ਤਾਜਾ ਖ਼ਬਰਾਂ


ਮੋਦੀ ਕਿਸੇ ਜਾਤ ਦਾ ਨਾਂਅ ਨਹੀਂ, ਇਹ ਪਛੜੀਆਂ ਸ਼੍ਰੇਣੀਆਂ ਦੇ ਸਨਮਾਨ ਦਾ ਖ਼ਿਤਾਬ ਹੈ - ਪ੍ਰਹਿਲਾਦ ਸਿੰਘ ਪਟੇਲ
. . .  1 day ago
ਨਵੀਂ ਦਿੱਲੀ, 24 ਮਾਰਚ - ਕੇਂਦਰੀ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਗਾਂਧੀ ਅਤੇ ਕਾਂਗਰਸ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਮੋਦੀ ਕਿਸੇ ਜਾਤ ਦਾ ਨਾਂਅ ਨਹੀਂ, ਇਹ ਪਛੜੀਆਂ ਸ਼੍ਰੇਣੀਆਂ ਲਈ ...
ਕਾਸਿਮ ਅਲ-ਅਰਾਜੀ, ਇਰਾਕ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਐਨ.ਐੱਸ.ਏ. ਅਜੀਤ ਡੋਵਾਲ ਦੇ ਸੱਦੇ 'ਤੇ ਭਾਰਤ ਦੇ ਦੌਰੇ 'ਤੇ
. . .  1 day ago
ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਅਫਸਪਾ ਤਹਿਤ ਗੜਬੜ ਵਾਲੇ ਖੇਤਰ ਦੀ ਸਥਿਤੀ 6 ਮਹੀਨਿਆਂ ਲਈ ਵਧਾਈ
. . .  1 day ago
ਮੁੰਬਈ : ਨਿਰਦੇਸ਼ਕ ਪ੍ਰਦੀਪ ਸਰਕਾਰ ਦੇ ਦਿਹਾਂਤ 'ਤੇ ਬਾਲੀਵੁੱਡ 'ਚ ਸੋਗ
. . .  1 day ago
ਖ਼ਜ਼ਾਨਾ ਦਫ਼ਤਰ ਛੁੱਟੀ ਦੇ ਬਾਵਜੂਦ ਕੱਲ੍ਹ ਤੇ ਪਰਸੋਂ ਵੀ ਖੁੱਲ੍ਹੇ ਰਹਿਣਗੇ
. . .  1 day ago
ਲੁਧਿਆਣਾ, 24 ਮਾਰਚ (ਸਲੇਮਪੁਰੀ)- ਪੰਜਾਬ ਸਰਕਾਰ ਵਲੋਂ ਸਰਕਾਰੀ ਗ੍ਰਾਂਟਾਂ , ਸਰਕਾਰੀ ਅਦਾਇਗੀਆਂ ਦਾ ਭੁਗਤਾਨ ਕਰਨ ਲਈ ਛੁੱਟੀ ਵਾਲੇ ਦਿਨ ਹੋਣ ਦੇ ਬਾਵਜੂਦ ਵੀ ਸਰਕਾਰੀ ਖ਼ਜ਼ਾਨਾ ...
ਵਿਦੇਸ਼ਾਂ ਦੇ ਲੋਕ ਸੋਸ਼ਲ ਮੀਡੀਆ ਵਲੋਂ ਫ਼ੈਲਾਏ ਜਾ ਰਹੇ ਝੂਠ ਤੋਂ ਬਚਣ- ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 24 ਮਾਰਚ- ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਪੰਜਾਬ ਦੇ ਅਧਿਕਾਰੀ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਛਾਪੇਮਾਰੀ ਕਰ ਰਹੇ ਹਨ। ਅਸੀਂ ਵਿਦੇਸ਼ਾਂ ਦੇ ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ਕੁਝ ਤੱਤਾਂ ਦੁਆਰਾ ਫ਼ੈਲਾਏ ਜਾ ਰਹੇ ਝੂਠੇ ਅਤੇ ਪ੍ਰੇਰਿਤ ਬਿਆਨਾਂ ਤੋਂ ਬਚਣ....
ਆਲ ਇੰਡੀਆ ਪੁਲਿਸ ਐਥਲੈਟਿਕਸ ਚੈਪੀਅਨਸ਼ਿਪ ’ਚ ਪੰਜਾਬ ਦੀ ਧੀ ਮੰਜੂ ਰਾਣੀ ਨੇ ਜਿੱਤਿਆ ਸੋਨ ਤਗਮਾ
. . .  1 day ago
ਬਰਨਾਲਾ/ਰੂੜੇਕੇ ਕਲਾਂ, 24 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)- ਲਖਨਊ ਵਿਖੇ ਪੰਜ ਰੋਜ਼ਾ ਕਰਵਾਈ ਗਈ ਸੱਤਵੀਂ ਆਲ ਇੰਡੀਆ ਪੁਲਿਸ ਐਥਲੈਟਿਕਸ ਚੈਂਪੀਅਨਸ਼ਿਪ 2023 ਦੌਰਾਨ 10 ਕਿੱਲੋਮੀਟਰ ਪੈਦਲ ਚਾਲ ਮੁਕਾਬਲੇ ਵਿਚੋਂ ਪੰਜਾਬ ਦੀ ਧੀ ਮੰਜੂ....
ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ 12 ਹੋਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ- ਐਨ.ਆਈ.ਏ.
. . .  1 day ago
ਨਵੀਂ ਦਿੱਲੀ, 24 ਮਾਰਚ- ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਅੱਜ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ 12 ਹੋਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ, ਜੋ ਕਿ ਪਾਬੰਦੀਸ਼ੁਦਾ ਬੱਬਰ ਖ਼ਾਲਸਾ ਇੰਟਰਨੈਸ਼ਨਲ ਅਤੇ ਕਈ ਹੋਰ ਖ਼ਾਲਿਸਤਾਨੀ ਸਮਰਥਕ ਅੱਤਵਾਦੀ ਸੰਗਠਨਾਂ ਨਾਲ ਸੰਬੰਧ.....
ਆਮ ਆਦਮੀ ਪਾਰਟੀ ਹੁਣ ਸਿਰਫ਼ ਐਡ ਪਾਰਟੀ- ਵਿਕਰਮਜੀਤ ਸਿੰਘ ਚੌਧਰੀ
. . .  1 day ago
ਜਲੰਧਰ, 24 ਮਾਰਚ- ਅੱਜ ਇੱਥੇ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਸਿਰਫ਼ ਐਡ ਪਾਰਟੀ ਬਣ...
ਮੈਂ ਭਾਰਤ ਦੀ ਆਵਾਜ਼ ਲਈ ਲੜ ਰਿਹਾ ਹਾਂ- ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 24 ਮਾਰਚ- ਰਾਹੁਲ ਗਾਂਧੀ ਨੂੰ ਉਨ੍ਹਾਂ ਦੀ ਮੋਦੀ ਉਪਨਾਮ ਵਾਲੀ ਟਿੱਪਣੀ ਨੂੰ ਲੈ ਕੇ ਅਪਰਾਧਿਕ ਮਾਣਹਾਨੀ ਦੇ ਕੇਸ ਵਿਚ ਦੋਸ਼ੀ ਠਹਿਰਾਏ ਜਾਣ ਦੀ ਮਿਤੀ ਤੋਂ ਲੋਕ ਸਭਾ ਦੇ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਕਾਂਗਰਸ....
ਰਾਹੁਲ ਗਾਂਧੀ ਕਿਸੇ ਧਮਕੀ ਤੋਂ ਨਹੀਂ ਡਰਦੇ- ਜੈਰਾਮ ਰਮੇਸ਼
. . .  1 day ago
ਨਵੀਂ ਦਿੱਲੀ, 24 ਮਾਰਚ- ਕਾਂਗਰਸ ਦੇ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਕਿਹਾ ਕਿ ਭਾਜਪਾ ਭਾਰਤ ਜੋੜੋ ਯਾਤਰਾ ਤੋਂ ਘਬਰਾ ਗਈ ਹੈ। ਉਹ ਜਾਣਦੇ ਹਨ ਕਿ ਭਾਰਤ ਜੋੜੋ ਯਾਤਰਾ ਨੇ ਨਾ ਸਿਰਫ਼ ਕਾਂਗਰਸ ਸੰਗਠਨ ਵਿਚ ਨਵਾਂ ਜੋਸ਼ ਭਰਿਆ ਹੈ, ਸਗੋਂ ਪੂਰੇ ਦੇਸ਼ ਵਿਚ ਇਕ ਨਵਾਂ ਉਤਸ਼ਾਹ ਦਿਖਾਇਆ ਹੈ ਅਤੇ ਭਵਿੱਖ ਦਾ....
ਇਲਾਕੇ ਵਿਚ ਗੜੇਮਾਰੀ ਕਾਰਨ ਫ਼ਸਲਾਂ ਦਾ ਵੱਡਾ ਨੁਕਸਾਨ
. . .  1 day ago
ਮਲੋਟ, 24 ਮਾਰਚ (ਪਾਟਿਲ)- ਮਲੋਟ ਇਲਾਕੇ ਵਿਚ ਹੋਈ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਬਰਸਾਤ ਦੇ ਨਾਲ ਨਾਲ ਤੇਜ਼ ਹਵਾਵਾਂ ਚੱਲਣ ਕਾਰਨ ਫ਼ਸਲਾਂ ਖੇਤਾਂ ਵਿਚ ਵਿਛ ਗਈਆਂ ਹਨ। ਸ਼ਹਿਰ....
ਅਬੋਹਰ ਦੇ ਸਰਹੱਦੀ ਪਿੰਡਾਂ ’ਚ ਤੂਫ਼ਾਨ ਨੇ ਮਚਾਈ ਤਬਾਹੀ
. . .  1 day ago
ਅਬੋਹਰ, 24 ਮਾਰਚ (ਸੰਦੀਪ ਸੋਖਲ)- ਤੇਜ਼ ਰਫ਼ਤਾਰ ਆਏ ਤੂਫ਼ਾਨ ਨੇ ਪੰਜਾਬ ਦੇ ਸਰਹੱਦੀ ਪਿੰਡਾਂ ਵਿਚ ਤਬਾਹੀ ਮਚਾ ਦਿੱਤੀ। ਪਿੰਡਾਂ ਵਿਚ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਹੈ। ਰਾਜਸਥਾਨ ਤੇ ਪਾਕਿਸਤਾਨ ਸਰਹੱਦ ’ਤੇ ਲੱਗਦੇ ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਤਹਿਸੀਲ ਅਬੋਹਰ ਦੇ ਪਿੰਡ ਬਕੈਣ ਵਾਲਾ, ਹਰੀਪੁਰਾ.....
ਬੇਮੌਸਮੀ ਮੀਂਹ ਕਾਰਨ ਹੋਏ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਵੇ ਪੰਜਾਬ ਸਰਕਾਰ- ਸੁਖਬੀਰ ਸਿੰਘ ਬਾਦਲ
. . .  1 day ago
ਮਲੋਟ, 24 ਮਾਰਚ (ਪਾਟਿਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਸਾਨਾਂ ਨਾਲ ਮੁਲਾਕਾਤ ਕਰਕੇ ਬੇਮੌਸਮੀ ਹੋਈ ਬਰਸਾਤ ਅਤੇ ਗੜ੍ਹੇਮਾਰੀ ਕਾਰਨ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ਲਈ ਪੰਜਾਬ ਸਰਕਾਰ....
250 ਗ੍ਰਾਮ ਅਫ਼ੀਮ ਸਮੇਤ ਡਰਾਈਵਰ ਤੇ ਕੰਡਕਟਰ ਕਾਬੂ
. . .  1 day ago
ਅਬੋਹਰ, 24 ਮਾਰਚ (ਸੰਦੀਪ ਸੋਖਲ) - ਜ਼ਿਲ੍ਹਾ ਫ਼ਾਜ਼ਿਲਕਾ ਦੀ ਐਸ.ਐਸ.ਪੀ ਮੈਡਮ ਅਵਨੀਤ ਕੌਰ ਸਿੱਧੂ, ਐਸ.ਪੀ ਹੈੱਡ ਕੁਆਟਰ ਮੋਹਨ ਲਾਲ, ਡੀ.ਐਸ.ਪੀ ਅਬੋਹਰ ਸੁਖਵਿੰਦਰ ਸਿੰਘ ਬਰਾੜ ਨੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਮੁਹਿੰਮ ਚਲਾਈ ਹੈ। ਉਨ੍ਹਾਂ ਦੀਆਂ ਹਦਾਇਤਾਂ ’ਤੇ ਥਾਣਾ ਖੂਈਆਂ ਸਰਵਰ.....
‘ਆਪ’ ਐਮ.ਐਲ.ਏ. ਵਲੋਂ ਆਪਣੀ ਥਾਂ ’ਤੇ ਕਿਸੇ ਫ਼ਰਜ਼ੀ ਬੰਦੇ ਤੋਂ ਦਿਵਾਇਆ ਗਿਆ 12ਵੀਂ ਦਾ ਪੇਪਰ
. . .  1 day ago
ਬਾਬਾ ਬਕਾਲਾ, 24 ਮਾਰਚ- ਆਮ ਆਦਮੀ ਪਾਰਟੀ ਦੇ ਬਟਾਲਾ ਤੋਂ ਐਮ.ਐਲ. ਏ. ਸ਼ੈਰੀ ਕਲਸੀ ਵਲੋਂ ਆਪਣੀ ਥਾਂ ’ਤੇ ਕਿਸੇ ਫ਼ਰਜ਼ੀ ਬੰਦੇ ਤੋਂ 12ਵੀਂ ਦਾ ਪੇਪਰ ਦਿਵਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸੰਬੰਧੀ ਬੋਲਦਿਆਂ ਸੁਖਪਾਲ ਸਿੰਘ ਖਹਿਰਾ ਨੇ ਸਿੱਖਿਆ ਮੰਤਰੀ...
ਭਾਰਤ ਭੂਸ਼ਣ ਆਸ਼ੂ ਨੂੰ ਮਿਲੀ ਜ਼ਮਾਨਤ
. . .  1 day ago
ਚੰਡੀਗੜ੍ਹ/ਲੁਧਿਆਣਾ, 24 ਮਾਰਚ (ਤਰੁਣ ਭਜਨੀ/ਪਰਮਿੰਦਰ ਸਿੰਘ ਆਹੂਜਾ)- ਬਹੁਕਰੋੜੀ ਟੈਂਡਰ ਘੁਟਾਲੇ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਵਲੋਂ ਉਸ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ...
ਅੰਮ੍ਰਿਤਪਾਲ ਦੇ ਦੋ ਸਾਥੀ ਅਦਾਲਤ ਵਿਚ ਪੇਸ਼
. . .  1 day ago
ਅਜਨਾਲਾ, 24 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- 23 ਫਰਵਰੀ ਨੂੰ ਅਜਨਾਲਾ ਵਿਚ ਵਾਪਰੇ ਘਟਨਾਕ੍ਰਮ ਦੇ ਸੰਬੰਧ ਵਿਚ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਅੰਮ੍ਰਿਤਪਾਲ ਦੇ ਦੋ ਸਾਥੀਆਂ ਹਰਕਰਨ ਸਿੰਘ ਅਤੇ ਓਂਕਾਰ ਸਿੰਘ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼....
ਅੰਮ੍ਰਿਤਪਾਲ ਸਮਰਥਕ ਨੌਜਵਾਨਾਂ ਦੀ ਨਿਆਂਇਕ ਹਿਰਾਸਤ ਛੇ ਦਿਨ ਹੋਰ ਵੱਧੀ
. . .  1 day ago
ਤਲਵੰਡੀ ਸਾਬੋ, 24 ਮਾਰਚ (ਰਣਜੀਤ ਸਿੰਘ ਰਾਜੂ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪੰਜਾਬ ਪੁਲਿਸ ਵਲੋਂ ਬੀਤੀ 18 ਮਾਰਚ ਨੂੰ ਸ਼ੁਰੂ ਕੀਤੀ ਗਈ ਮੁਹਿੰਮ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲੇ ਤਲਵੰਡੀ ਸਾਬੋ ਇਲਾਕੇ ਦੇ 16 ਨੌਜਵਾਨ, ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ’ਚ ਲੈਣ ਉਪਰੰਤ....
ਇੰਟੈਲੀਜੈਂਸ ਵਿਭਾਗ ਦੇ ਆਈ.ਜੀ.ਵਲੋਂ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ
. . .  1 day ago
ਅੰਮ੍ਰਿਤਸਰ, 24 ਮਾਰਚ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਆਈ.ਜੀ. ਇੰਟੈਲੀਜੈਂਸ ਜਸਕਰਨ ਸਿੰਘ ਅੱਜ ਮੁਲਾਕਾਤ ਕਰਨ ਲਈ ਪਹੁੰਚੇ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈ.ਜੀ. ਜਸਕਰਨ ਸਿੰਘ ਨੇ ਕਿਹਾ ਕਿ ਉਹ ਪਹਿਲਾਂ....
ਖੇਮਕਰਨ ਇਲਾਕੇ ਦੇ ਸਕੂਲਾਂ ਚ ਪੜ੍ਹਾਉਂਦੇ ਤਿੰਨ ਅਧਿਆਪਕਾਂ ਦੀ ਸੜਕ ਦੁਰਘਟਨਾ 'ਚ ਹੋਈ ਮੌਤ 'ਤੇ ਸੋਗ ਦੀ ਲਹਿਰ
. . .  1 day ago
ਖੇਮਕਰਨ, 24 ਮਾਰਚ (ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ ਇਲਾਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਚ ਪੜ੍ਹਾਉਣ ਲਈ ਰੋਜ਼ਾਨਾ ਫ਼ਿਰੋਜ਼ਪੁਰ ਜ਼ਿਲ੍ਹੇ 'ਚੋ ਇਕ ਟਰੈਕਸ ਗੱਡੀ 'ਤੇ ਆਉਂਦੇ ਅਧਿਆਪਕਾਂ ਦੀ ਅੱਜ ਸਵੇਰੇ ਫਿਰੋਜ਼ਪੁਰ ਨਜ਼ਦੀਕ ਹੋਈ ਭਿਆਨਕ ਸੜਕ ਦੁਰਘਟਨਾ 'ਚ ਤਿੰਨ ਅਧਿਆਪਕਾਂ...
ਰਾਹੁਲ ਗਾਂਧੀ ਸੰਸਦ ਵਿਚ ਸੱਚਾਈ ਤੋਂ ਦੂਰ ਜਾਣ ਦੇ ਆਦੀ- ਅਨੁਰਾਗ ਠਾਕੁਰ
. . .  1 day ago
ਨਵੀਂ ਦਿੱਲੀ, 24 ਮਾਰਚ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਰਾਹੁਲ ਗਾਂਧੀ ਨੈਸ਼ਨਲ ਹੈਰਾਲਡ ਦੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਜ਼ਮਾਨਤ ’ਤੇ ਹਨ, ਉਹ ਸੰਸਦ ਵਿਚ ਸੱਚਾਈ ਤੋਂ ਦੂਰ ਜਾਣ ਦੇ ਆਦੀ ਹਨ। ਮੈਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਮੰਨਦੇ ਹਨ ਕਿ ਉਹ ਸੰਸਦ, ਕਾਨੂੰਨ, ਦੇਸ਼ ਤੋਂ ਉੱਪਰ ਹਨ। ਵਿਸ਼ੇਸ਼....
ਕਾਂਗਰਸ ਵਲੋਂ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਅੱਜ ਸ਼ਾਮ- ਕਾਂਗਰਸ ਪ੍ਰਧਾਨ
. . .  1 day ago
ਨਵੀਂ ਦਿੱਲੀ, 24 ਮਾਰਚ- ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖ਼ਤਮ ਕਰਨ ਸੰਬੰਧੀ ਗੱਲ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਅਸੀਂ ਅੱਜ ਸ਼ਾਮ 5 ਵਜੇ ਪਾਰਟੀ ਦਫ਼ਤਰ ਵਿਖੇ ਪਾਰਟੀ ਦੇ ਸੀਨੀਅਰ ਆਗੂਆਂ.....
ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਹੋਈ ਰੱਦ
. . .  1 day ago
ਨਵੀਂ ਦਿੱਲੀ, 24 ਮਾਰਚ- ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਮਾਣਹਾਨੀ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਲੋਕ ਸਭਾ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਗਿਆ ਹੈ। ਰਾਹੁਲ ਗਾਂਧੀ, ਕੇਰਲ ਦੇ ਵਾਇਨਾਡ ਸੰਸਦੀ ਹਲਕੇ ਤੋਂ ਲੋਕ ਸਭਾ ਮੈਂਬਰ ਹਨ। ਉਨ੍ਹਾਂ ਨੂੰ ਬੀਤੇ ਦਿਨੀਂ ਸੂਰਤ....
ਸਾਢੇ 13 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਚਾਰ ਗ੍ਰਿਫ਼ਤਾਰ
. . .  1 day ago
ਲੁਧਿਆਣਾ, 24 ਮਾਰਚ (ਪਰਮਿੰਦਰ ਸਿੰਘ ਆਹੂਜਾ)- ਐ.ਸਟੀ.ਐਫ਼. ਦੀ ਪੁਲਿਸ ਨੇ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਦੋ ਕਿੱਲੋ 230 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ....
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਚੇਤ ਸੰਮਤ 555
ਵਿਚਾਰ ਪ੍ਰਵਾਹ: ਲਾਲਚ ਦਾ ਪਿਆਲਾ ਪੀ ਕੇ ਮਨੁੱਖ ਅੱਤਿਆਚਾਰੀ ਤੇ ਪਾਗਲ ਹੋ ਜਾਂਦਾ ਹੈ। -ਸ਼ੇਖ ਸ਼ਾਅਦੀ

ਤੁਹਾਡੇ ਖ਼ਤ

17-03-2023

 ਸਰਕਾਰੀ ਪਾਬੰਦੀਆਂ
ਭਾਵੇਂ ਸਰਕਾਰ ਵਲੋਂ ਅਮਨ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਸਮੇਂ-ਸਮੇਂ ਸਿਰ ਵੱਖ-ਵੱਖ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ, ਪਰ ਲੋਕਾਂ ਵਲੋਂ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਹੁੰਦੀ ਅਤੇ ਇਹ ਹੁਕਮ ਕਾਗਜ਼ਾਂ ਤੱਕ ਹੀ ਸੀਮਤ ਰਹਿ ਜਾਂਦੇ ਹਨ। ਹਾਲ ਵਿਚ ਹੀ ਸਰਕਾਰ ਵਲੋਂ ਵਿਦਿਆਰਥੀਆਂ ਦੀ ਪ੍ਰੀਖਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਲਾਊਡ ਸਪੀਕਰਾਂ ਨੂੰ ਉੱਚੀ ਆਵਾਜ਼ ਅਤੇ ਡੀ.ਜੇ. ਨੂੰ ਵੀ ਨਿਰਧਾਰਤ ਸਮੇਂ 'ਤੇ ਹੀ ਵਜਾਉਣ ਦੇ ਹੁਕਮ ਕੀਤੇ ਹੋਏ ਹਨ, ਪਰ ਲੋਕਾਂ ਵਲੋਂ ਇਨ੍ਹਾਂ ਹੁਕਮਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਾਂਦੀ ਅਤੇ ਪਿੰਡਾਂ ਵਿਚ ਉੱਚੀ ਆਵਾਜ਼ ਵਿਚ ਵੱਜਦੇ ਸਪੀਕਰਾਂ ਤੋਂ ਵਿਦਿਆਰਥੀ ਤੇ ਮਾਪੇ ਬੇਹੱਦ ਪ੍ਰੇਸ਼ਾਨ ਹਨ। ਪਿੰਡਾਂ ਵਿਚ ਇਕੋ ਸਮੇਂ ਕਈ-ਕਈ ਧਾਰਮਿਕ ਅਸਥਾਨਾਂ ਤੋਂ ਆਉਂਦੀਆਂ ਸਪੀਕਰਾਂ ਦੀਆਂ ਆਵਾਜ਼ਾਂ ਲੋਕਾਂ ਨੂੰ ਰੁਹਾਨੀ ਸਕੂਨ ਦੇਣ ਦੀ ਬਜਾਇ ਉਨ੍ਹਾਂ ਲਈ ਸਿਰ ਦਰਦੀ ਬਣੀਆਂ ਹੋਈਆਂ ਹਨ। ਇਸੇ ਤਰ੍ਹਾਂ ਹੀ ਸ਼ਹਿਰਾਂ ਵਿਚ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਵਜਾਉਣ ਕਾਰਨ ਰਾਹਗੀਰ ਡਾਢੇ ਪ੍ਰੇਸ਼ਾਨ ਹਨ। ਮੈਰਿਜ ਪੈਲੇਸਾਂ ਵਿਚ ਹਥਿਆਰ ਲਿਜਾਣ 'ਤੇ ਪਾਬੰਦੀ ਲੱਗਣ ਦੇ ਬਾਵਜੂਦ ਮੈਰਿਜ ਪੈਲੇਸਾਂ ਵਿਚ ਕਈ ਨਿਰਦੋਸ਼ ਗੋਲੀਆਂ ਦਾ ਸ਼ਿਕਾਰ ਹੋ ਰਹੇ ਹਨ। ਜਿਥੇ ਲੋਕਾਂ ਨੂੰ ਪ੍ਰਸ਼ਾਸਨ, ਸਰਕਾਰ ਵਲੋਂ ਲਗਾਈਆਂ ਗਈਆਂ ਵੱਖ-ਵੱਖ ਪਾਬੰਦੀਆਂ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਉਥੇ ਹੀ ਜ਼ਿਲ੍ਹਾ ਅਧਿਕਾਰੀਆਂ ਨੂੰ ਸਰਕਾਰੀ ਆਦੇਸ਼ਾਂ ਨੂੰ ਲਾਗੂ ਕਰਾਉਣ ਲਈ ਅਮਲੀ ਤੌਰ 'ਤੇ ਵੀ ਕਦਮ ਚੁੱਕਣ ਦੀ ਲੋੜ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਸਕੂਲਾਂ ਵਿਚ ਸੁਧਾਰ ਜ਼ਰੂਰੀ
ਬੁੱਧਵਾਰ 15 ਫਰਵਰੀ, ਕਮਲਜੀਤ ਸਿੰਘ ਬਨਵੈਤ ਦਾ ਲੇਖ 'ਪੰਜਾਬ ਸਕੂਲ ਸਿੱਖਿਆ ਦਾ ਅੱਗਾ ਦੌੜ ਪਿੱਛਾ ਚੌੜ ਜਿਹਾ ਹਾਲ' ਪੰਜਾਬ ਦੀ ਸਕੂਲੀ ਸਿੱਖਿਆ ਦੇ ਮੌਜੂਦਾ ਹਾਲਾਤ ਦੀ ਮੂੰਹ ਬੋਲਦੀ ਤਸਵੀਰ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਨਵੇਂ ਸਕੂਲ ਖੋਲ੍ਹਣ ਦੀ ਥਾਂ ਕਾਰਜਸ਼ੀਲ ਸਕੂਲਾਂ ਵਿਚ ਸਿੱਖਿਆ ਦੇ ਸੁਧਾਰ ਕਰਨ ਵੱਲ ਧਿਆਨ ਦਿੱਤਾ ਜਾਵੇ। ਮੁਢਲੀ ਸਿੱਖਿਆ ਇਕ ਅਜਿਹਾ ਆਧਾਰ ਹੈ, ਜਿਸ 'ਤੇ ਦੇਸ਼ ਦੇ ਹਰ ਇਕ ਨਾਗਰਿਕ ਦਾ ਵਿਕਾਸ ਨਿਰਭਰ ਕਰਦਾ ਹੈ। ਬੇਸ਼ੱਕ ਦੇਸ਼ ਵਿਚ ਸਾਖਰਤਾ ਦਰ ਵਧਾਉਣ ਲਈ ਸਮੇਂ-ਸਮੇਂ 'ਤੇ ਯਤਨ ਜਾਰੀ ਰਹੇ ਹਨ ਪਰੰਤੂ ਫਿਰ ਵੀ ਮੁਢਲੀ ਸਿੱਖਿਆ ਦਾ ਵਿਸਥਾਰ ਨਹੀਂ ਹੋ ਸਕਿਆ। ਜ਼ਿਆਦਾਤਰ ਸਰਕਾਰੀ ਸਕੂਲਾਂ ਵਿਚ ਬੱਚੇ ਆਪਣੀ ਜਮਾਤ ਅਤੇ ਉਮਰ ਦੇ ਪੱਧਰ ਅਨੁਸਾਰ ਸਿੱਖਿਆ ਗ੍ਰਹਿਣ ਨਹੀਂ ਕਰ ਪਾਉਂਦੇ। ਬੱਚਿਆਂ ਲਈ ਕਿਤਾਬਾਂ ਅਤੇ ਵਰਦੀਆਂ ਭਾਵੇਂ ਸਰਕਾਰ ਵਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਮਿਡ-ਡੇ-ਮੀਲ ਵਰਗੀਆਂ ਸੁਵਿਧਾਵਾਂ ਵੀ ਸਰਕਾਰ ਵਲੋਂ ਦਿੱਤੀਆਂ ਗਈਆਂ ਹਨ। ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਨਾਅਰਾ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਇਨ੍ਹਾਂ ਚੀਜ਼ਾਂ ਦੇ ਨਾਲ-ਨਾਲ ਮੁਢਲੀ ਸਿੱਖਿਆ ਨੂੰ ਉੱਚ ਪੱਧਰ 'ਤੇ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਨਾਕਾਮ ਸਿੱਧ ਹੋ ਰਹੀਆਂ ਹਨ।


-ਕਮਲਜੀਤ ਕੌਰ ਗੁੰਮਟੀ


ਅਪਰਾਧਾਂ ਦਾ ਵਧ ਰਿਹਾ ਗ੍ਰਾਫ਼
ਪਿਛਲੇ ਦਿਨੀਂ 'ਅਜੀਤ' ਦਾ ਸੰਪਾਦਕੀ ਲੇਖ 'ਕਾਨੂੰਨ ਵਿਵਸਥਾ ਦੀ ਵਿਗੜਦੀ ਹਾਲਤ' ਪੜ੍ਹਿਆ, ਜਿਸ ਬਾਰੇ ਲੇਖਕ ਨੇ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਵਿਗੜਦੀ ਹਾਲਤ ਬਾਰੇ ਸਮੀਖਿਆ ਕਰ ਚਿੰਤਾ ਜਤਾਈ ਹੈ। ਕਾਬਲੇ ਗੌਰ ਸੀ। ਪਿੱਛੇ ਫਿਲੌਰ 'ਚ ਕੁਝ ਨਸ਼ਈ ਬਦਮਾਸ਼ਾਂ ਵਲੋਂ ਕਾਨੂੰਨ ਵਿਵਸਤਾ ਨੂੰ ਚੁਣੌਤੀ ਦਿੰਦਿਆਂ ਇਕ ਜਵਾਨ ਦੀ ਹੱਤਿਆ ਕਰਨ ਦੀ ਖ਼ਬਰ ਨਸ਼ਰ ਹੋਈ ਸੀ। ਰੋਜ਼ਾਨਾ ਹੀ ਕੋਈ ਨਾ ਕੋਈ ਕਤਲੋ-ਗਾਰਤ ਦੀਆਂ ਖ਼ਬਰਾਂ ਛਪ ਰਹੀਆਂ ਹਨ। ਪੰਜਾਬ 'ਚ ਲਾਅ ਐਂਡ ਆਰਡਰ ਦੀ ਵਿਗੜੀ ਹਾਲਤ ਚਿੰਤਾ ਦਾ ਵਿਸ਼ਾ ਹੈ। ਪੰਜਾਬ ਵਿਚ ਫਿਰ ਲਾਂਬੂ ਲਾਊਣ ਬਾਰੇ ਸ਼ਰਾਰਤੀ ਤੱਤਾਂ ਵਲੋਂ ਕੀਤੀਆਂ ਜਾ ਰਹੀਆਂ ਵਾਰਦਾਤਾਂ ਬਾਰੇ ਪੂਰੇ ਪੰਜਾਬ ਵਾਸੀ ਸਹਿਮੇ ਹੋਏ ਹਨ। ਪੰਜਾਬ ਨੇ ਪਹਿਲਾਂ ਧਾੜਵੀਆਂ, ਹਿੰਦ-ਪਾਕਿ ਦੀ ਵੰਡ, ਹਿੰਦ-ਪਾਕਿ, ਹਿੰਦ-ਚੀਨ ਲੜਾਈਆਂ, ਅੱਤਵਾਦ ਦਾ ਕਾਲਾ ਸੰਤਾਪ ਹੰਢਾਇਆ ਹੈ। ਅੱਜ ਪੰਜਾਬ ਦੂਸਰੇ ਸੂਬਿਆਂ ਤੋਂ ਕਾਫ਼ੀ ਪੱਛੜ ਗਿਆ ਹੈ। ਕਾਰਖ਼ਾਨੇਦਾਰ ਇਥੇ ਕਾਰਖਾਨੇ ਲਗਾਉਣ ਨੂੰ ਤਿਆਰ ਨਹੀਂ ਹਨ।
ਹੁਣ ਇਹ ਦੁਬਾਰਾ ਫਿਰ ਲੋਕ ਨੌਜਵਾਨਾਂ ਨੂੰ ਜੋ ਬੇਰੁਜ਼ਾਰੀ ਦੇ ਆਲਮ ਵਿਚ ਨਿਰਾਸ਼ ਹਨ, ਦਾ ਫਾਇਦਾ ਉਠਾ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। 'ਆਪ' ਸਰਕਾਰ ਨੂੰ ਇਸ ਮਸਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਪੂਰੀ ਤਰ੍ਹਾਂ ਸੰਜੀਦਾ ਹੋ ਕੇ ਇਨ੍ਹਾਂ ਮਸਲਿਆਂ ਦਾ ਹੱਲ ਕਰਨਾ ਚਾਹੀਦਾ ਹੈ ਤੇ ਪੰਜਾਬ ਵਿਚ ਪੁਲਿਸ ਬਲ ਨੂੰ ਹਰ ਸਮੇਂ ਚੌਕਸ ਰਹਿਣ ਦੇ ਨਿਰਦੇਸ਼ ਦੇਣੇ ਚਾਹੀਦੇ ਹਨ ਤਾਂ ਜੋ ਕਿਸੇ ਵੀ ਵੱਡੀ ਘਟਨਾ ਨੂੰ ਸਮਾਂ ਰਹਿੰਦਿਆਂ ਟਾਲਿਆ ਜਾ ਸਕੇ।


-ਗੁਰਮੀਤ ਸਿੰਘ ਵੇਰਕਾ
ਸੇਵਾ ਮੁਕਤ ਇੰਸਪੈਕਟਰ ਪੁਲਿਸ


ਅਧਿਕਾਰ ਅਤੇ ਕਰਤੱਵ
ਭਾਰਤ ਦਾ ਸੰਵਿਧਾਨ ਦੁਨੀਆ ਦਾ ਸਭ ਤੋਂ ਲੰਮਾ ਅਤੇ ਵਿਸਤ੍ਰਿਤ ਸੰਵਿਧਾਨ ਹੈ ਜਿਸ ਨੇ ਸਾਨੂੰ ਖ਼ੁਸ਼ਹਾਲੀ ਨਾਲ ਜਿਊਣ ਲਈ ਮੌਲਿਕ ਅਧਿਕਾਰ ਦਿੱਤੇ ਹਨ ਜਿਨ੍ਹਾਂ ਤੋਂ ਅਸੀਂ ਬਹੁਤ ਚੰਗੀ ਤਰ੍ਹਾਂ ਵਾਕਿਫ਼ ਹਾਂ। ਕਰਤੱਵ ਅਤੇ ਅਧਿਕਾਰ ਇਕੋ ਸਿੱਕੇ ਦੇ ਦੋ ਪਹਿਲੂ ਹਨ। ਅਸੀਂ ਆਪਣੇ ਹੱਕਾਂ ਅਤੇ ਅਧਿਕਾਰ ਲਈ ਹਰ ਰੋਜ਼ ਰੋਸ ਮੁਜ਼ਾਹਰਾ ਕਰਦੇ ਹਾਂ ਪਰ ਗੱਲ ਜਦੋਂ ਸਾਡੇ ਕਰਤੱਵ ਜਾਂ ਫ਼ਰਜ਼ਾਂ ਦੀ ਆਉਂਦੀ ਹੈ ਤਾਂ ਅਸੀਂ ਇਨ੍ਹਾਂ ਤੋਂ ਪਾਸਾ ਵੱਟ ਲੈਂਦੇ ਹਾਂ। ਸਰਵਜਨਕ ਸਥਾਨਾਂ, ਕੁਦਰਤੀ ਸਰੋਤਾਂ, ਪੌਣ ਪਾਣੀ, ਜੰਗਲਾਂ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ, ਲੋੜ ਪੈਣ 'ਤੇ ਦੇਸ਼ ਸੇਵਾ ਲਈ ਤਿਆਰ ਰਹਿਣਾ ਅਤੇ ਚੌਦਾਂ ਸਾਲ ਤੱਕ ਦੇ ਹਰੇਕ ਬੱਚੇ ਨੂੰ ਸਕੂਲ ਭੇਜਣਾ ਸਾਡੇ ਮੁਢਲੇ ਕਰਤੱਵ ਵਿਚ ਆਉਂਦਾ ਹੈ। ਸਾਨੂੰ ਸਾਰਿਆਂ ਨੂੰ ਭਾਰਤ ਦੇਸ਼ ਦੇ ਸੂਝਵਾਨ ਨਾਗਰਿਕ ਹੋਣ ਦੇ ਨਾਤੇ ਆਪਣੇ ਨਾਲ-ਨਾਲ ਦੂਜਿਆਂ ਨੂੰ ਵੀ ਕਰਤੱਵਾਂ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਅਧਿਕਾਰਾਂ ਅਤੇ ਕਰਤੱਵਾਂ ਦਾ ਸੰਤੁਲਨ ਬਣਿਆ ਰਹੇ।


-ਰਜਵਿੰਦਰ ਪਾਲ ਸ਼ਰਮਾ
ਕਾਲਝਰਾਨੀ, (ਬਠਿੰਡਾ)

16-03-2023

 ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਓ
ਅਸੀਂ ਜਾਣਦੇ ਹਾਂ ਕਿ ਜਿਸ ਵਾਤਾਵਰਨ ਵਿਚ ਅਸੀਂ ਸਾਹ ਲੈਂਦੇ ਹਾਂ, ਉਹ ਹਵਾ ਹੀ ਸ਼ੁੱਧ ਨਹੀਂ ਹੈ, ਕਈ ਤਰ੍ਹਾਂ ਦੇ ਜ਼ਹਿਰੀਲੇ ਕਣਾਂ, ਜ਼ਹਿਰੀਲੀਆਂ ਗੈਸਾਂ, ਸਨਅਤੀ ਇਕਾਈਆਂ ਦੀਆਂ ਚਿਮਨੀਆਂ ਅਤੇ ਡੀਜ਼ਲ/ਪੈਟਰੋਲ ਨਾਲ ਚੱਲਣ ਵਾਲੇ ਵਾਹਨਾਂ ਦੇ ਧੂੰਏ, ਪ੍ਰਮਾਣੂ ਵਿਸਫੋਟਾਂ ਦੇ ਤਜਰਬਿਆਂ ਅਤੇ ਬਿਜਲੀ ਉਪਕਰਨਾਂ ਵਿਚੋਂ ਨਿਕਲਦੀਆਂ ਜ਼ਹਿਰੀਲੀਆਂ ਗੈਸਾਂ ਨੇ ਹਵਾ ਨੂੰ ਇਥੋਂ ਤੱਕ ਪ੍ਰਦੂਸ਼ਿਤ ਕਰ ਦਿੱਤਾ ਹੈ ਕਿ ਇਸ ਵਿਚ ਸਾਹ ਲੈਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਦਮਾ, ਖੰਘ, ਕੈਂਸਰ ਆਦਿ ਦਾ ਖ਼ਤਰਾ ਬਣਿਆ ਰਹਿੰਦਾ ਹੈ। ਅਜਿਹਾ ਵਾਤਾਵਰਨ ਜੀਵ-ਜੰਤੂਆਂ ਲਈ ਵੀ ਬਹੁਤ ਨੁਕਸਾਨਦਾਇਕ ਹੈ। ਦੂਸਰੇ ਪਾਸੇ ਧਰਤੀ ਉਪਰਲਾ ਪਾਣੀ ਵੀ ਜ਼ਹਿਰੀਲਾ ਹੋ ਚੁੱਕਾ ਹੈ। ਸਨਅਤੀ ਇਕਾਈਆਂ ਵਿਚੋਂ ਨਿਕਲਦਾ ਜ਼ਹਿਰੀਲਾ ਪਾਣੀ ਅਤੇ ਸੀਵਰੇਜ ਦਾ ਗੰਦ-ਮੰਦ ਨਹਿਰਾਂ ਅਤੇ ਨਦੀਆਂ ਵਿਚ ਸੁੱਟਿਆ ਜਾਂਦਾ ਹੈ, ਜਿਸ ਕਾਰਨ ਇਹ ਪਾਣੀ ਫ਼ਸਲਾਂ ਅਤੇ ਪਸ਼ੂਆਂ ਲਈ ਨੁਕਸਾਨਦਾਇਕ ਸਾਬਤ ਹੁੰਦਾ ਹੈ। ਖੇਤੀ ਲਈ ਵਰਤੀਆਂ ਜਾਂਦੀਆਂ ਖਾਦਾਂ ਅਤੇ ਫ਼ਸਲਾਂ 'ਤੇ ਛਿੜਕਣ ਵਾਲੀਆਂ ਜ਼ਹਿਰੀਲੀਆਂ ਕੀਟਨਾਸ਼ਕ ਦਵਾਈਆਂ ਦਾ ਅਸਰ ਨਾ ਕੇਵਲ ਵਾਤਾਵਰਨ 'ਤੇ ਹੀ ਹੋ ਰਿਹਾ ਹੈ, ਸਗੋਂ ਧਰਤੀ ਹੇਠਲੇ ਪਾਣੀ 'ਤੇ ਵੀ ਇਸ ਦਾ ਅਸਰ ਹੁੰਦਾ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵਾਤਾਵਰਨ ਦੀ ਸੰਭਾਲ ਕਿਵੇਂ ਕੀਤੀ ਜਾਵੇ? ਸਭ ਤੋਂ ਜ਼ਰੂਰੀ ਇਹ ਹੈ ਕਿ ਦਰੱਖ਼ਤ ਨਾ ਕੱਟੇ ਜਾਣ ਜੋ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਵਿਚ ਮਦਦ ਕਰਦੇ ਹਨ। ਨਵੇਂ ਰੁੱਖ ਲਾਉਣੇ ਵੀ ਬਹੁਤ ਜ਼ਰੂਰੀ ਹਨ ਤਾਂ ਜੋ ਲੋੜ ਪੈਣ 'ਤੇ ਪੁਰਾਣੇ ਰੁੱਖਾਂ ਦੀ ਵਰਤੋਂ ਹੋ ਸਕੇ। ਆਬਾਦੀ ਵਿਚ ਲਗਾਤਾਰ ਹੋ ਰਹੇ ਵਾਧੇ 'ਤੇ ਰੋਕ ਲਾਉਣੀ ਹੋਰ ਵੀ ਜ਼ਰੂਰੀ ਹੈ। ਇਸ ਨਾਲ ਵਾਤਾਵਰਨ ਨੂੰ ਸੁਧਾਰਨ ਵਿਚ ਬਹੁਤ ਮਦਦ ਮਿਲ ਸਕਦੀ ਹੈ। ਹਵਾ ਤੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੇ ਊਰਜਾ ਸਾਧਨਾਂ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਣੀ ਚਾਹੀਦੀ ਹੈ। ਸੂਰਜੀ ਊਰਜਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਥਾਂ ਆਰਗੈਨਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਹੋਣੀ ਚਾਹੀਦੀ ਹੈ। ਸਾਨੂੰ ਵਿਅਕਤੀਗਤ ਤੌਰ 'ਤੇ ਵੀ ਚਾਹੀਦਾ ਹੈ ਕਿ ਅਸੀਂ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਵਿਚ ਯੋਗਦਾਨ ਪਾਈਏ। ਜੇਕਰ ਅਸੀਂ ਪਹਿਲ ਦੇ ਆਧਾਰ 'ਤੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਇਸ ਵਾਤਾਵਰਨ ਵਿਚ ਸਾਡੇ ਲਈ ਜਿਊਣਾ ਹੀ ਔਖਾ ਹੋ ਜਾਏਗਾ।


-ਦਵਿੰਦਰ ਕੌਰ ਖੁਸ਼ ਧਾਲੀਵਾਲ
ਧੂਰਕੋਟ (ਮੋਗਾ)


ਬਾਹਰ ਜਾਣ ਦਾ ਰੁਝਾਨ ਚਿੰਤਾਜਨਕ
ਪਿੱਛੇ ਜਿਹੇ ਪੰਜਾਬ ਦੀਆਂ ਸਰਕਾਰੀ ਨੌਕਰੀਆਂ 'ਤੇ ਹਰਿਆਣਾ ਦੇ ਨੌਜਵਾਨਾਂ ਦਾ ਕਬਜ਼ਾ ਤੇ ਹੋਰ ਸੂਬਿਆਂ ਦੇ ਸੈਕੜੇ ਨੌਜਵਾਨਾਂ ਨੇ ਮੈਰਿਟ ਸੂਚੀ 'ਚ ਪੰਜਾਬੀਆਂ ਨੂੰ ਪਛਾੜਿਆ ਵਰਗੀਆਂ ਖਬਰਾਂ ਪੜ੍ਹੀਆਂ ਸਨ। ਮਾਨ ਸਰਕਾਰ ਦੇ ਵਿਦੇਸ਼ਾਂ ਨੂੰ ਭੱਜ ਰਹੇ ਨੌਜਵਾਨਾਂ ਨੂੰ ਰੋਕਣ ਲਈ ਦਾਅਵੇ ਖੋਖਲੇ ਨਜ਼ਰ ਆਏ। ਕੋਈ ਵੀ ਪਾਰਟੀ ਨੌਜਵਾਨਾਂ ਦਾ ਬਾਹਰ ਜਾਣ ਦੇ ਰੁਝਾਨ ਦਾ ਕਾਰਨ ਬੇਰੁਜ਼ਗਾਰੀ, ਗ਼ਰੀਬੀ, ਅਪਰਾਧ, ਭੁੱਖਮਰੀ, ਨਸ਼ਾ ਜਿਹੇ ਲੋਕ ਮਸਲਿਆਂ ਨੂੰ ਚੁਣਾਵੀ ਮੁੱਦਾ ਨਹੀਂ ਬਣਾਉਂਦੀ। ਪਹਿਲਾਂ ਬਾਹਰੋਂ ਪੈਸਾ ਭਾਰਤ 'ਚ ਆਉਂਦਾ ਸੀ ਹੁਣ ਉਲਟਾ ਕਰੋੜਾਂ ਰੁਪਏ ਬਾਹਰ ਜਾ ਰਿਹਾ ਹੈ। ਜੇਕਰ ਸਰਕਾਰ ਇਸ 'ਤੇ ਸੰਜੀਦਾ ਨਾਂ ਹੋਈ ਇਥੇ ਪ੍ਰਵਾਸੀਆਂ ਦਾ ਰਾਜ ਹੋਵੇਗਾ, ਬੁਢਾਪਾ ਰੁਲੇਗਾ। ਪੁਲਿਸ, ਪੈਰਾਮਿਲਟਰੀ ਫੋਰਸ 'ਚ ਭਰਤੀ ਲਈ ਨੌਜਵਾਨ ਨਹੀਂ ਮਿਲਣਗੇ। ਬਾਹਰ ਦੇ ਪ੍ਰਵਾਸੀ ਪੰਜਾਬ ਵਿਚ ਹਰ ਖਿੱਤੇ 'ਚ ਨੌਕਰੀਆਂ ਕਰਨਗੇ। ਸਾਡੇ ਵਰਗੇ ਬੁੱਢੇ ਦੇਖਣ ਨੂੰ ਮਿਲਣਗੇ, ਜੋ ਸਰਕਾਰ 'ਤੇ ਹੀ ਬੋਝ ਹੋਣਗੇ। ਸੋ ਸਰਕਾਰਾਂ ਨੂੰ ਇਸ 'ਤੇ ਸੰਜੀਦਾ ਹੋ ਕੇ ਵਿਚਾਰ ਕਰਨ ਦੀ ਲੋੜ ਹੈ।


-ਗੁਰਮੀਤ ਸਿੰਘ ਵੇਰਕਾ ਐਮ.ਏ.
ਪੁਲਿਸ ਐਡਮਨਿਸਟਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੁਲਿਸ।


ਵਿਆਹ 'ਚ ਅਸਲ੍ਹੇ ਦਾ ਕੀ ਕੰਮ?
ਹਰ ਮਨੁੱਖੀ ਜੀਵਨ ਨਾਲ ਦੁੱਖ ਅਤੇ ਸੁੱਖ ਜੁੜੇ ਹੋਏ ਹਨ। ਹਰ ਇਨਸਾਨ ਨੂੰ ਖੁਸ਼ੀਆਂ ਦੀ ਬੜੀ ਬੇਸਬਰੀ ਨਾਲ ਉਡੀਕ ਹੁੰਦੀ ਹੈ। ਇਹ ਖੁਸ਼ੀਆਂ ਵੱਖ-ਵੱਖ ਸਮੇਂ 'ਤੇ ਵੱਖ-ਵੱਖ ਤਰ੍ਹਾਂ ਦੀਆਂ ਹੁੰਦੀਆਂ ਹਨ। ਅੱਜ-ਕੱਲ੍ਹ ਜਿਵੇਂ ਵਿਆਹਾਂ ਦਾ ਜ਼ੋਰ ਚੱਲ ਰਿਹਾ ਹੈ। ਹਰ ਪਰਿਵਾਰ ਇਸ ਖੁਸ਼ੀ ਨੂੰ ਆਪਣੇ-ਆਪਣੇ ਢੰਗ ਨਾਲ ਮਨਾਉਂਦਾ ਹੈ। ਵਿਆਹਾਂ ਵਾਲੇ ਪਰਿਵਾਰਾਂ ਦੇ ਰਿਸ਼ਤੇਦਾਰ, ਦੋਸਤ ਮਿੱਤਰ ਅਤੇ ਹੋਰ ਆਏ ਹੋਏ ਲੋਕਾਂ ਵਲੋਂ ਵਿਆਹਾਂ ਵਿਚ ਸ਼ਰਾਬ ਦੀ ਖੁੱਲ੍ਹ ਕੇ ਵਰਤੋਂ ਕਰਦੇ ਹਨ। ਸ਼ਰਾਬ ਦੇ ਨਾਲ-ਨਾਲ ਇਹ ਲੋਕ ਫੁਕਰਪਣੇ ਵਿਚ ਆ ਕੇ ਅਸਲ੍ਹੇ ਦੀ ਵਰਤੋਂ ਕਰਕੇ ਖੁਸ਼ੀਆਂ ਨੂੰ ਗ਼ਮੀਆਂ ਵਿਚ ਬਦਲ ਰਹੇ ਹਨ। ਇਹ ਫੁਕਰੇ ਲੋਕ ਬਹੁਤ ਹੋਛੀ ਤੇ ਫੋਕੀ ਸ਼ੁਹਰਤ ਲਈ ਕਰਦੇ ਹਨ। ਜਿਸ ਨਾਲ ਇਨ੍ਹਾਂ ਲੋਕਾਂ ਦੀ ਵਜ੍ਹਾ ਕਰਕੇ ਬਹੁਤ ਸਾਰੇ ਨਿਰਦੋਸ਼ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਕੁਝ ਲੋਕ ਹਮੇਸ਼ਾਂ ਲਈ ਅਪਾਹਜ ਹੋ ਗਏ ਹਨ। ਜਿਨ੍ਹਾਂ ਵਿਚ ਬੱਚੇ, ਨੌਜਵਾਨ ਮੁੰਡੇ-ਕੁੜੀਆਂ ਅਤੇ ਬਜ਼ੁਰਗਾਂ ਇਨ੍ਹਾਂ ਘਟਨਾਵਾਂ ਦੇ ਸ਼ਿਕਾਰ ਹੋ ਚੁੱਕੇ ਹਨ। ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਸਰਕਾਰ ਨੂੰ ਬੇਨਤੀ ਹੈ ਕਿ ਇਨ੍ਹਾਂ ਲੋਕਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਨਿਰਦੋਸ਼ ਲੋਕਾਂ ਦੀ ਜਾਨ ਬਚਾਉਣੀ ਚਾਹੀਦੀ ਹੈ।


-ਗੁਰਤੇਜ ਸਿੰਘ ਖੁਡਾਲ,
ਗਲੀ ਨੰਬਰ 11, ਭਾਗੂ ਰੋਡ, ਬਠਿੰਡਾ


ਫੈਮਲੀ ਪੈਨਸ਼ਨ
ਵਿਧਾਇਕ, ਮੰਤਰੀ, ਮੁੱਖ ਮੰਤਰੀ ਨੂੰ ਇਕ ਵਿਅਕਤੀ ਇਕ ਪੈਸ਼ਨ ਸਰਕਾਰ ਦਾ ਫ਼ੈਸਲਾ ਸ਼ਲਾਘਾ ਯੋਗ ਹੈ। ਇਸ ਤਰ੍ਹਾਂ ਖ਼ਜ਼ਾਨੇ ਨੂੰ ਕਾਫੀ ਬੱਚਤ ਹੋਵੇਗੀ। ਬੱਚਤ ਦਾ ਇਕ ਹੋਰ ਸਝਾਉ ਇਹ ਵੀ ਹੈ ਕਿ ਪੰਜਾਬ ਸਰਕਾਰ ਦੇ ਪੈਨਸ਼ਨਰ ਨੂੰ ਵੀ ਇਕ ਵਿਅਕਤੀ ਇਕ ਪੈਨਸ਼ਨ ਕਰ ਦੇਣੀ ਚਾਹੀਦੀ ਹੈ। ਭਾਵ ਜੋ ਦੋਨਾਂ ਪਤੀ-ਪਤਨੀ ਵਿਚੋਂ ਇਕ ਪੈਸ਼ਨ ਲੈਂਦਾ ਹੈ ਤੇ ਨਾਲ ਹੀ 'ਫੈਮਲੀ ਪੈਨਸ਼ਨ' ਵੀ ਲੈਂਦਾ ਹੈ। ਉਥੋਂ ਇਹ ਚਾਹੀਦਾ ਹੈ ਕਿ ਜੇ ਇਕ ਪੈਨਸ਼ਨ ਲੈਂਦਾ ਹੈ, ਤਾਂ ਉਸ ਨੂੰ 'ਫੈਮਲੀ ਪੈਨਸ਼ਨ' ਨਹੀਂ ਚਾਹੀਦੀ ਤਾਂ ਜੇ ਇਕ ਪੈਨਸ਼ਨ ਨਹੀਂ ਲੈਂਦਾ ਤਾਂ ਹੀ 'ਫੈਮਲੀ ਪੈਨਸ਼ਨ' ਚਾਹੀਦੀ ਹੈ। ਉਸ ਦੇ ਗੁਜ਼ਾਰੇ ਲਈ 'ਫੈਮਲੀ ਪੈਨਸ਼ਨ' ਚਾਹੀਦੀ ਵੀ ਜ਼ਰੂਰ ਹੈ। ਖ਼ਜ਼ਾਨਾ ਬਚਤ ਲਈ ਇਹ ਇਕ ਸੁਝਾਓ ਹੈ। ਕਈਆਂ ਨੇ ਆਵਦਾ ਪੈਨਸ਼ਨ ਖਾਤਾ ਤੇ ਫੈਮਲੀ ਪੈਨਸ਼ਨ ਖਾਤਾ ਵੱਖ-ਵੱਖ ਬੈਂਕਾਂ ਵਿਚ ਰੱਖੇ ਹਨ। ਉਹ ਦੂਹਰਾ ਐਲ.ਟੀ.ਸੀ.ਵੀ. ਲੈਂਦੇ ਹਨ।


-ਹਰਦੇਵ ਸਿੰਘ ਸਰਾਂ
ਫ਼ਰੀਦਕੋਟ

15-03-2023

 ਹਰ ਮਨੁੱਖ ਲਾਵੇ ਰੁੱਖ
ਪੁਰਾਣੇ ਸਮਿਆਂ ਵਿਚ ਪਿੱਪਲ, ਬੋਹੜ, ਟਾਹਲੀ ਵਰਗੇ ਉੱਚੇ ਭਰਮ ਦਰੱਖਤ ਘਰ ਦੀ ਸ਼ਾਨ ਹੁੰਦੇ ਸਨ ਅਤੇ ਸਾਰਾ ਪਰਿਵਾਰ ਦੁਪਹਿਰ ਸਮੇਂ ਇਨ੍ਹਾਂ ਦੇ ਹੇਠਾਂ ਬੈਠ ਠੰਢੀ ਹਵਾ ਦਾ ਲੁਤਫ਼ ਉਠਾਉਂਦਾ ਸੀ। ਪਰ ਅੱਜ ਤਾਂ ਘਰਾਂ ਦੇ ਵਿਹੜਿਆਂ ਵਿਚ ਦੋ ਚਾਰ ਨਿੱਕੇ-ਨਿੱਕੇ ਗਮਲੇ ਦਿਖਾਈ ਦਿੰਦੇ ਹਨ, ਜਿਨ੍ਹਾਂ ਕੋਲ ਰੁੱਖ ਲਗਾਉਣ ਨੂੰ ਚੰਗੀ ਭਲੀ ਥਾਂ ਹੈ ਉਹ ਵੀ ਹੁਣ ਪੱਤੇ ਝੜਨ ਦੇ ਡਰ ਤੋਂ ਰੁੱਖ ਨਹੀਂ ਲਗਾਉਂਦੇ, ਅਖੇ ਖਿਲਾਰਾ ਪੈਂਦਾ ਹੈ ਤੇ ਆਹ ਜਿਹੜਾ ਆਕਸੀਜਨ ਦੀ ਘਾਟ ਵਾਲਾ ਖਿਲਾਰਾ ਸਾਡੇ ਵਾਤਾਵਰਨ ਵਿਚ ਪਿਆ ਹੈ, ਉਹ ਕਿਸੇ ਨੂੰ ਕਿਉਂ ਨਹੀਂ ਦਿਖਦਾ। ਇਸ ਦੇ ਲਈ ਸਰਕਾਰਾਂ ਨੂੰ ਦੋਸ਼ ਦੇਣ ਦੀ ਬਜਾਇ ਸ਼ੁਰੂਆਤ ਆਪਣੇ ਘਰ ਤੋਂ ਕਰੋ ਅਤੇ ਦੋ ਰੁੱਖ ਜ਼ਰੂਰ ਲਾਉ। ਹਰ ਪਿੰਡ ਵਿਚ ਸਰਪੰਚ ਵਲੋਂ ਇਹ ਪ੍ਰਬੰਧ ਕੀਤਾ ਜਾਵੇ ਕਿ ਹਰ ਮਨੁੱਖ ਦੋ ਰੁੱਖ ਜ਼ਰੂਰ ਲਾਵੇ, ਭਾਵੇਂ ਘਰੇ ਜਾਂ ਖੇਤ ਵਿਚ, ਇਸ ਦੇ ਨਾਲ ਹੋਰ ਵੀ ਲੋਕ ਅੱਗੇ ਆਉਣਗੇ ਅਤੇ ਰੁੱਖ ਲਾਉਣ ਪ੍ਰਤੀ ਉਤਸ਼ਾਹ ਵਧੇਗਾ ਅਤੇ ਸਾਡਾ ਜੀਵਨ ਪੱਧਰ ਵੀ ਨਿਰੋਗੀ ਹੋਵੇਗਾ, ਸਾਫ ਅਤੇ ਸ਼ੁੱਧ ਹਵਾ ਸਾਨੂੰ ਰੁੱਖਾਂ ਕਰਕੇ ਹੀ ਮਿਲਦੀ ਹੈ ਰੁੱਖਾਂ ਦੀ ਬਹੁਤ ਵੱਡੀ ਘਾਟ ਕਾਰਨ ਹੀ ਕੈਂਸਰ, ਦਮੇ ਵਰਗੀਆਂ ਭਿਆਨਕ ਬਿਮਾਰੀਆਂ ਸਾਨੂੰ ਚਿੰਬੜਦੀਆਂ ਹਨ, ਕਿਉਂਕਿ ਰੁੱਖਾਂ ਬਿਨਾਂ ਹਵਾ ਬਹੁਤ ਦੂਸ਼ਿਤ ਹੋ ਗਈ ਹੈ, ਰੁੱਖ ਇਕ ਤਰੀਕੇ ਨਾਲ ਹਵਾ ਨੂੰ ਸਾਫ਼ ਕਰਨ ਲਈ ਫਿਲਟਰ ਦਾ ਕੰਮ ਕਰਦੇ ਹਨ, ਜੇਕਰ ਆਉਣ ਵਾਲੀ ਪੀੜ੍ਹੀ ਦਾ ਜੀਵਨ ਸੁਖੀ ਬਣਾਉਣਾ ਹੈ ਤਾਂ ਪਿੱਪਲ, ਬੋਹੜ, ਟਾਹਲੀ, ਨਿੰਮ ਵਰਗੇ ਰੁੱਖ ਲਗਾਉ ਅਤੇ ਜੀਵਨ ਖ਼ੁਸ਼ਹਾਲ ਬਣਾਉ।


-ਅਮਨਦੀਪ ਕੌਰ
ਹਾਕਮ ਸਿੰਘ ਵਾਲਾ, ਬਠਿੰਡਾ।


ਕੁਦਰਤੀ ਕਰੋਪੀ

ਬੀਤੇ ਦਿਨੀਂ ਤੁਰਕੀ ਅਤੇ ਸੀਰੀਆ ਦੇ ਵੱਖ-ਵੱਖ ਸ਼ਹਿਰਾਂ ਵਿਚ ਆਏ ਭਿਆਨਕ ਭੂਚਾਲ ਕਾਰਨ ਜਿਥੇ ਹਜ਼ਾਰਾਂ ਲੋਕ ਜ਼ਖ਼ਮੀ ਹੋ ਗਏ, ਉਥੇ ਹਜ਼ਾਰਾਂ ਦੀ ਤਾਦਾਦ ਵਿਚ ਮੌਤ ਦੇ ਮੂੰਹ ਵਿਚ ਜਾ ਪਏ ਅਤੇ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਬਿਨਾਂ ਸ਼ੱਕ ਇਹ ਇਕ ਕੁਦਰਤੀ ਕਰੋਪੀ ਦਾ ਵਰਤਾਰਾ ਹੈ, ਜਿਸ ਵਿਚ ਕਿਸੇ ਦਾ ਕੋਈ ਦੋਸ਼ ਨਹੀਂ ਹੈ। ਹੁਣ ਜਦੋਂ ਇਹ ਭਾਣਾ ਵਰਤ ਹੀ ਚੁੱਕਾ ਹੈ ਤਾਂ ਇਨਸਾਨੀ ਫਰਜ਼ਾਂ ਦੀ ਪੂਰਤੀ ਕਰਦਿਆਂ ਨਾ ਕੇਵਲ ਭਾਰਤ ਨੂੰ ਬਲਕਿ ਪੂਰੇ ਵਿਸ਼ਵ ਦੇ ਦੇਸ਼ਾਂ ਨੂੰ ਤੁਰਕੀ ਅਤੇ ਸੀਰੀਆ ਦੇ ਉਨ੍ਹਾਂ ਮੰਦਭਾਗੇ ਪੀੜਤ ਲੋਕਾਂ ਜਿਨ੍ਹਾਂ ਦੀ ਵਸਦੀ-ਰਸਦੀ ਦੁਨੀਆ ਪਲਾਂ ਵਿਚ ਹੀ ਉਜੜ ਚੁੱਕੀ ਹੈ, ਦੇ ਦੁਖ-ਦਰਦ ਨੂੰ ਮਹਿਸੂਸ ਕਰਦਿਆਂ ਦਿਲ ਖੋਲ੍ਹ ਕੇ ਹਰ ਪੱਖੋਂ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਪੀੜਤ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਅਜਿਹਾ ਕਰਨਾ ਮਾਨਵਤਾ ਨਾਤੇ ਸਮੇਂ ਦੀ ਵੱਡੀ ਲੋੜ ਹੈ। ਅਸੀਂ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਪਿੱਛੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਾਕ-ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਦੇਵੇ ਤੇ ਜ਼ਖ਼ਮੀ ਲੋਕ ਵੀ ਜਲਦੀ ਸਿਹਤਯਾਬ ਹੋਣ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।


ਔਰਤ ਦਾ ਆਤਮ-ਵਿਸ਼ਵਾਸ
ਭਾਰਤ ਦੀ ਪੁਰਾਤਨ ਸੋਚ ਨੇ ਔਰਤਾਂ ਨੂੰ ਹਮੇਸ਼ਾ ਤੋਂ ਹੀ ਮਰਦਾਂ ਦੇ ਬਰਾਬਰ ਮਿਲਣ ਵਾਲੇ ਅਧਿਕਾਰਾਂ ਤੋਂ ਵਾਂਝੇ ਰੱਖਿਆ ਹੈ। ਸਮੇਂ-ਸਮੇਂ 'ਤੇ ਔਰਤਾਂ ਦੇ ਹੱਕਾਂ ਅਤੇ ਅਧਿਕਾਰਾਂ ਲਈ ਚੱਲਣ ਵਾਲੀਆਂ ਲਹਿਰਾਂ ਨੂੰ ਬਣਦਾ ਬੂਰ ਨਹੀਂ ਪਿਆ, ਜਿਸ ਕਰਕੇ ਮਰਦ ਅਤੇ ਔਰਤਾਂ ਦੇ ਸਮਾਨਤਾ ਦੇ ਅਧਿਕਾਰਾਂ ਵਿਚਕਾਰ ਪਾੜਾ ਵਧਦਾ ਗਿਆ। ਔਰਤਾਂ ਦੀ ਦਿਨੋ-ਦਿਨ ਸਿੱਖਿਆ ਦਰ ਵਿਚ ਹੋ ਰਹੇ ਵਾਧੇ ਨੇ ਔਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਔਰਤਾਂ ਹਰ ਖੇਤਰ ਵਿਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਚਾਹੇ ਉਹ ਖੇਲਾਂ ਹੋਵੇ ਜਾਂ ਉੱਚੀਆਂ ਉਡਾਨਾਂ ਦੀ ਗੱਲ ਕਰੀਏ ਔਰਤ ਹੁਣ ਕਿਸੇ ਤੋਂ ਪਿੱਛੇ ਨਹੀਂ ਹੈ। ਔਰਤ ਨੂੰ ਜੇਕਰ ਸਮਾਨਤਾ ਦੇ ਮੌਕੇ ਮਿਲਣ ਤਾਂ ਜਿਥੇ ਔਰਤਾਂ ਅਤੇ ਮਰਦਾਂ ਵਿਚ ਹੋ ਰਿਹਾ ਭੇਦਭਾਵ ਵੀ ਘਟੇਗਾ ਉਥੇ ਔਰਤਾਂ ਵਿਚ ਵੀ ਆਤਮ ਵਿਸ਼ਵਾਸ ਹੋਰ ਵਧੇਗਾ।


-ਅਸ਼ੀਸ਼ ਸ਼ਰਮਾ (ਜਲੰਧਰ)


ਵਿੱਦਿਅਕ ਅਦਾਰੇ
ਵਿੱਦਿਅਕ ਅਦਾਰੇ ਜੋ ਕਿ ਵਿਦਿਆਰਥੀਆਂ ਲਈ ਗਿਆਨ ਦਾ ਕੇਂਦਰ ਹੁੰਦੇ ਹਨ। ਜਿਥੇ ਜਾ ਕੇ ਉਹ ਜ਼ਿੰਦਗੀ ਲਈ ਗਿਆਨ ਅਤੇ ਜ਼ਿੰਦਗੀ ਨੂੰ ਜਿਊਣ ਦੇ ਪਾਠ ਪੜ੍ਹਦੇ ਹਨ। ਜਦੋਂ ਤੋਂ ਭਾਰਤ ਵਿਚ ਸਰਕਾਰੀ ਵਿੱਦਿਅਕ ਅਦਾਰੇ ਖੁੱਲ੍ਹੇ ਹਨ ਉਦੋਂ ਤੋਂ ਹੀ ਜਿਨ੍ਹਾਂ ਬੱਚਿਆਂ ਦਾ ਪੜ੍ਹਨ ਦਾ ਸਿਰਫ਼ ਸੁਪਨਾ ਸੀ, ਉਹ ਸੁਫਨਾ ਸੱਚ ਹੁੰਦਾ ਨਜ਼ਰ ਆਇਆ ਹੈ। ਪਰੰਤੂ ਪਿੰਡਾਂ ਦੇ ਪ੍ਰਾਇਮਰੀ ਸਕੂਲਾਂ ਵਿਚ ਇਹ ਆਮ ਵੇਖਣ ਨੂੰ ਆ ਰਿਹਾ ਹੈ ਕਿ ਅਧਿਆਪਕ ਬੱਚਿਆਂ ਦੀ ਸਿੱਖਿਆ 'ਤੇ ਜ਼ਿਆਦਾ ਧਿਆਨ ਨਹੀਂ ਦਿੰਦੇ। ਪਹਿਲੀ ਤੋਂ ਪੰਜਵੀਂ ਜਮਾਤ ਤੱਕ ਇਕ ਛੋਟਾ ਬੱਚਾ ਜੋ ਸਿੱਖਦਾ ਹੈ ਉਹ ਉਸ ਦੀ ਅੱਗੇ ਦੀ ਸਿੱਖਿਆ ਲਈ ਅਹਿਮ ਹੁੰਦਾ ਹੈ ਕਿਉਂਕਿ ਬੱਚੇ ਦੀ ਮੁਢਲੀ ਸਿੱਖਿਆ ਹੀ ਉਸ ਦੀ ਅਗਰੇਲੀ ਸਿੱਖਿਆ ਨੂੰ ਬਿਹਤਰ ਬਣਾਉਣ ਵਿਚ ਸਹਾਈ ਹੁੰਦੀ ਹੈ। ਸਰਕਾਰ ਵਲੋਂ ਅਧਿਆਪਕਾਂ ਨੂੰ ਪੜ੍ਹਾਉਣ ਦੀ ਤਨਖ਼ਾਹ ਅਦਾ ਕੀਤੀ ਜਾਂਦੀ ਹੈ ਪਰ ਫਿਰ ਵੀ ਉਹ ਬੱਚਿਆਂ ਨੂੰ ਸਹੀ ਢੰਗ ਨਾਲ ਸਿੱਖਿਆ ਪ੍ਰਦਾਨ ਨਹੀਂ ਕਰਦੇ। ਇਕ ਅਧਿਆਪਕ ਦਾ ਫਰਜ਼ ਗਿਆਨ ਨੂੰ ਵੱਧ ਤੋਂ ਵੱਧ ਵੰਡਣਾ ਹੁੰਦਾ ਹੈ, ਇਸ ਲਈ ਉਨ੍ਹਾਂ ਨੂੰ ਆਪਣੀ ਡਿਊਟੀ ਬਾਖ਼ੂਬੀ ਨਿਭਾਉਣੀ ਚਾਹੀਦੀ ਹੈ।


-ਗਗਨਦੀਪ ਕੌਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ।

14-03-2023

 ਅਲੋਪ ਹੁੰਦੀਆਂ ਬਚਪਨ ਦੀਆਂ ਖੇਡਾਂ
ਬਚਪਨ ਉਹ ਮਿੱਠਾ ਅਹਿਸਾਸ ਹੈ ਜੋ ਕਦੇ ਵੀ ਵਾਪਸ ਨਹੀਂ ਆਉਂਦਾ। ਨਾ ਕੋਈ ਫ਼ਿਕਰ ਸੀ ਤੇ ਨਾ ਕੋਈ ਫ਼ਾਕਾ, ਹਰ ਬੱਚਾ ਸੀ ਆਪਣੀ ਮਰਜ਼ੀ ਦਾ ਮਾਲਕ। ਪਰ ਅੱਜ ਇਹ ਬਚਪਨ ਦੀ ਮਰਜ਼ੀ ਹੁਣ ਨਹੀਂ ਰਹੀ, ਕਿਉਂਕਿ ਬਚਪਨ ਹੁਣ ਮੋਬਾਈਲ ਦੀ ਮਰਜ਼ੀ ਦਾ ਗੁਲਾਮ ਹੋ ਗਿਆ ਹੈ। ਅੱਜ ਦਾ ਬਚਪਨ ਸੱਚਮੁਚ ਹੁਣ ਬਦਲ ਗਿਆ ਹੈ ਬਾਹਰ ਖੇਡਾਂ ਖੇਡਣ ਦੀ ਬਜਾਇ ਅੱਜ ਕੱਲ੍ਹ ਦੇ ਬੱਚੇ ਚਾਰ ਦੀਵਾਰੀ ਵਿਚ ਰਹਿ ਕੇ ਮੋਬਾਈਲ ਗੇਮਾਂ ਖੇਡਣ ਦੇ ਆਦੀ ਹੋ ਗਏ ਹਨ। ਜਿਸ ਨਾਲ ਬੱਚਿਆਂ ਦਾ ਮਾਨਸਿਕ ਹੀ ਨਹੀਂ ਸਗੋਂ ਸਰੀਰਕ ਵਿਕਾਸ ਵੀ ਪ੍ਰਭਾਵਿਤ ਹੋ ਰਿਹਾ ਹੈ। ਮੋਬਾਈਲ ਦੀ ਜ਼ਿਦ ਇਸ ਕਦਰ ਵਧ ਗਈ ਹੈ ਕਿ ਮਾਪੇ ਸਮਰੱਥ ਨਾ ਹੁੰਦੇ ਹੋਏ ਵੀ ਬੱਚਿਆਂ ਦੀ ਜ਼ਿੱਦ ਨੂੰ ਪੂਰਾ ਕਰਨ ਦੇ ਯਤਨ ਕਰ ਰਹੇ ਹਨ। ਬੱਚਿਆਂ ਅੰਦਰ ਦਿਨ-ਬ-ਦਿਨ ਹਿੰਸਕ ਪ੍ਰਵਿਰਤੀ ਹਾਵੀ ਹੋ ਰਹੀ ਹੈ। ਅੱਜ ਮਾਪਿਆਂ ਨੂੰ ਚਾਹੀਦਾ ਹੈ ਸਭ ਤੋਂ ਪਹਿਲਾਂ ਖ਼ੁਦ ਮੋਬਾਈਲ ਦੀ ਵਰਤੋਂ ਕਰਨੀ ਘੱਟ ਕਰਨ। ਆਪਣੇ ਬੱਚੇ ਨੂੰ ਸਮਾਂ ਦੇਣ, ਬੱਚਿਆਂ ਨੂੰ ਪਿਆਰ ਨਾਲ ਸਮਝਾਉਣ, ਉਨ੍ਹਾਂ ਅੰਦਰ ਮੋਬਾਈਲ ਤੋਂ ਬਾਹਰ ਦੀਆਂ ਖੇਡਾਂ ਪ੍ਰਤੀ ਦਿਲਚਸਪੀ ਪੈਦਾ ਕਰਨ ਦੇ ਉਪਰਾਲੇ ਕਰਨ। ਇਸੇ ਤਰ੍ਹਾਂ ਘਰ ਵਿਚ ਵੀ ਛੋਟੇ-ਵੱਡੇ ਭੈਣ-ਭਰਾਵਾਂ ਨਾਲ ਕੈਰਮਬੋਰਡ, ਲੁਡੋ, ਸ਼ਤਰੰਜ, ਦਿਮਾਗੀ ਕਸਰਤ ਵਾਲੀਆਂ ਬੁਝਾਰਤਾਂ, ਰੱਸੀ ਟੱਪਣਾ, ਕਲੀ ਜੋਟਾ ਆਦਿ ਅਨੇਕ ਖੇਡਾਂ ਖੇਡ ਸਕਦੇ ਹਨ। ਹੌਲੀ-ਹੌਲੀ ਤਾਂ ਹੀ ਅਸੀਂ ਬੱਚਿਆਂ ਨੂੰ ਮੋਬਾਈਲ ਗੇਮਾਂ ਦੇ ਹਾਨੀਕਾਰਕ ਨਤੀਜਿਆਂ ਤੋਂ ਦੂਰ ਕਰ ਸਕਾਂਗੇ।


-ਲੈਕਚਰਾਰ ਗੌਰਵ ਮੁੰਜਾਲ ਮੁਹਾਲੀ।


ਨਵੇਂ ਨਿਯਮ ਜਨਤਾ ਦੇ ਖ਼ਿਲਾਫ਼
ਪਿਛਲੇ ਦਿਨੀਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਵਲੋਂ ਦੋਪਹੀਆ ਵਾਹਨਾਂ ਅਤੇ ਚਾਰ ਪਹੀਆ ਵਾਹਨਾਂ ਸੰਬੰਧੀ ਨਵੇਂ ਨਿਯਮ ਲਾਗੂ ਕੀਤੇ ਗਏ ਹਨ। ਜਿਸ 'ਚ ਵਾਹਨਾਂ ਦੀ ਮਿਆਦ 10 ਤੋਂ 15 ਸਾਲ ਨਿਸਚਿਤ ਕੀਤੀ ਗਈ ਹੈ। ਇਹ ਨਿਯਮ ਆਮ ਜਨਤਾ ਦੇ ਵਿਰੁੱਧ ਹਨ। ਇਸ ਲਈ ਉਨ੍ਹਾਂ ਨੂੰ ਵਾਪਸ ਲੈਣਾ ਜ਼ਰੂਰੀ ਹੈ, ਕਿਉਂਕਿ ਇਹ ਨਿਯਮ ਸਿਰਫ਼ ਵਪਾਰਕ ਵਾਹਨਾਂ ਲਈ ਚੰਗੇ ਹਨ ਪਰ ਨਿੱਜੀ ਵਾਹਨਾਂ ਲਈ ਬਿਲਕੁਲ ਵੀ ਲਾਗੂ ਨਹੀਂ ਹੋਣੇ ਚਾਹੀਦੇ। ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਅਜਿਹੇ ਸਮੇਂ ਵਿਚ ਪ੍ਰਾਈਵੇਟ ਵਾਹਨ ਜ਼ਿਆਦਾ ਨਹੀਂ ਚੱਲਦੇ। ਲੋੜ ਪੈਣ 'ਤੇ ਹੀ ਉਹ ਸੜਕਾਂ 'ਤੇ ਨਿਕਲਦੇ ਹਨ। ਸਾਰੇ ਵੀਰ ਪਰਿਵਾਰ ਦੀ ਸਹੂਲਤ ਲਈ ਵੀ ਵਾਹਨ ਖਰੀਦਦੇ ਹਨ ਤਾਂ ਜੋ ਬੱਸਾਂ ਅਤੇ ਰੇਲ ਗੱਡੀਆਂ ਦੀ ਭੀੜ ਤੋਂ ਬਚਿਆ ਜਾ ਸਕੇ ਅਤੇ ਸਾਰੇ ਵੀਰ ਇਨ੍ਹਾਂ ਦੀ ਸਾਂਭ-ਸੰਭਾਲ ਦਾ ਬਹੁਤ ਧਿਆਨ ਰੱਖਦੇ ਹਨ। ਅਸੀਂ ਆਪਣੇ ਸਰੀਰ ਤੋਂ ਵੱਧ ਵਾਹਨ ਦੀ ਸਾਂਭ-ਸੰਭਾਲ ਕਰਦੇ ਹਾਂ। ਗੱਡੀ ਦੀ ਕੋਈ ਚੀਜ਼ ਖ਼ਰਾਬ ਹੋਵੇ ਤਾਂ ਨਵਾਂ ਪਾਰਟ ਪੁਆ ਲਿਆ ਜਾਂਦਾ ਹੈ। ਇਸ ਲਈ ਵਾਹਨ ਨੂੰ ਨਕਾਰਾ ਘੋਸ਼ਿਤ ਕਰਨਾ ਸਾਡੇ ਨਾਲ ਬੇਇਨਸਾਫ਼ੀ ਹੈ। ਅਸੀਂ ਆਪਣੇ ਪਰਿਵਾਰ ਲਈ ਇਹ ਸਹੂਲਤ ਬੜੀ ਮੁਸ਼ਕਿਲ ਨਾਲ ਇਕ-ਇਕ ਪੈਸਾ ਜੋੜ ਕੇ, ਤਿਆਰ ਕਰਦੇ ਹਾਂ, ਪਰ ਐਨ.ਜੀ.ਟੀ. ਦੇ ਅਧਿਕਾਰੀ ਬੰਦ ਕਮਰਿਆਂ ਵਿਚ ਬੈਠ ਕੇ ਮੀਟਿੰਗ ਦੇ ਕੁਝ ਘੰਟਿਆਂ ਵਿਚ ਹੀ ਸਾਡੇ ਪਰਿਵਾਰ ਨੂੰ ਇਸ ਸਹੂਲਤ ਤੋਂ ਵਾਂਝੇ ਕਰ ਦਿੰਦੇ ਹਨ, ਇਹ ਸਾਡੇ ਸਾਰਿਆਂ ਨਾਲ ਬਹੁਤ ਵੱਡੀ ਬੇਇਨਸਾਫ਼ੀ ਹੈ। ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਇਸ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।


-ਦਰਸ਼ਨ ਸਿੰਘ


ਅੰਧ ਵਿਸ਼ਵਾਸ ਬਨਾਮ ਤਰਕਸ਼ੀਲਤਾ
15 ਫਰਵਰੀ ਦੇ ਅੰਕ ਵਿਚ ਸੀਨੀਅਰ ਪੱਤਰਕਾਰ ਸਤਨਾਮ ਮਾਣਕ ਨੇ ਮੌਜੂਦਾ ਹਕੂਮਤਾਂ ਦੀਆਂ ਸਾਮਰਾਜ ਪੱਖੀ ਅਤੇ ਲੋਕ ਵਿਰੋਧੀ ਗ਼ਲਤ ਆਰਥਿਕ ਨੀਤੀਆਂ ਕਾਰਨ ਜਿਥੇ ਨੌਜਵਾਨਾਂ ਦੀਆਂ ਬੇਰੁਜ਼ਗਾਰੀ ਅਤੇ ਵਿਦੇਸ਼ੀ ਪਰਵਾਸ ਅਤੇ ਕਿਸਾਨਾਂ ਦੀ ਆਰਥਿਕ ਮੰਦਹਾਲੀ ਵਰਗੀਆਂ ਸਮੱਸਿਆਵਾਂ ਉਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਉਥੇ ਹੀ ਪੰਜਾਬ ਵਿਚ ਧਾਰਮਿਕ ਆਸਥਾ ਦੀ ਆੜ ਹੇਠ ਦਿਨੋ-ਦਿਨ ਵਧ ਰਹੇ ਅੰਧ-ਵਿਸ਼ਵਾਸ, ਪਾਖੰਡਵਾਦ, ਬਾਬਾਵਾਦ, ਡੇਰਾਵਾਦ ਅਤੇ ਅਖ਼ੌਤੀ ਚਮਤਕਾਰਾਂ ਦਾ ਵੀ ਬਾਖੂਬੀ ਪਰਦਾਫਾਸ਼ ਕੀਤਾ ਹੈ। ਕੋਈ ਵਿਅਕਤੀ ਆਪਣੀ ਮਰਜ਼ੀ ਨਾਲ ਕਿਸੇ ਧਰਮ ਨੂੰ ਮੰਨੇ ਜਾਂ ਆਪਣਾ ਧਰਮ ਪਰਿਵਰਤਨ ਕਰੇ ਜਾਂ ਕਿਸੇ ਵੀ ਧਰਮ ਅਤੇ ਪ੍ਰਮਾਤਮਾ ਨੂੰ ਨਾ ਮੰਨੇ, ਇਹ ਉਸ ਦਾ ਨਿਰੋਲ ਨਿੱਜੀ ਮਾਮਲਾ ਹੈ ਅਤੇ ਕਿਸੇ ਦੂਜੇ ਵਿਅਕਤੀ, ਫਿਰਕੇ ਜਾਂ ਸੰਸਥਾ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਪਰ ਕਿਸੇ ਵਿਅਕਤੀ ਵਲੋਂ ਡਾਕਟਰੀ ਮਾਨਤਾ ਪ੍ਰਾਪਤ ਡਿਗਰੀ ਤੋਂ ਬਗ਼ੈਰ ਕਿਸੇ ਆਮ ਜਾਂ ਗੰਭੀਰ ਬਿਮਾਰੀ ਦੇ ਮਰੀਜ਼ ਦਾ ਪ੍ਰਾਰਥਨਾ, ਪਾਠ-ਪੂਜਾ, ਜੰਤਰ-ਮੰਤਰ, ਟੂਣੇ-ਟੋਟਕੇ, ਹਵਨ ਜਾਂ ਕਿਸੇ ਅਖੌਤੀ ਕਾਲੇ ਇਲਮ ਦੀ ਦੈਵੀ ਸ਼ਕਤੀ ਨਾਲ ਇਲਾਜ ਨਹੀਂ ਕੀਤਾ ਜਾ ਸਕਦਾ ਅਤੇ ਅਜਿਹਾ ਕਰਨ ਦਾ ਦਾਅਵਾ ਕਰਨ ਵਾਲੇ ਨੂੰ ਪੁਲੀਸ ਵਲੋਂ ਮੈਡੀਕਲ ਰਜਿਸਟ੍ਰੇਸ਼ਨ ਐਕਟ ਤਹਿਤ ਗ੍ਰਿਫ਼ਤਾਰ ਕਰ ਕੇ ਉਸ ਉੱਤੇ ਅਪਰਾਧਿਕ ਮੁਕੱਦਮਾ ਚਲਾਇਆ ਜਾ ਸਕਦਾ ਹੈ। ਕੁਝ ਧਰਮ ਪ੍ਰਚਾਰਕ ਅਤੇ ਡੇਰੇ ਪਾਠ-ਪੂਜਾ, ਪ੍ਰਾਰਥਨਾ ਜਾਂ ਕਿਸੇ ਅਖੌਤੀ ਦੈਵੀ ਸ਼ਕਤੀ ਰਾਹੀਂ ਲੋੜਵੰਦ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਕਰਨ ਜਾਂ ਮਰੀਜ਼ਾਂ ਦੀਆਂ ਗੰਭੀਰ ਬਿਮਾਰੀਆਂ ਦੂਰ ਕਰਨ ਦੇ ਬਹਾਨੇ ਕਿਸੇ ਡਰਾਵੇ ਜਾਂ ਲਾਲਚ ਹੇਠ ਉਨ੍ਹਾਂ ਦਾ ਧਰਮ ਪਰਿਵਰਤਨ ਵੀ ਕਰਵਾ ਰਹੇ ਹਨ। ਦਰਅਸਲ ਇਹ ਠੀਕ ਹੋਣ ਵਾਲੇ ਮਰੀਜ਼ ਵੀ ਇਨ੍ਹਾਂ ਦੇ ਆਪਣੇ ਹੀ ਕਲਾਕਾਰ ਹੁੰਦੇ ਹਨ। ਤਰਕਸ਼ੀਲ ਸੁਸਾਇਟੀ ਪੰਜਾਬ ਪਿਛਲੇ 38 ਸਾਲਾਂ ਤੋਂ ਅਜਿਹੇ ਪਖੰਡੀਆਂ ਨੂੰ ਸ਼ਰਤਾਂ ਤਹਿਤ ਪੰਜ ਲੱਖ ਰੁਪਏ ਦਾ ਨਾਮ ਜਿੱਤਣ ਦੀ ਚੁਣੌਤੀ ਦਿੰਦੀ ਆ ਰਹੀ ਹੈ ਜੋ ਕਿ ਅੱਜ ਤੱਕ ਕਿਸੇ ਨੇ ਵੀ ਸਵੀਕਾਰ ਨਹੀਂ ਕੀਤੀ। ਇਸ ਲਈ ਆਮ ਲੋਕਾਂ ਨੂੰ ਜ਼ਿੰਦਗੀ ਵਿਚ ਤਰਕਸ਼ੀਲ ਸੋਚ ਅਪਣਾ ਕੇ ਅੰਧ ਵਿਸ਼ਵਾਸਾਂ, ਵਹਿਮਾਂ-ਭਰਮਾਂ ਅਤੇ ਅਜਿਹੇ ਪਖੰਡੀਆਂ ਤੇ ਚਲਾਕ ਧਰਮ ਪ੍ਰਚਾਰਕਾਂ ਦੇ ਝਾਂਸੇ ਵਿਚ ਆਉਣ ਤੋਂ ਬਚਣਾ ਚਾਹੀਦਾ ਹੈ ਅਤੇ ਸਿਰਫ਼ ਆਪਣੀ ਮਿਹਨਤ, ਜਥੇਬੰਦਕ ਸੰਘਰਸ਼ਾਂ ਅਤੇ ਡਾਕਟਰੀ ਵਿਗਿਆਨ ਉੱਤੇ ਹੀ ਭਰੋਸਾ ਰੱਖਣਾ ਚਾਹੀਦਾ ਹੈ।


-ਸੁਮੀਤ ਸਿੰਘ
ਮੋਹਣੀ ਪਾਰਕ, ਖ਼ਾਲਸਾ ਕਾਲਜ, ਅੰਮ੍ਰਿਤਸਰ।


ਮਾਂ-ਬੋਲੀ ਪੰਜਾਬੀ
ਗੁਰਮੁਖੀ ਪੰਜਾਬੀ ਬੋਲੀ ਦਾ ਮੁੱਢ ਹੈ। ਗੁਰਬਾਣੀ, ਗੁਰਮੁਖੀ, ਪੰਜਾਬੀ ਬੋਲੀ ਸਭ ਇਕ-ਦੂਜੇ ਦੇ ਪੂਰਕ ਹਨ। ਪੰਜਾਬ ਤੋਂ ਬਾਹਰ ਜਾ ਕੇ ਪੰਜਾਬੀ ਖ਼ਤਮ ਹੋ ਰਹੀ ਹੈ, ਜਿਸ ਦਾ ਅਸਰ ਸਿੱਧਾ ਪੰਜਾਬੀ ਸੱਭਿਆਚਾਰ ਉੱਤੇ ਪਵੇਗਾ। ਪੰਜਾਬ ਵਿਚ ਵੀ ਦੂਜੀਆਂ ਭਾਸ਼ਾਵਾਂ ਦਾ ਦਬਦਬਾ ਸਕੂਲੀ ਪੱਧਰ 'ਤੇ ਚਲਾਇਆ ਜਾ ਰਿਹਾ ਹੈ। ਪੈਸੇ ਦੇ ਮੋਹ ਵਿਚ ਅਸੀਂ ਪੰਜਾਬੀ ਸਮਝ ਹੀ ਨਹੀਂ ਰਹੇ, ਅਸੀਂ ਆਪਣੇ ਪੈਰੀਂ ਆਪ ਕੁਲਹਾੜੀ ਮਾਰ ਰਹੇ ਹਾਂ। ਇਕ ਕੋਠੀ ਪਾ ਲਓ, ਚਾਰ ਕੋਠੀਆਂ ਪਾ ਲਓ, ਪਰ ਬੱਚਿਆਂ ਦੇ ਮੂੰਹੋਂ ਉਨ੍ਹਾਂ ਦੀ ਜ਼ਬਾਨ ਨਾ ਖੋਹੋ। ਅਸੀਂ ਉਨ੍ਹਾਂ ਦਾ ਹੱਕ ਉਨ੍ਹਾਂ ਦੀ ਮਾਂ-ਬੋਲੀ ਬਦਲਣ ਦੀ ਕੋਸ਼ਿਸ਼ ਨਾ ਕਰੀਏ, ਉਨ੍ਹਾਂ ਨੂੰ ਜ਼ਿੰਦਗੀ ਵਿਚ ਤਰਸ ਦਾ ਪਾਤਰ ਨਾ ਬਣਾਈਏ।


-ਰਿਪਨਜੋਤ ਕੌਰ ਸੋਨੀ ਬੱਗਾ
ਪਟਿਆਲਾ

 

12-03-2023

 ਹੱਡਾ-ਰੋੜੀ ਦਾ ਪ੍ਰਦੂਸ਼ਣ
ਪ੍ਰਦੂਸ਼ਣ ਭਾਂਵੇਂ ਗੰਦੇ ਪਾਣੀ ਦਾ ਹੋਵੇ, ਭਾਵੇਂ ਪਰਾਲੀ ਦੇ ਧੂੰਏਂ ਦਾ, ਇਹ ਮਾੜਾ ਹੀ ਹੈ। ਹਰ ਸਾਲ ਝੋਨੇ ਦੀ ਫ਼ਸਲ ਮੌਕੇ ਸਰਕਾਰਾਂ ਪ੍ਰਦੂਸ਼ਣ ਦਾ ਰੌਲਾ ਪਾਉਂਦੀਆਂ ਹਨ। ਪਰ ਇਕ ਪ੍ਰਦੂਸ਼ਣ ਹੋਰ ਵੀ ਹੈ, ਜਿਸ ਦੀ ਅਜੇ ਤੱਕ ਕੋਈ ਵੀ ਸਾਰ ਨਹੀਂ ਹੈ। ਉਹ ਹੈ ਹੱਡਾ-ਰੋੜੀਆਂ ਵਿਚ ਮਰੇ ਪਏ ਜਾਨਵਰਾਂ ਦਾ ਪ੍ਰਦੂਸ਼ਣ। ਜਦੋਂ ਵੀ ਅਸੀਂ ਸਵੇਰੇ-ਸ਼ਾਮ ਆਪਣੇ ਘਰਾਂ ਤੋਂ ਕਿਸੇ ਕੰਮ ਲਈ ਨਿਕਲਦੇ ਹਾਂ ਤਾਂ ਸਾਡੇ ਪਿੰਡਾਂ ਦੀ ਸ਼ਾਮਲਾਟ ਵਿਚ ਬਣੀਆਂ ਹੋਈਆਂ ਹੱਡਾ-ਰੋੜੀਆਂ ਵਿਚ ਸੁੱਟੇ ਹੋੲਏ ਮਰੇ ਪਸ਼ੂਆਂ ਦਾ ਪ੍ਰਦੂਸ਼ਣ, ਜੋ ਹਰ ਵਕਤ ਲੋਕਾਂ ਨੂੰ ਪ੍ਰੇਸ਼ਾਨ ਕਰਦਾ ਹੈ। ਸਾਨੂੰ ਆਪਣੇ ਨੱਕ ਬੰਦ ਕਰ ਕੇ ਉਸ ਜਗ੍ਹਾ ਤੋਂ ਲੰਘਣਾ ਪੈਂਦਾ ਹੈ ਨਾ ਕੋਈ ਸਮਾਜ ਸੇਵੀ ਇਸ ਦੀ ਗੌਰ ਕਰਦਾ ਹੈ ਅਤੇ ਨਾ ਹੀ ਪਿੰਡਾਂ ਦੀਆਂ ਪੰਚਾਇਤਾਂ, ਸਰਕਾਰ ਨੇ ਤਾਂ ਕੁੱਝ ਕਰਨਾ ਹੀ ਕੀ ਹੈ? ਕਿਉਂਕਿ ਸਰਕਾਰ ਤੋਂ ਤਾਂ ਹੋਰ ਵੀ ਪ੍ਰਦੂਸ਼ਣ ਨਹੀਂ ਬੰਦ ਹੁੰਦੇ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਪਿੰਡਾਂ ਵਿਚ ਬਣੀਆਂ ਹੱਡਾ-ਰੋੜੀਆਂ 'ਚ ਮਰੇ ਪਏ (ਸੁੱਟੇ ਹੋਏ ਜਾਨਵਰ) ਜਾਨਵਰਾਂ ਦੇ ਪ੍ਰਦੂਸ਼ਣ ਵੱਲ ਧਿਆਨ ਦੇਵੇ। ਪਿਛਲੇ ਸਮੇਂ ਵਿਚ ਫੈਲੀ ਲੰਪੀ ਸਕਿਨ ਵਰਗੀ ਭਿਆਨਕ ਬਿਮਾਰੀ ਨਾਲ ਸੈਂਕੜੇ ਪਸ਼ੂ ਮੌਤ ਦੇ ਮੂੰਹ ਵਿਚ ਜਾ ਪਏ ਅਤੇ ਉਨ੍ਹਾਂ ਦੇ ਢੇਰਾਂ ਦੇ ਢੇਰ ਉੱਥੇ ਹੀ ਪਏ ਹਨ। ਜਿਨ੍ਹਾਂ ਦਾ ਅਜੇ ਤੱਕ ਕੋਈ ਠੋਸ ਹੱਲ ਨਹੀਂ ਕੱਢਿਆ ਗਿਆ। ਹੱਡਾ ਰੋੜੀ ਵਿਚ ਰਹਿੰਦੇ ਅਵਾਰਾ ਕੁੱਤੇ ਅਕਸਰ ਹੀ ਸੜਕ ਉੱਪਰ ਘੁੰਮਦੇ ਹਨ ਜੋ ਕਿ ਦੁਰਘਟਨਾ ਦਾ ਕਾਰਨ ਬਣਦੇ ਹਨ। ਜਿਸ ਨੂੰ ਵੀ ਇਹ ਕੱਟਦੇ ਹਨ ਉਸ ਲਈ ਭਿਆਨਕ ਸਾਬਿਤ ਹੁੰਦੇ ਹਨ।

-ਬਲਵਿੰਦਰ ਸਿੰਘ 'ਮਹਿੰਮੀ'
ਪਿੰਡ ਅਤੇ ਡਾਕ. ਸ਼ੰਕਰ (ਲੁਧਿਆਣਾ
)

ਪੁਰਾਣੀ ਪੈਨਸ਼ਨ ਬਹਾਲੀ ਕਿਉਂ ਨਹੀਂ
ਕੁਝ ਦਿਨ ਪਹਿਲਾਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਦਿੱਤਾ ਗਿਆ ਇਹ ਗ਼ੈਰ ਜ਼ਿੰਮੇਵਾਰਾਨਾ ਬਿਆਨ ਕਿ 'ਪੈਨਸ਼ਨ ਸਕੀਮ ਤਹਿਤ ਫੰਡ ਰਾਜਾਂ ਨੂੰ ਨਹੀਂ ਦਿੱਤੇ ਜਾ ਸਕਦੇ' ਸਰਾਸਰ ਮੁਲਾਜ਼ਮ ਵਿਰੋਧੀ ਹੈ ਅਤੇ ਇਸ ਵਿਚੋਂ ਮੋਦੀ ਹਕੂਮਤ ਦੀ ਤਾਨਾਸ਼ਾਹੀ ਸਾਫ਼ ਝਲਕਦੀ ਹੈ। ਜੇਕਰ ਵਿਧਾਇਕ ਅਤੇ ਸੰਸਦ ਮੈਂਬਰ ਕਈ-ਕਈ ਪੈਨਸ਼ਨਾਂ ਲੈ ਸਕਦੇ ਹਨ ਤਾਂ ਮੁਲਾਜ਼ਮ ਕਿਉਂ ਨਹੀਂ? ਇਹ ਵਿਤਕਰਾ ਕਿਉਂ? ਜੇਕਰ ਕੁਝ ਰਾਜ ਸਰਕਾਰਾਂ ਵੋਟਰਾਂ ਨਾਲ ਕੀਤੇ ਵਾਅਦੇ ਮੁਤਾਬਕ ਆਪਣੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਚਾਹੁੰਦੀਆਂ ਹਨ ਤਾਂ ਕੇਂਦਰ ਸਰਕਾਰ ਨੂੰੰ ਇਸ 'ਤੇ ਇਤਰਾਜ਼ ਕਰਨ ਦਾ ਕੋਈ ਕਾਨੂੰਨੀ ਹੱਕ ਨਹੀਂ। ਰਾਜ ਸਰਕਾਰ ਦੇ ਮੁਲਾਜ਼ਮਾਂ ਦੇ ਐੱਨ ਪੀ ਐੱਸ ਤਹਿਤ ਜਮ੍ਹਾਂ ਫੰਡ ਨੂੰ ਕੇਂਦਰ ਸਰਕਾਰ ਰਾਜਾਂ ਨੂੰ ਵਾਪਸ ਕਰਨ ਤੋਂ ਮਨ੍ਹਾ ਨਹੀਂ ਕਰ ਸਕਦੀ ਕਿਉਂਕਿ ਇਹ ਮੁਲਾਜ਼ਮਾਂ ਦੀਆਂ ਤਨਖ਼ਾਹਾਂ 'ਚੋਂ ਕੱਟਿਆ ਗਿਆ ਉਨ੍ਹਾਂ ਦਾ ਆਪਣਾ ਪੈਸਾ ਹੈ। ਸ਼ਰਮ ਦੀ ਗੱਲ ਹੈ ਕਿ ਕੇਂਦਰ ਸਰਕਾਰ ਇਸ ਨੂੰ ਵੱਡੇ ਪੂੰਜੀਪਤੀ ਘਰਾਣਿਆਂ ਅਤੇ ਸ਼ੇਅਰ ਬਾਜ਼ਾਰ ਵਿਚ ਨਿਵੇਸ਼ ਕਰ ਕੇ ਕਰੋੜਾਂ ਸਰਕਾਰੀ ਮੁਲਾਜ਼ਮਾਂ ਅਤੇ ਉਨ੍ਹਾਂ 'ਤੇ ਨਿਰਭਰ ਪਰਿਵਾਰਾਂ ਦੀ ਸਮਾਜਿਕ ਸੁਰੱਖਿਆ ਦੇ ਜਮਹੂਰੀ ਹੱਕਾਂ ਦੀ ਖੁਦ ਉਲੰਘਣਾ ਕਰ ਰਹੀ ਹੈ। ਦਰਅਸਲ ਮੋਦੀ ਸਰਕਾਰ ਨੂੰ ਇਹ ਡਰ ਸਤਾ ਰਿਹਾ ਹੈ ਕਿ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਪੁਰਾਣੀ ਪੈਨਸ਼ਨ ਬਹਾਲ ਕਰ ਕੇ ਇਸ ਸਾਲ ਹੋਣ ਵਾਲੀਆਂ ਕੁਝ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਮੁਲਾਜ਼ਮਾਂ ਦੇ ਵੱਡੇ ਵੋਟ ਬੈੰਕ ਨੂੰ ਆਪਣੇ ਹੱਕ ਵਿਚ ਭੁਗਤਾ ਲੈਣਗੀਆਂ। ਕੇਂਦਰੀ ਵਿੱਤ ਮੰਤਰੀ ਵਲੋਂ ਸੰਸਦ ਵਿਚ ਦਿੱਤੇ ਬਿਆਨ ਅਨੁਸਾਰ ਜੇਕਰ ਮੋਦੀ ਸਰਕਾਰ ਪਿਛਲੇ ਪੰਜ ਸਾਲ ਵਿਚ ਦੇਸ਼ ਦੇ ਵੱਡੇ ਪੂੰਜੀਪਤੀ ਅਦਾਰਿਆਂ ਦਾ 10.09 ਲੱਖ ਕਰੋੜ ਦਾ ਕਰਜ਼ਾ ਮਾਫ਼ ਕਰ ਸਕਦੀ ਹੈ ਅਤੇ ਉਨ੍ਹਾਂ ਨੂੰ 10 ਲੱਖ ਕਰੋੜ ਸਾਲਾਨਾ ਦੀਆਂ ਟੈਕਸ ਛੋਟਾਂ-ਰਿਆਇਤਾਂ ਦੇ ਸਕਦੀ ਹੈ ਤਾਂ ਕੇਂਦਰ ਅਤੇ ਰਾਜ ਸਰਕਾਰ ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਕਿਉਂ ਨਹੀਂ ਦਿੱਤੀ ਜਾ ਸਕਦੀ ਜਦਕਿ ਇਹ ਉਨ੍ਹਾਂ ਦਾ ਸੰਵਿਧਾਨਿਕ ਹੱਕ ਵੀ ਹੈ।

-ਸੁਮੀਤ ਸਿੰਘ
ਮੋਹਣੀ ਪਾਰਕ, ਅੰਮ੍ਰਿਤਸਰ।

ਵਿਦੇਸ਼ਾਂ ਨੂੰ ਉਡਾਰੀ
ਪੰਜਾਬ ਵਿਚ ਪੜ੍ਹੇ-ਲਿਖੇ ਮੁੰਡੇ-ਕੁੜੀਆਂ ਨੂੰ ਉਨ੍ਹਾਂ ਦੀ ਨਿਆਕਤ ਮੁਤਾਬਕ ਨੌਕਰੀਆਂ ਨਾ ਮਿਲਣ ਕਾਰਨ ਜਾਂ ਜੇ ਨੌਕਰੀਆਂ ਮਿਲਦੀਆਂ ਹਨ ਤਾਂ ਟਾਪਰਾਂ ਨੂੰ ਮਿਲ ਜਾਂਦੀਆਂ ਹਨ ਅਤੇ ਵਿਚਾਲੇ ਰਹਿ ਗਏ ਮੁੰਡੇ ਕੁੜੀਆਂ ਕਾਫੀ ਸਾਲਾਂ ਤੋਂ ਵਿਦੇਸ਼ਾਂ ਨੂੰ ਉਡਾਰੀ ਮਾਰ ਰਹੇ ਹਨ। ਹਾਲਾਤ ਇਥੋਂ ਤੱਕ ਬਣ ਗਏ ਹਨ ਕਿ ਬੱਚੇ ਅਤੇ ਉਨ੍ਹਾਂ ਦੇ ਮਾਪੇ ਵੀ ਉਨ੍ਹਾਂ ਨੂੰ +2 ਤੱਕ ਦੀ ਪੜ੍ਹਾਈ ਕਰਨ ਨੂੰ ਤਰਜੀਹ ਦੇ ਰਹੇ ਹਨ, ਨਤੀਜੇ ਵਜੋਂ ਪਿਛਲੇ ਕਈ ਸਾਲਾਂ ਤੋਂ ਵਿਦਿਆਰਥੀਆਂ ਦੀ ਗਿਣਤੀ ਘਟਣ ਕਾਰਨ ਕਈ ਕਾਲਜਾਂ ਵਿਚ ਸੀਟਾਂ ਖਾਲੀ ਰਹਿ ਜਾਂਦੀਆਂ ਹਨ ਤੇ ਕਈ ਕਾਲਜ ਬੰਦ ਹੋ ਰਹੇ ਹਨ। ਭਾਵੇਂ ਪੰਜਾਬ ਵਿਚ ਹੱਥੀਂ ਕੰਮ ਕਰਨ ਦੇ ਕਾਫੀ ਮੌਕੇ ਹਨ ਪਰ ਪੜ੍ਹੇ-ਲਿਖੇ ਨੌਜਵਾਨ ਇਹ ਕੰਮ ਨਹੀਂ ਕਰਨਾ ਚਾਹੁੰਦੇ, ਜਿਸ ਕਾਰਨ ਇਹ ਸਾਰਾ ਕੰਮ ਪਰਵਾਸੀ ਮਜ਼ਦੂਰਾਂ ਨੇ ਸਾਂਭ ਲਿਆ ਹੈ, ਜਿਸ ਕਾਰਨ ਪੰਜਾਬ ਦੀ ਜਵਾਨੀ ਤੇ ਕਮਾਈ ਦੇਸ਼ ਦੇ ਦੂਜੇ ਸੂਬਿਆਂ ਤੇ ਵਿਦੇਸ਼ਾਂ ਨੂੰ ਜਾ ਰਹੀ ਹੈ, ਜੋ ਕਿ ਪੰਜਾਬ 'ਤੇ ਭਾਰੀ ਪੈ ਰਹੀ ਹੈ। ਸੋ, ਸੂਬਾ ਸਰਕਾਰ ਨੂੰ ਨਸ਼ੇ, ਬੇਰੁਜ਼ਗਾਰੀ ਨੂੰ ਦੂਰ ਕਰਨ ਤੇ ਨੌਜਵਾਨਾਂ ਨੂੰ ਆਪਣੇ ਭਵਿੱਖ ਸੁਧਾਰਨ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ ਤਾਂ ਜੋ ਪੰਜਾਬ ਦੀ ਜਵਾਨੀ ਤੇ ਕਮਾਈ ਸੂਬੇ ਵਿਚ ਰਹਿ ਸਕੇ ਤੇ ਪੰਜਾਬ ਉੱਨਤ ਤੇ ਖੁਸ਼ਹਾਲ ਹੋ ਸਕੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਕਿਤਾਬਾਂ ਨਾਲ ਮਿੱਤਰਤਾ
ਕਿਤਾਬਾਂ ਸਾਡੀਆਂ ਸੱਚੀਆਂ ਮਿੱਤਰ ਹਨ। ਇਹ ਸਾਨੂੰ ਇਕੱਲੇਪਨ ਦਾ ਅਹਿਸਾਸ ਨਹੀਂ ਹੋਣ ਦਿੰਦੀਆਂ, ਸਫ਼ਰ ਵਿਚ ਸਾਨੂੰ ਅਕੇਵਾਂ ਮਹਿਸੂਸ ਨਹੀਂ ਹੋਣ ਦਿੰਦੀਆਂ। ਕਿਤਾਬਾਂ ਤੋਂ ਅਸੀਂ ਕਿਸੇ ਵੀ ਵਿਸ਼ੇ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਾਂ ਪਰ ਦੁੱਖ ਹੁੰਦਾ ਹੈ ਕਿ ਜਦੋਂ ਕਈ ਲੋਕ ਕਿਤਾਬਾਂ ਨੂੰ ਰੱਦੀ ਸਮਝ ਕੇ ਕਬਾੜੀਏ ਨੂੰ ਵੇਚ ਦਿੰਦੇ ਹਨ। ਮੈਂ ਅਕਸਰ ਕਈ ਵਾਰੀ ਕਬਾੜੀਏ ਤੋਂ ਬੜੀਆਂ ਗਿਆਨ ਵਾਲੀਆਂ ਕਿਤਾਬਾਂ ਖ਼ਰੀਦੀਆਂ ਹਨ। ਅਸੀਂ ਮਿੱਤਰ ਕਿਤਾਬਾਂ ਇਕ-ਦੂਜੇ ਤੋਂ ਮੰਗ ਕੇ ਪੜ੍ਹਦੇ ਹਾਂ ਅਤੇ ਇਸ ਵਿਚ ਕਈ ਤਰ੍ਹਾਂ ਦੇ ਗਿਆਨ ਪ੍ਰਾਪਤ ਕਰਦੇ ਹਾਂ। ਕਿਤਾਬਾਂ ਹੀ ਸਾਨੂੰ ਸਮਾਜ ਵਿਚ ਵਿਚਰਨ ਦਾ ਤਜ਼ੁਰਬਾ ਸਿਖਾਉਂਦੀ ਹੈ।

-ਅਸ਼ੀਸ਼ ਸ਼ਰਮਾ (ਜਲੰਧਰ)

ਮੋਬਾਈਲ ਦੀ ਦੁਰਵਰਤੋਂ
ਅੱਜ-ਕੱਲ੍ਹ ਮੋਬਾਈਲ ਫੋਨ ਤਕਰੀਬਨ ਹਰ ਘਰ ਵਿਚ ਹੀ ਹੋਣ ਕਰਕੇ ਇਸ ਦੀ ਵਰਤੋਂ ਦੇ ਨਾਲ-ਨਾਲ ਇਸ ਦੀ ਦੁਰਵਰਤੋਂ ਵੀ ਬਹੁਤ ਜ਼ਿਆਦਾ ਹੋ ਰਹੀ ਹੈ। ਇਸ ਦੀ ਵਰਤੋਂ ਜ਼ਿਆਦਾ ਕਰਨ ਨਾਲ ਸਮੇਂ ਦੀ ਅਤੇ ਪੈਸੇ ਦੀ ਵੀ ਬਹੁਤ ਜ਼ਿਆਦਾ ਬਰਬਾਦੀ ਹੁੰਦੀ ਹੈ। ਵੇਖਣ ਵਿਚ ਆਇਆ ਹੈ ਕਿ ਕਈ ਵਿਅਕਤੀ ਤਾਂ ਬਿਨਾਂ ਗੱਲੋਂ ਹੀ ਕਈ-ਕਈ ਕੰਪਨੀਆਂ ਦੇ ਕੁਨੈਕਸ਼ਨ ਰੱਖਦੇ ਹਨ। ਜਿਸ ਕਰਕੇ ਉਨ੍ਹਾਂ ਦੇ ਪੈਸੇ ਦੀ ਫ਼ਜ਼ੂਲ ਖ਼ਰਚੀ ਹੀ ਹੁੰਦੀ ਹੈ। ਮੋਬਾਈਲ ਦੀ ਜ਼ਿਆਦਾ ਵਰਤੋਂ ਕਰਨ ਨਾਲ ਸਿਹਤ 'ਤੇ ਵੀ ਬੁਰਾ ਅਸਰ ਪੈਂਦਾ ਹੈ, ਲੋੜ ਹੈ ਆਪਣੇ ਕੀਮਤੀ ਸਮੇਂ ਨੂੰ ਸੰਭਾਲ ਕੇ ਰੱਖਣ ਦੀ ਤਾਂ ਜੋ ਇਸ ਨੂੰ ਕਿਤਾਬਾਂ/ਅਖ਼ਬਾਰਾਂ ਪੜ੍ਹਨ ਤੋਂ ਇਲਾਵਾ ਕੀਮਤੀ ਕੰਮਾਂ ਲਈ ਉਪਯੋਗ ਕੀਤਾ ਜਾ ਸਕੇ।

-ਬਲਜੀਤ ਸਿੰਘ ਕੁਲਾਰ
ਪਿੰਡ+ਡਾ. ਕੋਟਗੁਰੂ (ਬਠਿੰਡਾ)

07-03-2023

 ਸਾਦੇ ਵਿਆਹ ਦੀ ਕੋਈ ਰੀਸ ਨਹੀਂ
ਹੁਣ ਵਿਆਹਾਂ ਦਾ ਬਹੁਤ ਜ਼ੋਰ ਚੱਲ ਰਿਹਾ ਹੈ। ਹਰ ਰੋਜ਼ ਹਰ ਪੈਲੇਸ ਵਿਚ ਵਿਆਹ ਹੁੰਦਾ ਹੈ। ਢੋਲ, ਵਾਜੇ, ਡੀ.ਜੇ., ਕਾਰਾਂ, ਗੱਡੀਆਂ, ਪਟਾਕੇ ਅੱਜ ਕੱਲ੍ਹ ਵਿਆਹਾਂ ਦਾ ਸ਼ਿੰਗਾਰ ਹੀ ਬਣ ਚੁੱਕੇ ਹਨ। ਲੋਕ ਸਾਦੇ ਵਿਆਹਾਂ ਨੂੰ ਪਸੰਦ ਨਹੀਂ ਕਰਦੇ। ਲੋਕਾਂ ਨੂੰ ਰੌਲਾ ਰੱਪਾ ਵਧੇਰੇ ਵਧੀਆ ਲੱਗਣ ਲੱਗ ਗਿਆ। ਪਰ ਸਾਦੇ ਵਿਆਹਾਂ ਦਾ ਵੱਖਰਾ ਹੀ ਸੁਆਦ ਆਉਂਦਾ ਹੈ। ਜੋ ਕਿ ਮੈਂ ਹੁਣੇ ਹੀ ਚੱਖਿਆ। ਜਨਵਰੀ ਦੇ ਪਿਛਲੇ ਦਿਨਾਂ ਵਿਚ ਹੀ ਭੂਆ ਜੀ ਦੀ ਕੁੜੀ ਦਾ ਵਿਆਹ ਸਾਦਾ ਜਿਹਾ ਕੀਤਾ। ਜਾਗੋ ਵਾਲੇ ਦਿਨ ਵੂਫ਼ਰ ਲਗਾ ਕੇ ਨੱਚ ਲਿਆ ਨਾਲੇ ਨਾਨਕਿਆਂ-ਦਾਦਕਿਆਂ ਵਾਲੀਆਂ ਬੋਲੀਆਂ ਨਾਲ ਦਿਲ ਪ੍ਰਚਾ ਲਿਆ। ਭੂਆ ਦੇ ਪਰਿਵਾਰ ਤੋਂ ਇਲਾਵਾ ਕੋਈ ਆਂਢ-ਗੁਆਂਢ ਵੀ ਵਿਆਹ ਵਿਚ ਸ਼ਾਮਿਲ ਨਹੀਂ ਸੀ। ਕੇਵਲ ਨਾਨਕੇ, ਭੂਆ-ਫੁੱਫੜ ਹੀ ਸ਼ਾਮਿਲ ਸਨ। ਮੁੰਡੇ ਵਾਲਿਆਂ ਵਲੋਂ ਫੁੱਫੜ, ਮਾਮਾ ਤੇ ਸਹੁਰਾ ਪਰਿਵਾਰ ਹੀ ਬਰਾਤ ਵਿਚ ਬਿਨਾਂ ਢੋਲ ਵਾਜਿਆਂ ਤੋਂ ਡੀ.ਜੇ. ਤੋਂ ਬਿਨਾਂ ਕੁੜੀ ਵਿਆਹ ਕੇ ਲੈ ਗਏ। ਵਿਆਹ ਵਿਚ ਦੋ-ਤਿੰਨ ਤਰ੍ਹਾਂ ਦੀ ਮਿਠਿਆਈ ਅਤੇ ਦੋ ਕੁ ਤਰ੍ਹਾਂ ਦੇ ਪਕਵਾਨ ਸਨ। ਰੋਟੀ ਪਾਣੀ ਸਾਧਾਰਨ ਜਿਹਾ ਹੀ ਕੀਤਾ ਗਿਆ। ਅਜਿਹੇ ਵਿਆਹ ਵਿਚ ਖ਼ਰਚਾ ਤਾਂ ਘੱਟ ਹੁੰਦਾ ਹੀ ਹੈ ਬਰਾਤ ਵਿਚ ਘੱਟ ਜਣੇ ਹੋਣ ਕਰਕੇ ਆਉ ਭਗਤ ਵਧੇਰੇ ਵਧੀਆ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਨਾਲ ਕੋਈ ਰਿਸ਼ਤੇਦਾਰ ਵੀ ਗੁੱਸੇ ਨਹੀਂ ਹੁੰਦਾ ਕਿ ਸਾਨੂੰ ਨਹੀਂ ਬੁਲਾਇਆ। ਸਾਦੇ ਵਿਆਹ ਦੀ ਕੋਈ ਰੀਸ ਨਹੀਂ ਹੁੰਦੀ।


-ਨਵਜੀਤ ਕੌਰ ਸੁਲਤਾਨਪੁਰ (ਬਧਰਾਵਾਂ)।


ਮਾਨਸਿਕ ਤ੍ਰਾਸਦੀ
ਮਨੁੱਖ ਇਕ ਸਮਾਜਿਕ ਪ੍ਰਾਣੀ ਹੈ ਜੋ ਆਪਣੀਆਂ ਲੋੜਾਂ ਦੀ ਪੂਰਤੀ ਲਈ ਸਮਾਜ ਵਿਚ ਰਹਿੰਦਾ ਹੋਇਆ ਸੱਭਿਆਚਾਰ ਅਤੇ ਰੀਤੀ ਰਿਵਾਜਾਂ ਦੇ ਪੰਘੂੜੇ ਵਿਚ ਪਲਦਾ ਹੋਇਆ ਅਜੋਕੇ ਰੂਪ ਵਿਚ ਆਇਆ ਹੈ ਪਰ ਸਮੇਂ ਅਤੇ ਰਹਿਣ-ਸਹਿਣ ਦੇ ਬਦਲਾਅ ਨੇ ਮਨੁੱਖੀ ਹੋਂਦ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ। ਮਨੁੱਖ ਆਪਣੇ ਨਾਲ ਦੂਜਿਆਂ ਦੀ ਬਣੀ ਸਾਂਝ ਅਤੇ ਪਛਾਣ ਨੂੰ ਹੋਰ ਮਜ਼ਬੂਤ ਕਰਨ ਦੀ ਬਜਾਇ ਨਾਸ਼ ਕਰਨ ਦੇ ਰਸਤੇ 'ਤੇ ਤੁਰਿਆ ਹੈ। ਛੋਟੀਆਂ-ਛੋਟੀਆਂ ਗੱਲਾਂ ਕਤਲੇਆਮ ਦਾ ਰੂਪ ਧਾਰਨ ਕਰ ਰਹੀਆਂ ਹਨ। ਸਹਿਣਸ਼ੀਲਤਾ ਅਤੇ ਅਹਿੰਸਾ ਦਾ ਪਾਠ ਕੇਵਲ ਚੰਗੀ ਕਿਤਾਬ ਦਾ ਸੁਨਹਿਰੀ ਪੰਨਾ ਬਣ ਕੇ ਰਹਿ ਗਏ ਹਨ। ਧੜਾ-ਧੜ ਖੁੱਲ੍ਹ ਰਹੇ ਸਕੂਲ, ਕਾਲਜਾਂ ਅਤੇ ਯੂਨੀਵਰਸਿਟੀਆਂ ਨੇ ਵੀ ਵਿੱਦਿਆ ਨੂੰ ਸਿਰਫ਼ ਇਕ ਆਮਦਨੀ ਦਾ ਸਾਧਨ ਬਣਾਉਣ 'ਤੇ ਜ਼ੋਰ ਦਿੱਤਾ ਹੈ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਪੰਜਵੀਂ ਜਮਾਤ ਦਾ ਬੱਚਾ ਦੂਜੀ ਜਮਾਤ ਦੀਆਂ ਕਿਤਾਬਾਂ ਨੂੰ ਪੜ੍ਹਨ ਵਿਚ ਨਾਕਾਮ ਰਿਹਾ ਹੈ, ਜਿਸ ਨਾਲ ਮਾਨਸਿਕਤਾ ਵਿਚ ਨਿਘਾਰ ਆਇਆ ਹੈ। ਹੈਰਾਨੀਜਨਕ ਨਤੀਜੇ ਚੱਲ ਰਹੀਆਂ ਯੋਜਨਾਵਾਂ 'ਤੇ ਪ੍ਰਸ਼ਨ ਚਿੰਨ੍ਹ ਖੜ੍ਹਾ ਕਰ ਰਹੇ ਹਨ, ਬਿਨਾਂ ਅਮਲ ਕੀਤੇ ਸੰਤੁਸ਼ਟੀਜਨਕ ਨਤੀਜੇ ਪ੍ਰਾਪਤ ਕਰਨੇ ਸ਼ੇਖ ਚਿੱਲੀ ਦੇ ਪਲਾਉ ਪਕਾਉਣ ਦੇ ਬਰਾਬਰ ਹਨ। ਮਿਆਰੀ ਅਤੇ ਨੈਤਿਕ ਸਿੱਖਿਆ ਮਾਨਸਿਕਤਾ ਨੂੰ ਸੁਧਾਰਨ ਅਤੇ ਸਹੀ ਰਸਤਾ ਦਿਖਾਉਣ ਲਈ ਅਤਿ ਜ਼ਰੂਰੀ ਹੈ ਤਾਂ ਜੋ ਕੁਰਾਹੇ ਪੈ ਰਹੇ ਮਨੁੱਖ ਨੂੰ ਸਹੀ ਦਿਸ਼ਾ ਮਿਲ ਸਕੇ ਜੋ ਕਿ ਸਮੇਂ ਦੀ ਲੋੜ ਹੈ।


-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾ. ਚੱਕ ਅਤਰ ਸਿੰਘ ਵਾਲਾ (ਬਠਿੰਡਾ)


ਕੈਨੇਡਾ ਸਰਕਾਰ ਦਾ ਨਿਰਾਸ਼ਾਜਨਕ ਫ਼ੈਸਲਾ
ਕੈਨੇਡਾ ਜਾਣ ਦਾ ਭੂਤ ਹਰ ਦੂਜੇ ਪੰਜਾਬੀ ਦੇ ਸਿਰ ਸਵਾਰ ਹੈ। ਪੰਜਾਬ ਵਿਚ ਰਹਿ ਕੇ ਮਿਹਨਤ ਕਰਨ ਦੀ ਬਜਾਇ ਵਿਰਾਸਤੀ ਜ਼ਮੀਨਾਂ ਗਹਿਣੇ ਰੱਖ ਕੇ ਪੰਜਾਬੀ ਨੌਜਵਾਨ ਕੈਨੇਡਾ ਦੀ ਧਰਤੀ ਨੂੰ ਪ੍ਰਣਾਮ ਕਰ ਰਹੇ ਹਨ। ਵਿਦੇਸ਼ਾਂ ਦੀ ਅਸਲ ਸੱਚਾਈ ਤੋਂ ਅਣਜਾਣ ਮਾਪੇ ਚੰਗੇਰੇ ਜੀਵਨ ਦੀ ਭਾਲ ਵਿਚ ਚਾਈਂ-ਚਾਈਂ ਏਅਰਪੋਰਟ ਤੋਂ ਅਲਵਿਦਾ ਕਰਦੇ ਹਨ ਅਤੇ ਆਪ ਸਾਰੀ ਉਮਰ ਵਿਛੋੜੇ ਵਿਚ ਕੱਟ ਦਿੰਦੇ ਹਨ ਪਰ ਇਸ ਕਲਯੁੱਗ ਦੇ ਦੌਰ ਵਿਚ ਜ਼ਿੰਦਗੀ ਨੂੰ ਚੰਗੇਰਾ ਬਣਾਉਣਾ ਤਾਂ ਸਾਡੇ ਆਪਣੇ ਹੱਥ ਵਸ ਹੈ ਕਿਉਂਕਿ ਅਜੋਕੇ ਸਮੇਂ ਦੌਰਾਨ ਕੋਈ ਵੀ ਦੇਸ਼ ਭਾਵੇਂ ਉਹ ਅਮੀਰ ਹੈ ਜਾਂ ਗਰੀਬ, ਨਸ਼ੇ ਅਤੇ ਗੈਂਗਸਟਰਵਾਦ ਦੇ ਜਾਲ ਤੋਂ ਨਹੀਂ ਬਚ ਸਕਿਆ। ਦੁਨੀਆ ਦੇ ਮੰਨੇ-ਪ੍ਰਮੰਨੇ ਦੇਸ਼, ਜਿੱਥੇ ਹਰ ਕੋਈ ਜਾਣ ਲਈ ਉਤਾਵਲਾ ਹੈ, ਕੈਨੇਡਾ ਦੀ ਗੱਲ ਕਰੀਏ ਤਾਂ ਬੀਤੇ ਵਰ੍ਹੇ ਕਰੀਬ 3000 ਲੋਕਾਂ ਦੀ ਓਂਟਾਰੀਓ ਵਿਖੇ ਨਸ਼ੇ ਦਾ ਵਧੇਰੇ ਮਾਤਰਾ ਵਿਚ ਸੇਵਨ ਕਰਨ ਨਾਲ ਮੌਤ ਹੋਈ ਅਤੇ ਸਾਲ 2022 ਵਿਚ ਕੈਨੇਡਾ ਦੇ ਬੀ.ਸੀ. ਸ਼ਹਿਰ ਵਿਚ ਜਨਵਰੀ ਤੋਂ ਸਤੰਬਰ 9 ਮਹੀਨਿਆਂ ਵਿਚ 16 ਵਿਅਕਤੀ ਨਸ਼ੇ ਦੀ ਵਧੇਰੇ ਮਾਤਰਾ ਕਾਰਨ ਮੌਤ ਦੇ ਮੂੰਹ ਦਾ ਸ਼ਿਕਾਰ ਹੋਏ। ਵਿਦੇਸ਼ਾਂ ਵਿਚ ਬੇਕਸੂਰ ਪੰਜਾਬੀ ਵਿਦਿਆਰਥੀਆਂ ਨਾਲ ਕਈ ਪ੍ਰਕਾਰ ਦੇ ਸਕੈਮ ਕੀਤੇ ਜਾਂਦੇ ਹਨ। ਬੀਤੇ ਦਿਨੀਂ ਕੈਨੇਡਾ ਸਰਕਾਰ ਨੇ ਨਸ਼ਿਆਂ ਨੂੰ ਕਾਨੂੰਨੀ ਤੌਰ 'ਤੇ ਸੇਵਨ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ, ਜੋ ਕਿ ਬਹੁਤ ਹੀ ਮੰਦਭਾਗਾ ਫੈਸਲਾ ਹੈ। ਸਰਕਾਰ ਦੇ ਇਸ ਫੈਸਲੇ ਨੇ ਮਾਪਿਆਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਕੈਨੇਡਾ ਵਿਚ ਹੁਣ ਕੋਈ ਵੀ ਵਿਅਕਤੀ ਸ਼ਰ੍ਹੇਆਮ ਪਬਲਿਕ ਪਾਰਕ ਵਿਚ ਵੀ ਨਸ਼ੇ ਦਾ ਸੇਵਨ ਕਰ ਸਕਦਾ ਹੈ। ਅਜਿਹੀ ਗਤੀਵਿਧੀ ਦਾ ਸਿੱਧਾ ਪ੍ਰਭਾਵ ਬੱਚਿਆਂ 'ਤੇ ਪਵੇਗਾ ਅਤੇ ਬੱਚੇ ਉਥੋਂ ਦੇ ਮਾਹੌਲ ਤੋਂ ਪ੍ਰਭਾਵਿਤ ਹੋਣਗੇ। ਕੈਨੇਡਾ ਵਿਚ ਜੇਕਰ ਹੁਣ ਕਿਸੇ ਵੀ ਵਿਅਕਤੀ ਕੋਲੋਂ 2.5 ਗ੍ਰਾਮ ਤੱਕ ਨਸ਼ਾ ਬਰਾਮਦ ਹੁੰਦਾ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ। ਨਸ਼ੇ ਦਾ ਸੇਵਨ ਭਾਵੇਂ ਥੋੜ੍ਹੀ ਮਾਤਰਾ ਵਿਚ ਕੀਤਾ ਜਾਵੇ, ਭਾਵੇਂ ਵਧੇਰੇ ਮਾਤਰਾ ਵਿਚ, ਨਸ਼ਾ ਤਾਂ ਨਸ਼ਾ ਹੀ ਹੈ। ਲੋੜ ਹੈ ਕੈਨੇਡਾ ਸਰਕਾਰ ਨੂੰ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ, ਨਸ਼ੇ ਨੂੰ ਕਾਨੂੰਨੀ ਪ੍ਰਵਾਨਗੀ ਦੇਣ ਦੀ ਬਜਾਏ ਸਗੋਂ ਸਰਕਾਰ ਨੂੰ ਨਸ਼ੇ ਦੀ ਸਪਲਾਈ ਨੂੰ ਨੱਥ ਪਾਉਣ ਦੇ ਯਤਨ ਕਰਨੇ ਚਾਹੀਦੇ ਹਨ। ਇਸ ਫੈਸਲੇ ਦੇ ਸਿੱਟੇ ਵਜੋਂ ਨਸ਼ੇ ਦੀ ਲਤ ਹਟੇਗੀ ਨਹੀਂ ਸਗੋਂ ਹੋਰ ਵਧੇਗੀ ਅਤੇ ਹੌਲੀ-ਹੌਲੀ ਸਰਕਾਰ ਦੀ ਖੁੱਲ੍ਹ ਦਾ ਨਜਾਇਜ਼ ਫ਼ਾਇਦਾ ਉਠਾ ਕੇ ਜਨਤਾ ਨਸ਼ੇ ਦੀ ਆਦੀ ਬਣ ਜਾਵੇਗੀ।


-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

06-03-2023

 ਕਿਤਾਬਾਂ ਦਾ ਮਹੱਤਵ
ਕਿਤਾਬਾਂ ਸਾਡੇ ਜੀਵਨ ਵਿਚ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ ਕਿਤਾਬਾਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਲਈ ਜ਼ਰੂਰੀ ਹਨ। ਇਕ ਕਿਤਾਬ ਇੱਕ ਚੰਗੇ ਦੋਸਤ ਦੀ ਤਰ੍ਹਾਂ ਹੁੰਦੀ ਹੈ। ਕਿਤਾਬਾਂ ਪੜ੍ਹਨ ਦੇ ਸਾਨੂੰ ਬਹੁਤ ਲਾਭ ਹਨ। ਕਿਤਾਬਾਂ ਪੜ੍ਹਨ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਨਾਲ ਅਸੀਂ ਮਾਨਸਿਕ ਤੌਰ 'ਤੇ ਮਜ਼ਬੂਤ ਹੁੰਦੇ ਹਾਂ। ਜਿਸ ਨਾਲ ਸਾਡੇ ਗਿਆਨ ਦਾ ਭੰਡਾਰ ਵਧਦਾ ਹੈ। ਬੱਚਿਆਂ ਨੂੰ ਸ਼ੁਰੂ ਤੋਂ ਹੀ ਕਿਤਾਬਾਂ ਪੜ੍ਹਨ ਦੀ ਆਦਤ ਪਾਈ ਜਾਵੇ ਤਾਂ ਜੋ ਬੱਚਿਆਂ ਦਾ ਸਰਬਪੱਖੀ ਵਿਕਾਸ ਹੋ ਸਕੇ। ਵਿਦਿਆਰਥੀ ਜੀਵਨ ਵਿਚ ਕਿਤਾਬਾਂ ਦੀ ਬਹੁਤ ਜ਼ਿਆਦਾ ਮਹੱਤਤਾ ਹੁੰਦੀ ਹੈ ਕਿਤਾਬਾਂ ਸਾਨੂੰ ਮਹੱਤਵਪੂਰਨ ਜਾਣਕਾਰੀ ਦਿੰਦੀਆਂ ਹਨ ਅਤੇ ਨਾਲ ਹੀ ਸਾਨੂੰ ਹੋਰ ਤਿੱਖੀ, ਬੁੱਧੀਮਾਨ ਬਣਾਉਂਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਸਾਨੂੰ ਜ਼ਿੰਦਗੀ ਜਿਉਣ ਲਈ ਚੰਗੀ ਸੇਧ ਮਿਲਦੀ ਹੈ ।ਅੱਜ ਦੇ ਸਮੇਂ ਵਿਚ ਤਾਂ ਕਿਤਾਬਾਂ ਪੜ੍ਹਨ ਦੀ ਆਦਤ ਖਤਮ ਹੀ ਹੋ ਚੁੱਕੀ ਹੈ। ਵਿਦਿਆਰਥੀ ਅੱਜ ਕੱਲ੍ਹ ਵਟਸਐਪ, ਫੇਸਬੁੱਕ ਜਾਂ ਹੋਰ ਸਾਈਟਸ ਨੂੰ ਜ਼ਿਆਦਾ ਸਮਾ ਦਿੰਦੇ ਹਨ। ਅੱਜ ਇੰਨੇ ਸਾਧਨ ਹੋਣ ਦੇ ਬਾਵਜੂਦ ਵੀ ਕਿਤਾਬਾਂ ਪੜ੍ਹਨ ਦਾ ਰੁਝਾਨ ਘੱਟ ਰਿਹਾ ਹੈ। ਇਹ ਬਹੁਤ ਹੀ ਚਿੰਤਾ ਵਾਲੀ ਗੱਲ ਹੈ, ਸੋ ਕਿਤਾਬਾਂ ਪੜ੍ਹਨ ਨੂੰ ਜ਼ਿਆਦਾ ਤਰਜੀਹ ਦੇਣ ਦੀ ਲੋੜ ਹੈ


-ਮਨਪ੍ਰੀਤ ਕੌਰ
ਪਿੰਡ: ਸੰਗਲ ਸੋਹਲ ਜਲੰਧਰ


ਆਈਲਟਸ
ਆਈਲਟਸ ਤਾਂ ਆਮ ਹੀ ਹੋ ਗਿਆ ਹੈ। 12ਵੀਂ ਕਰਨ ਤੋਂ ਬਾਅਦ ਬਸ ਆਈਲਟਸ ਹੀ ਸਭ ਲੋਕਾਂ ਲਈ ਜ਼ਰੂਰੀ ਬਣ ਗਿਆ ਹੈ। ਮਾਂ-ਬਾਪ ਆਪਣੇ ਮੁੰਡਿਆਂ ਨਾਲ ਬੈਂਡਾਂ ਵਾਲੀ ਕੁੜੀ ਹੀ ਲੱਭਦੇ ਨੇ ਦੂਜੇ ਪਾਸੇ ਕੁੜੀ ਦੇ ਮਾਪੇ +2 ਤੋਂ ਬਾਅਦ ਕੇਵਲ ਆਈਲਟਸ ਉੱਪਰ ਹੀ ਜ਼ੋਰ ਲਗਵਾਉਂਦੇ ਹਨ। ਅੱਜ-ਕੱਲ੍ਹ ਰਿਸ਼ਤਾ ਉਸ ਨਾਲ ਕੀਤਾ ਜਾਂਦਾ ਹੈ। ਜਿਸ ਕੋਲ ਵਧੀਆ ਜ਼ਮੀਨ, ਕੋਠੀਆਂ, ਕਾਰਾਂ ਅਤੇ ਬਾਹਰ ਭੇਜਣ ਲਈ ਅਤੇ ਬਾਹਰਲੀਆਂ ਫੀਸਾਂ ਲਈ ਆਮ ਪੈਸੇ ਹੋਣ। ਮੁੰਡੇ ਦਾ ਚਰਿੱਤਰ, ਅਕਲ, ਸ਼ਕਲ, ਪੜ੍ਹਾਈ ਕੋਈ ਅਹਿਮੀਅਤ ਨਹੀਂ ਰੱਖਦੀ, ਕੇਵਲ ਪੈਸਾ ਹੀ ਸਭ ਦਾ ਬਾਪ ਬਣ ਗਿਆ ਹੈ। ਅੱਜ-ਕੱਲ੍ਹ ਉੱਚ ਪੱਧਰੀ ਸਿੱਖਿਆ ਪ੍ਰਾਪਤ ਬੱਚੇ ਨੂੰ ਵੀ ਲੋਕ ਪਹਿਲਾਂ ਐਵੇਂ ਹੀ ਪੁੱਛਦੇ ਹਨ ਕਿ ਆਈਲਟਸ ਕਿਉਂ ਨਹੀਂ ਕੀਤੀ। ਵਿਦੇਸ਼ ਵਿਚ ਪੈਸਾ ਬੈਠਿਆਂ ਨੂੰ ਨਹੀਂ ਮਿਲਦਾ, ਆਪਣੇ ਚਾਅ ਮਾਰ ਕੇ ਪਰਿਵਾਰ ਤੋਂ ਦੂਰ ਰਹਿ ਕੇ ਦਿਨ-ਰਾਤ ਦਿਹਾੜੀ ਕਰਕੇ ਗੁਜ਼ਾਰੇ ਜੋਗੇ ਪੈਸੇ ਬਣਦੇ ਹਨ। ਲੋਕਾਂ ਦੇ ਇਕਲੌਤੇ ਪੁੱਤਰ ਵੀ ਵਧੀਆ ਜ਼ਮੀਨਾਂ ਛੱਡ ਕੇ ਬਾਹਰ ਜਾਣ ਦੇ ਚੱਕਰ ਵਿਚ ਆਈਲਟਸ ਵਾਲੀ ਕੁੜੀ ਹੀ ਪਸੰਦ ਕਰਦੇ ਹਨ। ਆਈਲਟਸ ਨੇ ਇਕ ਤਰ੍ਹਾਂ ਤਾਂ ਪੰਜਾਬ ਨੂੰ ਬਰਬਾਦ ਹੀ ਕਰ ਦਿੱਤਾ। ਇੰਨੇ ਸੋਹਣੇ ਘਰਾਂ ਨੂੰ ਜ਼ਿੰਦਰੇ ਲਟਕਦੇ ਦੇਖਦੇ ਹਾਂ। ਜੇਕਰ ਸਾਰੇ ਹੀ ਨੌਜਵਾਨ ਵਿਦੇਸ਼ਾਂ ਨੂੰ ਚਲੇ ਗਏ ਤਾਂ ਪੰਜਾਬ ਨੂੰ ਕੌਣ ਸੰਭਾਲੇਗਾ।


-ਨਵਜੀਤ ਕੌਰ
(ਬਧਰਾਵਾਂ), ਸੁਲਤਾਨਪੁਰ (ਮਾਲੇਰਕੋਟਲਾ)


ਕੁਦਰਤ ਪ੍ਰਤੀ ਸੁਹਿਰਦ ਹੋਈਏ
ਅੱਜ ਅਸੀਂ ਜੋ ਕੁਝ ਮਹਿਸੂਸ ਕਰ ਰਹੇ ਹਾਂ, ਅਤੇ ਜੋ ਹੁਣ ਤਾਪਮਾਨ ਹੈ ਉਸ ਦਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵਧਣਾ ਸਾਡੇ ਵੱਲੋਂ ਕੀਤੀ ਗਈ ਕੁਦਰਤ ਨਾਲ ਛੇੜਖਾਨੀ ਦਾ ਸਿੱਟਾ ਹੀ ਹੈ ਅਸੀਂ ਆਪਣੀ ਸਹੂਲਤ ਮੁਤਾਬਿਕ ਅਸੀਂ ਹਰ ਰੋਜ਼ ਕੁਦਰਤ ਦੀ ਦੁਰਵਰਤੋਂ ਕਰ ਰਹੇ ਹਾਂ। ਅਸੀਂ ਕਦੇ ਨਹੀਂ ਸੋਚਿਆ ਕਿ ਆਉਣ ਵਾਲੀ ਪੀੜ੍ਹੀ 'ਤੇ ਇਸ ਦਾ ਕਿੰਨਾ ਅਸਰ ਪਵੇਗਾ। ਏਨੀ ਗਰਮੀ ਵਿਚ ਅਸੀਂ ਹੁਣ ਹੀ ਘੁਟਣ ਮਹਿਸੂਸ ਕਰ ਰਹੇ ਹਾਂ ਪਰ ਫਿਰ ਵੀ ਅਸੀਂ ਕੁਦਰਤ ਪ੍ਰਤੀ ਸੁਹਿਰਦ ਨਹੀਂ। ਆਓ, ਅਸੀਂ ਰਲ ਕੇ ਵਾਤਾਵਰਨ ਨੂੰ ਸਾਫ਼-ਸੁਥਰਾ ਬਣਾਈਏ। ਸਭ ਤੋਂ ਪਹਿਲਾਂ ਅਸੀਂ ਆਪਣੇ-ਆਪ 'ਤੇ ਇਨ੍ਹਾਂ ਗੱਲਾਂ ਨੂੰ ਲਾਗੂ ਕਰੀਏ, ਇਸ ਲਈ ਅਸੀਂ ਆਪਣੀ ਲੋੜ ਮੁਤਾਬਿਕ ਪਾਣੀ ਦੀ ਵਰਤੋਂ ਕਰੀਏ, ਵੱਧ ਤੋਂ ਵੱਧ ਬੂਟਿਆਂ ਨੂੰ ਲਾ ਕੇ ਵਾਤਾਵਰਣ ਨੂੰ ਹਰਾ-ਭਰਾ ਕਰੀਏ, ਪੈਟਰੋਲ ਤੇ ਡੀਜ਼ਲ ਦੀ ਵਰਤੋਂ ਘੱਟ ਕਰੀਏ, ਕਣਕ ਤੇ ਝੋਨੇ ਦੇ ਬਾਕੀ ਬਚੇ ਹੋਏ ਨਾੜ ਨੂੰ ਅੱਗ ਨਾ ਲਾਈਏ, ਏ.ਸੀ. ਦੀ ਲੋੜ ਅਨੁਸਾਰ ਜਾਂ ਘੱਟ ਤੋਂ ਘੱਟ ਵਰਤੋਂ ਕਰੀਏ, ਸ਼ਹਿਰਾਂ ਵਿਚ ਕਾਰਾਂ, ਮੋਟਰਸਾਈਕਲ ਤੇ ਹੋਰ ਫਾਲਤੂ ਡੁੱਲ੍ਹਦਾ ਪਾਣੀ ਬੰਦ ਕਰੀਏ। ਇਸ ਤਰ੍ਹਾਂ ਅਸੀਂ ਵਾਤਾਵਰਨ ਨੂੰ ਸਾਫ਼ ਕਰ ਸਕਦੇ ਹਾਂ ਤੇ ਸਿਹਤਮੰਦ ਤੇ ਤੰਦਰੁਸਤ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਇਸ ਦੇ ਨਾਲ-ਨਾਲ ਆਉਣ ਵਾਲੇ ਸਮੇਂ ਲਈ ਕੁਝ ਕਰ ਸਕਦੇ ਹਾਂ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਚੰਗੇ ਸਾਫ਼-ਸੁਥਰੇ ਸਮਾਜ ਦੀ ਸਿਰਜਣਾ ਕਰਨਗੇ।


-ਅਸ਼ੀਸ਼ ਸ਼ਰਮਾ ਜਲੰਧਰ।


ਨਸ਼ਾ ਬਨਾਮ ਸਖ਼ਤੀ
ਹਰ ਰੋਜ਼ ਜਦੋਂ ਕਿਸੇ ਪਾਸੋਂ ਸੁਣਦੇ ਹਾਂ ਜਾਂ ਅਖਬਾਰਾਂ ਵਿਚ ਪੜ੍ਹਦੇ ਹਾਂ ਕਿ ਚਿੱਟੇ ਦੇ ਨਸ਼ੇ ਦੀ ਜ਼ਿਆਦਾ ਮਾਤਰਾ ਲੈਣ ਕਰਕੇ ਕਿਸੇ ਦੀ ਮੌਤ ਹੋ ਗਈ। ਕਈ ਵਾਰ ਤਾਂ ਟੀਕਾ ਵੀ ਸਰੀਰ ਦੇ ਕਿਸੇ ਹਿੱਸੇ ਵਿਚ ਲੱਗਿਆ ਹੀ ਰਹਿ ਜਾਂਦਾ ਹੈ, ਸੁਣ ਕੇ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ। ਹੁਣ ਤਾਂ ਚਿੱਟੇ ਦੇ ਨਸ਼ੇ ਦੀ ਜ਼ਿਆਦਾ ਮਾਤਰਾ ਲੈਣ ਨਾਲ ਹਰ ਰੋਜ਼ ਤਕਰੀਬਨ 4-5 ਲੋਕਾਂ ਦੀ ਮੌਤ ਆਮ ਜਿਹੀ ਗੱਲ ਹੋ ਗਈ ਹੈ। ਇਹ ਸੁਣ ਕੇ ਹਰ ਇਨਸਾਨ ਸੋਚਣ ਲਈ ਮਜਬੂਰ ਹੈ ਕਿ ਸਾਡਾ ਇਹ ਗੁਰੂਆਂ-ਪੀਰਾਂ ਅਤੇ ਸੂਰਬੀਰ ਜੋਧਿਆਂ ਵਾਲਾ ਪੰਜਾਬ ਕਿਧਰ ਨੂੰ ਜਾ ਰਿਹਾ ਹੈ। ਚਿੱਟੇ ਦੇ ਨਸ਼ੇ ਤੋਂ ਹਰ ਪਿੰਡ ਅਤੇ ਸ਼ਹਿਰ ਬਹੁਤ ਜ਼ਿਆਦਾ ਪੀੜਤ ਹਨ। ਹੁਣ ਪਿੰਡਾਂ ਦੇ ਲੋਕ ਆਪਣੇ ਪੱਧਰ 'ਤੇ ਵੀ ਇਸ ਨੂੰ ਰੋਕਣ ਲਈ ਬਹੁਤ ਜ਼ਿਆਦਾ ਧਿਆਨ ਰੱਖ ਰਹੇ ਹਨ, ਪਰ ਫਿਰ ਵੀ ਸਮਾਜ ਦੇ ਦੁਸ਼ਮਣ ਇਸ ਦੀ ਵਿਕਰੀ ਕਰ ਜਾਂਦੇ ਹਨ। ਸਰਕਾਰ ਵੀ ਇਸ ਦੇ ਰੋਕਣ ਦੇ ਬਹੁਤ ਜ਼ਿਆਦਾ ਉਪਰਾਲੇ ਕਰ ਰਹੀ ਹੈ। ਲੋਕਾਂ ਅਤੇ ਸਰਕਾਰ ਦੀ ਸਖ਼ਤੀ ਦੇ ਬਾਵਜੂਦ ਵੀ ਚਿੱਟੇ ਦੇ ਨਸ਼ੇ ਕਰਨ ਕਰਕੇ ਬਹੁਤ ਸਾਰੇ ਘਰਾਂ ਦੇ ਨੌਜਵਾਨ ਲੜਕੇ ਇਸ ਸੰਸਾਰ ਨੂੰ ਅਲਵਿਦਾ ਆਖ ਰਹੇ ਹਨ। ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਨੂੰ ਵੀ ਚਿੱਟੇ ਦਾ ਨਸ਼ਾ ਆਪਣੀ ਲਪੇਟ ਵਿਚ ਲੈ ਰਿਹਾ ਹੈ ਜੋ ਸਾਡੇ ਪੰਜਾਬ ਵਾਸੀਆਂ ਲਈ ਬਹੁਤ ਹੀ ਜ਼ਿਆਦਾ ਸ਼ਰਮ ਅਤੇ ਦੁਖਦਾਈ ਗੱਲ ਹੈ। ਲੋਕ ਵੀ ਆਪਣੇ ਪੱਧਰ 'ਤੇ ਇਸ ਨੂੰ ਰੋਕਣ ਲਈ ਕਾਫੀ ਸੁਚੇਤ ਹਨ। ਦੂਜੇ ਪਾਸੇ ਸਰਕਾਰ ਵੀ ਵੱਡੇ-ਵੱਡੇ ਦਾਅਵੇ ਕਰ ਰਹੀ ਹੈ। ਨਸ਼ਾ ਫੜਨ ਅਤੇ ਖ਼ਤਮ ਕਰਨ ਦੇ, ਪਰ ਨਸ਼ਾ ਫਿਰ ਵੀ ਬਹੁਤ ਜ਼ਿਆਦਾ ਆਪਣੇ ਪੈਰ ਪਸਾਰ ਰਿਹਾ ਹੈ। ਲੋਕਾਂ ਦੇ ਘਰਾਂ ਵਿਚ ਸੱਥਰ ਵਿਛਾ ਰਿਹਾ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਵੱਲ ਧਿਆਨ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ।


-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।

03-03-2023

 ਮੀਡੀਆ ਦੀ ਆਜ਼ਾਦੀ
ਆਮਦਨ ਕਰ ਵਿਭਾਗ ਵਲੋਂ ਦਿੱਲੀ ਅਤੇ ਮੁੰਬਈ ਵਿਚ ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਬੀ.ਬੀ.ਸੀ. ਦੇ ਦਫ਼ਤਰਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਸਰਵੇਖਣ ਮੀਡੀਆ ਦੀ ਆਜ਼ਾਦੀ 'ਤੇ ਹਮਲਾ ਹੈ। ਮੀਡੀਆ ਲੋਕਤੰਤਰ ਦਾ ਚੌਥਾ ਥੰਮ੍ਹ ਹੈ। ਸਵਾਲ ਇਹ ਹੈ ਕਿ ਬੀ.ਬੀ.ਸੀ. ਵਲੋਂ 2002 ਦੇ ਗੁਜਰਾਤ ਦੰਗਿਆਂ 'ਤੇ ਇਕ ਵਿਵਾਦਤ ਦਸਤਾਵੇਜ਼ੀ ਫ਼ਿਲਮ ਜਾਰੀ ਕੀਤੇ ਜਾਣ ਤੋਂ ਕੁਝ ਹਫ਼ਤੇ ਬਾਅਦ ਹੀ ਛਾਪੇਮਾਰੀ ਕਿਉਂ ਕੀਤੀ ਜਾ ਰਹੀ ਹੈ। ਇਹ ਜਾਂਚ ਪਹਿਲਾਂ ਕਿਉਂ ਨਹੀਂ ਕੀਤੀ ਗਈ? ਜੇਕਰ ਕੋਈ ਮੀਡੀਆ ਘਰਾਣਾ ਸਰਕਾਰ ਵਿਰੁੱਧ ਕੁਝ ਵੀ ਲਿਖਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਅਪਰਾਧਕ ਸਰਗਰਮੀਆਂ ਰਾਹੀਂ ਆਪਣਾ ਮੂੰਹ ਬੰਦ ਰੱਖਣ ਲਈ ਪੈਸੇ ਦਿੱਤੇ ਜਾਂਦੇ ਹਨ ਜਾਂ ਧੋਖਾਧੜੀ ਦਾ ਇਲਜ਼ਾਮ ਲਗਾ ਕੇ ਉਸ ਨੂੰ ਬਦਨਾਮ ਕੀਤਾ ਜਾਂਦਾ ਹੈ ਜਾਂ ਉਸ ਨੂੰ ਆਪਣੇ ਰਸਤੇ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਰਕਾਰ ਮੀਡੀਆ ਨੂੰ ਆਪਣੇ ਹਿਸਾਬ ਚਲਾਉਣਾ ਚਾਹੁੰਦੀ ਹੈ। ਜੇਕਰ ਇਹ ਛਾਪੇ ਬਦਲੇ ਦੀ ਭਾਵਨਾ ਨਾਲ ਮਾਰੇ ਜਾ ਰਹੇ ਹਨ ਤਾਂ ਇਹ ਦੇਸ਼ ਦੇ ਅਖ਼ਬਾਰਾਂ, ਟੀ.ਵੀ. ਚੈਨਲਾਂ ਅਤੇ ਮੀਡੀਆ ਘਰਾਣਿਆਂ ਲਈ ਚਿਤਾਵਨੀ ਹੈ ਕਿ ਜਾਂ ਤਾਂ ਸਰਕਾਰ ਦੇ ਹਮਾਇਤੀ ਬਣੋਂ ਜਾਂ ਫਿਰ ਨਤੀਜੇ ਭੁਗਤਣ ਲਈ ਤਿਆਰ ਰਹੋ। ਪਰ ਇਹ ਮੁੱਦਾ ਚਿੰਤਾ ਦਾ ਵਿਸ਼ਾ ਹੈ। ਇਹ ਸੱਚ ਹੈ ਕਿ ਜਿਹੜਾ ਵੀ ਵਿਅਕਤੀ ਸਰਕਾਰ ਦੇ ਵਿਰੁੱਧ ਜਾਂਦਾ ਹੈ, ਉਸ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਦੇਸ਼ ਵਿਚ ਮੀਡੀਆ ਦੀ ਆਜ਼ਾਦੀ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਸਰਕਾਰ ਦੀਆਂ ਨੀਤੀਆਂ ਅਤੇ ਸਰਗਰਮੀਆਂ ਦੀ ਲੋਕਾਂ ਦੇ ਸਾਹਮਣੇ ਪਾਰਦਸ਼ਤਾ ਬਣੀ ਰਹੇ।


-ਮਹਿਮਾ ਸ਼ਰਮਾ, ਜਲੰਧਰ।


ਨਸ਼ਿਆਂ ਦਾ ਜਾਲ
ਕਦੇ ਪੰਜਾਬ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਆਖਿਆ ਜਾਂਦਾ ਸੀ ਪਰ ਜਦੋਂ ਤੋਂ ਇਥੇ ਨਸ਼ਿਆਂ ਦਾ ਛੇਵਾਂ ਦਰਿਆ ਵਗਣਾ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਪੰਜਾਬ ਦੇ ਵਿਚ ਨੌਜਵਾਨ ਇਸ ਛੇਵੇਂ ਦਰਿਆ ਵਿਚ ਡੁਬਦੇ ਜਾ ਰਹੇ ਹਨ ਅਤੇ ਨਸ਼ਿਆਂ ਕਾਰਨ ਨੌਜਵਾਨ ਗੱਭਰੂਆਂ ਦੀਆਂ ਮੌਤਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਨਸ਼ਾ ਤਸਕਰਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਫਸਾਉਣ ਲਈ ਬਹੁਤ ਵੱਡਾ ਜਾਲ ਬੁਣਿਆ ਹੋਇਆ ਹੈ, ਜਿਸ ਦੇ ਵਿਚ ਨੌਜਵਾਨ ਪੀੜ੍ਹੀ ਬੜੇ ਅਣਜਾਣ ਪੁਣੇ ਵਿਚ ਹੀ ਫਸਦੀ ਜਾ ਰਹੀ ਹੈ। ਨਸ਼ਿਆਂ ਦੇ ਜਾਲ ਵਿਚ ਫਸੀ ਇਸ ਨੌਜਵਾਨ ਪੀੜ੍ਹੀ ਨੂੰ ਬਾਹਰ ਕੱਢਣ ਲਈ ਪੁਰਜ਼ੋਰ ਯਤਨ ਕਰਨੇ ਚਾਹੀਦੇ ਹਨ। ਭਾਵੇਂ ਕਿ ਪੰਜਾਬ ਅੰਦਰ ਬਹੁਤ ਸਾਰੀਆਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਇਸ ਗੰਭੀਰ ਮਸਲੇ ਸੰਬੰਧੀ ਫ਼ਿਕਰਮੰਦ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਦਾ ਯਤਨ ਕਰ ਰਹੀਆਂ ਹਨ ਪਰ ਜਿੰਨੀ ਦੇਰ ਤੱਕ ਸਾਰੀਆਂ ਰਾਜਨੀਤਕ ਪਾਰਟੀਆਂ, ਸਰਕਾਰ ਅਤੇ ਪ੍ਰਸ਼ਾਸਨ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ ਅਤੇ ਆਪਣਾ ਬਣਦਾ ਫ਼ਰਜ਼ ਪੂਰਾ ਨਹੀਂ ਕਰਦੇ, ਓਨੀ ਦੇਰ ਤੱਕ ਨਸ਼ਾ ਤਸਕਰਾਂ 'ਤੇ ਕਾਬੂ ਪਾਉਣਾ ਬਹੁਤ ਮੁਸ਼ਕਿਲ ਹੈ। ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਲਈ ਸਭ ਨੂੰ ਇਕਜੁਟ ਹੋ ਕੇ ਉਪਰਾਲੇ ਕਰਨ ਦੀ ਲੋੜ ਹੈ।


-ਹਰਪ੍ਰੀਤ ਸਿੰਘ ਸਿਹੌੜਾ
ਪਿੰਡ ਤੇ ਡਾਕ: ਸਿਹੌੜਾ, ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ।


ਨਾਜਾਇਜ਼ ਕਬਜ਼ੇ
ਅੱਜ-ਕੱਲ੍ਹ ਸਰਕਾਰ ਵਲੋਂ ਸ਼ਾਮਲਾਟ ਜ਼ਮੀਨਾਂ 'ਤੇ ਲੋਕਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਪੂਰੀ ਸਰਗਰਮੀ ਨਾਲ ਚਲਾਈ ਹੋਈ ਹੈ। ਇਹ ਬਹੁਤ ਚੰਗਾ ਕੰਮ ਹੈ। ਪਰ ਇਹ ਕੰਮ ਬਿਨਾਂ ਸਿਆਸੀ ਸੋਚ ਤੋਂ ਦੂਰ ਰਹਿ ਕੇ ਲੋਕਾਂ ਲਈ ਕਰਨਾ ਚਾਹੀਦਾ। ਇਨ੍ਹਾਂ ਸ਼ਾਮਲਾਟ ਜ਼ਮੀਨਾਂ 'ਤੇ ਆਮ ਲੋਕਾਂ ਦਾ ਘੱਟ, ਜ਼ਿਆਦਾਤਰ ਕਬਜ਼ਾ ਸਿਆਸੀ ਪਹੁੰਚ ਵਾਲੇ ਲੋਕਾਂ ਦਾ ਹੈ। ਪਰ ਇਸ ਨੂੰ ਕਾਨੂੰਨ ਦੇ ਮੁਤਾਬਿਕ ਹੀ ਹੱਲ ਕਰਨਾ ਚਾਹੀਦਾ ਹੈ। ਕਿਸੇ ਨਾਲ ਵੀ ਧੱਕਾ ਨਹੀਂ ਹੋਣਾ ਚਾਹੀਦਾ। ਹਰ ਸ਼ਹਿਰ ਅਤੇ ਪਿੰਡ ਵਿਚ ਬਹੁਤ ਲੋਕਾਂ ਨੇ ਸ਼ਾਮਲਾਟ ਦੀ ਬਹੁਤ ਜ਼ਿਆਦਾ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਹੈ। ਸਰਕਾਰ ਕਬਜ਼ਾ ਲੈਣ ਤੋਂ ਬਾਅਦ ਇਸ ਜ਼ਮੀਨ 'ਤੇ ਪਬਲਿਕ ਲਈ ਕੋਈ ਹਸਪਤਾਲ, ਸਕੂਲ, ਕਾਲਜ ਬਣਾ ਦੇਵੇ। ਇਸ ਤੋਂ ਇਲਾਵਾ ਹੋਰ ਕੋਈ ਵੀ ਲੋਕਾਂ ਦੀ ਸਹੂਲਤ ਲਈ ਇਸ ਜ਼ਮੀਨ ਦੀ ਵਰਤੋਂ ਕਰਨੀ ਚਾਹੀਦੀ ਹੈ। ਹਰ ਜ਼ਿਲੇ ਮੁਤਾਬਿਕ ਇਸ ਦਾ ਰਿਕਾਰਡ ਚੈੱਕ ਕਰਕੇ ਇਸ ਜ਼ਮੀਨ ਤੋਂ ਨਾਜਾਇਜ਼ ਹਟਾ ਕੇ ਸਰਕਾਰ ਇਹ ਜ਼ਮੀਨ ਆਪਣੇ ਕਬਜ਼ੇ ਵਿਚ ਲੈ ਕੇ ਲੋਕਾਂ ਲਈ ਵਰਤੋਂ ਵਿਚ ਲਿਆਵੇ। ਬੇਨਤੀ ਹੈ ਕਿ ਇਹ ਬਹੁਤ ਸਲਾਹੁਣਯੋਗ ਕੰਮ ਹੋ ਰਿਹਾ ਹੈ। ਪਰ ਇਸ ਵਿਚ ਕਿਸੇ ਨਾਲ ਨਾਇਨਸਾਫ਼ੀ ਨਹੀਂ ਹੋਣੀ ਚਾਹੀਦੀ।


-ਗੁਰਤੇਜ ਸਿੰਘ ਖੁਡਾਲ,
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।


ਪ੍ਰਵਾਸੀ ਪੰਛੀ ਤੇ ਚਿੰਤਾ
ਆਪਣੀਆਂ ਲੋੜਾਂ ਦੀ ਪੂਰਤੀ ਅਤੇ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਮਨੁੱਖ ਵਾਂਗ ਪੰਛੀ ਵੀ ਪ੍ਰਵਾਸ ਦਾ ਸਹਾਰਾ ਲੈਂਦੇ ਹਨ। ਭਾਰਤ ਵਿਚ ਵੱਖ-ਵੱਖ ਥਾਵਾਂ 'ਤੇ ਬਣੀਆਂ ਜਲਗਾਹਾਂ ਤੇ ਪ੍ਰਵਾਸੀ ਪੰਛੀ ਅਕਤੂਬਰ ਤੋਂ ਫਰਵਰੀ ਮਹੀਨੇ ਤੱਕ ਆਮ ਦੇਖੇ ਜਾ ਸਕਦੇ ਹਨ। ਹਰੀਕੇ ਪੱਤਣ ਪੰਜਾਬ ਵਿਚ ਮੌਜੂਦ ਪ੍ਰਮੁੱਖ ਜਲਗਾਹਾਂ ਵਿਚੋਂ ਇਕ ਹੈ, ਜਿਥੇ ਵੱਖ-ਵੱਖ ਦੇਸ਼ਾਂ ਤੋਂ ਅਨੇਕ ਪੰਛੀ ਪ੍ਰਵਾਸ ਕਰਕੇ ਪਹੁੰਚਦੇ ਹਨ। ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਪ੍ਰਵਾਸੀ ਪੰਛੀਆਂ ਦੀ ਆਮਦ ਵਿਚ ਕਮੀ ਦੇਖੀ ਗਈ ਹੈ, ਜੋ ਕਿ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ। ਹਾਲਾਂਕਿ ਪੰਛੀਆਂ ਦੇ ਪ੍ਰਵਾਸ ਘਟਣ ਦੇ ਕਾਰਨਾਂ ਦਾ ਪਤਾ ਲਗਾਉਣਾ ਅਜੇ ਬਾਕੀ ਹੈ ਪਰ ਵਧ ਰਹੇ ਪ੍ਰਦੂਸ਼ਣ ਅਤੇ ਦੂਸ਼ਿਤ ਹੋ ਰਹੇ ਜਲਗਾਹਾਂ ਲਈ ਮਨੁੱਖੀ ਕਾਰਵਾਈਆਂ ਮੁੱਖ ਤੌਰ 'ਤੇ ਜ਼ਿੰਮੇਵਾਰ ਹਨ। ਮਨੁੱਖ ਨੇ ਵਿਕਾਸ ਦੇ ਨਾਂਅ 'ਤੇ ਵਿਨਾਸ਼ ਨੂੰ ਜਨਮ ਦਿੱਤਾ ਹੈ।


-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ: ਚੱਕ ਅਤਰ ਸਿੰਘ ਵਾਲਾ, ਤਹਿ: ਤੇ ਜ਼ਿਲ੍ਹਾ ਬਠਿੰਡਾ।

02-03-2023

 ਇਕ ਰਿਸ਼ਤਾ ਅਣਗੌਲਿਆ ਕਿਉਂ?
ਰਿਸ਼ਤਿਆਂ ਤੋਂ ਬਗੈਰ ਮਨੁੱਖਾ ਜੀਵਨ ਅਧੂਰਾ ਹੈ। ਰਿਸ਼ਤਾ ਭਾਵੇਂ ਮਾਪਿਆਂ ਦਾ ਹੋਵੇ, ਭਾਵੇਂ ਤਾਇਆ-ਤਾਈ, ਚਾਚਾ-ਚਾਚੀ, ਮਾਮਾ-ਮਾਮੀ, ਭੂਆ-ਫੁੱਫੜ ਜਾਂ ਮਾਸੀ-ਮਾਸੜ ਆਦਿ ਦਾ। ਹਰ ਰਿਸ਼ਤਾ ਆਪਣੀ-ਆਪਣੀ ਥਾਂ ਖਾਸ ਮਹੱਤਵ ਰੱਖਦਾ ਹੈ। ਕਿਸੇ ਵੀ ਰਿਸ਼ਤੇ ਦੀ ਰੰਗਤ ਨੂੰ ਘਟਾ-ਵਧਾ ਕੇ ਨਹੀਂ ਦੇਖਿਆ ਜਾ ਸਕਦਾ। ਪਰ ਸਮੇਂ ਦੇ ਗੇੜ ਨੇ ਪਵਿੱਤਰ ਭਾਵ ਖੂਨੀ ਰਿਸ਼ਤਿਆਂ ਦੀ ਗੂੜ੍ਹੀ ਰੰਗਤ ਨੂੰ ਫਿੱਕਾ ਕਰਨਾ ਸ਼ੁਰੂ ਕਰ ਦਿੱਤਾ ਹੈ। ਰਿਸ਼ਤਿਆਂ ਦੀ ਦੁਨੀਆ ਸੁੰਗੜਦੀ ਜਾ ਰਹੀ ਹੈ। ਮਨੁੱਖੀ ਰਿਸ਼ਤੇ ਸੀਮਤ ਹੁੰਦੇ ਜਾ ਰਹੇ ਹਨ। ਇਨ੍ਹਾਂ ਸੀਮਤ ਹੁੰਦੇ ਰਿਸ਼ਤਿਆਂ ਦੀ ਮਾਰ ਭੂਆ ਦੇ ਰਿਸ਼ਤੇ 'ਤੇ ਪੈਂਦੀ ਜ਼ਿਆਦਾ ਦਿਸ ਰਹੀ ਹੈ। ਭੂਆ ਦਾ ਰਿਸ਼ਤਾ ਅਣਗੌਲਿਆ ਹੁੰਦਾ ਜਾ ਰਿਹਾ ਹੈ। ਭੂਆ ਦੇ ਰਿਸ਼ਤੇ ਪ੍ਰਤੀ ਤੰਗਦਿਲੀ ਕਿਉਂ ਦਿਖਾਈ ਜਾ ਰਹੀ ਹੈ। ਇਸ ਦੇ ਕੀ ਕਾਰਨ ਹੋ ਸਕਦੇ ਹਨ। ਅਜਿਹਾ ਵਰਤਾਰਾ ਕਿਉਂ ਪਨਪ ਰਿਹਾ ਹੈ? ਇਹ ਸਮਾਜ ਅੱਗੇ ਇਕ ਗੰਭੀਰ ਸਵਾਲ ਹੈ। ਇਸ ਦਾ ਜਿਥੇ ਅੱਜ ਜਵਾਬ ਲੱਭਣਾ ਜ਼ਰੂਰੀ ਹੈ, ਉਥੇ ਰਿਸ਼ਤਿਆਂ ਦੀ ਅਪਣੱਤ ਨੂੰ ਸਮਝਣਾ ਵੀ ਜ਼ਰੂਰੀ ਹੋ ਗਿਆ ਹੈ। ਭੂਆ ਦੇ ਰਿਸ਼ਤੇ ਨੂੰ ਫਸਲੀ ਬਟੇਰੇ ਵਾਂਗ ਉਡਾਇਆ ਨਾ ਜਾਵੇ। ਇਸ ਨੂੰ ਸੰਭਾਲਿਆ ਜਾਵੇ। ਭੂਆ ਦੇ ਰਿਸ਼ਤੇ ਪ੍ਰਤੀ ਅਪਣਾਇਆ ਰੁੱਖੇਪਨ ਦਾ ਵਤੀਰਾ ਅੱਜ ਬਹੁਤੀਆਂ ਥਾਵਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ।


-ਬੰਤ ਸਿੰਘ ਘੁਡਾਣੀ ਲੁਧਿਆਣਾ।


ਕੋਟਾ ਦੇ ਕੋਚਿੰਗ ਸੈਂਟਰ
'ਵਿਦਿਆਰਥੀਆਂ ਲਈ ਫੰਦੇ ਬਣਦੇ ਜਾ ਰਹੇ ਕੋਟਾ ਦੇ ਕੋਚਿੰਗ ਸੈਂਟਰ' ਰਚਨਾ ਵਿਚ ਲੇਖਿਕਾ ਦਵਿੰਦਰ ਕੌਰ ਖੁਸ਼ ਧਾਲੀਵਾਲ ਨੇ ਕੋਟਾ ਦੇ ਕੋਚਿੰਗ ਸੈਂਟਰ ਵਿਚ ਵਿਦਿਆਰਥੀਆਂ ਦੁਆਰਾ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦਾ ਕਾਰਨ ਅਣਚਾਹੇ ਵਿਸ਼ਿਆਂ ਨੂੰ ਪੜ੍ਹਨਾ, ਹੱਸਣ-ਖੇਡਣ ਦੀ ਉਮਰੇ ਮਾਪਿਆਂ ਦੁਆਰਾ ਕੋਚਿੰਗ ਸੈਂਟਰਾਂ ਵਿਚ ਪੜ੍ਹਨੇ ਪਾਉਣਾ, ਸੈਂਟਰਾਂ ਦੁਆਰਾ ਕੋਈ ਵੀ ਛੁੱਟੀ ਨਾ ਕਰਨਾ, ਵਿਦਿਆਰਥੀਆਂ ਦਾ ਸੌਣ ਦਾ ਸਮਾਂ ਬਹੁਤ ਘੱਟ ਹੋਣ ਕਰਕੇ ਮਾਨਸਿਕ ਰੋਗ ਵਿਦਿਆਰਥੀਆਂ ਨੂੰ ਮੌਤ ਦੇ ਮੂੰਹ ਵੱਲ ਲੈ ਜਾਂਦੇ ਹਨ। ਸਮਾਜ ਵਿਚ ਮੁਕਾਬਲੇਬਾਜ਼ੀ ਜ਼ਿਆਦਾ ਹੈ ਪਰ ਨੌਕਰੀਆਂ ਬਹੁਤ ਸੀਮਤ ਹਨ। ਜੇਕਰ ਇਸੇ ਤਰ੍ਹਾਂ ਹੀ ਬੱਚਿਆਂ ਦੀ ਰੋਜ਼ਮਰ੍ਹਾ ਜੀਵਨ ਤਣਾਅ ਭਰਿਆ ਖੇਡਾਂ ਅਤੇ ਮਨੋਰੰਜਨ ਤੋਂ ਦੂਰ ਕੇਵਲ ਪੜ੍ਹਾਈ ਹੀ ਸੈਂਟਰਾਂ ਵਿਚ ਰਹੀ ਤਾਂ ਸੈਂਟਰ ਭਵਿੱਖ ਉਜਾਗਰ ਕਰਨ ਤੋਂ ਜ਼ਿਆਦਾ ਬੱਚਿਆਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਜ਼ਿਆਦਾ ਜਾਪਣਗੇ। ਮਾਪਿਆਂ ਨੂੰ ਵੀ ਬੱਚਿਆਂ ਦੀ ਰੁਚੀ ਪੁਛ ਕੇ ਫਿਰ ਵਿਸ਼ੇ ਦਿਵਾਉਣੇ ਚਾਹੀਦੇ ਹਨ। ਜਿਹੜੇ ਬੱਚੇ ਨੌਕਰੀ ਪ੍ਰਾਪਤ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਜੀਵਨ ਵਿਚ ਦੋ ਟੀਚੇ ਰੱਖਣੇ ਚਾਹੀਦੇ ਹਨ ਕਿਉਂਕਿ ਕਈ ਵਾਰੀ ਪ੍ਰੀਖਿਆ ਪਾਸ ਨਹੀਂ ਹੁੰਦੀ ਤਾਂ ਉਨ੍ਹਾਂ ਨੂੰ ਨਿਰਾਸ਼ ਹੋਣ ਦੀ ਥਾਂ ਦੂਜੇ ਲਕਸ਼ (ਟੀਚੇ) ਦੀ ਪ੍ਰਾਪਤੀ ਲਈ ਵਧੇਰੇ ਮਿਹਨਤ ਕਰਨ ਵਿਚ ਜੁਟ ਜਾਣਾ ਚਾਹੀਦਾ ਹੈ।


-ਨਵਜੀਤ ਕੌਰ
ਸੁਲਤਾਨਪੁਰ (ਬਧਰਾਵਾਂ), ਮਲੇਰਕੋਟਲਾ।


ਅਵਾਰਾ ਕੁੱਤਿਆਂ ਦਾ ਵਧਦਾ ਖੌਫ਼
ਪੰਜਾਬ ਵਿਚ ਅਵਾਰਾ ਪਸ਼ੂਆਂ ਦਾ ਖੌਫ਼ ਲਗਾਤਾਰ ਵਧ ਰਿਹਾ ਹੈ, ਖਾਸ ਕਰਕੇ ਕੁੱਤਿਆਂ ਦਾ ਖੌਫ਼ ਦਿਨ-ਬਦਿਨ ਬਹੁਤ ਵਧ ਗਿਆ ਹੈ। ਅਵਾਰਾ ਪਸ਼ੂ ਉਨ੍ਹਾਂ ਪਸ਼ੂਆਂ ਨੂੰ ਕਿਹਾ ਜਾਂਦਾ ਹੈ ਜਿਹੜੇ ਪਸ਼ੂ ਮਨੁੱਖ ਵਲੋਂ ਖੁਰਾਕ ਜਾਂ ਮੁਨਾਫੇ ਲਈ ਪਾਲੇ ਜਾਂਦੇ ਹਨ ਪਰ ਉਨ੍ਹਾਂ ਨੂੰ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ। ਇਹ ਸੜਕਾਂ 'ਤੇ ਘੁੰਮਦੇ ਅਤੇ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ। ਅਵਾਰਾ ਕੁੱਤੇ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਲਈ ਬਹੁਤ ਵੱਡੀ ਸਮੱਸਿਆ ਬਣੇ ਹੋਏ ਹਨ। ਇਨ੍ਹਾਂ ਅਵਾਰਾ ਕੁੱਤਿਆਂ ਦਾ ਆਮ ਤੌਰ 'ਤੇ ਸ਼ਿਕਾਰ ਛੋਟੇ ਬੱਚੇ ਹੁੰਦੇ ਹਨ। 30 ਫ਼ੀਸਦੀ ਤੋਂ ਜ਼ਿਆਦਾ 14 ਸਾਲ ਤੋਂ ਘੱਟ ਉਮਰ ਦੇ ਛੋਟੇ ਬੱਚੇ ਅਵਾਰਾ ਕੁੱਤਿਆਂ ਦੇ ਸ਼ਿਕਾਰ ਹੁੰਦੇ ਹਨ। ਪਿਛਲੇ ਦਿਨੀਂ ਹਾਈਕੋਰਟ ਨੇ ਵੀ ਇਸ ਬਾਬਤ ਕੀਤੀ ਕਾਰਵਾਈ ਦੀ ਰਿਪੋਰਟ ਮੰਗੀ ਹੈ। ਸਰਕਾਰ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣ ਚਾਹੀਦਾ ਹੈ।


-ਗੌਰਵ ਮੁੰਜਾਲ ਮੁਹਾਲੀ।


ਜ਼ਿੰਦਗੀ ਦਾ ਅਟੱਲ ਸੱਚ
ਦੁੱਖ-ਸੁੱਖ ਜ਼ਿੰਦਗੀ ਦੇ ਦੋ ਪਹਿਲੂ ਹਨ। ਜਿਵੇਂ ਰਾਤ ਮਗਰੋਂ ਦਿਨ ਆਉਂਦਾ ਹੈ, ਠੀਕ ਉਸ ਤਰ੍ਹਾਂ ਹੀ ਦੁੱਖ ਮਗਰੋਂ ਸੁੱਖ ਵੀ ਆਉਂਦਾ ਹੈ। ਉਤਰਾਅ-ਚੜ੍ਹਾਅ ਜ਼ਿੰਦਗੀ ਦਾ ਨਿਯਮ ਹੈ। ਜਿਵੇਂ ਖਲੋਤਾ ਪਾਣੀ ਬਦਬੂ ਮਾਰਨ ਲੱਗ ਪੈਂਦਾ ਹੈ, ਇਸੇ ਤਰ੍ਹਾਂ ਹੀ ਜੇਕਰ ਜ਼ਿੰਦਗੀ ਇਕ ਹੀ ਲਹਿਜ਼ੇ ਵਿਚ ਚਲਦੀ ਰਹੀ ਤਾਂ ਮਨੁੱਖ ਜ਼ਿੰਦਗੀ ਦਾ ਤਜਰਬਾ ਕਿਥੋਂ ਸਿੱਖੇਗਾ? ਮੌਤ ਜ਼ਿੰਦਗੀ ਦਾ ਅਟੱਲ ਸੱਚ ਹੈ, ਜਿਸ ਨੂੰ ਮਨੁੱਖ ਵਿਸਾਰੀ ਬੈਠਾ ਹੈ ਅਤੇ ਜ਼ਿੰਦਗੀ ਦੀਆਂ ਰੰਗ-ਰਲੀਆਂ ਵਿਚ ਖੁਦ ਨੂੰ ਅਮਰ ਸਮਝੀ ਬੈਠਾ ਹੈ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਜਿਹੇ ਵਿਕਾਰਾਂ ਨੇ ਮਨੁੱਖ ਦੀ ਹੋਸ਼ ਗੁਆ ਦਿੱਤੀ ਹੈ। ਇਥੋਂ ਸਿਕੰਦਰ ਵਰਗੇ ਸਾਰਾ ਜਗਤ ਲੁੱਟ ਕੇ ਅੰਤ ਖਾਲੀ ਹੱਥ ਚਲੇ ਗਏ। ਸਾਰੀ ਉਮਰ ਰੱਬ ਨੂੰ ਵਿਸਾਰ ਕੇ ਮਨੁੱਖ ਵੱਧ ਤੋਂ ਵੱਧ ਧਨ ਇਕੱਠਾ ਕਰਨ ਦੇ ਲਾਲਚ ਵਿਚ ਲੱਗਾ ਰਹਿੰਦਾ ਹੈ ਅਤੇ ਜਦ ਅੰਤ ਵਿਚ ਮੌਤ ਆਉਂਦੀ ਹੈ ਤਾਂ ਇਕ ਆਨਾ ਵੀ ਨਾਲ ਨਹੀਂ ਲੈ ਕੇ ਜਾਂਦਾ। ਇਸ ਜਗਤ ਵਿਚ ਜੇਕਰ ਕੁਝ ਅਮਰ ਰਹੇਗਾ ਤਾਂ ਉਹ ਹੈ ਮਨੁੱਖ ਦੀਆਂ ਸਕਾਰਾਤਮਿਕ ਭਾਵਨਾਵਾਂ ਅਤੇ ਦੂਜੇ ਨੂੰ ਦਿੱਤੀਆਂ ਖੁਸ਼ੀਆਂ। ਇਸ ਲਈ ਹਰ ਪਲ ਖੁਸ਼ ਰਹਿਣਾ ਚਾਹੀਦਾ ਹੈ ਕਿਉਂਕਿ ਇਕ ਮਿੰਟ ਕੀ ਇਕ ਪਲ ਦਾ ਵੀ ਭਰੋਸਾ ਨਹੀਂ ਕਿ ਕਦੋਂ ਕੀ ਵਾਪਰ ਜਾਵੇ। ਅਹੰਕਾਰ, ਤਿਆਗ ਕੇ ਹਮੇਸ਼ਾ ਇਸ ਜਗਤ ਵਿਚ ਖੁਸ਼ੀਆਂ ਵੰਡਣੀਆਂ ਚਾਹੀਦੀਆਂ ਹਨ ਕਿਉਂਕਿ ਭਾਵੇਂ ਕੋਈ ਖੂਬਸੂਰਤ ਹੋਵੇ ਜਾਂ ਬਦਸੂਰਤ, ਅਮੀਰ ਹੋਵੇ ਜਾਂ ਗ਼ਰੀਬ ਅੰਤ ਸਭਨਾਂ ਨੇ ਚਾਰ ਮੋਢਿਆਂ ਦੇ ਸਹਾਰੇ ਹੀ ਇਸ ਜਗਤ ਤੋਂ ਵਿਦਾ ਹੋਣਾ ਹੈ।


-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।


ਕੁਦਰਤ ਨਾਲ ਛੇੜਛਾੜ
ਜਦ ਮਨੁੱਖ ਪੂਰੀ ਮਿਹਨਤ ਕਰਕੇ ਘਰ ਬਣਾਉਂਦਾ ਹੈ। ਆਪਣੀ ਛੱਤ ਥੱਲੇ ਬੇਫਿਕਰ ਹੋ ਕੇ ਰਹਿੰਦਾ ਹੈ। ਪਰ ਜੇ ਕੋਈ ਆਫ਼ਤ ਆ ਜਾਵੇ ਤਾਂ ਮਜਬੂਰੀ ਵੱਸ ਆਪਣੀ ਰਾਖੀ ਲਈ ਬਣਿਆ ਘਰ ਛੱਡਣਾ ਪੈਂਦਾ ਹੈ ਭਾਵੇਂ ਸਰਕਾਰਾਂ ਇਨ੍ਹਾਂ ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ਜਾਣ ਲਈ ਸੰਦੇਸ਼ ਦੇ ਦੇਣ ਪਰ ਇਨ੍ਹਾਂ ਦਾ ਘਰ ਬਾਰ ਛੱਡਣ ਨੂੰ ਅੰਦਰੋਂ ਮਨ ਨਹੀਂ ਮੰਨਦਾ। ਜਦ 2012 ਵਿਚ ਉਤਰਾਖੰਡ ਖੇਤਰ ਹੜ੍ਹਾਂ ਦੀ ਲਪੇਟ ਵਿਚ ਆ ਗਿਆ ਸੀ ਅਤੇ ਹੱਦ ਤੋਂ ਜ਼ਿਆਦਾ ਲੋਕਾਂ ਦਾ ਨੁਕਸਾਨ ਹੋ ਗਿਆ ਸੀ, ਨਾਲੇ ਨਦੀਆਂ ਨੂੰ ਤੰਗ ਕਰ ਦਿੱਤਾ ਅਤੇ ਪਾਣੀ ਦਾ ਨਿਕਾਸ ਔਖਾ ਹੋ ਗਿਆ, ਗੱਡੀਆਂ, ਮੋਟਰਾਂ ਪਾਣੀ ਵਿਚ ਰੁੜ੍ਹ ਗਈਆਂ ਪਰ ਮਨੁੱਖ ਫਿਰ ਵੀ ਨਾ ਸੰਭਲਿਆ ਅਤੇ ਮਨੁੱਖਤਾ ਦੀ ਕੁਦਰਤ 'ਚ ਦਖਲਅੰਦਾਜ਼ੀ ਵਧਦੀ ਗਈ। ਪਹਾੜਾਂ ਨੂੰ ਕੱਟ-ਵੱਢ ਕੇ ਵੱਡੇ-ਵੱਡੇ ਹੋਟਲ ਖੜ੍ਹੇ ਕਰ ਦਿੱਤੇ ਅਤੇ ਪੈਸਾ ਬਣਾਉਣ ਦੀ ਲਾਲਸਾ ਨੇ ਕੁਦਰਤ ਨਾਲ ਖਿਲਵਾੜ ਕੀਤਾ। ਚੌੜੀਆਂ ਸੜਕਾਂ, ਰੇਲਵੇ ਲਾਈਨਾਂ ਤੇ ਦਰੱਖਤਾਂ ਦੀ ਕਟਾਈ ਅਜਿਹੇ ਕਾਰਨ ਜ਼ਮੀਨ ਧਸਣ ਦਾ ਸੰਕੇਤ ਹੈ। ਸੀਵਰੇਜ ਦਾ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਧਰਤੀ ਹੇਠਲਾ ਪਾਣੀ ਰਿਸਣ ਦਾ ਕਾਰਨ ਬਣੇ। ਪਰ ਅਫਸਰਾਂ ਦੀ ਮਿਲੀਭੁਗਤ ਨਾਲ ਇਹ ਗ਼ਲਤ ਕੰਮ ਹੋ ਰਹੇ ਹਨ ਅਤੇ ਰਿਸ਼ਵਤਖੋਰੀ ਦਾ ਬਹੁਤ ਬੋਲਬਾਲਾ ਹੈ। ਪਰ ਅੱਜ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਲੋਕਾਂ ਦੀ ਅਤੇ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਕੁਦਰਤੀ ਸੋਮਿਆਂ ਵੱਲ ਵਿਸ਼ੇਸ਼ ਧਿਆਨ ਦੇਵੇ।


-ਜਗਜੀਤ ਸਿੰਘ ਝੱਤਰਾ
ਪੰਜਾਬੀ ਲਿਖਾਰੀ ਸਭਾ, ਝੱਤਰਾ।

01-03-2023

 ਬੱਸਾਂ ਵਿਚ ਔਰਤਾਂ ਦਾ ਅਪਮਾਨ
ਪੰਜਾਬ ਸਰਕਾਰ ਦਾ ਧਿਆਨ ਉਨ੍ਹਾਂ ਵਲੋਂ ਸ਼ੁਰੂ ਕੀਤੀ ਗਈ ਮੁਫ਼ਤ ਬੱਸ ਸੇਵਾ ਵੱਲ ਦਿਵਾਉਣਾ ਚਾਹੁੰਦੀ ਹਾਂ। ਔਰਤਾਂ ਲਈ ਮੁਫ਼ਤ ਸਫ਼ਰ ਦੀ ਸਹੂਲਤ ਔਰਤਾਂ ਲਈ ਜੀਅ ਦਾ ਜੰਜਾਲ ਬਣ ਗਈ ਹੈ। ਮਿਤੀ 20 ਫਰਵਰੀ, 2023 ਨੂੰ ਮੈਨੂੰ ਆਪਣੀ ਬੇਟੀ ਅਤੇ ਉਸ ਦੀਆਂ ਦੋ ਛੋਟੀਆਂ ਬੱਚੀਆਂ ਸਮੇਤ ਡੇਹਲੋਂ ਬੱਸ ਸਟੈਂਡ 'ਤੇ ਸੰਗਰੂਰ ਜਾਣ ਲਈ ਬੱਸ 'ਤੇ ਚੜ੍ਹਾਉਣ ਲਈ ਲਗਭਗ 2 ਘੰਟੇ ਖੜ੍ਹਨਾ ਪਿਆ, ਕਿਉਂਕਿ ਮੁਫ਼ਤ ਦੀ ਸਵਾਰੀ ਕਰਕੇ ਪੀ.ਆਰ.ਟੀ.ਸੀ. ਤੇ ਪੰਜਾਬ ਰੋਡਵੇਜ਼ ਵਾਲੇ ਬੱਸਾਂ ਰੋਕ ਹੀ ਨਹੀਂ ਰਹੇ ਸਨ ਸਗੋਂ ਭਜਾ-ਭਜਾ ਕੇ ਲਿਜਾ ਰਹੇ ਸਨ। ਉਸ ਵਕਤ ਅਸੀਂ ਅਤੇ ਬਾਕੀ ਖੜ੍ਹੀਆਂ ਸਵਾਰੀਆਂ ਸਰਕਾਰ ਅਤੇ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਕੋਸ ਰਹੀਆਂ ਸੀ। ਹੱਦ ਤਾਂ ਉਸ ਵਕਤ ਹੋ ਗਈ ਜਦੋਂ ਤਕਰੀਬਨ 1.45 'ਤੇ ਪੀ.ਆਰ.ਟੀ.ਸੀ. ਦੀ ਇਕ ਬੱਸ ਜੋ ਕਿ ਸੰਗਰੂਰ ਜਾ ਰਹੀ ਸੀ, ਰੁਕੀ ਅਤੇ ਕੰਡਕਟਰ ਮਹਾਰਾਜ ਜੋ ਕਿ ਛੋਟੀ ਉਮਰ ਦਾ ਮੁੰਡਾ ਜਿਹਾ ਸੀ, ਮੋਹਰਲੀ ਸੀਟ 'ਤੇ ਬੈਠਾ ਹੀ ਬੜੇ ਗੁੱਸੇ ਨਾਲ ਬੋਲ ਰਿਹਾ ਸੀ ਅਤੇ ਗੱਡੀ ਵੀ ਖੜ੍ਹੀ ਕਰਨ ਦੀ ਬਜਾਏ ਹੌਲੀ-ਹੌਲੀ ਤੋਰੀ ਜਾ ਰਿਹਾ ਸੀ। ਮੇਰੀ ਬੇਟੀ ਜੋ ਕਿ ਬੱਸ ਵਿਚ ਛੋਟੀ ਬੱਚੀ ਨੂੰ ਲੈ ਕੇ ਸਵਾਰ ਹੋ ਗਈ ਸੀ, ਨੂੰ ਬੱਸ ਦਾ ਡਰਾਈਵਰ ਬੜੇ ਹੀ ਗੁੱਸੇ ਨਾਲ ਕਹਿ ਰਿਹਾ ਸੀ ਕਿ ਚੜ੍ਹ ਜਾਂਦੀਆਂ ਨੇ ਦੋ-ਦੋ ਬੱਚੇ ਲੈ ਕੇ ਮੁਫ਼ਤ ਦੀਆਂ ਬੱਸਾਂ ਵਿਚ। ਅਸੀਂ ਸਰਕਾਰ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਜੇਕਰ ਔਰਤਾਂ ਲਈ ਮੁਫ਼ਤ ਬੱਸ ਸੇਵਾ ਸ਼ੁਰੂ ਕਰਨੀ ਹੀ ਸੀ ਤਾਂ ਪਹਿਲਾਂ ਬੱਸਾਂ ਚਲਾਉਣ ਵਾਲੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਵੀ ਬੋਲਣ ਦੀ ਤਾਮੀਜ਼ ਸਿਖਾਉਣੀ ਸੀ। ਲਗਦਾ ਤਾਂ ਇਸ ਤਰ੍ਹਾਂ ਹੈ ਕਿ ਮੁਫ਼ਤ ਸੇਵਾ ਵਰਦਾਨ ਨਹੀਂ ਔਰਤਾਂ ਦਾ ਅਪਮਾਨ ਸਾਬਤ ਹੋ ਰਹੀ ਹੈ। ਅਜਿਹੇ ਅਪਮਾਨ ਤੋਂ ਤਾਂ ਸਰਕਾਰ ਨੂੰ ਬੇਨਤੀ ਹੈ ਕਿ ਮੁਫ਼ਤ ਬੱਸ ਸੇਵਾ ਬੰਦ ਹੀ ਕਰ ਦਿੱਤੀ ਜਾਵੇ।


-ਲਖਵੀਰ ਕੌਰ
ਪਿੰਡ ਰਣੀਆ, ਲੁਧਿਆਣਾ।

28-02-2023

 ਪੰਜਾਬ ਲਈ ਚੁਣੌਤੀ
ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਦੀ ਤਰੱਕੀ ਬਾਰੇ 'ਅਜੀਤ' ਵਿਚ ਛਪੀ ਸੰਪਾਦਕੀ ਪੜ੍ਹੀ, ਜਿਸ ਵਿਚ ਲੇਖਕ ਵਲੋਂ ਯੂ.ਪੀ. ਦੀ ਤਰੱਕੀ 'ਤੇ ਖੁਸ਼ੀ ਤੇ ਪੰਜਾਬ ਦੇ ਪਿੱਛੇ ਰਹਿ ਜਾਣ 'ਤੇ ਫ਼ਿਕਰ ਜ਼ਾਹਿਰ ਕੀਤਾ ਗਿਆ ਹੈ। ਕਾਬਿਲੇ ਗੌਰ ਸੀ ਇਕ ਬੰਨੇ ਉੱਤਰ ਪ੍ਰਦੇਸ਼ ਵਿਚ ਕਾਨੂੰਨ ਵਿਵਸਥਾ ਵਿਚ ਸੁਧਾਰ ਹੋਣ ਨਾਲ ਉੱਦਮੀ ਕਾਰਖ਼ਾਨੇ ਲਗਾ ਰਹੇ ਹਨ ਤੇ ਕਰੋੜਾਂ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ। ਇਸ ਦੇ ਉਲਟ ਪੰਜਾਬ 'ਚ ਕਾਨੂੰਨ ਵਿਵਸਥਾ ਦੇ ਚਲਦੇ ਕੋਈ ਉੱਦਮੀ ਕਾਰਖ਼ਾਨੇ ਲਾਉਣ ਨੂੰ ਤਿਆਰ ਨਹੀਂ ਹੈ। ਪੰਜਾਬ 'ਚ ਨਾਬਾਲਗਾਂ ਵਲੋਂ ਅਪਰਾਧ ਦੀ ਦੁਨੀਆ ਵਿਚ ਆਉਣਾ ਪ੍ਰਦੇਸ਼ ਵਾਸਤੇ ਗੰਭੀਰ ਤੇ ਚਿੰਤਾਜਨਕ ਮਾਮਲਾ ਹੈ। ਅੰਮ੍ਰਿਤਸਰ ਵਿਖੇ ਨਾਬਾਲਗ ਪਾਸੋਂ 15 ਕਿਲੋ ਹੈਰੋਇਨ 8.40 ਲੱਖ ਦੀ ਡਰੱਗ ਮਨੀ ਫੜਨਾ, ਇਸ ਤੋਂ ਪਹਿਲਾਂ ਵੀ ਥਾਣਾ ਸਰਹਾਲੀ ਵਿਚ ਰਾਕਟ ਲਾਂਚਰ ਨਾਲ ਹੋਏ ਹਮਲੇ ਵਿਚ ਨਬਾਲਗਾਂ ਦੀ ਸ਼ਮੂਲੀਅਤ ਪ੍ਰਦੇਸ਼ ਦੇ ਹਿੱਤ ਵਿਚ ਨਹੀਂ ਹੈ। ਇਸ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪ੍ਰਦੇਸ਼ ਸਰਕਾਰ ਨੂੰ ਸੰਜੀਦਗੀ ਨਾਲ ਵਿਚਾਰ ਕਰ ਇਸ ਦਾ ਹੱਲ ਕੱਢਣਾ ਚਾਹੀਦਾ ਹੈ। ਨੌਜਵਾਨ ਜੋ ਪੜ੍ਹੇ ਲਿਖੇ ਹਨ ਰੁਜ਼ਗਾਰ ਦੇ ਕੇ ਇਨ੍ਹਾਂ ਦੇ ਬਾਹਰ ਦਾ ਪਸਾਰ ਰੋਕਣਾ ਚਾਹੀਦਾ ਹੈ ਤੇ ਜੋ ਬੇਰੁਜ਼ਗਾਰੀ ਦੇ ਆਲਮ ਵਿਚ ਨਸ਼ਿਆਂ ਦੇ ਆਦੀ ਹੋਏ ਹਨ ਅਤੇ ਗੈਂਗਸਟਰ ਬਣੇ ਹਨ, ਰੁਜ਼ਗਾਰ ਦੇ ਕੇ ਮੁੱਖ ਧਾਰਾ 'ਚ ਵਾਪਸ ਲਿਆਉਣਾ ਚਾਹੀਦਾ ਹੈ। ਪੰਜਾਬ ਵਿਚ ਵੀ ਉੱਤਰ ਪ੍ਰਦੇਸ਼ ਵਾਂਗ ਅਪਰਾਧ ਖ਼ਤਮ ਕਰ ਉਦਯੋਗਪਤੀਆਂ ਨੂੰ ਪੰਜਾਬ 'ਚ ਕਾਰੋਬਾਰ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਹ ਤੱਦ ਹੀ ਹੋ ਸਕੇਗਾ ਜਦੋਂ ਕਾਰੋਬਾਰੀਆਂ ਨੂੰ ਯਕੀਨ ਹੋ ਜਾਵੇ ਕਿ ਪੰਜਾਬ ਵਿਚ ਹੁਣ ਅਮਨ ਅਮਾਨ ਹੈ। ਪੰਜਾਬ ਵਾਸਤੇ ਬੜੀ ਵੱਡੀ ਚੁਣੌਤੀ ਹੈ। ਇਸ ਲਈ ਪ੍ਰਦੇਸ਼ ਸਰਕਾਰ ਨੂੰ ਗੰਭੀਰ ਹੋ ਕੇ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ ਪਵੇਗਾ। ਪ੍ਰਦੇਸ਼ ਵਿਚ ਅਮਨ ਬਹਾਲ ਕਰਨਾ ਪਵੇਗਾ।


-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ

27-03-2-2023

 ਬਜ਼ੁਰਗਾਂ ਦਾ ਸਤਿਕਾਰ ਜ਼ਰੂਰੀ
ਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਹੁੰਦੇ ਹਨ। ਸਮਾਜ ਨੂੰ ਆਪਣੇ ਜ਼ਿੰਦਗੀ ਦੇ ਤਜਰਬਿਆ ਤੋਂ ਮਿਲੀਆ ਸੇਧਾਂ ਨਾਲ ਪਰਿਵਾਰ ਤੇ ਸਮਾਜ ਨੂੰ ਚੰਗੀ ਸੇਧ ਦਿੰਦੇ ਹਨ। ਅੱਜ ਤੋਂ ਕੋਈ ਤਿੰਨ ਚਾਰ ਦਹਾਕੇ ਪਹਿਲਾਂ ਸਮਾਜ ਵਿੱਚ ਬਜ਼ੁਰਗਾਂ ਦਾ ਸਤਿਕਾਰ ਤੇ ਦਬਦਬਾ ਸੀ। ਘਰ ਹੋਵੇ ਜਾਂ ਸਮਾਜ ਬਜ਼ੁਰਗਾਂ ਦੀ ਕਹੀ ਗੱਲ ਨੂੰ ਕੋਈ ਮੋੜ ਨਹੀਂ ਸੀ ਸਕਦਾ। ਉਨ੍ਹਾਂ ਵਲੋਂ ਲਏ ਫੈਸਲੇ 'ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਸੀ, ਕਿਉਂਕਿ ਉਨ੍ਹਾਂ ਵਲੋਂ ਲਿਆ ਗਿਆ ਫੈਸਲਾ ਬਿਨਾਂ ਪੱਖਪਾਤ ਅਤੇ ਸਚਾਈ ਦੇ ਅਧਾਰ 'ਤੇ ਹੁੰਦਾ ਸੀ। ਘਰ ਤੇ ਸਮਾਜ ਦੇ ਬਹੁਤ ਸਾਰੇ ਫੈਸਲੇ ਬਜ਼ੁਰਗ ਆਪਣੀ ਸਿਆਣਪ ਨਾਲ ਘਰ ਜਾਂ ਪਿੰਡ ਪੱਧਰ 'ਤੇ ਕਰ ਲੈਦੇਂ ਸਨ। ਪਰੰਤੂ ਜਿੳਂੁ-ਜਿੳਂੁ ਆਧੁਨਿਕਤਾ ਦਾ ਦੌਰ ਸ਼ੁਰੂ ਹੋਇਆ ਤਾਂ ਘਰ ਅਤੇ ਸਮਾਜ ਵਿਚੋਂ ਬਜ਼ੁਰਗਾਂ ਦਾ ਸਤਿਕਾਰ ਘਟਣਾ ਸ਼ੁਰੂ ਹੋ ਗਿਆ ਉਨ੍ਹਾਂ ਦੀਆਂ ਕਹੀਆਂ ਗੱਲਾਂ ਨੂੰ ਅਣਗੋਲਿਆ ਜਾਣ ਲੱਗਾ। ਇਸ ਦਾ ਨੁਕਸਾਨ ਇਹ ਹੋਇਆ ਕਿ ਪਰਿਵਾਰ ਤੇ ਸਮਾਜ ਵਿਚ ਨੈਤਿਕ ਗਿਰਾਵਟ ਆਉਣੀ ਸ਼ੁਰੂ ਹੋਈ ਜੋ ਲਗਾਤਾਰ ਜਾਰੀ ਹੈ। ਸਿਤਮ ਤਾਂ ਉਸ ਸਮੇਂ ਹੋਇਆ ਜਦੋਂ ਬਜ਼ੁਰਗਾਂ ਦੇ ਰੈਣ ਬਸੇਰੇ ਬਣਨੇ ਸ਼ੁਰੂ ਹੋ ਗਏ। ਪਰਿਵਾਰਾਂ ਅਤੇ ਸਮਾਜ ਨੇ ਵੀ ਇਸ ਨੂੰ ਕਬੂਲਿਆ ਜੋ ਅਕ੍ਰਿਤਘਣ ਸੋਚ ਦਾ ਨਤੀਜਾ ਸੀ। ਇਹ ਸਾਰਾ ਸੁਣ ਕੇ ਅਤੇ ਦੇਖ ਕੇ ਮਨ ਬਹੁਤ ਦੁਖੀ ਹੁੰਦਾ ਹੈ ਕਿ ਜਿਨ੍ਹਾਂ ਮਾਂ ਬਾਪ ਨੇ ਬੱਚਿਆਂ ਨੂੰ ਦੁੱਖ ਤਸੀਹੇ ਸਹਿ ਕੇ ਪਾਲਿਆ ਹੁੰਦਾ ਹੈ ਉਹ ਬੱਚੇ ਉਨ੍ਹਾਂ ਨੂੰ ਸਾਂਭਣ ਤੋਂ ਅਸਮਰੱਥ ਸਮਝ ਕੇ ਉਨ੍ਹਾਂ ਨੂੰ ਬਿਰਧ ਆਸ਼ਰਮ ਵਿਚ ਛੱਡ ਆਉਂਦੇ ਹਨ। ਇਹ ਸਮਾਜ ਵਿਚ ਆਈ ਗਿਰਾਵਟ ਦਾ ਅਸਲੀ ਸਬੂਤ ਹੈ। ਸਾਨੂੰ ਚਾਹੀਦਾ ਹੈ ਕਿ ਉਨ੍ਹਾਂ ਦੀ ਚੰਗੀ ਦੇਖ-ਭਾਲ ਕਰਕੇ ਉਨ੍ਹਾਂ ਵਲੋਂ ਦਿੱਤੀ ਚੰਗੀ ਪਰਵਰਿਸ਼ ਦਾ ਸਬੂਤ ਦੇਈਏ ਤੇ ਆਪਣੇ ਬੱਚਿਆਂ ਲਈ ਇਕ ਚੰਗੀ ਉਦਾਹਰਨ ਪੇਸ਼ ਕਰੀਏ ਨਹੀਂ ਤਾਂ ਉਹ ਸਮਾਂ ਵੀ ਦੂਰ ਨਹੀ ਜਦੋਂ ਸਾਡੀ ਬਜ਼ੁਰਗ ਅਵਸਥਾ ਵਿਚ ਸਾਡੇ ਬੱਚੇ ਵੀ ਸਾਡੇ ਤੋਂ ਮੂੰਹ ਫੇਰ ਲੈਣਗੇ। ਫਿਰ ਸਮਾਂ ਕਦੇ ਕਿਸੇ ਦੇ ਹੱਥ ਨਹੀਂ ਆਇਆ ਇਸ ਲਈ ਆਪਣੀ ਸੋਚ ਨੂੰ ਬਦਲ ਕੇ ਇਸ ਬਹੁਮੁੱਲੇ ਸਰਮਾਏ ਦੀ ਚੰਗੀ ਤਰ੍ਹਾਂ ਸਾਂਭ-ਸੰਭਾਲ ਕਰਕੇ ਇਨ੍ਹਾਂ ਦੁਆਰਾ ਦਿਤੀਆਂ ਜਾਦੀਆਂ ਸੇਧਾਂ ਦਾ ਲਾਭ ਉਠਾਈਏ।


-ਦਵਿੰਦਰ ਸਿੰਘ ਧਾਮੀ
ਪਿੰਡ ਨੂਰਪੁਰ ਡਾਕਖਾਨਾ ਭੂੰਗਾ, (ਹੁਸ਼ਿਆਰਪੁਰ)


ਰਿਸ਼ਵਤਖ਼ੋਰੀ
ਸਮਾਜ ਵਿਚ ਭ੍ਰਿਸ਼ਟਾਚਾਰ ਦਾ ਮਾਇਆ ਜਾਲ ਇੰਨਾ ਫੈਲਿਆ ਹੋਇਆ ਹੈ ਕਿ ਹੁਣ ਤਾਂ ਇਹ ਲੱਗਣ ਲਗ ਗਿਆ ਹੈ ਕਿ ਕੋਈ ਵੀ ਇਮਾਨਦਾਰ ਨਹੀਂ। ਕਿਉਂਕਿ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦਾ ਪੀਏ ਦੱਸਣ ਵਾਲਾ ਲੱਖਾਂ ਰੁਪਏ ਦੀ ਵੱਡੀ ਲੈਂਦਾ ਹੋਇਆ ਫੜਿਆ ਗਿਆ ਹੈ। ਹਾਲਾਂਕਿ ਐਮ.ਐਲ.ਏ. 'ਤੇ ਵਿਰੋਧੀ ਦਲਾਂ ਵਲੋਂ ਲਗਾਏ ਦੋਸ਼ ਸਾਬਿਤ ਨਹੀਂ ਹੋ ਸਕੇ। ਪਰ ਲੱਖਾਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਰਿਸ਼ਵਤਖੋਰੀ ਦਾ ਇਹ ਕੰਮ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ। ਇਨਸਾਨੀਅਤ ਉਦੋਂ ਬਿਲਕੁਲ ਸ਼ਰਮਸਾਰ ਹੋ ਜਾਂਦੀ ਹੈ ਜਦੋਂ ਅਫ਼ਸਰਸਾਹੀ ਸਹੀ ਕੰਮ ਕਰਨ ਲਈ ਵੀ ਵੱਢੀ ਖਾਣ ਦੀ ਗੱਲ ਕਰਦੀ ਹੈ। ਲੱਖ ਰੁਪਏ ਮਹੀਨਾ ਕਮਾਉਣ ਵਾਲਾ ਇਕ ਕਰਮਚਾਰੀ ਜੋ ਆਮ ਕਿਰਤੀ ਅਤੇ ਮਜ਼ਦੂਰ ਵਰਗ ਤੋਂ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਸ ਸਮੇਂ ਉਸ ਵਿਅਕਤੀ ਨੂੰ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਉਹੀ ਵਿਅਕਤੀ ਜਾਣਦਾ ਹੈ ਜਿਸ ਨਾਲ ਵਾਪਰ ਰਹੀ ਹੈ। ਆਧਾਰ ਕਾਰਡ ਤੋਂ ਲੈ ਕੇ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਉਣ ਤੱਕ ਅਜਿਹਾ ਕੋਈ ਵੀ ਕੰਮ ਨਹੀਂ ਜਿਹੜਾ ਬਿਨਾਂ ਚਾਂਦੀ ਦੀ ਜੁੱਤੀ ਤੋਂ ਹੁੰਦਾ ਹੋਵੇ। ਰਿਸ਼ਵਤ ਲੈਣਾ ਕੋਈ ਮੌਲਿਕ ਅਧਿਕਾਰ ਨਹੀਂ ਹੈ ਜਿਹੜਾ ਸੰਵਿਧਾਨ ਵਿਚ ਦਿੱਤਾ ਹੋਵੇ, ਇਹ ਇਕ ਜ਼ੁਰਮ ਹੈ ਅਤੇ ਲੋੜੀਂਦੇ ਵਿਅਕਤੀਆਂ 'ਤੇ ਸ਼ਿਕੰਜਾ ਕੱਸਣਾ ਬਹੁਤ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਬਣਦੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਦੂਜਿਆਂ ਨੂੰ ਵੀ ਕੰਨ ਹੋ ਜਾਣ ਅਤੇ ਉਹ ਇਸ ਬੁਰੀ ਬਲਾ ਤੋਂ ਦੂਰ ਰਹਿਣ।


-ਆਸ਼ੀਸ਼ ਸ਼ਰਮਾ(ਜਲੰਧਰ)


ਟਕਰਾਅਬਾਜ਼ੀ
ਅੱਜ-ਕਲ੍ਹ ਜੋ ਅਖ਼ਬਾਰਾਂ ਵਿਚ ਪੜ੍ਹਦੇ ਹਾਂ ਅਤੇ ਕਾਫੀ ਸਾਰੇ ਨਿਊਜ਼ ਚੈਨਲਾਂ 'ਤੇ ਦੇਖ ਰਹੇ ਹਾਂ ਕਿ ਸਰਕਾਰ ਅਤੇ ਰਾਜਪਾਲ ਦੇ ਸੰਬੰਧ ਜ਼ਿਆਦਾ ਵਧੀਆ ਨਜ਼ਰ ਨਹੀਂ ਆ ਰਹੇ। ਪਿਛਲੇ ਕਾਫੀ ਮੁੱਦਿਆਂ 'ਤੇ ਇਨ੍ਹਾਂ ਦੀ ਆਪਸੀ ਟਕਰਾਅਬਾਜ਼ੀ ਦੇਖਣ ਨੂੰ ਮਿਲੀ ਹੈ। ਜਿਸ ਲਈ ਲੋਕਾਂ ਦੇ ਮਨਾਂ ਵਿਚ ਨਿਰਾਸ਼ਾ ਹੈ। ਕਾਨੂੰਨ ਦੇ ਮੁਤਾਬਿਕ ਇਕ-ਦੂਜੇ ਨੂੰ ਅਧਿਕਾਰ ਮਿਲੇ ਹੋਏ ਹਨ। ਇਨ੍ਹਾਂ ਅਧਿਕਾਰਾਂ ਮੁਤਾਬਿਕ ਇਨ੍ਹਾਂ ਨੂੰ ਕੰਮ ਕਰਨਾ ਚਾਹੀਦਾ ਹੈ। ਐਵੇਂ ਹੀ ਬਿਨਾਂ ਵਜ੍ਹਾ ਦੇ ਇਕ-ਦੂਜੇ ਦੇ ਕੰਮ ਵਿਚ ਅੜਿੱਕਾ ਨਹੀਂ ਪਾਉਣਾ ਚਾਹੀਦਾ। ਮੁੱਖ ਮੰਤਰੀ ਅਤੇ ਰਾਜਪਾਲ ਇਹ ਦੋਨੋਂ ਅਹੁਦੇ ਬਹੁਤ ਹੀ ਸਤਿਕਾਰਯੋਗ ਹਨ। ਇਨ੍ਹਾਂ ਅਹੁਦਿਆਂ ਦੀ ਮਾਣ-ਮਰਿਯਾਦਾ ਦਾ ਧਿਆਨ ਰੱਖਣਾ ਚਾਹੀਦਾ ਹੈ। ਇਨ੍ਹਾਂ ਨੂੰ ਆਪਣੇ ਸਿਆਸੀ ਪਾਰਟੀ ਲਈ ਵਕਾਲਤ ਨਹੀਂ ਕਰਨੀ ਚਾਹੀਦੀ। ਇਨ੍ਹਾਂ ਨੂੰ ਸਿਰਫ਼ ਪੰਜਾਬ ਦੀ ਤਰੱਕੀ ਦੀ ਗੱਲ ਕਰਨੀ ਚਾਹੀਦੀ ਹੈ। ਜੋ ਕਿ ਪੰਜਾਬ ਪਹਿਲੇ ਹੀ ਬਹੁਤ ਜ਼ਿਆਦਾ ਬੁਰੇ ਦੌਰ ਵਿਚੋਂ ਲੰਘ ਰਿਹਾ ਹੈ। ਜੇਕਰ ਇਨ੍ਹਾਂ ਨੂੰ ਕੋਈ ਆਪਸ ਵਿਚ ਗਲਤ ਫਹਿਮੀ ਪੈਦਾ ਹੁੰਦੀ ਹੈ ਤਾਂ ਉਸ ਦਾ ਹੱਲ ਇਨ੍ਹਾਂ ਨੂੰ ਰਲ-ਮਿਲ ਕੇ ਗੱਲਬਾਤ ਰਾਹੀਂ ਕਰਨਾ ਚਾਹੀਦਾ ਹੈ। ਸੋ ਸਾਡੀ ਮੁੱਖ ਮੰਤਰੀ ਅਤੇ ਰਾਜਪਾਲ ਨੂੰ ਬੇਨਤੀ ਹੈ ਕਿ ਆਪਣੀ ਟਕਰਾਅ ਵਾਲੀ ਸਥਿਤੀ ਛੱਡ ਕੇ ਪੰਜਾਬ ਦੀ ਤਰੱਕੀ ਵੱਲ ਧਿਆਨ ਦਿਉ। ਜਿਸ ਨਾਲ ਪੰਜਾਬ ਦੀ ਹੋਰ ਜ਼ਿਆਦਾ ਤਰੱਕੀ ਹੋ ਸਕੇ।


-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ


ਵਿੱਦਿਅਕ ਸੁਧਾਰ ਬਨਾਮ ਨਕਲ
ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਵਿੱਦਿਅਕ ਸੁਧਾਰ ਲਈ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲਾਂ ਨੂੰ ਨੂੰ ਸਰਕਾਰੀ ਖ਼ਰਚੇ 'ਤੇ ਸਿੰਘਾਪੁਰ ਭੇਜਿਆ ਗਿਆ। ਸਰਕਾਰ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਜਿੰਨੀ ਸ਼ਲਾਘਾ ਹੋ ਸਕੇ, ਉਹ ਥੋੜ੍ਹੀ ਹੋਵੇਗੀ। ਸਿੱਖਿਆ ਦੇ ਖੇਤਰ 'ਚ ਸੁਧਾਰ ਤੇ ਇਸ ਖੇਤਰ 'ਚ ਹੋ ਰਹੀ ਲੁੱਟ ਨੂੰ ਰੋਕਣਾ ਸਮੇਂ ਦੀ ਮੁੱਖ ਲੋੜ ਹੈ। ਬਹੁ-ਗਿਣਤੀ ਸਕੂਲ ਤੇ ਕਾਲਜ ਆਪਣੀ ਮਨਮਰਜ਼ੀ ਨਾਲ ਆਏ ਸਾਲ ਫੀਸਾਂ 'ਚ ਵਾਧਾ ਕਰ ਕੇ ਆਮ ਲੋਕਾਂ ਨੂੰ ਲੁੱਟਦੇ ਆ ਰਹੇ ਹਨ। ਇਸ ਵੱਲ ਸਰਕਾਰ ਨੂੰ ਜਲਦੀ ਧਿਆਨ ਦੇ ਕੇ ਇਸ ਲੁੱਟ ਨੂੰ ਨੱਥ ਪਾਉਣ ਦੀ ਲੋੜ ਹੈ। ਆਗਾਮੀ ਦਿਨਾਂ 'ਚ ਹੋਣ ਵਾਲੇ ਬੋਰਡ ਦੇ ਇਮਤਿਹਾਨਾਂ 'ਚ ਹੋਣ ਵਾਲੀ ਨਕਲ ਨੂੰ ਰੋਕਣ ਲਈ ਸਰਕਾਰ ਨੂੰ ਸਖ਼ਤੀ ਕਰਨੀ ਚਾਹੀਦੀ ਹੈ। ਜਦੋਂ ਤੱਕ ਪੂਰਨ ਤੌਰ 'ਤੇ ਨਕਲ ਨਹੀਂ ਰੋਕੀ ਜਾਂਦੀ ਤਦ ਤੱਕ ਕਿਸੇ ਵੀ ਕੀਮਤ 'ਤੇ ਸਿੱਖਿਆ ਦੇ ਖੇਤਰ 'ਚ ਸੁਧਾਰ ਨਹੀਂ ਹੋਵੇਗਾ। ਇਸ ਲਈ ਸਰਕਾਰ ਨੂੰ ਹੋਰ ਸੁਧਾਰ ਕਰਨ ਦੇ ਨਾਲ-ਨਾਲ ਨਕਲ ਰੋਕਣ ਵੱਲ ਵੀ ਵਿਸ਼ੇਸ਼ ਧਿਆਨ ਦੀ ਲੋੜ ਹੋਵੇਗੀ।


-ਪਰਮਜੀਤ ਸੰਧੂ ਥੇਹ ਤਿੱਖਾ ਗੁਰਦਾਸਪੁਰ

24-02-2023

 ਚੀਨ ਦੀ ਕੋਈ ਨਵੀਂ ਚਾਲ
ਹਾਲ ਹੀ ਵਿਚ ਅਮਰੀਕੀ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਚੀਨ ਦੇ ਹੈਨਾਨ ਸੂਬੇ ਵਿਚ 'ਸਪਾਈ ਬੈਲੂਨ' ਵਿਚ ਜਾਸੂਸੀ ਦਾ ਹੈੈੱਕੁਆਰਟਰ ਬਣਾਇਆ ਹੈ ਅਤੇ ਚੀਨ ਪਿਛਲੇ ਕਈ ਸਾਲਾਂ ਤੋਂ ਭਾਰਤ ਸਮੇਤ ਕਈ ਦੇਸ਼ਾਂ ਵਿਚ ਫੌਜੀ ਜਾਇਦਾਦਾਂ ਦੀ ਜਾਣਕਾਰੀ ਇਕੱਤਰ ਕਰ ਰਿਹਾ ਹੈ। ਸਨਿੱਚਰਵਾਰ 4 ਫਰਵਰੀ ਨੂੰ ਸ਼ੱਕੀ ਚੀਨੀ ਜਾਸੂਸੀ ਗੁਬਾਰੇ ਨੂੰ ਅਮਰੀਕਾ ਨੇ ਡੇਗ ਲਿਆ ਸੀ। ਅਮਰੀਕੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਚੀਨ ਨੇ ਸਿਰਫ਼ ਅਮਰੀਕਾ ਅਤੇ ਭਾਰਤ ਹੀ ਨਹੀਂ, ਸਗੋਂ ਕਈ ਹੋਰ ਦੇਸ਼ਾਂ ਵਿਚ ਵੀ ਆਪਣੇ ਜਾਸੂਸੀ ਗੁਬਾਰੇ ਛੱਡੇ ਹਨ ਤਾਂ ਜੋ ਉਹ ਤੇਜ਼ੀ ਨਾਲ ਅੱਗੇ ਵਧ ਰਹੇ ਦੇਸ਼ਾਂ ਅਤੇ ਜਿਨ੍ਹਾਂ ਦਾ ਚੀਨ ਨਾਲ ਵਿਵਾਦ ਹੈ ਉਨ੍ਹਾਂ ਦੀ ਜਾਸੂਸੀ ਕਰ ਸਕੇ।ਪਰ ਚੀਨ ਦਾਅਵਾ ਕਰ ਰਿਹਾ ਹੈ ਕਿ ਇਹ ਮੌਸਮ ਦੀ ਜਾਣਕਾਰੀ ਇਕੱਠੀ ਕਰਨ ਲਈ ਕੀਤਾ ਗਿਆ ਸੀ। ਪਰ ਚੀਨ ਦੇ ਇਸ ਬਿਆਨ ਦੇ ਉੱਪਰ ਪੂਰੀ ਤਰ੍ਹਾਂ ਭਰੋਸਾ ਕਰਨਾ ਮੁਸ਼ਕਿਲ ਹੈ ਕਿਉਂਕਿ ਚੀਨ ਹਮੇਸ਼ਾ ਹੀ ਜਿੱਤ ਪ੍ਰਾਪਤ ਕਰਨ ਅਤੇ ਦੂਜੇ ਦੇਸ਼ਾਂ ਨੂੰ ਨੁਕਸਾਨ ਪਹੁੰਚਾਉਣ ਵਿਚ ਸੰਕੋਚ ਨਹੀਂ ਕਰਦਾ। ਉਹ ਦੁਨੀਆ ਵਿਚ ਆਪਣਾ ਦਬਦਬਾ ਸਥਾਪਿਤ ਕਰਨਾ ਚਾਹੁੰਦਾ ਹੈ। ਪਰ ਹੁਣ ਚੀਨ ਦੀ ਇਸ ਹਰਕਤ ਨਾਲ ਬਾਕੀ ਸਾਰੇ ਦੇਸ਼ਾਂ ਦਾ ਚੌਕਸ ਹੋ ਜਾਣਾ ਜ਼ਰੂਰੀ ਹੈ ਤਾਂ ਜੋ ਚੀਨ ਆਪਣੀਆਂ ਇਨ੍ਹਾਂ ਸ਼ੈਤਾਨੀ ਹਰਕਤਾਂ ਵਿਚ ਕਾਮਯਾਬ ਨਾ ਹੋ ਸਕੇ।


-ਮਹਿਮਾ ਸ਼ਰਮਾ
ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ,
ਦੁਆਬਾ ਕਾਲਜ, ਜਲੰਧਰ।


ਕੁਦਰਤ ਦਾ ਕਹਿਰ
ਤੁਰਕੀ ਅਤੇ ਸੀਰੀਆ 'ਚ ਆਏ ਭਿਆਨਕ ਭੁਚਾਲ ਕਾਰਨ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਹੈ। ਕੁਦਰਤ ਦੇ ਇਸ ਕਹਿਰ ਨਾਲ ਮਰਨ ਵਾਲਿਆਂ ਦੀ ਗਿਣਤੀ 'ਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ। ਇਸ ਭੁਚਾਲ ਨੂੰ ਪਿਛਲੇ ਦਸ ਸਾਲਾਂ 'ਚ ਕੁਦਰਤ ਦਾ ਸਭ ਤੋਂ ਵੱਡਾ ਕਹਿਰ ਮੰਨਿਆ ਜਾ ਰਿਹਾ ਹੈ।
ਜਾਪਾਨ ਵਿਚ 2011 'ਚ ਆਏ ਭੁਚਾਲ ਕਾਰਨ 20 ਹਜ਼ਾਰ ਲੋਕਾਂ ਨੂੰ ਆਪਣੀ ਜਾਣ ਤੋਂ ਹੱਥ ਧੋਣੇ ਪਏ ਸਨ। ਤੁਰਕੀ ਅਤੇ ਸੀਰੀਆ ਵਿਚ ਬਚਾਅ ਕਾਰਜ ਜਾਰੀ ਹਨ, ਮੌਤਾਂ ਦੀ ਗਿਣਤੀ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਭਿਅੰਕਰ ਭੁਚਾਲ ਨਾਲ ਪਲਾਂ ਵਿਚ ਹੀ ਬਹੁਮੰਜ਼ਿਲਾ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ।
ਲੋਕਾਂ ਦੇ ਵਸੇ ਵਸਾਏ ਘਰ ਉੱਜੜ ਗਏ ਹਨ ਅਤੇ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਿਆ ਹੈ। ਭਾਰਤ ਵਲੋਂ ਰਾਹਤ ਸਮੱਗਰੀ ਅਤੇ ਐਨ.ਡੀ.ਆਰ. ਐੱਫ. ਦੀਆਂ ਕਈ ਟੀਮਾਂ ਮੱਦਦ ਲਈ ਭੇਜੀਆਂ ਗਈਆਂ ਹਨ। ਭਾਵੇਂ ਕਿ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਕੁਦਰਤ ਦੇ ਅੱਗੇ ਕਿਸੇ ਦੀ ਪੇਸ਼ ਨਹੀਂ ਚਲਦੀ। ਇਸ ਤਰ੍ਹਾਂ ਦੇ ਕੁਦਰਤੀ ਕਹਿਰ ਤੋਂ ਬਚਣ ਲਈ ਸਿਰਫ਼ ਅਰਦਾਸ ਹੀ ਕੀਤੀ ਜਾ ਸਕਦੀ ਹੈ।


-ਹਰਪ੍ਰੀਤ ਸਿੰਘ ਸਿਹੌੜਾ
ਪਿੰਡ-ਡਾ. ਸਿਹੌੜਾ, ਪਾਇਲ, (ਲੁਧਿਆਣਾ)


ਪਰਿਵਾਰ 'ਤੇ ਭਾਰੂ ਮੋਬਾਈਲ
ਕਿਸੇ ਚੀਜ਼ ਦੀ ਲੋੜ ਤੋਂ ਵੱਧ ਵਰਤੋਂ ਕਰਨ ਦਾ ਆਦੀ ਹੋ ਜਾਣਾ, ਕਿਸੇ ਨਸ਼ੇ ਤੋਂ ਘੱਟ ਨਹੀਂ ਹੈ। ਅੱ ਜਕੱਲ੍ਹ ਮੋਬਾਈਲ, ਕੰਪਿਊਟਰ ਨਵੀਂ ਪੀੜ੍ਹੀ ਨੂੰ ਬੇਹੱਦ ਜ਼ਿਆਦਾ ਪ੍ਰਭਾਵਿਤ ਕਰ ਰਹੇ ਹਨ। ਬੱਚੇ ਵੀ ਮੋਬਾਈਲ ਫ਼ੋਨ ਦੀ ਵਰਤੋਂ ਦੇ ਮਾਮਲੇ 'ਚ ਵੱਡਿਆਂ ਨਾਲੋਂ ਘੱਟ ਨਹੀਂ ਹਨ। ਕੁਝ ਮਾਪੇ ਆਪਣੇ ਬੱਚਿਆਂ ਸਾਹਮਣੇ ਅਕਸਰ ਮੋਬਾਈਲ ਫ਼ੋਨ 'ਚ ਰੁੱਝੇ ਰਹਿੰਦੇ ਹਨ। ਇਸ ਕਰਕੇ ਬੱਚਿਆਂ ਦੇ ਮਨ ਅੰਦਰ ਵੀ ਮੋਬਾਈਲ ਪ੍ਰਤੀ ਆਕਰਸ਼ਣ 'ਚ ਵਾਧਾ ਹੁੰਦਾ ਹੈ। ਮੋਬਾਈਲ ਦੀ ਜ਼ਿਆਦਾ ਵਰਤੋਂ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਰੋਗਾਂ ਨੂੰ ਵੀ ਜਨਮ ਦਿੰਦੀ ਹੈ।
ਮੋਬਾਈਲ ਦੀ ਜ਼ਿਆਦਾ ਵਰਤੋਂ ਕਾਰਨ ਬੱਚੇ ਆਪਣੇ ਮਾਪਿਆਂ ਅਤੇ ਦੋਸਤਾਂ ਮਿੱਤਰਾਂ ਤੋਂ ਦੂਰੀ ਬਣਾ ਲੈਂਦੇ ਹਨ ਅਤੇ ਹਰ ਸਮੇਂ ਮੋਬਾਈਲ ਵਿਚ ਗੁਆਚੇ ਰਹਿੰਦੇ ਹਨ। ਜੀਵਨ ਦੇ ਹੋਰ ਪੱਖਾਂ 'ਚ ਉਦਾਸੀਨਤਾ, ਗੁੱਸੇ ਦਾ ਵਧਣਾ, ਅਨੇਕਾਂ ਸਰੀਰਕ ਸਮੱਸਿਆਵਾਂ ਬੱਚਿਆਂ ਦੇ ਜ਼ਿੰਦਗੀ ਪ੍ਰਤੀ ਨਜ਼ਰੀਏ ਨੂੰ ਬਦਲਦੀਆਂ, ਉਨ੍ਹਾਂ ਦਾ ਭਵਿੱਖ ਤਬਾਹ ਕਰ ਰਹੀਆਂ ਹਨ। ਇਸ ਕਰਕੇ ਅਜੇ ਵੀ ਵੇਲਾ ਹੈ ਮਾਪਿਆਂ ਤੇ ਬੱਚਿਆਂ ਨੂੰ ਮੋਬਾਈਲ ਦੀ ਘੱਟ ਤੋਂ ਘੱਟ ਵਰਤੋਂ ਕਰਕੇ ਆਪਣੇ ਪਰਿਵਾਰਾਂ ਨੂੰ ਬਚਾਉਣ ਦਾ।


-ਪ੍ਰਸ਼ੋਤਮ ਪੱਤੋ,
ਮੋਗਾ

23-02-2023

 ਦੁੱਧ ਅਤੇ ਫਲ਼ਾਂ ਦੀ ਡੇਅਰੀ
ਅਰਥ-ਵਿਵਸਥਾ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ। ਅਰਥ ਵਿਵਸਥਾ ਦਾ ਸੰਤੁਲਨ ਕਾਇਮ ਹੋਣ 'ਤੇ ਦੇਸ਼ ਦਾ ਵਿਕਾਸ ਹੁੰਦਾ ਹੈ। ਦੇਸ਼ ਦੇ ਵਿਕਾਸ ਲਈ ਦੇਸ਼ ਦੀ ਜਨਤਾ ਦਾ ਸਿਹਤਮੰਦ ਹੋਣਾ ਬਹੁਤ ਮਾਇਨੇ ਰੱਖਦਾ ਹੈ। ਪੱਬਾਂ ਭਾਰ ਹੋਈ ਮਹਿੰਗਾਈ ਦੇ ਚਲਦੇ ਦੌਰ ਵਿਚ ਦੁੱਧ, ਦੁੱਧ ਤੋਂ ਬਣੇ ਪਦਾਰਥ ਤੇ ਤਰਲ ਅਤੇ ਫਲ਼ ਆਦਿ ਖਾਣੇ-ਪੀਣੇ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਹਰੇਕ ਲਈ ਮੁਸ਼ਕਿਲ ਹੈ। ਜਨਤਾ ਦੀ ਸਿਹਤ ਦੇ ਹਿੱਤ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਆਪ ਸਰਕਾਰ ਸਤਿਕਾਰ ਯੋਗ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦੇ ਹਾਂ ਕਿ ਜਿਥੇ ਸਰਕਾਰ ਸਿਹਤ ਲਈ ਖੇਡਾਂ ਆਦਿ ਦੀ ਤਰੱਕੀ ਦੀ ਰਾਹ ਵੇਖਣਾ ਚਾਹੁੰਦੀ ਹੈ ਬੱਚਿਆਂ ਦਾ ਵਧੀਆ ਭਵਿੱਖ ਸਿਰਜਨਾ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਕੁਰਾਹੇ ਤੋਂ ਬਚਾਉਣ ਲਈ ਉਨ੍ਹਾਂ ਦੀ ਸਿਹਤ ਤੰਦਰੁਸਤੀ ਅਤੇ ਜਨਤਾ ਨੂੰ ਬਿਮਾਰੀਆਂ ਤੋਂ ਬਚਾਓ ਲਈ ਸਿਹਤਮੰਦ ਸਮਾਜ ਸਿਰਜਣ ਲਈ ਬਿਨਾਂ ਮਿਲਾਵਟ ਵਾਲੇ ਦੁੱਧ, ਦੁੱਧ ਤੋਂ ਬਣੇ ਪਦਾਰਥ ਦਹੀ, ਲੱਸੀ, ਪਨੀਰ ਮੱਖਣ ਅਤੇ ਤਾਜੇ ਫ਼ਲਾਂ ਦੇ ਡੇਅਰੀ ਠੇਕੇ ਖੋਲ੍ਹਣ ਦੀ ਪਹਿਲ ਕਰੇ ਜਿਸ ਨਾਲ ਜਨਤਾ ਦੀ ਸਿਹਤ ਨਾਲ ਖਿਲਵਾੜ ਹੋਣ ਤੋਂ ਬਚਾਓ ਹੋਵੇਗਾ ਅਤੇ ਡੇਅਰੀ ਉਦਯੋਗਾਂ ਦਾ ਵਿਕਾਸ ਹੋ ਕੇ ਲੋਕਾਂ ਨੂੰ ਰੁਜ਼ਗਾਰ ਵੀ ਮੁਹੱਈਆ ਹੋਵੇਗਾ। ਇਸ ਲਈ ਸਿਹਤਮੰਦ ਸਮਾਜ ਦੀ ਸਿਰਜਣਾ ਵੀ ਹੋਵੇਗੀ।


-ਬਬੀਤਾ ਘਈ ਜ਼ਿਲ੍ਹਾ ਲੁਧਿਆਣਾ।


ਅਮਰੀਕਾ ਸਪਲੀਮੈਂਟ ਕਾਬਲ-ਏ-ਤਾਰੀਫ਼
ਪਿਛਲੇ ਦਿਨੀਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਜੋਂ ਪ੍ਰਵਾਨਤ 'ਅਜੀਤ' ਦੇ ਅਮਰੀਕਾ ਸਥਿਤ ਪੱਤਰਕਾਰ/ਉੱਘੇ ਲੇਖਕ ਜਨਾਬ ਐਸ. ਅਸ਼ੋਕ ਭੌਰਾ ਵਲੋਂ ਦੋ ਰੋਜ਼ਾ ਪ੍ਰਕਾਸ਼ਿਤ ਸਪਲੀਮੈਂਟ 'ਅਮਰੀਕਾ ਵਿਚ ਵਸਦਾ ਪੰਜਾਬ' ਵਾਕਿਆ ਹੀ ਕਾਬਲ-ਏ-ਤਾਰੀਫ਼ ਹੈ।
ਪੱਤਰਕਾਰ/ਲੇਖਕ ਨੇ ਅਮਰੀਕਾ ਵਸਦੇ ਪੰਜਾਬੀਆਂ ਦੀਆਂ ਸਿਖ਼ਰਾਂ ਨੂੰ ਛੂਹਦੀਆਂ ਪ੍ਰਾਪਤੀਆਂ, ਸਰਗਰਮੀਆਂ 'ਤੇ ਜਿਵੇਂ ਪੰਛੀ ਝਾਤ ਪਵਾਈ ਗਈ ਹੈ ਇਹੋ ਲਗਦਾ ਹੈ ਜਿਵੇਂ ਅਮਰੀਕਾ ਦਾ ਮਿੰਨੀ ਸਫ਼ਰਨਾਮਾ ਹੋਵੇ। ਸ਼ੁਰੂ-ਸ਼ੁਰੂ 'ਚ ਦੀਦਾਰ ਸਿੰਘ ਬੈਂਸ, ਜੈਸੀ ਸਿੰਘ ਤੋਂ ਅਮਰੀਕਾ ਦੇ ਨਵੇਂ ਕਾਰੋਬਾਰੀ ਜਸਵੀਰ ਸਿੰਘ ਜੱਸੀ (ਰਸੂਲਪੁਰ) ਤੱਕ ਦੀਆਂ ਪ੍ਰਾਪਤੀਆਂ 'ਤੇ ਅੱਜ ਹਰ ਕੋਈ ਫਖ਼ਰ ਮਹਿਸੂਸ ਕਰਦਾ ਹੈ। ਲੇਖਕ ਨੇ ਜਿਵੇਂ ਹਰ ਖੇਤਰ 'ਤੇ ਭੂਮਿਕਾ ਲਿਖੀ, ਕਲਮ ਤੇ ਮਿਹਨਤ ਨੂੰ ਸਲਾਮ।


-ਸੰਤੋਖ ਸਿੰਘ ਜੱਸੀ,
ਪਿੰਡ ਤੇ ਡਾਕ. ਚੱਕ ਕਲਾਲ, (ਬੰਗਾ)

ਸ਼ਹੀਦ ਭਗਤ ਸਿੰਘ ਨਗਰ।


ਅਵਾਰਾ ਪਸ਼ੂਆਂ ਦੀ ਸਮੱਸਿਆ
ਲੋਕਾਂ ਵਲੋਂ ਇਹ ਗੱਲ ਮਹਿਸੂਸ ਕੀਤੀ ਜਾ ਰਹੀ ਹੈ ਕਿ ਅਵਾਰਾ ਘੁੰਮ ਰਹੀ ਡੰਗਰਾਂ ਅਤੇ ਕੁੱਤਿਆਂ ਦੀ ਸਮੱਸਿਆ ਦਾ ਕੋਈ ਹੱਲ ਹੋਵੇ, ਕਿਉਂਕਿ ਇਹ ਲੋਕਾਂ ਲਈ ਕਾਫੀ ਪ੍ਰੇਸ਼ਾਨੀਆਂ ਅਤੇ ਮੁਸ਼ਕਿਲਾਂ ਦਾ ਕਾਰਨ ਬਣ ਰਹੇ ਹਨ। ਇਨ੍ਹਾਂ ਕਰਕੇ ਜਿਥੇ ਅਕਸਰ ਸੜਕ ਹਾਦਸੇ ਹੁੰਦੇ ਹਨ ਅਤੇ ਲੋਕਾਂ ਦਾ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ, ਉਥੇ ਕੁੱਤਿਆਂ ਦੇ ਕੱਟਣ ਕਾਰਨ ਲੋਕਾਂ ਨੂੰ ਮਹਿੰਗੇ ਭਾਅ ਦੇ ਟੀਕੇ ਲਗਵਾਉਣੇ ਪੈਂਦੇ ਹਨ ਅਤੇ ਕਈ ਵਾਰ ਤਾਂ ਅਵਾਰਾ ਕੁੱਤਿਆਂ ਦੇ ਝੁੰਡ ਜ਼ਿੰਦਾ ਬੱਚਿਆਂ ਨੂੰ ਨੋਚ-ਨੋਚ ਕੇ ਹੀ ਖਾ ਜਾਂਦੇ ਹਨ। ਅਜਿਹੀਆਂ ਖਬਰਾਂ ਜਿਥੇ ਅਕਸਰ ਅਖ਼ਬਾਰਾਂ ਵਿਚ ਛਪਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਅਵਾਰਾ ਡੰਗਰਾਂ ਦੇ ਝੁੰਡ ਜਿਥੇ ਅਕਸਰ ਆਵਾਜਾਈ ਵਿਚ ਰੁਕਾਵਟ ਪਾਉਂਦੇ ਹਨ, ਉਥੇ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਕਰਕੇ, ਉਨ੍ਹਾਂ ਦਾ ਭਾਰੀ ਫ਼ਸਲੀ/ਆਰਥਿਕ ਨੁਕਸਾਨ ਕਰਦੇ ਹਨ। ਬਿਨਾਂ ਸ਼ੱਕ ਇਹ ਇਕ ਅਹਿਮ ਲੋਕ ਸਮੱਸਿਆ ਹੈ ਅਤੇ ਇਸ ਦੇ ਹੱਲ ਲਈ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ 'ਤੇ ਯੋਗ ਅਤੇ ਢੁਕਵੇਂ ਕਦਮ ਉਠਾਉਣ ਦੀ ਫੌਰੀ ਲੋੜ ਹੈ। ਤਾਂ ਕਿ ਲੋਕਾਂ ਨੂੰ ਦਰਪੇਸ਼ ਉਕਤ ਮੁਸ਼ਕਲਾਂ ਤੋਂ ਜਿਥੇ ਨਿਜ਼ਾਤ ਮਿਲ ਸਕੇ।


-ਆਸ਼ੀਸ਼ ਸ਼ਰਮਾ
(ਜਲੰਧਰ)

22-02-2023

 ਪਾਣੀ ਨੂੰ ਬਚਾਉਣਾ ਸਾਂਝੀ ਜ਼ਿੰਮੇਵਾਰੀ

ਪਾਣੀ ਜੀਵਨ ਦਾ ਆਧਾਰ ਹੈ। ਇਸ ਲਈ ਗੁਰੂ ਨਾਨਕ ਦੇਵ ਜੀ ਦੀ ਬਾਣੀ 'ਪਵਣ ਗੁਰੂ ਪਾਮੀ ਪਿਤਾ ਮਾਤਾ ਧਰਤਿ ਮਹੱਤ' ਵਿਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ ਪਰ ਅਫ਼ਸੋਸ ਅਤੇ ਦੁੱਖ ਦੀ ਗੱਲ ਹੈ ਕਿ ਮਨੁੱਖ ਵਲੋਂ ਇਸ ਅਨਮੋਲ ਕੁਦਰਤੀ ਪ੍ਰਸ਼ਾਦ ਪਾਣੀ ਜਾਂ ਜਲ ਦੀ ਲਗਾਤਾਰ ਕੀਤੀ ਜਾ ਰਹੀ ਅੰਨ੍ਹੇਵਾਹ ਦੋਹਨ ਕਾਰਨ ਅੱਜ ਪੰਜਾਬ ਰਾਜ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਗਹਿਰਾ ਹੁੰਦਾ ਜਾ ਰਿਹਾ ਹੈ। ਕੇਂਦਰੀ ਗਰਾਊੰਡ ਬੋਰਡ ਵਲੋਂ 2022 ਵਿਚ ਤਿਆਰ ਰਿਪੋਰਟ ਮੁਤਾਬਿਕ ਪੰਜਾਬ ਰਾਜ ਸਲਾਨਾ 10.95 ਬਿਲੀਅਨ ਕਿਊਬਿਕ ਮੀਟਰ ਪਾਣੀ ਧਰਤੀ ਹੇਠੋਂ ਆਪਣੀ ਬਣਦੀ ਲਿਮਿਟ (ਸੀਮਾ) 17.07 ਬਿਲੀਅਨ ਕਿਊਬਿਕ ਮੀਟਰ ਪਾਣੀ ਤੋਂ ਵਧ ਮਾਤਰਾ 'ਚ ਕੱਢ ਰਿਹਾ ਹੈ। ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਸਾਲ 2017 ਦੀ ਇਕ ਰਿਪੋਰਟ ਮੁਤਾਬਿਕ 2029 ਤਕ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ 100 ਮੀਟਰ ਹੇਠਾਂ ਅਤੇ 2039 ਤਕ 300 ਮੀਟਰ ਹੇਠਾਂ ਚਲਾ ਜਾਵੇਗਾ। ਇਹ ਸਾਰੇ ਅੰਕੜੇ ਡਰਾਉਣ ਵਾਲੇ ਹਨ ਤੇ ਇਨ੍ਹਾਂ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ। ਬਿਨਾਂ ਸ਼ੱਕ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਮਾਰੂਥਲ ਵਿਚ ਬਦਲਣ ਤੋਂ ਬਚਾਉਣ ਲਈ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੇਠਾਂ ਜਾਣ ਤੋਂ ਰੋਕਣ ਲਈ ਹੀ ਨਹੀਂ ਸਗੋਂ ਇਸ ਨੂੰ ਉੱਪਰ ਲਿਆਉਣ ਲਈ ਵੀ ਸਾਰਥਕ ਅਤੇ ਗੰਭੀਰ ਯਤਨ ਕਰਨ ਦੀ ਲੋੜ ਹੈ। ਪਰ ਅਸੀਂ ਪੰਜਾਬ ਦੇ ਜਾਗਰੂਕ ਲੋਕਾਂ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਆਪਣੀ ਜ਼ਮੀਨ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਸਾਡੀ ਸਾਰਿਆਂ ਦੀ ਾਸੰਝੀ ਅਤੇ ਮੁੱਢਲੀ ਜ਼ਿੰਮੇਵਾਰੀ ਹੈ। ਆਪਣੇ ਘਰਾਂ ਅਤੇ ਕੰਮਕਾਜ ਦੇ ਸਥਾਨਾਂ ਵਿਚ 'ਰੈਨ-ਹਾਰਵੈਸਟਿੰਗ ਦੀ ਤਕਨੀਕ' ਨੂੰ ਅਪਣਾਈਏ, ਦੰਦ ਬੁਰਸ਼-ਦਾਤੁਣ ਕਰਨ, ਮੂੰਹ ਦੀ ਸ਼ੇਵ ਕਰਨ, ਨਹਾਉਣ, ਕੱਪੜੇ ਧੋਣ, ਬਰਤਣ ਸਾਫ਼ ਕਰਨ ਜਾਂ ਕਾਰ-ਸਕੂਟਰ ਧੋਣ ਆਦਿ ਸਮੇਂ ਨਲ (ਟੂਟੀ) ਨੂੰ ਬਿਨਾਂ ਜ਼ਰੂਰਤ ਨਾ ਛੱਡ ਕੇ ਅਸੀਂ ਆਮ ਨਾਗਰਿਕ ਇਸ ਦਿਸ਼ਾ ਵਿਚ ਵਧੇਰੇ ਯੋਗਦਾਨ ਪਾ ਸਕਦੇ ਹਾਂ।

-ਇੰ. ਕ੍ਰਿਸ਼ਨ ਕਾਂਤ ਸੂਦ
ਨੰਗਲ, ਪੰਜਾਬ।

ਕਰਜ਼ਾ ਰਾਹਤ ਫੰਡ

ਪਿਛਲੇ ਦਿਨੀਂ ਉੱਘੇ ਅਰਥਸ਼ਾਸਤਰੀਆਂ ਨੇ ਦੱਸਿਆ ਹੈ ਕਿ ਪੰਜਾਬ ਦੇ ਸਿਰ ਲਗਭਗ ਪੌਣੇ ਚਾਰ ਲੱਖ ਕਰੋੜ ਦਾ ਕਰਜਾ ਹੈ ਅਤੇ ਹਰੇਕ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਇਸ ਕਰਜੇ ਦਾ ਭਾਰ ਵਧਾਉਣ ਵਿਚ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਠੋਸ ਕਦਮ ਚੁੱਕਦੇ ਹੋਏ ਆਪਣੇ ਨਾਗਰਿਕਾਂ ਨੂੰ ਸਵੈ-ਇੱਛਤ ਤੌਰ 'ਤੇ ਕਰਜਾ ਰਾਹਤ ਫੰਡ ਵਿਚ ਪੈਸਾ ਜਮ੍ਹਾਂ ਕਰਾਉਣ ਦੀ ਅਪੀਲ ਕਰਨ ਲਈ ਕਿਹਾ ਹੈ। ਇਥੇ ਇਹ ਦੱਸਣਯੋਗ ਹੈ ਕਿ ਹਰੇਕ ਸਰਕਾਰ ਵਲੋਂ ਆਪਣੇ ਵੋਟਰਾਂ ਨੂੰ ਭਰਮਾਉਣ ਲਈ ਵੱਖ-ਵੱਖ ਵਰਗਾਂ ਨੂੰ ਮੁਫ਼ਤ ਸਹੂਲਤਾਂ ਦੇਣ ਕਾਰਨ ਸੂਬਾ ਕਰਜੇ ਦੇ ਬੋਝ ਹੇਠਾਂ ਦੱਬਿਆ ਗਿਆ ਹੈ ਅਤੇ ਦਿੱਤੀਆਂ ਮੁਫ਼ਤ ਸਹੂਲਤਾਂ ਵਾਪਸ ਲੈਣਾ ਹੁਣ ਹਰੇਕ ਸਰਕਾਰ ਲਈ ਗਲੇ ਦੀ ਹੱਡੀ ਬਣ ਗਿਆ ਹੈ। ਮੁਫ਼ਤ ਸਹੂਲਤਾਂ ਤਾਂ ਹੀ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਜਦੋਂ ਸੂਬੇ ਦੇ ਸਿਰ ਚੜਿਆ ਕਰਜਾ ਕੁਝ ਘੱਟ ਹੋ ਜਾਵੇ ਜਾਂ ਉਤਰ ਜਾਵੇ। ਕਰਜੇ ਦੇ ਭਾਰ ਹੇਠਾਂ ਦੱਬੇ ਪਏ ਬੰਦੇ ਕੋਲੋਂ ਮੁਫ਼ਤ ਦੀ ਸਹੂਲਤ ਦੀ ਕਿਸ ਤਰ੍ਹਾਂ ਆਸ ਕੀਤੀ ਜਾ ਸਕਦੀ ਹੈ। ਅਰਥਸ਼ਾਸਤਰੀਆਂ ਵਲੋਂ ਦਿੱਤਾ ਗਿਆ ਸੁਝਾਅ ਠੀਕ ਹੈ, ਪਰ ਉਸ ਦੇ ਨਾਲ ਹੀ ਸਰਦੇ-ਪੁੱਜਦੇ ਲੋਕਾਂ ਵਲੋਂ ਮਾਣੀਆਂ ਜਾ ਰਹੀਆਂ ਮੁਫ਼ਤ ਦੀਆਂ ਸਹੂਲਤਾਂ ਵੀ ਉਨ੍ਹਾਂ ਨੂੰ ਸਵੈ-ਇੱਛਤ ਤੌਰ 'ਤੇ ਛੱਡਣੀਆਂ ਚਾਹੀਦੀਆਂ ਹਨ, ਉਥੇ ਹੀ ਸਰਕਾਰ ਨੂੰ ਵੀ ਹਰੇਕ ਵਰਗ ਨੂੰ ਦਿੱਤੀਆਂ ਇਹ ਸਹੂਲਤਾਂ ਤੇ ਫਿਰ ਤੋਂ ਨਜ਼ਰਸਾਨੀ ਕਰਨ ਦੀ ਲੋੜ ਹੈ ਤਾਂ ਜੋ ਪੰਜਾਬ ਸਿਰ ਚੜਿਆ ਕਰਜਾ ਕੁਝ ਹਲਕਾ ਹੋ ਸਕੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

21-02-2023

 ਚੋਰ ਚੁਸਤ ਅਤੇ ਪੁਲਿਸ ਸੁਸਤ

ਅੱਜਕਲ੍ਹ ਚੋਰਾਂ ਨੇ ਹਰ ਪਾਸੇ ਆਪਣੀ ਪੂਰੀ ਦਹਿਸ਼ਤ ਫੈਲਾਈ ਹੋਈ ਹੈ। ਇਹ ਚੋਰ ਇੰਨੇ ਬੇਖੌਫ਼ ਹਨ ਕਿ ਇਕ ਰਾਤ ਵਿਚ ਹੀ ਕਈ-ਕਈ ਮਕਾਨਾਂ ਅਤੇ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਇਹ ਦਿਨ ਵਿਚ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ। ਇਹ ਚੋਰ ਦਿਨ ਦੇ ਸਮੇਂ ਜਦੋਂ ਬਜ਼ੁਰਗ ਔਰਤਾਂ ਅਤੇ ਹੋਰ ਔਰਤਾਂ ਧੁੱਪ ਦਾ ਅਨੰਦ ਲੈਣ ਲਈ ਗਲੀਆਂ ਵਿਚ ਇਕੱਠੀਆਂ ਹੋ ਕੇ ਬੈਠੀਆਂ ਹੁੰਦੀਆਂ ਹਨ ਜਾਂ ਜਦੋਂ ਆਪਣੇ ਰੋਜ਼ਮਰ੍ਹਾ ਦੇ ਕੰਮ ਲਈ ਘਰੋਂ ਬਾਹਰ ਨਿਕਲਦੀਆਂ ਹਨ, ਤਾਂ ਇਕ ਚੋਰ ਕਿਸੇ ਦਾ ਪਤਾ ਪੁੱਛਣ ਬਹਾਨੇ ਉਨ੍ਹਾਂ ਦੇ ਕੰਨਾ ਵਿਚੋਂ ਸੋਨੇ ਦੀਆਂ ਵਾਲੀਆਂ, ਚੈਨੀਆਂ, ਮੋਬਾਈਲ ਅਤੇ ਹੋਰ ਕੀਮਤੀ ਸਾਮਾਨ ਝਪਟ ਮਾਰ ਕੇ ਖੋਹ ਲੈ ਜਾਂਦੇ ਹਨ। ਹੋਰ ਕੋਈ ਵੀ ਸਾਮਾਨ ਜੋ ਉਨ੍ਹਾਂ ਦੇ ਹੱਥ ਲੱਗੇ ਜਿਵੇਂ ਸਾਈਕਲ ਹੋਵੇ, ਗੈਸ ਸਿਲੰਡਰ ਹੋਵੇ ਕਹਿਣ ਦਾ ਮਤਲਬ ਕੁਝ ਵੀ ਮਿਲੇ ਹੱਥ ਸਾਫ਼ ਕਰ ਜਾਂਦੇ ਹਨ। ਇਨ੍ਹਾਂ ਚੋਰੀ ਦੀਆਂ ਵਾਪਰ ਰਹੀਆਂ ਵਾਰਦਾਤਾਂ ਨਾਲ ਮਾਹੌਲ ਬਹੁਤ ਜ਼ਿਆਦਾ ਡਰ ਤੇ ਦਹਿਸ਼ਤ ਦਾ ਬਣਿਆ ਹੋਇਆ ਹੈ। ਕੋਈ ਵੀ ਆਪਣੇ ਆਪ ਨੂੰ ਨਾ ਦਿਨੇ ਅਤੇ ਨਾ ਰਾਤ ਨੂੰ ਸੁਰੱਖਿਅਤ ਸਮਝਦਾ। ਇਨ੍ਹਾਂ ਹਾਲਾਤ ਨੂੰ ਤੁਸੀਂ ਕੀ ਕਹੋਗੇ, 'ਚੋਰ ਚੁਸਤ ਅਤੇ ਪੁਲਿਸ ਸੁਸਤ' ਕਿਉਂਕਿ ਚੋਰਾਂ ਦੇ ਹੌਂਸਲੇ ਇੰਨੇ ਵਧ ਚੁੱਕੇ ਹਨ ਕਿ ਉਹ ਪੁਲਿਸ ਦਾ ਬਿਲਕੁਲ ਵੀ ਡਰ ਜਾਂ ਖ਼ੌਫ਼ ਨਹੀਂ ਮੰਨਦੇ। ਚੋਰਾਂ ਨੂੰ ਜਦੋਂ ਵੀ ਦਿਨੇ ਜਾਂ ਰਾਤ ਨੂੰ ਮੌਕਾ ਮਿਲਦਾ ਹੈ ਉਹ ਆਪਣੀ ਕਾਰਵਾਈ ਨੂੰ ਅੰਜਾਮ ਦੇ ਜਾਂਦੇ ਹਨ। ਪੁਲਿਸ ਦੀ ਓਹੀ ਢਿੱਲੀ ਕਾਰਵਾਈ ਦਾ ਫ਼ਾਇਦਾ ਉਠਾ ਜਾਂਦੇ ਹਨ। ਸਾਡੀ ਸਾਰਿਆਂ ਦੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਨ੍ਹਾਂ ਚੋਰਾਂ ਨੂੰ ਨੱਥ ਪਾ ਕੇ ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਖ਼ਤਮ ਕੀਤਾ ਜਾਵੇ। ਲੋਕਾਂ ਦੇ ਜਾਨ-ਮਾਲ ਦਾ ਨੁਕਸਾਨ ਹੋਣ ਤੋਂ ਬਚਾਇਆ ਜਾਵੇ।

-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ

ਰੁੱਖਾਂ ਦਾ ਮਹੱਤਵ

ਸਾਡੇ ਜੀਵਨ ਵਿਚ ਰੁੱਖਾਂ ਦਾ ਬੜਾ ਹੀ ਮਹੱਤਵ ਹੈ। ਰੁੱਖ ਮਨੁੱਖ ਲਈ ਕੁਦਰਤ ਦੀ ਬਹੁਮੁੱਲੀ ਦਾਤ ਹਨ। ਰੁੱਖਾਂ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਰੁੱਖ ਹਵਾ ਨੂੰ ਸਾਫ਼ ਕਰਦੇ ਹਨ। ਹਵਾ ਹੀ ਸਾਡੇ ਜੀਵਨ ਲਈ ਜ਼ਰੂਰੀ ਹੈ। ਜੇ ਸ਼ੁੱਧ ਹਵਾ ਮਨੁੱਖ ਨੂੰ ਨਾ ਮਿਲੇ ਤਾਂ ਉਹ ਬਹੁਤੀ ਦੇਰ ਤੱਕ ਜੀਵਤ ਨਹੀਂ ਰਹਿ ਸਕਦਾ। ਅਸ਼ੁੱਧ ਹਵਾ ਨਾਲ ਬਹੁਤ ਸਾਰੀਆਂ ਬਿਮਾਰੀਆਂ ਵੀ ਫੈਲ ਜਾਂਦੀਆਂ ਹਨ। ਇਹ ਸਭ ਜਾਣਦੇ ਹੋਏ ਵੀ ਅਸੀਂ ਰੁੱਖ ਲਗਾਉਣ ਦੀ ਥਾਂ ਕਟਣ ਵੱਲ ਵੱਧ ਧਿਆਨ ਦੇ ਰਹੇ ਹਾਂ। ਰੁੱਖ ਸਾਡੇ ਆਲੇ-ਦੁਆਲੇ ਨੂੰ ਸੁੰਦਰ ਬਣਾਉਣ ਲਈ ਵੀ ਮਹੱਤਵਪੂਰਨ ਹਿੱਸਾ ਪਾਉਂਦੇ ਹਨ। ਬਹੁਤ ਸਾਰੇ ਸੁਗੰਧ ਵਾਲੇ ਬੂਟੇ ਸਾਡੇ ਆਲੇ-ਦੁਆਲੇ ਨੂੰ ਮਹਿਕਾਂ ਨਾਲ ਭਰ ਦਿੰਦੇ ਹਨ। ਰੁੱਖ ਵਰਖਾ ਲਿਆਉਣ ਲਈ, ਮੌਸਮ ਠੰਢਾ ਰੱਖਣ ਲਈ, ਵਾਤਾਵਰਨ ਸਾਫ਼ ਕਰਨ ਲਈ ਅਤੇ ਸਾਡੀਆਂ ਰੋਜ਼ਾਨਾ ਜ਼ਿੰਦਗੀ ਦੀਆਂ ਅਨੇਕਾਂ ਲੋੜਾਂ ਪੂਰੀਆਂ ਕਰਨ ਲਈ ਸਹਾਇਕ ਸਿੱਧ ਹੁੰਦੇ ਹਨ ਪਰ ਮਨੁੱਖ ਨੇ ਧੜਾਧੜ ਜੰਗਲਾਂ ਦੀ ਕਟਾਈ ਕੀਤੀ ਹੈ। ਚਲੋ ਜੇਕਰ ਕਿਸੇ ਵਜ੍ਹਾ ਕਰਕੇ ਰੁੱਖ ਕਟਣੇ ਵੀ ਪੈਂਦੇ ਨੇ ਫਿਰ ਜਿੰਨੀ ਕਟਾਈ ਹੁੰਦੀ ਹੈ, ਓਨੇ ਹੀ ਨਵੇਂ ਬੂਟੇ ਲਗਾ ਦਿੱਤੇ ਜਾਣੇ ਚਾਹੀਦੇ ਨੇ। ਅਸੀਂ ਕਹਿ ਸਕਦੇ ਹਾਂ ਕਿ ਸਾਡੇ ਜੀਵਨ ਦਾ ਵਧੇਰੇ ਭਾਗ ਕਿਸੇ ਨਾ ਕਿਸੇ ਢੰਗ ਨਾਲ ਰੁੱਖਾਂ ਉੱਪਰ ਹੀ ਨਿਰਭਰ ਕਰਦਾ ਹੈ। ਆਪਣੇ ਜੀਵਨ ਦਾ ਭਵਿੱਖ ਸੁਰੱਖਿਅਤ ਰੱਖਣ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ।

-ਮਨਪ੍ਰੀਤ ਕੌਰ ਸੰਗਲ ਸੋਹਲ।

ਪੰਜਾਬੀ ਬੋਲੀ

ਭਾਵੇਂ ਪੰਜਾਬ ਸਰਕਾਰ ਵਲੋਂ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਹਿਤ ਭਾਸ਼ਾ ਵਿਭਾਗ ਵੀ ਕੰਮ ਕਰ ਰਿਹਾ ਹੈ ਜੋ ਕਿ ਸਮੇਂ-ਸਮੇਂ ਸਿਰ ਸਰਕਾਰੀ ਅਦਾਰਿਆਂ ਵਿਚ ਹੋ ਰਹੇ ਪੰਜਾਬੀ ਵਿਚ ਕੰਮ ਦੀ ਪੜਤਾਲ ਵੀ ਕਰਦਾ ਹੈ। ਪਰ ਫਿਰ ਵੀ ਪੰਜਾਬੀ ਨੂੰ ਸਰਕਾਰੇ-ਦਰਬਾਰੇ ਬਣਦਾ ਸਤਿਕਾਰ ਨਹੀਂ ਮਿਲ ਰਿਹਾ, ਉਥੇ ਹੀ ਸਕੂਲਾਂ ਵਿਚ ਵੀ ਪੰਜਾਬੀ ਨੂੰ ਯੋਗ ਸਥਾਨ ਨਹੀਂ ਮਿਲ ਰਿਹਾ, ਜਿਸ ਕਾਰਨ ਸ਼ਹਿਰਾਂ ਵਿਚ ਬੱਚੇ ਪੰਜਾਬੀ ਬੋਲੀ ਤੋਂ ਪਾਸਾ ਵੱਟ ਰਹੇ ਹਨ। ਸ਼ਹਿਰਾਂ ਵਿਚ ਵਸਦੇ ਪੰਜਾਬੀ, ਇਥੋਂ ਤੱਕ ਕਿ ਜਿਹੜੇ ਪਿੰਡਾਂ ਤੋਂ ਵੀ ਆ ਕੇ ਵਸੇ ਹਨ, ਉਹ ਵੀ ਪ੍ਰਵਾਸੀ ਮਜ਼ਦੂਰਾਂ ਨਾਲ ਉਨ੍ਹਾਂ ਦੀ ਭਾਸ਼ਾ ਵਿਚ ਗੱਲ ਕਰਦੇ ਹਨ ਤੇ ਪੰਜਾਬੀ ਨੂੰ ਦਰਕਿਨਾਰ ਕਰ ਰਹੇ ਹਨ। ਅਜਿਹਾ ਕਰਕੇ ਉਹ ਪੰਜਾਬੀ ਭਾਸ਼ਾ, ਪੰਜਾਬੀ ਬੋਲੀ ਦਾ ਵੀ ਨਿਰਾਦਰ ਕਰ ਰਹੇ ਹਨ। ਪੰਜਾਬ ਦੇ ਬਾਸ਼ਿੰਦਿਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਨਾਲ ਅਜਿਹਾ ਧਰੋਹ ਨਹੀਂ ਕਮਾਉਣਾ ਚਾਹੀਦਾ। ਸੋ, ਜਿਥੇ ਸਰਕਾਰ ਨੂੰ ਸਰਕਾਰੀ ਉੱਚ ਦਫ਼ਤਰਾਂ ਤੋਂ ਲੈ ਕੇ ਹੇਠਲੇ ਦਫ਼ਤਰਾਂ ਤੱਕ ਪੰਜਾਬੀ ਭਾਸ਼ਾ, ਪੰਜਾਬੀ ਬੋਲੀ ਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ, ਉਥੇ ਹੀ ਪੰਜਾਬੀਆਂ ਨੂੰ ਆਪਣੀ ਭਾਸ਼ਾ, ਆਪਣੀ ਮਾਂ-ਬੋਲੀ ਪੰਜਾਬੀ ਨੂੰ ਬਣਦਾ ਸਤਿਕਾਰ ਦੇਣ ਦੀ ਲੋੜ ਹੈ।

-ਅਮਰੀਕ ਸਿੰਘ ਚੀਮਾ ਸ਼ਾਹਬਾਦੀਆ, ਜਲੰਧਰ।

20-02-2023

 ਰਸਾਤਲ ਵੱਲ ਜਾ ਰਹੀ ਨੌਜਵਾਨੀ
ਜ਼ਿੰਦਗੀ ਅਨਮੋਲ ਖ਼ਜ਼ਾਨਾ ਹੈ। ਨੌਜਵਾਨੀ ਕੁਰਾਹੇ ਪੈ ਗਈ ਹੈ। ਅੱਜ ਨਸ਼ਿਆਂ ਦਾ ਦੈਂਤ ਹਰ ਰੋਜ਼ ਪੰਜਾਬ ਵਿਚ ਪਤਾ ਨਹੀਂ ਕਿੰਨੀਆਂ ਹੀ ਜਾਨਾਂ ਨਿਗਲ ਰਿਹਾ ਹੈ। ਹਲਕੀ ਉਮਰ ਦੇ ਨੌਜਵਾਨ ਨਸ਼ਿਆਂ ਦੇ ਟੀਕੇ ਲਗਾ ਰਹੇ ਹਨ। ਸਰਹੱਦੀ ਜ਼ਿਲ੍ਹਿਆਂ ਵਿਚ ਹਰ ਰੋਜ਼ ਪਤਾ ਨਹੀਂ ਬੀ.ਐਸ.ਐਫ. ਵਲੋਂ ਕਿੰਨੀ ਹੀ ਹੈਰੋਈਨ ਫੜੀ ਜਾਂਦੀ ਹੈ।
ਹਾਲ ਹੀ ਵਿਚ ਖ਼ਬਰ ਪੜ੍ਹੀ ਕਿ ਲੁਧਿਆਣਾ ਵਿਖੇ ਇਕ ਨਾਬਾਲਿਗ ਕਬੱਡੀ ਖਿਡਾਰੀ ਦੀ ਨਸ਼ੇ ਦੇ ਟੀਕੇ ਕਾਰਨ ਮੌਤ ਹੋਈ ਹੈ। ਹਾਲ ਹੀ ਵਿਚ ਹੁਸ਼ਿਆਰਪੁਰ ਵਿਖੇ ਇਕ ਨਸ਼ੇੜੀ ਪੁੱਤ ਨੇ ਆਪਣੀ ਮਾਂ ਤੋਂ ਨਸ਼ੇ ਲਈ ਪੈਸੇ ਮੰਗੇ। ਪੈਸੇ ਨਾ ਦੇਣ 'ਤੇ ਨਸ਼ੇੜੀ ਨੇ ਤੇਜ਼ਧਾਰ ਹਥਿਆਰਾਂ ਨਾਲ ਆਪਣੀ ਮਾਂ ਹੀ ਜ਼ਖ਼ਮੀ ਕਰ ਦਿੱਤੀ। ਜ਼ਖ਼ਮਾਂ ਦੀ ਤਾਬ ਨਾ ਸਹਿੰਦੀ ਹੋਈ ਮਾਂ ਨੇ ਦਮ ਤੋੜ ਦਿੱਤਾ। ਇਨਸਾਨੀਅਤ ਸ਼ਰਮਸਾਰ ਹੋ ਚੁੱਕੀ ਹੈ। ਜੇਲ੍ਹਾਂ ਵਿਚ ਲਗਾਤਾਰ ਨਸ਼ਿਆਂ ਦੀ ਹੋ ਰਹੀ ਸਪਲਾਈ ਰੁਕਣ ਦਾ ਨਾਂਅ ਨਹੀਂ ਲੈ ਰਹੀ ਹੈ। ਹਾਲਾਂਕਿ ਸੂਬਾ ਸਰਕਾਰ ਰਾਹੀਂ ਪਤਾ ਨਹੀਂ ਕਿੰਨੇ ਹੀ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਸ਼ਾ ਸਪਲਾਈ ਕਰਨ ਵਾਲੇ ਅਨਸਰਾਂ ਨੂੰ ਲਗਾਤਾਰ ਨੱਥ ਪਾਈ ਜਾ ਰਹੀ ਹੈ।
ਬੇਰੁਜ਼ਗਾਰੀ ਕਾਰਨ ਵੀ ਨੌਜਵਾਨੀ ਨਸ਼ਿਆਂ ਵਿਚ ਗ੍ਰਸਤ ਹੋ ਰਹੀ ਹੈ। ਨਸ਼ਿਆਂ ਤੋਂ ਬਚਣ ਲਈ ਮਾਂ-ਪਿਉ ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਭੇਜ ਰਹੇ ਹਨ। ਨੌਜਵਾਨੀ ਆਉਣ ਵਾਲੇ ਸਮੇਂ ਦਾ ਭਵਿੱਖ ਹੈ। ਅੱਜ ਨੌਜਵਾਨੀ ਨੂੰ ਬਚਾਉਣ ਦੀ ਲੋੜ ਹੈ।


-ਸੰਜੀਵ ਸਿੰਘ ਸੈਣੀ
ਮੁਹਾਲੀ


ਨੈਤਿਕ ਕਦਰਾਂ ਕੀਮਤਾਂ
ਨੈਤਿਕ ਕਦਰਾਂ ਕੀਮਤਾਂ ਮਨੁੱਖ ਨੂੰ ਸੱਭਿਅਕ ਬਣਾਉਂਦੀਆਂ ਹਨ। ਮਨੁੱਖ ਦੇ ਫ਼ਰਜ਼, ਉਸ ਦੇ ਸੰਸਕਾਰ, ਉਸ ਦਾ ਵਿਵਹਾਰ ਆਦਿ ਨੈਤਿਕ ਕਦਰਾਂ ਕੀਮਤਾਂ ਦੇ ਦਾਇਰੇ ਵਿਚ ਆਉਂਦੇ ਹਨ। ਇਸ ਦੇ ਨਾਲ ਹੀ ਪਰਿਵਾਰਕ ਜੀਵਨ ਵਿਚ ਬਜ਼ੁਰਗਾਂ ਦਾ ਸਤਿਕਾਰ, ਵੱਡਿਆਂ ਦੇ ਹੁਕਮ ਦੀ ਪਾਲਣਾ, ਛੋਟਿਆਂ ਨੂੰ ਪਿਆਰ ਅਤੇ ਵੱਡੇ ਦਾ ਸਨਮਾਨ ਇਹ ਸਭ ਵੀ ਕਦਰਾਂ ਕੀਮਤਾਂ ਵਿਚ ਆਉਂਦਾ ਹੈ। ਪਰ ਅੱਜ ਇਸ ਵਿਚ ਬੜੀ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ। ਜਿਸ ਦਾ ਮੁੱਖ ਕਾਰਨ ਮਨੁੱਖ ਦੇ ਪੰਜ ਵਿਸ਼ੇ-ਵਿਕਾਰ ਹਨ। ਅੱਜ ਮਨੁੱਖ ਸਿਰਫ਼ ਪੈਸੇ ਦਾ ਪੁਜਾਰੀ ਹੋ ਕੇ ਰਹਿ ਗਿਆ ਹੈ। ਇਸ ਨਾਲ ਪਰਿਵਾਰਾਂ ਵਿਚ ਪਹਿਲਾਂ ਵਰਗਾ ਮੋਹ-ਪਿਆਰ ਤੇ ਰਿਸ਼ਤਿਆਂ ਦਾ ਨਿੱਘ ਨਹੀਂ ਰਿਹਾ। ਅੱਜ ਮਨੁੱਖ ਦੀਆਂ ਮਰ ਚੁੱਕੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਮੁੜ ਤੋਂ ਸੁਰਜੀਤ ਕਰਨ ਦੀ ਲੋੜ ਹੈ। ਇਸ ਲਈ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਨ ਅਤੇ ਵਿਸ਼ੇ-ਵਿਕਾਰਾਂ 'ਤੇ ਕਾਬੂ ਪਾਏ। ਆਪਣੀਆਂ ਲੋੜਾਂ, ਇੱਛਾਵਾਂ ਨੂੰ ਆਪਣੀ ਸਮਰੱਥਾ ਅਨੁਸਾਰ ਹੀ ਪੂਰਾ ਕਰੇ ਅਤੇ ਰਿਸ਼ਤਿਆਂ ਦਾ ਨਿੱਘ ਤੇ ਉਨ੍ਹਾਂ ਦੀ ਪਵਿੱਤਰਤਾ ਨੂੰ ਕਾਇਮ ਰੱਖੇ।


-ਗੌਰਵ ਮੁੰਜਾਲ ਮੁਹਾਲੀ


ਕਿੱਤਾ ਮੁਖੀ ਸਿੱਖਿਆ ਦੀ ਆੜ ਹੇਠ
ਕੇਂਦਰੀ ਮਾਧਮਿਕ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਵਲੋਂ ਵਿਦਿਅਕ ਵਰ੍ਹੇ 2023-24 ਦੌਰਾਨ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਬੱਚਿਆਂ ਦੀ ਪੜ੍ਹਾਈ ਦੇ ਵਿਸ਼ੇ ਸਬੰਧੀ ਲਏ ਫ਼ੈਸਲੇ ਅਨੁਸਾਰ ਉਨ੍ਹਾਂ ਕੋਲੋਂ ਛੇਵੇਂ ਵਿਸ਼ੇ ਵਜੋਂ ਆਪਣੀ ਮਾਂ-ਬੋਲੀ ਪੜ੍ਹਨ ਦਾ ਅਧਿਕਾਰ ਖੁਸਣ ਦਾ ਡਰ ਹੈ। ਸੀ.ਬੀ.ਐਸ.ਈ. ਵਲੋਂ 2 ਜਨਵਰੀ ਨੂੰ ਜਾਰੀ ਕੀਤੇ ਗਏ ਸਰਕੂਲਰ ਅਨੁਸਾਰ ਸੀ.ਬੀ. ਐਸ.ਈ. ਨੇ ਭਾਰਤ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਦੀ ਆੜ ਲੈ ਕੇ ਕਿੱਤਾ ਮੁਖੀ ਸਿੱਖਿਆ ਦਾ ਇਕ ਵਿਸ਼ਾ ਸ਼ੁਰੂ ਕੀਤਾ ਹੈ। ਇਹ ਵਿਸ਼ਾ ਪਹਿਲਾਂ ਨੌਵੀਂ ਤੋਂ ਬਾਰ੍ਹਵੀਂ ਦੀਆਂ ਜਮਾਤਾਂ ਵਿਚ ਪੜ੍ਹਾਇਆ ਜਾ ਰਿਹਾ ਸੀ। ਹੁਣ ਇਹ ਕਿੱਤਾ ਮੁਖੀ ਕੋਰਸ 6ਵੀਂ 7ਵੀਂ 8ਵੀਂ ਵਿਚ ਵੀ ਬੱਚੇ ਲੈ ਸਕਦੇ ਹਨ। ਛੇ ਲਾਜ਼ਮੀ ਵਿਸ਼ਿਆਂ ਵਿਚ ਕਿੱਤਾ ਮੁਖੀ ਕੋਰਸ ਦਾ ਛੇਵਾਂ ਨੰਬਰ ਹੈ। ਦਸਵੀਂ ਬੋਰਡ ਦੇ ਇਮਤਿਹਾਨ ਵਿਚ ਇਨ੍ਹਾਂ ਛੇਆਂ ਵਿਸ਼ਿਆਂ ਦੇ ਨੰਬਰ ਜੁੜਨਗੇ। ਮਾਤ ਭਾਸ਼ਾ ਦਾ ਸੱਤਵਾਂ ਨੰਬਰ ਹੈ।
ਵਿੱਦਿਅਕ ਵਰ੍ਹੇ 2023-24 ਲਈ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਹਿੰਦੀ ਨੂੰ ਛੱਡ ਕੇ ਬਾਕੀ ਭਾਰਤੀ ਭਾਸ਼ਾਵਾਂ ਦੀ ਹੋਂਦ ਮੁਕਾਉਣ ਲਈ ਇਹ ਉਪਰਾਲਾ ਕੰਮ ਆ ਸਕਦਾ ਹੈ। ਇਸ ਸਰਕੂਲਰ ਰਾਹੀਂ ਸਾਰੀਆਂ ਖੇਤਰੀ ਭਾਸ਼ਾਵਾਂ ਦੀ ਪੜ੍ਹਾਈ ਅਤੇ ਰੁਜ਼ਗਾਰ ਦੇ ਭਵਿੱਖ ਨੂੰ ਖਤਰਾ ਪੈਦਾ ਹੋਣ ਦਾ ਖਦਸ਼ਾ ਭਾਸ਼ਾ ਮਾਹਿਰ ਜਤਾ ਰਹੇ ਹਨ। ਇਸ ਚਿੱਠੀ ਜਾਂ ਸਰਕੂਲਰ ਦੇ ਲਾਗੂ ਹੋਣ ਤੋਂ ਬਾਅਦ ਜ਼ਿਆਦਾਤਰ ਸੀ.ਬੀ.ਐਸ.ਈ. ਮਾਨਤਾ ਪ੍ਰਾਪਤ ਸਕੂਲਾਂ 'ਚ ਪੰਜਾਬੀ, ਮਰਾਠੀ, ਮਲਿਆਲੀ, ਕੰਨੜ, ਉਰਦੂ, ਬੰਗਾਲੀ, ਸੰਸਕ੍ਰਿਤ, ਤਮਿਲ, ਗੁਜਰਾਤੀ, ਆਦਿਕ ਭਾਸ਼ਾਵਾਂ ਦੇ ਯੋਗ ਅਧਿਆਪਕਾਂ ਦੀ ਲੋੜ ਨਾਮਾਤਰ ਰਹਿ ਜਾਵੇਗੀ ਅਤੇ ਕਾਲਜਾਂ ਵਿਚ ਵੀ ਇਨ੍ਹਾਂ ਭਾਸ਼ਾਵਾਂ ਨੂੰ ਪੜ੍ਹਨ ਦੇ ਵਿਦਿਆਰਥੀਆਂ ਨੂੰ ਲੱਭਣਾ ਔਖਾ ਹੋ ਜਾਵੇਗਾ। ਜਿਸ ਦਾ ਸਿੱਧਾ ਅਸਰ ਯੂਨੀਵਰਸਿਟੀ 'ਚ ਇਨ੍ਹਾਂ ਭਾਸ਼ਾਵਾਂ ਦੇ ਵਿਭਾਗ ਖਤਮ ਹੋਣ ਉਤੇ ਵੀ ਪੈ ਸਕਦਾ ਹੈ। ਕਿਉਂਕਿ ਸੀ.ਬੀ.ਐਸ.ਈ. ਨੇ ਕਿੱਤਾ ਮੁਖੀ ਕੋਰਸਾਂ ਨੂੰ ਹੁਣ ਛੇਵੇਂ ਵਿਸ਼ੇ ਵਜੋਂ ਮਾਨਤਾ ਦੇ ਕੇ ਇਨ੍ਹਾਂ ਭਾਸ਼ਾਵਾਂ ਨੂੰ ਸੱਤਵੇਂ ਵਿਸ਼ੇ ਵਜੋਂ ਮਾਨਤਾ ਦੇ ਦਿੱਤੀ ਹੈ। ਕਿੱਤਾ ਮੁਖੀ ਕੋਰਸਾਂ ਨੂੰ 5 ਉੱਤਮ ਵਿਸ਼ਿਆਂ 'ਚ ਸ਼ਾਮਿਲ ਕਰਕੇ ਇਸ ਨੂੰ ਵਿਗਿਆਨ, ਸਮਾਜਿਕ ਵਿਗਿਆਨ, ਹਿਸਾਬ, ਹਿੰਦੀ ਅਤੇ ਅੰਗਰੇਜ਼ੀ ਵਿਸ਼ੇ ਦੇ ਬਰਾਬਰ ਵਜ਼ਨਦਾਰ ਬਣਾ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਹੁਣ ਕੋਈ ਵਿਦਿਆਰਥੀ ਸਤਵੇਂ ਵਿਸ਼ੇ ਨੂੰ ਪੜ੍ਹਨ ਲਈ ਤਿਆਰ ਨਹੀਂ ਹੋਵੇਗਾ ਅਤੇ ਮਾਪੇ ਵੀ ਨਹੀਂ ਚਾਹੁਣਗੇ ਕਿ ਉਨ੍ਹਾਂ ਦਾ ਬੱਚਾ ਉਹ ਵਿਸ਼ਾ ਪੜ੍ਹੇ ਜਿਸ ਵਿਚ ਰੁਜ਼ਗਾਰ ਨਹੀਂ ਹੈ, ਜਿਸ ਕਰਕੇ ਇਨ੍ਹਾਂ ਭਾਸ਼ਾਵਾਂ 'ਚ ਪੈਦਾ ਹੋਣ ਵਾਲੇ ਰੁਜ਼ਗਾਰ ਉਤੇ ਵੀ ਸੰਕਟ ਪੈਦਾ ਹੋ ਜਾਵੇਗਾ। ਬੋਰਡ ਵਲੋਂ ਲਿਖੇ ਪੱਤਰ ਅਨੁਸਾਰ ਸਕੂਲਾਂ ਨੂੰ ਇਕ ਹੋਰ ਸੁਵਿਧਾ ਦਿੱਤੀ ਗਈ ਹੈ ਕਿ ਇਹ ਕਿੱਤਾ ਮੁਖੀ ਕੋਰਸ ਬੱਚੇ ਆਨਲਾਈਨ ਵੀ ਪੜ੍ਹ ਸਕਦੇ ਹਨ। ਇਸ ਦੇ ਵੱਖਰੇ ਤੌਰ 'ਤੇ ਅਧਿਆਪਕ ਰੱਖਣ ਦੀ ਲੋੜ ਨਹੀਂ ਹੈ, ਜਿਹੜੇ ਅਧਿਆਪਕ ਪੜ੍ਹਾ ਰਹੇ ਹਨ ਉਨ੍ਹਾਂ ਨੂੰ ਟਰੇਨਿੰਗ ਦੇ ਕੇ ਇਹ ਵਿਸ਼ਾ ਪੜ੍ਹਾਉਣ ਨੂੰ ਕਿਹਾ ਜਾਂਦਾ ਹੈ। ਸਕੂਲਾਂ ਵਿਚ ਬਣੇ ਹਾਬੀ ਕਲੱਬ ਵੀ ਇਸ ਵਿਸ਼ੇ ਨੂੰ ਪੜ੍ਹਾਉਣ ਲਈ ਵਰਤੇ ਜਾ ਸਕਦੇ ਹਨ। ਇਸ ਵਿਸ਼ੇ ਵਿਚ 70 ਫ਼ੀਸਦੀ ਨੰਬਰ ਪ੍ਰੈਕਟੀਕਲ ਦੇ ਹੋਣਗੇ ਜਾਂ ਪ੍ਰੋਜੈਕਟ ਦੇ, ਅਤੇ 30 ਫ਼ੀਸਦੀ ਨੰਬਰ ਲਿਖਤੀ ਰੂਪ ਵਿਚ ਪੇਪਰ ਦੇ, ਜੋ ਕਿ ਸਕੂਲ ਵਲੋਂ ਲਿਆ ਜਾਵੇਗਾ ਅਤੇ ਸਕੂਲ ਵਲੋਂ ਬੱਚਿਆਂ ਦੇ ਪੇਪਰ ਦੇ ਨੰਬਰ ਬੋਰਡ ਨੂੰ ਭੇਜੇ ਜਾਣਗੇ। ਖੇਤਰੀ ਭਾਸ਼ਾਵਾਂ ਦੀ ਪੜ੍ਹਾਈ ਸਕੂਲਾਂ ਵਿਚ ਹੀ ਨਹੀਂ ਸਗੋਂ ਕਾਲਜਾਂ, ਯੂਨੀਵਰਸਿਟੀਆਂ ਵਿਚ ਪੜ੍ਹਾਏ ਜਾਂਦੇ ਕੋਰਸਾਂ ਵਿਚ ਵੀ ਖ਼ਤਰੇ ਵਿਚ ਹੈ। ਭਾਰਤ ਦੀਆਂ ਖੇਤਰੀ ਭਾਸ਼ਾਵਾਂ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ, ਸੈਂਕੜੇ ਸਾਲਾਂ ਦਾ ਸਾਹਿਤ ਇਨ੍ਹਾਂ ਵਿਚ ਸਮੋਇਆ ਪਿਆ ਏਧਰ ਧਿਆਨ ਦਿੱਤਾ ਜਾਵੇ। ਨਹੀਂ ਤਾਂ ਅੱਗੋਂ ਉਹ ਪੀੜ੍ਹੀ ਆ ਜਾਵੇਗੀ ਜਿਹੜੀ ਕਹੇਗੀ ਕਿ ਅਸੀਂ ਪੰਜਾਬੀ ਪੜ੍ਹ ਨਹੀਂ ਸਕਦੇ, ਲਿਖ ਨਹੀਂ ਸਕਦੇ, ਬੋਲ ਨਹੀਂ ਸਕਦੇ, ਸਿਰਫ਼ ਸੁਣ ਕੇ ਸਮਝ ਸਕਦੇ ਹਾਂ।


-ਰਿਪਨਜੋਤ ਕੌਰ ਸੋਨੀ ਬੱਗਾ

16-02-2023

 ਪਤੰਗਬਾਜ਼ੀ ਤੇ ਚਾਈਨਾ ਡੋਰ

ਅੱਜ-ਕੱਲ੍ਹ ਪਿੰਡ ਕੀ, ਸ਼ਹਿਰ ਕੀ, ਹਰ ਪਾਸੇ ਬੱਚਿਆਂ ਤੇ ਨੌਜਵਾਨਾਂ ਵਿਚ ਪਤੰਗਬਾਜ਼ੀ ਕਰਨ ਦਾ ਜਨੂੰਨ ਸਿਰ ਚੜ੍ਹ ਕੇ ਬੋਲ ਰਿਹਾ ਹੈ। ਛੋਟੇ-ਛੋਟੇ ਬੱਚਿਆਂ ਦੀਆਂ ਟੋਲੀਆਂ ਪਤੰਗ ਲੁੱਟਣ ਲਈ ਭਾਰੀ ਸਰਦੀ ਵਿਚ ਸੜਕਾਂ ਤੇ ਗਲੀਆਂ ਵਿਚ ਨੰਗੇ ਪੈਰ ਘੁੰਮਦੀਆਂ ਰਹਿੰਦੀਆਂ ਨੇ, ਪਰ ਸਭ ਤੋਂ ਵੱਡੀ ਖ਼ਤਰੇ ਵਾਲੀ ਗੱਲ ਇਹ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਸਾਡੇ ਬਾਜ਼ਾਰਾਂ ਵਿਚ ਚਾਈਨਾ ਡੋਰ ਦਾ ਇਸਤੇਮਾਲ ਬਹੁਤ ਵਧ ਗਿਆ ਹੈ, ਜੋ ਕਿ ਬੱਚਿਆਂ ਤੇ ਪੰਛੀਆਂ ਲਈ ਬਹੁਤ ਖ਼ਤਰਨਾਕ ਸਿੱਧ ਹੋ ਰਹੀ ਹੈ। ਇਸ ਡੋਰ ਦੇ ਇਸਤੇਮਾਲ ਕਾਰਨ ਬਹੁਤ ਸਾਰੇ ਬੇਜ਼ੁਬਾਨਾਂ ਦੀ ਮੌਤ ਹੋ ਜਾਂਦੀ ਹੈ। ਚਾਈਨਾ ਡੋਰ ਕਰਕੇ ਸੜਕਾਂ 'ਤੇ ਬਹੁਤ ਸਾਰੇ ਹਾਦਸੇ ਹੁੰਦੇ ਹਨ ਜਿਨ੍ਹਾਂ ਵਿਚ ਕਈ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ। ਇਹ ਡੋਰ ਆਮ ਡੋਰਾਂ ਨਾਲੋਂ ਬਹੁਤ ਹੀ ਖ਼ਤਰਨਾਕ ਤੇ ਮਹਿੰਗੀ ਹੈ ਪਰ ਇਸ ਦੇ ਬਾਵਜੂਦ ਇਹ ਡੋਰ ਬਾਜ਼ਾਰ ਵਿਚ ਧੜੱਲੇ ਨਾਲ ਵਿਕ ਰਹੀ ਹੈ ਜੋ ਕਿ ਕੇਵਲ ਪ੍ਰਸ਼ਾਸਨ ਤੇ ਸਰਕਾਰ ਦੇ ਸਹੀ ਕਦਮ ਨਾ ਚੁੱਕਣ ਦਾ ਨਤੀਜਾ ਹੈ। ਸਾਨੂੰ ਸਭ ਨੂੰ ਸਰਕਾਰ ਤੋਂ ਉਮੀਦਾਂ ਛੱਡ ਕੇ ਆਪ ਹੀ ਅੱਗੇ ਵਧ ਕੇ ਇਸ ਚਾਈਨਾ ਡੋਰ ਦਾ ਬਾਈਕਾਟ ਕਰਨ ਦੀ ਜ਼ਰੂਰਤ ਹੈ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਵਿਚ ਬੇਜ਼ੁਬਾਨਾਂ ਨੂੰ ਬੇਮੌਤ ਮਾਰੇ ਜਾਣ ਤੋਂ ਬਚਾ ਸਕੀਏ ਤੇ ਇਸ ਡੋਰ ਕਾਰਨ ਹੋ ਰਹੇ ਹਾਦਸਿਆਂ ਨੂੰ ਰੋਕ ਸਕੀਏ।

-ਸਾਕਸ਼ੀ ਸ਼ਰਮਾ,
ਜਲੰਧਰ

ਸੜਕ ਹਾਦਸੇ

ਬੀਤੇ ਦਿਨੀਂ 'ਅਜੀਤ' ਵਿਚ ਨਵਤੇਜ ਸਿੰਘ ਦੀ ਛਪੀ ਰਚਨਾ 'ਤੇਜ਼ ਰਫ਼ਤਾਰ ਕਾਰਨ ਵਧ ਰਹੀ ਸੜਕ ਹਾਦਸਿਆਂ ਦੀ ਗਿਣਤੀ' ਪੜ੍ਹੀ। ਜਿਸ ਵਿਚ ਲੇਖਕ ਨੇ ਤੇਜ਼ ਰਫ਼ਤਾਰ ਵਾਹਨ ਚਲਾਉਣ ਨਾਲ ਵਾਪਰ ਰਹੇ ਸੜਕ ਹਾਦਸਿਆਂ ਬਾਰੇ ਵਿਸਥਾਰ ਨਾਲ ਲਿਖ ਚਿੰਤਾ ਜਤਾਈ ਹੈ। ਸੜਕ ਹਾਦਸਿਆਂ ਬਾਰੇ ਦੇਸ਼ ਦੇ ਛੇ ਰਾਜਾਂ 'ਚ ਇਕ ਤਜਰਬੇ ਵਜੋਂ ਜੋ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ, ਇਕ ਚੰਗਾ ਉਪਰਾਲਾ ਹੈ। ਠੀਕ ਹੈ ਸਰਕਾਰਾਂ ਤੇ ਉਪਰਾਲੇ ਕਰਦੀਆਂ ਹੀ ਹਨ ਇਸ ਦੇ ਨਾਲ ਆਮ ਨਾਗਰਿਕ ਨੂੰ ਵੀ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਮੈਂ ਆਪਣੀ ਪੁਲਿਸ ਦੀ ਨੌਕਰੀ 'ਚ ਦੇਖਿਆ ਹੈ ਅਕਸਰ ਤੇਜ਼ ਰਫ਼ਤਾਰ, ਸ਼ਰਾਬ ਪੀ ਕੇ ਡਰਾਈਵਿੰਗ ਕਰਨੀ, ਓਵਰਟੇਕਿੰਗ, ਹੈੱਲਮਟ, ਸੀਟ ਬੈਲਟ ਦਾ ਇਸਤੇਮਾਲ ਨਾ ਕਰਨਾ, ਓਵਰਲੋਡਿੰਗ, ਰੌਂਗ ਸਾਈਡ, ਨਾਬਾਲਗ ਬੱਚਿਆਂ ਵਲੋਂ ਵਹੀਕਲ ਚਲਾਉਣਾ, ਟ੍ਰੈਫ਼ਿਕ ਦੇ ਨਿਯਮ ਦੀ ਪਾਲਣਾ ਨਾ ਕਰਨਾ ਆਦਿ ਹਾਦਸਿਆਂ ਦੇ ਕਾਰਨ ਬਣਦੇ ਹਨ। ਕਈ ਲੋਕ ਜਿਨ੍ਹਾਂ ਨੇ ਹੈੱਲਮਟ ਤੇ ਸੀਟ ਬੈਲਟ ਲਗਾਈ ਸੀ ਮੌਤ ਦੇ ਮੂੰਹ ਤੋਂ ਬਚੇ ਹਨ। ਜਿੰਨਾ ਚਿਰ ਆਮ ਨਾਗਰਿਕ ਬਾਹਰਲੇ ਮੁਲਕਾਂ ਵਾਂਗ ਜਾਗਰੂਕ ਨਹੀਂ ਹੁੰਦਾ ਇਹ ਹਾਦਸੇ ਹੁੰਦੇ ਰਹਿਣਗੇ। ਇਸ ਵਾਸਤੇ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਨੂੰ ਮਿਲ ਕੇ ਪ੍ਰਭਾਵਸ਼ਾਲੀ ਯੋਜਨਾ ਤਿਆਰ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਸਕੂਲ ਪੱਧਰ 'ਤੇ ਕਾਲਜ ਪੱਧਰ 'ਤੇ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਸਮੇਂ-ਸਮੇਂ ਸਿਰ ਸਰਕਾਰਾਂ ਨੂੰ ਇਸ ਸੰਬੰਧੀ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ ਇੰਸਪੈਕਟਰ ਪੁਲਿਸ।

ਨੈਸ਼ਨਲ ਡਿਜੀਟਲ ਲਾਇਬ੍ਰੇਰੀ

ਇਸ ਸਾਲ ਦੇ ਕੇਂਦਰੀ ਬਜਟ ਵਿਚ ਨੈਸ਼ਨਲ ਡਿਜੀਟਲ ਲਾਇਬ੍ਰੇਰੀ ਦੀ ਸਥਾਪਨਾ ਸ਼ਲਾਘਾਪੂਰਨ ਕਦਮ ਹੈ। ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਵਲੋਂ ਬਜਟ ਵਿਚ ਬੱਚਿਆਂ ਅਤੇ ਨੌਜਵਾਨਾਂ ਲਈ ਕੌਮੀ ਡਿਜੀਟਲ ਲਾਇਬ੍ਰੇਰੀ ਸਥਾਪਿਤ ਕਰਨ ਦਾ ਐਲਾਨ ਇਕ ਵਧੀਆ ਉਪਰਾਲਾ ਹੈ। ਇਸ ਨਾਲ ਦੇਸ਼ ਦੇ ਹਰ ਕੋਨੇ ਵਿਚ ਬੈਠੇ ਵਿਦਿਆਰਥੀ ਇਸ ਦਾ ਲਾਭ ਲੈ ਸਕਦੇ ਹਨ। ਇਸ ਡਿਜੀਟਲ ਲਾਇਬ੍ਰੇਰੀ ਵਿਚ ਹਰ ਉਮਰ ਦੇ ਹਿਸਾਬ ਨਾਲ ਕਿਤਾਬਾਂ ਉਪਲਬਧ ਹੋਣਗੀਆਂ ਜਿਸ ਵਿਚ ਆਡਿਓ ਤੇ ਵੀਡੀਓ ਵੀ ਸ਼ਾਮਿਲ ਹਨ। ਜਿਸ ਦਾ ਵਿਦਿਆਰਥੀ ਲਾਭ ਲੈ ਸਕਦੇ ਹਨ। ਜੋ ਕਿ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ।

-ਗੌਰਵ ਮੁੰਜਾਲ, ਮੁਹਾਲੀ

ਧੀ ਜੰਮਣ ਦਾ ਦੁੱਖ ਕਿਉਂ?

ਅੱਜ ਧੀ ਜੰਮਣ ਦਾ ਦੁੱਖ ਮਾਂ-ਬਾਪ ਨੂੰ ਕਿਤੇ ਨਾ ਕਿਤੇ ਵਿਆਹ ਸਮੇਂ ਦੇਣ ਵਾਲੇ ਦਾਜ ਤੋਂ ਇਲਾਵਾ ਹੋਰ ਪਾਸਿਉਂ ਵੀ ਹੈ, ਸਕੂਲ ਸਿੱਖਿਆ ਤਕ ਤਾਂ ਬੇਟੀ ਦੀ ਪੜ੍ਹਾਈ ਦਾ ਸਮਾਂ ਲੰਘ ਜਾਂਦਾ ਹੈ, ਪਰ ਕਾਲਜ ਭੇਜਣ ਸਮੇਂ ਰਸਤੇ ਵਿਚ ਜਦੋਂ ਧੀ ਨੂੰ ਨਸ਼ੇੜੀਆਂ ਤੇ ਆਵਾਰਾ ਮੁੰਡਿਆਂ ਦੀਆਂ ਗ਼ਲਤ ਹਰਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਸ ਧੀ ਦੇ ਮਾਂ-ਬਾਪ ਕਿਤੇ ਨਾ ਕਿਤੇ ਕੁੱਖ ਵਿਚ ਨਾ ਮਾਰਨ ਦੀ ਕੀਤੀ ਗ਼ਲਤੀ ਨੂੰ ਸ਼ਾਇਦ ਪਛਤਾਵੇ ਦੇ ਰੂਪ ਵਿਚ ਦੇਖਦੇ ਨੇ, ਹੱਦ ਤਾਂ ਉਸ ਸਮੇਂ ਹੋ ਜਾਂਦੀ ਹੈ, ਜਦੋਂ ਭੇੜੀਏ ਰੂਪੀ ਦੈਂਤ ਇਨਸਾਨ ਬਾਲੜੀਆਂ ਨਾਲ ਗ਼ਲਤ ਹਰਕਤਾਂ ਕਰਕੇ ਇਸ ਸਮਾਜ ਨੂੰ ਸ਼ਰਮਿੰਦਾ ਕਰ ਦਿੰਦੇ ਨੇ। ਸਾਨੂੰ ਹਮੇਸ਼ਾ ਧੀਆਂ ਨੂੰ ਪੂਰਾ ਮਾਣ ਤੇ ਸਤਿਕਾਰ ਦੇਣਾ ਚਾਹੀਦਾ ਹੈ। ਭਾਵੇਂ ਸਾਡੀਆਂ ਮੌਕੇ ਦੀਆਂ ਸਰਕਾਰਾਂ ਵਲੋਂ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ, ਪਰ ਇਸ 'ਤੇ ਕਾਬੂ ਪਾਉਣ ਲਈ ਅਜੇ ਹੋਰ ਸਖ਼ਤ ਕਦਮ ਚੁੱਕਣ ਦੀ ਜ਼ਰੂਰਤ ਹੈ, ਤਾਂ ਜੋ ਧੀਆਂ ਦੀ ਪੜ੍ਹਾਈ ਦੀ ਆਜ਼ਾਦੀ ਨੂੰ ਬਰਕਰਾਰ ਰੱਖਿਆ ਜਾ ਸਕੇ।

-ਕੰਵਰਦੀਪ ਸਿੰਘ ਭੱਲਾ
ਬ੍ਰਾਂਚ ਮੈਨੇਜਰ ਢੋਲਵਾਹਾ ਕੇਂਦਰੀ ਸਹਿਕਾਰੀ ਬੈਂਕ
ਪਿੱਪਲਾਂ ਵਾਲਾ (ਹੁਸ਼ਿਆਰਪੁਰ)

15-02-2023

 ਕਾਲਜੀਅਮ ਪ੍ਰਣਾਲੀ : ਊਣਤਾਈਆਂ ਅਤੇ ਸੁਧਾਰ

ਡਾ. ਬਰਜਿੰਦਰ ਸਿੰਘ ਹਮਦਰਦ ਹੁਰਾਂ 26 ਜਨਵਰੀ ਦੇ ਆਪਣੀ ਸੰਪਾਦਕੀ ਵਿਚ ਸੁਪਰੀਮ ਕੋਰਟ ਅਤੇ ਕੇਂਦਰ ਸਰਕਾਰ ਵਿਚਕਾਰ ਚਲ ਰਹੇ ਵਿਵਾਦ ਤੇ ਅਤਿਅੰਤ ਪ੍ਰੋੜ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ। ਕਾਰਜਪਾਲਿਕਾ ਅਤੇ ਨਿਆਂ-ਪਾਲਿਕਾ ਵਿਚਕਾਰ ਵਰਤਮਾਨ ਸਮੇਂ ਜੱਜਾਂ ਦੀ ਨਿਯੁਕਤੀ 'ਤੇ ਚਲ ਰਿਹਾ ਰੇੜਕਾ ਅਤੇ ਵਿਵਾਦ ਜਿੰਨੀ ਦੇਰ ਮਰਿਆਦਾ ਸੀਮਾ ਅੰਦਰ ਰਹੇ, ਲੋਕਤੰਤਰ ਲਈ ਸਿਹਤਮੰਦ ਹੈ, ਪ੍ਰੰਤੂ ਇਸ ਮਸਲੇ ਦਾ ਜਲਦੀ ਨਿਪਟਾਰਾ ਵੀ ਜ਼ਰੂਰੀ ਹੈ। ਭਾਰਤੀ ਸੰਵਿਧਾਨ ਲਿਖਤੀ ਰੂਪ ਵਿਚ ਵਿਸ਼ਾਲ ਹੋਣ ਦੇ ਬਾਵਜੂਦ ਕਈ ਊਣਤਾਈਆਂ ਵੀ ਸਮੋਈ ਬੈਠਾ ਹੈ। ਕਾਲਜੀਅਮ ਪ੍ਰਣਾਲੀ-ਸੰਵਿਧਾਨ ਦੀ ਦੇਣ ਨਹੀਂ ਹੈ। ਇਸੇ ਕਾਰਨ ਵਰਤਮਾਨ ਸਮੇਂ ਤੋਂ ਇਲਾਵਾ ਇਹ ਪਿਛੋਕੜ ਵਿਚ ਵੀ ਵਿਵਾਦਾਂ ਦੀ ਜੜ੍ਹ ਰਹੀ ਹੈ। ਕਾਲਜੀਅਮ ਦੀ ਰਚਨਾ 'ਤੇ ਬਹੁਤ ਕੁਝ ਮੁਨੱਸਰ ਕਰਦਾ ਹੈ। ਸੰਪਾਦਕ ਦਾ ਸੁਝਾਅ ਕਿ 'ਕਾਲਜੀਅਮ' ਵਿਚ ਸਾਂਝੀ-ਸੰਸਦੀ ਕਮੇਟੀ ਦੇ ਮੈਂਬਰ, ਨਿਆਂਪਾਲਿਕਾ ਅਤੇ ਕਾਰਜਪਾਲਿਕਾ ਦੇ ਸੂਝਵਾਨ ਮੈਂਬਰ ਅਤੇ ਨਿਆਇਕ ਖੇਤਰ ਦੀਆਂ ਆਹਲਾ ਦਿਮਾਗ ਹਸਤੀਆਂ ਨੂੰ ਜਗ੍ਹਾ ਦਿੱਤੀ ਜਾਵੇ, ਵਿਚਾਰਨਯੋਗ ਹੈ।

-ਸ਼ਸ਼ੀ ਭੂਸ਼ਨ
ਗੁਰੂ ਹਰਿਕ੍ਰਿਸ਼ਨ ਨਗਰ, ਖੰਨਾ-141401.

ਕੈਨੇਡਾ ਸਰਕਾਰ ਬਨਾਮ ਨਸ਼ੇ

ਕੈਨੇਡਾ ਸਰਕਾਰ ਵਲੋਂ ਨਸ਼ਿਆਂ ਦੇ ਸੰਬੰਧ ਵਿਚ ਤਾਜ਼ੇ ਫ਼ੈਸਲੇ ਅਨੁਸਾਰ ਢਾਈ ਗ੍ਰਾਮ ਤੱਕ ਚਿੱਟੇ ਦੇ ਨਸ਼ੇ ਨੂੰ ਲੀਗਲ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਤਿੰਨ ਸਾਲ ਲਈ ਇਕ ਫਰਵਰੀ, 2023 ਤੋਂ ਲਾਗੂ ਕਰ ਦਿੱਤਾ ਗਿਆ ਹੈ। ਇਸ ਤੋਂ ਵੀ ਅੱਗੇ ਕੈਨੇਡਾ ਸਰਕਾਰ ਹੋਰ ਵੀ ਮਹਿੰਗੇ ਅਤੇ ਘਾਤਕ ਨਸ਼ੇ ਜਿਵੇਂ ਹੈਰੋਇਨ, ਕੋਕੀਨ, ਮਾਰਫ਼ਿਨ ਆਦਿ ਨੂੰ ਵੀ ਕੁਝ ਮਾਤਰਾ ਵਿਚ ਲੀਗਲ ਕਰਨ ਬਾਰੇ ਵਿਚਾਰ ਕਰ ਰਹੀ ਹੈ। ਤਾਜ਼ੇ ਸਰਵੇਖਣ ਅਨੁਸਾਰ ਚਿੱਟੇ ਦੀ ਓਵਰਡੋਜ਼ ਨਾਲ ਰੋਜ਼ਾਨਾ ਬ੍ਰਿਟਿਸ਼ ਕੋਲੰਬੀਆਂ ਵਿਚ 7 ਅਤੇ ਪੂਰੇ ਕੈਨੇਡਾ ਵਿਚ 20 ਮੌਤਾਂ ਹੋ ਰਹੀਾਂ ਹਨ। ਪਿਛਲੇ ਕੁਝ ਸਮੇਂ ਤੋਂ ਬ੍ਰਿਟਿਸ਼ ਕੋਲੰਬੀਆ ਅਤੇ ਕੈਨੇਡਾ ਦੇ ਕੁਝ ਹੋਰ ਇਲਾਕਿਆਂ ਵਿਚ ਨਸ਼ੇ ਨਾਲ ਸੰਬੰਧਿਤ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ। ਇਸ ਸੰਬੰਧੀ ਕੈਨੇਡਾ ਸਰਕਾਰ ਦਾ ਤਰਕ ਹੈ ਕਿ ਆਏ ਦਿਨ ਨਸ਼ਿਆਂ ਦੇ ਬਹੁਤ ਸਾਰੇ ਕੇਸ ਦਰਜ ਹੋਣ ਨਾਲ ਅਦਾਲਤਾਂ ਵਿਚ ਮੁਸ਼ਕਿਲ ਪੈਦਾ ਹੋ ਰਹੀ ਹੈ ਅਤੇ ਲੋਕਾਂ ਦਾ ਸਮਾਂ ਅਤੇ ਪੈਸਾ ਬਰਬਾਦ ਹੋ ਰਿਹਾ ਹੈ। ਪਰ ਇਥੇ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਕੈਨੇਡਾ ਵਿਚ ਬ੍ਰਿਟਿਸ਼ ਕੋਲੰਬੀਆ ਉਹ ਇਲਾਕਾ ਹੈ ਜਿਥੇ ਵੱਡੀ ਗਿਣਤੀ ਪੰਜਾਬੀਆਂ ਦੀ ਹੈ। ਇਹ ਫ਼ੈਸਲਾ ਉਦੋਂ ਆਇਆ ਹੈ ਜਦੋਂ ਬੇਰੁਜ਼ਗਾਰੀ ਅਤੇ ਨਸ਼ਿਆਂ ਤੋਂ ਸਤਾਏ ਪੰਜਾਬ ਵਾਸੀ ਆਪਣੇ ਬੱਚਿਆਂ ਨੂੰ ਕੈਨੇਡਾ ਦੇ ਜਹਾਜ਼ਾਂ ਵਿਚ ਚੜ੍ਹਾਉਣ ਲਈ ਹਰ ਯਤਨ ਕਰ ਰਹੇ ਹਨ। ਪੰਜਾਬੀ ਦੀ ਕਹਾਵਤ ਅਨੁਸਾਰ ਇਹ ਤਾਂ ਉਹ ਗੱਲ ਹੋਈ ਮੂਸਾ ਭੱਜਾ ਮੌਤ ਤੋਂ ਤੇ ਮੌਤ ਅੱਗੇ ਖੜ੍ਹੀ। ਸੋ ਵਿਸ਼ਵ ਵਿਚ ਵਸਦੇ ਪੰਜਾਬੀਆਂ ਨੂੰ ਇਸ ਬਾਰੇ ਜ਼ਰੂਰ ਚਿੰਤਾ ਕਰਨੀ ਚਾਹੀਦੀ ਹੈ।

-ਮਾਸਟਰ ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ. ਪੱਟੀ, ਤਰਨਤਾਰਨ।

ਸੜਕ ਹਾਦਸੇ

ਲੇਖਕ ਨਵਤੇਜ ਸਿੰਘ ਮੱਲ੍ਹੀ ਦੀ ਰਚਨਾ 'ਤੇਜ਼ ਰਫ਼ਤਾਰ ਕਾਰਨ ਵਧ ਰਹੀ ਸੜਕ ਹਾਦਸਿਆਂ ਦੀ ਗਿਣਤੀ' ਵਿਚ ਸੜਕ ਹਾਦਸਿਆਂ ਵਿਚ ਹੁੰਦੀਆਂ ਮੌਤਾਂ ਅਤੇ ਜ਼ਖ਼ਮੀ ਲੋਕਾਂ ਦਾ ਵੇਰਵਾ ਦਿੰਦੇ ਹੋਏ ਇਨ੍ਹਾਂ ਨੂੰ ਘਟਾਉਣ ਲਈ ਸਖ਼ਤ ਨਿਯਮ ਅਤੇ ਨਿਯਮਾਂ ਦੀ ਪਾਲਣਾ ਉੱਪਰ ਜ਼ੋਰ ਦਿੱਤਾ। ਸੜਕ ਹਾਦਸਿਆਂ ਵਿਚ ਹੁੰਦੀਆਂ ਮੌਤਾਂ ਭਾਰਤ ਦੇ ਸਮੱਸਿਆਵਾਂ ਦਾ ਅਹਿਮ ਮੁੱਦਾ ਹੋਣਾ ਚਾਹੀਦਾ ਹੈ। ਪਰ ਸਰਕਾਰ ਇਸ ਗੱਲ ਨੂੰ ਅਣਗੌਲਿਆਂ ਕਰ ਰਹੀ ਹੈ। ਜੇਕਰ ਇਸੇ ਤਰ੍ਹਾਂ ਨੌਜਵਾਨ ਹਾਦਸਿਆਂ ਦੀ ਭੇਟ ਚੜ੍ਹਦੇ ਰਹੇ ਤਾਂ ਭਾਰਤ ਦੀ ਹਾਲਾਤ ਤਰਸਯੋਗ ਹੋ ਜਾਵੇਗੀ।

-ਨਵਜੀਤ ਕੌਰ
ਸੁਲਤਾਨਪੁਰ (ਬਧਰਾਵਾਂ), ਮਾਲੇਰਕੋਟਲਾ।

ਸਮਾਰਟ ਕਾਰਡ

ਪੰਜਾਬ ਵਿਚ ਸਮਾਰਟ ਰਾਸ਼ਨ ਕਾਰਡਾਂ ਦੀ ਵਿੱਢੀ ਪੜਤਾਲ 'ਚ ਸੱਤਰ ਹਜ਼ਾਰ ਲਾਭਪਾਤਰੀ ਆਯੋਗ ਪਾਏ ਗਏ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਵਿਚ 40.68 ਲੱਖ ਸਮਾਰਟ ਰਾਸ਼ਨ ਕਾਰਡ ਹਨ, ਜਿਨ੍ਹਾਂ ਵਿਚੋਂ 9.61 ਲੱਖ ਕਾਰਡਾਂ ਦੀ ਪੜਤਾਲ ਹੋ ਚੁੱਕੀ ਹੈ ਬਾਕੀ ਹਾਲੇ ਰਹਿੰਦੇ ਹਨ। ਇਨ੍ਹਾਂ 'ਚੋਂ 7.15 ਫ਼ੀਸਦੀ ਰਾਸ਼ਨ ਕਾਰਡ ਅਯੋਗ ਨਿਕਲੇ। ਮੇਰੀ ਸਮਝ ਅਨੁਸਾਰ ਜਿਥੇ ਪਿਛਲੀਆਂ ਸਿਆਸੀ ਪਾਰਟੀਆਂ ਨੇ ਇਹ ਅਯੋਗ ਕਾਰਡ ਬਣਾਏ ਹਨ ਉਥੇ ਹੁਣ ਵਾਲੇ ਲੀਡਰਾਂ ਨੇ ਵੀ ਕੁਝ ਲੋਕਾਂ ਨਾਲ ਰਿਆਇਤ ਕੀਤੀ ਹੋ ਸਕਦੀ ਹੈ। ਨਹੀਂ ਤਾਂ ਪੰਜਾਬ ਵਿਚ ਵੀਹ ਲੱਖ ਘਰ ਵੀ ਇਹਦੇ ਹੱਕਦਾਰ ਮਸਾਂ ਹੋਣਗੇ। ਦੂਜੀ ਗੱਲ ਜੋ ਸਾਹਮਣੇ ਆਈ ਉਹ ਇਹ ਕਿ ਜਿਸ ਜ਼ਿਲ੍ਹੇ ਵਿਚ ਵੱਡੇ ਨੇਤਾ ਹਨ ਜਿਵੇਂ ਬਠਿੰਡਾ, ਉਥੇ ਵੱਧ ਅਯੋਗ ਕਾਰਡ ਬਣੇ ਹਨ। ਇਸ ਤੋਂ ਸਿੱਧ ਹੁੰਦਾ ਹੈ ਕਿ ਲੋਕ ਤਾਂ ਭਾਵੇਂ ਨਾ ਚਾਹੁੰਦੇ ਹੋਣ ਪਰ ਨੇਤਾਵਾਂ ਨੇ ਆਪਣੇ ਰਸੂਖ਼ ਨਾਲ ਵੱਧ ਬਣਾਏ ਹਨ। ਪਰ ਮਾਨ ਸਰਕਾਰ ਤੋਂ ਇਸ ਦੀ ਉਮੀਦ ਘੱਟ ਹੋਣੀ ਚਾਹੀਦੀ ਹੈ। ਹੁਣ ਦੇਖਦੇ ਹਾਂ ਕਿ ਮਾਨ ਸਰਕਾਰ ਇਸ ਮਾਮਲੇ ਵਿਚ ਅੱਗੇ ਕੀ ਕਰਦੀ ਹੈ ?

-ਜਸਕਰਨ ਲੰਡੇ
ਪਿੰਡ ਤੇ ਡਾਕ. ਲੰਡੇ, (ਮੋਗਾ)

14-02-2023

 ਧੀਆਂ ਦੀ ਸਾਰ

ਔਰਤ ਦਾ ਦਰਜਾ ਬੜਾ ਮਹਾਨ ਤੇ ਸਿਦਕ ਵਾਲਾ ਹੁੰਦਾ ਹੈ। ਮਾਤਾ ਗੁਜਰੀ ਜੀ, ਮਾਤਾ ਸਾਹਿਬ ਕੌਰ, ਬੇਬੇ ਨਾਨਕੀ ਤੇ ਮਾਈ ਭਾਗੋ ਵੀ ਕਿਸੇ ਦੀਆਂ ਧੀਆਂ ਸਨ ਇਨ੍ਹਾਂ ਦੇ ਸਮੇਂ ਵੀ ਧੀਆਂ ਮਾਰਨ ਦਾ ਰਿਵਾਜ ਬਹੁਤ ਹੀ ਸੀ। ਇਹ ਵੀ ਉੱਚ ਸੋਚਣੀ, ਦੂਰ ਅੰਦੇਸ਼ੀ, ਨਿਡਰਤਾ, ਸੂਰਬੀਰਤਾ ਦੀਆਂ ਮਾਲਕ ਸਨ। ਭਰੂਣ ਹੱਤਿਆ ਬੜਾ ਹੀ ਗੰਭੀਰ ਮਸਲਾ ਬਣ ਚੁੱਕਾ ਹੈ।
ਪਹਿਲਾਂ ਵਾਲੇ ਸਮੇਂ ਵਿਚ ਧੀਆਂ ਨੂੰ ਜਨਮ ਲੈਣ ਤੋਂ ਬਾਅਦ ਖੁੱਲੇ ਤੌੜੇ (ਰਿੜਕਣੇ) ਵਿਚ ਦੱਬ ਆਉਂਦੇ ਸਨ। ਪਰ ਅੱਜ ਜ਼ਮਾਨਾ ਬਦਲ ਗਿਆ ਹੈ। ਲੜਕੀ ਨੂੰ ਜਨਮ ਹੀ ਨਹੀਂ ਲੈਣ ਦਿੱਤਾ ਜਾਂਦਾ ਹੈ ਕੁੱਖ ਵਿਚ ਹੀ ਕਤਲ ਕਰ ਦਿੱਤਾ ਜਾਂਦਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਸਨ ''ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ'' ਭਾਵ ਜਿਸ ਔਰਤ ਨੂੰ ਅਸੀਂ ਮੰਦਾ ਬੋਲਦੇ ਹਾਂ ਉਸ ਦੀ ਕੁੱਖ ਵਿਚੋ ਪਤਾ ਨਹੀਂ ਕਿੱਡੇ ਵੱਡੇ ਜੋਧੇ, ਜਾ ਵੰਸ਼ ਨੂੰ ਉੱਚਾ ਚੁੱਕਣ ਵਾਲੇ ਨੇ ਜਨਮ ਲੈਣਾ ਹੋਵੇ। ਸਮਾਜ ਵਿਚ ਲੜਕਿਆਂ ਦੇ ਮੁਕਾਬਲੇ ਲੜਕੀਆਂ ਨਾਲ ਜਨਮ ਤੋਂ ਹੀ ਘਟੀਆ ਵਤੀਰਾ ਹੁੰਦਾ ਆ ਰਿਹਾ ਹੈ ਜਨਮ ਵੇਲੇ ਨਾ ਕੋਈ ਨਿੰਮ, ਨਾਂ ਕੋਈ ਵਧਾਈ, ਨਾ ਕੋਈ ਪਾਰਟੀ ਆਦਿ ਕਰਕੇ ਖੁਸ਼ੀ ਮਨਾਈ ਜਾਂਦੀ ਹੈ। ਲੜਕੀਆਂ ਲੜਕਿਆਂ ਦੇ ਮੁਕਾਬਲੇ ਬਹੁਤ ਹੁਸ਼ਿਆਰ ਹੋਣ ਦੇ ਬਾਵਜੂਦ ਵੀ ਇਨ੍ਹਾਂ ਦੀ ਪੜ੍ਹਾਈ 'ਤੇ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ।ਪਰ ਕਈ ਕਹਿੰਦੇ ਸੁਣੇ ਆ ਕਿ ਲੜਕੀ ਨੂੰ ਬਹੁਤਾ ਪੜ੍ਹਾਉਣਾ ਠੀਕ ਨਹੀਂ ਹੈ। ਜ਼ਮਾਨਾ ਖਰਾਬ ਹੈ ਇਹ ਪੁਰਾਤਨਬਾਦੀ ਸੋਚ ਕਦੋਂ ਤੱਕ ਸਾਡੇ ਨਾਲ ਤੁਰੀ ਜਾਵੇਗੀ। ਧੀਆਂ ਵਾਲਿਓ ਕਦੇ ਕਿਸੇ ਧੀ ਦੀ ਸਾਰ ਲਈ ਹੈ ਸਿਰਫ ਦਾਜ ਲੈਣ ਨਾਲ ਹੀ ਫਰਜ਼ ਪੂਰਾ ਨਹੀਂ ਹੋ ਜਾਂਦਾ। ਉਸ ਦੇ ਹਰ ਦੁੱਖ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਉਸ ਦਾ ਹਰ ਦੁੱਖ ਸੁੱਖ ਆਪਣੇ ਪਰਿਵਾਰ ਵਿਚ ਹੱਲ ਕਰੋ।

-ਸ਼ਮਿੰਦਰਪਾਲ ਕੌਰ
ਬਰਨਾਲਾ

ਤਬਾਹੀ ਦੀ ਦਸਤਕ

ਕੁਦਰਤ ਆਪਣੀ ਬੁੱਕਲ ਵਿਚ ਬਹੁਤ ਕੁਝ ਸਮੋਈ ਬੈਠੀ ਹੈ। ਕੁਦਰਤ ਬੜੀ ਬਲਵਾਨ ਹੈ। ਕੁਦਰਤ ਨੇ ਮਨੁੱਖ ਨੂੰ ਬਹੁਤ ਕੁਝ ਦਿਖਾ ਦਿੱਤਾ ਹੈ। ਪਰ ਮਨੁੱਖ ਕੁਦਰਤ ਪ੍ਰਤੀ ਹਮੇਸ਼ਾ ਆਵੇਸਲਾ ਹੀ ਰਿਹਾ ਹੈ। ਮਨੁੱਖ ਨੇ ਸੁੱਖ ਸਹੂਲਤਾਂ ਦੀ ਖ਼ਾਤਰ ਕੁਦਰਤ ਦਾ ਹਰ ਪੱਖ ਤੋਂ ਘਾਣ ਕੀਤਾ ਹੈ। ਜੰਗਲਾਂ ਹੇਠ ਰਕਬਾ ਵਧਾਉਣਾ ਤਾਂ ਕੀ ਸੀ ਉਲਟਾ ਜੰਗਲਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਖ਼ਤਮ ਕੀਤਾ ਜਾ ਰਿਹਾ ਹੈ। ਰੁੱਖਾਂ ਨੂੰ ਵੱਡੀ ਤਾਦਾਦ ਵਿਚ ਬੜੀ ਬੇਕਿਰਕੀ ਨਾਲ ਵੱਢਿਆ-ਟੁੱਕਿਆ ਜਾ ਰਿਹਾ ਹੈ। ਬਦਲ 'ਚ ਕਦੇ-ਕਦਾਈਂ ਬੂਟੇ ਲਗਾਉਣ ਦੀਆਂ ਆਮ ਜਿਹੀਆਂ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਹਨ। ਹੁਣ ਕੁਦਰਤ ਨਾਲ ਖਿਲਵਾੜ ਕਰਨ ਦਾ ਨਹੀਂ, ਸਗੋਂ ਉਸ ਦਾ ਸਤਿਕਾਰ ਕਰਨ ਦਾ ਸਮਾਂ ਹੈ। ਜੰਗਲਾਂ ਹੇਠ ਰਕਬਾ ਵਧਾਉਣ ਦਾ ਸਮਾਂ ਹੈ। ਮਨੁੱਖ ਦੀ ਲਾਲਸਾ ਇਸ ਕਦਰ ਵਧ ਗਈ ਹੈ ਕਿ ਉਸ ਨੇ ਧਰਤੀ ਦੀ ਹਰਿਆਲੀ ਨੂੰ ਵੀ ਖ਼ਤਮ ਕਰਕੇ ਰੱਖ ਦਿੱਤਾ ਹੈ। ਧਰਤੀ ਹੇਠੋਂ ਜ਼ਿਆਦਾ ਪਾਣੀ ਕੱਢਣ ਤੇ ਰੁੱਖ ਵੱਢਣ ਵਾਲਿਆਂ ਨੂੰ ਤੁਰੰਤ ਸਜ਼ਾ ਦਾ ਭਾਗੀ ਬਣਾਇਆ ਜਾਵੇ। ਜੇਕਰ ਹੁਣ ਵੀ ਇਸ ਪਾਸੇ ਧਿਆਨ ਨਾ ਦਿੱਤਾ ਗਿਆ ਤਾਂ ਉੱਤਰਾਖੰਡ ਵਰਗੀ ਤਬਾਹੀ ਦੀ ਦਸਤਕ ਸਾਡੇ ਕੰਨਾਂ ਵਿਚ ਕਦੇ ਵੀ ਪੈ ਸਕਦੀ ਹੈ।

-ਬੰਤ ਸਿੰਘ ਘੁਡਾਣੀ
ਲੁਧਿਆਣਾ।

ਨੂੰਨ ਸਾਰਿਆਂ ਲਈ ਹੋਵੇ ਬਰਾਬਰ

ਦੋ ਕੁ ਦਿਨ ਪਹਿਲਾਂ ਸਾਨੂੰ ਖਬਰ ਸੁਣਨ ਨੂੰ ਮਿਲੀ ਕਿ ਇੰਗਲੈਂਡ ਦੇ ਪ੍ਰਧਾਨ ਮੰਤਰੀ ਜਿਨ੍ਹਾਂ ਦਾ ਸੀਟ ਬੈਲਟ ਨਾ ਪਾਏ ਹੋਣ ਕਾਰਨ ਉਥੋਂ ਦੀ ਪੁਲਿਸ ਨੇ ਉਨ੍ਹਾਂ ਦਾ ਚਲਾਨ ਕੱਟਿਆ ਹੈ। ਰਿਸ਼ੀ ਸੁਨਕ ਨੇ ਜਨਤਕ ਤੌਰ 'ਤੇ ਮੁਆਫ਼ੀ ਵੀ ਮੰਗੀ ਹੈ ਤੇ ਸੌ ਪੌਂਡ ਜੁਰਮਾਨਾ ਵੀ ਭਰਿਆ ਹੈ। ਗੱਲ ਕਾਇਦੇ ਕਾਨੂੰਨ ਦੇ ਮੰਨਣ ਦੀ ਹੁੰਦੀ ਹੈ। ਜ਼ਿਆਦਾਤਰ ਸੜਕ ਹਾਦਸੇ ਨਿਯਮਾਂ ਦੀ ਉਲੰਘਣਾ ਕਾਰਨ ਹੁੰਦੇ ਹਨ। ਹਰ ਰੋਜ਼ ਪਤਾ ਨਹੀਂ ਕਿੰਨੀਆਂ ਕੁ ਜਾਨਾਂ ਸੜਕ ਹਾਦਸਿਆਂ ਵਿਚ ਜਾ ਰਹੀਆਂ ਹਨ।
ਸਾਡੇ ਇਥੇ ਕਿਸੇ ਬੰਦੇ ਨੂੰ ਪੁਲਿਸ ਰੋਕ ਵੀ ਲੈਂਦੀ ਹੈ, ਜੋ ਕਾਨੂੰਨ ਦੇ ਮੁਤਾਬਿਕ ਗੱਡੀ ਨਹੀਂ ਚਲਾਉਂਦਾ, ਤਾਂ ਬੰਦਾ ਗੱਡੀ ਵਿਚੋਂ ਉਤਰ ਕੇ ਕਹਿੰਦਾ ਹੈ ਕਿ ਆਹ ਲਓ ਸਾਹਿਬ। ਜੀ ਫੋਨ 'ਤੇ ਗੱਲ ਕਰੋ। ਮੈਂ ਫਲਾਣੇ ਮੰਤਰੀ ਦਾ ਖਾਸ ਬੰਦਾ ਹਾਂ, ਜਾਂ ਟਮਕਾਣਾ ਪੁਲਿਸ ਅਫ਼ਸਰ ਮੇਰਾ ਭਰਾ ਹੈ। ਫਿਰ ਉਹ ਪੁਲਿਸ ਮੁਲਾਜ਼ਮ ਬੇਵਸ ਹੋ ਕੇ ਉਸ ਬੰਦੇ ਨੂੰ ਛੱਡ ਦਿੰਦੇ ਹਨ। ਅਕਸਰ ਕਈ ਵਾਰ ਤਾਂ ਅਸੀਂ ਚਲਾਨ ਤੋਂ ਬਚਣ ਲਈ ਪੁਲਿਸ ਵਾਲਿਆਂ ਦੀ ਮੁੱਠੀ ਵੀ ਗਰਮ ਕਰ ਦਿੰਦੇ ਹਾਂ। ਸਾਡੇ ਇਥੇ ਇਮਾਨਦਾਰ ਅਫ਼ਸਰਾਂ ਦੀ ਵੀ ਘਾਟ ਨਹੀਂ ਹੈ।
ਕੁਝ ਸਮਾਂ ਪਹਿਲਾਂ ਖ਼ਬਰ ਵੀ ਸੁਣਨ ਨੂੰ ਮਿਲੀ ਸੀ ਕਿ ਫਲਾਣੇ ਪੁਲਿਸ ਅਧਿਕਾਰੀ ਨੇ ਕਿਸੇ ਮੰਤਰੀ ਦੀ ਗੱਡੀ ਰੋਕ ਲਈ ਤੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਉਸ ਗੱਡੀ ਦਾ ਚਲਾਨ ਵੀ ਕੱਟਿਆ ਗਿਆ। ਕੁਝ ਘੰਟਿਆਂ ਬਾਅਦ ਉਸ ਅਫ਼ਸਰ ਦੀ ਬਦਲੀ ਹੋ ਗਈ। ਵਿਚਾਰਨ ਵਾਲੀ ਗੱਲ ਹੈ ਕਿ ਜੇ ਕਾਇਦੇ-ਕਾਨੂੰਨ ਦੀ ਚੰਗੀ ਤਰ੍ਹਾਂ ਪਾਲਣਾ ਹੋਵੇ ਤਾਂ ਦੇਸ਼ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਆਪਣੇ-ਆਪ ਨਿਬੇੜਾ ਹੋ ਜਾਵੇਗਾ। ਇਹ ਸਾਡੇ ਸਾਰਿਆਂ ਲਈ ਇਕ ਤਰ੍ਹਾਂ ਨਾਲ ਨਸੀਹਤ ਵੀ ਹੈ।

-ਸੰਜੀਵ ਸਿੰਘ ਸੈਣੀ
ਮੋਹਾਲੀ।

ਪੁਲਿਸ ਪ੍ਰਸ਼ਾਸਨ ਦੀ ਨਾਕਾਮੀ

ਆਏ ਦਿਨ ਪੰਜਾਬ 'ਚ ਹੜਤਾਲਾਂ ਭਾਵੇਂ ਉਹ ਪੀ.ਸੀ.ਐਸ. ਅਫ਼ਸਰਾਂ, ਐਂਬੂਲੈਂਸ ਕਰਮਚਾਰੀਆਂ ਦੀਆਂ ਹੜਤਾਲਾਂ ਹੋਣ ਜਾਂ ਧਰਨੇ ਜੋ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੀਆਂ ਹਨ। ਹੁਣ ਜਲੰਧਰ ਦੇ ਲਤੀਫਪੁਰਾ ਦੇ ਬੇਘਰ ਹੋਏ ਲੋਕਾਂ ਵਲੋਂ ਰੇਲਵੇ ਟਰੈਕ 'ਤੇ ਦਿੱਤਾ ਧਰਨਾ ਜਿਸ ਨੂੰ ਪੁਲਿਸ ਪ੍ਰਸ਼ਾਸਨ ਦੀ ਨਾਕਾਮੀ ਹੀ ਕਿਹਾ ਜਾਵੇਗਾ। ਅਜਿਹਾ ਇਸ ਵਾਸਤੇ ਕਿ ਧਰਨਾ ਦੇਣ ਵਾਲੇ ਪਹਿਲਾਂ ਹੀ ਪ੍ਰਸ਼ਾਸਨ ਨੂੰ ਚਿਤਾਵਨੀ ਦੇ ਚੁੱਕੇ ਸਨ। ਪੁਲਿਸ ਨੂੰ ਜਦੋਂ ਜਾਣਕਾਰੀ ਸੀ ਤਾਂ ਪੁਲਿਸ ਨੂੰ ਮੁਸਤੈਦ ਹੋਣਾ ਚਾਹੀਦਾ ਸੀ। ਅਜਿਹੇ ਧਰਨੇ ਇਕ ਬਹੁਤ ਹੀ ਗੰਭੀਰ ਮਾਮਲਾ ਹੈ, ਜੇਕਰ ਪੁਲਿਸ ਧਰਨੇ ਨਹੀਂ ਉਠਾ ਸਕਦੀ ਤਾਂ ਆਮ ਲੋਕ ਜਾਮ ਵਿਚ ਫਸ ਸਕਦੇ ਹਨ, ਇਸ ਲਈ ਪੁਲਿਸ ਇਸ ਦਾ ਇੰਤਜ਼ਾਮ ਕਰ ਸਕਦੀ ਸੀ। ਪ੍ਰਸ਼ਾਸਨ ਨੂੰ ਰੋਜ਼ਾਨਾ ਥਾਂ-ਥਾਂ ਜਾਮ ਲੱਗ ਰਹੇ ਹਨ, ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਧਰਨਿਆਂ ਨਾਲ ਆਮ ਆਦਮੀ ਪ੍ਰੇਸ਼ਾਨ ਤੇ ਖੱਜਲ-ਖੁਆਰ ਹੋ ਰਿਹਾ ਹੈ। ਜਾਮ ਵਿਚ ਫਸ ਲੋਕ ਪ੍ਰੇਸ਼ਾਨ ਹੁੰਦੇ ਹਨ। ਕਈ ਵਾਰੀ ਜਾਮ 'ਚ ਫਸ ਅਜਾਈਂ ਮੌਤਾਂ ਵੀ ਹੋ ਜਾਂਦੀਆਂ ਹਨ। ਹਰ ਮਸਲਾ ਸੰਵਾਦ ਰਾਹੀਂ ਹੱਲ ਹੁੰਦਾ ਹੈ। ਸਰਕਾਰ ਨੂੰ ਪ੍ਰਦਰਸ਼ਨਕਾਰੀਆਂ ਨਾਲ ਬੈਠਕ ਕਰ ਸੰਵਾਦ ਰਾਹੀਂ ਸਥਾਈ ਹੱਲ ਲੱਭਣਾ ਚਾਹੀਦਾ ਹੈ, ਤਾਂ ਜੋ ਰੋਜ਼ਾਨਾ ਪ੍ਰੇਸ਼ਾਨ ਹੋ ਰਹੇ ਲੋਕਾਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ।

-ਗੁਰਮੀਤ ਸਿੰਘ ਵੇਰਕਾ
ਅੰਮ੍ਰਿਤਸਰ।

13-02-2023

 ਬੱਚਿਆਂ ਨਾਲ ਨੇੜਤਾ
ਜ਼ਿੰਦਗੀ ਬਹੁਤ ਖ਼ੂਬਸੂਰਤ ਹੈ। ਜੋ ਅੱਜ ਨੌਜਵਾਨ ਪੀੜ੍ਹੀ ਹੈ ਉਨ੍ਹਾਂ ਦੇ ਅੰਦਰ ਬਰਦਾਸ਼ਤ ਸ਼ਕਤੀ ਬਿਲਕੁਲ ਵੀ ਨਹੀਂ ਹੈ। ਸਹਿਣਸ਼ੀਲਤਾ ਖ਼ਤਮ ਹੋ ਚੁੱਕੀ ਹੈ। ਜੇ ਬੱਚੇ ਗਲਤ ਚੱਲ ਰਹੇ ਹੁੰਦੇ ਹਨ ਜਾਂ ਕੋਈ ਅਜਿਹਾ ਗਲਤ ਕੰਮ ਕਰ ਦਿੰਦੇ ਹਨ ਤਾਂ ਮਾਂ-ਬਾਪ ਉਨ੍ਹਾਂ ਨੂੰ ਝਿੜਕਦੇ ਹਨ। ਮਾਂ-ਬਾਪ ਨੂੰ ਇਹ ਹੁੰਦਾ ਹੈ ਕਿ ਕੱਲ੍ਹ ਨੂੰ ਕੋਈ ਬਾਹਰ ਦਾ ਬੰਦਾ ਆ ਕੇ ਇਹ ਨਾ ਕਹੇ ਕਿ ਤੁਹਾਡੇ ਬੱਚੇ ਨੇ ਇਹ ਗ਼ਲਤ ਕੰਮ ਕੀਤਾ ਹੈ। ਆਏ ਦਿਨ ਅਸੀਂ ਅਖ਼ਬਾਰਾਂ ਵਿਚ ਪੜ੍ਹਦੇ ਹਾਂ ਕਿ ਨੌਜਵਾਨ ਖੁਦਕੁਸ਼ੀਆਂ ਕਰ ਰਹੇ ਹਨ। ਜੇ ਉਨ੍ਹਾਂ ਨੂੰ ਕੋਈ ਕਿਸੇ ਨਾਲ ਮਨਮੁਟਾਵ ਹੈ ਜਾਂ ਕੋਈ ਉਨ੍ਹਾਂ ਤੋਂ ਗ਼ਲਤ ਕੰਮ ਹੋ ਚੁੱਕਿਆ ਹੈ, ਤਾਂ ਉਹ ਆਪਣੇ ਮਾਂ-ਬਾਪ ਨਾਲ ਕਿਉਂ ਨਹੀਂ ਗੱਲ ਸਾਂਝੀ ਕਰਦੇ। ਕਿਉਂ ਉਹ ਇਹ ਅਜਿਹਾ ਕਦਮ ਚੁੱਕਦੇ ਹਨ। ਅਜਿਹਾ ਜਦੋਂ ਬੱਚੇ ਕਦਮ ਚੁੱਕਦੇ ਹਨ ਤਾਂ ਪਿੱਛੋਂ ਮਾਂ-ਬਾਪ ਜਿਊਂਦੇ ਜੀਅ ਹੀ ਮਰ ਜਾਂਦੇ ਹਨ। ਇਕ ਮਾਂ-ਬਾਪ ਹੀ ਆਪਣੇ ਬੱਚੇ ਦੇ ਸੱਚੇ ਦੋਸਤ ਹੁੰਦੇ ਹਨ। ਮਾਂ ਬਾਪ ਦੀ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਨਾਲ ਦੋਸਤੀ ਪਾਉਣ। ਕੱਲ੍ਹ ਨੂੰ ਬੱਚੇ ਵੱਡੇ ਵੀ ਹੁੰਦੇ ਹਨ, ਕਾਲਜਾਂ, ਯੂਨੀਵਰਸਿਟੀਆਂ ਵਿਚ ਬਹੁਤ ਗੱਲਾਂ ਹੋ ਜਾਂਦੀਆਂ ਹਨ ਤਾਂ ਬੱਚੇ ਬਿਨਾਂ ਬੇਝਿਜਕ ਆਪਣੇ ਮਾਂ-ਬਾਪ ਨੂੰ ਦੱਸਣਗੇ। ਸੋ, ਮਾਂ ਬਾਪ ਦੀ ਜ਼ਿੰਮੇਵਾਰੀ ਸ਼ੁਰੂ ਤੋਂ ਹੀ ਬਣ ਜਾਂਦੀ ਹੈ ਕਿ ਆਪਣੇ ਬੱਚੇ ਨਾਲ ਨੇੜਤਾ ਪਾਈ ਜਾਏ ਤਾਂ ਜੋ ਕੱਲ੍ਹ ਨੂੰ ਬੱਚੇ ਇਹ ਗ਼ਲਤ ਕਦਮ ਨਾ ਚੁੱਕਣ।


-ਸੰਜੀਵ ਸਿੰਘ ਸੈਣੀ ਮੁਹਾਲੀ


ਸਿੱਖਿਆ ਸੰਬੰਧੀ ਗ਼ਲਤ ਫ਼ੈਸਲੇ
ਪਿਛਲੇ ਦਿਨੀਂ 'ਅਜੀਤ' ਅਖਬਾਰ ਵਿਚ ਪ੍ਰਿੰ. ਵਿਜੈ ਕੁਮਾਰ ਦਾ ਲਿਖਿਆ ਲੇਖ 'ਸਿੱਖਿਆ ਸੰਬੰਧੀ ਗ਼ਲਤ ਫ਼ੈਸਲਿਆਂ ਦੇ ਨਤੀਜੇ ਆ ਰਹੇ ਹਨ ਸਾਹਮਣੇ' ਪੜ੍ਹਨ ਨੂੰ ਮਿਲਿਆ। ਸੂਝਵਾਨ ਲੇਖਕ ਨੇ ਤੱਥਾਂ ਦੇ ਆਧਾਰ 'ਤੇ ਇਹ ਸਿੱਟਾ ਕੱਢਿਆ ਹੈ ਕਿ ਅਜੋਕੇ ਦੌਰ ਵਿਚ ਵਿਦਿਆਰਥੀਆਂ ਵਿਚ ਵਧ ਰਹੀ ਅਨੁਸ਼ਾਸਨਹੀਣਤਾ ਲਈ ਪਿਛਲੇ ਸਮੇਂ ਦੌਰਾਨ ਕੇਂਦਰ ਸਰਕਾਰ ਵਲੋਂ ਥੋਪੀਆਂ ਗ਼ਲਤ ਸਿੱਖਿਆ ਨੀਤੀਆਂ ਹੀ ਹਨ। ਅੱਜ ਦੇ ਸਮੇਂ ਵਿਚ 99 ਪ੍ਰਤੀਸ਼ਤ ਵਿਦਿਆਰਥੀਆਂ ਨੇ ਪੜ੍ਹਨਾ ਬੰਦ ਕਰ ਦਿੱਤਾ ਹੈ। ਸਕੂਲਾਂ ਵਿਚ ਅਨੁਸ਼ਾਸਨਹੀਣਤਾ ਵਧ ਰਹੀ ਹੈ। ਵਿਦਿਆਰਥੀਆਂ ਵਿਚ ਸੰਵੇਦਨਸ਼ੀਲਤਾ ਖ਼ਤਮ ਹੁੰਦੀ ਜਾ ਰਹੀ ਹੈ। ਮਿਹਨਤੀ ਅਤੇ ਸੁਹਿਰਦ ਸਕੂਲ ਮੁਖੀਆਂ ਅਤੇ ਅਧਿਆਪਕਾਂ 'ਤੇ ਕੇਸ ਰਜਿਸਟਰ ਹੋ ਰਹੇ ਹਨ। ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਲੋਂ ਅਧਿਆਪਕਾਂ ਅਤੇ ਸਕੂਲ ਮੁਖੀਆਂ ਨਾਲ ਮਾੜਾ ਸਲੂਕ ਕੀਤਾ ਜਾਂਦਾ ਹੈ।
ਵਿਦਿਆਰਥੀ ਬਾਗ਼ੀ ਹੋ ਰਹੇ ਹਨ। ਇਹ ਸਾਰਾ ਕੁਝ ਇਸ ਲਈ ਵਾਪਰ ਰਿਹਾ ਹੈ ਕਿ ਅਧਿਆਪਕਾਂ ਨੂੰ ਇਹ ਅਧਿਕਾਰ ਹੀ ਨਹੀਂ ਰਿਹਾ ਕਿ ਵਿਦਿਆਰਥੀ ਵਲੋਂ ਗ਼ਲਤੀ ਕਰਨ 'ਤੇ ਜਾਂ ਸਕੂਲ ਦਾ ਅਨੁਸ਼ਾਸਨ ਭੰਗ ਕਰਨ 'ਤੇ ਉਨ੍ਹਾਂ ਦੀ ਟੋਕਾ-ਟਾਕੀ ਕੀਤੀ ਜਾਵੇ। ਪੰਜਾਬੀ ਦਾ ਇਕ ਅਖਾਣ ਹੈ 'ਸਿਰ 'ਤੇ ਨਹੀਂ ਕੁੰਡਾ ਹਾਥੀ ਫਿਰੇ ਲੁੰਡਾ।' ਅਰਥਾਤ ਜਦੋਂ ਕੋਈ ਰੋਕਣ-ਟੋਕਣ ਵਾਲਾ ਨਾ ਹੋਵੇ ਤਾਂ ਅਨੁਸ਼ਾਸਨਹੀਣਤਾ ਤਾਂ ਆਉਣੀ ਹੀ ਹੈ। ਸੰਪਾਦਕ ਜੀ, ਮੈਂ ਆਪ ਜੀ ਦੇ ਅਖਬਾਰ ਰਾਹੀਂ ਪੰਜਾਬ ਸਰਕਾਰ ਦੇ ਉੱਚ ਸਿੱਖਿਆ ਅਧਿਕਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ 2005 ਈਸਵੀ ਦੇ ਲਾਜ਼ਮੀ ਸਿੱਖਿਆ ਅਧਿਕਾਰ ਦੇ ਕਾਨੂੰਨ ਦੀ ਮੁੜ ਘੋਖ ਪੜਤਾਲ ਕਰਨ ਉਪਰੰਤ ਇਸ ਵਿਚ ਬਣਦੇ ਸੁਧਾਰ ਕਰਨ ਉਪਰੰਤ ਹੀ ਇਸ ਕਾਨੂੰਨ ਨੂੰ ਲਾਗੂ ਕੀਤਾ ਜਾਵੇ, ਤਾਂ ਜੋ ਵਿਦਿਆਰਥੀਆਂ ਦੇ ਭਵਿੱਖ ਨੂੰ ਉੱਜਵਲ ਬਣਾਇਆ ਜਾ ਸਕੇ।


-ਡਾ: ਇਕਬਾਲ ਸਿੰਘ ਸਕਰੌਦੀ


ਚਾਈਨਾ ਡੋਰ 'ਤੇ ਸਖ਼ਤੀ
ਚਾਈਨਾ ਡੋਰ 'ਤੇ ਹੋਈ ਸਖ਼ਤੀ ਭਾਵੇਂ ਕਿਤੇ ਨਾ ਕਿਤੇ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ, ਪਰੰਤੂ ਅਜੇ ਵੀ ਇਸ ਕੋਹੜ ਰੂਪੀ ਕਾਰੋਬਾਰ 'ਤੇ ਰੋਕ ਲਾਉਣ ਲਈ ਹੋਰ ਉਪਰਾਲੇ ਕਰਨ ਦੀ ਸਖ਼ਤ ਜ਼ਰੂਰਤ ਹੈ, ਛੋਟੇ ਦੁਕਾਨਦਾਰਾਂ ਕੋਲ ਅਜੇ ਵੀ ਕਿਤੇ ਨਾ ਕਿਤੇ ਚਾਈਨਾ ਡੋਰ ਦੇ ਗੱਟੂ ਹੋਣਗੇ, ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਨ੍ਹਾਂ ਦਾ ਨੁਕਸਾਨ ਨਾ ਹੋਵੇ, ਉਨ੍ਹਾਂ ਨੂੰ ਥੋੜ੍ਹੇ ਪੈਸੇ ਦੇ ਕੇ ਉਸ ਨੂੰ ਨਸ਼ਟ ਕੀਤਾ ਜਾਵੇ। ਇਸ ਕੰਮ ਲਈ ਐਨ. ਜੀ. ਓ. ਦੀ ਮਦਦ ਲਈ ਜਾ ਸਕਦੀ ਹੈ।
ਇਸ ਦੇ ਨਾਲ-ਨਾਲ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਵੀ ਕੋਈ ਠੋਸ ਕਦਮ ਚੁੱਕੇ ਜਾਣ, ਤਾਂ ਜੋ ਨਿਰੰਤਰ ਦੁਰਘਟਨਾਵਾਂ ਨਾਲ ਅਜਾਈਂ ਜਾ ਰਹੀਆਂ ਜ਼ਿੰਦਗੀਆਂ 'ਤੇ ਕਾਬੂ ਪਾਇਆ ਜਾ ਸਕੇ। ਹੁਣ ਤੱਕ ਪਤਾ ਨਹੀਂ ਕਿੰਨੇ ਪਰਿਵਾਰਾਂ ਦੇ ਚਿਰਾਗ ਬੁੱਝ ਚੁੱਕੇ ਹਨ, ਕੋਈ ਗਿਣਤੀ ਨਹੀਂ, ਸੜਕੀ ਹਾਦਸੇ ਵੀ ਟੋਇਆਂ ਕਰਕੇ ਹੋਣੇ, ਜਿਸ 'ਤੇ ਕਾਬੂ ਪਾਉਣ ਲਈ ਸੜਕਾਂ 'ਤੇ ਪਏ ਹੋਏ ਟੋਏ ਸਰਕਾਰ ਨੂੰ ਤੁਰੰਤ ਭਰਨੇ ਚਾਹੀਦੇ ਨੇ ਤਾਂ ਜੋ ਹੋਰ ਦੁਰਘਟਨਾਵਾਂ ਵਾਪਰਨ 'ਤੇ ਵਿਰਾਮ ਲਗਾਇਆ ਜਾ ਸਕੇ।


-ਕੰਵਰਦੀਪ ਸਿੰਘ ਭੱਲਾ
(ਪਿੱਪਲਾਂਵਾਲਾ), ਬ੍ਰਾਂਚ ਮੈਨੇਜਰ ਸਹਿਕਾਰੀ ਬੈਂਕ ਢੋਲਵਾਹਾ, ਹੁਸ਼ਿਆਰਪੁਰ।


ਰੈਣ ਬਸੇਰੇ ਤੇ ਬੇਸਹਾਰਾ ਲੋਕ
ਭਾਵੇਂ ਸਰਕਾਰ, ਪ੍ਰਸ਼ਾਸਨ ਵਲੋਂ ਲੱਖਾਂ ਰੁਪਏ ਖ਼ਰਚ ਕੇ ਕਈ ਸ਼ਹਿਰਾਂ ਵਿਚ ਬੇਆਸਰਿਆਂ ਤੇ ਬੇਸਹਾਰਾ ਲੋਕਾਂ ਲਈ ਰੈਣ ਬਸੇਰੇ ਬਣਾਏ ਜਾਂਦੇ ਹਨ ਪਰ ਫਿਰ ਵੀ ਬੇਘਰੇ ਲੋਕ ਕੜਾਕੇ ਦੀ ਠੰਢ ਤੇ ਬਰਸਾਤ ਵਿਚ ਰੈਣ ਬਸੇਰੇ ਹੋਣ ਦੇ ਬਾਵਜੂਦ ਵੀ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਪੁਲਾਂ ਦੇ ਥੱਲੇ, ਫੁਟਪਾਥਾਂ ਤੇ ਧਾਰਮਿਕ ਅਸਥਾਨਾਂ ਆਦਿ ਨੇੜੇ ਮੰਗਦੇ ਹਨ ਅਤੇ ਅਜਿਹੀਆਂ ਹੀ ਥਾਵਾਂ 'ਤੇ ਉਹ ਠੰਢ ਤੇ ਬਰਸਾਤ ਵਿਚ ਰਾਤ ਨੂੰ ਸੌਂਦੇ ਹਨ।
ਇਸੇ ਹੀ ਤਰ੍ਹਾਂ ਮਿੱਠਾਪੁਰ ਰੋਡ ਜਲੰਧਰ ਮੇਨ ਸੜਕ 'ਤੇ ਇਕ ਖਾਲੀ ਪਲਾਟ 'ਚ ਬਣੀ ਦੁਕਾਨ ਦੇ ਵਾਧਰੇ ਹੇਠਾਂ ਇਕ ਮੰਦਬੁੱਧੀ ਇਨਸਾਨ ਸਰਦੀ ਅਤੇ ਬਰਸਾਤ ਵਿਚ ਦੁਕਾਨ ਦੇ ਸ਼ੈੱਡ ਹੇਠਾਂ ਦਿਨ ਤੇ ਰਾਤਾਂ ਗੁਜ਼ਾਰ ਰਿਹਾ ਹੈ ਤੇ ਲੋਕ ਤਰਸ ਕਰਕੇ ਉਸ ਨੂੰ ਖਾਣ ਨੂੰ ਅਤੇ ਰਾਤ ਕੱਟਣ ਲਈ ਕੰਬਲ, ਗਰਮ ਕੱਪੜੇ ਦੇ ਰਹੇ ਹਨ ਅਤੇ ਉਹ ਅਕਸਰ ਹੀ ਦਿਮਾਗੀ ਪ੍ਰੇਸ਼ਾਨੀ ਕਰਕੇ ਉੱਚੀ-ਉੱਚੀ ਬੋਲਦਾ ਰਹਿੰਦਾ ਹੈ।
ਸੋ, ਪ੍ਰਸ਼ਾਸਨ ਨੂੰ ਅਜਿਹੇ ਲੋਕਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਅਜਿਹੇ ਲੋੜਵੰਦ ਲੋਕਾਂ ਨੂੰ ਇਲਾਜ ਅਤੇ ਰਿਹਾਇਸ਼ ਮਿਲ ਸਕੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਭਾਰਤੀ ਨਿਆਂ ਪ੍ਰਣਾਲੀ 'ਤੇ ਪ੍ਰਸ਼ਨ ਚਿੰਨ੍ਹ
ਸਾਲ 2017 ਵਿਚ ਜਬਰ-ਜਨਾਹ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਕੇਸ ਵਿਚ ਸੀ.ਬੀ. ਆਈ. ਦੀ ਅਦਾਲਤ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਤੇ ਮੁਲਜ਼ਮ ਨੂੰ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੀ ਸੋਨਾਰੀਆ ਜੇਲ ਵਿਚ ਬੰਦ ਕਰ ਦਿੱਤਾ ਸੀ। ਪਰ ਡੇਰਾ ਮੁਖੀ ਨੂੰ ਵਾਰ ਵਾਰ ਦਿੱਤੀ ਜਾ ਰਹੀ ਪੈਰੋਲ ਭਾਰਤੀ ਨਿਆਂ ਪ੍ਰਣਾਲੀ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰਦੀ ਹੈ।
ਇਸ ਕੰਮ ਵਿਚ ਸਰਕਾਰਾਂ ਦੀ ਨੀਅਤ ਵੀ ਸਵਾਲਾਂ ਦੇ ਘੇਰੇ ਵਿਚ ਆਉਂਦੀ ਹੈ। ਪਹਿਲੀ ਵਾਰ ਉਸਨੂੰ ਫਰਲੋ 'ਤੇ 7 ਫ਼ਰਵਰੀ 2022 ਤੋਂ 27 ਫਰਵਰੀ, 2022 ਤੱਕ ਰਿਹਾਅ ਕੀਤਾ ਗਿਆ ਉਹ ਵੀ ਉਦੋਂ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ 20 ਫਰਵਰੀ, 2022 ਨੂੰ ਹੋਣੀਆਂ ਸਨ। ਵਰਣਨਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਜਨਤਾ ਬਹੁਤੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਰਹਿਣ ਵਾਲੇ ਹਨ।
ਜੂਨ 2022 ਵਿਚ ਡੇਰਾ ਸੱਚਾ ਸੌਦਾ ਮੁਖੀ ਨੂੰ ਫਿਰ 30 ਦਿਨਾਂ ਦੀ ਪੈਰੋਲ 'ਤੇ ਭੇਜਿਆ ਗਿਆ, ਜਿਸ ਦੌਰਾਨ ਉਹ ਡੇਰਾ ਸੱਚਾ ਸੌਦਾ ਆਸ਼ਰਮ ਬਰਨਾਵਾ, ਉੱਤਰ ਪ੍ਰਦੇਸ਼ ਦੇ ਬਾਗਪਤ ਵਿਚ ਰਿਹਾ। ਸ਼੍ਰੋਮਣੀ ਗਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਵੇਲੇ ਵੀ ਇਸ ਗੱਲ 'ਤੇ ਇਤਰਾਜ਼ ਕੀਤਾ ਸੀ। 14, ਅਕਤੂਬਰ 2022 ਨੂੰ ਡੇਰਾ ਸੱਚਾ ਸੌਦਾ ਮੁਖੀ ਨੂੰ ਫਿਰ 40 ਦਿਨਾਂ ਦੀ ਪੈਰੋਲ ਤੇ ਭੇਜਿਆ ਗਿਆ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਉਸ ਨੂੰ ਆਪਣੇ ਉੱਤਰ ਪ੍ਰਦੇਸ਼ ਦੇਬਾਗਪਤ ਵਿਚਲੇ ਆਸ਼ਰਮ ਵਿਚ ਲਿਜਾਇਆ ਗਿਆ।
23 ਨਵੰਬਰ 2022 ਨੂੰ ਵਾਪਸ ਜੇਲ੍ਹ ਪੁੱਜਣ ਤੋਂ ਬਾਅਦ ਸਿਰਫ਼ ਇਕ ਮਹੀਨੇ ਵਿਚ ਡੇਰਾ ਸੱਚਾ ਸੌਦਾ ਮੁਖੀ ਨੇ ਫਿਰ ਪੈਰੋਲ ਲਈ ਬੇਨਤੀ ਕੀਤੀ ਤੇ ਇਸ ਨੂੰ ਮੰਨਦੇ ਹੋਏ ਸਰਕਾਰ ਨੇ ਇਕ ਜਨਵਰੀ 2023 ਨੂੰ ਫਿਰ ਡੇਰਾ ਸੱਚਾ ਸੌਦਾ ਮੁਖੀ ਨੂੰ 40 ਦਿਨਾਂ ਦੀ ਪੈਰੋਲ 'ਤੇ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੀ ਸੋਨਾਰਿਆ ਜੇਲ੍ਹ ਤੋਂ ਰਿਹਾਅ ਕਰ ਦਿੱਤਾ। ਸੋਚਣ ਵਾਲੀ ਗੱਲ ਇਹ ਹੈ ਕਿ ਬੰਦੀ ਸਿੰਘਾਂ ਨੂੰ ਉਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ, ਤੇ ਦੂਜੇ ਪਾਸੇ ਕਤਲ ਅਤੇ ਜਬਰ-ਜਨਾਹ ਦੇ ਮਾਮਲੇ ਵਿਚ ਸਜ਼ਾ ਕੱਟ ਰਹੇ ਦੋਸ਼ੀ ਡੇਰਾ ਮੁਖੀ ਨੂੰ ਵਾਰ ਵਾਰ ਪੈਰੋਲ ਤੇ ਭੇਜਿਆ ਜਾ ਰਿਹਾ ਹੈ।


-ਦਰਸ਼ਨ ਸਿੰਘ

10-02-2023

 ਸਮਾਰਟ ਫ਼ੋਨਾਂ ਦਾ ਜਾਲ

ਅੱਜ ਦੇ ਸਮੇਂ ਵਿਚ ਹਰ ਬੰਦਾ ਸਮਾਰਟ ਫੋਨਾਂ ਵਿਚ ਗੁਆਚਿਆ ਨਜ਼ਰ ਆਉਂਦਾ ਹੈ। ਇਹ ਇਕ ਅਜਿਹੀ ਜ਼ਰੂਰਤ ਬਣ ਚੁੱਕੀ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਫੋਨਾਂ ਤੋਂ ਬਾਹਰ ਨਜ਼ਰ ਆਉਂਦੀ ਹੀ ਨਹੀਂ। ਹਰ ਬੱਚਾ ਤੇ ਵੱਡਾ ਇਸ ਸਮਾਰਟ ਫੋਨ ਵਿਚ ਹੀ ਰੁਝਿਆ ਹੋਇਆ ਨਜ਼ਰ ਆਉਂਦਾ ਹੈ। ਅੱਜ ਦੇ ਸਮੇਂ ਵਿਚ ਕਿਸੇ ਵੀ ਘਰ ਜਾ ਕੇ ਮਿਲਣ ਤੇ ਅਗਲੇ ਬੰਦੇ ਦਾ ਹਾਲ-ਚਾਲ ਪਤਾ ਕਰਨ ਦਾ ਜ਼ਮਾਨਾ ਜਿਹਾ ਖ਼ਤਮ ਹੀ ਹੋ ਗਿਆ ਜਾਪਦਾ ਹੈ। ਇਸ ਸੋਸ਼ਲ ਮੀਡੀਆ ਦੇ ਕਰਕੇ ਅਸੀਂ ਨਵੇਂ ਰਿਸ਼ਤੇ ਤਾਂ ਲੱਭ ਰਹੇ ਹਾਂ, ਜਿੱਦਾਂ ਕਿ ਫੇਸਬੁੱਕ ਉੱਪਰ ਨਵੇਂ-ਨਵੇਂ ਦੋਸਤ ਮਿੱਤਰ ਪਰ ਕਿਤੇ ਨਾ ਕਿਤੇ ਇਹ ਸਾਨੂੰ ਸਾਡੇ ਅਸਲ ਰਿਸ਼ਤਿਆਂ ਤੋਂ ਦੂਰ ਕਰ ਰਹੇ ਹਨ। ਆਮ ਹੀ ਵੇਖਣ ਨੂੰ ਮਿਲਦਾ ਹੈ ਕਿ ਅੱਜਕਲ੍ਹ ਦੇ ਜਵਾਕ ਸਾਰਾ ਦਿਨ ਸਮਾਰਟ ਫੋਨਾਂ ਉੱਪਰ ਗੇਮਾਂ ਹੀ ਖੇਡਣ ਵਿਚ ਮਸਤ ਰਹਿੰਦੇ ਹਨ ਤੇ ਪੜ੍ਹਾਈ ਵੱਲ ਧਿਆਨ ਦੇਣਾ ਜ਼ਰੂਰੀ ਨਹੀਂ ਸਮਝਦੇ। ਬੇਸ਼ੱਕ ਫੋਨਾਂ ਦੀ ਵਰਤੋਂ ਨਾਲ ਕਈ ਕੰਮਕਾਰ ਸੌਖੇ ਵੀ ਹੋ ਗਏ ਹਨ ਪਰ ਲੋੜ ਤੋਂ ਵੱਧ ਵਰਤੋਂ ਕਰਨਾ ਬਹੁਤੀ ਚੰਗੀ ਗੱਲ ਵੀ ਨਹੀਂ ਹੈ। ਲੋਕ ਸੋਸ਼ਲ ਮੀਡੀਆ ਦੇ ਸ਼ਿਕਾਰ ਨਸ਼ਿਆਂ ਵਾਂਗ ਹੋ ਰਹੇ ਹਨ। ਬੱਚੇ ਪੂਰਾ-ਪੂਰਾ ਦਿਨ ਆਪਣੀ ਪੜ੍ਹਾਈ-ਲਿਖਾਈ ਨੂੰ ਛੱਡ ਕੇ ਰੀਲਾਂ ਦੇਖਣ 'ਤੇ ਬਣਾਉਣ ਵੱਲ ਧਿਆਨ ਦਿੰਦੇ ਦਿਖਾਈ ਦਿੰਦੇ ਹਨ। ਸੋਸ਼ਲ ਮੀਡੀਆ ਦੇ ਫਾਇਦੇ ਵੀ ਹਨ ਪਰ ਨੁਕਸਾਨ ਕੁਝ ਜ਼ਿਆਦਾ ਹੀ ਹਨ ਤੇ ਅਸੀਂ ਇਸ ਦਾ ਸ਼ਿਕਾਰ ਹੁੰਦੇ ਜਾ ਰਹੇ ਹਾਂ।
ਸਾਨੂੰ ਹਰ ਚੀਜ਼ ਨੂੰ ਜ਼ਰੂਰਤ ਤੋਂ ਵੱਧ ਨਹੀਂ ਵਰਤਣਾ ਚਾਹੀਦਾ ਹਰ ਚੀਜ਼ ਦੀ ਵਰਤੋਂ ਜੇਕਰ ਜ਼ਰੂਰਤ ਤੋਂ ਵੱਧ ਕੀਤੀ ਜਾਵੇ ਤਾਂ ਇਹ ਸਾਡੇ ਲਈ ਗ਼ਲਤ ਜਾਂ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਇਹ ਗੱਲ ਸਾਨੂੰ ਖੁਦ ਨੂੰ ਅਤੇ ਆਪਣੇ ਜਵਾਕਾਂ ਨੂੰ ਸਮਝਾਉਣੀ ਚਾਹੀਦੀ ਹੈ ਤੇ ਬੱਚਿਆਂ ਨੂੰ ਫੋਨਾਂ 'ਤੇ ਸਮਾਂ ਘੱਟ ਤੋਂ ਘੱਟ ਬਿਤਾਉਣ ਲਈ ਕਹਿਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਕਈ ਬਿਮਾਰੀਆਂ ਵੀ ਲੱਗ ਸਕਦੀਆਂ ਹਨ ਜਿਵੇਂ ਅੱਖਾਂ 'ਤੇ ਅਸਰ ਪੈਣਾ, ਜੇਕਰ ਬੱਚੇ ਲੋੜ ਤੋਂ ਵੱਧ ਫੋਨਾਂ ਵੱਲ ਧਿਆਨ ਦੇਣਗੇ ਤਾਂ ਬਿਨਾਂ ਸ਼ੱਕ ਉਨ੍ਹਾਂ ਦੀਆਂ ਅੱਖਾਂ 'ਤੇ ਅਸਰ ਹੋਵੇਗਾ। ਸੋ, ਸਾਨੂੰ ਸਮਝਣ ਤੇ ਸਮਝਾਉਣ ਦੀ ਜ਼ਰੂਰਤ ਹੈ।

-ਮਨਪ੍ਰੀਤ ਕੌਰ
ਪਿੰਡ ਸੰਗਲ ਸੋਹਲ, ਜ਼ਿਲ੍ਹਾ ਜਲੰਧਰ।

ਅਸ਼ਲੀਲਤਾ 'ਤੇ ਲਗਾਮ ਲਗਾਓ

ਕਿਸੇ ਸਮੇਂ ਸੰਗੀਤ ਨੂੰ ਰੂਹ ਦੀ ਖੁਰਾਕ ਕਿਹਾ ਜਾਂਦਾ ਹੈ। ਸੰਗੀਤ ਸਾਡੇ ਦਿਲ ਨੂੰ ਸਕੂਨ ਦੇਣ ਦਾ ਸਭ ਤੋਂ ਵਧੀਆ ਸਾਧਨ ਹੈ। ਪਰ ਪੰਜਾਬੀ ਸੱਭਿਆਚਾਰ ਦੇ ਨਾਂਅ 'ਤੇ ਪੰਜਾਬੀ ਫ਼ਿਲਮਾਂ, ਗੀਤਾਂ ਦੀ ਵੀਡੀਓ, ਫੇਸਬੁੱਕ ਅਤੇ ਯੂ-ਟਿਊਬ ਰਾਹੀਂ ਜੋ ਅਸ਼ਲੀਲਤਾ ਤੇ ਲੱਚਰਤਾ ਫੈਲਾਈ ਜਾ ਰਹੀ ਹੈ, ਨੂੰ ਸਰਕਾਰ ਕਦੋਂ ਠੱਲ੍ਹ ਪਾਏਗੀ? ਸਰਕਾਰ ਨੂੰ ਇਨ੍ਹਾਂ ਬਾਰੇ ਵੀ ਕੁਝ ਨਾ ਕੁਝ ਸੋਚਣਾ ਚਾਹੀਦਾ ਹੈ, ਬੇਸ਼ੱਕ ਸਰਕਾਰ ਨੇ ਹਥਿਆਰਾਂ ਦੀ ਗੀਤਾਂ ਵਿਚ ਵਰਤੋਂ ਨੂੰ ਬੰਦ ਕਰ ਦਿੱਤਾ ਹੈ ਪਰ ਇਸ ਲੱਚਰਤਾ ਨੂੰ ਕਦੋਂ ਬੰਦ ਕਰੇਗੀ। ਅਸੀਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਉਹ ਇਸ ਲੱਚਰਤਾ ਤੇ ਅਸ਼ਲੀਲ ਗੀਤਾਂ ਨੂੰ ਵੀ ਨੱਥ ਪਾਵੇ।

-ਡਾ. ਨਰਿੰਦਰ ਭੱਪਰ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਪਾਣੀ ਦੀ ਸੰਭਾਲ

ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ। ਪਰ ਹੁਣ ਸਾਫ਼ ਪਾਣੀ ਦੀ ਘਾਟ ਕਰਕੇ ਅਤੇ ਹੇਠਲਾ ਪਾਣੀ ਬਹੁਤ ਡੂੰਘਾ ਚਲੇ ਜਾਣ ਕਾਰਨ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਧਰਤੀ ਹੇਠਲੇ ਪਾਣੀ ਨੂੰ ਏਨਾ ਜ਼ਿਆਦਾ ਵਰਤਿਆ ਗਿਆ ਹੈ ਕਿ ਜਿਹੜਾ ਪਾਣੀ ਕਦੇ ਕੁਝ ਕੁ ਫੁੱਟ ਥੱਲੇ ਮਿਲਦਾ ਸੀ, ਅੱਜ 150-200 ਫੁੱਟ ਤੋਂ ਵੱਧ ਹੇਠਾਂ ਜਾ ਚੁੱਕਾ ਹੈ। ਅਸੀਂ ਧਰਤੀ ਹੇਠਲੇ ਪਾਣੀ ਨੂੰ ਕੈਮੀਕਲ ਅਤੇ ਕੀਟਨਾਸ਼ਕ ਦਵਾਈਆਂ ਨਾਲ ਦੂਸ਼ਿਤ ਵੀ ਕੀਤਾ ਹੈ। ਇਹ ਪਾਣੀ ਪੀ ਕੇ ਹਰ ਮਨੁੱਖ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਕੈਂਸਰ ਵਰਗੇ ਮਾਰੂ ਰੋਗ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਹੇ ਹਨ। ਅਸੀਂ ਹੁਣ ਵੀ ਪਾਣੀ ਦੀ ਸੰਭਾਲ ਅਤੇ ਇਸ ਦੀ ਸ਼ੁੱਧਤਾ ਲਈ ਕੋਈ ਯਤਨ ਨਹੀਂ ਕਰਾਂਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਪੰਜਾਬੀ ਮਾਰੂਥਲ ਬਣ ਜਾਵੇਗਾ। ਸਾਡੀ ਸਭ ਦੀ ਇਹ ਨਿੱਜੀ ਜ਼ਿੰਮੇਵਾਰੀ ਬਣਦੀ ਹੈ ਕਿ ਪਾਣੀ ਦੀ ਸੰਭਾਲ ਅਤੇ ਇਸ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾਵੇ ਤਾਂ ਹੀ ਅਸੀਂ ਆਉਣ ਵਾਲੀ ਪੀੜ੍ਹੀ ਲਈ ਪਾਣੀ ਬਚਾ ਸਕਦੇ ਹਾਂ। ਸਰਕਾਰ ਨੂੰ ਵੀ ਪਾਣੀ ਦੀ ਸੰਭਾਲ ਲਈ ਵੱਡੇ ਪੱਧਰ 'ਤੇ ਜਾਗਰੂਕਤਾ ਅਤੇ ਸਖ਼ਤੀ ਕਰਨੀ ਚਾਹੀਦੀ ਹੈ। ਬਰਸਾਤ ਦੇ ਪਾਣੀ ਨੂੰ ਧਰਤੀ ਵਿਚ ਲੈ ਜਾਣ ਵਾਲੇ ਸਿਸਟਮ ਪ੍ਰਤੀ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ।

-ਗੌਰਵ ਮੁੰਜਾਲ, ਮੁਹਾਲੀ।

09-02-2023

 ਪੰਜਾਬੀ ਨਾਲ ਵਿਤਕਰਾ ਕਿਉਂ?

ਸੀ.ਬੀ.ਐਸ.ਈ. ਵਲੋਂ ਭਾਰਤ ਦੀ ਨਵੀਂ ਸਿੱਖਿਆ ਨੀਤੀ ਦੀ ਆੜ ਲੈ ਕੇ ਸਕਿੱਲ ਕੋਰਸਾਂ ਦੇ ਨਾਂਅ ਹੇਠ ਵਿੱਦਿਅਕ ਵਰ੍ਹੇ 2023-24 ਲਈ ਛੇਵੀਂ ਤੋਂ ਬਾਰਵੀਂ ਕਲਾਸ ਤੱਕ ਸਿਰਫ਼ ਹਿੰਦੀ ਨੂੰ ਛੱਡ ਕੇ ਬਾਕੀ ਸਾਰੀਆਂ ਭਾਰਤੀ ਭਾਸ਼ਾਵਾਂ ਦੀ ਹੋਂਦ ਖ਼ਤਮ ਕਰਨ ਵਾਸਤੇ ਸਰਕੂਲਰ ਰਾਹੀਂ ਸਾਰੀਆਂ ਖੇਤਰੀ ਭਾਸ਼ਾਵਾਂ ਦੀ ਪੜ੍ਹਾਈ ਅਤੇ ਰੁਜ਼ਗਾਰ ਦੇ ਭਵਿੱਖ ਨੂੰ ਖ਼ਤਰਾ ਪੈਦਾ ਹੋਣ ਦਾ ਖ਼ਦਸ਼ਾ ਹੈ। ਇਸ ਤਰ੍ਹਾਂ ਤਾਂ ਜ਼ਿਆਦਾਤਰ ਸੀ.ਬੀ.ਐਸ.ਈ. ਸਕੂਲਾਂ ਵਿਚ ਪੰਜਾਬੀ ਅਤੇ ਸੰਸਕ੍ਰਿਤ ਵਰਗੀਆਂ ਭਾਸ਼ਾਵਾਂ ਦੇ ਯੋਗ ਅਧਿਆਪਕਾਂ ਦੀ ਗਿਣਤੀ ਵੀ ਨਾਮਾਤਰ ਹੀ ਰਹਿ ਜਾਵੇਗੀ ਅਤੇ ਪੰਜਾਬੀ ਪੜ੍ਹਨ ਦੇ ਚਾਹਵਾਨ ਬੱਚਿਆਂ ਨੂੰ ਪੰਜਾਬੀ ਦੇ ਅਧਿਆਪਕ ਮਿਲਣੇ ਔਖੇ ਹੋ ਜਾਣਗੇ। ਜਿਸ ਦਾ ਪੂਰਾ ਅਸਰ ਕਾਲਜ, ਯੂਨੀਵਰਸਿਟੀ 'ਚੋਂ ਇਹ ਭਾਸ਼ਾ ਖ਼ਤਮ ਹੋਣ 'ਤੇ ਪਵੇਗਾ, ਕਿਉਂਕਿ ਸਕਿੱਲ ਕੋਰਸਾਂ ਨੂੰ ਵਧੀਆ ਪੰਜ ਵਿਸ਼ਿਆਂ ਵਿਚ ਸ਼ਾਮਿਲ ਕਰਕੇ ਇਸ ਨੂੰ ਸਾਇੰਸ, ਸੋਸ਼ਲ ਸਾਇੰਸ, ਹਿਸਾਬ, ਹਿੰਦੀ ਅਤੇ ਅੰਗਰੇਜ਼ੀ ਵਿਸ਼ੇ ਦੇ ਬਰਾਬਰ ਵਜ਼ਨਦਾਰ ਬਣਾ ਦਿੱਤਾ ਹੈ ਅਤੇ ਇਸ ਤਰ੍ਹਾਂ ਕੋਈ ਬੱਚਾ ਕਿਸੇ ਵਾਧੂ ਵਿਸ਼ੇ ਦਾ ਭਾਰ ਚੁੱਕਣ ਲਈ ਤਿਆਰ ਨਹੀਂ ਹੋਵੇਗਾ। ਸੋ, ਪੰਜਾਬੀਓ, ਹੁਣ ਤਾਂ ਜਾਗੋ ਆਪਣੀ ਮਾਂ ਬੋਲੀ ਪੰਜਾਬੀ ਖ਼ਤਰੇ ਵਿਚ ਹੈ।

-ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ

ਰੰਗਲਾ ਪੰਜਾਬ

ਹਰ ਪੰਜਾਬ ਵਾਸੀ ਦੀ ਇੱਛਾ ਹੈ ਕਿ ਇਥੇ ਭ੍ਰਿਸ਼ਟਾਚਾਰ, ਰਿਸ਼ਵਤਖ਼ੋਰੀ ਅਤੇ ਬੇਈਮਾਨੀ ਵਰਗੀਆਂ ਅਲਾਮਤਾਂ ਖ਼ਤਮ ਹੋਣ, ਇਸ ਦੇ ਪੌਣ-ਪਾਣੀ, ਹਵਾ, ਮਿੱਟੀ ਅਤੇ ਫ਼ਿਜ਼ਾ ਵਿਚੋਂ ਪਹਿਲਾਂ ਵਰਗੀਆਂ ਖੁਸ਼ਬੋਆਂ ਆਉਣ, ਸਾਡਾ ਖਾਣ-ਪੀਣ ਸ਼ੁੱਧ ਹੋਵੇ। ਸਾਡੀ ਬੋਲੀ ਸਾਡਾ ਵਿਵਹਾਰ ਧਾਰਮਿਕ ਸਿਧਾਂਤਾਂ ਨਾਲ ਲਿਬਰੇਜ਼ ਹੋਵੇ, ਇਥੇ ਗਿੱਧੇ-ਭੰਗੜੇ ਲੁੱਡੀਆਂ ਪੈਣ, ਹੱਸਦੇ-ਵਸਦੇ ਪੰਜਾਬ ਅੰਦਰ ਸਾਡੇ ਅਸਲੀ ਵਿਰਸੇ ਦੀ ਮਹਿਕ ਹੋਵੇ, ਇਥੇ ਚਿੜੀਆਂ ਚਹਿਕਣ, ਇਸ ਦੀ ਹਰਿਆਲੀ ਸਾਨੂੰ ਹਮੇਸ਼ਾ ਸ਼ਰਸਾਰ ਕਰਦੀ ਰਵੇ ਪਰੰਤੂ ਇਹ ਕੰਮ ਇਕੱਲੀ ਸਰਕਾਰ ਨਹੀਂ ਕਰ ਸਕਦੀ। ਸਾਡਾ ਹਰ ਪੰਜਾਬੀ ਦਾ ਨੈਤਿਕ ਫ਼ਰਜ ਬਣਦਾ ਹੈ ਕਿ ਸਾਡੇ ਹਰ ਕਰਮ ਵਿਚ ਇਮਾਨਦਾਰੀ ਕੁੱਟ-ਕੁੱਟ ਕੇ ਭਰੀ ਹੋਵੇ, ਕਿਉਂਕਿ ਹਰ ਕਰਮ ਦਾ ਪ੍ਰਤੀਕਰਮ ਹੁੰਦਾ ਹੈ। ਸੋ, ਆਓ ਇਮਾਨਦਾਰੀ ਦਾ ਪੱਲਾ ਫੜੀਏ ਅਤੇ ਆਪਣੇ ਘਰ (ਪੰਜਾਬ) ਨੂੰ ਰੰਗਲਾ ਪੰਜਾਬ ਬਣਾਉਣ ਵਿਚ ਆਪਣਾ ਯੋਗਦਾਨ ਪਾਈਏ।

ਮਾ. ਰਾਜ ਸਿੰਘ ਬਧੌਛੀ
ਪਿੰਡ ਬਧੌਛੀ ਕਲਾਂ, ਫ਼ਤਹਿਗੜ੍ਹ ਸਾਹਿਬ।

ਪੰਜਾਬ ਨਾਲ ਧੱਕਾ

ਗੁਲਾਮੀ ਦੀਆਂ ਭਿਆਨਕ ਜ਼ੰਜੀਰਾਂ ਤੋਂ ਆਪਣੇ ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਪੰਜਾਬ ਪ੍ਰਾਂਤ ਤੇ ਪੰਜਾਬੀਆਂ ਦਾ ਅਹਿਮ ਯੋਗਦਾਨ ਰਿਹਾ ਹੈ, ਜਿਸ ਨੂੰ ਕਦੇ ਭੁਲਾਇਆ ਤੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਦੇਸ਼ ਨੂੰ ਅਨਾਜ ਸੁਰੱਖਿਆ ਦੇ ਖੇਤਰ ਵਿਚ ਸਵੈ-ਨਿਰਭਰ ਬਣਾਉਣ ਵੱਲ ਅਤੇ ਸਵਤੰਤਰ ਭਾਰਤ ਦੀ ਪ੍ਰਗਤੀਸ਼ੀਲ ਯਾਤਰਾ ਦੇ ਅਨੇਕਾਂ ਦੂਸਰੇ ਹੋਰ ਖੇਤਰਾਂ ਵਿਚ ਪੰਜਾਬ ਪ੍ਰਾਂਤ ਨੇ ਹਮੇਸ਼ਾ ਅਗਾਂਹ ਹੋ ਕੇ, ਵੱਧ-ਚੜ੍ਹ ਕੇ ਅਤੇ ਅਹਿਮ ਯੋਗਦਾਨ ਪਾਇਆ ਹੈ। ਇਸ ਲਈ ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਇਸ ਸਾਲ 26 ਜਨਵਰੀ ਮੌਕੇ ਦਿੱਲੀ ਦੇ ਕਰਤੱਵਯ ਪੱਥ ਤੋਂ 'ਗਣਤੰਤਰ ਦਿਵਸ 'ਚ ਨਹੀਂ ਨਜ਼ਰ ਆਈ ਪੰਜਾਬ ਦੀ ਝਾਕੀ।' ਕਾਰਨ ਜੋ ਵੀ ਹੋਇਆ ਹੋਵੇ, ਗਣਤੰਤਰ ਦਿਵਸ 'ਚ ਪੰਜਾਬ ਦੀ ਝਾਕੀ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਏ ਜਾਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਸੀ।

-ਇੰ. ਕ੍ਰਿਸ਼ਨ ਕਾਂਤ ਸੂਦ ਨੰਗਲ।

ਚਾਈਨਾ ਡੋਰ ਦੀ ਵਰਤੋਂ

ਚੀਨ ਦੀ ਡੋਰ (ਗੱਟੂ ਡੋਰ) ਨੇ ਧਾਗਾ ਡੋਰ ਦਾ ਕਾਰੋਬਾਰ ਖ਼ਤਮ ਹੋਣ ਦੇ ਕਿਨਾਰੇ ਲਿਆਂਦਾ ਹੋਇਆ ਹੈ। ਇਸ ਨਾਲ ਧਾਗਾ ਡੋਰ ਤਿਆਰ ਕਰਨ ਵਾਲੇ ਪ੍ਰੇਸ਼ਾਨ ਹੋ ਗਏ ਹਨ। ਸਰਕਾਰ ਵਲੋਂ ਲਗਾਈ ਰੋਕ ਪਰ ਫਿਰ ਵੀ ਵਿਕਦੀ ਚਾਈਨਾ ਡੋਰ ਕਾਰਨ ਕਈ ਹਾਦਸੇ ਹੋ ਚੁੱਕੇ ਹਨ ਪਰ ਚਾਈਨਾ ਡੋਰ ਅਜੇ ਵੀ ਵਿਕ ਰਹੀ ਹੈ। ਪਤਾ ਨਹੀਂ ਇਹ ਚਾਈਨਾ ਡੋਰ ਬਣਾਉਣ ਵਾਲੇ ਇਸ ਵਿਚ ਕਿਹੜੇ ਕੈਮੀਕਲ ਪਾਉਂਦੇ ਹਨ ਕਿ ਇਸ ਡੋਰ ਨਾਲ ਉਂਗਲਾਂ ਉੱਤੇ ਆਏ ਚੀਰੇ ਜਲਦ ਠੀਕ ਨਹੀਂ ਹੁੰਦੇ ਅਤੇ ਜੇਕਰ ਇਹ ਡੋਰ ਗਿੱਲੀ ਹੋ ਜਾਵੇ ਤਾਂ ਇਸ ਵਿਚੋਂ ਕਰੰਟ ਵੀ ਦੌੜਨ ਲਗ ਜਾਂਦਾ ਹੈ ਅਤੇ ਇਹ ਡੋਰ ਨਾ ਟੁੱਟਣ ਕਾਰਨ ਕਈ ਵਾਰ ਇਨਸਾਨਾਂ ਅਤੇ ਪੰਛੀਆਂ ਨੂੰ ਵੀ ਜ਼ਖ਼ਮੀ ਕਰ ਦਿੰਦੀ ਹੈ। ਸਰਕਾਰਾਂ ਜਦੋਂ ਇਸ ਚਾਈਨਾ ਡੋਰ 'ਤੇ ਰੋਕ ਲਗਾਉਂਦੀਆਂ ਹਨ ਤਾਂ ਇਸ ਰੋਕ ਦਾ ਅਸਰ ਕੇਵਲ ਫਾਈਲਾਂ ਅੰਦਰ ਹੀ ਨਜ਼ਰ ਆਉਂਦਾ ਹੈ। ਬਾਜ਼ਾਰਾਂ ਵਿਚ ਤਾਂ ਚੋਰੀ ਛਿਪੇ ਚਾਈਨਾ ਡੋਰ ਵਿਕਦੀ ਹੀ ਰਹਿੰਦੀ ਹੈ। ਜੇਕਰ ਇਸ 'ਤੇ ਰੋਕ ਲਗਾਉਣੀ ਹੈ ਤਾਂ ਸਖ਼ਤੀ ਨਾਲ ਕਦਮ ਚੁੱਕਣੇ ਚਾਹੀਦੇ ਹਨ ਜਿਥੇ ਬਣਦੀ ਹੈ ਜਾਂ ਫਿਰ ਜਿਥੇ ਹੋਲ ਸੇਲ ਵਿਚ ਵਿਕਦੀ ਹੈ ਉਥੇ ਹੀ ਰੋਕ ਲਗਾਈ ਜਾਵੇ। ਜੇਕਰ ਇਸ ਨੂੰ ਬੰਦ ਕਰਨਾ ਹੈ ਤਾਂ ਸਰਕਾਰਾਂ ਨੂੰ ਠੋਸ ਕਦਮ ਚੁੱਕਣੇ ਪੈਣਗੇ, ਜਿਥੋਂ ਇਸ ਦੀ ਸਪਲਾਈ ਹੁੰਦੀ ਹੈ ਉਥੇ ਹੀ ਰੋਕ ਲਗਾਉਣੀ ਪਵੇਗੀ।

-ਗੌਰਵ ਮੁੰਜਾਲ ਲੈਕਚਰਾਰ, ਮੁਹਾਲੀ

ਭਿਖਾਰੀਆਂ ਦੀ ਵਧਦੀ ਗਿਣਤੀ

ਭਿਖਾਰੀਆਂ ਦੀ ਗਿਣਤੀ ਦੇਸ਼ ਦੇ ਪਿੰਡਾਂ, ਕਸਬਿਆਂ, ਸ਼ਹਿਰਾਂ ਵਿਚ ਲਗਾਤਾਰ ਵਧ ਰਹੀ ਹੈ। ਇਹ ਸਮੱਸਿਆ ਦਿਨ ਪ੍ਰਤੀਦਿਨ ਗੰਭੀਰ ਹੁੰਦੀ ਜਾ ਰਹੀ ਹੈ। ਹਰ ਸ਼ਹਿਰ ਦੇ ਬਾਜ਼ਾਰਾਂ 'ਚ ਟ੍ਰੈਫਿਕ ਲਾਈਟਾਂ 'ਤੇ ਇਨ੍ਹਾਂ ਭਿਖਾਰੀਆਂ ਦਾ ਦਬਦਬਾ ਹੈ ਜਦੋਂ ਕੋਈ ਵੀ ਗੱਡੀ ਟ੍ਰੈਫਿਕ ਲਾਈਟਾਂ 'ਤੇ ਆ ਕੇ ਰੁਕਦੀ ਹੈ, ਇਹ ਭੱਜ ਕੇ ਉਸ ਗੱਡੀ ਵੱਲ ਜਾਂਦੇ ਹਨ। ਆਮ ਦੇਖਣ ਵਿਚ ਆਉਂਦਾ ਹੈ ਕਿ ਭਿਖਾਰੀ ਹੁਣ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਨਾਂਅ 'ਤੇ ਭੀਖ ਮੰਗਦੇ ਹਨ, ਕਿ ਸਾਡਾ ਛੋਟਾ ਬੱਚਾ ਹੈ, ਦੁਧ ਵਾਸਤੇ ਪੈਸੇ ਦੇ ਦਿਉ। ਕੁਝ ਨੌਜਵਾਨ ਭਿਖਾਰੀ ਇਨ੍ਹਾਂ ਬੱਚਿਆਂ ਤੋਂ ਭੀਖ ਮੰਗਵਾ ਕੇ ਨਸ਼ੇ ਕਰਦੇ ਹਨ। ਜਦੋਂ ਵੀ ਕੋਈ ਸਾਮਾਨ ਖਰੀਦਣ ਦੁਕਾਨ 'ਤੇ ਜਾਂਦਾ ਹੈ ਤਾਂ ਇਹ ਭਿਖਾਰੀ ਉਸ ਦੇ ਕੱਪੜੇ ਖਿੱਚਦੇ ਹਨ। ਲੋਕ ਇਨ੍ਹਾਂ ਭਿਖਾਰੀਆਂ ਨੂੰ ਕੁਝ ਨਹੀਂ ਦਿੰਦੇ, ਉਦੋਂ ਤਕ ਇਹ ਉਸ ਦਾ ਖਹਿੜਾ ਨਹੀਂ ਛੱਡਦੇ। ਜਿਸ ਕਾਰਨ ਲੋਕ ਹੁਣ ਦੁਕਾਨਾਂ 'ਤੇ ਜਾਣ ਤੋਂ ਗੁਰੇਜ਼ ਕਰਦੇ ਹਨ। ਜੇ ਭਿਖਾਰੀਆਂ ਨੂੰ ਪੈਸੇ ਨਹੀਂ ਦਿੰਦੇ ਤਾਂ ਇਹ ਗਾਲੀ ਗਲੋਚ ਵੀ ਕਰਦੇ ਹਨ। ਬਹੁਤ ਹੀ ਜ਼ਿਆਦਾ ਕੱਬਾ ਬੋਲਦੇ ਹਨ। ਜੋ ਵੀ ਪਬਲਿਕ ਥਾਵਾਂ ਹੁੰਦੀਆਂ ਹਨ ਉੱਥੇ ਜੇ ਕਿਸੇ ਨੂੰ ਕਿਸੇ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਤਾਂ ਭਿਖਾਰੀ ਉਥੋਂ ਖੜ੍ਹਨਾ ਦੁੱਭਰ ਕਰ ਦਿੰਦੇ ਹਨ। ਸਰਕਾਰਾਂ ਨੂੰ ਪ੍ਰਸ਼ਾਸਨ ਨਾਲ ਮਿਲ ਕੇ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਵਧ ਰਹੀ ਭਿਖਾਰੀਆਂ ਦੀ ਗਿਣਤੀ 'ਤੇ ਲਗਾਮ ਕੱਸੀ ਜਾ ਸਕੇ।

-ਸੰਜੀਵ ਸਿੰਘ ਸੈਣੀ, ਮੁਹਾਲੀ।

08-02-2023

ਨਾਂਅ ਬਦਲੀ ਦੀ ਤ੍ਰਾਸਦੀ

ਕਿਸੇ ਵੀ ਖਿੱਤੇ, ਵਸਤੂ ਅਤੇ ਵਰਗ ਦੇ ਨਾਮਕਰਨ ਦੇ ਪਿੱਛੇ ਕੋਈ ਨਾ ਕੋਈ ਕਥਾ, ਕਹਾਣੀ ਜਾਂ ਕਿਸੇ ਵਿਅਕਤੀ ਦਾ ਨਾਂਅ ਜੁੜਿਆ ਹੁੰਦਾ ਹੈ, ਜੋ ਉਸਨੂੰ ਹਮੇਸ਼ਾ ਦੇ ਲਈ ਅਮਰ ਕਰ ਦਿੰਦਾ ਹੈ। ਮੁਗਲ ਗਾਰਡਨ ਦਾ ਨਾਂਅ ਬਦਲ ਕੇ ਅੰਮ੍ਰਿਤ ਉਦਯਾਨ ਰੱਖ ਦਿੱਤਾ ਗਿਆ ਹੈ ਜੋ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਨਾਂਅ ਬਦਲਿਆ ਗਿਆ ਹੈ, ਇਹ ਪਰੰਪਰਾ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਚਲੀ ਆ ਰਹੀ ਹੈ। ਕਿਸੇ ਦੇ ਨਾਂਅ ਪਿੱਛੇ ਕੋਈ ਨਾ ਕੋਈ ਠੋਸ ਆਧਾਰ ਮੌਜੂਦ ਹੋਣੇ ਚਾਹੀਦੇ ਹਨ ਪਰ ਪਿਛਲੇ ਕੁਝ ਸਾਲਾਂ ਤੋਂ ਦੇਸ਼ ਵਿਚ ਸਥਾਨਾਂ, ਸ਼ਹਿਰਾਂ, ਇਮਾਰਤਾਂ ਅਤੇ ਇਤਿਹਾਸਕ ਧਰੋਹਰਾਂ ਦੇ ਧੜਾਧੜ ਹੋ ਰਹੇ ਨਾਮਕਰਨ ਨਾ ਸਿਰਫ਼ ਇਤਿਹਾਸ ਮਿਟਾਉਣ ਦਾ ਕੰਮ ਕਰ ਰਹੇ ਹਨ, ਸਗੋਂ ਦੇਸ਼ ਦੀ ਸਮਾਨਤਾ ਅਤੇ ਏਕਤਾ ਨੂੰ ਵੀ ਖੋਰਾ ਲਾਉਣ ਦਾ ਕੰਮ ਕਰ ਰਹੇ ਹਨ। ਪੁਰਾਤਨ ਸਮੇਂ ਤੋਂ ਚਲੇ ਆ ਰਹੇ ਨਾਂਅ ਇਨ੍ਹਾਂ ਦੇ ਵਿਸ਼ਾਲ ਅਤੇ ਕੀਮਤੀ ਇਤਿਹਾਸ ਦੀ ਪਹਿਚਾਣ ਹਨ, ਇਨ੍ਹਾਂ ਨੂੰ ਸੰਭਾਲਣਾ ਅਤੇ ਰੱਖਿਆ ਕਰਨਾ ਸਾਡਾ ਨੈਤਿਕ ਫ਼ਰਜ਼ ਹੈ। ਕੇਂਦਰ ਸਰਕਾਰ ਨੂੰ ਨਾਂਅ ਬਦਲੀ ਦੀ ਨੀਤੀ 'ਤੇ ਵਿਚਾਰ ਕਰਨਾ ਚਾਹੀਦਾ ਹੈ ਨਹੀਂ ਤਾਂ ਇਕ ਦਿਨ ਅਜਿਹਾ ਆਵੇਗਾ ਜਿਸ ਦਿਨ ਅਸੀਂ ਆਪਣੇ ਇਤਿਹਾਸ, ਸੱਭਿਆਚਾਰ ਅਤੇ ਸੰਸਕ੍ਰਿਤੀ ਤੋਂ ਬੇਮੁੱਖ ਹੁੰਦੇ ਹੋਏ ਅਨਾਥ ਹੋ ਜਾਵਾਂਗੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ: ਚੱਕ ਅਤਰ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ।

ਜਨਮ ਦਿਨ ਮਨਾਉਣੇ

ਅੱਜਕਲ੍ਹ ਜਨਮ ਦਿਨ ਮਨਾਉਣ ਦਾ ਰੁਝਾਨ ਬਹੁਤ ਹੀ ਵਧ ਗਿਆ ਹੈ। ਸਕੂਲਾਂ ਵਿਚ ਛੋਟੇ ਬੱਚਿਆਂ ਦੇ ਜਨਮ ਦਿਨ 'ਤੇ ਕਲਾਸਾਂ ਵਿਚ ਟੌਫੀਆਂ, ਮਠਿਆਈਆਂ ਵੰਡੀਆਂ ਜਾਂਦੀਆਂ ਹਨ। ਘਰਾਂ ਵਿਚ ਛੋਟੇ ਤੋਂ ਲੈ ਕੇ ਵੱਡਿਆਂ ਤੱਕ ਜਨਮ ਦਿਨ ਮਨਾਇਆ ਜਾਣ ਲੱਗਾ ਹੈ। ਇਸ ਦਿਨ ਵਧਾਈਆਂ ਲੈਣ ਦੀ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਹੈ। ਅਸਲ ਵਿਚ ਜਨਮ ਦਿਨ ਮਨਾਉਣ ਦਾ ਮਤਲਬ ਮੋਮਬੱਤੀਆਂ ਜਗਾਉਣ, ਬੁਝਾਉਣ, ਕੇਕ ਕੱਟਣੇ ਅਤੇ ਇਕ-ਦੂਜੇ ਦੇ ਮੂੰਹ ਵਿਚ ਪਾਉਣ ਤੱਕ ਸੀਮਤ ਹੋ ਗਿਆ ਹੈ ਅਤੇ ਤੋਹਫ਼ੇ ਲੈਣ-ਦੇਣ ਦਾ ਹੋਰ ਵਧੇਰੇ ਕੰਮ ਵਧ ਗਿਆ ਹੈ। ਇਹ ਰਿਵਾਜ ਹੁਣ ਵੱਡੀ ਪੱਧਰ 'ਤੇ ਵਧ ਗਿਆ ਹੈ। ਜਿਥੇ ਕਿ ਵਿਆਹਾਂ-ਸ਼ਾਦੀਆਂ 'ਤੇ ਧੂਮ-ਧੜੱਕੇ ਨਾਲ ਪਾਰਟੀਆਂ ਹੁੰਦੀਆਂ ਹਨ, ਉਥੇ ਜਨਮ ਦਿਨ ਵੀ ਫ਼ਜ਼ੂਲ ਖਰਚੇ ਵਿਚ ਅੱਗੇ ਵਧ ਗਿਆ ਹੈ। ਗ਼ਰੀਬ ਬੱਚਿਆਂ ਦੇ ਮਾਪਿਆਂ ਨੂੰ ਵੀ ਅਮੀਰ ਬੱਚਿਆਂ ਦੇ ਮਾਪਿਆਂ ਵਾਂਗ ਫ਼ਜ਼ੂਲ ਖਰਚੇ ਵਿਚ ਸੜਨਾ ਪੈ ਰਿਹਾ ਹੈ। ਦਰਅਸਲ ਜਨਮ ਦਿਨ ਮਨਾਉਣ ਦਾ ਮਹੱਤਵ ਉੱਚ ਸ਼ਖ਼ਸੀਅਤਾਂ ਦੇ ਮਰਨ ਉਪਰੰਤ ਮਨਾਉਣਾ ਬਣਦਾ ਹੈ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿਚ ਚੰਗੇ ਮਹਾਨ ਅਤੇ ਵਧੀਆ ਕੰਮ ਕੀਤੇ ਹਨ। ਉਨ੍ਹਾਂ ਦੀ ਅੱਛੀ ਸੇਧ ਲੈਣ ਲਈ ਅਤੇ ਉਨ੍ਹਾਂ ਦੇ ਚੰਗੇ ਕੰਮਾਂ ਦੇ ਪਾਏ ਯੋਗਦਾਨ ਦੀ ਯਾਦ ਨੂੰ ਤਾਜ਼ਾ ਰੱਖਣ ਹਿਤ ਜਨਮ ਦਿਨ ਮਨਾਇਆ ਜਾਣਾ ਚਾਹੀਦਾ ਹੈ। ਪਰ ਆਪਣਾ ਜਨਮ ਦਿਨ ਆਪ ਮਨਾਉਣਾ ਆਪਣੀ ਹਉਮੈ ਨੂੰ ਜ਼ਾਹਿਰ ਕਰਨ ਦਾ ਵਸੀਲਾ ਹੈ, ਜਿਹੜਾ ਕਿ ਚੰਗਾ ਨਹੀਂ ਮੰਨਿਆ ਜਾ ਸਕਦਾ। ਸੋ, ਇਸ ਰਿਵਾਜ ਨੂੰ ਸੋਧ ਸਹਿਤ ਘਟਾਉਣਾ ਚਾਹੀਦਾ ਹੈ।

-ਰਘਬੀਰ ਸਿੰਘ ਬੈਂਸ
ਮੈਂਬਰ ਮਨੁੱਖੀ ਅਧਿਕਾਰ ਮੰਚ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ।

ਤਾਨਾਸ਼ਾਹੀ

28 ਜਨਵਰੀ ਨੂੰ ਵੱਖ-ਵੱਖ ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ਕਿ ਬੀ.ਬੀ.ਸੀ. ਦੀ ਵਿਵਾਦਤ ਦਸਤਾਵੇਜ਼ੀ ਫ਼ਿਲਮ ਵਿਖਾਉਣ ਦੀ ਯੋਜਨਾ ਬਣਾ ਰਹੇ 24 ਵਿਦਿਆਰਥੀਆਂ ਨੂੰ ਪੁਲਿਸ ਵਲੋਂ ਹਿਰਾਸਤ ਵਿਚ ਲੈ ਲਿਆ ਗਿਆ, ਇਸ ਤੋਂ ਸਾਬਤ ਹੁੰਦਾ ਹੈ ਕਿ ਸਾਡੇ ਦੇਸ਼ ਵਿਚ ਹੁਣ ਸਿਰਫ਼ ਨਾਂਅ ਦਾ ਹੀ ਲੋਕਤੰਤਰ ਰਹਿ ਗਿਆ ਹੈ ਅਤੇ ਪੀੜਤਾਂ ਨੂੰ ਅਤੇ ਖਾਸ ਕਰਕੇ ਘੱਟ ਗਿਣਤੀਆਂ ਨੂੰ ਦਹਾਕਿਆਂ ਬਾਅਦ ਵੀ ਇਨਸਾਫ਼ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।
ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਗੁਜਰਾਤ ਕਤਲੇਆਮ ਬਾਰੇ ਬੀ.ਬੀ.ਸੀ. ਦੀ ਦਸਤਾਵੇਜ਼ੀ ਫਿਲਮ ਵੇਖਣ -ਵਿਖਾਉਣ ਤੋਂ ਰੋਕਣਾ ਅਤੇ ਗ੍ਰਿਫ਼ਤਾਰ ਕਰਨਾ ਸਰਾਸਰ ਹਕੂਮਤੀ ਤਾਨਾਸ਼ਾਹੀ ਹੈ ਜਦਕਿ ਬੀਬੀਸੀ ਨੇ ਇਸ ਦਸਤਾਵੇਜ਼ੀ ਫ਼ਿਲਮ ਵਿਚ ਤੱਥਾਂ ਸਹਿਤ ਸਿੱਧ ਕੀਤਾ ਹੈ ਕਿ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਗੁਜਰਾਤ ਵਿਚ ਮੁਸਲਮਾਨਾਂ ਦੇ ਫ਼ਿਰਕੂ ਕਤਲੇਆਮ ਲਈ ਸਿੱਧੇ ਜ਼ਿੰਮੇਵਾਰ ਸਨ ਅਤੇ ਸੁਪਰੀਮ ਕੋਰਟ ਵਲੋਂ ਹਕੂਮਤੀ ਦਬਾਅ ਹੇਠ ਮੋਦੀ ਨੂੰ ਕਲੀਨ ਚਿਟ ਦਿੱਤੀ ਗਈ ਸੀ। ਬਜਰੰਗ ਦਲ ਦਾ ਆਗੂ ਬਾਬੂ ਬਜਰੰਗੀ ਇਸ ਦਸਤਾਵੇਜ਼ੀ ਵਿਚ ਬੜੇ ਫ਼ਖਰ ਨਾਲ ਖੁਦ ਮੁਸਲਮਾਨਾਂ ਦਾ ਕਤਲੇਆਮ ਕਰਨ ਅਤੇ ਫਿਰ ਬਚ ਨਿਕਲਣ ਪਿੱਛੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਹਕੂਮਤੀ ਸਰਪ੍ਰਸਤੀ ਹੋਣ ਦੇ ਤੱਥ ਨੂੰ ਕਬੂਲ ਕਰ ਰਿਹਾ ਹੈ।
ਮੋਦੀ ਸਰਕਾਰ ਅਤੇ ਭਾਜਪਾ ਨੂੰ ਅੱਜ ਬੀ.ਬੀ.ਸੀ. ਦੀ ਤੱਥ ਖੋਜ ਦਸਤਾਵੇਜ਼ੀ ਰਿਪੋਰਟ ਕੂੜ ਪ੍ਰਚਾਰ ਅਤੇ ਝੂਠਾ ਬਿਰਤਾਂਤ ਲਗਦਾ ਹੈ ਜਦਕਿ ਇਸੇ ਬੀ.ਬੀ.ਸੀ. ਵਲੋਂ ਸੰਨ 1984 ਦੇ ਸਾਕਾ ਨੀਲਾ ਤਾਰਾ ਓਪਰੇਸ਼ਨ ਅਤੇ ਸਿੱਖ ਕਤਲੇਆਮ ਮੌਕੇ ਵਿਖਾਈਆਂ ਗਈਆਂ ਦਸਤਾਵੇਜ਼ੀ ਰਿਪੋਰਟਾਂ ਉਤੇ ਭਾਜਪਾ ਅਤੇ ਇਸ ਦੇ ਨੇਤਾਵਾਂ ਲਾਲ ਕ੍ਰਿਸ਼ਨ ਅਡਵਾਨੀ ਅਤੇ ਅਟਲ ਬਿਹਾਰੀ ਵਾਜਪਾਈ ਵਲੋਂ ਬੀ.ਬੀ.ਸੀ. ਦੀ ਖੁੱਲ੍ਹ ਕੇ ਤਾਰੀਫ਼ ਕੀਤੀ ਸੀ।

-ਸੁਮੀਤ ਸਿੰਘ
ਅੰਮ੍ਰਿਤਸਰ।

07-02-2023

 ਸ਼ਰੀਫ਼ ਨੂੰ ਸ਼ਰੀਫ਼ ਨਾ ਸਮਝੋ

ਵੱਡੇ ਵਿਤ ਸੰਕਟ ਅਤੇ ਮਹਿੰਗਾਈ ਦੀ ਮਾਰ ਤੋਂ ਬੇਹਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ ਸ਼ਰੀਫ ਨੇ ਕੁਝ ਇਹੋ ਜਿਹਾ ਕਿਹਾ ਹੈ , ਜਿਸ ਤੋਂ ਲੱਗਦਾ ਹੈ ਕਿ ਪਾਕਿਸਤਾਨ ਭਾਰਤ ਦੇ ਖਿਲਾਫ ਆਪਣੀਆਂ ਸਾਰੀਆਂ ਸਾਜਿਸ਼ਾਂ, ਸਾਰੀਆਂ ਸ਼ੈਤਾਨੀਆਂ ਲਈ ਸ਼ਰਮਿੰਦਾ ਹੈ ਅਤੇ ਹੁਣ ਉਹ ਭਾਰਤ ਦੇ ਖਿਲਾਫ ਜਾਰੀ ਆਪਣੀ 'ਬਦਮਾਸ਼ੀ' ਨੂੰ ਬੰਦ ਕਰ 'ਸ਼ਰਾਫਤ' ਦਾ ਚੋਲਾ ਪਹਿਨਣ ਜਾ ਰਿਹਾ ਹੈ, ਪਰ ਹਕੀਕਤ ਵਿਚ ਇੰਝ ਨਹੀਂ ਹੈ। ਪਾਕਿਸਤਾਨ ਅਤੇ ਪਾਕਿਸਤਾਨੀਆਂ ਦੀਆਂ ਰਗਾਂ ਵਿਚ ਭਾਰਤ ਦੇ ਖਿਲਾਫ ਨਫਰਤ ਦਾ ਜ਼ਹਿਰ ਇਸ ਹੱਦ ਤਕ ਭਰ ਚੁੱਕਾ ਹੈ ਕਿ ਹੁਣ ਉਹ ਪਿਆਰ-ਮੁਹੱਬਤ ਦੀਆਂ ਗੱਲਾਂ ਤੋਂ ਦੂਰ ਹੋਣਵਾਲਾ ਨਹੀਂ ਹੈ। ਸ਼ਾਹਬਾਜ਼ ਸ਼ਰੀਫ ਨੇ ਪਿਛਲੇ ਦਿਨੀਂ ਕਿਹਾ ਕਿ ਪਾਕਿਸਤਾਨ ਨੇ ਭਾਰਤ ਨਾਲ ਤਿੰਨ ਯੁੱਧਾਂ ਤੋਂ ਸਬਕ ਲਿਆ ਹੈ ਅਤੇ ਹੁਣ ਉਹ ਭਾਰਤ ਨਾਲ ਸ਼ਾਂਤੀ ਨਾਲ ਰਹਿਣਾ ਚਾਹੁੰਦਾ ਹੈ। ਸ਼ਾਹਬਾਜ਼ ਸ਼ਰੀਫ ਦੇ ਸਿਰਫ ਇਸ ਬਿਆਨ 'ਤੇ ਹੀ ਸੱਚਾਈ ਦੀ ਛਾਪ ਨਜ਼ਰ ਆਉਂਦੀ ਹੈ ਕਿ ਭਾਰਤ ਨਾਲ ਦੁਸ਼ਮਣੀ ਨੇ ਪਾਕਿਸਤਾਨ ਨੂੰ ਕੰਗਾਲ ਬਣਾ ਦਿੱਤਾ ਹੈ। ਸ਼ਹਬਾਜ਼ ਸ਼ਰੀਫ ਨਾਮ ਦੇ ਹੀ ਸ਼ਰੀਫ ਹਨ, ਸੋਚ ਦੇ ਨਹੀਂ। ਭਾਰਤ ਨਾਲ ਸੁਖਾਲੇ ਸੰਬੰਧ ਬਨਾਉਣ ਦੀ ਇਕ ਵੀ ਕੋਸ਼ਿਸ਼ ਸ਼ਰੀਫ ਨਹੀਂ ਕੀਤੀ ਹੈ। ਦੂਸਰਾ, ਸ਼ਾਹਬਾਜ਼ ਸ਼ਰੀਫ ਦੀ ਹੈਸੀਅਤ ਪਾਕਿਸਤਾਨ ਵਿਚ 'ਚੁਵਾਨੀ' ਤੋਂ ਵਧ ਨਹੀਂ ਹੈ ਕਿਉਂਕਿ ਪਾਕਿਸਤਾਨ ਦੀਆਂ ਨੀਤੀਆਂ ਦੀ ਪਾਲਣਾ ਦੀ 75 ਪ੍ਰਤੀਸ਼ਤ ਤਾਕਤ ਤਾਂ ਖ਼ੂਫੀਆ ਏਜੰਸੀਆਂ ਆਈ.ਐਸ.ਆਈ. ਅਤੇ ਪਾਕਿਸਤਾਨ ਦੀ ਸੇਨਾ ਨੇ ਖੋਹ ਲਈ ਹੈ। ਸ਼ਾਹਬਾਜ ਸ਼ਰੀਫ ਦੀ ਨੀਅਤ ਵਿਚ ਖੋਟ ਅਤੇ ਉਸ ਦੇ ਕਮਜ਼ੋਰ ਹੋਣ ਦਾ ਹੀ ਪ੍ਰਭਾਵ ਹੈ ਕਿ ਆਈ.ਐਸ.ਆਈ. ਅਤੇ ਪਾਕਿਸਤਾਨ ਦੀ ਸੈਨਾ ਦੇ ਪਾਲੇ ਹੁਏ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਅਤੇ ਪੰਜਾਬ ਵਿਚ ਆਪਣੀਆਂ ਗਤੀਵਿਧੀਆਂ ਵਧਾ ਦਿੱਤੀਆਂ ਹਨ। ਇਨ੍ਹਾਂ ਹਾਲਾਤ ਵਿਚ ਸ਼ਹਬਾਜ ਸ਼ਰੀਫ ਦੇ ਭਾਰਤ ਵਿਚ ਸ਼ਾਂਤੀਪੂਰਨ ਸੰਬੰਧ ਬਣਾਉਣ ਦੇ ਬਯਾਨ 'ਤੇ ਯਕੀਨ ਕਰਕੇ ਅਸੀਂ ਮੁੜ ਤੋਂ ਧੋਖਾ ਹੀ ਖਾਵਾਂਗੇ।

-ਅਕਸ਼ਿਤ ਆਦਿਤਿਆ ਤਿਲਕ ਰਾਜ ਗੁਪਤਾ
ਰਾਦੌਰ (ਹਰਿਆਣਾ)

ਪਾਣੀ ਇਕ ਦਾਤ

ਪਾਣੀ ਸਾਡੇ ਲਈ ਅਨਮੋਲ ਦਾਤ ਹੈ ਤੇ ਇਸ ਤੋਂ ਬਿਨਾਂ ਅਸੀਂ ਜਿਊਂਦੇ ਨਹੀਂ ਰਹਿ ਸਕਦੇ, ਇਹ ਸਾਰੀਆਂ ਗੱਲਾਂ ਤਾਂ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਪਰ ਇਨ੍ਹਾਂ ਗੱਲਾਂ ਨੂੰ ਅਸੀਂ ਸਮਝਦੇ ਨਹੀਂ। ਜਗ੍ਹਾ-ਜਗ੍ਹਾ ਲਿਖ ਕੇ ਬੋਰਡ ਲਾਏ ਜਾਂਦੇ ਹਨ। 'ਪਾਣੀ ਬਚਾਓ' ਆਦਿ ਪਰ ਅਸੀਂ ਉਹ ਪੜ੍ਹ ਕੇ ਅਣਦੇਖਾ ਜਿਹਾ ਕਰਦੇ ਹਾਂ। ਅਮਲ ਕਰਨਾ ਜ਼ਰੂਰੀ ਹੀ ਨਹੀਂ ਸਮਝਦੇ। ਲੋਕ ਪਾਣੀ ਦੀ ਵਰਤੋਂ ਲੋੜ ਤੋਂ ਵੱਧ ਕਰਦੇ ਹਨ। ਆਮ ਤੌਰ 'ਤੇ ਦੇਖਣ ਨੂੰ ਆਉਂਦਾ ਹੈ ਕਿ ਸਵੇਰ ਨੂੰ ਜਦ ਪਾਣੀ ਆਉਂਦਾ ਹੈ ਲੋਕ ਸਾਰੇ ਕੰਮ ਛੱਡ ਕੇ ਪਾਣੀ ਭਰਦੇ ਨੇ ਤੇ ਪਾਣੀ ਦੀਆਂ ਬਾਲਟੀਆਂ ਭਰ ਕੇ ਟੂਟੀ ਬੰਦ ਕਰਨ ਦੀ ਬਜਾਇ ਲੋਕ ਟੂਟੀ ਨੂੰ ਪਾਈਪ ਲਗਾ ਕੇ ਸੜਕਾਂ, ਫ਼ਰਸ਼ ਧੋਣ ਲੱਗ ਪੈਂਦੇ ਨੇ ਤੇ ਚੰਗੀ ਤਰ੍ਹਾਂ ਰੀਝ ਲਗਾ ਕੇ ਪਾਣੀ ਦੀ ਬਰਬਾਦੀ ਕਰਦੇ ਨੇ। ਤੇ ਜਦੋਂ ਕਦੀ ਪਾਣੀ ਬਚਾਉਣ ਦੀ ਗੱਲ ਹੁੰਦੀ ਹੈ। ਲੋਕ ਕਹਿੰਦੇ ਨੇ ਕਿ ਸਾਡੇ ਇਕੱਲਿਆਂ ਦੇ ਪਾਣੀ ਬਚਾਇਆਂ ਕਿੰਨਾ ਕੁ ਪਾਣੀ ਬਚ ਜਾਣਾ। ਪਰ ਲੋਕੀਂ ਇਹ ਨਹੀਂ ਸੋਚਦੇ ਕਿ ਜੇ ਅਸੀਂ ਇਕ-ਇਕ ਗਲਾਸ ਕਰਕੇ ਵੀ ਪਾਣੀ ਬਚਾਵਾਂਗੇ ਤਾਂ ਰੋਜ਼ ਦਾ ਕਿੰਨਾ ਪਾਣੀ ਬਚੇਗਾ। ਪਾਣੀ ਦੀ ਵਰਤੋਂ ਅਸੀਂ ਜੇ ਅੱਜ ਸਾਵਧਾਨੀ ਨਾਲ ਕਰਾਂਗੇ ਤਾਂ ਹੀ ਸਾਡੀ ਕੱਲ੍ਹ ਨੂੰ ਆਉਣ ਵਾਲੀ ਪੀੜ੍ਹੀ ਪਾਣੀ ਪੀ ਸਕੇਗੀ ਨਹੀਂ ਤਾਂ ਸਾਡੀ ਅਗਲੀ ਪੀੜ੍ਹੀ ਪਾਣੀ ਦੀ ਬੂੰਦ-ਬੂੰਦ ਨੂੰ ਤਰਸੇਗੀ ਤੇ ਉਸ ਦੇ ਜ਼ਿੰਮੇਵਾਰ ਸਿਰਫ਼ ਤੇ ਸਿਰਫ਼ ਅਸੀਂ ਹੀ ਹੋਵਾਂਗੇ। ਪਾਣੀ ਦੀ ਬਰਬਾਦੀ ਕਰਕੇ ਅਸੀਂ ਖੁਦ ਆਪਣੇ ਬੱਚਿਆਂ ਦਾ ਭਵਿੱਖ ਧੁੰਦਲਾ ਕਰ ਰਹੇ ਹਾਂ। ਲੋੜ ਹੈ ਖੁਦ ਨੂੰ ਸਮਝਾਉਣ ਦੀ, ਬੂੰਦ-ਬੂੰਦ ਪਾਣੀ ਨੂੰ ਬਚਾਉਣ ਦੀ।

-ਮਨਪ੍ਰੀਤ ਕੌਰ
ਸੰਗਲ ਸੋਹਲ, ਜਲੰਧਰ।

ਸਮੇਂ ਦੀ ਮਹੱਤਤਾ

ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ ਅਤੇ ਗੁਆਚਿਆ ਸਮਾਂ ਕਦੇ ਵਾਪਸ ਨਹੀਂ ਆ ਸਕਦਾ। ਇਸ ਲਈ ਸਮਾਂ ਕੇਵਲ ਬਤੀਤ ਹੀ ਨਹੀਂ ਕਰਨਾ ਚਾਹੀਦਾ ਸਗੋਂ ਇਸ ਨੂੰ ਨਿਵੇਸ਼ ਕਰਨਾ ਚਾਹੀਦਾ ਹੈ। ਨਿਵੇਸ਼ ਤੋਂ ਭਾਵ ਸਮੇਂ ਦਾ ਸਦਉਪਯੋਗ ਕਰਦੇ ਹੋਏ ਇਸ ਨੂੰ ਕਿਸੇ ਸਾਰਥਕ ਕੰਮ ਵਿਚ ਲਾਉਣਾ ਚਾਹੀਦਾ ਹੈ ਤਾਂ ਜੋ ਆਪਣੇ ਵਲੋਂ ਮਿੱਥੇ ਮਕਸਦ ਨੂੰ ਵਧੀਆ ਢੰਗ ਨਾਲ ਪ੍ਰਾਪਤ ਕੀਤਾ ਜਾ ਸਕੇ। ਜ਼ਿੰਦਗੀ ਦੇ ਹਰ ਖੇਤਰ 'ਚ ਸਮੇਂ ਦੀ ਬਹੁਤ ਮਹੱਤਤਾ ਹੈ। ਸਮਾਂ ਇਕ ਅਜਿਹੀ ਸ਼ੈਅ ਹੈ ਜੋ ਆਜ਼ਾਦ ਹੈ। ਇਸ ਨੂੰ ਜ਼ੰਜੀਰਾਂ ਵਿਚ ਬੰਨ੍ਹਿਆ ਨਹੀਂ ਜਾ ਸਕਦਾ। ਤੁਸੀਂ ਕੇਵਲ ਇਸ ਦਾ ਇਸਤੇਮਾਲ ਆਪਣੀ ਸਮਰੱਥਾ ਮੁਤਾਬਕ ਘੱਟ ਜਾਂ ਵੱਧ ਕਰ ਸਕਦੇ ਹੋ। ਸਾਡੇ ਸਾਹਮਣੇ ਅਣਗਿਣਤ ਮਿਸਾਲਾਂ ਹਨ ਕਿ ਜਿਹੜੇ ਲੋਕਾਂ ਨੇ ਸਮੇਂ ਦਾ ਸਹੀ ਇਸਤੇਮਾਲ ਕੀਤਾ, ਉਨ੍ਹਾਂ ਨੇ ਹੀ ਸੰਸਾਰ ਵਿਚ ਸਫਲਤਾ ਪ੍ਰਾਪਤ ਕਰ ਕੇ ਨਾਮਣਾ ਖੱਟਿਆ ਹੈ। ਅਜੋਕੀ ਪੀੜ੍ਹੀ ਵਿਚ ਬੇਚੈਨੀ ਦਾ ਮੁੱਖ ਕਾਰਨ ਇਹ ਹੈ ਕਿ ਉਹ ਸਮੇਂ ਦਾ ਸਹੀ ਢੰਗ ਨਾਲ ਨਿਵੇਸ਼ ਨਹੀਂ ਕਰਦੀ। ਆਪਣੇ ਸੀਮਤ ਸਮੇਂ ਨੂੰ ਬੇਲੋੜੇ ਕਾਰਜਾਂ ਵਿਚ ਲਗਾ ਕੇ ਨੌਜਵਾਨ ਰਾਹ ਤੋਂ ਭਟਕ ਰਹੇ ਹਨ। ਅੱਜ ਦੇ ਵਿਦਿਆਰਥੀ ਸਮੇਂ ਦੇ ਮੁੱਲ ਨੂੰ ਪਛਾਣਦੇ ਹੋਏ ਇਸ ਨੂੰ ਸੁਚਾਰੂ ਰੂਪ ਵਿਚ ਇਸਤੇਮਾਲ ਕਰਦੇ ਹੋਏ ਟੀਚੇ ਹਾਸਲ ਕਰਨ ਤਾਂਕਿ ਉਨ੍ਹਾਂ ਨੂੰ ਪਛਤਾਉਣਾ ਨਾ ਪਵੇ, ਉਸ ਵਾਸਤੇ ਉਹ ਸਮੇਂ ਦੀ ਮਹੱਤਤਾ ਨੂੰ ਸਮਝਣ।

-ਵਨੀਤ ਸਿੰਗਲਾ

ਚਾਈਨਾ ਡੋਰ

ਚਾਈਨਾ ਡੋਰ ਦੇ ਨਾਲ ਹੁੰਦੀਆਂ ਘਟਨਾਵਾਂ ਬਾਰੇ ਖ਼ਬਰਾਂ ਨਾਲ ਅੱਧਾ ਅਖ਼ਬਾਰ ਭਰ ਜਾਂਦਾ ਹੈ। ਪਰ ਚਾਈਨਾ ਡੋਰ ਬਣਾਉਣ ਅਤੇ ਵੇਚਣ ਵਾਲਿਆਂ ਦੇ ਕੰਨੀਂ ਜੂੰ ਨਹੀਂ ਸਰਕਦੀ। ਹਰ ਰੋਜ਼ ਆਸਮਾਨ ਵਿਚ ਸੈਂਕੜੇ ਪਤੰਗ ਚਾਈਨਾ ਡੋਰ ਨਾਲ ਉੱਡਦੇ ਦੇਖ ਸਕਦੇ ਹਾਂ। ਚਾਈਨਾ ਡੋਰ ਤਾਂ ਹੀ ਵੇਚੀ ਜਾ ਰਹੀ ਹੈ ਕਿਉਂਕਿ ਸਰਕਾਰ ਦਾ ਸ਼ਿਕੰਜਾ ਕੱਸਵਾਂ ਨਹੀਂ ਹੈ ਜੇਕਰ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜਾਨ ਮਾਲ ਦਾ ਨੁਕਸਾਨ ਰੋਕਿਆ ਜਾ ਸਕਦਾ ਹੈ। ਬੱਚੇ ਸਵੇਰੇ ਹੀ ਕੋਨਿਆਂ ਉੱਪਰ ਪਤੰਗ ਚੜ੍ਹਾਉਣ ਲੱਗ ਜਾਂਦੇ ਹਨ ਅਤੇ ਸੂਰਜ ਦੇ ਡੁੱਬਣ ਦੇ ਨਾਲ ਪਤੰਗ ਉਤਾਰਦੇ ਹਨ। ਇਸ ਤਰ੍ਹਾਂ ਉਨ੍ਹਾਂ ਦੀ ਪੜ੍ਹਾਈ ਦੇ ਨਾਲ-ਨਾਲ ਸਿਹਤ ਨਾਲ ਵੀ ਖਿਲਵਾੜ ਹੁੰਦਾ ਹੈ ਕਿਉਂਕਿ ਪਤੰਗ ਚੜ੍ਹਾਉਣ ਦੇ ਚੱਕਰ ਵਿਚ ਬੱਚੇ ਖਾਣਾ-ਪੀਣਾ ਭੁੱਲ ਜਾਂਦੇ ਹਨ। ਬੱਚੇ ਮਾਵਾਂ ਦੇ ਕਹਿਣੇ ਤੋਂ ਬਾਹਰ ਜਾ ਕੇ ਲੜਾਈ ਕਰਕੇ ਪੈਸੇ ਲੈ ਕੇ ਕੋਠਿਆਂ ਉੱਪਰ ਸਾਰਾ ਦਿਨ ਬਿਤਾਉਂਦੇ ਹਨ। ਬੱਚਿਆਂ ਦਾ ਪਤੰਗ ਚੜ੍ਹਾਉਣ ਦਾ ਸ਼ੌਕ ਕੱਚੇ ਧਾਗੇ ਨਾਲ ਵੀ ਪੂਰਾ ਹੋ ਸਕਦਾ ਹੈ ਪਰ ਪੇਚੇ ਲਗਾਉਣ ਦੇ ਕਾਰਨ ਉਹ ਚਾਈਨਾ ਡੋਰ ਵਧੇਰੇ ਪਸੰਦ ਕਰਦੇ ਹਨ। ਇਹ ਡੋਰ ਮੋਟਰ ਸਾਈਕਲ, ਸਕੂਟਰਾਂ ਉੱਪਰ ਜਾਂਦੇ ਲੋਕਾਂ ਦੇ ਗਲ਼ ਵੀ ਕੱਟ ਦਿੰਦੀ ਹੈ।

-ਨਵਜੀਤ ਕੌਰ
ਸੁਲਤਾਨਪੁਰ (ਬਧਰਾਵਾਂ), ਮਾਲੇਰਕੋਟਲਾ।

06-02-2023

 ਮਾਂ ਬੋਲੀ ਪੰਜਾਬੀ ਦਾ ਸਤਿਕਾਰ ਕਰੋ
ਪੰਜਾਬੀ ਮਾਂ ਬੋਲੀ ਨੂੰ ਆਪਣੇ ਘਰਾਂ ਵਿਚ ਸਤਿਕਾਰ ਨਾਲ ਆਪਣੇ ਬੱਚਿਆਂ ਨੂੰ ਸਿਖਾਇਆ ਅਤੇ ਬੋਲਿਆ ਵੀ ਮਾਂ ਬੋਲੀ ਪੰਜਾਬੀ ਵਿਚ ਜਾਵੇ, ਪਰ ਦੇਖਣ ਵਿਚ ਆ ਰਿਹਾ ਹੈ ਕਿ ਘਰਾਂ ਵਿਚ ਹੋਰ ਬੋਲੀ ਨੂੰ ਬੋਲਿਆ ਜਾਂਦਾ ਹੈ ਜਿਸ ਕਾਰਨ ਪੰਜਾਬੀ ਮਾਂ ਨੂੰ ਬਹੁਤ ਖੋਰਾ ਲੱਗ ਰਿਹਾ ਹੈ। ਮਤਰੇਈ ਮਾਂ ਵਾਲਾ ਸਲੂਕ ਨਾ ਕੀਤਾ ਜਾਵੇ ਹੋਰ ਬੋਲੀਆਂ ਤੇ ਭਾਸ਼ਾਵਾਂ ਸਿੱਖਣਾ ਕੋਈ ਗੁਨਾਹ ਨਹੀਂ ਪਰ ਵਧੀਆ ਗੱਲ ਹੈ ਪਰ ਪੰਜਾਬੀ ਮਾਂ ਬੋਲੀ ਨੂੰ ਸਤਿਕਾਰ ਦੇਈਏ ਤੇ ਕਦਰ ਕਰੀਏ। ਦੁਨੀਆ ਵਿਚ 6000 ਬੋਲੀਆਂ ਵਿਚੋਂ ਪੰਜਾਬੀ 12ਵੇਂ ਸਥਾਨ 'ਤੇ ਹੈ, ਇਸ ਦਾ ਸਭਿਆਚਾਰਕ ਵਿਰਸਾ ਬਹੁਤ ਵਿਸ਼ਾਲ ਹੈ। ਇਸ ਦੇ ਅਮੀਰ ਵਿਰਸੇ ਨੂੰ ਕਾਇਮ ਰੱਖਣ ਲਈ ਆਪਾਂ ਸਭ ਆਪਣੇ ਪੱਧਰ 'ਤੇ ਸਾਰਥਿਕ ਉਪਰਾਲੇ ਕਰਦੇ ਰਹੀਏ। ਹਰੇਕ ਮਨੁੱਖ ਦੀਆਂ ਤਿੰਨ ਮਾਵਾਂ ਹੁੰਦੀਆਂ ਹਨ। ਕੁੱਖ ਤੋਂ ਜਨਮ ਦੇਣ ਵਾਲੀ, ਮਾਂ ਬੋਲੀ ਧਰਤੀ ਮਾਂ, ਇਨ੍ਹਾਂ ਤਿੰਨਾਂ ਦਾ ਸਤਿਕਾਰ ਕਰੀਏ। ਆਉਣ ਵਾਲੀਆਂ ਪੀੜੀਆਂ ਤਰੱਕੀ ਵਾਲੀ ਵਿਸ਼ਾਲ ਤੇ ਨਰੋਈ ਜ਼ਿੰਦਗੀ ਜੀਉ ਸਕਣ। ਹਰ ਇਕ ਸਰਕਾਰ ਨੂੰ, ਵਿੱਦਿਅਕ ਸੰਸਥਾਵਾਂ ਵੀ ਪੰਜਾਬੀ ਮਾਂ ਬੋਲੀ ਲਈ ਇਮਾਨਦਾਰੀ ਨਾਲ ਸਾਰਥਿਕ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਇਸ ਦਾ ਵਿਰਸਾ ਹੋਰ ਅਮੀਰ ਬਣੇ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾ. ਵਜੀਦਪੁਰ (ਪਟਿਆਲਾ)


ਕੇਂਦਰ ਵਲੋਂ ਸਿੱਖਾਂ ਨਾਲ ਧੱਕਾ
ਬੀਤੇ ਦਿਨੀਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਸਿੱਖ ਫੌਜੀਆਂ ਨੂੰ ਲੋਹ-ਟੋਪ ਪਹਿਨਣ ਦਾ ਜੋ ਫੁਰਮਾਨ ਜਾਰੀ ਕੀਤਾ ਗਿਆ ਹੈ, ਉਹ ਨਾ ਕੇਵਲ ਸਿੱਖ ਫੌਜੀਆਂ ਨਾਲ ਬਲਕਿ ਸਿੱਖ ਕੌਮ ਨਾਲ ਇਕ ਹੋਰ ਧੱਕਾ ਅਤੇ ਬੇਇਨਸਾਫ਼ੀ ਹੈ। ਬਿਨਾਂ ਸ਼ੱਕ ਦਸਤਾਰ (ਪਗੜੀ) ਸਦਕਾ ਜਿਥੇ ਦੇਸ਼ ਅਤੇ ਵਿਦੇਸ਼ਾਂ ਵਿਚ ਸਿਖਾਂ ਦੀ ਵੱਖਰੀ ਪਹਿਚਾਣ ਹੈ, ਉਥੇ ਭਾਰਤੀ ਫੌਜ ਵਿਚ ਵੀ ਸਿੱਖ ਫੌਜੀਆਂ ਦੀ ਵਿਲੱਖਣ ਪਹਿਚਾਣ ਹੈ। ਸਿੱਖ ਫੌਜੀਆਂ ਨੇ ਆਪਣੀ ਇਸ ਵੱਖਰੀ ਪਹਿਚਾਣ ਨੂੰ ਕਾਇਮ ਰੱਖਦੇ ਹੋਏ, ਭਾਰਤੀ ਫੌਜ ਦੀ ਅਗਵਾਈ ਸੰਸਾਰ ਜੰਗ ਅਤੇ ਹੋਰ ਜੰਗਾਂ ਵਿਚ ਕਰਦਿਆਂ ਜਿਥੇ ਮਹਾਨ ਸ਼ਹੀਦੀਆਂ ਦਿੱਤੀਆਂ, ਉਥੇ ਦੇਸ਼ ਨੂੰ ਸ਼ਾਨਦਾਰ ਜਿੱਤਾਂ ਵੀ ਦਿਵਾਈਆਂ। ਪਰ ਪਤਾ ਨਹੀਂ ਕਿਉਂ ਕੇਂਦਰ ਸਰਕਾਰ ਸਿੱਖਾਂ ਦੀਆਂ ਦੇਸ਼ ਲਈ ਕੀਤੀਆਂ ਮਹਾਨ ਕੁਰਬਾਨੀਆਂ ਨੂੰ ਨਜ਼ਰ ਅੰਦਾਜ਼ ਕਰਕੇ, ਲੋਹਟੋਪ ਪਹਿਨਣ ਵਰਗੇ ਫੁਰਮਾਨ ਜਾਰੀ ਕਰ ਰਹੀ ਹੈ, ਜਿਸ ਨੂੰ ਕਦੇ ਵੀ ਉਚਿਤ ਨਹੀਂ ਆਖਿਆ ਜਾ ਸਕਦਾ। ਬਲਕਿ ਇਹ ਇਕ ਹੈਰਾਨਕੁੰਨ, ਸਿੱਖ ਵਿਰੋਧੀ ਅਤੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਕਦਮ ਹੈ। ਅਸੀਂ ਕੇਂਦਰ ਸਰਕਾਰ ਨੂੰ ਇਹ ਮਸ਼ਵਰਾ ਦੇਣਾ ਚਾਹਾਂਗੇ ਕਿ ਉਹ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ, ਆਪਣਾ ਉਕਤ ਲੋਹਟੋਪ ਵਾਲਾ ਫੁਰਮਾਨ ਫੌਰੀ ਤੌਰ 'ਤੇ ਵਾਪਸ ਲਵੇ। ਅਜਿਹਾ ਕਰਨਾ ਸਮੇਂ ਦੀ ਮੰਗ ਹੀ ਨਹੀਂ ਬਲਕਿ ਵੱਡੀ ਲੋੜ ਵੀ ਹੈ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।


ਚਾਈਨਾ ਡੋਰ ਨਾ ਵਰਤੋ

ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਜਨਵਰੀ-ਫਰਵਰੀ ਦੇ ਮਹੀਨੇ ਵਿਚ ਬੱਚਿਆਂ ਦੀ ਮਨੋਰੰਜਨ ਖੇਡ ਪਤੰਗ ਉਡਾਉਣਾ ਹੀ ਹੈ। ਇਹ ਵੀ ਕਹਿਣਾ ਗਲਤ ਨਹੀਂ ਕਿ ਪਤੰਗ ਸਾਰਿਆਂ ਨੇ ਹੀ ਆਪਣੀ ਉਮਰ ਵਿਚ ਉਡਾਏ ਹਨ। ਪਰ ਉਨ੍ਹਾਂ ਸਮਿਆਂ ਵਿਚ ਪਤੰਗ ਉਡਾਉਣ ਲਈ ਜੋ ਡੋਰ ਵਰਤੀ ਜਾਂਦੀ ਸੀ, ਉਹ ਕੋਈ ਖ਼ਤਰਨਾਕ ਨਹੀਂ ਸੀ ਅਤੇ ਨਾ ਹੀ ਕਿਸੇ ਦੂਸਰੇ ਦੇਸ਼ਾਂ ਵਿਚੋਂ ਆਉਂਦੀ ਸੀ। ਸਾਡੇ ਹੀ ਦੇਸ਼ ਵਿਚ ਉਸ ਡੋਰ ਨੂੰ ਤਿਆਰ ਕੀਤਾ ਜਾਂਦਾ ਸੀ। ਪਰ ਅੱਜ ਜੇ ਇਸ ਮਨੋਰੰਜਨ ਖੇਡ ਲਈ ਵਰਤੀ ਜਾਂਦੀ ਡੋਰ ਦੀ ਗੱਲ ਕਰੀਏ ਤਾਂ ਇਹ ਬਹੁਤ ਹੀ ਖ਼ਤਰਨਾਕ ਸਿੱਧ ਹੋ ਰਹੀ ਹੈ। ਇਸ ਦੇ ਨਤੀਜੇ ਬਹੁਤ ਭਿਆਨਕ ਆ ਰਹੇ ਹਨ। ਕਈ ਥਾਵਾਂ 'ਤੇ ਤਾਂ ਮੌਤਾਂ ਵੀ ਹੋਈਆਂ ਹਨ ਅਤੇ ਜਾਨਵਰਾਂ ਦੇ ਮਰਨ ਅਤੇ ਕੱਟਣ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਇਸ ਲਈ ਸਰਕਾਰ ਨੂੰ ਵੀ ਗੁਜ਼ਾਰਿਸ਼ ਹੈ ਕਿ ਇਸ ਮੁੱਦੇ ਨੂੰ ਹਰ ਸਾਲ ਦੀ ਤਰ੍ਹਾਂ ਨਾ ਢਾਲਿਆ ਜਾਵੇ, ਕੋਈ ਕਾਨੂੰਨ ਬਣਾ ਕੇ ਇਸ ਦਾ ਹੱਲ ਕੱਢਿਆ ਜਾਵੇ। ਇਸ ਦੀ ਵਿਕਰੀ 'ਤੇ ਰੋਕ ਲਾਈ ਜਾਵੇ। ਬਾਕੀ ਸਭ ਵੀਰਾਂ, ਬੱਚਿਆਂ ਨੂੰ ਵੀ ਗੁਜ਼ਾਰਿਸ਼ ਹੈ ਕਿ ਚਾਈਨਾ ਡੋਰ ਨਾ ਵਰਤੋ ਜੀ।


-ਲੈਕ. ਸੁਖਦੀਪ ਸਿੰਘ ਸੁਖਾਣਾ
ਪਿੰਡ ਸੁਖਾਣਾ, (ਲੁਧਿਆਣਾ)


ਬਾਪ
ਅਜੀਤ ਮੈਗਜ਼ੀਨ ਬਹੁਤ ਹੀ ਜਾਣਕਾਰੀ ਭਰਪੂਰ ਹੁੰਦਾ ਹੈ। ਹਰਜਿੰਦਰ ਸਿੰਘ ਸੂਰੇਵਾਲੀਆ ਦੀ ਕਹਾਣੀ 'ਬਾਪ' ਅਜੋਕੇ ਸਮੇਂ ਵਿਚ ਪੁੱਤਰਾਂ ਵਲੋਂ ਪਦਾਰਥਵਾਦੀ ਮੋਹ ਕਾਰਨ ਪਿੱਤਰੀ ਮੋਹ ਦੀ ਘਾਟ ਨੂੰ ਬੜੇ ਹੀ ਯਥਾਰਥਕ ਤੇ ਮਨੋਵਿਗਿਆਨਕ ਢੰਗ ਰਾਹੀਂ ਪੇਸ਼ ਕਰਦੀ ਹੈ। ਪੁੱਤਰ ਦੇਸ਼ ਵਿਚ ਹੋਵੇ ਜਾਂ ਵਿਦੇਸ਼ ਵਿਚ, ਘਰ ਵਿਚ ਹੋਵੇ ਜਾਂ ਸ਼ਹਿਰ ਵਿਚ, ਬਾਪ ਨਾਲੋਂ ਮੋਹ ਦੀਆਂ ਤੰਦਾਂ ਜੋੜਨ ਤੋਂ ਟਾਲਾ ਹੀ ਵੱਟਦਾ ਹੈ। ਬਾਪ ਆਪਣੇ ਭਵਿੱਖ ਬਾਰੇ ਸੋਚਦਾ ਹੈ ਪੁੱਤਰ ਆਪਣੇ ਭਵਿੱਖ ਬਾਰੇ ਯੋਜਨਾ ਬਣਾਉਂਦਾ ਹੈ। ਕਈ ਵਾਰ ਅੰਤ ਵੇਲੇ ਬਾਪ ਅਤੇ ਪੁੱਤਰਾਂ ਦਾ ਮਿਲਾਪ ਨਹੀਂ ਹੁੰਦਾ। ਪੁੱਤਰ ਬਾਪ ਦੀਆਂ ਲੋੜਾਂ ਅਤੇ ਗੱਲਾਂ ਨੂੰ ਫਜ਼ੂਲ ਹੀ ਸਮਝਦਾ ਹੈ। ਕਈ ਪੁੱਤਰ ਆਪਣੇ ਆਪ ਨੂੰ ਬਾਪ ਦੀਆਂ ਆਸ਼ਾਵਾਂ ਮੁਤਾਬਕ ਨਹੀਂ ਢਾਲਦਾ। ਪੁੱਤਰ ਬਾਪ ਦੀਆਂ ਸੱਧਰਾਂ ਪੂਰੀਆਂ ਕਰਨ ਵਿਚ ਕਈ ਵਾਰ ਨਾਕਾਮਯਾਬ ਰਹਿੰਦੇ ਹਨ। ਬਾਪ ਫਿਰ ਵੀ ਪੁੱਤ ਦਾ ਭਲਾ ਹੀ ਲੋਚਦਾ ਹੈ।


-ਤਰਲੋਕ ਸਿੰਘ ਫਲੋਰਾ
ਸੇਵਾਮੁਕਤ ਲੈਕਚਰਾਰ, ਹੀਉਂ (ਬੰਗਾ), ਸ਼ਹੀਦ ਭਗਤ ਸਿੰਘ ਨਗਰ।

02-02-2023

 ਕਦੋਂ ਦਿਓਗੇ ਨਿਯੁਕਤੀ ਪੱਤਰ?

ਪੰਜਾਬ ਸਰਕਾਰ ਨੇ ਸਾਲ 2021-22 ਵਿਚ ਕਲਰਕ ਅਤੇ ਹੋਰ ਵੱਖ-ਵੱਖ ਅਹੁਦੇ ਦੀਆਂ ਅਸਾਮੀਆਂ ਕੱਢੀਆਂ ਸਨ, ਜਿਨ੍ਹਾਂ ਦੇ ਕੁਝ ਟੈਸਟ ਪਿਛਲੀ ਸਰਕਾਰ ਲੈ ਗਈ ਸੀ, ਬਾਕੀ ਰਹਿੰਦੀ ਕਾਰਵਾਈ ਮੌਕੇ ਦੀ ਪੰਜਾਬ ਸਰਕਾਰ ਨੇ ਪੂਰੀ ਕਰ ਲਈ ਹੈ। ਕੁਝ ਅਸਾਮੀਆਂ ਦੇ ਨਤੀਜੇ ਕੱਢਣ ਨੂੰ ਵੀ ਬਹੁਤ ਸਮਾਂ ਹੋ ਗਿਆ ਹੈ, ਸਟੇਸ਼ਨ ਵੀ ਆਨਲਾਈਨ ਅਲਾਟ ਕਰ ਦਿੱਤੇ ਹਨ। ਪਰ ਸੰਬੰਧਿਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਨਹੀਂ ਮਿਲ ਰਹੇ, ਕਿਉਂਕਿ ਬਹੁਤ ਸਮਾਂ ਬੀਤ ਜਾਣ ਤੋਂ ਬੇਰੁਜ਼ਗਾਰ ਨੌਜਵਾਨਾਂ ਵਿਚ ਬਹੁਤ ਜ਼ਿਆਦਾ ਰੋਸ ਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਕੁਝ ਅਸਾਮੀਆਂ ਦੇ ਟੈਸਟ ਦੀ ਤਾਰੀਖ ਵਾਰ-ਵਾਰ ਬਦਲ ਕੇ ਅੱਗੇ ਪਾਈ ਜਾ ਰਹੀ ਹੈ। ਇਸ ਤਰ੍ਹਾਂ ਕਰਨ ਨਾਲ ਵੀ ਕਾਫ਼ੀ ਨੌਜਵਾਨਾਂ ਨੂੰ ਨਿਰਾਸ਼ਾ ਦਿਖਾਈ ਦੇ ਰਹੀ ਹੈ।
ਸਾਰੇ ਬੇਰੁਜ਼ਗਾਰ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮੌਜੂਦਾ ਸਰਕਾਰ ਨੂੰ ਬੇਨਤੀ ਹੈ ਕਿ ਜਿਨ੍ਹਾਂ ਦੀ ਸਾਰੀ ਕਾਰਵਾਈ ਪੂਰੀ ਹੋ ਚੁੱਕੀ ਹੈ, ਉਨ੍ਹਾਂ ਨੂੰ ਜਲਦੀ ਤੋਂ ਜਲਦੀ ਨਿਯੁਕਤੀ ਪੱਤਰ ਦਿੱਤੇ ਜਾਣ। ਜਿਨ੍ਹਾਂ ਅਸਾਮੀਆਂ ਦੇ ਟੈਸਟ ਦੀ ਤਾਰੀਖ ਵਾਰ-ਵਾਰ ਬਦਲ ਕੇ ਅੱਗੇ ਪਾਈ ਜਾ ਰਹੀ ਹੈ, ਉਹ ਲਏ ਜਾਣ ਤਾਂ ਕਿ ਆਪਣੀ ਨੌਕਰੀ ਲਈ ਤਿਆਰੀ ਕਰਨ ਵਾਲੇ ਨੌਜਵਾਨਾਂ ਨੂੰ ਰੁਜ਼ਗਾਰ ਦਾ ਮੌਕਾ ਮਿਲ ਸਕੇ। ਨੌਕਰੀ ਲੈਣ ਵਾਲੇ ਨੌਜਵਾਨ ਆਪਣੀ ਨੌਕਰੀ ਹਾਸਲ ਕਰਕੇ ਸਾਡੇ ਪੰਜਾਬ ਦਾ ਨਾਂਅ ਰੌਸ਼ਨ ਕਰ ਸਕਣ।

-ਗੁਰਤੇਜ ਸਿੰਘ ਖੁਡਾਲ
ਗਲੀ ਨੰ: 11, ਭਾਗੂ ਰੋਡ, ਬਠਿੰਡਾ।

01-02-2023

 ਚਾਈਨਾ ਡੋਰ ਦਾ ਕਹਿਰ

ਚਾਈਨਾ ਡੋਰ ਦੀ ਲਗਾਤਾਰ ਧੜਾਧੜ ਹੋ ਰਹੀ ਵਿਕਰੀ ਅਤੇ ਵਾਪਰ ਰਹੇ ਹਾਦਸਿਆਂ ਨੇ ਪ੍ਰਸ਼ਾਸਨ ਦੀਆਂ ਸਖ਼ਤੀਆਂ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ। ਪਾਬੰਦੀਆਂ ਦੇ ਬਾਵਜੂਦ ਵੀ ਚਾਈਨਾ ਡੋਰ ਦੇ ਕਾਰਨ ਵਾਪਰਨ ਵਾਲੇ ਹਾਦਸਿਆਂ ਵਿਚ ਵਾਧਾ ਹੋਇਆ ਹੈ ਅਤੇ ਪ੍ਰਸ਼ਾਸਨ ਵਲੋਂ ਕੀਤੀਆਂ ਜਾ ਰਹੀਆਂ ਤਮਾਮ ਕੋਸ਼ਿਸ਼ਾਂ ਨੂੰ ਬੂਰ ਪਿਆ ਨਹੀਂ ਜਾਪ ਰਿਹਾ। ਬੀਤੇ ਦਿਨੀਂ ਹੀ ਚਹਿਲ ਕਲਾਂ ਪਿੰਡ ਵਿਚ ਇਕ ਪੰਜ ਸਾਲਾ ਬੱਚਾ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਨਾਲ ਜ਼ਖਮੀ ਹੋ ਗਿਆ ਜਿਸ ਦੇ ਮੂੰਹ 'ਤੇ 70 ਤੋਂ 80 ਟਾਂਕੇ ਲੱਗੇ ਹਨ। ਇਨ੍ਹਾਂ ਵਾਪਰ ਰਹੇ ਹਾਦਸਿਆਂ ਪ੍ਰਤੀ ਕੌਣ ਜ਼ਿੰਮੇਵਾਰ ਹੈ? ਕੀ ਇਹ ਇਸੇ ਤਰ੍ਹਾਂ ਹੀ ਜਾਰੀ ਰਹੇਗਾ? ਆਪਣੇ ਫਾਇਦਿਆਂ ਲਈ ਕੀ ਇਸ ਚਾਈਨਾ ਡੋਰ ਦਾ ਕਹਿਰ ਇਸੇ ਤਰ੍ਹਾਂ ਬਣਿਆ ਰਹੇਗਾ? ਚਾਈਨਾ ਡੋਰ ਦੀ ਵਿਕਰੀ ਨੂੰ ਲੱਗ ਰਹੀਆਂ ਪਾਬੰਦੀਆਂ ਸੰਤੁਸ਼ਟੀਜਨਕ ਨਤੀਜੇ ਲਿਆਉਣ ਵਿਚ ਨਾਕਾਮ ਸਿੱਧ ਹੋਈਆਂ ਹਨ। ਚਾਈਨਾ ਡੋਰ ਦੇ ਸੰਤਾਪ ਤੋਂ ਬਚਣ ਲਈ ਪ੍ਰਸ਼ਾਸਨਿਕ ਮਜ਼ਬੂਤੀ ਦੇ ਨਾਲ ਚਾਈਨਾ ਡੋਰ ਵਿਕਰੇਤਾਵਾਂ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਦੇ ਨਾਲ-ਨਾਲ ਇਸ ਦੀ ਵਰਤੋਂ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਜਾਗਰੂਕ ਕਰਕੇ ਹੀ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਤਾਂ ਜੋ ਵਾਪਰ ਰਹੇ ਭਿਆਨਕ ਹਾਦਸਿਆਂ ਨੂੰ ਰੋਕਦੇ ਹੋਏ ਅਨਮੋਲ ਜੀਵਨ ਬਚਾਇਆ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ

ਨੌਕਰੀਆਂ ਦੀ ਘਾਟ

ਬੇਰੁਜ਼ਗਾਰੀ ਅੱਜਕਲ੍ਹ ਦਾ ਭਖਵਾਂ ਮੁੱਦਾ ਹੈ। ਸਾਡੇ ਧੀਆਂ-ਪੁੱਤ ਪੜ੍ਹਦੇ ਤਾਂ ਬਹੁਤ ਹਨ ਪਰ ਉਨ੍ਹਾਂ ਨੂੰ ਮਿਲੀਆਂ ਡਿਗਰੀਆਂ ਦੀ ਕਦਰ ਨਹੀਂ ਪੈ ਰਹੀ। ਪੜ੍ਹਾਈ ਦੀ ਬੇਕਦਰੀ ਦੇ ਮੱਦੇਨਜ਼ਰ ਨੌਜਵਾਨ ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਜਾਂਦੇ ਹਨ, ਜਿਸ ਕਾਰਨ ਉਹ ਨਸ਼ੇ ਆਦਿ ਕਰਨ ਲਗਦੇ ਹਨ ਜਾਂ ਘਰਦਿਆਂ ਨੂੰ ਮਜਬੂਰ ਕਰਦੇ ਹਨ ਕਿ ਉਨ੍ਹਾਂ ਨੂੰ ਵਿਦੇਸ਼ ਭੇਜਿਆ ਜਾਵੇ। ਇਹ ਬਹੁਤ ਚਿੰਤਾਜਨਕ ਸਥਿਤੀ ਹੈ। ਨੌਜਵਾਨਾਂ ਦੀਆਂ ਡਿਗਰੀਆਂ ਦਾ ਮੁੱਲ ਨਹੀਂ ਪਵੇਗਾ ਤਾਂ ਯਕੀਨਨ ਉਨ੍ਹਾਂ ਦੀ ਸਿਰਦਰਦੀ ਵਧੇਗੀ। ਉਹ ਉੱਥੇ ਜਾਣਾ ਚਾਹੁੰਣਗੇ ਜਿੱਥੇ ਡਿਗਰੀਆਂ ਦਾ ਮੁੱਲ ਪੈਂਦਾ ਹੈ। ਸਰਕਾਰਾਂ ਨੂੰ ਬੇਰੁਜ਼ਗਾਰੀ ਦੇ ਮੁੱਦੇ 'ਤੇ ਸੰਜੀਦਗੀ ਨਾਲ ਗ਼ੌਰ ਕਰਨਾ ਚਾਹੀਦਾ ਹੈ ਅਤੇ ਨੌਜਵਾਨ ਵਰਗ ਨੂੰ ਉਸ ਦੀ ਯੋਗਤਾ ਮੁਤਾਬਕ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ। ਜਦੋਂ ਉਨ੍ਹਾਂ ਨੂੰ ਇੱਥੇ ਹੀ ਕੰਮਕਾਰ ਮਿਲਣ ਲੱਗੇਗਾ ਤਾਂ ਉਹ ਭਲਾ ਵਿਦੇਸ਼ ਕਿਉਂ ਜਾਣਗੇ? ਨੌਜਵਾਨ ਵਰਗ ਨੂੰ ਵੀ ਚਾਹੀਦਾ ਹੈ ਕਿ ਉਹ ਵਿਦੇਸ਼ ਵੱਲ ਭੱਜਣ ਦੀ ਥਾਂ ਇੱਥੇ ਹੀ ਰਹਿ ਕੇ ਕਾਮਯਾਬ ਹੋਣ ਅਤੇ ਚੰਗੇ ਪੜ੍ਹੇ-ਲਿਖੇ ਤੇ ਨਸ਼ਾ-ਰਹਿਤ ਪੰਜਾਬ ਦਾ ਨਿਰਮਾਣ ਕਰਨ।

-ਮਨਪ੍ਰੀਤ ਕੌਰ,
ਐੱਚ.ਐੱਮ.ਵੀ. ਜਲੰਧਰ।

ਮਜ਼ਦੂਰ ਵਰਗ ਅਣਗੌਲਿਆ ਕਿਉਂ?

ਰੋਟੀ ਕੱਪੜਾ ਮਕਾਨ ਹਰ ਨਾਗਰਿਕ ਦੀ ਮੁਢਲੀ ਲੋੜ ਹੈ, ਜਿਸ ਨਾਗਰਿਕ ਕੋਲ ਇਹ ਤਿੰਨੇ ਚੀਜ਼ਾਂ ਨਾ ਹੋਣ ਸਮਝੋ ਉਸ ਨਾਗਰਿਕ ਦਾ ਦੁਨੀਆ 'ਤੇ ਆਉਣਾ ਨਾ ਆਉਣਾ ਇਕ ਬਰਾਬਰ ਹੈ। ਹਰ ਨਾਗਰਿਕ ਦਾ ਜੀਵਨ ਪੱਧਰ ਉੱਚਾ ਚੁੱਕਣਾ ਸਰਕਾਰ ਦਾ ਮੁਢਲਾ ਫਰਜ਼ ਹੁੰਦਾ ਹੈ। ਸਬਜ਼ਬਾਗ ਵਿਖਾਉਣੇ ਸੌਖੇ ਹਨ ਪਰ ਸੱਚਾਈ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਦੋ ਵਕਤ ਦੀ ਰੋਟੀ ਲਈ ਆਮ ਲੋਕ ਤਰਲੋ-ਮੱਛੀ ਹੁੰਦੇ ਵੇਖੇ ਜਾ ਸਕਦੇ ਹਨ। ਹੱਡਚੀਰਵੀਂ ਠੰਢ ਵਿਚ ਬਜ਼ੁਰਗ ਤੇ ਛੋਟੇ-ਛੋਟੇ ਬੱਚੇ ਆਮ ਕੱਪੜਿਆਂ ਵਿਚ ਸੜਕਾਂ 'ਤੇ ਪਏ ਦੇਖਣ ਨੂੰ ਮਿਲ ਰਹੇ ਹਨ। ਪਹਿਲਾਂ ਹੀ ਤੰਗੀਆਂ-ਤੁਰਸੀਆਂ ਨਾਲ ਜੂਝ ਰਿਹਾ ਮਜ਼ਦੂਰ ਵਰਗ ਕਈ ਮਾਰਾਂ ਝੱਲ ਰਿਹਾ ਹੈ। ਉਸਨੂੰ ਆਰਥਿਕ ਤੇ ਸਮਾਜਿਕ ਪੱਖ ਤੋਂ ਘਿਰਣਾ ਨਾਲ ਵੇਖਿਆ ਜਾ ਰਿਹਾ ਹੈ। ਆਮ ਨਾਗਰਿਕ ਖ਼ਾਸ ਕਰਕੇ ਮਜ਼ਦੂਰ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਰਕਾਰ ਨੂੰ ਮਜ਼ਦੂਰ ਪੱਖੀ ਨੀਤੀਆਂ ਬਣਾ ਕੇ ਅਮਲ 'ਚ ਲਿਆਉਣੀਆਂ ਚਾਹੀਦੀਆਂ ਹਨ। ਮਜ਼ਦੂਰ ਦੀ ਮਜ਼ਦੂਰੀ ਵਧਾਉਣੀ ਚਾਹੀਦੀ ਹੈ। ਉਸ ਦੀ ਖਰੀਦ ਸ਼ਕਤੀ ਵਧਾਉਣੀ ਚਾਹੀਦੀ ਹੈ ਤਾਂ ਕਿ ਮਜ਼ਦੂਰ ਵਰਗ ਵੀ ਖਾਂਦੇ-ਪੀਂਦੇ ਵਰਗਾਂ ਵਾਂਗ ਆਪਣਾ ਜੀਵਨ ਸਵੈਮਾਣ ਨਾਲ ਬਤੀਤ ਕਰ ਸਕੇ।

-ਬੰਤ ਸਿੰਘ ਘੁਡਾਣੀ, ਲੁਧਿਆਣਾ

ਬੇਰੁਜ਼ਗਾਰੀ

ਬੇਰੁਜ਼ਗਾਰੀ ਦੁਨੀਆ ਭਰ ਵਿਚ ਵਧ ਰਹੀ ਹੈ। ਇਸ ਦਾ ਜੋ ਭਿਆਨਕ ਰੂਪ ਵਰਤਮਾਨ ਸਮੇਂ ਵਿਖਾਈ ਦੇ ਰਿਹਾ ਹੈ। ਇਹੋ ਜਿਹਾ ਪਹਿਲਾਂ ਕਦੇ ਵੀ ਵੇਖਣ ਵਿਚ ਨਹੀਂ ਆਇਆ। ਪੜ੍ਹੇ-ਲਿਖੇ ਬੇਰੁਜ਼ਗਾਰਾਂ ਦੀ ਗਿਣਤੀ ਤਾਂ ਦਿਨੋ-ਦਿਨ ਵਧ ਰਹੀ ਹੈ। ਪੜ੍ਹੀ-ਲਿਖੀ ਮੱਧ ਸ਼੍ਰੇਣੀ ਦਾ ਦਿਨੋ-ਦਿਨ ਵਧਣਾ ਪਛੜਾਪਣ ਆਬਾਦੀ ਦਾ ਵਾਧਾ, ਦਫ਼ਤਰਾਂ ਦਾ ਕੰਪਿਊਟਰੀਕਰਨ, ਮੁਲਾਜ਼ਮਾਂ ਦੀ ਛਾਂਟੀ, ਸਰਕਾਰੀ ਅਦਾਰਿਆਂ ਨੂੰ ਨਿੱਜੀ ਹੱਥਾਂ ਵਿਚ ਦੇਣਾ, ਬੇਰੁਜ਼ਗਾਰੀ ਦੇ ਮੁੱਖ ਕਾਰਨ ਹਨ। ਅੱਜਕਲ੍ਹ ਬੇਰੁਜ਼ਗਾਰਾਂ ਦਾ ਪਾਣੀ ਵਾਲੀਆਂ ਟੈਂਕੀਆਂ 'ਤੇ ਚੜ੍ਹਨਾ, ਨਾਅਰੇਬਾਜ਼ੀ ਕਰਨਾ, ਬੈਰੀਕੇਡ ਤੋੜਨਾ, ਮਰਨ ਵਰਤ ਰੱਖਣਾ, ਖੁਦਕੁਸ਼ੀ ਕਰਨਾ ਆਮ ਜਿਹੀ ਗੱਲ ਹੈ। ਸਰਕਾਰ ਨੂੰ ਇਸ ਬੇਰੁਜ਼ਗਾਰੀ ਦਾ ਕੋਈ ਨਾ ਕੋਈ ਹੱਲ ਲੱਭਣਾ ਚਾਹੀਦਾ ਹੈ।

-ਨਰਿੰਦਰ ਭੱਪਰ ਝਬੇਲਵਾਲੀ।
ਜ਼ਿਲਾ ਸ੍ਰੀ ਮੁਕਤਸਰ ਸਾਹਿਬ।

ਨੌਜਵਾਨ ਅੱਗੇ ਆਉਣ

ਪਿਛਲੇ ਲੰਮੇ ਸਮੇਂ ਤੋਂ ਪਲਾਸਟਿਕ ਡੋਰ ਨੇ ਕਈ ਕੀਮਤੀ ਜਾਨਾਂ ਲੈ ਲਈਆਂ ਹਨ। ਹਰ ਸਾਲ ਸਰਕਾਰ ਤੇ ਪ੍ਰਸ਼ਾਸਨ ਵਲੋਂ ਪਲਾਸਟਿਕ ਡੋਰ ਵੇਚਣ ਵਾਲਿਆਂ ਨੂੰ ਵਰਜਿਆ ਜਾਂਦਾ ਹੈ। ਪਰ ਪਰਨਾਲਾ ਉਥੇ ਦਾ ਉਥੇ ਹੀ ਰਹਿੰਦਾ ਹੈ। ਭਾਵੇਂ ਮਾਨ ਸਰਕਾਰ ਇਸ ਖ਼ੂਨੀ ਡੋਰ ਨੂੰ ਰੋਕਣ ਲਈ ਗੰਭੀਰ ਦਿਸ ਰਹੀ ਹੈ ਪਰ ਫਿਰ ਵੀ ਪਤੰਗਬਾਜ਼ੀ ਦੇ ਸ਼ੌਕੀਨਾਂ ਦੇ ਹੱਥਾਂ 'ਚ ਉਪਰੋਕਤ ਡੋਰ ਦੇਖਣ ਨੂੰ ਮਿਲ ਰਹੀ ਹੈ। ਦੋਪਹੀਆ ਵਾਹਨ ਵਾਲੇ ਲੋਕ ਜ਼ਿਆਦਾ ਇਸ ਦਾ ਸ਼ਿਕਾਰ ਹੋ ਰਹੇ ਹਨ। ਪਤੰਗਬਾਜ਼ੀ ਦੇ ਦਿਨਾਂ 'ਚ ਦੋਪਹੀਆ ਵਾਹਨ ਵਾਲਿਆਂ ਦੇ ਮਨਾਂ 'ਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ। ਇਸ ਡਰ ਦੇ ਮਾਹੌਲ ਨੂੰ ਖ਼ਤਮ ਕਰਨ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਪਵੇਗਾ। ਪਲਾਸਟਿਕ ਡੋਰ ਵਰਤਣ ਵਾਲਿਓ ਇਸ ਦਾ ਸ਼ਿਕਾਰ ਤੁਸੀਂ ਵੀ ਹੋ ਸਕਦੇ ਹੋ। ਜਾਂ ਤੁਹਾਡਾ ਬੱਚਾ ਜਾਂ ਕੋਈ ਸਕਾ-ਸੰਬੰਧੀ। ਹਾਦਸਾ ਵਰਤ ਜਾਣ 'ਤੇ ਪੱਲੇ ਸਿਰਫ਼ ਰੋਣਾ-ਕੁਰਲਾਉਣਾ ਹੀ ਰਹਿ ਜਾਂਦਾ ਹੈ। ਸੂਝਵਾਨ ਨੌਜਵਾਨ ਅੱਗੇ ਆ ਕੇ ਪਿੰਡ ਪੱਧਰ 'ਤੇ ਗਰੁੱਪ ਬਣਾ ਕੇ ਹਰ ਦੁਕਾਨ ਦੀ ਚੈਕਿੰਗ ਕਰਨ। ਫੜੇ ਜਾਣ 'ਤੇ ਦੁਕਾਨਦਾਰ ਦਾ ਬਾਈਕਾਟ ਕੀਤਾ ਜਾਵੇ। ਜੁਰਮਾਨਾ ਤੱਕ ਵਸੂਲਿਆ ਜਾਵੇ। ਪਿੰਡ ਪੱਧਰ 'ਤੇ ਵਰਤੀ ਸਖ਼ਤਾਈ ਨਾਲ ਹੀ ਪਲਾਸਟਿਕ ਡੋਰ ਦੇ ਵਰਤਾਰੇ ਨੂੰ ਰੋਕਿਆ ਜਾ ਸਕਦਾ ਹੈ।

-ਬੰਤ ਸਿੰਘ ਘੁਡਾਣੀ,
ਲੁਧਿਆਣਾ

31-01-2023

 ਨੌਜਵਾਨਾਂ ਨੂੰ ਰੁਜ਼ਗਾਰ ਦਿਓ

ਇਸ ਗੱਲ ਤੋਂ ਹਰ ਕੋਈ ਵਾਕਿਫ਼ ਹੈ ਕਿ ਪੰਜਾਬ ਵਿਚ ਨਸ਼ਿਆਂ ਨੇ ਬਹੁਤ ਜ਼ੋਰ ਪਾਇਆ ਹੈ। ਅੱਜ-ਕੱਲ੍ਹ ਦੀ ਪੀੜ੍ਹੀ ਨਸ਼ਿਆਂ ਵਲ ਬਹੁਤ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਇਸ ਦਾ ਸਭ ਤੋਂ ਜ਼ਰੂਰੀ ਕਾਰਨ ਹੈ ਕਿ ਪੜ੍ਹੇ-ਲਿਖੇ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਪੜ੍ਹੇ-ਲਿਖੇ ਨੌਜਵਾਨ ਬੇਰੁਜ਼ਗਾਰ ਤੁਰੇ ਫਿਰਦੇ ਨੇ, ਉਨ੍ਹਾਂ ਵਿਚੋਂ ਬਹੁਤੇ ਨਸ਼ੇ ਦਾ ਸ਼ਿਕਾਰ ਹੋ ਜਾਂਦੇ ਨੇ। ਜੋ ਨਸ਼ਿਆਂ ਦੀ ਦਲਦਲ ਤੋਂ ਬਚ ਜਾਂਦਾ ਹੈ, ਉਹ ਵਿਦੇਸ਼ਾਂ ਵਿਚ ਜਾਣ ਲਈ ਕਾਹਲਾ ਹੈ। ਲੋਕ ਭਾਰਤ ਵਿਚ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਹੇ। ਨੌਕਰੀ ਨਾ ਮਿਲਣ ਕਾਰਨ ਨੌਜਵਾਨ ਤਣਾਅ ਵਿਚ ਹੀ ਚਲੇ ਜਾਂਦੇ ਹਨ। ਸਾਨੂੰ ਬਹੁਤ ਸਾਰੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਕਿ ਬੱਚਿਆਂ ਦੀ ਤਣਾਅ ਕਰਕੇ ਦਿਲ ਦੇ ਦੌਰੇ ਪੈਣ ਕਾਰਨ ਮੌਤ ਹੋ ਗਈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਤੇ ਨੌਕਰੀਆਂ ਦੇਵੇ ਤੇ ਬੱਚਿਆਂ ਨੂੰ ਜ਼ਿੰਦਗੀ ਵਿਚ ਅੱਗੇ ਵਧਣ ਲਈ ਪ੍ਰੇਰਿਤ ਕਰੇ।

-ਜਸਵੀਰ ਕੌਰ

ਵਧੀਆ ਰਚਨਾ

17 ਜਨਵਰੀ ਦੇ 'ਅਜੀਤ' ਅਖ਼ਬਾਰ ਵਿਚ ਜਨਾਬ ਮੁਹੰਮਦ ਹਨੀਫ਼ ਥਿੰਦ ਦੀ ਲਿਖੀ ਰਚਨਾ 'ਆਜ਼ਾਦੀ ਲਈ ਪਹਿਲਾਂ ਸੰਘਰਸ਼ ਸੀ ਨਾਮਧਾਰੀ ਅੰਦੋਲਨ' ਪੜ੍ਹ ਕੇ ਬਹੁਤ ਹੀ ਵਧੀਆ ਲੱਗਾ। ਲੇਖਕ ਨੇ ਇਤਿਹਾਸਕ ਰਚਨਾਵਾਂ ਵਿਚੋਂ ਹਵਾਲੇ ਦੇ ਕੇ ਸਿੱਧ ਕੀਤਾ ਹੈ ਕਿ ਭਾਰਤ ਵਾਸੀਆਂ ਨੂੰ ਆਜ਼ਾਦੀ ਦੀ ਲੜਾਈ ਦੀ ਸਭ ਤੋਂ ਪਹਿਲਾਂ ਜਾਗ ਲਾਉਣ ਵਾਲੇ ਨਾਮਧਾਰੀ ਸੰਪ੍ਰਦਾਇ ਨਾਲ ਜੁੜੇ ਹੋਏ ਸਿੰਘ ਸਨ। ਸਭ ਤੋਂ ਪਹਿਲਾਂ ਨਾਮਧਾਰੀਆਂ ਵਲੋਂ ਸਫ਼ੈਦ ਝੰਡਾ ਲਹਿਰਾ ਕੇ ਅੰਗਰੇਜ਼ੀ ਸਾਮਰਾਜ ਵਿਰੁੱਧ ਨਾਮਧਾਰੀ ਲਹਿਰ ਦੀ ਆਰੰਭਤਾ ਕਰ ਦਿੱਤੀ ਗਈ। ਉਨ੍ਹਾਂ ਨੇ ਅੰਗਰੇਜ਼ਾਂ ਖ਼ਿਲਾਫ਼ ਨਾ ਮਿਲਵਰਤਨ ਲਹਿਰ ਦਾ ਝੰਡਾ ਗੱਡ ਦਿੱਤਾ। ਇਸ ਪ੍ਰਕਾਰ ਅੰਗਰੇਜ਼ੀ ਸਾਮਰਾਜ ਵਿਰੁੱਧ ਆਜ਼ਾਦੀ ਦੀ ਲੜਾਈ ਦਾ ਮੁੱਢ ਨਾਮਧਾਰੀ ਸਿੰਘਾਂ ਵਲੋਂ ਬੱਝਿਆ। ਇਕ ਵਧੀਆ ਰਚਨਾ ਲਿਖਣ ਲਈ ਜਨਾਬ ਮੁਹੰਮਦ ਹਨੀਫ਼ ਥਿੰਦ ਵਧਾਈ ਦੇ ਪਾਤਰ ਹਨ।

-ਡਾ. ਇਕਬਾਲ ਸਿੰਘ ਸਕਰੌਦੀ ਸੰਗਰੂਰ।

ਬਸੰਤ ਬਨਾਮ ਚਾਈਨਾ ਡੋਰ

ਬਸੰਤ ਦਾ ਤਿਉਹਾਰ ਬਹੁਤ ਨਜ਼ਦੀਕ ਆ ਰਿਹਾ ਹੈ। ਬੱਚੇ ਬਸੰਤ ਦੀ ਬੜੀ ਹੀ ਬੇਸਬਰੀ ਨਾਲ ਉਡੀਕ ਕਰਦੇ ਹਨ, ਕਿਉਂਕਿ ਬੱਚੇ ਪੂਰਾ ਦਿਨ ਪਤੰਗ ਉਡਾ ਕੇ ਬਸੰਤ ਵਾਲੇ ਦਿਨ ਦਾ ਖੂਬ ਆਨੰਦ ਮਾਣਦੇ ਹਨ। ਇਸ ਦਿਨ ਸਭ ਤੋਂ ਜ਼ਿਆਦਾ ਧਿਆਨ ਦੇਣ ਵਾਲੀ ਜੋ ਸਭ ਤੋਂ ਅਹਿਮ ਗੱਲ ਇਹ ਹੈ ਕਿ ਅਸੀਂ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਬਿਲਕੁਲ ਨਾ ਕਰਨ ਦੇਈਏ। ਕਿਉਂਕਿ ਇਸ ਚਾਈਨਾ ਡੋਰ ਨੇ ਕਈ ਮਨੁੱਖੀ ਜਾਨਾਂ ਲੈ ਲਈਆਂ ਹਨ ਅਤੇ ਕਈ ਲੋਕਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਕੇ ਅਪਾਹਜ ਕਰ ਦਿੱਤਾ ਹੈ, ਜਿਸ ਬਾਰੇ ਅਸੀਂ ਹਰ ਰੋਜ਼ ਖ਼ਬਰਾਂ ਪੜ੍ਹਦੇ-ਸੁਣਦੇ ਹਾਂ। ਇਸ ਡੋਰ ਤੋਂ ਪੂਰੀ ਤਰ੍ਹਾਂ ਪਰਹੇਜ਼ ਕੀਤਾ ਜਾਵੇ। ਇਹ ਤਿਉਹਾਰ ਸਾਡੇ ਸਾਰਿਆਂ ਲਈ ਬਹੁਤ ਜ਼ਿਆਦਾ ਅਹਿਮੀਅਤ ਰੱਖਦਾ ਹੈ। ਅਸੀਂ ਸਾਰੇ ਰਲ ਕੇ ਬਸੰਤ ਨੂੰ ਮਨਾਈਏ ਪਰ ਉਪਰੋਕਤ ਗੱਲਾਂ ਦਾ ਧਿਆਨ ਰੱਖੀਏ। ਇਸ ਵਾਰ ਸਰਕਾਰ ਨੇ ਵੀ ਚਾਈਨਾ ਡੋਰ ਦੀ ਵਰਤੋਂ 'ਤੇ ਪੂਰੀ ਸਖ਼ਤੀ ਕੀਤੀ ਹੋਈ ਹੈ ਕਿ ਕੋਈ ਵੀ ਵਿਅਕਤੀ ਚਾਈਨਾ ਡੋਰ ਨਾ ਵੇਚੇ ਅਤੇ ਨਾ ਹੀ ਕੋਈ ਖਰੀਦੇ। ਜੇਕਰ ਕੋਈ ਇਸ ਦੀ ਅਣਦੇਖੀ ਕਰੇਗਾ ਤਾਂ ਉਸ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬੱਚਿਆਂ ਦੀ ਪੂਰੀ ਜ਼ਿੰਮੇਵਾਰੀ ਉਨ੍ਹਾਂ ਦੇ ਮਾਪਿਆਂ ਦੀ ਹੋਵੇਗੀ। ਸੋ, ਅਸੀਂ ਸਾਰੇ ਆਪਣਾ-ਆਪਣਾ ਫਰਜ਼ ਸਮਝਦੇ ਹੋਏ ਚਾਈਨਾ ਡੋਰ ਬਿਲੁਕਲ ਨਾ ਵਰਤੀਏ ਤੇ ਨਾ ਹੀ ਬੱਚਿਆਂ ਨੂੰ ਵਰਤਣ ਦੇਈਏ।

-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।

ਦਿਲਚਸਪ ਲੇਖ

8 ਜਨਵਰੀ, ਐਤਵਾਰ ਦੇ 'ਅਜੀਤ' ਦੇ ਮੈਗਜ਼ੀਨ ਪੰਨ੍ਹੇ 'ਤੇ ਬਲਰਾਜ ਸਿੰਘ ਸਿੱਧੂ ਕਮਾਂਡੈਂਟ ਵਲੋਂ ਆਪਣੀ ਲਿਖਤ - ''ਮੁੰਬਈ ਦੇ ਡੱਬੇਵਾਲੇ ਜੋ ਕਦੇ ਵੀ ਗਲਤੀ ਨਹੀਂ ਕਰਦੇ' ਰਾਹੀਂ ਮੁੰਬਈ 'ਚ ਵੱਖ-ਵੱਖ ਅਦਾਰਿਆਂ ਦੇ ਕਾਮਿਆਂ ਲਈ ਟਿਫ਼ਨ (ਖਾਣੇ ਵਾਲੇ ਡੱਬੇ) ਸਪਲਾਈ ਕਰਨ ਵਾਲੀ ਯੂਨੀਅਨ ਬਾਰੇ ਦਿੱਤੀ ਜਾਣਕਾਰੀ ਦਿਲਚਸਪ ਅਤੇ ਮਿਹਨਤੀ ਬੰਦਿਆਂ ਲਈ ਪ੍ਰੇਰਣਾਦਾਇਕ ਲੱਗੀ। ਯੂਨੀਅਨ 'ਚ ਕੰਮ ਕਰਦੇ ਹਜ਼ਾਰਾਂ ਵਰਕਰਾਂ ਵਲੋਂ ਇਕ ਖਾਸ ਵਰਦੀ ਅਤੇ ਅਨੁਸ਼ਾਸਨ 'ਚ ਕੰਮ ਕਰਦਿਆਂ ਮਹਾਂਨਗਰ 'ਚ ਢਾਈ-ਤਿੰਨ ਲੱਖ ਲੋਕਾਂ ਤੱਕ ਸਮੇਂ ਸਿਰ ਖਾਣਾ ਪਹੁੰਚਦਾ ਕਰਨਾ ਵਾਕਿਆ ਹੀ ਆਪਣੇ ਆਪ ਵਿਚ ਇਕ ਮਿਸਾਲ ਹੈ। ਸਭ ਤੋਂ ਚੰਗੀ ਗੱਲ ਸੰਨ 1890 ਈ: ਤੋਂ 100 ਬੰਦਿਆਂ ਨਾਲ ਸ਼ੁਰੂ ਹੋਣ ਤੋਂ ਇਹ ਯੂਨੀਅਨ ਕਰੀਬ 132 ਸਾਲਾਂ ਦਾ ਲੰਮਾ ਸਮਾਂ ਤੈਅ ਕਰਨ ਦੇ ਬਾਵਜੂਦ ਅੱਜ ਤਕ ਇਤਫ਼ਾਕ ਨਾਲ ਕੰਮ ਕਰ ਰਹੀ ਹੈ, ਜੋ ਮਿਹਨਤੀ ਲੋਕਾਂ ਨੂੰ ਇਕ-ਮਿੱਕ ਹੋ ਕੇ ਕੰਮ ਕਰਨ ਲਈ ਪ੍ਰੇਰਦੀ ਹੈ।

-ਮਨੋਹਰ ਸਿੰਘ ਸੱਗੂ ਧੂਰੀ (ਸੰਗਰੂਰ)

30-01-2023

 ਧਾਰਮਿਕ ਚਿੰਨ੍ਹਾਂ ਦੇ ਟੈਟੂ

ਪਿਛਲੇ ਕੁਝ ਸਮੇਂ ਤੋਂ ਟੈਟੂ ਬਣਵਾਉਣ ਦਾ ਰਿਵਾਜ਼ ਬਹੁਤ ਤੇਜ਼ੀ ਨਾਲ ਆਇਆ ਹੈ। ਅੱਜ-ਕੱਲ੍ਹ ਮੁੰਡੇ ਕੁੜੀਆਂ ਇਸ਼ ਦੀ ਗ੍ਰਿਫ਼ਤ ਵਿਚ ਆ ਗੇ ਹਨ। ਪੁਰਾਣੇ ਜ਼ਮਾਨੇ ਵਿਚ ਇਹ ਸਿਰਫ਼ ਚੰਦ ਤਾਰੇ ਤੇ ਵੱਧ ਤੋਂ ਵੱਧ ਮੋਰਨੀਆਂ ਆਦਿ ਪਾਉਣ ਤੱਕ ਹੀ ਸੀਮਤ ਸੀ। ਅੱਜ-ਕੱਲ੍ਹ ਕਲਾਕਾਰ, ਆਪਣੇ ਮਾਂ-ਪਿਉ ਇਥੋਂ ਤੱਕ ਕਿ ਆਪਣੇ ਧਾਰਮਿਕ ਚਿੰਨ੍ਹਾਂ ਦੇ ਟੈਟੂ ਬਣਵਾਉਣ ਲਗ ਪਏ ਹਨ। ਦੇਖਣ ਵਿਚ ਆਇਆ ਹੈ ਕਿ ਜਿਸ ਹੱਥ ਵਿਚ ਦਾਰੂ ਦਾ ਗਿਲਾਸ ਹੁੰਦਾ ਹੈ, ਉਸੇ ਹੱਥ ਜਾਂ ਬਾਂਹ 'ਤੇ ਧਾਰਮਿਕ ਚਿੰਨ੍ਹ ਉਕਰੇ ਹੁੰਦੇ ਹਨ ਜੋ ਕਿ ਬਹੁਤ ਗ਼ਲਤ ਲੱਗਦਾ ਹੈ। ਇਸ ਲਈ ਸਾਡੇ ਧਾਰਮਿਕ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੇ ਧਾਰਮਿਕ ਚਿੰਨ੍ਹਾਂ ਦੇ ਟੈਟੂ ਬਣਾਉਣ 'ਤੇ ਪਾਬੰਦੀ ਲਗਾਉਣ ਦੇ ਨਾਲ-ਨਾਲ ਲੋਕਾਂ ਵਿਚ ਇਸ ਸੰਬੰਧੀ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਤਾਂ ਜੋ ਸਾਡੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਨਾ ਹੋ ਸਕੇ। ਇਸ ਦੇ ਨਾਲ-ਨਾਲ ਸਾਡੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਕੰਮ ਤੋਂ ਵਰਜੀਏ।

-ਜਸਕਰਨ ਲੰਡੇ
ਪਿੰਡ ਤੇ ਡਾਕ. ਲੰਡੇ (ਮੋਗਾ)

ਵਾਤਾਵਰਨ ਪੱਖੀ ਫ਼ੈਸਲਾ

ਜ਼ਿਲ੍ਹਾ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਲਈ ਚਲ ਰਿਹਾ ਲੋਕ ਪੱਖੀ ਸੰਘਰਸ਼ ਨੂੰ ਬੂਰ ਪੈ ਗਿਆ ਹੈ। ਰਾਜ ਸਰਕਾਰ ਦੁਆਰਾ ਫੈਕਟਰੀ ਨੂੰ ਬੰਦ ਕਰਕੇ ਜਿਥੇ ਵਾਤਾਵਰਨ ਨੂੰ ਬਚਾਉਣ ਲਈ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ ਉਥੇ ਭਵਿੱਖ ਵਿਚ ਵਾਤਾਵਰਨ ਨੂੰ ਗੰਧਲਾ ਕਰਨ ਵਾਲੇ ਉਦਯੋਗਾਂ ਅਤੇ ਫੈਕਟਰੀਆਂ ਨੂੰ ਵੀ ਚਿਤਾਵਨੀ ਦਿੱਤੀ ਗਈ ਹੈ। ਫੈਕਟਰੀ ਨੂੰ ਮੁੜ ਚਾਲੂ ਕਰਨ ਲਈ ਪੂੰਜੀਵਾਦ ਦੁਆਰਾ ਕੀਤੀਆਂ ਗਈਆਂ ਧੱਕੇਸ਼ਾਹੀਆਂ ਅਤੇ ਜ਼ੋਰ ਅਜ਼ਮਾਇਸ਼ ਵਾਤਾਵਰਨ ਪ੍ਰੇਮੀਆਂ ਦੁਆਰਾ ਨਿਸ਼ਫਲ ਕਰ ਦਿੱਤੀਆਂ ਗਈਆਂ ਅਤੇ ਅੰਤ ਵਿਚ ਵਾਤਾਵਰਨ ਅਤੇ ਸਮਾਜਿਕ ਕਾਰਕੁਨਾਂ ਦੀ ਜਿੱਤ ਹੋਈ। ਸਵਸਥ ਜ਼ਿੰਦਗੀ ਜਿਉਣ ਲਈ ਸਾਫ਼ ਪੌਣ ਪਾਣੀ ਜ਼ਿੰਦਗੀ ਦਾ ਮੂਲ ਆਧਾਰ ਹਨ ਇਨ੍ਹਾਂ ਤੋਂ ਬਿਨਾ ਮਨੁੱਖ ਦੀ ਹੋਂਦ ਔਖੀ ਹੀ ਨਹੀਂ ਸਗੋਂ ਅਸੰਭਵ ਹੈ, ਇਹ ਗੱਲ ਸਰਮਾਏਦਾਰਾਂ ਅਤੇ ਵਾਤਾਵਰਨ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਸਮਝਣੀ ਪਵੇਗੀ ਤਾਂ ਜੋ ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਸ਼ੁੱਧ ਰੱਖਦੇ ਹੋਏ ਜੀਵਨ ਦੀ ਹੋਂਦ ਬਚਾਈ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਅਤਰ ਸਿੰਘ ਵਾਲਾ, (ਬਠਿੰਡਾ)

ਮੁਫ਼ਤ ਸਹੂਲਤਾਂ ਬੰਦ ਹੋਣ

ਪੰਜਾਬ ਸਰਕਾਰ ਮੁਫ਼ਤ ਦੇ ਲਾਲਚ ਦੇ ਕੇ ਪੰਜਾਬ ਨੂੰ ਕਰਜ਼ੇ ਵੱਲ ਧੱਕ ਰਹੀ ਹੈ। ਉਹ ਭਾਵੇਂ ਆਟਾ ਦਾਲ ਸਕੀਮ ਹੋਵੇ ਜਾਂ ਮੁਫ਼ਤ ਬੱਸ ਸਫ਼ਰ। ਜੇਕਰ ਵੇਖਿਆ ਜਾਵੇ ਤਾਂ ਸੂਬਾ ਸਰਕਾਰ ਜ਼ੀਰੋ ਬਿੱਲ ਦੇ ਚੱਕਰ ਵਿਚ ਕਰੋੜਾਂ ਦੇ ਘਾਟੇ ਵਿਚ ਜਾ ਰਹੀ ਹੈ, ਜਿਸ ਦਾ ਨੁਕਸਾਨ ਆਮ ਜਨਤਾ ਨੂੰ ਟੈਕਸ ਦੇ ਰੂਪ ਵਿਚ ਦੇਣਾ ਪਵੇਗਾ। ਦੂਜੇ ਪਾਸੇ ਮੁਫ਼ਤ ਸਫ਼ਰ ਦੇ ਚੱਕਰ ਵਿਚ ਮੁਲਾਜ਼ਮਾਂ ਦੀਆਂ ਤਨਖਾਹਾਂ ਤੱਕ ਨਹੀਂ ਨਿਕਲ ਰਹੀਆਂ, ਜਿਸ ਕਾਰਨ ਸਰਕਾਰ ਨੂੰ ਸਿੱਧੇ-ਅਸਿੱਧੇ ਤੌਰ 'ਤੇ ਚੂਨਾ ਲੱਗ ਰਿਹਾ ਹੈ। ਸਰਕਾਰ ਆਮ ਵਰਗ ਲਈ ਸਹੂਲਤ ਰੱਖੇ। ਇਥੇ ਚੰਗੇ-ਭਲੇ ਲੋਕ ਮੁਫ਼ਤ ਸਹੂਲਤਾਂ ਦੇ ਆਨੰਦ ਮਾਣ ਰਹੇ ਹਨ। ਜੇਕਰ ਸੂਬਾ ਸਰਕਾਰ ਇਸ ਤਰ੍ਹਾਂ ਮੁਫ਼ਤ ਸਹੂਲਤਾਂ ਦੇ ਗੱਫ਼ੇ ਵੰਡਦੀ ਰਹੀ ਤਾਂ ਪੰਜਾਬ ਆਉਣ ਵਾਲੇ ਸਮੇਂ ਅੰਦਰ ਕਰਜ਼ਾਈ ਹੋ ਜਾਵੇਗਾ।

-ਨਵਨੀਤ ਸਿੰਘ ਭੁੰਬਲੀ

ਵਾਹਨਾਂ ਦੀ ਚੋਰੀ ਗੰਭੀਰ ਸਮੱਸਿਆ

ਅੱਜ ਕੱਲ੍ਹ ਸਾਡੇ ਸਾਰਿਆਂ ਲਈ ਮੋਟਰਸਾਈਕਲ, ਸਕੂਟਰ ਅਤੇ ਕਾਰ ਚੋਰ ਸਭ ਤੋਂ ਵੱਡੀ ਪ੍ਰੇਸ਼ਾਨੀ ਬਣੇ ਹੋਏ ਹਨ। ਇਹ ਕਿਸੇ ਇਕ ਸ਼ਹਿਰ ਦੀ ਸਮੱਸਿਆ ਨਹੀਂ ਹੈ, ਸਾਰਾ ਪੰਜਾਬ ਹੀ ਇਸ ਸਮੱਸਿਆ ਤੋਂ ਪੀੜਤ ਹੈ। ਹਰ ਰੋਜ਼ ਹੀ ਬਹੁਤ ਜ਼ਿਆਦਾ ਵਾਹਨ ਚੋਰੀ ਹੋ ਰਹੇ ਹਨ। ਬਹੁਤ ਘੱਟ ਵਾਹਨ ਹਨ, ਜੋ ਚੋਰਾਂ ਕੋਲੋਂ ਫੜੇ ਜਾਂਦੇ ਹਨ ਪਰ ਬਹੁਤ ਜ਼ਿਆਦਾ ਵਾਹਨਾਂ ਦਾ ਤਾਂ ਕੋਈ ਪਤਾ ਹੀ ਨਹੀਂ ਚੱਲਦਾ ਕਿ ਕਿਧਰ ਗਾਇਬ ਹੋ ਗਏ। ਇਹ ਚਲਾਕ ਚੋਰ ਜ਼ਿਆਦਾਤਰ ਜਨਤਕ ਥਾਵਾਂ 'ਤੇ ਖੜ੍ਹੇ ਵਾਹਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ, ਜਿਨ੍ਹਾਂ ਵਿਚ ਖਾਸ ਕਰਕੇ ਧਾਰਮਿਕ ਅਸਥਾਨ, ਬੱਸ ਸਟੈਂਡ, ਸਰਕਾਰੀ ਜਾਂ ਪ੍ਰਾਈਵੇਟ ਦਫ਼ਤਰ, ਸਕੂਲ, ਕਾਲਜ ਆਦਿ ਨੂੰ ਜਿਥੇ ਲੋਕਾਂ ਦਾ ਜ਼ਿਆਦਾ ਆਉਣਾ-ਜਾਣਾ ਹੁੰਦਾ ਹੈ। ਹਰ ਰੋਜ਼ ਇੰਨੀਆਂ ਚੋਰੀਆਂ ਹੋਮ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਬਿਲਕੁਲ ਫੇਲ੍ਹ ਹੈ। ਇਸ ਸਮੱਸਿਆ ਨੂੰ ਹੱਲ ਕਰਨ ਵਿਚ ਪੁਲਿਸ ਨੂੰ ਕੋਈ ਜ਼ਿਆਦਾ ਕਾਮਯਾਬੀ ਨਹੀਂ ਮਿਲ ਰਹੀ। ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਕਈ ਵਾਰ ਤਾਂ ਥਾਣੇ ਦੇ ਗੇਟ ਅੱਗਿਉਂ ਪੁਲਿਸ ਮੁਲਾਜ਼ਮਾਂ ਦੇ ਵਾਹਨ ਵੀ ਚੋਰੀ ਕਰਕੇ ਲੈ ਜਾਂਦੇ ਹਨ। ਸੋ, ਪੁਲਿਸ ਅਤੇ ਪ੍ਰਸ਼ਾਸਨ ਨੂੰ ਮਿਲ ਕੇ ਇਸ ਬਹੁਤ ਵੱਡੀ ਸਮੱਸਿਆ ਦਾ ਕੋਈ ਪੱਕਾ ਹੱਲ ਕਰਨਾ ਚਾਹੀਦਾ ਹੈ। ਸਾਡਾ ਸਭ ਦਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਜਾਗਰੂਕ ਹੋਈਏ। ਵਹੀਕਲ ਨੂੰ ਸੁਰੱਖਿਅਤ ਜਗ੍ਹਾ 'ਤੇ ਖੜਾ ਕਰੀਏ ਤੇ ਉਸ ਨੂੰ ਤਾਲਾ ਲਗਾ ਕੇ ਜਾਈਏ। ਸਾਵਧਾਨੀ ਰੱਖ ਕੇ ਹੀ ਅਸੀਂ ਇਸ ਸਮੱਸਿਆ ਤੋਂ ਕਾਫੀ ਹੱਦ ਤਕ ਬਚ ਸਕਦੇ ਹਾਂ।

-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ

ਈ.ਪੀ.ਐਫ. ਪੈਨਸ਼ਨ ਯੋਜਨਾ

ਸੁਪਰੀਮ ਕੋਰਟ ਵਲੋਂ ਈ.ਪੀ.ਐਫ. ਖਾਤਾ ਧਾਰਕਾਂ ਨੂੰ ਜਿਨ੍ਹਾਂ ਵਲੋਂ ਪੈਨਸ਼ਨ ਸਕੀਮ ਲਈ ਗਈ ਸੀ, ਨੂੰ ਪੈਨਸ਼ਨ ਵਧਾ ਕੇ ਦੇਣ ਦਾ ਜੋ ਫੈਸਲਾ ਕੀਤਾ ਹੈ ਬਹੁਤ ਸ਼ਲਾਘਾਯੋਗ ਹੈ। ਪਰੰਤੂ ਕਰਮਚਾਰੀ ਜੋ ਨੌਕਰੀ ਕਰ ਰਹੇ ਹਨ ਜਾਂ ਸੇਵਾ ਮੁਕਤ ਹੋ ਚੁੱਕੇ ਹਨ, ਨੂੰ ਸਮਝ ਨਹੀਂ ਆ ਰਹੀ ਕਿ ੳਨ੍ਹਾਂ ਵਲੋਂ ਪੈਨਸ਼ਨ ਲੈਣ ਲਈ ਕੀ ਕਰਨਾ ਹੈ? ਕਿਸ ਤਰ੍ਹਾਂ ਵਿਕਲਪ ਦੇਣਾ ਹੈ, ਇਸ ਦਾ ਕੀ ਫਾਰਮੂਲਾ ਹੈ? ਕੀ ਕੋਈ ਬਕਾਇਆ ਰਕਮ ਜਮ੍ਹਾਂ ਕਰਵਾਉਣੀ ਪਵੇਗੀ ਜਾਂ ਨਹੀਂ, ਇਸ ਬਾਰੇ ਕਰਮਚਾਰੀਆਂ ਵਿਚ ਅਜੇ ਤੱਕ ਭੰਬਲ-ਭੂਸੇ ਵਾਲੀ ਸਥਿਤੀ ਬਣੀ ਹੋਈ ਹੈ। ਹਰ ਕੋਈ ਇੱਕ-ਦੂਜੇ ਕੋਲੋ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਹੈ, ਕਿਸ ਤਰ੍ਹਾਂ ਉਨ੍ਹਾਂ ਨੂੰ ਪੈਨਸ਼ਨ ਦਾ ਪੂਰਨ ਲਾਭ ਮਿਲ ਸਕਦਾ, ਹਰ ਕਰਮਚਾਰੀ ਚਾਹੁੰਦਾ ਹੈ ਕਿ ਸੰਬੰਧਿਤ ਮਹਿਕਮੇ ਵਲੋਂ ਹਰ ਵਿਭਾਗ ਤੱਕ ਪੈਨਸ਼ਨ ਦੀ ਜਾਣਕਾਰੀ ਪਹੁੰਚਾਉਣ ਲਈ ਕੋਈ ਠੋਸ ਉਪਰਾਲਾ ਕੀਤਾ ਜਾਵੇ। ਕੋਈ ਐਸਾ ਫਾਰਮੂਲਾ ਜਿਸ ਨਾਲ ਆਮ ਕਰਮਚਾਰੀ ਵੀ ਆਪਣੀ ਪੈਨਸ਼ਨ ਦਾ ਜੋੜ-ਘਟਾਓ ਆਸਾਨੀ ਨਾਲ ਕਰ ਸਕੇ। 30-35ਸਾਲ ਦੀ ਨੌਕਰੀ ਕਰਨ ਤੋਂ ਬਾਅਦ ਸੇਵਾ ਮੁਕਤ ਕਰਮਚਾਰੀ ਕੋਲ ਆਮਦਨ ਦਾ ਪੈਨਸ਼ਨ ਹੀ ਇਕਲੌਤਾ ਸਾਧਨ ਹੁੰਦਾ ਹੈ, ਜਿਸ ਨੂੰ ਹਰੇਕ ਮਹੀਨੇ ਲੈਣ ਤੋਂ ਬਾਅਦ ਉਸ ਦੇ ਚਿਹਰੇ 'ਤੇ ਰੌਣਕ ਆ ਜਾਂਦੀ ਹੈ, ਜਿਸ ਨਾਲ ਉਸ ਨੇ ਆਪਣਾ ਬੁਢਾਪਾ ਕੱਢਣਾ ਹੁੰਦਾ ਹੈ। ਕਰਮਚਾਰੀਆਂ ਦੇ ਚਿਹਰੇ 'ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਆਇਆ ਨੂਰ ਕਿਤੇ ਮੁਰਝਾਵੇ ਨਾ, ਇਸ ਲਈ ਸਰਕਾਰ ਅਤੇ ਮਹਿਕਮੇ ਨੂੰ ਆਪਣਾ ਬਣਦਾ ਯੋਗਦਾਨ ਜਲਦੀ ਦੇਣਾ ਚਾਹੀਦਾ ਹੈ। ਤਾਂ ਜੋ ਸੇਵਾਮੁਕਤ ਹੋਣ ਤੋਂ ਬਾਅਦ ਈ.ਪੀ.ਐਫ. ਪੈਨਸ਼ਨ ਯੋਜਨਾ ਦੇ ਇਹ ਕਰਮਚਾਰੀ ਵੀ ਦੂਸਰੇ ਪ੍ਰਾਂਤਾ ਦੇ ਕਰਮਚਾਰੀਆਂ ਵਾਂਗ ਆਪਣੀ ਜ਼ਿੰਦਗੀ ਸੋਹਣੇ ਢੰਗ ਨਾਲ ਗੁਜ਼ਾਰ ਸਕਣ।

-ਕੰਵਰਦੀਪ ਸਿੰਘ ਭੱਲਾ (ਪਿੱਪਲਾਂ ਵਾਲਾ)
ਬ੍ਰਾਂਚ ਮੈਨੇਜਰ ਰਾਜਪੁਰ ਭਾਈਆਂ ਸਹਿਕਾਰੀ ਬੈਂਕ, ਹੁਸ਼ਿਆਰਪੁਰ।


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX