ ਕੋਝਾ ਮਜ਼ਾਕ ਹੈ। ਦੂਸਰਾ ਪਿੰਡਾਂ ਨੂੰ ਦਿੱਤੀਆਂ ਜਾਣ ਵਾਲੀਆਂ ਗਰਾਂਟਾਂ ਬਿਨਾਂ ਭੇਦਭਾਵ ਦੇ ਪਾਰਟੀ ਪੱਧਰ ਤੋਂ ਉੱਪਰ ਉਠ ਕੇ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਕਿ ਸਾਰੇ ਪਿੰਡਾਂ ਦਾ ਵਿਕਾਸ ਹੋ ਸਕੇ। ਬੇਸ਼ੱਕ ਔਰਤਾਂ ਨੂੰ ਰਾਖਵਾਂਕਰਨ ਦਿੱਤਾ ਗਿਆ ਹੈ ਪਰ ਅਜੇ ਵੀ ਔਰਤਾਂ ਲੋਕਾਂ ਦੇ ਕੰਮਕਾਰ ਕਰਾਉਣ ਲਈ ਆਪਣੇ ਪਤੀਆਂ ਨੂੰ ਨਾਲ ਲੈ ਕੇ ਜਾਂਦੀਆਂ ਹਨ। ਔਰਤਾਂ ਨੂੰ ਅੱਗੇ ਆਉਣ ਲਈ ਆਤਮ-ਵਿਸ਼ਵਾਸ ਦੀ ਲੋੜ ਹੈ ਅਤੇ ਪੜ੍ਹਿਆ-ਲਿਖਿਆ ਹੋਣਾ ਜ਼ਰੂਰੀ ਹੈ। ਔਰਤਾਂ ਨੂੰ ਚੰਗਾ ਬੁਲਾਰਾ ਵੀ ਬਣਨ ਦੀ ਲੋੜ ਹੈ।


-ਸਮਿਤਰ ਸਿੰਘ ਦੋਸਤ
142, ਝੂੰਗੀਆਂ ਰੋਡ, ਸੈਕਟਰ-1, ਦਸਮੇਸ਼ ਨਗਰ, ਖਰੜ।


ਵਿਦੇਸ਼ ਪ੍ਰਵਾਸ ਤੇ ਬੇਰੁਜ਼ਗਾਰੀ
ਦੇਸ਼ ਨੇ ਸਾਰੇ ਖੇਤਰਾਂ ਵਿਚ ਬਹੁਤ ਤਰੱਕੀ ਕੀਤੀ ਹੈ ਪਰ ਅਜੋਕੇ ਸਮੇਂ ਡਾਕਟਰਾਂ, ਇੰਜੀਨੀਅਰਾਂ ਅਤੇ ਹੋਰ ਵਿਦਵਾਨ ਲੋਕਾਂ ਦਾ ਵਿਦੇਸ਼ਾਂ ਵਿਚ ਵੱਡੇ ਪੱਧਰ 'ਤੇ ਪ੍ਰਵਾਸ ਕਰਨਾ ਚਿੰਤਾ ਦਾ ਵਿਸ਼ਾ ਹੈ। ਇਹ ਲੋਕ ਦੇਸ਼ ਦੀ ਹੋਰ ਤਰੱਕੀ ਵਿਚ ਵੱਡਾ ਹਿੱਸਾ ਪਾ ਸਕਦੇ ਹਨ, ਜੇ ਇਨ੍ਹਾਂ ਨੂੰ ਇਥੇ ਇਨ੍ਹਾਂ ਦੀ ਯੋਗਤਾ ਮੁਤਾਬਿਕ ਮੌਕੇ ਮਿਲਣ ਇਨ੍ਹਾਂ ਦੇ ਵਿਦੇਸ਼ ਪ੍ਰਵਾਸ ਨਾਲ ਦੇਸ਼ ਦਾ ਸਰਮਾਇਆ ਬਾਹਰ ਜਾ ਰਿਹਾ ਹੈ ਪਰ ਰਾਜਨੀਤਕ ਪਾਰਟੀਆਂ ਤੇ ਸਰਕਾਰਾਂ ਇਕ-ਦੂਸਰੇ 'ਤੇ ਚਿੱਕੜ ਸੁੱਟਣ ਤੇ ਤਾਕਤ ਹਾਸਲ ਕਰਨ 'ਤੇ ਹੀ ਬਹੁਤਾ ਕੀਮਤੀ ਸਮਾਂ ਗਵਾਉਂਦੀਆਂ ਹਨ।
ਲੰਮੇ ਸਮੇਂ ਬਾਅਦ ਸੰਘਰਸ਼ਾਂ ਤੇ ਜੱਦੋ-ਜਹਿਦ ਬਾਅਦ ਦੇਸ਼ ਬਾਹਰਲੇ ਦੇਸ਼ਾਂ ਦੇ ਸਾਮਰਾਜ ਤੋਂ ਆਜ਼ਾਦ ਹੋਇਆ ਸੀ। ਅੱਜ ਰਾਜਨੇਤਾ ਉਨ੍ਹਾਂ ਸ਼ਹੀਦਾਂ ਦੇ ਪੂਰਨਿਆਂ 'ਤੇ ਕਿੰਨੇ ਕੁ ਚੱਲ ਰਹੇ ਹਨ? ਸਰਕਾਰਾਂ ਵਲੋਂ ਨੌਜਵਾਨਾਂ ਲਈ ਰੁਜ਼ਗਾਰ ਦੇ ਹੋਰ ਮੌਕੇ ਵੱਧ ਤੋਂ ਵੱਧ ਪੈਦਾ ਕੀਤੇ ਜਾਣ ਤਾਂ ਜੋ ਨੌਜਵਾਨਾਂ ਨੂੰ ਆਪਣੇ ਦੇਸ਼ ਵਿਚ ਰੁਜ਼ਗਾਰ ਦੇ ਵਧੇਰੇ ਮੌਕੇ ਮਿਲ ਸਕਣ।


-ਪ੍ਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿਸੀਲ ਪਟਿਆਲਾ।


ਧਰਨੇ ਤੇ ਗੰਦਗੀ
ਵੱਖ-ਵੱਖ ਜਥੇਬੰਦੀਆਂ ਵਲੋਂ ਆਪਣੇ ਹੱਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਧਰਨੇ ਦੇਣੇ ਪੈਂਦੇ ਹਨ ਅਤੇ ਰੈਲੀਆਂ ਕੀਤੀਆਂ ਜਾਂਦੀਆਂ ਹਨ। ਧਰਨੇ ਦੇਣਾ, ਰੈਲੀਆਂ ਕਰਨਾ ਹਰੇਕ ਦਾ ਡੈਮੋਕ੍ਰੇਟਿਕ ਅਧਿਕਾਰ ਹੈ, ਪ੍ਰੰਤੂ ਕਈ-ਕਈ ਦਿਨ ਧਰਨੇ, ਰੈਲੀਆਂ ਦੌਰਾਨ, ਧਰਨੇਕਾਰੀਆਂ ਵਲੋਂ ਧਰਨੇ ਵਾਲੀ ਜਗ੍ਹਾ ਗੰਦਗੀ ਫੈਲਾਈ ਜਾਂਦੀ ਹੈ, ਜਿਸ ਨਾਲ ਗੰਦਗੀ ਫੈਲਣ ਦੇ ਨਾਲ-ਨਾਲ ਵਾਤਾਵਰਨ ਵੀ ਪ੍ਰਦੂਸ਼ਿਤ ਹੁੰਦਾ ਹੈ। ਹੁਣ ਧਰਨੇਕਾਰੀਆਂ ਨੂੰ ਧਰਨੇ ਦੌਰਾਨ ਗੰਦਗੀ ਫੈਲਾਉਣਾ ਮਹਿੰਗਾ ਪੈ ਸਕਦਾ ਹੈ ਕਿਉਂਕਿ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਧਰਨਿਆਂ ਤੇ ਹੋਰ ਇਕੱਠਾਂ ਵਲੋਂ ਸੁੱਟੀ ਜਾਂਦੀ ਗੰਦਗੀ ਫੈਲਾਉਣ ਵਾਲਿਆਂ ਕੋਲੋਂ ਜੁਰਮਾਨਾ ਵਸੂਲਿਆ ਜਾਵੇਗਾ। ਲਗਾਏ ਜਾਣ ਵਾਲੇ ਜੁਰਮਾਨੇ ਦੀਆਂ, ਨਗਰ ਨਿਗਮਾਂ ਵਲੋਂ ਲੋਕਾਂ ਦੇ ਇਕੱਠ ਅਨੁਸਾਰ ਵੱਖ-ਵੱਖ ਦਰਾਂ ਤੈਅ ਕੀਤੀਆਂ ਜਾ ਰਹੀਆਂ ਹਨ। ਸੋ, ਧਰਨੇ ਲਗਾਉਣ ਵਾਲੇ ਲੋਕਾਂ ਨੂੰ ਧਰਨੇ ਦੌਰਾਨ ਗੰਦਗੀ ਫੈਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਜਿਥੇ ਜੁਰਮਾਨੇ ਤੋਂ ਬਚਿਆ ਜਾ ਸਕੇਗਾ, ਉਥੇ ਹੀ ਵਾਤਾਵਰਨ ਨੂੰ ਪਲੀਤ ਹੋਣ ਤੋਂ ਵੀ ਬਚਾਇਆ ਜਾ ਸਕੇਗਾ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਬੇਲੋੜੇ ਸ਼ਬਦ
ਕਈ ਵਾਰ ਕੀ ਅਕਸਰ ਅਸੀਂ ਬੇਲੋੜੇ ਸ਼ਬਦ ਬੋਲ ਜਾਂਦੇ ਹਾਂ, ਜਿਨ੍ਹਾਂ ਦੀ ਲੋੜ ਨਹੀਂ ਹੁੰਦੀ, ਉਨ੍ਹਾਂ ਨੂੰ ਜ਼ਬਾਨ ਦੀ ਵਰਤੋਂ 'ਚ ਲਿਆ ਅਸੀਂ ਊਰਜਾ ਨੂੰ ਨਸ਼ਟ ਕਰਦੇ ਰਹਿੰਦੇ ਹਾਂ। ਫਿਰ ਪਛਤਾਵੇ ਤੇ ਮੁਆਫ਼ੀ ਤੋਂ ਬਿਨਾਂ ਗੁਜ਼ਾਰਾ ਨਹੀਂ ਹੁੰਦਾ, ਕਈ ਬੁਲਾਰੇ ਵੀ ਆਪਣੇ ਭਾਸ਼ਣ ਨੂੰ ਬਿਨਾਂ ਲੋੜ ਤੋਂ ਲੰਬਾ ਕਰਦੇ ਹਨ। ਅੰਦਰੋਂ-ਅੰਦਰੀ ਸਾੜਾ, ਈਰਖਾ ਕਰਕੇ ਆਪਣਾ ਖ਼ੂਨ ਸਾੜੀ ਜਾਂਦੇ ਹਨ। ਦੂਸਰੇ ਨੂੰ ਮਾਨਸਿਕ ਪੀੜਾ ਦੇ ਕੇ ਆਪਣੇ ਲਈ ਬਦਦੁਆਵਾਂ, ਬਦਅਸੀਸਾਂ ਦੇ ਭੰਡਾਰ ਭਰੀ ਜਾਂਦੇ ਹਾਂ। ਕੋਈ ਫਾਇਦਾ ਨਹੀਂ। ਸੌ, ਅਸੀਂ ਸੁਣਦੇ ਘੱਟ, ਪੜ੍ਹਦੇ ਘੱਟ ਹਾਂ ਤੇ ਬੋਲਦੇ ਜ਼ਿਆਦਾ ਹਾਂ। ਘੱਟੋ ਘੱਟ ਲਫ਼ਜ਼ਾਂ 'ਚ ਬੋਲੋ, ਸਰਲ ਸੰਖੇਪ ਸ਼ੁੱਧ, ਸੱਚੇ-ਸੁੱਚੇ ਬੋਲਾਂ ਨਾਲ ਗੱਲਬਾਤ ਕਰੋ। ਇਹੋ ਜਿਹਾ ਲਫ਼ਜ਼ ਕਦੇ ਨਾ ਬੋਲੋ, ਜਿਸ ਨਾਲ ਸੁਣਨ ਵਾਲੇ ਨੂੰ ਠੇਸ ਪਹੁੰਚੇ। ਮਖੌਟੇ ਪਹਿਨਣ ਤੋਂ ਬਚ ਕੇ ਇਸ ਜੀਵਨ 'ਚ ਪਿਆਰ-ਮੁਹੱਬਤ ਹੈ, ਉਸ 'ਚ ਮਸਤ ਰਹੋ, ਦੂਜਿਆਂ ਦੇ ਕੰਮ 'ਚ ਬੇਲੋੜੀ ਦਖਲਅੰਦਾਜ਼ੀ ਨਾ ਕਰੋ।


-ਐਸ. ਮੀਲੂ ਫਰੌਰ
932/25, ਖੰਨਾ-141401.

21-12-2018

 ਕਿਸਾਨੀ ਸੰਕਟ
ਸੰਪਾਦਕੀ ਲੇਖ 'ਕਿਸਾਨੀ ਸੰਕਟ ਦੇ ਹੱਲ ਲਈ ਸੁਚੱਜੀ ਯੋਜਨਾਬੰਦੀ ਦੀ ਲੋੜ' ਸੌ ਫ਼ੀਸਦੀ ਸਹੀ ਤੇ ਦਰੁਸਤ ਹੈ। ਹੁਣ 200 ਦੇ ਲਗਪਗ ਜਥੇਬੰਦੀਆਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਸਰਕਾਰ ਵਿਰੁੱਧ ਮੰਗਾਂ ਨੂੰ ਲੈ ਕੇ ਪੂਰੇ ਸੰਗਠਤ ਹੋ ਕੇ ਤੇ ਜੋਸ਼ ਨਾਲ ਮੁਜ਼ਾਹਰਾ ਕੀਤਾ ਹੈ। ਇਹ ਮੁਜ਼ਾਹਰਾ ਅੱਜ ਦੇ ਸਮੇਂ ਦੀ ਲੋੜ ਹੈ। ਕਿਸਾਨ ਦੀ ਪੁੱਤਾਂ ਵਰਗੀ ਫ਼ਸਲ ਦਾ ਸਹੀ ਮੁੱਲ ਨਾ ਪੈਣਾ, ਉੱਪਰੋਂ ਸਰਕਾਰਾਂ ਵਲੋਂ ਵੋਟਾਂ ਸਮੇਂ ਕਰਜ਼ਾ ਮੁਆਫ਼ੀ ਦੇ ਲਾਰੇ ਲਾ ਕੇ ਵੋਟਾਂ ਲੈਣਾ, ਕਿਸਾਨਾਂ ਵਲੋਂ ਆਰਥਿਕ ਤੰਗੀ ਦੇ ਚਲਦਿਆਂ ਖ਼ੁਦਕੁਸ਼ੀਆਂ ਕਰਨਾ, ਸਵਾਮੀਨਾਥਨ ਰਿਪੋਰਟ ਦਾ ਲਾਗੂ ਨਾ ਹੋਣਾ, ਕਿਸਾਨੀ ਲਈ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ 'ਤੇ ਅਮਲ ਕਰਨ ਲਈ ਅਤੇ ਫ਼ਸਲਾਂ ਦਾ ਮੰਡੀਕਰਨ ਕਰਨ ਬਾਰੇ ਪੂਰੇ ਚੰਗੇ ਢੰਗ/ਤਰੀਕੇ ਨਾਲ ਯੋਜਨਾਬੰਦੀ ਬਣਾ ਕੇ ਫਿਰ ਉਸ ਨੂੰ ਅਮਲ 'ਚ ਲਿਆਉਣਾ ਚਾਹੀਦਾ ਹੈ ਤਾਂ ਜੋ ਅੱਜ ਦੀ ਕਿਸਾਨੀ ਨੂੰ ਬਚਾਇਆ ਜਾ ਸਕੇ ਕਿਉਂਕਿ ਸਾਡੇ ਦੇਸ਼ ਵਿਚ ਆਰਥਿਕਤਾ ਦਾ ਕੇਂਦਰ ਬਿੰਦੂ ਖੇਤੀਬਾੜੀ ਹੀ ਹੈ।


-ਜਗਜੀਤ ਸਿੰਘ 'ਗਿਆਨਾ'
ਬਠਿੰਡਾ।


ਗੰਧਲੀ ਰਾਜਨੀਤੀ
ਲੋਕਤੰਤਰ ਵਿਚ ਵੋਟ ਪਾਉਣ ਵਾਲਾ ਦਿਨ ਉਤਸਵ ਵਾਂਗ ਹੁੰਦਾ ਹੈ। ਸਾਰੀਆਂ ਸਿਆਸੀ ਪਾਰਟੀਆਂ ਵੋਟਾਂ ਲਈ ਧੂੰਆਂਧਾਰ ਪ੍ਰਚਾਰ ਵੀ ਕਰਦੀਆਂ ਹਨ। ਇਹ ਪ੍ਰਚਾਰ ਵੋਟਰ ਦੀ ਸਿਆਸੀ ਸੂਝ ਵਿਚ ਵਾਧਾ ਕਰਦਾ ਹੈ। ਸਾਡੇ ਭਾਰਤ ਵਿਚ ਇਹੀ ਪ੍ਰਚਾਰ ਗਾਲੀ-ਗਲੋਚ ਅਤੇ ਅਸ਼ਲੀਲ ਭਾਸ਼ਾ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਜਿਹੜੇ ਲੀਡਰ ਆਧੁਨਿਕ ਭਾਰਤ ਬਣਾਉਣ ਦਾ ਦਾਅਵਾ ਕਰਦੇ ਹੋਏ ਦੇਸ਼ ਵਿਚੋਂ ਜਾਤੀਵਾਦ ਖ਼ਤਮ ਕਰਨ ਦਾ ਦਾਅਵਾ ਕਰਦੇ ਹਨ, ਉਹੀ ਦੂਜੀ ਧਿਰ ਬਾਰੇ ਜਾਤੀਸੂਚਕ ਭਾਸ਼ਣ ਦਿੰਦੇ ਹਨ। ਵੋਟਾਂ ਦੇ ਪ੍ਰਚਾਰ ਮੌਕੇ ਸਿਆਸਤ ਹਰ ਮਰਿਆਦਾ ਤਾਰ-ਤਾਰ ਕਰ ਦਿੰਦੀ ਹੈ। ਅਜਿਹੀ ਸੰਵੇਦਨਹੀਣ ਅਤੇ ਲੋਕਤੰਤਰ ਦੇ ਅਸੂਲਾਂ ਤੋਂ ਡਿੱਗੀ ਹੋਈ ਰਾਜਨੀਤੀ ਕਦੇ ਵੀ ਜਨਤਾ ਅਤੇ ਦੇਸ਼ ਦਾ ਭਲਾ ਨਹੀਂ ਕਰ ਸਕਦੀ। ਹੁਣ ਵੋਟਰ ਨੂੰ ਹੀ ਤੈਅ ਕਰਨਾ ਪਵੇਗਾ ਕਿ ਵੋਟ ਉਤਸਵ ਅਤੇ ਲੋਕਤੰਤਰ ਨੂੰ ਗੰਧਲਾ ਕਰਦੀ ਸਿਆਸਤ ਨੂੰ ਇੰਜ ਹੀ ਚਲਦੀ ਰੱਖਣਾ ਹੈ ਜਾਂ ਫਿਰ ਵੋਟ ਤਾਕਤ ਰਾਹੀਂ ਅਜਿਹੀ ਬੇਅਸੂਲੀ ਭਾਸ਼ਾ ਦਾ ਉਪਯੋਗ ਕਰਨ ਵਾਲਿਆਂ ਨੂੰ ਹਾਸ਼ੀਏ 'ਤੇ ਧੱਕਣਾ ਹੈ।


-ਵਿਵੇਕ, ਕੋਟ ਈਸੇ ਖਾਂ (ਮੋਗਾ)।


ਅਧਿਆਪਕ ਦਾ ਸਨਮਾਨ
ਅਧਿਆਪਕ ਦਾ ਸਨਮਾਨ ਹੋਣਾ ਚਾਹੀਦਾ ਹੈ ਕਿਉਂਕਿ ਉਹ ਸਮਾਜ ਨੂੰ ਚੰਗਾ ਬਣਾਉਣ ਲਈ ਆਪਣਾ ਯੋਗਦਾਨ ਪਾਉਂਦਾ ਹੈ। ਉਹ ਸਮਾਜ ਦਾ ਰਾਹ ਦਸੇਰਾ ਹੈ। ਪਰ ਅਜੋਕੇ ਦੌਰ ਵਿਚ ਅਧਿਆਪਕ ਨੂੰ ਆਪਣੀਆਂ ਹੱਕੀ ਮੰਗਾਂ ਲਈ ਸਰਕਾਰਾਂ ਦੇ ਜਬਰ ਨੂੰ ਸਹਿਣ ਕਰਨਾ ਪੈ ਰਿਹਾ ਹੈ ਜੋ ਮੰਦਭਾਗਾ ਹੈ। ਸਿੱਖਿਆ ਦੇ ਖੇਤਰ ਨੂੰ ਵੀ ਨਿੱਜੀ ਹੱਥਾਂ ਵਿਚ ਦੇਣ ਦੀਆਂ ਕੋਝੀਆਂ ਚਾਲਾਂ ਚਲੀਆਂ ਜਾ ਰਹੀਆਂ ਹਨ। ਸਿੱਖਿਆ ਗ਼ਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ ਕਿਉਂਕਿ ਇਹ ਪਰਿਵਾਰ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਦਿਵਾਉਣ ਤੋਂ ਅਸਮਰੱਥ ਹੁੰਦੇ ਜਾ ਰਹੇ ਹਨ। ਦੇਸ਼ ਦੇ ਭਵਿੱਖ ਨੂੰ ਸਿੱਖਿਆ ਦੇ ਅਧਿਕਾਰ ਤੋਂ ਵਾਂਝਾ ਨਾ ਕੀਤਾ ਜਾਵੇ। ਜਿਹੜਾ ਦੇਸ਼, ਸਮਾਜ ਅਧਿਆਪਕ ਦਾ ਸਨਮਾਨ ਨਹੀਂ ਕਰਦਾ, ਉਹ ਆਪਣਾ ਭਵਿੱਖ ਵੀ ਖੁਸ਼ਹਾਲ ਨਹੀਂ ਬਣਾ ਸਕਦਾ। ਸਰਕਾਰਾਂ ਨੂੰ ਅਧਿਆਪਕਾਂ ਦੀਆਂ ਹੱਕੀ ਮੰਗਾਂ ਨੂੰ ਮੰਨ ਲੈਣਾ ਚਾਹੀਦਾ ਹੈ। ਸਿੱਖਿਆ ਦੇ ਬਜਟ ਵਿਚ ਵਾਧਾ ਕਰਨਾ ਚਾਹੀਦਾ ਹੈ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਪਟਿਆਲਾ।


ਧਰਮ ਬਨਾਮ ਸਿਆਸਤ
ਜ਼ਿੰਦਗੀ ਦੀ ਭੱਜ-ਦੌੜ ਤੇ ਰਿਸ਼ਤਿਆਂ ਦੀ ਟੁੱਟ-ਭੱਜ ਵਿਚੋਂ ਨੱਠ ਕੇ ਮਨ ਦਾ ਸਕੂਨ ਹਾਸਲ ਕਰਨ ਲਈ ਧਰਮ ਹੀ ਇਕ ਯੋਗ ਟਿਕਾਣਾ ਸੀ। ਪਰ ਹੋ ਕੀ ਰਿਹਾ ਹੈ? ਧਰਮ ਇਕ ਵਿਖਾਵਾ ਬਣ ਕੇ ਰਹਿ ਗਿਆ ਹੈ। ਸਿਆਸਤ, ਧਰਮ ਉੱਪਰ ਹਾਵੀ ਹੋ ਗਈ ਹੈ। ਚਲਾਕ ਸਿਆਸੀ ਲੋਕ ਧਰਮ ਦੀ ਕੁਵਰਤੋਂ ਕਰਕੇ ਕੁਰਸੀਆਂ ਤਾਂ ਮੱਲ ਲੈਂਦੇ ਹਨ ਪਰ ਆਪਣੇ ਰਾਜਨੀਤਕ ਧਰਮ ਦੀ ਪਾਲਣਾ ਨਹੀਂ ਕਰਦੇ। ਸੱਚ ਤਾਂ ਇਹ ਹੈ ਕਿ ਕੁਰਸੀ ਬਗੈਰ ਉਨ੍ਹਾਂ ਦਾ ਨਿਸ਼ਾਨਾ ਹੀ ਕੋਈ ਨਹੀਂ। ਮੌਜੂਦਾ ਮਾਹੌਲ ਵਿਚ ਤਲਖ਼ੀ ਵਧਣ ਦਾ ਮੁੱਖ ਕਾਰਨ ਹੀ ਇਹੀ ਹੈ।


-ਨਵਰਾਹੀ ਘੁਗਿਆਣਵੀ, ਫ਼ਰੀਦਕੋਟ।


ਹਨੇਰੇ 'ਚ ਛੁਪਿਆ ਸੱਚ
ਸਾਡੇ ਸਮਾਜ ਦੇ ਹਰ ਹਿੱਸੇ ਵਿਚ ਨਸ਼ਿਆਂ ਦੀ ਤੇਜ਼ ਹਨੇਰੀ ਵਗ ਰਹੀ ਹੈ, ਜਿਸ ਦੇ ਰੁਕਣ ਦੀ ਸੰਭਾਵਨਾ ਨਹੀਂ ਹੈ। ਇਸ ਲਈ ਕਿਤੇ ਨਾ ਕਿਤੇ ਸਰਕਾਰਾਂ ਦੀ ਦੋਗਲੀ ਸੋਚ ਤੇ ਪੁਲਿਸ ਵਿਭਾਗ ਦੀ ਨਿਕੰਮੀ ਕਾਰਗੁਜ਼ਾਰੀ ਜ਼ਿੰਮੇਵਾਰ ਹੈ। ਨਸ਼ਾ ਛੋਟਾ ਹੋਵੇ ਜਾਂ ਵੱਡਾ, ਉਹ ਨਸਲਾਂ ਤਬਾਹ ਕਰਨ ਲਈ ਬਰਾਬਰ ਦਾ ਹੱਕਦਾਰ ਹੈ। ਨਸ਼ਿਆਂ ਦੇ ਦਰੱਖਤ ਛਾਂਗਣ ਦੀ ਥਾਂ ਜੜ੍ਹ ਕਿਉਂ ਨਹੀਂ ਖ਼ਤਮ ਕਰਦੀ ਸਰਕਾਰ।
ਦੂਸਰੇ ਪਾਸੇ ਪੁਲਿਸ ਨਸ਼ਿਆਂ ਦੀ ਇਸ ਹਵਾ ਨੂੰ ਆਪਣੇ ਹਿਸਾਬ ਨਾਲ ਦਿਸ਼ਾ ਦੇ ਕੇ ਸਮਾਜ ਨੂੰ ਗੁੰਮਰਾਹ ਕਰ ਰਹੀ ਹੈ। ਸਾਰਾ ਵਿਭਾਗ ਗ਼ਲਤ ਨਹੀਂ ਹੋ ਸਕਦਾ। ਪਰ ਕੁਝ ਗ਼ਲਤ ਅਫ਼ਸਰ ਚੰਗੇ ਬੰਦਿਆਂ ਦਾ ਵੀ ਵਜੂਦ ਖ਼ਤਮ ਕਰ ਦਿੰਦੇ ਹਨ। ਨਸ਼ਾ ਛੁਡਾਊ ਕੇਂਦਰ ਨਸ਼ਿਆਂ ਦੇ ਅੱਡੇ ਬਣ ਚੁੱਕੇ ਹਨ। ਇਹ ਮਸਲਾ ਸਾਡੀ ਆਉਣ ਵਾਲੀ ਪੀੜ੍ਹੀ ਦੀ ਹੋਂਦ ਬਚਾਉਣ ਦਾ ਹੈ। ਆਓ, ਰਲ ਮਿਲ ਕੇ ਇਸ ਸਮੱਸਿਆ ਦੇ ਹੱਲ ਵੱਲ ਕੁਝ ਸਾਰਥਿਕ ਕਦਮ ਪੁੱਟੀਏ।


-ਅਤਿੰਦਰਪਾਲ ਸਿੰਘ ਪਰਮਾਰ।

20-12-2018

 ਮਾਂ-ਬੋਲੀ ਪੰਜਾਬੀ

ਪੰਜਾਬੀ ਮਾਂ-ਬੋਲੀ ਆਪਣੇ-ਆਪ ਵਿਚ ਵਿਲੱਖਣ ਬੋਲੀ ਹੈ ਪ੍ਰੰਤੂ ਕੁਝ ਸਮੇਂ ਤੋਂ ਪੱਛਮੀ ਸੱਭਿਅਤਾ ਤੇ ਵਿਸ਼ਵੀਕਰਨ ਦੇ ਪ੍ਰਭਾਵ ਕਰਕੇ ਪੰਜਾਬੀ ਲੋਕ ਹੀ ਆਪਣੀ ਮਾਂ-ਬੋਲੀ ਨਾਲ ਵਿਤਕਰਾ ਕਰਨ ਲੱਗ ਪਏ ਹਨ। ਅਸੀਂ ਬੋਲ ਚਾਲ ਵਿਚ ਅੰਗਰੇਜ਼ੀ ਵਰਗੀਆਂ ਹੋਰ ਬੋਲੀਆਂ ਨੂੰ ਆਪਣੀ ਰੋਜ਼ਾਨਾ ਦੀ ਬੋਲੀ ਵਿਚ ਸ਼ਾਮਿਲ ਕਰ ਲਿਆ ਹੈ। ਜਿਸ ਦੇ ਨਤੀਜੇ ਵਜੋਂ ਅਸੀਂ ਠੇਠ ਸ਼ਬਦਾਂ ਦੇ ਅਰਥ ਭੁੱਲ ਗਏ ਹਾਂ। ਪੰਜਾਬੀ ਮਾਂ-ਬੋਲੀ ਸਾਡੀ ਪਛਾਣ, ਸਾਡਾ ਗੌਰਵ ਹੈ। ਸਾਨੂੰ ਸਾਰਿਆਂ ਨੂੰ ਇਸ ਨੂੰ ਬਣਦਾ ਸਤਿਕਾਰ ਦੇਣਾ ਚਾਹੀਦਾ ਹੈ। ਸਾਡਾ ਇਤਿਹਾਸ ਕਿੰਨਾ ਵੀ ਸੁਨਹਿਰੀ ਹੋਵੇ ਪ੍ਰੰਤੂ ਸਾਡੇ ਭਵਿੱਖ ਨੂੰ ਸਾਡਾ ਵਰਤਮਾਨ ਹੀ ਸੁਨਿਹਰੀ ਬਣਾ ਸਕਦਾ ਹੈ। ਹੋਰ ਭਾਸ਼ਾਵਾਂ ਸਿੱਖਣਾ ਸਮੇਂ ਦੀ ਲੋੜ ਹੈ ਪਰ ਮਾਂ-ਬੋਲੀ ਭੁੱਲ ਕੇ ਕੁਝ ਸਿੱਖਣਾ ਅਰਥਹੀਣ ਹੋਵੇਗਾ।
ਸਰਕਾਰ ਨੂੰ ਵੀ ਚਾਹੀਦਾ ਹੈ ਕਿ ਸਰਕਾਰੀ ਕੰਮਾਂ 'ਚ ਮਾਂ-ਬੋਲੀ ਨੂੰ ਪਹਿਲਾ ਦਰਜਾ ਦਿੱਤਾ ਜਾਵੇ। ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਇਸ ਪਵਿੱਤਰ ਰਿਸ਼ਤੇ ਦਾ ਨਿੱਘ ਬਣਾਈ ਰੱਖਣ ਲਈ ਆਓ ਰਲ ਕੇ ਯਤਨ ਕਰੀਏ। ਇਹ ਆਉਣ ਵਾਲੀ ਨਸਲ ਲਈ ਸਭ ਤੋਂ ਵਧੀਆ ਤੋਹਫ਼ਾ ਹੋਵੇਗਾ। ਇਸ ਦਾ ਕਿਰਦਾਰ ਏਨਾ ਉੱਚਾ ਕਰ ਦੇਵੋ ਕਿ ਹਰ ਕੋਈ ਪੰਜਾਬੀ ਬੋਲਣਾ, ਪੜ੍ਹਨਾ, ਲਿਖਣਾ ਪਸੰਦ ਕਰੇ।

-ਅਤਿੰਦਰਪਾਲ ਸਿੰਘ ਪਰਮਾਰ
ਸੰਗਤਪੁਰਾ।

ਇਸ ਵਾਰ ਘਟਿਆ ਪ੍ਰਦੂਸ਼ਣ

ਇਸ ਵਾਰ ਕਿਸਾਨਾਂ ਦੇ ਚੇਤੰਨ ਹੋਣ ਸਦਕਾ ਪਰਾਲੀ ਨੂੰ ਅੱਗ ਲਗਾਉਣ ਦਾ ਰੁਝਾਨ ਬਹੁਤ ਘਟਿਆ ਹੈ। ਧੂੰਏਂ ਨਾਲ ਹੋਣ ਵਾਲੀਆਂ ਸਿਹਤ ਸਬੰਧੀ ਮੁਸ਼ਕਿਲਾਂ ਦੇ ਪ੍ਰਭਾਵ ਤੇ ਪਰਾਲੀ ਨੂੰ ਜ਼ਮੀਨ ਵਿਚ ਰਲਗਡ ਕਰਨ ਕਰਕੇ ਜ਼ਮੀਨ ਨੂੰ ਸਿਹਤਮੰਦ ਰੱਖਣ ਨਾਲ ਕਿਸਾਨਾਂ ਦੀ ਸੋਚ ਪ੍ਰਭਾਵਿਤ ਹੋਈ ਹੈ। ਗੁਰਦਾਸਪੁਰ, ਅੰਮ੍ਰਿਤਸਰ, ਸ੍ਰੀ ਹਰਿਗੋਬਿੰਦ ਸਾਹਿਬ, ਟਾਂਡਾ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿਚ ਮੇਰੀ ਕਰਮ ਭੂਮੀ ਹੋਣ ਕਰਕੇ ਇਨ੍ਹਾਂ ਇਲਾਕਿਆਂ ਦਾ ਸਰਵੇਖਣ ਕਰਨ 'ਤੇ ਇਹ ਗੱਲ ਸਾਹਮਣੇ ਆਈ ਕਿ ਇਸ ਵਾਰੀ 60 ਫ਼ੀਸਦੀ ਕਿਸਾਨਾਂ ਨੇ ਵੱਖ-ਵੱਖ ਤਰੀਕਿਆਂ ਨਾਲ ਪਰਾਲੀ ਖੇਤਾਂ ਵਿਚ ਸਮੇਟ ਕੇ ਕਣਕ ਬੀਜੀ, ਜੋ ਕਿ ਸਮਾਜ ਤੇ ਵਾਤਾਵਰਨ ਲਈ ਖੁਸ਼ਖਬਰੀ ਹੈ।
ਜੇਕਰ ਸਰਕਾਰਾਂ ਕਿਸਾਨਾਂ ਦੀ ਹੋਰ ਥੋੜ੍ਹੀ ਜਿਹੀ ਆਰਥਿਕ ਸਹਾਇਤਾ ਕਰ ਦੇਵੇ ਤਾਂ ਕਿਸਾਨ ਪਰਾਲੀ ਬਿਲਕੁਲ ਨਹੀਂ ਸਾੜਨਗੇ। ਇਸ ਵਾਰ ਦੀਵਾਲੀ 'ਤੇ ਸਮਾਜ ਦੇ ਸੁਚੇਤ ਵਰਗ ਵਲੋਂ ਸਿਰਫ਼ ਇਕ ਘੰਟਾ ਹੀ ਪਟਾਕੇਬਾਜ਼ੀ ਕੀਤੀ ਗਈ। ਇਸ ਨਾਲ ਇਸ ਵਾਰ ਧੂੰਏਂ ਦਾ ਗ੍ਰਾਫ਼ ਕਾਫੀ ਹੇਠਾਂ ਡਿੱਗਿਆ। ਵਾਤਾਵਰਨ ਲਈ ਕਿਸਾਨ ਭਾਈਚਾਰਾ ਸੁਚੇਤ ਹੋ ਰਿਹਾ ਹੈ।

-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ, ਘੁਮਾਣ (ਗੁਰਦਾਸਪੁਰ)।

ਵੋਟ ਰਾਜਨੀਤੀ

26 ਨਵੰਬਰ ਨੂੰ ਉਪੇਂਦਰ ਪ੍ਰਸਾਦ ਦਾ ਲਿਖਿਆ ਲੇਖ ਪੜ੍ਹਿਆ 'ਕਿਉਂ ਨਹੀਂ ਕੀਤਾ ਜਾ ਰਿਹਾ ਸਰਬਉੱਚ ਅਦਾਲਤ ਦੇ ਫ਼ੈਸਲੇ ਦਾ ਇੰਤਜ਼ਾਰ?' ਇਹ ਗੱਲ ਜੱਗ ਜ਼ਾਹਿਰ ਹੈ ਕਿ ਇਹ ਮਾਮਲਾ ਅਯੁੱਧਿਆ ਵਿਚ ਰਾਮ ਮੰਦਰ ਬਣਾਉਣ ਦਾ ਨਹੀਂ ਸਗੋਂ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾ ਕੇ ਵੋਟਾਂ ਬਟੋਰਨ ਦਾ ਹੈ। ਇਹ ਪੈਂਤੜਾ ਭਾਜਪਾ 2014 ਵਿਚ ਵੀ ਵਰਤ ਚੁੱਕੀ ਹੈ ਤੇ ਹੁਣ ਵੀ ਵਰਤ ਰਹੀ ਹੈ, ਲੋਕਾਂ ਨੂੰ ਇਸ ਤੋਂ ਸੁਚੇਤ ਹੋਣ ਦੀ ਲੋੜ ਹੈ ਤੇ ਆਪਣੇ ਬਣਦੇ ਹੱਕ ਸਿੱਖਿਆ, ਸਿਹਤ ਸਹੂਲਤਾਂ ਅਤੇ ਰੁਜ਼ਗਾਰ ਦੀ ਮੰਗ ਪੁਰਜ਼ੋਰ ਕਰਨ ਦੀ ਲੋੜ ਹੈ।

-ਗੁਰਪ੍ਰੀਤ ਜੱਸਲ
ਪਿੰਡ ਚੰਗਾਲੀਵਾਲਾ (ਸੰਗਰੂਰ)।

ਸੋਚਣ ਦਾ ਸਮਾਂ

ਪੰਜ ਵਿਧਾਨ ਸਭਾਵਾਂ ਦੇ ਨਤੀਜੇ ਆ ਗਏ ਹਨ, ਜਿਨ੍ਹਾਂ ਵਿਚ ਜਨਤਾ ਨੇ ਆਪਣੀ ਤਾਕਤ ਰਾਹੀਂ ਦੱਸ ਦਿੱਤਾ ਹੈ ਕਿ ਕੋਈ ਵਿਅਕਤੀ ਤੇ ਕੋਈ ਸੰਗਠਨ ਲੋਕਮਨ ਦਾ ਭੇਦ ਨਹੀਂ ਪਾ ਸਕਦਾ। ਨਾ ਹੀ ਜਨਤਾ ਧਰਮ ਤੇ ਜਾਤੀਵਾਦੀ, ਰਾਜਨੀਤੀ ਦੀ ਸਮਰਥਕ ਹੈ। ਜਨਤਾ ਤਾਂ ਸਿਰਫ਼ ਸਹੀ ਵਿਕਾਸ ਅਤੇ ਰੁਜ਼ਗਾਰ, ਰੋਟੀ ਬਾਰੇ ਚਿੰਤਤ ਹੈ, ਇਸੇ ਲਈ ਸਾਢੇ ਚਾਰ ਸਾਲ ਵਿਚ ਹੀ ਮੋਦੀ ਲਹਿਰ ਮੱਧਮ ਪੈ ਗਈ ਜਾਪਦੀ ਹੈ ਕਿਉਂਕਿ ਸਿਰਫ਼ ਕਾਗ਼ਜ਼ੀ ਸੁਧਾਰ ਤੇ ਰਾਜਨੀਤੀ ਦੇ ਨਾਂਅ 'ਤੇ ਵੋਟਾਂ ਵੇੇਲੇ ਧਾਰਮਿਕ ਮੁੱਦੇ ਚੁੱਕ ਕੇ ਕੁਰਸੀ ਪ੍ਰਾਪਤੀ ਦੀ ਲਾਲਸਾ ਹੁਣ ਜਨਤਾ ਸਮਝ ਗਈ ਹੈ। ਉਹ ਸਮਾਜੀ ਤੇ ਆਰਥਿਕ ਤਰੱਕੀ ਨਹੀਂ ਹੋਈ ਜਿਸ ਦੀ ਆਸ ਸੀ। ਇਸ ਕਰਕੇ ਹੁਣ ਫਿਰ ਜਨਤਾ ਨੇ ਕਾਂਗਰਸ ਨੂੰ ਇਕਦਮ ਵੱਡੀ ਜਿੱਤ ਦੇ ਕੇ ਇਹ ਸਪੱਸ਼ਟ ਕੀਤਾ ਹੈ ਕਿ ਜੇ ਉਹ ਧਰਮ ਤੇ ਜਾਤੀਵਾਦੀ ਰਾਜਨੀਤੀ ਹੀ ਕਰਦੀ ਰਹੀ ਤਾਂ ਅਗਲੇ ਛੇ ਮਹੀਨਿਆਂ ਬਾਅਦ ਉਹ ਫਿਰ ਜਨਤਾ ਦੀ ਅਦਾਲਤ ਵਿਚ ਪੇਸ਼ ਹੋਵੇਗੀ। ਕੇਂਦਰ ਦੀ ਸਰਕਾਰ ਲਈ ਵੀ ਇਹ ਅੱਖਾਂ ਖੋਲ੍ਹਣ ਦਾ ਵੇਲਾ ਹੈ। ਉਹ ਹੁਣ ਵੀ ਜ਼ਰਾ ਬਹਿ ਕੇ ਸੋਚੇ ਕਿ ਜੋ ਨੌਜਵਾਨ ਰੁਜ਼ਗਾਰ ਮੰਗਦੇ ਹਨ ਅਤੇ ਚੰਗੀ ਤੇ ਸਸਤੀ ਸਿੱਖਿਆ ਮੰਗਦੇ ਹਨ।

-ਵਿਵੇਕ
ਕੋਟ ਈਸੇ ਖਾਂ (ਮੋਗਾ)।

ਜਮਹੂਰੀਅਤ ਲਈ ਜ਼ਰੂਰੀ ਹਨ ਚੋਣ ਪ੍ਰਚਾਰ

ਪਿਛਲੇ ਦਿਨੀਂ ਸੁਮੀਤ ਸਿੰਘ ਦਾ ਉਪਰੋਕਤ ਵਿਸ਼ੇ 'ਤੇ ਲਿਖਿਆ ਲੇਖ ਬਹੁਤ ਹੀ ਪ੍ਰਭਾਵਿਤ ਕਰਨ ਅਤੇ ਚੋਣ ਪ੍ਰਕਿਰਿਆ ਨੂੰ ਸਹੀ ਦਿਸ਼ਾ ਵੱਲ ਲਿਜਾਣ ਵਾਲਾ ਹੈ। ਲੇਖਕ ਨੇ ਬੜੇ ਦਿਲਚਸਪ ਤੇ ਵਿਲੱਖਣ ਤੱਤ ਪੇਸ਼ ਕੀਤੇ ਹਨ। ਚੋਣ ਭਾਵੇਂ ਵਿਧਾਨ ਸਭਾ, ਲੋਕ ਸਭਾ ਜਾਂ ਕੋਈ ਜ਼ਿਮਨੀ ਚੋਣ ਹੋਵੇ, ਇਸ ਵਿਚ ਸਬੰਧਿਤ ਪਾਰਟੀਆਂ ਦੇ ਆਮ ਨੁਮਾਇੰਦੇ ਤਾਂ ਚੋਣ ਪ੍ਰਚਾਰ ਕਰ ਸਕਦੇ ਹਨ ਪਰ ਸੂਬੇ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਆਪਣੀ ਪਾਰਟੀ ਤੋਂ ਉੱਪਰ ਉੱਠ ਕੇ ਸਾਰੀ ਪਰਜਾ ਨੂੰ ਆਪਣੀ ਸਮਝ ਕੇ ਵਿਚਰਨਾ ਚਾਹੀਦਾ ਹੈ। ਚੋਣ ਕਮਿਸ਼ਨ ਲਈ ਇਹ ਲੇਖ ਚਾਨਣ ਮੁਨਾਰਾ ਬਣਨਾ ਚਾਹੀਦਾ ਹੈ। ਜਨਤਾ ਨੂੰ ਝੂਠੇ ਵਾਅਦੇ ਕਰ ਕੇ ਅਤੇ ਲੱਛੇਦਾਰ ਭਾਸ਼ਣ ਕਰ ਕੇ ਗੁੰਮਰਾਹ ਕਰਨ ਤੋਂ ਸੰਕੋਚ ਕਰਨਾ ਚਾਹੀਦਾ ਹੈ।

-ਸਰਵਨ ਸਿੰਘ ਪਤੰਗ
ਪਿੰਡ ਮਾਣੂਕੇ (ਮੋਗਾ)।

18-12-2018

 ਸੋਸ਼ਲ ਮੀਡੀਆ 'ਤੇ ਅਫ਼ਵਾਹਾਂ
ਪਿਛਲੇ ਦਿਨੀਂ 'ਅਜੀਤ' ਅਖ਼ਬਾਰ ਵਿਚ ਖ਼ਬਰ ਪ੍ਰਕਾਸ਼ਿਤ ਹੋਈ ਕਿ ਵੱਟਸਐਪ 'ਤੇ 'ਭਰਤੀ ਦਾ ਸੁਨੇਹਾ ਪੜ੍ਹ ਕੇ ਆਏ ਨੌਜਵਾਨਾਂ ਵਲੋਂ ਸੁਨੇਹਾ ਝੂਠਾ ਹੋਣ ਕਰਕੇ ਰੋਸ ਪ੍ਰਦਰਸ਼ਨ'। ਇਸ ਖ਼ਬਰ ਨੇ ਸੋਚਣ ਲਈ ਮਜਬੂਰ ਕੀਤਾ ਕਿ ਜਿਹੜੇ ਬੇਰੁਜ਼ਗਾਰ ਨੌਜਵਾਨ ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼ ਆਦਿ ਤੋਂ ਬੜੀ ਆਸ ਲੈ ਕੇ ਆਏ ਹੋਣਗੇ, ਉਨ੍ਹਾਂ ਦੇ ਦਿਲ 'ਤੇ ਕੀ ਬੀਤੀ ਹੋਵੇਗੀ। ਇਕ ਤਾਂ ਸਾਡੇ ਦੇਸ਼ ਵਿਚ ਅੰਤਾਂ ਦੀ ਬੇਰੁਜ਼ਗਾਰੀ ਹੈ, ਉਪਰੋਂ ਇਨ੍ਹਾਂ ਨਾਲ ਅਜਿਹੇ ਮਖੌਲ, ਬਿਲਕੁਲ ਨਹੀਂ ਕਰਨੇ ਚਾਹੀਦੇ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੇ ਅਨਸਰਾਂ ਨੂੰ ਲੱਭ ਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ। ਇਸ ਤਰ੍ਹਾਂ ਬੇਰੁਜ਼ਗਾਰਾਂ ਨੂੰ ਇਕੱਠੇ ਕਰ ਕੇ ਗ਼ਲਤ ਰਸਤੇ 'ਤੇ ਵੀ ਤੋਰਿਆ ਜਾ ਸਕਦਾ ਹੈ। ਇਸ ਲਈ ਸਰਕਾਰ ਅਜਿਹੇ ਲੋਕਾਂ 'ਤੇ ਨਜ਼ਰ ਰੱਖੇ ਤੇ ਉਨ੍ਹਾਂ ਨੂੰ ਸਜ਼ਾ ਜ਼ਰੂਰ ਦੇਵੇ ਤਾਂ ਕਿ ਉਨ੍ਹਾਂ ਨੂੰ ਦੇਖ ਕੇ ਕੋਈ ਹੋਰ ਵੀ ਅਜਿਹੀ ਗ਼ਲਤੀ ਕਰਨ ਦੀ ਜ਼ੁਅਰਤ ਹੀ ਨਾ ਕਰ ਸਕੇ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਸ਼ਹੀਦ ਹੁੰਦੀਆਂ ਜਵਾਨੀਆਂ
ਪਿਛਲੇ ਲੰਬੇ ਸਮੇਂ ਤੋਂ ਭਾਰਤ-ਪਾਕਿਸਤਾਨ ਦੀ ਵੰਡ ਉਪਰੰਤ ਸਰਹੱਦ ਦੇ ਵੱਖ-ਵੱਖ ਹਿੱਸਿਆਂ ਖਾਸ ਕਰ ਜੰਮੂ-ਕਸ਼ਮੀਰ ਵਿਖੇ ਵੱਡੀਆਂ ਲੜਾਈਆਂ ਤੋਂ ਇਲਾਵਾ ਵੀ ਰੋਜ਼ਾਨਾ ਹੀ ਇੱਕਾ-ਦੁੱਕਾ ਨੌਜਵਾਨ ਸ਼ਹਾਦਤ ਦਾ ਜਾਮ ਪੀ ਰਹੇ ਹਨ। ਇਸ ਤੋਂ ਇਲਾਵ ਨਕਸਲਵਾਦੀਆਂ ਵਲੋਂ ਵੀ ਫ਼ੌਜ ਦੇ ਜਵਾਨਾਂ ਉਤੇ ਘਾਤਕ ਹਮਲੇ ਕੀਤੇ ਜਾਣ ਕਾਰਨ ਅਣਗਿਣਤ ਜਵਾਨ ਸ਼ਹੀਦ ਹੋ ਰਹੇ ਹਨ। ਸਮੇਂ ਦੀਆਂ ਸਰਕਾਰਾਂ ਦੇ ਨੁਮਾਇੰਦੇ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਹੋਏ ਹਾਲਾਤ ਸੁਖਾਵੇਂ ਬਣਾਉਣ ਦੇ ਵੱਡੇ-ਵੱਡੇ ਦਾਅਵੇ ਤਾਂ ਕਰਦੇ ਹਨ ਪਰ ਹਾਲੇ ਤੱਕ ਇਸ ਰੋਜ਼ਾਨਾ ਵਾਪਰ ਰਹੇ ਵੱਡੇ ਦੁਖਾਂਤ ਨੂੰ ਠੱਲ੍ਹ ਪਾਉਣ ਵਿਚ ਅਸਮਰਥ ਰਹੇ ਹਨ। ਸੱਚ ਸਿਆਣੇ ਕਹਿੰਦੇ ਹਨ ਕਿ 'ਜਿਸ ਤਨ ਲਾਗੇ ਸੋ ਤਨ ਜਾਣੇ'। ਜਿਹੜੇ ਘਰਾਂ ਦੇ ਜਵਾਨ ਪੁੱਤਰ ਸ਼ਹੀਦ ਹੁੰਦੇ ਹਨ, ਉਨ੍ਹਾਂ ਦਾ ਅਸਲ ਦਰਦ ਮਾਂ-ਬਾਪ, ਬੀਵੀ, ਬੱਚੇ ਹੀ ਸਮਝ ਸਕਦੇ ਹਨ ਜੋ ਆਪਣੇ ਜਿਊਂਦੇ ਜੀਅ ਹਰ ਪਲ ਵਿਛੜਨ ਵਾਲੇ ਦੀ ਪੀੜ੍ਹ ਹੰਢਾਉਂਦੇ ਹਨ। ਭਾਵੇਂ ਹੁਣ ਸਰਕਾਰਾਂ ਵਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੱਡੀਆਂ ਰਾਹਤਾਂ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ ਪਰ ਅਸਲ ਵਿਚ ਸ਼ਹੀਦਾਂ ਦੇ ਦਰਦ ਨੂੰ ਆਪਣਾ ਦਰਦ ਸਮਝਦਿਆਂ ਹੋਇਆਂ ਫੋਕੀਆਂ ਬਿਆਨਬਾਜ਼ੀਆਂ ਤਿਆਗ ਕੇ ਸਰਹੱਦਾਂ ਉੱਤੇ ਸ਼ਹੀਦ ਹੁੰਦੀਆਂ ਜਵਾਨੀਆਂ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ।

-ਨਰੇਸ਼ ਧੌਲ
ਭੱਦੀ (ਬਲਾਚੌਰ)

ਸੌੜੀ ਸੋਚ
ਪਿਛਲੇ ਦਿਨੀਂ ਸੰਪਾਦਕੀ ਵਿਚ ਪਾਕਿਸਤਾਨ ਵਲੋਂ ਕਰਤਾਰਪੁਰ ਲਾਂਘੇ 'ਤੇ ਵਿਖਾਈ ਜਾ ਰਹੀ ਕਾਰਗੁਜ਼ਾਰੀ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਭਾਸ਼ਣ ਬਾਰੇ ਬਹੁਤ ਢੁਕਵਾਂ ਤੇ ਲੋੜੀਂਦਾ ਲੇਖ ਪੜ੍ਹਨ ਨੂੰ ਮਿਲਿਆ। ਸੰਪਾਦਕੀ ਵਿਚ ਇਕ ਸੱਚਾ ਨਿਰਣਾ ਪੇਸ਼ ਕੀਤਾ ਹੈ ਜਿਸ ਅਨੁਸਾਰ ਇਹ ਕਿ 71 ਸਾਲ ਬਾਅਦ ਖਾਨ ਸਰਕਾਰ ਵਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਕੀਤੀ ਜਾ ਰਹੀ ਸਰਗਰਮੀ ਦੇ ਸੰਦਰਭ ਵਿਚ ਭਾਰਤ ਦਾ ਪ੍ਰਤੀਕਰਮ ਵੀ ਢੁਕਵਾਂ ਹੋਣ ਦੀ ਲੋੜ ਦਾ ਅਹਿਸਾਸ ਕਰਵਾਇਆ ਗਿਆ ਹੈ। ਪਾਕਿਸਤਾਨ ਪ੍ਰਧਾਨ ਮੰਤਰੀ ਵਲੋਂ ਮਨੁੱਖ ਦੇ ਚੰਦਰਮਾ 'ਤੇ ਪੁੱਜਣ ਦੀ ਸੰਘਰਸ਼ ਭਰੀ ਪ੍ਰਾਪਤੀ ਦੀ ਰੌਸ਼ਨੀ ਵਿਚ ਭਾਰਤ ਪਾਕਿਸਤਾਨ ਸਬੰਧਾਂ ਦੇ ਹੱਲ ਨੂੰ ਵੀ ਸੰਭਵ ਕਰਾਰ ਦਿੱਤਾ ਹੈ। ਇਹ ਮੁੱਦਾ ਉਠਾਉਣਾ ਬਹੁਤ ਦਰੁਸਤ ਹੈ ਕਿ ਹੁਣ ਦੇ ਭਾਰਤ ਪਾਕਿਸਤਾਨ ਸਬੰਧਾਂ ਤੋਂ ਵੀ ਬਦਤਰ ਹਾਲਾਤ ਵਿਚ ਵੀ ਜੇ ਗੱਲਬਾਤਾਂ ਦੇ ਦੌਰ ਚਲਦੇ ਰਹੇ ਹਨ ਤਾਂ ਹੁਣ ਕੀ ਦਿੱਕਤ ਹੈ? ਅੱਜ ਦੀ ਸਿਆਸਤ ਦੇ ਸਵਾਰਥ ਦੇਸ਼ ਦੀ ਬਿਹਤਰੀ ਤੋਂ ਕਿਤੇ ਉੱਪਰ ਹਨ ਤੇ ਸਿਆਸਤਦਾਨਾਂ ਦੀਆਂ ਗਿਣਤੀਆਂ-ਮਿਣਤੀਆਂ ਵੋਟਾਂ ਦੁਆਲੇ ਹੀ ਘੁੰਮਦੀਆਂ ਹਨ।

-ਜਸਪਾਲ ਸਿੰਘ ਗਿੱਦਾ
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ।

ਪੰਜਾਬ ਦੀ ਵੰਡ ਅਤੇ ਕਰਤਾਰਪੁਰ ਸਾਹਿਬ
1947 ਦੀ ਫ਼ਿਰਕੂ ਹਿੰਸਾ ਵਿਚ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਨੂੰ ਹੋਇਆ, ਕਿਉਂਕਿ ਇਸ ਵੰਡ ਵਿਚ ਖਿੱਤੇ ਦੇ ਨਾਲ-ਨਾਲ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਪੰਜਾਬੀਅਤ ਦੀ ਵੀ ਵੰਡ ਹੋਈ। ਅੱਜ ਦੁਨੀਆ ਵਿਚ ਕਰੀਬ 12 ਕਰੋੜ ਲੋਕ ਪੰਜਾਬੀ ਬੋਲੀ ਬੋਲਦੇ ਹਨ ਜਿਸ ਵਿਚੋਂ ਕਰੀਬ 8 ਕਰੋੜ ਲੋਕ ਇਕੱਲੇ ਪਾਕਿਸਤਾਨ ਵਿਚ ਰਹਿੰਦੇ ਹਨ। ਭਾਰਤ ਵਿਚ ਪੰਜਾਬੀ ਭਾਸ਼ਾ ਗੁਰਮੁਖੀ ਲਿੱਪੀ ਅਤੇ ਪਾਕਿਸਤਾਨ ਵਿਚ ਸ਼ਾਹਮੁਖੀ ਲਿਪੀ ਵਿਚ ਲਿਖੀ ਜਾਂਦੀ ਹੈ। ਇਸ ਬਾਰੇ ਦੋਵਾਂ ਪਾਸਿਆਂ ਦੇ ਲੋਕਾਂ ਨੂੰ ਬਹੁਤ ਘੱਟ ਜਾਣਕਾਰੀ ਹੈ ਕਿਉਂਕਿ ਵੰਡ ਤੋਂ ਬਾਅਦ ਦੋਵੇਂ ਪੰਜਾਬਾਂ ਦੀਆਂ ਸਰਕਾਰਾਂ ਨੇ ਸੱਭਿਆਚਾਰਕ ਸਾਂਝ ਵਧਾਉਣ ਲਈ ਕੋਈ ਸਰਕਾਰੀ ਤੌਰ 'ਤੇ ਠੋਸ ਕਦਮ ਨਹੀਂ ਚੁੱਕੇ ਪਰ ਕਈ ਗ਼ੈਰ-ਸਰਕਾਰੀ ਸੰਸਥਾਵਾਂ ਦੋਵਾਂ ਪੰਜਾਬਾਂ ਵਿਚ ਸਰਗਰਮ ਹਨ ਜੋ ਇਸ ਪਾੜੇ ਨੂੰ ਮਿਟਾਉਣ ਅਤੇ ਵੰਡ ਦੇ 7 ਦਹਾਕਿਆਂ ਬਾਅਦ ਵੀ ਵਿਛੜੇ ਲੋਕਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਬਿਨਾਂ ਵੀਜ਼ੇ ਕਰਤਾਰਪੁਰ ਦੇ ਦਰਸ਼ਨਾਂ ਦੀ ਸਿੱਖ ਕੌਮ ਦੀ ਦਹਾਕਿਆਂ ਪੁਰਾਣੀ ਮੰਗ ਪੂਰੀ ਹੋ ਗਈ ਹੈ। ਹੁਣ ਦੋਵਾਂ ਪਾਸਿਆਂ ਦੀਆਂ ਸਰਕਾਰਾਂ ਤੋਂ ਉਮੀਦ ਜਗੀ ਹੈ ਕਿ ਸ਼ਾਂਤੀ ਬਹਾਲੀ ਲਈ ਕਦਮ ਚੁੱਕਣਗੀਆਂ, ਜਿਸ ਨਾਲ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਸੱਭਿਆਚਾਰਕ ਸਾਂਝ ਹੋਰ ਮਜ਼ਬੂਤ ਹੋਵੇਗੀ।

-ਕਮਲਜੀਤ ਸਿੰਘ
ਪਿੰਡ ਨੰਗਲ, ਤਹਿ: ਤੇ ਜ਼ਿਲ੍ਹਾ ਬਰਨਾਲਾ।

ਸਿੱਖਿਆ 'ਚ ਨਿਘਾਰ
ਪਿਛਲੇ ਲਗਪਗ ਦੋ ਮਹੀਨੇ ਤੋਂ ਐਸ.ਐਸ.ਏ./ਆਰ.ਐਮ.ਐਸ.ਏ. ਅਧਿਆਪਕ ਤਨਖਾਹਾਂ ਘਟਾ ਕੇ ਪੱਕਾ ਕਰਨ ਤੇ ਸਰਕਾਰ ਦੇ ਜਬਰੀ ਫ਼ੈਸਲੇ ਵਿਰੁੱਧ ਪਟਿਆਲੇ ਵਿਖੇ ਧਰਨਾ ਦੇ ਰਹੇ ਹਨ। ਸਰਕਾਰ ਦਾ ਤਰਕ ਹੈ ਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ ਪਰ ਹੁਣ ਸਰਕਾਰ ਅਧਿਆਪਕਾਂ ਉੱਪਰ ਦਬਾਅ ਬਣਾਉਣ ਲਈ ਜਬਰੀ ਅਧਿਆਪਕਾਂ ਨੂੰ ਦੂਰ ਬਦਲ ਕੇ ਸਮੂਹ ਗ਼ਰੀਬ ਵਿਦਿਆਰਥੀ ਵਰਗ ਦਾ ਅਸਿੱਧੇ ਤਰੀਕੇ ਨਾਲ ਨੁਕਸਾਨ ਕਰ ਰਹੀ ਹੈ। ਦੋ ਤਿੰਨ ਮਹੀਨਿਆਂ ਨੂੰ ਸਾਲਾਨਾ ਪ੍ਰੀਖਿਆਵਾਂ ਵੀ ਸ਼ੁਰੂ ਹੋ ਰਹੀਆਂ ਹਨ। ਇਸ ਲਈ ਸਿੱਖਿਆ ਵਿਭਾਗ ਨੂੰ ਉਪਰੋਕਤ ਰਵੱਈਆ ਛੱਡ ਕੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਸੁਹਿਰਦ ਤਰੀਕੇ ਨਾਲ ਸੋਚਦੇ ਹੋਏ ਉਪਰੋਕਤ ਵਰਤਾਰਾ ਬੰਦ ਕਰਕੇ ਅਧਿਆਪਕ ਮਸਲਿਆਂ ਨੂੰ ਸੁਹਿਰਦਤਾ ਨਾਲ ਨਿਪਟਾਉਣਾ ਚਾਹੀਦਾ ਹੈ ਤਾਂ ਜੋ ਅਧਿਆਪਕ ਵਰਗ ਦੀ ਅਸੰਤੁਸ਼ਟਤਾ ਦੂਰ ਹੋ ਸਕੇ ਅਤੇ ਅਧਿਆਪਕ ਵਰਗ ਆਪਣੇ ਵਿਦਿਆਰਥੀਆਂ ਨੂੰ ਪੜ੍ਹਾ ਸਕੇ।

-ਰਸ਼ਪਾਲ ਸਿੰਘ ਖਹਿਰਾ
ਤਹਿਸੀਲ ਫ਼ਿਲੌਰ।

17-12-2018

 ਗੰਨਾ ਉਤਪਾਦਕ
ਪੰਜਾਬ ਦੇ ਕਿਸਾਨਾਂ ਦਾ ਗੰਨਾ ਬਿਲਕੁਲ ਮਿੱਲਾਂ 'ਚ ਜਾਣ ਲਈ ਤਿਆਰ ਹੈ। ਉਨ੍ਹਾਂ ਪੂਰੀ ਮਿਹਨਤ ਨਾਲ ਫ਼ਸਲ ਤਿਆਰ ਕੀਤੀ ਹੈ। ਹੁਣ ਉਸ ਨੂੰ ਖਰੀਦਣ ਵਾਲਾ ਕੋਈ ਨਹੀਂ ਹੈ। ਅਜਿਹੇ ਹਾਲਾਤ ਵਿਚ ਕਿਸਾਨ ਕਿੱਧਰ ਜਾਣ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮਿੱਲਾਂ ਨੂੰ ਸਬਸਿਡੀ ਦੇਣ ਜਾਂ ਹੋਰ ਕਿਸੇ ਵੀ ਤਰੀਕੇ ਨੂੰ ਸਮਾਂ ਰਹਿੰਦੇ ਹੀ ਹੱਲ ਕਰ ਲਿਆ ਕਰੇ ਤਾਂ ਜੋ ਗੰਨਾ ਉਤਪਾਦਕ ਆਪਣੀ ਫਸਲ ਛੇਤੀ ਵੇਚ ਕੇ ਸਹੀ ਮੁੱਲ ਪ੍ਰਾਪਤ ਕਰ ਲੈਣ। ਕਿਉਂਕਿ ਗੰਨਾ ਤਾਂ ਪਹਿਲਾਂ ਹੀ ਅਜਿਹੀ ਖੇਤੀ ਹੈ, ਜਿਸ ਦਾ ਮੁੱਲ ਸਾਲ ਬਾਅਦ ਮਿਲਦਾ ਹੈ। ਪਹਿਲਾਂ ਹੀ ਨਿਰਾਸ਼ਾ ਦੇ ਆਲਮ ਵਿਚੋਂ ਗੁਜ਼ਰ ਰਹੇ ਕਿਸਾਨਾਂ ਨੂੰ ਹੋਰ ਖੱਜਲ-ਖੁਆਰੀ ਨਾ ਝੱਲਣੀ ਪਵੇ। ਅਜਿਹਾ ਨਾ ਹੋਵੇ ਕਿ ਕਿਸਾਨ ਝੋਨੇ-ਕਣਕ ਦੇ ਫਸਲੀ ਚੱਕਰ ਵਿਚ ਹੀ ਪਏ ਰਹਿਣ। ਹੁਣ ਗੰਨਾ ਕਿਸਾਨਾਂ ਨੂੰ ਸਰਕਾਰ ਵਲੋਂ ਜੋ ਭਰੋਸਾ ਦਿੱਤਾ ਹੈ, ਉਸ 'ਤੇ ਸਰਕਾਰ ਨੂੰ ਪੂਰੀ ਤਰ੍ਹਾਂ ਖਰੇ ਉਤਰਨਾ ਚਾਹੀਦਾ ਹੈ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਪੂਰਾ ਮੁੱਲ ਮਿਲਣਾ ਚਾਹੀਦਾ ਹੈ।


-ਜਸਕਰਨ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਮਿਲਾਵਟਖੋਰੀ
ਮਹੀਨੇ ਭਰ ਤੋਂ ਆਈਆਂ ਖ਼ਬਰਾਂ ਮੁਤਾਬਿਕ ਨਕਲੀ ਦੁੱਧ ਦੀ ਬਹੁਤਾਤ ਨੇ ਪੰਜਾਬੀਆਂ ਦੀ ਸਿਹਤ ਨੂੰ ਤਾਂ ਪ੍ਰਭਾਵਿਤ ਕੀਤਾ ਹੀ ਹੈ, ਕਿਸਾਨ ਤੇ ਮਜ਼ਦੂਰਾਂ ਦੀ ਰੀੜ੍ਹ ਦੀ ਹੱਡੀ ਜਾਣੇ ਜਾਂਦੇ 'ਡੇਅਰੀ ਦੇ ਧੰਦੇ' ਨੂੰ 'ਅਰਸ਼ ਤੋਂ ਫ਼ਰਸ਼' ਤੱਕ ਲੈ ਆਂਦਾ ਹੈ। ਇਨ੍ਹਾਂ ਮਿਲਾਵਟਖੋਰਾਂ ਦੀ ਮਿਹਰਬਾਨੀ ਪਸ਼ੂਆਂ ਦੀ ਸਾਂਭ-ਸੰਭਾਲ, ਖ਼ੁਰਾਕ ਦਵਾਈਆਂ, ਪਰਿਵਾਰ ਦੇ ਸਾਰੇ ਜੀਆਂ ਦੀ ਮਿਹਨਤ ਦੇ ਬਾਵਜੂਦ ਸ਼ੁੱਧ ਦੁੱਧ ਦਾ ਮੁੱਲ ਨਾ ਮਿਲੇ ਤਾਂ ਕਿਹੜਾ ਕਿਸਾਨ, ਮਜ਼ਦੂਰ ਡੇਅਰੀ ਦੇ ਧੰਦੇ ਨੂੰ ਹੱਥ ਪਾਵੇਗਾ? ਮਿਲਾਵਟਖੋਰੀ ਨੇ ਸਮਾਜ ਵਿਚ ਬਹੁਤ ਸਮੇਂ ਤੋਂ ਤਰਥੱਲੀ ਮਚਾਈ ਹੋਈ ਹੈ, ਜੋ ਕਿ ਪੰਜਾਬੀਆਂ ਦੀ ਸਿਹਤ ਨਾਲ ਲਗਾਤਾਰ ਖਿਲਵਾੜ ਕਰ ਰਹੀ ਹੈ। ਅਸੀਂ ਇਨ੍ਹਾਂ ਛਾਪਿਆਂ ਦੀ ਪ੍ਰਸੰਸਾ ਕਰਦੇ ਹਾਂ ਜਿਹੜੇ ਮਿਲਾਵਟੀ ਸਾਮਾਨ ਫੜ ਕੇ ਇਨ੍ਹਾਂ ਮਿਲਾਵਟਖੋਰਾਂ ਦਾ ਅਸਲੀ ਚਿਹਰਾ ਸਭ ਦੇ ਸਾਹਮਣੇ ਲਿਆ ਰਹੇ ਹਨ। ਸ਼ੁੱਧ-ਖੁਰਾਕ ਲੈਣੀ ਸਭ ਦਾ ਮੁਢਲਾ ਹੱਕ ਹੈ।


-ਸੁਰਿੰਦਰ ਸਿੰਘ ਗਰਚਾ
ਆਤਮ ਨਗਰ, ਜਗਰਾਉਂ।


ਚੰਗਾ ਫ਼ੈਸਲਾ
ਪਿਛਲੇ ਦਿਨੀਂ ਕੇਂਦਰ ਸਰਕਾਰ ਤੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵਲੋਂ ਵਿਦਿਆਰਥੀਆਂ ਦੇ ਬਸਤਿਆਂ ਦਾ ਭਾਰ ਘਟਾਉਣ ਅਤੇ ਵਿਦਿਆਰਥੀ ਦੀ ਉਮਰ ਮੁਤਾਬਿਕ ਜ਼ਰੂਰੀ ਵਿਸ਼ੇ ਹੀ ਪੜ੍ਹਾਉਣ ਸਬੰਧੀ ਦਿਸ਼ਾ-ਨਿਰਦੇਸ਼ ਦੇਣ ਦਾ ਫ਼ੈਸਲਾ ਇਕ ਚੰਗਾ ਫ਼ੈਸਲਾ ਹੈ। ਬਿਨਾਂ ਸ਼ੱਕ ਇਸ ਫ਼ੈਸਲੇ ਨਾਲ ਵਿਦਿਆਰਥੀਆਂ ਨੂੰ ਵਾਧੂ ਕਿਤਾਬਾਂ ਦੇ ਭਾਰ ਦੇ ਨਾਲ-ਨਾਲ ਮਾਨਸਿਕ ਭਾਰ ਤੋਂ ਵੀ ਛੁਟਕਾਰਾ ਮਿਲੇਗਾ। ਸਚਾਈ ਇਹ ਵੀ ਹੈ ਕਿ ਬਹੁਤੇ ਵਿਦਿਆਰਥੀਆਂ ਦਾ ਖ਼ੁਦ ਦਾ ਓਨਾ ਭਾਰ ਨਹੀਂ ਹੁੰਦਾ, ਜਿੰਨਾ ਉਨ੍ਹਾਂ ਦੇ ਬਸਤਿਆਂ ਦਾ ਹੁੰਦਾ ਹੈ। ਅਜਿਹਾ ਵਰਤਾਰਾ ਅਸੀਂ ਰੋਜ਼ਾਨਾ ਵੇਖਦੇ ਹਾਂ। ਉਪਰੋਕਤ ਫ਼ੈਸਲੇ ਦੇ ਨਾਲ ਵਿਦਿਆਰਥੀਆਂ ਤੇ ਮਾਪਿਆਂ 'ਚ ਵੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ। ਹੁਣ ਜ਼ਰੂਰੀ ਇਹ ਹੈ ਕਿ ਸਰਕਾਰ ਇਸ ਫ਼ੈਸਲੇ ਨੂੰ ਤੁਰੰਤ ਅਮਲ 'ਚ ਲਿਆਵੇ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।


ਦਾਨ ਦਾ ਬਦਲਵਾਂ ਰੂਪ
ਕਹਿਣ ਨੂੰ ਤਾਂ ਮਨੁੱਖਤਾ ਦੀ ਸੇਵਾ ਸਭ ਤੋਂ ਉੱਤਮ ਹੈ, ਪਰ ਕੀ ਅਸੀਂ ਅੱਜ ਮਨੁੱਖਤਾ ਦੀ ਸੇਵਾ ਨੂੰ ਤਰਜੀਹ ਦਿੰਦੇ ਹਾਂ। ਭਾਵੇਂ ਇੰਟਰਨੈੱਟ 'ਤੇ ਬਹੁਤ ਕੁਝ ਦਿਖਾਇਆ ਜਾਂ ਸੁਣਾਇਆ ਜਾ ਰਿਹਾ ਹੈ ਪਰ ਅਸੀਂ ਕੇਵਲ ਧਾਰਮਿਕ ਸਥਾਨਾਂ ਵਾਲੇ ਦਾਨ ਨੂੰ ਹੀ ਉੱਤਮ ਮੰਨਦੇ ਹਾਂ। ਦਾਨ, ਪੁੰਨ ਭਾਵੇਂ ਇਕ ਹੀ ਰੂਪ ਨੇ ਪਰ ਅੱਜ ਲੋੜ ਮਨੁੱਖਤਾ ਦੀ ਸੱਚਮੁੱਚ ਸੇਵਾ ਕਰਨ ਦੀ ਹੈ। ਆਪਣੇ ਧਨ ਨੂੰ ਕੇਵਲ ਧਾਰਮਿਕ ਸਥਾਨਾਂ ਨਾਲ ਜੋੜ ਕੇ ਨਾ ਦੇਖੋ, ਉਸ ਨੂੰ ਮਾਨਵਤਾ ਲਈ ਵਰਤ ਕੇ ਵੀ ਤੁਹਾਡੇ ਮਨ ਨੂੰ ਸੰਤੁਸ਼ਟੀ ਮਿਲ ਸਕਦੀ ਹੈ। ਲੋੜਵੰਦਾਂ ਲਈ ਕੱਪੜੇ ਦੇਵੋ, ਸਕੂਲਾਂ ਵਿਚ ਪਤਾ ਕਰਕੇ ਲੋੜਵੰਦ ਬੱਚਿਆਂ ਦੀ ਫੀਸ ਦਾ ਪ੍ਰਬੰਧ ਕਰੋ, ਕੋਈ ਅਜਿਹੀ ਚੀਜ਼ ਪਿੰਡ ਲਈ ਦਿਓ, ਜਿਸ ਦਾ ਹਰ ਗਰੀਬ ਅਮੀਰ ਨੂੰ ਲਾਭ ਹੋਵੇ। ਮਹਿੰਗੇ ਇਲਾਜ ਅੱਜਕਲ੍ਹ ਹਰ ਗਰੀਬ ਦੀ ਪਹੁੰਚ ਤੋਂ ਬਾਹਰ ਹੋ ਰਹੇ ਹਨ। ਆਓ! ਸਾਰੇ ਰਲ-ਮਿਲ ਆਪਣੇ ਦਸਵੰਧ, ਦਾਨ ਆਦਿ ਨੂੰ ਅਜਿਹੇ ਰੂਪ ਵਿਚ ਵਰਤੀਏ ਕਿ ਉਹ ਬਿਲਕੁਲ ਸਹੀ ਅਤੇ ਲੋੜਵੰਦ ਤੱਕ ਪਹੁੰਚੇ।


-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਜ਼ਿਲ੍ਹਾ ਲੁਧਿਆਣਾ।


ਖੁੱਲ੍ਹੇ ਦਰਸ਼ਨ ਦੀਦਾਰੇ
ਦੁਨੀਆ ਭਰ ਵਿਚ ਵਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਰੋਜ਼ ਸਵੇਰੇ-ਸ਼ਾਮ ਨੂੰ ਸਰਬੱਤ ਦਾ ਭਲਾ ਮੰਗਣ ਦੇ ਨਾਲ-ਨਾਲ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨਾਂ ਦੀ ਵੀ ਅਰਦਾਸ ਕਰਦੀਆਂ ਹਨ, ਹੁਣ ਇਹ ਅਰਦਾਸ 70 ਸਾਲਾਂ ਬਾਅਦ ਦੋਵਾਂ ਮੁਲਕਾਂ ਦੇ ਆਪਸੀ ਤਾਲਮੇਲ ਨਾਲ ਪੂਰੀ ਹੋਣ ਜਾ ਰਹੀ ਹੈ। ਜਿਸ ਕਾਰਨ ਦੋਵੇਂ ਦੇਸ਼ ਵਧਾਈ ਦੇ ਪਾਤਰ ਹਨ। ਅਸਲ ਵਿਚ ਗੁਰੂ ਨਾਨਕ ਸਾਹਿਬ ਨੂੰ ਇਸਲਾਮ ਤੇ ਹਿੰਦੂ ਧਰਮਾਂ ਵਿਚ ਉਚੇਚਾ ਅਸਥਾਨ ਪ੍ਰਾਪਤ ਹੈ ਅਤੇ ਇਸੇ ਕਾਰਨ ਹੀ ਬਾਬਾ ਨਾਨਕ ਸ਼ਾਹ ਫਕੀਰ ਨੂੰ ਹਿੰਦੂਆਂ ਦਾ ਗੁਰੂ ਤੇ ਮੁਸਲਮਾਨਾਂ ਦਾ ਪੀਰ ਕਿਹਾ ਜਾਂਦਾ ਹੈ। ਉਨ੍ਹਾਂ ਨੇ ਜਿਥੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਮਨੁੱਖੀ ਭਾਈਚਾਰੇ, ਬਰਾਬਰਤਾ, ਸ਼ਾਂਤੀ ਅਤੇ ਪਿਆਰ ਦਾ ਸੰਦੇਸ਼ ਦਿੱਤਾ, ਉਥੇ ਹੀ ਇਸਤਰੀ ਨੂੰ ਵੀ ਮਾਣ-ਸਤਿਕਾਰ ਦਿੱਤਾ ਹੈ। ਪਰਮਾਤਮਾ ਅੱਗੇ ਅਰਦਾਸ ਹੈ ਕਿ ਦੋਵਾਂ ਦੇਸ਼ਾਂ ਵਿਚ ਪਿਆਰ, ਅਮਨ-ਚੈਨ ਬਣਿਆ ਰਹੇ, ਤਾਂ ਜੋ ਆਉਣ ਵਾਲੇ 550ਵੇਂ ਗੁਰਪੁਰਬ ਤੋਂ ਪਹਿਲਾਂ-ਪਹਿਲਾਂ ਕਰਤਾਰਪੁਰ ਲਾਂਘਾ ਦੋਵਾਂ ਪਾਸਿਆਂ ਤੋਂ ਮੁਕੰਮਲ ਹੋ ਸਕੇ। ਲੋੜ ਹੈ, ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਇਸ ਪਵਿੱਤਰ ਕਾਰਜ ਨੂੰ ਜੰਗੀ ਪੱਧਰ 'ਤੇ ਨੇਪਰੇ ਚਾੜ੍ਹਨ ਦੀ।


-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ, ਜਲੰਧਰ।

14-12-2018

 ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ
ਪੰਜਾਬੀ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਦੀਆਂ ਲਿਖੀਆਂ ਇਹ ਸਤਰਾਂ ਸਾਡੇ ਦੇਸ਼ ਦੀ ਨਿਆਂ-ਪ੍ਰਣਾਲੀ 'ਤੇ ਬਿਲਕੁਲ ਢੁੱਕਦੀਆਂ ਹਨ। ਅੱਜ ਤੋਂ 34 ਸਾਲ ਪਹਿਲਾਂ ਦਿੱਲੀ ਵਿਚ ਸਿੱਖਾਂ ਦਾ ਜੋ ਕਤਲੇਆਮ ਹੋਇਆ, ਉਸ ਦੇ ਜ਼ਖ਼ਮ ਅੱਜ ਵੀ ਤਾਜ਼ਾ ਹਨ। ਇਹ ਕਤਲੇਆਮ ਭਾਰਤੀ ਲੋਕਤੰਤਰੀ ਸ਼ਾਸਨ ਪ੍ਰਣਾਲੀ 'ਤੇ ਲੱਗਾ ਇਕ ਅਜਿਹਾ ਧੱਬਾ ਹੈ, ਜਿਸ ਨੂੰ ਮਿਟਾਇਆ ਨਹੀਂ ਜਾ ਸਕਦਾ। ਚਾਹੇ ਕੁਝ ਦਿਨ ਪਹਿਲਾਂ 1 ਨਵੰਬਰ, 1984 ਨੂੰ ਦਿੱਲੀ ਦੇ ਮਹੀਪਾਲਪੁਰ ਵਿਚ ਹੋਏ ਦੋ ਸਿੱਖ ਨੌਜਵਾਨਾਂ ਹਰਦੇਵ ਸਿੰਘ ਅਤੇ ਅਵਤਾਰ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਹੇਠਲੀ ਅਦਾਲਤ ਨੇ ਦੋ ਦੋਸ਼ੀਆਂ ਨੂੰ ਫਾਂਸੀ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਪਰ ਹਜ਼ਾਰਾਂ ਦੀ ਗਿਣਤੀ ਵਿਚ ਕਤਲ ਹੋਏ ਸਿੱਖਾਂ ਨੂੰ ਇਨਸਾਫ਼ ਅੱਜ ਤੱਕ ਨਹੀਂ ਮਿਲਿਆ।


-ਜਸਪ੍ਰੀਤ ਕੌਰ ਸੰਘਾ, ਪਿੰਡ ਤਨੂੰਲੀ।


ਦਾਨ-ਪੁੰਨ
ਕੁਝ ਇਨਸਾਨ ਅਜਿਹੇ ਹੁੰਦੇ ਹਨ, ਜਿਨ੍ਹਾਂ ਕੋਲ ਬਹੁਤ ਕੁਝ ਹੁੰਦਾ ਹੈ ਪਰ ਹੌਸਲਾ ਨਹੀਂ। ਉਹ ਆਪਣੀ ਪ੍ਰਸੰਸਾ ਅਤੇ ਪ੍ਰਸਿੱਧੀ ਲਈ ਦਾਨ ਦੇ ਨਾਂਅ 'ਤੇ ਥੋੜ੍ਹਾ ਬਹੁਤ ਕੱਢਦੇ ਹਨ। ਉਨ੍ਹਾਂ ਦੀ ਇਹ ਗੁੱਝੀ ਖਾਹਿਸ਼ ਦਿੱਤੇ ਦਾਨ ਨੂੰ ਨਿਸਫ਼ਲ ਕਰ ਦਿੰਦੀ ਹੈ। ਜਿਹੜੇ ਇਨਸਾਨ ਦਾਨ ਕਰਨ ਲੱਗਿਆਂ ਨੇਕੀ ਦਾ ਫਲ ਲੈਣ ਬਾਰੇ ਨਹੀਂ ਸੋਚਦੇ, ਉਨ੍ਹਾਂ ਦਾ ਦਾਨ ਇੰਜ ਹੁੰਦਾ ਹੈ ਜਿਵੇਂ ਸਦਾਬਹਾਰ ਮਹਿੰਦੀ ਦੀ ਖ਼ੁਸ਼ਬੂ ਵਾਦੀ ਦੇ ਖਲਾਅ ਵਿਚ ਦੇਰ ਤੱਕ ਮਹਿਕਦੀ ਰਹਿੰਦੀ ਹੈ। ਅੱਜ ਇਸ ਦੇ ਉਲਟ ਹੋ ਰਿਹਾ ਹੈ। ਕੁਝ ਸਮਾਜ ਸੇਵੀ ਕਲੱਬਾਂ ਵਲੋਂ ਆਪਣੀ ਸ਼ੋਹਰਤ ਲਈ ਆਪਣੀ ਫੋਟੋ ਅਖ਼ਬਾਰ 'ਚ ਲਵਾਉਣਾ ਆਮ ਦੇਖਿਆ ਜਾ ਸਕਦਾ ਹੈ ਜੋ ਚਿੰਤਾ ਦਾ ਵਿਸ਼ਾ ਹੈ। ਇਥੇ ਇਹ ਵੀ ਵੇਖਣ 'ਚ ਆਇਆ ਹੈ ਕਿ ਕੁਝ ਸਮਾਜ ਸੇਵੀ ਸੰਸਥਾਵਾਂ ਦੇ ਲੋਕ ਅਤੇ ਕੁਝ ਧਾਰਮਿਕ ਜਥੇਬੰਦੀਆਂ ਪ੍ਰਵਾਸੀਆਂ ਕੋਲੋਂ ਇਹ ਦਾਨ ਕਰਵਾ ਕੇ ਆਪਣੀ ਬੱਲੇ-ਬੱਲੇ ਕਰਵਾਉਂਦੇ ਆਮ ਦੇਖੇ ਜਾ ਸਕਦੇ ਹਨ। ਦੂਜੇ ਪਾਸੇ ਕਈ ਸਮਾਜ ਸੇਵੀ ਸੰਸਥਾਵਾਂ ਤੇ ਕੁਝ ਲੋਕ ਅਜਿਹੇ ਹਨ ਜੋ ਗੁਪਤ ਦਾਨ ਵਜੋਂ ਆਪਣਾ ਦਸਵੰਧ ਕੱਢਦੇ ਹਨ ਅਤੇ ਮਨੁੱਖਤ ਦੇ ਭਲੇ ਲਈ ਖ਼ਰਚ ਕਰਦੇ ਹਨ ਅਤੇ ਆਪਣਾ ਨਾਂਅ ਤੱਕ ਦੱਸਣ ਤੋਂ ਵੀ ਗੁਰੇਜ਼ ਕਰਦੇ ਹਨ, ਅਜਿਹੇ ਲੋਕ ਅਸਲ ਦਾਨੀ ਹਨ।


-ਕਮਲ ਕੋਟਲੀ ਅਬਲੂ।


ਕਿਸਾਨੀ ਸੰਕਟ
ਕਿਸਾਨੀ ਸੰਕਟ ਦੇ ਹੱਲ ਲਈ ਸੁਚੱਜੀ ਯੋਜਨਾਬੰਦੀ ਦੀ ਲੋੜ ਸਹੀ ਤੇ ਦਰੁਸਤ ਹੈ। ਹੁਣ 200 ਦੇ ਲਗਪਗ ਜਥੇਬੰਦੀਆਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਸਰਕਾਰ ਵਿਰੁੱਧ ਮੰਗਾਂ ਨੂੰ ਲੈ ਕੇ ਪੂਰੇ ਜੋਸ਼ ਨਾਲ ਮੁਜ਼ਾਹਰਾ ਕੀਤਾ ਹੈ। ਇਹ ਮੁਜ਼ਾਹਰਾ ਅੱਜ ਦੇ ਸਮੇਂ ਦੀ ਲੋੜ ਹੈ। ਪੂਰੇ ਦੇਸ਼ ਵਿਚ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਸਹੀ ਮੁੱਲ ਦੇਣਾ, ਕਰਜ਼ਾ ਮੁਆਫ਼ੀ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ 'ਤੇ ਅਮਲ ਕਰਨ ਲਈ ਅਤੇ ਫ਼ਸਲਾਂ ਦਾ ਮੰਡੀਕਰਨ ਕਰਨ ਬਾਰੇ ਪੂਰੇ ਚੰਗੇ ਢੰਗ-ਤਰੀਕੇ ਨਾਲ ਯੋਜਨਾਬੰਦੀ ਕਰ ਕੇ ਫਿਰ ਉਸ ਨੂੰ ਅਮਲ 'ਚ ਲਿਆਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਕੇ ਹੀ ਅੱਜ ਦੀ ਕਿਸਾਨੀ ਨੂੰ ਬਚਾਇਆ ਜਾ ਸਕਦਾ ਹੈ। ਕਿਉਂਕਿ ਸਾਡੇ ਦੇਸ਼ ਵਿਚ ਆਰਥਿਕਤਾ ਦਾ ਕੇਂਦਰ ਬਿੰਦੂ ਖੇਤੀਬਾੜੀ ਹੀ ਹੈ। ਇਕ ਦਸੰਬਰ ਨੂੰ ਚੰਡੀਗੜ੍ਹ ਵਿਖੇ ਸੈਕਟਰ 17 ਦੀ ਪਰੇਡ ਗਰਾਊਂਡ ਵਿਚ ਸਾਡੇ ਮਾਣਯੋਗ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਸੀ, 'ਖੇਤੀਬਾੜੀ ਦੇਸ਼ ਦੀ ਪਹਿਚਾਣ ਹੈ।'


-ਜਗਜੀਤ ਸਿੰਘ ਗਿਆਨਾ
ਬਠਿੰਡਾ।


ਵਿਕਸਿਤ ਦੇਸ਼ ਚੁੱਪ ਕਿਉਂ?
ਕਰਤਾਰਪੁਰ ਦੇ ਲਾਂਘੇ ਨਾਲ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚ ਨਵੀਂ ਰੂਹ ਪੈਦਾ ਹੋਈ ਹੈ। ਆਜ਼ਾਦੀ ਤੋਂ ਬਾਅਦ ਹਮੇਸ਼ਾ ਹੀ ਦੋਵੇਂ ਦੇਸ਼ਾਂ ਵਿਚ ਆਪਸੀ ਸਬੰਧ ਜੰਗ ਦੇ ਮਾਹੌਲ ਕਾਰਨ ਵਿਗੜਦੇ ਰਹੇ ਹਨ। ਦੋਵਾਂ ਦੇਸ਼ਾਂ ਦੀ ਖਿਚੋਤਾਣ ਨਾਲ ਹੀ ਅਸੀਂ ਆਰਥਿਕ ਪੱਖੋਂ ਕਮਜ਼ੋਰ ਹੁੰਦੇ ਗਏ ਕਿਉਂਕਿ ਇਕ-ਦੂਜੇ ਨਾਲ ਮੋਹ ਦੀਆਂ ਤੰਦਾਂ ਨੂੰ ਗੂੜ੍ਹਾ ਕਰਨ ਦੀ ਬਜਾਏ ਇਕ-ਦੂਜੇ ਨੂੰ ਬਰਬਾਦ ਕਰਨ ਲਈ ਵੱਧ ਤੋਂ ਵੱਧ ਮਾਰੂ ਹਥਿਆਰ ਖਰੀਦਣ ਲੱਗ ਪਏ। ਵਿਕਸਿਤ ਦੇਸ਼ ਵੀ ਦੋਹਰੀ ਨੀਤੀ ਅਪਣਾਉਂਦੇ ਹੋਏ ਇਕ ਹੱਥ ਹਥਿਆਰ ਦਿੰਦੇ ਅਤੇ ਇਕ ਹੱਥ ਸ਼ਾਂਤੀ ਰੱਖਣ ਦਾ ਸੁਨੇਹਾ ਦਿੰਦੇ। ਜਦੋਂ ਕਦੇ ਵੀ ਦੋਵਾਂ ਦੇਸ਼ਾਂ ਦਰਮਿਆਨ ਅਣਸੁਖਾਵੀਂ ਘਟਨਾ ਵਾਪਰਦੀ ਤਾਂ ਪੂਰਾ ਵਿਸ਼ਵ ਦੋਵੇਂ ਦੇਸ਼ਾਂ ਨੂੰ ਮੱਤਾਂ ਦੇਣ ਲੱਗ ਜਾਂਦਾ ਸੀ। ਕਸ਼ਮੀਰ ਮੁੱਦੇ ਨੂੰ ਸੁਲਝਾਉਣ ਲਈ ਸਲਾਹਾਂ ਦੇਣ ਵਾਲੇ ਹਮਦਰਦ ਸ਼ਾਂਤੀ ਪਸੰਦ ਵਿਕਸਿਤ ਦੇਸ਼ ਕਰਤਾਰਪੁਰ ਲਾਂਘੇ 'ਤੇ ਚੁੱਪ ਕਿਉਂ ਹਨ? ਕੀ ਭਾਰਤ ਪਾਕਿਸਤਾਨ ਰਿਸ਼ਤਿਆਂ ਦੀ ਸੁਧਰਦੀ ਚਾਲ ਦੋਵਾਂ ਦੇਸ਼ਾਂ ਦੀਆਂ ਦੂਸਰੇ ਦੇਸ਼ਾਂ ਨਾਲ ਵਿਦੇਸ਼ ਨੀਤੀਆਂ ਨੂੰ ਪ੍ਰਭਾਵਿਤ ਕਰੇਗੀ ਇਹ ਤਾਂ ਸਮਾਂ ਹੀ ਦੱਸੇਗਾ, ਪਰ ਕਰਤਾਰਪੁਰ ਲਾਂਘੇ 'ਤੇ ਵਿਕਸਿਤ ਦੇਸ਼ਾਂ ਦੀ ਚੁੱਪ ਕਈ ਸਵਾਲ ਖੜ੍ਹੇ ਕਰਦੀ ਹੈ। ਕਿਧਰੇ ਵਿਕਸਿਤ ਦੇਸ਼ਾਂ ਦੀ ਚੁੱਪ ਅਤੇ ਕਿਸੇ ਵੀ ਪੱਖ ਤੋਂ ਹੁੰਗਾਰਾ ਨਾ ਮਿਲਣਾ ਹਾਥੀ ਦੇ ਦੰਦ ਖਾਣ ਨੂੰ ਹੋਰ ਅਤੇ ਵਿਖਾਉਣ ਨੂੰ ਹੋਰ ਵਾਲੀ ਸੋਚ ਤਾਂ ਨਹੀਂ ਹੈ।


-ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾ, ਜ਼ਿਲ੍ਹਾ ਫਾਜ਼ਿਲਕਾ।

13-12-2018

 ਸ਼ਲਾਘਾਯੋਗ ਫ਼ੈਸਲਾ
ਬੀਤੇ ਦਿਨੀਂ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵਲੋਂ ਦੇਸ਼ ਦੇ ਸਮੂਹ ਪ੍ਰਾਂਤ, ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਬੱਚਿਆਂ ਦੇ ਬਸਤਿਆਂ ਦੇ ਬੋਝ ਨੂੰ ਘਟਾਉਣ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਅਤੇ ਛੋਟੇ ਬੱਚਿਆਂ ਪਹਿਲੀ-ਦੂਜੀ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਘਰ ਦੇ ਦਿੱਤੇ ਜਾਂਦੇ ਸਕੂਲੀ ਕੰਮ ਨੂੰ ਖ਼ਤਮ ਕਰਨ ਆਦਿ ਫ਼ੈਸਲਿਆਂ ਦਾ ਚੁਫੇਰਿਓਂ ਸਵਾਗਤ ਹੋ ਰਿਹਾ ਹੈ। ਉਂਜ ਡੂੰਘਾਈ ਨਾਲ ਵੇਖਿਆ ਜਾਵੇ ਤਾਂ ਦੋ ਗੱਲਾਂ ਤਾਂ ਸਹਿਜੇ ਹੀ ਸਮਝ ਵਿਚ ਆ ਰਹੀਆਂ ਸਨ ਕਿ ਇਕ ਪਾਸੇ ਨੰਨ੍ਹੇ-ਮੁੰਨੇ ਬੱਚਿਆਂ 'ਤੇ ਬਸਤੇ ਦਾ ਬੋਝ, ਦੂਸਰਾ ਧੜਾਧੜ ਕਿਤਾਬਾਂ ਬੱਚਿਆਂ 'ਤੇ ਥੌਪਣਾ ਆਰਥਿਕ ਪੱਖੋਂ ਆਮ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਸੀ। ਦੂਸਰਾ ਵਧੀਆ ਫ਼ੈਸਲਾ ਇਹ ਵੀ ਹੈ ਕਿ ਬੱਚਿਆਂ ਦੀ ਉਮਰ, ਕਲਾਸ ਅਨੁਸਾਰ ਬਸਤੇ ਦੇ ਭਾਰ ਨੂੰ ਵੰਡ ਦਿੱਤਾ ਗਿਆ ਹੈ। ਹੁਣ ਬੱਚਿਆਂ ਨੂੰ ਕੇਵਲ ਇਕ ਕਿੱਲੋ ਤੋਂ 5 ਕਿੱਲੋ ਤੱਕ ਹੀ ਕਿਤਾਬੀ ਜਾਂ ਬਸਤੇ ਦਾ ਭਾਰ ਉਠਾਉਣਾ ਪਵੇਗਾ। ਬੇਹੱਦ ਵਧੀਆ ਫ਼ੈਸਲਾ ਹੈ ਬੇਸ਼ੱਕ ਅਜਿਹਾ ਫ਼ੈਸਲਾ ਬਹੁਤ ਪਹਿਲਾਂ ਲੈ ਲੈਣਾ ਬਣਦਾ ਸੀ। ਇਸ ਮਹੱਤਵਪੂਰਨ ਫ਼ੈਸਲੇ ਨਾਲ ਜਿਥੇ ਬੱਚਿਆਂ ਨੂੰ ਭਾਰ ਤੋਂ ਰਾਹਤ ਮਿਲੇਗੀ, ਦੂਜੇ ਪਾਸੇ ਕਿਤਾਬਾਂ ਦੇ ਬਹਾਨੇ ਭੋਲੇ-ਭਾਲੇ ਬੱਚਿਆਂ ਦੇ ਮਾਪਿਆਂ ਨੂੰ ਵੀ ਆਰਥਿਕ ਲਾਭ ਹੋਵੇਗਾ। ਕੁੱਲ ਮਿਲਾ ਕੇ ਕੇਂਦਰੀ ਮਨੁੱਖੀ ਸਾਧਨ ਸਰੋਤ ਵਿਕਾਸ ਮੰਤਰਾਲਾ ਪੂਰੀ ਸਖ਼ਤੀ ਨਾਲ ਦਿਸ਼ਾ-ਨਿਰਦੇਸ਼ਾਂ ਨੂੰ ਅਮਲੀ ਜਾਮਾ ਪਹਿਨਾ ਕੇ ਲੋਕਾਂ ਵਿਚ ਆਪਣਾ ਅਕਸ ਬਣਾਉਣ ਨੂੰ ਤਰਜੀਹ ਜ਼ਰੂਰ ਦੇਵੇ ਤਾਂ ਜੋ ਲੋਕ ਸਹੀ ਮਾਅਨਿਆਂ 'ਚ ਰਾਹਤ ਲੈ ਸਕਣ।


-ਮਾ: ਦੇਵਰਾਜ ਖੁੰਡਾ

ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਅਨੰਦਮਈ ਉਪਰਾਲਾ
ਸਮੂਹ ਸਿੱਖ ਮਨਾਂ ਅੰਦਰੋਂ ਨਿਕਲਦੀ ਸੱਚੀ ਅਰਦਾਸ ਸੁਣੀ ਗਈ ਹੈ। ਕਰਤਾਰਪੁਰ ਲਾਂਘੇ ਲਈ ਕਿਸੇ ਪਾਸਿਉਂ ਨਾਂਹ-ਨੁੱਕਰ ਨਹੀਂ ਹੋਈ। ਸਭ 'ਤੇ ਮਿਹਰ ਬਰਸ ਗਈ ਹੈ। ਬਾਬੇ ਨਾਨਕ ਲਈ ਸਤਿਕਾਰ ਸਭ ਅੰਦਰੋਂ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਸਰਰੱਦ ਉੱਪਰ ਸਾਂਝ ਦੀਆਂ ਬਾਲੀਆਂ ਮੋਮਬੱਤੀਆਂ ਰਾਸ ਆਈਆਂ ਹਨ। ਹੁਣ ਲੋੜ ਹੈ ਵਧ ਰਹੀ ਨੇੜਤਾ ਨੂੰ ਪੀਡਿਆ ਕਰਨ ਦੀ। ਲੋਕ ਸਥਾਈ ਸ਼ਾਂਤੀ ਅਤੇ ਪਿਆਰ ਚਾਹੁੰਦੇ ਹਨ। ਸਾਰੇ ਰਲ ਕੇ ਗੁਰੂ ਨਾਨਕ ਦੇਵ ਜੀ ਤੋਂ ਵਰ ਮੰਗੀਏ ਕਿ ਖਿੱਤੇ ਵਿਚ ਬੰਬਾਂ-ਬੰਦੂਕਾਂ ਦੀ ਆਵਾਜ਼ ਅਤੇ ਇਸ ਦੀ ਭਿਆਨਕਤਾ ਖ਼ਤਮ ਹੋ ਜਾਵੇ।
ਆਓ ਸਾਰੇ ਅਰਦਾਸਾਂ ਕਰੀਏ,
ਮੁੱਕ ਜਾਏ ਝਗੜਾ-ਝੇੜਾ।
ਦੋ ਦੇਸ਼ਾਂ ਦੇ ਬਾਵਜੂਦ ਵੀ,
'ਕੱਠਾ ਲੱਗੇ ਵਿਹੜਾ।


-ਮੱਖਣ ਬਰਾੜ 'ਛੋਟਾਘਰ'
ਪਿੰਡ ਛੋਟਾਘਰ, ਜ਼ਿਲ੍ਹਾ ਮੋਗਾ।


ਲੋਕ ਮਸਲੇ ਬਨਾਮ ਸਿਆਸਤਦਾਨ
ਪਿਛਲੇ ਦਿਨੀਂ ਅਖ਼ਬਾਰਾਂ ਦੀਆਂ ਸੁਰਖੀਆਂ ਬਣੀਆਂ ਖ਼ਬਰਾਂ 'ਸੁਖਬੀਰ ਵਲੋਂ ਲਗਾਏ ਕਿਸਾਨਾਂ ਲਈ ਧਰਨੇ ਅਤੇ ਦਿੱਲੀ ਵਿਚ ਰਾਹੁਲ ਗਾਂਧੀ ਵਲੋਂ ਕਿਸਾਨਾਂ ਨਾਲ ਧਰਨੇ 'ਤੇ ਬੈਠਣਾ' ਪੜ੍ਹ ਕੇ ਅਜੀਬ ਜਿਹਾ ਮਹਿਸੂਸ ਹੋਇਆ। ਕਦੋਂ ਤੱਕ ਇਹ ਨੇਤਾ ਲੋਕਾਂ ਨੂੰ ਮੂਰਖ ਬਣਾਉਂਦੇ ਰਹਿਣਗੇ ਅਤੇ ਕਦੋਂ ਲੋਕ ਸਮਝਣਗੇ ਇਨ੍ਹਾਂ ਦੀਆਂ ਚਾਲਾਂ ਨੂੰ। ਇਨ੍ਹਾਂ ਨੂੰ ਚਾਹੀਦਾ ਹੈ ਕਿ ਪ੍ਰਾਈਵੇਟ ਸਕੂਲਾਂ ਅਤੇ ਪ੍ਰਾਈਵੇਟ ਹਸਪਤਾਲਾਂ ਜੋ ਮਾਫੀਆ ਦਾ ਰੂਪ ਧਾਰ ਚੁੱਕੇ ਹਨ, ਦੇ ਵਿਰੁੱਧ ਵੀ ਧਰਨਾ ਦੇਣ ਜਿਹੜੇ ਲੋਕਾਂ ਦੀ ਅੰਨ੍ਹੇਵਾਹ ਲੁੱਟ ਕਰ ਰਹੇ ਹਨ। ਉਨ੍ਹਾਂ ਪ੍ਰਾਈਵੇਟ ਬੱਸਾਂ ਵਾਲਿਆਂ ਤੇ ਪ੍ਰਾਈਵੇਟ ਬਿਜਲੀ ਦੇ ਠੇਕੇਦਾਰ ਵਿਰੁੱਧ ਵੀ ਆਵਾਜ਼ ਚੁੱਕਣ ਜਿਨ੍ਹਾਂ ਨਾਲ ਸਮਝੌਤੇ ਲੋਕਾਂ ਕਰਕੇ ਨਹੀਂ ਸਗੋਂ ਨਿੱਜੀ ਅਦਾਰਿਆਂ ਨੂੰ ਲਾਭ ਦੇਣ ਕਰਕੇ ਹੀ ਕੀਤੇ ਗਏ ਹਨ। ਸਭ ਸਮੇਂ ਦੀਆਂ ਸਰਕਾਰਾਂ ਸਮੇਂ ਭਾਈਵਾਲ ਜਾਂ ਆਪਣੇ ਨੇੜੇ ਦੇ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਬਣਾਈਆਂ ਨੀਤੀਆਂ ਕਰਕੇ ਹੀ ਅੱਜ ਸਰਕਾਰੀ ਅਦਾਰਿਆਂ 'ਤੇ ਹੀ ਨਾਦਰਸ਼ਾਹੀ ਫ਼ੈਸਲਾ ਲਾਗੂ ਕੀਤੇ ਜਾ ਰਹੇ ਹਨ। ਉਸ ਠੇਕੇਦਾਰੀ ਪ੍ਰਣਾਲੀ ਵਿਰੁੱਧ ਵੀ ਧਰਨੇ ਲਗਾਉਣ ਜਿਨ੍ਹਾਂ ਤਹਿਤ ਘੱਟ ਤਨਖ਼ਾਹ 'ਤੇ ਨੌਜਵਾਨਾਂ ਦਾ ਸ਼ੋਸ਼ਣ ਹੋ ਰਿਹਾ ਹੈ। ਬਾਅਦ ਵਿਚ ਮੰਚਾਂ ਤੋਂ ਮਗਰਮੱਛ ਦੇ ਅੱਥਰੂ ਵਹਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਇਹ ਅੱਥਰੂ ਲੋਕਾਂ ਕਰਕੇ ਨਹੀਂ, ਸਗੋਂ ਕੁਰਕੀ ਕਰਕੇ ਹੀ ਹਨ। ਸਾਡੇ ਲੋਕਾਂ ਨੂੰ ਵੀ ਸਿਆਣੇ ਬਣਨਾ ਪੈਣਾ ਕਦੋਂ ਤੱਕ ਮਾੜੇ ਪ੍ਰਬੰਧਾਂ ਦਾ ਦੋਸ਼ ਰੱਬ ਸਿਰ ਮੜ੍ਹਦੇ ਰਹਾਂਗੇ।


-ਗੁਰਦੇਵ ਸਿੰਘ
ਕੋਟ ਸੰਤੋਖ ਰਾਏ, ਗੁਰਦਾਸਪੁਰ।


ਵਿਵਾਹਕ ਝਗੜਿਆਂ ਦੀ ਅਸਲ ਸੱਚਾਈ

ਆਮ ਤੌਰ 'ਤੇ ਦਹੇਜ ਸਬੰਧੀ ਕਾਨੂੰਨ ਪਤੀ-ਪਤਨੀ ਦੇ ਵਿਆਹ ਤੋਂ ਬਾਅਦ ਆਪਸੀ ਝਗੜੇ ਤੋਂ ਸ਼ੁਰੂ ਹੁੰਦੇ ਹਨ। ਸਭ ਤੋਂ ਪਹਿਲਾਂ ਲੜਕੀ ਵਲੋਂ ਆਪਣੇ ਸਹੁਰੇ ਪਰਿਵਾਰ 'ਤੇ ਦਿੱਤੇ ਗਏ ਦਹੇਜ ਦੇ ਸਾਮਾਨ ਦੀ ਅਮਾਨਤ ਵਿਚ ਖਿਆਨਤ ਕਰਨ ਤੇ ਦਹੇਜ ਵਾਸਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਜਾਂਦੇ ਹਨ, ਜਿਸ ਸਬੰਧ ਵਿਚ ਆਈ.ਪੀ.ਸੀ. ਦੀ ਧਾਰਾ 406, 498 ਏ ਅਤੇ ਦਹੇਜ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਜਾਂਦਾ ਹੈ। ਇਥੋਂ ਦੋਵੇਂ ਧਿਰਾਂ ਦੀ ਅਸਲ ਪ੍ਰਤਾੜਨਾ ਸ਼ੁਰੂ ਹੁੰਦੀ ਹੈ। ਲੰਮੀ ਕਾਨੂੰਨੀ ਪ੍ਰਕਿਰਿਆ ਝੱਲਣ, ਆਰਥਿਕ ਰੂਪ ਵਿਚ ਉਜੜਨ ਅਤੇ ਸਮੇਂ ਦੀ ਬਰਬਾਦੀ ਤੋਂ ਇਲਾਵਾ ਦੋਵੇਂ ਧਿਰਾਂ ਨੂੰ ਕੁਝ ਵੀ ਹਾਸਲ ਨਹੀਂ ਹੁੰਦਾ। ਧਾਰਾ 125 ਸੀ.ਆਰ.ਪੀ.ਸੀ. ਦੇ ਤਹਿਤ ਵਿਆਹੁਤਾ ਔਰਤ ਖ਼ਰਚਾ/ਗੁਜ਼ਾਰਾ ਭੱਤਾ ਆਪਣੇ ਪਤੀ ਤੋਂ ਹਾਸਲ ਕਰ ਸਕਦੀ ਹੈ। ਇਹ ਵੀ ਅਜਿਹਾ ਕਾਨੂੰਨ ਹੈ ਜਿਸ ਵਿਚ ਔਰਤ ਨੂੰ ਤੁਰੰਤ ਕੋਈ ਸਹਾਇਤਾ ਨਹੀਂ ਮਿਲਦੀ ਸਾਲਾਂ ਤੱਕ ਖਰਚੇ ਦੀ ਵਸੂਲੀ ਅਦਾਲਤਾਂ ਵਿਚ ਚਲਦੀ ਰਹਿੰਦੀ ਹੈ। ਇਸ ਕਾਨੂੰਨ ਨੂੰ ਅਮਲੀ ਰੂਪ 'ਚ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਹੀ ਇਸ ਕਾਨੂੰਨ ਦੀ ਫੂਕ ਕੱਢ ਦਿੱਤੀ ਹੈ। ਅਦਾਲਤਾਂ ਕਿੰਨੀ ਵੀ ਸਖ਼ਤੀ ਕਰ ਲੈਣ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਇਸ ਦੇ ਨਾਲ ਹੀ ਜੇਕਰ ਕੋਈ ਕਿਸੇ ਵੀ ਕਾਨੂੰਨ ਦੀ ਦੁਰਵਰਤੋਂ ਕਰਦੀ ਹੈ ਉਸ ਬਾਰੇ ਵੀ ਸਖ਼ਤ ਕਾਨੂੰਨ ਦੀ ਲੋੜ ਹੈ। ਮੁਕਦੀ ਗੱਲ ਇਹ ਹੈ ਕਿ ਸਾਡੇ ਦੇਸ਼ ਦੀ ਕਾਨੂੰਨ ਲਾਗੂ ਕਰਨ ਵਾਲੀ ਅਥਾਰਟੀ ਨਿਰੰਕੁਸ਼ ਹੈ। ਕਿਸੇ ਵੀ ਕਾਨੂੰਨ ਨੂੰ ਬਣਾਉਣਾ ਹੀ ਕਾਫੀ ਨਹੀਂ ਲਾਗੂ ਕਰਨ ਵਾਲੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਨਾ ਵੀ ਜ਼ਰੂਰੀ ਹੈ।


-ਸਤਪਾਲ ਸਿੰਘ ਦਿਉਲ
ਐਡਵੋਕੇਟ, ਸਰਦੂਲਗੜ੍ਹ।

12-12-2018

 ਬਰਬਾਦੀ ਦਾ ਕਾਰਨ

ਪੰਜਾਬ ਸਰਕਾਰ ਵਲੋਂ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਮਿਲਾਵਟਖੋਰਾਂ ਤੇ ਪ੍ਰਦੂਸ਼ਣ ਖਿਲਾਫ਼ ਜੰਗੀ ਪੱਧਰ 'ਤੇ ਮੁਹਿੰਮ ਚਲਾਈ ਗਈ ਹੈ ਪਰ ਫਿਰ ਵੀ ਮਿਲਾਵਟਖੋਰਾਂ ਨੂੰ ਠੱਲ੍ਹ ਨਹੀਂ ਪੈ ਰਹੀ। ਮਿਲਾਵਟੀ ਖਾਦ ਪਦਾਰਥਾਂ ਦੀ ਵਰਤੋਂ ਕਰਨ ਨਾਲ ਮਨੁੱਖ ਭਿਆਨਕ ਬਿਮਾਰੀਆਂ ਦੀ ਜਕੜ ਵਿਚ ਆ ਰਿਹਾ ਹੈ। ਜੇਕਰ ਸੋਚਿਆ ਜਾਵੇ ਤਾਂ ਨਸ਼ਾ ਹੀ ਪੰਜਾਬੀਆਂ ਦੀ ਬਰਬਾਦੀ ਦਾ ਕਾਰਨ ਨਹੀਂ ਹੈ ਸਗੋਂ ਮਿਲਾਵਟ ਵਾਲੀਆਂ ਚੀਜ਼ਾਂ ਵੀ ਪੰਜਾਬੀਆਂ ਦੀ ਜੜ੍ਹਾਂ ਖੋਖਲੀਆਂ ਕਰ ਰਹੀਆਂ ਹਨ। ਇਸ ਦੇ ਬਾਵਜੂਦ ਸਿਹਤ ਵਿਭਾਗ ਸਾਰਾ ਸਾਲ ਕੁੰਭਕਰਨੀ ਨੀਂਦ ਸੁੱਤਾ ਰਹਿੰਦਾ ਹੈ। ਆਓ ਮਿਲਾਵਟੀ ਖਾਦ ਪਦਾਰਥ ਖਾਣ ਨਾਲ ਵੱਧ ਰਹੀਆਂ ਬਿਮਾਰੀਆਂ ਨੂੰ ਠੱਲ੍ਹ ਪਾਉਣ ਲਈ ਬਾਜ਼ਾਰਾਂ ਵਿਚੋਂ ਮਿਠੀਆਈਆਂ ਖ਼ਰੀਦਣ ਦੀ ਥਾਂ ਘਰ ਵਿਚ ਹੀ ਸਾਫ਼-ਸੁਥਰਾ ਤੇ ਚੰਗੀ ਗੁਣਵੱਤਾ ਵਾਲਾ ਖਾਣਾ ਬਣਾ ਕੇ ਖਾਧਾ ਜਾਵੇ ਤਾਂ ਜੋ ਖ਼ਤਰਨਾਕ ਬਿਮਾਰੀਆਂ ਤੋਂ ਬਚਾਅ ਹੋ ਸਕੇ। ਮਿਲਾਵਟਖੋਰੀ ਨਾਲ ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਨੂੰ ਰੋਕਣ ਲਈ ਸਰਕਾਰ ਨੂੰ ਫੌਰੀ ਕਦਮ ਚੁੱਕਣੇ ਸਮੇਂ ਦੀ ਮੁੱਖ ਮੰਗ ਹੈ।

-ਮਨਦੀਪ ਕੌਰ ਸਮਰਾਲਾ
ਲੁਧਿਆਣਾ।

ਲਵਾਰਸ ਪਿੰਡ ਦੇ ਵਾਸੀ

ਅਸੀਂ ਪਿੰਡ ਭੈਣੀ ਬਾਂਗਰ ਦੇ ਸਮੂਹ ਵਾਸੀ ਤੁਹਾਡੇ ਰਾਹੀਂ ਆਪਣੀਆਂ ਮੁਸ਼ਕਿਲਾਂ ਜੋ ਪਿਛਲੇ 70 ਸਾਲ ਤੋਂ ਜਿਉਂ ਦੀ ਤਿਉਂ ਮੂੰਹ ਅੱਡੀ ਖੜੀਆਂ ਹਨ ਜਦ ਕਿ ਇਸ ਨਗਰ ਤੋਂ ਬਹੁਤ ਵੱਡੀ ਗਿਣਤੀ ਵਿਚ ਨੌਜਵਾਨ ਫੌਜ ਵਿਚ ਸੇਵਾ ਵਿਚ ਰਹੇ ਹਨ। ਦੋ ਆਜ਼ਾਦੀ ਘੁਲਾਟੀਆਂ ਤੋਂ ਇਲਾਵਾ ਮਹਾਵੀਰ ਚੱਕਰ ਵਿਜੇਤਾ ਸ਼ਹੀਦ ਚੈਨ ਸਿੰਘ ਅਤੇ 4 ਹੋਰ ਵੀ ਨੌਜਵਾਨਾਂ ਨੇ ਸ਼ਹੀਦੀਆਂ ਪਾਈਆਂ ਹਨ। ਇਸ ਸਭ ਦੇ ਬਾਵਜੂਦ ਲਾਰਿਆਂ ਤੋਂ ਹੋਰ ਕੁਝ ਨਹੀਂ ਮਿਲਿਆ।
ਇਸ ਸਮੇਂ ਸਭ ਤੋਂ ਵੱਡੀ ਸਮੱਸਿਆ ਹੈ ਗੰਦੇ ਪਾਣੀ ਦੀ ਨਿਕਾਸੀ ਅਤੇ ਪੀਣ ਵਾਲਾ ਪਾਣੀ ਦੀ। ਇਹ ਦੋ ਪ੍ਰਮੁੱਖ ਸਮੱਸਿਆਵਾਂ ਹਨ। ਜਿਸ ਲਈ ਅਸੀਂ ਪਿਛਲੇ ਇਕ ਸਾਲ ਤੋਂ ਸਬੰਧਿਤ ਪ੍ਰਸ਼ਾਸਨ ਨੂੰ ਵਾਰ-ਵਾਰ ਜਾਣੂ ਕਰਵਾਉਂਦੇ ਆ ਰਹੇ ਹਾਂ ਅਤੇ ਤੁਹਾਡੇ ਅਖ਼ਬਾਰ ਰਾਹੀਂ ਹਲਕਾ ਵਿਧਾਇਕ, ਸਬੰਧਿਤ ਮੰਤਰੀ, ਡਿਪਟੀ ਕਮਿਸ਼ਨਰ, ਬੀ.ਡੀ.ਓ. ਤੋਂ ਮੰਗ ਕਰਦੇ ਹਾਂ ਕਿ ਕੋਈ ਸਾਡਾ ਪਿੰਡ ਵੀ ਗੋਦ ਲੈ ਲਵੇ ਕਿਉਂਕਿ ਅਸੀਂ ਵੀ ਲਾਵਾਰਸ ਮਹਿਸੂਸ ਕਰ ਰਹੇ ਹਾਂ ਅਤੇ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਸਮੱਸਿਆਵਾਂ ਤੋਂ ਸਾਨੂੰ ਨਿਜਾਤ ਦਿਵਾਈ ਜਾਵੇ।

-ਕਸ਼ਮੀਰ ਸਿੰਘ ਸੰਧੂ
ਪਿੰਡ ਭੈਣੀ ਬਾਂਗਰ, ਡਾਕ: ਕਾਦੀਆਂ, ਜ਼ਿਲ੍ਹਾ ਗੁਰਦਾਸਪੁਰ।

ਉਜਾੜਾ ਭੱਤਾ

ਸਰਹੱਦੀ ਜ਼ਿਮੀਂਦਾਰਾਂ/ਮਾਲਕਾਂ ਦੀ ਜ਼ਮੀਨ, ਅੰਮ੍ਰਿਤਸਰ-ਪਠਾਨਕੋਟ ਕੌਮੀ ਮਾਰਗ ਨੂੰ ਚੌੜਾ ਕਰਨ ਕਾਰਨ ਸਮੇਂ ਸਿਰ ਐਕੁਆਇਰ ਕੀਤੀ ਗਈ ਸੀ, ਪਰ ਅਜੇ ਤੱਕ ਸੰਪੂਰਨ ਰੂਪ ਵਿਚ ਜ਼ਿਮੀਂਦਾਰਾਂ/ਮਾਲਕਾਂ ਨੂੰ ਉਜਾੜਾ ਭੱਤਾ ਨਹੀਂ ਮਿਲਿਆ, ਜਿਸ ਕਾਰਨ ਸੈਂਕੜੇ ਜ਼ਿਮੀਂਦਾਰ ਆਪਣੇ ਹੱਕ ਦੀ ਲੜਾਈ ਅਦਾਲਤਾਂ ਵਿਚ ਲੜਨ ਲਈ ਮਜਬੂਰ ਹੋਏ ਹਨ।
ਹਾਈ ਕੋਰਟ ਨੇ ਵੀ ਵੱਖ-ਵੱਖ ਮਾਮਲਿਆਂ ਮੁਤਾਬਿਕ ਜ਼ਿਮੀਂਦਾਰਾਂ ਨੂੰ ਬਣਦਾ ਉਜਾੜਾ ਭੱਤਾ ਦੇਣ ਦਾ ਹੁਕਮ ਦਿੱਤਾ ਸੀ, ਪਰ ਕੁਝ ਨੂੰ ਮਾਮਲਿਆਂ ਵਿਚ ਅਦਾਇਗੀ ਹੋਈ ਦੱਸੀ ਜਾਂਦੀ ਹੈ ਪਰ ਅਜੇ ਵੀ ਕਈ ਜ਼ਿਮੀਂਦਾਰ/ਮਾਲਕ ਉਜਾੜਾ ਭੱਤਾ ਮਿਲਣ ਦੀ ਆਸ ਲਾਈ ਬੈਠੇ ਹਨ। ਜ਼ਿਮੀਂਦਾਰ ਜਿਹੜਾ ਕਿ ਪਹਿਲਾਂ ਹੀ ਆਰਥਿਕ ਮੰਦਹਾਲੀ ਵਿਚੋਂ ਗੁਜ਼ਰ ਰਿਹਾ ਹੈ, ਵੱਖ-ਵੱਖ ਕਰਜ਼ਿਆਂ ਦੇ ਬੋਝ ਥੱਲੇ ਦੱਬਿਆ ਪਿਆ ਹੈ ਅਤੇ ਜ਼ਮੀਨ ਐਕੁਆਇਰ ਹੋਣ ਨਾਲ ਪਹਿਲਾਂ ਹੀ ਉਜੜਿਆ ਬੈਠਾ ਹੈ। ਇਸ ਸਬੰਧੀ ਲੋੜ ਹੈ ਸਰਕਾਰ, ਲੈਂਡ ਐਕਿਊਜੇਸ਼ਨ ਅਫਸਰ ਅਤੇ ਐਨ.ਐਚ.ਏ.ਆਈ. ਨੂੰ ਜ਼ਿਮੀਂਦਾਰਾਂ/ਮਾਲਕਾਂ (ਜੋ ਕਿ ਰਹਿ ਗਏ ਹਨ) ਦੀ ਬਣਦੀ ਰਕਮ ਉਨ੍ਹਾਂ ਦੇ ਖਾਤਿਆਂ ਵਿਚ ਜਮ੍ਹਾਂ ਕਰਾਉਣ ਦੀ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਬਿਰਧ ਆਸ਼ਰਮ

ਜੋ ਸੁਖ ਇਨਸਾਨ ਨੂੰ ਆਪਣੇ ਘਰ ਆ ਕੇ ਮਿਲਦਾ ਹੈ, ਕਿਤੇ ਵੀ ਘੁੰਮ ਲਵੇ, ਉਹ ਸੁੱਖ ਤੇ ਆਨੰਦ ਕਦੀ ਪ੍ਰਾਪਤ ਨਹੀਂ ਹੁੰਦਾ। ਪਰਿਵਾਰ ਵਿਚ ਬੈਠ ਕੇ ਦੁੱਖ-ਸੁੱਖ ਕਰਨ ਦਾ, ਇਕੱਠੇ ਬੈਠਣ ਦਾ ਵੇਲਾ ਹੁਣ ਬੀਤਿਆ ਵੇਲੇ ਲਗਦਾ ਹੈ। ਹੁਣ ਆਧੁਨਿਕ ਯੁੱਗ ਹੈ ਨਵੀਂ ਪੀੜ੍ਹੀ ਵਿਚ ਹਰ ਕੋਈ ਪੜ੍ਹ-ਲਿਖ ਕੇ ਚੰਗਾ ਕਮਾਉਣ ਦੇ ਕਾਬਲ ਹੁੰਦਾ ਜਾ ਰਿਹਾ ਹੈ। ਹਰ ਕੋਈ ਨੌਜਵਾਨ ਪੜ੍ਹ-ਲਿਖ ਕੇ ਵੱਡੇ ਸ਼ਹਿਰ ਜਾਂ ਵਿਦੇਸ਼ ਰਹਿਣ ਦੀ ਇੱਛਾ ਰੱਖਦਾ ਹੈ। ਸਿਆਣੇ ਘਰ ਦੇ ਬਜ਼ੁਰਗ ਆਪਣਾ ਘਰ-ਬਾਰ ਪਿੰਡ ਛੱਡ ਕੇ ਵੱਡੇ ਸ਼ਹਿਰਾਂ ਜਾਂ ਵਿਦੇਸ਼ਾਂ ਵਿਚ ਆਪਣਾ ਬੁਢਾਪਾ ਨਹੀਂ ਕੱਟ ਸਕਦੇ। ਘਰ ਵਿਚ ਇਕੱਲੇ ਬਿਰਧ ਆਸ਼ਰਮਾਂ ਵਾਲੀ ਜ਼ਿੰਦਗੀ ਜੀਅ ਰਹੇ ਹਨ। ਪੈਸਾ ਭੇਜ ਕੇ ਆਪਣਾ ਫਰਜ਼ ਪੂਰਾ ਕਰਨ ਵਾਲੇ ਬੱਚੇ ਇਹ ਕਿਉਂ ਨਹੀਂ ਸਮਝ ਰਹੇ ਕਿ ਦਿਲ ਦੀਆਂ ਭਾਵਨਾਵਾਂ ਉਹ ਕਿਸ ਨੂੰ ਦੱਸਣ? ਨਵੇਂ ਯੁੱਗ ਵਿਚ ਪੁਰਾਣੀ ਪੀੜ੍ਹੀ ਕਿਤੇ ਦੱਬੀ ਨਜ਼ਰ ਆਉਂਦੀ ਹੈ। ਇਕੱਲੇ ਰਹਿ ਕੇ ਤੇ ਆਂਢ-ਗੁਆਂਢ ਨਾਲ ਦੁੱਖ ਸੁੱਖ ਕਰਕੇ ਹੀ ਬਜ਼ੁਰਗ ਹੁਣ ਜ਼ਿੰਦਗੀ ਬਤੀਤ ਕਰ ਰਹੇ ਹਨ। ਬਜ਼ੁਰਗ ਮਾਂ-ਬਾਪ ਦੀਆਂ ਅੱਖਾਂ ਹਮੇਸ਼ਾ ਆਪਣੇ ਧੀ-ਪੁੱਤਰਾਂ ਨੂੰ ਉਡੀਕਦੀਆਂ ਹਨ ਕੀ ਪਤਾ ਆਖਰੀ ਵੇਲਾ ਜਦ ਹੋਵੇ ਕੋਈ ਦੇਖੇ ਜਾਂ ਨਾ ਦੇਖੇ।

-ਜਸਵੀਰ ਕੌਰ ਜੱਸ
ਸੈਕਟਰ 3, ਤਲਵਾੜਾ ਟਾਊਨਸ਼ਿਪ, ਹੁਸ਼ਿਆਰਪੁਰ।

11-12-2018

 ਮਿਲਾਵਟਖੋਰਾਂ ਤੋਂ ਬਚੋ
ਭਾਰਤ ਇਕ ਬਹੁਭਾਸ਼ਾਈ ਤੇ ਬਹੁਧਰਮੀ ਦੇਸ਼ ਹੈ। ਇਥੇ ਰੁੱਤਾਂ, ਧਰਮਾਂ, ਸੱਭਿਅਤਾ, ਸੰਸਕ੍ਰਿਤੀ ਨਾਲ ਸਬੰਧਿਤ ਕਈ ਤਿਉਹਾਰ ਤੇ ਮੇਲੇ ਮਨਾਏ ਜਾਂਦੇ ਹਨ। ਸਭ ਜਗ ਜ਼ਾਹਰ ਹੈ, ਭਲੀ-ਭਾਂਤ ਜਾਣਦੇ ਹੋਏ ਕਿ ਦੁੱਧ ਦਾ ਤਾਂ ਉਤਪਾਦਨ ਹੋ ਹੀ ਨਹੀਂ ਰਿਹਾ, ਜਿੰਨੀ ਕਿ ਰੋਜ਼ਾਨਾ ਖਪਤ ਹੋ ਰਹੀ। ਪਰ ਫਿਰ ਵੀ ਲੋਕ ਸਭ ਜਾਣਦੇ ਹਨ ਕਿ ਦੁੱਧ ਦੇ ਬਣੇ ਨਕਲੀ ਉਤਪਾਦ ਖਰੀਦ ਕੇ ਖਾ ਰਹੇ ਹਨ। ਸਰਕਾਰ ਤੇ ਸਿਹਤ ਵਿਭਾਗ ਸਭ ਜਾਣਦੇ ਹੋਏ ਕੁੰਭਕਰਨੀ ਨੀਂਦ ਸੁੱਤੇ ਹਨ। ਖਾਨਾਪੂਰਤੀ ਦੇ ਨਾਂਅ ਕੁਝ ਸ਼ਹਿਰਾਂ ਦੀ ਛਾਪੇਮਾਰੀ ਕੀਤੀ। ਮਿਲਾਟਵਖੋਰੀ ਦਾ ਹੀ ਅਸਰ ਹੈ ਕਿ ਪੰਜਾਬੀ ਲੋਕ ਹਰ ਰੋਜ਼ ਨਵੀਂ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ। ਹਸਪਤਾਲ ਭਰੇ ਪਏ ਹਨ ਜਿਵੇਂ ਪੰਜਾਬ ਹੀ ਬਿਮਾਰ ਹੋ ਗਿਆ ਹੋਵੇ। ਸਰਕਾਰ ਨੂੰ ਚਾਹੀਦਾ ਹੈ ਕਿ ਮਿਲਾਵਟਖੋਰਾਂ 'ਤੇ ਸ਼ਿਕੰਜਾ ਕੱਸਿਆ ਜਾਵੇ। ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।

ਂਪਰਮ ਪਿਆਰ ਸਿੰਘ
ਪਿੰਡ ਨਕੋਦਰ।

ਜਲਗਾਹਾਂ
'ਜਲਗਾਹਾਂ ਸਾਡੀਆਂ ਅਨਮੋਲ ਧਰੋਹਰ ਹਨ, ਜਿਨ੍ਹਾਂ ਦੀ ਦੇਖਭਾਲ ਕਰਨਾ ਸਾਡਾ ਸਭ ਦਾ ਨੈਤਿਕ ਫ਼ਰਜ਼ ਹੈ'। ਇਸ ਵਾਕ ਦੀ ਪੂਰਤੀ ਹਿਤ ਹਰ ਸਾਲ 2 ਫਰਵਰੀ ਜਲਗਾਹ ਦਿਵਸ ਵਜੋਂ ਮਨਾਇਆ ਜਾਂਦਾ ਹੈ। ਜਲਗਾਹਾਂ ਜਿੱਥੇ ਛੋਟੇ-ਵੱਡੇ ਜੀਵਾਂ, ਅਨੇਕ ਪ੍ਰਕਾਰ ਦੀਆਂ ਮੱਛੀਆਂ ਅਤੇ ਦੇਸੀ ਵਿਦੇਸ਼ੀ ਪੰਛੀਆਂ ਦਾ ਰੈਣ ਬਸੇਰਾ ਹਨ, ਉਥੇ ਹੀ ਇਨ੍ਹਾਂ ਦੀ ਮਨੁੱਖੀ ਜੀਵਨ ਵਿਚ ਵੀ ਅਹਿਮ ਭੂਮਿਕਾ ਹੈ। ਜਲਗਾਹਾਂ ਕਈ ਪ੍ਰਕਾਰ ਦੇ ਲੁਪਤ ਹੋਣ ਦੀ ਕਗਾਰ 'ਤੇ ਖੜ੍ਹੀਆਂ ਪ੍ਰਜਾਤੀਆਂ ਨੂੰ ਵੀ ਆਸਰਾ ਦੇ ਰਹੀਆਂ ਹਨ। ਕਿਹਾ ਜਾਂਦਾ ਹੈ ਕਿ ਜੇਕਰ ਪੌਦੇ ਧਰਤੀ ਦੇ ਫੇਫੜੇ ਹਨ, ਤਾਂ ਜਲਗਾਹਾਂ ਧਰਤੀ ਦੀਆਂ ਕਿਡਨੀਆਂ। ਜਲਗਾਹਾਂ ਆਮਦਨ ਦਾ ਵੀ ਇਕ ਸੋਮਾ ਹਨ। ਹੜ੍ਹਾਂ ਨੂੰ ਰੋਕਣ ਵਿਚ ਵੀ ਇਹ ਆਪਣੀ ਇਕ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਕੁੱਲ ਮਿਲਾ ਕੇ ਇਹ ਪਰਮਾਤਮਾ ਵਲੋਂ ਮਨੁੱਖ ਅਤੇ ਹੋਰਨਾਂ ਜਾਤੀਆਂ ਲਈ ਇਕ ਅਹਿਮ ਤੋਹਫ਼ਾ ਹੈ।

-ਫੈਸਲ ਖ਼ਾਨ
ਜ਼ਿਲ੍ਹਾ ਰੋਪੜ।

ਰਾਹ ਦਸੇਰਾ ਬਣੇ
ਚੰਗੇ ਮਾਪੇ ਹੀ ਚੰਗਾ ਸਮਾਜ ਸਿਰਜ ਸਕਦੇ ਹਨ। ਅੱਜ ਬੱਚਿਆਂ ਲਈ ਨਾ ਰਾਹ ਹਨ ਨਾ ਰਾਹ ਦਸੇਰੇ। ਪਿਛਲੇ ਕੁਝ ਸਮੇਂ ਤੋਂ ਸਮਾਜ ਵਿਚ ਇਕਦਮ ਤਬਦੀਲੀ ਆ ਗਈ ਹੈ। ਇਸ ਤਬਦੀਲੀ ਦਾ ਇਕ ਵੱਡਾ ਕਾਰਨ ਸੋਸ਼ਲ ਮੀਡੀਆ ਬਣਿਆ ਹੈ। ਅੱਜ ਦੇ ਬੱਚਿਆਂ ਦੀਆਂ ਨਾ ਤਾਂ ਪਹਿਲਾਂ ਵਾਲੀਆਂ ਖੇਡਾਂ ਰਹੀਆਂ ਤੇ ਨਾ ਸ਼ੌਕ ਰਹੇ। ਇਹ ਗੱਲ ਅਕਸਰ ਹੀ ਕਹੀ ਜਾਂਦੀ ਹੈ ਅੱਜ ਦਾ ਨੌਜਵਾਨ ਭਟਕ ਚੁੱਕਾ ਹੈ। ਪਰ ਕੀ ਅੱਜ ਦੇ ਨੌਜਵਾਨ ਲਈ ਅਸੀਂ ਕੋਈ ਰਾਹ ਬਣਾਇਆ ਹੈ ਜਿਸ 'ਤੇ ਚੱਲਣ ਦੀ ਉਸ ਤੋਂ ਆਸ ਕਰਦੇ ਹਾਂ। ਉਹ ਆਪ ਆਪਣਾ ਰਸਤਾ ਲੱਭ ਸਕੇ, ਇਸ ਦੀ ਸੰਭਾਵਨਾ ਵੀ ਨਹੀਂ ਛੱਡੀ। ਜਿਹੜੇ ਮਾਪੇ ਆਪ ਭਟਕ ਗਏ ਹਨ, ਉਹ ਬੱਚਿਆਂ ਨੂੰ ਸਹੀ ਰਾਹ 'ਤੇ ਕਿਵੇਂ ਪਾਉਣਗੇ। ਅੱਜ ਨਾ ਬੱਚਿਆਂ ਲਈ ਰਾਹ ਹਨ ਤੇ ਨਾ ਰਾਹ ਦਸੇਰੇ। ਬਿਨਾਂ ਸ਼ੱਕ ਸਮਾਜ ਕਿੰਨੀ ਵੀ ਤਰੱਕੀ ਕਰ ਜਾਵੇ ਪਰ ਬੱਚੇ ਦਾ ਭਵਿੱਖ ਮਾਪਿਆਂ ਦੀ ਪਰਵਰਿਸ਼ 'ਤੇ ਨਿਰਭਰ ਕਰਦਾ ਹੈ। ਮਾਪਿਆਂ ਵਲੋਂ ਹਰ ਵੇਲੇ ਰੁੱਝੇ ਹੋਣ ਦਾ ਬਹਾਨਾ ਲਾ ਕੇ ਬੱਚਿਆਂ ਵੱਲ ਧਿਆਨ ਨਾ ਦੇਣਾ, ਉਨ੍ਹਾਂ ਦੀਆਂ ਉਲਝਣਾਂ ਦੂਰ ਨਾ ਕਰਨਾ ਬੱਚਿਆਂ ਅਤੇ ਮਾਪਿਆਂ ਵਿਚ ਦੂਰੀ ਵਧਾ ਰਿਹਾ ਹੈ।

-ਪਰਮਜੀਤ ਕੌਰ ਸਰਾਂ
ਕੋਟਕਪੂਰਾ

ਕੈਨੇਡਾ ਦਾ ਸਿੰਚਾਈ ਪ੍ਰਬੰਧ
ਕੈਨੇਡਾ ਦੇਸ਼ ਦੀ ਧਰਤੀ ਉੱਚੇ-ਨੀਵੇਂ ਟਿੱਬਿਆਂ ਨਾਲ ਭਰਪੂਰ ਧਰਤੀ ਹੈ। ਹਰੇਕ ਵਾਹੀਯੋਗ ਜ਼ਮੀਨ ਵਿਚ ਕੁਦਰਤੀ ਤੌਰ 'ਤੇ ਬਣੇ ਉੱਚੇ ਟਿੱਬਿਆਂ ਵਿਚ ਡੂੰਘੇ ਖੂਹ ਪੁੱਟੇ ਜਾਂਦੇ ਹਨ। ਕੈਨੇਡਾ ਵਿਚ ਗਰਮੀਆਂ ਦੇ ਛੇ ਮਹੀਨੇ ਭਰਪੂਰ ਬਾਰਿਸ਼ ਹੁੰਦੀ ਰਹਿੰਦੀ ਹੈ। ਇਸ ਤਰ੍ਹਾਂ ਇਨ੍ਹਾਂ ਖੂਹਾਂ ਵਿਚ ਪਾਣੀ ਭਰਦਾ ਰਹਿੰਦਾ ਹੈ। ਫ਼ਸਲਾਂ ਨੂੰ ਸਿੰਜਣ ਲਈ ਇਨ੍ਹਾਂ ਖੂਹਾਂ ਵਿਚ ਭਰਿਆ ਪਾਣੀ, ਖੇਤਾਂ ਵਿਚ ਵਿਛਾਏ ਪਾਈਪਾਂ ਰਾਹੀਂ ਤੁਪਕਾ ਤਕਨੀਕ ਰਾਹੀਂ ਦਿੱਤਾ ਜਾਂਦਾ ਹੈ। ਕੈਨੇਡਾ ਵਿਚ ਹੁੰਦੀਆਂ ਭਰਪੂਰ ਬਾਰਿਸ਼ਾਂ ਦੇ ਪਾਣੀ ਨੂੰ ਕੈਨੇਡਾ ਵਿਚ ਹਰੇਕ ਬਿਲਡਿੰਗ 'ਤੇ ਲੱਗੇ 'ਰੀਚਾਰਜ ਪਾਈਪਾਂ' ਰਾਹੀਂ ਧਰਤੀ ਹੇਠ ਭੇਜ ਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਪਰ ਰੱਖਿਆ ਜਾਂਦਾ ਹੈ। ਅਜੋਕੇ ਪੰਜਾਬ ਵਿਚ ਜਿਥੇ ਭਵਿੱਖ ਦੀ ਚਿੰਤਾ ਕੀਤੇ ਬਿਨਾਂ ਧਰਤੀ ਹੇਠਲਾ ਪਾਣੀ ਮੁਕਾਇਆ ਜਾ ਰਿਹਾ ਹੈ, ਉਥੇ ਕੈਨੇਡਾ ਸਮੇਤ ਅਗਾਂਹਵਧੂ ਸੋਚ ਰੱਖਣ ਵਾਲੇ ਦੇਸ਼ ਆਪਣੀਆਂ ਧਰਤੀਆਂ ਹੇਠਲੇ ਪਾਣੀ ਨੂੰ ਬਚਾ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਵਰਗੀ ਅਮੋਲਕ ਰੱਬੀ ਦਾਤ ਦੀ ਸੰਭਾਲ ਕਰ ਰਹੇ ਹਨ। ਆਓ, ਅਸੀਂ ਪੰਜਾਬੀ ਵੀ ਕੈਨੇਡਾ ਦੀ ਰੀਸ ਨਾਲ ਮੁੜ ਤੋਂ ਪੰਜਾਬ ਵਿਚ ਜੰਗਲਾਂ ਦੇ ਝੁੰਡ ਪੈਦਾ ਕਰ ਕੇ ਮੁੜ ਤੋਂ ਭਰਪੂਰ ਬਾਰਿਸ਼ਾਂ ਨੂੰ ਸੱਦਾ ਦੇਈਏ ਅਤੇ ਧਰਤੀ ਹੇਠਲਾ ਪਾਣੀ ਬਚਾਈਏ।

-ਇੰਜ: ਕੁਲਦੀਪ ਸਿੰਘ ਲੁੱਧਰ
ਗੁਰੂ ਨਾਨਕ ਵਾੜਾ, ਅੰਮ੍ਰਿਤਸਰ।

10-12-2018

 ਸ਼ਲਾਘਾਯੋਗ ਕੰਮ
ਆਪਣੇ ਸਾਰੇ ਮਾਈ, ਭਾਈ, ਸਾਧ ਸੰਗਤ, ਗੁਰੂ ਨਾਨਕ ਨਾਮ ਲੇਵਾ ਸ਼ਰਧਾਲੂਆਂ ਲਈ ਇਹ ਕਰਤਾਰਪੁਰ ਸਾਹਿਬ ਦੇ ਲਾਂਘੇ ਵਾਲਾ ਕੰਮ ਬਹੁਤ ਹੀ ਵਧੀਆ ਕਾਰਜ ਕੀਤਾ ਗਿਆ ਹੈ। ਇਸ ਦਾ ਸਿਹਰਾ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖ਼ਾਨ ਨੂੰ ਮਿਲਦਾ ਹੈ, ਜਿਨ੍ਹਾਂ ਨੇ ਸਾਰੀ ਮਨਾਂ ਵਿਚਲੀ ਕੁੜੱਤਣ ਹਟਾ ਕੇ ਦੋਸਤੀ ਤੇ ਭਾਈਚਾਰਕ ਸਾਂਝ ਵਧਾਉਣ ਨੂੰ ਪਹਿਲ ਦਿੱਤੀ ਅਤੇ ਸਿੱਖ ਸੰਗਤਾਂ ਨੂੰ ਵਿਛੜੇ ਹੋਏ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਣਾ ਦਿੱਤਾ। ਇਸ ਨਾਲ ਆਉਣ ਵਾਲੇ ਸਮੇਂ ਵਿਚ ਵੀ ਦੋਵਾਂ ਦੇਸ਼ਾਂ ਦੇ ਚੰਗੇ ਸਬੰਧਾਂ ਦੀ ਆਸ ਬੱਝੀ ਰਹੇਗੀ।


-ਪਰਮਜੀਤ ਕੌਰ ਸੋਢੀ
ਭਗਤਾ ਭਾਈਕਾ।


ਅਪਮਾਨਜਨਕ ਬਿਆਨਬਾਜ਼ੀ
ਪਿਛਲੇ ਦਿਨੀਂ ਪੰਜਾਬ ਦੇ ਇਕ ਸਿਆਸੀ ਨੇਤਾ ਦੁਆਰਾ ਗੁਆਂਢੀ ਸੂਬੇ ਦੇ ਚੋਣ ਪ੍ਰਚਾਰ ਦੌਰਾਨ ਖੰਘ ਦੀ ਦਵਾਈ ਵਾਲੇ ਬਿਆਨ ਦੀ ਚਾਰੇ ਪਾਸੇ ਖੂਬ ਚਰਚਾ ਹੋ ਰਹੀ ਹੈ। ਸਿਆਸੀ ਨੇਤਾਵਾਂ ਦੇ ਇਸ ਤਰ੍ਹਾਂ ਦੇ ਬਿਆਨ ਕੋਈ ਨਵੀਂ ਗੱਲ ਨਹੀਂ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਵਿਵਾਦਪੂਰਨ ਬਿਆਨ ਆਉਂਦੇ ਰਹਿੰਦੇ ਹਨ। ਜ਼ਿਆਦਾਤਰ ਨੇਤਾ ਤਾਂ ਮੀਡੀਆ ਵਿਚ ਰਹਿਣ ਲਈ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਰਹਿੰਦੇ ਹਨ। ਇਥੇ ਕਸੂਰ ਆਮ ਲੋਕਾਂ ਦਾ ਵੀ ਹੈ, ਜਦੋਂ ਕੋਈ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦਾ ਹੈ ਤਾਂ ਸਾਨੂੰ ਚਾਹੀਦਾ ਹੈ ਕਿ ਤਾੜੀਆਂ ਮਾਰਨ ਦੀ ਬਜਾਏ ਤੁਰੰਤ ਉਸ ਸਿਆਸੀ ਨੇਤਾ ਨੂੰ ਜਵਾਬਦੇਹ ਕੀਤਾ ਜਾਵੇ ਕਿ ਉਹ ਇਸ ਤਰ੍ਹਾਂ ਦੀ ਘਟੀਆ ਸ਼ਬਦਾਵਲੀ ਕਿਉਂ ਵਰਤ ਰਿਹਾ ਹੈ। ਨੇਤਾਵਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਾ ਕਰਨ ਕਿਉਂਕਿ ਉਹ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦੇ ਹਨ ਤੇ ਉਨ੍ਹਾਂ ਨੂੰ ਲੋਕ ਮੁੱਦਿਆਂ ਦੀ ਹੀ ਗੱਲ ਕਰਨੀ ਚਾਹੀਦੀ ਹੈ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।


ਬੱਸ ਸੇਵਾ
ਪੀ.ਆਰ.ਟੀ.ਸੀ. ਵਲੋਂ ਦਿੱਲੀ ਹਵਾਈ ਅੱਡੇ ਤੱਕ ਬੱਸ ਸੇਵਾ ਦਿੱਤੀ ਜਾ ਰਹੀ ਹੈ। ਪ੍ਰੰਤੂ ਲੋਕਾਂ ਨੂੰ ਦਿੱਤੀ ਜਾ ਰਹੀ ਸੁੱਖ ਸਹੂਲਤ ਨੂੰ ਤਾਂ ਹੀ ਕਾਮਯਾਬ ਕਹਾਂਗੇ, ਜੇਕਰ ਸਵਾਰੀਆਂ ਨੂੰ ਸਫ਼ਰ ਕਰਦਿਆਂ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ। 14 ਅਕਤੂਬਰ, 2018 ਨੂੰ ਰਾਤ 9.40 ਵਜੇ ਤੋਂ ਇਸ ਬੱਸ ਵਿਚ ਸਫਰ ਕਰਨ ਦਾ ਮੌਕਾ ਮਿਲਿਆ। ਹਵਾਈ ਅੱਡੇ ਤੋਂ ਸਾਰੀਆਂ ਸਵਾਰੀਆਂ ਮਿਲ ਜਾਣ ਦੇ ਬਾਵਜੂਦ ਬੱਸ ਪੂਰਾ ਇਕ ਘੰਟਾ ਦਿੱਲੀ ਆ ਕੇ ਮੁੱਖ ਬੱਸ ਅੱਡੇ 'ਤੇ ਰੁਕੀ ਰਹੀ। ਜਦੋਂ ਕਿ ਇੰਨੇ ਸਮੇਂ ਵਿਚ 60 ਕਿਲੋਮੀਟਰ ਦਾ ਸਫਰ ਤਹਿ ਹੋ ਸਕਦਾ ਸੀ। ਇਸ ਤੋਂ ਵੀ ਵੱਡੀ ਜ਼ਿਆਦਤੀ ਉਦੋਂ ਹੋਈ, ਜਦੋਂ ਲੁਧਿਆਣਾ ਦੀਆਂ ਸਵਾਰੀਆਂ ਨੂੰ ਮੁੱਖ ਬੱਸ ਅੱਡਾ ਵਿਖੇ ਪਹੁੰਚਾਉਣ ਦੀ ਬਜਾਏ 3-4 ਕਿਲੋਮੀਟਰ ਪਿੱਛੇ ਅਧੂਰੀ ਅਤੇ ਬੇਕਾਰ ਜਗ੍ਹਾ ਹਨੇਰੇ ਵਿਚ ਸਵੇਰੇ 4.30 ਵਜੇ ਉਤਾਰ ਦਿੱਤਾ ਗਿਆ। ਜ਼ਰਾ ਔਰਤ ਸਵਾਰੀਆਂ ਬਾਰੇ ਸੋਚ ਕੇ ਵੇਖੋ। ਦੋ-ਦੋ ਅਟੈਚੀ ਅਤੇ ਬੈਗ ਵਾਲੀਆਂ 5-6 ਸਵਾਰੀਆਂ ਨੂੰ ਦੋ-ਦੋ ਸੌ ਰੁਪਏ ਆਟੋ ਵਾਲਿਆਂ ਨੂੰ ਦੇ ਕੇ ਮੁੱਖ ਬੱਸ ਅੱਡਾ ਪਹੁੰਚਣਾ ਪਿਆ। ਬੇਨਤੀ ਹੈ ਕਿ ਸਵਾਰੀਆਂ ਦੀ ਬਿਨਾਂ ਵਜ੍ਹਾ ਕੀਤੀ ਜਾਂਦੀ ਖੱਜਲ-ਖੁਆਰੀ ਅਤੇ ਪ੍ਰੇਸ਼ਾਨੀ ਬੰਦ ਕੀਤੀ ਜਾਵੇ।


-ਬਲਵਿੰਦਰ ਸਿੰਘ ਰੋਡੇ
ਮੋਗਾ।


ਪੰਜਾਬੀ ਬੋਲੀ
ਪਿਛਲੇ ਦਿਨੀਂ ਪੰਜਾਬੀ ਹਿਤੈਸ਼ੀਆਂ ਅਤੇ ਸਰਕਾਰ ਵਲੋਂ ਸਾਂਝੇ ਤੌਰ 'ਤੇ ਪੰਜਾਬੀ ਮਾਂ-ਬੋਲੀ ਪ੍ਰਤੀ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਵਿਤਕਰੇ ਸਬੰਧੀ, ਇਸ ਦਾ ਖੁਸਿਆ ਵੱਕਾਰ ਹਾਸਲ ਕਰਨ ਲਈ ਲੋਕ ਲਹਿਰ ਖੜ੍ਹੀ ਕਰਨ ਦਾ ਸੱਦਾ ਦਿੱਤਾ ਸੀ, ਜੋ ਕਿ ਵਧੀਆ ਉਪਰਾਲਾ ਸੀ ਕਿਉਂਕਿ ਪੰਜਾਬੀ ਸਾਡੀ ਪਹਿਚਾਣ ਹੈ ਅਤੇ ਇਸ ਦੇ ਨਾਲ ਹੀ ਸਾਡੀ ਹੋਂਦ ਕਾਇਮ ਹੈ। ਕੋਈ ਵੀ ਮੁਲਕ ਆਪਣੀ ਮਾਂ-ਬੋਲੀ ਨੂੰ ਵਿਸਾਰ ਕੇ ਤਰੱਕੀ ਨਹੀਂ ਕਰ ਸਕਦਾ। ਚੰਡੀਗੜ੍ਹ ਵਿਚ ਸਾਈਨ ਬੋਰਡ, ਪੰਜਾਬ ਸਰਕਾਰ ਦੇ ਵਿਭਾਗਾਂ ਦੇ ਕੰਮਕਾਜ, ਵਰਤੀ ਜਾਂਦੀ ਭਾਸ਼ਾ ਪੰਜਾਬੀ ਵਿਚ ਹੋਣੀ ਚਾਹੀਦੀ ਹੈ। ਭਾਸ਼ਾ ਵਿਭਾਗ ਨੂੰ ਗਾਹੇ-ਬਗਾਹੇ ਸਰਕਾਰੀ ਦਫਤਰਾਂ ਦੀ ਪੰਜਾਬੀ ਦੀ ਵਰਤੋਂ ਕਰਨ ਸਬੰਧੀ ਜਾਂਚ ਕਰਨੀ ਚਾਹੀਦੀ ਹੈ। ਜਿਥੇ ਸਾਡੇ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਪੰਜਾਬੀ ਵਿਚ ਕੰਮਕਾਜ ਕਰੀਏ, ਉਥੇ ਪੰਜਾਬ ਸਰਕਾਰ ਨੂੰ ਵੀ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਜ਼ਮੀਨੀ ਪੱਧਰ 'ਤੇ ਕਾਰਵਾਈ ਕਰਨੀ ਚਾਹੀਦੀ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਗੁਰੂ ਨੇ ਬਾਜ਼ੀ ਜਿੱਤ ਲਈ
ਪਿਛਲੇ ਦਿਨੀਂ ਲਾਹੌਰ ਤੋਂ ਤਾਇਬਾ ਬੁਖਾਰੀ ਦੀ ਵਿਸ਼ੇਸ਼ ਰਿਪੋਰਟ 'ਗੁਰੂ ਨੇ ਬਾਜ਼ੀ ਜਿੱਤ ਲਈ' ਪੜ੍ਹਿਆ। ਹਰ ਸ਼ਬਦ ਰੂਹ ਤੱਕ ਪਹੁੰਚਣ ਵਾਲਾ ਤੇ ਸਕੂਨ ਦੇਣ ਵਾਲਾ ਸੀ। ਜਿਵੇਂ ਕੋਈ ਨਫ਼ਰਤ ਦੀ ਅੱਗ ਵਿਚ ਝੁਲਸੇ ਦਿਲਾਂ 'ਤੇ ਠੰਢੇ ਛਿੱਟੇ ਮਾਰਦਾ ਹੋਵੇ। ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦੀਆਂ ਤਿਆਰੀਆਂ ਨਾਲ ਦੋਵਾਂ ਦੇਸ਼ਾਂ ਦੀ ਅਵਾਮ (ਲੋਕਾਂ) ਵਿਚ ਇਕ ਨਵੀਂ ਉਮੀਦ ਦੀ ਰੌਸ਼ਨੀ ਮਹਿਸੂਸ ਵੀ ਹੋ ਰਹੀ ਹੈ ਅਤੇ ਦਿਖਾਈ ਵੀ ਦੇਣ ਲੱਗੀ ਹੈ। ਸੱਚੀਂ ਬਾਬਾ ਤਾਂ ਸਭ ਦਾ ਸਾਂਝਾ ਸੀ ਅਸੀਂ 'ਮੇਰਾ ਮੇਰਾ' ਕਹਿ ਕੇ ਸੂਰਜ ਨੂੰ ਆਪਣੀ ਹੀ ਬੁੱਕਲ ਵਿਚ ਲੁਕੋਣ ਦੀ ਕੋਸ਼ਿਸ਼ ਕਰਦੇ ਰਹੇ ਹਾਂ। ਬਹੁਤ ਭੁਗਤ ਲਿਆ ਦੋਵਾਂ ਦੇਸ਼ਾਂ ਨੇ, ਹੁਣ ਇਕ ਮਾਂ ਦੇ ਸਿਆਣੇ ਪੁੱਤਰਾਂ ਵਾਂਗ ਮਨਾਂ ਦੀ ਮੈਲ ਖਤਮ ਕਰਕੇ ਇਕ-ਦੂਜੇ ਨਾਲ ਮਿਲ ਬੈਠ ਗੁੰਝਲਾਂ ਨੂੰ ਸੁਲਝਾਈਏ, ਤਰੱਕੀ ਦੇ ਰਾਹ ਚੱਲੀਏ, ਅਮਨ ਅਤੇ ਖੁਸ਼ਹਾਲੀ ਵੱਲ ਕਦਮ ਵਧਾਈਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰੀਏ।


-ਅੰਮ੍ਰਿਤ ਕੌਰ
ਅੱਧੀ ਟਿੱਬੀ ਬਡਰੁੱਖਾਂ, ਸੰਗਰੂਰ।

06-12-2018

 ਦੁੱਗਣੀ ਆਮਦਨ
ਧਾਰਮਿਕ ਗ੍ਰੰਥਾਂ ਵਿਚ ਖੇਤੀਬਾੜੀ ਦੇ ਧੰਦੇ ਨੂੰ ਸਭ ਕੰਮਾਂ ਤੋਂ ਉੱਤਮ ਦੱਸਿਆ ਗਿਆ ਹੈ, ਕਿਉਂਕਿ ਮਨੁੱਖ ਇਹ ਕੰਮ ਆਪਣੀ ਆਜ਼ਾਦੀ ਨਾਲ ਕਰ ਸਕਦਾ ਹੈ ਤੇ ਨਾਲ ਹੀ ਕੁਦਰਤ ਨਾਲ ਜੁੜਿਆ ਰਹਿੰਦਾ ਹੈ। ਅਜੋਕੇ ਸਮੇਂ ਵਿਚ ਕਿਸਾਨ ਇਕ ਕੰਮ ਨੂੰ ਘਾਟੇ ਵਾਲਾ ਦੱਸ ਕੇ ਪ੍ਰੇਸ਼ਾਨ ਹੈ। ਵਿਅਕਤੀ ਭਾਵੇਂ ਕੋਈ ਵੀ ਕੰਮ ਕਰਦਾ ਹੋਵੇ ਪਰ ਆਖ਼ਰਕਾਰ ਉਸ ਨੇ ਰੋਟੀ ਤਾਂ ਖੇਤੀਬਾੜੀ ਦੇ ਧੰਦੇ ਵਿਚੋਂ ਹੀ ਖਾਣੀ ਹੁੰਦੀ ਹੈ। ਇਸ ਲਈ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਐਲਾਨ ਕਰ ਦਿੱਤੇ। ਸਵਾਲ ਇਹ ਉੱਠਦਾ ਹੈ ਕਿ ਕੀ ਦੁੱਗਣੀ ਆਮਦਨ ਨਾਲ ਕਿਸਾਨ ਖੁਸ਼ ਹੋ ਜਾਣਗੇ? ਦਰਅਸਲ ਕਿਸਾਨ ਦਾ ਮਨ ਤੇ ਸੋਚ ਜ਼ਮੀਨੀ ਪੱਧਰ ਨਾਲ ਜੁੜ ਕੇ, ਇਸ ਖੇਤੀਬਾੜੀ ਦੇ ਕੰਮ ਦੀ ਉੱਤਮਤਾ ਨੂੰ ਸਮਝ ਕੇ ਯੋਜਨਾਬੱਧ ਤਰੀਕੇ ਤੇ ਦ੍ਰਿੜ੍ਹਤਾ ਨਾਲ ਕੰਮ ਕਰਨ ਦੀ ਭਾਵਨਾ ਉਜਾਗਰ ਹੋਣੀ ਲਾਜ਼ਮੀ ਹੈ। ਉਤਪਾਦਨ ਵਿਚ ਵਾਧਾ ਤੇ ਸਾਲ ਬਾਅਦ ਫ਼ਸਲ ਦੀ ਕੀਮਤ ਵਿਚ ਵਾਧੇ ਨਾਲ ਕਿਸਾਨ ਦੀ ਆਮਦਨ ਤਾਂ ਕੁਝ ਸਾਲਾਂ ਵਿਚ ਦੁੱਗਣੀ ਹੋ ਹੀ ਜਾਂਦੀ ਹੈ। ਲੋੜ ਹੈ ਫੋਕੇ ਪ੍ਰਦਰਸ਼ਨ ਤੋਂ ਬਚ ਕੇ ਸ਼ਰਧਾਪੂਰਵਕ ਕੰਮ ਕਰਨ ਦੀ ਅਤੇ ਸਰਕਾਰ ਨੂੰ ਮਹਿੰਗਾਈ ਦੇ ਹਿਸਾਬ ਨਾਲ ਫ਼ਸਲਾਂ ਦਾ ਮੁੱਲ ਨਿਰਧਾਰਤ ਕਰਨਾ ਪਵੇਗਾ ਤਾਂ ਹੀ ਕਲਿਆਣ ਹੋਵੇਗਾ।


-ਕੁਲਵਿੰਦਰ ਸਿੰਘ
ਪਿੰਡ ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ।


ਕਰਤਾਰਪੁਰ ਸਾਹਿਬ ਦਾ ਲਾਂਘਾ

ਪਾਕਿਸਤਾਨ ਦੀ ਸੱਤਾ ਸੰਭਾਲਣ ਤੋਂ ਬਾਅਦ ਨਵੇਂ ਬਣੇ ਪ੍ਰਧਾਨ ਮੰਤਰੀ ਦੁਆਰਾ ਦੋਵੇਂ ਦੇਸ਼ਾਂ ਵਿਚਕਾਰ ਸ਼ਾਂਤੀ ਸਥਾਪਿਤ ਕਰਨ ਦੇ ਉਦੇਸ਼ ਨਾਲ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਹਰੀ ਝੰਡੀ ਦੇ ਦਿੱਤੀ ਹੈ। ਇਸ ਲਈ ਭਾਰਤ ਦੀ ਕੇਂਦਰ ਸਰਕਾਰ ਵੀ ਵਧਾਈ ਦੀ ਪਾਤਰ ਹੈ। ਇਸ ਨਾਲ ਜਿਥੇ ਦੋਵੇਂ ਦੇਸ਼ਾਂ ਵਿਚਕਾਰ ਪਿਆਰ ਤੇ ਵਪਾਰ ਵਧੇਗਾ, ਉਥੇ ਸਿੱਖ ਸੰਗਤਾਂ ਉਸ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰ ਸਕਣਗੇ ਜਿਥੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 17 ਵਰ੍ਹੇ ਬਤੀਤ ਕੀਤੇ। ਇਥੇ ਹੀ ਗੁਰੂ ਜੀ ਨੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਉਪਦੇਸ਼ ਦਿੱਤਾ ਸੀ। ਇਸ ਨਾਲ ਵਿਕਾਸ ਪੱਖੋਂ ਪਛੜੇ ਸਰਹੱਦੀ ਖੇਤਰਾਂ ਦੇ ਵਿਕਾਸ ਲਈ ਰਾਜ ਸਰਕਾਰ ਵਲੋਂ ਵੀ ਯਤਨ ਆਰੰਭ ਕਰ ਦਿੱਤੇ ਹਨ। ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਦੇ ਯਤਨਾਂ ਸਦਕਾ ਹੀ ਇਹ ਲਾਂਘਾ ਖੁੱਲ੍ਹਿਆ ਹੈ ਤੇ ਰਾਜਨੀਤਕ ਦਲਾਂ ਤੇ ਸਿਆਸੀ ਲੀਡਰਾਂ ਦੁਆਰਾ ਇਸ ਮੁੱਦੇ 'ਤੇ ਸਿਆਸਤ ਬੰਦ ਕਰ ਦੇਣੀ ਚਾਹੀਦੀ ਹੈ। ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਸਿੱਖ ਸੰਗਤਾਂ ਨੂੰ ਦਿੱਤਾ ਗਿਆ ਇਤਿਹਾਸਕ ਤੋਹਫ਼ਾ ਹੈ।


-ਕਮਲ ਕੋਟਲੀ।


ਅਵਾਰਾ ਪਸ਼ੂ
ਅੱਜ ਆਮ ਹੀ ਸੜਕਾਂ ਦੇ ਉੱਪਰ ਅਵਾਰਾ ਪਸ਼ੂਆਂ ਦੇ ਵੱਗ ਤੁਰਦੇ-ਫਿਰਦੇ, ਬੈਠੇ ਜਾਂ ਆਪਸ ਵਿਚ ਲੜਦੇ ਵਿਖਾਈ ਦਿੰਦੇ ਹਨ। ਅਵਾਰਾ ਪਸ਼ੂ ਆਪਸ ਵਿਚ ਲੜ ਕੇ ਰਾਹਗੀਰਾਂ ਨੂੰ ਤੇ ਆਸ-ਪਾਸ ਖੜ੍ਹੇ ਵਾਹਨਾਂ ਨੂੰ ਬਹੁਤ ਸਾਰਾ ਨੁਕਸਾਨ ਪਹੁੰਚਾ ਰਹੇ ਹਨ ਅਤੇ ਇਨ੍ਹਾਂ ਦੁਆਰਾ ਫ਼ਸਲਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਅੱਜ ਸਾਡੇ ਸਿਆਸੀ ਲੋਕਾਂ ਨੂੰ ਆਪਣੀ ਸ਼ੋਹਰਤ ਤੱਕ ਤੇ ਆਪਣੀ ਫੋਕੀ ਵਾਹ-ਵਾਹ ਤੱਕ ਮਤਲਬ ਹੈ। ਉਨ੍ਹਾਂ ਦਾ ਲੋਕਾਂ ਦੀਆਂ ਮੁਸ਼ਕਿਲਾਂ ਵੱਲ ਕੋਈ ਧਿਆਨ ਨਹੀਂ ਰਿਹਾ। ਇਨ੍ਹਾਂ ਅਵਾਰਾ ਪਸ਼ੂਆਂ ਦੀ ਗਿਣਤੀ ਦਿਨ-ਬਦਿਨ ਵਧਦੀ ਹੀ ਜਾ ਰਹੀ ਹੈ। ਸੋ, ਪ੍ਰਸ਼ਾਸਨ ਅੱਗੇ ਇਹੀ ਬੇਨਤੀ ਹੈ ਕਿ ਜਲਦ ਤੋਂ ਜਲਦ ਇਨ੍ਹਾਂ ਦਾ ਕੋਈ ਹੱਲ ਕੱਢਿਆ ਜਾਵੇ।


-ਹਰਿੰਦਰਜੀਤ ਸਿੰਘ, ਬਰਨਾਲਾ।


ਸਾਈਨ ਬੋਰਡ
ਭਾਰਤ ਦੀ ਅਰਥ-ਵਿਵਸਥਾ ਸੜਕਾਂ ਨਾਲ ਜੁੜੀ ਹੋਈ ਹੈ। ਪਰ ਇਸ ਦੇ ਉਲਟ ਰਾਹੀਆਂ ਨੂੰ ਦਿਸ਼ਾ-ਨਿਰਦੇਸ਼ ਦੇਣ ਲਈ ਲਗਾਏ ਜਾਂਦੇ ਸਾਈਨ ਬੋਰਡਾਂ ਦੀ ਹਾਲਤ ਕਾਫੀ ਨਾਜ਼ੁਕ ਹੈ। ਜ਼ਿਆਦਾਤਰ ਤਾਂ ਦੇਖਿਆ ਜਾਂਦਾ ਹੈ ਕਿ ਲੋਕ ਭਲਾਈ ਤੇ ਵਿਕਾਸ ਮਹਿਕਮੇ ਜਾਂ ਹਾਈਵੇ ਅਥਾਰਿਟੀ ਵਲੋਂ ਜੋ ਦਿਸ਼ਾ-ਨਿਰਦੇਸ਼ ਲਈ ਲਗਾਏ ਜਾਂਦੇ ਬੋਰਡਾਂ ਦੀ ਸਥਿਤੀ ਨਕਸ਼ੇ ਮੁਤਾਬਿਕ ਨਹੀਂ ਹੁੰਦੀ। ਜੇਕਰ ਬੋਰਡ ਲੱਗ ਵੀ ਜਾਂਦੇ ਹਨ ਤਾਂ ਉਨ੍ਹਾਂ ਦੀ ਦੇਖਭਾਲ ਲਈ ਮਹਿਕਮੇ ਕੋਲ ਕਰਮਚਾਰੀ ਨਹੀਂ ਹੁੰਦੇ। ਪਿੰਡਾਂ ਦੀਆਂ ਸੜਕਾਂ 'ਤੇ ਲੱਗੇ ਬੋਰਡਾਂ ਨਾਲ ਜ਼ਿਆਦਾਤਰ ਸ਼ਰਾਰਤੀ ਅਨਸਰਾਂ ਵਲੋਂ ਛੇੜਛਾੜ ਕੀਤੀ ਜਾਂਦੀ ਹੈ, ਜਿਸ 'ਤੇ ਕੋਈ ਕਾਰਵਾਈ ਨਹੀਂ ਹੁੰਦੀ। ਸਮਾਂ ਹੈ ਇਨ੍ਹਾਂ ਗ਼ਲਤੀਆਂ ਨੂੰ ਸੁਧਾਰਨ ਦਾ ਅਤੇ ਰਾਹੀਆਂ ਨੂੰ ਸਹੀ ਰਸਤਾ ਦਿਖਾਉਣ ਦਾ।


-ਅਵਤਾਰ ਸਿੰਘ ਕੈਂਥ
ਪਿੰਡ ਝੋਰੜਾਂ, ਜ਼ਿਲ੍ਹਾ ਲੁਧਿਆਣਾ।


ਅਧਿਆਪਕ ਅਤੇ ਪੰਜਾਬ ਸਰਕਾਰ
ਪ੍ਰਿੰ: ਤਰਸੇਮ ਬਾਹੀਆ ਹੁਰਾਂ ਦਾ ਲੇਖ ਪੜ੍ਹਿਆ 'ਪੰਜਾਬ ਸਰਕਾਰ ਲਈ ਠੀਕ ਨਹੀਂ ਹੈ ਅਧਿਆਪਕਾਂ ਦੇ ਰੋਸ ਨੂੰ ਨਜ਼ਰਅੰਦਾਜ਼ ਕਰਨਾ'। ਸਿੱਖਿਆ ਖੇਤਰ ਦੀ ਉਲਝੀ ਹੋਈ ਤਾਣੀ ਨੂੰ ਸੁਲਝਾਉਣ ਦੀ ਥਾਂ ਹੋਰ ਉਲਝਾਇਆ ਜਾ ਰਿਹਾ ਹੈ। ਅਧਿਆਪਕ ਵਰਗ ਸਮਾਜ ਦਾ ਇਕ ਸਤਿਕਾਰਤ ਵਰਗ ਹੈ। ਸਰਕਾਰ ਨੂੰ ਇਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ। ਕਿਉਂ ਅਜਿਹਾ ਰੁੱਖਾਪਣ ਵਰਤਿਆ ਜਾ ਰਿਹਾ ਹੈ, ਸਮਝ ਤੋਂ ਪਰ੍ਹੇ ਹੈ। ਵਿੱਦਿਆ ਦਾ ਤਾਂ ਪੰਜਾਬ ਵਿਚ ਪਹਿਲਾਂ ਹੀ ਭੱਠਾ ਬੈਠਿਆ ਹੋਇਆ ਹੈ। ਏਨੇ ਵੱਡੇ ਇਕੱਠ ਨੂੰ ਵੀ ਅਣਗੌਲਿਆਂ ਕਰਨਾ ਸਰਕਾਰ ਦੀ ਬੇਰੁਖ਼ੀ ਕਹੀ ਜਾ ਸਕਦੀ ਹੈ। ਅੰਦੋਲਨਕਾਰੀਆਂ ਦੇ ਨੁਮਾਇੰਦਿਆਂ ਨੂੰ ਬਿਠਾ ਕੇ ਸਰਕਾਰ ਉਨ੍ਹਾਂ ਦੀਆਂ ਦੁੱਖ ਤਕਲੀਫ਼ਾਂ ਸੁਣੇ। ਸਰਕਾਰ ਸੋਚੇ ਏਨੀ ਨਿਗੂਣੀ ਤਨਖਾਹ ਨਾਲ ਅਧਿਆਪਕਾਂ ਦੇ ਘਰਾਂ ਦਾ ਚੁੱਲ੍ਹਾ ਕਿਵੇਂ ਚੱਲੇਗਾ। ਜੇ ਉਨ੍ਹਾਂ ਨੂੰ ਚੁੱਲ੍ਹਿਆਂ ਦਾ ਹੀ ਫ਼ਿਕਰ ਰਿਹਾ ਤਾਂ ਉਨ੍ਹਾਂ ਨੇ ਬੱਚਿਆਂ ਨੂੰ ਕੀ ਪੜ੍ਹਾਉਣਾ ਹੈ। ਵਿੱਦਿਆ ਦੇ ਨਿੱਜੀਕਰਨ ਨੇ ਵਿੱਦਿਆ ਦੇ ਮਿਆਰ ਨੂੰ ਕਾਫੀ ਢਾਅ ਲਾਈ ਹੈ। ਪ੍ਰਾਈਵੇਟ ਅਧਿਆਪਕ ਵਰਗ ਦਾ ਵੀ ਕਾਫੀ ਸ਼ੋਸ਼ਣ ਹੋ ਰਿਹਾ ਹੈ। ਸਰਕਾਰ ਨੂੰ ਦੇਰ ਨਹੀਂ ਕਰਨੀ ਚਾਹੀਦੀ। ਅਧਿਆਪਕ ਵਰਗ ਦੀਆਂ ਮਜਬੂਰੀਆਂ, ਦੁੱਖ ਤਕਲੀਫਾਂ ਸਰਕਾਰ ਤੁਰੰਤ ਸੁਣੇ ਤੇ ਹੱਲ ਕਰੇ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

03-12-2018

 ਇਕ ਅਧਿਕਾਰ ਇਹ ਵੀ...
ਭਾਰਤ ਦੇ ਸੰਵਿਧਾਨ ਵਿਚ ਦਰਜ ਆਰਟੀਕਲ 350-ਏ ਇਕ ਮਹੱਤਵਪੂਰਨ ਸਥਾਨ ਰੱਖਦਾ ਹੈ, ਪਰ ਜ਼ਿਆਦਾਤਰ ਆਮ ਲੋਕਾਂ ਨੂੰ ਜਾਂ ਵਿੱਦਿਅਕ ਅਦਾਰਿਆਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ। ਇਸ ਆਰਟੀਕਲ ਵਿਚ ਲਿਖਿਆ ਹੈ ਕਿ ਦੇਸ਼ ਦੇ ਹਰ ਇਕ ਸਕੂਲ ਵਿਚ ਬੱਚਿਆਂ ਦੀ ਪ੍ਰਾਇਮਰੀ ਸਿੱਖਿਆ ਉਨ੍ਹਾਂ ਦੀ (ਉਸ ਰਾਜ) ਮਾਂ-ਬੋਲੀ ਵਿਚ ਹੋਣੀ ਚਾਹੀਦੀ ਹੈ। ਭਾਵ ਜਿਵੇਂ ਪੰਜਾਬ ਦੇ ਸਰਕਾਰੀ ਜਾਂ ਨਿੱਜੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਪੰਜਵੀਂ ਜਮਾਤ ਤੱਕ ਦੀ ਸਿੱਖਿਆ ਮਾਂ-ਬੋਲੀ (ਪੰਜਾਬੀ) ਵਿਚ ਲਾਜ਼ਮੀ ਹੈ ਪਰ ਇਹ ਕਾਨੂੰਨ ਸਾਡੇ ਦੇਸ਼ ਵਿਚ ਵੱਡੇ ਪੱਧਰ 'ਤੇ ਲਾਗੂ ਨਹੀਂ ਹੋਇਆ, ਜੋ ਕਿ ਪੰਜਾਬੀ ਸੱਭਿਆਚਾਰ ਜਾਂ ਹੋਰਾਂ ਸੂਬਿਆਂ ਦੇ ਆਪਣੇ ਸੱਭਿਆਚਾਰ ਤੇ ਪ੍ਰਭਾਵ ਪਾ ਰਿਹਾ ਹੈ। ਅੱਜਕਲ੍ਹ ਸਕੂਲਾਂ ਵਿਚ ਬੱਚਿਆਂ ਨੂੰ ਪੰਜਾਬੀ ਦੀ ਥਾਂ 'ਤੇ ਅੰਗਰੇਜ਼ੀ ਸਿਖਾਉਣ ਤੇ ਵੱਧ ਜ਼ੋਰ ਦਿੱਤਾ ਜਾਂਦਾ ਹੈ। ਬੱਚੇ, ਜੇਕਰ ਮਾਂ-ਬੋਲੀ ਪੜ੍ਹਨਗੇ ਹੀ ਨਹੀਂ ਤਾਂ ਸੱਭਿਆਚਾਰ ਨਾਲ ਕਿਥੋਂ ਜੁੜਨਗੇ, ਜਿਹੜੇ ਬੱਚੇ ਅੰਗਰੇਜ਼ੀ ਭਾਸ਼ਾ ਪੜ੍ਹ ਰਹੇ ਹਨ ਤੇ ਉਨ੍ਹਾਂ ਦੀ ਰੁਚੀ ਵੀ ਪੱਛਮੀ ਸੱਭਿਅਤਾ ਵੱਲ ਹੋਵੇਗੀ। ਜੇਕਰ ਇਹੋ ਵਰਤਾਰਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬੀ ਸੱਭਿਆਚਾਰ ਸਿਰਫ਼ ਫਿਲਮਾਂ ਜਾਂ ਮੇਲਿਆਂ ਦਾ ਹੀ ਹਿੱਸਾ ਬਣ ਕੇ ਰਹਿ ਜਾਵੇਗਾ।


-ਮਨਪ੍ਰੀਤ ਸਿੰਘ
ਚੰਦੂਆਂ ਖੁਰਦ, ਰਾਜਪੁਰਾ।


ਗੰਨੇ ਦੀ ਚੁਕਾਈ ਤੇ ਭੁਗਤਾਨ
ਮੌਜੂਦਾ ਸਮੇਂ ਦੌਰਾਨ ਗੰਨੇ ਦੀ ਪਿੜਾਈ ਸ਼ੁਰੂ ਨਾ ਹੋਣ ਕਾਰਨ ਪੰਜਾਬ ਸਰਕਾਰ ਨੇ ਨਿੱਜੀ ਮਿੱਲਾਂ ਨੂੰ ਤੁਰੰਤ ਪਿੜਾਈ ਕਰਨ ਦੇ ਆਦੇਸ਼ ਦਿੱਤੇ ਹੋਏ ਹਨ, ਪ੍ਰੰਤੂ ਅਜੇ ਮਿੱਲਾਂ ਨੇ ਗੰਨੇ ਦੀ ਪਿੜਾਈ ਸ਼ੁਰੂ ਨਹੀਂ ਕੀਤੀ। ਗੌਰਤਲਬ ਹੈ ਕਿ ਕਿਸਾਨਾਂ ਨੂੰ ਅਜੇ ਸਾਲ 2017-18 ਦਾ ਕਰੋੜਾਂ ਰੁਪਏ ਦਾ ਭੁਗਤਾਨ ਹੋਣਾ ਬਾਕੀ ਪਿਆ ਹੈ। ਮਿੱਲਾਂ ਦੀ ਬੇਤਰਤੀਬੀ ਅਤੇ ਸਰਕਾਰ ਦੀ ਬੇਰੁਖ਼ੀ ਕਾਰਨ ਕਿਸਾਨਾਂ ਵਲੋਂ ਬੀਜਿਆ ਗੰਨਾ ਖੇਤਾਂ ਵਿਚ ਹੀ ਅੱਗ ਲਾ ਕੇ ਸਾੜਨ ਦੀ ਨੌਬਤ ਆ ਸਕਦੀ ਹੈ। ਜਿਥੇ ਸਰਕਾਰ ਨੂੰ ਤੁਰੰਤ ਪ੍ਰਭਾਵ ਨਾਲ ਮਿੱਲਾਂ ਪਾਸੋਂ ਕਿਸਾਨਾਂ ਦਾ ਗੰਨਾ ਖਰੀਦਣਾ ਚਾਹੀਦਾ ਹੈ, ਉਥੇ ਹੀ ਕਿਸਾਨਾਂ ਨੂੰ ਬਣਦਾ ਗੰਨੇ ਦਾ ਭੁਗਤਾਨ ਵੀ ਬਾਕੀ ਬਾਜ਼ਾਰ ਵਿਚ ਵਿਕਦੇ ਸਾਮਾਨ ਵਾਂਗ ਗੰਨੇ ਦੀ ਟਰਾਲੀ ਸੁੱਟਣ ਵੇਲੇ ਹੀ ਕਰਾਉਣ ਦੀ ਲੋੜ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

30-11-2018

 ਕਰਤਾਰਪੁਰ ਲਾਂਘਾ

ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਮੰਗ ਸਵੀਕਾਰ ਹੋਣ 'ਤੇ ਪੰਜਾਬੀ ਹੀ ਨਹੀਂ, ਬਲਕਿ ਸਾਰੇ ਸੰਸਾਰ ਵਿਚ ਰਹਿੰਦੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਵਿਚ ਖ਼ੁਸ਼ੀ ਦੀ ਲਹਿਰ ਹੈ। ਇੰਜ ਇਕ ਨਵੇਂ ਯੁੱਗ ਦਾ ਆਰੰਭ ਹੋਵੇਗਾ, ਜਿਸ ਵਿਚੋਂ ਦੋਸਤੀ ਅਤੇ ਭਾਈਚਾਰੇ ਦੀ ਮਹਿਕ ਆਏਗੀ। ਭਾਰਤ-ਪਾਕਿ ਵੰਡ ਧਰਤੀ ਦੀ ਵੰਡ ਸੀ ਜਦ ਕਿ ਸਾਂਝੀ ਵਿਰਾਸਤ ਇਕ ਬੋਲੀ ਇਕ ਸੱਭਿਆਚਾਰ ਦੀ ਵੰਡ ਨਾ ਕਦੇ ਹੋਈ ਨਾ ਹੋ ਸਕੇਗੀ। ਜਿਵੇਂ ਦੋ ਨਦੀਆਂ ਵੱਖ-ਵੱਖ ਹੋ ਕੇ ਇਕ ਸਥਾਨ 'ਤੇ ਮਿਲਦੀਆਂ ਹਨ, ਸ੍ਰੀ ਕਰਤਾਰਪੁਰ ਸਾਹਿਬ ਵੀ ਉਹੀ ਸਥਾਨ ਹੈ, ਜਿਥੇ ਸਮੂਹ ਪੰਜਾਬੀਅਤ ਦਾ ਸੁਮੇਲ ਹੋਵੇਗਾ। ਪ੍ਰਧਾਨ ਮੰਤਰੀ ਸਾਹਿਬ ਨੇ ਖ਼ੁਦ ਕਿਹਾ ਹੈ ਕਿ ਜੇ ਬਰਲਿਨ ਦੀ ਕੰਧ ਖੁੱਲ੍ਹ ਸਕਦੀ ਹੈ ਤਾਂ ਭਾਰਤ-ਪਾਕਿ ਰੁਕਾਵਟ ਵੀ ਦੂਰ ਹੋ ਸਕਦੀ ਹੈ। ਜੇ ਕੇਂਦਰ ਸਰਕਾਰ ਸੱਚੇ ਦਿਲੋਂ ਪੰਜਾਬ ਅਤੇ ਪੰਜਾਬ ਵਾਸੀਆਂ ਦਾ ਭਲਾ ਚਾਹੁੰਦੀ ਹੈ ਤਾਂ ਕਿਸੇ ਸਮੇਂ ਵਪਾਰ ਦਾ ਮੁੱਖ ਕੇਂਦਰ ਰਹੇ ਫ਼ਿਰੋਜ਼ਪੁਰ ਦੀ ਸਰਹੱਦ ਵੀ ਖੋਲ੍ਹ ਦੇਵੇ ਤਾਂ ਕਿ ਇਸ ਇਲਾਕੇ ਦਾ ਪਿਛੜਾਪਣ ਵੀ ਦੂਰ ਹੋ ਜਾਵੇ। ਇਹ ਦੋਵੇਂ ਦੇਸ਼ਾਂ ਦੇ ਗ਼ਰੀਬ ਲੋਕਾਂ ਦੇ ਹਿਤ ਵਿਚ ਵੀ ਹੋਵੇਗਾ।

-ਵਿਵੇਕ
ਕੋਟ ਈਸੇ ਖਾਂ (ਮੋਗਾ)।

ਮਾਪਿਆਂ ਦਾ ਫ਼ਰਜ਼

ਅੱਜਕਲ੍ਹ ਦੀ ਭੱਜ-ਦੌੜ ਦੀ ਜ਼ਿੰਦਗੀ ਵਿਚ ਇਨਸਾਨ ਬਹੁਤ ਜ਼ਿਆਦਾ ਰੁਝ ਗਿਆ ਹੈ, ਜਿਸ ਕਰਕੇ ਆਪਣੇ ਸਕੇ ਸੰਬੰਧੀਆਂ ਨਾਲੋਂ ਤਾਂ ਕੀ ਆਪਣਿਆਂ ਕੋਲੋਂ ਵੀ ਦੂਰ ਹੁੰਦਾ ਜਾ ਰਿਹਾ ਹੈ ਪਰ ਇਕ ਫ਼ਰਜ਼ ਏਦਾਂ ਦਾ ਹੈ ਜਿਹੜਾ ਕਿ ਨਿਭਾਉਣਾ ਬਹੁਤ ਜ਼ਰੂਰੀ ਹੈ। ਉਹ ਹੈ ਮਾਪਿਆਂ ਦਾ ਆਪਣੇ ਬੱਚਿਆਂ ਲਈ ਸਮਾਂ ਕੱਢਣਾ ਕਿਉਂਕਿ ਅੱਜਕਲ੍ਹ ਪਤੀ-ਪਤਨੀ ਜ਼ਿਆਦਾਤਰ ਦੋਵੇਂ ਹੀ ਨੌਕਰੀਪੇਸ਼ਾ ਹਨ।
ਉਹ ਭਾਵੇਂ ਸਰਕਾਰੀ ਹੋਵੇ ਜਾਂ ਪ੍ਰਾਈਵੇਟ ਜਿਸ ਕਰਕੇ ਉਨ੍ਹਾਂ ਕੋਲ ਘਰ ਵਾਸਤੇ ਬਹੁਤ ਘੱਟ ਸਮਾਂ ਬਚਦਾ ਹੈ ਤੇ ਸਾਰਾ ਦਿਨ ਦਫ਼ਤਰਾਂ ਤੇ ਕੰਮ ਵਾਲੀ ਥਾਂ 'ਤੇ ਹੀ ਨਿਕਲ ਜਾਂਦਾ ਹੈ, ਜਿਸ ਕਰਕੇ ਬੱਚਿਆਂ ਨੂੰ ਸਾਰਾ ਦਿਨ ਆਪਣੇ ਮਾਂ-ਬਾਪ ਤੋਂ ਬਿਨਾਂ ਹੀ ਗੁਜ਼ਾਰਨਾ ਪੈਂਦਾ ਹੈ ਤੇ ਬੱਚੇ ਇਕਲਾਪੇ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਕਰਕੇ ਕੋਈ ਵੀ ਥੋੜ੍ਹੀ ਜਿਹੀ ਅਪਣੱਤ ਦਿਖਾ ਕੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਗ਼ਲਤ ਜਾਂ ਹੋਰ ਅਸਮਾਜਿਕ ਕੰਮਾਂ ਵਿਚ ਉਲਝਾ ਸਕਦਾ ਹੈ ਤੇ ਨਤੀਜੇ ਵਜੋਂ ਬੱਚੇ ਰਸਤੇ ਤੋਂ ਭਟਕ ਜਾਂਦੇ ਹਨ ਤੇ ਆਪਣੀ ਜ਼ਿੰਦਗੀ ਨਰਕ ਬਣਾ ਲੈਂਦੇ ਹਨ। ਸੋ ਇਥੇ ਮਾਪਿਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਲਈ ਸਮਾਂ ਜ਼ਰੂਰ ਕੱਢਣ ਤਾਂ ਜੋ ਬੱਚੇ ਆਪਣੀ ਜ਼ਿੰਦਗੀ ਨੂੰ ਸਹੀ ਦਿਸ਼ਾ ਵੱਲ ਲਿਜਾ ਕੇ ਆਪਣੇ ਮਾਪਿਆਂ ਨੂੰ ਵੀ ਨਿਸਚਿੰਤ ਕਰ ਸਕਣ।

-ਹਰਮਿੰਦਰ ਸਿੰਘ ਕੈਂਥ ਮਲੌਦ
ਪਿੰਡ ਤੇ ਡਾਕ: ਮਲੌਦ (ਲੁਧਿਆਣਾ)।

ਪੌਲੀਥੀਨ 'ਤੇ ਰੋਕ

ਪੰਜਾਬ ਵਿਚ ਸਰਕਾਰ ਵਲੋਂ ਪੋਲੀਥੀਨ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਪਰ ਕੁਝ ਦੁਕਾਨਦਾਰ ਜਾਂ ਸਬਜ਼ੀਆਂ ਦੀਆਂ ਰੇਹੜੀਆਂ ਵਾਲੇ ਵਿਅਕਤੀ ਪੌਲੀਥੀਨ ਦੀ ਵਰਤੋਂ ਕਰ ਰਹੇ ਹਨ। ਪੌਲੀਥੀਨ ਇਕ ਜਾਨ ਲੇਵਾ ਜ਼ਹਿਰੀਲਾ ਪਲਾਸਟਿਕ ਹੈ। ਇਸ ਨੂੰ ਅੱਗ ਲਗਾਈ ਜਾਵੇ ਤਾਂ ਇਸ ਨਾਲ ਬਹੁਤ ਸਾਰੀਆਂ ਜਾਨ ਲੇਵਾ ਬਿਮਾਰੀਆਂ ਲੱਗ ਸਕਦੀਆਂ ਹਨ। ਇਸ ਨਾਲ ਵਿਅਕਤੀ ਦੀ ਮੌਤ ਹੋ ਸਕਦੀ ਹੈ। ਸਬੰਧਿਤ ਵਿਭਾਗ ਵਲੋਂ ਜੇਕਰ ਕਾਰਵਾਈ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਕਈ ਰੇਹੜੀ ਵਾਲਿਆਂ ਤੇ ਨਿੱਜੀ ਦੁਕਾਨਾਂ 'ਚੋਂ ਵਿਭਾਗ ਨੂੰ ਪੌਲੀਥੀਨ ਦੇ ਲਿਫ਼ਾਫ਼ੇ ਬਰਾਮਦ ਹੋ ਜਾਣਗੇ। ਸਰਕਾਰ ਨੂੰ ਚਾਹੀਦਾ ਹੈ ਕਿ ਸਪਲਾਈ ਲਾਈਨ ਨੂੰ ਤੋੜਿਆ ਜਾਵੇ ਤਾਂ ਜੋ ਪੌਲੀਥੀਨ ਦੀ ਸ਼ਹਿਰਾਂ ਵਿਚ ਆਮਦ ਬੰਦ ਹੋ ਸਕੇ।

-ਅਵਤਾਰ ਸਿੰਘ ਕੈਂਥ
ਪਿੰਡ ਝੋਰੜਾਂ, ਜ਼ਿਲ੍ਹਾ ਲੁਧਿਆਣਾ।

ਪ੍ਰਭਾਵਸ਼ਾਲੀ ਲੇਖ

ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਸਫ਼ੇ 'ਤੇ ਸ੍ਰੀ ਸਤਨਾਮ ਸਿੰਘ ਮਾਣਕ ਦਾ ਲੇਖ 'ਪੰਜਾਬ ਨੂੰ ਖੇਤਰੀ ਕੌਮਪ੍ਰਸਤੀ ਦੀ ਲੋੜ' ਪੜ੍ਹਿਆ, ਜੋ ਕਿ ਬਹੁਤ ਹੀ ਪ੍ਰਭਾਵਸ਼ਾਲੀ ਸੀ। ਸਮੇਂ ਦੀ ਲੋੜ ਹੈ ਕਿ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਅਤੇ ਪੰਜਾਬ ਦੇ ਸਾਰੇ ਵਰਗਾਂ ਦੇ ਲੋਕ ਇਸ ਗੱਲ ਨੂੰ ਮਹਿਸੂਸ ਕਰਨ ਕਿ ਸਮੂਹ ਪੰਜਾਬੀ ਆਪਣੀ ਬੋਲੀ, ਆਪਣੇ ਖਿੱਤੇ, ਆਪਣੇ ਸੱਭਿਆਚਾਰ ਤੇ ਆਪਣੇ ਇਤਿਹਾਸ ਦੇ ਆਧਾਰ 'ਤੇ ਆਪਣੀ ਇਕ ਵੱਖਰੀ ਪਛਾਣ ਰੱਖਦੇ ਹਨ ਅਤੇ ਉਨ੍ਹਾਂ ਨੇ ਰਲ-ਮਿਲ ਕੇ ਇਥੇ ਰਹਿਣਾ ਹੈ ਅਤੇ ਇਸ ਸੂਬੇ ਨੂੰ ਦੂਜੇ ਸੂਬਿਆਂ ਦੇ ਮੁਕਾਬਲੇ ਹਰ ਖੇਤਰ ਵਿਚ ਅੱਗੇ ਲੈ ਕੇ ਜਾਣਾ ਹੈ।

-ਹਰਿੰਦਰਜੀਤ ਸਿੰਘ
ਬਰਨਾਲਾ।

29-11-2018

 ਨਿਯਮਾਂ ਦੀ ਪਾਲਣਾ ਜ਼ਰੂਰੀ
ਸੜਕ ਉੱਤੇ ਡਰਾਈਵਿੰਗ ਕਰਨ ਵੇਲੇ ਨਿਯਮਾਂ ਦੀ ਪਾਲਣਾ ਕਰਨੀ ਅਤਿ ਜ਼ਰੂਰੀ ਹੈ ਅਤੇ ਇਸ ਲਈ ਬਕਾਇਦਾ ਨਿਯਮ ਵੀ ਬਣਾਏ ਗਏ ਹਨ ਪਰ ਜ਼ਿਆਦਾਤਰ ਲੋਕਾਂ ਦੀ ਇਹ ਸੋਚ ਬਣ ਗਈ ਹੈ ਕਿ ਨਿਯਮਾਂ ਦੀ ਪਾਲਣਾ ਸਿਰਫ ਪੁਲਿਸ ਦੇ ਡਰ ਤੋਂ ਜਾਂ ਚਲਾਨ ਤੋਂ ਬਚਣ ਲਈ ਕੀਤੀ ਜਾਂਦੀ ਹੈ। ਸਾਡੇ ਦੇਸ਼ ਦੇ ਲੋਕਾਂ ਨੇ ਆਪਣੇ ਵਲੋਂ ਇਹ ਨਿਯਮ ਹੀ ਬਣਾ ਲਿਆ ਹੈ ਕਿ ਜੇਕਰ ਲਾਲ ਬੱਤੀ ਹੋਣ 'ਤੇ ਕੋਈ ਨਹੀਂ ਦੇਖ ਰਿਹਾ ਤਾਂ ਨਿਯਮ ਤੋੜਨ ਵਿਚ ਹਰਜ਼ ਕੀ ਹੈ? ਅਜਿਹਾ ਕਰਦੇ ਵੇਲੇ ਲੋਕ ਭੁੱਲ ਜਾਂਦੇ ਹਨ ਕਿ ਇਸ ਪ੍ਰਕਾਰ ਦਾ ਵਰਤਾਰਾ ਜਿਥੇ ਆਪਣੇ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ ਉਥੇ ਹੀ ਸਾਹਮਣੇ ਤੋਂ ਆ ਰਹੇ ਕਿਸੇ ਬੇਗੁਨਾਹ ਲਈ ਵੀ ਮੁਸੀਬਤ ਦਾ ਕਾਰਨ ਬਣ ਸਕਦਾ ਹੈ। ਚੰਡੀਗੜ੍ਹ ਜਾਂ ਦਿੱਲੀ ਵੜ੍ਹਨ ਸਾਰ ਸਾਰੇ ਹੀ ਗੱਡੀ ਚਾਲਕ ਨਿਯਮਾਂ ਦੀ ਇੰਨ-ਬਿਨ ਪਾਲਣਾ ਕਰਨ ਲੱਗਦੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਨਿਯਮਾਂ ਦੀ ਅਣਦੇਖੀ ਕਰਨ ਉੱਤੇ ਉਨ੍ਹਾਂ ਨੂੰ ਭਾਰੀ ਜੁਰਮਾਨਾ ਦੇਣਾ ਹੀ ਪਵੇਗਾ। ਸਾਨੂੰ ਸੜਕ ਨਿਯਮਾਂ ਦੀ ਪਾਲਣਾ ਆਪਣੀ ਅਤੇ ਦੂਜਿਆਂ ਦੀ ਭਲਾਈ ਲਈ ਕਰਨੀ ਚਾਹੀਦੀ ਹੈ ਨਾ ਕਿ ਚਲਾਨ ਤੋਂ ਬਚਣ ਲਈ। ਅਜਿਹਾ ਕਰਕੇ ਜਿਥੇ ਅਸੀਂ ਆਪਣੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦੇ ਸਕਦੇ ਹਾਂ, ਉਥੇ ਹੀ ਆਪਣੀ ਅਤੇ ਦੂਜਿਆਂ ਦੀ ਜਾਨ-ਮਾਲ ਦੀ ਰਾਖੀ ਕਰ ਸਕਦੇ ਹਾਂ।


-ਪ੍ਰਿੰਸ ਅਰੋੜਾ, ਮਲੌਦ (ਲੁਧਿਆਣਾ)।


ਨੌਜਵਾਨ ਤੇ ਸੋਚ
ਅੱਜ ਦਾ ਨੌਜਵਾਨ ਏਨਾ ਭਟਕ ਚੁੱਕਿਆ ਹੈ ਕਿ ਉਸ ਨੂੰ ਆਪਣੇ ਚੰਗੇ ਮਾੜੇ ਦੀ ਪਛਾਣ ਨਹੀਂ ਆਉਂਦੀ। ਕਾਲਜਾਂ ਵਿਚ ਵੀ ਆਮ ਕਰਕੇ ਨੌਜਵਾਨ ਗਰੁੱਪ ਬਣਾ-ਬਣਾ ਕੇ ਲੜਦੇ ਰਹਿੰਦੇ ਹਨ। ਆਮ ਕਰਕੇ ਇਹ ਗਰੁੱਪ ਇਕ-ਦੂਜੇ ਵਿਰੁੱਧ ਫੇਸਬੁੱਕ 'ਤੇ ਪੋਸਟਾਂ ਪਾ ਕੇ ਚੁਣੌਤੀ ਦਿੰਦੇ ਹਨ। ਰਹਿੰਦਾ-ਖੂੰਹਦਾ ਭੱਠਾ ਅੱਜ ਦੇ ਗਾਇਕਾਂ ਨੇ ਬਿਠਾ ਦਿੱਤਾ, ਜਿਹੜੇ ਗੀਤ ਹੀ ਗੁੰਡਾਗਰਦੀ ਅਤੇ ਵੈਲਪੁਣੇ ਦੇ ਉੱਪਰ ਗਾਉਂਦੇ ਹਨ, ਜਿਨ੍ਹਾਂ ਨੂੰ ਸੁਣ-ਸੁਣ ਨੌਜਵਾਨ ਆਪਣੇ-ਆਪ ਨੂੰ ਵੈਲੀ ਕਹਾਉਂਦੇ ਹਨ। ਅੱਜ ਦਾ ਨੌਜਵਾਨ ਕਿਤੇ ਨਾ ਕਿਤੇ ਆਪਣੇ-ਆਪ ਨੂੰ ਗਾਂਧੀ ਜਾਂ ਜੋਰਾ 10 ਨੰਬਰੀਆ ਕਹਾਉਣਾ ਚਾਹੁੰਦੈ, ਕਿਉਂਕਿ ਪਿੱਛੇ ਜਿਹੇ ਰਿਲੀਜ਼ ਹੋਈਆਂ ਇਨ੍ਹਾਂ ਫ਼ਿਲਮਾਂ ਨੇ ਉਨ੍ਹਾਂ 'ਤੇ ਪ੍ਰਭਾਵ ਪਾਇਆ ਹੈ। ਅੱਜ ਦੇ ਨੌਜਵਾਨ ਨੂੰ ਸੰਭਲਣ ਦੀ ਲੋੜ ਹੈ ਸਗੋਂ ਉਸ ਦੀ ਜਵਾਨੀ ਗੁੰਡਾਗਰਦੀ ਲਈ ਨਹੀਂ ਬਲਕਿ ਸਮਾਜ ਵਿਚ ਕੁਝ ਅਜਿਹਾ ਕਰਕੇ ਦਿਖਾਉਣ ਦੀ ਹੈ ਜਿਸ ਨਾਲ ਉਸ ਦੇ ਮਾਪਿਆਂ ਦਾ ਸਿਰ ਉੱਚਾ ਹੋਵੇ ਅਤੇ ਸਮਾਜ ਨੂੰ ਮਾਣ ਹੋਵੇ।


-ਗੁਰਪ੍ਰੀਤ ਨੰਦਗੜ੍ਹ
ਬੀ.ਏ. ਭਾਗ ਤੀਜਾ, ਗੁਰੂ ਨਾਨਕ ਕਾਲਜ, ਬੁਢਲਾਡਾ।


ਬੇਮੁੱਖ ਹੋ ਰਹੀ ਪੀੜ੍ਹੀ
ਅੱਜ ਦੀ ਨੌਜਵਾਨ ਪੀੜ੍ਹੀ ਵਿਚ ਭਾਰੂ ਅਸਹਿਣਸ਼ੀਲਤਾ ਨੂੰ ਬਾਖੂਬੀ ਬਿਆਨ ਕਰਦੀ ਹੈ ਮੋਬਾਈਲ, ਫ਼ਿਲਮਾਂ ਤੇ ਗੀਤ ਦੇ ਝੂਠੇ ਤੇ ਦਿਖਾਵੇਬਾਜ਼ ਸੱਭਿਆਚਾਰ ਨੇ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਦਿੱਤਾ ਹੈ, ਜਿਸ ਕਰਕੇ ਉਹ ਆਪਣੇ ਵੱਡਿਆਂ ਦਾ ਸਤਿਕਾਰ ਅਤੇ ਛੋਟਿਆਂ ਨੂੰ ਪਿਆਰ ਕਰਨਾ ਜ਼ਰੂਰੀ ਨਹੀਂ ਸਮਝਦੇ। ਬਿਰਧ ਆਸ਼ਰਮਾਂ ਦੀ ਵਧ ਰਹੀ ਗਿਣਤੀ ਨੌਜਵਾਨਾਂ ਦੀ ਸਵਾਰਥੀ ਸੋਚ ਨੂੰ ਦਰਸਾਉਂਦੀ ਹੈ।


-ਹਿਮਾਂਸ਼ੂ ਭਗਤ, ਲਾਇਲਪੁਰ ਖ਼ਾਲਸਾ ਕਾਲਜ।


ਕੇਂਦਰ ਤੇ ਸੂਬੇ ਦੀ ਚੱਕੀ 'ਚ ਫਸੀ ਜਨਤਾ
ਭਾਰਤੀ ਰਾਜਨੀਤਕ ਢਾਂਚੇ ਵਿਚ ਕੇਂਦਰ ਤੇ ਸੂਬਿਆਂ ਵਿਚ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ, ਜਿਸ ਵਿਚ ਕੇਂਦਰ ਤੇ ਸੂਬਿਆਂ ਨੂੰ ਅਧਿਕਾਰ ਦਿੱਤੇ ਗਏ ਹਨ। ਮੌਜੂਦਾ ਸਮੇਂ ਕੇਂਦਰ ਤੇ ਪੰਜਾਬ ਸੂਬੇ ਵਿਚ ਪਰਸਪਰ ਵਿਰੋਧੀ ਪਾਰਟੀਆਂ ਕਾਬਜ਼ ਹਨ। ਅੱਜਕਲ੍ਹ ਮਹਿੰਗਾਈ ਦੀ ਚੱਕੀ ਵਿਚ ਜਨਤਾ ਪੂਰੀ ਤਰ੍ਹਾਂ ਪਿਸ ਰਹੀ ਹੈ। ਕੇਂਦਰ ਸਰਕਾਰ ਸੂਬਾਈ ਸਰਕਾਰਾਂ ਨੂੰ ਅਤੇ ਸੂਬਾਈ ਸਰਕਾਰਾਂ ਕੇਂਦਰ ਨੂੰ ਇਸ ਲਈ ਜ਼ਿੰਮੇਵਾਰ ਦੱਸ ਕੇ ਆਪਣਾ-ਆਪਣਾ ਪੱਲਾ ਝਾੜ ਰਹੀਆਂ ਹਨ, ਜਿਸ ਕਰਕੇ ਜਨਤਾ ਦਾ ਜੀਣਾ ਮੁਹਾਲ ਹੋਇਆ ਪਿਆ ਹੈ। ਜਿਵੇਂ ਕਿ ਪਿਛਲੇ ਦਿਨੀਂ ਕੇਂਦਰ ਵਲੋਂ ਪੰਜ ਰੁਪਏ ਪੈਟਰੋਲ ਦਾ ਰੇਟ ਘਟਾਉਣ ਦਾ ਐਲਾਨ ਕੀਤਾ ਗਿਆ ਸੀ ਜਿਸ ਵਿਚ ਢਾਈ ਰੁਪਏ ਕੇਂਦਰ ਤੇ ਢਾਈ ਰੁਪਏ ਸੂਬੇ ਨੇ ਘਟਾਉਣੇ ਸਨ ਪਰ ਪੰਜਾਬ ਸਰਕਾਰ ਵਲੋਂ ਆਪਣੇ ਹਿੱਸੇ ਦੀ ਬਣਦੀ ਰਾਹਤ ਜਨਤਾ ਨੂੰ ਨਹੀਂ ਦਿੱਤੀ ਗਈ ਜਦ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਮਹਿੰਗਾਈ ਦੇ ਵਿਰੋਧ ਵਿਚ ਥਾਂ-ਥਾਂ 'ਤੇ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਪਰ ਜਿੰਨਾ ਕੁ ਸੂਬਾ ਸਰਕਾਰ ਦੇ ਹੱਥ ਵਿਚ ਹੈ, ਉਹ ਓਨੀ ਕੁ ਰਾਹਤ ਵੀ ਜਨਤਾ ਨੂੰ ਨਹੀਂ ਦੇ ਰਹੀ ਤੇ ਇਸ ਮੁੱਦੇ 'ਤੇ ਵੀ ਆਪਣੀ ਰਾਜਨੀਤੀ ਚਮਕਾ ਰਹੀ ਹੈ, ਜਿਸ ਕਰਕੇ ਜਨਤਾ ਵਿਚਾਰੀ ਕੇਂਦਰ ਤੇ ਸੂਬੇ ਦੀ ਚੱਕੀ ਵਿਚ ਬੁਰੀ ਤਰ੍ਹਾਂ ਪਿਸ ਰਹੀ ਹੈ।


-ਹਰਮਿੰਦਰ ਸਿੰਘ ਕੈਂਥ ਮਲੌਦ
ਪਿੰਡ ਤੇ ਡਾਕ: ਮਲੌਦ।


ਮਾਂ-ਬੋਲੀ ਪੰਜਾਬੀ
ਪੰਜਾਬੀ ਮਾਂ-ਬੋਲੀ ਦੀ ਸੇਵਾ ਦੇ ਨਾਂਅ 'ਤੇ ਵੱਧ ਤੋਂ ਵੱਧ ਰਚਨਾ, ਕਹਾਣੀਆਂ ਤੇ ਨਾਵਲ ਲਿਖਣੇ ਜ਼ਰੂਰੀ ਹਨ, ਕਿਉਂਕਿ ਹੁਣ ਚੱਲ ਰਹੇ ਮਾਹੌਲ ਵਿਚ ਪੰਜਾਬੀ ਦੇ ਕਈ ਸ਼ਬਦ ਗਵਾਚਦੇ ਜਾ ਰਹੇ ਹਨ। ਸਾਡਾ ਵਿਰਸਾ, ਸਾਡੀਆਂ ਸਾਂਝਾਂ, ਸਾਡਾ ਸਿੱਖ ਇਤਿਹਾਸ, ਪੁਰਾਤਨ ਗੱਲਾਂਬਾਤਾਂ ਤੇ ਪੰਜਾਬੀ ਵਿਚ ਲਏ ਜਾਣ ਵਾਲੇ ਨਾਵਾਂ ਤੋਂ ਅੱਜਕਲ੍ਹ ਦੀ ਪਨੀਰੀ ਨੂੰ ਜਾਣੂ ਕਰਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਸਮੇਂ ਅੰਗਰੇਜ਼ੀ ਬੋਲੀ ਤੇ ਹਿੰਦੀ ਉੱਚੇ ਪੱਧਰ 'ਤੇ ਸਾਡੇ ਬੱਚਿਆਂ ਨੂੰ ਪੜ੍ਹਾਈ ਜਾ ਰਹੀ ਹੈ। ਸਾਨੂੰ ਸਾਰਿਆਂ ਨੂੰ ਇਨ੍ਹਾਂ ਕਾਰਜਾਂ ਲਈ ਯਤਨਸ਼ੀਲ ਹੋਣਾ ਪਵੇਗਾ। ਅੱਜਕਲ੍ਹ ਸੱਭਿਆਚਾਰ ਦੇ ਨਾਂਅ 'ਤੇ ਬਹੁਤ ਸਾਰੀਆਂ ਗੰਦੀਆਂ ਕਲਮਾਂ ਤੇ ਬੋਲ ਉੱਭਰ ਕੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿਚ ਅੰਗਰੇਜ਼ੀ ਦਾ ਮਿਸ਼ਰਣ ਕਰਕੇ ਪੰਜਾਬੀ ਬੋਲੀ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਆਖਰ ਵਿਚ ਇਕ ਵਾਰ ਫਿਰ ਮੈਂ ਸਾਰੀਆਂ ਕਲਮਾਂ ਤੇ ਗਾਉਣ ਵਾਲਿਆਂ ਨੂੰ ਬੇਨਤੀ ਰੂਪ ਵਿਚ ਅਪੀਲ ਕਰਦਾ ਹਾਂ ਕਿ ਆਓ ਪੰਜਾਬੀ ਮਾਂ-ਬੋਲੀ ਦੀ ਵਧਦੀ ਹੋਈ ਬੇਅਦਬੀ ਨੂੰ ਰੋਕਣ ਲਈ ਇਕਜੁੱਟ ਹੋਈਏ।


-ਸੁਖਚੈਨ ਸਿੰਘ ਠੱਠੀ ਭਾਈ
ਯੂ.ਏ.ਈ.।

28-11-2018

 ਰਿਸ਼ਤੇ
ਨਰਿੰਦਰਪਾਲ ਕੌਰ ਵਲੋਂ ਲਿਖਿਆ ਲੇਖ 'ਰਿਸ਼ਤੇ ਸੰਭਾਲਣਾ ਅਜੋਕੇ ਸਮੇਂ ਦੀ ਲੋੜ' ਪੜ੍ਹਿਆ। ਪੜ੍ਹ ਕੇ ਬਹੁਤ ਹੀ ਵਧੀਆ ਲੱਗਾ। ਜੋ ਪਿਆਰ ਅਤੇ ਅਹਿਸਾਸ ਮਾਸੀ, ਮਾਸੜ, ਚਾਚਾ, ਚਾਚੀ, ਤਾਇਆ, ਤਾਈ ਬੋਲਣ ਵਿਚ ਹੈ, ਅੰਕਲ ਅਤੇ ਅੰਟੀ ਸ਼ਬਦ ਬੋਲਣ ਵਿਚ ਉਹ ਪਿਆਰ ਅਤੇ ਆਪਣਾਪਨ ਮਹਿਸੂਸ ਨਹੀਂ ਹੁੰਦਾ। ਘਰੇਲੂ ਰਿਸ਼ਤੇ ਸਾਂਝੇ ਪਰਿਵਾਰਾਂ ਵਿਚ ਵਧਦੇ ਫੁਲਦੇ ਸਨ। ਇਕ ਚੁੱਲ੍ਹੇ ਦੇ ਆਲੇ-ਦੁਆਲੇ ਬੈਠ ਕੇ ਰੋਟੀ ਖਾਣ ਨਾਲ ਰਿਸ਼ਤਿਆਂ ਵਿਚ ਪਿਆਰ ਵਧਦਾ ਸੀ। ਕਿਸੇ ਦੀ ਖ਼ਬਰ ਸਾਰ ਲੈਣ ਲਈ ਖ਼ੁਦ ਚੱਲ ਕੇ ਜਾਣ ਨਾਲ ਪਿਆਰ ਵਧਦਾ ਸੀ। ਪਰਿਵਾਰ ਦੇ ਵਿਚ ਵੱਡੇ ਬਜ਼ੁਰਗਾਂ ਦੇ ਹੱਥ ਕਮਾਨ ਹੋਣ ਨਾਲ ਆਪਣਾਪਨ ਮਹਿਸੂਸ ਹੁੰਦਾ ਸੀ ਜੋ ਅੱਜਕਲ੍ਹ ਖ਼ਤਮ ਹੋ ਰਿਹਾ ਹੈ। ਰਿਸ਼ਤਿਆਂ ਵਿਚ ਪਿਆਰ ਅਤੇ ਵਿਸ਼ਵਾਸ ਖ਼ਤਮ ਹੋ ਰਿਹਾ ਹੈ ਅਤੇ ਸਵਾਰਥ ਵਧ ਰਿਹਾ ਹੈ। ਸੋ, ਰਿਸ਼ਤਾ ਕੋਈ ਵੀ ਹੋਵੇ, ਉਸ ਵਿਚ ਪਿਆਰ, ਸਤਿਕਾਰ ਅਤੇ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਉਸ ਰਿਸ਼ਤੇ ਨੂੰ ਅਸੀਂ ਲੰਮੇ ਸਮੇਂ ਤੱਕ ਸੰਭਾਲ ਕੇ ਰੱਖ ਸਕਦੇ ਹਾਂ।


-ਬਲਦੇਵ ਸਿੰਘ ਸ਼ੇਖੂਪੁਰਾ
ਕੰਪਿਊਟਰ ਅਧਿਆਪਕ (ਸ਼ਰਸ ਸਹਸ ਜੱਸੋਵਾਲ ਕੁਲਾਰ)।


ਕੁਦਰਤੀ ਆਫ਼ਤਾਂ
ਮਨੁੱਖ ਜ਼ਿੰਦਗੀ ਦੇ ਮੈਦਾਨ ਵਿਚ ਕਿਸੇ ਵੀ ਪੱਧਰ ਜਾਂ ਅਹੁਦੇ 'ਤੇ ਪਹੁੰਚ ਜਾਵੇ ਪਰ ਸੰਘਰਸ਼ ਤੇ ਸਮੱਸਿਆਵਾਂ ਉਸ ਦਾ ਪਿੱਛਾ ਨਹੀਂ ਛੱਡਦੀਆਂ, ਭਾਵ ਮਨੁੱਖੀ ਜੀਵਨ ਨਿਰੰਤਰ ਇਕ ਸੰਘਰਸ਼ ਦੀ ਹੀ ਪ੍ਰਕਿਰਿਆ ਹੈ। ਮਨੁੱਖ ਨੂੰ ਜੀਵਨ ਸੰਘਰਸ਼ ਵਿਚ ਕੁਦਰਤ ਦੇ ਨਿਯਮਾਂ ਅਤੇ ਸਮਾਜਿਕ ਜੀਵਨ ਢਾਂਚੇ ਨੂੰ ਸਮਝਦੇ ਹੋਏ ਆਪਣੇ-ਆਪ ਨੂੰ ਸਥਾਪਿਤ ਕਰਨਾ ਪਹਾੜ ਨੂੰ ਸਰ ਕਰਨ ਬਰਾਬਰ ਔਖਾ ਕੰਮ ਹੈ ਪਰ ਫਿਰ ਵੀ ਬਹੁਤੇ ਲੋਕ ਆਪਣੀ ਬੁੱਧੀ, ਗਿਆਨ-ਵਿਗਿਆਨ, ਧਿਆਨ ਤੇ ਮਿਹਨਤ ਸਦਕਾ ਆਪਣੀ ਜੀਵਨ ਚਾਲ ਨੂੰ ਲੀਹ 'ਤੇ ਲੈ ਹੀ ਆਉਂਦੇ ਹਨ। ਜ਼ਿੰਦਗੀ ਦੀ ਚਾਲ ਤੇ ਸਥਿਤੀ ਉਸ ਸਮੇਂ ਵਿਗੜਦੀ ਹੈ ਜਦੋਂ ਕੁਦਰਤੀ ਆਫ਼ਤਾਂ ਮਨੁੱਖੀ ਜੀਵਨ ਨੂੰ ਘੇਰ ਲੈਂਦੀਆਂ ਹਨ। ਹੜ੍ਹ, ਭੁਚਾਲ ਤੇ ਹੋਰ ਕੁਦਰਤੀ ਆਫ਼ਤਾਂ ਅੱਗੇ ਮਨੁੱਖ ਬੇਵੱਸ ਤੇ ਲਾਚਾਰ ਹੋ ਕੇ ਰਹਿ ਜਾਂਦਾ ਹੈ।
ਕੁਦਰਤੀ ਆਫ਼ਤਾਂ ਪਿੱਛੇ ਕੀ ਕਾਰਨ ਹੁੰਦੇ ਹਨ, ਇਸ ਬਾਰੇ ਮਨੁੱਖੀ ਦ੍ਰਿਸ਼ਟੀਕੋਣ ਵੱਖ-ਵੱਖ ਤੇ ਕਈ ਪ੍ਰਕਾਰ ਦੇ ਹੁੰਦੇ ਹਨ ਪਰ ਧਾਰਮਿਕ ਗ੍ਰੰਥਾਂ ਅਨੁਸਾਰ ਪ੍ਰਮਾਣਿਕ ਤੱਥ ਇਹ ਹੈ ਕਿ ਕੁਦਰਤੀ ਆਫ਼ਤਾਂ ਪਿੱਛੇ 70 ਫ਼ੀਸਦੀ ਕਾਰਨ ਕਿਸੇ ਨਾ ਕਿਸੇ ਪੱਧਰ 'ਤੇ ਮਨੁੱਖੀ ਅਮਲਾਂ ਨਾਲ ਜੁੜੇ ਹੋਏ ਹੁੰਦੇ ਹਨ ਭਾਵ ਸਮਾਜ ਵਿਚ ਮਨੁੱਖਤਾ ਦੀ ਸੇਵਾ, ਕਦਰ, ਇੱਜ਼ਤ, ਸਨਮਾਨ ਤੇ ਪਿਆਰ-ਮੁਹੱਬਤ ਦਾ ਪੱਧਰ ਅਤੇ ਮਨੁੱਖਾਂ ਦਾ ਕੁਦਰਤ ਪ੍ਰਤੀ ਵਤੀਰਾ ਕੀ ਹੈ? ਨਾਲ ਬਹੁਤ ਕੁਝ ਜੁੜਿਆ ਹੁੰਦਾ ਹੈ। ਸੋ, ਆਓ ਸਾਰੇ ਮਨੁੱਖਾਂ ਨੂੰ ਮਨੁੱਖ ਸਮਝ ਕੇ ਇੱਜ਼ਤ ਕਰੀਏ ਅਤੇ ਕੁਦਰਤ ਦੇ ਨੇਮਾਂ ਮੁਤਾਬਿਕ ਆਪਣੇ ਜੀਵਨ ਨੂੰ ਢਾਲੀਏ।


-ਕੁਲਵਿੰਦਰ ਸਿੰਘ
ਪਿੰਡ ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ।


ਸ਼ਲਾਘਾਯੋਗ ਫ਼ੈਸਲਾ
ਕੇਂਦਰ ਸਰਕਾਰ ਵਲੋਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਲਾਂਘੇ ਦੀ ਇਜਾਜ਼ਤ ਦੇਣੀ ਬਹੁਤ ਹੀ ਸ਼ਲਾਘਾਯੋਗ ਅਤੇ ਵੱਡਾ ਫ਼ੈਸਲਾ ਹੈ। 1947 ਦੀ ਵੰਡ ਦੌਰਾਨ ਪਾਕਿਸਤਾਨ ਵਿਚ ਰਹਿ ਗਏ ਬਹੁਤ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਹਨ, ਜਿਨ੍ਹਾਂ ਨਾਲੋਂ ਭਾਰਤੀ ਸਿੱਖਾਂ ਦਾ ਵਿਛੜਨਾ ਬੇਹੱਦ ਦੁਖਦਾਇਕ ਸੀ। ਕਰਤਾਰਪੁਰ ਸਾਹਿਬ ਜਿਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਅੰਤਿਮ ਸਾਲ ਗੁਜ਼ਾਰੇ ਸਨ, ਉਸ ਦੇ ਖੁੱਲ੍ਹੇ ਦਰਸ਼ਨ-ਦੀਦਾਰ ਦੀ ਚਿਰੋਕਣੀ ਮੰਗ ਨੂੰ ਮੰਨੇ ਜਾਣ ਨਾਲ ਸਿੱਖਾਂ ਵਿਚ ਜਿਥੇ ਆਪਣੇ ਵਿਛੜੇ ਗੁਰਧਾਮ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ, ਉਥੇ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਪ੍ਰਫੁੱਲਿਤ ਕਰਨ ਤੇ ਸਰਬ ਸਾਂਝੀਵਾਲਤਾ ਦੇ ਉਪਦੇਸ਼ ਨੂੰ ਵੀ ਹੋਰ ਬਲ ਮਿਲੇਗਾ। ਨਾਨਕ ਨਾਮ-ਲੇਵਾ ਸੰਗਤ ਲਈ ਇਹ ਬੇਹੱਦ ਚੰਗੀ ਖ਼ਬਰ ਹੈ।


-ਬਿਕਰਮਜੀਤ ਸਿੰਘ ਜੀਤ
ਸ੍ਰੀ ਅੰਮ੍ਰਿਤਸਰ।


ਕੋਈ ਕੰਮ ਛੋਟਾ ਨਹੀਂ
ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਕੰਮ ਨੂੰ ਛੋਟਾ ਨਾ ਸਮਝਣ, ਸਗੋਂ ਜਿਹੜਾ ਵੀ ਰੁਜ਼ਗਾਰ ਮਿਲੇ, ਉਹੀ ਕੰਮ ਕਰ ਲੈਣਾ ਚਾਹੀਦਾ ਹੈ। ਅੱਜ ਦੇ ਦੌਰ ਵਿਚ ਵਧਦੀ ਹੋਈ ਬੇਰੁਜ਼ਗਾਰੀ ਸਿਰਫ ਸਾਡੇ ਦੇਸ਼ ਲਈ ਹੀ ਨਹੀਂ ਸਗੋਂ ਦੁਨੀਆ ਦੇ ਬਹੁਤ ਸਾਰੇ ਹੋਰ ਦੇਸ਼ਾਂ ਲਈ ਵੀ ਚਿੰਤਾ ਦਾ ਵਿਸ਼ਾ ਹੈ। ਭਾਰਤ ਦੇਸ਼ ਵਿਚ ਬੇਰੁਜ਼ਗਾਰੀ ਦੀ ਲਾਈਨ ਲੰਮੀ ਹੁੰਦੀ ਜਾ ਰਹੀ ਹੈ। ਸਰਕਾਰਾਂ ਵਾਅਦੇ ਵੀ ਕਰਦੀਆਂ ਹਨ ਪਰ ਇਸ ਸਮੱਸਿਆ ਦਾ ਹੱਲ ਨਹੀਂ ਮਿਲ ਰਿਹਾ। ਸਵੈ-ਸੇਵੀ ਸੰਸਥਾਵਾਂ ਨੂੰ ਵੀ ਚਾਹੀਦਾ ਹੈ ਕਿ ਉਹ ਕੈਂਪ ਵਗੈਰਾ ਲਾ ਕੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਲਈ ਪ੍ਰੇਰਿਤ ਕਰਨ। ਜੇਕਰ ਅਜਿਹਾ ਕੁਝ ਕੀਤਾ ਜਾਵੇ ਤਾਂ ਮੈਨੂੰ ਲਗਦਾ ਹੈ ਕਿ ਇਸ ਸਮੱਸਿਆ ਦਾ ਹੱਲ ਨਿਕਲ ਸਕਦਾ ਹੈ।


-ਹਰਿੰਦਰਜੀਤ ਸਿੰਘ
ਬਰਨਾਲਾ।

27-11-2018

 ਕਿਵੇਂ ਆਵੇ ਖੁਸ਼ਹਾਲੀ?
ਇਸ ਸਮੇਂ ਪੰਜਾਬ ਨੂੰ ਸਿੰਥੈਟਿਕ ਨਸ਼ਿਆਂ ਨੇ ਪੂਰੀ ਤਰ੍ਹਾਂ ਜਕੜਿਆ ਹੋਇਆ ਹੈ। ਪੰਜਾਬ ਦੀ ਨੌਜਵਾਨੀ ਦੀਆਂ ਨਾੜਾਂ ਚਿੱਟੇ ਦੇ ਟੀਕਿਆਂ ਨਾਲ ਵਿੰਨ੍ਹੀਆਂ ਪਈਆਂ ਹਨ। ਇਨ੍ਹਾਂ ਨਸ਼ਿਆਂ ਤੋਂ ਰਾਹਤ ਦਿਵਾਉਣ ਲਈ ਕਈ ਸਿਆਸਤਦਾਨਾਂ ਤੇ ਬੁੱਧੀਜੀਵੀਆਂ ਦੁਆਰਾ ਅਫ਼ੀਮ ਦੀ ਖੇਤੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਨਸ਼ਿਆਂ ਤੋਂ ਹਟਾਉਣ ਲਈ ਨਸ਼ਿਆਂ ਦੀ ਵਰਤੋਂ ਕਰਨਾ ਤਾਂ ਖੂਹ 'ਚੋਂ ਕੱਢ ਕੇ ਖਾਤੇ 'ਚ ਸੁੱਟਣ ਵਾਲੀ ਗੱਲ ਹੈ। ਸਰਕਾਰ ਦੀ ਸਭ ਨਾਲੋਂ ਵੱਧ ਆਮਦਨ ਦਾ ਸਾਧਨ ਨਸ਼ੇ ਜਿਵੇਂ ਸ਼ਰਾਬ ਹੈ, ਉਸੇ ਤਰ੍ਹਾਂ ਸਰਕਾਰ ਅਫ਼ੀਮ-ਪੋਸਤ ਦੇ ਠੇਕੇ ਖੋਲ੍ਹ ਕੇ ਆਮਦਨ ਵਧਣ ਦਾ ਵਧੀਆ ਸਾਧਨ ਲੱਭ ਲਵੇਗੀ। ਠੇਕਿਆਂ ਦੇ ਲਾਇਸੰਸ ਵੀ ਜ਼ਿਆਦਾਤਰ ਅਮੀਰ ਅਤੇ ਰਸੂਖਵਾਨ ਵਿਅਕਤੀਆਂ ਨੂੰ ਮਿਲਣਗੇ ਅਤੇ ਆਮ ਬੰਦਾ ਰਿਸ਼ਵਤ ਦੇ ਕੇ ਲਾਇਸੰਸ ਲਵੇਗਾ, ਵਾਕਈ ਸਰਕਾਰ ਦੇ ਦੋਵੇਂ ਹੱਥੀਂ ਲੱਡੂ ਹੋਣਗੇ ਪਰ ਆਮ ਲੋਕਾਂ ਨੂੰ ਮਿਲੇਗਾ ਸਿਰਫ਼ ਨਸ਼ਾ। ਫਿਰ ਘਰ-ਘਰ ਪੈਦਾ ਹੁੰਦੇ ਨਸ਼ੇ ਨਾਲ ਖੁਸ਼ਹਾਲੀ ਕਿਵੇਂ ਆਏਗੀ?

-ਕਮਲ ਬਰਾੜ, ਪਿੰਡ ਕੋਟਲੀ ਅਬਲੂ।

ਹਵਾ ਪ੍ਰਦੂਸ਼ਣ 'ਚ ਕਮੀ
ਸਰਬਉੱਚ ਅਦਾਲਤ ਕੋਰਟ ਦੁਆਰਾ ਪਟਾਕਿਆਂ 'ਤੇ ਲਗਾਈ ਪਾਬੰਦੀ ਕਾਰਨ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਹਵਾ ਪ੍ਰਦੂਸ਼ਣ 'ਚ ਕੁਝ ਕਮੀ ਵੇਖਣ ਨੂੰ ਮਿਲੀ। ਸਰਕਾਰੀ ਅਪੀਲਾਂ, ਸੋਸ਼ਲ ਮੀਡੀਆ, ਸਕੂਲ, ਕਾਲਜਾਂ 'ਚ ਸੈਮੀਨਾਰ ਅਤੇ ਲੋਕਾਂ ਦੁਆਰਾ ਗ੍ਰੀਨ ਦੀਵਾਲੀ ਮਨਾਉਣ ਦੇ ਪ੍ਰਣ ਕਾਰਨ ਐਤਕੀਂ ਪਟਾਕਿਆਂ ਦੇ ਸ਼ੋਰ ਤੇ ਜ਼ਹਿਰੀਲੇ ਬਾਰੂਦ ਤੋਂ ਥੋੜ੍ਹੀ ਜਿਹੀ ਰਾਹਤ ਮਿਲੀ। ਇਸ ਵਾਰ ਗ੍ਰੀਨ ਦੀਵਾਲੀ ਦੇ ਪ੍ਰਚਾਰ ਨੂੰ ਅਮਲੀ ਤੌਰ 'ਤੇ ਅਪਣਾਉਂਦਿਆਂ ਰੂਪਨਗਰ ਜ਼ਿਲ੍ਹੇ ਦੇ ਲੋਕ ਪੰਜਾਬ ਲਈ ਮਿਸਾਲ ਬਣ ਗਏ। ਇਥੇ ਦੀਵਾਲੀ ਤੋਂ ਬਾਅਦ ਵੀ ਦੂਜੇ ਦਿਨ ਹਵਾ ਪਹਿਲਾਂ ਵਾਂਗ ਹੀ ਸਾਫ਼ ਰਹੀ ਜੋ ਕਿ ਸੂਬੇ ਭਰ ਦੇ ਲੋਕਾਂ ਲਈ ਇਕ ਸੰਦੇਸ਼ ਹੈ। ਵਾਤਾਵਰਨ ਦੀ ਮਹੱਤਤਾ ਤੇ ਪ੍ਰਦੂਸ਼ਣ ਦੇ ਮਾੜੇ ਪ੍ਰਭਾਵ ਨੂੰ ਸਮਝਦਿਆਂ ਐਤਕੀਂ ਬਹੁਤ ਸਾਰੇ ਸੂਝਵਾਨ ਕਿਸਾਨ ਵੀਰਾਂ ਨੇ ਪਰਾਲੀ ਨੂੰ ਅੱਗ ਨਹੀਂ ਲਗਾਈ। ਜੇਕਰ ਲੋਕ ਆਉਣ ਵਾਲੇ ਸਮੇਂ 'ਚ ਵੀ ਇਸ ਧਾਰਨਾਂ ਦੇ ਪੱਕੇ ਰਹੇ ਤਾਂ ਆਉਣ ਵਾਲੇ ਸਮੇਂ 'ਚ ਇਹ ਸਮੱਸਿਆ ਕਾਫ਼ੀ ਹੱਦ ਤੱਕ ਹੱਲ ਹੋ ਸਕਦੀ ਹੈ ਜੋ ਕਿ ਪੰਜਾਬ ਵਾਸੀਆਂ ਤੇ ਵਾਤਾਵਰਨ ਪ੍ਰੇਮੀਆਂ ਲਈ ਸ਼ੁੱਭ ਸੰਕੇਤ ਹੈ।

-ਪਰਮ ਪਿਆਰ ਸਿੰਘ, ਨਕੋਦਰ।

ਪਾਣੀ ਦਾ ਮਹੱਤਵ
ਸਾਡੀ ਜ਼ਿੰਦਗੀ ਵਿਚ ਪਾਣੀ ਦਾ ਬਹੁਤ ਮਹੱਤਵ ਹੈ। ਜੇਕਰ ਧਰਤੀ 'ਤੇ ਪਾਣੀ ਹੈ ਤਾਂ ਹੀ ਜੀਵਨ ਸੰਭਵ ਹੈ। ਪਾਣੀ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਰ ਜਿਸ ਤਰ੍ਹਾਂ ਪੰਜਾਬ ਅੰਦਰ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ, ਇਹ ਸਹੀ ਨਹੀਂ ਹੈ। ਇਕ ਪਾਸੇ ਫੈਕਟਰੀਆਂ ਦਾ ਗੰਦਾ ਪਾਣੀ ਦਰਿਆਵਾਂ ਵਿਚ ਸੁੱਟਿਆ ਜਾ ਰਿਹਾ ਹੈ, ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾਲ ਧਰਤੀ ਹੇਠਲਾ ਪਾਣੀ ਵੀ ਦੂਸ਼ਿਤ ਕੀਤਾ ਜਾ ਰਿਹਾ ਹੈ, ਦੂਸਰੇ ਪਾਸੇ ਪਾਣੀ ਦੀ ਦੁਰਵਰਤੋਂ ਨਾਲ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਵੱਲ ਜਾ ਰਿਹਾ ਹੈ। ਜੇਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਆਉਣ ਵਾਲੀਆਂ ਨਸਲਾਂ ਪਾਣੀ ਦੀ ਬੂੰਦ-ਬੂੰਦ ਲਈ ਤਰਸ ਜਾਣਗੀਆਂ। ਪਾਣੀ ਦੀ ਦੁਰਵਰਤੋਂ ਨੂੰ ਰੋਕਣਾ, ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਇਹ ਹਰ ਨਾਗਰਿਕ ਦਾ ਫ਼ਰਜ਼ ਹੈ।

-ਅਵਤਾਰ ਸਿੰਘ ਕੈਂਥ
ਪਿੰਡ ਝੋਰੜਾਂ, ਜ਼ਿਲ੍ਹਾ ਲੁਧਿਆਣਾ।

ਨਿਰਦੋਸ਼ਾਂ ਦੇ ਦੋਸ਼
ਸੜਕਾਂ ਉੱਪਰ ਆਮ ਘੁੰਮ ਰਹੇ ਅਵਾਰਾ ਨਿਰਦੋਸ਼ ਪਸ਼ੂ ਜੋ ਕਿ ਗਿਣਤੀ ਵਿਚ ਝੁੰਡਾਂ ਵਿਚ ਹੁੰਦੇ ਹਨ, ਪਤਾ ਨਹੀਂ ਕਿੰਨੀਆਂ ਕੁ ਜ਼ਿੰਦਗੀਆਂ ਦੇ ਦੋਸ਼ੀ ਬਣ ਜਾਂਦੇ ਹਨ। ਪਰ ਨਾਸਮਝ ਹੋਣ ਕਾਰਨ ਉਹ ਬਿਲਕੁਲ ਨਿਰਦੋਸ਼ ਹੁੰਦੇ ਹਨ। ਅਸਲ ਵਿਚ ਉਨ੍ਹਾਂ ਨਿਰਦੋਸ਼ਾਂ ਨੂੰ ਦੋਸ਼ੀ ਬਣਾਉਣ ਵਾਲੇ ਤਾਂ ਕੋਈ ਹੋਰ ਹੀ ਹਨ ਜੋ ਕਿ ਇਨ੍ਹਾਂ ਨਿਰਦੋਸ਼ਾਂ ਤੋਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਕੇ ਇਨ੍ਹਾਂ ਨੂੰ ਦੋਸ਼ੀ ਬਣਨ ਲਈ ਮਜਬੂਰ ਕਰ ਦਿੰਦੇ ਹਨ।

-ਮਾ: ਉਪਕਾਰਜੀਤ ਸਿੰਘ ਮੰਡੇਰ
ਤੰਗਰਾਲੀ।

26-11-2018

 ਇਕ ਚੰਗਾ ਰੁਝਾਨ
ਪਿਛਲੇ ਦਿਨੀਂ ਸੰਪਾਦਕੀ 'ਇਕ ਚੰਗਾ ਰੁਝਾਨ' ਪੜ੍ਹਿਆ, ਬਹੁਤ ਵਧੀਆ ਲੱਗਿਆ। ਉਨ੍ਹਾਂ ਨੇ ਅੰਕੜਿਆਂ ਦੇ ਹਵਾਲੇ ਦੇ ਕੇ ਵਾਤਾਵਰਨ ਨੂੰ ਲੈ ਕੇ ਪੰਜਾਬ ਦੇ ਵਾਸੀਆਂ ਨੂੰ ਚੰਗੀ ਸੂਚਨਾ ਦਿੱਤੀ ਅਤਿ ਸਿਆਣੇ ਹੋਣ ਦਾ ਸਬੂਤ ਦੇਣ ਤੇ ਸਮੁੱਚੇ ਲੋਕਾਂ ਦਾ ਇਕ ਤਰੀਕੇ ਨਾਲ ਧੰਨਵਾਦ ਵੀ ਕੀਤਾ। ਇਸ ਵਾਰ ਦੀਵਾਲੀ 'ਤੇ ਆਤਿਸ਼ਬਾਜ਼ੀ ਕਾਫ਼ੀ ਘੱਟ ਚਲਾਈ ਗਈ, ਸਿੱਟੇ ਵਜੋਂ ਪ੍ਰਦੂਸ਼ਣ ਦੀ ਗੁਣਵੱਤਾ ਘਟੀ ਹੈ। ਲਗਪਗ 29 ਫ਼ੀਸਦੀ ਪ੍ਰਦੂਸ਼ਣ ਗੁਣਵੱਤਾ ਦਾ ਘਟਣਾ ਆਉਂਦੇ ਸਮਿਆਂ ਲਈ ਵਧੀਆ ਸੰਕੇਤ ਕਿਹਾ ਜਾ ਸਕਦਾ ਹੈ। ਵਾਤਾਵਰਨ ਨੂੰ ਲੈ ਕੇ ਸਮੁੱਚਾ ਸਮਾਜ ਸੁਚੇਤ ਸੀ।
ਭਾਵੇਂ ਕਿਸਾਨ ਆਰਥਿਕ ਮੰਦਹਾਲੀ ਵਿਚੋਂ ਗੁਜ਼ਰ ਰਿਹਾ ਹੈ, ਫਿਰ ਵੀ ਕਈ ਕਿਸਾਨਾਂ ਔਖੇ-ਸੌਖੇ ਪਰਾਲੀ ਨੂੰ ਅੱਗ ਨਾ ਲਗਾ ਕੇ ਜ਼ਮੀਨ ਵਿਚ ਖਪਤ ਕੀਤਾ ਹੈ, ਉਹ ਵਧਾਈ ਦੇ ਹੱਕਦਾਰ ਹਨ। ਅਜਿਹੇ 'ਚ ਜੇਕਰ ਕਿਸਾਨ ਨੇ ਉਸਾਰੂ ਸੋਚ ਦਾ ਸਬੂਤ ਦਿੱਤਾ, ਸਰਕਾਰ ਵੀ ਕਿਸਾਨਾਂ ਨੂੰ ਆਰਥਿਕ ਮਦਦ ਦੇਵੇ, ਤਾਂ ਜੋ ਕਿਸਾਨ ਪਰਾਲੀ ਨੂੰ ਨਾ ਸਾੜਨ।


-ਮਾ: ਦੇਵ ਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਆਧਾਰ 'ਤੇ ਕਿੰਤੂ-ਪ੍ਰੰਤੂ

ਪਿਛਲੀ ਡਾ: ਮਨਮੋਹਨ ਸਿੰਘ ਸਰਕਾਰ ਵਲੋਂ ਆਧਾਰ ਕਾਰਡ ਦਾ ਵਿੱਢ ਵਿੱਢਿਆ ਗਿਆ ਸੀ, ਜਿਸ ਦੀ ਵਿਰੋਧੀ ਪਾਰਟੀ ਵਲੋਂ ਨਿੰਦਾ ਕੀਤੀ ਗਈ ਸੀ ਪਰ ਆਪਣੀ ਸਰਕਾਰ ਬਣਨ 'ਤੇ ਭਾਜਪਾ ਵਲੋਂ ਇਸ ਨੂੰ ਪ੍ਰਵਾਨ ਕਰਦਿਆਂ ਜ਼ੋਰ-ਸ਼ੋਰ ਨਾਲ ਬਣਾਉਣ ਤੇ ਲਾਗੂ ਕਰਨ ਦੀ ਕਾਰਵਾਈ ਕੀਤੀ ਗਈ। ਅਦਾਲਤਾਂ ਵਲੋਂ ਸਮੇਂ-ਸਮੇਂ 'ਤੇ ਫ਼ੈਸਲੇ ਦਿੱਤੇ ਗਏ। ਕਦੇ ਮਹੱਤਤਾ ਦੱਸੀ ਗਈ ਅਤੇ ਕਦੇ ਮਹੱਤਵਹੀਣ ਕਰਾਰ ਦਿੱਤਾ ਗਿਆ। ਅਸਲ ਵਿਚ ਆਧਾਰ ਕਾਰਡ ਇਕ ਬੇਜੋੜ ਪਛਾਣ ਪੱਤਰ ਹੈ। ਸੁਰੱਖਿਆ ਪੱਖ ਦੀਆਂ ਕਮੀਆਂ ਦੂਰ ਕਰਕੇ ਇਸ ਨੂੰ ਦ੍ਰਿੜ੍ਹਤਾ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਕੇਂਦਰ ਸਰਕਾਰ ਦਾ ਫ਼ਰਜ਼ ਹੈ ਕਿ ਕਾਨੂੰਨ 'ਚ ਸੋਧ ਕਰਕੇ ਦੇਸ਼ ਲਈ ਸਦਾ ਲਈ ਪਛਾਣ ਪੱਤਰ ਨੂੰ ਸਥਿਰਤਾ ਅਤੇ ਮਹਾਨਤਾ ਬਖ਼ਸ਼ ਕੇ ਜਾਵੇ।


-ਮੱਖਣ ਬਰਾੜ
ਪਿੰਡ : ਛੋਟਾ ਘਰ (ਮੋਗਾ)।


ਮਿਲਾਵਟ
ਮਿਲਾਵਟ ਬਾਰੇ ਰੋਜ਼ਾਨਾ ਹੀ ਅਖ਼ਬਾਰਾਂ ਵਿਚ ਪੜ੍ਹਨ ਨੂੰ ਮਿਲ ਰਿਹਾ ਹੈ, ਕਿਵੇਂ ਕੁਇੰਟਲਾਂ ਦੇ ਹਿਸਾਬ ਨਾਲ ਨਕਲੀ ਖੋਆ, ਇਸੇ ਹਿਸਾਬ ਨਾਲ ਨਕਲੀ ਦੁੱਧ ਫੜਿਆ ਜਾ ਰਿਹਾ ਹੈ ਪਰ ਫਿਰ ਵੀ ਲੋਕ ਜਿਹੜੇ ਇਸ ਧੰਦੇ ਨਾਲ ਜੁੜੇ ਹੋਏ ਹਨ, ਮੁੜਨ ਦਾ ਨਾਂਅ ਨਹੀਂ ਲੈ ਰਹੇ। ਇਸੇ ਤੋਂ ਹੋਰ ਖਾਣ-ਪੀਣ ਵਾਲੀਆਂ ਬਾਜ਼ਾਰੂ ਚੀਜ਼ਾਂ ਵਿਚ ਧੜਾਧੜ ਮਿਲਾਵਟ ਹੋ ਰਹੀ ਹੈ। ਪਹਿਲੇ ਉਹ ਵਕਤ ਵੀ ਹੁੰਦੇ ਸਨ, ਕਿਧਰੇ ਕੋਈ ਮਿਲਾਵਟ ਨਹੀਂ ਸੀ ਲੋਕ ਵੀ ਚੰਗਾ ਖਾਂਦੇ ਸਨ, ਸਿਹਤ ਵੀ ਠੀਕ ਰਹਿੰਦੀ ਸੀ। ਸਰਕਾਰ ਨੂੰ ਚਾਹੀਦਾ ਹੈ ਕਿ ਚੋਰ ਨੂੰ ਨਾ ਫੜੋ, ਚੋਰ ਦੀ ਮਾਂ ਨੂੰ ਫੜੋ, ਦੁਕਾਨਦਾਰ ਨੂੰ ਫੜਨ ਦਾ ਕੋਈ ਫਾਇਦਾ ਨਹੀਂ, ਬਲਕਿ ਵੱਡਾ ਅਪਰਾਧੀ ਜਿਹੜਾ ਇਹ ਕੰਮ ਕਰਦਾ ਹੈ ਅਤੇ ਸਪਲਾਈ ਕਰਦਾ ਹੈ, ਉਸ ਨੂੰ ਫੜੋ, ਆਪੇ ਧੰਦਾ ਬੰਦ ਹੋ ਜਾਵੇਗਾ।


-ਹਰਜਿੰਦਰ ਸਿੰਘ ਬਾਜਵਾ
ਵਿਜੇ ਨਗਰ, ਹੁਸ਼ਿਆਰਪੁਰ।


ਰੁਜ਼ਗਾਰ ਮੇਲੇ
ਘਰ-ਘਰ ਰੋਜ਼ਗਾਰ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਵਲੋਂ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਪਿਛਲੇ ਮੇਲਿਆਂ ਦੌਰਾਨ ਵੀ ਕਾਫ਼ੀ ਬੇਰੁਜ਼ਗਾਰਾਂ ਨੂੰ ਨਿੱਜੀ ਕੰਪਨੀਆਂ ਆਦਿ ਵਿਚ ਰੁਜ਼ਗਾਰ ਦੇ ਮੌਕੇ ਪ੍ਰਾਪਤ ਹੋਏ ਹਨ। ਨੌਜਵਾਨਾਂ ਦੀ ਰੁਜ਼ਗਾਰ ਲਈ ਚੋਣ ਸਬੰਧੀ ਨਿਰਪੱਖ ਤੇ ਪਾਰਦਰਸ਼ੀ ਪ੍ਰਣਾਲੀ ਅਪਣਾਈ ਜਾਣੀ ਚਾਹੀਦੀ ਹੈ। ਬੇਰੁਜ਼ਗਾਰੀ ਦੂਰ ਕਰਨ ਲਈ ਸਰਕਾਰ ਵਲੋਂ ਰੁਜ਼ਗਾਰ ਮੇਲੇ ਲਗਾ ਕੇ ਕੀਤਾ ਜਾ ਰਿਹਾ ਉਪਰਾਲਾ ਵਧੀਆ ਹੈ। ਜਿਥੇ ਰੁਜ਼ਗਾਰ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਇਸ ਦੇ ਨਾਲ ਹੀ ਸਰਕਾਰੀ ਨੌਕਰੀਆਂ ਦੇਣ ਦਾ ਵੀ ਕੋਈ ਅਜਿਹਾ ਹੀ ਪ੍ਰਬੰਧ ਕਰਨਾ ਚਾਹੀਦਾ ਹੈ, ਤਾਂ ਜੋ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਸਰਕਾਰੀ ਨੌਕਰੀਆਂ ਵੀ ਪ੍ਰਾਪਤ ਕਰ ਸਕਣ। ਅਜਿਹਾ ਕਰਨ ਨਾਲ ਜਿਥੇ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਿਚ ਕਾਮਯਾਬ ਹੋਵੇਗੀ, ਉਥੇ ਨਸ਼ਿਆਂ, ਚੋਰੀਆਂ ਅਤੇ ਲੜਾਈਆਂ-ਝਗੜਿਆਂ ਆਦਿ ਦੀ ਗੰਭੀਰ ਬਣੀ ਸਮੱਸਿਆ ਦਾ ਵੀ ਹੱਲ ਹੋਵੇਗਾ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਉਲਝਣ 'ਚ ਅਧਿਆਪਕ ਅਤੇ ਬੱਚੇ
ਸਰਕਾਰੀ ਸਿੱਖਿਆ ਪ੍ਰਣਾਲੀ ਦੇ ਮਿਆਰ ਨੂੰ ਉੱਚਾ ਚੁੱਕਣਾ ਸਮੇਂ ਦੀ ਲੋੜ ਹੈ, ਬਿਨਾਂ ਸ਼ੱਕ ਵਿਭਾਗ ਨੇ ਇਸ ਗੱਲ ਦੇ ਮੱਦੇਨਜ਼ਰ ਕਈ ਕਾਰਜ ਉਲੀਕੇ ਅਤੇ ਮੁਹਿੰਮਾਂ ਵੀ ਆਰੰਭੀਆਂ ਹਨ। ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਅਧਿਆਪਕਾਂ ਦੇ ਸੈਮੀਨਾਰ ਲਗਾਏ ਜਾ ਰਹੇ ਹਨ। ਬੱਚਿਆਂ ਦੇ ਆਮ ਗਿਆਨ ਅਤੇ ਵਿਸ਼ਾ ਵਾਰ ਜਾਣਕਾਰੀ ਵਿਚ ਵਾਧਾ ਕਰਨ ਲਈ ਪ੍ਰੀਖਿਆ ਲਈ ਜਾਂਦੀ ਹੈ। ਇਨ੍ਹਾਂ ਸਭ ਨੂੰ ਲੈ ਕੇ ਅਧਿਆਪਕ ਅਤੇ ਬੱਚੇ ਉਲਝਣ ਵਿਚ ਹਨ।
ਅਧਿਆਪਕ ਇਸ ਗੱਲੋਂ ਉਲਝਣ ਵਿਚ ਹਨ ਕਿ ਪਾਠਕ੍ਰਮ ਕਰਾਇਆ ਜਾਵੇ, ਉਡਾਣ ਦੇ ਪ੍ਰਸ਼ਨ-ਉੱਤਰ ਕਰਵਾਏ ਜਾਣ, ਬੇਸ ਲਾਈਨ ਜਾਂ ਐਂਡ ਲਾਈਨ ਪ੍ਰੀਖਿਆ ਲਈ ਜਾਵੇ, ਵਰਕ ਬੁੱਕ ਕਰਵਾਈ ਜਾਵੇ ਜਾਂ ਹੋਰ ਸਹਿ-ਪਾਠ ਕਿਰਿਆਵਾਂ ਕਰਵਾਈਆਂ ਜਾਣ ਅਤੇ ਬੱਚੇ ਇਹ ਸਭ ਕਾਰਜ ਕਰਨ ਸਮੇਂ ਉਲਝਣ ਵਿਚ ਹਨ। ਵਿਭਾਗ ਨੂੰ ਚਾਹੀਦਾ ਹੈ ਕਿ ਬੱਚਿਆਂ ਅਤੇ ਅਧਿਆਪਕਾਂ ਵਿਚ ਪੈਦਾ ਹੋ ਰਹੀ ਉਲਝਣ ਨੂੰ ਧਿਆਨ ਵਿਚ ਰੱਖਿਆ ਜਾਵੇ।


-ਅੰਮ੍ਰਿਤਪਾਲ ਸਿੰਘ

23-11-2018

 ਵਾਅਦਾ ਨਿਭਾਏ ਸਰਕਾਰ
ਪੰਜਾਬ ਸੂਬੇ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਪੰਜਾਬ ਵਾਸੀਆਂ ਨਾਲ ਹਰੇਕ ਘਰ 'ਚ ਇਕ ਪੱਕੀ ਸਰਕਾਰੀ ਨੌਕਰੀ ਦੇਣ, ਨੌਕਰੀ ਨਾ ਮਿਲਣ ਤੱਕ 2500 ਰੁਪਏ ਬੇਰੁਜ਼ਗਾਰੀ ਭੱਤਾ ਅਤੇ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਸੀ ਜੋ ਕਿ ਕਾਂਗਰਸ ਪਾਰਟੀ ਦੇ 9 ਜਨਵਰੀ, 2017 ਨੂੰ ਜਾਰੀ ਕੀਤੇ ਚੋਣ ਮਨੋਰਥ ਪੱਤਰ 'ਚ ਵੀ ਸ਼ਾਮਿਲ ਹੈ। ਲੋਕਾਂ ਨੇ ਭਰਪੂਰ ਸਮਰਥਨ ਦੇ ਕੇ ਕਾਂਗਰਸ ਪਾਰਟੀ ਨੂੰ ਜਤਾਇਆ।
ਹੁਣ ਇਸ ਪਾਰਟੀ ਨੂੰ ਸੱਤਾ ਸੰਭਾਲਿਆਂ ਡੇਢ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਜਿਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਨ। ਉਪਰੋਕਤ ਵਾਅਦੇ ਪ੍ਰਤੀ ਕੈਪਟਨ ਸਰਕਾਰ ਸੰਜੀਦਾ ਨਜ਼ਰ ਨਹੀਂ ਆ ਰਹੀ। ਸੱਥਾਂ 'ਚ ਗੱਲ ਕਰਦੇ ਲੋਕ ਆਪਣੇ-ਆਪ ਨੂੰ ਠੱਗਿਆ ਮਹਿਸੂਸ ਕਰਦੇ ਹਨ। ਲੋਕ ਤਾਂ 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਆਪਣੇ ਸਮਰਥਨ ਬਾਰੇ ਵੀ ਕਈ ਕੁਝ ਸੋਚ ਰਹੇ ਹਨ। ਇਸ ਲਈ ਸਾਡੀ ਕੈਪਟਨ ਸਰਕਾਰ ਨੂੰ ਪੁਰਜ਼ੋਰ ਅਪੀਲ ਹੈ ਕਿ ਇਸ ਵਾਅਦੇ ਨੂੰ ਜਲਦ ਹੀ ਅਮਲੀ ਜਾਮਾ ਪਹਿਨਾਇਆ ਜਾਵੇ।


-ਰਾਜੇਸ਼ ਛਾਬੜਾ
ਪਿੰਡ ਤੇ ਡਾਕ: ਧਿਆਨਪੁਰ (ਬਟਾਲਾ)


ਬੁਲੇਟ ਟਰੇਨ ਦੇ ਸੁਪਨੇ
ਪਿਛਲੇ ਦਿਨੀਂ ਪੰਜਾਬ ਦੇ ਫਿਰੋਜ਼ਪੁਰ ਨਜ਼ਦੀਕ ਜੰਮੂ-ਤਵੀ ਐਕਸਪ੍ਰੈੱਸ ਦੀ ਹੁੱਕ ਟੁੱਟਣ ਕਾਰਨ ਰੇਲ ਇੰਜਣ ਦੂਜੇ ਡੱਬਿਆਂ ਤੋਂ ਵੱਖ ਹੋ ਗਿਆ ਤੇ ਇਕ ਕਿਲੋਮੀਟਰ ਤੱਕ ਅੱਗੇ ਨਿਕਲ ਗਿਆ। ਇਹ ਨਿਵੇਕਲੀ ਘਟਨਾ ਨਹੀਂ ਹੈ। ਕਦੇ ਲਾਈਨ ਤੋਂ ਭੱਜੀ ਜਾਂਦੀ ਗੱਡੀ ਹੀ ਥੱਲੇ ਉੱਤਰ ਜਾਂਦੀ ਹੈ ਅਤੇ ਕਦੇ ਬਿਨਾਂ ਸਹੀ ਸਿਗਨਲ ਅਤੇ ਪ੍ਰਬੰਧ ਦੇ ਗੱਡੀਆਂ ਭਿੜ ਜਾਂਦੀਆਂ ਹਨ। ਸਿੱਟਾ ਬਹੁਤ ਵੱਡੇ ਨੁਕਸਾਨ ਦੇ ਰੂਪ ਵਿਚ ਨਿਕਲਦਾ ਹੈ।
ਬੜੀ ਹੈਰਾਨੀ ਹੁੰਦੀ ਹੈ ਜਦੋਂ ਮੁਲਕ ਦਾ ਮੁਖੀ ਬੁਲੇਟ ਟਰੇਨ ਦੀਆਂ ਗੱਲਾਂ ਕਰਦਾ ਹੈ। ਅੱਜ ਦੇਸ਼ ਨੂੰ ਬੁਲੇਟ ਟਰੇਨ ਲਈ ਅਤਿਅੰਤ ਮਹਿੰਗੇ ਤੇ ਨਾ ਝੱਲੇ ਜਾਣ ਵਾਲੇ ਨਿਵੇਸ਼ ਦੀ ਲੋੜ ਨਹੀਂ ਹੈ, ਲੋੜ ਤਾਂ ਵਰਤਮਾਨ ਪਟੜੀਆਂ, ਇੰਜਣਾਂ, ਡੱਬਿਆਂ, ਸਿਗਨਲ ਵਿਵਸਥਾ ਅਤੇ ਰੇਲਵੇ ਸਟਾਫ ਨੂੰ ਸੋਧਣ ਦੀ ਹੈ। ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਬੁਲੇਟ ਦਾ ਸੁਪਨਾ ਛੱਡ ਕੇ ਰੇਲਵੇ ਨੈੱਟਵਰਕ ਨੂੰ ਚੁਸਤ-ਦਰੁਸਤ ਤੇ ਤੰਦਰੁਸਤ ਕਰੇ।


-ਮੱਖਣ ਬਰਾੜ ਛੋਟਾਘਰ
ਪਿੰਡ ਛੋਟਾਘਰ (ਮੋਗਾ)


ਕਿਸਾਨੀ ਤੇ ਮਾਰ
ਅੰਨਦਾਤੇ ਨੂੰ ਚਾਰੇ ਪਾਸਿਓਂ ਮਾਰਾਂ ਪੈ ਰਹੀਆਂ ਹਨ। ਉਹ ਬੇਸ਼ੱਕ ਫ਼ਸਲਾਂ ਦਾ ਵਾਜਿਬ ਭਾਅ ਨਾ ਮਿਲਣਾ, ਕੀਟਨਾਸ਼ਕ ਦਵਾਈਆਂ ਦੇ ਵਧਦੇ ਭਾਅ, ਡੀਜ਼ਲ ਦੀਆਂ ਵਧਦੀਆਂ ਕੀਮਤਾਂ, ਕੁਦਰਤ ਦੀ ਮਾਰ ਹੋਵੇ ਸਾਰੇ ਪਾਸਿਓਂ ਕਿਸਾਨ ਪਿਸਦਾ ਜਾ ਰਿਹਾ ਹੈ। ਦੂਸਰੇ ਪਾਸੇ ਸਰਕਾਰਾਂ ਤੇ ਸੰਦਾਂ ਦੀਆਂ ਕੰਪਨੀਆਂ ਵਿਚ ਸੰਦਾਂ ਦੀਆਂ ਕੀਮਤਾਂ ਸਬੰਧੀ ਤਾਲਮੇਲ ਨਾ ਹੋਣ ਕਰਕੇ ਵੀ ਕਿਸਾਨਾਂ ਨੂੰ ਮਾਰ ਪੈ ਰਹੀ ਹੈ ਕਿਉਂਕਿ ਸਰਕਾਰ ਨੇ ਸਬਸਿਡੀ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ। ਦੂਜੇ ਪਾਸੇ ਕੰਪਨੀਆਂ ਨੇ ਆਪਣੇ ਸੰਦਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਕਿਉਂਕਿ ਉਨ੍ਹਾਂ ਦਾ ਤਰਕ ਹੈ ਕਿ ਏਨੀ ਸਬਸਿਡੀ ਤੇ ਉਨ੍ਹਾਂ ਲਈ ਸੰਦ ਮੁਹੱਈਆ ਕਰਵਾਉਣਾ ਬਹੁਤ ਮੁਸ਼ਕਿਲ ਹੈ ਤੇ ਦੂਜੇ ਪਾਸੇ ਸਰਕਾਰ ਸੰਦਾਂ ਤੇ ਸਬਸਿਡੀਆਂ ਵਧਾ ਕੇ ਆਪਣੀ ਵਾਹੋ-ਵਾਹੀ ਖੱਟ ਰਹੀ ਹੈ।
ਸਰਕਾਰ ਦੁਆਰਾ ਸੰਦਾਂ 'ਤੇ ਲਾਈ ਜਾ ਰਹੀ 12 ਫ਼ੀਸਦੀ ਸਬਸਿਡੀ ਦਾ ਬੋਝ ਵੀ ਕਿਸਾਨਾਂ 'ਤੇ ਪੈ ਰਿਹਾ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰ ਕੁਝ ਕੁ ਕੰਪਨੀਆਂ ਨੂੰ ਛੱਡ ਕੇ ਬਾਕੀ ਸਾਰੀਆਂ ਕੰਪਨੀਆਂ ਤੋਂ ਵੀ ਸੰਦ ਖਰੀਦਣ ਦੀ ਇਜਾਜ਼ਤ ਦੇਵੇ ਤਾਂ ਜੋ ਸੰਦਾਂ ਦੇ ਰੇਟ ਘਟ ਸਕਣ ਤੇ ਸਰਕਾਰ ਨੂੰ ਖੇਤੀ ਸੰਦਾਂ 'ਤੇ ਲੱਗ ਰਹੇ ਜੀ.ਐਸ.ਟੀ. 'ਤੇ ਛੋਟ ਦੇਵੇ ਤਾਂ ਜੋ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।


ਨਸ਼ਾ ਛੱਡੋ, ਕੋਹੜ ਵੱਢੋ
ਅੱਜ ਨਸ਼ਾ ਸਾਡੇ ਪੰਜਾਬ ਨੂੰ ਅਤੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਰਿਹ ਹੈ। ਜਿਥੇ ਪੰਜਾਬ 'ਚ ਪੰਜ ਦਰਿਆ ਵਹਿੰਦੇ ਸੀ, ਉਥੇ ਅੱਜ ਨਸ਼ਿਆਂ ਦਾ ਛੇਵਾਂ ਦਰਿਆ ਵਹਿ ਰਿਹਾ ਹੈ। ਉਸ ਵਿਚ ਸਾਡੇ ਨੌਜਵਾਨ ਨਸ਼ਿਆਂ ਵਿਚ ਡੁੱਬ ਰਹੇ ਹਨ ਅਤੇ ਆਪਣੀਆਂ ਕੀਮਤੀ ਜਾਨਾਂ ਗੁਆ ਰਹੇ ਹਨ। ਨਸ਼ਾ ਭਾਵੇਂ ਕੋਈ ਵੀ ਹੋਵੇ, ਭਾਵ ਸ਼ਰਾਬ, ਅਫੀਮ, ਪੋਸਤ ਜਾਂ ਸਮੈਕ ਸਿਹਤ ਲਈ ਹਾਨੀਕਾਰਕ ਹੀ ਹੈ। ਇਸ ਨਾਲ ਤਨ ਦਾ ਵੀ ਨੁਕਸਾਨ ਅਤੇ ਧਨ ਦਾ ਵੀ ਨੁਕਸਾਨ। ਇਸ ਲਈ ਮੇਰੀ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਜਾਗੋ, ਨਸ਼ੇ ਤਿਆਗੋ। ਨਸ਼ਾ ਛੱਡੋ, ਕੋਹੜ ਵੱਢੋ, ਗੁਰੂ ਦੇ ਲੜ ਲੱਗੋ, ਅੰਮ੍ਰਿਤ ਛਕੋ, ਚੰਗੀ ਸੰਗਤ ਕਰੋ, ਬੁਰੀ ਸੰਗਤ ਤੋਂ ਦੂਰ ਰਹੋ।


-ਸੁਖਚੈਨ ਸਿੰਘ ਢਿੱਲੋਂ
ਖਿੱਪਾਂ ਵਾਲੀ (ਫਾਜ਼ਿਲਕਾ)

21-11-2018

 ਝੂਠੇ ਵਾਅਦੇ ਨਹੀਂ ਵਿਕਾਸ ਚਾਹੀਦੈ

ਸਰਕਾਰਾਂ ਦੁਆਰਾ ਚੋਣ ਮੈਨੀਫੈਸਟੋ ਵੀ ਤਿਆਰ ਕੀਤੇ ਜਾਂਦੇ ਹਨ। ਚੋਣਾਂ ਜਿੱਤਣ ਤੋਂ ਬਾਅਦ ਸੱਤਾਧਾਰੀ ਪਾਰਟੀਆਂ ਇਹ ਸਭ ਕੁਝ ਵਿਸਾਰ ਦਿੰਦੀਆਂ ਹਨ ਤੇ ਮੁੱਕਰ ਵੀ ਜਾਂਦੀਆਂ ਹਨ ਕਿ ਅਸੀਂ ਤਾਂ ਅਜਿਹਾ ਕੋਈ ਵਾਅਦਾ ਹੀ ਨਹੀਂ ਕੀਤਾ। ਇਹ ਤਾਂ ਨਿਰਪੱਖ ਮੀਡੀਆ ਹੀ ਹੈ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦਾ ਹੈ। ਨਹੀਂ ਤਾਂ ਗਿਰਗਿਟ ਵਾਂਗੂ ਬਦਲਦੀਆਂ ਸਰਕਾਰਾਂ ਕਿੱਥੇ ਪੈਰਾਂ 'ਤੇ ਪਾਣੀ ਪੈਣ ਦਿੰਦੀਆਂ ਹਨ। ਸਰਕਾਰਾਂ ਦੇ ਵਿਸ਼ਵਾਸਘਾਤ ਕਾਰਨ ਹੀ ਇਨ੍ਹਾਂ ਦੇ ਵਾਅਦਿਆਂ ਤੇ ਚੋਣ ਮੈਨੀਫੈਸਟੋਆਂ ਤੋਂ ਲੋਕਾਂ ਦਾ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਲੋਕ ਵੀ ਇਹੀ ਸੋਚਦੇ ਹਨ ਕਿ ਸਰਕਾਰ ਅਜਿਹੀ ਬਣਾਈ ਜਾਵੇ ਜੋ ਕਹਿਣੀ ਕਥਨੀ 'ਤੇ ਖਰੀ ਉੱਤਰੇ। ਪਰ ਹੁਣ ਤੱਕ ਸਰਕਾਰਾਂ ਨੇ ਲੋਕਾਂ ਨੂੰ ਪਛਤਾਵੇ ਤੋਂ ਸਿਵਾ ਕੁਝ ਨਹੀਂ ਦਿੱਤਾ ਤਾਂ ਹੀ ਸਾਡਾ ਨੌਜਵਾਨ ਵਰਗ ਬਾਹਰਲੇ ਮੁਲਕਾਂ ਨੂੰ ਝੂਰਦਾ ਹੈ।

-ਤਰਸੇਮ ਲੰਡੇ
ਪਿੰਡ ਲੰਡੇ, ਮੋਗਾ।

ਗਊਸ਼ਾਲਾ ਤੇ ਗਊ ਟੈਕਸ

ਆਮ ਨਾਗਰਿਕਾਂ ਕੋਲੋਂ ਗਊ ਟੈਕਸ ਦੀ ਵਸੂਲੀ ਕਰਨ ਦਾ ਕੰਮ ਪਿਛਲੀ ਸਰਕਾਰ ਸਮੇਂ ਸ਼ੁਰੂ ਕੀਤਾ ਗਿਆ ਸੀ ਅਤੇ ਸਰਕਾਰੀ ਵਿਭਾਗ ਬਾਕਾਇਦਾ ਵਸੂਲੀ ਵੀ ਕਰ ਰਹੇ ਹਨ ਪਰ ਰਿਪੋਰਟ ਅਨੁਸਾਰ ਗਊ ਕਰ ਦਾ ਬਣਦਾ ਹਿੱਸਾ ਸਮੇਂ ਸਿਰ ਗਊਸ਼ਾਲਾਵਾਂ ਵਿਚ ਜਮ੍ਹਾਂ ਨਹੀਂ ਕਰਵਾਇਆ ਜਾ ਰਿਹਾ, ਜਿਸ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਗਊਸ਼ਾਲਾਵਾਂ ਵਿਚ ਭੇਜੇ ਆਵਾਰਾ ਪਸ਼ੂਆਂ ਲਈ ਦਵਾਈਆਂ ਅਤੇ ਚਾਰੇ ਦਾ ਪ੍ਰਬੰਧ ਕਰਨ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਅਜੇ ਵੀ ਲੱਖਾਂ ਦੀ ਗਿਣਤੀ ਵਿਚ ਅਵਾਰਾ ਪਸ਼ੂ ਸੜਕਾਂ 'ਤੇ ਘੁੰਮ ਰਹੇ ਹਨ। ਲੋੜ ਹੈ ਗਊਸ਼ਾਲਾਵਾਂ ਦਾ ਬਣਦਾ ਗਊ ਕਰ ਸਮੇਂ ਸਿਰ ਜਮ੍ਹਾਂ ਕਰਾਉਣ ਦੀ ਤਾਂ ਜੋ ਗਊ ਸੇਵਾ ਕਮਿਸ਼ਨ ਗਊਸ਼ਾਲਾਵਾਂ ਵਿਚ ਭੇਜੇ ਆਵਾਰਾ ਪਸ਼ੂਆਂ ਦੇ ਚਾਰੇ ਅਤੇ ਦਵਾਈਆਂ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਸੜਕਾਂ 'ਤੇ ਘੁੰਮਦੇ ਅਵਾਰਾ ਪਸ਼ੂਆਂ ਨੂੰ ਵੀ ਗਊਸ਼ਾਲਾਵਾਂ ਵਿਚ ਭੇਜ ਸਕੇ। ਅਜਿਹਾ ਨਾ ਹੋਵੇ ਕਿ ਖ਼ਰਚਾ ਨਾ ਮਿਲਣ ਕਾਰਨ ਅਵਾਰਾ ਪਸ਼ੂ ਗਊਸ਼ਾਲਾਵਾਂ ਵਿਚੋਂ ਬਾਹਰ ਆ ਜਾਣ।

-ਅਮਰੀਕ ਸਿੰਘ ਚੀਮਾ
ਸ਼ਾਬਹਾਦੀਆ, ਜਲੰਧਰ।

ਕਸ਼ਮੀਰੀ ਵਿਦਿਆਰਥੀਆਂ ਦੀ ਪ੍ਰੇਸ਼ਾਨੀ

ਜਲੰਧਰ ਦੇ ਇਕ ਵਿਦਿਅਕ ਅਦਾਰੇ ਤੋਂ ਪਕੜੇ ਗਏ ਕਸ਼ਮੀਰੀ ਵਿਦਿਆਰਥੀਆਂ ਦੀ ਸਾਜਿਸ਼ ਦਾ ਭੰਡਾ ਭੱਜ ਜਾਣ ਤੋਂ ਬਾਅਦ ਰਾਜ ਦੇ ਬਾਕੀ ਵਿਦਿਅਕ ਅਦਾਰਿਆਂ ਵਿਚ ਪੜ੍ਹ ਰਹੇ ਕਸ਼ਮੀਰੀ ਵਿਦਿਆਰਥੀ ਵੀ ਸ਼ੱਕ ਦੇ ਘੇਰੇ 'ਚ ਆ ਗਏ ਹਨ। ਹਾਲਾਂ ਕਿ ਅੱਤਵਾਦ ਦੀ ਗੱਲ ਕਰਨ ਸਮੇਂ ਇਹੋ ਕਿਹਾ ਜਾਂਦਾ ਹੈ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ। ਪਰ ਅਜਿਹੀਆਂ ਘਟਨਾਵਾਂ ਤੋਂ ਬਾਅਦ ਨਿਰਦੋਸ਼ੇ ਕਸ਼ਮੀਰੀ ਵਿਦਿਆਰਥੀਆਂ ਲਈ ਵੀ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਸ ਸਭ ਨੂੰ ਹੋਣ ਤੋਂ ਰੋਕਣ ਲਈ ਇਹ ਜ਼ਰੂਰੀ ਹੈ ਕਿ ਦਾਖ਼ਲੇ ਸਮੇਂ ਹੀ ਵਿਦਿਆਰਥੀਆਂ ਦੇ ਪਿਛੋਕੜ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਤਾਂ ਜੋ ਨਿਰਦੋਸ਼ ਵਿਦਿਆਰਥੀ ਬੇਵਜ੍ਹਾ ਕਿਸੇ ਪ੍ਰੇਸ਼ਾਨੀ 'ਚ ਨਾ ਫਸਣ।

-ਸੁਗਮ
ਲਾਇਲਪੁਰ ਖਾਲਸਾ ਕਾਲਜ, ਜਲੰਧਰ।

ਸਬਜ਼ੀਆਂ ਤੇ ਦੂਸ਼ਿਤ ਪਾਣੀ

ਬੀਤੇ ਦਿਨ 'ਅਜੀਤ' ਦੇ ਸੰਪਾਦਕੀ ਸਫ਼ੇ 'ਤੇ ਸ: ਜਗਦੇਵ ਸਿੰਘ ਹੁਰਾਂ ਦਾ ਲੇਖ 'ਸਬਜ਼ੀਆਂ 'ਤੇ ਦੂਸ਼ਿਤ ਪਾਣੀ ਦੀ ਵਰਤੋਂ ਨੂੰ ਰੋਕਿਆ ਜਾਵੇ' ਪੜ੍ਹਿਆ, ਜੋ ਕਾਫੀ ਸੇਧ ਦੇਣ ਵਾਲਾ ਸੀ। ਸਿਹਤ ਨਾਲ ਜੁੜਿਆ ਮਸਲਾ ਸੀ ਜਿਸ 'ਤੇ ਉਨ੍ਹਾਂ ਨੇ ਲੋਕਾਂ ਨੂੰ ਕਾਫੀ ਸੁਚੇਤ ਕੀਤਾ। ਵੇਖਣ ਵਿਚ ਅਕਸਰ ਆਉਂਦਾ ਹੈ ਕਿ ਉਹ ਲੋਕ ਜੋ ਸਬਜ਼ੀਆਂ ਖ਼ਾਸ ਕਰ ਮੂਲੀਆਂ, ਗਾਜਰਾਂ, ਸ਼ਲਗਮ ਤੇ ਹੋਰ ਅਨੇਕਾਂ ਪ੍ਰਕਾਰ ਦੀਆਂ ਸਾਫ਼-ਸਫ਼ਾਈ ਦੂਸ਼ਿਤ ਪਾਣੀ ਨਾਲ ਹੀ ਸਾਫ਼ ਕਰਕੇ ਮੰਡੀਆਂ ਵਿਚ ਲੈ ਜਾਂਦੇ ਹਨ ਜਾਂ ਸ਼ਾਮ ਨੂੰ ਬਾਜ਼ਾਰ 'ਚ ਰੇਹੜੀਆਂ ਆਦਿ 'ਤੇ ਵੇਚਦੇ ਹਨ। ਸੋਚਣ ਵਾਲੀ ਗੱਲ ਹੈ ਕਿ ਜੋ ਸਬਜ਼ੀਆਂ ਪਕਾ ਕੇ ਖਾਣ ਵਾਲੀਆਂ ਹੁੰਦੀਆਂ ਹਨ, ਉਹ ਤਾਂ ਪੱਕ ਕੇ ਸ਼ਾਇਦ ਹਾਨੀਕਾਰਕ ਘੱਟ ਰਹਿ ਜਾਣ ਦੀ ਸੰਭਾਵਨਾ ਹੈ ਪਰ ਜੋ ਆਪਾਂ ਸਲਾਦ ਦੇ ਰੂਪ ਵਿਚ ਛਿੱਲ ਕੇ ਖਾਂਦੇ ਹਾਂ ਜਾਂ ਕਈ ਵਾਰ ਅਕਸਰ ਮੂਲੀ ਜਾਂ ਗਾਜਰ ਸਿੱਧੀ ਖਾ ਜਾਂਦੇ ਹਾਂ, ਕਿੰਨੀ ਕੁ ਖ਼ਤਰਨਾਕ ਹੋ ਸਕਦੀ ਹੈ। ਅਜਿਹਾ ਅੰਦਾਜ਼ਾ ਸਹਿਜੇ ਹੀ ਲਗਾ ਸਕਦੇ ਹਾਂ। ਸੁਚੇਤ ਹੋਣ ਦੀ ਲੋੜ ਹੈ ਸਬਜ਼ੀਆਂ ਦੀ ਪੈਦਾਵਾਰ ਕਰਨ ਵਾਲੇ ਕਿਸਾਨ ਜਾਂ ਹੋਰ ਲੋਕਾਂ ਦਾ ਫ਼ਰਜ਼ ਹੈ ਕਿ ਉਹ ਸਾਫ਼ ਪਾਣੀ ਨਾਲ ਹੀ ਸਬਜ਼ੀਆਂ ਦੀ ਸਫ਼ਾਈ ਕਰਨ, ਤਾਂ ਜੋ ਸਿਹਤ ਨਾਲ ਕਿਸੇ ਕਿਸਮ ਦੀ ਗ਼ੈਰ-ਜ਼ਿੰਮੇਵਾਰੀ ਨਾ ਵਰਤੀ ਜਾਏ।

-ਮਾਸਟਰ ਦੇਵ ਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX