ਤਾਜਾ ਖ਼ਬਰਾਂ


ਸ੍ਰੀਲੰਕਾ ਧਮਾਕਾ : ਕੋਲੰਬੋ 'ਚ ਕਰਫ਼ਿਊ ਲਾਉਣ ਦੇ ਹੁਕਮ
. . .  10 minutes ago
ਕੋਲੰਬੋ, 22 ਅਪ੍ਰੈਲ- ਸ੍ਰੀਲੰਕਾ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਰਾਜਧਾਨੀ ਕੋਲੰਬੋ 'ਚ ਰਾਤੀਂ 8 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਕਰਫ਼ਿਊ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ ਸਭ ਤੋਂ ਵੱਧ ਧਮਾਕੇ ਕੋਲੰਬੋ 'ਚ ਹੋਏ ਸਨ ਅਤੇ ਅੱਜ ਵੀ...
ਅਕਾਲੀ ਦਲ ਭਲਕੇ ਕਰੇਗਾ ਬਠਿੰਡਾ ਅਤੇ ਫ਼ਿਰੋਜ਼ਪੁਰ ਤੋਂ ਉਮੀਦਵਾਰਾਂ ਦਾ ਐਲਾਨ
. . .  21 minutes ago
ਸੰਗਰੂਰ, 22 ਅਪ੍ਰੈਲ (ਦਮਨਜੀਤ, ਬਿੱਟਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਬਠਿੰਡਾ ਅਤੇ ਫ਼ਿਰੋਜ਼ਪੁਰ ਸੀਟਾਂ 'ਤੇ ਅਕਾਲੀ ਉਮੀਦਵਾਰਾਂ ਦਾ ਐਲਾਨ ਕੱਲ੍ਹ ਸਵੇਰੇ ਕਰ ਦਿੱਤਾ ਜਾਵੇਗਾ। ਸੰਗਰੂਰ ਦੇ ਅਕਲੀ ਵਰਕਰਾਂ ਨੂੰ ਮਿਲਣ ....
ਚੱਲਦੀ ਗੱਡੀ 'ਚ ਅਚਾਨਕ ਲੱਗੀ ਅੱਗ, ਵਾਲ-ਵਾਲ ਬਚਿਆ ਬਜ਼ੁਰਗ ਜੋੜਾ
. . .  30 minutes ago
ਚੰਡੀਗੜ੍ਹ, 22 ਅਪ੍ਰੈਲ- ਚੰਡੀਗੜ੍ਹ ਦੇ ਸੈਕਟਰ 7-8 ਦੇ ਚੌਕ 'ਚ ਅੱਜ ਇੱਕ ਚੱਲਦੀ ਗੱਡੀ 'ਚ ਅਚਾਲਕ ਅੱਗ ਲੱਗ ਗਈ। ਇਸ ਹਾਦਸੇ 'ਚ ਕਾਰ ਸਵਾਰ ਬਜ਼ੁਰਗ ਜੋੜਾ ਵਾਲ-ਵਾਲ ਬਚ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਗੱਡੀ 'ਚੋਂ ਪਹਿਲਾਂ ਅਚਾਨਕ ਧੂੰਆ ਨਿਕਲਣ...
ਪਟਿਆਲਾ 'ਚ ਵਾਹਨ ਚੋਰੀ ਕਰਨ ਵਾਲਾ ਆਇਆ ਪੁਲਿਸ ਅੜਿੱਕੇ
. . .  36 minutes ago
ਪਟਿਆਲਾ, 22 ਅਪ੍ਰੈਲ (ਅਮਨ)- ਇੱਥੇ ਅੱਜ ਪਟਿਆਲਾ ਪੁਲਿਸ ਨੇ ਸ਼ਹਿਰ ਅੰਦਰੋਂ ਵਾਹਨ ਚੋਰੀ ਕਰ ਕੇ ਮਲੇਰਕੋਟਲਾ ਅਤੇ ਆਲੇ-ਦੁਆਲੇ ਵੇਚਣ ਵਾਲੇ ਨੂੰ ਗ੍ਰਿਫ਼ਤਾਰ ਕਰ ਕੇ 52 ਵਾਹਨ ਬਰਾਮਦ ਕਰਨ 'ਚ ਸਫਲਤਾ ਪ੍ਰਾਪਤ ਹੋਈ ਹੈ। ਜ਼ਿਕਰਯੋਗ ਹੈ ਕਿ ਉਕਤ ਦੋਸ਼ੀ ਦੀ ....
ਭਾਜਪਾ ਨੂੰ ਲੱਗਾ ਵੱਡਾ ਝਟਕਾ : ਸੁਰੇਸ਼ ਚੰਦੇਲ ਕਾਂਗਰਸ 'ਚ ਹੋਏ ਸ਼ਾਮਲ
. . .  46 minutes ago
ਨਵੀਂ ਦਿੱਲੀ, 22 ਅਪ੍ਰੈਲ- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਲੋਕ ਸਭਾ ਹਲਕੇ ਤੋਂ ਤਿੰਨ ਬਾਰ ਸੰਸਦ ਮੈਂਬਰ ਰਹੇ ਭਾਜਪਾ ਆਗੂ ਸੁਰੇਸ਼ ਚੰਦੇਲ ਦਿੱਲੀ 'ਚ ਰਾਹੁਲ ਗਾਂਧੀ ਦੀ ਮੌਜੂਦਗੀ 'ਚ ਕਾਂਗਰਸ 'ਚ ਸ਼ਾਮਲ ਹੋ ਗਏ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਪ੍ਰਦੇਸ਼ ਪ੍ਰਧਾਨ ....
ਟਿਕ ਟਾਕ ਮਾਮਲੇ 'ਤੇ 24 ਅਪ੍ਰੈਲ ਤੱਕ ਮਦਰਾਸ ਹਾਈਕੋਰਟ ਕਰੇ ਵਿਚਾਰ- ਸੁਪਰੀਮ ਕੋਰਟ
. . .  1 minute ago
ਨਵੀਂ ਦਿੱਲੀ, 22 ਅਪ੍ਰੈਲ - ਭਾਰਤ 'ਚ ਟਿਕ-ਟਾਕ ਐਪ 'ਤੇ ਬੈਨ ਦੇ ਮਾਮਲੇ 'ਚ ਕੰਪਨੀ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਸੋਮਵਾਰ ਨੂੰ ਇਸ ਮਾਮਲੇ 'ਤੇ ਹੋਈ ਸੁਣਵਾਈ ਦੇ ਦੌਰਾਨ ਕੰਪਨੀ ਨੇ ਕੋਰਟ 'ਚ ਕਿਹਾ ਹੈ ਕਿ ਮਦਰਾਸ ਹਾਈਕੋਰਟ ਨੇ ਬਿਨਾਂ ਸਾਡਾ ਪੱਖ ..../
ਕੈਪਟਨ ਅਤੇ ਕੇ.ਪੀ. ਦੀ ਹਾਜ਼ਰੀ 'ਚ ਚੌਧਰੀ ਸੰਤੋਖ ਸਿੰਘ ਨੇ ਭਰਿਆ ਨਾਮਜ਼ਦਗੀ ਪੱਤਰ
. . .  52 minutes ago
ਜਲੰਧਰ, 22 ਅਪ੍ਰੈਲ (ਚਿਰਾਗ਼)- ਲੋਕ ਸਭਾ ਚੋਣਾਂ ਦੇ ਚੱਲਦਿਆਂ ਜਲੰਧਰ ਵਿਖੇ ਅੱਜ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਹਿੰਦਰ ਸਿੰਘ ....
ਸੜਕ 'ਤੇ ਪਲਟਿਆ ਟਰੈਕਟਰ-ਟਰਾਲੀ, ਆਵਾਜਾਈ ਹੋਈ ਠੱਪ
. . .  about 1 hour ago
ਗੁਰੂਹਰਸਹਾਏ , 22 ਅਪ੍ਰੈਲ(ਹਰਚਰਨ ਸਿੰਘ ਸੰਧੂ)- ਫ਼ਿਰੋਜ਼ਪੁਰ ਜਲਾਲਾਬਾਦ ਸੜਕ 'ਤੇ ਸਥਿਤ ਗੁਰਦੁਆਰਾ ਸਾਹਿਬ ਦੇ ਨੇੜੇ ਦੋ ਟਰੈਕਟਰ - ਟਰਾਲੀਆਂ ਦੇ ਅਚਾਨਕ ਪਲਟ ਜਾਣ ਕਾਰਨ ਆਵਾਜਾਈ ਠੱਪ ਹੋ ਗਈ। ਇਹ ਦੋਵੇਂ ਟਰੈਕਟਰ ਟਰਾਲੀ 'ਤੇ ਫ਼ਿਰੋਜ਼ਪੁਰ ਤੋਂ ਬਰਾਦਾ ....
ਦਿੱਲੀ 'ਚ ਮਨੋਜ ਤਿਵਾੜੀ ਨੇ ਕੀਤਾ ਰੋਡ ਸ਼ੋਅ
. . .  about 1 hour ago
ਨਵੀਂ ਦਿੱਲੀ, 22 ਅਪ੍ਰੈਲ- ਉੱਤਰ ਪੂਰਬੀ ਦਿੱਲੀ ਤੋਂ ਭਾਜਪਾ ਦੇ ਉਮੀਦਵਾਰ ਮਨੋਜ ਤਿਵਾੜੀ ਵੱਲੋਂ ਦਿੱਲੀ 'ਚ ਰੋਡ ਸ਼ੋਅ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਕੇਂਦਰੀ ਮੰਤਰੀ ਵਿਜੇ ਗੋਇਲ ਅਤੇ ਅਦਾਕਾਰਾ ਸਪਨਾ ਚੌਧਰੀ ਵੀ ਮੌਜੂਦ.....
ਮੋਗਾ ਦੇ ਪ੍ਰਬੰਧਕੀ ਕੰਪਲੈਕਸ ਅੰਦਰ ਬਣੀ ਬੈਂਕ 'ਚੋਂ ਲੱਖਾਂ ਦੀ ਨਗਦੀ ਸਮੇਤ ਸੋਨਾ ਚੋਰੀ
. . .  about 2 hours ago
ਮੋਗਾ, 22 ਅਪ੍ਰੈਲ (ਗੁਰਤੇਜ ਸਿੰਘ/ਸੁਰਿੰਦਰ ਪਾਲ ਸਿੰਘ) - ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਬਣੀ ਬੈਂਕ ਆਫ਼ ਇੰਡੀਆ 'ਚੋਂ ਚੋਰਾਂ ਵੱਲੋਂ ਕੈਸ਼ ਵਾਲੀ ਸੇਫ਼ ਖੋਲ੍ਹ ਕੇ ਉਸ 'ਚੋਂ 17.65 ਹਜ਼ਾਰ ਰੁਪਏ ਚੋਰੀ ਕੀਤੇ ਜਾਣ ਦੀ ਖ਼ਬਰ ਹੈ। ਇਸ ਦੇ ....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 3 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਸਾਡਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ, ਇਹ ਸਾਡਾ ਵਰਤਮਾਨ ਹੀ ਸਾਨੂੰ ਦੱਸਦਾ ਹੈ। -ਸਵਾਮੀ ਵਿਵੇਕਾਨੰਦ

ਕਿਤਾਬਾਂ

15/07/2017

 ਜਦੀਦ ਕਥਨਾਵਲੀ
ਖਿਆਲ ਆਪੋ-ਆਪਣਾ
ਲੇਖਕ : ਬਲਬੀਰ ਸਿੰਘ ਸਾਹਨੇਵਾਲ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 100 ਰੁਪਏ, ਸਫ਼ੇ : 104
ਸੰਪਰਕ : 99150-35575.


ਬਲਬੀਰ ਸਿੰਘ ਸਾਹਨੇਵਾਲ ਜ਼ਿੰਦਗੀ ਦਾ ਤਜਰਬਾ ਰੱਖਣ ਵਾਲਾ ਸਾਹਿਤਕਾਰ ਹੈ। ਹਥਲੀ ਪੁਸਤਕ ਵੱਖ-ਵੱਖ ਖੇਤਰਾਂ ਵਿਚ ਪ੍ਰਸਿੱਧੀਆਂ ਪ੍ਰਾਪਤ ਕਰਨ ਵਾਲੇ ਸਫਲ ਅਤੇ ਮਹਾਂਮਾਨਵਾਂ ਦੇ ਕੀਮਤੀ ਵਚਨ ਹਨ, ਜਿਨ੍ਹਾਂ ਨੂੰ ਸੰਗ੍ਰਹਿਤ ਕੀਤਾ ਗਿਆ ਹੈ।
ਵੱਖ-ਵੱਖ ਮਹਾਂਮਾਨਵਾਂ ਦੇ ਅਮਰ ਕਥਨ ਜੋ ਸਚਾਈਆਂ ਨੂੰ ਪੇਸ਼ ਕਰਦੇ ਹਨ, ਉਨ੍ਹਾਂ ਦੀ ਸਾਹਿਤ ਅਤੇ ਸਿੱਖਿਆ ਖੇਤਰ ਵਿਚ ਵੱਡੀ ਕੀਮਤ ਹੈ। ਕਿਸੇ ਸਬਜੈਕਟ ਨੂੰ ਘੱਟ ਤੋਂ ਘੱਟ ਸ਼ਬਦਾਂ ਵਿਚ ਪੇਸ਼ ਕਰਨ ਦੀ ਇਹ ਵਿਧੀ ਪੈਗੰਬਰੀ ਹੈ। ਪਹਿਲਾਂ ਇਹ ਸਚਾਈਆਂ ਕੇਵਲ ਕਵਿਤਾਵਾਂ ਵਿਚ ਹੀ ਪੇਸ਼ ਕੀਤੀਆਂ ਜਾਂਦੀਆਂ ਸਨ, ਬਹੁਤ ਸਾਰੇ ਪੰਜਾਬੀ ਲੋਕ ਗੀਤ ਇਨ੍ਹਾਂ ਸਚਾਈਆਂ ਕਰਕੇ ਹੀ ਲੰਮੀ ਉਮਰ ਵਿਚ ਜੀਂਦੇ ਥੀਂਦੇ ਆ ਰਹੇ ਹਨ। ਮਿਸਾਲ ਲਈ :
-ਗੈਰਾਂ ਦਿਆਂ ਵੱਟਿਆਂ ਦੀ ਪੀੜ ਰਤਾ ਨਾ ਹੋਵੇ
ਮਿੱਤਰਾਂ ਦਾ ਫੁੱਲ ਵੱਜ ਜੇ ਤਾਂ ਰੂਹ ਅੰਬਰਾਂ ਤੱਕ ਰੋਵੇ
-ਮਨ ਜੀਤੇ ਜਗ ਜੀਤ
-ਮੜੀਆਂ ਉਡੀਕਦੀਆਂ ਜਿਉਂ ਪੁੱਤਰਾਂ ਨੂੰ ਮਾਵਾਂ।
ਇਹ ਅਮਰ ਕਾਵਿ ਸਚਾਈਆਂ ਹਜ਼ਾਰਾਂ ਦੀ ਗਿਣਤੀ ਵਿਚ ਹਨ। ਪਿੱਛੋਂ ਆ ਕੇ ਸਚਾਈਆਂ ਵਾਰਤਕ ਵਿਚ ਵੀ ਪੇਸ਼ ਹੋਣ ਲੱਗੀਆਂ। ਹਥਲੀ ਪੁਸਤਕ 'ਜਦੀਦ ਕਥਨਾਵਲੀ' ਵੀ ਇਸੇ ਧਾਰਾ ਦੀ ਇਕ ਨਿਵੇਕਲੀ ਲਹਿਰ ਹੈ। ਇਸ ਪੁਸਤਕ ਵਿਚ ਲੇਖਕ ਬਲਬੀਰ ਸਿੰਘ ਸਾਹਨੇਵਾਲ ਨੇ ਇਕ ਹਜ਼ਾਰ ਕਥਨਾਂ ਦਾ ਸੰਕਲਨ ਪੇਸ਼ ਕੀਤਾ ਹੈ। ਪਰ ਇਸ ਵਿਚ ਇਕ ਗੱਲ ਰੜਕਦੀ ਹੈ ਕਿ ਪੁਸਤਕ ਦਾ ਆਕਾਰ ਪੂਰਾ ਕਰਨ ਹਿਤ ਬਹੁਤ ਸਾਰੇ ਮਹਾਂਮਾਨਵਾਂ ਦੇ ਕਥਨ ਵਧੇਰੇ ਗਿਣਤੀ ਵਿਚ ਪ੍ਰਕਾਸ਼ਿਤ ਕੀਤੇ ਗਏ ਹਨ। 100 ਤੋਂ ਵਧੇਰੇ ਅਜਿਹੇ ਕਥਨ ਹਨ ਜੋ 'ਅਗਿਆਤ' ਲੇਖਕਾਂ ਦੇ ਹਨ। ਸ਼ੈਕਸਪੀਅਰ, ਗੋਰਕੀ, ਡੀ. ਕਾਵੂਰ, ਬਰੂਕ, ਬੁੱਧ, ਅਰਸਤੂ, ਲਿੰਕਨ, ਟਾਲਸਟਾਏ, ਵਿਨੋਭਾ ਭਾਵੇ ਆਦਿ ਮਹਾਂਮਾਨਵਾਂ ਦੇ ਨਾਲ ਬਾਕੀ ਲੇਖਕਾਂ ਦੇ ਕਥਨ ਹੋਈ ਅਵਸਥਾ ਪੇਸ਼ ਕਰਦੇ ਹਨ। ਕੁਝ ਕਥਨ ਖ਼ੁਦ ਲੇਖਕ ਦੇ ਹਨ। ਉਂਜ ਪੁਸਤਕ ਕੀਮਤੀ ਤੇ ਸਾਂਭਣਯੋਗ ਹੈ।

-ਸੁਲੱਖਣ ਸਰਹੱਦੀ
ਮੋ: 94174-84337
.


ਸ਼ਹੀਦ ਕਰਤਾਰ ਸਿੰਘ ਸਰਾਭਾ
ਤੂਫ਼ਾਨਾਂ ਦਾ ਸ਼ਾਹ ਅਸਵਾਰ
ਲੇਖਕ : ਅਜਮੇਰ ਸਿੰਘ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 450 ਰੁਪਏ, ਸਫ਼ੇ : 352
ਸੰਪਰਕ : 99150-48005.

ਸ: ਅਜਮੇਰ ਸਿੰਘ ਉੱਤਰਾਧੁਨਿਕ ਦੌਰ ਦਾ ਚਿੰਤਕ ਹੈ। ਉਹ ਸਿੱਖ ਇਤਿਹਾਸ ਦੇ ਕੁਝ ਪ੍ਰਮੁੱਖ ਬਿਰਤਾਂਤਾਂ ਦਾ ਲੇਖਣ/ਪੁਨਰਲੇਖਣ ਕਰ ਰਿਹਾ ਹੈ। ਉਸ ਦੀ ਵਿਚਾਰਧਾਰਾ ਉੱਪਰ ਗੁਰਬਾਣੀ ਅਤੇ ਗੁਰਇਤਿਹਾਸ ਦੇ ਨਾਲ-ਨਾਲ ਮਾਰਕਸ, ਹੇਗਲ, ਮਿਸ਼ੇਲ ਫੂਕੋ ਅਤੇ ਗਰਾਮਸ਼ੀ ਦਾ ਪ੍ਰਭਾਵ ਵੀ ਸਪੱਸ਼ਟ ਤੌਰ 'ਤੇ ਦੇਖਿਆ ਜਾ ਸਕਦਾ ਹੈ।
ਇਹ ਪੁਸਤਕ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸੰਘਰਸ਼ ਨੂੰ ਇਕ ਸੱਜਰੇ ਅਤੇ ਨਵੇਂ ਪਰਿਪੇਖ ਵਿਚ ਰੱਖ ਕੇ ਬਿਆਨ ਕਰਦੀ ਹੈ। ਇਹੀ ਕਾਰਨ ਹੈ ਕਿ ਇਹ ਸ: ਸਰਾਭਾ ਦੇ ਜੀਵਨ ਬਾਰੇ ਲਿਖੀਆਂ ਹੋਰ ਪੁਸਤਕਾਂ ਨਾਲੋਂ ਨਿਆਰੀ ਅਤੇ ਸਿਰਕੱਢਵੀਂ ਹੈ। ਇਸ ਪੁਸਤਕ ਦੀ ਰਚਨਾ ਕਰਨ ਸਮੇਂ ਲੇਖਕ ਨੇ 100 ਨਾਲੋਂ ਵੀ ਵੱਧ ਪੰਜਾਬੀ ਅਤੇ ਅੰਗਰੇਜ਼ੀ ਪੁਸਤਕਾਂ ਦਾ ਅਧਿਐਨ ਕੀਤਾ ਹੈ। ਉਸ ਨੇ ਆਪਣੇ ਵੱਲੋਂ ਕਿਸੇ ਲੇਖਕ ਦਾ ਜਿਹੜਾ ਵੀ ਹਵਾਲਾ ਦਿੱਤਾ ਹੈ, ਉਸ ਨੂੰ ਪੂਰੀ ਤਰ੍ਹਾਂ ਨਾਲ ਪ੍ਰਮਾਣਿਤ ਕਰ ਲਿਆ ਹੈ। ਹਵਾਲਾ ਦੇਣ ਦੇ ਚਾਅ/ਜੋਸ਼ ਵਿਚ ਕੋਈ ਹਵਾਲਾ ਨਹੀਂ ਦਿੱਤਾ ਗਿਆ। ਇਸ ਵਿਧੀ ਕਾਰਨ ਇਸ ਪੁਸਤਕ ਵਿਚਲਾ ਹਰ ਵੇਰਵਾ ਅਤੇ ਟਿੱਪਣੀ ਪੂਰੀ ਤਰ੍ਹਾਂ ਨਾਲ ਪ੍ਰਾਸੰਗਿਕ ਸਿੱਧ ਹੁੰਦੀ ਹੈ। ਆਪਣੀਆਂ ਕੁਝ ਪਹਿਲੀਆਂ ਪੁਸਤਕਾਂ ਵਿਚ ਵੀ ਉਹ ਇਸੇ ਵਿਧੀ ਦਾ ਪ੍ਰਯੋਗ ਕਰਦਾ ਹੈ।
ਲੇਖਕ ਨੇ ਸ: ਸਰਾਭਾ ਦੇ ਮੁਢਲੇ ਜੀਵਨ, ਅਮਰੀਕਾ-ਯਾਤਰਾ (ਬਰਾਸਤਾ ਹਾਂਗਕਾਂਗ), ਉੱਤਰੀ ਅਮਰੀਕਾ ਵਿਚ ਭਾਰਤੀਆਂ ਦੀ ਦੁਰਦਸ਼ਾ, ਗ਼ਦਰ ਪਾਰਟੀ ਦੀ ਸਥਾਪਨਾ : ਰਣਨੀਤੀ, ਪ੍ਰਚਾਰ ਤੇ ਲਾਮਬੰਦੀ, ਦੇਸ਼ ਨੂੰ ਵਹੀਰਾਂ ਅਤੇ ਬਗ਼ਾਵਤ ਦੀਆਂ ਤਿਆਰੀਆਂ, ਗ਼ਦਰ ਦੇ ਆਰੰਭ ਅਤੇ ਅਸਫਲਤਾ ਆਦਿ ਬਿਰਤਾਂਤ ਏਨੀ ਸਮੁੱਚਤਾਵਾਦੀ ਦ੍ਰਿਸ਼ਟੀ ਬਿਆਨ ਨਾਲ ਕੀਤੇ ਹਨ ਕਿ ਕਿਧਰੇ ਵੀ ਕੋਈ ਖੱਪਾ ਨਜ਼ਰ ਨਹੀਂ ਆਉਂਦਾ। ਇਹ ਪੁਸਤਕ ਸ: ਸਰਾਭਾ ਦਾ ਇਕ ਨਵਾਂ ਅਤੇ ਵਧੇਰੇ ਪ੍ਰਮਾਣਿਕ ਬਿੰਬ ਸਿਰਜਣ ਵਿਚ ਪੂਰੀ ਭਾਂਤ ਸਫਲ ਸਿੱਧ ਹੁੰਦੀ ਹੈ। ਉਸ ਦਾ ਇਹ ਕਥਨ ਧਿਆਨਯੋਗ ਹੈ ਕਿ ਇਨਕਲਾਬੀ ਲਹਿਰਾਂ ਦਾ ਇਤਿਹਾਸ ਲਿਖਣ ਲਈ ਇਸ ਦੇ ਪਾਤਰਾਂ ਦੇ ਅਹਿਸਾਸਾਂ ਨੂੰ ਪਕੜਨਾ ਜਿੰਨਾ ਜ਼ਰੂਰੀ ਹੁੰਦਾ ਹੈ, ਓਨਾ ਹੀ ਦੁੱਭਰ ਵੀ ਹੁੰਦਾ ਹੈ। (ਪੰਨਾ 12) ਪਰ ਉਸ ਨੇ ਇਹ ਕਾਰਨਾਮਾ ਕਰ ਦਿਖਾਇਆ ਹੈ। ਅਜਮੇਰ ਸਿੰਘ ਦੀ ਇਹ ਲਿਖਤ ਹਰ ਪੰਜਾਬੀ ਵਾਸਤੇ ਪੜ੍ਹਨਯੋਗ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਤੇਰੇ ਨਾਲ...
ਲੇਖਕ : ਡਾ: ਧਰਮਿੰਦਰ ਸਿੰਘ ਉੱਭਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 118
ਸੰਪਰਕ : 98557-11380.

'ਤੇਰੇ ਨਾਲ' ਡਾ: ਧਰਮਿੰਦਰ ਸਿੰਘ ਉੱਭਾ ਦਾ ਨਵਾਂ ਕਾਵਿ-ਸੰਗ੍ਰਹਿ ਹੈ ਜਿਸ ਵਿਚ ਲੇਖਕ ਆਪਣੀ ਕਾਵਿ-ਯਾਤਰਾ ਦਾ ਅਗਲਾ ਪੜਾਅ ਨਿਸਚਤ ਕਰਦਾ ਹੈ।
ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਦੀ ਮੂਲ-ਸੁਰ ਮਾਨਵੀ ਰਿਸ਼ਤਿਆਂ, ਸਮਾਜੀ ਤਾਣੇ-ਬਾਣੇ ਅਤੇ ਆਧੁਨਿਕ ਵਰਤਾਰੇ ਵਿਚਲੀਆਂ ਜਟਿਲਤਾਵਾਂ ਨਾਲ ਸਬੰਧਤ ਹੈ। ਆਧੁਨਿਕ ਵਿਸ਼ਵੀਕਰਨ ਤੇ ਪੂੰਜੀ ਵਰਤਾਰੇ ਵਿਚ ਉਲਝਿਆ ਮਾਨਵ, ਮਾਨਵੀ ਰਿਸ਼ਤਿਆਂ ਤੋਂ ਟੁੱਟ ਰਿਹਾ ਹੈ। ਸਾਡੇ ਪੁਰਾਣੇ ਰਿਸ਼ਤਿਆਂ ਵਿਚਲਾ ਨਿਘ/ਮੋਹ/ਅਪਣੱਤ ਗੁਆਚ ਰਿਹਾ ਹੈ। ਜੀਵਨ ਦੀ ਅੰਨ੍ਹੀ ਦੌੜ ਵਿਚ ਦੌੜਦਾ ਮਨੁੱਖ ਰਿਸ਼ਤਿਆਂ ਦਾ ਨਿੱਘ ਮਹਿਸੂਸ ਕਰਨ ਤੋਂ ਵੀ ਆਤੁਰ ਹੈ-
ਮੇਰੇ ਯਾਰ ਆ ਬੈਠ
ਕਰ ਦਿਲ ਦੀਆਂ ਗੱਲਾਂ....
ਕੀ ਕਿਹਾ?
ਅਜੇ ਤੇਰੇ ਕੋਲ ਵਕਤ ਨਹੀਂ?
ਤੂੰ ਬਹੁਤ ਰੁਝਿਆ ਹੈਂ?
ਅਜੇ ਹੋਰ ਉਡੀਕ ਕਰਾਂ?
ਇਸ ਸੰਗ੍ਰਹਿ ਦੀਆਂ ਹੋਰ ਕਵਿਤਾਵਾਂ ਵਿਚ ਡਾ: ਉੱਭਾ ਸਾਡੇ ਸਮਾਜੀ ਵਰਤਾਰੇ ਵਿਚ ਸਮਕਾਲਕ ਘਟਨਾਵਾਂ ਨਾਲ ਵੀ ਸੰਵਾਦ ਸਿਰਜਦਾ ਹੈ। 'ਅੰਨਦਾਤਾ' ਵਿਚ ਕਿਸਾਨ ਖ਼ੁਦਕੁਸ਼ੀਆਂ, ਕੋਈ ਜਗ੍ਹਾ ਨਹੀਂ ਸਾਡੇ ਪਾਸ ਵਿਚ ਪਦਾਰਥਕ ਘੜਮੱਸ, ਰੂਹ ਤੇ ਰੋਟੀ ਵਿਚ ਆਧੁਨਿਕ ਮਨੁੱਖ ਦੀ ਵਿਅਸਤਤਾ ਆਦਿ ਨੂੰ ਆਪਣੇ ਕਾਵਿ ਵਸਤੂ ਵਜੋਂ ਚਿਤਰਦਾ ਹੈ। ਅਨੇਕ ਕਵਿਤਾਵਾਂ ਮੁਹੱਬਤ ਦੇ ਕੋਮਲ ਕੂਲੇ ਅਹਿਸਾਸਾਂ ਤੇ ਸੰਵੇਦਨਾ ਦਾ ਵਾਹਕ ਬਣਦੀਆਂ ਹਨ। ਦਰਅਸਲ ਮੁਹੱਬਤ-ਕਾਵਿ ਵਿਚ ਡਾ: ਉੱਭਾ ਕਵਿਤਾ ਦੇ ਵਧੇਰੇ ਨੇੜੇ ਤੇ ਵਧੇਰੇ ਕੋਮਲ ਪ੍ਰਤੀਤ ਹੁੰਦਾ ਹੈ। ਇਸ ਮੁਹੱਬਤ ਦਾ ਅਸਰ ਉਸ ਦੀ ਕਾਵਿ ਭਾਸ਼ਾ ਤੇ ਕਾਵਿ-ਬਿੰਬਾਂ ਵਿਚ ਵੀ ਮਹਿਸੂਸ ਹੁੰਦਾ ਹੈ।
ਮੈਂ ਪੁੱਛਿਆ
ਫਿਰ ਆਪਾਂ ਕਿਉਂ ਮਿਲਦੇ ਹਾਂ
ਉਸ ਕਿਹਾ
ਆਪਾਂ ਕਦ ਮਿਲਦੇ ਹਾਂ
ਮਿਲਦੇ ਤਾਂ ਉਹ ਹਨ
ਜੋ ਵੱਖ ਹੁੰਦੇ ਹਨ....
ਅਜੋਕੀ ਪੂੰਜੀਵਾਦ ਦੌੜ ਵਿਚ ਭੱਜ ਰਿਹਾ ਮਨੁੱਖ ਕਿਸ ਤਰ੍ਹਾਂ ਆਪਣੀ ਮਾਸੂਮੀਅਤ, ਇਨਸਾਨੀਅਤ ਤੇ ਸੰਵੇਦਨਾ ਗੁਆ ਰਿਹਾ ਹੈ, ਇਹ ਅਹਿਸਾਸ ਵੀ ਧਰਮਿੰਦਰ ਉੱਭਾ ਦੀਆਂ ਕਵਿਤਾਵਾਂ ਵਿਚ ਬਹੁਤ ਤੀਬਰ ਰੂਪ ਵਿਚ ਥਾਂ-ਥਾਂ ਉੱਭਰਦਾ ਹੈ। ਅਨੇਕ ਕਵਿਤਾਵਾਂ ਵਿਚ ਲੇਖਕ ਇਤਿਹਾਸਕ/ਮਿਥਿਹਾਸਕ ਪਾਤਰਾਂ ਨਾਲ ਵੀ ਕਾਵਿ-ਸੰਵਾਦ ਰਚਾਉਂਦਾ ਹੈ। ਬਾਦਸ਼ਾਹ ਦਰਵੇਸ਼/ਦੁਰਯੋਧਨ, ਰਾਮ ਭੀਲਣੀ, ਉਰਮਿਲ ਉਦਾਸ ਹੈ ਇਸੇ ਕਿਸਮ ਦੀਆਂ ਕਵਿਤਾਵਾਂ ਹਨ। ਚਿੜੀਆਂ, ਸਮੁੰਦਰ, ਫੁੱਲ, ਦਰਿਆ ਜਿਹੇ ਬਿੰਬ ਇਨ੍ਹਾਂ ਕਵਿਤਾਵਾਂ ਦੇ ਆਰ-ਪਾਰ ਫੈਲੇ ਹੋਏ ਹਨ।

-ਡਾ: ਅਮਰਜੀਤ ਕੌਂਕੇ
ਮੋ : 98142-31698.


ਤੁਸੀਂ ਹਾਰ ਕੇ ਵੀ ਜਿੱਤ ਸਕਦੇ ਹੋ
ਲੇਖਕ : ਗੁਰਸ਼ਰਨ ਸਿੰਘ ਕੁਮਾਰ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 132
ਸੰਪਰਕ : 94631-89432.

ਗੁਰਸ਼ਰਨ ਸਿੰਘ ਕੁਮਾਰ ਨੇ 'ਤੁਸੀਂ ਹਾਰ ਕੇ ਵੀ ਜਿੱਤ ਸਕਦੇ ਹੋ' ਪੁਸਤਕ ਵਿਚ ਵੀਹ ਪ੍ਰੇਰਨਾਦਾਇਕ ਲੇਖਾਂ ਦੀ ਰਚਨਾ ਕੀਤੀ ਹੈ। ਇਨ੍ਹਾਂ ਲੇਖਾਂ ਵਿਚ ਇਸ ਵਿਸ਼ਵਾਸ ਨੂੰ ਦ੍ਰਿੜ੍ਹ ਕਰਵਾਇਆ ਗਿਆ ਹੈ ਕਿ ਦੈਨਿਕ ਕਾਰ ਵਿਹਾਰ ਵਿਚ ਆਸ਼ਾਵਾਦੀ ਨਜ਼ਰੀਆ ਅਪਣਾ ਕੇ ਦੂਜਿਆਂ ਪ੍ਰਤੀ ਸਵਾਰਥ ਦੀ ਭਾਵਨਾ ਤਿਆਗ ਕੇ ਅਤੇ ਹਊਮੈ ਦੀ ਮਮਟੀ ਨੂੰ ਢਾਹੁੰਦਿਆਂ ਹੋਇਆਂ ਜ਼ਿੰਦਗੀ ਵਿਚ ਕੋਈ ਪ੍ਰਾਪਤੀ ਸੰਭਵ ਹੋ ਸਕਦੀ ਹੈ। ਸਾਡਾ ਭੋਜਨ ਅਤੇ ਆਚਾਰ ਵੀ ਸਾਡੀ ਸ਼ਖ਼ਸੀਅਤ 'ਤੇ ਅਸਰ ਅੰਦਾਜ਼ ਹੁੰਦਾ ਹੈ ਤੇ ਉਹੀ ਨਿਸਚਤ ਕਰਦਾ ਹੈ ਕਿ ਕਿਤੇ ਅਸੀਂ ਮਲਕ ਭਾਗੋ ਜਾਂ ਦੁਰਯੋਧਨ ਦੇ ਪੈਰੋਕਾਰ ਤਾਂ ਨਹੀਂ ਬਣਦੇ। ਸਬਰ ਸੰਤੋਖ, ਸਹਿਯੋਗ ਦੀ ਭਾਵਨਾ, ਕਰਮਸ਼ੀਲਤਾ ਵਾਲੀ ਜ਼ਿੰਦਗੀ ਜਿਊਣੀ, ਸਵਾਰਥ ਰਹਿਤ ਸੇਵਾ ਭਾਵਨਾ, ਆਪਣੇ ਵਡੇਰਿਆਂ ਪ੍ਰਤੀ ਆਪਣੇ ਫ਼ਰਜ਼ਾਂ ਦੀ ਸੰਜੀਦਗੀ ਨਾਲ ਅਦਾਇਗੀ, ਸੁਪਨਿਆਂ ਦੀ ਜ਼ਿੰਦਗੀ ਵਿਚੋਂ ਬਾਹਰ ਆ ਕੇ ਜ਼ਿੰਦਗੀ ਦੇ ਯਥਾਰਥ ਨਾਲ ਵਾਹ ਵਾਸਤਾ ਜੋੜਨਾ ਅਤੇ ਆਪਣੇ ਚੰਗੇ ਵਿਹਾਰ ਸਦਕਾ ਹੀ ਅਸੀਂ ਔਲਾਦ ਕੋਲੋਂ ਚੰਗੀ ਆਸ ਰੱਖ ਸਕਦੇ ਹਾਂ। ਇਹੀ ਇਸ ਪੁਸਤਕ ਵਿਚ ਸ਼ਾਮਿਲ ਸਾਰੇ ਹੀ ਲੇਖਾਂ ਦਾ ਸਾਰ ਤੱਤ ਹੈ। ਲੇਖਕ ਆਪਣੇ ਤਕਰੀਬਨ ਹਰੇਕ ਲੇਖ ਵਿਚ ਹੀ ਪਰਮਾਤਮਾ ਦੇ ਭਰੋਸੇ ਦੀ ਗੱਲ ਵੀ ਜ਼ਰੂਰ ਕਰਦਾ ਹੈ। ਹੌਸਲਾ ਅਤੇ ਆਪਣੇ ਕਾਰਜ ਪ੍ਰਤੀ ਸਮਰਪਣ ਦੀ ਭਾਵਨਾ ਤੁਹਾਨੂੰ ਢਹਿੰਦੀਆਂ ਕਲਾਂ ਵਿਚ ਜਾਂਦਿਆਂ ਨੂੰ ਜੇਤੂ ਬਣਾ ਸਕਦੀ ਹੈ। ਲੇਖਕ ਆਪਣੀ ਗੱਲ ਨੂੰ ਪ੍ਰਮਾਣਿਕ ਬਣਾਉਣ ਲਈ ਜਿਥੇ ਗੁਰਬਾਣੀ ਵਿਚੋਂ ਉਦਾਹਰਨਾਂ ਦਿੰਦਾ ਹੈ, ਉਥੇ ਲੋਕ ਕਥਾਵਾਂ, ਇਤਿਹਾਸ ਅਤੇ ਮਿਥਿਹਾਸ ਵਿਚੋਂ ਹਵਾਲੇ ਦੇ ਕੇ ਵੀ ਆਪਣਾ ਮੱਤ ਸਪੱਸ਼ਟ ਕਰਦਾ ਹੈ। ਸਾਧਾਰਨ ਸ਼ੈਲੀ ਵਿਚ ਲਿਖੇ ਇਹ ਲੇਖ ਨਿੱਤ ਪ੍ਰਤੀ ਜੀਵਨ ਦੇ ਕਾਰ-ਵਿਹਾਰ ਨਾਲ ਸਬੰਧਤ ਹੋਣ ਕਰਕੇ ਆਮ ਪਾਠਕ ਨੂੰ ਵੀ ਪ੍ਰਭਾਵਿਤ ਕਰਦੇ ਹਨ ਤੇ ਸਾਹਿਤ ਦੇ ਵਿਦਿਆਰਥੀ ਨੂੰ ਵੀ। 'ਚੜ੍ਹਦੀ ਕਲਾ' ਵਿਚ ਜ਼ਿੰਦਗੀ ਦਾ ਵੱਲ ਸਿਖਾਉਂਦੇ ਇਹ ਲੇਖ ਪਾਠਕ ਨੂੰ ਮਾਨਸਿਕ ਤਸੱਲੀ ਅਤੇ ਸਕੂਨ ਵੀ ਪ੍ਰਦਾਨ ਕਰਦੇ ਹਨ ਅਤੇ ਕਾਰਜਸ਼ੀਲ ਹੋਣ ਲਈ ਵੀ ਪ੍ਰੇਰਦੇ ਹਨ।

-ਡਾ: ਸਰਦੂਲ ਸਿੰਘ ਔਜਲਾ
ਮੋ: 98141-68611

 

ਅਰਥ ਵਿਗਿਆਨ
ਲੇਖਿਕਾ : ਡਾ: ਰੰਜੂ ਬਾਲਾ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 260 ਰੁਪਏ, ਸਫ਼ੇ : 158
ਸੰਪਰਕ : 011-23280657
.

ਰੰਜੂ ਬਾਲਾ ਪੰਜਾਬੀ ਅਧਿਐਨ ਅਧਿਆਪਨ ਦੇ ਖੇਤਰ ਵਿਚ ਮੇਰੇ ਲਈ ਨਵਾਂ ਨਾਂਅ ਹੈ ਪਰ ਇਹ ਉਸ ਦੀ ਚੌਥੀ ਕਿਤਾਬ ਹੈ। ਇਹ ਪੁਸਤਕ ਭਾਸ਼ਾ ਵਿਗਿਆਨ ਦੇ ਸੀਮੈਂਟਿਕਸ ਖੇਤਰ ਨਾਲ ਸਬੰਧਤ ਹੈ। ਅਰਥਾਂ ਦੇ ਵਿਗਿਆਨ ਦੀਆਂ ਵਿਭਿੰਨ ਦਿਸ਼ਾਵਾਂ ਤੇ ਸਰੋਕਾਰਾਂ ਨਾਲ ਦਸਤਪੰਜਾ ਲੈਂਦੇ ਹੋਏ ਇਸ ਵਿਚ ਲੇਖਿਕਾ ਨੇ ਇਸ ਵਿਸ਼ੇ ਦੇ ਇਤਿਹਾਸ, ਸਿਧਾਂਤਕ ਬਿੰਦੂ ਅਤੇ ਇਸ ਦੇ ਦਰਸ਼ਕ, ਮਨੋਵਿਗਿਆਨ ਅਤੇ ਚਿਹਨ ਵਿਗਿਆਨ ਨਾਲ ਰਿਸ਼ਤੇ ਦੀ ਵਿਆਖਿਆ ਕੀਤੀ ਹੈ। ਇਤਿਹਾਸ ਤੇ ਸਿਧਾਂਤ ਇਸ ਅਧਿਐਨ ਦੇ ਪਹਿਲੇ ਭਾਗ ਦਾ ਹਿੱਸਾ ਹਨ। ਦਰਸ਼ਨ, ਮਨੋਵਿਗਿਆਨ ਅਤੇ ਚਿਹਨ ਵਿਗਿਆਨ ਨਾਲ ਅਰਥ ਵਿਗਿਆਨ ਦਾ ਸਬੰਧ ਦੂਜੇ ਭਾਗ ਵਿਚ ਵਿਚਾਰਿਆ ਗਿਆ ਹੈ।
ਲੇਖਿਕਾ ਇਸ ਵਿਗਿਆਨ ਦੇ ਪੱਛਮੀ ਚਿੰਤਨ ਦੀ ਸ਼ੁਰੂਆਤ ਮਿਸ਼ੇਲ ਬ੍ਰੀਲ ਦੀ 1897 ਵਿਚ ਪ੍ਰਕਾਸ਼ਿਤ ਪੁਸਤਕ ਨਾਲ ਹੋਇਆ ਮੰਨਦੀ ਹੈ। ਮੂਲ ਫਰਾਂਸੀਸੀ ਭਾਸ਼ਾ ਵਿਚ ਲਿਖੀ ਇਹ ਕਿਤਾਬ ਸੀਮੈਂਟਿਕਸ ਟਾਈਟਲ ਨਾਲ 1900 ਈ: ਵਿਚ ਅੰਗਰੇਜ਼ੀ ਵਿਚ ਛਪੀ। ਸ਼ਬਦ/ਅਰਥ, ਚਿਹਨ/ਚਿਹਨਕ ਸਬੰਧਾਂ, ਭਾਵਾਂਸ਼ਾਂ, ਰੂੜ੍ਹ ਤੇ ਯੋਗਿਕ ਸ਼ਬਦਾਂ, ਅਰਥਾਂ ਦੀਆਂ ਧੁਨੀ, ਸ਼ੈਲੀ ਆਦਿ ਬਣਦੀਆਂ ਕਿਸਮਾਂ, ਸਮਾਨਾਰਥਕ/ਵਿਰੋਧਾਤਮਕ ਸ਼ਬਦਾਂ, ਬਹੁ-ਅਰਥਕਤਾ, ਸਮੂਹ-ਅਰਥਕ ਸ਼ਬਦ, ਅਰਥ ਗਿਆਨ ਦੇ ਇੰਦਰਿਆਵੀ ਆਧਾਰ, ਅਰਥ ਬੋਧ ਦੇ ਸਾਧਨ, ਅਰਥ ਨਿਰਣੈ ਦੇ ਸਾਧਨ, ਅਪੋਹ ਸਿਧਾਂਤ, ਸਫੋਟ ਸਿਧਾਂਤ, ਅਰਥ ਪਰਿਵਰਤਨ ਦੀਆਂ ਵਿਭਿੰਨ ਦਿਸ਼ਾਵਾਂ ਜਿਹੇ ਵਿਸ਼ਿਆਂ ਉੱਤੇ ਸਰਲ ਅਤੇ ਨਿਖੇੜਵੀਂ ਵਿਚਾਰ ਇਸ ਪੁਸਤਕ ਵਿਚ ਪ੍ਰਾਪਤ ਹੈ।
ਸ਼ਬਦ ਦੇ ਨਿਤ/ਅਨਿਤ ਹੋਣ ਦੇ ਸਿਧਾਂਤ ਦੋਵੇਂ ਹੀ ਭਾਰਤ ਵਿਚ ਪ੍ਰਾਪਤ ਹਨ। ਦੋਵਾਂ ਬਾਰੇ ਚਰਚਾ ਲੇਖਿਕਾ ਨੇ ਕੀਤੀ ਹੈ। ਕਰਮਕਾਂਡ ਵਾਲੀ ਪੂਰਵ ਮੀਮਾਂਸਾ ਤੇ ਗਿਆਨ ਕਾਂਡ ਵਾਲੀ ਉਤਰ ਮੀਮਾਂਸਾ ਦੋਵੇਂ ਸ਼ਬਦ/ਅਰਥ ਦਾ ਸਬੰਧ ਸਦੀਵੀ ਮੰਨਦੇ ਹਨ। ਸ਼ਬਦ ਨੂੰ ਨਿਤ/ਸਦੀਵੀ ਕਹਿੰਦੇ ਹਨ। ਨਿਆਇ ਤੇ ਵੈਸ਼ੇਸ਼ਿਕ ਸ਼ਬਦ ਨੂੰ ਛਿਣਭੰਗਰ ਤੇ ਅਨਿਤ ਕਹਿੰਦੇ ਹਨ। ਬੋਧ ਦਰਸ਼ਨ ਦਾ ਅਪੋਹ ਸਿਧਾਂਤ ਸ਼ਬਦ/ਸੰਕਲਪ ਦੀ ਸਥਾਪਤੀ ਲਈ ਨਿਖੇਧ ਦਾ ਰਾਹ ਫੜਦਾ ਹੈ। ਸਫੋਟ ਸਿਧਾਂਤ ਵਿਚ ਸ਼ਬਦ ਦੇ ਉਚਾਰਨ ਸਮੇਂ ਪਹਿਲੀ ਧੁਨੀ ਨਾਲ ਅਰਥ/ਬੋਧ ਰੂਪਮਾਨ ਹੋਣ ਲਗਦਾ ਹੈ। ਜਿਉਂ ਹੀ ਸ਼ਬਦ ਦਾ ਉਚਾਰਨ ਪੂਰਾ ਹੁੰਦਾ ਹੈ ਅਰਥ ਇਕਦਮ ਸਫੁਟਿਤ ਹੋ ਜਾਂਦਾ ਹੈ। ਲੇਖਿਕਾ ਨੇ ਮਨੋਵਿਗਿਆਨ ਤੇ ਚਿਹਨ ਵਿਗਿਆਨ ਦੇ ਅਰਥ ਵਿਗਿਆਨ ਨਾਲ ਸਬੰਧਤ ਗੱਲਾਂ ਵੀ ਸਰਲ ਤਰੀਕੇ ਨਾਲ ਵਿਦਿਆਰਥੀਆਂ ਅੱਗੇ ਰੱਖੀਆਂ ਹਨ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550


ਝੁੰਮਰ ਪਿਤਾਮਾ
ਬਾਬਾ ਪੋਖਰ ਸਿੰਘ
ਲੇਖਕ : ਕਮਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 180 ਰੁਪਏ, ਸਫ਼ੇ : 96
ਸੰਪਰਕ : 85919-54788.

ਝੁੰਮਰ ਪੱਛਮੀ ਪੰਜਾਬ (ਪਾਕਿਸਤਾਨ) ਦੇ ਸਾਂਦਲ ਬਾਰ ਇਲਾਕੇ ਦੇ ਲੋਕਾਂ ਦਾ ਮਰਦਾਵਾਂ ਨਾਚ ਹੈ। ਰਾਵੀ ਅਤੇ ਝਨਾਂ ਦਰਿਆਵਾਂ ਦੇ ਵਿਚਕਾਰਲਾ ਇਲਾਕਾ ਇਸ ਲੋਕ-ਨਾਚ ਦੀ ਆਧਾਰ-ਭੂਮੀ ਹੈ। ਜਾਂਗਲੀ ਲੋਕਾਂ ਦਾ ਇਹ ਇਲਾਕਾ ਹੌਲੀ-ਹੌਲੀ ਆਬਾਦ ਹੋਇਆ। ਨਹਿਰੀ ਪਾਣੀ ਆਉਣ 'ਤੇ ਜੱਟ ਸਿੱਖ ਕਿਸਾਨਾਂ ਨੂੰ ਇਸ ਬਾਰ ਵਿਚ ਆਬਾਦ ਕਰਕੇ ਜ਼ਮੀਨਾਂ ਦੀ ਅਲਾਟਮੈਂਟ ਕੀਤੀ ਗਈ। ਇਹ ਜਾਂਗਲੀ ਲੋਕ ਭੇਡਾਂ, ਬੱਕਰੀਆਂ, ਮੱਝਾਂ, ਗਾਵਾਂ ਦੇ ਵੱਗ ਨਾਲ ਬਾਹਾਂ ਉਲਾਰ-ਉਲਾਰ ਕੇ ਨੱਚਦੇ ਫਿਰਦੇ ਇਸ ਨਾਚ ਦਾ ਪ੍ਰਦਰਸ਼ਨ ਕਰਦੇ। 1947 ਦੀ ਦੇਸ਼-ਵੰਡ ਤੋਂ ਬਾਅਦ ਇਸ ਖਿੱਤੇ ਵਿਚ ਰਹਿ ਰਹੇ ਜੱਟ ਸਿੱਖ ਪਰਿਵਾਰਾਂ ਨੂੰ ਇਹ ਇਲਾਕਾ ਛੱਡ ਪੂਰਬੀ ਪੰਜਾਬ ਵੱਲ ਆਉਣਾ ਪਿਆ ਤਾਂ ਇਹ ਲੋਕ ਨਾਚ ਵੀ ਨਵੇਂ ਇਲਾਕੇ ਵਿਚ ਪ੍ਰਵੇਸ਼ ਕਰ ਗਿਆ।
ਹਥਲੀ ਪੁਸਤਕ ਦਾ ਨਾਇਕ ਆਪਣੇ ਵਡੇਰਿਆਂ ਨਾਲ ਇਸ ਨਾਚ ਦਾ ਪ੍ਰਦਰਸ਼ਨ ਕਰਦਾ ਹਿੰਦੁਸਤਾਨ ਵਿਚ ਇਸ ਨੂੰ ਪ੍ਰਫੁਲਤ ਕਰਦਾ ਹੈ। ਪੋਖਰ ਸਿੰਘ ਨੇ ਸਾਰੀ ਉਮਰ ਝੁੰਮਰ ਪਾਇਆ ਅਤੇ ਕਈਆਂ ਨੂੰ ਸਿਖਾਇਆ। ਉਸ ਨੇ ਦੇਸ਼ ਦੇ ਕੋਨੇ-ਕੋਨੇ ਵਿਚ ਜਾ ਕੇ ਝੁੰਮਰ ਪਾਇਆ ਅਤੇ ਇਸ ਨੂੰ ਸਟੇਜੀ ਰੂਪ ਦੇ ਕੇ ਇਸ ਦਾ ਪੱਧਰ ਉੱਚਾ ਚੁੱਕਿਆ।
ਅਲੱਗ ਗੱਲ ਹੈ ਕਿ ਹੁਣ ਝੁੰਮਰ ਪੰਜਾਬ ਦੇ ਅਲੋਪ ਹੋ ਰਹੇ ਲੋਕ ਨਾਚਾਂ ਵਿਚੋਂ ਇਕ ਹੈ। ਪੋਖਰ ਸਿੰਘ ਇਸ ਨਾਚ ਦੀ ਸਾਰੀ ਉਮਰ ਰਾਖੀ ਰੱਖਦਾ ਰਿਹਾ। ਕਮਲ ਨਾਂਅ ਦੇ ਲੇਖਕ ਨੇ ਪੋਖਰ ਸਿੰਘ ਦੇ ਜੀਵਨ-ਵੇਰਵੇ ਅਤੇ ਝੁੰਮਰ ਲਈ ਕੀਤੇ ਕਾਰਜਾਂ ਨੂੰ ਬੜੇ ਵਿਸਥਾਰ ਨਾਲ ਇਸ ਪੁਸਤਕ ਵਿਚ ਪੇਸ਼ ਕੀਤਾ ਹੈ। ਲੋਕ ਨਾਚਾਂ ਵਿਚ ਦਿਲਚਸਪੀ ਲੈਣ ਵਾਲਿਆਂ ਲਈ ਇਹ ਪੁਸਤਕ ਲਾਹੇਵੰਦ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

8/07/2017

 ਸਾਵਧਾਨੀਆਂ
(ਖ਼ਰੀਆਂ ਤੇ ਖ਼ਰਵੀਆਂ)
ਲੇਖਕ : ਪ੍ਰਿੰ: ਬਲਵਿੰਦਰ ਸਿੰਘ ਫ਼ਤਹਿਪੁਰੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 295 ਰੁਪਏ, ਸਫ਼ੇ : 150
ਸੰਪਰਕ : 98146-19342.

ਪ੍ਰਿੰਸੀਪਲ ਬਲਵਿੰਦਰ ਸਿੰਘ ਫ਼ਤਹਿਪੁਰੀ ਕੋਲ ਗੱਲ ਕਹਿਣ ਦੀ ਸੂਝ ਵੀ ਹੈ, ਸਮਝ ਵੀ ਤੇ ਵਿਅੰਗਾਤਮਕ ਢੰਗ ਵੀ। ਉਹ ਕਿਸੇ ਵੀ ਸਮਾਜਿਕ ਵਰਤਾਰੇ ਨੂੰ ਸਾਧਾਰਨ ਅੱਖ ਨਾਲ ਨਹੀਂ ਦੇਖਦਾ, ਸਗੋਂ ਉਸ ਵਰਤਾਰੇ ਦੀ ਤਹਿ ਥੱਲੇ ਕਾਰਜਸ਼ੀਲ ਕਾਰਨਾਂ ਦੀ ਤਲਾਸ਼ ਵੀ ਕਰਦਾ ਹੈ। 'ਸਾਵਧਾਨੀਆਂ' (ਖਰੀਆਂ ਤੇ ਖ਼ਰਵੀਆਂ) ਉਸ ਦੀ ਪੁਸਤਕ ਕੁਝ ਅਜਿਹੇ ਹੀ ਮਸਲਿਆਂ 'ਤੇ ਵਿਅੰਗ ਬਾਣ ਸਾਧਦੀ ਹੈ।
ਲੇਖਕ ਨੇ ਆਪਣੀ ਇਸ ਪੁਸਤਕ 'ਚ 39 ਹਲਕੇ-ਫੁਲਕੇ ਲੇਖ ਸ਼ਾਮਿਲ ਕੀਤੇ ਹਨ, ਜੋ ਰੋਜ਼ਾਨਾ ਜ਼ਿੰਦਗੀ ਨੂੰ ਦਰਪੇਸ਼ ਖੁਸ਼ੀਆਂ, ਗ਼ਮੀਆਂ ਅਤੇ ਮਸਲਿਆਂ ਦੀ ਨਿਸ਼ਾਨਦੇਹੀ ਕਰਦੇ ਹਨ। ਲੇਖਕ ਨੇ ਇਨ੍ਹਾਂ ਲੇਖਾਂ ਵਿਚ ਇਸ ਗੱਲ ਦੀ ਦ੍ਰਿੜ੍ਹਤਾ ਨਾਲ ਤਾਈਦ ਕੀਤੀ ਹੈ ਕਿ ਭਾਵੇਂ ਭ੍ਰਿਸ਼ਟਾਚਾਰੀ ਤਾਕਤਾਂ ਦਾ ਬੋਲਬਾਲਾ ਵਧੇਰੇ ਹੈ, 'ਬੌਣੇ', 'ਆਫਰੇ', 'ਝਾਵੇਂ', 'ਠਰਕੀ' ਲੋਕਾਂ ਦੀ ਬਹੁਤਾਤ ਹੈ ਪਰ ਆਪਣੇ ਬੁਲੰਦ ਹੌਸਲੇ ਅਤੇ ਹਾਲਤਾਂ ਮੁਤਾਬਿਕ ਚੁੱਕੇ ਕਦਮ ਸਾਨੂੰ ਹਮੇਸ਼ਾ ਹੀ ਜਿੱਤਾਂ ਦੇ ਰੂ-ਬਰੂ ਕਰਵਾ ਦਿੰਦੇ ਹਨ। ਦਿਖਾਵੇ ਵਾਲੇ ਅਤੇ ਦੋਗਲੇ ਕਿਰਦਾਰ ਜਿਥੇ ਸਮਾਜ ਲਈ ਘਾਤਕ ਸਿੱਧ ਹੋ ਰਹੇ ਹਨ, ਉਥੇ ਇਖ਼ਲਾਕੀ ਕਿਰਦਾਰਾਂ ਦੀ ਵੀ ਕਮੀ ਨਹੀਂ ਹੈ, ਜੋ ਸਮਾਜ ਨੂੰ ਸੋਹਣਾ ਬਣਾਉਣਾ ਲੋਚਦੇ ਹਨ। ਰਿਸ਼ਤੇਦਾਰੀਆਂ, ਪਰਿਵਾਰਕ ਜ਼ਿੰਮੇਵਾਰੀਆਂ ਕੁਰਬਾਨੀ ਮੰਗਦੀਆਂ ਹਨ, ਜੇਕਰ ਅਸੀਂ ਚਾਹੁੰਦੇ ਹਾਂ ਕਿ ਬੱਚੇ ਅਤੇ ਰਿਸ਼ਤੇਦਾਰ ਸਾਡਾ ਸਤਿਕਾਰ ਕਰਨ ਤਾਂ ਸਾਨੂੰ ਵੀ ਉਨ੍ਹਾਂ ਦੀ ਤਾਸੀਰ ਮੁਤਾਬਿਕ ਆਪਣੇ-ਆਪ ਨੂੰ ਢਾਲਣਾ ਪਵੇਗਾ।
ਲੇਖਕ ਨੇ ਇਸ ਪੁਸਤਕ ਵਿਚ ਆਪਣੇ ਮੁਲਕ ਅਤੇ ਪੱਛਮੀ ਮੁਲਕਾਂ ਬਾਰੇ ਤੁਲਨਾਤਮਕ ਦ੍ਰਿਸ਼ਟੀ ਤੋਂ ਵੀ ਵਿਚਾਰ ਪੇਸ਼ ਕੀਤੇ ਹਨ। ਹਰੇਕ ਲੇਖ ਦਾ ਸਿਰਲੇਖ ਦਿਲਖਿਚਵਾਂ ਅਤੇ ਵਿਸ਼ਾ ਅਨੁਕੂੁਲ ਹੋਣ ਕਰਕੇ ਪਾਠਕ ਦੀ ਦਿਲਚਸਪੀ ਵਿਚ ਵਾਧਾ ਕਰਦਾ ਹੈ। 'ਨਿਪੁੰਸਕ ਮੁਲਕ', 'ਹੁਸੀਨਾਂ ਤੋਂ ਤੋਬਾ', 'ਅਫ਼ਰੇ ਲੋਕ', 'ਅੱਲਾ ਬੇਲੀ', 'ਠਰਕੀ ਬੁੱਢੇ', 'ਸ਼ਰੀਕਾਂ ਦੇ ਦਾਣੇ', ਇਹ ਸਾਰੇ ਸਿਰਲੇਖ ਪਾਠਕ ਦੇ ਮਨ ਵਿਚ ਵਿਸ਼ੇਸ਼ ਖਿੱਚ ਪੈਦਾ ਕਰਦੇ ਹਨ। ਪਾਠਕਾਂ ਦੀ ਜਾਣਕਾਰੀ ਵਿਚ ਵਾਧਾ ਕਰਦੇ ਇਹ ਲੇਖ ਲੇਖਕ ਦੀ ਸੁਚੱਜੀ ਲੇਖਣੀ ਦਾ ਪ੍ਰਮਾਣ ਹਨ।

-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.

c c c

ਮੋਹ ਦੀਆਂ ਤੰਦਾਂ
ਲੇਖਿਕਾ : ਗੁਰਦੀਸ਼ ਕੌਰ ਗਰੇਵਾਲ
ਪ੍ਰਕਾਸ਼ਕ : ਗੋਸਲ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 140
ਸੰਪਰਕ : 98728-60488.

ਇਹ ਪੁਸਤਕ ਇਕ ਨਿਬੰਧ ਸੰਗ੍ਰਹਿ ਹੈ, ਜਿਸ ਵਿਚ ਸਮਾਜਿਕ, ਧਾਰਮਿਕ ਅਤੇ ਸਿਹਤ ਸੰਭਾਲ ਪ੍ਰਤੀ 23 ਲੇਖ ਸ਼ਾਮਿਲ ਕੀਤੇ ਗਏ ਹਨ। ਕੁੱਲ ਲੇਖ ਕੈਨੇਡਾ ਦੇ ਜਨਜੀਵਨ ਅਤੇ ਰਹੁਰੀਤਾਂ 'ਤੇ ਵੀ ਝਾਤ ਪੁਆਉਂਦੇ ਹਨ। ਇਨ੍ਹਾਂ ਲੇਖਾਂ ਵਿਚ ਚੰਗੀ ਜੀਵਨ ਜਾਚ ਦਾ ਸੁਨੇਹਾ ਦਿੱਤਾ ਗਿਆ ਹੈ। ਕੁਝ ਅਜੋਕੀਆਂ ਸਮੱਸਿਆਵਾਂ ਪ੍ਰਤੀ ਵੀ ਜਾਗਰੂਕ ਕੀਤਾ ਗਿਆ ਹੈ। ਸਾਰੇ ਹੀ ਲੇਖ ਬੜੇ ਸਾਰਥਕ ਹਨ। ਇਨ੍ਹਾਂ ਵਿਚ ਦਰਸਾਏ ਕੁਝ ਜ਼ਰੂਰੀ ਨੁਕਤੇ ਇਸ ਪ੍ਰਕਾਰ ਹਨ-
ਅਜੋਕੇ ਯੁੱਗ ਵਿਚ ਪਰਿਵਾਰ ਟੁੱਟ ਰਹੇ ਹਨ ਅਤੇ ਰਿਸ਼ਤੇ ਨਾਤੇ ਦਮ ਤੋੜ ਰਹੇ ਹਨ। ਮੋਬਾਈਲ, ਟੀ.ਵੀ., ਇੰਟਰਨੈੱਟ ਆਦਿ ਵਿਚ ਰੁੱਝੇ ਹੋਏ ਬੱਚੇ ਰਲ ਕੇ ਖੇਡਣਾ, ਵੰਡ ਕੇ ਖਾਣਾ, ਸਹਿਣਸ਼ੀਲਤਾ, ਮਹਿਮਾਨਾਂ ਦੀ ਆਓ-ਭਗਤ, ਵੱਡਿਆਂ ਦਾ ਸਤਿਕਾਰ ਭੁੱਲਦੇ ਜਾ ਰਹੇ ਹਨ। ਸਾਨੂੰ ਕੁਦਰਤ ਅਤੇ ਕਾਦਰ ਨਾਲ ਜੁੜ ਕੇ ਹੀ ਅਸਲੀ ਖੁਸ਼ੀ ਪ੍ਰਾਪਤ ਹੋ ਸਕਦੀ ਹੈ। ਸਦਾ ਚੜ੍ਹਦੀ ਕਲਾ ਵਿਚ ਰਹਿ ਕੇ ਪਰਮਾਤਮਾ ਦੀ ਰਜ਼ਾ ਵਿਚ ਰਾਜ਼ੀ ਰਹਿਣਾ ਚਾਹੀਦਾ ਹੈ। ਘਰ ਪਰਿਵਾਰ ਵਿਚ ਪਿਆਰ ਅਤੇ ਸਤਿਕਾਰ ਦੇ ਬੀਜ ਬੀਜਣੇ ਚਾਹੀਦੇ ਹਨ ਤਾਂ ਜੋ ਬਚਪਨ ਤੋਂ ਹੀ ਬੱਚਿਆਂ ਨੂੰ ਆਪਣੇ ਨਿੱਘੇ ਵਿਰਸੇ ਨਾਲ ਜੋੜਿਆ ਜਾ ਸਕੇ। ਜ਼ਿੰਦਗੀ ਵਿਚੋਂ ਕਾਹਲਾਪਣ ਅਤੇ ਤਣਾਅ ਕੱਢ ਕੇ ਸਹਿਜ ਅਤੇ ਸ਼ਾਂਤੀ ਦੇ ਧਾਰਨੀ ਬਣਨਾ ਚਾਹੀਦਾ ਹੈ। ਮਨ ਨੂੰ ਮਨਮਰਜ਼ੀਆਂ ਕਰਨ ਤੋਂ ਰੋਕਣਾ, ਪੰਜਾਂ ਵਿਕਾਰਾਂ ਤੋਂ ਬਚਣਾ, ਸਬਰ ਸੰਤੋਖ ਅਤੇ ਪਰਉਪਕਾਰ ਨੂੰ ਧਾਰਨ ਕਰਨਾ ਚਾਹੀਦਾ ਹੈ। ਸਿਹਤ ਸੰਭਾਲ ਲਈ ਵੀ ਬਹੁਤ ਵਧੀਆ ਘਰੇਲੂ ਨੁਸਖੇ ਦੱਸੇ ਹੋਏ ਹਨ।
ਸਾਰੇ ਲੇਖ ਪ੍ਰੇਰਨਾਦਾਇਕ ਹਨ। ਇਨ੍ਹਾਂ ਦੀ ਭਾਸ਼ਾ ਸਾਦਮੁਰਾਦੀ ਅਤੇ ਠੁੱਕਦਾਰ ਹੈ। ਇਹ ਪੁਸਤਕ ਪੰਜਾਬੀਅਤ, ਇਨਸਾਨੀਅਤ ਅਤੇ ਰੂਹਾਨੀਅਤ ਦਾ ਪੈਗ਼ਾਮ ਦਿੰਦੀ ਹੈ। ਬਹੁਤ ਥਾਵਾਂ 'ਤੇ ਕਾਵਿ ਸਤਰਾਂ ਅਤੇ ਗੁਰਬਾਣੀ ਦੇ ਹਵਾਲੇ ਦੇ ਕੇ ਲੇਖਣੀ ਨੂੰ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ। ਇਹ ਲੇਖ ਇਕ ਪਾਸੇ ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਦੇ ਹਨ ਅਤੇ ਦੂਜੇ ਪਾਸੇ ਆਪਣੇ ਅਮੀਰ ਸੱਭਿਆਚਾਰਕ ਵਿਰਸੇ ਤੋਂ ਸਬਕ ਸਿੱਖਣ ਲਈ ਪ੍ਰੇਰਦੇ ਹਨ। ਸਮੁੱਚੇ ਤੌਰ 'ਤੇ ਇਹ ਪੁਸਤਕ ਸਫ਼ਲ, ਸੁਚੱਜਾ, ਸਾਰਥਕ ਅਤੇ ਆਦਰਸ਼ ਜੀਵਨ ਜਿਊਣ ਦਾ ਸੰਦੇਸ਼ ਦਿੰਦੀ ਹੈ। ਸੁਖੀ ਪਰਿਵਾਰਕ ਜੀਵਨ ਜਿਊਣ ਲਈ ਵੀ ਸੇਧ ਦਿੱਤੀ ਗਈ ਹੈ। ਧਾਰਮਿਕ ਸਹਿਣਸ਼ੀਲਤਾ ਸਮੇਂ ਦੀ ਲੋੜ ਹੈ। ਆਧੁਨਿਕਤਾ ਦੇ ਅੰਨ੍ਹੇ ਵਹਿਣ ਵਿਚ ਵਹਿ ਕੇ ਸਾਡਾ ਸੁੱਖ, ਸ਼ਾਂਤੀ, ਭਾਈਚਾਰਕ ਪਿਆਰ ਅਤੇ ਸਾਂਝ ਖ਼ਤਮ ਹੁੰਦੇ ਜਾ ਰਹੇ ਹਨ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

c c c

ਇਕ ਬਟਾ ਜ਼ੀਰੋ
ਲੇਖਕ : ਦਵਿੰਦਰ ਸਿੰਘ ਗਿੱਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 80 ਰੁਪਏ, ਸਫ਼ੇ : 72
ਸੰਪਰਕ : 98550-73018.

ਵਿਚਾਰ ਅਧੀਨ ਪੁਸਤਕ 'ਇਕ ਬਟਾ ਜ਼ੀਰੋ' ਚਾਰ ਵਿਗਿਆਨਕ ਇਕਾਂਗੀ ਨਾਟਕਾਂ ਦਾ ਸੰਗ੍ਰਹਿ ਹੈ। ਨਾਟਕ ਦੇ ਖੇਤਰ ਵਿਚ ਇਹ ਪਹਿਲੀ ਪੁਸਤਕ ਹੈ, ਜਿਸ ਵਿਚ ਵਿਗਿਆਨਕ ਵਿਸ਼ਿਆਂ ਨੂੰ ਆਧਾਰ ਬਣਾ ਕੇ ਰੌਚਕ ਢੰਗ ਨਾਲ ਪੇਸ਼ ਕੀਤਾ ਗਿਆ ਹੈ।
ਪਹਿਲਾ ਨਾਟਕ 'ਚਾਨਣ ਦਾ ਵਣਜਾਰਾ' ਮਹਾਨ ਵਿਗਿਆਨੀ ਆਰਕੀਮਿਡੀਜ਼ ਦੀ ਜੀਵਨੀ ਨੂੰ ਆਧਾਰ ਬਣਾ ਕੇ ਲਿਖਿਆ ਗਿਆ ਹੈ। ਦੂਜਾ ਨਾਟਕ 'ਇਕ ਬਟਾ ਜ਼ੀਰੋ' ਭਾਰਤ ਦੇ ਮਹਾਨ ਗਣਿਤ ਵਿਗਿਆਨੀ ਰਾਮਾਨੁਜ ਦੀ ਜੀਵਨ ਗਾਥਾ ਪ੍ਰਸਤੁਤ ਕਰਦਾ ਹੈ। ਤੀਜਾ ਨਾਟਕ 'ਧੁੰਦ ਹਟਣ ਤੋਂ ਬਾਅਦ' ਅਤਿ ਰੌਚਕ ਸ਼ੈਲੀ ਵਿਚ ਰਚਿਆ ਨਾਟਕ ਹੈ, ਜਿਸ ਦਾ ਵਿਸ਼ਾ-ਵਸਤੂ ਕਿਸ਼ੋਰ ਉਮਰ ਦੀਆਂ ਲੜਕੀਆਂ ਦੀਆਂ ਸਮੱਸਿਆਵਾਂ ਹਨ। ਰਾਜੂ ਅਤੇ ਰਾਣੀ ਦੀ ਚੁਸਤ ਵਾਰਤਾਲਾਪ ਇਸ ਨਾਟਕ ਨੂੰ ਦਿਲਚਸਪ ਅਤੇ ਗਤੀਸ਼ੀਲ ਬਣਾਉਣ ਵਿਚ ਸਹਾਇਕ ਸਿੱਧ ਹੁੰਦੀ ਹੈ। ਚੌਥਾ ਨਾਟਕ 'ਥਰਸਟੀ ਕਰੋਅ' ਅਜੋਕੇ ਪੰਜਾਬ ਵਿਚ ਹਰੇ ਇਨਕਲਾਬ ਬਾਅਦ ਪ੍ਰਦੂਸ਼ਿਤ ਵਾਤਾਵਰਨ, ਗਾਇਕੀ ਵਿਚ ਆਏ ਨਿਘਾਰ ਅਤੇ ਪੰਜਾਬ ਵਿਚ ਘਟ ਰਹੇ ਧਰਤੀ ਹੇਠਲੇ ਪਾਣੀ ਦੀਆਂ ਸਮੱਸਿਆਵਾਂ ਨੂੰ ਸਾਡੇ ਰੂਬਰੂ ਕਰਕੇ ਪਾਠਕਾਂ ਨੂੰ ਜਾਗਰੂਕ ਕਰਦਾ ਹੈ। ਇਹ ਨਾਟਕ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ ਕੇ ਸਕੂਲਾਂ, ਕਾਲਜਾਂ ਵਿਚ ਖੇਡਣ ਦੀ ਅਤਿਅੰਤ ਲੋੜ ਹੈ ਤਾਂ ਜੋ ਸਾਡੇ ਅਜੋਕੇ ਸਮਾਜ ਵਿਚ ਵਿਗਿਆਨਕ ਸੋਚ ਤੇ ਸੂਝ ਦਾ ਸੰਚਾਰ ਹੋ ਸਕੇ ਅਤੇ ਜਨ ਸਾਧਾਰਨ ਵਿਚ ਜਾਗ੍ਰਿਤੀ ਦੇ ਬੀਜ ਬੋਏ ਜਾ ਸਕਣ। ਗਿਆਨ ਵਰਧਕ ਅਤੇ ਸਿਹਤਮੰਦ ਨਾਟਕ ਲਿਖਣ ਲਈ ਦਵਿੰਦਰ ਸਿੰਘ ਗਿੱਲ ਸ਼ਾਬਾਸ਼ ਦਾ ਹੱਕਦਾਰ ਹੈ।

-ਸੁਖਦੇਵ ਮਾਦਪੁਰੀ
ਮੋ: 94630-34472.

c c c

ਸਮਾਜ ਭਾਸ਼ਾ ਵਿਗਿਆਨ
(ਭਾਗ ਪਹਿਲਾ)
ਇਕ ਜਾਣ-ਪਛਾਣ
ਲੇਖਕ : ਹਰਬੰਸ ਸਿੰਘ ਧੀਮਾਨ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 208
ਸੰਪਰਕ : 98152-18545.

ਸਮਾਜ ਭਾਸ਼ਾ ਵਿਗਿਆਨ ਅਤੇ ਭਾਸ਼ਾ ਦਾ ਸਮਾਜਿਕ ਵਿਗਿਆਨ, ਭਾਸ਼ਾਵਾਂ, ਉਪਭਾਸ਼ਾਵਾਂ ਅਤੇ ਅੰਤਰ, ਪੀਜ਼ਿਨਜ਼ ਅਤੇ ਕ੍ਰੀਓਲਜ਼, ਕੋਡ ਸੰਕੇਤ, ਭਾਸ਼ਣ ਸਮੂਹ, ਭਾਸ਼ਾ ਵਖਰੇਵਾਂ ਅਤੇ ਤਬਦੀਲੀ ਨਾਂਅ ਦੇ ਸੱਤ ਅਧਿਆਇ ਇਸ ਪੁਸਤਕ 'ਚ ਮਿਲਦੇ ਹਨ। ਜਾਣ-ਪਛਾਣ ਸਿਰਲੇਖ ਅਧੀਨ ਲੇਖਕ ਨੇ ਭਾਸ਼ਾ ਅਤੇ ਸਮਾਜ ਪਾਠ 'ਚ ਇਨ੍ਹਾਂ ਦੇ ਆਪਸੀ ਸਬੰਧਾਂ 'ਤੇ ਰੌਸ਼ਨੀ ਪਾਈ ਹੈ। ਸਮਾਜ ਭਾਸ਼ਾ ਵਿਗਿਆਨ ਅਤੇ ਭਾਸ਼ਾ ਦਾ ਸਮਾਜਿਕ ਵਿਗਿਆਨ ਪਾਠ ਸਮਾਜ-ਭਾਸ਼ਾ ਵਿਗਿਆਨ, ਭਾਸ਼ਾ ਅਤੇ ਸਮਾਜ ਵਿਚਕਾਰ ਸਬੰਧਾਂ ਦੀ ਖੋਜ ਕਰਨ ਨਾਲ ਸਬੰਧਤ ਹੈ। ਭਾਸ਼ਾਵਾਂ, ਉਪਭਾਸ਼ਾਵਾਂ ਅਤੇ ਅੰਤਰ ਪਾਠ ਬਹੁਤ ਮਿਹਨਤ ਨਾਲ ਲਿਖਿਆ ਗਿਆ ਹੈ, ਜਿਸ 'ਚ ਲੇਖਕ ਨੇ ਬਹੁਤ ਸਾਰੀਆਂ ਵਿਦੇਸ਼ੀ ਭਾਸ਼ਾਵਾਂ, ਸ਼ੈਲੀਆਂ, ਰਜਿਸਟਰ ਅਤੇ ਕੁਝ ਮਾਪਦੰਡ ਦੱਸੇ ਹਨ, ਜੋ ਖ਼ਾਸ ਭਾਸ਼ਾਵਾਂ ਨੂੰ ਦੂਜੀਆਂ ਭਾਸ਼ਾਵਾਂ ਤੋਂ ਵੱਖਰੀ ਪਛਾਣ ਲਈ ਵਰਤੇ ਜਾ ਸਕਦੇ ਹਨ। 'ਪੀਜ਼ਿਨਜ਼ ਅਤੇ ਕ੍ਰੀਓਲਜ਼' ਭਾਸ਼ਾ ਵਿਗਿਆਨ ਖੇਤਰ ਦਾ ਇਕ ਤਕਨੀਕੀ ਪਾਠ ਹੈ, ਜਿਸ 'ਚ ਲੇਖਕ ਨੇ ਇਨ੍ਹਾਂ ਦੋਵਾਂ ਸੰਕਪਲਾਂ ਨੂੰ ਸਫਲਤਾ ਸਹਿਤ ਪਰਿਭਾਸ਼ਤ ਕਰਨ ਦਾ ਯਤਨ ਕੀਤਾ ਹੈ ਕੋਡ, ਭਾਸ਼ਣ, ਸਮੂਹ, ਭਾਸ਼ਾ, ਵਖਰੇਵਾਂ, ਤਬਦੀਲੀ, ਪਾਠ ਦੀ ਤਕਨੀਕੀ ਮੁਹਾਰਤ ਨਾਲ ਸੌਖੀ ਭਾਸ਼ਾ 'ਚ ਨੇਪਰੇ ਚਾੜ੍ਹੇ ਗਏ ਹਨ। ਲੇਖਕ ਦੇ ਕਥਨ ਅਨੁਸਾਰ ਇਹ ਪੁਸਤਕ ਭਾਸ਼ਾ ਵਿਗਿਆਨ ਦੇ ਖੇਤਰ ਨਾਲ ਸਬੰਧਤ ਵਿਦਿਆਰਥੀਆਂ ਖੋਜਾਰਥੀਆਂ ਅਤੇ ਪਾਠਕਾਂ ਲਈ ਲਾਹੇਵੰਦ ਹੈ।

-ਪ੍ਰੋ: ਸਤਪਾਲ ਸਿੰਘ
ਮੋ: 98725-21515..

c c c

ਮੇਰੀ ਅਰਦਾਸ
ਸ਼ਾਇਰ : ਡਾ: ਫ਼ਕੀਰ ਜੋਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 199 ਰੁਪਏ, ਸਫ਼ੇ : 108
ਸੰਪਰਕ : 95869-89997.

'ਮੇਰੀ ਅਰਦਾਸ' ਪੁਸਤਕ ਡਾ: ਫ਼ਕੀਰ ਜੋਤ ਦਾ ਪਹਿਲਾ ਕਾਵਿ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ ਪਚਵੰਜਾ ਵੱਡੀਆਂ ਤੇ ਪੰਜਤਾਲੀ ਨਿੱਕੀਆਂ ਨਜ਼ਮਾਂ ਸ਼ਾਮਿਲ ਹਨ। ਇਸ ਪੁਸਤਕ ਦੀਆਂ ਨਜ਼ਮਾਂ ਲੈਅ ਮੁਕਤ ਹੁੰਦੇ ਹੋਏ ਵੀ ਲੈਅ ਯੁਕਤ ਲਗਦੀਆਂ ਹਨ। ਇਨ੍ਹਾਂ ਵਿਚ ਸ਼ਾਇਰ ਨੇ ਸੂਖ਼ਮ ਵਿਸ਼ਿਆਂ ਨੂੰ ਲੈ ਕੇ ਸੰਜੀਦਾ ਕਾਵਿ ਰਚਨਾਵਾਂ ਕਹੀਆਂ ਹਨ। ਡਾ: ਫ਼ਕੀਰ ਜੋਤ ਉੱਚ ਅਧਿਕਾਰੀ ਹੈ ਤੇ ਉਸ ਨੂੰ ਲੋਕਾਈ ਦੀਆਂ ਮੁਸ਼ਕਿਲਾਂ ਦਾ ਪਤਾ ਹੈ। ਆਪਣੀ ਪਹਿਲੀ ਨਜ਼ਮ 'ਚਿੜੀ ਤੇ ਬਾਜ਼' ਵਿਚ ਉਹ ਕਹਾਣੀ ਨੂੰ ਖ਼ਤਮ ਕਰਨ ਉਪਰੰਤ ਆਪਣੇ ਵਿਚਾਰਾਂ ਦੀ ਪੁੱਠ ਦਿੰਦਾ ਹੈ। ਇੰਝ ਉਸ ਦੀ ਹਰ ਨਜ਼ਮ ਦਾ ਅੰਤ ਕਿਸੇ ਨਿੱਗਰ ਧਾਰਨਾ 'ਤੇ ਮੁਕਦਾ ਹੈ। ਸ਼ਾਇਰ ਦੀ ਵਿਸ਼ੇਸ਼ਤਾ ਉਸ ਦਾ ਆਸ਼ਾਵਾਦੀ ਹੋਣਾ ਹੈ ਤੇ ਉਹ ਬੇਕਾਰ ਦੇ ਰੋਣ ਧੋਣ ਵਿਚ ਵਿਸ਼ਵਾਸ ਨਹੀਂ ਰੱਖਦਾ। ਉਹ ਲੋਕ ਮਸਲਿਆਂ ਨੂੰ ਸਿੱਧਾ ਸਪਾਟ ਬਿਆਨ ਕਰਨ ਤੋਂ ਪ੍ਰਹੇਜ਼ ਕਰਦਾ ਹੈ ਤੇ ਹਰ ਮਸਲੇ 'ਤੇ ਦਿਸ਼ਾ ਦਿੰਦਾ ਹੈ। ਇਹ ਨਜ਼ਮਾਂ ਆਮ ਪਾਠਕ ਤੱਕ ਪਹੁੰਚ ਰੱਖਣ ਵਾਲੀਆਂ ਹਨ ਤੇ ਇਨ੍ਹਾਂ ਦਾ ਸਬੰਧ ਆਮ ਮਨੁੱਖ ਨਾਲ ਹੈ। ਆਜ਼ਾਦ ਨਜ਼ਮ ਲਿਖਣ ਵਾਲਿਆਂ ਵੱਲੋਂ ਸਿਰਜੀ ਮਿੱਥ ਤੇ ਪ੍ਰਭਾਵ ਨੂੰ ਇਸ ਪੁਸਤਕ ਦੀਆਂ ਨਜ਼ਮਾਂ ਤੋੜਦੀਆਂ ਹਨ। ਡਾ: ਫ਼ਕੀਰ ਜੋਤ ਦੇ ਆਜ਼ਾਦ ਨਜ਼ਮ ਨੂੰ ਆਮ ਪਾਠਕ ਤੱਕ ਪਹੁੰਚਾਉਣ ਦੇ ਯਤਨ ਸਰਾਹੁਣਯੋਗ ਹਨ।

-ਗੁਰਦਿਆਲ ਰੌਸ਼ਨ
ਮੋ: 9988444002.

ਡਾਇਸਪੋਰਾ : ਸਾਹਿਤਕ ਪ੍ਰਵਚਨ
ਲੇਖਿਕਾ : ਡਾ: ਜਸਪਾਲ ਕੌਰ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 260 ਰੁਪਏ, ਸਫ਼ੇ : 134
ਸੰਪਰਕ : 011-23280657.

ਡਾ: ਜਸਪਾਲ ਕੌਰ ਨਵੀਂ ਪੀੜ੍ਹੀ ਵਿਚੋਂ ਉੱਠ ਕੇ ਪ੍ਰੋੜ੍ਹ ਅਧਿਆਪਕਾਂ ਤੇ ਆਲੋਚਕਾਂ ਦੀ ਢਾਣੀ ਵਿਚ ਕਦਮ ਰੱਖਣ ਵਾਲੀ ਗੰਭੀਰ ਸਾਹਿਤ ਅਧਇਏਤਾ ਹੈ। ਪੜ੍ਹਨਾ, ਪੜ੍ਹਾਉਣਾ, ਖੋਜ ਕਰਨਾ, ਕਰਵਾਉਣਾ, ਸਾਹਿਤਕ/ ਆਲੋਚਨਾਤਮਕ ਮਸਲਿਆਂ ਬਾਰੇ ਚਿੰਤਨ ਉਸ ਦੇ ਲਗਪਗ ਕੁਲਵਕਤੀ ਕਾਰਜ ਰਹੇ ਹਨ। ਆਧੁਨਿਕ ਆਲੋਚਨਾਤਮਕ ਚਿੰਤਨ ਤੇ ਪਰਵਾਸੀ ਸਾਹਿਤ ਉਸ ਦੇ ਮਨਭਾਉਂਦੇ ਵਿਸ਼ੇ ਹਨ। ਡਾਇਸਪੋਰਾ ਬਾਰੇ ਇਹ ਸਾਹਿਤਕ ਪ੍ਰਵਚਨ ਉਸ ਦੇ ਇਸ ਵਿਸ਼ੇ 'ਤੇ ਸਮੇਂ-ਸਮੇਂ ਲਿਖੇ ਖੋਜ ਪੱਤਰਾਂ ਦਾ ਸੰਕਲਨ ਹੈ, ਜਿਸ ਦੇ ਜ਼ਰੀਏ ਪਰਵਾਸ/ਡਾਇਸਪੋਰਾ ਤੇ ਪਰਵਾਸੀ ਸਾਹਿਤ ਬਾਰੇ ਉਸ ਦੀਆਂ ਮੁੱਖ ਸਥਾਪਨਾਵਾਂ ਨੂੰ ਸਮਝਿਆ ਜਾ ਸਕਦਾ ਹੈ।
ਪਰਵਾਸ ਅਜੋਕੇ ਯੁੱਗ ਦਾ ਵਿਆਪਕ ਵਰਤਾਰਾ ਹੈ। ਪੰਜਾਬ ਤੇ ਦੇਸ਼ ਦੇ ਹੋਰ ਪ੍ਰਾਂਤਾਂ ਵਿਚ ਅਜਿਹੇ ਪਰਵਾਸ ਦੇ ਨਾਲ-ਨਾਲ ਦੇਸ਼ ਤੋਂ ਬਾਹਰ ਵਿਕਸਤ ਪੱਛਮੀ ਮੁਲਕਾਂ ਵਿਚ ਪੰਜਾਬੀਆਂ ਦੇ ਪਰਵਾਸ ਦਾ ਲੰਮਾ ਇਤਿਹਾਸ ਹੈ। ਉਪਰੋਕਤ ਦੋਵਾਂ ਕਿਸਮਾਂ ਦੇ ਪਰਵਾਸੀਆਂ ਦੇ ਸਰੋਕਾਰ ਲੇਖਿਕਾ ਅਨੁਸਾਰ ਵੱਖਰੇ ਹਨ। ਪੱਛਮੀ ਦੇਸ਼ਾਂ ਵਿਚ ਪਰਵਾਸ ਗੋਰੇ ਵੀ ਕਰਦੇ ਹਨ। ਉਨ੍ਹਾਂ ਦੀ ਸਥਿਤੀ ਇਕੋ ਕੌਮ ਦੇ ਅੰਤਰਗਤ ਡਾਇਸਪੋਰਾ ਦੀ ਹੈ। ਉਨ੍ਹਾਂ ਨਾਲ ਨਸਲੀ ਵਿਤਕਰਾ ਨਹੀਂ ਹੁੰਦਾ। ਪੰਜਾਬੀ ਇਸ ਪੱਖੋਂ ਵੱਖਰੀ ਸਥਿਤੀ ਕਾਰਨ ਸੱਭਿਆਚਾਰਕ ਮੁੱਲ ਪ੍ਰਬੰਧ, ਦੋ ਦੇਸ਼ਾਂ/ਸੱਭਿਆਚਾਰਾਂ ਵਿਚ ਵੰਡੀ ਤਨਾਅਗ੍ਰਸਤ ਵਫ਼ਾਦਾਰੀ, ਪੀੜ੍ਹੀ ਦਰ ਪੀੜ੍ਹੀ ਬਦਲ ਰਹੀਆਂ ਪ੍ਰਸਥਿਤੀਆਂ ਕਾਰਨ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਨਾਲ ਘਿਰਦੇ ਹਨ। ਲੇਖਿਕਾ ਡਾਇਸਪੋਰਾ ਦਾ ਸੰਕੇਤ ਇਤਿਹਾਸਕ ਯਹੂਦੀ ਮੂਲ ਤੱਕ ਸੀਮਤ ਰੱਖਣ ਦੀ ਥਾਂ ਇਸ ਨੂੰ ਮੂਲ ਸੱਭਿਆਚਾਰ ਤੋਂ ਉਖੜਣ ਤੱਕ ਵਿਸਤਾਰਦੀ ਹੈ। ਇਹ ਲੋਕ ਪਛਾਣ/ਸਥਾਪਤੀ ਲਈ ਸੰਘਰਸ਼ ਕਰਦੇ ਹਨ। ਸੱਤਾ/ਸੱਤਾਹੀਣਤਾ, ਗੁਲਾਮੀ/ਬਸਤੀਵਾਦ/ਉਤਰ ਬਸਤੀਵਾਦ, ਬੇਗਾਨਗੀ, ਨਵੀਂ ਪੀੜ੍ਹੀ ਪ੍ਰਤੀ ਪੁਰਾਣੀ ਪੀੜ੍ਹੀ ਦੀ ਜਾਗੀਰਦਾਰੀ ਪਹੁੰਚ, ਦੋ ਕਿਸਮ ਦੇ ਨੈਤਿਕ ਮੁੱਲਾਂ ਨਾਲ ਨਿੱਭਣ ਦਾ ਸੰਕਟ, ਟੁੱਟਦੇ ਖੁਰਦੇ ਰਿਸ਼ਤੇ ਨਾਤੇ, ਉਥੇ ਵਸਦੇ ਪੰਜਾਬੀਆਂ ਦੀਆਂ ਨਾਰੀਆਂ/ਬੱਚਿਆਂ ਦੀ ਮਾਨਸਿਕਤਾ, ਮੂਲ ਦੇਸ਼/ਪਰਵਾਸ ਦੀ ਧਰਤੀ ਦਾ ਸਮਾਜ/ਰਾਜਨੀਤੀ ਸਭ ਪ੍ਰਤਿ ਤਿੱਖੀ ਨਜ਼ਰ ਨਾਲ ਨਿਖੇੜੇ ਕਰਦੀ ਹੈ ਉਹ। ਸਿਧਾਂਤਕ ਚਰਚਾ ਤੋਂ ਬਿਨਾਂ ਇੰਗਲੈਂਡ, ਕੈਨੇਡਾ ਤੇ ਅਮਰੀਕਾ ਦੀ ਗਲਪ ਤੇ ਕਵਿਤਾ ਬਾਰੇ ਉਸ ਦੀ ਵਿਚਾਰਕ ਆਲੋਚਨਾ ਸੰਤੁਲਿਤ ਤੇ ਨਵੀਆਂ ਅੰਤਰ-ਦ੍ਰਿਸ਼ਟੀਆਂ ਨਾਲ ਭਰਪੂਰ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 9822-60550

c c c

ਜੰਗਲਾਂ ਦੇ ਰੁੱਖ ਬੋਲਦੇ
ਸੰਪਾਦਕ : ਸਰਬਜੀਤ ਸਿੰਘ ਵਿਰਦੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 295 ਰੁਪਏ, ਸਫ਼ੇ : 232
ਸੰਪਰਕ : 94173-10492.

ਵਾਤਾਵਰਨ ਦਾ ਮੁੱਦਾ ਅਜੋਕੇ ਦੌਰ ਦਾ ਸਭ ਤੋਂ ਵੱਧ ਵਿਚਾਰਨਯੋਗ ਮੁੱਦਾ ਹੈ, ਜੋ ਅੱਜ ਧਰਤੀ ਤੇ ਸਾਡੇ ਜੀਵਨ ਦੀ ਹੋਂਦ ਨਾਲ ਬਹੁਤ ਹੀ ਨੇੜਿਓਂ ਜੁੜਿਆ ਹੋਇਆ ਹੈ।
ਕਾਲੋਨੀਆਂ ਉਸਾਰਨ ਦੇ ਲਾਲਚ ਵਿਚ, ਸੜਕਾਂ ਚੌੜੀਆਂ ਕਰਨ ਦੇ ਮੁੱਦੇ 'ਤੇ ਅਸੀਂ ਰੁੱਖਾਂ ਦਾ ਏਨਾ ਘਾਣ ਕੀਤਾ ਹੈ ਕਿ ਸ਼ਾਇਦ ਕੁਦਰਤ ਸਾਨੂੰ ਕਦੇ ਵੀ ਮੁਆਫ਼ ਨਾ ਕਰੇ। ਸਾਹਿਤ ਜੀਵਨ ਦਾ ਸ਼ੀਸ਼ਾ ਹੈ, ਇਸ ਵਿਚੋਂ ਉਨ੍ਹਾਂ ਸਮੱਸਿਆਵਾਂ ਦੇ ਝਲਕਾਰੇ ਜ਼ਰੂਰ ਪੈਂਦੇ ਹਨ ਜੋ ਸਾਡੇ ਸਮਕਾਲੀ ਜੀਵਨ ਨੂੰ ਦਰਪੇਸ਼ ਹੁੰਦੇ ਹਨ। ਸਰਬਜੀਤ ਸਿੰਘ ਵਿਰਦੀ ਦੁਆਰਾ ਸੰਪਾਦਿਤ ਕਾਵਿ ਸੰਗ੍ਰਹਿ 'ਜੰਗਲਾਂ ਦੇ ਰੁਖ ਬੋਲਦੇ' ਇਸੇ ਦਿਸ਼ਾ ਵੱਲ ਇਕ ਅਹਿਮ ਯਤਨ ਹੈ, ਜਿਸ ਵਿਚ ਲੇਖਕ ਵੱਲੋਂ ਰੁੱਖਾਂ ਦੀ ਬਾਤ ਪਾਉਂਦੀਆਂ ਨਵੀਆਂ ਪੁਰਾਣੀਆਂ ਅਨੇਕ ਕਲਮਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਰੁੱਖਾਂ ਦੀ ਬਾਤ ਪਾਉਂਦੀਆਂ ਇਨ੍ਹਾਂ ਕਵਿਤਾਵਾਂ/ਗੀਤਾਂ ਦਾ ਇਕ ਮਹੱਤਵਪੂਰਨ ਪੱਖ ਇਹ ਵੀ ਹੈ ਕਿ ਜਿਥੇ ਇਹ ਕਵੀ-ਰੁੱਖਾਂ ਦੇ ਮਹੱਤਵ ਸਬੰਧੀ ਜਾਗਰੂਕ ਹਨ, ਉਥੇ ਉਹ ਇਨ੍ਹਾਂ ਦੇ ਖ਼ਾਤਮੇ ਦੇ ਕਾਰਨਾਂ ਤੇ ਉਨ੍ਹਾਂ ਦੀ ਰੋਕਥਾਮ ਲਈ ਵੀ ਸੰਵਾਦ ਸਿਰਜਦੇ ਹਨ।
ਸਰਦਾਰ ਪੰਛੀ, ਸ਼ਿਵ ਕੁਮਾਰ ਬਟਾਲਵੀ, ਸੁਰਜੀਤ ਪਾਤਰ, ਦੇਵ ਥਰੀਕੇਵਾਲਾ ਜਿਹੇ ਵੱਡੇ ਸ਼ਾਇਰਾਂ ਤੋਂ ਲੈ ਕੇ ਨਵੇਂ ਕਵੀਆਂ ਦੇ ਇਹ ਗੀਤ ਜਿਥੇ ਸਮਾਜਿਕ ਤੌਰ 'ਤੇ ਰੁੱਖਾਂ ਨੂੰ ਸਲਾਮਤ ਰੱਖਣ ਦਾ ਹੋਕਾ ਦਿੰਦੇ ਹਨ, ਉਥੇ ਇਨ੍ਹਾਂ ਤੋਂ ਬਗੈਰ ਜੀਵਨ ਦੀ ਦੁਰਗਤੀ ਦੀ ਚਿਤਾਵਨੀ ਵੀ ਦਿੰਦੇ ਹਨ। ਸਮਾਜਿਕ ਚੇਤਨਾ ਲਹਿਰ ਨਾਲ ਸਬੰਧਤ ਇਸ ਪੁਸਤਕ ਨੂੰ ਜੀ ਆਇਆਂ ਆਖਣਾ ਬਣਦਾ ਹੈ।

-ਡਾ: ਅਮਰਜੀਤ ਕੌਂਕੇ
ਮੋ : 98142-31698.

1/07/2017

 ਪ੍ਰੀਤਮ ਰੁਬਾਈਆਂ
ਲੇਖਕ : ਪ੍ਰੀਤਮ ਸਿੰਘ ਭਰੋਵਾਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ (ਸਜਿਲਦ), ਸਫ਼ੇ : 104
ਸੰਪਰਕ : 98140-36602.

ਪ੍ਰੀਤਮ ਸਿੰਘ ਭਰੋਵਾਲ ਦੀ ਸ਼ਾਇਰੀ ਸਿਰਫ ਧਾਰਮਿਕ ਮਸਲਿਆਂ ਨਾਲ ਹੀ ਬਾ-ਵਸਤਾ ਨਹੀਂ ਰੱਖਦੀ ਸਗੋਂ ਉਸ ਦੀ ਸ਼ਾਇਰੀ ਫ਼ਿਕਰ ਸਮਾਜਿਕ, ਸੱਭਿਆਚਾਰਕ, ਵਿਰਾਸਤੀ ਕਦਰਾਂ-ਕੀਮਤਾਂ ਅਤੇ ਸਿਆਸੀ ਨਿਘਾਰ ਨਾਲ ਵੀ ਜੁੜੇ ਹੋਏ ਹਨ। ਪਦਾਰਥਕ ਸੋਚ ਅਧੀਨ ਅਲੋਪ ਹੋ ਰਹੇ ਰੀਤੀ-ਰਿਵਾਜ, ਰਸਮਾਂ, ਬਦਲਦਾ ਹੋਇਆ ਜੀਵਨ-ਢੰਗ, ਨੌਜਵਾਨ ਪੀੜ੍ਹੀ ਦਾ ਨਿਘਾਰ ਆਦਿ ਨੂੰ ਸੰਬੋਧਿਤ ਹੁੰਦਿਆਂ, ਇਨ੍ਹਾਂ ਪ੍ਰਤੀ ਸੁਚੇਤ ਹੋਣ ਦਾ ਹੋਕਾ ਦੇਣਾ ਉਸ ਦੇ ਫ਼ਿਕਰਾਂ 'ਚ ਸ਼ਾਮਿਲ ਹੈ। ਉਹ ਖ਼ੁਦ ਸਿਆਸਤ ਦਾ ਹਿੱਸਾ ਹੁੰਦਾ ਹੋਇਆ ਵੀ ਅਪਣਾਏ ਜਾਂਦੇ ਸਿਆਸੀ ਪੈਂਤੜਿਆਂ ਤੋਂ ਖਫ਼ਾ ਹੈ। ਮਨੁੱਖ ਦੇ ਜੀਵਨ 'ਚ ਵਾਪਰਦੀਆਂ ਘਟਨਾਵਾਂ ਦਾ ਗਹਿਰਾ ਪ੍ਰਭਾਵ ਹੁੰਦਾ ਹੈ। ਪ੍ਰੀਤਮ ਸਿੰਘ ਭਰੋਵਾਲ ਦੇ ਜੀਵਨ-ਪੰਧ 'ਚ ਵੀ ਅਨੇਕਾਂ, ਰੁਕਾਵਟਾਂ ਅਤੇ ਦੁਸ਼ਵਾਰੀਆਂ ਦਾ ਸੁਮੇਲ ਹੋਣ ਕਰਕੇ ਇਨ੍ਹਾਂ ਘਟਨਾਵਾਂ ਦਾ ਜ਼ਿਕਰ ਵੀ ਉਸ ਦੀਆਂ ਇਨ੍ਹਾਂ ਰੁਬਾਈਆਂ 'ਚ ਥਾਂ-ਪੁਰ-ਥਾਂ ਦੇਖਿਆ ਜਾ ਸਕਦਾ ਹੈ। ਜਦੋਂ ਵੀ ਉਸ ਨੇ ਸਮਾਜਿਕ, ਆਰਥਿਕ ਜਾਂ ਸੱਭਿਆਚਾਰਕ ਵਰਤਾਰੇ ਅਧੀਨ ਗ਼ੈਰ-ਸਮਾਜਿਕ ਵਰਤਾਰਾ ਦੇਖਿਆ ਹੈ ਜਾਂ ਫਿਰ ਬੇਇਨਸਾਫ਼ੀ ਦਾ ਨਿੱਜੀ ਜਾਂ ਗ਼ੈਰ ਦਾ ਵਾਸਤਾ ਪਿਆ ਦੇਖਿਆ, ਉਥੇ-ਉਥੇ ਹੀ ਉਸ ਦੀ ਕਲਮ ਨੇ ਰੋਹ-ਭਰੀ ਆਵਾਜ਼ ਬੁਲੰਦ ਕੀਤੀ ਹੈ। ਦੁਨਿਆਵੀ ਅਹੁਦਿਆਂ, ਤਾਕਤਾਂ, ਸ਼ਕਤੀਆਂ ਦੀ ਥਾਵੇਂ ਉਹ ਕਲਮ ਦੀ ਤਾਕਤ ਨੂੰ ਸਰਬੋਤਮ ਕਰਾਰ ਦਿੰਦਾ। ਬਾਕੌਲ ਮੇਰੇ ਇਸ ਸ਼ਿਅਰ ਵਾਂਗ ਹੀ :
ਕੁਰਸੀ ਦੇ ਭੁੱਖੇ ਇਹ ਲੀਡਰ ਕੀ ਜਾਨਣ,
ਕਿੰਨਾ ਉੱਚਾ ਰੁਤਬਾ ਹੈ ਫ਼ਨਕਾਰਾਂ ਦਾ।
ਪ੍ਰੀਤਮ (ਪਰਮਾਤਮਾ ਜਾਂ ਰੱਬ), ਪ੍ਰੀਤਮ (ਮਾਹੀ-ਪਤੀ) ਪ੍ਰੀਤਮ ਸਿੰਘ ਭਰੋਵਾਲ ਦੇ ਪਸੰਦੀਦਾ ਕਾਵਿਕ-ਸਿਰਲੇਖ ਹਨ। ਇਹ ਢੁੱਕਵੇਂ ਵੀ ਹਨ ਅਤੇ ਫੱਬਵੇਂ ਵੀ। ਭਾਸ਼ਾ ਭਾਵਾਂ ਦੇ ਅਨੁਕੂਲ ਹੀ ਵਰਤੀ ਗਈ ਹੈ। ਸੁਨੇਹੇ ਦੇ ਸੰਚਾਰ 'ਚ ਨਿਸਚੇ ਰੁਕਾਵਟ ਨਹੀਂ ਹੈ। ਪੁਰਾਤਨ ਅਤੇ ਰਵਾਇਤੀ ਕਾਵਿ-ਰੂਪਾਂ 'ਤੇ ਅਜੋਕੇ ਲੇਖਕ ਘੱਟ ਹੀ ਕਲਮ-ਅਜ਼ਮਾਈ ਕਰਦੇ ਹਨ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਖ਼ਾਲੀ ਕਮਰਾ ਨੰਬਰ ਬਿਆਸੀ
ਲੇਖਕ : ਆਸ਼ਾ ਸਾਕੀ ਤੇ ਐਸ ਸਾਕੀ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 295 ਰੁਪਏ, ਸਫ਼ੇ : 184
ਸੰਪਰਕ : 011-23280657.

ਇਹ ਕਹਾਣੀ ਸੰਗ੍ਰਹਿ ਸਿਡਨੀ (ਆਸਟਰੇਲੀਆ) ਨਿਵਾਸੀ ਪਤੀ-ਪਤਨੀ ਜੋੜੀ ਦੇ ਸਾਂਝੇ ਉੱਦਮ ਦੀ ਦੇਣ ਹੈ। ਇਸ ਵਿਚ ਆਸ਼ਾ ਸਾਕੀ ਦੀਆਂ 8 ਹਿੰਦੀ ਕਹਾਣੀਆਂ ਹਨ, ਜੋ ਉਸ ਦੇ ਪਤੀ ਐਸ. ਸਾਕੀ ਨੇ ਪੰਜਾਬੀ ਵਿਚ ਅਨੁਵਾਦ ਕੀਤੀਆਂ ਹਨ। ਇਸ ਤੋਂ ਬਿਨਾਂ ਐਸ. ਸਾਕੀ ਦੀਆਂ ਪੰਜਾਬੀ ਵਿਚ ਸਿਰਜੀਆਂ 11 ਕਹਾਣੀਆਂ ਨੂੰ ਇਸ ਸੰਗ੍ਰਹਿ ਵਿਚ ਸ਼ਾਮਿਲ ਕੀਤਾ ਗਿਆ ਹੈ। ਤਰਤੀਬ ਵਿਚ ਇਨ੍ਹਾਂ ਨੂੰ ਰਲਵਾਂ-ਮਿਲਵਾਂ ਸਥਾਨ ਪ੍ਰਾਪਤ ਹੈ। ਇਨ੍ਹਾਂ ਕਹਾਣੀਆਂ ਦੀ ਫੇਬੁਲਾ ਦਾ ਆਧਾਰ ਭਾਰਤੀ ਪਿਛੋਕੜ ਦੇ ਨਾਲ-ਨਾਲ ਵਿਦੇਸ਼ੀ ਮਾਹੌਲ ਵੀ ਹੈ। ਕਈ ਘਟਨਾਵਾਂ ਦਿੱਲੀ ਵਿਚ ਵੀ ਵਾਪਰਦੀਆਂ ਵਿਖਾਈਆਂ ਗਈਆਂ ਹਨ।
ਕਹਾਣੀਆਂ ਦੇ ਵੰਨ-ਸੁਵੰਨੇ ਵਿਸ਼ੇ ਕ੍ਰਮਵਾਰ ਇਸ ਪ੍ਰਕਾਰ ਹਨ : ਬਜ਼ੁਰਗਾਂ ਦੀ ਯਾਦ (ਖ਼ਾਲੀ ਕਮਰਾ); ਭੁੱਖ ਮਰੀ ਦਾ ਸ਼ਿਕਾਰ ਬਚਪਨ (ਨੰਗੀਆਂ ਲੱਤਾਂ ਵਾਲਾ ਮੁੰਡਾ); ਮਤ੍ਰੇਈ ਮਾਂ ਦਾ ਪਿਆਰ (ਅੰਮਾ); ਪਿਆਰ ਕਦੇ ਬੁੱਢਾ ਨਹੀਂ ਹੁੰਦਾ (ਬਹੁਤ ਦੇਰ ਹੋ ਗਈ); ਧੋਖੇਬਾਜ਼ ਮਰਦਾਂ ਤੋਂ ਬਦਲਾ (ਕੌਣ ਹੈ ਉਹ); ਪਰਾਸਰੀਰਕ ਘਟਨਾਵਾਂ (ਭੂਤਵਾੜਾ); ਦੁਖੀਆਂ ਦੀ ਚੀਕ (ਛੁਟਕਾਰਾ); ਕਦੇ ਸਤਿਕਾਰ ਕਦੇ ਦੁਰਕਾਰ (ਦੀਵੇ ਦੀ ਲੋਅ); ਫੁੱਲਾਂ ਨਾਲ ਪਿਆਰ (ਦੋ ਕਤਾਰਾਂ ਵਾਲਾ ਘਰ); ਡਰ ਕਾਰਨ ਦਾਨ (ਇਕ ਸਿੱਧੀ ਸੜਕ); ਮਨੋਵਿਗਿਆਨਕ ਢਾਰਸ (ਮੈਂ ਹਾਂ ਨਾ ਬਈ); ਵਿਦੇਸ਼ਾਂ ਵਿਚ ਬੁਢਾਪਾ (ਇਸਤਰੀ ਤੇ ਪੁਰਸ਼); ਅਣਜੋੜ ਵਿਆਹ ਉਪਰੰਤ ਉਪਲੱਬਧ ਹਾਣੀ (ਇਕ ਠੰਢਾ ਘਰ ਗਰਮ ਘਰ); ਅਣਜੋੜ ਵਿਆਹ ਦਾ ਦੁਖਾਂਤ (ਏਨੀਮੀ); ਬੌਣੇ ਕੱਦ ਦੀ ਹੀਣਤਾ (ਕਛੂਏ); ਪਰਦਾ ਫਾਸ਼ (ਪਤੀ-ਪਰਮੇਸ਼ਵਰ); ਕਰੂਪਤਾ ਦਾ ਦੁਖਾਂਤ (ਪਹਾੜ ਜਿਹੀ); ਨਿਰੁੱਤਰ ਮਾਂ (ਮਾਂ ਬਾਬਾ ਕਿਉਂ ਨਹੀਂ ਆਉਂਦੇ); ਇਕੱਲਤਾ ਭੋਗਦਾ ਬੰਦਾ (ਨੰਬਰ ਬਿਆਸੀ) ਆਦਿ।
ਸ਼ੈਲੀ ਉੱਤਮ ਪੁਰਖੀ ਵੀ, ਅਨਯ-ਪੁਰਖੀ ਵੀ, ਪੜਨਾਉਂ ਦਾ ਅਨੇਕਾਂ ਵਾਕਾਂ ਦੇ ਅੰਤ ਤੇ ਆਉਣਾ ਵਾਕ-ਵਿਸ਼ੇਸ਼ਤਾ ਹੈ ਜਿਵੇਂ ਉਹ, ਉਸ ਤੋਂ, ਉਸ ਨੇ, ਇਹ ਆਦਿ। ਲਗਪਗ ਹਰ ਕਥਾ ਸ਼ੰਕਾ ਤੋਂ ਆਰੰਭ ਹੁੰਦੀ ਹੈ ਜੋ ਪਾਠਕ ਨੂੰ ਅੱਗੋਂ ਪੜ੍ਹਨ ਲਈ ਉਤਾਵਲਾ ਕਰਦੀ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਸੂਹੀ ਫੁਲਕਾਰੀ
ਪੰਜਾਬੀ ਲੋਕ-ਕਥਾਵਾਂ
ਲੇਖਿਕਾ : ਰਸ਼ਪਾਲ ਕੌਰ ਸਿੱਧੂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 200
ਸੰਪਰਕ : 99151-03490.

ਪੰਜਾਬੀ ਸਾਹਿਤ ਦੀ ਪ੍ਰਭਾਵਸ਼ਾਲੀ ਸਿਨਫ਼ ਲੋਕ-ਕਥਾਵਾਂ ਇਸ ਪੁਸਤਕ ਦਾ ਆਧਾਰ ਹੈ। ਇਸ ਪੁਸਤਕ ਵਿਚ 13 ਲੋਕ-ਕਥਾਵਾਂ ਹਨ : ਸੂਹੀ ਫੁਲਕਾਰੀ, ਦਮੜੀ, ਹਾ ਹਾ, ਹੀ ਹੀ, ਬਾਤਾਂ ਰਾਹਗੀਰਾਂ ਦੀਆਂ, ਅਣਜੰਮੇ ਟੱਬਰ ਦੀ ਕਰਾਮਾਤ, ਤੇਰੀ ਜਾਤ ਕੀ ਐ?, ਠਾਕਰ ਤੋਤਾਂਜੀ ਬਣਾਇਆ, ਚਤਰੂ ਦੀ ਚਤਰਾਈ, ਬਹੁਤੀ ਗਈ ਬਿਹਾ, ਉਰਲੀ ਪਰਲੀ, ਰਾਜੇ ਦਾ ਬਟੇਰਾ, ਮੜਿੰਦੋ ਤੇ ਨਿੰਦਾ ਦਾ ਫਲ। ਉਪਰੋਕਤ ਲੋਕ ਕਥਾਵਾਂ ਦੇ ਵਿਸ਼ੇ ਸਾਧਾਰਨ ਮਾਨਸ ਤੋਂ ਲੈ ਕੇ ਰਾਜਿਆਂ, ਮਹਾਰਾਜਿਆਂ, ਵਪਾਰੀਆਂ ਦੇ ਪਰੰਪਰਾਗਤ ਜੀਵਨ 'ਤੇ ਝਾਤ ਪਵਾਉਂਦੇ ਹਨ। ਇਹ ਲੋਕ ਕਥਾਵਾਂ ਸਮਕਾਲੀ ਸਮਾਜ/ਸਮੇਂ ਦੀ ਸੱਭਿਆਚਾਰਕ ਅਵਸਥਾ ਆਰਥਿਕ, ਰਾਜਨੀਤਕ, ਸਮਾਜਿਕ ਤੇ ਧਾਰਮਿਕ ਹਾਲਾਤ ਦੀ ਝਲਕ ਪੇਸ਼ ਕਰਦੀਆਂ ਹਨ। ਇਹ ਲੋਕ ਕਥਾਵਾਂ ਲੋਕ ਪੱਖੀ ਕਦਰਾਂ-ਕਮਤਾਂ ਦੀ ਤਰਜਮਾਨੀ ਕਰਦੀਆਂ ਹਨ। ਅੱਜ ਦੇ ਖਪਤਵਾਦੀ ਯੁੱਗ 'ਚ ਸਾਡੀ ਨੌਜਵਾਨ ਪੀੜ੍ਹੀ, ਪੰਜਾਬੀ ਸਾਹਿਤ ਦਾ ਇਹ ਵਡਮੁੱਲਾ ਖਜ਼ਾਨਾ ਵਿਸਾਰੀ ਜਾ ਰਹੀ ਹੈ। ਠੇਠ ਮਲਵਈ ਪੇਂਡੂ ਲੋਕ ਬੋਲੀ ਤੇ ਢੁਕਵੀਂ ਸ਼ਬਦਾਵਲੀ 'ਚ ਲਿਖੀ ਇਹ ਪੁਸਤਕ ਪੰਜਾਬੀ ਸਾਹਿਤ ਵਿਚ ਵਡਮੁੱਲੀ ਕਿਰਤ ਹੈ। 'ਪੰਚਤੰਤਰ' ਅਤੇ 'ਹਿਤੋਪਦੇਸ਼' ਦੀਆਂ ਕਹਾਣੀਆਂ ਦੀ ਤਰਜ਼ 'ਤੇ ਇਹ ਪੁਸਤਕ ਵੀ ਪੰਜਾਬੀ ਲੋਕ-ਮਾਨਸ ਨੂੰ ਜ਼ਰੂਰ ਸੇਧ ਪ੍ਰਦਾਨ ਕਰੇਗੀ ਅਤੇ ਮਨੋਰੰਜਨ ਦਾ ਸਬੱਬ ਵੀ ਬਣੇਗੀ।

ਂਪ੍ਰੋ: ਸਤਪਾਲ ਸਿੰਘ
ਮੋ: 98725-21515.
ਫ ਫ ਫ

ਬਾਬੇ ਦਾਦੇ ਰੱਬ ਰਜਾਦੇ
ਲੇਖਕ : ਬਰਜਿੰਦਰ ਸਿੰਘ ਸਿੱਧੂ
ਪ੍ਰਕਾਸ਼ਕ : ਗੋਰਕੀ ਪਬਲਿਸ਼ਰਜ਼, ਲੁਧਿਆਣਾ
ਮੁਲ : 150 ਰੁਪਏ (ਪੇਪਰ ਬੈਕ), ਸਫ਼ੇ : 160
ਸੰਪਰਕ : 97819-43772.

ਅਮਰੀਕਾ ਨਿਵਾਸੀ ਸਾਬਕਾ ਪ੍ਰਿੰਸੀਪਲ ਬਰਜਿੰਦਰ ਸਿੰਘ ਸਿੱਧੂ ਦੀ ਇਹ ਪੁਸਤਕ ਵੰਨ-ਸੁਵੰਨੇ ਵਿਸ਼ਿਆਂ 'ਤੇ 29 ਲੇਖਾਂ ਦੀ ਹੈ। ਇਹ ਲੇਖ ਪਿਛਲੇ ਕਾਫੀ ਸਮੇਂ ਤੋਂ ਅਖ਼ਬਾਰਾਂ ਵਿਚ ਛਪੇ ਹਨ। ਪੁਸਤਕ ਦਾ ਮੁੱਖ ਬੰਦ ਪੰਜਾਬੀ ਦੇ ਪ੍ਰਸਿੱਧ ਪਰਵਾਸੀ ਸ਼ਾਇਰ ਸ਼ੇਰ ਸਿੰਘ ਕੰਵਲ ਦਾ ਲਿਖਿਆ ਹੈ। ਉਨ੍ਹਾਂ ਨੇ ਲਿਖਿਆ ਹੈ, ਪ੍ਰੋ: ਬਰਜਿੰਦਰ ਸਿੰਘ ਨੇ ਪੂਰਬ ਤੇ ਪੱਛਮ ਦੀ ਜ਼ਿੰਦਗੀ ਨੂੰ ਨੇੜਿਓਂ ਨਿਹਾਰਿਆ ਹੈ। ਲੇਖਕ ਪੜ੍ਹਿਆ ਗੁੜ੍ਹਿਆ ਹੈ। ਇਨ੍ਹਾਂ ਵਿਚ ਉਸ ਨੇ ਬਿਰਤਾਂਤ ਦੇ ਨਾਲ-ਨਾਲ ਹਾਸ ਵਿਅੰਗ ਤੇ ਮੁਹਾਵਰੇਦਾਰ ਭਾਸ਼ਾ ਦੀ ਵਰਤੋਂ ਕੀਤੀ ਹੈ। ਲੇਖਾਂ ਵਿਚ ਸੰਜੀਦਗੀ ਤੇ ਸਾਦਗੀ ਨਾਲੋ-ਨਾਲ ਚਲਦੇ ਹਨ। ਪਾਠਕ ਕਿਤੇ ਵੀ ਅੱਕਦਾ ਥੱਕਦਾ ਨਹੀਂ। ਉਹ ਅਮਰੀਕਾ ਵਸਦੇ ਪੰਜਾਬੀਆ ਦਾ ਜੀਵਨ ਤੇ ਇਧਰਲੇ ਪੰਜਾਬ ਦਾ ਜੀਵਨ ਦਾ ਤੁਲਨਾਤਮਿਕ ਨਕਸ਼ਾ ਖਿੱਚਦਾ ਹੈ। ਕਿਤੇ-ਕਿਤੇ ਉਸ ਦਾ ਇਹ ਅੰਦਾਜ਼ ਬੜਾ ਭਾਵੁਕ ਪੱਧਰ 'ਤੇ ਚਲਾ ਜਾਂਦਾ ਹੈ। ਲੇਖ ਇਕ ਸਵਾਲ? ਵਿਚ ਉਹ ਅਮਰੀਕਾ ਵਿਚ ਜਦੋਂ ਪੰਜਾਬੀਆਂ ਨੂੰ ਕੋਈ ਵੀ ਕੰਮ ਕਰਦੇ ਵੇਖਦਾ ਹੈ ਤਾਂ ਉਹ ਮਹਿਸੂਸ ਕਰਦਾ ਹੈ ਕਿ ਅੰਦਰੋਂ ਇਹ ਲੋਕ ਖੁਸ਼ ਨਹੀਂ ਹਨ। ਪੰਜਾਬੀ ਬੱਚੇ ਵਿਦੇਸ਼ਾਂ ਵਿਚ ਪੰਜਾਬੀ ਭੁੱਲ ਗਏ ਹਨ ਇਸ ਦਾ ਲੇਖਕ ਨੂੰ ਹੇਰਵਾ ਹੈ। ਜੱਟਾ ਤੇਰੀ ਜੂਨ ਬੁਰੀ ਵਿਚ ਉਸ ਨੇ ਕਿਸਾਨ ਦੇ ਆਰਥਿਕ ਦੁੱਖਾਂ ਨੂੰ ਤਲਾਸ਼ਿਆ ਹੈ। ਬਾਬਲ ਤੇਰੇ ਮਹਿਲਾਂ ਵਿਚੋਂ ਲੇਖ ਔਰਤ ਦਾ ਇਤਿਹਾਸ ਤੇ ਉਸ ਦਾ ਵਰਤਮਾਨ ਪੇਸ਼ ਕਰਦਾ ਹੈ। ਪੰਜਾਬ ਦੇ ਖੁਰਦੇ ਸੱਭਿਆਚਾਰ ਤੋਂ ਲੇਖਕ ਚਿੰਤਤ ਹੈ। ਪੈਰਾਂ ਦੀ ਪੁਕਾਰ ਵਿਚ ਪੈਰਾਂ ਦਾ ਕੋਈ ਪੱਖ ਨਹੀਂ ਛੱਡਿਆ। ਲੇਖ ਸਾਹਿਬ ਹੱਥ ਵਡਿਆਈਆਂ, ਸ਼ੋਸ਼ੇ ਦਿਖਾਵੇ ਦੀ ਦਾਸਤਾਂ, ਸਾਨੂੰ ਕੀ? ਭਾਰਤ ਦਾ ਰੱਬ ਰਾਖਾ, ਬਹੁਤਾ ਜੋਸ਼ ਥੋੜ੍ਹੀ ਹੋਸ਼ ਪੁਸਤਕ ਦੇ ਉਤਕ੍ਰਿਸ਼ਟ ਲੇਖ ਹਨ। ਪੰਨਾ 127 ਤੇ ਲੇਖ ਬਾਬੇ ਦਾਦੇ ਰੱਬ ਰਜ਼ਾ 'ਤੇ ਹੈ ਪਰ ਪੁਸਤਕ ਸਿਰਲੇਖ ਵਿਚ ਸ਼ਬਦ ਰਜਾਦੇ ਹੈ। ਸਹੀ ਅਰਥ ਬਜ਼ੁਰਗਾਂ ਦੀ ਰਬੀ ਰਜ਼ਾ ਦੀ ਰੁਚੀ ਹੈ। ਪੁਸਤਕ ਵਾਰਤਕ ਦੀ ਉਤਮ ਕਿਰਤ ਹੈ।

ਂਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160.
ਫ ਫ ਫ

ਸੁਰਖ਼ਾਬ ਦੇ ਪਰ
ਸ਼ਾਇਰ : ਅਮਨਦੀਪ 'ਅਮਨ'
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ।
ਮੁੱਲ : 100 ਰੁਪਏ, ਸਫ਼ੇ : 111
ਸੰਪਰਕ : 94636-09540.

ਅਮਨਦੀਪ 'ਅਮਨ' ਪੰਜਾਬੀ ਗ਼ਜ਼ਲ ਦੀ ਅਗਲੀ ਫ਼ਸਲ ਹੈ, ਜਿਸ ਦੀ ਹਰਿਆਲੀ ਦਿਲ ਨੂੰ ਸਕੂਨ ਦਿੰਦੀ ਹੈ ਪਰ ਅਜੇ ਇਸ ਨੇ ਪੱਕਣ ਤੱਕ ਬਹੁਤ ਕੁਝ ਝੱਲਣਾ ਹੈ ਤੇ ਆਪਣੇ ਮਜ਼ੀਦ ਫੁਟਾਰੇ ਲਈ ਜਗ੍ਹਾ ਬਣਾਉਣੀ ਹੈ। 'ਸੁਰਖ਼ਾਬ ਦੇ ਪਰ' ਗ਼ਜ਼ਲ ਖ਼ੇਤਰ ਵਿਚ ਉਸ ਦਾ ਪਹਿਲਾ ਕਦਮ ਹੈ ਤੇ ਖ਼ੁਸ਼ੀ ਹੈ ਉਸ ਨੇ ਸਾਬਤ ਕਦਮੀ ਨਾਲ ਆਪਣੀ ਸ਼ੁਰੂਆਤ ਕੀਤੀ ਹੈ। ਅਮਨ ਦੀਆਂ ਗ਼ਜ਼ਲਾਂ ਦੀ ਭਾਸ਼ਾ ਸਾਦ ਮੁਰਾਦੀ ਤੇ ਸ਼ਿਅਰਾਂ ਵਿਚ ਸਰਲਤਾ ਹੈ। ਇਹ ਗੱਲ ਵੀ ਵਧੀਆ ਹੈ ਕਿ ਉਸ ਦੀਆਂ ਗ਼ਜ਼ਲਾਂ ਵਿਚ ਚੜ੍ਹਦੀ ਉਮਰ ਦਾ ਖ਼ਰੂਦ ਨਹੀਂ ਹੈ, ਸਗੋਂ ਬਹੁਤਾ ਕਰਕੇ ਇਨ੍ਹਾਂ ਦਾ ਨਾਤਾ ਲੋਕਾਂ ਦੀਆਂ ਆਮ ਸਮੱਸਿਆਵਾਂ ਨਾਲ ਹੈ। ਗ਼ਜ਼ਲਕਾਰ ਆਪਣੇ ਰਹਿਬਰਾਂ ਦੀ ਰਹਿਬਰੀ ਤੋਂ ਉਚਾਟ ਹੈ ਤੇ ਉਸ ਨੂੰ ਅਜੇ ਵੀ ਪੱਥਰ ਯੁੱਗ ਦਾ ਅਹਿਸਾਸ ਹੁੰਦਾ ਹੈ। ਉਸ ਮੁਤਾਬਿਕ ਦੁਨੀਆ ਵਿਚ ਬਹੁਤੇ ਲੋਕ ਮਖੌਟਾਧਾਰੀ ਨੇ ਤੇ ਉਨ੍ਹਾਂ ਦੇ ਅੰਦਰ ਨੂੰ ਪਛਾਣ ਸਕਣਾ ਸੰਭਵ ਨਹੀਂ ਹੈ। ਸ਼ਾਇਰ ਆਖਦਾ ਹੈ ਜਗਤ ਜਣਨੀ ਹੁਣ ਪੈਰ ਦੀ ਜੁੱਤੀ ਨਹੀਂ ਰਹੀ ਤੇ ਉਸ ਦੀਆਂ ਉਡਾਰੀਆਂ 'ਤੇ ਬੰਦਸ਼ਾਂ ਲਾਉਣੀਆਂ ਉਚਿਤ ਨਹੀਂ ਹਨ। ਉਹ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨੂੰ ਹੱਸ ਕੇ ਜਰਨ ਦੀ ਤਾਕੀਦ ਕਰਦਾ ਹੈ ਤੇ ਸ਼ਰਅ ਦੇ ਤਾਨਾਸ਼ਾਹੀ ਨਿਯਮਾਂ ਖ਼ਿਲਾਫ਼ ਬਗ਼ਾਵਤ ਦੇ ਰੌਂਅ ਵਿਚ ਹੈ। ਹੱਕ ਹਲਾਲ ਦੀ ਰੋਟੀ ਖਾਣ 'ਤੇ ਉਹ ਯਕੀਨ ਰੱਖਦਾ ਹੈ ਤੇ ਆਲੇ-ਦੁਆਲੇ ਫ਼ੈਲੀ ਨਫ਼ਰਤ ਦੀ ਜ਼ਹਿਰ ਉਸ ਦਾ ਸਾਹ ਘੁੱਟਦੀ ਹੈ। ਮੁਹੱਬਤੀ ਸ਼ਿਅਰਾਂ ਵਿਚ ਉਹ ਆਪਣੀ ਗੱਲ ਕਹਿਣ ਲੱਗਾ ਉਲਾਰ ਨਹੀਂ ਹੁੰਦਾ। ਉਸ ਨੂੰ ਵਧੀਆ ਗ਼ਜ਼ਲਕਾਰਾਂ ਦਾ ਸਾਥ ਹਾਸਲ ਹੈ ਪਰ ਅਜੇ ਵੀ ਉਸ ਦੀਆਂ ਗ਼ਜ਼ਲਾਂ ਨੂੰ ਕਾਫ਼ੀ ਕੁਝ ਗ੍ਰਹਿਣ ਕਰਨ ਦੀ ਲੋੜ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਵਾਰਾਂ ਤੁਰੀਆਂ ਜਾਂ....
ਲੇਖਕ : ਗੁਰਨੈਬ ਸਿੰਘ ਮਘਾਣੀਆਂ
ਪ੍ਰਕਾਸ਼ਕ : ਅਦਬੀ ਪਰਵਾਜ਼ ਪ੍ਰਕਾਸ਼ਨ (ਮਾਨਸਾ)
ਮੁੱਲ : 150 ਰੁਪਏ, ਸਫ਼ੇ : 173
ਸੰਪਰਕ : 98158-45405.

ਨੌਜਵਾਨ ਲੇਖਕ ਗੁਰਨੈਬ ਸਿੰਘ ਮਘਾਣੀਆਂ ਦੀ ਪੰਜਾਬੀ ਸਾਹਿਤ ਨੂੰ ਇਹ ਚੌਥੀ ਪੁਸਤਕ ਹੈ। ਇਹ ਨਾਵਲ, ਪੇਂਡੂ ਜੀਵਨ ਦੀ ਬਿਹਤਰੀਨ ਅਕਾਸੀ ਹੈ। ਜ਼ਮੀਨਾਂ ਦੇ ਘਟ ਜਾਣ ਕਾਰਨ ਕਿਸਾਨੀ ਦੀ ਹਾਲਤ ਦਿਨ-ਬਦਿਨ ਨਿਘਰਦੀ ਜਾ ਰਹੀ ਹੈ। ਖ਼ਾਸ ਕਰ ਛੋਟੇ ਕਿਸਾਨਾਂ ਦੇ ਮੁੰਡਿਆਂ ਦੇ ਵਿਆਹ ਨਾ ਹੋਣ ਕਰਕੇ ਉਨ੍ਹਾਂ ਨੂੰ ਕੁਦੇਸਣਾਂ ਔਰਤਾਂ ਨਾਲ ਮੁੱਲ ਦੇ ਵਿਆਹ ਕਰਨ ਲਈ ਮਜਬੂਰ ਹੋਣਾ ਪੈ ਰਿਹੈ। ਇਸ ਨਾਵਲ ਦੀ ਮੁੱਖ ਪਾਤਰ ਲੀਲੂ ਸਿੰਘ ਹੈ, ਸਾਰੀ ਕਹਾਣੀ, ਉਸ ਦੇ ਦੁਆਲੇ ਘੁੰਮਦੀ ਹੈ। ਉਹ ਅਨੇਕ ਥੁੜ੍ਹਾਂ ਦਾ ਮਾਰਿਆਂ ਹੋਣ ਦੇ ਬਾਵਜੂਦ ਆਪਣੀ ਹਊਮੈ ਨੂੰ ਕਾਇਮ ਰੱਖਦਾ ਹੈ। ਉਹ ਬੰਗਾਲ ਤੋਂ 'ਰੀਤ' ਨਾਂਅ ਦੀ ਤੀਵੀ ਨੂੰ ਮੁੱਲ ਲਿਆ ਕੇ ਘਰ ਵਸਾਉਂਦਾ ਹੈ। ਬੇਗਾਨੇ ਦੇਸ਼ ਤੋਂ ਆਈ ਇਹ ਔਰਤ ਆਪਣੇ-ਆਪ ਨੂੰ ਪੂਰੀ ਤਰ੍ਹਾਂ ਪੰਜਾਬ ਦੇ ਪੇਂਡੂ ਮਾਹੌਲ ਦੇ ਅਨੁਰੂਪ ਢਾਲ ਕੇ ਸਮਾਜ ਵਿਚ ਸਫਲਤਾ ਨਾਲ ਵਿਚਰਦੀ ਹੈ। ਨਾਇਕਾ ਦੀ ਓਪਰੀ ਬੋਲੀ ਵੀ ਲੇਖਕ ਦੀ ਕਲਾਤਮਕ ਸੁਹਜ ਸ਼ੈਲੀ ਕਾਰਨ, ਪਾਠਕਾਂ ਨੂੰ ਅਖਰਦੀ ਨਹੀਂ, ਸਗੋਂ ਚੰਗੀ ਲਗਦੀ ਹੈ।
'ਆ ਜਾ ਤੂੰ ਕੀ ਕੜਲੇਗਾ ਮੇਰਾਂਐਂ ਨੀ ਮੈਂ ਤੇੜੇ ਤੋਂ ਡਰਦੀਂਇਹ ਮੇਰੀ ਲੀਲੂ ਦੇ ਬੱਚੇ ਨੇਂਇਹ ਮੇਰੀ ਲੀਲੂ ਦਾ ਘੜ ਏ... ਕਿਤੇ ਤੁੜਦੇ ਫਿਰਦੇ ਹੋਵੋ.... ਲੀਲੂ ਦਾ ਨਾਂਅ, ਚੱਲੂ ਇਸ ਪਿੰਡ ਵਿਚ। .... ਹਾਂ ਜਿਊਂਦੇ ਜੀਅ ਤੁਸੀਂ ਸਾਡੀ ਜਾਤ ਨੀ ਪੁੱਛੀ ਹੁਣ ਤੁਸੀਂ ਗੱਲਾਂ ਕੜਦੀਓਂ....।' (ਪੰਨਾ 168)
ਲੀਲੂ ਦੀ ਮੌਤ ਤੋਂ ਬਾਅਦ ਉਹ ਹੌਸਲੇ, ਸਿਰੜ, ਜੁਰਅਤ ਤੇ ਸਾਬਤਕਦਮੀ ਨਾਲ ਸਾਰੇ ਸੰਕਟਾਂ ਨੂੰ ਲਤਾੜ ਕੇ ਅੱਗੇ ਵਧਦੀ ਹੈ। ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਮੁਤਾਬਿਕ 'ਇਹੋ ਹਾਂ-ਪੱਖੀ ਨਜ਼ਰੀਆ ਹੀ ਨਾਵਲ ਦਾ ਹਾਸਲ ਹੈ।' ਨਾਵਲ ਬੇਜ਼ਮੀਨੇ ਤੇ ਛੋਟੇ ਕਿਸਾਨਾਂ ਦੀ ਦਸ਼ਾ ਨੂੰ ਬਾਖੂਬੀ ਬਿਆਨ ਕਰਦਾ ਹੈ। ਲੀਲੂ ਦਾ ਭਰਾ ਮਿਲਖੀ, ਉਸ ਦੀ ਮਾਂ, ਜਬਰੇ ਤੇ ਜੈਬੇ ਵਰਗੇ ਪਾਤਰ, ਪਿੰਡ ਲਧਾਣੀ ਨੂੰ ਪਾਠਕਾਂ ਸਾਹਵੇਂ ਸਾਕਾਰ ਕਰ ਦਿੰਦੇ ਹਨ। ਠੇਠ ਮਲਵਈ ਬੋਲੀ, ਸੋਨੇ 'ਤੇ ਸੁਹਾਗੇ ਦਾ ਕੰਮ ਕਰਦੀ ਹੈ।
ਗੁਰਨੈਬ ਸਿੰਘ ਮਘਾਣੀਆਂ ਦਾ ਇਹ ਪਲੇਠਾ ਨਾਵਲ ਮੁਸਤਕਬਿਨ ਵਿਚ ਉਸ ਦੀ ਕਲਮ ਤੋਂ ਹੋਰ ਚੰਗੇਰੀਆਂ ਲਿਖਤਾਂ ਦੀ ਆਸ ਉਮੀਦ ਬੰਨ੍ਹਾਉਂਦਾ ਹੈ।

ਂਤੀਰਥ ਸਿੰਘ ਢਿੱਲੋਂ
ਮੋ: 98154-61710.
ਫ ਫ ਫ

ਵਾਰਿਸ ਪੰਜਾਬ ਦੇ
ਲੇਖਕ : ਦਲਜੀਤ ਗਿੱਲ
ਪ੍ਰਕਾਸ਼ਕ : ਨਵਜੋਤ ਸਾਹਿਤ ਸੰਸਥਾ (ਰਜਿ:) ਔੜ (ਸ਼.ਭ.ਸ. ਨਗਰ)
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 98146-99569.

ਦਲਜੀਤ ਗਿੱਲ ਦਾ ਇਹ 14ਵਾਂ ਕਾਵਿ ਸੰਗ੍ਰਹਿ ਹੈ। ਉਹ ਸਮਰੱਥ ਸ਼ਾਇਰ ਹੈ। ਉਸ ਦੀ ਸ਼ਾਇਰੀ ਕਿਰਤੀਆਂ, ਕਿਸਾਨਾਂ ਤੇ ਔਰਤਾਂ ਦੇ ਹੱਕਾਂ ਦੀ ਗੱਲ ਕਰਦੀ ਹੈ। ਉਹ ਆਪਣੀ ਕਲਮ ਨਾਲ ਲਤਾੜੇ ਲੋਕਾਂ ਦੀ ਕਹਾਣੀ ਲਿਖਦਾ ਹੈ। ਉਹ ਸਮਝਦਾ ਹੈ ਭ੍ਰਿਸ਼ਟਾਚਾਰ, ਲੁੱਟ-ਖਸੁਟ, ਦੰਗੇ ਤੇ ਕਤਲ ਸਭ ਭ੍ਰਿਸ਼ਟਾਚਾਰ ਸਿਆਸੀ ਪ੍ਰਬੰਧ ਦੀ ਦੇਣ ਹੈ। ਸਿਆਸੀ ਲੋਕ ਧਰਮ, ਜਾਤ-ਪਾਤ ਦਾ ਪੱਤਾ ਖੇਡ ਕੇ, ਹਰ ਵਾਰ ਭੋਲੀ ਜਨਤਾ ਨੂੰ ਮੂਰਖ ਬਣਾ ਕੇ, ਸੱਤਾ ਉੱਤੇ ਕਾਬਜ਼ ਹੋ ਜਾਂਦੇ ਹਨ। ਔਰਤ ਦਾ ਸ਼ੋਸ਼ਣ, ਨਸ਼ਿਆਂ ਵਿਚ ਗਰਕ ਹੋ ਰਹੀ ਜਵਾਨੀ ਲਈ ਵੀ ਉਹ ਲੀਡਰਾਂ ਨੂੰ ਦੋਸ਼ੀ ਮੰਨਦਾ ਹੈ। ਉਹ ਪੰਜਾਬ ਦੇ ਵਾਰਿਸਾਂ ਨੂੰ ਹਲੂਣਾ ਦਿੰਦਾ ਹੈ। ਉਹ ਪੰਜਾਬ ਦੇ ਗੱਭਰੂ ਤੇ ਮੁਟਿਆਰਾਂ ਨੂੰ ਸੁਨੇਹਾ ਦਿੰਦਾ ਹੈ ਕਿ ਉਹ ਆਪਣੇ ਅਸਲ ਦੁਸ਼ਮਣ ਦੀ ਪਛਾਣ ਕਰਨ।
'ਭਗਤ ਸਿੰਘ, ਰਾਜ ਗੂਰੂ-ਸੁਖਦੇਵ ਦੇ ਸੁਪਨਿਆਂ ਦਾ ਘਾਣ ਹੋਇਆ,
ਪਿਆ ਹੁਕਮਰਾਨ ਨਵੇਂ ਕਾਨੂੰਨ ਦੀ ਆੜ ਹੇਠਾਂ
ਕਾਮਿਆਂ ਕਿਸਾਨਾਂ ਦੀ ਰੱਤ ਨਿਚੋੜਦਾ ਹੈ।'
'ਸੰਭਲੋ ਅਜੇ ਵੀ ਦੋਸਤ
ਰਲ ਮਿਲ ਕੱਠੇ ਹੋ ਕੇ
ਅੱਗੇ ਵਧੋ
ਪਾਵੋ ਹੱਥ, ਇਨ੍ਹਾਂ ਹਾਕਮਾਂ
ਦੀਆਂ ਧੌਣਾਂ 'ਤੇ।'
ਇਸ ਤਰ੍ਹਾਂ ਸ਼ਾਇਰ ਹੱਕਾਂ ਲਈ ਲੜਨ ਦੀ ਪ੍ਰੇਰਨਾ ਦਿੰਦਾ ਹੈ। ਹੱਕ ਸੱਚ ਲਈ ਲਿਖਣਾ, ਹਰ ਸ਼ਾਇਰ ਦਾ ਫ਼ਰਜ਼ ਹੈ। ਦਲਜੀਤ ਗਿੱਲ ਨੇ ਇਸ ਨੂੰ ਖੂਬ ਨਿਭਾਇਆ ਹੈ। ਪੁਸਤਕ ਵਿਚ ਛੋਟੀਆਂ-ਛੋਟੀਆਂ ਨਜ਼ਮਾਂ, ਬੜੇ ਵੱਡੇ ਅਰਥ ਸਾਂਭੀ ਬੈਠੀਆਂ ਹਨ। ਕੁਝ ਗੀਤ ਹਨ, ਜਿਨ੍ਹਾਂ ਵਿਚ ਬਿਰਹੋ ਦੀ ਰੜਕ ਹੈ। ਆਧੁਨਿਕ ਦੋਹਿਆਂ ਨੂੰ ਵੀ ਪੁਸਤਕ ਵਿਚ ਸ਼ਾਮਿਲ ਕੀਤਾ ਗਿਆ ਹੈ।

ਂਅਵਤਾਰ ਸਿੰਘ ਸੰਧੂ
ਮੋ: 99151-82971.
ਫ ਫ ਫ

24/06/2017

 ਅਚਾਨਕ ਆਈ ਪਤਝੜ
ਕਵੀ : ਪਰਮਿੰਦਰ ਸੋਢੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 96
ਸੰਪਰਕ : 98152-98459.

ਹ ਕਾਵਿ-ਸੰਗ੍ਰਹਿ ਜਾਪਾਨ ਨਿਵਾਸੀ ਪ੍ਰਸਿੱਧ ਸਾਹਿਤਕਾਰ ਪਰਮਿੰਦਰ ਸੋਢੀ ਦੀ ਸਿਰਜਨਾ ਹੈ। ਇਸ ਦੀਆਂ ਕੁੱਲ 70 ਕਵਿਤਾਵਾਂ ਵਿਚੋਂ ਅਧਿਕਤਰ ਨਿੱਕੀਆਂ ਹਨ, ਕੁਝ ਕੁ ਮੱਧ-ਆਕਾਰੀ/ਲੰਮੀਆਂ ਹਨ। ਅਚਾਨਕ ਆਈ ਪਤਝੜ ਲੰਬੀ ਆਯੂ ਭੋਗ ਰਹੀ ਕਾਵਿ-ਮੈਂ ਦੀ ਉਦਾਸੀ ਦੀ ਪ੍ਰਤੀਕ ਹੈ, ਜਿਸ ਵਿਚ ਆਸ਼ਾਵਾਦੀ ਬਸੰਤ ਰੁੱਤ ਦੀ ਵੀ ਉਡੀਕ ਹੈ, ਪਤਝੜ ਦਾ ਵਿਸ਼ਾ 'ਕੀਟਸ' ਦੀ 'ਆਉਡ ਟੂ ਔਟਮ' ਦੀ ਯਾਦ ਦਿਲਾਉਂਦਾ ਹੈ, ਪਤਝੜ ਤੋਂ ਬਾਅਦ ਬਸੰਤ ਪੀ.ਬੀ. ਸ਼ੈਲੇ ਦੀ 'ਆਉਡ ਟੂ ਵੈਸਟ ਵਿੰਡ' ਦੀ। ਕਾਵਿ-ਸੰਗ੍ਰਹਿ ਅਸਤਿਤਵਾਦੀ ਦ੍ਰਿਸ਼ਟੀ ਨਾਲ ਲਬਰੇਜ਼ ਹੈ। ਇਸ ਦ੍ਰਿਸ਼ਟੀ ਦੇ ਅੰਤਰਗਤ ਕਵੀ ਆਪਣਾ ਮੂਲ ਪਛਾਣਨ ਵੱਲ ਰੁਚਿਤ ਹੈ। ਆਤਮ-ਚੀਨਨ ਕਰਦਾ ਹੈ। ਕਾਵਿ ਦੇ ਅਸਤਿਤਵੀ ਲੱਛਣ ਵਿਚ ਮੌਤ (ਮੇਰੇ ਬਾਅਦ-1, 2, 3); ਫ਼ਿਕਰ-1, 2, 3; ਜਿਥੇ ਕਾਵਿ-ਮੈਂ ਨੇ ਪਰੇਮਿਕਾ ਦੇ ਨਾਲ ਨਹੀਂ ਹੋਣਾ; ਕੁਝ ਪਲ ਦਾ ਸਾਥ ਸੀ। ਆਦਿ ਤੋਂ ਬਿਨਾਂ ਹੋਂਦ-ਨਿਰਹੋਂਦ ਦਾ ਅਨੁਭਵ, ਬੰਦੇ ਅੰਦਰ ਬੰਦੇ ਦੀ ਪਛਾਣ, ਵਿਛੋੜੇ ਦਾ ਅਨੁਭਵ ਆਦਿ ਅਸਤਿਤਵੀ ਸਰੋਕਾਰ ਵੇਖੇ ਜਾ ਸਕਦੇ ਹਨ। ਕਾਵਿ-ਮੈਂ ਕਦੇ ਆਪਣੇ ਸਵੈ ਤੋਂ ਗ਼ੈਰ-ਹਾਜ਼ਰ ਹੋ ਜਾਂਦਾ ਹੈ, ਕਦੇ ਮੈਂ-ਤੂੰ ਦੋਵੇਂ ਗ਼ੈਰ-ਹਾਜ਼ਰ ਹੋ ਜਾਂਦੇ ਹਨ; ਕਦੇ ਜਾਂ ਪਾਲ ਸਾਰਤਰ ਵਾਂਗ ਦੂਜੇ ਦੀ ਹਾਜ਼ਰੀ ਮਹਿਸੂਸਦਾ ਹੈ। ਨਜ਼ਮਾਂ ਪਲਾਂ-ਛਿਣਾਂ ਦੀ ਪਕੜ ਕਰਦੀਆਂ ਹਨ, ਸਹਿਜਤਾ 'ਚੋਂ ਜਨਮ ਲੈਂਦੀਆਂ ਹਨ, ਤਣਾਓਸ਼ੀਲਤਾ ਇਨ੍ਹਾਂ ਦਾ ਸੰਚਾਲਨ ਕਰਦੀ ਹੈ ਮਸਲਨ : ਅੰਦਰ ਤੇ ਬਾਹਰ ਦਾ ਤਣਾਓ; ਤੇਰੇ ਤੇ ਮੇਰੇ 'ਚ ਤਣਓ; ਲੋੜ ਤੇ ਖ਼ਾਹਿਸ਼ 'ਚ ਤਣਾਓ; ਦਿਨ ਅਤੇ ਰਾਤ 'ਚ ਤਣਾਓ; ਹੁਣ ਤੇ ਉਦੋਂ 'ਚ ਤਣਾਓ ਆਦਿ। ਕਾਵਿ-ਮੈੈਂ ਦੀ ਸੰਵੇਦਨਸ਼ੀਲ ਕਲਪਨਾ ਘੜੀ-ਮੁੜੀ ਕਰਵਟਾਂ ਲੈਂਦੀ ਹੈ। ਪਤਝੜ, ਬਸੰਤ ਅਤੇ ਸੁੱਕੇ ਪੱਤਿਆਂ ਦੀ ਬਿੰਬਾਵਲੀ ਆਪਣੀ ਗੱਲ ਆਪ ਕਰਦੀ ਹੈ। ਕਾਵਿ-ਮੈਂ ਦੀਆਂ ਤਿੰਨ ਕਵਿਤਾਵਾਂ ਲੈ ਕੇ ਦੌੜ ਗਈ ਕੁੜੀ ਵੱਲ ਸੰਕੇਤ ਕਰਦਿਆਂ ਕਵਿਤਾਵਾਂ ਦੀ ਚਿਰ-ਸਦੀਵਤਾ ਦੇ ਬਾਰੇ ਭਵਿੱਖਬਾਣੀ ਕਿੰਨੇ ਸੁੰਦਰ ਸ਼ਬਦਾਂ ਵਿਚ ਪ੍ਰਸਤੁਤ ਹੈ। ਰਤਾ ਵੇਖੋ :
ਉਹ ਕੁੜੀ ਕਿਤੇ ਮਿਲੇ
ਤਾਂ ਉਸ ਨੂੰ ਇਹ ਕਹਿਣਾ ਨਾ ਭੁੱਲਣਾ
ਕਿ ਕਵੀ ਚਲੇ ਜਾਂਦੇ ਨੇ
ਪਰ ਕਵਿਤਾਵਾਂ ਕਦੇ ਕਿਤੇ ਨਹੀਂ ਜਾਂਦੀਆਂ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c

ਮਨਮੋਹਨ ਤੇ ਗੁਰਸ਼ਰਨ
ਇਕ ਅਣਕਹੀ ਦਾਸਤਾਨ
ਲੇਖਿਕਾ : ਦਮਨ ਸਿੰਘ
ਅਨੁਵਾਦਕ : ਦੀਪ ਜਗਦੀਪ ਸਿੰਘ
ਪ੍ਰਕਾਸ਼ਕ : ਲਾਹੌਰ ਬੁਕ ਸ਼ਾਪ, ਲੁਧਿਆਣਾ
ਮੁੱਲ : 495 ਰੁਪਏ, ਸਫ਼ੇ : 392
ਸੰਪਰਕ : 0161-2740738.

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ, ਉਨ੍ਹਾਂ ਦੀ ਧਰਮ ਪਤਨੀ ਸਰਦਾਰਨੀ ਗੁਰਸ਼ਰਨ ਕੌਰ ਅਤੇ ਪੂਰੇ ਪਰਿਵਾਰ ਬਾਰੇ ਡਾ: ਸਾਹਿਬ ਦੀ ਵਿਚਕਾਰਲੀ (ਕੁੱਲ ਤਿੰਨ) ਬੇਟੀ ਮਾਣਯੋਗ ਦਮਨ ਸਿੰਘ ਵੱਲੋਂ ਲਿਖੀ ਇਸ ਪੁਸਤਕ ਨੂੰ ਪੰਜਾਬ ਦੇ ਇਕ ਪ੍ਰਸਿੱਧ ਮੀਡੀਆਕਰਮੀ ਸ੍ਰੀ ਦੀਪ ਜਗਦੀਪ ਸਿੰਘ ਨੇ ਬੜੀ ਪ੍ਰਮਾਣਿਕਤਾ ਨਾਲ ਅਨੁਵਾਦਿਤ ਕੀਤਾ ਹੈ। ਸ੍ਰੀਮਤੀ ਦਮਨ ਦਿੱਲੀ ਦੇ ਸੇਂਟ ਸਟੀਫਨਸਨ ਕਾਲਜ ਦੇ ਗ੍ਰੈਜੂਏਟ ਹਨ ਅਤੇ ਉਨ੍ਹਾਂ ਨੇ ਇੰਸਟੀਚਿਊਟ ਆਫ ਰੂਰਲ ਮੈਨੇਜਮੈਂਟ ਤੋਂ ਐਮ.ਬੀ.ਏ. ਦੀ ਵਕਾਰੀ ਡਿਗਰੀ ਹਾਸਲ ਕੀਤੀ ਹੈ। ਇਸ ਪੁਸਤਕ ਵਿਚ ਉਸ ਨੇ ਆਪਣੇ ਪਿਤਾ-ਮਾਤਾ ਦੇ ਸੁਭਾਅ, ਜੀਵਨ-ਸ਼ੈਲੀ ਅਤੇ ਵਿਚਾਰਧਾਰਾ ਬਾਰੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਬਿਆਨ ਕੀਤੀਆਂ ਹਨ, ਜਿਨ੍ਹਾਂ ਤੱਕ ਕਿਸੇ ਬਾਹਰਲੇ ਵਿਅਕਤੀ ਦੀ ਰਸਾਈ ਸੰਭਵ ਨਹੀਂ ਸੀ। ਇਹੀ ਕਾਰਨ ਹੈ ਕਿ ਇਹ ਪੁਸਤਕ 'ਬੈਸਟ ਸੈੱਲਰ' ਬਣੀ ਹੋਈ ਹੈ।
ਇਸ ਪੁਸਤਕ ਦੀ ਇਕ ਹੋਰ ਖੂਬੀ ਇਸ ਦਾ ਡਾਇਆਲੌਜਿਕ (ਗੱਲਬਾਤੀ) ਅੰਦਾਜ਼ ਹੈ, ਜਿਸ ਕਾਰਨ 'ਮਨਮੋਹਨ ਤੇ ਗੁਰਸ਼ਰਨ' ਦੀ ਜੀਵਨ-ਕਥਾ ਨੂੰ ਬਿਆਨ ਕਰਨ ਵਾਲੇ ਵਾਚਕ (ਨੈਰੇਟਰ) ਬਦਲਦੇ ਰਹਿੰਦੇ ਹਨ। ਕਦੇ ਮਨਮੋਹਨ ਸਿੰਘ ਗੱਲਬਾਤ ਦੀ ਤੰਦ ਪਕੜ ਲੈਂਦਾ ਹੈ, ਕਦੇ ਗੁਰਸ਼ਰਨ ਕੌਰ, ਕਦੇ ਦਮਨ ਅਤੇ ਕਦੇ ਪਰਿਵਾਰ ਦਾ ਕੋਈ ਹੋਰ ਮੈਂਬਰ। ਇਸ ਵਿਧੀ ਨਾਲ ਇਸ ਪਰਿਵਾਰ ਦੀ ਜੀਵਨ-ਸ਼ੈਲੀ ਦੀਆਂ ਵਿਭਿੰਨ ਤਹਿਆਂ ਰੂਪਮਾਨ ਹੋ ਗਈਆਂ ਹਨ। ਮਨਮੋਹਨ ਸਿੰਘ ਨੇ ਪੱਛਮੀ ਪੰਜਾਬ ਦੇ ਇਕ ਪਿੰਡ 'ਗਾਹ' ਤੋਂ ਹਿਜਰਤ ਕਰਕੇ ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਕੈਂਬਰਿਜ ਤੋਂ ਉੱਚ ਸਿੱਖਿਆ ਹਾਸਲ ਕੀਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਦਿੱਲੀ ਸਕੂਲ ਆਫ ਇਕਨਾਮਿਕਸ ਵਿਚ ਪ੍ਰੋਫੈਸਰੀ ਕੀਤੀ, ਦੇਸ਼ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਹਿਤ ਬਹੁਤ ਸਾਰੇ ਉੱਚ ਅਹੁਦਿਆਂ ਉੱਪਰ ਕੰਮ ਕੀਤਾ ਅਤੇ ਪੂਰੇ ਦਸ ਵਰ੍ਹੇ (2004-2014) ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਮੇਰੇ ਖਿਆਲ ਵਿਚ ਆਧੁਨਿਕ ਵਿਸ਼ਵ ਦੇ ਪ੍ਰਸੰਗ ਵਿਚ ਸ਼ਾਇਦ ਹੀ ਕੋਈ ਉਦਾਹਰਨ ਹੋਵੇ ਕਿ ਕਿਸੇ ਵਿਦਵਾਨ ਪੁਰਸ਼ ਨੇ ਦੁਨੀਆ ਦੇ ਸਭ ਤੋਂ ਵੱਡੇ ਗਣਤੰਤਰ ਦਾ ਸਫਲ ਸੰਚਾਲਨ ਕੀਤਾ ਹੋਵੇ।
ਸਰਦਾਰਨੀ ਗੁਰਸ਼ਰਨ ਕੌਰ ਇਕ ਆਦਰਸ਼ਕ ਸਿੱਖ ਨਾਰੀ ਹੈ। 'ਏਕ ਜੋਤਿ ਦੁਇ ਮੂਰਤੀ' ਵਾਲਾ ਗੁਰਵਾਕ ਉਨ੍ਹਾਂ ਉੱਪਰ ਪੂਰੀ ਤਰ੍ਹਾਂ ਨਾਲ ਢੁਕਦਾ ਹੈ। ਪੂਰੇ ਪਰਿਵਾਰ ਦੀਆਂ ਸੁਖ-ਸਹੂਲਤਾਂ ਜਾਰੀ ਰੱਖਣ ਖਾਤਰ ਉਨ੍ਹਾਂ ਨੇ ਆਪਣੀਆਂ ਬਹੁਤ ਸਾਰੀਆਂ ਸਿਰਜਣਾਤਮਿਕ ਸੰਭਾਵਨਾਵਾਂ ਨੂੰ ਦਬਾ ਕੇ ਰੱਖ ਦਿੱਤਾ। ਇਸ ਪੁਸਤਕ ਵਿਚ ਦਮਨ ਦੀ ਵੱਡੀ-ਛੋਟੀ ਭੈਣ (ਉਪਿੰਦਰ-ਅੰਮ੍ਰਿਤ) ਬਾਰੇ ਵੀ ਕਾਫੀ ਜਾਣਕਾਰੀ ਮਿਲਦੀ ਹੈ। ਦਮਨ ਨੇ ਇਹ ਪੁਸਤਕ ਲਿਖ ਕੇ ਦਰਸਾ ਦਿੱਤਾ ਹੈ ਕਿ ਕਿਸੇ ਰਾਜਨੀਤਕ ਵਿਅਕਤੀ ਦੀ ਜੀਵਨੀ ਕਿਵੇਂ ਲਿਖੀ ਜਾਣੀ ਚਾਹੀਦੀ ਹੈ। ਸ਼ਾਬਾਸ਼!

-ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਗ਼ਦਰੀ ਬਾਬਿਆਂ ਦੀ ਕਥਾ-ਕਹਾਣੀ
ਲੇਖਕ : ਗਿਆਨੀ ਗੁਰਦੇਵ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 118
ਸੰਪਰਕ : 98154-94522.

ਭਾਰਤ ਨੂੰ ਅੰਗਰੇਜ਼ੀ ਹਕੂਮਤ ਤੋਂ ਆਜ਼ਾਦ ਕਰਵਾਉਣ ਲਈ ਗ਼ਦਰ ਪਾਰਟੀ ਦੀ ਦੇਣ ਬੇਮਿਸਾਲ ਹੈ। ਗ਼ਦਰੀ ਬਾਬਿਆਂ ਨੇ ਲੂੰ ਕੰਡੇ ਖੜ੍ਹੇ ਕਰਨ ਵਾਲੀਆਂ ਕੁਰਬਾਨੀਆਂ ਦੇ ਕੇ ਦੇਸ਼ ਦੀ ਆਜ਼ਾਦੀ ਦੀ ਲਹਿਰ ਵਿਚ ਵਡਮੁੱਲਾ ਯੋਗਦਾਨ ਪਾਇਆ। ਇਨ੍ਹਾਂ ਮਹਾਨ ਗ਼ਦਰੀਆਂ ਨੇ ਆਪਣਾ ਸਾਰਾ ਜੀਵਨ, ਪਰਿਵਾਰ, ਰੁਜ਼ਗਾਰ ਅਤੇ ਭਵਿੱਖ ਸੁਤੰਤਰਤਾ ਲਈ ਸਮਰਪਿਤ ਕਰ ਦਿੱਤਾ। ਅੰਗਰੇਜ਼ ਹਕੂਮਤ ਨੇ ਇਨ੍ਹਾਂ ਦੇ ਪਰਿਵਾਰਾਂ 'ਤੇ ਵੀ ਘਿਨਾਉਣੇ ਜ਼ੁਲਮ ਕੀਤੇ ਅਤੇ ਗ਼ਦਰੀਆਂ ਨੂੰ ਵੀ ਬਹੁਤ ਤਸੀਹੇ ਦਿੱਤੇ। ਹਕੂਮਤ ਇਨ੍ਹਾਂ ਦੀਆਂ ਪੱਕੀਆਂ ਹੋਈਆਂ ਫ਼ਸਲਾਂ ਨੂੰ ਅੱਗ ਲਾ ਦਿੰਦੀ ਸੀ, ਜਾਇਦਾਦਾਂ ਜ਼ਬਤ ਕਰ ਲੈਂਦੀ ਸੀ, ਘਰ ਉਜਾੜ ਦਿੰਦੀ ਸੀ, ਫਿਰ ਵੀ ਇਹ ਮਹਾਨ ਯੋਧੇ ਆਪਣੇ ਸਿਰੜ ਅਤੇ ਸਿਦਕ ਵਿਚ ਦ੍ਰਿੜ੍ਹ ਰਹੇ। ਇਨ੍ਹਾਂ ਦਾ ਸਾਰਾ ਜੀਵਨ ਕਰੜੇ ਸੰਘਰਸ਼ਾਂ ਅਤੇ ਮੁਸ਼ਕਿਲਾਂ ਵਿਚ ਬੀਤਿਆ। ਅੰਤ ਇਨ੍ਹਾਂ ਦੀਆਂ ਕੁਰਬਾਨੀਆਂ ਰੰਗ ਲਿਆਈਆਂ ਅਤੇ ਭਾਰਤੀ ਗੁਲਾਮੀ ਦੇ ਪੰਜੇ ਵਿਚੋਂ ਨਿਕਲੇ। ਗ਼ਦਰੀਆਂ ਦਾ ਇਤਿਹਾਸ ਆਉਣ ਵਾਲੀਆਂ ਨਸਲਾਂ ਲਈ ਬਹੁਤ ਪ੍ਰੇਰਨਾਦਾਇਕ ਹੈ। ਲੇਖਕ ਨੇ ਗ਼ਦਰੀ ਬਾਬਿਆਂ ਦੇ ਇਤਿਹਾਸ ਤੋਂ ਜਾਣੂੰ ਕਰਵਾ ਕੇ ਬਹੁਤ ਮਹੱਤਵਪੂਰਨ ਕਾਰਜ ਕੀਤਾ ਹੈ। ਇਸ ਪੁਸਤਕ ਵਿਚ ਬਾਬਾ ਸੋਹਨ ਸਿੰਘ ਭਕਨਾ, ਸ਼ਹੀਦ ਕਰਤਾਰ ਸਿੰਘ ਸਰਾਭਾ, ਬਾਬਾ ਰੂੜ ਸਿੰਘ ਚੂਹੜਚੱਕ, ਬਾਬਾ ਬਚਨ ਸਿੰਘ ਘੋਲੀਆ, ਸ: ਤੇਜਾ ਸਿੰਘ ਸੁਤੰਤਰ, ਬਾਬਾ ਉਜਾਗਰ ਸਿੰਘ ਬੁੱਧ ਸਿੰਘ ਵਾਲਾ, ਬਾਬਾ ਕੇਹਰ ਸਿੰਘ ਮਾਹਲਾ, ਬਾਬਾ ਨਿਧਾਨ ਸਿੰਘ ਮਹੇਸਰੀ, ਬਾਬਾ ਗੇਂਦਾ ਸਿੰਘ ਦੌਧਰ ਅਤੇ ਸ: ਭਗਤ ਸਿੰਘ ਬਿਲਗਾ ਦੇ ਜੀਵਨ ਚਰਿੱਤਰ ਪੇਸ਼ ਕੀਤੇ ਗਏ ਹਨ। ਬਾਬਾ ਸੋਹਨ ਸਿੰਘ ਭਕਨਾ ਗ਼ਦਰ ਲਹਿਰ ਦੇ ਪ੍ਰਮੁੱਖ ਮੋਢੀਆਂ ਵਿਚੋਂ ਸਨ। ਸ਼ਹੀਦ ਕਰਤਾਰ ਸਿੰਘ ਸਰਾਭਾ ਸਭ ਤੋਂ ਛੋਟੀ ਉਮਰ ਵਿਚ ਸ਼ਹਾਦਤ ਦਾ ਜਾਮ ਪੀ ਗਏ। ਬਹੁਤ ਸਾਰੇ ਗ਼ਦਰੀਆਂ ਨੂੰ ਫਾਂਸੀ ਦਿੱਤੀ ਗਈ, ਬਹੁਤ ਸਾਰਿਆਂ ਨੂੰ ਕਾਲੇ ਪਾਣੀਆਂ ਦੀਆਂ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ। ਗ਼ਦਰੀ ਬਾਬਾ ਭਾਨ ਸਿੰਘ ਦੀ ਜੇਲ੍ਹ ਵਿਚ ਏਨੀ ਕੁੱਟਮਾਰ ਕੀਤੀ ਗਈ ਕਿ ਉਨ੍ਹਾਂ ਦੀ ਮੌਤ ਹੋ ਗਈ। ਇਨ੍ਹਾਂ ਦੀਆਂ ਕੁਰਬਾਨੀਆਂ ਅੱਗੇ ਸਿਰ ਝੁਕਾਉਣਾ ਬਣਦਾ ਹੈ। ਪੁਸਤਕ ਵਿਚ ਗ਼ਦਰੀ ਬਾਬਿਆਂ ਦੀਆਂ ਗ਼ਦਰ ਪਾਰਟੀ ਦੇ ਤਿਰੰਗੇ ਦੀਆਂ ਅਤੇ ਅਮਰੀਕਾ ਵਿਖੇ ਸਥਾਪਤ ਕੀਤੇ ਗਏ ਗ਼ਦਰ ਆਸ਼ਰਮਾਂ ਦੀਆਂ ਖੂਬਸੂਰਤ ਤਸਵੀਰਾਂ ਵੀ ਦਿੱਤੀਆਂ ਗਈਆਂ ਹਨ। ਗ਼ਦਰੀ ਬਾਬਿਆਂ ਦੇ ਪਰਿਵਾਰਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਬੜੀ ਸਰਲ ਅਤੇ ਸਪੱਸ਼ਟ ਭਾਸ਼ਾ ਵਿਚ ਇਨ੍ਹਾਂ ਦੇ ਮਹਾਨ ਜੀਵਨ ਚਰਿੱਤਰ ਪੇਸ਼ ਕੀਤੇ ਗਏ ਹਨ। ਇਹ ਆਦਰਸ਼ ਜੀਵਨ ਸਾਡੇ ਸਾਰਿਆਂ ਲਈ ਚਾਨਣ-ਮੁਨਾਰਾ ਹਨ। ਇਸ ਬੇਸ਼ਕੀਮਤੀ ਪੁਸਤਕ ਦਾ ਭਰਪੂਰ ਸਵਾਗਤ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

c c c

ਦਸਤਕ ਦਿਸ਼ਾ ਦਸਤੂਰ
ਲੇਖਕ : ਜੀ.ਐਸ. ਗਿੱਲ ਰਣਸੀਂਹਕੇ
ਪ੍ਰਕਾਸ਼ਕ : ਤਾਲਿਫ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 98142-48816.

ਲੇਖਕ ਤੇ ਗਾਇਕ ਗਿੱਲ ਦੀ ਇਹ ਨੌਵੀਂ ਪੁਸਤਕ ਹੈ। ਇਸ ਪੁਸਤਕ ਵਿਚ ਲੇਖਕ ਨੇ ਆਪਣੀ ਜ਼ਿੰਦਗੀ ਦੇ ਖੱਟੇ-ਮਿੱਠੇ ਤਜਰਬੇ ਸ਼ੇਅਰਾਂ, ਕਾਵਿ-ਟੁਕੜੀਆਂ ਵਿਚ ਬਿਆਨ ਕੀਤੇ ਹਨ। ਜਦੋਂ ਕੋਈ ਆਪਣੀਆਂ ਹੱਡਬੀਤੀਆਂ ਬਿਆਨ ਕਰਦਾ ਹੈ ਤਾਂ ਉਹ ਸਚਾਈ ਦੇ ਬੜੇ ਨੇੜੇ ਹੁੰਦੀਆਂ ਹਨ। ਮਹਿਬੂਬ ਦਾ ਪਿਆਰ, ਯਾਰਾਂ ਦੀ ਵਫ਼ਾਦਾਰੀ, ਗੱਦਾਰਾਂ ਦੀ ਗੱਦਾਰੀ, ਮਾਇਆ ਦਾ ਮੋਹ, ਔਖੇ ਵੇਲੇ ਅੱਖਾਂ ਫੇਰਨਾ ਆਦਿ ਸਾਰਾ ਕੁਝ ਹਰ ਇਨਸਾਨ ਨੂੰ ਹੰਢਾਉਣਾ ਪੈਂਦਾ ਹੈ। ਲੇਖਕ ਕਿਉਂਕਿ ਸੰਵੇਦਨਸ਼ੀਲ ਹੁੰਦਾ ਹੈ, ਉਸ ਦੀ ਕਲਮ ਚੱਲ ਪੈਂਦੀ ਹੈ।
'ਲੋਕੋ ਇੱਜ਼ਤ ਪਿਆਰੀ ਉਨ੍ਹਾਂ ਬੰਦਿਆਂ ਨੂੰ,
ਅਣਖ ਵਾਲੜਾ ਜਿਨ੍ਹਾਂ ਵਿਚ ਖੂਨ ਹੋਵੇ।
ਆਣ-ਸ਼ਾਨ ਦਾ ਕਦੇ ਨਾ ਕਰਨ ਸੌਦਾ,
ਭਾਵੇਂ ਕਿੱਡਾ ਕੋਈ ਅਫਲਾਤੂਨ ਹੋਵੇ।
ਨਾਲ ਮਾਣ ਸਨਮਾਨ ਦੇ ਦਿਨ ਕੱਟਦੇ,
ਬੇਸ਼ੱਕ ਅੱਤ ਗਰੀਬੀ ਦੀ ਜੂਨ ਹੋਵੇ।
ਬੇਅਰਥ ਉਹ ਸਮਝਦੇ ਜ਼ਿੰਦਗੀ ਨੂੰ,
ਬਿਨਾਂ ਆਬਰੂ ਕਿੱਡਾ ਸਕੂਨ ਹੋਵੇ।
ਮਰ ਮਿਟਣਾ ਆਪਣੀ ਆਨ ਬਦਲੇ,
ਇਕੋ 'ਗਿੱਲ ਰਣਸੀਂਹਕੇ' ਮਜ਼ਮੂਨ ਹੋਵੇ।'
ਲੇਖਕ ਨੇ ਜ਼ਿੰਦਗੀ ਦੇ ਕੌੜੇ ਸੱਚ ਨੂੰ ਕਾਵਿ-ਟੁਕੜੀਆਂ ਵਿਚ ਬਿਆਨ ਕੀਤਾ ਹੈ। ਪੱਛਮੀ ਸੱਭਿਆਚਾਰ, ਪੰਜਾਬੀ ਸੱਭਿਆਚਾਰ, ਕਿਰਤੀਆਂ ਦੇ ਦੁੱਖ, ਲੀਡਰਾਂ ਦੀਆਂ ਚਾਲਾਂ, ਸੱਚਾ ਪਿਆਰ, ਨਵੇਂ ਸਮੇਂ ਦੀ ਚਾਲ ਆਦਿ ਸੱਤ ਵਿਸ਼ਿਆਂ ਨੂੰ ਲੇਖਕ ਨੇ ਬੜੀ ਮਿਹਨਤ ਅਤੇ ਖੂਬਸੂਰਤ ਢੰਗ ਨਾਲ ਬਿਆਨ ਕੀਤਾ ਹੈ।

-ਅਵਤਾਰ ਸਿੰਘ ਸੰਧੂ
ਮੋ: 99151-82971.

c c c

ਸਿੱਖ ਇਤਿਹਾਸ ਦੇ ਫ਼ਾਰਸੀ ਸ੍ਰੋਤ
ਸੰਪਾਦਕ : ਡਾ: ਹਰਚੰਦ ਸਿੰਘ ਬੇਦੀ
ਪ੍ਰਕਾਸ਼ਕ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ
ਮੁੱਲ : 140 ਰੁਪਏ, ਸਫ਼ੇ : 328
ਸੰਪਰਕ : 98728-67377.

ਬਹੁਤ ਘੱਟ ਕੀਮਤ ਉੱਤੇ ਬਹੁਤ ਕੀਮਤੀ ਪੁਸਤਕ ਹੈ ਸਿੱਖ ਇਤਿਹਾਸ ਦੇ ਫ਼ਾਰਸੀ ਸ੍ਰੋਤਾਂ ਬਾਰੇ ਇਹ ਕਿਤਾਬ। ਮੂਲ ਲਿਖਤ ਡਾ: ਗੰਡਾ ਸਿੰਘ ਨੇ 67 ਸਾਲ ਪਹਿਲਾਂ ਮਾਖਜ਼ਿ ਤਵਾਰੀਖ਼ ਸਿੱਖਾਂ ਨਾਮ ਨਾਲ ਫ਼ਾਰਸੀ ਵਿਚ ਸੰਕਲਿਤ ਕੀਤੀ ਸੀ। ਪੰਜਾਬੀ ਵਿਚ ਸੰਪਾਦਿਤ ਕਰਕੇ ਪੰਜਾਬੀ ਜਗਤ ਦੇ ਸਨਮੁੱਖ ਇਸ ਨੂੰ ਰੱਖਣ ਦਾ ਕਾਰਜ ਡਾ: ਹਰਚੰਦ ਸਿੰਘ ਬੇਦੀ ਨੇ ਕੀਤਾ ਹੈ। ਡਾ: ਬੇਦੀ ਬਾਰੀਕਬੀਨ, ਸਿਰੜੀ ਤੇ ਲੰਮੇ ਅਨੁਭਵ ਵਾਲਾ ਪ੍ਰਤਿਭਾਵਾਨ ਖੋਜੀ ਹੈ। ਚੁੱਪਚਾਪ, ਗੋਸ਼ਾ, ਨਸ਼ੀਨ ਸਮਰਪਿਤ ਬੰਦਾ। ਜਿਸ ਖੇਤਰ ਵਿਚ ਵੀ ਉਸ ਨੇ ਹੁਣ ਤੱਕ ਕੰਮ ਕੀਤਾ ਹੈ, ਉਸ ਵਿਚ ਪ੍ਰਮਾਣਿਕ, ਸਿੱਕੇਬੰਦ, ਯਾਦਗਾਰੀ ਕੰਮ ਕਰਕੇ ਛਾਪ ਛੱਡੀ ਹੈ। ਫ਼ਾਰਸੀ ਜ਼ਬਾਨ ਪੱਖੋਂ ਉਸ ਨੇ ਪ੍ਰੋ: ਗੋਪਾਲ ਸਿੰਘ ਦੀ ਮਦਦ ਲਈ ਹੈ। ਮੂਲ ਪੁੁਸਤਕ ਦੀ ਸਮੱਗਰੀ ਲਈ ਇਤਿਹਾਸਕ ਪਰਿਪੇਖ ਉਸਾਰਨ ਤੇ ਪੇਸ਼ ਨੁਕਤਿਆਂ ਦੀ ਸਿੱਖ ਸਿਧਾਂਤਕ ਪੈਂਤੜੇ ਤੋਂ ਵਿਆਖਿਆ ਕਰਦੇ ਹੋਏ ਉਸ ਨੇ ਨੱਬੇ ਪੰਨੇ ਦੀ ਵਿਸਤ੍ਰਿਤ ਭੂਮਿਕਾ ਲਿਖ ਕੇ ਇਕ ਵਾਰ ਫਿਰ ਇਸ ਦਾ ਪ੍ਰਮਾਣ ਦਿੱਤਾ ਹੈ। ਲਗਪਗ ਏਨੇ ਕੁ ਪੰਨੇ ਹੀ ਮੂਲ ਸਮਗਰੀ ਦੇ ਹਨ।
ਡਾ: ਬੇਦੀ ਨੇ ਮੂਲ ਫ਼ਾਰਸੀ ਪਾਠ, ਉਸ ਦਾ ਪੰਜਾਬੀ ਅਨੁਵਾਦ ਤੇ ਆਪਣੀ ਲੰਬੀ ਭੂਮਿਕਾ ਤੋਂ ਇਲਾਵਾ ਕੁਝ ਹੋਰ ਮੁੱਲਵਾਨ ਸਮੱਗਰੀ ਦਾ ਤੋਹਫ਼ਾ ਵੀ ਪੰਜਾਬੀ ਪਾਠਕ ਨੂੰ ਦਿੱਤਾ ਹੈ। ਪੰਜਵੇਂ, ਛੇਵੇਂ, ਸਤਵੇਂ, ਅੱਠਵੇਂ, ਨੌਵੇਂ ਤੇ ਦਸਵੇਂ ਪਾਤਸ਼ਾਹ ਦੇ ਪਾਵਨ ਹਸਤ ਕੰਵਲਾਂ ਦੇ ਲਿਖੇ ਮੂਲ ਮੰਤਰ ਅਤੇ ਕੀਮਤੀ ਹੁਕਮਨਾਮਿਆਂ ਦੀ ਫੋਟੋ ਕਾਪੀ ਦੇ ਦਰਸ਼ਨ ਪਾਠਕ ਕਰ ਸਕਦੇ ਹਨ। ਡਾ: ਗੰਡਾ ਸਿੰਘ ਹੋਰਾਂ ਦੀ ਮਿਹਨਤ ਨਾਲ ਸੰਕਲਿਤ ਸਮੱਗਰੀ ਦਾ ਪੰਜਾਬੀ ਅਨੁਵਾਦ ਤਾਂ ਇਸ ਵਿਚ ਹੈ ਹੀ। ਇਸ ਸਮੱਗਰੀ ਵਿਚ ਕਈ ਲਿਖਤਾਂ ਗੁਰੂ ਪਾਤਸ਼ਾਹ ਦੀਆਂ ਸਮਕਾਲੀ ਹਨ। ਤੁਜ਼ਕੇ ਜਹਾਂਗੀਰੀ ਤੇ ਕਬਰਸਤਾਨਿ ਮਜ਼ਾਹਿਬ ਇਨ੍ਹਾਂ ਵਿਚੋਂ ਪ੍ਰਮੁੱਖ ਹਨ। ਔਰੰਗਜ਼ੇਬ ਦੇ ਸਮੇਂ ਦੇ ਸਰਕਾਰੀ ਅਖ਼ਬਾਰਾਂ ਦੀਆਂ ਟੂਕਾਂ, ਵੱਖ-ਵੱਖ ਸਮਿਆਂ ਉੱਤੇ ਪੰਜਾਬ ਦੇ ਨਾਜ਼ਿਆਂ ਦੇ ਵੇਰਵੇ, ਅਕਬਰ ਨਾਮਾ (ਅਬੁਲ ਫਜ਼ਲ) ਦੀਆਂ ਟੂਕਾਂ, ਸ਼ਾਹਜਹਾਂ ਵੱਲੋਂ ਗੁਰੂ ਘਰ ਨੂੰ ਭੇਟ ਕਰਤਾਰਪੁਰ ਦੀ ਜ਼ਮੀਨ ਦੇ ਪਟੇ ਦੀ ਨਕਲ, ਸੁਜਾਨ ਰਾਏ ਭੰਡਾਰੀ ਦੀ 1695 ਦੀ ਲਿਖੀ ਖਲਾਸਤੁਤ ਤਵਾਰੀਖ ਦੀਆਂ ਟੂਕਾਂ, ਮਿਰਜ਼ਾ ਅਨਾਇਤਉਲਾ ਖਾਨ ਇਸਮੀ (1653-1725) ਦੀ ਔਰੰਗਜ਼ੇਬ ਦੇ ਹੁਕਮਾਂ ਬਾਰੇ ਲਿਖਤ ਤੇ ਤਾਰੀਖੇ ਮੁਅਜ਼ਮਸ਼ਾਹ (ਲੇਖਕ ਮੌਲਵੀ ਅਬਦੁਲ ਰਸੂਲ) ਦੀਆਂ ਟੂਕਾਂ ਦੇ ਪੰਜਾਬੀ ਪਾਠ ਮੁਲਵਾਨ ਇਤਿਹਾਸਕ ਸਮੱਗਰੀ ਹਨ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਮੁਰਝਾ ਗਏ ਚਹਿਕਦੇ ਚਿਹਰੇ
ਲੇਖਿਕਾ : ਡਾ: ਕੁਲਵਿੰਦਰ ਕੌਰ ਮਿਨਹਾਸ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 244
ਸੰਪਰਕ : 98141-45047.

'ਮੁਰਝਾ ਗਏ ਚਹਿਕਦੇ ਚਿਹਰੇ' ਡਾ: ਕੁਲਵਿੰਦਰ ਕੌਰ ਮਿਨਹਾਸ ਦਾ ਛੇਵਾਂ ਨਾਵਲ ਹੈ। ਮਿਨਹਾਸ ਸਮਾਜਿਕ ਵਿਡੰਬਨਾਵਾਂ ਉੱਤੇ ਲਗਾਤਾਰ ਲਿਖਣ ਵਾਲੀ ਲੇਖਿਕਾ ਹੈ। ਇਹ ਨਾਵਲ ਪੰਜਾਬ ਦੇ ਨਸ਼ੇ ਦੇ ਝੱਖੜਾਂ ਨੂੰ ਸੰਬੋਧਿਤ ਹੈ, ਜਿਸ ਝੱਖੜ ਨੇ ਅਨੇਕਾਂ ਅਨੇਕ ਘਰਾਂ ਦੇ ਜਗਮਗਾਉਂਦੇ ਦੀਪਕ ਬੁਝਾਏ ਹੀ ਨਹੀਂ, ਟੁੱਕੜੇ-ਟੁੱਕੜੇ ਕਰ ਸੁੱਟੇ। ਸਾਰੇ ਜਾਣਦੇ ਹਨ ਕਿ ਕੇਵਲ ਨੌਜਵਾਨ ਮੁੰਡੇ ਹੀ ਨਹੀਂ, ਸਗੋਂ ਕਾਲਜਾਂ ਵਿਚ ਪੜ੍ਹਦੀਆਂ ਕੁੜੀਆਂ ਵੀ ਅਜੀਬ ਕਿਸਮ ਦੇ ਨਸ਼ਿਆਂ ਦੀਆਂ ਆਦੀ ਹੋ ਗਈਆਂ ਹਨ।
ਕੁਲਵਿੰਦਰ ਕੌਰ ਮਿਨਹਾਸ ਦੁਆਰਾ ਹਥਲਾ ਨਵਾਂ ਨਾਵਲ 31 ਅਧਿਆਇਆਂ ਵਿਚ ਵੰਡ ਕੇ ਪੇਸ਼ ਕੀਤਾ ਗਿਆ ਹੈ। ਇਸ ਦਾ ਸਮੁੱਚਾ ਪਲਾਟ ਨਸ਼ਿਆਂ ਦੇ ਮਾਰੇ ਘਰ ਹਨ। ਨਾਵਲ ਦੇ ਅਰੰਭ ਵਿਚ ਭਾਂਡੇ ਮਾਂਜ ਰਹੀ ਲਛਮੀ ਕੋਲੋਂ ਉਸ ਦਾ ਸਤਵੀਂ ਵਿਚ ਪੜ੍ਹਦਾ ਮੁੰਡਾ 500 ਰੁਪਏ ਮੰਗਦਾ ਹੈ। ਪਰ ਲਛਮੀ ਸ਼ੱਕ ਕਰਦੀ ਹੈ ਕਿ ਇਹ ਪੈਸੇ ਉਹ ਨਸ਼ਿਆਂ ਉੱਤੇ ਖਰਚਦਾ ਹੋਊ। ਉਹ ਪੈਸੇ ਦੇਣੋਂ ਆਨਾ ਕਾਨੀ ਕਰਦੀ ਹੈ ਤਾਂ 'ਨਿਹਾਲੇ ਨੇ ਮਾਂ ਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ ਤੇ ਭਰਾ ਨੂੰ ਕਹਿਣ ਲੱਗਾ, 'ਠਹਿਰ ਜਾ ਤੇਰੀ ਵੀ ਸਾਰ ਲੈਨਾਂ' ਉਹ ਦਾਤ ਚੁੱਕ ਕੇ ਲਿਆਇਆ ਤੇ ਮਾਂ ਦੇ ਸਿਰ ਵਿਚ ਮਾਰਿਆ....।
ਅਜਿਹੀ ਸਥਿਤੀ ਤੋਂ ਇਹ ਨਾਵਲ ਸ਼ੁਰੂ ਹੁੰਦਾ ਸਾਰੇ ਪਿੰਡ ਨੂੰ ਨਸ਼ਿਆਂ ਦੇ ਕਲੇਵਰ ਵਿਚ ਲੈ ਲੈਂਦਾ ਹੈ। ਘਰ-ਘਰ ਵੈਣ ਪੈਂਦੇ ਹਨ। ਇਸ ਦੇ ਆਖਰੀ ਕਾਂਡ ਦਾ ਆਖਰੀ ਵਾਕ ਹੈ, 'ਬਾਪੂ ਦੀ ਅਚਾਨਕ ਮੌਤ 'ਤੇ ਸਾਰੇ ਮੂੰਹ ਵਿਚ ਉਂਗਲਾਂ ਪਾ ਕੇ ਖੜੋਤੇ ਰਹਿ ਗਏ....। 'ਮੁਰਝਾ ਗਏ ਚਹਿਕਦੇ ਚਿਹਰੇ' ਨਾਵਲ ਦੇ ਪਾਤਰ ਅਤੇ ਘਟਨਾਵਾਂ ਕੁਦਰਤੀ ਹਨ ਜੋ ਕੁਝ ਪੰਜਾਬ ਵਿਚ ਨਸ਼ਿਆਂ ਨੇ ਤਬਾਹੀ ਕੀਤੀ, ਉਸ ਦਾ ਛੋਟਾ ਇਕ ਸੀਨ ਇਸ ਨਾਵਲ ਵਿਚ ਪੇਸ਼ ਹੋਇਆ ਹੈ। ਨਾਵਲ ਪੜ੍ਹਨਯੋਗ ਤੇ ਸਿੱਖਿਆਦਾਇਕ ਹੈ।

-ਸੁਲੱਖਣ ਸਰਹੱਦੀ
ਮੋ: 94174-84337.

17/06/2017

ਬਲਿਹਾਰੀ ਕੁਦਰਤਿ ਵਸਿਆ
ਲੇਖਕ : ਡਾ: ਆਸਾ ਸਿੰਘ ਘੁੰਮਣ
ਪ੍ਰਕਾਸ਼ਕ : ਸੁਮਿਤ ਰਿਟੈਲਿਕਾ (ਰਜਿ:) ਨਡਾਲਾ-ਮੁਹਾਲੀ
ਮੁੱਲ : 280 ਰੁਪਏ, ਸਫ਼ੇ : 136
ਸੰਪਰਕ : 98152-53245.

ਬਾਰਾਂ ਦੇ ਬਾਰਾਂ ਮਹੀਨਿਆਂ ਵਿਚ ਆਸ-ਪਾਸ ਦੀ ਕੁਦਰਤ ਵਿਚ ਅਕਾਲ ਪੁਰਖ ਨੂੰ ਵੇਖਣਾ, ਕਣ-ਕਣ ਵਿਚ ਉਸ ਦੀ ਹੋਂਦ ਨੂੰ ਪਛਾਣਦੇ ਹੋਏ ਕੁਦਰਤ ਦੀ ਸੁੰਦਰਤਾ ਨੂੰ ਮਾਣਨਾ ਹਰ ਕਿਸੇ ਲਈ ਸਾਧਾਰਨ ਹਾਲਾਤ ਵਿਚ ਸੰਭਵ ਨਹੀਂ ਹੁੰਦਾ। 'ਮੁਹੱਬਤ ਕੇ ਲੀਏ ਕੁਛ ਖਾਸ ਦਿਲ ਮਖ਼ਸੂਸ ਹੋਤੇ ਹੈਂ ਯੇ ਵੁਹ ਨਗਮਾ ਹੈ ਜੋ ਹਰ ਸਾਜ਼ ਪੇ ਗਾਯਾ ਨਹੀਂ ਜਾਤਾ।' ਆਸਾ ਸਿੰਘ ਘੁੰਮਣ ਕੋਲ ਅਜਿਹਾ ਦਿਲ-ਦਿਮਾਗ ਹੈ, ਜੋ ਕਲਪਨਾ ਤੇ ਆਸ਼ਾਵਾਦੀ ਸੋਚ ਨਾਲ ਸਾਧਾਰਨ ਮਾਹੌਲ ਨੂੰ ਸੁਹਜ ਭਰਪੂਰ ਬਣਾ ਸਕਦਾ ਹੈ। ਉਸ ਵਿਚੋਂ ਜੀਵਨ ਜੀਣ ਲਈ ਉਤੇਜਨਾ/ਪ੍ਰੇਰਨਾ ਹਾਸਲ ਕਰ ਸਕਦਾ ਹੈ। ਇਸ ਕਿਤਾਬ ਵਿਚ ਅਸੀਂ ਉਸ ਦੀ ਉਂਗਲੀ ਫੜ ਕੇ ਹਰ ਮੌਸਮ, ਹਰ ਹਾਲ ਵਿਚ ਸਹਿਜ ਤੇ ਸੁਹਜ ਵਾਲੀ ਸੰਤੁਲਿਤ ਆਸ਼ਾਵਾਦੀ ਮਾਨਸਿਕਤਾ ਦੇ ਮਾਲਕ ਬਣ ਸਕਦੇ ਹਾਂ।
ਗਰਮੀ, ਸਰਦੀ, ਹੁੰਮਸ, ਬਾਰਿਸ਼ ਕੁਦਰਤ ਦੇ ਨਿਰੰਤਰ ਚੱਕਰ ਨੇ ਨਹੀਂ ਬਦਲਣਾ। ਇਨ੍ਹਾਂ ਨੂੰ ਵੇਖਣ, ਮਾਣਨ ਵਾਲੀ ਸੋਚ ਹੀ ਬਦਲਣੀ ਹੁੰਦੀ ਹੈ। ਦਿਸ਼ਾ ਬਦਲੋ ਤਾਂ ਕਿਨਾਰੇ ਬਦਲ ਜਾਂਦੇ ਹਨ। ਖੱਬਾ ਸੱਜਾ ਬਣ ਜਾਂਦਾ ਹੈ ਤੇ ਸੱਜਾ ਖੱਬਾ। ਘੁੰਮਣ ਹਾਂ-ਪੱਖੀ ਆਸ਼ਾਵਾਦੀ ਸੋਚ ਤੇ ਸੁਹਜ ਨਾਲ ਹਰ ਹਾਲ ਪ੍ਰਸੰਨ ਹੈ। ਉਸ ਦੀ ਇਹ ਵਾਰਤਕ ਇਸੇ ਸੰਤੁਸ਼ਟ ਸ਼ਾਂਤ ਜੀਵਨ ਦੀ ਉਪਜ ਹੈ।
ਚੇਤਰ ਤੋਂ ਫੱਗਣ ਤੱਕ ਦੇ ਬਾਰਾਂ ਮਹੀਨਿਆਂ ਦੇ ਇਹ ਸ਼ਬਦ ਚਿੱਤਰ ਲੇਖਕ ਨੇ ਬਾਰਾਂ ਮਾਹ ਮਾਝ, ਬਾਰਾਂ ਮਾਹ ਤੁਖਾਰੀ ਤੇ ਪੰਜਾਬੀ ਕਾਵਿ ਸੰਸਾਰ ਵਿਚੋਂ ਟੂਕਾਂ ਦੀ ਵਿਆਖਿਆ ਨਾਲ ਸਿਰਜੇ ਹਨ। ਕਿਤੇ-ਕਿਤੇ ਵਰਡਜ਼ਵਰਥ ਜਿਹੇ ਅੰਗਰੇਜ਼ੀ ਦੇ ਰੁਮਾਂਟਿਕ ਕਵੀ ਦਾ ਆਸਰਾ ਵੀ ਉਸ ਨੇ ਲਿਆ ਹੈ। ਚਾਤ੍ਰਿਕ, ਅੰਮ੍ਰਿਤਾ, ਮੋਹਨ ਸਿੰਘ, ਸ਼ਿਵ, ਲੋਕ ਸਾਹਿਤ, ਗਿਆਨੀ ਗੁਰਦਿਤ ਸਿੰਘ, ਕਵੀ ਕੇਸ਼ਵ ਦਾਸਂਕਿਸੇ ਵੀ ਸੋਮੇ ਤੋਂ ਲੇਖਕ ਨੂੰ ਕੋਈ ਗੱਲ ਮਿਲੀ ਹੈ, ਉਸ ਨੇ ਆਪਣੀ ਗਲ ਕਹਿਣ ਲਈ ਵਰਤੀ ਹੈ। ਪੰਜਾਬ ਦੇ ਤਿਉਹਾਰਾਂ, ਮੇਲਿਆਂ ਤੇ ਇਤਿਹਾਸ ਮਿਥਿਹਾਸ ਦਾ ਜ਼ਿਕਰ ਉਸ ਨੇ ਹਰ ਮਹੀਨੇ ਦੇ ਪ੍ਰਸੰਗ ਵਿਚ ਕੀਤਾ ਹੈ। ਹਰ ਮਹੀਨੇ ਦੀ ਪ੍ਰਕਿਰਤੀ ਨੂੰ ਉਸ ਨੇ ਚਿੱਤਰ ਰਾਹੀਂ ਉਘਾੜਣ ਦਾ ਯਤਨ ਵੀ ਕੀਤਾ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਤਾਰਾ ਸਿੰਘ ਕਾਬੁਲੀ
ਲੇਖਕ : ਕਮੋਡੋਰ ਗੁਰਨਾਮ ਸਿੰਘ
ਪ੍ਰਕਾਸ਼ਕ : ਲਾਹੌਰ ਬੁਕ ਸ਼ਾਪ, ਲੁਧਿਆਣਾ
ਮੁੱਲ : 400 ਰੁਪਏ, ਸਫ਼ੇ : 318
ਸੰਪਰਕ : 098181-59944.

ਇਸ ਇਤਿਹਾਸਕ ਨਾਵਲ ਵਿਚ ਲੇਖਕ ਨੇ 19ਵੀਂ ਸਦੀ ਦੇ ਉੱਤਰੀ ਭਾਰਤ ਅਤੇ ਅਫ਼ਗਾਨਿਸਤਾਨ ਦੇ ਸਮਾਚਾਰ ਬਿਆਨ ਕੀਤੇ ਹਨ। ਇਸ ਦੌਰ ਵਿਚ ਅੰਗਰੇਜ਼ਾਂ ਨੇ ਆਪਣੀਆਂ ਬਸਤੀਆਂ ਵਿਚ ਵਾਧਾ ਕਰਨ ਦੀ ਮਨਸ਼ਾ ਨਾਲ ਪੰਜਾਬ ਅਤੇ ਅਫ਼ਗਾਨਿਸਤਾਨ ਉੱਪਰ ਕਬਜ਼ਾ ਕਰਨ ਦੀ ਕੂਟਨੀਤੀ ਬਣਾ ਲਈ ਸੀ। 1839 ਈ. ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਝੂਠਾ ਭਰੋਸਾ ਦੇ ਕੇ ਉਨ੍ਹਾਂ ਨੂੰ ਦਰਿਆ ਸਤਲੁਜ ਦੇ ਨਾਲ-ਨਾਲ ਸਿੰਧ ਦਰਿਆ ਤੱਕ ਉਸ ਤੋਂ ਇਕ ਸੁਰੱਖਿਅਤ ਲਾਂਘਾ ਲੈ ਲਿਆ ਸੀ। ਇਸ ਲਾਂਘੇ ਰਾਹੀਂ 60-70 ਹਜ਼ਾਰ ਫ਼ੌਜੀ ਸਿਪਾਹੀ ਅਫ਼ਗਾਨਿਸਤਾਨ ਵਿਚ ਜਾ ਘੁਸੇ ਸਨ। ਉਥੋਂ ਦਾ ਹਾਕਮ ਦੋਸਤ ਮੁਹੰਮਦ ਖਾਨ ਏਨੀ ਵੱਡੀ ਫ਼ੌਜ ਤੋਂ ਡਰਦਾ ਮਾਰਿਆ ਨੱਠ ਗਿਆ ਸੀ ਅਤੇ ਅੰਗਰੇਜ਼ਾਂ ਨੇ ਆਪਣੇ ਹੱਥ ਠੋਕੇ ਸ਼ਾਹ ਸ਼ੁਜਾਹ ਨੂੰ ਹਾਕਮ ਦੇ ਰੂਪ ਵਿਚ ਉਥੇ ਸਥਾਪਿਤ ਕਰ ਦਿੱਤਾ ਅਤੇ ਮਨਆਈਆਂ ਕਰਨ ਲੱਗ ਪਏ ਸਨ ਪਰ ਅਣਖੀ ਅਫ਼ਗਾਨਾਂ ਨੂੰ ਇਹੋ ਜਿਹਾ ਜ਼ਿੱਲਤ ਭਰਿਆ ਜੀਵਨ ਪਸੰਦ ਨਾ ਆਇਆ। ਉਨ੍ਹਾਂ ਨੇ ਹਥਿਆਰਬੰਦ ਬਗ਼ਾਵਤ ਕਰਕੇ ਅੰਗਰੇਜ਼ੀ ਫ਼ੌਜ ਨੂੰ ਉਥੋਂ ਨੱਠਣ ਲਈ ਮਜਬੂਰ ਕਰ ਦਿੱਤਾ।
ਨਾਵਲਕਾਰ ਸ: ਗੁਰਨਾਮ ਸਿੰਘ ਨੇ ਇਹ ਕਹਾਣੀ ਅੰਗਰੇਜ਼ੀ ਫ਼ੌਜ ਦੇ ਇਕ ਸਿਪਾਹੀ ਤਾਰਾ ਸਿੰਘ ਕਾਬਲੀ ਅਤੇ ਇਕ ਸਕੌਟਿਸ਼ ਔਰਤ ਵਿਕਟੋਰੀਆ ਸਕੌਟ ਦੁਆਰਾ ਲਿਖੀਆਂ ਡਾਇਰੀਆਂ ਦੀ ਮਾਰਫ਼ਤ ਬਿਆਨ ਕੀਤੀ ਹੈ। ਇਹ ਡਾਇਰੀਆਂ ਤਾਰਾ ਸਿੰਘ ਦੀ ਇਕ ਪੜਪੋਤੀ ਨੂੰ ਮਿਲੀਆਂ ਸਨ ਅਤੇ ਉਸ ਨੇ ਇਹ ਡਾਇਰੀਆਂ ਕਹਾਣੀ ਦੇ ਵਾਚਕ (ਨੈਰੇਟਰ) ਨੂੰ ਦੇ ਦਿੱਤੀਆਂ। ਇਨ੍ਹਾਂ ਡਾਇਰੀਆਂ ਦੀ ਵਸਤੂ-ਸਮੱਗਰੀ ਤੋਂ ਪ੍ਰੇਰਿਤ ਹੋ ਕੇ ਕਥਾਵਾਚਕ ਪਹਿਲਾਂ ਇੰਗਲੈਂਡ ਗਿਆ ਅਤੇ ਫਿਰ ਵਿਕਟੋਰੀਆ ਦੇ ਸ਼ਹਿਰ ਗਲਾਸਗੋ। ਉਥੇ ਜਾ ਕੇ ਢੂੰਡ-ਭਾਲ ਕਰਨ ਉਪਰੰਤ ਉਸ ਨੂੰ ਤਾਰਾ ਸਿੰਘ ਅਤੇ ਵਿਕਟੋਰੀਆ ਦੇ ਪਵਿੱਤਰ ਰਿਸ਼ਤੇ ਬਾਰੇ ਪਤਾ ਚਲਿਆ। ਬਾਅਦ ਵਿਚ ਉਸ ਨੇ ਇਸ ਕਹਾਣੀ ਨੂੰ ਇਕ ਨਾਵਲ ਦਾ ਰੂਪ ਦੇ ਦਿੱਤਾ।
ਇਹ ਕਹਾਣੀ ਮੁੱਖ ਤੌਰ 'ਤੇ ਤਾਰਾ ਸਿੰਘ ਅਤੇ ਵਿਕਟੋਰੀਆ ਦੇ ਐਡਵੈਂਚਰ (ਪਰਾਕ੍ਰਮੀ ਯਾਤਰਾ) ਨਾਲ ਸਬੰਧਤ ਹੈ ਪ੍ਰੰਤੂ ਜੀਤ ਸਿੰਘ, ਤਾਰਾ ਸਕੌਟ, ਬੀਜੀ ਅਤੇ ਕਥਾਵਾਚਕ ਵੀ ਇਸ ਦੇ ਕਥਾਨਕ ਵਿਚ ਸ਼ਾਮਿਲ ਹੋ ਗਏ ਹਨ, ਜਿਸ ਕਾਰਨ ਬਿਰਤਾਂਤ ਬਹੁਤ ਸੰਘਣਾ ਅਤੇ ਦਿਲਚਸਪ ਹੋ ਗਿਆ ਹੈ। ਸ: ਗੁਰਨਾਮ ਸਿੰਘ ਨੇ ਕਥਾ ਦੀ ਨੈਰੇਸ਼ਨ ਉੱਪਰ ਬਹੁਤ ਮਿਹਨਤ ਕੀਤੀ ਹੈ। ਉਸ ਦਾ ਸ਼ਬਦ-ਬੰਡਾਰ ਬਹੁਤ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਹੈ। ਉਹ ਵਾਰ-ਵਾਰ ਪਾਠਕਾਂ ਨੂੰ ਸੰਬੋਧਨ ਕਰਕੇ ਅਗਲੇ-ਪਿਛਲੇ ਵੇਰਵਿਆਂ ਨੂੰ ਦੁਹਰਾਉਂਦਾ ਵੀ ਰਹਿੰਦਾ ਹੈ ਤਾਂ ਜੋ ਪਾਠਕ, ਕਥਾ ਨਾਲ ਜੁੜੇ ਰਹਿਣ। ਇਤਿਹਾਸਕ ਵੇਰਵਿਆਂ ਦੀ ਪ੍ਰਮਾਣਿਕਤਾ ਨੂੰ ਬਰਕਰਾਰ ਰੱਖਣ ਲਈ ਉਸ ਨੇ ਕਨਿੰਘਮ, ਖੁਸ਼ਵੰਤ ਸਿੰਘ, ਅਮਰਿੰਦਰ ਸਿੰਘ ਅਤੇ ਮੈਗਰੇਗਰ ਵਰਗੇ ਇਤਿਹਾਸਕਾਰਾਂ ਤੋਂ ਸੇਧ ਲਈ ਹੈ। ਇਹ ਇਕ ਵਿਲੱਖਣ ਭਾਂਤ ਦਾ ਨਾਵਲ ਹੈ ਅਤੇ ਸ: ਮਨਮੋਹਨ ਬਾਵਾ ਦੀ ਪਰੰਪਰਾ ਦਾ ਇਕ ਨਵਾਂ ਵਿਸਤਾਰ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਹੰਝੂਆਂ 'ਚ ਡੁੱਬੀ ਸ਼ਹਿਨਾਈ
ਸ਼ਾਇਰ : ਸੁਰਿੰਦਰ ਕੌਰ ਭੋਗਲ 'ਚਿੰਗਾਰੀ'
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 93560-42622.

ਸੁਰਿੰਦਰ ਕੌਰ ਭੋਗਲ 'ਚਿੰਗਾਰੀ' ਸਮਾਜ ਵਿਚ ਔਰਤਾਂ 'ਤੇ ਹੁੰਦੀਆਂ ਜ਼ਿਆਦਤੀਆਂ ਦੇ ਵਿਰੋਧ 'ਚੋਂ ਉੱਭਰੀ ਸ਼ਾਇਰਾ ਹੈ ਤੇ ਇਸ ਪੁਸਤਕ ਵਿਚ ਉਸ ਦੀ ਵਿਦਰੋਹੀ ਸੁਰ ਨੂੰ ਦੇਖਦੇ ਹੋਏ ਇਹ ਸੰਤਾਪ ਉਸ ਦੇ ਹਿੱਸੇ ਵੀ ਆਇਆ ਪ੍ਰਤੀਤ ਹੁੰਦਾ ਹੈ। ਸੁਰਿੰਦਰ ਕੌਰ ਭੋਗਲ 'ਚਿੰਗਾਰੀ' ਦੇ ਕਾਵਿ ਸੰਗ੍ਰਹਿ ਦੀਆਂ ਇਨ੍ਹਾਂ ਰਚਨਾਵਾਂ ਵਿਚ ਕਵਿਤਾ ਵੀ ਹੈ, ਗੀਤ ਵੀ ਤੇ ਗ਼ਜ਼ਲਨੁਮਾ ਕਵਿਤਾਵਾਂ ਵੀ ਹਨ। ਸ਼ਾਇਰਾ ਆਪਣੀ ਰਚਨਾ ਨੂੰ ਕਿਸੇ ਚੌਖਟੇ ਵਿਚ ਢਾਲਣ ਦੀ ਥਾਂ ਉਸ ਦੇ ਵਿਸ਼ੇ ਤੇ ਉਸ ਦੀ ਪ੍ਰਚੰਡਤਾ ਵਲ ਜ਼ਿਆਦਾ ਧਿਆਨ ਦਿੰਦੀ ਹੈ। ਉਹ ਆਖਦੀ ਹੈ ਕਿ ਗ਼ੈਰਾਂ ਖ਼ਾਤਰ ਕਿਸੇ ਨੇ ਉਸ ਨੂੰ ਪਰਾਈ ਕਰ ਦਿੱਤਾ ਹੈ ਤੇ ਉਸ ਦੇ ਹਸੀਨ ਪਲਾਂ ਦੀ ਸ਼ਹਿਨਾਈ ਦੀਆਂ ਸੁਰਾਂ ਨੂੰ ਕਿਸੇ ਨੇ ਹੰਝੂਆਂ ਵਿਚ ਡੁਬੋ ਦਿੱਤਾ ਹੈ। ਇਸ ਤੋਂ ਹੀ ਸ਼ਾਇਰਾ ਦੇ ਮਨ ਦੀ ਅਵਸਥਾ ਪੜ੍ਹੀ ਜਾ ਸਕਦੀ ਹੈ। ਉਹ ਅੱਗੇ ਆਪਣੀ ਕਹਾਣੀ ਦੱਸਣ ਤੋਂ ਗੁਰੇਜ਼ ਕਰਦੀ ਹੋਈ ਕਹਿੰਦੀ ਹੈ ਕਿ ਮੇਰੇ ਕੋਲੋਂ ਮੇਰੇ ਦੁੱਖਾਂ ਦੀ ਕਹਾਣੀ ਨਾ ਸੁਣੋ ਬਾਬਲ ਦੇ ਵਿਹੜੇ ਤੋਂ ਵਿਦਾਅ ਹੋ ਕੇ ਮੈਨੂੰ ਸਿਰਫ਼ ਅੱਥਰੂ ਮਿਲੇ ਹਨ। ਇੰਝ ਸੁਰਿੰਦਰ ਕੌਰ ਭੋਗਲ 'ਚਿੰਗਾਰੀ' ਦੀਆਂ ਕਵਿਤਾਵਾਂ ਨਿੱਜੀ ਨਾ ਹੋ ਕੇ ਸਮੁੱਚੀਆਂ ਦੁਖੀ ਧੀਆਂ ਦੇ ਅੰਦਰਲੇ ਦੁੱਖਾਂ ਦਾ ਵਰਨਣ ਕਰਦੀਆਂ ਹਨ। ਕਿਤੇ ਕਿਤੇ ਉਹ ਆਸ਼ਾਵਾਦੀ ਹੋ ਕੇ ਅੰਬਰ ਤਕ ਉਡਾਰੀ ਭਰਨਾ ਵੀ ਲੋਚਦੀ ਹੈ। ਸ਼ਾਇਰਾ ਨੇ ਕੁਝ ਰਚਨਾਵਾਂ ਹੋਰਨਾਂ ਵਿਸ਼ਿਆਂ 'ਤੇ ਵੀ ਲਿਖੀਆਂ ਹਨ। 'ਹੰਝੂਆਂ ਵਿਚ ਡੁੱਬੀ ਸ਼ਹਿਨਾਈ' ਇਸਤਰੀ 'ਤੇ ਹੁੰਦੇ ਜ਼ੁਲਮਾਂ ਦੀ ਦਰਦ ਭਰੀ ਦਾਸਤਾਂ ਹੈ ਜਿਸ 'ਤੇ ਕਵਿਤਾ ਦੇ ਬੰਧਨ ਸਬੰਧੀ ਗੱਲ ਕਰਨ ਤੇ ਪਰਖਣ ਦੀ ਕੋਈ ਗੁੰਜਾਇਸ਼ ਨਹੀਂ ਬਚਦੀ।

ਂਗੁਰਦਿਆਲ ਰੌਸ਼ਨ
ਮੋ: 99884-44002
ਫ ਫ ਫ

ਜਿੰਨੇ ਮੂੰਹ ਓਨੀਆਂ ਗੱਲਾਂ
ਲੇਖਕ : ਗਿਆਨੀ ਸੰਤੋਖ ਸਿੰਘ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੋ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 200
ਸੰਪਰਕ : 0183-2292513.

ਪੁਸਤਕ ਵਿਚ ਗਿਆਨੀ ਸੰਤੋਖ ਸਿੰਘ ਨੇ ਆਪਣੇ ਜੀਵਨ ਅਨੁਭਵਾਂ ਨੂੰ ਨਿਵੇਕਲੀ ਕਿਸਮ ਦੀ ਵਾਰਤਕ ਰਾਹੀਂ ਪੇਸ਼ ਕੀਤਾ ਹੈ। ਆਪਣੇ ਜੀਵਨ ਦੀਆਂ ਯਾਦਾਂ ਅਤੇ ਦਿਲਚਸਪ ਕਿੱਸਿਆਂ ਨੂੰ ਉਨ੍ਹਾਂ ਨੇ ਸਰਲ ਸਾਦੀ ਭਾਸ਼ਾ ਵਿਚ ਹਾਜ਼ਰੀ ਤੋਂ ਲੈ ਕੇ ਪ੍ਰਧਾਨਗੀ ਤੱਕ ਦੇ ਸਫ਼ਰ ਤੋਂ ਲੈ ਕੇ ਫੇਸ-ਬੁੱਕ ਦੀ ਦੀਵਾਨਗੀ, ਪੰਜਾਬੀ ਸ਼ਬਦ ਜੋੜਾਂ ਦੀਆਂ ਗ਼ਲਤੀਆਂ, ਯਾਤਰਾਵਾਂ ਦੌਰਾਨ ਵਾਪਰੀਆਂ ਘਟਨਾਵਾਂ ਆਦਿ ਨੂੰ ਪੇਸ਼ ਕਰਦਿਆਂ ਕਿਤੇ-ਕਿਤੇ ਇਨ੍ਹਾਂ ਤੋਂ ਸਬਕ ਲੈਣ ਲਈ ਵੀ ਪ੍ਰੇਰਦਾ ਹੈ।
ਲੇਖਕ ਆਪਣੇ ਧਰਮ ਪ੍ਰਤੀ ਅਤੇ ਆਪਣੀ ਅਕਾਲੀ ਪਾਰਟੀ ਪ੍ਰਤੀ ਆਪਣੀ ਅਥਾਹ ਸ਼ਰਧਾ ਅਤੇ ਵਫ਼ਾਦਾਰੀ ਨੂੰ ਵੀ ਇਸ ਪੁਸਤਕ ਵਿੱਚ ਸ਼ਾਮਲ ਕੁਝ ਲੇਖਾਂ ਰਾਹੀਂ ਦਰਸਾਉਂਦਾ ਹੈ। ਉਸ ਦੇ ਅਨੁਸਾਰ ਉਸ ਨੂੰ ਆਪਣੀ ਵਫਾਦਾਰੀ ਕਿਸੇ ਨੂੰ ਸਾਬਤ ਕਰਨ ਦੀ ਲੋੜ ਨਹੀਂ। ਉਹ ਆਪਣੀ ਕੌਮ ਦੇ ਲਈ ਸੇਵਾ ਕਰਨ ਦੇ ਲਈ ਅਜੇ ਵੀ ਤਿਆਰ-ਬਰ-ਤਿਆਰ ਹੈ। ਇਸ ਵਿਸ਼ੇ ਨਾਲ ਸਬੰਧਤ ਵਿਚਾਰ ਉਹ ਆਪਣੇ ਲੇਖ ਵਿਚਾਰ ਆਪੋ-ਆਪਣਾ ਅਸੀਂ ਮਨੁੱਖ ਹਾਂ, ਭੇਡਾਂ ਨਹੀਂ ਵਿਚ ਪੇਸ਼ ਕਰਦਾ ਹੈ। ਲੇਖਕ ਨੇ ਸਿੱਖ ਧਰਮ ਵਿਚ ਦਰਪੇਸ਼ ਕੁਝ ਮਸਲਿਆਂ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਹੈ, ਜਿਨ੍ਹਾਂ ਨੂੰ ਉਸ ਨੇ ਸਿੱਖ ਆਗੂਆਂ ਵਾਸਤੇ ਇਕ ਵਿਚਾਰਨ ਵਾਲੀ ਗੱਲ, ਸਿੱਖਾਂ ਦਾ ਹਿੰਦੂਕਰਨ, ਅਕਾਲੀ ਚਰਚਾ ਚਾਰ ਪ੍ਰਕਾਰ ਦੀ ਆਦਿ ਲੇਖਾਂ ਵਿੱਚ ਪੇਸ਼ ਕੀਤਾ ਹੈ। ਲੇਖਕ ਨੇ ਆਪਣੇ ਕੁੱਝ ਨਿੱਜੀ ਅਨੁਭਵਾਂ ਨੂੰ ਨਾੜ ਦੱਬਣੀ, ਖੋਤਾ ਤੇ ਖਡਲ, ਕੁਝ ਦਿਲਚਸਪ ਘਟਨਾਵਾਂ, ਸਵਾਗਤ ਮੇਰਾ ਇੱਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿਖੇ ਵਿਚ ਪੇਸ਼ ਕੀਤਾ ਹੈ।
ਸਰਬੱਤ ਖਾਲਸੇ ਦਾ ਇਤਿਹਤਸਿਕ ਮਹੱਤਵ ਅਤੇ ਅਜੋਕੇ ਸਮੇਂ ਦੇ ਪ੍ਰਸੰਗ ਵਿਚ ਉਸ ਦੀ ਸਾਰਥਕਤਾ ਅਤੇ ਨਤੀਜੇ, ਆਜ਼ਾਦੀ ਦੀ ਕਹਾਣੀ ਰਾਮ ਸਿੰਘ ਸਿਡਨੀ ਨਿਵਾਸੀ ਦੀ ਜ਼ਬਾਨੀ ਲੇਖ ਵਿੱਚ ਆਜ਼ਾਦੀ ਲਈ ਦਿੱਤੀ ਗਈ ਮਾਨਵਤਾ ਦੀ ਕੀਮਤ ਅਤੇ ਪੰਜਾਬੀਆਂ ਦੇ ਬਦਲਵੇਂ ਚਰਿੱਤਰ ਨੂੰ ਪੇਸ਼ ਕਰਦਿਆਂ ਲੇਖਕ ਚਿੰਤਾ ਜ਼ਾਹਿਰ ਕਰਦਾ ਹੈ ਕਿ ਬਹਾਦਰਾਂ ਦੀ ਕੌਮ ਆਪਣੇ ਅਸਲ ਮੁੱਦਿਆਂ ਤੋਂ ਭਟਕ ਰਹੀ ਹੈ। ਆਸਟ੍ਰੇਲੀਆ ਦਾ ਪੰਜਾਬੀ ਮੀਡੀਆ ਲੇਖ ਵਿੱਚ ਲੇਖਕ ਆਸਟ੍ਰੇਲੀਆ ਵਿਚ ਪੰਜਾਬੀ ਦੇ ਪ੍ਰਚਾਰ ਅਤੇ ਪਸਾਰ ਦੇ ਲਈ ਪੰਜਾਬੀਆਂ ਦੁਆਰਾ ਕੀਤੇ ਜਾ ਰਹੇ ਬਹੁਪੱਖੀ ਯਤਨਾਂ ਤੇ ਝਾਤ ਪਾਂਉਦਾ ਹੈ।

ਂਡਾ: ਸੁਖਪਾਲ ਕੌਰ ਸਮਰਾਲਾ
ਮੋ: 9888547099
ਫ ਫ ਫ

ਵਰ੍ਹਿਆਂ ਦੇ ਸਫ਼ਰ
ਲੇਖਿਕਾ : ਜਸਪਾਲ ਕੌਰ
ਪ੍ਰਕਾਸ਼ਕ : ਮੇਘਲਾ ਪ੍ਰਕਾਸ਼ਨ, ਚੋਗਾਵਾਂ (ਅੰਮ੍ਰਿਤਸਰ)
ਮੁੱਲ : 100 ਰੁਪਏ, ਸਫ਼ੇ : 78
ਸੰਪਰਕ : 94640-20767.

ਨੌਜਵਾਨ ਲੇਖਿਕਾ ਜਸਪਾਲ ਕੌਰ ਦੀ ਵਾਰਤਕ ਦੀ ਇਹ ਪਲੇਠੀ ਪੁਸਤਕ ਹੈ। ਇਸ ਪੁਸਤਕ ਦਾ ਮੁੱਖ ਮਕਸਦ ਇਕ ਨਰੋਏ, ਉਸਾਰੂ ਤੇ ਨਿਆਂ-ਆਧਾਰਿਤ ਚੰਗੇਰੇ ਸਮਾਜ ਦੇ ਸੁਪਨੇ ਨੂੰ ਸਾਕਾਰ ਕਰਨਾ ਹੈ। ਪੁਸਤਕ ਵਿਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ 19 ਲੇਖ ਹਨ। ਪਹਿਲਾ ਲੇਖ 'ਪੈਂਡੇ ਦੂਰ ਪਿਸ਼ੌਰਾਂ ਦੇ', ਕਲਮਕਾਰ ਜਸਪਾਲ ਕੌਰ ਦੇ ਅੰਦਰਲੀ, 1947 ਦੀ ਦੇਸ਼-ਵੰਡ ਦੇ ਸੰਤਾਪ/ਦੁਖਾਂਤ ਦੀ ਟੀਸ/ਕਸਕ ਨੂੰ ਬਿਆਨ ਕਰਦਾ ਹੈ। ਕੋਮਲਭਾਵੀ ਲੇਖਿਕਾ ਦੀ ਰੂਹ ਦੇ ਧੁਰ ਅੰਦਰ ਇਹ ਪੀੜ ਸਮਾਈ ਹੋਈ ਹੈ। ਦੂਜਾ ਲੇਖ 'ਰਾਵੀ ਤੋਂ ਝਨਾਂ ਪੁੱੱਛਦਾ, ਕੀ ਹਾਲ ਹੈ ਸਤਲੁਜ ਦਾ' ਵੀ ਇਸੇ ਦਰਦ ਨੂੰ 'ਸਾਰੀ ਉਮਰਾਂ ਦੇ ਵਿਛੋੜਿਆਂ' ਦੀ ਵੇਦਨਾ ਦੀ ਅੱਕਾਸੀ ਹੈ। ਵੰਨਗੀ 'ਅੰਬਰਸਰ ਤੋਂ ਕੋਈ ਆਇਆ? ਕਿਹੜਾ ਪਿੰਡ? ਇਕ ਬੰਦੇ ਨੇ ਦੱਸਿਆ, ਮੇਰਾ ਪਿੰਡ ਨਾਗ ਕਲਾਂ ਹੈ। ਪਾਕਿਸਤਾਨ ਬਜ਼ੁਰਗਂਕੀ ਉਥੇ ਉਹ ਬੋਹੜ ਹੈਗਾ, ਵੱਡੀ ਸੜਕ 'ਤੇ? ਹਾਂ, ਉਹ ਹੈ। ਬਜ਼ੁਰਗਂਮੇਰਾ ਜੀਅ ਕਰਦਾ ਇਕ ਵਾਰੀ ਫਿਰ ਵੇਖਾਂ ਮਰਨ ਤੋਂ ਪਹਿਲਾਂਂਮੇਰਾ ਬਚਪਨ ਉਹਦੇ ਥੱਲੇ ਖੇਡਦਿਆਂ ਬੀਤਿਆਂ।'
'ਨਾਰੀ ਚਲਿਤਰਬਾਜ਼ ਜਾਂ ਚਰਿੱਤਰਵਾਨ', ਸਦੀਆਂ ਤੋਂ ਤ੍ਰਿਸਕਾਰੀ ਜਾ ਰਹੀ ਔਰਤ ਜਾਤੀ ਦੇ ਮਾਣ ਸਤਿਕਾਰ ਨੂੰ ਬਹਾਲ ਕਰਨ ਦਾ ਹੋਕਾ ਹੈ। 'ਇਸ਼ਕ ਇਕ ਇਬਾਦਤ ਜਾਂ ਨਿਰੀ ਆਸ਼ਕ ਮਿਜਾਜ਼ੀ', 'ਡਲਹੌਜ਼ੀ, ਪੰਜਾਬੀ ਅਤੇ ਸ਼ਰਾਬੀ', ਚਾਰ ਦਿਨ ਮਨਾਲੀ ਵਿਚ, ਪਾਠਕ ਨੂੰ ਸਥਾਨ ਦੇ ਨਾਲ-ਨਾਲ ਤੋਰਦੇ ਹਨ। 'ਮੁੰਡਾ ਤੇ ਰੰਬਾ ਜਿੰਨਾ ਚੰਡੋ ਓਨਾ ਚੰਗਾ' ਬਹੁਤ ਵਧੀਆ ਲੇਖ ਹੈ। 'ਬਹੁਤ ਖੂਬਸੂਰਤ ਤੇ ਅਰਥ ਭਰਪੂਰ ਅਖਾਣ ਹੈ ਪਰ ਵਕਤ ਨੇ ਆਪਣੀ ਬਦਲਵੀਂ ਨਜ਼ਾਕਤ ਤੇ ਨਖ਼ਰੇ ਨਾਲ ਇਸ ਦੀ ਤੇਜ਼-ਥਰਾਰੀ ਨੂੰ ਖੁੰਢਾ ਕਰ ਦਿੱਤਾ ਹੈ। (ਪੰਨਾ 57) 'ਉਡਦਾ ਪੰਜਾਬ ਜਾਂ ਉਡਾਇਆ ਪੰਜਾਬ', ਗੰਭੀਰ ਚਿੰਤਨ ਵੱਲ ਸੰਕੇਤ ਕਰਦੈ। ਪੰਜਾਬ ਨੂੰ ਨਸ਼ਾਖ਼ੋਰੀ, ਲੱਚਰ ਗਾਇਕੀ, ਧੌਸਬਾਜ਼ੀ, ਸਿਆਸੀ ਸ਼ਤਰੰਜੀ ਚਾਲਾਂ ਦੇ ਜੂਲੇ 'ਚੋਂ ਕੱਢਣ ਦੀ ਲਲਕਾਰ ਹੈ, ਲੇਖ 'ਉੱਡਦਾ ਪੰਜਾਬ ਜਾਂ ਉਡਾਇਆ ਪੰਜਾਬ', 'ਤੁਹਾਡੇ ਅੱਗੇ ਬੇਨਤੀ ਹੈ ਗਾਉਣ ਵਾਲਿਓ। ਸਸਤੀ ਸ਼ੋਹਤ ਤੇ ਫੁਕਰਾਪਨ ਛੱਡ ਦਿਓ। ਵਾਸਤਾ ਵੇ ਤੁਹਾਨੂੰ ਪੰਜਾਬ ਦਾ, ਇਹਨੂੰ ਹੋਰ ਨਾ ਉਡਾਓ।' (ਪੰਨਾ 60) 'ਜਗਤ ਜੂਠ ਤੰਬਾਕੂ ਚੱਖਦੇ ਸਿੱਖ ਨੌਜਵਾਨ' ਲੇਖ ਜਗਤ ਜੂਠ ਤੰਬਾਕੂ ਦੀ ਲਾਹਨਤ ਦੇ ਸ਼ਿਕਾਰ ਸਿੱਖ ਨੌਜਵਾਨਾਂ ਉੱਤੇ ਤਕੜਾ ਕਟਾਕਸ਼ ਹੈ, ਉਨ੍ਹਾਂ ਦੀ ਸਹਿਕਦੀ ਜ਼ਮੀਰ ਨੂੰ ਹਲੂਣਾ ਦੇ ਕੇ ਜਗਾਉਣ ਦਾ ਉਪਰਾਲਾ ਹੈ। 'ਕੀ ਹਾਲ ਵੇ ਤੇਰਾ ਅੰਨ ਦਾਤਿਆ।' ਕਿਸਾਨੀ ਦੀ ਤਰਸਯੋਗ ਹਾਲਤ ਨੂੰ ਬਿਆਨਦੀ ਰਚਨਾ ਹੈ। ਪੁਸਤਕ ਦੇ ਬਾਕੀ ਦੇ ਲੇਖ, ਸਮੇਤ 'ਨਾਰੀ ਮਨ ਦੀ ਵੇਦਨਾ' ਪੜ੍ਹਨ ਤੇ ਵਿਚਾਰਨਯੋਗ ਹਨ। ਹਰੇਕ ਲੇਖ, ਸਮਾਜ ਨੂੰ ਕੋਈ ਨਾ ਕੋਈ ਸਾਰਥਕ ਸੰਦੇਸ਼ ਦਿੰਦਾ ਹੈ। ਲੇਖਿਕਾ ਦਾ ਬਿਆਨੀਆ ਢੰਗ ਰੌਚਕ, ਬੋਲੀ ਠੇਠ ਤੇ ਠੁੱਕਦਾਰ ਪਰ ਸਰਲ ਹੈ। ਆਉਣ ਵਾਲੇ ਸਮੇਂ ਵਿਚ, ਜਸਪਾਲ ਕੌਰ ਦੀ ਸ਼ਾਹਜ਼ੋਰ ਕਲਮ ਤੋਂ ਇਹੋ ਜਿਹੀਆਂ ਹੋਰ ਬੇਬਾਕ ਤੇ ਸਾਫ਼-ਗੋ ਲਿਖਤਾਂ/ਰਚਨਾਵਾਂ ਦੀ ਤਵੱਜੋਂ ਕੀਤੀ ਜਾ ਸਕਦੀ ਹੈ।
'ਖ਼ੁਦਾ ਕਰੇ ਜ਼ੋਰੇਂਕਲਮ ਔਰ ਜ਼ਿਆਦਾ।'

ਂਤੀਰਥ ਸਿੰਘ ਢਿੱਲੋਂ
ਮੋ: 98154-61710.
ਫ ਫ ਫ

ਹੁਣ ਔਰਤ ਅਬਲਾ ਨਹੀਂ
ਲੇਖਕ : ਗਿੱਲ ਮੋਰਾਂਵਾਲੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 95
ਸੰਪਰਕ : 98146-73236.

ਦੋਹਿਰਾ-ਕਾਵਿ ਰਾਹੀਂ ਗਿੱਲ ਮੋਰਾਂਵਾਲੀ ਨੇ ਔਰਤ ਦੀ ਮਾਨਸਿਕਤਾ ਨੂੰ ਬਿਆਨ ਕੀਤਾ ਹੈ। ਅਜੋਕੀ ਨਾਰੀ ਆਪਣੇ ਸਵੈ-ਮਾਣ ਅਤੇ ਹੱਕ ਲਈ ਲੜਦੀ ਹੈ। ਨਿਰੰਤਰ ਉਸ ਦੀ ਸੋਚ ਵਿਚ ਤਬਦੀਲੀ ਆ ਰਹੀ ਹੈ। ਸਮਾਜਿਕ ਸੰਗਠਨ ਦਾ ਯਥਾਰਥ ਔਰਤ ਜਾਣ ਗਈ ਹੈ। ਸਮਾਜ ਵਿਚ ਬਲਵਾਨ ਔਰਤਾਂ ਪਹਿਲਾਂ ਵੀ ਸਨ ਅੱਜ ਵੀ ਹਨ। ਗਿੱਲ ਨੇ ਔਰਤ ਦੀ ਵਰਤਮਾਨ ਸਥਿਤੀ ਸਨਮੁੱਖ ਇਨ੍ਹਾਂ ਦੋਹਿਆਂ ਦੀ ਸਿਰਜਣਾ ਕੀਤੀ ਹੈ। 'ਹੁਣ ਔਰਤ ਅਬਲਾ ਨਹੀਂ' ਦੋ-ਦੋ ਸਤਰਾਂ ਵਿਚ ਕਵੀ ਪੂਰੇ ਖਿਆਲ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਨਾਰੀ-ਮਨ ਦੀ ਵੇਦਨਾ ਨੂੰ ਪ੍ਰਗਟਾਉਂਦਾ ਆਸ਼ਾਵਾਦੀ ਸੋਚ ਅਪਣਾਉਂਦਾ ਹੈ। ਔਰਤ-ਮਰਦ ਦੀ ਮੁਹੱਬਤ ਦਾ ਪ੍ਰਗਟਾਵਾ ਕਰਦੇ ਇਹ ਦੋਹਿਰੇ ਲਿਖੇ ਗਏ ਹਨ।
ਵੱਖਰੀ ਗੱਲ ਹੈ ਕਿ ਦੋਹਿਰਾ ਪੁਰਾਤਨ ਪਰੰਪਰਕ ਕਵਿਤਾ ਦਾ ਰੂਪ ਹੈ, ਜਿਸ ਵਿਚ ਅਜੋਕੀਆਂ ਸਮੱਸਿਆਵਾਂ ਅਤੇ ਦਰਪੇਸ਼ ਚੁਣੌਤੀਆਂ ਨੂੰ ਬਹੁਤੀ ਸਫ਼ਲਤਾ ਨਾਲ ਪੇਸ਼ ਨਹੀਂ ਕੀਤਾ ਜਾ ਸਕਦਾ। ਆਧੁਨਿਕ ਕਵਿਤਾ ਦੇ ਨਵੇਂ ਕਾਵਿ-ਰੂਪ ਇਨ੍ਹਾਂ ਚੁਣੌਤੀਆਂ ਦਾ ਸਫਲ ਸੰਚਾਰ ਕਰ ਰਹੇ ਹਨ। ਇਕ ਦੋਹਿਰਾ ਦਾ ਨਮੂਨਾ ਪੇਸ਼ ਹੈਂ
ਹੁਣ ਔਰਤ ਅਬਲਾ ਨਹੀਂ, ਔਰਤ ਮਰਦ ਸਮਾਨ।
ਦੇਹੀ ਤਾਂ ਹੈ ਮਰਦ ਦੀ, ਵਿਚ ਔਰਤ ਦੀ ਜਾਨ।
ਇਹ ਰਵਾਇਤੀ ਕਵਿਤਾ ਦਾ ਪ੍ਰਦਰਸ਼ਨ ਕਰਦੇ ਹਨ। ਸੁੰਦਰ ਦਿੱਖ ਵਿਚ ਛਪੀ ਇਹ ਪੁਸਤਕ ਪਾਠਕ ਦਾ ਧਿਆਨ ਖਿੱਚਦੀ ਹੈ। ਆਸ ਹੈ ਕਿ ਗਿੱਲ ਮੋਰਾਂਵਾਲੀ ਅਜੋਕੇ ਮਨੁੱਖ ਨੂੰ ਦਰਪੇਸ਼ ਚੁਣੌਤੀਆਂ ਨੂੰ ਆਪਣੀ ਰਚਨਾ ਦਾ ਵਿਸ਼ਾ ਬਣਾਏਗਾ।

ਂਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.
ਫ ਫ ਫ

10/06/2017

 ਸੁਰੀਲਾ ਅਤੇ ਰਸੀਲਾ ਸ਼ੈਲੀਕਾਰ
ਪੂਰਨ ਸਿੰਘ ਪਾਂਧੀ
ਸੰਪਾਦਕ : ਪ੍ਰਿੰ: ਸਰਵਣ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 350 ਰੁਪਏ, ਸਫ਼ੇ : 248
ਸੰਪਰਕ : 99151-03490.

ਇਸ ਅਭਿਨੰਦਨ ਗ੍ਰੰਥ ਦਾ ਨਾਇਕ ਕੈਨੇਡਾ ਨਿਵਾਸੀ ਪੂਰਨ ਸਿੰਘ ਪਾਂਧੀ ਹੈ। ਇਸ ਦੇ ਸੰਪਾਦਨ ਕਰਨ ਦਾ ਸਿਹਰਾ ਵਿਦਵਾਨ ਲੇਖਕ ਪ੍ਰਿੰ: ਸਰਵਣ ਸਿੰਘ ਦੀ ਅਣਥੱਕ ਮਿਹਨਤ ਨੂੰ ਜਾਂਦਾ ਹੈ। ਇਸ ਵਿਚ 30 ਲੇਖਕਾਂ ਨੇ ਵਾਰਤਕ ਰੂਪ ਵਿਚ ਅਤੇ 5 ਨੇ ਕਾਵਿ-ਰੂਪ ਵਿਚ ਪਾਂਧੀ ਦੀ ਬਹੁ-ਮੁਖੀ ਪ੍ਰਤਿਭਾ ਨੂੰ ਵਡਿਆਇਆ ਹੈ। ਸੰਪਾਦਕ ਨੇ ਉਸ ਦੀਆਂ ਵਿਭਿੰਨ ਪੁਸਤਕਾਂ (ਤੇਰੀਆਂ ਗੱਲਾਂ ਤੇਰੇ ਨਾਲ, ਮਹਾਂਪੁਰਸ਼ ਚੰਦਾ ਸਿੰਘ, ਗਿਆਨੀ ਸ਼ੇਰ ਸਿੰਘ, ਵਿਸਾਖੀ ਅਤੇ ਸਿੱਖ, ਗੁਰੂ ਅੰਗਦ ਦੇਵ ਜੀ, ਸਿਰ ਨੀਵਾਂ ਕਰ ਦੇਖੁ, ਕਿਵ ਸਚਿਆਰਾ ਹੋਈਐ, ਹਰਮਨ ਦੇ ਦਿਲ ਦੀ ਕਹਾਣੀ, ਰਣਧੀਰ ਗਿੱਲ ਦੀ ਜੀਵਨੀ, ਸੰਗੀਤ ਦੀ ਦੁਨੀਆ) ਨਾਲ ਜਾਣ-ਪਛਾਣ ਕਰਵਾਉਂਦਿਆਂ ਉਸ ਦੀ ਰਸੀਲੀ ਸ਼ੈਲੀ ਨੂੰ ਉਦਾਹਰਨਾਂ ਸਹਿਤ ਉਜਾਗਰ ਕਰਨ ਦਾ ਉਪਰਾਲਾ ਕੀਤਾ ਹੈ। ਲੇਖਕ ਵਜੋਂ ਪਾਂਧੀ ਦਾ ਪੈਂਡਾ ਕਵਿਤਾ ਤੋਂ ਆਰੰਭ ਹੋ ਕੇ, ਕਹਾਣੀ ਪੜਾਅ ਨੂੰ ਪਾਰ ਕਰਦਿਆਂ ਅਖੀਰ ਨਿਬੰਧਕਾਰੀ ਵਿਚ ਸਿਖਰਾਂ ਛੋਹ ਗਿਆ ਹੈ। ਇਸੇ ਕਾਰਨ ਸੰੰਪਾਦਕ ਨੇ ਉਸ ਦੇ ਚਾਰ ਨਿਬੰਧ ਵੀ ਇਸ ਸੰਗ੍ਰਹਿ ਵਿਚ ਸ਼ਾਮਿਲ ਕੀਤੇ ਹਨ। ਪੁਸਤਕ ਦੇ ਅਖੀਰ 'ਤੇ ਪਾਂਧੀ ਦੀ ਸ਼ਖ਼ਸੀਅਤ ਅਤੇ ਸੰਪਰਕਾਂ ਬਾਰੇ 16 ਪੰਨਿਆਂ ਵਿਚ ਤਸਵੀਰਾਂ ਬੋਲਦੀਆਂ ਹਨ। ਸੰਪਾਦਕ ਵੱਲੋਂ ਪਾਂਧੀ ਨਾਲ ਕੀਤੀਆਂ ਖੁੱਲ੍ਹੀਆਂ ਗੱਲਾਂ ਉਸ ਦੀ ਸ਼ਖ਼ਸੀਅਤ ਦੇ ਅਨੇਕਾਂ ਪੱਖਾਂ ਨੂੰ ਰੌਸ਼ਨ ਕਰਦੀਆਂ ਹਨ। ਵਿਭਿੰਨ ਲੇਖਕਾਂ ਨੇ ਉਸ ਦੇ ਵਿਅਕਤੀਤਵ ਬਾਰੇ ਬੜੀਆਂ ਭਾਵਪੂਰਤ ਟਿੱਪਣੀਆਂ ਕੀਤੀਆਂ ਹਨ, ਮਸਲਨ : ਸੁਰੀਲੀ ਵਾਰਤਕ ਦਾ ਸਿਰਜਕ, ਕਲਾ ਦਾ ਵਗਦਾ ਦਰਿਆ, ਕਲਾਸੀਕਲ ਗਾਇਕ, ਗੁਰਮਤਿ ਦਾ ਖੋਜੀ, ਖਰਾ ਦੋਸਤ, ਮਹਿਮਾਨ ਨਿਵਾਜ, ਅੰਦਰੋਂ-ਬਾਹਰੋਂ ਸੱਚਾ ਸੁੱਚਾ, ਸੈਕੂਲਰ ਸੋਚ, ਇਲਮ ਤੇ ਅਮਲ ਦਾ ਪੂਰਾ, ਉੱਚ-ਵਿਚਾਰ ਅਤੇ ਕਿਰਦਾਰ, ਮਿੱਠ-ਬੋਲੜਾ, ਆਦਰਸ਼ ਅਧਿਆਪਕ, ਟਰੇਡ ਯੂਨੀਅਨਿਸਟ, ਮੰਚ ਦਾ ਧਨੀ, ਤਰਕਸ਼ੀਲ ਮਹਿਕਾਂ ਬਖੇਰਦੀ ਦਰਵੇਸ਼ ਰੂਹ ਆਦਿ। ਇਕ ਕਵਿਤਰੀ ਤਾਂ ਇਥੋਂ ਤੱਕ ਕਹਿ ਗਈ :
ਜਿਹੜਾ ਵੀ ਸੰਗ ਟੁਰਿਆ ਤੇਰੇ, ਤੇਰਾ ਹੋ ਕੇ ਰਹਿ ਗਿਆ ਹੈ।
ਪਾਂਧੀ ਦੇ ਦਿਨ ਪਾਂਧੀ ਜੰਮਿਆ, ਜਾਂਦਾ ਜਾਂਦਾ ਕਹਿ ਗਿਆ ਹੈ।
ਪੰ: 185 ਪਾਂਧੀ ਕਿਹੜੇ-ਕਿਹੜੇ ਗੁਣਾਂ ਦਾ ਵਾਸੁਲਾ ਹੈ, ਇਸ ਅਭਿਨੰਦਨ ਗ੍ਰੰਥ ਨੂੰ ਪੜ੍ਹ ਕੇ ਪਤਾ ਲਗਦਾ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c

ਫ਼ਤਿਹਨਾਮਾ ਤੇ ਜ਼ਫ਼ਰਨਾਮਾ ਦੇ ਕਾਵਿ ਅਨੁਵਾਦ ਅਤੇ ਹੋਰ ਲੇਖ
ਲੇਖਕ : ਰਘਬੀਰ ਸਿੰਘ ਭਰਤ
ਪ੍ਰਕਾਸ਼ਕ : ਲਾਹੌਰ ਬੁਕਸ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 94635-26893.

ਇਸ ਪੁਸਤਕ ਵਿਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ 22 ਲੇਖ ਹਨ, ਜਿਨ੍ਹਾਂ ਵਿਚ ਇਕ ਮਹੱਤਵਪੂਰਨ ਲੇਖ 'ਜ਼ਫ਼ਰਨਾਮਾ ਅਤੇ ਫ਼ਤਿਹਨਾਮਾ' ਉੱਪਰ ਇਤਿਹਾਸਕ ਪੱਤਰ ਹੈ। ਜਿਨ੍ਹਾਂ ਬਾਰੇ ਵਿਦਵਾਨਾਂ ਨੇ ਸਰਲ ਵਿਆਖਿਆ ਅਤੇ ਅਨੁਵਾਦ ਦੀ ਵਿਧੀ ਰਾਹੀਂ ਖੋਜ ਪੜਤਾਲ ਕੀਤੀ ਹੈ। ਇਨ੍ਹਾਂ ਪੱਤਰਾਂ ਦੀ ਮੂਲ ਭਾਸ਼ਾ ਫ਼ਾਰਸੀ ਸੀ। 'ਜ਼ਫ਼ਰਨਾਮਾ ਅਤੇ ਫਤਿਹਨਾਮਾ' ਦੇ ਇਹ ਕਾਵਿ ਅਨੁਵਾਦ ਅੰਗਰੇਜ਼ੀ, ਉਰਦੂ ਅਤੇ ਪੰਜਾਬੀ ਤੋਂ ਇਲਾਵਾ ਹੋਰਨਾਂ ਭਾਸ਼ਾਵਾਂ ਵਿਚ ਕੀਤੇ ਵੀ ਮਿਲਦੇ ਹਨ। ਫ਼ਤਿਹਨਾਮਾ ਦੇ 23 ਸ਼ਿਅਰ ਹਨ, ਜ਼ਫ਼ਰਨਾਮਾ ਵਿਚ 137 ਸ਼ਿਅਰ ਹਨ। ਰਘਬੀਰ ਸਿੰਘ ਭਰਤ ਨੇ ਇਨ੍ਹਾਂ ਦੋਵਾਂ ਇਤਿਹਾਸਕ ਰਚਨਾਵਾਂ ਬਾਰੇ ਬੜੇ ਵਿਸਥਾਰ ਵਿਚ ਹੋਈ ਖੋਜ ਪੜਤਾਲ ਨੂੰ ਆਪਣੀ ਆਧਾਰ ਸਮੱਗਰੀ ਬਣਾਇਆ ਹੈ। ਪੁਸਤਕ ਵਿਚਲੇ ਬਾਕੀ ਲੇਖਾਂ ਵਿਚ ਮੌਲਾ ਬਖ਼ਸ਼ ਕੁਸ਼ਤਾ, ਬਾਵਾ ਬੁੱਧ ਸਿੰਘ, ਡਾ: ਬਨਾਰਸੀ ਦਾਸ, ਗਿਆਨੀ ਖਜ਼ਾਨ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਡਾ: ਮੋਹਨ ਸਿੰਘ ਦੀਵਾਨਾ, ਸ਼ਮਸ਼ੇਰ ਸਿੰਘ ਅਸ਼ੋਕ, ਗਿਆਨੀ ਲਾਲ ਸਿੰਘ ਤੇ ਪ੍ਰੋ: ਪਿਆਰਾ ਸਿੰਘ ਪਦਮ ਸਮੇਤ ਹੋਰ ਵਿਦਵਾਨ ਲੇਖਕਾਂ ਬਾਰੇ ਲੇਖ ਦਰਜ ਕੀਤੇ ਹਨ। ਵੱਖ-ਵੱਖ ਸਮਿਆਂ ਵਿਚ ਲਿਖੇ ਇਹ ਲੇਖ ਡਾ: ਰਾਜਿੰਦਰ ਪਾਲ ਕੌਰ ਨੇ ਇਕੱਤਰ ਕਰਕੇ ਇਸ ਪੁਸਤਕ ਵਿਚ ਛਾਪ ਦਿੱਤੇ ਹਨ। ਇਹ ਸਾਰੇ ਲੇਖ ਹੀ ਮਹੱਤਵਪੂਰਨ ਹਨ। ਇਨ੍ਹਾਂ ਲੇਖਾਂ ਦੀ ਭਾਸ਼ਾ, ਸ਼ੈਲੀ ਬੜੀ ਸਰਲ ਸਾਦੀ ਹੋਣ ਕਰਕੇ ਪਾਠਕ ਨੂੰ ਕੋਈ ਮੁਸ਼ਕਿਲ ਨਹੀਂ ਆਉਂਦੀ। ਖ਼ਾਸ ਕਰਕੇ ਪਹਿਲਾ ਲੇਖ ਲੇਖਕ ਦੀ ਖੋਜ ਪੜਤਾਲ ਵਿਚ ਕੀਤੀ ਮਿਹਨਤ ਨੂੰ ਪ੍ਰਗਟਾਉਂਦਾ ਹੈ। ਇਸ ਪੁਸਤਕ ਦਾ ਸਵਾਗਤ ਕਰਦੇ ਹਾਂ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

c c c

ਮੁੱਠੀ ਭਰ ਅਰਮਾਨ
ਸ਼ਾਇਰ : ਪ੍ਰੋ: ਮਿੱਠੂ ਪਾਠਕ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 120 ਰੁਪਏ, ਸਫ਼ੇ : 80
ਸੰਪਰਕ : 94174-29133.

'ਮੁੱਠੀ ਭਰ ਅਰਮਾਨ' ਪ੍ਰੋ: ਮਿੱਠੂ ਪਾਠਕ ਦਾ ਪਹਿਲਾ ਮੌਲਿਕ ਕਾਵਿ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ ਇਕਾਠ ਕਾਵਿ ਰਚਨਾਵਾਂ ਸ਼ਾਮਿਲ ਹਨ। ਉਸ ਨੇ ਤਮਾਮ ਰਚਨਾਵਾਂ ਨੂੰ ਹਿੱਸੇਵਾਰ ਛਾਪਣ ਦੀ ਥਾਂ ਮਿਸ਼ਰਤ ਰੂਪ ਵਿਚ ਪੇਸ਼ ਕੀਤਾ ਹੈ। ਸ਼ਾਇਰ ਆਪਣੀ ਪੁਸਤਕ ਦਾ ਆਗਾਜ਼ ਗ਼ਜ਼ਲ ਤੋਂ ਕਰਦਾ ਹੈ, ਜਿਸ ਵਿਚ ਉਹ ਆਪਣੇ ਸਮਾਜ ਦੇ ਸਵਾਰਥੀ ਲੋਕਾਂ 'ਤੇ ਤਨਜ਼ ਕਰਦਾ ਹੈ। ਦੂਸਰੀ ਰਚਨਾ ਇਕ ਗੀਤ ਦੇ ਰੂਪ ਵਿਚ ਹੈ, ਜਿਸ ਵਿਚ ਸ਼ਾਇਰ ਨਿਰਾਸ਼ ਤੇ ਨਿਆਸਰਿਆਂ ਵਿਚ ਉਤਸ਼ਾਹ ਭਰਨ ਦੀ ਕੋਸ਼ਿਸ਼ ਕਰਦਾ ਹੈ ਤੇ ਕੁਝ ਕਰ ਗੁਜ਼ਰਨ ਲਈ ਪ੍ਰੇਰਦਾ ਹੈ। 'ਪਾਠਕ' ਦੀ ਕਸ਼ਮਕਸ਼ ਜ਼ਿਆਦਾਤਰ ਧੋਖੇਬਾਜ਼ ਯਾਰਾਂ ਨਾਲ ਹੈ ਤੇ ਥੱਕ ਹਾਰ ਕੇ ਬੈਠ ਗਏ ਲੋਕਾਂ ਨੂੰ ਸੰਘਰਸ਼ ਦੇ ਰਾਹ ਪਾਉਣਾ ਉਸ ਦਾ ਮੰਤਵ ਹੈ। ਉਸ ਅਨੁਸਾਰ ਹੱਕ ਸੱਚ ਲਈ ਲੜਨ ਵਾਲੇ ਲੋਕ ਅੰਬਰ ਤੋਂ ਤਾਰੇ ਤੋੜਨ ਦੀ ਸਮਰੱਥਾ ਰੱਖਦੇ ਨੇ। ਉਸ ਨੂੰ ਸਮਾਜ ਦੀ ਮੌਜੂਦਾ ਬਣਤਰ ਤੇ ਸਿਆਸੀ ਢਾਂਚੇ 'ਤੇ ਤਸੱਲੀ ਨਹੀਂ ਹੈ। ਉਹ ਆਪਣੇ ਆਲੇ-ਦੁਆਲੇ ਅਜਿਹੇ ਵਾਤਾਵਰਨ ਦੇ ਸੁਪਨੇ ਲੈਂਦਾ ਹੈ ਜਿਸ ਵਿਚ ਹਰ ਕੋਈ ਸੌਖ ਨਾਲ ਸਾਹ ਲੈ ਸਕੇ। ਸ਼ਾਇਰ ਦਿਖਾਵੇ ਦੀ ਬੰਦਗੀ ਦੇ ਖ਼ਿਲਾਫ਼ ਹੈ ਤੇ ਮਸਨੂਈ ਜ਼ਿੰਦਗੀ ਉਸ ਨੂੰ ਸਵੀਕਾਰ ਨਹੀਂ ਹੈ। 'ਮੁੱਠੀ ਭਰ ਅਰਮਾਨ' ਦੀਆਂ ਕੁਝ ਕਾਵਿ ਰਚਨਾਵਾਂ ਸ਼ਾਇਰ ਦੀ ਆਪਣੀ ਮੁਹੱਬਤੀ ਦੁਨੀਆ ਨਾਲ ਸਬੰਧਤ ਹਨ ਤੇ ਉਹ ਆਪਣੀ ਜ਼ਿੰਦਗੀ ਦੇ ਰੰਗੀਨ ਪਲਾਂ ਨੂੰ ਯਾਦ ਕਰਕੇ ਆਨੰਦ ਮਹਿਸੂਸ ਕਰਦਾ ਹੈ। ਉਹ ਕਿਸੇ 'ਤੇ ਲੋੜੋਂ ਵਧ ਭਰੋਸਾ ਕਰਨ ਵਿਚ ਯਕੀਨ ਨਹੀਂ ਰੱਖਦਾ ਤੇ ਝੂਠ-ਮੂਠ ਦੀ ਜ਼ਿੰਦਗੀ ਜਿਊਣਾ ਵੀ ਉਸ ਨੂੰ ਨਹੀਂ ਭਾਉਂਦਾ। ਪ੍ਰੋ: ਮਿੱਠੂ ਪਾਠਕ ਨੂੰ ਸਾਦ ਮੁਰਾਦੀ ਜ਼ਿੰਦਗੀ ਪਾਸੰਦ ਹੈ ਤੇ ਇਸ ਦੀ ਪੁਸਤਕ ਵਿਚ ਛਪੀਆਂ ਰਚਨਾਵਾਂ ਵੀ ਸਾਦ ਮੁਰਾਦੀਆਂ ਹਨ।

-ਗੁਰਦਿਆਲ ਰੌਸ਼ਨ
ਮੋ: 9988444002

c c c

ਚੱਕਰਵਿਊ
ਕਹਾਣੀਕਾਰ : ਰਾਮਦਾਸ ਬੰਗੜ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 103
ਸੰਪਰਕ : 99153-53800.

ਮਿੰਨੀ ਕਹਾਣੀ ਦੇ ਖੇਤਰ ਵਿਚ ਰਾਮਦਾਸ ਬੰਗੜ ਕਿਸੇ ਵੀ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। 'ਚੱਕਰਵਿਊ' ਮਿੰਨੀ ਕਹਾਣੀ ਸੰਗ੍ਰਹਿ ਵਿਚ ਕਹਾਣੀਕਾਰ ਨੇ ਸਮਾਜਿਕ, ਆਰਥਿਕ, ਪਰਿਵਾਰਕ ਉਲਝਣਾਂ ਦੇ ਚੱਕਰਵਿਊ ਵਿਚ ਫਸੀ ਲੋਕਾਈ ਦੇ ਜੀਵਨ ਯਥਾਰਥ ਨੂੰ ਪੇਸ਼ ਕੀਤਾ ਹੈ। ਇਸ ਚੱਕਰਵਿਊ ਦੀਆਂ ਅਲਾਮਤਾਂ ਵਿਚ ਨਸ਼ਾਖੋਰੀ, ਭ੍ਰਿਸ਼ਟਾਚਾਰੀ ਤੰਤਰ, ਰਿਸ਼ਤਿਆਂ ਦਾ ਵਿਗਠਨ, ਬਜ਼ੁਰਗਾਂ ਦੀ ਮਾੜੀ ਹਾਲਤ, ਘਰੇਲੂ ਉਲਝਣਾਂ ਤੇ ਉਹ ਸਾਰਾ ਕੁਝ ਸ਼ਾਮਿਲ ਹੈ, ਜਿਸ ਨੇ ਸਾਡੇ ਸਮਾਜ ਨੂੰ ਖੋਰਾ ਲਾਇਆ ਹੋਇਆ ਹੈ। ਦੋਗਲੇ ਕਿਰਦਾਰਾਂ ਅਤੇ ਗਿਰਗਿਟ ਵਾਂਗ ਰੰਗ ਬਦਲਦੇ ਲੋਕਾਂ ਦੀ ਕਹਾਣੀਕਾਰ ਨੇ ਇਸ ਮਿੰਨੀ ਕਹਾਣੀ ਸੰਗ੍ਰਹਿ ਵਿਚ ਬਾਖੂਬੀ ਨਕਾਬਕੁਸ਼ਾਈ ਕੀਤੀ ਹੈ। ਖੌਫ਼, ਲਾਰੇਬਾਜ਼, ਡਰਾਮਾ, ਠੱਗੀ, ਖਾਧੀ-ਪੀਤੀ 'ਚ ਆਦਿ ਕਹਾਣੀਆਂ ਜਿਥੇ ਭ੍ਰਿਸ਼ਟ ਤੰਤਰ ਨੂੰ ਪੇਸ਼ ਕਰਦੀਆਂ ਹਨ, ਉਥੇ 'ਗਿੱਲੀ ਥਾਂ', 'ਪੁੱਛ ਪ੍ਰਤੀਤ', 'ਕਲਯੁਗ', 'ਤੜਪ' ਵਰਗੀਆਂ ਕਹਾਣੀਆਂ ਮੋਹ ਭਿੱਜੇ ਰਿਸ਼ਤਿਆਂ ਵਿਚ ਪੈਦਾ ਹੋਏ ਸਵਾਰਥ ਨੂੰ ਪੇਸ਼ ਕਰਦੀਆਂ ਹਨ। 'ਵੈਲੇਨਟਾਈਨ ਡੇ' ਵਰਗੀ ਕਹਾਣੀ ਆਪਣੇ ਘਰ ਲੱਗੀ ਅੱਗ ਅਤੇ ਦੂਜੇ ਦੀ ਬਸੰਤਰ ਵਰਗੀ ਸਚਾਈ ਨੂੰ ਪੇਸ਼ ਕਰਦੀ ਵਧੀਆ ਕਹਾਣੀ ਹੈ। 'ਪਿੱਪਲੀ ਵਾਲਾ ਰਾਹ' ਪਾਠਕ ਨੂੰ ਧੁਰ ਅੰਦਰ ਤੱਕ ਹਿਲਾਉਣ ਵਾਲੀ ਕਹਾਣੀ ਦੇ ਰੂਪ ਵਿਚ ਸਾਹਮਣੇ ਆਉਂਦੀ ਹੈ। ਔਲਾਦ ਦੀ ਬੇਰੁਖ਼ੀ ਜਾਂ ਬਜ਼ੁਰਗਾਂ ਵੱਲੋਂ ਘਰ ਨੂੰ ਬਣਾਉਣ ਵਿਚ ਪਾਏ ਯੋਗਦਾਨ ਨੂੰ ਅੱਖੋਂ-ਪਰੋਖੇ ਕਰਕੇ ਉਨ੍ਹਾਂ ਨੂੰ ਅਣਗੌਲੇ ਕਰਨਾ ਵੀ ਸਮਾਜਿਕ ਸੱਚ ਨੂੰ ਸਾਹਮਣੇ ਲਿਆਉਂਦਾ ਹੈ। 'ਅਸਲੀਅਤ' ਅਤੇ 'ਉਪਾਅ' ਕਹਾਣੀਆਂ ਅੰਧ-ਵਿਸ਼ਵਾਸੀ ਬਿਰਤੀ ਨੂੰ ਪੇਸ਼ ਕਰਦੀਆਂ ਹਨ। ਰਾਮਦਾਸ ਬੰਗੜ ਨੇ ਇਸ ਮਿੰਨੀ ਕਹਾਣੀ-ਸੰਗ੍ਰਹਿ ਵਿਚ ਕਿਸੇ ਵੀ ਉਸ ਵਰਤਾਰੇ ਨੂੰ ਅੱਖੋਂ ਓਹਲੇ ਨਹੀਂ ਹੋਣ ਦਿੱਤਾ, ਜੋ ਸਮਾਜ ਲਈ ਘਾਤਕ ਹੈ। ਮਿੰਨੀ ਕਹਾਣੀ ਦੇ ਵਿਧਾਗਤ ਲੱਛਣਾਂ 'ਤੇ ਵੀ ਇਹ ਕਹਾਣੀਆਂ ਖਰੀਆਂ ਉਤਰਦੀਆਂ ਹਨ।

-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.

c c c

ਪੰਜਾਬੀ ਭਾਸ਼ਾ
ਗੁਰਮੁਖੀ ਲਿਪੀ : ਸੋਮੇ ਤੇ ਵਿਕਾਸ
ਲੇਖਕ : ਪ੍ਰੋ: ਜੋਗਿੰਦਰ ਸਿੰਘ
ਸੰਪਾਦਕ : ਗੁਰਮੁਖ ਸਿੰਘ (ਡਾ:)
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 400 ਰੁਪਏ, ਸਫ਼ੇ : 256
ਸੰਪਰਕ : 0175-2366485.

ਇਸ ਪੁਸਤਕ ਵਿਚ ਡਾ: ਗੁਰਮੁਖ ਸਿੰਘ ਦੇ ਸੰਪਾਦਕੀ ਨੋਟ ਤੋਂ ਇਲਾਵਾ ਪ੍ਰੋ: ਜੋਗਿੰਦਰ ਸਿੰਘ ਦੇ 22 ਨਿਬੰਧ ਹਨ। ਸਾਰੇ ਨਿਬੰਧ ਪ੍ਰਸੰਸਾਯੋਗ ਹਨ। ਇਨ੍ਹਾਂ ਨਿਬੰਧਾਂ ਵਿਚ ਪ੍ਰੋ: ਜੋਗਿੰਦਰ ਸਿੰਘ ਦਾ ਭਾਸ਼ਾ ਵਿਗਿਆਨ ਸਬੰਧੀ ਗਿਆਨ ਕਮਾਲ ਦਾ ਹੈ। ਇਨ੍ਹਾਂ ਨਿਬੰਧਾਂ 'ਚ ਕਈ ਨਵੇਂ ਤੱਥ ਪੇਸ਼ ਕੀਤੇ ਮਿਲਦੇ ਹਨ। ਅਰਬੀ, ਫਾਰਸੀ, ਸੰਸਕ੍ਰਿਤ ਦੀ ਅੰਤਰ ਸਾਂਝ, ਯੂਨਾਨੀ ਭਾਸ਼ਾ ਦਾ ਪੰਜਾਬੀ 'ਤੇ ਪ੍ਰਭਾਵ, ਸਾਮੀ ਆਰੀਆਈ ਭਾਸ਼ਾਵਾਂ, ਪੰਜਾਬੀ ਤੇ ਫਾਰਸੀ ਦਾ ਪ੍ਰਭਾਵ, ਅੰਗਰੇਜ਼ੀ ਵਿਚ ਭਾਰਤੀ ਸ਼ਬਦ, ਪੁਆਧੀ ਬਾਰੇ, ਗੁਰਮੁਖੀ ਲਿਪੀ ਦਾ ਨਿਕਾਸ, ਵਿਕਾਸ ਤੇ ਪੰਜਾਬੀ ਆਦਿ ਕਮਾਲ ਦੇ ਨਿਬੰਧ ਹਨ।
ਪ੍ਰੋ: ਜੋਗਿੰਦਰ ਸਿੰਘ ਦੇ ਨਿਬੰਧਾਂ ਦੀ ਸ਼ਬਦ ਚੋਣ ਵੀ ਪ੍ਰਸੰਸਾਯੋਗ ਹੈ। ਆਪਣੀ ਗੱਲ/ਨਜ਼ਰੀਏ ਨੂੰ ਢੁਕਵੇਂ ਤਰੀਕੇ ਨਾਲ ਨਿਭਾਉਣ ਲਈ ਪ੍ਰੋ: ਸਾਹਿਬ ਨੇ ਕਈ ਥਾਵਾਂ 'ਤੇ ਚਿੱਤਰ ਤੇ ਚਾਰਟ ਬਣਾਏ ਹਨ। ਮੁੱਕਦੀ ਗੱਲ ਕਿ ਇਹ ਪੁਸਤਕ ਭਾਸ਼ਾ ਵਿਗਿਆਨ ਦੇ ਖੇਤਰ 'ਚ ਇਕ ਇਤਿਹਾਸਕ ਦਸਤਾਵੇਜ਼ ਹੈ। ਭਾਸ਼ਾ ਵਿਗਿਆਨ ਦੇ ਖੇਤਰ ਦੇ ਵਿਦਿਆਰਥੀਆਂ ਖੋਜੀਆਂ, ਵਿਦਵਾਨਾਂ ਤੇ ਆਮ ਪਾਠਕ ਲਈ ਇਹ ਪੁਸਤਕ ਮੁੱਲਵਾਨ ਸਾਂਭਣਯੋਗ ਹੈ। ਡਾ: ਗੁਰਮੁਖ ਸਿੰਘ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਇਸ ਖਿਲਰੇ ਤੇ ਅਣਗੌਲੇ ਨਿਬੰਧਾਂ ਨੂੰ ਇਕ ਥਾਂ ਪੁਸਤਕ ਰੂਪ ਦੇ ਕੇ ਸ਼ਲਾਘਾਯੋਗ ਤੇ ਨਾ ਭੁਲਾਉਣਯੋਗ ਕਾਰਜ ਕੀਤਾ ਹੈ।

-ਪ੍ਰੋ: ਸਤਪਾਲ ਸਿੰਘ
ਮੋ: 98725-21515.

c c c

ਪਾਕਿਸਤਾਨ ਅਤੇ ਭਾਰਤ ਦੇ ਇਤਿਹਾਸਕਾਰਾਂ ਦਾ ਭਾਰਤੀ ਇਤਿਹਾਸ ਬਾਰੇ ਤਕਰਾਰ
ਲੇਖਕ : ਮੁਬਾਰਕ ਅਲੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 160
ਸੰਪਰਕ : 0172-4608699.

ਸੰਕੀਰਨ ਸਾਂਪਰਦਾਇਕ ਸੋਚ, ਨਫ਼ਰਤ ਨਾਲ ਭਰੀ ਲੜਾਕੂ ਸੋਚ, ਮਾਤ ਭੂਮੀ/ਦੇਸ਼ ਭਗਤੀ ਦੀ ਗ਼ਲਤ ਸਵੈ-ਸਿਰਜਿਤ ਪਰਿਭਾਸ਼ਾ ਅੱਜ ਦੇਸ਼ ਦੀ ਗੌਰਵਮਈ ਸਵੱਛ ਪਰੰਪਰਾ ਲਈ ਖ਼ਤਰਾ ਬਣ ਗਈ ਹੈ। ਪਾਕਿਸਤਾਨ ਅੱਧੇ ਭਾਰਤੀ ਪੰਜਾਬੀਆਂ ਦੀ ਜਨਮ ਭੂਮੀ ਹੈ। ਸਿੱਖੀ ਦੇ ਜਨਮਦਾਤਾ ਸ੍ਰੀ ਗੁਰੂ ਨਾਨਕ ਦੇਵ ਜੀ ਅਜੋਕੇ ਪਾਕਿਸਤਾਨ ਵਿਚ ਹੀ ਜਨਮੇ। ਸਾਡੇ ਪੂਜਣਯੋਗ ਅਨੇਕਾਂ ਗੁਰਦੁਆਰੇ ਅਤੇ ਅਣਮੁੱਲਾ ਇਤਿਹਾਸ ਉਸੇ ਧਰਤੀ ਨਾਲ ਜੁੜੇ ਹੋਏ ਹਨ, ਜਿਸ ਨੂੰ ਕੁਝ ਸਿਰ ਫਿਰੇ ਸਿਆਸਤਦਾਨ ਨਰਕ ਕਹਿ ਕੇ ਨਫ਼ਰਤ ਕਰਨ ਲਈ ਬਜ਼ਿੱਦ ਹਨ ਅਤੇ ਉਸ ਪ੍ਰਤੀ ਕਿਸੇ ਕਿਸਮ ਦੀ ਮਿੱਤਰਤਾ ਉਦਾਰਤਾ ਦੀ ਸੁਰ ਉਚਾਰਨ ਵਾਲੇ ਨੂੰ ਦੇਸ਼ ਧ੍ਰੋਹੀ ਗਦਾਰ ਕਹਿ ਕੇ ਸੋਸ਼ਲ ਮੀਡੀਆ ਉੱਤੇ ਰੇਪ ਤੱਕ ਦੀ ਗਾਲੀ, ਗਲੋਚ ਭਰੀ ਟਰਾਲਿੰਗ ਕਰਦੇ ਹਨ। ਪੰਜਾਬੀ ਲੇਖਕਾਂ, ਪ੍ਰਕਾਸ਼ਕਾਂ, ਅਨੁਵਾਦਕਾਂ ਤੇ ਸਮੁੱਚੇ ਪੰਜਾਬੀਆਂ ਨੇ ਹਮੇਸ਼ਾ ਸਵੱਛ, ਉਸਾਰੂ ਪ੍ਰਗਤੀਵਾਦੀ ਸੋਚ ਉੱਤੇ ਪਹਿਰਾ ਦਿੱਤਾ ਹੈ ਅਤੇ ਬਿਮਾਰ ਸੋਚ ਨੂੰ ਜਾਨ ਤਲੀ 'ਤੇ ਰੱਖ ਕੇ ਵੰਗਾਰਿਆ ਤੇ ਰੱਦਿਆ ਹੈ। ਲੋਕ ਗੀਤ ਪ੍ਰਕਾਸ਼ਨ ਨੇ ਮੁਬਾਰਕ ਅਲੀ ਦੀ ਇਸ ਪੁਸਤਕ ਨੂੰ ਪ੍ਰਕਾਸ਼ਿਤ ਕਰਕੇ ਇਸ ਸਵੱਛ ਮਾਨਸਿਕਤਾ ਦਾ ਪ੍ਰਮਾਣ ਦਿੱਤਾ ਹੈ। ਸਚਮੁੱਚ ਹੀ ਇਹ ਪੁਸਤਕ ਦੁਰਲਭ, ਬਾਦਲੀਲ ਤੇ ਸੰਕੋਚ ਮੁਕਤ ਹੈ। ਇਹ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਨੂੰ ਸਾਡੇ ਸਨਮੁੱਖ ਕਰਦੀ ਹੈ ਜਿਨ੍ਹਾਂ ਤੋਂ ਨਾ ਨਵੀਂ ਪੀੜ੍ਹੀ ਦੇ ਮੁਸਲਮਾਨ ਵਾਕਿਫ਼ ਹਨ ਅਤੇ ਨਾ ਹੀ ਹਿੰਦੂ-ਸਿੱਖ। ਨਾ ਪਾਕਿਸਤਾਨੀ, ਨਾ ਭਾਰਤੀ। ਇਕ ਮੁਸਲਿਮ ਲੇਖਕ ਵਜੋਂ ਅਜਿਹੇ ਵਾਦ-ਵਿਵਾਦੀ ਵਿਸ਼ੇ ਨੂੰ ਗੰਭੀਰਤਾ ਨਾਲ ਉਭਾਰਨਾ ਤੇ ਇਕ ਪੰਜਾਬੀ ਹਿੰਦੂ ਵੱਲੋਂ ਇਸ ਨੂੰ ਪ੍ਰਕਾਸ਼ਿਤ ਕਰਨਾ ਜੋਖ਼ਮ ਭਰਿਆ ਕਾਰਜ ਹੈ। ਚੇਤੇ ਰਹੇ ਕਿ ਦੋਵਾਂ ਪੰਜਾਬਾਂ/ਦੋਵਾਂ ਦੇਸ਼ਾਂ ਦੇ ਲੋਕ ਦੋਸਤੀ, ਪਿਆਰ ਤੇ ਪਰਸਪਰ ਸਾਂਝ ਦਾ ਦਮ ਭਰਦੇ ਹਨ। ਕੁਝ ਗ਼ਲਤ ਸੋਚ ਵਾਲੇ ਲੋਕ/ਸਿਆਸਤਦਾਨ ਹੀ ਮੁਹੱਬਤ ਦੀ ਥਾਂ ਨਫ਼ਰਤ ਦੀ ਸੁਰ ਉਚਾਰਦੇ ਹਨ। ਮੁਬਾਰਕ ਅਲੀ ਪਾਕਿਸਤਾਨੀ ਇਤਿਹਾਸ ਵਿਚ ਭਗਤ ਸਿੰਘ, ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ ਤੇ ਅਸ਼ਫ਼ਾਕ ਉਲਾ ਜਿਹੇ ਸੁਤੰਤਰਤਾ ਸੰਗਰਾਮੀਆਂ ਦੇ ਅਣਗੌਲੇ ਜਾਣ 'ਤੇ ਸਵਾਲ ਉਠਾਉਂਦਾ ਹੈ। ਇਧਰਲੇ ਪੰਜਾਬ ਵਿਚ ਬਾਬਰ ਔਰੰਗਜ਼ੇਬ ਪ੍ਰਤੀ ਬੇਮਤਲਬ ਨਫ਼ਰਤ ਤੇ ਇਕਬਾਲ, ਜਿਨਾਹ ਆਦਿ ਬਾਰੇ ਉਲਾਰ ਟਿੱਪਣੀਆਂ 'ਤੇ ਕਿੰਤੂ ਕਰਕੇ ਇਨ੍ਹਾਂ ਸਾਰਿਆਂ ਬਾਰੇ ਸੰਤੁਲਿਤ ਦ੍ਰਿਸ਼ਟੀਕੋਣ ਰੱਖਦੇ ਹੋਏ ਪ੍ਰਭਾਵਸ਼ਾਲੀ ਤੱਥ ਪੇਸ਼ ਕਰਦਾ ਹੈ। ਹਰ ਗੱਲ ਵਿਚ ਕਿਤਾਬ ਤੱਥਾਂ/ਦਲੀਲਾਂ 'ਤੇ ਕਰਦੀ ਹੈ। ਇਸ ਦਾ ਪਾਠ ਬਿਮਾਰ ਸੋਚ ਨੂੰ ਬਦਲਣ ਵਿਚ ਮਦਦ ਕਰ ਸਕਦਾ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਤਾਰਿਆਂ ਦੀ ਲੋਏ ਲੋਏ
ਕਵੀ : ਅੰਮ੍ਰਿਤ ਗਰੇਵਾਲ (ਜੌਲੀ)
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 116
ਸੰਪਰਕ : 98152-98459.

ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਉਸ ਭਾਵ-ਲੋਕ ਦੇ ਅਨੁਭਵ ਵਿਚੋਂ ਜਨਮ ਲੈਂਦੀਆਂ ਹਨ, ਜੋ ਓਪਰੇ ਲੋਕਾਂ, ਓਪਰੇ ਮਾਹੌਲ ਵਿਚ ਵਸੇਂਦੇ ਨਿਰਮੋਹੀ ਲੋਕਾਂ ਦੀ ਧਰਤੀ ਹੈ ਅਤੇ ਜਿਥੇ ਵਸੇਂਦਿਆਂ ਨੂੰ ਜੰਮਣ ਭੌਂ ਦਾ ਹੇਜ ਉਠਦਾ ਪ੍ਰਤੀਤ ਹੁੰਦਾ ਹੈ। ਅਜਿਹੇ ਵਲਵਲਿਆਂ, ਜਜ਼ਬਾਤਾਂ, ਉਦਰੇਵਿਆਂ, ਹੁਲਾਸਾਂ ਅਤੇ ਵਿਗੋਚਿਆਂ ਨੂੰ ਪੇਸ਼ ਕਰਦੀਆਂ ਹੋਈਆਂ ਇਹ ਕਵਿਤਾਵਾਂ ਪਾਠਕ-ਮਨਾਂ ਦੇ ਚੇਤਿਆਂ 'ਚ ਭਾਵਕ ਪੱਧਰ ਦਾ ਬੋਧ ਵੀ ਕਰਵਾ ਜਾਂਦੀਆਂ ਹਨ। ਜੀਵਨ ਸਫ਼ਰ ਦੇ ਦਹਾਕਿਆਂ ਵਿਚੋਂ ਅਤੇ ਤਿੰਨ ਪੀੜ੍ਹੀਆਂ ਦੇ ਸਮਾਂ-ਅੰਤਰਾਲ ਵਿਚੋਂ ਗ੍ਰਹਿਣ ਕੀਤੇ ਅਨੁਭਵਾਂ ਨੂੰ ਜਦੋਂ ਇਹ ਸ਼ਾਇਰ ਕਾਵਿ-ਬੋਲਾਂ ਜ਼ਰੀਏ ਪ੍ਰਗਟ ਕਰਦਾ ਹੈ ਤਾਂ ਸਹਿਜੇ ਹੀ ਜਿਥੇ ਸਿੱਖਿਆਤਮਕ ਕਾਵਿ-ਸੰਦੇਸ਼ਾਂ ਦਾ ਬੋਧ ਹੋ ਜਾਂਦਾ ਹੈ, ਉਥੇ ਕਵੀ ਦੀ ਰਚਨਾਤਮਕ ਸਿਰਜਣ-ਪੱਧਤੀ ਦਾ ਵੀ ਅਹਿਸਾਸ ਹੋ ਜਾਂਦਾ ਹੈ। ਪਿਆਰ, ਬ੍ਰਿਹਾ, ਮਿਲਾਪ, ਤਾਂਘ, ਮੁਹੱਬਤੀ ਸਾਂਝਾਂ ਦੀ ਤੰਦ, ਆਰਥਿਕਤਾ ਦੀ ਅਸਾਂਵੀਂ ਵੰਡ, ਸਮਾਜਿਕ ਕੁਰੀਤੀਆਂ, ਨੈਤਿਕ ਨਿਘਾਰ, ਰਿਸ਼ਤਿਆਂ ਦੀ ਪਾਕੀਜ਼ਗੀ, ਰੋਸੇ, ਸ਼ਿਕਵੇ, ਉਲਾਂਭੇ ਆਦਿ ਜਿਹੇ ਵਿਸ਼ੇ ਤਾਂ ਇਨ੍ਹਾਂ ਕਵਿਤਾਵਾਂ ਵਿਚ ਸਹਿਜ ਰੂਪ 'ਚ ਅੰਕਿਤ ਹੈ ਹੀ ਹਨ ਪਰ ਜੋ ਮਾਨਵੀ ਉਸਾਰੂ ਕਦਰਾਂ-ਕੀਮਤਾਂ ਦੀ ਸੁਰ ਇਨ੍ਹਾਂ ਕਵਿਤਾਵਾਂ ਵਿਚ ਉਬਾਰੀ ਗਈ ਹੈ, ਉਹ ਵੀ ਪਾਠਕਾਂ ਨੂੰ ਖੂਬ ਟੁੰਬਣ ਦੀ ਸ਼ਕਤੀ ਰੱਖਦੀ ਹੈ। ਦੇਸ਼-ਪ੍ਰੇਮ, ਪੰਜਾਬੀ ਭਾਸ਼ਾ ਪ੍ਰਤੀ ਲਗਾਵ, ਰਿਸ਼ਤਿਆਂ ਨੂੰ ਜੋੜ ਰੱਖਣ ਦੀ ਪ੍ਰੇਰਨਾ, ਰੁੱਖਾਂ ਦੀ ਸੰਭਾਲ, ਕੁੱਖਾਂ ਵਿਚ ਧੀਆਂ ਨੂੰ ਮਾਰਨ ਜਿਹੀਆਂ ਕੁਰੀਤੀਆਂ ਪ੍ਰਤੀ ਤ੍ਰਿਸਕਾਰ, ਆਪਣੇ ਇਤਿਹਾਸਕ ਗੌਰਵ ਨੂੰ ਸਮਝਣ ਦੀ ਚੇਸ਼ਟਾ ਅਤੇ ਸੁਹਜ-ਸੁਹੱਪਣ ਨੂੰ ਸਿਰਜਣ ਜਿਹੇ ਸਰੋਕਾਰਾਂ ਨੂੰ ਜਿਸ ਕਦਰ ਇਹ ਕਵਿਤਾਵਾਂ ਪੇਸ਼ ਕਰਦੀਆਂ ਹਨ, ਪ੍ਰਸੰਸਾਯੋਗ ਕਾਵਿ-ਸ਼ੈਲੀ ਦਾ ਪ੍ਰਗਟਾਵਾ ਹੈ। ਸਮੁੱਚੇ ਰੂਪ 'ਚ ਇਹ ਕਾਵਿ-ਸੰਗ੍ਰਹਿ ਵਿਸ਼ਵ ਵਿਆਪੀ ਉਸਾਰੂ ਮਾਨਵ ਸਿਰਜਣਾ ਦਾ ਪੈਗ਼ਾਮ ਹੈ।

-ਡਾ: ਜਗੀਰ ਸਿੰਘ ਨੂਰ
ਮੋ: 98142-09732

03/06/2017

 ਫੀਦਲ ਕਾਸਤਰੋ
ਲੇਖਕ : ਹਰਭਜਨ ਸਿੰਘ ਹੁੰਦਲ
ਪ੍ਰਕਾਸ਼ਕ : ਪੰਜਾਬ ਬੁਕ ਸੈਂਟਰ, ਚੰਡੀਗੜ੍ਹ
ਮੁੱਲ : 200 ਰੁਪਏ (ਪੇਪਰ ਬੈਕ), ਸਫ਼ੇ : 180
ਸੰਪਰਕ : 0172-2701952.

ਫੀਦਲ ਕਾਸਤਰੋ ਕਿਊਬਾ ਦਾ ਜੰਮਪਲ, ਨਿਡਰ, ਬਹਾਦਰ ਅਤੇ ਸੁੱਘੜ ਨੀਤੀਵਾਨ ਸ਼ਖ਼ਸੀਅਤ ਵਜੋਂ ਉੱਭਰ ਕੇ ਦੁਨੀਆ ਵਿਚ ਮਹਾਨ ਕਾਰਨਾਮੇ ਕਰਕੇ, ਵੱਖਰੀ ਪਛਾਣ ਸਥਾਪਿਤ ਕਰਨ ਵਾਲਾ ਯੋਧਾ ਹੋਇਆ ਹੈ। ਜਿਸ ਨੂੰ ਹਰਭਜਨ ਸਿੰਘ ਹੁੰਦਲ ਨੇ 'ਜੀਵਨੀ' ਰੂਪਾਕਾਰ ਰਾਹੀਂ ਪਾਠਕਾਂ ਦੇ ਸਨਮੁਖ ਕੀਤਾ ਹੈ। ਫੀਦਲ ਕਾਸਤਰੋ ਦੁਆਰਾ ਘਾਲਿਆ ਸੰਘਰਸ਼, ਲੇਖਕ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਵਿਭਿੰਨ ਸਬੰਧਤ ਪ੍ਰਕਾਸ਼ਿਤ ਪੁਸਤਕਾਂ ਦੇ ਦੀਰਘ ਅਧਿਐਨ ਉਪਰੰਤ ਇਸ ਜੀਵਨੀ ਨੂੰ ਨੇਪਰੇ ਚਾੜ੍ਹਿਆ ਗਿਆ ਹੈ। ਸਮਕਾਲੀ ਹਾਲਾਤ ਨੇ ਜਿਸ ਕਦਰ ਫੀਦਲ ਕਾਸਤਰੋ ਵਿਚ ਵਿਦਰੋਹੀ ਸੁਰ ਪੈਦਾ ਕੀਤੀ, ਜਿਸ ਸਦਕਾ ਉਹ ਕਿਊਬਾ ਦੇਸ਼ ਦੇ ਵਸਨੀਕਾਂ ਦਾ ਹੀ ਨਹੀਂ, ਸਗੋਂ ਉਨ੍ਹਾਂ ਦੇਸ਼ਾਂ ਦੇ ਲੋਕਾਂ ਦਾ ਵੀ ਹਰਮਨ-ਪਿਆਰਾ ਬਣ ਗਿਆ, ਜਿਹੜੇ ਦੇਸ਼ (ਲੋਕ) ਪੂੰਜੀਵਾਦੀ ਅਥਵਾ ਸਾਮਰਾਜਵਾਦੀ ਦੇਸ਼ਾਂ ਦੀ ਜਕੜ 'ਚ ਆ ਕੇ ਜੀਅ-ਭਿਊਣਾ ਜੀਵਨ ਬਸਰ ਕਰ ਰਹੇ ਸਨ। ਫੀਦਲ ਕਾਸਤਰੋ ਦੀ ਇਹ ਸੁਰ ਉਸ ਦੇ ਘਰ ਤੋਂ, ਸਕੂਲੀ ਪੜ੍ਹਾਈ ਤੋਂ, ਸਮਾਜਿਕ, ਰਾਜਨੀਤਕ-ਆਰਥਿਕ ਵਰਤਾਰੇ ਵਿਚਲੀਆਂ ਅਸੰਗਤੀਆਂ ਤੋਂ ਉੱਭਰੀ ਸੀ। ਗ਼ਰੀਬੀ ਤੋਂ ਉੱਠ ਕੇ ਹੱਦਾਂ ਪਾਰ ਕਰਦੀ ਪਿਤਾ-ਪੁਰਖੀ ਅਮੀਰੀ ਉਸ ਨੇ ਪ੍ਰਵਾਨ ਨਾ ਕੀਤੀ, ਵਕਤੀ ਡੰਗ-ਟਪਾਊ ਮਰਿਆਦਾਵਾਂ ਨੂੰ ਧਾਰਨ ਨਾ ਕੀਤਾ ਅਤੇ ਨਾ ਹੀ ਕਿਸੇ ਦੀ ਬਾਹਰੀ ਹਕੂਮਤ ਨੂੰ ਸਵੀਕਾਰਿਆ। 1947 ਵਿਚ ਉਸਨੂੰ ਰਾਜਨੀਤਕ ਚੇਟਕ ਲੱਗ ਗਈ। ਅਨੋਖਾ ਨੀਤਾ-ਘਾੜਾ ਹੋਣ ਸਦਕਾ ਹਾਰਾਂ ਵਿਚੋਂ ਜਿੱਤਾਂ ਪ੍ਰਾਪਤ ਕਰਨ ਦਾ ਅਭਿਆਸੀ ਹੋ ਨਿਬੜਿਆ। ਆਪਣੇ ਬਲਬੂਤੇ ਯੂਨੀਵਰਸਿਟੀਆਂ ਵਿਚੋਂ ਡਾਕਟਰੀ ਅਤੇ ਖ਼ਾਸ ਕਰਕੇ ਭਾਸ਼ਣ-ਕਲਾ ਦੀਆਂ ਉੱਚ-ਪ੍ਰਾਪਤੀਆਂ ਕਰਕੇ ਲੋਕ ਦਿਲਾਂ ਦੀ ਧੜਕਣ ਬਣ ਗਿਆ। ਕਾਨੂੰਨ ਦੀ ਪੜ੍ਹਾਈ ਨੇ ਉਸ ਦੀ ਸ਼ਖ਼ਸੀਅਤ ਨੂੰ ਨਿਖਾਰਨ ਵਿਚ ਉੱਘਾ ਯੋਗਦਾਨ ਪਾਇਆ ਅਤੇ ਉਹ ਤਾਨਾਸ਼ਾਹੀ ਤਾਕਤਾਂ ਦੇ ਸਨਮੁੱਖ ਤਰਕ-ਸੰਗਤ ਹਵਾਲਿਆਂ ਅਤੇ ਪ੍ਰਵਚਨਾਂ ਸਦਕਾ ਕਿਊਬਾ ਨੂੰ ਅਮਰੀਕੀ ਤਾਕਤਾਂ ਤੋਂ ਨਿਜ਼ਾਤ ਪਵਾ ਕੇ ਆਜ਼ਾਦੀ ਨੁਮਾ ਜੀਵਨ ਬਸਰ ਕਰਨ ਦਾ ਪੈਂਤੜਾ ਸਥਾਪਿਤ ਕਰ ਗਿਆ। ਪੁਸਤਕ ਵਿਚ ਅੰਕਿਤ 'ਸੂਰਮਗਤੀ ਦਾ ਪਾਠ', 'ਹੱਲੇ ਦੀ ਤਿਆਰੀ', 'ਬੈਰਕਾਂ ਵੱਲ ਕੂਚ', 'ਪਹਿਲੀ ਪਹੁਲ' ਆਦਿ ਵਿਕੋਲਿੱਤਰੇ ਸੰਘਰਸ਼ ਦੀ ਦਾਸਤਾਨ ਹਨ। ਇਸੇ ਤਰ੍ਹਾਂ 'ਕਟਹਿਰੇ ਵਿਚ', 'ਜੇਲ੍ਹਾਂ-ਹਥਕੜੀਆਂ' ਅਤੇ 'ਜਲਾਵਤਨੀ ਦੇ ਦਿਨ' ਕਾਂਡ ਵੀ ਉਸ ਦੇ ਅਨੋਖੇ ਕਾਰਨਾਮਿਆਂ ਦੀ ਝਲਕ ਦਿੰਦੇ ਪ੍ਰਤੀਤ ਹੋਏ ਹਨ।

-ਡਾ: ਜਗੀਰ ਸਿੰਘ ਨੂਰ
ਮੋ: 98142-09732

c c c

ਪੱਛਮੀ ਮੋਰਚੇ 'ਤੇ ਸ਼ਾਂਤੀ ਹੈ
ਮੂਲ ਲੇਖਕ : ਏਰਿਕ ਮਾਰੀਆ ਰੇਮਾਰਕ
ਅਨੁਵਾਦ : ਡਾ: ਹਰੀ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 192
ਸੰਪਰਕ : 98159-50590.

ਜੰਗਾਂ ਮਨੁੱਖਤਾ ਲਈ ਸਰਾਪ ਹਨ। ਮੌਤ, ਜ਼ਖ਼ਮ, ਬਰਬਾਦੀ ਤੇ ਪਸ਼ੂਪਣੇ ਦਾ ਦੂਜਾ ਨਾਂਅ ਜੰਗ ਹੈ। ਨੇਤਾ ਤੇ ਸਿਆਸਤਦਾਨ ਨਫ਼ਰਤ ਤੇ ਲੜਾਕੂ ਭਾਵਨਾਵਾਂ ਉਭਾਰ ਕੇ ਆਪਣੀ ਸਵਾਰਥ ਸਿੱਧੀ ਲਈ ਜੰਗਾਂ ਦਾ ਆਸਰਾ ਲੈਂਦੇ ਹਨ। ਪੱਛਮੀ ਮੋਰਚੇ 'ਤੇ ਸ਼ਾਂਤੀ ਹੈ ਨਾਵਲ ਜੰਗਾਂ ਦੇ ਖ਼ਿਲਾਫ਼ ਇਕ ਪ੍ਰਭਾਵਸ਼ਾਲੀ ਰਚਨਾ ਹੈ। ਇਸ ਦਾ ਇਕ ਪਾਤਰ ਕਹਿੰਦਾ ਹੈ : ਲੜਾਈ ਇਕ ਮੇਲੇ ਵਾਂਗ ਹੋਣੀ ਚਾਹੀਦੀ ਹੈ। ਇਕ ਅਖਾੜੇ ਵਿਚ ਨੇਤਾਵਾਂ ਤੇ ਜਰਨੈਲਾਂ ਦੀ ਲੜਾਈ ਹੋਵੇ। ਉਹ ਪਹਿਲਵਾਨਾਂ ਵਾਲੇ ਕੱਪੜੇ ਪਾ ਕੇ ਡਾਂਗਾਂ ਲੈ ਕੇ ਅਖਾੜੇ ਵਿਚ ਉਤਰਨ। ਦਰਸ਼ਕ ਟਿਕਟਾਂ ਲੈ ਕੇ ਵੇਖਣ। ਜਿਹੜਾ ਦੇਸ਼ ਜਿੱਤ ਜਾਵੇ, ਉਹ ਜੇਤੂ। ...ਪਰਾਏ ਪੁੱਤ ਮਰਵਾਣ ਨਾਲੋਂ ਇਹ ਸੌਦਾ ਕਿਤੇ ਵਧੀਆ ਹੈ। ਜੇ ਇੰਜ ਹੋ ਜਾਵੇ ਤਾਂ ਨੇਤਾ ਜੰਗ ਦਾ ਨਾਂਅ ਕਦੇ ਨਾ ਲੈਣ। ਪਹਿਲੇ ਵਿਸ਼ਵ ਯੁੱਧ ਵਿਚ ਆਪ ਸੈਨਿਕ ਵਜੋਂ ਸ਼ਾਮਿਲ ਹੋਏ ਰੀਮਾਰਕ ਦਾ ਇਹ ਨਾਵਲ ਜਦੋਂ 1929 ਵਿਚ ਪਹਿਲੀ ਵਾਰ ਛਪਿਆ ਤਾਂ ਨਾਜ਼ੀਆ ਨੇ ਇਸ ਦੀਆਂ ਕਾਪੀਆਂ ਸਾੜੀਆਂ ਤੇ ਜ਼ਬਤ ਕਰ ਲਿਆ ਇਹ ਨਾਵਲ। ਛਪਿਆ ਤਾਂ ਡੇਢ ਸਾਲ ਵਿਚ ਪੰਝੀ ਲੱਖ ਕਾਪੀਆਂ ਵਿਕ ਗਈਆਂ ਤੇ ਅਨੇਕਾਂ ਭਾਸ਼ਾਵਾਂ ਵਿਚ ਅਨੁਵਾਦ ਹੋਏ। ਪੰਜਾਬੀ ਵਿਚ ਇਹ ਅਨੁਵਾਦ ਪਾਕਿਸਤਾਨ ਨਾਲ ਆਢਾ ਲਾਉਣ ਤੇ ਨਫ਼ਰਤ ਦੇ ਬੀਜ ਬੀਜਣ ਦੀ ਬਿਰਤੀ ਵਿਰੁੱਧ ਚੇਤਨਾ ਜਗਾ ਸਕੇਗਾ। ਥੋੜ੍ਹੇ ਜਿਹੇ ਪੰਨਿਆਂ ਵਿਚ ਮੌਤ ਦੇ ਪਰਛਾਵੇਂ ਹੇਠ ਜਿਊਂਦੇ ਲੋਕਾਂ ਦੀ ਮਾਨਸਿਕਤਾ ਦੇ ਦਰਸ਼ਨ ਕਰਵਾ ਦਿੰਦਾ ਹੈ। ਚੰਗੇ ਭਲੇ ਪਿਆਰੇ ਲੋਕ ਪਾਗਲਾਂ/ਪਸ਼ੂਆਂ ਵਾਂਗ ਵਿਚਰਨ ਲਗਦੇ ਹਨ ਕਿਸੇ ਜੰਗ ਦੌਰਾਨ। ਭੁੱਖ, ਭੈਅ, ਪਿਆਰ, ਲਾਲਚ, ਨਫ਼ਰਤ, ਜ਼ਿੰਦਗੀ, ਮੌਤ ਇਕ ਦੂਜੇ ਵਿਚ ਉਲਝੇ ਹੋਏ ਹਨ ਇਸ ਨਾਵਲ ਵਿਚ। ਜ਼ਖ਼ਮੀ ਤੇ ਅਪਾਹਜ ਬੰਦੇ ਦੀ ਕੁਰਲਾਹਟ/ਪੀੜਾ ਖ਼ਤਮ ਕਰਨ ਲਈ ਉਸ ਨੂੰ ਮਾਰਨ ਦੀ ਸੋਚੀ ਜਾਂਦੀ ਹੈ। ਮਰੇ/ਮੌਤ ਕਿਨਾਰੇ ਪਏ ਬੰਦੇ ਦੇ ਬੂਟ ਤੱਕ ਲੈਣ ਦਾ ਲਾਲਚ ਹੁੰਦਾ ਹੈ। ਮੋਏ ਬੰਦਿਆਂ ਦੇ ਹਿੱਸੇ ਦੇ ਰਾਸ਼ਨ ਆਸਰੇ ਢਿੱਡ ਭਰ ਕੇ ਖਾਣ ਦੀ ਭੁੱਖ ਜਾਗਦੀ ਹੈ। ਪੀੜਾ ਨਾਲ ਕਰਾਂਹਦੇ ਪਸ਼ੂ ਮਾਰ ਕਿਉਂ ਨਾ ਦਿੱਤੇ ਜਾਣ। ਬੰਬ/ਗੋਲੀ/ਤੋਪ ਕਦੋਂ ਕਿਸ ਨੂੰ ਅਪਾਹਜ ਕਰ ਦੇਵੇ। ਖ਼ਤਮ ਕਰ ਦੇਵੇ। ਪਹਿਲੀ ਵਾਰ ਤੋਪਾਂ/ਬੰਬਾਂ ਦੀ ਅੱਗ ਹੇਠ ਜਾਣਾ ਤੇ ਮੁੜ ਦੂਜਿਆਂ ਨੂੰ ਮਰਦੇ ਵੇਖਣਾ ਭਿਅੰਕਰ ਗੱਲਾਂ ਹਨ। ਸਿਆਸਤਦਾਨ ਤਾਂ ਫਿਰ ਨਾਵਲ ਨਹੀਂ ਪੜ੍ਹਨਗੇ ਪਰ ਚੇਤੰਨ ਸਿਆਣੇ ਲੋਕਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਸਗਲੇ ਜੀਅ ਤੁਮ੍ਹਾਰੇ
ਲੇਖਕ : ਕੰਵਲਜੀਤ ਸਿੰਘ ਸੂਰੀ
ਪ੍ਰਕਾਸ਼ਕ : ਲੋਕ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 125 ਰੁਪਏ, ਸਫ਼ੇ : 104
ਸੰਪਰਕ : 93573-24241.

ਹਥਲੇ ਨਾਵਲ 'ਸਗਲੇ ਜੀਅ ਤੁਮ੍ਹਾਰੇ' ਦਾ ਵਿਸ਼ਾ ਵਸਤੂ ਵੀ ਅਜੋਕੇ ਯੁੱਗ ਵਿਚ ਸੰਤਾਪ ਹੰਢਾਅ ਰਹੀ ਔਰਤ ਨੂੰ ਕੇਂਦਰ ਬਿੰਦੂ ਬਣਾ ਕੇ ਉਸਾਰਿਆ ਗਿਆ ਹੈ। ਔਰਤ ਜਿੰਨੀ ਮਰਜ਼ੀ ਆਜ਼ਾਦ ਖਿਆਲਾਂ ਦੀ, ਸਵੈਨਿਰਭਰ ਤੇ ਉੱਚ ਅਹੁਦੇ 'ਤੇ ਪੁੱਜ ਜਾਏ ਪਰ ਉਸ ਦੀ ਹੋਂਦ ਤਾਂ ਆਧੁਨਿਕ, ਪੜ੍ਹੇ-ਲਿਖੇ ਤੇ ਅਖੌਤੀ ਆਧੁਨਿਕ ਮਾਨਸਿਕਤਾ ਵਾਲੇ ਸਮਾਜ ਵਿਚ ਹੀ ਹੈ, ਜਿਸ ਉੱਤੇ ਪੁਰਾਤਨ ਵਿਚਾਰਧਾਰਾ ਵਾਲੇ ਮਰਦ ਦਾ ਗਲਬਾ ਹੈ ਜੋ ਆਪਣੀ ਸੋਚ ਤੇ ਮਾਨਸਿਕਤਾ ਨੂੰ ਨਹੀਂ ਬਦਲ ਸਕਿਆ, ਜਾਗੀਰਦਾਰੀ ਯੁੱਗ ਦੀ ਸੋਚ ਵਿਚੋਂ ਨਿਕਲਣ ਤੋਂ ਅਸਮਰੱਥ ਹੈ। ਇਸ ਦਕੀਆਨੂਸੀ ਵਿਚਾਰਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਔਰਤ ਨੂੰ। ਇਸ ਨਾਵਲ ਦੀ ਕਹਾਣੀ ਪਿਛਲਝਾਤ ਰਾਹੀਂ ਉਸਾਰੀ ਗਈ ਹੈ ਜੋ ਕੁੜੀਆਂ ਦੇ ਸਕੂਲ ਤੋਂ ਸ਼ੁਰੂ ਹੋ ਕੇ ਉਸ ਸਕੂਲ ਵਿਚ ਹੀ ਖ਼ਤਮ ਹੋ ਜਾਂਦੀ ਹੈ। ਵੀਹ ਕਾਂਡਾਂ ਵਾਲੇ ਛੋਟੇ ਆਕਾਰ ਦਾ ਨਾਵਲ ਇਕ ਵਧੀਆ ਫਿਲਾਸਫ਼ੀ ਸਮੋਈ ਬੈਠਾ ਹੈ ਆਪਣੇ-ਆਪ ਵਿਚ। ਨਾਵਲ ਦਾ ਨਾਇਕ ਗੁਲਾਬ ਸਿੰਘ ਇਕ ਉੱਚੇ-ਸੁੱਚੇ ਆਦਰਸ਼ ਦਾ ਮਾਲਕ ਹੈ ਅਤੇ ਜਦੋਂ ਜਿਥੇ ਵੀ ਕੋਈ ਗ਼ਲਤ, ਬਨਾਵਟੀ ਜਾਂ ਪਾਖੰਡਵਾਦੀ ਘਟਨਾ ਜਾਂ ਪਾਤਰ ਵੇਖਦਾ ਹੈ, ਉਸ ਨੂੰ ਉਥੇ ਹੀ ਟੋਕਾਟਾਕੀ ਕਰਦਾ ਤੇ ਆਲੋਚਨਾ ਦਾ ਸ਼ਿਕਾਰ ਹੁੰਦਾ ਹੈ। ਇਹ ਪਾਤਰ ਭਾਵੇਂ ਗੁਰਦੁਆਰੇ ਬਰਤਨ ਸਾਫ਼ ਕਰਦੀ ਤੇ ਪੋਚੇ ਮਾਰਦੀ ਗੁਆਂਢਣ ਹੋਵੇ, ਗੁਰਦੁਆਰੇ ਦਾ ਭਾਈ ਹੋਵੇ, ਭ੍ਰਿਸ਼ਟ ਮੈਨੇਜਰ ਹੋਵੇ, ਅਖ਼ਬਾਰ ਦਾ ਸੰਪਾਦਕ ਹੋਵੇ ਜਾਂ ਕੋਈ ਪੁਲਿਸ ਅਫ਼ਸਰ ਹੋਵੇ, ਉਹ ਟੋਕਾਟਾਕੀ ਕੀਤੇ ਬਿਨਾਂ ਨਹੀਂ ਰਹਿ ਸਕਦਾ। ਉਸ ਨੂੰ ਬੁਰਾਈ ਤੋਂ ਨਫ਼ਰਤ ਹੈ ਪਰ ਇਸ ਨਾਲ ਨਿਪਟਾਰਾ ਕਿਵੇਂ ਕਰਨਾ ਹੈ, ਉਹ ਨਹੀਂ ਜਾਣਦਾ, ਜਿਸ ਕਰਕੇ ਕਈ ਵਾਰ ਗਾਲੀ-ਗਲੋਚ ਤੇ ਕੁੱਟਮਾਰ ਦਾ ਸ਼ਿਕਾਰ ਵੀ ਹੁੰਦਾ ਹੈ। ਉਹ ਭੁੱਲ ਜਾਂਦਾ ਹੈ ਕਿ ਜੋ ਬੁਰਾਈ ਸਮਾਜ ਵਿਚ ਜੜ੍ਹਾਂ ਫੜ ਚੁੱਕੀ ਹੈ, ਉਹ ਇਕ ਇਕੱਲੇ ਵਿਅਕਤੀ ਦੇ ਵੱਸ ਦਾ ਰੋਗ ਨਹੀਂ। ਦੂਸਰਾ ਪਾਤਰ ਹੈ ਗਾਚਣੀ ਵਾਲਾ ਪਾਖੰਡੀ ਬਾਬਾ ਜੋ ਸਕੂਲ ਖੋਲ੍ਹਣ ਦੇ ਵਿਰੁੱਧ ਹੈ ਜਦੋਂ ਕਿ ਨਿਹਾਲ ਸਿੰਘ ਤੇ ਉਸ ਦੀ ਬੇਟੀ ਲਤਾ ਸਮਾਜ ਸੇਵਾ ਦੇ ਨਾਤੇ ਸਕੂਲ ਚਲਾ ਰਹੇ ਹਨ ਤੇ ਬਾਬੇ ਦੇ ਵਿਰੁੱਧ ਸੰਘਰਸ਼ ਵੀ ਕਰਦੇ ਹਨ। ਗੁਲਾਬ ਸਿੰਘ ਜੋ ਮਾਨਸਿਕ ਰੋਗੀ ਹੋ ਜਾਂਦਾ ਹੈ ਪਿਉ ਧੀ ਦੇ ਪਿਆਰ ਸਦਕਾ ਤੰਦਰੁਸਤ ਹੋ ਕੇ ਮੁੜ ਸਮਾਜ ਸੇਵਾ ਵਿਚ ਜੁਟ ਜਾਂਦਾ ਹੈ। ਨਾਵਲ ਦਾ ਇਕਦਮ ਹੋਇਆ ਅੰਤ ਥੋੜ੍ਹਾ ਜਿਹਾ ਖਲਦਾ ਹੈ। ਨਾਵਲ ਕਥਾਨਕ, ਵਾਰਤਾਲਾਪ, ਪਾਤਰ ਉਸਾਰੀ, ਬੋਲੀ ਤੇ ਸ਼ੈਲੀ ਦੇ ਪੱਖ ਤੋਂ ਕਾਫੀ ਸਫ਼ਲ ਹੈ ਤੇ ਪਾਠਕ ਨੂੰ ਉਂਗਲੀ ਲਾ ਕੇ ਨਾਲ-ਨਾਲ ਤੋਰੀ ਰੱਖਦਾ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

c c c

ਮਹਾਂਕਵੀ ਕਾਲੀਦਾਸ ਕ੍ਰਿਤ
ਮੇਘਦੂਤਮ
ਅਨੁਵਾਦਕ ਤੇ ਵਿਆਖਿਆਕਾਰ: ਡਾ: ਮਹੇਸ਼ ਚੰਦਰ ਸ਼ਰਮਾ ਗੌਤਮ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 148
ਸੰਪਰਕ : 97811-24775.

ਮਹਾਂਕਵੀ ਕਾਲੀਦਾਸ, ਸੰਸਕ੍ਰਿਤ ਦੇ ਪ੍ਰਸਿੱਧ ਵਿਦਵਾਨ ਸਨ, ਜਿਨ੍ਹਾਂ ਦੀ ਵਿਦਵਤਾ, ਸਮੁੱਚੇ ਵਿਸ਼ਵ ਭਰ ਵਿਚ ਫੈਲੀ ਹੋਈ ਹੈ। ਉਂਜ ਤਾਂ ਆਪ ਦੀਆਂ ਰਚਨਾਵਾਂ ਦੀ ਗਿਣਤੀ 7 ਹੈ, ਪ੍ਰੰਤੂ ਆਪ ਨੇ ਚਾਰ ਕਾਵਿ-ਰਚਨਾਵਾਂ ਅਤੇ ਤਿੰਨ ਨਾਟਕ ਲਿਖ ਕੇ ਜਗਤ-ਪ੍ਰਸਿੱਧੀ ਪ੍ਰਾਪਤ ਕੀਤੀ ਹੈ ਮੇਘਦੂਤ ਆਪ ਦਾ ਪ੍ਰਸਿੱਧ ਨਾਟਕ ਹੈ। ਮੇਘਦੂਤ ਇਕ ਖੰਡ-ਕਾਵਿ ਹੈ; ਜਿਸ ਵਿਚ ਯਕਸ਼, ਮੇਘ ਨੂੰ ਦੂਤ ਬਣਾ ਕੇ; ਬਿਰਹਾ ਨਾਲ ਤੜਪਦੀ ਆਪਣੀ ਪਤਨੀ ਕੋਲ ਸੁਨੇਹਾ ਭੇਜਦਾ ਹੈ ਤਾਂ ਕਿ ਉਹ ਪਤੀ ਦਾ ਸੁਨੇਹਾ ਪ੍ਰਾਪਤ ਕਰਕੇ ਸੰਤੁਸ਼ਟ ਹੋ ਜਾਵੇ। ਯਕਸ਼ ਨੂੰ ਉਸ ਦੇ ਸਵਾਮੀ ਕੁਬੇਰ ਨੂੰ ਆਪਣੀ ਡਿਊਟੀ ਪੂਰੀ ਨਾ ਕਰਨ ਉੱਪਰ ਇਕ ਸਾਲ ਦੀ ਸਜ਼ਾ ਦਿੱਤੀ ਸੀ; ਕੁਬੇਰ, ਸੁਪਤਨੀ ਦੇ ਵਿਯੋਗ ਵਿਚ ਤੜਪਦਾ ਹੈ ਤੇ ਸਾਉਣ ਮਹੀਨੇ ਦੇ ਬੱਦਲਾਂ ਰਾਹੀਂ ਆਪਣੀ ਪਤਨੀ ਨੂੰ ਸੁਨੇਹੇ ਭੇਜਦਾ ਹੈ। ਬੱਦਲ ਵੱਖ-ਵੱਖ ਪੜਾਵਾਂ ਉੱਪਰ ਪੁੱਜ ਕੇ ਕੁਬੇਰ ਸੁਪਤਨੀ ਨੂੰ ਸੁਨੇਹੇ ਦਿੰਦੇ ਹਨ ਅਤੇ ਉਸ ਨੂੰ ਤਸੱਲੀ ਪ੍ਰਾਪਤ ਹੁੰਦੀ ਹੈ।
ਇਸ ਖੰਡ ਕਾਵਿ ਨਾਟਕ ਦੀਆਂ ਅਨੇਕਾਂ ਕਲਾਤਮਿਕ ਖੂਬੀਆਂ ਹਨ, ਲੇਖਕ ਨੇ ਆਪਣੇ ਪਾਠਕਾਂ ਸਰੋਤਿਆਂ ਨੂੰ ਜ਼ਿੰਦਗੀ ਨੂੰ ਨੈਤਿਕ ਮੁੱਲਾਂ ਪ੍ਰਤੀ ਸੁਚੇਤ ਕਰਦਿਆਂ; ਔਰਤ-ਮਰਦ ਦੇ ਰਿਸ਼ਤੇ ਦੀ ਮਹੱਤਤਾ ਦਰਸਾਈ ਹੈ। ਬਿਰਹਾ ਅਵਸਥਾ ਵਿਚ ਮਰਦ ਇਸਤਰੀ ਦਾ ਤਨ, ਮਨ ਕਮਜ਼ੋਰ ਹੋ ਜਾਂਦਾ ਹੈ। ਬਿਰਹਾ ਵਿਚ ਮੋਈ ਬਿਰਹਨ ਦੀ ਤਨ ਮਨ ਵਿਚ ਨਿਰਾਸ਼ਾ ਉਦਾਸੀ ਉਪਰਾਮਤਾ ਦੀ ਅਵਸਥਾ ਵਾਪਰ ਜਾਂਦੀ ਹੈ। ਕਵੀ ਕਾਵਿ ਰਚਣ ਸਮੇਂ, ਛੰਦਾਂ, ਅਲੰਕਾਰਾਂ, ਰਸਾਂ ਅਤੇ ਬਿੰਬਾਂ ਦੀ ਖੂਬ ਵਰਤੋਂ ਕਰਦਾ ਹੈ। ਅਨੇਕਾਂ ਮਹਿਕੀਂਦੇ ਸੁੰਦਰ ਫੁੱਲਾਂ, ਬਨਸਪਤੀ ਦੀਆਂ ਸੁਹਾਵਣੀਆਂ ਗੁਫ਼ਾਵਾਂ ਦਾ ਵਰਨਣ ਬਹੁਤ ਮਨ-ਮੋਹਣਾ ਹੈ। ਯਕਸ਼-ਮੇਘ ਨੂੰ ਸੰਬੋਧਤ ਹੁੰਦਾ ਹੈ। ਕਵੀ ਵੱਲੋਂ ਬਿਰਹਾ ਅਵਸਥਾ ਦਾ ਵਸਤੂ ਵੇਰਵਾ ਬਹੁਤ ਪ੍ਰਭਾਵਸ਼ਾਲੀ ਹੈ। ਡਾ: ਮਹੇਸ਼ ਚੰਦਰ ਸ਼ਰਮਾ ਗੌਤਮ, ਸੰਸਕ੍ਰਿਤ ਹਿੰਦੀ ਦੇ ਵਰਤਮਾਨ ਕਾਲ ਦੇ ਪ੍ਰਸਿੱਧ ਵਿਦਵਾਨ ਹਨ। ਉਨ੍ਹਾਂ ਵੱਲੋਂ ਕੀਤਾ ਪੰਜਾਬੀ ਅਨੁਸਾਰ ਅਨੁਵਾਦ ਢੁਕਵਾਂ ਮੁੱਲਵਾਨ ਅਤੇ ਸਾਰਥਕ ਹੈ। ਮਹਾਂਕਵੀ ਕਾਲੀਦਾਸ ਖੰਡਨਾਟ ਦੇ ਅਸਲ ਸਾਰ ਤੱਤ ਦੀ ਕਲਾਤਮਕ ਸੰਰਚਨਾ ਅਤੇ ਮੂਲ ਕਥਾ ਦੀ ਵਿਸਥਾਰ ਸਹਿਤ ਅਰਥ ਵਿਆਖਿਆ ਪੰਜਾਬੀ ਪਾਠਕਾਂ ਲਈ ਨਵੀਂ ਅਦੁੱਤੀ ਸੁਗਾਤ ਵਾਂਗ ਹੈ।

-ਡਾ: ਅਮਰ ਕੋਮਲ
ਮੋ: 08437873565.

c c c

ਡੂੰਘੇ ਸਾਗਰ ਵਗਦੇ ਦਰਿਆ
ਲੇਖਕ : ਡਾ: ਐਸ. ਤਰਸੇਮ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 350 ਰੁਪਏ, ਸਫ਼ੇ : 216
ਸੰਪਰਕ : 95015-36644.

ਇਹ ਪੁਸਤਕ ਲੇਖਕ ਵੱਲੋਂ ਸਿਰਜੇ ਗਏ ਸ਼ਬਦ-ਚਿੱਤਰਾਂ ਦਾ ਤੀਜਾ ਸੰਗ੍ਰਹਿ ਹੈ। ਇਸ ਵਿਚ 16 ਅਦੀਬਾਂ ਦਾ ਜ਼ਿੰਦਗੀਨਾਮਾ ਸ਼ਾਮਿਲ ਹੈ। ਇਨ੍ਹਾਂ ਯਾਦਾਂ ਨੂੰ ਜਨਮ ਮਿਤੀ ਅਨੁਸਾਰ ਕ੍ਰਮਬੱਧ ਕੀਤਾ ਗਿਆ ਹੈ। ਪਹਿਲੇ ਦੋ ਸ਼ਬਦ-ਚਿੱਤਰਾਂ ਦੀ ਸਮੱਗਰੀ ਉਨ੍ਹਾਂ ਦੇ ਜੀਵਨ ਅਤੇ ਪੜ੍ਹੀਆਂ ਰਚਨਾਵਾਂ ਤੋਂ ਪ੍ਰਾਪਤ ਕੀਤੀ ਗਈ-ਇਹ ਹਨ ਫ਼ੈਜ਼ ਅਤੇ ਮੰਟੋ। ਬਾਕੀ ਦੇ 14 ਸ਼ਬਦ-ਚਿੱਤਰ 'ਅੱਖੀਂ ਡਿੱਠਾ ਕਿੱਸਾ ਕੀਤਾ' ਅਨੁਸਾਰ ਵਾਰਤਕ-ਜਾਮਾ ਪਹਿਨਦੇ ਹਨ। ਹਰ ਪੇਸ਼ ਸ਼ਖ਼ਸੀਅਤ ਦੀ ਜਨਮ ਤੋਂ ਲੰਮੀ ਆਯੂ/ਮੌਤ ਤੱਕ ਦੀ ਦਾਸਤਾਂ ਪੇਸ਼ ਕੀਤੀ ਗਈ ਹੈ। ਲੰਮੀ ਆਯੂ ਵਾਲਿਆਂ ਵਿਚ 'ਰਤਨ' ਅਤੇ 'ਭੁੱਲਰ' ਸ਼ਾਮਿਲ ਹਨ। ਅਸਤਿਤਵਵਾਦੀ ਦ੍ਰਿਸ਼ਟੀ ਤੋਂ ਹਰੇਕ ਨੇ ਜਿਸ ਤਥਾਤਮਕਤਾ (ਫੈਕਟੀਸਿਟੀ) ਵਿਚ ਜਨਮ ਲੈ ਕੇ ਆਪਣੀ ਜੀਵਨ ਬਾਜ਼ੀ ਖੇਡੀ ਹੈ ਉਸ ਦੀਆਂ ਚੋਣਵੀਆਂ ਪ੍ਰਮੁੱਖ ਘਟਨਾਵਾਂ ਦੀ ਪ੍ਰਸਤੁਤੀ ਸ਼ਬਦ-ਚਿੱਤਰਾਂ ਦਾ ਹਾਸਲ ਹੈ। ਸ਼ਬਦ-ਚਿੱਤਰਾਂ ਦੇ ਨਾਇਕਾਂ ਨਾਲ ਲੇਖਕ ਦੀ ਪਰਿਵਾਰਿਕ ਨੇੜਤਾ ਅਤੇ ਨਿੱਜੀ ਸਬੰਧ ਵਿਸਥਾਰ ਸਹਿਤ ਉਲੀਕੇ ਗਏ ਹਨ। ਇਸੇ ਕਾਰਨ ਇਹ ਸ਼ਬਦ ਚਿੱਤਰ ਲੇਖਕ ਦੇ ਆਪਣੇ ਜੀਵਨ ਦੁਆਲੇ ਪਰਿਕਰਮਾ ਕਰਦੇ ਹਨ। ਹਰੇਕ ਸ਼ਬਦ-ਚਿੱਤਰ ਵਿਚ ਸਰੀਰਕ ਦਿਖ ਨੂੰ ਅਹਿਮ ਸਥਾਨ ਪ੍ਰਾਪਤ ਹੈ। ਪੁਸਤਕ ਦਾ ਅਧਿਐਨ ਕਰਦਿਆਂ ਅਨੇਕਾਂ ਸ਼ਖ਼ਸੀਅਤਾਂ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਪਾਠਕਾਂ ਦੀ ਯਾਦ ਸ਼ਕਤੀ ਦਾ ਅੰਗ ਬਣੇ ਬਿਨਾਂ ਨਹੀਂ ਰਹਿ ਸਕਦੀਆਂ। ਮਸਲਨ : ਫ਼ੈਜ ਤੇ ਰਾਵਲਪਿੰਡੀ ਸਾਜ਼ਿਸ਼ ਕੇਸ; ਮੰਟੋ ਦੇ ਪੰਜ ਅਫ਼ਸਾਨਿਆਂ 'ਤੇ ਮੁਕੱਦਮੇ; ਗਿਆਨੀ ਲਾਲ ਸਿੰਘ ਦੀ ਨਿਮਰਤਾ, ਸਿਆਣਪ ਤੇ ਮਿਠਾਸ; ਪਿਉ ਪੁੱਤਰ ਵਾਲੇ ਨਰੂਲਾ ਦੀ ਫਲਵਹਿਰੀ-ਹੀਣਤਾ; ਸੁਰਜੀਤ ਰਾਮਪੁਰੀ ਵੱਲੋਂ ਸਥਾਪਤ ਸਾਹਿਤ ਸਭਾ ਰਾਮਪੁਰ; ਕਰਤਾਰ ਪੰਛੀ ਦੀ ਨਾਮਧਾਰੀ-ਕਾਮਰੇਡੀ; ਕਾ: ਸੁਰਜੀਤ ਗਿੱਲ ਦੀ ਸ਼ੁੱਧ-ਕਾਮਰੇਡੀ; ਭਾਨ ਸਿੰਘ ਭੌਰਾ-ਸਿਆਸਤ ਤੇ ਸ਼ਾਇਰੀ ਦਾ ਸੁਮੇਲ; ਟੀ. ਆਰ. ਵਿਨੋਦ-ਮਾਰਕਸਵਾਦੀ ਆਲੋਚਨਾ; ਬਸੰਤ ਕੁਮਾਰ ਰਤਨ ਦਾ ਕਾਫ਼ਿਰਪੁਣਾ ਭੁੱਲਰ-ਕਹਾਣੀਕਾਰ, ਆਲੋਚਕ ਤੇ ਅਨੁਵਾਦਕ; ਡਾ: ਗੁਰਦਰਸ਼ਨ ਦੀ ਸ਼ਿਵ ਕੁਮਾਰ ਵਰਗੀ ਸ਼ਾਇਰੀ; ਗੁਰਮੀਤ ਹੇਅਰ ਦੀ ਪੱਕੀ ਯਾਰੀ; ਡਾ: ਰਵਿੰਦਰ ਕਵੀ ਦੀ ਮਾਰਕਸੀ ਆਲੋਚਨਾ, ਸੈਨੇਟਰ, ਕੇਂਦਰੀ ਸਭਾ ਸਕੱਤਰੀ ਆਦਿ ਤੋਂ ਬਿਨਾਂ ਕਾਲੇ ਦਿਨੀਂ ਸ਼ਹੀਦੀ। ਲੇਖਕ ਦੀ ਸ਼ੈਲੀ ਉੱਤਮ-ਪੁਰਖੀ ਹੈ। ਕਈ ਘਟਨਾਵਾਂ ਬਾਅਦ ਵਿਚ ਬਿਆਨ ਕਰਨ ਲਈ 'ਸਥਗਨ' ਜੁਗਤ ਆਮ ਹੀ ਵਰਤ ਜਾਂਦਾ ਹੈ। ਪਾਠਕਾਂ ਨਾਲ ਨੇੜਤਾ ਰੱਖਣ ਲਈ ਹੁਣ ਲਓ, ਰਹੀ ਗੱਲ, ਜਨਾਬ, ਕਿਬਲਾ, ਹਜ਼ੂਰ ਆਦਿ ਸੰਬੋਧਨੀ ਸ਼ਬਦਾਂ ਦਾ ਪ੍ਰਯੋਗ ਕਰਦਾ ਹੈ। ਇਹ ਸ਼ਬਦ-ਚਿੱਤਰ ਯਾਦਾਂ (ਮੇਮਾਇਰਜ਼) ਦੀ ਸ਼੍ਰੇਣੀ ਵਿਚ ਰੱਖੇ ਜਾ ਸਕਦੇ ਹਨ। ਇਨ੍ਹਾਂ ਵਿਚ ਸਵੈ-ਸੰਸਮਰਣ ਅਤੇ ਪਰ-ਸੰਸਮਰਣ ਘਿਉ-ਖਿਚੜੀ ਹੋਏ ਵੇਖੇ ਜਾ ਸਕਦੇ ਹਨ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c

ਨਾਟਕ
ਯੁੱਗ ਵਰਤਾਰਾ
(ਪ੍ਰੋਡਕਸ਼ਨ ਐਡੀਸ਼ਨ)
ਲੇਖਕ : ਪੀ. ਐਨ. ਸ਼ਾਹੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 94176-79274.

ਲੇਖਕ ਕੋਲ ਰੰਗਮੰਚ ਬਾਰੇ ਤਕਨੀਕੀ ਮੁਹਾਰਤ ਹੈ, ਜਿਸ ਸਬੰਧੀ ਉਹ ਪਾਠਕਾਂ ਨਾਲ ਸਾਂਝ ਵੀ ਪਾਉਂਦਾ ਹੈ। ਬਲਾਕਿੰਗ ਅਤੇ ਸਟੇਜ ਜੌਗਰਾਫੀਏ ਦਾ ਪੂਰਾ ਚੈਪਟਰ ਸ਼ਾਮਿਲ ਹੈ, ਜੋ ਰੰਗਮੰਚ ਨਿਰਦੇਸ਼ਕਾਂ ਲਈ ਕਾਫੀ ਲਾਹੇਵੰਦ ਹੋ ਸਕਦਾ ਹੈ। ਯੁੱਗ ਵਰਤਾਰਾ ਨਾਟਕ ਬਾਰੇ ਜਾਣਕਾਰੀ ਦਿੰਦਿਆਂ ਲੇਖਕ ਦੱਸਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਰਮਚਾਰੀ ਸੰਘ ਦੇ 1996 ਵਿਚ ਹੋਏ ਸਾਲਾਨਾ ਇਜਲਾਸ ਮੌਕੇ ਇਸ ਦੀ ਰਚਨਾ ਹੋਈ ਜਿਸ ਦੀਆਂ ਬਾਅਦ ਵਿਚ ਵੱਖ-ਵੱਖ ਥਾਵਾਂ 'ਤੇ ਪੇਸ਼ਕਾਰੀਆਂ ਹੋਈਆਂ। ਨਾਟਕ ਪੇਸ਼ਕਾਰੀ ਦੀ ਗੱਲ ਕਰਦਿਆਂ ਲੇਖਕ ਆਪਣੇ ਤਜਰਬੇ ਤੋਂ ਉਨ੍ਹਾਂ ਮੁਸ਼ਕਿਲਾਂ ਦਾ ਜ਼ਿਕਰ ਕਰਦਾ ਹੈ ਜੋ ਉਸ ਨੂੰ ਪੇਸ਼ਕਾਰੀਆਂ ਦੌਰਾਨ ਆਈਆਂ ਅਤੇ ਜਿਨ੍ਹਾਂ ਕਰਕੇ ਸਮੇਂ-ਸਮੇਂ ਅਨੁਸਾਰ ਕਈ ਤਬਦੀਲੀਆਂ ਵੀ ਕਰਨੀਆਂ ਪਈਆਂ। ਇਸੇ ਤਜਰਬੇ ਦੇ ਆਧਾਰ 'ਤੇ ਲੇਖਕ ਸਫਲ ਪੇਸ਼ਕਾਰੀ ਸਬੰਧੀ ਖਾਸ ਨੁਕਤੇ ਅਤੇ ਆਪਣੀ ਰਾਇ ਵੀ ਦਿੰਦਾ ਹੈ। ਪੁਸਤਕ ਵਿਚ ਨਾਟਕ 'ਯੁੱਗ ਵਰਤਾਰਾ' ਦੀ ਸਕ੍ਰਿਪਟ ਸ਼ਾਮਿਲ ਹੈ। ਪੰਜਾਬ ਦੇ ਦਰਦ ਦੀ ਬਾਤ ਪਾਉਂਦੇ ਇਸ ਨਾਟਕ ਦੀ ਚੀਸ ਉਸ ਵਕਤ ਮਹਿਸੂਸ ਹੁੰਦੀ ਹੈ ਜਦੋਂ ਧਰਮਰਾਜ ਦੀ ਕਚਹਿਰੀ ਵਿਚ ਵਾਰਸ ਸ਼ਾਹ ਆਖਦਾ ਹੈ, 'ਮਹਾਰਾਜ ਜੀ! ਧਰਤੀਆਂ ਵੰਡ ਲਈਆਂ... ਪਾਣੀ ਵੰਡ ਲਏ ਤੇ ਬੰਦੇ ਵੀ ਵੰਡ ਲਏ, ਹੁਣ ਤਾਂ ਪੰਜਾਂ ਪਾਣੀਆਂ ਦਾ ਨਾਂਅ ਵੀ ਖਿੰਡ-ਪੁੰਡ ਗਿਆ ਏ'। ਇਸੇ ਤਰ੍ਹਾਂ ਨਾਟਕ ਵਿਚ ਭਗਤ ਸਿੰਘ ਅਤੇ ਭਿਖਾਰੀ ਦੀਆਂ ਭਾਵਪੂਰਕ ਤਕਰੀਰਾਂ ਪੰਜਾਬ ਦੇ ਦਰਦ ਨੂੰ ਬਿਆਨ ਕਰਦੀਆਂ ਹਨ।
ਇਸ ਨਾਟਕ ਦੀਆਂ ਵੱਖ-ਵੱਖ ਪੇਸ਼ਕਾਰੀਆਂ ਦੀਆਂ ਤਸਵੀਰਾਂ ਅਤੇ ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ਨੂੰ ਵੀ ਪੁਸਤਕ ਵਿਚ ਸ਼ਾਮਿਲ ਕੀਤਾ ਗਿਆ ਹੈ। ਇਹ ਪੁਸਤਕ 'ਯੁੱਗ ਵਰਤਾਰਾ' ਨਾਟਕ ਦੀ ਸਿਰਜਣਾ, ਪੇਸ਼ਕਾਰੀ ਅਤੇ ਪ੍ਰਭਾਵ ਦਾ ਮਹੱਤਵਪੂਰਨ ਦਸਤਾਵੇਜ਼ ਹੈ।

-ਡਾ ਨਿਰਮਲ ਜੌੜਾ
ਮੋ: 98140-78799

27/05/2017

 ਸੋਚ ਤੋਂ ਲਫ਼ਜ਼ਾਂ ਤੱਕ
ਲੇਖਕ : ਹਰਮਨਦੀਪ ਸਿੰਘ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 76
ਸੰਪਰਕ : 98143-34640.

ਮੰਜ਼ਿਲ 'ਤੇ ਪਹੁੰਚਣ ਲਈ, ਪਹਿਲਾਂ ਚਲਣਾ ਜ਼ਰੂਰੀ ਹੈ,
ਫਿਰ ਡਿਗਣਾ ਜ਼ਰੂਰੀ ਹੈ ਤੇ ਸਿੱਖਣਾ ਜ਼ਰੂਰੀ ਹੈ।
ਪਹਿਲਾਂ ਚਲਣ, ਡਿਗਣ ਤੇ ਸਿੱਖਣ ਇਨ੍ਹਾਂ ਤਿੰਨਾਂ ਪ੍ਰਕਿਰਿਆਵਾਂ ਵਿਚੋਂ ਨਿਕਲਦੇ ਹੋਏ ਹਰਮਨਦੀਪ ਨੇ ਆਪਣਾ ਪਲੇਠਾ ਕਾਵਿ-ਸੰਗ੍ਰਹਿ ਪਾਠਕਾਂ ਦੀ ਨਜ਼ਰ ਕੀਤਾ ਹੈ। ਇਸ ਵਿਚ ਉਸ ਨੇ ਨਿੱਜੀ ਵਿਚਾਰਾਂ ਨੂੰ ਸ਼ਬਦਾਂ ਦੇ ਜਾਮੇ ਵਿਚ ਸਮੇਟ ਕੇ ਜ਼ਿੰਦਗੀ ਪ੍ਰਤੀ ਤੇ ਸਮਾਜ ਪ੍ਰਤੀ ਆਪਣੇ ਨਜ਼ਰੀਏ ਨੂੰ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ। ਜ਼ਿੰਦਗੀ ਨਾਂਅ ਹੈ ਦੁੱਖਾਂ-ਸੁੱਖਾਂ, ਔਕੜਾਂ ਤੇ ਦੁਸ਼ਵਾਰੀਆਂ ਦਾ ਤੇ ਲੇਖਕ ਜਦੋਂ ਸਮਾਜ ਵਿਚ ਵਿਚਰਦਾ ਹੈ ਤਾਂ ਇਨ੍ਹਾਂ ਹਾਲਤਾਂ ਵਿਚੋਂ ਨਿਕਲਣਾ, ਪਿੰਡੇ 'ਤੇ ਹੰਢਾਉਣਾ ਸੁਭਾਵਿਕ ਹੁੰਦਾ ਹੈ ਤੇ ਫਿਰ ਉਹੀ ਅਨੁਭਵ ਸ਼ਬਦਾਂ ਦਾ ਰੂਪ ਲੈ ਲੈਂਦੇ ਹਨ, ਭਾਵੇਂ ਕਵਿਤਾ ਹੋਵੇ ਜਾਂ ਵਾਰਤਕ। ਇਸ ਕਾਵਿ ਸੰਗ੍ਰਹਿ ਵਿਚ ਕਵੀ ਨੇ ਜੀਵਨ ਤੇ ਸਮਾਜ ਦੇ ਵਿਭਿੰਨ ਪਹਿਲੂਆਂ ਨੂੰ ਛੂਹਿਆ ਹੈ। ਕਿਧਰੇ ਉਹ ਜ਼ਿੰਦਗੀ ਦੀ ਬਾਤ ਪਾਉਂਦਾ ਹੈ, ਕਿਧਰੇ ਮਨੁੱਖੀ ਹੋਂਦ ਬਾਰੇ, ਕਿਧਰੇ ਜੀਵਨ ਦੇ ਦੋ ਪਹਿਲੂਆਂ ਦੀ ਗੱਲ ਕਰਦਾ ਹੋਇਆ ਲਿਖਦਾ ਹੈ :
ਕੋਈ ਹੰਝੂ ਪੂੰਝੇ, ਮੱਲ੍ਹਮ ਲਗਾਵੇ,
ਕੋਈ ਹੱਸਦੇ ਰੁਆਵੇ, ਕਹਿਰ ਬਰਸਾਵੇ।
ਮਨੁੱਖਤਾ ਦੇ ਹਿਤ ਦੀ ਗੱਲ ਕਰਦਾ ਹੋਇਆ ਕਵੀ ਸਮਾਜ ਦੇ ਗ਼ਲਤ ਵਰਤਾਰੇ ਨੂੰ ਉਲੀਕਦਾ ਹੈ-ਕਾਸ਼ 'ਕੋਈ ਪੈਸੇ ਤੋਂ ਜ਼ਿਆਦਾ ਰਿਸ਼ਤਿਆਂ ਦਾ ਮੁੱਲ ਪਾਉਂਦਾ ਹੁੰਦਾ' ਜਾਂ ਸਿਆਸਤ ਨੇ ਕਹਿਰ ਨਾ ਮਚਾਇਆ ਹੁੰਦਾ। ਛੋਟੀ ਉਮਰੇ ਵੱਡੀ ਪੁਲਾਂਘ ਪੁੱਟਣ ਵਾਲਾ ਹਰਮਨ ਹੋਰ ਵਧੇਰੇ ਡੂੰਘਾਈ ਵਿਚ ਜਾ ਕੇ ਸਮਾਜਿਕ ਸਮੱਸਿਆਵਾਂ ਨੂੰ ਪੇਸ਼ ਕਰੇ-ਇਹੀ ਆਸ ਕਰਦੇ ਹਾਂ। ਕਵਿਤਾ ਵਿਚ ਸੁਰ-ਤਾਲ ਤੇ ਸ਼ਬਦਾਵਲੀ ਦਾ ਖਿਆਲ ਰੱਖਿਆ ਗਿਆ ਹੈ। ਲੇਖਕ ਵਧਾਈ ਦਾ ਪਾਤਰ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
c c c

ਸ਼ਬਦਾਂ ਦੀ ਢਾਲ
ਕਵੀ : ਦਲਜਿੰਦਰ ਰਹਿਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 125 ਰੁਪਏ, ਸਫ਼ੇ : 80
ਸੰਪਰਕ : 99151-03490.

ਦਲਜਿੰਦਰ ਰਹਿਲ ਇਟਲੀ ਦੇਸ਼ ਵਿਚ ਵੱਸਦਾ ਪੰਜਾਬੀ ਕਵੀ ਹੈ। ਪ੍ਰਵਾਸੀ ਜੀਵਨ ਆਪਣੇ-ਆਪ ਵਿਚ ਹੀ ਇਕ ਮਾਨਸਿਕ ਅਨੁਭਵ ਦੀ ਜਜ਼ਬਾਤੀ ਤ੍ਰਾਸਦੀ ਹੁੰਦੀ ਹੈ। ਕਿਸੇ ਨੂੰ ਵੀ ਆਪਣਾ ਵਤਨ ਕਦੇ ਭੁੱਲਦਾ ਨਹੀਂ। ਰਹਿਲ ਆਪਣੇ ਦਿਲੀ ਜਜ਼ਬਾਤਾਂ ਦੇ ਤਿੱਖੇ ਵਾਰਾਂ ਨੂੰ 'ਸ਼ਬਦਾਂ ਦੀ ਢਾਲ' ਨਾਲ ਰੋਕ ਰਿਹਾ ਹੈ। ਉਸ ਨੇ ਆਪਣੇ ਅੰਤਰੀਵੀ ਸੰਵਾਦਾਂ ਨੂੰ ਸਫਲਤਾ ਸਹਿਤ ਕਵਿਤਾਵਾਂ ਵਿਚ ਢਾਲਿਆ ਹੈ। ਉਹ ਲਿਖਦਾ ਹੈ, 'ਜ਼ਿੰਦਗੀ ਦੇ ਬਿਖੜੇ ਅਤੇ ਸੁਖ-ਦੁਖ ਭਰੇ ਸਫ਼ਰ ਵਿਚ ਜਦੋਂ ਵੀ ਕਦੇ ਕਦਮ ਡਗਮਗਾਏ ਤਾਂ ਸਾਹਿਤ ਅੰਤ ਅੱਖਰਾਂ ਦੇ ਸਾਥ ਨੇ ਹਰ ਵਾਰੀ ਨਰੋਏ ਅਤੇ ਤਰੋ-ਤਾਜ਼ਾ ਸਾਹਸ ਨੂੰ ਪੈਦਾ ਕਰਦਿਆਂ ਹਿੰਮਤੀ ਪੁਲਾਂਘਾਂ ਪੁੱਟਣ ਲਈ ਪ੍ਰੇਰਦਿਆਂ 'ਸ਼ਬਦਾਂ ਦੀ ਢਾਲ' ਬਣ ਕੇ ਜ਼ਿੰਦਗੀ ਦੀ ਜੱਦੋ-ਜਹਿਦ ਨੂੰ ਅੱਗੇ ਤੋਰਿਆ...' ਰਹਿਲ ਦੀ ਕਵਿਤਾ ਜ਼ਿੰਦਗੀ ਦੇ ਔਖੇ ਰਸਤਿਆਂ ਨੂੰ ਦਰਕਿਨਾਰ ਕਰਕੇ ਅੱਗੇ ਵਧਣ ਦਾ ਆਹਵਾਹਨ ਹੈ :
ਮਨ ਜਿੱਤਿਆ ਜਗ ਜਿੱਤਿਆ ਜਾਵੇ,
ਮਨ ਹਾਰੇ ਤਾਂ ਹਾਰ।
ਡੁੱਬ ਜਾਵੇ ਇਕ ਚੂਲੀ ਵਿਚ ਵੀ,
ਕਰਦਾ ਭਵ ਸਾਗਰ ਵੀ ਪਾਰ
ਹੈ ਸ਼ੈਤਾਨ ਇਨਸਾਨ ਵੀ ਇਸ ਵਿਚ,
ਵਸਤਾਂ ਹੈ ਭਗਵਾਨ ਵੀ ਇਸ ਵਿਚ...।
ਦਲਜਿੰਦਰ ਨੇ ਆਪਣੀ ਜ਼ਿੰਦਗੀ ਵਿਚ ਬੜੇ ਉਤਰਾਅ-ਚੜ੍ਹਾਅ ਵੇਖੇ ਹਨ ਪਰ ਉਸ ਨੇ ਆਪਣੀ ਗਗਨੀ ਉਡਾਰੀ ਨੂੰ ਤੁੰਦ ਹਵਾਵਾਂ ਦੀ ਭੇਟ ਨਹੀਂ ਚੜ੍ਹਨ ਦਿੱਤਾ। ਜੀਵਨ ਦੇ ਦੁਸ਼ਵਾਰ ਪੈਂਡਿਆਂ ਵਿਚ ਉਹ ਹਾਰਿਆ ਨਹੀਂ, ਰੁਕਿਆ ਨਹੀਂ। ਉਸ ਨੇ ਆਪਣੀ ਮਟਕ ਤੋਰ ਨੂੰ ਵੱਟਿਆਂ ਤੇ ਟੋਇਆਂ ਤੋਂ ਬਚਾ ਕੇ ਰੱਖਿਆ, ਉਹ ਕਹਿੰਦਾ ਹੈ :
ਹੋਇਉ ਨਿਰਾਸ਼ ਨਾ ਕੁਝ ਹੋਰ ਲੜਿਉ
ਹਨੇਰੀ ਘਿਰ ਗਿਉ ਲੋਕੋ!
ਹੋਇਆ ਕੀ ਰਾਤ ਜੇ ਲੰਮੀ ਹੈ,
ਆਖਰ ਸਵੇਰ ਹੋਵੇਗੀ
ਆਸ਼ਾਵਾਂ ਰੱਖਿਓ, ਫਿਰ ਆਉਣਗੇ,
ਪਲ ਸੁਨਹਿਰੀ ਵੀ
ਜ਼ਰੂਰ ਆਉਣਗੇ, ਭਾਵੇਂ ਕੁਝ ਦੇਰ ਹੋਵੇਗੀ...।

-ਸੁਲੱਖਣ ਸਰਹੱਦੀ
ਮੋ: 94174-84337.
c c c

ਚਿੰਤਨ ਚੋਭਾਂ
ਸ਼ਾਇਰ : ਪਰਸਰਾਮ ਸਿੰਘ ਬੱਧਣ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98556-87009.

ਪਰਸਰਾਮ ਸਿੰਘ ਬੱਧਣ ਪੰਜਾਬੀ ਦਾ ਨਾਮਵਰ ਤੇ ਸਾਊ ਸ਼ਾਇਰ ਹੈ, ਜਿਸ ਨੇ ਪੰਜਾਬੀ ਵਿਚ ਲਗਾਤਾਰ ਕਾਵਿ ਸਿਰਜਣਾ ਕੀਤੀ ਹੈ। ਤੇਈ ਕਵਿਤਾਵਾਂ, ਦਸ ਗੀਤ, ਇਕੱਤੀ ਗ਼ਜ਼ਲਾਂ ਤੇ ਪੰਜ ਰੁਬਾਈਆਂ ਵਾਲੀ ਕਿਤਾਬ 'ਚਿੰਤਨ ਚੋਭਾਂ' ਉਸ ਦੀ ਤਾਜ਼ਾ ਪ੍ਰਕਾਸ਼ਨਾ ਹੈ। ਬੱਧਣ ਦੀ ਮਨਭਾਉਂਦੀ ਸਿਨਫ਼ ਗ਼ਜ਼ਲ ਹੈ ਇਸੇ ਲਈ ਇਸ ਪ੍ਰਕਾਸ਼ਨਾ ਵਿਚ ਵੀ ਉਸ ਦੀਆਂ ਗ਼ਜ਼ਲਾਂ ਦੀ ਗਿਣਤੀ ਚੋਖੀ ਹੈ। ਉਹ ਗ਼ਜ਼ਲ ਵਿਚ ਆਮ ਫ਼ਹਿਮ ਜ਼ਬਾਨ ਦੀ ਵਰਤੋਂ ਕਰਦਾ ਹੈ ਤੇ ਬਹੁਤਾ ਓਹਲਾ ਨਹੀਂ ਰੱਖਦਾ। ਇਸੇ ਕਾਰਨ ਉਸ ਦੀ ਗ਼ਜ਼ਲ ਆਮ ਪਾਠਕ ਤੱਕ ਰਸਾਈ ਕਰਨ ਵਾਲੀ ਹੈ। ਬੱਧਣ ਦੇ ਸ਼ਿਅਰ ਮਨੁੱਖੀ ਮਨ ਦੀਆਂ ਗੁੰਝਲਾਂ ਤੇ ਦੁਸ਼ਵਾਰੀਆਂ ਨਾਲ ਜੁੜੇ ਹੋਏ ਹਨ। ਇਸ ਪੁਸਤਕ ਦੀਆਂ ਗ਼ਜ਼ਲਾਂ ਪੜ੍ਹਦਿਆਂ ਜਾਪਦਾ ਹੈ ਕਿ ਉਸ ਨੇ ਗ਼ਜ਼ਲ ਵਲ ਵਿਸ਼ੇਸ਼ ਤੌਰ 'ਤੇ ਧਿਆਨ ਦਿੱਤਾ ਹੈ। ਕਈ ਸ਼ਿਅਰ ਕਾਫ਼ੀ ਪ੍ਰਭਾਵਤ ਕਰਦੇ ਹਨ। 'ਚਿੰਤਨ ਚੋਭਾਂ' ਦੇ ਗੀਤ ਉਸ ਵਾਂਗ ਨਿਰਛਲ ਹਨ ਤੇ ਲੋਕ ਮਸਲਿਆਂ 'ਤੇ ਆਧਾਰਤ ਹਨ। 'ਮਾਰੂ ਕੀ ਦਮਾਮੇ ਜੱਟ ਕਰਜ਼ਿਆਂ ਨੇ ਦੱਬੇ' ਗੀਤ ਧਨੀ ਰਾਮ ਚਾਤ੍ਰਿਕ ਦੀ ਰਚਨਾ ਦੇ ਵਿਰੋਧ ਵਿਚ ਖੜ੍ਹਾ ਹੈ ਜੋ ਕਿਰਸਾਨੀ ਦੀ ਅਜੋਕੀ ਹਾਲਤ ਦਾ ਠੀਕ ਤਰਜਮਾ ਕਰਦਾ ਹੈ। ਸ਼ਾਇਰ ਆਪਣੇ ਗੀਤਾਂ ਵਿਚ ਰੁੱਖ ਲਾਉਣ 'ਤੇ ਜ਼ੋਰ ਦਿੰਦਾ ਹੈ ਤੇ ਲੋਕਾਂ ਨੂੰ ਮੋਹ ਮੁਹੱਬਤ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਦਾ ਹੋਕਾ ਦਿੰਦਾ ਹੈ। ਸ਼ਾਇਰ ਦੀਆਂ ਕਵਿਤਾਵਾਂ ਆਮ ਕਰਕੇ ਮਸਲਸਲ ਗ਼ਜ਼ਲਾਂ ਵਰਗੀਆਂ ਹਨ। ਧੀਆਂ, ਨਸ਼ੇ, ਸਵਾਰਥੀ ਰਾਜਨੀਤੀ ਆਦਿ ਹੋਰ ਉਸ ਦੇ ਮਨਭਾਉਂਦੇ ਵਿਸ਼ੇ ਹਨ। ਬੱਧਣ ਨੇ ਕਿਤੇ ਕਿਤੇ ਮੁਹੱਬਤ ਦਾ ਰੰਗ ਵੀ ਛੋਹਿਆ ਹੈ ਪਰ ਇਸ ਕਿਤਾਬ ਵਿਚ ਜ਼ਿਆਦਾਤਰ ਉਸ ਨੇ ਲੋਕ ਸਮੱਸਿਆਵਾਂ ਦੇ ਆਧਾਰਤ ਕਾਵਿ ਸਿਰਜਣਾ ਕੀਤੀ ਹੈ। ਉਸ ਦੀਆਂ ਰੁਬਾਈਆਂ ਭਾਵੇਂ ਥੋੜ੍ਹੀ ਗਿਣਤੀ ਵਿਚ ਛਪੀਆਂ ਹਨ ਪਰ ਪ੍ਰਭਾਵੀ ਹਨ। 'ਚਿੰਤਨ ਚੋਭਾਂ' ਸ਼ਾਇਰ ਦੀ ਸ਼ਾਇਰੀ ਦਾ ਅਗਲਾ ਪੜਾਅ ਹੈ ਪਰ ਆਖ਼ਿਰੀ ਨਹੀਂ ਤੇ ਇਸ ਤੋਂ ਵੀ ਬਿਹਤਰ ਸ਼ਾਇਰੀ ਦੀ ਉਸ ਤੋਂ ਆਸ ਰੱਖੀ ਜਾ ਸਕਦੀ ਹੈ।

-ਗੁਰਦਿਆਲ ਰੌਸ਼ਨ
ਮੋ: 99884-44002
c c c

ਇੰਜ ਵੇਖਿਆ ਕੈਨੇਡਾ
ਲੇਖਕ : ਤੇਜਾ ਸਿੰਘ ਤਿਲਕ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਕੇ.ਸੀ. ਰੋਡ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 240
ਸੰਪਰਕ : 98766-36159.

ਪੁਸਤਕ ਦੇ ਚਾਰ ਦਰਜਨ ਅਧਿਆਏ ਹਨ; ਹਰ ਅਧਿਆਇ ਦਾ ਸਿਰਲੇਖ ਹੈ। ਹਰ ਅਧਿਆਇ ਦਾ ਵਿਸ਼ਾ ਯਾਤਰਾ ਨਾਲ ਸਬੰਧਤ ਦੱਸਣਯੋਗ ਹੈ। ਲੇਖਕ ਨੇ ਯਾਤਰਾ ਲਿਖਣ ਦੀ ਯੋਜਨਾ ਬਣਾਉਂਦਿਆਂ, ਯਾਤਰਾ ਕਿਉਂ ਤੇ ਕਿੱਦਾਂ ਦੇ ਉੱਤਰ; ਅਧਿਆਇ ਅਨੁਸਾਰ ਬਹੁਤ ਤਸੱਲੀ ਨਾਲ ਦਿੱਤੇ ਹਨ।
ਲੇਖਕ ਅੱਖਾਂ ਖੋਲ੍ਹ ਕੇ; ਸੁਚੇਤ ਹੋ ਕੇ ਅਤੇ ਖੋਜਾਰਥੀ ਵਾਂਗ ਕੈਨੇਡਾ ਵਿਚ ਵਸਦੇ ਕੈਨੇਡਾ ਵਾਸੀ, ਪੰਜਾਬੀ ਤੇ ਉਨ੍ਹਾਂ ਦੇ ਰਿਸ਼ਤੇ; ਜੁੜ ਰਹੇ ਨਵੇਂ ਪੰਜਾਬੀਆਂ ਦੇ ਰਿਸ਼ਤਿਆਂ ਸਬੰਧੀ ਪਰਦੇ ਵਿਚ ਹੋ ਰਹੀਆਂ ਤਬਦੀਲੀਆਂ, ਸਮਾਜਿਕ ਢਾਂਚੇ ਦੀ ਸ਼ਕਲ ਸੂਰਤ ਵਿਚ ਤਬਦੀਲੀ ਦੇ ਜ਼ਿੰਮੇਵਾਰ ਹੋ ਸਕਦੇ ਹਨ। ਲੇਖਕ ਆਪਣੇ ਇਸ ਸਫ਼ਰਨਾਮੇ ਰਾਹੀਂ ਇਧਰਲੇ ਪੰਜਾਬੀਆਂ ਨੂੰ ਪੂਰੇ-ਪੂਰੇ ਕੈਨੇਡਾ ਦਾ ਸਥਾਪਤ ਢਾਂਚਾ ਪੇਸ਼ ਕਰਨਾ ਚਾਹੁੰਦਾ ਹੈ। ਜਿਵੇਂ ਜੋ ਕੁਝ ਉਸ ਦੀ ਲਿਖਤ ਹੈ; ਬਹੁਤ ਕੁਝ ਉਸ ਵਿਚ ਸਮਝਣ ਸਮਝਾਉਣ ਦਾ ਯਤਨ ਕੀਤਾ ਹੈ, ਜਿਵੇਂ ਸ਼ਹਿਰ ਦੇ ਗੁਰਦੁਆਰੇ, ਸਿੱਖਿਆ ਪ੍ਰਬੰਧ; ਦੇਸ਼, ਸ਼ਹਿਰ ਤੇ ਸੂਬਾ; ਕੰਮ-ਧੰਦੇ; ਘਰ ਪਰਿਵਾਰ; ਰਸਮ ਨਾਗਰਿਕਤਾ, ਪੰਜਾਬੀ ਭਾਸ਼ਾ ਪੱਤਰਕਾਰੀ; ਸਾਹਿਤ ਤੇ ਹੋਰ ਕਲਾਵਾਂ; ਧਰਮ, ਗਦਰੀ ਬਾਬੇ; ਰੇਡੀਓ, ਦਸਤਾਰ; ਤਿਉਹਾਰ, ਸਕੂਲ; ਸੇਲ; ਬੱਚਿਆਂ ਲਈ ਵਿਸ਼ੇਸ਼ ਸਹੂਲਤਾਂ ਅਤੇ ਹੋਰ ਅਨੇਕਾਂ ਪ੍ਰਸੰਗ ਅਤੇ ਘਟਨਾਵਾਂ, ਇਸ ਸਫ਼ਰਨਾਮੇ ਦੀ ਵਿਸ਼ੇਸ਼ਤਾਵਾਂ ਹਨ। ਤੇਜਾ ਸਿੰਘ ਸਾਹਿਤ ਦਾ ਖਿਡਾਰੀ ਹੈ। ਸ਼ਬਦਾਂ ਦਾ ਮਾਹਰ ਅਧਿਆਪਕ ਹੈ; ਉਸ ਦੀ ਇਹ ਲਿਖਤ ਸਫ਼ਰਨਾਮੇ ਦੇ ਰੂਪ ਵਿਚ ਵਿਸ਼ੇਸ਼ ਇਸ ਲਈ ਕਹਿ ਸਕਦੇ ਹਾਂ, ਕਿਉਂਕਿ ਇਸ ਵਿਚ ਕੈਨੇਡਾ ਦੀ ਸੈਰ ਕਰਦਿਆਂ, ਪੰਜਾਬ, ਪੰਜਾਬੀ ਤੇ ਪੰਜਾਬੀ ਭਾਈਚਾਰੇ ਦੀਆਂ ਹੀ ਸਭੇ ਗੱਲਾਂ ਹਨ। ਲੇਖਕ ਕਿਧਰੇ ਵੀ ਉਲਾਰ ਨਹੀਂ ਹੁੰਦਾ। ਭਾਵੇਂ ਉਸ ਦੀ ਦੂਜੀ ਫੇਰੀ ਹੋਵੇ ਜਾਂ ਤੀਜੀ।

-ਡਾ: ਅਮਰ ਕੋਮਲ
ਮੋ: 08437873565.
c c c

ਮੈਂ ਕੀ ਨਹੀਂ ਕੀਤਾ ਤੇਰੇ ਲਈ
ਨਾਟਕਕਾਰ : ਪ੍ਰੋ: ਗੁਰਦੇਵ ਸਿੰਘ ਸੰਦੌੜ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 120 ਰੁਪਏ, ਸਫ਼ੇ : 64
ਸੰਪਰਕ : 99144-19113.

ਮੁੱਖ ਤੌਰ 'ਤੇ ਪੰਜਾਬੀ ਕਹਾਣੀਕਾਰ ਵਜੋਂ ਨਾਂਅ ਕਮਾਉਣ ਵਾਲੇ ਕਹਾਣੀਕਾਰ ਪ੍ਰੋ: ਗੁਰਦੇਵ ਸਿੰਘ ਸੰਦੌੜ ਨੇ ਅੱਧੀ ਕੁ ਦਰਜਨ ਨਾਟ ਪੁਸਤਕਾਂ ਦੀ ਰਚਨਾ ਕਰਕੇ ਬਤੌਰ ਨਾਟਕਕਾਰ ਵੀ ਖੂਬ ਨਾਮਣਾ ਖੱਟਿਆ ਹੈ। ਹਥਲਾ ਨਾਟਕ ਉਸ ਦੀ ਨਾਟਕ-ਰਚਨਾ ਕਲਾ ਦਾ ਬਿਹਤਰੀਨ ਦਮ ਭਰਦਾ ਹੈ। ਲੋਕ-ਸਾਹਿਤ ਦੀ ਪੁਰਾਤਨ ਵਿਧਾ ਲੋਕ-ਨਾਟਕ ਦੀ ਪੁਰਾਤਨ ਪਰੰਪਰਾ ਨਾਲ ਮੇਲ ਖਾਂਦਾ ਇਹ ਨਾਟਕ ਤਕਨੀਕੀ ਤੌਰ 'ਤੇ ਕਈ ਕੁਝ ਸਮੇਟੀ ਬੈਠਾ ਹੈ। ਨਾਟਕ ਦੀ ਕਥਾ-ਵਸਤੂ ਜਾਂ ਪਲਾਟ ਦੋ ਇਨਸਾਨਾਂ ਦੀ ਮਾਨਸਿਕ ਪੀੜਾ ਪੇਸ਼ ਕਰਦਾ ਹੈ ਜੋ ਆਪਣੀਆਂ ਪਤਨੀਆਂ ਦੀ ਬੇਵਫ਼ਾਈ ਦਾ ਸ਼ਿਕਾਰ ਹਨ। ਦੋ-ਪਾਤਰੀ ਵਿਧੀ ਨਾਲ ਨੇਪਰੇ ਚੜ੍ਹਾਏ ਇਸ ਨਾਟਕ ਦੇ ਅਰੰਭ ਵਿਚ ਜੋ ਨਾਟਕਕਾਰ ਨੇ ਸਫਲਤਾ ਨਾਲ ਸਸਪੈਂਸ ਅਤੇ ਲਟਕਾਅ ਭਰੇ ਮਾਹੌਲ ਦੀ ਸਿਰਜਣਾ ਕੀਤੀ, ਉਹ ਅੰਤ ਤੱਕ ਪਾਠਕ ਜਾਂ ਦਰਸ਼ਕ ਨੂੰ ਬੰਨ੍ਹ ਕੇ ਬਿਠਾਈ ਰੱਖਦੀ ਹੈ। ਇਹੋ ਹੀ ਇਸ ਨਾਟਕ ਦੀ ਕੇਂਦਰੀ ਵਿਸ਼ੇਸ਼ਤਾ ਹੈ। ਪੰਜ ਦੇ ਕਰੀਬ ਛੋਟੇ ਨਾਟਕ (ਇਕਾਂਗੀਆਂ) ਲਿਖਣ ਤੋਂ ਬਾਅਦ ਪ੍ਰੋ: ਗੁਰਦੇਵ ਸਿੰਘ ਸੰਦੌੜ (ਚੁੰਬਰ) ਵੱਲੋਂ ਲਿਖਿਆ ਇਹ ਪਲੇਠਾ ਨਾਟਕ ਰਾਤ ਦੇ ਸਮੇਂ ਨਾਟਕ ਦੇ ਇਕ ਪਾਤਰ ਨੌਜਵਾਨ ਦੇ ਘਰ ਦਾ ਦਰਵਾਜ਼ਾ ਖਟਕਣ ਨਾਲ ਅਰੰਭ ਹੁੰਦਾ ਹੈ, ਜੋ ਕਿ ਨਾਟਕ ਦੇ ਦੂਜੇ ਪਾਤਰ ਅਜਨਬੀ ਵੱਲੋਂ ਖੜਕਾਇਆ ਜਾ ਰਿਹਾ ਹੈ। ਦਰਵਾਜ਼ਾ ਖੁੱਲ੍ਹਣ ਤੋਂ ਬਾਅਦ ਅਜਨਬੀ ਦੇ ਹੱਥ 'ਚ ਫੜੀ ਤਲਵਾਰ ਅਤੇ ਇਕ ਮੂੰਹ ਬੱਝੀ ਬੋਰੀ ਜਿਥੇ ਮਾਹੌਲ ਵਿਚ ਡਰ ਦਾ ਪ੍ਰਭਾਵ ਤਾਰੀ ਕਰਦੀ ਹੈ, ਉਥੇ ਸਸਪੈਂਸ ਅਤੇ ਲਟਕਾਅ ਨੂੰ ਹੋਰ ਵੀ ਤਿੱਖਾ ਅਤੇ ਡੂੰਘਾ ਕਰਦੀ ਹੈ। ਨਾਟਕ ਦੀ ਬੋਲੀ ਮਲਵਈ ਅਸਰ ਬਿਖੇਰਦੀ ਪਾਤਰ ਉਸਾਰੀ ਨੂੰ ਪੂਰੀ ਸਫਲਤਾ ਨਾਲ ਅਸਰਅੰਦਾਜ਼ ਕਰਦੀ ਹੈ।

-ਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.
c c c

ਹੱਕ ਨੁਮਾਏ
ਸੂਫ਼ੀ ਮਤ ਦੇ ਸਿਧਾਂਤ

ਮੂਲ ਲੇਖਕ : ਸੁਲਤਾਨ ਬਾਹੂ
ਪੰਜਾਬੀ ਅਨੁਵਾਦਕ ਤੇ ਸੰਪਾਦਕ : ਸੁਲੱਖਣ ਸਰਹੱਦੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 395 ਰੁਪਏ, ਸਫ਼ੇ : 266
ਸੰਪਰਕ : 94174-84337.

ਬਾਹੂ ਅੱਲਾ ਤਾਲਾ ਦੇ 99 ਇਸਮੀ/ਕਿਰਤਮ ਨਾਮਾਂ ਵਿਚੋਂ ਇਕ ਹੈ। ਇਸ ਵਿਚ ਰੱਬੀ ਨੂਰ, ਸ਼ਕਤੀ ਤੇ ਖਿੱਚ ਹੈ। ਯਾਹੂ ਵੀ ਅੱਲਾ ਦੀ ਯਾਦ ਹੈ। ਹੂ, ਬਾਹੂ, ਯਾਹੂ ਸਭ ਇਕ ਦੂਜੇ ਨਾਲ ਜੁੜੇ ਹੋਏ ਹਨ। ਹਜ਼ਰਤ ਮੁਹੰਮਦ ਵਾਂਗ ਹੀ 63 ਸਾਲ ਉਮਰ ਭੋਗਣ ਵਾਲੇ ਲੋਕਪ੍ਰਿਯ ਸੂਫ਼ੀ ਸ਼ਾਇਰ ਸੁਲਤਾਨ ਬਾਹੂ ਨੇ 100 ਕਿਤਾਬਾਂ ਵਿਚ ਸੂਫ਼ੀ ਤਸੱਵੁਫ਼ ਦੇ ਬੜੇ ਗੁੱਝੇ ਅਨੁਭਵ ਤੇ ਭੇਦ ਖੋਲ੍ਹੇ। ਇਨ੍ਹਾਂ ਵਿਚੋਂ ਇਕ ਕਿਤਾਬ ਉਨ੍ਹਾਂ ਦੇ ਗੱਦੀ ਨਸ਼ੀਨ ਹਰੂਨ ਅਹਿਮਦ ਨੇ ਸੰਪਾਦਿਤ ਕਰਕੇ ਰੂਹਾਨੀ ਮਾਰਗ ਦੇ ਜਗਿਆਸੂਆਂ ਲਈ ਸਰਲ ਉਰਦੂ ਵਿਚ ਪਾਕਿਸਤਾਨੀ ਪੰਜਾਬ ਵਿਚ ਪ੍ਰਕਾਸ਼ਿਤ ਕੀਤੀ। ਅੱਲਾ ਦੇ ਦੀਨ ਦੁਨੀਆ ਦੇ ਭੇਦ ਜਾਣਨ ਦੇ ਮੁਤਲਾਸ਼ੀਆਂ ਲਈ ਪੰਜਾਬੀ ਜ਼ਬਾਨ ਤੇ ਗੁਰਮੁਖੀ ਲਿਪੀ ਵਿਚ ਇਸ ਦਾ ਅਨੁਵਾਦ ਸੁਲੱਖਣ ਸਰਹੱਦੀ ਨੇ ਕੀਤਾ ਹੈ।
ਖ਼ੁਦ ਬਾਹੂ ਫ਼ਰਮਾਉਂਦੇ ਹਨ ਕਿ ਮੈਂ ਇਸ ਕਿਤਾਬ ਵਿਚ ਸਭ ਕੁਝ ਸੱਚੋ-ਸੱਚ ਬਿਆਨ ਕਰ ਦਿੱਤਾ ਹੈ। ਕਿਤਾਬ ਖ਼ੁਦ ਉਸਤਾਦ ਤੇ ਮੁਰਸ਼ਦ ਹੈ। ਮਨ ਮਸਤਕ ਵਿਚ ਅੱਲਾ ਦੇ ਦਰਸ਼ਨ ਦੀ ਤਾਂਘ ਪੈਦਾ ਕਰਨ ਵਾਲੀ। ਸੰਪਾਦਕ ਹਾਰੂਨ ਕਹਿੰਦਾ ਹੈ ਕਿ ਮੇਰਾ ਮੁਰਸ਼ਦ ਬਾਹੂ ਬੇਮਿਸਾਲ ਹੈ। ਮੈਂ ਉਸ ਵਾਂਗ ਬਾਕਮਾਲ ਨਹੀਂ। ਉਸ ਦੀ ਨਿਮਰਤਾ ਉਸ ਨੂੰ ਉਚਿਆਉਂਦੀ ਹੈ। ਬਾਹੂ ਸਾਹਿਬ ਨੇ ਪਵਿੱਤਰ ਕਲਮੇ, ਮਸਤੀ, ਵਜੂਦ, ਮੁਰਸ਼ਦ, ਤਾਲਬ, ਮਾਅਰਫ਼ਤ, ਵਜੂਦ, ਜ਼ਾਹਰ, ਬਾਤਨ, ਇਲਹਾਮ, ਫ਼ੱਕਰ, ਫ਼ਕੀਰੀ ਜਿਹੇ ਵਿਸ਼ਿਆਂ ਉੱਤੇ ਬੜੀ ਬਾਰੀਕੀ ਨਾਲ ਆਪਣੇ ਅਨੁਭਵ ਦੇ ਆਧਾਰ 'ਤੇ ਜਜ਼ਬਾਤੀ ਸ਼ੈਲੀ ਵਿਚ ਚਰਚਾ ਕੀਤੀ ਹੈ। ਉਸ ਦੀ ਉੱਚ ਰੂਹਾਨੀ ਅਵਸਥਾ ਤੇ ਸਚਾਈ ਕਾਰਨ ਇਹ ਕਿਸੇ ਵੀ ਪਾਠਕ ਨੂੰ ਰੂਹਾਨੀ ਮਾਰਗ ਉੱਤੇ ਤੁਰਨ ਲਈ ਹੁਲਾਰਾ ਦੇਵੇਗੀ। ਹਾਰੂਨ ਸਾਹਿਬ ਨੇ ਡੇਢ ਕੁ ਸੌ ਪੰਨੇ ਦੇ ਮੂਲ ਪਾਠ ਨਾਲ ਸੌ ਸਵਾ ਸੌ ਪੰਨੇ ਦੀਆਂ ਆਪਣੀਆਂ ਸੰਪਾਦਕੀ ਟਿੱਪਣੀਆਂ ਦੇ ਕੇ ਇਸ ਪੁਸਤਕ ਨੂੰ ਆਮ ਪਾਠਕ ਦੇ ਹੋਰ ਨੇੜੇ ਲਿਆ ਦਿੱਤਾ ਹੈ।
ਮਜ਼ਹਬਾਂ, ਸੰਪਰਦਾਵਾਂ ਦੇ ਬਿਖੇੜਿਆਂ ਤੇ ਹੱਦਾਂ ਤੋਂ ਉੱਪਰ ਉੱਠ ਕੇ ਕੋਈ ਵੀ ਬੰਦਾ ਇਸ ਕਿਤਾਬ ਵਿਚੋਂ ਰੱਬੀ ਨੂਰ ਦੇ ਦਰਸ਼ਨ ਕਰਨ ਲਈ ਬਿਹਬਲ ਹੋ ਸਕਦਾ ਹੈ। ਸੁਲੱਖਣ ਸਰਹੱਦੀ ਦੇ ਇਸ ਅਨੁਵਾਦ ਦਾ ਮਹੱਤਵ ਇਸੇ ਕਾਰਨ ਹੈ। ਸਰਹੱਦੀ ਨੇ ਇਹ ਕਿਤਾਬ ਮਜ਼ਹਬੀ ਸਾਂਝਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਇਸਲਾਮ ਤੇ ਸਿੱਖ ਧਰਮ ਦੇ ਬੁਨਿਅਦੀ ਫ਼ਲਸਫ਼ੇ ਵਿਚ ਸਾਂਝੀ ਰੂਹ ਨੂੰ ਸਮਰਪਿਤ ਕੀਤੀ ਹੈ। ਮੁਕਤ ਮਨ ਨਾਲ ਹਰ ਪੰਜਾਬੀ ਇਸ ਨੂੰ ਪੜ੍ਹੇ ਮਾਣੇ ਤਾਂ ਚੰਗਾ ਹੋਵੇ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550
c c c

ਚਾਨਣ ਦੀ ਕਾਵਿ-ਸਰਸਵਤੀ
ਕਵੀ : ਪ੍ਰਿੰ: ਕਰਤਾਰ ਸਿੰਘ ਕਾਲੜਾ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 244
ਸੰਪਰਕ : 0161-2740738.

ਪੁਸਤਕ ਦੇ ਭਾਗ ਪਹਿਲਾ, ਦੂਜਾ ਅਤੇ ਤੀਜਾ ਵਿਚ ਗੀਤ, ਕਵਿਤਾਵਾਂ ਅਤੇ ਰੁਬਾਈਆਂ ਨੂੰ ਜਿਥੇ ਅਜੋਕੀ ਵਿਚਾਰਧਾਰਕ ਵਿਭਿੰਨਤਾ ਵਾਲੇ ਦ੍ਰਿਸ਼ਟੀਕੋਣ ਤੋਂ ਪ੍ਰਗਟਾਇਆ ਗਿਆ ਹੈ, ਉਥੇ ਕਾਵਿ-ਵਿਭਿੰਨਤਾ ਦੇ ਕਾਵਿ-ਪੈਰਾਡਾਈਮ ਦੇ ਨੇਮਾਂ ਨੂੰ ਵੀ ਛੰਦ-ਯੁਕਤ, ਅਲੰਕਾਰਕ ਦ੍ਰਿਸ਼ਟੀ, ਰਸਕਤਾ ਅਤੇ ਲੈਣ ਯੁਕਤ ਵਾਲੇ ਨੇਮਾਂ ਦੇ ਅਨੁਸਰਨੀ ਤੋਂ ਹੋ ਕੇ ਬਾ-ਖੂਬੀ ਪ੍ਰਗਟਾਇਆ ਹੈ। ਜਿਥੇ ਪ੍ਰਿੰ: ਕਾਲੜਾ ਕਦੇ ਗ਼ਜ਼ਲ ਦੀ ਸਿਨਫ਼ ਨੂੰ ਆਧੁਨਿਕ ਸੋਚ-ਦ੍ਰਿਸ਼ਟੀ ਦੇ ਅੰਤਰਗਤ ਪੇਸ਼ ਕਰਦਾ ਰਿਹਾ ਜਾਪਦਾ ਸੀ, ਉਥੇ ਇਨ੍ਹਾਂ ਗੀਤਾਂ, ਕਵਿਤਾਵਾਂ ਅਤੇ ਰੁਬਾਈਆਂ ਵਿਚ ਵੀ ਉਹ ਸਾਮਿਅਕ ਕਾਲ-ਖੰਡ ਵਿਚੋਂ ਉਪਜੀਆਂ ਸਮਾਜਿਕ, ਨੈਤਿਕ, ਸੱਭਿਆਚਾਰਕ, ਇਤਿਹਾਸਕ, ਰਾਜਸੀ ਅਤੇ ਪ੍ਰਸ਼ਾਸਨਿਕ ਪ੍ਰਸਥਿਤੀਆਂ ਵਿਚੋਂ ਉਪਜੀਆਂ ਸੰਗਤੀਆਂ-ਵਿਸੰਗਤੀਆਂ ਦਾ ਵੀ ਆਲੋਚਨਾਤਮਕ ਵਿਰੇਚਨ ਪ੍ਰਗਟ ਕਰਦਾ ਹੋਇਆ ਪ੍ਰਤੀਤ ਹੁੰਦਾ ਹੈ। ਮੂਲ ਰੂਪ ਵਿਚ ਅੰਕਿਤ ਇਸ ਸੰਗ੍ਰਹਿ ਦੀਆਂ ਸਾਰੀਆਂ ਰਚਨਾਵਾਂ ਅਜੋਕੇ ਮਨੁੱਖ ਨੂੰ ਉਸਾਰੂ ਕਦਰਾਂ-ਕੀਮਤਾਂ ਨੂੰ ਧਾਰਨ ਕਰਨ ਲਈ ਪ੍ਰੇਰਕ ਹਨ ਪਰ ਕਾਵਿ-ਭਾਸ਼ਾ, ਵਿਅੰਗ-ਦ੍ਰਿਸ਼ਟੀ, ਬਿੰਬ ਉਸਾਰਨ ਵਾਲੀ ਕਾਵਿ-ਪ੍ਰਤਿਭਾ ਪੱਖੋਂ ਪ੍ਰਿੰ: ਕਾਲੜਾ ਅਜੋਕੇ ਦੌਰ ਦੇ ਕਵੀਆਂ ਤੋਂ ਬਹੁਤ ਅਗਾਂਹ ਲੰਘ ਗਿਆ ਪ੍ਰਤੀਤ ਹੁੰਦਾ ਹੈ। ਇਸੇ ਭਾਵਬੋਧ ਜ਼ਰੀਏ ਅਜੋਕੇ ਕਵੀਆਂ ਦੀ ਕਲਾਤਮਿਕਤਾ ਵਿਚੋਂ ਉਸ ਨੂੰ ਖਿਆਲ ਉਡਾਰੀ, ਵਿਅੰਗ-ਸਿਰਜਣਾ, ਭਾਵਾਂ ਦੀ ਗਹਿਰਾਈ ਅਤੇ ਮਾਨਵ ਹਿਤ ਲਈ ਸਦਭਾਵਨਾ ਲੱਭਦੀ ਨਜ਼ਰੀਂ ਨਹੀਂ ਪੈਂਦੀ ਅਤੇ ਨਾਲ ਦੀ ਨਾਲ ਆਲੋਚਕਾਂ ਦੀ ਬੌਣੀ ਦ੍ਰਿਸ਼ਟੀ ਵੀ ਉਸ ਨੂੰ ਰੜਕਦੀ ਹੈ। ਦੋ ਮਿਸਰੇ, ਰੂਬਾਈਆਂ, ਗੀਤ ਅਤੇ ਗ਼ਜ਼ਲਾਂ ਜਿਹੇ ਕਾਵਿ-ਰੂਪਾਕਾਰ ਅਜੋਕੇ ਕਵੀਆਂ ਲਈ ਸਿੱਖਣਯੋਗ ਮਾਡਲ ਹਨ।

-ਡਾ: ਜਗੀਰ ਸਿੰਘ ਨੂਰ
ਮੋ: 98142-09732.
c c c

20/05/2017

 ਹਬੀਬ ਜਾਲਿਬ ਜੀਵਨ ਤੇ ਰਚਨਾ
ਲੇਖਕ : ਡਾ: ਹਰਪ੍ਰੀਤ ਸਿੰਘ ਹੁੰਦਲ
ਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮੁੱਲ : 140 ਰੁਪਏ, ਸਫ਼ੇ : 88
ਸੰਪਰਕ : 94636-84511.

ਡਾ: ਹਰਪ੍ਰੀਤ ਸਿੰਘ ਹੁੰਦਲ ਨੇ ਮਸ਼ਹੂਰ ਕਵੀ ਹਬੀਬ ਜਾਲਿਬ : ਜੀਵਨ ਤੇ ਰਚਨਾ 'ਤੇ ਖੋਜ ਕਾਰਜ ਕੀਤਾ ਹੈ, ਜਿਸ ਨੂੰ ਪੰਜਾਬੀ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਵੱਲੋਂ ਪ੍ਰਕਾਸ਼ਿਤ ਕਰਕੇ ਸ਼ਲਾਘਾਯੋਗ ਕਾਰਜ ਕੀਤਾ ਹੈ। ਡਾ: ਸਾਹਿਬ ਨੇ ਇਸ ਪੁਸਤਕ ਨੂੰ ਤਿੰਨ ਪ੍ਰਮੁੱਖ ਅਧਿਆਇਆਂ 'ਚ ਵੰਡ ਕੇ ਖੋਜ ਦਾ ਕਾਰਜ ਕੀਤਾ ਹੈ। ਪਹਿਲੇ ਅਧਿਆਇ 'ਚ ਉਸ ਦੇ ਪਿੰਡ, ਬਚਪਨ, ਮੁਢਲੀ ਪੜ੍ਹਾਈ ਦੇਸ਼ ਦੀ ਵੰਡ ਦੇ ਹਾਲਾਤ, ਕਵਿਤਾ ਦੀ ਚੇਟਕ, ਬੂਟਾਂ ਦੀ ਸਰਕਾਰ ਅਧੀਨ ਪੁਲਿਸ ਦੀ ਧੱਕੇਸ਼ਾਹੀ, ਸ਼ਖ਼ਸੀਅਤ, ਸਾਹਿਤ ਤੇ ਸਿਆਸਤ ਉਪ-ਖੰਡਾਂ 'ਚ ਵੰਡ ਕੇ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਹਬੀਬ ਜਾਲਿਬ ਦੇ ਪਿਤਾ ਪੜ੍ਹੇ-ਲਿਖੇ ਇਨਸਾਨ ਸਨ, ਇਸੇ ਲਈ ਉਹ ਆਪਣੇ ਪੱਤਰ ਨੂੰ ਵੀ ਪੜ੍ਹਾਉਣਾ ਚਾਹੁੰਦੇ ਸਨ ਪ੍ਰੰਤੂ ਦੇਸ਼ ਦੀ ਵੰਡ ਹੋਣ ਕਰਕੇ ਆਪਣੇ ਭਰਾ ਮੁਸ਼ਤਾਕ ਹੁਸੈਨ ਵਾਂਗ ਮੈਟ੍ਰਿਕ ਕਰਕੇ ਦਿੱਲੀ 'ਚ ਕਲਰਕ ਲੱਗਣ ਦੀ ਥਾਵੇਂ ਪਾਕਿਸਤਾਨ ਦਾ ਵੱਡਾ ਸ਼ਾਇਰ ਬਣ ਗਿਆ। ਘੋਰ ਗ਼ਰੀਬੀ 'ਚ ਵਿਚਰਦਿਆਂ ਵੀ ਆਪਣੀ ਲਗਨ ਅਤੇ ਮਿਹਨਤ ਸਦਕਾ ਉੱਚ ਪਾਏ ਦਾ ਕਵੀ ਬਣਿਆ। ਦੂਸਰੇ ਅਧਿਆਇ ਵਿਚ ਹਬੀਬ ਜਾਲਿਬ ਦੀ ਪੰਜਾਬੀ ਵਿਚ ਲਿਖੀਆਂ ਕਵਿਤਾਵਾਂ 'ਤੇ ਤਬਸਰਾ ਕੀਤਾ ਗਿਆ ਹੈ। ਹਬੀਬ ਜਾਲਿਬ ਬੁਨਿਆਦੀ ਤੌਰ 'ਤੇ ਉਰਦੂ ਭਾਸ਼ਾ ਦੇ ਸ਼ਾਇਰ ਸਨ। ਉਸ ਦੀਆਂ ਪੰਜਾਬੀ ਕਵਿਤਾਵਾਂ ਨੂੰ ਹਬੀਬ ਸਾਹਿਬ ਦੀ ਮੌਤ ਤੋਂ ਬਾਅਦ ਉਸ ਦੇ ਕਰਾਚੀ ਰਹਿੰਦੇ ਭਰਾ ਸਈਦ ਪ੍ਰਵੇਜ਼ ਨੇ ਇਕੱਠੀਆਂ ਕਰਕੇ 'ਰਾਤ ਕੁਲਹਿਣੀ' ਸੰਗ੍ਰਹਿ ਦੇ ਨਾਂਅ ਹੇਠ 2001 ਵਿਚ ਛਪਵਾਇਆ। ਵਿਅੰਗ ਉਨ੍ਹਾਂ ਦੀ ਸ਼ਾਇਰੀ ਦਾ ਪ੍ਰਮੁੱਖ ਰੰਗ ਹੈ। ਦੇਸ਼ ਦੇ ਮੌਕਾਪ੍ਰਸਤਾਂ 'ਤੇ ਵਿਅੰਗ ਦੀ ਇਹ ਵੰਨਗੀ ਦੇਖਣਯੋਗ ਹੈ :
ਜਾਲਿਬ ਸਾਈਂ, ਕਦੇ ਕਦਾਈਂ, ਚੰਗੀ ਗੱਲ ਵੀ ਕਹਿ ਜਾਂਦਾ ਏ,
ਲੱਖ ਪੂਜੋ ਚੜ੍ਹਦੇ ਸੂਰਜ ਨੂੰ, ਆਖਿਰ ਇਹ ਲਹਿ ਜਾਂਦਾ ਏ।
ਅਧਿਆਇ ਵਿਚ ਪੰਜਾਬੀ ਕਵਿਤਾਵਾਂ, ਰਚਨਾਵਾਂ ਦਾ ਵੇਰਵਾ, ਹਬੀਬ ਜਾਲਿਬ ਬਾਰੇ ਛਪੀਆਂ ਪੁਸਤਕਾਂ ਦਾ ਵੇਰਵਾ, ਪੁਰਸਕਾਰਾਂ ਦਾ ਵੇਰਵਾ, ਜੀਵਨ ਸਮਾਚਾਰ, ਸਹਾਇਕ ਪੁਸਤਕ ਸੂਦੀ, ਹਬੀਬ ਜਾਲਿਬ ਬਾਰੇ ਹੋਏ ਖੋਜ ਕਾਰਜਾਂ ਦਾ ਵਿਸਥਾਰਿਤ, ਭਾਵ ਪੂਰਤ ਵੇਰਵਾ ਦਿੱਤਾ ਗਿਆ ਹੈ। ਡਾ: ਸਾਹਿਬ ਨੇ ਬਹੁਤ ਹੀ ਸ਼ਿੱਦਤ ਦੇ ਨਾਲ ਇਸ ਖੋਜ ਕਾਰਜ ਨੂੰ ਨਿਭਾਇਆ ਹੈ।

-ਸੰਧੂ ਵਰਿਆਣਵੀ (ਪ੍ਰੋ:)
ਮੋ: 98786-14096.
c c c

ਗ਼ਦਰ ਲਹਿਰ
ਦੀ ਲਹੂ-ਰੰਗੀ ਕਹਾਣੀ

ਲੇਖਕ : ਗਿਆਨੀ ਹੀਰਾ ਸਿੰਘ ਦਰਦ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 150 ਰੁਪਏ, ਸਫ਼ੇ : 82
ਸੰਪਰਕ : 0172-4608699.

ਵਿਚਾਰ ਅਧੀਨ ਪੁਸਤਕ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀ ਉਸਰਈਏ ਦੇਸ਼ ਭਗਤ ਕਵੀ ਅਤੇ ਸਾਹਿਤਕਾਰ ਗਿਆਨੀ ਹੀਰਾ ਸਿੰਘ ਦਰਦ ਦੀ ਗ਼ਦਰ ਲਹਿਰ ਦੇ ਮੰਤਵ, ਇਨਕਲਾਬੀ ਇਤਿਹਾਸ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ ਵਿਚ ਇਸ ਲਹਿਰ ਦੇ ਇਤਿਹਾਸਕ ਯੋਗਦਾਨ ਅਤੇ ਮਹਾਨਤਾ ਨੂੰ ਦਰਸਾਉਣ ਵਾਲੀ ਅਤਿ ਮਹੱਤਵਪੂਰਨ ਰਚਨਾ ਹੈ। ਇਸ ਪੁਸਤਕ ਵਿਚ ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਗ਼ਦਰੀ ਪ੍ਰਵਾਨਿਆਂ ਦੀ ਲਾਸਾਨੀ ਕੁਰਬਾਨੀ ਨੂੰ ਅਤਿ ਸਰਲ ਅਤੇ ਪ੍ਰਭਾਵਸ਼ਾਲੀ ਭਾਸ਼ਾ ਵਿਚ ਬਿਆਨ ਕੀਤਾ ਗਿਆ ਹੈ। ਪੁਸਤਕ ਨੂੰ ਗਿਆਰਾਂ ਕਾਂਡਾਂ ਵਿਚ ਵੰਡਿਆ ਗਿਆ ਹੈ-(1) ਗ਼ਦਰ ਪਾਰਟੀ ਦਾ ਪਿਛੋਕੜ, (2) ਗ਼ਦਰ ਪਾਰਟੀ ਤੇ ਇਨਕਲਾਬ ਦੀ ਤਿਆਰੀ, (3) ਸਵਾਧੀਨਤਾ-ਯੁੱਧ ਦਾ ਐਲਾਨ ਤੇ ਦੇਸ਼ ਨੂੰ ਵਹੀਰਾਂ, (4) ਸਵਾਧੀਨਤਾ-ਯੁੱਧ ਦੀ ਤਿਆਰੀ ਤੇ ਸਿਰਧੜ ਦੀ ਬਾਜ਼ੀ, (5) ਤਿਆਰੀ ਦਾ ਦੂਜਾ ਦੌਰ, (6) ਤਿਆਰੀ ਦਾ ਜਾਇਜ਼ਾ, (7) ਰੰਗ ਵਿਚ ਭੰਗ-ਭੇਦ ਖੁੱਲ੍ਹ ਜਾਣਾ, (8) ਗ੍ਰਿਫ਼ਤਾਰੀਆਂ ਦੀ ਭਰਮਾਰ, (9) 19 ਫਰਵਰੀ ਤੋਂ ਮਗਰੋਂ ਦੀਆਂ ਘਟਨਾਵਾਂ, (10) ਮੁਕੱਦਮੇ ਅਤੇ ਸਜ਼ਾਵਾਂ, (11) ਗ਼ਦਰ ਲਹਿਰ ਦਾ ਇਤਿਹਾਸ ਵਿਚ ਸਥਾਨ। ਲੇਖਕ ਨੇ ਉਪਰੋਕਤ ਕਾਂਡਾਂ ਵਿਚ ਗ਼ਦਰ ਲਹਿਰ ਦੇ ਹਰ ਪਹਿਲੂ ਬਾਰੇ ਪ੍ਰਭਾਵਸ਼ਾਲੀ ਸ਼ੈਲੀ ਰਾਹੀਂ ਸੰਖੇਪ ਅਤੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਕੇ ਇਸ ਲਹਿਰ ਦੇ ਇਤਿਹਾਸਕ ਮਹੱਤਵ ਅਤੇ ਮਹਾਨਤਾ ਨੂੰ ਪਾਠਕਾਂ ਦੇ ਸਨਮੁਖ ਕੀਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਗ਼ਦਰ ਲਹਿਰ ਦੇ ਜ਼ਿਕਰ ਤੋਂ ਬਿਨਾਂ ਆਜ਼ਾਦੀ ਸੰਗਰਾਮ ਦਾ ਇਤਿਹਾਸ ਅਧੂਰਾ ਹੈ। ਗ਼ਦਰ ਲਹਿਰ ਪੰਜਾਬ ਦੀ ਇਨਕਲਾਬੀ ਅਤੇ ਗੌਰਵਮਈ ਵਿਰਾਸਤ ਦਾ ਅਨਿੱਖੜਵਾਂ ਅੰਗ ਹੈ, ਜਿਸ ਤੋਂ ਪੰਜਾਬ ਦੀ ਨੌਜਵਾਨ ਪੀੜ੍ਹੀ ਸਦਾ ਪ੍ਰੇਰਨਾ ਲੈਂਦੀ ਰਹੇਗੀ।

-ਸੁਖਦੇਵ ਮਾਦਪੁਰੀ
ਮੋ: 94630-34472.
c c c

ਚਿੱਟਾ ਪਿੰਡ
ਲੇਖਕ : ਗੁਰਮੇਲ ਸਿੰਘ ਬੌਡੇ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 98143-04213.

ਬਹੁਪੱਖੀ ਲੇਖਕ ਗੁਰਮੇਲ ਸਿੰਘ ਬੌਡੇ ਦੀਆਂ ਕਹਾਣੀਆਂ ਦੀ ਨਵਪ੍ਰਕਾਸ਼ਿਤ ਕਿਤਾਬ ਵਿਚ ਕੁੱਲ ਤੇਰਾਂ ਕਹਾਣੀਆਂ ਹਨ। ਲੇਖਕ ਪੰਜਾਬ ਦੇ ਸਮੁੱਚੇ ਸੱਭਿਆਚਾਰ ਤੇ ਸਰਕਾਰੀ ਨੀਤੀਆਂ ਦਾ ਗਹਿਰਾ ਵਿਸ਼ਲੇਸ਼ਣ ਕਰਦਾ ਹੈ। ਕਹਾਣੀਆਂ ਵਿਚ ਪੰਜਾਬ ਚੁਰਾਸੀ, ਕਾਰਗਿਲ ਜੰਗ, ਪੰਜਾਬ ਦੀ ਫੇਲ੍ਹ ਹੋਈ ਸਿੱਖਿਆ ਨੀਤੀ, ਨਸ਼ਾ ਤਸਕਰੀ, ਨਸ਼ਿਆਂ ਵਿਚ ਗਰਕਦੀ ਪੰਜਾਬ ਦੀ ਜਵਾਨੀ, ਪੰਜਾਬੀ ਮਾਂ ਬੋਲੀ ਤੋਂ ਟੁੱਟੇ ਸਾਡੇ ਬੱਚੇ ਤੇ ਨੌਜਵਾਨ, ਦੀ ਪੂਰੀ ਝਲਕ ਹੈ। ਕਹਾਣੀ ਕੰਧੇੜੇ ਚੜ੍ਹੀ ਜ਼ਿੰਦਗੀ ਵਿਚ ਪਰਿਵਾਰ ਦੇ ਦੋ ਜੀਅ ਜੰਗ ਵਿਚ ਸ਼ਹੀਦ ਹੁੰਦੇ ਹਨ। ਚਿਲਕਣੇ ਖੰਭਾਂ ਦੀ ਉਡਾਰੀ ਵਿਚ ਮੁਰਗਾਬੀਆਂ ਦਾ ਸ਼ਿਕਾਰ ਕਰਨ ਗਿਆ ਪਾਤਰ ਮੌਤ ਦੇ ਮੂੰਹ ਜਾ ਪੈਂਦਾ ਹੈ। ਕਿਤਾਬ ਦੇ ਸਿਰਲੇਖ ਵਾਲੀ ਕਹਾਣੀ ਨਸ਼ਿਆਂ ਦਾ ਸ਼ਿਕਾਰ ਹੋਈ ਨੌਜਵਾਨੀ ਦਾ ਦੁਖਾਂਤ ਚਿਤਰਣ ਹੈ। ਪੰਨਾ 68 ਦੀ ਕਿਕਲੀ ਦਿਲਚਸਪ ਹੈ। ਮੱਥੇ ਦਾ ਤ੍ਰਿਸ਼ੂਲ ਦੀ ਪਾਤਰ ਆਪਣੀ ਠੇਕੇ ਦੀ ਨੌਕਰੀ ਦੀ ਤਨਖਾਹ ਗ੍ਰੰਥੀ ਨੂੰ ਦੱਸਦੀ ਹੈ ਤਾਂ ਉਸ ਦੇ ਬੋਲ ਹਨ-ਹੈਂਅ ਐਨੀ ਘੱਟ? ਇਹ ਤਾਂ ਕੁਝ ਵੀ ਨਹੀਂ ਐਵੇਂ ਏਨੀ ਪੜ੍ਹਾਈ 'ਤੇ ਮੱਥਾ ਮਾਰਿਆ (ਪੰਨਾ 78) ਸਰਾਪ ਅੰਧ-ਵਿਸ਼ਵਾਸ ਦੀ ਕਥਾ ਹੈ। ਮੋਹਨ ਬਨਾਮ ਮੋਹਣੀ ਵਿਚ ਪਾਤਰ ਨਸ਼ਿਆਂ ਵਿਚ ਨਾਮਰਦ ਬਣ ਜਾਂਦਾ ਹੈ ਤੇ ਕਿੰਨਰਾਂ ਵਿਚ ਸ਼ਾਮਿਲ ਹੋ ਜਾਂਦਾ ਹੈ। ਲਾਲ ਫੂਲਾਂ ਦੀ ਸਿਸਕੀ ਵਿਚ ਕਿੰਨਰਾਂ ਦੀ ਜ਼ਿੰਦਗੀ ਹੈ। ਸੰਗ੍ਰਹਿ ਨਾਂਹ-ਪੱਖੀ ਪੱਖੀ ਯਥਾਰਥ ਦਾ ਅਹਿਮ ਦਸਤਾਵੇਜ਼ ਹੈ। ਛਪਾਈ ਤੇ ਦਿਖ ਚੰਗੀ ਹੈ। ਕਿਤਾਬ ਪੜ੍ਹਨ ਵਾਲੀ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160.
c c c

ਤਾਰਾ ਮੰਡਲ
ਲੇਖਕ : ਡਾ: ਅਸ਼ੋਕ ਭਾਟੀਆ
ਅਨੁ: ਜਗਦੀਸ਼ ਰਾਏ ਕੁਲਰੀਆਂ
ਪ੍ਰਕਾਸ਼ਕ : ਸਾਂਝ ਪ੍ਰਕਾਸ਼ਨ, ਜਲੰਧਰ
ਮੁੱਲ : 150, ਸਫ਼ੇ : 104
ਸੰਪਰਕ : 09416152100.

'ਤਾਰਾ ਮੰਡਲ' ਅਸ਼ੋਕ ਭਾਟੀਆ ਦਾ ਮਿੰਨੀ ਕਹਾਣੀ-ਸੰਗ੍ਰਹਿ ਹੈ, ਜਿਸ ਨੂੰ ਜਗਦੀਸ਼ ਰਾਏ ਕੁਲਰੀਆਂ ਨੇ ਅਨੁਵਾਦ ਕੀਤਾ ਹੈ, ਜਿਸ ਵਿਚ ਉਸ ਨੇ 54 ਕਹਾਣੀਆਂ ਦੀ ਤਰਜ਼ਮਾਨੀ ਕੀਤੀ ਹੈ। ਉਸ ਦੀਆਂ ਸਾਰੀਆਂ ਕਹਾਣੀਆਂ ਵਿਚ ਹੀ ਸਮਾਜਿਕ ਪਸਾਰਾਂ ਅਤੇ ਮਨੁੱਖੀ ਮਾਨਸਿਕਤਾ ਦੀਆਂ ਪਰਤਾਂ ਨੂੰ ਛੋਹਿਆ ਗਿਆ ਹੈ। ਜਿਵੇਂ-'ਸਰਾਧ', 'ਰਿਸ਼ਤੇ', 'ਅੰਦਰਲਾ ਸੱਚ', 'ਇਕ ਪਹੇਲੀ', 'ਬੇਟੀ ਵੱਡੀ ਹੋ ਗਈ ਹੈ', 'ਗੀਤਾ ਦੀ ਕਸਮ', 'ਅੰਬੀਆਂ', 'ਮਾਂ-ਪੁੱਤ ਸੰਵਾਦ', 'ਸ਼ੇਰ ਤੇ ਬੱਕਰੀ', 'ਕੁੰਡਲੀ', 'ਜ਼ਿੰਦਗੀ', 'ਜਾਲ', 'ਕਹਾਣੀ ਅਜੇ ਮੁੱਕੀ ਨਹੀਂ', 'ਚੰਗਾ ਘਰ', 'ਅੱਜ ਦਾ ਕਿਸਾਨ' ਵਿਚ ਮਨੁੱਖੀ ਮਾਨਸਿਕਤਾ ਅਤੇ ਰਿਸ਼ਤਿਆਂ ਦੀ ਕਸ਼ਮਕਸ਼ ਨੂੰ ਬਿਆਨ ਕਰਦੀਆਂ ਕਹਾਣੀਆਂ ਹਨ। ਜਿਵੇਂ ਉਸ ਨੇ 'ਕੁੰਡਲੀ ਦਰਸ਼ਨ', 'ਗੀਤਾ ਦੀ ਕਸਮ', 'ਨਿਚੋੜ' ਕਹਾਣੀਆਂ ਵਿਚ ਅਜੋਕੇ ਸਮੇਂ ਲੋਕਾਂ ਵਿਚ ਅੰਧਵਿਸ਼ਵਾਸੀ ਮਾਨਸਿਕਤਾ ਦੀ ਗੱਲ ਕੀਤੀ ਹੈ ਅਤੇ ਗੀਤਾ ਰਮਾਇਣ ਮਹਾਂਭਾਰਤ ਦੇ ਮਾਧਿਅਮ ਰਾਹੀਂ ਸੱਭਿਆਚਾਰੀ ਕਦਰਾਂ-ਕੀਮਤਾਂ ਨੂੰ ਅਪਣਾਉਣ ਦਾ ਉਪਰਾਲਾ ਵੀ ਕੀਤਾ ਹੈ, ਅੱਜ ਦੀ ਕਿਸਾਨੀ ਪ੍ਰਤੀ ਮਾਰੂ ਨੀਤੀਆਂ, ਮਨੁੱਖ ਦੀਆਂ ਗ਼ਲਤ ਕਦਰਾਂ-ਕੀਮਤਾਂ, ਬਾਜ਼ਾਰਵਾਦ ਅਤੇ ਭ੍ਰਿਸ਼ਟਾਚਾਰ ਅਤੇ ਬੌਣੇਪਣ ਦੀ ਬਾਤ ਵੀ ਆਪਣੀਆਂ ਕਹਾਣੀਆਂ ਵਿਚ ਪਾਈ ਹੈ। ਗੱਲ ਕੀ ਅਸ਼ੋਕ ਭਾਟੀਆ ਦੀਆਂ ਸਾਰੀਆਂ ਕਹਾਣੀਆਂ ਹੀ ਸਮਾਜ ਦੀ ਤਰਜ਼ਮਾਨੀ ਕਰਦੀਆਂ ਹਨ ਅਤੇ ਇਨ੍ਹਾਂ ਕਹਾਣੀਆਂ ਨੂੰ ਅਨੁਵਾਦ ਕਰਕੇ ਜਗਦੀਸ਼ ਰਾਏ ਕੁਲਰੀਆਂ ਨੇ ਚਾਰ ਚੰਨ ਲਗਾ ਦਿੱਤੇ ਹਨ। ਅਨੁਵਾਦਕ ਨੇ ਆਪਣੀ ਭਾਸ਼ਾ ਵਿਚ ਕਹਾਣੀਆਂ ਦੀ ਗੱਲ ਕਰਕੇ ਸਮਾਜ ਵਿਚ ਹੁੰਦੀ ਤਬਦੀਲੀ ਨੂੰ ਬਿਆਨ ਕੀਤਾ ਹੈ ਅਤੇ ਆਪਣੀ ਸ਼ਬਦਾਵਲੀ ਨਾਲ ਕਹਾਣੀਆਂ ਵਿਚ ਵਿਲੱਖਣਤਾ ਲੈ ਆਂਦੀ ਹੈ ਅਤੇ ਉਸ ਦੀਆਂ ਸਾਰੀਆਂ ਕਹਾਣੀਆਂ ਹੀ ਸਹਿਜ-ਭਾਅ ਚਲਦੀਆਂ ਹਨ। ਲੇਖਕ ਪਾਠਕਾਂ ਦੇ ਸਮਾਜਿਕ ਸਰੋਕਾਰਾਂ ਨੂੰ ਸਮਝਣ ਵਾਲਾ ਹੈ ਅਤੇ ਨਵੇਂ ਦਿਸਹੱਦੇ ਚਿਤਰਨ ਵਾਲਾ ਕਹਾਣੀਕਾਰ ਹੈ।

-ਗੁਰਬਿੰਦਰ ਕੌਰ ਬਰਾੜ
ਮੋ: 098553-95161
c c c

ਕਿਉੜੇ ਕੇਸਰ
ਸ਼ਾਇਰ : ਅਸ਼ਵਨੀ ਗੁਪਤਾ
ਪ੍ਰਕਾਸ਼ਕ : ਪਰੱਗਿਆ ਸਾਹਿਤ ਪ੍ਰਕਾਸ਼ਨ, ਮੋਗਾ
ਮੁੱਲ-125 ਰੁਪਏ, ਸਫ਼ੇ : 80
ਸੰਪਰਕ : 94642-93764.

ਅਸ਼ਵਨੀ ਗੁਪਤਾ ਮੌਜੂਦਾ ਪੀੜ੍ਹੀ ਦਾ ਮਕਬੂਲ ਪੰਜਾਬੀ ਨਾਵਲਕਾਰ ਹੈ, ਜਿਸ ਨੇ ਛੇ ਦੇ ਕਰੀਬ ਨਾਵਲ ਤੇ ਕੁਝ ਮਹੱਤਵਪੂਰਨ ਅਨੁਵਾਦ ਕੀਤੇ ਹਨ। ਹੁਣ ਉਸ ਨੇ 'ਕਿਉੜੇ ਕੇਸਰ' ਪੁਸਤਕ ਰਾਹੀਂ ਪੰਜਾਬੀ ਗ਼ਜ਼ਲ ਮਹਿਫ਼ਲ ਵਿਚ ਨਿੱਗਰ ਦਸਤਕ ਦਿੱਤੀ ਹੈ। ਗੁਪਤਾ ਕੋਲ ਸ਼ਬਦਾਂ ਦੀ ਕੋਈ ਕਮੀ ਨਹੀਂ ਤੇ ਉਨ੍ਹਾਂ ਨੂੰ ਤਰਤੀਬ ਦੇਣ ਦਾ ਉਹ ਮਾਹਿਰ ਹੈ। ਕਿਤਾਬ ਵਿਚ ਸ਼ਾਮਿਲ ਗ਼ਜ਼ਲਾਂ ਦੇ ਸ਼ਿਅਰਾਂ ਵਿਚ ਉਸ ਦੇ ਵਿਅੰਗ ਤੇ ਮਸ਼ਕਰੀਆਂ ਮਾਣਨ ਵਾਲੀਆਂ ਹਨ। ਇਹ ਯੁਗਤ ਪੰਜਾਬੀ ਗ਼ਜ਼ਲ ਵਿਚ ਓਨੀ ਧਾਰਦਾਰ ਨਹੀਂ ਹੋ ਸਕੀ ਪਰ ਗੁਪਤਾ ਦੇ ਸ਼ਿਅਰਾਂ ਦਾ ਆਕਰਸ਼ਨ ਇਸੇ ਧਾਰ 'ਤੇ ਟਿਕਿਆ ਹੋਇਆ ਹੈ। ਆਪਣੇ ਵਿਅੰਗ ਦੇ ਨਾਲ-ਨਾਲ ਉਸ ਨੇ ਸੰਜੀਦਗੀ ਵੀ ਬਰਕਰਾਰ ਰੱਖੀ ਹੈ। ਗ਼ਜ਼ਲਕਾਰ ਨੇ ਮਾਨਵੀ ਰਿਸ਼ਤਿਆਂ ਦੀ ਬੇਗ਼ਾਨਗੀ ਤੇ ਲੋਕ ਮਸਲਿਆਂ 'ਤੇ ਦੱਬੀ ਜ਼ਬਾਨ ਦੀ ਥਾਂ ਖੁੱਲ੍ਹ ਕੇ ਲਿਖਿਆ ਹੈ। ਉਸ ਦੀਆਂ ਗ਼ਜ਼ਲਾਂ ਦੀ ਹੋਰ ਖ਼ੂਬੀ ਇਨ੍ਹਾਂ ਦੀ ਸਰਲਤਾ ਹੈ। ਆਮ ਭਾਸ਼ਾ ਵਿਚ ਚਿਰ ਪ੍ਰਭਾਵੀ ਗੱਲ ਕਰਨ ਦਾ ਉਸ ਕੋਲ ਹੁਨਰ ਹੈ। ਇਹ ਜਾਣਦੇ ਹੋਏ ਵੀ ਕਿ ਸਾਹਮਣੇ ਵਾਲਿਆਂ ਕੋਲ ਗਾਰ ਦੀ ਭਰੀ ਪਿਚਕਾਰੀ ਹੈ ਪਰ ਉਹ ਉਨ੍ਹਾਂ ਨਾਲ ਹੋਲੀ ਖੇਡਣ ਲਈ ਕਿਉੜੇ ਕੇਸਰ ਲੈ ਕੇ ਜਾਂਦਾ ਹੈ। ਉਸ ਮੁਤਾਬਿਕ ਬਹੁਤੇ ਲੋਕਾਂ ਨੂੰ ਖ਼ੁਸ਼ਬੂ ਤੇ ਹਵਾੜ ਦੇ ਅੰਤਰ ਦਾ ਹੀ ਗਿਆਨ ਨਹੀਂ। ਗ਼ਜ਼ਲ ਉਸਤਾਦਾਂ ਬਾਰੇ ਉਸ ਦੀ ਨੋਕ-ਝੋਕ ਚੰਗੀ ਲਗਦੀ ਹੈ ਪਰ ਜੇ ਇਹ ਗ਼ਜ਼ਲਾਂ ਕਿਸੇ ਉਸਤਾਦ ਦੀ ਨਜ਼ਰ 'ਚੋਂ ਗੁਜ਼ਰੀਆਂ ਹੁੰਦੀਆਂ ਤਾਂ 'ਦੋ ਦੂਣੀ ਪੰਜ' ਦੀ ਥਾਂ ਅੱਠ ਹੋਣਾ ਸੀ। ਫਿਰ ਵੀ ਇਨ੍ਹਾਂ ਗ਼ਜ਼ਲਾਂ ਦਾ ਆਪਣਾ ਇਕ ਵੱਖਰਾ ਅੰਦਾਜ਼ ਹੈ, ਜੋ ਪਾਠਕ ਨੂੰ ਉਂਗਲ ਲਾ ਕੇ ਤੋਰੀ ਰੱਖਣ ਦੇ ਸਮਰੱਥ ਹੈ।

-ਗੁਰਦਿਆਲ ਰੌਸ਼ਨ
ਮੋ: 9988444002
c c c

ਖੂਹਾਂ ਦੇ ਖਲਾਅ
ਲੇਖਕ : ਰਮੇਸ਼ ਕੁਮਾਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 103
ਸੰਪਰਕ : 94160-61061.

'ਖੂਹਾਂ ਦੇ ਖਲਾਅ' ਕਵੀ ਰਮੇਸ਼ ਕੁਮਾਰ ਦਾ ਕਾਵਿ ਸੰਗ੍ਰਹਿ ਹੈ। ਕਵੀ ਨੇ ਵਰਤਮਾਨ ਪੰਜਾਬ ਦੇ ਬਦਲਦੇ ਸਮਾਜਿਕ ਤਾਣੇ-ਬਾਣੇ ਅਤੇ ਇਨਸਾਨੀ ਕਦਰਾਂ-ਕਮਤਾਂ ਵਿਚ ਆ ਰਹੇ ਪਰਿਵਰਤਨ ਬਾਰੇ ਬਹੁਤ ਸਾਰੀਆਂ ਰਚਨਾਵਾਂ ਇਸ ਸੰਗ੍ਰਹਿ ਵਿਚ ਰਚੀਆਂ ਹਨ। ਕਵੀ ਮਨ ਬੀਤੇ ਸਮੇਂ ਪ੍ਰਤੀ ਉਦਰੇਵੇਂ ਅਤੇ ਵਰਤਮਾਨ ਪ੍ਰਤੀ ਉਦਾਸੀਨਤਾ ਦਾ ਪ੍ਰਗਟਾਵਾ ਕਰਦਾ ਹੈ। ਛੋਟੀਆਂ-ਛੋਟੀਆਂ ਮਾਨਵੀ ਜੀਵਨ ਦੀਆਂ ਪ੍ਰਕਿਰਿਆਵਾਂ ਅਤੇ ਮਾਨਵੀ ਪੱਖਾਂ ਨੂੰ ਉਭਾਰਦਾ ਕਵੀ ਦਾ ਆਪਾ ਬੜਾ ਸੰਵੇਦਨਸ਼ੀਲ ਹੋ ਜਾਂਦਾ ਹੈ। ਨਵੀਂ ਪੀੜ੍ਹੀ ਦੀ ਵਿਗਿਆਨਕ ਸੋਚ ਤੇ ਪੁਰਾਣੀ ਪੀੜ੍ਹੀ ਲਈ ਨਵੇਂ ਨੂੰ ਅਪਣਾਉਣ ਦੀ ਝਿਜਕ ਕਵੀ ਦੀਆਂ ਬਹੁਤ ਸਾਰੀਆਂ ਰਚਨਾਵਾਂ ਵਿਚੋਂ ਝਲਕਦੀ ਹੈ। ਕਵੀ ਦਾ ਆਪਾ ਨਾਰੀ ਮਨ ਦੀਆਂ ਕਈ ਸੂਖਮ ਭਾਵਨਾਵਾਂ ਅਤੇ ਨਾਰੀ ਦੀਆਂ ਸਮਾਜਿਕ ਬੰਦਸ਼ਾਂ ਅਤੇ ਅਧੀਨਗੀ ਨੂੰ ਸਮਝਦਾ ਹੈ :
ਚੁੱਲ੍ਹੇ ਤੋਂ ਚਿਤਾ ਤੱਕ
ਬੱਸ ਅੱਗ ਦਾ ਸੇਕ। ਅੱਗ ਦਾ ਸਾਥ
ਅੱਗ ਦੀ ਜੂਨੇ ਆਈ। ਅੱਗ ਦੀ ਜਾਈ।
ਸਮਾਜਿਕ ਤੌਰ 'ਤੇ ਉੱਨਤੀ ਕਰਨ ਵਾਲੇ ਇਨਸਾਨ ਜਦੋਂ ਸਮਾਜਿਕ ਤੇ ਇਨਸਾਨੀ ਕਦਰਾਂ-ਕੀਮਤਾਂ ਤੋਂ ਦੂਰ ਹੋ ਜਾਂਦੇ ਹਨ। ਇਸ ਦਾ ਅਹਿਸਾਸ ਵੀ ਕਵੀ ਦੀਆਂ ਰਚਨਾਵਾਂ ਰਾਹੀਂ ਮਿਲਦਾ ਹੈ। ਕਵੀ ਬਦਲਦੇ ਸਮਾਜਿਕ ਸਮੀਕਰਨਾਂ ਵਿਚੋਂ ਸ਼ਹਿਰੋਂ ਪਿੰਡ ਗਏ ਪਾਤਰ ਦੀ ਮਾਨਸਿਕਤਾ ਦੇ ਉਹ ਪਲ ਚਿਤਰਤਾ ਹੈ ਜਦ ਉਹ ਪਿੰਡ ਮੁੜ ਦੇ ਇਕ ਬੇਗਾਨਗੀ ਦਾ ਅਹਿਸਾਸ ਹੰਢਾਉਂਦਾ ਹੈ :
ਹੁਣ ਤਾਂ ਮੇਰੇ ਦੋਸਤ। ਉਦਾਸ ਉਦਾਸ ਗਲੀਆਂ ਹਨ
ਓਪਰੇ ਜਹੇ ਹਟ ਬਾਣੀਏ? ਜਿਵੇਂ ਹੇਠੋਂ ਉਤਾਹ ਨੂੰ ਵੇਖਦੇ
ਕਹਿ ਰਹੇ ਹੋਣ ਕਿਹੜੈ ਬਾਕੀ ਓਏ ਕਿਵੇਂ ਆਇਐਂ?
ਮੌਤ ਸਾਹਮਣੇ ਆਪਣੇ-ਆਪ ਨੂੰ ਲਾਚਾਰ ਮਹਿਸੂਸ ਕਰਦੇ ਇਨਸਾਨ ਦੀ ਕਹਾਣੀ ਅਤੇ ਰਿਸ਼ਤਿਆਂ ਤੋਂ ਵਿਛੜਨ ਦਾ ਅਹਿਸਾਸ 'ਗੰਗਾਜਲ' ਕਵਿਤਾ 'ਚ ਵੇਖਿਆ ਜਾ ਸਕਦਾ ਹੈ। ਖੂਹਾਂ ਦੇ ਖਲਾਅ, ਇਬਾਰਤ, ਅੱਗ ਦਾ ਸਫ਼ਰ, ਤਿਰੰਗੀ ਪੀਂਘ ਬੁੱਤਕਾਰ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਇਸ ਸੰਗ੍ਰਹਿ ਵਿਚ ਸ਼ਾਮਿਲ ਰਚਨਾਵਾਂ ਕਵੀ ਕਿਸੇ ਧਾਰਾ ਜਾਂ ਵਾਦ ਨਾਲ ਬੱਝ ਕੇ ਨਹੀਂ ਲਿਖਦਾ ਸਗੋਂ ਜੀਵਨ ਦੇ ਕਈ ਸੂਖ਼ਮ ਪਲਾਂ ਨੂੰ ਚਿਤਰਨਾ ਕਵੀ ਪਾਠਕ ਦੇ ਭਾਵਾਂ ਨੂੰ ਹਲੂਣਦਾ ਹੈ। ਘਰ, ਕਾਮਾ, ਵਾਰਤਾਲਾਪ ਕਵਿਤਾਵਾਂ ਕਵੀ ਦੇ ਸੂਖਮਭਾਵੀ ਆਪੇ ਦੀ ਵਕਾਲਤ ਕਰਦੀਆਂ ਹਨ। ਕਵੀ ਦੀਆਂ ਰੁਮਾਂਟਿਕ ਭਾਵਾਂ ਵਾਲੀਆਂ ਰਚਨਾਵਾਂ ਵਿਚ 'ਮੈਂ ਤਾਂ ਕਦ ਦਾ', 'ਕਿਤਨਾ ਅੱਛਾ ਲਗਦਾ ਹੈ' ਸਲਾਹੁਣਯੋਗ ਹਨ। ਖੁੱਲ੍ਹੀਆਂ ਕਵਿਤਾਵਾਂ ਦਾ ਇਹ ਕਾਵਿ ਸੰਗ੍ਰਹਿ ਕਵੀ ਦੀ ਭਾਵੁਕਤਾ ਤੇ ਜੀਵਨ ਦੀਆਂ ਹਕੀਕਤਾਂ ਦਾ ਸੁਮੇਲ ਹੈ।

-ਪ੍ਰੋ: ਕੁਲਜੀਤ ਕੌਰ ਅਠਵਾਲ।
c c c

ਮੈਂ ਸਾਂ ਪਾਕਿਸਤਾਨ ਵਿਚ ਭਾਰਤ ਦਾ ਜਾਸੂਸ
ਲੇਖਕ : ਮੋਹਨ ਲਾਲ ਭਾਸਕਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 180 ਰੁਪਏ, ਸਫ਼ੇ : 168
ਸੰਪਰਕ : 98722-00981.

ਮੋਹਨ ਲਾਲ ਭਾਸਕਰ ਮੂਲ ਰੂਪ ਵਿਚ ਹਿੰਦੀ ਨਾਵਲਕਾਰ ਤੇ ਸ਼ਾਇਰ ਸੀ। ਮੋਹਨ ਲਾਲ ਭਾਸਕਰ ਨੇ ਜਾਸੂਸੀ ਦਾ ਇਹ ਧੰਦਾ ਕਿਉਂ ਫੜਿਆ? ਪੁਸਤਕ ਦੇ ਹਵਾਲੇ ਨਾਲ ਕਿਸੇ ਪੁਲਿਸ ਅਫ਼ਸਰ ਜਾਂ ਫ਼ੌਜੀ ਨੇ ਮੋਹਨ ਲਾਲ ਨੂੰ ਤਾਅਨਾ ਮਾਰਿਆ ਕਿ ਦੇਸ਼ ਲਈ ਕੁਰਬਾਨੀ ਦੀਆਂ ਗੱਲਾਂ ਤੇ ਫੜ੍ਹਾਂ ਮਾਰਨੀਆਂ ਸੁਖਾਲੀਆਂ ਹਨ, ਇਸ ਰਾਹ 'ਤੇ ਚੱਲਣਾ ਕਠਿਨ ਕਾਰਜ ਹੈ। ਉਸੇ ਤਾਅਨੇ ਸਦਕਾ ਭਾਸਕਰ ਦੇਸ਼ ਲਈ ਕੁਝ ਕਰਨ ਦੇ ਮੰਤਵ ਨਾਲ ਭਾਰਤੀ ਜਾਸੂਸ ਬਣਿਆ। ਹਾਲਾਂ ਕਿ ਆਪਣੇ ਪੁਲਿਸ ਕੋਲ ਦਿੱਤੇ ਬਿਆਨਾਂ ਵਿਚ ਉਹ ਇਹੋ ਕਹਿੰਦਾ ਰਿਹਾ ਕਿ ਉਹ ਤਾਂ ਪਾਕਿਸਤਾਨ ਦੇਖਣ ਦੀ ਇੱਛਾ ਨਾਲ ਹੀ ਉਧਰ ਗਿਆ ਸੀ। ਉਸ 'ਤੇ ਵੱਡਾ ਤੇ ਸੰਗੀਨ ਦੋਸ਼ ਇਹ ਲਾਇਆ ਗਿਆ ਸੀ ਕਿ ਉਸ ਨੇ ਪਾਕਿਸਤਾਨੀ ਐਟੋਮਿਕ ਕਮਿਸ਼ਨ ਦੀਆਂ ਕੁਝ ਫਾਈਲਾਂ ਪ੍ਰਾਪਤ ਕਰਕੇ ਭਾਰਤ ਭੇਜੀਆਂ ਹਨ। ਨਵੀਂ ਵਿਆਂਦੜ ਵਹੁਟੀ ਨੂੰ ਛੱਡ ਕੇ ਉਹ ਇਸ ਕੰਮ ਵਿਚ ਪੈ ਗਿਆ ਸੀ। ਆਪਣੇ ਹੀ ਦੇਸ਼ ਦੇ ਮੁਖ਼ਬਰਾਂ ਕਾਰਨ ਉਹ ਪਾਕਿਸਤਾਨ ਵਿਚ ਗ੍ਰਿਫ਼ਤਾਰ ਹੋ ਗਿਆ ਸੀ। ਉਸ ਨੂੰ 14 ਸਾਲ ਦੀ ਕੈਦ ਹੋ ਗਈ ਸੀ ਪਰ ਸ਼ਿਮਲਾ ਸਮਝੌਤੇ ਕਾਰਨ ਉਸ ਦੇ ਨਾਲ ਹੋਰ ਅਨੇਕਾਂ ਕੈਦੀਆਂ ਦੀ ਰਿਹਾਈ ਹੋ ਗਈ ਸੀ। ਉਹ ਆਪਣੇ ਇਸ ਬਿਰਤਾਂਤ ਵਿਚ ਗ਼ਜਬ ਦੀ ਰੌਚਿਕਤਾ ਦਰਸਾਉਂਦਾ ਹੈ। ਇੰਜ ਜਾਪਦਾ ਹੈ ਜਿਵੇਂ ਉਹ ਪਾਕਿਸਤਾਨ ਦੇ ਚੱਪੇ-ਚੱਪੇ ਤੋਂ ਵਾਕਿਫ਼ ਹੋਵੇ। ਅਫ਼ਸਰਾਂ ਦੇ ਨਾਂਅ ਤੱਕ ਉਸ ਦੀਆਂ ਯਾਦਾਂ ਵਿਚ ਪੱਕੇ ਤੌਰ 'ਤੇ ਉਕਰੇ ਹੋਏ ਸਨ। ਪਾਤਰਾਂ ਜਿਵੇਂ ਰਾਜਾ ਗੁਲ ਅਨਾਰ ਖਾਂ ਚੰਦਰਵੰਸ਼ੀ ਰਾਜਪੂਤ, ਜਨਰਲ ਰਾਣੀ ਤੇ ਇਹੋ ਜਿਹੇ ਹੋਰ ਅਨੇਕਾਂ ਪਾਤਰਾਂ ਦਾ ਬਹੁਤ ਹੀ ਯਥਾਰਥਮਈ ਚਿਤਰਨ ਹੋਇਆ ਹੈ। ਪਾਕਿਸਤਾਨੀ ਜੇਲ੍ਹਾਂ ਦੀ ਦਰਿੰਦਗੀ ਤੇ ਕਿਤੇ-ਕਿਤੇ ਨੇਕ ਪੁਲਿਸ ਅਫ਼ਸਰਾਂ ਦੀ ਨੇਕੀ ਦੇ ਵੀ ਦਰਸ਼ਨ ਹੁੰਦੇ ਹਨ। ਕਹਾਣੀ ਰਸ ਤੇ ਬਿਰਤਾਂਤ ਏਨਾ ਬੱਝਵਾਂ ਹੈ ਕਿ ਪਾਠਕ ਆਖਰ ਤੱਕ ਕਹਾਣੀ ਨਾਲ ਜੁੜਿਆ ਰਹਿੰਦਾ ਹੈ।

-ਕੇ. ਐਲ. ਗਰਗ
ਮੋ: 94635-37050
c c c

13/05/2017

 ਜੀਵਨ ਇਕ ਸਚਾਈ
ਲੇਖਕ : ਦਲੀਪ ਸਿੰਘ ਵਾਸਨ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 150
ਸੰਪਰਕ : 0175-2304078.

ਲੇਖਕ ਆਵਾਗਉਣ ਵਿਚ ਵਿਸ਼ਵਾਸ ਨਹੀਂ ਰੱਖਦਾ। ਉਸ ਦਾ ਖਿਆਲ ਹੈ ਕਿ ਇਹ ਜੀਵਨ ਹੀ ਪਹਿਲਾ ਅਤੇ ਆਖਰੀ ਜੀਵਨ ਹੈ। ਇਸ ਲਈ ਆਦਮੀ ਨੂੰ ਇਸੇ ਜੀਵਨ ਵਿਚ ਸਭ ਕੁਝ ਕਰ ਲੈਣਾ ਚਾਹੀਦਾ ਹੈ। ਹਰ ਆਦਮੀ ਨੂੰ ਆਪਣੇ ਜੀਵਨ ਟੀਚੇ ਦੀ ਪਛਾਣ ਕਰਕੇ ਕਾਰਜਸ਼ੀਲ ਹੋ ਜਾਣਾ ਚਾਹੀਦਾ ਹੈ। ਲੇਖਕ ਨੇ ਆਪਣੇ ਜੀਵਨ ਤਜਰਬੇ ਤੋਂ ਹਾਸਲ ਕੀਤੀਆਂ ਕੁਝ ਗੱਲਾਂ ਸਰਲ ਭਾਸ਼ਾ ਵਿਚ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵਿਚੋਂ ਕੁਝ ਮਹੱਤਵਪੂਰਨ ਗੱਲਾਂ ਇਹ ਹਨ-
ਰੱਬ ਨਾਲ ਰੋਜ਼ਾਨਾ ਗੱਲਾਂ ਕਰਨੀਆਂ ਚਾਹੀਦੀਆਂ ਹਨ ਅਤੇ ਉਸ ਨੂੰ ਹਮੇਸ਼ਾ ਹਾਜ਼ਰ ਨਾਜ਼ਰ ਸਮਝਣਾ ਚਾਹੀਦਾ ਹੈ। ਕਿਸੇ ਨੂੰ ਵੀ ਧੋਖਾ ਨਹੀਂ ਦੇਣਾ ਚਾਹੀਦਾ। ਫਜ਼ੂਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਧਾਰਮਿਕ ਕਿਤਾਬਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ। ਮਨ ਸਾਫ਼ ਰੱਖਣਾ ਚਾਹੀਦਾ ਹੈ। ਕਿਸੇ ਦੀ ਵੀ ਨਿੰਦਾ ਨਹੀਂ ਕਰਨੀ ਚਾਹੀਦੀ। ਦੂਜਿਆਂ ਦੀ ਤਾਰੀਫ਼ ਕਰਨੀ ਚਾਹੀਦੀ ਹੈ। ਆਪਣੀ ਕਿਸਮਤ ਉੱਤੇ ਕੁਝ ਨਹੀਂ ਛੱਡਣਾ ਚਾਹੀਦਾ। ਵੱਧ ਤੋਂ ਵੱਧ ਮਿਹਨਤ ਕਰਨੀ ਚਾਹੀਦੀ ਹੈ। ਹਮੇਸ਼ਾ ਹੌਸਲੇ ਅਤੇ ਚੜ੍ਹਦੀ ਕਲਾ ਵਿਚ ਰਹਿਣਾ ਚਾਹੀਦਾ ਹੈ। ਘਟੀਆਪਨ ਦੇ ਅਹਿਸਾਸ ਵਿਚੋਂ ਬਾਹਰ ਨਿਕਲਣਾ ਚਾਹੀਦਾ ਹੈ ਅਤੇ ਕਦੇ ਵੀ ਦਿਲੋਂ ਹਾਰ ਨਹੀਂ ਮੰਨਣੀ ਚਾਹੀਦੀ। ਉਮਰ ਦੇ ਨਾਲ-ਨਾਲ ਵਿਚਾਰਾਂ ਵਿਚ ਵੀ ਤਬਦੀਲੀ ਆਉਣੀ ਚਾਹੀਦੀ ਹੈ। ਧਾਰਮਿਕ ਕੱਟੜਤਾ ਤੋਂ ਦੂਰ ਰਹਿਣਾ ਚਾਹੀਦਾ ਹੈ। ਕਮਾਈ ਨੇਕ ਹੋਣੀ ਚਾਹੀਦੀ ਹੈ ਜਿਸ ਵਿਚ ਘਪਲਿਆਂ, ਘੁਟਾਲਿਆਂ, ਰਿਸ਼ਵਤਾਂ ਅਤੇ ਭ੍ਰਿਸ਼ਟਾਚਾਰ ਕਰਕੇ ਇਕੱਠਾ ਕੀਤਾ ਪੈਸਾ ਸ਼ਾਮਿਲ ਨਹੀਂ ਹੋਣਾ ਚਾਹੀਦਾ। ਲੇਖਕ ਨੇ ਕੁਝ ਆਮ ਜਾਣਕਾਰੀ ਦੀਆਂ ਗੱਲਾਂ ਵੀ ਲਿਖੀਆਂ ਹਨ, ਜਿਵੇਂ ਹਰ ਇਕ ਨੂੰ ਆਪਣੇ ਜ਼ਰੂਰੀ ਕਾਗਜ਼ਾਤ ਸੰਭਾਲ ਕੇ ਰੱਖਣੇ ਚਾਹੀਦੇ ਹਨ, ਆਪਣੀ ਤਰੱਕੀ ਦਾ ਖਿਆਲ ਰੱਖਣਾ ਚਾਹੀਦਾ ਹੈ। ਪੁੱਤਰਾਂ-ਧੀਆਂ ਵਿਚ ਫ਼ਰਕ ਨਹੀਂ ਕਰਨਾ ਚਾਹੀਦਾ। ਪਰ ਕੁਝ ਗੱਲਾਂ ਬਹੁਤ ਅਜੀਬ ਲਗਦੀਆਂ ਹਨ। ਲੇਖਕ ਦਾ ਵਿਚਾਰ ਹੈ ਕਿ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਸਾਡੇ ਜੀਵਨ ਦਾ ਆਧਾਰ ਹਨ ਅਤੇ ਇਨ੍ਹਾਂ ਦੀ ਹੋਂਦ ਹੀ ਆਦਮੀ ਨੂੰ ਜਿਊਂਦਾ ਰੱਖਦੀ ਹੈ। ਵੱਧ ਤੋਂ ਵੱਧ ਪੈਸਾ ਕਮਾਉਣਾ ਚਾਹੀਦਾ ਹੈ। ਝੂਠ ਹੀ ਸਾਡਾ ਜੀਵਨ ਚਲਾ ਰਿਹਾ ਹੈ। ਸੱਚ ਬੋਲਿਆ ਹੀ ਨਹੀਂ ਜਾ ਸਕਦਾ। ਸ਼ਾਇਦ ਪੇਸ਼ੇ ਵੱਲੋਂ ਵਕੀਲ ਹੋਣ ਦੇ ਨਾਤੇ ਲੇਖਕ ਨੇ ਇਹੋ ਜਿਹੀਆਂ ਗੱਲਾਂ ਲਿਖ ਦਿੱਤੀਆਂ ਹਨ, ਜੋ ਹਜ਼ਮ ਕਰਨੀਆਂ ਔਖੀਆਂ ਹਨ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
c c c

ਪੰਜਾਬ ਦੇ ਲੋਕ ਸ਼ਸਤਰ
ਲੇਖਕ : ਡਾ: ਮਨਦੀਪ ਕੌਰ ਮਠਾਰੂ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਚੰਡੀਗੜ੍ਹ
ਮੁੱਲ : 395 ਰੁਪਏ, ਸਫ਼ੇ : 232
ਸੰਪਰਕ : 94637-26978.

ਲੋਕਧਾਰਾ ਅਧਿਐਨ ਖੇਤਰ ਨਾਲ ਸਬੰਧਤ ਇਸ ਪੁਸਤਕ ਵਿਚ ਪੰਜਾਬ ਦੇ ਲੋਕ ਸ਼ਸਤਰਾਂ ਨਾਲ ਸਬੰਧਤ ਜਾਣਕਾਰੀ ਨੂੰ ਖੋਜ ਦੀ ਵਿਧੀ ਰਾਹੀਂ ਪੇਸ਼ ਕੀਤਾ ਗਿਆ ਹੈ। ਪੰਜਾਬੀ ਜਨ-ਜੀਵਨ ਵਿਚ ਸ਼ਸਤਰ ਬੜੀ ਡੂੰਘੀ ਸਾਂਝ ਰੱਖਦੇ ਹਨ। ਆਦਿ-ਮਾਨਵ ਦੇ ਸਮੇਂ ਤੋਂ ਹੀ ਸ਼ਸਤਰਾਂ ਦੀ ਵਰਤੋਂ ਹੁੰਦੀ ਰਹੀ ਹੈ। ਸਮੇਂ ਦੇ ਨਾਲ-ਨਾਲ ਇਨ੍ਹਾਂ ਵਿਚ ਵਿਕਾਸ ਹੁੰਦਾ ਰਿਹਾ ਹੈ। ਅਜੋਕੇ ਦੌਰ ਵਿਚ ਇਨ੍ਹਾਂ ਰਵਾਇਤੀ ਪਰੰਪਰਾਵਾਂ ਵਿਚ ਤਬਦੀਲੀ ਦਾ ਵਰਤਾਰਾ ਸ਼ੁਰੂ ਹੋਇਆ, ਜਿਸ ਨੇ ਸਾਡੀਆਂ ਕਦਰਾਂ-ਕੀਮਤਾਂ, ਰਹਿਣੀ-ਬਹਿਣੀ, ਸੱਭਿਆਚਾਰ ਆਦਿ ਨੂੰ ਵੱਡੀ ਪੱਧਰ 'ਤੇ ਪ੍ਰਭਾਵਿਤ ਕੀਤਾ।
ਮਨਦੀਪ ਕੌਰ ਨੇ ਆਪਣੇ ਖੋਜ ਕਾਰਜ ਦਾ ਵਿਸ਼ਾ ਇਨ੍ਹਾਂ ਲੋਕ ਸ਼ਸਤਰਾਂ ਨੂੰ ਬਣਾਇਆ ਹੈ। ਪੰਜਾਬ ਦੀ ਅਜੋਕੀ ਪੀੜ੍ਹੀ ਇਨ੍ਹਾਂ ਲੋਕ ਸ਼ਸਤਰਾਂ ਨਾਲ ਸਬੰਧਤ ਰਸਮਾਂ ਰਿਵਾਜਾਂ ਅਤੇ ਇਨ੍ਹਾਂ ਪਿੱਛੇ ਕੰਮ ਕਰਦੀਆਂ ਭਾਵਨਾਵਾਂ ਤੋਂ ਵਿਹੂਣੀ ਹੋ ਰਹੀ ਹੈ। ਅਜਾਇਬ ਘਰਾਂ ਦਾ ਸ਼ਿੰਗਾਰ ਬਣੇ ਇਹ ਸ਼ਸਤਰ ਲੋਕ ਸਾਹਿਤ ਵਿਚ ਲੋਕ ਮਨਾਂ ਵਿਚ ਭਾਵਨਾਵਾਂ ਦੀ ਤਰਜਮਾਨੀ ਕਰਦੇ ਰਹੇ ਹਨ। ਇਨ੍ਹਾਂ ਲੋਕ ਸ਼ਸਤਰਾਂ ਨਾਲ ਜੁੜੀਆਂ ਸੱਭਿਆਚਾਰਕ ਵੰਨਗੀਆਂ-ਲੋਕ ਗੀਤ, ਬੋਲੀਆਂ, ਅਖਾਣ, ਮੁਹਾਵਰੇ, ਧਾਰਮਿਕ ਰਸਮਾਂ ਰਿਵਾਜਾਂ, ਸਮਾਜਿਕ ਕਦਰਾਂ-ਕੀਮਤਾਂ ਵਿਚ ਇਨ੍ਹਾਂ ਦੀ ਸ਼ਮੂਲੀਅਤ ਇਕ ਲੋੜ ਵਜੋਂ ਕਾਰਜਸ਼ੀਲ ਹੁੰਦੀ ਹੈ। ਦੇਖਣ ਨੂੰ ਬੜੇ ਸਧਾਰਨ ਜਿਹੇ ਵਿਸ਼ੇ ਪਿੱਛੇ ਕੰਮ ਕਰਦੇ ਲੋਕ ਵਿਸ਼ਵਾਸਾਂ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਪਛਾਣਿਆ ਗਿਆ ਹੈ। ਲੋਕ ਸ਼ਸਤਰਾਂ ਬਾਰੇ ਬੜੇ ਵਿਸਥਾਰ ਨਾਲ ਕੀਤੀ ਖੋਜ ਪੜਤਾਲ ਰਾਹੀਂ ਪੰਜਾਬੀ ਸੱਭਿਆਚਾਰ ਵਿਚ ਪ੍ਰਚਲਿਤ ਰਹੇ ਇਨ੍ਹਾਂ ਸ਼ਸਤਰਾਂ ਪਿੱਛੇ ਕੰਮ ਕਰਦੇ ਮਾਨਵੀ ਆਧਾਰਾਂ ਨੂੰ ਘੋਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਵਿਲੱਖਣ ਕਿਸਮ ਦੇ ਇਸ ਕਾਰਜ ਦਾ ਸਵਾਗਤ ਕਰਦੇ ਹਾਂ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.
c c
c

ਧੁਖਦੇ ਪਲ
ਕਵੀ : ਰਾਮ ਨਾਥ ਸ਼ੁਕਲਾ
ਪ੍ਰਕਾਸ਼ਕ : ਲੋਕ ਹਿਤੂ ਪ੍ਰਕਾਸ਼ਨ, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 94643-91902.

ਪੁਸਤਕ 'ਧੁਖਦੇ ਪਲ' ਲੇਖਕ ਦੀ ਉੱਚ-ਕੋਟੀ ਦੀ ਕਾਵਿ-ਕਲਾ ਦਾ ਹੀ ਫੈਲਾਓ ਪਾਸਾਰ ਅਤੇ ਵਿਸਥਾਰ ਹੈ ਉਨ੍ਹਾਂ ਦੀ ਇਹ ਹਾਲ ਹੀ ਛਪੀ ਕਾਵਿ ਪੁਸਤਕ। ਜਿਸ ਵਿਚ ਸ਼ਾਮਿਲ ਚਾਰ ਦਰਜਨ ਤੋਂ ਵੱਧ ਕਵਿਤਾਵਾਂ, ਨਜ਼ਮਾਂ ਅਤੇ ਗ਼ਜ਼ਲਾਂ ਉਨ੍ਹਾਂ ਅੰਦਰ ਵਸਦੇ ਅਨੁਭਵੀ ਸ਼ਾਇਰ ਨਾਲ ਨੇੜਿਓਂ ਮੇਲ ਕਰਾਉਂਦੀਆਂ ਹਨ। ਪੁਸਤਕ ਦੀ ਪਹਿਲੀ ਰਚਨਾ 'ਵੰਗਾਰ' ਉਨ੍ਹਾਂ ਅੰਦਰ ਠਾਠਾਂ ਮਾਰਦੇ ਦੇਸ਼-ਭਗਤੀ ਦੇ ਜਜ਼ਬੇ ਦਾ ਪ੍ਰਤੱਖ ਸਬੂਤ ਹੈ। 'ਰੱਬ', 'ਕੁੜੀ ਅਲੌਕਿਕ' ਫਲਸਫ਼ੇ ਦੇ ਨਵੇਂ ਦਿਸਹੱਦਿਆਂ ਵੱਲ ਝਾਤ ਪਾਉਂਦੀਆਂ ਹਨ। 'ਔਰ ਨਾ ਚਾਰਾਜੋਈ, ਸੰਭਵ ਜਾਓ, ਭੁਚਾਲ, ਕਰਾਂਤੀ, ਮੋਹ ਕਰਦੀ, ਲੇਖਕ, ਅਪੂਰਣ, ਹਨੇਰਾ, ਉਦਾਸ ਸਾਵਣ, ਸਧਰਾਂ ਦਾ ਮਰ ਜਾਣਾ, ਭਰਮ, ਚਾਹਤ, ਸੁਪਨੇ ਦੀਏ ਨਾਰੇ ਆਦਿ ਰਚਨਾਵਾਂ ਉੱਚ ਕਾਵਿ-ਉਡਾਰੀ, ਕਾਵਿ-ਰਵਾਨਗੀ, ਨਿਵੇਕਲੇ ਅਹਿਸਾਸ, ਅਛੂਤੇ ਜਜ਼ਬੇ ਆਦਿ ਤੱਤਾਂ ਨਾਲ ਭਰਪੂਰ ਹਨ। ਕਵੀ ਦੀ ਹਰ ਰਚਨਾ ਵੱਖ-ਵੱਖ ਜੀਵਨ ਮੁੱਲਾਂ, ਨੈਤਿਕ ਕਦਰਾਂ-ਕੀਮਤਾਂ, ਉੱਚ ਆਦਰਸ਼ਾਂ ਦੀ ਬਾਤ ਪਾਉਂਦੀ ਹੈ। ਤਕਨੀਕੀ ਕਾਵਿ-ਜੁਗਤਾਂ ਕਵੀ ਦੀਆਂ ਸਮੁੱਚੀਆਂ ਰਚਨਾਵਾਂ ਦਾ ਖਾਸਾ ਹੈ।

-ਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.
c c c

ਮਾਲਵੇ ਦੀਆਂ ਲੋਕ-ਕਹਾਣੀਆਂ
ਲੇਖਕ : ਨਵਦੀਪ ਸਿੰਘ ਸਿੱਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 143
ਸੰਪਰਕ : 0161-2413613.

ਇਸ ਪੁਸਤਕ ਵਿਚ ਨਵਦੀਪ ਸਿੰਘ ਸਿੱਧੂ ਨੇ 28 ਲੋਕ ਕਹਾਣੀਆਂ, ਮਾਲਵੇ ਦੇ ਇਲਾਕੇ 'ਚੋਂ ਬੜੀ ਮਿਹਨਤ ਨਾਲ ਇਕੱਠੀਆਂ ਲਿਖੀਆਂ ਹਨ। ਲੋਕ-ਕਹਾਣੀਆਂ ਪੜ੍ਹਦੇ-ਪੜ੍ਹਦੇ ਪੁਸਤਕ ਵਿਚਾਲੇ ਛੱਡਣ ਨੂੰ ਚਿੱਤ ਨਹੀਂ ਕਰਦਾ। ਇਨ੍ਹਾਂ 28 ਲੋਕ-ਕਹਾਣੀਆਂ 'ਚ ਵੰਨ-ਸੁਵੰਨੇ ਪਾਤਰ (ਪੰਛੀ, ਜਨੌਰ, ਦਿਓ, ਜਾਨਵਰ ਆਦਿ) ਮਿਲਦੇ ਹਨ। ਮਨ ਪ੍ਰਚਾਵੇ ਦੇ ਨਾਲ-ਨਾਲ ਇਨ੍ਹਾਂ ਲੋਕ-ਕਹਾਣੀਆਂ 'ਚ ਕੋਈ ਨਾ ਕੋਈ ਸਿੱਖਿਆ ਵੀ ਸਮਾਈ ਹੋਈ ਹੈ। ਮਾਲਵੇ ਖਿੱਤੇ ਦੀਆਂ ਲੋਕ-ਕਹਾਣੀਆਂ ਹੋਣ ਕਰਕੇ ਇਨ੍ਹਾਂ ਦੀ ਭਾਸ਼ਾ ਸਪੱਸ਼ਟ ਮਲਵਈ ਰੰਗਣ 'ਚ ਰੰਗੀ ਪਈ ਹੈ। ਕੁਝ ਸ਼ਬਦ ਦੇਖੋ : ਲਵੇ, ਥੋਡਾ, ਮਾਗੂੰ, ਕਾਟਸਾਂ, ਝਕਾਲੇ, ਓਕਣੇ ਈ, ਕਿਮੇਂ, ਮੱਚ ਰਹੀ, ਉਮੇਂ, ਜਿਮੇਂ, ਆੜੀ, ਕੜਮੱਤਾਂ, ਚੂਕਣਾ, ਆੜੀ ਆਦਿ। ਕੁਝ ਲੋਕ ਕਹਾਣੀਆਂ 'ਚ ਸਿੱਧੀਆਂ ਗਾਲ੍ਹਾਂ ਵੀ ਕਹਾਣੀ ਤੱਤ 'ਚ ਵਿਗਾੜ ਪੈਦਾ ਨਹੀਂ ਕਰਦੀਆਂ।ਉਪਰੋਕਤ ਪੁਸਤਕ 'ਚ ਸਮਿਲਤ ਲੋਕ-ਕਹਾਣੀਆਂ ਪੜ੍ਹ ਕੇ ਨਵਦੀਪ ਸਿੰਘ ਸਿੱਧੂ ਦੀ ਘਾਲਣਾ ਸਲਾਹੁਣਯੋਗ ਹੈ। ਲੋਕ ਵਿਰਸੇ ਨੂੰ ਸਾਂਭਣ ਲਈ ਬੜਾ ਵੱਡਾ ਜੇਰਾ ਚਾਹੀਦਾ ਹੁੰਦਾ ਜੋ ਨਵਦੀਪ ਸਿੰਘ ਸਿੱਧੂ ਕੋਲ ਹੈ। ਆਸ ਹੈ ਉਸੇ ਤਰ੍ਹਾਂ ਸ਼ੌਕ ਤੇ ਸ਼ਿੱਦਤ ਨਾਲ ਨਵਦੀਪ ਸਿੰਘ ਸਿੱਧੂ ਪੰਜਾਬੀ ਲੋਕ ਸਾਹਿਤ ਦੇ ਖਿੱਲਰੇ ਮੋਤੀ ਇਕੱਠੇ ਕਰਕੇ ਪੰਜਾਬੀਆਂ ਦੀ ਝੋਲੀ ਪਾਉਂਦਾ ਰਹੇਗਾ।

-ਪ੍ਰੋ: ਸਤਪਾਲ ਸਿੰਘ
ਮੋ: 98725-21515.
c c c

ਪਾਕਿਸਤਾਨੀ ਪੰਜਾਬੀ ਕਹਾਣੀ ਦਾ ਸੰਖੇਪ ਜਾਇਜ਼ਾ
ਲੇਖਕ : ਮਨਮੋਹਨ ਸਿੰਘ ਤੀਰ
ਪ੍ਰਕਾਸ਼ਕ : ਮਨਪ੍ਰੀਤ ਪ੍ਰਕਾਸ਼ਨ, ਦਿੱਲੀ
ਮੁੱਲ : 340 ਰੁਪਏ, ਸਫ਼ੇ : 136
ਸੰਪਰਕ : 94647-30555
.

ਪਾਕਿਸਤਾਨੀ ਪੰਜਾਬੀ ਸਾਹਿਤ ਦੇ ਅਧਿਐਨ ਅਤੇ ਮੁਲਾਂਕਣ ਦਾ ਕੰਮ ਪੂਰਬੀ ਪੰਜਾਬ ਵਿਚ ਵੀ ਨਿਰੰਤਰਤਾ ਨਾਲ ਹੋ ਰਿਹਾ ਹੈ ਕਿਉਂਕਿ ਉੱਚ ਅਕਾਦਮਿਕ ਵਿੱਦਿਆ ਦੀਆਂ ਲੋੜਾਂ ਵਿਚੋਂ ਵੀ ਇਸ ਅਧਿਐਨ ਦੀ ਪਿਰਤ ਪਨਪੀ ਹੈ। ਵਿਸ਼ੇਸ਼ ਕਰਕੇ ਪੋਸਟ ਗਰੈਜੂਏਸ਼ਨ ਦੀ ਪੜ੍ਹਾਈ ਵਿਚ ਪਾਕਿਸਤਾਨੀ ਸਾਹਿਤ ਬਾਰੇ ਪੜ੍ਹਾਇਆ ਜਾਂਦਾ ਸੁਤੰਤਰ ਰੂਪ ਵਿਚ ਪੇਪਰ ਵੀ ਇਸ ਅਧਿਐਨ ਦਾ ਮੂਲ ਸਰੋਤ ਮੰਨਿਆ ਜਾਂਦਾ ਹੈ। ਕਰਨੈਲ ਸਿੰਘ ਥਿੰਦ, ਹਰਬੰਸ ਸਿੰਘ ਧੀਮਾਨ, ਡਾ: ਜਗਤਾਰ, ਡਾ: ਜਤਿੰਦਰਪਾਲ ਸਿੰਘ ਜੌਲੀ, ਪਰਮਜੀਤ ਸਿੰਘ ਮੀਸ਼ਾ ਆਦਿ ਨੇ ਵੀ ਇਸ ਪਾਸੇ ਗੌਲਣਯੋਗ ਕਾਰਜ ਕੀਤਾ ਹੈ ਭਾਵੇਂ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਅਧਿਐਨ ਨਾਲ ਜੁੜੇ ਹੋਰ ਵੀ ਵਿਦਵਾਨ ਇਸ ਕਾਰਜ ਲਈ ਯਤਨਸ਼ੀਲ ਹਨ। ਡਾ: ਮਨਮੋਹਨ ਸਿੰਘ ਤੀਰ ਦੀ ਆਲੋਚਨਾ ਪੁਸਤਕ 'ਪਾਕਿਸਤਾਨੀ ਪੰਜਾਬੀ ਕਹਾਣੀ ਦਾ ਸੰਖੇਪ ਜਾਇਜ਼ਾ' ਵੀ ਪਾਕਿਸਤਾਨੀ ਪੰਜਾਬ ਵਿਚ ਲਿਖੀ ਜਾ ਰਹੀ ਪੰਜਾਬੀ ਕਹਾਣੀ ਨੂੰ ਨਿਰਖਣ ਪਰਖਣ ਦਾ ਇਕ ਮਹੱਤਵਪੂਰਨ ਉਪਰਾਲਾ ਹੈ। ਅਧਿਐਨ ਕਰਤਾ ਨੇ ਨਿੱਕੀ ਕਹਾਣੀ ਦੇ ਵਿਧਾਗਤ ਅਤੇ ਸਿਧਾਂਤਕ ਪਹਿਲੂਆਂ ਦਾ ਅਧਿਐਨ ਪੇਸ਼ ਕਰਦਿਆਂ ਪਾਕਿਸਤਾਨੀ ਸਮਾਜ, ਸੱਭਿਆਚਾਰ, ਅਰਥਚਾਰੇ, ਧਾਰਮਿਕਤਾ, ਹਾਕਮ ਜਮਾਤ ਦਾ ਚਰਿਤਰਕ ਖਾਸਾ ਉਲੀਕਦੇ ਹੋਏ ਪਾਕਿਸਤਾਨੀ ਕਹਾਣੀ ਨੂੰ ਇਨ੍ਹਾਂ ਸਰੋਕਾਰਾਂ ਦੀ ਰੌਸ਼ਨੀ ਵਿਚ ਵਿਚਾਰਨ ਦਾ ਯਤਨ ਕੀਤਾ ਹੈ। ਪਾਕਿਸਤਾਨ ਵਿਚ ਹਕੂਮਤੀ ਦਾਬਾ ਹੋਣ ਕਰਕੇ ਸਾਹਿਤਕਾਰ ਆਪਣੀ ਗੱਲ ਨੂੰ ਪ੍ਰਤੀਕਾਤਮਕ ਰੂਪ ਵਿਚ ਹੀ ਬਿਆਨ ਕਰਦਾ ਹੈ, ਉਹ ਇਸ ਲਈ ਗੁੱਝੇ ਵਿਅੰਗ ਦੀ ਜੁਗਤ ਦਾ ਇਸਤੇਮਾਲ ਕਰਦਾ ਹੈ। ਰਾਜਨੀਤਕ ਅਤੇ ਧਾਰਮਿਕ ਦਾਬੇ ਹੇਠ ਆਮ ਜਨਤਾ ਦੀ ਮਾੜੀ ਹਾਲਤ ਬਿਆਨ ਕਰਨ ਦੇ ਨਾਲ-ਨਾਲ ਪਾਕਿਸਤਾਨੀ ਕਹਾਣੀ ਦੀ ਤਕਰੀਨ ਬਾਰੇ ਵੀ ਆਲੋਚਨਾਤਮਕ ਕਾਰਜ ਪੇਸ਼ ਹੋਇਆ ਹੈ। ਮੁਲਾਂਕਣ ਕਰਤਾ ਨੇ ਆਪਣੀ ਗੱਲ ਨੂੰ ਸਪੱਸ਼ਟ ਕਰਨ ਲਈ ਪਾਕਿਸਤਾਨੀ ਕਹਾਣੀਆਂ ਵਿਚੋਂ ਢੁਕਵੇਂ ਪ੍ਰਮਾਣ ਵੀ ਦਿੱਤੇ ਹਨ। ਪਾਕਿਸਤਾਨੀ ਪੰਜਾਬੀ ਕਹਾਣੀ ਦੀ ਦਸ਼ਾ ਤੇ ਦਿਸ਼ਾ ਨੂੰ ਸਮਝਣ ਲਈ ਅਤੇ ਖੋਜ ਵਿਦਿਆਰਥੀਆਂ ਲਈ ਇਹ ਪੁਸਤਕ ਲਾਹੇਵੰਦੀ ਸਾਬਤ ਹੋਵੇਗੀ।

-ਡਾ: ਸਰਦੂਲ ਸਿੰਘ ਔਜਲਾ
ਮੋ: 98141-68611
c c
c

ਕਵਿਤਾ ਦੇ ਦੇਸ ਵਿਚ
ਕਵਿੱਤਰੀ : ਜਸਵਿੰਦਰ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 101
ਸੰਪਰਕ : 98888-13234.

ਜਸਵਿੰਦਰ ਕੌਰ ਉਮਰ ਦਰਾਜ ਕਵਿੱਤਰੀ ਹੈ। ਉਮਰ ਦੇ ਸਾਢੇ ਛੇ ਦਹਾਕਿਆਂ ਦਾ ਸਫ਼ਰ ਉਸ ਦੀਆਂ ਕਵਿਤਾਵਾਂ ਵਿਚੋਂ ਕਵਿਤਾ ਬਣ ਕੇ ਬੋਲਦਾ ਹੈ। ਕਵਿੱਤਰੀ ਇਕ ਨੰਨ੍ਹੀ ਬੇਟੀ, ਜਵਾਨ ਹੁੰਦੀ ਧੀ, ਭਰਾਵਾਂ ਦੀ ਭੈਣ, ਅਰਧਾਂਗਣੀ, ਧੀਆਂ ਦੀ ਮਾਂ ਅਤੇ ਪੁੱਤਾਂ-ਨੂਹਾਂ ਦੀ ਜ਼ਿੰਦਗੀ ਵਿਚ ਇਕ ਜ਼ਿਕਰਯੋਗ ਸੂਤਰਧਾਰ ਦੇ ਰੂਪ ਵਿਚ ਪੇਸ਼ ਰਹੀ ਹੈ। ਉਸ ਨੇ ਸਾਰੇ ਰਿਸ਼ਤੇ ਨੈਤਿਕਤਾ ਨਾਲ ਅਤੇ ਫ਼ਰਜ਼ ਦੇ ਤੌਰ 'ਤੇ ਨਿਭਾਏ ਹਨ। ਉਹ ਪਰਿਵਾਰ ਦੇ ਹਰ ਕਾਰਜ ਵਿਚ ਸ਼ਾਮਿਲ ਰਹੀ ਅਤੇ ਔਰਤ ਧਰਮ ਨੂੰ ਪਾਲਿਆ। ਕਈ ਵਾਰ ਇਸ ਜੀਵਨ ਵਿਚ ਕਵਿੱਤਰੀ ਨੂੰ ਸਮਾਜ ਜਾਂ ਆਸੇ-ਪਾਸੇ ਤੋਂ ਵਧੀਕੀਆਂ ਦਾ ਸਾਹਮਣਾ ਵੀ ਕਰਨਾ ਪਿਆ। ਕੁਝ ਤਲਖੀਆਂ ਅਤੇ ਕੁਝ ਸੁਖਦ ਵਰਤਾਰਿਆਂ ਨੇ ਉਸ ਨੂੰ ਆਪਣਾ ਸਫ਼ਰ ਹੋਰ ਵੀ ਸਜੀਵ ਕਦਮਾਂ ਨਾਲ ਕਰਨ ਦੀ ਦਲੇਰੀ ਬਖਸ਼ੀ। ਉਸ ਨੇ ਜ਼ਿੰਦਗੀ ਦਾ ਬਿਹਤਰ ਸਮਾਂ ਇਕ ਸਫਲ ਅਧਿਆਪਕਾ ਦੇ ਤੌਰ 'ਤੇ ਨਿਭਾਇਆ। ਸਕੂਲ ਵਿਚ ਉਹ ਭਾਵੇਂ ਸਰਵਿਸ ਜਾਂ ਨੌਕਰੀ ਕਰਦੀ ਸੀ ਪਰ ਉਹ ਇਕ ਸੂਖ਼ਮ ਭਾਵੀ ਕਵਿੱਤਰੀ ਵੀ ਸੀ, ਜਿਸ ਸਦਕਾ ਉਸ ਨੇ ਆਪਣੇ ਵਿਦਿਆਰਥੀਆਂ/ ਵਿਦਿਆਰਥਣਾਂ ਦੇ ਵਿਹਾਰ ਵਿਚੋਂ ਵੀ ਕਵਿਤਾਵਾਂ ਦੇ ਵਿਸ਼ਿਆਂ ਦੇ ਫੁੱਲ ਚੁਣੇ। ਜਸਵਿੰਦਰ ਕੌਰ ਕੋਈ ਪ੍ਰੋਫੈਸ਼ਨਲ ਕਵਿੱਤਰੀ ਨਹੀਂ ਹੈ, ਸਗੋਂ ਉਹ ਤਾਂ ਆਪਣੇ ਪੈਂਡਿਆਂ ਵਿਚ ਆਈਆਂ ਧੁੱਪਾਂ-ਛਾਵਾਂ, ਕੰਡਿਆਂ-ਕਲੀਆਂ ਅਤੇ ਉਚਾਣਾਂ ਨਿਵਾਣਾਂ ਦੀ ਕਾਵਿ ਦਸਤਾਵੇਜ਼ ਪੇਸ਼ ਕਰ ਰਹੀ ਹੈ। ਉਸ ਨੇ ਜੋ ਵੀ ਮਹਿਸੂਸ ਕੀਤਾ ਹੈ, ਉਸ ਨੂੰ ਬਿਨਾਂ ਕਿਸੇ ਬਨਾਵਟ ਦੇ ਮਾਸੂਮਤਾ ਨਾਲ ਪੇਸ਼ ਕੀਤਾ ਹੈ। ਪ੍ਰਸਿੱਧ ਸਮਾਲੋਚਕ ਡਾ: ਸਤੀਸ਼ ਵਰਮਾ ਵੀ ਮੇਰੀ ਧਾਰਨਾ ਦੀ ਪੁਸ਼ਟੀ ਕਰਦਿਆਂ ਇਸ ਪੁਸਤਕ ਦੇ ਮੁੱਖ ਬੰਦ ਵਿਚ ਲਿਖਦਾ ਹੈ : ਇਸੇ ਲਈ ਉਸ ਦੀ ਕਾਵਿਕਾਰੀ ਦੇ ਪਿਛੋਕੜ ਵਿਚ ਇਕ ਪਾਸੇ 'ਨਾਰੀ ਅਨੁਭਵ ਸ਼ਾਮਿਲ ਹੈ ਤੇ ਦੂਜੇ ਪਾਸੇ ਸਾਰੀ ਉਮਰ ਪੜ੍ਹੀ ਪੜ੍ਹਾਈ ਕਵਿਤਾ ਦਾ ਉਹ ਰੰਗ ਵੀ ਸ਼ਾਮਿਲ ਹੈ ਜੋ ਪ੍ਰੋ: ਮੋਹਨ ਸਿੰਘ ਤੋਂ ਲੈ ਕੇ ਸ਼ਿਵ ਕੁਮਾਰ ਬਟਾਲਵੀ ਦੀ ਆਧੁਨਿਕ ਕਾਵਿ ਧਾਰਾ ਦਾ ਹਾਸਲ ਹੈ...' ਉਸ ਦੀ ਕਵਿਤਾ ਸਹਿਜ ਅਤੇ ਸੁਹਜ ਭਰਪੂਰ ਹੈ। ਕਵਿੱਤਰੀ ਨੇ ਇਹ ਕਵਿਤਾ ਖਿੜ ਰਹੇ ਫੁੱਲਾਂ ਦੇ ਸੰਦਰਭ ਵਿਚ ਬਿਨਾਂ ਰੌਲੇ ਦੇ ਪੇਸ਼ ਕੀਤੀ ਹੈ, ਜਿਸ 'ਚੋਂ ਕੁਦਰਤੀਪਨ ਝਲਕਦਾ ਹੈ :
ਮਾਏ ਨੀ ਸੁਣ ਮੇਰੀਏ ਮਾਏ/ਧੁਰ ਅੰਦਰੋਂ ਇਹ ਉੱਠੀ/ਕੇਹੀ ਕਸਕ ਜਿਹੀ?/ਕਿਉਂ ਬਲਦੀ ਨਾ ਟਲਦੀ/ਇਹ ਹਿਜਰਾਂ ਵਾਲੀ ਅੱਗ ਜਿਹੀ?'
'ਅਵੱਲੜਾ ਮਹਿਮਾਨ' ਕਵਿਤਾ ਵਿਚ ਉਹ ਖ਼ੁਦ ਤੋਂ ਪੁੱਛਦੀ ਹੈ : 'ਇਹ ਕੌਣ ਸੀ?/ਜੋ ਦਿਲ ਦੇ ਆਲਿਆਂ 'ਚ ਆ ਕੇ ਬਹਿ ਗਿਆ?/ਲੈ ਚੰਨ ਤੋਂ ਰਿਸ਼ਮਾਂ ਠੰਢੀਆਂ/ਮੇਰੀ ਝੋਲੀ ਪਾ ਕੇ ਦੇ ਗਿਆ? .....'

-ਸੁਲੱਖਣ ਸਰਹੱਦੀ
ਮੋ: 94174-84337.
c c c

ਮੇਰੀਆਂ ਮਨਪਸੰਦ ਕਿਤਾਬਾਂ
ਓਸ਼ੋ

ਅਨੁਵਾਦਕ : ਡਾ: ਹਰਪਾਲ ਸਿੰਘ ਪੰਨੂ
ਪ੍ਰਕਾਸ਼ਕ : ਲਾਹੌਰ ਬੁਕਸ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 215
ਸੰਪਰਕ : 94642-51454.

ਓਸ਼ੋ ਦੇ ਪ੍ਰਵਚਨਾਂ ਦੀ ਪੁਸਤਕ ਹੈ 'ਬੁਕਸ ਆਈ ਹੈਵ ਲਵਡ' ਜਿਸ ਦਾ ਪੰਜਾਬੀ ਅਨੁਵਾਦ ਡਾ: ਹਰਪਾਲ ਸਿੰਘ ਪੰਨੂ ਵੱਲੋਂ ਕੀਤਾ ਗਿਆ ਹੈ। ਕਿਤਾਬ ਦੇ ਮਹੱਤਵ ਬਾਰੇ ਅਨੁਵਾਦਕ ਦੇ ਸ਼ਬਦ ਉਲੇਖਨੀਯ ਹਨ : 'ਕਿਤਾਬ ਕਿਵੇਂ ਪੜ੍ਹਨੀ ਹੈ, ਕਿਵੇਂ ਆਨੰਦਿਤ ਹੋਣਾ ਹੈ, ਕਿਤਾਬ ਦਾ ਜ਼ਿਕਰ ਕਰਦਿਆਂ ਕਿਵੇਂ ਆਨੰਦਿਤ ਕਰਨਾ ਹੈ, ਓਸ਼ੋ ਤੋਂ ਸਿੱਖਾਂਗੇ।' ਇਸ ਕਿਤਾਬ ਵਿਚ 16 ਅਧਿਆਇ ਹਨ। ਸੋਲਾਂ ਦਿਨਾਂ ਦੀਆਂ ਬੈਠਕਾਂ ਵਿਚ ਕੀਤੇ ਗਏ ਪ੍ਰਵਚਨ ਨੇ ਇਹ ਲਗਪਗ 167 ਪੁਸਤਕਾਂ, ਜੋ ਪੂਰਬ ਤੋਂ ਲੈ ਕੇ ਪੱਛਮ ਤੱਕ ਪ੍ਰਸਿੱਧ ਹਨ, ਬਾਰੇ ਬੜੀ ਮੁੱਲਵਾਨ ਜਾਣਕਾਰੀ ਨਾਟਕੀ ਅੰਦਾਜ਼ ਵਿਚ ਪੇਸ਼ ਕੀਤੀ ਗਈ ਹੈ। ਪ੍ਰਵਚਨਾਂ ਨੂੰ ਨਾਲੋ-ਨਾਲ ਲਿਖਦੇ ਗਏ ਓਸ਼ੋ ਦੇ ਸੰਨਿਆਸੀ ਦੇਵਰਾਜ, ਦੇਵਗੀਤ, ਆਸ਼ੂ (ਲੜਕੀ) ਆਦਿ। ਉਹ ਪਸਤੁਤ ਪੁਸਤਕਾਂ ਦੀ ਗਿਣਤੀ ਵੀ ਕਰੀ ਜਾ ਰਹੇ ਹਨ। ਉਨ੍ਹਾਂ ਨੂੰ ਘੜੀ-ਮੁੜੀ ਚੁਕੰਨੇ ਵੀ ਕੀਤਾ ਜਾਂਦਾ ਹੈ। ਓਸ਼ੋ ਨੇ ਬੜੇ ਤਰਕਪੂਰਨ ਅੰਦਾਜ਼ ਵਿਚ ਪਾਠਕਾਂ ਨੂੰ ਪੁਸਤਕਾਂ ਪੜ੍ਹਨ ਦੀ ਸਿਫ਼ਾਰਸ਼ ਵੀ ਕੀਤੀ ਹੈ। ਉਹ ਪੁਸਤਕਾਂ ਦੇ (ਟਾਈਟਲ ਸਮੇਤ), ਗੁਣ/ਅਵਗੁਣ ਵੀ ਦੱਸੀ ਜਾਂਦੈ, ਤੁਲਨਾਤਮਕ ਵਿਧੀ ਨਾਲ ਉਨ੍ਹਾਂ ਦਾ ਸਥਾਨ ਵੀ ਨਿਸਚਤ ਕਰੀ ਜਾਂਦੈ। ਕੋਈ ਘਾਟ ਦੱਸ ਕੇ ਕਹਿ ਜਾਂਦੈ, ਗੱਲ ਨਹੀਂ ਬਣੀ। ਗੱਲ ਕਿਵੇਂ ਬਣ ਸਕਦੀ ਸੀ, ਵੀ ਦੱਸਦਾ ਹੈ। ਲੇਖਕਾਂ 'ਤੇ ਵਿਅੰਗ ਵੀ ਕੱਸੀ ਜਾਂਦੈ। ਵਿਦੇਸ਼ੀ ਪੁਸਤਕਾਂ ਅਤੇ ਲੇਖਕਾਂ ਦੇ ਨਾਵਾਂ ਦੇ ਸ਼ੁੱਧ ਉਚਾਰਨ ਦਾ ਦਾਅਵਾ ਨਹੀਂ ਕਰਦਾ। ਓਸ਼ੋ ਦੇ ਅਨੇਕਾਂ ਸਵੈਜੀਵਨੀ ਅੰਸ਼ ਵੀ ਸੁਭਾਵਿਕ ਹੀ ਪ੍ਰਗਟ ਹੋ ਜਾਂਦੇ ਨੇ। ਉਹ ਰੱਬ ਦੀ ਹੋਂਦ ਨੂੰ ਨਹੀਂ ਮੰਨਦਾ ਪਰ ਕਹਿੰਦਾ ਹੈ ਰੱਬ ਦਾ ਅਹਿਸਾਸ ਮੌਜੂਦ ਹੈ। ਪ੍ਰਵਚਨ ਕਰਦਿਆਂ ਨਿਰਪੱਖ ਰਹਿੰਦਾ ਹੈ। ਪਾਠਕ ਜੀ! ਗੱਲ ਕੀ ਧੰਨ ਧੰਨ ਕਰਾ ਤੀ ਪੰਨੂ ਨੇ, ਅਨੁਵਾਦ ਹੋ ਤੋ ਐਸਾ ਹੋ। ਪੜ੍ਹੋਗੇ ਤਾਂ ਅੱਖਾਂ ਖੁੱਲ੍ਹਣਗੀਆਂ।

-ਧਰਮ ਚੰਦ ਵਾਤਿਸ਼
ਮੋ: 98144-46007.
c c c

 

06/05/2017

 ਟਾਂਵਾਂ-ਟਾਂਵਾਂ ਤਾਰਾ
ਲੇਖਕ : ਵਿਜੈ ਬੰਬੇਲੀ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ (ਪੰਜਾਬ)
ਮੁੱਲ : 100 ਰੁਪਏ, ਸਫ਼ੇ : 120
ਸੰਪਰਕ : 94634-39075.

ਟਾਂਵਾਂ-ਟਾਂਵਾਂ ਤਾਰਾ ਅਜੋਕੇ ਆਦਰਸ਼ ਵਿਹੂਣੇ ਸਮੇਂ ਵਿਚ ਬਚੇ ਵਿਰਲੇ ਹਰੇ ਬੂਟਿਆਂ ਵਰਗੇ ਮਨੁੱਖਾਂ ਦੀ ਕਹਾਣੀ ਹੈ। ਸਾਡੇ ਜਿਹੇ ਸਾਧਾਰਨ ਹੱਡ-ਮਾਸ ਦੇ ਇਹ ਮਰਦ ਔਰਤਾਂ ਦੁਸ਼ਵਾਰ ਹਾਲਾਤ ਵਿਚ ਹਾਰ ਨਾ ਮੰਨ ਕੇ ਵੱਡੇ ਸਮਾਜਿਕ ਆਦਰਸ਼ਾਂ ਨਾਲ ਜੁੜੇ। ਉਨ੍ਹਾਂ ਸਵੈ ਤੇ ਸਵਾਰਥ ਤੋਂ ਉੱਪਰ ਉੱਠ ਕੇ ਦੂਜਿਆਂ ਲਈ ਕੁਝ ਕਰਨ ਦੇ ਸੁਪਨੇ ਲਏ ਤੇ ਉਹ ਪੂਰੇ ਕੀਤੇ। ਉਨ੍ਹਾਂ ਦੀਆਂ ਕੁਰਬਾਨੀਆਂ ਤੇ ਪ੍ਰਾਪਤੀਆਂ ਮਾਣਯੋਗ ਹਨ। ਉਹ ਨਵੀਂ ਪੀੜ੍ਹੀ ਦੇ ਮਾਰਗ ਦਰਸ਼ਕ ਬਣ ਸਕਦੇ ਹਨ। ਇਨ੍ਹਾਂ ਭੁੱਲੇ ਵਿਸਰੇ ਲੋਕਾਂ ਦੀ ਹਿੰਮਤ ਤੇ ਪਹਿਲਕਦਮੀ ਦੀਆਂ ਗਾਥਾਵਾਂ ਨੂੰ ਅੱਖਰਾਂ ਦੇ ਜ਼ਰੀਏ ਪੰਜਾਬੀਆਂ ਦੇ ਵਿਸ਼ਾਲ ਸਮੂਹ ਦੇ ਸਨਮੁੱਖ ਕਰਨ ਦਾ ਲੇਖਕ ਵਿਜੈ ਬੰਬੇਲੀ ਤੇ ਪ੍ਰਕਾਸ਼ਕ ਖੁਸ਼ਵੰਤ ਬਰਗਾੜੀ ਦਾ ਉੱਦਮ ਨਿਸ਼ਚੇ ਹੀ ਮੁਕਤ-ਕੰਠ ਤੋਂ ਪ੍ਰਸੰਸਾ ਦਾ ਹੱਕਦਾਰ ਹੈ।
ਅੰਗਰੇਜ਼ੀ ਦੀ ਹੈਮਿੰਗਵੇ ਦੀ ਕਿਤਾਬ 'ਓਲਡ ਮੈਨ ਐਂਡ ਦੀ ਸੀਅ' ਦੇ ਨਾਇਕ ਦੀ ਗੱਲ ਤਾਂ ਅਸੀਂ ਕਰਦੇ ਹਾਂ ਪਰ ਆਪਣੇ ਹੀ ਦੇਸ਼ ਦੇ ਉਸੇ ਜਿਹੇ ਨਾਇਕਾਂ ਨੂੰ ਅਣਗੌਲਿਆਂ ਕਰ ਦਿੰਦੇ ਹਾਂ। ਵਿਜੈ ਬੰਬੇਲੀ ਨੇ ਭਾਰਤ ਦੇ ਦੂਰ ਨੇੜੇ ਦੇ ਪਿੰਡਾਂ ਸ਼ਹਿਰਾਂ ਦੇ ਇਨ੍ਹਾਂ ਲਘੂ ਨਾਇਕਾਂ ਨੂੰ ਸਰਲ ਤੇ ਪ੍ਰਭਾਵਸ਼ਾਲੀ ਜ਼ਬਾਨ ਵਿਚ ਸਾਡੇ ਸਨਮੁੱਖ ਕੀਤਾ ਹੈ। ਇਨ੍ਹਾਂ ਤੇਤੀ ਨਾਇਕਾਂ ਦੀ ਮੂਲ ਕਥਾ ਦੇ ਸਮਾਨਾਂਤਰ ਕਿਤੇ-ਕਿਤੇ ਉਸ ਨੇ ਆਪਣੇ ਆਸ-ਪਾਸ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿਚ ਇਨ੍ਹਾਂ ਦਾ ਅਨੁਕਰਨ ਕਰਨ ਵਾਲੇ ਨੌਜਵਾਨਾਂ/ਮੁਟਿਆਰਾਂ ਦੇ ਵੇਰਵੇ ਵੀ ਦਿੱਤੇ ਹਨ। ਮੇਰੇ ਵਿਚਾਰ ਵਿਚ ਇਹ ਪੁਸਤਕ ਪੰਜਾਬੀ ਜ਼ਬਾਨ ਜਾਣਦੇ ਹਰ ਘਰ ਵਿਚ ਬੱਚਿਆਂ ਨੂੰ ਪੜ੍ਹਨ ਪੜ੍ਹਾਉਣ ਲਈ ਪਹੁੰਚਣੀ ਚਾਹੀਦੀ ਹੈ।
ਪੁਸਤਕ ਵਿਚ ਦਸ਼ਰਥ ਮਾਂਝੀ ਵੀਹਵੀ ਸਦੀ ਦੇ ਫਰਹਾਦ ਵਜੋਂ ਸਾਡੇ ਸਾਹਮਣੇ ਹੈ। 'ਕੱਲਾ ਕਾਰਾ ਪਹਾੜ ਚੀਰ ਕੇ ਸੜਕ ਬਣਾ ਦਿੰਦਾ ਹੈ। ਰਾਜਸਥਾਨ ਦਾ ਭੂਰੇ ਖਾਂ ਰੇਗਿਸਤਾਨ ਵਿਚ ਤਲਾਬ ਬਣਾ ਰਿਹਾ ਹੈ ਅਤੇ ਇਹੀ ਕਾਰਜ ਮੇਘੇ ਡਾਂਗਰੀ ਤੇ ਪਲੋਡੀਆ ਦੇ ਲਛਮਣ ਨੇ ਕੀਤਾ ਹੈ। ਡਰਾਈਵਰਾਂ/ਛੋਟੇ ਕਰਮਚਾਰੀਆਂ ਨਾਲ ਆਦਰਸ਼ ਵਿਹਾਰ ਦਾ ਮਾਡਲ ਹੈ ਸੁਬਰੋਤੋ ਬਾਗਚੀ ਤੇ ਉਸ ਦਾ ਪਰਿਵਾਰ। ਪਰਲ ਝੁੱਗੀਆਂ ਝੌਂਪੜੀਆਂ ਦੇ ਬੱਚੇ ਪੜ੍ਹਾਉਂਦੀ ਹੈ ਤੇ ਨਾਮਰਾਨੀ ਮੇਰਠ ਵਿਚ ਕੁਝ ਅਜਿਹਾ ਹੀ ਕਰ ਰਹੀ ਹੈ। ਸਕੂਲ ਦੀ ਸਵੀਪਰ ਤੋਂ ਕਾਲਜ ਪ੍ਰਿੰਸੀਪਲੀ ਤੇ ਐਮ.ਐਲ.ਏ. ਬਣੀ ਡਾ: ਚਕਰਵਰਤੀ ਤੇ ਹੋਰ ਕਿੰਨੀਆਂ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਦੀ ਗੱਲ ਕਰਦੀ ਹੈ ਇਹ ਕਿਤਾਬ।

ਡਾ: ਕੁਲਦੀਪ ਸਿੰਘ ਧੀਰ
ਮੋ: 98722-60550


1984 : ਸਿੱਖ-ਵਿਰੋਧੀ ਦੰਗੇ
ਲੇਖਕ : ਸੰਜੇ ਸੂਰੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 260, ਸਫ਼ੇ : 320
ਸੰਪਰਕ : 91-172-4608699

ਸ੍ਰੀ ਸੰਜੇ ਸੂਰੀ 1984 ਈ: ਵਿਚ 'ਇੰਡੀਅਨ ਐਕਸਪ੍ਰੈਸ' ਅਖ਼ਬਾਰ ਵਿਚ ਕ੍ਰਾਈਮ-ਰਿਪੋਰਟਰ ਵਜੋਂ ਕੰਮ ਕਰ ਰਿਹਾ ਸੀ। ਚੜ੍ਹਦੀ ਜਵਾਨੀ ਦੇ ਉਨ੍ਹਾਂ ਦਿਨਾਂ ਵਿਚ ਉਹ ਸੋਚ ਵੀ ਨਹੀਂ ਸੀ ਸਕਦਾ ਕਿ ਮਨੁੱਖੀ ਜ਼ਿੰਦਗੀ ਏਨੀ ਬੇਰਹਿਮ ਅਤੇ ਵਹਿਸ਼ੀਆਨਾ ਹੋ ਸਕਦੀ ਹੈ ਪਰ ਸੱਚ ਤਾਂ ਸੱਚ ਹੈ। ਇਸ ਕਿਤਾਬ ਨੂੰ ਲਿਖਣ ਦਾ ਫੁਰਨਾ ਉਸ ਦੇ ਮਨ ਵਿਚ 2014 ਵਿਚ ਪੈਦਾ ਹੋਇਆ, ਜਦੋਂ ਇਸ ਸਾਕੇ ਨੂੰ ਵਾਪਰਿਆਂ ਲਗਪਗ 30 ਵਰ੍ਹੇ ਗੁਜ਼ਰ ਚੁੱਕੇ ਸਨ ਅਤੇ ਇਸ ਦੌਰਾਨ ਬਹੁਤ ਸਾਰੇ ਪੱਤਰਕਾਰਾਂ ਅਤੇ ਲੇਖਕਾਂ ਦੀਆਂ ਕਈ ਕਿਤਾਬਾਂ ਪ੍ਰਕਾਸ਼ਿਤ ਵੀ ਹੋ ਚੁੱਕੀਆਂ ਸਨ। ਇਸ ਪੁਸਤਕ ਵਿਚ ਸਿੱਖ-ਵਿਰੋਧੀ ਦੰਗਿਆਂ ਬਾਰੇ ਤਿੰਨ ਨਵੇਂ ਪੱਖਾਂ ਨੂੰ ਰੂਪਮਾਨ ਕੀਤਾ ਗਿਆ ਹੈ। ਪਹਿਲਾ, ਉਨ੍ਹਾਂ ਮਹੱਤਵਪੂਰਨ ਪੁਲਿਸ ਅਫ਼ਸਰਾਂ ਨਾਲ ਮੁਲਾਕਾਤਾਂ ਕੀਤੀਆਂ ਹਨ, ਜੋ ਇਨ੍ਹਾਂ ਦੰਗਿਆਂ ਸਮੇਂ ਮਹੱਤਵਪੂਰਨ ਥਾਵਾਂ ਉੱਪਰ ਤਾਇਨਾਤ ਸਨ। ਦੂਜਾ, ਇਨ੍ਹਾਂ ਦੰਗਿਆਂ ਨਾਲ ਸਬੰਧਤ ਕਾਨੂੰਨੀ ਪਰਿਪੇਖ ਨੂੰ ਉਭਾਰਿਆ ਗਿਆ ਹੈ। ਕਾਨੂੰਨ ਵਿਚ ਲੋੜੀਂਦੀਆਂ ਧਾਰਾਵਾਂ ਸੁਲੱਭ ਸਨ, ਜਿਨ੍ਹਾਂ ਨਾਲ ਦੋਸ਼ੀਆਂ (ਸਣੇ ਪੁਲਿਸ ਅਫ਼ਸਰਾਂ ਅਤੇ ਦੂਰਦਰਸ਼ਨ ਅਧਿਕਾਰੀਆਂ) ਨੂੰ ਸਜ਼ਾ ਦਿੱਤੀ ਜਾ ਸਕਦੀ ਸੀ (ਅੱਜ ਵੀ ਦਿੱਤੀ ਜਾ ਸਕਦੀ ਹੈ) ਪਰ ਨਹੀਂ ਦਿੱਤੀ ਗਈ। ਤੀਜਾ, ਪੂਰੇ ਘਟਨਾਕ੍ਰਮ ਨੂੰ ਇਕ ਲਾਜੀਕਲ ਪ੍ਰਬੰਧ ਵਿਚ ਬੰਨ੍ਹ ਕੇ ਪੇਸ਼ ਕਰਨਾ ਤਾਂ ਜੋ ਪੂਰਾ ਬਿਰਤਾਂਤ ਇਕ 'ਡਿਸਕੋਰਸ' ਦੇ ਰੂਪ ਵਿਚ ਪੜ੍ਹਿਆ-ਸਮਝਿਆ ਜਾ ਸਕੇ।
ਪੁਸਤਕ ਦੇ ਅੰਤ ਵਿਚ ਸ੍ਰੀ ਸੰਜੇ ਸੂਰੀ ਨੇ 1984 ਦੇ ਸਿੱਖ-ਵਿਰੋਧੀ ਦੰਗਿਆਂ ਨੂੰ 9/11 ਦੇ ਅਮਰੀਕੀ ਹਮਲਿਆਂ ਨਾਲ ਜੋੜ ਕੇ ਬਿਆਨ ਕੀਤਾ ਹੈ। ਦੋਵਾਂ ਸਾਕਿਆਂ ਵਿਚ 3000 ਦੇ ਕਰੀਬ ਲੋਕ ਮਾਰੇ ਗਏ ਸਨ ਪਰ ਅਮਰੀਕਾ ਦੀ ਸਰਕਾਰ ਫੌਰਨ ਐਕਸ਼ਨ ਵਿਚ ਆ ਗਈ ਅਤੇ ਅਮਰੀਕਾ ਦੇ ਕਿਸੇ ਵੀ ਬਾਸ਼ਿੰਦੇ ਨੂੰ ਪਸ਼ਚਾਤਾਪ ਅਤੇ ਬੇਬਸੀ ਦੀ ਭੱਠੀ ਵਿਚ ਨਾ ਭੁੱਜਣ ਦਿੱਤਾ ਪਰ ਇਥੇ ਵਕਤ ਦੀ (ਕਾਂਗਰਸੀ) ਸਰਕਾਰ ਨੇ ਅਪਰਾਧਕ-ਨਿਸ਼ਕ੍ਰਿਅਤਾ ਤੋਂ ਕੰਮ ਲਿਆ। ਸਿੱਟੇ ਵਜੋਂ ਅੱਜ ਵੀ ਮੋਹਨ ਸਿੰਘ ਅਤੇ ਸ਼ੀਲਾ ਕੌਰ ਵਰਗੇ ਸੈਂਕੜੇ ਵਿਅਕਤੀ ਬੇਬਸੀ ਅਤੇ ਪਸ਼ਚਾਤਾਪ ਦੀ ਅਗਨੀ ਵਿਚ ਝੁਲਸ ਰਹੇ ਹਨ। ਇਹ ਲੋਕ ਹਿੰਦੁਸਤਾਨ ਨੂੰ ਕਿਵੇਂ ਆਪਣਾ ਵਤਨ ਸਮਝਣ? ਸੰਜੇ ਸੂਰੀ ਨੇ ਇਹ ਕਿਤਾਬ ਲਿਖ ਕੇ ਪੰਜਾਬ ਦੀ ਧਰਤੀ ਉੱਪਰ ਜੰਮੇ ਹੋਣ ਦਾ ਕਰਜ਼ ਉਤਾਰ ਦਿੱਤਾ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136


ਸਾਡੇ ਸਮਿਆਂ ਦਾ ਆਦਰਸ਼
ਬਾਪੂ ਕਰਤਾਰ ਸਿੰਘ ਧਾਲੀਵਾਲ
ਸੰਪਾਦਕ : ਪ੍ਰੋ: ਬਲਦੇਵ ਸਿੰਘ ਬੱਲੂਆਣਾ, ਡਾ: ਭਗਵੰਤ ਸਿੰਘ
ਪ੍ਰਕਾਸ਼ਕ : ਸਿੱਖ ਬੁੱਧੀਜੀਵੀ ਕੌਂਸਲ, ਪਟਿਆਲਾ
ਸਫ਼ੇ : 93
ਸੰਪਰਕ : 98762-75719.

ਵਿਚਾਰ ਅਧੀਨ ਪੁਸਤਕ ਇਕ ਆਦਰਸ਼ਕ ਕਰਮਯੋਗੀ, ਕਰਤਾਰੀ ਪੁਰਖ, ਸੂਰਵੀਰ, ਮਿਹਨਤਕਸ਼, ਦ੍ਰਿੜ੍ਹ-ਸੰਕਲਪ ਵਾਲੇ ਸਮਾਜ ਸੇਵੀ ਅਤੇ ਵਿੱਦਿਆ ਦਾਨੀ ਬਾਪੂ ਕਰਤਾਰ ਸਿੰਘ ਧਾਲੀਵਾਲ ਦੇ ਭਿੰਨ-ਭਿੰਨ ਜੀਵਨ ਪਸਾਰਾਂ ਨੂੰ ਬਿਆਨ ਕਰਨ ਵਾਲੇ 9 ਲੇਖਾਂ ਦਾ ਸੰਗ੍ਰਹਿ ਹੈ, ਜਿਸ ਦੀ ਸੰਪਾਦਨਾ ਪ੍ਰੋ: ਬਲਦੇਵ ਸਿੰਘ ਬੱਲੂਆਣਾ ਅਤੇ ਡਾ: ਭਗਵੰਤ ਸਿੰਘ ਨੇ ਕੀਤੀ ਹੈ।
ਜੀਵਨੀ ਸਾਹਿਤ ਦੀ ਇਸ ਪੁਸਤਕ ਵਿਚ ਪੰਜਾਬੀ ਦੇ ਸਰਮੌਰ ਵਿਦਵਾਨ ਲੇਖਕਾਂ ਪ੍ਰੋ: ਬਲਦੇਵ ਸਿੰਘ ਬੱਲੂਆਣਾ, ਡਾ: ਰਤਨ ਸਿੰਘ ਜੱਗੀ, ਡਾ: ਤੇਜਵੰਤ ਮਾਨ, ਚੇਤਨ ਸਿੰਘ, ਡਾ: ਕੁਲਦੀਪ ਸਿੰਘ ਧੀਰ, ਡਾ: ਭਗਵੰਤ ਸਿੰਘ, ਡਾ: ਮਹੇਸ਼ ਗੌਤਮ, ਬੀ.ਐਸ. ਬੀਰ ਅਤੇ ਹਰਭਜਨ ਸਿੰਘ ਰਤਨ ਦੇ ਵਿਚਾਰ ਭਰਪੂਰ ਗਿਆਨਵਰਧਕ ਲੇਖ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ਵਿਚ ਸੂਬੇਦਾਰ ਕਰਤਾਰ ਸਿੰਘ ਰੱਖੜਾ ਦੇ ਸੰਘਰਸ਼ਮਈ ਆਦਰਸ਼ਕ ਜੀਵਨ, ਜੀਵਨ ਮੁੱਲਾਂ ਅਤੇ ਆਦਰਸ਼ਾਂ ਦੀ ਕਥਾ ਤੋਂ ਇਲਾਵਾ ਰੱਖੜਾ ਪਰਿਵਾਰ ਵੱਲੋਂ ਦੇਸ਼ਾਂ-ਵਿਦੇਸ਼ਾਂ ਵਿਚ ਪੰਜਾਬੀ ਭਾਸ਼ਾ, ਸਾਹਿਤ ਸੱਭਿਆਚਾਰ, ਸਮਾਜਿਕ, ਵਿੱਦਿਅਕ ਅਤੇ ਰਾਜਨੀਤਕ ਖੇਤਰ ਵਿਚ ਪਾਏ ਬਹੁਮੁੱਲੇ ਯੋਗਦਾਨ ਦੀ ਵਿਸਥਾਰਪੂਰਵਕ ਚਰਚਾ ਕੀਤੀ ਗਈ ਹੈ। ਮੂਲ ਰੂਪ ਵਿਚ ਇਸ ਪੁਸਤਕ ਰਾਹੀਂ ਇਕ ਅਜਿਹੇ ਆਦਰਸ਼ ਮਨੁੱਖ ਦੀ ਜੀਵਨ ਕਥਾ ਪੇਸ਼ ਕੀਤੀ ਗਈ ਹੈ ਜੋ ਕੇਵਲ ਆਪਣੀ ਅਤੇ ਆਪਣੇ ਪਰਿਵਾਰ ਦੀ ਸਥਾਪਨਾ ਲਈ ਹੀ ਸੰਘਰਸ਼ ਨਹੀਂ ਕਰਦਾ, ਬਲਕਿ ਆਪਣੇ ਆਲੇ-ਦੁਆਲੇ ਅਤੇ ਸਮਾਜ ਦੀ ਬਿਹਤਰੀ ਲਈ ਵੀ ਆਪਣਾ ਜੀਵਨ ਅਰਪਿਤ ਕਰਦ ਦਿੰਦਾ ਹੈ।

ਸੁਖਦੇਵ ਮਾਦਪੁਰੀ
ਮੋ: 94630-34472.ਸੋਚ ਦਾ ਸਫ਼ਰ
ਲੇਖਕ : ਗੁਰਸ਼ਰਨ ਸਿੰਘ ਨਰੂਲਾ
ਪ੍ਰਕਾਸ਼ਕ : ਏਸ਼ੀਐਡਜ਼ ਪਬਲੀਕੇਸ਼ਨਜ਼, ਅੰਮ੍ਰਿਤਸਰ
ਮੁੱਲ : 170 ਰੁਪਏ, ਸਫ਼ੇ : 112
ਸੰਪਰਕ : 93165-44777.

ਵਾਰਤਕ ਦੀ ਇਸ ਪੁਸਤਕ ਵਿਚ 21 ਲੇਖ ਹਨ। ਜ਼ਿਆਦਾਤਰ ਹੱਡਬੀਤੀਆਂ ਨੂੰ ਬੜੇ ਸਰਲ ਢੰਗ ਨਾਲ ਲਿਖਿਆ ਗਿਆ ਹੈ। ਕੁਝ ਲੇਖਾਂ ਵਿਚ ਬੀਤੇ ਸਮੇਂ ਨੂੰ ਬਿਆਨ ਕੀਤਾ ਗਿਆ ਹੈ। ਲੇਖ ਪੜ੍ਹਦੇ ਸਮੇਂ ਲਗਦਾ ਹੈ, ਲੇਖਕ ਤੁਹਾਨੂੰ ਉਂਗਲ ਫੜ ਕੇ ਉਨ੍ਹਾਂ ਥਾਵਾਂ 'ਤੇ ਲੈ ਜਾ ਰਿਹਾ ਹੈ, ਜੋ ਤੁਸੀਂ ਨਹੀਂ ਦੇਖੇ। ਉਹ ਨਿੱਕੀ-ਨਿੱਕੀ ਗੱਲ ਨੂੰ ਬੜੇ ਹੀ ਖੂਬਸੂਰਤ ਢੰਗ ਨਾਲ ਬਿਆਨ ਕਰਦਾ ਹੈ।
'ਸੋਚ ਦਾ ਸਫ਼ਰ' ਆਪਣੀ ਮਿਸਾਲ ਆਪ ਹੈ। ਇਸ ਪੁਸਤਕ ਦੇ ਸਾਰੇ ਹੀ ਲੇਖ ਬੜੇ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ। ਪੜ੍ਹਦੇ ਸਮੇਂ ਮਨ ਅੱਕਦਾ ਨਹੀਂ। ਗੱਲ ਕਹਿਣ ਦਾ ਆਪਣਾ ਢੰਗ ਹੈ। ਜਦੋਂ ਉਹ ਗੁਜਰਾਤ ਜਾਂ ਬੰਗਾਲ ਦੀ ਗੱਲ ਕਰਦਾ ਹੈ ਤਾਂ ਉਸ ਦੀ ਤੁਲਣਾ ਪੰਜਾਬ ਤੇ ਪੰਜਾਬੀ ਸੱਭਿਆਚਾਰ ਨਾਲ ਜ਼ਰੂਰ ਕਰਦਾ ਹੈ। ਉਹ ਦੂਜੇ ਪ੍ਰਾਂਤਾਂ ਦੀਆਂ ਚੰਗੀਆਂ ਗੱਲਾਂ ਦੀ ਖੂਬ ਪ੍ਰਸੰਸਾ ਕਰਦਾ ਹੈ। 'ਕੀ ਬਲਾ ਹੈ ਮੂਡ ਵੀ, ਇਕ ਨੇਕ ਸਲਾਹ, ਇਹ ਵੀ ਇਕ ਕਲਾ ਹੈਂਗੱਲਬਾਤ ਕਰਨਾ, ਪੰਜਾਬ ਨਾਲੋਂ ਬਹੁਤ ਕੁਝ ਵੱਖਰਾ ਹੈ ਗੁਜਰਾਤ ਵਿਚ, ਮੇਘਾਲਿਆ ਦੀ ਸੈ, ਨੀਂਦ ਆਦਿ ਲੇਖ ਵਧੀਆ ਹਨ ਪਰ ਬਾਕੀ ਲੇਖ ਵੀ ਘੱਟ ਨਹੀਂ। ਸਾਰੇ ਲੇਖਾਂ ਵਿਚ ਲੇਖਕ ਨੇ ਭਾਸ਼ਾ ਦੀ ਸਾਦਗੀ ਦਾ ਬੜਾ ਖਿਆਲ ਰੱਖਿਆ ਹੈ। ਭਰਤੀ ਦੇ ਸ਼ਬਦਾਂ ਨੂੰ ਲਿਖ ਕੇ ਲੇਖਾਂ ਨੂੰ ਬੋਝਲ ਨਹੀਂ ਬਣਾਇਆ। ਕਾਫੀ ਸਮੇਂ ਬਾਅਦ ਇਕ ਵਧੀਆ ਪੁਸਤਕ ਪੜ੍ਹਨ ਦਾ ਮੌਕਾ ਮਿਲਿਆ। ਤੁਸੀਂ ਇਕ ਵਾਰ ਪੁਸਤਕ ਪੜ੍ਹਨੀ ਸ਼ੁਰੂ ਕਰੋ, ਬੰਦ ਕਰਨ ਨੂੰ ਜੀਅ ਨਹੀਂ ਕਰਦਾ। ਇਸ ਪੁਸਤਕ ਨਾਲ ਪੰਜਾਬੀ ਸਾਹਿਤ ਵਿਚ ਸ਼ਲਾਘਾਯੋਗ ਵਾਧਾ ਹੋਇਆ ਹੈ। ਵਧੀਆ ਪੁਸਤਕ ਲਿਖਣ ਲਈ ਲੇਖਕ ਵਧਾਈ ਦਾ ਪਾਤਰ ਹੈ।

ਅਵਤਾਰ ਸਿੰਘ ਸੰਧੂ
ਮੋ: 99151-82971


ਵਿਹੜਿਆਂ ਦੀ ਮਹਿਕ
ਸ਼ਾਇਰ : ਕਸ਼ਮੀਰ ਨੀਰ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਦਿੱਲੀ।
ਮੁੱਲ : 250 ਰੁਪਏ, ਸਫ਼ੇ : 143
ਸੰਪਰਕ : 093138-90054.

ਕਸ਼ਮੀਰ ਨੀਰ ਪੰਜਾਬੀ ਦਾ ਪੁਰਾਣਾ ਗ਼ਜ਼ਲਕਾਰ ਹੈ। 'ਵਿਹੜਿਆਂ ਦੀ ਮਹਿਕ' ਉਸ ਦਾ ਤੀਸਰਾ ਗ਼ਜ਼ਲ ਸੰਗ੍ਰਹਿ ਹੈ ਜਿਸ ਵਿਚ ਉਸ ਦੀਆਂ ਚੋਣਵੀਆਂ ਗ਼ਜ਼ਲਾਂ ਸ਼ਾਮਿਲ ਹਨ। ਪੁਸਤਕ ਦੇ ਆਰੰਭ ਵਿਚ ਉਸ ਨੇ 'ਗ਼ਜ਼ਲ ਦੇ ਸਿਰਨਾਵੇਂ' ਸਿਰਲੇਖ ਅਧੀਨ ਸ਼ਿਅਰ ਸਿਰਜਣ ਲਈ ਸੰਖੇਪ ਵਿਚ ਮਹੱਤਵਪੂਰਨ ਤੱਤ ਸਾਂਝੇ ਕੀਤੇ ਹਨ। ਇਹ ਤੱਤ ਗ਼ਜ਼ਲ ਵਿਧਾਨ ਦਾ ਸਾਰ ਹਨ। ਇਕ ਸੌ ਬਾਈ ਗ਼ਜ਼ਲਾਂ ਵਾਲੀ ਇਸ ਪੁਸਤਕ ਵਿਚ ਗ਼ਜ਼ਲਕਾਰ ਦਾ ਮੌਲਿਕ ਸ਼ਿਲਪ, ਸ਼ੈਲੀ, ਸਮਰਪਨ ਤੇ ਅੰਦਾਜ਼ ਪਾਠਕ ਦੇ ਰੂ-ਬਰੂ ਹੁੰਦੇ ਹਨ। ਕਸ਼ਮੀਰ ਨੀਰ ਦੀ ਗ਼ਜ਼ਲ ਦਾ ਅੰਦਾਜ਼ ਪਰੰਪਰਕ ਤੇ ਅਧੁਨਿਕਤਾ ਦੇ ਸੁਮੇਲ ਵਾਲਾ ਹੈ। ਉਸ ਨੂੰ ਸ਼ਬਦ ਚੋਣ ਤੇ ਉਨ੍ਹਾਂ ਨੂੰ ਚਿਣਨ ਦੀ ਵਿਉਂਤਬੰਦੀ 'ਤੇ ਮੁਹਾਰਤ ਹਾਸਲ ਹੈ। ਗ਼ਜ਼ਲਾਂ ਦੇ ਬਹੁਤੇ ਵਿਸ਼ੇ ਖ਼ਤਮ ਹੋਣ ਦੀ ਕਗਾਰ 'ਤੇ ਪਹੁੰਚੇ ਪੰਜਾਬੀ ਵਿਰਸੇ ਨਾਲ ਸਬੰਧਤ ਹਨ। ਗ਼ਜ਼ਲਕਾਰ ਨੂੰ ਖੋਖਲੇ ਹੋ ਰਹੇ ਮਕਾਨਾਂ ਦਾ ਅਫ਼ਸੋਸ ਹੈ ਤੇ ਮਨੁੱਖੀ ਮਨ ਵਿਚ ਫ਼ੈਲਦੇ ਜਾ ਰਹੇ ਸ਼ਮਸ਼ਾਨ ਦੀ ਚਿੰਤਾ ਹੈ। ਉਸ ਦੇ ਸ਼ਿਅਰਾਂ ਵਿਚ ਪਾਥੀਆਂ ਦੇ ਗੁਹੀਰਿਆਂ ਦਾ ਜ਼ਿਕਰ ਹੈ, ਤਾਰਿਆਂ ਦੀਆਂ ਖਿੱਤੀਆਂ ਦਾ ਵਰਨਣ ਹੈ ਤੇ ਕੁਦਰਤ ਦੀ ਕਲਾ ਪਾਸਾਰ ਹੈ। ਉਸ ਦੇ ਬਹੁਤੇ ਸ਼ਿਅਰਾਂ ਦੇ ਪਹਿਲੇ ਮਿਸਰੇ ਚੁਪਕੇ ਜਿਹੇ ਦਿਲ ਵਿਚ ਪ੍ਰਵੇਸ਼ ਕਰਦੇ ਹਨ ਤੇ ਦੂਸਰੇ ਮਿਸਰਿਆਂ ਦੁਆਰਾ ਸ਼ਿਅਰ ਮੁਕੰਮਲ ਹੁੰਦੇ ਸਾਰ ਮਨ ਵਿਚ ਤਰੰਗਾਂ ਤੇ ਝਰਨਾਹਟਾਂ ਛੇੜਦੇ ਹਨ।

ਗੁਰਦਿਆਲ ਰੌਸ਼ਨ
ਮੋ: 99884-44002

 


ਅੰਧ ਕੂਪ
ਲੇਖਕ : ਚੰਦਨ ਨੇਗੀ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 450 ਰੁਪਏ, ਸਫ਼ੇ : 308
ਸੰਪਰਕ : 099996-82767.

ਚੰਦਨ ਨੇਗੀ ਦਾ ਇਹ ਛੇਵਾਂ ਨਾਵਲ ਹੈ। ਇਸ ਨਾਵਲ ਦੀ ਫੇਬੁਲਾ 1947 ਵਿਚ ਭਾਰਤ-ਪਾਕਿ ਵੰਡ ਸਮੇਂ ਹੋਇਆ ਮਨੁੱਖਤਾ ਦਾ ਘਾਣ ਹੈ। ਫੇਬੁਲਾ ਦਾ ਆਧਾਰ ਲੇਖਕਾ ਦਾ ਸਵੈ-ਅਨੁਭਵ ਹੈ। ਅਨੇਕਾਂ ਘਟਨਾਵਾਂ ਅੱਖੀਂ ਦੇਖੀਆਂ, ਹੱਡ-ਹੰਡਾਈਆਂ ਤੇ ਕੰਨੀ ਸੁਣੀਆਂ ਹਨ। ਇਨ੍ਹਾਂ ਘਟਨਾਵਾਂ ਦੇ ਦੁਖਾਂਤਕ-ਯਥਾਰਥ ਦੀ ਪੇਸ਼ਕਾਰੀ ਨੇ ਹੀ ਇਸ ਨਾਵਲ ਨੂੰ ਇਤਿਹਾਸਕ ਬਿਰਤਾਂਤ ਦੀ ਪ੍ਰਮਾਣਿਕਤਾ ਤੱਕ ਪਹੁੰਚਾ ਦਿੱਤਾ ਹੈ। ਇਹ ਸਮੇਂ ਦੇ ਸੰਘਰਸ਼ਾਂ, ਲੁੱਟਾਂ, ਦੁੱਖਾਂ, ਉਧਾਲਿਆਂ, ਕਤਲਾਂ, ਗੁੰਡਾਗਰਦੀ ਦੇ ਨੰਗੇ ਨਾਚਾਂ ਦੀ ਕਰੁਣਾਮਈ ਦਾਸਤਾਂ ਹੋ ਨਿਬੜਿਆ ਹੈ ਇਹ ਨਾਵਲ। ਕਿਧਰੇ-ਕਿਧਰੇ 'ਇਨਸਾਨੀਅਤ ਜ਼ਿੰਦਾ' ਦੀਆਂ ਉਦਾਹਰਨਾਂ ਦਾ ਵੀ ਜ਼ਿਕਰ ਹੈ। ਇਸ ਨਾਵਲ ਦੀ ਨਾਇਕਾ ਦਾ ਨਾਂਅ 'ਪਾਸ਼' ਹੈ। ਉਸ ਨੂੰ ਪਾਲਕ ਮਾਪਿਆਂ ਨੇ ਅਸਲ ਮਾਪਿਆਂ ਤੋਂ ਗੋਦ ਲੈ ਕੇ ਬੜੇ ਲਾਡਾਂ ਨਾਲ ਪਾਲਿਆ ਹੈ। ਉਨ੍ਹਾਂ ਹੀ ਕਾਲੇ ਦਿਨਾਂ ਵਿਚ ਜਦੋਂ ਪਰਿਵਾਰ 'ਚੋਂ ਇਕੱਲੀ ਬਚੀ ਬੱਚੀ 'ਪਾਸ਼' 10-12 ਵਰ੍ਹਿਆਂ ਦੀ ਸੀ, ਕਬਾਇਲੀ ਦਰਿੰਦਿਆਂ ਨੇ ਨੋਚ-ਨੋਚ ਖਾਧੀ। ਇਸੇ ਮੰਦਭਾਗੀ ਬੱਚੀ ਨੂੰ ਮੁਟਿਆਰ ਹੋਣ 'ਤੇ ਨਜ਼ਦੀਕੀਆਂ ਨੇ ਇਕ ਨਮਰਦ ਨੌਜਵਾਨ ਨਾਲ ਵਿਆਹ ਦਿੱਤਾ।
ਇਤਿਹਾਸਕ ਦ੍ਰਿਸ਼ਟੀ ਤੋਂ ਨਾਵਲਕਾਰਾ ਅਨੁਸਾਰ ਕਸ਼ਮੀਰ ਦੀ ਇਸ ਦੁਖਾਂਤਕ-ਵੰਡ ਨੂੰ ਰੋਕਿਆ ਜਾ ਸਕਦਾ ਸੀ, ਜੇਕਰ ਦੋ ਮੌਕੇ ਸੰਭਾਲ ਲਏ ਜਾਂਦੇ। ਪਹਿਲਾ ਮੌਕਾ ਮਹਾਰਾਜਾ ਰਣਜੀਤ ਸਿੰਘ ਨੇ 'ਹਾਂਡੀ ਮੁਸਲਮਾਨਾਂ' ਨੂੰ ਧਰਮ ਪਰਿਵਰਤਨ ਦਾ ਦਿੱਤਾ ਸੀ। ਉਹ ਬੜੇ ਤੀਬਰ ਸਨ ਹਿੰਦੂ ਧਰਮ ਅਪਣਾਉਣ ਲਈ ਪਰ ਹਿੰਦੂ ਧਰਮ ਦੇ ਪੁਜਾਰੀਆਂ ਨੇ ਮਹਾਰਾਜੇ ਦਾ ਇਹ ਸੁਝਾਅ ਰੱਦ ਕਰ ਦਿੱਤਾ ਕਿ ਉਹ ਪਤਿਤ ਹੋ ਚੁੱਕੇ ਹਨ। ਦੂਜਾ ਮੌਕਾ ਭਾਰਤੀ ਫ਼ੌਜ ਦੇ ਜਰਨੈਲਾਂ ਨੇ ਦਿੱਤਾ ਸੀ। ਉਨ੍ਹਾਂ ਮੌਕੇ ਦੇ ਪ੍ਰਧਾਨ ਮੰਤਰੀ ਨੂੰ ਕਿਹਾ ਸੀ ਕਿ ਪੂਰੀ ਕਸ਼ਮੀਰ ਫਤਹਿ ਕਰਨ ਲਈ ਦੋ ਦਿਨ ਹੋਰ ਸੀਜ਼-ਫਾਇਰ ਦਾ ਹੁਕਮ ਨਾ ਦਿੱਤਾ ਜਾਵੇ। ਨਾਵਲਕਾਰਾ ਦਾ ਕਹਿਣਾ ਹੈ ਕਿ ਗ਼ਲਤ ਢੰਗ ਨਾਲ ਅਤੇ ਬੇਮੌਕਾ ਹੋਏ ਸੀਜ਼-ਫਾਇਰ ਦੇ ਹੁਕਮ ਅਤੇ ਮਾਮਲਾ ਯੂ.ਐਨ.ਓ. ਦੇ ਸਪੁਰਦ ਕਰਨਾ ਮੌਕੇ ਦੇ ਪ੍ਰਧਾਨ ਮੰਤਰੀ ਦੀ ਅਜਿਹੀ ਕਾਰਜੀ ਭੁੱਲ (ਐਕਟ ਆਫ ਆਮਿਸ਼ਨ) ਸੀ ਜਿਸ ਦਾ ਖਮਿਆਜ਼ਾ ਅੱਜ ਤੱਕ ਦੋਵਾਂ ਮੁਲਕਾਂ ਦੀ ਜਨਤਾ, ਫ਼ੌਜ ਅਤੇ ਸਰਕਾਰਾਂ ਭੁਗਤ ਰਹੀਆਂ ਹਨ। ਨਾਵਲੀ-ਕਥਾ ਵਿਚ ਪ੍ਰਕਿਰਤੀ ਦਾ ਸ਼ਿੰਗਾਰ-ਰਸੀ ਅਤੇ ਵੀਭਤਸੀ ਰੂਪ, ਸੰਦਰਭ ਅਨੁਸਾਰ, ਅਦਲ-ਬਦਲ ਕੇ ਪੇਸ਼ ਹੁੰਦਾ ਵੇਖਿਆ ਜਾ ਸਕਦਾ ਹੈ। ਸੁਖਮਨੀ ਸਾਹਿਬ (ਅਸ਼ਟਪਦੀ ੪) ਦੇ ਮਹਾਂਵਾਕਾਂ (ਅੰਧ ਰੂਪ ਮਹਿ ਪਤਿਤ ਬਿਕਰਾਲ/ਕਰਤੂਤਿ ਪਸੂ ਕੀ ਮਾਨਸ ਜਾਤਿ) ਨੂੰ ਇਹ ਨਾਵਲ ਭਰਵੇਂ ਰੂਪ ਵਿਚ ਪ੍ਰਸਤੁਤ ਕਰਦਾ ਹੈ।

ਡਾ: ਧਰਮ ਚੰਦ ਵਾਤਿਸ਼
ਮੋ: 98144-46007.


ਹਰਿਭਜਨ ਸਿੰਘ
ਦੀ ਨਾਟ-ਕਾਵਿ ਸੰਵੇਦਨਾ
ਲੇਖਿਕਾ : ਡਾ: ਸਰਬਜੀਤ ਕੌਰ ਸੋਹਲ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ ਪ੍ਰਾਇ. ਲਿਮ. ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 91
ਸੰਪਰਕ : 98151-72073.

ਡਾ: ਹਰਿਭਜਨ ਸਿੰਘ ਦੀ 'ਨਾਟ-ਕਾਵਿ ਸੰਵੇਦਨਾ' ਉੱਪਰ ਲਿਖੀ ਸਰਬਜੀਤ ਕੌਰ ਸੋਹਲ ਦੀ ਇਹ ਕਿਤਾਬ ਸਾਡੇ ਸਨਮੁੱਖ ਹੁੰਦੀ ਹੈ। ਆਧੁਨਿਕ ਪੰਜਾਬੀ ਕਵੀ ਅਤੇ ਆਲੋਚਕ ਡਾ: ਹਰਿਭਜਨ ਸਿੰਘ ਆਧੁਨਿਕ ਜੀਵਨ-ਬੋਧ ਦਾ ਰਚਨਾਤਮਕ ਰੂਪਾਂਤਰਣ ਕਰਨ ਵਾਲਾ ਕਵੀ ਹੈ। ਉਸ ਨੇ ਨਾਟਕੀ ਮੁਹਾਂਦਰੇ ਵਾਲੀ ਕਵਿਤਾ ਦੀ ਸਿਰਜਣਾ ਵਧੇਰੇ ਕੀਤੀ ਹੈ। ਕਵਿਤਾ ਦੇ ਖੇਤਰ ਵਿਚ ਇਕ ਨਵੀਂ ਕਾਵਿ-ਧਾਰਾ ਦੀ ਸਿਰਜਣਾ ਕਰਨ ਵਾਲਾ ਇਹ ਕਵੀ ਆਪਣੀ ਰਚਨਾ ਵਿਚ ਵਿਭਿੰਨ ਰੂਪਾਕਾਰਕ ਪ੍ਰਯੋਗ ਕਰਦਾ ਹੈ। ਇਸ ਦ੍ਰਿਸ਼ਟੀ ਤੋਂ ਉਸ ਨੇ ਨਾਟਕੀ ਕਾਵਿ, ਸਰੋਦੀ ਕਾਵਿ, ਲੰਮੇਰੀ ਕਵਿਤਾ ਅਤੇ ਕਾਵਿ ਨਾਟ ਆਦਿ ਦੀ ਸਿਰਜਣਾ ਕੀਤੀ ਹੈ। ਡਾ: ਸੋਹਲ ਨੇ ਬੜੇ ਵਿਸਥਾਰ ਨਾਲ ਉਸ ਦੀ ਨਾਟਕੀ ਕਵਿਤਾ ਦਾ ਵਿਸ਼ਲੇਸ਼ਣ ਕੀਤਾ ਹੈ। ਦੋ ਕਾਵਿ ਸੰਗ੍ਰਹਿਂ'ਤਾਰ ਤੁਪਕਾ' ਅਤੇ 'ਮੱਥਾ ਦੀਵੇ ਵਾਲਾ' ਅਧਿਐਨ ਰਾਹੀਂ ਨਾਟਕੀ ਕਾਵਿ ਦੀ ਇਕ ਵਿਲੱਖਣ ਵੰਨਗੀ ਪੇਸ਼ ਕੀਤੀ ਹੈ। ਇਸ ਸਮੀਖਿਆ ਰਾਹੀਂ ਪਰੰਪਰਾਗਤ ਨਾਟਕੀ ਕਾਵਿ ਨਾਲੋਂ ਵੱਖਰਾ ਪ੍ਰਯੋਗ ਕੀਤਾ ਗਿਆ ਹੈ।
'ਤਾਰ ਤੁਪਕਾ' ਅਜਿਹਾ ਕਾਵਿ-ਨਾਟ ਹੈ, ਜਿਸ ਵਿਚ ਨਾਟਕੀ ਕਿਰਿਆ ਦੀ ਵਿਧੀ ਰਾਹੀਂ ਕਾਵਿ-ਤੱਤਾਂ ਨੂੰ ਪ੍ਰਗਟਾਇਆ ਗਿਆ ਹੈ। 'ਮੱਥਾ ਦੀਵੇ ਵਾਲਾ' ਪੁਸਤਕ ਵੀ ਇਕ ਵਿਲੱਖਣ ਮੁਹਾਂਦਰੇ ਵਾਲੀ ਰਚਨਾ ਹੈ। ਬੌਧਿਕ ਗਹਿਰਾਈ ਨਾਲ ਭਰਪੂਰ ਇਹ ਰਚਨਾ ਕਾਵਿਕ ਜੁਗਤਾਂ ਰਾਹੀਂ ਆਪਣਾ ਸੰਚਾਰ ਕਰਦੀ ਹੈ। ਡਾ: ਹਰਿਭਜਨ ਸਿੰਘ ਪੰਜਾਬੀ ਸਾਹਿਤ ਦਾ ਸਥਾਪਤ ਅਤੇ ਪ੍ਰਤਿਭਾਵਾਨ ਕਵੀ ਹੈ, ਜਿਸ ਨੇ ਆਪਣੀ ਵਿਲੱਖਣ ਕਾਵਿ-ਦ੍ਰਿਸ਼ਟੀ ਰਾਹੀਂ ਮਨੁੱਖੀ ਮਾਨਸਿਕਤਾ ਦੀਆਂ ਵਿਭਿੰਨ ਪਰਤਾਂ ਨੂੰ ਚਿਤਰਿਆ ਹੈ। ਅਜਿਹਾ ਕਰਦਿਆਂ ਉਹ ਸਰਲ ਤੇ ਇਕਹਿਰੀਆਂ ਕਾਵਿ-ਵਿਧੀਆਂ ਦੀ ਵਰਤੋਂ ਨਹੀਂ ਕਰਦਾ ਸਗੋਂ ਨਾਟ-ਵਿਧੀਆਂ ਦਾ ਪ੍ਰਯੋਗ ਕਰਦਾ ਹੈ।

ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

 

29/04/2017

 ਅਸਫ਼ਲ ਹੋਣਾ ਜ਼ਰੂਰੀ ਕਿਉਂ ਹੈ
ਲੇਖਿਕਾ : ਡਾ: ਵਿਜੈ ਅਗਰਵਾਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 207
ਸੰਪਰਕ : 78377-18723.

ਹਰ ਬੰਦਾ ਸਫਲ ਹੋਣਾ ਚਾਹੁੰਦਾ ਹੈ। ਨਿੱਕੇ-ਨਿੱਕੇ ਬੱਚਿਆਂ ਦੇ ਕੋਮਲ ਦਿਲਾਂ ਵਿਚ ਵੀ ਇਹ ਚਿੰਤਾ ਹੈ ਕਿ ਕਿਤੇ ਉਹ ਪੜ੍ਹਾਈ ਵਿਚ ਅਸਫਲ ਨਾ ਹੋ ਜਾਣ। ਮੁਕਾਬਲੇ ਦੇ ਇਸ ਦੌਰੇ ਵਿਚ ਹਰ ਕੋਈ ਇਕ-ਦੂਜੇ ਤੋਂ ਅੱਗੇ ਹੋਣਾ ਚਾਹੁੰਦਾ ਹੈ। ਅਸਫਲਤਾ ਬਾਰੇ ਸੋਚ ਕੇ ਹੀ ਡਰ ਲੱਗਣ ਲਗਦਾ ਹੈ। ਇਸੇ ਲਈ ਬਹੁਤ ਸਾਰੇ ਵਿਦਿਆਰਥੀ ਫੇਲ੍ਹ ਹੋਣ ਦੇ ਡਰੋਂ ਅਤੇ ਨੌਜਵਾਨ ਪਿਆਰ ਵਿਚ ਅਸਫਲ ਹੋਣ ਦੇ ਡਰੋਂ ਹੀ ਖ਼ੁਦਕੁਸ਼ੀਆਂ ਕਰ ਬੈਠਦੇ ਹਨ। ਇਸ ਪੁਸਤਕ ਵਿਚ ਲੇਖਕ ਨੇ ਅਸਫਲ ਲੋਕਾਂ ਦੇ ਮਨੋਵਿਗਿਆਨ ਨੂੰ ਸਮਝ ਕੇ ਇਕ ਨਵੀਂ ਗੱਲ ਕੀਤੀ ਹੈ ਕਿ ਸਫਲ ਹੋਣ ਵਾਸਤੇ ਅਸ਼ਫਲਤਾ ਨੂੰ ਸਵੀਕਾਰ ਕਰਨਾ ਜ਼ਰੂਰੀ ਹੈ। ਬਹੁਤੇ ਲੋਕਾਂ ਨੂੰ ਅਸਫਲਤਾ ਦੀ ਖ਼ਬਰ ਮਿਲਣ 'ਤੇ ਲਗਦਾ ਹੈ ਕਿ ਉਨ੍ਹਾਂ ਦੇ ਜਿਊਣ ਦਾ ਕੋਈ ਮਤਲਬ ਹੀ ਨਹੀਂ ਰਿਹਾ। ਉਹ ਨਿਰਾਸ਼ਾਵਾਦੀ ਹੋ ਜਾਂਦੇ ਹਨ। ਆਰਥਿਕ ਸੰਕਟ, ਧੋਖਾ, ਬਿਮਾਰੀ, ਘਰੋਗੀ ਕਲੇਸ਼, ਘਾਟੇ ਆਦਿ ਮਨੁੱਖ ਨੂੰ ਡਾਵਾਂਡੋਲ ਕਰ ਦਿੰਦੇ ਹਨ। ਪਰ ਲੇਖਕ ਨੇ ਬਹੁਤ ਲੋਕਾਂ ਨਾਲ ਮਿਲ ਕੇ ਗੱਲਬਾਤ ਕਰਕੇ ਸੈਮੀਨਾਰ ਆਦਿ ਕਰਕੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸਫਲਤਾ ਸਫਲਤਾ ਦੇ ਰਾਹ ਵੱਲ ਜਾਂਦਾ ਇਕ ਪੜਾਅ ਹੈ। ਜੋ ਲੋਕ ਇਸ ਪੜਾਅ 'ਤੇ ਰੁਕ ਜਾਂਦੇ ਹਨ, ਉਹ ਏਨੇ ਉਦਾਸ ਹੋ ਜਾਂਦੇ ਹਨ ਕਿ ਜੀਵਨ ਹੀ ਨਿਰਅਰਥਕ ਲੱਗਣ ਲਗਦਾ ਹੈ। ਪਰ ਜੋ ਲੋਕ ਉੱਠ ਕੇ ਅੱਗੇ ਵਧਦੇ ਹਨ, ਸਫਲਤਾ ਉਨ੍ਹਾਂ ਦੇ ਕਦਮ ਚੁੰਮਦੀ ਹੈ। ਸਫਲ ਉਹ ਨਹੀਂ, ਜੋ ਕਦੇ ਡਿੱਗੇ ਨਾ ਹੋਣ, ਬਲਕਿ ਉਹ ਹਨ ਜੋ ਡਿੱਗਣ ਤੋਂ ਬਾਅਦ ਫਿਰ ਉੱਠ ਖੜ੍ਹਦੇ ਹਨ। ਸਫਲਤਾ ਖੁਸ਼ੀ ਦੀ ਗਾਰੰਟੀ ਨਹੀਂ ਹੈ ਪਰ ਖੁਸ਼ੀ ਸਫਲਤਾ ਦੀ ਗਾਰੰਟੀ ਜ਼ਰੂਰੀ ਹੈ। ਜੇਕਰ ਤੁਸੀਂ ਖੁਸ਼ ਹੋ, ਸ਼ਾਂਤ ਹੋ, ਸੁਖੀ ਹੋ ਅਤੇ ਆਪਣਾ ਮਨਪਸੰਦ ਕੰਮ ਕਰ ਰਹੇ ਹੋ ਤਾਂ ਆਪਣੇ-ਆਪ ਨੂੰ ਸਫਲ ਮੰਨੋ। ਆਮ ਤੌਰ 'ਤੇ ਸਫਲਤਾ ਵੱਡੀਆਂ-ਵੱਡੀਆਂ ਚੀਜ਼ਾਂ ਵਿਚ ਹੁੰਦੀ ਹੈ ਅਤੇ ਖੁਸ਼ੀ ਛੋਟੀਆਂ-ਛੋਟੀਆਂ ਚੀਜ਼ਾਂ ਲਈ। ਲੋੜ ਪਵੇ ਤਾਂ ਆਪਣੀਆਂ ਖੁਸ਼ੀਆਂ ਲਈ ਸਫਲਤਾ ਵੀ ਤਿਆਗ ਦੇਣੀ ਚਾਹੀਦੀ ਹੈ। ਕਈ ਵਾਰ ਅਸਫਲਤਾ ਵੀ ਫਾਇਦੇਮੰਦ ਹੁੰਦੀ ਹੈ ਕਿਉਂਕਿ ਇਹ ਨਵੀਂ ਚੁਣੌਤੀ ਬਣ ਕੇ ਆਉਂਦੀ ਹੈ। ਅਸਲੀ ਅਨੰਦ ਮੰਜ਼ਿਲ 'ਤੇ ਨਹੀਂ ਸਗੋਂ ਸਫ਼ਰ ਵਿਚ ਹੈ। ਨਵੀਨ ਨਰੋਏ ਵਿਚਾਰਾਂ ਵਾਲੀ ਇਹ ਪੁਸਤਕ ਪੜ੍ਹਨਯੋਗ ਅਤੇ ਮਾਣਨਯੋਗ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.


ਇਕ ਖ਼ਤ ਵੇਸਵਾ ਦੇ ਨਾਮ
(ਵੇਸਵਾਵਾਂ ਬਾਰੇ ਕਹਾਣੀਆਂ)
ਸੰਪਾਦਕ : ਜਿੰਦਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 288
ਸੰਪਰਕ : 98148-03254.

ਹਥਲੀ ਪੁਸਤਕ ਵਿਚ ਵੇਸਵਾਵਾਂ ਦੇ ਜੀਵਨ ਬਾਰੇ ਲਿਖੀਆਂ 33 ਕਹਾਣੀਆਂ ਸੰਗ੍ਰਹਿਤ ਹਨ। ਬਹੁਤੀਆਂ ਕਹਾਣੀਆਂ ਉਰਦੂ ਅਤੇ ਪੰਜਾਬੀ ਭਾਸ਼ਾ ਵਿਚੋਂ ਲਈਆਂ ਗਈਆਂ ਹਨ। ਤਿੰਨ ਵਿਦੇਸ਼ੀ ਕਹਾਣੀਆਂ ਹਨ ਅਤੇ ਛੇ ਕਹਾਣੀਆਂ ਗੁਜਰਾਤੀ, ਉੜੀਆ ਅਤੇ ਬੰਗਾਲੀ ਆਦਿ ਭਾਸ਼ਾਵਾਂ ਵਿਚੋਂ ਆਈਆਂ ਹਨ। ਹਰ ਕਹਾਣੀ ਵਿਚ ਵੇਸਵਾਵਾਂ ਦੇ ਜੀਵਨ ਦੇ ਵਿਭਿੰਨ ਪਾਸਾਰ ਰੂਪਮਾਨ ਹੋਏ ਹਨ।
ਗੁਲਾਮ ਅੱਬਾਸ, ਆਗਾ ਬਾਬਰ, ਸਲਮ ਖਾਂ ਗਿੰਮੀ, ਬੁਸ਼ਰ ਰਹਿਮਾਨ, ਵਾਜਿਦਾ ਤਬੱਸੁਮ ਅਤੇ ਸਯਦ ਜਮੀਰ ਹਸਨ ਦੀਆਂ ਉਰਦੂ ਕਹਾਣੀਆਂ ਪੜ੍ਹ ਕੇ ਮਹਿਸੂਸ ਹੋਇਆ ਹੈ ਕਿ ਵੇਸਵਾਵਾਂ ਬਾਰੇ ਉਰਦੂ ਕਹਾਣੀਕਾਰਾਂ ਤੋਂ ਡੂੰਘਾ ਅਤੇ ਪ੍ਰਮਾਣਿਕ ਲਿਖਣਾ ਬਹੁਤ ਕਠਿਨ ਹੈ। ਵੇਸਵਾਵਾਂ (ਜਾਂ ਰੰਡੀਆਂ) ਦੇ ਜੀਵਨ ਨਾਲ ਜੁੜਿਆ ਦਰਬਾਰੀ ਅਦਬ-ਅਦਾਬ ਇਨ੍ਹਾਂ ਔਰਤਾਂ ਨੂੰ ਇਕ ਨਵਾਂ ਆਯਾਮ ਪ੍ਰਦਾਨ ਕਰ ਦਿੰਦਾ ਹੈ। ਇਹ ਅਦਬ-ਅਦਾਬ ਉਨ੍ਹਾਂ ਨੂੰ 'ਵਿਚਾਰੀਆਂ ਜਾਂ ਅਬਲਾ' ਨਹੀਂ ਰਹਿਣ ਦਿੰਦਾ ਬਲਕਿ ਇਸ ਪ੍ਰਕਾਰ ਦੀ ਜੀਵਨ ਸ਼ੈਲੀ ਨੂੰ ਉਨ੍ਹਾਂ ਦੀ ਇਕ ਸਵੈ-ਚੋਣ ਬਣਾ ਦਿੰਦਾ ਹੈ। ਵਧੇਰੇ ਉਰਦੂ ਕਹਾਣੀਕਾਰ ਆਧੁਨਿਕ ਪੂੰਜੀਵਾਦੀ ਯੁੱਗ ਦੇ ਦਬਾਵਾਂ ਦੀ ਬਜਾਇ ਆਪਣੀਆਂ ਕਹਾਣੀਆਂ ਨੂੰ ਮਧਕਾਲੀਨ (ਜਾਗੀਰਦਾਰੀ) ਰਹਿਤਲ ਨਾਲ ਜੋੜ ਕੇ ਬਿਆਨ ਕਰਦੇ ਹਨ। ਉਂਜ ਵੀ ਉਹ ਲੋਕ ਕਹਾਣੀ ਬਿਆਨ ਨਹੀਂ ਕਰਦੇ ਬਲਕਿ 'ਰਚਦੇ' ਹਨ। ਉਨ੍ਹਾਂ ਦਾ ਹਰ ਵਾਕ ਕਿਸੇ ਡੂੰਘੀ ਮਰਜ਼ ਅਤੇ ਵਕ੍ਰੋਕਤੀ ਨਾਲ ਭਰਪੂਰ ਹੁੰਦਾ ਹੈ। ਪੰਜਾਬੀ ਕਹਾਣੀਕਾਰ ਅਜੇ ਤੱਕ 'ਨੈਰੇਸ਼ਨ' ਦੀ ਇਸ ਕਲਾ ਤੱਕ ਨਹੀਂ ਪਹੁੰਚ ਸਕੀ ਜਾਂ ਬਹੁਤ ਥੋੜ੍ਹੇ ਲੋਕ ਹੀ ਉਥੋਂ ਤੱਕ ਪਹੁੰਚੇ ਹਨ। ਸਾਡਾ ਕਥਿਤ 'ਅਗਾਂਹਵਧੂਪਣ' ਆੜੇ ਆ ਜਾਂਦਾ ਹੈ। ਜਿੰਦਰ ਦੀ ਇਹ ਪੁਸਤਕ ਉਸ ਦੀ ਕਠੋਰ ਮਿਹਨਤ ਦਾ ਪਰਿਣਾਮ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਤੁਸੀਂ ਇਕ ਅਸਾਧਾਰਨ ਜੀਵਨ ਦਾ ਨਿਰਮਾਣ ਕਰ ਸਕਦੇ ਹੋ

ਲੇਖਕ : ਲੂਈਸ ਹੇਅ ਅਤੇ ਚੈਰਿਲ ਰਿਚਰਡਸਨ
ਅਨੁਵਾਦਕ : ਇੰਜ: ਚਰਨਜੀਤ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 120 ਰੁਪਏ, ਸਫ਼ੇ : 140
ਸੰਪਰਕ : 0172-4608699


ਇਸ ਪੁਸਤਕ ਦੇ ਰਚੈਤਾ ਲੂਈਸ ਹੇਅ ਅਤੇ ਚੈਰਿਲ ਰਿਚਰਡਸਨ ਅਜਿਹੀਆਂ ਸ਼ਖ਼ਸੀਅਤਾਂ ਹਨ, ਜਿਨ੍ਹਾਂ ਨੇ ਸੰਸਾਰ ਭਰ ਦੇ ਲੋਕਾਂ ਨੂੰ ਆਪਣੇ ਵਿਅਕਤੀਗਤ ਵਿਕਾਸ ਤੇ ਸਵੈ-ਉਪਚਾਰ ਲਈ ਆਪਣੀਆਂ ਰਚਨਾਤਮਕ ਸਮਰਥਾਵਾਂ ਨੂੰ ਲੱਭਣ ਤੇ ਲਾਗੂ ਕਰਨ ਲਈ ਮਦਦ ਕੀਤੀ ਹੈ। ਭਾਈਚਾਰਿਆਂ ਦੀ ਅਗਵਾਈ ਕਰਕੇ ਸੰਸਾਰ ਭਰ ਦੇ ਲੋਕਾਂ ਨੂੰ ਆਪਣੇ ਜੀਵਨ ਦੀ ਗੁਣਵੱਤਾ ਨੂੰ ਸੁਧਾਰਨ ਵਿਚ ਮਦਦ ਕਰਨ ਲਈ ਸਮਰਪਿਤ ਹਨ। ਇਨ੍ਹਾਂ ਨੂੰ ਸਵੈ ਸਹਿਯੋਗ ਦੀ ਲਹਿਰ ਦੇ ਮੋਢੀਆਂ ਅਤੇ ਸਰੀਰ ਤੇ ਮਨ ਦੇ ਉਪਚਾਰਕਾਂ ਦੇ ਜਨਮਦਾਤਿਆਂ ਵਜੋਂ ਜਾਣਿਆ ਜਾਂਦਾ ਹੈ।
ਪਹਿਲਾ ਕਾਂਡ 'ਫੋਨ ਦਾ ਜਵਾਬ ਦਿਓ ਤੇ ਮੇਲ ਖੋਲ੍ਹੋ' ਵਿਚ ਲੇਖਿਕਾ ਨੇ ਵਿਸਥਾਰ ਨਾਲ ਆਪਣੇ ਜੀਵਨ ਢੰਗ, ਬਿਮਾਰੀ ਤੇ ਇਲਾਜ ਅਤੇ ਉਪਰੰਤ ਠੀਕ ਹੋਣ ਬਾਰੇ ਚਾਨਣਾ ਪਾਇਆ ਹੈ ਕਿ ਠੀਕ ਹੋਣ ਪਿੱਛੇ ਦ੍ਰਿੜ੍ਹ ਇੱਛਾ ਸ਼ਕਤੀ ਤੇ ਸਾਕਾਰਾਤਮਕ ਸੋਚ ਅਤੇ ਸਭ ਤੋਂ ਵੱਧ ਰੂਹਾਨੀਅਤ ਦਾ ਸੰਚਾਰ ਹੋਣਾ ਜ਼ਰੂਰੀ ਹੈ। ਜਿਸ ਨਾਲ ਕੈਂਸਰ ਜਿਹੀ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਪਰ ਇਸ ਦੇ ਲਈ ਅਜਿਹੀ ਸੋਚ ਜ਼ਰੂਰੀ ਹੈ ਕਿ 'ਮੈਂ ਸਮਰੱਥ ਹਾਂ, ਮੇਰੇ ਵਿਚ ਠੀਕ ਹੋਣ ਦੀ ਕਾਬਲੀਅਤ ਹੈ, ਮੈਂ ਆਪਣੇ ਸਰੀਰ ਨੂੰ ਪਿਆਰ ਕਰਦਾ ਹਾਂ,' ਆਦਿ ਜੋ ਇੱਛਾ ਸ਼ਕਤੀ ਨੂੰ ਦ੍ਰਿੜ੍ਹਾਉਂਦੀ ਹੈ। ਇਸ ਦੇ ਨਾਲ ਹੀ ਅਜਿਹੇ ਨੁਕਤੇ ਜ਼ਰੂਰੀ ਹਨ, ਜਿਵੇਂ ਕਿ ਸਾਦਗੀ, ਆਸ਼ਾਵਾਦ, ਸਹਿਣਸ਼ੀਲਤਾ, ਭਰੋਸਾ, ਵਿਕਾਸ, ਸੇਵਾ, ਕਾਰਵਾਈ, ਵਿਸ਼ਵਾਸ ਤੇ ਮਿਕਨਾਤੀਸੀ ਖਿੱਚ ਆਦਿ।
'ਇਕ ਅਸਾਧਾਰਨ ਜੀਵਨ ਦਾ ਨਿਰਮਾਤਾ ਬਣਨਾ' ਜੀਵਨ ਦਾ ਇਕ ਹੋਰ ਅਨਿੱਖੜਵਾਂ ਪਹਿਲੂ ਹੈੈ। ਸਾਰੇ ਮਨੁੱਖ ਸੰਯੁਕਤ ਊਰਜਾ ਦੇ ਮੰਡਲ ਵਿਚ ਜਿਊਂਦੇ ਤੇ ਸਾਹ ਲੈਂਦੇ ਹਨ, ਜੋ ਉਸ ਦੇ ਵਿਚਾਰਾਂ ਨੂੰ ਪ੍ਰਭਾਵਿਤ ਕਰਦੀ ਹੈ ਤੇ ਅੰਤਰੀਵ ਪ੍ਰੇਰਨਾ ਦਾ ਸ੍ਰੋਤ ਹੈ। 'ਜਿਸ ਤਰ੍ਹਾਂ ਤੁਸੀਂ ਆਪਣਾ ਦਿਨ ਸ਼ੁਰੂ ਕਰਦੇ ਹੋ, ਉਸੇ ਤਰ੍ਹਾਂ ਨਾਲ ਸਾਰਾ ਦਿਨ ਗੁਜ਼ਾਰਦੇ ਹੋ' ਕਾਂਡ ਵਿਚ ਪ੍ਰੇਰਨਾ ਦਿੱਤੀ ਹੈ ਕਿ ਸਵੇਰੇ ਉੱਠਦਿਆਂ ਇਸ ਤਰ੍ਹਾਂ ਦੇ ਵਿਚਾਰ ਮਨ ਵਿਚ ਲਿਆ ਕਿ ਸਾਰਾ ਦਿਨ ਹੁਲਾਸ ਭਰਿਆ ਤੇ ਅਨੰਦਮਈ ਬੀਤੇ। ਸੁੱਤੇ ਉੱਠਦਿਆਂ ਹੀ ਬਿਸਤਰ ਦਾ ਧੰਨਵਾਦ ਕਰੋ, ਸ਼ੀਸ਼ੇ ਦਾ, ਸ਼ਾਵਰ ਦਾ, ਕੱਪੜਿਆਂ ਦਾ ਸਭ ਦਾ ਧੰਨਵਾਦ ਕਰੋ, ਜਿਨ੍ਹਾਂ ਕਾਰਨ ਜੀਵਨ ਸੁਖਮਈ ਬਿਤਾ ਰਹੇ ਹਾਂ। ਲੇਖਿਕਾ ਦੇ ਅਨੁਸਾਰ 'ਜਿਸ ਤਰ੍ਹਾਂ ਤੁਸੀਂ ਆਪਣਾ ਦਿਨ ਗੁਜ਼ਾਰਦੇ ਹੋ, ਉਸੇ ਤਰ੍ਹਾਂ ਤੁਸੀਂ ਆਪਣੀ ਜ਼ਿੰਦਗੀ ਗੁਜ਼ਾਰਦੇ ਹੋ।' ਅਗਲੀ ਗੱਲ 'ਕਿਸੇ ਵੀ ਆਦਤ ਨੂੰ ਤੋੜੋ ਨਾ, ਇਸ ਨੂੰ ਹੌਲੀ-ਹੌਲੀ ਖੁਰਨ ਦਿਓ' ਕਿਉਂਕਿ ਵਾਦੜੀਆਂ ਸਜਾਦੜੀਆਂ ਛੇਤੀ-ਛੇਤੀ ਨਹੀਂ ਜਾਂਦੀਆਂ, ਇਹ ਧੀਮੀ ਪ੍ਰਕਿਰਿਆ ਹੈ, ਉਸ ਅਨੁਸਾਰ ਵਿਚਰਨਾ ਜ਼ਰੂਰੀ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.


ਮੈਂ ਪੱਥਰ ਦੀ ਸਿਲ ਹਾਂ

ਕਵੀ : ਸਤਪਾਲ ਸਿੰਘ ਡੁਲ੍ਹਕੂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 192
ਸੰਪਰਕ : 99151-03490.

ਸਤਪਾਲ ਸਿੰਘ ਡੁਲ੍ਹਕੂ ਯੂ.ਕ.ੇ ਵਸਦਾ ਪੰਜਾਬੀ ਕਵੀ ਹੈ। ਉਹ ਹੰਢਿਆ-ਵਰਤਿਆ ਅਤੇ ਦੇਸ਼ਾਂ-ਵਿਦੇਸ਼ਾਂ ਦੀ ਸੋਝੀ ਰੱਖਣ ਵਾਲਾ ਕਵੀ ਹੈ।
ਹਥਲੀ ਕਾਵਿ ਪੁਸਤਕ ਵਿਚ ਕੁੱਲ 111 ਨਿੱਕੀਆਂ-ਵੱਡੀਆਂ ਕਾਵਿ ਰਚਨਾਵਾਂ ਹਨ। ਇਨ੍ਹਾਂ ਵਿਚੋਂ ਬਹੁਤ ਸਾਰੀਆਂ ਯਾਨੀ ਅੱਧ ਤੋਂ ਵੱਧ ਗ਼ਜ਼ਲਾਂ ਵੀ ਹਨ ਪਰ ਡੁਲ੍ਹਕੂ ਨੇ ਇਹ ਗ਼ਜ਼ਲਾਂ ਵੱਖਰੇ ਭਾਗ ਵਿਚ ਨਹੀਂ ਦਿੱਤੀਆਂ। ਉਂਜ ਪੁਸਤਕ ਦੀਆਂ ਕਵਿਤਾਵਾਂ ਨੂੰ ਤਿੰਨ ਭਾਗਾਂ ਵਿਚ ਵੰਡ ਕੇ ਪੇਸ਼ ਕੀਤਾ ਗਿਆ। ਇਹ ਵੰਡ ਉਸ ਦੀ ਆਪਣੀ ਹੀ ਤਜਵੀਜ਼ ਕੀਤੀ ਹੋਈ ਹੈ। ਚੰਗਾ ਤਾਂ ਇਹ ਸੀ ਕਿ ਉਹ ਇਸ ਕਾਵਿ ਸੰਗ੍ਰਹਿ ਦੀਆਂ ਸਾਢੇ ਛੇ ਦਰਜਨ ਗ਼ਜ਼ਲਾਂ ਨੂੰ ਇਕ ਵੱਖਰੇ ਭਾਗ ਵਿਚ ਪੇਸ਼ ਕਰਦਾ।
ਇਨ੍ਹਾਂ ਕਵਿਤਾਵਾਂ ਵਿਚ ਸਮਾਜਿਕ ਅਤੇ ਮਾਨਵੀ ਸਰੋਕਾਰਾਂ ਨੂੰ ਪਹਿਲ ਦਿੱਤੀ ਗਈ ਹੈ। ਕਵਿਤਾਵਾਂ/ਗ਼ਜ਼ਲਾਂ ਵਿਚ ਡੁਲ੍ਹਕੂ ਦੀ ਉਮਰ ਦਾ ਅਤੇ ਰੁਜ਼ਗਾਰ ਦਾ ਲੰਮਾ ਤੇ ਔਖਾ ਤਜਰਬਾ ਵੀ ਬੋਲਦਾ ਹੈ। ਉਸ ਨੇ ਬਰਤਾਨੀਆ ਵਿਚ ਰਹਿੰਦਿਆਂ ਪੱਕੇ ਤੌਰ 'ਤੇ ਸਥਾਪਿਤ ਹੋਣ ਲਈ ਉੱਥੋਂ ਦੇ ਕਾਰਖਾਨਿਆਂ ਵਿਚ ਹੱਢ-ਭੰਨਵੀਂ ਮਿਹਨਤ ਵੀ ਕੀਤੀ। ਇਹ ਕਵਿਤਾਵਾਂ ਕਿਸੇ ਇਕ-ਇਕਹਿਰੇ ਵਿਸ਼ੇ ਨੂੰ ਸੇਧਤ ਨਹੀਂ ਹਨ, ਸਗੋਂ ਜੀਵਨ ਦੇ ਸਾਰੇ ਰੰਗ ਇਨ੍ਹਾਂ ਵਿਚ ਪੇਸ਼ ਹਨ। ਉਹ ਕਵਿਤਾਵਾਂ ਨੂੰ ਇਕ ਮਾਧਿਅਮ ਸਮਝਦਾ ਹੈ, ਜਿਸ ਰਾਹੀਂ ਉਹ ਆਪਣੇ ਅੰਤਰੀਵ ਭਾਵਾਂ ਨੂੰ ਜੱਗ ਜ਼ਾਹਰ ਕਰਦਾ ਹੈ। ਉਸ ਦੀਆਂ ਕਈ ਕਾਵਿ ਟੂਕਾਂ/ਸ਼ਿਅਰ ਕਮਾਲ ਦੇ ਹਨ :
- ਹਰ ਚਿਣਗ ਵਿਦਰੋਹ ਦੀ, ਸਮੇਂ ਦੀ ਮੰਗ ਹੁੰਦੀ ਹੈ
ਬਿਨਾਂ ਸੰਘਰਸ਼ ਕਦੇ ਵੀ, ਹਾਸਲ ਹੱਕ ਨਹੀਂ ਹੁੰਦੇ।
- ਹੱਥਾਂ ਦੀਆਂ ਲਕੀਰਾਂ ਵਿਚ ਕਿਸਮਤ ਬੰਦ ਨਹੀਂ ਹੁੰਦੀ,
ਕਿਸਮਤ ਉਹ ਵੀ ਰੱਖਦੇ ਨੇ ਜਿਨ੍ਹਾਂ ਦੇ ਹੱਥ ਨਹੀਂ ਹੁੰਦੇ।
- ਮੰਜ਼ਿਲ ਮੇਰੀ ਸਾਹਮਣੇ ਸਾਕਾਰ ਹੈ
ਮੇਰੇ ਹੀ ਹੱਥ ਮੇਰਾ ਕਿਰਦਾਰ ਹੈ।
ਡੁਲ੍ਹਕੂ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਦੇ ਵਿਸ਼ੇ ਬਹੁਤ ਉੱਚੇ ਅਤੇ ਸੁਚਾਰੂ ਰੂਪ ਹਨ ਪਰ ਇਨ੍ਹਾਂ ਗ਼ਜ਼ਲਾਂ ਦੀ ਤਕਨੀਕ ਜੇਕਰ ਅਪਣਾਈ ਜਾਂਦੀ ਤਾਂ ਸ਼ਿਅਰ ਅਮਰ ਹੋ ਜਾਂਦੇ। ਕੁੱਲ ਮਿਲਾ ਕੇ ਪੁਸਤਕ ਸਲਾਹੁਣਯੋਗ ਹੈ।

-ਸੁਲੱਖਣ ਸਰਹੱਦੀ
ਮੋ: 94174-84337


ਚਾਰ ਤੱਤ ਦਾ ਪੁਤਲਾ

ਲੇਖਕ : ਸਰੂਪ ਸਿਆਲਵੀ
ਪ੍ਰਕਾਸ਼ਕ : ਪਰਵਾਜ਼ ਪ੍ਰਕਾਸ਼ਨ,ਜਲੰਧਰ
ਮੁੱਲ-200 ਰੁਪਏ, ਸਫ਼ੇ : 144
ਸੰਪਰਕ : 98881-29977.

ਕਹਾਣੀ 'ਚਾਰ ਤੱਤ ਦਾ ਪੁਤਲਾ' ਜਿੱਥੇ ਭਾਰਤੀ ਦਰਸ਼ਨ ਅਤੇ ਮਾਨਵੀਂ ਜੀਵਨ ਦੀ ਉਤਪਤੀ ਨਾਲ ਜੁੜੇ ਤੱਤਾਂ ਦੀ ਹੋਂਦ ਬਾਰੇ ਚਰਚਾ ਛੇੜਦੀ ਹੈ, ਉਥੇ ਹੀ ਇਸ ਵਿਚ ਵਰਣ ਵਿਵਸਥਾ, ਅਧਿਆਤਮਵਾਦ, ਕਿਰਤੀ ਜੀਵਨ ਫਲਸਫ਼ਾ, ਤਰਕਸ਼ੀਲਤਾ ਅਤੇ ਸਮਾਜਿਕ ਸਥਾਪਤੀ ਨੂੰ ਪੇਸ਼ ਕਰਦਿਆਂ ਤਰਕਸ਼ੀਲਤਾ ਅਤੇ ਚੇਤਨਤਾ ਰਾਹੀ ਸਦੀਆਂ ਪੁਰਾਣੀ ਪੰਜ ਤੱਤ ਦੀ ਧਾਰਨਾ ਨੂੰ ਵੰਗਾਰਿਆ ਗਿਆ ਹੈ। ਸਾਮਵਾਦ ਤੋਂ ਸਾਮਰਾਜਵਾਦ ਤੱਕ ਦੇ ਸਫ਼ਰ ਨੂੰ ਦਰਸਾਉਂਦੀ ਕਹਾਣੀ 'ਨੇਰ੍ਹੇ ਤੋਂ ਚਾਨਣ ਵੱਲ' ਵਿਚ ਜਿੱਥੇ ਇਤਿਹਾਸ ਅਤੇ ਮਿਥਿਹਾਸ ਨੂੰ ਕਲਪਨਾ ਦੀ ਪੁੱਠ ਚਾੜ੍ਹਦਿਆਂ ਕਹਾਣੀਕਾਰ ਇਕ ਪਾਸੇ ਪਰਿਵਾਰ, ਰਾਜ ਅਤੇ ਨਿੱਜੀ ਜਾਇਦਾਦ ਦੀ ਉਤਪਤੀ ਨੂੰ ਦਿਖਾਉਂਦਾ ਹੈ, ਉਥੇ ਹੀ ਦੂਸਰੇ ਪਾਸੇ ਉਹ ਆਧੁਨਿਕ ਕਹੇ ਜਾਣ ਵਾਲੇ ਸਮਾਜ ਦੀਆਂ ਅਨੈਤਿਕ ਕਦਰਾਂ-ਕੀਮਤਾਂ ਅਤੇ ਲਾਲਚੀ ਬਿਰਤੀ ਨੂੰ ਪੇਸ਼ ਕਰਦਾ ਹੈ। ਲਾਲਚੀ ਬਿਰਤੀ ਕਿਸ ਪ੍ਰਕਾਰ ਕਦਰਾਂ-ਕੀਮਤਾਂ ਦਾ ਘਾਣ ਕਰਦਿਆਂ ਆਧੁਨਿਕਤਾ ਦਾ ਲਿਬਾਸ ਪਾਉਂਦੀ ਹੈ ਅਤੇ ਇਤਿਹਾਸ ਨੂੰ ਕਿਸ ਤਰ੍ਹਾਂ ਭੁਲਾ ਦਿੱਤਾ ਜਾਂਦਾ ਹੈ, ਇਸ ਕਹਾਣੀ ਵਿਚ ਬਾਖ਼ੂਬੀ ਦਰਸਾਇਆ ਗਿਆ ਹੈ। ਸਦੀਆਂ ਤੋਂ ਚਲੇ ਆ ਰਹੇ ਰਾਵਣ ਦੇ ਬਿੰਬ ਨੂੰ ਨਵੇਂ ਸਿਰੇ ਤੋਂ ਪ੍ਰਭਾਸ਼ਿਤ ਕਰਨ ਦੀ ਕਹਾਣੀ 'ਰਵਿੰਦਰ ਰਾਵਣ' ਵਿਚਲਾ ਮੁੱਖ ਪਾਤਰ ਦਵੰਦ ਅਤੇ ਤਣਾਅ ਤੋਂ ਛੁਟਕਾਰਾ ਪਾਉਣ ਲਈ ਯਤਨ ਕਰਦਾ ਹੈ ਪਰ ਸਮਾਜਿਕ ਵਰਤਾਰੇ ਨੂੰ ਸਮਝਣ ਤੋਂ ਅਸਮਰਥ ਅਸਹਿਜ ਮਹਿਸੂਸ ਕਰਦਾ ਹੈ।
'ਸਿੰਗਲ ਮਦਰ' ਆਧੁਨਿਕਤਾ ਅਤੇ ਦਲਿਤ ਅਵਚੇਤਨ ਨੂੰ ਪੇਸ਼ ਕਰਦੀ ਖ਼ੂਬਸੂਰਤ ਕਹਾਣੀ ਹੈ, ਜਿਸ ਵਿਚਲੇ ਪਾਤਰ ਆਪਣੀ ਸਮਾਜਿਕ ਹੈਸੀਅਤ ਦੀ ਬਦੌਲਤ ਆਪਣੇ ਆਪ ਨੂੰ ਸੰਤੁਸ਼ਟ ਕਰਨ ਦਾ ਯਤਨ ਕਰਦੇ ਹਨ ਪਰ ਦੂਸਰੇ ਪਾਸੇ ਉਨ੍ਹਾਂ ਦੀ ਔਲਾਦ ਵਰਣ ਵਿਵਸਥਾ ਅਤੇ ਇਸ ਦੇ ਵਰਤਾਰੇ ਨਾਲ ਜੁੜੀਆਂ ਤੰਦਾਂ ਨੂੰ ਸਮਝਣ ਦੀ ਕੋਸ਼ਿਸ ਕਰਦੀ ਹੈ। 'ਦਿਨ ਕਟੀ' ਦੇ ਪਾਤਰ ਆਪ ਆਪਣੇ ਦਾਇਰੇ ਵਿਚ ਵਿਚਰਦੇ ਦਿਨ ਕਟੀ ਕਰਦੇ ਪ੍ਰਤੀਤ ਹੁੰਦੇ ਹਨ ਪਰ ਮਾਨਸਿਕ ਲੋੜਾਂ ਦੀ ਪੂਰਤੀ ਲਈ ਇਕ ਦੂਸਰੇ ਦਾ ਸਹਾਰਾ ਤੱਕਦੇ ਹਨ। ਸਵਾਰਥ ਭਰੇ ਰਿਸ਼ਤੇ ਕਿਸ ਤਰ੍ਹਾਂ ਜੀਵਨ ਵਿਚ ਆਪਣਿਆਂ ਨੂੰ ਵੀ ਆਪਣੀ ਲਾਲਸਾ ਅਤੇ ਲਾਲਚ ਦਾ ਸ਼ਿਕਾਰ ਬਣਾਉਦੇ ਹਨ, ਇਸ ਨੂੰ 'ਬਾਪੂ' ਕਹਾਣੀ ਵਿਚ ਪੇਸ਼ ਕੀਤਾ ਗਿਆ ਹੈ। ਸਮਾਜਿਕ ਪ੍ਰਬੰਧ ਅਤੇ ਕਦਰਾਂ-ਕੀਮਤਾਂ ਦੇ ਬਦਲਦੇ ਸਰੋਕਾਰ, ਖ਼ਤਮ ਹੋ ਰਹੀ ਸੰਵੇਦਨਾ, ਵਧ ਰਹੀ ਲਾਲਸਾ, ਸਦੀਆਂ ਤੋਂ ਚੱਲੀ ਆ ਰਹੀ ਵਰਣ ਵਿਵਸਥਾ ਦੇ ਖ਼ਾਤਮੇ ਲਈ ਯਤਨਸ਼ੀਲ ਹੁੰਦਿਆਂ ਸਮਾਜਿਕ ਸਥਾਪਤੀ ਦੇ ਵਿਰੁੱਧ ਵਿਦਰੋਹ ਅਤੇ ਚੇਤਨ ਅਵਚੇਤਨ ਦੇ ਦਵੰਦ ਅਤੇ ਤਣਾਅ ਨੂੰ ਪੇਸ਼ ਕਰਦੀਆਂ ਇਹ ਕਹਾਣੀਆਂ ਮਾਨਣਯੋਗ ਹਨ।

-ਡਾ: ਸੁਖਪਾਲ ਕੌਰ ਸਮਰਾਲਾ
ਮੋ: 9888547099


ਸਿੱਖ ਫਲਸਫ਼ੇ ਤੇ ਇਤਿਹਾਸ ਦਾ ਅਹਿਮ ਦਸਤਾਵੇਜ਼ : ਛਬੀਲ

ਸੰਪਾਦਕ : ਡਾ: ਜਤਿੰਦਰ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 111
ਸੰਪਰਕ : 94176-00027.

ਪੰਜਾਬੀ ਸਾਹਿਤ ਵਿਚ ਵਿਲੱਖਣ ਸਥਾਨ ਰੱਖਣ ਵਾਲੇ ਸ਼ਾਇਰ ਗੁਰਨਾਇਬ ਸਿੰਘ ਨੇ ਆਪਣੀ ਕਾਵਿ ਪੁਸਤਕ 'ਛਬੀਲ' ਰਾਹੀਂ ਸਿੱਖ ਧਰਮ ਨਾਲ ਜੁੜੇ ਪਹਿਲੂਆਂ ਨੂੰ ਕਾਵਿਕ ਅੰਦਾਜ਼ ਰਾਹੀਂ ਪੇਸ਼ ਕੀਤਾ ਸੀ। ਸਿੱਖ ਇਤਿਹਾਸ ਦੇ ਪ੍ਰਸੰਗ ਵਿਚ ਉਸ ਨੇ ਬੜੇ ਸੂਖ਼ਮ ਸੰਕਲਪਾਂ ਰਾਹੀਂ ਵਿਲੱਖਣ ਨਜ਼ਰੀਏ ਨੂੰ ਪ੍ਰਗਟਾਉਂਦੀ ਕਾਵਿ-ਸਿਰਜਣਾ ਕੀਤੀ ਹੈ। ਸਿੱਖ ਇਤਿਹਾਸ ਨਾਲ ਸਬੰਧਤ ਪਿਛਲੀਆਂ ਕਈ ਸਦੀਆਂ ਦੀਆਂ ਮਹੱਤਵਪੂਰਨ ਘਟਨਾਵਾਂ, ਪ੍ਰਸੰਗਾਂ ਆਦਿ ਨੂੰ ਕਵਿਤਾ ਦਾ ਆਧਾਰ ਬਣਾਇਆ ਹੈ।
ਹਥਲੀ ਪੁਸਤਕ ਇਸ ਕਾਵਿ ਸੰਗ੍ਰਹਿ ਨਾਲ ਜੁੜੇ ਵਿਭਿੰਨ ਸਰੋਕਾਰਾਂ ਦਾ ਵਿਸ਼ਲੇਸ਼ਣ ਕਰਦੀ ਹੈ। 12 ਦੇ ਕਰੀਬ ਲਿਖੇ ਲੇਖ ਇਸ ਕਵਿਤਾ ਨੂੰ ਸਮਝਣ ਦਾ ਯਤਨ ਕਰਦੇ ਹਨ। ਇਹ ਲੇਖ ਕਵਿਤਾ ਦਾ ਵਿਸ਼ਾਗਤ ਅਧਿਐਨ, ਕਾਵਿ ਚੇਤਨਾ, ਸਮਾਜਿਕ ਤੇ ਇਤਿਹਾਸਕ ਪਰਿਪੇਖ ਅਤੇ ਸਰੋਕਾਰਾਂ ਨੂੰ ਪੇਸ਼ ਕਰਦੇ ਹਨ। ਡਾ: ਜਤਿੰਦਰ ਕੌਰ, ਪਰਮਜੀਤ ਕੌਰ ਔਲਖ, ਹਰਵਿੰਦਰ ਕੌਰ, ਡਾ: ਰਾਜਿੰਦਰ ਸਿੰਘ ਕੁਰਾਲੀ, ਡਾ: ਜਤਿੰਦਰ ਸਿੰਘ, ਰਾਜਵੀਰ ਕੌਰ, ਪੁਨੀਤ, ਡਾ: ਗੁਰਪ੍ਰੀਤ ਸਿੰਘ, ਡਾ: ਹਰਦੀਪ ਸਿੰਘ, ਸੁਖਵਿੰਦਰ ਸਿੰਘ, ਡਾ: ਸਰਬਜੀਤ ਕੌਰ, ਡਾ: ਅਮਨਦੀਪ ਕੌਰ ਆਦਿ ਦੇ ਲੇਖ ਸ਼ਾਮਿਲ ਹਨ। ਗੁਰਨਾਇਬ ਸਿੰਘ ਦੀ ਇਹ ਕਵਿਤਾ ਗੁਰੂ ਨਾਨਕ ਤੋਂ ਸ਼ੁਰੂ ਹੁੰਦੀ ਹੋਈ, ਸਿੱਖ ਧਰਮ ਦੇ ਵਿਕਾਸ/ਉਭਾਰ, ਸਮੇਂ-ਸਮੇਂ ਕੀਤੇ ਸੰਘਰਸ਼ਾਂ, ਸਿੱਖੀ ਸਿਧਾਂਤਾਂ ਅਤੇ ਪਰੰਪਰਾਵਾਂ ਨੂੰ ਕਲਾਤਮਿਕ ਢੰਗ ਨਾਲ ਪੇਸ਼ ਕਰਦੀ ਹੈ। ਉਹ ਸਿੱਖ ਧਰਮ ਅਤੇ ਇਤਿਹਾਸ ਸਬੰਧੀ ਆਪਣੀ ਸ਼ਰਧਾ, ਪਿਆਰ ਅਤੇ ਚਿੰਤਾਵਾਂ ਨੂੰ ਕਾਵਿਕ ਅੰਦਾਜ਼ ਨਾਲ ਪੇਸ਼ ਕਰਦਾ ਹੈ। ਇਨ੍ਹਾਂ ਵਿਦਿਆਰਥੀਆਂ ਨੇ ਬੜੀ ਮਿਹਨਤ ਤੇ ਲਗਨ ਨਾਲ ਡਾ: ਗੁਰਨਾਇਬ ਸਿੰਘ ਦੀ ਕਾਵਿ-ਪੁਸਤਕ ਦਾ ਵਿਸ਼ਲੇਸ਼ਣ ਕਰਕੇ ਕਈ ਨਵੇਂ ਦਿਸਹੱਦੇ ਕਾਇਮ ਕੀਤੇ ਹਨ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

22/04/2017

 ਸੱਥ ਵਾਰਤਾ
ਲੇਖਕ : ਸੁਖਮੰਦਰ ਸਿੰਘ ਬਰਾੜ ਭਗਤਾ ਭਾਈਕਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 103
ਸੰਪਰਕ : 98152-98459.

'ਸੱਥ ਵਾਰਤਾ' ਸੁਖਮੰਦਰ ਸਿੰਘ ਬਰਾੜ ਭਗਤਾ ਭਾਈਕਾ ਦੀ ਨਵੀਂ ਵਾਰਤਕ ਪੁਸਤਕ ਹੈ। ਇਸ ਤੋਂ ਪਹਿਲਾਂ ਸੱਥ ਸਿਰਲੇਖ ਤਹਿਤ 'ਸੱਥ ਚਰਚਾ', ਸੱਥ ਬਾਤਾਂ, ਪਿੰਡ ਦੀ ਸੱਥ, 'ਸੱਥ ਰੌਣਕਾਂ' ਪੁਸਤਕਾਂ ਉਸ ਨੇ ਪ੍ਰਕਾਸ਼ਿਤ ਕਰਵਾਈਆਂ ਹਨ। 'ਸੱਥ' ਪਿੰਡ ਦੀ ਅਜਿਹੀ ਥਾਂ ਹੁੰਦੀ ਹੈ, ਜਿਥੇ ਪਿੰਡ ਦੇ ਪਿੰਡੇ ਅਤੇ ਸੁਭਾਅ ਦੀ ਅਸਲ ਤਸਵੀਰ ਵੇਖਣ ਨੂੰ ਮਿਲਦੀ ਹੈ। ਪਿੰਡ ਦੀ ਸੱਥ ਵਿਚ ਘਰਾਂ ਵਿਚ ਵਾਪਰੀਆਂ ਘਟਨਾਵਾਂ ਤੋਂ ਲੈ ਕੇ ਦੇਸ਼-ਵਿਦੇਸ਼ ਦੀ ਰਾਜਨੀਤੀ ਨੂੰ ਬਹਿਸ ਦਾ ਵਿਸ਼ਾ ਬਣਾਇਆ ਜਾਂਦਾ ਹੈ ਅਤੇ ਇਸ ਵਿਚੋਂ ਵੀ ਆਪਣੇ ਮਨੋਰੰਜਨੀ ਉਦੇਸ਼ ਦੀ ਪੂਰਤੀ ਕੀਤੀ ਜਾਂਦੀ ਹੈ। ਭਾਵੇਂ ਕਿ ਸੱਥ ਵਿਚ ਬੈਠਣ ਵਾਲੇ ਆਪ ਸਾਧਾਰਨ ਲੋਕ ਅਲਪ ਗਿਆਨ ਵਿਚ ਮੁਹਾਰਤ ਰੱਖਣ ਵਾਲੇ ਹੋਣ ਕਰਕੇ ਜ਼ਿਆਦਾ ਘੁਣਤਰਬਾਜ਼ ਨਹੀਂ ਹੁੰਦੇ ਪਰ ਸੱਥ ਵਿਚ ਬੈਠੇ ਪੜ੍ਹੇ-ਲਿਖੇ ਵਿਅਕਤੀ ਜਾਂ ਅਨੁਭਵਸ਼ੀਲ ਸਿਆਣੇ ਆਪਣੀ ਗੱਲ ਨਾਲ ਸਭ ਨੂੰ ਪ੍ਰਭਾਵਿਤ ਕਰਦੇ ਹਨ। 'ਸੱਥ ਵਾਰਤਾ' ਪੁਸਤਕ ਵਿਚ ਲੇਖਕ ਨੇ 18 ਰੌਚਿਕ ਸਿਰਲੇਖਾਂ ਤਹਿਤ ਸੱਥ ਵਿਚ ਚਰਚਾ ਦਾ ਵਿਸ਼ਾ ਬਣੀ ਹਰੇਕ ਘਟਨਾ ਨੂੰ ਬਿਆਨ ਕਰਦਿਆਂ ਪਾਠਕਾਂ ਨੂੰ ਪੰਜਾਬ ਦੀ ਇਸ ਵਿਸ਼ੇਸ਼ ਬੈਠਕ ਦਾ ਅਨੰਦ ਅਨੁਭਵ ਕਰਵਾਉਣ ਦਾ ਉਪਰਾਲਾ ਕੀਤਾ ਹੈ।
ਸੱਥ ਵਿਚ ਸ਼ਾਮਿਲ ਇਨ੍ਹਾਂ ਪਾਤਰਾਂ ਵਿਚ ਕੁਝ ਉਹ ਪਾਤਰ ਹਨ, ਜੋ ਸੱਥ ਵਿਚ ਪੱਕੇ ਤੌਰ 'ਤੇ ਡੇਰਾ ਲਾ ਕੇ ਰੱਖਦੇ ਹਨ, ਜਿਵੇਂ ਨਾਥ ਅਮਲੀ, ਬੁੱਘਰ ਦਖਾਣ, ਜੀਤਾ ਮਰਾਸੀ, ਮਾਹਲਾ ਨੰਬਰਦਾਰ ਆਦਿ। ਕੁਝ ਇਕ ਪਾਤਰਾਂ ਦੀ ਪਛਾਣ ਆਪਣੀ ਨਹੀਂ ਹੁੰਦੀ ਜੋ ਇਸ ਸੱਥ ਵਾਰਤਾ ਦੇ ਬਿਰਤਾਂਤ ਦਾ ਹਿੱਸਾ ਬਣਦੇ ਹਨ, ਜਿਵੇਂ ਕਰਤਾਰੇ ਕਾ ਲੀਲੂ, ਤੇਜੇ ਢਾਂਚੇ ਕਾ ਗੋਘੜੀ, ਬਚਨੇ ਰਾਠ ਕਾ ਭਾਗੜੀ ਆਦਿ। ਸੱਥ ਦੇ ਪੱਕੇ ਮੈਂਬਰ ਬਿਰਤਾਂਤ ਨੂੰ ਸ਼ੁਰੂ ਕਰਕੇ ਦੂਜੇ ਦੇ ਮੂੰਹੋਂ ਸੁਣਦੇ ਹਨ ਤੇ ਦੂਜਾ ਪਾਤਰ ਫਿਰ ਪੂਰਾ ਪ੍ਰਸੰਗ ਖੋਲ੍ਹਦਾ ਹੈ। ਨਿੱਕੀ-ਨਿੱਕੀ ਗੱਲ 'ਤੇ ਖੁਸ਼ ਹੋਣ ਵਾਲੇ, ਵੱਡੇ-ਵੱਡੇ ਮਸਲਿਆਂ ਨੂੰ ਆਪਣੇ ਨਜ਼ਰੀਏ ਤੋਂ ਵਿਚਾਰਨ ਵਾਲੇ, ਨਿਰਛਲ ਸੁਭਾਅ ਦੇ ਮਾਲਕ, ਸਿੱਧੇ-ਸਾਦੇ ਪਿੰਡ ਦੇ ਲੋਕਾਂ ਦੀ ਸਾਦੀ ਪਰ ਭਾਵਪੂਰਤ ਤਸਵੀਰ ਸਥਾਨਕ ਭਾਸ਼ਾ ਵਿਚ, ਨਾਟਕੀ ਸ਼ੈਲੀ ਵਿਚ ਸੁਖਮੰਦਰ ਸਿੰਘ ਬਰਾੜ ਨੇ 'ਸੱਥ ਵਾਰਤਾ' ਪੁਸਤਕ ਵਿਚ ਬਾਖੂਬੀ ਪੇਸ਼ ਕੀਤੀ ਹੈ।

-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.


ਭਗਤ ਨਾਮਦੇਵ ਜੀ
ਨਵੇਂ ਸਰੋਤ ਨਵੇਂ ਤੱਥ
ਲੇਖਿਕਾ : ਪ੍ਰਭਜੀਤ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 350 ਰੁਪਏ, ਸਫ਼ੇ : 180
prabh0621@gmail.com

ਭਗਤ ਨਾਮਦੇਵ ਜੀ ਮੱਧਕਾਲ ਦੇ ਮਹਾਨ ਸੰਤ ਕਵੀ ਹੋਏ ਹਨ ਅਤੇ ਆਪ ਦੁਆਰਾ ਲਿਖਤ 61 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਹਨ। ਪ੍ਰੋ: ਪ੍ਰਭਜੀਤ ਕੌਰ ਨੇ ਭਗਤ ਨਾਮਦੇਵ ਜੀ ਦੀ ਵਿਚਾਰਧਾਰਾ ਅਤੇ ਜੀਵਨ ਬਾਰੇ ਕੁਝ ਨਵੇਂ ਤੱਥਾਂ ਨੂੰ ਪ੍ਰਕਾਸ਼ਮਾਨ ਕੀਤਾ ਹੈ। ਉਸ ਦੀ ਖੁਸ਼ਕਿਸਮਤੀ ਹੈ ਕਿ ਉਹ ਉਸ ਪਵਿੱਤਰ ਸਥਾਨ ਦੀ ਜੰਮਪਲ ਹੈ, ਜਿਥੇ ਨਾਮਦੇਵ ਜੀ ਨੇ ਆਪਣੇ ਜੀਵਨ ਦੇ ਦੋ ਦਹਾਕੇ ਬਿਤਾਏ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਬਾਣੀ ਆਪ ਨੇ ਪੰਜਾਬ ਦੇ ਇਸੇ ਖੇਤਰ ਵਿਚ ਨਿਵਾਸ ਕਰਦਿਆਂ ਰਚੀ ਹੋਵੇਗੀ, ਬੇਸ਼ੱਕ ਆਪ ਦੀ ਸਿਮ੍ਰਤੀ ਨੇ ਕੁਝ ਬਿੰਬ ਅਤੇ ਵੇਰਵੇ ਅਤੀਤ ਵਿਚੋਂ ਵੀ ਲੈ ਲਏ ਹਨ। ਭਗਤ ਜੀ ਭਾਰਤੀ ਸੰਗੀਤ ਅਤੇ ਕਾਵਿ ਦਾ ਸਮਨਵੈ ਕਰਨ ਵਾਲੇ ਇਕ ਮਹਾਨ ਕਵੀ ਸਨ। ਆਪ ਦੀ ਬਾਣੀ ਅਧਿਆਤਮਕ ਭਾਵਾਂ ਦਾ ਸਹਿਜ-ਸਵਛੰਦ ਨਿਰੂਪਣ ਹੈ। ਆਪ ਵਿਸਮਾਦ ਦੇ ਕਵੀ ਸਨ। ਸ੍ਰਿਸ਼ਟੀ ਅਤੇ ਪ੍ਰਕਿਰਤੀ ਦੇ ਹਰ ਦ੍ਰਿਸ਼ ਨੂੰ ਦੇਖ ਕੇ ਆਪ ਗਾ ਉੱਠਦੇ ਸਨ :
ਜਬ ਦੇਖਾ ਤਬ ਗਾਵਾ॥
ਤਉ ਜਨ ਧੀਰਜੁ ਪਾਵਾ॥ ੧॥
ਨਾਦਿ ਸਮਾਇਲੋ ਰੇ
ਸਤਿਗੁਰੁ ਭੇਟਿਲੇ ਦੇਵਾ॥ ੧॥ ਰਹਾਉ॥
(ਰਾਗੁ ਸੋਰਠਿ)
ਬੀਬਾ ਪ੍ਰਭਜੀਤ ਕੌਰ ਨੇ ਨਾਮਦੇਵ ਬਾਣੀ ਦੇ ਲੋਕਧਾਰਾਈ ਰੰਗ ਦਾ ਅਧਿਐਨ ਕਰਕੇ ਪਹਿਲਾਂ ਹੋ ਚੁੱਕੇ ਖੋਜ ਕਾਰਜ ਨੂੰ ਵਿਸਤਾਰਿਆ-ਨਿਖਾਰਿਆ ਹੈ। ਇਸ ਪ੍ਰਸੰਗ ਵਿਚ ਡਾ: ਗੁਰਮੀਤ ਸਿੰਘ ਨੇ ਉਸ ਦੀ ਸੁਯੋਗ ਨਿਗਹਬਾਨੀ ਕੀਤੀ ਹੈ। ਲੇਖਿਕਾ ਨੇ ਉਨ੍ਹਾਂ ਸਾਰੇ ਸਥਾਨਾਂ ਦੀ ਯਾਤਰਾ ਵੀ ਕੀਤੀ ਹੈ, ਜਿਥੇ-ਜਿਥੇ ਭਗਤ ਨਾਮਦੇਵ ਜੀ ਨੇ ਆਪਣੇ ਜੀਵਨ ਦਾ ਕੁਝ ਸਮਾਂ ਬਿਤਾਇਆ ਸੀ। ਇਸ ਪ੍ਰਕਾਰ ਭਗਤ ਜੀ ਦੀ ਵਿਚਾਰਧਾਰਾ ਅਤੇ ਬਾਣੀ ਬਾਰੇ ਉਸ ਦੇ ਨਿਰਣੇ ਹੋਰ ਪੱਕੇ ਹੋ ਗਏ ਹਨ ਅਤੇ ਉਨ੍ਹਾਂ ਦੀ ਬਾਣੀ ਉਸ ਦੇ ਸੰਸਕਾਰਾਂ ਦਾ ਅੰਗ ਬਣ ਗਈ ਹੈ। ਅਕਾਲ ਪੁਰਖ ਮਿਹਰ ਕਰੇ ਅਤੇ ਬੀਬਾ ਜੀ ਨੂੰ ਹੋਰ ਕੰਮ ਕਰਨ ਦੀ ਹਿੰਮਤ ਅਤੇ ਹੌਸਲਾ ਪ੍ਰਦਾਨ ਕਰੇ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਸਟੂਡੈਂਟ ਅਤੇ ਪਿਆਰ ਦੀ ਸਮਝ
ਲੇਖਕ : ਡਾ: ਵਿਜੈ ਅਗਰਵਾਲ
ਅਨੁਵਾਦਕ : ਸੁਰਜੀਤ ਤਲਵਾਰ, ਅਮਿਤ ਮਿੱਤਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 160
ਸੰਪਰਕ : 78377-18723
.

 

ਡਾ: ਵਿਜੈ ਅਗਰਵਾਲ ਨੇ ਪਿਆਰ ਦੇ ਲਗਪਗ ਸਾਰੇ ਰੰਗਾਂ ਤੇ ਗਹਿਰਾਈਆਂ ਨੂੰ ਪੂਰੀ ਖੂਬਸੂਰਤੀ ਅਤੇ ਰੌਚਿਕਤਾ ਨਾਲ ਇਸ ਪੁਸਤਕ ਵਿਚ ਸਮੇਟਿਆ ਹੈ ਜੋ ਨੌਜਵਾਨਾਂ ਤੇ ਵਿਦਿਆਰਥੀਆਂ ਲਈ ਮਾਰਗ ਦਰਸ਼ਕ ਦੇ ਤੌਰ 'ਤੇ ਸਹਾਈ ਹੋਵੇਗੀ। ਮੁੱਢ ਵਿਚ ਲੇਖਕ ਨੇ ਪਿਆਰ ਦੀ ਪਰਿਭਾਸ਼ਾ ਨੂੰ ਵੱਖ-ਵੱਖ ਪਹਿਲੂਆਂ ਤੋਂ ਪੇਸ਼ ਕੀਤਾ ਹੈ ਕਿ ਪਿਆਰ ਹੁੰਦਾ ਕੀ ਹੈ? ਲਾਓਸ਼ ਵਿਦਵਾਨ ਅਨੁਸਾਰ, 'ਜਦੋਂ ਤੁਹਾਨੂੰ ਕੋਈ ਗਹਿਰਾਈ ਨਾਲ ਪਿਆਰ ਕਰਦਾ ਹੈ ਤਾਂ ਤੁਹਾਨੂੰ ਸ਼ਕਤੀ ਮਿਲਦੀ ਹੈ ਅਤੇ ਜਦੋਂ ਤੁਸੀਂ ਕਿਸੇ ਨੂੰ ਗਹਿਰਾਈ ਨਾਲ ਪਿਆਰ ਕਰਦੇ ਹੋ ਤਾਂ ਤੁਹਾਨੂੰ ਹੌਸਲਾ ਮਿਲਦਾ ਹੈ।' ਪਿਆਰ ਤਾਂ ਪਾਣੀ ਦੀ ਤਰ੍ਹਾਂ ਹੁੰਦਾ ਹੈ, ਜਿਸ ਦਾ ਆਪਣਾ ਕੋਈ ਰੰਗ-ਰੂਪ ਨਹੀਂ ਹੁੰਦਾ, ਜੋ ਰੰਗ ਇਸ ਵਿਚ ਮਿਲਾ ਦਿਓ, ਇਹ ਉਹੀ ਰੂਪ ਅਖ਼ਤਿਆਰ ਕਰ ਲੈਂਦਾ ਹੈ। ਪਿਆਰ ਇਕ ਤਰ੍ਹਾਂ ਬੁੱਧੀ ਉੱਤੇ ਕਲਪਨਾ ਦੀ ਜਿੱਤ ਹੈ। ਸਰੀਰ ਤੋਂ ਉੱਪਰ ਉੱਠ ਕੇ ਪਿਆਰ ਨੂੰ ਮਹਿਸੂਸ ਕਰੋ ਤਾਂ ਇਸ ਦੀ ਇਕ ਛੋਹ ਪ੍ਰੇਮੀ ਨੂੰ ਕਵੀ ਬਣਾ ਦਿੰਦੀ ਹੈ ਤਾਂ ਉਸ ਦੇ ਪੈਰ ਜ਼ਮੀਨ 'ਤੇ ਨਹੀਂ ਟਿਕਦੇ (ਪਲੈਟੋ)। ਪਿਆਰ ਊਰਜਾ ਹੈ, ਰੂਹ ਨਾਲ ਮਹਿਸੂਸ ਕਰੋ, ਇਹ ਤੀਬਰ ਗਤੀ ਤੀਰ ਦੀ ਤਰ੍ਹਾਂ ਹੁੰਦਾ ਹੈ, ਜਿਸ ਦਾ ਟੀਚਾ ਹੈ ਪਿਆਰੇ ਦੀ ਆਤਮਾ ਤੱਕ ਪੁੱਜਣਾ, ਸਰੀਰ ਪਿੱਛੇ ਰਹਿ ਜਾਂਦਾ ਹੈ। ਪਿਆਰ ਨੂੰ ਸਿਰਜਣਾਤਮਕ ਸ਼ਕਤੀ ਵੀ ਮੰਨਿਆ ਜਾਂਦਾ ਹੈ ਜੋ ਮਨੁੱਖ ਨੂੰ ਸਿਰਜਣਾ ਦੀ ਸਿਖ਼ਰ 'ਤੇ ਪਹੁੰਚਾ ਦਿੰਦਾ ਹੈ।
ਲੇਖਕ ਅਨੁਸਾਰ 'ਇਹ ਪਿਆਰ ਨਹੀਂ ਹੈ' ਕਾਂਡ ਵਿਚ ਵਿਸਥਾਰ ਨਾਲ ਉਨ੍ਹਾਂ ਪਹਿਲੂਆਂ ਬਾਰੇ ਵਿਚਾਰ ਕੀਤੀ ਹੈ, ਜੋ ਪਿਆਰ ਨੂੰ ਕੇਵਲ ਮਾਣਨ ਤੇ ਸਰੀਰਕ ਲੋੜ ਤੱਕ ਸੀਮਤ ਕਰ ਦਿੰਦੇ ਹਨ, ਜਦੋਂ ਕਿ 'ਸੱਚੇ ਪਿਆਰ ਵਿਚ ਤੁਸੀਂ ਵਿਅਕਤੀ ਦੀ ਚੰਗਿਆਈ ਨੂੰ ਚਾਹੁੰਦੇ ਹੋ, ਜਦੋਂ ਕਿ ਰੁਮਾਂਟਿਕ ਪਿਆਰ ਵਿਚ ਤੁਸੀਂ ਵਿਅਕਤੀ ਨੂੰ ਚਾਹੁੰਦੇ ਹੋ (ਮਾਰਗ੍ਰੇਟ ਸਮਿਥ) ਰੋਮਾਂਸ ਪਿਆਰ ਨਹੀਂ ਤੇ ਨਾ ਹੀ ਦੋਸਤੀ ਤੇ ਪਿਆਰ ਇਕ ਹੁੰਦੇ ਹਨ, ਇਹ ਇਕ ਫੈਸ਼ਨ ਬਣ ਗਿਆ ਹੈ ਜੋ ਮਨੁੱਖ ਨੂੰ ਗਿਰਾਵਟ ਦੀਆਂ ਡੂੰਘਾਈਆਂ ਵਿਚ ਵੀ ਲਿਜਾ ਸੁੱਟਦਾ ਹੈ।
'ਕਿਉਂ ਹੁੰਦਾ ਹੈ ਪਿਆਰ' ਵਾਲੇ ਕਾਂਡ ਵਿਚ ਜੈਵਿਕ ਕਾਰਨਾਂ ਤੇ ਵਿਗਿਆਨਕ ਕਾਰਨਾਂ ਨੂੰ ਵਿਸਥਾਰ ਨਾਲ ਉਲੀਕਿਆ ਹੈ। ਪਿਆਰ ਇਕੱਲੇਪਣ ਦੀ ਭਾਵਨਾ ਨੂੰ ਦੂਰ ਕਰਨ ਤੇ ਕੁੰਠਾਵਾਂ ਦੀ ਮੰਗ ਸਦਕਾ ਹੁੰਦਾ ਹੈ, ਸਲਾਹੇ ਜਾਣ ਦੀ ਇੱਛਾ ਤੇ ਪਰਾਏ ਗੁਣਾਂ ਪ੍ਰਤੀ ਆਕਰਸ਼ਣ ਸਦਕਾ ਵੀ ਹੋ ਜਾਂਦਾ ਹੈ। ਪਿਆਰ ਦੇ ਵੱਖਰੇ-ਵੱਖਰੇ ਰੰਗਾਂ ਬਾਰੇ ਵੀ ਵਿਚਾਰ ਕੀਤੀ ਗਈ ਹੈ।
ਇਹ ਪੁਸਤਕ ਅਜੋਕੀ ਨੌਜਵਾਨ ਪੀੜ੍ਹੀ ਦੇ ਜਜ਼ਬਿਆਂ ਤੇ ਕੁੰਠਾਵਾਂ ਨੂੰ ਕੰਟਰੋਲ ਕਰਕੇ ਸਹੀ ਦਿਸ਼ਾ ਵੱਲ ਲਿਜਾਣ ਲਈ ਸਹਾਈ ਹੋਏਗੀ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 098555-84298.


ਸ਼ਬਦਾਂ ਦੀ ਫੁਲਕਾਰੀ
ਕਵੀ : ਮਲਕੀਤ ਸਿੰਘ ਸੰਧੂ ਅਲਕੜਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98722-85421
.

'ਸ਼ਬਦਾਂ ਦੀ ਫੁਲਕਾਰੀ' ਪ੍ਰਸਿੱਧ ਕਵੀ ਮਲਕੀਤ ਸਿੰਘ ਸੰਧੂ ਦਾ ਅੱਠਵਾਂ ਕਾਵਿ ਸੰਗ੍ਰਹਿ ਹੈ, ਜਿਸ ਵਿਚ ਪੰਜਾਬੀ ਕਵਿਤਾ ਦੀਆਂ ਵੱਖ-ਵੱਖ ਵੰਨਗੀਆਂ ਸੁੰਦਰ ਤਰੀਕੇ ਨਾਲ ਨਿਭਾਈਆਂ ਗਈਆਂ ਹਨ। ਹਥਲਾ ਕਾਵਿ ਸੰਗ੍ਰਹਿ ਵੀ ਕਵੀ ਦੇ ਪਹਿਲੇ ਸੱਤ ਕਾਵਿ ਸੰਗ੍ਰਹਿਆਂ ਵਾਂਗ ਸਮਾਜਿਕ ਸਰੋਕਾਰਾਂ ਦਾ ਧਾਰਨੀ ਹੈ। ਪੰਜਾਬੀ ਸੱਭਿਆਚਾਰ ਜੇਕਰ ਸਾਰੇ ਸੰਸਾਰ ਦੇ ਦੇਸ਼ਾਂ ਵਿਚ ਸਨਮਾਨਿਤ ਹੈ ਤਾਂ ਉਹ ਇਸ ਕਰਕੇ ਹੈ ਕਿ ਇਸ ਵਿਚ ਬਹੁਤ ਕੁਝ ਅਜਿਹਾ ਹੈ ਜੋ ਸਰਬਸਾਂਝਾ ਅਤੇ 'ਜੀਓ ਅਤੇ ਜੀਣ ਦਿਓ' ਫਲਸਫੇ ਦਾ ਪਰਤੌਅ ਹੈ। ਕਵੀ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀਆਂ ਮੁੱਲਵਾਨ ਕਦਰਾਂ-ਕੀਮਤਾਂ ਦਾ ਦਿਲ ਖੋਲ੍ਹ ਕੇ ਜੱਸ ਗਾਇਆ ਹੈ ਪਰ ਪੰਜਾਬੀ ਸੱਭਿਆਚਾਰ ਵਿਚਲੀਆਂ ਰੂੜ੍ਹੀਆਂ ਨੂੰ ਨਿੰਦਿਆ ਵੀ ਹੈ। ਕਵੀ ਨੇ ਇਨ੍ਹਾਂ ਕਵਿਤਾਵਾਂ ਵਿਚ ਵੰਨ-ਸੁਵੰਨੇ ਵਿਸ਼ੇ ਨਿਭਾਏ ਹਨ। ਉਸ ਦੀ ਪਹਿਲੀ ਕਵਿਤਾ ਚਰਨਵੰਦਨਾ ਦੇ ਤੌਰ 'ਤੇ ਹੈ ਜੋ ਕਿ ਮਾਂ ਬੋਲੀ ਪੰਜਾਬੀ ਦੀ ਆਰਤੀ ਵਾਂਗ ਹੈ :
ਮਾਂ ਬੋਲੀਏ ਪੰਜਾਬੀਏ ਤੇਰਾ ਗੀਤ ਗੁੰਜਾਰ ਦਿਆਂ
ਪਿਆਰ ਤੇਰੇ ਦਾ ਸਿਰ ਆਪਣੇ ਤੋਂ ਕਰਜ਼ ਉਤਾਰ ਦਿਆਂ...
ਸ਼ਬਦਾਂ ਦੀ ਫੁਲਕਾਰੀ ਇਹ ਤੇਰਾ ਰੂਪ ਨਿਖਾਰ ਦਿਆਂ।
ਕਵੀ ਨੇ ਅਮੀਰਾਂ-ਮਾਲਕਾਂ ਵੱਲੋਂ ਕਿਰਤੀਆਂ ਕਾਮਿਆਂ ਦੀ ਕੀਤੀ ਜਾ ਰਹੀ ਬੇਕਿਰਕ ਲੁੱਟ, ਅਮੀਰੀ ਦਾ ਘੁਮੰਡ, ਮੰਡੀਆਂ ਵਿਚ ਹੋ ਰਹੀ ਕਿਸਾਨਾਂ ਦੀ ਲੁੱਟ, ਧਰਮ ਦੇ ਨਾਂਅ 'ਤੇ ਸਮਾਜ ਵਿਚ ਪਾਈਆਂ ਜਾ ਰਹੀਆਂ ਵੰਡੀਆਂ, ਪੰਜਾਬ ਦੇ ਪਿੰਡਾਂ ਦਾ ਪੁਰਾਤਨ ਦ੍ਰਿਸ਼, ਦਰੱਖਤਾਂ ਦੇ ਗੁਣ, ਨਸ਼ਿਆਂ ਪ੍ਰਤੀ ਲਾਹਨਤ, ਕਿਸਾਨਾਂ ਵੱਲੋਂ ਵਿਆਹ-ਸ਼ਾਦੀਆਂ ਉੱਤੇ ਕੀਤੇ ਜਾ ਰਹੇ ਅੰਨ੍ਹੇਵਾਹ ਫਾਲਤੂ ਖਰਚ, ਪੰਜਾਬੀ ਕਵਿਤਾ ਦਾ ਲੋਕਾਂ ਨਾਲੋਂ ਤੋੜ-ਵਿਛੋੜੇ ਦਾ ਦੁਖਾਂਤ, ਵੋਟਾਂ ਦੇ ਦਿਨਾਂ ਵਿਚ ਅਸਮਾਜਿਕ ਵਰਤਾਰੇ, ਸ਼ਹਿਰਾਂ ਅਤੇ ਪਿੰਡਾਂ ਦਾ ਵਧ ਰਿਹਾ ਫ਼ਰਕ-ਪਾੜਾ, ਧੀਆਂ ਅਤੇ ਅੰਤ੍ਰੀਵੀ ਦੁਖੜੇ ਆਦਿ ਵਿਸ਼ੇ ਇਨ੍ਹਾਂ ਕਵਿਤਾਵਾਂ ਦੇ ਕੇਂਦਰੀ ਵਿਸ਼ੇ ਹਨ।
ਕਵੀ ਸੰਧੂ ਨੇ ਇਨ੍ਹਾਂ ਭਾਵਪੂਰਤ ਕਵਿਤਾਵਾਂ ਵਿਚ ਗੀਤ ਅਤੇ ਗ਼ਜ਼ਲਾਂ ਵੀ ਸ਼ਾਮਿਲ ਕੀਤੀਆਂ ਹਨ। ਉਸ ਦੇ ਗੀਤ ਜਜ਼ਬਾਤ ਪ੍ਰਧਾਨ ਅਤੇ ਸਿੱਖਿਆਦਾਇਕ ਹਨ। ਗ਼ਜ਼ਲਾਂ ਵੀ ਆਪਣੇ ਰੂਪ ਵਿਚ ਦਰੁਸਤ ਹਨ। ਇਹ ਪੁਸਤਕ ਸਿੱਖਿਆਦਾਇਕ ਤੇ ਸੁਖੇਰੇ ਅੰਦਾਜ਼ ਵਿਚ ਹੈ। ਕਵੀ ਬਹਿਰਾਂ ਅਤੇ ਛੰਦਾਂ ਦਾ ਜਾਣਕਾਰ ਹੈ।

-ਸੁਲੱਖਣ ਸਰਹੱਦੀ
ਮੋ: 94174-84337.

ਉੱਤਰ ਆਧੁਨਿਕਤਾ ਅਤੇ ਈ-ਲੋਕਧਾਰਾ
(ਮੋਬਾਈਲ ਫੋਨ ਦੀ ਲੋਕਧਾਰਾ : ਸਮਾਜਿਕ ਯਥਾਰਥ ਦੇ ਸੰਦਰਭ ਵਿਚ)
ਲੇਖਕ : ਗੁਰਪ੍ਰੀਤ ਸਿੰਘ ਬੁੱਟਰ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 111
ਸੰਪਰਕ : 97810-47457
.

ਵਿਚਾਰ ਅਧੀਨ ਪੁਸਤਕ ਉਪਾਧੀ ਸਾਪੇਖ ਖੋਜ-ਕਾਰਜ ਪ੍ਰਤੀਤ ਹੁੰਦਾ ਹੈ, ਜਿਸ ਨੂੰ ਖੋਜ ਕਰਤਾ ਨੇ ਡਾ: ਗੁਰਮੀਤ ਸਿੰਘ ਦੀ ਅਗਵਾਈ ਵਿਚ ਸੰਪੰਨ ਕੀਤਾ ਹੈ। ਵਿਦਵਾਨ ਨਿਗਰਾਨ ਦਾ ਕਹਿਣਾ ਹੈ 'ਈ-ਲੋਕਧਾਰਾ ਦਾ ਸੰਕਲਪ ਗੁਰਪ੍ਰੀਤ ਸਿੰਘ ਦੀ ਕਾਢ ਹੈ।' ਖੋਜ (ਡਿਸਕਵਰੀ) ਆਧੁਨਿਕਤਾ ਦਾ ਲੱਛਣ ਹੈ ਪਰ 'ਕਾਢ' (ਇਨਵੈਨਸ਼ਨ) ਉੱਤਰ-ਆਧੁਨਿਕਤਾ ਦੀ ਵਿਸ਼ੇਸ਼ਤਾ ਹੈ। ਅਜੋਕਾ ਸੰਸਾਰ ਈ-ਲੋਕਧਾਰਾ ਦੀ ਗ੍ਰਿਫ਼ਤ ਵਿਚ ਹੈ। ਈ-ਲੋਕਧਾਰਾ ਦੇ ਪ੍ਰਵੇਸ਼ ਨਾਲ ਨਵੇਂ ਯੁੱਗ ਦਾ ਅਰੰਭ ਹੋਇਆ ਹੈ, ਜਿਸ ਨੂੰ ਉੱਤਰ-ਆਧੁਨਿਕਤਾ ਕਿਹਾ ਜਾਂਦਾ ਹੈ। ਉਦਯੋਗਪਤੀਆਂ ਨੇ ਇਲੈਕਟ੍ਰਾਨਿਕ ਸਾਧਨਾਂ ਦੁਆਰਾ ਵਿਗਿਆਪਨਾਂ ਦੀ ਵਰਤੋਂ ਕਰਕੇ ਉਪਭੋਗੀ ਸੱਭਿਆਚਾਰ ਪੈਦਾ ਕੀਤਾ ਜੋ ਉਨ੍ਹਾਂ ਦੇ ਹਿਤਾਂ ਦੀ ਪੂਰਤੀ ਕਰਦਾ ਹੈ। ਕੋਈ ਵੀ ਜਾਣਕਾਰੀ ਇਕ ਕਲਿਕ ਦੂਰ ਰਹਿ ਗਈ ਹੈ। ਈ-ਲੋਕਧਾਰਾ 'ਤੇ ਕੋਈ ਸੈਂਸਰ ਨਹੀਂ।
ਲੇਖਕ ਨੇ ਅਰੰਭ ਵਿਚ ਹੀ ਪੱਛਮੀ, ਭਾਰਤੀ ਅਤੇ ਪੰਜਾਬੀ ਵਿਦਵਾਨਾਂ ਦੀਆਂ ਰਾਵਾਂ ਦੀ ਰੌਸ਼ਨੀ ਵਿਚ ਲੋਕਧਾਰਾ ਨੂੰ ਸਿਧਾਂਤਕ ਰੂਪ ਵਿਚ ਸਮਝਣ ਦਾ ਉਪਰਾਲਾ ਕੀਤਾ ਹੈ। ਲੋਕਧਾਰਾ ਦਾ ਵਹਿਣ ਪਰੰਪਰਾ ਤੋਂ ਉੱਤਰ-ਆਧੁਨਿਕ ਸਮੇਂ ਤੱਕ ਨਿਰੰਤਰ ਵਹਿੰਦਾ ਆ ਰਿਹਾ ਹੈ। ਲੋਕ-ਸਮੂਹ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਿਆਂ ਸਮੇਂ-ਸਮੇਂ ਇਸ ਵਿਚ ਰੂਪਾਂਤਰਨ ਹੁੰਦਾ ਰਹਿੰਦਾ ਹੈ। ਅਜੋਕੇ ਸਮਾਜਿਕ ਮੀਡੀਏ ਵਿਚ ਐਸ.ਐਮ.ਐਸ., ਫੇਸਬੁੱਕ, ਵਟਸਐਪ, ਟਵਿਟਰ, ਯੂ-ਟਿਊਬ ਬਾਰੇ ਲੇਖਕ ਨੇ ਚਰਚਾ ਕੀਤੀ ਹੈ।
ਲੇਖਕ ਨੇ ਮੋਲਾਈਲ ਫੋਨ ਦੀ ਲੋਕਧਾਰਾ ਨਾਲ ਸਬੰਧਤ ਸਮੱਗਰੀ ਇਕੱਤਰ ਕਰਨ ਦਾ ਫੀਲਡ ਵਰਕ ਕੀਤਾ ਹੈ। ਸਮੱਗਰੀ ਨੂੰ ਤਿੰਨ ਮੁੱਖ ਵਰਗਾਂ ਵਿਚ ਵਿਭਾਜਤ ਕੀਤਾ ਹੈ, ਇਹ ਹਨ : ਸੁਣਨ, ਦੇਖਣ, ਪਾਠ-ਮੂਲਕ। ਅੰਤ ਵਿਚ ਇਕੱਤਰਤ ਸਮੱਗਰੀ ਦਾ ਅਧਿਐਨ ਵਿਭਿੰਨ ਸਿਰਲੇਖਾਂ ਹੇਠ ਕੀਤਾ ਹੈ ਜਿਵੇਂ ਕਿ ਸਮਾਜਿਕ ਯਥਾਰਥ, ਰਾਜਨੀਤਕ ਸਥਿਤੀ ਬਨਾਮ ਲੋਕ-ਪ੍ਰਤੀਉੱਤਰ, ਧਾਰਮਿਕ, ਲੋਕ ਵਿਸ਼ਵਾਸ, ਲੋਕ ਧਰਮ; ਸਮਾਜਿਕ ਆਰਥਿਕ ਸਥਿਤੀ, ਸਮਾਜਿਕ ਚੇਤਨਾ, ਲੋਕ-ਸਿਆਣਪਾਂ ਅਤੇ ਲੋਕ-ਕਥਨ; ਚੁਟਕਲੇ ਅਤੇ ਹਾਸਰਸ, ਬੁਝਾਰਤਾਂ; ਬੌਧਿਕ ਚੇਤਨਾ, ਵਿਅੰਗਾਤਮਕ, ਸੱਭਿਆਚਾਰਕ ਵਿਰਸਾ ਆਦਿ ਹਰ ਕਿਸਮ ਦੇ ਸੰਦੇਸ਼ਾਂ ਬਾਰੇ ਢੁਕਵੀਆਂ ਉਦਾਹਰਨਾਂ ਅਤੇ ਚਿੱਤਰਾਂ ਸਹਿਤ ਪੇਸ਼ਕਾਰੀ ਕੀਤੀ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.


ਜੰਦਰਾ
ਸ਼ਾਇਰ : ਮਲੂਕ ਸਿੰਘ ਵਿਰਕ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ।
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 99151-03490

ਮਲੂਕ ਸਿੰਘ ਵਿਰਕ ਸੰਘਰਸ਼ੀ ਮਨੁੱਖ ਹੈ ਤੇ ਆਪਣੀ ਤਬੀਅਤ ਦਾ ਸ਼ਾਇਰ ਹੈ। ਉਸ ਨੇ ਆਪਣੀ ਜ਼ਿੰਦਗੀ ਵਿਚ ਬੜਾ ਕੁਝ ਗਵਾਇਆ ਤੇ ਬੜਾ ਕੁਝ ਪਾਇਆ ਹੈ ਤੇ ਇਹੀ ਉਤਰਾਅ-ਚੜ੍ਹਾਅ ਉਸ ਦੀ ਸ਼ਾਇਰੀ ਦਾ ਆਧਾਰ ਹੈ। 'ਜੰਦਰਾ' ਪੁਸਤਕ ਵਿਚ ਉਸ ਨੇ ਪਚਵੰਜਾ ਛੰਦਬੱਧ ਰਚਨਾਵਾਂ ਛਾਪੀਆਂ ਹਨ ਪਰ ਉਸ ਨੇ ਇਨ੍ਹਾਂ ਉੱਤੇ ਕਿਸੇ ਵਿਧਾ ਦੀ ਮੋਹਰ ਨਹੀਂ ਲਾਈ। ਇਹ ਤਮਾਮ ਕਵਿਤਾਵਾਂ ਜਿਨ੍ਹਾਂ 'ਚੋਂ ਬਹੁਤੇ ਗੀਤ ਹਨ, ਜ਼ਿਆਦਾਤਰ ਉਸ ਦੀ ਆਪਣੀ ਉਪਰਾਮਤਾ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਦੀ ਉਪਜ ਹਨ। ਇਸ ਕਿਤਾਬ ਦਾ ਪਹਿਲਾ ਗੀਤ 'ਜੰਦਰਾ' ਖ਼ੂਬਸੂਰਤ ਹੈ ਤੇ ਪ੍ਰਭਾਵੀ ਹੈ। ਇਸ ਵਿਚ ਉਹ ਆਪਣੇ ਤੁਰ ਗਏ ਬਾਪ ਨੂੰ ਸ਼ਰਧਾਂਜਲੀ ਦਿੰਦਾ ਹੈ ਤੇ ਉਸ ਦੇ ਬਿਨਾਂ ਗੁਜ਼ਰ ਰਹੇ ਵਰਤਮਾਨ ਦਾ ਵਰਨਣ ਕਰਦਾ ਹੈ। ਸ਼ਾਇਰ ਦੀ ਦੂਸਰੀ ਰਚਨਾ 'ਖ਼ੁਦਾ' ਜਿਸ ਵਿਚ ਉਹ ਦੁਨੀਆ ਵਿਚ ਵਾਪਰ ਰਹੀਆਂ ਅਣਸੁਖਾਵੀਆਂ ਘਟਨਾਵਾਂ ਨਾਲ ਸਬੰਧਤ ਸਵਾਲ ਪੁੱਛਦਾ ਹੈ। ਆਪਣੀ ਤੀਸਰੀ ਰਚਨਾ ਵਿਚ ਵਿਰਕ ਖ਼ੁਦ ਬਾਰੇ ਵਿਸਥਾਰਤ ਦੱਸਦਾ ਹੈ ਤੇ ਆਪਣੇ ਗੁਣਾਂ-ਔਗੁਣਾਂ ਦਾ ਵਹੀ ਖ਼ਾਤਾ ਪਾਠਕਾਂ ਦੇ ਸਨਮੁਖ ਕਰਦਾ ਹੈ। ਉਸ ਮੁਤਾਬਿਕ ਸੁਪਨੇ ਲੈਣਾ ਹੋਰ ਗੱਲ ਹੈ ਪਰ ਵਾਸਤਵਿਕਤਾ ਨੂੰ ਕਦੀ ਵੀ ਵਿਸਾਰਨਾ ਨਹੀਂ ਚਾਹੀਦਾ। ਉਸ ਨੇ ਨੇਤਾਵਾਂ ਦੀ ਅਸਲੀਅਤ ਤੇ ਰਾਜਨੀਤਕ ਗਿਰਾਵਟ 'ਤੇ ਵੀ ਖੁੱਲ੍ਹ ਕੇ ਲਿਖਿਆ ਹੈ। ਔਰਤ ਦੀ ਬੇਵਸੀ ਤੇ ਮਾਂ-ਪਿਉ ਦੇ ਸਤਿਕਾਰ ਨਾਲ ਸਬੰਧਤ ਕਵਿਤਾਵਾਂ ਵੀ ਚੋਖੀ ਗਿਣਤੀ ਵਿਚ ਹਨ। ਇਸ ਕਿਤਾਬ ਦੇ ਵਿਸ਼ੇ ਉਸ ਦੇ ਨਿੱਜ ਨਾਲ ਵੀ ਸਬੰਧਤ ਹਨ ਤੇ ਪਰ ਨਾਲ ਵੀ। ਪੁਸਤਕ ਵਿਚ ਵੰਨ-ਸੁਵੰਨਤਾ ਹੈ। ਤਮਾਮ ਰਚਨਾਵਾਂ 'ਚੋਂ ਬਹੁਤੀਆਂ ਰਚਨਾਵਾਂ ਲੈਅ ਤੇ ਸੁਰ ਵਿਚ ਹਨ ਤੇ ਆਪਣਾ ਪ੍ਰਭਾਵ ਛੱਡਦੀਆਂ ਹਨ। 'ਜੰਦਰਾ' ਪੁਸਤਕ ਸ਼ਾਇਰ ਦੀ ਦੂਸਰੀ ਪੁਸਤਕ ਹੈ ਤੇ ਮੈਨੂੰ ਆਸ ਹੈ ਕਿ ਇਹ ਸ਼ਾਇਰ ਨੂੰ ਹੋਰ ਵਧੀਆ, ਨਿੱਠ ਕੇ ਤੇ ਸਮਰਪਿਤ ਹੋ ਕੇ ਲਿਖਣ ਦੀ ਪ੍ਰੇਰਨਾ ਜ਼ਰੂਰ ਦੇਵੇਗੀ।

-ਗੁਰਦਿਆਲ ਰੌਸ਼ਨ
ਮੋ: 9988444002

15/04/2017

 ਵਕਤ ਬਦਲ ਗਏ
ਲੇਖਕ : ਡਾ: ਕਰਨੈਲ ਸਿੰਘ ਸੋਮਲ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 210
ਸੰਪਰਕ : 98141-57137


ਬਦਲਦੇ ਵਕਤ ਨੂੰ ਉਚਿਤ ਦਿਸ਼ਾ ਦੇਣ ਤੇ ਬਦਲੇ ਵਕਤ ਵਿਚੋਂ ਸਾਰਥਕ ਸਬਕ ਹਾਸਲ ਕਰਨ ਦੀ ਇੱਛਾ ਵਿਚੋਂ ਜਨਮੇ ਨਿਬੰਧਾਂ ਦਾ ਸੰਗ੍ਰਹਿ ਹੈ ਡਾ: ਕਰਨੈਲ ਸਿੰਘ ਸੋਮਲ ਦੀ ਇਹ ਪੁਸਤਕ। ਦੋ ਕੁ ਸੌ ਪੰਨੇ ਵਿਚ ਸੈਂਤੀ ਨਿਬੰਧ। ਸਰਲ, ਸੁਬਕ, ਨਿੱਕੇ-ਨਿੱਕੇ, ਮਿੱਠੀ ਜ਼ਬਾਨ ਵਿਚ ਲਿਖੇ ਸੁਹਜ ਭਰੇ ਵਾਕ। ਨਿੱਜੀ ਅਨੁਭਵ ਤੇ ਜਜ਼ਬਿਆਂ ਗੁੱਧੀ ਸ਼ੈਲੀ ਕਾਰਨ ਪਾਠਕਾਂ ਨਾਲ ਸਾਂਝ ਪਾਉਣ ਵਾਲੀ ਵਾਰਤਕ।
ਡਾ: ਸੋਮਲ ਘਰ, ਘਰਾਂ ਦੇ ਆਲੇ-ਦੁਆਲੇ, ਹਰਿਆਵਲ, ਫੁੱਲ ਬੂਟੇ, ਮੌਸਮ, ਸ਼ਾਮਾਂ ਸਵੇਰਾ, ਧੁੱਪਾਂ ਛਾਵਾਂ ਨੂੰ ਪੜ੍ਹਨਾ ਜਾਣਦਾ ਹੈ। ਵਕਤ ਨਾਲ ਰੰਗ ਵਟਾਉਂਦੀ ਦੁਖ-ਸੁਖ ਦੀ ਖੇਡ ਤੋਂ ਚੇਤਨ ਕਰਦਾ ਹੈ। ਸਵਸਥ ਮੋੜ ਮੁੜਦੀ ਮਾਨਸਿਕਤਾ ਨੂੰ ਸਲਾਹੁੰਦਾ ਹੈ। ਕੁਹਝ ਨੂੰ ਰੋਕਦਾ ਹੈ। ਨਿਰਾਸ਼ਾ ਦੇ ਹਨੇਰੇ ਭੁੱਲ ਉਤਸ਼ਾਹ ਨਾਲ ਜ਼ਿੰਦਗੀ ਦੇ ਜਸ਼ਨ ਵਿਚ ਸ਼ਰੀਕ ਹੋਣ ਦਾ ਸੁਨੇਹਾ ਦਿੰਦਾ ਹੈ। ਸਬਰ, ਸੰਤੁਸ਼ਟੀ, ਵਕਤ ਦੀ ਸੁਚੱਜੀ ਵਰਤੋਂ, ਮਿਹਨਤ, ਚੱਜ ਆਚਾਰ ਤੇ ਆਜ਼ਾਦੀ ਦਾ ਸਬਕ ਸਿਖਾਉਂਦਾ ਹੈ। ਘਰਾਂ ਤੇ ਮਨਾਂ ਨੂੰ ਕਬਾੜ ਤੋਂ ਮੁਕਤ ਕਰਨ ਲਈ ਆਖਦਾ ਹੈ। ਚੰਗਾ ਲਗਦਾ ਹੈ ਉਸ ਦਾ ਇਹ ਉੱਦਮ।
ਮੰਡੀ ਦੇ ਇਸ ਯੁੱਗ ਵਿਚ ਸਕਾਰਾਤਮਕ ਤੇ ਨਕਾਰਾਤਮਕ ਦੀ ਪਛਾਣ ਹੈ ਉਸ ਨੂੰ। ਨਸ਼ਿਆਂ ਨਿਰਾਸ਼ਾ ਅੱਗੇ ਹਾਰਨਾ ਪ੍ਰਵਾਨ ਨਹੀਂ। ਧੀਆਂ ਤੇ ਇਸਤਰੀਆਂ ਦਾ ਆਦਰ ਕਰਦਾ ਹੈ। ਪਿਆਰ ਨਾਲ ਘਰ ਨੂੰ ਸਵਰਗ ਬਣਾਉਣ ਤੇ ਇਸਤਰੀਆਂ ਪ੍ਰਤੀ ਵਿਤਕਰੇ ਛੱਡਣ ਉੱਤੇ ਬਲ ਦਿੰਦਾ ਹੈ। ਬਾਲਪਣ, ਬਚਪਨ, ਜਵਾਨੀ, ਬੁਢੇਪੇ ਤੇ ਜ਼ਿੰਦਗੀ ਦੇ ਰਹੱਸ ਫਰੋਲਦਾ ਹੋਇਆ ਸਹਿਜ ਸੰਤੁਲਿਤ ਜੀਵਨ ਜਿਊਣ ਲਈ ਪ੍ਰੇਰਿਤ ਕਰਦਾ ਹੈ ਉਹ।
ਮੂਲ ਰੂਪ ਵਿਚ ਸੁਚੱਜੀ ਜੀਵਨ-ਜਾਚ ਦੁਆਲੇ ਉਸਰੇ ਇਸ ਨਿਬੰਧ ਸੰਗ੍ਰਹਿ ਦੇ ਅੰਤਿਮ ਚਾਰ ਨਿਬੰਧ ਜੀਵਨੀ ਪਰਕ ਹਨ। ਇਨ੍ਹਾਂ ਦੇ ਨਾਇਕ ਗਿ: ਦਿੱਤ ਸਿੰਘ, (ਸਿੱਖ ਚਿੰਤਕ), ਆਸਾ ਰਾਮ ਬੈਦਵਾਨ (ਲੋਕ ਕਵੀ), ਗੁਰਬਖਸ਼ ਸਿੰਘ ਕੇਸਰੀ (ਸਾਹਿਤਕਾਰ) ਤੇ ਰਣਧੀਰ ਸਿੰਘ (ਰਿਸਰਚ ਸਕਾਲਰ) ਉਸ ਦੀ ਆਪਣੀ ਜਨਮ ਭੂਮੀ ਦੀਆਂ ਉਸ ਦੀਆਂ ਵੇਖੀਆਂ ਸੁਣੀਆਂ ਸ਼ਖ਼ਸੀਅਤਾਂ ਹਨ, ਜਿਨ੍ਹਾਂ ਨਾਲ ਉਸ ਦਾ ਮੋਹ ਭਰਿਆ ਰਿਸ਼ਤਾ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550


ਪੰਜਾਬੀ ਦਾ ਭਵਿੱਖ ਅਤੇ ਹੋਰ ਲੇਖ

ਲੇਖਕ : ਰਣਜੀਤ ਸਿੰਘ ਖੜਗ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 395 ਰੁਪਏ, ਸਫ਼ੇ : 222
ਸੰਪਰਕ : 98728-13128.


ਪੰਜਾਬੀ ਸਾਹਿਤ ਦੇ ਇਤਿਹਾਸ ਦਾ ਆਧੁਨਿਕ ਕਾਲ ਸ: ਰਣਜੀਤ ਸਿੰਘ ਖੜਗ ਵੱਲੋਂ ਪਾਏ ਬਹੁਮੁੱਲੇ ਯੋਗਦਾਨ ਦਾ ਵਰਨਣ ਕੀਤੇ ਤੋਂ ਬਗੈਰ ਮੁਕੰਮਲ ਨਹੀਂ ਹੋ ਸਕਦਾ। ਆਪਣੇ ਜੀਵਨ ਕਾਲ (1915-1971) ਦੌਰਾਨ ਉਨ੍ਹਾਂ ਨੇ ਲਗਪਗ 400 ਕਵਿਤਾਵਾਂ ਅਤੇ 450 ਲੇਖਾਂ ਦੀ ਰਚਨਾ ਕੀਤੀ ਸੀ। ਪੁਸਤਕ ਰੂਪ ਵਿਚ ਆਪ ਦੀਆਂ ਬਹੁਤੀਆਂ ਰਚਨਾਵਾਂ (ਸੁੱਚੇ ਮੋਤੀ, ਸੰਤ ਨਾਮਦੇਵ ਦਰਸ਼ਨ, ਨਾਨਕ ਸਾਇਰ ਇਵ ਕਹਿਆ, ਸਰਬ ਲੋਹ ਦਾ ਕਵੀ, ਪੰਜਾਬੀ ਸਾਹਿਤ ਇਤਿਹਾਸ ਦੇ ਲੇਖ, ਪੰਜਾਬੀ ਦਾ ਭਵਿੱਖ ਅਤੇ ਹੋਰ ਲੇਖ... ਆਦਿ) ਆਪ ਦੇ ਸੁਰਗਵਾਸ ਹੋਣ ਉਪਰੰਤ ਉਨ੍ਹਾਂ ਦੇ ਸਪੁੱਤਰ ਇੰਜੀ: ਕਰਮਜੀਤ ਸਿੰਘ ਦੀ ਸੁਯੋਗ ਸੰਪਾਦਨਾ ਅਧੀਨ ਪ੍ਰਕਾਸ਼ਿਤ ਹੋਈਆਂ। ਪ੍ਰੰਤੂ 'ਪੰਜਾਬੀ ਦਾ ਭਵਿੱਖ' (25 ਲੇਖ) ਡਾ: ਰਾਮ ਮੂਰਤੀ ਦੀ ਮਿਹਨਤ ਦੁਆਰਾ ਪ੍ਰਕਾਸ਼ਿਤ ਹੋਈ ਹੈ। ਇਸ ਪੁਸਤਕ ਵਿਚ ਪੰਜਾਬੀ ਭਾਸ਼ਾ ਬਾਰੇ ਕੁਝ ਲੇਖਾਂ ਦੇ ਨਾਲ-ਨਾਲ ਪੰਜਾਬੀ ਸਾਹਿਤ ਦੇ ਵਿਭਿੰਨ ਰੂਪਾਕਾਰਾਂ (ਬਾਰਾਮਾਂਹ, ਵਾਰ, ਨਾਵਲ, ਲੋਕ ਗੀਤ ਅਤੇ ਪੰਜਾਬੀ ਸੱਭਿਆਚਾਰ) ਬਾਰੇ ਉੱਚ-ਕੋਟੀ ਦੇ ਲੇਖ ਪ੍ਰਕਾਸ਼ਿਤ ਹੋਏ ਹਨ।
ਬੇਸ਼ੱਕ ਖੜਗ ਸਾਹਿਬ ਨੇ ਯੂਨੀਵਰਸਿਟੀਆਂ ਵਿਚੋਂ ਉੱਚ-ਵਿੱਦਿਆ ਪ੍ਰਾਪਤ ਨਹੀਂ ਸੀ ਕੀਤੀ ਪਰ ਆਪ ਖੋਜ ਅਤੇ ਆਲੋਚਨਾ ਦੇ ਬੁਨਿਆਦੀ ਅਸੂਲਾਂ ਤੋਂ ਸੁਪਰਿਚਿਤ ਸਨ। ਆਪ ਦੇ ਲੇਖਾਂ ਵਿਚ ਜਾਰਜ ਗ੍ਰੀਅਰਸਨ, ਟੀ.ਐਸ. ਏਲੀਅਟ, ਪੰਡਿਤ ਨਹਿਰੂ, ਡਾ: ਗੰਡਾ ਸਿੰਘ, ਡਾ: ਕਮਲ ਮੁਕਰਜੀ, ਸਰ ਰਿਚਰਡ ਟੈਂਪਲ, ਟੈਨੀਸਨ, ਮੈਥਿਊ ਆਰਨਲਡ, ਸਰ ਵਾਲਟਰ ਸਕਾਟ, ਪ੍ਰੋ: ਨਰੂਲਾ ਅਤੇ ਪ੍ਰਿੰ: ਤੇਜਾ ਸਿੰਘ ਵਰਗੇ ਅਨੇਕ ਦੇਸੀ-ਵਿਦੇਸ਼ੀ ਵਿਦਵਾਨਾਂ ਦੇ ਹਵਾਲੇ ਮਿਲਦੇ ਹਨ। ਆਪ ਵਿਨੋਦਪ੍ਰਿਯ ਸਨ। ਸੂਖਮ ਪ੍ਰਕਾਰ ਦਾ ਵਿਅੰਗ ਅਤੇ ਬੌਧਿਕ ਵੰਨਗੀ ਦਾ ਹਾਸਰਸ ਆਪ ਦੇ ਇਨ੍ਹਾਂ ਲੇਖਾਂ ਨੂੰ ਨੀਰਸ ਨਹੀਂ ਹੋਣ ਦਿੰਦਾ। ਇਨ੍ਹਾਂ ਲੇਖਾਂ ਵਿਚ ਖੜਗ ਸਾਹਿਬ ਨੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੀਆਂ ਕੁਝ ਉਨ੍ਹਾਂ ਸਮੱਸਿਆਵਾਂ ਦਾ ਉਲੇਖ ਕੀਤਾ ਹੈ, ਜਿਨ੍ਹਾਂ ਦਾ ਅੱਜ ਤੱਕ ਵੀ ਹੱਲ ਨਹੀਂ ਲੱਭਿਆ ਜਾ ਸਕਿਆ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਪਹਿਲੇ ਸਿੱਖ ਰਾਜ ਦਾ ਨਿਰਮਾਤਾ
ਬਾਬਾ ਬੰਦਾ ਸਿੰਘ ਬਹਾਦਰ
ਅਤੇ ਹੋਰ ਲੇਖ
ਲੇਖਕ : ਡਾ: ਹਰਬੰਸ ਸਿੰਘ ਚਾਵਲਾ
ਪ੍ਰਕਾਸ਼ਕ : ਮਨਪ੍ਰੀਤ ਪ੍ਰਕਾਸ਼ਨ ਦਿੱਲੀ
ਮੁੱਲ : 590 ਰੁਪਏ, ਸਫ਼ੇ : 269.
ਸੰਪਰਕ : 088604-08797.

ਡਾ: ਹਰਬੰਸ ਸਿੰਘ ਚਾਵਲਾ ਨੇ ਹਥਲੀ ਪੁਸਤਕ ਜ਼ਰੀਏ ਸਿੱਖ-ਇਤਿਹਾਸ ਅਤੇ ਗੁਰਮਤਿਧਾਰਾ ਦੇ ਮਹੱਤਵਪੂਰਨ ਪੱਖਾਂ ਨੂੰ ਪਾਠਕਾਂ ਦੇ ਸਨਮੁਖ ਕੀਤਾ ਹੈ। ਵਿਧੀਵਤ ਗਿਆਨ ਪਾਸਾਰ ਹਿਤ ਪੁਸਤਕ ਨੂੰ ਤਿੰਨ ਭਾਗਾਂ 'ਚ ਵੰਡਿਆ ਗਿਆ ਹੈ। ਪੁਸਤਕ ਦੇ ਪਹਿਲੇ ਭਾਗ 'ਚ ਪੰਜਾਬ ਵਿਚ ਪਹਿਲੇ ਸਿੱਖ ਰਾਜ ਦੇ ਨਿਰਮਾਣ ਕਾਰਜ ਵਿਚ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਸ ਕਦਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰੇਰਿਤ ਹੋ ਕੇ ਮਾਨਵੀ ਕਲਿਆਣ ਲਈ ਨਿਧੜਕ ਯੋਧੇ ਵਜੋਂ ਲਾਸਾਨੀ ਕਾਰਜ ਕੀਤੇ, ਉਨ੍ਹਾਂ ਸਭਨਾਂ ਦਾ ਉਲੇਖ ਇਤਿਹਾਸਕ ਤੱਥ-ਮੂਲਕ ਸਰੋਤਾਂ ਦੇ ਪ੍ਰਗਟਾਵੇ ਸਹਿਤ ਪੁਸਤਕ 'ਚ ਅੰਕਿਤ ਕੀਤਾ ਗਿਆ ਹੈ। ਬਾਬਾ ਬੰਦਾ ਸਿੰਘ ਜੀ ਦੇ ਰਾਜ-ਪ੍ਰਬੰਧ ਦੀਆਂ ਉੱਘੀਆਂ ਵਿਲੱਖਣਤਾਵਾਂ ਨੂੰ ਦਰਸਾ ਕੇ ਲੇਖਕ ਨੇ ਖ਼ਾਲਸਾ ਰਾਜ ਦੇ ਮਹੱਤਵਪੂਰਨ ਪਹਿਲੂਆਂ ਨੂੰ ਵੀ ਦਰਸਾਇਆ ਹੈ, ਸਹਿਯੋਗੀ-ਸ਼ਹਾਦਤ ਦਾ ਜਾਮ ਪੀ ਜਾਣ ਵਾਲੇ ਸੂਰਬੀਰਾਂ ਦੀ ਬਹਾਦਰੀ ਦਾ ਵੀ ਵਰਨਣ ਕੀਤਾ ਹੈ। ਇਸ ਉਪਰੰਤ ਖਾਲਸਾ ਪੰਥ ਦੇ ਪੰਜਾਂ ਤਖ਼ਤਾਂ ਬਾਬਤ ਦੁਰਲੱਭ ਜਾਣਕਾਰੀ ਵੀ ਦਿੱਤੀ ਹੈ ਅਤੇ ਭਗਤ ਰਵਿਦਾਸ ਜੀ ਦੀ ਦੇਣ ਨੂੰ ਵੀ ਗੌਲਿਆ ਹੈ। ਇਸੇ ਭਾਗ ਦੇ ਅੰਤਰਗਤ ਗੁਰੂ ਅੰਗਦ ਦੇਵ ਦੇ ਸਮੇਂ ਵਿਚ ਪ੍ਰਵਾਹਮਾਨ ਹੋਈ ਸਿੱਖੀ ਅਤੇ ਗੁਰੂ ਅਮਰਦਾਸ ਜੀ ਦੁਆਰਾ ਸਥਾਪਤ ਮੰਜੀਆਂ, ਹਕੀਮ ਅੱਲ੍ਹਾ ਯਾਰ ਖਾਂ 'ਜੋਗੀ' ਦੀ ਰਚਨਾ, ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤੀਆਂ ਕੁਰਬਾਨੀਆਂ ਆਦਿ ਦਾ ਵੀ ਦੀਰਘ ਦ੍ਰਿਸ਼ਟੀ ਤੋਂ ਉਲੇਖ ਕੀਤਾ ਹੈ। ਇਸੇ ਪ੍ਰਸੰਗਤਾ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਭਾਰਤੀ ਇਤਿਹਾਸ ਉੱਪਰ ਪਏ ਪ੍ਰਭਾਵਾਂ ਨੂੰ ਵੀ ਵਿਅਕਤ ਕੀਤਾ ਹੈ ਅਤੇ ਭਾਈ ਦਇਆ ਸਿੰਘ ਜੀ ਦੀ ਸੀਸ ਭੇਟ ਕਰਨ ਦੀ ਪਹਿਲ ਨੂੰ ਵੀ ਬਾਖੂਬੀ ਪਾਠਕਾਂ ਦੇ ਸਨਮੁਖ ਕੀਤਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਮਾਂ-ਕਾਲ ਬਾਬਤ ਵੀ ਲੇਖ ਧਿਆਨ ਖਿੱਚਣਯੋਗ ਹੈ। ਸਿੱਖੀ ਅਤੇ ਗੁਰਮਤਿਧਾਰਾ ਨਾਲ ਸਬੰਧਤ ਬਹੁਤ ਸਾਰੀਆਂ ਅਜਿਹੀਆਂ ਸ਼ਖ਼ਸੀਅਤਾਂ ਜਿਨ੍ਹਾਂ ਨੂੰ ਅਜੋਕੀ ਪੀੜ੍ਹੀ ਭੁੱਲ ਚੁੱਕੀ ਹੈ, ਉਨ੍ਹਾਂ ਬਾਬਤ ਦੁਰਲੱਭ ਜਾਣਕਾਰੀ ਵੀ ਪੁਸਤਕ ਦਾ ਹਾਸਲ ਹੈ। ਪੁਸਤਕ ਦਾ ਤੀਜਾ ਭਾਗ ਬਾਬਾ ਗੁਰਦਿੱਤ ਸਿੰਘ ਅਤੇ ਕਾਮਾਗਾਟਾਮਾਰੂ ਦੀ ਦਰਦਨਾਕ ਦਾਸਤਾਨ ਨੂੰ ਪੇਸ਼ ਕਰਦਾ ਹੈ, ਜਿਸ 'ਚ ਗਦਰ ਲਹਿਰ ਸਬੰਧੀ ਭਾਵਪੂਰਤ ਜਾਣਕਾਰੀ ਹੈ।

-ਡਾ: ਜਗੀਰ ਸਿੰਘ ਨੂਰ
ਮੋ: 9814209732


ਸ਼ਬਦਾਂ ਦੀ ਫੁਲਕਾਰੀ
ਲੇਖਕ : ਚਰਨਜੀਤ ਸਿੰਘ ਪੰਨੂੰ
ਪ੍ਰਕਾਸ਼ਕ : ਹਾਈਬਰੋ ਪਬਲੀਕੇਸ਼ਨਜ਼, ਬੜੀ ਬ੍ਰਾਹਮਣਾਂ, ਜੰਮੂ
ਮੁੱਲ : 400 ਰੁਪਏ, ਸਫ਼ੇ : 136

ਚਰਨਜੀਤ ਸਿੰਘ ਪੰਨੂੰ ਬਹੁਵਿਧਾਈ ਲੇਖਕ ਹੈ। 'ਸ਼ਬਦਾਂ ਦੀ ਫੁਲਕਾਰੀ' ਉਸ ਦਾ ਪੰਜਵਾਂ ਕਾਵਿ ਸੰਗ੍ਰਹਿ ਹੈ। ਪੰਨੂੰ ਦੇ ਕਾਵਿ-ਸੰਗ੍ਰਹਿਆਂ 'ਚ 'ਫੁਲਕਾਰੀ' ਕੇਂਦਰੀ ਬਿੰਦੂ ਹੈ। 'ਫੁਲਕਾਰੀ' ਦਾ ਸਬੰਧ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦਾ ਇਕ ਕੇਂਦਰੀ ਧੁਰਾ ਹੈ। ਇਹ ਇਕ ਅਜਿਹਾ ਪ੍ਰਤੀਕ ਹੈ ਜੋ ਪੰਜਾਬੀ ਜਨਜੀਵਨ ਦੇ ਵਿਸ਼ੇਸ਼ ਲੱਛਣਾਂ ਨੂੰ ਪਰਿਭਾਸ਼ਤ ਕਰਦਾ ਹੈ, ਮਸਲਨ : ਜੀਵਨ-ਸ਼ੈਲੀ, ਰਹਿਣ-ਸਹਿਣ, ਵਰਤ-ਵਰਤਾਰਾ, ਖੁੱਲ੍ਹਦਿਲਾ ਸੁਭਾਅ ਆਦਿ। ਵਿਸ਼ਵੀਕਰਨ ਦੇ ਪ੍ਰਭਾਵ ਅਧੀਨ ਅਜੋਕਾ ਪੰਜਾਬੀ ਜਨਜੀਵਨ ਵੀ ਪ੍ਰਭਾਵਿਤ ਹੋ ਰਿਹਾ ਹੈ। ਮਨੁੱਖੀ ਜੀਵਨ 'ਚ ਤਣਾਓ, ਵਿਦੇਸ਼ੀਂ ਵਸ ਕੇ ਆਪਣੇ ਜੀਵਨ ਪੱਧਰ ਨੂੰ ਉੱਚਾ ਕਰਨ ਦੀ ਸੋਚ, ਮੱਥੇ 'ਚ ਪਈਆਂ ਤਿਉੜੀਆਂ ਸਭ 'ਟੈਨਸ਼ਨ' ਦੀਆਂ ਪ੍ਰਤੀਕ ਹਨ, ਇਸ ਸਮੱਸਿਆ ਦੇ ਇਰਦ-ਗਿਰਦ ਹੀ ਸਭ ਸਮੱਸਿਆਵਾਂ ਪਰਕਰਮਾ ਕਰਦੀਆਂ ਹਨ ਜਿਵੇਂ ਰੁਜ਼ਗਾਰ ਦੀ ਸਮੱਸਿਆ, ਭਾਈਚਾਰਕ ਸਾਂਝ ਟੁੱਟਣ ਦੀ ਸਮੱਸਿਆ। ਇਹ ਸਮੱਸਿਆਵਾਂ 'ਟੈਨਸ਼ਨ' ਕਵਿਤਾ 'ਚ ਵਿਸ਼ੇਸ਼ ਰੂਪ 'ਚ ਦੇਖੀਆਂ ਜਾ ਸਕਦੀਆਂ ਹਨ ਪ੍ਰੰਤੂ ਆਸ਼ਾਵਾਦੀ ਦ੍ਰਿਸ਼ਟੀਕੋਣ ਅਪਣਾ ਕੇ ਮਨੁੱਖ ਜੀਵਨ ਦੀ ਖੂਬਸੂਰਤੀ ਦਾ ਅਨੰਦ ਵੀ ਮਾਣ ਸਕਦਾ ਹੈ, ਇਹ ਪੰਨੂੰ ਦੀ ਸੋਚ ਹੈ :
ਚਲੋ ਅੱਜ ਟੈਨਸ਼ਨ ਭੁਲਾਈਏ
ਅਸਮਾਨਾਂ ਵੱਲ ਉੱਡੀਏ,
ਗਿੱਟੀਆਂ ਵਿਹੜੇ ਕੁਰਸੀਆਂ ਡਾਹੀਏ।
ਚਰਨਜੀਤ ਸਿੰਘ ਪੰਨੂੰ ਕਵਿਤਾ ਦੇ ਪ੍ਰਯੋਜਕ ਸਬੰਧੀ ਵੀ ਸੁਚੇਤ ਹੈ ਕਿ ਕਵਿਤਾ ਜਿਥੇ ਆਤਮਿਕ ਭੁੱਖ ਦੀ ਤ੍ਰਿਪਤੀ ਦਾ ਵਸੀਲਾ ਹੈ, ਉਥੇ ਕਵਿਤਾ ਮਨੁੱਖੀ ਜੀਵਨ ਦੇ ਸੁਚੱਜ ਵੱਲ ਵੀ ਸੇਧਿਤ ਹੈ ਜੋ ਜੀਵਨ ਨੂੰ ਪ੍ਰਭਾਵਿਤ ਕਰਦੀ ਹੋਈ, ਨਵੀਆਂ ਦਿਸ਼ਾਵਾਂ ਤਲਾਸ਼ਣ ਵੱਲ ਵੀ ਪ੍ਰੇਰਿਤ ਕਰਦੀ ਹੈ। ਸਭ ਤੋਂ ਵੱਡਾ ਗੁਣ ਹੈ ਭਾਸ਼ਾ ਦੀ ਸਾਦਗੀ, ਸਪੱਸ਼ਟਤਾ ਅਤੇ ਸੰਦੇਸ਼ ਦਾ ਸੰਚਾਰਿਤ ਹੋਣਾ। ਉਹ ਪੂਰਬੀ ਅਤੇ ਪੱਛਮੀ ਸੱਭਿਆਚਾਰਾਂ ਵਿਚੋਂ ਉੱਤਮ ਚੰਗਿਆਈਆਂ ਭਾਲ ਕੇ ਇਕ-ਦੂਜੇ ਵਿਰੋਧੀ ਗੁਣਾਂ ਨੂੰ ਨਕਾਰਦਾ ਹੋਇਆ, ਸਾਂਝੀਵਾਲਤਾ ਦੀਆਂ ਤੰਦਾਂ ਤਲਾਸ਼ਣ ਦੀ ਕੋਸ਼ਿਸ਼ ਵੀ ਕਰਦਾ ਹੈ। ਅੰਤ ਵਿਚ ਕਿਹਾ ਜਾ ਸਕਦਾ ਹੈ ਕਿ ਉਹ ਕਲਾ 'ਕਲਾ ਲਈ ਨਹੀਂ', ਸਗੋਂ ਕਲਾ ਜਨ-ਸਾਧਾਰਨ ਲਈ ਹੈ, ਦੀ ਧਾਰਨਾ ਨੂੰ ਪ੍ਰਪੱਕ ਕਰਦਾ ਹੈ। ਆਸ ਕਰਦਾ ਹਾਂ ਕਿ ਪੰਜਾਬੀ ਪਾਠਕ ਇਸ ਕਾਵਿ-ਸੰਗ੍ਰਹਿ ਦਾ ਭਰਪੂਰ ਅਨੰਦ ਮਾਣਨਗੇ। ਆਮੀਨ!

-ਸੰਧੂ ਵਰਿਆਣਵੀ (ਪ੍ਰੋ:)
ਮੋ: 98786-14096.

 

 

ਗੁਰੂ ਨਾਨਕ ਬਾਣੀ ਵਿਚ ਮਾਨਵੀ ਸੂਝ
ਲੇਖਕ : ਡਾ: ਅਸ਼ੋਕ ਕੁਮਾਰ ਖੁਰਾਣਾ
ਪ੍ਰਕਾਸ਼ਕ : ਗਰੇਸ਼ੀਅਸ ਬੁਕਸ, ਪਟਿਆਲਾ
ਮੁੱਲ : 295 ਰੁਪਏ, ਸਫ਼ੇ : 173
ਸੰਪਰਕ : 98149-05361.

ਇਸ ਪੁਸਤਕ ਵਿਚ ਵਿਦਵਾਨ ਲੇਖਕ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਅਧਿਐਨ ਵਸਤੂ ਵਜੋਂ ਗ੍ਰਹਿਣ ਕਰਕੇ ਇਸ ਵਿਚ ਉਪਲਬਧ ਮਾਨਵੀ ਸੂਝ ਦੇ ਵਿਭਿੰਨ ਪਹਿਲੂਆਂ ਪ੍ਰਤੀ ਨਿੱਠ ਕੇ ਚਰਚਾ ਕੀਤੀ ਹੈ। ਡੂੰਘਾ ਅਧਿਐਨ ਕਰਨ ਲਈ ਪੁਸਤਕ ਨੂੰ ਪੰਜ ਅਧਿਆਵਾਂ ਵਿਚ ਵਿਭਾਜਤ ਕੀਤਾ ਹੈ। ਪਹਿਲੇ ਕਾਂਡ ਵਿਚ ਮਾਨਵੀ ਸੂਝ ਦਾ ਧਾਰਮਿਕ-ਦਾਰਸ਼ਨਿਕ ਪਰਿਪੇਖ ਉਸਾਰਦਿਆਂ ਮਾਨਵੀ ਸੂਝ ਨੂੰ ਆਦਿ-ਕਾਲੀਨ ਸਮੇਂ ਤੋਂ ਮਾਨਵੀ-ਅਸਤਿਤਵ ਦਾ ਅਭਿੰਨ ਅੰਗ ਸਵੀਕਾਰ ਕੀਤਾ ਗਿਆ ਹੈ। ਮਾਨਵੀ ਸੂਝ ਦੀ ਚਿੰਤਨ-ਪਰੰਪਰਾ ਦਾ ਇਤਿਹਾਸ ਉਲੀਕਦਿਆਂ ਵੇਦਾਂ, ਬ੍ਰਾਹਮਣ ਗ੍ਰੰਥਾਂ, ਉਪਨਿਸ਼ਦਾਂ ਦੇ ਅਧਿਐਨ ਉਪਰੰਤ ਆਸਤਿਕ ਦਰਸ਼ਨ (ਨਿਆਇ, ਵੈਸ਼ੇਸ਼ਿਕ, ਸਾਂਖ, ਯੋਗ, ਵੇਦਾਂਤ ਆਦਿ), ਨਾਸਤਿਕ ਦਰਸ਼ਨ (ਚਾਰ ਵਾਕ, ਜੈਨ ਅਤੇ ਬੁੱਧ ਦਰਸ਼ਨ ਆਦਿ) ਅਤੇ ਭਗਤੀ ਪਰੰਪਰਾ/ਸੰਤਾਂ-ਭਗਤਾਂ ਦੀ ਬਾਣੀ ਦੇ ਸੰਦਰਭ ਵਿਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਵਿਲੱਖਣ ਦਰਸਾਇਆ ਹੈ। ਦੂਜੇ ਕਾਂਡ ਵਿਚ ਇਸ ਨਤੀਜੇ 'ਤੇ ਅਪੜਿਆ ਗਿਆ ਹੈ ਇਸ ਬਾਣੀ ਦ ਿਦ੍ਰਿਸ਼ਟੀ ਹਰ ਥਾਂ ਧਰਮ-ਪਰਾਇਣ ਹੈ। ਗੁਰੂ ਸਾਹਿਬ ਦੀ ਬਾਣੀ ਦਾ ਅਧਿਆਤਮਕ ਆਧਾਰ ਤਾਂ ਹੈ ਹੀ ਅਤੇ ਇਸ ਦੀ ਵਿਲੱਖਣਤਾ ਇਸ ਗੱਲ ਵਿਚ ਨਿਹਿਤ ਹੈ ਕਿ ਮਨੁੱਖ ਨੂੰ ਮਨੁੱਖ ਦੇ ਰੂਪ ਵਿਚ ਸਵੀਕਾਰ ਕਰਕੇ ਉਸ ਦੀ ਹੋਂਦ ਨੂੰ ਮਹੱਤਵ ਪ੍ਰਦਾਨ ਕੀਤਾ ਗਿਆ ਹੈ, ਤੀਜੇ ਕਾਂਡ ਵਿਚ ਇਸ ਬਾਣੀ ਵਿਚ ਪ੍ਰਸਤੁਤ ਰਾਜਨੀਤਕ ਸੂਝ ਦਾ ਮੁਲਾਂਕਣ ਕਰਦਿਆਂ ਇਕ ਅਜਿਹੇ ਰਾਜਨੀਤਕ ਅਵਚੇਤਨ ਨੂੰ ਉਜਾਗਰ ਕੀਤਾ ਗਿਆ ਹੈ, ਜਿਸ ਦੁਆਰਾ ਆਦਰਸ਼ ਰਾਜ, ਆਦਰਸ਼ ਰਾਜਾ ਅਤੇ ਆਦਰਸ਼ ਪਰਜਾ ਦਾ ਸੁਪਨਾ ਸਾਕਾਰ ਕੀਤਾ ਜਾ ਸਕੇ। ਚੌਥੇ ਕਾਂਡ ਵਿਚ ਸਮਾਜਿਕ ਸੂਝ ਦੇ ਵਿਸ਼ੇ 'ਤੇ ਫੋਕਸ ਕੀਤਾ ਗਿਆ ਹੈ। ਇਸ ਪੱਖੋਂ ਸੰਵਾਦ, ਗਿਆਨ, ਗ੍ਰਹਿਸਥ, ਨਾਰੀ, ਕਿਰਤ, ਸੰਗਤ, ਸੇਵਾ ਆਦਿ ਸਮਾਜਿਕ ਆਧਾਰਾਂ ਦੀ ਵਿਸਤ੍ਰਿਤ ਚਰਚਾ ਕੀਤੀ ਗਈ ਹੈ। ਪੰਜਵੇਂ ਕਾਂਡ ਵਿਚ ਸਦਾਚਾਰਕ ਪੱਖ ਦਾ ਉਲੇਖ ਹੈ। ਨਾਨਕ ਬਾਣੀ ਵਿਚ ਅਮਲੀ ਜੀਵਨ ਜਿਊਣ 'ਤੇ ਜ਼ੋਰ ਦਿੱਤਾ ਗਿਆ ਹੈ। ਕਥਨੀ ਅਤੇ ਕਰਨੀ ਹੀ ਪੂਰਨ ਸਦਾਚਾਰੀ ਬਣਾਉਣ ਵਿਚ ਮਾਨਵ ਦੀ ਸਹਾਈ ਹੋ ਸਕਦੀ ਹੈ। ਪੁਸਤਕ ਦੀ ਵਿਲੱਖਣਤਾ ਇਸ ਗੱਲ ਵਿਚ ਨਿਹਿਤ ਹੈ ਕਿ ਹਰ ਨੁਕਤੇ ਨੂੰ ਅਧਿਆਤਮਕ ਕੇਂਦਰਿਤ/ਬ੍ਰਹਮ ਕੇਂਦਰਿਤ ਦੀ ਸੀਮਾ ਵਿਚ ਰਹਿ ਕੇ ਸਪੱਸ਼ਟ ਕੀਤਾ ਗਿਆ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.


ਰੂਹ ਦੀ ਉਮਰ
ਸ਼ਾਇਰ : ਕੰਵਰਜੀਤ ਭੱਠਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ-119
ਸੰਪਰਕ : 93165-16951

ਕੰਵਰਜੀਤ ਭੱਠਲ ਪੰਜਾਬੀ ਸਾਹਿਤ ਦਾ ਜਾਣਿਆ-ਪਛਾਣਿਆ ਹਸਤਾਖ਼ਰ ਹੈ। ਉਸ ਨੇ ਦੋ ਦਰਜਨ ਤੋਂ ਉੱਪਰ ਕਿਤਾਬਾਂ ਦੀ ਸੰਪਾਦਨਾ ਕੀਤੀ ਹੈ ਤੇ ਸਾਹਿਤਕ ਪੱਤਰਕਾਰ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। 'ਰੂਹ ਦੀ ਉਮਰ' ਉਸ ਦੀਆਂ ਮੌਲਿਕ ਕਵਿਤਾਵਾਂ ਦੀ ਦੂਸਰੀ ਪੁਸਤਕ ਹੈ, ਜਿਸ ਵਿਚ ਖੁੱਲ੍ਹੀਆਂ ਨਜ਼ਮਾਂ ਵੀ ਹਨ ਤੇ ਛੰਦ ਬੰਦ ਵੀ। ਉਸ ਦੀ ਪਹਿਲੀ ਨਜ਼ਮ 'ਉਦਾਸ ਗੀਤ' ਖ਼ੂਬਸੂਰਤ ਰਚਨਾ ਹੈ, ਜਿਸ ਵਿਚ ਉਸ ਨੇ ਆਲੇ ਦੁਆਲੇ ਦੀਆਂ ਗੰਭੀਰ ਸਮੱਸਿਆਵਾਂ ਦੇ ਹੱਲ ਲਈ ਆਪਣੀ ਸਿਰਜਣਾ ਨੂੰ ਨਿਵੇਕਲੀ ਧਾਰ ਦੇਣ ਦੀ ਗੱਲ ਕੀਤੀ ਹੈ। 'ਉਸ ਰੁੱਖ ਨੂੰ ਕਹੋ' ਇਕ ਸੰਜੀਦਾ ਨਜ਼ਮ ਹੈ ਤੇ ਇਸ ਵਿਚ ਸ਼ਾਇਰ ਆਪਣੇ ਅੰਦਰਲੇ ਵੇਗ ਨੂੰ ਸ਼ਬਦਾਂ ਦੇ ਕੱਜਣ ਦਿੰਦਾ ਹੈ। ਆਪਣੀ ਨਜ਼ਮ 'ਔਰਤ ਕਿਵੇਂ ਮਹਾਨ' ਵਿਚ ਉਹ ਪੁੱਛਦਾ ਹੈ ਕਿ ਹਰ ਸਾਲ ਇਸਤਰੀ ਵਰ੍ਹਾ ਮਨਾਉਣ ਵਾਲਿਆਂ ਨੇ ਔਰਤ ਲਈ ਕੀ ਕੀਤਾ ਹੈ। ਆਪਣੀਆਂ ਹੋਰ ਆਜ਼ਾਦ ਨਜ਼ਮਾਂ ਵਿਚ ਸ਼ਾਇਰ ਸਰਕਾਰੀ ਵਿਭਾਗਾਂ ਦੀ ਕਾਰਗੁਜ਼ਾਰੀ 'ਤੇ ਅਸੰਤੁਸ਼ਟੀ ਪ੍ਰਗਟ ਕਰਦਾ ਹੈ ਤੇ ਸਮਾਜ ਦਾ ਹਰ ਹਿੱਸਾ ਉਸ ਨੂੰ ਸ਼ੋਸ਼ਤ ਮਹਿਸੂਸ ਹੁੰਦਾ ਹੈ। ਉਹ ਅਖੌਤੀ ਨੇਤਾਵਾਂ ਦਾ ਪਰਦਫ਼ਾਸ਼ ਕਰਦਾ ਹੈ ਤੇ ਬੇਬਾਕ ਹੋ ਕੇ ਉਨ੍ਹਾਂ ਦੀ ਅਸਲੀਅਤ ਨੂੰ ਪੇਸ਼ ਕਰਦਾ ਹੈ। ਕੁਝ ਨਜ਼ਮਾਂ ਰਿਸ਼ਤਿਆਂ ਦੀ ਭੱਜ-ਟੁੱਟ 'ਤੇ ਅਧਾਰਤ ਹਨ ਤੇ ਕੁਝ ਕੁ ਅਤੀਤ ਨਾਲ ਜੁੜੀਆਂ ਹੋਈਆਂ ਹਨ। ਸ਼ਾਇਰ ਪੁਰਾਣੇ ਸਮੇਂ ਦੀਆਂ ਸਾਂਝਾਂ ਨੂੰ ਯਾਦ ਕਰਦਾ ਹੈ ਤੇ ਉਨ੍ਹਾਂ ਦੀ ਅੱਜ ਦੇ ਸਮੇਂ ਦੇ ਮੋਹ-ਪਿਆਰ ਨਾਲ ਤੁਲਨਾ ਕਰਦਾ ਹੈ। ਇਸ ਪੁਸਤਕ ਦੀਆਂ ਕੁਝ ਰਚਨਾਵਾਂ ਗੀਤ ਤੇ ਗ਼ਜ਼ਲਨੁਮਾ ਹਨ। ਇਨ੍ਹਾਂ ਨੂੰ ਪੜ੍ਹ ਕੇ ਮਹਿਸੂਸਿਆ ਜਾ ਸਕਦਾ ਹੈ ਕਿ ਕੰਵਰਜੀਤ ਭੱਠਲ ਕੋਲ ਛੰਦ ਬੰਦਤਾ ਦਾ ਹੁਨਰ ਵੀ ਹੈ ਤੇ ਇਸ ਨੂੰ ਵਰਤਣ ਦੀ ਯੁਗਤ ਵੀ ਹੈ। ਇਸ ਪੁਸਤਕ ਦੀ ਸ਼ਾਇਰੀ ਲੋਕ ਸਮੱਸਿਆਵਾਂ ਨਾਲ ਵਧੇਰੇ ਜੁੜੀ ਹੋਈ ਹੈ ਪਰ ਕਿਤੇ-ਕਿਤੇ ਭੱਠਲ ਨੇ ਆਪਣੇ ਜ਼ਾਤੀ ਜਜ਼ਬਾਤ ਨੂੰ ਵੀ ਜ਼ਬਾਨ ਦਿੱਤੀ ਹੈ। ਇਨ੍ਹਾਂ ਨਜ਼ਮਾਂ ਵਿਚ ਸਵਾਲਾਂ ਦੀ ਬਹੁਲਤਾ ਹੈ, ਸ਼ਾਇਰ ਨੇ ਸ਼ਾਇਦ ਜਵਾਬ ਪਾਠਕਾਂ 'ਤੇ ਛੱਡ ਦਿੱਤੇ ਹਨ।

-ਗੁਰਦਿਆਲ ਰੌਸ਼ਨ
ਮੋ: 9988444002

08/04/2017

 ਸਵੀਡਿਸ਼ ਕਵਿਤਾ
ਲੇਖਕ : ਨਿੰਦਰ ਗਿੱਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 130
ਸੰਪਰਕ : 0172-4608699.

ਸਾਹਿਤ ਵਿਚ ਨਵੇਂ ਖੂਨ ਦੇ ਸੰਚਾਰ ਲਈ ਸਾਹਿਤ ਦੇ ਪਾਠਕਾਂ ਤੇ ਸਿਰਜਕਾਂ ਨੂੰ ਆਪਣੀ ਭਾਸ਼ਾ ਤੇ ਸੱਭਿਆਚਾਰ ਤੋਂ ਵੱਖਰੀਆਂ ਭਾਸ਼ਾਵਾਂ ਦੇ ਸਾਹਿਤ ਜਗਤ ਦੇ ਰੂਬਰੂ ਕਰਨਾ ਬਹੁਤ ਜ਼ਰੂਰੀ ਹੈ। ਤੁਲਨਾਤਮਕ ਸਾਹਿਤ ਦੇ ਨਵੇਂ ਸਾਹਿਤਕ ਅਨੁਸ਼ਾਸਨ ਦਾ ਜਨਮ ਇਸੇ ਸੋਚ ਨਾਲ ਹੋਇਆ ਸੀ। ਸਵੀਡਿਸ਼ ਕਵਿਤਾ ਨਾਂਅ ਦੀ ਨਿੰਦਰ ਗਿੱਲ ਦੀ ਪੁਸਤਕ ਇਸੇ ਅਨੁਸ਼ਾਸਨ ਦੀ ਮਹੱਤਵਪੂਰਨ ਰਚਨਾ ਹੈ। ਲੇਖਕ ਕਈ ਵਰ੍ਹੇ ਤੋਂ ਇਸ ਦੇਸ਼ ਦੇ ਸਾਹਿਤ ਸੱਭਿਆਚਾਰ ਨੂੰ ਨੇੜਿਓਂ ਵੇਖਦਾ ਸਮਝਦਾ ਰਿਹਾ ਹੈ। ਉਹ ਆਪ ਬਹੁਵਿਧਾਈ ਤੇ ਅਨੁਭਵੀ ਸਾਹਿਤਕਾਰ ਹੈ। ਇਸ ਕਾਰਨ ਉਸ ਦੀ ਇਹ ਲਿਖਤ ਨਿਵੇਕਲੇ ਗੌਰਵ ਦੀ ਅਧਿਕਾਰੀ ਬਣਨੀ ਕੁਦਰਤੀ ਹੈ।
ਨਿੰਦਰ ਗਿੱਲ ਨੇ ਇਸ ਪੁਸਤਕ ਵਿਚ ਸਵੀਡਿਸ਼ ਕਵਿਤਾ ਦੇ ਜਨਮ, ਵਿਕਾਸ, ਮੁੱਖ ਕਵੀਆਂ ਤੇ ਪ੍ਰਵਿਰਤੀਆਂ ਬਾਰੇ ਚਾਲੀ ਪੰਨੇ ਦੀ ਵਿਸਤ੍ਰਿਤ ਭੂਮਿਕਾ ਲਿਖ ਕੇ ਇਕ ਨਵੇਂ ਕਾਵਿ ਜਗਤ ਨਾਲ ਪੰਜਾਬੀ ਪਾਠਕ ਦੀ ਜਾਣ-ਪਛਾਣ ਕਰਵਾਈ ਹੈ। ਇਸ ਦੌਰਾਨ ਉਸ ਨੇ ਸਵੀਡਿਸ਼ ਕਵੀਆਂ ਦੇ ਸਮਾਨਾਂਤਰ ਪੰਜਾਬੀ ਕਵੀਆਂ ਦੀਆਂ ਰਲਦੀਆਂ ਪ੍ਰਵਿਰਤੀਆਂ/ਸੁਭਾਵਾਂ/ਸੁਰਾਂ ਵੱਲ ਸਾਡਾ ਧਿਆਨ ਦਿਵਾਇਆ ਹੈ। ਸਾਡੇ ਪ੍ਰਗਤੀਵਾਦੀ ਕਵੀਆਂ ਵਾਂਗ ਇਸ ਕਾਵਿ ਜਗਤ ਕੋਲ ਵੀ ਖੱਬੇ-ਪੱਖੀ ਕਵੀ ਹਨ। ਯਥਾਰਥਵਾਦ, ਪ੍ਰਤੀਬੱਧਤਾ, ਧਾਰਮਿਕਤਾ ਉਨ੍ਹਾਂ ਕੋਲ ਵੀ ਹੈ। ਜੇ ਸਾਡੇ ਕੋਲ ਸ਼ਿਵ ਕੁਮਾਰ ਹੈ ਤਾਂ ਉਨ੍ਹਾਂ ਕੋਲ ਕਾਰਲ ਮਾਈਕਲ ਬੈਲਮੈਨ ਹੈ। ਮੌਤ ਨੂੰ ਮਜ਼ਾਕ ਵਾਂਗ ਲੈਂਦਾ, ਮੌਤ ਦੀ ਸੈਲੀਬਰੇਸ਼ਨ ਕਰਦਾ, ਸੁਪਨਮਈ ਰੁਮਾਂਟਿਕ ਸੰਸਾਰ ਸਿਰਜਦਾ।
ਸਾਡੇ ਅਮਿਤੋਜ ਵਾਂਗ ਡਰਾਮੈਟਿਕ ਨਜ਼ਮਾਂ ਲਿਖਣ ਵਾਲਾ ਆਲਮਕੁਇਸਟ ਹੈ ਸਵੀਡਿਸ਼ ਕਵਿਤਾ ਵਿਚ। ਨਿੰਦਰ ਚਾਤ੍ਰਿਕ ਦੀ ਕਵਿਤਾ ਸਵਰਗੀ ਜਿਊੜੇ ਵਾਂਗ ਗਰੀਬੀ ਨੂੰ ਗਲੋਰੀਫਾਈ ਕਰਦੀ ਸਵੀਡਿਸ਼ ਕਵਿਤਾ ਵੱਲ ਸੰਕੇਤ ਕਰਦਾ ਹੈ। ਉਥੇ ਦੇ ਜੁਝਾਰ ਕਾਵਿ ਤੇ ਪਰੰਪਰਾ ਭੰਜਕ ਕਾਵਿ ਦੀ ਗੱਲ ਛੇੜਦਾ ਹੈ। ਰੈਡਵੈਰੀ ਨਾਲ ਜੁੜੀ ਆਧੁਨਿਕ ਕਵਿਤਾ ਨੂੰ ਰੇਖਾਂਕਿਤ ਕਰਦਾ ਹੈ। ਹੈਲਿਡਨਸਟੈਮ, ਫਰਾਊਡਿੰਗ, ਰੇਮਕੇਰ, ਐਟਰਬੂਮ ਆਦਿ ਦੀ ਮਨੁੱਖ ਦੇ ਅੰਤਰੀਵ ਜਗਤ ਨਾਲ ਸਾਂਝ ਪਾਉਂਦੀ ਕਵਿਤਾ ਬਾਰੇ ਚਰਚਾ ਕਰਦਾ ਹੈ।
ਨਿੰਦਰ ਦੀ ਲੰਮੀ ਭੂਮਿਕਾ ਉਪਰੰਤ ਉਸ ਦੁਆਰਾ ਚੁਣੀਆਂ ਤੇ ਅਨੁਵਾਦਿਤ ਕੀਤੀਆਂ ਸਵੀਡਿਸ਼ ਕਵਿਤਾਵਾਂ ਇਸ ਪੁਸਤਕ ਦੇ 90 ਕੁ ਪੰਨਿਆਂ ਵਿਚ ਅੰਕਿਤ ਹਨ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550


ਅਣਜੰਮਿਆ ਬੋਟ
ਕਵਿੱਤਰੀ : ਸਤਿੰਦਰ ਸੱਤੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 175 ਰੁਪਏ, ਸਫ਼ੇ : 96
anchorsat@yahoo.com

ਸਤਿੰਦਰ ਸੱਤੀ ਇਕ ਬਹੁਮੁਖੀ ਪ੍ਰਤਿਭਾ ਦਾ ਨਾਂਅ ਹੈ। ਉਸ ਨੇ ਆਪਣੇ ਰਚਨਾਤਮਕ ਜੀਵਨ ਦੀ ਸ਼ੁਰੂਆਤ ਇਕ 'ਐਂਕਰ' ਦੇ ਰੂਪ ਵਿਚ ਕੀਤੀ ਸੀ, ਕੁਝ ਸਮਾਂ ਇਸ ਸ਼ੌਕ ਨੂੰ ਵਿਵਸਾਇ ਦੇ ਰੂਪ ਵਿਚ ਵੀ ਅਪਣਾਇਆ ਪਰ ਬਾਅਦ ਵਿਚ ਉਹ ਨਵੀਆਂ ਮੰਜ਼ਿਲਾਂ ਵੱਲ ਉਡਾਰੀਆਂ ਮਾਰਨ ਲੱਗੀ। 'ਅਣਜੰਮਿਆ ਬੋਟ' ਉਸ ਦੀਆਂ ਮੁਢਲੀਆਂ ਕਵਿਤਾਵਾਂ ਵਿਚੋਂ ਇਕ ਹੈ। ਇਸ ਵਿਚ ਉਸ ਨੇ ਕੰਨਿਆ-ਭਰੂਣ ਹੱਤਿਆ ਦੇ ਬਿਰਤਾਂਤ ਨੂੰ ਨਿਵੇਕਲੇ ਅੰਦਾਜ਼ ਵਿਚ ਬਿਆਨ ਕੀਤਾ ਹੈ। ਇਹ ਕਵਿਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਮੇਲੇ ਵਿਚ ਖੂਬ ਸਰਾਹੀ ਗਈ ਸੀ।
ਸਤਿੰਦਰ ਸੱਤੀ ਬੇਸ਼ੱਕ ਅਜੇ ਜਵਾਨੀ ਦੇ ਆਲਮ ਵਿਚੋਂ ਗੁਜ਼ਰ ਰਹੀ ਹੈ ਪਰ ਉਸ ਦਾ ਅਨੁਭਵ ਬਹੁਤ ਡੂੰਘਾ ਅਤੇ ਗਹਿਰ-ਗੰਭੀਰ ਹੈ।
ਬੀਬਾ ਸਤਿੰਦਰ ਦੀ ਸ਼ਾਇਰੀ ਦੇ ਅਨੇਕ ਧਰਾਤਲ ਹਨ। ਕੁਝ ਇਕ ਨੂੰ ਉਸ ਨੇ ਰੂਪਮਾਨ ਕਰ ਲਿਆ ਹੈ ਅਤੇ ਬਹੁਤ ਸਾਰੇ ਹੋਰ ਉਸ ਦੀ ਕਲਮ ਦੀ ਨੋਕ ਉੱਪਰ ਆਉਣ ਲਈ ਮਚਲ ਰਹੇ ਹਨ। ਉਸ ਦੇ ਅੰਦਰ ਇਕ ਦਰਵੇਸ਼ (ਣੀ) ਦੀ ਰੂਹ ਸਮਾਈ ਹੋਈ ਹੈ। ਜੀਵਨ ਦੀਆਂ ਉਚੇਰੀਆਂ ਪ੍ਰਾਪਤੀਆਂ ਨੇ ਉਸ ਨੂੰ ਦਰਵੇਸ਼ ਬਣਾ ਦਿੱਤਾ ਹੈ, ਉਸ ਦੇ ਕਲਾਮ ਵਿਚ ਇਹ ਦਰਵੇਸ਼ੀ ਹੀ ਬੋਲਦੀ ਹੈ। ਦੇਖੋ :
ਲੱਗੀਆਂ ਮੈਨੂੰ ਜਿਊਣ ਨ ਦੇਵਣ
ਪੀੜ ਅਨੋਖੀ ਜਾਈ ਹਾਂ।
ਹਰ ਹਰ 'ਚੋਂ ਮੈਂ ਮੁਰਸ਼ਦ ਟੋਲਾਂ
ਲੋਕਾਂ ਭਾਣੇ ਸ਼ੁਦਾਈ ਹਾਂ। (ਪੰਨਾ 19)
ਉਸ ਦੀਆਂ ਇਨ੍ਹਾਂ ਕਵਿਤਾਵਾਂ ਵਿਚੋਂ ਇਸ਼ਕ-ਹਕੀਕੀ ਦੇ ਝਲਕਾਰੇ ਵੱਜਦੇ ਹਨ। ਉਸ ਦਾ ਵਿਚਾਰ ਹੈ ਕਿ ਤਜਰਬੇ ਨਾਲ ਅਕਲ ਨਹੀਂ ਆਉਂਦੀ ਪਰ ਅਕਲ ਨਾਲ ਤਜਰਬਾ ਆ ਜਾਂਦਾ ਹੈ (?) ਉਹ ਆਪਣੀਆਂ ਪ੍ਰਾਪਤੀਆਂ ਨੂੰ ਆਪਣੇ ਮੁਰਸ਼ਿਦ ਦੀ ਰਹਿਮਤ ਨਾਲ ਜੋੜ ਕੇ ਦੇਖਦੀ ਹੈ। ਬਕੌਲ ਕਵਿੱਤਰੀ : 'ਸਤਿੰਦਰ ਤੋਂ 'ਸੱਤੀ' ਬਣੀ ਤਾਂ ਸ਼ੁਹਰਤਾਂ ਦੇ ਅੰਬਾਰ ਲੱਗ ਗਏ; ਕਦੇ ਕੋਈ ਨਾਂਅ ਇੰਜ ਬੰਦੇ ਨੂੰ ਮੇਚ ਆ ਹੀ ਜਾਂਦਾ ਹੈ।' (ਪੰਨਾ 33) ਸਤਿੰਦਰ ਸੱਤੀ ਵਾਸਤੇ ਕਾਵਿ-ਅਭੀਵਿਅਕਤੀ ਦਾ ਰਸਤਾ ਖੁੱਲ੍ਹ ਗਿਆ ਹੈ। ਇਸ ਰਸਤੇ ਉੱਪਰ ਚੱਲਣ ਵਾਲੇ ਲਈ ਵਾਪਸੀ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਕਵਿਤਾ ਇਸ਼ਨਾਨ
ਲੇਖਕ : ਜਗਤਾਰ ਢਾਅ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 98152-98459.

ਕਵਿਤਾ ਇਸ਼ਨਾਨ ਪ੍ਰਸਿੱਧ ਕਵੀ ਜਗਤਾਰ ਢਾਅ ਦੀ ਕਾਵਿ ਪੁਸਤਕ ਹੈ। ਇਹ ਕਾਵਿ ਪੁਸਤਕ ਕਵੀ ਦੇ ਮਨ ਦੀਆਂ ਵੇਦਨਾਵਾਂ ਦਾ ਪ੍ਰਗਟਾਵਾ ਹੈ। ਕਾਵਿ ਦ੍ਰਿਸ਼ ਉਸਾਰਨ ਦੀ ਸਮਰੱਥਾ ਜਗਤਾਰ ਢਾਅ ਦੇ ਕਾਵਿ ਅੰਦਰ ਵਿਦਮਾਨ ਰਹਿੰਦੀ ਹੈ। ਇਸ ਕਾਵਿ ਪੁਸਤਕ ਦੀ ਪਹਿਲੀ ਕਵਿਤਾ ਤੋਂ ਅਖੀਰਲੀ ਤੱਕ ਕਵੀ ਪਾਠਕ ਦੇ ਜਜ਼ਬਿਆਂ ਨੂੰ ਝੰਜੋੜਨ ਵਾਲੇ ਕਾਵਿ ਦ੍ਰਿਸ਼ ਉਸਾਰ ਕੇ ਮਨ ਦੀਆਂ ਕਈ ਗੁੰਝਲਾਂ ਖੋਲ੍ਹਦਾ ਨਜ਼ਰ ਆਉਂਦਾ ਹੈ। ਉਸ ਦਾ ਕਾਵਿ ਪਾਤਰ ਇਕ ਬੀਤ ਚੁੱਕੇ ਦੇ ਗਿਲਿਆਂ ਨਾਲ ਤੇ ਅਜਿਹੇ ਸੁਪਨਿਆਂ ਨਾਲ ਦੋ ਚਾਰ ਹੁੰਦਾ ਹੈ, ਜਿਹੜੇ ਪਦਾਰਥਕ ਸੁੱਖਾਂ ਵਿਚ ਗੁਆਚੇ ਮਨੁੱਖ ਦੇ ਜ਼ਿਹਨ ਵਿਚ ਉਪਜਦੇ ਹਨ। ਉਸ ਨੇ ਮਾਨਵੀ ਸੰਵੇਦਨਾ ਦੀਆਂ ਕਈ ਪਰਤਾਂ ਉਧੇੜੀਆਂ ਹਨ :
ਭਰੂਣ ਹੱਤਿਆ ਨਾਲ/ਮਰੀਆਂ ਮੇਰੀਆਂ ਧੀਆਂ
ਮੇਰੇ ਪੁੱਤਰ ਦੇ ਵਿਆਹ 'ਤੇ/ਇੰਜੜੀ ਫੜਨ ਆਉਂਦੀਆਂ
ਜਿਨ੍ਹਾਂ ਨੂੰ ਦੇਖ/ਮੈਂ ਧਾਹਾਂ ਮਾਰ ਰੋਂਦਾ
ਕਵੀ ਨਿੱਕੇ-ਨਿੱਕੇ ਭਾਵਪੂਰਤ ਦ੍ਰਿਸ਼ ਉਸਾਰਦਾ ਹੈ। ਪਤੰਗ ਕਵਿਤਾ ਮਨ ਦੇ ਜਜ਼ਬਿਆਂ ਦੀ ਆਪ ਮੁਹਾਰੀ ਉਡਾਨ ਹੈ। ਕਵੀ ਜਗਤਾਰ ਨੇ ਮਨੁੱਖੀ ਜੀਵਨ ਦੀਆਂ ਕਈਆਂ ਸਥਿਤੀਆਂ ਦੀ ਤਰਜਮਾਨੀ ਕਰਦੀ ਕਾਵਿ ਰਚਨਾ ਕੀਤੀ ਹੈ। ਮਨੁੱਖ ਦੀ ਲਾਲਸਾ ਭੌਤਿਕ ਸੁੱਖਾਂ ਲਈ ਭਟਕਣਾ ਤੋਂ ਕਵੀ ਵਾਕਫ਼ ਹੈ :
ਸਾਰੀ ਉਮਰ ਉਹ ਪਤਾ ਨਹੀਂ ਕਿੱਥੋਂ ਕਿੱਥੋਂ
ਕੀ ਕੀ ਇਕੱਠਾ ਕਰਦਾ ਰਿਹਾ/ਆਪਣਾ ਖਾਲੀ ਭਾਂਡਾ ਭਰਦਾ ਰਿਹਾ
ਅਗਲੇ ਹੀ ਪਲ ਉਸ ਦੇ ਰੁੜੇ ਜਾਂਦੇ 'ਚੋਂ
ਕਈ ਇਕੱਠਾ ਕਰ ਰਹੇ ਸਨ!
ਦਾਰਸ਼ਨਿਕ ਵਿਸ਼ਿਆਂ ਨੂੰ ਕਵੀ ਨੇ ਬਾਖੂਬੀ ਨਿਭਾਇਆ ਹੈ। ਉਹ ਮਨੁੱਖ ਜੋ ਸਾਰੀ ਉਮਰ ਰੱਬ ਨੂੰ ਲੱਭਦਾ ਹੈ, ਉਸ ਦੇ ਭੇਦ ਜਾਨਣ ਲਈ ਕਾਹਲਾ ਹੈ ਪਰ ਸਾਰੀ ਉਮਰ ਪਛਾਣ ਨਹੀਂ ਸਕਿਆ। 'ਰੱਬ ਨਾਲ ਲੁਕਣਮੀਟੀ', ਬੋਹੜ, ਕਿਰਤ ਕਮਾਈ, ਇਕੱਲਤਾ, ਭੁਲੇਖਾ, ਚਿੱਤ ਚੋਰ ਆਦਿ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਅਜੋਕੇ ਦੌਰ ਵਿਚ ਔਰਤ ਨੂੰ ਜਦੋਂ ਮੰਡੀ ਦੀ ਵਸਤੂ ਵਾਂਗ ਵੇਖਿਆ ਜਾਂਦਾ ਹੈ ਤਾਂ ਕਾਵਿ ਮਨ ਇਸ ਸਥਿਤੀ ਨੂੰ ਇੰਜ ਬਿਆਨ ਕਰਦਾ ਹੈ :
ਉਤੋਂ ਚੁੱਪ ਚੁਪੀਤੀ/ਅੰਦਰੋਂ ਭਰੀ ਪੀਤੀ
ਹੁਣ ਜਦੋਂ ਵੀ ਖੁੱਲ੍ਹਦੀ ਹੈ/ਜਿਣਸ ਵਾਂਗੂ ਤੁਲਦੀ ਹੈ
ਮੰਡੀ ਅੰਦਰ ਆਪਣਾ ਚੰਗਾ ਮੁੱਲ ਪੁਆਉਂਦੀ ਹੈ
ਦੰਸਾਦੇ ਵਾਲੀ ਔਰਤ ਹੁਣ ਮੈਚਿੰਗ ਲਿਪਸਟਿਕ ਲਾਉਂਦੀ ਹੈ।
ਕਵੀ ਪੰਛੀਆਂ ਦੇ ਆਜ਼ਾਦ ਮਨ ਨੂੰ ਵੀ ਸਮਝਦਾ ਹੈ ਤੇ ਮਨੁੱਖ ਪਾਸੋਂ ਵੀ ਅਜਿਹੀ ਉਮੀਦ ਕਰਦਾ ਹੈ ਕਿ ਉਹ ਆਜ਼ਾਦ ਜੀਵ ਜਿਵੇਂ-
ਪੰਛੀ ਉੱਡੇ ਜਾ ਰਹੇ/ਜਿਨ੍ਹਾਂ ਨੂੰ ਨਾ ਆਦਿ ਦਾ ਪਤਾ
ਨਾ ਅੰਤ ਦਾ/ਨਾ ਮੌਤੋਂ ਪਾਰ ਦੀ ਚਿੰਤਾ
ਕਵੀ ਦੀ ਹਰ ਰਚਨਾ ਇਕ ਵੱਖਰੇ ਵਿਚਾਰ ਅਤੇ ਵੱਖਰੀ ਸੋਚ ਦੀ ਧਾਰਨੀ ਹੈ।

-ਪ੍ਰੋ: ਕੁਲਜੀਤ ਕੌਰ ਅਠਵਾਲ।


ਤਹਿਜ਼ੀਬਯਾਫ਼ਤਾਈਆਂ
ਲੇਖਕ : ਪ੍ਰਿੰਸੀਪਲ ਜਸਵੰਤ ਸਿੰਘ 'ਗਿੱਲ'
ਪ੍ਰਕਾਸ਼ਕ : ਨਵੀਨ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 108
ਸੰਪਰਕ : 92177-67022.

'ਤਹਿਜ਼ੀਬਯਾਫ਼ਤਾਈਆਂ' ਪ੍ਰਿੰਸੀਪਲ ਜਸਵੰਤ ਸਿੰਘ 'ਗਿੱਲ' ਦੀ ਅਜਿਹੀ ਪੁਸਤਕ ਹੈ, ਜਿਸ ਵਿਚ ਲੇਖਕ ਨੇ ਗੁਰਮਤਿ ਮਾਰਗ ਦੀ ਰੌਸ਼ਨੀ ਵਿਚ ਅਤੇ ਵੱਖ-ਵੱਖ ਸਿਆਣਪ ਭਰੇ ਕਥਨਾਂ ਦੀ ਸੂਝਮਈ ਨੁਹਾਰ ਨੂੰ ਪੇਸ਼ ਕਰਦਿਆਂ ਸੁਚੱਜੀ ਜੀਵਨ-ਜਾਚ ਦੀ ਸੋਝੀ ਕਰਵਾਈ ਹੈ। ਉਨ੍ਹਾਂ ਨੇ ਆਪਣੀ ਇਸ ਪੁਸਤਕ ਵਿਚ 9 ਨਿਬੰਧ ਸ਼ਾਮਿਲ ਕੀਤੇ ਹਨ ਅਤੇ ਇਸ ਪੁਸਤਕ ਦੀ ਭੂਮਿਕਾ ਦੀ ਥਾਂ 'ਨਾਰਿ ਭਤਾਰ ਪਿਆਰੁ ਹੈ' ਸਿਰਲੇਖ ਤਹਿਤ ਉਨ੍ਹਾਂ ਦੀ ਕਾਲਜ ਪ੍ਰਾਧਿਆਪਕ ਬੇਟੀ ਕੁਲਜੀਤ ਕੌਰ ਅਠਵਾਲ ਵੱਲੋਂ ਗੁਰਮਤਿ ਰਹਿਣੀ-ਬਹਿਣੀ ਅਨੁਸਾਰ ਸਮਾਜਿਕ ਜ਼ਿੰਦਗੀ ਜਿਊਣ ਬਾਰੇ ਭਾਵਪੂਰਤ ਵਿਚਾਰ ਪੇਸ਼ ਕੀਤੇ ਹਨ।
ਇਕ ਔਰਤ ਜੋ ਆਪਣੇ ਘਰੇਲੂ ਕੰਮਕਾਜ ਕਰਦੀ ਘਰੇਲੂ ਜ਼ਿੰਮੇਵਾਰੀਆਂ ਨਿਭਾਉਂਦੀਆਂ ਆਪਣਾ ਘਰ ਚਲਾਉਂਦੀ ਹੈ ਅਤੇ ਜੀਵ ਆਤਮਾ ਜਿਸ ਅਧਿਆਤਮਕ ਮਾਰਗ 'ਤੇ ਚਲਦਿਆਂ ਪ੍ਰਭੂ ਪਰਮਾਤਮਾ ਵਿਚ ਅਭੇਦ ਹੋਣਾ ਹੈ, ਉਸ ਬਾਰੇ ਇਸ ਭੂਮਿਕਾ ਰੂਪੀ ਨਿਬੰਧ ਵਿਚ ਵਡਮੁੱਲੇ ਵਿਚਾਰ ਪੇਸ਼ ਕੀਤੇ ਗਏ ਹਨ। ਲੇਖਕ ਨੇ ਆਪਣੇ ਨਿਬੰਧਾਂ ਵਿਚ ਅਸਲ ਵਿਚ ਜ਼ਿੰਦਗੀ ਜਿਊਣ ਦਾ ਸਲੀਕਾ ਹੀ ਪੇਸ਼ ਕੀਤਾ ਹੈ ਕਿ ਕਿਵੇਂ ਸਮਾਜ ਵਿਚ ਵਿਚਰਦਿਆਂ ਹੋਇਆਂ ਅਸੀਂ ਆਪਣਾ ਲੋਕ ਅਤੇ ਪਰਲੋਕ ਸੁਹੇਲਾ ਬਣਾ ਸਕਦੇ ਹਾਂ।
ਮਾੜੀਆਂ ਅਲਾਮਤਾਂ ਜਿਵੇਂ ਕਰਜ਼ੇ ਤੋਂ ਮੁਕਤੀ ਲੈ ਕੇ, ਸਮੇਂ ਦੀ ਸਮਰੱਥਾ ਨੂੰ ਪਛਾਣਦੇ ਹੋਏ ਆਪਣੀ ਸਿਰਜਨਾਤਮਿਕਤਾ ਨੂੰ ਹਾਂ-ਵਾਚੀ ਬਣਾਉਂਦੇ ਹੋਏ, ਗ੍ਰਿਹਸਥ ਮਾਰਗ ਪ੍ਰੇਮ ਭਾਵ ਨਾਲ ਨਿਭਾਉਂਦੇ ਹੋਏ ਸਫਲ ਜ਼ਿੰਦਗੀ ਜਿਊ ਸਕਦੇ ਹਾਂ। 'ਬੁਢਾਪਾ' 'ਸਵਰਗ ਨਰਕ' ਨੂੰ ਮਨੁੱਖੀ ਮਨ ਦੀਆਂ ਅਵਸਥਾਵਾਂ ਖਿਆਲ ਕਰਦੇ ਹੋਏ ਲੇਖਕ ਇਨ੍ਹਾਂ ਨੂੰ ਗੁਰਬਾਣੀ ਦੇ ਹਵਾਲਿਆਂ ਨਾਲ ਸਪੱਸ਼ਟ ਕਰਦਾ ਹੈ। ਲੇਖਕ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਜਦੋਂ ਇਕ ਸ਼ਬਦ ਦਰਜ ਕਰਦਾ ਹੈ ਤਾਂ ਬਾਅਦ ਵਿਚ ਉਸ ਦੇ ਸਮਾਨਾਰਥੀ ਸ਼ਬਦਾਂ ਦੀ ਲੜੀ ਬਣਾਉਂਦਿਆਂ ਹੋਇਆਂ ਪਾਠਕ ਨੂੰ ਗਿਆਨ ਦੇ ਨਾਲ-ਨਾਲ ਸੁਹਜਮਈ ਸ਼ੈਲੀ ਦੇ ਵੀ ਰੂਬਰੂ ਕਰਦਾ ਹੈ। ਲੇਖਕ ਮਨੁੱਖ ਨੂੰ ਆਪਣੇ ਇਨ੍ਹਾਂ ਨਿਬੰਧਾਂ ਵਿਚ ਅਸਲ ਵਿਚ ਅਸਲੀਅਤ ਦੇ ਹੀ ਦਰਸ਼ਨ ਕਰਵਾਉਂਦਾ ਹੈ।

-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.


ਬਾਲ ਮੁਸਕਾਨ
ਲੇਖਿਕਾ : ਕੁਲਵਿੰਦਰ ਕੌਰ ਰੂਹਾਨੀ
ਪ੍ਰਕਾਸ਼ਨ : ਦੋਆਬਾ ਸਾਹਿਤ ਸਭਾ (ਰਜਿ.), ਗੜ੍ਹਸ਼ੰਕਰ-ਹੁਸ਼ਿਆਰਪੁਰ
ਮੁੱਲ : 40 ਰੁਪਏ, ਸਫ਼ੇ : 45
ਸੰਪਰਕ : 94177-47597.

ਲੇਖਿਕਾ ਨੂੰ ਇਸ ਗੱਲ ਦਾ ਸ਼ਿੱਦਤ ਨਾਲ ਅਹਿਸਾਸ ਹੈ ਕਿ ਵਰਤਮਾਨ ਬੱਚਾ ਵਿਗਿਆਨਕ ਯੁੱਗ ਵਿਚ ਰਹਿ ਰਿਹਾ ਹੈ ਜਿਸ ਕਰਕੇ ਉਸ ਦੀ ਸੂਝ ਬੂਝ ਅਤੇ ਚੇਤਨਾ ਦਾ ਗ੍ਰਾਫ਼ ਉੱਚਾ ਹੋਇਆ ਹੈ। ਇਸ ਸੰਗ੍ਰਹਿ ਵਿਚ ਵੰਨ-ਸੁਵੰਨੇ ਮੌਸਮਾਂ, ਨਜ਼ਾਰਿਆਂ, ਜੀਵ ਜੰਤੂਆਂ ਦਾ ਦ੍ਰਿਸ਼ ਵਰਣਨ ਕਰਨ ਦੇ ਨਾਲ-ਨਾਲ ਬੱਚਿਆਂ ਵਿਚ ਨੈਤਿਕ ਕਦਰਾਂ-ਕੀਮਤਾਂ ਦੀ ਭਾਵਨਾ ਪੈਦਾ ਕਰਨ ਵਾਲੀਆਂ ਕਵਿਤਾਵਾਂ ਸ਼ਾਮਿਲ ਹਨ।
ਦੇਸ਼ ਭਗਤੀ ਅਤੇ ਯੋਧਿਆਂ ਦੇ ਬਹਾਦਰੀ ਭਰਪੂਰ ਜਜ਼ਬੇ ਵੀ ਇਨ੍ਹਾਂ ਕ੍ਰਿਤਾਂ ਵਿਚੋਂ ਉੱਭਰਦੇ ਹਨ। ਅਜੋਕੇ ਸਮੇਂ ਵਿਚ ਸਾਡੇ ਸਮਾਜ ਨੂੰ ਅਨੇਕ ਪ੍ਰਕਾਰ ਦੀਆਂ ਸਮਾਜਿਕ ਅਤੇ ਸਰੀਰਕ ਬਿਮਾਰੀਆਂ ਦੇ ਨਾਲ-ਨਾਲ ਪ੍ਰਕਿਰਤਕ ਚੁਣੌਤੀਆਂ ਨਾਲ ਜੂਝਣਾ ਪੈ ਰਿਹਾ ਹੈ। ਕਵਿੱਤਰੀ ਨਵੀਂ ਪੀੜ੍ਹੀ ਨੂੰ ਅਜਿਹੇ ਹੀ ਸੰਦੇਸ਼ ਦਿੰਦੀ ਹੈ ਕਿ ਜੇਕਰ ਅਸੀਂ ਰੁੱਖਾਂ, ਪਾਣੀ ਅਤੇ ਧਰਤੀ ਪ੍ਰਤੀ ਇਸੇ ਪ੍ਰਕਾਰ ਲਾਪਰਵਾਹੀ ਦਿਖਾਉਂਦੇ ਰਹੇ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਇਸ ਧਰਤੀ ਤੋਂ ਮਾਨਵਤਾ ਦੀ ਹੋਂਦ ਹੀ ਖ਼ਤਰੇ ਵਿਚ ਪੈ ਜਾਵੇਗੀ।
ਇਸ ਸਬੰਧ ਵਿਚ ਕੁਦਰਤੀ ਸ੍ਰੋਤਾਂ ਨੂੰ ਬਚਾਉਣ ਵਿਚ 'ਬਰਸਾਤਾਂ ਦਾ ਪਾਣੀ, 'ਚਿੜੀਆਂ ਪਿਆਰੀਆਂ, 'ਨਾਮ ਹੈ ਮੇਰਾ ਕੂੜੇਦਾਨ' ਕਵਿਤਾਵਾਂ ਸਵੱਛ ਵਾਤਾਵਰਨ ਪੈਦਾ ਕਰਨ ਪ੍ਰਤੀ ਸਾਵਧਾਨ ਕਰਦੀਆਂ ਹਨ ਜਦੋਂ ਕਿ ਸਮੇਂ ਦਾ ਮਹੱਤਵ ਦਰਸਾਉਣ ਵਾਲੀਆਂ ਕੁਝ ਕਵਿਤਾਵਾਂ ਵਿਚੋਂ 'ਸਮੇਂ ਸ਼ਾਹ ਦੀ ਮੈਂ ਚਰਖੜੀ ਹਾਂ', 'ਮਿਹਨਤ ਦਾ ਫ਼ਲ' ਅਤੇ 'ਸਮੇਂ ਵਾਲੀ ਰੇਲ ਕਰੇ ਛੁੱਕ ਛੁੱਕ ਛੁੱਕ' ਚੰਗਾ ਰੰਗ ਬੰਨ੍ਹਦੀਆਂ ਹਨ। ਚਿੜੀ ਜਨੌਰਾਂ ਪ੍ਰਤੀ ਸਨੇਹ ਦਾ ਰਿਸ਼ਤਾ ਗੂੜ੍ਹਾ ਰੱਖਣ ਲਈ ਵੀ ਕੁਝ ਕਵਿਤਾਵਾਂ ਪ੍ਰੇਰਦੀਆਂ ਹਨ ਅਤੇ ਅਨੁਸ਼ਾਸਨ ਵਿਚ ਰਹਿੰਦਿਆਂ ਨਿਰੰਤਰ ਮਿਹਨਤ ਕਰਨ ਦੀ ਜੀਵਨ ਜਾਚ ਸਿਖਾਉਂਦੀਆਂ ਹਨ। ਕਿਤੇ-ਕਿਤੇ ਹਲਕੇ ਫੁਲਕੇ ਅਤੇ ਹਸੌਣੇ ਅੰਦਾਜ਼ ਵਾਲੀਆਂ ਕਵਿਤਾਵਾਂ ਬਾਲ ਪਾਠਕਾਂ ਨੂੰ ਕੁਤਕੁਤਾਰੀਆਂ ਵੀ ਕੱਢਦੀਆਂ ਹਨ। ਇਹ ਬਾਲ ਕਵਿਤਾਵਾਂ ਜਿੱਥੇ ਪੰਜਾਬੀ ਮਾਤ ਭਾਸ਼ਾ ਨਾਲ ਜੁੜਨ ਦੀ ਪ੍ਰੇਰਨਾ ਦਿੰਦੀਆਂ ਹਨ ਉੱਥੇ ਬੱਚਿਆਂ ਦਾ ਮਨੋਰੰਜਨ ਕਰਦੀਆਂ ਹੋਈਆਂ ਉਨ੍ਹਾਂ ਨੂੰ ਭਵਿੱਖ ਵਿਚ ਚੰਗੇ ਨਾਗਰਿਕ ਬਣਨ ਲਈ ਉਪਦੇਸ਼ ਵੀ ਦਿੰਦੀਆਂ ਹਨ।

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋ: 9814423703

 

ਪੰਜਵਾਂ ਥੰਮ੍ਹ
ਸੰਪਾ : ਜਗਦੀਸ਼ ਰਾਏ ਕੁਲਰੀਆਂ
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨਜ਼, ਮਾਨਸਾ
ਮੁੱਲ : 100, ਸਫ਼ੇ : 95
ਸੰਪਰਕ : 9501877033.

ਪੰਜਵਾਂ ਥੰਮ੍ਹ ਲੇਖਕ ਨੇ ਸੋਸ਼ਲ ਮੀਡੀਏ ਨੂੰ ਕਿਹਾ ਹੈ। ਸੋਸ਼ਲ ਮੀਡੀਏ ਦੇ ਹੋ ਰਹੇ ਤੇਜ਼ੀ ਨਾਲ ਵਿਕਾਸ ਨੇ ਜੋ ਲੋਕਾਂ ਦੇ ਰਹਿਣ-ਸਹਿਣ, ਰਿਸ਼ਤੇ-ਨਾਤਿਆਂ ਅਤੇ ਮਾਨਸਿਕਤਾ ਨੂੰ ਠੇਸ ਪਹੁੰਚਾਈ ਹੈ, ਉਸ ਦਾ ਕੋਈ ਵਾਲੀ-ਵਾਰਸ ਨਹੀਂ ਹੈ। ਅਜੋਕੇ ਸਮੇਂ ਵਿਚ ਬਹੁਤ ਸਾਰੇ ਲੋਕਾਂ ਦੇ ਫੇਸਬੁੱਕ, ਟਵਿੱਟਰ, ਵਟਸਐਪ, ਹਾਈਕ, ਇੰਨਸਟਾਗ੍ਰਾਮ ਅਤੇ ਸੈਲਫੀ ਲੈਣ ਦੇ ਰੁਝਾਨ ਨਾਲ ਮੁੰਡੇ-ਕੁੜੀਆਂ ਦੇ ਵਿਗੜਦੇ ਅਕਸ ਬਾਰੇ ਸਾਰੀਆਂ ਕਹਾਣੀਆਂ ਵਿਚ ਦੱਸਿਆ ਗਿਆ ਹੈ ਤੇ ਔਰਤ-ਮਰਦ ਦੇ ਆਪਸੀ ਪਿਆਰ ਵਿਚ ਪੈਂਦੀ ਫਿਕ ਨੂੰ ਵੀ ਦਰਸਾਇਆ ਗਿਆ ਹੈ। ਰਿਸ਼ਤੇ-ਨਾਤੇ ਟੁੱਟ ਰਹੇ ਹਨ, ਕੋਈ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਕਿਸੇ ਦੀ ਸਹਾਇਤਾ ਕਰਨ ਦੀ ਬਜਾਏ ਉੇਸ ਦੀਆਂ ਫੋਟੋਆਂ ਖਿੱਚ ਕੇ ਵਟਸਐਪ ਜਾਂ ਫੇਸਬੁੱਕ 'ਤੇ ਪਾਉਣ ਵਾਲੇ ਬੌਣੀ ਸੋਚ ਵਾਲਿਆਂ ਵੱਲੋਂ ਘਿਨੌਣੇ ਕਾਰਜਾਂ ਨੂੰ ਦਰਸਾਇਆ ਗਿਆ ਹੈ। ਫੇਸਬੁੱਕ 'ਤੇ ਸੈਲਫੀ ਲੈਣ ਦੇ ਰੁਝਾਨ ਨੇ ਤਾਂ ਮਨੁੱਖਤਾ ਵਿਚੋਂ ਮਨੁੱਖਤਾ ਹੀ ਮਨਫ਼ੀ ਕਰ ਦਿੱਤੀ ਹੈ। ਨੌਜਵਾਨ ਪੀੜ੍ਹੀ 'ਤੇ ਸੋਸ਼ਲ ਮੀਡੀਆ ਇਨ੍ਹਾਂ ਹਾਵੀ ਹੋ ਰਿਹਾ ਹੈ ਕਿ ਨਾਸਮਝ ਬਜ਼ੁਰਗਾਂ ਨੂੰ ਤਾਂ ਅਣਗੌਲਿਆਂ ਹੀ ਕਰ ਦਿੱਤਾ ਗਿਆ ਹੈ ਤੇ ਇਸ ਸਭ ਕਾਸੇ ਸਾਹਮਣੇ ਉਨ੍ਹਾਂ ਦੀ ਕੋਈ ਪੇਸ਼ ਨਹੀਂ ਜਾਂਦੀ, ਉਹ ਸਿਰਫ ਵੇਖਦੇ ਹੀ ਰਹਿ ਜਾਂਦੇ ਹਨ ਕਿ ਇਹ ਹੋ ਕੀ ਰਿਹਾ ਹੈ, ਜਿਵੇਂ 'ਲੈਪਟਾਪ', 'ਮੈਸਜ਼', 'ਅਪਡੇਟ', 'ਫੇਸਬੁੱਕ', 'ਵਰਦੀ', 'ਗੋਦੀ ਦਾ ਨਿੱਘ', 'ਫਾਰਮੁੱਲਾ', 'ਨਵਾਂ ਜ਼ਮਾਨਾ', 'ਤਲਾਸ਼' ਅਤੇ 'ਵਾਈ ਫਾਈ' ਕਹਾਣੀਆਂ ਵਿਚ ਦੱਸਿਆ ਗਿਆ ਹੈ ਕਿ ਅੱਜ ਦੇ ਸਮੇਂ ਵਿਚ ਫੇਸਬੁੱਕ ਤੇ ਅਪਡੇਟ ਰਹਿਣਾ ਇਕ ਨਸ਼ਾ ਹੀ ਬਣ ਗਿਆ ਹੈ।
ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਸਾਰੀਆਂ ਕਹਾਣੀਆਂ ਹੀ ਸਮਾਜਿਕ ਵਰਤਾਰੇ ਦੀ ਪੇਸ਼ਕਾਰੀ ਕਰਦੀਆਂ ਹਨ।

-ਗੁਰਬਿੰਦਰ ਕੌਰ ਬਰਾੜ
ਮੋ: 98553-95161

 

01/04/2017

 ਪੰਜਾਬੀ ਲੋਕ ਕਹਾਣੀਆਂ ਦਾ ਥੀਮ ਵਿਗਿਆਨਕ ਅਧਿਐਨ
ਲੇਖਕ : ਮੁਖਵੀਰ ਸਿੰਘ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 150 ਰੁਪਏ, ਸਫ਼ੇ : 95
ਸੰਪਰਕ : 98156-33274.

ਲੋਕ ਮਾਨਸ ਦੇ ਜਨ ਜੀਵਨ ਨੂੰ ਪ੍ਰਗਟਾਉਂਦੇ ਖੂਬਸੂਰਤ ਸਰਵਰਕ ਨਾਲ ਸਜੀ ਇਸ ਪੁਸਤਕ ਵਿਚ ਲੇਖਕ ਨੇ ਪੰਜਾਬੀ ਲੋਕ ਕਹਾਣੀਆਂ ਦੇ ਥੀਮ ਵਿਗਿਆਨਕ ਅਧਿਐਨ ਨੂੰ ਮੁੱਖ ਵਿਸ਼ਾ ਬਣਾਇਆ ਹੈ। ਸਾਦਗੀ ਅਤੇ ਸਚਾਈ ਭਰੇ ਪੰਜਾਬੀ ਲੋਕ ਵਿਰਸੇ ਵਿਚ ਲੋਕ ਕਹਾਣੀਆਂ ਇਕ ਅਨਿਖੜਵਾਂ ਅੰਗ ਹਨ। ਅਚੇਤ ਮਨਾਂ ਵਿਚ ਵਸਦੀਆਂ ਇੱਛਾਵਾਂ, ਸੁਪਨਿਆਂ ਅਤੇ ਚਾਵਾਂ ਨਾਲ ਭਰੀਆਂ ਇਹ ਲੋਕ ਕਹਾਣੀਆਂ ਪੰਜਾਬੀ ਮਾਨਸਿਕਤਾ ਨੂੰ ਸਹਿਜੇ ਹੀ ਪੇਸ਼ ਕਰ ਜਾਦੀਆਂ ਹਨ।
ਜਿਥੇ ਲੇਖਕ ਨੇ ਆਪਣੇ ਖੋਜ ਕਾਰਜ ਨੂੰ ਪੁਸਤਕ ਰੂਪ ਵਿਚ ਪੇਸ਼ ਕਰਦਿਆਂ ਲੋਕ ਸਾਹਿਤ ਦੇ ਪ੍ਰਤੀ ਆਪਣੇ ਸੰਜਦੀਗੀ ਪ੍ਰਗਟ ਕੀਤੀ, ਉਥੇ ਹੀ ਉਸ ਨੇ ਥੀਮ ਵਿਗਿਆਨਕ ਆਲੋਚਨਾ ਬਾਰੇ ਜਾਣਕਾਰੀ ਦਿੱਤੀ ਹੈ। ਥੀਮ ਵਿਗਿਆਨ ਦੇ ਸਿਧਾਂਤਕ ਪਰਿਪੇਖ ਬਾਰੇ ਚਰਚਾ ਕਰਦਿਆਂ ਲੇਖਕ ਵੱਖ-ਵੱਖ ਆਲੋਚਨਾ ਪ੍ਰਣਾਲੀਆਂ ਦੀ ਗੱਲ ਕਰਦਿਆਂ ਥੀਮ ਵਿਗਿਆਨਕ ਆਲੋਚਨਾ ਪ੍ਰਣਾਲੀ ਦੇ ਸਿਧਾਂਤਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਪ੍ਰਦਾਨ ਕਰਦਾ ਹੈ।
ਇਸ ਆਲੋਚਨਾ ਪ੍ਰਣਾਲੀ ਨਾਲ ਸਬੰਧਤ ਕੁਝ ਪੁਸਤਕਾਂ ਦਾ ਰੀਵਿਊ ਵੀ ਪੁਸਤਕ ਵਿਚ ਪੇਸ਼ ਕੀਤਾ ਗਿਆ ਹੈ। ਲੇਖਕ ਅਨੁਸਾਰ ਥੀਮਕ ਇਕਾਈਆਂ ਦੀ ਪਛਾਣ ਲੋਕ ਮਨ ਦੀ ਮਾਨਸਿਕਤਾ ਦੀ ਸਮਝ ਲਈ ਸਹਾਇਕ ਸਿੱਧ ਹੁੰਦੀ ਹੈ। ਇਸ ਕਰਕੇ ਉਹ ਚੁਣੀਆਂ ਹੋਈਆਂ ਪੰਜ ਪੰਜਾਬੀ ਲੋਕ ਕਹਾਣੀਆਂ ਇਕ ਖਾਵਾਂ ਕਿ ਦੋ ਖਾਵਾਂ, ਸੰਦਲਾਂ, ਅਨਾਰਾਂ ਸ਼ਹਿਜ਼ਾਦੀ, ਸੱਚ ਦਾ ਨਿਤਾਰਾ ਅਤੇ ਮਨੁੱਖ ਦੀ ਉਮਰ ਦਾ ਅਧਿਐਨ ਇਸ ਥੀਮ ਵਿਗਿਆਨਕ ਆਲੋਚਨਾ ਪ੍ਰਣਾਲੀ ਦੇ ਸਿਧਾਤਾਂ ਅਨੁਸਾਰ ਕਰਦਿਆਂ ਇਨ੍ਹਾਂ ਵਿਚਲੇ ਮੋਟਿਫਾਂ, ਪ੍ਰੇਰਕਾਂ, ਵਿਗੋਪਨ, ਦਾਤਕ ਆਦਿ ਨੂੰ ਵਿਸਥਾਰ ਸਹਿਤ ਪੇਸ਼ ਕਰਦਿਆਂ ਲੋਕ ਮਨਾਂ ਦੀਆਂ ਖਾਹਿਸ਼ਾ, ਪ੍ਰਕਿਰਤੀ ਨਾਲ ਪਿਆਰ, ਸਦੀਵੀ ਸੱਚ ਨੂੰ ਦਰਸਾਇਆ ਹੈ। ਪੁਸਤਕ ਵਿੱਚ ਕਹਾਣੀਆਂ ਦਾ ਪਾਠ ਵੀ ਸ਼ਾਮਿਲ ਹੈ। ਪੁਸਤਕ ਦੇ ਅਖੀਰ ਵਿਚ ਦਿੱਤੀ ਗਈ ਪੁਸਤਕ ਸੂਚੀ ਇਸ ਖੇਤਰ ਵਿਚ ਖੋਜ ਕਰਨ ਵਾਲਿਆਂ ਲਈ ਕਾਫੀ ਸਹਾਇਕ ਹੋਵੇਗੀ।

-ਡਾ: ਸੁਖਪਾਲ ਕੌਰ ਸਮਰਾਲਾ
ਮੋ: 9888547099

c c c

ਪੁਰਾਤਨ ਸਿੱਖ ਲਿਖਤਾਂ
ਲੇਖਕ-ਸੰਪਾਦਕ : ਚੇਤਨ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 495 ਰੁਪਏ, ਸਫ਼ੇ : 436
ਸੰਪਰਕ : 98729-81237

ਸ: ਚੇਤਨ ਸਿੰਘ (ਦੁਰਲੱਭ) ਪੁਸਤਕਾਂ ਨੂੰ ਪ੍ਰੇਮ ਕਰਨ ਵਾਲਾ ਇਕ ਵਿਦਵਾਨ ਲੇਖਕ ਹੈ। ਉਸ ਨੂੰ ਇਸ ਗੱਲ ਦਾ ਰੰਜ ਹੈ ਕਿ ਪੰਜਾਬੀ ਵਿਚ ਅੱਵਲ ਤਾਂ ਮਿਆਰੀ ਕਿਸਮ ਦਾ ਗਿਆਨ-ਸਾਹਿਤ ਪ੍ਰਕਾਸ਼ਿਤ ਹੀ ਨਹੀਂ ਹੁੰਦਾ ਅਤੇ ਜੇ ਕਿਸੇ ਵੱਡੇ ਅਦਾਰੇ ਜਾਂ ਪ੍ਰਕਾਸ਼ਕ ਦੀ ਕ੍ਰਿਪਾ ਨਾਲ ਛਪ ਵੀ ਜਾਵੇ ਤਾਂ ਪੰਜ-ਸੱਤ ਸਾਲ ਦੇ ਅਰਸੇ ਵਿਚ 'ਆਊਟ ਆਫ ਪ੍ਰਿੰਟ' ਹੋ ਜਾਂਦਾ ਹੈ। ਫਿਰ ਉਸ ਦੀ ਦੂਜੀ-ਤੀਜੀ ਛਾਪ (ਐਡੀਸ਼ਨ) ਪ੍ਰਕਾਸ਼ਿਤ ਨਹੀਂ ਹੋ ਪਾਉਂਦੀ। ਭਾਸ਼ਾ ਵਿਭਾਗ ਵਿਚ ਆਪਣੀ ਡਾਇਰੈਕਟਰੀ ਦੇ ਦਿਨਾਂ ਵਿਚ ਉਸ ਨੇ ਕਈ ਨਾਯਾਬ ਪੁਸਤਕਾਂ ਨੂੰ ਪ੍ਰਕਾਸ਼ਿਤ ਕਰਨ ਦਾ ਸੰਕਲਪ ਕੀਤਾ ਸੀ ਪ੍ਰੰਤੂ ਵਿੱਤੀ ਵਸੀਲਿਆਂ ਦੇ ਅਨੁਪਲਬਧ ਹੋਣ ਕਾਰਨ ਉਹ ਆਪਣੇ ਸੰਕਲਪ ਨੂੰ ਅਮਲੀ ਜਾਮਾ ਨਾ ਪਹਿਨਾ ਸਕਿਆ। ਹੁਣ ਸੇਵਾਮੁਕਤ ਹੋਣ ਉਪਰੰਤ ਉਹ ਆਪਣੇ ਸੀਮਤ ਵਸੀਲਿਆਂ ਦਾ ਪ੍ਰਯੋਗ ਕਰਕੇ ਇਹ ਪੁੰਨਾਰਥ ਕਾਰਜ ਕਰ ਰਿਹਾ ਹੈ। ਹਥਲੀ ਪੁਸਤਕ ਵਿਚ ਉਸ ਨੇ 1857 ਤੋਂ 1951 ਈ: ਤੱਕ ਰਚੀਆਂ ਗਈਆਂ ਲਗਪਗ 68 ਦੁਰਲੱਭ ਪੁਸਤਕਾਂ, ਖਰੜਿਆਂ ਅਤੇ ਪੈਂਫਲਿਟਾਂ ਆਦਿ ਦੀ ਜਾਣ-ਪਛਾਣ ਕਰਵਾਈ ਹੈ। ਇਨ੍ਹਾਂ ਰਚਨਾਵਾਂ ਵਿਚੋਂ ਤਵਾਰੀਖ਼ ਪੰਜਾਬ, ਅਨੰਦਪੁਰੀ ਦੀ ਕਹਾਣੀ, ਕਿੱਸਾ ਬਾਰ ਦੀ ਆਬਾਦੀ, ਪ੍ਰਸੰਗ ਮੁਕਤਸਰ, ਨਿਰਮਲ ਪ੍ਰਭਾਕਰ, ਪੰਜ ਸੌ ਪ੍ਰਮਾਣ, ਫੁਲਵਾੜੀ : ਕ. ਸ. ਹਿਸਟੋਰੀਅਨ ਅੰਕ, ਆਦਿ ਸ੍ਰੀ ਗੁਰੂ ਗਰੰਥ ਪਦਾਰਥ ਪ੍ਰਕਾਸ਼ ਕੋਸ਼, ਗੁਰਮੁਖੀ ਕੋਸ਼, ਦਸਤੂਰੁਲ ਅਮਲ ਦਰਬਾਰ ਸਾਹਿਬ, ਰਿਪੋਰਟ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (1947) ਆਦਿ ਮਹੱਤਵਪੂਰਨ ਦਰਜਾ ਰੱਖਦੀਆਂ ਹਨ। ਸ: ਚੇਤਨ ਸਿੰਘ ਨੇ ਆਪਣੇ ਇਸ ਪ੍ਰਯਤਨ ਰਾਹੀਂ ਇਕ ਬੇਹੱਦ ਮਹੱਤਵਪੂਰਨ ਦਿਸ਼ਾ ਸੁਝਾਅ ਦਿੱਤੀ ਹੈ। ਯੂਨੀਵਰਸਿਟੀਆਂ ਨੂੰ ਚਾਹੀਦਾ ਹੈ ਕਿ ਉਹ ਲੋਪ ਹੋ ਰਹੀਆਂ ਪੁਸਤਕਾਂ ਦਾ ਪੁਨਰ-ਸੰਪਾਦਨ ਕਰਵਾਉਣ ਤਾਂ ਜੋ ਪਾਠਕਾਂ ਨੂੰ ਆਪਣੇ ਵਿਰਸੇ ਅੰਦਰ ਝਾਤੀ ਮਾਰਨ ਦਾ ਸੁਅਵਸਰ ਮਿਲਦਾ ਰਹੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਵਿਚ ਪ੍ਰੋ: ਪ੍ਰੀਤਮ ਸਿੰਘ ਅਤੇ ਭਾਈ ਮੋਹਨ ਸਿੰਘ ਵੈਦ ਦਾ ਇਕੱਤਰ ਕੀਤਾ ਹੋਇਆ ਅਨਮੋਲ ਖਜ਼ਾਨਾ ਪਿਆ ਹੈ। ਇਸ ਖਜ਼ਾਨੇ ਦਾ ਪੁਨਰ-ਲੇਖਣ ਜਾਂ ਪੁਨਰ-ਸੰਪਾਦਨ ਜ਼ਰੂਰ ਕਰਵਾ ਦੇਣਾ ਚਾਹੀਦਾ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਸੰਪਰਦਾਇਕਤਾ ਕੀ ਹੈ?
ਅਨੁਵਾਦਕ ਤੇ ਸੰਪਾਦਕ : ਕਰਾਂਤੀਪਾਲ (ਡਾ:)
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 70 ਰੁਪਏ, ਸਫ਼ੇ : 96
ਸੰਪਰਕ : 78377-18723.

ਇਹ ਪੁਸਤਕ ਪ੍ਰਸਿੱਧ ਇਤਿਹਾਸਕਾਰ ਬਿਪਨ ਚੰਦਰ ਦੀ ਚਰਚਿਤ ਪੁਸਤਕ ਹੈ, ਜਿਸ ਦਾ ਅਨੁਵਾਦ ਤੇ ਸੰਪਾਦਨ ਡਾ: ਕਰਾਂਤੀਪਾਲ ਨੇ ਕੀਤਾ ਹੈ। ਲੇਖਕ ਨੇ ਮੁੱਢ ਵਿਚ ਧਰਮ-ਨਿਰਪੱਖਤਾ ਅਤੇ ਸੰਪਰਦਾਇਕਤਾ ਦੀ ਪਰਿਭਾਸ਼ਾ ਨਿਸਚਤ ਕੀਤੀ ਹੈ। ਧਰਮ-ਨਿਰਪੱਖਤਾ ਦੀ ਸੰਸਾਰ ਭਰ ਵਿਚ ਇਕੋ ਹੀ ਪਰਿਭਾਸ਼ਾ ਹੈ ਅਤੇ ਭਾਰਤੀ ਇਤਿਹਾਸ ਦੀ ਵਿਰਾਸਤ ਅਤੇ ਇਸ ਦੀ ਸੰਸਕ੍ਰਿਤਕ ਮੌਲਿਕਤਾ ਇਸ ਪਰਿਭਾਸ਼ਾ ਵਿਚ ਨਵੇਂ ਤੇ ਸਾਰਥਕ ਨਤੀਜੇ ਜੋੜ ਦਿੰਦੀ ਹੈ। ਸੰਪਰਦਾਇਕਤਾ ਦਾ ਮਤਲਬ ਹੈ ਕਿ ਰਾਜ, ਰਾਜਨੀਤੀ ਅਤੇ ਗ਼ੈਰ-ਧਾਰਮਿਕ ਮਾਮਲਿਆਂ ਤੋਂ ਧਰਮ ਨੂੰ ਵੱਖ ਰੱਖਿਆ ਜਾਵੇ। ਨਾਲ ਹੀ ਉਸ ਨੇ ਸਪੱਸ਼ਟ ਕੀਤਾ ਹੈ ਕਿ ਸੰਪਰਦਾਇਕਤਾ ਹੈ ਕੀ? ਇਹ ਇਕ ਵਿਚਾਰਧਾਰਾ ਹੈ? ਸੰਪਰਦਾਇਕ ਰਾਜਨੀਤੀ ਅਤੇ ਸਮਾਜ ਤੋਂ ਬਿਨਾਂ ਉਸ ਸਿਧਾਂਤ ਦੇ ਆਲੇ-ਦੁਆਲੇ ਕੇਂਦਰਿਤ ਰਾਜਕਾਲ ਨੂੰ ਵੇਖਣ ਦਾ ਇਕ ਨਜ਼ਰੀਆ ਹੈ। ਇਕ ਨੁਕਤਾ ਲੇਖਕ ਨੇ ਸਪੱਸ਼ਟ ਕੀਤਾ ਹੈ ਕਿ ਸੰਪਰਦਾਇਕ ਵਿਚਾਰਾ ਵਿਰੁੱਧ ਸੰਘਰਸ਼ ਦਾ ਮਤਲਬ ਕੀ ਹੈ? ਸੰਪਰਦਾਇਕਤਾ ਅਤੇ ਸੰਪਰਦਾਇਕ ਹਿੰਸਾ ਵਿਚ ਫ਼ਰਕ ਕੀ ਹੈ? ਗੁਨਾਹ ਕਿਸ ਦਾ ਹੈ? ਇਸ ਲਈ ਸਖ਼ਤ ਕਾਰਵਾਈ ਦੀ ਜ਼ਰੂਰਤ ਹੈ; ਸੰਪਰਦਾਇਕ ਹਿੰਸਾ ਅਤੇ ਰਾਜ ਦਾ ਤੰਤਰ ਦਾ ਸਬੰਧ ਕੀ ਹੈ ਅਤੇ ਕਿਵੇਂ ਨਿਪਟਾਰਾ ਕੀਤਾ ਜਾਏ? ਸੰਪਰਦਾਇਕਤਾ ਅਤੇ ਸਿੱਖਿਆ ਦਾ ਸਬੰਧ ਕੀ ਹੈ, ਇਤਿਹਾਸ ਦੀ ਪੜ੍ਹਾਈ ਨਾਲ ਕੀ ਸਬੰਧ ਹੈ? ਇਸ ਤੋਂ ਇਲਾਵਾ ਲੇਖਕ ਨੇ ਇਨ੍ਹਾਂ ਨੁਕਤਿਆਂ 'ਤੇ ਵੀ ਚਾਨਣਾ ਪਾਇਆ ਹੈ ਕਿ ਧਰਮ-ਨਿਰਪੱਖੀਆਂ ਵਿਚਕਾਰ ਵਿਚਾਰਕ ਸੰਘਰਸ਼, ਵਿਚਾਰਕ ਸੰਘਰਸ਼ ਅਤੇ ਸੰਪਰਦਾਇਕ ਵਿਚਾਰਕ, ਸੰਪਰਦਾਇਕ ਦਲ ਕੀ ਹਨ? ਸੰਪਰਦਾਇਕ ਵਿਚਾਰਧਾਰਾ ਅਤੇ ਸੰਪਰਦਾਇਕ ਨੇਤਾ, ਸੰਪਰਦਾਇਕਤਾ ਨੂੰ ਆਦਰ ਨਾ ਦਿਓ, ਸੰਪਰਦਾਇਕਤਾ ਨਾਲ ਮੌਕਾਵਾਦ, ਕਾਂਗਰਸ ਅਤੇ ਸੰਪਰਦਾਇਕਤਾ, ਭਾਰਤੀ ਰਾਜ ਅਤੇ ਸੰਪਰਦਾਇਕਤਾ ਅਤੇ ਸੰਪਰਦਾਇਕ ਸਦਭਾਵ ਦੇ ਹੋਰ ਉਪਾਅ ਆਦਿ। ਲੇਖਕ ਨੇ ਉਪਾਅ ਦੱਸਦੇ ਹੋਏ ਇਹ ਵੀ ਰਾਹ ਸੁਝਾਏ ਹਨ ਕਿ ਸਾਰੀਆਂ ਸੰਪਰਦਾਇਕਤਾਵਾਂ ਵਿਰੁੱਧ ਇਕੋ ਸਮੇਂ ਸੰਘਰਸ਼ ਦੀ ਲੋੜ ਹੈ। ਸੰਪਰਦਾਇਕ ਵਿਚਾਰਕ ਹਮਲੇ ਦੇ ਆਧਾਰ ਕੀ ਹਨ-ਸੰਪਰਦਾਇਕਤਾ ਤੇ ਧਰਮ, ਸੰਪਰਦਾਇਕਤਾ ਤੇ ਭਾਰਤੀ ਸੰਸਕ੍ਰਿਤੀ, ਸੰਪਰਦਾਇਕਤਾ, ਧਰਮ-ਨਿਰਪੱਖਤਾ ਅਤੇ ਘੱਟ-ਗਿਣਤੀ, ਸੰਪਰਦਾਇਕਤਾ ਅਤੇ ਰਾਸ਼ਟਰਵਾਦ ਆਦਿ ਵਿਸ਼ਿਆਂ 'ਤੇ ਚਰਚਾ ਕਰਦੇ ਹੋਏ ਸਹੀ ਤੇ ਗ਼ਲਤ ਨੂੰ ਵੀ ਪੇਸ਼ ਕਰਨ ਦਾ ਯਤਨ ਕੀਤਾ ਹੈ। ਸੰਪਰਦਾਇਕਤਾ ਨੂੰ ਤਾਕਤ ਕਿਵੇਂ ਮਿਲਦੀ ਹੈ ਤੇ ਇਸ ਦੇ ਪਿੱਛੇ ਕਾਰਨ ਕੀ ਹਨ? ਅਨੁਵਾਦਕ ਡਾ: ਕਰਾਂਤੀਪਾਲ ਨੇ ਪੁਸਤਕ ਦੀ ਮੌਲਿਕਤਾ ਨੂੰ ਕਾਇਮ ਰੱਖਣ ਦਾ ਯਤਨ ਕੀਤਾ ਹੈ ਭਾਵ ਮੂਲ ਭਾਸ਼ਾ ਤੇ ਲਕਸ਼ ਭਾਸ਼ਾ ਵਿਚ ਸੰਤੁਲਨ ਰੱਖਿਆ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

c c c

ਇਸ਼ਾਰਿਆਂ ਦੀ ਪਰਵਾਜ਼
ਲੇਖਕ : ਰਾਜਮਿੰਦਰਪਾਲ ਸਿੰਘ ਪਰਮਾਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 80
ਸੰਪਰਕ : 88728-21900.

ਅਪਾਹਜ ਬੱਚਿਆਂ ਨਾਲ ਅਸੀਂ ਬਹੁਤੀ ਵਾਰ ਹਮਦਰਦੀ ਤਾਂ ਰੱਖਦੇ ਹਾਂ, ਪਰ ਉਨ੍ਹਾਂ ਨੂੰ ਤੰਦਰੁਸਤਾਂ ਜਿੰਨੇ ਮੌਕੇ ਨਹੀਂ ਦਿੰਦੇ। ਅਸੀਂ ਉਨ੍ਹਾਂ ਨੂੰ ਊਣੇ ਸਮਝਦੇ ਹਾਂ। ਬਹੁਤੀ ਵਾਰ ਅਸੀਂ ਨਹੀਂ ਸਮਝਦੇ ਕਿ ਉਹ ਖ਼ੁਦ ਕੁਝ ਕਰਨ ਦੇ ਸਮਰੱਥ ਹਨ। ਉਨ੍ਹਾਂ ਨੂੰ 'ਕੁਦਰਤ ਦੇ ਮਾਰੇ' ਤੇ ਹੋਰ ਪਤਾ ਨਹੀਂ ਕੀ-ਕੀ ਕਹਿ ਕੇ ਹੀਣਭਾਵਨਾ ਦੇ ਸ਼ਿਕਾਰ ਬਣਾ ਦਿੰਦੇ ਹਾਂ।
'ਇਸ਼ਾਰਿਆਂ ਦੀ ਪਰਵਾਜ਼' ਅਜਿਹੀ ਪੁਸਤਕ ਹੈ, ਜਿਹੜੀ ਅਪਾਹਜ ਬੱਚਿਆਂ ਨੂੰ ਪੈਰਾਂ ਸਿਰ ਖੜ੍ਹੇ ਕਰਨ ਦੀ ਪ੍ਰੇਰਣਾ ਦਿੰਦੀ ਹੈ। ਲੇਖਕ ਰਾਜਮਿੰਦਰਪਾਲ ਸਿੰਘ ਪਰਮਾਰ ਕਿੱਤੇ ਵਜੋਂ ਅਧਿਆਪਕ ਹੈ। ਉਸ ਨੇ ਆਪਣੇ ਸਕੂਲ ਵਿਚ ਦਾਖਲ ਹੋਣ ਵਾਲੇ ਅਪਾਹਜ ਬੱਚਿਆਂ ਬਾਰੇ ਲਿਖਿਆ ਹੈ ਕਿ ਉਹ ਕਿਵੇਂ ਕਿਹੜੇ ਹਾਲਾਤ ਵਿਚੋਂ ਲੰਘੇ, ਉਨ੍ਹਾਂ ਨੂੰ ਕਿਵੇਂ ਹਿੰਮਤ ਦੀ ਜਾਗ ਲਾਈ ਗਈ ਤੇ ਹੌਲੀ-ਹੌਲੀ ਉਹ ਪੈਰਾਂ ਸਿਰ ਕਿਵੇਂ ਖੜ੍ਹੇ ਹੋਏ। ਭਾਵੇਂ ਪੂਰੀ ਤਰ੍ਹਾਂ ਤੰਦਰੁਸਤ ਹੋਣਾ ਉਨ੍ਹਾਂ ਲਈ ਮੁਸ਼ਕਿਲ ਹੈ, ਪਰ ਉਨ੍ਹਾਂ ਅੰਦਰ ਵਿਸ਼ੇਸ਼ ਕਲਾ ਪ੍ਰਤੀ ਰੁਚੀ ਪੈਦਾ ਕਰਨਾ, ਆਪਣਾ ਕੰਮ ਖ਼ੁਦ ਕਰਨ ਦੇ ਕਾਬਲ ਬਣਾਉਣਾ ਤੇ ਪੜ੍ਹਾਈ-ਲਿਖਾਈ ਦੇ ਸਮਰੱਥ ਕਰਨਾ ਕੋਈ ਛੋਟਾ ਕਾਰਜ ਨਹੀਂ।
ਕਮਲਪ੍ਰੀਤ ਕੌਰ, ਅਸਲਮ ਅਲੀ, ਰਾਜਕੁਮਾਰੀ, ਜਸ਼ਨਪ੍ਰੀਤ ਸਿੰਘ, ਗਗਨਦੀਪ ਸਿੰਘ, ਸੁਖਚੈਨ ਸਿੰਘ ਯੋਧਾ, ਜਸ਼ਨਪ੍ਰੀਤ ਕੌਰ ਤੇ ਕਮਲਪ੍ਰੀਤ ਕੌਰ ਉਹ ਬੱਚੇ ਹਨ, ਜਿਨ੍ਹਾਂ ਨੂੰ ਲੇਖਕ ਅਤੇ ਉਸ ਦੇ ਸਾਥੀ ਸੁਖਵਿੰਦਰ ਸਿੰਘ ਨੇ ਸਮਰੱਥ ਬਣਾਉਣ ਦੀ ਕੋਸ਼ਿਸ਼ ਕੀਤੀ। ਅੱਜ ਉਹ ਬੱਚੇ ਤੁਰ ਲੈਂਦੇ ਹਨ, ਇਕ ਬੱਚਾ ਡਰੰਮ ਵਜਾ ਲੈਂਦਾ ਹੈ, ਇਕ ਲੈਪਟਾਪ ਚਲਾ ਲੈਂਦਾ ਹੈ ਤੇ ਬਾਕੀ ਬੱਚੇ ਵੀ ਆਪਣੇ ਜੋਗਾ ਕੰਮ ਕਰ ਲੈਂਦੇ ਹਨ।
ਮੇਰੀ ਜਾਚੇ ਸਭ ਅਧਿਆਪਕਾਂ ਨੂੰ ਆਪੋ ਆਪਣੇ ਸਕੂਲਾਂ ਵਿਚ ਇਸੇ ਤਰ੍ਹਾਂ ਅਪਾਹਜ ਬੱਚਿਆਂ ਲਈ ਕੁਝ ਵੱਖਰਾ ਕਰਨਾ ਚਾਹੀਦਾ ਹੈ। ਘਰਾਂ ਵਿਚ ਵੀ ਇਨ੍ਹਾਂ ਬੱਚਿਆਂ ਨੂੰ ਘਟਾ ਕੇ ਨਹੀਂ ਦੇਖਣਾ ਚਾਹੀਦਾ। ਇਹ ਬੱਚੇ ਵੀ ਸਾਡੇ ਸਮਾਜ ਦਾ ਹਿੱਸਾ ਹਨ, ਸਾਡੇ ਦੇਸ਼ ਦੀ ਸ਼ਾਨ ਹਨ।

-ਸਵਰਨ ਸਿੰਘ ਟਹਿਣਾ
ਮੋ: 98141-78883

c c c

ਸਫ਼ੇ ਸੂਫ਼ ਦੇ
ਕਵੀ : ਮਨਦੀਪ ਸੰਧੂ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨਜ਼ ਭੀਖੀ (ਮਾਨਸਾ)
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 99153-52001.

ਨੌਜਵਾਨ ਕਵੀ ਮਨਦੀਪ ਸੰਧੂ ਦਾ ਹਥਲਾ ਕਾਵਿ ਸੰਗ੍ਰਹਿ 'ਸਫ਼ੇ ਸੂਫ਼ ਦੇ' ਉਸ ਦਾ ਪਹਿਲ ਪਲੇਠਾ ਕਾਵਿ ਯਤਨ ਹੈ। ਮਨਦੀਪ ਇਕ ਪੁਰ ਅਹਿਸਾਸ ਅਤੇ ਸੰਵੇਦਨਾ ਦਾ ਕਵੀ ਹੈ। ਇਨ੍ਹਾਂ ਕਵਿਤਾਵਾਂ ਵਿਚ ਪਕੇਰੀ ਕਾਵਿਕ ਸੂਝ ਹੈ। ਉਸ ਵਾਸਤੇ ਸ਼ਬਦ ਮਨੁੱਖ ਨੂੰ ਪੈਗ਼ੰਬਰੀ ਸੰਦੇਸ਼ ਦਿੰਦੇ ਹਨ ਅਤੇ ਰਾਹਾਂ ਵਿਚ ਦੀਪ-ਮਿਸ਼ਾਲਾਂ ਬਣ ਕੇ ਹੌਸਲੇ ਦਿੰਦੇ ਹਨ। ਕਵੀ ਨੇ ਆਪਣੀ ਸੂਝ ਨੂੰ ਜਿਥੇ ਜ਼ਿੰਦਗੀ ਦੇ ਪੰਧਾਂ ਵਿਚ ਤੁਰਦਿਆਂ ਪ੍ਰਚੰਡ ਕੀਤਾ, ਉਥੇ ਨਾਮਵਰ ਪੁਸਤਕਾਂ ਵਿਚੋਂ ਵੀ ਜੀਣ ਦੀਆਂ ਉਨ੍ਹਾਂ ਵਿਧੀਆਂ ਦੀ ਤਸਦੀਕ ਕੀਤੀ, ਜੋ ਹਨੇਰਿਆਂ ਨੂੰ ਦੂਰ ਕਰਨ ਦੇ ਸੰਦ ਹਨ। ਇਨ੍ਹਾਂ ਕਵਿਤਾਵਾਂ ਵਿਚ ਕਵੀ ਦੀ ਮਾਸੂਮ ਕਾਵਿ ਪੇਸ਼ਕਾਰੀ ਅਤੇ ਸੱਚੋ ਸੱਚ ਬ੍ਰਿਤਾਂਤ ਮਨ ਨੂੰ ਮੋਂਹਦੇ ਹਨ। ਪੰਜ ਦਰਜਣ ਦੇ ਕਰੀਬ ਇਨ੍ਹਾਂ ਕਵਿਤਾਵਾਂ ਵਿਚ ਫਲਸਫ਼ੇ ਦੀ ਡੂੰਘਾਈ ਨੂੰ ਸਹਿਜ ਨਾਲ ਕਾਵਿ ਵਿਚ ਢਾਲਿਆ ਗਿਆ ਹੈ। ਇਹ ਕਵਿਤਾ ਰਵਾਇਤ ਤੋਂ ਨਵ-ਭਾਵ ਬੋਧ ਦਾ ਸਫ਼ਰ ਕਰਦੀ ਨਿਵੇਕਲੀ ਸੁਰ ਹੈ। 'ਸਫ਼ੇ ਸੂਫ਼ ਦੇ' ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਵਿਚ ਛੰਦ ਅਦੇ ਬਹਿਰ ਨੂੰ ਉੱਚੀ ਸਹਿਜ ਤਕਨੀਕ ਨਾਲ ਪੇਸ਼ ਕੀਤਾ ਗਿਆ ਹੈ। ਕਵੀ ਨੇ ਅਜਿਹੇ ਛੰਦ ਵਰਤੇ ਹਨ ਜੋ ਕਿ ਪੰਜਾਬੀਆਂ ਦੀ ਸੁਰ ਲਹਿਰੀ ਵਿਚ ਸਮਾਏ ਹੋਏ ਹਨ। 'ਮੌਸਮ ਕੈਸਾ ਆਇਆ' ਕਵਿਤਾ ਵਿਚ ਉਸ ਨੇ ਪੰਜਾਬ ਵਿਚ ਹੋ ਰਹੇ ਅਣਮਨੁੱਖੀ ਵਰਤਾਰਿਆਂ ਨੂੰ ਕਾਵਿ ਜ਼ਬਾਨ ਦਿੱਤੀ ਹੈ। ਉਸ ਨੇ ਇਸ ਕਵਿਤਾ ਵਿਚ ਉੱਚ ਦਰਜੇ ਦੀ ਕਾਵਿਕਾਰੀ ਕੀਤੀ ਹੈ। ਪੰਜਾਬ ਦੇ ਪਾਣੀ, ਹਵਾ ਅਤੇ ਹੋਰ ਖਾਧ-ਪਦਾਰਥਾਂ ਵਿਚ ਫੈਲ ਰਹੀਆਂ ਜ਼ਹਿਰਾਂ ਨੂੰ ਬੜੇ ਕਾਵਿਮਈ ਜਜ਼ਬੇ ਅਤੇ ਛੰਦ ਵਿਚ ਪੇਸ਼ ਕੀਤਾ ਹੈ। ਇਹ ਸਲਾਹੁਣਯੋਗ ਕਾਵਿ ਸੁਰ ਉਸ ਦੀਆਂ ਸਾਰੀਆਂ ਕਵਿਤਾਵਾਂ ਵਿਚ ਹਾਜ਼ਰ ਰਹਿੰਦੀ ਹੈ :
ਸੁਹਣੇ ਮੈਂਡੇ ਦੇਸ਼ ਦੇ ਵਿਹੜੇ
ਮੌਸਮ ਕੈਸਾ ਆਇਆ?
ਔਸਰ ਆਂਗਣ ਮਰੇ ਪਿਆਸਾ
ਹਰ ਖੂੰਜਾ ਤਿਰਹਾਇਆ। ਹਰ ਹਿਰਦਾ ਸੁਲਗਾਇਆ....
ਕਵੀ ਨੂੰ ਦੁੱਖ ਹੈ ਕਿ ਪੰਜਾਬ ਦੇ ਸ਼ਾਨਦਾਰ ਵਿਰਸੇ ਨੂੰ ਵੀ ਉਲਟ ਦਿਸ਼ਾ ਦਿਵਾਈ ਜਾ ਰਹੀ ਹੈ ਅਤੇ ਗੁਰੂ ਨਾਨਕ ਦੇਵ ਦੇ ਨੈਤਿਕ ਰਾਹਾਂ ਨੂੰ ਕਲੰਕਿਤ ਕੀਤਾ ਜਾ ਰਿਹਾ ਹੈ। ਉਸ ਦੇ ਇਹ ਸ਼ਿਅਰ ਵੇਖੋ :
ਸੁੱਕੀਆਂ ਟਾਹਣਾਂ ਉੱਤੋਂ ਬਗਲੇ, ਚੱਲੇ ਮਾਰ ਉਡਾਰੀ
ਧਾਗਾ ਧਾਗਾ ਹੋ ਗਈ ਮਿੱਤਰਾ ਧਰਤੀ ਦੀ ਫੁਲਕਾਰੀ....
ਸ਼ੁਰੂਆਤ ਤੋਂ ਪਹਿਲਾਂ, ਯਾਰ, ਰੱਬ ਨਹੀਂ ਸੀ ਮਿਲਿਆ ਮੈਨੂੰ, ਸਿਆਸਤ, ਧਰਮ ਦਾ ਆਸ਼ਿਕ ਕਵਿਤਾਵਾਂ ਪੜ੍ਹਨਯੋਗ ਹਨ। ਕਵੀ ਛੰਦਾਂ ਦਾ ਧਨੀ ਹੈ।

-ਸੁਲੱਖਣ ਸਰਹੱਦੀ
ਮੋ: 94174-84337.

c c c

ਹੁਸਨ ਭਰੇ ਅਲਫ਼ਾਜ਼
ਸ਼ਾਇਰ : ਮਲਕੀਤ ਸਿੰਘ ਸੰਧੂ ਅਲਕੜਾ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98722-85421.

'ਹੁਸਨ ਭਰੇ ਅਲਫ਼ਾਜ਼' ਮਲਕੀਤ ਸਿੰਘ ਸੰਧੂ ਅਲਕੜਾ ਦੀ ਨੌਵੀਂ ਕਾਵਿ ਪੁਸਤਕ ਹੈ, ਜਿਸ ਵਿਚ ਉਸ ਦੀਆਂ ਕੁਝ ਗ਼ਜ਼ਲਾਂ ਤੇ ਜ਼ਿਆਦਾਤਰ ਗੀਤ ਸ਼ਾਮਿਲ ਹਨ। ਪੁਸਤਕ ਦੇ ਮੁਢਲੇ ਸਫ਼ਿਆਂ 'ਤੇ ਛਪੀਆਂ ਗ਼ਜ਼ਲਾਂ ਆਮ ਫ਼ਹਿਮ ਜ਼ਬਾਨ ਵਿਚ ਹਨ ਤੇ ਇਨ੍ਹਾਂ ਦਾ ਨਿਭਾਅ ਗੀਤਾਂ ਵਰਗਾ ਸਰਲ ਹੈ। ਪੰਜਾਬੀ ਵਿਚ ਗ਼ਜ਼ਲ ਬਹੁਤ ਅੱਗੇ ਚਲੇ ਗਈ ਹੈ ਤੇ ਇਸ ਦੇ ਨਾਲ-ਨਾਲ ਰਹਿਣ ਜਾਂ ਅੱਗੇ ਵਧਣ ਲਈ ਮੁਹਾਰਤ ਤੇ ਇਸ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਜ਼ਰੂਰੀ ਹੈ। ਮਲਕੀਤ ਸਿੰਘ ਸੰਧੂ ਅਲਕੜਾ ਦੇ ਗੀਤ ਦਿਲ ਨੂੰ ਟੁੰਬਦੇ ਹਨ, ਇਸ ਦਾ ਕਾਰਨ ਇਨ੍ਹਾਂ ਦਾ ਲੋਕ ਭਾਵਨਾਵਾਂ ਨਾਲ ਜੁੜੇ ਹੋਣਾ ਹੈ। ਆਪਣੀ ਰਚਨਾ 'ਵਾਹ ਨਾਨਕ ਦਿਆ ਸਿੱਖਾ' ਵਿਚ ਉਹ ਸਿੱਖ ਧਰਮ ਵਿਚ ਪੈਦਾ ਹੋ ਰਹੀਆਂ ਨਵੀਆਂ ਸਮੱਸਿਆਵਾਂ ਤੇ ਭਰਾਂਤੀਆਂ 'ਤੇ ਵਿਅੰਗ ਕਰਦਾ ਹੈ। 'ਚੇਤ 'ਚ ਕੋਇਲਾਂ' ਗੀਤ ਵਿਚ ਸ਼ਾਇਰ ਪਰਦੇਸ ਗਏ ਪਿਆਰੇ ਨਾਲ ਟੁੰਬਵੇਂ ਵਾਰਤਾਲਾਪ ਕਰਦਾ ਹੈ ਤੇ 'ਇਹ ਡਾਲਰ ਪਾਕਿ ਪਵਿੱਤਰ' ਵਿਚ ਉਹ ਪਰਦੇਸੀਂ ਗਏ ਬਾਜ਼ੁਰਗਾਂ ਦੀ ਅਸਲ ਤਸਵੀਰ ਪੇਸ਼ ਕਰਦਾ ਹੈ। ਸ਼ਾਇਰ ਨੇ ਔਰਤ ਸਬੰਧੀ ਵੀ ਕਈ ਗੀਤ ਲਿਖੇ ਹਨ ਤੇ ਅਪਣੀ ਕਲਮ ਨੂੰ ਧਾਰਮਿਕ ਰੰਗਣ ਵੀ ਦਿੱਤਾ ਹੈ। ਉਹ 'ਗੱਲ ਵੀਹਵੀਂ ਸਦੀ ਦੀ' ਵਿਚ ਪੁਰਾਣੀ ਪੰਜਾਬੀ ਜੀਵਨ-ਸ਼ੈਲੀ ਨੂੰ ਯਾਦ ਕੀਤਾ ਗਿਆ ਹੈ ਤੇ ਇਸ ਵਿਚ ਸਿੱਧ-ਪੱਧਰੇ ਜਿਊਣ ਢੰਗ ਨੂੰ ਵਧੀਆ ਕਾਵਿਕ ਤਸਵੀਰ ਵਿਚ ਪੇਸ਼ ਕੀਤਾ ਗਿਆ ਹੈ। ਸੰਧੂ ਨੇ ਕੁਝ ਰਚਨਾਵਾਂ ਰੁੱਤਾਂ ਤੇ ਮੌਸਮਾਂ ਨਾਲ ਸਬੰਧਤ ਵੀ ਕਹੀਆਂ ਹਨ ਤੇ ਅਧਿਆਪਕ ਹੋਣ ਕਾਰਨ ਕੁਝ ਇਕ ਸਿੱਖਿਆ ਨਾਲ ਸਬੰਧਤ ਵੀ ਹਨ। ਸ਼ਾਇਰ ਨੇ ਜੋ ਵੀ ਲਿਖਿਆ ਹੈ, ਉਹ ਉਸ ਨੇ ਆਪਣੇ ਸਮਾਜ 'ਚੋਂ ਸਿੱਧਾ ਲਿਆ ਹੈ। 'ਹੁਸਨ ਭਰੇ ਅਲਫ਼ਾਜ਼' ਵਿਚ ਟੱਪੇ, ਬੋਲੀਆਂ ਤੇ ਗਿੱਧੇ ਨਾਲ ਸਬੰਧਤ ਰਚਨਾਵਾਂ ਵੀ ਹਨ। ਸੰਧੂ ਦੀ ਇਸ ਕਾਵਿ ਪੁਸਤਕ ਦੀਆਂ ਕੁਝ ਸੀਮਾਵਾਂ ਹਨ ਤੇ ਸ਼ਾਇਰ ਆਪਣੀ ਨਿੱਜੀ ਗੱਲ ਵੀ ਬੜੇ ਅਨੁਸ਼ਾਸਨ ਵਿਚ ਕਰਦਾ ਹੈ।

-ਗੁਰਦਿਆਲ ਰੌਸ਼ਨ
ਮੋ: 9988444002

25/03/2017

 ਹਰਕੇਸ਼ ਸਿੰਘ ਕਹਿਲ ਦੀਆਂ ਦੋ ਪੁਸਤਕਾਂ
ਅਲੋਪ ਹੋ ਰਹੇ ਰੁੱਖ-ਬੂਟੇ

(ਮੁੱਲ : 250 ਰੁਪਏ, ਸਫ਼ੇ : 142)
ਅਲੋਪ ਹੋ ਰਹੀਆਂ ਵਿਰਾਸਤੀ ਫ਼ਸਲਾਂ
(ਮੁੱਲ : 295 ਰੁਪਏ, ਸਫ਼ੇ : 184)
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਸੰਪਰਕ : 0172-4608699.

ਹਰਾ ਇਨਕਲਾਬ, ਮਸ਼ੀਨੀ ਖੇਤੀ, ਛੇਤੀ ਅਮੀਰ ਹੋਣ ਦਾ ਲਾਲਚ, ਕਾਹਲ, ਗਲੋਬਲਾਈਜ਼ੇਸ਼ਨ ਤੇ ਮਲਟੀਨੈਸ਼ਨਲ ਕੰਪਨੀਆਂ ਦੀਆਂ ਗੁੱਝੀਆਂ ਚਾਲਾਂ ਸਭ ਕੁਝ ਨੇ ਰਲ-ਮਿਲ ਕੇ ਕੁਦਰਤ ਨਾਲ ਜੁੜੇ ਹੋਏ ਸਰਲ ਚਿੱਤ ਪੰਜਾਬੀ ਕਿਸਾਨ ਨੂੰ ਆਪਣੀਆਂ ਜੜ੍ਹਾਂ ਤੋਂ ਉਖਾੜ ਦਿੱਤਾ ਹੈ। ਕਿਰਤ ਸੱਭਿਆਚਾਰ ਤੋਂ ਟੁੱਟ ਰਿਹਾ ਹੈ ਉਹ। ਉਸ ਦਾ ਖੇਤੀਬਾੜੀ ਦਾ ਸਹਿਜ ਵਿਰਸਾ ਵਪਾਰ ਦੇ ਰਾਹ ਪੈ ਗਿਆ ਹੈ। ਵੱਧ ਝਾੜ, ਵੱਧ ਲਾਭ ਦੇ ਲਾਲਚ ਤੇ ਮੰਡੀ ਦੇ ਮੋਹ ਨੇ ਵਿਰਾਸਤੀ ਫ਼ਸਲਾਂ ਤੋਂ ਲੋਕਾਂ ਦਾ ਮੂੰਹ ਮੋੜ ਦਿੱਤਾ ਹੈ। ਰਵਾਇਤੀ ਫ਼ਸਲਾਂ ਹੇਠ ਰਕਬਾ ਘਟਦਾ ਜਾ ਰਿਹਾ ਹੈ। ਖੇਤੀ ਵਾਲੀ ਜ਼ਮੀਨ ਕਾਲੋਨੀਆਂ ਦੀ ਮਾਰ ਹੇਠ ਆ ਰਹੀ ਹੈ। ਰੁੱਖਾਂ, ਬੂਟਿਆਂ, ਤ੍ਰਿਵੇਣੀਆਂ ਵਾਲੇ ਪਿੰਡ ਰੁੰਡ-ਮੁੰਡ ਹੋ ਰਹੇ ਹਨ। ਗੁਰੂਆਂ ਦੇ ਹੱਥਾਂ ਨਾਲ ਲਾਈਆਂ ਟਾਹਲੀਆਂ, ਬੇਰੀਆਂ, ਉਨ੍ਹਾਂ ਦੀ ਪਾਵਨ ਛੋਹ ਨਾਲ ਵਿਗਸੇ ਰੁੱਖ ਅਤੇ ਉਨ੍ਹਾਂ ਨਾਲ ਜੁੜੇ ਇਤਿਹਾਸਕ ਗੁਰਦੁਆਰੇ ਵੀ ਪੰਜਾਬੀਆਂ ਨੂੰ ਬਲਹਿਰੀ ਕੁਦਰਤ ਵਸਿਆ ਤੋਂ ਸੁਚੇਤ ਨਹੀਂ ਕਰ ਸਕੇ। ਇਸ ਸੰਕਟ ਦੀ ਵਿਆਪਕਤਾ ਅਤੇ ਇਸ ਨਾਲ ਨਿਪਟਣ ਲਈ ਕੋਈ ਸਿਆਣਾ ਜੇ ਹਾਅ ਦਾ ਨਾਅਰਾ ਮਾਰੇ ਤਾਂ ਉਸ ਦੇ ਉੱਦਮ ਲਈ ਉਸ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ, ਥੋੜ੍ਹੀ ਹੈ। ਅਲੋਪ ਹੋ ਰਹੀਆਂ ਵਿਰਾਸਤੀ ਫ਼ਸਲਾਂ ਅਤੇ ਅਲੋਪ ਹੋ ਰਹੇ ਰੁੱਖ-ਬੂਟੇ ਨਾਂਅ ਦੀਆਂ ਦੋ ਪੁਸਤਕਾਂ ਰਚ ਕੇ ਸ: ਹਰਕੇਸ਼ ਸਿੰਘ ਕਹਿਲ ਨੇ ਅਜਿਹਾ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਹੈ।
ਰੁੱਖਾਂ ਬੂਟਿਆਂ ਵਾਲੀ ਪੁਸਤਕ ਵਿਚ ਉਸ ਨੇ ਸੰਤਾਲੀ ਰੁੱਖਾਂ ਬੂਟਿਆਂ ਦੀ ਗੱਲ ਕੀਤੀ ਹੈ। ਫ਼ਸਲਾਂ ਵਾਲੀ ਕਿਤਾਬ ਵਿਚ ਪੰਜਾਹ ਫ਼ਸਲਾਂ ਵੱਲ ਸਾਡਾ ਧਿਆਨ ਦਿਵਾਇਆ ਹੈ।
ਅੱਜ ਅਲਸੀ, ਸਣ, ਸਵਾਂਕ, ਸੌਂਫ਼, ਜੌਂ, ਜਵੀ, ਗੁਆਰ, ਕੰਗਣੀ, ਤਾਰਾ ਮੀਰਾ, ਤਿਲ, ਰਾਈ, ਬਾਜਰਾ ਜਿਹੀਆਂ ਫ਼ਸਲਾਂ ਤਾਂ ਕਿਤੇ-ਕਿਤੇ ਹੀ ਕੋਈ ਬੀਜਦਾ ਹੈ। ਦੇਸੀ ਫ਼ਸਲਾਂ ਸਬਜ਼ੀਆਂ, ਖਰਬੂਜੇ, ਤਰ, ਤਰਬੂਜ਼, ਧਨੀਆ, ਪੂਦੀਨਾ, ਮਿਰਚ, ਮੇਥੇ, ਮੂੰਗਫਲੀ ਤੇ ਦਾਲਾਂ ਵੱਲੋਂ ਵੀ ਅਸੀਂ ਮੂੰਹ ਮੋੜ ਕੇ ਚਾਵਲ, ਕਪਾਹ, ਕਣਕ ਦੀਆਂ ਵੱਧ ਝਾੜ ਵਾਲੀਆਂ ਨਵੀਆਂ ਕਿਸਮਾਂ ਉੱਤੇ ਹੀ ਸਾਰਾ ਜ਼ੋਰ ਲਾ ਰੱਖਿਆ ਹੈ। ਰੁੱਖਾਂ ਬਾਰੇ ਵੀ ਸਾਡੀ ਸੋਚ ਉਲਾਰ ਹੈ। ਅੱਕ, ਅਰਿੰਡ, ਸਰੀਂਹ, ਸੁਹਾਂਝਣਾ, ਕਰੀਰ, ਕਚਨਾਰ, ਕਿੱਕਰ, ਖੈਰ, ਜੰਡ, ਥੋਹਰ, ਢੱਕ, ਧਰੇਕ, ਧਤੂਰਾ, ਫਲਾਹੀ, ਮਲ੍ਹਾ, ਲਸੂੜਾ, ਬਿੱਲ, ਮਹਿੰਦੀ ਲਗਪਗ ਅਲੋਪ ਹੋ ਗਏ ਹਨ। ਅੰਬ, ਅਨਾਰ, ਅਮਰੂਦ, ਜਾਮਣ, ਤੂਤ, ਖਜੂਰ, ਨਿੰਮ, ਪਿੱਪਲ ਆਦਿ ਅਸੀਂ ਆਪ ਘੱਟ ਹੀ ਲਾਉਂਦੇ ਹਾਂ। ਪੁਰਾਣੇ ਤੁਰੇ ਆ ਰਹੇ ਰੁੱਖ ਹੀ ਸਾਡਾ ਕੰਮ ਸਾਰ ਰਹੇ ਹਨ। ਨਵੇਂ ਤੇ ਭਾਂਤ-ਭਾਂਤ ਦੇ ਰੁੱਖ ਲਾਉਣ ਦਾ ਸ਼ੌਕ ਤੇ ਫ਼ਿਕਰ ਸਾਨੂੰ ਨਹੀਂ।
ਕਹਿਲ ਸਾਹਿਬ ਨੇ ਰੁੱਖਾਂ ਤੇ ਫ਼ਸਲਾਂ ਦੀ ਗੱਲ ਸਰਲ ਠੇਠ ਪੰਜਾਬੀ ਵਿਚ ਕੀਤੀ ਹੈ। ਉਨ੍ਹਾਂ ਨੂੰ ਆਪਣੇ ਲੋਕ ਗੀਤਾਂ ਤੇ ਸੱਭਿਆਚਾਰਕ ਧਰਾਤਲ ਵਿਚ ਟਿਕਾ ਕੇ ਸਾਡੇ ਫ਼ਿਕਰ ਦਾ ਹਿੱਸਾ ਬਣਾਉਣ ਦਾ ਉੱਦਮ ਕੀਤਾ ਹੈ। ਰੁੱਖਾਂ ਤੇ ਫ਼ਸਲਾਂ ਦੇ ਚਿਕਿਤਸਕ ਮੁੱਲ, ਸੱਭਿਆਚਾਰਕ ਤੇ ਸਹਿਜ ਮੁੱਲ ਵੱਲ ਸਾਡਾ ਧਿਆਨ ਆਕਰਸ਼ਿਤ ਕਰਕੇ ਵਿਰਸੇ ਦੀ ਸੰਭਾਲ ਲਈ ਪ੍ਰੇਰਿਤ ਕੀਤਾ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਲੋਕ ਕਹਿਣ ਦਰਵੇਸ਼
ਲੇਖਕ : ਪ੍ਰੋ: ਹਰਦੀਪ ਸਿੰਘ ਰੂਪਵਾਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 140 ਰੁਪਏ, ਸਫ਼ੇ : 106
ਸੰਪਰਕ : 94634-37175.

ਹਰਦੀਪ ਸਿੰਘ ਰੂਪਵਾਲ ਜੋ ਕਿੱਤੇ ਪੱਖੋਂ ਇੰਜੀਨੀਅਰ ਹੈ, ਨੇ ਗੀਤਾਂ, ਗ਼ਜ਼ਲਾਂ ਤੇ ਕਵਿਤਾਵਾਂ ਦਾ ਸੰਗ੍ਰਹਿ ਪਾਠਕਾਂ ਦੀ ਝੋਲੀ ਪਾਇਆ ਹੈ। ਉਹ ਇਕ ਇੰਜੀਨੀਅਰ, ਪ੍ਰੋਫ਼ੈਸਰ, ਕਵੀ ਤੇ ਸਾਹਿਤਕਾਰ ਹੋਣ ਦੇ ਨਾਤੇ ਸਮਾਜਿਕ ਵਰਤਾਰਿਆਂ ਨੂੰ ਭਿੰਨ-ਭਿੰਨ ਪਹਿਲੂਆਂ ਤੋਂ ਵਾਚ ਕੇ ਕਾਵਿ ਰੂਪ ਵਿਚ ਪੇਸ਼ ਕਰਦਾ ਹੈ। ਸਮਾਜਿਕ ਬੁਰਾਈਆਂ ਬੇਰੁਜ਼ਗਾਰੀ, ਨਸ਼ਾਖੋਰੀ, ਲੁੱਟ-ਖਸੁੱਟ, ਆਰਥਿਕ ਨਾਬਰਾਬਰੀ ਤੇ ਸਾਧੂਆਂ ਦੇ ਭੇਸ ਵਿਚ ਬਾਬਿਆਂ ਦਾ ਬੋਲਬਾਲਾ ਜਿਹੇ ਵਿਸ਼ਿਆਂ ਨੂੰ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ, ਜਦੋਂ ਉਹ ਲਿਖਦਾ ਹੈਂ
ਅਫ਼ਸਰ ਤਾਂ ਇਕ ਪਾਸੇ ਬਾਬੇ ਇਨ੍ਹਾਂ ਦੇ ਵੀ ਬਾਪ ਨੇ
ਆਪ ਬੈਂਕਾਂ ਭਰ ਡੇਰੇ ਵਧਾਈ ਜਾਂਦੇ ਲੋਕਾਂ ਨੂੰ ਕਹਿੰਦੇ ਮਾਇਆ ਪਾਪ ਹੈ।
ਜਾਂ
ਵਧਦੀ ਹੋਈ ਬੇਰੁਜ਼ਗਾਰੀ ਨੇ ਕਈ ਪੁੱਠੇ ਚਾਟੇ ਲਗਾਏ ਨੇ
ਬਾਪੂ ਨੂੰ ਝੋਰਾ ਮੁੰਡਿਆਂ ਦਾ ਜੋ ਨਸ਼ਿਆਂ ਸੰਗ ਬਾਰੀ ਲਗਾਏ ਨੇ
ਕਈ ਟੀਕੇ ਗੋਲੀਆਂ ਖਾਣ ਲੱਗੇ ਕਈ ਦਾਰੂ ਦੇ ਤਿਹਾਏ ਨੇ।
ਉਸ ਨੇ ਪੰਜਾਬ ਦੇ ਮਾੜੇ ਹਾਲਾਤ ਨੂੰ ਵੀ ਚਿਤਰਿਆ ਹੈ ਕਿ ਇਸ ਦੇ ਨੌਜਵਾਨ ਜਿਨ੍ਹਾਂ ਦਾ ਨਾਂਅ ਸੀ ਸੰਸਾਰ ਵਿਚ ਅੱਜ ਨਸ਼ਿਆਂ ਵਿਚ ਗਰਕ ਹੋ ਗਏ ਨੇ ਤੇ ਇਖਲਾਕ ਪੱਖੋਂ ਵੀ ਗਿਰਾਵਟ ਵੱਲ ਜਾ ਰਹੇ ਹਨ। ਇਥੇ ਅਮੀਰ ਹੋਰ ਅਮੀਰ ਤੇ ਗ਼ਰੀਬ ਹੋਰ ਗ਼ਰੀਬ ਹੋ ਗਏ ਨੇ ਤੇ ਇਹ ਆਰਥਿਕ ਪਾੜਾ ਵਧਦਾ ਹੀ ਜਾ ਰਿਹਾ ਹੈ ਦਿਨੋ-ਦਿਨ। ਧਾਰਮਿਕ ਸਥਾਨਾਂ 'ਤੇ ਵਧਦੀਆਂ ਭੀੜਾਂ ਤੇ ਮਚਦੀ ਭਗਦੜ ਤੋਂ ਸਪੱਸ਼ਟ ਹੈ ਕਿ ਲੋਕਾਂ ਦਾ ਝੁਕਾਅ ਸੰਤਾਂ, ਬਾਬਿਆਂ ਤੇ ਧਾਰਮਿਕ ਸਥਾਨਾਂ ਵੱਲ ਵਧ ਰਿਹਾ ਹੈ, ਜੋ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਸਗੋਂ ਹੋਰ ਉਲਝਾਏ ਜਾ ਰਹੇ ਹਨ। ਕੁੱਲੀਆਂ ਵਾਲਿਆਂ ਨੂੰ ਮਹਿਲ ਬਣਾਉਣੇ ਤਾਂ ਨਸੀਬ ਹਨ ਪਰ ਰਹਿਣਾ ਨਸੀਬ ਨਹੀਂ। ਇਸ ਪਹਿਲੂ ਨੂੰ ਕਵਿਤਾ 'ਦਾਅਵਾ ਔਲੀਆ ਦਾ' ਵਿਚ ਉਕਰਿਆ ਹੈ।
ਕਵੀ ਨੇ 'ਸਲਾਮ-ਸਲਾਮ' ਕਵਿਤਾ ਵਿਚ ਇਕ ਧੀ ਦੇ ਮੂੰਹੋਂ ਧੰਨਵਾਦ ਦੇ ਬੋਲ ਕਹਾਏ ਹਨ ਆਪਣੇ ਮਾਪਿਆਂ, ਭੈਣ-ਭਰਾਵਾਂ ਤੇ ਰਿਸ਼ਤੇਦਾਰਾਂ ਲਈ, ਸਕੂਲ ਸਾਈਕਲ, ਅਮਰੂਦ ਦੇ ਬੂਟੇ ਤੇ ਘਰ ਦੇ ਵਿਹੜੇ ਦਾ ਜਿਥੇ ਬਚਪਨ ਬਿਤਾਇਆ ਆਪਣੇ ਦੇਸ਼ ਹਿੰਦੁਸਤਾਨ ਦੀ ਸਿਫ਼ਤ ਕਰਦੇ ਹੋਏ ਸ਼ਹੀਦਾਂ, ਗੁਰੂਆਂ, ਪੀਰਾਂ, ਪੈਗ਼ੰਬਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।
ਸਮੁੱਚਾ ਕਾਵਿ ਸੰਗ੍ਰਹਿ ਲੇਖਕ ਦੀ ਅਗਾਂਹਵਧੂ ਸੋਚ ਦਾ ਹੁੰਗਾਰਾ ਭਰਦਾ ਹੈ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਹਰਫ਼ ਹਰਫ਼ ਰੁਸ਼ਨਾਈ
ਗ਼ਜ਼ਲਕਾਰ : ਐਸ. ਤਰਸੇਮ
ਪ੍ਰਕਾਸ਼ਕ : ਦਿਲਦੀਪ ਪ੍ਰਕਾਸ਼ਨ, ਸਮਰਾਲਾ
ਮੁੱਲ : 125 ਰੁਪਏ, ਸਫ਼ੇ : 112
ਸੰਪਰਕ : 95015-36644.

ਇਕ ਗ਼ਜ਼ਲਕਾਰ ਅਤੇ ਗ਼ਜ਼ਲ ਸ਼ਾਸਤਰੀ ਵਜੋਂ ਡਾ: ਐਸ. ਤਰਸੇਮ ਦੀ ਪੰਜਾਬੀ ਸਾਹਿਤ ਵਿਚ ਇਕ ਵਿਸ਼ੇਸ਼ ਪਛਾਣ ਬਣ ਚੁੱਕੀ ਹੈ। ਉਸ ਨੇ ਉਰਦੂ ਗ਼ਜ਼ਲ ਪਰੰਪਰਾ ਦਾ ਬੜਾ ਦੀਰਘ ਅਧਿਐਨ ਕੀਤਾ ਹੋਇਆ ਹੈ। ਐਸ. ਤਰਸੇਮ ਵਿਅੰਗ ਅਤੇ ਵਕ੍ਰੋਕਤੀ ਦਾ ਸ਼ਾਇਰ ਹੈ। ਉਹ ਸਮਕਾਲੀ ਯੁੱਗ ਅਤੇ ਜਗਤ ਦੇ ਅਪ੍ਰਮਾਣਿਕ ਵਰਤਾਰੇ ਉੱਪਰ ਬੜੇ ਤੀਖਣ ਵਿਅੰਗ ਕਰਦਾ ਹੈ। ਦੇਖੋ : ਵਜ਼ੀਰ-ਆਹਲਾ ਦੀ ਕੋਠੀ ਦੀ ਸਜਾਵਟ ਵਾਸਤੇ ਵੇਖੇ, ਕਿਵੇਂ ਬੌਣੇ ਜਿਹੇ ਬੋਹੜ ਲਿਆਂਦੇ ਗਮਲਿਆਂ ਖਾਤਰ/ਜੋ ਸੀ ਤਪਦੇ ਤਨਾਂ ਖਾਤਰ, ਤਿਹਾਏ ਰਾਹਗੀਰਾਂ ਖਾਤਰ, ਸਰੋਵਰ ਬਣ ਗਿਆ, ਉਹ ਵੀ ਟਿਕਾਣਾ ਬਗਲਿਆਂ ਖਾਤਰ/ਕਿਤੇ ਕਿੱਕਰ, ਕਿਤੇ ਕੈਕਟਸ, ਕਿਤੇ ਪੋਹਲੀ ਦੇ ਫੁੱਲ ਦਿਸਦੇ; ਕੋਈ ਵੀ ਫੁੱਲ ਨਹੀਂ ਬੈਠਣ ਲਈ ਹੈ ਭੌਰਿਆਂ ਖਾਤਰ। ਐਸ. ਤਰਸੇਮ ਇਕ ਚੜ੍ਹਦੀ ਕਲਾ ਅਤੇ ਆਤਮ-ਵਿਸ਼ਵਾਸ ਵਾਲਾ ਸ਼ਾਇਰ ਹੈ। ਕਈ ਵਾਰ ਉਹ ਪੈਗੰਬਰੀ ਲਹਿਜਾ ਅਖ਼ਤਿਆਰ ਕਰਕੇ ਸੰਭਾਸ਼ਣਮਈ ਅਸ਼ਆਰ ਵੀ ਲਿਖ ਜਾਂਦਾ ਹੈ, ਜੋ ਪੰਜਾਬੀ ਪਾਠਕਾਂ ਨੂੰ ਭਲੇ ਪ੍ਰਤੀਤ ਹੋਣਗੇ। ਰੌਸ਼ਨੀ ਉਸ ਦੇ ਕਲਾਮ ਵਿਚ ਅਨੇਕ ਰੰਗਾਂ-ਰੂਪਾਂ ਵਿਚ ਉਦੈਮਾਨ ਰਹਿੰਦੀ ਹੈ।
ਕਵੀ ਨੂੰ ਅਜੋਕੇ ਪੂੰਜੀਵਾਦੀ ਨਿਜ਼ਾਮ ਵਿਚ ਮਾਨਵਤਾਵਾਦੀ ਕਦਰਾਂ-ਕੀਮਤਾਂ ਦੇ ਨਿਘਾਰ ਉੱਪਰ ਡਾਢੀ ਚਿੰਤਾ ਹੈ। ਉਸ ਦੀਆਂ ਬਹੁਤ ਸਾਰੀਆਂ ਗ਼ਜ਼ਲਾਂ ਇਸੇ ਸਥਿਤੀ ਦਾ ਅਵਲੋਕਨ ਕਰਦੀਆਂ ਹਨ। ਉਹ ਬੇੜੀਆਂ, ਜ਼ੰਜੀਰਾਂ ਅਤੇ ਹਥਕੜੀਆਂ ਨੂੰ ਮਹਿਮਾ ਮੰਡਿਤ ਕਰਦਾ ਹੈ। ਕਲਗੀਆਂ, ਹਾਰ ਅਤੇ ਮਾਣ-ਸਨਮਾਨ ਉਸ ਦੇ ਨਜ਼ਦੀਕ ਬੇਅਰਥ ਹਨ ਕਿਉਂਕਿ ਬੇੜੀਆਂ-ਹਥਕੜੀਆਂ, ਮਰਦਾਨਗੀ ਅਤੇ ਨਾਬਰੀ ਦੇ ਚਿੰਨ੍ਹ ਹਨ ਜਦੋਂ ਕਿ ਮਾਣ-ਸਨਮਾਨ ਯਥਾਸਥਿਤੀਵਾਦ ਦੇ ਚਿਹਨਕ ਹਨ। ਕਵੀ ਇਕ ਨਾਬਰ ਅਤੇ ਮਰਦੇ-ਮੁਜਾਹਿਦ ਵਿਅਕਤੀ ਦਾ ਜੀਵਨ ਜਿਊਣਾ ਚਾਹੁੰਦਾ ਹੈ। ਉਹ ਲਿਖਦਾ ਹੈ : ਤਪ ਰਹੇ ਮੈਂ ਜੇਠ ਦੀ ਇਕ ਸ਼ਾਮ ਹਾਂ, ਜੋ ਵਣੋਂ ਨਾ ਪਰਤਿਆ ਉਹ ਰਾਮ ਹਾਂ/ਮੈਥੋਂ ਮੁਨਸਿਫ਼ ਦੂਰ ਰਹਿੰਦੇ ਕਿਉਂਕਿ ਮੈਂ, ਸੱਚ ਬੋਲਣ ਵਾਸਤੇ ਬਦਨਾਮ ਹਾਂ/ਤਾਜਰਾਤੇ-ਹਿੰਦ ਮੈਥੋਂ ਹੈ ਖਫ਼ਾ ਕਿਉਂਕਿ ਉਸ ਦੀ ਮੌਤ ਦਾ ਪੈਗ਼ਾਮ ਹਾਂ। (94) ਇਨਸ਼ਾ ਅੱਲਾ...!

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਕਾਲੇ ਬੱਦਲ
ਸ਼ਾਇਰ : ਜਸਬੀਰ ਸਿੰਘ ਘੁਲਾਲ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 395 ਰੁਪਏ, ਸਫ਼ੇ : 171
ਸੰਪਰਕ : 7529070008

'ਕਾਲੇ ਬੱਦਲ' ਜਸਬੀਰ ਸਿੰਘ ਘੁਲਾਲ ਦੁਆਰਾ ਰਚਿਤ ਕਾਵਿ ਸੰਗ੍ਰਹਿ ਹੈ। ਭਾਵੇਂ ਇਸ ਵੱਡ-ਆਕਾਰੀ ਪੁਸਤਕ ਦੀਆਂ ਰਚਨਾਵਾਂ ਨੂੰ ਕਿਸੇ ਕਾਵਿ ਵਿਧਾ ਦਾ ਨਾਂਅ ਨਹੀਂ ਦਿੱਤਾ ਗਿਆ ਪਰ ਰਚਨਾਵਾਂ ਦੀ ਬਣਤਰ ਤੋਂ ਇਹ ਗੀਤ ਵਿਧਾ ਦੇ ਨਜ਼ਦੀਕ ਹਨ। ਰਚਨਾਵਾਂ ਦੀ ਗਿਣਤੀ ਸਫ਼ਿਆਂ ਦੇ ਬਰਾਬਰ ਹੈ ਤੇ ਇਹ ਮਨੁੱਖੀ ਜੀਵਨ ਨਾਲ ਸਬੰਧਤ ਵਿਸ਼ਿਆਂ 'ਤੇ ਅਧਾਰਤ ਹਨ। ਘੁਲਾਲ ਕੁਦਰਤ ਪ੍ਰੇਮੀ ਹੈ ਤੇ ਉਸ ਦੇ ਬਹੁਤੇ ਗੀਤ ਪਸ਼ੂ-ਪੰਛੀਆਂ ਦੀ ਉਸਤਿਤ ਕਰਦੇ ਹਨ। ਉਹ ਜੈਵਿਕ ਖੇਤੀ ਦੇ ਪੱਖ ਵਿਚ ਹੈ ਤੇ ਆਪਣੇ ਪੁਰਖਿਆਂ ਵੱਲੋਂ ਕੀਤੀ ਜਾਂਦੀ ਰਹੀ ਖੇਤੀ ਦੇ ਢੰਗਾਂ ਦਾ ਹਮਾਇਤੀ ਹੈ। ਘੁਲਾਲ ਵਰਗਾ ਸ਼ਾਇਰ ਹੀ ਗੰਢਿਆਂ 'ਤੇ ਵੀ ਕੋਈ ਰਚਨਾ ਲਿਖ ਸਕਦਾ ਹੈ। ਸ਼ਾਇਰ ਦਾ ਦੂਸਰਾ ਪ੍ਰਮੁੱਖ ਵਿਸ਼ਾ ਪੰਜਾਬ ਵਿਚ ਨਸ਼ਿਆਂ ਦਾ ਦਰਿਆ ਹੈ, ਜਿਸ ਦੀ ਲਪੇਟ ਵਿਚ ਨੌਜਵਾਨੀ ਦਾ ਵੱਡਾ ਹਿੱਸਾ ਫਸ ਚੁੱਕਾ ਹੈ। ਉਸ ਨੇ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਚੋਖੀ ਗਿਣਤੀ ਲਿਖਿਆ ਹੈ। ਕੁਦਰਤ ਨਾਲ ਛੇੜਛਾੜ ਤੇ ਨਸ਼ਿਆਂ ਨਾਲ ਸਬੰਧਤ ਰਚਨਾਵਾਂ ਦੀ ਬਹੁਗਿਣਤੀ ਕਾਰਨ ਇਸ ਪੁਸਤਕ ਦਾ ਨਾਮਕਰਨ 'ਕਾਲੇ ਬੱਦਲ' ਹੋਇਆ ਪ੍ਰਤੀਤ ਹੁੰਦਾ ਹੈ। ਆਪਣੀਆਂ ਲਿਖਤਾਂ ਵਿਚ ਉਹ ਰੁੱਖ ਲਾਉਣ ਦਾ ਸੰਦੇਸ਼ ਦਿੰਦਾ ਹੈ ਤੇ ਚੰਗੀ ਸਿਹਤ ਬਣਾਈ ਕੱਖਣ ਦਾ ਹੋਕਾ ਦਿੰਦਾ ਹੈ। ਸ਼ਾਇਰ ਦੇ ਕਈ ਗੀਤ ਮਾਂ-ਬਾਪ ਤੇ ਵਡੇਰਿਆਂ ਦੇ ਸਤਿਕਾਰ ਨੂੰ ਕਾਇਮ ਰੱਖਣ ਤੇ ਸਮਾਜਿਕ ਰਿਸ਼ਤਿਆਂ ਦੀ ਸਲਾਮਤੀ ਲਈ ਵੀ ਹਨ। ਇਨ੍ਹਾਂ ਗੀਤਾਂ ਵਿਚ ਉਹ ਧਾਰਮਿਕ ਸ਼ਰਧਾ ਵੀ ਨਿਭਾਉਂਦਾ ਹੈ। ਜਸਬੀਰ ਸਿੰਘ ਘੁਲਾਲ ਨੇ ਕਈ ਹੋਰ ਨਿੱਕੇ-ਨਿੱਕੇ ਸੰਵੇਦਨਸ਼ੀਲ ਵਿਸ਼ਿਆਂ 'ਤੇ ਵੀ ਕਲਮ ਚਲਾਈ ਹੈ ਤੇ ਦੇਸ਼ ਪਿਆਰ ਨੂੰ ਵੀ ਪ੍ਰਗਟਾਇਆ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਸਿਮਟਦਾ ਆਕਾਸ਼
ਲੇਖਕ : ਬਲਬੀਰ ਪਰਵਾਨਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 158
ਸੰਪਰਕ : 95309-44345.

ਛੱਬੀ ਕਾਂਡਾਂ ਦੇ ਵਿਸ਼ੈ-ਪਾਸਾਰ 'ਚ ਹਥਲੇ ਨਾਵਲ ਦਾ ਬਿਰਤਾਂਤ ਸਮੁੱਚੇ ਰੂਪ ਵਿਚ ਮਾਨਵੀ ਕਦਰਾਂ-ਕੀਮਤਾਂ ਦੇ ਧਾਰਨੀ ਹੋ ਕੇ, ਬੌਣੇ ਹੋ ਚੁੱਕੇ ਜਾਂ ਨਿੱਜ-ਸੁਆਰਥਾਂ ਦੇ ਆਹਰ-ਪਾਹਰ 'ਚ ਜੁੜ ਕੇ 'ਵਕਤੀ' ਮੌਕਿਆਂ ਦਾ ਲਾਭ ਲੈਂਦੇ ਹੋਏ ਅਤੇ ਹੋਰ ਖ਼ਪਤਕਾਰੀ ਰੁਚੀਆਂ ਦੇ ਸ਼ਿਕਾਰ ਹੋ ਚੁੱਕੇ ਲੋਕਾਂ ਦੇ ਕਿਰਦਾਰ ਦਾ ਆਲੋਚਨਾਤਮਕ-ਯਥਾਰਥ ਪੇਸ਼ ਕੀਤਾ ਗਿਆ ਹੈ। ਮਾਨਵੀ ਹਿੱਤਾਂ ਲਈ ਜੂਝਦੇ ਸੰਘਰਸ਼ਸ਼ੀਲ ਜੁਝਾਰੂਆਂ ਦੇ ਕਾਰਨਾਮਿਆਂ ਦੀ ਗੱਲ ਕਰਦਿਆਂ ਹੋਇਆਂ ਲੇਖਕ ਨੇ ਜਿਸ ਕਦਰ ਸਮਾਜਵਾਦੀ ਸੰਰਚਨਾ ਦੇ ਸਰੋਕਾਰਾਂ ਨੂੰ ਉਭਾਰਨ ਵਾਲੇ ਨੇਤਾਵਾਂ, ਜਿਨ੍ਹਾਂ 'ਚ ਨਾਅਰੇਬਾਜ਼ੀ ਵੀ ਸਮਿਲਤ ਹੈ, ਆਦਿ ਨੂੰ ਬਾਖੂਬੀ ਉਭਾਰਿਆ ਹੈ ਅਤੇ ਚੇਤੰਨ ਪੇਸ਼ ਕੀਤਾ ਹੈ ਕਿ ਮਨੁੱਖੀ ਹੇਰਵਿਆਂ ਜਾਂ ਨਿਮਨ-ਸ਼੍ਰੇਣੀ ਦੀ ਅਵਸਥਾ 'ਚ ਜੀਵਨ ਬਸਰ ਕਰ ਰਹੇ ਆਮ ਲੋਕਾਂ ਦਾ ਜੀਵਨ ਕਿਸ ਪੱਧਰ 'ਤੇ ਗੁਜ਼ਰ ਰਿਹਾ ਹੈ, ਨੂੰ ਵੀ ਸਮਝਣ ਦੀ ਲੋੜ ਹੈ। ਜਗੀਰੂ ਰੁਚੀਆਂ ਅਤੇ ਪੂੰਜੀਵਾਦੀ ਸੋਚ-ਆਧਾਰਿਤ ਲੋਕ ਅਜੇ ਵੀ ਸਮਾਜਿਕ ਵਰਤਾਰੇ ਦੇ ਬੁਨਿਆਦੀ ਮੁੱਲਾਂ ਨੂੰ ਤਹਿਸ-ਨਹਿਸ ਕਰ ਰਹੇ ਹਨ। ਬਲਬੀਰ ਪਰਵਾਨਾ ਦੀ ਲਿਖਤ ਰਚਨਾ ਦੀ ਪ੍ਰਾਪਤੀ ਹੈ ਕਿ ਉਸ ਨੇ ਦੰਭੀ ਕਾਮਰੇਡਾਂ, ਦੰਭੀ ਸਮਾਜ-ਸੁਧਾਰਕਾਂ, ਦੰਭੀ ਧਾਰਮਿਕ ਅਤੇ ਦੰਭੀ ਰਾਜਸੀ ਹਿੱਤਾਂ ਦੇ ਅਖੌਤੀ ਹਿੱਤਾਂ 'ਚ ਵਿਕ ਜਾਣ ਵਾਲਿਆਂ ਨੂੰ ਇਸ ਨਾਵਲ ਦੇ ਵਿਸਤ੍ਰਿਤ ਬਿਰਤਾਂਤ ਜ਼ਰੀਏ ਪ੍ਰਗਟ ਕੀਤਾ ਹੈ। ਇਨਕਲਾਬੀ ਸੋਚ 'ਤੇ ਪਹਿਰਾ ਦੇਣ ਵਾਲੇ ਵਿਰਲੇ ਵਾਂਝੇ ਹੀ ਹੁੰਦੇ ਹਨ। ਨਿੱਜੀ ਹਿੱਤਾਂ ਤਹਿਤ ਆਪ ਉੱਚੇ ਅਹੁਦੇ, ਚੰਗੀਆਂ ਨੌਕਰੀਆਂ ਪ੍ਰਾਪਤ ਕਰ ਲੈਣਾ ਜਾਂ ਆਪਣੇ ਬੱਚਿਆਂ ਜਾਂ ਕੁਨਬੇ ਨੂੰ 'ਆਸਰਾ' ਲੈ ਕੇ ਵਿਦੇਸ਼ਾਂ 'ਚ ਭੇਜ ਕੇ ਆਪ ਆਰਥਿਕ ਪੱਖੋਂ ਧਨਾਢ ਬਣ ਜਾਣਾ, ਮੂਲੋਂ ਹੀ ਉਨ੍ਹਾਂ ਦੀ ਪਿਛੋਕੜ-ਸਿਧਾਂਤ ਪ੍ਰਣਾਲੀ ਨਹੀਂ ਸੀ, ਪਰ ਜਿਸ ਨੂੰ ਧਾਰਨ ਕਰਕੇ ਉਹ ਲੋਕ ਜੋ 'ਲੋਕਤਾ' ਦੇ ਹਮਾਇਤੀ ਸਨ, ਧਾਰਨ ਕਰ ਗਏ, ਸਬੰਧੀ ਇਹ ਨਾਵਲ ਵਿਭਿੰਨ ਪਾਤਰਾਂ ਦੇ ਚਿਤਰਣ ਰਾਹੀਂ ਪਾਠਕਾਂ ਦੇ ਸਨਮੁੱਖ ਹੈ ਅਤੇ ਪੰਜਾਬੀ ਲੋਕਾਂ ਦੀ ਮਾਨਸਿਕਤਾ ਨੂੰ ਵਿਸ਼ੇਸ਼ ਹਲੂਣਾ ਦੇਣ ਦਾ ਪੈਗ਼ਾਮ ਸਾਕਾਰ ਕਰਦਾ ਹੈ। ਇਹ ਸਾਰਾ ਦਾਰੋ-ਮਦਾਰ ਭਾਵੇਂ ਬਿਸ਼ਨ ਸਿੰਘ ਕਿਸਾਨ ਆਗੂ, ਪੁਲਸੀਏ ਦੇ ਅਹਿਲਕਾਰਾਂ, ਜੱਸੀ, ਕਰਤਾਰ ਕੌਰ, ਮਲਕੀਤ, ਲਾਲ ਸਿੰਘ, ਦਮਨਜੀਤ, ਲਹਿੰਬਰ, ਬਚਨ, ਤਰਸੇਮ, ਸਕੂਲ ਪ੍ਰਿੰਸੀਪਲ, ਨਿਕਟਵਰਤੀ ਪੇਂਡੂ ਅਤੇ ਸ਼ਹਿਰੀ ਅਲੰਬਰਦਾਰ ਆਦਿ ਪਾਤਰਾਂ ਨੂੰ ਵਿਸ਼ੇਸ਼ ਚਿਤਰਣ ਦੇ ਜ਼ਰੀਏ ਪੇਸ਼ ਕੀਤਾ ਹੈ, ਪਰੰਤੂ ਇਨ੍ਹਾਂ ਵਿਚੋਂ ਜਸਪਾਲ ਦਾ ਕਿਰਦਾਰ ਜਿਸ ਤਰ੍ਹਾਂ ਕੀਤਾ ਗਿਆ ਹੈ ਉਹ ਨਾਵਲਕਾਰ ਦੀ ਵਿਸ਼ੇਸ਼ ਪ੍ਰਾਪਤੀ ਹੈ ਪਰ ਇਸ ਤੋਂ ਵੀ ਅਗਾਂਹ ਸਮਾਜਿਕ, ਰਾਜਸੀ ਅਵਸਥਾਵਾਂ ਅਤੇ ਮਜਬੂਰੀ 'ਚ ਨਿਘਾਰਮੁਖੀ ਜੀਵਨ ਬਸਰ ਕਰ ਰਹੇ ਆਮ ਲੋਕਾਂ ਦਾ ਵੀ ਬਾਖੂਬੀ ਚਿਤਰਣ ਪੇਸ਼ ਕੀਤਾ ਗਿਆ ਹੈ। ਇਸ ਪ੍ਰਕਾਰ ਇਹ ਨਾਵਲ ਅਜੋਕੀ ਮਾਨਵੀ ਕਦਰ ਪ੍ਰਣਾਲੀ ਵਿਚੋਂ ਲੁਪਤ ਹੋ ਰਹੀਆਂ ਕਦਰਾਂ-ਕੀਮਤਾਂ ਦਾ ਦਰਪਣ ਜਾਪਦਾ ਹੈ, ਜਿਸ ਨੂੰ ਬਾਖੂਬੀ ਨਾਟਕੀ-ਜੁਗਤਾਂ ਜ਼ਰੀਏ ਲੇਖਕ ਬਲਬੀਰ ਪ੍ਰਵਾਨਾ ਨੇ ਪੇਸ਼ ਕੀਤਾ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਫ਼ਰਿਆਦੀ ਦਿਲ
ਲੇਖਕ : ਲਖਬੀਰ ਸਿੰਘ ਕੋਹਾਲੀ
ਪ੍ਰਕਾਸ਼ਕ : ਕੇ.ਜੀ. ਗ੍ਰਾਫਿਕਸ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98727-10048.

ਵਿਚਾਰ ਅਧੀਨ ਪੁਸਤਕ ਲਖਬੀਰ ਸਿੰਘ ਕੋਹਾਲੀ ਦਾ ਦੂਸਰਾ ਕਾਵਿ-ਸੰਗ੍ਰਹਿ ਹੈ। ਇਸ ਵਿਚ ਉਸ ਦੀਆਂ 96 ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ 50 ਕਵਿਤਾਵਾਂ ਤੇ 46 ਰੁਬਾਈਆਂ ਹਨ।
ਲਖਬੀਰ ਸਿੰਘ ਨੇ ਪੁਸਤਕ ਦਾ ਸਮਰਪਣ ਸਮਾਜ ਦੇ ਦੱਬੇ-ਕੁਚਲੇ ਲੋਕਾਂ ਨੂੰ ਕੀਤਾ ਹੈ। ਉਸ ਦੇ ਮਨ ਅੰਦਰ ਕਿਸਾਨਾਂ, ਮਜ਼ਦੂਰਾਂ ਅਤੇ ਮਿਹਨਤਕਸ਼ ਲੋਕਾਂ ਦਾ ਦਰਦ ਸਮੋਇਆ ਹੋਇਆ ਸੀ, ਜਿਸ ਕਰਕੇ ਉਸ ਨੇ ਉਨ੍ਹਾਂ ਦੇ ਦੁੱਖਾਂ-ਦਰਦਾਂ ਨੂੰ ਬਿਆਨ ਕਰਦੀਆਂ ਕਵਿਤਾਵਾਂ ਦੀ ਸਿਰਜਣਾ ਕੀਤੀ ਹੈ, ਗ਼ਰੀਬੀ, ਭੁੱਖੇ ਪੇਟ ਤੇ ਤਾੜਨਾ ਆਦਿ। ਰਾਜਨੀਤਕ ਸਰੋਕਾਰਾਂ ਬਾਰੇ ਕਵੀ ਨੇ ਵਿਅੰਗਾਤਮਕ ਕਵਿਤਾਵਾਂ ਦੀ ਰਚਨਾ ਕੀਤੀ ਹੈ ਰਾਜਨੀਤੀ, ਵਿਕਾਸ ਅਤੇ ਵੋਟਾਂ ਆਦਿ ਇਸ ਸੰਗ੍ਰਹਿ ਦੀਆਂ ਜ਼ਿਕਰਯੋਗ ਕਵਿਤਾਵਾਂ ਹਨ। ਵਿਅੰਗਾਤਮਕ ਕਵਿਤਾਵਾਂ ਤੋਂ ਇਲਾਵਾ ਕਵੀ ਨੇ ਇਕ ਚੰਗੇਰਾ ਜੀਵਨ ਜਿਊਣ ਲਈ ਪ੍ਰੇਰਨਾਮਈ ਵਿਚਾਰ ਭਰਪੂਰ ਕਵਿਤਾਵਾਂ ਵੀ ਕਹੀਆਂ ਹਨ। ਇਸ ਸੰਗ੍ਰਹਿ ਵਿਚ ਸ਼ਾਮਿਲ 'ਰੁਬਾਈਆਂ' ਵਿਚ ਕਵੀ ਨੇ ਜੀਵਨ ਤਜਰਬੇ ਵਿਚੋਂ ਪ੍ਰਾਪਤ ਜੀਵਨ-ਤੱਤਾਂ ਨੂੰ ਬਿਆਨ ਕੀਤਾ ਹੈ, ਜਿਨ੍ਹਾਂ ਨੂੰ ਪੜ੍ਹ ਕੇ ਪਾਠਕ ਕੇਵਲ ਕਾਵਿਕ ਅਨੰਦ ਹੀ ਪ੍ਰਾਪਤ ਨਹੀਂ ਕਰਨਗੇ, ਬਲਕਿ ਉਨ੍ਹਾਂ ਨੂੰ ਪ੍ਰੇਰਨਾ ਵੀ ਮਿਲੇਗੀ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

 

 

18/03/2017

 ਚੋਣ ਨਿਸ਼ਾਨ ਅਤੇ ਹੋਰ ਨਾਟਕ
ਲੇਖਕ : ਡਾ: ਸਤੀਸ਼ ਸੋਨੀ
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ ਕਾਲਾਂਵਾਲੀ, (ਸਿਰਸਾ)
ਮੁੱਲ : 150 ਰੁਪਏ, ਸਫ਼ੇ : 80

\ਪੰਜਾਬੀ ਸ਼ਾਇਰ ਅਤੇ ਨਾਵਲਕਾਰ ਵਜੋਂ ਸੋਨੀ ਦੀਆਂ ਲਿਖਤਾਂ ਪਾਠਕਾਂ ਤੱਕ ਪਹੁੰਚਦੀਆਂ ਹੀ ਰਹਿੰਦੀਆਂ ਹਨ ਅਤੇ ਆਪਣੇ ਪਹਿਲੇ ਨਾਟ ਸੰਗ੍ਰਿਹ 'ਜ਼ਹਿਰਦਾਦਰਿਆ' ਤੋਂ ਬਾਅਦ ਸਤੀਸ਼ ਸੋਨੀ ਨੇ ਇਸ ਨਾਟਕ ਸੰਗ੍ਰਿਹ ਰਾਹੀਂ ਤਿੰਨ ਨਾਟਕ ਪੰਜਾਬੀ ਨਾਟਕ ਅਤੇ ਰੰਗਮੰਚ ਨੂੰ ਦਿੱਤੇ ਹਨ ,'ਚੋਣ ਨਿਸ਼ਾਨ', 'ਧੀਆਂ 'ਤੇ ਜ਼ੁਲਮ ਕਮਾਉ ਨਾ' ਅਤੇ 'ਮੈਂ ਕੈਨੇਡਾ ਜਾਣਾ'। ਇਹ ਤਿੰਨੇ ਨਾਟਕ ਸਮਾਜ ਦੇ ਵੱਖ-ਵੱਖ ਸਰੋਕਾਰਾਂ ਨਾਲ ਜੁੜੇ ਹਨ । ਨਾਟਕ 'ਚੋਣ ਨਿਸ਼ਾਨ' ਆਮ ਲੋਕਾਂ ਨੂੰ ਰਾਜਨੀਤਕ ਚੇਤਨਾ ਦੇ ਰਾਹ ਤੋਰਨ ਦਾ ਉਪਰਾਲਾ ਕਰਦਾ ਹੋਇਆ ਹੋਕਾ ਦਿੰਦਾ ਹੈ, ਜਿਸ ਵਿਚ ਦੇਸ਼ ਨੂੰ ਤਰਸਯੋਗ ਹਾਲਤ ਵਿਚ ਪੇਸ਼ ਕਰਦਿਆਂ ਨਾਟਕਕਾਰ ਦੇਸ਼ ਦੀ ਵਰਤਮਾਨ ਸਥਿਤੀ ਨੂੰ ਸਪੱਟਸ਼ਤਾ ਨਾਲ ਪੇਸ਼ ਕਰਦਾ ਹੈ।
ਮੰਚ ਤੋਂ ਭਿਖਾਰੀ ਵਰਗੇ ਪਾਤਰ ਦੇ ਰੂਪ ਵਿਚ ਦੇਸ਼ ਖ਼ੁਦ ਵਾਰਤਾਲਾਪ ਕਰਦਿਆਂ ਆਪਣੀ ਦਿਨੋ-ਦਿਨ ਨਿੱਘਰ ਰਹੀ ਸਥਿਤੀ ਤੋਂ ਜਾਣੂ ਕਰਵਾਉਂਦਾ ਹੋਇਆ ਆਮ ਨਾਗਰਿਕ ਨੂੰ ਹਲੂਣਾ ਮਾਰਦਾ ਹੈ ਕਿ ਆਮ ਲੋਕ ਆਪਣੇ ਅਤੇ ਮੁਲਕ ਦੀ ਬਿਹਤਰੀ ਲਈ ਸੋਚ-ਸਮਝ ਕੇ ਕਦਮ ਪੁੱਟਣ। ਪੁਸਤਕ ਦਾ ਦੂਸਰਾ ਨਾਟਕ 'ਧੀਆਂ ਤੇ ਜ਼ੁਲਮ ਕਮਾਉ ਨਾ' ਵਿਸ਼ੇਸ਼ ਨਾਟਕੀ ਯੁਗਤ ਦਾ ਨਾਟਕ ਹੈ। ਅਸਲ ਵਿਚ ਦੋ ਮਾਵਾਂ ਜਾਂ ਦੋ ਕੁੱਖਾਂ ਦੀ ਦਲੀਲੀ ਟੱਕਰ 'ਚੋਂ ਉਪਜਦਾ ਇਹ ਨਾਟਕ ਭਰੂਣ ਹੱਤਿਆ ਨੂੰ ਵੱਖਰੇ ਦ੍ਰਿਸ਼ਟੀਕੋਣ ਤੋਂ ਪੇਸ਼ ਵੀ ਕਰਦਾ ਹੈ ਤੇ ਨਕਾਰਦਾ ਵੀ ਹੈ। ਇਸੇ ਤਰ੍ਹਾਂ ਤੀਸਰੇ ਨਾਟਕ 'ਮੈਂ ਕੈਨੇਡਾ ਜਾਣਾ' ਰਾਹੀਂ ਜ਼ਮੀਨੀ ਹਕੀਕਤਾਂ 'ਤੇ ਭਾਰੂ ਹੋਈ ਵਿਦੇਸ਼ ਜਾਣ ਦੀ ਇੱਛਾ ਨੂੰ ਨਾਟਕਕਾਰ ਨਾਟਕੀਅਤ ਰਾਹੀਂ ਉਜਾਗਰ ਕਰਦਾ ਹੈ। ਇਨ੍ਹਾਂ ਨਾਟਕਾਂ ਵਿਚੋਂ ਸੋਨੀ ਇਕ ਸ਼ਾਇਰ ਅਤੇ ਨਾਵਲਕਾਰ ਦੇ ਰੂਪ ਵਿਚ ਵੀ ਝਲਕਦਾ ਹੈ। ਪਾਤਰੀ ਵਾਰਤਾਲਾਪ ਵਿਚੋਂ ਕਾਵਿ ਸੁਰ ਵੀ ਉੱਭਰਦੀ ਹੈ, ਬਹੁਤ ਸਾਰੇ ਡਾਇਲਾਗ ਕਵਿਤਾ ਵਰਗੀ ਕੋਮਲਤਾ ਅਤੇ ਰਵਾਨੀ ਵਾਂਗ ਪੜ੍ਹੇ-ਸੁਣੇ ਜਾ ਸਕਦੇ ਹਨ। ਇਸੇ ਤਰ੍ਹਾਂ ਕਿਤੇ-ਕਿਤੇ ਦ੍ਰਿਸ਼ ਜਾਂ ਸਥਿਤੀ ਖੁੱਲ੍ਹ ਕੇ ਪੇਸ਼ ਕਰਨਾ ਲੇਖਕ ਦਾ ਇਕ ਨਾਵਲੀ ਗੁਣ ਹੈ। ਨਾਟਕਕਾਰ ਦੇ ਇਨ੍ਹਾਂ ਦੋਵਾਂ ਗੁਣਾਂ ਕਰਕੇ ਇਹ ਨਾਟਕ ਵਧੇਰੇ ਦਿਲਚਸਪ ਅਤੇ ਸਮਝਣਯੋਗ ਬਣਦੇ ਹਨ।
ਮੂਲ ਰੂਪ ਵਿਚ ਇਸ ਪੁਸਤਕ ਵਿਚਲੇ ਤਿੰਨੇ ਨਾਟਕ ਸਮਾਜ ਦੀਆਂ ਚਰਚਿਤ ਅਤੇ ਚਰਚਾ ਮੰਗਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਦੇ ਹੋਏ ਮਨੁੱਖੀ ਮਨ ਨੂੰ ਹਲੂਣਦੇ ਹਨ, ਜਿਸ ਨਾਲ ਇਕ ਲੇਖਕ ਆਪਣਾ ਫ਼ਰਜ਼ ਪੂਰਾ ਕਰਦਾ ਹੈ। ਪੰਜਾਬੀ ਨਾਟਕ ਅਤੇ ਰੰਗਮੰਚ ਦੇ ਵਿਹੜੇ ਇਸ ਨਾਟਕ ਸੰਗ੍ਰਿਹ ਦਾ ਸਵਾਗਤ ਹੈ।

-ਡਾ: ਨਿਰਮਲ ਜੌੜਾ
ਮੋ: 98140 78799

c c c

ਬਦਲੇ ਤੌਰ-ਤਰੀਕੇ
ਲੇਖਕ : ਨੈਣਪਾਲ ਸਿੰਘ ਮਾਨ
ਪ੍ਰਕਾਸ਼ਕ : ਸਾਂਝ ਪ੍ਰਕਾਸ਼ਨ, ਜਲੰਧਰ
ਮੁੱਲ : 80 ਰੁਪਏ, ਸਫ਼ੇ : 84
ਸੰਪਰਕ : 94633-84266.

'ਬਦਲੇ ਤੌਰ-ਤਰੀਕੇ' ਨੈਣਪਾਲ ਸਿੰਘ ਮਾਨ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਸ ਸੰਗ੍ਰਹਿ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਵਿਚੋਂ 50-60 ਸਾਲ ਪਹਿਲਾਂ ਦੇ ਪੁਰਾਣੇ ਪੰਜਾਬ ਦੀ ਝਲਕ ਸਾਫ਼ ਨਜ਼ਰੀਂ ਪੈਂਦੀ ਹੈ। ਬਦਲ ਰਿਹਾ ਪੇਂਡੂ ਜੀਵਨ, ਜਨ-ਸਾਧਾਰਨ ਦੀ ਰਹਿਣੀ-ਬਹਿਣੀ, ਕਾਰ-ਵਿਹਾਰ, ਸਮਾਜਿਕ ਰਿਸ਼ਤੇ-ਨਾਤਿਆਂ 'ਚ ਪੈਂਦੀਆਂ ਤਰੇੜਾਂ, ਸਦਾਚਾਰਕ ਕਦਰਾਂ-ਕੀਮਤਾਂ ਅਤੇ ਸੱਭਿਆਚਾਰਕ ਜੀਵਨ ਵਿਚ ਆਏ ਬਦਲਾਵਾਂ ਨੂੰ ਵੀ ਉਸ ਨੇ ਆਪਣੀ ਕਵਿਤਾ ਦਾ ਵਿਸ਼ਾ-ਵਸਤੂ ਬਣਾਇਆ ਹੈ।
ਅਜੋਕੇ ਸਮਾਜ ਵਿਚ ਆਏ ਨਿਘਾਰਾਂ, ਵਿਸੰਗਤੀਆਂ ਅਤੇ ਸਮਾਜਿਕ ਜੀਵਨ ਨਾਲ ਸਬੰਧਤ ਨਾਂਹ-ਪੱਖੀ ਸਰੋਕਾਰਾਂ ਬਾਰੇ ਵੀ ਉਹ ਸੁਚੇਤ ਹੋ ਕੇ ਪਾਠਕ ਨੂੰ ਜਾਗਰੂਕ ਕਰਦਾ ਹੈ ਅਤੇ ਲੋਕ ਹਿਤੈਸ਼ੀ ਜੀਵਨ ਜਿਊਣ ਲਈ ਪ੍ਰੇਰਿਤ ਹੈ। ਮੇਰਾ ਵਸਦਾ ਰਹੇ ਪੰਜਾਬ, ਬੰਦਿਆ ਤੁਰ ਜਾਣਾ, ਘੁੱਗੂ ਖ਼ਤਰੇ ਦਾ, ਬਦਲੇ ਤੌਰ-ਤਰੀਕੇ, ਪਾਪ-ਪੁੰਨ ਦੀ ਤਾਣੀ, ਠੱਗਾਂ ਦੇ ਕਿਹੜਾ ਹਲ ਚਲਦੇ, ਆ ਗਿਆ ਬੁਰਾ ਜ਼ਮਾਨਾ, ਮੁੰਡਿਓਂ ਸੁਣੋ ਸਟੋਰੀ, ਕੁੜੀਓ ਕੀਤਾ ਕੰਮ ਬਥੇਰਾ, ਜਵਾਨੀ ਗੁਜ਼ਰ ਗਈ, ਸਾਨੂੰ ਗਿੱਧੇ 'ਚ ਵਾਜ਼ ਨਾ ਮਾਰੀ ਅਤੇ ਕੀ ਡਿਗ ਗਿਆ ਬਜ਼ੁਰਗਾ ਤੇਰਾ ਆਦਿ ਇਸ ਸੰਗ੍ਰਹਿ ਦੀਆਂ ਦਿਲਚਸਪ ਪੜ੍ਹਨਯੋਗ ਕਵਿਤਾਵਾਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਪਾਠਕ ਮਾਨਸਿਕ ਅਨੰਦ ਪ੍ਰਾਪਤ ਕਰਨਗੇ।

-ਸੁਖਦੇਵ ਮਾਦਪੁਰੀ
ਮੋ: 94630-34472.

c c c

ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਮੀਡੀਆ : ਅੰਤਰ ਸੰਵਾਦ
ਸੰਪਾਦਕ : ਡਾ: ਪਲਵਿੰਦਰ ਕੌਰ, ਪ੍ਰੋ: ਰਮਨਪ੍ਰੀਤ ਕੌਰ ਚੌਹਾਨ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200, ਸਫ਼ੇ : 127
ਸੰਪਰਕ : 93563-21426.

ਇਸ ਪੁਸਤਕ ਵਿਚ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੁਆਰਾ ਪ੍ਰਾਯੋਜਿਤ ਸੈਮੀਨਾਰ ਦੌਰਾਨ ਪੜ੍ਹੇ ਗਏ ਸ਼ੋਧ-ਪੱਤਰਾਂ ਅਤੇ ਬਹਿਸ ਨੂੰ ਪੁਸਤਕ ਰੂਪ 'ਚ ਛਾਪਣ ਦਾ ਉਪਰਾਲਾ ਕੀਤਾ ਗਿਆ ਹੈ।
ਸਿਰਕੱਢ ਪੰਜਾਬੀ ਦੇ ਕੁਝ ਵਿਦਵਾਨਾਂ ਦੇ ਸੰਖੇਪ ਭਾਸ਼ਣਾਂ ਤੋਂ ਇਲਾਵਾ ਇਸ ਕਿਤਾਬ ਵਿਚ 24 ਆਲੋਚਕਾਂ ਦੇ ਖੋਜ-ਪੱਤਰ ਸ਼ਾਮਿਲ ਹਨ। ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਮੀਡੀਆ ਬਾਰੇ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਅੱਛੇ ਖੋਜ ਪੱਤਰ ਲਿਖੇ ਗਏ ਹਨ, ਜਿਵੇਂ ਰੇਡੀਓ ਪ੍ਰਸਾਰਨ ਵਿਚ ਪੰਜਾਬੀ ਮਾਨਵੀ ਵਿਕਾਸ ਅਤੇ ਸੰਚਾਰ ਦਾ ਆਪਸੀ ਰਿਸ਼ਤਾ : ਮੀਡੀਆ, ਇਲੈਕਟ੍ਰਾਨਿਕ ਮੀਡੀਏ ਦਾ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਨੌਜਵਾਨਾਂ 'ਤੇ ਪ੍ਰਭਾਵ, ਸੱਭਿਆਚਾਰ ਅਤੇ ਮੀਡੀਏ ਦੇ ਪ੍ਰਸੰਗ ਵਿਚ ਪੰਜਾਬੀ ਭਾਸ਼ਾ ਵਿਚ ਸਮ-ਅਰਥ ਅਤੇ ਸਮਤੁੱਲ ਸ਼ਬਦਾਵਲੀ ਦੀ ਘਾਟ, ਪੰਜਾਬੀ ਸੱਭਿਆਚਾਰ ਅਤੇ ਮੀਡੀਆ : ਵਰਤਮਾਨ ਪਰਿਪੇਖ, ਜੀਵਨ ਦੇ ਵਿਕਾਸ ਵਿਚ ਮੀਡੀਆ ਦੀ ਭੂਮਿਕਾ, ਪੰਜਾਬੀ ਭਾਸ਼ਾ ਅਤੇ ਮੀਡੀਆ, ਪੰਜਾਬੀ ਨਾਟਕ, ਰੰਗਮੰਚ ਤੇ ਮੀਡੀਆ : ਅੰਤਰ ਸੰਵਾਦ, ਖਪਤਕਾਰੀ ਦੌਰ ਵਿਚ ਸੱਭਿਆਚਾਰ ਧੁੰਦਲਕਾ, ਵਿਸ਼ਵੀਕਰਨ : ਪੰਜਾਬੀ ਸੱਭਿਆਚਾਰ ਅਤੇ ਮੀਡੀਆ, ਪੰਜਾਬੀ ਜਨ-ਜੀਵਨ ਵਿਚ ਮੀਡੀਆ ਦੀ ਸਾਰਥਕ ਭੂਮਿਕਾ, ਭਾਸ਼ਾ ਦੇ ਤਕਨੀਕੀਕਰਨ ਵਿਚ ਕੰਪਿਊਟਰ ਦਾ ਯੋਗਦਾਨ, ਅੰਤਰ ਸੱਭਿਆਚਾਰ ਸੰਚਾਰ ਅਤੇ ਸੱਭਿਆਚਾਰ ਸੂਖ਼ਮ ਅੰਤਰ ਭੇਦ।
ਸਾਰੇ ਖੋਜ ਪੱਤਰ ਢੁਕਵੀਂ ਤੇ ਸਰਲ ਸ਼ਬਦਾਵਲੀ 'ਚ ਲਿਖੇ ਗਏ ਹਨ। ਵਿਸ਼ਿਆਂ 'ਚ ਦੁਹਰਾਓ ਹੈ। ਸਾਰੇ ਖੋਜ ਪੱਤਰਾਂ ਦਾ ਮੂਲ ਮਕਸਦ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਵਿਚ ਆਏ ਚੰਗੇ-ਮਾੜੇ ਬਦਲਾਵਾਂ ਨੂੰ ਸੰਭਾਵੀ ਤਬਦੀਲੀਆਂ ਦੇ ਪ੍ਰਯੋਗ/ਪ੍ਰਸੰਗ ਵਿਚ ਵਾਚਣਾ ਹੈ। ਮੀਡੀਆ ਨਾਲ ਵਾਬਸਤਾ ਪਾਠਕ, ਆਲੋਚਕਾਂ ਲਈ ਪੁਸਤਕ ਇਕ ਹੋਰ ਵਾਧਾ ਕਰਦੀ ਹੈ।

-ਪ੍ਰੋ: ਸਤਪਾਲ ਸਿੰਘ
ਮੋ: 98725-21515.

c c c

ਮੈਂ ਕਿਤਾਬ ਅਣਮੁੱਲੀ ਹਾਂ
ਲੇਖਕ : ਜਸਮੀਤ ਸਿੰਘ ਬਹਿਣੀਵਾਲ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 112
ਸੰਪਰਕ : 98726-26531.

ਇਸ ਪੁਸਤਕ 'ਚ ਬਾਲਾਂ ਲਈ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਪੁਸਤਕ ਦੇ 12 ਭਾਗ ਹਨ ਅਤੇ ਹਰੇਕ ਭਾਗ 'ਚ 5 ਤੋਂ ਵੱਧ ਕਵਿਤਾਵਾਂ ਦਰਜ ਹਨ। ਇਨ੍ਹਾਂ ਦੇ ਵਿਸ਼ੇ ਵੰਨ-ਸੁਵੰਨੇ ਹਨ, ਜਿਵੇਂ : ਸਕੂਲ, ਸੁੂਰਜ, ਧਰਤੀ, ਹਵਾ, ਪਾਣੀ, ਕਿਤਾਬ, ਸੇਵਾਦਾਰ, ਖੇਤ, ਖਾਲ਼, ਦਾਦੀ, ਬਲਦ, ਪਿੱਪਲ, ਬੋਹੜ, ਜ਼ਿੰਦਗੀ, ਪੰਜਾਬ, ਸੁਪਨੇ, ਛੁੱਟੀਆਂ, ਟਾਹਲੀ, ਬਾਪੂ, ਨਸ਼ੇ ਆਦਿ। ਗੱਲ ਕੀ ਹਰ ਕਵਿਤਾ 'ਚ ਕੁਝ ਨਾ ਕੁਝ ਨਵਾਂ ਸਿਖਾਉਣ ਅਤੇ ਸਮਝਾਉਣ ਦਾ ਸਾਰਥਕ ਯਤਨ ਕੀਤਾ ਗਿਆ ਹੈ। ਭਾਗ ਦੂਜਾ 'ਚ ਕਿਤਾਬਾਂ ਅਤੇ ਲਾਇਬ੍ਰੇਰੀ ਦੀ ਅਹਿਮੀਅਤ 'ਤੇ ਚਾਨਣਾ ਪਾਇਆ ਗਿਆ ਹੈ। ਮਿਸਾਲ ਵਜੋਂ :
* ਕਿਤਾਬਾਂ ਵਿਚਲੀਆਂ ਸਾਰੀਆਂ ਗੱਲਾਂ ਮੈਂ ਸੱਤ ਕਰਕੇ ਮੰਨਾ,
ਮਿੱਠੀਆਂ ਨੇ ਸਿਖਿਆਵਾਂ, ਜਿਵੇਂ ਹੁੰਦਾ ਰਸਭਰਿਆ ਗੰਨਾ।
* ਜਦੋਂ ਵੀ ਕਦੇ ਮੇਰੀ ਇਹ ਕਿਤਾਬ ਬੋਲੂਗੀ,
ਉਦੋਂ ਦੁਨੀਆ ਦੇ ਕਈ ਗੁੱਝੇ ਭੇਦ ਖੋਲੂਗੀ।
ਕਵਿਤਾਵਾਂ ਸੇਵਾਦਾਰ ਬਿਨਾਂ ਸਕੂਲ, ਅਸੀਂ ਦੋ ਸਹੇਲੀਆਂ, ਇਕ ਸਕੂਲ ਹੈ, ਕਿਤਾਬ ਘਰ, ਛੁੱਟੀਆਂ ਵਾਲੇ ਦਿਨ, ਮੇਰੇ ਬਾਪੂ ਵਰਗਾ, ਸੁਪਨਾ ਵੇ ਬਾਬਲਾ, ਆਓ ਬੱਚਿਓ ਅਤੇ ਹੋਰਾਂ ਨੂੰ ਵਾਰ-ਵਾਰ ਪੜ੍ਹਨ ਲਈ ਦਿਲ ਕਰਦਾ ਹੈ। ਇਨ੍ਹਾਂ 'ਚ ਜੀਵਨ ਦੇ ਅਤੀਤ, ਵਰਤਮਾਨ ਅਤੇ ਭਵਿੱਖ ਤਿੰਨਾਂ ਨੂੰ ਹੀ ਆਧਾਰ ਬਣਾਇਆ ਗਿਆ ਹੈ।

-ਮੋਹਰ ਗਿੱਲ ਸਿਰਸੜੀ
ਮੋ: 98156-59110

c c c

ਆਤਮ ਖੋਜ
ਲੇਖਕ : ਡਾ: ਹਰਦੀਪ ਸਿੰਘ
ਪ੍ਰਕਾਸ਼ਕ : ਲੇਖਕ ਆਪ
ਮੁੱਲ : 120 ਰੁਪਏ, ਸਫ਼ੇ : 96
ਸੰਪਰਕ : 94171-46113.

ਡਾ: ਹਰਦੀਪ ਸਿੰਘ ਆਪਣੀ ਪਲੇਠੀ ਪੁਸਤਕ 'ਆਤਮ ਖੋਜ' ਰਾਹੀਂ ਪਾਠਕਾਂ ਦੇ ਰੂਬਰੂ ਹੋਏ ਹਨ। ਲੇਖਕ ਅਨੁਸਾਰ ਕੁਦਰਤ ਉਹ ਨਹੀਂ ਹੈ, ਜਿਸ ਨੂੰ ਅਸੀਂ ਆਲੇ-ਦੁਆਲੇ ਵੇਖਦੇ ਹਾਂ, ਸਗੋਂ ਕੁਦਰਤ ਉਹ ਹੈ ਜੋ ਅਸੀਂ ਵੇਖ ਸਕਦੇ ਹਾਂ ਅਤੇ ਉਹ ਵੀ ਹੈ ਜੋ ਅਸੀਂ ਨਹੀਂ ਵੇਖ ਸਕਦੇ। ਸਾਰੀ ਕਾਇਨਾਤ ਮਿਲ ਕੇ ਕੁਦਰਤ ਬਣਦੀ ਹੈ। 'ਕੁਦਰਤਿ ਕੇ ਸਭ ਬੰਦੇ' ਤੁਕ ਬਾਰੇ ਲੇਖਕ ਕਹਿੰਦਾ ਹੈ ਕਿ ਅਸੀਂ ਸਮਝਦੇ ਹਾਂ ਕਿ ਬੰਦੇ ਭਾਵ ਇਨਸਾਨ ਪਰ ਇਥੇ ਬੰਦੇ ਉਹ ਹਨ ਜੋ ਉਸ ਦੀ ਬੰਦਗੀ ਵਿਚ ਖੜ੍ਹੇ ਹਨ। ਉਸ ਦੀ ਬੰਦਗੀ ਵਿਚ ਆਦਮੀ, ਔਰਤਾਂ, ਬੱਚੇ, ਬੁੱਢੇ, ਜਾਨਵਰ, ਬਨਸਪਤੀ, ਪਾਣੀ, ਪਹਾੜ, ਹਵਾ, ਆਕਾਸ਼, ਸੂਰਜ, ਤਾਰੇ ਸਭ ਧਰਤੀਆਂ ਜਿੰਨਾ ਵੀ ਜੀਵਨ ਹੈ, ਉਸ ਦੇ ਹੁਕਮ ਵਿਚ ਚਲ ਰਹੇ ਹਨ। ਇਸ ਤੋਂ ਅੱਗੇ ਲੇਖਕ 'ਏਕ ਨੂਰ ਤੇ ਸਭੁ ਜਗੁ ਉਪਜਿਆ ਕਾਉਨ ਭਰੇ ਕੋ ਮੰਦੇ॥' ਦਾ ਅਰਥ ਬਾਰੇ ਸਪੱਸ਼ਟ ਕਰਦਾ ਹੈ। ਉਸ ਇਕ ਪਰਮਾਤਮਾ ਦੇ ਨੂਰ ਭਾਵ ਰੌਸ਼ਨੀ ਤੋਂ ਸਾਰੇ ਜਗਤ ਉਤਪੰਨ ਹੋਏ ਹਨ, ਤਾਂ ਕਿਹੜਾ ਚੰਗਾ ਹੈ ਤੇ ਕਿਹੜਾ ਮਾੜਾ ਹੈ? ਪਰ ਉਹ ਹਰ ਕੰਮ ਜਿਸ ਨਾਲ ਦੂਸਰੇ ਨੂੰ ਦੁੱਖ ਪਹੁੰਚੇ ਉਹ ਕੰਮ ਮੰਦੇ ਹਨ। ਲੇਖਕ ਨੇ ਇਸ ਪੁਸਤਕ ਰਾਹੀਂ ਅੰਧ-ਵਿਸ਼ਵਾਸਾਂ ਦੀ ਗੱਲ ਕੀਤੀ ਹੈ ਕਿ ਕਿਤੇ ਭੋਲੇ-ਭਾਲੇ ਤੇ ਡਰੇ ਹੋਏ ਲੋਕ ਮਾਨਸਿਕ ਰੋਗਾਂ ਦਾ ਇਲਾਜ ਕਰਾਉਣ ਦੀ ਥਾਂ ਪਖੰਡੀ ਸਾਧੂ ਸੰਤਾਂ ਦਾ ਸਹਾਰਾ ਲੈਂਦੇ ਹਨ, ਜੋ ਉਨ੍ਹਾਂ ਨੂੰ ਵਹਿਮਾਂ ਭਰਮਾਂ ਵਿਚ ਫਸਾ ਕੇ ਪੈਸਾ ਕਮਾਉਂਦੇ ਤੇ ਉਨ੍ਹਾਂ ਦੀ ਇੱਜ਼ਤ ਨਾਲ ਖੇਡਦੇ ਹਨ। ਇਹ ਪੁਸਤਕ ਵਹਿਮਾਂ-ਭਰਮਾਂ ਤੇ ਪਖੰਡਾਂ ਦਾ ਪਰਦਾਫਾਸ਼ ਕਰਕੇ ਲੋਕਾਂ ਨੂੰ ਜਾਗ੍ਰਿਤ ਤੇ ਸੁਚੇਤ ਕਰਦੀ ਹੈ।

-ਡਾ: ਰਜਵਿੰਦਰ ਕੌਰ ਨਾਗਰਾ
ਮੋ: 96460-01807.

c c c

ਗੋਆ-ਮੁੰਬਈ ਵਾਇਆ ਯੂ.ਕੇ.
ਲੇਖਕ : ਬਲਦੇਵ ਸਿੰਘ
ਪ੍ਰਕਾਸ਼ਕ : ਲੋਕ ਗੀਤਪ੍ਰਕਾਸ਼ਨ, ਮੁਹਾਲੀ
ਮੁੱਲ : 150 ਰੁਪਏ, ਸਫ਼ੇ : 110
ਸੰਪਰਕ : 98147-83069.

ਪੰਜਾਬੀ ਗਲਪਕਾਰੀ ਅਤੇ ਨਾਟਕਕਾਰੀ ਦੇ ਖੇਤਰਾਂ ਵਿਚ ਸਤਿਕਾਰਿਤ-ਸਨਮਾਨਿਤ ਲੇਖਕ ਸ: ਬਲਦੇਵ ਸਿੰਘ (ਸੜਕਨਾਮਾ) ਮਨੁੱਖੀ ਜੀਵਨ ਅਤੇ ਜਗਤ ਨੂੰ ਡੂੰਘੀ ਨੀਝ ਨਾਲ ਵੇਖਣ ਅਤੇ ਚਿਤ੍ਰਣ ਵਾਲਾ ਪ੍ਰਤਗੀਸ਼ੀਲ ਲੇਖਕ ਹੈ। 'ਗੋਆ-ਮੁੰਬਈ ਵਾਇਆ ਯੂ.ਕੇ.' ਕਿਸੇ ਇਕ ਸਫ਼ਰਨਾਮੇ ਦਾ ਨਾਂਅ ਨਹੀਂ ਹੈ ਬਲਕਿ ਇਸ ਵਿਚ ਯੂ.ਕੇ. (ਇੰਗਲੈਂਡ) ਅਤੇ ਗੋਆ-ਮੁੰਬਈ ਦੀਆਂ ਯਾਤਰਾਵਾਂ ਨਾਲ ਸਬੰਧਤ ਦੋ ਸਫ਼ਰਨਾਮੇ ਅੰਕਿਤ ਹੋਏ ਹਨ। ਉਸ ਨੇ ਪਹਿਲਾਂ ਵੀ ਇਸ ਤਰ੍ਹਾਂ ਦੇ ਦੋ ਸਫ਼ਰਨਾਮਿਆਂ 'ਮੋਗਾ-ਸਿੰਘਾਪੁਰ ਵਾਇਆ ਚੀਨ' ਅਤੇ 'ਰੋਹਤਾਂਗ-ਮਾਊਂਟ ਆਬੂ ਵਾਇਆ ਲਾਹੌਰ' ਦੀ ਰਚਨਾ ਕੀਤੀ ਸੀ। ਯੂ.ਕੇ. ਦੀ ਯਾਤਰਾ ਉਸ ਨੇ 2012 ਈ: ਵਿਚ ਕੀਤੀ, ਜਦੋਂ ਉਹ ਜੂਨ-ਜੁਲਾਈ ਦੇ ਮਹੀਨਿਆਂ ਵਿਚ ਕਵੈਂਟਰੀ ਅਤੇ ਸਾਊਥਹਾਲ ਵਿਖੇ ਹੋਣ ਵਾਲੀ ਵਿਸ਼ਵ ਪੰਜਾਬੀ ਕਾਨਫ਼ਰੰਸ ਦੇ ਸਿਲਸਿਲੇ ਵਿਚ ਉਥੇ ਗਿਆ ਸੀ। ਲੇਖਕ ਨੇ 19 ਜੂਨ ਨੂੰ ਅੰਮ੍ਰਿਤਸਰ ਦੇ ਰਾਜਾ ਸਾਂਸੀ ਹਵਾਏ ਅੱਡੇ ਤੋਂ ਫਲਾਈਟ ਪਕੜੀ ਅਤੇ 20 ਜੂਨ ਨੂੰ ਸਾਢੇ ਦਸ ਵਜੇ (ਇੰਗਲੈਂਡ ਦਾ ਸਮਾਂ) ਲੰਡਨ ਪਹੁੰਚ ਗਿਆ। ਇੰਗਲੈਂਡ ਵਿਚ ਉਹ ਆਪਣੇ ਮਿੱਤਰ ਮਹਿੰਦਰ ਪਾਲ ਪਾਸ ਠਹਿਰਿਆ। ਇਨ੍ਹਾਂ ਥੋੜ੍ਹੇ ਜਿਹੇ ਦਿਨਾਂ ਵਿਚ ਉਹ ਇੰਗਲੈਂਡ ਦੇ ਬਹੁਤ ਸਾਰੇ ਪੰਜਾਬੀ ਲੇਖਕਾਂ ਨੂੰ ਮਿਲਿਆ, ਰੇਡੀਉ ਉੱਪਰ ਆਪਣੀਆਂ ਮੁਲਾਕਾਤਾਂ ਪ੍ਰਸਾਰਿਤ ਕਰਵਾਈਆਂ ਅਤੇ ਸਾਊਥਹਾਲ ਦੀਆਂ ਗਲੀਆਂ ਵਿਚ ਖੂਬ ਘੁੰਮਿਆ-ਫਿਰਿਆ। ਮਹਿੰਦਰ ਪਾਲ ਨੇ ਉਸ ਦੀ ਬਹੁਤ ਚੰਗੀ ਸੇਵਾ ਅਤੇ ਮਹਿਮਾਨ-ਨਿਵਾਜ਼ੀ ਕੀਤੀ। ਇਸ ਸਫ਼ਰਨਾਮੇ ਦੇ ਇਕ ਅਧਿਆਇ ਵਿਚ ਉਸ ਨੇ ਗ਼ੈਰ-ਕਾਨੂੰਨੀ ਪਰਵਾਸੀਆਂ ਅਤੇ ਸਾਊਥਹਾਲ ਦੇ ਗੁਰਦੁਆਰਿਆਂ ਬਾਰੇ ਬੜੀ ਵਿਸਤ੍ਰਿਤ ਚਰਚਾ ਕੀਤੀ ਹੈ।
ਗੋਆ-ਮੁੰਬਈ ਦੀ ਯਾਤਰਾ ਦਾ ਵਿਵਰਣ 15-16 ਪੰਨਿਆਂ ਵਿਚ ਹੀ ਮੁਕਾ ਦਿੱਤਾ ਗਿਆ ਹੈ। ਇਹ ਯਾਤਰਾ ਬਲਦੇਵ ਸਿੰਘ ਅਤੇ ਉਸ ਦੇ ਤਿੰਨ ਹੋਰ ਮਿੱਤਰਾਂ (ਕੈਪਟਨ ਸ਼ਰਮਾ, ਗੁਰਮੇਲ ਸਿੰਘ ਅਤੇ ਬਲਵਿੰਦਰ ਭੁੱਲਰ) ਨੇ ਮਿਲ ਕੇ ਕੁਚੀਵੇਲੀ ਐਕਸਪ੍ਰੈੱਸ ਟ੍ਰੇਨ (ਅੰਮ੍ਰਿਤਸਰ-ਗੋਆ) ਦੁਆਰਾ ਕੀਤੀ ਸੀ। ਵਾਪਸੀ 'ਤੇ ਉਹ ਮੁੰਬਆ ਦਾ ਵੀ ਇਕ ਚੱਕਰ ਮਾਰ ਆਏ ਸਨ। ਕੁੱਲ ਤਿੰਨ-ਚਾਰ ਦਿਨ ਗੋਆ ਅਤੇ ਮੁੰਬਈ ਵਿਚ ਬਿਤਾ ਕੇ ਇਹ ਚਾਰੇ ਮਿੱਤਰ ਅੰਤ ਮੋਗੇ ਪਰਤ ਆਏ। ਇਹ ਦੋਵੇਂ ਸਫ਼ਰਨਾਮੇ ਕਾਫੀ ਰੌਚਿਕ ਹਨ। ਬਲਦੇਵ ਸਿੰਘ ਇਕ ਜਿੰਦਾਦਿਲ ਅਤੇ ਹਸਮੁੱਖ ਵਿਅਕਤੀ ਹੈ। ਉਸ ਦੀ ਜ਼ਿੰਦਾਦਿਲੀ ਦੇ ਪ੍ਰਸੰਗ ਸਫ਼ਰਨਾਮਿਆਂ ਵਿਚ ਥਾਂ-ਪੁਰ-ਥਾਂ ਝਲਕਦੇ ਹਨ, ਜਿਨ੍ਹਾਂ ਕਾਰਨ ਉਸ ਦੀ ਇਹ ਪੁਸਤਕ ਇਕ ਪੜ੍ਹਨ ਤੇ ਮਾਣਨਯੋਗ ਰਚਨਾ ਬਣ ਗਈ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਨੂਰ ਦੇ ਗੀਤ
ਲੇਖਕ : ਅਵਤਾਰ ਸਿੰਘ ਸੰਧੂ
ਪ੍ਰਕਾਸ਼ਕ : ਦੋਆਬਾ ਸਾਹਿਤ ਸਭਾ (ਰਜਿ.), ਗੜ੍ਹਸ਼ੰਕਰ-ਹੁਸ਼ਿਆਰਪੁਰ
ਮੁੱਲ : 40 ਰੁਪਏ, ਸਫ਼ੇ : 32
ਸੰਪਰਕ : 99151-82971.

ਇਹ ਪੁਸਤਕ ਵਿਸ਼ੇਸ਼ ਤੌਰ 'ਤੇ ਪੰਜ ਤੋਂ ਅੱਠ ਸਾਲਾਂ ਦੇ ਉਮਰ-ਗੁੱਟ ਦੇ ਬਾਲ ਪਾਠਕਾਂ ਨੂੰ ਕੇਂਦਰ ਵਿਚ ਰੱਖ ਕੇ ਲਿਖੀ ਗਈ ਹੈ। ਕਵੀ ਨੇ ਬਾਲ ਸਾਹਿਤ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਬੱਚਿਆਂ ਨੂੰ ਸਮਾਜਿਕ ਰਿਸ਼ਤੇ ਨਾਤਿਆਂ ਨਾਲ ਵਾਕਫ਼ੀਅਤ ਕਰਵਾਉਣ ਦਾ ਪ੍ਰਯਤਨ ਕੀਤਾ ਹੈ। ਇਹ ਸਾਰੇ ਗੀਤ ਛੋਟੀ ਜਿਹੀ ਬਾਲੜੀ ਨੂਰ ਵੱਲੋਂ ਆਪਣੇ ਵੰਨ-ਸੁਵੰਨੇ ਰਿਸ਼ਤੇਦਾਰਾਂ ਦੇ ਕਾਵਿਮਈ ਰੇਖਾ ਚਿੱਤਰ ਹਨ। ਇਨ੍ਹਾਂ ਵਿਚ ਉਹ ਕਦੇ ਨਾਨੀ ਜੀ, ਕਦੇ ਨਾਨਾ ਜੀ, ਕਦੇ ਮੰਮੀ, ਕਦੇ ਪਾਪਾ, ਕਦੇ ਮਾਸੀ ਅਤੇ ਕਦੇ ਦਾਦਾ ਜੀ ਦੀ ਸ਼ਖ਼ਸੀਅਤ ਬਾਰੇ ਆਪਣੀਆਂ ਮਾਸੂਮ ਅਤੇ ਕੋਮਲ ਭਾਵਨਾਵਾਂ ਨੂੰ ਵਿਅਕਤ ਕਰਦੀ ਹੈ। ਇਨ੍ਹਾਂ ਗੀਤਾਂ ਵਿਚ ਹਰ ਰਿਸ਼ਤੇ ਦੇ ਸੁਭਾਅ ਨੂੰ ਉਕਰਦਿਆਂ ਉਨ੍ਹਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਬਾਰੇ ਵੀ ਚਾਨਣਾ ਪਾਇਆ ਗਿਆ ਹੈ। ਇਨ੍ਹਾਂ ਵਿਚ ਨੈਤਿਕ ਕਦਰਾਂ-ਕੀਮਤਾਂ ਬਾਰੇ ਵੀ ਸੋਝੀ ਪ੍ਰਦਾਨ ਕੀਤੀ ਗਈ ਹੈ। ਇਸ ਪ੍ਰਸੰਗ ਵਿਚ 'ਦਾਦਾ ਜੀ' ਗੀਤ ਦੀ ਮਿਸਾਲ ਦਿਤੀ ਜਾ ਸਕਦੀ ਹੈ :
ਦਾਦਾ ਜੀ ਕੱਲ੍ਹ ਗਏ ਬਾਜ਼ਾਰ। ਲੈ ਕੇ ਆਏ ਚੀਕੂ ਚਾਰ।
ਛੋਟਾ ਡੈਡੀ ਨੂੰ ਫੜਾਇਆ। ਵੱਡਾ ਮੇਰੇ ਹਿੱਸੇ ਆਇਆ।
ਬਾਟੀ ਦੇ ਵਿਚ ਪਾਣੀ ਪਾਇਆ। ਚੀਕੂ ਧੋ ਕੇ ਮੈਨੂੰ ਫੜਾਇਆ।
ਪੁੱਤਰ ਜੀ! ਫ਼ਲ ਕੱਚੇ ਨਾ ਖਾਓ। ਜਦ ਵੀ ਖਾਓ, ਧੋ ਕੇ ਖਾਓ। (ਪੰਨਾ 19)
ਇਸ ਪੁਸਤਕ ਵਿਚ ਬਾਲੜੀ ਨੂਰ ਆਪਣੇ ਭਾਂਤ-ਭਾਂਤ ਦੇ ਖਿਡੌਣਿਆਂ ਬਾਰੇ ਵੀ ਚਾਨਣਾ ਪਾਉਂਦੀ ਹੈ ਅਤੇ ਵੱਡੀ ਹੋ ਕੇ ਸਕੂਲੇ ਜਾਣ ਦੇ ਸੁਪਨੇ ਸਾਂਝੀ ਕਰਦੀ ਹੈ। ਇਉਂ ਇਹ ਬਾਲ ਪੁਸਤਕ ਬਾਲ ਮਨ ਦੀ ਕਲਪਨਾ ਅਤੇ ਉਸ ਦੇ ਸੁਪਨਮਈ ਸੰਸਾਰ ਦੀ ਸਿਰਜਣਾ ਦੇ ਨਾਲ-ਨਾਲ ਉਸ ਦੀ ਵਿਕਸਤ ਹੁੰਦੀ ਜਾ ਰਹੀ ਚੇਤਨਾ ਦੀ ਲਖਾਇਕ ਹੈ। ਪੁਸਤਕ ਵਿਚ ਕੁਲਵਿੰਦਰ ਕੌਰ ਰੂਹਾਨੀ ਨੇ ਢੁਕਵੇਂ ਅਤੇ ਸਜੀਵ ਚਿੱਤਰ ਬਣਾਏ ਹਨ।

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋ: 9814423703

11/03/2017

 ਉਹ ਵੀ ਕੋਈ ਦੇਸ ਹੈ ਮਹਾਰਾਜ
ਮੂਲ ਲੇਖਕ : ਅਨਿਲ ਯਾਦਵ
ਅਨੁ: ਖੁਸ਼ਵੰਤ ਬਰਗਾੜੀ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ
ਮੁੱਲ : 150 ਰੁਪਏ, ਸਫ਼ੇ : 176
ਸੰਪਰਕ : 98729-89313

ਅਨਿਲ ਯਾਦਵ ਤਿੱਖੀ ਨੀਝ, ਸੰਤੁਲਿਤ ਉਸਾਰੂ ਸੋਚ, ਵਿਸ਼ਾਲ ਅਨੁਭਵ/ਅਧਿਐਨ, ਨਿਡਰ ਬੇਬਾਕ ਲੇਖਣ ਵਾਲਾ ਅਜਿਹਾ ਕਲਮਕਾਰ ਹੈ ਜੋ ਆਪਣੇ ਵਿਚਾਰਾਂ ਤੇ ਪੇਸ਼ਕਾਰੀ ਦੇ ਵਿਲੱਖਣ ਅੰਦਾਜ਼ ਨਾਲ ਪਾਠਕ ਨੂੰ ਕੀਲ ਲੈਂਦਾ ਹੈ। ਖੁਸ਼ਵੰਤ ਬਰਗਾੜੀ ਦੁਆਰਾ ਅਨੁਵਾਦਿਤ ਉਸ ਦੀ ਇਹ ਪੁਸਤਕ ਪਾਠਕ ਪੜ੍ਹਨੀ ਸ਼ੁਰੂ ਕਰੇ ਤਾਂ ਸ਼ਾਇਦ ਸਮਾਪਤ ਕਰਨ ਤੱਕ ਉਹ ਚਾਹ ਰੋਟੀ ਵੀ ਭੁੱਲ ਜਾਏ ਅਤੇ ਯਾਦਵ ਅਜੇ ਵੀ ਕਹਿੰਦਾ ਹੈ ਮੈਂ ਕੋਈ ਲੇਖਕ ਨਹੀਂ। ਦੇਸ਼ ਦੇ ਉੱਤਰ-ਪੂਰਬੀ ਕਿਸੇ ਦਾ ਸਫ਼ਰਨਾਮਾ ਉਹ ਇਸ ਕਿਤਾਬ ਵਿਚ ਪੇਸ਼ ਕਰਦਾ ਹੈ, ਉਸ ਬਾਰੇ ਉਹ/ਉਹਦਾ ਇਕ ਪਾਤਰ ਕਹਿੰਦਾ ਹੈ : ਉਹ ਵੀ ਕੋਈ ਦੇਸ ਹੈ ਮਹਾਰਾਜ।
ਆਸਾਮ, ਨਾਗਾਲੈਂਡ, ਮਿਜ਼ੋਰਮ, ਤ੍ਰਿਪੁਰਾ, ਮੇਘਾਲਿਆ, ਅਰੁਣਾਚਲ ਤੇ ਮਨੀਪੁਰ ਦੇ ਇਸੇ ਦੇਸ਼ ਦੀ ਯਾਤਰਾ ਦੇ ਅਨੁਭਵ ਇਸ ਪੁਸਤਕ ਵਿਚ ਅੰਕਿਤ ਹਨ। ਨੀਰਸ ਦਸਤਾਵੇਜ਼ੀ ਜਾਣਕਾਰੀ ਜਾਂ ਸਵੈ-ਪ੍ਰਸੰਸਾ ਦੀ ਇਕ ਜੁਗਤ ਵਜੋਂ ਨਹੀਂ, ਕਠੋਰ ਯਥਾਰਥ ਦੇ ਰੌਚਕ ਬਿਰਤਾਂਤ ਦੇ ਰੂਪ ਵਿਚ। ਹਰ ਪੰਨੇ ਉੱਤੇ ਕੁਝ ਨਵਾਂ ਪੜ੍ਹਨ ਨੂੰ ਮਿਲਦਾ ਹੈ। ਮਸਲਿਨ ਸਾਰੇ ਨਾਗੇ ਇਕੋ ਕੌਮ/ਕਬੀਲਾ ਨਹੀਂ। ਇਨ੍ਹਾਂ ਦੇ ਕਈ ਕਬੀਲੇ/ਭਾਸ਼ਾਵਾਂ ਹਨ। ਇਹ ਆਪਸ ਵਿਚ ਵੀ ਸਿਰ-ਵੱਢਵਾਂ ਵੈਰ ਰੱਖਦੇ ਹਨ। ਇਹ ਆਜ਼ਾਦੀ ਲਈ ਲੜਦੇ-ਮਰਦੇ ਹਨ ਪਰ ਹਨ ਇਹ ਦਿਸ਼ਾਹੀਣ। ਉੱਤਰ-ਪੂਰਬੀ ਰਾਜਾਂ ਵਿਚ ਨਾਗਾ ਲੋਕਾਂ ਦੀ ਹਿੰਸਾ ਅਤੇ ਸਰਕਾਰੀ/ਸੈਨਿਕ ਕਾਰਵਾਈਆਂ ਨਾਲ ਹਿੰਸਾ ਲੋਕਾਂ ਦੀ ਮਾਨਸਿਕਤਾ ਦਾ ਅੰਗ ਬਣ ਕੇ ਉਸ ਨੂੰ ਵਿਕ੍ਰਿਤ ਕਰ ਚੁੱਕੀ ਹੈ। ਗਣਤੰਤਰ/ਆਜ਼ਾਦੀ ਦਿਵਸ ਦੇ ਸਮਾਰੋਹ ਰਸਮ ਮਾਤਰ ਬਣ ਚੁੱਕੇ ਹਨ। ਕਾਗਜ਼ੀ ਕਾਰਵਾਈ ਵਾਂਗ ਬੰਦ ਕਮਰੇ ਦੀ ਗੁਪਤ/ਸੀਮਤ ਰਸਮ। ਸਰਮਾਏਦਾਰ ਤਾਂ ਮਜ਼ਦੂਰ ਦਾ ਸ਼ੋਸ਼ਣ ਕਰਦੇ ਹੀ ਹਨ, ਮਜ਼ਦੂਰ ਆਗੂ ਵੀ ਸਮਾਂ ਪਾ ਕੇ ਸਰਮਾਏਦਾਰਾਂ ਵਾਂਗ ਚਾਹ ਬਾਗਾਂ ਦੇ ਮਾਲਕ ਬਣ ਕੇ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਵਿਚ ਘੱਟ ਨਹੀਂ ਗੁਜ਼ਾਰਦੇ। ਅੱਤਵਾਦ, ਅੱਤਵਾਦ ਦਾ ਦਮਨ, ਆਤਮ-ਸਮਰਪਣ, ਹਥਿਆਰਬੰਦ ਵਿਦਰੋਹ, ਸ਼ਾਂਤੀ ਸਭ ਕੁਝ ਇਸ ਇਲਾਕੇ ਵਿਚ ਧੰਦੇ ਤੇ ਗੰਧਲੀ ਸਿਆਸਤ ਦਾ ਹਿੱਸਾ ਬਣ ਚੁੱਕਾ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਲੋਹ-ਪੁਰਸ਼ : ਜਥੇਦਾਰ ਜਗਦੇਵ ਸਿੰਘ ਤਲਵੰਡੀ
ਲੇਖਕ : ਪ੍ਰੀਤ ਸੰਘਰੇੜੀ
ਪ੍ਰਕਾਸ਼ਕ : ਘੁਮਾਣ ਪਬਲੀਕੇਸ਼ਨ, ਸੰਘਰੇੜੀ (ਸੰਗਰੂਰ)
ਮੁੱਲ : 120 ਰੁਪਏ, ਸਫ਼ੇ : 111
ਸੰਪਰਕ : 98151-69864.

ਇਹ ਪੁਸਤਕ ਜਥੇਦਾਰ ਜਗਦੇਵ ਸਿੰਘ ਤਲਵੰਡੀ ਬਾਰੇ ਬਹੁਤ ਹੀ ਸੰਖੇਪ ਜਿਹੀ ਜਾਣਕਾਰੀ ਦਿੰਦੀ ਹੈ। ਤਲਵੰਡੀ ਦੀ ਮੌਤ ਤੋਂ ਬਾਅਦ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਦਿੱਤੇ ਗਏ ਭਾਸ਼ਣਾਂ, ਸ਼ੋਕ ਮਤਿਆਂ ਆਦਿ ਦੇ ਰਾਹੀਂ ਇਸ ਪੁਸਤਕ ਦੀ ਸਿਰਜਣਾ ਕੀਤੀ ਹੈ।
ਜਥੇਦਾਰ ਤਲਵੰਡੀ ਅਕਾਲੀ ਦਲ ਦੇ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਰਾਜ ਸਭਾ ਦੇ ਮੈਂਬਰ, ਕਈ ਦਹਾਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੰਤਰੀ ਦੇ ਅਹੁਦਿਆਂ ਉੱਪਰ ਰਹੇ। ਅਜਿਹੇ ਰਾਜਸੀ ਆਗੂ ਬਾਰੇ ਬੜੇ ਵਿਸਥਾਰ ਨਾਲ ਖੋਜ-ਪੜਤਾਲ ਕਰਕੇ ਪਾਠਕਾਂ ਅਤੇ ਰਾਜਸੀ ਕਾਰਕੁੰਨਾਂ ਨੂੰ ਮਹੱਤਵਪੂਰਪਨ ਜਾਣਕਾਰੀ ਦੇਣ ਦੀ ਜ਼ਰੂਰਤ ਹੁੰਦੀ ਹੈ। ਅਜੋਕੇ ਸਮੇਂ ਜਦੋਂ ਰਾਜਸੀ ਖੇਤਰ ਵਿਚ ਵਿਚਰ ਰਹੇ ਲੋਕਾਂ ਵਿਚ ਅਸੂਲ ਪ੍ਰਸਲੀ ਅਤੇ ਲੋਕ ਸੇਵਾ ਦੀ ਭਾਵਨਾ ਦੀ ਥਾਂ ਭ੍ਰਿਸ਼ਟਾਚਾਰ ਹਾਵੀ ਹੋ ਰਿਹਾ ਹੈ। ਪਿਛਲੇ ਕੁਝ ਦਹਾਕਿਆਂ ਤੋਂ ਟਕਸਾਲੀ ਆਗੂਆਂ ਤੇ ਵਰਕਰਾਂ ਦੀ ਥਾਂ ਇਕ ਸਿਆਸੀ ਜੁਗਾੜਬੰਦੀਆਂ ਦੇ ਮਾਹਰ ਲੋਕ ਸਿਆਸਤ 'ਤੇ ਭਾਰੂ ਹੋ ਗਏ ਹਨ। ਇਸ ਸਮੇਂ ਸੇਵਾ ਦੇ ਪ੍ਰਸੰਗ ਹੀ ਬਦਲ ਗਏ ਹਨ। ਇਸੇ ਕਾਰਨ ਹੀ ਅਕਸਰ ਲੋਕ ਸੰਤ ਲੌਂਗੋਵਾਲ ਅਤੇ ਜਥੇਦਾਰ ਟੌਹੜਾ ਵਰਗੇ ਟਕਸਾਲੀ ਆਗੂਆਂ ਨੂੰ ਯਾਦ ਕਰਦੇ ਹਨ। ਲੋੜ ਸੀ ਕਿ ਲੇਖਕ ਜਥੇਦਾਰ ਜਗਦੇਵ ਸਿੰਘ ਤਲਵੰਡੀ ਬਾਰੇ ਵਿਸਥਾਰ ਨਾਲ ਜਾਣਕਾਰੀ ਦੀ ਖੋਜ ਪੜਤਾਲ ਕਰਦਾ ਅਤੇ ਨਿੱਠ ਕੇ ਇਸ ਪੁਸਤਕ ਦੀ ਸਿਰਜਣਾ ਕਰਦਾ।

: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.
ਫ ਫ ਫ

ਮੱਧਕਾਲੀ ਪੰਜਾਬੀ ਸਾਹਿਤ ਸਮੀਖਿਆ
(ਗੁਰਮਤਿ ਵਿਚਾਰਧਾਰਾ ਦੇ ਪ੍ਰਸੰਗ 'ਚ)
ਲੇਖਕ : ਡਾ: ਬਲਵਿੰਦਰ ਸਿੰਘ ਥਿੰਦ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 143
ਸੰਪਰਕ : 94176-06572.

ਮੱਧਕਾਲੀ ਪੰਜਾਬੀ ਸਾਹਿਤ ਵਿਚ ਗੁਰਮਤਿ ਸਾਹਿਤ ਪੰਜਾਬੀ ਸਾਹਿਤ ਦੀ ਗੌਰਵਮਈ ਵਿਰਾਸਤ ਹੈ। ਗੁਰਮਤਿ ਵਿਚਾਰਧਾਰਾ ਦੀ ਵਡਿਆਈ ਇਹ ਹੈ ਕਿ ਇਕ ਪਾਸੇ ਇਹ ਪਰਮਾਤਮਾ ਨਾਲ ਜੁੜੀ ਵਿਚਾਰਧਾਰਾ ਹੈ ਅਤੇ ਦੂਜੇ ਪਾਸੇ ਇਸ ਸਾਹਿਤ ਵਿਚੋਂ ਸਾਨੂੰ ਸਮਾਜਿਕ ਸਰੋਕਾਰਾਂ ਬਾਰੇ ਵੀ ਗਿਆਨ ਉਪਲਬਧ ਹੁੰਦਾ ਹੈ।
ਮੱਧਕਾਲੀ ਸਾਹਿਤ ਵਿਚ ਗੁਰਮਤਿ ਕਾਵਿਧਾਰਾ ਦੇ ਅੰਤਰਗਤ ਸਾਨੂੰ ਲੌਕਿਕਤਾ ਤੇ ਪਾਰਲੌਕਿਕਤਾ ਦੇ ਦਰਸ਼ਨ ਹੁੰਦੇ ਹਨ। ਇਸੇ ਮਹੱਤਵਪੂਰਨ ਵਿਸ਼ੇ ਨੂੰ ਲੈ ਕੇ ਡਾ: ਬਲਵਿੰਦਰ ਸਿੰਘ ਥਿੰਦ ਨੇ ਇਹ ਹਥਲੀ ਪੁਸਤਕ ਪੰਜਾਬੀ ਪਾਠਕਾਂ ਸਨਮੁਖ ਪੇਸ਼ ਕੀਤੀ ਹੈ। ਇਸ ਪੁਸਤਕ ਵਿਚ ਮੱਧਕਾਲੀ ਪੰਜਾਬੀ ਸਾਹਿਤ ਦਾ ਪਿਛੋਕੜ ਅਤੇ ਰਚਨਾ ਪ੍ਰਕਿਰਿਆ, ਸ਼ਾਸਤਰ ਤੋਂ ਸ਼ਸਤਰ ਦਾ ਸਫ਼ਰ ਅਤੇ ਸ਼ਹਾਦਤ ਤੋਂ ਖ਼ਾਲਸਾ ਪੰਥ ਦੀ ਸਾਜਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੁਹਾਗਣ ਦਾ ਸੰਕਲਪ, ਮਾਝ ਕੀ ਵਾਰ ਦਾ ਵਿਚਾਰਧਾਰਕ ਅਧਿਐਨ, 'ਚੰਡੀ ਦੀ ਵਾਰ' ਦਾ ਮਿਥਿਹਾਸਕ ਅਧਿਐਨ, ਦਸਵੰਧ, ਸੇਵਾ ਤੇ ਸਿਮਰਨ ਦੇ ਸਮਾਜਿਕ ਸਰੋਕਾਰ ਅਤੇ ਗੁਰਮਤਿ ਪਰਿਪੇਖ ਵਿਚ ਸੰਤ ਦਾ ਸੰਕਲਪ ਨਾਮੀ ਲੇਖ ਮਿਲਦੇ ਹਨ।
ਡਾ: ਥਿੰਦ ਨੇ ਇਹ ਪੁਸਤਕ ਲਿਖ ਕੇ ਗੁਰਮਤਿ ਸਾਹਿਤ ਵਿਚ ਗੁਣਾਤਮਕ ਵਾਧਾ ਕੀਤਾ ਹੈ। ਡਾ: ਥਿੰਦ ਨੇ ਹਰ ਵਿਸ਼ੇ ਨੂੰ ਬੜੀ ਪ੍ਰਬੀਨਤਾ ਸਹਿਤ ਨਿਭਾਇਆ ਹੈ। ਮੱਧਕਾਲ ਦੇ ਪੰਜਾਬੀ ਸਾਹਿਤ ਦੀ ਉਸ ਨੂੰ ਡੂੰਘੀ ਸਮਝ, ਇਹ ਪੁਸਤਕ ਹੈ। ਗੁਰਬਾਣੀ ਵਿਚੋਂ ਡਾ: ਥਿੰਦ ਨਿਵੇਕਲੇ ਵਿਸ਼ੈ ਲੇ ਕੇ ਨਿਵੇਕਲੇ ਢੰਗ ਨਾਲ ਨਿਭਾਉਣ ਵਿਚ ਸਫਲ ਹੋਇਆ ਹੈ। ਬਹੁਤ ਸਰਲ ਭਾਸ਼ਾ ਤੇ ਢੁਕਵੀਆਂ ਉਦਾਹਰਨਾਂ ਸਹਿਤ ਡਾ: ਥਿੰਦ ਉਸਾਰੂ ਖੋਜ ਸਿੱਟੇ ਕੱਢਣ ਵਿਚ ਕਾਮਯਾਬ ਹੋਇਆ ਹੈ। ਜਿਸ ਨਿਸ਼ਠਾ ਨਾਲ ਡਾ: ਥਿੰਦ ਨੇ ਇਹ ਪੁਸਤਕ ਲਿਖੀ ਹੈ, ਉਸ ਤੋਂ ਇਹ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਦੀ ਵਿਚਾਰਯੋਗਤਾ ਸਲਾਹੁਣਯੋਗ ਹੈ। ਪੁਸਤਕ ਨੂੰ ਜੀ ਆਇਆਂ।

ਂਪ੍ਰੋ: ਸਤਪਾਲ ਸਿੰਘ
ਮੋ: 98725-21515.
ਫ ਫ ਫ

ਇਨਸਾਨੀਅਤ ਦਾ ਹੋਕਾ
ਸ਼ਾਇਰ : ਤੇਜਾ ਸਿੰਘ ਮਾਨਾਂ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 88
ਸੰਪਰਕ : 98277-84355.

ਪੰਜਾਬ ਗੀਤਾਂ ਵਿਚ ਵਸਦਾ ਹੈ ਪਰ ਪੰਜਾਬੀ ਦੇ ਗੰਭੀਰ ਸਰੋਤਿਆਂ ਤੇ ਪਾਠਕਾਂ ਵੱਲੋਂ ਚੰਗੇ ਗੀਤਾਂ ਦੀ ਕਮੀ ਮਹਿਸੂਸ ਕੀਤੀ ਜਾਂਦੀ ਰਹੀ ਹੈ। ਚੰਗੀ ਗੱਲ ਹੈ ਕਿ ਤੇਜਾ ਸਿੰਘ ਮਾਨਾਂ ਵਰਗੇ ਗੀਤਕਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਆਪਣੇ ਗੀਤਾਂ ਵਿਚ ਢਾਲ ਰਹੇ ਹਨ। 'ਇਨਸਾਨੀਅਤ ਦਾ ਹੋਕਾ' ਉਸ ਦਾ ਪਹਿਲਾ ਗੀਤ ਸੰਗ੍ਰਹਿ ਹੈ, ਜਿਸ ਵਿਚ ਉਸ ਦੇ ਕੁੱਲ ਪਚਵੰਜਾ ਗੀਤ ਸ਼ਾਮਿਲ ਹਨ। ਇਨ੍ਹਾਂ ਗੀਤਾਂ ਵਿਚ ਉਸ ਨੇ ਧਾਰਮਿਕ ਅਕੀਦਤਾ ਵੀ ਨਿਭਾਈ ਹੈ ਤੇ ਸਮਾਜ ਦੀਆਂ ਕੁਰੀਤੀਆਂ ਵੱਲ ਵੀ ਧਿਆਨ ਖਿੱਚਿਆ ਹੈ। ਉਹ ਕੁਦਰਤ ਦੀ ਵਿਸ਼ਾਲਤਾ ਵਿਚ ਦੀ ਗੁਜ਼ਰਦਾ ਹੋਇਆ ਗੁਰੂ ਰਵਿਦਾਸ ਜੀ ਦੇ ਸੰਕਲਪ 'ਐਸਾ ਚਾਹੂੰ ਰਾਜ ਮੈਂ' ਤੱਕ ਪਹੁੰਚ ਜਾਂਦਾ ਹੈ। ਵਹਿਮਾਂ-ਭਰਮਾਂ ਵਿਚ ਫਸੇ ਲੋਕਾਂ ਨੂੰ ਉਹ ਜਾਗਣ ਲਈ ਆਖਦਾ ਹੈ ਤੇ ਉਸ ਦੇ ਗੀਤ ਸ਼ਹੀਦਾਂ ਦੀਆਂ ਕੁਰਬਾਨੀਆਂ ਨਹੀਂ ਭੁੱਲਦੇ। ਉਸ ਮੁਤਾਬਿਕ ਦੁਨੀਆ ਵਿਚ ਦੋ ਤਰ੍ਹਾਂ ਦੇ ਮਨੁੱਖ ਹਨ, ਇਕ ਲੁੱਟਣ ਵਾਲੇ ਤੇ ਦੂਜੇ ਲੁੱਟ ਹੋਣ ਵਾਲੇ। ਲੁੱਟ ਹੋਣ ਵਾਲਿਆਂ ਨੂੰ ਗੀਤਕਾਰ ਸੁਚੇਤ ਕਰਦਾ ਹੈ ਤੇ ਸੰਘਰਸ਼ ਕਰਨ ਲਈ ਪ੍ਰੇਰਿਤ ਕਰਦਾ ਹੈ। ਤੇਜਾ ਸਿੰਘ ਮਾਨਾਂ ਪਾਕਿ ਪਵਿੱਤਰ ਸੋਚ ਰੱਖਣ 'ਤੇ ਜ਼ੋਰ ਦਿੰਦਾ ਹੈ ਤੇ ਸਭ ਨੂੰ ਆਪਣੇ ਫ਼ਰਜ਼ ਨਾ ਭੁੱਲਣ ਦੀ ਤਾਕੀਦ ਕਰਦਾ ਹੈ। 'ਇਨਸਾਨੀਅਤ ਦਾ ਹੋਕਾ' ਸੰਗ੍ਰਹਿ ਦੇ ਗੀਤ ਚੁਲਬੁਲੇ ਗੀਤਾਂ ਦਾ ਬਦਲ ਬਣਨ ਦੇ ਸਮਰੱਥ ਹਨ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਰੇਸ਼ਮੀ ਕੁੜੀ
ਲੇਖਿਕਾ : ਸੁਰਜੀਤ ਬੈਂਸ
ਪ੍ਰਕਾਸ਼ਕ: ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ :150, ਸਫ਼ੇ : 98
ਸੰਪਰਕ : 01722211972

ਰੇਸ਼ਮੀ ਕੁੜੀ ਕਹਾਣੀ ਸੰਗ੍ਰਹਿ ਵਿਚ ਸੁਰਜੀਤ ਕੌਰ ਬੈਂਸ ਨੇ 22 ਕਹਾਣੀਆਂ ਦੀ ਪੇਸ਼ਕਾਰੀ ਕੀਤੀ ਹੈ, ਜਿਨ੍ਹਾਂ ਵਿਚ ਉਸ ਨੇ ਸਮਾਜ ਵਿਚ ਵਾਪਰ ਰਹੇ ਸੱਚ ਨੂੰ ਆਪਣੇ ਅਨੁਭਵ ਨਾਲ ਪੇਸ਼ ਕੀਤਾ ਹੈ। ਪਹਿਲੀ ਕਹਾਣੀਂ'ਟਕਾ, ਆਨਾ, ਦੁਆਨੀ' ਵਿਚ ਕਹਾਣੀਕਾਰਾਂ ਨੇ ਫੋਕੇ ਪਾਖੰਡਾਂ ਤੇ ਪੰਡਤਾਂ ਦੀ ਗੱਲ ਕੀਤੀ ਹੈ ਕਿ ਇਹ ਸਭ ਝੂਠੇ ਅਡੰਬਰ ਹਨ। ਅਗਲੀਆਂ ਕਹਾਣੀਆਂਂ'ਲੋਰੇਨ' ਤੇ 'ਭੇਡਾਂ ਬੱਕਰੀਆਂ' ਵਿਚ ਜੋ ਸਮਾਜ ਵਿਚ ਨਾਜਾਇਜ਼ ਰਿਸ਼ਤਿਆਂ ਦੀ ਗੱਲ ਹੋ ਰਹੀ ਹੈ, ਉਸ ਬਾਰੇ ਹੈ। ਲੇਖਿਕਾ ਨੇ ਆਪਣੀਆਂ ਸਾਰੀਆਂ ਕਹਾਣੀਆਂ ਵਿਚ ਜਿਵੇਂ 'ਕੁੜੀ ਦਾ ਪੁੱਤਰ', 'ਵੱਡੇ ਮਾਂ ਜੀ', 'ਹੀਰੋ ਤਾਰੋ', 'ਮਾਸੀ ਭਾਗ', 'ਰੇਸ਼ਮੀ ਕੁੜੀ', 'ਭਾਗਭਰੀ', 'ਮੈਂ ਤੇ ਜੰਗਲ', 'ਅੰਬਾਂ ਦਾ ਬਾਗ' ਅਤੇ 'ਜੈਨਾ ਟਪਰੀ ਵਾਲੀ' ਵਿਚ ਜੀਵਨ ਦਾ ਸੱਚ ਬਿਆਨ ਕੀਤਾ ਹੈ। ਕਹਾਣੀਕਾਰਾ ਨੇ ਆਪਣੀਆਂ ਸਾਰੀਆਂ ਕਹਾਣੀਆਂ ਵਿਚ ਆਪਣੀ ਜ਼ਿੰਦਗੀ ਦੇ ਬਚਪਨ ਅਤੇ ਅਨੁਭਵ ਦੀ ਪੇਸ਼ਕਾਰੀ ਕੀਤੀ ਹੈ। ਜਿਵੇਂ 'ਵੱਡੀ ਮਾਂ ਜੀ' ਕਹਾਣੀ ਵਿਚ ਮਾਂ-ਪਿਓ ਨੂੰ ਕੁਝ ਨਾ ਸਮਝਣ ਵਾਲੇ ਨੂੰਹਾਂ-ਪੁੱਤਾਂ ਦੀ ਗੱਲ ਕੀਤੀ ਹੈ ਕਿ ਜਦੋਂ ਮਾਂ ਆਪਣੀ ਜ਼ਮੀਨ ਦਾ ਹਿੱਸਾ ਲੈ ਕੇ ਅੱਡ ਰਹਿਣ ਲੱਗ ਜਾਂਦੀ ਹੈ ਤਾਂ ਅਜਿਹੇ ਨੂੰਹਾਂ-ਪੁੱਤਾਂ ਦੀ ਸੁਰਤ ਟਿਕਾਣੇ ਆ ਜਾਂਦੀ ਹੈ। 'ਮੇਰਾ ਗੋਬਿੰਦਾ' ਕਹਾਣੀ ਵਿਚ ਧੱਕੇ ਨਾਲ ਅੰਮ੍ਰਿਤ ਛਕਾਉਣ ਬਾਰੇ ਦੱਸਿਆ ਹੈ। ਇਸੇ ਤਰ੍ਹਾਂ 'ਮੁਹੱਬਤ ਤੇ ਹਕੀਕਤ' ਕਹਾਣੀ ਵਿਚ ਅਜੋਕੇ ਸਮੇਂ ਦੀ ਹਕੀਕਤ ਨੂੰ ਬਿਆਨ ਕੀਤਾ ਹੈ।

ਂਗੁਰਬਿੰਦਰ ਕੌਰ ਬਰਾੜ
ਮੋ: 098553-95161
ਫ ਫ ਫ

ਬ੍ਰਹਿਮੰਡ ਵਿਚ ਜੀਵਨ
(ਖੋਜ ਤੇ ਸੰਭਾਵਨਾ)
ਲੇਖਕ : ਰਣਧੀਰ ਗਿੱਲਪੱਤੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ,
ਮੁੱਲ : 70 ਰੁਪਏ, ਸਫ਼ੇ : 112
ਸੰਪਰਕ : 98556-56156

ਹਰ ਮਨੁੱਖ ਅੰਦਰ ਧਰਤੀ, ਬ੍ਰਹਿਮੰਡ, ਪਤਾਲ ਬਾਰੇ ਜਾਣਨ ਦੀ ਮੱਸ ਹੈ। ਰੌਸ਼ਨ ਦਿਮਾਗ਼ ਲੋਕ ਇਹ ਜਾਣਕਾਰੀਆਂ ਹਾਸਲ ਕਰਨ ਲਈ ਵਿਗਿਆਨ ਦੀਆਂ ਨਵੀਂਆਂ ਖੋਜਾਂ ਨਾਲ ਜੁੜਦੇ ਹਨ। ਨਵੀਆਂ ਜਾਣਕਾਰੀਆਂ ਹਾਸਲ ਕਰਨ ਦੀ ਕੋਸ਼ਿਸ਼ ਵਿਚ ਜੁਟੇ ਰਹਿੰਦੇ ਹਨ। 'ਬ੍ਰਹਿਮੰਡ ਵਿੱਚ ਜੀਵਨ' ਅਜਿਹੀ ਪੁਸਤਕ ਹੈ ਜੋ ਜਾਣਕਾਰੀ ਦਾ ਭੰਡਾਰ ਹੈ। ਬਹੁਮੁੱਲੀ ਜਾਣਕਾਰੀ ਦਾ ਸੋਮਾ ਇਸ ਪੁਸਤਕ ਵਿੱਚ ਛੋਟੇ-ਛੋਟੇ ਲੇਖ ਦਰਜ ਹਨ ਜੋ ਹਰ ਕਿਸੇ ਦੇ ਪੜ੍ਹਨ ਲਾਇਕ ਹਨ। ਖ਼ਾਸ ਕਰ ਇਹ ਪੁਸਤਕ ਵਿਦਿਆਰਥੀ ਵਰਗ ਲਈ ਤਾਂ ਬੇਹੱਦ ਲਾਹੇਵੰਦ ਹੈ।
'ਵਿਸ਼ਵ ਵਿੱਚ ਹੁਣ ਤੱਕ 118 ਤੱਤਾਂ ਦੀ ਖੋਜ ਹੋ ਚੁੱਕੀ ਹੈ ਜੋ ਬ੍ਰਹਿਮੰਡ ਦੇ ਸਮੁੱਚੇ ਨਿਰਜੀਵ ਤੇ ਸਜੀਵ ਪਸਾਰੇ ਦਾ ਆਧਾਰ ਮੰਨੇ ਗਏ ਹਨ...ਪਾਣੀ ਤੇ ਖੁਸ਼ਕੀ ਦੋਵਾਂ ਥਾਵਾਂ 'ਤੇ ਰਹਿਣ ਵਾਲੇ ਜੀਵ ਕਰੀਬ 90 ਕਰੋੜ ਵਰ੍ਹੇ ਪਹਿਲਾਂ ਹੋਂਦ ਵਿਚ ਆਏ...36 ਤੋਂ 40 ਕਰੋੜ ਸਾਲ ਪਹਿਲਾਂ ਬੀਜਾਂ ਵਾਲੇ ਪਹਿਲੇ ਪੌਦੇ ਹੋਂਦ ਵਿਚ ਆਏ...ਵਰਤਮਾਨ ਵਿਚ 20 ਤੋਂ 50 ਸਾਲ ਦੀ ਉਮਰ ਦੇ ਤੰਦਰੁਸਤ ਮਰਦ ਦੇ ਦਿਮਾਗ਼ ਦਾ ਭਾਰ 1424 ਗ੍ਰਾਮ ਦੇ ਔਰਤ ਦਾ 1265 ਗ੍ਰਾਮ ਹੈ...ਉਲਕਾ ਪਿੰਡ ਨੇ ਧਰਤੀ 'ਤੇ 16 ਕਰੋੜ ਵਰ੍ਹੇ ਤੱਕ ਦਨਦਨਾਉਂਦੇ ਡਾਇਨਾਸੋਰਾਂ ਦਾ ਅੰਤ ਕੀਤਾ...ਚੰਦਰਮਾ ਤੋਂ ਧਰਤੀ ਦੀ ਔਸਤ ਦੂਰੀ 3,84,300 ਕਿਲੋਮੀਟਰ ਹੈ...ਚੰਦਰਮਾ ਦਾ ਵਿਆਸ ਧਰਤੀ ਮੁਕਾਬਲੇ 27 ਫ਼ੀਸਦੀ ਤੇ ਮਾਦੇ ਦੀ ਘਣਤਾ 60 ਫ਼ੀਸਦੀ ਹੈ...ਸੂਰਜ ਤੋਂ 4 ਅਰਬ 50 ਕਰੋੜ ਕਿਲੋਮੀਟਰ ਦੀ ਔਸਤ ਦੂਰੀ 'ਤੇ ਰਹਿ ਕੇ ਪਰਕਰਮਾ ਕਰਨ ਵਾਲਾ ਨੈਪਚੂਨ ਸੂਰਜ ਮੰਡਲ ਦਾ ਅੱਠਵਾਂ ਤੇ ਫਾਡੀ ਗ੍ਰਹਿ ਹੈ, ਇਹੋ ਜਹੀਆਂ ਬੇਸ਼ਕੀਮਤੀ ਜਾਣਕਾਰੀਆਂ ਨਾਲ ਭਰਪੂਰ ਹੈ ਇਹ ਪੁਸਤਕ।
ਇਹ ਪੁਸਤਕ ਉਨ੍ਹਾਂ ਪਾਂਡਿਆਂ ਵੱਲੋਂ ਕਾਇਮ ਕੀਤੀਆਂ ਮਿੱਥਾਂ ਨੂੰ ਵੀ ਤੋੜਦੀ ਹੈ ਕਿ ਗ੍ਰਹਿ ਕਿਸੇ ਇਨਸਾਨ ਲਈ ਮਾੜਾ ਹੋ ਸਕਦਾ ਹੈ ਜਾਂ ਗ੍ਰਹਿਆਂ ਦੀ ਚਾਲ ਸਹੀ ਕਰਨ ਲਈ ਚੜ੍ਹਾਵੇ ਦੀ ਲੋੜ ਹੈ। ਪੁਸਤਕ ਤਰਕ ਦੀ ਗੱਲ ਕਰਦੀ ਹੈ। ਇਨਸਾਨ ਅੰਦਰ ਗਿਆਨ ਦੀ ਜੋਤ ਬਾਲ਼ਦੀ ਹੈ।

ਂਸਵਰਨ ਸਿੰਘ ਟਹਿਣਾ
ਮੋ: 98141-78883
ਫ ਫ ਫ

ਵੰਡਨਾਮਾ
ਕਵੀ : ਹਰਵਿੰਦਰ ਸਿੰਘ ਭੱਟੀ
ਪ੍ਰਕਾਸ਼ਕ : ਅਸਥੈਟਿਕ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 400 ਰੁਪਏ, ਸਫ਼ੇ : 83
ਸੰਪਰਕ : 98152-49886.

1947 ਦੀ ਦੇਸ਼ ਵੰਡ ਨੇ ਇਨਸਾਨੀਅਤ ਨੂੰ ਅਜਿਹੇ ਜ਼ਖ਼ਮ ਦਿੱਤੇ ਜਿਨ੍ਹਾਂ ਦੀ ਟੀਸ ਅੱਜ ਵੀ ਓਨੀ ਹੀ ਹੈ ਜਿੰਨੀ ਕਿ ਤਤਕਾਲੀ ਸਮੇਂ ਵਿਚ ਸੀ। ਇਸ ਵੰਡ ਨੇ ਜਿਥੇ ਹਿੰਦੁਸਤਾਨ ਨੂੰ ਦੋ ਟੋਟਿਆਂ ਵਿਚ ਵੰਡਿਆ, ਉਥੇ ਪੰਜਾਬੀਆਂ ਨੇ ਵਿਸ਼ੇਸ਼ ਕਰਕੇ ਇਸ ਵੰਡ ਦੇ ਦੁਖਾਂਤ ਨੂੰ ਭੋਗਿਆ। ਉਜਾੜੇ ਨੂੰ ਝੱਲਣ ਵਾਲੇ ਭਾਵੇਂ ਹੁਣ ਵਿਰਲੇ ਟਾਵੇਂ ਹੀ ਰਹਿ ਗਏ ਹਨ ਪਰ ਉਨ੍ਹਾਂ ਦੀਆਂ ਪੀੜ੍ਹੀਆਂ ਅਜੇ ਵੀ ਇਸ ਸੰਤਾਪ ਨੂੰ ਆਪਣੇ ਹਿਰਦੇ ਵਿਚ ਵੈਰਾਗਮਈ ਹੂਕ ਬਣਾ ਕੇ ਸਾਂਭੀ ਬੈਠੀਆਂ ਹਨ। ਤਤਕਾਲੀ ਸਮੇਂ ਵਿਚ ਹੋਈ ਕਤਲੋਗਾਰਤ ਨੂੰ ਬਹੁਤ ਸਾਰੇ ਸਾਹਿਤਕਾਰਾਂ ਨੇ ਕਲਮਬੱਧ ਕੀਤਾ ਪਰ ਡਾ: ਹਰਵਿੰਦਰ ਸਿੰਘ ਭੱਟੀ ਨੇ ਇਸ ਦਾਸਤਾਨ ਨੂੰ 'ਬਿੰਦਰ ਸਿੰਹੁ' ਦੇ ਰੂਪ ਵਿਚ ਬਾਖੂਬੀ ਬਿਆਨ ਕੀਤਾ ਹੈ। ਇਸ ਲੰਮੀ ਬਿਰਤਾਂਤਕ ਕਾਵਿ-ਰਚਨਾ ਵਿਚ ਕਵੀ ਬਿਆਨ ਕਰਦਾ ਹੈ। ਉਸ ਨੇ ਇਹ ਕਿੱਸਾ ਕਿਸੇ ਬਜ਼ੁਰਗ ਦੇ ਕਹਿਣ 'ਤੇ ਲਿਖਣ ਦਾ ਬੀੜਾ ਉਠਾਇਆ ਤਾਂ ਕਿ ਇਸ ਵੰਡ ਸਮੇਂ ਜਾਨਾਂ ਤੋਂ ਹੱਥ ਧੋ ਬੈਠੇ ਪਰਿਵਾਰ ਉਜਾੜ ਬੈਠੇ ਲੋਕਾਂ ਨਾਲ ਦਿਲੀ ਹਮਦਰਦੀ ਕੀਤੀ ਜਾ ਸਕੇ ਅਤੇ ਇਸ ਦੁਖਾਂਤ ਤੋਂ ਸਬਕ ਲਿਆ ਜਾਵੇ ਤਾਂ ਕਿ ਫਿਰ ਕਦੇ ਵੀ ਅਜਿਹਾ ਦੁਖਾਂਤ ਨਾ ਵਾਪਰੇ। ਅੰਗਰੇਜ਼ਾਂ ਨੇ ਅਜਿਹਾ ਫੁੱਟ ਦਾ ਬੀਜ ਸੁੱਟਿਆ ਕਿ ਸਾਡੇ ਰਾਜਨੀਤਕ ਆਗੂ ਆਪਣੀ ਕੁਰਸੀ ਦੀ ਖਾਤਰ ਅਤੇ ਮਜ਼੍ਹਬੀ ਜਨੂੰਨ ਕਰਕੇ ਲੋਕਾਂ ਨੂੰ ਇਸ ਅੱਗ ਦੀ ਭੱਠੀ ਵਿਚ ਝੋਕਣ ਲਈ ਤਿਆਰ ਹੋ ਗਏ। ਕਵੀ ਵੱਲੋਂ ਜਿਥੇ ਇਸ ਵਾਸਤੇ 'ਥੋਆ ਖਾਲਸਾ' ਪਿੰਡ ਦੀ ਉਦਾਹਰਨ ਵੀ ਦਿੱਤੀ ਹੈ, ਉਥੇ ਮਹਿੰਦਰ ਸਿੰਘ ਰੰਧਾਵਾ ਵਰਗੇ ਵਿਅਕਤੀਆਂ ਦਾ ਜ਼ਿਕਰ ਵੀ ਕੀਤਾ ਹੈ, ਜਿਨ੍ਹਾਂ ਨੇ ਵੰਡ ਦੇ ਸ਼ਿਕਾਰ ਲੋਕਾਂ ਵਿਸ਼ੇਸ਼ ਕਰਕੇ ਔਰਤਾਂ ਦੇ ਮੁੜ ਵਸੇਬੇ ਲਈ ਬਹੁਤ ਯਤਨ ਕੀਤੇ। ਕਵੀ ਨੇ ਬੈਂਤ ਛੰਦ ਦੀ ਵਰਤੋਂ ਕਰਦਿਆਂ ਲੋਕਾਂ ਦੀ ਭਾਸ਼ਾ ਵਿਚ ਇਸ ਕਰੁਣਾਮਈ ਦਾਸਤਾਨ ਨੂੰ ਬਿਆਨ ਕੀਤਾ ਹੈ। ਪਰੰਪਰਕ ਸ਼ੈਲੀ ਵਿਚ ਮੰਗਲਾਚਰਨ ਨਾਲ ਸ਼ੁਰੂ ਕਰਕੇ ਇਸ ਗੱਲ ਨੂੰ ਪਰਪੱਕ ਕੀਤਾ ਹੈ ਕਿ ਹਮੇਸ਼ਾ ਇਨਸਾਨ ਏਕਤਾ ਦੇ ਸੂਤਰ ਵਿਚ ਬੱਝਾ ਰਹੇ ਤਾਂ ਕਿ ਅਜਿਹਾ ਦੁਖਾਂਤ ਦੁਬਾਰਾ ਨਾ ਵਾਪਰੇ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

4/03/2017

 ਬਹਿਸ ਤੋਂ ਬੇਖ਼ਬਰ
ਲੇਖਕ : ਲਖਵਿੰਦਰ ਜੌਹਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 79
ਸੰਪਰਕ : 94171-94812.

ਲਖਵਿੰਦਰ ਜੌਹਲ ਪੰਜਾਬੀ ਕਾਵਿ-ਜਗਤ ਦਾ ਸਮਰੱਥ ਹਸਤਾਖ਼ਰ ਹੈ। 'ਬਹਿਸ ਤੋਂ ਬੇਖ਼ਬਰ' ਕਾਵਿ-ਸੰਗ੍ਰਹਿ ਉਸ ਦਾ ਅੱਠਵਾਂ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਨੇ 'ਬਹੁਤ ਦੇਰ ਹੋਈ' (1990), 'ਮਨੋਵੇਗ' (2000), 'ਸਾਹਾਂ ਦੀ ਸਰਗਮ' (2003), 'ਇਕ ਸੁਪਨਾ ਇਕ ਸੰਵਾਦ' (ਲੰਮੀ ਕਵਿਤਾ) 2006, 'ਬਲੈਕ ਹੋਲ' (ਲੰਮੀ ਕਵਿਤਾ) 2009, 'ਸ਼ਬਦਾਂ ਦੀ ਸੰਸਦ' (2014), 'ਅਣਲਿਖੇ ਵਰਕੇ' (ਕਾਵਿ-ਨਿਬੰਧ) 2016 ਆਦਿ ਕਾਵਿ-ਪੁਸਤਕਾਂ ਪੰਜਾਬੀ ਕਾਵਿ-ਜਗਤ ਦੀ ਝੋਲੀ ਪਾਈਆਂ ਹਨ। ਇਹ ਪੁਸਤਕ ਉਸ ਨੇ ਪੰਜਾਬੀ ਮਾਂ-ਬੋਲੀ ਦੇ ਅਲੰਬਰਦਾਰ ਅਤੇ ਚਿੰਤਕ ਡਾ: ਬਰਜਿੰਦਰ ਸਿੰਘ 'ਹਮਦਰਦ' ਨੂੰ ਸਮਰਪਿਤ ਕੀਤੀ ਹੈ, ਜਿਸ ਨੂੰ ਉਹ ਆਪਣੇ ਪ੍ਰੇਰਨਾ-ਸ੍ਰੋਤ ਅਤੇ ਰਾਹਨੁਮਾ ਤਸਲੀਮ ਕਰਦੇ ਹਨ। ਉਨ੍ਹਾਂ ਦੀ ਕਵਿਤਾ ਸਮੇਂ ਦੇ ਅਨੁਸਾਰ ਤੁਰਦੀ-ਤੁਰਦੀ ਵੀ ਆਪਣੇ ਸਮਕਾਲ ਨਾਲੋਂ ਵਿੱਥ ਸਿਰਜਣ ਵਿਚ ਹਮੇਸ਼ਾ ਹੀ ਯਤਨਸ਼ੀਲ ਰਹੀ ਹੈ। ਜਦੋਂ ਦਾ ਵਿਸ਼ਵੀਕਰਨ ਦੇ ਨਾਂਅ ਹੇਠ ਉਪਭੋਗਤਾਵਾਦ ਦਾ ਨਾਅਰਾ ਬੁਲੰਦ ਹੋਇਆ ਹੈ, ਉਦੋਂ ਤੋਂ ਹੀ ਚਿੰਤਕਾਂ ਅਤੇ ਵਿਚਾਰਵਾਨਾਂ ਵੱਲੋਂ ਇਸ ਦੀ ਤਿੱਖੀ ਆਲੋਚਨਾ ਵੀ ਹੁੰਦੀ ਆ ਰਹੀ ਹੈ। ਵਿਗਿਆਨਕ ਲੱਭਤਾਂ 'ਚ ਨਿੱਤ-ਦਿਨ ਹੁੰਦੀ ਤਬਦੀਲੀ ਨੇ ਵੀ ਮਨੁੱਖੀ ਸੋਚ ਅਤੇ ਚਿੰਤਨ ਵਿਚ ਢੇਰ ਸਾਰੀ ਤਬਦੀਲੀ ਲੈ ਆਂਦੀ ਹੈ। ਜੀਵਨ ਦਾ ਵਰਤਾਰਾ ਪਹਿਲੇ ਸਵਾਲਾਂ ਦੀ ਤਲਾਸ਼ 'ਚ ਹੁੰਦਾ ਹੈ ਜਦੋਂ ਕਿ ਨਵੇਂ ਪ੍ਰਸ਼ਨ ਹੋਰ ਉਘੜਵੇਂ ਰੂਪ ਵਿਚ ਪ੍ਰਕਾਸ਼ਮਾਨ ਹੋ ਜਾਂਦੇ ਹਨ। ਮਨੁੱਖੀ ਵੇਦਨਾ, ਸੰਵੇਦਨਾ ਲਗਾਤਾਰ ਦੁਬਿਧਾ ਅਤੇ ਉਲਝਣ ਦੀ ਸਥਿਤੀ ਵਿਚ ਹੈ। 'ਜੌਹਲ' ਨੇ ਇਸ ਵਰਤਾਰੇ ਨੂੰ 'ਰੁਦਨ' ਤੋਂ ਬਾਅਦ 'ਜਸ਼ਨ' ਦੀ ਵਿੱਥ ਦਾ ਨਾਂਅ ਦਿੰਦਿਆਂ ਪੰਜਾਬੀ ਕਵਿਤਾ ਦੀ ਨਵੀਂ ਹੱਦਬੰਦੀ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਹੈ ਕਿ ਇਸ ਨਵੇਂ ਦੌਰ 'ਚ ਕਵਿਤਾ ਦੀ ਜੀਵਨ ਵਿਚ ਕੀ ਭੂਮਿਕਾ ਹੋ ਸਕਦੀ ਹੈ। ਪੁਰਖਿਆਂ ਅਤੇ ਹਮਸਾਇਆ ਨਾਲ ਸੰਵਾਦ ਰਚਾਉਣਾ ਅਤੇ ਉਨ੍ਹਾਂ ਨੂੰ ਸਾਖ਼ਸ਼ਾਤ ਜ਼ਿਹਨ 'ਚ ਉਤਾਰਨਾ ਅਤੇ ਫਿਰ ਕਵਿਤਾ ਦੀ ਪੇਸ਼ਕਾਰੀ, ਇਸ ਕਾਵਿ-ਸੰਗ੍ਰਹਿ ਦੇ ਪ੍ਰਮੁੱਖ ਸਰੋਕਾਰ ਨੇ :
ਚੰਗਾ ਲੱਗੇ/ਕਵਿਤਾ ਦੇ
ਕੋਲ ਕੋਲ ਰਹਿਣਾ/ਸ਼ਬਦਾਂ ਨਾਲ
ਸੰਵਾਦ ਰਚਾਉਣਾ/ਤੇ
ਜ਼ਿੰਦਗੀ ਨੂੰ
ਕਵਿਤਾ ਬਣਾਉਣਾ..../ਚੰਗਾ ਲੱਗੇ
ਉਕਤ ਵਿਚਾਰਾਂ ਦਾ ਪ੍ਰਗਟਾਅ 'ਕਿਸ ਤਰ੍ਹਾਂ ਦੀ ਲਿਖਾਂ ਕਵਿਤਾ', 'ਕਵਿਤਾ ਵਿਚਾਰੀ', 'ਸ਼ਬਦ', 'ਚੰਗਾ ਲੱਗੇ', 'ਕੀ ਜਾਣਾ ਮੈਂ ਕੌਣ', 'ਚੰਗਾ ਲੱਗੇ' ਆਦਿ ਕਵਿਤਾਵਾਂ 'ਚ ਵੀ ਦੇਖਿਆ ਜਾ ਸਕਦਾ ਹੈ। ਜੀਵਨ ਦੀ ਗਤੀਸ਼ੀਲਤਾ, ਸਮਾਜੀ ਰਿਸ਼ਤਿਆਂ ਦੀਆਂ ਬਦਲਦੀਆਂ ਪਰਿਭਾਸ਼ਾਵਾਂ ਅਤੇ ਹੋਰ ਨਿੱਕ-ਸੁੱਕ ਇਨ੍ਹਾਂ ਕਵਿਤਾਵਾਂ 'ਚੋਂ ਦੇਖਿਆ ਜਾ ਸਕਦਾ ਹੈ। ਇਹ ਕਵਿਤਾਵਾਂ ਇਕ ਨਵੀਂ ਬਹਿਸ ਨੂੰ ਜਨਮ ਵੀ ਦੇ ਸਕਦੀਆਂ ਹਨ, ਇਸੇ ਲਈ ਕਵੀ ਨੇ 'ਬਹਿਸ ਤੋਂ ਬੇਖ਼ਬਰ' ਪੁਸਤਕ ਦਾ ਸਿਰਲੇਖ ਦਿੱਤਾ ਹੈ, ਜੋ ਢੁਕਵਾਂ ਵੀ ਅਤੇ ਆਕਰਸ਼ਿਤ ਵੀ ਕਰਦਾ ਹੈ। ਭਾਸ਼ਾ ਵੀ ਭਾਵਾਂ ਦੇ ਅਨੁਕੂਲ ਹੈ। ਲਖਵਿੰਦਰ ਜੌਹਲ ਹਮੇਸ਼ਾ ਹੀ ਗੰਭੀਰ ਪ੍ਰਸਥਿਤੀਆਂ ਨਾਲ ਜੂਝਣ ਦਾ ਹੌਸਲਾ ਕਰਦੇ ਹਨ। ਮੈਨੂੰ ਆਸ ਹੈ ਕਿ ਇਹ ਕਾਵਿ-ਪੁਸਤਕ, ਕਵਿਤਾ 'ਚ ਵਾਪਰਦੇ ਨਵੇਂ ਵਰਤਾਰਿਆਂ ਪ੍ਰਤੀ ਚਿੰਤਨਸ਼ੀਲ ਵਰਗ ਨੂੰ ਆਕਰਸ਼ਿਤ ਕਰੇਗੀ। ਆਮੀਨ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 98786-14096
ਫ ਫ ਫ

ਲੋਕ ਗੀਤਾਂ ਦਾ ਵਗਦਾ ਦਰਿਆ
ਡਾ: ਮਹਿੰਦਰ ਸਿੰਘ ਰੰਧਾਵਾ
ਲੇਖਿਕਾ : ਡਾ: ਭੂਪਿੰਦਰ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 195
ਸੰਪਰਕ : 98780-07893.

ਇਸ ਖੋਜ ਕਾਰਜ ਦੇ ਮੁੱਖ ਤੌਰ 'ਤੇ ਚਾਰ ਅਧਿਆਇ ਹਨ। ਪਹਿਲੇ ਵਿਚ ਡਾ: ਮਹਿੰਦਰ ਸਿੰਘ ਰੰਧਾਵਾ ਦੇ ਜੀਵਨ ਤੇ ਵਿਅਕਤੀਤਵ ਨੂੰ ਪੇਸ਼ ਕੀਤਾ ਹੈ, ਜੋ ਉਨ੍ਹਾਂ ਦੀ ਸਵੈ-ਜੀਵਨੀ 'ਤੇ ਆਧਾਰਿਤ ਹੈ, ਜਿਸ ਵਿਚ ਮੁਢਲੇ ਜੀਵਨ ਤੋਂ ਲੈ ਕੇ ਲੰਮੇਰੇ ਸਫ਼ਰ ਤੱਕ ਦੀ ਦਾਸਤਾਂ, ਘਰੇਲੂ ਜੀਵਨ, ਸਾਹਿਤਕ ਸਫ਼ਰ ਤੇ ਵਿੱਦਿਅਕ ਸਫ਼ਰ ਆਦਿ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਹੈ। ਦੂਸਰੇ ਅਧਿਆਇ ਵਿਚ ਡਾ: ਰੰਧਾਵਾ ਦੀ ਸਮੁੱਚੀ ਸਾਹਿਤਕ (ਲੋਕ ਗੀਤ) ਦੇਣ ਨੂੰ ਉਜਾਗਰ ਕੀਤਾ ਹੈ ਤੇ ਆਲੋਚਨਾ ਦੀ ਦ੍ਰਿਸ਼ਟੀ ਤੋਂ ਨਿਰਖਿਆ-ਪਰਖਿਆ ਹੈ ਅਤੇ ਬਹੁਪੱਖੀ ਦੇਣ ਨੂੰ ਸਥਾਪਿਤ ਕੀਤਾ ਹੈ।
ਡਾ: ਮਹਿੰਦਰ ਸਿੰਘ ਰੰਧਾਵਾ ਦੀ ਲੋਕ ਗੀਤਾਂ ਦੇ ਖੇਤਰ ਵਿਚ ਜੋ ਵਿਲੱਖਣ ਦੇਣ ਤੇ ਸਥਾਨ ਹੈ, ਬਾਰੇ ਸਮੁੱਚੀਆਂ ਵਿਸ਼ੇਸ਼ਤਾਵਾਂ ਨੂੰ ਉਘਾੜ ਕੇ ਡਾ: ਭੂਪਿੰਦਰ ਕੌਰ ਨੇ ਉਨ੍ਹਾਂ ਦੇ ਲੋਕ ਗੀਤਾਂ ਦੇ ਸੰਗ੍ਰਹਿ ਤੇ ਪੰਜਾਬ ਦੇ ਲੋਕ ਗੀਤ ਵਿਚ ਰਿਸ਼ਤਾ ਦਰਸਾ ਕੇ ਡਾ: ਰੰਧਾਵਾ ਦੀ ਲੋਕ ਗੀਤਾਂ ਦੀ ਸਾਂਭ-ਸੰਭਾਲ ਨੂੰ ਬਾਖੂਬੀ ਉਜਾਗਰ ਕੀਤਾ ਹੈ, ਜੋ ਸਾਡਾ ਸਭ ਤੋਂ ਅਮੀਰ ਵਿਰਸਾ ਹੈ ਤੇ ਅਜੋਕੀ ਪੀੜ੍ਹੀ ਜਿਸ ਤੋਂ ਬੇਮੁੱਖ ਹੁੰਦੀ ਜਾ ਰਹੀ ਹੈ।
ਚੌਥੇ ਅਧਿਆਇ ਵਿਚ ਡਾ: ਮਹਿੰਦਰ ਸਿੰਘ ਰੰਧਾਵਾ ਦੇ ਲੋਕ ਗੀਤਾਂ ਦੇ ਸੰਗ੍ਰਹਿਆਂ ਦੇ ਵਿਸ਼ੇ ਤੇ ਸੰਦਰਭ ਨੂੰ ਆਲੋਚਨਾ ਦਾ ਆਧਾਰ ਬਣਾਇਆ ਹੈ ਅਤੇ ਲੋਕ ਗੀਤਾਂ ਦੀ ਸਮਾਜਿਕ ਸਾਰਥਿਕਤਾ ਦਾ ਮੁਲਾਂਕਣ ਕਰਕੇ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ ਹਨ। ਇਸ ਭਾਗ ਨੂੰ ਅੱਗੋਂ ਮੈਦਾਨੀ ਲੋਕ ਗੀਤ ਤੇ ਪਹਾੜੀ ਲੋਕ ਗੀਤ ਦੋ ਹਿੱਸਿਆਂ ਵਿਚ ਪੇਸ਼ ਕੀਤਾ ਹੈ। ਮੈਦਾਨੀ ਲੋਕ ਗੀਤਾਂ ਵਿਚ ਪੰਜਾਬ ਤੇ ਹਰਿਆਣੇ ਦੇ ਲੋਕ ਗੀਤ ਆ ਜਾਂਦੇ ਹਨ ਅਤੇ ਪਹਾੜੀ ਲੋਕ ਗੀਤਾਂ ਵਿਚ ਕਾਂਗੜੇ ਤੇ ਕੁੱਲੂ ਦੇ ਲੋਕ ਗੀਤ। ਇਨ੍ਹਾਂ ਸਾਰਿਆਂ ਦਾ ਵਿਸ਼ੇ ਤੇ ਸੰਦਰਭ ਦੇ ਪੱਖ ਤੋਂ ਡੂੰਘਾ ਅਧਿਐਨ ਕਰਕੇ ਸੁਚੱਜੀ ਵਿਚਾਰਧਾਰਾ ਸਥਾਪਿਤ ਕੀਤੀ ਹੈ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਵਿਸਰ ਰਹੇ ਪੰਜਾਬੀ ਅਖਾਣ
ਲੇਖਕ : ਪ੍ਰਿੰ: ਸੇਵਾ ਸਿੰਘ ਕੌੜਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 228
ਸੰਪਰਕ : 98150-66035.

ਵਿਚਾਰ ਅਧੀਨ ਪੁਸਤਕ ਪ੍ਰਿੰ: ਕੌੜਾ ਦੀ ਪੰਜਾਬੀ ਅਖਾਣਾਂ ਬਾਰੇ ਨਿਵੇਕਲੀ ਖੋਜ ਵਿਧੀ ਰਾਹੀਂ ਤਿਆਰ ਕੀਤੀ ਪੁਸਤਕ ਹੈ। ਅਖਾਣ ਜਿਨ੍ਹਾਂ ਨੂੰ ਅਖੌਤਾਂ ਅਤੇ ਲੋਕੋਕਤੀਆਂ ਜਾਂ ਲੋਕ ਸਿਆਣਪਾਂ ਵੀ ਕਿਹਾ ਜਾਂਦਾ ਹੈ, ਪੰਜਾਬੀ ਲੋਕ ਸਾਹਿਤ ਦਾ ਇਕ ਵਿਸ਼ੇਸ਼ ਰੂਪ ਹਨ, ਜੋ ਲੋਕਾਂ ਦੇ ਸਦੀਆਂ ੇਦੇ ਕਮਾਏ ਤਜਰਬੇ ਅਤੇ ਜੀਵਨ ਦੀਆਂ ਅਟੱਲ ਸਚਾਈਆਂ ਨੂੰ ਲੋਕਾਂ ਅੱਗੇ ਉਘਾੜ ਕੇ ਪੇਸ਼ ਕਰਦੇ ਹਨ। ਇਹ ਉਹ ਬੇਸ਼ਕੀਮਤੀ ਹੀਰੇ ਮੋਤੀਆਂ ਦੀਆਂ ਲੜੀਆਂ ਹਨ, ਜਿਨ੍ਹਾਂ ਵਿਚ ਜੀਵਨ ਤੱਤ ਪਰੋਏ ਹੁੰਦੇ ਹਨ। ਲੋਕ ਗੀਤਾਂ ਵਾਂਗ ਅਖਾਣ ਵੀ ਕਿਸੇ ਵਿਸੇਸ਼ ਵਿਅਕਤੀ ਦੀ ਰਚਨਾ ਨਹੀਂ ਹੁੰਦੇ, ਬਲਕਿ ਇਹ ਸਮੁੱਚੀ ਕੌਮ/ਜਾਤੀ ਦੇ ਸਦੀਆਂ ਦੇ ਕਮਾਏ ਹੋਏ ਅਨੁਭਵ ਨੂੰ ਸਮੇਂ ਦੀ ਕੁਠਾਲੀ ਵਿਚ ਸੋਧ ਕੇ ਜੀਵਨ ਪ੍ਰਵਾਹ ਵਿਚ ਰਲ ਜਾਂਦੇ ਹਨ। ਇਹ ਹਜ਼ਾਰਾਂ ਦੀ ਗਿਣਤੀ ਵਿਚ ਉਪਲਬਧ ਹਨ, ਜਿਨ੍ਹਾਂ ਵਿਚ ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ ਵਿਦਮਾਨ ਹੈ।
ਲੇਖਕ ਨੇ ਆਪ ਪ੍ਰਚਲਤ ਅਖਾਣਾਂ ਵਿਚੋਂ ਅਜਿਹੇ 500 ਦੇ ਕਰੀਬ ਅਖਾਣ ਚੁਣੇ ਹਨ, ਜਿਨ੍ਹਾਂ ਵਿਚ ਉਰਦੂ, ਫਾਰਸੀ, ਅਰਬੀ ਅਤੇ ਸੰਸਕ੍ਰਿਤ ਦੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਜੋ ਕਿ ਅਜੋਕੀ ਪੀੜ੍ਹੀ ਸਮਝ ਨਹੀਂ ਸਕਦੀ। ਵਿਦਵਾਨ ਲੇਖਕ ਨੇ ਗੁਰਮੁਖੀ ਵਰਣਮਾਲਾ ਦੇ ਅੱਖਰਾਂ ਦੇ ਕ੍ਰਮ ਅਨੁਸਾਰ ਅਖਾਣਾਂ ਨੂੰ ਤਰਤੀਬ ਦੇ ਕੇ ਅਖਾਣਾਂ ਵਿਚ ਆਏ ਔਖੇ ਸ਼ਬਦਾਂ ਦੇ ਅਰਥ, ਅਖਾਣ ਦੇ ਭਾਵਅਰਥ ਤੋਂ ਇਲਾਵਾ ਇਹ ਵੀ ਵਿਸਥਾਰਪੂਰਵਕ ਸਮਝਿਆ ਹੈ ਕਿ ਸਬੰਧਤ ਅਖਾਣ ਦੀ ਵਰਤੋਂ ਕਦੋਂ ਤੇ ਕਿਸ ਸਥਿਤੀ ਵਿਚ ਕੀਤੀ ਜਾਂਦੀ ਹੈ। ਇਹ ਬਹੁਤ ਹੀ ਲਗਨ ਅਤੇ ਸਿਰੜ ਵਾਲਾ ਖੋਜ-ਭਰਪੂਰ ਕਾਰਜ ਹੈ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

ਉਪਭੋਗਤਾ ਕਾਨੂੰਨ ਅਤੇ ਅਧਿਕਾਰ
ਲੇਖਕ : ਐਡਵੋਕੇਟ ਰਾਜੀਵ ਲੋਹਟਬੱਦੀ
ਸੰਪਾਦਕ : ਅਮਿਤ ਮਿੱਤਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 160
ਸੰਪਰਕ : 94172-45123.

ਐਡਵੋਕੇਟ ਰਾਜੀਵ ਲੋਹਟਬੱਦੀ ਨੇ ਹਰੇਕ ਪੱਖ ਤੋਂ ਸਮਾਜ ਨੂੰ ਜਾਗਰੂਕ ਕਰਨ ਦਾ ਬੀੜਾ ਚੁੱਕਿਆ ਹੈ। ਲੇਖਕ ਦਾ ਮੁੱਖ ਮੰਤਵ ਆਮ ਖਪਤਕਾਰਾਂ ਦਾ ਆਪਣੇ ਅਧਿਕਾਰਾਂ ਪ੍ਰਤੀ ਅਨਜਾਣ ਹੋਣਾ ਅਤੇ ਇਸ ਦੀ ਆੜ ਹੇਠ ਸਰਮਾਏਦਾਰ ਜੁੰਡਲੀ ਵੱਲੋਂ ਉਨ੍ਹਾਂ ਦੀ ਹੁੰਦੀ ਖੁੱਲ੍ਹੀ ਲੁੱਟ ਦੀ ਪੋਲ ਖੋਲ੍ਹ ਕੇ ਖਪਤਕਾਰਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਕਰਨਾ ਹੈ।
ਪੁਸਤਕ ਵਿਚ ਉਪਭੋਗਤਾ ਸੁਰੱਖਿਆ ਤੇ ਕਾਨੂੰਨ, ਅਦਾਲਤਾਂ, ਗੁਮਰਾਹਕੁੰਨ ਇਸ਼ਤਿਹਾਰਬਾਜ਼ੀ, ਬੀਮਾ ਕਾਰੋਬਾਰ, ਮਹੱਤਵਪੂਰਨ ਫਾਰਮਾਂ, ਜਾਇਦਾਦ ਦੀ ਖਰੀਦ ਨਾਲ ਜੁੜੇ ਰੀਅਲ ਅਸਟੇਟ ਐਕਟਾਂ ਅਤੇ ਲੋਕਪਾਲ ਤੇ ਲੋਕ ਆਯੁਕਤ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਹੈ। ਨਾਲ-ਨਾਲ ਬੈਂਕਿੰਗ, ਇਲਾਜ ਪ੍ਰਣਾਲੀ ਬਾਰੇ ਵੀ ਲੋੜੀਂਦੀ ਜਾਣਕਾਰੀ ਫਰਾਹਮ ਕਰਨ ਦਾ ਸ਼ਲਾਘਾਯੋਗ ਉੱਦਮ ਕੀਤਾ ਹੈ। ਕਿਸੇ ਸ਼ਿਕਾਇਤ ਦੀ ਸੂਰਤ ਵਿਚ ਰਿਪੋਰਟ ਦਰਜ ਕਰਾਉਣ ਸਬੰਧੀ ਕਿਹੜੇ ਫਾਰਮ ਕਿਵੇਂ ਭਰਨੇ ਹਨ, ਇਸ ਬਾਰੇ ਪੰਨਾ 120 ਤੋਂ ਲੈ ਕੇ ਪੰਨਾ 132 ਤੱਕ ਦਿੱਤੇ ਖਾਕੇ ਬੜੇ ਮੁਫ਼ੀਦ ਹੋ ਸਕਦੇ ਹਨ।
ਪੁਸਤਕ ਵਿਚ ਕਈ ਉਪਭੋਗਤਾ ਕੇਸਾਂ ਦੇ ਨਿਪਟਾਰਿਆਂ ਦਾ ਵੀ ਜ਼ਿਕਰ ਹੈ ਜਿਵੇਂ ਸੱਤੂ ਦੀ ਪ੍ਰੇਸ਼ਾਨੀ ਘੱਟ ਨਾ ਹੋਈ। ਉਸ ਨੂੰ ਉਪਭੋਗਤਾ ਅਦਾਲਤ ਜਾਣਾ ਪਿਆ, ਜਿਥੇ ਉਸ ਨੂੰ ਰਾਹਤ ਮਿਲੀ। (ਪੰਨਾ 110)।
ਆਈ.ਐਸ.ਆਈ. ਸਟੈਂਡਰਡ ਬਿਊਰੋ, ਐਗਮਾਰਕ, ਬੀ.ਈ.ਈ., ਖੁਰਾਕੀ ਵਸਤਾਂ ਵਿਚ ਮਿਲਾਵਟ ਦੇ ਕੇਸਾਂ ਬਾਰੇ ਕਾਨੂੰਨੀ ਮਦਦ ਸਬੰਧੀ ਪੰਨਾ 84 ਤੋਂ ਲੈ ਕੇ 95 ਤੱਕ ਦਿੱਤੀ ਜਾਣਕਾਰੀ ਤੋਂ ਹਰ ਖਪਤਕਾਰ ਲਾਹਾ ਪ੍ਰਾਪਤ ਕਰ ਸਕਦਾ ਹੈ। ਕੁਝ ਅਦਾਲਤੀ ਫ਼ੈਸਲਿਆਂ ਦਾ ਤਜ਼ਕਰਾ, ਸ਼ਹਿਰੀ ਤੇ ਪੇਂਡੂ ਮੰਡੀਕਰਨ ਬਾਰੇ ਯਾਨੀ ਕਿ ਉਪਭੋਗਤਾ ਕਾਨੂੰਨਾਂ ਅਤੇ ਖਪਤਕਾਰਾਂ ਦੇ ਹੱਕ ਹਕੂਕ ਬਾਰੇ ਤਮਾਮ ਜਾਣਕਾਰੀ ਇਸ ਪੁਸਤਕ ਵਿਚ ਦਿੱਤੀ ਗਈ ਹੈ।

ਂਤੀਰਥ ਸਿੰਘ ਢਿੱਲੋਂ
ਵਜਗ਼ਵੀਤਜਅਪੀਦੀਜ;;ਰਅ੦੪0ਪਠ਼ਜ;.ਫਰਠ
ਫ ਫ ਫ

ਪੰਥ ਰਤਨ
ਗਿਆਨੀ ਦਿੱਤ ਸਿੰਘ
ਸੰਪਾਦਕ : ਗੁਰਪ੍ਰੀਤ ਸਿੰਘ ਤਲਵੰਡੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 101
ਸੰਪਰਕ : 98144-51414.

'ਪੰਥ ਰਤਨ ਗਿਆਨ ਦਿੱਤ ਸਿੰਘ' ਗੁਰਪ੍ਰੀਤ ਸਿੰਘ ਤਲਵੰਡੀ ਦੁਆਰਾ ਸੰਪਾਦਿਤ ਕੀਤੀ ਅਜਿਹੀ ਪੁਸਤਕ ਹੈ, ਜਿਸ ਵਿਚ ਸੰਪਾਦਕ ਸਹਿਤ ਦੋ ਹੋਰ ਵਿਦਵਾਨਾਂ ਡਾ: ਸੰਦੀਪ ਕੌਰ ਸੇਖੋਂ ਅਤੇ ਸਰਪੰਚ ਕਰਤਿੰਦਰਪਾਲ ਸਿੰਘ ਸਿੰਘਪੁਰਾ ਦੇ ਗਿਆਨੀ ਦਿੱਤ ਸਿੰਘ ਦੀ ਸਮਾਜ ਅਤੇ ਸਿੱਖ ਕੌਮ ਨੂੰ ਦਿੱਤੀ ਦੇਣ ਅਤੇ ਘਾਲੀ ਘਾਲਣਾ ਨੂੰ ਪੇਸ਼ ਕਰਦੇ ਖੋਜ-ਪੱਤਰਾਂ ਦਾ ਸੰਕਲਨ ਕੀਤਾ ਗਿਆ ਹੈ।
ਇਹ ਖੋਜ-ਪੱਤਰ 2004 ਈ: ਤੋਂ ਲੈ ਕੇ 2015 ਤੱਕ ਗਿਆਨੀ ਦਿੱਤ ਸਿੰਘ ਦੀ ਯਾਦ ਵਿਚ ਹੋਏ ਵੱਖ-ਵੱਖ ਸਮਾਗਮਾਂ ਵਿਚ ਪੇਸ਼ ਕੀਤੇ ਗਏ ਹਨ। ਪੁਸਤਕ ਵਿਚ ਸ਼ਾਮਿਲ ਖੋਜ-ਪੱਤਰਾਂ ਵਿਚ ਗਿਆਨੀ ਦਿੱਤ ਸਿੰਘ ਦੇ ਜੀਵਨ ਬਿਓਰੇ, ਕੁਝ ਮੌਲਿਕ ਰਚਨਾਵਾਂ ਅਤੇ ਖੋਜ-ਪੱਤਰਾਂ ਸਮੇਤ ਗੁਰਪ੍ਰੀਤ ਸਿੰਘ ਤਲਵੰਡੀ ਦੇ 5 ਖੋਜ-ਪੱਤਰ, ਸਰਪੰਚ ਕਰਤਿੰਦਰਪਾਲ ਸਿੰਘ ਦੇ 2 ਖੋਜ-ਪੱਤਰ ਅਤੇ ਡਾ: ਸੰਦੀਪ ਕੌਰ ਸੇਖੋਂ ਦੇ 12 ਖੋਜ-ਪੱਤਰ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ 19 ਖੋਜ-ਪੱਤਰਾਂ ਵਿਚ ਗਿਆਨੀ ਦਿੱਤ ਦੁਆਰਾ ਸਿੰਘ ਸਭਾ ਲਹਿਰ ਵਿਚ ਪਾਏ ਯੋਗਦਾਨ ਅਤੇ ਸਿੱਖ ਧਰਮ ਨੂੰ ਜਿਥੇ ਬਾਹਰੀ ਤਾਕਤਾਂ ਤੋਂ ਮੁਕਤ ਕਰਵਾਉਣ ਲਈ ਕੀਤੀ ਘਾਲ ਕਮਾਈ ਦਾ ਜ਼ਿਕਰ ਹੈ, ਉਥੇ ਖਾਲਸਾ ਕਾਲਜ ਵਰਗੀ ਅਮੀਰ ਵਿਦਿਅਕ ਸੰਸਥਾ ਦੀ ਸਥਾਪਤੀ ਦਾ ਬਿਰਤਾਂਤ ਵੀ ਇਸ ਪੁਸਤਕ ਵਿਚਲੇ ਖੋਜ-ਪੱਤਰਾਂ ਵਿਚ ਪੇਸ਼ ਹੈ। ਗਿਆਨੀ ਦਿੱਤ ਸਿੰਘ 'ਖਾਲਸਾ ਅਖ਼ਬਾਰ' ਦੇ 14 ਸਾਲ ਸੰਪਾਦਕ ਰਹੇ।
ਉਨ੍ਹਾਂ ਨੇ ਆਪਣੇ ਪ੍ਰਤੀ ਸੁਚੇਤ ਕਰਨ ਲਈ ਸੰਪਾਦਕੀ ਲੇਖ ਲਿਖੇ, ਜਿਨ੍ਹਾਂ ਲੇਖਾਂ ਵਿਚ ਸਿੱਖਾਂ ਨੂੰ ਆਪਣੇ ਧਰਮ ਵਿਚ ਆ ਰਹੀਆਂ ਕੁਰੀਤੀਆਂ ਅਤੇ ਗਿਰਾਵਟਾਂ ਨੂੰ ਦੂਰ ਕਰਨ ਲਈ ਅਪੀਲਾਂ ਕੀਤੀਆਂ। ਇਸ ਪੁਸਤਕ ਵਿਚ ਗਿਆਨੀ ਜੀ ਦੀਆਂ ਸਵਾਮੀ ਦਯਾਨੰਦ ਜੀ ਨਾਲ ਤਿੰਨ ਦਿਲਚਸਪ ਬਹਿਸਾਂ ਵੀ ਦਰਜ ਕੀਤੀਆਂ ਗਈਆਂ, ਜਿਨ੍ਹਾਂ ਵਿਚ ਅਧਿਆਤਮਿਕਤਾ ਦੇ ਪ੍ਰਸੰਗ ਵਿਚ ਭਰਪੂਰ ਚਰਚਾ ਹੋਈ ਮਿਲਦੀ ਹੈ। ਤਕਰੀਬਨ ਇਸ ਪੁਸਤਕ ਵਿਚਲਾ ਹਰੇਕ ਖੋਜ-ਪੱਤਰ ਗਿਆਨੀ ਜੀ ਦੀ ਸ਼ਖ਼ਸੀਅਤ ਦੇ ਕਿਸੇ ਨਾ ਕਿਸੇ ਪੱਖ ਨੂੰ ਉੱਭਰਵੇਂ ਰੂਪ ਵਿਚ ਪੇਸ਼ ਕਰਦਿਆਂ ਉਨ੍ਹਾਂ ਦੀ ਸਮੁੱਚੀ ਦੇਣ ਨੂੰ ਬਾਖੂਬੀ ਪੇਸ਼ ਕਰਦਾ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਗਾਂਧੀ ਜੀ ਦੀਆਂ ਸਿਮਰਤੀਆਂ
ਲੇਖਕ : ਗਿਆਨੀ ਹੀਰਾ ਸਿੰਘ ਦਰਦ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 120 ਰੁਪਏ, ਸਫ਼ੇ : 46
ਸੰਪਰਕ : 0172-4608699.

ਗਿਆਨੀ ਹੀਰਾ ਸਿੰਘ ਦਰਦ ਉੱਘੇ ਸਾਹਿਤਕਾਰ ਦੇ ਨਾਲ-ਨਾਲ ਸੱਚੇ-ਸੁੱਚੇ ਦੇਸ਼ ਭਗਤ ਵੀ ਸਨ, ਜਿਨ੍ਹਾਂ ਨੇ ਸਾਹਿਤਕਾਰੀ ਦੇ ਨਾਲ-ਨਾਲ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਵੀ ਵੱਡਾ ਯੋਗਦਾਨ ਪਾਇਆ। ਇਸ ਪੁਸਤਕ ਵਿਚ ਉਨ੍ਹਾਂ ਨੇ ਗਾਂਧੀ ਜੀ ਨਾਲ ਹੋਈਆਂ ਮੁਲਾਕਾਤਾਂ ਦੇ ਆਧਾਰ 'ਤੇ ਗਾਂਧੀਵਾਦ ਬਾਰੇ ਕੁਝ ਤਰਕ ਤੇ ਨਿਰਣੇ ਕੱਢੇ ਹਨ, ਜੋ ਉਨ੍ਹਾਂ ਦੀ ਤਰਕਵਾਦੀ ਪ੍ਰਵਿਰਤੀ ਦੇ ਸੂਚਕ ਹਨ।
ਉਨ੍ਹਾਂ ਦਾ ਗਾਂਧੀ ਜੀ ਨਾਲ ਪਹਿਲਾ ਰਿਸ਼ਤਾ ਸ਼ਰਧਾ ਅਤੇ ਪਿਆਰ ਦਾ ਹੈ। ਉਹ ਗਾਂਧੀ ਜੀ ਜਿਹੇ ਮਨੁੱਖ ਨੂੰ ਆਪਣਾ ਆਦਰਸ਼ ਮੰਨਦੇ ਹਨ। ਗਾਂਧੀ ਜੀ ਦੇ ਵਿਅਕਤਿਤਵ ਬਾਰੇ ਉਹ ਖ਼ੁਦ ਲਿਖਦੇ ਹਨ, 'ਗਾਂਧੀ ਜੀ ਦੀ ਆਵਾਜ਼ ਨਿਰੀ ਆਵਾਜ਼ ਹੀ ਨਹੀਂ ਸੀ, ਉਸ ਵਿਚ ਅਮਲ ਦੀ ਸ਼ਕਤੀ ਗੂੰਜਦੀ ਸੀ। ਅਮਲ ਦੀ ਸ਼ਕਤੀ ਵਾਲੀ ਆਵਾਜ਼ ਭਾਵੇਂ ਮੱਧਮ ਹੋਵੇ ਪਰ ਉਸ ਵਿਚ ਬੜਾ ਬਲ ਹੁੰਦਾ ਹੈ।' ਇਸ ਤਰ੍ਹਾਂ ਉਹ ਗਾਂਧੀ ਜੀ ਦੀ ਮਿਕਨਾਤੀਸੀ ਸ਼ਖ਼ਸੀਅਤ ਦੇ ਬਹੁਤ ਵੱਡੇ ਮੱਦਾਹ ਸਨ। ਉਹ ਗਾਂਧੀ ਜੀ ਦੇ ਅਨੁਸ਼ਾਸਨ, ਸਾਦੀ ਰਹਿਣੀ-ਬਹਿਣੀ ਤੇ ਸਮੇਂ ਦੇ ਪਾਬੰਦ ਹੋਣ ਜਿਹੇ ਗੁਣਾਂ ਕਰਕੇ ਉਨ੍ਹਾਂ ਦੇ ਕਾਇਲ ਸਨ। ਪਰ ਅਹਿੰਸਾ, ਸੱਤਵਾਦ ਤੇ ਭੁੱਖ ਹੜਤਾਲ ਰਾਹੀਂ ਹੀ ਇਨਕਲਾਬ ਆਵੇ, ਇਹ ਜ਼ਰੂਰੀ ਨਹੀਂ ਸੀ।
ਹੌਲੀ-ਹੌਲੀ ਗਾਂਧੀ ਜੀ ਦੇ ਸੰਪਰਕ ਵਿਚ ਆਉਣ 'ਤੇ ਲੇਖਕ ਉਨ੍ਹਾਂ ਦੇ ਧਾਰਮਿਕ ਤੇ ਮਜ਼੍ਹਬੀ ਆਸ਼ਿਆਂ ਨਾਲ ਤਰਕ ਦੇ ਕਸਵੱਟੀ 'ਤੇ ਮਤਭੇਦ ਵੀ ਜ਼ਾਹਰ ਕਰਨ ਲੱਗ ਪਿਆ ਸੀ। ਉਹ ਗਾਂਧੀਵਾਦ ਨੂੰ ਮਜ਼੍ਹਬੀ ਤੇ ਸੁਧਾਰਵਾਦੀ ਲਹਿਰ ਸਮਝਦਾ ਸੀ, ਜਿਸ 'ਤੇ ਅਮਲ ਕਰਦਿਆਂ ਗਾਂਧੀ ਜੀ ਰਾਜਸੀ ਨੇਤਾ ਬਣਨ ਲਈ ਵੀ ਯਤਨ ਕਰਦੇ ਰਹੇ। ਉਨ੍ਹਾਂ ਦਾ ਕਹਿਣਾ ਸੀ ਕਿ ਗਾਂਧੀ ਜੀ ਮਹਾਂਪੁਰਖ ਜ਼ਰੂਰ ਹਨ ਪਰ ਉਹ ਅਭੁੱਲ ਨਹੀਂ ਹੋ ਸਕਦੇ। ਉਹ ਵੀ ਭੁੱਲਾਂ ਕਰ ਸਕਦੇ ਹਨ। ਇਸੇ ਲਈ ਇਸ ਪੈਂਫਲਿਟ ਦੇ ਅੰਤ ਵਿਚ ਉਨ੍ਹਾਂ ਗਾਂਧੀਇਜ਼ਮ ਦੇ ਤੱਥਾਂ ਅਤੇ ਕੱਥਾਂ ਬਾਰੇ ਆਪਣੇ ਸ਼ੰਕੇ ਵੀ ਪ੍ਰਗਟ ਕੀਤੇ ਹਨ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

25/02/2017

 ਗਿ: ਦਿੱਤ ਸਿੰਘ ਰਚਨਾਵਲੀ ਧਰਮ ਅਤੇ ਫ਼ਲਸਫ਼ਾ
ਸੰਪਾਦਕ : ਡਾ: ਇੰਦਰਜੀਤ ਸਿੰਘ ਗੋਗੋਆਣੀ
ਪ੍ਰਕਾਸ਼ਕ : ਭਾ: ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 264
ਸੰਪਰਕ : 0183-5011003.

ਆਰੀਆ ਸਮਾਜ, ਗੁਲਾਬ ਦਾਸੀ ਪਰੰਪਰਾ ਤੇ ਸਨਾਤਨੀ ਗ੍ਰੰਥਾਂ ਦੇ ਸੰਗ ਸਾਥ ਵਿਚ ਨਿਰੰਤਰ ਧਰਮ ਤੇ ਗਿਆਨ ਦੇ ਮਾਰਗ 'ਤੇ ਅੱਗੇ ਵਧਦੇ ਹੋਏ ਗਿ: ਦਿੱਤ ਸਿੰਘ ਸਿੱਖ ਸਿਧਾਂਤਾਂ ਦੇ ਪ੍ਰਮਾਣਿਕ ਤੇ ਸ਼ਕਤੀਸ਼ਾਲੀ ਵਿਆਖਿਆਕਾਰ ਵਜੋਂ ਪ੍ਰਵਾਨ ਹੋਇਆ। ਵਾਦ-ਵਿਵਾਦ, ਸ਼ਾਸਤਰਾਰਥ ਤੇ ਮਜ਼੍ਹਬੀ ਭੇੜ ਦੇ 19ਵੀਂ ਸਦੀ ਦੇ ਅੰਤਲੇ ਤੇ 20ਵੀਂ ਸਦੀ ਦੇ ਆਰੰਭਿਕ ਵਰ੍ਹਿਆਂ ਵਿਚ ਉਸ ਨੇ ਗੁਰੂਆਂ ਦੁਆਰਾ ਦ੍ਰਿੜ੍ਹਾਏ ਸਮਝਾਏ ਸਿੱਖ ਸਿਧਾਂਤਾਂ ਤੋਂ ਭਟਕੇ ਭਟਕਾਏ ਪੰਜਾਬੀਆਂ ਨੂੰ ਸੁਚੇਤ ਕਰਕੇ ਸਹੀ ਰਸਤੇ 'ਤੇ ਤੋਰਿਆ। ਸਿੱਖੀ ਸਿਧਾਂਤ ਤੇ ਵਿਹਾਰ ਵਿਚ ਆ ਰਹੀਆਂ ਕੁਰੀਤੀਆਂ ਨੂੰ ਗੁਰਬਾਣੀ ਦੇ ਪ੍ਰਮਾਣਾਂ ਨਾਲ ਰੱਦ ਕੀਤਾ। ਸਿੱਖੀ ਦੇ ਨਿਆਰੇਪਣ ਨੂੰ ਨਿਖਾਰ ਕੇ ਪੇਸ਼ ਕੀਤਾ। ਸਿੱਖ ਧਰਮ ਤੇ ਫ਼ਲਸਫ਼ੇ ਬਾਰੇ ਉਸ ਨੇ ਕਵਿਤਾ ਤੇ ਵਾਰਤਕ ਵਿਚ ਕਿੰਨੀਆਂ ਹੀ ਪੁਸਤਕਾਂ ਤੇ ਪੈਂਫਲਿਟ ਲਿਖੇ। ਉਨ੍ਹਾਂ ਵਿਚੋਂ ਚਾਰ ਦਾ ਮੂਲ ਪਾਠ ਸੰਪਾਦਿਤ ਕਰਕੇ ਇਸ ਪੁਸਤਕ ਵਿਚ ਪੇਸ਼ ਕੀਤਾ ਗਿਆ ਹੈ।
ਦੋ ਗੱਲਾਂ ਕਾਰਨ ਇਸ ਯਤਨ ਦੀ ਵਿਸ਼ੇਸ਼ ਸਾਰਥਿਕਤਾ ਹੈ। ਪਹਿਲੀ ਇਹ ਕਿ ਲਗਪਗ ਇਕ ਸਦੀ ਜਾਂ ਇਸ ਤੋਂ ਵੀ ਪਹਿਲਾਂ ਲਿਖੀਆਂ ਛਪੀਆਂ ਇਹ ਪੁਸਤਕਾਂ ਹੁਣ ਕੇਵਲ ਲਾਇਬ੍ਰੇਰੀਆਂ ਵਿਚ ਹੀ ਵਿਰਲੀਆਂ ਟਾਵੀਆਂ ਪ੍ਰਾਪਤ ਹਨ। ਦੂਜੀ ਇਹ ਕਿ ਸਿੱਖੀ ਦਾ ਨਿਆਰਾ ਤੇ ਸਰਲ ਮਾਰਗ ਧਰਮ ਦੇ ਨਾਂਅ 'ਤੇ ਧੰਦਾ ਤੇ ਦੁਕਾਨਦਾਰੀ ਕਰਨ ਵਾਲਿਆਂ ਨੂੰ ਚੁੱਭਦਾ ਹੈ। ਉਹ ਨਿਰੰਤਰ ਇਸ ਨੂੰ ਵਿਕ੍ਰਿਤ ਕਰਨ ਵਿਚ ਲੱਗੇ ਰਹਿੰਦੇ ਹਨ। ਕਰਮਕਾਂਡ, ਜਾਤ-ਪਾਤ, ਅਨਿਆਂ ਤੇ ਵਿਤਕਰਿਆਂ ਵਿਰੁੱਧ ਬਗਾਵਤ ਦੀ ਇਸ ਦੀ ਆਵਾਜ਼ ਕਰਮਕਾਂਡ, ਜਾਤ-ਪਾਤ, ਮੂਰਤੀ ਪੂਜਾ ਤੇ ਅਨਿਆਂ ਉੱਤੇ ਖੜ੍ਹੇ, ਭਾਰਤ ਦੇ ਬਹੁਗਿਣਤੀ ਵਰਗ ਨੂੰ ਅੱਜ ਵੀ ਓਨੀ ਹੀ ਚੁੱਭਦੀ ਹੈ, ਜਿੰਨੀ ਰਣਜੀਤ ਨਗਾਰੇ ਦੀ ਗੂੰਜ ਪਹਾੜੀ ਰਾਜਿਆਂ ਅਤੇ ਦਿੱਲੀ ਦੇ ਤਖ਼ਤ ਨੂੰ ਚੁੱਭਦੀ ਸੀ। ਨਕਲੀ ਸਿੱਖ ਪ੍ਰਬੰਧ, ਗੁਰਮਤਿ ਆਰਤੀ ਪ੍ਰਬੋਧ, ਧਰਮ ਦਰਪਨ, ਡਰਪੋਕ ਸਿੰਘ ਤੇ ਦਲੇਰ ਸਿੰਘ ਨਾਂਅ ਦੀਆਂ ਚਾਰ ਪੁਸਤਕਾਂ ਇਸ ਗ੍ਰੰਥ ਵਿਚ ਪ੍ਰਾਪਤ ਹਨ। ਨਾਟਕੀ ਮਾਹੌਲ ਵਾਲਾ ਵਾਰਤਾਲਾਪ ਸਿਰਜ ਕੇ ਇਨ੍ਹਾਂ ਵਿਚ ਲੇਖਕ ਨੇ ਆਪਣੀ ਗੱਲ ਸਫਲਤਾ ਨਾਲ ਪ੍ਰਭਾਵਸ਼ਾਲੀ ਰੂਪ ਵਿਚ ਕਹੀ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਮਿੱਤਰ ਪਿਆਰੇ ਨੂੰ
ਸ਼ਾਇਰਾ : ਸੁਰਿੰਦਰ ਸੈਣੀ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 200 ਰੁਪਏ, ਸਫ਼ੇ : 103
ਸੰਪਰਕ : 95010-73600.

ਜਦੋਂ ਕੋਈ ਆਪਣਾ ਪਿਆਰਾ ਦੂਰ ਚਲਾ ਜਾਏ ਤਾਂ ਦਿਲ ਦਾ ਦਰਦ ਜ਼ਮੀਨ ਅਸਮਾਨ ਹੋ ਜਾਂਦਾ ਹੈ ਤੇ ਇਸੇ ਦਰਦ ਨੂੰ ਜ਼ਬਾਨ ਦੇ ਰਹੀ ਪੁਸਤਕ ਹੈ ਸੁਰਿੰਦਰ ਸੈਣੀ ਦੀ ਤੀਸਰੀ ਕਾਵਿ ਪੁਸਤਕ 'ਮਿੱਤਰ ਪਿਆਰੇ ਨੂੰ'।
ਆਪਣੇ ਦਰਦ ਨੂੰ ਸ਼ਬਦਾਂ ਵਿਚ ਢਾਲਣ ਲਈ ਸ਼ਾਇਰਾ ਨੇ ਕੋਈ ਚੌਖਟਾ ਨਿਰਧਾਰਤ ਨਹੀਂ ਕੀਤਾ ਅਰਥਾਤ ਕਿਸੇ ਵਿਧਾ ਦਾ ਪ੍ਰਗਟਾਵਾ ਨਹੀਂ ਕੀਤਾ। ਫਿਰ ਵੀ ਸ਼ਬਦਾਂ ਦੀ ਤਰਤੀਬ ਤੇ ਉਸ ਦੀਆਂ ਕੋਸ਼ਿਸ਼ਾਂ ਦੇ ਆਧਾਰ 'ਤੇ ਇਨ੍ਹਾਂ ਰਚਨਾਵਾਂ ਨੂੰ ਗ਼ਜ਼ਲਾਂ ਦੇ ਕਰੀਬ ਮੰਨਿਆ ਜਾ ਸਕਦਾ ਹੈ। ਸੈਣੀ ਵਿਛੋੜੇ ਦੀ ਅੱਗ ਵਿਚ ਭਸਮ ਹੈ ਤੇ ਇਸ ਦੀ ਰਾਖ਼ ਦੀ ਸਿਆਹੀ ਉਸ ਦੇ ਦਰਦ ਨੂੰ ਕਵਿਤਾ ਦੇ ਰੂਪ ਵਿਚ ਕਾਗਜ਼ਾਂ 'ਤੇ ਹੋਰ ਗੂੜ੍ਹਾ ਕਰਦੀ ਹੈ। ਉਂਝ ਸ਼ਾਇਰਾ ਨੇ ਹਾਲਾਤ ਨਾਲ ਜੂਝਣਾ ਸਿੱਖ ਲਿਆ ਹੈ ਤੇ ਇਨ੍ਹਾਂ ਕਵਿਤਾਵਾਂ ਵਿਚ ਉਹ ਸਿਰਫ ਪ੍ਰਸਥਿਤੀਆਂ ਨੂੰ ਆਪਣੇ ਢੰਗ ਨਾਲ ਮਾਣਨਾ ਲੋਚਦੀ ਹੈ।
ਆਪਣੀ ਕਵਿਤਾ 'ਮਿੱਠਾ ਹੁਲਾਰਾ' ਵਿਚ ਉਹ ਆਪਣੇ ਦਿਲ ਦਾ ਚਿਰਾਗ਼ ਜਗਾਉਂਦੀ ਹੈ ਤੇ ਸੁਹਾਵਣੇ ਪਲਾਂ ਦੇ ਮਿੱਠੇ-ਮਿੱਠੇ ਹੁਲਾਰੇ ਮਾਣਦੀ ਹੈ। 'ਰੂਹ ਦੇ ਲਾਡ' ਵਿਚ ਉਹ ਉਮਰਾਂ ਦੇ ਵਿਛੋੜੇ ਦੇ ਆਪੇ ਹੀ ਕੱਟ ਜਾਣ ਦੀ ਗੱਲ ਕਰਕੇ ਖ਼ੁਦ ਨੂੰ ਧਰਵਾਸ ਦਿੰਦੀ ਹੈ ਤੇ ਜ਼ਖ਼ਮਾਂ ਤੋਂ ਬੇਪ੍ਰਵਾਹੀ ਦਿਖਾਉਂਦੀ ਹੈ। ਇੰਜ ਇਸ ਪੁਸਤਕ ਦੀ ਸਮੁੱਚੀ ਸ਼ਾਇਰੀ ਬਿਰਹਨ ਦੀ ਵੇਦਨਾ 'ਤੇ ਆਧਾਰਿਤ ਹੈ। ਚੰਗਾ ਹੋਵੇ ਜੇ ਸੁਰਿੰਦਰ ਸੈਣੀ ਆਪਣੇ ਸਮਾਜ ਨੂੰ ਵੀ ਆਪਣੀ ਸ਼ਾਇਰੀ ਵਿਚ ਸ਼ਾਮਿਲ ਕਰਨ ਦਾ ਉੱਦਮ ਕਰੇ, ਕਿਉਂਕਿ ਆਪਣਾ ਦੁੱਖ ਵੱਡਾ ਤਾਂ ਹੈ ਪਰ ਸਮਾਜ ਦੇ ਕਈ ਹਿੱਸਿਆਂ ਦੇ ਦੁੱਖ ਕੋਹਾਂ-ਕੋਹਾਂ ਲੰਬੇ ਹਨ ਤੇ ਅਜਿਹੇ ਦੁੱਖਾਂ ਨੂੰ ਕਲਾ ਰਾਹੀਂ ਜ਼ਬਾਨ ਦੇਣ ਦੀ ਬਹੁਤ ਜ਼ਰੂਰਤ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਜਥੇ: ਜੀਵਨ ਸਿੰਘ ਉਮਰਾਨੰਗਲ
ਜੀਵਨ ਤੇ ਯਾਦਾਂ
ਸੰਪਾਦਕ : ਨਿੰਦਰ ਘੁਗਿਆਣਵੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਕ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 143+18
ਸੰਪਰਕ : 94174-21700.

ਨਿੰਦਰ ਘੁਗਿਆਣਵੀ ਪੂਰੀ ਨਿਰੰਤਰਤਾ ਨਾਲ ਸਾਹਿਤ ਸਿਰਜਣਾ ਨਾਲ ਜੁੜਿਆ ਹੋਇਆ ਸਾਹਿਤਕਾਰ ਹੈ। ਉਸ ਦੁਆਰਾ ਸੰਪਾਦਿਤ ਕੀਤੀ ਨਵੀਂ ਪੁਸਤਕ ਜਥੇਦਾਰ ਜੀਵਨ ਸਿੰਘ ਉਮਰਾਨੰਗਲ ਜੀਵਨ ਤੇ ਯਾਦਾਂ ਇਕ ਅਜਿਹੀ ਪੁਸਤਕ ਹੈ, ਜੋ ਜਿਥੇ ਜਥੇਦਾਰ ਜੀਵਨ ਸਿੰਘ ਦੇ ਨਿੱਜੀ ਜੀਵਨ ਨਾਲ ਜੁੜੀਆਂ ਹੋਈਆਂ ਯਾਦਾਂ ਅਤੇ ਘਟਨਾਵਾਂ ਬਾਰੇ ਗਿਆਨ ਪ੍ਰਾਪਤ ਕਰਵਾਉਂਦੀ ਹੈ, ਉਥੇ ਇਹ ਪੁਸਤਕ ਸਮਕਾਲੀ ਅਤੇ ਤਤਕਾਲੀ ਸਮੇਂ ਦੀ ਧਾਰਮਿਕ ਅਤੇ ਰਾਜਨੀਤਕ ਵਿਵਸਥਾ ਬਾਰੇ ਵਿਸ਼ੇਸ਼ ਕਰਕੇ ਸਿੱਖ ਰਾਜਨੀਤੀ ਬਾਰੇ ਵੀ ਚਾਨਣਾ ਪਾਉਂਦੀ ਹੈ। ਜਥੇਦਾਰ ਜੀਵਨ ਸਿੰਘ ਉਮਰਾਨੰਗਲ ਬਾਰੇ ਸੰਪਾਦਿਤ ਇਸ ਪੁਸਤਕ ਵਿਚ ਜਿਥੇ ਉਸ ਦੇ ਪਰਿਵਾਰਕ ਮੈਂਬਰਾਂ ਸ: ਅਵਤਾਰ ਸਿੰਘ ਉਮਰਾਨੰਗਲ, ਸ: ਪਰਮਰਾਜ ਸਿੰਘ ਉਮਰਾਨੰਗਲ ਦੇ ਵਿਚਾਰ ਦਰਜ ਕੀਤੇ ਹਨ, ਜਿਨ੍ਹਾਂ ਮੁਤਾਬਿਕ ਜਥੇਦਾਰ ਉਮਰਾਨੰਗਲ ਜਿਥੇ ਸਚਾਈ ਲਈ ਲੜਨ, ਖੜ੍ਹਨ ਵਾਲੇ ਦਲੇਰ ਵਿਅਕਤੀ ਸਨ, ਉਥੇ ਪੱਕੇ ਨਿੱਤਨੇਮੀ ਵੀ ਸਨ। ਉਨ੍ਹਾਂ ਨੇ ਖਾੜਕੂਵਾਦ ਦੇ ਦੌਰਾਨ ਬਹੁਤ ਸਾਰੇ ਹਿਜਰਤ ਕਰ ਗਏ ਹਿੰਦੂ ਪਰਿਵਾਰਾਂ ਨੂੰ ਮੁੜ ਪੰਜਾਬ ਵਿਚ ਲਿਆ ਕੇ ਵਸਾਇਆ ਅਤੇ ਆਪਣੀ ਵਿਵੇਕ ਬੁੱਧੀ ਸਦਕਾ ਸਮਕਾਲੀ ਲੀਡਰਾਂ ਨੂੰ ਪ੍ਰਭਾਵਿਤ ਵੀ ਕੀਤਾ। ਉਨ੍ਹਾਂ ਬਾਰੇ ਇਸ ਪੁਸਤਕ ਵਿਚ ਵਿਚਾਰ ਪੇਸ਼ ਕਰਨ ਵਾਲੇ ਰਾਜਨੀਤਕ, ਪ੍ਰਸ਼ਾਸਨਿਕ ਸਾਹਿਤਕਾਰ ਵਿਅਕਤੀਆਂ ਵਿਚ ਭਾਰਤ ਦੇ ਰਾਸ਼ਟਰਪਤੀ ਆਰ. ਵੈਂਕਟਾਰਮਨ, ਐਸ.ਐਸ. ਰੇਅ, ਡਾ: ਮਦਨ ਗੋਪਾਲ ਅਚਾਰੀਆ, ਸੰਤੋਖ ਸਿੰਘ ਧੀਰ, ਹਰਭਜਨ ਹੁੰਦਲ, ਜਤਿੰਦਰ ਪੰਨੂ, ਬ੍ਰਹਮਜਗਦੀਸ਼ ਸਿੰਘ, ਸੁਰਜੀਤ ਸਿੰਘ ਮਿਨਹਾਸ, ਜਸਦੇਵ ਸਿੰਘ ਜੱਸੋਵਾਲ, ਪ੍ਰੋ: ਕਿਰਪਾਲ ਸਿੰਘ ਬਡੂੰਗਰ, ਕੁਲਬੀਰ ਸਿੰਘ ਸਿੱਧੂ, ਮੰਗਤ ਰਾਮ ਪਾਸਲਾ, ਮਲਕੀਤ ਸਿੰਘ ਦਾਖਾ, ਦਰਸ਼ਨ ਸਿੰਘ ਬਰਾੜ ਅਤੇ ਹਰਿੰਦਰ ਸਿੰਘ ਚਹਿਲ ਦੇ ਵਿਚਾਰਾਂ ਤੋਂ ਇਲਾਵਾ ਕੁਝ ਵਿਅਕਤੀਆਂ ਦੀਆਂ ਜਥੇਦਾਰ ਸਾਹਿਬ ਨਾਲ ਨਿੱਜੀ ਯਾਦਾਂ ਸਾਂਝੀਆਂ ਗਈਆਂ ਹਨ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੇ ਵਿਚਾਰ ਵੀ ਪੁਸਤਕ ਦੇ ਟਾਈਟਲ 'ਤੇ ਦਰਜ ਹਨ। ਜਥੇਦਾਰ ਉਮਰਾਨੰਗਲ ਨੇ ਤਿੰਨ ਪਿੰਡਾਂ ਦੀ ਸਰਪੰਚੀ ਤੋਂ ਆਪਣਾ ਸਫ਼ਰ ਸ਼ੁਰੂ ਕਰਕੇ ਸਿੱਖ ਰਾਜਨੀਤੀ ਵਿਚ ਆਪਣਾ ਵੱਡਾ ਰੁਤਬਾ ਅਤੇ ਮੁਕਾਮ ਹਾਸਲ ਕੀਤਾ, ਉਸ ਬਾਰੇ ਫੋਟੋਆਂ ਅਤੇ ਇਹ ਪੁਸਤਕ ਭਰਪੂਰ ਵਿਚ ਚਾਨਣਾ ਪਾਉਂਦੀ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਬੂਹੇ ਵਿਚਲੀ ਚੁੱਪ
ਲੇਖਕ : ਇੰਦਰੇਸ਼ਮੀਤ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 96
ਸੰਪਰਕ : 98159-76688.

ਇੰਦਰੇਸ਼ਮੀਤ ਦਾ ਤੀਸਰਾ ਕਾਵਿ ਸੰਗ੍ਰਹਿ 'ਬੂਹੇ ਵਿਚਲੀ ਚੁੱਪ' ਮਨ ਦੇ ਆਪੇ ਦੀ ਪਰਕਰਮਾ ਹੈ। ਇਸ ਕਾਵਿ ਸੰਗ੍ਰਹਿ ਵਿਚ ਸ਼ਾਮਿਲ ਨਜ਼ਮਾਂ ਮਨੁੱਖੀ ਮਨ ਦੀ ਇਕੱਲਤਾ, ਨਿਰਾਸ਼ਾ ਅਤੇ ਉਦਾਸੀ ਦਾ ਪ੍ਰਗਟਾਵਾ ਕਰਦੀਆਂ ਹਨ। ਕਵੀ ਨਿਰਾਸ਼ਾ ਵਿਚ ਵੀ ਇਕ ਆਸ ਜਗਾਉਂਦਾ ਹੈ, ਕਵੀ ਆਪਣਾ ਸਵੈ-ਪ੍ਰਗਟਾਵਾ ਬੜਾ ਖੁੱਲ੍ਹ ਕੇ ਕਰਦਾ ਹੈ।
ਕਵੀ ਦਾ ਕਾਵਿ ਪਾਤਰ ਕਦੇ-ਕਦੇ ਆਪਣੇ ਦੁਆਲੇ ਸਿਰਜੇ ਹੋਏ ਭੁਲੇਖਿਆਂ ਦੇ ਸੰਸਾਰ ਤੋਂ ਅੱਭੜਵਾਹੇ ਉੱਠਦਾ ਹੈ ਤੇ ਆਪਣੇ ਨਾਲ ਹੋਈ ਅਣਹੋਣੀ 'ਤੇ ਹੈਰਾਨੀ ਪ੍ਰਗਟ ਕਰਦਾ ਹੈ।
ਭਰੋਸਿਆਂ ਦਾ ਤਿੜਕ ਜਾਣਾ/ਕਿੰਨਾ ਭਿਆਨਕ ਹੈ
ਉਸ ਨੂੰ ਪੁੱਛੋ, ਜਿਸ ਨੇ ਸਾਰੀ ਉਮਰ ਗੁਆ ਲਈ
ਇੰਤਜ਼ਾਰ ਦੇ ਹਨ੍ਹੇਰੇ ਵਿਚ..........।
ਰੁਮਾਂਚਿਕ ਭਾਵਾਂ ਵਿਚ ਵੀ ਕਵੀ ਕਈ ਅਜਿਹੀਆਂ ਸਥਿਤੀਆਂ ਸਿਰਜਦਾ ਹੈ, ਜਿਥੇ ਉਸ ਨੂੰ ਮਹਿਸੂਸ ਹੁੰਦਾ ਹੈ ਜਿਵੇਂ ਕੋਈ ਪ੍ਰੀਤ ਨਾਇਕਾ ਉਸ ਦੇ ਭਾਵਾਂ ਨੂੰ ਸਮਝ ਨਹੀਂ ਸਕੀ।
ਕਾਸ਼! ਤੂੰ ਮੇਰੀ ਕਵਿਤਾ ਦਾ/ਦਰਦ ਸਮਝ ਸਕਦੀ
ਸਭ ਕੁਝ ਕਹਿ ਲੈਣ ਤੋਂ ਬਾਅਦ/ਕੁਝ ਇਹੋ ਜਿਹਾ ਰਹਿ ਜਾਂਦਾ ਏ
ਜਿਸ ਨੂੰ ਆਵਾਜ਼ ਨਹੀਂ ਦਿੱਤੀ ਜਾਂਦੀ........।
ਅਣਲਿਖੀ ਭਾਸ਼ਾ ਕਵਿਤਾ ਕਵੀ ਦੇ ਲੋਕ ਵਿਸ਼ਵਾਸ ਨੂੰ ਪੱਕਾ ਕਰਦੀ ਹੈ ਕਿ ਅਧੂਰੀਆਂ ਇੱਛਾਵਾਂ ਰਹਿ ਜਾਣ ਨਾਲ ਮਨੁੱਖ ਪੁਨਰ ਜਨਮ ਲੈਂਦਾ ਹੈ। ਕਵੀ 'ਬੱਚਿਓ' ਕਵਿਤਾ ਰਾਹੀਂ ਨਵੀਂ ਪੀੜ੍ਹੀ ਨੂੰ ਮੁਖਾਤਿਬ ਹੋ ਕੇ ਬਹੁਤ ਕੁਝ ਨਵਾਂ ਕਰਨ ਲਈ ਪ੍ਰੇਰਦਾ ਹੈ ਤੇ ਪੁਰਾਣੀ ਪੀੜ੍ਹੀ ਤੋਂ ਉਮੀਦ ਕਰਦਾ ਹੈ ਕਿ ਉਹ ਨਵੀਂ ਪੀੜ੍ਹੀ ਨੂੰ ਸੋਚਣ-ਸਮਝਣ ਦੀ, ਫ਼ੈਸਲੇ ਲੈਣ ਦੀ ਆਜ਼ਾਦੀ ਦੇਵੇ। ਕਵੀ ਨੇ ਇਨਕਲਾਬੀ ਵਿਚਾਰਾਂ ਨੂੰ ਵੀ ਕਾਵਿਕ ਜਾਮਾ ਪਹਿਨਾਇਆ ਹੈਂ
ਇਤਿਹਾਸ ਮੌਨ ਰਹਿ ਸਕਦਾ ਹੈ
ਚਿੱਠੀਆਂ ਜੇਬਾਂ 'ਚ ਪਏ ਕਾਲੇ ਸੂਰਜਾਂ ਬਾਰੇ
ਲੜਾਈਆਂ ਚੁੱਪ ਨਹੀਂ ਰਹਿੰਦੀਆਂ
ਜੋ ਅਜੇ ਲੜੀਆਂ ਜਾਣੀਆਂ ਨੇ/ਜੋ ਲੜੀਆਂ ਜਾ ਰਹੀਆਂ ਨੇ!
'ਬੇਤਰਤੀਬ ਪਲ' ਕਵੀ ਦੇ ਅੰਤਰਮਨ ਦੀ ਉਦਾਸੀ ਅਤੇ ਬਦਲਦੇ ਜੀਵਨ ਸਮੀਕਰਨ ਕਾਰਨ ਬੇਚੈਨੀ ਦੇ ਪਲਾਂ ਦਾ ਵਰਨਣ ਹਨ। ਇਸ ਸਮੁੱਚੇ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਕਵੀ ਦੀ ਸੰਵੇਦਨਾ ਅਤੇ ਭਾਵਨਾਵਾਂ ਦਾ ਤਾਣਾ-ਬਾਣਾ ਹੈ। ਸਮਾਂ, ਉਦਾਸੀ, ਮੈਂ ਤੇ ਸਮੁੰਦਰ, ਅਧੂਰਾਪਣ, ਗ਼ਲਤੀਆਂ, ਰਸਮ ਤੇ ਰਿਵਾਜ, ਜੰਨਤ ਆਦਿ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਕਾਵਿ ਸੰਗ੍ਰਹਿ ਦੀ ਭੂਮਿਕਾ ਵਿਚ ਮੋਹਨਜੀਤ ਜੀ ਨੇ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਨੂੰ ਸਵੈ ਦੀ ਤਲਾਸ਼ ਦੀਆਂ ਕਵਿਤਾਵਾਂ ਆਖਿਆ ਹੈ।

ਂਪ੍ਰੋ: ਕੁਲਜੀਤ ਕੌਰ ਅਠਵਾਲ।
ਫ ਫ ਫ

ਖੂਹ ਵਿਚ ਲਮਕਦੀ ਤਿੜ੍ਹ
ਲੇਖਕ : ਹਰਿੰਦਰ ਸੰਧੂ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 125, ਸਫ਼ੇ : 80
ਸੰਪਰਕ : 8146800590

ਇਹ ਨਾਵਲ ਹਰਿੰਦਰ ਸੰਧੂ ਦਾ ਪਲੇਠਾ ਨਾਵਲ ਹੈ। ਇਸ ਵਿਚ ਬਾਹਰ ਜਾਣ ਵਾਲੇ ਲੋਕਾਂ ਦੀ ਹੁੰਦੀ ਦੁਰਦਸ਼ਾ ਬਾਰੇ ਦੱਸਿਆ ਗਿਆ ਹੈ ਕਿ ਕਿਵੇਂ ਵਿਦੇਸ਼ ਵਿਚ ਜਾ ਕੇ ਉਨ੍ਹਾਂ ਦੇ ਧੀਆਂ ਪੁੱਤ ਏਨੇ ਨਿਰਮੋਹੇ ਹੋ ਜਾਂਦੇ ਹਨ, ਜਿਨ੍ਹਾਂ ਮਾਂ -ਬਾਪ ਨੇ ਆਪਣੇ ਬੱਚਿਆਂ ਨੂੰ ਚਾਵਾਂ-ਲਾਡਾਂ ਨਾਲ ਪਾਲਿਆ-ਪੋਸਿਆ ਹੁੰਦਾ ਹੈ। ਨਾਵਲਕਾਰ ਨੇ ਆਪਣੇ ਨਾਵਲ ਵਿਚ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਬੇਬਾਕੀ ਨਾਲ ਕੀਤੀ ਹੈ ਜਿਵੇਂ ਪਿੰਡਾਂ ਵਿਚ ਸੱਥ ਵਿਚ ਬੈਠੇ ਬੰਦਿਆਂ ਦੀਆਂ ਗੱਲਾਂ, ਸਰਪੰਚ ਦੇ ਘਰ ਦਾ ਬਿਆਨ, ਸਰਪੰਚ ਦੇ ਮੁੰਡੇ ਦੇ ਵਿਦੇਸ਼ ਜਾਣ 'ਤੇ ਪਿੱਛੋਂ ਸਰਪੰਚ ਤੇ ਸਰਪੰਚਣੀ ਦੀ ਤ੍ਰਾਸਦਿਕ ਹਾਲਤ ਨੂੰ ਪਿੰਡ ਦੇ ਮੋਹਰੀ ਬੰਦੇ ਦੱਸਦੇ ਹਨ ਪਰ ਉਨ੍ਹਾਂ ਦੀ ਕੋਈ ਪੇਸ਼ ਨਹੀਂ ਜਾਂਦੀ, ਸਿਰਫ ਗੱਲਾਂ ਸੁਣਨ ਜੋਗੇ ਹੀ ਰਹਿ ਜਾਂਦੇ ਹਨ।
ਹਰਿੰਦਰ ਸੰਧੂ ਨੂੰ ਆਪ ਨੂੰ ਵੀ ਆਪਣੇ ਪਿੰਡ ਨਾਲ ਅੰਤਾਂ ਦਾ ਮੋਹ ਹੈ ਪਰ ਉਹ ਵੀ ਮਜਬੂਰ ਹੈ, ਪਰ ਵਿਦੇਸ਼ ਜਾ ਕੇ ਰਾਜ਼ੀ ਨਹੀਂ ਹੈ। ਇਸ ਤਰ੍ਹਾਂ ਜਦੋਂ ਉਹ ਸਰਪੰਚ ਦੇ ਜੀਵਨ ਨੂੰ ਬਿਆਨਦਾ ਹੈ ਕਿ ਸਰਪੰਚ ਦਾ ਸਾਰਾ ਜੀਵਨ ਹੀ ਆਪਣੇ ਪੁੱਤਰ ਦੇ ਬਾਹਰ ਜਾਣ ਕਾਰਨ ਖਰਾਬ ਹੋ ਜਾਂਦਾ ਹੈ। ਅਖੀਰ ਵਿੱਚ ਵਿਚਾਰਾ ਸਰਪੰਚ ਪਿੰਡ ਆ ਕੇ ਮਰਨਾ ਚਾਹੁੰਦਾ ਹੈ ਪਰ ਉਦੋਂ ਤੱਕ ਕੋਈ ਵੀ ਉਸ ਨੂੰ ਪਿਆਰ ਕਰਨ ਵਾਲਾ ਨਹੀਂ ਰਹਿੰਦਾ ਤੇ ਨਾ ਕੋਈ ਹਮਦਰਦ ਰਹਿੰਦਾ ਹੈ, ਵੇਲਾ ਵਿਹਾਅ ਚੁੱਕਿਆ ਹੁੰਦਾ ਹੈ ਤੇ ਪਿੰਡ ਤੋਂ ਥੋੜ੍ਹੀ ਦੂਰ ਆਪਣੇ ਪ੍ਰਾਣ ਤਿਆਗ ਦਿੰਦਾ ਹੈ।
ਸਮੁੱਚੇ ਨਾਵਲ ਵਿਚ ਨਿਰਮੋਹੇ ਹੋਏ ਧੀਆਂ-ਪੁੱਤਾਂ ਅਤੇ ਵਿਦੇਸ਼ੀ ਜੀਵਨ ਦੇ ਖੋਖਲੇਪਣ ਨੂੰ ਪੇਸ਼ ਕੀਤਾ ਗਿਆ ਹੈ, ਭੂ-ਹੇਰਵੇ ਬਾਰੇ ਦੱਸਿਆ ਹੈ ਤੇ ਪੰਜਾਬੀ ਨੌਜਵਾਨਾਂ ਦੇ ਵਿਦੇਸ਼ ਜਾਣ ਦੀ ਲਾਲਸਾ, ਉਨ੍ਹਾਂ ਦੇ ਮਾਪਿਆਂ ਦੀ ਆਪਣੀ ਜਨਮ-ਭੂਮੀ, ਆਪਣੀਆਂ ਜੜ੍ਹਾਂ, ਆਪਣੀ ਵਿਰਾਸਤ, ਆਪਣੇ ਸੱਭਿਆਚਾਰ, ਆਪਣੇ ਭਾਈਚਾਰੇ ਤੇ ਆਪਣੇ ਪਿੰਡ ਤੋਂ ਵਿਛੜਨ ਦੀ ਸੰਕਟਮਈ ਸਥਿਤੀ ਨੂੰ ਪੇਸ਼ ਕੀਤਾ ਹੈ, ਜੋ ਅਜੋਕੇ ਸਮੇਂ ਵਿਚ ਵੀ ਇਸੇ ਤਰ੍ਹਾਂ ਵਾਪਰ ਰਿਹਾ ਹੈ। ਨਾਵਲਕਾਰ ਨੇ ਗਲਪੀ ਬਿਰਤਾਂਤ ਰਾਹੀਂ ਨਾਵਲ ਦੀਆਂ ਘਟਨਾਵਾਂ ਦੀ ਪੇਸ਼ਕਾਰੀ ਕੀਤੀ ਹੈ, ਪਰ ਉਸ ਨੂੰ ਨਾਵਲ ਦੇ ਵਿਧੀ-ਵਿਧਾਨ ਵੱਲ ਧਿਆਨ ਦੇਣ ਦੀ ਲੋੜ ਹੈ, ਇਸ ਪਾਸਿਓਂ ਨਾਵਲ ਸੱਖਣਾ ਪ੍ਰਤੀਤ ਹੁੰਦਾ ਹੈ।

ਂਗੁਰਬਿੰਦਰ ਕੌਰ ਬਰਾੜ
ਮੋ: 09855395161
ਫ ਫ ਫ

ਤਹਿਰੀਕ
ਲੇਖਕ : ਚਹਿਲ ਜਗਪਾਲ
ਪ੍ਰਕਾਸ਼ਨ : ਅਦਬੀ ਪਰਵਾਜ਼ ਪ੍ਰਕਾਸ਼ਨ, ਮਾਨਸਾ
ਪੰਨੇ 85 ਮੁੱਲ : 100 ਰੁਪਏ, ਸਫ਼ੇ : 85.
ਸੰਪਰਕ : 99150-32062.

ਚਹਿਲ ਜਗਪਾਲ ਨਵੀਂ ਪੀੜ੍ਹੀ ਦੇ ਕਵੀਆਂ ਵਿਚੋਂ ਇਕ ਹੈ, ਜਿਸ ਨੇ ਆਪਣੇ ਕਾਵਿ-ਸੰਗ੍ਰਹਿ 'ਤਹਿਰੀਕ' ਵਿਚ ਸੁੱਤੀ ਪਈ ਮਾਨਵੀ ਚੇਤਨਾ ਨੂੰ ਹਲੂਣਾ ਦੇਣ ਦਾ ਪ੍ਰਯਤਨ ਕੀਤਾ ਹੈ। ਇਨ੍ਹਾਂ ਕਵਿਤਾਵਾਂ ਵਿਚੋਂ ਉਸ ਦੀ ਬਾਗ਼ੀਆਨਾ ਸੋਚ ਉੱਭਰ ਕੇ ਸਾਹਮਣੇ ਆਉਂਦੀ ਹੈ। ਕਵੀ ਆਮ ਉੱਭਰਦੇ ਕਵੀਆਂ ਵਾਂਗ ਪਿਆਰ ਮੁਹੱਬਤ ਜਾਂ ਰੁਮਾਂਸਵਾਦੀ ਚੌਗਿਰਦੇ ਤੱਕ ਸੀਮਤ ਨਹੀਂ ਰਹਿੰਦਾ ਸਗੋਂ ਆਪਣੀ ਸ਼ਾਇਰੀ ਦੇ ਮਾਧਿਅਮ ਦੁਆਰਾ ਉਨ੍ਹਾਂ ਪਖੰਡੀ ਬਾਬਿਆਂ ਅਤੇ ਲੋਟੂ ਸਰਮਾਏਦਾਰਾਂ ਨੂੰ ਬੜੀ ਨਿੱਡਰਤਾ ਨਾਲ ਵੰਗਾਰਦਾ ਹੈ, ਜਿਨ੍ਹਾਂ ਨੇ ਭੋਲੀ ਭਾਲੀ ਜਨਤਾ ਦੇ ਹੱਕਾਂ ਦਾ ਸ਼ੋਸ਼ਣ ਕੀਤਾ ਹੈ ਅਤੇ ਉਸ ਨੂੰ ਬੁਨਿਆਦੀ ਜ਼ਰੂਰਤਾਂ ਤੋਂ ਵੀ ਮਹਿਰੂਮ ਕੀਤਾ ਹੋਇਆ ਹੈ।
ਚਹਿਲ ਦੀਆਂ ਕਵਿਤਾਵਾਂ ਵਿਚੋਂ ਸਮਾਜਿਕ, ਆਰਥਿਕ ਅਤੇ ਰਾਜਨੀਤਕ ਨਾਬਰਾਬਰੀ ਪ੍ਰਤੀ ਵਿਦਰੋਹ ਵਿਖਾਈ ਦਿੰਦਾ ਹੈ ਅਤੇ ਚੇਤਨਾ ਦੇ ਫੈਲਾਓ ਦਾ ਬਾਖੂਬੀ ਸੰਚਾਰ ਹੁੰਦਾ ਹੈ। ਕਵੀ ਦੀਆਂ ਪ੍ਰਗਤੀਵਾਦੀ ਅਤੇ ਸੰਘਰਸ਼ਸੀਲ ਸੁਨੇਹੇ ਦੇਣ ਵਾਲੀਆਂ ਕਵਿਤਾਵਾਂ ਵਿਚੋਂ 'ਮੇਰੀ ਕਵਿਤਾ', 'ਮੇਰਾ ਨਾਨਕ', 'ਮਾਨਸਿਕਤਾ', 'ਐਲਾਨ ਨਾਮਾ', 'ਬੇਦਾਵਾ', 'ਚਿਤਾਵਨੀ', 'ਦਿਲ ਕਰਦੈ', 'ਜਾਗਰੂਕਤਾ', 'ਕੁਝ ਸੁਆਲ', 'ਮੈਂ ਉਦਾਸ ਨਹੀਂ', 'ਰੈਲੀ', 'ਮੈਂ ਇਹ ਤਾਂ ਨਹੀਂ ਕਿਹਾ', 'ਪੰਜਾਬੀਆਂ ਦੇ ਨਾਂ' ਅਤੇ 'ਕਦੋਂ ਤੱਕ?' ਜ਼ਿਕਰਯੋਗ ਹਨ, ਜਿਨ੍ਹਾਂ ਵਿਚ ਤਰਕਮਈ ਅਤੇ ਵਿਗਿਆਨਕ ਸੋਚ ਸਮੋਈ ਹੋਈ ਹੈ। ਉਹ ਆਪਣੀ ਗੱਲ ਕਹਿਣ ਲਈ ਗੁੰਝਲਦਾਰ ਜਾਂ ਜਟਿਲ ਕਿਸਮ ਦੇ ਔਖੇ ਭਾਰੇ ਅਲੰਕਾਰਾਂ ਜਾਂ ਪ੍ਰਤੀਕਾਂ ਦਾ ਸਹਾਰਾ ਨਹੀਂ ਲੈਂਦਾ। ਕਵੀ ਦੀਆਂ ਗ਼ਜ਼ਲਾਂ ਭਾਵੇਂ ਵਿਚਾਰਧਾਰਕ ਪੱਧਰ 'ਤੇ ਇਨਸਾਫ਼ ਦੀ ਪ੍ਰਾਪਤੀ ਅਤੇ ਜਬਰ-ਜ਼ੁਲਮ ਦਾ ਟਾਕਰਾ ਕਰਨ ਦਾ ਵਰਨਣ ਕਰਦੀਆਂ ਹਨ ਪਰੰਤੂ ਤੋਲ-ਤੁਕਾਂਤ ਦੀ ਦ੍ਰਿਸ਼ਟੀ ਤੋਂ ਕਿਤੇ-ਕਿਤੇ ਕੁਝ ਇਕ ਗ਼ਜ਼ਲਾਂ ਹਲਕੀਆਂ ਹਨ। ਫਿਰ ਵੀ ਇਸ ਪੁਸਤਕ ਦੇ ਆਧਾਰ 'ਤੇ ਇਹ ਧਾਰਨਾ ਪੁਸ਼ਟ ਹੁੰਦੀ ਹੈ ਕਿ ਚਹਿਲ ਦੀ ਸ਼ਾਇਰੀ ਭਵਿੱਖ ਵਿਚ ਪੁਖ਼ਤਗੀ ਹਾਸਲ ਕਰੇਗੀ ਹੈ।

ਂਦਰਸ਼ਨ ਸਿੰਘ 'ਆਸ਼ਟ' (ਡਾ:)
ਫ ਫ ਫ

18/02/2017

 ਸੱਤ ਰੰਗਾਂ ਦੇ ਸੁਪਨੇ
ਮੂਲ ਅੰਗਰੇਜ਼ੀ : ਰਸ਼ਮੀ ਬਾਂਸਲ
ਪੰਜਾਬੀ ਰੂਪ : ਕਰਮਿੰਦਰ ਸਿੰਘ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 334
ਸੰਪਰਕ : 0172-4608699.

ਪਰੰਪਰਾਗਤ ਸੋਚ ਵਾਲੇ ਸਾਡੇ ਆਮ ਦੇਸ਼ ਵਾਸੀ ਕਿਸੇ ਨਾ ਕਿਸੇ ਤਰ੍ਹਾਂ ਰੋਜ਼ੀ-ਰੋਟੀ ਲਈ ਨੌਕਰੀ ਨੂੰ ਜ਼ਿੰਦਗੀ ਦਾ ਸਭ ਤੋਂ ਪਹਿਲਾ ਤੇ ਅੰਤਿਮ ਉਦੇਸ਼ ਮੰਨਦੇ ਹਨ। ਸਰਕਾਰੀ ਨੌਕਰੀ ਹੋਵੇ ਤੇ ਹੋਵੇ ਵੀ ਪੱਕੀ। ਬਸ ਫਿਰ ਚੁੱਪ ਕਰਕੇ ਉਮਰ ਭਰ ਦੀ ਰੋਟੀ ਦਾ ਮਸਲਾ ਹੱਲ। ਇਸ ਪਿੱਛੋਂ ਸ਼ਾਦੀ, ਬੱਚੇ, ਬੱਚਿਆਂ ਨੂੰ ਉਸ ਕਿਸਮ ਦੀ ਸਿੱਖਿਆ ਤੇ ਟਰੇਨਿੰਗ ਜਿਸ ਨਾਲ ਹਰ ਮਹੀਨੇ ਬੱਝੀ ਤਨਖਾਹ ਮਿਲੇ। ਦਫ਼ਤਰੀ ਕਿਸਮ ਦੀਆਂ ਨੌਕਰੀਆਂ ਦੀ ਘਾਟ, ਬਦਲ ਰਹੀ ਆਰਥਿਕ ਤਸਵੀਰ, ਕੰਪਿਊਟਰੀਕਰਨ, ਗਲੋਬਲਾਈਜ਼ੇਸ਼ਨ ਵਿੱਦਿਆ ਦਾ ਤੇਜ਼ ਪ੍ਰਸਾਰ ਵਧੇਰੀ ਜਨਸੰਖਿਆ ਤੇ ਮੁਕਾਬਲੇਬਾਜ਼ੀ ਨੇ ਨੌਕਰੀਆਂ ਦੇ ਖੇਤਰ ਵਿਚ ਵੱਡਾ ਸੰਕਟ ਪੈਦਾ ਕੀਤਾ ਹੈ। ਇਸ ਸਥਿਤੀ ਨੇ ਲੋਕਾਂ ਨੂੰ ਆਪ ਉੱਦਮ ਕਰਕੇ ਸਵੈ-ਰੁਜ਼ਗਾਰ ਵਾਸਤੇ ਸੋਚਣ ਲਾਇਆ ਹੈ।
ਨਿੱਜੀ ਉੱਦਮ ਤੇ ਸਵੈ-ਰੁਜ਼ਗਾਰ ਵਾਸਤੇ ਮੌਲਿਕ ਸੋਚ, ਉੱਦਮ, ਹਿੰਮਤ, ਯੋਜਨਾਬੰਦੀ, ਸਿਰੜ, ਪ੍ਰਬੰਧਕੀ ਕੁਸ਼ਲਤਾ ਤੇ ਲੋਕਾਂ ਨੂੰ ਸਮਝ ਕੇ ਨਾਲ ਤੋਰਨ ਜਿਹੇ ਕਈ ਗੁਣਾਂ ਦੀ ਲੋੜ ਹੈ। ਇਸ ਖੇਤਰ ਵਿਚ ਕਦਮ ਰੱਖ ਕੇ ਸਫਲਤਾ ਦੀਆਂ ਸਿਖਰਾਂ ਛੂਹਣ ਵਾਲੇ ਉਦਮੀ ਮਰਦ ਔਰਤਾਂ ਦੇ ਸੰਘਰਸ਼ ਤੇ ਪ੍ਰਾਪਤੀ ਦੇ ਬਿਰਤਾਂਤ ਨਵੇਂ ਉਦਮੀਆਂ ਨੂੰ ਉਤਸ਼ਾਹ ਤੇ ਪ੍ਰੇਰਨਾ ਦੇ ਸਕਦੇ ਹਨ। ਇਹ ਬਿਰਤਾਂਤ ਕਲਪਿਤ ਨਾ ਹੋਣ ਸਗੋਂ ਤੱਥਾਂ/ਤਿੱਥਾਂ, ਨਾਵਾਂ/ਥਾਵਾਂ, ਅੰਕੜਿਆਂ ਉਤੇ ਆਧਾਰਿਤ ਵਾਸਤਵਿਕ ਹੋਣ ਤਾਂ ਹੋਰ ਪ੍ਰਭਾਵਸ਼ਾਲੀ ਹੋ ਸਕਦੇ ਹਨ। ਰਸ਼ਮੀ ਬਾਂਸਲ ਦੀ ਇਸ ਪੁਸਤਕ ਵਿਚ ਉਨ੍ਹਾਂ ਪੰਝੀ ਉਦਮੀ ਔਰਤਾਂ ਦੇ ਬਿਰਤਾਂਤ ਹਨ, ਜਿਨ੍ਹਾਂ ਸੀਮਤ ਆਰਥਿਕ ਸਾਧਨਾਂ ਨਾਲ ਬੜੇ ਸਾਧਾਰਨ ਪਿਛੋਕੜ ਵਿਚੋਂ ਉੱਠ ਕੇ ਨਿੱਕੇ ਜਿਹੇ ਪੱਧਰ ਤੋਂ ਕੰਮ ਸ਼ੁਰੂ ਕਰਕੇ ਸੈਂਕੜੇ ਕਰੋੜ ਰੁਪਏ ਦੀਆਂ ਕੰਪਨੀਆਂ ਖੜ੍ਹੀਆਂ ਕੀਤੀਆਂ। ਕਿਸੇ ਟਾਟੇ/ਬਿਰਲੇ/ਅਡਾਨੀ ਦੀਆਂ ਨੂੰਹਾਂ ਧੀਆਂ ਨਹੀਂ ਹਨ ਉਹ।
ਇਸ ਪੁਸਤਕ ਵਿਚ ਪੇਸ਼ ਸਫਲ ਉਦਮੀ ਔਰਤਾਂ ਸਾਡੇ ਵਰਗੇ ਸਾਧਾਰਨ ਪਰਿਵਾਰਾਂ ਦੀਆਂ ਹਨ। ਉਨ੍ਹਾਂ ਚੈਲੰਜ ਸਵੀਕਾਰੇ, ਪਰਿਵਾਰ ਵੀ ਪਾਲੇ ਅਤੇ ਵਪਾਰ/ਰੁਜ਼ਗਾਰ ਵੀ ਚਲਾਇਆ। ਕਦੇ ਹਾਰ ਨਾ ਮੰਨੀ ਤੇ ਅੱਗੇ ਹੀ ਅੱਗੇ ਵਧੀਆਂ। ਇਹ ਬਿਰਤਾਂਤ ਪੰਜਾਬੀ ਮੁਟਿਆਰਾਂ ਲਈ ਨਿਸਚੇ ਹੀ ਪ੍ਰੇਰਨਾ ਦੇਣ ਦੇ ਸਮਰੱਥ ਹਨ।

ਂਡਾ: ਕੁਲਦੀਪ ਸਿੰਘ ਧੀਰ।
ਮੋ: 98722-60550
ਫ ਫ ਫ

ਭਗਤ ਸਧਨਾ ਜੀ ਜੀਵਨ ਅਤੇ ਬਾਣੀ
ਲੇਖਕ : ਡਾ: ਬਲਦੇਵ ਸਿੰਘ 'ਬੱਦਨ' ਅਤੇ ਡਾ: ਧਰਮਪਾਲ ਸਿੰਗਲ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼ ਜਲੰਧਰ
ਮੁੱਲ : 195 ਰੁਪਏ, ਸਫ਼ੇ : 80.

ਹਥਲੀ ਪੁਸਤਕ ਗੁਰਮਤਿ ਧਾਰਾ ਅਤੇ ਭਗਤੀ ਲਹਿਰ ਦੇ ਗੰਭੀਰ ਖੋਜੀ ਡਾ: ਬਲਦੇਵ ਸਿੰਘ 'ਬੱਦਨ' ਅਤੇ ਡਾ: ਧਰਮਪਾਲ ਸਿੰਗਲ ਦੁਆਰਾ ਰਚਿਤ ਹੈ, ਜਿਸ ਵਿਚ ਭਗਤ ਸਧਨਾ ਜੀ ਦੀ ਬਾਣੀ ਅਤੇ ਉਨ੍ਹਾਂ ਦੀ ਜੀਵਨੀ ਸਬੰਧੀ ਦੁਰਲੱਭ ਜਾਣਕਾਰੀ ਪਾਠਕਾਂ ਦੇ ਸਨਮੁੱਖ ਕੀਤੀ ਗਈ ਹੈ। ਭਗਤ ਸਧਨਾ ਜੀ ਦੁਆਰਾ ਰਚਿਤ ਕੇਵਲ ਇਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 'ਬਾਣੀ ਸਦਨੇ ਕੀ ਰਾਗ ਬਿਲਾਵਲ' ਦੇ ਸਿਰਲੇਖ ਦੇ ਅੰਤਰਗਤ ਦਰਜ ਹੈ, ਜਿਸ ਦਾ ਸੰਦੇਸ਼ ਵਿਨਾਸ਼ਕਾਰੀ ਪ੍ਰਭਾਵਾਂ ਤੋਂ ਬਚਣ ਹਿਤ ਮਨੁੱਖ ਨੂੰ ਪ੍ਰਭੂ ਦੀ ਸ਼ਰਨ ਵਿਚ ਜਾ ਕੇ ਪ੍ਰਭੂ ਸਿਮਰਨ ਵਿਚ ਲੀਨ ਹੋਣ ਦੀ ਪ੍ਰੇਰਨਾ ਵੀ ਹੈ ਅਤੇ ਉਸ ਆਕਾਲ ਪੁਰਖ ਦੀ ਰਜ਼ਾ ਵਿਚ ਰਹਿ ਕੇ ਉਸ ਦਾ ਹਰ ਭਾਣਾ ਮੰਨਣ ਦੀ ਵੀ ਸਿੱਖਿਆ ਹੈ। ਇਨ੍ਹਾਂ ਦੋਵਾਂ ਵਿਦਵਾਨਾਂ ਨੇ ਭਗਤ ਸਧਨਾ ਜੀ ਦੇ ਜੀਵਨ ਬਿਰਤਾਂਤ ਅਤੇ ਉਨ੍ਹਾਂ ਦੀ ਮਾਨਵ ਪ੍ਰਤੀ ਹੋਰ ਘੋਲ-ਕਮਾਈ ਨੂੰ ਇਤਿਹਾਸਕ, ਸਾਹਿਤਕ ਅਤੇ ਵਿਭਿੰਨ ਇਲਾਕਾਈ ਸਰੋਤ-ਸੰਦਰਭਾਂ ਦੇ ਡੂੰਘੇ ਅਧਿਐਨ ਅਤੇ ਸਿੱਟਿਆਂ ਦੀ ਪ੍ਰਾਪਤੀ ਖਾਤਰ ਵੱਖ-ਵੱਖ ਸਥਾਨਾਂ ਦੀ ਯਾਤਰਾ ਪੱਧਤੀ ਜ਼ਰੀਏ ਵੀ ਪਰਖਿਆ ਹੈ। ਖੋਜੀ ਵਿਦਵਾਨਾਂ ਨੇ ਭਗਤ ਸਧਨਾ ਜੀ ਦਾ ਜਨਮ 12ਵੀਂ, 13ਵੀਂ ਸਦੀ ਮੰਨਿਆ ਜਾਂਦਾ ਦਰਸਾਇਆ ਹੈ ਜੋ ਬਹੁਤੇ ਭਗਤ ਕਵੀਆਂ ਤੋਂ ਪਹਿਲਾਂ ਦਾ ਹੈ। ਪੁਸਤਕ ਵਿਚ ਦਰਜ ਜਾਣਕਾਰੀ ਚਾਹੇ ਉਹ ਸਧਨਾ ਜੀ ਦੇ ਜਨਮ-ਪਿਛੋਕੜ ਨਾਲ, ਕਿੱਤਾ ਕਮਾਈ ਨਾਲ, ਸਾਲਗ੍ਰਾਮ ਦੇ ਵੱਟੇ ਨਾਲ, ਨੀਹਾਂ ਵਿਚ ਚਿਣੇ ਜਾਣ ਨਾਲ ਜਾਂ ਜਗਨ ਨਾਥ ਦੀ ਯਾਤਰਾ ਇਤਿਆਦਿ ਪ੍ਰਸੰਗ ਸਥਿਤੀਆਂ ਨਾਲ ਸਬੰਧਤ ਹੈ ਜਾਂ ਭਗਤੀ ਸਾਧਨਾ ਜ਼ਰੀਏ ਆਤਮ-ਸ਼ੁੱਧੀ ਦੇ ਸਰੋਕਾਰਾਂ ਨਾਲ, ਸਭਨਾਂ ਪ੍ਰਸੰਗਾਂ ਵਿਚ ਭਗਤ ਜੀ ਨਿਵੇਕਲੀ ਧਾਰਮਿਕ ਨਿਰਛਲਤਾ ਵਾਲੀ ਹਸਤੀ ਵਜੋਂ ਉੱਭਰਦੇ ਹਨ। ਦੋਵਾਂ ਵਿਦਵਾਨਾਂ ਦੀ ਪ੍ਰਾਪਤੀ ਹੈ ਕਿ ਉਨ੍ਹਾਂ ਨੇ ਭਗਤ ਸਧਨਾ ਜੀ ਬਾਬਤ ਅੱਜ ਤੱਕ ਦੇ ਮਿਲਦੇ ਖੋਜ-ਸਰੋਤਾਂ ਨੂੰ ਬਾ-ਦਸਤਾਵੇਜ਼ੀ ਸਰੂਪ 'ਚ ਪ੍ਰਗਟ ਕਰਕੇ ਪਾਠਕਾਂ ਦੇ ਸਨਮੁਖ ਕੀਤਾ ਹੈ। ਪੁਸਤਕ ਦੇ ਅੰਤਿਮ ਪੰਜ ਕਾਂਡ ਭਗਤ ਸਧਨਾ ਜੀ ਬਾਬਤ ਦੁਰਲੱਭ ਜਾਣਕਾਰੀ ਦੇ ਖੋਜਪਰਕ ਸਰੋਤ-ਬਿੰਦੂ ਹਨ। ਨਿਰਸੰਦੇਹ, ਇਹ ਪੁਸਤਕ ਖੋਜਾਰਥੀਆਂ ਅਤੇ ਆਮ ਪਾਠਕਾਂ ਲਈ ਹਵਾਲਾ ਪੁਸਤਕ ਵਜੋਂ ਸਮਝੀ ਅਤੇ ਵਰਤੀ ਜਾਣ ਦੇ ਸਮਰੱਥ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਸੂਰਜ ਡੁੱਬਦਾ ਨਹੀਂ
ਲੇਖਿਕਾ : ਦਵਿੰਦਰ ਪ੍ਰੀਤ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98765-42765.

'ਸੂਰਜ ਡੁੱਬਦਾ ਨਹੀਂ' ਦਵਿੰਦਰ ਪ੍ਰੀਤ ਦੀ ਨੌਵੀਂ ਪੁਸਤਕ ਹੈ, ਪ੍ਰੰਤੂ ਨਜ਼ਮਾਂ ਦੀ ਪਹਿਲੀ ਪੁਸਤਕ ਹੈ। ਲੇਖਿਕਾ ਬਹੁਵਿਧਾਈ ਲੇਖਣ ਕਾਰਜ ਨਾਲ ਜੁੜੀ ਹੋਣ ਕਰਕੇ ਚਿੰਤਨ ਨਾਲ ਸ਼ਿੱਦਤ ਨਾਲ ਜੁੜੀ ਹੋਈ ਹੈ। ਇਸੇ ਕਰਕੇ ਹੀ ਉਹ ਮਰਦ ਅਤੇ ਔਰਤ ਦੇ ਰਿਸ਼ਤੇ ਨੂੰ ਵਿਰੋਧ 'ਚ ਨਹੀਂ, ਸਗੋਂ ਪੂਰਕਤਾ ਦੇ ਤੌਰ 'ਤੇ ਸੰਪਾਦਕ-ਵਿਧੀ ਰਾਹੀਂ ਵਿਸ਼ਲੇਸ਼ਿਤ ਕਰਨ ਦੇ ਯਤਨ ਵਿਚ ਹੈ। 'ਸੂਰਜ ਡੁੱਬਦਾ ਨਹੀਂ' ਨਜ਼ਮ 'ਚ ਸੂਰਜ ਇਕ ਥੀਮਿਕ ਮੈਟਾਫ਼ਰ ਹੈ, ਜੋ ਇਸ ਪੁਸਤਕ ਵਿਚ ਥਾਂ ਪੁਰ ਥਾਂ ਵਿਚਾਰਧਾਰਕ ਪੱਧਰ 'ਤੇ ਆਪਣੀ ਛਾਪ ਛੱਡ ਰਿਹਾ ਹੈ। ਜਿਵੇਂ ਜ਼ਿੰਦਗੀ ਕਦੇ ਰੁਕਦੀ ਨਹੀਂ, ਪਿਆਰ ਕਦੇ ਖ਼ਤਮ ਨਹੀਂ ਹੁੰਦਾ ਅਤੇ ਅਨੇਕਾਂ ਹੋਰ ਵੀ ਮਸਲੇ : ਸੰਘਰਸ਼ ਕਦੇ ਵੀ ਖ਼ਤਮ ਨਹੀਂ ਹੁੰਦਾ। ਹੱਕਾਂ ਲਈ ਜੂਝਦੇ ਕਾਫ਼ਲੇ ਕਦੇ ਵੀ ਰੁਕਦੇ ਨਹੀਂ। ਸਗੋਂ ਇਹ ਇਕ ਅਨੰਤ ਯਾਤਰਾ ਦਾ ਸਫ਼ਰ ਹੈ, ਜੋ ਮੰਜ਼ਿਲ 'ਤੇ ਪਹੁੰਚਣ 'ਤੇ ਹੀ ਖ਼ਤਮ ਹੋ ਸਕਦਾ ਹੈ। ਸ: ਭਗਤ ਸਿੰਘ ਵੱਲੋਂ ਫਾਂਸੀ ਲੱਗਣ ਤੋਂ ਪਹਿਲਾਂ ਲਿਖੀ ਚਿੱਠੀ 'ਚ ਦਰਜ ਸਤਰਾਂ ਜਦੋਂ ਤੱਕ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਨਹੀਂ ਹੁੰਦੀ, ਉਦੋਂ ਤੱਕ ਸਾਡੀ ਜੰਗ ਜਾਰੀ ਰਹੇਗੀ। ਅੱਜ ਵੀ ਸਾਰਥਕ ਹੈ। ਪਿਆਰ ਹਮੇਸ਼ਾ ਦੋ ਪਰਤਾ ਰਿਹਾ ਹੈ ਅੰਦਰੂਨੀ ਤੇ ਬਾਹਰੀ ਵੀ। ਜਦੋਂ ਕੋਈ ਵਿਅਕਤੀਗਤ ਪਿਆਰ 'ਚ ਹੈ ਤਾਂ ਉਹ ਨਿੱਜੀ ਹੈ, ਪ੍ਰੰਤੂ ਜਦੋਂ ਇਹ ਹੱਕਾਂ ਲਈ ਜੂਝਦੇ ਲੋਕਾਂ ਦੇ ਕਾਫ਼ਲਿਆਂ ਨਾਲ ਜੁੜਦਾ ਹੈ ਤਾਂ ਇਹ ਸਮੁੱਚੀ ਲੋਕਾਈ ਪ੍ਰਤੀ ਸਨੇਹ, ਹਮਦਰਦੀ ਅਤੇ ਸਥਿਤੀਆਂ ਬਦਲਣ ਦੇ ਰਾਹ ਤੁਰਦਾ ਹੈ ਤਾਂ ਇਹ ਫਿਰ 'ਨਿੱਜ' ਤੋਂ 'ਪਰ' ਦੀ ਜੱਦ 'ਚ ਆ ਜਾਂਦਾ ਹੈ। ਇਹ ਰਿਸ਼ਤਾ ਫਿਰ ਦੁਵੱਲਾ ਸਬੰਧ ਸਮੁੱਚੀ ਲੋਕਾਈ ਅਤੇ ਕਾਇਨਾਤ ਨਾਲ ਸਿਰਜਦਾ ਹੈ!
ਸੂਰਜ ਡੁੱਬਦਾ ਨਹੀਂ ਕਦੇ,
ਨਾ ਕਦੇ ਚੜ੍ਹਦਾ ਹੈ,
ਕੇਵਲ ਤੇ ਕੇਵਲ,
ਬਦਲਦਾ ਹੈ ਦਿਸ਼ਾ, ਕਦੇ ਪੂਰਬ,
ਕਦੇ ਪੱਛਮ।
ਇਸ ਪੁਸਤਕ 'ਚ ਦਰਜ 47 ਨਜ਼ਮਾਂ ਹਨ, ਪ੍ਰੰਤੂ ਇੰਜ ਲਗਦਾ ਹੈ ਜਿਵੇਂ ਇਹ ਸਾਰੀਆਂ ਕਵਿਤਾਵਾਂ ਇਕ ਹੀ ਪ੍ਰਤੀਨਿਧ ਕਵਿਤਾ 'ਸੂਰਜ ਡੁੱਬਦਾ ਨਹੀਂ' ਦਾ ਸੰਬਾਦਕ ਵਿਸਥਾਰ ਹਨ। ਔਰਤ ਦੀ ਸ਼ਕਤੀ, ਉਸ ਦੇ ਆਪਣੇ ਅਸਤਿੱਤਵ ਨੂੰ ਸਮਝਣ ਅਤੇ ਜਗਾਉਣ 'ਚ ਹੀ ਹੈ, ਉਹ ਅਬਲਾ ਨਹੀਂ ਹੈ। (ਅਡੋਲ ਬਿਰਤ) ਦਵਿੰਦਰ ਪ੍ਰੀਤ ਦੀ ਹਰ ਨਜ਼ਮ ਸੰਵੇਦਨਾ ਭਰਪੂਰ ਹੈ ਅਤੇ ਇਸੇ ਲਈ ਉਸ ਦੀ ਬੋਲੀ, ਸ਼ੈਲੀ, ਸੰਵੇਦਨਸ਼ੀਲ ਸ਼ਬਦਾਂ ਦੀ ਸੁਚੱਜੀ ਚੋਣ ਕਰਕੇ ਨਗੀਨਿਆਂ ਵਾਂਗ ਜੜੀ ਹੋਈ ਹੈ। ਡਾ: ਬਲਵਿੰਦਰ ਦਾ ਚਿੰਤਨਸ਼ੀਲ ਨਿਬੰਧ ਵੀ ਇਸ ਪੁਸਤਕ ਦਾ ਅਹਿਮ ਅੰਗ ਹੈ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਜੇਤੂ ਰਵੱਈਆ
ਲੇਖਕ : ਜੌਹਨ ਮੈਕਸਵੈਲ
ਅਨੁਵਾਦਕ : ਸੰਗੀਤਪਾਲ ਸਿੰਘ ਅਤੇ ਮਨਿੰਦਰ ਕੌਰ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 168
ਸੰਪਰਕ : 98140-54954.

ਜੌਹਨ ਮੈਕਸਵੈਲ ਜੋ ਕਿ ਕਾਫੀ ਲੰਮਾ ਅਰਸਾ ਸਕਾਈਲਾਈਨ ਵੈਸਲੇਯਾਨ ਚਰਚ ਸੇਨ ਡਿਏਗੋ ਕੈਲੀਫੋਰਨੀਆ ਵਿਖੇ ਉੱਚ ਪਾਦਰੀ ਦੀ ਪਦਵੀ 'ਤੇ ਸੁਸ਼ੋਭਿਤ ਰਿਹਾ ਹੈ, ਅਮਰੀਕਾ ਦੀ ਚਰਚਿਤ ਸ਼ਖ਼ਸੀਅਤ ਹੈ। ਉਹ ਅਮਰੀਕਾ ਅਤੇ ਕੈਨੇਡਾ ਦੇ ਹਰ ਪੱਧਰ ਦੇ ਪਾਦਰੀਆਂ ਅਤੇ ਆਮ ਲੋਕਾਂ ਨੂੰ ਅਗਵਾਈ ਸਬੰਧਾਂ, ਚਰਚ ਵਿਕਾਸ ਅਤੇ ਮਨੁੱਖੀ ਰਵੱਈਏ ਵਰਗੇ ਅਹਿਮ ਵਿਸ਼ਿਆਂ 'ਤੇ ਕੇਵਲ ਭਾਸ਼ਣ ਹੀ ਨਹੀਂ ਦਿੰਦਾ ਰਿਹਾ, ਬਲਕਿ ਇਨ੍ਹਾਂ ਵਿਸ਼ਿਆਂ 'ਤੇ ਸੈਮੀਨਾਰ ਆਯੋਜਿਤ ਕਰਕੇ ਅਗਵਾਈ ਵੀ ਪ੍ਰਦਾਨ ਕਰਦਾ ਰਿਹਾ ਹੈ। ਉਹ ਜੀਵਨ ਅਗਵਾਈ ਦੇਣ ਵਾਲੀਆਂ ਕਈ ਪੁਸਤਕਾਂ ਦਾ ਲੇਖਕ ਵੀ ਹੈ। ਅਜੋਕੇ ਸਮੇਂ ਵਿਚ ਵੀ ਉਹ ਯੂਨਾਈਟਿਡ ਸਟੇਟਸ ਵਿਚ ਵਪਾਰ ਮੀਟਿੰਗਾਂ ਅਤੇ ਕਾਨਫ਼ਰੰਸਾਂ ਵਿਚ ਸ਼ਾਮਿਲ ਹੋ ਕੇ ਅਗਵਾਈ ਦੇ ਵਿਸ਼ੇ 'ਤੇ ਸੰਬੋਧਿਤ ਹੁੰਦਾ ਹੈ।
ਵਿਚਾਰ ਅਧੀਨ ਪੁਸਤਕ ਉਸ ਦੇ ਜੀਵਨ ਤਜਰਬਿਆਂ 'ਤੇ ਆਧਾਰਿਤ ਪੁਸਤਕ ਹੈ। ਇਸ ਪੁਸਤਕ ਵਿਚ ਉਸ ਨੇ ਆਪਣੇ ਜੀਵਨ ਅਨੁਭਵਾਂ ਅਤੇ ਤਜਰਬਿਆਂ ਦੀ ਖੋਜ ਦੇ ਆਧਾਰ 'ਤੇ ਸਿੱਧ ਕੀਤਾ ਹੈ ਕਿ ਕਿਵੇਂ ਜੇਤੂ ਰਵੱਈਆ ਸਾਡੇ ਕਾਰੋਬਾਰ ਅਤੇ ਜੀਵਨ-ਸ਼ੈਲੀ ਨੂੰ ਪ੍ਰਭਾਵਿਤ ਕਰਦਾ ਹੈ। ਅਜੋਕੇ ਦੌਰ ਵਿਚ ਲੀਹ ਤੋਂ ਲੱਥੀ ਜ਼ਿੰਦਗੀ ਦੀ ਗੱਡੀ ਨੂੰ ਲੀਹ 'ਤੇ ਪਾਉਣ ਲਈ ਅਸਫਲਤਾਵਾਂ ਨੂੰ ਸਫਲਤਾਵਾਂ ਵਿਚ ਤਬਦੀਲ ਕਰਨ, ਨਿੱਜੀ ਤੇ ਸਮਾਜਿਕ ਸਮੱਸਿਆਵਾਂ ਤੇ ਦੁਸ਼ਵਾਰੀਆਂ 'ਤੇ ਅਬੂਰ ਹਾਸਲ ਕਰਨ ਵਿਚ ਜੇਤੂ ਰਵੱਈਏ ਦੀ ਅਹਿਮ ਭੂਮਿਕਾ ਹੈ। ਪੁਸਤਕ ਦੇ ਚਾਰ ਭਾਗ ਹਨ, ਜਿਨ੍ਹਾਂ ਵਿਚ ਵਿਸਥਾਰਪੂਰਵਕ ਚਰਚਾ ਕੀਤੀ ਗਈ ਹੈ ਕਿ ਕਿਵੇਂ ਜ਼ਿੰਦਗੀ ਦੀਆਂ ਮੁਸ਼ਕਿਲਾਂ ਦੇ ਹੱਲ ਲਈ, ਲੋਕਾਂ ਦੇ ਦਿਲ ਜਿੱਤਣ ਲਈ ਅਤੇ ਸਮੱਸਿਆਵਾਂ ਨੂੰ ਅਵਸਰਾਂ ਵਿਚ ਤਬਦੀਲ ਕਰਨ ਲਈ ਜੇਤੂ ਰਵੱਈਏ ਦੀ ਸ਼ਨਾਖ਼ਤ ਅਤੇ ਪ੍ਰਾਪਤੀ ਕੀਤੀ ਜਾਵੇ। ਨਕਾਰਾਤਮਕ ਨਜ਼ਰੀਏ ਨੂੰ ਸਕਾਰਾਤਮਕ ਨਜ਼ਰੀਏ ਵਿਚ ਕਿਵੇਂ ਤਬਦੀਲ ਕੀਤਾ ਜਾਏ ਤਾਂ ਜੋ ਸਾਡੀ ਜੀਵਨ ਗੱਡੀ ਲੀਹ 'ਤੇ ਪੈ ਜਾਵੇ। ਇਸ ਬਾਰੇ ਲੇਖਕ ਨੇ ਉਦਾਹਰਨਾਂ ਸਹਿਤ ਚਰਚਾ ਕੀਤੀ ਹੈ। ਇਸ ਪੁਸਤਕ ਵਿਚ ਜੀਵਨ ਨੂੰ ਸਫਲ ਬਣਾਉਣ ਲਈ ਗਿਆਨਵਰਧਕ ਵਿਚਾਰ ਪੇਸ਼ ਕੀਤੇ ਗਏ ਹਨ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

ਕੰਨਾ ਮੰਨਾ ਕੁਰਰ
ਲੇਖਿਕਾ : ਡਾ. ਤੇਜਿੰਦਰ ਹਰਜੀਤ
ਪ੍ਰਕਾਸ਼ਕ : ਐਸ.ਪੀ. ਬੁਕਸ, ਜਲੰਧਰ
ਪੰਨੇ : 52 ਮੁੱਲ : 125 ਰੁਪਏ
ਸੰਪਰਕ : 98760-71010.

ਬਚਪਨ ਦੀ ਅਵਸਥਾ ਵਿਚ ਗੀਤ ਅਤੇ ਕਵਿਤਾਵਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਡਾ: ਤੇਜਿੰਦਰ ਹਰਜੀਤ ਨੇ ਆਪਣੀ ਨਵ-ਪ੍ਰਕਾਸ਼ਿਤ ਬਾਲ ਪੁਸਤਕ 'ਕੰਨਾ ਮੰਨਾ ਕੁਰਰ' ਵਿਚ ਬਾਲ ਮਨਾਂ ਦੇ ਕੁਝ ਅਜਿਹੇ ਹੀ ਜਜ਼ਬਿਆਂ, ਵਸਤਾਂ, ਸੁਪਨਿਆਂ ਅਤੇ ਸਰੋਕਾਰਾਂ ਨੂੰ ਸ਼ਾਬਦਿਕ ਰੂਪ ਦਿੱਤਾ ਹੈ ਜਿਨ੍ਹਾਂ ਨਾਲ ਉਨ੍ਹਾਂ ਦਾ ਬਹੁਤ ਨੇੜੇ ਦਾ ਸਬੰਧ ਹੈ। ਇਸ ਪੁਸਤਕ ਵਿਚ ਕੁੱਲ 29 ਕਵਿਤਾਵਾਂ ਅੰਕਿਤ ਹਨ, ਜਿਨ੍ਹਾਂ ਦਾ ਤਾਅਲੁਕ ਜੀਵ-ਜੰਤੂਆਂ, ਪ੍ਰਕਿਰਤੀ, ਹਾਸੇ-ਠੱਠੇ, ਸਕੂਲੀ ਸਿੱਖਿਆ, ਬਾਲ ਖੇਡਾਂ, ਦਿਨ-ਤਿਹਾਰ ਅਤੇ ਪੰਜਾਬ ਦੀ ਰਹਿਣੀ-ਬਹਿਣੀ ਆਦਿ ਵਿਸ਼ਿਆਂ ਨਾਲ ਹੈ। ਇਨ੍ਹਾਂ ਕਵਿਤਾਵਾਂ ਵਿਚੋਂ 'ਬਲੂੰਗੜੇ','ਬਿੱਲੀ ਤੇ ਚੂਚੇ', 'ਤੋਤਾ ਤੇ ਡੱਡੂ', 'ਮੇਰਾ ਹਾਥੀ', 'ਤੋਤਿਆ ਮਨਮੋਤਿਆ', 'ਗੜੈਂ ਗੜੈਂ', 'ਘੂੰ ਘੂੰ ਘੁੱਗੀਏ', 'ਅੱਪ ਤੇ ਗੜੱਪ' ਕਵਿਤਾਵਾਂ ਦੇ ਜ਼ਰੀਏ ਵੱਖ-ਵੱਖ ਨਿੱਕੇ-ਵੱਡੇ ਪੰਛੀ ਤੇ ਜਨੌਰ ਇਕ-ਦੂਜੇ ਨਾਲ ਮਨੁੱਖ ਵਾਂਗ ਆਪਣੀਆਂ ਗੱਲਾਂ, ਇੱਛਾਵਾਂ, ਸ਼ਿਕਵੇ-ਸ਼ਿਕਾਇਤਾਂ ਸਾਂਝੀਆਂ ਕਰਦੇ ਹਨ। ਇਹ ਕਦੇ ਆਪਸ ਵਿਚ ਬੱਚਿਆਂ ਵਾਂਗ ਲੜਦੇ ਹਨ, ਇਕ-ਦੂਜੇ ਨੂੰ ਤੰਗ ਕਰਦੇ ਹਨ ਪਰੰਤੂ ਅਗਲੇ ਹੀ ਪਲ ਇਕ-ਦੂਜੇ ਨਾਲ ਇਕਮਿਕ ਹੋ ਜਾਂਦੇ ਹਨ। 'ਤੋਤਾ ਤੇ ਡੱਡੂ' ਕਵਿਤਾ ਸ਼ਰਾਰਤ ਸ਼ਰਾਰਤ ਵਿਚ ਹੀ ਬਾਲ ਪਾਠਕਾਂ ਨੂੰ ਹਸਾ ਦਿੰਦੀ ਹੈ :
ਤੋਤੇ ਨੂੰ ਇੱਕ ਡੱਡੂ ਕਹਿੰਦਾ, ਦੇ ਦੇ ਆਪਣੇ ਖੰਭ।
ਮੈਂ ਵੀ ਤੇਰੇ ਵਾਂਗੂੰ ਉਡ ਕੇ, ਟੁੱਕ ਟੁੱਕ ਖਾਵਾਂ ਅੰਬ।
ਤੋਤੇ ਨੇ ਇਕ ਮਾਰ ਕੇ ਪੌਂਹਚਾ, ਸੁੱਟਿਆ ਅੰਬ ਧੜੈਂ।
ਉੱਪਰ ਅੰਬ ਤੇ ਹੇਠਾਂ ਡੱਡੂ, ਕਰਦਾ ਗੜੈਂ ਗੜੈਂ।
(ਪੰਨਾ 10)
ਇਸ ਸੰਗ੍ਰਹਿ ਵਿਚ 'ਅੱਲੀਆਂ ਪਟੱਲੀਆਂ', 'ਕੂੜੇਦਾਨ', 'ਸਾਡਾ ਘਰ', 'ਮਾਂ ਦੀ ਗੋਦੀ', 'ਕੱਟੇ ਦਾ ਰੱਟਾ', 'ਨਿੱਕਾ ਤਾਰਾ', 'ਮੈਂ ਕੀ ਬਣਾਂਗਾਂ ?', 'ਦੇਸੀ ਮਹੀਨੇ' ਕਵਿਤਾਵਾਂ ਵੀ ਬਾਲ-ਭਾਵਨਾਵਾਂ ਦੀ ਤਰਜ਼ਮਾਨੀ ਕਰਦੀਆਂ ਹਨ। ਇਹ ਕਵਿਤਾਵਾਂ ਏਨੇ ਸਹਿਜ ਸੁਭਾਵਿਕ ਅਤੇ ਸਾਧਾਰਨ ਸ਼ੈਲੀ ਵਿਚ ਲਿਖੀਆਂ ਗਈਆਂ ਹਨ ਕਿ ਬੱਚਿਆਂ ਵਿਚ ਪੜ੍ਹਨ ਰੁਚੀਆਂ ਪ੍ਰਤੀ ਉਤਸ਼ਾਹ ਪੈਦਾ ਕਰਦੀਆਂ ਹਨ। ਲੈਅ ਅਤੇ ਸੰਗੀਤ ਵਿਚ ਪ੍ਰੋਈਆਂ ਇਹ ਕਵਿਤਾਵਾਂ ਬਾਲ-ਮੂੰਹਾਂ 'ਤੇ ਚੜ੍ਹ ਜਾਣ ਦੀ ਸਮਰੱਥਾ ਰੱਖਦੀਆਂ ਹਨ। ਪੁਸਤਕ ਦੀ ਛਪਾਈ ਅਤੇ ਸਮੁੱਚੀ ਗੈੱਟਅਪ ਖਿੱਚ ਪਾਉਂਦੀ ਹੈ। ਇਸ ਪੁਸਤਕ ਵਿਚਲੀਆਂ ਸਮੁੱਚੀਆਂ ਕਵਿਤਾਵਾਂ ਨਾਲ ਰੰਗਦਾਰ ਚਿੱਤਰ ਬਣਾਏ ਗਏ ਹਨ।

ਂਦਰਸ਼ਨ ਸਿੰਘ 'ਆਸ਼ਟ' (ਡਾ:)
ਮੋ: 9814423703
ਫ ਫ ਫ

ਪੇਪਰ ਮੈਰਿਜ
ਲੇਖਕ : ਨਛੱਤਰ ਸਿੰਘ ਬਰਾੜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 240
ਸੰਪਰਕ : 98722-51675.

ਨਾਵਲ 'ਪੇਪਰ ਮੈਰਿਜ' ਉਨ੍ਹਾਂ ਪੰਜਾਬੀਆਂ ਦੇ ਵੇਰਵੇ ਪੇਸ਼ ਕਰਦਾ ਹੈ ਜੋ ਕੈਨੇਡਾ ਜਾਣ ਦੀ ਲਲਕ ਵਿਚ ਕਾਨੂੰਨੀ, ਗ਼ੈਰ-ਕਾਨੂੰਨੀ, ਨੈਤਿਕ-ਅਨੈਤਿਕ ਹਰ ਹਰਬਾ ਵਰਤਣ ਲਈ ਤਿਆਰ ਰਹਿੰਦੇ ਹਨ। ਕਈ ਤਾਂ ਆਪਣੀਆਂ ਸਕੀਆਂ ਭੈਣਾਂ ਨਾਲ ਵੀ ਵਿਆਹ ਕਰਵਾ ਕੇ ਕੈਨੇਡਾ ਅੱਪੜਣ ਵਿਚ ਕਾਮਯਾਬ ਹੋ ਜਾਂਦੇ ਹਨ। ਡਾਲਰ ਦੀ ਭੁੱਖ ਨੇ ਸਾਡੇ ਲੋਕਾਂ ਨੂੰ ਅੰਨ੍ਹਿਆਂ ਕਰ ਦਿੱਤਾ ਹੈ। 'ਪੇਪਰ ਮੈਰਿਜ' ਵੀ ਇਕ ਅਜਿਹਾ ਹੀ ਵਰਤਾਰਾ ਹੈ, ਜਿਸ ਰਾਹੀਂ ਮੁੰਡੇ-ਕੁੜੀ ਸੌਦੇ ਦੀ ਨਕਲੀ ਮੈਰਿਜ ਕਰਵਾ ਕੇ ਕੈਨੇਡਾ ਪਹੁੰਚ ਜਾਂਦੇ ਹਨ। ਆਪਣੀ ਨਕਲੀ ਬੀਵੀ ਨੂੰ ਤਲਾਕ ਦੇ ਕੇ ਇਧਰੋਂ ਦੁਬਾਰਾ ਅਸਲੀ ਵਿਆਹ ਕਰਵਾ ਕੇ ਕੁੜੀਆਂ ਮੁੰਡਿਆਂ ਨੂੰ ਕੈਨੇਡਾ ਪਹੁੰਚਦਾ ਕਰਦੇ ਹਨ। ਇਸ 'ਡੀਲ' ਵਿਚ ਹਜ਼ਾਰਾਂ ਡਾਲਰਾਂ ਦੇ ਸੌਦੇ ਤਜਰਬੇਕਾਰ ਏਜੰਟਾਂ ਰਾਹੀਂ ਤੈਅ ਹੁੰਦੇ ਹਨ ਜੋ ਆਪਣਾ ਕਮਿਸ਼ਨ ਲੈ ਕੇ ਇਸ ਧੰਦੇ ਵਿਚ ਲੱਗੇ ਮੁੰਡੇ ਕੁੜੀਆਂ ਦਾ ਬੇੜਾ ਪਾਰ ਕਰਦੇ ਹਨ।
ਇਸ ਨਾਵਲ ਦੀ ਮੁੱਖ ਪਾਤਰ ਮਾਨੀ ਅਸਲੀ ਵਿਆਹ ਵਿਚ ਤ੍ਰਾਸਦੀ ਦਾ ਸ਼ਿਕਾਰ ਹੋ ਕੇ ਆਪਣੇ ਸ਼ਰਾਬੀ ਕਬਾਬੀ ਤੇ ਆਚਰਣਹੀਣ ਪਤੀ ਹੈਰੀ ਵੱਲੋਂ ਪ੍ਰਤਾੜਿਤ ਹੁੰਦੀ ਹੈ। ਕਿਸੇ ਆਦਰਸ਼ ਧਾਲੀਵਾਲ ਪਰਿਵਾਰ ਦੀ ਸਹਾਇਤਾ ਨਾਲ ਉਹ ਇਸ ਨਰਕ ਵਿਚੋਂ ਨਿਕਲਣ ਵਿਚ ਸਫਲ ਹੋ ਜਾਂਦੀ ਹੈ। ਕੁੰਦੀ ਜਿਹੀ ਚਾਲੂ ਕੁੜੀ ਦੇ ਸੰਪਰਕ 'ਚ ਆਉਣ 'ਤੇ ਉਹ ਪੇਪਰ ਮੈਰਿਜ ਜਿਹਾ ਅਨੈਤਿਕ ਧੰਦਾ ਅਪਣਾ ਲੈਂਦੀ ਹੈ। ਸੀਰੇ ਨਾਲ ਪੇਪਰ ਮੈਰਿਜ ਕਰਵਾਉਣ ਤੋਂ ਬਾਅਦ ਉਸ ਦੀ ਸੋਚ ਪਲਟਾ ਖਾਂਦੀ ਹੈ ਤੇ ਉਹ ਸੀਰੇ ਨਾਲ ਪੱਕੇ ਤੌਰ 'ਤੇ ਰਹਿਣ ਦਾ ਨਿਸਚਾ ਕਰ ਲੈਂਦੀ ਹੈ। ਇਥੇ ਨਾਵਲਕਾਰ ਦੀ ਹਾਂ-ਪੱਖੀ ਸੋਚ ਕੰਮ ਕਰਦੀ ਹੈ। ਮਾਨੀ ਪੈਸੇ ਧੇਲੇ ਦਾ ਮੋਹ ਛੱਡ ਕੇ ਸ਼ਾਂਤ ਅਤੇ ਸੁਹਾਵਣਾ ਜੀਵਨ ਬਿਤਾਉਣ ਦੇ ਰਾਹ ਪੈ ਜਾਂਦੀ ਹੈ ਤੇ ਨਾਵਲ ਦਾ ਅੰਤ ਤ੍ਰਾਸਦੀ ਦੀ ਥਾਂ ਕਾਮੇਡੀ ਵਿਚ ਨਿਕਲਦਾ ਹੈ।
ਨਾਵਲ ਦੀ ਵਿਉਂਤਬੰਦੀ ਤੇ ਉਤਸੁਕਤਾ ਅੰਤ ਸਮੇਂ ਤੱਕ ਬਣੀ ਰਹਿੰਦੀ ਹੈ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

11/02/2017

 ਪਰਿੰਦੇ ਫੇਰ ਪਰਤਣਗੇ
ਆਉਂਦੇ ਦਿਨੀਂ
ਸ਼ਾਇਰ : ਸੁਰਜੀਤ ਜੱਜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਸੰਪਰਕ : 94173-04446.

'ਪਰਿੰਦੇ ਫੇਰ ਪਰਤਣਗੇ' (ਮੁੱਲ : 125 ਰੁਪਏ, ਸਫ਼ੇ : 120) ਪੰਜਾਬੀ ਦੇ ਪ੍ਰਸਿੱਧ ਪ੍ਰਗਤੀਸ਼ੀਲ ਕਵੀ ਸੁਰਜੀਤ ਜੱਜ ਦਾ ਪ੍ਰਥਮ ਗ਼ਜ਼ਲ ਸੰਗ੍ਰਹਿ ਹੈ ਜੋ ਪਹਿਲੀ ਵਾਰ 1990 ਵਿਚ ਪ੍ਰਕਾਸ਼ਿਤ ਹੋਇਆ ਸੀ ਅਤੇ ਹਥਲਾ ਸੰਗ੍ਰਹਿ 'ਪਰਿੰਦੇ ਫੇਰ ਪਰਤਣਗੇ' ਦਾ ਨਵਾਂ ਸੰਸਕਰਣ ਹੈ। ਸੁਰਜੀਤ ਜੱਜ ਨੇ ਗ਼ਜ਼ਲ ਰੂਪਾਕਾਰ ਨੂੰ ਪਿਛਲੇ 25-30 ਵਰ੍ਹਿਆਂ ਤੋਂ ਆਪਣੇ ਭਾਵਾਂ ਦਾ ਵਾਹਕ ਬਣਾਇਆ ਹੋਇਆ ਹੈ, ਇਸ ਤੱਥ ਤੋਂ ਉਸ ਦੀ ਇਸ ਰੂਪਾਕਾਰ ਵੱਲ ਵਚਨਬੱਧਤਾ ਸਿੱਧ ਹੋ ਜਾਂਦੀ ਹੈ। ਸੁਰਜੀਤ ਜੱਜ ਦੀ ਸ਼ਖ਼ਸੀਅਤ ਵਿਚ ਜਾਗਰੂਕਤਾ ਅਤੇ ਸੰਵੇਦਨਸ਼ੀਲਤਾ ਦਾ ਸੰਤੁਲਨ ਹੈ। ਇਸ ਵਜ੍ਹਾ ਨਾਲ ਉਸ ਦੀਆਂ ਗ਼ਜ਼ਲਾਂ ਵਿਚ ਵਸਤੂ-ਸਮੱਗਰੀ ਦੀ ਪ੍ਰਮਾਣਿਕਤਾ ਦੇ ਨਾਲ-ਨਾਲ ਭਾਵਾਂ ਦੀ ਸ਼ਿੱਦਤ ਵੀ ਬਰਕਰਾਰ ਰਹਿੰਦੀ ਹੈ। ਆਪਣੀਆਂ ਗ਼ਜ਼ਲਾਂ ਦੇ ਮਾਧਿਅਮ ਦੁਆਰਾ ਉਹ ਆਪਣੇ-ਆਪ ਨਾਲ ਇਹ ਅਹਿਦ ਵੀ ਕਰਦਾ ਹੈ ਕਿ ਉਹ 'ਵਿਲਕਦੇ ਮਾਸੂਮ ਬੋਲਾਂ, ਚੁੱਪ ਬੂਹਿਆਂ, ਸੜਦੇ ਬੋਟਾਂ ਅਤੇ ਪਿੰਡਾਂ-ਸ਼ਹਿਰਾਂ ਦੀ ਆਤਮ-ਕਥਾ' ਬਾਰੇ ਚਰਚਾ ਕਰਦਾ ਰਹੇਗਾ। ਦੇਖੋ : ਕਿਸ ਤਰ੍ਹਾਂ ਜੰਗਲੀ ਹਵਾ ਇਸ ਸ਼ਹਿਰ ਵਿਚ ਪੁੱਜੀ ਲਿਖੀਂ, ਹਰ ਤਰਫ਼ ਬੁਝਦੇ ਚਿਰਾਗ਼ਾਂ ਦਾ ਕਿਤੇ ਚਰਚਾ ਕਰੀਂ। ਜ਼ਿਕਰ ਕਰ ਦੀਂ ਸ਼ਹਿਰ ਦੇ ਪਿੰਡੇ 'ਤੇ ਉੱਗੀ ਪੀੜ ਦਾ, ਨਾ ਕਦੇ ਭਰਨੇ ਜੁ ਜ਼ਖ਼ਮਾਂ ਦਾ ਕਿਤੇ ਚਰਚਾ ਕਰੀਂ। (ਕਾਵਿ ਮੈਨੀਫੈਸਟੋ, ਪੰਨਾ 15)
ਇਸ ਸੰਗ੍ਰਹਿ ਵਿਚ ਕਵੀ ਨੇ ਵੱਖ-ਵੱਖ ਤਰ੍ਹਾਂ ਦੇ ਬਹਿਰ ਬੜੀ ਨਿਪੁੰਨਤਾ ਨਾਲ ਨਿਭਾਏ ਹਨ। ਲੰਬੇ ਬਹਿਰਾਂ ਦੇ ਨਾਲ-ਨਾਲ ਉਸ ਨੇ ਛੋਟੇ ਬਹਿਰ ਵਾਲੀਆਂ ਗ਼ਜ਼ਲਾਂ ਵਿਚ ਵੀ ਖਿਆਲਾਂ ਦੀ ਮੌਲਿਕਤਾ ਅਤੇ ਪ੍ਰਸੰਗਿਕਤਾ ਨੂੰ ਖੁਰਨ ਨਹੀਂ ਦਿੱਤਾ। ਕੁਝ ਅਸ਼ਆਰ ਦੇਖੋ :
ਕਿਸ ਤਰ੍ਹਾਂ ਦੀ ਬੇਵੱਸੀ
ਤੂੰ ਹੰਢਾਈ ਜ਼ਿੰਦਗੀ?
ਹਰ ਘੜੀ ਹਰ ਮੋੜ ਤੇ
ਰੀਝ ਕਰਦੀ ਖ਼ੁਦਕੁਸ਼ੀ!
ਸ਼ਹਿਰ ਵਿਚ ਰੜਕੀ ਸਦਾ
ਉਸ ਨੂੰ ਮਿਰੀ ਮੌਜੂਦਗੀ। (ਪੰਨਾ 100)
ਇਹ ਗ਼ਜ਼ਲ ਸੰਗ੍ਰਹਿ ਕਵੀ ਦੀ ਚੜ੍ਹਦੀ ਕਲਾ ਅਤੇ ਅਟੁੱਟ ਆਸ਼ਾਵਾਦਿਤਾ ਦਾ ਪ੍ਰਤੀਕ ਹੈ। ਇਸ ਵਿਚ ਸੰਕਲਿਤ ਗ਼ਜ਼ਲਾਂ ਦੀ ਸਿਰਜਣਾ ਸਮੇਂ ਉਹ ਅੱਲ੍ਹੜ ਜਵਾਨੀ ਵਿਚੋਂ ਗੁਜ਼ਰ ਰਿਹਾ ਸੀ ਅਤੇ ਉਸ ਨੂੰ ਅਵਾਮ ਦੀ ਸੰਗਠਿਤ ਲੋਕ-ਸ਼ਕਤੀ ਵਿਚ ਪੂਰਨ ਵਿਸ਼ਵਾਸ ਸੀ। ਪਰ ਕੁਝ ਵਰ੍ਹਿਆਂ ਦੇ ਅੰਤਰਾਲ ਤੋਂ ਬਾਅਦ ਇਹ ਵਿਸ਼ਵਾਸ ਕੁਝ ਮੱਧਮ ਪੈਣ ਲਗਦਾ ਹੈ।
ਇਹੀ ਕਾਰਨ ਹੈ ਕਿ 1993 ਈ: ਵਿਚ ਪ੍ਰਕਾਸ਼ਿਤ ਆਪਣੇ ਅਗਲੇ ਗ਼ਜ਼ਲ ਸੰਗ੍ਰਹਿ 'ਆਉਂਦੇ ਦਿਨੀਂ' (ਮੁੱਲ : 125 ਰੁਪਏ, ਸਫ਼ੇ : 104) ਵਿਚ ਉਹ ਵਧੇਰੇ ਸੰਤੁਲਿਤ ਅਤੇ ਸਹਿਜ ਅੰਦਾਜ਼ ਅਖ਼ਤਿਆਰ ਕਰਦਾ ਨਜ਼ਰ ਆਉਂਦਾ ਹੈ। ਆਪਣੇ ਇਸ ਬਦਲੇ ਅੰਦਾਜ਼ ਦੇ ਔਚਿਤਯ ਦਾ ਸਪੱਸ਼ਟੀਕਰਨ ਦਿੰਦਾ ਹੋਇਆ ਉਹ ਲਿਖਦਾ ਹੈ, 'ਮੇਰੇ ਕੋਲ ਇਲਹਾਮੀ-ਉਚਾਈਆਂ 'ਤੇ ਪੁੱਜੇ ਸ਼ਾਇਰਾਂ ਵਰਗਾ ਕੁਝ ਨਹੀਂ ਹੈ' ਮੈਂ ਤੁਹਾਡੇ ਵਿਚੋਂ, ਤੁਹਾਡੇ ਵਰਗਾ ਆਮ ਜਿਹਾ ਮਨੁੱਖ ਹਾਂ।' 'ਪੰਨਾ 10) ਇਸ ਸੰਗ੍ਰਹਿ ਦੀਆਂ ਗ਼ਜ਼ਲਾਂ ਵਿਚ ਕਵੀ ਨੂੰ ਇਸ ਤੱਥ ਦਾ ਗਿਲਾ ਹੈ ਕਿ ਸਹਿਜੇ-ਸਹਿਜੇ ਸਾਰੇ ਲੋਕ ਯਥਾਸਥਿਤੀਵਾਦੀ ਹੁੰਦੇ ਜਾ ਰਹੇ ਹਨ। ਵਿਦਰੋਹ ਅਤੇ ਨਾਬਰੀ ਦੀਆਂ ਚਿਣਗਾਂ ਬੁਝਦੀਆਂ ਜਾ ਰਹੀਆਂ ਹਨ! ਸੱਤਾ ਦਿਨ-ਪ੍ਰਤੀਦਿਨ ਵਧੇਰੇ ਨਿਰੰਕੁਸ਼ ਅਤੇ ਹਿੰਸਕ ਹੁੰਦੀ ਜਾ ਰਹੀ ਹੈ। ਕਵੀ ਦੇ ਕੁਝ ਅਸ਼ਆਰ ਦੇਖੋ : ਜਿਨ੍ਹਾਂ ਨੂੰ ਸਿਰਜਿਆ ਸੀ ਨਿਰਲੱਜ ਸਾਜ਼ਿਸ਼ਾਂ ਨੇ, ਰਾਹੀਆਂ ਨੂੰ ਮੋਹ ਲਿਆ ਏ ਓਹਨਾਂ ਹੀ ਮੰਜ਼ਿਲਾਂ ਨੇ। ਕੈਸਾ ਹੈ ਇਹ ਸਲੀਕਾ ਸਵੀਕਾਰ ਕਰ ਲਿਆ ਏ, ਬਿੱਲੀ ਦੀ ਰਹਿਬਰੀ ਨੂੰ ਗੋਲੇ ਕਬੂਤਰਾਂ ਨੇ! (ਪੰਨਾ 14)
ਕਈ ਨੂੰ ਜਨਮਾਨਸ ਵਿਚ ਆ ਰਹੀ ਅਜਿਹੀ ਤਬਦੀਲੀ ਦਾ ਬੜਾ ਦੁਖਦ ਅਹਿਸਾਸ ਹੈ। ਆਮ ਆਦਮੀ ਦੇ ਸੰਤਾਪ ਉੱਪਰ ਨਜ਼ਰਸਾਨੀ ਕਰਦਾ ਹੋਇਆ ਉਹ ਲਿਖਦਾ ਹੈ :
ਊਣਾ ਊਣਾ ਭੁਰਿਆ ਭੁਰਿਆ।
ਹਰ ਬੰਦਾ ਏ ਥੁੜਿਆ ਥੁੜਿਆ।
ਢਕ ਲੈਂਦਾ ਏ ਰੋਜ਼ ਤਰੇੜਾਂ,
ਜਾਪਣ ਦੇ ਲਈ ਜੁੜਿਆ ਜੁੜਿਆ।
ਸਾਡੇ ਹਿੱਸੇ ਹਰ ਰੰਗ ਆਇਆ,
ਫਿੱਕਾ ਫਿੱਕਾ ਖੁਰਿਆ ਖੁਰਿਆ। (ਪੰਨਾ 53)
ਪਿਛਲੇ ਵਰ੍ਹਿਆਂ ਵਿਚ ਸੁਰਜੀਤ ਜੱਜ ਦੀ ਗ਼ਜ਼ਲ ਨੇ ਬਹੁਤ ਵਿਕਾਸ ਕਰ ਲਿਆ ਹੈ। ਉਹ ਪੰਜਾਬੀ ਗ਼ਜ਼ਲ ਦੇ ਰੌਸ਼ਨ ਮੁਸਤਕਬਿਲ ਦਾ ਸੂਚਕ-ਸ਼ਾਇਰ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਕਾਵਿ ਸ਼ਾਸਤਰ-ਅੰਕ 6
ਸੰਪਾਦਕੀ ਮੰਡਲ : ਡਾ: ਅਮਰਜੀਤ ਸਿੰਘ, ਰਾਜ ਸੰਧੂ, ਸਾਬੀ ਈਸਪੁਰੀ
ਪ੍ਰਕਾਸ਼ਕ : ਬਸੰਤ-ਸੁਹੇਲ ਪ੍ਰਕਾਸ਼ਨ, ਫਗਵਾੜਾ
ਮੁੱਲ : 100 ਰੁਪਏ, ਸਫ਼ੇ : 208
ਸੰਪਰਕ : 98721-20620.

ਕਾਵਿ-ਸ਼ਾਸਤਰ ਪੁਸਤਕ ਲੜੀ 6 ਵਿਸ਼ਵ ਅਤੇ ਪੰਜਾਬੀ ਸਾਹਿਤ ਬਾਰੇ ਬਹੁ-ਦਿਸ਼ਾਵੀ, ਬਹੁ-ਪਰਤੀ, ਬਹੁ-ਦ੍ਰਿਸ਼ਟੀ ਅਤੇ ਬਹੁ-ਮੁੱਲੀ ਕਾਵਿ-ਸ਼ਾਸਤਰੀ ਨਿਬੰਧਾਂ ਅਤੇ ਵਿਵਹਾਰਕ ਆਲੋਚਨਾ ਨਾਲ ਗਰਭਿਤ ਅੰਕ ਹੈ। ਇਸ ਪੁਸਤਕ ਲੜੀ ਦੀ ਰੂਪ-ਰੇਖਾ ਦੀ ਡਿਊਢੀ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਵਿਚ ਜੋ ਖੋਜ ਭਰਪੂਰ ਨਿਬੰਧ ਸ਼ਾਮਿਲ ਕੀਤੇ ਗਏ ਹਨ, ਉਹ ਸਾਰੇ ਹੀ ਆਪੋ-ਆਪਣੇ ਖੇਤਰ ਦੇ ਵਿਸ਼ੇਸ਼ਗਾਂ ਵੱਲੋਂ ਮੂਲ ਰੂਪ ਵਿਚ ਜਾਂ ਅਨੁਵਾਦਤ ਰੂਪ ਵਿਚ ਹੋਂਦ ਗ੍ਰਹਿਣ ਕਰਦੇ ਹਨ। ਇਨ੍ਹਾਂ ਨਿਬੰਧਾਂ ਦਾ ਮਨੋਰਥ ਅਜੋਕੇ ਸਮੇਂ ਗਿਆਨ ਅਤੇ ਸੁਹਜ ਰੂਪ ਦਰਮਿਆਨ ਵਧ ਰਹੇ ਪਾੜੇ ਨੂੰ ਨਵੇਂ ਕਾਵਿ-ਸ਼ਾਸਤਰੀ ਪਰਿਪੇਖ ਦੀ ਤਲਾਸ਼ ਕਰਦਿਆਂ ਨਿਰੰਤਰ ਪੂਰਦੇ ਰਹਿਣ ਵਿਚ ਨਿਹਿਤ ਹੈ। ਇਸ ਅੰਕ ਵਿਚ ਉੱਤਰਆਧੁਨਿਕਤਾ, ਉੱਤਰ ਬਸਤੀਵਾਦੀ, ਨਵ-ਮਾਰਕਸਵਾਦੀ, ਵਿਸਮਾਦੀ ਪੂੰਜੀ, ਪੰਜਾਬੀ ਭਾਸ਼ਾ ਸਬੰਧੀ ਸੰਵਾਦੀ ਪ੍ਰਤੀਕਰਮ, ਸਾਹਿਤ ਆਲੋਚਨਾ-ਸਮੱਸਿਆ ਤੇ ਵੰਗਾਰ, ਵਿਚਾਰਧਾਰਾਈ ਪਰਿਪੇਖ, ਪੰਜਾਬੀ ਸੱਭਿਆਚਾਰ, ਪੰਜਾਬੀ ਸਾਹਿਤਕਾਰੀ, ਅਨੁਵਾਦ ਚਿੰਤਨ, ਮੀਡੀਆ-ਭਾਸ਼ਾ ਤੇ ਸੱਭਿਆਚਾਰ, ਭਾਸ਼ਾਈ ਲੋਕਤੰਤਰ, ਨਵ-ਚਿੰਤਨ ਚੇਤਨਾ ਅਤੇ ਹੋਰ ਅਨੇਕਾਂ ਪੱਖਾਂ ਦਾ ਨਿਕਟ ਅਤੇ ਮੈਗਾ ਦ੍ਰਿਸ਼ਟੀ ਤੋਂ ਵਿਵੇਚਨ ਕੀਤਾ ਗਿਆ ਹੈ। ਇਸ ਤੋਂ ਬਿਨਾਂ ਡਾ: ਕੇਸਰ ਸਿੰਘ ਕੇਸਰ ਦਾ ਸਾਹਿਤ ਚਿੰਤਨ, ਗੁਰਦਿਆਲ ਸਿੰਘ ਦੀ ਸਿਰਜਣਾਤਮਕ ਅਸੀਮਤਾ, ਦੇਵਿੰਦਰ ਦਿਲਰੂਪ ਦੀ ਸਿਰਜਣਾ, ਏਜਾਜ਼ ਅਹਿਮਦ ਅਤੇ ਅਜੀਤ ਕੌਰ ਨਾਲ ਮੁਲਾਕਾਤ, ਮਹਾਨ ਸ਼ਖ਼ਸੀਅਤਾਂ ਦਾ ਅੰਤਮ ਸਮਾਂ, ਨਿੱਕੀ ਕਹਾਣੀ ਬਾਰੇ ਵਿਚਾਰ-ਚਰਚਾ, ਕੁਝ ਕਵਿਤਾਵਾਂ ਅਤੇ ਕਹਾਣੀਆਂ ਨਾਲ ਵੀ ਪਾਠਕਾਂ ਦੀ ਸਾਂਝ ਪੁਆਈ ਗਈ ਹੈ।
ਸੰਪਾਦਕੀ ਮੰਡਲ ਵੱਲੋਂ ਹਰ ਨਿਬੰਧ ਦੇ ਆਰੰਭ ਵਿਚ ਕੀਤੀਆਂ ਗਈਆਂ ਸਾਰੰਸ਼ ਰੂਪੀ ਟਿੱਪਣੀਆਂ ਸਾਧਾਰਨ ਪਾਠਕਾਂ ਦੀ ਸਮਝ ਲਈ ਜਿਗਿਆਸਾ ਅਤੇ ਸੌਖ ਪੈਦਾ ਕਰਨ ਵਿਚ ਸਹਾਈ ਹੁੰਦੀਆਂ ਹਨ। 208 ਪੰਨਿਆਂ ਤੋਂ ਵੱਧ ਤੋਂ ਵੱਧ ਲਾਭ ਉਠਾਉਣ ਲਈ ਸਾਹਿਤਕ ਕਿਤਾਬਾਂ/ਲੇਖਕਾਂ ਬਾਰੇ ਫੁਟਕਲ ਟੁਕੜੀਆਂ ਦੇ ਕੇ ਖਾਲੀ ਸਥਾਨ ਦਾ ਲਾਭ ਉਠਾਇਆ ਗਿਆ ਹੈ। ਇਸੇ ਜੁਗਤ ਦੀ ਵਰਤੋਂ ਕਰਦਿਆਂ ਨਿਬੰਧ ਲੇਖਕਾਂ/ਅਨੁਵਾਦਕਾਂ ਨਾਲ ਜਾਣ-ਪਚਾਣ ਕਰਵਾਉਣ ਦਾ ਹੁਨਰ ਵੀ ਵਰਤਿਆ ਗਿਆ ਹੈ। ਇੰਜ ਇਨ੍ਹਾਂ ਨਿਬੰਧਾਂ ਰਾਹੀਂ ਨਵ-ਚਿੰਤਨ ਚੇਤਨਾ ਦਾ ਜਾਗ ਲਾਇਆ ਗਿਆ ਹੈ।
ਇਸ ਕਾਵਿ-ਸ਼ਾਸਤਰੀ ਪੁਸਤਕ ਦੇ ਨਿਬੰਧਾਂ ਦੀ ਸਮਝ ਲਈ ਨਵੇਂ ਰਿਸਰਚ ਸਕਾਲਰਾਂ ਅਤੇ ਪੰਜਾਬੀ ਪਾਠਕਾਂ ਨੂੰ ਇਨ੍ਹਾਂ ਦਾ ਹਾਣੀ ਬਣਨ ਦੀ ਜ਼ਰੂਰਤ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c

ਹਰਭਜਨ ਸਿੰਘ ਗੁਲਾਟੀ ਦੀ ਕਹਾਣੀ ਕਲਾ
'ਖੰਡ ਦੇ ਖਿਡੌਣੇ' ਕਹਾਣੀ-ਸੰਗ੍ਰਹਿ ਦੇ ਸੰਦਰਭ ਵਿਚ
ਸੰਪਾਦਿਕਾ : ਰੂਪਾ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 98145-17643.

ਇਸ ਸੰਪਾਦਿਤ ਪੁਸਤਕ ਵਿਚ 21 ਆਲੋਚਕਾਂ ਦੇ ਖੋਜ ਪੱਤਰ ਹਨ। ਸਾਰੇ ਖੋਜ ਪੱਤਰ ਉਪਰੋਕਤ ਪੁਸਤਕ ਦੇ ਸੰਦਰਭ 'ਚ ਲਿਖੇ ਗਏ ਹਨ। ਸਾਰੇ ਖੋਜ ਪੱਤਰ ਇਸਤਰੀ ਆਲੋਚਕਾਂ ਦੇ ਹਨ। ਇਨ੍ਹਾਂ 21 ਆਲੋਚਕਾਂ ਨੇ ਹਰਭਜਨ ਸਿੰਘ ਗੁਲਾਟੀ ਦੀ ਕਹਾਣੀ ਕਲਾ ਤੇ ਇਸ ਪੁਸਤਕ ਵਿਚਲੀਆਂ ਕਹਾਣੀਆਂ ਵਿਚ ਮਿਲਦੇ ਵੱਖ-ਵੱਖ ਵਿਸ਼ਿਆਂ ਨੂੰ ਆਪਣੀ ਆਲੋਚਨਾ ਦਾ ਆਧਾਰ ਬਣਾਇਆ ਹੈ। ਇਸ ਪੁਸਤਕ ਦੀਆਂ ਕਹਾਣੀਆਂ ਘਰ, ਦਫ਼ਤਰਾਂ ਵਿਚਲੇ ਵਪਾਰਕ ਗੋਰਖਧੰਦੇ ਦੀ ਗੱਲ ਕਰਦੀਆਂ ਹਨ। ਕੁਝ ਕਹਾਣੀਆਂ ਅਖੌਤੀ ਅਮੀਰੀ ਦੀ ਅੱਯਾਸ਼ੀ ਦੀ ਮਾਰ ਹੇਠ ਮਰ-ਖਪ ਰਹੇ ਇਖਲਾਕ ਤੇ ਆਤਮ ਗੌਰਵ ਦੀ ਮੌਤ 'ਤੇ ਰੁਦਨ ਕਰਦੀਆਂ ਪ੍ਰਤੀਤ ਹੁੰਦੀਆਂ ਹਨ। ਟੁੱਟਦੇ ਰਿਸ਼ਤਿਆਂ ਵਿਚਲੀ ਬੇਗਾਨਗੀ, ਪਰਵਾਸੀ ਪੁੱਤਰਾਂ ਲਈ ਤਰਸੇਵਾਂ ਤੇ ਉਕਰੇਵਾਂ, ਆਰਥਿਕ ਸਮਾਜਿਕ ਸਥਿਤੀਆਂ ਤੇ ਉਨ੍ਹਾਂ ਵਿਚਲਾ ਤਣਾਅ, ਰਿਸ਼ਤਿਆਂ ਦੀ ਅਰਥਹੀਣਤਾ ਬਾਰੇ ਵੀ ਆਲੋਚਕਾਂ ਨੇ ਆਪਣੇ ਵਿਚਾਰ ਵਿਅਕਤ ਕੀਤੇ ਹਨ। ਡਾ: ਰੂਪਾ ਕੌਰ ਨੇ ਮਿਹਨਤ ਨਾਲ ਇਹ ਪੁਸਤਕ ਸੰਪਾਦਤ ਕੀਤੀ ਹੈ। ਆਸ ਹੈ ਅੱਗੇ ਵੀ ਇਹ ਇਸਤਰੀ ਪ੍ਰਾਅਧਿਆਪਕਾ (ਆਲੋਚਕ) ਇਸੇ ਤਰ੍ਹਾਂ ਇਸ ਖੇਤਰ 'ਚ ਲਗਨ ਨਾਲ ਕੰਮ ਕਰਦੀ ਰਹੇਗੀ।

-ਪ੍ਰੋ: ਸਤਪਾਲ ਸੰਘ
ਮੋ: 98725-21515.

c c c

ਅੰਬਰਾਂ ਦਾ ਵਣਜਾਰਾ
ਸ਼ਾਇਰ : ਤੈਸ਼ ਪੋਠਵਾਰੀ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 80 ਰੁਪਏ, ਸਫ਼ੇ : 96
ਸੰਪਰਕ : 070117-39080

ਤੈਸ਼ ਪੋਠਵਾਰੀ ਦੀ ਕਾਵਿ ਪੁਸਤਕ 'ਅੰਬਰਾਂ ਦਾ ਵਣਜਾਰਾ' ਆਮ ਪੁਸਤਕਾਂ ਨਾਲੋਂ ਇਸ ਲਈ ਵੱਖਰੀ ਹੈ ਕਿ ਇਸ ਵਿਚ ਕਵਿਤਾਵਾਂ ਨੂੰ ਗੁਰਮੁਖੀ ਦੇ ਨਾਲ ਨਾਲ ਹਿੰਦੀ ਵਿਚ ਵੀ ਛਾਪਿਆ ਗਿਆ ਹੈ। ਚੁਤਾਲੀ ਕਵਿਤਾਵਾਂ ਵਾਲੇ ਇਸ ਸੰਗ੍ਰਹਿ ਦੀਆਂ ਕੁਝ ਕਵਿਤਾਵਾਂ ਨੂੰ ਛੱਡ ਕੇ ਬਹੁਤੀਆਂ ਪਿਆਰ ਆਧਾਰਿਤ ਹਨ। ਇਨ੍ਹਾਂ ਵਿਚ ਸ਼ਾਇਰ ਦੀ ਮਾਯੂਸੀ, ਤਨਹਾਈ, ਵਿਛੋੜਾ ਅਤੇ ਸੁਪਨਈ ਕਲਪਨਾ ਦੇਖੀ ਜਾ ਸਕਦੀ ਹੈ। ਕੁਝ ਕਵਿਤਾਵਾਂ ਗੀਤਨੁਮਾ ਹਨ ਤੇ ਕਈਆਂ ਵਿਚ ਲੈਅ ਤਾਂ ਹੈ ਪਰ ਛੰਦ ਬੰਦਤਾ ਨਹੀਂ ਹੈ। ਸ਼ਾਇਰ ਅੰਦਰ ਆਪਣੇ ਪਿਆਰੇ ਤੋਂ ਵਿਛੜਨ ਦੀ ਪੀੜ ਹੈ ਤੇ ਉਹ ਕਿਸੇ ਵੀ ਹਾਲਤ ਵਿਚ ਵਸਲ ਲੋਚਦਾ ਹੈ। ਉਹ ਰੰਗ ਬਰੰਗੇ ਸੁਪਨੇ ਤਾਂ ਬੁਣਦਾ ਹੈ ਪਰ ਉਸ ਨੂੰ ਇਨ੍ਹਾਂ ਦੇ ਕਾਲ਼ੇ ਚਿੱਟੇ ਵਜੂਦ ਦਾ ਅਹਿਸਾਸ ਹੈ। ਉਹ ਸਾਥ ਵਿਚ ਗਾਹੀਆਂ ਸੈਰਗਾਹਾਂ ਨੂੰ ਯਾਦ ਕਰਦਾ ਹੈ ਤੇ ਦੁਬਾਰਾ ਉਨ੍ਹਾਂ ਸੁਪਨਿਆਂ ਵਿਚ ਗੁੰਮ ਹੋ ਜਾਣਾ ਲੋਚਦਾ ਹੈ। 'ਧੀਆਂ' ਕਵਿਤਾ ਵਿਚ ਧੀਆਂ ਦੀ ਜ਼ਿੰਦਗੀ ਦਾ ਪ੍ਰਭਾਵੀ ਸ਼ਬਦਾਂ ਨਾਲ ਚਿਤਰਨ ਕੀਤਾ ਗਿਆ ਹੈ। ਸ਼ਾਇਰ ਨੂੰ ਆਪਣਾ ਦਰਦ ਅੰਬਰੋਂ ਵੱਡਾ ਲਗਦਾ ਹੈ ਤੇ ਉਸ ਨੂੰ ਆਪਣੇ ਹਾਸੇ ਓਪਰੇ ਲੱਗਦੇ ਹਨ। ਬਿਹਤਰ ਹੁੰਦਾ ਜੇ ਤੈਸ਼ ਪੋਠਵਾਰੀ ਆਪਣੇ ਦਰਦ ਵਿਚ ਲੋਕਾਂ ਦਾ ਦਰਦ ਵੀ ਮਿਲਾ ਲੈਂਦਾ ਕਿਉਂਕਿ ਸ਼ਾਇਰ ਲੋਕ ਦਰਦ ਦਾ ਵੀ ਚਿਤੇਰਾ ਹੁੰਦਾ ਹੈ ਤੇ ਸਮਾਜ ਨੂੰ ਉਸ ਦੀ ਅਗਵਾਈ ਦੀ ਲੋੜ ਹੁੰਦੀ ਹੈ।

-ਗੁਰਦਿਆਲ ਰੌਸ਼ਨ
ਮੋ: 9988444002

c c c

ਮਹਾਨ ਵਿਚਾਰ ਕੋਸ਼
ਲੇਖਕ : ਹਰਮਿੰਦਰ ਸਿੰਘ ਹਾਂਸ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 132
ਸੰਪਰਕ : 01676-238166.

ਹਰਮਿੰਦਰ ਸਿੰਘ ਹਾਸ ਦੀ ਵਿਚਾਰ-ਗੋਚਰੀ ਪੁਸਤਕ ਦੁਨੀਆ ਭਰ ਦੇ ਮਹਾਨ ਵਿਦਵਾਨਾਂ, ਚਿੰਤਕਾਂ, ਦਾਨਿਸ਼ਵਰਾਂ ਦੇ ਵਿਚਾਰਾਂ ਦਾ ਸੰਗ੍ਰਹਿ ਹੈ। ਉਨ੍ਹਾਂ ਬੜੇ ਸੁੰਦਰ ਤਰੀਕੇ ਨਾਲ ਇਨ੍ਹਾਂ ਅਨਮੋਲ ਤੇ ਗਿਆਨ/ਵਿਦਵਤਾ ਭਰਪੂਰ ਮਹਾਂਬੋਲਾਂ ਨੂੰ ਮਾਲਾ ਦੇ ਮਣਕਿਆਂ ਵਾਂਗ ਇਕ ਲੜੀ ਵਿਚ ਪਰੋ ਕੇ ਪ੍ਰਸੰਸਾ ਭਰਪੂਰ ਕਾਰਜ ਕੀਤਾ ਹੈ। ਇਨ੍ਹਾਂ ਮਹਾਨ ਵਿਚਾਰਾਂ ਤੋਂ ਕੋਈ ਵੀ ਨਰੋਈ ਸੇਧ ਲੈ ਕੇ ਸਾਰਥਕ ਤੇ ਸਕਾਰਥ ਜੀਵਨ ਜਿਊ ਸਕਦਾ ਹੈ।
ਪੁਸਤਕ ਦੇ ਇਕ ਭਾਗ ਵਿਚ ਸੰਤ ਬਾਣੀ ਸਮੇਤ 47 ਮਹਾਨ ਵਿਚਾਰਵਾਨਾਂ ਦੇ ਸੁੱਚੇ ਬੋਲ/ਕਥਨ ਦਰਜ ਹਨ। ਆਰੰਭ ਚਾਣਕਿਆਂ ਦੇ ਵਿਚਾਰਾਂ ਨਾਲ ਕੀਤਾ ਗਿਐ। 24 ਵਿਚਾਰਾਂ 'ਚੋਂ ਵੰਨਗੀ ਮਾਤਰ ਇਹ ਵਿਚਾਰ ਪੇਸ਼ ਹਨ-'ਅਗਿਆਨਤਾ ਤੋਂ ਵੱਡਾ ਹੋਰ ਕੋਈ ਵੈਰੀ ਨਹੀਂ'-ਮਹਾਤਮਾ ਗਾਂਧੀ, 'ਦੁੱਖਾਂ ਦੀ ਸਿਖਰ ਹੀ ਸੁੱਖਾਂ ਦੀ ਸ਼ੁਰੂਆਤ ਹੈ'-ਰਾਬਿੰਦਰ ਨਾਥ ਟੈਗੋਰ 'ਕਿਰਿਆਸ਼ੀਲ ਰਹਿਣਾ ਹੀ ਜ਼ਿੰਦਗੀ ਹੈ।' 'ਸ਼ਰਨ ਖੁਸ਼ੀ ਦਾ ਮੂਲ ਹੈ-ਮਹਾਤਮਾ ਬੁੱਧ, ਆਪਣੇ ਆਪ ਨਾਲ ਸੱਚੇ ਰਹੋ-ਸ਼ੈਕਸਪੀਅਰ, 'ਬੁਰਾਈਆਂ ਦਾ ਮੁੱਖ ਇਲਾਜ ਇਨਸਾਨ ਦਾ ਚੰਗਾ ਗਿਆਨ ਹੈ'-ਮੁਨਸ਼ੀ ਪ੍ਰੇਮ ਚੰਦ। ਇਸੇ ਤਰ੍ਹਾਂ ਸਵਾਮੀ ਵਿਵੇਕਾਨੰਦ, ਆਚਾਰੀਆ ਵਿਨੋਬਾ ਭਾਵੇ, ਸ਼ੇਖ ਸਾਅਦੀ, ਐਮਰਸਨ, ਗੇਟੇ, ਅਬਰਾਹਮ ਲਿੰਕਨ, ਚੈਖੋਵ, ਖ਼ਲੀਲ ਜਿਬਰਾਨ, ਸੁਕਰਾਤ, ਅਰਸਤੂ, ਕਾਰਲ ਮਾਰਕਸ, ਪਲੈਟੋ, ਮਿਲਟਨ ਸਮੇਤ ਵਿਸ਼ਵ ਦੇ ਨਾਮਵਰ ਵਿਦਵਾਨਾਂ ਦੇ ਅਨੇਕ ਵਿਚਾਰ ਦਿੱਤੇ ਗਏ ਹਨ। ਫੁਟਕਲ ਸਿਆਸੀ ਸਮਾਜਿਕ, ਨੈਤਿਕ, ਵਿਹਾਰਕ, ਸਿੱਖਿਆ ਭਰਪੂਰ, ਜੀਵਨ ਨੂੰ ਸੇਧ ਦੇਣ ਵਾਲੇ ਆਚਾਰੀਆ ਰਜਨੀਸ਼ ਦੇ ਵਿਚਾਰ ਤੇ ਫੁਟਕਲ ਖਿਆਲ ਵੀ ਪੁਸਤਕ ਦੀ ਜ਼ੀਨਤ ਹਨ। ਭਗਤ ਕਬੀਰ, ਆਚਾਰੀਆ ਰਾਮਾਨੁਜ, ਸ਼ੇਖ਼ ਹਾਰੂਨ, ਸੰਤ ਤੁਕਾ ਰਾਮ ਸਮੇਤ ਅਨੇਕਾਂ ਅਗਿਆਤ ਵਿਚਾਰਾਂ ਨੂੰ ਵੀ ਥਾਂ ਦਿੱਤੀ ਗਈ ਹੈ। ਪੁਸਤਕ ਦੀ ਇਕ ਹੋਰ ਖੂਬੀ ਹੈ-ਲੋਕ ਕਹਾਵਤਾਂ/ਅਖਾਣਾਂ ਨੂੰ ਵਿਚਾਰਾਂ ਦੇ ਤੌਰ 'ਤੇ ਪਾਠਕਾਂ ਦੇ ਸਨਮੁੱਖ ਕਰਨਾ, ਜਿਵੇਂ ਆਪਣੇ-ਆਪ ਨੂੰ ਵੇਖਣਾ ਹੋਵੇ ਤਾਂ ਆਪਣੇ ਦੋਸਤ ਦੀ ਨਜ਼ਰ ਤੋਂ ਦੇਖੋ। ਮਨੁੱਖੀ ਮਨ ਅੰਦਰ ਉਪਜਿਆ ਕ੍ਰੋਧ, ਅਕਲ ਤੇ ਸਿਆਣਪ ਨੂੰ ਬਾਹਰ ਕੱਢ ਦਿੰਦਾ ਹੈ। ਲੋਭੀ ਬੰਦੇ ਨੂੰ ਹੋਰ ਔਗਣਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਲੋਭ ਸਭ ਔਗਣਾਂ ਦਾ ਮੂਲ ਹੈ। ਪੰਨਾ (123)। ਇਹ ਪੁਸਤਕ ਗਿਆਨ ਰੂਪੀ ਖਜ਼ਾਨਾ ਹੈ।

-ਤੀਰਥ ਸਿੰਘ ਢਿੱਲੋਂ
tirathsinghdhillon04@gmail.com

c c c

ਨਵੇਂ ਬਿੰਬ
ਕਵੀ : ਭੁਪਿੰਦਰ ਸ਼ਾਹੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫੇ : 118
ਸੰਪਰਕ : 98142-53605.

ਭੁਪਿੰਦਰ ਸ਼ਾਹੀ ਦੀ ਹਥਲੀ ਪੁਸਤਕ 59 ਖੁੱਲ੍ਹੀਆਂ ਜਾਂ ਵਾਰਤਕ ਕਵਿਤਾਵਾਂ ਦਾ ਸੰਗ੍ਰਹਿ ਹੈ। ਇਨ੍ਹਾਂ ਕਵਿਤਾਵਾਂ ਦਾ ਰੰਗ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਹੋਰ ਅਜਿਹੇ ਮਸਲਿਆਂ ਦਾ ਹੈ, ਜੋ ਕਿ ਵਿਕਰਾਲ ਰੂਪ ਧਾਰਨ ਕਰਦੇ ਜਾ ਰਹੇ ਹਨ। ਕਵੀ ਭੁਪਿੰਦਰ ਸ਼ਾਹੀ ਨੇ ਆਪਣੀਆਂ ਕਵਿਤਾਵਾਂ ਵਿਚ ਇਤਿਹਾਸ ਅਤੇ ਮਿਥਿਹਾਸ ਨੂੰ ਆਪਣੇ ਵਿਚਾਰ ਪ੍ਰਗਟਾਉਣ ਲਈ ਇਕ ਸਹਾਇਕ ਤੱਤ ਵਾਂਗ ਸਫ਼ਲਤਾ ਸਹਿਤ ਵਰਤੋਂ ਕੀਤੀ ਹੈ : 'ਹੁਣ ਸਾਡੇ ਘਰਾਂ ਵਿਚ/ਸਰਵਣ ਪੁੱਤਰ ਨਹੀਂ/ਜੰਮਦੇ/ਰਿਸ਼ਤਿਆਂ ਦੀ ਪੰਡ/ਤੂੜੀ ਵਾਂਗ ਖਿੱਲਰ ਗਈ/ਤਲਾਬ ਅੰਦਰ'... 'ਕੁਟਿਲ ਚਾਲਾਂ ਨੂੰ/ਅੰਜਾਮ ਦੇਣ ਵਾਲੇ/ਕੌਰਵ ਹਥਿਆਰ ਸੰਭਾਲੀਂ/ਬੈਠੇ ਹਨ/ਦ੍ਰੋਣ ਵਰਗੇ ਗੁਰੂਆਂ ਦਾ/ਸ਼ਿਕਾਰ ਹੋਣਾ ਪਵੇਗਾ ਜੋ/ਸ਼ਿਸ਼ ਆਪਣੇ ਤੋਂ ਮੰਗ ਕੇ/ਗੁਰੂ ਦੱਖਣਾ/ਕਰ ਦੇਣਗੇ ਨਿਹੱਥਾ ਤੇ/ਘੇਰ ਕੇ ਮਾਰ ਦੇਣਗੇ...।'
ਕਵੀ ਮੌਜੂਦਾ ਵਿਵਸਥਾਈ ਪ੍ਰਬੰਧਨ ਬਾਰੇ ਚੇਤਨਾ ਸਹਿਤ ਵਾਰ ਕਰਦਾ ਹੈ। ਅਜੋਕੀ ਰਾਜਨੀਤੀ ਦੀਆਂ ਹੋਰ ਵਧ ਰਹੀਆਂ ਨੀਵਾਣਾਂ ਨੂੰ ਕਵੀ ਨੇ ਵਿਵੇਕ ਸਹਿਤ ਪੇਸ਼ ਕੀਤਾ ਹੈ। ਜੜ੍ਹਾਂ, ਮਾਯੂਸੀ ਦੇ ਪਲ, ਹਲਫ਼ਨਾਮਾ, ਸੰਧੂਰ ਤੇ ਬਾਰੂਦ, ਭਾਰਤੀ ਸੰਸਕ੍ਰਿਤੀ ਅਤੇ ਸਿਪਾਹ ਸਲਾਰ ਆਦਿ ਅਜਿਹੀਆਂ ਕਵਿਤਾਵਾਂ ਹਨ, ਜਿਨ੍ਹਾਂ ਵਿਚੋਂ ਕਵੀ ਦੀ ਵਿਵੇਕਤਾ ਅਤੇ ਕਾਵਿਕ ਸੰਵੇਦਨਾ ਦੇ ਦਰਸ਼ਨ ਹੁੰਦੇ ਹਨ। ਲੋਕਤੰਤਰ ਦੇ ਸਰੂਪ ਤੇ ਵਿਰੋਧ ਨੂੰ ਪੇਸ਼ ਕਰਦੀਆਂ ਸਤਰਾਂ ਵੇਖੋ : 'ਲੋਕਤੰਤਰ 'ਚ/ਰੋਜ਼ ਦੇਖਦੇ ਹਾਂ/ਗ਼ੈਰ-ਸਮਾਜੀ/ਅਨਸਰਾਂ ਦੇ ਪੁਤਲੇ/ਚੌਰਾਹੇ 'ਚ ਸੜਦਿਆਂ/.... ਸਮੇਂ ਦੇ ਬਦਲਣ ਨਾਲ/ਰਾਵਣਾਂ ਦੇ ਪੁਤਲੇ ਫਿਰ ਵੀ/ਸਾੜੇ ਜਾਂਦੇ ਨੇ/ਪਹਿਲਾਂ ਵਾਲੇ ਹੀ/ਸਿਰਫ ਬੰਦੇ ਬਦਲ/ਜਾਂਦੇ ਨੇ/ਉਹੀ ਹੁੰਦੀਆਂ ਨੇ ਥਾਵਾਂ/ਓਹੀ ਰਾਵਣ ਤੇ ਰਾਵਣਾਂ ਦਾ ਪ੍ਰਛਾਵਾਂ....'। ਕਵੀ ਨੇ ਪੁਸਤਕ ਵਿਚ ਧੀਆਂ ਦੇ ਸਤਿਕਾਰ, ਧਾਰਮਿਕ ਕੱਟੜਤਾ, ਆਰਥਿਕ ਨਾਬਰਾਬਰੀ ਅਤੇ ਸੱਭਿਆਚਾਰਕ ਉਲਟ ਪ੍ਰਵਿਰਤੀਆਂ ਆਦਿ ਨੂੰ ਕਾਵਿ ਵਿਸ਼ੇ ਬਣਾਇਆ ਹੈ।

-ਸੁਲੱਖਣ ਸਰਹੱਦੀ
ਮੋ: 94174-84337.

4/02/2017

 ਗਿੱਲ ਮੋਰਾਂਵਾਲੀ
ਰਚਨਾ ਅਤੇ ਸਮਾਜਕ ਸਾਪੇਖਤਾ
ਸੰਪਾਦਕ : ਡਾ: ਭਗਵੰਤ ਸਿੰਘ, ਡਾ: ਰਮਿੰਦਰ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 500 ਰੁਪਏ, ਸਫ਼ੇ : 580
ਸੰਪਰਕ : 98148-51500.

ਇਹ ਅਭਿਨੰਦਨ ਗ੍ਰੰਥ ਲੰਮੇ ਸਮੇਂ ਤੋਂ ਪ੍ਰਦੇਸੀਂ ਵਸਦੇ ਸ਼ਾਇਰ ਗਿੱਲ ਮੋਰਾਂਵਾਲੀ ਨੂੰ ਸਮਰਪਿਤ ਹੈ। ਇਸ ਪੁਸਤਕ ਵਿਚ ਸੱਠ ਕੁ ਵਿਦਵਾਨਾਂ ਨੇ ਗਿੱਲ ਮੋਰਾਂਵਾਲੀ ਦੀਆਂ ਰਚਨਾਵਾਂ ਬਾਰੇ ਆਪਣੇ ਵਿਚਾਰ ਅੰਕਿਤ ਕੀਤੇ ਹਨ। ਕਵੀ ਨੇ ਕਵਿਤਾਵਾਂ, ਗ਼ਜ਼ਲਾਂ, ਗੀਤਾਂ, ਦੋਹਿਆਂ ਆਦਿ ਨਾਲ ਸਾਹਿਤ ਦੀ ਝੋਲੀ ਭਰਪੂਰ ਕੀਤੀ ਹੈ। ਵਰ੍ਹਿਆਂ ਤੋਂ ਉਸ ਦੀ ਨਿਰੰਤਰ ਚਲਦੀ ਕਲਮ ਨੂੰ ਸਿਜਦਾ ਕਰਦਿਆਂ ਕਿਸੇ ਨੇ ਉਸ ਨੂੰ ਮਾਖਿਓਂ ਮਿੱਠਾ ਸ਼ਾਇਰ, ਕਿਸੇ ਨੇ ਯੁੱਗ ਲੇਖਕ, ਕਿਸੇ ਨੇ ਸਮਾਜ ਦਾ ਗੋਤਾਖੋਰ, ਕਿਸੇ ਨੇ ਨਵੀਆਂ ਪੁਲਾਂਘਾਂ ਦਾ ਰਾਹੀ, ਕਿਸੇ ਨੇ ਔਰਤ ਦੇ ਹੱਕਾਂ ਦੀ ਆਵਾਜ਼, ਕਿਸੇ ਨੇ ਮਾਨਵਵਾਦੀ ਸ਼ਾਇਰ, ਕਿਸੇ ਨੇ ਪੰਜਾਬੀ ਜਗਤ ਦਾ ਚਮਕਦਾ ਸਿਤਾਰਾ ਅਤੇ ਕਿਸੇ ਨੇ ਨਿੱਕੀਆਂ ਸਤਰਾਂ ਦਾ ਵੱਡਾ ਕਵੀ ਕਹਿ ਕੇ ਨਿਵਾਜਿਆ ਹੈ। ਆਓ, ਆਪਾਂ ਵੀ ਉਸ ਦੀ ਸ਼ਾਇਰੀ ਦੀਆਂ ਕੁਝ ਝਲਕਾਂ ਮਾਣੀਏ-
-ਸੇਵਾ, ਸਾਂਝੀ ਦੋਸਤੀ,
ਭੁੱਲ ਮਾਇਆ ਇਨਸਾਨ।
ਪਰਦੇਸਾਂ ਵਿਚ ਹਰ ਜਗਾਹ,
ਮਤਲਬ ਹੈ ਪ੍ਰਧਾਨ।
-ਪੁੱਤਰਾਂ ਧੀਆਂ ਨੂੰ ਸਦਾ,
ਇਕ ਪੱਲੜੇ ਤੇ ਤੋਲ
ਪੁੱਤਰਾਂ ਖਾਤਰ ਧੀ ਕਦੇ,
ਪੈਰਾਂ ਹੇਠ ਨਾ ਰੋਲ।
-ਜਿਸ ਦੇ ਪੇਟੋਂ ਜਨਮ ਕੇ,
ਸਭ ਕੁਝ ਦਿੱਤਾ ਵਾਰ।
ਉਹ ਹੀ ਬੰਦਾ ਨਾ ਕਰੇ,
ਔਰਤ ਦਾ ਸਤਿਕਾਰ।
-ਛੋਟਾ ਵੱਡਾ ਕੁਝ ਨਹੀਂ,
ਛੋਟੀ ਵੱਡੀ ਸੋਚ।
ਮਾੜਾ ਮਾੜਾ ਛੱਡ ਕੇ,
ਚੰਗਾ-ਚੰਗਾ ਲੋਚ।
-ਨਾ ਰਹਿਣੀ ਇਹ ਜ਼ਿੰਦਗੀ,
ਨਾ ਝਗੜੇ ਨਾ ਰੋਸ।
ਇਕ ਦਿਨ ਮਰਨਾ ਸੱਚ ਹੈ,
ਨਾ ਕਰਮਾਂ ਨੂੰ ਕੋਸ।
ਪੁਸਤਕ ਦੇ ਅੰਤ ਵਿਚ ਗਿੱਲ ਮੋਰਾਂਵਾਲੀ ਦੀਆਂ ਰਚਨਾਵਾਂ ਉੱਤੇ ਛਪੇ ਰੀਵਿਊ ਵੀ ਸ਼ਾਮਿਲ ਕੀਤੇ ਗਏ ਹਨ। ਉਸ ਦਾ ਜੀਵਨ ਬਿਉਰਾ, ਸਨਮਾਨਾਂ ਦਾ ਵੇਰਵਾ ਅਤੇ ਕੁਝ ਤਸਵੀਰਾਂ ਵੀ ਪਾਠਕਾਂ ਦੀ ਨਜ਼ਰ ਕੀਤੀਆਂ ਹਨ। ਸੰਪਾਦਕਾਂ ਦਾ ਉੱਦਮ ਸ਼ਲਾਘਾਯੋਗ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

c c c

ਕੇ.ਐਲ. ਗਰਗ ਦੇ ਨਾਵਲੀ ਸਰੋਕਾਰ ਅਤੇ ਪ੍ਰਵਚਨ
ਸੰਪਾਦਕ : ਡਾ: ਸੁਰਜੀਤ ਬਰਾੜ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 375 ਰੁਪਏ, ਸਫ਼ੇ : 192
ਸੰਪਰਕ : 98553-71313.

ਡਾ: ਸੁਰਜੀਤ ਬਰਾੜ ਦੁਆਰਾ ਸੰਪਾਦਿਤ ਇਸ ਪੁਸਤਕ ਵਿਚ ਕੇ.ਐਲ. ਗਰਗ ਦੇ 7 ਨਾਵਲਾਂ (ਦਰਅਸਲ, ਤਲਾਸ਼, ਹੁੰਮਸ, ਧਾਰਾਂ ਵਾਲਾ ਪੁਲ, ਆਖਰੀ ਪੱਤਾ, ਤਮਾਸ਼ਾ, ਹਿੱਲਦੇ ਦੰਦ) ਸਬੰਧੀ ਵੱਖ-ਵੱਖ ਵਿਦਵਾਨਾਂ ਵੱਲੋਂ ਲਿਖੇ ਗਏ ਲਗਪਗ ਦੋ ਦਰਜਨ ਖੋਜ ਨਿਬੰਧ ਸ਼ਾਮਿਲ ਕੀਤੇ ਗਏ ਹਨ। ਨਿਬੰਧਾਂ ਤੋਂ ਬਿਨਾਂ ਸਵੈ-ਸੰਵਾਦ, ਇਕ ਰੂਬਰੂ, ਕੁਝ ਰੀਵਿਊ ਅਤੇ ਲੇਖਕ ਦਾ ਜੀਵਨ ਬਿਉਰਾ ਵੀ ਉਪਲਬਧ ਹੈ। ਖੋਜ ਨਿਬੰਧਕਾਰਾਂ ਵਿਚ ਸੁਰਜੀਤ ਗਿੱਲ (ਦਰਅਸਲ), ਡਾ: ਵਿਨੋਦ (ਤਲਾਸ਼), 'ਹੁੰਮਸ' (ਡਾ: ਵਿਨੋਦ, ਡਾ: ਹਰਿਭਜਨ ਸਿੰਘ), ਧਾਰਾਂ ਵਾਲਾ ਪੁਲ (ਡਾ: ਦਵੇਸ਼ਵਰ, ਡਾ: ਸੁਖਦੇਵ ਖਾਹਰਾ, ਪ੍ਰੋ: ਤਰਸੇਮ ਅਮਰ), ਆਖਰੀ ਪੱਤਾ (ਡਾ: ਰਜਨੀਸ਼, ਡਾ: ਗੁਰਜੰਟ ਸਿੰਘ, ਬਾਲ ਆਨੰਦ, ਹਰਿੰਦਰ ਸਿੰਘ ਬਰਾੜ), ਤਮਾਸ਼ਾ (ਸੁਰਜੀਤ ਗਿੱਲ, ਡਾ: ਸੁਰਜੀਤ ਬਰਾੜ, ਡਾ: ਨਿਰਾਲਾ, ਪ੍ਰੋ: ਬ੍ਰਹਮਜਗਦੀਸ਼, ਡਾ: ਗੁਰਮੇਲ, ਡਾ: ਸ਼ਰਨਜੀਤ ਕੌਰ, ਡਾ: ਦਵਿੰਦਰ ਬੋਹਾ), ਹਿੱਲਦੇ ਦੰਦ (ਡਾ: ਸੁਰਜੀਤ ਬਰਾੜ, ਪ੍ਰੋ: ਜੇ.ਬੀ. ਸੇਖੋਂ, ਡਾ: ਸੀਮਾ ਭਾਟੀਆ, ਪ੍ਰੋ: ਰਮਨਪ੍ਰੀਤ ਕੌਰ, ਡਾ: ਗੁਰਜੀਤ ਸੰਧੂ) ਆਦਿ ਸ਼ਾਮਿਲ ਹਨ।
ਇਸ ਪੁਸਤਕ ਦਾ ਅਧਿਐਨ ਕਰਦਿਆਂ ਕੇ. ਐਲ. ਗਰਗ ਦੇ ਨਾਵਲੀ ਸਰੋਕਾਰਾਂ ਬਾਰੇ ਕੁਝ ਪ੍ਰਮੁੱਖ ਨੁਕਤੇ ਪੱਲੇ ਪੈਂਦੇ ਹਨ ਜਿਵੇਂ ਕਿ ਸਮਾਜ ਦੀਆਂ ਕੋਝੀਆਂ ਹਰਕਤਾਂ 'ਤੇ ਵਿਅੰਗ, ਸਮਾਜਿਕ ਤ੍ਰਾਸਦੀਆਂ ਹੰਢਾਉਂਦੇ ਪਾਤਰ, ਆਧੁਨਿਕ ਅਪ੍ਰਮਾਣਿਕ ਮਨੁੱਖ, ਧਰਮ ਅਤੇ ਸਿਆਸਤ ਦੀ ਖੇਡ, ਇਸਤਰੀ ਦਾ ਨਾਰੀਵਾਦੀ ਸੰਘਰਸ਼, ਦੁਖਦਾਈ ਰਿਸ਼ਤਿਆਂ ਤੋਂ ਛੁਟਕਾਰਾ, ਔਰਤ-ਮਰਦ ਦੀ ਇਕ-ਦੂਜੇ ਨਾਲ ਪੂਰਨਤਾ, ਸੱਭਿਆਚਾਰਕ ਸੰਵੇਦਨਸ਼ੀਲਤਾ ਦਾ ਭੰਜਨ, ਮਜ਼ਦੂਰ-ਯੂਨੀਅਨਾਂ ਦੇ ਸਥਾਪਨਾ-ਪੂਜ ਪੈਂਤੜੇ, ਜਵਾਨੀ ਵਿਚ ਹੀ ਬੁਢਾਪੇ ਪ੍ਰਤੀ ਜਾਗਰੂਕਤਾ ਆਦਿ ਅਜਿਹੇ ਹੀ ਸਰੋਕਾਰਾਂ ਦੀ ਮਾਲਾ ਦੇ ਮਣਕੇ ਵਿਅੰਗ ਦੀ ਡੋਰ ਵਿਚ ਪਰੁੱਚੇ ਵੇਖੇ ਜਾ ਸਕਦੇ ਹਨ।
ਨਾਵਲਕਾਰ ਦੀ ਸਿਰਜਣ ਪ੍ਰਕਿਰਿਆ ਦੀਆਂ ਵਿਲੱਖਣਤਾਵਾਂ ਦੀ ਵੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਗਰਗ ਕਿਸੇ ਵੀ ਨਾਵਲ ਦੀ ਪਹਿਲਾਂ ਰੂਪ-ਰੇਖਾ ਤਿਆਰ ਨਹੀਂ ਕਰਦਾ। ਇਕ ਨੁਕਤੇ ਅਤੇ ਇਕ ਪਾਤਰ ਤੋਂ ਆਪਣੀ ਗੱਲ ਸ਼ੁਰੂ ਕਰਦਾ ਹੈ। ਬਾਕੀ ਕਥਾਨਕੀ ਅੰਸ਼ ਅਤੇ ਪਾਤਰ ਆਪਣੇ ਆਪ ਹੀ ਰੂਪ ਧਾਰਦੇ, ਸ਼ਮੂਲੀਅਤ ਕਰਦੇ ਚਲੇ ਜਾਂਦੇ ਹਨ। ਇੰਜ ਉਹ ਕਠਪੁਤਲੀ ਪਾਤਰ ਨਹੀਂ ਸਿਰਜਦਾ। ਉਹ ਵਡ-ਆਕਾਰੀ ਨਾਵਲ ਨਹੀਂ ਸਿਰਜਦਾ। ਸ਼ਹਿਰ ਜਾਂ ਪਿੰਡ ਨਾਲੋਂ ਕਸਬੇ 'ਚੋਂ ਹੀ ਨਾਵਲ ਦੀ ਫੇਬੁਲਾ ਚੁਣਦਾ ਹੈ। ਵਿਚਾਰਧਾਰਾ ਦੀ ਪ੍ਰਸਤੁਤੀ ਲੇਖਕ ਬੋਲ ਕੇ ਨਹੀਂ ਕਰਦਾ, ਸਗੋਂ ਨਾਵਲੀ ਘਟਨਾਵਾਂ ਖ਼ੁਦ ਇਹ ਕਾਰਜ ਕਰਦੀਆਂ ਹਨ। ਉਸ ਦੇ ਨਾਵਲਾਂ ਦਾ ਮਾਡਲ ਹਮੇਸ਼ਾ ਹੀ ਮੌਲਿਕ ਹੁੰਦਾ ਹੈ।
ਸੰਪਾਦਕ ਨੇ ਸਾਰੇ ਨਾਵਲਾਂ ਦੇ ਖੋਜ ਪੱਤਰਾਂ ਨੂੰ ਢੁਕਵੀਂ ਤਰਤੀਬ ਪ੍ਰਦਾਨ ਕੀਤੀ ਹੈ ਤਾਂ ਜੋ ਪਾਠਕ ਮਨ 'ਤੇ ਲੇਖਕ ਦੇ ਨਾਵਲੀ ਸਰੋਕਾਰਾਂ ਅਤੇ ਪ੍ਰਵਚਨ ਦਾ ਬੱਝਵਾਂ ਪ੍ਰਭਾਵ ਪੈ ਸਕੇ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c


ਬਨਵਾਸ

ਲੇਖਕ : ਦਮਜੀਤ ਦਰਸ਼ਨ
ਪ੍ਰਕਾਸ਼ਨ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 72
ਸੰਪਰਕ : 94641-30906.

ਦਮਜੀਤ ਦਰਸ਼ਨ ਦੀ ਨਵ-ਪ੍ਰਕਾਸ਼ਿਤ ਕਾਵਿ ਪੁਸਤਕ 'ਬਨਵਾਸ' ਬਹੁਪੱਖੀ ਸਮਾਜਿਕ ਵਿਸ਼ਿਆਂ ਨੂੰ ਆਪਣੇ ਕਲੇਵਰ ਵਿਚ ਲੈਂਦੀ ਹੈ। ਕਵੀ ਦੀਆਂ ਕਵਿਤਾਵਾਂ ਮਨੁੱਖ ਨੂੰ ਦਰਪੇਸ਼ ਸੰਕਟਾਂ, ਸਮੱਸਿਆਵਾਂ ਅਤੇ ਚਿੰਤਾਵਾਂ ਦੀ ਨਿਸ਼ਾਨਦੇਹੀ ਕਰਦੀਆਂ ਹੋਈਆਂ ਇਨ੍ਹਾਂ ਦੇ ਸਮਾਧਾਨ ਦੀ ਤਲਾਸ਼ ਕਰਨ ਦੀ ਪ੍ਰੇਰਣਾ ਦਿੰਦੀਆਂ ਹਨ। ਇਸ ਸੰਗ੍ਰਹਿ ਵਿਚਲੀਆਂ ਬਹੁਗਿਣਤੀ ਕਵਿਤਾਵਾਂ ਪ੍ਰਬੰਧ ਦੀਆਂ ਗ਼ਲਤ ਨੀਤੀਆਂ ਦੀ ਮੁਖ਼ਾਲਫ਼ਤ ਕਰਦੀਆਂ ਹਨ। ਜੋ ਘਟੀਆ ਵਰਤਾਰੇ ਚੌਗਿਰਦੇ ਵਿਚ ਸ਼ਰੇਆਮ ਵਾਪਰ ਰਹੇ ਹਨ, ਕਵੀ ਉਨ੍ਹਾਂ ਨੂੰ ਬੜੀ ਬੇਬਾਕੀ ਨਾਲ ਨਿੰਦਦਾ ਹੀ ਨਹੀਂ, ਸਗੋਂ ਜ਼ਿੰਮੇਵਾਰ ਵਿਅਕਤੀਆਂ ਨੂੰ ਕਟਹਿਰੇ ਵਿਚ ਖੜ੍ਹਾ ਕਰਕੇ ਢੁਕਵੀਂ ਸਜ਼ਾ ਦੇਣ ਦੀ ਤਾਈਦ ਵੀ ਕਰਦਾ ਹੈ। ਕਵੀ ਦੀ ਕਵਿਤਾ 'ਝੀਥਾਂ ਦਾ ਚਾਨਣ' ਦੀਆਂ ਇਹ ਸਤਰਾਂ ਵਿਸ਼ੇਸ਼ ਤੌਰ 'ਤੇ ਉਲੇਖਯੋਗ ਹਨ, ਜਿਹੜੀਆਂ ਪ੍ਰਤੀਕਾਤਮਕ ਸ਼ੈਲੀ ਵਿਚ ਆਪਣੇ ਅਰਥਾਂ ਦਾ ਸੰਚਾਰ ਕਰਦੀਆਂ ਹਨ :
ਕਾਲੀ ਇਸ ਰਾਤ ਦੇ ਰਾਜਿਓ!
ਚੌਕੀਦਾਰੋ!! ਸਿਪਾਹ-ਸਿਲਾਰੋ!!!
ਆਵਾਮ ਨੂੰ ਚੈਨ ਨਾਲ ਸੌਣ ਦਿਉ
ਕੁਆਰੀ ਨੀਂਦ ਨੂੰ ਹੋਰ ਜ਼ਖ਼ਮੀ ਨਾ ਕਰੋ
ਸੂਰਜ ਨੂੰ ਮੁੱਠੀ 'ਚ ਬੰਦ ਕਰਨ ਦੇ
ਸੁਪਨੇ ਨਾ ਲਵੋ
ਹੱਥ ਬਾਹਾਂ ਸਣੇ ਸੜ ਜਾਣਗੇ। (ਪੰਨਾ 50)
ਕੁਝ ਹੋਰ ਅਜਿਹੀਆਂ ਸੁਰ-ਪ੍ਰਧਾਨ ਕਵਿਤਾਵਾਂ ਵਿਚੋਂ 'ਖ਼ੁਦਕੁਸ਼ੀ', 'ਧੂਣੀ', 'ਖ਼ਬਰਾਂ', 'ਘਾਣ', 'ਗਰਮ ਹਵਾ', 'ਸਪੈਸ਼ਲ ਵਾਰਡ', 'ਕਤਲਗਾਹ', 'ਲਹੂ ਦੀ ਕਸਮ' ਅਤੇ 'ਕਾਣੀ ਵੰਡ' ਆਦਿ ਦੇ ਨਾਂਅ ਲਏ ਜਾ ਸਕਦੇ ਹਨ। ਕਵਿਤਾ 'ਤਿੜਕਿਆ ਮਹਿਲ' ਕੇਵਲ ਸ਼ਿਕਾਗੋ ਵਿਚ ਮਜ਼ਦੂਰਾਂ 'ਤੇ ਹੋਏ ਅਸਹਿ ਜ਼ੁਲਮਾਂ ਦੀ ਗਾਥਾ ਦਾ ਹੀ ਬਿਆਨ ਨਹੀਂ, ਸਗੋਂ ਇਹ ਪੂਰੀ ਦੁਨੀਆ ਦੀ ਸ਼੍ਰੇਣੀ ਦੀ ਪ੍ਰਤੀਨਿਧਤਾ ਕਰਦੀ ਹੈ। ਇਹ ਕਵਿਤਾਵਾਂ ਬੇਰੁਜ਼ਗਾਰੀ, ਔਰਤ ਦੀ ਨਿਰਾਦਰੀ, ਭ੍ਰਿਸ਼ਟਾਚਾਰ, ਆਪੋਧਾਪੀ, ਕਿਰਤ ਦੀ ਲੁੱਟ-ਖਸੁੱਟ, ਇਨਸਾਨੀਅਤ ਦੀ ਦੁਰਦਸ਼ਾ ਅਤੇ ਧੀਆਂ-ਧਿਆਣੀਆਂ ਨਾਲ ਹੋ ਰਹੇ ਜ਼ਾਲਮਾਨਾ ਵਿਵਹਾਰ ਉੱਪਰ ਹੰਝੂ ਕੇਰਦੀਆਂ ਪ੍ਰਤੀਤ ਹੁੰਦੀਆਂ ਹਨ। ਕਵੀ ਆਪਣੀ ਸ਼ਾਇਰੀ ਰਾਹੀਂ ਇਕ ਅਜਿਹੇ ਸਮਾਜ ਦੀ ਉਸਾਰੀ ਦਾ ਸੁਪਨਾ ਲੋਚਦਾ ਹੈ, ਜਿੱਥੇ ਹਰ ਇਕ ਨੂੰ ਬਰਾਬਰ ਹਕੂਕ ਮਿਲ ਸਕਣ। ਕਵੀ ਨੇ ਖ਼ੂਬਸੂਰਤ ਬਿੰਬ, ਤਸ਼ਬੀਹਾਂ ਅਤੇ ਅਲੰਕਾਰਾਂ ਦੀ ਵਰਤੋਂ ਕਰਕੇ ਇਸ ਕਾਵਿ ਸੰਗ੍ਰਹਿ ਨੂੰ ਮਾਣਨਯੋਗ ਅਤੇ ਸਾਂਭਣਯੋਗ ਬਣਾ ਦਿੱਤਾ ਹੈ। ਪੁਸਤਕ ਦਾ ਟਾਈਟਲ ਬਹੁਤ ਕੁਝ ਅਣਕਿਹਾ ਵੀ ਕਹਿ ਰਿਹਾ ਹੈ।

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋ: 9814423703.

c c c

ਤਰਕਸ਼ੀਲ ਵਿਚਾਰ ਸੰਚਾਰ
ਸੰਪਾ : ਮੱਖਣ ਸਿੰਘ ਜੌਹਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 160
ਸੰਪਰਕ : 78377-18723.

ਹੱਥਲੇ ਲੇਖ-ਸੰਗ੍ਰਹਿ ਵਿਚ ਮੱਖਣ ਸਿੰਘ ਜੌਹਲ ਨੇ 39 ਵੱਖ-ਵੱਖ ਵਿਦਵਾਨਾਂ ਦੁਆਰਾ ਲਿਖੇ ਲੇਖਾਂ ਨੂੰ ਇਕੱਠੇ ਕਰਕੇ ਸੰਪਾਦਤ ਕੀਤਾ ਹੈ, ਜਿਸ ਵਿਚ ਲੋਕਾਂ ਦੇ ਮਨਾਂ ਅੰਦਰ ਬਹੁਤ ਸਾਰੀਆਂ ਸ਼ੰਕਾਵਾਂ ਦੀ ਪੇਸ਼ਕਾਰੀ ਕੀਤੀ ਗਈ ਹੈ। ਅਜੋਕੇ ਸਮੇਂ ਦੇ ਬਾਬਾ-ਨੁਮਾ ਸੱਭਿਆਚਾਰ ਨੂੰ ਠੱਲ੍ਹ ਪਾਉਣ ਲਈ ਉਨ੍ਹਾਂ ਦੀ ਇਹ ਕਿਤਾਬ ਅਜੋਕੇ ਸਮੇਂ ਦੇ ਹਾਣ ਦੀ ਹੈ। ਸਾਰੇ ਲੇਖਾਂ ਵਿਚ ਵਹਿਮਾਂ-ਭਰਮਾਂ ਦਾ ਹੀ ਖੰਡਨ ਕੀਤਾ ਗਿਆ ਹੈ, ਜਿਵੇਂ-'ਕਿਸਮਤ ਨੂੰ ਭੁੱਲ ਜਾਵੋ ਅੱਗੇ ਵਧੋ', 'ਧਰਮ ਦੀ ਨਿਰਦਈ ਪਰੰਪਰਾ ਇਸਤਰੀਆਂ ਦੀ ਸੁੰਨਤ', 'ਮਨੁੱਖ ਅਤੇ ਮੰਤਵ', 'ਭਗਵਾਨ ਦਾ ਨਹੀਂ ਵਾਸ਼ਨਾ ਦਾ ਪੁਜਾਰੀ', 'ਨੈਤਿਕਤਾ ਅਤੇ ਨਾਸਿਕਤਾ', 'ਮਿੱਥਾਂ', 'ਰਾਸ਼ੀਆਂ ਦਾ ਸੱਚ', 'ਰੱਬ ਨਾ ਗੁੰਝਲ ਨਾ ਬੁਝਾਰਤ', 'ਅਸੀਂ, ਧਰਮ ਅਤੇ ਰੱਬ', 'ਤਰਕ ਦੇ ਅੰਗ-ਸੰਗ', 'ਦਾਨ ਕਦੋਂ ਅਤੇ ਕਿੱਥੇ ਕਰੀਏ', 'ਨਸ਼ਾ ਅਤੇ ਵਿਵੇਕ' ਸਾਰੇ ਲੇਖਾਂ ਵਿਚ ਹੀ ਤਰਕ ਨੂੰ ਮਜ਼ਬੂਤ ਦਰਸਾਇਆ ਗਿਆ ਹੈ। ਸਾਰੇ ਲੇਖ ਹੀ ਤਰਕਸ਼ੀਲ ਮੈਗਜ਼ੀਨਾਂ ਵਿਚ ਛਪੇ ਗਏ ਹਨ ਤੇ ਲੇਖਕ ਨੇ ਇਕ ਪੁਸਤਕ ਵਿਚ ਇਨ੍ਹਾਂ ਵੱਖ-ਵੱਖ ਲੇਖਕਾਂ ਦੇ ਲੇਖਾਂ ਨੂੰ ਸੰਪਾਦਿਤ ਕਰਕੇ ਇਕ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਤਰ੍ਹਾਂ 'ਕੁਦਰਤ ਅੰਨ੍ਹੀ ਅਤੇ ਬੋਲੀ ਹੈ, ਇਸ ਨਾਲ ਛੇੜ-ਛਾੜ ਬਹੁਤ ਹੀ ਖ਼ਤਰਨਾਕ' ਅਮਰਜੀਤ ਢਿੱਲੋਂ ਦਾ ਲੇਖ ਵੀ ਗੌਲਣਯੋਗ ਹੈ ਅਤੇ ਭਾਰਤ ਭੂਸ਼ਨ, ਡਾ: ਅਜਮੇਰ ਸਿੰਘ ਅਤੇ ਡਾ: ਸ਼ਿਆਮ ਸੁੰਦਰ ਦੀਪਤੀ ਸਾਰੇ ਲੇਖਕਾਂ ਨੇ ਹੀ ਤਰਕ ਦੇ ਆਧਾਰ 'ਤੇ ਅਸਲੀਅਤ ਨੂੰ ਸਾਹਮਣੇ ਲੈ ਆਂਦਾ ਹੈ।

-ਗੁਰਬਿੰਦਰ ਕੌਰ ਬਰਾੜ
ਮੋ: 09855395161

c c c

ਪਰਵਾਸੀ ਪੰਜਾਬੀ ਕਾਵਿ
ਮੂਲ ਸਰੋਕਾਰ
ਲੇਖਿਕਾ : ਡਾ: ਹਰਮੀਤ ਕੌਰ
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ, ਕਾਲਾਂਵਾਲੀ (ਸਿਰਸਾ)
ਮੁੱਲ : 150 ਰੁਪਏ, ਸਫ਼ੇ : 160
ਸੰਪਰਕ : 094164-91250.

ਪਰਵਾਸ ਅਜੀਬ ਵਰਤਾਰਾ ਹੈ। ਇਕ ਸਦੀ ਪਹਿਲਾਂ ਪੰਜਾਬੀ ਬੰਦਾ ਮਜਬੂਰੀਵੱਸ ਦੁੱਖ-ਤਕਲੀਫ਼ਾਂ ਸਹਿੰਦਾ ਪਰਵਾਸ ਹੰਢਾਉਂਦਾ ਸੀ ਜਾਂ ਪਰਵਾਸ ਭੋਗਣ ਦੀ ਮਜਬੂਰੀ ਸੀ। ਪਰ ਅਜੋਕਾ ਮਨੁੱਖ ਚੰਗੇ ਤੇ ਬਿਹਤਰ ਜੀਵਨ ਕਾਰਨ ਪਰਵਾਸੀ ਹੋ ਰਿਹਾ ਹੈ। ਇਸ ਸਭ ਕੁਝ ਦੇ ਬਾਵਜੂਦ ਆਪਣੀ ਵੱਖਰਤਾ ਜਾਂ ਹੋਂਦ ਬਣਾਈ ਰੱਖਣਾ ਇਕ ਚੁਣੌਤੀ ਭਰਪੂਰ ਕਾਰਜ ਹੈ। ਮੁਢਲੇ ਪਰਵਾਸੀਆਂ ਨੇ ਕਈ ਪੀੜਾਂ ਹੰਢਾਈਆਂ ਹਨ। 'ਗ਼ਦਰ ਲਹਿਰ' ਵਰਗੀਆਂ ਸਥਿਤੀਆਂ ਦਾ ਵਾਪਰਨਾ ਇਸ ਸਥਿਤੀ ਦਾ ਉੱਤਮ ਨਮੂਨਾ ਹੈ। ਹਥਲੀ ਪੁਸਤਕ ਪਰਵਾਸੀ ਪੰਜਾਬੀ ਕਵਿਤਾ ਦਾ ਅਧਿਐਨ ਕਰਦੀ ਹੋਈ ਇਕ ਵਿਲੱਖਣ ਪਿਛੋਕੜ ਦੀ ਧਾਰਨੀ ਬਣਦੀ ਹੈ। ਇਸ ਕਵਿਤਾ ਦਾ ਆਪਣਾ ਸਮਾਜਿਕ, ਆਰਥਿਕ, ਰਾਜਨੀਤਕ, ਸੱਭਿਆਚਾਰਕ ਤੇ ਭੂਗੋਲਿਕ ਆਧਾਰ ਹੈ। ਪਰਵਾਸੀ ਭਾਈਚਾਰੇ ਨੂੰ ਪਰਵਾਸ ਦੌਰਾਨ ਕਈ ਸਮੱਸਿਆਵਾਂ ਸੰਗ ਵਿਚਰਨਾ ਪਿਆ ਹੈ, ਜਿਸ ਦਾ ਅਹਿਸਾਸ ਉਨ੍ਹਾਂ ਦੀਆਂ ਰਚਨਾਵਾਂ ਵਿਚ ਪੇਸ਼ ਹੋਇਆ ਹੈ। ਲੇਖਿਕਾ ਨੇ ਪਰਵਾਸੀ ਪੰਜਾਬੀ ਕਵਿਤਾ ਦੇ ਪਿਛੋਕੜ, ਮੂਲ ਸਰੋਕਾਰਾਂ ਅਤੇ ਇਸ ਕਵਿਤਾ ਵਿਚ ਪੇਸ਼ ਆਧੁਨਿਕ ਚੇਤਨਾ ਨੂੰ ਬਾਖੂਬੀ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਇੰਗਲੈਂਡ ਦੇ ਤਿੰਨ ਕਵੀ, ਜਿਨ੍ਹਾਂ ਵਿਚੋਂ ਦੋ ਵੱਡੇ ਸਥਾਪਤ ਨਾਂਅ ਹਨ-ਨਿਰੰਜਨ ਸਿੰਘ ਨੂਰ, ਜਗਤਾਰ ਢਾਅ ਦੀ ਸਮੁੱਚੀ ਰਚਨਾ ਦੇ ਵਿਚਾਰਾਧਾਰਾਈ ਅਧਿਐਨ ਅਤੇ ਵਿਸ਼ੇਗਤ ਵਿਸ਼ਲੇਸ਼ਣ ਰਾਹੀਂ ਪ੍ਰਸਤੁਤ ਕੀਤਾ ਹੈ। ਨੂਰ ਪਰਵਾਸੀ ਕਵਿਤਾ ਵਿਚ ਪ੍ਰਗਤੀਵਾਦੀ ਸੁਰ ਵਾਲਾ ਚਰਚਿਤ ਨਾਂਅ ਹੈ। ਉਹ ਸੁਹਿਰਦ ਕਵੀ ਹੈ, ਜਿਸ ਦੀ ਕਵਿਤਾ ਮਨੁੱਖ ਨੂੰ ਚੰਗੇਰੇ ਭਵਿੱਖ ਲਈ ਸੱਚ ਦੀ ਸਿਰਜਣਾ ਕਰਨ ਦੇ ਨਾਲ-ਨਾਲ ਸਮਾਜਿਕ ਕਲਿਆਣ ਦਾ ਸੰਦੇਸ਼ ਦਿੰਦੀ ਹੈ। ਜਗਤਾਰ ਢਾਅ ਪਰਵਾਸੀ ਸਰੋਕਾਰਾਂ ਨੂੰ ਬਾਖੂਬੀ ਚਿਤਰਦਾ ਹੈ। ਤੀਸਰਾ ਕਵੀ ਮੁਹਿੰਦਰ ਗਿੱਲ ਕਵਿਤਾ ਦੇ ਖੇਤਰ ਵਿਚ ਪਰਵਾਸੀ ਜੀਵਨ ਦੀਆਂ ਚੁਣੌਤੀਆਂ ਦੀ ਪੇਸ਼ਕਾਰੀ ਕਰਦਾ ਹੈ। ਇਸ ਤਰ੍ਹਾਂ ਇਹ ਪੁਸਤਕ ਪਰਵਾਸੀ ਮਨੁੱਖ ਦੀਆਂ ਸੰਵੇਦਨਾਵਾਂ ਦਾ ਪ੍ਰਗਟਾਵਾ ਕਰਦੀ ਹੋਈ ਪੰਜਾਬੀ ਸਾਹਿਤ ਦੇ ਵਿਕਾਸ ਵਿਚ ਵਾਧਾ ਕਰਦੀ ਹੈ। ਇਸ ਸਾਹਿਤ ਦੀ ਸਿਰਜਣਾ ਪਰਵਾਸੀ ਜੀਵਨ ਦੀਆਂ ਠੋਸ ਤੇ ਤਲਖ਼ ਹਕੀਕਤਾਂ ਦੇ ਸੰਘਰਸ਼ ਭਰੇ ਅਮਲਾਂ ਵਿਚੋਂ ਹੁੰਦੀ ਹੈ। ਇਸ ਕਾਰਜ ਦਾ ਸਵਾਗਤ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511

c c c

ਨਿਰਮਲ ਸੱਧਰਾਂ
ਸ਼ਾਇਰ : ਨਿਰਮਲ ਸਿੰਘ ਨਿਰਮਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 124
ਸੰਪਰਕ : 01881-222824.

ਕਿਸੇ ਵੇਲੇ ਪੰਜਾਬੀ ਵਿਚ ਸਟੇਜੀ ਕਵਿਤਾ ਦੀ ਚੜ੍ਹਤ ਸੀ ਪਰ ਅਜੋਕੇ ਦੌਰ ਵਿਚ ਇਸ ਨਾਲ ਸਬੰਧਤ ਸ਼ਾਇਰਾਂ ਦੀ ਗਿਣਤੀ ਸਿਮਟ ਗਈ ਹੈ। ਸ਼ਾਇਰ ਨਿਰਮਲ ਸਿੰਘ ਨਿਰਮਲ ਵਰਗੇ ਇਸ ਵਿਧਾ ਨੂੰ ਅੱਜ ਵੀ ਅੱਗੇ ਤੋਰ ਰਹੇ ਹਨ। ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਸ਼ਾਇਰ ਦੀਆਂ ਇਸ ਪੁਸਤਕ ਵਿਚ 65 ਰਚਨਾਵਾਂ ਸ਼ਾਮਿਲ ਹਨ।
ਇਨ੍ਹਾਂ ਵਿਚ ਉਸ ਦੀਆਂ ਕੁਝ ਗ਼ਜ਼ਲਾਂ ਤੇ ਰੁਬਾਈਆਂ ਵੀ ਹਨ। ਇਨ੍ਹਾਂ ਕਵਿਤਾਵਾਂ ਦੇ ਵਿਸ਼ੇ ਬਹੁਤਾ ਕਰਕੇ ਧਾਰਮਿਕ ਤੇ ਸਮਾਜਿਕ ਹਨ ਪਰ ਕੁਝ ਕਵਿਤਾਵਾਂ ਵਿਚ ਉਸ ਨੇ ਵਹਿਮਾਂ-ਭਰਮਾਂ 'ਤੇ ਵੀ ਭਰਪੂਰ ਵਿਅੰਗ ਕੀਤਾ ਹੈ। ਨਿਰਮਲ ਸਿੰਘ ਨਿਰਮਲ ਨੇ ਕੁਝ ਕਵਿਤਾਵਾਂ ਵਿਚ ਬਾਬਿਆਂ ਦੇ ਜਲਵੇ ਵੀ ਦਿਖਾਏ ਹਨ ਤੇ ਰਾਜਨੀਤੀਵਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਇਸ ਪੁਸਤਕ ਦੀਆਂ ਕਈ ਕਵਿਤਾਵਾਂ ਨਸੀਹਤਾਂ 'ਤੇ ਆਧਾਰਤ ਹਨ ਤੇ ਦੇਸ਼ ਪਿਆਰ ਨਾਲ ਸਬੰਧਤ ਕਵਿਤਾਵਾਂ ਵੀ ਚੋਖੀ ਗਿਣਤੀ ਵਿਚ ਛਪੀਆਂ ਮਿਲਦੀਆਂ ਹਨ।
ਤਿਉਹਾਰਾਂ ਨਾਲ ਤੇ ਕਿਸਾਨੀ ਰੁਝੇਵਿਆਂ ਨਾਲ ਜੁੜੀਆਂ ਕੁਝ ਰਚਨਾਵਾਂ ਵੀ ਟੁੰਬਦੀਆਂ ਹਨ। ਨਿਰਮਲ ਨੂੰ ਜ਼ਿੰਦਗੀ ਦੀਆਂ ਕੌੜੀਆਂ ਸਚਾਈਆਂ ਦਾ ਚੋਖਾ ਅਨੁਭਵ ਹੈ ਤੇ ਸਟੇਜੀ ਕਵਿਤਾ ਦਾ ਉਹ ਮਾਹਿਰ ਹੈ। ਇਸੇ ਕਾਰਨ ਉਸ ਦੀ ਕਾਵਿ ਵਿਧੀ ਪਾਠਕ ਨੂੰ ਪ੍ਰਭਾਵਿਤ ਕਰਦੀ ਹੈ। ਇਹ ਕਵਿਤਾਵਾਂ ਇਕ ਖ਼ਾਸ ਰੰਗ ਦੀਆਂ ਹੋਣ ਕਾਰਨ ਸਿੱਧੀਆਂ ਸਪਾਟ ਹਨ ਤੇ ਇਨ੍ਹਾਂ ਦੇ ਮਕਸਦ ਤੱਕ ਪਹੁੰਚਣ ਲਈ ਪੜ੍ਹਨ ਵਾਲੇ ਨੂੰ ਕੋਈ ਸਮੱਸਿਆ ਪੇਸ਼ ਨਹੀਂ ਆਉਂਦੀ। ਪਰੰਪਰਾ ਨੂੰ ਸੰਭਾਲੀ ਬੈਠੀਆਂ ਇਨ੍ਹਾਂ ਕਵਿਤਾਵਾਂ ਦਾ ਆਪਣਾ ਰੰਗ ਰੂਪ ਹੈ।

-ਗੁਰਦਿਆਲ ਰੌਸ਼ਨ
ਮੋ: 9988444002

28/01/2017

 ਅਲੋਪ ਹੋ ਰਹੇ ਪਸ਼ੂ-ਪੰਛੀ
ਕੋਸ਼ਕਾਰ : ਹਰਕੇਸ਼ ਸਿੰਘ ਕਹਿਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 450 ਰੁਪਏ, ਸਫ਼ੇ : 294
ਸੰਪਰਕ : 0172-4608699.

ਹਥਲੀ ਪੁਸਤਕ ਵਿਚ ਹਰਕੇਸ਼ ਸਿੰਘ ਕਹਿਲ ਨੇ 88 ਅਜਿਹੀਆਂ ਪ੍ਰਜਾਤੀਆਂ ਦਾ ਜ਼ਿਕਰ ਕੀਤਾ ਹੈ, ਜੋ ਵਧ ਰਹੀ ਆਬਾਦੀ ਅਤੇ ਪ੍ਰਦੂਸ਼ਣ ਦੇ ਕਾਰਨ ਖ਼ਤਰੇ ਦੇ ਨਿਸ਼ਾਨ ਹੇਠ ਆ ਗਈਆਂ ਹਨ ਅਤੇ ਲੋਪ ਹੋਣ ਦੀ ਕਗਾਰ 'ਤੇ ਹਨ। ਅਜਿਹੇ ਪਸ਼ੂ-ਪੰਛੀਆਂ ਵਿਚ ਲੂੰਬੜ, ਲਗੜ, ਮੈਨਾ, ਚੁਗ਼ਲ, ਬਿਜੜਾ, ਬਿੱਜੂ, ਪਿੱਦਾ, ਚੱਕੀਰਾਹਾ, ਤਿਲੀਅਰ, ਘੋਗੜ, ਅਬਾਬੀਲ ਅਤੇ ਸਾਰਸ ਆਦਿਕ ਕੁਝ ਅਜਿਹੇ ਜੀਵ ਹਨ, ਜਿਨ੍ਹਾਂ ਦਾ ਜ਼ਿਕਰ ਸਾਡੇ ਲੋਕਯਾਨ ਅਤੇ ਮੁਢਲੇ ਸਾਹਿਤ ਵਿਚ ਅਕਸਰ ਹੁੰਦਾ ਰਹਿੰਦਾ ਹੈ, ਪਰ ਨਵੀਂ ਪੀੜ੍ਹੀ ਇਨ੍ਹਾਂ ਪਸ਼ੂ-ਪੰਛੀਆਂ ਦੀ ਸ਼ਕਲ-ਸੂਰਤ ਤੋਂ ਬਿਲਕੁਲ ਅਣਜਾਣ ਅਤੇ ਅਪਰਿਚਿਤ ਹੋ ਚੁੱਕੀ ਹੈ। ਹਥਲੇ ਕੋਸ਼ ਦੇ ਅਧਿਐਨ ਦੁਆਰਾ ਇਹ ਆਪਣੇ ਲੋਕਯਾਨਿਕ ਵਿਰਸੇ ਅਤੇ ਵਣ-ਤ੍ਰਿਣ ਨੂੰ ਭਲੀ ਭਾਂਤ ਸਮਝ ਸਕੇਗੀ।
ਸ: ਕਹਿਲ ਨੇ ਹਰ ਇੰਦਰਾਜ ਦੇ ਆਰੰਭ ਵਿਚ ਸਬੰਧਤ ਪਸ਼ੂ-ਪੰਛੀ ਦਾ ਇਕ ਰੇਖਾ-ਚਿੱਤਰ (ਤਸਵੀਰ) ਦਿੱਤਾ ਹੈ। ਬਾਅਦ ਵਿਚ ਡੇਢ ਜਾਂ ਦੋ ਪੰਨਿਆਂ ਦੀਆਂ ਟਿੱਪਣੀਆਂ ਦੁਆਰਾ ਉਸ ਪਸ਼ੂ/ਪੰਛੀ ਦੀਆਂ ਆਦਤਾਂ ਅਤੇ ਖਾਧ-ਖੁਰਾਕ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪਸ਼ੂ-ਪੰਛੀਆਂ ਬਾਰੇ ਮਿਲਦੀਆਂ ਲੋਕ-ਕਹਾਣੀਆਂ ਅਤੇ ਲੋਕ ਗੀਤਾਂ ਦੇ ਪ੍ਰਮਾਣ ਵੀ ਦਿੱਤੇ ਗਏ ਹਨ। ਉਦਾਹਰਨ ਵਜੋਂ 'ਚੁਗ਼ਲ' ਪੰਛੀ ਬਾਰੇ ਵਿਵਰਣ ਪੇਸ਼ ਕਰਦਾ ਹੋਇਆ ਉਹ ਲਿਖਦਾ ਹੈ, 'ਚੁਗ਼ਲ ਇਕ ਅਜਿਹਾ ਪੰਛੀ ਹੈ, ਜਿਹੜਾ ਰਾਤ ਨੂੰ ਆਪਣਾ ਸ਼ਿਕਾਰ ਕਰਦਾ ਹੈ। ਇਸ ਦਾ ਰੰਗ-ਰੂਪ ਅਤੇ ਆਦਤਾਂ ਉੱਲੂ ਵਰਗੀਆਂ ਹਨ। ਦਿਨ ਦਾ ਚਾਨਣ ਇਸ ਨੂੰ ਚੰਗਾ ਨਹੀਂ ਲਗਦਾ। ਕਈ ਇਲਾਕਿਆਂ ਵਿਚ ਇਸ ਨੂੰ ਬਿੱਲ-ਬਤੌਰੀ ਵੀ ਕਹਿੰਦੇ ਹਨ। ਇਹ ਪਹਿਲਾਂ ਚਿਰਰ-ਚਿਰਰ ਦੀ ਆਵਾਜ਼ ਕੱਢਦਾ ਹੈ, ਫਿਰ ਚੀਵਕ-ਚੀਵਕ ਦੀ। .... ਚੁਗ਼ਲ-ਅੱਖੇ ਦਿਉਰ ਨੂੰ ਭਰਜਾਈ ਇਕ ਲੋਕ ਗੀਤ ਰਾਹੀਂ ਤਾੜਨਾ ਕਰਦੀ ਹੈ।' ਦੇਖੋ :
ਅੱਖ ਤਾਂ ਤੇਰੀ ਚੁਗ਼ਲ ਵੇ ਦਿਉਰਾ
ਸੇਲ੍ਹੀ ਹੈ ਮਸਤਾਨੀ।
ਘਰ 'ਚੋਂ ਕੱਢ ਦੇਊਂਗੀ,
ਰਖਦੈਂ ਝਾਕ ਬੇਗਾਨੀ। (ਪੰਨਾ 148)
ਸ: ਹਰਕੇਸ਼ ਸਿੰਘ ਕਹਿਲ ਨੇ ਆਪਣੀਆਂ ਹੋਰ ਪੁਸਤਕਾਂ ਵਾਂਗ 'ਅਲੋਪ ਹੋ ਰਹੇ ਪਸ਼ੂ ਪੰਛੀ' ਵਿਰਸਾ-ਕੋਸ਼ ਉੱਪਰ ਵੀ ਖ਼ੂਬ ਮਿਹਨਤ ਕੀਤੀ ਹੈ। ਇਹ ਪੁਸਤਕ ਹਰ ਘਰ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਨੀ ਚਾਹੀਦੀ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਨਿੱਤ ਨੇਮ ਅਤੇ ਹੋਰ ਬਾਣੀਆਂ
ਕਵਿੱਤਰੀ : ਡਾ: ਕੁਲਦੀਪ ਕੌਰ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ ਪ੍ਰਾਈਵੇਟ ਲਿਮਟਿਡ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 211
ਸੰਪਰਕ : 0172-4608699.

ਗੁਰਬਾਣੀ ਸਾਡੇ ਜੀਵਨ ਦਾ ਆਧਾਰ ਹੈ। ਹਰ ਗੁਰਸਿੱਖ ਨੂੰ ਘੱਟ ਤੋਂ ਘੱਟ ਹਰ ਰੋਜ਼ ਸੱਤ ਬਾਣੀਆਂ ਦਾ ਪਾਠ ਕਰਨ ਦਾ ਹੁਕਮ ਹੈ। ਇਨ੍ਹਾਂ ਬਾਣੀਆਂ ਨੂੰ ਨਿੱਤਨੇਮ ਦੀਆਂ ਬਾਣੀਆਂ ਕਿਹਾ ਜਾਂਦਾ ਹੈ। ਇਨ੍ਹਾਂ ਵਿਚੋਂ ਸ੍ਰੀ ਜਪੁਜੀ ਸਾਹਿਬ ਜੀ, ਸ੍ਰੀ ਜਪੁ ਸਾਹਿਬ ਜੀ, ਸ੍ਰੀ ਸਵੱਈਏ ਸਾਹਿਬ ਜੀ, ਸ੍ਰੀ ਚੌਪਈ ਸਾਹਿਬ ਜੀ ਅਤੇ ਸ੍ਰੀ ਆਨੰਦ ਸਾਹਿਬ ਜੀ ਦੀਆਂ ਇਲਾਹੀ ਬਾਣੀਆਂ ਦਾ ਪਾਠ ਸਵੇਰ ਵੇਲੇ ਕਰਨ ਦੀ ਤਾਕੀਦ ਹੈ। ਸਾਰੇ ਦਿਨ ਦੇ ਪਏ ਸੰਸਾਰਕ ਗਰਦੋ-ਗੁਬਾਰ ਨੂੰ ਲਾਹੁਣ ਅਤੇ ਤਰੋਤਾਜ਼ਾ ਹੋਣ ਲਈ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਲਾਜ਼ਮੀ ਹੈ। ਸੌਣ ਵੇਲੇ ਸ਼ੁਕਰਾਨੇ ਵਜੋਂ ਪਰਮਾਤਮਾ ਦੀ ਗੋਦ ਦਾ ਆਸਰਾ ਲੈ ਕੇ ਸ੍ਰੀ ਕੀਰਤਨ ਸੋਹਿਲੇ ਸਾਹਿਬ ਜੀ ਦਾ ਪਾਠ ਕਰਨ ਦਾ ਆਦੇਸ਼ ਹੈ।
ਇਹ ਸੱਤ ਬਾਣੀਆਂ ਸਾਡੀ ਰੂਹ ਦੀ ਖੁਰਾਕ ਹਨ। ਸੂਝਵਾਨ ਲੇਖਿਕਾ ਨੇ ਸ਼ਰਧਾ, ਪਿਆਰ ਅਤੇ ਸਤਿਕਾਰ ਵਿਚ ਭਿੱਜ ਕੇ ਇਨ੍ਹਾਂ ਅਨਮੋਲ ਬਾਣੀਆਂ ਦੇ ਕਵਿਤਾਰਥ ਜਾਂ ਸਰਲ ਕਾਵਿ ਵਿਆਖਿਆ ਕਰਨ ਦਾ ਉਪਰਾਲਾ ਕੀਤਾ ਹੈ। ਭਾਵੇਂ ਬਾਣੀ ਅਗਾਧ ਬੋਧ ਹੈ ਅਤੇ ਇਹ ਅੱਖਰਾਂ ਤੋਂ ਪਾਰ ਦੀ ਗੱਲ ਹੈ ਪਰ ਗੁਰਬਾਣੀ ਦੇ ਪ੍ਰੇਮ ਵਿਚ ਭਿੱਜ ਕੇ ਗਾਏ ਹੋਏ ਗੀਤ ਪ੍ਰਭੂ ਦਾਰ ਤੇ ਪ੍ਰਵਾਨ ਹੁੰਦੇ ਹਨ। ਆਓ ਆਪਾਂ ਕਵਿੱਤਰੀ ਵੱਲੋਂ ਕੀਤੇ ਗਏ ਯਤਨਾਂ ਦੀਆਂ ਕੁਝ ਝਲਕਾਂ ਮਾਣੀਏ, ਜੋ ਵੱਖ-ਵੱਖ ਬਾਣੀਆਂ ਦੀ ਵਿਆਖਿਆ ਹਨ-
1. ਪਉਣ ਗੁਰੂ ਹੈ ਸਭ ਜੀਵਾਂ ਲਈ, ਪਾਣੀ ਹੈ ਉਨ ਪਿਤਾ ਸਮਾਨ।
ਸਭ ਜੀਵਾਂ ਦੀ ਮਾਤਾ ਕਹੀਏ, ਮਾਤਾ ਧਰਤ ਜੋ ਅਤਿ ਮਹਾਨ।
2. ਗਿਆਨ ਰੂਪ ਸਰੂਪ ਹੈ ਤੇਰਾ, ਨਾਸ਼ ਕਦੇ ਨਾ ਤੇਰਾ ਹੋਵੇ।
ਧੀਰਜਵਾਨ ਧਰਤ ਦਾ ਵਾਲੀ, ਆਸਣ ਤੁਧ ਜਿਹਾ ਕਿਸੇ ਹੋਰ ਨਾ ਹੋਵੇ।
3. ਤੁਸਾਂ ਬਿਨਾਂ ਕਿਸੇ ਹੋਰ ਦਾ ਪ੍ਰਭ ਜੀ! ਨਾਮ ਨਾ ਕਦੇ ਧਿਆਵਾਂ ਮੈਂ
ਜੋ ਵਰ ਲੈਣ ਦੀ ਤਾਂਘ ਹੋਏ ਮੈਨੂੰ, ਤੇਰੇ ਤੋਂ ਸਦ ਪਾਵਾਂ ਮੈਂ।
4. ਪ੍ਰਭ ਜੀ ਪਿਆਰੇ ਅਤਿ ਅਮੋਲਕ, ਮੁੱਲ ਉਨ੍ਹਾਂ ਦਾ ਜਾਏ ਨਾ ਪਾਇਆ।
ਸਾਧਕ ਯਤਨ ਅਨੇਕਾਂ ਕਰਦੇ, ਪਦ ਨਾ ਉਨ੍ਹਾਂ ਦਾ ਕਿਸੇ ਲਖਾਇਆ।
5. ਉਹ ਦਰ ਘਰ ਹੈ ਬਹੁਤ ਅਨੋਖਾ, ਜਿਸ ਵਿਚ ਬਹਿ ਕੇ ਉਹ ਨਿਰੰਕਾਰ।
ਆਪਣੇ ਸਿਰਜੇ ਜੀਵਾਂ ਦੀ ਸੰਭਾਲ ਕਰੇ ਨਿੱਤ ਸਿਰਜਣਹਾਰ।
6. ਆਕਾਸ਼ ਹੀ ਪ੍ਰਭ ਨੇ ਥਾਲ ਬਣਾਇਆ।
ਚੰਨ ਸੂਰਜ ਉਸ ਵਿਚ ਸਜਾ ਕੇ, ਦੀਵਿਆਂ ਦਾ ਉਨ ਰੂਪ ਦਿਵਾਇਆ।
ਗੁਰਬਾਣੀ ਦੇ ਦੀਦਾਰ ਕਰਵਾਉਣ ਵਾਲੀ ਇਸ ਪੁਸਤਕ ਦਾ ਹਾਰਦਿਕ ਸਵਾਗਤ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

c c c

ਰਸਤੇ ਚਲਦੀ ਜ਼ਿੰਦਗੀ
ਨਾਵਲਕਾਰ : ਬੰਤ ਸਿੰਘ ਚੱਠਾ
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨਜ਼, ਮਾਨਸਾ
ਮੁੱਲ : 270 ਰੁਪਏ, ਸਫ਼ੇ : 216
ਸੰਪਰਕ : 98789-60602.

'ਰਸਤੇ ਚਲਦੀ ਜ਼ਿੰਦਗੀ' ਬੰਤ ਸਿੰਘ ਚੱਠਾ ਦਾ ਨਵਾਂ ਨਾਵਲ ਹੈ, ਜਿਸ ਵਿਚ ਨਾਵਲਕਾਰ ਨੇ ਜਿਥੇ ਇਸ ਜ਼ਿੰਦਗੀ ਦੀ ਚਲਦੀ ਤੋਰ ਅਤੇ ਆਉਂਦੇ ਉਤਰਾਵਾਂ ਚੜ੍ਹਾਵਾਂ ਨੂੰ ਪੇਸ਼ ਕੀਤਾ ਹੈ, ਉੱਥੇ ਮੁਹੱਬਤੀ ਸਾਂਝਾਂ ਨਾਲ ਜ਼ਿੰਦਗੀ ਦੇ ਮਹਿਕਣ ਅਤੇ ਸਾਂਝਾਂ ਦੇ ਟੁੱਟਣ ਨਾਲ ਜ਼ਿੰਦਗੀ ਵਿਚ ਪੈਦਾ ਹੋਈ ਵੀਰਾਨਗੀ ਨੂੰ ਚਿਤਰਿਤ ਕੀਤਾ ਹੈ। ਨਾਵਲ ਦੇ ਮੁਢਲੇ ਕਾਂਡਾਂ ਵਿਚ ਪੇਂਡੂ ਜ਼ਿੰਦਗੀ ਦੇ ਅਤੇ ਪੇਂਡੂ ਬਚਪਨ ਦੇ ਬਹੁਤ ਹੀ ਭਾਵਪੂਰਤ ਚਿਤਰ ਪੇਸ਼ ਕੀਤੇ ਗਏ ਹਨ ਕਿ ਬਚਪਨ ਵਿਚ ਕੋਈ ਤੇਰ ਮੇਰ ਤੇ ਵੈਰ ਵਿਰੋਧ ਨਹੀਂ ਹੁੰਦਾ। ਮੀਤਾ, ਸਲੋਚਨਾ, ਜੱਗਾ, ਨਾਥਾ ਸਾਰੇ ਹੀ ਇਕੱਠੇ ਖੇਡਦੇ ਤੇ ਪੜ੍ਹਦੇ ਹਨ ਪਰ ਜਵਾਨੀ ਦੀ ਦਹਿਲੀਜ਼ 'ਤੇ ਪੈਰ ਧਰਦਿਆਂ ਹੀ ਹਰੇਕ ਦੇ ਆਪਣੇ-ਆਪਣੇ ਰਸਤੇ ਬਣ ਜਾਂਦੇ ਹਨ। ਮੀਤੇ ਨੂੰ ਔਰੰਗਾਬਾਦ ਜਾ ਕੇ ਲਾਲਿਆਂ ਦੀ ਕੰਟੀਨ 'ਤੇ ਕੰਮ ਕਰਨਾ ਪੈਂਦਾ ਹੈ ਪਰ ਵਾਪਸ ਆ ਕੇ ਫਿਰ ਆਪਣੀ ਮਿਹਨਤ ਦੇ ਬਲਬੂਤੇ ਉਹ ਸਕੂਲ ਮਾਸਟਰ ਦੀ ਨੌਕਰੀ ਪ੍ਰਾਪਤ ਕਰ ਲੈਂਦਾ ਹੈ। ਉਸ ਦੀ ਘਰ ਗ੍ਰਹਿਸਥੀ ਭਾਵੇਂ ਵਧੀਆ ਚਲਦੀ ਹੈ ਪਰ ਔਰੰਗਾਬਾਦ ਵਿਚ ਜਵੇਦਾ ਨਾਂਅ ਦੀ ਲੜਕੀ ਨਾਲ ਹੋਈ ਮੁਹੱਬਤੀ ਸਾਂਝ ਉਸ ਨੂੰ ਤੜਪਾਉਂਦੀ ਰਹਿੰਦੀ ਹੈ। ਸਮਕਾਲੀ ਸਮੇਂ ਵਿਚ ਵਾਪਰੀਆਂ ਘਟਨਾਵਾਂ ਸਾਕਾ ਨੀਲਾ ਤਾਰਾ ਅਤੇ ਬਾਬਰੀ ਮਸਜਿਦ ਦੇ ਡੇਗਣ ਦੀ ਘਟਨਾ ਵੀ ਨਾਵਲ ਵਿਚ ਪਾਤਰਾਂ ਦੀ ਆਪਸੀ ਹਮਦਰਦੀ ਦਾ ਕਾਰਨ ਬਣਦੀ ਦਿਖਾ ਕੇ ਨਾਵਲਕਾਰ ਨੇ ਨਾਵਲੀ ਬਿਰਤਾਂਤ ਵਿਚ ਵਾਧਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੇਂਡੂ ਭਾਈਚਾਰੇ, ਆਪਸੀ ਪਿਆਰ ਅਤੇ ਇਨਸਾਨੀ ਰਿਸ਼ਤਿਆਂ ਵਿਚਲੀ ਪਾਕਿ-ਮੁਹੱਬਤ ਦੀ ਬਾਤ ਪਾਉਂਦਾ ਇਹ ਨਾਵਲ ਜ਼ਿੰਦਗੀ ਦੇ ਉਸ ਸੱਚ ਨੂੰ ਪੇਸ਼ ਕਰਦਾ ਹੈ, ਜਿਥੇ ਜ਼ਿੰਦਗੀ ਸਾਵੀ ਪੱਧਰੀ ਨਹੀਂ, ਸਗੋਂ ਉਬੜ-ਖਾਬੜ ਹੈ।

-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.

c c c

ਮੈਂ ਇਥੇ ਕਿਤੇ
ਕਵਿੱਤਰੀ : ਨੀਤੂ ਅਰੋੜਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 128
ਸੰਪਰਕ : 98152-98459.

'ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ ਹੈ/ਉਥੇ ਲੋਕ/ਅਸਮਾਨ ਤੋਂ ਤਾਰੇ ਤੋੜਨਾ ਛੱਡ ਦਿੰਦੇ ਨੇ/ਚੰਦ ਮਾਸਾ ਨਹੀਂ ਰਹਿੰਦਾ/ਤੇ ਬੱਚੇ/ਸੂਰਜ ਨੂੰ ਫੁੱਟਬਾਲ ਬਣਾ/ਤਪਦੀਆਂ ਗਲੀਆਂ ਵਿਚ ਨਹੀਂ ਖੇਡਦੇ... ਉਥੇ ਹਾਕਿਮ ਬੇਖੌਫ਼ ਹੋ ਜਾਂਦਾ ਹੈ/... ਤੇ ਲੋਕ ਦਰਵਾਜ਼ੇ ਹੀ ਨਹੀਂ/ਮੂੰਹ ਵੀ ਬੰਦ ਰੱਖਦੇ ਹਨ...।' ਹਥਲੀ ਪੁਸਤਕ ਦੀ ਪਹਿਲੀ ਕਵਿਤਾ ਵਿਚੋਂ ਮੈਂ ਉਕਤ ਸਤਰਾਂ ਪਾਠਕਾਂ ਦੀ ਨਜ਼ਰ ਕਰਕੇ ਦੱਸਣਾ ਚਾਹੁੰਦਾ ਹਾਂ ਕਿ ਨੀਤੂ ਅਰੋੜਾ ਦੀ ਕਵਿਤਾ ਸੰਵੇਦਨਾ ਅਤੇ ਨਵ-ਭਾਵਬੋਧ ਦੀ ਅਜਿਹੀ ਕਵਿਤਾ ਹੈ, ਜਿਸ ਉੱਤੇ ਮਾਣ ਕੀਤਾ ਜਾ ਸਕਦਾ ਹੈ। ਸਵਾ ਕੁ ਸਫੇ ਵਿਚ ਫੈਲੀਆਂ ਨਿੱਕੀਆਂ ਦਰਮਿਆਨੀਆਂ ਅਤੇ ਕੁਝ ਇਕ ਲੰਮੇਰੀਆਂ ਕਵਿਤਾਵਾਂ-ਵਾਰਤਕ ਕਵਿਤਾ ਦੀ ਵੰਨਗੀ ਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਆਧੁਨਿਕ ਮਨੁੱਖ ਦੀਆਂ ਅਕਾਂਕਸ਼ਾਵਾਂ, ਪ੍ਰਾਪਤੀਆਂ, ਅਪ੍ਰਾਪਤੀਆਂ, ਅੰਦਰੂਨੀ ਟੁੱਟ-ਭੱਜ, ਸਮਾਜਿਕ ਵਿਡੰਬਨਾਵਾਂ ਵਿਚ ਘਿਰੀ ਸੰਵੇਦਨਾ, ਸਵੈ-ਤਸਦੀਕ ਦੀ ਯਾਤਨਾ ਅਤੇ ਮਾਨਵ ਦੇ ਦਿਲ ਵਿਚ ਫੈਲ ਰਹੀ ਯੱਖਤਾ ਵਿਚ ਜਲ ਰਿਹਾ ਮਨ ਮਸਤਕ ਵਰਗਾ ਡੂੰਘੇਰਾ ਅਹਿਸਾਸ ਹੈ। ਨੀਤੂ ਜੇਕਰ ਗੁਲਾਬ ਦੀ ਕਵਿਤਾ ਕਰਦੀ ਹੈ ਤਾਂ ਕੇਵਲ ਮਹਿਕ ਅਤੇ ਫੁੱਲ ਪੱਤੀਆਂ ਦੇ ਧਰਤੀ ਉੱਤੇ ਡਿੱਗਣ ਦਾ ਖੜਾਕ ਹੀ ਸੁਣਦਾ ਹੈ। ਸ਼ਬਦਾਂ ਦੀ ਪ੍ਰਤੀਤੀ ਭਾਵਾਂ ਦੀ ਪ੍ਰਤੀਤੀ ਦਾ ਸਰੂਪ ਹੈ। ਇਨ੍ਹਾਂ ਭਾਵਪੂਰਤ ਕਵਿਤਾਵਾਂ ਦਾ ਪਠਿਨ ਸੁਚੇਤਨਾ ਦੀ ਮੰਗ ਕਰਦਾ ਹੈ। ਕੁਝ ਇਕ ਅਜਿਹੇ ਬਿੰਦੂ ਸਾਡੇ ਸਾਹਮਣੇ ਸ਼ਬਦ ਅਕਾਰਾਂ ਵਿਚ ਪ੍ਰਗਟ ਹੁੰਦੇ ਹਨ, ਜਿਨ੍ਹਾਂ ਦਾ ਆਕਾਰ ਬ੍ਰਹਿਮੰਡਕ ਹੋ ਨਿਬੜਦਾ ਹੈ। ਮਿਸਾਲ ਲਈ ਇਹ ਤਿੰਨਾਂ ਵਾਕਾਂ ਦੀ ਕਵਿਤਾ ਦਾ ਬਿੰਦੂਤਵ ਅਤੇ ਬ੍ਰਹਿਮੰਡਕ ਵਰਤਾਰਾ ਵੇਖੋ : 'ਵਰ੍ਹਿਆਂ ਤੋਂ ਕੋਸ਼ਿਸ਼ ਕਰਦੀ ਹਾਂ/ਮੇਰੇ ਅੰਦਰਲਾ ਚਾਕੂ ਖੁੰਢਾ ਨਹੀਂ ਹੁੰਦਾ/ਮੈਂ ਆਪਣੀ ਕਿਸਮ ਦੀ ਮਾਸਾਹਾਰੀ ਹਾਂ' ਇਕ ਨਿੱਕੀ ਜਿਹੀ ਕਵਿਤਾ ਦੇ ਅਰਥ ਆਪਣੇ ਆਪੇ ਤੋਂ ਵਿਕਲੋਤਰੇ ਦਿਸਹੱਦਿਆਂ ਦੇ ਲਖਾਇਕ ਹਨ। ਇਹ ਕਵਿਤਾ ਹਵਾ ਵਾਂਗ ਬੇਰੰਗ ਪੇਸ਼ ਹੁੰਦੀ ਹੈ ਤੇ ਹਵਾ ਵਾਂਗ ਹੀ ਆਪਣੀ ਠੰਢ ਜਾਂ ਗਰਮਾਇਸ਼ ਦਾ ਅਹਿਸਾਸ ਕਰਵਾਉਂਦੀ ਹੈ : 'ਮੈਂ ਉਸ ਨੂੰ ਆਵਾਜ਼ ਦਿੰਦੀ ਹਾਂ/ਉਹ/ਆਪਣੇ ਹੀ ਅੰਦਰੋਂ/ਦੌੜਦਾ ਹਫਦਾ ਆਉਂਦਾ/ਸਾਹੋ ਸਾਹ/ਹੁੰਗਾਰਾ ਭਰਦਾ/ਹੁੰਗਾਰਾ/ਸੁਣਨ ਤੋਂ ਪਹਿਲਾਂ/ਮੈਂ/ਆਪਣੇ ਹੀ ਅੰਦਰ/ਕਿਤੇ ਦੂਰ ਨਿਕਲ ਚੁੱਕੀ ਹਾਂ/ਅੱਜ ਕੱਲ੍ਹ ਅਸੀਂ ਇਸ ਤਰ੍ਹਾਂ ਸੰਵੇਦ ਕਰਦੇ ਹਾਂ' ਪੰਜਾਬੀ ਵਿਚ ਇਹ ਨਵ-ਵਿਵੇਕ, ਨਵ-ਸੰਵਾਦ ਅਤੇ ਨਵ-ਵੇਦਨਾ ਦੀ ਕਵਿਤਾ ਆਪਣਾ ਵੱਖਰਾ ਕਾਵਿ-ਮੁਹਾਵਰਾ ਲੈ ਕੇ ਹਾਜ਼ਰ ਹੈ।

-ਸੁਲੱਖਣ ਸਰਹੱਦੀ
ਮੋ: 94174-84337.

c c c

ਪੰਜਾਬੀ ਲੋਕ ਗੀਤ ਅਤੇ ਲੋਕ ਪ੍ਰਚਲਿਤ ਗੀਤ : ਤੁਲਨਾਤਮਕ ਅਧਿਐਨ
ਲੇਖਕ : ਜਗਤਾਰ ਸਿੰਘ ਵਿਰਕ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਸ੍ਰੀ ਮੁਕਤਸਰ ਸਾਹਿਬ
ਮੁੱਲ : 200 ਰੁਪਏ, ਸਫ਼ੇ : 118
ਸੰਪਰਕ : 94630-88272.

ਇਸ ਪੁਸਤਕ ਦਾ ਆਗਾਜ਼ ਤੁਲਨਾਤਮਕ ਸਾਹਿਤ ਅਧਿਐਨ ਦੇ ਸਿਧਾਂਤਕ ਪਰਿਪੇਖ ਦੀ ਉਸਾਰੀ ਕਰਦਿਆਂ ਲੇਖਕ ਨੇ ਇਸ ਖੇਤਰ ਦੇ ਪੂਰਵ-ਵਰਤੀ ਪੱਛਮੀ, ਭਾਰਤੀ ਅਤੇ ਪੰਜਾਬੀ ਵਿਦਵਾਨਾਂ; ਵਿਭਿੰਨ ਸ਼ਬਦ-ਕੋਸ਼ਾਂ ਨੂੰ ਉਦਰਿਤ ਕਰਦਿਆਂ ਕੀਤਾ ਹੈ। ਲੇਖਕ ਦਾ ਮੱਤ ਹੈ ਕਿ ਲੋਕ ਗੀਤਾਂ ਨੂੰ ਲੋਕ ਪ੍ਰਚਲਿਤ ਗੀਤਾਂ ਦਾ ਸਮਾਨਾਰਥੀ ਸਮਝਣਾ ਭੁੱਲ ਹੈ। ਸਮਾਨਤਾਵਾਂ ਘੱਟ ਅਤੇ ਅਸਮਾਨਤਾਵਾਂ ਵਧੇਰੇ ਹਨ। ਲੋਕ ਗੀਤਾਂ ਦੇ ਪ੍ਰਮੁੱਖ ਲੱਛਣਾਂ ਵਿਚ ਮੌਖਿਕਤਾ, ਸਮੂਹਿਕਤਾ, ਪਰੰਪਰਾ, ਪਰਿਵਰਤਨਸ਼ੀਲਤਾ, ਪੁਨਰ ਸਿਰਜਣ ਦਾ ਗੁਣ, ਪ੍ਰਕਾਰਜਮੁੱਖਤਾ, ਗਾਇਣ-ਯੋਗਤਾ, ਉਪ ਭਾਸ਼ਾ ਦੀ ਪ੍ਰਧਾਨਤਾ, ਪ੍ਰਗੀਤਕਤਾ, ਰੂਪਕ ਵੰਨ-ਸੁਵੰਨਤਾ, ਲੈਅ ਤਾਲ, ਨਿਭਾਓ ਸੰਦਰਭ ਅਤੇ ਦੁਹਰਾਓਪਣ ਨੂੰ ਨਿਸਚਤ ਕੀਤੇ ਗਏ ਹਨ। ਇਵੇਂ ਹੀ ਪ੍ਰਚਲਿਤ ਗੀਤਾਂ ਦੇ ਲੱਛਣਾਂ ਵਿਚ ਗਾਇਮ ਯੋਗਤਾ, ਪ੍ਰਯੋਜਨਮੁੱਖਤਾ, ਕਾਵਿਕਤਾ, ਪਰੰਪਰਾ ਅਤੇ ਤਬਦੀਲੀ, ਇਕੋ-ਭਾਵ, ਦੁਹਰਾਓ, ਲੈਅ ਤਾਲ ਆਦਿ ਦਾ ਵਿਸ਼ਲੇਸ਼ਣ ਕੀਤਾ ਹੈ। ਵੈਦਿਕ ਕਾਲ ਅਤੇ ਪੱਛਮੀ ਪਰੰਪਰਾ ਤੋਂ ਲੈ ਕੇ ਉੱਤਰ-ਆਧੁਨਿਕ ਕਾਲ ਤੱਕ ਗੀਤ ਪਰੰਪਰਾ ਦੇ ਵਿਕਾਸ ਵਿਚ ਆਏ ਪਰਿਵਰਤਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ।
ਲੋਕ ਗੀਤਾਂ ਅਤੇ ਲੋਕ ਪ੍ਰਚਲਿਤ ਗੀਤਾਂ ਦਾ ਉਦਾਹਰਨਾਂ ਸਮੇਤ ਤੁਲਨਾਤਮਿਕ ਅਧਿਐਨ ਕਰਦਿਆਂ ਬੜੀ ਬਾਰੀਕੀ ਅਤੇ ਗਹਿਨ ਦ੍ਰਿਸ਼ਟੀ ਨਾਲ ਵਿਸ਼ਲੇਸ਼ਣ ਕੀਤਾ ਹੈ। ਲੋਕ ਗੀਤਾਂ ਵਿਚ ਸਦੀਵੀ ਅਤੇ ਸਰਬਕਾਲੀ ਮਨੋਭਾਵਾਂ ਦਾ ਪ੍ਰਗਟਾਵਾ ਹੁੰਦਾ ਹੈ, ਜਦੋਂ ਕਿ ਲੋਕ ਪ੍ਰਚਲਿਤ ਗੀਤਾਂ (ਵਸ਼ਿਸ਼ਟ ਗੀਤਾਂ) ਦਾ ਥੁੜ-ਚਿਰੀ ਘਟਨਾਵਾਂ ਨਾਲ ਸਬੰਧ ਹੁੰਦਾ ਹੈ। ਲੋਕ ਗੀਤਾਂ ਵਿਚ ਸਮਾਜਿਕ ਮਰਯਾਦਾ ਕਾਇਮ ਰਹਿੰਦੀ ਹੈ, ਜਦੋਂ ਕਿ ਵਸ਼ਿਸ਼ਟ ਗੀਤ ਮਰਯਾਦਾ ਭੰਜਨ ਕਰਦੇ ਸੁਣੇ ਜਾ ਸਕਦੇ ਹਨ। ਲੋਕ ਗੀਤਾਂ ਦੇ ਉਚਾਰ ਵਿਚ ਉਪ-ਭਾਸ਼ਾਈ ਅੰਸ਼ ਦਾ ਬੋਲਬਾਲਾ ਹੁੰਦਾ ਹੈ, ਜਦ ਕਿ ਵਸ਼ਿਸ਼ਟ ਗੀਤਾਂ ਵਿਚ ਟਕਸਾਲੀ ਭਾਸ਼ਾ ਦਾ ਪ੍ਰਯੋਗ ਕੀਤਾ ਜਾਂਦਾ ਹੈ। ਲੋਕ ਪ੍ਰਚਲਿਤ ਗੀਤ ਵੱਖ-ਵੱਖ ਤਰਜ਼ਾਂ ਵਿਚ ਗਾਏ ਜਾ ਸਕਦੇ ਹਨ, ਜਦੋਂ ਕਿ ਲੋਕ ਗੀਤਾਂ ਵਿਚ ਅਜਿਹੀ ਖੁੱਲ੍ਹ ਸੰਭਵ ਨਹੀਂ ਹੁੰਦੀ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c

ਤੇਰੇ ਜਾਣ ਤੋਂ ਬਾਅਦ
ਲੇਖਕ : ਰਘਬੀਰ ਸਿੰਘ ਮਹਿਮੀ
ਪ੍ਰਕਾਸ਼ਕ : ਪੰਜਾਬੀ ਸਾਹਿਤ ਪਬਲੀਕੇਸ਼ਨਜ਼, ਸੰਗਰੂਰ
ਮੁੱਲ : 150 ਰੁਪਏ, ਸਫ਼ੇ : 144
ਸੰਪਰਕ : 9646024321.

ਰਘਬੀਰ ਸਿੰਘ ਮਹਿਮੀ ਨੇ ਇਸ ਕਹਾਣੀ ਸੰਗ੍ਰਹਿ ਵਿਚ 28 ਕਹਾਣੀਆਂ ਨੂੰ ਅੰਕਿਤ ਕੀਤਾ ਹੈ। ਉਸ ਦੀਆਂ ਕਹਾਣੀਆਂ ਦਾ ਖੇਤਰ ਪੇਂਡੂ, ਸ਼ਹਿਰੀ ਮੱਧ ਵਰਗ ਅਤੇ ਨਿਮਨ ਵਰਗ ਦੀਆਂ ਸਮੱਸਿਆਵਾਂ ਦਾ ਯਥਾਰਥੀ ਚਿਤਰਣ ਹੈ। ਉਸ ਨੇ ਸਾਰੀਆਂ ਕਹਾਣੀਆਂ ਵਿਚ ਹੀ ਪੇਂਡੂ ਜੀਵਨ ਦਾ ਬੇਬਾਕੀ ਨਾਲ ਚਿਤਰਣ ਕੀਤਾ ਹੈ ਜਿਵੇਂ-'ਜ਼ਹਿਰ ਦੀ ਗੋਲੀ', 'ਜਾਦੂਗਰਨੀ', 'ਦੇਵਤਾ', 'ਮਜਬੂਰੀ', 'ਚੱਕਰਵਿਊ', 'ਸਿਆਸਤ', 'ਕਿਸ਼ਤੀ, ਰਾਜ਼', 'ਉਸ ਦੀ ਯਾਦ ਵਿਚ', 'ਪੜ੍ਹਿਆ-ਲਿਖਿਆ ਅਨਪੜ੍ਹ', 'ਤੇਰੇ ਜਾਣ ਤੋਂ ਬਾਅਦ' ਅਤੇ 'ਖਿਡਾਰੀ' ਹਨ, ਜਿਨ੍ਹਾਂ ਵਿਚ ਉਸ ਨੇ ਸਮਾਜ ਵਿਚ ਵਿਚਰਦੇ ਲੋਕਾਂ ਦੀ ਤਰਜਮਾਨੀ ਕੀਤੀ ਹੈ। ਰਘਬੀਰ ਸਿੰਘ ਮਹਿਮੀ ਨੇ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਇਹ ਨਿੱਕੀ ਕਹਾਣੀ ਦੀ ਪੁਸਤਕ ਪਾਠਕਾਂ ਦੇ ਸਨਮੁੱਖ ਕੀਤੀ ਹੈ, ਜਿਸ ਵਿਚ ਉਸ ਨੇ ਸਮਾਜਿਕ ਕੁਰਹਿਤੀਆਂ ਦੀ ਗੱਲ ਕੀਤੀ ਹੈ। 'ਰਸਮਾਂ' ਕਹਾਣੀ ਵਿਚ ਉਸ ਨੇ ਬਦਲੇ ਦੀ ਭਾਵਨਾ ਨੂੰ ਬਿਆਨ ਕੀਤਾ ਹੈ। 'ਇੱਜ਼ਤ ਦਾ ਸਵਾਲ' ਕਹਾਣੀ ਵਿਚ ਈਰਖਾ ਦੀ ਭਾਵਨਾ ਜੋ ਕਿ ਦੋ ਸਾਂਢੂਆਂ ਵਿਚ ਵਾਪਰਦੀ ਹੈ, 'ਤੇਰੇ ਰੰਗ ਨਿਆਰੇ' ਕਹਾਣੀ ਵਿਚ ਪਰਮਾਤਮਾ ਦੀ ਸਿਫ਼ਤ ਕੀਤੀ ਗਈ ਹੈ। 'ਪਹੁੰਚੇ ਹੋਏ ਬਾਬੇ' ਕਹਾਣੀ ਵਿਚ ਦੱਸਿਆ ਗਿਆ ਹੈ ਕਿ ਜਿਸ ਬਾਬੇ 'ਤੇ ਸ਼ਰਧਾਲੂਆਂ ਨੂੰ ਅੰਨ੍ਹਾ ਵਿਸ਼ਵਾਸ ਹੁੰਦਾ ਹੈ ਉਹ ਕੁੜੀ ਨੂੰ ਲੈ ਕੇ ਭੱਜ ਜਾਂਦਾ ਹੈ, ਜੋ ਕਿ ਅਜੋਕੇ ਸਮੇਂ ਦੇ ਹਾਣ ਦੀ ਕਹਾਣੀ ਹੈ। 'ਚੱਕਰਵਿਊ' ਕਹਾਣੀ ਵਿਚ ਦੱਸਿਆ ਗਿਆ ਹੈ ਕਿ ਜਿਸ ਨੂੰ ਆਪਣੇ ਆਪ 'ਤੇ ਦ੍ਰਿੜ੍ਹ ਵਿਸ਼ਵਾਸ ਹੁੰਦਾ ਹੈ, ਉਹ ਮੁਸ਼ਕਿਲ ਵਿਚ ਵੀ ਨਹੀਂ ਘਬਰਾਉਂਦੇ। 'ਰਾਜ਼' ਕਹਾਣੀ ਇਕ ਪੱਤਰ ਦੀ ਤਰ੍ਹਾਂ ਲਿਖੀ ਗਈ ਕਹਾਣੀ ਹੈ, ਜਿਸ ਵਿਚ ਕਤਲ ਕਰਨ ਦਾ ਰਾਜ਼ ਛੁਪਾਇਆ ਗਿਆ ਹੈ। ਇਸ ਪ੍ਰਕਾਰ ਮਹਿਮੀ ਨੇ ਸਾਰੀਆਂ ਕਹਾਣੀਆਂ ਵਿਚ ਹੀ ਗਲਪੀ ਬਿਰਤਾਂਤ ਸਿਰਜ ਕੇ ਸਮਾਜਿਕ ਤਾਣੇ-ਬਾਣੇ ਨੂੰ ਉਭਾਰਿਆ ਹੈ।

-ਗੁਰਬਿੰਦਰ ਕੌਰ ਬਰਾੜ
ਮੋ: 09855395161.

15/01/2017

 ਸਿੱਖ ਕੌਮ : ਹਸਤੀ ਤੇ ਹੋਣੀ
ਸੰਪਾਦਕ : ਅਮੋਲਕ ਸਿੰਘ, ਗੁਰਦਿਆਲ ਸਿੰਘ ਬੱਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 400 ਰੁਪਏ, ਸਫ਼ੇ : 520
ਸੰਪਰਕ : 0161-2413613.


ਇਹ ਪੁਸਤਕ ਪੰਜਾਬ ਨਾਲ ਸਬੰਧਤ ਦੋ ਵਿਦਵਾਨ ਸੰਪਾਦਕਾਂ ਸ: ਅਮੋਲਕ ਸਿੰਘ ਅਤੇ ਸ: ਗੁਰਦਿਆਲ ਸਿੰਘ ਬੱਲ ਦੁਆਰਾ ਸੰਪਾਦਿਤ, ਸਿੱਖ ਕੌਮ ਦੀ ਹਸਤੀ ਅਤੇ ਹੋਣੀ ਨਾਲ ਸਬੰਧਤ ਹੈ। ਵਿਦਵਾਨ ਸੰਪਾਦਕ ਇੱਕਵੀਂ ਸਦੀ ਦੇ ਉੱਤਰ-ਆਧੁਨਿਕਤਾਵਾਦੀ ਦੌਰ ਵਿਚ ਸਿੱਖ ਕੌਮ ਦੀ ਵਿਲੱਖਣ ਹਸਤੀ ਦੇ ਵਿਭਿੰਨ ਪਹਿਲੂਆਂ ਬਾਰੇ ਗੰਭੀਰ ਸੰਵਾਦ ਰਚਾਈ ਬੈਠੇ ਹਨ। ਇਸ ਪੁਸਤਕ ਵਿਚ ਸੰਕਲਿਤ 50 ਲੇਖ ਇਸੇ ਸੰਵਾਦ ਦੇ ਵਿਭਿੰਨ ਪਹਿਲੂਆਂ ਅਤੇ ਆਯਾਮਾਂ ਨੂੰ ਨਜਿੱਠਦੇ ਦਿਖਾਈ ਦਿੰਦੇ ਹਨ।
'ਖ਼ਾਲਸਾ ਮਹਿਮਾ' ਵਿਚ ਦਸਮੇਸ਼ ਸਤਿਗੁਰੂ ਸ੍ਰੀ ਗੋਬਿੰਦ ਸਿੰਘ ਜੀ ਨੇ ਖਾਲਸੇ ਦੇ ਨਿਆਰੇਪਣ ਨੂੰ ਰੇਖਾਂਕਿਤ ਕਰਦਿਆਂ ਹੋਇਆਂ ਫੁਰਮਾਇਆ ਸੀ ਕਿ ਜਦੋਂ ਤੱਕ ਇਹ ਨਿਆਰਾ ਰਹੇਗਾ (ਰਹਿ ਸਕੇਗਾ), ਤਦ ਤੱਕ ਮੈਂ ਇਸ ਨੂੰ ਤੇਜ ਪ੍ਰਦਾਨ ਕਰਦਾ ਰਹਾਂਗਾ ਪਰ ਜਦੋਂ ਇਹ ਧਰਮ ਨੂੰ ਬ੍ਰਾਹਮਣਾਂ ਅਤੇ ਕਰਮ-ਕਾਂਡੀਆਂ (ਪਰੀਸਟਲੀ ਕਲਾਸ) ਦੇ ਹਵਾਲੇ ਕਰ ਦੇਵੇਗਾ ਤਾਂ ਮੈਂ ਇਸ ਦੀ ਪੁੱਛ-ਪ੍ਰਤੀਤ ਨਹੀਂ ਕਰਾਂਗਾ। ਗੁਰੂ ਜੀ ਇਕ ਮਹਾਨ ਦਾਰਸ਼ਨਿਕ, ਅਦੁੱਤੀ ਜਰਨੈਲ ਅਤੇ ਵਿਲੱਖਣ ਕਵੀ ਹੋਣ ਦੇ ਨਾਲ-ਨਾਲ ਇਕ ਪ੍ਰਮਾਣਿਕ ਸੱਭਿਆਚਾਰ-ਸ਼ਾਸਤਰੀ ਵੀ ਸਨ। ਉਹ ਜਾਣਦੇ ਸਨ ਕਿ 'ਨਿਆਰਾ ਰਹਿ ਸਕਣਾ' ਹੀ ਕਿਸੇ ਵਿਅਕਤੀ ਦੀ ਆਨ, ਸ਼ਾਨ ਅਤੇ ਦ੍ਰਿੜ੍ਹਤਾ ਦਾ ਪ੍ਰਤੀਕ (ਕਸੌਟੀ) ਹੁੰਦਾ ਹੈ। ਪੂੰਜੀਵਾਦੀ ਦੌਰ ਵਿਚ ਇਹ ਨਿਆਰਾਪਣ ਸੰਕਟ ਵਿਚ ਆ ਗਿਆ ਹੈ, ਜੋ ਸਾਡੇ ਸਭ (ਸਿੱਖਾਂ, ਮੁਸਲਮਾਨਾਂ ਅਤੇ ਯਹੂਦੀਆਂ ਆਦਿ) ਲਈ ਇਕ ਚਿਤਾਵਨੀ ਦਾ ਦੌਰ ਹੈ।
ਇਸ ਪ੍ਰਸੰਗ ਵਿਚ ਪ੍ਰੋ: ਅਜਮੇਰ ਸਿੰਘ ਰਚਿਤ ਤਿੰਨ ਪੁਸਤਕਾਂ (ਸਿੱਖ ਰਾਜਨੀਤੀਂ2003, ਕਿਸ ਬਿਧੀ ਰੁਲੀ ਪਾਤਸ਼ਾਹੀਂ2007 ਅਤੇ 1984 : ਅਣਚਿਤਵਿਆ ਕਹਿਰਂ2010) ਵਿਚਾਰ-ਚਰਚਾ ਲਈ ਇਕ ਉਚਿਤ ਮੰਚ ਮੁਹੱਈਆ ਕਰਦੀਆਂ ਹਨ। ਪ੍ਰੋ: ਬਲਕਾਰ ਸਿੰਘ, ਪ੍ਰੋ: ਹਰਕੀਰਤ ਸਿੰਘ, ਅਮਰਜੀਤ ਸਿੰਘ ਗਰੇਵਾਲ, ਪ੍ਰਭਜੋਤ ਸਿੰਘ, ਪ੍ਰਿੰ: ਅਮਰਜੀਤ ਸਿੰਘ ਪਰਾਗ, ਕਰਮ ਬਰਸਟ, ਹਰਪਾਲ ਸਿੰਘ ਪੰਨੂ, ਪ੍ਰਭਸ਼ਰਨਦੀਪ ਸਿੰਘ, ਅਭੈ ਸਿੰਘ, ਗੋਬਿੰਦਰ ਸਿੰਘ, ਗੁਰਦਿਆਲ ਸਿੰਘ ਬੱਲ, ਅਨਮੋਲ ਸਿੰਘ, ਡਾ: ਗੁਰਨਾਮ ਕੌਰ, ਡਾ: ਭੂਪਿੰਦਰ ਸਿੰਘ ਅਤੇ ਕੁਝ ਹੋਰ ਵਿਦਵਾਨਾਂ ਦੁਆਰਾ ਲਿਖੇ ਲੇਖ ਇੱਕੀਵੀਂ ਸਦੀ ਵਿਚ ਸਿੱਖ ਸ਼ਨਾਖ਼ਤ (ਹੋਂਦ ਅਤੇ ਹੋਣੀ) ਦੇ ਸਮੱਸਿਆਕਾਰਾਂ ਬਾਰੇ ਨਿਹਾਇਤ ਗਹਿਰ-ਗੰਭੀਰ ਸੰਵਾਦ ਰਚਾਉਂਦੇ ਹਨ। ਅਜੋਕੇ ਦੌਰ ਵਿਚ ਗੁਰਬਾਣੀ, ਗੁਰ-ਇਤਿਹਾਸ ਅਤੇ ਗੁਰਮਤਿ ਮਰਯਾਦਾ ਬਾਰੇ ਇਹੋ ਜਿਹੀਆਂ ਮਹੱਤਵਪੂਰਨ ਪੁਸਤਕਾਂ ਦੀ ਬਹੁਤ ਜ਼ਰੂਰਤ ਹੈ।


ਂਬ੍ਰਹਮਜਗਦੀਸ਼ ਸਿੰਘ
ਮੋ: 98760-52136ਦੁਸਾਂਝ ਕਲਾਂ
ਦਾ ਮਾਣਮੱਤਾ ਇਤਿਹਾਸ

ਲੇਖਕ : ਪ੍ਰਿੰ: ਗਿਆਨ ਸਿੰਘ ਦੁਸਾਂਝ, ਪ੍ਰਿੰ: ਚਰਨਜੀਤ ਕੌਰ ਦੁਸਾਂਝ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 500 ਰੁਪਏ, ਸਫ਼ੇ : 365
ਸੰਪਰਕ : 98140-87063.


ਦੁਆਬੇ ਦੇ ਮਹੱਤਵਪੂਰਨ ਪੁਰਾਣੇ ਪਿੰਡਾਂ ਵਿਚੋਂ ਇਕ ਪਿੰਡ ਦੁਸਾਂਝ ਕਲਾਂ ਹੈ। ਇਸ ਦੇ ਗੁਆਂਢ ਵਿਚ ਚਾਰ ਸ਼ਹਿਰ ਫਗਵਾੜਾ, ਗੁਰਾਇਆ, ਫਿਲੌਰ ਤੇ ਬੰਗਾ ਹਨ। ਦੋ ਸੌ ਛਿਹੱਤਰ ਸਾਲਾਂ ਦਾ ਵਿਲੱਖਣ ਇਤਿਹਾਸ ਆਪਣੀ ਬੁੱਕਲ ਵਿਚ ਸਮੇਟੀ ਬੈਠਾ ਇਹ ਪਿੰਡ ਪੰਜਾਬ ਵਿਚ ਹੀ ਨਹੀਂ, ਸਗੋਂ ਵਿਦੇਸ਼ਾਂ ਵਿਚ ਵੀ ਆਪਣੇ ਬਸ਼ਿੰਦਿਆਂ ਕਾਰਨ ਜਾਣਿਆ ਜਾਂਦਾ ਹੈ। ਇਸ ਪਿੰਡ ਦੇ ਵਾਸੀਆਂ ਨੇ ਹਰ ਖੇਤਰ ਵਿਚ ਹੀ ਨਾਮਣਾ ਖੱਟਿਆ ਹੈ। ਸਮੇਂ-ਸਮੇਂ ਚੱਲੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਲਹਿਰਾਂ ਵਿਚ ਇਹ ਪਿੰਡ ਚਰਚਿਤ ਰਿਹਾ ਹੈ। ਅਕਾਲੀ ਮੋਰਚਿਆਂ, ਗੁਰਦੁਆਰਾ ਸੁਧਾਰ ਲਹਿਰ ਵਿਚ ਇਸ ਪਿੰਡ ਦੇ ਵਾਸੀ ਵੱਧ-ਚੜ੍ਹ ਕੇ ਹਿੱਸਾ ਲੈਂਦੇ ਰਹੇ ਹਨ। ਸਿਆਸੀ ਲਹਿਰਾਂ ਅਤੇ ਪਾਰਟੀਆਂ ਦਾ ਇਹ ਪਿੰਡ ਗੜ੍ਹ ਹੈ। ਖੱਬੇ ਪੱਖੀ ਰਾਜਨੀਤੀ ਦਾ ਵੀ ਇਹ ਪਿੰਡ ਕੇਂਦਰ ਰਿਹਾ ਹੈ। ਡਾਕਟਰੀ ਪੇਸ਼ੇ, ਖੇਡਾਂ, ਵਕਾਲਤ, ਆਧੁਨਿਕ ਖੇਤੀ, ਧਾਰਮਿਕ ਤੇ ਰਾਜਸੀ ਖੇਤਰ, ਸੁਰੱਖਿਆ ਬਲ, ਸਮਾਜ ਸੁਧਾਰ, ਗੀਤ ਸੰਗੀਤ ਆਦਿ ਖੇਤਰਾਂ ਵਿਚ ਇਹ ਪਿੰਡ ਵਿਸ਼ੇਸ਼ ਮਹੱਤਵ ਦਾ ਧਾਰਨੀ ਹੈ। ਬਹੁਤ ਵੱਡੀ ਗਿਣਤੀ ਵਿਚ ਪਿੰਡ ਦੇ ਲੋਕ ਵਿਦੇਸ਼ਾਂ ਵਿਚ ਗਏ ਹਨ।
ਸਾਹਿਤ ਦੇ ਖੇਤਰ ਵਿਚ ਇਸ ਪਿੰਡ ਦਾ ਮਹੱਤਵਪੂਰਨ ਥਾਂ ਹੈ। ਸ: ਮਹਿੰਦਰ ਸਿੰਘ ਦੁਸਾਂਝ (ਪ੍ਰਸਿੱਧ ਖੇਤੀ ਮਾਹਰ ਤੇ ਸਾਹਿਤਕਾਰ), ਸੰਤੋਖ ਸਿੰਘ ਸੰਤੋਖ, ਡਾ: ਐਸ.ਐਸ. ਦੁਸਾਂਝ, ਸਟੇਜੀ ਕਵੀ ਨਾਜਰ ਸਿੰਘ ਤਰਸ ਅਤੇ ਹੋਣਹਾਰ ਲੇਖਕ ਅਤੇ ਸੰਪਾਦਕ ਸੁਸ਼ੀਲ ਦੁਸਾਂਝ ਇਸ ਪਿੰਡ ਦੇ ਵਾਸੀ ਹਨ, ਜਿਨ੍ਹਾਂ ਨੇ ਆਪੋ-ਆਪਣੇ ਖੇਤਰਾਂ ਵਿਚ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ ਹਨ। ਮਹਿੰਦਰ ਸਿੰਘ ਦੁਸਾਂਝ ਖੇਤੀ ਮਾਹਰ ਹੋਣ ਦੇ ਨਾਲ-ਨਾਲ ਸਾਹਿਤਕ ਖੇਤਰ ਵਿਚ ਵੀ ਕਾਰਜਸ਼ੀਲ ਰਹੇ, ਸੰਤੋਖ ਸਿੰਘ ਸੰਤੋਖ ਪਰਵਾਸੀ ਪੰਜਾਬੀ ਸਾਹਿਤ ਵਿਚ ਪ੍ਰਗਤੀਵਾਦੀ ਸ਼ਾਇਰ ਵਜੋਂ ਵਿਸ਼ੇਸ਼ ਸਥਾਨ ਰੱਖਦੇ ਹਨ। ਸੁਸ਼ੀਲ ਦੁਸਾਂਝ ਅੱਜਕਲ੍ਹ ਸਾਹਿਤ ਜਗਤ ਵਿਚ 'ਹੁਣ' ਮੈਗਜ਼ੀਨ ਦੇ ਸੰਪਾਦਕ ਵਜੋਂ ਅਤੇ ਯੂਰਪ ਤੇ ਅਮਰੀਕਾ ਦੇ ਕਈ ਰੇਡੀਓ ਸਟੇਸ਼ਨਾਂ ਉੱਪਰ ਰੋਜ਼ਾਨਾ ਟਿੱਪਣੀਆਂ ਕਰਨ ਨਾਲ ਮਕਬੂਲ ਹਨ। ਪਿੰਡ ਬਾਰੇ ਏਨੀ ਵੱਡੀ ਪੱਧਰ 'ਤੇ ਖੋਜ-ਪੜਤਾਲ ਕਰ ਕੇ ਕਿਤਾਬ ਲਿਖਣੀ ਬੜਾ ਵੱਡਾ ਕਾਰਜ ਹੈ।


ਂਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.ਟਹਿਕਦੇ ਬੋਲ

ਕਵੀ : ਹਰਿੰਦਰ ਸਿੰਘ ਰੰਧਾਵਾ
ਪ੍ਰਕਾਸ਼ਨ : ਪ੍ਰੇਰਨਾ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98880-15334.


ਚਾਰ ਕਾਵਿ-ਵੰਨਗੀਆਂਂਰੁਬਾਈ, ਕਵਿਤਾ, ਗੀਤ ਅਤੇ ਗ਼ਜ਼ਲ 'ਤੇ ਆਧਾਰਿਤ ਸੰਗ੍ਰਹਿ 'ਟਹਿਕਦੇ ਬੋਲ' ਵਿੱਚ ਕਵੀ ਹਰਿੰਦਰ ਸਿੰਘ ਰੰਧਾਵਾ ਸਮਾਜ ਵਿਚ ਪਸਰੇ ਧੁੰਦੂਕਾਰੇ ਨੂੰ ਦੂਰ ਕਰਨ ਲਈ ਪੈਗ਼ਾਮ ਦਿੰਦਾ ਪ੍ਰਤੀਤ ਹੁੰਦਾ ਹੈ। ਉਸ ਦੀ ਧਾਰਨਾ ਹੈ ਕਿ ਕਾਵਿ-ਖੇਤਰ ਵਿਚ ਰੁਮਾਂਸਵਾਦੀ ਜਾਂ ਮੁਹੱਬਤੀ ਭਾਵਨਾਵਾਂ ਦਾ ਆਪਣਾ ਸਥਾਨ ਹੈ ਪ੍ਰੰਤੂ ਵਰਤਮਾਨ ਸੰਕਟਕਾਲੀਨ ਦੌਰ ਵਿਚ ਜਦੋਂ ਮਨੁੱਖ ਆਪੇ ਨਾਲੋਂ ਟੁੱਟਦਾ ਜਾ ਰਿਹਾ ਹੈ, ਸਮਾਜਕ ਚੇਤਨਾ ਵਾਲੀਆਂ ਕਵਿਤਾਵਾਂ ਵਧੇਰੇ ਮਹੱਤਵ ਰੱਖਦੀਆਂ ਹਨ। ਉਸ ਦੀ ਕਵਿਤਾ 'ਅਰਥੀ', 'ਕਵਿਤਾ', 'ਦੀਵਾ', 'ਪਿਆਰ', 'ਨਾਕਾਮ ਮੁਹੱਬਤ', 'ਆ ਚੱਲੀਏ', 'ਅਧੂਰੀ ਦੁਨੀਆ', 'ਮੈਂ ਪੰਜਾਬ' ਕਵਿਤਾਵਾਂ ਤੋਂ ਇਲਾਵਾ ਗੀਤਾਂ ਵਿਚਲੀ ਮੁੱਖ ਸੁਰ ਰੁਮਾਂਸਵਾਦੀ ਪ੍ਰਵਿਰਤੀ ਉਪਰ ਆਧਾਰਿਤ ਹੈ। ਗ਼ਜ਼ਲਾਂ ਵਿੱਚ ਵੀ ਰਿੰਦ, ਜਾਮ, ਸੁਰਾਹੀ, ਬਿਰਹੋਂ-ਵਸਲ ਅਤੇ ਗ਼ਮ ਦਾ ਜ਼ਿਕਰ ਆਉਂਦਾ ਹੈ ਜਦੋਂ ਕਿ 'ਮਜ਼ਦੂਰ ਵੱਲੋਂ', 'ਪੁਕਾਰ', 'ਸ਼ਹੀਦ', 'ਮਾਂ', 'ਸੱਚਾਈ', 'ਮੈਂ ਭਾਰਤ', 'ਪਥੇਰੇ' ਕਵਿਤਾਵਾਂ ਗੁਰਬਤ, ਗ਼ੁਲਾਮੀ ਅਤੇ ਜ਼ਿੱਲਤ ਦੀ ਜੂਨ ਹੰਢਾ ਰਹੀ ਅਜੋਕੀ ਨੌਜਵਾਨ ਪੀੜ੍ਹੀ ਦੀ ਮਾਨਸਿਕਤਾ ਦੀ ਤਰਜ਼ਮਾਨੀ ਕਰਦੀਆਂ ਹਨ। ਕਵੀ ਸਮਾਜ ਨੂੰ ਸੰਬੋਧਨ ਹੁੰਦਾ ਹੋਇਆ ਕਈ ਸਵਾਲ ਕਰਦਾ ਹੈ। ਕਿਤੇ-ਕਿਤੇ ਕਵੀ ਆਪਣੀ ਗੱਲ ਨੂੰ ਬਿਨੋਦੀ ਜਾਂ ਵਿਅੰਗਮਈ ਅੰਦਾਜ਼ ਵਿਚ ਕਹਿਣ ਲਈ ਡੰਗ ਤੇ ਚੋਭਾਂ ਦਾ ਸਹਾਰਾ ਲੈਂਦਾ ਹੈ ਜਾਂ ਟਕੋਰਾਂ ਲਗਾਉਂਦਾ ਹੈ। ਇਸ ਸਬੰਧੀ ਉਸ ਦੀਆਂ ਕੁਝ ਖ਼ਾਸ ਨਜ਼ਮਾਂ ਵਿੱਚ 'ਕਵਿਤਾ','ਚਮਚਾਗਿਰੀ', 'ਹਾਸ-ਰਸ' ਆਦਿ ਦੇ ਨਾਂਅ ਲਏ ਜਾ ਸਕਦੇ ਹਨ। ਕਵੀ ਕੋਲ ਭਿੰਨ-ਭਿੰਨ ਭਾਸ਼ਾਵਾਂ ਖ਼ਾਸ ਕਰਕੇ ਉਰਦੂ ਜ਼ੁਬਾਨ ਦਾ ਇਲਮ ਹੈ, ਜਿਸ ਕਰਕੇ ਉਸ ਦੀਆਂ ਕਵਿਤਾਵਾਂ ਵਿਚ ਨਸਾਰ, ਸ਼ਬਾਬ, ਮਜ਼ਾਰ, ਆਬ, ਅਸ਼ਕ ਵਰਗੇ ਸ਼ਬਦ ਆਮ ਮਿਲਦੇ ਹਨ।ਮੈਖ਼ਾਨਾ
ਸ਼ਾਇਰ : ਡਾ: ਬਚਨ ਝਨੇੜ੍ਹੀ
ਪ੍ਰਕਾਸ਼ਨ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 94170-04551.


ਮਹਾਂ-ਕਾਵਿ 'ਮੈਖ਼ਾਨਾ' ਡਾ: ਬਚਨ ਝਨੇੜ੍ਹੀ ਦੀ ਨਵ-ਛਪੀ ਕ੍ਰਿਤ ਹੈ। ਭਾਵੇਂ ਬਾਹਰੀ ਨਜ਼ਰ ਤੋਂ ਪੁਸਤਕ ਦਾ ਸਿਰਲੇਖ 'ਮੈਖ਼ਾਨਾ' ਅਤੇ ਇਸ ਨਾਲ ਜੁੜੇ ਜਾਮ, ਸੁਰਾਹੀ, ਸਾਕੀ, ਮਹਿਬੂਬ-ਮਹਿਬੂਬਾ ਦੇ ਵਸਲ-ਵਿਛੋੜੇ ਆਦਿ ਵੱਲ ਸੰਕੇਤ ਕਰਦਾ ਪ੍ਰਤੀਤ ਹੁੰਦਾ ਹੈ ਪ੍ਰੰਤੂ ਕਵੀ ਨੇ ਇਸ ਮਹਾਂ-ਕਾਵਿ ਦੇ ਮਾਧਿਅਮ ਦੁਆਰਾ ਇਕ ਅਜਿਹੇ ਅਨੋਖੇ ਮੈਖ਼ਾਨੇ ਦੀ ਕਲਪਨਾ ਕੀਤੀ ਹੈ, ਜਿਸ ਨਾਲ ਆਪਣੀ ਸਾਂਝ ਵਧਾ ਕੇ ਕੋਈ ਵੀ ਸ਼ਖ਼ਸ ਜੀਵਨ ਨੂੰ ਸਫਲ ਬਣਾ ਸਕਦਾ ਹੈ ਕਿਉਂਕਿ ਕਿਰਤ ਕਰਨਾ, ਚੰਗੇ ਅਮਲਾਂ ਉਪਰ ਪਹਿਰਾ ਦੇਣਾ, ਸਮਾਜਿਕ-ਕਲਿਆਣ ਵਿੱਚ ਹੱਥ ਵਟਾਉਣਾ, ਨਸ਼ਾਖੋਰੀ ਤੋਂ ਦੂਰ ਰਹਿਣਾ ਹੀ ਅਸਲ ਮੈਖ਼ਾਨਾ ਹੈ। ਡਾ: ਬਚਨ ਝਨੇੜ੍ਹੀ ਨੇ ਆਪਣੀ ਇਸ ਪੁਸਤਕ ਨੂੰ ਕੁੱਲ ਦਸ ਸਰਗਾਂ ਵਿਚ ਵੰਡਿਆ ਹੈ ਜਿਨ੍ਹਾਂ ਵਿਚ ਅੱਗੋਂ ਲੰਮੀ ਬਹਿਰ ਵਿੱਚ ਸਿਰਜੀਆਂ ਰੁਬਾਈਆਂ ਸ਼ਾਮਿਲ ਕੀਤੀਆਂ ਗਈਆਂ ਹਨ। ਨਿਮਨ-ਲਿਖਤ ਰੁਬਾਈ ਮਨੁੱਖ ਅਤੇ ਉਸ ਦੀ ਘਰ ਗ੍ਰਹਿਸਥੀ ਉਪਰ ਪੈਣ ਵਾਲੇ ਭਿੰਨ-ਭਿੰਨ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਵੱਲ ਸੰਕੇਤ ਕਰਦੀ ਹੈ :
ਸੱਤ ਪੀੜ੍ਹੀਆਂ ਪੱਟ ਸੁੱਟੇ
ਸਾਕੀ ਸੁਰਾਂ ਦਾ ਪੈਮਾਨਾ।
ਭੰਗ ਇਕ ਕੁਲ ਨੂੰ ਕਰੇ ਪਾਗਲ
ਤੰਬਾਕੂ ਸੌ ਦਾ ਵਿਨਾਸ਼ ਖ਼ਾਨਾ।
ਖੇਤ ਘਰੋਂ ਵਿਹਲਾ ਕਰਕੇ
ਅਮਲੀ ਮੰਗਤਾ ਇਹ ਬਣਾਏ
ਰਾਜੋਂ ਸੜਕ 'ਤੇ ਲਿਆ ਪਟਕੇ
'ਬਚਨ' ਰੋਜ਼ਮੱਰਾ ਦਾ ਮੈਖ਼ਾਨਾ।
ਇਉਂ ਲੇਖਕ ਨੇ ਇਨ੍ਹਾਂ ਰੁਬਾਈਆਂ ਰਾਹੀਂ ਦੁਨਿਆਵੀ ਨਸ਼ਿਆਂ ਨੂੰ ਤਿਲਾਂਜਲੀ ਦੇਣ ਦੀ ਪ੍ਰੇਰਣਾ ਦਿੰਦਿਆਂ ਨਾਮ-ਖੁਮਾਰੀ, ਕਿਰਤ, ਉਪਕਾਰ ਅਤੇ ਕਲਿਆਣਕਾਰੀ-ਪ੍ਰਵਿਰਤੀ ਦੇ ਨਸ਼ਿਆਂ ਨੂੰ ਗ੍ਰਹਿਣ ਕਰਕੇ ਜੀਵਨ ਸਫ਼ਲ ਬਣਾਉਣ ਦਾ ਸੁਨੇਹਾ ਦਿੱਤਾ ਹੈ। ਕਿਤੇ ਕਿਤੇ ਇਸ਼ਕ ਮਜਾਜ਼ੀ ਵਾਲਾ ਰੰਗ ਵੀ ਪੇਸ਼ ਹੋਇਆ ਹੈ। ਕਵੀ ਨੇ ਇਨ੍ਹਾਂ ਰੁਬਾਈਆਂ ਵਿਚ ਅਰਬੀ-ਫ਼ਾਰਸੀ ਅਤੇ ਉਰਦੂ ਦੀ ਸ਼ਬਦਾਵਲੀ ਦਾ ਵੀ ਇਸਤੇਮਾਲ ਕੀਤਾ ਹੈ ਅਤੇ ਲੋੜੀਂਦੇ ਸ਼ਬਦਾਂ ਦੇ ਅਰਥ ਵੀ ਦਿੱਤੇ ਹਨ ਪਰੰਤੂ ਕਿਤੇ ਕਿਤੇ ਅਰਥ-ਸੰਚਾਰ ਦੀ ਸਮੱਸਿਆ ਪੈਦਾ ਹੁੰਦੀ ਹੈ ਅਤੇ ਕਿਤੇ-ਕਿਤੇ ਸ਼ਬਦਾਂ ਦੀਆਂ ਗ਼ਲਤੀਆਂ ਜ਼ਰੂਰ ਰੜਕਦੀਆਂ ਹਨ।


ਂਦਰਸ਼ਨ ਸਿੰਘ 'ਆਸ਼ਟ' (ਡਾ:)
ਮੋ: 9814423703
ਮੋਹ ਦੀਆਂ ਤੰਦਾਂ
ਅਵਤਾਰ ਰੋਡੇ ਦੇ ਕਹਾਣੀ ਸੰਗ੍ਰਹਿ 'ਸਾਡੇ ਧੀਆਂ ਪੁੱਤਰ' ਦੇ ਸੰਦਰਭ ਵਿਚ

ਸੰਪਾਦਕਾ : ਪ੍ਰੋ: ਇੰਦਰਜੀਤ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 98786-03236.


ਅਵਤਾਰ ਰੋਡੇ ਇਕ ਗੌਲਿਆ ਪਰਵਾਸੀ ਲੇਖਕ ਹੈ। ਇਸ ਲੇਖਕ ਦੇ ਇਕ ਕਹਾਣੀ-ਸੰਗ੍ਰਹਿ 'ਸਾਡੇ ਧੀਆਂ ਪੁੱਤਰ' ਦੇ ਸੰਦਰਭ ਵਿਚ 18 ਇਸਤਰੀ-ਆਲੋਚਕਾਂ ਨੇ ਆਪਣੇ ਖੋਜ ਪੱਤਰ ਲਿਖੇ ਹਨ।
ਡਾ: ਸਰੋਜ ਰਾਣੀ, ਡਾ: ਰੁਪਿੰਦਰਜੀਤ ਗਿੱਲ, ਡਾ: ਪਲਵਿੰਦਰ ਕੌਰ, ਡਾ: ਮਨਦੀਪ ਕੌਰ, ਡਾ: ਬਲਵਿੰਦਰ ਕੌਰ, ਡਾ: ਵੀਨਾ ਕੁਮਾਰੀ, ਡਾ: ਸਿਮਰਜੀਤ ਗਿੱਲ, ਡਾ: ਕਿਰਨਪਾਲ ਕੌਰ, ਡਾ: ਸੁਖਵਿੰਦਰ ਕੌਰ, ਡਾ: ਰਾਜਪ੍ਰੀਤ ਕੌਰ ਬੈਨੀਪਾਲ, ਪ੍ਰੋ: ਰਮਨਪ੍ਰੀਤ ਕੌਰ ਚੌਹਾਨ, ਪ੍ਰੋ: ਸਨਦੀਪ ਕੌਰ ਚੀਮਾ, ਪ੍ਰੋ: ਹਰਪ੍ਰੀਤ ਕੌਰ, ਪ੍ਰੋ: ਜਤਿੰਦਰ ਕੌਰ, ਰਾਜਵੀਰ, ਪਰਮਜੀਤ, ਪੁਨੀਤ ਤੇ ਪ੍ਰੋ: ਅਮਨਦੀਪ ਕੌਰ ਨੇ ਆਪਣੇ-ਆਪਣੇ ਦ੍ਰਿਸ਼ਟੀਕੋਣ ਤੋਂ ਇਸ ਪੁਸਤਕ ਵਿਚਲੀਆਂ ਕਹਾਣੀਆਂ ਦਾ ਵਿਸ਼ਲੇਸ਼ਣ ਕੀਤਾ ਹੈ।
ਉਪਰੋਕਤ ਆਲੋਚਕਾਂ ਦੇ ਖੋਜ ਪੱਤਰਾਂ 'ਚ ਰਿਸ਼ਤਿਆਂ ਦੀਆਂ ਬਦਲ ਰਹੀਆਂ ਸਮੀਕਰਨਾਂ, ਪੀੜ੍ਹੀ ਪਾੜਾ, ਸਮਾਜਿਕ ਸਰੋਕਾਰ, ਸੱਭਿਆਚਾਰਕ ਤਣਾਅ, ਪਰਵਾਸੀ ਪੰਜਾਬੀ ਲੋਕਾਂ ਦੀਆਂ ਸੰਵੇਦਨਾਵਾਂ, ਸੋਚਾਂ, ਸਮੱਸਿਆਵਾਂ, ਲੋੜਾਂ, ਰੀਝਾਂ, ਉਦਰੇਵਾਂ ਬਾਰੇ ਵਰਨਣ ਮਿਲਦਾ ਹੈ। ਕੁਝ ਖੋਜ ਪੱਤਰਾਂ 'ਚ ਅਵਤਾਰ ਰੋਡੇ ਦੀ ਕਹਾਣੀ ਕਲਾ ਬਾਰੇ ਜ਼ਿਕਰ ਕੀਤਾ ਹੈ। ਸਾਰੀਆਂ ਇਸਤਰੀ ਆਲੋਚਕਾਂ ਨੇ ਆਪਣੇ-ਆਪਣੇ ਵਿਸ਼ੇ ਨੂੰ ਮਿਹਨਤ ਨਾਲ ਨਿਭਾਇਆ ਹੈ। ਆਸ ਹੈ ਇਹ ਆਲੋਚਕ ਭਵਿੱਖ 'ਚ ਇਸੇ ਤਰ੍ਹਾਂ ਲਗਨ ਨਾਲ ਪੰਜਾਬੀ-ਆਲੋਚਨਾ ਖੇਤਰ 'ਚ ਆਪਣਾ ਨਾਂਅ ਹੋਰ ਚਮਕਾਉਣਗੇ।


ਂਪ੍ਰੋ: ਸਤਪਾਲ ਸਿੰਘ
ਮੋ: 98725-21515.ਚੱਕਰਵਿਊ
ਨਾਵਲਕਾਰ : ਦਰਸ਼ਨ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 295 ਰੁਪਏ, ਸਫ਼ੇ : 208
ਸੰਪਰਕ : 099102-20294.


ਇਹ ਇਕ ਸਿਆਸੀ ਨਾਵਲ ਹੈ ਜੋ ਕਲਪਨਾ 'ਤੇ ਆਧਾਰਿਤ ਹੈ। ਭਾਵੇਂ ਨਾਵਲ ਦਾ ਸਥਾਨ, ਘਟਨਾਵਾਂ, ਪਾਤਰ ਅਤੇ ਬ੍ਰਿਤਾਂਤ ਫਰਜ਼ੀ ਹਨ ਪਰ ਜੋ ਕੁਝ ਵੀ ਇਸ ਵਿਚ ਚਿਤਰਿਆ ਗਿਆ ਹੈ, ਉਹ ਅਸਲੀ ਲਗਦਾ ਹੈ। ਨਾਵਲ ਦਾ ਵਿਸ਼ਾ ਰਾਜਨੀਤਕ ਭ੍ਰਿਸ਼ਟਾਚਾਰ ਹੈ। ਇਸ ਦਾ ਇਕ ਪਾਤਰ ਜੋ ਇਕ ਭ੍ਰਿਸ਼ਟ ਮੁੱਖ ਮੰਤਰੀ ਹੁੰਦਾ ਸੀ, ਮਰ ਚੁੱਕਿਆ ਹੈ। ਉਹ ਆਪਣੇ ਮੁੰਡੇ ਨੂੰ ਰਾਜਨੀਤਕ ਦਾਅ ਪੇਚ ਸਿਖਾ ਜਾਂਦਾ ਹੈ। ਵਿਸ਼ਾਲਾਂਚਲ ਦਾ ਇਹ ਮੁੱਖ ਮੰਤਰੀ ਭਾਵੇਂ ਰੱਜ ਕੇ ਭ੍ਰਿਸ਼ਟ ਸੀ ਪਰ ਉਹ ਲੋਕਾਂ ਅਤੇ ਹਾਈ ਕਮਾਨ ਦਾ ਚਹੇਤਾ ਸੀ। ਮਰਨ ਉਪਰੰਤ ਉਸ ਦੀ ਗੱਦੀ ਖਾਲੀ ਹੋ ਜਾਂਦੀ ਹੈ। ਉਸ ਦਾ ਜ਼ਿੱਦੀ, ਗੁਸੈਲ, ਘੱਟ ਉਮਰਾ ਪੁੱਤਰ ਇਸ ਗੱਦੀ 'ਤੇ ਹੱਕ ਜਮਾਉਣਾ ਚਾਹੁੰਦਾ ਹੈ। ਉਸ ਦੀ ਨਾਕਾਬਲੀਅਤ ਕਰਕੇ ਹਾਈ ਕਮਾਨ ਉਸ ਨੂੰ ਵਰਜ ਦਿੰਦੀ ਹੈ। ਮੁੰਡੇ ਦਾ ਲਹੂ ਖ਼ੌਲ ਪੈਂਦਾ ਹੈ। ਉਹ ਨਾਤਜਰਬੇਕਾਰ ਹੁੰਦਾ ਹੋਇਆ ਵੀ ਹਾਈ ਕਮਾਨ ਨਾਲ ਉਲਝ ਪੈਂਦਾ ਹੈ। ਉਸ ਉੱਪਰ ਭ੍ਰਿਸ਼ਟਾਚਾਰ ਦੇ ਕਈ ਕੇਸ ਚੱਲ ਪੈਂਦੇ ਹਨ ਅਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਉਥੋਂ ਉਹ ਬਿਮਾਰੀ ਦਾ ਬਹਾਨਾ ਬਣਾ ਕੇ ਬਾਹਰ ਆ ਜਾਂਦਾ ਹੈ ਅਤੇ ਆਪਣੇ ਪਿਤਾ ਦੇ ਸਹਿਯੋਗੀਆਂ ਨਾਲ ਰਲ ਕੇ ਹਾਈ ਕਮਾਨ ਦੇ ਨੱਕ ਵਿਚ ਦਮ ਕਰ ਦਿੰਦਾ ਹੈ। ਦੋਵਾਂ ਪਾਸਿਆਂ ਤੋਂ ਦੁਵੱਲੀ ਟੱਕਰ ਹੁੰਦੀ ਹੈ। ਰਾਜਨੀਤਕ ਖੇਡਾਂ ਖੇਡੀਆਂ ਜਾਂਦੀਆਂ ਹਨ ਅਤੇ ਅੰਤ ਹਾਈ ਕਮਾਨ ਵੱਲੋਂ ਇਸ ਨੂੰ ਸਭ ਤੋਂ ਘੱਟ ਉਮਰ ਦਾ ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ ਹੁੰਦਾ ਹੈ।
ਇਸ ਨਾਵਲ ਵਿਚ ਬੜੀ ਬਰੀਕੀ ਨਾਲ ਰਾਜਨੀਤਕ ਅਤੇ ਸਮਾਜਿਕ ਬੁਰਾਈਆਂ ਦਾ ਵਰਨਣ ਕੀਤਾ ਗਿਆ ਹੈ। ਇਸ ਵਿਚ ਇਹ ਵੀ ਦਰਸਾਇਆ ਗਿਆ ਹੈ ਕਿ ਸਿਆਸੀ ਲੋਕ ਕਿਵੇਂ ਭੋਲੇ-ਭਾਲੇ ਲੋਕਾਂ ਦੀ ਲੁੱਟ-ਖਸੁੱਟ ਕਰਕੇ ਆਪਣੀਆਂ ਝੋਲੀਆਂ ਭਰਦੇ ਹਨ ਅਤੇ ਕਾਲਾ ਧਨ ਕਿਹੜੀਆਂ ਗੁਫ਼ਾਵਾਂ ਵਿਚ ਲੁਕੋ ਕੇ ਰੱਖਦੇ ਹਨ। ਨਾਵਲ ਵਿਚ ਰੌਚਕਤਾ ਅਤੇ ਸਾਹਿਤਕਤਾ ਹੈ। ਠੁੱਕ ਵਾਲੀ ਸਰਲ ਕੇਂਦਰੀ ਪੰਜਾਬੀ ਬੋਲੀ ਵਰਤੀ ਗਈ ਹੈ। ਇਹ ਨਾਵਲ ਲੋਕਾਂ ਨੂੰ ਸੁਚੇਤ ਕਰਦਾ ਹੈ ਕਿ ਸਾਡੇ ਦੇਸ਼ ਦੀ ਸਿਆਸਤ ਭ੍ਰਿਸ਼ਟਾਚਾਰ ਨਾਲ ਗੜੁੱਚ ਹੈ। ਇਸ ਨਾਵਲ ਦਾ ਸਵਾਗਤ ਹੈ।


ਖ਼ਲੀਲ ਜ਼ਿਬਰਾਨ
ਦੀਆਂ ਚਰਚਿਤ ਕਹਾਣੀਆਂ

ਅਨੁਵਾਦਕ : ਕਮਲਜੀਤ
ਸੰਪਾਦਕ : ਅਮਿਤ ਮਿੱਤਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਕੱਚਾ ਕਾਲਜ ਰੋਡ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 166
ਸੰਪਰਕ : 78377-18723.


ਖ਼ਲੀਲ ਜ਼ਿਬਰਾਨ ਇਕ ਸੰਸਾਰ ਪ੍ਰਸਿੱਧ ਲੇਖਕ, ਕਵੀ ਅਤੇ ਚਿੱਤਰਕਾਰ ਸੀ। ਉਹ ਇਕ ਉੱਘਾ ਦਾਰਸ਼ਨਿਕ ਵੀ ਸੀ। ਭਾਵੇਂ ਉਹ ਇਕ ਈਸਾਈ ਪਰਿਵਾਰ ਵਿਚ ਪੈਦਾ ਹੋਇਆ ਪਰ ਉਸ 'ਤੇ ਇਸਲਾਮ ਦਾ ਕਾਫ਼ੀ ਅਸਰ ਸੀ। ਸੂਫ਼ੀਆਨਾ ਖ਼ਿਆਲਾਂ ਦਾ ਹੋਣ ਕਰਕੇ ਉਹ ਧਰਮਾਂ ਦੀ ਬੁਨਿਆਦੀ ਏਕਤਾ ਅਤੇ ਪਿਆਰ ਵਿਚ ਵਿਸ਼ਵਾਸ ਰੱਖਦਾ ਸੀ। ਉਸ ਦੀ ਆਤਮ-ਕਥਾ ਅਰਬ ਦੀ ਸਭ ਤੋਂ ਪ੍ਰਸਿੱਧ ਰਚਨਾ ਹੈ। ਉਸ ਦੀ 'ਦਿ ਪ੍ਰੋਫੈਟ' ਨਾਮੀ ਕਿਤਾਬ ਸੰਸਾਰ ਪ੍ਰਸਿੱਧ ਰਚਨਾ ਹੈ ਜੋ 40 ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀ ਹੈ। ਹਥਲੀ ਪੁਸਤਕ ਵਿਚ ਉਸ ਦੀਆਂ ਕੁਝ ਪ੍ਰਸਿੱਧ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਨ੍ਹਾਂ ਕਹਾਣੀਆਂ ਵਿਚੋਂ ਜੀਵਨ ਦੇ ਡੂੰਘੇ ਗਿਆਨ, ਸੰਵੇਦਨਸ਼ੀਲਤਾ, ਭਾਵਨਾਤਮਕਤਾ ਅਤੇ ਅਗਾਂਹਵਧੂ ਸੋਚ ਦੇ ਦਰਸ਼ਨ ਹੁੰਦੇ ਹਨ। ਇਨ੍ਹਾਂ ਵਿਚ ਲੇਖਕ ਦੀ ਵਿਰੋਧੀ ਅਤੇ ਵਿਦਰੋਹੀ ਛਾਪ ਵੀ ਝਲਕਦੀ ਹੈ ਜੋ ਉਸ ਨੇ ਜ਼ੁਲਮ, ਸ਼ੋਸ਼ਣ ਅਤੇ ਸਮਾਜਿਕ ਬੁਰਾਈਆਂ ਪ੍ਰਤੀ ਪ੍ਰਗਟ ਕੀਤੀ ਹੈ। ਇਨ੍ਹਾਂ ਕਹਾਣੀਆਂ ਰਾਹੀਂ ਲੇਖਕ ਨੇ ਸਮਾਜ, ਵਿਅਕਤੀ, ਪਾਖੰਡ, ਸੰਘਰਸ਼, ਨਿਆਂ, ਕਲਾ, ਪਿਆਰ ਆਦਿ ਬਾਰੇ ਆਪਣੀਆਂ ਭਾਵਨਾਵਾਂ ਉਜਾਗਰ ਕੀਤੀਆਂ ਹਨ। ਰੁੱਤਾਂ, ਕੁਦਰਤੀ ਨਜ਼ਾਰਿਆਂ ਅਤੇ ਹਰਿਆਵਲਾਂ ਦਾ ਵਰਣਨ ਬਹੁਤ ਸੁੰਦਰ ਢੰਗ ਨਾਲ ਕੀਤਾ ਗਿਆ ਹੈ। ਕੁਝ ਖੂਬਸੂਰਤ ਪੰਕਤੀਆਂ ਦੇ ਦਰਸ਼ਨ ਕਰਦੇ ਹਾਂਂ
-'ਸੇਬ ਅਤੇ ਬਦਾਮ ਦੇ ਰੁੱਖਾਂ ਨੇ ਖੁਸ਼ਬੂ ਭਰੇ ਸਫ਼ੈਦ ਕੱਪੜਿਆਂ ਦੀ ਪੌਸ਼ਾਕ ਪਾਈ ਹੋਈ ਹੈ। ਇਮਾਰਤਾਂ ਵਿਚਕਾਰ ਖੜ੍ਹੇ ਚਿੱਟੇ ਚੋਲੇ ਧਾਰਨ ਕੀਤੇ ਹੋਏ ਇਨ੍ਹਾਂ ਰੁੱਖਾਂ ਨੂੰ ਕੁਦਰਤ ਦੇਵੀ ਨੇ ਜਿਵੇਂ ਕਵੀ ਅਤੇ ਸਾਹਿਤਕਾਂ ਵਰਗੇ ਰਸੀਆਂ ਲਈ ਨਵੀਂ ਵਿਆਹੀ ਦੇ ਸ਼ਿੰਗਾਰ ਨਾਲ ਲੱਦੀਆਂ ਅਪਸਰਾਵਾਂ ਨੂੰ ਭੇਜਿਆ ਹੋਵੇ...'।
-ਸੁੰਦਰਤਾ ਜੀਵਨ ਦੀ ਇਕ ਧੜਕਣ ਹੈ, ਜਿਸ ਨੂੰ ਪਾ ਕੇ ਆਤਮਾ ਨੂੰ ਸੁੱਖ ਦਾ ਅਹਿਸਾਸ ਹੁੰਦਾ ਹੈ।
-ਬੁੱਢੇ ਲੋਕਾਂ ਦੀਆਂ ਗੱਲ੍ਹਾਂ 'ਤੇ ਚਮਕਣ ਵਾਲੇ ਸਿੱਧੇ ਸਾਦੇ ਹੰਝੂ ਨੌਜਵਾਨ ਦੇ ਖ਼ੂਨ ਦੇ ਹੰਝੂਆਂ ਨਾਲੋਂ ਆਤਮਾ ਉੱਪਰ ਵੱਧ ਪ੍ਰਭਾਵਸ਼ਾਲੀ ਹੁੰਦੇ ਹਨ।
ਅਨੁਵਾਦਕ ਨੇ ਇਹ ਸ੍ਰੇਸ਼ਟ ਕਹਾਣੀਆਂ ਪਾਠਕਾਂ ਦੇ ਰੂਬਰੂ ਕਰਕੇ ਸ਼ਲਾਘਾਯੋਗ ਉੱਦਮ ਕੀਤਾ ਹੈ।


ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.ਘਾਲਣਾ ਗੁਰ-ਸਿੱਖਾਂ ਦੀਆਂਂਸ਼ੁਹਰਤਾਂ ਗ਼ੈਰ-ਸਿੱਖਾਂ ਦੀਆਂ
ਲੇਖਕ : ਗੁਰਬਖਸ਼ ਸਿੰਘ ਸੈਣੀ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 098880-24143.


ਗੁਰਬਖਸ਼ ਸਿੰਘ ਸੈਣੀ ਬਹੁਵਿਧਾਈ ਕਲਮਕਾਰ ਹਨ, ਜਿਨ੍ਹਾਂ ਨੇ ਇਸ ਪੁਸਤਕ ਤੋਂ ਪਹਿਲਾਂ 9 ਪੁਸਤਕਾਂ ਦੀ ਰਚਨਾ ਕੀਤੀ ਹੈ। ਵਿਚਾਰ-ਗੋਚਰੀ ਪੁਸਤਕ ਇਕ ਨਵੇਂ-ਨਕੋਰ ਵਿਸ਼ੇ ਨੂੰ ਲੈ ਕੇ ਲਿਖੀ ਗਈ ਹੈ ਕਿ ਸਿੱਖ ਹਰ ਖੇਤਰ ਵਿਚ ਮਾਣਮੱਤੀਆਂ ਪ੍ਰਾਪਤ ਕਰਨ ਦੇ ਬਾਵਜੂਦ ਉਹ ਵਿਸ਼ਵ ਪੱਧਰੀ ਅਸਥਾਨ, ਮੁਕਾਮ ਹਾਸਲ ਨਹੀਂ ਕਰ ਸਕੇ, ਜਿਸ ਦੇ ਉਹ ਪੂਰੀ ਤਰ੍ਹਾਂ ਹੱਕਦਾਰ ਹਨ। ਇਸ ਪੁਸਤਕ ਦੇ 19 ਅਧਿਆਇ ਹਨ। ਪ੍ਰਥਮ ਅਧਿਆਇ ਹੈਂ'ਸਿੱਖੀ, ਮਨੁੱਖੀ ਕਲਿਆਣ ਦਾ ਸਰੋਤ।' ਲੇਖਕ ਦਾ ਵਿਚਾਰ ਹੈ ਕਿ ਸਿੱਖ ਧਰਮ, ਸਿਰਫ ਮਨੁੱਖੀ ਕਲਿਆਣ ਨੂੰ ਹੀ ਮੰਤਵ ਬਣਾ ਕੇ ਵਧਿਆ-ਫੁਲਿਆ ਅਤੇ ਸੁਲਾਹਿਆ ਜਾਂਦਾ ਹੈ। (ਪੰਨਾ 15) 'ਰੈੱਡ ਕਰਾਸ ਦਾ ਮੁੱਢ' ਅਧਿਆਇ ਅਨੁਸਾਰ ਰੈੱਡ ਕਰਾਸ ਦੇ ਮੋਢੀ ਭਾਈ ਘਨੱਈਆ ਜੀ ਹਨ। ਹਰ ਅਧਿਆਇ ਔਰਤ ਜਾਤੀ ਦਾ ਸਨਮਾਨ, ਨਸ਼ੇ-ਉੱਚਾ ਆਚਰਣ, ਜਾਤ-ਪਾਤ ਤੇ ਛੂਤਛਾਤ, ਅੰਧਵਿਸ਼ਵਾਸ, ਬ੍ਰਹਿਮੰਡ ਦਾ ਭੇਦ, ਵਾਤਾਵਰਨ ਦੀ ਸ਼ੁੱਧਤਾ ਲਈ ਰੁੱਖ ਤੇ ਬਾਗ, ਸਾਂਝੀਵਾਲਤਾ ਤੇ ਕਮਿਊਨਿਜ਼ਮ, ਲੋਕਤੰਤਰ ਸਿੱਖ ਧਰਮ ਦੀ ਉਪਜ, ਮਨੁੱਖੀ ਅਰੋਗਤਾ ਵਿਚ ਕੇਸਾਂ ਦਾ ਯੋਗਦਾਨ, ਸਿੱਖੀ ਭਗਤੀ ਸ਼ਕਤੀ ਦਾ ਸੋਮਾ ਤੇ ਅਰਦਾਸ ਆਦਿ ਸਿਰਲੇਖਾਂ ਹੇਠ ਹਨ। 'ਘਾਲਣਾ ਗੁਰ ਸਿੱਖਾਂ ਦੀਆਂਂਸ਼ੁਹਰਤਾਂ ਗ਼ੈਰ ਸਿੱਖਾਂ ਦੀਆਂ' ਅਧਿਆਇ ਵਿਚ ਲੇਖਕ ਵਿਚਾਰ ਪੇਸ਼ ਕਰਦਾ ਹੈਂ'ਜਿਸ ਤਰ੍ਹਾਂ ਸਿੱਖ ਗੁਰੂਆਂ ਅਤੇ ਸਿੱਖਾਂ ਨੇ ਮਾਨਵਤਾ ਲਈ ਪਹਿਲ ਕੀਤੀ, ਉਸ ਨੂੰ ਸਿੱਖ ਵਿਸ਼ਵ ਪੱਧਰ 'ਤੇ ਓਨਾ ਉਜਾਗਰ ਨਾ ਕਰ ਸਕੇ। ਘਾਲਣਾ ਗੁਰਸਿੱਖਾਂ ਦੀਆਂ, ਸ਼ੁਹਰਤਾਂ ਗ਼ੈਰ ਸਿੱਖਾਂ ਦੀਆਂ ਹੀ ਜਾਣੀਆਂ ਗਈਆਂ।' (ਪੰਨਾ 92) ਅਹਿਮ ਅਧਿਆਇ ਨੰਬਰ 18 ਰਾਹੀਂ ਸੱਤਾਧਾਰੀਆਂ ਵੱਲੋਂ ਸ਼ਤਰੰਜੀ ਚਾਲਾਂ ਰਾਹੀਂ ਸਿੱਖੀ ਸਿਧਾਂਤਾਂ ਦੀ ਉਲੰਘਣਾ ਦੀ ਪੋਲ ਖੋਲ੍ਹੀ ਗਈ ਹੈ। ਅੰਤਲੇ ਅਧਿਆਇ ਰਾਹੀਂ ਸਿੱਖ ਧਰਮ ਦੇ ਮਹਾਨ ਫਲਸਫ਼ੇ ਦੇ ਪ੍ਰਚਾਰ-ਪ੍ਰਸਾਰ ਦੀ ਲੋੜ ਨੂੰ 'ਸਮੇਂ ਦੀ ਲੋੜ' ਵਜੋਂ ਉਜਾਗਰ ਕੀਤਾ ਗਿਆ ਹੈ। ਵਿਚਾਰਾਂ ਦੀ ਪ੍ਰੋੜ੍ਹਤਾ ਲਈ ਗੁਰਬਾਣੀ ਦੇ ਅਨੇਕ ਢੁਕਵੇਂ ਪ੍ਰਮਾਣਾਂ ਦੇ ਨਾਲ-ਨਾਲ ਅਲਾਮਾ ਇਕਬਾਲ, ਸਵਾਮੀ ਵਿਵੇਕਾਨੰਦ, ਜਨਮ ਸਾਖੀ ਭਾਈ ਬਾਲਾ ਜੀ, ਅਕਾਲ ਉਸਤਤ, ਰਹਿਤਨਾਮਾ ਭਾਈ ਦਇਆ ਸਿੰਘ ਜੀ ਤੇ ਆਪਣੀਆਂ ਨਜ਼ਮਾਂ ਦੇ ਹਵਾਲੇ ਪੁਸਤਕ ਵਿਚਲੇ ਵਿਚਾਰਾਂ ਦੀ ਹੋਰ ਸੂਖਮਭਾਵੀ ਢੰਗ ਨਾਲ ਤਰਜਮਾਨੀ ਕਰਦੇ ਹਨ।


ਂਤੀਰਥ ਸਿੰਘ ਢਿੱਲੋਂ
E. mail : tirathsinghdhillon04@gmail.comਨੀਤੀ ਸਾਰ
ਅਨੁਵਾਦ ਤੇ ਸੰਪਾਦਨ : ਡਾ: ਜਗਦੀਸ਼ ਕੌਰ ਵਾਡੀਆ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98555-84298.


ਜੀਵਨ ਵਿਚ ਮਾਨਵੀ ਮੁੱਲਾਂ ਅਤੇ ਮਾਨਵੀ ਹੋਂਦ ਨੂੰ ਪ੍ਰਮੁੱਖਤਾ ਦਿੰਦਿਆਂ ਸਮਾਜ ਨੂੰ ਸਾਰਥਕ ਸੇਧਾਂ ਅਤੇ ਸੁਨੇਹੇ ਦੇਣ ਵਾਲੀ ਇਸ ਪੁਸਤਕ ਵਿਚ ਸਮਾਜ ਵਿਚ ਵਿਚਰਦਿਆਂ, ਆਪਣੇ ਸਮਾਜਿਕ ਕਰਮ ਨਿਭਾਉਂਦਿਆਂ ਸੇਧ ਦੇਣ ਵਾਲੇ ਨਿਯਮ, ਧਰਮ, ਪਰਿਵਾਰ ਅਤੇ ਆਦਰਸ਼ਕ ਜੀਵਨ ਨਾਲ ਸਬੰਧਤ ਸੰਸਕ੍ਰਿਤ ਦੇ ਸ਼ਲੋਕਾਂ ਦਾ ਅਨੁਵਾਦ ਅਤੇ ਵਿਆਖਿਆ ਕੀਤੀ ਗਈ ਹੈ, ਜਿਨ੍ਹਾਂ ਸਦਕਾ ਜੀਵਨ ਨੂੰ ਜਾਣਿਆ ਅਤੇ ਮਾਣਿਆ ਜਾ ਸਕਦਾ ਹੈ। ਲੇਖਿਕਾ ਅਨੁਸਾਰ ਇਸ ਪੁਸਤਕ ਦੇ ਸਰੋਤ ਨੀਤੀ ਸਾਰ, ਨੀਤੀ ਸ਼ਤਕ, ਹਿਤੋਉਪਦੇਸ਼, ਮਹਾਕਾਵਯ, ਸ਼ਾਸਤਰ, ਹੋਰ ਪੁਸਤਕਾਂ ਅਤੇ ਅਗਿਆਤ ਲੇਖਕ ਹਨ, ਜਿਨ੍ਹਾਂ ਦੇ ਸਲੋਕਾਂ ਦਾ ਮੁੱਖ ਉਪਦੇਸ਼ ਮਾਨਵ ਨੂੰ ਸਾਰਥਕ ਗਿਆਨ ਪ੍ਰਦਾਨ ਕਰਨਾ ਹੈ ਤਾਂ ਜੋ ਇਕ ਐਸੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ, ਜਿਸ ਵਿਚ ਬਹੁਪੱਖੀ ਸ਼ਖ਼ਸੀ ਵਿਕਾਸ ਹੋ ਸਕੇ ਅਤੇ ਸ਼ਾਂਤੀ ਅਤੇ ਸਦਭਾਵਨਾ ਕਾਇਮ ਰਹੇ। ਪੁਸਤਕ ਵਿਚ ਸਿਆਸਤ, ਨੈਤਿਕਤਾ, ਧਰਮ, ਬੁੱਧੀਮਤਾ, ਉਚੇਰੀ ਜੀਵਨ-ਜਾਚ ਦੇ ਨਾਲ ਗਿਆਨ ਪ੍ਰਾਪਤੀ, ਪ੍ਰਕਿਰਤੀ ਅਤੇ ਵਾਤਾਵਰਨ ਦੀ ਮਹਾਨਤਾ, ਪਰਿਵਾਰਕ ਖੁਸ਼ਹਾਲੀ, ਜੀਵਨ ਜੁਗਤਾਂ, ਕਰਮ ਸਿਧਾਂਤ, ਪਤੀ-ਪਤਨੀ ਧਰਮ ਤੋਂ ਇਲਾਵਾ ਪੜ੍ਹਨ, ਸੋਚਣ ਅਤੇ ਵਿਚਾਰਨ ਦੀ ਆਦਤ ਬਾਰੇ ਸਲੋਕਾਂ ਦੀ ਵਿਆਖਿਆ ਵੀ ਕੀਤੀ ਗਈ ਹੈ। ਵਿਦਿਆਰਥੀ ਜੀਵਨ, ਮਾਤਾ-ਪਿਤਾ ਅਤੇ ਬੱਚਿਆਂ ਦੇ ਫਰਜ਼, ਅਨੁਸ਼ਾਸਨ ਦਾ ਮਹੱਤਵ ਦਰਸਾਉਂਦੇ ਸਲੋਕਾਂ ਵਿਚ ਇਹ ਦਰਸਾਇਆ ਗਿਆ ਹੈ ਕਿ ਇਨ੍ਹਾਂ ਤੋਂ ਬਿਨਾਂ ਜੀਵਨ ਵਿਕਾਸ ਸੰਭਵ ਨਹੀ। ਪਰਮਾਤਮਾ ਅਤੇ ਪ੍ਰਕਿਰਤੀ ਦੇ ਸਬੰਧ, ਗੁਰੂ ਦਾ ਆਦਰ ਸਨਮਾਨ, ਬੁਰਾਈ ਤੋਂ ਬਚਾਅ, ਅਡੰਬਰ ਰਹਿਤ ਜੀਵਨ ਜਿਊਂਦਿਆਂ ਸਿਖਲਾਈ ਹਾਸਲ ਕਰਨਾ ਆਦਿ ਉਪਦੇਸ਼ਾਤਮਕ ਸਲੋਕਾਂ ਵਿਚ ਮਾਰਗ-ਦਰਸ਼ਨ ਦੇ ਨਾਲ-ਨਾਲ ਸਮੇਂ ਦੇ ਸੱਚ ਨੂੰ ਜਾਣਨ, ਪਰਖਣ ਅਤੇ ਸਮਝਣ ਦੀ ਸਿੱਖਿਆ ਮਿਲਦੀ ਹੈ। ਜੀਵਨ ਨੀਤੀ ਦੇ ਇਨ੍ਹਾਂ ਸਲੋਕਾਂ ਨੂੰ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਇਨ੍ਹਾਂ ਦੀ ਸਾਰਥਕਤਾ ਅਜੋਕੇ ਸਮੇਂ ਵਿਚ ਵੀ ਉਹੀ ਹੈ ਜੋ ਉਸ ਸਮੇਂ ਸੀ ਜਦੋਂ ਇਨ੍ਹਾਂ ਦੀ ਰਚਨਾ ਕੀਤੀ ਗਈ ਸੀ। ਪਦਾਰਥਵਾਦ ਦੇ ਵਧ ਰਹੇ ਬੋਲਬਾਲੇ ਵਿਚ ਪ੍ਰਾਚੀਨ ਸਾਹਿਤ ਦੇ ਗੌਰਵ ਦੇ ਨਾਲ-ਨਾਲ ਮਾਨਵੀ ਮੁੱਲਾਂ ਨੂੰ ਸਰਲ ਭਾਸ਼ਾ ਵਿਚ ਪੇਸ਼ ਕਰਦੀ ਇਹ ਪੁਸਤਕ ਮਾਣਨਯੋਗ ਹੈ।


ਂਡਾ: ਸੁਖਪਾਲ ਕੌਰ ਸਮਰਾਲਾ
ਮੋ: 9888547099ਰੰਗਾਂ ਦੀ ਗਾਗਰ

(ਜੀਵਨ ਝਲਕਾਂ)
ਲੇਖਕ : ਸਰਦਾਰਾ ਸਿੰਘ ਜੌਹਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 342
ਸੰਪਰਕ : 0161-2409306.


ਡਾ: ਸਰਦਾਰਾ ਸਿੰਘ ਜੌਹਲ ਕਿਸੇ ਵੀ ਰਸਮੀ ਜਾਣ-ਪਚਾਣ ਦਾ ਮੁਥਾਜ ਨਹੀਂ। ਸਰਦਾਰਾ ਸਿੰਘ ਜੌਹਲ ਨੇ ਆਪਣੀ ਇਸ ਸਵੈ-ਜੀਵਨੀ ਰੂਪੀ ਪੁਸਤਕ 'ਰੰਗਾਂ ਦੀ ਗਾਗਰ' ਵਿਚ ਜੀਵਨ ਯਥਾਰਥ ਦੇ ਬਹੁਤ ਸਾਰੇ ਰੰਗਾਂ ਦਾ ਸਮਾਵੇਸ਼ ਕੀਤਾ ਹੈ। ਇਸ ਪੁਸਤਕ ਵਿਚ ਕਿਧਰੇ ਉਸ ਦੀ ਬਚਪਨ ਦੀ ਬੇਪਰਵਾਹੀ ਜ਼ਿੰਦਗੀ ਦਾ ਰੰਗ ਹੈ, ਕਿਧਰੇ ਦੇਸ਼ ਵੰਡ ਦੇ ਦਰਦ ਦਾ ਰੰਗ ਹੈ, ਕਿਧਰੇ ਜੀਵਨ ਸੰਘਰਸ਼ ਦੀ ਦਾਸਤਾਨ ਹੈ, ਕਿਧਰੇ ਭ੍ਰਿਸ਼ਟਾਚਾਰੀ ਤੰਤਰ ਨੂੰ ਬੇਪਰਦਾ ਕਰਨ ਦਾ ਰੰਗ, ਕਿਧਰੇ ਅਹੁਦਿਆਂ ਦੀ ਜ਼ਿੰਮੇਵਾਰੀ ਦਾ ਰੰਗ ਹੈ, ਕਿਧਰੇ ਅੰਤਰਰਾਸ਼ਟਰੀ ਪੱਧਰ 'ਤੇ ਕੀਤੀਆਂ ਪ੍ਰਾਪਤੀਆਂ ਦੇ ਜ਼ਿਕਰ ਨਾਲ-ਨਾਲ ਪਾਕਿਸਤਾਨ ਵਿਚਲੇ ਬਚਪਨ ਤੋਂ ਲੈ ਕੇ ਪ੍ਰਧਾਨ ਮੰਤਰੀਆਂ ਦੀ ਸੰਗਤ ਮਾਣਨ ਦੇ ਵਿਭਿੰਨ ਵੇਰਵੇ ਦਰਜ ਕੀਤੇ ਹਨ। ਜਦੋਂ ਅਸੀਂ ਇਸ ਪੁਸਤਕ ਵਿਚਲੀਆਂ ਸਰਦਾਰਾ ਸਿੰਘ ਜੌਹਲ ਦੀਆਂ ਜੀਵਨ ਝਲਕਾਂ ਨੂੰ ਮਾਣਦੇ ਹਾਂ ਤਾਂ ਸਰਦਾਰਾ ਸਿੰਘ ਜੌਹਲ ਦੀ ਇਕ ਬਹੁਤ ਹੀ ਸਿਰੜੀ ਅਤੇ ਸੰਤੁਲਨਮਈ ਸ਼ਖ਼ਸੀਅਤ ਦੇ ਦਰਸ਼ਨ ਹੁੰਦੇ ਹਨ, ਜੋ ਵੱਡੀ ਤੋਂ ਵੱਡੀ ਰੁਕਾਵਟ ਨੂੰ ਵੀ ਸਹਿਜਤਾ ਅਤੇ ਸੰਜੀਦਗੀ ਨਾਲ ਹੱਲ ਕਰਨ ਦੇ ਯੋਗ ਹੈ। ਭਾਵੇਂ ਹਿਮਾਚਲ ਵਿਚ ਕਾਰ ਖਰਾਬ ਹੋਣ ਸਮੇਂ ਪਹਾੜੀ ਵਿਅਕਤੀ ਦੁਆਰਾ ਬੋਲੇ ਬੋਲ-ਕੁਬੋਲ ਹੋਣ ਜਾਂ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਤਣਾਅ ਭਰਿਆ ਮਾਹੌਲ ਹੋਵੇ, ਜੌਹਲ ਸਾਹਿਬ ਨੇ ਪੂਰੇ ਤੁਹੱਮਲ ਨਾਲ ਇਸ ਤਰ੍ਹਾਂ ਦੇ ਮਸਲਿਆਂ ਨੂੰ ਨਜਿੱਠਿਆ। ਸਿੱਖਿਆ ਸੰਸਥਾਵਾਂ ਵਿਸ਼ੇਸ਼ ਕਰਕੇ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਵਿਚ ਸਾਹ ਘੁੱਟਵੇਂ ਵਾਤਾਵਰਨ ਦੀ ਵਿਅੰਗਾਤਮਕ ਸ਼ੈਲੀ ਵਿਚ ਪੇਸ਼ਕਾਰੀ ਕਰਦਿਆਂ, ਸਰਕਾਰੀ ਅਧਿਕਾਰੀਆਂ ਦੇ ਗ਼ੈਰ-ਜ਼ਿੰਮੇਵਾਰਾਨਾ ਰਵੱਈਏ ਦੀਆਂ ਵੀ ਥਾਂ ਪਰ ਝਲਕਾਂ ਮਿਲਦੀਆਂ ਹਨ। ਡਾ: ਜੌਹਲ ਰਿਸ਼ਤਿਆਂ ਨੂੰ ਭਾਵੁਕ ਤੌਰ 'ਤੇ ਨਿਭਾਉਣ ਵਾਲਾ ਵਿਅਕਤੀ ਹੈ। ਉਜਾੜੇ ਤੋਂ ਬਾਅਦ ਉਸ ਦੇ ਦੋਸਤ ਜਾਵੇਦ ਦਾ ਵਾਸ਼ਿੰਗਟਨ ਵਿਚ ਉਸ ਨੂੰ ਮਿਲਣਾ ਭਾਵੁਕ ਵਾਤਾਵਰਨ ਸਿਰਜਦਾ ਹੈ। ਸਰਦਾਰਾ ਸਿੰਘ ਜੌਹਲ ਨੇ ਇਸ ਸਵੈ-ਜੀਵਨੀ ਵਿਚ ਇਹ ਗੱਲ ਪਰਪੱਕ ਕੀਤੀ ਹੈ ਕਿ ਨਿੱਜੀ ਲਾਭਾਂ ਲਈ ਆਪਣੀ ਜ਼ਮੀਰ ਦੀ ਆਵਾਜ਼ ਨੂੰ ਮਾਰਨਾ ਕੋਈ ਚੰਗੀ ਗੱਲ ਨਹੀਂ, ਸਗੋਂ ਘਾਤਕ ਹੈ।


ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.ਜ਼ਖ਼ਮੀ ਰੂਹ
ਕਵਿੱਤਰੀ : ਡਾ: ਸਤਿੰਦਰਜੀਤ ਕੌਰ ਬੁੱਟਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 80
ਸੰਪਰਕ : 81958-05111.


ਹਥਲੀ ਪੁਸਤਕ ਵਿਚ 57 ਕਵਿਤਾਵਾਂ ਹਨ, ਜੋ ਭਾਵਪੂਰਤ ਅਤੇ ਸਮਾਜਿਕ ਸਰੋਕਾਰਾਂ ਦੀ ਹਾਮੀ ਭਰਦੀਆਂ ਹਨ। ਖੁਸ਼ੀ ਦੀ ਗੱਲ ਇਹ ਹੈ ਕਿ ਇਹ ਸਾਰੀਆਂ ਹੀ ਕਵਿਤਾਵਾਂ ਕਿਸੇ ਨਿਰਧਾਰਤ ਛੰਦ ਅਥਵਾ ਬਹਿਰ ਵਿਚ ਹਨ। ਛੰਦ-ਬਹਿਰ ਕਾਵਿ-ਮਾਨਤਾਵਾਂ ਦੀ ਇਕ ਸਨਕ ਹੁੰਦੀ ਹੈ। ਭਾਵੇਂ ਮੈਨੂੰ ਖੁੱਲ੍ਹੀ ਕਵਿਤਾ ਵੀ ਸਮਾਜਿਕ ਸਰੋਕਾਰਾਂ ਦੀ ਅਲੰਬਰਦਾਰੀ ਲੱਗਦੀ ਹੈ ਪਰ ਸੰਗੀਤਕ ਅਤੇ ਲੈਅ ਭਰਪੂਰ ਕਵਿਤਾ ਪਾਠਕ/ਸਰੋਤੇ ਦੇ ਦਿਲ 'ਚੋਂ ਹੀ ਹੁੰਦੀ ਹੋਈ ਮਾਨਸਿਕ ਧਰਾਤਲ ਉੱਤੇ ਸਹਿਜ ਨਾਲ ਪ੍ਰਵੇਸ਼ ਕਰ ਜਾਂਦੀ ਹੈ। ਸਤਿੰਦਰਜੀਤ ਇਕ ਪੜ੍ਹੀ ਲਿਖੀ ਅਤੇ ਸਮਾਜਿਕ ਬੁਰਾਈਆਂ ਨੂੰ ਨਫ਼ਰਤ ਕਰਨ ਵਾਲੀ ਕਵਿੱਤਰੀ ਹੈ, ਉਥੇ ਅਧਿਆਪਨ ਕਿੱਤੇ ਨਾਲ ਵੀ ਪੂਰਾ ਇਨਸਾਫ਼ ਕਰਦੀ ਨਾਰੀ ਹੈ। ਅਜਿਹੀਆਂ ਨਾਰੀਆਂ ਹੀ ਧੀਆਂ ਦੇ ਕਤਲ ਰੋਕ ਸਕਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਕਵਿੱਤਰੀ ਨੇ ਹੋਰ ਕਈ ਪੰਜਾਬੀ ਕਵਿਤਰੀਆਂ ਵਾਂਗ ਦੇਹਵਾਦੀ ਆਜ਼ਾਦੀ ਦੇ ਰੋਣੇ ਨਹੀਂ ਰੋਏ, ਸਗੋਂ ਸਮਾਜਿਕ ਸਰੋਕਾਰਾਂ ਅਤੇ ਸਮਾਜਿਕ ਨੈਤਿਕਤਾਵਾਂ ਨੂੰ ਆਪਣੇ ਕਾਵਿ-ਵਿਸ਼ੇ ਬਣਾਏ ਹਨ। ਮਿਹਨਤ-ਕਸ਼ਾਂ, ਕਿਰਤੀਆਂ ਅਤੇ ਲੁੱਟੀ ਜਾ ਰਹੀ ਧਿਰ ਨਾਲ ਅਜੋਕੇ ਕਾਵਿ-ਸੰਦਰਭ ਵਿਚ ਖਲੋਣਾ ਵੱਡੀ ਦਲੇਰੀ ਦਾ ਕਾਰਜ ਹੈ ਜੋ ਕਿ ਕਵਿੱਤਰੀ ਸਤਿੰਦਰਜੀਤ ਬੁੱਟਰ ਦੇ ਹਿੱਸੇ ਆਇਆ ਹੈ। ਕਵਿੱਤਰੀ ਬੱਚੀਆਂ ਨੂੰ ਸਿੱਖਿਆ ਦਿੰਦੀ ਕਵਿਤਾ ਕਹਿੰਦੀ ਹੈ :
ਰਾਖਸ਼ਾਂ ਦਰਿੰਦਿਆਂ ਦਾ ਟਾਕਰਾ ਕਰਨ ਲਈ ਬੱਚੀਓ
ਤਿਆਰ ਹੋ ਜਾਉ ਤੁਸੀਂ ਖ਼ਬਰਦਾਰ ਹੋ ਜਾਉ ਬੱਚੀਓ
ਆਪਣੀ ਰੱਖਿਆ ਤੁਸੀਂ ਆਪ ਹੈ ਕਰਨੀ
ਭਾਵੇਂ ਸਿੱਖੋ ਕਰਾਟੇ ਤੁਸੀਂ ਭਾਵੇਂ ਤਲਵਾਰ ਸਿੱਖੋ।
ਬਹੁਤ ਸਾਰੀਆਂ ਅਜਿਹੀਆਂ ਕਵਿਤਾਵਾਂ ਹਨ, ਜੋ ਪਾਠਕ ਮਨ ਨੂੰ ਮੋਹ ਲੈਂਦੀਆਂ ਹਨ ਅਤੇ ਨਵੀਂ ਆਸ ਜਗਾਉਂਦੀਆਂ ਹਨ। ਅੱਜ ਪੰਜਾਬ ਦੀ ਕਿਸਾਨੀ ਤੰਗੀਆਂ-ਤੁਰਸ਼ੀਆਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਦੇ ਰਾਹ ਪੈ ਗਈ ਹੈ। ਇਕ ਧੀ ਆਪਣੇ ਬਾਪ ਨੂੰ ਦਲੇਰ ਹੋਣ ਲਈ ਕਹਿੰਦੀ ਹੈ :
ਮਰਨਾ ਨਹੀਂ ਬਾਬਲਾ ਹੁਣ ਸਾਹਮਣਾ ਕਰਨਾ ਈਂ
ਹਿੱਕ ਤਾਣ ਕੇ ਜਬਰ ਦੇ ਅੱਗੇ ਖੜ੍ਹਨਾ ਈਂ
ਖ਼ੁਦਕੁਸ਼ੀ ਨਹੀਂ ਕਰਨੀ ਅਸਾਂ ਹੁਣ ਲੜਨਾ ਈਂ...।
ਕਵਿੱਤਰੀ ਡਾ: ਸਤਵਿੰਦਰਜੀਤ ਕੌਰ ਬੁੱਟਰ ਨੇ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ ਵਿਸ਼ੇ ਵੀ ਬਾਖ਼ੂਬੀ ਨਿਭਾਉਂਦੇ ਹਨ ਪਰ ਧੀਆਂ ਦੇ ਮੌਜੂਦਾ ਮਸਲਿਆਂ ਨੂੰ ਉਸ ਨੇ ਕਈ ਕੋਣਾਂ ਤੋਂ ਕਾਵਿਕ ਕੀਤਾ ਹੈ।


ਂਸੁਲੱਖਣ ਸਰਹੱਦੀ
ਮੋ: 94174-84337.ਵਲਵਲੇ
ਲੇਖਕ : ਉਂਕਾਰ ਸਿੰਘ
ਪ੍ਰਕਾਸ਼ਕ : ਅਨਾਹਦ ਪਬਲੀਕੇਸ਼ਨ, ਹੁਸ਼ਿਆਰਪੁਰ
ਮੁੱਲ : 150 ਰੁਪਏ, ਸਫ਼ੇ : 127
ਸੰਪਰਕ : 9988294199.


'ਵਲਵਲੇ' ਉਂਕਾਰ ਸਿੰਘ ਦਾ ਪਹਿਲਾ ਕਾਵਿ ਸੰਗ੍ਰਹਿ ਹੈ। ਵਿਲੱਖਣ ਬਿੰਬਾਂ ਅਤੇ ਪ੍ਰਤੀਕਾਂ ਰਾਹੀਂ ਕਵੀ ਨੇ ਕਈ ਸਮਾਜਿਕ ਸਰੋਕਾਰਾਂ ਨੂੰ ਆਪਣਾ ਵਿਸ਼ਾ ਬਣਾਇਆ ਹੈ। ਕਵੀ ਨੇ ਅਜਿਹੇ ਕਾਵਿਕ ਦ੍ਰਿਸ਼ ਉਸਾਰੇ ਹਨ ਜੋ ਪਾਠਕ ਦੀ ਚੇਤਨਾ ਅਤੇ ਸੰਵੇਦਨਾ ਨੂੰ ਝੰਜੋੜਦੇ ਹਨ। ਕਵੀ ਚਿੰਤਨਸ਼ੀਲ ਦ੍ਰਿਸ਼ਟੀ ਰਾਹੀਂ ਅੰਧ-ਵਿਸ਼ਵਾਸਾਂ ਦਾ ਖੰਡਨ ਕਰਦਾ ਹੈ। ਉਹ ਵਾਤਾਵਰਨ ਦੀ ਸਾਂਭ-ਸੰਭਾਲ ਪ੍ਰਤੀ ਵੀ ਸੁਚੇਤ ਹੈ। ਇਸੇ ਲਈ ਉਹ ਦਰਿਆ ਦਾ ਪਾਣੀ, ਬਜ਼ੁਰਗ ਤੇ ਰੁੱਖ ਆਦਿ ਕਵਿਤਾਵਾਂ ਰਾਹੀਂ ਮਨੁੱਖ ਦੀ ਚੇਤਨਾ ਨੂੰ ਝੰਜੋੜਦਾ ਹੈ। ਕਿਸਾਨੀ ਜੀਵਨ ਦੇ ਯਥਾਰਥ ਪ੍ਰਤੀ ਕਵੀ ਦੀ ਕਲਮ ਬਹੁਤ ਸੁਚੇਤ ਹੈ। ਪੰਜਾਬ ਦਾ ਕਿਸਾਨ ਕਿਵੇਂ ਕੁਦਰਤ ਦੀ ਕਰੋਪੀ ਅਤੇ ਰਾਜਨੀਤਕ ਢਾਂਚੇ ਵੱਲੋਂ ਦੁਖੀ ਹੈ, ਇਸ ਦਾ ਜ਼ਿਕਰ 'ਦਰਦ ਕਿਸਾਨ ਦਾ' ਕਵਿਤਾ ਵਿਚ ਵੇਖਿਆ ਜਾ ਸਕਦਾ ਹੈ।
ਸਮਾਜ ਨੂੰ ਅੰਦਰ-ਅੰਦਰ ਖੋਰਾ ਲਾਉਂਦੀਆਂ ਬੁਰਾਈਆਂ 'ਨਸ਼ਾ' ਆਦਿ ਵੀ ਕਵੀ ਦੀ ਕਲਮ ਰਾਹੀਂ ਪ੍ਰਗਟ ਹੋਈਆਂ ਹਨ। 'ਪੰਜ ਵਿਕਾਰ' ਦੀ ਪੁਨਰ ਵਿਆਖਿਆ ਕਵੀ ਦੀ ਵਿਸ਼ੇਸ਼ ਪ੍ਰਾਪਤੀ ਹੈ। 'ਧੀ ਦੀ ਪੁਕਾਰੀ' ਨਾਰੀ ਮਨ ਦੇ ਵਲਵਲੇ ਦਾ ਬਿਆਨ ਕਰਦੀ ਹੈ। 'ਸ਼ਤਰੰਜ' ਕਵਿਤਾ ਭਾਰਤੀ ਸਿਆਸਤ ਦੇ ਬਦਲਦੇ ਸਮੀਕਰਨਾਂ ਦੀ ਵਿਆਖਿਆ ਕਰਦੀ ਨਜ਼ਰ ਆਉਂਦੀ ਹੈ। ਬਚਪਨ ਦੇ ਰੰਗਲੇ ਦਿਨ, ਬਦਲਦਾ ਪੰਜਾਬੀ ਸੱਭਿਆਚਾਰ 'ਟ੍ਰੈਫਿਕ' ਦੀ ਸਮੱਸਿਆ ਵੀ ਕਵੀ ਨੇ ਕਵਿਤਾਵਾਂ ਰਾਹੀਂ ਜ਼ਾਹਰ ਕੀਤੇ ਹਨ। ਬਿਨਾਂ ਕਿਸੇ ਵਾਦ ਜਾਂ ਫਲਸਫ਼ੇ ਦੀ ਕੈਦ ਵਿਚ ਬੱਝਿਆਂ ਉਂਕਾਰ ਸਿੰਘ ਨੇ ਸਮਾਜਿਕ ਵਿਸ਼ਿਆਂ ਨੂੰ ਆਪਣੀ ਕਲਮ ਰਾਹੀਂ ਪ੍ਰਗਟਾਇਆ ਹੈ। ਕਵੀ ਦੇ ਇਸ ਸੰਗ੍ਰਹਿ ਦੀਆਂ ਕੁਝ ਕਵਿਤਾਵਾਂ ਉਸ ਦੀ ਜੀਵਨ ਸਾਥਨ ਜਸਕਿਰਨ ਨੇ ਵੀ ਲਿਖੀਆਂ ਹਨ। ਟੋਂਹਦੀ ਜਿੰਦੜੀ ਤੇ ਬੰਜਰ। ਭੈਣ-ਭਰਾ ਦੇ ਪਿਆਰ, ਬਚਪਨ ਦੀਆਂ ਖੇਡਾਂ ਆਦਿ ਬਾਰੇ ਵੀ ਕਵੀ ਨੇ ਬੜੀ ਭਾਵੁਕਤਾ ਨਾਲ ਪ੍ਰਗਟਾਅ ਕੀਤਾ ਹੈ। ਕਵੀ ਨੇ ਇਤਿਹਾਸਕ ਘਟਨਾਵਾਂ ਅਤੇ ਸਮਾਜ ਵਿਚ ਹੁੰਦੇ ਦੰਗੇ ਫਸਾਦਾਂ ਬਾਰੇ ਵੀ ਕਾਵਿ ਰਚਨਾ ਕੀਤੀ ਹੈ। ਇਸ ਸੰਗ੍ਰਹਿ ਵਿਚ ਸ਼ਾਮਿਲ 27 ਰਚਨਾਵਾਂ ਕਵੀ ਦੇ ਅਲੱਗ-ਅਲੱਗ ਵਿਸ਼ਿਆਂ ਦਾ ਪ੍ਰਗਟਾਵਾ ਹੈ। ਭਵਿੱਖ ਵਿਚ ਵਿਸ਼ਿਆਂ ਦੀ ਵੰਨ-ਸੁਵੰਨਤਾ ਨੇ ਕਵੀ ਦੀ ਕਾਵਿ ਭਾਸ਼ਾ ਦੇ ਹੋਰ ਪ੍ਰੋੜ੍ਹ ਹੋਣ ਦੀ ਉਮੀਦ ਲੈ ਕੇ ਇਸ ਕਾਵਿ ਸੰਗ੍ਰਹਿ ਲਈ ਕਵੀ ਨੂੰ ਵਧਾਈ ਦਿੰਦੀ ਹਾਂ।


ਂਪ੍ਰੋ: ਕੁਲਜੀਤ ਕੌਰ ਅਠਵਾਲ।ਸੱਚ ਦੀ ਲੋਅ
ਲੇਖਕ : ਸ਼ਾਇਰ ਸੋਹੀ
ਪ੍ਰਕਾਸ਼ਕ : ਘੁਮਾਣ ਪਬਲੀਕੇਸ਼ਨਜ਼ ਸੰਘਰੇੜੀ (ਸੰਗਰੂਰ)
ਮੁੱਲ : 120 ਰੁਪਏ, ਸਫ਼ੇ : 64
ਸੰਪਰਕ : 98883-25070.


'ਸੱਚ ਦੀ ਲੋਅ' ਕਵਿਤਾ ਤੇ ਵਾਰਤਕ ਸੰਗ੍ਰਹਿ ਸ਼ਾਇਰ ਸੋਹੀ ਦੀ ਪਲੇਠੀ ਪੁਸਤਕ ਹੈ। ਇਹ ਪੁਸਤਕ ਉਸ ਨੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਰਦਿਆਂ ਇਸ ਵਿਚਾਰ ਦੀ ਤਸਦੀਕ ਕੀਤੀ ਹੈ ਕਿ ਅਜੋਕੇ ਯੁੱਗ 'ਚ ਪੰਜਾਬੀ ਮਾਂ-ਬੋਲੀ ਨਾਲ ਜੁੜਨ ਦੀ ਉਸ ਦੇ ਪੁੱਤਰਾਂ ਨੂੰ ਡਾਢੀ ਲੋੜ ਹੈ। ਇਸ ਪੁਸਤਕ ਵਿਚ 42 ਕਵਿਤਾਵਾਂ ਅਤੇ ਪੰਜ ਲਘੂ ਸਾਹਿਤਕ ਨਿਬੰਧ ਸ਼ਾਮਿਲ ਕੀਤੇ ਹਨ। ਛੋਟੀ ਉਮਰੇ ਉਸ ਦੀ ਪਹਿਲੀ ਪੁੱਟੀ ਪੁਲਾਂਘ ਪੁਖ਼ਤਗੀ ਦਾ ਸਬੂਤ ਦਿੰਦੀ ਹੈ। ਕਵਿਤਾ 'ਚ ਲੈਅ ਅਤੇ ਰਵਾਨਗੀ ਹੈ। ਵਿਸ਼ਿਆਂ ਦੇ ਅਨੁਕੂਲ ਭਾਵਪੂਰਤ ਸ਼ਬਦਾਵਲੀ ਇਕੋ ਸਾਹੇ ਸਾਰੀ ਪੁਸਤਕ ਪੜ੍ਹਨ ਲਈ ਪਾਠਕ ਨੂੰ ਉਤੇਜਿਤ ਕਰਦੀ ਜਾਂਦੀ ਹੈ। ਪੰਜਾਬੀ ਅਖ਼ਬਾਰਾਂ ਦੇ ਸੰਪਾਦਕ ਸ: ਵਰਿੰਦਰ ਵਾਲੀਆ ਅਨੁਸਾਰ ਸ਼ਾਇਰ ਸੋਹੀ ਦੀਆਂ ਨਜ਼ਮਾਂ ਵਿਚ ਮੌਲਿਕਤਾ ਪੰਜੇਬਾਂ ਬਣ ਕੇ ਛਣਕਦੀ ਹੈ। ...ਉਹ ਬਾਣੀ ਦੀ ਲੋਅ ਵਿਚ ਅੱਖਰਾਂ/ਸ਼ਬਦਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਆਪਣੀਆਂ ਨਜ਼ਮਾਂ ਵਿਚ ਨਗਾਂ ਵਾਂਗ ਜੜਦਾ ਹੈ। ਕਿਸੇ ਜਗਿਆਸੂ ਦੀ ਭਾਂਤੀ ਉਹ ਬਾਬੇ ਨਾਨਕ ਦੀਆਂ ਸੰਦਲੀ ਪੈੜਾਂ ਨੂੰ ਲੱਭਦਾ ਹੋਇਆ ਕਈ ਸਦੀਆਂ ਪਿੱਛੇ ਚਲਾ ਜਾਂਦਾ ਹੈ। ਦੁੱਖ-ਸੁੱਖ, ਪਿਆਰ-ਨਫ਼ਰਤ, ਲਾਲਸਾ, ਲੁੱਟ ਅਤੇ ਅਨੇਕਾਂ ਹੋਰ ਮਸਲਿਆਂ ਪ੍ਰਤੀ ਜੇ ਬਾਬਾ ਨਾਨਕ 'ਰਾਜੇ ਸ਼ੀਂਹ ਮੁਕੱਦਮ ਕੁੱਤੇ' ਕਹਿ ਦੁਤਕਾਰਦਾ ਹੈ ਤਾਂ ਅਜੋਕਾ ਸ਼ਾਇਰ ਸੋਹੀ ਵੀ ਇਸੇ ਤਰ੍ਹਾਂ ਅਜੋਕੀ ਵਿਵਸਥਾ 'ਤੇ ਵਿਅੰਗ ਕਰਦਾ ਹੈ :
ਰਾਜੇ ਹੁਣ ਕੁੱਤੇ ਬਣ ਗਏ ਨੇ
ਬੋਟੀ ਪਾ ਮੂੰਹ ਵਿਚ ਖੜ੍ਹ ਗਏ ਨੇ।
ਗੁਰੂਆਂ-ਪੀਰਾਂ, ਫ਼ਕੀਰਾਂ, ਸਾਧੂਆਂ, ਸੰਤਾਂ ਦੀ ਇਸ ਧਰਤੀ 'ਤੇ ਜਿਸ ਨੂੰ ਕਦੇ ਪੰਜ ਦਰਿਆਵਾਂ ਦੀ ਧਰਤੀ ਕਰਕੇ ਜਾਣਿਆ ਜਾਂਦਾ ਸੀ, ਉਥੇ ਹੁਣ ਨਸ਼ਿਆਂ ਦਾ ਛੇਵਾਂ ਦਰਿਆ ਵੀ ਵਗ ਰਿਹਾ ਹੈ। ਉਹ ਪੰਜਾਬ ਨੂੰ ਪਿਆਰ ਕਰਨ ਵਾਲਾ ਅਤੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਅਤੇ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਈ ਥਾਈਂ ਲੋਕ ਗੀਤਾਂ ਵਰਗੀ ਝਲਕ ਵੀ ਆਪਣੀਆਂ ਕਵਿਤਾਵਾਂ ਵਿਚ ਪੇਸ਼ ਕਰ ਜਾਂਦਾ ਹੈ। ਸਰਵਰਕ 'ਤੇ ਜਗਦੇ ਦੀਵੇ ਦੀ ਲੋਅ ਸਮੁੱਚੀ ਧਰਤੀ 'ਤੇ ਵਸਦੀ ਮਾਨਵਤਾ 'ਚ ਜਾਗਰੂਕਤਾ ਦੀ ਚਿਣਗ ਦਾ ਪ੍ਰਤੀਕ ਬਣਦੀ ਹੋਈ ਪੁਸਤਕ ਦੇ ਨਾਂਅ ਨੂੰ ਵੀ ਸਾਰਥਕ ਬਣਾ ਦਿੰਦੀ ਹੈ। ਕੁਝ ਕੁ ਕਾਵਿਕ ਉਕਾਈਆਂ ਅਤੇ ਪੁਸਤਕ ਦੀ ਕੀਮਤ ਜ਼ਿਆਦਾ ਹੋਣ ਦੇ ਬਾਵਜੂਦ ਵੀ ਮੈਂ ਇਸ ਸ਼ਾਇਰ ਦੀ ਸ਼ਾਇਰੀ ਨੂੰ ਖੁਸ਼ਆਮਦੀਦ ਕਹਿੰਦਿਆਂ ਆਸ ਕਰਦਾ ਹਾਂ ਕਿ ਸ਼ਾਇਰ ਸੋਹੀ ਆਉਣ ਵਾਲੇ ਸਮੇਂ 'ਚ ਸਾਮਿਅਕ ਵਿਸ਼ਿਆਂ ਦੀਆਂ ਜਟਿਲਤਾਵਾਂ ਨੂੰ ਵਿਚਾਰਧਾਰਕ ਪਰਿਪੇਖ 'ਚ ਰੱਖਦਿਆਂ ਹੋਰ ਵੀ ਸੰਜੀਦਗੀ ਅਤੇ ਪੁਖ਼ਤਗੀ ਨਾਲ ਆਪਣੀਆਂ ਰਚਨਾਵਾਂ ਪੇਸ਼ ਕਰੇਗਾ।


ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

8/1/2017

 ਕੁਝ ਹੋਰ ਬਾਤਾਂ
ਗਿਆਨੀ ਸੰਤੋਖ ਦੀਆਂ
ਸੰਪਾਦਕ : ਪ੍ਰੋ: ਮੋਹਣ ਸਿੰਘ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 160
ਸੰਪਰਕ : 0183-2292513.


ਇਸ ਪੁਸਤਕ ਵਿਚ ਆਸਟਰੇਲੀਆ ਵਸਦੇ ਗਿਆਨੀ ਸੰਤੋਖ ਸਿੰਘ ਦੀ ਅਨੋਖੀ, ਬਹੁਪੱਖੀ ਸ਼ਖ਼ਸੀਅਤ ਬਾਰੇ ਬਹੁਤ ਸਾਰੇ ਲੇਖਕਾਂ ਦੇ ਵਿਚਾਰ ਦਰਜ ਕੀਤੇ ਗਏ ਹਨ। ਕਿਸੇ ਨੇ ਉਸ ਨੂੰ ਗੋਦੜੀ ਵਿਚ ਛੁਪਿਆ ਲਾਲ, ਕਿਸੇ ਨੇ ਸਾਹਿਤਕ ਫੁੱਲਾਂ ਦਾ ਗੁਲਦਸਤਾ, ਕਿਸੇ ਨੇ ਗਿਆਨਵਾਨ ਲੋਕ ਲਿਖਾਰੀ, ਕਿਸੇ ਨੇ ਸਿਰੜੀ ਮਨੁੱਖ, ਕਿਸੇ ਨੇ ਰੌਚਿਕ ਤਜਰਬਿਆਂ ਦਾ ਪੇਸ਼ਕਾਰ, ਕਿਸੇ ਨੇ ਸਾਦਕੀ ਅਤੇ ਗੁਣਾਂ ਭਰਪੂਰ ਸ਼ਖ਼ਸੀਅਤ, ਕਿਸੇ ਨੇ ਸੁਹਿਰਦ ਮਨੁੱਖ ਅਤੇ ਕਿਸੇ ਨੇ ਘੀਚਮ ਚੋਲਾ ਸ਼ਖ਼ਸੀਅਤ ਕਹਿ ਕੇ ਯਾਦ ਕੀਤਾ ਹੈ। ਗਿਆਨੀ ਜੀ ਵੱਲੋਂ ਰਚੀਆਂ ਗਈਆਂ ਪੁਸਤਕਾਂ ਬਾਰੇ ਕੁਝ ਰੀਵਿਊ ਵੀ ਦਿੱਤੇ ਗਏ ਹਨ। ਗਿਆਨੀ ਜੀ ਨੇ ਇਤਿਹਾਸ, ਧਰਮ ਅਤੇ ਮਨੁੱਖਤਾ ਨੂੰ ਆਪਣਾ ਜੀਵਨ ਸਮਰਪਣ ਕੀਤਾ ਹੋਇਆ ਹੈ। ਉਹ ਅੱਧੀ ਸਦੀ ਤੋਂ ਇਕ ਕੀਰਤਨੀਏ, ਪ੍ਰਚਾਰਕ, ਲੇਖਕ, ਸਾਹਿਤਕਾਰ ਅਤੇ ਯਾਤਰੂ ਦੇ ਰੂਪ ਵਿਚ ਦੁਨੀਆ ਵਿਚ ਵਿਚਰ ਰਿਹਾ ਹੈ। ਆਪਣੇ ਸਾਦਗੀ ਭਰੇ, ਮਿੱਠਬੋਲੜੇ ਸੁਭਾਅ ਸਦਕਾ ਉਹ ਹਰਮਨ-ਪਿਆਰਾ ਸ਼ਖ਼ਸ ਹੈ। ਉਸ ਦੀਆਂ ਲਿਖਤਾਂ ਧਾਰਮਿਕ, ਸਦਾਚਾਰਕ ਅਤੇ ਰਾਜਨੀਤਕ ਹਨ, ਜਿਨ੍ਹਾਂ ਨੂੰ ਹਾਸਰਸ ਦੀ ਪਾਹ ਦੇ ਕੇ ਹਲਕਾ-ਫੁਲਕਾ ਰੱਖਿਆ ਗਿਆ ਹੈ। ਉਸ ਦੀਆਂ ਧਾਰਮਿਕ, ਸਮਾਜਿਕ, ਸਾਹਿਤਕ, ਵਿੱਦਿਅਕ, ਕੌਮੀ ਖੇਤਰਾਂ ਵਿਚ ਕੀਤੀਆਂ ਸੇਵਾਵਾਂ ਦਾ ਮਾਣ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਪੰਜਾਬੀ ਸੰਗੀਤ ਸੈਂਟਰ ਆਸਟਰੇਲੀਆ, ਪੰਜਾਬੀ ਸੱਥ ਲਾਂਬੜਾ, ਯੂਰਪੀਅਨ ਸੱਥ ਬਰਮਿੰਘਮ, ਸਿੱਖ ਕਮਿਊਨਿਟੀ ਐਂਡ ਯੂਥ ਸਰਵਿਸ ਯੂ.ਕੇ., ਖਾਲਸਾ ਦੀਵਾਨ ਹਾਂਗਕਾਂਗ, ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੂਵਰ ਅਤੇ ਸ਼੍ਰੋਮਣੀ ਅਕਾਲੀ ਦਲ ਕੈਨੇਡਾ ਵਰਗੀਆਂ ਕਈ ਸੰਸਥਾਵਾਂ ਨੇ ਮਾਨਤਾ ਦਿੱਤੀ ਹੈ। ਉਸ ਦੀ ਜੀਵਨ ਕਹਾਣੀ ਸਾਧਾਰਨ ਬੰਦੇ ਦੀ ਅਸਾਧਾਰਨ ਕਥਾ ਹੈ। ਉਸ ਦੀਆਂ ਲਿਖਤਾਂ ਵਿਚ ਸਾਹਿਤਕ ਰਸ ਵੀ ਹੈ। ਸਾਰਥਿਕ ਸੇਧ ਵੀ ਹੈ ਅਤੇ ਵਿਸ਼ੇ ਨਿੱਜੀ ਜੀਵਨ ਤੋਂ ਲੈ ਕੇ ਵਿਸ਼ਵ ਵਿਆਪੀ ਸਮੱਸਿਆਵਾਂ ਤੱਕ ਫੈਲੇ ਹੋਏ ਹਨ। 'ਸਿੱਖ ਸਮਾਚਾਰ' ਨਾਂਅ ਦਾ ਆਸਟਰੇਲੀਆ ਦਾ ਪਹਿਲਾ ਪੰਜਾਬੀ ਅਖ਼ਬਾਰ ਕੱਢ ਕੇ ਉਸ ਨੇ ਧਰਤੀ ਦੇ ਦੱਖਣੀ ਅਰਧ ਗੋਲੇ ਉੱਪਰ ਪੰਜਾਬੀ ਮੀਡੀਏ ਦਾ ਪਹੁ-ਫੁਟਾਲਾ ਕੀਤਾ। ਕਈ ਸਦੀਆਂ ਦਾ ਇਤਿਹਾਸ ਆਪਣੀ ਯਾਦ ਵਿਚ ਸਾਂਭੀ ਬੈਠਾ ਇਹ ਅਨਮੋਲ ਹੀਰਾ ਮਾਣ ਕਰਨਯੋਗ ਹੈ। ਪੁਸਤਕ ਦੇ ਅਖੀਰ ਵਿਚ ਹਰਮਨ ਰੇਡੀਓ ਆਸਟਰੇਲੀਆ ਦੇ ਐਂਕਰ ਅਮਨਦੀਪ ਸਿੰਘ ਸਿੱਧੂ ਨਾਲ ਗਿਆਨੀ ਜੀ ਦੀ ਇੰਟਰਵਿਊ ਵੀ ਪੇਸ਼ ਕੀਤੀ ਗਈ ਹੈ। ਇਸ ਪੁਸਤਕ ਦਾ ਭਰਪੂਰ ਸਵਾਗਤ ਹੈ।


ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.ਨਕਸ਼-ਨੁਹਾਰ

(ਯਾਦਾਂ ਦੀ ਪਟਾਰੀ)
ਲੇਖਕ : ਗੁਰਦਿਆਲ ਦਲਾਲ
ਪ੍ਰਕਾਸ਼ਕ : ਪਬਲਿਸ਼ਰਜ਼, ਦਿੱਲੀ
ਮੁੱਲ : 225 ਰੁਪਏ, ਸਫ਼ੇ : 120
ਸੰਪਰਕ : 98141-85363.


ਗੁਰਦਿਆਲ ਦਲਾਲ ਇਕ ਸਥਾਪਤ ਲੇਖਕ ਹੈ। ਸਾਹਿਤ ਦੇ ਕਈ ਰੂਪਾਂ ਉੱਪਰ ਉਸ ਨੇ ਕਲਮ ਅਜ਼ਮਾਈ ਹੈ। ਇਸ ਪੁਸਤਕ ਰਾਹੀਂ ਜੀਵਨ-ਯਾਦਾਂ ਉੱਪਰ ਨਿੱਕੇ-ਨਿੱਕੇ 16 ਦੇ ਕਰੀਬ ਲੇਖ ਕਥਾ ਵੰਨਗੀ ਰਾਹੀਂ ਪੇਸ਼ ਕੀਤੇ ਹਨ। ਇਹ ਸਵੈ-ਜੀਵਨੀ ਮੂਲਕ ਲੇਖ ਕਿਤੇ-ਕਿਤੇ ਕਹਾਣੀ ਦਾ ਭੁਲੇਖਾ ਪਾਉਂਦੇ ਹਨ। ਲੇਖਕ ਕਿਉਂਕਿ ਕਥਾਕਾਰ ਵੀ ਹੈ, ਉਸ ਕੋਲ ਕਹਾਣੀ ਬਣਾਉਣ ਦੀ ਵਿਧੀ ਹੈ। ਉਸ ਨੇ ਆਪਣੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਹੋਰ ਸਾਂਝ ਦੇ ਲੋਕਾਂ ਨਾਲ ਹੋਈਆਂ ਬੀਤੀਆਂ ਨੂੰ ਗਲਪ ਦੀ ਵਿਧੀ ਰਾਹੀਂ ਬਿਆਨ ਕੀਤਾ ਹੈ। ਇਹ ਪਾਤਰ ਆਪਣੇ ਕਾਰਜਾਂ ਪ੍ਰਤੀ ਬੜੀ ਇਮਾਨਦਾਰੀ ਨਾਲ ਵਿਚਰਦੇ ਹਨ। ਇਨ੍ਹਾਂ ਲੇਖਾਂ ਵਿਚਲਾ ਪਾਤਰ 'ਮਾਮਾ' ਸਖ਼ਤ ਸੁਭਾਅ ਦਾ ਹੋਣ ਕਰਕੇ ਮਿਹਨਤੀ ਅਤੇ ਅਸੂਲਾਂ ਉੱਪਰ ਪਹਿਰਾ ਦੇਣ ਵਾਲਾ ਹੈ। ਇਹ ਯਾਦਾਂ ਦਿਲਚਸਪ ਅਤੇ ਰੌਚਿਕ ਹਨ। ਬੜੀ ਸਰਲ ਤੇ ਸਾਦੀ ਭਾਸ਼ਾ ਰਾਹੀਂ ਪ੍ਰਗਟਾਵਾ ਕੀਤਾ ਗਿਆ ਹੈ। ਲੇਖਕ ਘਟਨਾ ਨੂੰ ਬਿਆਨ ਕਰਨ ਸਮੇਂ ਕੁਝ ਵੀ ਲੁਕਾਉਂਦਾ ਨਹੀਂ ਸਗੋਂ ਬੜੀ ਸਾਫ਼ਗੋਈ ਨਾਲ ਹੋਈ-ਬੀਤੀ ਘਟਨਾ ਨੂੰ ਪ੍ਰਗਟਾਅ ਦਿੰਦਾ ਹੈ। ਉਹ ਆਪਣੇ ਜੀਵਨ, ਰਹਿਣੀ-ਬਹਿਣੀ ਅਤੇ ਮਾਹੌਲ ਨੂੰ ਸਿਰਜਦਾ ਹੈ। ਘਟਨਾ ਨੂੰ ਪੇਸ਼ ਕਰਨ ਦੀ ਵਿਧੀ ਦੀ ਸਫਲ ਵਰਤੋਂ ਕਰਦਾ ਹੈ। ਕਿਸੇ ਪ੍ਰਕਾਰ ਦੀ ਕੋਈ ਬਨਾਵਟ ਇਨ੍ਹਾਂ ਰਚਨਾਵਾਂ ਵਿਚ ਨਹੀਂ ਹੈ। ਲੇਖਕ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਜੀਵਨ-ਯਾਦਾਂ ਨੂੰ ਵਿਸਥਾਰ ਤੇ ਵਿਧੀਗਤ ਢੰਗ ਨਾਲ ਲਿਖੇ। ਜੀਵਨ ਦੇ ਮੁਢਲੇ ਦੌਰ ਵਿਚ ਪੇਸ਼ ਮੁਸ਼ਕਿਲਾਂ ਹੀ ਮਨੁੱਖ ਦੀ ਸ਼ਖ਼ਸੀਅਤ ਦੀ ਉਸਾਰੀ ਕਰਦੀਆਂ ਹਨ। ਪਾਠਕ ਇਸ ਪੁਸਤਕ ਨੂੰ ਪਸੰਦ ਕਰਨਗੇ।


ਂਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.ਦੋ ਗੀਤ ਸੰਗ੍ਰਹਿ
ਕਵੀ : ਸੁਰਜੀਤ ਜੱਜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਸੰਪਰਕ : 94173-04446.


'ਘਰੀਂ ਮੁੜਦੀਆਂ ਪੈੜਾਂ' (ਪੰਨੇ 120, ਮੁੱਲ 125 ਰੁਪਏ) ਪੰਜਾਬੀ ਦੇ ਪ੍ਰਬੁੱਧ ਅਤੇ ਸੰਵੇਦਨਸ਼ੀਲ ਪ੍ਰਗੀਤਕਾਰ ਸ੍ਰੀ ਸੁਰਜੀਤ ਜੱਜ ਦਾ ਸੱਜਰਾ ਪ੍ਰਕਾਸ਼ਿਤ ਗੀਤ ਸੰਗ੍ਰਹਿ ਹੈ। ਇਸ ਸੰਗ੍ਰਹਿ ਦੀ ਭੂਮਿਕਾ ਵਿਚ ਕਵੀ ਬੜੀ ਦ੍ਰਿੜ੍ਹਤਾਪੂਰਬਕ ਇਸ ਤੱਥ ਨੂੰ ਸਵੀਕਾਰ ਕਰਦਾ ਹੈ ਕਿ ਸ਼ਾਇਰੀ ਉਸ ਲਈ ਜ਼ਿੰਦਗੀ ਦਾ ਦੂਜਾ ਨਾਂਅ ਹੈ। ਆਪਣੇ ਗੀਤਾਂ ਦੇ ਮਿਜਾਜ਼ ਦਾ ਤਆਰੁਫ਼ ਕਰਵਾਉਂਦਾ ਹੋਇਆ ਉਹ ਇਹ ਲਿਖਣ ਤੋਂ ਝਿਜਕਦਾ ਨਹੀਂ ਕਿ ਉਹ ਸਾਮਿਅਕ ਘਟਨਾ-ਚੱਕਰ ਦੀ ਸਪਾਟ ਬਿਆਨੀ, ਇਸ ਸਬੰਧੀ ਵਕਤੀ ਪ੍ਰਤੀਕਰਮ ਤੇ ਰੁਦਨਮਈ ਸੁਰਾਂ ਅਲਾਪਣ ਦੀ ਥਾਂ, ਘਟਨਾ-ਚੱਕਰ ਦੀਆਂ ਪਰਤਾਂ ਹੇਠ ਕਾਰਜਸ਼ੀਲ ਸ਼ਕਤੀਆਂ ਤੇ ਸੰਤਾਪ-ਗ੍ਰਸਤ ਧਿਰ ਦੇ ਇੱਟ-ਖੜਿੱਕੇ ਨੂੰ ਜ਼ਿੰਦਗੀ ਦੇ ਸਦੀਵੀ ਵਿਰੋਧਾਂ ਦੇ ਸੰਦਰਭ ਵਿਚ ਗ੍ਰਹਿਣ ਕਰਨ ਤੇ ਸਹਿਜ ਰੂਪ ਵਿਚ ਅਭੀਵਿਅਕਤੀ ਪ੍ਰਦਾਨ ਕਰਨ ਦਾ ਯਤਨ ਕਰਦਾ ਹੈ। ਸੁਰਜੀਤ ਜੱਜ ਆਪਣੀ ਗੀਤਾਂਜਲੀ ਨੂੰ ਉਸ ਪੜਾਅ ਤੋਂ ਸ਼ੁਰੂ ਕਰਦਾ ਹੈ, ਜਿਥੋਂ ਤੱਕ ਤਾਰਾ ਸਿੰਘ ਅਤੇ ਬਾਵਾ ਬਲਵੰਤ ਵਰਗੇ ਸਮਰੱਥ ਕਵੀ ਇਸ ਸਿਨਫ਼ ਨੂੰ ਲੈ ਆਏ ਸਨ। ਉਹ 'ਸਥਾਈ-ਅੰਤਰੇ' ਵਾਲੇ ਉਪਭਾਵੁਕ ਅਤੇ ਮੰਤਵਹੀਣ ਗੀਤਾਂ ਦੀ ਸਿਰਜਣਾ ਨਹੀਂ ਕਰਦਾ ਬਲਕਿ ਉਸ ਦਾ ਹਰ ਗੀਤ ਇਕ ਵਿਚਾਰਧਾਰਕ ਸੰਦਰਭ ਵਿਚੋਂ ਉਪਜਦਾ ਹੈ। ਗੀਤਾਂ ਦੇ ਮਾਧਿਅਮ ਦੁਆਰਾ ਉਹ ਆਪਣੇ ਸਮਕਾਲੀ ਲੋਕਾਂ ਨੂੰ ਕੁਝ 'ਕਰਨ' ਅਤੇ ਕੁਝ 'ਬਦਲਣ' ਦਾ ਸੁਨੇਹਾ ਦਿੰਦਾ ਹੈ। ਕਦੇ ਉਹ ਪੱਛੇ ਹੋਏ ਮੌਸਮਾਂ ਦੇ ਪਿੰਡਿਆਂ ਤੋਂ ਦਾਗ਼ ਲੱਭਦਾ ਹੈ ਅਤੇ ਕਦੇ ਕਾਲਖ਼ਾਂ ਦੇ ਰੂਬਰੂ ਚਿਰਾਗ਼ ਬਾਲਣ ਦਾ ਸੰਦੇਸ਼ ਦਿੰਦਾ ਹੈ। ਖੜੋਤ ਦੇ ਗਿੱਝੇ, ਸਮਝੌਤਾਵਾਦੀ ਸਮਕਾਲੀਆਂ ਦੇ ਸਨਮੁਖ ਆਪਣੇ ਉਦੇਸ਼ ਨੂੰ ਸਪੱਸ਼ਟ ਕਰਦਾ ਹੋਇਆ ਉਹ ਲਿਖਦਾ ਹੈ :
ਮੈਂ ਚਾਹੁੰਦਾ ਹਾਂ ਪੰਛੀ ਦੀ ਪਰਵਾਜ਼ ਬਣਾਂ,
ਜੋ ਰਹੇ ਅਬੋਲੇ, ਬੁੱਲ੍ਹਾਂ ਦੀ ਆਵਾਜ਼ ਬਣਾਂ।
ਮੈਂ ਲੋੜਾਂ ਫੈਲਣ ਖ਼ਾਤਰ ਹਿੱਕ ਸਮੁੰਦਰ ਦੀ,
ਪੈਰੀਂ ਅੜਨ ਕਿਨਾਰੇ ਜਿਹੜੇ ਖੁਰਨ ਦਿਉ।
ਮੈਂ ਚਾਹਵਾਂ ਸਫ਼ਰ ਮੁਕਾਉਣਾ ਮੈਨੂੰ ਤੁਰਨ ਦਿਉ।
(ਮੈਨੂੰ ਤੁਰਨ ਦਿਉ)
ਮੰਜ਼ਿਲ ਵੱਲ ਅੱਗੇ ਵਧੀ ਜਾਣਾ ਉਸ ਦੇ ਇਨ੍ਹਾਂ ਗੀਤਾਂ ਦਾ ਕੇਂਦਰੀ ਪੈਰਾਡਾਈਮ ਹੈ। ਉਹ ਜ਼ਿੰਦਗੀ ਦੇ ਤਾਰੀਕ ਰਾਹਾਂ ਨੂੰ ਵੇਖ ਕੇ ਡੋਲਣ-ਥਿੜਕਣ ਵਾਲਾ ਪ੍ਰਾਣੀ ਨਹੀਂ ਬਲਕਿ ਇਕ ਆਸ਼ਾਵਾਦੀ ਵਿਅਕਤੀ ਹੈ, ਜੋ ਹਰ ਸਮੇਂ ਚੜ੍ਹਦੀ ਕਲਾ ਵਿਚ ਰਹਿੰਦਾ ਹੈ। ਅੱਜ ਦੇ ਸੋਗੀ, ਨਿਰਾਸ਼ ਅਤੇ ਸੰਤਪਤ ਮਾਹੌਲ ਵਿਚ ਉਸ ਦੁਆਰਾ ਲਿਖੀ ਇਹ ਗੀਤਮਾਲਾ ਯੁਵਾ ਵਰਗ 'ਚ ਜਿਊਣ ਦੀ ਇਕ ਨਵੀਂ ਉਮੰਗ ਪ੍ਰਦਾਨ ਕਰਦੀ ਹੈ।
'ਵਕਤ ਉਡੀਕੇ ਵਾਰਸਾਂ' (ਪੰਨੇ 96, ਮੁੱਲ 125 ਰੁਪਏ) ਕਵੀ ਦਾ ਇਕ ਹੋਰ ਗੀਤ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚ ਸੰਕਲਿਤ ਗੀਤਾਂ ਦਾ ਮਿਜਾਜ਼ ਅਤੇ ਅੰਦਾਜ਼ ਪਹਿਲੇ ਗੀਤ ਸੰਗ੍ਰਹਿ ਨਾਲੋਂ ਕੁਝ ਵੱਖਰਾ ਹੈ। 'ਘਰੀਂ ਮੁੜਦੀਆਂ ਪੈੜਾਂ' ਵਰਗਾ ਮੁਖ਼ਾਤਿਬੀ ਲਹਿਜਾ ਇਸ ਵਿਚ ਘੱਟ ਹੀ ਨਜ਼ਰ ਆਉਂਦਾ ਹੈ। ਇਥੇ ਗੀਤਕਾਰ ਆਪਣੇ ਸਮਕਾਲੀ ਜੀਵਨ ਦੇ ਵਿਭਿੰਨ ਪ੍ਰਸੰਗਾਂ ਅਤੇ ਪ੍ਰਸਥਿਤੀਆਂ ਦੀ ਨਿਸ਼ਾਨਦੇਹੀ ਕਰਨ ਵਿਚ ਵਧੇਰੇ ਰੁਚੀ ਲੈ ਰਿਹਾ ਹੈ। ਦੇਖੋ:
ਮਿੱਟੀ ਦਾ ਕੀ ਕਰਜ਼ ਮੇਰੇ ਸਿਰ
ਇਕ ਇਕ ਹਾਸਲ ਜੋੜਨ ਦੇ।
ਮੈਨੂੰ ਭੋਰਾ ਭੋਰਾ ਮੋੜਨ ਦੇ।
(ਪੰਨਾ 72)
ਇਸ ਗੀਤ ਸੰਗ੍ਰਹਿ ਵਿਚ ਕਵੀ ਦਾ ਅੰਦਾਜ਼ ਵਧੇਰੇ ਧੀਮਾ ਅਤੇ ਸਹਿਜ ਹੈ। ਉਹ ਆਪਣੇ ਸਮਕਾਲੀ ਸਮਾਜ ਨਾਲ ਸੰਵਾਦ ਵੀ ਰਚਾਉਂਦਾ ਹੈ ਪਰ ਵਧੇਰੇ ਕਰਕੇ ਉਹ ਆਪਣੇ ਸਵੈ ਨਾਲ ਗੁਫ਼ਤਗੂ ਕਰਦਾ ਹੈ। ਉਹ ਪਰੰਪਰਾ ਨੂੰ ਹੋਰ ਵਿਸਤਾਰਨ-ਨਿਖਾਰਨ ਦਾ ਪ੍ਰਯਤਨ ਕਰ ਰਿਹਾ ਹੈ। ਇਸੇ ਕਾਰਨ ਉਸ ਦੇ ਗੀਤਾਂ ਦੀ ਸ਼ਬਦਾਵਲੀ ਉੱਪਰ ਪੰਜਾਬੀ ਸੱਭਿਆਚਾਰ ਦੀ ਛਾਪ ਲੱਗੀ ਨਜ਼ਰ ਆਉਂਦੀ ਹੈ। ਦੇਖੋ : ਬੰਜਰ ਨੈਣੀਂ ਕਿੰਝ ਤੇਰੀਆਂ ਯਾਦਾਂ ਰਹਿਣਗੀਆਂ। ਸੁੱਕੀਆਂ ਝੀਲਾਂ ਵਿਚ ਨਹੀਂ ਮੁਰਗਾਬੀਆਂ ਬਹਿਣਗੀਆਂ। (ਪੰਨਾ 59)
ਸੁਰਜੀਤ ਜੱਜ ਦੇ ਦੋਵੇਂ ਕਾਵਿ ਸੰਗ੍ਰਹਿ ਆਧੁਨਿਕ ਪੰਜਾਬੀ ਪ੍ਰਗੀਤ ਕਾਵਿ ਦਾ ਇਕ ਹਾਸਲ ਹਨ। ਜਥੇਬੰਦਕ ਕਾਰਜਾਂ ਨੂੰ ਸਰੰਜਾਮ ਦਿੰਦਾ ਹੋਇਆ ਅਤੇ ਆਪਣੀਆਂ ਅਕਾਦਮਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦਾ ਹੋਇਆ ਉਹ ਕਿਵੇਂ ਪ੍ਰਗੀਤ (ਗੀਤ, ਗ਼ਜ਼ਲ) ਰਚ ਲੈਂਦਾ ਹੈ, ਹੈਰਾਨੀ ਹੁੰਦੀ ਹੈ। ਉਸ ਪਾਸ ਇਕ ਬਹੁਤ ਹੀ ਸੰਵੇਦਨਸ਼ੀਲ ਦਿਲ ਹੈ। ਮੇਰੀ ਦੁਆ ਹੈ ਕਿ ਇਹ ਇੰਜ ਹੀ ਬਣਿਆ ਰਹੇ; ਜ਼ਮਾਨੇ ਦੀਆਂ ਬੇਰਹਿਮ ਠੋਕਰਾਂ ਨਾਲ ਟਕਰਾ ਕੇ ਕਿਤੇ ਇਸ ਵਿਚ ਤ੍ਰੇੜ ਨਾ ਪੈ ਜਾਵੇ!


ਂਬ੍ਰਹਮਜਗਦੀਸ਼ ਸਿੰਘ
ਮੋ: 98760-52136ਮਾਂ ਚਲੀ ਗਈ
ਲੇਖਿਕਾ : ਦੇਵਿੰਦਰ ਮਹਿੰਦਰੂ
ਪ੍ਰਕਾਸ਼ਕ : ਕੁੰਭ ਪਬਲੀਕੇਸ਼ਨਜ਼, ਜੀਰਕਪੁਰ
ਮੁੱਲ : 180 ਰੁਪਏ, ਸਫ਼ੇ : 120
ਸੰਪਰਕ : 98555-91762.


'ਮਾਂ ਚਲੀ ਗਈ' ਬੇਸ਼ੱਕ ਕਵਿੱਤਰੀ ਦੇਵਿੰਦਰ ਮਹਿੰਦਰੂ ਦਾ ਪਹਿਲਾ ਕਾਵਿ ਸੰਗ੍ਰਹਿ ਹੈ ਪਰ ਕਵਿਤਾ ਦੀ ਪਰਪੱਕਤਾ ਦੱਸਦੀ ਹੈ ਕਿ ਕਵਿਤਾ ਉਨ੍ਹਾਂ ਲਈ ਨਵੀਂ ਨਹੀਂ ਸਗੋਂ ਉਸ ਨੇ ਲਗਾਤਾਰ ਕਵਿਤਾ ਹੰਢਾਈ ਹੈ। ਨਜ਼ਮ ਦੀ ਇਹ ਸਿਨਫ਼ ਮਨੁੱਖੀ ਸੰਵੇਦਨਾ ਨਾਲ ਜੁੜੀ ਹੋਈ ਹੈ। ਆਮ ਸਮਾਜ ਵਿਚੋਂ ਸੰਵੇਦਨਾ ਖ਼ਤਮ ਹੋ ਰਹੀ ਹੈ ਪਰ ਕਵਿੱਤਰੀ ਦਾ ਸੰਵੇਦਨਸ਼ੀਲ ਮਨ ਸੂਖਮ ਅਤੇ ਸਹਿਜ ਵਰਤਾਰਿਆਂ ਨੂੰ ਆਪਣੇ ਅਹਿਸਾਸਾਂ ਦੀ ਛੋਹ ਦਿੰਦਾ ਹੈ।
ਫ਼ਾਸਲੇ ਪਾਰ ਕਰਨ 'ਤੇ ਘਟਨਾਵਾਂ ਦੇ
ਪਾਰ ਕਰਨ 'ਚ ਫ਼ਰਕ ਹੁੰਦਾ ਹੈ।
ਕਈ ਵਾਰ ਫ਼ਾਸਲੇ ਪਾਰ ਕਰਦਾ ਕਰਦਾ ਆਦਮੀ
ਇਕ ਘਟਨਾ ਨੂੰ ਪਾਰ ਨਹੀਂ ਕਰ ਸਕਦਾ (ਇਕ ਹਾਦਸਾ)।
'ਕੀਮਤ' ਕਵਿਤਾ 'ਚ ਕਵਿੱਤਰੀ ਦੱਸਦੀ ਹੈ ਕਿ ਅੱਜ ਦੇ ਆਧੁਨਿਕ ਸਮਾਜ ਵਿਚ ਸਮਾਜਿਕ ਕਦਰਾਂ-ਕੀਮਤਾਂ ਅਤੇ ਸਦਾਚਾਰਕਤਾ ਅੰਨ੍ਹੇ ਲੋਭ ਅਤੇ ਹਵਸ ਅੱਗੇ ਬੇਮਾਅਨੇ ਹੋ ਗਏ ਹਨ।
'ਅੱਜ ਸ਼ਾਮ ਮੇਰੀ ਕੋਠੀ
ਤਸਰੀਫ਼ ਲਿਆਉਣਾ
ਤੇ ਕੱਲ੍ਹ ਨੂੰ
'ਅਪੁਆਇੰਟਮੈਂਟ ਲੈਟਰ'
ਤੁਹਾਡੇ ਕੋਲ ਹੋਵੇਗਾ।'
ਦੇਵਿੰਦਰ ਮਹਿੰਦਰੂ ਦੀ ਕਾਵਿ ਜੁਗਤ ਦੀ ਖੂਬਸੂਰਤੀ ਹੈ ਕਿ ਕਵਿਤਾ ਰਚਨਾ ਸਮੇਂ ਉਹ ਖ਼ੁਦ ਗ਼ੈਰ-ਹਾਜ਼ਰ ਹੁੰਦੀ ਹੈ। ਸੰਬੋਧਨੀ ਸੁਰ ਜਾਂ ਬਿਆਨੀਆਂ ਲਹਿਜੇ 'ਚ ਉਹ ਵਾਪਰੀ-ਅਣਵਾਪਰੀ ਘਟਨਾ ਜਾਂ ਵਰਤਾਰੇ ਦੁਆਲੇ ਬਹੁਤ ਉਮਦਾ ਕਵਿਤਾ ਦੀ ਰਚਨਾ ਕਰਦੀ ਹੈ। ਹਥਲੀ ਪੁਸਤਕ ਵਿਚ ਜਿਸ ਤਰ੍ਹਾਂ ਦੀ ਪ੍ਰੋੜ੍ਹਤਾ ਨਜ਼ਰ ਆਉਂਦੀ ਹੈ, ਪਹਿਲੀ ਪੁਸਤਕ ਵਿਚ ਅਕਸਰ ਬਹੁਤ ਘੱਟ ਕਵੀਆਂ 'ਚ ਇਹ ਗੁਣ ਵੇਖਣ ਨੂੰ ਮਿਲਦਾ ਹੈ।


ਂਜਤਿੰਦਰ ਸਿੰਘ ਔਲਖ
ਮੋ: 98155-34653.


ਸੱਸੀ ਹਾਸ਼ਮ
'ਬਿਰਹਾ ਚਿਤਰਨ'
ਲੇਖਕ : ਭੂਪਿੰਦਰ ਸ਼ਾਹੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 98142-53605.


ਇਸ ਖੋਜ ਪੁਸਤਕ ਵਿਚ ਸੱਸੀ ਹਾਸ਼ਮ ਨੂੰ ਅਧਿਐਨ ਵਸਤੂ ਵਜੋਂ ਗ੍ਰਹਿਣ ਕਰਕੇ ਲੇਖਕ ਨੇ ਇਸ ਉੱਪਰ ਵਿਭਿੰਨ ਪਹਿਲੂਆਂ ਤੋਂ ਦਸ ਕਾਂਡਾਂ ਵਿਚ ਵਿਚਾਰ-ਚਰਚਾ ਕੀਤੀ ਹੈ ਜਿਵੇਂ ਕਿ ਹਾਸ਼ਮ ਦਾ ਜੀਵਨ ਤੇ ਰਚਨਾ, ਸੱਸੀ-ਪੁੰਨੂੰ ਕਥਾ ਦਾ ਪਿਛੋਕੜ, ਦੁਖਾਂਤ ਦਾ ਸਰੂਪ, ਕਿੱਸਾ-ਕਾਵਿ ਪਰੰਪਰਾ ਵਿਚ ਸੱਸੀ ਹਾਸ਼ਮ ਦਾ ਸਥਾਨ, ਕਾਵਿ-ਕਲਾ ਦੀਆਂ ਵਿਸ਼ੇਸ਼ਤਾਵਾਂ, ਕਿੱਸੇ ਵਿਚ ਯੁੱਗ ਚਿਤਰਨ, ਇਸ਼ਕ ਦਾ ਸਰੂਪ, ਲੋਕ-ਗੀਤਾਂ ਵਿਚ ਸੱਸੀ-ਪੁੰਨੂੰ ਆਦਿ ਪਰ ਇਸ ਕਿੱਸੇ ਵਿਚ ਨਿਰੂਪਤ ਬਿਰਹਾ ਚਿਤਰਨ ਦਾ ਬੜੀ ਡੂੰਘਾਈ ਵਿਚ ਵਿਸ਼ਲੇਸ਼ਣ ਕੀਤਾ ਹੈ। ਦੁਨਿਆਵੀ ਕਵੀਆਂ, ਕਿੱਸਾ ਕਵੀਆਂ, ਸੂਫ਼ੀ ਕਵੀਆਂ, ਗੁਰਮਤਿ ਕਾਵਿ ਅਤੇ ਰੋਮਾਂਟਿਕ ਕਵੀਆਂ ਦੀਆਂ ਟੂਕਾਂ/ਕਾਵਿ ਟੁਕੜੀਆਂ ਦੇ ਕੇ ਇਹ ਲੋਕ ਤੋਂ ਪਰਲੋਕ ਤੱਕ ਬਿਰਹਾ ਨੂੰ ਇਸ਼ਕ ਮਜਾਜ਼ੀ ਤੋਂ ਇਸ਼ਕ ਹਕੀਕੀ ਵਿਚ ਰੂਪਾਂਤਰਿਤ ਹੁੰਦਿਆਂ ਵਿਖਾਉਣਾ ਲੇਖਕ ਦੀ ਅਧਿਐਨ ਜੁਗਤ ਹੈ। ਸਿਧਾਂਤਕ ਦ੍ਰਿਸ਼ਟੀ ਤੋਂ ਬਿਰਹਾ ਨੂੰ ਸ਼ਿੰਗਾਰ ਰਸ ਦਾ ਵਾਹਨ ਪ੍ਰਸਤੁਤ ਕੀਤਾ ਗਿਆ ਹੈ। ਹਾਸ਼ਮ ਵੱਲੋਂ ਇਸ ਕਿੱਸੇ ਵਿਚ ਬਿਰਹਾ ਨੂੰ ਪ੍ਰਮੁੱਖ ਸਥਾਨ ਦੇਣ ਦੇ ਕਾਰਨਾਂ ਵਿਚ ਕਵੀ ਦਾ ਸੂਫ਼ੀ ਝੁਕਾਅ, ਖ਼ੁਦ ਅਸਫਲ ਪ੍ਰੇਮੀ ਹੋਣਾ ਅਤੇ ਉਸ ਉੱਪਰ ਆਦਰਸ਼ ਪ੍ਰੇਮ ਦਾ ਹਾਵੀ ਹੋਣਾ ਆਦਿ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਵਿਯੋਗ-ਸ਼ਿੰਗਾਰ ਦੇ ਵਿਭਿੰਨ ਚਾਰ ਰੂਪਾਂ (ਪੂਰਵ ਅਨੁਰਾਗ, ਮਾਨ, ਪ੍ਰਵਾਸ ਅਤੇ ਕਰੁਣਾ ਵਿਪ੍ਰਲੰਬ) ਵਿਚੋਂ 'ਮਾਨ' ਨੂੰ ਛੱਡ ਕੇ (ਜਿਸ ਵਿਚ ਪ੍ਰੇਮੀਆਂ ਵਿਚਕਾਰ ਸ਼ੰਕਾ ਅਤੇ ਨਾਰਾਜ਼ਗੀ ਰਹਿੰਦੀ ਹੈ) ਬਾਕੀ ਤਿੰਨਾਂ ਭੇਦਾਂ ਦੀ ਸੱਸੀ ਹਾਸ਼ਮ ਵਿਚ ਅਭੀਵਿਅਕਤੀ ਹੋਣੀ ਦਰਸਾਈ ਗਈ ਹੈ। ਲੇਖਕ ਅਨੁਸਾਰ ਹਾਸ਼ਮ ਦੀ ਬਿਰਹਾ ਅਭਿਵਿਅਕਤੀ ਹੋਰਨਾਂ ਕਿੱਸਾ ਕਵੀਆਂ ਨਾਲੋਂ ਵਧੇਰੇ ਸੰਵੇਦਨਸ਼ੀਲ ਹੈ। ਕਿੱਸਾਕਾਰੀ, ਮੂਰਤੀਕਾਰੀ ਅਤੇ ਨਾਟਕਕਾਰੀ ਵਜੋਂ ਇਹ ਕਿਰਤ ਲਾਸਾਨੀ ਹੈ। ਸੰਖੇਪ ਇਹ ਕਿ ਇਸ਼ਕ ਦੀ ਪ੍ਰਚੰਡਤਾ ਅਤੇ ਗਤੀਸ਼ੀਲਤਾ ਲਈ ਬਿਰਹਾ ਦੀ ਅਗਨੀ ਦਾ ਸੇਕ ਸੱਸੀ-ਹਾਸ਼ਮ ਦਾ ਕੇਂਦਰੀ ਸਰੋਕਾਰ ਹੋ ਨਿੱਬੜਿਆ ਹੈ।


ਂਡਾ: ਧਰਮ ਚੰਦ ਵਾਤਿਸ਼
ਮੋ: 98144-46007.ਮੇਰਾ ਆਸਟਰੇਲੀਆ ਸਫ਼ਰਨਾਮਾ
ਲੇਖਕ : ਯਸ਼ਪਾਲ ਗੁਲਾਟੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 215
ਸੰਪਰਕ : 98726-48140.


ਆਮ ਯਾਤਰੀਆਂ ਵਾਂਗ ਲੇਖਕ ਇਸ ਸਫ਼ਰਨਾਮੇ ਵਿਚ ਪਾਠਕਾਂ ਨੂੰ ਆਸਟਰੇਲੀਆ ਦੇ ਇਤਿਹਾਸ ਅਤੇ ਜੁਗਰਾਫੀਏ ਦੀ ਜਾਣਕਾਰੀ ਦਿੰਦਾ ਹੈ। ਉਸ ਦੀ ਨਜ਼ਰ ਪ੍ਰਸੰਨਾਮਈ ਹੈ। ਉਹ ਇਥੋਂ ਦੇ ਲੋਕਾਂ ਦੀ ਨਸਾਫ਼ਤ ਅਤੇ ਸਫ਼ਾਈ ਦੀ ਤਾਰੀਫ਼ ਕਰਦਾ ਹੈ। ਲੋਕਾਂ ਦਾ ਜੀਵਨ ਪੱਧਰ ਉੱਚਾ ਤੇ ਸੌਖਾ ਹੈ। ਇਥੋਂ ਦੀਆਂ ਰੇਲਾਂ, ਸੜਕਾਂ, ਆਵਾਜਾਈ, ਕਾਨੂੰਨ, ਧਾਰਮਿਕ ਥਾਵਾਂ, ਪਾਰਕ, ਖੇਤੀ ਫਾਰਮ, ਟਰਾਮਾਂ ਬੱਸਾਂ ਆਦਿ ਦੇ ਵੇਰਵੇ ਇਸ ਸਫ਼ਰਨਾਮੇ ਵਿਚ ਦਰਜ ਕੀਤੇ ਗਏ ਹਨ। ਇਥੇ ਕੋਈ ਮੰਗਤੇ ਨਹੀਂ ਹਨ, ਕੋਈ ਉੱਚੀ ਹਾਰਨ ਨਹੀਂ ਮਾਰਦਾ, ਪੁਲਿਸ ਰਿਸ਼ਵਤ ਨਹੀਂ ਲੈਂਦੀ, ਸਗੋਂ ਨਾਗਰਿਕਾਂ ਦੀ ਹਰ ਤਰ੍ਹਾਂ ਸਹਾਇਤਾ ਕਰਦੀ ਦਿਖਾਈ ਪੈਂਦੀ ਹੈ। ਦਫ਼ਤਰਾਂ ਵਿਚ ਕੋਈ ਰਿਸ਼ਵਤਖੋਰੀ ਨਹੀਂ, ਧੂੜ, ਪ੍ਰਦੂਸ਼ਣ, ਮਿੱਟੀ-ਘੱਟੇ ਦਾ ਨਾਮੋ-ਨਿਸ਼ਾਨ ਨਹੀਂ ਹੈ। ਕਰਮਚਾਰੀਆਂ ਦਾ ਵਿਹਾਰ ਮਿਲਾਪੜਾ ਹੈ, ਪਸ਼ੂ ਪੰਛੀਆਂ ਪ੍ਰਤੀ ਕੋਈ ਕਰੂਰਤਾ ਨਹੀਂ। ਕਾਨੂੰਨ ਸਖ਼ਤ ਹਨ। ਪਰ ਬੇਲੋੜੀਆਂ ਕਾਨੂੰਨੀ ਅੜਚਨਾਂ ਬਿਲਕੁਲ ਨਹੀਂ ਹਨ। ਮੌਸਮ ਖੁਸ਼ਗਵਾਰ ਹੈ। ਜਿਊਣ ਦਾ ਇਕ ਸਲੀਕਾ ਹੈ ਲੋਕਾਂ ਨੂੰ। ਸਾਡੇ ਪੰਜਾਬੀ ਬਹੁਤ ਮਿਹਨਤ ਕਰਦੇ ਹਨ। ਵਿਦਿਆਰਥੀ ਸਟੂਡੈਂਟ ਵੀਜ਼ੇ 'ਤੇ ਉਥੇ ਜਾ ਕੇ ਆਪਣੇ ਭਵਿੱਖ ਲਈ ਆਸਵੰਦ ਹਨ। ਪਸ਼ੂ-ਪੰਛੀਆਂ ਪ੍ਰਤੀ ਰਹਿਮਦਿਲੀ ਥਾਂ ਪੁਰ ਥਾਂ ਨਜ਼ਰ ਆਉਂਦੀ ਹੈ। ਉਹ ਇਥੋਂ ਦੀਆਂ ਪ੍ਰਸਿੱਧ ਦੇਖਣ ਯੋਗ ਥਾਵਾਂ ਦੇ ਵੇਰਵੇ ਵੀ ਆਪਣੀ ਇਸ ਪੁਸਤਕ ਵਿਚ ਦਿੰਦਾ ਹੈ। ਲੇਖਕ ਨੂੰ ਆਸਟਰੇਲੀਆ ਆਪਣੇ ਗੁਣਾਂ ਤੇ ਆਬੋ-ਹਵਾ ਤੇ ਸਲੀਕੇ ਕਾਰਨ ਧਰਤੀ 'ਤੇ ਸਵਰਗ ਵਾਂਗ ਦਿਸਦਾ ਹੈ। ਉਹ ਇਸ ਦੀ ਸੁੰਦਰਤਾ ਦੇਖ ਅਸ਼-ਅਸ਼ ਕਰ ਉੱਠਿਆ ਹੈ। ਸਾਦ-ਮੁਰਾਦੀ ਭਾਸ਼ਾ ਤੇ ਸਾਫ਼ਗੋਈ ਇਸ ਸਫ਼ਨਰਾਮੇ ਦੀਆਂ ਖ਼ਾਸ ਵਿਸ਼ੇਸ਼ਤਾਵਾਂ ਹਨ। ਇਹ ਸਫ਼ਰਨਾਮਾ ਲਿਖ ਕੇ ਪੱਤਰਕਾਰ ਯਸ਼ ਗੁਲਾਟੀ ਸਾਹਿਤਕਾਰਾਂ ਦੀ ਪਾਲ ਵਿਚ ਸਹਿਜੇ ਹੀ ਆ ਖਲ੍ਹੋਤਾ ਹੈ।


ਂਕੇ. ਐਲ. ਗਰਗ
ਮੋ: 94635-37050ਡਾ: ਕੁਲਦੀਪ ਸਿੰਘ ਦੀਪ ਦੀਆਂ ਚਾਰ ਨਾਟ ਪੁਸਤਕਾਂ
ਪ੍ਰਕਾਸ਼ਨ : ਅਦਬੀ ਪਰਵਾਜ਼ ਪ੍ਰਕਾਸ਼ਨ, ਮਾਨਸਾ
ਸੰਪਰਕ : 98552-55956.


ਪੰਜਾਬੀ ਨਾਟਕ ਅਤੇ ਰੰਗਮੰਚ ਦੇ ਖੇਤਰ ਵਿਚ ਨਿਰੰਤਰ ਕਾਰਜਸ਼ੀਲ ਕੁਲਦੀਪ ਸਿੰਘ ਦੀਪ ਚੌਥੀ ਪੀੜ੍ਹੀ ਦਾ ਸਫਲ ਨਾਟਕਕਾਰ ਹੈ, ਜਿਸ ਦੀਆਂ ਨਾਟ ਕ੍ਰਿਤਾਂ ਲੋਕ ਮਨਾਂ 'ਤੇ ਛਾਪ ਛੱਡਦੀਆਂ ਹਨ। ਲੰਘੇ ਸਾਲ ਦੀਪ ਨੇ ਨਾਟਕ ਦੀਆਂ ਚਾਰ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ।
'ਖੁਦਕੁਸ਼ੀ ਦੇ ਮੋੜ 'ਤੇ' (ਮੁੱਲ : 100 ਰੁਪਏ, ਸਫ਼ੇ : 80) ਮਿੱਟੀ ਨਾਲ ਮਿੱਟੀ ਹੁੰਦੇ ਮਿਹਨਤਕਸ਼ਾਂ ਦੀ ਮਿਹਨਤ, ਕਮਾਈ, ਸਮਾਜਿਕ ਰੁਤਬੇ ਨਾਲ ਸਰਕਾਰੀ ਫ਼ੈਸਲੇ, ਨੀਤੀਆਂ ਅਤੇ ਸਮਾਜਿਕ ਵਰਤਾਰੇ ਦੀ ਟੱਕਰ ਦਾ ਨਾਟਕ ਹੈ। ਨਾਟਕਕਾਰ ਦਾ ਮੰਨਣਾ ਹੈ ਕਿ ਇਹ ਨਾਟਕ ਉਸ ਦੀ ਜ਼ਿੰਦਗੀ ਦਾ ਉਹ ਹਿੱਸਾ ਹੈ ਜੋ ਉਸ ਨੇ ਆਪਣੇ ਤਨ ਮਨ 'ਤੇ ਹੰਢਾਇਆ ਜਾਂ ਆਲੇ-ਦੁਆਲੇ ਵਿਚ ਵਾਪਰਦੇ ਵੇਖਿਆ।
'ਭੁੱਬਲ ਦੀ ਅੱਗ' (ਮੁੱਲ : 100 ਰੁਪਏ, ਸਫ਼ੇ : 100) ਨਾਟਕ ਸਮਾਜਿਕ ਅਤੇ ਆਰਥਿਕ ਵਰਤਾਰੇ ਰਾਹੀਂ ਕਿਰਤੀ ਵਰਗ ਦੇ ਮਸਲਿਆਂ ਦੀ ਨਿਸ਼ਾਨਦੇਹੀ ਕਰਦਾ ਹੋਇਆ ਇਕ ਜਮਾਤ ਦੇ ਮਸਲੇ ਉਜਾਗਰ ਕਰਦਾ ਹੈ। ਸਮਾਜਿਕ ਸਰੋਕਾਰਾਂ ਅਤੇ ਹੋ ਰਹੀ ਲੁੱਟ-ਖਸੁੱਟ ਦੇ ਸੰਦਰਭ ਵਿਚ ਇਹ ਨਾਟਕ ਇਕੋ ਜਾਤ ਦੇ ਆਪਸੀ ਟਕਰਾਅ ਜਾਂ ਫ਼ਰਕ ਨੂੰ ਵੀ ਉਜਾਗਰ ਕਰਦਾ ਹੈ ਅਤੇ ਵੱਖ-ਵੱਖ ਜਾਤਾਂ ਦੇ ਸਾਂਝੇ ਦੁੱਖਾਂ-ਤਕਲੀਫ਼ਾਂ ਅਤੇ ਲੋੜਾਂ ਦੇ ਆਧਾਰ 'ਤੇ ਇਕ ਜਮਾਤ ਵੀ ਸਿਰਜਦਾ ਹੈ।
ਅਜੋਕੇ ਦੌਰ ਵਿਚ ਬਦਲ ਰਹੀਆਂ ਪਰਿਵਾਰਕ ਕਦਰਾਂ-ਕੀਮਤਾਂ ਦੇ ਭਿਆਨਕ ਅਤੇ ਮਨੁੱਖੀ-ਮਨ ਦੇ ਵਿਰੋਧੀ ਨਤੀਜਿਆਂ ਨੂੰ ਦਰਸਾਉਂਦਾ ਹੈ ਕੁਲਦੀਪ ਦੀਪ ਦੀ ਤੀਸਰੀ ਪੁਸਤਕ ਦਾ ਨਾਟਕ 'ਤੂੰ ਮੇਰਾ ਕੀ ਲੱਗਦੈਂ' (ਮੁੱਲ : 100 ਰੁਪਏ, ਸਫ਼ੇ : 76) । ਨਾਟਕਕਾਰ ਦਾ ਮੰਨਣਾ ਹੈ ਕਿ ਸੰਯੁਕਤ ਪਰਿਵਾਰਾਂ ਦੇ ਮਿਲਵਰਤਣ ਤੋਂ ਨਿੱਜੀ ਰਹਿਣ-ਸਹਿਣ ਵਿਚ ਤਬਦੀਲ ਹੋਈ ਇਸ ਨਵੀਂ ਜ਼ਿੰਦਗੀ ਨੇ ਮਨੁੱਖੀ ਸੋਚਾਂ ਅਤੇ ਵਿਚਾਰਾਂ ਦਾ ਜੋ ਨਵੀਨੀਕਰਨ ਕੀਤਾ ਹੈ, ਉਹ ਘਾਤਕ ਹੈ।
'ਇਹ ਜੰਗ ਕੌਣ ਲੜੇ' (ਮੁੱਲ : 100 ਰੁਪਏ, ਸਫ਼ੇ : 86) ਕੁਲਦੀਪ ਦੀਪ ਦਾ ਉਪੇਰਾ ਸੰਗ੍ਰਿਹ ਹੈ, ਜਿਸ ਵਿਚ ਤਿੰਨ ਉਪੇਰੇ ਸ਼ਾਮਿਲ ਹਨ, 'ਇਹ ਜੰਗ ਕੌਣ ਲੜੇ', 'ਰਿਸ਼ਮਾ ਦਾ ਕਾਤਿਲ' ਅਤੇ 'ਤਿੜਕਦੇ ਸੁਪਨੇ' । ਪੁਸਤਕ ਦੇ ਸ਼ੁਰੂ ਵਿਚ ਉਪੇਰਾਕਾਰ ਪਾਠਕ ਨੂੰ ਲਿਬਰੈਟੋ ਬਾਰੇ ਗਿਆਨ ਦਿੰਦਾ ਹੈ ਤਾਂ ਕਿ ਉਪੇਰੇ ਦੀ ਵਧੇਰੇ ਸਮਝ ਆ ਸਕੇ। ਲਿਬਰੈਟੋ ਅਸਲ ਵਿਚ ਸੰਗੀਤ, ਨ੍ਰਿਤ ਅਤੇ ਮੰਚ ਅਦਾਕਾਰੀ ਦੀ ਸਮਝ ਹੈ, ਜਿਸ ਦੇ ਆਧਾਰ 'ਤੇ ਇਹ ਤਿੰਨੋਂ ਉਪੇਰੇ ਸਿਰਜੇ ਅਤੇ ਪੇਸ਼ ਕੀਤੇ ਗਏ ਹਨ।
ਇਨ੍ਹਾਂ ਚਾਰਾਂ ਪੁਸਤਕਾਂ ਵਿਚਲੇ ਨਾਟਕ ਅਤੇ ਉਪੇਰੇ ਪੰਜਾਬ, ਹਰਿਆਣਾ, ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸਫਲਤਾਪੂਰਵਕ ਮੰਚਤ ਹੋ ਚੁੱਕੇ ਹਨ।ઠ


ਂਡਾ: ਨਿਰਮਲ ਜੌੜਾઠ
ਮੋ: 98140-78799ਪਹਿਲੇ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਪ੍ਰਸ਼ਨੋਤਰੀ

ਲੇਖਕ : ਬਲਵਿੰਦਰ ਸਿੰਘ ਕੋਟਕਪੂਰਾ
ਪ੍ਰਕਾਸ਼ਕ : ਤਿਰਲੋਕੀ ਪ੍ਰਿੰਟਿੰਗ ਪ੍ਰੈੱਸ, ਕੋਟਕਪੂਰਾ
ਮੁੱਲ : 30 ਰੁਪਏ, ਸਫ਼ੇ : 40
ਸੰਪਰਕ : 94171-85565.


ਬਲਵਿੰਦਰ ਸਿੰਘ ਕੋਟਕਪੂਰਾ ਦੀ ਇਹ ਪੰਜਵੀਂ ਪੁਸਤਕ ਹੈ। ਬਾਬਾ ਜੀ ਦੀ ਸ਼ਹਾਦਤ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ਇਹ ਪੁਸਤਿਕਾ ਸਵਾਲਾਂ-ਜਵਾਬਾਂ ਦੀ ਸ਼ਕਲ ਵਿਚ ਹੈ। ਇਸ ਵਿਲੱਖਣ ਢੰਗ ਨਾਲ ਸਿੱਖ ਪੰਥ ਦੇ ਮਹਾਂਨਾਇਕ ਬਾਰੇ ਬਹੁਤ ਕੁਝ ਜਾਣਨ ਨੂੰ ਮਿਲਦਾ ਹੈ। ਬਾਬਾ ਜੀ ਦੇ ਆਰੰਭਕ ਜੀਵਨ ਤੋਂ ਲੈ ਕੇ ਜੰਗਾਂ ਯੁੱਧਾਂ, ਖਾਲਸਾ ਰਾਜ ਦੀ ਸਿਰਜਣਾ ਅਤੇ ਅਜ਼ੀਮ ਸ਼ਹਾਦਤ ਨੂੰ ਪ੍ਰਸ਼ਨਾਂ-ਉੱਤਰਾਂ ਦੇ ਸੁਖਾਲੇ ਢੰਗ ਨਾਲ ਬਿਆਨ ਕਰਨ ਨਾਲ ਹਰ ਵਰਗ ਦਾ ਪਾਠਕ ਲਾਹਾ ਲੈ ਸਕਦਾ ਹੈ। ਕੁੱਲ 300 ਸਵਾਲਾਂ ਦੇ ਉੱਤਰਾਂ ਰਾਹੀਂ ਵਰਨਣ ਮਿਲਦਾ ਹੈ। ਪੁਸਤਿਕਾ ਦਾ ਪ੍ਰਥਮ ਸਵਾਲ ਹੈ : 'ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸਿੱਖਾਂ ਦੀ ਰਾਜਸੀ ਅਗਵਾਈ ਕਿਸ ਦੇ ਹੱਥਾਂ ਵਿਚ ਆ ਗਈ ਸੀ?' ਉੱਤਰਂ'ਬਾਬਾ ਬੰਦਾ ਸਿੰਘ ਬਹਾਦਰ।' ਪ੍ਰਸ਼ਨ ਨੰ: 40ਂ'ਗੁਰੂ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਕਿਹੜੇ ਉਪਦੇਸ਼ ਦਿੱਤੇ ਸਨ?' ਉੱਤਰਂਜਤ ਰੱਖਣਾ, ਖ਼ਾਲਸੇ ਦੇ ਅਨੁਸਾਰੀ ਹੋ ਕੇ ਰਹਿਣਾ, ਆਪ ਨੂੰ ਗੁਰੂ ਨਾ ਮੰਨਣਾ, ਵਰਤਾਅ ਕੇ ਛਕਣਾ, ਅਨਾਥਾਂ ਦੀ ਮਦਦ ਕਰਨੀ ਆਦਿ।' (ਪੰਨਾ 11) ਪ੍ਰਸ਼ਨ 135ਂਬਾਬਾ ਬੰਦਾ ਸਿੰਘ ਬਹਾਦਰ ਨੇ ਕਿਹੜੀ ਲਾਅਨਤ ਨੂੰ ਖ਼ਤਮ ਕੀਤਾ? ਉੱਤਰਂਜ਼ਿਮੀਂਦਾਰੀ ਦੀ ਲਾਅਨਤ ਨੂੰ। (ਪੰਨਾ 20) ਪੁਸਤਕ ਵਿਚ ਕੁਝ ਇਤਿਹਾਸਕ ਤਸਵੀਰਾਂ, ਅੰਤਿਕਾ ਦੇ ਤੌਰ 'ਤੇ ਬਾਬਾ ਜੀ ਦੇ ਜੀਵਨ ਨਾਲ ਸਬੰਧਤ ਕੁਝ ਗੁਰਦੁਆਰੇ ਅਤੇ ਬਾਬਾ ਜੀ ਬਾਰੇ ਮਹਾਨ ਸਕਾਲਰਾਂ ਦੀ ਰਾਏ ਦਰਜ ਹੈ।


ਂਤੀਰਥ ਸਿੰਘ ਢਿੱਲੋਂ
E. mail : tirathsinghdhillon04@gmail.comਧਰੂ ਤਾਰੇ
ਲੇਖਕ : ਗੁਰਮੇਲ ਸਿੰਘ ਬੌਡੇ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 248
ਸੰਪਰਕ : 01636-282513.


'ਧਰੂ ਤਾਰੇ' ਗੁਰਮੇਲ ਸਿੰਘ ਬੌਡੇ ਦੀ ਅਜਿਹੀ ਪੁਸਤਕ ਹੈ ਜੋ ਮਨੁੱਖ ਨੂੰ ਮੁਸੀਬਤਾਂ ਵਿਚ ਵਿਚਰਦਿਆਂ ਵੀ ਚੜ੍ਹਦੀ ਕਲਾ ਵਿਚ ਰਹਿਣ ਦੀ ਪ੍ਰੇਰਨਾ ਪ੍ਰਦਾਨ ਕਰਦੀ ਹੈ। ਇਸ ਪੁਸਤਕ ਵਿਚ ਲੇਖਕ ਨੇ ਉਨ੍ਹਾਂ ਵਿਅਕਤੀਆਂ ਦੀਆਂ ਜੀਵਨੀਆਂ ਪੇਸ਼ ਕੀਤੀਆਂ ਹਨ, ਜੋ ਕਿਸੇ ਕੁਦਰਤੀ ਕਾਰਨ ਜਾਂ ਕਿਸੇ ਹਾਦਸੇ ਵਿਚ ਆਪਣੇ ਸਰੀਰ ਦਾ ਕੋਈ ਨਾ ਕੋਈ ਗਵਾ ਕੇ ਅਪਾਹਜ ਹੋ ਗਏ ਪਰ ਉਨ੍ਹਾਂ ਨੇ ਇਸ ਅਪਾਹਜਤਾ ਨੂੰ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ ਸਗੋਂ ਆਪਣੇ ਸਾਹਸੀ ਸੁਭਾਅ ਨਾਲ ਇਸ ਅਪਾਹਜਤਾ 'ਤੇ ਵੀ ਜਿੱਤ ਪ੍ਰਾਪਤ ਕੀਤੀ ਅਤੇ ਦੁਨੀਆ ਲਈ ਵੀ ਚਾਨਣ ਮੁਨਾਰੇ ਬਣੇ। ਇਸ ਪੁਸਤਕ ਵਿਚ ਕੁੱਲ 66 ਵਿਅਕਤੀਆਂ ਦੀਆਂ ਜੀਵਨੀਆਂ ਦਰਜ ਹਨ, ਜਿਨ੍ਹਾਂ ਵਿਚ 24 ਵਿਅਕਤੀ ਭਾਰਤੀ ਨਹੀਂ, ਸਗੋਂ ਵਿਦੇਸ਼ੀ ਹਨ। ਬਾਕੀਆਂ ਵਿਚ ਭਾਰਤੀ ਅਤੇ ਪੰਜਾਬੀ ਵਿਅਕਤੀਆਂ ਦਾ ਜ਼ਿਕਰ ਹੈ ਜਿਨ੍ਹਾਂ ਨੇ ਅੰਗਹੀਣ ਹੋਣ ਦੇ ਬਾਵਜੂਦ ਵੱਡੇ ਖਿਤਾਬ ਵੀ ਜਿੱਤੇ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਵੀ ਖੱਟੀ। ਇਥੋਂ ਤੱਕ ਕਿ ਫਰੈਂਕਲਿਨ ਡੀ. ਰੂਜ਼ਵੈਲਟ ਵਰਗੇ ਵਿਅਕਤੀ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਤੱਕ ਵੀ ਪਹੁੰਚੇ। ਲੇਖਕ ਨੇ ਪੁਸਤਕ ਵਿਚ ਜਿੰਨੇ ਵੀ ਵਿਅਕਤੀਆਂ ਦਾ ਜੀਵਨ ਬਿਉਰਾ ਤੇ ਪ੍ਰਾਪਤੀਆਂ ਦਰਜ ਕੀਤੀਆਂ ਹਨ, ਇਹ ਸਾਧਾਰਨ ਵਿਅਕਤੀ ਹੀ ਸਨ, ਜਿਨ੍ਹਾਂ ਨੇ ਅਸਾਧਾਰਨ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ। ਤਕਰੀਬਨ ਹਰੇਕ ਜੀਵਨੀ ਵਿਚ ਲੇਖਕ ਨੇ ਤਥਾਤਮਕ ਵਿਧੀ ਅਪਣਾਈ ਹੈ। ਇਨ੍ਹਾਂ ਵਿਅਕਤੀਆਂ ਦੀਆਂ ਜੀਵਨੀਆਂ ਪੜ੍ਹਦਾ ਪਾਠਕ ਅੱਕਦਾ-ਥੱਕਦਾ ਨਹੀਂ, ਸਗੋਂ ਉਸ ਦੀ ਮਾਨਸਿਕ ਅਵਸਥਾ ਵੀ ਚੰਗੇ ਕੰਮਾਂ ਲਈ ਪਕਿਆਈ ਫੜਦੀ ਹੈ। ਪੁਸਤਕ ਵਿਚ ਦਰਜ ਜੀਵਨੀਆਂ ਵਿਚ ਭਾਵੇਂ ਜ਼ਿਆਦਾਤਰ ਮਰਦਾਂ ਦੇ ਜੀਵਨ ਨਾਲ ਸਬੰਧਤ ਹਨ ਪਰ ਲੇਖਕ ਨੇ ਉਨ੍ਹਾਂ ਔਰਤਾਂ ਦਾ ਵੀ ਜ਼ਿਕਰ ਕੀਤਾ ਹੈ, ਜਿਨ੍ਹਾਂ ਨੇ ਆਪਣੇ ਬੁਲੰਦ ਹੌਸਲੇ ਨਾਲ ਐਵਰੈਸਟ ਵਰਗੀ ਚੋਟੀ ਨੂੰ ਵੀ ਫ਼ਤਹਿ ਕਰ ਵਿਖਾਇਆ। ਕਿਸੇ-ਕਿਸੇ ਜੀਵਨੀ ਵਿਚ ਲੇਖਕ ਨੇ ਨਾਟਕੀ ਜੀਵਨ-ਸ਼ੈਲੀ ਦਾ ਪ੍ਰਯੋਗ ਕਰਨ ਦੇ ਨਾਲ-ਨਾਲ ਉੱਤਮ ਪੁਰਖੀ ਸ਼ੈਲੀ ਦੀ ਵਰਤੋਂ ਵੀ ਕੀਤੀ ਹੈ ਭਾਵ ਜਿਸ ਦੀ ਜੀਵਨੀ ਬਿਆਨ ਕੀਤੀ ਜਾ ਰਹੀ ਹੈ, ਉਹ ਵਿਅਕਤੀ ਖ਼ੁਦ ਆਪਣੇ ਜੀਵਨ ਸਵੈ-ਜੀਵਨੀ ਮੂਲਕ ਵੇਰਵੇ ਦਾ ਰੂਪ ਵਿਚ ਪ੍ਰਸਤੁਤ ਕਰਦਾ ਹੈ। ਇਸ ਪੁਸਤਕ ਦੇ ਸ਼ੁਰੂ ਵਿਚ ਅੰਗਹੀਣ ਵਿਅਕਤੀਆਂ ਨੂੰ ਬਰਾਬਰਤਾ ਅਤੇ ਸਮਾਨਤਾ ਦੇਣ ਲਈ ਸਰਕਾਰੀ ਐਕਟਾਂ ਅਤੇ ਕਾਨੂੰਨਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ। ਆਤਮ-ਵਿਸ਼ਵਾਸ ਪਕੇਰਾ ਕਰਨ ਵਾਲੀ ਪੁਸਤਕ ਪੜ੍ਹਨਯੋਗ ਹੈ।


ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.ਕਸ਼ਮੀਰ ਸਿੰਘ ਧੰਜੂ ਦੇ ਕਾਵਿਕ ਸਰੋਕਾਰ
'ਯਾਦਾਂ ਤੇ ਜੁਦਾਈਆਂ' ਦੇ ਆਧਾਰ 'ਤੇ
ਸੰਪਾਦਕ : ਪ੍ਰੋ: ਜਗਰੂਪ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 111
ਸੰਪਰਕ : 81460-00719.


ਕਸ਼ਮੀਰ ਸਿੰਘ ਧੰਜੂ ਆਸ਼ਾਵਾਦੀ ਤੇ ਯਥਾਰਥਵਾਦੀ ਸੋਚ ਦਾ ਧਾਰਨੀ ਪ੍ਰਵਾਸੀ ਕਵੀ ਹੈ। ਕਸ਼ਮੀਰ ਸਿੰਘ ਧੰਜੂ ਅਮਰੀਕਾ 'ਚ ਰਹਿੰਦੇ ਹੋਏ ਵੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਜੁੜਿਆ ਹੋਇਆ ਹੈ। ਸਮੁੱਚੀਆਂ ਕਵਿਤਾਵਾਂ ਉਸ ਦੇ ਜੀਵਨ ਤਜਰਬਿਆਂ ਦੀ ਨਿਸ਼ਾਨਦੇਹੀ ਕਰਦੀਆਂ ਪ੍ਰਤੀਤ ਹੁੰਦੀਆਂ ਹਨ। ਕਸ਼ਮੀਰ ਸਿੰਘ ਧੰਜੂ ਦੇ ਹਥਲੇ ਕਾਵਿ ਸੰਗ੍ਰਹਿ ਬਾਰੇ 16 ਆਲੋਚਕਾਂ ਨੇ ਆਪਣੇ ਖੋਜ ਪੱਤਰ ਪ੍ਰਸਤੁਤ ਕੀਤੇ ਹਨ। ਇਨ੍ਹਾਂ ਸਾਰੇ ਖੋਜ ਪੱਤਰਾਂ ਵਿਚ ਉਸ ਦੀਆਂ ਕਵਿਤਾਵਾਂ ਬਾਰੇ ਆਲੋਚਕਾਂ ਨੇ ਆਪਣੇ ਵਿਚਾਰ ਵਿਅਕਤ ਕਰਦਿਆਂ ਆਖਿਆ ਹੈ ਕਿ ਉਸ ਦੀਆਂ ਕਵਿਤਾਵਾਂ ਮਾਨਵਵਾਦੀ ਤੇ ਧਾਰਮਿਕ ਪ੍ਰਵਿਰਤੀ ਵਾਲੀਆਂ, ਪ੍ਰੇਰਨਾਮਈ ਅਨੁਭਵੀ, ਜਜ਼ਬਾਤਾਂ ਦੀ ਤਰਜ਼ਮਾਨੀ ਕਰਨ ਵਾਲੀਆਂ ਤੇ ਜ਼ਿੰਦਗੀ ਦੀ ਯਥਾਰਥਕਤਾ ਨੂੰ ਦਰਸਾਉਣ ਵਾਲੀਆਂ ਹਨ। ਉਪਰੋਕਤ ਵਿਦਵਾਨਾਂ ਨੇ ਆਪੋ-ਆਪਣੇ ਖੋਜ ਪੱਤਰਾਂ ਲਈ ਗੰਭੀਰ ਅਧਿਐਨ ਕੀਤਾ ਹੈ। ਸਾਰੇ ਖੋਜ ਪੱਤਰ ਇਸ ਗੱਲ ਦੀ ਗਵਾਹੀ ਭਰਦੇ ਹਨ ਤੇ ਕਸ਼ਮੀਰ ਸਿੰਘ ਧੰਜੂ ਦਾ ਇਹ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਨੂੰ ਗੁਣਾਤਮਕ ਤੇ ਗਿਣਾਤਮਕ ਪੱਖੋਂ ਅਮੀਰ ਕਰੇਗਾ।


ਂਪ੍ਰੋ: ਸਤਪਾਲ ਸਿੰਘ
ਮੋ: 98725-21515.ਸੁਨਹਿਰੀ ਵਿਰਸਾ

ਲੇਖਕ : ਬਲਿਹਾਰ ਸਿੰਘ ਗੋਬਿੰਦਗੜ੍ਹੀਆ
ਪ੍ਰਕਾਸ਼ਕ : ਲੋਕ ਰੰਗ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ: 9878520903.


ਸੁਨਹਿਰੀ ਵਿਰਸਾ ਪੁਸਤਕ ਇਕ ਭਾਵਪੂਰਤ ਕਾਵਿ/ਗੀਤ ਸੰਗ੍ਰਹਿ ਹੈ। ਇਸ ਕਾਵਿ ਗੁਲਦਸਤੇ ਵਿਚ ਵਿਰਸੇ ਦੀਆਂ ਉਨ੍ਹਾਂ ਪੰਖੜੀਆਂ ਨੂੰ ਪਰੋਇਆ ਗਿਆ ਹੈ ਜੋ ਸੁਨਹਿਰੀ ਇਤਿਹਾਸ ਨਾਲ ਓਤਪੋਤ ਹੈ।
ਕਵੀ ਬਲਿਹਾਰ ਸਿੰਘ ਗੋਬਿੰਦਗੜ੍ਹੀਆ ਨੇ ਜਿਥੇ ਇਸ ਪੁਸਤਕ ਵਿਚਲੀਆਂ ਬਹੁਤ ਸਾਰੀਆਂ ਕਵਿਤਾਵਾਂ ਰਾਹੀਂ ਸਿੱਖੀ ਸਿਦਕ ਦੀ ਪਰਖ ਨੂੰ ਸਾਹਮਣੇ ਲਿਆਉਣ ਦਾ ਯਤਨ ਕੀਤਾ ਹੈ ਕਿ ਸੂਰਬੀਰ ਲਾਲਚ, ਡਰਾਵਿਆਂ ਨੂੰ ਤੁੱਛ ਸਮਝਦੇ ਹੋਏ ਆਪਣੀਆਂ ਜਾਨਾਂ 'ਤੇ ਖੇਡ ਕੇ ਆਪਣੇ ਧਰਮ 'ਤੇ ਪਰਪੱਕ ਰਹੇ। ਉਥੇ ਭਾਈ ਜੈ ਸਿੰਘ ਵਰਗੇ ਅਣਖੀ ਯੋਧਿਆਂ ਨੇ ਨਸ਼ੇ ਦੀ ਗਠੜੀ ਨੂੰ ਚੁੱਕਣ ਤੋਂ ਇਨਕਾਰ ਕਰਕੇ ਆਪਣੀ ਤੇ ਆਪਣੇ ਪਰਿਵਾਰ ਦੀ ਜਾਨ ਦਾਅ 'ਤੇ ਲਾਉਣ ਵਾਲੀ ਗਾਥਾ ਪੇਸ਼ ਕਰਕੇ ਚੰਦ ਛਿੱਲੜਾਂ ਦੀ ਖਾਤਰ ਬਣੇ ਨਸ਼ੇ ਦੇ ਸੁਦਾਗਰਾਂ ਦੇ ਮੂੰਹ 'ਤੇ ਕਰਾਰੀ ਚਪੇੜ ਮਾਰਨ ਦੀ ਜੁਰਅੱਤ ਵੀ ਕੀਤੀ ਹੈ।
ਸਮਾਜ ਵਿਚ ਹਰ ਪੱਖੋਂ ਆ ਰਹੀ ਗਿਰਾਵਟ ਨੂੰ 'ਹੁਣ ਰੱਬ ਰਾਖਾ ਏ' ਕਵਿਤਾ ਰਾਹੀਂ ਬਾਖੂਬੀ ਤੇ ਭਾਵਪੂਰਤ ਸ਼ਬਦਾਂ ਰਾਹੀ ਚਿਤਰਿਆ ਹੈ :
ਹੁਣ ਸਾਧਾਂ ਦਾ ਬਾਣਾ ਪਾ ਲਿਆ ਚੋਰਾਂ ਨੇ,
ਸੱਪ ਵਾਗੂੰ ਡੰਗਣਾ ਸਿੱਖ ਲਿਆ ਮੋਰਾਂ ਨੇ।
ਡਰਨੇ 'ਤੇ ਕਾਂ ਬਹਿ ਗਿਆ ਜਿਵੇਂ ਤਮਾਸ਼ਾ ਏ,
ਚੋਰ-ਸਿਪਾਹੀ ਰਲਗੇ ਤਾਂ ਰੱਬ ਰਾਖਾ ਏ।
ਪੂੰਜੀਪਤੀ, ਸਰਮਾਏਦਾਰੀ, ਵਹਿਮ-ਭਰਮ, ਲੁੱਟ-ਖਸੁੱਟ ਨੂੰ ਰੋਕਣ ਲਈ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਵਰਗੇ ਦੇਸ਼ ਭਗਤ ਦੇ ਸਿਰਜੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਨੌਜਵਾਨਾਂ ਨੂੰ ਵੀ ਵੰਗਾਰਿਆ ਹੈ। ਇਸ ਤਰ੍ਹਾਂ ਇਹ ਕਵੀ ਬਲਿਹਾਰ ਸਿੰਘ ਗੋਬਿੰਦਗੜ੍ਹੀਆ ਆਪਣੀ ਇਸ ਪੁਸਤਕ 'ਸੁਨਹਿਰੀ ਵਿਰਸਾ' ਵਿਚ ਇਤਿਹਾਸ ਦੇ ਅਣਖੀ ਪੱਖ ਨੂੰ ਪੇਸ਼ ਕਰਨ ਦੇ ਨਾਲ-ਨਾਲ ਸਮਾਜ ਸੁਧਾਰ ਲਈ ਸਮਾਜਿਕ ਕੁਰੀਤੀਆਂ ਜਿਵੇ ਨਸ਼ਾ, ਭਰੂਣ ਹੱਤਿਆ, ਨੰਗੇਜ਼ਵਾਦ, ਸ਼ੋਸ਼ੇਬਾਜ਼ੀਆਂ, ਝੂਠੇ ਵਿਖਾਵੇ ਆਦਿ ਵਿਰੁੱਧ ਡਟਣ ਲਈ ਹੋਕਾ ਦੇਣ ਵਿਚ ਵੀ ਸਫਲ ਰਿਹਾ ਹੈ।


ਂਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858ਕਲਮਾਂ ਦੀ ਲੋਅ
ਸੰਪਾਦਕ : ਸ਼ੇਲਿੰਦਰਜੀਤ ਸਿੰਘ ਰਾਜਨ
ਪ੍ਰਕਾਸ਼ਕ : ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ
ਮੁੱਲ : 200 ਰੁਪਏ, ਸਫ਼ੇ : 160
ਸੰਪਰਕ : 98157-69164


'ਕਲਮਾਂ ਦੀ ਲੋਅ' ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਵੱਲੋਂ ਛਾਪੀ ਗਈ ਸਾਂਝੀ ਕਾਵਿ ਪੁਸਤਕ ਹੈ। ਪਹਿਲਾਂ ਵੀ ਇਸ ਸਭਾ ਵੱਲੋਂ ਕਾਫ਼ੀ ਸਾਂਝੀਆਂ ਕਿਤਾਬਾਂ ਛਾਪੀਆਂ ਗਈਆਂ ਹਨ। ਅਜਿਹੀਆਂ ਕਿਤਾਬਾਂ ਪ੍ਰਕਾਸ਼ਿਤ ਕਰਨ ਦਾ ਜ਼ਿਆਦਾ ਲਾਭ ਉਨ੍ਹਾਂ ਕਲਮਕਾਰਾਂ ਨੂੰ ਹੁੰਦਾ ਹੈ ਜੋ ਆਪਣੀ ਕਿਤਾਬ ਛਪਵਾਉਣ ਦੀ ਸਥਿਤੀ ਵਿਚ ਨਹੀਂ ਹੁੰਦੇ। 'ਕਲਮਾਂ ਦੀ ਲੋਅ' ਵਿਚ ਸੰਤੋਖ ਸਿੰਘ ਭੁੱਲਰ, ਸਰਬਜੀਤ ਸੋਹੀ, ਸ਼ੰਕਰ ਸਿੰਘ ਪ੍ਰਵਾਨਾ, ਰਘਬੀਰ ਸਿੰਘ ਸੋਹਲ, ਰਾਜਨ, ਸੰਤੋਖ ਸਿੰਘ ਗੁਰਾਇਆ, ਮੱਖਣ ਸਿੰਘ ਭੈਣੀਵਾਲਾ, ਧਰਮ ਸਿੰਘ ਧਿਆਨਪੁਰੀ, ਮਨਜੀਤ ਸਿੰਘ ਵੱਸੀ, ਲਾਲੀ ਕਰਤਾਰਪੁਰੀ, ਨਵਦੀਪ ਸਿੰਘ ਬਦੇਸ਼ਾ, ਮੁਖਤਾਰ ਗਿੱਲ, ਦਰਸ਼ਨ ਨੰਦਰਾ, ਬਲਦੇਵ ਕ੍ਰਿਸ਼ਨ ਸ਼ਰਮਾ, ਅਵਤਾਰ ਸਿੰਘ ਭੰਡਾਲ, ਕੁਲਜੀਤ ਕੌਰ ਮੰਡ, ਕੁਲਦੀਪ ਸਿੰਘ ਦਰਾਜਕੇ, ਦਲਜੀਤ ਸਿੰਘ ਮਹਿਤਾ, ਸੁੱਖਾ ਸਿੰਘ ਭੁੱਲਰ, ਦੀਪਕ ਮੱਤੇਵਾਲ, ਦੁੱਖਭੰਜਨ ਸਿੰਘ ਰੰਧਾਵਾ, ਸਤਰਾਜ ਜਲਾਲਾਬਾਦੀ, ਸੁਖਰਾਜ ਸਿੰਘ ਭੁੱਲਰ, ਤਰਸੇਮ ਸਿੰਘ ਕਾਲੇਕੇ, ਮਨਜਿੰਦਰ ਸਿੰਘ ਕਾਲਾ, ਮਨਦੀਪ ਰਾਜਨ, ਦਿਲਰਾਜ ਸਿੰਘ ਦਰਦੀ, ਰਿੱਕੀ ਬਾਬਾ ਬਕਾਲਾ, ਗੁਰਪ੍ਰੀਤ ਧੰਜਲ, ਬਲਦੇਵ ਭੱਟੀ, ਅਜੀਤ ਸਠਿਆਲਵੀ, ਜਸਪ੍ਰੀਤ ਜੱਸ, ਸੁਖਵੰਤ ਕੌਰ ਵੱਸੀ, ਦਿਲਪ੍ਰੀਤ ਸੰਧੂ, ਜਸਵੰਤ ਜੱਸ, ਬਿਕਰਮਜੀਤ ਸਿੰਘ ਅਤੇ ਸਕੰਦਰ ਸਿੰਘ ਦੀਆਂ ਗੀਤ ਗ਼ਜ਼ਲਾਂ ਤੇ ਕਵਿਤਾਵਾਂ ਸ਼ਾਮਿਲ ਹਨ। ਉਪਰੋਕਤ ਨਾਵਾਂ ਵਿਚ ਕਈ ਜਾਣੇ-ਪਹਿਚਾਣੇ ਹਸਤਾਖ਼ਰ ਹਨ ਤੇ ਕਈ ਭਵਿੱਖ ਦੇ ਚਿਹਰੇ ਹਨ। ਰੰਗ-ਬਰੰਗੇ ਵਿਸ਼ਿਆਂ ਤੇ ਵੰਨ-ਸੁਵੰਨਤਾ ਵਾਲੀਆਂ ਰਚਨਾਵਾਂ ਸਬੰਧੀ ਆਲੋਚਨਾਤਮਕ ਦ੍ਰਿਸ਼ਟੀ ਤੋਂ ਇਕ ਰਾਇ ਨਹੀਂ ਬਣਾਈ ਜਾ ਸਕਦੀ। ਇਹ ਯਤਨ ਜਾਰੀ ਰਹਿਣੇ ਚਾਹੀਦੇ ਹਨ, ਕਿਉਂਕਿ ਅਜਿਹੀਆਂ ਪੁਸਤਕਾਂ ਕਈ ਵਾਰ ਭਵਿੱਖ ਦੇ ਨਾਇਕ ਪੈਦਾ ਕਰਦੀਆਂ ਹਨ।


ਂਗੁਰਦਿਆਲ ਰੌਸ਼ਨ
ਮੋ: 9988444002

 

01-01-2017

 ਗੁਰ-ਸ਼ਬਦ ਪ੍ਰਕਾਸ਼
ਲੇਖਕ : ਭਾਈ ਕ੍ਰਿਸ਼ਨ ਸਿੰਘ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 100 ਰੁਪਏ, ਸਫ਼ੇ : 96
ਸੰਪਰਕ : 98152-67184.

ਗੁਰੂ-ਸ਼ਬਦ ਗੁਰਬਾਣੀ ਹੈ ਅਤੇ ਗੁਰਬਾਣੀ ਸਾਰੇ ਜਗਤ ਲਈ ਚਾਨਣ ਦੇਣ ਵਾਲੀ ਬਖਸ਼ਿਸ਼ ਹੈ। ਗੁਰੂ ਹਨੇਰੇ ਨੂੰ ਖ਼ਤਮ ਕਰਕੇ ਚਾਨਣ ਕਰਦਾ ਹੈ। ਭਾਈ ਕ੍ਰਿਸ਼ਨ ਸਿੰਘ ਦੀ ਇਸ ਪੁਸਤਕ ਦੇ 12 ਨਿਬੰਧਾਂ ਵਿਚ ਗੁਰੂ ਤੇ ਗੁਰਬਾਣੀ ਦੇ ਇਸ ਚਾਨਣ ਨੂੰ ਪਾਠਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ ਹੈ। ਇਹ ਚਾਨਣ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ, ਇਸ ਵਾਸਤੇ ਪੁਸਤਕ ਦੀ ਭਾਸ਼ਾ ਅਤਿ ਸਰਲ ਤੇ ਸ਼ੈਲੀ ਸੰਬੋਧਾਤਮਕ ਰੱਖੀ ਗਈ ਹੈ। ਇਸ ਵਿਆਖਿਆਮਈ ਸ਼ੈਲੀ ਵਿਚ ਲਿਖੀ ਲਿਖਤ ਨੂੰ ਪੜ੍ਹਦੇ-ਸੁਣਦੇ ਸਮੇਂ ਕਿਸੇ ਕਥਾਕਾਰ ਦੇ ਪ੍ਰਵਚਨ ਦਾ ਅਹਿਸਾਸ ਹੁੰਦਾ ਹੈ। ਇਥੇ ਇਹ ਦੱਸਣਾ ਉੱਚਿਤ ਲਗਦਾ ਹੈ ਕਿ ਭਾਈ ਕ੍ਰਿਸ਼ਨ ਸਿੰਘ ਗੁਰਬਾਣੀ ਤੇ ਗੁਰਮਤਿ ਦੇ ਜਾਣੇ-ਪਛਾਣੇ ਕਥਾਕਾਰ ਹਨ। ਗੁਰਦੁਆਰਾ ਮੰਜੀ ਸਾਹਿਬ ਅੰਮ੍ਰਿਤਸਰ ਤੇ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਤੋਂ ਉਨ੍ਹਾਂ ਦੀ ਗੁਰ-ਸ਼ਬਦ ਦੀ ਕਥਾ ਬਹੁਤ ਲੋਕਾਂ ਨੇ ਸੁਣੀ ਹੋਵੇਗੀ।
ਇਸ ਪੁਸਤਕ ਦੇ 12 ਨਿਬੰਧਾਂ ਦਾ ਆਰੰਭ ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕ ਵੱਲੋਂ ਸ਼ਬਦ ਚਿਰਾਗ ਦੀ ਰੌਸ਼ਨੀ ਦੇ ਸੰਕਲਪ ਦੀ ਵਿਆਖਿਆ ਨਾਲ ਕੀਤਾ ਗਿਆ ਹੈ। ਆਪ ਹਰਿ ਤੇ ਉਸ ਦੀ ਜੋਤਿ ਗੁਰੂ ਨਾਨਕ ਦੁਆਰਾ ਰੌਸ਼ਨ ਕੀਤਾ ਇਹ ਚਿਰਾਗ਼ ਜ਼ੁਲਮ-ਜਬਰ ਦੀ ਕਿਸੇ ਵੀ ਹਨੇਰੇ ਨਾਲ ਬੁਝਣ ਵਾਲਾ ਨਹੀਂ। ਇਸੇ ਸ਼ਬਦ ਦਾ ਪ੍ਰਕਾਸ਼ ਸਿੱਧਾਂ ਦੀ ਮੰਡਲੀ ਨੂੰ ਕਰਾਮਾਤੀ ਹਨੇਰ ਢੋਣ ਤੋਂ ਬਚਾਉਂਦਾ ਹੈ। ਸੱਜਣ ਠੱਗ ਤੇ ਕੌਡੇ ਰਾਕਸ਼ ਨੂੰ ਰੌਸ਼ਨੀ ਦਿੰਦਾ ਹੈ। ਉਦਾਸੇ-ਹਰਾਸੇ ਗੁਲਾਮੀ ਦਾ ਭਾਰ ਢੋਂਦੇ ਭਾਰਤੀਆਂ ਨੂੰ ਰਾਹ ਦਿਖਾਉਂਦਾ ਹੈ। ਚਾਨਣਾਂ ਦਾ ਮਹਾਚਾਨਵ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਗੁਰੂ ਅਰਜਨ ਦੇਵ ਜੀ ਨੇ ਮਨੁੱਖਤਾ ਨੂੰ ਬਖਸ਼ਿਆ।
ਗੁਰੂ ਗ੍ਰੰਥ ਸਾਹਿਬ ਵਿਚ ਸੁਭਾਇਮਾਨ ਛੱਤੀ ਬਾਣੀਕਾਰਾਂ, ਇਸ ਬਾਣੀ ਦੇ ਵਿਭਿੰਨ ਗੁਣਾਂ, ਇਸ ਦੇ ਨੌਂ ਰਸਾਂ, ਇਸ ਬਾਣੀ ਦੇ ਅਦਬ, ਇਸ ਰਾਹੀਂ ਜਗਿਆਸੂ ਨੂੰ ਕੀਤੀ ਆਗਿਆ, ਇਸ ਦੀ ਕਿਰਪਾ ਤੇ ਰੌਸ਼ਨੀ ਦੀ ਪ੍ਰਕਿਰਤੀ ਦੀ ਵਿਆਖਿਆ ਇਨ੍ਹਾਂ ਨਿਬੰਧਾਂ ਵਿਚ ਭਾਈ ਸਾਹਿਬ ਨੇ ਕੀਤੀ ਹੈ। ਨਿਬੰਧ ਨਿੱਕੇ ਤੇ ਸਰਲ/ਪੁਰਾਣਾਂ/ਕਥਾ ਕਹਾਣੀਆਂ ਆਸਰੇ ਨਾ ਕਰਕੇ ਗੁਰਬਾਣੀ ਦੀਆਂ ਟੂਕਾਂ ਨਾਲ ਹੀ ਕੀਤੀ ਗਈ ਹੈ ਤਾਂ ਕਿ ਪਾਠਕ ਨਿਰੰਤਰ ਗੁਰਬਾਣੀ ਨਾਲ ਜੁੜਿਆ ਰਹੇ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਦਾਸਤਾਨ-ਇ-ਦਸਤਾਰ
ਲੇਖਕ : ਡਾ: ਆਸਾ ਸਿੰਘ ਘੁੰਮਣ
ਪ੍ਰਕਾਸ਼ਕ : ਸੰਮਿਟ ਰੇਤਾਇਲਕਾ, ਨਡਾਲਾ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 98152-53245.

ਡਾ: ਆਸਾ ਸਿੰਘ ਘੁੰਮਣ ਅੰਗਰੇਜ਼ੀ ਸਾਹਿਤ ਦਾ ਵਿਦਵਾਨ ਪ੍ਰੋਫੈਸਰ ਅਤੇ ਪੰਜਾਬੀ ਸੱਭਿਆਚਾਰ ਦਾ ਸੁਹਿਰਦ ਪਾਠਕ ਹੈ। ਉਸ ਨੇ ਪੰਜਾਬੀ ਸੱਭਿਆਚਾਰ ਅਤੇ ਲੋਕ-ਸਾਹਿਤ ਦੇ ਖੇਤਰ ਵਿਚ ਵਡਮੁੱਲਾ ਕਾਰਜ ਕੀਤਾ ਹੈ। ਸਿੰਘਾਂ ਦੀ ਵੇਸ਼-ਭੂਸ਼ਾ ਦੇ ਇਕ ਅਭਿੰਨ ਅੰਗ 'ਦਸਤਾਰ' ਨੂੰ ਦੇਖ ਕੇ ਉਸ ਦੇ ਮਨ ਵਿਚ ਇਸ ਦੇ ਬਾਰੇ ਖੋਜ-ਪੜਤਾਲ ਕਰਨ ਦਾ ਸੰਕਲਪ ਪੈਦਾ ਹੋਇਆ। ਹਥਲੀ ਪੁਸਤਕ ਉਸ ਦੇ ਇਸੇ ਸੰਕਲਪ ਵਿਚੋਂ ਰੂਪਮਾਨ ਹੋਈ ਹੈ। ਵਿਦਵਾਨ ਲੇਖਕ ਨੇ ਆਪਣੇ ਇਸ ਖੋਜ-ਨਿਬੰਧ ਦੇ ਕਈ ਉਪਭਾਗ ਬਣਾਏ ਹਨ ਜਿਵੇਂ : ਪੰਜਾਬੀ ਲਿਬਾਸ ਦਾ ਇਤਿਹਾਸਕ ਪਿਛੋਕੜ, ਦਸਤਾਰ ਦਾ ਇਤਿਹਾਸਕ ਪਿਛੋਕੜ, ਦਸਤਾਰ ਦਾ ਰੂਪ-ਸਰੂਪ ਅਤੇ ਬੰਨ੍ਹਣ ਦੀਆਂ ਸ਼ੈਲੀਆਂ, ਦਸਤਾਰ ਅਤੇ ਸਿੱਖ ਧਰਮ, ਦਸਤਾਰ ਨੂੰ ਅੰਤਰਰਾਸ਼ਟਰੀ ਪੱਧਰ ਉੱਪਰ ਦੁਸ਼ਵਾਰੀਆਂ। ਲੇਖਕ ਆਪਣੇ ਪਿਛਲੇ ਪਿੰਡ ਬਾਰੇ ਚਰਚਾ ਕਰਦਾ ਹੋਇਆ ਲਿਖਦਾ ਹੈ ਕਿ 1960 ਈ: ਵਿਚ ਉਸ ਦੇ ਪਿੰਡ ਵਿਚ ਰਹਿਣ ਵਾਲੇ ਸਿੱਖ ਅਤੇ ਹਿੰਦੂ, ਬ੍ਰਾਹਮਣ ਅਤੇ ਹੋਰ ਜਾਤੀਆਂ ਦੇ ਲੋਕ ਸਭ ਪਗੜੀ ਬੰਨ੍ਹਦੇ ਸਨ। ਹਿੰਦੂ-ਸਿੱਖਾਂ ਦੇ ਨਾਲ-ਨਾਲ ਮੁਸਲਮਾਨ ਲੋਕ ਵੀ ਪਗੜੀ ਬੰਨ੍ਹਦੇ ਸਨ ਪਰ ਬਾਅਦ ਵਿਚ ਪਗੜੀ ਕੇਵਲ ਇਕ ਸੱਭਿਆਚਾਰਕ ਪ੍ਰਤੀਕ ਨਾ ਰਹੀ ਬਲਕਿ ਧਾਰਮਿਕ ਪ੍ਰਤੀਕ ਬਣ ਗਈ ਹੈ। (ਪੰਨਾ 15)
ਮਨੁੱਖੀ ਲਿਬਾਸ ਦੇ ਇਤਿਹਾਸਕ ਪਿਛੋਕੜ ਦਾ ਵਰਣਨ ਕਰਦਾ ਹੋਇਆ ਡਾ: ਘੁੰਮਣ ਲਿਖਦਾ ਹੈ ਕਿ ਆਰੰਭ ਵਿਚ ਸਾਰੇ ਮਨੁੱਖ ਪਸ਼ੂ-ਪੰਛੀਆਂ ਵਾਂਗ ਨੰਗੇ ਹੀ ਵਿਚਰਦੇ ਸਨ। ਪਰ ਹੌਲੀ-ਹੌਲੀ ਸਜ-ਧਜ ਦਾ ਸੰਕਲਪ ਪੈਦਾ ਹੋਇਆ ਅਤੇ ਸਿਰ ਨੂੰ ਸਜਾਉਣ ਦੇ ਇਰਾਦੇ ਨਾਲ ਪਗੜੀ ਬੰਨ੍ਹਣ ਦੀ ਪਰੰਪਰਾ ਸ਼ੁਰੂ ਹੋਈ। (ਪੰਨੇ 22-23) ਪੰਜਾਬ ਵਿਚ ਪਹਿਰਾਵੇ ਦੇ ਇਤਿਹਾਸ ਦਾ ਅਧਿਐਨ ਕਰਦਾ ਹੋਇਆ ਉਹ ਇਸ ਸਿੱਟੇ ਉਪਰ ਪਹੁੰਚਦਾ ਹੈ ਕਿ ਪੰਜਾਬੀ ਪਹਿਰਾਵੇ ਦੀ ਅਸਲ ਵਿਲੱਖਣਤਾ ਪੱਗ ਵਿਚ ਹੀ ਹੈ। ਵਿਦੇਸ਼ਾਂ ਵਿਚ ਵੀ ਪਗੜੀ ਬੰਨ੍ਹਣ ਦਾ ਰਿਵਾਜ ਰਿਹਾ ਹੈ। ਹਜ਼ਰਤ ਮੁਹੰਮਦ (ਸਲ.) ਖ਼ੁਦ ਦਸਤਾਰ ਬੰਨ੍ਹਦੇ ਸਨ। ਅੰਤ ਵਿਚ ਲੇਖਕ ਇਹ ਸਿੱਟਾ ਕੱਢਦਾ ਹੈ ਕਿ ਪਗੜੀ ਵਡੱਪਣ ਅਤੇ ਵਿਲੱਖਣਤਾ ਦੀ ਪ੍ਰਤੀਕ ਹੈ। ਲੇਖਕ ਨੇ ਪੰਜਾਬੀ ਲੋਕ ਸਾਹਿਤ ਵਿਚ ਮਿਲਦੇ ਪੱਗ ਦੇ ਹਵਾਲਿਆਂ ਨੂੰ ਵੀ ਇਕੱਤਰ ਕਰ ਲਿਆ ਹੈ। ਇਕ ਨਮੂਨਾ ਦੇਖੋ : 'ਚੁੰਨੀ ਰੰਗ ਦੇ ਲਲਾਰੀਆ ਮੇਰੀ, ਸੱਜਣਾ ਦੀ ਪੱਗ ਵਰਗੀ'। ਡਾ: ਘੁੰਮਣ ਦੁਆਰਾ ਲਿਖੀ ਇਸ ਪੁਸਤਕ ਦੇ ਤਿੰਨ ਸੰਸਕਰਣ ਪ੍ਰਕਾਸ਼ਿਤ ਹੋ ਚੁੱਕੇ ਹਨ, ਜਿਥੋਂ ਪਤਾ ਲਗਦਾ ਹੈ ਕਿ ਪੰਜਾਬੀਆਂ ਲਈ ਇਹ ਪੁਸਤਕ ਅਤਿਅੰਤ ਪ੍ਰਾਸੰਗਿਕ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਚੰਡੀ ਦੀ ਵਾਰ
ਬਿਰਤਾਂਤ ਸ਼ਾਸਤਰੀ ਅਤੇ ਵਿਚਾਰਧਾਰਕ ਪਰਿਪੇਖ
ਲੇਖਕ : ਪ੍ਰੋ: ਕਰਨੈਲ ਸਿੰਘ
ਪ੍ਰਕਾਸ਼ਕ : ਮਾਤਾ ਭਗਵੰਤੀ ਸਾਹਿਤ ਸੇਵਾ ਸੰਮਤੀ, ਮਾਲੇਰਕੋਟਲਾ
ਮੁੱਲ : 170 ਰੁਪਏ, ਸਫ਼ੇ : 128
ਸੰਪਰਕ : 97812-01469.

ਇਹ ਪੁਸਤਕ ਪ੍ਰੋ: ਕਰਨੈਲ ਸਿੰਘ ਦਾ ਉਪਾਧੀ ਨਿਰਪੇਖ ਕਾਰਜ ਹੈ। 'ਚੰਡੀ ਦੀ ਵਾਰ' ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਬੀਰ-ਰਸੀ ਸ਼ਾਹਕਾਰ ਹੈ। ਵਿਦਵਾਨ ਆਲੋਚਕ ਨੇ ਇਸ ਰਚਨਾ ਨੂੰ ਅਧਿਐਨ ਵਸਤੂ ਵਜੋਂ ਗ੍ਰਹਿਣ ਕਰਕੇ ਇਸ ਦਾ ਬਿਰਤਾਂਤ-ਸ਼ਾਸਤਰੀ ਅਤੇ ਵਿਚਾਰਧਾਰਾਈ ਦ੍ਰਿਸ਼ਟੀ ਤੋਂ ਮੁਲਾਂਕਣ ਕੀਤਾ ਹੈ।
ਮਾਰਕੰਡੇ ਰਿਸ਼ੀ ਦੀ ਰਚਨਾ 'ਦੁਰਗਾ ਸ਼ਪਤਸ਼ਤੀ' ਚੰਡੀ ਦੀ ਵਾਰ ਦਾ ਆਧਾਰ ਸ੍ਰੋਤ ਹੈ। ਗੁਰੂ ਸਾਹਿਬ ਨੇ ਆਧਾਰ-ਸ੍ਰੋਤ ਦੇ ਪ੍ਰਸੰਗਾਂ ਵਿਚ ਯੁੱਗ-ਅਨੁਕੂਲ ਅਤੇ ਭਾਵ-ਅਨੁਕੂਲ ਲੋੜੀਂਦੀ ਕਾਂਟ-ਛਾਂਟ ਕਰਕੇ ਇਸ ਦਾ ਪੁਨਰ-ਸਿਰਜਣ ਕੀਤਾ ਹੈ। ਲੇਖਕ ਨੇ ਬੜੀ ਸੂਖ਼ਮ ਦ੍ਰਿਸ਼ਟੀ ਨਾਲ ਕਾਂਟ-ਛਾਂਟ ਵਾਲੇ ਪ੍ਰਸੰਗਾਂ ਦੀ ਜਾਣਕਾਰੀ ਪ੍ਰਸਤੁਤ ਕੀਤੀ ਹੈ। ਪੱਛਮ ਵਿਚ ਵਿਕਸਤ ਹੋਇਆ ਭਾਸ਼ਾ-ਵਿਗਿਆਨ ਆਧਾਰਿਤ ਬਿਰਤਾਂਤ ਸ਼ਾਸਤਰੀ ਮਾਡਲ ਇਸ ਅਧਿਐਨ ਲਈ ਬੜਾ ਸਾਰਥਕ ਸਿੱਧ ਹੋਇਆ ਹੈ।
ਇਹ ਅਧਿਐਨ ਰਚਨਾਵਾਂ ਵਿਚੋਂ ਰਚਨਾਵਾਂ ਅਤੇ ਪੁਸਤਕਾਂ ਵਿਚੋਂ ਪੁਸਤਕਾਂ ਜਨਮ ਲੈਂਦੀਆਂ ਹਨ, ਦੇ ਸਿਧਾਂਤ ਦਾ ਅਨੁਸਾਰੀ ਹੋ ਨਿਬੜਿਆ ਹੈ। ਬਿਰਤਾਂਤ ਸ਼ਾਸਤਰੀ ਮੀਕ ਬਲ ਨੇ ਇਸੇ ਨੂੰ ਹਵਾਲਾ ਚੌਖਟਾ (ਫਰੇਮ ਆਫ ਰੈਫਰੈਂਸ) ਅਨੁਸਾਰ ਸਮਝਾਇਆ ਹੈ।
ਇੰਜ ਇਹ ਰਚਨਾ ਪਰੰਪਰਾ ਅਤੇ ਨਿੱਜੀ ਬੁੱਧੀ ਦਾ ਸੁਮੇਲ ਹੋ ਨਿੱਬੜੀ ਹੈ। ਇਸ ਅਧਿਐਨ ਵਿਚ ਲੇਖਕ ਨੇ ਬਿਰਤਾਂਤਕ ਪਾਠ ਦਾ ਮਿੱਥਕ, ਚਿੰਨ੍ਹਾਤਮਕ, ਬਿਰਤਾਂਤਕ ਰੂਪਾਂਤਰਣ ਵਿਖਾ ਕੇ ਨਵੀਨ ਅਰਥਗਤ ਅਤੇ ਵਿਚਾਰਧਾਰਕ ਸਰੋਕਾਰਾਂ ਦੀ ਬੜੀ ਡੂੰਘਾਈ ਵਿਚ ਜਾ ਕੇ ਨਿਸ਼ਾਨਦੇਹੀ ਕੀਤੀ ਹੈ, ਜੋ ਇਸ ਤੋਂ ਪਹਿਲਾਂ ਹੋਈ ਖੋਜ ਵਿਚ ਘੱਟ ਹੀ ਉਪਲਬਧ ਹੈ। ਇੰਜ ਇਸ ਅਧਿਐਨ ਜੁਗਤ ਵਿਚ ਸੰਰਚਨਾਵੀ, ਰਚਨਾਵੀ, ਚੇਤਨਾਵੀ; ਬਹੁ-ਚਿੰਤਨੀ, ਬਹੁ-ਪਾਸਾਰੀ, ਬਹੁ-ਪੱਖੀ; ਬਿਰਤਾਂਤਕ, ਚਿੰਨ੍ਹਾਤਮਕ, ਵਿਸਫੋਟਕ ਦ੍ਰਿਸ਼ਟੀ; ਮਾਨਵ-ਹਿਤਕਾਰੀ ਜੀਵਨ ਕੀਮਤਾਂ, ਰੂਹਾਨੀ ਚੇਤਨਾ, ਸੱਭਿਆਚਾਰਕ ਪਰਿਪੇਖ; ਆਦਿ ਨੁਕਤਿਆਂ ਨੂੰ ਚੰਡੀ ਦੀ ਵਾਰ ਵਿਚ ਗੁਰੂ ਸਾਹਿਬ ਨੂੰ ਪਰਖਦੇ, ਤਲਾਸ਼ਦੇ ਅਤੇ ਸੰਚਾਰਦੇ ਸਿੱਧ ਕਰਨ ਵਿਚ ਖੋਜ-ਕਰਤਾ ਨੇ ਬੜੀ ਮਿਹਨਤ ਕੀਤੀ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c

ਤਾਰੇ ਵੀ ਬੋਲਦੇ ਨੇ
ਲੇਖਕ : ਹਰਵਿੰਦਰ ਭਖੜਿਆਲ
ਪ੍ਰਕਾਸ਼ਕ : ਘੁਮਾਣ ਪਬਲੀਕੇਸ਼ਨ ਸੰਘਰੇੜੀ (ਸੰਗਰੂਰ)
ਮੁੱਲ : 120 ਰੁਪਏ, ਸਫ਼ੇ : 64
ਸੰਪਰਕ : 95923-90021.

'ਤਾਰੇ ਵੀ ਬੋਲਦੇ ਨੇ' ਹਰਵਿੰਦਰ ਭਖੜਿਆਲ ਦਾ ਪਲੇਠਾ ਕਾਵਿ-ਸੰਗ੍ਰਹਿ ਹੈ, ਜਿਸ ਵਿਚ ਉਸ ਨੇ 44 ਕੁ ਗੀਤ-ਨਜ਼ਮਾਂ ਨੂੰ ਸ਼ਾਮਿਲ ਕੀਤਾ ਹੈ ਅਤੇ ਇਹ ਕਾਵਿ-ਸੰਗ੍ਰਹਿ ਉਸ ਨੇ ਆਪਣੀ ਮਾਂ-ਬੋਲੀ ਨੂੰ ਸਮਰਪਿਤ ਕੀਤਾ ਹੈ। ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਉਸ ਨੂੰ ਆਪਣੇ ਪਿਆਰੇ ਪੁਰਾਤਨ ਪੰਜਾਬ ਦੀ ਰਹਿਤਲ-ਬਹਿਤਲ ਨਾਲ ਅੰਤਾਂ ਦਾ ਮੋਹ ਹੈ। ਉਸ ਨੂੰ ਅਜੇ ਵੀ ਪਿੰਡਾਂ ਦੀ ਸਾਦਗੀ, ਸਪੱਸ਼ਟਤਾ ਅਤੇ ਸਰਲਤਾ ਮੋਂਹਦੀ ਹੈ। ਅਜੇ ਵੀ ਪਿੰਡਾਂ 'ਚ ਸਾਂਝੀਵਾਲਤਾ ਅਤੇ ਭਾਈਚਾਰਾ ਕਾਇਮ ਹੈ ਅਤੇ ਪਿੰਡ ਦੀਆਂ ਕੁੜੀਆਂ ਅਜੇ ਸਿਰ ਕੱਜ ਕੇ ਰੱਖਦੀਆਂ ਹਨ। ਪੰਜਾਬ ਇਸ ਸਮੇਂ ਭ੍ਰਿਸ਼ਟ ਅਤੇ ਖ਼ੁਦਗਰਜ਼ ਨੇਤਾਵਾਂ ਦੀਆਂ ਲੂੰਬੜਚਾਲਾਂ ਕਰਕੇ ਪੰਜਾਂ ਪਾਣੀਆਂ ਦਾ ਮਾਲਕ ਹੋ ਕੇ ਵੀ ਪਾਣੀਆਂ ਲਈ ਤਰਸ ਰਿਹਾ ਹੈ। ਜਵਾਨੀ ਨਸ਼ਿਆਂ 'ਚ ਗਲਤਾਨ ਹੈ। ਰੁਜ਼ਗਾਰ ਨੌਜਵਾਨਾਂ ਤੋਂ ਕੋਹਾਂ ਦੂਰ ਹੈ। ਜੀਵਨ ਜਿਊਣ ਦੀਆਂ ਹਾਲਤਾਂ ਦਾ ਨਿਘਾਰ ਲਗਾਤਾਰ ਜਾਰੀ ਹੈ। ਜੋ ਕੁਝ ਅੱਜਕੱਲ੍ਹ ਵਾਪਰ ਰਿਹਾ ਹੈ, ਉਸ ਤੋਂ ਆਮ ਲੋਕਾਈ ਪ੍ਰੇਸ਼ਾਨ ਹੈ :
ਨਾ ਬਖ਼ਸ਼ੇ ਗੁਰਦੁਆਰੇ, ਨਾ ਮਸਜਿਦ ਮੰਦਰ ਨੂੰ
ਕੀ ਚਾਹੁੰਦੀ ਐ ਸਰਕਾਰੇ, ਕਿਵੇਂ ਸਮਝੀਏ ਤੇਰੇ ਅੰਦਰ ਨੂੰ
ਸੱਚ ਤੇਰੇ ਹਜ਼ਮ ਨਹੀਂ, ਤੂੰ ਮਰਵਾ ਦੇਣਾ ਹਰਿੰਵਦਰ ਨੂੰ
ਪਰ ਕਲਮ ਮੇਰੀ ਦਾ ਖੰਡਾ ਖੜਕਦਾ ਸੀ ਤੇ ਖੜਕ ਰਿਹੈ
ਪੰਜ ਦਰਿਆਵਾਂ ਦਾ ਮਾਲਕ, ਪਾਣੀ ਨੂੰ ਤਰਸ ਰਿਹੈ...।
ਕਵੀ ਨੂੰ ਅਹਿਸਾਸ ਹੈ ਕਿ ਲੋਕਾਈ ਦੀ ਆਵਾਜ਼ ਨੂੰ ਵਕਤੀ ਤੌਰ 'ਤੇ ਦਬਾਇਆ ਤਾਂ ਜਾ ਸਕਦਾ ਹੈ ਪ੍ਰੰਤੂ ਮਿਟਾਇਆ ਨਹੀਂ ਜਾ ਸਕਦਾ। ਉਸ ਦੀਆਂ ਕਵਿਤਾਵਾਂ ਵਿਚ ਅੰਤਾਂ ਦਾ ਜੋਸ਼ ਅਤੇ ਵਲਵਲਾ ਹੈ ਪ੍ਰੰਤੂ ਇਨ੍ਹਾਂ ਵਰਤਾਰਿਆਂ ਦੇ ਪਿੱਛੇ ਕਾਰਜਸ਼ੀਲ ਵਿਚਾਰਧਾਰਕ ਵਰਤਾਰਿਆਂ ਨੂੰ ਜਾਣਨ ਲਈ ਸੂਖਮ ਸੂਝ ਵੀ ਅਤਿਅੰਤ ਜ਼ਰੂਰੀ ਹੈ, ਇਸ ਲਈ ਉਸ ਨੂੰ ਚੰਗੇਰੇ ਸਾਹਿਤਕਾਰਾਂ ਦੀਆਂ ਰਚਨਾਵਾਂ ਦਾ ਅਧਿਐਨ ਨਿੱਠ ਕੇ ਕਰਨਾ ਚਾਹੀਦਾ ਹੈ। ਗੀਤ-ਕਵਿਤਾਵਾਂ ਦੀ ਭਾਸ਼ਾ ਜੋਸ਼ ਭਰਪੂਰ ਹੈ। ਸਮਾਜਿਕ ਪ੍ਰਸੰਗਾਂ ਅਤੇ ਵਰਤਾਰਿਆਂ ਦੇ ਅਨੁਕੂਲ ਹੀ ਅਖਾਣਾਂ-ਮੁਹਾਵਰਿਆਂ ਦੀ ਭਰਪੂਰ ਵਰਤੋਂ ਵੀ ਕੀਤੀ ਗਈ ਹੈ। ਸਰਵਰਕ 'ਤੇ ਬੁੱਲ੍ਹਾਂ 'ਤੇ ਰੱਖੀ ਉਂਗਲ ਚਿੰਤਨ 'ਤੇ ਰੋਕ ਦਾ ਸੰਕੇਤ ਇਹ ਦਰਸਾਉਂਦੀ ਹੈ ਕਿ ਲੋਕ ਵੀ ਸੋਚਦੇ ਨੇ, ਉਨ੍ਹਾਂ ਦੀ ਆਵਾਜ਼ ਵੀ ਸੁਣਨੀ ਚਾਹੀਦੀ ਹੈ। ਇਸ ਲਈ ਕਿਤਾਬ ਦਾ ਸਿਰਲੇਖ ਢੁਕਵਾਂ ਅਤੇ ਫੱਬਵਾ ਹੈ। ਆਮੀਨ!

-ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

c c c

ਸਫਲ ਜ਼ਿੰਦਗੀ
ਲੇਖਕ : ਨਿਰਮਲ ਸਿੰਘ ਲਾਲੀ
ਪ੍ਰਕਾਸ਼ਕ : ਬਲਵੰਤ ਪ੍ਰਕਾਸ਼ਨ, ਜਲੰਧਰ
ਮੁੱਲ : 125 ਰੁਪਏ, ਸਫ਼ੇ : 78
ਸੰਪਰਕ : 0181-2623184.

ਇਹ ਪੁਸਤਕ ਇਕ ਲੇਖ ਸੰਗ੍ਰਹਿ ਹੈ, ਜਿਸ ਵਿਚ ਲੇਖਕ ਨੇ ਸਫਲ ਜ਼ਿੰਦਗੀ ਜਿਊਣ ਦੇ ਨੁਕਤੇ ਦੱਸੇ ਹਨ। ਇਨ੍ਹਾਂ ਵਿਚੋਂ ਕਈ ਨੁਕਤੇ ਬਹੁਤ ਮਹੱਤਵਪੂਰਨ ਹਨ ਜਿਵੇਂ-ਆਪਣੇ-ਆਪ ਨੂੰ ਜਾਣਨਾ ਚਾਹੀਦਾ ਹੈ। ਹਮਦਰਦੀ, ਦਇਆ, ਪਿਆਰ, ਸਤਿਕਾਰ, ਸਬਰ, ਸੰਤੋਖ, ਨਿਮਰਤਾ, ਸਹਿਣਸ਼ੀਲਤਾ ਦੇ ਧਾਰਨੀ ਬਣ ਕੇ ਸ਼ੁੱਭ ਕਰਮ ਕਰਨੇ ਚਾਹੀਦੇ ਹਨ। ਗੁਰਬਾਣੀ ਦੇ ਉਪਦੇਸ਼ ਕਮਾ ਕੇ ਸਾਡਾ ਜੀਵਨ ਸੁਖਮਣੀ, ਸ਼ਾਂਤ, ਸੰਤੁਸ਼ਟ ਅਤੇ ਸਫਲ ਹੋ ਸਕਦਾ ਹੈ। ਜ਼ਿੰਦਗੀ ਵਿਚ ਸਫਲਤਾ ਪ੍ਰਾਪਤ ਕਰਨ ਲਈ ਮਿਹਨਤ, ਲਗਨ ਅਤੇ ਉੱਦਮ, ਉਤਸ਼ਾਹ ਜ਼ਰੂਰੀ ਹਨ। ਕਿਸੇ ਦਾ ਬੁਰਾ ਨਹੀਂ ਕਰਨਾ ਚਾਹੀਦਾ, ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ, ਕਿਸੇ 'ਤੇ ਜ਼ੁਲਮ ਨਹੀਂ ਕਰਨਾ ਚਾਹੀਦਾ। ਪਰਾਇਆ ਹੱਕ ਨਹੀਂ ਖਾਣਾ ਚਾਹੀਦਾ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਮੋਹ ਅਤੇ ਈਰਖਾ ਦਾ ਤਿਆਗ ਕਰਨਾ ਚਾਹੀਦਾ ਹੈ। ਮਾੜੀਆਂ ਪ੍ਰਵਿਰਤੀਆਂ ਕਾਰਨ ਹੀ ਅੱਜ ਸਮਾਜ ਵਿਚ ਲੜਾਈਆਂ-ਝਗੜੇ, ਬਲਾਤਕਾਰ, ਕਤਲੋਗਾਰਤ ਅਤੇ ਲੁੱਟਾਂ-ਖੋਹਾਂ ਚੱਲ ਰਹੀਆਂ ਹਨ। ਪੁਰਾਣੇ ਸਮੇਂ ਵਿਚ ਪਿਆਰ ਅਤੇ ਭਾਈਚਾਰਕ ਸਾਂਝ ਸਾਡੇ ਸੱਭਿਆਚਾਰ ਦੀ ਪਛਾਣ ਸੀ। ਇਨਸਾਨੀਅਤ, ਰੂਹਾਨੀਅਤ ਅਤੇ ਵਿਗਿਆਨਕ ਸੂਝਬੂਝ ਅੱਜ ਸਮੇਂ ਦੀ ਲੋੜ ਹੈ। ਨਾਮ ਜਪਣ ਅਤੇ ਸਿਮਰਨ ਕਰਨ ਨਾਲ ਮਨ ਸ਼ੁੱਧ ਹੁੰਦਾ ਹੈ ਅਤੇ ਮਨੁੱਖ ਨੂੰ ਵਿਵੇਕ ਬੁੱਧੀ ਪ੍ਰਾਪਤ ਹੁੰਦੀ ਹੈ। ਸਾਨੂੰ ਨੈਤਿਕ ਅਤੇ ਸਦਾਚਾਰਕ ਹੋਣਾ ਚਾਹੀਦਾ ਹੈ।
ਲੇਖਕ ਨੇ ਥਾਂ-ਥਾਂ 'ਤੇ ਗੁਰਬਾਣੀ ਦੇ ਹਵਾਲੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਖਿਆਵਾਂ ਦੀ ਚਰਚਾ ਕੀਤੀ ਹੈ। ਉਸ ਨੇ ਆਪਣੀਆਂ ਲਿਖਤਾਂ ਨੂੰ ਕਾਵਿ ਟੂਕਾਂ ਅਤੇ ਮੁਹਾਵਰਿਆਂ ਨਾਲ ਸ਼ਿੰਗਾਰਿਆ ਹੈ। ਲੇਖਾਂ ਵਿਚ ਉਸ ਨੇ ਕਈ ਕਵਿਤਾਵਾਂ ਵੀ ਦਰਜ ਕੀਤੀਆਂ ਹਨ। ਇਕ ਥਾਂ ਉਹ ਲਿਖਦਾ ਹੈ-
ਐ ਬੰਦੇ! ਤੂੰ ਦੁਸ਼ਟ, ਕਪਟੀ, ਖ਼ੁਦਗਰਜ਼,
ਭ੍ਰਿਸ਼ਟ ਤੇ ਅਕ੍ਰਿਤਘਣ ਤਾਂ ਬਣ ਬੈਠਾ
ਪਰ ਜੇ ਤੂੰ ਦਿਆਲੂ, ਸਾਊ, ਨੇਕ ਦਿਲ,
ਇਮਾਨਦਾਰ ਤੇ ਨਿਰਸੁਆਰਥੀ ਬਣੇ ਤਾਂ
ਤੈਨੂੰ ਤਾਂ ਜਾਣਾਂ।
ਉਸ ਨੇ ਇਸਤਰੀ ਦੀ ਵਕਾਲਤ ਕੀਤੀ ਹੈ ਪਰ ਨਾਲ ਹੀ ਇਹ ਵੀ ਕਿਹਾ ਹੈ ਕਿ ਸੁੰਦਰਤਾ, ਸ਼ਰਮ, ਵਫ਼ਾ, ਪਿਆਰ ਅਤੇ ਕੋਮਲਤਾ ਇਸਤਰੀ ਦੇ ਗਹਿਣੇ ਹਨ। ਸਾਨੂੰ ਸਰੀਰਕ, ਮਾਨਸਿਕ, ਆਰਥਿਕ ਵਿੱਦਿਅਕ ਪੱਖੋਂ ਆਪਣੇ-ਆਪ ਨੂੰ ਬਲਵਾਨ ਬਣਾ ਕੇ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ। ਸੁੰਦਰ ਵਿਚਾਰਾਂ ਅਤੇ ਸ਼ੁੱਭ ਵਿਆਖਿਆਵਾਂ ਨਾਲ ਸਜੀ ਇਹ ਪੁਸਤਕ ਪੜ੍ਹਨਯੋਗ ਹੈ।

c c c

ਬਦਲਦੇ ਰੂਪਾਂ ਦਾ ਅਹਿਸਾਸ
ਲੇਖਕ : ਭੁਪਿੰਦਰ ਸਿੰਘ ਚੌਂਕੀਮਾਨ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 136
ਸੰਪਰਕ : 99145-49724.

ਇਸ ਲੇਖ ਸੰਗ੍ਰਹਿ ਵਿਚ 15 ਕੁ ਲੇਖ ਸ਼ਾਮਿਲ ਹਨ, ਜੋ ਜ਼ਰੂਰੀ ਸਮੱਸਿਆਵਾਂ ਨਾਲ ਨਜਿੱਠਣ ਦੀ ਜਾਚ ਦੱਸਦੇ ਹਨ। ਸਾਂਝਾ ਸੱਭਿਆਚਾਰਕ ਵਿਰਸਾ ਅਤੇ ਇਤਿਹਾਸ ਬਹੁਤ ਸ਼ਾਨਾਮੱਤਾ ਰਿਹਾ ਹੈ। ਸਦੀਆਂ ਤੋਂ ਵਿਦੇਸ਼ੀ ਲੋਕ ਭਾਰਤ ਵੱਲ ਖਿੱਚੇ ਚਲੇ ਆਉਂਦੇ ਰਹੇ। ਪਰ ਹੁਣ ਅਸੀਂ ਆਪਣੀਆਂ ਕਦਰਾਂ-ਕੀਮਤਾਂ ਨੂੰ ਇਸ ਤਰ੍ਹਾਂ ਤਿਲਾਂਜਲੀ ਦੇ ਦਿੱਤੀ ਹੈ ਕਿ ਬਿਗਾਨੇ ਦੇਸ਼ਾਂ ਵੱਲ ਵਹੀਰਾਂ ਘੱਤ ਲਈਆਂ ਹਨ। ਸਾਡੇ ਵਡੇਰਿਆਂ ਦੀ ਸਿੱਖਿਆ, ਕੁਰਬਾਨੀਆਂ ਅਤੇ ਸਦਾਚਾਰਕ ਮੁੱਲਾਂ ਨੂੰ ਅਪਣਾਉਣ ਦੀ ਥਾਂ ਅਸੀਂ ਅਵੇਸਲੇਪਣ, ਅਧੀਨਗੀ ਵਾਲੀ ਸੋਚ ਅਤੇ ਢਹਿੰਦੀ ਕਲਾ ਦੇ ਸ਼ਿਕਾਰ ਹੋ ਗਏ ਹਾਂ। ਇਸੇ ਚਿੰਤਾ ਨੂੰ ਮੁੱਖ ਰੱਖ ਕੇ ਸੂਝਵਾਨ ਲਿਖਾਰੀ ਨੇ ਪਰੰਪਰਾ ਤੇ ਆਧੁਨਿਕਤਾ, ਲੋਕ ਜਾਗ੍ਰਿਤੀ ਅਤੇ ਜ਼ਿੰਮੇਵਾਰੀਆਂ, ਅਸੰਤੁਸ਼ਟੀ ਅਤੇ ਅਸਹਿਣਸ਼ੀਲਤਾ, ਆਤਮ ਹੱਤਿਆ ਦੇ ਰੁਝਾਨ, ਨਸ਼ੇ, ਆਤੰਕਵਾਦ, ਰਾਜਨੀਤੀ ਅਤੇ ਭ੍ਰਿਸ਼ਟਾਚਾਰ ਆਦਿ ਦੇ ਮੁੱਦੇ ਉਠਾ ਕੇ ਸਾਨੂੰ ਸੁਚੇਤ ਕੀਤਾ ਹੈ। ਲੇਖਕ ਵਾਰ-ਵਾਰ ਹੋਕਾ ਦੇ ਰਿਹਾ ਹੈ ਕਿ ਜੇ ਅਸੀਂ ਆਪਣੇ ਗ੍ਰੰਥਾਂ, ਵੇਦਾਂ, ਪੁਰਾਣਾਂ ਅਤੇ ਇਤਿਹਾਸ ਤੋਂ ਸੇਧ ਲੈ ਕੇ ਸਹੀ ਸੋਚ ਅਪਣਾਈ ਹੁੰਦੀ ਤਾਂ ਅੱਜ ਅਸੀਂ ਏਨੇ ਉਪਰਾਮ ਅਤੇ ਬੇਚੈਨ ਨਾ ਹੁੰਦੇ। ਨਵੇਂ ਇਤਿਹਾਸ ਨੂੰ ਰਚਣ ਵਾਸਤੇ ਪੁਰਾਤਨ ਇਤਿਹਾਸ ਦਾ ਗਿਆਨ ਜ਼ਰੂਰੀ ਹੁੰਦਾ ਹੈ। ਅਸੀਂ ਸਮੇਂ ਅਨੁਸਾਰ ਚੱਲਣਾ ਨਹੀਂ ਸਿੱਖਿਆ। ਜੇ ਅਸੀਂ ਆਪਣੇ ਬੀਤੇ ਤੋਂ ਸਬਕ ਸਿੱਖਿਆ ਹੁੰਦਾ ਤਾਂ ਅਸੀਂ ਕਮਜ਼ੋਰ ਸੋਚ ਅਤੇ ਡਾਵਾਂਡੋਲਤਾ ਤੋਂ ਸੁਰਖਰੂ ਹੋ ਜਾਣਾ ਸੀ। ਸਾਡੀ ਜਵਾਨ ਊਰਜਾ ਅੱਜ ਨਸ਼ਿਆਂ ਅਤੇ ਵਿਸ਼ਿਆਂ ਵਿਚ ਰੁੜ੍ਹੀ ਜਾ ਰਹੀ ਹੈ। ਲੋੜ ਹੈ ਕਿ ਅਸੀਂ ਆਪਣਾ ਮੂਲ ਪਛਾਣੀਏ, ਮਨੁੱਖੀ ਜੀਵਨ ਦੀ ਕਦਰ ਪਾਈਏ ਅਤੇ ਜ਼ਿੰਦਗੀ ਨੂੰ ਜਿਊਣ ਜੋਗਾ ਬਣਾਈਏ। ਲੇਖਕ ਨੇ ਇਨ੍ਹਾਂ ਪ੍ਰੇਰਨਾਦਾਇਕ ਲੇਖਾਂ ਦੁਆਰਾ ਸਮੇਂ ਦੇ ਸੱਚ ਨੂੰ ਪ੍ਰਗਟ ਕੀਤਾ ਹੈ। ਇਹ ਪੁਸਤਕ ਪੜ੍ਹਨਯੋਗ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

\c c c

ਬਾਬਾ ਸਾਹਿਬ
ਡਾ: ਅੰਬੇਡਕਰ
ਲੇਖਕ : ਸੋਹਣ ਸਹਿਜਲ
ਪ੍ਰਕਾਸ਼ਕ : ਪਰਮਿੰਦਰਾ ਆਰਟ ਪ੍ਰੈੱਸ, ਫਗਵਾੜਾ
ਮੁੱਲ : 60 ਰੁਪਏ, ਸਫ਼ੇ : 132
ਸੰਪਰਕ : 9501477278.

'ਬਾਬਾ ਸਾਹਿਬ ਡਾ: ਅੰਬੇਡਕਰ' ਸੋਹਣ ਸਹਿਜਲ ਦੀ ਅਜਿਹੀ ਪੁਸਤਕ ਹੈ, ਜਿਸ ਦਾ ਪ੍ਰਕਾਸ਼ਨ ਤੀਜੀ ਵਾਰ ਹੋਇਆ ਹੈ। ਡਾ: ਅੰਬੇਡਕਰ ਨੇ ਆਪਣਾ ਸਾਰਾ ਜੀਵਨ ਦੇਸ਼ ਲਈ, ਲੋਕ ਕਲਿਆਣ ਲਈ ਹੀ ਨਿਸ਼ਾਵਰ ਕਰ ਦਿੱਤਾ। ਸਿੱਖਿਅਤ ਹੋ ਕੇ ਸੰਘਰਸ਼ ਕਰਨ ਦੇ ਸਿਧਾਂਤ ਨੂੰ ਅਪਣਾ ਕੇ ਸੰਵਿਧਾਨ ਵਿਚ ਵੀ ਕਈ ਸੋਧਾਂ ਡਾ: ਸਾਹਿਬ ਨੇ ਕਰਵਾਈਆਂ ਅਤੇ ਵੋਟ ਦਾ ਅਧਿਕਾਰ ਵੀ ਹਾਸਲ ਕੀਤਾ ਹੈ। ਡਾ: ਅੰਬੇਡਕਰ ਦਲਿਤ ਵਰਗ ਨਾਲ ਹਮੇਸ਼ਾ ਪ੍ਰਤੀਬੱਧ ਰਹੇ ਤੇ ਉਨ੍ਹਾਂ ਦੀ ਭਲਾਈ ਲਈ ਉਸ ਨੂੰ ਆਪਣੀ ਜ਼ਿੰਦਗੀ ਵਿਚ ਕਈ ਕੌੜੇ-ਮਿੱਠੇ ਤਜਰਬੇ ਹਾਸਲ ਹੋਏ, ਜਿਨ੍ਹਾਂ ਬਾਰੇ ਲੇਖਕ ਸੋਹਣ ਸਹਿਜਲ ਨੇ ਬੜੀ ਹੀ ਬੇਬਾਕੀ ਨਾਲ ਖੂਬਸੂਰਤ ਅੰਦਾਜ਼ ਵਿਚ ਤੁਕਾਂ ਲਿਖ ਕੇ ਇਸ ਪੁਸਤਕ ਨੂੰ ਚਾਰ-ਚੰਨ ਲਗਾ ਦਿੱਤੇ ਹਨ। ਜਿਵੇਂ-
'ਮੈਂ ਬੇਇਨਸਾਫੀ ਸ਼ੋਸ਼ਣ ਨੂੰ, ਬਰਦਾਸ਼ਤ ਨਹੀਂ ਕਰਦਾ।
ਉਹ ਕਾਹਦਾ ਬੰਦਾ ਜੋ ਕਦੇ ਬਗਾਵਤ ਨਹੀਂ ਕਰਦਾ'।
ਲੇਖਕ ਨੇ ਡਾ: ਸਾਹਿਬ ਬਾਰੇ ਲਿਖਿਆ ਹੈ ਕਿ ਉਹ ਹਰ ਇਨਸਾਨ ਨੂੰ ਸਿੱਖਿਅਤ ਕਰਨਾ ਚਾਹੁੰਦੇ ਸੀ ਅਤੇ ਸੰਘਰਸ਼ ਕਰਕੇ ਇਕਮੁੱਠ ਹੋ ਕੇ ਜਿਊਣ ਦਾ ਹੀਲਾ ਦੱਸਦੇ ਸੀ, ਬੰਦਿਆਂ ਵਿਚ ਵਿਸ਼ਵਾਸ ਜਗਾਉਂਦੇ ਸੀ ਤੇ ਕਦੇ ਨਿਰਾਸ਼ ਨਾ ਹੋਣ ਦਾ ਨਾਅਰਾ ਲਾਉਂਦੇ ਸੀ ਤੇ ਵੱਧ ਬੁੱਧੀਮਾਨ ਹੋ ਕੇ ਤਾਕਤ ਜਾਗਦੀ ਹੈ ਬਾਰੇ ਦੱਸਦੇ ਸੀ। ਜਿਵੇਂ-
'ਜਿਹੜਾ ਹੋਵੇ ਸੁੱਤਾ, ਉਹਨੂੰ ਜਗਾਇਆ ਜਾ ਸਕਦਾ।
ਸੌਣ ਦਾ ਕਰੇ ਬਹਾਨਾ ਨਹੀਂ ਉਠਾਇਆ ਜਾ ਸਕਦਾ'।
ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਲੇਖਕ ਦਾ ਡਾ: ਸਾਹਿਬ ਦੇ ਜੀਵਨ ਤੋਂ ਜਾਣੂ ਕਰਵਾ ਕੇ ਪਾਠਕ ਵਰਗ ਨੂੰ ਸੁਚੇਤ ਕਰਨਾ ਤੇ ਬਹੁਤ ਹੀ ਸੋਹਣੇ ਅੰਦਾਜ਼ ਵਿੱਚ ਆਪਣੀ ਕਲਾ ਨੂੰ ਉਭਾਰਨਾ ਇਕ ਉਸਾਰੂ ਕੰਮ ਹੈ। ਲੇਖਕ ਨੂੰ ਮੁਬਾਰਕਬਾਦ!

-ਗੁਰਬਿੰਦਰ ਕੌਰ ਬਰਾੜ
ਮੋ: 09855395161

c c c

ਬਾਰੀਂ ਬਰਸੀ....
(ਲੋਕ ਬੋਲੀਆਂ)
ਸੰਪਾਦਕ : ਗੁਰਪ੍ਰੀਤ ਬਾਵਾ
ਪ੍ਰਕਾਸ਼ਕ : ਘੁਮਾਣ ਪਬਲੀਕੇਸ਼ਨ, ਸੰਘਰੇੜੀ (ਸੰਗਰੂਰ)
ਮੁੱਲ : 120 ਰੁਪਏ, ਸਫ਼ੇ : 88
ਸੰਪਰਕ : 94640-50572.

ਲੋਕ ਸਾਹਿਤ ਦਾ ਖੇਤਰ ਬਹੁਤ ਵਿਸ਼ਾਲ ਹੈ। ਇਹ ਅਜਿਹਾ ਸਮੁੰਦਰ ਹੈ, ਜਿਸ ਦੀ ਗਹਿਰਾਈ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸਾਦ-ਮੁਰਾਦੇ ਲੋਕ ਮਨਾਂ ਵਿਚੋਂ ਨਿਕਲੇ ਲੋਕ ਸਾਹਿਤ ਦਾ ਹੀ ਇਕ ਹਿੱਸਾ ਹੈ ਲੋਕ ਬੋਲੀਆਂ। ਮਨ ਦੇ ਆਪਮੁਹਾਰੇ ਵਲਵਲਿਆਂ, ਇੱਛਾਵਾਂ, ਤਜਰਬਿਆਂ ਨੂੰ ਪੇਸ਼ ਕਰਦੀਆਂ ਲੋਕ ਬੋਲੀਆਂ ਸਮੇਂ ਦੇ ਅਨੇਕਾਂ ਰੰਗਾਂ ਨਾਲ ਸਾਂਝ ਪਵਾਉਂਦੀਆਂ ਹਨ। ਉਪਰੋਕਤ ਪੁਸਤਕ ਵੀ ਲੋਕ ਬੋਲੀਆਂ ਦਾ ਇਕ ਛੋਟਾ ਸੰਗ੍ਰਹਿ ਹੈ, ਜਿਸ ਵਿਚ ਸੰਪਾਦਕ ਨੇ ਆਪਣੇ ਸ਼ੌਕ ਨਾਲ ਜੁੜਦਿਆਂ ਇਨ੍ਹਾਂ ਲੋਕ ਬੋਲੀਆਂ ਨੂੰ ਇਕੱਠਾ ਕਰਦਿਆਂ ਪੁਸਤਕ ਰੂਪ ਵਿਚ ਸੰਭਾਲਣ ਦਾ ਯਤਨ ਕੀਤਾ ਹੈ। ਪੁਸਤਕ ਵਿਚ ਸਾਦਗੀ, ਨਿਰਛਲਤਾ ਅਤੇ ਬੇਪਰਵਾਹੀ ਵਾਲੀਆਂ ਬੋਲੀਆਂ ਹਨ, ਜੋ ਮਲਵਈ ਗਿੱਧੇ ਦਾ ਸ਼ਿੰਗਾਰ ਬਣਦੀਆਂ ਹਨ। ਪੁਸਤਕ ਦੀ ਸ਼ੁਰੂਆਤ ਵਿਚ ਮੰਗਲਾਚਰਨ ਹੈ, ਜਿਸ ਵਿਚ ਪਰਮਾਤਮਾ ਦੀ ਉਸਤਤ ਤੋਂ ਬਾਅਦ ਭਗਤਾਂ ਸਾਧਾਂ ਦੀ ਵਡਿਆਈ ਕੀਤੀ ਗਈ ਹੈ। ਇਨ੍ਹਾਂ ਬੋਲੀਆਂ ਦੇ ਵਿਸ਼ਿਆਂ ਵਿਚ ਰਿਸ਼ਤਿਆਂ ਦੀ ਖੂਬਸੂਰਤੀ, ਨੱਚਣ ਦਾ ਸ਼ੌਕ ਅਤੇ ਚਾਅ ਹੁਲਾਸ, ਛੜਿਆਂ ਦੀ ਜ਼ਿੰਦਗੀ ਦੇ ਰੰਗ, ਖੱਟਣ ਕਮਾਉਣ ਵਾਲਿਆਂ ਦੇ ਪਰਦੇਸ ਜਾਣ ਬਾਰੇ, ਪਤੀ ਪਤਨੀ ਦੇ ਰਿਸ਼ਤੇ ਵਿਚਲੇ ਗਿਲੇ-ਸ਼ਿਕਵੇ, ਰੋਸੇ, ਨਿਹੋਰੇ, ਹੀਰ ਰਾਂਝੇ ਦੇ ਨਾਲ ਸਬੰਧਤ ਲੰਬੀਆਂ ਬੋਲੀਆਂ ਸ਼ਾਮਿਲ ਹਨ। ਬਦਲਦੇ ਸਮੇਂ ਦੇ ਨਾਲ ਬਦਲਦੇ ਜੀਵਨ ਢੰਗ ਨੂੰ ਵੀ ਬੋਲੀਆਂ ਵਿਚ ਪੇਸ਼ ਕੀਤਾ ਗਿਆ ਹੈ :
ਮੁੰਡੇ ਬਣੇ ਨੇ ਭਈਏ ਫਿਰਦੇ
ਪੱਗ ਚੀਰੇ ਵਾਲੀ ਸਿਰ ਤੋਂ ਲਹਿ ਗਈ
ਕੁੜੀ ਬਾਰੇ ਕੀ ਦੱਸਾਂ ਬੋਲ ਕੇ,
ਇਹ ਵੀ ਫੈਸ਼ਨ ਜੋਗੀ ਰਹਿ ਗਈ
ਗੁੱਤ ਕਾਲੀ ਨਾਗ ਵਰਗੀ
ਕੱਲ੍ਹ ਨਾਈ ਦੀ ਦੁਕਾਨ 'ਤੇ ਰਹਿ ਗਈ
ਨੌਜਵਾਨਾਂ ਦੀ ਪਰਦੇਸ ਜਾਣ ਦੀ ਰੁਚੀ ਨੂੰ ਪ੍ਰਗਟਾਉਂਦੀਆਂ ਬੋਲੀਆਂ ਵੀ ਪੁਸਤਕ ਵਿਚ ਸ਼ਾਮਿਲ ਹਨ ਜੋ ਸਮੇਂ ਦੇ ਸੱਚ ਨੂੰ ਪੇਸ਼ ਕਰਦੀਆਂ ਹਨ। ਵਕਤ ਦੇ ਨਾਲ ਗੁਆਚ ਰਹੇ ਲੋਕ ਸਾਹਿਤ ਨੂੰ ਸੰਭਾਲਣ ਦਾ ਸੰਪਾਦਕ ਦਾ ਇਹ ਯਤਨ ਸ਼ਲਾਘਾਯੋਗ ਹੈ।

-ਡਾ: ਸੁਖਪਾਲ ਕੌਰ ਸਮਰਾਲਾ
ਮੋ: 9888547099

c c c

ਇਕ ਯੋਧੇ ਦੀ ਦਾਸਤਾਨ
ਸ਼ਹੀਦ ਊਧਮ ਸਿੰਘ
ਲੇਖਕ : ਪ੍ਰਿੰਸੀਪਲ ਬਲਵਿੰਦਰ ਸਿੰਘ ਫ਼ਤਹਿਪੁਰੀ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 132
ਸੰਪਰਕ : 98146-19342.

ਹਥਲੀ ਪੁਸਤਕ ਸ਼ਹੀਦ ਊਧਮ ਸਿੰਘ ਦੀ ਜੀਵਨੀ 'ਤੇ ਆਧਾਰਿਤ ਅਜਿਹਾ ਇਤਿਹਾਸਕ ਨਾਵਲ ਹੈ, ਜਿਸ ਨੂੰ ਸ਼ਹੀਦ ਊਧਮ ਸਿੰਘ ਆਪਣੀ ਜੀਵਨ ਕਥਾ ਨੂੰ ਖ਼ੁਦ ਬਿਆਨ ਕਰ ਰਿਹਾ ਹੈ। ਲੇਖਕ ਨੇ ਇਸ ਇਤਿਹਾਸਕ ਨਾਵਲ ਨੂੰ ਦਸ ਕਾਂਡਾਂ ਵਿਚ ਪੇਸ਼ ਕੀਤਾ ਹੈ। ਲੇਖਕ ਨੇ ਹਰ ਕਾਂਡ ਵਿਚ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਨੂੰ ਪਾਠਕਾਂ ਦੇ ਸਨਮੁੱਖ ਕਰਦਿਆਂ, ਅੰਗਰੇਜ਼ੀ ਹਕੂਮਤ ਵੱਲੋਂ ਭਾਰਤੀਆਂ ਉੱਪਰ ਡੰਡੇ ਦਾ ਰਾਜ ਕਰਨ ਦੀ ਗਾਥਾ ਨੂੰ ਬਾਖੂਬੀ ਬਿਆਨ ਕੀਤਾ ਗਿਆ ਹੈ। ਤਿੰਨ ਲੱਖ ਅੰਗਰੇਜ਼ ਪੈਂਤੀ ਕਰੋੜ ਭਾਰਤੀਆਂ ਉੱਪਰ ਜਬਰ-ਜ਼ੁਲਮ ਕਰ ਰਹੇ ਸਨ। ਹਜ਼ਾਰਾਂ ਵਰ੍ਹੇ ਗੁਲਾਮੀ ਦੇ ਤਸੀਹੇ ਝਲਦਿਆਂ ਦੇਸ਼ ਵਾਸੀਆਂ ਦੀ ਜਮੀਰ ਅਧਮੋਈ ਹੋ ਚੁੱਕੀ ਸੀ। ਸ: ਊਧਮ ਸਿੰਘ ਮੁਤਾਬਿਕ ਅਪ੍ਰੈਲ 1919 ਦੇ ਜਲ੍ਹਿਆਂਵਾਲੇ ਬਾਗ ਦੇ ਸਾਕੇ ਤੋਂ ਪਿੱਛੋਂ ਹਕੂਮਤ ਦੀ ਪੁਲਿਸ ਉਸ ਦੀਆਂ ਸਰਗਰਮੀਆਂ ਨੂੰ ਬਹੁਤ ਨੇੜਿਓਂ ਵੇਖ ਰਹੀ ਸੀ। ਇਸੇ ਕਰਕੇ ਮੈਨੂੰ ਨੈਰੋਬੀ ਜਾਣਾ ਪਿਆ। ਮਹਾਤਮਾ ਗਾਂਧੀ ਦੇ ਵਿਚਾਰ ਨਿਰੋਲ ਸੁਧਾਰਵਾਦੀ ਸਨ, ਮੇਰੇ ਅਤੇ ਮੇਰੇ ਵਰਗੇ ਹੋਰ ਨੌਜਵਾਨਾਂ ਦਾ ਵਿਚਾਰ ਸੀ, ਇਸ ਨਾਲ ਆਜ਼ਾਦੀ ਦੀ ਲਹਿਰ ਕਮਜ਼ੋਰ ਹੋ ਰਹੀ ਹੈ। ਇਸੇ ਕਰਕੇ ਮੈਂ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੇ ਸੰਪਰਕ ਵਿਚ ਆ ਗਿਆ। ਨਾਵਲ ਦੇ ਇਕ ਕਾਂਡ ਵਿਚ ਸ਼ਹੀਦ ਊਧਮ ਸਿੰਘ ਵੱਲੋਂ ਲਿਖੇ ਚਿੱਠੀ ਪੱਤਰਾਂ ਨੂੰ ਵੀ ਸ਼ਾਮਿਲ ਕਰਕੇ, ਉਸ ਦੀ ਵਿਚਾਰਧਾਰਾ ਨੂੰ ਸਪੱਸ਼ਟ ਕਰਨ ਦਾ ਯਤਨ ਕੀਤਾ ਗਿਆ।
ਲੇਖਕ ਪੁਸਤਕ ਦੇ ਇਕ ਕਾਂਡ ਵਿਚ ਬਿਆਨ ਕਰਦਾ ਹੈ ਕਿ ਆਜ਼ਾਦੀ ਹਮੇਸ਼ਾ ਖੂਨ ਮੰਗਦੀ ਹੈ। ਖਾਲੀ ਤਕਰੀਰਾਂ ਨਾਲ ਕੁਝ ਨਹੀਂ ਬਣਦਾ। ਪੁਸਤਕ ਦੇ ਆਖਰੀ ਕਾਂਡ ਵਿਚ ਸ: ਊਧਮ ਸਿੰਘ ਦੀ ਜ਼ਬਾਨੀ ਇਸ ਗੱਲ ਨੂੰ ਸਪੱਸ਼ਟ ਕਰਦਾ ਹੈ, ਜਿਸ ਕਿਸਮ ਦੀਆਂ ਸਿਆਸੀ ਪਾਰਟੀਆਂ ਹਿੰਦੁਸਤਾਨ ਵਿਚ ਆਜ਼ਾਦੀ ਲਈ ਸਰਗਰਮ ਹਨ, ਜੇ ਮੁਲਕ ਦੀ ਹਕੂਮਤ ਇਨ੍ਹਾਂ ਸਿਆਸੀ ਦਲਾਂ ਦੇ ਹੱਥ ਆ ਗਈ ਤਾਂ ਇਹ ਮੁਲਕ ਲਈ ਸ਼ੁੱਭ ਸ਼ਗਨ ਨਹੀਂ ਹੋਵੇਗਾ।

-ਭਗਵਾਨ ਸਿੰਘ ਜੌਹਲ
ਮੋ: 98143-24040.

c c c

ਹੱਸਣਾ ਜ਼ਿੰਦਗੀ ਹੈ
ਲੇਖਕ : ਜੇ.ਪੀ.ਐਸ. ਜੌਲੀ
ਅਨੁਵਾਦ ਤੇ ਸੰਪਾਦਨ :
ਡਾ: ਅਕਵਿੰਦਰ ਕੌਰ ਤਨਵੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 138
ਸੰਪਰਕ : 0172-4608699.

ਅਜੋਕੇ ਤੇਜ਼-ਤਰਾਰ ਤੇ ਪਦਾਰਥਵਾਦੀ ਯੁੱਗ 'ਚ ਹਰ ਕੋਈ ਵਿਅਕਤੀ ਵਧੇਰੇ ਰੁੱਝਿਆ ਹੋਇਆ ਪ੍ਰਤੀਤ ਹੋ ਰਿਹਾ ਹੈ। ਕਿਸੇ ਕੋਲ ਵਿਹਲ ਨਹੀਂ ਹੈ। ਅਸੀਂ ਵੱਧ ਤੋਂ ਵੱਧ ਪੈਸਾ ਅਤੇ ਪਦਾਰਥਕ ਵਸਤਾਂ ਇਕੱਠੀ ਕਰਨ ਦੀ ਅੰਨ੍ਹੀ ਦੌੜ 'ਚ ਪੈ ਗਏ ਹਾਂ। ਇਹੀ ਸਾਡੀਆਂ ਪ੍ਰੇਸ਼ਾਨੀ ਦਾ ਪ੍ਰਮੁੱਖ ਕਾਰਨ ਹੈ।
ਮਾਨਸਿਕ ਬੇਚੈਨੀ ਦੇ ਆਲਮ 'ਚ ਹਾਸੇ-ਖੇੜੇ ਸਾਡੇ ਚਿਹਰਿਆਂ ਤੋਂ ਅਲੋਪ ਹੁੰਦੇ ਜਾ ਰਹੇ ਹਨ। ਅਸੀਂ ਐਨੀ ਕੁ ਗੰਭੀਰਤਾ ਵਾਲਾ ਜੀਵਨ ਬਸਰ ਕਰਨ ਲੱਗ ਪਏ ਹਾਂ ਕਿ ਕਈ ਵਾਰ ਤਾਂ ਸਾਨੂੰ ਹਾਸੇ ਵਾਲੀ ਗੱਲ 'ਤੇ ਰਤਾ ਵੀ ਹਾਸਾ ਨਹੀਂ ਆਉਂਦਾ। ਪਰ ਅਸਲ ਜ਼ਿੰਦਗੀ ਦੀ ਖ਼ੂਬਸੂਰਤੀ ਹਾਸਿਆਂ 'ਚ ਛੁਪੀ ਹੋਈ ਹੈ। ਹੱਸਣਾ ਅਤੇ ਹਸਾਉਣਾ ਦੋਵੇਂ ਹੀ ਮਾਨਸਿਕ ਸਿਹਤ ਲਈ ਗੁਣਕਾਰੀ ਹਨ। 'ਹੱਸਦਿਆਂ ਦੇ ਘਰ ਵੱਸਦੇ'। ਕਿਸੇ ਨੂੰ ਹਸਾਉਣਾ ਕਲਾ ਹੈ। ਸਿਹਤ ਮਾਹਰ ਕਹਿੰਦੇ ਹਨ ਕਿ ਖੁੱਲ੍ਹ ਕੇ ਹੱਸਣ ਨਾਲ ਉਮਰ ਵਧਦੀ ਅਤੇ ਸਰੀਰਕ ਤੰਦਰੁਸਤੀ ਰਹਿੰਦੀ ਹੈ। ਇਸ ਕਰਕੇ ਹਾਸੇ ਨੂੰ ਜ਼ਿੰਦਗੀ ਦਾ ਇਕ ਜ਼ਰੂਰੀ ਅੰਗ ਬਣਾਉਣਾ ਚਾਹੀਦਾ ਹੈ।
ਸਾਰੇ ਦਿਨ 'ਚ ਥੋੜ੍ਹਾ ਬਹੁਤਾ ਜ਼ਰੂਰ ਹੱਸ ਲੈਣਾ ਚਾਹੀਦਾ ਹੈ। ਇਸ ਪੁਸਤਕ ਦਾ ਨਾਂਅ ਬੜਾ ਖ਼ੂਬਸੂਰਤ : 'ਹੱਸਣਾ ਜ਼ਿੰਦਗੀ ਹੈ'। ਚਰਚਾ ਅਧੀਨ ਇਸ ਪੁਸਤਕ 'ਚ ਜੇ.ਪੀ.ਐਸ. ਜੌਲ੍ਹੀ ਦੇ ਲਿਖੇ ਹੋਏ 750 ਚੁਟਕਲੇ ਹਨ, ਜਿਨ੍ਹਾਂ ਦਾ ਅਨੁਵਾਦ ਤੇ ਸੰਪਾਦਨ ਦਾ ਜਿੰਮਾ ਲੈ ਕੇ ਲੇਖਿਕਾ ਨੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਪੁਸਤਕ 'ਚ ਪਤੀ-ਪਤਨੀ, ਅਧਿਆਪਕ-ਵਿਦਿਆਰਥੀ, ਪਿਤਾ-ਪੁੱਤਰ, ਮੰਗਤਾ, ਵਕੀਲ, ਸ਼ਰਾਬੀ, ਕੰਜੂਸ ਦੀ ਵਾਰਤਾਲਾਪ 'ਚੋਂ ਹਾਸਾ-ਮਜ਼ਾਕ ਉਪਜਦਾ ਹੈ। ਜਦੋਂ ਵੀ ਕੰਮ ਕਰਦਿਆਂ ਅਕੇਵਾਂ, ਥਕਾਵਟ ਮਹਿਸੂਸ ਹੋਵੇ ਜਾਂ ਉਦਾਸੀ ਦਾ ਆਲਮ ਹੋਵੇ ਤਾਂ ਇਹ ਚੁਟਕਲੇ ਮਨੋਰੰਜਨ ਦੇ ਨਾਲ-ਨਾਲ ਸਾਡੇ ਮਨਾਂ 'ਚ ਹਾਸਾ ਪੈਦਾ ਕਰਨ ਦੀ ਸਮਰੱਥਾ ਰੱਖਦੇ ਹਨ।

-ਮੋਹਰ ਗਿੱਲ ਸਿਰਸੜੀ
ਮੋ: 98156-59110

c c c


ਮੈਂ ਨਹੀਓਂ ਨੱਚਣਾ
ਲੇਖਕ : ਰਜਿੰਦਰ ਬਿੱਲਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 88
ਸੰਪਰਕ : 98550-20518.

ਇਸ ਨਾਟਕ ਸੰਗ੍ਰਹਿ ਵਿਚ ਕੁੱਲ 6 ਨਾਟਕਾਂ ਦੀ ਸਿਰਜਣਾ ਕੀਤੀ ਗਈ ਹੈ। ਇਹ ਨਾਟਕ ਹਨ-ਮੈਂ ਨਹੀਓਂ ਨੱਚਣਾ, ਅੱਬਾ ਜ਼ਰੂਰ ਆਏਗਾ, ਅੰਧੀ ਨਗਰੀ, ਬੇਬੇ ਦਾ ਟਰੰਕ, ਤਾਈ ਨਿਹਾਲੋ ਅਤੇ ਵਿਚਾਰੀ ਬੱਕਰੀ। ਨਾਟਕਕਾਰ ਰਜਿੰਦਰ ਬਿੱਲਾ ਇਕ ਤਜਰਬੇਕਾਰ ਰੰਗਕਰਮੀ, ਸੰਗੀਤਕਾਰ ਅਤੇ ਕਾਫੀ ਸਮੇਂ ਤੋਂ ਰੰਗਮੰਚ ਨਾਲ ਜੁੜਿਆ ਸੰਵੇਦਨਸ਼ੀਲ ਕਲਾਕਾਰ ਹੈ। ਲੇਖਕ ਆਪਣੀ ਰਚਨਾ ਰਾਹੀਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਅਤੇ ਤੰਦਰੁਸਤ ਤੇ ਨਰੋਏ ਸਮਾਜ ਦੀ ਸਿਰਜਣਾ ਕਰਨ ਦੀ ਲੋਚਾ ਰੱਖਦਾ ਹੈ। ਉਸ ਦੇ ਸਾਰੇ ਨਾਟਕ ਸਮਾਜ ਪ੍ਰਤੀ ਆਪਣੇ ਫ਼ਰਜ਼ਾਂ ਦੀ ਪੂਰਤੀ ਦਾ ਅਹਿਮ ਹਿੱਸਾ ਹਨ, ਕਿਉਂਕਿ ਇਹ ਨਾਟਕ ਜਿਥੇ ਚੰਗਾ ਸੁਨੇਹਾ ਦਿੰਦੇ ਹਨ, ਉਥੇ ਰੰਗਮੰਚ ਦੀ ਕਸਵੱਟੀ 'ਤੇ ਪੂਰੇ ਉਤਰਦੇ ਹਨ। ਨਾਟਕ 'ਮੈਂ ਨਹੀਓਂ ਨੱਚਣਾ' ਵੇਸਵਾਵਾਂ ਦੇ ਕਿੱਤੇ ਅਤੇ ਜ਼ਿੰਦਗੀ ਬਾਰੇ ਹੈ। ਇਸ ਨਾਟਕ ਵਿਚ ਵੇਸਵਾਵਾਂ ਦਾ ਦਿਨ ਧੰਦੇ ਵਿਚ ਆਉਣ ਸਬੰਧੀ ਮਜਬੂਰੀਪਨ, ਦਲਾਲੀ, ਪੁਲਿਸ ਦਾ ਕਮਿਸ਼ਨ ਅਤੇ ਧੰਦਾ ਚਲਾਉਣ ਵਾਲੀ ਮਾਈ ਦੇ ਗੋਰਖਧੰਦੇ ਦੇ ਨਾਲ-ਨਾਲ ਸਮਾਜ ਦੇ ਚਿਟਕੱਪੜੀਏ ਵਰਗ ਦਾ ਵੀ ਇਸ ਵਿਚ ਯੋਗਦਾਨ ਸਾਹਮਣੇ ਆਉਂਦਾ ਹੈ। 'ਅੱਬਾ ਜ਼ਰੂਰ ਆਏਗਾ' ਇਕ ਪਿੰਡ ਵਿਚ ਵਾਪਰਦੀ ਛੋਟੀ ਜਿਹੀ ਘਟਨਾ ਦੇ ਆਧਾਰ 'ਤੇ ਚੇਤਨਾ ਦਾ ਹੋਕਾ ਦਿੰਦਾ ਨਾਟਕ ਹੈ।
ਨਾਟਕ 'ਅੰਧੀ ਨਗਰੀ' ਸਮਾਜ ਰੂਪੀ ਮਹਾਂਨਗਰ ਵਿਚ ਫੈਲੇ ਅੰਧੇਰੇ ਦੀ ਗੱਲ ਕਰਦਾ ਹੈ। 'ਬੇਬੇ ਦਾ ਟਰੰਕ' ਨਾਟਕ ਮਮਤਾ ਅਤੇ ਰਿਸ਼ਤਿਆਂ ਦੇ ਰੰਗ-ਢੰਗ ਨੂੰ ਪੇਸ਼ ਕਰਦਾ ਹੈ। ਲੇਖਕ ਸਾਰੇ ਨਾਟਕਾਂ ਵਿਚ ਸਮਾਜ ਨੂੰ ਹਲੂਣਦਿਆਂ, ਵੱਖ-ਵੱਖ ਕੁਰੀਤੀਆਂ ਦਾ ਪਰਦਾਫਾਸ਼ ਕਰਦਾ ਅਤੇ ਉਨ੍ਹਾਂ ਦੇ ਹੱਲ ਵੀ ਸੁਝਾਉਂਦਾ ਹੈ। ਸਮੁੱਚੇ ਰੂਪ ਵਿਚ ਨਾਟਕਾਂ ਦੇ ਵਿਸ਼ੇ ਮਨੁੱਖੀ ਜੀਵਨ ਦੇ ਸਾਰੇ ਰੂਪਾਂ ਨੂੰ ਪੇਸ਼ ਕਰਦੇ ਹਨ। ਨਾਟਕਕਾਰ ਦੁਆਰਾ ਪਾਤਰਾਂ ਦੇ ਮੂੰਹੋਂ ਕਢਵਾਏ ਸ਼ਬਦ ਵੀ ਅੱਖਾਂ ਸਾਹਮਣੇ ਸਥਿਤੀ ਦਾ ਦ੍ਰਿਸ਼ ਲਿਆਉਂਦੇ ਹਨ। ਨਾਟਕਾਂ ਦੀ ਭਾਸ਼ਾ ਸਰਲ ਤੇ ਦਿਲਚਸਪ ਹੈ।

-ਡਾ: ਰਜਵਿੰਦਰ ਕੌਰ ਨਾਗਰਾ
ਮੋ: 96460-01807.

c c c

ਸਾਹਾਂ ਦੀ ਮਹਿਕ
ਕਵੀ : ਐਸ.ਐਸ. ਸਹੋਤਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 132
ਸੰਪਰਕ : 98884-04668.

ਕਵੀ ਐਸ.ਐਸ. ਸਹੋਤਾ ਤੇਜ਼ੀ ਨਾਲ ਕਾਵਿ ਸਿਰਜਣਾ ਕਰਨ ਵਾਲਾ ਕਵੀ ਹੈ। ਉਸ ਨੇ 2016 ਵਿਚ 10 ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕਰਵਾਏ ਹਨ। ਐਨੀ ਤੇਜ਼ੀ ਨਾਲ ਕਵਿਤਾ ਸਿਰਜਣਾ ਵਿਚ ਬਾਰੰਬਾਰਤਾ ਅਤੇ ਵਿਸ਼ਿਆਂ ਦਾ ਦੁਹਰਾਉ ਹੋਣ ਦਾ ਡਰ ਨਿਹਤ ਹੁੰਦਾ ਹੈ ਪਰ ਸਹੋਤਾ ਕਿਉਂਕਿ ਮੁੱਖ ਤੌਰ 'ਤੇ ਪਿਆਰ ਦਾ ਕਵੀ ਹੈ, ਇਸ ਲਈ ਉਸ ਦੀਆਂ ਕਵਿਤਾਵਾਂ ਵਿਚ ਇਹ ਦੋਸ਼ ਸਪਸ਼ਟਤਾ ਅਖ਼ਤਿਆਰ ਨਹੀਂ ਕਰਦਾ।
ਪੁਸਤਕ ਵਿਚ 66 ਦਰਮਿਆਨੇ ਆਕਾਰ ਦੀਆਂ ਕਵਿਤਾਵਾਂ ਹਨ। ਇਹ ਕਵਿਤਾਵਾਂ ਫੇਲੁਨੀ ਛੰਦਾਂ ਬਹਿਰਾਂ ਵਿਚ ਹਨ। ਕਵੀ ਆਪਣੀ ਪ੍ਰੇਮਿਕਾ ਦੇ ਵਸਲ-ਵਿਛੋੜੇ ਵਿਚ ਕਲਪਨਾ ਉਡਾਰੀਆਂ ਭਰਦਾ ਹੈ। ਕਦੇ ਉਹ ਖ਼ੁਦ ਇਕ ਇਸਤਰੀ ਪ੍ਰੇਮਿਕਾ ਦਾ ਸਰੂਪ ਧਾਰ ਕੇ ਆਪਣੇ ਪ੍ਰੇਮੀ ਨੂੰ ਯਾਦ ਕਰਦਾ ਹੈ। ਉਸ ਦੀ ਹਰ ਕਵਿਤਾ ਪ੍ਰੇਮ-ਅਕਾਂਕਸ਼ਾ ਤੋਂ ਸ਼ੁਰੂ ਹੁੰਦੀ ਹੈ ਤੇ ਇਥੇ ਹੀ ਖ਼ਤਮ ਹੁੰਦੀ ਹੈ। ਉਸ ਦੀ ਪਹਿਲੀ ਕਵਿਤਾ ਦੇ ਬੋਲ ਹਨ : 'ਛੱਡ ਕੇ ਨਾ ਜਾਵੀਂ ਮੈਨੂੰ/ਅਜੇ ਮੈਂ ਰੱਜ ਪਿਆਰ ਵੀ ਨਾ ਕੀਤਾ। ਦੂਰੋਂ ਹੀ ਦੇਖਿਆ ਸੀ ਤੈਨੂੰ/ਨੇੜੇ ਹੋ ਕੇ ਕਦੇ ਦੀਦਾਰ ਵੀ ਨਾ ਕੀਤਾ...' ਅਤੇ ਆਖਰੀ ਕਵਿਤਾ ਦਾ ਆਖਰੀ ਬੰਦ ਹੈ : 'ਤੂੰ ਦਿੱਤਾ ਨਾ ਐਸਾ ਮੌਕਾ/ਕਿ ਮੈਂ ਕੁਝ ਕਹਿ ਪਾਂਦੀ/ਇਹ ਨਹੀਂ ਸੀ ਮੇਰੀ ਫ਼ਿਤਰਤ/ਤੈਨੂੰ ਛੱਡ ਕਿਸੇ ਹੋਰ ਦੀ ਹੋ ਜਾਂਦੀ...'। ਉਸ ਦੀਆਂ ਕਵਿਤਾਵਾਂ ਦੇ ਵਿਸ਼ੇ ਵੀ ਅਤੇ ਸਿਰਲੇਖ ਵੀ ਮੁਹੱਬਤੀ ਹਨ ਜਿਵੇਂ : ਉਸ ਦੀ ਨਜ਼ਰ ਨਾਲ, ਸਾਹਾਂ ਦੀ ਮਹਿਕ, ਪਿਆਰ ਦਾ ਕਿੱਸਾ, ਮੌਜ ਬਹਾਰਾਂ, ਗਲੇ ਲਗਾਂਦਾ, ਜਾਨ ਨਿਸ਼ਾਵਰ, ਪਿਆਰ ਦਾ ਨਸ਼ਾ, ਤੇਰੀ ਮਰਜ਼ੀ, ਪਿਆਰ ਮਿਲਣ ਦੀਆਂ ਰੁੱਤਾਂ, ਕਾਗਜ਼ 'ਤੇ ਤੇਰਾ ਨਾਂ... ਆਦਿ। ਕਿਤੇ ਕਿਤੇ ਸਹੋਤਾ ਨੇ ਔਰਤ ਦੀ ਮਜਬੂਰੀ ਬਾਰੇ ਵੀ ਲਿਖਿਆ ਹੈ। ਪਰ ਉਸ ਦੀ ਔਰਤ ਦੀ ਮਜਬੂਰੀ ਪ੍ਰਤੀ ਹਮਦਰਦੀ ਵੀ ਆਖਰ ਪਿਆਰ ਵਿਚ ਹੀ ਬਦਲ ਜਾਂਦੀ ਹੈ। ਇਨ੍ਹਾਂ ਕਵਿਤਾਵਾਂ ਦਾ ਗੁਣ ਇਹ ਹੈ ਕਿ ਤੁਹਾਨੂੰ ਸਾਰੀਆਂ ਕਵਿਤਾਵਾਂ ਵਿਚੋਂ ਇਕ ਹੀ ਪਿਆਰ ਮੂਰਤ ਦਿਸਦੀ ਹੈ।

-ਸੁਲੱਖਣ ਸਰਹੱਦੀ
ਮੋ: 94174-84337.

25-12-2016

 ਆਧੁਨਿਕ ਪੰਜਾਬੀ ਨਾਟਕ ਦੇ ਬਦਲਦੇ ਪਰਿਪੇਖ
ਸੰਪਾਦਕਾ : ਸੀਮਾ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 395 ਰੁਪਏ, ਸਫ਼ੇ : 212
ਸੰਪਰਕ : 98552-52202.
 


ਇਸ ਪੁਸਤਕ ਵਿਚ ਸੰਪਾਦਕਾ ਨੇ ਆਪਣੇ ਵਿਦਵਤਾ ਭਰਪੂਰ ਤਿੰਨ ਖੋਜ ਨਿਬੰਧਾਂ ਵਿਚ ਮੁੱਲਵਾਨ ਜਾਣਕਾਰੀ ਉਪਲਬਧ ਕਰਵਾਈ ਹੈ। ਦਲਿਤ ਸਰੋਕਾਰਾਂ ਦੀ ਪ੍ਰਸਤੁਤੀ ਕਰਦੇ ਦੋ ਖੋਜ ਨਿਬੰਧ (ਸਤਨਾਮ ਕੌਰ ਰੰਧਾਵਾ ਅਤੇ ਅਨੀਤਾ ਰਾਣੀ, ਡਾ: ਕਿਰਨਦੀਪ ਸਿੰਘ ਸਾਂਝੇ ਤੌਰ 'ਤੇ ਲਿਖੇ) ਸ਼ਾਮਿਲ ਕੀਤੇ ਹਨ। ਇਸੇ ਤਰ੍ਹਾਂ ਪੰਜਾਬੀ ਬਾਲ ਨਾਟਕ, ਕਾਵਿ-ਨਾਟ ਪਰੰਪਰਾ, ਪਿੱਤਰੀ-ਸੱਤਾ ਬਨਾਮ ਔਰਤ ਦਾ ਬਦਲਦਾ ਪਰਿਪੇਖ ਬਾਰੇ ਕ੍ਰਮਵਾਰ ਡਾ: ਨਵਦੀਪ ਕੌਰ, ਹਰਪ੍ਰੀਤ ਸਿੰਘ, ਹਰਵਿੰਦਰ ਕੌਰ ਦੇ ਖੋਜ ਨਿਬੰਧਾਂ ਨੂੰ ਸਥਾਨ ਪ੍ਰਦਾਨ ਕੀਤਾ ਹੈ। ਇਸ ਉਪਰੰਤ ਸੰਪਾਦਕਾ ਨੇ ਪੰਜਾਬੀ ਦੇ ਪ੍ਰਸਿੱਧ ਨਾਟਕਕਾਰਾਂ ਦੇ ਵਿਸ਼ੇਸ਼ ਦ੍ਰਿਸ਼ਟੀਆਂ ਤੋਂ ਰਚੇ ਨਾਟਕਕਾਰਾਂ ਬਾਰੇ ਨਿਬੰਧ ਸੰਪਾਦਿਤ ਕੀਤੇ ਹਨ, ਜਿਨ੍ਹਾਂ ਵਿਚ ਸੰਤ ਸਿੰਘ ਸੇਖੋਂ (ਰਮਨਦੀਪ ਕੌਰ), ਅਮਰਜੀਤ ਗਰੇਵਾਲ (ਦਿਨੇਸ਼), ਆਤਮਜੀਤ (ਡਾ: ਸੋਮਪਾਲ ਹੀਰਾ), ਅਜਮੇਰ ਔਲਖ (ਬੀਰਦਵਿੰਦਰ ਕੌਰ), ਚਰਨਦਾਸ ਸਿੱਧੂ (ਵੀਰਪਾਲ ਕੌਰ), ਦੇਵਿੰਦਰ ਸਿੰਘ/ਸੁਮਨਦੀਪ ਸ਼ਰਮਾ), ਦਲਜੀਤ ਸਿੰਘ ਸੰਧੂ (ਅੰਜੂ ਬਾਲਾ), ਬਲਦੇਵ ਸਿੰਘ (ਸਿਮਰਜੀਤ ਕੌਰ), ਸਤੀਸ਼ ਕੁਮਾਰ ਵਰਮਾ (ਜਤਿੰਦਰ ਸਿੰਘ, ਡਾ: ਕਿਰਨਦੀਪ ਸਿੰਘ ਸਾਂਝਾ ਨਿਬੰਧ), ਸਵਰਾਜਬੀਰ (ਡਾ: ਬਲਦੇਵ ਸਿੰਘ), ਸੋਮਪਾਲ ਹੀਰਾ (ਪ੍ਰੋ: ਕੰਵਲਜੀਤ ਕੌਰ) ਆਦਿ। ਇਸ ਪੁਸਤਕ ਦਾ ਦੀਰਘ ਅਧਿਐਨ ਕਰਦਿਆਂ ਕਿਹਾ ਜਾ ਸਕਦਾ ਹੈ ਕਿ ਨਾਟਕ-ਵਿਧਾ ਦੇ ਲਗਪਗ ਸਾਰੇ ਹੀ ਖੋਜਾਰਥੀ ਨਵੇਂ ਹਨ।
ਕਾਵਿ ਨਾਟਕ ਦੀ ਪਰੰਪਰਾ ਵਿਚ ਰਵਿੰਦਰ ਰਵੀ, ਅਜਾਇਬ ਕਮਲ ਅਤੇ ਇਕਬਾਲ ਰਾਮੂਵਾਲੀਆ ਦਾ ਵਿਸ਼ੇਸ਼ ਯੋਗਦਾਨ ਹੈ। ਨੰਦਾ ਦਾ ਦੁਲਹਨ, ਗਾਰਗੀ ਦਾ ਕੇਸਰੋ, ਸਤੀਸ਼ ਵਰਮਾ ਦਾ ਦਾਇਰੇ, ਜਗਦੀਸ਼ ਸਚਦੇਵਾ ਦਾ ਸਾਵੀ ਆਦਿ ਨਾਰੀ ਸੰਵੇਦਨਾ ਦੀ ਪ੍ਰਸਤੁਤੀ ਵਾਲੇ ਨਾਟਕ ਹਨ। ਸੇਖੋਂ ਦੇ ਨਾਟਕ ਨਾਰਕੀ ਤੇ ਵੱਡਾ ਘੱਲੂਘਾਰਾ ਸਮਕਾਲੀ ਸਥਿਤੀਆਂ ਨੂੰ ਰੂਪਮਾਨ ਕਰਦੇ ਹਨ। ਅਮਰਜੀਤ ਗਰੇਵਾਲ ਆਪਣੇ ਨਾਟਕਾਂ ਵਿਚ ਮਨੁੱਖ ਦੀ ਜ਼ਮੀਰ ਨੂੰ ਹਲੂਣਦਾ ਆਪਣੇ ਅਸਤਿੱਤਵ ਦੀ ਹੋਂਦ ਪ੍ਰਤੀ ਜਾਗਰਿਤ ਕਰਦਾ ਹੈ। ਆਤਮਜੀਤ ਦੇ ਸਾਰੇ ਨਾਟਕ ਕਿਰਿਆਸ਼ੀਲਤਾ ਦਿਆਂ ਪਲਾਂ ਦੀ ਤਤਕਾਲੀਨਤਾ ਨੂੰ ਮਹੱਤਵ ਦਿੰਦੇ ਹਨ। ਅਜਮੇਰ ਔਲਖ ਪੰਜਾਬੀ ਸਮਾਜ ਦੀਆਂ ਕੁਰੀਤੀਆਂ ਨੂੰ ਸਮਾਪਤ ਕਰਨ ਦੀ ਪੇਸ਼ਕਾਰੀ ਕਰਦਾ ਹੈ। ਚਰਨਦਾਸ ਸਿੱਧੂ ਆਪਣੇ ਨਾਟਕਾਂ ਰਾਹੀਂ ਦਲਿਤਾਂ ਨੂੰ ਚੇਤਨਾ ਪ੍ਰਦਾਨ ਕਰਦਾ ਹੈ। ਦੇਵਿੰਦਰ ਸਿੰਘ ਆਪਣੇ ਨਾਟਕਾਂ ਵਿਚ ਪਾਤਰਾਂ ਨੂੰ ਜਾਣਬੁੱਝ ਕੇ ਰਾਜਨੀਤੀ ਦਾ ਸ਼ਿਕਾਰ ਹੁੰਦਾ ਵਿਖਾਉਂਦਾ ਹੈ। ਦਲਜੀਤ ਸਿੰਘ ਸੰਧੂ ਟੀ.ਵੀ. ਨਾਟਕਾਂ ਦੇ ਖੇਤਰ ਵਿਚ ਵਿਲੱਖਣ ਸਥਾਨ ਦਾ ਧਾਰਨੀ ਹੈ। ਬਲਦੇਵ ਸਿੰਘ ਨੇ ਨਾਵਲਾਂ ਤੇ ਕਹਾਣੀਆਂ ਦੇ ਨਾਟਕੀ ਰੂਪਾਂਤਰਣ ਕਰਨ ਦਾ ਪ੍ਰਯਤਨ ਕੀਤਾ ਹੈ। ਸਵਰਾਜਬੀਰ ਆਪਣੇ ਨਾਟਕਾਂ ਵਿਚ ਦਲਿਤਾਂ, ਔਰਤਾਂ ਦਾ ਸ਼ੋਸ਼ਣ ਅਤੇ ਪਾਤਰਾਂ ਵੱਲੋਂ 'ਮੁੰਡੇ' ਦੀ ਲਾਲਸਾ ਦਾ ਪ੍ਰਗਟਾਵਾ ਕਰਦਾ ਹੈ। ਸੋਮਪਾਲ ਹੀਰਾ ਦੀਆਂ ਇਸਤਰੀ ਪਾਤਰ ਸਥਾਪਤ ਰਹੁ-ਰੀਤਾਂ ਵਿਰੁੱਧ ਸੰਘਰਸ਼ ਕਰਦੀਆਂ ਵਿਖਾਈਆਂ ਗਈਆਂ ਹਨ।


ਂਡਾ: ਧਰਮ ਚੰਦ ਵਾਤਿਸ਼
ਮੋ: 98144-46007.

ਸਾਥ ਪਰਿੰਦਿਆਂ ਦਾ
ਨਾਵਲਕਾਰ : ਬੂਟਾ ਸਿੰਘ ਚੌਹਾਨ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 98143-80749.


'ਸਾਥ ਪਰਿੰਦਿਆਂ ਦਾ' ਬੂਟਾ ਸਿੰਘ ਚੌਹਾਨ ਦਾ ਅਜਿਹਾ ਨਾਵਲ ਹੈ, ਜਿਸ ਵਿਚ ਉਸ ਨੇ ਕਿਰਤੀ ਵਿਅਕਤੀ ਜਸਵੰਤ ਦੀ ਮਿਹਨਤ, ਸਿਰੜ ਅਤੇ ਕਾਰੀਗਰੀ ਦੇ ਹੁਨਰ ਬਾਰੇ ਵਿਸਥਾਰ ਅਤੇ ਵਿਵੇਕ ਸਹਿਤ ਚਾਨਣਾ ਪਾਇਆ ਹੈ। ਜਸਵੰਤ ਸਿੰਘ ਦਰਜੀ ਦੇ ਕਿੱਤੇ ਨਾਲ ਜੁੜਿਆ ਹੋਇਆ ਹੈ ਅਤੇ ਉਸ ਦੇ ਕਿੱਤੇ ਦੀ ਮੁਹਾਰਤ ਪਿੱਛੇ ਉਸ ਦੀ ਸਮਰਪਣ ਭਾਵਨਾ ਵੀ ਜੁੜੀ ਹੋਈ ਨਜ਼ਰ ਆਉਂਦੀ ਹੈ। ਇਸ ਕਿੱਤੇ ਦੀ ਮੁਹਾਰਤ ਸਦਕਾ ਹੀ ਉਸ ਨੂੰ ਮਹਾਰਾਜਾ ਫ਼ਰੀਦਕੋਟ ਤੋਂ ਲੈ ਕੇ ਸਿਆਸਤ ਦੇ ਵੱਡੇ-ਵੱਡੇ ਲੀਡਰ ਜਾਣਦੇ ਵੀ ਹਨ ਅਤੇ ਉਸ ਦੀ ਕਦਰ ਵੀ ਕਰਦੇ ਹਨ। ਇਸ ਨਾਵਲ ਵਿਚ ਨਾਵਲਕਾਰ ਨੇ ਦਰਜੀ ਕਿੱਤੇ ਨਾਲ ਜੁੜੀਆਂ ਹੋਈਆਂ ਹੋਰ ਪੇਚੀਦਗੀਆਂ ਦੀ ਵੀ ਨਿਸ਼ਾਨਦੇਹੀ ਕੀਤੀ ਹੈ। ਮਿਸਾਲ ਵਜੋਂ ਇਕੋ ਜਿਹੇ ਕਿੱਤੇ ਵਾਲਿਆਂ ਦੀ ਆਪਸੀ ਖਿੱਚੋਤਾਣ, ਉਸਤਾਦੀ ਸ਼ਾਗਿਰਦੀ ਵਿਚ ਪੈਦਾ ਹੋ ਰਹੀ ਕਸ਼ਮਕਸ਼ ਅਤੇ ਇਸ ਕਿੱਤੇ ਨਾਲ ਜੁੜੇ ਹੋਏ ਲੋਕਾਂ ਨੂੰ ਕਾਨੂੰਨੀ ਅੜਚਨਾਂ ਨੂੰ ਵੀ ਸਹਿਣ ਕਰਨਾ ਪੈਂਦਾ ਹੈ। ਜਸਵੰਤ ਦੇ ਪਰਿਵਾਰ ਦਾ ਪਿਛੋਕੜ ਉਲੀਕਦਿਆਂ ਨਾਵਲਕਾਰ ਨੇ ਉਸ ਦੇ ਪਿਉ ਦੇ ਵਿਹਾਰ ਬਾਰੇ ਵੀ ਵੇਰਵੇ ਦਰਜ ਕੀਤੇ ਹਨ ਅਤੇ ਜਸਵੰਤ ਦੀ ਆਪਸੀ ਕਬੀਲਦਾਰੀ ਅਤੇ ਵਿਸ਼ੇਸ਼ ਕਰਕੇ ਉਸ ਦੀਆਂ ਲੜਕੀਆਂ ਦੇ ਗ੍ਰਿਹਸਥੀ ਜੀਵਨ ਬਾਰੇ ਵੀ ਵਰਨਣ ਕੀਤਾ ਹੈ। ਮਿਸਾਲ ਵਜੋਂ ਉਸ ਦੀ ਲੜਕੀ ਹਰਮਿੰਦਰ ਦੀਆਂ ਮੁਸੀਬਤਾਂ ਨੂੰ ਉਸ ਨੇ ਕਰੁਣਾਮਈ ਢੰਗ ਨਾਲ ਬਿਆਨ ਕੀਤਾ ਹੈ ਪਰ ਇਹ ਜ਼ਿੰਦਾਦਿਲ ਇਨਸਾਨ ਜ਼ਿੰਦਗੀ ਦੀਆਂ ਮੁਸ਼ਕਿਲਾਂ ਨਾਲ ਜੂਝਦਾ ਵੀ ਹੈ ਤੇ ਆਪਣੇ ਹੁਨਰ ਸਦਕਾ ਦੇਸ਼ਾਂ-ਵਿਦੇਸ਼ਾਂ ਦੀ ਸੈਰ ਵੀ ਕਰਦਾ ਹੈ। ਪਰ ਹੱਥ ਖਰਾਬ ਹੋਣ ਦੀ ਵਜ੍ਹਾ ਕਰਕੇ ਆਪਣੇ-ਆਪ ਨੂੰ ਵਿਯੋਗਿਆ ਵੀ ਮਹਿਸੂਸ ਕਰਦਾ ਹੈ। ਨਾਵਲ ਵਿਚ ਤਕਰੀਬਨ ਸਾਰਾ ਹੀ ਬਿਰਤਾਂਤ ਬਿਆਨੀਆ ਸ਼ੈਲੀ ਵਿਚ ਹੈ ਪਰ ਕਿਤੇ-ਕਿਤੇ ਨਾਟਕੀ ਢੰਗ ਵੀ ਵਰਤਿਆ ਹੈ। ਨਿਵੇਕਲੇ ਵਿਸ਼ੇ ਸਦਕਾ ਨਾਵਲ ਪ੍ਰਭਾਵਿਤ ਕਰਦਾ ਹੈ।


ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.

 

 

 

 

 

ਮੰਜ਼ਰੀ ਗ਼ਜ਼ਲਾਂ
ਗ਼ਜ਼ਲਗੋ : ਗੁਰਦਿਆਲ ਰੌਸ਼ਨ
ਮੁੱਲ : 180 ਰੁਪਏ, ਸਫ਼ੇ : 51
ਸੰਪਰਕ : 99884-44002.


ਗ਼ਜ਼ਲਾਂ ਦੀ ਇਹ ਪੁਸਤਕ ਨਿਵੇਕਲੀ ਹੈ, ਕਿਉਂਕਿ ਹਰ ਗ਼ਜ਼ਲ ਦੇ ਨਾਲ ਰਵੀਦੀ ਦੁਆਰਾ ਖਿੱਚੀਆਂ ਤਸਵੀਰਾਂ ਦਿੱਤੀਆਂ ਗਈਆਂ ਹਨ। ਹਰ ਇਕ ਗ਼ਜ਼ਲ ਦੇ ਛੇ ਸ਼ਿਅਰ ਹਨ ਅਤੇ ਗ਼ਜ਼ਲ ਦੇ ਭਾਵ ਨੂੰ ਦਰਸਾਉਂਦੀ ਕਲਾਤਮਕ ਤਸਵੀਰ ਹੈ। ਗ਼ਜ਼ਲਾਂ ਅਤੇ ਤਸਵੀਰਾਂ ਬਹੁਤ ਮਿਆਰੀ ਅਤੇ ਪ੍ਰਭਾਵਸ਼ਾਲੀ ਹਨ। ਇਹ ਜ਼ਿੰਦਗੀ ਦੇ ਵੱਖੋ-ਵੱਖਰੇ ਰੰਗਾਂ ਅਤੇ ਮਿਜਾਜ਼ਾਂ ਦੀ ਤਸਵੀਰ ਪੇਸ਼ ਕਰਦੀਆਂ ਹਨ। ਕੁਝ ਝਲਕਾਂ ਪੇਸ਼ ਹਨਂ
-ਕਿੰਨਾ ਚਿਰ ਹਨ ਠੋਕਰਾਂ ਕਿੰਨਾ ਚਿਰ ਅਪਮਾਨ
ਆਖਾਂ ਕਿਸ ਮੂੰਹ ਨਾਲ ਮੈਂ ਮੇਰਾ ਦੇਸ਼ ਮਹਾਨ।
-ਵਿਛੜਨਾ ਪੈਂਦਾ ਹੈ ਸਭ ਨੂੰ ਅੰਤ ਦੇ ਵਿਚ
ਏਹੀ ਕੁਝ ਖੜ ਖੜ 'ਚ ਪੱਤੇ ਬੋਲਦੇ ਨੇ।
-ਵਿਹਲੇ ਲੋਕੀਂ ਕਰਦੇ ਨੇ ਗਿਣਤੀ ਮਿਣਤੀ ਸਾਹਾਂ ਦੀ
ਮਿੱਟੀ ਛਾਣੀ ਜਾਂਦੇ ਹਾਂ ਕੱਚੇ ਪੱਕੇ ਰਾਹਾਂ ਦੀ।
-ਜ਼ਿੰਦਗੀ ਤੂੰ ਮੌਲਦੇ ਰੁੱਖਾਂ 'ਚ ਦੇਖ
ਏਸ ਨੂੰ ਨਾ ਮੇਰੀਆਂ ਅੱਖਾਂ 'ਚ ਦੇਖ।
-ਚਿਰ ਹੋਇਆ ਨਾ ਨਜ਼ਰੀਂ ਪਈਆਂ
ਚਿੜੀਆਂ ਆਖਰ ਕਿੱਥੇ ਗਈਆਂ?
-ਢਿੱਡ ਭਰਦੇ ਨਾ ਗੱਲਾਂ ਨਾਲ
ਗੱਲ ਬਣੇ ਸੰਘਰਸ਼ਾਂ ਨਾਲ।
-ਫੁਰਸਤ ਦੇ ਪਲ ਹੋਣ ਕਦੀ ਜੇ ਨੱਚ ਲਈਦਾ ਗਾ ਛੱਡੀਦਾ
ਦੁੱਖ ਤਾਂ ਆਪਣੀ ਕਿਸਮਤ ਵਿਚ ਨੇ ਇਨ੍ਹਾਂ 'ਤੇ ਮੁਸਕਾ ਛੱਡੀਦਾ।
-ਰੱਖੀ ਹੈ ਸੰਭਾਲ ਕੇ ਜਿਨ੍ਹਾਂ ਨੇ ਮੁਸਕਾਨ
ਚਾਹੀਦੈ ਇਸ ਦੌਰ ਵਿਚ ਉਨ੍ਹਾਂ ਦਾ ਸਨਮਾਨ।
ਬਹੁਰੰਗੀਆਂ, ਬਹੁਭਾਂਤੀਆਂ ਕਲਾਤਮਕ ਤਸਵੀਰਾਂ ਅਤੇ ਖੂਬਸੂਰਤ ਗ਼ਜ਼ਲਾਂ ਦਾ ਸਵਾਗਤ ਹੈ।
 


ਸ਼ਬਦਾਂ ਦੀ ਲੀਲ੍ਹਾ

ਸ਼ਾਇਰ : ਗੁਰਦਿਆਲ ਪੱਲ੍ਹਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 78
ਸੰਪਰਕ : 95924-46162.


ਦਿਲ ਦੇ ਵਲਵਲਿਆਂ ਅਤੇ ਮਨੋਭਾਵਾਂ ਨੂੰ ਪ੍ਰਗਟਾਉਣ ਲਈ ਕਵਿਤਾ ਇਕ ਪਿਆਰਾ ਮਾਧਿਅਮ ਹੈ। ਜਦੋਂ ਖੂਬਸੂਰਤ ਜਜ਼ਬੇ ਸ਼ਬਦਾਂ ਵਿਚ ਪ੍ਰੋਏ ਜਾਂਦੇ ਹਨ ਤਾਂ ਇਕ ਸੁਹਜ ਅਤੇ ਸੁਹੱਪਣ ਉਪਜਦਾ ਹੈ। ਕਵੀ ਵੀ ਇਹੋ ਕਹਿੰਦਾ ਹੈ ਕਿ ਕਵਿਤਾ ਸ਼ਬਦਾਂ ਦੀ ਲੀਲ੍ਹਾ ਹੈ, ਜਿਸ ਨਾਲ ਕੋਈ-ਕੋਈ ਖੇਡਦਾ ਹੈ। ਰੂਹ ਦੀ ਧੜਕਣ ਨਾਲ ਨਵੇਂ ਅੱਖਰ ਅਤੇ ਨਵੇਂ ਸ਼ਬਦ ਧੜਕਣ ਲਗਦੇ ਹਨ ਜੋ ਅੰਦਰ ਨੂੰ ਖੇੜਾ ਬਖਸ਼ਦੇ ਹਨ। ਇਨ੍ਹਾਂ ਕਵਿਤਾਵਾਂ ਵਿਚ ਕਵੀ ਨੇ ਨਿੱਕੇ-ਵੱਡੇ ਪਲਾਂ ਨੂੰ ਕੈਦ ਕੀਤਾ ਹੈ। ਆਓ ਕੁਝ ਝਲਕਾਂ ਦੇਖੀਏਂ
ਕਵਿਤਾ ਤਾਂ ਹੁੰਦੀ
ਖਿੜੇ ਹੋਏ ਫੁੱਲਾਂ ਵਰਗੀ
ਤੇ ਮਹਿਕ ਇਸ ਦੀ
ਕਦੇ ਨਾ ਮਰਦੀ।
-ਚੁੱਪ ਦੀ ਵੀ ਆਪਣੀ ਬੋਲੀ
ਤੇ ਆਵਾਜ਼ ਹੁੰਦੀ ਹੈ
ਦਫ਼ਨ ਹੋਈ ਰੂਹ ਦੀ ਧੜਕਣ
ਕਦੇ ਸੁਣ ਕੇ ਤਾਂ ਵੇਖ।
-ਭਾਈ ਘਨੱਈਆ ਤਾਂ
ਭਾਈ ਘਨੱਈਆ ਸੀ
ਨਾ ਉਹ ਸਿੰਘ ਸੀ
ਨਾ ਉਹ ਲਾਲ ਸੀ
ਉਹ ਤਾਂ ਗੁਰਾਂ ਦਾ
ਮਿਹਰਬਾਨ ਇਕ ਸਿੱਖ ਸੀ
ਹੱਕ ਸੱਚ ਕਮਾਈ ਦਾ
ਚਮਕਦਾ ਭਵਿੱਖ ਸੀ।
-ਸਿਰ ਤਾਂ ਲੱਖਾਂ ਹੋ ਸਕਦੇ ਹਨ
ਪਰ ਲੱਖਾਂ ਸਿਰਾਂ ਵਿਚੋਂ
ਸੀਸ ਤਾਂ ਵਿਰਲਾ ਹੀ ਹੁੰਦਾ ਹੈ।


ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.


ਵਿਆਹ ਦੇ ਗੀਤ
ਲੇਖਿਕਾ : ਪਰਮਜੀਤ 'ਪੰਮੀ'
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 104
ਮੋ: 98786-03236.


ਪੰਜਾਬੀ ਸੱਭਿਆਚਾਰ ਆਪਣੇ ਰੀਤੀ-ਰਿਵਾਜ ਅਤੇ ਰਸਮਾਂ ਕਰਕੇ ਬੜੇ ਵੱਡੇ ਅਰਥਾਂ ਵਾਲਾ ਸੱਭਿਆਚਾਰ ਹੈ। ਇਸ ਦਾ ਇਕ ਮਹੱਤਵਪੂਰਨ ਅੰਗ ਵਿਆਹ ਹੁੰਦਾ ਹੈ, ਜਿਸ ਦੇ ਸਮਾਗਮ ਕਈ ਦਿਨ ਤੱਕ ਚਲਦੇ ਹਨ। ਵਿਆਹ ਸਮੇਂ ਅਨੇਕਾਂ ਸ਼ਗਨ ਮਨਾਏ ਜਾਂਦੇ ਹਨ, ਜਿਵੇਂ ਕੁੜਮਾਈ ਜਾਂ ਮੰਗਣੀ, ਸੁਹਾਗ ਜਾਂ ਘੋੜੀਆਂ, ਵਟਣਾ, ਖਾਰਾ, ਲਾਵਾਂ, ਖੱਟ, ਡੋਲੀ, ਪਾਣੀ ਵਾਰਨਾ ਆਦਿ।
ਪਰਮਜੀਤ 'ਪੰਮੀ' ਵੱਲੋਂ ਰਚਿਤ ਪੁਸਤਕ 'ਵਿਆਹ ਦੇ ਗੀਤ' ਵਿਚ ਇਸ ਖੁਸ਼ੀਆਂ ਭਰਪੂਰ ਸਮੇਂ ਦੇ ਵੱਖ-ਵੱਖ ਮੌਕਿਆਂ 'ਤੇ ਗਾਏ ਜਾਣ ਵਾਲੇ ਸੁਹਾਗ, ਘੋੜੀਆਂ, ਗੀਤਾਂ, ਬੋਲੀਆਂ, ਸਿੱਠਣੀਆਂ, ਛੰਦ ਆਦਿ ਨੂੰ ਬਾ-ਤਰਤੀਬ ਦਰਜ ਕੀਤਾ ਗਿਆ ਹੈ। ਇਨ੍ਹਾਂ ਗੀਤਾਂ ਬੋਲੀਆਂ, ਸਿੱਠਣੀਆਂ ਆਦਿ ਰਾਹੀਂ ਸਾਡੇ ਰਿਸ਼ਤਿਆਂ ਵਿਚਲੇ ਨਿੱਘ, ਮੋਹ-ਪਿਆਰ, ਸਤਿਕਾਰ, ਰੰਗਲੇ ਸੁਭਾਅ ਤੇ ਹਾਸੇ-ਠੱਠੇ ਦੀ ਝਲਕ ਮਿਲਦੀ ਹੈ। ਜਿਵੇਂ ਸੁਹਾਗ ਰਾਹੀਂ ਲੜਕੀ ਦੀ ਪੇਕੇ ਘਰ ਨਾਲ ਅਪਣੱਤ, ਮਾਤਾ ਪਿਤਾ ਤੇ ਭੈਣਾਂ-ਭਰਾਵਾਂ ਨਾਲ ਮੋਹ ਦਾ ਪਤਾ ਲਗਦਾ ਹੈ। ਦਾਦਕੀਆਂ ਤੇ ਨਾਨਕੀਆਂ ਵੱਲੋਂ ਦਿੱਤੀਆਂ ਜਾਂਦੀਆਂ ਸਿੱਠਣੀਆਂ ਰਾਹੀਂ ਪੰਜਾਬੀਆਂ ਦੇ ਖੁੱਲ੍ਹੇ-ਡੁੱਲ੍ਹੇ ਤੇ ਹਾਸੇ-ਠੱਠੇ ਵਾਲੇ ਸੁਭਾਅ ਅਤੇ ਸਹਿਣਸ਼ੀਲਤਾ ਦਾ ਪਤਾ ਲਗਦਾ ਹੈ ਕਿਉਂਕਿ ਇਨ੍ਹਾਂ ਰਾਹੀਂ ਇਕ ਪੱਖ ਦੂਜੇ ਪੱਖ 'ਤੇ ਸਿੱਠਣੀਆਂ ਰਾਹੀਂ ਤਿੱਖੀਆਂ ਚੋਭਾਂ ਦਾ ਵਾਰ ਕਰਦਾ ਹੈ ਤੇ ਇਸੇ ਤਰ੍ਹਾਂ ਦੂਜਾ ਪੱਖ ਉਸ ਦਾ ਉਸੇ ਤਰਜ਼ 'ਤੇ ਜਵਾਬ ਦਿੰਦਾ ਹੈ। ਹੈ ਜਾਗੋ ਸਾਰੇ ਪਿੰਡ ਨੂੰ ਜਾਗਣ ਦਾ ਹੋਕਾ ਦਿੰਦੀ ਹੈ। ਛੰਦਾਂ ਰਾਹੀਂ ਵਿਆਂਹਦੜ ਮੁੰਡੇ ਦੇ ਬੌਧਿਕ ਪੱਧਰ ਦੀ ਪਰਖ ਕਰ ਲਈ ਜਾਂਦੀ ਹੈ।
ਇਹ ਸਭ ਕੁਝ ਬੜੇ ਸਲੀਕੇ ਤੇ ਨਿਯਮਬੱਧ ਢੰਗ ਨਾਲ ਨੇਪਰੇ ਚੜ੍ਹ ਜਾਂਦਾ ਹੈ ਤੇ ਸਾਰੇ ਰਿਸ਼ਤਿਆਂ ਨੂੰ ਇਕ ਮੋਹਭਰੀ ਤੰਦ ਵਿਚ ਪਰੋਏ ਹੋਣ ਦਾ ਅਹਿਸਾਸ ਹੁੰਦਾ ਹੈ। ਇਸ ਪੁਸਤਕ ਵਿਚ ਸੁਹਾਗ/ਘੋੜੀਆਂ ਤੋਂ ਸ਼ੁਰੂ ਹੋ ਕੇ ਡੋਲੀ ਘਰ ਪਹੁੰਚਣ ਤੱਕ ਦੀਆਂ ਪੰਜਾਬੀ ਵਿਰਸੇ ਦੀਆਂ ਸਾਰੀਆਂ ਰਸਮਾਂ ਨੂੰ ਜਿਨ੍ਹਾਂ ਗੀਤ, ਬੋਲੀਆਂ, ਸਿੱਠਣੀਆਂ ਆਦਿ ਰਾਹੀਂ ਨੇਪਰੇ ਚਾੜ੍ਹਿਆ ਜਾਂਦਾ ਹੈ, ਨੂੰ ਲੇਖਿਕਾ ਨੇ ਇਕੱਤਰ ਕਰਕੇ ਇਕ ਪੁਸਤਕ ਦੇ ਰੂਪ ਵਿਚ ਸਾਂਭਣ ਦਾ ਪ੍ਰਸੰਸਾਯੋਗ ਉਪਰਾਲਾ ਕੀਤਾ ਹੈ। ਅੱਜ ਦੇ ਹਥਿਆਰਾਂ ਤੇ ਅਸ਼ਲੀਲਤਾ ਭਰਪੂਰ ਗੀਤਾਂ ਨਾਲ ਗੰਧਲੇ ਹੋ ਰਹੇ ਪੰਜਾਬ ਦੇ ਸਮਾਜਿਕ ਵਾਤਾਵਰਨ ਦੇ ਦੌਰ ਵਿਚ ਇਸ ਪੁਸਤਕ ਦੀ ਸਾਰਥਿਕਤਾ ਹੋਰ ਵਧੇਰੇ ਹੋ ਜਾਂਦੀ ਹੈ। ਇਹ ਪੁਸਤਕ ਹਰ ਪੰਜਾਬੀ ਦੇ ਘਰ ਦਾ ਸ਼ਿੰਗਾਰ ਬਣਨ ਦੇ ਬਿਲਕੁਲ ਸਮਰੱਥ ਹੈ।


ਂਪਰਮਜੀਤ ਸਿੰਘ ਵਿਰਕ
ਮੋ: 98724-07744


 

 

 

 

ਮੀਡੀਆ ਅਤੇ ਵਿਚਾਰਧਾਰਾ
ਲੇਖਕ : ਦੀਪ ਨਿਰਮੋਹੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 104
ਸੰਪਰਕ : 81468-21400.


ਮੀਡੀਆ ਦੁਆਰਾ ਪੈਦਾ ਕੀਤਾ ਯਥਾਰਥ ਕਾਲਪਨਿਕ ਹੁੰਦਾ ਹੈ। ਉਤਰ-ਆਧੁਨਿਕ ਸ਼ਬਦਾਵਲੀ ਇਸ ਨੂੰ ਸਿਮੁਲੈਕਰਾਂ ਦੇ ਸੰਕੇਤ ਨਾਲ ਸਮਝਾਉਂਦੀ ਹੈ। ਮੀਡੀਆ ਯਥਾਰਥ ਬਾਰੇ ਸਾਡੀ ਸਮਝ ਨੂੰ ਵਿਚਾਰਧਾਰਕ ਦਖ਼ਲਅੰਦਾਜ਼ੀ ਨਾਲ ਮੋੜਦਾ ਤੋੜਦਾ ਹੈ, ਪਰ ਪਖੰਡ ਨਿਰਪੱਖਤਾ ਦਾ ਕਰਦਾ ਹੈ। ਉਂਜ ਇਹ ਆਮ ਕਰਕੇ ਸੱਤਾਧਾਰੀ ਧਿਰ ਦਾ ਹੱਥ ਠੋਕਾ ਬਣਦਾ ਹੈ। ਸ਼ਕਤੀਸ਼ਾਲੀ ਵਿਅਕਤੀਆਂ, ਸੰਸਥਾਵਾਂ ਦੇ ਹਿਤ ਪਾਲਦਾ ਹੈ। ਹਾਕਮਾਂ ਤੇ ਉਕਤ ਸੰਸਥਾਵਾਂ ਦੀ ਵਿਚਾਰਧਾਰਾ ਨੂੰ ਨੂੰ ਆਮ ਲੋਕਾਂ ਅੱਗੇ ਪੇਸ਼ ਕਰਦੇ ਹੋਏ ਯਥਾਰਥ ਦੀ ਭ੍ਰਮਿਕ/ਝੂਠੀ ਚੇਤਨਾ ਦੇ ਲੜ ਲਾਉਂਦਾ ਹੈ। ਵਸਤਾਂ/ਵਿਚਾਰਾਂ ਨੂੰ ਵੇਚਦਾ ਹੈ। ਦੀਪ ਨਿਰਮੋਹੀ ਨੇ ਇਸ ਨਿੱਕੀ ਜਿਹੀ ਪੁਸਤਕ ਵਿਚ ਪੰਜਾਬੀ ਪ੍ਰਿੰਟ ਮੀਡੀਆ ਦੀ ਚੀਰ-ਫਾੜ ਇਸੇ ਸੱਚ ਨੂੰ ਉਜਾਗਰ ਕਰਨ ਲਈ ਬੜੀ ਖੂਬਸੂਰਤੀ ਨਾਲ ਕੀਤੀ ਹੈ।
ਉਸ ਦੀ ਇਹ ਕਿਤਾਬ ਕਿਸੇ ਡਿਗਰੀ ਸਾਪੇਖ ਨਿਬੰਧ ਦਾ ਹਿੱਸਾ ਪ੍ਰਤੀਤ ਹੁੰਦੀ ਹੈ ਅਤੇ ਉਸ ਦਾ ਉਸਤਾਦ/ਨਿਗਰਾਨ ਡਾ: ਸੁਖਵਿੰਦਰ ਸਿੰਘ ਸੰਘਾ ਹੈ। ਉਹ ਇਸ ਵਿਸ਼ੇ ਦਾ ਮਾਹਰ ਭਾਸ਼ਾ ਵਿਗਿਆਨੀ ਅਤੇ ਵਿਚਾਰਧਾਰਕ ਪੱਖੋਂ ਸੁਚੇਤ ਅਧਿਆਪਕ ਹੈ। ਕੁਝ ਵੀ ਹੋਵੇ, ਨਿਰਮੋਹੀ ਅਨੁਸਾਰ ਵਿਅਕਤੀ ਨੂੰ ਕੁਦਰਤ ਪੈਦਾ ਕਰਦੀ ਹੈ ਅਤੇ ਸਬਜੈਕਟ ਨੂੰ ਸੱਭਿਆਚਾਰ। ਸਬਜੈਕਟ ਨੂੰ ਘੜਨ ਵਿਚ ਮੀਡੀਆ ਦੇ ਰੋਲ ਦੀ ਪਛਾਣ ਇਸ ਖੋਜ ਨਿਬੰਧ ਵਿਚ ਕੀਤੀ ਗਈ ਹੈ। ਲੇਖਕ ਇਹ ਚੇਤੇ ਕਰਵਾਉਂਦਾ ਹੈ ਕਿ ਜਨ-ਸਾਧਾਰਨ ਦੀ ਮਾਨਸਿਕਤਾ ਪ੍ਰਕਾਸ਼ਿਤ ਸੂਚਨਾ ਨੂੰ ਸੱਚ ਸਮਝਣ ਦੀ ਆਦੀ ਹੈ।
ਕਾਰਪੋਰੇਟ/ਮੰਡੀ ਦੇ ਯੁੱਗ ਵਿਚ ਵਸਤਾਂ ਦਾ ਉਤਪਾਦਨ ਉਨ੍ਹਾਂ ਦੀ ਮਨੁੱਖ ਲਈ ਉਪਯੋਗਤਾ/ਲੋੜ ਵਾਸਤੇ ਨਹੀਂ, ਮੁਨਾਫ਼ੇ ਲਈ ਕੀਤਾ ਜਾਂਦਾ ਹੈ। ਮੀਡੀਆ ਲੋਕਾਂ ਨੂੰ ਵੱਧ ਤੋਂ ਵੱਧ ਵਸਤਾਂ ਖ਼ਰੀਦਣ ਲਈ ਪ੍ਰੇਰਿਤ ਕਰਦਾ ਹੈ। ਸਬਜੈਕਟ ਨੂੰ ਉਪਭੋਗੀ ਬਣਾਉਂਦਾ ਹੈ। ਇਸ ਕਾਰਜ ਲਈ ਭਾਸ਼ਾ ਦੀ ਚੁਸਤ/ਜੁਗਤਮਈ ਵਰਤੋਂ ਕਰਦਾ ਹੈ, ਜਿਸ ਨੂੰ ਬੰਦਾ ਆਪਣੀ ਚੋਣ/ਪਸੰਦ ਸਮਝਦਾ ਹੈ, ਉਹ ਅਸਲ ਵਿਚ ਮੀਡੀਆ ਦੁਆਰਾ ਉਸ ਉੱਤੇ ਅਚੇਤ ਹੀ ਲੱਦੀ ਹੁੰਦੀ ਹੈ। ਪੰਜਾਬੀ ਅਖ਼ਬਾਰਾਂ ਵਿਚ ਖ਼ਬਰਾਂ, ਇਸ਼ਤਿਹਾਰਾਂ, ਸੰਪਾਦਕੀਆਂ ਦੇ ਆਧਾਰ ਉੱਤੇ ਲਿਖੀ ਗਈ ਹੈ ਇਹ ਕਿਤਾਬ।


ਵਿਸ਼ਵ ਕਵੀ
ਲੇਖਕ : ਹਰਭਜਨ ਸਿੰਘ ਹੁੰਦਲ
ਪ੍ਰਕਾਸ਼ਕ : ਮਨਪ੍ਰੀਤ ਪ੍ਰਕਾਸ਼ਨ, ਦਿੱਲੀ
ਮੁੱਲ : 490 ਰੁਪਏ, ਸਫ਼ੇ : 223
ਸੰਪਰਕ : 99150-42242.


ਹੁੰਦਲ ਦੀ ਵਿਸ਼ਵ ਕਵੀਆਂ ਬਾਰੇ ਇਹ ਦੂਜੀ ਕਿਤਾਬ ਹੈ। ਇਹ ਸਾਰੇ ਕਵੀ ਉਸਾਰੂ/ਮਾਨਵਵਾਦੀ/ਮਾਰਕਸਵਾਦੀ/ਕ੍ਰਾਂਤੀਕਾਰਾਂ ਸੋਚ ਵਾਲੇ ਹਨ। ਉਨ੍ਹਾਂ ਦੀ ਦ੍ਰਿਸ਼ਟੀ ਵਿਚ ਇਕੋ ਸੇਧ ਹੈ। ਤੀਬਰਤਾ ਜਾਂ ਤੀਖਣਤਾ ਵਿਚ ਅੰਤਰ ਹੋ ਸਕਦਾ ਹੈ। ਮਨੁੱਖ ਤੇ ਮਨੁੱਖ ਦੇ ਜੀਣ-ਥੀਣ ਵਾਸਤੇ ਸਮਾਜ ਨੂੰ ਜੀਣ ਦੇ ਕਾਬਲ ਬਣਾਉਣਾ ਇਨ੍ਹਾਂ ਸਾਰਿਆਂ ਦਾ ਸੁਪਨਾ ਹੈ। ਆਪੋ-ਆਪਣੇ ਦੇਸ਼/ਕਾਲ ਵਿਚ ਇਨ੍ਹਾਂ ਨੇ ਪ੍ਰਤੀਕੂਲ ਪ੍ਰਸਥਿਤੀਆਂ ਨਾਲ ਦਸਤਪੰਜਾ ਲਿਆ। ਕਰੜੇ ਸੰਘਰਸ਼ ਵੇਖੇ। ਬਹੁਤ ਕੁਝ ਵੇਖਿਆ-ਭੋਗਿਆ ਅਤੇ ਦੇਸ਼/ਕਾਲ ਦੀਆਂ ਸੀਮਾਵਾਂ ਪਾਰ ਕਰਕੇ ਜੀਣ ਵਾਲੀ ਕਾਵਿ ਰਚਨਾ ਕੀਤੀ।
ਵਧੀਆ ਸਾਹਿਤ ਦੀ ਪਛਾਣ ਤੇ ਮੁੱਲ ਪਾਉਣ ਵਾਸਤੇ ਵੀ ਵਧੀਆ ਸੋਚ ਚਾਹੀਦੀ ਹੈ। ਉੱਤਮ ਸਾਹਿਤ ਯੋਗਤਾ ਤੋਂ ਬਿਨਾਂ ਇਹ ਕਾਰਜ ਸੰਭਵ ਨਹੀਂ। ਹੁੰਦਲ ਹੰਢਿਆ ਹੋਇਆ ਵਧੀਆ ਪ੍ਰਤੀਬੱਧ ਕਵੀ ਹੈ। ਆਲੋਚਨਾ ਤੇ ਸਾਹਿਤ ਦੇ ਨਾਲ-ਨਾਲ ਸਮਾਜ ਦੀ ਡਾਇਲੈਕਟਿਕਸ ਦੀ ਵੀ ਉਸ ਨੂੰ ਖੂਬ ਸਮਝ ਹੈ। ਇਸ ਸਮਝ ਨਾਲ ਲੈਸ ਉਸ ਨੇ ਪੁਸ਼ਕਿਨ, ਪਾਸਤਰਨਾਕ, ਸ਼ੈਵਚੈਂਕੋ, ਓਸਤਰੋਵਸਕੀ, ਲੋਰਕਾ, ਹਬੀਬ ਜਾਲਿਬ, ਮਸੂਦ ਖੱਦਰਪੋਸ਼, ਗ੍ਰਾਮਸਕੀ, ਗ਼ਾਲਿਬ, ਅਵਤਾਰ ਜੰਡਿਆਲਵੀ, ਗੁਰਦੀਪ ਡੇਹਰਾਦੂਨ, ਅਖਮਾਤੋਵਾ ਤੇ ਤਸਵੀਤਾਈਵਾ ਦੇ ਜੀਵਨ ਤੇ ਕਾਵਿ ਬਾਰੇ ਪ੍ਰਭਾਵਸ਼ਾਲੀ ਗੱਲਾਂ ਕੀਤੀਆਂ ਹਨ। ਉਸ ਦੇ ਨਿਬੰਧਾਂ ਵਿਚ ਸਾਰਥਕ ਤੇ ਸਮਝ ਆਉਣ ਵਾਲੀਆਂ ਗੱਲਾਂ ਹਨ। ਇਸ ਦੇ ਬਾਵਜੂਦ ਉਹ ਮੌਲਿਕ ਤੇ ਰੌਚਕ ਹੈ।


ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550

 

 

 

 

 

ਨੱਥਿਆ ਖਿੱਚ ਤਿਆਰੀ
ਲੇਖਕ : ਸੱਤੀ ਛਾਜਲਾ
ਪ੍ਰਕਾਸ਼ਕ : ਘੁਮਾਣ ਪਬਲੀਕੇਸ਼ਨ, ਸੰਘਰੇੜੀ (ਸੰਗਰੂਰ)
ਮੁੱਲ : 120 ਰੁਪਏ, ਸਫ਼ੇ : 96
ਸੰਪਰਕ : 95308-21714.


ਸੱਤੀ ਛਾਜਲਾ ਨੇ 'ਨੱਥਿਆ ਖਿੱਚ ਤਿਆਰੀ' ਕਾਵਿ-ਸੰਗ੍ਰਹਿ ਰਾਹੀਂ ਪੰਜਾਬੀ ਕਾਵਿ-ਜਗਤ 'ਚ ਪਹਿਲੀ ਦਸਤਕ ਦਿੱਤੀ ਹੈ, ਜਿਸ ਵਿਚ ਉਸ ਨੇ 81 ਕੁ ਦੇ ਕਰੀਬ ਗੀਤ-ਗ਼ਜ਼ਲਾਂ ਅਤੇ ਛੰਦਬੱਧ ਨਜ਼ਮਾਂ ਨੂੰ ਥਾਂ ਦਿੱਤੀ ਹੈ। ਸੱਤੀ ਛਾਜਲਾ (ਸਤਨਾਮ ਸਿੰਘ) ਨੇ ਇਸ ਕਾਵਿ-ਸੰਗ੍ਰਹਿ 'ਚ ਪਿਆਰ-ਮੁਹੱਬਤ ਨਾਲ ਸਬੰਧਤ ਵਿਸ਼ਿਆਂ ਦੇ ਨਾਲ-ਨਾਲ ਅਜੋਕੇ ਸਮਾਜਿਕ ਵਰਤਾਰੇ 'ਚ ਵਾਪਰ ਰਹੇ ਵਾਤਾਵਰਨ 'ਚ ਸਮਾਜਿਕ ਕੁਰੀਤੀਆਂ ਨਸ਼ਾਸ਼ੋਰੀ, ਮਾਦਾ ਭਰੂਣ ਹੱਤਿਆ, ਧੀਆਂ ਦੀ ਬੇਕਦਰੀ, ਕਿਸਾਨਾਂ ਦੀ ਹੋ ਰਹੀ ਦੁਰਗਤੀ, ਕੁਪ੍ਰਬੰਧ ਆਦਿ ਵਿਸ਼ਿਆਂ ਨੂੰ ਆਪਣੇ ਗੀਤਾਂ 'ਚ ਸਮੇਟਿਆ ਹੈ। ਉਹ ਇਕ ਉੱਭਰਦਾ ਗੀਤਕਾਰ ਹੈ ਅਤੇ ਜਸਵਿੰਦਰ ਸਿੰਘ ਦੇ ਅਨੁਸਾਰ ਉਸ ਦਾ ਇਕ ਦੋਸਤ ਗੁਰਪ੍ਰੀਤ ਮਹਿਰੋਕ ਗਾਇਕ ਵਜੋਂ ਉੱਭਰ ਰਿਹਾ ਹੈ। ਸ਼ਾਇਦ ਇਹ ਜੋੜੀ ਆਉਣ ਵਾਲੇ ਸਮੇਂ 'ਚ ਗੀਤਕਾਰੀ ਅਤੇ ਗਾਇਕੀ ਵਿਚ ਕੋਈ ਵੱਖਰੀ ਪਿਰਤ ਪਾ ਸਕੇ। ਪਿੰਡ ਦੀ ਪਹੀ ਤੋਂ ਲੈ ਕੇ ਪ੍ਰਦੇਸ਼ਾਂ 'ਚ ਝੱਖ ਮਾਰਦੇ ਨੌਜਵਾਨਾਂ ਦੀਆਂ ਤਕਲੀਫ਼ਾਂ, ਦਰਦਾਂ ਦਾ ਸੰਖੇਪ, ਸਰਲ ਅਤੇ ਸਪੱਸ਼ਟ ਪ੍ਰਗਟਾਉ ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਉਸ ਅੰਦਰ ਮਨੁੱਖਤਾ ਪ੍ਰਤੀ ਅਥਾਹ ਪ੍ਰੇਮ ਹੈ। ਉਹ ਦਰਦਭਰੀ ਸ਼ਬਦਾਵਲੀ ਵਿਚ ਆਪਣੇ ਸਹਿਜ ਭਾਵਾਂ ਦਾ ਪ੍ਰਗਟਾਉ ਕਰਦਾ ਹੈ। ਉਸ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਸ਼ਾਇਰੀ ਵਿਚ ਥਾਂ ਬਣਾਉਣ ਲਈ ਉਸ ਨੂੰ ਆਪਣਾ ਵੱਖਰਾ ਅੰਦਾਜ਼-ਏ-ਬਿਆਂ ਪੇਸ਼ ਕਰਨਾ ਪਵੇਗਾ :
ਤੂੰ ਕਲਮਾਂ ਵਿਚ ਸਮਿਆਂ ਦੀ ਆਵਾਜ਼ ਰੱਖੀਂ
ਆਪਣੀ ਸ਼ਾਇਰੀ ਦਾ ਵੱਖਰਾ ਕੋਈ ਅੰਦਾਜ਼ ਰੱਖੀਂ।
ਅਹਿਸਾਸ ਦੇ ਨਾਲ-ਨਾਲ ਸ਼ਿੱਦਤ ਦਾ ਹੋਣਾ ਵੀ ਬਹੁਤ ਲਾਜ਼ਮ ਹੈ। ਸ਼ਿੱਦਤ, ਡੂੰਘਿਆਈ ਅਤੇ ਵਿਚਾਰਧਾਰਕ ਪ੍ਰਪੱਕਤਾ ਹਾਸਲ ਕਰਨ ਲਈ ਅਧਿਐਨ ਅਤਿਅੰਤ ਜ਼ਰੂਰੀ ਹੈ। ਸ਼ਬਦ ਬਹੁਤ ਵੱਡਾ ਹਥਿਆਰ ਹੈ ਜੋ ਦੋ-ਧਾਰਾ ਵੀ ਹੈ। ਇਸ ਦੀ ਸੁਚੱਜੀ ਵਰਤੋਂ ਵਿਰੋਧੀ 'ਤੇ ਵਾਰ ਕਰਦੀ ਹੈ ਪ੍ਰੰਤੂ ਸ਼ਬਦ-ਸੂਝ ਦੀ ਕਚਿਆਈ ਕਈ ਵਾਰ ਮੋੜਵਾਂ ਵਾਰ ਵੀ ਕਰ ਜਾਂਦੀ ਹੈ। ਇਸ ਤੋਂ ਸੁਚੇਤ ਹੋਣਾ ਬਹੁਤ ਹੀ ਜ਼ਰੂਰੀ ਹੈ। ਸੱਤੀ ਛਾਜਲਾ ਉੱਭਰਦਾ ਗੀਤਕਾਰ ਹੋਣ ਦੇ ਨਾਤੇ ਮੈਂ ਉਸ ਦੀ ਪਲੇਠੀ ਕਾਵਿ-ਪੁਸਤਕ ਦਾ ਜਿਥੇ ਸਵਾਗਤ ਕਰਦਾ ਹਾਂ, ਉਥੇ ਹੀ ਉਸ ਨੂੰ ਹੋਰ ਅਧਿਐਨ ਕਰਨ ਦੀ ਸਲਾਹ ਵੀ ਦਿੰਦਾ ਹਾਂ। ਪੁਸਤਕ ਦਾ ਸਰਵਰਕ ਕਿਰਤੀ ਦੇ ਮੋਢੇ 'ਤੇ ਰੱਖੀ ਕਹੀ ਮਨੁੱਖ ਦੀ ਮਿਹਨਤ ਪ੍ਰਤੀ ਸਜੱਗ ਹੋਣ ਦਾ ਪ੍ਰਤੀਕ ਹੈ।


ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.


ਪੱਤਾ-ਪੱਤਾ ਸਿੰਘਾਂ ਦਾ ਵੈਰੀ

(ਢਾਡੀ ਪ੍ਰਸੰਗ)
ਲੇਖਕ : ਅਮਰਜੀਤ ਸਿੰਘ ਜੌਹਲ ਬਿਧੀਪੁਰੀਆ
ਪ੍ਰਕਾਸ਼ਕ : ਸ਼ਬਦ ਖਜ਼ਾਨਾ ਪ੍ਰਕਾਸ਼ਕ, ਜਲੰਧਰ
ਮੁੱਲ : 160 ਰੁਪਏ, ਸਫ਼ੇ : 128
ਸੰਪਰਕ : 99145-11057.


ਇਸ ਹਥਲੀ ਪੁਸਤਕ ਵਿਚ ਲਿਖੇ ਨੌਂ ਇਤਿਹਾਸਕ ਪ੍ਰਸੰਗ ਤੋਂ ਇਲਾਵਾ ਅਤੇ ਤਿੰਨ ਕਵਿਤਾਵਾਂ/ਗੀਤ 'ਗੁਰਬਾਣੀ', 'ਬੱਬਰ ਸ਼ੇਰ ਬਣਾਉਂਗਾ', 'ਸਿੰਘ ਪੱਗ ਨੂੰ ਹੱਥ ਨਹੀਂ ਪਾਉਣ ਦਿੰਦੇ' ਲੇਖਕ ਰਾਹੀਂ ਪਾਠਕਾਂ ਦੇ ਰੂਬਰੂ ਹੋਇਆ ਹੈ।
ਪਹਿਲਾਂ ਪ੍ਰਸੰਗ ਜਗਤ-ਤਾਰਕ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਘਟਨਾ ਪਾਂਡੇ ਨੂੰ ਜਨੇਊ ਪਹਿਨਾਉਣ ਸਮੇਂ ਦਿੱਤੇ ਉਪਦੇਸ਼ ਨਾਲ ਇਨਕਲਾਬੀ ਵਿਚਾਰਾਂ ਦੀ ਲੜੀ ਵਿਚੋਂ 'ਸਿੱਖੀ ਪ੍ਰਗਟ ਹੋਈ', ਦੂਸਰਾ ਪ੍ਰਸੰਗ 'ਗ੍ਰਹਿਸਥ ਧਰਮ' ਗੁਰੂ ਸਾਹਿਬ ਨੇ ਬਿਪਰਵਾਦੀ ਸੋਚ ਨੂੰ ਨਕਾਰਨ ਦੀ ਵਿਚਾਰਧਾਰਾ ਨੂੰ ਪੇਸ਼ ਕਰਨ ਵਿਚ ਵੀ ਲੇਖਕ ਸਫਲ ਹੋਇਆ ਹੈ। ਤੀਸਰਾ ਪ੍ਰਸੰਗ 'ਮਾਰਿਆ' ਸਿੱਕਾ ਵੀ ਭੂਮੀਏ ਚੋਰ ਦੇ ਜੀਵਨ ਨਾਲ ਸਬੰਧਤ ਹੈ, ਜਿਸ ਦੀ ਹਰ ਪੰਗਤੀ ਪਾਠਕ ਨੂੰ ਝੂਠ ਤੇ ਫਰੇਬ ਨੂੰ ਛੱਡ ਕੇ ਸੱਚ ਨਾਲ ਜੁੜਨ ਦੀ ਪ੍ਰੇਰਨਾ ਦਿੰਦੀ ਹੈ।
ਇਸ ਤੋਂ ਅਗਲੇ ਪ੍ਰਸੰਗ 'ਖਾਲਸੇ ਦਾ ਬਾਪ' ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਨਾਲ ਸਬੰਧਤ, 'ਪਰਉਪਕਾਰ ਦਾ ਬੂਟਾ', 'ਸ਼ਹੀਦ ਗੁਰੂ ਤੇਗ ਬਹਾਦਰ ਜੀ', 'ਪ੍ਰਗਟਿਓ ਖਾਲਸਾ', 'ਖਾਲਸਾ ਪੰਥ ਦੀ ਸਿਰਜਣਾ', 'ਪੱਤਾ ਪੱਤਾ ਸਿੰਘਾਂ ਦਾ ਵੈਰੀ ਭਾਈ ਬਲਵੰਤ ਸਿੰਘ ਤੇ ਉਸ ਦੀ ਭੈਣ ਸੁੰਦਰੀ ਅਤੇ ਆਖਰੀ ਪ੍ਰਸੰਗ 'ਅਕ੍ਰਿਤਘਣਤਾ ਦੀ ਹੱਦ' ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜੂਨ, 1984 ਦੀ ਗਾਥਾ ਨੂੰ ਬਿਆਨ ਕਰਦੇ ਹਨ।
ਸਾਰੇ ਪ੍ਰਸੰਗਾਂ ਦੇ ਅਧਿਐਨ ਤੋਂ ਪਿੱਛੋਂ ਲੇਖਕ ਦੀ ਖੋਜ ਬਿਰਤੀ, ਲਗਨ ਤੇ ਸਖ਼ਤ ਘਾਲਣਾ ਸਦਕਾ ਇਹ ਪੁਸਤਕ ਸਿੱਖ ਇਤਿਹਾਸ ਦਾ ਇਕ ਹਿੱਸਾ ਬਣ ਗਈ ਹੈ। ਸਾਰੇ ਢਾਡੀ ਪ੍ਰਸੰਗਾਂ ਪਾਠਕਾਂ ਦੇ ਸਨਮੁੱਖ ਕਰਨ ਤੋਂ ਪਹਿਲਾਂ ਲੇਖਕ ਹਰ ਘਟਨਾ ਨੂੰ ਸੂਖਮ ਦ੍ਰਿਸ਼ਟੀ ਨਾਲ ਮਨ ਮੰਦਿਰ ਵਿਚ ਵਸਾਉਂਦਾ ਹੈ, ਇਸ ਬਾਅਦ ਕਲਮ ਦੀ ਨੋਕ ਨਾਲ ਅੱਖਰਾਂ ਦਾ ਰੂਪ ਦੇ ਕੇ ਸ਼ਿੰਗਾਰਦਾ ਹੈ। ਇਸ ਪੁਸਤਕ ਵਿਚ ਸਿੱਖੀ ਦੇ ਅਮੀਰ ਵਿਰਸੇ ਨੂੰ ਪੇਸ਼ ਕਰਕੇ ਢਾਡੀਆਂ, ਕਵੀਸ਼ਰਾਂ ਨੂੰ ਬਹੁਮੁੱਲੀ ਸੌਗਾਤ ਦਿੱਤੀ ਹੈ।


ਂਭਗਵਾਨ ਸਿੰਘ ਜੌਹਲ
ਮੋ: 98143-24040.


ਜ਼ਿੰਦਗੀ ਦਾ ਰੁਦਨ
ਸੰਪਾਦਕ : ਕੰਵਰਜੀਤ ਭੱਠਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 93165-16951.


ਕੰਵਰਜੀਤ ਭੱਠਲ ਸੰਪਾਦਨ ਕਲਾ ਦੀ ਡੂੰਘੀ ਸਮਝ ਰੱਖਣ ਵਾਲਾ ਇਕ ਕਰਮਯੋਗੀ ਸਾਹਿਤਕਾਰ ਤੇ ਪੱਤਰਕਾਰ ਹੈ। ਉਸ ਨੇ ਹੁਣ ਤੱਕ 15 ਕਹਾਣੀ ਸੰਗ੍ਰਹਿ ਸੰਪਾਦਿਤ ਕੀਤੇ ਹਨ ਅਤੇ ਹੱਥਲੀ ਪੁਸਤਕ 'ਜ਼ਿੰਦਗੀ ਦਾ ਰੁਦਨ' ਉਸ ਦਾ 16ਵਾਂ ਕਹਾਣੀ ਸੰਗ੍ਰਹਿ ਹੈ। ਇਸ ਪੁਸਤਕ ਵਿਚ 15 ਵੱਖ-ਵੱਖ ਲੇਖਕ ਵਿਦਵਾਨਾਂ ਦੀਆਂ ਕਹਾਣੀਆਂ ਅੰਕਿਤ ਕੀਤੀਆਂ ਗਈਆਂ ਹਨ। ਇਹ ਕਹਾਣੀਆਂ ਸਾਡੇ ਸਮੁੱਚੇ ਪੰਜਾਬੀ ਜਨਜੀਵਨ ਦਾ ਬਿਰਤਾਂਤ ਹਨ।
ਸਮਕਾਲੀ ਪੂੰਜੀਵਾਦੀ ਵਿਸ਼ਵੀਕਰਨ ਨੇ ਰਿਸ਼ਤਾ ਨਾਤਾ ਪ੍ਰਬੰਧ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੈ। ਪਿਆਰ ਅਤੇ ਸਮੂਹਿਕਤਾ ਦੀ ਭਾਵਨਾ ਨਸ਼ਟ ਹੋ ਗਈ ਹੈ। ਅਜੋਕਾ ਮਨੁੱਖਾ ਉਪਭੋਗਤਾਵਾਦੀ, ਨਿੱਜਵਾਦੀ ਹੋ ਚੁੱਕਾ ਹੈ। ਪੈਸਾ ਅਤੇ ਸੰਪਤੀ ਉਸ ਲਈ ਮੁੱਖ ਰਿਸ਼ਤਾ ਹੈ। ਇਸ ਕਹਾਣੀ ਸੰਗ੍ਰਹਿ ਵਿਚ ਦਰਜ ਸਿਮਰਜੀਤ ਕੌਰ ਬਰਾੜ ਦੀ ਕਹਾਣੀ 'ਉਡੀਕ' ਅਜਿਹੇ ਹੀ ਰੁਝਾਨ ਦਾ ਯਥਾਰਥਕ ਚਿਤਰਨ ਕਰਦੀ ਹੈ। ਗੁਰਜੀਤ ਜ਼ਮੀਨ ਹਥਿਆਉਣ ਲਈ ਆਪਣੇ ਭਰਾ ਤੇ ਭਰਜਾਈ ਦਾ ਕਤਲ ਕਰ ਦਿੰਦਾ ਹੈ। ਉਸ ਲਈ ਰਿਸ਼ਤੇ ਕੋਈ ਅਹਿਮੀਅਤ ਨਹੀਂ ਰੱਖਦੇ। 'ਆਪਣੇ ਹਿੱਸੇ ਦਾ ਚਾਨਣ' ਕਹਾਣੀ ਯਥਾਰਥਵਾਦੀ ਘੱਟ ਤੇ ਆਦਰਸ਼ਵਾਦੀ ਵਧੇਰੇ ਹੈ। ਡਾ: ਰਵੀ ਸ਼ੇਰਗਿੱਲ ਦੀ ਕਥਾ 'ਇਕ ਘੁੱਗੀ ਹੋਰ' ਵਿਚ ਕੁੜੀ ਨੂੰ ਕੁੱਖ ਵਿਚ ਮਾਰਨ ਲਈ ਸੱਸ ਤਤਪਰ ਹੈ। ਵਾਸਤਵ ਵਿਚ ਇਸ ਸਮੇਂ ਸਮਾਜ ਵਿਚ ਔਰਤ ਦਾ ਰੁਤਬਾ ਸਨਮਾਨਯੋਗ ਨਹੀਂ ਰਿਹਾ। ਬਰਜਿੰਦਰ ਅੱਛਣਪੁਰੀਆ ਦੀ 'ਖਿੜੀ ਧੁੱਪ' ਕਥਾ ਪਰਵਾਸ ਦੀ ਜ਼ਿੰਦਗੀ ਦਾ ਕਰੂਰ ਯਥਾਰਥ ਪੇਸ਼ ਕਰਦੀ ਹੈ।
ਇਹ ਕਹਾਣੀਆਂ ਆਪਣੀ ਵਸਤ ਸਥਿਤੀ ਕਾਰਨ ਮੁੱਲਵਾਨ ਹਨ। ਵਿਸ਼ਵੀਕਰਨ ਦੇ ਕੁਝ ਅੰਸ਼ਾਂ ਅਤੇ ਜ਼ੁਜਾਂ ਨੂੰ ਪਕੜਨ, ਉਭਾਰਨ ਕਰਕੇ ਹੀ ਇਹ ਕਥਾਵਾਂ ਪੜ੍ਹਨਯੋਗ ਹਨ। ਇਹ ਕਹਾਣੀਆਂ ਸਾਡੇ ਜੀਵਨ ਦੇ ਕੁਝ ਹੋਰ ਮਸਲਿਆਂ ਨੂੰ ਵੀ ਸੰਬੋਧਿਤ ਹਨ। ਇਨ੍ਹਾਂ ਕੁਝ ਕਥਾਵਾਂ ਦਾ ਵਿਸ਼ਾ-ਵਸਤੂ ਪਿਆਰ ਮਸਲਾ ਬਣਿਆ ਹੈ। ਸਮੁੱਚੀਆਂ ਕਹਾਣੀਆਂ ਪੰਜਾਬੀ ਨਵੀਨਤਮ ਕਹਾਣੀ ਦੇ ਮੂੰਹ-ਮੁਹਾਂਦਰੇ ਦੇ ਦਰਸ਼ਨ ਕਰਵਾਉਂਦੀਆਂ ਹਨ। ਭੱਠਲ ਨੇ ਇਹ ਪੁਸਤਕ ਸੰਪਾਦਿਤ ਕਰਕੇ ਇਕ ਨਿਵੇਕਲਾ ਕਾਰਜ ਕੀਤਾ ਹੈ।


ਂਡਾ: ਰਜਵਿੰਦਰ ਕੌਰ ਨਾਗਰਾ
ਮੋ: 9646001807.


ਨਜ਼ਾਕਤਾਂ

ਲੇਖਿਕਾ : ਨਿਰਮਲ ਜਸਵਾਲ ਰਾਣਾ (ਡਾ:)
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 175, ਸਫ਼ੇ : 128
ਸੰਪਰਕ : 98554-81289.


ਹੱਥਲੇ ਕਹਾਣੀ-ਸੰਗ੍ਰਹਿ 'ਨਜ਼ਾਕਤਾਂ' ਵਿਚ ਸੋਲ੍ਹਾਂ ਕਹਾਣੀਆਂ ਦਰਜ ਹਨ। ਇਨ੍ਹਾਂ ਕਹਾਣੀਆਂ ਵਿਚ ਨਿਰਮਲ ਜਸਵਾਲ ਰਾਣਾ ਨੇ ਆਪਣੇ ਮਨ ਦੀ ਸੱਚੇ ਦਿਲੋਂ ਭੜਾਸ ਕੱਢੀ ਹੈ, ਜੋ ਇਨ੍ਹਾਂ ਕਹਾਣੀਆਂ ਵਿਚ ਅੰਕਿਤ ਹੈ। ਜਿਵੇਂ ਜ਼ਿਆਦਾ ਕਹਾਣੀਆਂ ਸਮਾਜ ਵਿਚਲੇ ਅਜਿਹੇ ਮਰਦ ਪਾਤਰ ਦੀਆਂ ਕਥਾਕਾਰਾ ਸਾਨੂੰ ਸੁਣਾਉਂਦੀ ਹੈ ਤੇ ਉਨ੍ਹਾਂ ਦਾ ਕਾਰਨ ਵੀ ਲੱਭਦੀ ਹੈ। ਸੱਚ ਦੀ ਪੇਸ਼ਕਾਰੀ ਕਰਨ ਲਈ ਕਹਾਣੀਕਾਰਾ ਨੇ ਮਰਦਾਂ ਤੇ ਔਰਤਾਂ ਪ੍ਰਤੀ ਗੱਲਾਂ ਦਾ, ਸ਼ਰਾਰਤਾਂ ਦਾ, ਨੇੜਿਉਂ ਹੋ ਕੇ ਚਿਤਰਨ ਬਹੁਤ ਹੀ ਬੇਬਾਕੀ ਨਾਲ ਕੀਤਾ ਹੈ। ਜਿਵੇਂ ਪਹਿਲੀ ਕਹਾਣੀ 'ਪਤੀ-ਪਤਨੀ ਅਜ਼ੀਜ਼ ਵੀ ਨਾ-ਪਸੰਦ ਵੀ' ਕਹਾਣੀ ਵਿਚ ਪਤੀ ਦਾ ਪਿਆਰ ਭਾਵੇਂ ਭੇੜੀਆ ਸਮਝਣ ਵਾਲਾ ਵੀ ਹੈ ਪਰ ਸਾਥ ਵੀ ਦਿੰਦਾ ਹੈ, 'ਸ਼ਿਕਾਰਣਾ' ਕਹਾਣੀ ਵਿਚ ਜੇ ਮਰਦ ਔਰਤ ਨੂੰ ਭੋਗਣਾ ਚਾਹੁੰਦਾ ਹੈ ਤਾਂ ਔਰਤਾਂ ਵੀ ਮਰਦਾਂ ਦਾ ਸ਼ਿਕਾਰ ਕਰਨਾ ਜਾਣਦੀਆਂ ਹਨ ਕਿ ਕਿਵੇਂ ਕਰਨਾ ਏ, ਉਨ੍ਹਾਂ ਦਾ ਹੌਸਲਾ ਬੁਲੰਦ ਹੈ, 'ਮੇਰੇ ਪਿਆਰ ਦੇ ਰੰਗ ਕਹਾਣੀ' ਵਿਚ ਕਈ ਵਾਰ ਜਾਨਵਰਾਂ ਨਾਲ ਕੀਤੇ ਪਿਆਰ ਵਿਚੋਂ ਵੀ ਆਪਣੇ ਦਿਸਦੇ ਹਨ। ਜਿਵੇਂ ਲੇਖਿਕਾ ਨੂੰ ਆਪਣੀ ਮਾਂ ਦੀ ਯਾਦ ਆਉਂਦੀ ਹੈ। ਅਗਲੀ ਕਹਾਣੀ 'ਔਰਤ ਦੀ ਕੋਈ ਜਾਤ ਨਹੀਂ' ਵਿਚ ਦੱਸਿਆ ਹੈ ਕਿ ਔਰਤ ਦੀ ਕੋਈ ਜਾਤ ਨਹੀਂ ਉਹ ਮਰਦ ਨਾਲ ਹੀ ਆਪਣਾ ਸਿਰਨਾਵਾਂ ਲਿਖਦੀ ਹੈ, ਪਰ ਸਮਾਜ ਫਿਰ ਵੀ ਉਸ ਨੂੰ ਉਧਾਲੇ ਦੀ ਹੀ ਦੱਸਦਾ ਹੈ। 'ਔਰਤ ਤੇ ਮਰਦ ਤੋਂ ਬਿਨਾਂ ਸੰਸਾਰ ਦੀ ਕੋਈ ਹੋਂਦ ਨਹੀਂ' ਕਹਾਣੀ ਵਿਚ ਦੱਸਿਆ ਹੈ ਕਿ ਔਰਤ ਤੇ ਮਰਦ ਸਮਾਜ ਦਾ ਧੁਰਾ ਹਨ ਤੇ ਇਨ੍ਹਾਂ ਤੋਂ ਬਿਨਾਂ ਸੰਸਾਰ ਨਹੀਂ ਚੱਲ ਸਕਦਾ। 'ਮੇਰੇ ਪਾਤਰ' ਕਹਾਣੀ ਵਿਚ ਕਥਾਕਾਰਾ ਦੇ ਪਾਤਰ ਵੇਖੇ-ਭਾਲੇ ਤੇ ਆਮ ਜ਼ਿੰਦਗੀ ਵਿੱਚੋਂ ਹੀ ਹੁੰਦੇ ਹਨ, ਜਿਨ੍ਹਾਂ ਦਾ ਲੇਖਿਕਾ ਜ਼ਿਕਰ ਕਰਕੇ ਅਵਚੇਤਨ ਸਿਰਜਦੀ ਹੈ। ਇਸੇ ਤਰ੍ਹਾਂ 'ਮੇਰੀ ਕਲਮ ਦੀ ਸਾਂਝ ਮੇਰਾ ਕਮਰਾ' ਕਹਾਣੀ ਵਿਚ ਲੇਖਿਕਾ ਨੂੰ ਕਿਸੇ ਉਚੇਚ ਖਾਸ ਥਾਂ ਦੀ ਲੋੜ ਨਹੀਂ। ਉਹ ਸ਼ੋਰ-ਸ਼ਰਾਬੇ ਵਿਚ ਵੀ ਪੜ੍ਹ-ਲਿਖ ਸਕਦੀ ਹੇ ਪਰ ਅੰਤਰ ਧਿਆਨ ਹੋ ਕੇ। 'ਮੈਂ ਤੇ ਮੇਰੀਆਂ ਕਹਾਣੀਆਂ' ਕਹਾਣੀ ਵਿਚ ਲੇਖਕ ਜਾਂ ਪਾਠਕ ਉਸ ਤੇ ਅਸ਼ਲੀਲਤਾ ਦਾ ਦੋਸ਼ ਲਗਾਉਂਦੇ ਹਨ ਪਰ ਕਥਾਕਾਰਾ ਸੋਚ ਦੀ ਪੇਸ਼ਕਾਰੀ ਕਰਦੀ ਹੈ, ਵਾਪਰ ਰਹੇ ਨੂੰ ਦੱਸਦੀ ਹੈ, ਬੇਬਾਕੀ ਨਾਲ ਲਿਖਦੀ ਹੈ। ਸਮੁੱਚੇ ਰੂਪ ਵਿਚ ਸਾਰੀਆਂ ਕਹਾਣੀਆਂ ਹੀ ਸਮਾਜ ਦੇ ਸੱਚ ਦੀ ਤਰਜਮਾਨੀ ਕਰਦੀਆਂ ਹਨ।


ਂਗੁਰਬਿੰਦਰ ਕੌਰ ਬਰਾੜ
ਮੋ: 098553-95161


 

 

ਡਾ: ਜਨਕ ਸਿੰਘ ਦਾ ਕਾਵਿ ਲੋਕ
'ਖਿਆਲਾਂ ਦੇ ਸੁਪਨੇ' ਦੇ ਸੰਦਰਭ ਵਿਚ

ਸੰਪਾਦਕ : ਡਾ: ਰੂਪਾ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 300
ਸੰਪਰਕ : 98145-17643.


ਹਥਲੀ ਪੁਸਤਕ ਇਸ ਪੁਸਤਕ ਦਾ ਸਮਾਲੋਚਕ ਅਧਿਐਨ ਹੈ, ਜੋ ਵੱਖ-ਵੱਖ ਵਿਦਵਾਨਾਂ ਦੇ ਲੇਖਾਂ ਨਾਲ ਸੁਸੱਜਿਤ ਹੈ। ਇਨ੍ਹਾਂ ਵਿਦਵਾਨ ਆਲੋਚਕਾਂ ਵਿਚ ਵੰਦਨਾ, ਪ੍ਰੋ: ਹਰਪ੍ਰੀਤ ਕੌਰ, ਅਮਰਜੀਤ ਘੁੰਮਣ, ਡਾ: ਹਰਦੀਪ ਸਿੰਘ, ਪ੍ਰੋ: ਹਰਜੀਤ ਕੌਰ ਕਲਸੀ, ਹਰਵਿੰਦਰ ਕੌਰ, ਡਾ: ਬਲਵਿੰਦਰ ਕੌਰ, ਜਗਰੂਪ ਕੌਰ ਆਦਿ 41 ਵਿਦਵਾਨਾਂ ਦੇ ਖੋਜ ਲੇਖ ਸ਼ਾਮਿਲ ਹਨ। ਇਹ ਸਾਰੇ ਲੇਖ ਡਾ: ਜਨਕ ਸਿੰਘ ਦੀ ਪੁਸਤਕ 'ਖਿਆਲਾਂ ਦੇ ਸੁਪਨੇ' ਦੀ ਪ੍ਰਤਿਭਾ ਦਰਸਾਉਂਦੇ ਅਤੇ ਉਸ ਦੇ ਗੁੱਝੇ ਅਰਥਾਂ ਨੂੰ ਦਰਸਾਉਂਦੇ ਹਨ। ਡਾ: ਰੂਪ ਕੌਰ ਦਾ ਕਥਨ ਹੈ ਕਿ ਡਾ: ਜਨਕ ਸਿੰਘ ਇਕ ਵਿਗਿਆਨਕ ਦ੍ਰਿਸ਼ਟੀ ਦਾ ਮਾਲਕ ਹੈ ਤੇ ਉਸ ਨੂੰ ਜ਼ਿੰਦਗੀ ਤੇ ਦੁਨੀਆ ਦਾ ਡੂੰਘਾ ਅਨੁਭਵ ਹੈ। ਡਾ: ਮਨਦੀਪ ਕੌਰ ਦਾ ਕਥਨ ਹੈ ਕਿ ਇਕ ਵਿਗਿਆਨੀ ਹੋਣ ਦੇ ਨਾਤੇ ਡਾ: ਜਨਕ ਸਿੰਘ ਨੇ ਕਈ ਕਵਿਤਾਵਾਂ ਵਿਗਿਆਨਕ ਸੱਚ ਨੂੰ ਉਜਾਗਰ ਕਰਨ ਵਾਲੀਆਂ ਵੀ ਲਿਖੀਆਂ ਹਨ। ਡਾ: ਪਲਵਿੰਦਰ ਕੌਰ ਦੀਆਂ ਨਜ਼ਰਾਂ ਵਿਚ 'ਖਿਆਲਾਂ ਦੇ ਸੁਪਨੇ' ਕਾਵਿ ਸੰਗ੍ਰਹਿ ਦੀ ਕਵਿਤਾ ਮਾਨਵਤਾ ਦੀ ਪਛਾਣ ਦੀ ਕਵਿਤਾ ਹੈ। ਡਾ: ਸੁਖਵਿੰਦਰ ਕੌਰ ਇਨ੍ਹਾਂ ਕਵਿਤਾਵਾਂ ਨੂੰ ਰੰਗ ਬਿਰੰਗੇ ਰੰਗਾਂ ਦੀ ਡੋਰ ਕਹਿੰਦੀ ਹੈ। ਪ੍ਰੋ: ਅਮਨਦੀਪ ਕੌਰ ਡਾ: ਜਨਕ ਸਿੰਘ ਦੀ ਕਵਿਤਾ ਨੂੰ ਸਮਾਜਿਕ ਯਥਾਰਥ ਦੀ ਪੇਸ਼ਕਾਰੀ ਮੰਨਦੀ ਹੈ। ਇਸੇ ਤਰ੍ਹਾਂ ਪ੍ਰੋ: ਇੰਦਰਜੀਤ ਕੌਰ ਅਨੁਸਾਰ ਡਾ: ਜਨਕ ਸਿੰਘ ਦੁਆਰਾ ਰਚਿਤ ਕਾਵਿ ਸੰਗ੍ਰਹਿ 'ਖਿਆਲਾਂ ਦੇ ਸੁਪਨੇ' ਅਜੋਕੇ ਮਨੁੱਖ ਦੀ ਆਂਤਰਿਕ ਹੋਣੀ ਦੇ ਵਿਡੰਬਨਾਤਮਿਕ ਪਸਾਰੇ ਦਾ ਪ੍ਰਗਟਾਅ ਹੈ। ਬਾਕੀ ਵਿਦਵਾਨ ਸਮਾਲੋਚਕਾਂ ਨੇ ਡਾ: ਜਨਕ ਦੀ ਕਵਿਤਾ ਵਿਚੋਂ ਕਾਵਿ-ਗੁਣ ਲੱਭਣ ਦੇ ਸਫ਼ਲ ਯਤਨ ਕੀਤੇ ਹਨ।
ਡਾ: ਜਨਕ ਦੀ ਕਵਿਤਾ ਦੇ ਕੁਝ ਅੰਸ਼ ਅਤੇ ਨਮੂਨੇ ਹਾਜ਼ਰ ਹਨ :
ੲ 'ਸਵੇਰ ਸ਼ਾਮ ਹਰ ਕੋਈ/ਧੰਦਿਆਂ ਵਿਚ ਹੈ ਰੁੱਝਿਆ/ਕਿਰਤ ਕੋਸ਼ਿਸ਼ਾਂ ਕਰ ਕਰ/ਅਕਸਰ ਮੰਜ਼ਿਲ 'ਤੇ ਪੁੱਜਿਆ...'
ੲ 'ਭਲੇ ਚੰਗੇ ਨਿਸ਼ਾਨੇ ਥਾਪਣੇ/ਬਣੇ ਮਕਸਦ ਹਰ ਸਵੇਰ ਸ਼ਾਮ/ਮਨੁੱਖੀ ਜੀਵਨ ਦਾ ਮੰਤਵ ਹੋਵੇ/ਪੂਰਾ ਨਾਲ ਸੇਵਾ ਨਿਸ਼ਕਾਮ....'
 


ਆਤਮਜੀਤ ਰਚਿਤ ਨਾਟਕ 'ਪੂਰਨ' : ਸ਼ੈਲੀ ਵਿਗਿਆਨ ਅਧਿਐਨ
ਲੇਖਕ : ਹਰਜਿੰਦਰ ਸਿੰਘ ਗਿੱਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 87
ਸੰਪਰਕ : 94630-66200.


ਪੂਰਨ ਨਾਟਕ ਵਿਚਲੀ ਸ਼ੈਲੀ ਦਾ ਅਧਿਐਨ ਕਰਦਿਆਂ ਵਿਦਵਾਨ ਸਮਾਲੋਚਕ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਨਾਟਕ ਵਿਚ ਕਿਸ ਕਲਾ ਨਾਲ ਸ਼ਬਦਾਂ ਦੀ ਜੜ੍ਹਤ ਕੀਤੀ ਗਈ ਹੈ, ਵਾਕਾਂ ਨੂੰ ਕਿਸ ਅੰਦਾਜ਼ ਵਿਚ ਪ੍ਰਯੋਗ ਕੀਤਾ ਗਿਆ ਹੈ। ਅਸਲ ਵਿਚ ਭਾਸ਼ਾ ਸ਼ੈਲੀ ਹੀ ਉਹ ਸੂਤਰ ਹੈ, ਜੋ ਰਚਨਾ ਤੋਂ ਰਚਨਾ ਦੀ ਮੁਹਾਂਦਰਾ-ਪਛਾਣ ਤੇ ਚਿਹਨਤ ਵਖਰੇਵਾਂ ਸਥਾਪਿਤ ਕਰਦਾ ਹੈ। ਅਜਿਹੇ ਅਧਿਐਨ ਪ੍ਰਸਿੱਧ ਸਾਹਿਤਕ ਰਚਨਾਵਾਂ ਦੀ ਕਲਾਤਮਕ ਤਹਿ ਤੱਕ ਪਹੁੰਚਣ ਅਤੇ ਭਵਿੱਖ ਵਿਚ ਸਿਰਜੀਆਂ ਜਾਣ ਵਾਲੀਆਂ ਅਜਿਹੀਆਂ ਰਚਨਾਵਾਂ ਲਈ ਸਿਧਾਂਤਕ ਪੱਧਰ ਉੱਤੇ ਵਿਗਿਆਨਕ ਸੂਝ-ਬੂਝ ਪੈਦਾ ਕੀਤੀ ਜਾਂਦੀ ਹੈ।
ਪੁਸਤਕ ਨੂੰ ਲੇਖਕ ਨੇ ਤਿੰਨ ਅਧਿਆਇਆਂ ਵਿਚ ਵੰਡ ਕੇ ਆਪਣੀ ਗੱਲ ਨੂੰ ਸਾਰਥਕ ਤੇ ਸਹਿਜ ਤੱਤ ਨਾਲ ਪੇਸ਼ ਕੀਤਾ ਹੈ। ਪਹਿਲੇ ਅਧਿਆਏ ਵਿਚ 'ਪੂਰਨ' ਨਾਟਕ ਦੇ ਲੇਖਕ ਆਤਮਜੀਤ ਦੇ ਜੀਵਨ ਅਤੇ ਉਨ੍ਹਾਂ ਦੀ ਰਚਨਾ ਉੱਤੇ ਚਾਨਣ ਪਾਇਆ ਗਿਆ ਹੈ। ਇਸ ਵਿਚ ਆਤਮਜੀਤ ਦੇ ਨਾਟਕਾਂ ਦੇ ਵਿਸ਼ੇ-ਵਸਤੂ, ਪੇਸ਼ਕਾਰੀ ਅਤੇ ਸਟੇਜ ਉੱਤੇ ਸਫਲ ਹੋਣ ਦੇ ਕਾਰਨਾਂ ਨੂੰ ਸਪੱਸ਼ਟ ਕੀਤਾ ਗਿਆ ਹੈ। ਪੁਸਤਕ ਦੇ ਦੂਜੇ ਅਧਿਆਏ ਵਿਚ ਪੁਸਤਕ ਦੇ ਅਸਲ ਵਿਸ਼ੇ ਨੂੰ ਪ੍ਰਗਟਾਇਆ ਗਿਆ ਹੈ ਅਤੇ ਇਸ ਵਿਚ ਸ਼ੈਲੀ ਵਿਗਿਆਨ ਦੀ ਪਰਿਭਾਸ਼ਾ ਅਤੇ ਵਿਸਤਾਰ ਨੂੰ ਦਰਸਾਇਆ ਗਿਆ ਹੈ। ਇਹ ਅਧਿਆਏ ਵੱਡੀ ਵਿਦਵਤਾ ਦਾ ਲਖਾਇਕ ਹੈ। ਤੀਜੇ ਅਤੇ ਆਖਰੀ ਅਧਿਆਏ ਵਿਚ ਨਾਟਕ ਪੂਰਨ ਦੀ ਸ਼ੈਲੀ ਬਾਰੇ ਵਿਚਾਰ ਕੀਤਾ ਗਿਆ ਹੈ ਅਤੇ ਸ਼ੈਲੀ ਵਿਗਿਆਨ ਨੂੰ ਇਸ ਨਾਟਕ ਵਿਚਲੀ ਸੁੰਦਰ ਸ਼ੈਲੀ ਉੱਤੇ ਢੁਕਾਉਂਦਿਆਂ ਦਰਸਾਇਆ ਗਿਆ ਹੈ ਕਿ ਕਿਹੜੀ ਸ਼ੈਲੀ ਵਿਗਿਆਨਤਾ ਨੇ ਇਸ ਨਾਟਕ ਨੂੰ ਵੱਖਰੀ ਪਛਾਣ ਦੁਆਈ। ਇਸ ਅਧਿਆਏ ਦੇ ਵੀ ਅਗਾਂਹ ਤਿੰਨ ਭਾਗ : ਸੁਮੇਲਤਾ, ਵਕਰੋਤਰੀ ਅਤੇ ਲੈਅ ਕਰਕੇ ਸਿਧਾਂਤਕ ਪੇਸ਼ਕਾਰੀ ਕੀਤੀ ਗਈ ਹੈ। ਅੰਤ ਵਿਚ ਪੁਸਤਕ ਦਾ ਸਾਰ ਦਿੱਤਾ ਗਿਆ ਹੈ।


ਂਸੁਲੱਖਣ ਸਰਹੱਦੀ
ਮੋ: 94174-84337

18-12-2016

 ਗੂੜ੍ਹੇ ਰਿਸ਼ਤਿਆਂ ਦੇ ਗੁੱਝੇ ਰਹੱਸ
ਲੇਖਕ : ਪ੍ਰੋ: ਹਰਿੰਦਰ ਸਿੰਘ ਮਹਿਬੂਬ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 180
ਸੰਪਰਕ : 99150-48005.

ਕਬਰ ਤਿਨਾਂ ਦੀ ਜੀਵੇ ਹੂ ਵਾਲਾ ਦਰਵੇਸ਼ ਸੀ ਹਰਿੰਦਰ ਸਿੰਘ ਮਹਿਬੂਬ। ਮੈਨੂੰ ਉਸ ਵਿਚ ਪ੍ਰੋ: ਪੂਰਨ ਸਿੰਘ ਦੀ ਅਲਬੇਲੀ ਰੂਹ ਦਿਸਦੀ ਸੀ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਉਸ ਜਿਹੇ ਵੱਡੇ ਬੰਦੇ ਨੂੰ ਵੇਖਿਆ ਹੀ ਨਹੀਂ, ਉਸ ਨਾਲ ਮਾੜਾ-ਮੋਟਾ ਬੋਲਿਆ ਵਰਤਿਆ ਹੈ। ਉਸ ਨਾਲ ਬਹਿ ਕੇ ਰੋਟੀ-ਪਾਣੀ ਖਾਧੀ ਹੈ। ਵਿਚਾਰ-ਵਟਾਂਦਰੇ ਕੀਤੇ ਹਨ। ਉਸ ਨੂੰ ਪੜ੍ਹਨ ਸਮਝਣ ਦਾ ਯਤਨ ਕੀਤਾ ਹੈ। ਯਤਨ ਇਸ ਲਈ ਕਿ ਉਹ ਸੌਖੇ ਕਿਤੇ ਕਿਸੇ ਦੀ ਪਕੜ ਵਿਚ ਨਹੀਂ ਆਉਂਦਾ। ਨਿਰਛਲ, ਮਾਸੂਮ ਮੁਹੱਬਤ ਤੇ ਵਿਦਵਤਾ। ਇਸਲਾਮ, ਬੁੱਧ ਦਰਸ਼ਨ, ਸੂਫ਼ੀ ਚਿੰਤਨ, ਯੂਨਾਨੀ ਦਰਸ਼ਨ, ਵੈਦਿਕ ਚਿੰਤਨ, ਗੁਰਬਾਣੀ, ਸਿੱਖ ਇਤਿਹਾਸ ਅਤੇ ਵਿਸ਼ਵ ਸਾਹਿਤ ਦੇ ਅਧਿਐਨ ਨੂੰ ਸਮਰਪਿਤ ਉਸ ਜਿਹੇ ਬੰਦੇ ਕਿੱਥੇ ਹਨ ਅੱਜਕਲ੍ਹ. ਉਹ ਤੇ ਕਾਫ਼ਲਾ ਹੀ ਗੁਜ਼ਰ ਗਿਆ। ਹਥਲੀ ਪੁਸਤਕ ਵਿਚ ਪ੍ਰੋ: ਮਹਿਬੂਬ ਦੇ ਆਪਣੇ ਸਭ ਤੋਂ ਕਰੀਬੀ ਮਿੱਤਰ ਡਾ: ਗੁਰਤਰਨ ਸਿੰਘ ਨੂੰ ਲਿਖੇ ਪੱਤਰ ਸੰਕਲਿਤ ਹਨ, ਜੋ ਸਾਹਿਤ, ਜੀਵਨ, ਦਰਸ਼ਨ, ਦੋਸਤੀ, ਸਮਾਜ, ਨਾਰੀ ਆਦਿ ਬਾਰੇ ਉਸ ਦੀ ਵਿਲੱਖਣ ਦ੍ਰਿਸ਼ਟੀ ਨੂੰ ਸਪੱਸ਼ਟ ਕਰਦੇ ਹਨ।
ਡਾ: ਗੁਰਤਰਨ ਸਿੰਘ ਪ੍ਰੋ: ਮਹਿਬੂਬ ਦਾ ਬਚਪਨ ਦਾ ਸਾਥੀ ਹੈ। ਉਸ ਦਾ ਪਿਆਰਾ ਤੇ ਉਸ ਦਾ ਪਿਆਰਨ ਵਾਲਾ। ਲਾਇਲਪੁਰ ਦੀਆਂ ਬਾਰਾਂ ਵਿਚ ਦੋਵੇਂ ਪਰਿਵਾਰਾਂ ਦਾ ਸਾਥ ਸੀ ਤੇ ਡਾ: ਗੁਰਤਰਨ ਸਿੰਘ ਦੇ ਪਿਤਾ ਨੂੰ ਬਾਰ ਦੀ ਮਿੱਟੀ ਲਈ ਕੁਰਬਾਨ ਹੁੰਦਾ ਮਹਿਬੂਬ ਨੇ ਵੇਖਿਆ ਹੈ। ਪੂਰਨ ਸਿੰਘ ਦੀਆਂ ਬਾਰਾਂ ਵਿਚ ਜੰਮੇ ਪਲੇ ਇਹ ਮਿੱਤਰ ਸੰਤਾਲੀ ਦੀ ਦੇਸ਼ ਵੰਡ ਸਮੇਂ ਇਧਰ ਇਕੋ ਪਿੰਡ ਝੂੰਦਾਂ (ਸੰਗਰੂਰ) ਵਿਚ ਆ ਵਸੇ ਤੇ ਸਾਰੀ ਉਮਰ ਇਕ-ਦੂਜੇ ਦੇ ਸਾਹੀਂ ਜੀਵੇ। ਇਨ੍ਹਾਂ ਪਾਤਰਾਂ ਵਿਚੋਂ ਪ੍ਰੋ: ਮਹਿਬੂਬ ਦਾ ਨਾਰੀ ਦੇ ਹੁਸਨ/ਇਸ਼ਕ/ਸਿਦਕ/ਸਿਰਜਣਾਤਮਕਾ ਦੀ ਸਮਿਆਂ ਦੇ ਮੋੜ ਬਦਲਣ ਵਾਲੀ ਰਹੱਸਮਈ ਸ਼ਕਤੀ ਦੇ ਸੰਕਲਪ ਦੀ ਝਲਕ ਹੈ। ਇਸਲਾਮ ਪ੍ਰਤੀ ਉਸ ਦੇ ਆਕਰਸ਼ਨ ਦੇ ਪ੍ਰਮਾਣ ਹਨ। ਪ੍ਰੋ: ਪੂਰਨ ਸਿੰਘ ਤੇ ਸਿੱਖ ਧਰਮ/ਦਰਸ਼ਨ ਪ੍ਰਤੀ ਉਸ ਦਾ ਡੂੰਘਾ ਮੋਹ ਹੈ। ਦੋਸਤਾਂ ਪ੍ਰਤੀ ਨਿਰਛਲ ਮੁਹੱਬਤ, ਦੁਸ਼ਮਣਾਂ ਵਿਰੋਧੀਆਂ ਨੂੰ ਮੁਆਫ਼ ਕਰਨ, ਬੰਦਿਆਂ ਨੂੰ ਪਛਾਣਨ ਸਮਝਣ ਦੀ ਸਮਰਥਾ ਦੇ ਦੀਦਾਰ ਹਨ।
ਉਹ ਵੇਖ ਕੇ ਅਣਡਿੱਠ ਕਰ ਸਕਦਾ ਸੀ। ਦੂਸਰੇ ਲਈ ਤਨ ਮਨ ਧਨ ਨਾਲ ਔਖਾ ਹੋ ਸਕਦਾ ਸੀ। ਰਿਸ਼ਤਿਆਂ ਦੀ ਪਾਕੀਜ਼ਗੀ ਉਸ ਤੋਂ ਕੋਈ ਸਿੱਖੇ। ਬੜਾ ਕੁਝ ਉਸ ਬਾਰੇ ਦੱਸਦੇ ਹਨ ਇਹ ਪੱਤਰ।

c c c

ਮੇਰਾ ਸਮੁੰਦਰੀ ਸਫ਼ਰਨਾਮਾ
ਲੇਖਕ : ਸੰਤੋਖ ਭੁੱਲਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 312
ਸੰਪਰਕ : 78377-18723.

ਮੇਰਾ ਸਮੁੰਦਰੀ ਸਫ਼ਰਨਾਮਾ ਸਮੁੰਦਰੀ ਜਹਾਜ਼ ਵਿਚ ਬਹਿ ਕੇ ਰੂਸ, ਸਵੀਡਨ, ਫਿਨਲੈਂਡ, ਜਰਮਨੀ ਤੇ ਡੈਨਮਾਰਕ ਦੇ ਮੁੱਖ ਸ਼ਹਿਰਾਂ, ਬੰਦਰਗਾਹਾਂ ਦੀ ਯਾਤਰਾ ਦਾ ਰੌਚਕ ਬਿਰਤਾਂਤ ਹੈ। ਬਿਰਤਾਂਤਕਾਰ ਬਾਬੇ ਬਕਾਲੇ ਤੋਂ ਇੰਗਲੈਂਡ ਜਾ ਵਸਿਆ ਸਾਹਿਤਕ ਰੁਚੀਆਂ ਵਾਲਾ ਸੰਤੋਖ ਭੁੱਲਰ ਹੈ। ਉਸ ਨੇ ਇਹ ਯਾਤਰਾ ਆਪਣੀ ਪਤਨੀ ਕਮਲਜੀਤ ਤੇ ਭਰਾਵਾਂ ਵਰਗੇ ਮਿੱਤਰ ਹਰਪਾਲ ਸੱਪਲ ਤੇ ਮਿਸਿਜ਼ ਸਪਲ ਨਾਲ ਰਲ ਕੇ ਆਰਕੇਡੀਆ ਨਾਂਅ ਦੇ ਸਮੁੰਦਰੀ ਜਹਾਜ਼ ਵਿਚ ਕੀਤੀ। ਗਿਆਰਾਂ ਮੰਜ਼ਲੇ ਇਸ ਜਹਾਜ਼ ਵਿਚ 2800 ਬੰਦੇ ਯਾਤਰਾ ਕਰਦੇ ਹਨ। ਬਾਰ੍ਹਾਂ ਸੌ ਬੰਦੇ ਇਨ੍ਹਾਂ ਦੀ ਸੇਵਾ ਸੰਭਾਲ ਲਈ ਲੱਗੇ ਰਹਿੰਦੇ ਹਨ। ਇਸ ਦੇ ਡਾਈਨਿੰਗ ਹਾਲ ਵਿਚ 1400 ਆਦਮੀ ਇਕੱਠੇ ਖਾਣਾ ਖਾ ਸਕਦੇ ਹਨ। ਜਹਾਜ਼ ਵਿਚ ਸਵੀਮਿੰਗ ਪੂਲ, ਬਾਜ਼ਾਰ, ਬਾਰ, ਕਾਮਨ ਰੂਮ, ਲਾਇਬ੍ਰੇਰੀ ਹਰ ਪ੍ਰਕਾਰ ਦੀ ਸੁਵਿਧਾ ਹੈ। ਲੇਖਕ ਜਹਾਜ਼ ਤੇ ਸਮੁੰਦਰੀ ਯਾਤਰਾ ਬਾਰੇ ਨਿੱਕੀਆਂ ਮੋਟੀਆਂ ਉਹ ਸਭ ਗੱਲਾਂ ਦੱਸਦਾ ਹੈ, ਜੋ ਪਹਿਲੀ ਵਾਰ ਅਜੋਕੀ ਯਾਤਰਾ ਉੱਤੇ ਨਿਕਲਣ ਵਾਲੇ ਬੰਦੇ ਲਈ ਜਾਣਨੀਆਂ ਜ਼ਰੂਰੀ ਹਨ।
ਸੰਤੋਖ ਭੁੱਲਰ ਜਿਸ ਵੀ ਸ਼ਹਿਰ/ਦੇਸ਼ ਜਾਂਦਾ ਹੈ, ਉਸ ਬਾਰੇ ਮੁਢਲੀ ਭੂਗੋਲਿਕ/ਇਤਿਹਾਸਕ ਜਾਣਕਾਰੀ ਦਿੰਦਾ ਹੈ। ਰੂਸ ਦਾ ਪੀਟਰਜ਼ਬਰਗ ਮਜ਼ਦੂਰਾਂ ਦੀਆਂ ਹੱਡੀਆਂ ਉੱਤੇ ਉਸਰਿਆ ਸ਼ਹਿਰ ਹੈ। ਜ਼ਾਰ ਦਾ ਸ਼ਹਿਰ ਜਿਸ ਦੀਆਂ ਗਲੀਆਂ ਵਿਚ ਸਾਡਾ ਸਹਿਜ਼ਾਦਾ ਦਲੀਪ ਸਿੰਘ ਜ਼ਾਰ ਨੂੰ ਮਿਲਣ ਲਈ ਭਟਕ-ਭਟਕ ਕੇ ਮੁੜ ਗਿਆ। ਫਿਨਲੈਂਡ ਦੇ ਹੈਲਸਿੰਕੀ ਦਾ ਮੌਸਮ ਪੀਟਰਜ਼ਬਰਗ ਵਰਗਾ ਹੀ ਹੈ। ਫਿਨਲੈਂਡ ਦਾ ਹੁਸਨ ਆਕਰਸ਼ਕ ਹੈ। ਹੈਲਸਿੰਕੀ ਦੇ ਆਸ-ਪਾਸ ਨਿੱਕੇ-ਵੱਡੇ 370 ਟਾਪੂ ਤੇ ਜਹਾਜ਼ ਦੀ ਬਾਲਕਾਨੀ ਵਿਚੋਂ ਦਿਸਦੇ ਨਜ਼ਾਰੇ, ਸਵੀਮਿੰਗ ਪੂਲਾਂ ਅਤੇ ਬੀਚਾਂ ਉੱਤੇ ਕਲੋਲ ਕਰਦੀਆਂ ਗੋਰੀਆਂ ਮੁਟਿਆਰਾਂ ਤੇ ਨੌਜਵਾਨ, ਬਜ਼ੁਰਗਾਂ/ਔਰਤਾਂ/ਵਿਕਲਾਂਗਾਂ ਦਾ ਵਿਸ਼ੇਸ਼ ਸਤਿਕਾਰ ਲੇਖਕ ਦਾ ਧਿਆਨ ਖਿੱਚਦੇ ਹਨ। ਬਾਲਟਕ ਸਾਗਰ ਦੇ ਥੱਲੇ ਉੱਚੇ ਪਹਾੜ ਹਨ।
ਪਰਿਵਾਰ ਦੰਪਤੀ ਸਬੰਧਾਂ ਤੇ ਫੈਸ਼ਨ ਬਾਰੇ ਪੱਛਮੀ ਮੁਲਕਾਂ ਦੀ ਸੋਚ ਸਾਡੇ ਤੋਂ ਵੱਖਰੀ ਹੈ। ਸਵੀਡਨ ਦੀਆਂ ਝੀਲਾਂ ਤੇ ਬੀਚਾਂ ਦਾ ਜ਼ਿਕਰ ਵੀ ਲੇਖਕ ਕਰਦਾ ਹੈ ਤੇ ਜਰਮਨੀ ਡੈਨਮਾਰਕ ਦੀਆਂ ਹੁਸੀਨ ਮੁਟਿਆਰਾਂ ਦਾ ਵੀ। ਨਾਵਲੀ ਬਿਰਤਾਂਤ ਵਰਗਾ ਹੈ ਇਹ ਸਫ਼ਰਨਾਮਾ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਨਦੀਆਂ ਦੇ ਵਹਿਣ
ਸ਼ਾਇਰ : ਡਾ: ਸਤੀਸ਼ ਠੁਕਰਾਲ 'ਸੋਨੀ'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 94173-58393.

ਇਹ ਕਾਵਿ-ਸੰਗ੍ਰਹਿ ਕਵੀ ਦੇ ਜਜ਼ਬਿਆਂ ਅਤੇ ਵਲਵਲਿਆਂ ਦੀਆਂ ਤਰੰਗਾਂ ਨੂੰ ਪੇਸ਼ ਕਰਦਾ ਹੈ। ਇਨ੍ਹਾਂ ਨਜ਼ਮਾਂ ਵਿਚ ਉਸ ਦੀ ਆਪਣੀ ਪੀੜਾ ਵੀ ਹੈ ਅਤੇ ਜ਼ਮਾਨੇ ਭਰ ਦਾ ਦਰਦ ਵੀ ਸਮੋਇਆ ਹੋਇਆ ਹੈ। ਇਨ੍ਹਾਂ ਵਿਚ ਚੇਤਨਾ ਅਤੇ ਸੰਵੇਦਨਾ, ਦਿਲ ਅਤੇ ਦਿਮਾਗ ਦੋਵੇਂ ਹਾਜ਼ਰ ਹਨ। ਆਓ ਕੁਝ ਝਲਕਾਂ ਦੇਖੀਏ-
ਤੇਰੇ ਮਿਲਣੇ ਦਾ ਅਹਿਸਾਸ ਕੁਝ ਇੰਜ ਰਿਹਾ
ਜਿਵੇਂ ਤ੍ਰੇਲ ਭਿੱਜੇ ਘਾਹ ਤੇ ਤੁਰਨਾ
ਜਿਵੇਂ ਸ਼ਬਨਮ ਨਹਾਤੇ ਫੁੱਲਾਂ ਨੂੰ ਛੂਹਣਾ
ਜਿਵੇਂ ਸਾਉਣ ਦੇ ਮਹੀਨੇ ਪਹਿਲੇ ਮੀਂਹ ਦਾ ਵਰ੍ਹਨਾ।
-ਮਿੱਟੀ ਨੂੰ ਵਗ੍ਹਾ ਆਏ ਹਾਂ
ਰੰਗਾਂ ਨੂੰ ਵਹਾ ਆਏ ਹਾਂ
ਆਸਥਾ ਦੇ ਨਾਂਅ ਉੱਤੇ
ਪਾਣੀ ਵੀ ਭਰਮਾ ਆਏ ਹਾਂ
ਅੱਜ ਵੇਖੋ ਵੇਖੀ ਅਸੀਂ ਵੀ
ਤਿਉਹਾਰ ਮਨਾ ਆਏ ਹਾਂ।
ਉਸ ਨੇ ਇਰਾਕ-ਅਮਰੀਕਾ ਯੁੱਧ ਅਤੇ ਮਿਸਰ ਦੇ ਲੋਕਾਂ ਦੇ ਨਾਂਅ ਵੀ ਕਵਿਤਾਵਾਂ ਲਿਖੀਆਂ ਹਨ। ਇਹ ਖੁੱਲ੍ਹੀਆਂ ਕਵਿਤਾਵਾਂ ਹਨ ਪਰ ਇਨ੍ਹਾਂ ਵਿਚ ਇਕ ਅਰਥ-ਭਰਪੂਰ ਸੁਰ-ਤਾਲ ਹੈ। ਆਸ ਹੈ ਭਵਿੱਖ ਵਿਚ ਉਹ ਹੋਰ ਵੀ ਵਧੀਆ ਰਚਨਾਵਾਂ ਕਾਵਿ-ਜਗਤ ਦੀ ਝੋਲੀ ਵਿਚ ਪਾਏਗਾ।

 c c

ਹਿਕਮਤ ਦੇ ਮੋਤੀ
ਲੇਖਕ : ਪ੍ਰੋ: ਸੀ. ਕੇ. ਗੰਭੀਰ
ਪ੍ਰਕਾਸ਼ਕ : ਅਡਵਾਈਜ਼ਰ ਪਬਲੀਕੇਸ਼ਨਜ਼, ਜਲੰਧਰ
ਮੁੱਲ : 150 ਰੁਪਏ, ਸਫ਼ੇ : 115
ਸੰਪਰਕ : 0181-4631908.

ਇਸ ਪੁਸਤਕ ਵਿਚ ਬਹੁਤ ਸਾਰੀਆਂ ਬਿਮਾਰੀਆਂ ਸਬੰਧੀ ਕੁਦਰਤੀ ਘਰੇਲੂ ਇਲਾਜ ਦੱਸੇ ਗਏ ਹਨ। ਅੱਜਕਲ੍ਹ ਹਰ ਛੋਟੀ-ਮੋਟੀ ਬਿਮਾਰੀ ਲਈ ਅੰਗਰੇਜ਼ੀ ਦਵਾਈਆਂ ਖਾਧੀਆਂ ਜਾਂਦੀਆਂ ਹਨ, ਜਿਨ੍ਹਾਂ ਦੇ ਕਈ ਨੁਕਸਾਨ ਹਨ। ਪੁਰਾਣੇ ਸਮੇਂ ਵਿਚ ਘਰ ਦੇ ਬਜ਼ੁਰਗ ਕੁਦਰਤੀ ਇਲਾਜ ਨਾਲ ਹੀ ਸਾਰੇ ਪਰਿਵਾਰ ਨੂੰ ਠੀਕ ਰੱਖਦੇ ਸਨ। ਸਾਡੇ ਆਲੇ-ਦੁਆਲੇ ਬਹੁਤ ਸਾਰੀਆਂ ਜੜ੍ਹੀਆਂ-ਬੂਟੀਆਂ ਉੱਗੀਆਂ ਹੁੰਦੀਆਂ ਹਨ, ਜਿਨ੍ਹਾਂ ਵਿਚ ਦਵਾਈਆਂ ਵਾਲੇ ਗੁਣ ਹੁੰਦੇ ਹਨ। ਇਸ ਪੁਸਤਕ ਵਿਚ ਬਹੁਤ ਸਾਰੇ ਰੋਗਾਂ ਦੇ ਸਰਲ ਉਪਾਅ ਦੱਸੇ ਗਏ ਹਨ, ਜਿਵੇਂ ਮੂੰਹ ਦੇ ਰੋਗ, ਦਿਮਾਗ ਦੀ ਕਮਜ਼ੋਰੀ, ਖੰਘ, ਜਿਗਰ ਦੀਆਂ ਬਿਮਾਰੀਆਂ, ਸਿਰ ਦੇ ਰੋਗ, ਅੱਖਾਂ ਅਤੇ ਦੰਦਾਂ ਦੇ ਰੋਗ, ਬਵਾਸੀਰ, ਦਮਾ, ਕਬਜ਼, ਗਠੀਆ, ਐਲਰਜੀ, ਰਕਤਚਾਪ, ਸ਼ੂਗਰ, ਦਿਲ ਦੇ ਰੋਗ, ਕੰਨ ਅਤੇ ਨੱਕ ਦੇ ਰੋਗ, ਮਿਹਦੇ ਅਤੇ ਗੁਰਦੇ ਦੇ ਰੋਗ ਆਦਿ। ਕਈ ਇਲਾਜ ਤਾਂ ਬਹੁਤ ਹੀ ਸੌਖੇ ਅਤੇ ਕਾਰਗਰ ਹਨ ਜਿਵੇਂ ਬਿੱਛੂ ਜਾਂ ਹੋਰ ਜ਼ਹਿਰੀਲੇ ਕੀੜੇ ਦੇ ਡੰਗ ਉੱਪਰ ਪੁਦੀਨਾ ਲਗਾਉਣ ਨਾਲ ਦਰਦ ਨਹੀਂ ਹੁੰਦਾ ਅਤੇ ਪੁਦੀਨੇ ਦਾ ਪਾਣੀ ਪਿਆਉਣ ਨਾਲ ਜ਼ਹਿਰ ਉੱਤਰ ਜਾਂਦਾ ਹੈ, ਹਰ ਰੋਜ਼ ਕੋਸੇ ਪਾਣੀ ਨਾਲ ਥੋੜ੍ਹੀ ਜਿਹੀ ਹਲਦੀ ਲਈ ਜਾਵੇ ਤਾਂ ਦਮਾ ਰੋਗ ਨਹੀਂ ਹੁੰਦਾ, ਖਾਲੀ ਪੇਟ ਲਸਣ ਦੀਆਂ ਦੋ-ਤਿੰਨ ਤੁਰੀਆਂ ਖਾਣ ਨਾਲ ਉੱਚ ਰਕਤਚਾਪ, ਸ਼ੂਗਰ, ਕੋਲੈਸਟਰੋਲ ਵਿਚ ਫਾਇਦਾ ਹੁੰਦਾ ਹੈ, ਫਟਕੜੀ ਦੇ ਸੇਵਨ ਨਾਲ ਦਸਤ, ਖਾਰਸ਼, ਬੁਖਾਰ, ਸਿਰਦਰਦ, ਚੰਬਲ, ਖੰਘ ਆਦਿ ਠੀਕ ਹੋ ਜਾਂਦੇ ਹਨ। ਘਰਾਂ ਵਿਚ ਆਮ ਵਰਤੇ ਜਾਣ ਵਾਲੇ ਮਸਾਲੇ, ਸੌਂਫ਼, ਜਵੈਨ, ਧਨੀਆ, ਜੀਰਾ, ਹਿੰਗ, ਕਾਲੀ ਮਿਰਚ, ਲੌਂਗ, ਇਲਾਇਚੀ, ਲਸਣ, ਪਿਆਜ਼, ਹਲਦੀ ਆਦਿ ਅਨੇਕਾਂ ਰੋਗਾਂ ਨੂੰ ਦੂਰ ਕਰਦੇ ਹਨ। ਸ਼ਹਿਦ, ਦਹੀਂ, ਤੁਲਸੀ, ਕੁਮਾਰ ਗੰਦਲ ਦੇ ਅਨੇਕਾਂ ਫਾਇਦੇ ਹਨ। ਇੰਜ ਇਸ ਨਿੱਕੀ ਜਿਹੀ ਪੁਸਤਕ ਵਿਚੋਂ ਬਹੁਤ ਹੀ ਲਾਭਦਾਇਕ ਜਾਣਕਾਰੀ ਮਿਲਦੀ ਹੈ। ਕੁਦਰਤੀ ਇਲਾਜ ਸਸਤੇ ਵੀ ਹਨ, ਅਸਰਦਾਰ ਵੀ ਹਨ ਅਤੇ ਕੋਈ ਨੁਕਸਾਨ ਵੀ ਨਹੀਂ ਕਰਦੇ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

c c c

ਸੁੱਚੇ ਮੋਤੀ
ਸੰਗ੍ਰਹਿ ਕਰਤਾ : ਸਿਮਰਨਜੀਤ ਕੌਰ
ਪ੍ਰਕਾਸ਼ਕ : ਅਡਵਾਈਜ਼ਰ ਪਬਲੀਕੇਸ਼ਨਜ਼, ਜਲੰਧਰ
ਮੁੱਲ : 100 ਰੁਪਏ, ਸਫ਼ੇ : 87
ਸੰਪਰਕ : 0181-4621185

ਮਨੁੱਖੀ ਜ਼ਿੰਦਗੀ ਦੀਆਂ ਅਟੱਲ ਸਚਾਈਆਂ ਅਤੇ ਬੇਹੱਦ ਕੀਮਤੀ ਵਿਚਾਰਾਂ ਨਾਲ ਲਬਰੇਜ਼ ਇਸ ਲੇਖਿਕਾ ਦੀ ਪਹਿਲਾਂ ਵੀ ਇਕ ਪੁਸਤਕ 'ਲੋਕ ਤੱਥ' ਸਿਰਲੇਖ ਹੇਠ ਆ ਚੁੱਕੀ ਹੈ। ਚਰਚਾ ਅਧੀਨ ਪੁਸਤਕ 'ਸੁੱਚੇ ਮੋਤੀ', ਇਸ ਦੀ ਚੰਗੇ ਵਿਚਾਰਾਂ ਦੀ ਸੰਗ੍ਰਹਿ ਕੀਤੀ ਹੋਈ ਦੂਜੀ ਪੁਸਤਕ ਹੈ। ਛੋਟੇ ਆਕਾਰ ਦੀ ਇਸ ਪੁਸਤਕ 'ਚ ਵੱਖ-ਵੱਖ ਥਾਵਾਂ ਤੋਂ ਇਕੱਤਰ ਕਰਕੇ ਕਿਤਾਬੀ ਰੂਪ ਦਿੱਤੇ ਗਏ ਇਕ ਹਜ਼ਾਰ ਵਿਚਾਰ ਹਨ। ਅਜਿਹੇ ਵਿਚਾਰ ਅੱਜਕਲ੍ਹ ਸੋਸ਼ਲ ਮੀਡੀਏ ਜਿਵੇਂ ਵੱਟਸਐਪ, ਫ਼ੇਸਬੁੱਕ ਵਗੈਰਾ 'ਤੇ ਆਮ ਪੜ੍ਹਨ-ਸੁਣਨ ਨੂੰ ਮਿਲ ਜਾਂਦੇ ਹਨ। ਇਹ ਵਿਚਾਰ ਉਹ ਸੁੱਚੇ ਮੋਤੀ ਹੁੰਦੇ ਹਨ, ਜਿਨ੍ਹਾਂ ਦੀ ਫ਼ਿਲਾਸਫ਼ੀ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਅਤੇ ਉਹ ਸਰਵਵਿਆਪਕ ਹੁੰਦੇ ਹਨ। ਹਾਂ, ਕੁਝ ਕੁ ਵਿਚਾਰਾਂ ਬਾਰੇ ਜ਼ਰੂਰ ਵੱਖ-ਵੱਖ ਰਾਵਾਂ ਹੋ ਸਕਦੀਆਂ ਹਨ। ਸੱਚ ਤਾਂ ਇਹ ਹੈ ਕਿ ਚੰਗੇ ਵਿਚਾਰਾਂ 'ਤੇ ਅਮਲ ਕਰਨ ਨਾਲ ਹੀ ਮਨੁੱਖ ਹੀ ਆਪਣੀ ਚੰਗੀ ਹੋਂਦ, ਸੋਚ, ਵਿਚਾਰਧਾਰਾ ਬਣਦੀ ਹੈ। ਇਹ ਵਿਚਾਰ ਸਦਾ ਗਹਿਣਾ ਹੁੰੰਦੇ ਹਨ। ਜੇਕਰ ਕਿਸੇ ਬੰਦੇ ਦੀ ਸ਼ਖ਼ਸੀਅਤ ਦਾ ਮਾਪ-ਤੋਲ ਕਰਨਾ ਹੋਵੇ ਤਾਂ ਇਹ ਉਸ ਦੀ ਨਿੱਜੀ ਜ਼ਿੰਦਗੀ ਅਤੇ ਚੰਗੇ ਵਿਚਾਰਾਂ ਤੋਂ ਹੀ ਕੀਤਾ ਜਾਂਦਾ ਹੈ। ਚੰਗੇ ਵਿਚਾਰਾਂ ਦੀ ਖ਼ਾਸ ਅਹਿਮੀਅਤ ਹੋਣ ਕਰਕੇ ਹਰ ਕੋਈ ਇਨ੍ਹਾਂ ਨੂੰ ਅੱਗੇ ਆਪਣੇ ਮਿੱਤਰਾਂ ਅਤੇ ਸਮਾਜ ਦੇ ਹੋਰਨਾਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ ਹੈ। ਮਹਾਨ ਵਿਦਵਾਨਾਂ, ਚਿੰਤਕਾਂ ਦੇ ਲਿਖੇ ਵਿਚਾਰਾਂ ਦੀ ਵਿਸ਼ੇਸ਼ ਮਹੱਤਤਾ ਹੋਣ ਕਰਕੇ ਹਰੇਕ ਭਾਸ਼ਾ 'ਚ ਛਪਣ ਵਾਲੇ ਚੰਗੇ ਅਖ਼ਬਾਰਾਂ ਨੇ ਵੀ ਰੋਜ਼ਾਨਾ ਇਕ ਵਿਚਾਰ ਛਾਪਣ ਦਾ ਫ਼ੈਸਲਾ ਕੀਤਾ ਹੈ।

-ਮੋਹਰ ਗਿੱਲ ਸਿਰਸੜੀ
ਮੋ: 98156-59110

c c c

ਓਹ ਤੇ ਮੈਂ
ਲੇਖਕ : ਭਵਰ ਲਾਲ ਜੈਨ
ਅਨੁ: ਪਰਮਜੀਤ ਸਿੰਘ ਸਾਸਨ,
ਪ੍ਰਕਾਸ਼ਕ : ਅਡਵਾਈਜ਼ਰ ਪਬਲੀਕੇਸ਼ਨਜ਼, ਜਲੰਧਰ
ਮੁੱਲ : 200 ਰੁਪਏ, ਸਫ਼ੇ : 194
ਸੰਪਰਕ : 0181-4621185.

ਇਹ ਪੁਸਤਕ ਮਰਾਠੀ ਭਾਸ਼ਾ ਵਿਚ ਲਿਖੀ ਭਵਰ ਲਾਲ ਜੈਨ ਦੀ ਰਚਨਾ 'ਤੀ ਆਣੀ ਮੀ' ਦਾ ਪੰਜਾਬੀ ਅਨੁਵਾਦ ਪਰਮਜੀਤ ਸਿੰਘ ਸਾਸਨ ਨੇ 'ਓਹ ਤੇ ਮੈਂ' ਸਿਰਲੇਖ ਅਧੀਨ ਬੜੀ ਸਰਲ ਪੰਜਾਬੀ ਵਿਚ ਕੀਤਾ ਹੈ। ਮੈਂ (ਲੇਖਕ) ਵੱਲੋਂ ਸਿਰਲੇਖ ਵਿਚ 'ਓਹ' ਨੂੰ ਪਹਿਲਾ ਸਥਾਨ ਦੇਣਾ ਜਿਥੇ ਆਪਣੀ ਪਤਨੀ ਨੂੰ ਜੋ ਸਵਰਗਵਾਸ ਹੋ ਚੁੱਕੀ ਹੈ, ਪ੍ਰਤੀ ਸ਼ਰਧਾਂਜਲੀ ਦਾ ਪ੍ਰਗਟਾਵਾ ਹੈ, ਉਥੇ ਪ੍ਰਤੀਕਾਤਮਕ ਤੌਰ 'ਤੇ ਲੇਖਕ ਵੱਲੋਂ ਇਸਤਰੀ ਜਾਤੀ ਪ੍ਰਤੀ ਸਤਿਕਾਰ ਦੀ ਭਾਵਨਾ ਦਾ ਬੋਧ ਵੀ ਹੁੰਦਾ ਹੈ। ਇਸ ਨਾਵਲ ਦੀਆਂ ਸਾਰੀਆਂ ਘਟਨਾਵਾਂ (ਪਤਾਕਾ ਅਤੇ ਪ੍ਰਕਰੀਆਂ ਸਮੇਤ) ਉੱਤਮ ਪੁਰਖੀ ਸ਼ੈਲੀ ਵਿਚ ਪ੍ਰਸਤੁਤ ਕੀਤੀਆਂ ਗਈਆਂ ਹਨ। ਨਾਇਕ ਅਤੇ ਨਾਇਕਾ 1961 ਤੋਂ 2005 ਤੱਕ ਲਗਪਗ 45 ਵਰ੍ਹੇ ਇਕ ਰੂਪ ਹੋ ਕੇ ਵਿਚਰਦੇ ਹਨ। ਅਜੋਕੇ ਸਮੇਂ ਜਦੋਂ ਕਿ ਪਰਿਵਾਰਕ ਟੁੱਟ-ਭੱਜ ਨੂੰ ਸਮਾਜ ਵਿਚ ਅਹਿਮ ਸਥਾਨ ਪ੍ਰਾਪਤ ਹੈ, ਵੱਡ-ਆਕਾਰੀ ਸੰਯੁਕਤ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣਾ ਖਾਲਾ ਜੀ ਦਾ ਵਾੜਾ ਨਹੀਂ, ਇਸ ਸਮੇਂ ਨਾਇਕਾ (ਕਾਂਤਾ ਬਾਈ) ਨੇ ਨਾ ਕੇਵਲ ਵੱਡੇ ਸੰਯੁਕਤ ਪਰਿਵਾਰ ਨੂੰ ਇਕ ਸੂਤਰ ਵਿਚ ਪਰੋ ਕੇ ਰੱਖਿਆ ਸਗੋਂ ਨਵੀਆਂ ਪੀੜ੍ਹੀਆਂ ਦਾ ਅਜਿਹਾ ਮਾਰਗ ਦਰਸ਼ਨ ਕੀਤਾ, ਅਜਿਹੇ ਨੇਕ ਅਤੇ ਪ੍ਰਗਤੀ ਦੇ ਜੀਵਨ ਦੇ ਸੰਸਕਾਰ ਦਿੱਤੇ, ਜਿਸ ਦੇ ਫਲਸਰੂਪ ਸਭ ਖੁਸ਼ਹਾਲੀ ਅਤੇ ਆਪਸੀ ਮਿਲਵਰਤਨ ਨਾਲ ਆਪਣਾ ਜੀਵਨ ਜੀਅ ਰਹੇ ਹਨ। ਵਿਭਿੰਨ ਪਾਤਰ ਆਪਣੀਆਂ ਯਾਦਾਂ ਰਾਹੀਂ ਕਾਂਤਾ ਬਾਈ ਦੀ ਮਾਨਵਵਾਦੀ ਪਹੁੰਚ, ਪ੍ਰਾਹੁਣਚਾਰੀ ਅਤੇ ਨਿੱਘੇ ਸਲੀਕੇ ਨੂੰ ਅਨੇਕਾਂ ਵਾਰ ਪ੍ਰਗਟ ਕਰਦੇ ਵਿਖਾਏ ਗਏ ਹਨ।
ਲੇਖਕ ਨੇ ਆਪਣੇ ਪਰਿਵਾਰ ਵਿਚ ਵਾਪਰੀਆਂ ਦੁਖ-ਸੁਖ ਦੀਆਂ ਘਟਨਾਵਾਂ ਨੂੰ ਬੜੀ ਯਥਾਰਥਕ ਦ੍ਰਿਸ਼ਟੀ ਨਾਲ ਪੇਸ਼ ਕੀਤਾ ਹੈ। ਲੇਖਕ ਨੇ ਅਨੇਕਾਂ ਥਾਵਾਂ 'ਤੇ ਬਿਰਤਾਂਤਕ ਗਤੀ ਨੂੰ ਧੀਮੀ ਕਰਦਿਆਂ ਜਾਂ ਰੋਕ ਕੇ, ਅਨੇਕਾਂ ਅਜਿਹੇ ਤਰਕਪੂਰਨ ਵਿਚਾਰਾਂ ਦਾ ਪ੍ਰਗਟਾਵਾ, ਗਲਪਕਾਰੋ-ਵਾਚ ਰਾਹੀਂ ਕੀਤਾ ਹੈ ਜੋ ਪਾਠਕ ਨੂੰ ਸੋਚਣ ਲਈ ਮਜਬੂਰ ਕਰਦੇ ਹਨ। ਇਸ ਦੇ ਨਾਲ ਹੀ ਪਾਠਕਾਂ ਨੂੰ ਬੇਸ਼ੁਮਾਰ ਸਵਾਲਾਂ ਦੇ ਸਨਮੁੱਖ ਖੜ੍ਹੇ ਕੀਤਾ ਹੈ। ਨਾਇਕਾ ਦੀ ਬਿਮਾਰੀ ਸਮੇਂ ਘਰ ਵਿਚ ਹੀ ਆਈ.ਸੀ.ਯੂ. ਦੀਆਂ ਹਰ ਪ੍ਰਕਾਰ ਦੀਆਂ ਸੇਵਾਵਾਂ ਉਪਲਬਧ ਕਰਵਾਉਣਾ, ਪੁੱਤਰਾਂ ਦੇ ਮਾਂ ਪ੍ਰਤੀ ਸਨੇਹ ਦਾ ਅਨੋਖਾ ਪ੍ਰਗਟਾਵਾ ਹੈ। ਦੇਸ਼-ਵਿਦੇਸ਼ ਦੀਆਂ ਕੀਤੀਆਂ ਯਾਤਰਾਵਾਂ ਨਾਲ ਨਾਵਲ ਵਿਚ ਸਫ਼ਰਨਾਮੇ ਦਾ ਅੰਸ਼ ਵੀ ਸ਼ਾਮਿਲ ਹੋ ਜਾਂਦਾ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c

ਸੁਣ ਲਓ ਬੱਚਿਓ ਗੱਲ ਮੇਰੀ
ਲੇਖਕ : ਨਵਦੀਪ ਸਿੰਘ ਭਾਟੀਆ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 64
ਸੰਪਰਕ : 98767-29056.

ਨਵਦੀਪ ਸਿੰਘ ਭਾਟੀਆ ਪੇਸ਼ੇ ਵਜੋਂ ਅਧਿਆਪਕ ਹਨ। ਬੱਚਿਆਂ ਦੀ ਮਾਨਸਿਕਤਾ ਨੂੰ ਉਹ ਨੇੜਿਓਂ ਸਮਝਦੇ ਹਨ। ਉਨ੍ਹਾਂ ਦੀ ਸਮਝ ਹੈ ਕਿ ਬੱਚਿਆਂ ਦੀ ਸਾਹਿਤ ਵਿਚ ਦਿਲਚਸਪੀ ਪੈਦਾ ਕਰਨ ਅਤੇ ਉਨ੍ਹਾਂ ਨੂੰ ਚੰਗੇ ਇਨਸਾਨ ਬਣਾਉਣ ਲਈ ਉਨ੍ਹਾਂ ਦੀ ਬੌਧਿਕਤਾ ਦੇ ਹਾਣ ਦਾ ਸਾਹਿਤ ਪੇਸ਼ ਕਰਨਾ ਚਾਹੀਦਾ ਹੈ।
ਇਸੇ ਸੋਚ ਤਹਿਤ ਉਨ੍ਹਾਂ 'ਸੁਣ ਲਓ ਬੱਚਿਓ ਗੱਲ ਮੇਰੀ' ਕਿਤਾਬ ਲਿਖੀ ਹੈ। ਇਸ ਕਿਤਾਬ ਵਿਚ ਬੱਚਿਆਂ ਦੇ ਗੀਤ ਹਨ। ਪੜ੍ਹਾਈ ਦੀ ਮਹੱਤਤਾ, ਦਾਦੀ ਦਾ ਪਿਆਰ, ਚੰਗੀਆਂ ਕਿਤਾਬਾਂ ਦੀ ਅਹਿਮੀਅਤ, ਦੀਵਾਲੀ ਦਾ ਚਾਅ, ਖਿਡੌਣਿਆਂ ਨਾਲ ਪ੍ਰੇਮ, ਕਲਾਸ ਰੂਮ ਦੀ ਮਹੱਤਤਾ ਸਮੇਤ ਹੋਰ ਛੋਟੇ-ਛੋਟੇ ਵਿਸ਼ਿਆਂ 'ਤੇ ਉਨ੍ਹਾਂ ਖੂਬਸੂਰਤ ਗੀਤ ਲਿਖੇ ਹਨ। ਗੀਤਾਂ ਦੀ ਭਾਸ਼ਾ ਸਰਲ ਹੈ, ਜੋ ਬੱਚਿਆਂ ਅੰਦਰ ਰੌਚਕਤਾ ਪੈਦਾ ਕਰਨ ਦੇ ਸਮਰੱਥ ਹੈ। ਹਰ ਗੀਤ ਨਾਲ ਇਕ ਸਕੈੱਚ ਬਣਾਇਆ ਗਿਆ ਹੈ, ਜੋ ਬਾਲ ਪਾਠਕਾਂ ਦਾ ਧਿਆਨ ਖਿੱਚਦਾ ਹੈ। ਇਸ ਸਕੈੱਚ ਤੋਂ ਦੂਹਰਾ ਕੰਮ ਇਸ ਵਿਚ ਰੰਗ ਭਰ ਕੇ ਲਿਆ ਜਾ ਸਕਦਾ ਹੈ।
ਲੇਖਕ ਬੱਚਿਆਂ ਨੂੰ ਸਮੇਂ ਦੀ ਕਦਰ ਕਰਨ ਲਈ ਪ੍ਰੇਰਿਤ ਕਰਦਿਆਂ ਲਿਖਦਾ ਹੈ :
ਘੜੀ ਕਰਦੀ ਟਿਕ ਟਿਕ
ਸਮੇਂ ਦੀ ਕਦਰ ਕਰਨੀ ਸਿੱਖ ਸਿੱਖ।
ਬੀਤ ਗਿਆ ਸਮਾਂ ਵਾਪਸ ਨਾ ਆਉਂਦਾ,
ਬਾਅਦ 'ਚ ਬੰਦਾ ਬੜਾ ਪਛਤਾਉਂਦਾ।
ਲੇਖਕ ਬੱਚਿਆਂ ਨੂੰ ਰੁੱਖਾਂ ਦੀ ਮਹੱਤਤਾ ਰੌਚਕਤਾ ਨਾਲ ਸਮਝਾਉਂਦਾ ਹੈ :
ਬੜੇ ਪਿਆਰੇ ਹੁੰਦੇ ਨੇ ਰੁੱਖ,
ਮਿਲਦਾ ਸਾਨੂੰ ਇਨ੍ਹਾਂ ਤੋਂ ਸੁੱਖ।
ਪਿਆਰੇ ਪਿਆਰੇ ਵਿਸ਼ਿਆਂ 'ਤੇ ਲਿਖੇ ਗਏ ਇਹ ਬਾਲ ਗੀਤ ਸਭ ਬੱਚਿਆਂ ਲਈ ਪੜ੍ਹਨਯੋਗ ਹਨ। ਇਹੋ ਜਿਹੀਆਂ ਕਿਤਾਬਾਂ ਨੂੰ ਸਕੂਲਾਂ ਦੀਆਂ ਲਾਇਬ੍ਰੇਰੀਆਂ 'ਚ ਵੱਧ ਤੋਂ ਵੱਧ ਜਗ੍ਹਾ ਮਿਲਣੀ ਚਾਹੀਦੀ ਹੈ।

-ਸਵਰਨ ਸਿੰਘ ਟਹਿਣਾ
ਮੋ: 98141-78883.

c c c

ਸਾਵੇ ਹਰਫ਼ਾਂ ਦੀ ਸਰਗਮ
ਲੇਖਿਕਾ : ਡਾ: ਬਲਵਿੰਦਰ ਕੌਰ ਬਰਿਆਣਾ
ਪ੍ਰਕਾਸ਼ਕ : ਯੂਨੀਸਟਾਰ ਬੁਕਸ ਪ੍ਰਾਈਵੇਟ (ਲਿਮ:) ਮੁਹਾਲੀ, ਚੰਡੀਗੜ੍ਹ
ਮੁੱਲ :295 (ਸਜਿਲਦ), ਸਫ਼ੇ : 178
ਸੰਪਰਕ : 98766-16699.

ਡਾ: ਬਲਵਿੰਦਰ ਕੌਰ ਬਰਿਆਣਾ ਦਾ ਪੰਜਾਬੀ ਕਾਵਿ-ਜਗਤ 'ਚ ਆਗਮਨ 'ਉਰਵੇਲਾ' (ਕਾਵਿ-ਸੰਗ੍ਰਹਿ) ਨਾਲ ਬਹੁਤ ਸਮਾਂ ਪਹਿਲਾਂ ਹੋਇਆ ਸੀ। ਲੰਮੀ ਚੁੱਪ ਤੋਂ ਬਾਅਦ 'ਸਾਵੇ ਹਰਫ਼ਾਂ ਦੀ ਸਰਗਮ' (ਕਾਵਿ-ਸੰਗ੍ਰਹਿ) ਰਾਹੀਂ ਉਸ ਨੇ ਫਿਰ ਪੰਜਾਬੀ ਕਾਵਿ-ਜਗਤ 'ਚ ਆਪਣੀ ਹਾਜ਼ਰੀ ਲਗਵਾਈ ਹੈ। ਕਮਾਲ ਦੀ ਗੱਲ ਹੈ ਕਿ ਇਹ ਕਾਵਿ-ਪੁਸਤਕ ਉਸ ਨੇ ਆਪਣੀ ਜ਼ਿੰਦਗੀ ਦੇ ਹਮਸਫ਼ਰ (ਜੀਵਨ ਸਾਥੀ) ਪਰਮਿੰਦਰ ਸਿੰਘ ਬਰਿਆਣਾ ਨੂੰ ਸਮਰਪਿਤ ਕੀਤੀ ਹੈ, ਜਿਸ ਨੂੰ ਇਹ ਆਪਣੇ ਪਤੀ ਹੋਣ ਦੇ ਨਾਲ-ਨਾਲ ਨਿੱਘਾ ਦੋਸਤ ਵੀ ਤਸਲੀਮ ਕਰਦੀ ਹੈ। ਉਸ ਦੀਆਂ ਕਵਿਤਾਵਾਂ ਸਹਿਜ ਭਾਅ ਹੀ ਮਨੁੱਖੀ ਜਜ਼ਬਿਆਂ ਦੀ ਨੁਮਾਇੰਦਗੀ ਕਰਦੀਆਂ ਹਨ। ਮਨੁੱਖੀ ਜੀਵਨ ਹੈ ਕੀ? ਇਸ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਇਹ ਦੁੱਖਾਂ ਅਤੇ ਸੁੱਖਾਂ ਦਾ ਸੁਮੇਲ ਹੈ। ਬਹੁਤ ਸਮਾਂ ਪਹਿਲਾਂ ਬਾਬਾ ਨਾਨਕ ਨੇ ਇਨ੍ਹਾਂ ਨੂੰ ਪਰਮਾਤਮਾ ਦੇ ਦਰ ਤੋਂ ਮਿਲੇ ਕੱਪੜਿਆਂ ਦਾ ਨਾਂਅ ਦਿੱਤਾ ਸੀ, ਜੋ ਮਨੁੱਖ ਨੇ ਇਥੇ ਆ ਕੇ ਪਹਿਨਣੇ ਹਨ। ਦੁੱਖਾਂ-ਸੁੱਖਾਂ ਦਾ ਇਹ ਸਿਲਸਿਲਾ ਅਨੰਤ ਕਾਲ ਤੋਂ ਲਗਾਤਾਰ ਜਾਰੀ ਹੈ ਅਤੇ ਇਸ ਦੇ ਵਿਰੁੱਧ ਸੰਘਰਸ਼ ਵੀ। ਉਹ ਵਕਤ ਗੁਜ਼ਾਰਨ ਨਾਲੋਂ ਵਕਤ ਨਾਲ ਸੰਘਰਸ਼ ਕਰਕੇ ਥੋੜ੍ਹਾ ਸਮਾਂ ਸੁਚੱਜੇ ਜੀਵਨ ਨੂੰ ਗੁਜ਼ਾਰਨ ਦੀ ਹਮਾਇਤੀ ਹੈ। ਇਨ੍ਹਾਂ ਕਵਿਤਾਵਾਂ ਦਾ ਸਮਾਂ ਦਹਾਕਿਆਂ 'ਚ ਹੈ। ਇਨ੍ਹਾਂ ਨੇ ਜੋ ਭਾਵਨਾਤਮਕ ਪੱਧਰ 'ਤੇ ਮਨੁੱਖ ਦੇ ਇਰਦ-ਗਿਰਦ ਪਰਕਰਮਾ ਕਰਦੇ ਨੇ। ਉਸ ਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਮੁਹੱਬਤ 'ਚ ਬਿਤਾਏ ਕੁਝ ਪਲ ਹੀ ਯੁੱਗਾਂ-ਯੁੱਗਾਂ ਦਾ ਸਫ਼ਰ ਤੈਅ ਕਰ ਜਾਂਦੇ ਨੇ :
ਲੋਕੀਂ ਕਿਹੜੀਆਂ ਉਮਰਾਂ ਦੀ
ਗੱਲ ਕਰਦੇ ਨੇ
ਜੀਅ ਲਏ ਪਲ ਵਿਚ ਤੇਰੇ ਨਾਲ
ਮੈਂ ਯੁੱਗ ਹਜ਼ਾਰ ਵੇ ਅੜਿਆ।
ਮੁਹੱਬਤ ਦੇ ਸਬੰਧ ਵਿਚ ਉਸ ਦਾ ਆਪਣਾ ਨਜ਼ਰੀਆ ਹੈ, ਜੋ ਅਹਿਸਾਸ ਤੋਂ ਸ਼ਬਦ ਦਾ ਰੂਪ ਵੀ ਧਾਰਦਾ ਹੈ ਅਤੇ ਚੁੱਪ ਦਾ ਵੀ। ਡਾ: ਸਾਹਿਬਾ ਦੀਆਂ ਕਵਿਤਾਵਾਂ ਦਾ ਪਾਠ ਕਰਦਿਆਂ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਤੁਸੀਂ ਗੰਭੀਰ ਮਸਲਿਆਂ ਨੂੰ ਵੀ ਭਾਵਨਾਤਮਕ ਪੱਧਰ 'ਤੇ ਗ੍ਰਹਿਣ ਕਰਦੇ ਹੋਏ ਚਿੰਤਨ ਦੀ ਦਿਸ਼ਾ ਵੱਲ ਮੋੜਾ ਕੱਟ ਜਾਂਦੇ ਹੋ। ਵਿਸ਼ਿਆਂ ਦੇ ਅਨੁਕੂਲ ਹੀ ਸ਼ਬਦਾਵਲੀ, ਬੇਰੋਕ ਭਾਵਨਾਵਾਂ ਨੂੰ ਪੇਸ਼ ਕਰਦੀ ਹੈ। ਸਾਵਾ ਦਾ ਅਰਥ ਬਰਾਬਰਤਾ ਦਾ ਵੀ ਅਤੇ ਹਰਿਆਲੀ ਦਾ ਵੀ ਹੈ। ਪ੍ਰੰਤੂ ਇਥੇ ਮੇਰੀ ਜਾਚੇ ਇਹ ਸ਼ਬਦ ਔਰਤ-ਮਰਦ ਦੇ ਬਰਾਬਰਤਾ ਦੇ ਦਰਜੇ ਦੀ ਸੂਚਕ ਹੋ ਮਨੁੱਖ ਬਣਨ ਵੱਲ ਪ੍ਰੇਰਿਤ ਹੋਣ ਕਰਕੇ ਪੁਸਤਕ ਦਾ ਨਾਂਅ ਢੁਕਵਾਂ ਜਾਪਦਾ ਹੈ ਅਤੇ ਉਸ ਨੂੰ ਅਖੌਤੀ ਨਾਰੀ-ਵਾਦੀ ਕਾਵਿ ਦੇ ਖੇਤਰ 'ਚੋਂ ਬਾਹਰ ਲਿਆ ਸਮੁੱਚੀ ਕਾਇਨਾਤ 'ਚ ਮਨੁੱਖ ਦੀ ਅਸਲੀ ਭੂਮਿਕਾ ਨਿਭਾਉਣ ਵੱਲ ਵਧ ਰਿਹਾ ਪ੍ਰਤੀਤ ਹੁੰਦਾ ਹੈ। ਮੈਂ ਇਨ੍ਹਾਂ ਕਵਿਤਾਵਾਂ ਦਾ ਭਰਪੂਰ ਅਨੰਦ ਮਾਣਿਆ ਹੈ। ਆਮੀਨ।

c c c

ਤੇਰੀ ਅਮਾਨਤ ਮੇਰੀ ਇਬਾਦਤ
ਲੇਖਿਕਾ : ਰਣਦੀਪ ਕੌਰ ਪੰਧੇਰ
ਪ੍ਰਕਾਸ਼ਕ : ਯੂਨੀਸਟਾਰ ਬੁਕਸ ਪ੍ਰਾਈਵੇਟ (ਲਿਮ:), ਚੰਡੀਗੜ੍ਹ
ਮੁੱਲ : 195, ਸਫ਼ੇ : 79
ਸੰਪਰਕ : 95308-30788.

'ਤੇਰੀ ਅਮਾਨਤ ਮੇਰੀ ਇਬਾਦਤ' ਕਾਵਿ-ਸੰਗ੍ਰਹਿ ਰਣਦੀਪ ਕੌਰ ਪੰਧੇਰ ਦਾ ਪਲੇਠਾ ਕਾਵਿ-ਸੰਗ੍ਰਹਿ ਹੈ, ਜਿਸ ਰਾਹੀਂ ਉਸ ਨੇ ਪੰਜਾਬੀ ਕਾਵਿ ਜਗਤ 'ਚ ਹਾਜ਼ਰੀ ਲਗਵਾਈ ਹੈ। ਇਸ ਕਾਵਿ-ਸੰਗ੍ਰਹਿ 'ਚ 67 ਨਜ਼ਮਾਂ ਸ਼ਾਮਿਲ ਹਨ। ਇਸ ਦੇ ਨਾਲ ਹੀ ਪਰਮਜੀਤ ਕੌਰ ਸਰਹਿੰਦ ਅਨੁਸਾਰ ਉਹ ਹਰ ਸਾਹ ਨਾਲ ਕੀਤੀ ਇਬਾਦਤ ਦਾ ਪ੍ਰਗਟਾਵਾ ਇਨ੍ਹਾਂ ਕਵਿਤਾਵਾਂ ਵਿਚ ਹੋਣ ਦਾ ਪ੍ਰਮਾਣ ਪੇਸ਼ ਕਰਦੀ ਹੈ। ਆਰੰਭਿਕ ਸ਼ਬਦ ਅਰਵਿੰਦਰ ਢਿੱਲੋਂ ਦੁਆਰਾ ਲਿਖੇ ਗਏ ਹਨ। ਰਣਦੀਪ ਕੌਰ ਪੰਧੇਰ ਗੁਰਬਾਣੀ ਦੇ ਆਸ਼ੇ ਮੁਤਾਬਿਕ ਦੁਨੀਆ ਵਿਚ ਇਕ ਰੱਬ ਹੋਣ ਦੀ ਹਾਮੀ ਭਰਦਿਆਂ ਇਨਸਾਨੀਅਤ ਦੇ ਪੱਖ ਵਿਚ ਆਵਾਜ਼ ਬੁਲੰਦ ਕਰਦੀ ਹੈ। ਉਸ ਅਨੁਸਾਰ ਅਜੋਕੇ ਯੁੱਗ ਵਿਚ ਕੋਈ ਵੀ ਵਿਅਕਤੀ ਧਰਮ 'ਚ ਸੱਚਾ ਨਹੀਂ, ਕਿਉਂਕਿ ਉਹ ਇਕਪਾਸੜ ਸੋਚ ਦਾ ਧਾਰਨੀ ਹੋ ਬਾਕੀ ਧਰਮਾਂ ਨੂੰ ਨਿੰਦਦਾ ਹੈ :
ਅੱਜ ਕੋਈ ਵੀ ਧਰਮ ਦਾ ਸੱਚਾ ਨਹੀਂ
ਜੋ ਦੂਜੇ ਦੇ ਮਜ਼ਹਬ ਨੂੰ ਨਿੰਦਦਾ ਹੈ
ਉਹ ਆਪਣੇ ਧਰਮ ਦਾ ਪੱਕਾ ਨਹੀਂ
ਅੱਲਾ, ਵਾਹਿਗੁਰੂ, ਰਾਮ ਨਾ ਆਖੇ।
ਰਣਦੀਪ ਕੌਰ ਦੀਆਂ ਕਵਿਤਾਵਾਂ ਅਹਿਸਾਸ ਦੀਆਂ ਕਵਿਤਾਵਾਂ ਹਨ, ਜੋ ਸਵੈ ਨਾਲ ਸੰਵਾਦ ਰਚਾਉਂਦੀਆਂ ਹੋਈਆਂ ਨਿੱਜ ਤੋਂ ਹਟ ਸਰਬ ਸਾਂਝੀਵਾਲਤਾ ਅਤੇ ਸਮੁੱਚੀ ਲੋਕਾਈ ਦੇ ਦਰਦ ਦੀਆਂ ਬਾਤਾਂ ਪਾਉਂਦੀਆਂ ਹਨ। ਖ਼ਾਸ ਤੌਰ 'ਤੇ ਔਰਤ ਦੇ ਵਜੂਦ ਦਾ ਸਵਾਲ ਖੜ੍ਹਾ ਕਰਦੀ ਕਵਿਤਾ 'ਕੰਨਿਆ ਦਾਨ' ਵੇਖੀ ਜਾ ਸਕਦੀ ਹੈ। ਸਰਲਤਾ, ਸਪੱਸ਼ਟਤਾ ਅਤੇ ਸਹਿਜਤਾ ਉਸ ਦਾ ਵਿਸ਼ੇਸ਼ ਗੁਣ ਹੈ। ਇਸ ਸੰਗ੍ਰਹਿ ਵਿਚਲੀਆਂ ਕੁਝ ਕਵਿਤਾਵਾਂ 'ਕੁੱਖ ਤੋਂ ਕਬਰ ਤੱਕ', 'ਵਿਰਸੇ ਦੀ ਤੜਪ', 'ਬਦਲਾਅ', 'ਪੰਜਾਬ ਦਾ ਵਰਤਮਾਨ', ਵੱਖਰੀ ਕਿਸਮ ਦੀਆਂ ਕਵਿਤਾਵਾਂ ਹਨ। 'ਗ਼ਮ' ਅਤੇ 'ਰਿਸ਼ਤੇ' ਸਮਾਜੀ ਅਤੇ ਮਨ ਦੇ ਰਿਸ਼ਤਿਆਂ ਦੀ ਅਹਿਮੀਅਤ ਦਰਸਾਈ ਗਈ ਹੈ। ਸਮਾਜੀ ਰਿਸ਼ਤੇ ਨਿਭਾਉਣੇ ਪੈਂਦੇ ਹਨ, ਪ੍ਰੰਤੂ ਮਨ ਦੇ ਰਿਸ਼ਤਿਆਂ ਨੂੰ ਪੁਗਾਉਣਾ ਪੈਂਦਾ ਹੈ।
ਇਕ ਰਿਸ਼ਤਾ ਜੋ ਇਹ ਦਿਲ ਆਪ ਬਣਾਉਂਦਾ ਹੈ
ਉਹ ਰਿਸ਼ਤਾ ਜੋ ਦਿਲ ਵਿਚ ਹੀ ਮੁਸਕੁਰਾਉਂਦਾ ਹੈ।
ਪਲੇਠਾ ਕਾਵਿ-ਸੰਗ੍ਰਹਿ ਹੋਣ ਕਰਕੇ ਲੇਖਿਕਾ ਨੂੰ ਵਧਾਈ ਵੀ ਹੈ ਅਤੇ ਉਸ ਨੂੰ ਵਿਚਾਰਧਾਰਕ ਮਸਲਿਆਂ ਪ੍ਰਤੀ ਜਾਗਰੂਕਤਾ ਹਿਤ ਚੰਗੇ ਸਾਹਿਤ ਨੂੰ ਪੜ੍ਹਨ ਦੀ ਸਲਾਹ ਵੀ ਹੈ। ਆਮੀਨ।

-ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096..

\c c c

ਆਜ਼ਾਦ ਦੇਸ਼ ਦੇ ਗੁਲਾਮ
ਲੇਖਕ : ਬਲਵੰਤ ਸਿੰਘ ਮਾਨ
ਪ੍ਰਕਾਸ਼ਕ : ਸਾਹਿਬ ਦੀਪ ਪ੍ਰਕਾਸ਼ਨ ਭੀਖੀ (ਮਾਨਸਾ)
ਮੁੱਲ : 100 ਰੁਪਏ, ਸਫ਼ੇ : 108
ਪਰਕ : 094164-95951.

ਪੁਸਤਕ ਦੇ ਸਮਰਪਣ ਸ਼ਬਦਾਂ ਅਨੁਸਾਰ ਲੇਖਕ ਦਾ ਬਚਪਨ ਵੱਡੀ ਭੈਣ ਸਵਰਗੀ ਪ੍ਰਕਾਸ਼ ਕੌਰ ਤੋਂ ਕਹਾਣੀਆਂ ਸੁਣ ਕੇ ਬੀਤਿਆ। ਬਚਪਨ ਦਾ ਇਹ ਮਾਹੌਲ ਲੇਖਕ ਦੀ ਸਾਹਿਤ ਸਿਰਜਣਾ ਦਾ ਆਧਾਰ ਬਣਿਆ। ਹਥਲੀ ਪੁਸਤਕ ਵਿਚ 16 ਕਹਾਣੀਆਂ ਹਨ। ਕਹਾਣੀ ਆਜ਼ਾਦੀ ਵਿਚ ਦਲਿਤ ਨੌਜਵਾਨ ਨੂੰ ਸਾਧ ਦੇ ਡੇਰੇ ਵਿਚੋਂ ਕੁੱਟ ਕੇ ਕੱਢ ਦਿੱਤਾ ਜਾਂਦਾ ਹੈ। ਹਸਪਤਾਲ ਦਾਖਲ ਕਰਾਉਣਾ ਪੈਂਦਾ ਹੈ। ਮਾਪਿਆਂ ਨੂੰ ਉਸ ਤੋਂ ਵੱਡੀਆਂ ਆਸਾਂ ਹਨ। ਪੜ੍ਹਨ ਵਿਚ ਉਹ ਮਿਹਨਤੀ ਹੈ। ਪੜ੍ਹ ਕੇ ਨੌਕਰੀ ਨਹੀਂ ਮਿਲਦੀ। ਮਾਂ ਨੌਕਰੀ ਖਾਤਰ ਇਕ ਡੇਰੇ ਜਾਂਦੀ ਹੈ। ਉਥੇ ਇਹ ਘਟਨਾ ਵਾਪਰਦੀ ਹੈ। ਵਿਸ਼ਾ ਜਾਤੀ ਵਖਰੇਵਾਂ ਹੈ। ਕਹਾਣੀ ਆਜ਼ਾਦ ਦੇਸ਼ ਦੇ ਗੁਲਾਮ ਵਿਚ ਸਥਿਤੀ ਹੋਰ ਵੀ ਭੈੜੀ ਹੈ। ਅਮੀਰ ਸਰਦਾਰ ਦੇ ਘਰ ਇਕ ਗਰੀਬ ਬੰਦੇ ਨੂੰ ਸਾਰੀ ਉਮਰ ਚਾਕਰੀ ਕਰਨੀ ਪੈਂਦੀ ਹੈ, ਕਿਉਂਕਿ ਵੱਡੇ-ਵਡੇਰਿਆਂ ਨੇ ਕਰਜ਼ਾ ਲਿਆ ਸੀ। ਕਰਜ਼ਾ ਨਾ ਲਹਿਣ ਕਰਕੇ ਉਸ ਦੀ ਪਤਨੀ ਘਰ ਦਾ ਕੰਮ ਕਰਦੀ ਹੈ। ਫਿਰ ਪੁੱਤਰ ਵੱਡਾ ਹੋ ਕੇ ਇਸੇ ਘਰ ਦੀ ਗੁਲਾਮੀ ਭੋਗਦਾ ਹੈ। ਕਹਾਣੀ ਪੰਮਾ ਵਿਚ ਧੋਖੇਬਾਜ਼ ਏਜੰਟ ਇਕ ਪਾਤਰ ਨੂੰ ਕੈਨੇਡਾ ਦਾ ਕਹਿ ਕੇ ਈਰਾਨ, ਤਹਿਰਾਨ, ਜਾਰਡਨ, ਤੁਰਕੀ ਤੇ ਸੀਰੀਆ ਦੇ ਜੰਗਲਾਂ ਵੱਲ ਧੱਕ ਦਿੰਦਾ ਹੈ। ਜੇਲ੍ਹਾਂ ਕੱਟਦਾ ਹੈ। ਪੁਲਿਸ ਦੇ ਜ਼ੁਲਮ ਸਹਿੰਦਾ ਹੈ। ਅਖੀਰ ਪਾਕਿਸਤਾਨ ਦੀ ਜੇਲ੍ਹ ਵਿਚ ਕੈਦ ਹੋ ਜਾਂਦਾ ਹੈ। ਅਪੀਲ ਕਰਨ 'ਤੇ ਰਿਹਾਅ ਹੁੰਦਾ ਹੈ। ਪੰਜਾਬ ਆ ਕੇ ਕਹਿੰਦਾ ਹੈ, 'ਮੈਂ ਆਪਣੀ ਪ੍ਰੀਤੋ ਨੂੰ ਛੱਡ ਕੇ ਕਿਤੇ ਨਹੀਂ ਜਾਵਾਂਗਾ ਮੈਨੂੰ ਨਹੀਂ ਡਾਲਰਾਂ ਦੀ ਲੋੜ। ਪੁਸਤਕ ਦੀਆਂ ਕਹਾਣੀਆਂ ਦੇ ਪਾਤਰ ਇਸ ਕਿਸਮ ਦੀ ਤ੍ਰਾਸਦਿਕ ਜ਼ਿੰਦਗੀ ਜਿਊਂਦੇ ਹਨ। ਉਹ ਗ਼ਰੀਬੀ, ਬੇਰੁਜ਼ਗਾਰੀ, ਜਾਤੀ ਵਿਤਕਰੇ ਦਾ ਸ਼ਿਕਾਰ ਹਨ। ਕਹਾਣੀਆਂ ਉੱਚੇ ਮਹਿਲਾਂ ਵਾਲੇ ਲੋਕ, ਬੂਟ ਪਾਲਿਸ਼, ਦਰੋਪਤੀ, ਵਟਵਾਰਾ, ਧਰਮ ਪਿਤਾ, ਪਿਆਰ ਦੀ ਬੇੜੀ, ਭਵਸਾਗਰ ਦੇਸ਼ ਦੀਆਂ ਭਖਦੇ ਮਸਲਿਆਂ ਨੂੰ ਕਲਾਮਈ ਸ਼ੈਲੀ ਵਿਚ ਪੇਸ਼ ਕਰਦੀਆਂ ਹਨ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160

c c c

ਅਪਰਾਧੀ ਕੌਣ?
ਕਹਾਣੀਕਾਰ : ਨਾਗਰ ਸਿੰਘ ਤੂਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 151
ਸੰਪਰਕ : 81465-20293.

ਕਹਾਣੀਕਾਰ ਨਾਗਰ ਸਿੰਘ ਤੂਰ ਦੇ ਇਸ ਪਲੇਠੇ ਕਹਾਣੀ-ਸੰਗ੍ਰਹਿ ਵਿਚ ਵੱਖ-ਵੱਖ ਭਾਵਪੂਰਤ ਵਿਸ਼ਿਆਂ ਨੂੰ ਉਭਾਰਦੀਆਂ ਕੁੱਲ 15 ਕਹਾਣੀਆਂ ਦਰਜ ਹਨ, ਜਿਨ੍ਹਾਂ ਵਿਚ ਸਮਾਜ ਵਿਚ ਪਾਈਆਂ ਜਾਣ ਵਾਲੀਆਂ ਮਾਰੂ ਸਮੱਸਿਆਵਾਂ ਨੂੰ ਕਹਾਣੀਕਾਰ ਨੇ ਆਪਣੇ ਖੱਬੇ ਪੱਖੀ ਸੋਚ ਵਾਲੇ ਦ੍ਰਿਸ਼ਟੀਕੋਣ ਨਾਲ ਪਾਤਰ ਉਸਾਰ ਕੇ ਪਾਠਕਾਂ ਦੇ ਸਨਮੁੱਖ ਪੇਸ਼ ਕੀਤਾ ਹੈ। ਕਹਾਣੀਆਂ ਵਿਚਲੀਆਂ ਸਮੱਸਿਆਵਾਂ ਅਤੇ ਹੋਣ ਵਾਲੇ ਅਪਰਾਧਾਂ ਪਿੱਛੇ ਕੰਮ ਕਰਨ ਵਾਲੇ ਕਾਰਨਾਂ ਅਤੇ ਦੋਸ਼ੀ ਲੋਕ ਕਿਉਂ ਦੋਸ਼ੀ ਹਨ? ਅਪਰਾਧ ਪਿੱਛੇ ਛੁਪਿਆ ਅਸਲ ਅਪਰਾਧੀ ਕੌਣ ਹੈ? ਦਾ ਕੇਂਦਰੀ ਪ੍ਰਸ਼ਨ ਹਰੇਕ ਕਹਾਣੀ ਪੜ੍ਹਨ ਤੋਂ ਬਾਅਦ ਉੱਭਰ ਕੇ ਸਾਹਮਣੇ ਆਉਂਦਾ ਹੈ। ਕਹਾਣੀਕਾਰ ਤੂਰ ਵੀ ਪੁਸਤਕ ਦੇ ਮੁੱਖ ਬੰਧ ਵਜੋਂ ਲਿਖੇ ਸ਼ਬਦਾਂ ਵਿਚ ਕਹਿੰਦਾ ਹੈ, 'ਅਪਰਾਧੀ ਕੌਣ' ਲੈ ਕੇ ਹਾਜ਼ਰ ਹਾਂ। ਇਹ ਪੁਸਤਕ ਨਹੀਂ ਸਗੋਂ ਸਮਾਜ ਦੇ ਦਰਪੇਸ਼ ਇਕ ਵੱਡਾ ਪ੍ਰਸ਼ਨ ਵੀ ਹੈ। ਉਸ ਨੇ ਹਰੇਕ ਕਹਾਣੀ ਇਸੇ ਮਕਸਦ ਦੀ ਪੂਰਤੀ ਲਈ ਰਚੀ ਜਾਪਦੀ ਹੈ। ਕਾਮਰੇਡ ਨਾਗਰ ਸਿੰਘ ਤੂਰ ਵੱਲੋਂ ਸਮਾਜ ਦੇ ਘੇਰਿਆਂ ਵਿਚ ਜਾਣੇ ਜਾਂਦੇ ਕਹਾਣੀਕਾਰ ਦਾ ਆਪਾ ਅਤੇ ਉਸ ਦੇ ਜੀਵਨ ਦਾ ਪੂਰਾ ਖਾਕਾ ਹਰੇਕ ਕਹਾਣੀ ਵਿਚ ਡੂੰਘਾ ਰਸਿਆ ਵਸਿਆ ਹੋਇਆ ਹੈ। ਪੰਜਾਬ ਦੇ ਪੁਆਧਾ ਖੇਤਰ ਦੇ ਜੰਮਪਲ ਕਹਾਣੀਕਾਰ ਦੇ ਪਾਤਰਾਂ ਦੀ ਬੋਲੀ ਠੇਠ ਪੁਆਧੀ ਰੰਗਣ ਵਾਲੀ ਹੈ।
ਜੇਕਰ ਕਹਾਣੀਆਂ ਦੇ ਤਕਨੀਕੀ ਪੱਖ ਨੂੰ ਅੱਖੋਂ ਪਰੋਖੇ ਕਰ ਦੇਈਏ ਤਾਂ ਨਾਗਰ ਸਿੰਘ ਤੂਰ ਨੇ ਪੂਰੀ ਸਫਲਤਾ ਨਾਲ ਅਤੇ ਪੂਰੀ ਤਰ੍ਹਾਂ ਭਿੱਜ ਕੇ ਕਹਾਣੀਕਾਰ ਵਜੋਂ ਕਲਮ ਚਲਾ ਕੇ ਪੰਜਾਬੀ ਕਹਾਣੀ ਦੇ ਭੰਡਾਰ ਵਿਚ ਜ਼ਿਕਰਯੋਗ ਵਾਧਾ ਕੀਤਾ ਹੈ। ਵਿਸ਼ੇਸ਼ ਕਰਕੇ ਪਹਿਲੀ ਕਹਾਣੀ 'ਵਹਿਸ਼ੀ ਮਨੁੱਖ', 'ਪਤਲਾ ਖੂਨ', 'ਕੋਠੇ ਦੀ ਕੁੜੀ', 'ਹਰੀ ਕੁੱਖ', 'ਹਵਸ', 'ਕਰਨੀ ਵਾਲਾ ਬੰਦਾ', 'ਗਰਭਪਾਤ', 'ਵਿਸ਼ਵਾਸਘਾਤ' ਆਪੋ-ਆਪਣੇ ਵਿਸ਼ੇ ਕਰਕੇ ਪਾਠਕਾਂ ਦੀ ਮਾਨਸਿਕਤਾ ਉੱਤੇ ਡੂੰਘਾ ਅਸਰ ਪਾਉਂਦੀਆਂ ਹਨ। ਪੰਜਾਬੀ ਕਹਾਣੀ ਦੇ ਵਿਹੜੇ ਵਿਚ ਸਭ ਨੂੰ ਸੀਨੀਅਰ ਸਿਟੀਜ਼ਨ ਦੀ ਉਮਰ 'ਚ ਪੁੱਜੇ ਕਹਾਣੀਕਾਰ ਨਾਗਰ ਸਿੰਘ ਤੂਰ ਦਾ ਨਿੱਘਾ ਸਵਾਗਤ ਕਰਨਾ ਚਾਹੀਦਾ ਹੈ।

-ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444.

c c c

ਕੜਵੇ ਬੋਲ
ਕਵੀ : ਸੋਹਣ ਆਦੋਆਣਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 49.
ਸੰਪਰਕ : 94787-40197.

'ਕੜਵੇ ਬੋਲ' ਨੌਜਵਾਨ ਕਵੀ ਸੋਹਣ ਆਦੋਆਣਾ ਦਾ ਦੂਜਾ ਕਾਵਿ ਸੰਗ੍ਰਹਿ ਹੈ। ਹਥਲੇ ਕਾਵਿ ਸੰਗ੍ਰਹਿ ਵਿਚ ਕੁੱਲ 45 ਕੁ ਦਰਮਿਆਨੇ ਆਕਾਰ ਦੀਆਂ ਭਾਵਪੂਰਤ ਕਵਿਤਾਵਾਂ ਹਨ। ਇਹ ਕਵਿਤਾਵਾਂ ਜ਼ਿਆਦਾਤਰ ਬਹਿਰਾਂ ਛੰਦਾਂ ਵਿਚ ਪਰਿਪੂਰਨ ਹਨ। ਇਨ੍ਹਾਂ ਕਵਿਤਾਵਾਂ ਦੇ ਕਵੀ ਨੇ ਭਾਵੇਂ ਭਾਗ ਨਹੀਂ ਦਰਸਾਏ ਪ੍ਰੰਤੂ ਇਨ੍ਹਾਂ ਵਿਚ ਕੁਝ ਜਜ਼ਬੇ-ਗੁੰਨ੍ਹੇ ਗੀਤ ਕੁਝ ਸੰਵੇਦਨਾ ਭਰਪੂਰ ਗ਼ਜ਼ਲਾਂ ਅਤੇ ਗੀਤ ਹਨ। ਕੁਝ ਇਕ ਵਾਰਤਕ ਕਵਿਤਾਵਾਂ ਵੀ ਹਨ। ਪਰ ਮੁੱਖ ਤੌਰ 'ਤੇ ਆਦੋਆਣਾ ਦੀਆਂ ਕਵਿਤਾਵਾਂ ਨਜ਼ਮ ਦੇ ਖੇਤਰ ਦੀਆਂ ਹਨ।
ਆਦੋਆਣਾ ਦੀਆਂ ਕਵਿਤਾਵਾਂ ਵਾਚਦਿਆਂ ਮੈਨੂੰ ਉਸ ਵਿਚੋਂ ਇਕ ਵੱਡੇ ਸ਼ਾਇਰ ਦੇ ਦਰਸ਼ਨ ਹੋਏ ਹਨ। ਅਸਲ ਵਿਚ ਆਦੋਆਣਾ ਇਕ ਵਧੀਆ ਗ਼ਜ਼ਲਕਾਰ ਹੈ। ਕੜਵੇ ਬੋਲ ਦੀਆਂ 49 ਕਾਵਿ ਸਿਰਜਣਾਵਾਂ ਵਿਚੋਂ 30 ਗ਼ਜ਼ਲਾਂ ਹੀ ਹਨ ਪਰ ਉਨ੍ਹਾਂ ਦਾ ਸਿਰਲੇਖ 'ਗ਼ਜ਼ਲ' ਕਰਕੇ ਨਹੀਂ ਦਿੱਤਾ ਗਿਆ। ਕਈਆਂ ਗ਼ਜ਼ਲਾਂ ਦੇ ਮਤਲੇ ਨਹੀਂ ਹਨ ਪਰ ਬਾਕੀ ਸਾਰੇ ਦਸਤੂਰ ਗ਼ਜ਼ਲਾਂ ਦੇ ਹਨ। ਉਸ ਦੇ ਬਹੁਤ ਸਾਰੇ ਸ਼ਿਅਰ ਬਿਲਕੁਲ ਅਛੂਤਾ ਖਿਆਲ ਦੇ ਧਾਰਨੀ ਹਨ :
-ਸੋਚ ਸਮਝ ਕੇ ਇੱਜ਼ਤ ਦਿਆ ਕਰ ਪੱਥਰਾਂ ਨੂੰ
ਇਹ ਪਾਲ ਭੁਲੇਖਾ ਆਪ ਖ਼ੁਦਾ ਬਣ ਬਹਿੰਦੇ ਨੇ
-ਇਨ੍ਹਾਂ ਵਗਦੇ ਸਾਹ ਵੀ ਤੈਥੋਂ ਖੋਹ ਲੈਣੇ
ਇਹ ਚੱਲਣ ਵਾਲੀ ਆਪ ਹਵਾ ਬਣ ਬਹਿੰਦੇ ਨੇ
-ਤੇਰੀ ਘੁੰਮਣਘੇਰੀ ਵਿਚ ਫਸਾ ਕੇ ਕਿਸ਼ਤੀ ਇਹ
ਪਤਵਾਰ ਤੇ ਚੱਪੂ ਆਪ ਮਲਾਹ ਬਣ ਬਹਿੰਦੇ ਨੇ।
ਗ਼ਜ਼ਲ ਵਿਚ ਭਾਵੇਂ ਆਦੋਆਣਾ ਪਰਬੀਨ ਵੱਲ ਅਜੇ ਵਧ ਰਿਹਾ ਹੈ ਪਰ ਉਸ ਦੇ ਕਾਵਿ ਦਿਸਹੱਦਿਆਂ ਵਿਚੋਂ ਮੈਨੂੰ ਗ਼ਜ਼ਲ-ਆਸ਼ਕੀ ਦੀ ਸੁਰਖ ਲੋਅ ਦਿਸ ਰਹੀ ਹੈ। ਉਹ ਲਿਖਦਾ ਹੈ :
-ਸੋਚ ਮੇਰੀ ਦੀ ਸ਼ਾਦੀ ਖਿਆਲ ਬਰਾਤੀ ਨੇ
ਗ਼ਜ਼ਲ ਹੈ ਮੇਰੀ ਦੁਲਹਨ ਹਰਫ਼ ਹਯਾਤੀ ਨੇ
-ਸ਼ਿਵ ਜਗਤਾਰ ਦੇ ਪਾਤਰ ਵਾਂਗ ਸੰਵੇਦਨ ਮਕਤਾ
ਮੁਕ ਨਾ ਜਾਣ ਵਿਚਾਰ ਜੋ ਕਲਮ ਦਵਾਤੀ ਨੇ।
ਅਸਲ ਵਿਚ ਜੇਕਰ ਆਦੋਆਣਾ ਕਾਹਲ ਤੋਂ ਬਚ ਕੇ ਇਸ ਪੁਰ ਅਹਿਸਾਸ ਕਾਵਿ ਸੰਗ੍ਰਹਿ ਨੂੰ ਗ਼ਜ਼ਲ ਸੰਗ੍ਰਹਿ ਵਿਚ ਪਰਵਰਤਿਤ ਕਰ ਲੈਂਦਾ ਤਾਂ ਨਵੇਂ ਗ਼ਜ਼ਲਕਾਰਾਂ ਦੀ ਪਹਿਲੀ ਕਤਾਰ ਵਿਚ ਆਣ ਖਲੋਂਦਾ।

 c c

ਕੱਚ ਦੇ ਸੱਚ
ਕਵੀ : ਦੀਪ ਜ਼ੀਰਵੀ
ਸੰਪਾਦਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 80 ਰੁਪਏ, ਸਫ਼ੇ : 64
ਸੰਪਰਕ : 98155-24600.

ਦੀਪ ਜ਼ੀਰਵੀ ਦੀਆਂ 64 ਸਫ਼ਿਆਂ ਵਿਚ ਫੈਲੀਆਂ 108 ਕਵਿਤਾਵਾਂ ਹਨ, ਜੋ 6-6 ਸਤਰਾਂ ਦੀਆਂ ਹਨ। ਇਹ ਕਵਿਤਾਵਾਂ ਦਵੱਈਏ ਛੰਦ ਵਿਚ ਪਰਿਪੂਰਨ ਹੈ। ਅੱਜਕੱਲ੍ਹ ਤਕਰੀਬਨ ਸਾਰੇ ਹੀ ਅਖ਼ਬਾਰ ਆਪਣੇ ਨਜ਼ਰੀਏ ਮੁਤਾਬਿਕ ਕਾਵਿ ਟੁਕੜੀਆਂ ਛਾਪਦੇ ਹਨ। ਇਨ੍ਹਾਂ ਕਾਵਿ ਟੁਕੜੀਆਂ ਵਿਚ ਸੰਖੇਪਤਾ ਸਹਿਤ ਅਜੋਕੀ ਰਾਜਨੀਤੀ, ਧਾਰਮਿਕ ਨੀਤੀ ਅਤੇ ਸਮਾਜਿਕ ਵਿੰਡਬਨਾਵਾਂ ਨੂੰ ਪੇਸ਼ ਕੀਤਾ ਮਿਲਦਾ ਹੈ। ਕੁਝ ਇਸੇ ਤਰ੍ਹਾਂ ਦੀਆਂ ਹੀ ਕਾਵਿ ਟੁਕੜੀਆਂ ਇਸ ਪੁਸਤਕ ਵਿਚ ਵੀ ਹਨ।
ਇਨ੍ਹਾਂ ਕਾਵਿ ਟੁਕੜੀਆਂ ਦਾ ਨਾਮਕਰਨ ਨਹੀਂ ਕੀਤਾ ਗਿਆ। ਅਲਬੱਤਾ ਨੰਬਰ ਪਾਏ ਗਏ ਹਨ। ਇਨ੍ਹਾਂ ਸਾਰੀਆਂ ਹੀ ਕਾਵਿ ਟੁਕੜੀਆਂ ਵਿਚ ਰੂਪਕ ਇਕਸਾਰਤਾ ਨਿਭਾਉਣ ਦਾ ਯਤਨ ਤਾਂ ਕੀਤਾ ਗਿਆ ਹੈ ਪਰ ਬਹੁਤ ਸਾਰੀਆਂ ਟੁਕੜੀਆਂ ਆਪਣੇ-ਆਪ ਵਿਚ ਰੂਪਕ ਆਜ਼ਾਦੀ ਵਿਚ ਪ੍ਰਤੀਤ ਹੁੰਦੀਆਂ ਹਨ। ਕਈ ਤਾਂ 5 ਸਤਰਾਂ ਦੀਆਂ ਹਨ ਪਰ ਕਈ ਸੱਤ ਸਤਰਾਂ ਦੀਆਂ ਵੀ ਹਨ। ਆਮ ਕਰਕੇ ਪਹਿਲੀਆਂ ਚਾਰ ਸਤਰਾਂ ਦਾ ਕਾਫੀਆ ਮੇਲ ਖਾਂਦਾ ਹੈ ਅਤੇ ਅਗਲੀਆਂ ਦੋ ਸਤਰਾਂ ਦਾ ਕਾਫੀਆ ਬਦਲ ਜਾਂਦਾ ਹੈ। ਪਰ ਇਹ ਵੀ ਸਾਰੀਆਂ ਟੁਕੜੀਆਂ ਉੱਤੇ ਇਕਸਾਰਤਾ ਨਹੀਂ ਬਣਾ ਸਕਿਆ। ਹਰ ਕਾਵਿ ਟੁਕੜੀ ਦਾ ਆਪਣਾ ਆਜ਼ਾਦ ਵਿਸ਼ਾ ਹੈ ਜਿਵੇਂ :
ਸਾਗਰ ਦੇ ਵਿਚ ਜਨਮਦੀ ਪਲਦੀ,
ਚਲਦੀ ਤਰਦੀ ਮਰਦੀ ਮੱਛੀ।
ਸਾਗਰ ਨੂੰ ਛੱਡ ਮਾਰੂਥਲ ਵੱਲ,
ਕਦ ਸੁਣਿਆਂ ਮੂੰਹ ਕਰਦੀ ਮੱਚੀ।
ਮਰ ਕੇ ਬੇਸ਼ੱਕ ਧਾਰ ਦੇ ਵੱਲ ਨੂੰ,
ਲੋਥ ਹੋਈ ਬਸ ਤਰਦੀ ਮੱਛੀ।
ਜਦ ਤੱਕ ਗਲਫੜਿਆਂ ਵਿਚ ਤਾਕਤ,
ਧਾਰ ਦੇ ਉਲਟਾ ਤਰਦੀ ਮੱਛੀ।
ਮੱਛੀ ਫੜ ਕੇ ਛਿੱਲ ਤਲ ਕੇ,
ਪਾਣੀ ਪਾਣੀ ਕਰਦਾ ਬੰਦਾ।
ਅਕਸਰ ਏਦਾਂ ਵੀ ਹੁੰਦਾ ਏ
ਏਦਾਂ ਵੀ ਹੁੰਦਾ ਰਹਿੰਦਾ ਏ।
ਇਨ੍ਹਾਂ ਕਾਵਿ ਟੁਕੜੀਆਂ ਵਿਚ ਚਲੰਤ ਵਿਸ਼ੇ ਹਨ। ਇਨ੍ਹਾਂ ਵਿਚ ਸਮਾਜਿਕ ਕੁਰੀਤੀਆਂ ਅਤੇ ਟੁੱਟ ਰਹੀਆਂ ਨੈਤਿਕਤਾਵਾਂ ਪ੍ਰਤੀ ਜ਼ਿਕਰ ਹੈ। ਬਹੁਤ ਸਾਰੀਆਂ ਟੁਕੜੀਆਂ ਵਿਚ ਸਿੱਖਿਆ ਦਿੱਤੀ ਗਈ ਹੈ।

-ਸੁਲੱਖਣ ਸਰਹੱਦੀ
ਮੋ: 94174-84337.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX