ਤਾਜਾ ਖ਼ਬਰਾਂ


ਫੀਫਾ ਵਿਸ਼ਵ ਕੱਪ 2018 : ਜਰਮਨੀ ਨੇ ਸਵੀਡਨ ਨੂੰ 2-1 ਨਾਲ ਹਰਾਇਆ
. . .  9 minutes ago
ਨਵੀਂ ਦਿੱਲੀ, 24 ਜੂਨ - ਫੀਫਾ ਵਿਸ਼ਵ ਕੱਪ ਦੀ ਪਿਛਲੀ ਚੈਂਪੀਅਨ ਜਰਮਨੀ ਨੇ ਸਨਿੱਚਰਵਾਰ ਦੇਰ ਰਾਤ ਗਰੁੱਪ ਐਫ ਦੇ ਆਪਣੇ ਦੂਸਰੇ ਮੁਕਾਬਲੇ 'ਚ ਕ੍ਰਿਸ਼ਮਈ ਮਿਡਫੀਲਡਰ ਟੋਨੀ ਕਰੂਸ ਵਲੋਂ ਇੰਜੁਰੀ ਟਾਈਮ (95ਵੇਂ ਮਿੰਟ) 'ਚ ਕੀਤੇ ਗਏ ਦਮਦਾਰ ਗੋਲ ਦੀ ਬਦੌਲਤ ਸਵੀਡਨ ਨੂੰ...
ਮੋਦੀ ਅੱਜ ਕਰਨਗੇ 'ਮਨ ਕੀ ਬਾਤ'
. . .  26 minutes ago
ਨਵੀਂ ਦਿੱਲੀ, 24 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਰੇਡੀਉ ਪ੍ਰੋਗਰਾਮ ਮਨ ਕੀ ਬਾਤ ਰਾਹੀਂ ਇਕ ਵਾਰ ਫਿਰ ਦੇਸ਼ ਵਾਸੀਆਂ ਨਾਲ ਰੂਬਰੂ ਹੋਣਗੇ। ਮਨ ਕੀ ਬਾਤ ਦਾ ਇਹ 45ਵਾਂ ਭਾਗ ਹੋਵੇਗਾ। ਇਹ ਪ੍ਰੋਗਰਾਮ ਅੱਜ 11 ਵਜੇ ਸ਼ੁਰੂ...
ਸਾਊਦੀ ਅਰਬ 'ਚ ਅੱਧੀ ਰਾਤ ਨੂੰ ਮਹਿਲਾਵਾਂ ਨੇ ਕਾਰਾਂ ਚਲਾ ਕੇ ਮਨਾਇਆ ਜਸ਼ਨ
. . .  40 minutes ago
ਰਿਆਦ, 24 ਜੂਨ - ਕੱਟੜ ਇਸਲਾਮਿਕ ਦੇਸ਼ ਸਾਊਦੀ ਅਰਬ 'ਚ ਮਹਿਲਾਵਾਂ ਨੂੰ ਹੁਣ ਸੜਕਾਂ 'ਤੇ ਖੁਦ ਗੱਡੀ ਚਲਾਉਣ ਦੀ ਆਜ਼ਾਦੀ ਮਿਲ ਗਈ ਹੈ। ਇਸ ਦੇ ਨਾਲ ਹੀ ਇਹ ਦੇਸ਼ ਦੀਆਂ ਮਹਿਲਾਵਾਂ ਦੇ ਗੱਡੀ ਚਲਾਉਣ 'ਤੇ ਲੱਗੀ ਪਾਬੰਦੀ ਹਟਾਉਣ ਵਾਲਾ ਦੁਨੀਆ ਦਾ ਆਖ਼ਰੀ ਦੇਸ਼...
ਅੱਜ ਦਾ ਵਿਚਾਰ
. . .  57 minutes ago
ਫੀਫਾ ਵਿਸ਼ਵ ਕੱਪ 2018 : ਮੈਕਸੀਕੋ ਨੇ ਕੋਰੀਆ ਨੂੰ 2-1 ਨਾਲ ਹਰਾਇਆ
. . .  1 day ago
ਮਾਸਕੋ, 23 ਜੂਨ - ਫੀਫਾ ਵਿਸ਼ਵ ਕੱਪ ਦੇ ਇੱਕ ਮੁਕਾਬਲੇ ਵਿਚ ਮੈਕਸੀਕੋ ਨੇ ਦੱਖਣੀ ਕੋਰੀਆ ਨੂੰ 2-1ਨਾਲ ਹਰਾ...
ਫੀਫਾ ਵਿਸ਼ਵ ਕੱਪ 2018 : ਮੈਕਸੀਕੋ ਨੇ ਦੱਖਣੀ ਕੋਰੀਆ ਸਿਰ ਕੀਤਾ ਦੂਸਰਾ ਗੋਲ
. . .  1 day ago
ਫੀਫਾ ਵਿਸ਼ਵ ਕੱਪ 2018 : ਅੱਧਾ ਸਮਾਂ ਪੂਰਾ ਹੋਣ 'ਤੇ ਮੈਕਸੀਕੋ ਦੱਖਣੀ ਕੋਰੀਆ ਤੋਂ 1-0 ਨਾਲ ਅੱਗੇ
. . .  1 day ago
ਫੀਫਾ ਵਿਸ਼ਵ ਕੱਪ 2018 : ਮੈਕਸੀਕੋ ਦੱਖਣੀ ਕੋਰੀਆ ਤੋਂ 1-0 ਨਾਲ ਅੱਗੇ
. . .  1 day ago
ਐਕਸਾਈਜ਼ ਵਿਭਾਗ ਵੱਲੋਂ 542 ਪੇਟੀਆਂ ਸ਼ਰਾਬ ਬਰਾਮਦ
. . .  1 day ago
ਬਾਘਾਪੁਰਾਣਾ, 23 ਜੂਨ (ਬਲਰਾਜ ਸਿੰਗਲਾ) - ਬਾਘਾਪੁਰਾਣਾ ਇਲਾਕੇ 'ਚ ਐਕਸਾਈਜ਼ ਵਿਭਾਗ ਮੋਗਾ ਦੇ ਇੰਚਾਰਜ ਦਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਸ਼ਰਾਬ ਦੀਆਂ 542 ਪੇਟੀਆਂ ਬਰਾਮਦ ਕੀਤੀਆਂ ਹਨ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ...
ਫੀਫਾ ਵਿਸ਼ਵ ਕੱਪ 2018 : ਬੈਲਜੀਅਮ ਨੇ ਟਿਊਨੀਸ਼ੀਆ ਨੂੰ 5-2 ਨਾਲ ਹਰਾਇਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਵੈਸਾਖ ਸੰਮਤ 549
ਵਿਚਾਰ ਪ੍ਰਵਾਹ: ਨਿਆਂ ਤੋਂ ਬਿਨਾਂ ਅਮਨ ਧੱਕੇਸ਼ਾਹੀ ਦੀ ਨਿਸ਼ਾਨੀ ਹੈ। -ਵਿਲੀਅਮ ਐਲਨ ਵਾਈਟ
  •     Confirm Target Language  

ਤੁਹਾਡੇ ਖ਼ਤ

21/04/2017

 ਸੜਕੀ ਅੱਤਵਾਦ
ਅੱਜ ਸਾਡੇ ਦੇਸ਼ ਵਿਚ ਰੋਜ਼ਾਨਾ ਅਨੇਕਾਂ ਸੜਕ ਹਾਦਸੇ ਵਾਪਰ ਰਹੇ ਹਨ। ਅਸੀਂ ਆਪਣੇ ਰੋਜ਼ਮਰਾ ਦੇ ਸਫ਼ਰ ਦੌਰਾਨ ਦੇਖਦੇ ਹਾਂ ਕਿ ਸ਼ਾਇਦ ਹੀ ਅੱਜ ਕੋਈ ਅਜਿਹੀ ਸੜਕ ਹੋਵੇਗੀ, ਜਿਸ ਉੱਪਰ ਐਕਸੀਡੈਂਟ ਦੇ ਰੂਪ ਵਿਚ ਸੜਕੀ ਅੱਤਵਾਦ ਆਪਣਾ ਫਨ ਖਿਲਾਰੀ ਨਜ਼ਰ ਨਹੀਂ ਆਏਗਾ। ਇਨ੍ਹਾਂ ਹੋ ਰਹੇ ਸੜਕੀ ਹਾਦਸਿਆਂ ਵਿਚ ਰੋਜ਼ਾਨਾ ਕੀਮਤੀ ਜਾਨਾਂ ਮੌਤ ਦੇ ਮੂੰਹ ਜਾ ਰਹੀਆਂ ਹਨ। ਇਨ੍ਹਾਂ ਸੜਕੀ ਹਾਦਸਿਆਂ ਲਈ ਜਿਥੇ ਖਸਤਾ ਹੋਈਆਂ ਸੜਕਾਂ ਜ਼ਿੰਮੇਵਾਰ ਹਨ, ਉਥੇ ਖ਼ੁਦ ਸਾਡੇ ਵੱਲੋਂ ਵਰਤੀ ਜਾਂਦੀ ਅਣਗਹਿਲੀ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਅੱਜ ਭਰੇ ਬਾਜ਼ਾਰਾਂ ਵਿਚ 15-15 ਸਾਲ ਦੇ ਲੜਕੇ/ਲੜਕੀਆਂ ਜਿਨ੍ਹਾਂ ਦੇ ਪੂਰੀ ਤਰ੍ਹਾਂ ਥੱਲੇ ਪੈਰ ਵੀ ਨਹੀਂ ਲਗਦੇ, ਮੋਟਰ ਸਾਈਕਲਾਂ, ਸਕੂਟਰੀਆਂ ਗੱਡੀਆਂ ਤੇਜ਼ ਰਫ਼ਤਾਰ ਦੌੜਾਉਂਦੇ ਆਮ ਹੀ ਦੇਖੇ ਜਾ ਸਕਦੇ ਹਨ, ਜਿਨ੍ਹਾਂ ਕੋਲ ਕੋਈ ਡਰਾਈਵਿੰਗ ਲਾਇਸੰਸ ਵੀ ਨਹੀਂ ਹੁੰਦਾ ਹੈ। ਇਸ ਤਰ੍ਹਾਂ ਬਹੁਤ ਸਾਰੇ ਲੋਕਾਂ ਵੱਲੋਂ ਸ਼ਰਾਬ ਆਦਿ ਦੇ ਨਸ਼ੇ ਵਿਚ ਟੁੰਨ ਹੋ ਕੇ ਜਾਂ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ਲੋਕਾਂ ਦੀ ਇਸ ਤਰ੍ਹਾਂ ਦੀ ਅਣਗਹਿਲੀ ਕਦੋਂ ਕਿਸੇ ਸਾਹਮਣੇ ਤੋਂ ਆ ਰਹੇ ਬੇਕਸੂਰ ਦੀਆਂ ਲੱਤਾਂ ਤੋੜ ਦੇਵੇ, ਕੋਈ ਪਤਾ ਨਹੀਂ ਚਲਦਾ। ਸੋ, ਸਰਕਾਰ ਨੂੰ ਜਿਥੇ ਡਰਾਈਵਿੰਗ ਲਾਇਸੰਸ ਬਣਾਉਣ ਦੀ ਪ੍ਰਕਿਰਿਆ ਬੇਹੱਦ ਸਖ਼ਤ ਕਰਨੀ ਚਾਹੀਦੀ ਹੈ, ਉਥੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਖਿਲਾਫ਼ ਵੀ ਕਾਰਵਾਈ ਯਕੀਨੀ ਬਣਾਉਣੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਕੀਤੀ ਹੋਈ ਅਣਗਹਿਲੀ ਕਿਸੇ ਹੋਰ ਲਈ ਮੁਸੀਬਤ ਦਾ ਕਾਰਨ ਨਾ ਬਣ ਸਕੇ।


-ਰਾਜਾ ਗਿੱਲ (ਚੜਿੱਕ)
ਮੋ: 94654-11585.


ਬੱਚਿਆਂ ਨਾਲ ਭਾਵਨਾਤਮਕ ਸਾਂਝ ਜ਼ਰੂਰੀ
ਬੱਚੇ ਦੀ ਜ਼ਿੰਦਗੀ ਦੇ ਸ਼ੁਰੂਆਤੀ ਸਾਲਾਂ ਵਿਚ ਭਾਵਨਾਵਾਂ ਬਹੁਤੀਆਂ ਤੀਬਰ ਨਹੀਂ ਹੁੰਦੀਆ ਪਰ ਜਿਵੇਂ-ਜਿਵੇਂ ਉਹ ਬਚਪਨ ਵਿਚੋਂ ਨਿਕਲ ਕੇ ਕਿਸ਼ੋਰ ਅਵਸਥਾ (13-18 ਸਾਲ) ਵੱਲ ਵਧਦਾ ਹੈ, ਉਸ ਦੀਆਂ ਭਾਵਨਾਵਾਂ ਗੁੰਝਲਦਾਰ ਅਤੇ ਆਪ-ਮੁਹਾਰੀਆਂ ਹੋਣ ਲਗਦੀਆਂ ਹਨ। ਇਹ ਇਕ ਅਜਿਹਾ ਪੜਾਅ ਹੈ ਜਿਸ ਵਿਚ ਭਾਵਨਾਵਾਂ ਦੇ ਵਹਾਅ ਨੂੰ ਬੱਚਾ ਸਾਂਭ ਨਹੀਂ ਸਕਦਾ। ਇਨ੍ਹਾਂ ਦੇ ਵਹਿਣ ਵਿਚ ਵਹਿੰਦਾ ਚਲਾ ਜਾਂਦਾ ਹੈ। ਉਸ ਦਾ ਵਿਵਹਾਰ ਸਥਿਰ ਨਹੀਂ ਹੁੰਦਾ। ਕਦੇ ਬਹੁਤ ਜ਼ਿਆਦਾ ਖੁਸ਼ ਅਤੇ ਕਦੀ ਹੱਦੋਂ ਵੱਧ ਦੁਖੀ ਹੋਣਾ, ਉਸ ਦੇ ਸੁਭਾਅ ਦਾ ਅੰਗ ਬਣ ਜਾਂਦਾ ਹੈ। ਇਸ ਸਮੇਂ ਉਸ ਨੂੰ ਆਪਣੇ ਮਾਪਿਆਂ ਨਾਲ ਭਾਵਨਾਤਮਕ ਸਾਂਝ ਦੀ ਲੋੜ ਹੁੰਦੀ ਹੈ ਬਸ਼ਰਤੇ ਮਾਪੇ ਆਪਣੇ ਬੱਚੇ ਲਈ ਹਊਆ ਨਾ ਬਣਨ ਅਤੇ ਉਹ ਬੱਚੇ ਦੀੇ ਮਾਨਸਿਕ ਹਾਲਤ ਸਮਝਦੇ ਹੋਏ ਕਾਮਯਾਬੀ ਵਿਚ ਖੁਸ਼ ਹੋਣ ਅਤੇ ਨਾਕਾਮਯਾਬੀ ਵਿਚ ਉਸ ਨੂੰ ਹੌਸਲਾ ਦੇਣ। ਪਰ ਜੇਕਰ ਬੱਚਿਆਂ ਨਾਲ ਮਾਪੇ ਦੋਸਤੀਪੂਰਨ ਵਿਵਹਾਰ ਨਹੀਂ ਕਰਦੇ ਅਤੇ ਬੱਚੇ ਦੇ ਮਨ ਵਿਚ ਆਪਣੇ ਪ੍ਰਤੀ ਡਰ ਪੈਦਾ ਕਰੀ ਰੱਖਦੇ ਹਨ ਤਾਂ ਬੱਚਾ ਆਪਣੀ ਸਮੱਸਿਆ ਉਨ੍ਹਾਂ ਨਾਲ ਸਾਂਝੀ ਨਾ ਕਰਦੇ ਹੋਏ ਦੱਬਿਆ ਘੁੱਟਿਆ ਮਹਿਸੂਸ ਕਰੇਗਾ ਅਤੇ ਮਾਨਸਿਕ ਪ੍ਰੇਸ਼ਾਨੀ ਜਾਂ ਤਣਾਅ ਦਾ ਸ਼ਿਕਾਰ ਹੋ ਜਾਵੇਗਾ। ਦੇਖਣ ਵਿਚ ਆਇਆ ਹੈ ਕਿ ਅਜਿਹੀ ਸਥਿਤੀ ਵਿਚ ਬੱਚੇ ਕਿਸੇ ਗ਼ਲਤ ਘਟਨਾ ਨੂੰ ਅੰਜਾਮ ਦੇ ਦਿੰਦੇ ਹਨ। ਇਸ ਲਈ ਬੱਚਿਆਂ ਨਾਲ ਮਾਪਿਆਂ ਦੀ ਭਾਵਨਾਤਮਕ ਸਾਂਝ ਹੋਣੀ ਚਾਹੀਦੀ ਹੈ। ਜਿਵੇਂ ਬੱਚੇ ਆਪਣੇ ਦੋਸਤਾਂ ਨਾਲ ਹਰ ਗੱਲ ਸਾਂਝੀ ਕਰ ਲੈਂਦੇ ਹਨ। ਇਸੇ ਤਰ੍ਹਾਂ ਇਸ ਉਮਰੇ ਮਾਪਿਆਂ ਨੂੰ ਉਮਰ ਦੀ ਨਜ਼ਾਕਤ ਨੂੰ ਸਮਝਦੇ ਹੋਏ ਬੱਚਿਆਂ ਨਾਲ ਸਬੰਧਾਂ ਵਿੱਚ ਪਾਰਦਰਸ਼ਤਾ ਲਿਆਉਣੀ ਚਾਹੀਦੀ ਹੈ ਤਾਂ ਜੋ ਬੱਚੇ ਆਪਣੀ ਹਰ ਗੱਲ ਆਪਣੇ ਮਾਪਿਆਂ ਨਾਲ ਸਾਂਝੀ ਕਰ ਸਕਣ।


-ਅੰਮ੍ਰਿਤਪਾਲ ਸਿੰਘ ਸੰਧੂ
ਪਿੰਡ ਤੇ ਡਾਕਖਾਨਾ ਬਾੜੀਆਂ ਕਲਾਂ
ਜ਼ਿਲ੍ਹਾ ਹੁਸ਼ਿਆਰਪੁਰ।

20/04/2017

 ਸਿਰਫ ਅਧਿਆਪਕ ਹੀ ਕਿਉਂ ਨਿਸ਼ਾਨਾ ਬਣਨ
ਪਿਛਲੇ ਦਿਨੀਂ ਸੰਪਾਦਕੀ ਸਫ਼ੇ 'ਤੇ ਪ੍ਰੋ: ਰਣਜੀਤ ਸਿੰਘ ਧਨੋਆ ਦਾ ਲੇਖ 'ਦਮ ਤੋੜ ਰਹੀ ਹੈ ਸਾਡੀ ਸਰਕਾਰੀ ਪ੍ਰਾਇਮਰੀ ਸਿੱਖਿਆ' ਪੜ੍ਹਨ ਦਾ ਮੌਕਾ ਮਿਲਿਆ। ਇਸ ਵਿਚ ਲੇਖਕ ਨੇ ਸਿੱਖਿਆ ਅਧਿਕਾਰ ਐਕਟ ਦੀਆਂ ਜ਼ਮੀਨੀ ਹਕੀਕਤਾਂ ਨੂੰ ਵਧੀਆ ਢੰਗ ਨਾਲ ਬਿਆਨਿਆ ਹੈ, ਜਿਵੇਂ ਕਿ ਅੱਠਵੀਂ ਤੱਕ ਫੇਲ੍ਹ ਨਾ ਕਰਨ ਦੀ ਨੀਤੀ ਅਤੇ ਉਮਰ ਅਨੁਸਾਰ ਬੱਚੇ ਨੂੰ ਜਮਾਤ 'ਚ ਦਾਖ਼ਲ ਕਰਨ ਦੀ ਨੀਤੀ ਦੇ ਨੁਕਸਾਨ ਬਾਰੇ ਜ਼ਿਕਰ ਕੀਤਾ ਹੈ। ਪਰ ਲੇਖਕ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਆਪਣੇ ਸਕੂਲਾਂ ਪ੍ਰਤੀ ਬੇਭਰੋਸਗੀ ਦਾ ਜੋ ਜ਼ਿਕਰ ਕੀਤਾ ਹੈ, ਉਸ ਨਾਲ ਸਹਿਮਤ ਨਹੀਂ ਹਾਂ।
ਲੇਖਕ ਨੇ ਇਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਦਾ ਜ਼ਿਕਰ ਕੀਤਾ ਹੈ, ਮੈਂ ਉਸ ਨਾਲ ਸਹਿਮਤ ਹਾਂ ਕਿ ਜਿਹੜਾ ਵੀ ਵਿਅਕਤੀ/ਮੁਲਾਜ਼ਮ ਸਰਕਾਰੀ ਖਜ਼ਾਨੇ 'ਚੋਂ ਤਨਖਾਹ ਲੈਂਦਾ ਹੈ, ਉਸ ਦਾ ਬੱਚਾ ਸਰਕਾਰੀ ਸਕੂਲ 'ਚ ਪੜ੍ਹੇਗਾ। ਜਿਸ ਦਿਨ ਇਹੋ ਜਿਹੇ ਫ਼ੈਸਲੇ ਹਕੀਕੀ ਰੂਪ 'ਚ ਲਾਗੂ ਹੋ ਜਾਣਗੇ ਤਾਂ ਸਭ ਤੋਂ ਵੱਧ ਖੁਸ਼ੀ ਅਧਿਆਪਕ ਵਰਗ ਨੂੰ ਹੋਵੇਗੀ ਤੇ ਸਾਰੇ ਅਧਿਆਪਕ ਪਹਿਲ ਦੇ ਆਧਾਰ 'ਤੇ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਲਾਉਣਗੇ। ਜਦੋਂ ਸਿਸਟਮ 'ਤੇ ਕਾਬਜ਼ ਲੋਕ ਹੀ ਸਿੱਖਿਆ ਨੂੰ ਵੇਚਣ ਵੱਟਣ ਵਾਲੀ ਵਸਤ ਸਮਝ ਕੇ ਨੀਤੀਆਂ ਬਣਾਉਣਗੇ ਤਾਂ ਅਧਿਆਪਕ ਵਰਗ ਵੀ ਇਸ ਦੀ ਲਪੇਟ 'ਚ ਆਏਗਾ। ਬਾਕੀ ਲੇਖਕ ਨੇ ਕ੍ਰਿਸ਼ਨ ਕੁਮਾਰ ਵਰਗੇ ਅਫਸਰ ਸਾਹਿਬਾਨ ਦੀ ਗੱਲ ਕੀਤੀ ਹੈ, ਉਹ ਕਾਬਲੇ ਤਾਰੀਫ਼ ਸੀ ਪਰ ਜਦੋਂ ਉਨ੍ਹਾਂ ਵਰਗਾ ਸਿੱਖਿਆ ਸੁਧਾਰਕ ਅਫ਼ਸਰ ਇਸ ਸਿਸਟਮ ਦੇ ਫਿੱਟ ਨਹੀਂ ਬੈਠਦਾ ਤਾਂ ਉਸ ਨੂੰ ਵੀ ਬਦਲ ਦਿੱਤਾ ਜਾਂਦਾ ਹੈ। ਜਦੋਂ ਸਿਸਟਮ ਹੀ ਸੁਧਾਰ ਨਹੀਂ ਚਾਹੁੰਦਾ ਤਾਂ ਸਿਰਫ ਅਧਿਆਪਕ ਵਰਗ 'ਤੇ ਉਂਗਲ ਉਠਾਉਣੀ ਕਿਸੇ ਤਰ੍ਹਾਂ ਜਾਇਜ਼ ਨਹੀਂ।


-ਬਲਵੀਰ ਸਿੰਘ ਬਾਸੀਆਂ
ਮੋ: 8437600371


ਭ੍ਰਿਸ਼ਟਾਚਾਰ ਤੋਂ ਮਿਲੇ ਨਿਜਾਤ

ਪਿਛਲੇ ਦਿਨੀਂ ਸੰਗਰੂਰ ਪੁਲਿਸ ਵਿਭਾਗ ਦੇ ਰਿਸ਼ਵਤ ਮਾਮਲੇ ਬਾਰੇ ਪੜ੍ਹਿਆ, ਹਰ ਵਿਭਾਗ ਵਿਚ ਕੁਝ ਇਕ ਅਫ਼ਸਰਾਂ, ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਛੱਡ ਕੇ, ਰਿਸ਼ਵਤ ਨੂੰ ਆਪਣਾ ਹੱਕ ਮੰਨਦੇ ਹਨ। ਅਗਰ ਪੰਜਾਬ ਸਰਕਾਰ ਰਿਸ਼ਵਤ ਤੇ ਭ੍ਰਿਸ਼ਟਾਚਾਰ ਨੂੰ ਕਾਬੂ ਕਰਨ ਵਿਚ ਸਫਲ ਹੋ ਜਾਂਦੀ ਹੈ ਤਾਂ ਬਹੁਤ ਕੁਝ ਥਾਂ ਸਿਰ ਆਪਣੇ ਆਪ ਆ ਜਾਵੇਗਾ। ਜਿਨ੍ਹਾਂ ਵਿਭਾਗਾਂ ਨਾਲ ਆਮ ਬੰਦੇ ਦਾ ਵਾਹ ਵਾਸਤਾ ਪੈਣਾ ਹੀ ਪੈਣਾ ਹੈ, ਉਨ੍ਹਾਂ ਵਿਚ ਮਾਲ ਮਹਿਕਮਾ ਤੇ ਪੁਲਿਸ ਵਿਭਾਗ ਅਹਿਮ ਹਨ। ਇਥੇ ਗੜਬੜੀ ਦੇ ਮੌਕੇ ਵੀ ਵੱਧ ਹਨ, ਜਿਨ੍ਹਾਂ ਲੋਕਾਂ ਨੇ ਗੜਬੜੀ ਕਰਨੀ ਹੁੰਦੀ ਹੈ, ਉਨ੍ਹਾਂ ਨੂੰ ਅਜਿਹੇ ਲੋਕ ਮਿਲ ਹੀ ਜਾਂਦੇ ਹਨ। ਫਿਰ ਸ਼ੁਰੂ ਹੁੰਦਾ ਹੈ ਝੂਠੀਆਂ ਵਸੀਅਤਾਂ ਬਣਾਉਣ ਦਾ ਸਿਲਸਿਲਾ ਝੂਠੇ ਕਾਗਜ਼ਾਤ ਬਣਾਉਣ ਦਾ ਕੰਮ ਤੇ ਸ਼ਰੀਫ ਲੋਕਾਂ ਨੂੰ ਤੰਗ ਕਰਨ, ਉਨ੍ਹਾਂ ਦੀਆਂ ਜ਼ਮੀਨਾਂ ਹਥਿਆਉਣ ਦਾ ਸਿਲਸਿਲਾ। ਪੁਲਿਸ ਵਿਚ ਵੀ ਸ਼ਿਕਾਇਤ ਦਰਜ ਕਰਵਾਉਣੀ ਬੇਹੱਦ ਔਖੀ ਹੁੰਦੀ ਹੈ।
ਅਗਰ ਸਰਕਾਰ ਇਹ ਧਾਰ ਲਵੇ ਕਿ ਜਿਹੜੇ ਰਿਸ਼ਵਤ ਲੈ ਕੇ ਗ਼ਲਤ ਨੂੰ ਠੀਕ ਤੇ ਠੀਕ ਨੂੰ ਗ਼ਲਤ ਕਰਦੇ ਹਨ, ਸਖ਼ਤ ਸਜ਼ਾ ਅਜਿਹੀ ਦੇਵੇ ਕਿ ਦੂਸਰੇ ਅਜਿਹਾ ਕੰਮ ਕਰਨ ਤੋਂ ਪਹਿਲਾਂ, ਇਕ ਵਾਰ ਨਹੀਂ ਸੌ ਵਾਰ ਸੋਚਣ। ਜਿਸ ਨੇ ਅਜਿਹਾ ਕੰਮ ਰਿਸ਼ਵਤ ਦੇ ਕੇ ਕਰਵਾਇਆ ਹੋਵੇ, ਉਸ ਨੂੰ ਵੀ ਸਜ਼ਾ ਦਿੱਤੀ ਜਾਵੇ। ਸਮਾਜ ਵਿਚ ਸਾਰੇ ਚੰਗੇ ਨਹੀਂ ਹੁੰਦੇ ਤੇ ਸਾਰੇ ਬੁਰੇ ਨਹੀਂ ਹੁੰਦੇ, ਪਰ ਇਸ ਵੇਲੇ ਸੰਤੁਲਨ ਵਿਗੜਿਆ ਹੋਇਆ ਹੈ। ਪੰਜਾਬ ਦੇ ਲੋਕ ਸਰਕਾਰ ਤੋਂ ਇਹ ਉਮੀਦ ਲਗਾ ਕੇ ਬੈਠੇ ਹੋਏ ਹਨ ਕਿ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਤੋਂ ਉਨ੍ਹਾਂ ਨੂੰ ਨਿਜ਼ਾਤ ਮਿਲੇ।
ਪੰਜਾਬ ਦੇ ਲੋਕ ਸਰਕਾਰ ਦੇ ਨਾਲ ਹਨ। ਅਖ਼ਬਾਰਾਂ ਤੇ ਚੈਨਲਾਂ ਨੂੰ ਵੀ ਆਪਣੀ ਭੂਮਿਕਾ ਵਧੀਆ ਤਰੀਕੇ ਨਾਲ ਨਿਭਾਉਣੀ ਚਾਹੀਦੀ ਹੈ। ਲੋਕਾਂ ਦੀ ਆਵਾਜ਼ ਬਣੇ ਮੀਡੀਆ। ਸਰਕਾਰ ਵਾਸਤੇ ਇਹ ਚੁਣੌਤੀ ਹੈ। ਲੋਕਾਂ ਵੱਲੋਂ ਕੀਤੀਆਂ ਜਾਂਦੀਆਂ ਸ਼ਿਕਾਇਤਾਂ 'ਤੇ ਸਰਕਾਰ ਉਨ੍ਹਾਂ ਕਰਮਚਾਰੀਆਂ ਤੇ ਅਧਿਕਾਰੀਆਂ 'ਤੇ ਸ਼ਿਕੰਜਾ ਕੱਸੇ। ਸਾਫ਼ ਸੁਥਰੇ ਸਮਾਜ ਵਾਸਤੇ ਇਹ ਕਦਮ ਸਰਕਾਰ ਵੱਲੋਂ ਪੁੱਟਣੇ ਵਕਤ ਦੀ ਮੰਗ ਹੈ।


-ਪ੍ਰਭਜੋਤ ਕੌਰ ਢਿੱਲੋਂ
ਮੋ: 98150-30221.

19/04/2017

 ਘਟ ਰਹੀ ਹਰਿਆਵਲ
ਅੱਜ ਦੇ ਵਾਤਾਵਰਨ ਦਾ ਦ੍ਰਿਸ਼ ਸਾਡੀ ਗੁਰਬਾਣੀ ਤੋਂ ਬਿਲਕੁੱਲ ਉਲਟ ਜਾਪਦਾ ਹੈ-ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਗੁਰਮਤਿ ਮਰਯਾਦਾ ਦੇ ਉਲਟ ਅਸੀਂ ਆਪਣੀ ਹਵਾ ਨੂੰ ਫੈਕਟਰੀਆਂ, ਵਾਹਨਾਂ ਅਤੇ ਜ਼ਹਿਰੀਲੀਆਂ ਗੈਸਾਂ ਨਾਲ ਪ੍ਰਦੂਸ਼ਿਤ ਕਰ ਰਹੇ ਹਾਂ। ਪਾਣੀ ਨੂੰ ਬੇਹੱਦ ਗੰਧਲਾ ਕਰ ਰਹੇ ਹਾਂ। ਮਿੱਟੀ ਵਿਚਲੇ ਜ਼ਰੂਰੀ ਤੱਤਾਂ ਨੂੰ ਖ਼ਤਮ ਕਰਕੇ ਮਾਰੂ ਰਸਾਇਣਾਂ ਨਾਲ ਭਰਪੂਰ ਬਣਾ ਰਹੇ ਹਾਂ। ਅਜਿਹਾ ਕਰਨ ਦੇ ਬਾਵਜੂਦ ਅਸੀਂ ਬੇਧਿਆਨੇ ਅਤੇ ਬੇਪ੍ਰਵਾਹ ਹੋ ਰਹੇ ਹਾਂ। ਅਸੀਂ ਇਹ ਸਭ ਕਰਨ ਦੇ ਬਾਵਜੂਦ ਅਜਿਹਾ ਹੀ ਕਹਿੰਦੇ ਹਾਂ ਕਿ ਕੁਦਰਤ ਕਿਉਂ ਸਾਡੇ ਉੱਤੇ ਮਿਹਰਬਾਨ ਨਹੀਂ ਰਹੀ? ਤੇਜ਼ੀ ਨਾਲ ਹੋ ਰਿਹਾ ਸ਼ਹਿਰੀਕਰਨ ਅਤੇ ਮਸ਼ੀਨੀਕਰਨ ਸਾਡੀਆਂ ਤਰਜੀਹਾਂ ਤਾਂ ਬਦਲ ਰਿਹਾ ਹੈ, ਪਰ ਸਾਡੀ ਧਰਤੀ ਵਿਚ ਵੀ ਵਿਗਾੜઠਪਾ ਰਿਹਾ ਹੈ। ਸਾਡੀ ਲਾਪਰਵਾਹੀ ਅਤੇ ਬੇਪਰਵਾਹੀ ਕਾਰਨ ਸਮੁੱਚੀ ਹਰਿਆਵਲ ਹੀ ਘਟ ਰਹੀ ਹੈ। ਅਬਾਦੀ ਦੇ ਜ਼ਿਆਦਾ ਵਧਣ ਕਾਰਨ ਜਨਸੰਖਿਆ ਵਿਸਫੋਟ ਹੋਣ ਦਾ ਡਰ ਵਧ ਰਿਹਾ ਹੈ। ਦਰੱਖਤਾਂ ਦੀ ਕਟਾਈ ਕਾਰਨ ਹਰਿਆਵਲ ਅਤੇ ਆਕਸੀਜਨ ਘਟ ਰਹੀ ਹੈ। ਇਸ ਦੇ ਉਲਟ ਪ੍ਰਦੂਸ਼ਣ ਅਤੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧ ਰਹੀ ਹੈ।
ਇਹ ਮਸਲਾ ਕੌਮਾਂਤਰੀ ਪੱਧਰ 'ਤੇ ਵੀ ਏਨਾ ਗੰਭੀਰ ਹੋ ਚੁੱਕਾ ਹੈ ਕਿ ਇਸ ਸਬੰਧੀ ਲੋਕਾਂ ਵਿਚ ਚੇਤਨਾ ਪੈਦਾ ਕੀਤੀ ਜਾ ਰਹੀ ਹੈ। 1972 ਵਿਚ ਸੰਯੁਕਤ ਰਾਸ਼ਟਰ ਸੰਘ ਦੁਆਰਾ ਸਟਾਕਹੋਮ ਵਿਚ ਵਾਤਾਵਰਨ ਸੰਭਾਲઠਲਈ ਕਾਨਫ਼ਰੰਸ ਵੀ ਕੀਤੀ ਗਈ ਸੀ। ਇਸ ਕਰਕੇ 5 ਜੂਨ ਨੂੰ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ।
ਅੰਤ ਸਾਨੂੰ ਇਹ ਹੀ ਉਪਰਾਲੇ ਕਰਨੇ ਚਾਹੀਦੇ ਹਨ, ਜਿਸ ਨਾਲ ਬਦਲਦੀ ਹਰਿਆਵਲ ਦੇ ਦ੍ਰਿਸ਼ ਨੂੰ ਮੁੜ ਪਹਿਲਾਂ ਵਾਂਗ ਖੁਸ਼ਹਾਲ ਅਤੇ ਜਿਊਣਯੋਗ ਕੀਤਾ ਜਾ ਸਕੇ। ਸਾਨੂੰ ਸਾਰਿਆਂ ਨੂੰ ਸਿਹਤਮੰਦ, ਸੁਚੇਤ ਅਤੇ ਉਸਾਰੂ ਯਤਨਾਂ ਦੁਆਰਾ ਆਪਣੀ ਹਰਿਆਵਲ ਨੂੰ ਵਧਾਉਣ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ।


-ਹੋਮਪ੍ਰੀਤ ਕੌਰ,
ਗੁਰੂ ਨਾਨਕ ਕਾਲਜ ਫਾਰ ਗਰਲਜ਼, ਸ੍ਰੀ ਮੁਕਤਸਰ ਸਾਹਿਬ।


ਮਾਇਕ ਮਦਦ ਦੀ ਲੋੜ
ਪਿਛਲੇ ਦਿਨੀਂ 'ਅਜੀਤ' ਵਿਚ ਪ੍ਰਕਾਸ਼ਿਤ ਆਜ਼ਾਦੀ ਵਾਸਤੇ ਚੱਲ ਰਹੇ ਜ਼ੋਰਦਾਰ ਕੌਮੀ ਸੰਘਰਸ਼ ਦੌਰਾਨ ਵਿਦੇਸ਼ੀ ਅੰਗਰੇਜ਼ੀ ਸਰਕਾਰ ਵੱਲੋਂ ਵਰਤਾਏ ਗਏ ਘੋਰ ਜ਼ੁਲਮੀ ਸਾਕੇ ਦੀ ਰਿਪੋਰਟ ਨੇ ਜਿਥੇ ਅੱਖਾਂ ਨਮ ਕੀਤੀਆਂ, ਉਥੇ ਦੋ ਸ਼ਹੀਦਾਂ ਦੀਆਂ ਸੁਪਤਨੀਆਂ ਇਸ ਕਾਂਡ 'ਚ ਸਰਕਾਰ ਵੱਲੋਂ ਸ਼ਹੀਦਾਂ ਦੇ ਵਾਰਸਾਂ ਨੂੰ ਐਲਾਨੀ ਗਈ ਸਹਾਇਤਾ ਰਾਸ਼ੀ ਨੂੰ ਠੁਕਰਾਉਣ ਵਾਲੀਆਂ ਔਰਤਾਂ ਬੀਬੀ ਅਤਰ ਕੌਰ ਅਤੇ ਬੀਬੀ ਰਤਨ ਦੇਈ ਦੇ ਕੌਮੀ ਗੌਰਵ ਨੂੰ ਬਰਕਰਾਰ ਰੱਖਣ ਹਿਤ ਸਿਦਕ ਤੇ ਅਥਾਹ ਸੰਘਰਸ਼ ਬਾਰੇ ਪੜ੍ਹ ਕੇ ਮੈਨੂੰ ਹੀ ਨਹੀਂ, ਸਗੋਂ ਸਭਨਾਂ ਪਾਠਕਾਂ ਨੂੰ ਭਰਪੂਰ ਮਾਣ ਹੋਣਾ ਸੁਭਾਵਿਕ ਹੈ ਅਜਿਹੇ ਪਰਿਵਾਰਾਂ ਦੇ ਮੌਜੂਦਾ ਮਜਬੂਰ ਜੀਆਂ ਦੀ ਉਨ੍ਹਾਂ ਦਾ ਸਵੈਮਾਣ ਕਾਇਮ ਰੱਖਦਿਆਂ ਮਾਇਕ ਤੇ ਹੋਰ ਲੋੜੀਂਦੀ ਮਦਦ ਕਰਨਾ ਮੌਜੂਦਾ ਸਰਕਾਰ ਦਾ ਕੌਮੀ ਫ਼ਰਜ਼ ਹੈ। ਅਣਖੀਲੇ ਲੋਕ ਖ਼ੁਦ ਸਾਡੇ ਅੱਗੇ ਕਦੇ ਵੀ ਮਦਦ ਲਈ ਹੱਥ ਨਹੀਂ ਫੈਲਾਉਣਗੇ।


-ਸੁਰਿੰਦਰ ਸਿੰਘ ਨਿਮਾਣਾ
ਅੰਮ੍ਰਿਤਸਰ।

18/04/2017

 ਧਰਤੀ ਨਾਲ ਧੱਕੇਸ਼ਾਹੀ ਬੰਦ ਕਰੋ
ਧਰਤੀ ਦਇਆਵਾਨ ਹੈ, ਫ਼ਸਲਾਂ ਤੇ ਨਸਲਾਂ ਲਈ ਵਰਦਾਨ ਹੈ। ਭਵਿੱਖ ਲਈ ਧਰਤੀ ਦੀ ਸਿਹਤ ਤੇ ਸੁੰਦਰਤਾ ਲਈ ਚਿੰਤਾ ਤੇ ਚਿੰਤਨ ਦੀ ਲੋੜ ਹੈ। ਸਹਿਜ ਤੇ ਧੀਰਜ ਨਾਲ ਧਰਤੀ ਦੀ ਤਪਸ਼ ਨੂੰ ਇਸ 'ਤੇ ਵਧ ਰਹੇ ਭਾਰ ਨੂੰ ਘਟਾਓ। ਧਰਤੀ ਕਰਕੇ ਹੀ ਅਸੀਂ ਧਨੀ ਹਾਂ। ਧਰਤੀ ਸਾਨੂੰ ਸਿਹਤ ਤੇ ਸ਼ਕਤੀ ਦਿੰਦੀ ਹੈ। ਸਾਡਾ ਜੀਵਨ, ਪ੍ਰਕਿਰਤੀ ਕਰਕੇ ਹੀ ਹੈ। ਜਿਥੇ ਜੀਵਨ ਜਿਊਂਦਾ ਹੋਵੇ, ਜਾਗਦਾ ਹੋਵੇ, ਉਗਦਾ ਹੋਵੇ, ਉਥੇ ਅੱਗਾਂ ਦਾ ਕੀ ਕੰਮ, ਧਰਤੀ ਮਾਂ ਤਾਂ ਧੀਆਂ ਵਰਗੀਆਂ ਫ਼ਸਲਾਂ ਨੂੰ ਜਨਮ ਦਿੰਦੀ ਹੈ। ਉਸ ਦੀ ਕੁੱਖ ਨੂੰ ਬਾਂਝ ਨਾ ਕਰੋ। ਧਰਤੀ ਦੀ ਚਾਦਰ 'ਤੇ ਕੋਈ ਧੱਬਾ ਨਾ ਲਾਓ। ਸਗੋਂ ਇਸ ਨੂੰ ਰੁੱਖਾਂ ਨਾਲ, ਫੁੱਲਾਂ ਨਾਲ ਫਲਾਂ ਕੁਦਰਤੀ ਵਸਤਾਂ ਨਾਲ ਸਜਾਓ, ਚਮਕਾਓ ਤੇ ਸ਼ਿੰਗਾਰੋ, ਫਿਰ ਦੇਖੋ ਨਤੀਜੇ ਕਿੰਨੇ ਵਧੀਆ ਹੋਣਗੇ। ਨਕਲੀ ਤੇ ਬਨਾਉਟੀਪਣ ਤੋਂ ਦੂਰੀਆਂ ਕਰਕੇ, ਕਾਦਰ ਦੀ ਕੁਦਰਤ ਨਾਲ ਸਾਂਝਾਂ ਪਾਓ। ਪ੍ਰਕਿਰਤੀ ਨਾਲ ਪਾਕਿ ਮੁਹੱਬਤਾਂ ਪਾ ਕੇ ਧਰਤੀ ਨਾਲ ਹੁੰਦੀ ਧੱਕੇਸ਼ਾਹੀ ਨੂੰ ਬੰਦ ਕਰੋ। ਅੱਜ ਲਾਈ ਅੱਗ ਨਾਲ ਸਾਡਾ ਅੱਗਾ ਸੁਆਹ ਬਣ ਜਾਵੇਗਾ। ਕੁਦਰਤ ਦੀ ਰਜ਼ਾ ਵਿਚ ਰਹਿਣ ਵਾਲੇ ਜੀਵ-ਜੰਤੂਆਂ ਦੀ ਮਿੱਤਰਤਾ ਨੂੰ ਪਛਾਣੋ। ਧਰਤੀ ਦੀਆਂ ਸ਼ਕਤੀਆਂ ਦੀ ਕਿਰਪਾ ਦਾ ਅਨੰਦ ਮਾਣੋ। ਅਮੀਨ!

-ਸਨੇਹਇੰਦਰ ਮੀਲੂ ਫਰੌਰ
ਮੋ: 93163-17356.

ਅਖ਼ਬਾਰਾਂ ਤੇ ਕਿਤਾਬਾਂ ਲਾਜ਼ਮੀ ਪੜ੍ਹੋ
ਪਿਛਲੇ ਦਿਨੀਂ ਮੈਗਜ਼ੀਨ ਅੰਕ ਵਿਚ ਡਾ: ਹਰਨੇਕ ਸਿੰਘ ਕੋਮਲ ਦਾ ਲੇਖ 'ਪੁਸਤਕ ਪ੍ਰੇਮ ਤੋਂ ਸੱਖਣੇ ਹੋ ਰਹੇ ਲੋਕ' ਪੜ੍ਹਨਯੋਗ ਸੀ। ਜ਼ਿਆਦਾਤਰ ਲੋਕ ਸਕੂਲ ਜਾਂ ਕਾਲਜ ਪੜ੍ਹਨ ਤੋਂ ਬਾਅਦ ਪੁਸਤਕ ਪੜ੍ਹਨੀ ਹੀ ਬੰਦ ਕਰ ਦਿੰਦੇ ਹਨ। ਕਈ ਲੋਕ ਏਨੇ ਆਲਸੀ ਹੁੰਦੇ ਹਨ ਕਿ ਉਹ ਅਖ਼ਬਾਰ ਵੀ ਨਹੀਂ ਪੜ੍ਹਦੇ। ਢਾਣੀ ਵਿਚ ਬੈਠੇ ਲੋਕ ਦੂਜੇ ਨੂੰ ਕਹਿਣਗੇ ਖ਼ਬਰ ਪੜ੍ਹ ਕੇ ਸੁਣਾ ਦੇ। ਬਹੁਤੇ ਲੋਕਾਂ ਨੂੰ ਜਦੋਂ ਪੁੱਛਦੇ ਹਾਂ ਕਿ ਤੁਸੀਂ ਘਰ ਕੋਈ ਅਖ਼ਬਾਰ ਲਗਵਾਇਆ ਹੈ ਤਾਂ ਜਵਾਬ ਦੇਣਗੇ ਹੁਣ ਤੇ ਐਨੇ ਟੀ.ਵੀ. ਚੈਨਲ ਹਨ, ਬਸ ਉਸ ਤੋਂ ਖ਼ਬਰਾਂ ਦੇਖ ਲਈ ਦੀਆਂ ਹਨ। ਅਖ਼ਬਾਰ ਤੇ ਪੁਸਤਕ ਬਗੈਰ ਮਨੁੱਖ ਦਾ ਜੀਵਨ ਅਧੂਰਾ ਹੈ। ਅਸੀਂ ਕੋਈ ਵੀ ਕੰਮ ਸਿੱਖਣਾ ਹੋਵੇ ਤਾਂ ਵੀ ਪੁਸਤਕ ਦਾ ਸਹਾਰਾ ਲੈਂਦੇ ਹਾਂ। ਜੋ ਲੋਕ ਪੁਸਤਕ ਜਾਂ ਅਖ਼ਬਾਰ ਨਹੀਂ ਪੜ੍ਹਦੇ, ਉਹ ਸਮਾਜ ਵਿਚ ਕਾਫੀ ਪਛੜ ਜਾਂਦੇ ਹਨ। ਜ਼ਿਆਦਾ ਤੋਂ ਜ਼ਿਆਦਾ ਲਾਇਬ੍ਰੇਰੀਆਂ ਖੋਲ੍ਹਣ ਦਾ ਪ੍ਰਚਾਰ ਤੇ ਸਹਾਇਤਾ ਵੀ ਕਰਨੀ ਚਾਹੀਦੀ ਹੈ। ਪੜ੍ਹਨਾ ਹੀ ਜ਼ਿੰਦਗੀ ਹੈ।

-ਹਰਜਿੰਦਰਪਾਲ ਸਿੰਘ
ਜਵੱਦੀ ਕਲਾਂ, ਲੁਧਿਆਣਾ।

ਈ.ਡੀ. ਦੀ ਕਾਰਵਾਈ
ਪੰਜਾਬ ਵਿਚ ਨਸ਼ਿਆਂ ਦਾ ਜੋ ਬੋਲਬਾਲਾ ਹੈ, ਉਸ ਦਾ ਰੌਲਾ-ਰੱਪਾ ਤਾਂ ਲੰਮੇ ਸਮੇਂ ਤੋਂ ਪੈ ਰਿਹਾ ਸੀ ਪਰ ਸਿਆਸੀ ਕਾਰਨਾਂ ਕਰਕੇ ਸ਼ਾਇਦ ਇਸ ਨੂੰ ਬਹੁਤੇ ਮੰਨਦੇ ਨਹੀਂ ਸਨ। ਹਾਲਾਂ ਕਿ ਨਸ਼ਿਆਂ ਦੇ ਸਬੰਧ ਵਿਚ ਜੋ ਕੁਝ ਪੰਜਾਬ ਦੀ ਧਰਤੀ 'ਤੇ ਵਾਪਰ ਰਿਹਾ ਹੈ, ਉਹ ਕਿਸੇ ਤੋਂ ਲੁਕਿਆ-ਛਿਪਿਆ ਵੀ ਨਹੀਂ ਹੈ। ਅਨੇਕਾਂ ਜਵਾਨੀਆਂ, ਅਨੇਕਾਂ ਘਰ ਨਸ਼ਾ ਰੂਪੀ ਦੈਂਤ ਨੇ ਤਬਾਹ ਕਰ ਦਿੱਤੇ ਹਨ ਪਰ ਕਾਰਵਾਈ ਬਹੁਤ ਹੌਲੀ ਜਾਂ ਗ਼ਲਤ ਹੋਈ। ਪਿਛਲੇ ਦਿਨੀਂ ਪੰਜਾਬ ਦੇ ਈ.ਡੀ. ਵਿਭਾਗ ਨੇ 62 ਕਰੋੜ ਦੀ ਜਾਇਦਾਦ ਜ਼ਬਤ ਉਨ੍ਹਾਂ ਦੀ ਕੀਤੀ ਹੈ, ਜਿਨ੍ਹਾਂ ਦਾ ਨਾਂਅ ਨਸ਼ੇ ਦੇ ਕਾਰੋਬਾਰ ਨਾਲ ਜੁੜਦਾ ਸੀ। ਜੇ ਹੁਣ ਇਸ ਮਸਲੇ 'ਤੇ ਈ.ਡੀ. ਨੇ ਆਜ਼ਾਦ ਹੋ ਕੇ ਕਾਰਵਾਈ ਕੀਤੀ ਹੈ ਤਾਂ ਅਸੀਂ ਤਹਿ ਦਿਲੋਂ ਇਸ ਦਾ ਸਵਾਗਤ ਕਰਦੇ ਹਾਂ ਤੇ ਉਨ੍ਹਾਂ ਦੇ ਸ਼ੁਕਰਗੁਜ਼ਾਰ ਵੀ ਹਾਂ ਤਾਂ ਕਿ ਇਸ ਨਸ਼ੇ ਕਾਰਨ ਹੋਣ ਵਾਲੇ ਹੋਰ ਨੁਕਸਾਨ ਨੂੰ ਠੱਲ੍ਹ ਪਾਈ ਜਾ ਸਕੇ। ਸ਼ਾਇਦ ਸਰਕਾਰ ਦੀ ਸਖ਼ਤੀ ਨਾਲ ਨਸ਼ਾ ਰੁਕ ਸਕੇ ਤੇ ਪੰਜਾਬ ਦੀ ਜਵਾਨੀ ਬਚਾਈ ਜਾ ਸਕੇ ਤੇ ਪੰਜਾਬ ਬਚਦਾ ਰਹਿ ਕੇ ਵਸਦਾ ਰਹਿ ਸਕੇ।

-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ, ਲੁਧਿਆਣਾ।

14/04/2017

 ਭਾਸ਼ਾ ਦਾ ਸਤਿਕਾਰ ਹੋਵੇ
ਪੰਜਾਬ ਵਿਚ ਬਣੀ ਨਵੀਂ ਸਰਕਾਰ 'ਚ ਪੰਜਾਬ ਦੀ ਸਿੱਖਿਆ ਤੇ ਭਾਸ਼ਾ ਬਾਰੇ ਰਾਜ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਦਾ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ। ਪਰ ਉਦੋਂ ਦੁੱਖ ਹੋਇਆ ਜਦੋਂ ਉਨ੍ਹਾਂ ਨੇ ਵਜ਼ਾਰਤੀ ਅਹੁਦੇ ਦੀ ਸਹੁੰ ਹਿੰਦੀ ਭਾਸ਼ਾ 'ਚ ਅਤੇ ਵਿਧਾਨ ਸਭਾ 'ਚ ਵਿਧਾਇਕਾ ਵਜੋਂ ਸਹੁੰ ਅੰਗਰੇਜ਼ੀ ਵਿਚ ਚੁੱਕੀ। ਸ਼ਾਇਦ ਅਜਿਹਾ ਕਰਕੇ ਉਨ੍ਹਾਂ ਨੇ ਆਪਣੀ ਸ਼ਾਨ ਤੇ ਵਡੱਪਣ ਸਮਝਿਆ ਹੋਵੇਗਾ। ਸਵਾਲ ਇਹ ਉੱਠਦਾ ਹੈ ਕਿ ਵੋਟਾਂ ਤਾਂ ਤੁਸੀਂ ਪੰਜਾਬੀਆਂ ਕੋਲੋਂ ਪੰਜਾਬੀ ਭਾਸ਼ਾ 'ਚ ਮੰਗੀਆਂ ਪਰ ਚੁਣੇ ਜਾਣ ਤੋਂ ਤੁਰੰਤ ਬਾਅਦ ਪੰਜਾਬੀ ਭਾਸ਼ਾ ਤੋਂ ਬੇਮੁਖ ਕਿਵੇਂ ਹੋ ਗਏ? ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬੀ ਸੂਬਾ ਭਾਸ਼ਾ ਦੇ ਆਧਾਰ 'ਤੇ ਪੰਜਾਬੀਆਂ ਦੇ ਵੱਡੇ ਸੰਘਰਸ਼ਾਂ ਤੋਂ ਬਾਅਦ ਹੋਂਦ ਵਿਚ ਆਇਆ ਸੀ। ਇਸੇ ਤਰ੍ਹਾਂ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਲੇਖਕ ਪੰਜਾਬੀ ਭਾਸ਼ਾ ਨੂੰ ਸੂਬੇ ਵਿਚ ਰਾਜ ਭਾਸ਼ਾ ਦਾ ਦਰਜਾ ਦਿਵਾਉਣ ਲਈ ਜੱਦੋ-ਜਹਿਦ ਕਰਦੇ ਆ ਰਹੇ ਹਨ। ਸਾਨੂੰ ਪੰਜਾਬੀ ਹੋਣ ਤੇ ਪੰਜਾਬੀ ਬੋਲਣ 'ਤੇ ਮਾਣ ਮਹਿਸੂਸ ਹੋਣਾ ਚਾਹੀਦਾ ਹੈ। ਪੰਜਾਬੀ ਭਾਸ਼ਾ ਦੀ ਦੁਰਦਸ਼ਾ ਨੂੰ ਸਵੀਕਾਰਿਆ ਨਹੀਂ ਜਾ ਸਕਦਾ। ਅੱਜ ਪੰਜਾਬ ਸਰਕਾਰ ਤੋਂ ਪੰਜਾਬੀ ਹਿਤੈਸ਼ੀਆਂ ਦੀ ਪੁਰਜ਼ੋਰ ਮੰਗ ਹੈ ਕਿ ਪੰਜਾਬੀ ਭਾਸ਼ਾ ਦੇ ਸਤਿਕਾਰ ਨੂੰ ਹਰ ਹਾਲ ਕਾਇਮ ਰੱਖਿਆ ਜਾਵੇ।


-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਮਨੁੱਖੀ ਵਿਹਾਰ
ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬੀਆਂ ਨੂੰ ਸਾਰੇ ਸੰਸਾਰ ਵਿਚ ਇਨ੍ਹਾਂ ਦੇ ਖੁੱਲ੍ਹੇ-ਡੁੱਲ੍ਹੇ ਸੁਭਾਅ ਅਤੇ ਮਿਲਣਸਾਰ ਵਿਹਾਰ ਕਰਕੇ ਜਾਣਿਆ ਜਾਂਦਾ ਹੈ। ਪੰਜਾਬੀਆਂ ਦਾ ਖੁੱਲ੍ਹੇ-ਡੁੱਲ੍ਹੇ ਅਤੇ ਮਿਲਣਸਾਰ ਸੁਭਾਅ ਵਾਲੀ ਖਾਸੀਅਤ ਹੀ ਇਨ੍ਹਾਂ ਨੂੰ ਹੋਰਨਾਂ ਪ੍ਰਾਂਤਾਂ ਦੇ ਲੋਕਾਂ ਨਾਲੋਂ ਅਲੱਗ ਕਰਦੀ ਆਈ ਹੈ, ਪਰ ਮੌਜੂਦਾ ਸਮੇਂ ਦੀ ਜੇ ਗੱਲ ਕਰੀਏ ਤਾ ਰੋਜ਼ਾਨਾ ਜ਼ਿੰਦਗੀ ਵਿਚ ਪੰਜਾਬੀਆਂ ਦਾ ਵਿਹਾਰ ਲੜਾਕੂ ਬਣ ਚੁੱਕਾ ਹੈ। ਸਹਿਣਸ਼ੀਲਤਾ ਖ਼ਤਮ ਹੋ ਚੁੱਕੀ ਹੈ, ਇਕ-ਦੂਜੇ ਪ੍ਰਤੀ ਆਦਰ ਸਤਿਕਾਰ ਦੀ ਭਾਵਨਾ ਵੀ ਦਮ ਤੋੜਦੀ ਜਾਪਦੀ ਹੈ। ਜਦੋਂ ਧਾਰਮਿਕ ਸਮਾਗਮ ਹੁੰਦੇ ਹਨ ਤਾਂ ਉੱਥੇ ਸੇਵਾ ਕਰਨ ਵਾਲੇ ਪੰਜਾਬੀਆਂ ਦਾ ਸੁਭਾਅ ਬੇਹੱਦ ਨਿਮਰਤਾ, ਸਹਿਣਸ਼ੀਲਤਾ ਅਤੇ ਸਤਿਕਾਰ ਭਾਵਨਾ ਨਾਲ ਭਰਿਆ ਹੁੰਦਾ ਹੈ। ਇਸ ਮੌਕੇ ਇਨ੍ਹਾਂ ਨੂੰ ਦੇਖ ਕੇ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਇਨ੍ਹਾਂ ਤੋਂ ਚੰਗੇ ਵਿਹਾਰ ਵਾਲਾ ਵਿਅਕਤੀ ਹੋ ਹੀ ਨਹੀਂ ਸਕਦਾ, ਪਰ ਜੇਕਰ ਇਨ੍ਹਾਂ ਹੀ ਪੰਜਾਬੀਆਂ ਦਾ ਵਿਹਾਰ ਜਨਤਕ ਸਥਾਨਾਂ, ਟ੍ਰੈਫਿਕ ਵਾਲੇ ਸਥਾਨਾਂ, ਬੱਤੀਆਂ ਵਾਲੇ ਚੌਕਾਂ, ਪਾਰਕਿੰਗ ਵਾਲੇ ਸਥਾਨਾਂ ਆਦਿ ਉੱਤੇ ਦੇਖਿਆ ਜਾਵੇ ਤਾਂ ਇਸ ਮੌਕੇ ਸਹਿਣਸ਼ੀਲਤਾ, ਬੋਲੀ, ਨਿਮਰਤਾ, ਲਿਆਕਤ ਆਦਿ ਸਭ ਕੁਝ ਮਨਫ਼ੀ ਹੋ ਚੁੱਕਾ ਨਜ਼ਰ ਆਉਂਦਾ ਹੈ। ਇਕ ਮਿੰਟ ਵਿਚ ਹੀ ਨਿੱਕੀ ਜਿਹੀ ਗੱਲ 'ਤੇ ਝਗੜੇ ਦਾ ਵਾਤਾਵਰਨ ਪੈਦਾ ਕਰ ਲਿਆ ਜਾਂਦਾ ਹੈ। ਕਿੰਨਾ ਚੰਗਾ ਹੋਵੇ ਜੇਕਰ ਧਾਰਮਿਕ ਸਥਾਨਾਂ ਦੇ ਨਾਲ-ਨਾਲ ਜਨਤਕ ਸਥਾਨਾਂ ਅਤੇ ਰੋਜ਼ਾਨਾ ਜ਼ਿੰਦਗੀ ਵਿਚ ਵੀ ਪੰਜਾਬੀਆਂ ਦਾ ਵਿਹਾਰ ਏਨਾ ਚੰਗਾ ਬਣ ਜਾਵੇ ਕਿ ਉਨ੍ਹਾਂ ਸਥਾਨਾਂ 'ਤੇ ਮੌਜੂਦ ਬੱਚੇ ਵੀ ਕੁਝ ਨਵਾਂ ਅਤੇ ਵਧੀਆ ਸਿੱਖਣ ਅਤੇ ਸਾਡੇ ਸਮਾਜ ਲਈ ਚੰਗੀ ਉਦਾਹਰਣ ਬਣ ਜਾਣ।


-ਕੁਲਵੰਤ ਸਿੰਘ ਲੋਹਗੜ੍ਹ
ਜ਼ਿਲ੍ਹਾ ਬਰਨਾਲਾ।

13/04/2017

 ਬੱਚਿਆਂ ਦਾ ਬਚਪਨ ਗਿਆ
ਪਿਛਲੇ ਦਿਨੀਂ ਲਖਵਿੰਦਰ ਸਿੰਘ ਰਈਆ ਦਾ ਉਸਾਰੂ ਲੇਖ 'ਲੋੜ ਹੈ ਸਿੱਖਿਆ ਰੂਪੀ ਅੰਗੂਰ ਨੂੰ ਮਿੱਠਾ ਕਰਨ ਦੀ' ਸਿਰਲੇਖ ਹੇਠ ਪੜ੍ਹਿਆ। ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਬੱਚਿਆਂ ਦਾ ਬਚਪਨ ਪੜ੍ਹਾਈ ਨਾਂਅ ਦੇ ਲਫ਼ਜ਼ ਨੇ ਨਿਗਲ ਲਿਆ ਹੈ। ਅਜੇ ਬੱਚਾ 2+ ਦਾ ਹੁੰਦਾ ਹੀ ਹੈ ਕਿ ਕੰਪੀਟੀਸ਼ਨ ਦੀ ਦੌੜ ਦੌੜਦਾ ਸਮਾਜ ਉਨ੍ਹਾਂ ਨੂੰ ਸਕੂਲ ਵਿਚ ਭਰਤੀ ਕਰਵਾ ਦਿੰਦਾ ਹੈ। ਉਨ੍ਹਾਂ ਦੀਆਂ ਕਿਤਾਬਾਂ ਤੇ ਬੈਗ ਦਾ ਭਾਰ ਉਨ੍ਹਾਂ ਦੇ ਖ਼ੁਦ ਦੇ ਭਾਰ ਤੋਂ ਵੱਧ ਹੁੰਦਾ ਹੈ। ਸਕੂਲ ਸਮਾਂ ਪੜ੍ਹਾਈ, ਟਿਊਸ਼ਨ ਪੜ੍ਹਾਈ ਫਿਰ ਰਹਿੰਦੀ ਕਸਰ ਘਰ ਆ ਕੇ ਫਿਰ ਪੜ੍ਹਾਈ। ਬੇਸ਼ੱਕ ਤਰੱਕੀ ਲਈ ਉੱਚ ਵਿੱਦਿਆ ਬਹੁਤ ਜ਼ਰੂਰੀ ਹੈ ਪਰ ਅਜੋਕੇ ਸਮੇਂ ਵਿਚ ਬੱਚਾ ਜਿਥੇ ਸਰੀਰਕ ਤੌਰ 'ਤੇ ਕਮਜ਼ੋਰ ਹੋ ਰਿਹਾ ਹੈ, ਉਥੇ ਮਾਨਸਿਕ ਤੌਰ 'ਤੇ ਵੀ ਉਸ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਸਰਕਾਰਾਂ ਨੂੰ ਬੱਚਿਆਂ ਦੇ ਵਿਕਾਸ ਹਿਤ ਉਸਾਰੂ ਨੀਤੀਆਂ ਅਪਣਾਉਣੀਆਂ ਚਾਹੀਦੀਆਂ ਹਨ। ਲੇਖ ਉਸਾਰੂ ਤੇ ਗਿਆਨਬੱਧ ਹੋ ਨਿਬੜਿਆ।


-ਮਨਜੀਤ ਸਿੰਘ ਭਾਮ
ਸੂਬਾ ਪ੍ਰਧਾਨ, ਮਨੁੱਖੀ ਅਧਿਕਾਰ ਸੰਗਠਨ, ਪੰਜਾਬ।


ਨਿੱਜੀ ਸਕੂਲਾਂ ਵੱਲੋਂ ਲੁੱਟ
ਸਕੂਲਾਂ ਵਿਚ ਨਵੀਆਂ ਜਮਾਤਾਂ ਸ਼ੁਰੂ ਹੋ ਗਈਆਂ ਹਨ। ਮਿਹਨਤੀ ਲੋਕਾਂ ਵਿਚ ਆਪਣੇ ਬੱਚਿਆਂ ਦੇ ਦਾਖ਼ਲੇ, ਫੀਸਾਂ, ਕਿਤਾਬਾਂ, ਵਰਦੀਆਂ ਆਦਿ ਲਈ ਫ਼ਿਕਰ ਬਣਿਆ ਹੋਇਆ ਹੈ। ਅੱਜ ਹਰ ਕੋਈ ਚਾਹੁੰਦਾ ਹੈ ਕਿ ਮੇਰਾ ਬੱਚਾ ਚੰਗੇ ਸਕੂਲ ਵਿਚ ਚੰਗੀ ਸਿੱਖਿਆ ਹਾਸਲ ਕਰੇ। ਵਿੱਦਿਆ ਦੇ ਨਾਂਅ 'ਤੇ ਨਿੱਜੀ ਸਕੂਲਾਂ ਨੇ ਲੁੱਟ ਮਚਾ ਰੱਖੀ ਹੈ। 50 ਫ਼ੀਸਦੀ ਵਰਦੀਆਂ, ਕਿਤਾਬਾਂ ਆਦਿ 'ਚੋਂ ਕਮਿਸ਼ਨ, ਸਾਰਾ ਸਾਲ ਫੰਕਸ਼ਨਾਂ ਦੇ ਨਾਂਅ 'ਤੇ ਲੁੱਟ। ਹੱਦੋਂ ਵੱਧ ਪੇਪਰਾਂ ਦੇ ਪੈਸੇ। ਹੈ ਕੋਈ ਇਨ੍ਹਾਂ ਨੂੰ ਪੁੱਛਣ ਵਾਲਾ? ਸਰਕਾਰ ਚੁੱਪ ਧਾਰੀ ਬੈਠੀ ਹੈ। ਸਾਰਾ ਸਾਲ ਬੱਚੇ ਟਿਊਸ਼ਨਾਂ ਪੜ੍ਹਦੇ ਨੇ। ਖੇਡਣ ਮੱਲ੍ਹਣ ਲਈ ਬੱਚਿਆਂ ਕੋਲ ਸਮਾਂ ਨਹੀਂ ਰਿਹਾ। ਸਰੀਰਕ ਵਿਕਾਸ ਕੀ ਹੋਵੇ? ਬੱਚੇ ਤਾਂ ਉਸੇ ਸਕੂਲ 'ਚ ਹੀ ਅਗਲੀਆਂ ਜਮਾਤਾਂ ਵਿਚ ਹੋਏ ਹਨ ਫਿਰ ਦਾਖ਼ਲਾ ਕਾਹਦਾ? ਦੋ ਮਹੀਨੇ ਬੱਚਿਆਂ ਨੂੰ ਛੁੱਟੀਆਂ, ਵੈਨ ਚਾਰਜਿਜ਼ ਪੂਰੇ। ਵਿੱਦਿਆ ਦੇ ਨਾਂਅ 'ਤੇ ਲੁੱਟ ਬੰਦ ਹੋਣੀ ਚਾਹੀਦੀ ਹੈ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਸਰਕਾਰੀ ਸਕੂਲਾਂ ਦੀ ਦਸ਼ਾ ਸੁਧਾਰਨ ਦਾ ਯਤਨ ਕਰੇ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਭ੍ਰਿਸ਼ਟਾਚਾਰ ਅਤੇ ਸਮਾਜ
ਅਜੋਕੇ ਸਮੇਂ ਸਾਡਾ ਸਮਾਜ ਅਨੇਕਾਂ ਬੁਰਾਈਆਂ, ਕੁਰੀਤੀਆਂ, ਜਿਵੇਂ ਦਾਜ, ਨਸ਼ੇ, ਅਸ਼ਲੀਲਤਾ ਤੇ ਮਾਦਾ ਭਰੂਣ ਹੱਤਿਆ ਆਦਿ ਦਾ ਸ਼ਿਕਾਰ ਹੋ ਚੁੱਕਾ ਹੈ, ਜਿਸ ਕਰਕੇ ਸਾਡੇ ਸਮਾਜ ਦੀ ਤੰਦਰੁਸਤੀ ਖ਼ਤਰੇ ਵਿਚ ਹੈ। ਇਨ੍ਹਾਂ ਬੁਰਾਈਆਂ ਵਿਚੋਂ ਹੀ ਇਕ ਬੁਰਾਈ ਹੈ ਭ੍ਰਿਸ਼ਟਾਚਾਰ ਜਾਂ ਰਿਸ਼ਵਤ। ਬਿਨਾਂ ਸ਼ੱਕ ਇਸ ਸਮਾਜਿਕ ਬੁਰਾਈ ਨੇ ਸਾਡੇ ਸਮਾਜ ਉੱਪਰ ਬੜਾ ਮਾੜਾ ਪ੍ਰਭਾਵ ਪਾਇਆ ਹੈ। ਇੰਜ ਜਾਪਦਾ ਹੈ ਕਿ ਅਜੋਕਾ ਸਮਾਜ ਇਸ ਭ੍ਰਿਸ਼ਟਾਚਾਰ ਰੂਪੀ ਦੈਂਤ ਨੂੰ ਕਾਬੂ ਕਰਨ ਤੋਂ ਅਸਮਰੱਥ ਹੁੰਦਾ ਜਾ ਰਿਹਾ ਹੈ, ਜੋ ਕਿ ਡਾਢੀ ਚਿੰਤਾ ਦਾ ਵਿਸ਼ਾ ਹੈ। ਜੇਕਰ ਅਸੀਂ ਕਿਸੇ ਬੁਰਾਈ ਦੇ ਖਿਲਾਫ਼ ਸੰਘਰਸ਼ ਨਹੀਂ ਕਰ ਸਕਦੇ, ਆਵਾਜ਼ ਬੁਲੰਦ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਉਸ ਬੁਰਾਈ ਨੂੰ ਨਫ਼ਰਤ ਤਾਂ ਕਰ ਹੀ ਸਕਦੇ ਹਾਂ। ਅਜਿਹਾ ਕਰਨਾ ਸਮੇਂ ਦੀ ਮੰਗ ਹੀ ਨਹੀਂ, ਬਲਕਿ ਵੱਡੀ ਲੋੜ ਵੀ ਹੈ ਅਤੇ ਅਜਿਹਾ ਕਰਕੇ ਹੀ ਅਸੀਂ ਸਮਾਜ ਦਾ ਤੇ ਦੇਸ਼ ਦਾ ਭਵਿੱਖ ਉੱਜਵਲ ਕਰ ਸਕਦੇ ਹਾਂ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

12/04/2017

 ਪਹਿਲਾਂ ਪੇਟ ਪੂਜਾ
ਰਾਮ ਮੰਦਿਰ ਦੇ ਵਿਵਾਦ ਦੇ ਸਬੰਧ ਵਿਚ ਜੋ ਹਮਦਰਦ ਸਾਹਿਬ ਨੇ ਆਪਣੀ ਸੰਪਾਦਕੀ ਵਿਚ ਵਿਚਾਰ ਦਿੱਤੇ ਹਨ, ਬਿਲਕੁਲ ਸਹੀ ਤਜਵੀਜ਼ ਪੇਸ਼ ਕੀਤੀ ਹੈ। ਜਿਹੜੇ ਕਚਹਿਰੀਆਂ ਅਤੇ ਆਪਸੀ ਸਮਝੌਤਿਆਂ ਦੇ ਚੱਕਰ ਵਿਚ ਅਸੀਂ ਅੱਜ ਪਏ ਹੋਏ ਹਾਂ, ਇਹ 6 ਦਸੰਬਰ 1992 ਤੋਂ ਪਹਿਲਾਂ ਵਿਚਾਰੇ ਜਾਣੇ ਚਾਹੀਦੇ ਸਨ।
ਪਹਿਲੀ ਗੱਲ ਤਾਂ ਇਹ ਹੈ ਕਿ ਬਾਬਰੀ ਮਸਜਿਦ ਢਾਹੇ ਜਾਣਾ ਧਰਮ-ਨਿਰਪੱਖਤਾ, ਸੰਵਿਧਾਨ ਅਤੇ ਕਾਨੂੰਨ 'ਤੇ ਜ਼ਬਰਦਸਤ ਚੋਟ ਹੈ। ਮਸਲਾ ਇਸ ਕਦਰ ਪੇਚੀਦਾ ਹੈ ਕਿ ਸੌਖਾ ਹੱਲ ਨਜ਼ਰ ਹੀ ਨਹੀਂ ਆਉਂਦਾ। ਇਸ ਵਿਵਾਦ ਨਾਲ ਆਮ ਲੋਕਾਂ ਦਾ ਕੋਈ ਸਰੋਕਾਰ ਨਹੀਂ ਹੈ। ਉੱਚ ਦਰਜੇ ਦੇ ਸਿਆਸਤਦਾਨ ਤੇ ਵੱਡੇ ਧਾਰਮਿਕ ਆਗੂਆਂ ਨੂੰ ਉਨ੍ਹਾਂ ਕਰੋੜਾਂ ਲੋਕਾਂ ਦੇ ਜੀਵਨ ਬਾਰੇ ਅਨੁਭਵ ਹੀ ਨਹੀਂ ਹੈ, ਜੋ ਭੁੱਖ ਨਾਲ ਘੁਲ ਰਹੇ ਹਨ।
ਬੰਗਲਿਆਂ ਤੇ ਕਾਰਾਂ ਵਾਲਿਆਂ ਨੂੰ ਗ਼ਰੀਬੀ ਦਾ ਕੀ ਪਤਾ ਹੈ। ਇਹ ਬਹੁਗਿਣਤੀ ਬੇਘਰੇ ਤੇ ਬੇਰੁਜ਼ਗਾਰ ਲੋਕਾਂ ਨੂੰ ਮੰਦਿਰ, ਮਸਜਿਦ ਦੀ ਪੂਜਾ ਨਾਲੋਂ ਪੇਟ ਪੂਜਾ ਸਭ ਤੋਂ ਅਹਿਮ ਤੇ ਅਵੱਸ਼ਕ ਹੈ। ਇਹ ਵੀ ਭਾਰਤ ਮਹਾਨ ਦੇ ਨਾਗਰਿਕ ਹਨ। 'ਗ਼ਰੀਬੀ ਹਟਾਓ' ਦਾ ਨਾਅਰਾ ਸੁਣਦਿਆਂ-ਸੁਣਦਿਆਂ ਲਗਪਗ ਅੱਧੀ ਸਦੀ ਬੀਤ ਗਈ ਹੈ। ਪ੍ਰੰਤੂ ਗ਼ਰੀਬੀ ਤੇਜ਼ ਰਫ਼ਤਾਰ ਨਾਲ ਵਧ ਰਹੀ ਹੈ।


ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ।


ਟੈਕਸ ਦੇਣ ਬਾਰੇ
ਟੈਕਸ ਨਾ ਦੇਣ ਕਰਕੇ ਸਰਕਾਰਾਂ ਹਾਲੋਂ ਬੇਹਾਲ ਹੋ ਜਾਂਦੀਆਂ ਹਨ। ਜਿਨ੍ਹਾਂ ਵਿਚੋਂ ਪੰਜਾਬ ਸਰਕਾਰ ਹੈ, ਜਿਸ ਦਾ ਬੁਰਾ ਹਾਲ ਹੋਇਆ ਪਿਆ ਹੈ। ਸਭ ਤੋਂ ਪਹਿਲਾਂ ਅਸੀਂ ਗ਼ਲਤੀ ਇਹ ਕੀਤੀ ਕਿ ਜੋ ਚੁੰਗੀਆਂ ਖ਼ਤਮ ਕਰ ਦਿੱਤੀਆਂ, ਸਾਡੇ ਵਿਚੋਂ ਅੰਗਰੇਜ਼ ਤਾਂ ਚਲੇ ਗਏ ਪਰ ਕਈ ਕੰਮ ਉਹ ਅਜਿਹਾ ਕਰ ਗਏ ਸਨ, ਜਿਨ੍ਹਾਂ ਨੂੰ ਸਾਨੂੰ ਬੰਦ ਨਹੀਂ ਕਰਨਾ ਚਾਹੀਦਾ ਸੀ। ਕਿਉਂਕਿ ਚੁੰਗੀਆਂ ਦੀ ਆਮਦਨ ਤੋਂ ਹੀ ਸ਼ਹਿਰਾਂ ਵਿਚ, ਗਲੀਆਂ, ਨਾਲੀਆਂ, ਲਾਈਟਾਂ ਦਾ ਕੰਮ ਚਲਦਾ ਸੀ। ਇਹ ਬੰਦ ਕਰਕੇ ਸ਼ਹਿਰਾਂ ਦੀ ਆਮਦਨ ਘਟ ਗਈ।
ਇਸ ਤੋਂ ਇਲਾਵਾ ਸਿੱਧੂ ਸਾਹਿਬ ਮੰਤਰੀ ਸਥਾਨਕ ਸਰਕਾਰਾਂ ਦਾ ਬਿਆਨ ਆਇਆ ਸੀ ਕਿ ਥੋੜ੍ਹੇ-ਬਹੁਤੇ ਟੈਕਸ ਲਾਉਣੇ ਹੀ ਪੈਣੇ ਹਨ। ਦਰਅਸਲ ਟੈਕਸਾਂ ਬਗੈਰ ਕੰਮ ਨਹੀਂ ਚਲਦਾ ਹੁੰਦਾ। ਜੇ ਸਰਕਾਰ ਟਿਊਬਵੈੱਲ ਲਾ ਕੇ ਪਾਣੀ ਦਿੰਦੀ ਹੈ ਤਾਂ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਪਾਣੀ ਦਾ ਬਿੱਲ ਦੇਈਏ। ਕਿਉਂਕਿ 100-150 ਰੁਪਏ ਨਾਲ ਕਿਸੇ ਨੂੰ ਫ਼ਰਕ ਨਹੀਂ ਪੈਣ ਵਾਲਾ। ਇਸੇ ਤਰ੍ਹਾਂ ਪਲਾਟ ਦੇ ਹਿਸਾਬ ਨਾਲ ਹਾਊਸ ਟੈਕਸ ਲੱਗ ਜਾਣਾ ਚਾਹੀਦਾ ਹੈ। ਇਸ ਨਾਲ ਕਮੇਟੀਆਂ, ਕਾਰਪੋਰੇਸ਼ਨਾਂ ਨੂੰ ਕੁਝ ਨਾ ਕੁਝ ਮਦਦ ਮਿਲੇਗੀ ਹੀ।
ਸਿਆਣੇ ਕਹਿੰਦੇ ਹਨ ਕਿ ਬੂੰਦ-ਬੂੰਦ ਨਾਲ ਘੜਾ ਭਰ ਜਾਂਦਾ ਹੈ। ਉਂਜ ਕੋਈ ਵੀ ਚੀਜ਼ ਮੁਫ਼ਤ ਨਹੀਂ ਹੋਣੀ ਚਾਹੀਦੀ। ਇਹ ਸਾਰਾ ਸਿਸਟਮ ਹੀ ਮੁਫ਼ਤ ਨੇ ਵਿਗਾੜਿਆ ਹੈ। ਘਰਾਂ ਵਿਚ ਜੋ ਯੂਨਿਟ ਮੁਆਫ਼ ਹੁੰਦੇ ਹਨ, ਉਹ ਵੀ ਨਹੀਂ ਹੋਣੇ ਚਾਹੀਦੇ। ਇਹ ਸਾਰਾ ਤਾਣਾ-ਬਾਣਾ ਵੋਟਾਂ ਕਰਕੇ ਵਿਗਾੜਿਆ ਹੈ।


-ਹਰਜਿੰਦਰਪਾਲ ਸਿੰਘ ਬਾਜਵਾ
536, ਗਲੀ ਨੰ: 5ਬੀ, ਵਿਜੇ ਨਗਰ, ਹੁਸ਼ਿਆਰਪੁਰ।

11/04/2017

 ਅਵਾਰਾ ਕੁੱਤਿਆਂ ਦੀ ਦਹਿਸ਼ਤ
ਕੁਝ ਦਿਨ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਲੋਪੁਰ ਵਿਖੇ ਖੂੰਖਾਰ ਕੁੱਤਿਆਂ ਨੇ ਦਿਲ ਨੂੰ ਪੂਰੀ ਤਰ੍ਹਾਂ ਹਿਲਾਅ ਦੇਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਕਿ ਇਕ 80-90 ਸਾਲਾਂ ਦੇ ਬਜ਼ੁਰਗ ਜੋ ਖੇਤਾਂ ਵਿਚ ਆਪਣੇ ਧਿਆਨ ਨਾਲ ਬੈਠਾ ਕੰਮ ਕਰ ਰਿਹਾ ਸੀ, ਪਿਛੋਂ ਕੁੱਤਿਆਂ ਦੇ ਝੁੰਡ ਨੇ ਉਸ 'ਤੇ ਹਮਲਾ ਬੋਲ ਦਿੱਤਾ। ਸਿੱਟੇ ਵਜੋਂ ਉਸ ਬਜ਼ੁਰਗ ਨੂੰ ਉਨ੍ਹਾਂ ਨੋਚ-ਨੋਚ ਕੇ ਬਹੁਤ ਹੀ ਬੁਰੀ ਤਰ੍ਹਾਂ ਬੋਟੀ-ਬੋਟੀ ਕਰਕੇ ਖਾ ਲਿਆ, ਕੇਵਲ ਪਿੰਜਰ ਹੀ ਬਾਕੀ ਛੱਡਿਆ।
ਰੋਜ਼ ਅਨੇਕਾਂ ਹੀ ਅਜਿਹੀਆਂ ਘਟਨਾਵਾਂ ਕਿਤੇ ਛੋਟੇ-ਛੋਟੇ ਬੱਚਿਆਂ ਤੇ ਕਦੇ ਗਾਵਾਂ ਦੇ ਵੱਛੇ-ਵੱਛੀਆਂ, ਕਦੇ ਰਾਹ ਜਾਂਦੇ ਆਮ ਵਿਅਕਤੀ 'ਤੇ ਹਮਲਾ ਬੋਲ ਕੇ ਖ਼ਤਰਨਾਕ ਘਟਨਾਵਾਂ ਨੂੰ ਅੰਜਾਮ ਦੇ ਰਹੇ। ਅਵਾਰਾ ਕੁੱਤਿਆਂ ਦੀ ਦਹਿਸ਼ਤ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਸਰਕਾਰ ਹੱਥ 'ਤੇ ਹੱਥ ਧਰ ਕੇ ਚੁੱਪੀ ਸਾਧ ਕੇ ਵੇਖੀ ਜਾ ਰਹੀ ਹੈ। ਅਗਰ ਜਾਨਵਰਾਂ ਨੂੰ ਬਚਾਅ ਕੇ ਰੱਖਣ ਬਾਰੇ ਕਾਨੂੰਨ ਬਣੇ ਹਨ ਤਾਂ ਘੱਟੋ-ਘੱਟ ਕੁੱਤਿਆਂ ਬਾਰੇ ਤਾਂ ਸੋਚਿਆ ਜਾ ਸਕਦਾ ਹੈ, ਜੋ ਬਿਲਕੁਲ ਅਵਾਰਾ ਤੇ ਮਨੁੱਖਾਂ ਦਾ ਚਿੱਟੇ ਦਿਨ ਘਾਣ ਕਰਨ 'ਤੇ ਉਤਰੇ ਹੋਏ ਹਨ। ਜੇ ਇਸ ਬਾਰੇ ਸੰਜੀਦਾ ਹੋ ਕੇ ਨਾ ਵਿਚਾਰਿਆ ਗਿਆ ਤਾਂ ਆਉਣ ਵਾਲੇ ਸਮਿਆਂ ਅੰਦਰ ਹੋਰ ਵੀ ਅਨੇਕਾਂ ਅਜਿਹੀਆਂ ਹੌਲਨਾਕ ਘਟਨਾਵਾਂ ਵਾਪਰ ਸਕਦੀਆਂ ਹਨ।

-ਮਾਸਟਰ ਦੇਵ ਰਾਜ ਖੁੰਡਾ
ਗੁਰਦਾਸਪੁਰ।

ਅੰਮ੍ਰਿਤਸਰ ਕਾਰਪੋਰੇਸ਼ਨ ਦੀ ਲੁੱਟ
ਅੰਮ੍ਰਿਤਸਰ ਕਾਰਪੋਰੇਸ਼ਨ ਦੇ ਅਧਿਕਾਰੀ ਸਾਲ 2016-17 ਦੇ ਵਿੱਤੀ ਸਾਲ ਦੌਰਾਨ ਹੀ ਪ੍ਰਾਪਰਟੀ ਟੈਕਸ ਉੱਤੇ 20 ਫ਼ੀਸਦੀ ਜੁਰਮਾਨਾ ਲਗਾ ਕੇ ਟੈਕਸ ਵਸੂਲ ਰਹੇ ਹਨ। ਹਰੇਕ ਵਿੱਤੀ ਸਾਲ ਹਰੇਕ ਸਰਕਾਰ ਦਾ ਕੰਮ ਨਿਪਟਾਉਣ ਦਾ ਸਾਲ ਹੁੰਦਾ ਹੈ। ਵਿੱਤੀ ਸਾਲ ਦੌਰਾਨ ਕੋਈ ਜੁਰਮਾਨਾ ਵਸੂਲਣਾ ਇਕ ਧੱਕੇਸ਼ਾਹੀ ਜਾਂ ਲੁੱਟ ਹੀ ਕਹੀ ਜਾ ਸਕਦੀ ਹੈ। ਅਫ਼ਸੋਸ ਨਾਲ ਲਿਖਣਾ ਪੈਂਦਾ ਹੈ ਕਿ ਮੇਰੇ ਕੋਲੋਂ ਰਸੀਦ ਨੰ: 28, 29/4579 ਮਿਤੀ 31.3.2017 ਰਾਹੀਂ ਤਿੰਨ ਸੌ ਰੁਪਏ ਜੁਰਮਾਨੇ ਦੇ ਵਾਧੂ ਵਸੂਲੇ ਗਏ ਹਨ। ਲੋਕਲ ਬਾਡੀਜ਼ ਮਨਿਸਟਰ ਨੂੰ ਅਜਿਹੇ ਨਾਜਾਇਜ਼ ਵਸੂਲੇ ਪੈਸੇ ਲੋਕਾਂ ਨੂੰ ਵਾਪਸ ਕਰਵਾਉਣੇ ਬਣਦੇ ਹਨ।
ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਆਪਣੇ ਨਾਦਰਸ਼ਾਹੀ ਫ਼ੈਸਲਿਆਂ ਕਾਰਨ ਹੀ ਹੁਣੇ-ਹੁਣੇ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਨਮੋਸ਼ੀਜਨਕ ਹਾਰ ਦਾ ਮੂੰਹ ਦੇਖਣਾ ਪਿਆ ਹੈ। ਸ਼ਹਿਰਾਂ ਵਿਚ ਵਪਾਰੀਆਂ ਉਤੇ ਚੁੰਗੀ ਟੈਕਸ ਖ਼ਤਮ ਕਰਨਾ ਤੇ ਆਪਣੇ ਹੀ ਜੱਦੀ ਘਰਾਂ ਉੱਤੇ 'ਮੁਗਲਾਂ ਦੇ ਜਜ਼ੀਆ' ਟੈਕਸ ਨੂੰ ਲਗਾਉਣਾ ਸ਼ਹਿਰੀਆਂ ਨੇ ਇਕ ਤਰਕਹੀਣ ਅਤੇ ਮਿਊਂਸਪਲ ਵਿੱਤੀ ਪ੍ਰਬੰਧ ਦਾ ਦੀਵਾਲਾ ਕੱਢਣ ਵਾਲਾ ਫ਼ੈਸਲਾ ਕਰਾਰ ਦਿੱਤਾ ਸੀ। ਸ਼ਹਿਰੀਆਂ ਨੇ ਆਪਣੇ ਜੱਦੀ ਘਰਾਂ ਉੱਤੇ ਲੱਗੇ ਪ੍ਰਾਪਰਟੀ ਟੈਕਸ ਨੂੰ ਆਪਣੀ ਹੱਤਕ ਸਮਝਿਆ ਸੀ। ਸੋ, ਨਵੀਂ ਬਣੀ ਸਰਕਾਰ ਨੂੰ ਉਕਤ ਦੋਵੇਂ ਫ਼ੈਸਲੇ ਛੇਤੀ ਹੀ ਬਦਲ ਕੇ ਇਕ ਲੋਕ-ਪੱਖੀ ਸਰਕਾਰ ਹੋਣ ਦਾ ਦਾਅਵਾ ਪੇਸ਼ ਕਰਨਾ ਚਾਹੀਦਾ ਹੈ।

-ਇੰਜ: ਕੁਲਦੀਪ ਸਿੰਘ ਲੁੱਧਰ
4724, ਗੁਰੂ ਨਾਨਕ ਵਾੜਾ, ਖ਼ਾਲਸਾ ਕਾਲਜ, ਅੰਮ੍ਰਿਤਸਰ।

10/04/2017

 ਨਿੱਜੀ ਸਕੂਲਾਂ ਦਾ ਮਾਮਲਾ
ਨਿੱਜੀ ਸਕੂਲਾਂ ਵੱਲੋਂ ਹਰ ਸਾਲ ਦਾਖਲਾ ਫੀਸਾਂ ਲੈ ਕੇ ਬੱਚਿਆਂ ਦੇ ਮਾਪਿਆਂ ਦੀ ਲੁੱਟ ਕੀਤੀ ਜਾ ਰਹੀ ਹੈ। ਇਕ ਬੱਚੇ ਨੂੰ ਜਦੋਂ ਕਿਸੇ ਨਿੱਜੀ ਸਕੂਲ ਵਿਚ ਦਾਖਲ ਕੀਤਾ ਜਾਂਦਾ ਹੈ, ਉਸੇ ਸਮੇਂ ਹਜ਼ਾਰਾਂ ਰੁਪਏ ਦਾਖਲਾ ਫੀਸ ਲਈ ਜਾਂਦੀ ਹੈ। ਉਸ ਤੋਂ ਬਾਅਦ ਜਦੋਂ ਬੱਚਾ ਅਗਲੇਰੀ ਕਲਾਸ ਵਿਚ ਜਾਂਦਾ ਹੈ, ਉਸ ਵੇਲੇ ਵੀ ਦਾਖਲਾ ਫੀਸ ਦੇ ਨਾਂਅ 'ਤੇ ਹਜ਼ਾਰਾਂ ਰੁਪਏ ਵਸੂਲ ਕੀਤੇ ਜਾਂਦੇ ਹਨ, ਜੋ ਕਿ ਪੰਜਾਬ ਸਰਕਾਰ ਅਤੇ ਹਾਈ ਕੋਰਟ ਦੇ ਫੈਸਲੇ ਨੂੰ ਛਿੱਕੇ ਟੰਗ ਕੇ ਇਹ ਨਿੱਜੀ ਸਕੂਲ ਲੋਕਾਂ ਨੂੰ ਲੁੱਟ ਰਹੇ ਹਨ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਦਾਖਲਾ ਫੀਸ ਇਕ ਵਾਰ ਲਈ ਜਾਵੇ, ਵਾਰ-ਵਾਰ ਨਹੀਂ।


-ਗੁਰਦੀਪ ਸਿੰਘ ਜੰਡਿਆਲਾ
ਮੋਬਾ: 98152-01287


ਵਿਦੇਸ਼ਾਂ ਵੱਲ ਸਿੱਧੀਆਂ ਉਡਾਨਾਂ

ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਸ: ਗੁਰਜੀਤ ਸਿੰਘ ਔਜਲਾ ਨੇ ਪਾਰਲੀਮੈਂਟ ਵਿਚ ਬੜੇ ਜ਼ੋਰਦਾਰ ਢੰਗ ਨਾਲ ਅੰਮ੍ਰਿਤਸਰ ਦੇ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਵਿਦੇਸ਼ਾਂ ਵੱਲ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਸਵਾਲ ਉਠਾਇਆ ਹੈ। ਉਨ੍ਹਾਂ ਨੇ ਦਲੀਲਾਂ ਦੇ ਕੇ ਸਾਬਤ ਕੀਤਾ ਹੈ ਕਿ ਅੰਮ੍ਰਿਤਸਰ ਤੋਂ ਸਿੱਧੀਆਂ ਵਿਦੇਸ਼ੀ ਉਡਾਣਾਂ ਹਵਾਈ ਕੰਪਨੀਆਂ ਅਤੇ ਪ੍ਰਵਾਸੀਆਂ ਵਾਸਤੇ ਲਾਭਦਾਇਕ ਸਨ। ਪਰ ਬੜੇ ਦੁੱਖ ਦੀ ਗੱਲ ਹੈ ਕਿ ਪੂਰੇ ਸੰਸਾਰ ਵਿਚ ਫੈਲੇ ਪੰਜਾਬੀ ਪ੍ਰਵਾਸੀਆਂ ਦੀਆਂ ਆਸਾਂ ਉੱਤੇ ਪਾਣੀ ਫੇਰ ਕੇ ਸਾਰੀਆਂ ਵਿਦੇਸ਼ੀ ਉਡਾਣਾਂ ਦਿੱਲੀ ਹਵਾਈ ਅੱਡੇ ਉੱਤੇ ਤਬਦੀਲ ਕਰ ਦਿੱਤੀਆਂ ਗਈਆਂ ਸਨ। ਜੇਕਰ ਅੰਤਰਰਾਸ਼ਟਰੀ ਹਵਾਈ ਉਡਾਣਾਂ ਇਸੇ ਵਿੱਤੀ ਵਰ੍ਹੇ 'ਚ ਅਪ੍ਰੈਲ, 2017 ਤੋਂ ਸ਼ੁਰੂ ਕਰਵਾ ਦਿੱਤੀਆਂ ਜਾਣ ਤਾਂ ਗਰਮੀਆਂ ਦੇ ਮੌਸਮ ਦੌਰਾਨ ਪ੍ਰਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ।


-ਇੰਜੀ: ਕੁਲਦੀਪ ਸਿੰਘ ਲੁੱਧਰ,
4724, ਗੁਰੂ ਨਾਨਕ ਵਾੜਾ, ਅੰਮ੍ਰਿਤਸਰ।


ਅਵਾਰਾ ਪਸ਼ੂਆਂ ਦੀ ਸਮੱਸਿਆ

ਪਿੰਡ ਖਟੜਾ, ਖੰਨਾ ਖੁਰਦ, ਖੰਨਾ ਕਲਾਂ ਅਤੇ ਇਸ ਦੇ ਨੇੜੇ-ਤੇੜੇ ਅਵਾਰਾ ਪਸ਼ੂ ਅਕਸਰ ਘੁੰਮਦੇ ਰਹਿੰਦੇ ਹਨ, ਜੋ ਰੋਜ਼ਾਨਾ ਹੀ ਲੋਕਾਂ ਦਾ ਜਾਨੀ-ਮਾਲੀ ਨੁਕਸਾਨ ਕਰਦੇ ਹਨ। ਜਿਥੇ ਪਸ਼ੂ ਕਿਸਾਨਾਂ ਦੀਆਂ ਸਖ਼ਤ ਮਿਹਨਤ ਨਾਲ ਪਾਲੀਆਂ ਫਸਲਾਂ ਤਬਾਹ ਕਰ ਰਹੇ ਹਨ, ਉਥੇ ਅਵਾਰਾ ਕੁੱਤੇ ਮਾਸੂਮ ਬੱਚਿਆਂ, ਨਿਰਦੋਸ਼ ਲੋਕਾਂ, ਬੇਸਹਾਰਾ ਗਊਆਂ ਦੇ ਵੱਛੇ-ਵੱਛੀਆਂ ਨੂੰ ਖਾ ਰਹੇ ਹਨ। ਪ੍ਰਸ਼ਾਸਨ ਵੱਲੋਂ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਇਹ ਸਮੱਸਿਆ ਦਿਨ-ਪ੍ਰਤੀ-ਦਿਨ ਵਧਦੀ ਜਾ ਰਹੀ ਹੈ। ਇਕ ਪਾਸੇ ਤਾਂ ਸਰਕਾਰ ਲੋਕਾਂ ਤੋਂ ਗਊ ਸੈੱਸ ਵਸੂਲ ਕਰ ਰਹੀ ਹੈ ਪਰ ਦੂਜੇ ਪਾਸੇ ਗਊਆਂ, ਸਾਨ੍ਹ ਆਦਿ ਮੋਟਰਾਂ-ਗੱਡੀਆਂ ਅਤੇ ਹੋਰ ਵਾਹਨਾਂ ਵਿਚ ਵੱਜ ਕੇ ਆਪਣੀ ਅਤੇ ਲੋਕਾਂ ਦੀ ਜਾਨ ਦਾ ਖੌਅ ਬਣ ਰਹੇ ਹਨ। ਲਗਦੈ ਸਰਕਾਰ ਕਿਸੇ ਵੱਡੇ ਨੁਕਸਾਨ ਦੀ ਉਡੀਕ ਕਰ ਰਹੀ ਹੈ। ਰੋਜ਼ਾਨਾ ਹੀ ਅਖ਼ਬਾਰਾਂ ਵਿਚ ਇਸ ਸਬੰਧੀ ਖ਼ਬਰਾਂ ਛਪਦੀਆਂ ਹਨ ਪਰ ਕਿਸੇ ਵੀ ਅਧਿਕਾਰੀ ਦਾ ਧਿਆਨ ਨਹੀਂ ਜਾਂਦਾ। ਅਵਾਰਾ ਪਸ਼ੂਆਂ ਲਈ ਯੋਗ ਪ੍ਰਬੰਧ ਕਰਨਾ ਸਰਕਾਰ ਦਾ ਫਰਜ਼ ਹੈ। ਅਸੀਂ ਸਬੰਧਤ ਅਧਿਕਾਰੀਆਂ, ਅਫਸਰਾਂ, ਅਦਾਲਤਾਂ ਨੂੰ ਬੇਨਤੀ ਕਰਦੇ ਹਾਂ ਕਿ ਛੇਤੀ ਅਤੇ ਜ਼ਰੂਰੀ ਤੌਰ 'ਤੇ ਅਵਾਰਾ ਪਸ਼ੂਆਂ ਦੀ ਸਮੱਸਿਆ ਹੱਲ ਕੀਤੀ ਜਾਵੇ, ਤਾਂ ਜੋ ਲੋਕਾਂ ਦੀ ਜਾਨ-ਮਾਲ ਦੀ ਰਾਖੀ ਹੋ ਸਕੇ।


-ਰਾਜਪਾਲ,
ਪੀ.ਜੀ.ਡੀ. (ਮਨੁੱਖੀ ਅਧਿਕਾਰ), ਗਲੀ ਨੰ: 4, ਸਮਾਧੀ ਰੋਡ, ਖੰਨਾ (ਲੁਧਿਆਣਾ)।
ਮੋਬਾ: 98150-41652

07/04/2017

 ਐਚ.ਆਈ.ਵੀ./ਏਡਜ਼
ਐਚ.ਆਈ.ਵੀ. ਭਾਵ ਮਨੁੱਖ ਦੀ ਸਰੀਰ ਦੀ ਪ੍ਰਤੀਰੋਧਕ ਸਮਰਥਾ ਘੱਟ ਕਰਨ ਵਾਲੇ ਵਾਇਰਸ। ਏਡਜ਼ ਭਾਵ ਸਰੀਰ ਦੀ ਪ੍ਰਤੀ ਰੱਖਿਅਕ ਪ੍ਰਣਾਲੀ ਦਾ ਕਮਜ਼ੋਰ ਹੋਣਾ। ਦੋਵੇਂ ਬਿਮਾਰੀਆਂ ਆਪਸ ਵਿਚ ਸਬੰਧਤ ਹਨ। ਸਰੀਰ ਵਿਚ ਐਚ.ਆਈ.ਵੀ. ਵਿਸ਼ਾਣੂ ਫੈਲਣ 'ਤੇ ਪ੍ਰਤੀਰੋਧੀ ਸਮਰੱਥਾ ਘੱਟ ਹੁੰਦੀ ਹੈ। ਇਸ ਦਾ ਅਗਲਾ ਰੂਪ ਏਡਜ਼ ਹੁੰਦਾ ਹੈ, ਜਿਹੜੀ ਕਿ ਇਕ ਖ਼ਤਰਨਾਕ ਬਿਮਾਰੀ ਹੈ। ਮਨੁੱਖ ਵਿਚ ਇਹ ਰੋਗ ਤੇਜ਼ੀ ਨਾਲ ਫੈਲਦਾ ਹੈ। ਸੰਨ 1959 ਵਿਚ ਅਮਰੀਕਾ ਵਿਚ ਖੂਨ ਦੇ ਨਮੂਨੇ ਵਿਚ ਏਡਜ਼ ਦਾ ਪਤਾ ਲੱਗਾ।
ਕਿਹਾ ਜਾਂਦਾ ਹੈ ਕਿ ਐਚ.ਆਈ.ਵੀ. ਵਿਸ਼ਾਣੂ ਸਭ ਤੋਂ ਪਹਿਲਾਂ ਅਫਰੀਕਾ ਦੇ ਬਾਂਦਰਾਂ ਵਿਚ ਪਾਇਆ ਗਿਆ। ਇਸ ਤੋਂ ਬਾਅਦ ਮਨੁੱਖੀ ਸਰੀਰ ਵਿਚ ਪ੍ਰਵੇਸ਼ ਕੀਤਾ ਅਤੇ ਹੌਲੀ-ਹੌਲੀ ਇਕ ਦੂਜੇ ਮਨੁੱਖ ਤੱਕ ਪਹੁੰਚਦਾ ਗਿਆ। ਇਹ ਲਾਗ ਦਾ ਰੋਗ ਸਰੀਰਕ ਸਬੰਧਾਂ ਰਾਹੀਂ ਫੈਲਦਾ ਹੈ। ਸਿਹਤਮੰਦ ਵਿਅਕਤੀ ਨੂੰ ਏਡਜ਼ ਸੰਕ੍ਰਮਿਤ ਵਿਅਕਤੀ ਦਾ ਖੂਨ ਚੜ੍ਹਾਉਣ ਜਾਂ ਉਸ ਦੀ ਸਰਿੰਜ ਦੀ ਵਰਤੋਂ ਨਾਲ ਵੀ ਇਹ ਰੋਗ ਫੈਲ ਸਕਦਾ ਹੈ। ਇਸ ਰੋਗ ਨਾਲ ਪੀੜਤ ਮਾਤਾ-ਪਿਤਾ ਤੋਂ ਪੈਦਾ ਹੋਈ ਸੰਤਾਨ ਨੂੰ ਵੀ ਇਹ ਰੋਗ ਹੋ ਸਕਦਾ ਹੈ। ਰੋਗ ਲੱਗਣ ਉਪਰੰਤ ਇਸ ਦਾ ਕੋਈ ਇਲਾਜ ਨਹੀਂ, ਜੇ ਹੈ ਤਾਂ ਉਹ ਹੈ ਪ੍ਰਹੇਜ਼।

-ਜਸਪ੍ਰੀਤ ਕੌਰ 'ਸੰਘਾ'
ਪਿੰਡ ਤਨੂੰਲੀ, ਜ਼ਿਲ੍ਹਾ ਹੁਸ਼ਿਆਰਪੁਰ।

ਨਜ਼ਰੀਆ ਬਦਲਣ ਦੀ ਲੋੜ
ਦੁਨੀਆ ਵਿਚ ਅੱਜ ਵੀ ਔਰਤ ਨੂੰ ਆਪਣੇ ਸਵੈਮਾਣ ਮਾਣ-ਸਨਮਾਨ ਤੇ ਸਮਾਜਿਕ ਹੋਂਦ ਲਈ ਜੂਝਣਾ ਪੈ ਰਿਹਾ ਹੈ, ਭਾਵੇਂ ਕਿ ਔਰਤ ਆਪਣੇ ਦਮ 'ਤੇ ਸਿੱਖਿਆ ਪ੍ਰਾਪਤ ਕਰਕੇ ਸਮਾਜ 'ਚ ਆਪਣੀ ਨਿਵੇਕਲੀ ਪਛਾਣ ਸਥਾਪਤ ਕਰ ਚੁੱਕੀ ਹੈ। ਔਰਤ ਮਰਦ ਨਾਲੋਂ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਹੈ ਭਾਵੇਂ ਖੇਡਾਂ, ਸਿਆਸਤ, ਵਿਗਿਆਨ ਜਾਂ ਪੁਲਿਸ ਪ੍ਰਬੰਧ ਦਾ ਖੇਤਰ ਹੋਵੇ। ਔਰਤ ਮਕਾਨ ਨੂੰ 'ਘਰ' 'ਚ ਬਦਲਣ ਦੀ ਸਮਰੱਥਾ ਰੱਖਦੀ ਹੈ। ਅਫ਼ਸੋਸ ਹੈ ਕਿ ਏਨੇ ਕੁਝ ਦੇ ਬਾਵਜੂਦ ਔਰਤ ਨੂੰ ਸਮਾਜ ਨੇ ਹਾਸ਼ੀਏ 'ਤੇ ਰੱਖਿਆ ਹੋਇਆ ਹੈ। ਭਰੂਣ ਹੱਤਿਆਵਾਂ, ਸਰੀਰਕ ਸ਼ੋਸ਼ਣ, ਦਾਜ ਦਹੇਜ ਆਦਿ ਜਿਹੀਆਂ ਨਾਮੁਰਾਦ ਸਮੱਸਿਆਵਾਂ ਨਾਲ ਔਰਤ ਨੂੰ ਨਿਪਟਣਾ ਪੈ ਰਿਹਾ ਹੈ। ਅੱਜ ਪੜ੍ਹੀ-ਲਿਖੀ ਔਰਤ ਹੋਣ ਦੇ ਬਾਵਜੂਦ ਗਲੀ-ਮੁਹੱਲੇ, ਬੱਸ, ਰੇਲ ਸਫ਼ਰ 'ਚ ਕਿਤੇ ਵੀ ਉਹ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ। ਇਸ ਸਭ ਕਾਸੇ ਪਿੱਛੇ ਸਾਡੀ ਲੋਕ ਮਾਨਸਿਕਤਾ ਹੈ। ਔਰਤ ਕੋਮਲ ਹੈ, ਕਮਜ਼ੋਰ ਨਹੀਂ। ਉਸ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨ ਦੀ ਜ਼ਰੂਰਤ ਹੈ। ਉਸ ਦੇ ਉਤਸ਼ਾਹ ਨੂੰ ਬੜਾਵਾ ਦੇਣਾ ਹੋਵੇਗਾ। ਉਸ ਪ੍ਰਤੀ ਆਪਣਾ ਵਿਵਹਾਰ ਅਤੇ ਨਜ਼ਰੀਆ ਬਦਲਣਾ ਬਹੁਤ ਜ਼ਰੂਰੀ ਹੈ। ਸੋ, ਉਸ ਨੂੰ ਸਮਾਜ 'ਚ ਬਣਦਾ ਸਨਮਾਨ ਮਿਲਣਾ ਤੇ ਦੇਣਾ ਸਮੇਂ ਦੀ ਵੱਡੀ ਲੋੜ ਹੈ ਤਾਂ ਹੀ ਸਾਡਾ ਘਰ ਤੇ ਰਾਸ਼ਟਰ ਉੱਨਤੀ ਕਰੇਗਾ।

-ਮਾਸਟਰ ਦੇਵ ਰਾਜ ਖੁੰਡਾ
ਗੁਰਦਾਸਪੁਰ।

06/04/2017

 ਪ੍ਰਦੂਸ਼ਣ ਲਈ ਦੋਸ਼ੀ ਕੌਣ?
ਜੇ ਧਿਆਨ ਨਾਲ ਵਿਚਾਰਿਆ ਜਾਵੇ ਤਾਂ ਪ੍ਰਦੂਸ਼ਣ ਲਈ ਸਰਕਾਰ ਅਤੇ ਲੋਕ ਬਰਾਬਰ ਦੇ ਭਾਈਵਾਲ ਹਨ। ਸੜਕਾਂ ਉਤੋਂ ਸਰਕਾਰ ਨੇ ਰੁੱਖ ਮੁਕਾਏ, ਕਾਲੋਨੀਆਂ ਬਣਾਉਣ ਵਾਲਿਆਂ ਸ਼ਹਿਰਾਂ ਦੁਆਲਿਓਂ, ਕਿਸਾਨਾਂ ਨੇ ਖੇਤਾਂ ਵਿਚੋਂ ਅਤੇ ਆਮ ਲੋਕਾਂ ਨੇ ਘਰਾਂ ਦੇ ਵਿਹੜਿਆਂ ਵਿਚੋਂ। ਬਿਜਲੀ ਨਾਲ ਚੱਲਣ ਵਾਲੇ ਪੱਖਿਆਂ ਤੇ ਏ.ਸੀ. ਦੇ ਯੰਤਰਾਂ ਨੇ ਲੋਕਾਂ ਨੂੰ ਬਨਾਉਟੀ ਵਾਤਾਵਰਨ ਦੇ ਕੇ ਰੁੱਖਾਂ ਦੀ ਕੀਮਤੀ ਤੇ ਸਿਹਤਮੰਦ ਆਕਸੀਜਨ ਖੋਹ ਲਈ ਹੈ। ਰੁੱਖ, ਫਲ, ਫੁੱਲ, ਠੰਢੀ ਛਾਂ ਤੇ ਸ਼ੁੱਧ ਹਵਾ ਦੇ ਨਾਲ ਮੀਂਹ ਵਰ੍ਹਾਉਂਦੇ ਅਤੇ ਅਨੇਕਾਂ ਸੁੱਖ ਪਹੁੰਚਾਉਂਦੇ ਹਨ। ਜੇਕਰ ਧਰਤੀ 'ਤੇ ਵਸਦੇ ਇਨਸਾਨ ਨੇ ਕੁਦਰਤ ਦੀ ਸਭ ਤੋਂ ਕੀਮਤੀ ਨਿਆਮਤ ਦੀ ਸਾਰ ਨਹੀਂ ਜਾਣੀ ਤਾਂ ਉਸ ਤੋਂ ਵੱਡਾ ਮੂਰਖ ਹੋਰ ਕੌਣ ਹੋ ਸਕਦਾ ਹੈ। ਹਵਾ ਨੂੰ ਸ਼ੁੱਧ ਬਣਾਉਣ ਲਈ ਸੜਕਾਂ ਤੋਂ ਪੁਰਾਣੀਆਂ ਮੋਟਰ ਗੱਡੀਆਂ ਹਟਾਉਣ ਦੀ ਲੋੜ ਹੈ। ਕਾਰਖਾਨਿਆਂ ਦੇ ਧੂੰਏਂ ਨੂੰ ਟਰੀਟਮੈਂਟ ਪਲਾਂਟਾਂ ਰਾਹੀਂ ਸਾਫ਼ ਕਰਕੇ ਛੱਡਣ ਦੇ ਨਾਲ ਖੇਤਾਂ ਦੀ ਪਰਾਲੀ ਨੂੰ ਸਾੜਨ ਦਾ ਰਿਵਾਜ ਬੰਦ ਕਰਨ ਦੀ ਲੋੜ ਹੈ। ਦੇਸ਼ ਵਿਚ ਲੋਕਰਾਜ ਹੈ। ਲੀਡਰਾਂ ਨੂੰ ਸੜਕਾਂ ਉੱਤੇ ਰੁੱਖ ਲਗਾਉਣ ਨੂੰ ਆਖੀਏ ਅਤੇ ਖ਼ੁਦ ਵੀ ਆਪਣੇ ਸ਼ਹਿਰਾਂ ਤੇ ਪਿੰਡਾਂ ਨੂੰ ਰੁੱਖਾਂ ਦੀ ਹਰਿਆਵਲ ਨਾਲ ਮਾਲੋ-ਮਾਲ ਕਰ ਦੇਈਏ। ਇਸ ਵਿਚ ਸਰਬੱਤ ਦਾ ਭਲਾ ਹੈ।-

ਇੰਜ: ਕੁਲਦੀਪ ਸਿੰਘ ਲੁੱਧਰ
ਗੁਰੂ ਨਾਨਕ ਵਾੜਾ, ਅੰਮ੍ਰਿਤਸਰ।

ਵਧੀਆ ਪ੍ਰਸ਼ਾਸਨ ਮਿਲੇ
ਅਖੀਰ ਪੰਜਾਬ ਵਿਚ 15ਵੀਂ ਵਿਧਾਨ ਸਭਾ ਦਾ ਗਠਨ ਹੋ ਗਿਆ। ਜਿਸ ਵਿਚ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਸਭ ਦੇ ਸਾਹਮਣੇ ਆਈ ਅਤੇ ਸੱਤਾ 'ਤੇ ਕਾਬਜ਼ ਹੋ ਗਈ। ਦੇਖਣਾ ਇਹ ਹੈ ਕਿ ਪੰਜਾਬ ਅੰਦਰ ਇਸ ਵਾਰ ਚੁਣੀ ਨਵੀਂ ਸਰਕਾਰ ਕੀ ਫ਼ੈਸਲੇ ਲੈਂਦੀ ਹੈ। ਜਿਸ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਅਨੇਕਾਂ ਹੀ ਅਜਿਹੇ ਵਾਅਦੇ ਕੀਤੇ ਹੋਏ ਹਨ, ਜਿਨ੍ਹਾਂ ਨੂੰ ਪੂਰੇ ਕਰਨਾ ਤਾਂ ਕੀ ਸਮਝਣਾ ਵੀ ਔਖਾ ਹੈ। ਅੱਜ ਆਮ ਲੋਕ ਆਰਥਿਕ ਪੱਖੋਂ ਏਨੇ ਜ਼ਿਆਦਾ ਕਮਜ਼ੋਰ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਇਨ੍ਹਾਂ ਚੋਣਾਂ ਦੇ ਨਤੀਜਿਆਂ ਵਿਚੋਂ ਇਕ ਨਵੀਂ ਆਸ ਦੀ ਕਿਰਨ ਦਿਖਾਈ ਦੇ ਰਹੀ ਹੈ, ਜਿਸ ਦੀ ਉਹ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਉਨ੍ਹਾਂ ਦੀ ਰਾਇ ਵੀ ਇਹੀ ਹੈ ਕਿ ਨਵੀਂ ਸਰਕਾਰ ਉਨ੍ਹਾਂ ਨੂੰ ਖੈਰਾਤ ਨਾ ਦੇਵੇ, ਬਲਕਿ ਇਕ ਵਧੀਆ ਪ੍ਰਸ਼ਾਸਨ ਦੇਵੇ। ਮਨੁੱਖ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਹੋਵੇ। ਗਰੀਬ ਢਿੱਡ ਭਰ ਕੇ ਰੋਟੀ ਖਾ ਸਕੇ। ਪੜ੍ਹਿਆ-ਲਿਖਿਆ ਨੌਜਵਾਨ ਆਪਣੀ ਯੋਗਤਾ ਅਨੁਸਾਰ ਰੁਜ਼ਗਾਰ ਪਾ ਸਕੇ। ਬੁਢੇਪਾ ਨਾ ਰੁਲੇ, ਧੀਆਂ ਸੁਰੱਖਿਅਤ ਹੋਣ, ਸਭ ਲਈ ਸਿਹਤ ਸੇਵਾਵਾਂ ਹੋਣ। ਲੋਕਾਂ ਦੇ ਚੁਣੇ ਨੁਮਾਇੰਦੇ ਉਨ੍ਹਾਂ ਪ੍ਰਤੀ ਜਵਾਬਦੇਹ ਹੋਣ। ਇਹੀ ਨਵੀਂ ਸਰਕਾਰ ਤੋਂ ਉਮੀਦਾਂ ਹਨ ਕਿ ਉਹ ਪੰਜਾਬ ਨਾਲ ਵਫ਼ਾਦਾਰੀ ਨਿਭਾਅ ਕੇ ਲੋਕਾਂ ਨੂੰ ਵਧੀਆ ਪ੍ਰਸ਼ਾਸਨ ਦੇ ਨਾਲ-ਨਾਲ ਸਾਫ਼-ਸੁਥਰਾ ਚੌਗਿਰਦਾ ਮੁਹੱਈਆ ਕਰਵਾਏ। ਪੰਜਾਬ ਵਿਚ ਆਈ ਨਵੀਂ ਸਰਕਾਰ ਲਈ 'ਮੁਬਾਰਕਬਾਦ'।

-ਇੰਦਰਜੀਤ ਸਿੰਘ ਕੰਗ
ਕੋਟਲਾ ਸਮਸ਼ਪੁਰ (ਸਮਰਾਲਾ) ਜ਼ਿਲ੍ਹਾ ਲੁਧਿਆਣਾ।

05/04/2017

 ਰਿਸ਼ਤਿਆਂ ਦੇ ਬਦਲਦੇ ਮਾਇਨੇ
ਹੁਣ ਰੋਜ਼ਾਨਾ ਅਖ਼ਬਾਰਾਂ ਵਿਚ ਕਤਲ ਹੋਣ ਦੀਆਂ ਖ਼ਬਰਾਂ ਛਪਦੀਆਂ ਹਨ। ਜ਼ਿਆਦਾਤਰ ਕਤਲ ਕਰਨ ਵਾਲੇ ਪਰਿਵਾਰਕ ਮੈਂਬਰ ਹੀ ਨਿਕਲਦੇ ਹਨ। ਪਤਨੀ ਵੱਲੋਂ ਪਤੀ ਦਾ ਕਤਲ, ਪਤੀ ਦੁਆਰਾ ਪਤਨੀ ਦਾ ਕਤਲ ਕੀਤਾ ਜਾ ਰਿਹਾ ਹੈ। ਪਿਤਾ ਬੱਚਿਆਂ ਦਾ ਕਤਲ ਕਰ ਰਿਹਾ ਹੈ। ਭੈਣ-ਭਰਾਵਾਂ ਵਰਗੇ ਪਵਿੱਤਰ ਰਿਸ਼ਤੇ ਵੀ ਜਾਇਦਾਦ ਦੇ ਲਾਲਚ ਦੀ ਭੇਟ ਚੜ੍ਹ ਰਹੇ ਹਨ। ਅੱਜ ਦੇ ਸਮੇਂ ਵਿਚ ਸਭ ਨੇ ਪੈਸੇ ਨੂੰ ਅਹਿਮੀਅਤ ਦੇ ਰੱਖੀ ਹੈ, ਜਿਸ ਦੇ ਅੱਗੇ ਸਭ ਰਿਸ਼ਤੇ-ਨਾਤੇ ਫਿੱਕੇ ਪੈ ਰਹੇ ਹਨ। ਘਟ ਰਹੀ ਸਹਿਣਸ਼ੀਲਤਾ, ਨਾਜਾਇਜ਼ ਸਬੰਧ, ਆਪਸੀ ਅਵਿਸ਼ਵਾਸ, ਟੁੱਟ ਰਹੇ ਪਰਿਵਾਰ ਇਸ ਦੇ ਮੁੱਖ ਕਾਰਨ ਹਨ। ਅੱਜ ਦੀ ਨੌਜਵਾਨ ਪੀੜ੍ਹੀ ਵਿਚ ਹੱਥੀਂ ਕੰਮ ਕਰਕੇ ਕਮਾਉਣ ਦਾ ਰੁਝਾਨ ਘਟ ਰਿਹਾ ਹੈ। ਹਰ ਕੋਈ ਬਣਿਆ ਬਣਾਇਆ ਭਾਲਦਾ ਹੈ, ਜਿਸ ਕਾਰਨ ਮਾਪਿਆਂ ਅਤੇ ਬੱਚਿਆਂ ਵਿਚ ਵੀ ਫ਼ਾਸਲੇ ਵਧ ਰਹੇ ਹਨ।


-ਰਾਜਵੀਰ ਕੌਰ
ਧਨੌਲਾ।


ਰੁੱਖ ਨੀਤੀ 2017
ਅਸੀਂ ਸਭ ਜਾਣਦੇ ਹਾਂ ਕਿ ਅੱਜ ਪੰਜਾਬ ਵਿਚ ਜੰਗਲਾਂ ਹੇਠ ਰਕਬਾ ਲਗਾਤਾਰ ਘਟਦਾ ਜਾ ਰਿਹਾ ਹੈ। ਇਹ ਸਿਰਫ 3 ਫ਼ੀਸਦੀ ਹੀ ਰਹਿ ਗਿਆ ਹੈ। ਅਖੌਤੀ ਵਿਕਾਸ ਦੇ ਨਾਂਅ 'ਤੇ ਰੁੱਖਾਂ ਨੂੰ ਬੜੀ ਬੇਰਹਿਮੀ ਨਾਲ ਕੱਟਿਆ-ਵੱਢਿਆ ਜਾ ਰਿਹਾ ਹੈ। ਪਿਛਲੇ ਦਿਨੀਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ 'ਰੁੱਖ ਨੀਤੀ 2017' ਤਹਿਤ ਪੰਜਾਬ ਦੀਆਂ ਤਕਰੀਬਨ 13000 ਦੇ ਕਰੀਬ ਪੰਚਾਇਤਾਂ ਨੂੰ ਪੰਚਾਇਤੀ ਜ਼ਮੀਨਾਂ ਵਿਚ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਹਦਾਇਤ ਕੀਤੀ ਗਈ ਹੈ। ਰੁੱਖ ਲਗਾਓ ਨੀਤੀ ਚੰਗੀ ਗੱਲ ਹੈ। ਅਸੀਂ ਵਿਭਾਗ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਿਹੜੀ ਪੰਚਾਇਤ ਰੁੱਖ ਲਗਾਉਣ ਦੀ ਨੀਤੀ 'ਤੇ ਫੁੱਲ ਚੜ੍ਹਾਉਂਦੀ ਹੈ, ਉਸ ਪੰਚਾਇਤ ਨੂੰ ਜ਼ਿਲ੍ਹਾ ਜਾਂ ਸੂਬਾ ਪੱਧਰ 'ਤੇ ਸਨਮਾਨਿਤ ਕੀਤਾ ਜਾਵੇ। ਜਿਹੜੀ ਪੰਚਾਇਤ ਇਹ ਨੀਤੀ ਨਹੀਂ ਅਪਣਾਉਂਦੀ, ਉਸ ਨੂੰ ਨੋਟਿਸ ਭੇਜ ਕੇ ਜੁਰਮਾਨਾ ਵਗੈਰਾ ਦਾ ਭਾਗੀ ਬਣਾਇਆ ਜਾਵੇ। ਦੁੱਖ ਹੈ ਕਿ ਰੁੱਖਾਂ ਪ੍ਰਤੀ ਵੀ ਮਨੁੱਖ ਸਵਾਰਥੀ ਹੁੰਦਾ ਜਾ ਰਿਹਾ ਹੈ। ਅੱਜ ਜ਼ਰੂਰੀ ਹੈ ਕਿ ਗੁਰੂਆਂ ਦੀ ਸੋਚ ਦੇ ਧਾਰਨੀ ਬਣ ਕੇ ਵੱਧ ਤੋਂ ਵੱਧ ਰੁੱਖ ਲਗਾਈਏ।


-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਜ਼ਿੰਮੇਵਾਰੀ ਸਮਝਣ ਦੀ ਲੋੜ
ਪਿਛਲੇ ਦਿਨੀਂ 'ਅਜੀਤ' ਵਿਚ ਮੋਹਨ ਸ਼ਰਮਾ ਦੀ ਲਿਖਤ 'ਹਵਾ ਦੇ ਰੁਖ਼ ਅਨੁਸਾਰ ਚੋਲਾ ਬਦਲਣ ਵਾਲੇ ਲੋਕ' ਪੜ੍ਹੀ। ਉਨ੍ਹਾਂ ਨੇ ਆਪਣੇ ਤਜਰਬੇ ਨੂੰ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਤੇ ਸਮਾਜ ਦੇ ਕੁਝ ਲੋਕਾਂ ਦੀ ਅਸਲੀਅਤ ਬਿਆਨ ਕੀਤੀ। ਪੈਸੇ ਦਾ ਲੈਣ-ਦੇਣ, ਰਿਸ਼ਵਤ, ਸਿਆਸੀ ਪਾਰਟੀਆਂ ਦਾ ਜੋੜ-ਤੋੜ ਪਹਿਲਾਂ ਵੀ ਹੁੰਦਾ ਸੀ। ਉਦੋਂ ਏਨਾ ਜ਼ਿਆਦਾ ਖੁੱਲ੍ਹੇਆਮ ਨਹੀਂ ਸੀ। ਇਹ ਸਾਡਾ ਸਮਾਜ ਹੈ, ਸਾਡਾ ਦੇਸ਼ ਹੈ, ਇਸ ਦਾ ਸਿਸਟਮ ਵਧੀਆ ਤੇ ਸੁਚਾਰੂ ਤਰੀਕੇ ਨਾਲ ਚੱਲੇਗਾ ਤਾਂ ਸਾਨੂੰ ਸਭ ਨੂੰ ਫਾਇਦਾ ਹੈ, ਸਾਡੇ ਬੱਚਿਆਂ ਨੂੰ ਵਧੀਆ ਸਹੂਲਤਾਂ ਮਿਲਣਗੀਆਂ। ਜੇ ਸਿਸਟਮ ਵਿਚ ਕਿਧਰੇ ਕੋਤਾਹੀ ਹੈ ਤਾਂ ਗ਼ਲਤੀ ਕਿਤੇ ਨਾ ਕਿਤੇ ਅਸੀਂ ਵੀ ਕੀਤੀ ਹੁੰਦੀ ਹੈ। ਸ਼ਰਮਾ ਸਾਹਿਬ ਦੀ ਇਹ ਲਿਖਤ ਬਹੁਤ ਕੁਝ ਦੱਸ ਗਈ, ਕਹਿ ਗਈ, ਸਮਝਾ ਗਈ। ਸਮਾਜ ਅਤੇ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਹੀ ਆਪਣੀਆਂ ਸਹੂਲਤਾਂ ਨੂੰ ਜ਼ਿੰਦਾ ਰੱਖਣ ਦਾ ਰਸਤਾ ਹੈ।


-ਪ੍ਰਭਜੋਤ ਕੌਰ ਢਿੱਲੋਂ
ਮੋ: 98150-30221.

04/04/2017

 ਸੜਕਾਂ ਤਰਸਣ ਰੁੱਖਾਂ ਨੂੰ
ਅਟਾਰੀ-ਵਾਹਗਾ ਸਰਹੱਦ ਤੋਂ ਸ਼ਹਿਰ ਅੰਮ੍ਰਿਤਸਰ ਵਿਚ ਦਾਖਲ ਹੁੰਦੀ ਜੀ.ਟੀ. ਰੋਡ ਅਤੇ ਬੀ.ਆਰ.ਟੀ.ਐਸ. ਦੇ ਬੱਸ ਪ੍ਰਾਜੈਕਟ ਅਧੀਨ ਆਉਂਦੀਆਂ ਸ਼ਹਿਰ ਦੀਆਂ ਹੋਰ ਸੜਕਾਂ ਦੇ ਕਿਨਾਰਿਆਂ ਤੋਂ ਰੁੱਖਾਂ ਦੀ ਹਰਿਆਵਲ ਨੂੰ ਤਹਿਸ-ਨਹਿਸ ਕਰਕੇ ਪਿਛਲੀ ਸਰਕਾਰ ਨੇ ਰੁੱਖਾਂ, ਮਨੁੱਖਾਂ ਅਤੇ ਭੋਲੇ ਪੰਛੀਆਂ 'ਤੇ ਜ਼ੁਲਮ ਢਾਹਿਆ ਸੀ। ਸ਼ਹਿਰ ਵਾਸੀਆਂ ਦੀ ਫੈਲੇ ਹੋਏ ਪ੍ਰਦੂਸ਼ਣ ਦੀ ਚੀਖ-ਪੁਕਾਰ ਸਮੇਂ ਦੀ ਸਰਕਾਰ ਨੇ ਵੀ ਨਾ ਸੁਣੀ। ਹੁਣ ਉਹ ਸਮਾਂ ਆ ਚੁੱਕਾ ਹੈ, ਜਦੋਂ ਸ: ਨਵਜੋਤ ਸਿੰਘ ਸਿੱਧੂ ਐਮ.ਐਲ.ਏ., ਇਸ ਗੁਰੂ ਦੀ ਨਗਰੀ ਨੂੰ 'ਕਲੀਨ ਤੇ ਗਰੀਨ' ਕਰਨ ਦਾ ਆਪਣਾ ਪੁਰਾਣਾ ਵਾਅਦਾ ਪੂਰਾ ਕਰ ਸਕਦੇ ਹਨ। ਹੁਣ ਉਹ ਸ਼ਹਿਰ ਵਿਚ ਕੂੜੇ-ਕਰਕਟ ਤੋਂ ਖਾਦ ਬਣਾਉਣ ਦੇ ਪਲਾਂਟ ਅਤੇ ਸੀਵਰੇਜ-ਸਿਸਟਮ ਦੇ ਸੁਧਾਰ ਲਈ ਟਰੀਟਮੈਂਟ ਪਲਾਂਟ ਵੀ ਲਗਾਉਣ ਦੇ ਸਮਰੱਥ ਬਣ ਚੁੱਕੇ ਹਨ। ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਉਹ ਅੰਮ੍ਰਿਤਸਰ ਤੋਂ ਹੀ ਚੋਣ ਜਿੱਤੇ ਹਨ ਅਤੇ ਉਨ੍ਹਾਂ ਨੂੰ ਗੁਰੂ ਮਹਾਰਾਜ ਨੇ ਗੁਰੂ ਦੀ ਨਗਰੀ ਦੇ ਸੁਧਾਰ ਦਾ ਇਕ ਸੁਨਹਿਰੀ ਅਵਸਰ ਬਖਸ਼ਿਆ ਹੈ। ਕੀਤੀ ਸੇਵਾ ਕਦੇ ਬੇਅਰਥ ਨਹੀਂ ਜਾਂਦੀ।


-ਇੰਜ: ਕੁਲਦੀਪ ਸਿੰਘ ਲੁੱਧਰ
ਅੰਮ੍ਰਿਤਸਰ।


ਵਧਦੀ ਮਹਿੰਗਾਈ
ਅੱਜ ਦੇ ਜ਼ਮਾਨੇ ਵਿਚ ਮਹਿੰਗਾਈ ਰੂਪੀ ਦੈਂਤ ਨੇ ਆਮ ਲੋਕਾਂ ਦਾ ਜਿਊਣਾ ਏਨਾ ਦੁੱਭਰ ਕਰ ਦਿੱਤਾ ਹੈ ਕਿ ਉਹ ਤੰਗ ਆਏ ਹੋਏ ਹਨ। ਮਹਿੰਗਾਈ ਵਧਣ ਨਾਲ ਉਨ੍ਹਾਂ ਦੇ ਜੀਵਨ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਨਹੀਂ ਹੋ ਰਹੀ। ਇਥੋਂ ਤੱਕ ਕਿ ਉਨ੍ਹਾਂ ਨੂੰ ਖਾਣ-ਪੀਣ ਵਾਲੀਆਂ ਵਸਤਾਂ ਦੀ ਪ੍ਰਾਪਤੀ ਲਈ ਵੱਡੀ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਪਰ ਇਨ੍ਹਾਂ ਵਸਤਾਂ ਦੇ ਭਾਅ ਫਿਰ ਵੀ ਥੰਮ੍ਹਣ ਦਾ ਨਾਂਅ ਨਹੀਂ ਲੈ ਰਹੇ, ਸਗੋਂ ਆਏ ਦਿਨ ਵਧਦੇ ਜਾ ਰਹੇ ਹਨ। ਜੇਕਰ ਮਹਿੰਗਾਈ ਦਾ ਹਾਲ ਇਹੀ ਰਿਹਾ ਤਾਂ ਆਮ ਲੋਕਾਂ ਲਈ ਜਿਊਣਾ ਬਹੁਤ ਹੀ ਕਠਿਨ ਹੋ ਜਾਵੇਗਾ।


-ਰਾਜਵੰਤ ਸਿੰਘ ਰਾਜੂ
ਗੁਰੂ ਨਾਨਕ ਆਟੋ ਸਪੇਅਰਜ਼, ਰਾਏਕੋਟ।


ਅਵਾਰਾ ਕੁੱਤਿਆਂ ਦੀ ਸਮੱਸਿਆ
ਪੰਜਾਬ ਵਿਚ ਅਵਾਰਾ ਕੁੱਤਿਆਂ ਦੀ ਸਮੱਸਿਆ ਦਿਨੋ-ਦਿਨ ਵਿਰਾਟ ਰੂਪ ਧਾਰਨ ਕਰਦੀ ਜਾ ਰਹੀ ਹੈ। ਇਨ੍ਹਾਂ ਕੁੱਤਿਆਂ ਦੇ ਝੁੰਡ ਮਨੁੱਖਾਂ ਤੇ ਬੱਚਿਆਂ ਨੂੰ ਨੋਚ-ਨੋਚ ਕੇ ਖਾਈ ਜਾ ਰਹੇ ਹਨ। ਇਹ ਕੁੱਤੇ ਹੱਡਾ-ਰੋੜੀਆਂ ਦੇ ਇਰਦ-ਗਿਰਦ ਪਸ਼ੂਆਂ ਦਾ ਮਾਸ ਖਾਣ ਲਈ ਇਕੱਠੇ ਹੁੰਦੇ ਹਨ ਅਤੇ ਖੂੰਖਾਰ ਹੋ ਜਾਂਦੇ ਹਨ। ਇਕ ਸਮਾਂ ਸੀ ਜਦੋਂ ਮਨੁੱਖ ਅਤੇ ਜਾਨਵਰਾਂ ਵਿਚ ਆਪਸੀ ਸਾਂਝ ਹੁੰਦੀ ਸੀ। ਇਹ ਸਾਂਝ ਹੁਣ ਖਤਮ ਹੁੰਦੀ ਜਾ ਰਹੀ ਹੈ। ਘਰਾਂ ਅੱਗੇ ਜਦੋਂ ਗੇਟ ਨਹੀਂ ਲੱਗੇ ਹੁੰਦੇ ਸਨ, ਉਦੋਂ ਇਹ ਅਵਾਰਾ ਕੁੱਤੇ ਘਰਾਂ ਦੇ ਵਿਹੜਿਆਂ ਵਿਚ ਖੂਬ ਚੱਕਰ ਲਗਾਉਂਦੇ ਰਹਿੰਦੇ ਸਨ ਅਤੇ ਘਰ ਦੀਆਂ ਸੁਆਣੀਆਂ ਇਨ੍ਹਾਂ ਜਾਨਵਰਾਂ ਲਈ ਰੋਟੀ ਵਗੈਰਾ ਰੱਖਦੀਆਂ ਸਨ ਤੇ ਇਨ੍ਹਾਂ ਜਾਨਵਰਾਂ ਦੇ ਪੇਟ ਦੀ ਥੋੜ੍ਹੀ ਬਹੁਤੀ ਭੁੱਖ ਮਿਟ ਜਾਂਦੀ ਸੀ। ਪਰ ਹੁਣ ਜਾਨਵਰਾਂ ਨੂੰ ਇਨ੍ਹਾਂ ਘਰਾਂ ਵਿਚੋਂ ਖਾਣ ਨੂੰ ਕੁਝ ਵੀ ਨਸੀਬ ਨਹੀਂ ਹੁੰਦਾ ਅਤੇ ਹੁਣ ਇਹ ਆਪਣੇ ਪੇਟ ਦੀ ਅੱਗ ਬੁਝਾਉਣ ਲਈ ਮਨੁੱਖਾਂ 'ਤੇ ਹਮਲੇ ਕਰਦੇ ਹਨ ਅਤੇ ਇਨਸਾਨਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਬਹੁਤ ਸਾਰੇ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਕਈ ਜਗ੍ਹਾ ਇਨ੍ਹਾਂ ਦੀ ਗਿਣਤੀ ਨੂੰ ਘਟਾਉਣ ਲਈ ਨਸਬੰਦੀ ਕੀਤੀ ਜਾ ਰਹੀ ਹੈ ਪਰ ਇਹ ਕੰਮ ਏਨਾ ਸੌਖਾ ਨਹੀਂ ਹੈ। ਕਾਨੂੰਨੀ ਤੌਰ 'ਤੇ ਕੁੱਤਿਆਂ ਨੂੰ ਮਾਰਨ 'ਤੇ ਪਾਬੰਦੀ ਹੈ। ਇਕ ਹੱਲ ਹੋਰ ਹੈ ਕਿ ਇਨ੍ਹਾਂ ਕੁੱਤਿਆਂ ਨੂੰ ਵਪਾਰਕ ਤੌਰ 'ਤੇ ਵਰਤਿਆ ਜਾਵੇ ਤੇ ਜਿਨ੍ਹਾਂ ਪ੍ਰਦੇਸ਼ਾਂ ਤੇ ਬਾਹਰਲੇ ਦੇਸ਼ਾਂ ਨੂੰ ਇਨ੍ਹਾਂ ਜਾਨਵਰਾਂ ਦੀ ਲੋੜ ਹੈ, ਉਥੇ ਸਰਕਾਰੀ ਸਮਝੌਤਿਆਂ ਅਧੀਨ ਸਪਲਾਈ ਕੀਤਾ ਜਾਵੇ।


-ਸਮਿੱਤਰ ਸਿੰਘ 'ਦੋਸਤ'
ਮੋਬਾਈਲ : 92562-92764.

03/04/2017

 ਚਿਹਰਿਆਂ 'ਤੇ ਰੌਣਕ
ਪੰਜਾਬ ਵਿਚ ਕੈਪਟਨ ਸਰਕਾਰ ਦੇ ਬਣਦਿਆਂ ਹੀ ਪੰਜਾਬ ਵਿਚ ਪਨਪੀਆਂ ਅਨੇਕਾਂ ਬੁਰਾਈਆਂ 'ਤੇ ਤੁਰੰਤ ਕਾਬੂ ਪਾਉਣ ਦੇ ਕੀਤੇ ਜਾ ਰਹੇ ਯਤਨਾਂ ਦੀ ਹਰ ਪਾਸੇ ਸ਼ਲਾਘਾ ਹੋਣੀ ਸ਼ੁਰੂ ਹੋ ਗਈ ਹੈ। ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਲੁੱਟ-ਖੋਹ, ਕਤਲੋਗਾਰਤ ਆਮ ਹੋ ਗਿਆ ਹੈ। ਜਬਰ-ਜਨਾਹ ਤੇ ਛੇੜ-ਛਾੜ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਰੇਤ-ਬਜਰੀ ਮਾਫੀਆ ਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਆਪਣੇ ਗ਼ੈਰ-ਕਾਨੂੰਨੀ ਕੰਮਾਂ ਨੂੰ ਇਸ ਤਰ੍ਹਾਂ ਕਰ ਰਹੇ ਹਨ, ਜਿਵੇਂ ਉਨ੍ਹਾਂ ਨੂੰ ਕਾਨੂੰਨ ਆਦਿ ਦਾ ਕੋਈ ਡਰ ਹੀ ਨਾ ਹੋਵੇ। ਇਸ ਤੋਂ ਇਲਾਵਾ ਪੰਜਾਬ 'ਚ ਥਾਂ-ਥਾਂ ਘੁੰਮ ਰਹੇ ਹਨ ਗੈਂਗਸਟਰ, ਜਿਨ੍ਹਾਂ ਨੇ ਸੂਬੇ ਦੇ ਸ਼ਾਂਤ ਮਾਹੌਲ ਨੂੰ ਮਾਰਧਾੜ ਵਿਚ ਬਦਲ ਕੇ ਰੱਖ ਦਿੱਤਾ ਹੈ। ਹਰ ਤਰ੍ਹਾਂ ਦੇ ਨਾਜਾਇਜ਼ ਕਾਰੋਬਾਰ ਕਰਨ ਵਾਲਿਆਂ ਨੂੰ ਨੱਥ ਪਾਉਣ ਦੇ ਨਾਲ-ਨਾਲ ਹਰ ਮਹਿਕਮੇ ਵਿਚ ਫੈਲ ਚੁੱਕੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਤੋਂ ਇਲਾਵਾ ਉਪਰੋਕਤ ਬੁਰਾਈਆਂ 'ਤੇ ਕਾਬੂ ਪਾਉਣ ਲਈ ਜੋ ਦ੍ਰਿੜ੍ਹਤਾ ਦਿਖਾਈ ਜਾ ਰਹੀ ਹੈ, ਤੋਂ ਇਨਸਾਫ਼ ਪਸੰਦ ਲੋਕਾਂ ਦੇ ਚਿਹਰਿਆਂ 'ਤੇ ਰੌਣਕ ਆਉਣੀ ਸ਼ੁਰੂ ਹੋ ਗਈ ਹੈ।


-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।


ਚੁੰਗੀ ਤੇ ਪ੍ਰਾਪਰਟੀ ਟੈਕਸ
ਪੰਜਾਬ ਦੇ ਸ਼ਹਿਰਾਂ ਦਾ ਚਿਹਰਾ ਮੁਹਰਾ ਸੁਧਾਰਨ ਲਈ ਸ: ਨਵਜੋਤ ਸਿੰਘ ਸਿੱਧੂ ਦੀ ਬਤੌਰ ਲੋਕਲ ਬਾਡੀਜ਼ ਮੰਤਰੀ ਚੋਣ, ਇਕ ਸਹੀ ਤੇ ਵਧੀਆ ਚੋਣ ਹੈ। ਉਹ ਅੰਮ੍ਰਿਤਸਰ ਦੀ ਪਵਿੱਤਰ ਨਗਰੀ ਸਮੇਤ ਪੰਜਾਬ ਦੇ ਸ਼ਹਿਰੀ ਵਿਕਾਸ ਦੇ ਹਾਮੀ ਰਹੇ ਹਨ। ਪ੍ਰੰਤੂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਲੋਕਲ ਬਾਡੀਜ਼ ਦੇ ਵਿਤੀ ਪ੍ਰਬੰਧ ਨੂੰ ਸੁਧਾਰਨਾ ਪਵੇਗਾ। ਇਸ ਕੰਮ ਲਈ ਉਨ੍ਹਾਂ ਨੂੰ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਬੰਦ ਕੀਤਾ ਚੁੰਗੀ ਟੈਕਸ ਮੁੜ ਬਹਾਲ ਕਰਨਾ ਪਵੇਗਾ। ਸ਼ਹਿਰੀਆਂ ਦਾ ਸਨਮਾਨ ਬਹਾਲ ਕਰਨ ਲਈ ਉਨ੍ਹਾਂ ਨੂੰ ਰਿਹਾਇਸ਼ੀ ਘਰਾਂ ਉਤੇ ਲਗਾਇਆ ਪ੍ਰਾਪਰਟੀ ਟੈਕਸ ਖਤਮ ਕਰਨਾ ਪਵੇਗਾ। ਲੋਕਲ ਬਾਡੀਜ਼ ਨੇ ਸ਼ਹਿਰਾਂ ਵਿਚ ਪਾਣੀ ਦੀ ਸਪਲਾਈ, ਸੀਵਰੇਜ ਸਿਸਟਮ, ਸਟਰੀਟ ਲਾਈਟ ਅਤੇ ਸੜਕੀ ਪ੍ਰਬੰਧ ਨੂੰ ਸੁਰੱਖਿਅਤ ਢੰਗ ਨਾਲ ਚਲਾਉਣਾ ਹੁੰਦਾ ਹੈ। ਕਰਮਚਾਰੀਆਂ ਦੀਆਂ ਤਨਖਾਹਾਂ ਸਮੇਤ ਕੁਝ ਨਵੇਂ ਕਾਰਜ ਵੀ ਸਿਰੇ ਚਾੜ੍ਹਨੇ ਹੁੰਦੇ ਹਨ। ਸੋ, ਜੇਕਰ ਚੁੰਗੀ ਟੈਕਸ ਨਾਲ ਸ਼ਹਿਰੀ ਸੁਧਾਰ ਹੁੰਦਾ ਹੈ ਤਾਂ ਇਸ ਟੈਕਸ ਨੂੰ ਖਿੜੇ ਮੱਥੇ ਪ੍ਰਵਾਨ ਕਰ ਲੈਣਾ ਹੀ ਵੱਡੀ ਸਿਆਣਪ ਹੈ।


-ਇੰਜ: ਕੁਲਦੀਪ ਸਿੰਘ ਲੁੱਧਰ
ਅੰਮ੍ਰਿਤਸਰ।


ਸੜਕ ਹਾਦਸੇ
ਪੰਜਾਬ ਵਿਚ ਦਿਨੋ-ਦਿਨ ਵਧ ਰਹੇ ਸੜਕ ਹਾਦਸੇ ਚਿੰਤਾ ਦਾ ਵਿਸ਼ਾ ਹਨ। ਥੋੜ੍ਹੀ ਜਿਹੀ ਲਾਪ੍ਰਵਾਹੀ ਕਾਰਨ ਸੈਂਕੜੇ ਕੀਮਤੀ ਜਾਨਾਂ ਹਰ ਰੋਜ਼ ਚਲੀਆਂ ਜਾਂਦੀਆਂ ਹਨ। ਜੇਕਰ ਧਿਆਨ ਪੂਰਵਰਕ ਵਾਚਿਆ ਜਾਵੇ ਤਾਂ ਇਹ ਸੜਕ ਹਾਦਸੇ ਮਨੁੱਖੀ ਗ਼ਲਤੀ ਦਾ ਹੀ ਮੁੱਖ ਕਾਰਨ ਹੁੰਦੇ ਹਨ, ਜਿਨ੍ਹਾਂ ਵਿਚ ਟ੍ਰੈਫਿਕ ਨਿਯਮਾਂ ਦੀ ਲਾਪ੍ਰਵਾਹੀ ਮੁੱਖ ਤੌਰ 'ਤੇ ਸ਼ਾਮਿਲ ਹੈ। ਸੋ, ਸਾਨੂੰ ਚਾਹੀਦਾ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ, ਸੜਕਾਂ ਅਤੇ ਬਾਜ਼ਾਰਾਂ ਵਿਚ ਨਾਜਾਇਜ਼ ਉਸਾਰੀਆਂ ਤੋਂ ਪ੍ਰਹੇਜ਼ ਕਰੀਏ, ਛੋਟੀ ਉਮਰ ਦੇ ਬੱਚਿਆਂ ਨੂੰ ਵਾਹਨ ਚਲਾਉਣ ਤੋਂ ਵਰਜ਼ੀਏ, ਨਸ਼ੇ ਦੀ ਵਰਤੋਂ ਨਾ ਕਰੀਏ ਅਤੇ ਵਾਹਨ ਦੀ ਰਫ਼ਤਾਰ ਨੂੰ ਕਾਬੂ ਵਿਚ ਰੱਖੀਏ ਕਿਉਂਕਿ ਕਦੇ ਵੀ ਨਾ ਪਹੁੰਚਣ ਨਾਲੋਂ ਦੇਰ ਨਾਲ ਪਹੁੰਚਣਾ ਚੰਗਾ ਹੁੰਦਾ ਹੈ।


-ਰਾਜਵੰਤ ਸਿੰਘ ਰਾਜੂ
ਗੁਰੂ ਨਾਨਕ ਆਟੋ ਸਪੇਅਰਜ਼, ਰਾਏਕੋਟ।

31/03/2017

 ਸਕੂਲਾਂ ਵੱਲੋਂ ਮਾਪਿਆਂ ਦੀ ਲੁੱਟ
ਨਿੱਜੀ ਸਕੂਲਾਂ ਵੱਲੋਂ ਸਾਲਾਨਾ ਤੇ ਮਹੀਨਾਵਾਰ ਫੀਸਾਂ ਸਹਿਤ ਕਈ ਤਰ੍ਹਾਂ ਦੇ ਫੰਡਾਂ ਦੇ ਨਾਂਅ 'ਤੇ ਫੀਸਾਂ ਵਿਚ ਭਾਰੀ ਵਾਧਾ ਕਰਕੇ ਬੱਚਿਆਂ ਦੇ ਮਾਪਿਆਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਤੇ ਹਾਈਕੋਰਟ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਇਹ ਨਿੱਜੀ ਸਕੂਲ ਮਾਪਿਆਂ ਦੀ ਅੰਨ੍ਹੀ ਲੁੱਟ ਕਰਕੇ ਤੇ ਟੀਚਰਾਂ ਨੂੰ ਘੱਟ ਮਿਹਨਤਾਨਾ ਦੇ ਕੇ ਸਕੂਲਾਂ ਦੀਆਂ ਵੱਡੀਆਂ-ਵੱਡੀਆਂ ਆਲੀਸ਼ਾਨ ਇਮਾਰਤਾਂ ਉਸਾਰ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਸਕੂਲਾਂ ਅੰਦਰ ਬਾਜ਼ਾਰ ਨਾਲੋਂ ਮਹਿੰਗੇ ਭਾਅ ਵੇਚੀਆਂ ਜਾਂ ਰਹੀਆਂ ਵਰਦੀਆਂ, ਸਟੇਸ਼ਨਰੀ ਤੇ ਕਿਤਾਬਾਂ ਦੇ ਕਾਊਂਟਰ ਬੰਦ ਕਰਕੇ, ਹਰੇਕ ਸਕੂਲ ਦਾ ਸਿਲੇਬਸ ਇਕ ਸਮਾਨ ਕੀਤਾ ਜਾਵੇ ਕਿਉਂਕਿ ਨਿੱਜੀ ਸਕੂਲ ਵਾਰ-ਵਾਰ ਕਿਤਾਬਾਂ ਤੇ ਵਰਦੀਆਂ ਬਦਲ ਕੇ ਦੁਕਾਨਦਾਰਾਂ ਨਾਲ ਮਿਲ ਕੇ ਮੋਟਾ ਕਮਿਸ਼ਨ ਵਸੂਲ ਰਹੇ ਹਨ। ਸਰਕਾਰ ਨੂੰ ਸਖ਼ਤ ਫ਼ੈਸਲਾ ਲੈਂਦਿਆਂ ਹੋਇਆਂ ਲੁੱਟ-ਖਸੁੱਟ ਕਰ ਰਹੇ ਇਨ੍ਹਾਂ ਪ੍ਰਾਈਵੇਟ ਸਕੂਲਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਕੇ ਮਾਪਿਆਂ ਨੂੰ ਇਨਸਾਫ਼ ਦਿਵਾਉਣਾ ਚਾਹੀਦਾ ਹੈ ਤਾਂ ਕਿ ਅੱਗੇ ਤੋਂ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣ ਲਈ ਭਾਰੀ ਫੀਸਾਂ ਕਰਕੇ ਕੋਈ ਪ੍ਰੇਸ਼ਾਨੀ ਨਾ ਆਵੇ।-

ਮਸ਼ੇਰ ਸਿੰਘ ਸੋਹੀਪਿੰਡ ਸੋਹੀਆਂ, ਡਾਕ: ਚੀਮਾ ਖੁੱਡੀ, ਤਹਿ: ਬਟਾਲਾ, ਜ਼ਿਲ੍ਹਾ ਗੁਰਦਾਸਪੁਰ।

ਨਸ਼ਿਆਂ 'ਤੇ ਨਕੇਲ
ਪੰਜਾਬ ਵਿਚ ਪਿਛਲੇ ਕੁਝ ਸਾਲਾਂ ਤੋਂ ਫੈਲੇ ਨਸ਼ਿਆਂ ਨੂੰ ਨਕੇਲ ਪਾਉਣ ਲਈ ਨਵੀਂ-ਨਵੀਂ ਸੱਤਾ ਵਿਚ ਆਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੀ ਹੈ। ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੁਰਸੀ ਸੰਭਾਲਦਿਆਂ ਹੀ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਜਿਥੇ ਇਸ ਧੰਦੇ ਤੋਂ ਬਾਜ ਆਉਣ ਲਈ ਸਖ਼ਤ ਤਾੜਨਾ ਕੀਤੀ ਗਈ ਹੈ, ਉਥੇ ਰਾਜ ਦੇ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਪੁਲਿਸ ਮੁਖੀਆਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਨਸ਼ਾ ਵੇਚਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਉਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਸੋ, ਸਾਨੂੰ ਸਭ ਨੂੰ ਵੀ ਇਸ ਮੁਹਿੰਮ ਦਾ ਹਿੱਸਾ ਬਣ ਕੇ ਆਪਣੇ-ਆਪਣੇ ਇਲਾਕੇ ਅੰਦਰ ਚੋਰੀ-ਛੁਪੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦੀ ਜਾਣਕਾਰੀ ਪੁਲਿਸ ਨੂੰ ਪਹਿਲ ਦੇ ਆਧਾਰ 'ਤੇ ਦੇਣੀ ਚਾਹੀਦੀ ਹੈ ਤਾਂ ਜੋ ਨਸ਼ਿਆਂ ਦੀ ਦਲਦਲ ਵਿਚ ਧੱਸਦੀ ਜਾ ਰਹੀ ਜਵਾਨੀ ਬਰਬਾਦ ਹੋਣੋਂ ਬਚ ਸਕੇ ਅਤੇ ਪੰਜਾਬ ਮੁੜ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਣ ਲੱਗੇ।

-ਰਾਜਾ ਗਿੱਲ (ਚੜਿੱਕ)
ਮੋ: 94654-11585

ਸਿਆਣੇ ਕਹਿੰਦੇ ਹੱਸਣਾ ਚਾਹੀਦੈ
ਸਿਆਣਿਆਂ ਦਾ ਕਹਿਣਾ ਹੈ ਕਿ ਹੱਸਣਾ ਰੂਹ ਦੀ ਖੁਰਾਕ ਹੈ। ਜੀਵਨ ਦੇ ਹਰ ਪਲ ਨੂੰ ਖੁਸ਼ਹਾਲ ਬਣਾਉਣ ਲਈ ਜ਼ਰੂਰੀ ਹੈ ਕਿ ਅਸੀਂ ਸਦਾ ਖੁਸ਼ ਰਹੀਏ ਕਿਉਂਕਿ ਸਦਾ ਖੁਸ਼ ਰਹਿਣ ਵਾਲਾ ਵਿਅਕਤੀ ਜਿਥੇ ਹਮੇਸ਼ਾ ਤੰਦਰੁਸਤ ਰਹਿੰਦਾ ਹੈ, ਉਥੇ ਉਹ ਹਰ ਵੇਲੇ ਫੁੱਲਾਂ ਵਾਂਗ ਖਿੜ੍ਹਿਆ-ਖਿੜ੍ਹਿਆ ਵੀ ਰਹਿੰਦਾ ਹੈ। ਇਹ ਵੀ ਸੱਚ ਹੈ ਕਿ ਹੱਸਦਿਆਂ ਦੇ ਹੀ ਘਰ ਵੱਸਦੇ ਹਨ। ਮੱਥੇ ਤਿਉੜੀ ਰੱਖਣ ਵਾਲਾ ਵਿਅਕਤੀ ਜਿਥੇ ਲੋਕਾਂ ਵਿਚ ਘ੍ਰਿਣਾ ਦਾ ਪਾਤਰ ਬਣਿਆ ਰਹਿੰਦਾ ਹੈ, ਉਥੇ ਉਹ ਜ਼ਿੰਦਗੀ ਵਿਚ ਬਾਕੀ ਲੋਕਾਂ ਨਾਲੋਂ ਕਾਫੀ ਪਛੜ ਕੇ ਵੀ ਰਹਿ ਜਾਂਦਾ ਹੈ। ਇਹ ਵੀ ਸੱਚ ਹੈ ਕਿ ਲਗਪਗ ਹਰ ਮਨੁੱਖ ਤਣਾਅ, ਭੈਅ ਅਤੇ ਚਿੰਤਾ ਵਿਚ ਗ੍ਰਸਤ ਹੈ। ਅੱਜ ਮਨੁੱਖ ਨੇ ਸਮੱਸਿਆਵਾਂ ਨੂੰ ਏਨਾ ਵਧਾ ਲਿਆ ਹੈ ਕਿ ਉਹ ਮਾਨਸਿਕ ਰੋਗੀ ਬਣਦਾ ਜਾ ਰਿਹਾ ਹੈ। ਜਿਥੇ ਉਹ ਸਮੇਂ ਸਿਰ ਖਾਣਾ-ਪੀਣਾ ਭੁੱਲ ਗਿਆ ਹੈ, ਉਥੇ ਉਹ ਹੱਸਣਾ ਵੀ ਭੁੱਲਦਾ ਜਾ ਰਿਹਾ ਹੈ। ਸਿਆਣਿਆਂ ਦੀ ਉਪਰੋਕਤ ਸਲਾਹ 'ਤੇ ਅਮਲ ਕਰਨ ਨਾਲ ਅਜੋਕਾ ਮਨੁੱਖ ਕਾਫੀ ਹੱਦ ਤੱਕ ਰਾਹਤ ਪਾ ਸਕਦਾ ਹੈ।

-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

30/03/2017

ਸ਼ਲਾਘਾਯੋਗ ਉਪਰਾਲਾ

ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਦਾ ਨਵਾਂ ਸਿਲੇਬਸ ਲਾਗੂ ਕਰਨ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਚੰਨੀ ਸਾਹਿਬ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਸਮਾਜ ਦੇ ਨੌਜਵਾਨਾਂ ਦੀ ਮੁੱਖ ਸਮੱਸਿਆ ਬੇਰੁਜ਼ਗਾਰੀ ਨੂੰ ਸੁਲਝਾਉਣ ਵੱਲ ਧਿਆਨ ਦਿੱਤਾ ਹੈ। ਨਵੇਂ ਸਿਲੇਬਸ ਅਨੁਸਾਰ ਇਨ੍ਹਾਂ ਬਣ ਰਹੇ ਇੰਜੀਨੀਅਰ ਨੌਜਵਾਨਾਂ ਨੂੰ ਉਦਯੋਗਿਕ ਇਕਾਈਆਂ ਨਾਲ ਜੋੜ ਕੇ ਇਕਾਈਆਂ ਦੀ ਲੋੜ ਅਨੁਸਾਰ ਸਿਖਲਾਈ ਦੁਆ ਕੇ ਨੌਜਵਾਨਾਂ ਨੂੰ ਕਿੱਤੇ ਦੇ ਮਾਹਿਰ ਅਤੇ ਰੁਜ਼ਗਾਰ ਦੇ ਯੋਗ ਬਣਾ ਕੇ ਬੇਰੁਜ਼ਗਾਰੀ ਨੂੰ ਨੱਥ ਪਾਈ ਜਾ ਸਕੇਗੀ ਅਤੇ ਨੌਜਵਾਨ ਸਵੈ-ਰੁਜ਼ਗਾਰ ਲਈ ਵੀ ਉਤਸ਼ਾਹਿਤ ਹੋਣਗੇ।

-ਡਾ: ਚਮਨ ਲਾਲ ਸਚਦੇਵਾ
ਮੋਗਾ।

ਜਲੰਧਰ ਟੀ.ਵੀ. 'ਤੇ ਵੀ

ਅੱਜ ਪੰਜਾਬੀ ਗੀਤ-ਸੰਗੀਤ ਫੈਲ ਤਾਂ ਬਹੁਤ ਵੱਡੇ ਪੱਧਰ 'ਤੇ ਰਿਹਾ ਹੈ ਪਰ ਇਸ ਦਾ ਮਿਆਰ ਦਿਨ-ਬਦਿਨ ਡਿਗਦਾ ਜਾ ਰਿਹਾ ਹੈ। ਅੱਜ ਬਹੁਗਿਣਤੀ ਸੰਗੀਤਕ ਪੰਜਾਬੀ ਚੈਨਲ ਪੰਜਾਬੀ ਗਾਇਕੀ ਵਿਖਾ ਰਹੇ ਹਨ ਤੇ ਦਿਖਾਏ ਜਾਣ ਵਾਲੇ ਗੀਤ ਕਈ ਪਾਸਿਆਂ ਤੋਂ ਗ਼ਲਤ ਹੁੰਦੇ ਹਨ। ਇਸੇ ਦੇਖਾ-ਦੇਖੀ ਅਧੀਨ ਹੁਣ ਸਰਕਾਰੀ ਚੈਨਲ, ਜਲੰਧਰ ਟੀ.ਵੀ. ਵੀ ਆਪਣੇ ਸੰਗੀਤਕ ਪ੍ਰੋਗਰਾਮਾਂ ਵਿਚ ਅਸ਼ਲੀਲ ਗੀਤ ਪੇਸ਼ ਕਰਨ ਲੱਗ ਪਿਆ ਹੈ। ਬੀਤੇ ਦਿਨੀਂ ਇਸ ਚੈਨਲ 'ਤੇ ਗੀਤ ਚੱਲ ਰਿਹਾ ਸੀ 'ਨੀ ਤੂੰ ਦੇਸੀ ਦੇ ਡਰੰਮ ਵਰਗੀ, ਜੱਟ ਪੀ ਜਾਊ ਗਟ-ਗਟ ਕਰਕੇ'। ਹੁਣ ਦੱਸੋ ਇਹੋ ਜਿਹੇ ਗੀਤ ਧੱਕੇ ਨਾਲ ਵਿਖਾਉਣ ਦੀ ਕੀ ਤੁਕ ਬਣਦੀ ਹੈ। ਇਸ ਗੀਤ ਵਿਚ ਨਸ਼ਿਆਂ ਦਾ ਪ੍ਰਚਾਰ, ਔਰਤ ਦਾ ਗ਼ਲਤ ਰੂਪ, ਨੰਗੇਜ਼ ਆਦਿ ਸਭ ਕੁਝ ਰੱਜ ਕੇ ਦਿਖਾਇਆ ਗਿਆ ਹੈ। ਸਮਝ ਨਹੀਂ ਆ ਰਹੀ ਕਿ ਸਭ ਆਪਣੀ ਜ਼ਿੰਮੇਵਾਰੀ ਛੱਡ ਕੇ ਕੀ ਸੋਚ ਰਹੇ ਹਨ, ਜੋ ਉੱਚ ਅਹੁਦਿਆਂ 'ਤੇ ਬੈਠੇ ਹਨ। ਇਨ੍ਹਾਂ ਗ਼ਲਤ ਗੱਲਾਂ ਦਾ ਵੱਧ ਤੋਂ ਵੱਧ ਵਿਰੋਧ ਹੋਵੇ ਤਾਂ ਜੋ ਲੋਕ ਵੀ ਜਾਗਣ ਅਤੇ ਟੀ.ਵੀ. ਅਧਿਕਾਰੀ ਵੀ ਸੋਚਣ ਲਈ ਮਜਬੂਰ ਹੋਣ।

-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿਆਣਾ)।

ਅਕਸ਼ੈ ਕੁਮਾਰ ਵੱਲੋਂ ਆਰਥਿਕ ਮਦਦ

ਪਿਛਲੇ ਦਿਨੀਂ ਸਾਡੇ ਦੇਸ਼ ਦੇ ਛੱਤੀਸਗੜ੍ਹ ਸੂਬੇ ਦੇ ਸੁਕਮਾ ਜ਼ਿਲ੍ਹੇ 'ਚ ਨਕਸਲੀਆਂ ਨਾਲ 2 ਘੰਟੇ ਤੱਕ ਚੱਲੇ ਮੁਕਾਬਲੇ 'ਚ ਸੀ.ਆਰ.ਪੀ.ਐਫ. ਦੇ 12 ਜਵਾਨ ਸ਼ਹੀਦ ਹੋ ਗਏ ਸਨ। ਇਹ ਬੜੀ ਹੀ ਦੁੱਖਦਾਇਕ ਘਟਨਾ ਸੀ। ਇਸ ਦੁੱਖ ਦੀ ਘੜੀ 'ਚ ਸ਼ਹੀਦ ਪਰਿਵਾਰਾਂ ਦੇ ਆਰਥਿਕ ਸਹਾਰੇ ਲਈ ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਨੇ ਆਪਣੀ ਕਿਰਤ ਕਮਾਈ 'ਚੋਂ 9 ਲੱਖ ਪ੍ਰਤੀ ਪਰਿਵਾਰ ਦੇ ਹਿਸਾਬ ਨਾਲ 1 ਕਰੋੜ 8 ਲੱਖ ਰੁਪਏ ਮਦਦ ਦੇ ਰੂਪ 'ਚ ਦਿੱਤੇ ਹਨ। ਇਹ ਅਕਸ਼ੈ ਕੁਮਾਰ ਵੱਲੋਂ ਕੀਤਾ ਗਿਆ ਬੜਾ ਹੀ ਸ਼ਲਾਘਾਯੋਗ ਉਪਰਾਲਾ ਹੈ। ਪਰਮਾਤਮਾ ਅਕਸ਼ੈ ਕੁਮਾਰ ਤੇ ਉਸ ਦੇ ਪਰਿਵਾਰ ਨੂੰ ਸੁੱਖ-ਸਲਾਮਤੀ ਤੇ ਦਿਨ ਦੁੱਗਣੀ ਤੇ ਰਾਤ ਚੋਗੁਣੀ ਤਰੱਕੀ ਬਖਸ਼ੇ।

-ਰਾਜੇਸ਼ ਛਾਬੜਾ
ਪਿੰਡ ਤੇ ਡਾਕ: ਧਿਆਨਪੁਰ (ਬਟਾਲਾ)।

29/03/2017

 ਨਵੀਂ ਸਰਕਾਰ ਨਵੀਆਂ ਚੁਣੌਤੀਆਂ
ਲੰਮੇਰੀ ਤੇ ਅਕੇਵੇਂ ਭਰੀ ਚੋਣ ਪ੍ਰਕਿਰਿਆ ਤੋਂ ਬਾਅਦ ਆਖ਼ਰ ਕੈਪਟਨ ਸਰਕਾਰ ਨੇ ਸੂਬੇ ਦੀ ਵਾਗਡੋਰ ਸੰਭਾਲ ਕੇ ਨਵੇਂ ਸਿਰੇ ਤੋਂ ਵਿਧਾਨ ਪਾਲਿਕਾ ਦੇ ਫਰਜ਼ ਨਿਭਾਉਣੇ ਸ਼ੁਰੂ ਕਰ ਦਿੱਤੇ ਹਨ। ਸ਼ੁਰੂਆਤੀ ਦੌਰ ਵਿਚ ਕੁਝ ਚੰਗੇ ਫ਼ੈਸਲੇ ਲੈ ਕੇ ਹਾਕਮ ਧਿਰ ਨੇ ਲੋਕਾਂ ਵਿਚ ਆਪਣੀ ਭੱਲ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਤਾਂ ਜੋ ਲੋਕਾਈ ਨੂੰ ਬਦਲਾਅ ਦਾ ਅਹਿਸਾਸ ਕਰਾਇਆ ਜਾ ਸਕੇ। ਲੋਕ ਹਿੱਤ ਵਿਚ ਲਏ ਫ਼ੈਸਲਿਆਂ ਦੀ ਸ਼ਲਾਘਾ ਕਰਨੀ ਵੀ ਬਣਦੀ ਹੈ। ਪਰ ਤਾਜ ਪਹਿਨਦਿਆਂ ਹੀ ਹਜ਼ਾਰਾਂ ਹੋਰ ਚੁਣੌਤੀਆਂ ਵੀ ਸਰਕਾਰ ਦੇ ਸਵਾਗਤ ਲਈ ਤਿਆਰ-ਬਰ-ਤਿਆਰ ਖੜ੍ਹੀਆਂ ਹਨ। ਚਾਹੇ ਉਹ ਐਸ.ਵਾਈ.ਐਲ. ਦਾ ਮੁੱਦਾ ਹੋਵੇ ਜਾਂ ਨਸ਼ੇ ਦੇ ਸਮਗਲਰਾਂ ਅਤੇ ਮਾਫ਼ੀਆ ਰਾਜ ਦੀ ਗੁੰਡਾਗਰਦੀ ਦਾ ਮੁੱਦਾ। ਡੂੰਘੀ ਦਲਦਲ ਵਿਚ ਧਸੀ ਹੋਈ ਅਮਨ-ਕਾਨੂੰਨ ਦੀ ਗੱਡੀ ਨੂੰ ਵੀ ਰਾਹ 'ਤੇ ਤੋਰਨਾ ਹੈ ਤੇ ਮੁਲਾਜ਼ਮ ਵਰਗ ਦੀਆਂ ਆਸਾਂ ਨੂੰ ਵੀ ਬੂਰ ਪਾਉਣਾ ਕਾਂਗਰਸ ਦੇ ਚੋਣ ਮੈਨੀਫੈਸਟੋ ਦਾ ਹਿੱਸਾ ਹੈ। ਕੁੱਲ ਮਿਲਾ ਕੇ ਲੋਕਾਂ ਨੂੰ ਭਵਿੱਖ ਦੀ ਪੌੜੀ ਦੇ ਉਸ ਸਿਰੇ ਤੱਕ ਅਪੜਾਉਣ ਦਾ ਵਾਅਦਾ ਕੀਤਾ ਗਿਆ ਹੈ ਜਿਥੋਂ ਇਕ ਖੁਸ਼ਹਾਲ ਤੇ ਚੰਗੇਰੇ ਭਵਿੱਖ ਦੀ ਫੁਟਦੀ ਲੋਅ ਦਾ ਚਾਨਣ ਦਿਸਦਾ ਹੋਵੇ ਤੇ ਇਸੇ ਪੌੜੀ ਦੇ ਡੰਡੇ ਚੜ੍ਹ ਕੇ ਹੀ ਕਾਂਗਰਸ ਨੇ ਵੀ ਪੂਰੇ 10 ਸਾਲ ਬਾਅਦ ਸਫਲਤਾ ਦਾ ਅਨੰਦ ਮਾਣਿਆ। ਲੋਕਾਂ ਨੇ ਵੀ ਆਪਣੇ ਵੱਲੋਂ ਸਾਰੀ ਘਾਟ ਦੂਰ ਕਰਦਿਆਂ ਆਸ ਤੋਂ ਵੱਧ ਸਫਲਤਾ ਨਾਲ ਸਾਥ ਦਿੱਤਾ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਕਾਗਜ਼ਾਂ ਦੀ ਹਿੱਕ 'ਤੇ ਲਕੀਰਾਂ ਖਿੱਚ ਕੇ ਦਿਖਾਏ ਸੁਪਨੇ ਜ਼ਮੀਨੀ ਸਤਹ 'ਤੇ ਕਿੰਨੀ ਡੂੰਘਾਈ ਨਾਲ ਪੁੰਗਰਦੇ ਹਨ ਜਾਂ ਫਿਰ ਹਮੇਸ਼ਾ ਵਾਂਗ ਪਾਰਟੀਆਂ ਵੱਲੋਂ ਵਾਅਦੇ ਵਫ਼ਾ ਨਾ ਕਰਨ ਦੀ ਰੀਤ ਹੀ ਭਾਰੂ ਰਹੇਗੀ।


-ਬਲਜਿੰਦਰ ਸਿੰਘ ਸਮਾਘ
ਸ੍ਰੀ ਮੁਕਤਸਰ ਸਾਹਿਬ।


ਕਿਵੇਂ ਰੁਕਣ ਖ਼ੁਦਕੁਸ਼ੀਆਂ

ਅੱਜਕਲ੍ਹ ਪੰਜਾਬ ਵਿਚ ਜਿਥੇ ਕਿਸਾਨ ਖ਼ੁਦਕੁਸ਼ੀਆਂ ਦਾ ਰੁਝਾਨ ਦਿਨੋ-ਦਿਨ ਵਧ ਰਿਹਾ ਹੈ, ਉਥੇ ਹੀ ਪੰਜਾਬੀ ਪਰਿਵਾਰਾਂ ਵਿਚ ਆਪਣੇ ਪਰਿਵਾਰਕ ਝਗੜਿਆਂ ਵਿਚ ਅਣਭੋਲ ਤੇ ਬੇਕਸੂਰ ਬੱਚੇ ਵੀ ਬਲੀ ਦਾ ਬੱਕਰਾ ਬਣ ਰਹੇ ਹਨ। ਕਈ ਪਰਿਵਾਰ ਆਪਣੇ ਨੰਨ੍ਹੇ ਬੱਚੇ-ਬੱਚੀਆਂ ਸਮੇਤ ਨਹਿਰਾਂ ਦੀ ਭੇਟ ਚੜ੍ਹ ਰਹੇ ਹਨ, ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਹਰ ਦੰਪਤੀ ਨੂੰ ਦ੍ਰਿੜ੍ਹ ਇਰਾਦੇ ਨਾਲ ਔਖੇ ਤੋਂ ਔਖੇ ਸਮਾਜਿਕ ਤੇ ਆਰਥਿਕ ਹਾਲਾਤ ਨਾਲ ਨਜਿੱਠਣਾ ਆਉਣਾ ਚਾਹੀਦਾ ਹੈ। ਹਰ ਮਸਲੇ ਦਾ ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਆਉਂਦਾ ਹੈ। ਖ਼ੁਦਕੁਸ਼ੀ ਕਿਸੇ ਮਸਲੇ ਦਾ ਹੱਲ ਨਹੀਂ। ਜ਼ਿੰਦਗੀ ਅਨਮੋਲ ਹੈ। ਹਰ ਪਰਿਵਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਖਰਚਿਆਂ ਨੂੰ ਆਪਣੀ ਆਮਦਨ ਦੇ ਅੰਦਰ ਹੀ ਰੱਖੇ। ਆਮਦਨ ਨਾਲੋਂ ਵਧਿਆ ਖਰਚ ਕਈ ਪ੍ਰੇਸ਼ਾਨੀਆਂ ਪੈਦਾ ਕਰ ਜਾਂਦਾ ਹੈ।


-ਮਾਸਟਰ ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ, ਘੁਮਾਣ, ਗੁਰਦਾਸਪੁਰ।


ਖੂੰਖਾਰ ਕੁੱਤੇ ਤੇ ਭੈਭੀਤ ਸਮਾਜ

ਪੰਜਾਬ ਦੇ ਪਿੰਡਾਂ ਵਿਚ ਦਗੜ-ਦਗੜ ਕਰਦੇ ਕੁੱਤਿਆਂ ਦੇ ਝੁੰਡਾਂ ਤੋਂ ਸਮਾਜ ਕਿਸ ਤਰ੍ਹਾਂ ਭੈਅ-ਭੀਤ ਹੋ ਕੇ ਜ਼ਿੰਦਗੀ ਬਸਰ ਕਰ ਰਿਹਾ ਹੈ, ਇਹ ਲਿਖਣ ਤੇ ਦੱਸਣ ਤੋਂ ਬਾਹਰੀ ਗੱਲ ਹੈ। ਜਦੋਂ ਅਖ਼ਬਾਰਾਂ ਵਿਚ ਕੁੱਤਿਆਂ ਵੱਲੋਂ ਮਚਾਈ ਬਰਬਾਦੀ ਦੀ ਕਹਾਣੀ ਪੜ੍ਹਨ ਨੂੰ ਮਿਲਦੀ ਹੈ ਤਾਂ ਦਿਲ ਦਹਿਲ ਜਾਂਦਾ ਹੈ ਕਿਉਂਕਿ ਹੱਡਾ ਰੋੜੀਆਂ ਪਿੰਡਾਂ ਦੇ ਲਾਗੇ ਤੇ ਸੜਕਾਂ ਦੇ ਉੱਪਰ ਬਣੀਆਂ ਹੋਈਆਂ ਹਨ। ਉਹ ਕੁੱਤੇ ਪਸ਼ੂਆਂ ਦਾ ਮਾਸ ਖਾ ਕੇ ਮਾਸਖੋਰ ਕੁੱਤੇ ਬਣ ਜਾਂਦੇ ਹਨ। ਫਿਰ ਉਹ ਪਿੰਡਾਂ ਵਿਚ 'ਕੱਲੇ ਇਕਹਿਰੇ ਬੰਦੇ 'ਤੇ ਜਾਂ ਫਿਰ ਬੱਚਿਆਂ 'ਤੇ ਹਮਲਾ ਕਰਕੇ ਕੋਹਰਾਮ ਮਚਾਉਂਦੇ ਹਨ। ਸਰਕਾਰ ਨੂੰ ਇਨ੍ਹਾਂ 'ਤੇ ਗੰਭੀਰਤਾ ਨਾਲ ਵਿਚਾਰਨਾ ਚਾਹੀਦਾ ਹੈ। ਇਹੋ ਜਿਹਾ ਕਾਨੂੰਨ ਬਣਾਉਣਾ ਚਾਹੀਦਾ ਹੈ ਜਿਸ ਨਾਲ ਸਮਾਜ ਵਿਚ ਭੈਅ-ਭੀਤ ਦਾ ਮਾਹੌਲ ਹਟਾਇਆ ਜਾ ਸਕੇ। ਕਈ ਵਾਰ ਸੜਕਾਂ 'ਤੇ ਹੁੰਦੇ ਐਕਸੀਡੈਂਟ ਵੀ ਕੁੱਤਿਆਂ ਦੇ ਤਾਂਡਵ ਨਾਚ ਦਾ ਹੀ ਹਿੱਸਾ ਬਣਦੇ ਹਨ। ਸਰਕਾਰ ਨੂੰ ਇਸ ਪਾਸੇ ਵੱਲ ਧਿਆਨ ਦੇ ਕੇ ਕਾਨੂੰਨ ਬਣਾਉਣ ਦੀ ਲੋੜ ਹੈ।


-ਮਨਜੀਤ ਸਿੰਘ ਭਾਮ।

28/03/2017

 ਜੱਟ ਦੀ ਜੂਨ ਬੁਰੀ

ਪਿਛਲੇ ਦਿਨੀਂ ਡਾ: ਸ. ਸ. ਛੀਨਾ ਦਾ ਲੇਖ 'ਇਕ ਗੰਭੀਰ ਕੌਮੀ ਮੁੱਦਾ ਹਨ ਕਿਸਾਨ ਖ਼ੁਦਕੁਸ਼ੀਆਂ' ਸੁੱਤੀਆਂ ਸਰਕਾਰਾਂ ਨੂੰ ਜਗਾਉਣ ਵਾਲਾ ਸੀ। ਅੰਗਰੇਜ਼ ਸਰਕਾਰ ਵੇਲੇ ਜੇ ਕੋਈ ਕਿਸਾਨ ਖ਼ੁਦਕੁਸ਼ੀ ਕਰਦਾ ਸੀ ਤਾਂ ਸਰਕਾਰ ਉਸ ਦੇ ਪਰਿਵਾਰ ਖਿਲਾਫ਼ ਕੇਸ ਦਰਜ ਕਰਦੀ ਸੀ, ਜਿਸ ਦਾ ਨਤੀਜਾ ਇਹ ਹੋਇਆ ਕਿ ਕੋਈ ਹਿੰਮਤ ਨਹੀਂ ਕਰਦਾ ਸੀ ਖ਼ੁਦਕੁਸ਼ੀ ਕਰਨ ਦੀ। ਇਸ ਦੇ ਉਲਟ ਪਿਛਲੀ ਅਕਾਲੀ-ਭਾਜਪਾ ਸਰਕਾਰ, ਜੋ ਕਿਸਾਨਾਂ ਦੀ ਸਰਕਾਰ ਅਖਵਾਉਂਦੀ ਰਹੀ ਹੈ, ਵਿਚ ਸਭ ਤੋਂ ਵੱਧ ਕਿਸਾਨੀ ਖ਼ੁਦਕੁਸ਼ੀਆਂ ਹੋਈਆਂ ਹਨ। ਬਿਜਲੀ, ਪਾਣੀ ਬਿੱਲ ਮੁਆਫ਼ ਹੋਣ ਦੇ ਬਾਵਜੂਦ ਕਿਸਾਨਾਂ ਨੇ ਖ਼ੁਦਕੁਸ਼ੀ ਦਾ ਰਾਹ ਚੁਣਿਆ। ਖ਼ੁਦਕੁਸ਼ੀਆਂ ਦਾ ਮੁੱਖ ਕਾਰਨ ਕਰਜ਼ਾ ਹੈ, ਜੋ ਵਧਦਾ ਤਾਂ ਗਿਆ ਪਰ ਵਾਪਸ ਨਹੀਂ ਹੋਇਆ। ਦੂਜਾ ਕਾਰਨ ਆੜ੍ਹਤੀਆਂ ਦਾ ਬੈਂਕਾਂ ਨਾਲੋਂ ਵਧੇਰੇ ਵਿਆਜ ਹੈ। ਪਿੰਡਾਂ ਵਿਚ ਬੇਰੁਜ਼ਗਾਰੀ, ਫ਼ਸਲਾਂ ਦਾ ਸਹੀ ਮੁੱਲ ਨਾ ਮਿਲਣਾ, ਡੇਅਰੀ ਧੰਦਾ ਵੀ ਦਮ ਤੋੜਦਾ ਨਜ਼ਰ ਆ ਰਿਹਾ ਹੈ। ਹੁਣ ਤਾਂ ਕਾਂਗਰਸ ਰਾਜ ਆ ਗਿਆ ਹੈ। ਸਵਾਮੀਨਾਥਨ ਰਿਪੋਰਟ ਲਾਗੂ ਕਰਵਾਉਣ ਲਈ ਪਹਿਲ ਕਰਨੀ ਚਾਹੀਦੀ ਹੈ। 'ਜੱਟ ਦੀ ਜੂਨ ਬੁਰੀ ਤੜਫ-ਤੜਫ਼ ਮਰ ਜਾਣਾ' ਸਹੀ ਤੱਥ ਹਨ।

-ਹਰਜਿੰਦਰ ਪਾਲ ਸਿੰਘ
ਜਵੱਦੀ ਕਲਾਂ, ਲੁਧਿਆਣਾ।

ਫੀਸਾਂ ਵਿਚ ਬੇਲੋੜਾ ਵਾਧਾ

ਪਿਛਲੇ ਦਿਨੀਂ ਅਖ਼ਬਾਰਾਂ ਰਾਹੀਂ ਹੀ ਪਤਾ ਲੱਗਾ ਕਿ ਸੈਂਟਰਲ ਮੋਟਰ ਵਹੀਕਲ ਐਕਟ ਤਹਿਤ ਅਲੱਗ-ਅਲੱਗ ਕੰਮਾਂ ਲਈ ਵਿਭਾਗ ਵੱਲੋਂ ਜੋ ਸਰਕਾਰੀ ਫੀਸਾਂ ਲਈਆਂ ਜਾ ਰਹੀਆਂ ਸਨ, ਉਨ੍ਹਾਂ ਵਿਚ ਚੁੱਪ-ਚੁਪੀਤੇ ਹੀ ਢੇਰ ਸਾਰਾ ਵਾਧਾ ਕਰ ਦਿੱਤਾ ਗਿਆ ਹੈ। ਕਈ ਫੀਸਾਂ ਵਿਚ ਤਾਂ ਨਾਜਾਇਜ਼ ਹੀ ਪੰਜ ਗੁਣਾਂ ਤੱਕ ਵਾਧਾ ਕਰ ਦਿੱਤਾ ਹੈ, ਜੋ ਕਿ ਕਿਸੇ ਪਾਸਿਉਂ ਵੀ ਸਹੀ ਨਹੀਂ ਹੈ ਤੇ ਆਮ ਜਨਤਾ ਵਿਚ ਇਨ੍ਹਾਂ ਵਧਾਈਆਂ ਫੀਸਾਂ ਦਾ ਰੋਸ ਵੀ ਹੈ। ਅੱਜ ਆਵਾਜਾਈ ਦੇ ਕੰਮ ਲਈ ਵੱਡੇ ਤੇ ਛੋਟੇ ਵਾਹਨਾਂ ਦੀ ਭਾਰੀ ਲੋੜ ਹੈ, ਇਨ੍ਹਾਂ ਬਿਨਾਂ ਕੰਮ ਨਹੀਂ ਚਲਦਾ, ਇਸ ਤਰ੍ਹਾਂ ਵਧਾਈਆਂ ਫੀਸਾਂ ਕਾਰਨ ਹਰ ਪਾਸੇ ਮਹਿੰਗਾਈ ਦਾ ਅਸਰ ਵੀ ਪੈਣਾ ਲਾਜ਼ਮੀ ਹੈ। ਹਾਲੇ ਤੱਕ ਨੋਟਬੰਦੀ ਵਾਲਾ ਮਸਲਾ ਪੂਰੀ ਤਰ੍ਹਾਂ ਸਹੀ ਨਹੀਂ ਹੋ ਸਕਿਆ ਤੇ ਲੋਕਾਂ ਦੇ ਕੰਮਕਾਰ ਵੀ ਠੱਪ ਜਿਹੇ ਹੀ ਹਨ, ਉੱਪਰੋਂ ਟਰਾਂਸਪੋਰਟ ਵਿਭਾਗ ਨੇ ਸਰਕਾਰੀ ਫੀਸਾਂ ਵਿਚ ਵੱਡਾ ਵਾਧਾ ਕਰਕੇ ਲੋਕਾਂ ਦੀ ਜੇਬ ਨੂੰ ਤੰਗ ਕਰ ਦਿੱਤਾ ਹੈ। ਹਾਂ ਜੇ ਕੋਈ ਫੀਸ ਆਦਿ ਵਧਾਉਣੀ ਪਵੇ ਤਾਂ ਲੋਕ ਰਾਇ ਨਾਲ ਵਧਾਉਣੀ ਚਾਹੀਦੀ ਹੈ, ਉਹ ਵੀ ਕਿਸੇ ਹਿਸਾਬ-ਕਿਤਾਬ ਨਾਲ ਨਾ ਕਿ ਕਈ ਗੁਣਾਂ ਵਧਾਈ ਜਾਵੇ। ਸਰਕਾਰ ਨੂੰ ਲੋਕ ਸਹੂਲਤਾਂ ਦਾ ਵੀ ਧਿਆਨ ਰੱਖਣਾ ਪਵੇਗਾ।

-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ, ਲੁਧਿਆਣਾ।

ਜੀਵਨੀਆਂ ਪੜ੍ਹਨਾ

ਮਹਾਨ ਪੁਰਸ਼ਾਂ ਦੀਆਂ ਜੀਵਨੀਆਂ ਪੜ੍ਹਨਾ, ਉਨ੍ਹਾਂ ਨਾਲ ਗੱਲਾਂ ਕਰਨ ਦੇ ਬਰਾਬਰ ਹੁੰਦਾ ਹੈ। ਪ੍ਰਸਿੱਧ ਵਿਗਿਆਨੀ, ਉਘੇ ਖਿਡਾਰੀ, ਮਹਾਨ ਚਿੱਤਰਕਾਰ ਤੇ ਸਾਹਿਤਕਾਰ ਬੜੀ ਮਿਹਨਤ ਤੇ ਲਗਨ ਸਦਕਾ ਹੀ ਮਹਾਨ ਬਣੇ ਸਨ। ਜ਼ਿੰਦਗੀ ਵਿਚ ਆਈਆਂ ਅਨੇਕਾਂ ਅਸਫ਼ਲਤਾਵਾਂ ਦਾ ਸਾਹਮਣਾ ਕਰਦੇ ਹੋਏ ਇਨ੍ਹਾਂ ਮਹਾਨ ਪੁਰਸ਼ਾਂ ਨੇ ਕਦੇ ਹਿੰਮਤ ਨਹੀਂ ਹਾਰੀ ਤੇ ਦੁਨੀਆ 'ਤੇ ਆਪਣਾ ਨਾਂਅ ਚਮਕਾਇਆ। ਪ੍ਰਸਿੱਧ ਵਿਅਕਤੀਆਂ ਦੀਆਂ ਜੀਵਨੀਆਂ ਤੇ ਕਿਤਾਬਾਂ ਪੜ੍ਹਨਾ ਸ਼ਹੀਦ ਭਗਤ ਸਿੰਘ ਦਾ ਸ਼ੌਕ ਸੀ। ਭਗਤ ਸਿੰਘ ਫਾਂਸੀ 'ਤੇ ਚੜ੍ਹਨ ਤੋਂ ਕੁਝ ਸਮਾਂ ਪਹਿਲਾਂ ਵੀ ਲੈਨਿਨ ਦੀ ਜੀਵਨੀ ਪੜ੍ਹ ਰਿਹਾ ਸੀ। ਆਓ! ਆਪਣੇ ਬੱਚਿਆਂ ਵਿਚ ਪੁਸਤਕਾਂ ਪੜ੍ਹਨ ਦਾ ਸ਼ੌਕ ਪੈਦਾ ਕਰੀਏ ਤੇ ਉਨ੍ਹਾਂ ਦੇ ਜਨਮ ਦਿਨ 'ਤੇ ਪੁਸਤਕਾਂ ਤੋਹਫ਼ੇ ਵਜੋਂ ਭੇਟ ਕਰੀਏ। ਮਹਾਨ ਲੋਕਾਂ ਦੀਆਂ ਜੀਵਨੀਆਂ ਸਾਨੂੰ ਜੀਵਨ-ਜਾਚ ਸਿਖਾਉਂਦੀਆਂ ਹਨ। ਆਓ! ਇਨ੍ਹਾਂ ਵਿਚੋਂ ਗਿਆਨ ਸੰਗ੍ਰਹਿਤ ਕਰਕੇ ਅਸੀਂ ਵੀ ਆਪਣੇ ਦੇਸ਼ ਦੀ ਤਰੱਕੀ ਵਿਚ ਯੋਗਤਾਨ ਪਾਈਏ.

-ਸ਼ਮਸ਼ੇਰ ਸਿੰਘ ਸੋਹੀ
ਮੋ : 98764-74671.

27/03/2017

 ਭੁੱਖੇ ਕੁੱਤੇ ਖਾਂਦੇ ਬੰਦੇ
ਪਿਛਲੇ ਦਿਨੀਂ ਇਕ ਅਤਿ ਦੁਖਦਾਈ ਖ਼ਬਰ ਸੀ ਕਿ ਪਿੰਡ ਕੈਰੋਂਵਾਲ ਦੇ ਨੇੜੇ ਭੁੱਖੇ ਕੁੱਤਿਆਂ ਦੇ ਇਕ ਹਜੂਮ ਨੇ ਇਕ ਸਾਢੇ ਚਾਰ ਸਾਲਾ ਮਾਸੂਮ ਬੱਚੇ ਨੂੰ ਨੋਚ-ਨੋਚ ਕੇ ਖਾਧਾ ਹੈ। ਦੇਸ਼ ਵਿਚ ਲੋੜੋਂ ਵੱਧ, ਵਧੀ ਆਬਾਦੀ ਵਾਂਗ ਪੂਰੇ ਪੰਜਾਬ ਵਿਚ ਕੁੱਤਿਆਂ ਦੀ ਗਿਣਤੀ ਵਿਚ ਭਿਆਨਕ ਵਾਧਾ ਹੋਇਆ ਹੈ। ਕੁੱਤਿਆਂ ਦੀ ਗਿਣਤੀ ਘਟਾਉਣ ਲਈ ਇਨ੍ਹਾਂ ਨੂੰ ਲੋੜੀਂਦੇ ਟੀਕੇ ਵੱਡੀ ਪੱਧਰ ਉਤੇ ਲਗਾਉਣ ਲਈ ਸਰਕਾਰ ਨੂੰ ਫੌਰਨ ਹੀ ਮੈਦਾਨ ਵਿਚ ਨਿਤਰ ਪੈਣਾ ਜ਼ਰੂਰੀ ਹੈ। ਮੈਂ ਸਮਝਦਾ ਹਾਂ ਕਿ ਪਿੰਡ ਦੇ ਬੱਚੇ ਦੀ ਮੌਤ ਦਾ ਦੁੱਖ, ਸਰਕਾਰ ਨੂੰ ਆਪਣਾ ਦੁੱਖ ਸਮਝਣਾ ਚਾਹੀਦਾ ਹੈ ਅਤੇ ਮਾਪਿਆਂ ਦੀ ਉਚਿਤ ਸਹਾਇਤਾ ਕਰਨੀ ਚਾਹੀਦੀ ਹੈ। ਦੂਸਰੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਰੋਜ਼ਾਨਾ ਹੀ ਭੁੱਖੇ ਕੁੱਤਿਆਂ ਨੂੰ ਰੋਟੀ ਪਾਉਣੀ ਚਾਹੀਦੀ ਹੈ ਤਾਂ ਕਿ ਉਹ ਭੁੱਖੇ ਪੇਟ ਕਿਸੇ ਇਨਸਾਨ ਉਤੇ ਹਮਲਾ ਨਾ ਕਰਨ। ਸਰਕਾਰ ਅਤੇ ਪੰਚਾਇਤਾਂ ਨੂੰ ਇਸ ਪਾਸੇ ਵੱਲ ਉਚਿਤ ਧਿਆਨ ਦੀ ਲੋੜ ਹੈ ਤਾਂ ਜੋ ਕਿਸੇ ਮਾਸੂਮ ਦੀ ਜਾਨ ਨਾ ਜਾ ਸਕੇ।

-ਇੰਜ: ਕੁਲਦੀਪ ਸਿੰਘ ਲੁੱਧਰ
ਅੰਮ੍ਰਿਤਸਰ।

ਲਾਵਾਰਿਸ ਬੱਚੀ ਕਿਸ ਦੀ ਹੈ?
ਅਸੀਂ ਹਰ ਰੋਜ਼ ਅਖ਼ਬਾਰਾਂ 'ਚ ਖ਼ਬਰਾਂ ਪੜ੍ਹਦੇ ਹਾਂ, ਟੀ. ਵੀ. 'ਤੇ ਖ਼ਬਰਾਂ ਸੁਣਦੇ ਹਾਂ ਕਿ ਇਹ ਲਵਾਰਿਸ ਬੱਚੀ ਕਿਸ ਦੀ ਹੈ? ਜਦੋਂ ਇਹ ਸੁਣਦੇ ਹਾਂ ਦਿਲ ਵਿਚੋਂ ਇਕ ਚੀਸ ਜਿਹੀ ਨਿਕਲਦੀ ਹੈ। ਹਿਰਦਾ ਕੰਬ ਜਾਂਦਾ ਹੈ, ਇਹ ਖ਼ਬਰ ਸੁਣ ਕੇ ਪਰ ਉਹ ਮਾਪੇ ਕਿੰਨੇ ਨਿਰਦਈ ਹਨ ਜਿਹੜੇ ਆਪਣੇ ਜਿਗਰ ਦੇ ਟੁਕੜੇ ਨੂੰ ਨਾਲੋਂ ਲਾਹ ਕੇ ਸੁੱਟ ਦਿੰਦੇ ਨੇ ਰੂੜੀਆਂ 'ਤੇ ਰੁਲਣ ਲਈ। ਕੜਾਕੇ ਦੀ ਠੰਢ 'ਚ ਠਰਨ ਲਈ, ਮਰਨ ਲਈ। ਇਕ ਨੰਨ੍ਹੀ ਜਾਨ ਨੂੰ ਕੀ ਪਤਾ ਕਿ ਉਸ ਦਾ ਏਨਾ ਹੀ ਕਸੂਰ ਹੈ ਕਿ ਉਹ ਇਕ ਲੜਕੀ ਹੈ। ਕਈ ਥਾਈਂ ਇਹ ਬੱਚੀਆਂ ਝਾੜੀਆਂ ਵਿਚ ਕੁੱਤਿਆਂ ਆਦਿ ਦਾ ਖਾਜਾ ਬਣੀਆਂ ਹਨ। ਕੀ ਅਸੀਂ ਅਨਪੜ੍ਹ ਹਾਂ, ਗੁਆਰ ਹਾਂ। ਜੰਮਣ ਤੋਂ ਪਹਿਲਾਂ ਧੀ ਨੂੰ ਮਾਰਨਾ ਬਹੁਤ ਵੱਡਾ ਪਾਪ ਹੈ। ਅਸੀਂ ਬਹੁਤ ਨਾਅਰੇ ਲਗਾ ਰਹੇ ਹਾਂ 'ਬੇਟੀ ਬਚਾਓ, ਬੇਟੀ ਪੜ੍ਹਾਓ।' ਕਿੰਨਾ ਕੁ ਅਸਰ ਹੋਇਆ ਇਨ੍ਹਾਂ ਦਾ। ਮੁੰਡਾ ਹੋਵੇ ਜਾਂ ਕੁੜੀ, ਇਹ ਕੁਦਰਤ ਦਾ ਨਿਯਮ ਹੈ ਅਤੇ ਇਸ ਨਿਯਮ ਨੂੰ ਬਣਾਈ ਰੱਖਣਾ ਹੀ ਸਾਡੇ ਸਾਰਿਆਂ ਲਈ ਸਹੀ ਹੈ। ਜੇਕਰ ਧੀਆਂ ਮਾਰ ਮੁਕਾਵਾਂਗੇ ਤਾਂ ਨੂੰਹਾਂ ਕਿਥੋਂ ਲਿਆਵਾਂਗੇ।

-ਤਿਲਕ ਰਾਜ ਰਾਜੂ
ਮੋਬਾਈਲ : 93560-42793
.

ਸੱਚ ਕੀ ਹੈ?
ਹੁਣ ਵਿਧਾਨ ਸਭਾ ਚੋਣਾਂ 'ਚ ਕਈ ਹਾਰਨ ਵਾਲੀਆਂ ਰਾਜਨੀਤਕ ਪਾਰਟੀਆਂ ਦੇ ਲੀਡਰਾਂ ਦੁਆਰਾ ਈ.ਵੀ.ਐੱਮ ਮਸ਼ੀਨਾਂ ਤੇ ਵੋਟਾਂ 'ਚ ਗੜਬੜੀ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਭਾਵੇਂ ਕਿ ਇਹ ਗੱਲ ਸ਼ੋਭਦੀ ਨਹੀਂ ਕਿਉਂਕਿ ਈ.ਵੀ.ਐੱਮ ਮਸ਼ੀਨਾਂ ਰਾਹੀਂ ਅਜਿਹਾ ਨਹੀਂ ਹੋ ਸਕਦਾ। ਚੋਣ ਕਮਿਸ਼ਨ ਵੱਲੋਂ ਪੂਰੀ ਸਖ਼ਤੀ ਕੀਤੀ ਹੁੰਦੀ ਹੈ ਪਰ ਆਮ ਆਦਮੀ ਪਾਰਟੀ ਵੱਲੋਂ ਕਈ ਥਾਂਵਾਂ 'ਤੇ ਪੂਰੇ ਸਬੂਤਾਂ ਦੇ ਆਧਾਰ 'ਤੇ ਆਪਣੇ ਵਲੰਟੀਅਰਾਂ ਦੀਆਂ ਵੋਟਾਂ ਘੱਟ ਭੁਗਤਣ ਦੀਆਂ ਗੱਲਾਂ ਆਖੀਆਂ ਜਾ ਰਹੀਆਂ ਹਨ। ਕਿਉਂਕਿ ਉਨ੍ਹਾਂ ਦੇ ਵਲੰਟੀਅਰਾਂ ਦੀ ਗਿਣਤੀ ਜ਼ਿਆਦਾ ਹੈ ਪਰ ਵੋਟਾਂ ਬੂਥ ਤੋਂ ਗਿਣਤੀ ਮੌਕੇ ਘੱਟ ਨਿਕਲਦੀਆਂ ਹਨ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਵਿਚ ਵੀ ਅਜਿਹੇ ਦੋਸ਼ ਲਗਾਏ ਜਾ ਰਹੇ ਹਨ। ਸ੍ਰੀ ਅਰਵਿੰਦ ਕੇਜਰੀਵਾਲ ਨੇ ਮਹਾਰਾਸ਼ਟਰ ਤੋਂ ਇਕ ਉਮੀਦਵਾਰ ਦੀ ਉਦਾਹਰਨ ਦਿੱਤੀ ਹੈ ਜਿੱਥੇ ਉਸ ਉਮੀਦਵਾਰ ਨੇ ਖੁਦ ਨੂੰ ਵੋਟ ਪਾਈ ਉਥੇ ਉਸ ਉਮੀਦਵਾਰ ਦੇ ਹੱਕ ਵਿਚ ਕੋਈ ਵੋਟ ਨਹੀਂ ਨਿਕਲਿਆ। ਅਜਿਹੇ ਮਾਮਲੇ ਜੇਕਰ ਸੱਚ ਹੁੰਦੇ ਹਨ ਤਾਂ ਫਿਰ ਲੋਕਾਂ ਦਾ ਲੋਕਤੰਤਰ ਬਿਨਾਂ ਕਿਸੇ ਸ਼ੱਕ ਦੇ ਸੱਚਮੁੱਚ ਹੀ ਖ਼ਤਰੇ ਵਿਚ ਹੈ। ਅਜਿਹੇ ਹਾਲਾਤ ਮੌਕੇ ਚੋਣ ਕਮਿਸ਼ਨ ਨੂੰ ਸਾਰਾ ਸੱਚ ਜਨਤਾ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ ਤਾਂ ਕਿ ਲੋਕਾਂ ਦਾ ਈ.ਵੀ.ਐੱਮ ਮਸ਼ੀਨਾਂ ਤੋਂ ਵਿਸ਼ਵਾਸ ਭੰਗ ਨਾ ਹੋਵੇ।

-ਸੁਖਰਾਜ ਚਹਿਲ ਧਨੌਲਾ
-ਮੋਬਾਈਲ : 97810-48055.

23/03/2017

 ਵਧਦੀ ਅਸਹਿਣਸ਼ੀਲਤਾ
ਪਿਛਲੇ ਦਿਨੀਂ ਦੇ ਐਤਵਾਰ ਦੇ ਅੰਕ ਵਿਚ ਸੰਪਾਦਕੀ ਸਫ਼ੇ 'ਤੇ ਕਿਛੁ ਸੁਣੀਐ ਕਿਛੁ ਕਹੀਐ ਕਾਲਮ ਅਧੀਨ ਉੱਘੇ ਚਿੰਤਕ ਸਤਨਾਮ ਸਿੰਘ ਮਾਣਕ ਦਾ ਲੇਖ 'ਦੇਸ਼ ਲਈ ਵੱਡੀ ਚੁਣੌਤੀ ਬਣ ਸਕਦੀ ਹੈ ਵਧਦੀ ਹੋਈ ਅਸਹਿਣਸ਼ੀਲਤਾ' ਪੜ੍ਹਿਆ। ਲੇਖਕ ਨੇ ਬਾਖੂਬੀ ਕੇਂਦਰ ਵਿਚ ਸੱਤਾਧਾਰੀ ਸਿਆਸੀ ਪਾਰਟੀ ਦਾ ਇਕਪਾਸੜ ਸੋਚ ਦਾ ਕੱਚਾ ਚਿੱਠਾ ਬਿਆਨ ਕੀਤਾ। ਲੇਖ ਨੂੰ ਪੜ੍ਹ ਕੇ ਮਹਿਸੂਸ ਹੋਇਆ ਕਿ ਭਾਜਪਾ ਦੇਸ਼ ਦੇ ਧਰਮ-ਨਿਰਪੱਖ ਖਾਸੇ ਨੂੰ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਮੰਨਣ ਲਈ ਤਿਆਰ ਨਹੀਂ ਹੈ। ਸੱਚਮੁੱਚ ਭਾਜਪਾ ਮੁੜ ਉਹੀ ਖੇਡ ਖੇਡਣ ਜਾ ਰਹੀ ਹੈ, ਜੋ ਕਾਂਗਰਸ ਨੇ ਘੱਟ-ਗਿਣਤੀ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਖੇਡੀ ਸੀ। ਕਿਸੇ ਨਿਰਪੱਖ ਵਿਅਕਤੀ ਦੇ ਬੌਧਿਕ ਪੱਧਰ 'ਚੋਂ ਨਿਕਲੀ ਵਿਚਾਰਧਾਰਾ ਪ੍ਰਤੀ ਜੋ ਅਸਹਿਣਸ਼ੀਲਤਾ ਦੇਖਣ ਨੂੰ ਮਿਲਦੀ ਹੈ, ਸਾਰੇ ਭਾਰਤ ਵਾਸੀਆਂ ਲਈ ਸ਼ਰਮ ਦੀ ਗੱਲ ਹੈ ਕਿ ਅਸੀਂ ਧਰਮ-ਨਿਰਪੱਖ ਰਾਸ਼ਟਰ ਦੇ ਨਾਗਰਿਕ ਹੁੰਦੇ ਹੋਏ ਅਜਿਹਾ ਕੁਝ ਸ਼ਰੇਆਮ ਹੁੰਦਾ ਦੇਖਦੇ ਹਾਂ।

-ਗੁਰਪਾਲ ਬਿਲਾਵਲ 'ਧਨੌਲਾ'
ਸਰਾਏ ਅਮਾਨਤ ਖਾਂ (ਤਰਨ ਤਾਰਨ)।

ਕਿਸਾਨਾਂ ਦੀ ਲੁੱਟ
ਪਿਛਲੇ ਦਿਨੀਂ 'ਅਜੀਤ' ਵਿਚ ਡਾ: ਸੁਰਿੰਦਰ ਸਿੰਘ ਮੰਡ ਦਾ ਲੇਖ 'ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ ਮੋਦੀ ਸਰਕਾਰ' ਪੜ੍ਹਨ ਨੂੰ ਮਿਲਿਆ, ਜੋ ਕਾਬਲੇ-ਤਾਰੀਫ਼ ਹੈ। ਡਾ: ਸਾਹਿਬ ਨੇ ਬੜੇ ਵਿਸਥਾਰਪੂਰਵਕ ਦੱਸਿਆ ਕਿ ਕਿਵੇਂ, ਵਪਾਰੀ ਲੋਕ ਸਰਕਾਰ ਦੀ ਮਿਲੀਭੁਗਤ ਨਾਲ ਕਿਸਾਨੀ ਨੂੰ ਲੁੱਟਦੇ ਆ ਰਹੇ ਹਨ ਅਤੇ ਆਪਣੀ ਫ਼ਸਲ ਨੂੰ ਲਾਗਤ ਤੋਂ ਵੀ ਕਿਤੇ ਘੱਟ ਕੀਮਤ 'ਤੇ ਵੇਚਣ ਲਈ ਮਜਬੂਰ ਹਨ। ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਹੀ ਖੇਤੀ ਅੱਜ ਘਾਟੇ ਵਾਲਾ ਸੌਦਾ ਬਣ ਕੇ ਰਹਿ ਗਈ ਹੈ। ਇਸ ਲੇਖ ਵਿਚ ਡਾ: ਸਾਹਿਬ ਨੇ ਫ਼ਸਲੀ ਬੀਮੇ ਬਾਰੇ, ਖ਼ੁਦਕੁਸ਼ੀਆਂ ਬਾਰੇ ਅਤੇ ਕੁਦਰਤੀ ਸੋਮਿਆਂ ਬਾਰੇ ਵੀ ਚਾਨਣਾ ਪਾਇਆ ਹੈ। ਸਾਡੀ ਸਰਕਾਰ ਨੂੰ ਅਜਿਹੇ ਸੂਝਵਾਨ, ਪੜ੍ਹੇ-ਲਿਖੇ ਵਿਅਕਤੀਆਂ ਕੋਲੋਂ ਸਲਾਹ ਲੈ ਕੇ ਕਿਸਾਨਾਂ ਨੂੰ ਖੇਤੀ ਸੰਕਟ 'ਚੋਂ ਕੱਢਣਾ ਚਾਹੀਦਾ ਹੈ।

-ਗੁਰਚਰਨ ਸਿੰਘ ਉੱਪਲ
ਪਿੰਡ ਤੇ ਡਾਕ: ਉੱਪਲ, ਲੁਧਿਆਣਾ।

ਗੈਂਗਸਟਰ : ਸਮਾਜ ਲਈ ਖ਼ਤਰਾ

ਪਿਛਲੇ ਦਿਨੀਂ ਸੁਰਿੰਦਰ ਚਹਿਲ ਖੇੜੀ ਦਾ ਲਿਖਿਆ ਲੇਖ 'ਗੈਂਗਸਟਰ... ਇਕ ਖ਼ਤਰਨਾਕ ਮੋੜ' ਸਿਰਲੇਖ ਹੇਠ ਪੜ੍ਹਿਆ। ਅੱਜ ਇਹ ਸਮਾਜ ਲਈ ਬਹੁਤ ਖ਼ਤਰਨਾਕ ਸਾਬਤ ਹੋ ਰਿਹਾ ਹੈ। ਇਸ ਸਾਰੇ ਦੇ ਪਿੱਛੇ ਸਿਆਸੀ ਹੱਲਾਸ਼ੇਰੀ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ। ਜਦੋਂ ਪਿੰਡਾਂ, ਸ਼ਹਿਰਾਂ ਵਿਚ ਪਹਿਲਾਂ ਛੋਟੀਆਂ-ਛੋਟੀਆਂ ਲੜਾਈਆਂ 'ਚ ਸ਼ਾਮਿਲ ਲੋਕਾਂ ਨੂੰ ਸਿਆਸੀ ਦਿਮਾਗ ਆਪਣੇ ਮੁਫ਼ਾਦ ਲਈ ਥਾਣਿਆਂ ਵਿਚੋਂ ਛੁਡਵਾ ਲੈਂਦੇ ਸਨ। ਫਿਰ ਇਹ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਤੇ ਫਿਰ ਬਦਮਾਸ਼ੀ ਵਿਚ ਉਨ੍ਹਾਂ ਦੀ ਤੂਤੀ ਬੋਲਦੀ ਹੈ। ਪਰ ਇਹ ਮਾੜੀ ਸੰਗਤ ਦੀ ਰੰਗਤ ਉਨ੍ਹਾਂ ਨੂੰ ਉਸ ਰਾਹ 'ਤੇ ਲੈ ਜਾਂਦੀ ਹੈ, ਜਿਥੋਂ ਜਿਊਂਦੇ ਵਾਪਸ ਨਹੀਂ ਆਇਆ ਜਾ ਸਕਦਾ। ਇਸ ਸਾਰੇ ਪਿੱਛੇ ਵੀ ਗਰੀਬੀ, ਬੇਰੁਜ਼ਗਾਰੀ ਹੀ ਮੁੱਖ ਤੌਰ 'ਤੇ ਜ਼ਿੰਮੇਵਾਰ ਹੈ। ਲੋੜ ਹੈ ਸਮਾਜ ਨੂੰ ਸਹੀ ਤੇ ਨਰੋਈ ਸੇਧ ਦੇਣ ਦੀ ਤਾਂ ਹੀ ਸਮਾਜ ਵਿਚ ਪ੍ਰੇਮ ਭਾਵਨਾ ਪੈਦਾ ਹੋ ਸਕਦੀ ਹੈ।

-ਮਨਜੀਤ ਸਿੰਘ ਭਾਮ
ਹੁਸ਼ਿਆਰਪੁਰ, ਸੂਬਾ ਪ੍ਰਧਾਨ, ਮਨੁੱਖੀ ਅਧਿਕਾਰ ਸੰਗਠਨ, ਪੰਜਾਬ।

22/03/2017

 ਅਣਸੱਦੇ ਮਹਿਮਾਨ
ਪੰਜਾਬ ਵਿਚ ਹਰ ਸਾਲ ਤਕਰੀਬਨ ਨਵੰਬਰ ਮਹੀਨੇ ਤੋਂ ਸ਼ੁਰੂ ਹੋ ਕੇ ਮਾਰਚ ਮਹੀਨੇ ਤੱਕ ਵਿਆਹ-ਸ਼ਾਦੀਆਂ ਦਾ ਬੇਹੱਦ ਜ਼ੋਰ ਪਾਇਆ ਜਾਂਦਾ ਹੈ। ਇਨ੍ਹਾਂ ਵਿਆਹ ਸਮਾਗਮਾਂ ਵਿਚ ਸ਼ਾਮਿਲ ਹੋਣ ਲਈ ਸਾਨੂੰ ਅਨੇਕਾਂ ਯਾਰਾਂ, ਮਿੱਤਰਾਂ ਅਤੇ ਰਿਸ਼ਤੇਦਾਰੀਆਂ ਵਿਚੋਂ ਰੋਜ਼ਾਨਾ ਕੋਈ ਨਾ ਕੋਈ ਸੱਦਾ ਪੱਤਰ ਆਇਆ ਹੀ ਰਹਿੰਦਾ ਹੈ। ਇਨ੍ਹਾਂ ਵਿਆਹ ਸਮਾਗਮਾਂ ਵਿਚ ਜਾਣ ਸਮੇਂ ਅਨੇਕਾਂ ਲੋਕਾਂ ਵੱਲੋਂ ਅਕਸਰ ਹੀ ਆਪਣੇ ਕਈ-ਕਈ ਯਾਰਾਂ ਬੇਲੀਆਂ ਨੂੰ ਨਾਲ ਜਾਣ ਲਈ ਤਿਆਰ ਕਰ ਲਿਆ ਜਾਂਦਾ ਹੈ। ਲੋਕਾਂ ਦੇ ਇਸ ਰਵੱਈਏ ਕਾਰਨ ਇਸ ਤਰ੍ਹਾਂ ਇਕ ਸਮਾਗਮ ਵਿਚ ਕਈ-ਕਈ ਅਣਸੱਦੇ ਮਹਿਮਾਨ ਸ਼ਾਮਿਲ ਹੋ ਜਾਂਦੇ ਹਨ, ਜਿਨ੍ਹਾਂ ਦਾ ਲੜਕੇ ਜਾਂ ਲੜਕੀ ਪਰਿਵਾਰ ਨਾਲ ਕੋਈ ਵਾਹ-ਵਾਸਤਾ ਵੀ ਨਹੀਂ ਹੁੰਦਾ ਹੈ। ਇਸ ਤੋਂ ਇਲਾਵਾ ਇਹ ਵੀ ਵੇਖਣ ਵਿਚ ਆਉਂਦਾ ਹੈ ਕਿ ਕਈ ਵਾਰ ਇਹ ਅਣਸੱਦੇ ਮਹਿਮਾਨ ਘਰ ਵਾਲਿਆਂ ਦਾ 1000-1200 ਰੁਪਏ ਦਾ ਸਮਾਨ ਡਕਾਰ ਕੇ ਲੜਕੇ ਜਾਂ ਲੜਕੀ ਨੂੰ ਬਿਨਾਂ ਸ਼ਗਨ ਦਿੱਤੇ ਹੀ ਆਪਣੇ ਘਰਾਂ ਨੂੰ ਪਰਤ ਜਾਂਦੇ ਹਨ। ਸੋ, ਜਿੰਨਾ ਹੋ ਸਕੇ, ਸਾਨੂੰ ਸਭ ਨੂੰ ਅਜਿਹੇ ਘਟੀਆ ਵਰਤਾਰੇ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਆਪਣੀਆਂ ਲਿਹਾਜ਼ਾਂ ਪੂਰਦੇ ਹੋਏ ਕਿਸੇ 'ਤੇ ਬੋਝ ਬਣਨਾ ਕੋਈ ਚੰਗੀ ਗੱਲ ਨਹੀਂ ਹੈ।


-ਰਾਜਾ ਗਿੱਲ (ਚੜਿੱਕ)
ਮੋ: 94654-11585.


ਪੰਜਾਬੀਆਂ ਨੂੰ ਬੇਨਤੀ
ਮੈਂ ਪਿਛਲੇ ਚਾਰ ਮਹੀਨਿਆਂ ਤੋਂ ਦੁਬਈ ਵਿਚ ਹਾਂ ਤੇ ਪੰਜਾਬ ਰਹਿੰਦੇ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਏਜੰਟਾਂ ਵੱਲੋਂ ਦੁਬਈ ਟੈਕਸੀ ਵਿਚ ਭੇਜਣ ਦੇ ਝਾਂਸੇ ਵਿਚ ਨਾ ਆਉਣ। ਦੁਬਈ ਟੈਕਸੀ ਵਿਚ ਤੁਸੀਂ ਆ ਤਾਂ ਜਾਓਗੇ ਪਰ ਇਸ ਦਾ ਖਰਚ 3-4 ਲੱਖ ਤੱਕ ਆ ਜਾਂਦਾ ਹੈ ਤੇ ਬਾਅਦ 'ਚ ਇਥੇ ਆ ਕੇ ਪੈਸੇ ਪੂਰੇ ਬੜੀ ਮੁਸ਼ਕਿਲ ਨਾਲ ਹੁੰਦੇ ਹਨ। ਇਥੇ ਅਸੀਂ ਦੋ ਸੌ ਤੋਂ ਵਧੇਰੇ ਮੁੰਡੇ ਆਏ ਹਾਂ। ਸਾਡਾ ਤਾਂ ਇਹੀ ਕਹਿਣਾ ਹੈ ਕਿ ਆਪਣੇ ਪੈਸੇ ਖਰਾਬ ਨਾ ਕਰਿਓ।


-ਜਰਮਨਜੀਤ ਸਿੰਘ
singhjarmanjit87@yahoo.com


ਪਾਣੀ ਦੀ ਬਰਬਾਦੀ ਇੰਜ ਵੀ

ਅਸੀਂ ਸਾਰੇ ਇਸ ਗੱਲ ਤੋਂ ਭਲੀਭਾਂਤ ਜਾਣੂ ਹਾਂ ਕਿ ਜੇ ਪਾਣੀ ਹੈ ਤਾਂ ਜੀਵਨ ਸੰਭਵ ਹੈ। ਜੇ ਪਾਣੀ ਨਹੀਂ ਤਾਂ ਕੁਝ ਵੀ ਨਹੀਂ। ਅਕਸਰ ਹੀ ਪਾਣੀ ਦੀ ਬਰਬਾਦੀ ਦਾ ਬਹੁਤਾ ਇਲਜ਼ਾਮ ਕਿਸਾਨਾਂ 'ਤੇ ਲਾਇਆ ਜਾਂਦਾ ਹੈ, ਜਦੋਂ ਕਿ ਸਚਾਈ ਇਹ ਹੈ ਕਿ ਕਿਸਾਨ ਤਾਂ ਪਾਣੀ ਦੀ ਵਰਤੋਂ ਫ਼ਸਲ ਦੀ ਉਪਜ ਲਈ ਹੀ ਕਰਦਾ ਹੈ। ਅਸਲ ਵਿਚ ਪਾਣੀ ਦੀ ਦੁਰਵਰਤੋਂ ਉਹ ਲੋਕ ਕਰਦੇ ਹਨ, ਜੋ ਪਾਣੀ ਦੀ ਅਹਿਮੀਅਤ ਤੋਂ ਕੋਰੇ ਹਨ। ਪਾਣੀ ਦੀ ਬਰਬਾਦੀ ਦਾ ਇਕ ਵੱਡਾ ਕਾਰਨ ਲੋਕਾਂ ਦੀ ਵੱਡੀ ਗਿਣਤੀ ਦਾ ਵਹਿਮਾਂ-ਭਰਮਾਂ ਵਿਚ ਫਸਿਆ ਹੋਣਾ ਵੀ ਹੈ। ਪੜ੍ਹੀਆਂ-ਲਿਖੀਆਂ ਤੇ ਖਾਂਦੇ-ਪੀਂਦੇ ਘਰਾਂ ਦੀਆਂ ਔਰਤਾਂ ਅਕਸਰ ਹੀ ਰਿਹਾਇਸ਼ੀ ਮਕਾਨਾਂ ਦੇ ਮੁੱਖ ਗੇਟਾਂ ਅੱਗੇ ਪਾਣੀ ਡੋਲ੍ਹਦੀਆਂ ਆਮ ਦੇਖੀਆਂ ਜਾਂਦੀਆਂ ਹਨ। ਸਾਡੇ ਇਕ ਮਿੱਤਰ ਨੇ ਦੱਸਿਆ ਕਿ ਉਸ ਦੇ ਗੁਆਂਢੀ ਇਸ ਕਦਰ ਮਾਨਸਿਕ ਰੋਗੀ ਬਣ ਚੁੱਕੇ ਹਨ ਕਿ ਜੇ ਇਸ ਪਰਿਵਾਰ 'ਚੋਂ ਕਿਸੇ ਇਕ ਮੈਂਬਰ ਦੀ ਅੱਖ ਰਾਤੀਂ 12 ਵਜੇ ਖੁੱਲ੍ਹ ਗਈ ਤਾਂ ਉਹ ਝੱਟ ਉੱਠ ਕੇ ਪਾਣੀ ਦੀ ਇਕ ਬਾਲਟੀ ਭਰ ਕੇ ਮਕਾਨ ਦੇ ਮੁੱਖ ਗੇਟ 'ਚ ਡੋਲ੍ਹ ਆਉਂਦਾ ਹੈ। ਅੱਜ ਦੇ ਇਸ ਵਿਗਿਆਨਕ ਯੁੱਗ ਤੇ 21ਵੀਂ ਸਦੀ 'ਚ ਵਿਚਰਦਿਆਂ ਮਾਨਸਿਕ ਰੋਗੀਆਂ ਦੀ ਗਿਣਤੀ ਦਾ ਵਧਣਾ ਬੇਹੱਦ ਚਿੰਤਾਜਨਕ ਵਿਸ਼ਾ ਹੈ। ਇਸ ਤੋਂ ਇਲਾਵਾ ਗੱਡੀਆਂ ਧੋਣ ਦੇ ਨਾਂਅ 'ਤੇ ਪਾਣੀ ਦੀ ਵੱਡੀ ਬਰਬਾਦੀ ਕੀਤੀ ਜਾਂਦੀ ਹੈ। ਸੋ, ਪਾਣੀ ਵਰਗੇ ਸਰੋਤ ਨੂੰ ਬਚਾਉਣ ਲਈ ਅੱਜ ਸੁਚੇਤ ਹੋਣ ਦੀ ਵੱਡੀ ਲੋੜ ਹੈ।


-ਬੰਤ ਘੁਡਾਣੀ
ਪਿੰਡ ਤੇ ਡਾਕ : ਘੁਡਾਣੀ ਕਲਾਂ, ਲੁਧਿਆਣਾ।

21/03/2017

ਕਿਸਾਨਾਂ ਦੀ ਬਾਂਹ ਫੜਨ ਦਾ ਵੇਲਾ
ਪਿਛਲੇ ਦਿਨਾਂ ਦੇ ਅਖ਼ਬਾਰ ਪੰਜਾਬ ਦੇ ਆਲੂ ਕਾਸ਼ਤਕਾਰਾਂ ਵੱਲੋਂ ਆਪਣੀ ਜਿਣਸ ਸੜਕਾਂ 'ਤੇ ਸੁੱਟ ਕੇ ਮੁਜ਼ਾਹਰੇ ਕਰਨ ਦੀਆਂ ਤਸਵੀਰਾਂ ਨਾਲ ਭਰੇ ਪਏ ਹਨ। ਕਿਸਾਨਾਂ ਨੂੰ ਆਪਣੀ ਮਿਹਨਤ ਦਾ ਪੂਰਾ ਮੁੱਲ ਨਾ ਮਿਲਣ ਦਾ ਰੋਸ ਹੈ। ਉਨ੍ਹਾਂ ਦਾ ਇਹ ਰੋਸ ਜਾਇਜ਼ ਵੀ ਹੈ। ਟਨਾਂ ਦੇ ਹਿਸਾਬ ਨਾਲ ਸੜਕਾਂ 'ਤੇ ਰੁਲਦੇ ਇਹ ਓਹੀ ਆਲੂ ਹਨ, ਜਿਨ੍ਹਾਂ ਤੋਂ ਤਿਆਰ ਚਿਪਸ ਗ੍ਰਾਮਾਂ ਦੀ ਮਾਤਰਾ ਵਿਚ ਵਿਕਦੇ ਹਨ। ਕਿਸਾਨ ਦੇ ਖੇਤ ਵਿਚੋਂ ਦੋ-ਢਾਈ ਰੁਪਏ ਕਿਲੋ ਦੇ ਰੇਟ 'ਚ ਵਿਕੇ ਆਲੂ,ઠਖਪਤਕਾਰ ਨੂੰ 10 ਰੁਪਏ ਕਿੱਲੋ ਦੇ ਭਾਅ ਮਿਲਦੇ ਹਨ।
ਕਿਸਾਨ ਖੇਤ ਦੀ ਤਿਆਰੀ ਤੋਂ ਲੈ ਕੇ ਫ਼ਸਲ ਸਮੇਟਣ ਤੱਕ, ਸੌ ਮਾਰਾਂ ਸਹਿ ਕੇ ਸਖ਼ਤ ਮਿਹਨਤ ਕਰਦਾ ਹੈ। ਜਦੋਂ ਆਪਣੀ ਫ਼ਸਲ ਮੰਡੀ 'ਚ ਲੈ ਕੇ ਜਾਂਦਾ ਹੈ ਤਾਂ ਉਸ ਦਾ ਮੁੱਲ ਕੌਡੀ ਪੈਂਦਾ ਹੈ ਤੇ ਉਸ ਨੂੰ ਪੂਰਾ ਮੁੱਲ ਲੈਣ ਲਈ ਵੀ ਸੰਘਰਸ਼ ਕਰਨਾ ਪੈਂਦਾ ਹੈ। ਮਹਾਰਾਸ਼ਟਰ ਵਿਚ ਦਾਲਾਂ ਦੇ ਕਾਸ਼ਤਕਾਰਾਂ ਦਾ ਹਾਲ ਵੀ ਆਲੂ ਕਾਸ਼ਤਕਾਰਾਂ ਤੋਂ ਬਹੁਤਾ ਵੱਖਰਾ ਨਹੀਂ। ਆਪਣੀ ਬੰਪਰ ਪੈਦਾਵਾਰ ਨੂੰ ਉਹ ਵੀ ਭੰਗ ਦੇ ਭਾਅ ਵੇਚਣ ਲਈ ਮਜਬੂਰ ਹਨ। ਦਾਲਾਂ ਦੀ ਪੈਦਾਵਾਰ ਪੱਖੋਂ ਸਾਡਾ ਦੇਸ਼ ਆਤਮ-ਨਿਰਭਰ ਨਹੀਂ ਹੈ। ਸਰਕਾਰ ਹਰ ਸਾਲ ਲੱਖਾਂ ਟਨ ਦਾਲਾਂ ਦਰਾਮਦ ਕਰਦੀ ਹੈ। ਆਪਣੇ ਘਰੇਲੂ ਪੈਦਾਵਾਰ ਨੂੰ ਸੜਕਾਂ 'ਤੇ ਰੋਲ ਕੇ ਵਿਦੇਸ਼ਾਂ ਤੋਂ ਵਸਤਾਂ ਦਰਾਮਦ ਕਰਨ ਦੀ ਨੀਤੀ ਸਧਾਰਨ ਬੰਦੇ ਦੀ ਸਮਝ ਤੋਂ ਪਰ੍ਹੇ ਹੈ।
ਫ਼ਸਲ ਲੈ ਕੇ ਮੰਡੀ ਪਹੁੰਚੇ ਕਿਸਾਨ ਦੀ ਸਰਕਾਰ ਬਾਂਹ ਨਹੀਂ ਫੜਦੀ। ਉਸ ਨੂੰ ਖੁੱਲ੍ਹੇ ਬਾਜ਼ਾਰ ਦੇ ਦੈਂਤ ਅੱਗੇ ਛੱਡ ਦਿੱਤਾ ਜਾਂਦਾ ਹੈ। ਆਖਰ ਉਹ ਕਿਹੜੀਆਂ ਨੀਤੀਆਂ ਹਨ ਜੋ ਕਿਸਾਨਾਂ ਨੂੰ ਮੁਨਾਫ਼ਾ ਤਾਂ ਦੂਰ, ਆਪਣੀ ਮਿਹਨਤ ਦਾ ਪੂਰਾ ਮੁੱਲ ਵੱਟਣ ਤੋਂ ਵੀ ਪਾਸੇ ਖੜ੍ਹਾ ਰੱਖਦੀਆਂ ਹਨ?ઠਕੀ ਅਜਿਹੀਆਂ ਨੀਤੀਆਂ ਬਣਾਉਣ ਵਾਲੇ ਕਦੇ ਕਿਸਾਨਾਂ ਬਾਰੇ ਵੀ ਕੁਝ ਸੋਚਣਗੇ? ਗਲ਼ ਤੱਕ ਕਰਜ਼ੇ 'ਚ ਡੁੱਬ ਚੁੱਕੇ ਕਿਸਾਨ ਨੂੰ ਉਸੇ ਦੇ ਹਾਲ 'ਤੇ ਨਹੀਂ ਛੱਡ ਦੇਣਾ ਚਾਹੀਦਾ।


-ਅਮਰਜੀਤ ਸਿੰਘ ਮਾਨ
ਮੌੜ ਕਲਾਂ, ਬਠਿੰਡਾ।


ਪਾਵਰਕਾਮ ਦਾ ਪਲਾਸ
ਆਮ ਲੋਕਾਂ ਦਾ ਬਿਜਲੀ ਦਾ ਬਿੱਲ ਜੇ ਨਿਸਚਿਤ ਮਿਤੀ ਤੋਂ ਇਕ ਦਿਨ ਵੀ ਲੇਟ ਹੋ ਜਾਵੇ ਤਾਂ ਬਿੱਲ 'ਤੇ ਲਿਖਿਆ ਹੋਇਆ ਜੁਰਮਾਨਾ ਭਰਨਾ ਪੈਂਦਾ ਹੈ। ਜੇ ਬਿੱਲ ਨਾ ਦਿੱਤਾ ਜਾਵੇ ਤਾਂ ਬਗੈਰ ਪੁੱਛ-ਗਿੱਛ ਦੇ ਪਲਾਸ ਚੱਲ ਜਾਂਦਾ ਹੈ ਅਤੇ ਦੁਬਾਰਾ ਕੁਨੈਕਸ਼ਨ ਜੋੜਨ ਲਈ ਖੱਜਲ-ਖੁਆਰ ਹੋਣਾ ਪੈਂਦਾ ਹੈ ਤੇ ਕੁਨੈਕਸ਼ਨ ਜੋੜਨ ਦੇ ਵਾਧੂ ਪੈਸੇ ਦੇਣੇ ਪੈਂਦੇ ਹਨ। ਹੈਰਾਨੀ ਦੀ ਗੱਲ ਹੈ ਕਿ ਸਰਕਾਰੀ ਮਹਿਕਮਿਆਂ, ਅਦਾਰਿਆਂ, ਨਿਗਮਾਂ ਤੇ ਕਮੇਟੀਆਂ ਵੱਲ ਕਰੋੜਾਂ ਦਾ ਬਕਾਇਆ ਖੜ੍ਹਾ ਹੈ ਪ੍ਰੰਤੂ ਅਧਿਕਾਰੀਆਂ ਨੂੰ ਕੋਈ ਚਿੰਤਾ ਹੀ ਨਹੀਂ ਹੈ ਕਿ ਬਿਜਲੀ ਵਿਭਾਗ ਕੰਮ ਕਿਵੇਂ ਚਲਾਵੇ।
ਇਸ ਤੋਂ ਵੀ ਅਨੋਖੀ ਗੱਲ ਇਹ ਹੈ ਕਿ ਸਾਡੇ ਸ਼ਾਸਕਾਂ, ਸਿਆਸੀ ਆਗੂਆਂ ਤੇ ਕਈ ਵੱਡੇ ਘਰਾਣਿਆਂ ਜਿਨ੍ਹਾਂ ਵੱਲ ਲੱਖਾਂ ਦੇ ਬਕਾਏ ਖੜ੍ਹੇ ਹਨ, ਨੂੰ ਤਾਂ ਬਿੱਲ ਭਰਨ ਦੀ ਪ੍ਰਵਾਹ ਹੀ ਨਹੀਂ ਹੈ। ਉਲਟਾ ਕਰਮਚਾਰੀਆਂ ਨੂੰ ਡਰਾਵੇ ਦਿੰਦੇ ਹਨ। ਇਹ ਲੋਕ ਕੀ ਮਿਸਾਲ ਕਾਇਮ ਕਰਨਾ ਚਾਹੁੰਦੇ ਹਨ? ਕੀ ਸਾਡਾ ਇਖ਼ਲਾਕ ਇਸ ਕਦਰ ਉੱਚਾ-ਸੁੱਚਾ ਹੈ? ਪਾਵਰਕਾਮ ਦੇ ਪਲਾਸ ਨੂੰ ਆਪਣੀ ਕਾਰਵਾਈ ਜਾਰੀ ਰੱਖਣੀ ਚਾਹੀਦੀ ਹੈ ਤਾਂ ਕਿ ਕਾਨੂੰਨ ਦੀ ਇਕਸਾਰਤਾ ਬਣੀ ਰਹੇ।


-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ।

20/03/2017

 ਇਕ ਐਨ ਆਰ ਆਈ ਦਾ ਪੰਜਾਬ ਵੱਲ ਸੁਨੇਹਾ
ਵਿਦੇਸ਼ਾਂ ਵਿਚ ਵਸਦਿਆਂ ਤਾਂ ਮੇਰੀਆਂ ਪੰਜਾਬ ਫੇਰੀਆਂ ਲਗਦੀਆਂ ਰਹੀਆਂ ਪਰ ਆਪਣੇ ਪਿੰਡ ਤੋਂ ਆਇਆਂ ਨੂੰ ਵਰ੍ਹੇ ਹੀ ਬੀਤ ਗਏ। ਪਰ ਇਹ ਪਿੰਡ ਵਡਾਲਾ ਖੁਰਦ ਨੇੜੇ ਤਪ ਅਸਥਾਨ ਗੁਰੂ ਤੇਗ ਬਹਾਦਰ ਜੀ ਦਾ ਬਾਬਾ ਬਕਾਲਾ ਸਾਹਿਬ ਕਦੇ ਆਪਣੇ ਦਿਮਾਗ/ਸੋਚ ਵਿਚੋਂ ਨਾ ਕੱਢ ਸਕਿਆ। ਵਿਧਾਨ ਸਭਾ ਚੋਣਾਂ ਮੌਕੇ ਫਿਰ ਪੰਜਾਬ ਆਇਆ ਤਾਂ ਮੁੜ ਪੰਜਾਬ ਨੂੰ ਨੇੜੇ ਤੋਂ ਵੇਖਿਆ। ਜੋ ਪੰਜਾਬ ਦੇ ਹਾਲਾਤ ਵੇਖੇ, ਉਹ ਬਹੁਤ ਚਿੰਤਾਜਨਕ ਸਨ। ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਰਾਹ ਤੁਰ ਪਈ ਹੈ ਅਤੇ ਇਸ ਪਾਸੇ ਨਵੀਂ ਬਣਨ ਵਾਲੀ ਪੰਜਾਬ ਸਰਕਾਰ ਨੂੰ ਬਹੁਤ ਜਲਦੀ ਧਿਆਨ ਦੇਣ ਦੀ ਲੋੜ ਹੈ। ਸਮੱਸਿਆ ਬਹੁਤ ਗੰਭੀਰ ਹੁੰਦੀ ਜਾਂਦੀ ਹੈ, ਬੇਰੁਜ਼ਗਾਰੀ ਸਮੱਸਿਆ ਦੀ ਜੜ੍ਹ ਹੈ। ਪੰਜਾਬ ਵਿਚ ਜ਼ਮੀਨਾਂ ਘਟ ਰਹੀਆਂ ਹਨ ਅਤੇ ਜ਼ਿਮੀਂਦਾਰਾ ਖ਼ਤਮ ਹੋ ਰਿਹਾ ਹੈ, ਜਾਇਜ਼-ਨਾਜਾਇਜ਼ ਤਰੀਕੇ ਵਰਤ ਕੇ ਨੌਂਜਵਾਨ ਪੀੜ੍ਹੀ ਵਿਦੇਸ਼ਾਂ ਨੂੰ ਆਉਣ ਨੂੰ ਕਾਹਲ ਕਰ ਰਹੀ ਹੈ ਪਰ ਉਨ੍ਹਾਂ ਨੂੰ ਸੇਧ ਕੋਈ ਨਹੀਂ ਦੇ ਰਿਹਾ, ਉਨ੍ਹਾਂ ਦੇ ਹੱਥਾਂ ਵਿਚ ਕੋਈ ਹੁਨਰ ਨਹੀਂ ਹੈ। ਅੱਜ ਪੰਜਾਬ ਵਿਚ ਕਾਫੀ ਆਈ.ਟੀ.ਆਈ. ਤੇ ਹੋਰ ਡਿਗਰੀ ਕਾਲਜ, ਮੈਡੀਕਲ ਤੇ ਨਰਸਿੰਗ ਕਾਲਜ ਤਾਂ ਹਨ ਪਰ ਕਾਫੀ ਫਿਰ ਵੀ ਨਹੀਂ ਹਨ। ਦੂਸਰਾ ਇਹ ਬਹੁਤ ਮਹਿੰਗੇ ਹਨ। ਆਮ ਗਰੀਬ ਜੱਟ ਦਾ ਮੁੰਡਾ ਕਿਵੇਂ ਇਹ ਸਾਰਾ ਕੁਝ ਕਰ ਲਉ। ਮੇਰੀ ਜ਼ਿੰਦਗੀ ਦਾ ਤਜਰਬਾ ਹੈ ਕਿ ਅੱਜ ਪੰਜਾਬ ਦੀ ਨੌਜਵਾਨੀ ਨੂੰ ਟੈਕਨੀਕਲ ਕੰਮ ਵੱਲ ਲਾਉਣ ਦੀ ਸਖ਼ਤ ਲੋੜ ਹੈ। ਭਾਵੇਂ ਪੰਜਾਬ ਸਰਕਾਰ ਕਈ ਖੇਤਰਾਂ 'ਚ ਆਪਣੇ ਵੱਲੋਂ ਬਹੁਤ ਚੰਗਾ ਕੰਮ ਕਰ ਰਹੀ ਹੈ, ਭਾਵੇਂ ਕੁਝ ਮੁਸ਼ਕਿਲਾਂ ਹਨ ਪਰ ਪੰਜਾਬ ਫਿਰ ਵੀ ਤਰੱਕੀ ਦੀ ਰਾਹ 'ਤੇ ਤੁਰਿਆ ਜਾਂਦਾ ਹੈ। ਸਮੇਂ ਦੇ ਹਾਣੀ ਹੋਣ ਵਾਸਤੇ ਹੋਰ ਬਹੁਤ ਚੰਗੇ ਕਦਮ ਪੁੱਟਣ ਦੀ ਲੋੜ ਹੈ। ਇਨ੍ਹਾਂ ਵਿਚੋਂ ਇਕ ਹੈ ਦੋ ਸਾਲਾਂ ਦਾ ਟੈਕਨੀਕਲ ਕੋਰਸ, ਆਪ੍ਰੇਸ਼ਨ ਐਂਡ ਮੇਂਟੀਨੈਂਸ ਆਫ ਹੈਵੇਅਰਜ਼ ਮੈਵਿੰਗ ਮਸ਼ੀਨਰੀ। ਅੱਜ ਤੋਂ 30-35 ਸਾਲ ਪਹਿਲਾਂ ਇਹ ਕੋਰਸ ਨੰਗਲ ਭਾਖੜਾ ਡੈਮ ਲਾਗੇ ਅਮਰੀਕੀ ਸਹਾਇਤਾ ਨਾਲ ਚਲਦਾ ਸੀ। ਫਿਰ ਅਮਰੀਕਾ ਦੀ ਸਰਕਾਰ ਨੇ ਅਚਨਚੇਤ ਬੰਦ ਕਰ ਦਿੱਤਾ। ਪੰਜਾਬ ਸਰਕਾਰ ਕੋਲ ਟੈਕਨੀਕਲ ਮਾਹਿਰ ਵੀ ਹਨ, ਮੈਨੂੰ ਲੰਮਾ ਸਮਾਂ ਵਿਦੇਸ਼ਾਂ ਵਿਚ ਟੈਕਨੀਕਲ ਕੰਮਾਂ ਦਾ ਤਜਰਬਾ ਹੈ। ਪੰਜਾਬ ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਪੰਜਾਬ ਵਿਚ ਇਹ ਕੋਰਸ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਜੋ ਸਾਡੇ ਨੌਜਵਾਨ ਬੱਚੇ ਇਹ ਕੋਰਸ ਕਰਕੇ ਆਪਣਾ ਭਵਿੱਖ ਸੰਵਾਰ ਸਕਣ ਅਤੇ ਦੇਸ਼ ਅਤੇ ਵਿਦੇਸ਼ ਵਿਚ ਚੰਗਾ ਰੁਜ਼ਗਾਰ ਹਾਸਲ ਕਰ ਸਕਣ। ਇਹ ਪੰਜਾਬ ਸਰਕਾਰ ਦਾ ਆਪਣੇ ਸ਼ਹਿਰੀਆਂ ਪ੍ਰਤੀ ਫਰਜ਼ ਵੀ ਹੈ। ਇਸ ਤਰ੍ਹਾਂ ਕਰਨ ਨਾਲ ਕੁਝ ਤਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਇਸ ਕੋਰਸ ਨੂੰ ਚਲਾਉਣ ਵਾਸਤੇ ਸਰਕਾਰ ਚਾਹੇ ਤਾਂ ਇਸ ਵਾਸਤੇ ਟੈਕਨੀਕਲ ਸਹਾਇਤਾ ਬਗੈਰ ਕਿਸੇ ਸੇਵਾ ਤੋਂ ਦਿੱਤੀ ਜਾ ਸਕਦੀ ਹੈ।


-ਰਤਨ ਸਿੰਘ ਸੇਖੋਂ
(ਮੋਬ:) 98-7688-1829, ਫੋਨ ਆਸਟਰੀਆ 0043-676-610-7242
ਰਾਹੀਂ-ਸ਼ਰਨਬੀਰ ਸਿੰਘ ਕੰਗ,
ਪ.ਪ.ਰਈਆ।

17-03-2017

 ਕਾਂਗਰਸ ਦੀ ਵੱਡੀ ਜਿੱਤ
ਪੰਜਾਬ ਵਿਚ ਹੋਈਆਂ ਚੋਣਾਂ ਦਾ ਫ਼ੈਸਲਾ ਕਾਂਗਰਸ ਪਾਰਟੀ ਲਈ ਵੱਡੀ ਪ੍ਰਾਪਤੀ ਸਾਬਤ ਹੋਇਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੁੰਦਿਆਂ ਹੀ ਜਨਤਾ ਵਿਚ ਹਲਚਲ ਦਾ ਮਾਹੌਲ ਬਣ ਗਿਆ। ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਾਸੀਆਂ ਨੇ ਉਨ੍ਹਾਂ ਦੇ ਜਨਮ ਦਿਨ ਦਾ ਤੋਹਫਾ ਪੰਜਾਬ ਦੇ ਮੁੱਖ ਮੰਤਰੀ ਦੇ ਰੂਪ ਵਿਚ ਦੇ ਦਿੱਤਾ ਹੈ। 10 ਸਾਲ ਰਾਜ ਕਰਨ ਵਾਲੀ ਅਕਾਲੀ-ਭਾਜਪਾ ਸਰਕਾਰ ਨੂੰ ਪੰਜਾਬੀਆਂ ਨੇ ਹੁਣ ਸੱਤਾ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਜਨਤਾ ਨਾਲ ਬਹੁਤ ਲੁਭਾਉਣੇ ਵਾਅਦੇ ਕੀਤੇ ਸਨ, ਜਿਨ੍ਹਾਂ ਵਿਚ ਪੈਨਸ਼ਨ ਵਧਾਉਣਾ, ਨੌਜਵਾਨਾਂ ਨੂੰ ਸਮਾਰਟ ਫੋਨ ਦੇਣਾ ਅਤੇ ਹਰ ਘਰ ਵਿਚ ਇਕ ਨੌਕਰੀ ਦੇਣ ਦਾ ਵਾਅਦਾ ਵੀ ਸ਼ਾਮਿਲ ਹੈ। ਹੁਣ ਸਮਾਂ ਆ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਨਤਾ ਨਾਲ ਕੀਤੇ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਅਤੇ ਆਪਣੀ ਪਾਰਟੀ ਨੂੰ ਮੁੜ ਸਿਆਸਤ ਵਿਚ ਪਹਿਲਾਂ ਵਾਂਗ ਹੀ ਸਾਬਤ ਕਰਨ।-

ਵਰਸ਼ਾ ਵਰਮਾ
ਮੋ: 9023456748


ਕਿਸਾਨ ਖ਼ੁਦਕੁਸ਼ੀਆਂ ਦਾ ਮੁੱਦਾ
ਇਕ ਗ਼ੈਰ-ਸਰਕਾਰੀ ਸੰਗਠਨ ਵੱਲੋਂ ਕਿਸਾਨ ਖ਼ੁਦਕੁਸ਼ੀਆਂ ਬਾਰੇ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਸਰਕਾਰ ਨੂੰ ਨਸੀਹਤ ਦਿੰਦਿਆਂ ਕਿਹਾ ਹੈ ਕਿ 21 ਦਿਨਾਂ ਦੇ ਸਮੇਂ ਵਿਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਰੋਕਣ ਲਈ ਕੋਈ ਠੋਸ ਨੀਤੀ ਤਿਆਰ ਕੀਤੀ ਜਾਵੇ, ਸਿਰਫ ਕੁਝ ਮੁਆਵਜ਼ਾ ਦੇਣਾ ਹੀ ਇਸ ਦਾ ਹੱਲ ਨਹੀਂ ਹੈ। ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਸਵਾਮੀਨਾਥਨ ਰਿਪੋਰਟ ਨੂੰ ਆਧਾਰ ਬਣਾ ਕੇ ਫ਼ਸਲਾਂ ਦੀ ਕੀਮਤ ਤੈਅ ਕੀਤੀ ਜਾਵੇ। ਕਿਸਾਨਾਂ ਦੇ ਵੱਡੇ ਕਰਜ਼ੇ ਮੁਆਫ਼ ਕਰਕੇ ਘੱਟ ਵਿਆਜ ਦਰ 'ਤੇ ਕਰਜ਼ੇ ਦਿੱਤੇ ਜਾਣ ਅਤੇ ਖੇਤੀ ਸੰਦਾਂ 'ਤੇ 50 ਫ਼ੀਸਦੀ ਸਬਸਿਡੀ ਦਿੱਤੀ ਜਾਵੇ। ਫ਼ਸਲੀ ਬੀਮੇ ਦਾ ਪੰਜਾਬ ਦੇ ਕਿਸਾਨਾਂ ਨੂੰ ਕੋਈ ਲਾਭ ਨਹੀਂ ਕਿਉਂਕਿ ਪੰਜਾਬ ਦਾ ਕਿਸਾਨ ਕਿਸੇ ਕੁਦਰਤੀ ਕਰੋਪੀ ਨਾਲ ਨਹੀਂ, ਬਲਕਿ ਸਰਕਾਰੀ ਕਰੋਪੀ ਨਾਲ ਮਰ ਰਿਹਾ ਹੈ।-

ਲੱਖੀ ਗਿੱਲ ਧਨਾਨਸੂ
ਜ਼ਿਲ੍ਹਾ ਲੁਧਿਆਣਾ।


ਸਿਹਤ ਵਿਭਾਗ ਦੇ ਧਿਆਨ ਹਿਤ

ਸਿਹਤ ਵਿਭਾਗ ਪੰਜਾਬ ਮੌਜੂਦਾ ਸਰਕਾਰੀ ਡਿਸਪੈਂਸਰੀਆਂ ਤੇ ਪ੍ਰਾਇਮਰੀ ਹੈਲਥ ਸੈਂਟਰਾਂ ਵਿਚ ਜਿਥੇ ਡਾਕਟਰਾਂ ਦੀ ਘਾਟ ਨੂੰ ਪੂਰਨ ਲਈ ਬਣਦੀ ਭਰਤੀ ਕਰੇ, ਉਥੇ ਇਨ੍ਹਾਂ ਡਿਸਪੈਂਸਰੀਆਂ ਵਿਚ ਦਵਾਈਆਂ ਦੀ ਸਪਲਾਈ ਵੀ ਤੁਰੰਤ ਯਕੀਨੀ ਬਣਾਵੇ। ਆਮ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਇਨ੍ਹਾਂ ਡਿਸਪੈਂਸਰੀਆਂ ਤੇ ਹੈਲਥ ਸੈਂਟਰਾਂ ਵਿਚ ਡਾਕਟਰਾਂ ਦੀ ਹਾਜ਼ਰੀ ਪੂਰੇ ਦਿਨ ਦੇ ਨਾਲ-ਨਾਲ ਰਾਤ ਨੂੰ ਵੀ ਯਕੀਨੀ ਬਣਾਈ ਜਾਵੇ। ਅਜਿਹਾ ਕਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਅੱਜ ਪਿੰਡਾਂ ਵਿਚ ਬੈਠੇ ਅਣਸਿੱਖਿਅਤ ਡਾਕਟਰ ਜਿਥੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ, ਉਥੇ ਉਹ ਵੱਡੀ ਪੱਧਰ 'ਤੇ ਆਰਥਿਕ ਲੁੱਟ ਵੀ ਕਰ ਰਹੇ ਹਨ। ਅਜਿਹਾ ਹੀ ਧਿਆਨ ਪਿੰਡਾਂ ਵਿਚ ਖੋਲ੍ਹੀਆਂ ਗਈਆਂ ਆਯੁਰਵੈਦਿਕ ਤੇ ਹੋਮਿਓਪੈਥਿਕ ਡਿਸਪੈਂਸਰੀਆਂ ਮੰਗ ਰਹੀਆਂ ਹਨ। ਸਬੰਧਤ ਵਿਭਾਗ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਅੱਜ ਬੇਹੱਦ ਜ਼ਰੂਰਤ ਹੈ।

-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

16/03/2017

 ਔਕੜਾਂ 'ਚ ਘਿਰੀ ਔਰਤ
'ਔਰਤ ਦਿਵਸ' 'ਤੇ ਉੱਚੇ ਅਹੁਦੇ 'ਤੇ ਬੈਠੀਆਂ ਔਰਤਾਂ ਦੇ ਵਿਚਾਰ ਪੜ੍ਹਨ ਨੂੰ ਮਿਲੇ। ਇਕ ਪਲ ਲਈ ਸੋਚਣ ਤੇ ਫਿਰ ਲਿਖਣ ਲਈ ਮਜਬੂਰ ਕਰ ਦਿੱਤਾ ਹੈ। ਪ੍ਰਿੰਸੀਪਲ ਨਵਜੋਤ ਕੌਰ, ਡਾ: ਰਘਬੀਰ ਕੌਰ ਤੇ ਡਾ: ਨਵਜੋਤ ਦੇ ਵਿਚਾਰਾਂ ਨੂੰ ਜਲੰਧਰ ਦੇ ਪੱਤਰਕਾਰ ਜਸਪਾਲ ਨੇ ਪੇਸ਼ ਕੀਤਾ ਜੋ ਹੋਰ ਔਰਤਾਂ ਦੇ ਲਈ ਸੇਧ ਹਨ। ਔਰਤ ਨੌਕਰੀ 'ਤੇ ਲੱਗੀ ਵੀ ਅਜ਼ਾਦ ਨਹੀਂ ਹੈ। ਉਹ ਆਪਣੀ ਮਰਜ਼ੀ ਨਾਲ ਖਰਚ ਨਹੀਂ ਕਰ ਸਕਦੀ, ਜਦ ਤੱਕ ਉਸ ਦਾ ਪਤੀ ਆਗਿਆ ਨਾ ਦੇਵੇ। ਜੇ ਕੁੜੀ ਨੇ ਬਾਜ਼ਾਰ ਨੂੰ ਜਾਣਾ ਹੋਵੇ ਤਾਂ ਛੋਟੇ ਬੱਚੇ ਨੂੰ ਉਂਗਲੀ ਨਾਲ ਲਗਾ ਕੇ ਜਾਊਗੀ। ਮਰਦ ਪ੍ਰਧਾਨ ਸਮਾਜ ਵਿਚ ਔਰਤ ਮਹਿਸੂਸ ਕਰਦੀ ਹੈ ਕਿ ਉਸ ਦੀ ਆਪਣੀ ਇੱਜ਼ਤ ਹਮੇਸ਼ਾ ਖ਼ਤਰੇ ਵਿਚ ਰਹਿੰਦੀ ਹੈ।
ਕਾਨੂੰਨੀ ਤੌਰ 'ਤੇ ਕਈ ਤਰ੍ਹਾਂ ਦੇ ਹੱਕ ਮਿਲੇ ਹੋਏ ਹਨ। ਪਿੰਡਾਂ ਵਿਚ ਅੱਜ ਵੀ ਔਰਤ ਸਰਪੰਚ ਜਾਂ ਪੰਚ ਹੈ ਤੇ ਉਸ ਨੂੰ ਕਦੇ ਵੀ ਥਾਣੇ ਜਾਂ ਪਿੰਡ ਦੀ ਪੰਚਾਇਤ ਵਿਚ ਨਹੀਂ ਸੱਦਿਆ ਜਾਂਦਾ ਤੇ ਉਸ ਦੇ ਹਸਤਾਖਰ ਉਸ ਦਾ ਪਤੀ ਜਾਂ ਬੇਟਾ ਕਰ ਜਾਂਦਾ ਹੈ। ਦਲਿਤ ਔਰਤਾਂ ਜੋ ਪਿੰਡਾਂ ਦੀਆਂ ਸਰਪੰਚ ਹਨ, ਨੂੰ ਦਬਾ ਕੇ ਰੱਖਿਆ ਹੋਇਆ ਹੈ। ਕਹਿਣ ਦਾ ਭਾਵ ਹੈ ਕਿ ਔਰਤ ਕਿਸੇ ਵੀ ਧਰਮ ਜਾਂ ਜਾਤ ਦੀ ਹੋਵੇ, ਮਰਦ ਪ੍ਰਧਾਨ ਸਮਾਜ ਦੇ ਬਰਾਬਰ ਨਹੀਂ ਹੈ। ਔਰਤ ਨੂੰ ਸਮਾਜ ਦੇ ਮਾੜੇ ਤਾਣੇ-ਬਾਣੇ ਤੋਂ ਮੁਕਤ ਹੋਣ ਲਈ ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਪਵੇਗਾ। ਸਮਾਜ ਵਿਚ ਗ਼ਲਤ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਮਰਦ ਨੂੰ ਔਰਤਾਂ ਦਾ ਸਾਥ ਦੇਣਾ ਚਾਹੀਦਾ ਹੈ, ਜਿਸ ਤਰ੍ਹਾਂ ਗੁਰਮੇਹਰ ਦਾ ਲੋਕਾਂ ਨੇ ਸਾਥ ਦਿੱਤਾ ਹੈ।

-ਮਾ: ਜਗੀਰ ਸਿੰਘ ਸਠਿਆਲਾ
ਸ.ਕੰ.ਹ.ਸਕੂਲ ਸਠਿਆਲਾ (ਅੰਮ੍ਰਿਤਸਰ)।

ਅਸ਼ਲੀਲਤਾ ਵਿਰੁੱਧ ਸਖ਼ਤੀ ਹੋਵੇ
ਅੱਜ ਟੈਲੀਵਿਜ਼ਨ ਦੇ ਜ਼ਿਆਦਾਤਰ ਚੈਨਲਾਂ 'ਤੇ ਬਹੁਤੇ ਪ੍ਰੋਗਰਾਮਾਂ ਵਿਚ ਅਸ਼ਲੀਲਤਾ ਦਾ ਮਿਆਰ ਦਿਨ-ਪ੍ਰਤੀ-ਦਿਨ ਵਧਦਾ ਜਾ ਰਿਹਾ ਹੈ। ਵਿਅਕਤੀ ਨੂੰ ਆਪਣੇ ਪੂਰੇ ਪਰਿਵਾਰ ਵਿਚ ਬੈਠ ਕੇ ਪਤਨੀ, ਭੈਣ, ਬੱਚਿਆਂ, ਬਜ਼ੁਰਗਾਂ, ਰਿਸ਼ਤੇਦਾਰਾਂ ਆਦਿ ਨਾਲ ਰਲ-ਮਿਲ ਕੇ ਟੈਲੀਵਿਜ਼ਨ ਦੇ ਪ੍ਰੋਗਰਾਮ ਦੇਖਣੇ ਦੁੱਭਰ ਹੋ ਰਹੇ ਹਨ। ਕੀ ਪ੍ਰਸਿੱਧੀ ਪ੍ਰਾਪਤ ਕਰਨ ਲਈ ਹੱਦੋਂ ਵੱਧ ਅਸ਼ਲੀਲਤਾ ਦਰਸਾਉਣਾ ਹੀ ਟੈਲੀਵਿਜ਼ਨ ਦਾ ਉਦੇਸ਼ ਅਤੇ ਸਾਧਨ ਮਾਤਰ ਰਹਿ ਗਿਆ ਹੈ? ਇਸ ਲਈ ਸੈਂਸਰ ਬੋਰਡ ਇਸ ਵਿਰੁੱਧ ਬਣਦੀ ਕਾਰਵਾਈ ਤੁਰੰਤ ਪ੍ਰਭਾਵ ਨਾਲ ਕਰੇ ਤਾਂ ਜੋ ਪੰਜਾਬੀ ਵਿਰਸੇ ਅਤੇ ਭਾਰਤੀ ਸਮਾਜ ਨੂੰ ਅਸ਼ਲੀਲਤਾ ਦੀ ਦਲਦਲ ਵਿਚ ਧੱਸ ਜਾਣ ਤੋਂ ਬਚਾਇਆ ਜਾ ਸਕੇ, ਸਮਾਜਿਕ ਕੁਰੀਤੀਆਂ ਨੂੰ ਵਧਣ ਤੋਂ ਰੋਕਿਆ ਜਾ ਸਕੇ ਅਤੇ ਸਾਦਗੀ ਨੂੰ ਅਹਿਮੀਅਤ ਦਿੱਤੀ ਜਾ ਸਕੇ। ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਦ-ਆਚਰਨ ਵਿਚ ਰਹਿਣ ਦਾ ਸੁਖਾਵਾਂ ਮਾਹੌਲ ਮਿਲੇਗਾ ਅਤੇ ਸਾਡੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਵੀ ਖੋਰਾ ਨਹੀਂ ਲੱਗੇਗਾ।

-ਸੰਜੀਵ ਧਰਮਾਣੀ
ਮੱਧੇਵਾਲੀਆ, ਸ੍ਰੀ ਅਨੰਦਪੁਰ ਸਾਹਿਬ।

13/03/2017

 ਕਿਸਾਨ ਖੁਦਕੁਸ਼ੀਆਂ ਕਿਵੇਂ ਰੁਕਣ
ਕਿਸਾਨੀ ਕਰਜ਼ਿਆਂ ਦੀ ਮੁਆਫ਼ੀ ਕਿਸਾਨ ਖੁਦਕੁਸ਼ੀਆਂ ਰੋਕਣ ਦਾ ਕੋਈ ਪੱਕਾ ਹੱਲ ਨਹੀਂ ਹੈ। ਕਿਸਾਨੀ ਨੂੰ ਬਚਾਉਣ ਲਈ ਪੰਜ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਦੀ ਘੱਟੋ-ਘੱਟ ਆਮਦਨ ਤੈਅ ਕਰਨ ਦੀ ਲੋੜ ਹੈ। ਘੱਟੋ-ਘੱਟ ਸਾਲਾਨਾ ਆਮਦਨ ਤੋਂ ਜਿੰਨੀ ਆਮਦਨ ਘੱਟ ਹੋਵੇ, ਉਸ ਨੂੰ ਕੇਂਦਰ ਸਰਕਾਰ ਆਪਣੇ ਖਜ਼ਾਨੇ ਵਿਚੋਂ ਪੂਰਾ ਕਰੇ। ਦੂਜੇ ਪਾਸੇ ਕਿਸਾਨਾਂ ਨੂੰ ਆਪਣੀ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ। ਸਾਦਾ ਜੀਵਨ ਬਿਤਾਉਣ ਅਤੇ ਵਿਆਹ-ਸ਼ਾਦੀਆਂ ਤੇ ਹੋਰ ਸਮਾਗਮਾਂ ਵਿਚ ਅਮੀਰ ਲੋਕਾਂ ਦੀ ਰੀਸ ਨਾਲ ਵਿਤੋਂ ਵੱਧ ਖਰਚ ਤੋਂ ਪ੍ਰਹੇਜ਼ ਕਰਨ ਨਾਲ ਹੀ ਜੀਵਨ ਸੁਖੀ ਬਣ ਸਕਦਾ ਹੈ। ਇਨਸਾਨ ਨੂੰ ਜਿਊਂਦੇ ਰਹਿਣ ਲਈ ਅਨਾਜ ਦੀ ਲੋੜ ਹੁੰਦੀ ਹੈ। ਕਿਸਾਨ, ਅਨਾਜ ਪੈਦਾ ਕਰਦਾ ਹੈ। ਇਸ ਲਈ ਉਸ ਨੂੰ ਵੀ ਜਿਊਂਦੇ ਰੱਖਣ ਦੀ ਲੋੜ ਹੈ। 'ਪੇਟ ਨਾ ਪਈਆਂ ਰੋਟੀਆਂ ਤਾਂ ਸਭੇ ਗੱਲਾਂ ਖੋਟੀਆਂ' ਦੇ ਅਖਾਣ ਅਨੁਸਾਰ ਅਨਾਜ ਖੁਣੋਂ ਭੁੱਖਾ ਢਿੱਡ, ਸੰਸਾਰ ਵਿਚਲੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਅ ਸਕਦਾ। ਹੁਣ ਛੋਟੀ ਕਿਸਾਨੀ ਨੂੰ ਬਚਾਉਣ ਵਿਚ ਹੀ ਅਕਲਮੰਦੀ ਹੈ। ਕੇਂਦਰ ਸਰਕਾਰ ਨੂੰ ਛੋਟੇ ਕਿਸਾਨਾਂ ਦੀ ਘੱਟੋ-ਘੱਟ ਸਾਲਾਨਾ ਆਮਦਨ ਮਿਥਣ ਦਾ ਬਿੱਲ ਲੋਕ ਸਭਾ ਵਿਚ ਪਾਸ ਕਰ ਦੇਣਾ ਚਾਹੀਦਾ ਹੈ। ਕਿਸਾਨ ਖੁਦਕੁਸ਼ੀਆਂ ਰੋਕਣ ਦਾ ਇਹ ਹੀ ਸਥਾਈ ਹੱਲ ਹੈ।


-ਇੰਜ: ਕੁਲਦੀਪ ਸਿੰਘ ਲੁੱਧਰ
ਅੰਮ੍ਰਿਤਸਰ।


ਵਿਆਹ 'ਤੇ ਖਰਚ
8 ਮਾਰਚ, 2017 ਦੀ 'ਅਜੀਤ' ਵਿਚ ਛਪਿਆ ਲੇਖ 'ਕੀ ਹੁਣ ਵਿਆਹ ਸੌਖੇ ਤੇ ਸਸਤੇ ਹੋਣਗੇ?' ਸਮਾਜ ਲਈ ਰਾਮਬਾਣ ਸਿੱਧ ਹੋਏਗਾ। ਲੋਕ ਸਭਾ ਵਿਚ ਪੇਸ਼ ਬਿੱਲ ਜਨਤਾ ਨੂੰ ਇਕ ਨਵਾਂ ਰਾਹ ਦਿਖਾਏਗਾ। ਲੋਕਾਂ ਵੱਲੋਂ ਇਸ ਦਾ ਸਵਾਗਤ ਕੀਤਾ ਜਾ ਰਿਹਾ ਹੈ। ਇਸ ਬਿੱਲ ਦਾ ਫਾਇਦਾ ਗ਼ਰੀਬ ਲੋਕਾਂ ਨੂੰ ਵੱਧ ਮਿਲੇਗਾ। ਕਿਉਂਕਿ ਉਹ ਦੋ-ਤਿੰਨ ਘੰਟੇ ਦੇ ਪ੍ਰੋਗਰਾਮ 'ਤੇ ਆਪਣੀ ਜ਼ਿੰਦਗੀ ਦੀ ਖੂਨ-ਪਸੀਨੇ ਦੀ ਸਾਰੀ ਕਮਾਈ ਖਰਚ ਕਰ ਦਿੰਦੇ ਹਨ ਅਤੇ ਉਹ ਵਿਆਹ ਸੰਪੂਰਨ ਕਰਨ ਲਈ ਲੱਖਾਂ ਰੁਪਏ ਦੇ ਕਰਜ਼ੇ ਵੀ ਲੈਂਦੇ ਹਨ, ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਉਹ ਕਰਜ਼ੇ ਦਾ ਵਿਆਜ ਦੇਣ ਦੇ ਕਾਬਲ ਨਹੀਂ ਰਹਿੰਦੇ, ਕਰਜ਼ਾ ਵਾਪਸ ਕਰਨਾ ਤਾਂ ਦੂਰ ਦੀ ਗੱਲ ਹੈ। ਅਮੀਰ ਲੋਕ ਤਾਂ ਵਿਖਾਵਾ ਕਰਨ ਲਈ ਬੇਹਿਸਾਬ ਪੂੰਜੀ ਖਰਚ ਕਰਦੇ ਹਨ। ਗ਼ਰੀਬ ਲੋਕਾਂ ਨੂੰ ਵੀ ਮਜਬੂਰੀ ਵੱਸ ਇਹ ਖਰਚ ਕਰਨਾ ਪੈਂਦਾ ਹੈ। ਸਰਕਾਰ ਵੱਲੋਂ ਜੇ ਇਹ ਕਾਨੂੰਨ ਪਾਸ ਕਰਕੇ ਸਖਤੀ ਨਾਲ ਲਾਗੂ ਕੀਤਾ ਜਾਵੇ ਤਾਂ ਸਾਡਾ ਸਮਾਜ ਇਸ ਭੈੜੀ ਲਾਹਨਤ ਤੋਂ ਮੁਕਤ ਹੋ ਸਕਦਾ ਹੈ।


-ਸਮਿੱਤਰ ਸਿੰਘ ਦੋਸਤ
ਮੋਬਾਈਲ : 92562-92764.


ਅਪਗਰੇਡ ਸਕੂਲਾਂ ਦੇ ਅਧਿਆਪਕਾਂ ਦੇ ਦੁੱਖ
ਪਿਛਲੇ ਸਾਲ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਦੇ ਮਿਡਲ ਸਕੂਲ ਅਪਗਰੇਡ ਕਰਕੇ ਹਾਈ ਸਕੂਲ ਕਰ ਦਿੱਤੇ। ਮਿਡਲ ਤੋਂ ਹਾਈ ਉਹ ਸਕੂਲ ਕੀਤੇ ਜਿਨ੍ਹਾਂ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ 100 ਤੋਂ ਜ਼ਿਆਦਾ ਸੀ। ਅਧਿਆਪਕਾਂ ਨੇ ਬੜੀ ਮਿਹਨਤ ਨਾਲ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵਧਾਈ ਸੀ, ਪਰ ਇਸ ਦਾ ਨਤੀਜਾ ਇਹ ਹੋਇਆ ਕਿ ਸਕੂਲਾਂ ਵਿਚ ਮੁੱਖ ਅਧਿਆਪਕ ਅਤੇ ਕਲਰਕਾਂ ਦੀਆਂ ਪੋਸਟਾਂ ਖਾਲੀ ਹੋਣ ਕਾਰਨ ਵਿਚਾਰੇ ਅਧਿਆਪਕ ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਤਨਖਾਹਾਂ ਤੋਂ ਵਾਂਝੇ ਹਨ। ਇਹ ਅਧਿਆਪਕ ਤਨਖਾਹਾਂ ਲਈ ਏ.ਜੀ. ਪੰਜਾਬ ਦੇ ਦਫਤਰ ਅਤੇ ਜ਼ਿਲ੍ਹਾ ਸਿੱਖਿਆ ਅਫਸਰਾਂ ਦੇ ਦਫਤਰਾਂ ਦੇ ਚੱਕਰ ਲਗਾਉਣ ਜਾਂ ਸਕੂਲਾਂ ਵਿਚ ਬੱਚਿਆਂ ਨੂੰ ਪੜ੍ਹਾਉਣ। ਹੁਣ ਤਾਂ ਅਧਿਆਪਕ ਇਹ ਸੋਚਣ ਨੂੰ ਮਜਬੂਰ ਹੋ ਗਏ ਹਨ ਕਿ ਕਾਸ਼! ਉਨ੍ਹਾਂ ਨੇ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਨਾ ਵਧਾਈ ਹੁੰਦੀ ਤਾਂ ਅੱਜ ਉਹ ਵੀ ਬਾਕੀ ਅਧਿਆਪਕਾਂ ਵਾਂਗ ਖੱਜਲ-ਖੁਆਰੀ ਤੋਂ ਬਚ ਜਾਂਦੇ। ਪੰਜਾਬ ਸਰਕਾਰ ਨੂੰ ਅਧਿਆਪਕਾਂ ਦੀ ਹੋ ਰਹੀ ਖੱਜਲ-ਖੁਆਰੀ ਅਤੇ ਮਾਨਸਿਕ ਪਰੇਸ਼ਾਨੀ ਨੂੰ ਛੇਤੀ ਤੋਂ ਛੇਤੀ ਦੂਰ ਕਰਨ ਲਈ ਠੋਸ ਉਪਰਾਲੇ ਕਰਨੇ ਚਾਹੀਦੇ ਹਨ।


-ਇਕ ਪਾਠਕ

10-3-2017

  ਸਾਡੀ ਰੀਸ ਕੌਣ ਕਰ ਲਊ...

ਇਕ ਦਿਨ ਮੈਂ ਆਪਣੇ ਆੜ੍ਹਤੀਏ ਦੇਵ ਰਾਜ ਦੀ ਕੀੜੇਮਾਰ ਦਵਾਈਆਂ ਦੀ ਦੁਕਾਨ ਤੋਂ ਆਪਣੇ ਖੇਤ ਵਾਸਤੇ ਨਦੀਨਨਾਸ਼ਕ ਦਵਾਈ ਲੈਣ ਗਿਆ। ਮੈਂ ਕੀ ਦੇਖਿਆ ਕਿ ਮੇਰੇ ਤੋਂ ਪਹਿਲਾਂ ਮੇਰੇ ਹੀ ਪਿੰਡ ਦਾ ਕਿਸਾਨ ਕਿੱਕਰ ਸਿੰਘ ਦੇਵ ਰਾਜ ਤੋਂ 5000 ਰੁਪਏ ਵਿਆਜ 'ਤੇ ਲੈਣ ਲਈ ਮਿੰਨਤਾਂ ਤਰਲੇ ਕਰ ਰਿਹਾ ਸੀ ਪਰ ਦੇਵ ਰਾਜ ਉਸ ਨੂੰ ਪਿਛਲੇ ਖੜ੍ਹੇ ਪੈਸੇ ਵਾਪਸ ਨਾ ਕਰਨ ਕਰਕੇ ਹੋਰ ਪੈਸੇ ਦੇਣ ਤੋਂ ਅਸਮਰੱਥਾ ਪ੍ਰਗਟ ਕਰ ਰਿਹਾ ਸੀ। ਕਿੱਕਰ ਸਿੰਘ ਦੇ ਜ਼ਿਆਦਾ ਵਾਸਤੇ ਪਾਉਣ ਕਰਕੇ ਅਖੀਰ ਨਾ-ਚਾਹੁੰਦੇ ਹੋਏ ਵੀ ਦੇਵ ਰਾਜ ਨੇ ਉਸ ਦਾ ਸੱਜਾ ਅੰਗੂਠਾ ਆਪਣੀ ਲਾਲ ਵਹੀ 'ਤੇ ਲਗਾ ਕੇ ਉਸ ਨੂੰ 5000 ਰੁਪਏ ਦੇ ਦਿੱਤੇ ਸਨ। ਉਸ ਤੋਂ ਅਗਲੇ ਦਿਨ ਮੈਂ ਕੀ ਦੇਖਿਆ ਕਿ ਉਹੀ ਕਿੱਕਰ ਸਿੰਘ ਪਿੰਡੋਂ ਗਈ ਜੈਲਦਾਰਾਂ ਦੀ ਬਰਾਤ ਵਿਚ ਨੱਚਦੀਆਂ ਆਰਕੈਸਟਰਾਂ 'ਤੇ ਨੋਟ ਸੁੱਟ ਰਿਹਾ ਸੀ ਅਤੇ ਡੀ.ਜੇ. ਵਾਲੇ ਨੂੰ ਵਾਰ-ਵਾਰ ਇਕੋ ਗਾਣਾ ਲਾਉਣ ਦੀ ਫਰਮਾਇਸ਼ ਵੀ ਕਰ ਰਿਹਾ ਸੀ, ਜਿਸ ਦੇ ਬੋਲ ਸਨ:
ਮਾਲਕ ਜ਼ਮੀਨਾਂ ਦੇ ਤੇ ਪੁੱਤ ਸਰਦਾਰਾਂ ਦੇ,
ਸਾਡੇ ਸਿਰੋਂ ਚਲਦੇ ਨੇ ਘਰ ਸ਼ਾਹੂਕਾਰਾਂ ਦੇ,
ਖੁੱਲ੍ਹੇ ਰੱਖੀਏ ਦਿਲਾਂ ਦੇ ਦਰਵਾਜ਼ੇ
ਸਾਡੀ ਰੀਸ ਕੌਣ ਕਰ ਲਓ,
ਸਾਨੂੰ ਰੱਬ ਨੇ ਬਣਾਇਆ ਮਹਾਰਾਜੇ।

-ਰਾਜਾ ਗਿੱਲ
ਪਿੰਡ ਤੇ ਡਾਕ: ਚੜਿੱਕ (ਮੋਗਾ)। ਮੋਬਾ : 94654-11585.


ਸੈਲਫੀਆਂ ਤੇ ਲਾਈਵ ਵੀਡੀਓ

ਜ਼ਿੰਦਗੀ ਵਿਚ ਬੀਤ ਰਹੇ ਹਰੇਕ ਯਾਦਗਾਰ ਪਲ ਨੂੰ ਕੈਮਰੇ ਵਿਚ ਕੈਦ ਕਰਕੇ ਸੈਲਫੀਆਂ ਤੇ ਲਾਈਵ ਵੀਡੀਓ ਦੇ ਰੂਪ ਵਿਚ ਆਪਣੇ ਦੋਸਤਾਂ-ਮਿੱਤਰਾਂ ਨੂੰ ਫੇਸਬੁੱਕ, ਟਵਿਟਰ, ਵਟਸਐਪ, ਯੂ-ਟਿਊਬ ਤੇ ਇੰਸਟਾਗ੍ਰਾਮ ਰਾਹੀਂ ਦਿਖਾਉਣ ਦਾ ਰੁਝਾਨ ਅੱਜਕਲ੍ਹ ਆਮ ਹੋ ਗਿਆ ਹੈ। ਅਜਿਹੀਆਂ ਹਰਕਤਾਂ ਕਰਦੇ ਸਮੇਂ ਸਾਡੀ ਨੌਜਵਾਨ ਪੀੜ੍ਹੀ ਇਹ ਭੁੱਲ ਜਾਂਦੀ ਹੈ ਕਿ ਕੁਝ ਹੀ ਪਲਾਂ ਤੱਕ ਮੌਤ ਉਨ੍ਹਾਂ ਤੱਕ ਪਹੁੰਚ ਰਹੀ ਹੈ। ਧਾਰਮਿਕ ਸਥਾਨਾਂ ਤੇ ਮੇਲਿਆਂ ਨੂੰ ਮੋਟਰਸਾਈਕਲਾਂ 'ਤੇ ਜਾਂਦੇ ਸਮੇਂ ਗਰੁੱਪ ਵਿੱਚ ਨੌਜੁਆਨਾਂ ਵੱਲੋਂ ਆਪਣੇ-ਆਪ ਨੂੰ ਲਾਈਵ ਦਿਖਾਉਣ ਕਰਕੇ ਅੱਜਕਲ੍ਹ ਧਾਰਮਿਕ ਸਥਾਨਾਂ ਦੀ ਯਾਤਰਾ ਸੈਲਫੀਆਂ ਦੀ ਯਾਤਰਾ ਬਣਦੀ ਜਾ ਰਹੀ ਹੈ। ਪਿਛਲੇ ਸਮੇਂ ਵਿਚ ਸੈਲਫੀਆਂ ਖਿੱਚਦੇ ਸਮੇਂ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ, ਪਰ ਕੋਈ ਵੀ ਅਜਿਹੀਆਂ ਹਰਕਤਾਂ ਕਰਨ ਤੋਂ ਬਾਜ਼ ਨਹੀਂ ਆ ਰਿਹਾ। ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਇਸ ਤਕਨੀਕ ਦਾ ਇਸਤੇਮਾਲ ਮੂਰਖਤਾ ਦੀ ਹੱਦ ਤੱਕ ਕਰਨਾ ਛੱਡ ਕੇ ਸਹੀ ਤਰੀਕੇ ਨਾਲ ਕੀਤਾ ਜਾਵੇ ਅਤੇ ਸਮਾਂ ਤੇ ਸਥਾਨ ਜ਼ਰੂਰ ਦੇਖ ਲਿਆ ਜਾਵੇ।

-ਸ਼ਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆਂ, ਡਾਕਖਾਨਾ ਚੀਮਾਂ ਖੁੱਡੀ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਮੋਬਾਈਲ : 98764-74671.

ਨੋਟਾਂ ਦੀ ਬੇਕਦਰੀ

ਪੈਸੇ ਨੂੰ ਦੁਨੀਆ ਵਿਚ ਰੱਬ ਰੂਪ ਵਜੋਂ ਸਮਝਿਆ ਜਾਂਦਾ ਹੈ। ਹੈ ਵੀ ਠੀਕ, ਕਿਉਂਕਿ ਧਨ ਮਨੁੱਖ ਦੇ ਹਰ ਦੁੱਖ-ਸੁੱਖ ਵਿਚ ਕੰਮ ਆਉਂਦਾ ਹੈ। ਕੋਈ ਵੀ ਲੈਣ-ਦੇਣ ਬਿਨਾਂ ਨੋਟਾਂ ਤੋਂ ਨਹੀਂ ਹੁੰਦਾ। ਪੈਸਾ ਰੱਬ ਤਾਂ ਨਹੀਂ, ਪਰ ਹੈ ਵੀ ਬਹੁਤ ਕੁਝ। ਇਨ੍ਹਾਂ ਪੈਸਿਆਂ ਨੂੰ ਕਮਾਉਣ ਲਈ ਬਹੁਤ ਮਿਹਨਤ-ਮੁਸ਼ੱਕਤ ਕਰਨੀ ਪੈਂਦੀ ਹੈ, ਦਿਨ-ਰਾਤ ਮਿਹਨਤ ਕਰਨੀ ਪੈਂਦੀ ਹੈ, ਵਿਦੇਸ਼ਾਂ ਵਿਚ ਜਾ ਕੇ ਧੱਕੇ ਵੀ ਖਾਣੇ ਪੈਂਦੇ ਹਨ ਅਤੇ ਆਪਣੇ ਅਰਮਾਨਾਂ ਦਾ ਘਾਣ ਵੀ ਕਰਨਾ ਪੈਂਦਾ ਹੈ। ਪਰ ਦੁੱਖ ਉਦੋਂ ਹੁੰਦਾ ਹੈ ਜਦੋਂ ਕਿਸੇ ਵਿਆਹ, ਸੇਵਾਮੁਕਤੀ ਜਾਂ ਹੋਰ ਖੁਸ਼ੀ ਦੇ ਮੌਕਿਆਂ 'ਤੇ ਨੱਚਦੇ-ਟੱਪਦੇ ਹੋਏ ਲੋਕ ਹੋਰ ਦੂਜੇ 'ਤੇ ਨਾਲ ਦੇ ਨੱਚਣ ਵਾਲੇ ਲੋਕਾਂ 'ਤੇ ਨੋਟ ਵਾਰਦੇ (ਸੁੱਟਦੇ) ਨਜ਼ਰ ਆਉਂਦੇ ਹਨ ਤੇ ਫਿਰ ਕੁਝ ਸਕਿੰਟਾਂ ਵਿਚ ਉਹੀ ਰੱਬ ਵਾਂਗ ਪੂਜੇ ਤੇ ਮਿਹਨਤ-ਮੁਸ਼ੱਕਤ ਨਾਲ ਕਮਾਏ ਨੋਟ ਭੰਗੜੇ ਪਾਉਂਦੇ ਲੋਕਾਂ ਦੇ ਪੈਰਾਂ ਹੇਠਾਂ, ਜੁੱਤੀਆਂ ਥੱਲੇ ਰੁਲਦੇ ਨਜ਼ਰੀਂ ਆਉਂਦੇ ਹਨ। ਸੋ, ਇਨ੍ਹਾਂ ਨੋਟਾਂ ਦੀ ਕਦਰ ਕਰਦੇ ਹੋਏ ਸਾਨੂੰ ਅਜਿਹੀ ਗ਼ਲਤੀ ਨਹੀਂ ਕਰਨੀ ਚਾਹੀਦੀ। ਸਖ਼ਤ ਮਿਹਨਤ ਤੇ ਘਾਲਣਾ ਘਾਲ ਕੇ ਪ੍ਰਾਪਤ ਹੋਣ ਵਾਲੀ ਵਸਤੂ ਨੂੰ ਇੱਜ਼ਤ-ਮਾਣ ਨਾਲ ਸੰਭਾਲ ਕੇ ਰੱਖਣਾ ਹੀ ਸਹੀ ਹੋ ਸਕਦਾ ਹੈ, ਉਸ ਦੀ ਬੇਕਦਰੀ ਕਰਨ ਨਾਲ ਘਰ-ਬਾਰ ਤੇ ਵਿਅਕਤੀਤਵ ਦੀ ਤਰੱਕੀ ਹੋਣੀ ਔਖੀ ਹੈ।

-ਮਾ: ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ। ਮੋਬਾਈਲ : 94785-61356.

 

 

9/3/2017

 ਔਰਤਾਂ ਦਾ ਸਨਮਾਨ
ਮਾਂ ਅਰਥਾਤ ਮਾਤਾ ਦੇ ਰੂਪ ਵਿਚ ਨਾਰੀ ਨੂੰ ਧਰਤੀ 'ਤੇ ਆਉਣ ਲਈ ਸਭ ਤੋਂ ਵੱਧ ਪਵਿੱਤਰ ਮੰਨਿਆ ਗਿਆ ਹੈ। ਕਿਉਂਕਿ ਮਾਂ ਈਸ਼ਵਰ ਦੀ ਵੀ ਜਨਮਦਾਤੀ ਹੈ ਪਰ ਹੁਣ ਔਰਤ ਦਾ ਸਨਮਾਨ ਘਟਦਾ ਜਾ ਰਿਹਾ ਹੈ। ਇਹ ਇਕ ਚਿੰਤਾਜਨਕ ਪਹਿਲੂ ਹੈ। ਸਭ ਆਪਣੇ ਕੰਮਾਂ-ਕਾਰਾਂ ਵਿਚ ਨੈਤਿਕ ਕਦਰਾਂ-ਕੀਮਤਾਂ ਗੁਆ ਰਹੇ ਹਨ। ਨਵੀਂ ਪੀੜ੍ਹੀ ਦੇ ਵਰਗ ਨੂੰ ਸੋਚਣਾ ਚਾਹੀਦਾ ਹੈ ਕਿ ਔਰਤਾਂ ਦਾ ਸਨਮਾਨ ਕਿਉਂ ਘਟਦਾ ਜਾ ਰਿਹਾ ਹੈ। ਔਰਤਾਂ ਹਰ ਖੇਤਰ ਵਿਚ ਮੁੰਡਿਆਂ ਨਾਲੋਂ ਅੱਗੇ ਹਨ। ਇਹ ਹਰ ਖੇਤਰ ਵਿਚ ਆਪਣੀ ਮਿਹਨਤ ਸਦਕਾ ਬਾਜ਼ੀ ਮਾਰ ਰਹੀਆਂ ਹਨ। ਜੇਕਰ ਅਸੀਂ ਇਤਿਹਾਸ ਵੱਲ ਧਿਆਨ ਦੇਈਏ ਤਾਂ ਮਦਰ ਟੈਰੇਸਾ, ਕਲਪਨਾ ਚਾਵਲਾ, ਕਸਤੂਰਬਾ ਗਾਂਧੀ, ਮਾਈ ਭਾਗੋ ਅਤੇ ਹੋਰ ਵੀ ਬਹੁਤ ਪ੍ਰਸਿੱਧ ਮਹਿਲਾਵਾਂ ਹਨ, ਜਿਨ੍ਹਾਂ ਨੇ ਸਾਡੇ ਦੇਸ਼ ਦੀ ਤਰੱਕੀ ਨੂੰ ਵਧਾਉਣ ਲਈ ਭੂਮਿਕਾ ਨਿਭਾਈ ਹੈ। ਸੋ, ਸਾਨੂੰ ਔਰਤਾਂ ਦਾ ਸਨਮਾਨ ਕਰਨਾ ਚਾਹੀਦਾ ਹੈ।


-ਬੇਅੰਤ ਕੌਰ ਬਰਾੜ
ਪਿੰਡ ਖੁੜੰਜ, ਜ਼ਿਲ੍ਹਾ ਫਾਜ਼ਿਲਕਾ।


ਜਾਣਕਾਰੀ ਭਰਪੂਰ ਲੇਖ

ਪਿਛਲੇ ਦਿਨੀਂ 'ਅਜੀਤ' ਵਿਚ ਇਕ ਲੇਖ ਬਾਬਾ ਦਾਨ ਸਿੰਘ ਬਰਾੜ ਬਾਰੇ ਪੜ੍ਹਿਆ, ਬਹੁਤ ਜਾਣਕਾਰੀ ਭਰਪੂਰ ਸੀ। ਲੇਖਕ ਨੇ ਵਧੀਆ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਥੋੜ੍ਹੇ ਸ਼ਬਦਾਂ ਵਿਚ ਹੀ ਭਰਪੂਰ ਜਾਣਕਾਰੀ ਦੇਣ ਦੀ ਖੇਚਲ ਕੀਤੀ ਹੈ ਪਰ ਇਸ ਮਹਾਂਪੁਰਸ਼ ਨੂੰ ਜਿੰਨਾ ਵੱਡਾ ਸਥਾਨ ਸਿੱਖ ਇਤਿਹਾਸ ਵਿਚ ਮਿਲਣਾ ਚਾਹੀਦਾ ਸੀ, ਉਹ ਨਹੀਂ ਮਿਲ ਸਕਿਆ। ਬਹੁਤ ਥੋੜ੍ਹੇ ਪਾਠਕਾਂ ਨੂੰ ਇਨ੍ਹਾਂ ਬਾਰੇ ਜਾਣਕਾਰੀ ਸੀ ਪਰ ਇਹ ਲੇਖ ਪੜ੍ਹ ਕੇ ਜਾਣਕਾਰੀ ਵਿਚ ਵਾਧਾ ਹੋਇਆ ਹੈ। ਤੁਸੀਂ ਵਧਾਈ ਦੇ ਪਾਤਰ ਹੋ ਕਿ ਮਾਲਵੇ ਦੇ ਲੋਕਾਂ ਨੂੰ ਇਸ ਮਹਾਨ ਜਰਨੈਲ ਬਾਰੇ ਭਰਪੂਰ ਜਾਣਕਾਰੀ ਦਿੱਤੀ।

-ਬਲਦੇਵ ਸਿੰਘ ਮਰਾਹੜ
ਪਿੰਡ ਤੇ ਡਾਕ: ਕੋਠਾ ਗੁਰੂ ਕਾ, ਬਠਿੰਡਾ

ਆਲੂਆਂ ਦੀ ਮੰਦੀ

ਲੋਕਾਂ ਨੇ ਹਾਲੇ ਨੋਟਬੰਦੀ ਤੋਂ ਪੂਰੀ ਤਰ੍ਹਾਂ ਰਾਹਤ ਵੀ ਮਹਿਸੂਸ ਨਹੀਂ ਕੀਤੀ ਕਿ ਆਲੂਆਂ ਦੀ ਫ਼ਸਲ ਦੀ ਮੰਦੀ ਹਾਲਤ ਨੇ ਕਿਸਾਨੀ ਦਾ ਲੱਕ ਤੋੜ ਦਿੱਤਾ। ਮਹਿੰਗੇ ਭਾਅ ਦੀ ਖਾਦ ਨਾਲ ਤਿਆਰ ਕੀਤੀ ਆਲੂਆਂ ਦੀ ਫ਼ਸਲ ਦੀ ਆਮਦ ਭਾਵੇਂ ਇਕ ਵਾਰ ਚੰਗੀ ਹੋਈ ਪਰ ਰੁਪਏ ਕਿਲੋ ਵਿਕਦੇ ਆਲੂਆਂ ਨੇ ਕਿਸਾਨਾਂ ਦੇ ਮੁਢਲੇ ਖਰਚੇ ਵੀ ਪੂਰੀ ਨਹੀਂ ਕਰਨੇ। ਪਿਛਲੇ ਦਿਨੀਂ ਕਰਤਾਰਪੁਰ ਵਿਚ ਜਲੰਧਰ ਅੰਮ੍ਰਿਤਸਰ ਕੌਮੀ ਮਾਰਗ 'ਤੇ ਕਿਸਾਨਾਂ ਨੇ ਆਲੂ ਸੁੱਟ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਪ੍ਰਸ਼ਾਸਨ ਨੂੰ ਆਲੂਆਂ ਦਾ ਚਿੱਕੜ ਜੇ.ਸੀ.ਬੀ. ਮਸ਼ੀਨਾਂ ਨਾਲ ਹਟਾਉਣਾ ਪਿਆ। ਆਲੂਆਂ ਦੀ ਫ਼ਸਲ ਦੇ ਨਿਕਲੇ ਇਸ ਜਨਾਜ਼ੇ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ। ਮੰਡੀ ਵਿਚ ਆਲੂ ਭਾਵੇਂ ਮੰਦੇ ਵਿਕ ਰਹੇ ਨੇ ਪਰ ਆਲੂਆਂ ਤੋਂ ਬਣੇ ਪਦਾਰਥ ਮਾਰਕੀਟ ਵਿਚ ਮਹਿੰਗੇ ਭਾਅ ਵਿਕ ਰਹੇ ਹਨ। ਆਲੂਆਂ ਦੇ ਮੰਦੇ ਭਾਅ ਨੇ ਕਿਸਾਨਾਂ ਨੂੰ ਆ ਰਹੇ ਹਾੜ੍ਹੀ ਦੇ ਸੀਜ਼ਨ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਸੈਂਕੜੇ ਏਕੜ ਵਿਚ ਲੱਗੇ ਆਲੂਆਂ ਦੀ ਫ਼ਸਲ ਦਾ ਸਹੀ ਮੁੱਲ ਪਾਉਣ ਲਈ ਸਰਕਾਰ ਜਲਦ ਹੀ ਕੋਈ ਪੁਖਤਾ ਤੇ ਫੌਰੀ ਇੰਤਜ਼ਾਮ ਕਰਕੇ 'ਕਿਸਾਨ ਹਿਤੈਸ਼ੀ' ਬਣਨ ਦਾ ਯਤਨ ਕਰੇ ਤਾਂ ਕਿ ਕਿਸਾਨਾਂ ਦਾ ਰੋਹ ਠੰਢਾ ਹੋ ਸਕੇ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।

 

08/03/2017

 ਸਹਿਣਸ਼ੀਲਤਾ ਦਾ ਮਹੱਤਵ
ਅਜੋਕੇ ਸਮਿਆਂ ਵਿਚ ਭਾਵੇਂ ਅਸੀਂ ਬਹੁਤ ਅਗਾਂਹਵਧੂ ਵਿਚਾਰਾਂ ਦੇ ਧਾਰਨੀ ਹੋਣ ਦਾ ਵਿਖਾਵਾ ਕਰਦੇ ਹਾਂ ਪ੍ਰੰਤੂ ਅਸੀਂ ਦਿਨ-ਬ-ਦਿਨ ਸਹਿਣਸ਼ੀਲ ਆਚਾਰ-ਵਿਹਾਰ ਤੋਂ ਦੂਰ ਹੁੰਦੇ ਜਾ ਰਹੇ ਹਾਂ। ਘਰ ਵਿਚ ਬੱਚਿਆਂ ਦਾ ਰੁੱਸਣਾ, ਨੌਜਵਾਨ ਪੀੜ੍ਹੀ ਦੀਆਂ ਖ਼ੁਦਕੁਸ਼ੀਆਂ, ਮਾਨਸਿਕ ਤਣਾਅ ਸਭ ਉਨ੍ਹਾਂ ਵਿਚ ਇਸ ਗੁਣ ਦੀ ਘਾਟ ਦਾ ਨਤੀਜਾ ਹੈ। ਅਸੀਂ ਬੋਲਣ ਨੂੰ ਵਧੇਰੇ ਅਤੇ ਸੁਣਨ ਨੂੰ ਘੱਟ ਅਹਿਮੀਅਤ ਦਿੰਦੇ ਹਾਂ। ਸਹਿਣਸ਼ੀਲ ਹੋਣ ਦਾ ਮਤਲਬ ਇਹ ਨਹੀਂ ਕਿ ਅਸੀਂ ਹਰ ਗੱਲ ਨੂੰ ਸਹਾਰ ਲਈਏ ਬਲਕਿ ਇਹ ਹੈ ਕਿ ਅਸੀਂ ਟਾਲਣਯੋਗ ਹਾਲਤਾਂ ਨੂੰ ਆਉਣ ਤੋਂ ਰੋਕ ਸਕੀਏ। 21ਵੀਂ ਸਦੀ ਦੇ ਧੀਆਂ-ਪੁੱਤ, ਮਾਂ-ਬਾਪ ਨਾਲ ਸਮਾਯੋਜਨ ਇਸ ਕਰਕੇ ਨਹੀਂ ਕਰ ਰਹੇ ਕਿਉਂਕਿ ਉਨ੍ਹਾਂ ਵਿਚ ਪੀੜ੍ਹੀ-ਪਾੜਾ ਹੈ। ਪਰਿਵਰਤਨ ਕੁਦਰਤ ਦਾ ਨਿਯਮ ਹੈ। ਅਜੋਕੇ ਮਾਂ-ਬਾਪ ਬੱਚਿਆਂ ਦੇ ਮਿੱਤਰ ਬਣਨ, ਗਾਈਡ ਬਣਨ ਨਾ ਕਿ ਆਪਣੀਆਂ ਗੱਲਾਂ ਉਨ੍ਹਾਂ 'ਤੇ ਥੋਪਣ। ਦੋ ਪਲ ਦਾ ਗੁੱਸਾ, ਸਦੀਆਂ ਦਾ ਨਰਕ ਬਣ ਜਾਂਦਾ ਹੈ। ਸੋ, ਇਹ ਜ਼ਰੂਰੀ ਹੈ ਕਿ ਹਰ ਸਥਿਤੀ ਨੂੰ ਹਉਮੈਂ ਨੂੰ ਤਿਆਗ ਕੇ ਵਿਚਾਰਿਆ ਜਾਵੇ ਤੇ ਸਹਿਣਸ਼ੀਲ ਵਿਵਹਾਰ ਦਾ ਧਾਰਨੀ ਬਣਿਆ ਜਾਵੇ।


 
-ਮਾ: ਮਨਦੀਪ ਸਿਵੀਆ
ਸ.ਸ.ਸ. ਸਕੂਲ, ਚੱਕ ਜਾਨੀਸਰ, ਜ਼ਿਲ੍ਹਾ ਫਾਜ਼ਿਲਕਾ


ਪਾਣੀ ਦੀ ਕਦਰ ਜਾਣੋ
'ਜਲ ਹੀ ਜੀਵਨ ਹੈ' ਇਹ ਇਕ ਤੁੱਕ ਹੀ ਨਹੀਂ ਹੈ ਸਗੋਂ ਸਾਰੀ ਸ੍ਰਿਸ਼ਟੀ ਦਾ ਮੂਲ ਸਾਰ ਹੈ, ਕਿਉਂਕਿ ਪਾਣੀ ਤੋਂ ਬਗੈਰ ਜੀਵਨ, ਕੰਮ-ਕਾਜ ਤੇ ਸਾਡੀ ਸਭ ਦੀ ਹੋਂਦ ਅਸੰਭਵ ਹੈ। ਗੁਰਬਾਣੀ ਵਿਚ ਵੀ ਪਾਣੀ ਨੂੰ 'ਪਿਤਾ' ਭਾਵ ਜਨਮਦਾਤਾ ਦਾ ਦਰਜਾ ਸਤਿਕਾਰ ਵਜੋਂ ਦਿੱਤਾ ਗਿਆ ਹੈ, ਤਾਂ ਕਿ ਅਸੀਂ ਪਾਣੀ ਨੂੰ ਸਾਧਾਰਨ ਵਸਤੂ ਨਾ ਸਮਝਦੇ ਹੋਏ ਜੀਵਨ-ਦਾਤੇ ਦੇ ਨਜ਼ਰੀਏ ਨਾਲ ਦੇਖੀਏ ਪਰ ਅੱਜ ਜਦੋਂ ਕਦੇ ਜਨਤਕ ਥਾਵਾਂ 'ਤੇ ਜਾਂ ਘਰਾਂ ਦੀਆਂ ਟੂਟੀਆਂ ਜਾਂ ਟੈਂਕੀਆਂ ਵਿਚੋਂ ਚਾਂਦੀ ਰੰਗਾ ਸ਼ੁੱਧ ਪਾਣੀ ਓਵਰ ਫਲੋਅ ਹੋ ਕੇ ਜਾਂ ਟੂਟੀਆਂ ਖੁੱਲ੍ਹੀਆਂ ਰੱਖਣ ਕਰਕੇ ਵਿਅਰਥ ਗਲੀਆਂ, ਨਾਲੀਆਂ ਸੜਕਾਂ ਆਦਿ 'ਚ ਡਿੱਗ ਕੇ ਵਿਅਰਥ ਜਾਂਦਾ ਨਜ਼ਰੀਂ ਪੈਂਦਾ ਹੈ ਤਾਂ ਮਨ ਨੂੰ ਬਹੁਤ ਦੁੱਖ ਹੁੰਦਾ ਹੈ। ਅਜਿਹਾ ਕਈ ਵਾਰ ਖੁਸ਼ੀ-ਗਮੀ ਦੇ ਪ੍ਰੋਗਰਾਮਾਂ ਸਮੇਂ ਵੀ ਹੁੰਦਾ ਨਜ਼ਰੀਂ ਆਉਂਦਾ ਹੈ ਜੋ ਕਿ ਅਤਿ ਨਿੰਦਣਯੋਗ ਤੇ ਦੁਖਦਾਈ ਗੱਲ ਹੈ। ਅੱਜ ਵਿਗਿਆਨੀ ਤੇ ਮਾਹਿਰ ਪਾਣੀ ਦੇ ਡਿੱਗ ਰਹੇ ਪੱਧਰ ਅਤੇ ਪਾਣੀ ਦੇ ਗੰਧਲੇ ਹੋਣ 'ਤੇ ਬਹੁਤ ਚਿੰਤਤ ਹੋਏ ਪਏ ਹਨ। ਕਈ ਵਾਰ ਤਾਂ ਇੰਜ ਜਾਪਦਾ ਹੈ ਕਿ ਭਵਿੱਖ ਵਿਚ ਸ਼ਾਇਦ ਕਿਤੇ ਪਾਣੀ ਕਰਕੇ ਹੀ ਜੰਗਾਂ-ਯੁੱਧ ਨਾ ਹੋ ਜਾਣ। ਸੋ, ਮੁਕਦੀ ਗੱਲ ਸੰਖੇਪ ਵਿਚ ਇਹੋ ਹੈ ਕਿ ਸਾਨੂੰ ਆਪਣੇ ਲਈ, ਸਮੁੱਚੇ ਜੀਵ-ਜਗਤ ਲਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਅੱਜ ਤੋਂ ਹੀ ਪਾਣੀ ਦੀ ਸੰਭਾਲ ਪ੍ਰਤੀ ਖ਼ੁਦ ਜਾਗਰੂਕ ਹੋਣਾ ਪਵੇਗਾ।


-ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ।


ਚੋਣਾਂ ਦੇ ਨਤੀਜੇ
ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੇ 117 ਹਲਕਿਆਂ ਦੇ ਨਤੀਜਿਆਂ ਦੀ ਲੋਕ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇੰਤਜ਼ਾਰ ਕਰਨ ਵੀ ਕਿਉਂ ਨਾ, ਕਿਉਂਕਿ ਲੋਕਾਂ ਨੂੰ ਹਰ ਵਾਰ ਨਵੀਂ ਚੁਣੀ ਸਰਕਾਰ ਤੋਂ ਢੇਰ ਸਾਰੀਆਂ ਉਮੀਦਾਂ ਹੁੰਦੀਆਂ ਹਨ। ਆਉਣ ਵਾਲੀ ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉਤਰਦੀ ਹੈ ਜਾਂ ਨਹੀਂ, ਖੈਰ ਇਹ ਤਾਂ ਆਉਣ ਵਾਲਾ ਵਕਤ ਹੀ ਤੈਅ ਕਰੇਗਾ। ਪਰ ਸਮੇਂ ਦੀ ਮੰਗ ਹੈ ਕਿ ਪੰਜਾਬ ਵਿਚ ਕਿਸਾਨਾਂ ਦੀਆਂ ਵੱਧ ਰਹੀਆਂ ਖ਼ੁਦਕੁਸ਼ੀਆਂ ਨੂੰ ਠੱਲ੍ਹ ਪਾਈ ਜਾਵੇ, ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੱਢਿਆ ਜਾਵੇ, ਬੇਰੁਜ਼ਗਾਰੀ ਖ਼ਤਮ ਕਰਨ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ। ਸਰਕਾਰੀ ਸਕੂਲਾਂ ਦਾ ਸਟੇਟਸ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਕੀਤਾ ਜਾਵੇ ਤਾਂ ਜੋ ਗ਼ਰੀਬ ਤੇ ਅਮੀਰ ਸਭ ਲੋਕਾਂ ਦੇ ਬੱਚੇ ਉਚੇਰੀ ਸਿੱਖਿਆ ਸੌਖਿਆਂ ਪ੍ਰਾਪਤ ਕਰ ਸਕਣ। ਸਰਕਾਰ ਭਾਵੇਂ ਆਮ ਆਦਮੀ ਪਾਰਟੀ, ਕਾਂਗਰਸ ਜਾਂ ਅਕਾਲੀ-ਭਾਜਪਾ ਦੀ ਬਣੇ, ਲੋਕਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਲੋੜ ਤਾਂ ਇਸ ਗੱਲ ਦੀ ਹੈ ਕਿ ਜੋ ਵੀ ਸਰਕਾਰ ਬਣੇ, ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉਤਰੇ।


-ਸਮਿੱਤਰ ਸਿੰਘ
ਦਸ਼ਮੇਸ਼ ਨਗਰ, ਝੁੰਗੀਆਂ ਰੋਡ, ਖਰੜ।

07/03/2017

 ਰੁੱਖ ਲਗਾਉਣ ਤੋਂ ਬੇਖ਼ਬਰ ਪੰਚਾਇਤਾਂ
ਸਮਰਾਲਾ ਤੋਂ ਕੁਲਦੀਪ ਸਿੰਘ ਬਰਮਾਲੀਪੁਰ ਦੀ ਖ਼ਬਰ ਹੈ ਕਿ ਦਰੱਖਤਾਂ ਦੀ ਘਟ ਰਹੀ ਗਿਣਤੀ ਤੋਂ ਬੇਖ਼ਬਰ ਨੇ ਪੰਚਇਤਾਂ, ਬਿਲਕੁਲ ਸਹੀ ਹੈ। ਪਿੰਡਾਂ ਵਿਚ ਗ੍ਰਾਮ ਪੰਚਇਤਾਂ ਨੇ ਕਦੇ ਵੀ ਸਾਂਝੀਆ ਥਾਂਵਾਂ 'ਤੇ ਬੂਟੇ ਲਗਾਉਣ ਬਾਰੇ ਨਹੀਂ ਸੋਚਿਆ ਹੈ। ਪਿੰਡਾਂ ਵਿਚ ਨੌਜਵਾਨਾਂ ਨੇ ਕੁਝ ਕਲੱਬ ਬਣਾਏ ਹਨ ਤੇ ਉਨ੍ਹਾਂ ਵੱਲੋਂ ਕੁਝ ਪਿੰਡਾਂ ਵਿਚ ਬੂਟੇ ਲਗਾਏ ਗਏ ਹਨ। ਪੰਜਾਬ ਦੇ ਪਿੰਡਾਂ ਦੀਆਂ ਸਾਂਝੀਆਂ ਥਾਂਵਾਂ 'ਤੇ ਅਜੀਤ ਹਰਿਆਵਲ ਲਹਿਰ ਨੇ ਵਾਤਾਵਰਨ ਨੂੰ ਸ਼ੁੱਧ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੱਜ ਕਈ ਪਿੰਡ ਵਿਚ ਅਜੀਤ ਹਰਿਆਵਲ ਦੇ ਬੂਟੇ ਰਾਹਗੀਰਾਂ ਨੂੰ ਛਾਂ ਦੇ ਰਹੇ ਹਨ। ਪੰਚਾਇਤਾਂ ਨੇ ਬੂਟੇ ਕੀ ਲਗਾਉਣੇ ਹਨ? ਕਈ ਪੰਚਾਇਤਾਂ ਵੱਲੋਂ ਕੁਝ ਪਿੰਡਾਂ ਵਿਚ ਛੱਪੜਾਂ 'ਤੇ ਮਿਲੀਭੁਗਤ ਨਾਲ ਕਬਜ਼ੇ ਕਰਵਾ ਦਿੱਤੇ ਗਏ। ਪਿੰਡਾਂ ਦੀਆਂ ਸੰਪਰਕ ਸੜਕਾਂ 'ਤੇ ਰੁੱਖ ਲਗਾਉਣ ਦੀ ਬਜਾਏ ਕੂੜਾ ਕਰਕਟ ਨਜ਼ਰ ਆਉਂਦਾ ਹੈ। ਖਡੂਰ ਸਾਹਿਬ ਦੀਆਂ ਸੰਪਰਕ ਸੜਕਾਂ 'ਤੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਵੱਲੋਂ ਵੱਡੀ ਪੱਧਰ 'ਤੇ ਰੁੱਖ ਲਗਾਏ ਹਨ। ਲੋਕ ਸ਼ੁੱਧ ਵਾਤਾਵਰਨ ਦਾ ਅਨੰਦ ਮਾਣ ਰਹੇ ਹਨ। ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਵੱਲੋਂ ਪੰਚਾਇਤਾਂ ਨੂੰ ਹਦਾਇਤ ਕੀਤੀ ਜਾਣੀ ਚਾਹੀਦੀ ਹੈ ਕਿ ਛੱਪੜਾਂ ਦੀ ਸਫ਼ਾਈ ਕਰਵਾ ਕੇ ਪਿੱਪਲ, ਜਾਮਣ, ਅੰਬ ਤੇ ਹੋਰ ਕਿਸਮਾਂ ਦੇ ਬੂਟੇ ਲਗਾਏ ਜਾਣ ਤਾਂ ਕਿ ਵਾਤਾਵਰਨ ਦੇ ਪ੍ਰੇਮੀ ਸਵੇਰ ਦੀ ਸੈਰ ਸਮੇਂ ਸ਼ੁੱਧ ਵਾਤਾਵਰਨ 'ਚ ਸਾਹ ਲੈ ਸਕਣ।


-ਮਾਸਟਰ ਜਗੀਰ ਸਿੰਘ ਸਫਰੀ
ਸਠਿਆਲਾ (ਅੰਮ੍ਰਿਤਸਰ)।


ਚੋਣ ਨਤੀਜੇ
ਪੰਜਾਬ ਵਿਚ ਪਿਛਲੀ ਲੰਘੀ 4 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਆਉਣ ਵਿਚ ਸਿਰਫ ਕੁਝ ਦਿਨ ਹੀ ਬਾਕੀ ਬਚੇ ਹਨ। ਸਾਨੂੰ ਸਭ ਨੂੰ ਪਤਾ ਹੈ ਕਿ ਆਉਣ ਵਾਲੀ 11 ਮਾਰਚ ਨੂੰ ਸਵੇਰੇ 8 ਵਜੇ ਤੋਂ ਹਰੇਕ ਵਿਧਾਨ ਸਭਾ ਹਲਕੇ ਦੀ ਗਿਣਤੀ ਆਰੰਭ ਹੋ ਜਾਵੇਗੀ ਅਤੇ ਤਕਰੀਬਨ 10-11 ਵਜੇ ਤੱਕ ਹੀ ਨਤੀਜਿਆਂ ਦੇ ਰੁਝਾਨ ਆਉਣੇ ਵੀ ਸ਼ੁਰੂ ਹੋ ਜਾਣਗੇ। ਇਨ੍ਹਾਂ ਚੋਣਾਂ ਵਿਚ ਹਾਰਨ ਵਾਲੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰੱਥਕਾਂ ਵਿਚ ਜਿਥੇ ਨਿਰਾਸ਼ਾ ਦਾ ਆਲਮ ਹੋਵੇਗਾ, ਉਥੇ ਜਿੱਤੇ ਹੋਏ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰੱਥਕਾਂ ਵੱਲੋਂ ਆਪਣੇ-ਆਪਣੇ ਤਰੀਕੇ ਨਾਲ ਜਿੱਤ ਦੇ ਜਸ਼ਨ ਵੀ ਮਨਾਏ ਜਾਣਗੇ। ਪਿਛਲੇ ਕਈ ਦਹਾਕਿਆਂ ਤੋਂ ਅਸੀਂ ਅਕਸਰ ਹੀ ਦੇਖਦੇ ਆ ਰਹੇ ਹਾਂ ਕਿ ਇਨ੍ਹਾਂ ਚੋਣ ਨਤੀਜਿਆਂ ਵਾਲੇ ਦਿਨ ਜਿੱਤੇ ਹੋਏ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਜਿੱਤ ਦੇ ਗ਼ਰੂਰ ਵਿਚ ਜਿਥੇ ਖੂਬ ਰੌਲਾ-ਰੱਪਾ ਅਤੇ ਪਟਾਕੇ ਆਦਿ ਚਲਾਏ ਜਾਂਦੇ ਹਨ, ਉਥੇ ਕਈ ਵਾਰ ਇਨ੍ਹਾਂ ਦੁਆਰਾ ਜਾਣਬੁੱਝ ਕੇ ਹਾਰੇ ਹੋਏ ਉਮੀਦਵਾਰਾਂ ਦੇ ਸਮਰਥਕਾਂ ਦੇ ਘਰਾਂ ਅੱਗੇ ਜਾ ਕੇ ਉੱਚੀ ਆਵਾਜ਼ ਵਿਚ ਲਲਕਾਰੇ ਅਤੇ ਭੱਦੀ ਸ਼ਬਦਾਵਲੀ ਵੀ ਵਰਤੀ ਜਾਂਦੀ ਹੈ ਜੋ ਕਿ ਬਹੁਤ ਮਾੜਾ ਰੁਝਾਨ ਹੈ। ਸੋ, ਸਾਨੂੰ ਸਭ ਨੂੰ ਅਜਿਹੇ ਮੌਕੇ 'ਤੇ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣ ਵਾਲੇ ਘਟੀਆ ਵਰਤਾਰੇ ਤੋਂ ਬਚਣਾ ਚਾਹੀਦਾ ਹੈ ਅਤੇ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣੀ ਚਾਹੀਦੀ ਹੈ।


-ਰਾਜਾ ਚੜਿੱਕ
ਮੋ: 94654-11585.


ਸ਼ਲਾਘਾਯੋਗ ਕਦਮ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪਾਵਰਕਾਮ) ਵੱਲੋਂ ਬਿਜਲੀ ਦਾ ਬਿੱਲ ਨਾ ਭਰਨ ਵਾਲੇ ਖਪਤਕਾਰਾਂ ਦੇ ਕੁਨੈਕਸ਼ਨ ਕੱਟਣ ਦੀ ਚਲਾਈ ਮੁਹਿੰਮ ਸ਼ਲਾਘਾਯੋਗ ਕਦਮ ਹੈ। ਇਸ ਤਰ੍ਹਾਂ ਕਰਨ ਨਾਲ ਪੰਜਾਬ ਦੇ ਖਾਲੀ ਪਏ ਖਜ਼ਾਨੇ ਨੂੰ ਥੋੜ੍ਹੀ ਬਹੁਤੀ ਰਾਹਤ ਜ਼ਰੂਰ ਮਿਲੇਗੀ। ਇਸ ਚਲਾਈ ਮੁਹਿੰਮ ਨਾਲ ਬਿਜਲੀ ਦਾ ਬਿੱਲ ਨਾ ਭਰਨ ਵਾਲੇ ਖਪਤਕਾਰਾਂ ਨੂੰ ਕੰਨ ਹੋ ਗਏ ਹਨ ਅਤੇ ਹੁਣ ਹਰ ਕੋਈ ਬਿਜਲੀ ਦਾ ਬਿੱਲ ਨਾ ਭਰਨ ਦੀ ਅਣਗਹਿਲੀ ਨਹੀਂ ਕਰੇਗਾ, ਕਿਉਂਕਿ ਉਸ ਨੂੰ ਡਰ ਰਹੇਗਾ ਕਿ ਸਾਡਾ ਵੀ ਕੁਨੈਕਸ਼ਨ ਕੱਟਵਾਉਣ ਵਾਲਿਆਂ ਵਿਚ ਨਾਂਅ ਆ ਸਕਦਾ ਹੈ। ਇਸ ਤਰ੍ਹਾਂ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਪਿੰਡਾਂ ਵਿਚ ਲੱਗੀਆਂ ਪਾਣੀ ਵਾਲੀਆਂ ਟੈਂਕੀਆਂ ਦੇ ਵੀ ਕੁਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ਖਿਲਾਫ਼ ਪਾਵਰਕਾਮ ਦਾ ਲੱਖਾਂ ਰੁਪਏ ਬਕਾਇਆ ਖੜ੍ਹਾ ਹੈ। ਪਰ ਇਨ੍ਹਾਂ ਟੈਂਕੀਆਂ ਦਾ ਬਕਾਇਆ ਸਰਕਾਰ ਦੀ ਅਣਗਹਿਲੀ ਕਾਰਨ ਖੜ੍ਹਾ ਹੈ, ਕਿਉਂਕਿ ਸਰਕਾਰ ਨੇ ਲੋਕਾਂ ਨੂੰ ਮੁਫ਼ਤ ਪਾਣੀ ਦੇਣ ਦੀ ਜੋ ਚੇਟਕ ਲਾਈ ਹੈ, ਉਸ ਕਾਰਨ ਲੋਕ ਆਪਣਾ ਪਾਣੀ ਦਾ ਬਿੱਲ ਨਹੀਂ ਭਰਦੇ ਅਤੇ ਜਲ ਸਪਲਾਈ ਵਿਭਾਗ ਦਾ ਲੱਖਾਂ ਰੁਪਈਆ ਪਾਣੀ ਵਰਤਣ ਵਾਲੇ ਖਪਤਕਾਰਾਂ ਵੱਲ ਖੜ੍ਹਾ ਹੈ, ਜਿਸ ਕਾਰਨ ਇਨ੍ਹਾਂ ਨੂੰ ਕੋਈ ਬੱਚਤ ਨਹੀਂ ਹੁੰਦੀ ਅਤੇ ਇਹ ਜਲ ਸਪਲਾਈ ਵਿਭਾਗ ਵਾਲੇ ਬਿਜਲੀ ਦਾ ਬਿੱਲ ਅਦਾ ਨਹੀਂ ਕਰ ਪਾਉਂਦੇ। ਹੁਣ ਜਦੋਂ ਪਾਵਰਕਾਮ ਨੇ ਬਿਜਲੀ ਕੁਨੈਕਸ਼ਨ ਕੱਟਣੇ ਸ਼ੁਰੂ ਕੀਤੇ ਹਨ ਤਾਂ ਹੁਣ ਲੋਕਾਂ ਨੂੰ ਪਾਣੀ ਲਈ ਤਰਾਹ-ਤਰਾਹ ਕਰਨਾ ਪੈ ਰਿਹਾ। ਉਪਰੋਂ ਗਰਮੀ ਦਾ ਮੌਸਮ ਸ਼ੁਰੂ ਹੋਣ ਕਾਰਨ ਪਾਣੀ ਦੀ ਮੰਗ ਵੀ ਵਧ ਗਈ ਹੈ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਪਾਣੀ ਦਾ ਬਿੱਲ ਅਦਾ ਕਰਨ ਤਾਂ ਜੋ ਲੋਕਾਂ ਨੂੰ ਨਿਰਵਿਘਨ ਪਾਣੀ ਮਿਲ ਸਕੇ ਅਤੇ ਉਹ ਆਪਣਾ ਗੁਜ਼ਾਰਾ ਕਰ ਸਕਣ।


-ਨਰਿੰਦਰ ਸਿੰਘ ਚੌਹਾਨ
ਪਿੰਡ ਬਠੋਈ ਕਲਾਂ, ਡਾਕ: ਡਕਾਲਾ, ਜ਼ਿਲ੍ਹਾ ਪਟਿਆਲਾ।






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX