ਤਾਜਾ ਖ਼ਬਰਾਂ


ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਵਿਚ ਸ਼ਾਮਿਲ
. . .  40 minutes ago
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਰਾਜਨੀਤੀ ਵਿਚ ਉਸ ਸਮੇਂ ਹਿਲਜੁੱਲ ਹੋਈ, ਜਦੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਪਾਰਟੀ ਵਿਚ...
ਸੁਆਂ ਨਦੀ ਵਿਚ ਨਹਾਉਣ ਗਏ ਦੋ ਨੌਜਵਾਨ ਡੁੱਬੇ
. . .  about 1 hour ago
ਨੂਰਪੁਰ ਬੇਦੀ, 18 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੇ ਕਸਬਾ ਨੂਰਪੁਰ ਬੇਦੀ ਨੇੜਿਓ ਗੁਜ਼ਰਦੀ ਸੁਆਂ ਨਦੀ ਵਿਚ ਦੋ ਨੌਜਵਾਨਾਂ ਦੇ ਡੁੱਬਣ ਦਾ...
ਆਈ.ਪੀ.ਐੱਲ 2019 : ਦਿੱਲੀ ਖ਼ਿਲਾਫ਼ ਟਾਸ ਜਿੱਤ ਕੇ ਮੁੰਬਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  about 1 hour ago
ਸ਼ਮਸ਼ੇਰ ਸਿੰਘ ਦੂਲੋ ਨੂੰ ਆਪਣੇ ਪ੍ਰਚਾਰ ਦੀ ਕਰਾਂਗੀ ਅਪੀਲ - ਬੀਬੀ ਦੂਲੋ
. . .  about 1 hour ago
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਅਰੁਣ ਅਹੂਜਾ)- ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਬੀਬੀ ਹਰਬੰਸ ਕੋਰ ਦੂਲੋ ਜੋ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿਚ...
ਗੁਰੂ ਹਰਸਹਾਏ : ਪਿੰਡ ਝੋਕ ਮੋਹੜੇ 'ਚ ਚੱਲੀ ਗੋਲੀ
. . .  about 1 hour ago
ਗੁਰੂ ਹਰਸਹਾਏ, 18 ਅਪ੍ਰੈਲ (ਹਰਚਰਨ ਸਿੰਘ ਸੰਧੂ) - ਪਿੰਡ ਝੋਕ ਮੋਹੜੇ ਵਿਖੇ ਪੁਰਾਣੀ ਰੰਜਸ਼ ਦੇ ਚੱਲਦਿਆਂ ਇੱਕ ਪਿੰਡ ਦੇ ਸਰਪੰਚ ਵੱਲੋਂ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਨੌਜਵਾਨ 'ਤੇ ਗੋਲੀ...
ਕੰਟਰੋਲ ਰੇਖਾ ਤੋਂ ਪਾਰ ਵਪਾਰ ਦੋ ਦਿਨਾਂ ਲਈ ਬੰਦ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਗ੍ਰਹਿ ਮੰਤਰਾਲੇ ਨੇ ਐਨ.ਆਈ.ਏ ਦੀ ਜਾਂਚ ਦੌਰਾਨ ਕੁੱਝ ਅੱਤਵਾਦੀ ਸੰਗਠਨਾਂ ਵੱਲੋਂ ਵਪਾਰ ਚਲਾਏ ਜਾਣ ਦਾ ਪਾਏ ਜਾਣ 'ਤੇ ਜੰਮੂ ਕਸ਼ਮੀਰ ਵਿਖੇ ਕੱਲ੍ਹ...
ਆਮਦਨ ਕਰ ਵਿਭਾਗ ਵੱਲੋਂ ਵਪਾਰੀ ਤੋਂ 42 ਲੱਖ ਦੀ ਬੇਹਿਸਾਬੀ ਨਕਦੀ ਜ਼ਬਤ
. . .  about 2 hours ago
ਨਵੀਂ ਦਿੱਲੀ, 18 ਅਪ੍ਰੈਲ - ਆਮਦਨ ਕਰ ਵਿਭਾਗ ਨੇ ਗੁਜਰਾਤ ਦੇ ਗਾਂਧੀ ਨਗਰ ਵਿਖੇ ਇੱਕ ਵਪਾਰੀ ਤੋਂ 42 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ...
ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਹੋਈ 61.12 ਫ਼ੀਸਦੀ ਵੋਟਿੰਗ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਕੁੱਲ 61.12 ਫ਼ੀਸਦੀ ਵੋਟਿੰਗ ਹੋਈ...
ਸੜਕ ਹਾਦਸੇ 'ਚ ਦੋ ਸਕੇ ਭਰਾਵਾਂ ਦੀ ਮੌਤ
. . .  about 2 hours ago
ਗੁਰਦਾਸਪੁਰ, 18 ਅਪ੍ਰੈਲ (ਆਲਮਬੀਰ ਸਿੰਘ) - ਨੇੜਲੇ ਪਿੰਡ ਕੋਠੇ ਘੁਰਾਲਾ ਬਾਈਪਾਸ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ...
ਉੜੀਸਾ : ਈ.ਵੀ.ਐਮ 'ਚ ਖ਼ਰਾਬੀ ਹੋਣ ਕਾਰਨ 4 ਬੂਥਾਂ 'ਤੇ ਦੁਬਾਰਾ ਹੋਵੇਗੀ ਵੋਟਿੰਗ- ਚੋਣ ਅਧਿਕਾਰੀ
. . .  about 3 hours ago
ਭੁਵਨੇਸ਼ਵਰ, 18 ਅਪ੍ਰੈਲ- ਉੜੀਸਾ ਦੇ ਮੁੱਖ ਚੋਣ ਅਧਿਕਾਰੀ ਸੁਰੇਂਦਰ ਕੁਮਾਰ ਨੇ ਕਿਹਾ ਹੈ ਕਿ ਸੁਰੇਂਦਰਗੜ੍ਹ ਦੇ ਬੂਥ ਨੰਬਰ 213, ਬੁਨਾਈ ਦੇ ਬੂਥ ਨੰਬਰ 129 ਅਤੇ ਦਾਸਪੱਲਾ ਵਿਧਾਨ ਸਭਾ ਖੇਤਰ 'ਚ ਬੂਥ ਨੰਬਰ 210 ਅਤੇ 222 'ਚ ਈ.ਵੀ.ਐਮ 'ਚ ਖ਼ਰਾਬੀ ਦੇ ਚੱਲਦਿਆਂ ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਫੱਗਣ ਸੰਮਤ 549
ਵਿਚਾਰ ਪ੍ਰਵਾਹ: ਜੀਵਨ ਦੀਆਂ ਵੱਡੀਆਂ ਚੀਜ਼ਾਂ ਨੂੰ ਅਸੀਂ ਉਦੋਂ ਪਛਾਣਦੇ ਹਾਂ, ਜਦੋਂ ਅਸੀਂ ਉਨ੍ਹਾਂ ਨੂੰ ਗੁਆ ਲੈਂਦੇ ਹਾਂ। -ਸ਼ਰਤ ਚੰਦਰ

ਤੁਹਾਡੇ ਖ਼ਤ

13-03-2018

 ਨਸ਼ਾ ਤੇ ਜਵਾਨੀ
ਨਸ਼ਾ ਸਾਡੇ ਪੰਜਾਬ, ਸਾਡੇ ਸਮਾਜ ਤੇ ਸਮੁੱਚੀ ਕੌਮ 'ਤੇ ਇਕ ਵੱਡਾ ਦਾਗ਼ ਹੈ ਜਿਸ ਨੂੰ ਲਾਹੁਣਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ। ਕਿਉਂਕਿ ਇਸ ਦੀ ਦਲ-ਦਲ ਏਨੀ ਡੂੰਘੀ ਹੋ ਚੁੱਕੀ ਹੈ ਜਿਸ ਦੀ ਲਪੇਟ ਵਿਚ ਛੋਟੇ-ਵੱਡੇ ਮੁੰਡੇ-ਕੁੜੀਆਂ ਆਦਿ ਆ ਚੁੱਕੇ ਹਨ ਜਿਨ੍ਹਾਂ ਨੇ ਨਸ਼ੇ ਕਰਕੇ ਆਪਣੀ ਬਹੁ-ਅਣਮੁੱਲੀ ਜ਼ਿੰਦਗੀ ਨੂੰ ਨਰਕ ਬਣਾ ਲਿਆ ਹੈ। ਅੱਜ ਬਹੁਤ ਸਾਰੀਆਂ ਕੁੜੀਆਂ ਵੀ ਇਸ ਨਸ਼ੇ ਦੀ ਦਲ-ਦਲ ਵਿਚ ਫਸ ਚੁੱਕੀਆਂ ਹਨ। ਅੱਜ ਸਾਡੇ ਪੰਜਾਬ ਵਿਚ ਪਤਾ ਨਹੀਂ ਕਿੰਨੇ ਕੁ ਨਸ਼ੇ ਹਨ, ਜਿਨ੍ਹਾਂ ਕਰਕੇ ਪੰਜਾਬ ਦੀ ਜਵਾਨੀ ਕੱਖੋਂ ਹੌਲੀ ਹੁੰਦੀ ਜਾ ਰਹੀ ਹੈ।

-ਗੁਰਦੀਪ ਸਿੰਘ ਘੋਲੀਆ
ਜੀ. ਐਸ. ਲੈਬ (ਚੜਿੱਕ)।

ਇਕ ਪਿੰਡ, ਇਕ ਗੁਰੂ ਘਰ
ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਇਕ ਅਹਿਮ ਬਿਆਨ ਦਿੱਤਾ ਗਿਆ ਸੀ ਕਿ ਸ਼੍ਰੋਮਣੀ ਕਮੇਟੀ ਇਕ ਪਿੰਡ ਵਿਚ ਇਕ ਹੀ ਗੁਰੂ ਘਰ ਰੱਖਣ ਲਈ ਵਿਸ਼ੇਸ਼ ਮੁਹਿੰਮ ਚਲਾਉਣ ਜਾ ਰਹੀ ਹੈ ਜੋ ਕਿ ਇਕ ਬਹੁਤ ਹੀ ਵਧੀਆ ਤੇ ਪ੍ਰਸੰਸਾਯੋਗ ਕਾਰਜ ਹੈ। ਜਦੋਂ ਗੁਰੂ ਘਰਾਂ ਵਿਚ ਦਲਿਤ ਸਮਾਜ ਦੇ ਲੋਕਾਂ ਨਾਲ ਜਾਤੀ ਈਰਖਾ ਅਤੇ ਭੇਦ-ਭਾਵ, ਊਚ-ਨੀਚ ਦੀ ਅੱਖ ਨਾਲ ਦੇਖਿਆ ਜਾਂਦਾ ਹੈ ਤਾਂ ਗੁਰੂ ਪ੍ਰਤੀ ਆਪਣੀ ਸ਼ਰਧਾ ਬਰਕਰਾਰ ਰੱਖਣ ਲਈ ਇਸ ਸਮਾਜ ਨੂੰ ਵੱਖਰੇ ਗੁਰੂ ਘਰ ਬਣਾਉਣ ਦੀ ਲੋੜ ਮਹਿਸੂਸ ਹੁੰਦੀ ਹੈ। ਗੁਰੂ ਘਰ ਇਕ ਪਿੰਡ ਵਿਚ ਇਕ ਹੀ ਹੋਣਾ ਚਾਹੀਦਾ ਹੈ। ਪਰ ਗੁਰੂ ਘਰਾਂ ਵਿਚੋਂ ਅਖੌਤੀਪੁਣਾ, ਜਾਤ-ਪਾਤ ਆਦਿ ਬਿਲਕੁਲ ਖ਼ਤਮ ਹੋਣੀ ਚਾਹੀਦੀ ਹੈ। ਜੇ ਪ੍ਰਧਾਨ ਜੀ ਇਸ ਕਾਰਜ ਨੂੰ ਸਹੀ ਸਲਾਮਤ ਨੇਪਰੇ ਚਾੜ੍ਹ ਲੈਂਦੇ ਹਨ ਤਾਂ ਉਨ੍ਹਾਂ ਦਾ ਨਾਂਅ ਵੀ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ।

-ਕੇਵਲ ਸਿੰਘ ਬਾਠਾਂ

ਮਾਣਯੋਗ ਜਸਟਿਨ ਟਰੂਡੋ
ਸੰਸਾਰ ਪ੍ਰਸਿੱਧ, ਹਰ ਦਿਲ ਅਜ਼ੀਜ਼ ਸ਼ਖ਼ਸੀਅਤ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਨੇ ਕੈਨੇਡਾ ਵਿਖੇ ਭਾਰਤੀ ਖ਼ਾਸ ਕਰ ਪੰਜਾਬੀ ਭਾਈਚਾਰੇ ਨੂੰ ਬਹੁਤ ਮਾਣ ਦਿੱਤਾ ਹੈ। ਕੈਨੇਡਾ ਵਿਖੇ ਜੋ ਪੰਜਾਬੀ ਭਾਸ਼ਾ ਨੂੰ ਸਤਿਕਾਰ ਦਿੱਤਾ ਹੈ, ਉਹ ਭਾਰਤ ਵਿਚ ਕਿਸੇ ਸੂਬੇ ਨੇ ਵੀ ਨਹੀਂ ਦਿੱਤਾ ਹੈ। ਦੁਨੀਆ ਭਰ ਦੇ ਲੋਕਾਂ ਦੇ ਹੱਕ-ਸੱਚ ਤੇ ਇਨਸਾਫ਼ ਦਾ ਅਨੁਭਵ ਇਨ੍ਹਾਂ ਦੇ ਦਿਲ ਵਿਚ ਮੌਜੂਦ ਹੈ। ਅਮੀਰ ਮੀਨਾਈ ਦਾ ਸ਼ੇਅਰ ਟਰੂਡੋ ਜੀ ਦੀ ਸ਼ਖ਼ਸੀਅਤ 'ਤੇ ਇਨ-ਬਿਨ ਢੁੱਕਦਾ ਹੈ :-
ਖੰਜਰ ਚਲੇ ਕਿਸੀ ਪੇ ਤੜਪੇਂ ਹੈਂ ਹਮ 'ਅਮੀਰ'
ਸਾਰੇ ਜਹਾਂ ਕਾ ਦਰਦ ਹਮਾਰੇ ਜਿਗਰ ਮੇਂ ਹੈ।

-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ।

ਭਾਰਤੀ ਵਿਦੇਸ਼ ਨੀਤੀ
'ਸਰਗੋਸ਼ੀਆਂ' ਕਾਲਮ 'ਚ 'ਕੀ ਜਸਟਿਨ ਟਰੂਡੋ ਦੇ ਦੌਰੇ ਨੂੰ ਸਾਬੋਤਾਜ ਕੀਤਾ ਗਿਆ?' ਬੜੀ ਡੂੰਘੀ ਸਮੀਖਿਆ ਦਾ ਖਾਸ ਹਿੱਸਾ ਸੀ। ਅਹਿਮ ਤੱਥ ਰੱਖਿਆ ਹੈ ਕਿ ਚੀਨ ਵਰਗੇ ਸ਼ਕਤੀਸ਼ਾਲੀ ਦੇਸ਼ ਨਾਲ ਇੱਟ ਖੜੱਕਾ ਹੋਵੇ ਤੇ ਰੂਸ ਨਾਲ ਦੋਸਤਾਨਾ ਸਬੰਧਾਂ ਵਿਚ ਦੂਰੀ ਦੌਰਾਨ ਵੀ ਅਮਰੀਕਾ, ਬਰਤਾਨੀਆ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਖ਼ੂਫ਼ੀਆ ਗਠਜੋੜ ਦੇ ਇਕ ਖ਼ਾਸ ਮੈਂਬਰ ਨਾਲ ਠੰਢਾ ਵਤੀਰਾ ਭਾਰਤੀ ਵਿਦੇਸ਼ ਨੀਤੀ ਦਾ ਹਿੱਸਾ ਹੈ। ਲੇਖਕ ਨੇ ਜਸਟਿਨ ਟਰੂਡੋ ਦੇ ਭਾਰਤ ਦੇ ਦੌਰੇ ਤੋਂ ਅੱਜ ਤੱਕ ਮਿਲ ਰਹੇ ਸੰਕੇਤਾਂ ਨੂੰ ਪੰਜਾਬੀਆਂ ਅਤੇ ਸਿੱਖ ਭਾਈਚਾਰੇ ਲਈ ਫਿਕਰਮੰਦ ਦਰਸਾਇਆ ਹੈ। ਦੇਸ਼ ਭਰ ਦੇ ਸਾਰੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਇਕ ਲੋਕਰਾਜੀ ਮੰਗ ਨੂੰ ਕਿਵੇਂ ਖ਼ਾਲਿਸਤਾਨ ਵੱਲ ਧੱਕ ਕੇ ਦੇਸ਼ ਵਿਰੋਧੀ ਬਣਾ ਦਿੱਤਾ ਗਿਆ। ਕੀ ਟਰੂਡੋ ਪ੍ਰਤੀ ਅਪਣਾਇਆ ਰਵੱਈਆ ਘੱਟ-ਗਿਣਤੀਆਂ ਨੂੰ ਕਿਸੇ ਅਣਹੋਣੀ ਦਾ ਅਗਾਊਂ ਸੰਕੇਤ ਤਾਂ ਨਹੀਂ ਦੇ ਰਿਹਾ।

-ਰਸ਼ਪਾਲ ਸਿੰਘ
ਐਸ. ਜੇ. ਐਸ. ਨਗਰ, ਹੁਸ਼ਿਆਰਪੁਰ।

12-03-2018

 ਖੱਜਲ-ਖੁਆਰੀ
ਪੰਜਾਬ ਵਿਚ ਚੱਲ ਰਹੀਆਂ ਸਹਿਕਾਰੀ ਤੇ ਨਿੱਜੀ ਖੰਡ ਮਿੱਲਾਂ ਵਲੋਂ ਸਮੇਂ ਸਿਰ ਪਰਚੀਆਂ ਨਾ ਦੇਣ ਤੇ ਅਦਾਇਗੀਆਂ ਸਮੇਂ ਸਿਰ ਨਾ ਕਰਨ ਕਰਕੇ ਕਿਸਾਨਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਇਸ ਸਾਲ 'ਚ ਕਈ ਖੰਡ ਮਿੱਲਾਂ ਵਲੋਂ ਸਮੇਂ ਸਿਰ ਅਦਾਇਗੀ ਕਰਨ ਦੀ ਗੱਲ ਆਖੀ ਗਈ ਸੀ ਪਰ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਪੈਸੇ ਮਹੀਨਾ ਬੀਤ ਜਾਣ ਦੇ ਬਾਅਦ ਵੀ ਨਹੀਂ ਪਾਏ ਗਏ। ਪਰਚੀਆਂ ਦੇਣ ਦੇ ਮਾਮਲੇ 'ਚ ਕਈ ਖੰਡ ਮਿੱਲਾਂ ਆਪਣੇ ਚਹੇਤੇ ਕਿਸਾਨਾਂ ਜਾਂ ਆਪਣੇ ਇਲਾਕੇ ਤੋਂ ਬਾਹਰਲੀਆਂ ਮਿੱਲਾਂ ਦੇ ਕਿਸਾਨਾਂ ਨੂੰ ਪਰਚੀਆਂ ਦੇ ਰਹੇ ਹਨ, ਜਿਸ ਕਰਕੇ ਗੰਨਾ ਕਾਸ਼ਤਕਾਰਾਂ 'ਚ ਨਿਰਾਸ਼ਾ ਪਾਈ ਜਾ ਰਹੀ ਹੈ। ਸਰਕਾਰ ਅੱਜ ਭਾਵੇਂ ਗੰਨੇ ਹੇਠ ਰਕਬਾ ਵਧਾਉਣ ਦੀ ਗੱਲ ਕਰ ਰਹੀ ਹੈ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਗੰਨੇ ਦਾ ਮੁੱਲ ਵਧਾਇਆ ਜਾਵੇ, ਪਰਚੀਆਂ ਸਮੇਂ ਸਿਰ ਕਿਸਾਨਾਂ ਨੂੰ ਦੇਵੇ, ਅਦਾਇਗੀ ਸਮੇਂ ਸਿਰ ਕੀਤੀ ਜਾਵੇ ਤੇ ਸਹਿਕਾਰੀ ਖੰਡ ਮਿੱਲਾਂ ਦਾ ਨਵੀਨੀਕਰਨ ਪਹਿਲ ਦੇ ਆਧਾਰ 'ਤੇ ਕੀਤਾ ਜਾਵੇ।


-ਸ਼ਮਸ਼ੇਰ ਸਿੰਘ ਸੋਹੀ,
ਪਿੰਡ ਸੋਹੀਆਂ, ਡਾਕ: ਚੀਮਾ ਖੁੱਡੀ (ਗੁਰਦਾਸਪੁਰ)।


ਪੁਲਿਸ ਵਿਭਾਗ
ਹਕੀਕਤ ਇਹ ਹੈ ਕਿ ਕਿਧਰੇ ਨਾ ਕਿਧਰੇ ਪੁਲਿਸ ਮੁਲਾਜ਼ਮ ਦਬਾਅ ਹੇਠ ਕੰਮ ਕਰ ਰਹੇ ਹਨ। ਇਹੀ ਵਜ੍ਹਾ ਹੈ ਕਿ ਕਈ ਵਾਰ ਗ਼ਲਤ ਬੰਦਿਆਂ ਦੇ ਹੱਕ ਵਿਚ ਪੁਲਿਸ ਤੁਰ ਪੈਂਦੀ ਹੈ। ਇਕ ਗ਼ਲਤ ਕੰਮ ਸੌ ਗ਼ਲਤ ਕੰਮਾਂ ਨੂੰ ਜਨਮ ਦਿੰਦਾ ਹੈ। ਬਿਨਾਂ ਸ਼ੱਕ ਮਾਨਸਿਕ ਤੌਰ 'ਤੇ ਮੁਲਾਜ਼ਮ ਪ੍ਰੇਸ਼ਾਨ ਹਨ, ਪੂਰੀ ਹਮਦਰਦੀ ਹੈ ਉਨ੍ਹਾਂ ਨਾਲ ਪਰ ਕਦੇ ਉਸ ਆਮ ਬੰਦੇ ਦੀ ਹਾਲਤ 'ਤੇ ਵੀ ਨਜ਼ਰ ਮਾਰੋ, ਜੋ ਠੀਕ ਹੁੰਦਾ ਹੈ, ਆਪਣੀ ਰਿਪੋਰਟ ਦਰਜ ਕਰਵਾਉਣ ਜਾਂਦਾ ਹੈ ਪਰ ਉਸ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ, ਉਸ ਦੀ ਸ਼ਿਕਾਇਤ ਹੀ ਦਰਜ ਨਹੀਂ ਕੀਤੀ ਜਾਂਦੀ ਤੇ ਨਾ ਕਾਰਵਾਈ ਹੁੰਦੀ ਹੈ। ਨਤੀਜਾ ਗ਼ਲਤ ਅਨਸਰਾਂ ਨੂੰ ਹੋਰ ਹੱਲਾਸ਼ੇਰੀ ਮਿਲ ਜਾਂਦੀ ਹੈ। ਪੁਲਿਸ ਜਨਤਾ ਦੇ ਜਾਨ-ਮਾਲ ਦੀ ਜ਼ਿੰਮੇਵਾਰ ਹੈ। ਸਰਕਾਰਾਂ ਨੂੰ ਇਨ੍ਹਾਂ ਨੂੰ ਦਬਾਅ ਮੁਕਤ ਕੰਮ ਕਰਨ ਦਾ ਮਾਹੌਲ ਦਿੱਤਾ ਜਾਵੇ ਤੇ ਇਨ੍ਹਾਂ ਵਲੋਂ ਕੀਤੀ ਗਈ ਕਿਸੇ ਵੀ ਕੁਤਾਹੀ ਨੂੰ ਮੁਆਫ਼ ਨਾ ਕੀਤਾ ਜਾਵੇ। ਜੋ ਮਾਹੌਲ ਬਣ ਰਿਹਾ ਹੈ, ਉਹ ਸਾਡੀ ਅਗਲੀ ਪੀੜ੍ਹੀ ਦੇ ਰਹਿਣ ਯੋਗ ਨਹੀਂ ਰਹਿਣਾ। ਇਸ ਵੱਲ ਧਿਆਨ ਦੇਣਾ ਜ਼ਰੂਰੀ ਹੈ।


-ਪ੍ਰਭਜੋਤ ਕੌਰ ਢਿੱਲੋਂ


ਮਾਂ-ਬੋਲੀ
ਬੀਤੇ ਦਿਨੀਂ ਸਾਰੇ ਹੀ ਸੰਸਾਰ ਵਿਚ ਮਾਤ-ਭਾਸ਼ਾ ਕੌਮਾਂਤਰੀ ਦਿਵਸ ਮਨਾਇਆ ਗਿਆ। ਇਵੇਂ ਹੀ ਪੰਜਾਬ ਵਿਚ ਵੀ ਵੱਖ-ਵੱਖ ਥਾਵਾਂ 'ਤੇ ਰਸਮੀ ਤੌਰ 'ਤੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। ਵਿਸ਼ਵੀਕਰਨ ਨੇ ਵਿੱਦਿਆ ਦਾ ਵਪਾਰੀਕਰਨ ਕਰ ਦਿੱਤਾ ਹੈ। ਸਿੱਖਿਆ ਵੀ ਮੰਡੀ ਦੀ ਵਸਤੂ ਬਣ ਗਈ ਹੈ। ਬੱਚਿਆਂ ਦੇ ਰੁਜ਼ਗਾਰ ਦੀ ਦ੍ਰਿਸ਼ਟੀ ਤੋਂ ਅੰਗਰੇਜ਼ੀ ਮਾਧਿਅਮ ਨੂੰ ਲਾਭ-ਹਿਤ ਮੰਨ ਕੇ ਮਾਪੇ ਮਹਿੰਗੇ ਸਕੂਲਾਂ ਵਿਚ ਆਪਣੇ ਬੱਚਿਆਂ ਨੂੰ ਭੇਜਣ ਲਈ ਤਰਜੀਹ ਦੇ ਰਹੇ ਹਨ। ਇਸ ਸੱਚ ਨੂੰ ਪੰਜਾਬ ਦੇ ਸਕੂਲਾਂ ਦੇ ਸਰਵੇਖਣ ਨੇ ਸਿੱਧ ਕਰ ਦਿੱਤਾ ਹੈ। ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਦਿਨ-ਪ੍ਰਤੀ-ਦਿਨ ਘਟਦੀ ਜਾ ਰਹੀ ਹੈ। ਵੱਡੀਆਂ ਕਲਾਸਾਂ ਵਿਚ ਚੋਣਵਾਂ ਵਿਸ਼ਾ ਪੰਜਾਬੀ ਵੀ ਬਹੁਤ ਥੋੜ੍ਹੇ ਵਿਦਿਆਰਥੀ ਰੱਖ ਰਹੇ ਹਨ। ਇਉਂ ਲਗਦਾ ਹੈ ਜਿਵੇਂ ਮਾਤ-ਭਾਸ਼ਾ ਬਾਰੇ ਜ਼ਮੀਨੀ ਹਕੀਕਤ ਨੂੰ ਸਮਝਣ ਤੋਂ ਅਸੀਂ ਉੱਕ ਰਹੇ ਹਾਂ। ਕਿਹਾ ਜਾ ਸਕਦਾ ਹੈ, 'ਸਿਉਂਕ ਜੜ੍ਹਾਂ ਨੂੰ ਲੱਗੀ ਐ, ਟਾਹਣਿਆਂ 'ਤੇ ਕੋਇਲਾਂ ਕੂਕਦੀਆਂ।'


-ਡਾ: ਧਰਮ ਚੰਦ ਵਾਤਿਸ਼
496, ਅਜੀਤ ਨਗਰ, ਮਾਲੇਰਕੋਟਲਾ (ਸੰਗਰੂਰ)-148023

09-03-2018

 ਸ਼ਹੀਦਾਂ ਦਾ ਮਾਣ-ਸਨਮਾਨ ਜ਼ਰੂਰੀ
ਸ਼ਹੀਦ ਸਾਡੀ ਕੌਮ ਦਾ ਵੱਡਮੁੱਲਾ ਸਰਮਾਇਆ ਹੁੰਦੇ ਹਨ। ਇਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਹੀ ਕੌਮਾਂ ਜ਼ਿੰਦਾ ਰਹਿੰਦੀਆਂ ਹਨ। ਸ਼ਹੀਦ ਉਹ ਹੈ ਜੋ ਸੱਚੇ ਮਾਰਗ 'ਤੇ ਚਲਦਾ ਹੋਇਆ ਕਿਸੇ ਖ਼ਾਸ ਮਕਸਦ ਲਈ ਜਾਨ ਕੁਰਬਾਨ ਕਰ ਦੇਵੇ। ਜਿਵੇਂ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ, ਸ਼ਹੀਦ ਊਧਮ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਨੌਜਵਾਨ ਜੋ ਦੇਸ਼ ਦੀ ਆਜ਼ਾਦੀ ਖਾਤਰ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰ ਗਏ।
ਫਿਰ 1962 ਦੀ ਹਿੰਦ-ਚੀਨ ਦੀ ਲੜਾਈ, 1965 ਦਾ ਹਿੰਦ-ਪਾਕਿ ਯੁੱਧ ਅਤੇ ਫਿਰ 1971 ਦੀ ਹਿੰਦ-ਪਾਕਿ ਦੀ ਲੜਾਈ ਵਿਚ ਸਾਡੇ ਫ਼ੌਜੀ ਜਵਾਨ ਲੜਦੇ ਹੋਏ ਸ਼ਹੀਦ ਹੋ ਗਏ। ਅੱਜ ਪਾਕਿਸਤਾਨ ਨਾਲ ਲਗਦੀ ਜੰਮੂ-ਕਸ਼ਮੀਰ ਦੀ ਸਰਹੱਦ 'ਤੇ ਲੜਾਈ ਵਿਚ ਸਾਡੇ ਫ਼ੌਜੀ ਜਵਾਨ ਸਰਹੱਦਾਂ ਦੀ ਰਾਖੀ ਕਰਦੇ ਹੋਏ ਵੀਰਗਤੀ ਪ੍ਰਾਪਤ ਕਰ ਰਹੇ ਹਨ। ਸਾਨੂੰ ਮਾਣ ਹੈ ਇਨ੍ਹਾਂ ਬਹਾਦਰ ਜਵਾਨਾਂ ਦੀਆਂ ਸ਼ਹੀਦੀਆਂ 'ਤੇ, ਸਾਡਾ ਪ੍ਰਣਾਮ ਹੈ ਇਨ੍ਹਾਂ ਸ਼ਹੀਦਾਂ ਨੂੰ। ਸਾਨੂੰ ਸਾਰਿਆਂ ਨੂੰ ਇਨ੍ਹਾਂ ਸ਼ਹੀਦਾਂ ਦਾ ਮਾਣ-ਸਨਮਾਨ ਕਰਨਾ ਚਾਹੀਦਾ ਹੈ।


-ਸੁਖਚੈਨ ਸਿੰਘ ਢਿੱਲੋਂ
ਖਿੱਪਾਂ ਵਾਲੀ (ਫਾਜ਼ਿਲਕਾ)।


ਬੇਲੋੜਾ ਖਰਚਾ ਘਟਾਉਣ ਦੀ ਲੋੜ
ਅਜੋਕੇ ਸਮੇਂ ਸਾਡੇ ਸਮਾਜ ਅੰਦਰ ਇਹ ਆਮ ਦੇਖਣ-ਸੁਣਨ ਨੂੰ ਮਿਲਦਾ ਹੈ ਕਿ ਸਾਡੇ ਵਿਆਹ-ਸ਼ਾਦੀ ਅਤੇ ਧਾਰਮਿਕ ਸਮਾਗਮਾਂ ਉੱਪਰ ਬੇਤਹਾਸ਼ਾ ਖਰਚ ਕੀਤਾ ਜਾਂਦਾ ਹੈ। ਅਜਿਹਾ ਅਸੀਂ ਜਿਥੇ ਦੂਜਿਆਂ ਦੀ ਰੀਸ ਨਾਲ ਕਰਦੇ ਹਾਂ, ਉਥੇ ਸਮਾਜ ਅੰਦਰ ਫੋਕੀ ਸ਼ੋਹਰਤ ਅਤੇ ਟੋਹਰ ਬਣਾਉਣ ਦੇ ਇਰਾਦੇ ਨਾਲ ਵੀ ਕਰਦੇ ਹਾਂ। ਆਮ ਤੌਰ 'ਤੇ ਮੱਧ ਵਰਗ ਅਤੇ ਹੇਠਲੇ ਵਰਗ ਦੇ ਲੋਕ ਅਜਿਹੇ ਸਮਾਗਮਾਂ 'ਤੇ ਖਰਚ ਲਈ ਪੈਸਾ ਕਰਜ਼ਾ ਚੁੱਕ ਕੇ ਜਾਂ ਉਧਾਰ ਲੈ ਕੇ ਕਰਦੇ ਹਨ, ਜਿਸ ਦੀ ਵਾਪਸੀ ਕਰਨ ਸਮੇਂ ਕਾਫੀ ਮੁਸ਼ਕਿਲ ਅਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਆਪਣੇ ਕੀਤੇ ਬੇਲੋੜੇ ਖਰਚੇ 'ਤੇ ਪਛਤਾਵਾ ਵੀ ਹੁੰਦਾ ਹੈ। ਇਸ ਲਈ ਲੋੜ ਹੈ ਜਿਥੋਂ ਤੱਕ ਸੰਭਵ ਹੋ ਸਕੇ ਅਜਿਹੇ ਸਮਾਮਗਾਂ 'ਤੇ ਖਰਚਾ ਘਟਾਇਆ ਜਾਏ ਤਾਂ ਕਿ ਬਾਅਦ ਵਿਚ ਸਾਨੂੰ ਪ੍ਰੇਸ਼ਾਨੀ ਅਤੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।


ਲਿਫ਼ਾਫ਼ਿਆਂ ਦੀ ਵਰਤੋਂ ਘਟਾਈਏ
ਸਮੇਂ-ਸਮੇਂ 'ਤੇ ਪੋਲੀਥੀਨ ਲਿਫ਼ਾਫ਼ਿਆਂ 'ਤੇ ਪਾਬੰਦੀ ਦੀ ਗੱਲ ਚੱਲੀ ਹੈ ਪਰ ਮਾਈਕਰੋ ਦੇ ਚੱਕਰ ਤੇ ਹੋਰ ਚੱਕਰਾਂ 'ਚ ਇਹ ਚੱਕਰ ਬਾਦਸਤੂਰ ਚੱਲ ਰਿਹਾ ਹੈ ਪਰ ਥੋੜ੍ਹੀ ਜ਼ਿੰਮੇਵਾਰੀ ਨਾਲ ਨਾ ਗਲਣਯੋਗ ਇਹ ਲਿਫ਼ਾਫ਼ੇ ਦੁਬਾਰਾ ਵਰਤੋਂ ਕਰਕੇ ਅਸੀਂ ਘਟਾ ਸਕਦੇ ਹਾਂ ਪ੍ਰਦੂਸ਼ਣ। ਅਸੀਂ ਭੁੱਲ ਗਏ ਬੀਤੇ ਸਮੇਂ ਬਾਜ਼ਾਰ ਜਾਂਦਿਆਂ ਘਰੋਂ ਥੈਲੇ, ਝੋਲੇ ਲਿਜਾਂਦੇ ਸਾਂ ਪਰ ਅੱਜਕਲ੍ਹ ਹਰ ਚੀਜ਼ ਪੋਲੀਥੀਨ ਵਿਚ ਲਿਆਉਣ ਦੇ ਆਦੀ ਹੋ ਗਏ ਹਾਂ। ਚੀਜ਼ਾਂ ਵਰਤ ਕੇ ਲਿਫ਼ਾਫ਼ਾ ਸੁੱਟ ਦਿੰਦੇ ਹਾਂ ਜਦੋਂ ਕਿ ਵਿਗੜਿਆ ਕੁਝ ਨਹੀਂ। ਲਿਫ਼ਾਫ਼ਾ ਦੁਬਾਰਾ ਵਰਤੋਂ 'ਚ ਆਏਗਾ ਤਾਂ ਪ੍ਰਦੂਸ਼ਣ ਘਟੇਗਾ। ਕਿਉਂਕਿ ਸੁੱਟੇ ਲਿਫ਼ਾਫ਼ੇ ਅਵਾਰਾ ਪਸ਼ੂਆਂ ਦੀ ਖੁਰਾਕ ਬਣਦੇ ਹਨ ਤੇ ਨਾਲੀਆਂ, ਨਾਲੇ, ਸੀਵਰੇਜ ਬੰਦ ਕਰਦੇ ਹਨ।


-ਹਰਮਿੰਦਰ ਸਿੰਘ ਝਨੇੜੀ
ਪਿੰਡ ਝਨੇੜੀ, ਸੰਗਰੂਰ।

07-03-2018

 ਪੋਲ ਖੋਲ੍ਹ ਰੈਲੀਆਂ
ਸ਼੍ਰੋਮਣੀ ਅਕਾਲੀ ਦਲ ਵਲੋਂ ਸਾਰੇ ਪੰਜਾਬ ਵਿਚ ਮੌਜੂਦਾ ਸਰਕਾਰ ਨੂੰ ਆਪਣੇ ਵਾਅਦਿਆਂ ਤੋਂ ਭੱਜਣ ਕਰਕੇ ਉਨ੍ਹਾਂ ਦੇ ਖਿਲਾਫ਼ ਪੋਲ ਖੋਲ੍ਹ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਨੂੰ ਆਪਣੇ ਵਾਅਦਿਆਂ ਨੂੰ ਯਾਦ ਕਰਾਉਣ ਲਈ ਇਹ ਜ਼ਰੂਰੀ ਵੀ ਹੈ। ਸਵਾਲ ਇਹ ਉੱਠਦਾ ਹੈ ਕਿ ਇਨ੍ਹਾਂ ਰੈਲੀਆਂ ਵਿਚ ਲੋਕ ਮੁੱਦਿਆਂ ਦੀ ਕਿੰਨੀ ਕੁ ਗੱਲ ਕੀਤੀ ਜਾ ਰਹੀ ਹੈ। ਨੇਤਾ ਇਕ-ਦੂਜੇ ਉੱਪਰ ਨਿੱਜੀ ਹਮਲੇ ਕਰ ਰਹੇ ਹਨ। ਲੋਕ ਮੁੱਦੇ ਗਾਇਬ ਹਨ। ਸਿਆਸੀ ਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੀ ਸ਼ਬਦਾਵਲੀ ਤੋਂ ਗੁਰੇਜ਼ ਕਰਨ। ਜੇਕਰ ਉਹ ਅਸਲ ਵਿਚ ਲੋਕ ਹਿਤੈਸ਼ੀ ਪਾਰਟੀਆਂ ਹਨ ਤਾਂ ਉਨ੍ਹਾਂ ਕੋਲ ਵਿਧਾਨ ਸਭਾ ਦੇ ਇਜਲਾਸ ਵਿਚ ਬਹੁਤ ਸਮਾਂ ਹੁੰਦਾ ਹੈ ਲੋਕਾਂ ਦੇ ਮੁੱਦੇ ਚੁੱਕਣ ਲਈ। ਇਨ੍ਹਾਂ ਰੈਲੀਆਂ ਵਿਚ ਫਜ਼ੂਲ ਦਾ ਖਰਚ ਹੀ ਹੁੰਦਾ ਹੈ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।


ਚੰਗਾ ਯਤਨ
ਸੰਪਾਦਕੀ ਪੰਨੇ 'ਤੇ ਸਵਰਨ ਸਿੰਘ ਟਹਿਣਾ ਦਾ ਲੇਖ 'ਆਓ, ਚਾਦਰ ਵੇਖ ਪੈਰ ਪਸਾਰਨ ਦਾ ਹੁਨਰ ਸਿੱਖੀਏ' ਬਹੁਤ ਹੀ ਸ਼ਲਾਘਾਯੋਗ ਅਤੇ ਚੰਗਾ ਯਤਨ ਸੀ। ਸਾਨੂੰ ਸਾਰਿਆਂ ਨੂੰ ਹੀ ਇਸ ਤਰ੍ਹਾਂ ਦਾ ਯਤਨ ਕਰਨਾ ਚਾਹੀਦਾ ਹੈ। ਅਸੀਂ ਸਾਰੇ ਪੰਜਾਬ ਵਾਸੀ ਇਸ ਤਰ੍ਹਾਂ ਦੀ ਕੋਸ਼ਿਸ਼ ਕਰਕੇ ਪੰਜਾਬ ਨੂੰ ਹੱਸਦਾ ਵਸਦਾ ਰੱਖਣ ਵਿਚ ਭਰਪੂਰ ਹਿੱਸਾ ਪਾ ਸਕਦੇ ਹਾਂ। ਇਸ ਤਰ੍ਹਾਂ ਦੇ ਲੇਖ ਜ਼ਰੂਰ ਹੀ ਅਖ਼ਬਾਰਾਂ ਵਿਚ ਛਪਣੇ ਚਾਹੀਦੇ ਹਨ ਤਾਂ ਜੋ ਲੋਕ ਆਪਣੇ ਪਰਿਵਾਰ ਤੇ ਸੂਬਾ ਪੰਜਾਬ ਨੂੰ ਖੁਸ਼ ਵੇਖ ਸਕਣ।


-ਅਮਰੀਕ ਸਿੰਘ 'ਖਿਆਲਾ'।


ਸੜਕੀ ਹਾਦਸੇ
ਦਿਨ-ਬਦਿਨ ਸੜਕੀ ਹਾਦਸੇ ਲਗਾਤਾਰ ਵਧ ਰਹੇ ਹਨ। ਇਹ ਸੜਕੀ ਅੱਤਵਾਦ ਦਾ ਰੂਪ ਧਾਰਨ ਕਰ ਚੁੱਕੇ ਹਨ। ਇਨ੍ਹਾਂ ਦਾ ਕਾਰਨ ਤੇਜ਼ ਰਫ਼ਤਾਰ ਹੁੰਦਾ ਹੈ। ਵੱਡੇ ਹਾਈਵੇ ਸੜਕਾਂ ਘੱਟ ਅਤੇ ਰੇਸਿੰਗ ਟਰੈਕ ਜ਼ਿਆਦਾ ਲਗਦੇ ਹਨ। ਇਨ੍ਹਾਂ ਨੂੰ ਰੋਕਣ ਲਈ ਸਰਕਾਰ ਨੂੰ ਸਖ਼ਤ ਨਿਯਮ ਬਣਾਉਣੇ ਚਾਹੀਦੇ ਹਨ ਅਤੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਛੋਟੀ ਜਿਹੀ ਗ਼ਲਤੀ ਹੀ ਕਈ ਜ਼ਿੰਦਗੀਆਂ 'ਤੇ ਭਾਰੀ ਪੈ ਸਕਦੀ ਹੈ। ਕਈ ਆਪਣੇ 5 ਮਿੰਟ ਬਚਾਉਣ ਲਈ ਆਪਣੀ ਅਤੇ ਦੂਜਿਆਂ ਦੀ ਜ਼ਿੰਦਗੀ ਦਾਅ 'ਤੇ ਲਾ ਦਿੰਦੇ ਹਨ। ਇਸ ਲਈ ਲੋਕਾਂ ਨੂੰ ਟ੍ਰੈਫਿਕ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਟ੍ਰੈਫਿਕ ਨਿਯਮਾਂ ਬਾਰੇ ਦੱਸਣਾ ਚਾਹੀਦਾ ਹੈ। ਸਰਕਾਰ ਨੂੰ ਛੋਟੇ ਬੱਚਿਆਂ ਦੇ ਪਾਠਕ੍ਰਮ ਵਿਚ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਵੱਖ-ਵੱਖ ਮਾਧਿਅਮਾਂ ਰਾਹੀਂ ਪ੍ਰਚਾਰ ਕਰਨਾ ਚਾਹੀਦਾ ਹੈ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।


-ਕਮਲਜੀਤ ਸਿੰਘ ਨੰਗਲ
ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ, ਬਰਨਾਲਾ।


ਨੈਤਿਕ ਸਿੱਖਿਆ
ਅੱਜਕਲ੍ਹ ਦੇ ਬੱਚਿਆਂ ਵਿਚ ਨੈਤਿਕ ਸਿੱਖਿਆ ਦੀ ਘਾਟ ਹੈ। ਕੁਝ ਬੱਚੇ ਤਾਂ ਜ਼ਰੂਰਤ ਤੋਂ ਜ਼ਿਆਦਾ ਹੀ ਕਿਤਾਬੀ ਕੀੜੇ ਬਣ ਗਏ ਹਨ। ਕੁਝ ਮੋਬਾਈਲ ਵਿਚ ਜਾਂ ਟੈਲੀਵਿਜ਼ਨ ਵਿਚ ਹੀ ਐਨਾ ਰੁੱਝ ਗਏ ਹਨ ਕਿ ਉਨ੍ਹਾਂ ਨੂੰ ਕਿਸੇ ਆਏ ਰਿਸ਼ਤੇਦਾਰ, ਭੈਣ-ਭਰਾ ਜਾਂ ਆਂਢੀ-ਗੁਆਂਢੀ ਕੋਲ ਬੈਠਣ ਲਈ ਸਮਾਂ ਜਾਂ ਲਗਨ ਹੀ ਨਹੀਂ ਹੈ। ਸਭ ਤੋਂ ਵੱਡਾ ਅਸਰਦਾਰ ਕਾਰਕ ਇਸ ਲਈ ਮਾਪਿਆਂ ਦਾ ਆਪਣੇ ਬੱਚੇ ਪ੍ਰਤੀ ਬੇਧਿਆਨੇ ਹੋਣਾ ਹੈ। ਇਨ੍ਹਾਂ ਤੋਂ ਇਲਾਵਾ ਬੱਚੇ ਘਰੇਲੂ ਹਿੰਸਾ ਦਾ ਵੀ ਸ਼ਿਕਾਰ ਹੋ ਜਾਂਦੇ ਹਨ। ਬੱਚੇ ਤਾਂ ਆਖਰ ਕੋਰੇ ਕਾਗਜ਼ ਵਰਗੇ ਹੁੰਦੇ ਹਨ। ਚੰਗੇ ਸੰਸਕਾਰ ਇਨ੍ਹਾਂ ਕੋਰੇ ਕਾਗਜ਼ਾਂ ਉੱਪਰ ਉਲੀਕ ਲਏ ਜਾਣਗੇ ਤਾਂ ਮਾਪਿਆਂ ਦੀ ਜ਼ਿੰਦਗੀ ਸਫ਼ਲ ਹੋ ਜਾਂਦੀ ਹੈ। ਕਈ ਵਾਰ ਮਾਪੇ ਇਨ੍ਹਾਂ ਨੂੰ ਸਮਾਂ ਘੱਟ ਤੇ ਸੁੱਖ ਸਹੂਲਤਾਂ ਕਦਰੋਂ ਵੱਧ ਦੇ ਦਿੰਦੇ ਹਨ ਜੋ ਇਨ੍ਹਾਂ ਨੂੰ ਹਾਜ਼ਮ ਨਹੀਂ ਹੁੰਦੀਆਂ। ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਬਾਰੇ ਜਾਨਣ, ਉਨ੍ਹਾਂ ਨਾਲ ਲਾਡ ਪਿਆਰ ਕਰਨ, ਹਾਸਾ-ਮਜ਼ਾਕ ਕਰਨ ਤਾਂ ਜੋ ਬੱਚੇ ਤੁਹਾਡੇ ਸਾਹਮਣੇ ਆਪਾ ਰੱਖ ਸਕਣ। ਸ਼ਾਇਦ ਬੱਚਿਆਂ ਦੀਆਂ ਪੈਸੇ ਨਾਲੋਂ ਵੱਧ ਇਹੀ ਖੁਆਇਸ਼ਾਂ ਹੋਣ। ਸੋ ਮਾਪਿਆਂ ਨੂੰ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਵੀ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਜਾਇਜ਼ ਹੱਦ ਤੱਕ ਮੰਨਣਾ ਉਨ੍ਹਾਂ ਦਾ ਵੀ ਫਰਜ਼ ਬਣਦਾ ਹੈ।


-ਤਰਸੇਮ ਲੰਡੇ
ਪਿੰਡ ਲੰਡੇ, ਮੋਗਾ।

06-03-2018

 ਪ੍ਰਦੂਸ਼ਣ ਦੀ ਸਮੱਸਿਆ
ਪਿਛਲੇ ਦਿਨੀਂ ਸੰਪਾਦਕੀ 'ਚ ਗੰਭੀਰ ਹੁੰਦੀ ਪ੍ਰਦੂਸ਼ਣ ਦੀ ਸਮੱਸਿਆ ਪੜ੍ਹੀ। ਸੱਚ ਹੈ ਇਸ ਵੇਲੇ ਪਾਣੀ ਗੰਦਾ, ਹਵਾ ਗੰਦੀ, ਖਾਣ ਵਾਲੀ ਹਰ ਚੀਜ਼ ਫਲ, ਸਬਜ਼ੀਆਂ, ਮਿਠਾਈਆਂ, ਦੁੱਧ, ਮਸਾਲੇ ਸਭ ਕੁਝ ਮਿਲਾਵਟੀ ਹੈ। ਪਾਣੀ ਦੀ ਸਮੱਸਿਆ ਇਸ ਹੱਦ ਤੱਕ ਵਧ ਗਈ ਹੈ ਕਿ ਲੋਕ ਕਈ ਤਰ੍ਹਾਂ ਦੇ ਕੈਂਸਰ ਦੀ ਲਪੇਟ ਵਿਚ ਆ ਗਏ। ਕੋਈ ਨਦੀ ਨਾਲਾ ਸਾਫ਼ ਨਹੀਂ, ਫੈਕਟਰੀਆਂ ਦਾ ਕੈਮੀਕਲ ਵਾਲਾ ਪਾਣੀ ਉਸ ਵਿਚ ਸੁੱਟਿਆ ਜਾ ਰਿਹਾ ਹੈ, ਸੀਵਰੇਜ ਦੀਆਂ ਪਾਈਪਾਂ ਸਿੱਧੀਆਂ ਉਨ੍ਹਾਂ ਵਿਚ ਗੰਦ ਸੁੱਟ ਰਹੀਆਂ ਹਨ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਕਿਧਰੇ ਲੋਕਾਂ ਦੀ ਸੁਣਵਾਈ ਨਹੀਂ। ਲੋਕਾਂ ਨੂੰ ਫੁੱਟਬਾਲ ਵਾਂਗ ਇਧਰੋਂ ਉਧਰ ਕਿੱਕਾਂ ਹੀ ਵੱਜਦੀਆਂ ਹਨ। ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਵਾਉਣਾ ਤੇ ਕਰਨਾ ਵਧੇਰੇ ਜ਼ਰੂਰੀ ਹੈ। ਕਾਹਨ ਸਿੰਘ ਪੰਨੂ ਨੇ ਕਦਮ ਵਧੀਆ ਚੁੱਕਿਆ ਹੈ, ਵੇਖੋ ਵਿਭਾਗ ਵਿਚੋਂ ਹੀ ਕਿੰਨੇ ਇਸ ਇਮਾਨਦਾਰ ਅਫ਼ਸਰ ਨੂੰ ਸਾਥ ਦਿੰਦੇ ਹਨ।

-ਪ੍ਰਭਜੋਤ ਕੌਰ ਢਿੱਲੋਂ।

ਲੋਕਤੰਤਰ ਦਾ ਘਾਣ
ਪਿਛਲੇ ਦਿਨੀਂ ਲੁਧਿਆਣਾ ਵਿਚ ਨਗਰ ਨਿਗਮ ਦੀਆਂ ਚੋਣਾਂ ਨੇ ਇਕ ਵਾਰ ਫਿਰ ਲੋਕਤੰਤਰ ਵਿਵਸਥਾ ਨੂੰ ਸ਼ਰਮਸਾਰ ਕਰ ਦਿੱਤਾ। ਜਿਸ ਤਰ੍ਹਾਂ ਬੂਥਾਂ 'ਤੇ ਕਬਜ਼ੇ ਹੋ ਰਹੇ ਸਨ, ਲੱਗ ਨਹੀਂ ਰਿਹਾ ਸੀ ਕਿ ਲੋਕਤੰਤਰ 'ਚ ਚੋਣਾਂ ਹੋ ਰਹੀਆਂ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸਭ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਵਿਚ ਹੋ ਰਿਹਾ ਸੀ। ਵਿਰੋਧੀ ਪਾਰਟੀਆਂ ਦੁਆਰਾ ਪੁਲਿਸ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਉਠਾਉਣਾ ਜਾਇਜ਼ ਬਣਦਾ ਹੈ। ਪੰਜਾਬ ਵਿਚ ਸਥਾਨਕ ਚੋਣਾਂ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਆਮ ਤੌਰ 'ਤੇ ਸੱਤਾਧਾਰੀ ਪਾਰਟੀ ਦੁਆਰਾ ਆਪਣੀ ਤਾਕਤ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਇਸ ਲਈ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਨਿਰਪੱਖ ਹੋ ਕੇ ਕੰਮ ਕਰਨ ਦੀ ਲੋੜ ਹੈ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ।

ਪੈਸੇ ਦਾ ਲੈਣ-ਦੇਣ
ਪੈਸੇ ਦਾ ਲੈਣ-ਦੇਣ ਮੁੱਢ ਤੋਂ ਬਣਿਆ ਹੋਇਆ ਹੈ ਸਾਡੇ ਸਮਾਜ ਵਿਚ, ਪਰ ਅੱਜਕਲ੍ਹ ਇਕ ਸਮੱਸਿਆ ਦਾ ਹਰੇਕ ਬੰਦੇ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਬੰਦੇ ਨੂੰ ਬੰਦੇ ਤੱਕ ਪੈਸਿਆਂ ਦੀ ਲੋੜ ਪੈਂਦੀ, ਉਦੋਂ ਉਹ ਬਹੁਤ ਮਿੰਨਤਾਂ ਤਰਲੇ ਕੱਢਦਾ ਹੈ। ਪਰ ਜਦੋਂ ਆਪਣਾ ਉੱਲੂ ਸਿੱਧਾ ਹੋ ਜਾਂਦਾ ਫਿਰ ਬੇਵਕੂਫ਼ ਲੋਕ ਵਾਪਸ ਕਰਨ ਸਮੇਂ ਪਾਸਾ ਪਤਾ ਨਹੀਂ ਕਿਉਂ ਪਲਟ ਲੈਂਦੇ ਹਨ। ਪਤਾ ਨਹੀਂ ਕਿਉਂ ਏਨੇ ਮਿੰਨਤਾਂ ਤਰਲੇ ਕਢਵਾਉਂਦੇ। ਭਲਿਓ ਲੋਕੋ, ਜਦੋਂ ਤੱਕ ਸਾਡੇ ਸਰੀਰ ਵਿਚ ਸਾਹ ਹਨ, ਉਦੋਂ ਤੱਕ ਪਤਾ ਨਹੀਂ ਕਿਹੜੇ ਬੰਦੇ ਦੀ ਕਦੋਂ ਲੋੜ ਪੈ ਜਾਵੇ, ਜਿਵੇਂ ਕਿ ਸਿਆਣੇ ਕਹਿੰਦੇ ਹਨ ਕਿ ਜ਼ਿੰਦਗੀ ਵਿਚ ਇਨਸਾਨ ਨੂੰ ਇਨਸਾਨ ਦੀ ਲੋੜ ਪੈਂਦੀ ਰਹਿੰਦੀ ਹੈ ਅਤੇ ਕਦੇ ਵੀ ਪੈ ਸਕਦੀ ਹੈ। ਇਸ ਦੌਰਾਨ ਇਹੋ ਜਿਹੇ ਹੋਰ ਪਤਾ ਨਹੀਂ ਕਿੰਨੇ ਕੁ ਬੰਦਿਆਂ ਦਾ ਅੱਗਾ ਮਾਰ ਦਿੰਦੇ ਹਨ, ਕਿਉਂਕਿ ਉਸ ਇਨਸਾਨ ਨੂੰ ਸਾਰਿਆਂ ਤੋਂ ਹੀ ਵਿਸ਼ਵਾਸ ਟੁੱਟ ਜਾਂਦਾ ਹੈ।

-ਸਾਹਿਬ ਸਿੰਘ (ਸ਼ੱਬੀ ਸਵਾੜਾ)।

ਦੋ ਲੱਡੂ
ਦੋ ਲੱਡੂਆਂ ਦਾ ਸਵਾਦ ਕਦੇ 10 ਲੱਡੂਆਂ ਦੇ ਬਰਾਬਰ ਹੁੰਦਾ ਸੀ ਜਦੋਂ ਪਿੰਡ ਵਿਚ ਕਿਸੇ ਦੇ ਧੀ ਪੁੱਤਰ ਦਾ ਵਿਆਹ ਹੁੰਦਾ ਸੀ ਤਾਂ ਸ਼ਰੀਕੇ ਦਾ ਭਾਈਚਾਰਾ ਉਸ ਘਰ ਆਪਣੀ ਹੈਸੀਅਤ ਮੁਤਾਬਿਕ ਕਿੱਲੋਂ ਦੋ ਕਿੱਲੋ ਦੁੱਧ ਜ਼ਰੂਰ ਪਹੁੰਚਾਉਂਦਾ ਸੀ ਤੇ ਵਿਆਹ ਵਾਲਾ ਘਰ ਦੋ ਲੱਡੂ ਦੁੱਧ ਵਾਲੇ ਬਰਤਨ ਵਿਚ ਪਾਉਂਦਾ ਸੀ। ਦੁੱਧ ਦੇਣ ਵਾਲਾ ਤਾਂ ਵਿਆਹ ਵਾਲਿਆਂ ਦੇ ਘਰ ਹੀ ਲੱਡੂ ਖਾ ਲੈਂਦਾ ਸੀ ਪਰ ਜੋ ਦੋ ਲੱਡੂ ਉਹ ਘਰ ਲੈ ਕੇ ਆਉਂਦਾ, ਉਹ ਸਾਰਾ ਪਰਿਵਾਰ ਅੱਧਾ-ਅੱਧਾ ਭੋਰਾ-ਭੋਰਾ ਵੰਡ ਕੇ ਖਾਂਦੇ। ਉਹ ਦੋ ਲੱਡੂਆਂ ਨੂੰ ਪਾ ਕੇ ਮਿਲੀ ਖੁਸ਼ੀ ਨੂੰ ਦਿਲ ਅੱਜ ਵੀ ਯਾਦ ਕਰਦਾ ਹੈ। ਪਰ ਅਫ਼ਸੋਸ ਅੱਜਕਲ੍ਹ ਤਾਂ ਲੱਡੂਆਂ ਵਾਲਾ ਕੜਾਹਾ ਹੀ ਅਲੋਪ ਹੁੰਦਾ ਦਿਸ ਰਿਹਾ ਹੈ।

-ਪ੍ਰੀਤ ਮਾਨ
ਦਿੜ੍ਹਬਾ ਮੰਡੀ, ਸੰਗਰੂਰ।

05-03-2018

 ਇਕੱਠੀਆਂ ਚੋਣਾਂ
ਭਾਰਤ ਇਕ ਅਜਿਹਾ ਦੇਸ਼ ਹੈ, ਜਿਥੇ ਲੋਕਤੰਤਰ ਸੁਚਾਰੂ ਢੰਗ ਨਾਲ ਕੰਮ ਕਰ ਰਿਹਾ ਹੈ। ਇਥੇ ਹਰੇਕ ਵਿਅਕਤੀ ਨੂੰ ਵੋਟ ਦਾ ਅਧਿਕਾਰ ਹੈ। ਮੌਜੂਦਾ ਸਮੇਂ ਵਿਚ 29 ਰਾਜਾਂ ਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਵਿਧਾਨ ਸਭਾਵਾਂ ਕੰਮ ਕਰ ਰਹੀਆਂ ਹਨ। ਇਸ ਸਮੇਂ ਵਿਧਾਨ ਸਭਾਵਾਂ ਤੇ ਲੋਕ ਸਭਾ ਦੀਆਂ ਚੋਣਾਂ ਇਕੱਠੀਆਂ ਕਰਵਾਉਣ ਦੀ ਗੱਲ ਚੱਲ ਰਹੀ ਹੈ। ਇਹ ਕੁਝ ਹੱਦ ਤੱਕ ਠੀਕ ਵੀ ਹੈ, ਚੋਣਾਂ ਇਕੱਠੀਆਂ ਹੋਣ ਕਰਕੇ ਚੋਣ ਅਮਲੇ ਤੇ ਸੁਰੱਖਿਆ ਲਈ ਤਾਇਨਾਤ ਕੀਤੇ ਜਾਂਦੇ ਸੁਰੱਖਿਆ ਬਲਾਂ ਦਾ ਖਰਚ ਘੱਟ ਆਏਗਾ। ਥੋੜ੍ਹੇ ਸਮੇਂ ਬਾਅਦ ਚੋਣਾਂ ਆਉਣ ਕਰਕੇ ਚੋਣ ਅਮਲਾ ਇਸ ਵਿਚ ਹੀ ਰੁੱਝਿਆ ਰਹਿੰਦਾ ਹੈ। ਰੋਡ ਸ਼ੋਅ, ਰੈਲੀਆਂ 'ਤੇ ਲੱਖਾਂ-ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ। ਇਕੱਠੀਆਂ ਚੋਣਾਂ ਕਰਵਾਉਣ ਵਿਚ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਚੋਣ ਕਮਿਸ਼ਨ ਕੋਲ ਲੋੜੀਂਦੇ ਚੋਣ ਅਮਲੇ ਦੀ ਘਾਟ ਹੈ ਅਤੇ ਕੇਂਦਰ ਸਰਕਾਰ ਦਾ ਕਾਰਜਕਾਲ ਖ਼ਤਮ ਹੋਣ 'ਤੇ ਸਾਰੇ ਰਾਜਾਂ ਵਿਚ ਦੁਬਾਰਾ ਚੋਣਾਂ ਕਰਵਾਉਣਾ ਵੀ ਔਖਾ ਹੈ। ਇਸ ਲਈ ਜੇਕਰ ਸਾਰੀਆਂ ਚੋਣਾਂ ਇਕੱਠੀਆਂ ਕਰਵਾਉਣ ਦੀ ਬਜਾਏ ਰਾਜਾਂ ਦੀਆਂ ਚੋਣਾਂ ਦਾ ਅਮਲ ਥੋੜ੍ਹੇ ਸਮੇਂ ਵਿਚ ਨਿਬੇੜ ਲਿਆ ਜਾਵੇ ਤਾਂ ਉਹ ਠੀਕ ਰਹੇਗਾ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ

ਸਾਡੀ ਸਿੱਖਿਆ ਪ੍ਰਣਾਲੀ
ਪਿਛਲੇ ਦਿਨੀਂ ਸੰਪਾਦਕੀ ਨੇ ਸਾਡੀ ਸਿੱਖਿਆ ਪ੍ਰਣਾਲੀ ਨਾਲ ਤਜਰਬੇ ਹੋਣ ਦੀ ਜਾਣਕਾਰੀ ਵਧੀਆ ਤਰੀਕੇ ਨਾਲ ਦਿੱਤੀ ਹੈ। ਕਦੇ ਬੱਚਿਆਂ ਨੂੰ ਫੇਲ੍ਹ ਨਾ ਕਰਨ ਦਾ ਤਜਰਬਾ ਕੀਤਾ ਜਾਂਦਾ ਹੈ, ਕਦੇ ਅੱਠਵੀਂ ਦੇ ਬੋਰਡ ਦਾ ਹੋਣਾ ਖ਼ਤਮ ਕੀਤਾ ਜਾਂਦਾ ਹੈ। ਹੁਣ ਅੰਗਰੇਜ਼ੀ ਸ਼ੁਰੂ ਤੋਂ ਪੜ੍ਹਾਉਣ ਦੀ ਗੱਲ ਹੋ ਰਹੀ ਹੈ। ਹਕੀਕਤ ਤਾਂ ਇਹ ਹੈ ਕਿ ਸਰਕਾਰੀ ਸਕੂਲਾਂ ਵਿਚ ਬਹੁਤੀ ਥਾਈਂ ਪੜ੍ਹਦੇ ਬੱਚੇ ਪੰਜਾਬੀ ਪੜ੍ਹ-ਲਿਖ ਨਹੀਂ ਸਕਦੇ। ਦੂਜਿਆਂ ਵਿਸ਼ਿਆਂ ਦੀ ਕੀ ਹਾਲਤ ਹੋਏਗੀ, ਅੰਦਾਜ਼ਾ ਲੱਗ ਹੀ ਜਾਂਦਾ ਹੈ। ਇੰਜ ਦੇ ਤਜਰਬੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹਨ। ਜਦੋਂ ਸਿੱਖਿਆ ਮਿਆਰੀ ਨਹੀਂ ਮਿਲਦੀ, ਬੇਰੁਜ਼ਗਾਰੀ ਵੱਧ ਜਾਂਦੀ ਹੈ ਤਾਂ ਸਮਾਜ ਵਿਚ ਮਾੜੀਆਂ ਘਟਨਾਵਾਂ ਤੇਜ਼ੀ ਨਾਲ ਵਧਦੀਆਂ ਹਨ। ਸਰਕਾਰਾਂ ਨੂੰ ਸਿੱਖਿਆ ਵਿਚ ਨਵੇਂ ਤਜਰਬੇ ਕਰਨ ਤੋਂ ਪਹਿਲਾਂ ਉਸ ਦੇ ਨੁਕਸਾਨ ਧਿਆਨ ਵਿਚ ਜ਼ਰੂਰ ਰੱਖਣੇ ਚਾਹੀਦੇ ਹਨ ਤੇ ਬੱਚਿਆਂ ਦੇ ਭਵਿੱਖ ਨਾਲ ਖੇਡਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

-ਪ੍ਰਭਜੋਤ ਕੌਰ ਢਿੱਲੋਂ

ਨੱਕ ਦਾ ਚੱਕਰ
ਪੰਜਾਬ ਵਿਚ ਨਵੰਬਰ ਮਹੀਨੇ ਤੋਂ ਸ਼ੁਰੂ ਹੋ ਕੇ ਤਕਰੀਬਨ ਮਾਰਚ ਮਹੀਨੇ ਤੱਕ ਵਿਆਹ-ਸ਼ਾਦੀਆਂ ਦਾ ਬੇਹੱਦ ਜ਼ੋਰ ਪਾਇਆ ਜਾਂਦਾ ਹੈ। ਇਨ੍ਹਾਂ ਸਮਾਗਮਾਂ 'ਤੇ 2-3 ਫ਼ੀਸਦੀ ਲੋਕਾਂ ਨੂੰ ਛੱਡ ਕੇ ਜ਼ਿਆਦਾਤਰ ਲੋਕਾਂ ਵਲੋਂ ਬੇਤਹਾਸ਼ਾ ਖਰਚ ਕੀਤੇ ਜਾਂਦੇ ਹਨ। ਆਰਥਿਕ ਤੌਰ 'ਤੇ ਮਜ਼ਬੂਤ ਜਾਂ ਵਿਦੇਸ਼ਾਂ ਤੋਂ ਆਏ ਐਨ.ਆਰ.ਆਈ. ਲੋਕਾਂ ਦੀ ਰੀਸ ਕਰਦਿਆਂ ਆਪਣਾ ਨੱਕ ਰੱਖਣ ਦੇ ਚੱਕਰ 'ਚ ਕਈ ਲੋਕਾਂ ਵਲੋਂ ਆਪਣੀ ਜ਼ਿੰਦਗੀ ਭਰ ਦੀ ਕਮਾਈ 3-4 ਘੰਟਿਆਂ ਦੇ ਵਿਆਹ ਵਿਚ ਹੀ ਰੂੰ ਦੇ ਫੰਬਿਆਂ ਵਾਂਗ ਉਡਾ ਦਿੱਤੀ ਜਾਂਦੀ ਹੈ। ਇਕ ਵਿਆਹ ਸਮਾਗਮ 'ਤੇ ਏਨਾ ਖਰਚ ਕਰ ਕੇ ਲੋਕਾਂ ਦੀ ਵਾਹ-ਵਾਹ ਖੱਟਦੇ ਕਈ ਲੋਕ ਕਰਜ਼ੇ ਦੀ ਦਲਦਲ ਵਿਚ ਅਜਿਹੇ ਫਸ ਜਾਂਦੇ ਹਨ ਕਿ ਸਾਰੀ ਉਮਰ ਤਿਲ-ਤਿਲ ਕਰ ਕੇ ਮਰਨ ਲਈ ਮਜਬੂਰ ਹੋ ਜਾਂਦੇ ਹਨ। ਆਪਣੀ ਜੇਬ ਦੇਖੇ ਬਿਨਾਂ, ਸਿਰਫ ਨੱਕ ਰੱਖਣ ਲਈ ਵਿਆਹਾਂ 'ਤੇ ਲੋੜ ਤੋਂ ਵੱਧ ਖਰਚ ਕਰਨਾ ਕਿਸੇ ਵੀ ਪੱਖੋਂ ਸਿਆਣਪ ਨਹੀਂ ਕਿਹਾ ਜਾ ਸਕਦਾ। ਆਓ, ਅਸੀਂ ਸਭ ਆਪਣੇ ਵਿਆਹ ਸਮਾਗਮ ਸਾਦੇ ਢੰਗ ਨਾਲ ਕਰਨ ਦੀ ਪਿਰਤ ਪਾਈਏ ਤਾਂ ਜੋ ਨੱਕ ਰੱਖਣ ਦੇ ਚੱਕਰ ਵਿਚ ਸਾਡਾ ਹੋ ਰਿਹਾ ਉਜਾੜਾ ਰੁਕ ਸਕੇ।

-ਰਾਜਾ ਗਿੱਲ (ਚੜਿੱਕ)

27-02-2018

 ਨਕਲੀ ਦੁੱਧ

ਦਿਨ-ਬ-ਦਿਨ ਵਧ ਰਹੇ ਨਕਲੀ ਦੁੱਧ ਦਾ ਗੋਰਖ ਧੰਦਾ ਟੀ.ਵੀ. ਅਤੇ ਅਖ਼ਬਾਰਾਂ ਦੀਆਂ ਮੁੱਖ ਸੁਰਖੀਆਂ 'ਚ ਹੈ। ਰੋਜ਼ਾਨਾ ਹਜ਼ਾਰਾਂ ਲੀਟਰ ਕੈਮੀਕਲਾਂ ਤੋਂ ਤਿਆਰ ਕੀਤਾ ਦੁੱਧ ਮਨੁੱਖੀ ਜੀਵਨ ਲਈ ਘਾਤਕ ਸਿੱਧ ਹੋ ਰਿਹਾ ਹੈ। ਜਿਸ ਕਾਰਨ ਲੋਕ ਤੰਦਰੁਸਤੀ ਦੀ ਜਗ੍ਹਾ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪਸ਼ੂਆਂ ਨੂੰ ਪਾਲਣ-ਪੋਸ਼ਣ ਲਈ ਸ਼ੁੱਧ ਖੁਰਾਕ ਤੇ ਚਾਰੇ 'ਤੇ ਆ ਰਹੇ ਜ਼ਿਆਦਾ ਖਰਚ ਹੋਣ ਕਾਰਨ ਲੋਕਾਂ ਅੰਦਰ ਪਸ਼ੂ ਪਾਲਣ ਦਾ ਰੁਝਾਨ ਘੱਟਦਾ ਨਜ਼ਰ ਆ ਰਿਹਾ ਹੈ, ਜਿਸ ਕਾਰਨ ਦੁੱਧ ਉਤਪਾਦਨ ਵਿਚ ਆ ਰਹੀ ਭਾਰੀ ਕਮੀ ਸਾਡੇ ਨਰੋਏ ਸਮਾਜ ਦੀ ਸਿਰਜਣਾ ਲਈ ਚਿੰਤਾ ਦਾ ਵਿਸ਼ਾ ਹੈ। ਮੌਜੂਦਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਫੈਦ ਕ੍ਰਾਂਤੀ ਨੂੰ ਪ੍ਰਫੁੱਲਿਤ ਕਰਨ ਲਈ ਡੇਅਰੀ ਫਾਰਮਾਂ ਅਤੇ ਪਸ਼ੂ ਪਾਲਣ ਕਿੱਤੇ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਸ਼ੁੱਧ ਦੁੱਧ ਦੀ ਭਰਪੂਰ ਮਾਤਰਾ ਲੋਕਾਂ ਨੂੰ ਨਕਲੀ ਦੁੱਧ ਦੇ ਸੇਵਨ ਤੋਂ ਬਚਾ ਸਕੇ। ਸਿਹਤ ਵਿਭਾਗ ਦੀਆਂ ਜਾਂਚ ਟੀਮਾਂ ਵਲੋਂ ਅਚਨਚੇਤ ਦੁੱਧ ਵਿਕ੍ਰੇਤਾਵਾਂ ਦੀ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਨਕਲੀ ਦੁੱਧ ਬਣਾਉਣ ਵਾਲਿਆਂ ਨੂੰ ਨੱਥ ਪਾਈ ਜਾਵੇ।

-ਰਵਿੰਦਰ ਸਿੰਘ ਰੇਸ਼ਮ
ਨੱਥੁਮਾਜਰਾ, ਸੰਗਰੂਰ।

ਵਜ਼ਾਰਤੀ ਵਾਧਾ

ਸਰਗੋਸ਼ੀਆਂ ਕਾਲਮ ਅਧੀਨ ਪੰਜਾਬ ਮੰਤਰੀ ਮੰਡਲ 'ਚ ਵਾਧੇ ਦੀ ਸੰਭਾਵਨਾ ਪ੍ਰਗਟ ਕੀਤੀ ਗਈ। ਮੁੱਖ ਮੰਤਰੀ ਪੰਜਾਬ ਨੂੰ ਮੰਤਰੀ ਮੰਡਲ 'ਚ ਵਾਧੇ ਸਮੇਂ ਕਿਸੇ ਦਬਾਅ ਵਿਚ ਨਹੀਂ ਆਉਣਾ ਚਾਹੀਦਾ। ਉਨ੍ਹਾਂ ਨੂੰ ਪੂਰਾ ਹੱਕ ਹੈ ਕਿ ਆਪਣੀ ਪਸੰਦ ਦੇ ਸਮਝਦਾਰ ਨੇਤਾਵਾਂ ਨੂੰ ਮੰਤਰੀ ਬਣਾਉਣ। ਮੁੱਖ ਮੰਤਰੀ ਨੂੰ ਧਿਆਨ ਰੱਖਣਾ ਹੋਵੇਗਾ ਕਿ ਪੰਜਾਬ ਕੌਮੀ ਸਕੂਲ ਖੇਡਾਂ ਵਿਚ ਪਛੜ ਕੇ 7ਵੇਂ ਸਥਾਨ 'ਤੇ ਆਇਆ ਹੈ। ਨੌਜਵਾਨ ਖੇਡ ਮੈਦਾਨਾਂ ਵੱਲ ਜਾਣ ਦੀ ਬਜਾਏ ਵਿਦੇਸ਼ਾਂ ਵੱਲ ਨੂੰ ਭੱਜ ਰਹੇ ਹਨ, ਇਸ ਲਈ ਪੰਜਾਬ 'ਚ ਗ਼ੈਰ-ਕ੍ਰਿਕਟ ਖੇਡਾਂ ਨੂੰ ਸਹੀ ਥਾਂ 'ਤੇ ਲਿਆਉਣ ਲਈ ਕਿਸੇ ਉਲੰਪੀਅਨ ਨੂੰ ਖੇਡ ਮਾਮਲੇ ਸੌਂਪੇ ਜਾਣ।

-ਕੇ.ਕੇ. ਸਿੰਘ ਖਮਾਣੋਂ
ਤਹਿ: ਤੇ ਡਾਕ: ਖਮਾਣੋਂ, ਜ਼ਿਲ੍ਹਾ ਫ਼ਤਹਿਗੜ੍ਹ।

ਵੀ.ਆਈ.ਪੀ. ਸੱਭਿਆਚਾਰ

ਰਾਜਨੀਤੀ ਤੇ ਵੀ.ਆਈ.ਪੀ. ਸੱਭਿਆਚਾਰ ਦਾ ਜੋ ਧੱਬਾ ਲੱਗਾ ਹੋਇਆ ਹੈ, ਉਹ ਅੱਜ ਵੀ ਉਸ ਤਰ੍ਹਾਂ ਬਰਕਰਾਰ ਹੈ। ਮੌਜੂਦਾ ਸੱਤਾਧਾਰੀ ਪਾਰਟੀ ਵਲੋਂ ਆਪਣੇ ਚੋਣ ਮੈਨੀਫੈਸਟੋ ਵਿਚ ਇਸ ਨੂੰ ਖ਼ਤਮ ਕਰਨ ਦੀ ਗੱਲ ਕਹੀ ਸੀ। ਕੁਝ ਸਮਾਂ ਇਸ 'ਤੇ ਅਮਲ ਵੀ ਕੀਤਾ ਗਿਆ ਪਰ ਹੁਣ ਫਿਰ ਉਸ ਤਰ੍ਹਾਂ ਹੀ ਰਾਜਨੀਤਕ ਨੇਤਾਵਾਂ ਨੂੰ ਸਰਕਾਰੀ ਸੁਰੱਖਿਆ ਕਰਮੀ ਮੁਹੱਈਆ ਕਰਵਾ ਦਿੱਤੇ ਗਏ ਹਨ। ਇਹ ਪੰਜਾਬ ਦੇ ਸਰਕਾਰੀ ਖਜ਼ਾਨੇ 'ਤੇ ਵਾਧੂ ਬੋਝ ਹੈ। ਅੰਕੜਿਆਂ ਮੁਤਾਬਿਕ ਮੁੱਖ ਮੰਤਰੀ ਦੀ ਸੁਰੱਖਿਆ ਤੋਂ ਲੈ ਕੇ ਬਾਕੀ ਸਿਆਸਤਦਾਨਾਂ ਦੀ ਸੁਰੱਖਿਆ ਲਈ ਕਰੀਬ 9000 ਪੁਲਿਸ ਮੁਲਾਜ਼ਮ ਤਾਇਨਾਤ ਹਨ। 500 ਕਰੋੜ ਰੁਪਏ ਦਾ ਖਰਚ ਸਰਕਾਰੀ ਖਜ਼ਾਨੇ ਵਿਚੋਂ ਕੀਤਾ ਜਾ ਰਿਹਾ ਹੈ। ਜੇਕਰ ਪੰਜਾਬ ਦੀ ਮਾਲੀ ਹਾਲਤ ਸੁਧਾਰਨੀ ਹੈ ਤਾਂ ਇਸ ਸੱਭਿਆਚਾਰ ਨੂੰ ਜ਼ਮੀਨੀ ਪੱਧਰ 'ਤੇ ਖ਼ਤਮ ਕਰਨ ਦੀ ਲੋੜ ਹੈ।
-ਕਮਲ ਬਰਾੜ

ਪਿੰਡ ਕੋਟਲੀ ਅਬਲੂ,
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

26-02-2018

 ਸ਼ਲਾਘਾਯੋਗ ਕਦਮ
ਪੰਜਾਬ ਸਰਕਾਰ ਦੁਆਰਾ ਪਿਛਲੇ ਦਿਨੀਂ ਮੁੱਖ ਮੰਤਰੀ, ਮੰਤਰੀਆਂ ਦੇ ਕਰ ਸਰਕਾਰੀ ਖਜ਼ਾਨੇ ਵਿਚੋਂ ਨਾ ਭਰਨ ਦੇ ਫੈਸਲੇ ਨਾਲ ਪੰਜਾਬ ਦੀ ਆਰਥਿਕ ਹਾਲਤ ਨੂੰ ਕੁਝ ਹੱਦ ਤੱਕ ਰਾਹਤ ਮਿਲਣ ਦੀ ਉਮੀਦ ਹੈ। ਇਸ ਫੈਸਲੇ ਨਾਲ ਜਿਥੇ ਸਰਕਾਰੀ ਖਜ਼ਾਨੇ ਉੱਪਰੋਂ ਬੋਝ ਘੱਟ ਹੋਵੇਗਾ, ਉਥੇ ਇਹ ਬੱਚਤ ਲੋਕ ਹਿਤ ਦੇ ਕੰਮਾਂ ਵਿਚ ਵੀ ਲਗਾਈ ਜਾ ਸਕੇਗੀ। ਇਸ ਤੋਂ ਇਲਾਵਾ ਮੰਤਰੀਆਂ ਨੂੰ ਚਾਹੀਦਾ ਹੈ ਕਿ ਉਹ ਸੁਰੱਖਿਆ ਤੇ ਬਾਕੀ ਖਰਚ 'ਤੇ ਕੰਟਰੋਲ ਕਰਨ ਤਾਂ ਜੋ ਮੁੜ ਪੰਜਾਬ ਨੂੰ ਆਰਥਿਕ ਲੀਹਾਂ 'ਤੇ ਲਿਆਂਦਾ ਜਾ ਸਕੇ। ਇਸ ਤੋਂ ਇਲਾਵਾ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਆਪਣੇ ਨਿੱਜੀ ਸਲਾਹਕਾਰਾਂ ਦੀ ਗਿਣਤੀ ਵੀ ਘੱਟ ਕਰ ਦੇਣ, ਤਾਂ ਜੋ ਫਜ਼ੂਲ ਖਰਚ 'ਚ ਹੋਰ ਕਮੀ ਹੋ ਸਕੇ।


-ਕਮਲ ਬਰਾੜ,
ਪਿੰਡ ਕੋਟਲੂ ਅਬਲੂ।


ਸੁਪਰ ਸਟਰਾਅ ਮੈਨੇਜਮੈਂਟ
ਪੰਜਾਬ ਸਰਕਾਰ ਨੇ ਹਾਲ ਹੀ ਵਿਚ ਫੈਸਲਾ ਕੀਤਾ ਹੈ ਕਿ ਝੋਨੇ ਦੀ ਕਟਾਈ ਲਈ ਕੰਬਾਈਨ ਮਾਲਕਾਂ ਨੂੰ ਕੰਬਾਈਨਾਂ ਨਾਲ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਲਗਾਉਣਾ ਜ਼ਰੂਰੀ ਹੈ ਅਤੇ ਇਸ ਦਾ ਮਕਸਦ ਪਰਾਲੀ ਸਾੜਨ ਨਾਲ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣਾ ਹੈ। ਸਰਕਾਰ ਦਾ ਇਹ ਫੈਸਲਾ ਬੇਹੱਦ ਸ਼ਲਾਘਾਯੋਗ ਹੈ ਪਰ ਅਜਿਹਾ ਸਿਸਟਮ ਕੰਬਾਈਨ ਮਾਲਕਾਂ ਵਲੋਂ ਲਗਾਉਣ ਨਾਲ ਉਨ੍ਹਾਂ ਦੀ ਝੋਨਾ ਕਟਾਈ ਕਰਨ ਦੀ ਲਾਗਤ ਵੀ ਵਧ ਜਾਵੇਗੀ, ਜਿਸ ਨਾਲ ਕਿਸਾਨਾਂ 'ਤੇ ਹੋਰ ਬੋਝ ਪਵੇਗਾ। ਜੇਕਰ ਸਰਕਾਰ ਵਲੋਂ ਅਜਿਹਾ ਸਿਸਟਮ ਕੰਬਾਈਨਾਂ ਨਾਲ ਆਉਂਦੇ ਝੋਨੇ ਦੇ ਸੀਜ਼ਨ ਵਿਚ ਸਖ਼ਤੀ ਨਾਲ ਲਾਗੂ ਕੀਤਾ ਜਾਂਦਾ ਹੈ ਤਾਂ ਇਸ ਨਾਲ ਹਵਾ ਵਿਚ ਪ੍ਰਦੂਸ਼ਣ, ਬਿਮਾਰੀਆਂ ਅਤੇ ਧੂੰਏਂ ਨਾਲ ਹੁੰਦੇ ਸੜਕੀ ਹਾਦਸਿਆਂ ਵਿਚ ਕਾਫੀ ਕਮੀ ਹੋ ਜਾਵੇਗੀ।


-ਅਮਰੀਕ ਸਿੰਘ ਚੀਮਾ,
ਸ਼ਾਹਬਾਦੀਆ, ਜਲੰਧਰ।


ਮਾਂ-ਬੋਲੀ ਦਿਵਸ
ਮਾਂ-ਬੋਲੀ ਦਿਵਸ ਮਨਾ ਰਹੇ ਹਾਂ, ਬਹੁਤ ਵਧੀਆ ਹੈ। ਅੱਜਕਲ੍ਹ ਪੰਜਾਬੀ ਬੋਲਣਾ ਇੰਜ ਸਮਝਿਆ ਜਾਂਦਾ ਹੈ ਜਿਵੇਂ ਅਨਪੜ੍ਹ ਹੋਈਏ। ਆਪਣੀ ਮਾਂ-ਬੋਲੀ ਨਾਲੋਂ ਟੁੱਟਣਾ, ਆਪਣੀਆਂ ਜੜ੍ਹਾਂ ਨਾਲੋਂ ਟੁੱਟਣ ਦੇ ਬਰਾਬਰ ਹੈ। ਜਿੰਨਾ ਵਧੀਆ ਅਸੀਂ ਆਪਣੀਆਂ ਭਾਵਨਾਵਾਂ ਨੂੰ ਆਪਣੀ ਮਾਂ-ਬੋਲੀ ਵਿਚ ਦੱਸ ਸਕਦੇ ਹਾਂ, ਕਿਸੇ ਹੋਰ ਭਾਸ਼ਾ ਵਿਚ ਨਹੀਂ ਕਹਿ ਸਕਦੇ। ਭਾਸ਼ਾਵਾਂ ਜਿੰਨੀਆਂ ਮਰਜ਼ੀ ਸਿੱਖੋ ਪਰ ਆਪਣੀ ਮਾਂ-ਬੋਲੀ ਨਾਲ ਹਮੇਸ਼ਾ ਪਿਆਰ ਕਰੋ। ਮਹਾਤਮਾ ਗਾਂਧੀ ਨੇ ਲਿਖਿਆ ਹੈ, 'ਸਾਨੂੰ ਅੰਗਰੇਜ਼ੀ ਦੀ ਲੋੜ ਹੈ ਪਰ ਆਪਣੀ ਮਾਂ-ਬੋਲੀ ਦੀ ਤਬਾਹੀ ਵਾਸਤੇ ਨਹੀਂ।' ਜਿਨ੍ਹਾਂ ਦੀ ਮਾਂ-ਬੋਲੀ ਗਿਰਾਵਟ ਵੱਲ ਜਾਵੇ, ਉਹ ਕੌਮਾਂ ਵੀ ਖਤਰੇ ਦੇ ਨਿਸ਼ਾਨ 'ਤੇ ਆ ਜਾਂਦੀਆਂ ਹਨ। ਆਪਣੀ ਹੋਂਦ ਬਰਕਰਾਰ ਰੱਖਣ ਵਾਸਤੇ ਮਾਂ-ਬੋਲੀ ਨੂੰ ਸਿਖ਼ਰ ਵੱਲ ਲੈ ਕੇ ਜਾਈਏ।


-ਪ੍ਰਭਜੋਤ ਕੌਰ ਢਿੱਲੋਂ


ਜਬਰ-ਜਨਾਹ ਦੀ ਘਟਨਾ
ਪਿਛਲੇ ਦਿਨੀਂ ਲੁਧਿਆਣਾ ਜ਼ਿਲ੍ਹੇ ਦੀ ਇਕ ਗਿਆਰ੍ਹਵੀਂ 'ਚ ਪੜ੍ਹਦੀ ਵਿਦਿਆਰਥਣ ਨਾਲ ਅਧਿਆਪਕਾਂ ਵਲੋਂ ਜਬਰ-ਜਨਾਹ ਕਰਨ ਦੀ ਘਟਨਾ ਨੇ ਲੋਕਾਂ ਨੂੰ ਬੇਹੱਦ ਪ੍ਰੇਸ਼ਾਨ ਤੇ ਹੈਰਾਨ ਕਰਕੇ ਰੱਖ ਦਿੱਤਾ ਹੈ। ਅਧਿਆਪਕ ਵਰਗ ਜਿਸ ਨੂੰ ਸਮਾਜ ਦਾ ਮਜ਼ਬੂਤ ਥੰਮ੍ਹ ਮੰਨਿਆ ਜਾਂਦਾ ਹੈ, ਇਹ ਇਕ ਉਹ ਵਰਗ ਹੈ, ਜਿਸ 'ਤੇ ਲੋਕ ਅੱਖਾਂ ਮੀਚ ਕੇ ਵਿਸ਼ਵਾਸ ਕਰਦੇ ਆ ਰਹੇ ਹਨ ਪਰ ਉਪਰੋਕਤ ਘਟਨਾ ਨੇ ਬੱਚੀਆਂ ਦੇ ਮਾਪਿਆਂ ਨੂੰ ਬੇਹੱਦ ਡੂੰਘੀ ਚਿੰਤਾ 'ਚ ਡੋਬ ਕੇ ਰੱਖ ਦਿੱਤਾ ਹੈ। ਜਬਰ-ਜਨਾਹ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਪਿਛਲੇ ਸਮੇਂ 'ਚ ਸਖ਼ਤ ਕਾਨੂੰਨ ਬਣਾਏ ਗਏ। ਦੋਸ਼ੀਆਂ ਨੂੰ ਤੁਰੰਤ ਸਜ਼ਾ ਦਾ ਭਾਗੀ ਬਣਾਉਣ ਲਈ ਫਾਸਟ ਟਰੈਕ ਅਦਾਲਤਾਂ ਵੀ ਹੋਂਦ 'ਚ ਆਈਆਂ। ਪਰ ਲਗਦਾ ਹੈ ਕਿ ਅਜੇ ਉਹ ਸਜ਼ਾ ਨਹੀਂ ਮਿਲੀ ਜੋ ਅਜਿਹੀ ਮਾਨਸਿਕਤਾ ਵਾਲਿਆਂ 'ਚ ਡਰ ਪੈਦਾ ਕਰ ਸਕੇ। ਉਪਰੋਕਤ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਘੱਟੋ-ਘੱਟ ਅਧਿਆਪਕ ਵਰਗ ਵਿਚ ਅਜਿਹੀ ਘਟਨਾ ਮੁੜ ਨਾ ਵਾਪਰੇ।


-ਬੰਤ ਘੁਡਾਣੀ,
ਪਿੰਡ ਤੇ ਡਾਕ: ਘੁਡਾਣੀ ਕਲਾਂ (ਲੁਧਿਆਣਾ)।

23-02-2018

 ਮਾਂ-ਬੋਲੀ ਅਤੇ ਸੱਭਿਆਚਾਰ
ਆਧੁਨਿਕ ਸਕੂਲਾਂ ਤੋਂ ਪੜ੍ਹਿਆ ਪੰਜਾਬ ਦੇ ਸ਼ਹਿਰੀ ਨੌਜਵਾਨ ਮੁੰਡੇ-ਕੁੜੀਆਂ ਦਾ ਇਕ ਵਰਗ ਆਪਣੀ ਮਾਂ-ਬੋਲੀ ਪੰਜਾਬੀ 'ਚ ਗੱਲਬਾਤ ਕਰਨ ਤੋਂ ਗੁਰੇਜ਼ ਕਰਦਾ ਹੈ। ਉਨ੍ਹਾਂ ਦੀ ਬੋਲਚਾਲ ਅਤੇ ਦਿੱਖ ਉੱਪਰ ਪੱਛਮੀ ਪ੍ਰਭਾਵ ਭਾਰੂ ਹੈ। ਬਿਨਾਂ ਸ਼ੱਕ ਸੰਸਾਰੀਕਰਨ ਤਹਿਤ ਸਾਰੀ ਦੁਨੀਆ ਇਕ-ਦੂਜੇ ਦੇ ਨੇੜੇ ਆ ਗਈ ਹੈ ਪਰ ਸਾਡੇ ਜੀਵਨ 'ਤੇ ਇਸ ਦੇ ਨਾਂਹ-ਪੱਖੀ ਪ੍ਰਭਾਵ ਵੀ ਵੇਖਣ ਨੂੰ ਮਿਲੇ ਹਨ। ਪੱਛਮੀ ਸੱਭਿਆਚਾਰ ਨੂੰ ਅਪਣਾਅ ਕੇ ਆਪਣੀ ਮਾਂ-ਬੋਲੀ ਅਤੇ ਸੱਭਿਆਚਾਰ ਤੋਂ ਦੂਰ ਹੋਣਾ ਹਰਗਿਜ਼ ਠੀਕ ਨਹੀਂ। ਅੱਜਕਲ੍ਹ ਵਿਆਹਾਂ ਵਿਚ ਵੀ ਇਕ-ਦੋ ਦਿਨ ਪਹਿਲਾਂ ਜਾਂ ਫਿਰ ਵਿਆਹ ਵਾਲੇ ਦਿਨ ਹੀ ਕਿਸੇ ਪੈਲੇਸ 'ਚ ਕੁਝ ਘੰਟਿਆਂ ਦਾ ਲੇਡੀਜ਼ ਸੰਗੀਤ ਕਰਵਾ ਕੇ ਸੁਹਾਗ ਅਤੇ ਘੋੜੀਆਂ ਗਾਉਣ ਦੀ ਰਸਮ ਨਿਪਟਾ ਲਈ ਜਾਂਦੀ ਹੈ। ਇਸ ਤਰ੍ਹਾਂ ਅਸੀਂ ਆਪਣੇ ਸੱਭਿਆਚਾਰ ਤੋਂ ਦੂਰ ਹੋ ਗਏ ਹਾਂ। ਟੀ.ਵੀ. ਚੈਨਲਾਂ 'ਤੇ ਚੱਲਣ ਵਾਲੇ ਪੰਜਾਬੀ ਗੀਤਾਂ ਦੇ ਬੋਲ ਹੀ ਪੰਜਾਬੀ ਹੁੰਦੇ ਹਨ, ਬਾਕੀ ਉਨ੍ਹਾਂ ਗਾਣਿਆਂ 'ਤੇ ਨੱਚਣ ਵਾਲੀਆਂ ਕੁੜੀਆਂ ਦੇ ਪਹਿਰਾਵੇ ਅਤੇ ਨਾਚ 'ਚੋਂ ਪੰਜਾਬੀਅਤ ਮਨਫ਼ੀ ਹੀ ਹੁੰਦੀ ਹੈ। ਬੋਲੀ ਕਿਸੇ ਵੀ ਸੱਭਿਆਚਾਰ ਦਾ ਆਧਾਰ ਹੁੰਦੀ ਹੈ। ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਪੰਜਾਬੀ ਮਾਪੇ ਆਪਣੇ ਬੱਚਿਆਂ ਨੂੰ ਪੰਜਾਬੀ ਦੀ ਬਜਾਏ ਅੰਗਰੇਜ਼ੀ ਹੀ ਪੜ੍ਹਾਉਣਾ ਚਾਹੁੰਦੇ ਹਨ। ਇਸ ਤਰ੍ਹਾਂ ਸੰਸਾਰੀਕਰਨ ਦੇ ਦੌਰ 'ਚ ਪੰਜਾਬੀਆਂ ਦਾ ਪੰਜਾਬੀ ਬੋਲੀ ਨਾਲੋਂ ਮੋਹ ਟੁੱਟਦਾ ਜਾ ਰਿਹਾ ਹੈ।


-ਸੰਦੀਪ ਆਰੀਆ
ਆਰੀਆ ਨਗਰ, ਫਾਜ਼ਿਲਕਾ।


ਗੰਧਲਾ ਹੁੰਦਾ ਵਾਤਾਵਰਨ
ਜਦੋਂ ਅਸੀਂ ਧਰਤੀ 'ਤੇ ਜ਼ਿੰਦਗੀ ਜਿਊਣ ਦੀ ਗੱਲ ਕਰਦੇ ਹਾਂ, ਤਾਂ ਜ਼ਿੰਦਗੀ ਜਿਊਣ ਲਈ ਸੁਖਾਵੇਂ ਅਤੇ ਅਨੁਕੂਲ ਮਾਹੌਲ ਦੀ ਗੱਲ ਹੀ ਕਰ ਰਹੇ ਹੁੰਦੇ ਹਾਂ। ਖ਼ਰਾਬ ਵਾਤਾਵਰਨ ਦਾ ਪ੍ਰਭਾਵ ਰਹਿਣ-ਸਹਿਣ ਦੇ ਨਾਲੋ-ਨਾਲ ਖੁਰਾਕ 'ਤੇ ਵੀ ਪੈਂਦਾ ਹੈ, ਜਿਸ ਨਾਲ ਇਨਸਾਨ ਦੀ ਸਹਿਣ ਸ਼ਕਤੀ ਘਟਣ ਦੇ ਨਾਲ ਹੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੀ ਘਟ ਜਾਂਦੀ ਹੈ। ਇਨਸਾਨੀ ਜ਼ਿੰਦਗੀ ਲਈ ਲੋੜੀਂਦੀ ਹਵਾ, ਪਾਣੀ ਆਕਸੀਜਨ ਆਦਿ ਪਲੀਤ ਹੋਣ ਕਾਰਨ ਨਵੀਆਂ ਤੋਂ ਨਵੀਆਂ ਅਜਿਹੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ, ਜਿਨ੍ਹਾਂ ਦਾ ਕਦੇ ਨਾਂਅ ਵੀ ਨਹੀਂ ਸੀ ਸੁਣਿਆ। ਇਨ੍ਹਾਂ ਮੁਸੀਬਤਾਂ ਲਈ ਇਨਸਾਨ ਖ਼ੁਦ ਹੀ ਜ਼ਿੰਮੇਵਾਰ ਹੈ। ਵਿਕਾਸ ਕਾਰਜਾਂ ਦੇ ਨਾਂਅ 'ਤੇ ਸੈਂਕੜੇ ਹੀ ਰੁੱਖ ਵੱਢ ਦਿੱਤੇ ਗਏ ਹਨ, ਜਿਨ੍ਹਾਂ 'ਤੇ ਆਪਣਾ ਰਹਿਣ ਬਸੇਰਾ ਬਣਾਈ ਬੈਠੇ ਹਜ਼ਾਰਾਂ ਹੀ ਪੰਛੀ ਭਟਕਣ ਲਈ ਮਜਬੂਰ ਹੋਏ ਹਨ। ਇਨਸਾਨ ਵਲੋਂ ਆਪਣੀ ਖ਼ੁਦਗਰਜ਼ੀ ਲਈ ਵਿਗਾੜੇ ਜਾ ਰਹੇ ਵਾਤਾਵਰਨ ਦਾ ਮਾੜਾ ਪ੍ਰਭਾਵ ਇਨਸਾਨੀ ਹੋਂਦ 'ਤੇ ਪਵੇਗਾ। ਇਸ ਨੂੰ ਬਚਾਅ ਕੇ ਰੱਖਣ ਲਈ ਇਕੱਠੇ ਹੋ ਕੇ ਹੰਭਲਾ ਮਾਰੀਏ ਅਤੇ ਵੱਧ ਤੋਂ ਵੱਧ ਰੁੱਖ ਲਾਉਣ ਦੇ ਨਾਲ ਹੀ ਉਨ੍ਹਾਂ ਦੀ ਸੰਭਾਲ ਵੀ ਕਰੀਏ।


-ਜਸਵਿੰਦਰ ਸਿੰਘ ਜਿਉਣਪੁਰਾ
ਪਿੰਡ ਤੇ ਡਾਕ: ਜਿਉਣਪੁਰਾ, ਤਹਿ: ਪਾਤੜਾਂ, ਜ਼ਿਲ੍ਹਾ ਪਟਿਆਲਾ।


ਸਫ਼ਾਈ 'ਤੇ ਬਵਾਲ ਕਿਉਂ?
ਅਸੀਂ ਬਚਪਨ ਤੋਂ ਆਪਣੇ ਸਿਆਣਿਆਂ ਤੋਂ ਇਹ ਹੀ ਸੁਣਦੇ ਆਏ ਹਾਂ ਕਿ 'ਜਹਾਂ ਸਫ਼ਾਈ ਵਹਾਂ ਖ਼ੁਦਾਈ'। ਅੱਗੋਂ ਅਸੀਂ ਆਪਣੇ ਬੱਚਿਆਂ ਨੂੰ ਵੀ ਇਹੀ ਸੰਦੇਸ਼ ਦੇ ਰਹੇ ਹਾਂ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਰੇ ਭਾਰਤ ਨੂੰ ਸਾਫ਼-ਸੁਥਰਾ ਬਣਾਉਣ ਲਈ ਵੱਡੇ ਪੱਧਰ 'ਤੇ ਮੁਹਿੰਮ ਚਲਾਈ, ਜਿਸ ਦਾ ਨਾਂਅ ਉਨ੍ਹਾਂ 'ਸਵੱਛ ਭਾਰਤ' ਰੱਖਿਆ। ਪਰ ਪਿਛਲੇ ਦਿਨੀਂ ਲੁਧਿਆਣਾ ਸ਼ਹਿਰ ਵਿਚ ਸਕੂਲ ਦੀ ਅਧਿਆਪਕ ਨੂੰ ਸਕੂਲ ਦੀ ਸਫ਼ਾਈ ਕਰਵਾਉਣ ਬਦਲੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ 'ਮੁਅੱਤਲ' ਕਰ ਤੇ ਦੂਜੀ ਅਧਿਆਪਕਾ ਦਾ 'ਤਬਾਦਲਾ' ਕਰ ਕੇ ਸਵੱਛ ਭਾਰਤ ਮਿਸ਼ਨ ਦਾ ਇਨਾਮ ਦਿੱਤਾ ਗਿਆ। ਪੰਜਾਬ ਵਿਚ ਪ੍ਰਾਇਮਰੀ ਸਕੂਲ ਦਾ ਅਧਿਆਪਕ, ਅਧਿਆਪਕ ਤੋਂ ਲੈ ਕੇ ਚਪੜਾਸੀ ਤੱਕ ਦਾ ਕੰਮ ਆਪ ਕਰ ਰਿਹਾ ਹੈ। ਜਿਨ੍ਹਾਂ ਅਧਿਕਾਰੀਆਂ, ਵੀਡੀਓ ਬਣਾਉਣ ਵਾਲਾ ਤੇ ਜਿਸ ਨਿੱਜੀ ਚੈਨਲ ਨੇ ਘਟਨਾ ਨੂੰ ਪ੍ਰਸਾਰਨ ਕੀਤਾ, ਉਨ੍ਹਾਂ ਖ਼ਿਲਾਫ਼ ਦੇਸ਼ ਧਰੋਹ ਤੇ ਸਰਕਾਰੀ ਕੰਮ ਵਿਚ ਵਿਘਨ ਪਾਉਣ ਦੀਆਂ ਲਗਦੀਆਂ ਧਰਾਵਾਂ ਤਹਿਤ ਕਾਰਵਾਈ ਅਮਲ ਵਿਚ ਲਿਆਉਣੀ ਚਾਹੀਦੀ ਹੈ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਣੇ ਸਕੂਲਾਂ ਨੂੰ ਸਾਂਝੇ ਯਤਨਾਂ ਸਦਕਾ ਸਾਫ਼ ਰੱਖੀਏ ਤੇ ਮਿਸ਼ਨ ਨੂੰ ਕਾਮਯਾਬ ਬਣਾਈਏ।


-ਜਸਦੀਪ ਸਿੰਘ ਖ਼ਾਲਸਾ
ਖੰਨਾ।

21-02-2018

 ਭ੍ਰਿਸ਼ਟ ਸਿਆਸਤਦਾਨ
ਪਿਛਲੇ ਦਿਨੀਂ 21 ਸਾਲ ਪੁਰਾਣੇ 950 ਕਰੋੜ ਰੁਪਏ ਦੇ ਚਾਰਾ ਘੁਟਾਲੇ ਨਾਲ ਸਬੰਧਿਤ ਇਕ ਮਾਮਲੇ ਵਿਚ ਸੀ.ਬੀ.ਆਈ. ਦੀ ਇਕ ਵਿਸ਼ੇਸ਼ ਅਦਾਲਤ ਨੇ ਲਾਲੂ ਪ੍ਰਸਾਦ ਯਾਦਵ ਨੂੰ ਦੋਸ਼ੀ ਕਰਾਰ ਦੇ ਕੇ ਜੇਲ੍ਹ ਭੇਜ ਦਿੱਤਾ ਗਿਆ। ਇਸ ਅਹਿਮ ਫ਼ੈਸਲੇ ਨਾਲ ਜਿਥੇ ਆਮ ਲੋਕਾਂ ਦਾ ਨਿਆਂਪਾਲਿਕਾ 'ਚ ਵਿਸ਼ਵਾਸ ਵਧਿਆ ਹੈ, ਉਥੇ ਦੇਸ਼ ਦੇ ਭ੍ਰਿਸ਼ਟ ਸਿਆਸਤਦਾਨਾਂ ਨੂੰ ਵੀ ਕੰਨ ਹੋ ਗਏ ਹਨ। ਪਿਛਲੇ ਸਮੇਂ ਤੋਂ ਦੇਸ਼ ਵਿਚ ਭ੍ਰਿਸ਼ਟਾਚਾਰ ਇਸ ਕਦਰ ਵਧ ਗਿਆ ਹੈ ਕਿ ਆਮ ਜਨਤਾ ਦਾ ਜਿਊਣਾ ਮੁਸ਼ਕਿਲ ਹੋਇਆ ਪਿਆ ਹੈ। ਸਮੇਂ-ਸਮੇਂ 'ਤੇ ਸਿਆਸਤਦਾਨਾਂ 'ਤੇ ਲਗਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੇ ਆਮ ਲੋਕਾਂ ਨੂੰ ਇਹ ਕਹਿਣ ਲਈ ਮਜਬੂਰ ਕਰ ਦਿੱਤਾ ਹੈ ਕਿ ਬਹੁਤੇ ਲੋਕ ਸਿਆਸਤ ਵਿਚ ਦੇਸ਼ ਦੀ ਸੇਵਾ ਕਰਨ ਦੀ ਭਾਵਨਾ ਨਾਲ ਨਹੀਂ, ਸਗੋਂ ਦੇਸ਼ ਨੂੰ ਲੁੱਟਣ ਦੀ ਮਨਸ਼ਾ ਨਾਲ ਹੀ ਆਉਂਦੇ ਹਨ। ਅੱਜ ਜੇ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਾ ਹੈ ਤਾਂ ਨਿਆਂਪਾਲਿਕਾ ਨੂੰ ਉਪਰੋਕਤ ਫ਼ੈਸਲੇ ਵਾਂਗ ਸਖ਼ਤ ਫ਼ੈਸਲੇ ਲੈਣੇ ਹੀ ਪੈਣਗੇ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਪੰਖੇਰੂਆਂ ਸੰਗ ਉਡਾਰੀ
ਕੁਦਰਤ ਨੇ ਮਨੁੱਖਤਾ ਦੇ ਭਲੇ ਹਿਤ ਹੀ ਪੰਛੀਆਂ, ਰੁੱਖਾਂ, ਫਲ, ਫੁੱਲਾਂ ਦੀ ਉਤਪਤੀ ਕੀਤੀ ਪਰ ਅਸੀਂ ਅੱਜ ਕੁਦਰਤ ਦੇ ਨੇੜੇ ਹੋਣ ਦੀ ਬਜਾਏ ਇਸ ਵਲੋਂ ਰਚੇ ਤਾਣੇ-ਬਾਣੇ ਨਾਲ ਖਿਲਵਾੜ ਕਰ ਖ਼ਤਰਾ ਮੁੱਲ ਸਹੇੜ ਰਹੇ ਹਾਂ। ਅੱਜ ਪੰਛੀਆਂ ਦੀਆਂ ਬਹੁਤ ਸਾਰੀਆਂ ਜਾਤੀਆਂ ਅਲੋਪ ਹੋ ਰਹੀਆਂ ਹਨ। ਪਹਿਲਾਂ ਗਿਰਝਾਂ ਅਲੋਪ ਹੋਈਆਂ, ਹੁਣ ਘਰੇਲੂ ਚਿੜੀ ਦੀ ਹੋਂਦ ਘਟ ਗਈ ਹੈ। ਘੁੱਗੀਆਂ ਦੀ ਗਿਣਤੀ ਘਟੀ ਹੈ, ਲਾਲ ਗਲ਼ ਵਾਲੀਆਂ ਗੁਟਾਰਾਂ ਕਿਧਰੇ ਨਹੀਂ ਦਿਸਦੀਆਂ, ਮੋਰਾਂ ਦੀ ਸ਼ਾਮਾਂ ਨੂੰ ਆਵਾਜ਼ ਕਿਧਰੇ ਨਹੀਂ ਸੁਣਦੀ, ਤਿੱਤਰ, ਬਟੇਰ ਬਹੁਤ ਹੀ ਘੱਟ ਵੇਖਣ ਨੂੰ ਮਿਲਦੇ ਹਨ ਕਿਉਂਕਿ ਅਸੀਂ ਖੇਤਾਂ ਵਿਚ ਬੀਜਾਂ ਨੂੰ ਦਵਾਈਆਂ ਲਾ-ਲਾ ਬੀਜ ਰਹੇ ਹਾਂ। ਅੱਜ ਲੋੜ ਹੈ ਇਨ੍ਹਾਂ ਪੰਛੀਆਂ ਲਈ ਦਾਣੇ ਪਾਣੀ ਦਾ ਪ੍ਰਬੰਧ ਕਰਨ ਦੀ। ਪੰਛੀਆਂ ਦੀਆਂ ਮਧੁਰ ਆਵਾਜ਼ਾਂ ਨਾਲ ਹੀ ਮਨੁੱਖਤਾ ਦਾ ਭਲਾ ਹੈ। ਜੇਕਰ ਰਹਿੰਦੇ ਸਮੇਂ ਅਸੀਂ ਪੰਛੀਆਂ ਪ੍ਰਤੀ ਸੁਹਿਰਦ ਨਾ ਹੋਏ ਤਾਂ ਸਾਨੂੰ ਬਹੁਤ ਘੱਟ ਪੰਛੀਆਂ ਦੀਆਂ ਡਾਰਾਂ ਅਤੇ ਆਵਾਜ਼ਾਂ ਵੇਖਣ-ਸੁਣਨ ਨੂੰ ਮਿਲਣਗੀਆਂ। ਕੀ ਤੁਸੀਂ ਪੰਖੇਰੂਆਂ ਸੰਗ ਉਡਾਰੀ ਮਾਰਨ ਲਈ ਤਿਆਰ ਹੋ।


-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।


ਸਾਂਝੇ ਮਤੇ
ਜੇਕਰ ਪੰਜਾਬ ਨੂੰ ਵਿਆਹਾਂ, ਭੋਗਾਂ ਵਿਚ ਹੁੰਦੇ ਫਜ਼ੂਲ ਖਰਚਿਆਂ ਤੋਂ ਬਚਾਉਣਾ ਹੈ ਤਾਂ ਇਸ ਦੀ ਸ਼ੁਰੂਆਤ ਪਿੰਡਾਂ ਤੋਂ ਕਰਨੀ ਪਵੇਗੀ ਕਿਉਂਕਿ ਪਿੰਡਾਂ ਦੇ ਲੋਕਾਂ ਦੀ ਮਾਨਸਿਕਤਾ ਇਹੋ ਜਿਹੀ ਹੁੰਦੀ ਹੈ ਕਿ ਉਹ ਕਿਸੇ ਵੀ ਕੁਰੀਤੀ ਨੂੰ ਸੌਖਿਆਂ ਹੀ ਖ਼ਤਮ ਕਰ ਸਕਦੇ ਹਨ। ਪਿੰਡਾਂ ਦੇ ਲੋਕਾਂ ਵਿਚ ਇਕ ਧਾਰਨਾ ਹਮੇਸ਼ਾ ਭਾਰੂ ਰਹੀ ਹੈ, ਜੋ ਉਨ੍ਹਾਂ ਦੀ ਬਿਮਾਰ ਮਾਨਸਿਕਤਾ ਦਾ ਸਿੱਟਾ ਹੀ ਸਮਝਿਆ ਜਾ ਸਕਦਾ ਹੈ ਕਿ ਸ਼ਰੀਕੇ ਨਾਲੋਂ ਜ਼ਿਆਦਾ ਖੁਸ਼ੀ, ਗ਼ਮੀ ਦੇ ਮੌਕਿਆਂ 'ਤੇ ਖ਼ਰਚ ਕਰਨਾ। ਇਹ ਨਹੀਂ ਦੇਖਿਆ ਜਾਂਦਾ ਕਿ ਕੀ ਅਸੀਂ ਆਰਥਿਕ ਤੌਰ 'ਤੇ ਉਸ ਦੇ ਬਰਾਬਰ ਹਾਂ। ਪੰਚਾਇਤਾਂ ਨੂੰ ਚਾਹੀਦਾ ਹੈ ਕਿ ਕੁਝ ਸੂਝਵਾਨ ਲੋਕਾਂ ਦੀਆਂ ਕਮੇਟੀਆਂ ਬਣਾ ਕੇ ਖ਼ਰਚ ਦੀ ਹੱਦ ਨਿਸਚਿਤ ਕੀਤੀ ਜਾਵੇ ਤੇ ਮਤੇ ਪਾਸ ਕੀਤੇ ਜਾਣ ਕਿ ਜੇਕਰ ਕੋਈ ਵਿਆਹ, ਭੋਗ ਜਾਂ ਖੁਸ਼ੀ ਦੇ ਹੋਰ ਮੌਕਿਆਂ 'ਤੇ ਮਤੇ ਵਿਚ ਲਿਖੀਆਂ ਗੱਲਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ 'ਤੇ ਜੁਰਮਾਨਾ ਲਗਾਇਆ ਜਾਵੇ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।

19-02-2018

 ਰਿਸ਼ਵਤਖੋਰੀ
ਜੇਕਰ ਰਿਸ਼ਵਤ ਦੀ ਗੱਲ ਕਰੀਏ ਤਾਂ ਇਹ ਪਰਿਵਾਰ ਤੋਂ ਸ਼ੁਰੂ ਹੋ ਕੇ ਸੰਸਦ ਤੱਕ ਫੈਲੀ ਹੋਈ ਹੈ। ਮਾਪੇ ਆਪਣੇ ਬੱਚਿਆਂ ਤੋਂ ਕੋਈ ਕੰਮ ਕਰਵਾਉਣ ਲਈ ਕੋਈ ਲਾਲਚ ਦਿੰਦੇ ਹਨ, ਇਹ ਵੀ ਇਕ ਰਿਸ਼ਵਤ ਹੈ। ਸਰਕਾਰੀ ਦਫ਼ਤਰਾਂ ਵਿਚ ਰਿਸ਼ਵਤ ਦਾ ਬੋਲਬਾਲਾ ਸਿਖਰਾਂ 'ਤੇ ਹੁੰਦਾ ਹੈ। ਰਿਸ਼ਵਤ ਨੂੰ ਬੜਾਵਾ ਦੇਣ ਲਈ ਕੁਝ ਹੱਦ ਤੱਕ ਅਸੀਂ ਵੀ ਜ਼ਿੰਮੇਵਾਰ ਹਾਂ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਸਾਨੂੰ ਆਪਣਾ ਕੋਈ ਕੰਮ ਕਰਵਾਉਣ ਦੀ ਏਨੀ ਕਾਹਲੀ ਹੁੰਦੀ ਹੈ ਕਿ ਅਸੀਂ ਸਬੰਧਿਤ ਅਧਿਕਾਰੀ ਅੱਗੇ ਰਿਸ਼ਵਤ ਦੀ ਪੇਸ਼ਕਸ਼ ਰੱਖਦੇ ਹਾਂ। ਸਾਰੇ ਅਧਿਕਾਰੀ ਇਕੋ ਜਿਹੇ ਨਹੀਂ ਹੁੰਦੇ, ਕੁਝ ਚੰਗੇ ਅਕਸ ਵਾਲੇ ਵੀ ਹੁੰਦੇ ਹਨ। ਇਸ ਲਈ ਸਾਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ।


-ਹਰਕਮਲ ਬਰਾੜ
ਰੋੜਾ ਵਾਲੇ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।


ਨਵੀਂ ਜਥੇਬੰਦੀ
ਨਾਮਵਰ ਗੀਤਕਾਰਾਂ ਤੇ ਲੇਖਕਾਂ ਵਲੋਂ ਪੰਜਾਬੀ ਗੀਤਕਾਰੀ ਤੇ ਸੱਭਿਆਚਾਰ ਵਿਚ ਵਧ ਰਹੇ ਲੱਚਰਪੁਣੇ ਅਤੇ ਨਿਗਾਰ ਨੂੰ ਠੱਲ੍ਹ ਪਾਉਣ ਲਈ ਇਕ ਨਵੀਂ ਬਣਾਈ ਜਥੇਬੰਦੀ ਵਧਾਈ ਦੀ ਪਾਤਰ ਹੈ। ਪੰਜਾਬ ਵਿਚ ਵਿਗੜ ਚੁੱਕੇ ਮਾਹੌਲ 'ਚ ਸ਼ਾਇਦ ਇਹ ਗੀਤਕਾਰ ਅਤੇ ਲੇਖਕ ਆਪਣੀ ਕਲਮ ਨਾਲ ਚੰਗਾ ਸਾਹਿਤ ਭਾਵ ਚੰਗੀ ਸੇਧ ਦੇਣ ਵਾਲੇ ਗੀਤ ਵਗੈਰਾ ਲਿਖ ਕੇ ਗੀਤਕਾਰਾਂ ਨੂੰ ਦੇਣਗੇ ਅਤੇ ਅੱਗੇ ਇਹੀ ਗਾਇਕ ਜਾਂ ਕਲਾਕਾਰ ਸਰੋਤਿਆਂ ਨੂੰ ਸੁਣਾਉਣਗੇ।


-ਦਰਸ਼ਨ ਸਿੰਘ ਕੱਟੂ
ਪਿੰਡ ਤੇ ਡਾਕ: ਕੱਟੂ, ਵਾਇਆ ਧਨੌਲਾ, ਜ਼ਿਲ੍ਹਾ ਬਰਨਾਲਾ।


ਕਿਵੇਂ ਵਧਾਈਏ ਆਮਦਨ?
ਸਾਡੇ ਦੇਸ਼ ਦਾ ਬਹੁਤ ਹਿੱਸਾ ਖੇਤੀ ਖੇਤਰ ਉੱਤੇ ਨਿਰਭਰ ਕਰਦਾ ਹੈ। ਦਿਨ ਰਾਤ ਖੇਤੀ ਖੇਤਰ ਵਿਚ ਹੱਡ ਤੋੜ ਮਿਹਨਤ ਕਰਨ ਦੇ ਬਾਵਜੂਦ ਵੀ ਸਾਡੀ ਆਮਦਨ, ਸਾਡੀ ਮਿਹਨਤ ਦੇ ਮੁਕਾਬਲੇ ਘੱਟ ਕਿਉਂ ਹੈ? ਸਰਕਾਰ ਨੂੰ ਖੇਤੀ ਖੇਤਰ ਵਿਚ ਲੋੜੀਂਦੇ ਯਤਨ ਕਰਨ ਦੀ ਲੋੜ ਹੈ, ਜਿਵੇਂ ਕਿ ਕਿਸਾਨਾਂ ਨੂੰ ਵਧੀਆ ਕਿਸਮ ਦੇ ਬੀਜ ਉਪਲਬਧ ਕਰਵਾਉਣਾ, ਯੂਨੀਵਰਸਿਟੀਆਂ ਰਾਹੀਂ ਕਿਸਾਨਾਂ ਨੂੰ ਫਸਲਾਂ ਦੀ ਦੇਖ-ਰੇਖ ਲਈ, ਫਸਲਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਲੋੜੀਂਦੀ ਜਾਣਕਾਰੀ ਦੇਣਾ। ਇਸ ਦੇ ਨਾਲ ਹੀ ਫਸਲਾਂ ਦੀ ਸਿੰਚਾਈ ਲਈ ਪਾਣੀ, ਬਿਜਲੀ ਅਤੇ ਹੋਰ ਸਭ ਸਾਧਨ ਉਪਲਬਧ ਕਰਵਾਉਣਾ। ਇਹ ਸਭ ਕਾਰਕ ਕਿਤੇ ਨਾ ਕਿਤੇ ਖੇਤੀ ਖੇਤਰ ਦੀ ਆਮਦਨ ਵਿਚ ਵਾਧਾ ਕਰਨ ਵਿਚ ਜ਼ਰੂਰ ਸਹਾਈ ਹੋਣਗੇ। ਇਸ ਤੋਂ ਇਲਾਵਾ ਸਾਡੇ ਦੇਸ਼ ਵਾਸੀਆਂ ਵਿਚ ਬਾਹਰਲੇ ਖਾਧ ਪਦਾਰਥਾਂ ਦਾ ਰੁਝਾਨ ਵਧੇਰੇ ਵੇਖਣ ਨੂੰ ਮਿਲਦਾ ਹੈ, ਉਹ ਇਹ ਨਹੀਂ ਸੋਚਦੇ ਕਿ ਅਸੀਂ ਇਹ ਮੂਰਖਤਾ ਕਰ ਕੇ ਦੂਜੇ ਦੇਸ਼ਾਂ ਦੀ ਸੰਪਤੀ ਵਿਚ ਵਾਧਾ ਕਰ ਰਹੇ ਹਾਂ ਤੇ ਆਪਣੇ ਦੇਸ਼ ਨੂੰ ਗ਼ਰੀਬ ਬਣਾ ਰਹੇ ਹਾਂ। ਇਹ ਸਭ ਗੱਲਾਂ ਵਿਚਾਰਨਯੋਗ ਹਨ।


-ਨੂਰਦੀਪ ਕੋਮਲ
ਪ੍ਰੀਤ ਨਗਰ, ਸੰਗਰੂਰ।

16-02-2018

 ਜਬਰ ਜਨਾਹ ਦੀਆਂ ਘਟਨਾਵਾਂ
ਇਸਤਰੀ ਜਾਤ 'ਤੇ ਜ਼ੁਲਮ ਹੋਣੇ ਕੋਈ ਨਵੀਂ ਗੱਲ ਨਹੀਂ। ਪੰਜ ਸਾਲ ਪਹਿਲਾਂ ਦਿੱਲੀ ਬੱਸ ਵਿਚ ਇਕ ਲੜਕੀ ਨਾਲ ਹੋਏ ਗੈਂਗਰੇਪ ਨੇ ਸਾਡੇ ਦੇਸ਼ ਦੇ ਸਾਰੇ ਪ੍ਰਬੰਧ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਵਿਦੇਸ਼ੀ ਸੈਲਾਨੀ ਵੀ ਸਾਡੇ ਦੇਸ਼ ਵਿਚ ਆਉਣ ਤੋਂ ਕੰਨੀ ਕਤਰਾਉਣ ਲੱਗੇ ਸਨ। ਅੱਜ ਵੀ ਸਾਡੇ ਦੇਸ਼ ਵਿਚ ਬੱਚੀਆਂ ਨਾਲ ਹੁੰਦੀਆਂ ਅਜਿਹੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਸਾਡੇ ਗੁਆਂਢੀ ਮੁਲਕ ਪਾਕਿਸਤਾਨ ਵਿਚ ਪਿਛਲੇ ਦਿਨੀਂ ਅੱਠ ਸਾਲ ਦੀ ਛੋਟੀ ਮਾਸੂਮ ਬੱਚੀ ਜੈਨਬ ਦੀ ਜਬਰ ਜਨਾਹ ਤੋਂ ਬਾਅਦ ਹੱਤਿਆ ਕਰਕੇ ਲਾਸ਼ ਕੂੜੇ ਦੇ ਢੇਰ 'ਤੇ ਸੁੱਟਣ ਦੀ ਘਟਨਾ ਨੇ ਸਾਰੇ ਪਾਕਿਸਤਾਨ ਵਿਚ ਹਲਚਲ ਮਚਾ ਦਿੱਤੀ ਹੈ। ਪਾਕਿਸਤਾਨ ਦੇ ਇਕ ਨਿਊਜ਼ ਚੈਨਲ ਦੀ ਐਂਕਰ ਕਿਰਨ ਨਾਜ਼ ਇਸ ਘਟਨਾ ਦਾ ਵਿਰੋਧ ਕਰਨ ਲਈ ਆਪਣੀ ਬੱਚੀ ਨੂੰ ਨਾਲ ਲੈ ਕੇ ਲੋਕਾਂ ਸਾਹਮਣੇ ਆਈ। ਲੋੜ ਹੈ ਜਬਰ ਜਨਾਹ ਕਰਨ ਵਾਲਿਆਂ ਨੂੰ ਤੁਰੰਤ ਫਾਂਸੀ ਦੀ ਸਜ਼ਾ ਦਿੱਤੀ ਜਾਵੇ।


-ਸ਼ਮਸ਼ੇਰ ਸਿੰਘ ਸੋਹੀ
sohianshamsher@gmail.com


ਵੱਡੇ ਮਗਰਮੱਛਾਂ ਨੂੰ ਕੌਣ ਫੜੇ
ਇਕ ਛੋਟੀ ਜਿਹੀ ਖ਼ਬਰ ਪੜ੍ਹੀ ਤਸਵੀਰ ਸਮੇਤ। ਪੁਲਿਸ ਟੀਮ ਦੇ ਪੈਰਾਂ 'ਚ ਦੋ ਮੁਜ਼ਰਮ ਬੈਠੇ ਹਨ। ਇਹ ਖ਼ਬਰ ਸੋਚਣ ਲਈ ਮਜਬੂਰ ਕਰਦੀ ਹੈ ਕਿ ਉਹ ਲੋਕ ਕੌਣ ਹਨ ਜਿਨ੍ਹਾਂ ਕੋਲੋਂ ਇਹ 'ਸਾਮਾਨ' ਲੈਂਦੇ ਹਨ। ਇਨ੍ਹਾਂ ਛੋਟਿਆਂ ਨੂੰ ਫੜ ਕੇ ਜੇਲ੍ਹਾਂ ਵਿਚ ਬੰਦ ਕਰਨ ਨਾਲ ਕੀ ਇਸ ਭਿਆਨਕ ਮਸਲੇ ਨੂੰ ਸੁਲਝਾਇਆ ਜਾ ਸਕਦਾ ਹੈ? ਇਹ ਛੋਟੇ ਹੀ ਵੱਡਿਆਂ ਦੇ ਘਰ ਦਾ ਰਸਤਾ ਦੱਸ ਸਕਦੇ ਹਨ ਜੇ ਪੁਲਿਸ ਆਪਣਾ ਫ਼ਰਜ਼ ਪਛਾਣੇ। ਵੱਡਿਆਂ ਨੂੰ ਕੌਣ ਹੱਥ ਪਾਵੇ, ਇਹ ਸੋਚਣ ਦੀ ਲੋੜ ਹੈ। ਪੰਜ ਗ੍ਰਾਮ ਹੈਰੋਇਨ ਤੇ 430 ਗੋਲੀਆਂ ਫੜਨ ਨਾਲ ਗੱਲ ਨਹੀਂ ਬਣਨੀ ਪੁਲਿਸ ਦੀ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਸਿੱਖਿਆ ਬਚਾਓ
ਹੁਣ ਤੱਕ ਮੌਜੂਦਾ ਪੰਜਾਬ ਸਰਕਾਰ ਦਾ ਮਾਤ ਭਾਸ਼ਾ ਅਤੇ ਸਿੱਖਿਆ ਦੇ ਹੱਕ ਵਿਚ ਮਾਰਿਆ ਹਾਅ ਦਾ ਨਾਅਰਾ ਇਕ ਵੀ ਨਜ਼ਰ ਨਹੀਂ ਆਉਂਦਾ। ਪਹਿਲਾਂ ਅਨੇਕਾਂ ਪ੍ਰਾਇਮਰੀ ਸਕੂਲਾਂ ਨੂੰ ਜਿੰਦੇ ਲਾਉਣ ਦਾ ਫੁਰਮਾਨ ਤੇ ਹੁਣ ਸਰਕਾਰ ਦਾ ਇਕ ਹੁਕਮ ਆ ਗਿਆ ਕਿ ਮਿਡਲ ਸਕੂਲਾਂ ਵਿਚ ਚਾਰ ਤੋਂ ਵੱਧ ਅਧਿਆਪਕ ਨਹੀਂ ਰਹਿ ਸਕਦੇ। ਅਧਿਆਪਕਾਂ ਲਈ ਇਹ ਤੁਗ਼ਲਕੀ ਫ਼ੁਰਮਾਨ ਵੀ ਆ ਗਿਆ ਕਿ ਆਪਣੇ ਵਿਸ਼ੇ ਦੇ ਨਾਲ-ਨਾਲ ਇਕ ਵਿਸ਼ਾ ਹੋਰ ਵੀ ਪੜ੍ਹਾਉਣ। ਜੇਕਰ ਇਸ ਤਰ੍ਹਾਂ ਹੀ ਕਰਨਾ ਹੈ ਤਾਂ ਅਧਿਆਪਕ ਯੋਗਤਾ ਟੈਸਟ ਨਾਲ ਵਿਸ਼ੇ ਦਾ ਟੈਸਟ ਲੈਣ ਦੀ ਕੀ ਤੁੱਕ ਹੈ? ਸਰਕਾਰ ਪ੍ਰਾਈਵੇਟ ਸਿੱਖਿਆ ਵਪਾਰੀਆਂ ਨਾਲ ਯਾਰੀਆਂ ਨਿਭਾਉਣ ਲਈ ਹੀ ਅਜਿਹੇ ਫ਼ੁਰਮਾਨ ਜਾਰੀ ਕਰਦੀ ਹੈ। ਸਰਕਾਰੀ ਸਕੂਲਾਂ ਵਿਚ ਉਂਜ ਵੀ ਜ਼ਿਆਦਾਤਰ ਗ਼ਰੀਬ ਮਾਪਿਆਂ ਦੇ ਬੱਚੇ ਹੀ ਪੜ੍ਹਦੇ ਹਨ। ਪੰਜਾਬੀਓ! ਸਰਕਾਰ ਦੇ ਇਸ ਫ਼ੈਸਲੇ ਦਾ ਪੁਰਜ਼ੋਰ ਵਿਰੋਧ ਕਰੋ, ਨਹੀਂ ਤਾਂ ਗ਼ਰੀਬਾਂ ਲਈ ਸਿੱਖਿਆ ਇਕ ਮਖੌਲ ਬਣ ਕੇ ਹੀ ਰਹਿ ਜਾਵੇਗੀ।


-ਪ੍ਰੀਤ ਸਿੰਘ ਸੰਦਲ
ਪਿੰਡ ਮਕਸੂਦੜਾ, ਤਹਿ: ਪਾਇਲ (ਲੁਧਿਆਣਾ)।

15-02-2018

 ਦਿਸ਼ਾਹੀਣ ਨੌਜਵਾਨ ਪੀੜ੍ਹੀ
ਨੌਜਵਾਨ ਕਿਸੇ ਵੀ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਕਿਸੇ ਵੀ ਦੇਸ਼ ਦੀ ਤਰੱਕੀ ਉਸ ਦੇਸ਼ ਦੀ ਨੌਜਵਾਨ ਪੀੜ੍ਹੀ ਦੇ ਸਿਰ ਹੁੰਦੀ ਹੈ, ਕਿਉਂਕਿ ਇਸ ਉਮਰ ਵਿਚ ਹੀ ਜੋਸ਼, ਉਤਸ਼ਾਹ, ਸ਼ਕਤੀ ਅਤੇ ਸੁਪਨਿਆਂ ਦੀ ਕੋਈ ਕਮੀ ਨਹੀਂ ਹੁੰਦੀ। ਪਰ ਗੱਲ ਇਹ ਹੈ ਕਿ ਅੱਜ ਨੌਜਵਾਨ ਪੀੜ੍ਹੀ ਕੋਲ ਸਹੀ ਸੇਧ ਨਹੀਂ। ਅੱਜ ਹਰ ਕੋਈ ਰਾਜਨੀਤਕ ਨੇਤਾ, ਧਾਰਮਿਕ ਆਗੂ ਅਤੇ ਲੱਚਰ ਗਾਇਕੀ ਦੇ ਕਲਾਕਾਰ ਜੋ ਜਿਵੇਂ ਚਾਹੇ ਇਨ੍ਹਾਂ ਦਾ ਇਸਤੇਮਾਲ ਆਪਣੇ ਫਾਇਦੇ ਲਈ ਕਰ ਰਿਹਾ ਹੈ। ਅੱਜਕਲ੍ਹ ਨੌਜਵਾਨਾਂ ਦੀ ਸਹਿਣਸ਼ੀਲਤਾ, ਪਰਿਪਕਤਾ ਅਤੇ ਚੰਗੇ ਵਿਚਾਰਾਂ ਦੀ ਲਗਾਤਾਰ ਕਮੀ ਹੋ ਰਹੀ ਹੈ, ਜਿਸ ਦਾ ਨਤੀਜਾ ਗੈਂਗਸਟਰ, ਅਮਲੀ ਅਤੇ ਆਤਮ-ਹੱਤਿਆਵਾਂ ਦੇ ਰੂਪ ਵਿਚ ਅਸੀਂ ਆਮ ਦੇਖ ਸਕਦੇ ਹਾਂ। ਸਾਡੇ ਬਜ਼ੁਰਗ ਜੇ ਬਚਪਨ ਤੋਂ ਹੀ ਆਪਣੇ ਬੱਚਿਆਂ ਦੀ ਸਹੀ ਅਗਵਾਈ ਕਰਨ ਅਤੇ ਸਭ ਤੋਂ ਵੱਧ ਨੌਜਵਾਨ ਖ਼ੁਦ ਸੋਚਣ ਕਿ ਅਸੀਂ ਕੀ ਹਾਂ ਤੇ ਕੀ ਕਰ ਸਕਦੇ ਹਾਂ, ਤਾਂ ਆਪਣਾ ਜੀਵਨ ਤਾਂ ਸਵਾਰ ਹੀ ਸਕਦੇ ਹਨ, ਸਗੋਂ ਸਮਾਜ ਨੂੰ ਵੀ ਨਵਾਂ ਰੂਪ ਦੇ ਸਕਦੇ ਹਨ।

-ਅੰਮ੍ਰਿਤਪਾਲ ਸਿੰਘ ਸੋਹੀ
ਪਿੰਡ ਤੇ ਡਾਕ: ਘੁਮਾਣ।

ਸਹੀ ਮਾਨਸਿਕਤਾ ਦੀ ਲੋੜ
ਪੰਜਾਬ ਸਰਕਾਰ ਦੁਆਰਾ ਸਰਕਾਰੀ ਸਕੂਲਾਂ ਵਿਚ ਕੁੜੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ 50 ਸਾਲਾਂ ਤੋਂ ਉੱਪਰ ਦੇ ਅਧਿਆਪਕ ਰੱਖਣ ਦਾ ਫ਼ੈਸਲਾ ਵਾਜਿਬ ਨਹੀਂ ਸਮਝਿਆ ਜਾ ਸਕਦਾ ਕਿਉਂਕਿ ਇਸ ਪ੍ਰਤੀ ਮਾਨਸਿਕਤਾ ਬਦਲਣ ਦੀ ਲੋੜ ਹੈ। ਇਸ ਦਾ ਉਮਰ ਨਾਲ ਕੋਈ ਸਬੰਧ ਨਹੀਂ ਹੈ। ਘੱਟ ਉਮਰ ਦੇ ਅਧਿਆਪਕ ਦੀ ਸੋਚ ਵੀ ਸਹੀ ਹੋ ਸਕਦੀ ਹੈ ਤੇ ਵੱਡੀ ਉਮਰ ਦੇ ਅਧਿਆਪਕ ਦੀ ਨੀਅਤ ਵਿਚ ਵੀ ਖੋਟ ਹੋ ਸਕਦੀ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੇ ਫ਼ੈਸਲੇ ਨਾ ਲੈਣ। ਕੁੜੀਆਂ ਨੂੰ ਆਪਣੀ ਸੁਰੱਖਿਆ ਲਈ ਖ਼ੁਦ ਆਵਾਜ਼ ਉਠਾਉਣੀ ਚਾਹੀਦੀ ਹੈ। ਅਧਿਆਪਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਕੁੜੀਆਂ ਨੂੰ ਆਪਣੀਆਂ ਧੀਆਂ ਸਮਝ ਕੇ ਪੜ੍ਹਾਉਣ ਤਾਂ ਜੋ ਸਰਕਾਰਾਂ ਨੂੰ ਇਹੋ ਜਿਹੇ ਫ਼ੈਸਲੇ ਲੈਣ ਦੀ ਨੌਬਤ ਹੀ ਨਾ ਪਵੇ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ।

ਨਕਲੀ ਦੁੱਧ
ਸੰਗਰੂਰ ਜ਼ਿਲ੍ਹੇ 'ਚ ਨਕਲੀ ਦੁੱਧ ਤਿਆਰ ਕਰਨ ਵਾਲੇ ਇਕ ਹੋਰ ਕਾਰਖਾਨੇ ਦਾ ਪਰਦਾਫਾਸ਼ ਹੋਣ ਦੀ ਖ਼ਬਰ ਪੜ੍ਹੀ, ਮਨ ਨੂੰ ਥੋੜ੍ਹਾ ਹੌਸਲਾ ਹੋਇਆ ਹੈ ਕਿ ਸਰਕਾਰ ਦੇ ਇਸ ਕੰਮ ਨਾਲ ਜਿਥੇ ਚੰਗਾ ਦੁੱਧ ਪੀਣ ਲਈ ਮਿਲੇਗਾ, ਉਥੇ ਸਾਡੇ ਪਸ਼ੂ ਪਾਲਕਾਂ ਨੂੰ ਦੁੱਧ ਦਾ ਭਾਅ ਵੀ ਚੰਗਾ ਮਿਲੇਗਾ। ਅੱਜ ਜਦੋਂ ਖੇਤੀਬਾੜੀ ਘਾਟੇ ਦਾ ਸੌਦਾ ਬਣੀ ਹੋਈ ਹੈ, ਉਥੇ ਖੇਤੀ ਨਾਲ ਡੇਅਰੀ ਦਾ ਧੰਦਾ ਕਰਦੇ ਕਿਸਾਨਾਂ ਨੂੰ ਦੁੱਧ ਦੇ ਚੰਗਾ ਮੁੱਲ ਮਿਲਣ ਦੀ ਵੀ ਆਸ ਬੱਝੀ ਹੈ। ਅੱਜਕਲ੍ਹ ਫੀਡ, ਤੂੜੀ, ਦਵਾਈ, ਹਰੇ ਚਾਰੇ ਲਈ ਜ਼ਮੀਨ ਦਾ ਠੇਕਾ ਆਦਿ ਦੀ ਕੀਮਤ ਬਹੁਤ ਜ਼ਿਆਦਾ ਵੱਧ ਗਈ ਹੈ। ਇਸ ਲਈ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਉਹ ਨਕਲੀ ਦੁੱਧ ਤਿਆਰ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਪੇਸ਼ ਆਵੇ ਤਾਂ ਕਿ ਉਹ ਜਿਥੇ ਲੋਕਾਂ ਦੀ ਸਿਹਤ ਦਾ ਫਾਇਦਾ ਕਰ ਸਕਦੀ ਹੈ, ਉਥੇ ਘਾਟੇ ਵਿਚ ਜਾ ਰਹੇ ਪਸ਼ੂ ਪਾਲਕਾਂ ਦੀ ਵੀ ਕੁਝ ਮਦਦ ਕਰ ਸਕਦੀ ਹੈ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

14-02-2018

 ਖ਼ਤਰਨਾਕ ਸੈਲਫੀ ਦਾ ਰੁਝਾਨ
ਅੱਜਕਲ੍ਹ ਨੌਜਵਾਨ ਆਪਣੇ-ਆਪ ਨੂੰ ਸੋਸ਼ਲ ਮੀਡੀਆ 'ਤੇ ਮਸ਼ਹੂਰ ਕਰਨ ਲਈ ਕਈ ਤਰ੍ਹਾਂ ਦੇ ਪਾਪੜ ਵੇਲਦਾ ਹੈ। ਇਨ੍ਹਾਂ 'ਚੋਂ ਇਕ ਹੈ ਖ਼ਤਰਨਾਕ ਸੈਲਫੀ ਤੇ ਅਜਿਹੀਆਂ ਹੀ ਵੀਡੀਓਜ਼ ਬਣਾ ਕੇ ਆਪਣੇ-ਆਪ ਨੂੰ ਹੀਰੋ ਸਾਬਤ ਕਰਨਾ। ਇਸੇ ਚੱਕਰ ਵਿਚ ਉਹ ਕਈ ਵਾਰ ਮੌਤ ਦੇ ਮੂੰਹ ਵਿਚ ਵੀ ਜਾ ਸਕਦਾ ਹੈ। ਪਿਛਲੇ ਡੇਢ ਸਾਲ 'ਚ ਸੈਲਫੀ ਲੈਣ ਦੇ ਚੱਕਰ ਵਿਚ ਭਾਰਤ 'ਚ 76 ਮੌਤਾਂ ਹੋਣ ਦੀ ਗੱਲ ਕਹੀ ਜਾਂਦੀ ਹੈ। ਇਹ ਸਾਰੇ ਹੀ ਨੌਜਵਾਨ ਸਨ। ਸਾਡੇ ਦੇਸ਼ ਦਾ ਸਰਮਾਇਆ ਨੌਜਵਾਨ ਪੀੜ੍ਹੀ ਨੂੰ ਇਸ ਪਾਸੇ ਤੋਂ ਰੋਕਣ ਲਈ ਇਨ੍ਹਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਤਾਂ ਕਿ ਉਹ ਆਪਣਾ ਨਾਂਅ ਉਸ ਕੰਮ ਰਾਹੀਂ ਕਮਾ ਸਕਣ। ਹਰ ਖੇਤਰ ਵਿਚ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਦਾ ਵੱਡੇ ਪੱਧਰ 'ਤੇ ਮਾਣ-ਸਨਮਾਨ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਉਸ ਨੂੰ ਲੱਗੇ ਕਿ ਉਹ ਬਹੁਤ ਨਾਂਅ ਕਮਾ ਰਿਹਾ ਹੈ। ਨੌਜਵਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣਾ ਨਾਂਅ ਚੰਗਾ ਕੰਮ ਕਰਕੇ ਸਮਾਜ ਸੇਵੀ ਕੰਮ ਕਰਕੇ ਕਮਾਉਣ ਨਾ ਕਿ ਅਜਿਹੇ ਖ਼ਤਰਨਾਕ ਖੇਡ, ਖੇਡ ਕੇ ਨਾਂਅ ਚਮਕਣ ਦੀ ਆਸ ਕਰਨ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਕੀ ਸੋਚ ਸੌੜੀ ਹੋ ਗਈ?
ਪਿਛਲੇ ਕਈ ਦਿਨਾਂ ਤੋਂ ਮੀਡੀਆ ਵਿਚ ਇਹ ਖ਼ਬਰਾਂ ਆ ਰਹੀਆਂ ਹਨ ਕਿ ਵੱਖ-ਵੱਖ ਦੇਸ਼ਾਂ ਦੇ ਗੁਰਦੁਆਰਾ ਸਾਹਿਬ ਦੇ ਅੰਦਰ ਭਾਰਤੀ ਅਫ਼ਸਰਾਂ ਦੇ ਨਤਮਸਤਕ ਹੋਣ ਉੱਪਰ ਸਥਾਨਕ ਕਮੇਟੀਆਂ ਨੇ ਰੋਕ ਲਗਾ ਦਿੱਤੀ ਹੈ। ਬੜੀ ਹੈਰਾਨੀਜਨਕ ਖ਼ਬਰ ਹੈ। ਕੀ ਸਿੱਖਾਂ ਦੀ ਸੋਚ ਵਿਚ ਵੀ ਕੋਈ ਬਦਲਾਅ ਆ ਰਿਹਾ ਹੈ? ਚਾਹੀਦਾ ਤਾਂ ਇਹ ਸੀ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਸਿਆਸੀ ਗਤੀਵਿਧੀਆਂ ਉੱਪਰ ਰੋਕ ਲਗਾ ਦਿੱਤੀ ਜਾਂਦੀ। ਕਿਸੇ ਵੀ ਸਿਆਸੀ ਨੇਤਾ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਸਿਆਸੀ ਭਾਸ਼ਣ ਦੇਣ ਤੋਂ ਰੋਕਿਆ ਜਾ ਸਕਦਾ ਹੈ। ਕਿਸੇ ਵੀ ਵਿਅਕਤੀ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਤੋਂ ਰੋਕਣਾ ਬਹੁਤ ਹੀ ਸੌੜੀ ਸੋਚ ਦਾ ਨਤੀਜਾ ਹੈ। ਸਥਾਨਕ ਕਮੇਟੀਆਂ ਨੂੰ ਸਰਕਾਰੀ ਅਧਿਕਾਰੀਆਂ ਦੇ ਗੁਰਦੁਆਰਾ ਸਾਹਿਬ ਜਾਣ ਉੱਪਰ ਲਾਈ ਰੋਕ ਉੱਪਰ ਦੁਬਾਰਾ ਵਿਚਾਰ ਕਰਨੀ ਚਾਹੀਦੀ ਹੈ।


-ਹਰਬੀਰ ਸਿੰਘ
ਪਿੰਡ ਤੇ ਡਾਕ: ਸਿਵੀਆਂ, ਜ਼ਿਲ੍ਹਾ ਬਠਿੰਡਾ।


ਵੱਧ ਕੀਮਤੀ ਗਿਆਨ
ਜੇਕਰ ਆਪਾਂ ਗੱਲ ਕਰੀਏ ਤਾਂ ਬਹੁਤ ਅਜਿਹੇ ਵਿਦਿਆਰਥੀ ਮਿਲਣਗੇ ਜੋ ਆਪਣੇ ਸਕੂਲ ਜਾਂ ਕਾਲਜ ਵਿਚੋਂ ਪਹਿਲੇ ਨੰਬਰ 'ਤੇ ਆਉਂਦੇ ਹਨ। ਪਰ ਜਦੋਂ ਉਹੀ ਵਿਦਿਆਰਥੀ ਕਿਸੇ ਨੌਕਰੀ ਜਾਂ ਕੰਮ ਦੀ ਤਲਾਸ਼ 'ਚ ਕਿਤੇ ਇੰਟਰਵਿਊ ਦੇਣ ਜਾਂਦੇ ਹਨ ਤਾਂ ਉਨ੍ਹਾਂ ਦੇ ਅੰਕਾਂ ਵਾਲੇ ਸਰਟੀਫ਼ਿਕੇਟ ਪਾਸੇ ਰੱਖ ਕੇ ਉਨ੍ਹਾਂ ਨੂੰ ਆਮ ਜਾਣਕਾਰੀ ਵਾਲੇ ਸਵਾਲ ਪੁੱਛੇ ਜਾਂਦੇ ਹਨ ਤਾਂ ਉਥੇ ਉਹ ਚੁੱਪ ਕਰ ਜਾਂਦੇ ਹਨ। ਕੀ ਅੰਕਾਂ ਦਾ ਚੰਗਾ ਹੋਣਾ ਆਮ ਗਿਆਨ ਨਾਲੋਂ ਬਿਹਤਰ ਹੈ? ਮਾਪਿਆਂ ਨੂੰ ਇਹ ਗਿਆਨ ਹੋਣਾ ਵੀ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਈ ਤੇ ਪੜ੍ਹਾਈ ਦੀਆਂ ਟਿਊਸ਼ਨਾਂ ਦੇ ਨਾਲ-ਨਾਲ ਆਮ ਗਿਆਨ ਦਾ ਸਬਕ ਵੀ ਪੜ੍ਹਾਈਏ। ਚੰਗੇ ਲੇਖਕਾਂ ਦੀਆਂ ਕਿਤਾਬਾਂ ਪੜ੍ਹਨ ਨੂੰ ਦੇਈਏ। ਚੰਗੇ ਸੰਸਕਾਰ ਦੇਈਏ। ਪੜ੍ਹਾਈ ਤੋਂ ਬਿਨਾਂ ਵਿਦਿਆਰਥੀ ਜਾਂ ਵਿਅਕਤੀ ਦੀ ਕੋਈ ਕੀਮਤ ਨਹੀਂ ਪਰ ਉਸ ਦੇ ਨਾਲ-ਨਾਲ ਆਮ ਗਿਆਨ ਦਾ ਵੀ ਹੋਣਾ ਲਾਜ਼ਮੀ ਹੈ ਤਾਂ ਕਿ ਬੱਚੇ ਦੇ ਅੱਗੇ ਵਧਣ 'ਚ ਕੋਈ ਰੁਕਾਵਟ ਨਾ ਆਵੇ।


-ਧੰਜਲ ਜ਼ੀਰਾ
openliion@mail.com

09-02-2018

 ਪੰਜਾਬੀ ਭਾਸ਼ਾ
ਚੰਡੀਗੜ੍ਹ 'ਚ ਪੰਜਾਬੀ ਭਾਸ਼ਾ ਲਾਗੂ ਕਰਨ ਦਾ ਮਾਮਲਾ, ਆਧਾਰ ਕਾਰਡ 'ਚ ਪੰਜਾਬੀ ਦੀ ਜਗ੍ਹਾ ਹਿੰਦੀ ਦੀ ਵਰਤੋਂ, ਕਾਲਜਾਂ 'ਚ ਪੰਜਾਬੀ ਦੇ ਵਿਦਿਆਰਥੀਆਂ ਦੀ ਘਟ ਰਹੀ ਗਿਣਤੀ ਤੇ ਸਾਈਨ ਬੋਰਡਜ਼ 'ਤੇ ਪੰਜਾਬੀ ਭਾਸ਼ਾ ਨੂੰ ਤੀਜੇ ਸਥਾਨ 'ਤੇ ਲਿਖਣਾ ਪਿਛਲੇ ਦਿਨੀਂ ਅਖ਼ਬਾਰਾਂ ਦੀ ਸੁਰਖੀ ਰਿਹਾ ਹੈ। ਪੰਜਾਬ ਵਿਚ ਹੀ ਪੰਜਾਬੀ ਭਾਸ਼ਾ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਪੰਜਾਬੀ ਦੀ ਸੰਭਾਲ ਲਈ ਬਣੇ ਭਾਸ਼ਾ ਵਿਭਾਗ ਪੰਜਾਬ ਦੀ ਅੱਜ ਮੁਲਾਜ਼ਮਾਂ ਤੇ ਅਧਿਕਾਰੀਆਂ ਤੋਂ ਸੱਖਣਾ ਹੋਣ ਕਰਕੇ ਹਾਲਤ ਤਰਸਯੋਗ ਬਣੀ ਹੋਈ ਹੈ। ਆਉਣ ਵਾਲੇ 50 ਸਾਲਾਂ 'ਚ ਕੁਝ ਭਾਸ਼ਾਵਾਂ ਦੇ ਖ਼ਤਮ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਆਓ, ਅਸੀਂ ਸਾਰੇ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ 'ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ' ਦੇ ਨਾਅਰੇ ਨੂੰ ਯਾਦ ਕਰਦੇ ਹੋਏ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਵਾਲੇ ਸਕੂਲਾਂ 'ਚ ਪੜ੍ਹਨ ਭੇਜੀਏ, ਵਿਆਹ ਸ਼ਾਦੀਆਂ ਦੇ ਕਾਰਡ ਪੰਜਾਬੀ ਵਿਚ ਛਪਵਾਈਏ, ਘਰ ਅੱਗੇ ਲੱਗੀ ਨੰਬਰ ਪਲੇਟ ਪੰਜਾਬੀ ਵਿਚ ਲਿਖਵਾਈਏ, ਆਮ ਬੋਲਚਾਲ ਸਮੇਂ ਹਿੰਦੀ ਦੀ ਥਾਂ ਪੰਜਾਬੀ 'ਚ ਗੱਲਬਾਤ ਕਰੀਏ ਤੇ ਸਰਕਾਰੀ ਦਫ਼ਤਰਾਂ ਵਿਚ ਕੰਮ ਕਾਜ ਪੰਜਾਬੀ ਭਾਸ਼ਾ ਵਿਚ ਕਰਨ ਨੂੰ ਤਰਜੀਹ ਦੇਈਏ।


-ਸ਼ਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆਂ, ਡਾਕ: ਚੀਮਾਂ ਖੁੱਡੀ, ਜ਼ਿਲ੍ਹਾ ਗੁਰਦਾਸਪੁਰ।


ਨਸ਼ੇ ਤਿਆਗੋ ਹੁਣ ਤਾਂ ਜਾਗੋ
ਸ਼ਰਾਬੀ ਨਸ਼ੇ ਦੀਆਂ ਕਈ ਤਾਰੀਫ਼ਾਂ ਕਰਦੇ ਹਨ ਪਰ ਉਨ੍ਹਾਂ ਨੂੰ ਇਹ ਗੱਲ ਬਿਲਕੁਲ ਵੀ ਯਾਦ ਨਹੀਂ ਰਹਿੰਦੀ ਕਿ ਇਸ ਭੈੜੇ ਨਸ਼ੇ ਦੀ ਬਦੌਲਤ ਕਿੰਨੇ ਘਰ ਉਜੜੇ ਤੇ ਕਿੰਨੀਆਂ ਧੀਆਂ-ਭੈਣਾਂ ਸਾਡੀਆਂ ਘਰ ਤੋਂ ਬੇਘਰ ਹੋਈਆਂ। ਬਹੁਤ ਸਾਰੇ ਫ਼ਿਲਮੀ ਕਲਾਕਾਰ ਆਪਣੇ ਗੀਤ 'ਤੇ ਫ਼ਿਲਮ ਵਿਚ ਸ਼ਰਾਬ ਦੀ ਝਲਕ ਜ਼ਰੂਰ ਵਿਖਾਉਣਗੇ। ਵਿਆਹਾਂ-ਸ਼ਾਦੀਆਂ ਵਿਚ ਵੀ ਸ਼ਰਾਬ ਦਾ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ। ਸੜਕਾਂ 'ਤੇ ਵੀ ਵੱਡੇ-ਵੱਡੇ ਅੱਖਰਾਂ ਵਿਚ ਲਿਖਿਆ ਹੁੰਦਾ ਹੈ 'ਸ਼ਰਾਬ ਤੇ ਡਰਾਈਵਿੰਗ ਦਾ ਕੋਈ ਮੇਲ ਨਹੀਂ'। ਇਨ੍ਹਾਂ ਨਸ਼ਿਆਂ ਦੀ ਵਰਤੋਂ ਕਾਰਨ ਹੀ ਸੜਕਾਂ 'ਤੇ ਹਾਦਸੇ ਵਾਪਰਦੇ ਹਨ। ਪਰ ਡਰਾਈਵਰ ਵੀਰ ਫਿਰ ਵੀ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਕਿੰਨੀਆਂ ਮਾਵਾਂ ਦੇ ਪੁੱਤ ਇਨ੍ਹਾਂ ਨਸ਼ਿਆਂ ਕਾਰਨ ਮੌਤ ਦੇ ਘਾਟ ਉਤਰੇ ਹਨ ਪਰ ਕਦੇ ਉਨ੍ਹਾਂ ਮਾਵਾਂ ਦੇ ਦਿਲਾਂ ਨੂੰ ਪੁੱਛ ਕੇ ਵੇਖਿਓ ਕਿ ਉਨ੍ਹਾਂ ਤੁਹਾਡਾ ਪਾਲਣ-ਪੋਸ਼ਣ ਕਰਕੇ ਤੁਹਾਨੂੰ ਕਿਵੇਂ ਵੱਡਾ ਕੀਤਾ ਹੈ?


-ਸਾਹਿਬ ਸਿੰਘ ਸ਼ੱਬੀ
ਪਿੰਡ : ਸਵਾੜਾ, ਤਹਿ: ਖਰੜ, ਡਾਕ: ਲਾਂਡਰਾਂ, ਜ਼ਿਲ੍ਹਾ ਮੁਹਾਲੀ।


ਖ਼ਤਮ ਹੋਵੇ ਵੀ.ਆਈ.ਪੀ. ਸੱਭਿਆਚਾਰ
ਰਾਜਨੀਤੀ ਤੇ ਵੀ.ਆਈ.ਪੀ. ਸੱਭਿਆਚਾਰ ਦਾ ਜੋ ਧੱਬਾ ਲੱਗਾ ਹੋਇਆ ਹੈ, ਉਹ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ। ਮੌਜੂਦਾ ਸੱਤਾਧਾਰੀ ਪਾਰਟੀ ਵਲੋਂ ਆਪਣੇ ਚੋਣ ਮਨੋਰਥ ਪੱਤਰ ਵਿਚ ਇਸ ਨੂੰ ਖ਼ਤਮ ਕਰਨ ਦੀ ਗੱਲ ਕਹੀ ਸੀ। ਕੁਝ ਸਮਾਂ ਇਸ 'ਤੇ ਅਮਲ ਵੀ ਕੀਤਾ ਗਿਆ ਪਰ ਹੁਣ ਫਿਰ ਉਸੇ ਤਰ੍ਹਾਂ ਹੀ ਰਾਜਨੀਤਕ ਆਗੂਆਂ ਨੂੰ ਸਰਕਾਰੀ ਗਨਮੈਨ ਮੁਹੱਈਆ ਕਰਵਾ ਦਿੱਤੇ ਗਏ ਹਨ। ਇਹ ਪੰਜਾਬ ਦੇ ਸਰਕਾਰੀ ਖਜ਼ਾਨੇ 'ਤੇ ਵਾਧੂ ਬੋਝ ਹੈ। ਰਾਜਨੀਤਕ ਆਗੂਆਂ ਦੇ ਰਿਸ਼ਤੇਦਾਰ, ਪਰਿਵਾਰਕ ਮੈਂਬਰ ਵੀ ਸਰਕਾਰੀ ਖਜ਼ਾਨੇ ਵਿਚੋਂ ਸੁਖ-ਸਹੂਲਤਾਂ ਮਾਣ ਰਹੇ ਹਨ। ਅੰਕੜਿਆਂ ਮੁਤਾਬਿਕ ਮੁੱਖ ਮੰਤਰੀ ਦੀ ਸੁਰੱਖਿਆ ਤੋਂ ਲੈ ਕੇ ਬਾਕੀ ਸਿਆਸਤਦਾਨਾਂ ਦੀ ਸੁਰੱਖਿਆ ਤੱਕ 9200 ਪੁਲਿਸ ਮੁਲਾਜ਼ਮ ਤਾਇਨਾਤ ਹਨ। 500 ਕਰੋੜ ਦਾ ਖਰਚ ਸਰਕਾਰੀ ਖਜ਼ਾਨੇ ਵਿਚੋਂ ਕੀਤਾ ਜਾ ਰਿਹਾ ਹੈ। ਆਮ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਦੀ ਘਾਟ ਹੈ। ਜੇਕਰ ਪੰਜਾਬ ਦੀ ਮਾਲੀ ਹਾਲਤ ਸੁਧਾਰਨੀ ਹੈ ਤਾਂ ਇਹ ਸੱਭਿਆਚਾਰ ਜ਼ਮੀਨੀ ਪੱਧਰ 'ਤੇ ਖ਼ਤਮ ਕਰਨ ਦੀ ਲੋੜ ਹੈ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

07-02-2018

 ਚੇਤਨਤਾ
ਕਰਵਟਾਂ ਬਦਲਦਾ ਸਮਾਂ ਮੁੱਠੀ 'ਚ ਕਿਰਦੀ ਰੇਤ ਵਾਂਗ ਪਤਾ ਨਹੀਂ ਕਦੋਂ ਅਤੀਤ ਦੀਆਂ ਯਾਦਾਂ ਬਣ ਜਾਂਦਾ ਹੈ। ਸਮਾਂ ਹੀ ਤਾਂ ਹੈ ਜੋ ਇਨਸਾਨ ਨੂੰ ਬਚਪਨ, ਜਵਾਨੀ ਅਤੇ ਬੁਢਾਪੇ ਦਾ ਅਹਿਸਾਸ ਕਰਵਾਉਂਦਾ ਹੈ। ਕਈ ਵਾਰ ਦੁਨੀਆਵੀ ਸਹੂਲਤਾਂ ਅਤੇ ਸਰਮਾਏ ਦੇ ਨਸ਼ੇ ਵਿਚ ਦਿਨ ਅਤੇ ਰਾਤ ਦਾ ਪਤਾ ਹੀ ਨਹੀਂ ਲਗਦਾ। ਬਹੁਤ ਸਾਰੇ ਇਨਸਾਨ ਅਜਿਹੇ ਵੀ ਹਨ ਜੋ ਦੌਲਤਾਂ ਨੂੰ ਕੁਦਰਤੀ ਸੌਗਾਤ ਸਮਝ, ਲੋੜਵੰਦਾਂ ਦੇ ਕੰਮ ਆਉਣ ਲਈ ਆਪਣੇ-ਆਪ ਨੂੰ ਜ਼ਰੂਰੀ ਸਮਝਦੇ ਹਨ। ਖੁਸ਼ੀ ਦੇ ਪਲਾਂ 'ਚ ਗ਼ਮੀ ਨੂੰ ਦਰਕਿਨਾਰ ਨਾ ਕਰੋ। ਰਸਦਾਇਕ ਪਦਾਰਥਾਂ ਦਾ ਸਵਾਦ ਚੱਖਦੇ ਕਦੇ ਖਾਰੇ ਤੇ ਬੇਸੁਆਦਾਂ ਨੂੰ ਨਜ਼ਰਅੰਦਾਜ਼ ਨਾ ਕਰੋ। ਹੁਕਮਰਾਨ ਵੀ ਕਈ ਵਾਰ ਨੌਕਰਾਂ ਤੋਂ ਬਦਤਰ ਹੋ ਜਾਂਦਾ ਹੈ, ਇਹ ਕੁਦਰਤ ਦੀ ਅਟੱਲ ਸਚਾਈ ਹੈ। ਨਿਮਰਤਾ, ਸਹਿਜ ਅਤੇ ਸਾਦਗੀ ਨਾਲ ਵੀ ਤਾਂ ਦੁਨੀਆ ਵਿਚ ਵਿਚਰਨ ਦਾ ਆਪਣਾ ਹੀ ਅਨੰਦ ਹੈ ਕਿਉਂਕਿ ਮਹਿੰਗੀਆਂ ਆਦਤਾਂ ਚੰਗੀਆਂ ਨਹੀਂ ਹੁੰਦੀਆਂ, ਚੰਗੀਆਂ ਆਦਤਾਂ ਮਹਿੰਗੀਆਂ ਨਹੀਂ ਹੁੰਦੀਆਂ। ਇਸ ਜ਼ਿੰਦਗੀ ਨੂੰ ਕੁਝ ਇਸ ਤਰ੍ਹਾਂ ਜਿਉਂਈਏ ਕਿ ਸਾਡੀ ਜੀਵਨ ਸ਼ੈਲੀ ਅਵਾਮ ਲਈ ਇਕ ਮਿਸਾਲ ਸਾਬਤ ਹੋਵੇ। ਪਿੱਛੇ ਰਹਿ ਜਾਂਦੀਆਂ ਹਨ ਤੁਹਾਡੀ ਖ਼ੂਬਸੂਰਤ ਜ਼ਿੰਦਗੀ ਦੀਆਂ ਮੁਹੱਬਤੀ ਯਾਦਾਂ।


-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।


ਅਖ਼ੌਤੀ ਹੇਜ
ਪਿਛਲੇ ਦਿਨੀਂ ਪੰਜਾਬ ਸਰਕਾਰ ਦਾ ਹਰ ਬਲਾਕ 'ਚੋਂ ਚਾਰ-ਚਾਰ ਸਰਕਾਰੀ ਸਕੂਲਾਂ ਦਾ ਸਮੁੱਚਾ ਮਾਧਿਅਮ ਅੰਗਰੇਜ਼ੀ 'ਚ ਤਜਰਬੇ ਵਜੋਂ ਕਰਨ ਦਾ ਵਿਚਾਰ ਸਾਹਮਣੇ ਆਇਆ ਤਾਂ ਇਸ ਤਜਰਬੇ ਵਾਲੇ ਵਿਚਾਰ ਦਾ ਤੁਰੰਤ ਵਿਰੋਧ ਹੋਣਾ ਸ਼ੁਰੂ ਹੋ ਗਿਆ। ਵਿਰੋਧ ਕਰਨ ਵਾਲਿਆਂ ਵਿਚ ਬਹੁਤਿਆਂ ਦੇ ਬੱਚੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ 'ਚ ਹੀ ਪੜ੍ਹ ਰਹੇ ਹਨ ਜਾਂ ਪੜ੍ਹ ਚੁੱਕੇ ਹਨ। ਇਹ ਉਹ ਲੋਕ ਹਨ ਜਿਨ੍ਹਾਂ 'ਤੇ ਹੋਰਾਂ ਨੂੰ ਨਸੀਅਤ ਆਪ ਨੂੰ ਵਸੀਅਤ ਵਾਲੀ ਕਹਾਵਤ ਪੂਰੀ ਤਰ੍ਹਾਂ ਢੁਕਦੀ ਹੈ। ਸਾਰੇ ਜਾਣਦੇ ਹਨ ਕਿ ਅੱਜ ਸਰਕਾਰੀ ਸਕੂਲਾਂ ਵਿਚ ਸਿਰਫ ਤੇ ਸਿਰਫ ਗ਼ਰੀਬ ਕਿਸਾਨਾਂ, ਮਜ਼ਦੂਰਾਂ ਤੇ ਮੱਧ ਵਰਗ ਦੇ ਬੱਚੇ ਹੀ ਪੜ੍ਹ ਰਹੇ ਹਨ। ਜੇ ਪੰਜਾਬ ਸਰਕਾਰ ਉਪਰੋਕਤ ਨੀਤੀ ਨੂੰ ਤਜਰਬੇ ਤੋਂ ਬਾਅਦ ਅਮਲ 'ਚ ਲਿਆਉਂਦੀ ਹੈ ਤਾਂ ਇਹ ਸਮੇਂ ਦੀ ਮੰਗ ਅਨੁਸਾਰ ਸਹੀ ਫ਼ੈਸਲਾ ਹੋਵੇਗਾ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਨਕਲੀ ਦੁੱਧ ਦਾ ਕਾਰੋਬਾਰ
ਸੰਪਾਦਕੀ ਲੇਖ 'ਸੰਗੀਨ ਅਪਰਾਧ ਹੈ ਨਕਲੀ ਦੁੱਧ ਦਾ ਕਾਰੋਬਾਰ' ਪੜ੍ਹਨ ਨੂੰ ਮਿਲਿਆ। ਪੜ੍ਹ ਕੇ ਮਨ ਨੂੰ ਬਹੁਤ ਠੇਸ ਪਹੁੰਚੀ ਕਿ ਇਥੋਂ ਤੱਕ ਗਿਰ ਚੁੱਕੀ ਹੈ ਸਾਡੀ ਮਾਨਸਿਕਤਾ। ਪਰਮਾਤਮਾ ਵਲੋਂ ਭੇਜੇ ਅੰਮ੍ਰਿਤ ਵਿਚ ਜ਼ਹਿਰਾਂ ਮਿਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਜੋ ਕਿ ਮਨੁੱਖੀ ਸਰੀਰ ਲਈ ਬਹੁਤ ਹੀ ਘਾਤਕ ਹਨ। ਲਾਜ਼ਮੀ ਤੌਰ 'ਤੇ ਵੱਡੇ ਆਕਿਆਂ ਦੀ ਮਿਲੀਭੁਗਤ ਤੋਂ ਬਿਨਾਂ ਅਸੰਭਵ ਹੈ। ਇਸ ਲਈ ਇਸ ਕੇਸ ਦੀ ਤਹਿ ਤੱਕ ਜਾ ਕੇ ਜਾਂਚ ਕਰਨੀ ਚਾਹੀਦੀ ਹੈ।


-ਗੁਰਚਰਨ ਸਿੰਘ ਉੱਪਲ।

06-02-2018

ਸਰਪੰਚੀ ਚੋਣਾਂ
ਸਰਪੰਚੀ ਚੋਣਾਂ ਲਈ ਮਈ ਮਹੀਨੇ ਦੀਆਂ ਤਾਰੀਖਾਂ ਬਾਰੇ ਪਤਾ ਲੱਗਦਿਆਂ ਹੀ ਪਿੰਡਾਂ ਦੀ ਰਾਜਨੀਤੀ ਗਰਮਾਉਣੀ ਸ਼ੁਰੂ ਹੋ ਗਈ ਹੈ। ਕਈ ਵਾਰ ਇੰਜ ਜਾਪਦਾ ਹੈ ਕਿ ਇਹ ਦਾਅਵੇਦਾਰੀ ਪਿੰਡ ਦੀ ਜ਼ਿੰਮੇਵਾਰੀ ਲਈ ਨਹੀਂ ਸਗੋਂ ਸਰਪੰਚੀ ਦਾ ਲੇਬਲ ਲਾਉਣ ਲਈ ਕੀਤੀ ਜਾਂਦੀ ਹੈ। ਪਿੰਡ ਦੇ ਹਰ ਵੋਟਰ ਨੂੰ ਚਾਹੀਦਾ ਹੈ ਕਿ ਅਜਿਹੀ ਨੌਜਵਾਨ ਸ਼ਖ਼ਸੀਅਤ ਨੂੰ ਮੌਕਾ ਦਿੱਤਾ ਜਾਵੇ ਜੋ ਪਿੰਡ ਦੀ ਨੁਹਾਰ ਬਦਲਣ ਲਈ ਲਗਨ ਤੇ ਵਿਤਕਰਾ ਰਹਿਤ ਸੋਚ ਨਾਲ ਕੰਮ ਕਰੇ। ਕਈ ਪਿੰਡਾਂ ਦੇ ਸਰਵੇਖਣ ਤੋਂ ਸਾਹਮਣੇ ਆਇਆ ਕਿ ਪੜ੍ਹੇ-ਲਿਖੇ ਨੌਜਵਾਨ ਸਰਪੰਚਾਂ ਨੇ ਪਿੰਡਾਂ ਦੇ ਨਕਸ਼ੇ ਬਦਲ ਦਿੱਤੇ। ਸਰਕਾਰ ਨੇ ਇਸ ਵਾਰ ਪੰਚਾਂ ਤੇ ਸਰਪੰਚਾਂ ਲਈ ਵਿੱਦਿਅਕ ਯੋਗਤਾ ਨਿਰਧਾਰਿਤ ਕੀਤੀ ਹੈ ਜੋ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿਉਂਕਿ ਇਕ ਸਿੱਖਿਅਤ ਵਿਅਕਤੀ ਹੀ ਆਪਣੀ ਸ਼ਕਤੀ ਦਾ ਸਦਉਪਯੋਗ ਕਰ ਸਕਦਾ ਹੈ। ਅੱਜ ਇਕ ਸਰਪੰਚ ਜਿਸ ਨੂੰ ਚਾਹੀਦਾ ਹੈ ਕਿ ਉਹ ਜ਼ਿੰਮੇਵਾਰੀ ਦੇ ਨਾਤੇ ਆਪਣੇ ਲੋਕਾਂ ਦਾ ਨਿਰਸਵਾਰਥ ਤੇ ਪੱਖਪਾਤ ਰਹਿਤ ਪੂਰਾ ਖਿਆਲ ਰੱਖੇ, ਜਿਸ ਨਾਲ ਪਿੰਡਾਂ ਦੀ ਭਾਈਚਾਰਕ ਸਾਂਝ ਤੇ ਸੱਥਾਂ ਵਿਚਲੇ ਪਿਆਰ ਨੂੰ ਜਿਊਂਦਾ ਰੱਖਿਆ ਜਾਵੇ।

-ਰਵਿੰਦਰ ਸਿੰਘ 'ਰੇਸ਼ਮ'
ਪਿੰਡ ਨੱਥੂ ਮਾਜਰਾ, ਸੰਗਰੂਰ।

ਕਰਜ਼ਾ ਲੈਣ ਸਮੇਂ ਸੋਚੋ
ਲੋੜ ਹੋਵੇ ਤਾਂ ਹੀ ਬੈਂਕਾਂ ਕੋਲੋਂ ਕਰਜ਼ਾ ਲਿਆ ਜਾਵੇ ਅਤੇ ਸਮੇਂ ਸਿਰ ਅਦਾ ਕੀਤਾ ਜਾਵੇ। ਅਕਸਰ ਹੀ ਕਰਜ਼ਾ ਬੇਸਮਝੀ ਅਨੁਸਾਰ ਲਿਆ ਜਾਂਦਾ ਹੈ ਅਤੇ ਫਿਰ ਕਿਸ਼ਤਾਂ ਦੁਆਰਾ ਵਾਪਸ ਨਹੀਂ ਕੀਤਾ ਜਾਂਦਾ। ਆਮਦਨ ਦੀ ਘਾਟ ਕਰਕੇ ਦਿੱਕਤਾਂ ਆ ਜਾਂਦੀਆਂ ਹਨ ਪਰ ਇਹ ਸਮਝ ਕਰਜ਼ਾ ਲੈਣ ਵੇਲੇ ਨਹੀਂ ਹੁੰਦੀ। ਮੁਸੀਬਤ ਖ਼ੁਦ ਹੀ ਸਹੇੜੀ ਜਾਂਦੀ ਹੈ ਅਤੇ ਜ਼ੰਜਾਲ ਵਿਚ ਜਕੜਿਆ ਜਾਂਦਾ ਹੈ। ਪਰ ਖ਼ੁਦਕੁਸ਼ੀ ਕਰਨਾ ਚੰਗੀ ਗੱਲ ਨਹੀਂ, ਬੁਜ਼ਦਿਲੀ ਹੈ, ਪਰਿਵਾਰ ਦਾ ਘਾਣ ਕਰਦੀ ਹੈ। ਸਾਰੇ ਪਰਿਵਾਰ ਦਾ ਉਜਾੜਾ ਹੋ ਜਾਂਦਾ ਹੈ। ਫਿਰ ਪਰਿਵਾਰ ਆਪਣੇ ਪੈਰੀਂ ਜਲਦੀ ਨਹੀਂ ਉੱਠ ਪਾਉਂਦਾ। ਇਨਸਾਨ ਬੁਜ਼ਦਿਲੀ ਛੱਡ ਕੇ ਤਕੜਾ ਹੋਵੇ, ਮਿਹਨਤ ਕਰੇ ਅਤੇ ਆਪਣੇ ਸਿਰ ਚੜ੍ਹੀ ਕਰਜ਼ੇ ਦੀ ਪੰਡ ਨੂੰ ਉਤਾਰ ਸੁੱਟੇ।

-ਜਸਪਾਲ ਸਿੰਘ ਲੋਹਾਮ
#29/166 ਗਲੀ ਹਜ਼ਾਰਾ ਸਿੰਘ ਮੋਗਾ।

ਅਜੋਕੇ ਗੀਤ ਅਤੇ ਗੀਤਕਾਰੀ
ਲਿਖਣਾ ਅਤੇ ਗਾਉਣਾ ਇਕ ਕਲਾ ਹੈ, ਜੋ ਕਿਸੇ ਵਿਅਕਤੀ ਦੇ ਦਿਲ ਦੇ ਨਾਲ-ਨਾਲ ਦਿਮਾਗੀ ਖਿਆਲਾਂ ਨੂੰ ਵੀ ਇਕ ਸਫ਼ੇ ਉੱਤੇ ਉੇਲੀਕ ਕੇ ਇਕ ਕਲਾਕਾਰ ਦੀ ਆਵਾਜ਼ ਬਣ ਕੇ ਸਾਡੇ ਤੱਕ ਪਹੁੰਚਦੀ ਹੈ। ਪਰ ਅਜੋਕੇ ਸਮੇ ਇਸ ਕਲਾ ਦਾ ਬਹੁਤ ਦੁਰਵਰਤੋਂ ਹੋ ਰਹੀ ਹੈ ਕਿਉਂਕਿ ਅਜੋਕੇ ਕੁਝ ਗਾਇਕ ਅਤੇ ਗੀਤਕਾਰ ਲਿਖਦੇ ਜਾਂ ਗਾਉਂਦੇ ਸਮੇਂ ਕਈ ਵਾਰ ਆਪਣੇ ਸ਼ਬਦਾਂ ਵਿਚਲੀ ਮਾਣ-ਮਰਿਆਦਾ ਦਾ ਖਿਆਲ ਨਹੀ ਰੱਖਦੇ। ਧੀਆਂ ਦੀ ਇੱਜ਼ਤ ਅਤੇ ਸਨਮਾਨ ਕਰਨ ਦੀ ਥਾਂ ਉਨ੍ਹਾਂ ਨੂੰ ਕਿੰਨੇ ਹੈਰਾਨੀਜਨਕ ਸ਼ਬਦਾਂ ਨਾਲ ਸਬੋਧਨ ਕੀਤਾ ਜਾਂਦਾ ਹੈ ਇਸ ਦੇ ਜ਼ਿੰਮੇਵਾਰ ਕਿਤੇ ਨਾ ਕਿਤੇ ਅਸੀਂ ਅਤੇ ਸਾਡਾ ਸਮਾਜ ਹੀ ਹੈ। ਕਿਉਂਕਿ ਸਾਨੂੰ ਜੋ ਪਰੋਸਿਆ ਜਾ ਰਿਹਾ ਹੈ ਉਹੀ ਕੁਝ ਅਸੀਂ ਦੇਖਦੇ ਅਤੇ ਸੁਣਦੇ ਰਹੇ ਹਾਂ। ਸਾਡੇ ਟੀ.ਵੀ. ਉੱਤੇ ਅਜਿਹੇ ਗੀਤ ਬਹੁਤ ਘੱਟ ਆਉਂਦੇ ਹਨ ਜੋ ਨਵੀ ਪੀੜ੍ਹੀ ਨੂੰ ਚੰਗੀ ਸੇਧ ਦੇ ਸਕਣ ਜਾਂ ਸਾਡੇ ਬੱਚਿਆਂ ਨੂੰ ਸਾਡੇ ਵਿਰਸੇ ਅਤੇ ਸਾਡੀ ਸੰਸਕ੍ਰਿਤੀ ਨਾਲ ਜੋੜ ਸਕਣ। ਸਾਡੇ ਸੰਗੀਤ, ਬੋਲੀਆਂ, ਛੰਦ ਅਤੇ ਸਾਡਾ ਸੱਭਿਆਚਾਰ ਸਾਥੋਂ ਵਿਛੜਦਾ ਜਾ ਰਿਹਾ ਹੈ। ਇਸ ਲਈ ਲੋੜ ਹੈ ਲੱਚਰ ਗਾਇਕੀ ਅਤੇ ਗੀਤਕਾਰੀ ਦੀ ਰੋਕਥਾਮ ਕਰਕੇ ਪੰਜਾਬੀ ਮਾਂ-ਬੋਲੀ ਨੂੰ ਸਾਭਣ ਅਤੇ ਸਾਡੇ ਸਮਾਜ ਵਿਚ ਪਏ ਖਿਲਾਰ ਨੂੰ ਸਾਫ਼ ਕਰਕੇ ਇਕ ਚੰਗਾ ਅਤੇ ਸਾਫ਼-ਸੁਥਰਾ ਸਮਾਜ ਸਿਰਜਣ ਦੀ।

-ਰਵੀ ਕੰਕਰ
ਪਿੰਡ ਕੁਲਰੀਆਂ, ਜ਼ਿਲ੍ਹਾ ਮਾਨਸਾ।

26-01-2018

ਚਿੱਟੀ ਲੁੱਟ
ਸੰਪਾਦਕੀ ਲੇਖ ਵਿਚ ਡਾ: ਬਰਜਿੰਦਰ ਸਿੰਘ ਹਮਦਰਦ ਜੀ ਨੇ ਕੁਦਰਤੀ ਸਰੋਤਾਂ ਦੀ ਨੰਗੀ ਚਿੱਟੀ ਲੁੱਟ ਬਾਰੇ ਬਹੁਤ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ। ਲੋਕ ਤਾਂ ਇਹ ਮਹਿਸੂਸ ਕਰਦੇ ਹਨ ਕਿ ਇਹ ਨੇਤਾ ਪੰਜਾਬ ਦੇ ਕੁਦਰਤੀ ਸਰੋਤਾਂ ਅਤੇ ਹੋਰ ਹਰ ਤਰ੍ਹਾਂ ਦੇ ਪੈਸਾ ਕਮਾਉਣ ਵਾਲੇ ਸਾਧਨਾਂ ਨੂੰ ਇਸ ਤਰ੍ਹਾਂ ਪੈ ਗਏ ਹਨ ਜਿਵੇਂ ਭੁੱਖਾ ਸ਼ੇਰ ਸ਼ਿਕਾਰ ਨੂੰ ਪੈਂਦਾ ਹੈ। ਰੇਤੇ ਦਾ ਰੇਟ ਘੱਟ ਕਰਨ, ਨਸ਼ਾ-ਮੁਕਤ ਪੰਜਾਬ, ਭ੍ਰਿਸ਼ਟਾਚਾਰ ਖ਼ਤਮ ਕਰਨ ਆਦਿ ਦੇ ਮੁੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਹੁਣ ਖਾਮੋਸ਼ ਕਿਉਂ ਹਨ? ਲਗਦਾ ਹੈ ਮੁੱਖ ਮੰਤਰੀ ਸਾਹਿਬ ਦਾ ਪਹਿਲਾਂ ਵਾਲਾ ਦਮਖਮ ਨਹੀਂ ਰਿਹਾ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਕੁਦਰਤ, ਕੰਮ ਅਤੇ ਕਿਤਾਬਾਂ
ਮਨੁੱਖ ਆਪਣੇ ਦੁੱਖਾਂ ਨੂੰ ਘਟਾਉਣਾ ਅਤੇ ਸੁੱਖਾਂ ਵਿਚ ਇਜ਼ਾਫ਼ਾ ਚਾਹੁੰਦਾ ਹੈ। ਇਸੇ ਤਹਿਤ ਤਿੰਨ ਤੱਥ 'ਕੁਦਰਤ, ਕੰਮ ਤੇ ਕਿਤਾਬਾਂ' ਦੀ ਕਾਫੀ ਸਹਿਯੋਗਤਾ ਤੇ ਮਹੱਤਤਾ ਹੈ। ਜੋ ਮਨੁੱਖ ਕੁਦਰਤ-ਹਿਤੈਸ਼ੀ ਬਣ ਕੇ ਰਹਿੰਦਾ ਹੈ, ਆਪਣੇ ਕੰਮ ਪ੍ਰਤੀ ਇਮਾਨਦਾਰ ਤੇ ਸਮਰਪਿਤ ਹੋ ਜਾਂਦਾ ਹੈ ਅਤੇ ਚੰਗੀਆਂ ਕਿਤਾਬਾਂ, ਸਾਹਿਤ ਤੇ ਅਖ਼ਬਾਰਾਂ ਨਾਲ ਜੁੜ ਜਾਂਦਾ ਹੈ, ਉਹ ਆਪਣੇ ਜੀਵਨ ਵਿਚ ਦੁੱਖਾਂ ਨੂੰ ਮਨਫ਼ੀ ਕਰਕੇ ਸੁੱਖਾਂ ਦਾ ਅਨੰਦ ਮਾਣਦਾ ਹੈ। ਕੁਦਰਤ, ਕੰਮ ਅਤੇ ਕਿਤਾਬਾਂ ਨਾਲ ਪਾਇਆ ਪਿਆਰ ਕਦੇ ਵਿਅਰਥ ਨਹੀਂ ਜਾਂਦਾ। ਇਹ ਤਿੰਨ ਉਹ ਦਾਤਾਂ ਹਨ, ਜੋ ਮਨੁੱਖ ਨੂੰ ਫਰਸ਼ ਤੋਂ ਅਰਸ਼ ਤੱਕ ਲੈ ਜਾਂਦੀਆਂ ਹਨ। ਇਹੋ ਸਫ਼ਲਤਾ ਦਾ ਰਾਜ਼ ਵੀ ਹੈ ਅਤੇ ਜ਼ਿੰਦਗੀ ਜਿਊਣ ਦਾ ਉਸਾਰੂ ਤੇ ਸੁਚਾਰੂ ਤਰੀਕਾ ਵੀ ਹੈ।


-ਮਾ: ਸੰਜੀਵ ਧਰਮਾਣੀ
ਪਿੰਡ ਸੱਧੇਵਾਲ, ਡਾਕ: ਗੰਗੂਵਾਲ, ਤਹਿ: ਸ੍ਰੀ ਅਨੰਦਪੁਰ ਸਾਹਿਬ,
ਜ਼ਿਲ੍ਹਾ ਰੂਪਨਗਰ।


ਲੋਕ ਨਾਇਕ
ਪੰਜਾਬ ਦੀ ਧਰਤੀ ਸਦੀਆਂ ਤੋਂ ਹਮਲਾਵਰਾਂ ਨਾਲ ਲੜਦੀ ਆ ਰਹੀ ਹੈ। ਪੰਜਾਬ ਦੀ ਧਰਤੀ ਨੇ ਬੜੇ ਵੱਡੇ-ਵੱਡੇ ਦੁੱਖ ਦੇਖੇ ਪਰ ਹਿੰਮਤ ਨਹੀਂ ਹਾਰੀ। ਏਨੇ ਦੁੱਖ ਸਹਿ ਕੇ ਵੀ ਪੰਜਾਬ ਦੀ ਧਰਤੀ ਨੇ ਆਪਣੀ ਅਣਖ ਤੇ ਗ਼ੈਰਤ ਦਾ ਸੌਦਾ ਨਹੀਂ ਕੀਤਾ। ਜਨਾਬ ਮੁਹੰਮਦ ਅਜ਼ਹਰ ਵਿਰਕ ਦੀ ਕਲਮ ਦੀ ਕਿਰਤ 'ਪੰਜਾਬ ਦਾ ਲੋਕ ਨਾਇਕ ਦੁੱਲਾ ਭੱਟੀ' ਬਹੁਤ ਹੀ ਠੋਸ ਜਾਣਕਾਰੀ ਭਰਪੂਰ ਖੋਜਮਈ ਲੇਖ ਪੜ੍ਹਿਆ। ਦੁੱਲੇ ਭੱਟੀ ਬਾਰੇ ਅਸੀਂ ਪੂਰਬੀ ਪੰਜਾਬ ਵਾਲੇ ਵੀ ਜਾਣਨਾ ਚਾਹੁੰਦੇ ਹਾਂ।
ਲੋਹੜੀ ਦੇ ਤਿਉਹਾਰ ਤੋਂ ਇਕ ਮਹੀਨਾ ਪਹਿਲਾਂ ਇਧਰ ਦੇ ਪਿੰਡਾਂ 'ਚ ਵੀ ਸੁੰਦਰ ਮੁੰਦਰੀਏ ਵਾਲੇ ਪੰਜਾਬੀ ਲੋਕ ਗੀਤ 'ਚ ਦੁੱਲੇ ਦਾ ਕਾਰਨਾਮੇ ਦੀ ਯਾਦ ਮਨ 'ਚ ਆਉਣ ਲੱਗ ਪੈਂਦੀ ਹੈ। ਪੰਜਾਬੀ ਪਾਠਕ ਲਿਪੀਅੰਤਰ ਕਰਨ ਵਾਲੇ ਦੋਵਾਂ ਵੀਰਾਂ ਦੇ ਵੀ ਸਦਾ ਧੰਨਵਾਦੀ ਰਹਿਣਗੇ।


-ਸੁਰਿੰਦਰ ਸਿੰਘ ਨਿਮਾਣਾ
ਮੁੱਖ ਅਧਿਆਪਕ, ਐਵਰਗਰੀਨ ਸਾਇੰਸ ਐਂਡ ਸਪੋਰਟਸ ਸਕੂਲ, ਅੱਚਲ ਸਾਹਿਬ (ਚਾਹਲ ਕਲਾਂ) ਬਟਾਲਾ।

25-01-2018

 ਖਪਤ ਜਾਂਚ ਮੀਟਰ
ਪਾਣੀ ਇਕ ਅਜਿਹਾ ਸ੍ਰੋਤ ਹੈ ਜਿਸ ਨੂੰ ਖ਼ਤਮ ਹੋਣ ਤੋਂ ਬਾਅਦ ਮੁੜ ਕਿਸੇ ਵੀ ਤਕਨੀਕ ਨਾਲ ਦੁਬਾਰਾ ਪੈਦਾ ਨਹੀਂ ਕੀਤਾ ਜਾ ਸਕਦਾ। ਇਸ ਲਈ ਬੇਹੱਦ ਜ਼ਰੂਰੀ ਹੈ ਕਿ ਪਾਣੀ ਦੀ ਦੁਰਵਰਤੋਂ ਨੂੰ ਰੋਕਿਆ ਜਾਵੇ ਤੇ ਇਸ ਦੀ ਸਾਂਭ-ਸੰਭਾਲ ਨੂੰ ਪੂਰੀ ਗੰਭੀਰਤਾ ਨਾਲ ਯਕੀਨੀ ਬਣਾਇਆ ਜਾਵੇ। ਜੇਕਰ ਅੱਜ ਪੰਜਾਬ ਸਰਕਾਰ ਪਾਣੀ ਵਾਲੀਆਂ ਟੂਟੀਆਂ 'ਤੇ ਪਾਣੀ ਦੀ ਖਪਤ ਜਾਂਚ ਸਬੰਧੀ ਮੀਟਰ ਲਗਵਾਉਣ ਬਾਰੇ ਵਿਚਾਰ ਕਰ ਰਹੀ ਹੈ ਤਾਂ ਇਸ ਦੇ ਸਿੱਟੇ ਪੰਜਾਬ ਦੇ ਹਿਤ ਵਿਚ ਹੀ ਹੋਣਗੇ। ਕਿਉਂਕਿ ਲੋਕਾਂ ਨੂੰ ਬਿੱਲ ਜ਼ਿਆਦਾ ਆਉਣ ਦਾ ਡਰ ਰਹੇਗਾ ਤੇ ਪਾਣੀ ਦੀ ਅਜਾਈਂ ਵਰਤੋਂ ਨੂੰ ਵੀ ਰੋਕ ਲੱਗੇਗੀ। ਬਿਨਾਂ ਦੇਰ ਕੀਤਿਆਂ ਸਰਕਾਰ ਪਾਣੀ ਵਾਲੀ ਟੂਟੀ 'ਤੇ ਮੀਟਰ ਲਗਵਾਉਣ ਦੇ ਕਾਰਜ ਨੂੰ ਅਮਲ 'ਚ ਲਿਆਏ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਛੁੱਟੀਆਂ 'ਚ ਕਟੌਤੀ
ਛੁੱਟੀਆਂ ਦੀ ਬਹੁਤਾਤ ਨੇ ਸਾਨੂੰ ਆਲਸੀ ਬਣਾ ਦਿੱਤਾ ਹੈ ਤੇ ਪੰਜਾਬ ਛੁੱਟੀਆਂ ਵਾਲਾ ਸੂਬਾ ਬਣ ਕੇ ਰਹਿ ਗਿਆ ਹੈ। ਸਰਕਾਰੀ ਦਫ਼ਤਰਾਂ ਵਿਚ ਸਨਿਚਰਵਾਰ ਤੇ ਐਤਵਾਰ ਦੀ ਛੁੱਟੀ ਤੇ ਨਾਲ ਇਕ ਹੋਰ ਛੁੱਟੀ ਆ ਜਾਣ ਕਰਕੇ ਤਿੰਨ-ਤਿੰਨ ਦਿਨ ਦਫ਼ਤਰਾਂ 'ਚ ਕੰਮ ਠੱਪ ਰਹਿੰਦਾ ਹੈ, ਜਿਸ ਕਰਕੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਛੁੱਟੀਆਂ 'ਚ ਕਟੌਤੀ ਕਰਕੇ ਬਹੁਤ ਵਧੀਆ ਕੰਮ ਕੀਤਾ ਹੈ। ਅਸਲ ਵਿਚ ਹੋਣਾ ਤਾਂ ਇਹ ਚਾਹੀਦਾ ਹੈ ਕਿ ਕਿਸੇ ਮਹਾਨ ਸ਼ਖ਼ਸੀਅਤ, ਸ਼ਹੀਦਾਂ, ਮਹਾਂਪੁਰਖਾਂ ਨੂੰ ਸਮਰਪਿਤ ਦਿਨਾਂ ਦੀ ਛੁੱਟੀ ਕਰਨ ਦੀ ਬਜਾਏ ਬੱਚਿਆਂ ਨੂੰ ਸਕੂਲ 'ਚ ਇਸ ਦਿਨ ਦੀ ਮਹੱਤਤਾ ਬਾਰੇ ਦੱਸਿਆ ਜਾਣਾ ਚਾਹੀਦਾ ਹੈ।


-ਸ਼ਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆ, ਡਾਕ: ਚੀਮਾ ਖੁੱਡੀ, ਤਹਿ: ਬਟਾਲਾ, ਜ਼ਿਲ੍ਹਾ ਗੁਰਦਾਸਪੁਰ।


ਸੁਤੰਤਰ ਨਿਆਂਪਾਲਿਕਾ
ਜੱਜਾਂ ਵਾਲੇ ਮਸਲੇ 'ਤੇ ਚੁੱਪ ਰਹੀਏ ਤਾਂ ਕਿਵੇਂ ਚੁੱਪ ਰਹੀਏ! ਮੰਨਿਆ ਕਿ ਵਿਰੋਧੀ ਧਿਰਾਂ ਰਾਜਨੀਤੀ ਕਰਨਗੀਆਂ ਪਰ ਉਨ੍ਹਾਂ ਦਾ ਕੰਮ ਹੈ। ਜੇਕਰ ਆਮ ਲੋਕ ਕੋਈ ਟਿੱਪਣੀ ਕਰ ਰਹੇ ਹਨ ਤਾਂ ਉਹ ਸਿਆਸਤ ਨਹੀਂ ਸਗੋਂ ਦਿਲ ਦੀ ਪੀੜ ਹੈ। ਰਾਜਨੀਤੀ ਦੀ ਗੁਲਾਮ ਹੋ ਚੁੱਕੀ ਪ੍ਰਸ਼ਾਸਨਿਕ ਵਿਵਸਥਾ ਵਿਚ ਨਿਆਂਪਾਲਿਕਾ ਨੂੰ ਜੋੜਨ ਦੀ ਕਵਾਇਦ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ। ਇਨਸਾਫ਼ ਪਸੰਦ, ਲੋਕਤੰਤਰ ਵਿਚ ਯਕੀਨ ਰੱਖਣ ਵਾਲੇ ਵਰਗ ਦਾ ਚੁੱਪ ਰਹਿਣਾ ਹੋਰ ਵੀ ਜ਼ਿਆਦਾ ਖ਼ਤਰਨਾਕ ਹੈ। ਮੈਂ ਨਿਆਂ ਵਿਵਸਥਾ ਵਿਚ ਰਾਜਨੀਤਕ ਦਖ਼ਲਅੰਦਾਜ਼ੀ ਦਾ ਸਖ਼ਤ ਵਿਰੋਧ ਕਰਦਾ ਹਾਂ। ਇਸ ਨੂੰ ਕਿਸੇ ਰਾਜਨੀਤੀ ਨਾਲ ਜੋੜਨ ਦੀ ਭੁੱਲ ਨਾ ਕੀਤੀ ਜਾਵੇ, ਸਗੋਂ ਦੱਬੇ-ਕੁਚਲੇ ਆਮ ਬੰਦੇ ਦੀ ਆਵਾਜ਼ ਵਜੋਂ ਪਛਾਣਿਆ ਜਾਵੇ ਤਾਂ ਜ਼ਿਆਦਾ ਬਿਹਤਰ ਹੋਵੇਗਾ। ਮੈਂ ਅੱਜ ਹੀ ਲੋਕਤੰਤਰ ਨੂੰ ਬਚਾਉਣ ਦਾ ਹੋਕਾ ਦੇਣ ਦੀ ਮੁਹਿੰਮ ਦਾ ਆਗਾਜ਼ ਕਰਦਾ ਹਾਂ।


-ਗਗਨਦੀਪ ਸ਼ਰਮਾ
ਸਮਾਲਸਰ (ਮੋਗਾ)।

24-01-2018

 ਵਾਧਾ ਤੇ ਵਿਕਾਸ
ਆਮ ਤੌਰ 'ਤੇ ਵਾਧਾ ਤੇ ਵਿਕਾਸ ਸ਼ਬਦਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਵਰਤਿਆ ਜਾਂਦਾ ਹੈ। ਇਹ ਦੋਵੇਂ ਸ਼ਬਦ ਇਕ ਬੱਚੇ ਦੇ ਗਰਭ ਧਾਰਨ ਸਮੇਂ ਤੋਂ ਕਿਸੇ ਵਿਸ਼ੇਸ਼ ਸਮੇਂ ਤੱਕ ਹੋਣ ਵਾਲੇ ਪਰਿਵਰਤਨ ਨੂੰ ਪ੍ਰਗਟ ਕਰਦੇ ਹਨ। ਮਨੋਵਿਗਿਆਨਕ ਦ੍ਰਿਸ਼ਟੀ ਤੋਂ ਵਾਧੇ ਤੇ ਵਿਕਾਸ ਦੋਵਾਂ ਵਿਚ ਬਹੁਤ ਫ਼ਰਕ ਹੁੰਦਾ ਹੈ। ਵਿਕਾਸ ਸ਼ਬਦ ਸਾਰੇ ਪਰਿਵਰਤਨਾਂ ਲਈ ਵਰਤਿਆ ਜਾਂਦਾ ਹੈ, ਜਿਨ੍ਹਾਂ ਨਾਲ ਬੱਚੇ ਦੀ ਕਾਰਜ-ਸਮਰੱਥਾ, ਕਾਰਜ-ਕੁਸ਼ਲਤਾ ਅਤੇ ਵਿਹਾਰ ਵਿਚ ਤਰੱਕੀ ਹੁੰਦੀ ਹੈ। ਵਾਧਾ ਅਤੇ ਵਿਕਾਸ ਦੋਵਾਂ ਸ਼ਬਦਾਂ ਦੀ ਵਰਤੋਂ ਮੋਟੇ ਤੌਰ 'ਤੇ ਸਮੇਂ ਅਨੁਸਾਰ ਆਉਣ ਵਾਲੀਆਂ ਤਬਦੀਲੀਆਂ ਲਈ ਕੀਤੀ ਜਾਂਦੀ ਹੈ। ਢੁਕਵੇਂ ਵਾਤਾਵਰਨ ਅਤੇ ਚੰਗੀ ਸਿੱਖਿਆ ਸਦਕਾ ਹੀ ਸਾਡੀ ਸ਼ਖ਼ਸੀਅਤ ਦੇ ਸਾਰੇ ਪੱਖਾਂ-ਸਰੀਰਕ, ਮਾਨਸਿਕ, ਨੈਤਿਕ ਅਤੇ ਸਮਾਜਿਕ ਆਦਿ ਦਾ ਸਭ ਪਾਸਿਉਂ ਵਾਧਾ ਤੇ ਵਿਕਾਸ ਹੁੰਦਾ ਹੈ। ਸਾਧਾਰਨ ਤੌਰ 'ਤੇ ਵਾਧੇ ਅਤੇ ਵਿਕਾਸ ਦਾ ਅਮਲ ਲਗਪਗ ਨਾਲ-ਨਾਲ ਚਲਦਾ ਹੈ ਅਤੇ ਇਸੇ ਕਾਰਨ ਇਹ ਦੋਵੇਂ ਸ਼ਬਦ ਸਾਮਾਨ ਰੂਪ ਵਿਚ ਵਰਤੇ ਜਾਂਦੇ ਹਨ।


-ਕੁਲਵਿੰਦਰ ਸਿੰਘ
ਪਿੰਡ ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ।


ਨਵੀਂ ਵਿਚਾਰ-ਚਰਚਾ
ਪੰਜਾਬ ਸਰਕਾਰ ਵਲੋਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਦੀ ਲੜੀ ਤਹਿਤ ਕੀਤੇ ਜਾ ਰਹੇ ਕਰਜ਼ਾ ਮੁਆਫ਼ੀ ਦੇ ਫ਼ੈਸਲੇ ਤਹਿਤ ਪਿੰਡਾਂ ਵਿਚਲੀਆਂ ਸੁਸਾਇਟੀਆਂ ਜਾਂ ਬੈਂਕਾਂ ਵਲੋਂ ਜੋ ਸੂਚੀਆਂ ਭੇਜੀਆਂ ਜਾ ਰਹੀਆਂ ਹਨ ਉਨ੍ਹਾਂ ਨੇ ਪਿੰਡਾਂ ਦੀਆਂ ਸੱਥਾਂ ਅਤੇ ਮੋੜਾਂ ਉੱਤੇ ਨਵੀਆਂ ਚਰਚਾਵਾਂ ਸਹੇੜ ਦਿੱਤੀਆਂ ਹਨ। ਕਿਉਂਕਿ ਇਨ੍ਹਾਂ ਸੂਚੀਆਂ ਵਿਚ ਬਹੁਤ ਹੀ ਜ਼ਿਆਦਾ ਖ਼ਾਮੀਆਂ ਪਾਈਆਂ ਜਾ ਰਹੀਆਂ ਹਨ। ਇਨ੍ਹਾਂ ਸੂਚੀਆਂ ਵਿਚ ਬਹੁਤੇ ਕਰਜ਼ ਮੁਆਫ਼ੀ ਵਾਲੇ ਕਿਸਾਨ 7 ਕਿੱਲਿਆਂ ਤੋਂ ਵੀ ਉੱਪਰ ਹਨ, ਜਿਨ੍ਹਾਂ ਕਰਕੇ ਇਹ ਚਰਚਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਬਹੁਤੇ ਕਿਸਾਨਾਂ ਨੇ ਆਪਣੀ ਜ਼ਮੀਨ 'ਤੇ ਕਰਜ਼ ਆਪਣੇ ਪੂਰੇ ਪਰਿਵਾਰ 'ਚ ਵੰਡ ਲਿਆ ਹੈ, ਜਿਸ ਕਾਰਨ ਇਹ ਕਿਸਾਨ ਜ਼ਿਆਦਾ ਲਾਭ ਲੈ ਰਹੇ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜੋ ਵੀ ਫ਼ੈਸਲਾ ਲਵੇ ਉਸ 'ਤੇ ਚੰਗੀ ਤਰ੍ਹਾਂ ਵਿਚਾਰ ਚਰਚਾ ਕਰੇ ਅਤੇ ਇਸ ਦੇ ਨਿਕਲਣ ਵਾਲੇ ਨਤੀਜਿਆਂ ਦਾ ਪੂਰਾ ਖਿਆਲ ਰੱਖੇ।


-ਨਰਿੰਦਰ ਸਿੰਘ ਚੌਹਾਨ
ਬਠੋਈ ਕਲਾਂ, ਡਾਕ: ਡਕਾਲਾ, ਜ਼ਿਲ੍ਹਾ ਪਟਿਆਲਾ।

23-01-2018

 ਮਹਿੰਗਾਈ ਦਾ ਦੈਂਤ
ਭਾਵੇਂ ਕਿ ਸਭ ਜਾਣਦੇ ਹਨ ਕੇਂਦਰ ਵਿਚ ਭਾਜਪਾ ਆਪਣੀ ਸਰਕਾਰ ਬਣਾਉਣ ਤੋਂ ਪਹਿਲਾਂ ਕਾਂਗਰਸ ਨੂੰ ਮਹਿੰਗਾਈ ਦੇ ਮੁੱਦੇ 'ਤੇ ਕਰੜੇ ਹੱਥੀਂ ਲੈਂਦੀ ਰਹੀ ਹੈ। ਪਰ ਆਪਣੀ ਵਾਰੀ ਆਉਣ 'ਤੇ ਉਸ ਨੇ ਉਹੀ ਰਾਗ ਅਲਾਪਣੇ ਸ਼ੁਰੂ ਕਰ ਦਿੱਤੇ। ਮਹਿਜ਼ ਸਭ ਕਾ ਵਿਕਾਸ ਕਹਿ ਕੇ ਆਮ ਆਦਮੀ ਦਾ ਪ੍ਰਚੂਨ ਦੇ ਖੇਤਰ ਵਿਚ ਕਚੂੰਮਰ ਕੱਢ ਦਿੱਤਾ, ਜਿਸ ਨਾਲ ਗ਼ਰੀਬ ਵਿਅਕਤੀ ਦਾ ਜਿਊਣਾ ਮੁਹਾਲ ਹੋ ਗਿਆ। ਹੋਰ ਤਾਂ ਹੋਰ ਵਿਧਾਇਕ ਤੇ ਸੰਸਦ ਮੈਂਬਰ ਹਰ ਛੇ ਮਹੀਨੇ ਬਾਅਦ ਮਹਿੰਗਾਈ ਭੱਤੇ ਵਧਾ ਕੇ ਗ਼ਰੀਬਾਂ ਨੂੰ ਭੁੱਲ ਜਾਂਦੇ ਹਨ ਜਦ ਕਿ ਉਨ੍ਹਾਂ ਦੀ ਜ਼ਿੰਮੇਵਾਰੀ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਕੇ ਹੱਲ ਕੱਢਣ ਦੀ ਹੁੰਦੀ ਹੈ।

-ਮਨਦੀਪ ਕੁੰਦੀ
ਤਖਤੂਪੁਰਾ, ਮੋਗਾ।

ਬਜ਼ੁਰਗਾਂ ਦੀਆਂ ਮੁਸ਼ਕਿਲਾਂ
ਇਕ ਅਜਿਹਾ ਸੁਨੇਹਾ ਸਮਾਜ ਵਿਚ ਜਾ ਚੁੱਕਾ ਹੈ ਕਿ ਪੈਸੇ ਦਿਉ ਤੇ ਗ਼ਲਤ ਕੰਮ ਕਰਵਾ ਲਓ। ਮਰੇ ਹੋਏ ਮਾਂ-ਬਾਪ ਦੀ ਵਸੀਅਤ ਬਣਾ ਲਵੋ, ਜਿੱਧਰ ਮਰਜ਼ੀ ਵਸੀਅਤ ਤੋਰ ਲਵੋ। ਕਾਨੂੰਨ ਬਣਿਆ ਹੋਇਆ ਹੈ ਕਿ ਬੱਚੇ ਜੇ ਨਹੀਂ ਸੰਭਾਲਦੇ ਤਾਂ ਬਜ਼ੁਰਗ ਜਾਇਦਾਦ ਵਾਪਸ ਲੈ ਸਕਦੇ ਹਨ ਪਰ ਇਹ ਬੇਹੱਦ ਔਖਾ ਹੈ। ਰਿਸ਼ਵਤਖੋਰਾਂ ਦੇ ਟੋਲੇ ਬਜ਼ੁਰਗਾਂ ਦੀ ਆਵਾਜ਼ ਨਹੀਂ ਸੁਣਦੇ। ਪਿੰਡ ਦੇ ਸਰਪੰਚ, ਵਾਰਡਾਂ 'ਚੋਂ ਚੁਣੇ ਨੁਮਾਇੰਦਿਆਂ ਨੂੰ ਬਜ਼ੁਰਗਾਂ ਨਾਲ ਹੋ ਰਹੀ ਜ਼ਿਆਦਤੀ ਬਾਰੇ ਧਿਆਨ ਰੱਖਣਾ ਚਾਹੀਦਾ ਹੈ। ਪੰਚਾਇਤ ਮੁੱਢਲੀ ਅਦਾਲਤ ਹੈ ਅਗਰ ਕੋਈ ਨਹੀਂ ਸੁਣਦਾ ਤਾਂ ਪੰਚਾਇਤ ਤੇ ਪਿੰਡ ਨੂੰ ਇਕੱਠੇ ਹੋ ਕੇ ਬਜ਼ੁਰਗ ਨਾਲ ਖੜ੍ਹੇ ਹੋਣਾ ਚਾਹੀਦਾ ਹੈ। ਇਸ ਰਿਸ਼ਵਤ ਦੇ ਸੁਨੇਹੇ ਨੇ ਸਮਾਜ ਨੂੰ ਤਿੱਤਰ-ਬਿੱਤਰ ਤੇ ਖੋਖਲਾ ਕਰ ਦਿੱਤਾ ਹੈ।

-ਪ੍ਰਭਜੋਤ ਕੌਰ ਢਿੱਲੋਂ।

ਕੰਪਿਊਟਰ ਸਿੱਖਿਆ
ਅੱਜ ਦਾ ਯੁੱਗ ਆਧੁਨਿਕੀਕਰਨ ਦਾ ਯੁੱਗ ਹੈ। ਅੱਜ ਦੁਨੀਆ ਦੇ ਹਰ ਇਕ ਖੇਤਰ ਵਿਚ ਕੰਪਿਊਟਰ ਦੀ ਸਿੱਖਿਆ ਬਹੁਤ ਜ਼ਰੂਰੀ ਹੋ ਗਈ ਹੈ। ਕਿਉਂਕਿ ਕੰਪਿਊਟਰ ਦੀ ਵਰਤੋਂ ਦੇ ਨਾਲ ਹਰ ਇਕ ਕੰਮ ਬਹੁਤ ਆਸਾਨ ਹੋ ਗਿਆ ਹੈ। ਬੱਚਿਆਂ ਤੋਂ ਲੈ ਕੇ ਨੌਜਵਾਨ ਪੀੜ੍ਹੀ ਤੱਕ ਹਰ ਕਿਸੇ ਨੂੰ ਇਸ ਦੀ ਸਿੱਖਿਆ ਮਿਲਣੀ ਚਾਹੀਦੀ ਹੈ। ਸਕੂਲਾਂ ਵਿਚ ਵੀ ਬੱਚਿਆਂ ਨੂੰ ਕੰਪਿਊਟਰ ਦੀ ਸਿੱਖਿਆ ਸ਼ੁਰੂ ਤੋਂ ਹੀ ਵਧੀਆ ਮਿਲਣੀ ਚਾਹੀਦੀ ਹੈ ਤਾਂ ਜੋ ਅੱਗੇ ਜਾ ਕੇ ਉਹ ਹਰ ਇਕ ਖੇਤਰ ਵਿਚ ਤਰੱਕੀ ਕਰ ਸਕਣ। ਅੱਜ ਦੇ ਜ਼ਮਾਨੇ ਵਿਚ ਜਦੋਂ ਵੀ ਕੋਈ ਸਰਕਾਰੀ ਜਾਂ ਨਿੱਜੀ ਕਿਤੇ ਵੀ ਕੋਈ ਨੌਕਰੀ ਕਰਨੀ ਹੋਵੇ ਤਾਂ ਕੰਪਿਊਟਰ ਦੀ ਸਿੱਖਿਆ ਲਾਜ਼ਮੀ ਕਰ ਦਿੱਤੀ ਗਈ ਹੈ। ਇਸ ਲਈ ਬੱਚਿਆਂ ਤੋਂ ਲੈ ਕੇ ਨੌਜਵਾਨ ਪੀੜ੍ਹੀ ਤੱਕ ਨੂੰ ਕੰਪਿਊਟਰ ਸਿੱਖਣਾ ਚਾਹੀਦਾ ਹੈ ਤਾਂ ਜੋ ਹਰ ਕੋਈ ਆਪਣਾ ਭਵਿੱਖ ਸੁਰੱਖਿਅਤ ਕਰ ਸਕੇ।

-ਆਰਤੀ ਵਰਮਾ
ਕੈਨਾਲ ਐਵੇਨਿਊ, ਡਾਕ: ਰੱਈਆ, ਤਹਿ: ਬਾਬਾ ਬਕਾਲਾ, ਜ਼ਿਲ੍ਹਾ ਅੰਮ੍ਰਿਤਸਰ।

22-01-2018

 ਲਿਫ਼ਾਫ਼ੇ
ਪੋਲੀਥੀਨ ਦੇ ਲਿਫ਼ਾਫ਼ੇ, ਗਲਾਸ ਤੇ ਹੋਰ ਸਾਮਾਨ ਸਾਡੀ ਸਿਹਤ ਅਤੇ ਵਾਤਾਵਰਨ ਲਈ ਬਹੁਤ ਹਾਨੀਕਾਰਕ ਹਨ। ਸਿਹਤ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਇਸ ਨਾਲ ਸੀਵਰੇਜ ਜਾਮ ਹੋਣ ਜਾਂ ਅਵਾਰਾ ਜਾਨਵਰਾਂ ਵਲੋਂ ਖਾਧੇ ਜਾਣ ਨਾਲ ਵੱਡੀ ਮੁਸੀਬਤ ਖੜ੍ਹੀ ਕਰ ਦਿੰਦਾ ਹੈ। ਕੁਦਰਤੀ ਸੁੰਦਰਤਾ ਅਤੇ ਪਾਣੀ ਦੇ ਸੋਮਿਆਂ 'ਤੇ ਵੀ ਇਸ ਨਾਲ ਗ੍ਰਹਿਣ ਲੱਗਦਾ ਹੈ। ਇਸ ਨੂੰ ਨਸ਼ਟ ਕਰਨ ਨਾਲ ਵੀ ਵਾਤਾਵਰਨ ਕਾਫੀ ਗੰਧਲਾ ਹੋ ਜਾਂਦਾ ਹੈ। ਧਰਤੀ ਦੀ ਗੁਣਵੱਤਾ ਵੀ ਇਸ ਨਾਲ ਘਟਦੀ ਹੈ। ਗਰਮ ਵਸਤਾਂ ਇਸ ਵਿਚ ਪਾ ਕੇ ਵਰਤਣਾ ਵੀ ਸਿਹਤ ਪੱਖੋਂ ਸਹੀ ਨਹੀਂ ਸਮਝਿਆ ਜਾਂਦਾ। ਸਾਨੂੰ ਬਾਜ਼ਾਰ ਵਿਚ ਜਾਣ ਸਮੇਂ ਆਪਣੇ ਨਾਲ ਕੱਪੜੇ ਜਾਂ ਪਟਸਨ ਦੇ ਥੈਲੇ ਲੈ ਕੇ ਜਾਣਾ ਚਾਹੀਦਾ ਹੈ। ਵਿਆਹਾਂ ਜਾਂ ਹੋਰ ਸਮਾਗਮਾਂ ਸਮੇਂ ਧਾਤ, ਚੀਨੀ ਮਿੱਟੀ ਦੇ ਬਰਤਨਾਂ ਜਾਂ ਪੱਤਲਾਂ ਦੀ ਵਰਤੋਂ ਨੂੰ ਤਰਜੀਹ ਦੇਣੀ ਚਾਹੀਦੀ ਹੈ।


-ਮਾ: ਸੰਜੀਵ ਧਰਮਾਣੀ
ਪਿੰਡ ਸੱਧੇਵਾਲ, ਸ੍ਰੀ ਅਨੰਦਪੁਰ ਸਾਹਿਬ।


ਆਰਥਿਕਤਾ ਨੂੰ ਸੱਟ
ਭਾਰਤ ਵਿਚ ਵਿਆਪਕ ਪੱਧਰ 'ਤੇ ਘਪਲੇ ਹੋ ਰਹੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਦੇ ਦੋਸ਼ੀ ਜ਼ਿਆਦਾਤਰ ਰਾਜਨੀਤਕ ਨੇਤਾ ਹੀ ਹਨ। ਇਸ ਤਰ੍ਹਾਂ ਦੇ ਘੁਟਾਲਿਆਂ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਜਿਨ੍ਹਾਂ 'ਤੇ ਭ੍ਰਿਸ਼ਟਾਚਾਰ ਦੇ ਕੇਸ ਚੱਲ ਰਹੇ ਹਨ, ਉਨ੍ਹਾਂ 'ਤੇ ਚੋਣ ਲੜਨ ਦੀ ਪੂਰਨ ਪਾਬੰਦੀ ਲਗਾ ਦਿੱਤੀ ਜਾਵੇ ਤਾਂ ਜੋ ਅਜਿਹੇ ਦਾਗ਼ੀ ਸਰਕਾਰ ਦਾ ਹਿੱਸਾ ਨਾ ਬਣ ਸਕਣ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਾਫ਼-ਸੁਥਰੇ ਅਕਸ ਵਾਲੇ ਉਮੀਦਵਾਰਾਂ ਨੂੰ ਹੀ ਜਿਤਾ ਕੇ ਸੰਸਦ ਵਿਚ ਭੇਜਣ। ਰਾਜਨੀਤਕ ਪਾਰਟੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਸਵਾਰਥਾਂ ਤੋਂ ਉੱਪਰ ਉੱਠ ਕੇ ਦੇਸ਼ ਦੇ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਜਿਹੇ ਲੋਕਾਂ ਨੂੰ ਆਪਣੀਆਂ ਪਾਰਟੀਆਂ ਵਿਚ ਜਗ੍ਹਾ ਨਾ ਦੇਣ ਤਾਂ ਜੋ ਦੇਸ਼ ਦੀ ਆਰਥਿਕਤਾ ਨੂੰ ਮੁੜ ਲੀਹ 'ਤੇ ਲਿਆਇਆ ਜਾ ਸਕੇ।


-ਕਮਲ ਕੋਟਲੀ, ਅਬਲੂ।


ਆਸਥਾ ਤੇ ਅੰਧ-ਵਿਸ਼ਵਾਸ
ਦਿੱਲੀ ਦੇ ਅਧਿਆਤਮਿਕ ਵਿਦਿਆਲਾ ਦੇ ਸੰਚਾਲਕ ਵੀਰੇਂਦਰ ਦੇਵ ਦੀਕਸ਼ਤ ਦਾ ਨਾਂਅ ਵੀ ਹੁਣ ਉਨ੍ਹਾਂ ਢੋਂਗੀ ਬਾਬਿਆਂ ਦੀ ਸੂਚੀ 'ਚ ਸ਼ਾਮਿਲ ਹੋ ਗਿਆ ਹੈ, ਜਿਸ ਨੇ ਸੈਂਕੜੇ ਮਾਸੂਮ ਕੁੜੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਹੈ। ਦੂਜੇ ਪਾਸੇ ਪੀੜਤ ਕੁੜੀਆਂ ਦਾ ਵੀ ਦਾਅਵਾ ਹੈ ਕਿ ਬਾਬਾ ਉਨ੍ਹਾਂ ਨੂੰ ਧਾਰਮਿਕ ਉਪਦੇਸ਼ ਦੇਣ ਦੀ ਥਾਂ ਉਨ੍ਹਾਂ ਨਾਲ ਜ਼ਿਆਦਤੀ ਕਰਦਾ ਹੈ। ਭਾਵੇਂ ਸਾਡਾ ਦੇਸ਼ ਕਿੰਨਾ ਅੱਗੇ ਵਧ ਗਿਆ ਹੋਵੇ ਪਰ ਅੱਜ ਵੀ ਲੋਕ ਇਨ੍ਹਾਂ ਅੰਧਵਿਸ਼ਵਾਸਾਂ ਅਤੇ ਵਹਿਮਾਂ-ਭਰਮਾਂ ਵਿਚ ਜਕੜੇ ਹੋਏ ਹਨ। ਜੇਕਰ ਮਾਪੇ ਹੋ ਕੇ ਵੀ ਉਨ੍ਹਾਂ ਦਾ ਪਾਲਣ-ਪੋਸ਼ਣ ਨਹੀਂ ਕਰ ਸਕਦੇ ਤਾਂ ਉਹ ਕਿਸ ਤਰ੍ਹਾਂ ਇਹ ਸੋਚ ਸਕਦੇ ਹਨ ਕਿ ਇਨ੍ਹਾਂ ਢੋਂਬੀ ਬਾਬਿਆਂ ਦੇ ਹੱਥੋਂ ਉਹ ਸੁੁਰੱਖਿਅਤ ਰਹਿਣਗੀਆਂ। ਜੇਕਰ ਅਸੀਂ ਆਪ ਸੋਚ ਸਮਝ ਕੇ ਸਹੀ ਕਦਮ ਚੁੱਕੀਏ ਤਾਂ ਇਸ ਦੇ ਨਾਲ ਸਰਕਾਰ ਦੀ ਪ੍ਰੇਸ਼ਾਨੀ ਘਟ ਹੋਵੇਗੀ ਤੇ ਇਨ੍ਹਾਂ ਢੋਂਗੀ ਬਾਬਿਆਂ ਦਾ 'ਅੱਯਾਸ਼ੀ ਦਾ ਅੱਡਾ' ਬੰਦ ਹੋਏਗਾ ਤੇ ਨਾ ਹੀ ਕਿਸੇ ਮਾਸੂਮ ਕੁੜੀ ਨੂੰ ਇਨ੍ਹਾਂ ਢੋਂਗੀ ਬਾਬਿਆਂ ਦੇ ਹੱਥੋਂ ਸ਼ਰਮਸਾਰ ਹੋਣ ਦੀ ਜ਼ਰੂਰਤ ਪਵੇਗੀ।


-ਭਾਵਨਾ
ਕੇ.ਐਮ.ਵੀ. ਕਾਲਜ, ਜਲੰਧਰ ਸ਼ਹਿਰ।


ਸਾਰਥਕ ਹੱਲ ਜ਼ਰੂਰੀ
'ਪੰਜਾਬ 'ਚ ਹਰ ਰੋਜ਼ ਦੋ ਕਿਸਾਨ ਕਰਦੇ ਹਨ ਖ਼ੁਦਕੁਸ਼ੀ' ਸਿਰਲੇਖ ਹੇਠ ਯੂਨੀਵਰਸਿਟੀਆਂ ਦੀ ਰਿਪੋਰਟ ਦਾ ਖ਼ੁਲਾਸਾ ਕੀਤਾ ਗਿਆ ਹੈ, ਜਿਸ ਵਿਚ ਇਕ ਸਤਰ ਲਿਖੀ ਗਈ ਹੈ ਕਿ 'ਆਮਦਨ ਨਾਲੋਂ ਵੱਧ ਆਉਂਦੇ ਖਰਚੇ ਵੀ ਖ਼ੁਦਕੁਸ਼ੀਆਂ ਦਾ ਅਹਿਮ ਕਾਰਨ ਬਣ ਰਹੇ ਹਨ।' ਮੇਰੀ ਬੇਨਤੀ ਹੈ ਕਿ ਉਨ੍ਹਾਂ ਦੀ ਆਮਦਨ ਦੇ ਸਾਧਨਾਂ ਅਤੇ ਖਰਚਿਆਂ ਦਾ ਵਿਸਥਾਰਪੂਰਵਕ ਵਰਨਣ ਕੀਤਾ ਜਾਵੇ। ਕਿਉਂਕਿ ਖੇਤੀਬਾੜੀ ਕਰਨ ਤੋਂ ਇਲਾਵਾ ਹੋਰ ਕੋਈ ਸਾਧਨ ਹੀ ਨਹੀਂ ਹਨ ਕਿਸਾਨਾਂ ਕੋਲ। ਇਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਬਜਾਏ ਅਜਿਹੀਆਂ ਗੱਲਾਂ ਨੂੰ ਅਹਿਮ ਨਾ ਬਣਾਇਆ ਜਾਵੇ।


-ਲਵਪ੍ਰੀਤ ਕੌਰ
ਪਿੰਡ ਫੁੰਮਣਵਾਲ, ਜ਼ਿਲ੍ਹਾ ਸੰਗਰੂਰ।

16-01-2018

 ਪੰਜਾਬੀ ਬੋਲੀ ਨੂੰ ਵਿਸਾਰਿਆ
ਹਰੇਕ ਵਿਅਕਤੀ ਆਪਣੇ ਵਿਚਾਰਾਂ ਨੂੰ ਪਰਗਟ ਕਰਨ ਲਈ ਭਾਸ਼ਾ ਦੀ ਵਰਤੋਂ ਕਰਦਾ ਹੈ। ਪੰਜਾਬ ਵਿਚ ਪੰਜਾਬੀ ਭਾਸ਼ਾ ਨੂੰ ਮਾਂ-ਬੋਲੀ ਦਾ ਦਰਜਾ ਪ੍ਰਾਪਤ ਹੈ। 1966 ਵਿਚ ਭਾਸ਼ਾ ਦੇ ਆਧਾਰ 'ਤੇ ਵੰਡ ਹੋਈ। ਹਿੰਦੀ ਬੋਲਣ ਵਾਲੇ ਇਲਾਕੇ ਹਰਿਆਣਾ, ਹਿਮਾਚਲ ਤੇ ਪੰਜਾਬੀ ਬੋਲਣ ਵਾਲੇ ਇਲਾਕੇ ਪੰਜਾਬ ਨੂੰ ਦਿੱਤੇ ਗਏ। ਅਜੋਕੇ ਸਮੇਂ ਵਿਚ ਪੰਜਾਬੀ ਭਾਸ਼ਾ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ। ਪੱਛਮੀ ਸੱਭਿਅਤਾ ਨੇ ਪਹਿਰਾਵੇ ਦੇ ਨਾਲ-ਨਾਲ ਪੰਜਾਬੀ ਬੋਲੀ 'ਤੇ ਬਹੁਤ ਪ੍ਰਭਾਵ ਪਾਇਆ ਹੈ। ਲੋਕ ਅੰਗਰੇਜ਼ੀ ਭਾਸ਼ਾ ਨੂੰ ਵਧੇਰੇ ਤਰਜੀਹ ਦੇਣ ਲੱਗੇ ਹਨ। ਮਾਪੇ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਕਾਨਵੈਂਟ ਸਕੂਲ ਵਿਚ ਪੜ੍ਹਨ ਲਈ ਭੇਜ ਰਹੇ ਹਨ। ਹੋਰ ਭਾਸ਼ਾਵਾਂ ਸਿੱਖਣਾ ਜਾਂ ਬੋਲਣਾ ਬੁਰੀ ਗੱਲ ਨਹੀਂ ਪਰ ਆਪਣੀ ਭਾਸ਼ਾ ਨੂੰ ਨਕਾਰ ਕੇ ਅਜਿਹਾ ਕਰਨਾ ਵੀ ਬੇਇਨਸਾਫ਼ੀ ਹੈ। ਭਾਸ਼ਾ ਪ੍ਰੇਮੀਆਂ ਵਲੋਂ ਸਮੇਂ-ਸਮੇਂ 'ਤੇ ਇਸ ਨੂੰ ਪ੍ਰਫੁੱਲਿਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਪਰ ਕੋਸ਼ਿਸ਼ਾਂ ਨੂੰ ਬੂਰ ਨਹੀਂ ਪੈ ਰਿਹਾ ਹੈ। ਪੰਜਾਬੀ ਭਾਸ਼ਾ ਦੇ ਕਈ ਸ਼ਬਦ ਹੀ ਅਲੋਪ ਹੋ ਰਹੇ ਹਨ। ਇਸ ਲਈ ਸਾਹਿਤ ਅਕਾਦਮੀਆਂ ਨੂੰ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਪੰਜਾਬੀ ਸਾਹਿਤ ਲੋਕਾਂ ਤੱਕ ਪਹੁੰਚਾਉਣ ਤਾਂ ਜੋ ਲੋਕ ਇਸ ਨਾਲ ਜੁੜ ਸਕਣ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਚਹੁੰ ਮਾਰਗੀ ਸੜਕਾਂ
ਸਾਡੇ ਪੰਜਾਬ ਵਿਚ ਬਹੁਤ ਸਾਰੀਆਂ ਚਹੁੰ ਮਾਰਗੀ ਸੜਕਾਂ ਤਾਂ ਬਣ ਗਈਆਂ, ਪਰ ਇਨ੍ਹਾਂ 'ਤੇ ਚੱਲਣ ਦਾ ਕਿਸੇ ਵੀ ਪੰਜਾਬ ਵਾਸੀ ਨੂੰ ਬਹੁਤਾ ਗਿਆਨ ਨਹੀਂ ਹੈ। ਪਰ ਦੂਹਰੀ ਸੜਕ 'ਤੇ ਤਾਂ ਲੋਕ ਸੱਜੇ ਪਾਸੇ ਫੁੱਟਪਾਥ ਦੇ ਨਾਲ ਆਰਾਮ ਨਾਲ ਹੌਲ-ਹੌਲੀ ਜਾਂਦੇ ਹਨ। ਪਿਛਲੇ ਪਾਸੇ ਆਉਂਦੇ ਨੂੰ ਮਜਬੂਰੀਵੱਸ ਖੱਬੇ ਪਾਸੇ ਦੀ ਅੱਗੇ ਲੰਘਣਾ ਪੈਂਦਾ ਹੈ। ਕਈ ਵਾਰ ਖੱਬੇ ਪਾਸੇ ਚੱਲਣ ਵਾਲਾ ਛੋਟਾ ਸਾਧਨ ਇਸ ਦੀ ਲਪੇਟ ਵਿਚ ਆ ਜਾਂਦਾ ਹੈ। ਸੋ, ਕਿਰਪਾ ਕਰਕੇ ਸਰਕਾਰ ਸੜਕ ਬਣਾਉਣ ਸਮੇਂ ਹੀ ਇਸ 'ਤੇ ਚੱਲਣ ਦੀ ਜਾਣਕਾਰੀ ਲੋਕਾਂ ਨੂੰ ਕੈਂਪ ਆਦਿ ਲਗਾ ਕੇ ਤੇ ਸੜਕ 'ਤੇ ਚੜ੍ਹਨ ਵਾਲੀ ਥਾਂ 'ਤੇ ਵੱਡੇ ਪੱਧਰ 'ਤੇ ਸੂਚਨਾ ਸੰਕੇਤ ਲਗਾ ਕੇ ਸੜਕ ਦੇ ਨਿਯਮਾਂ ਦੀ ਸਹੀ ਜਾਣਕਾਰੀ ਦਿੱਤੀ ਜਾਵੇ।

-ਜਸਕਰਨ ਲੰਡੇ
ਪਿੰਡ ਤੇ ਡਾਕ : ਲੰਡੇ, ਜ਼ਿਲ੍ਹਾ ਮੋਗਾ।

ਬਾਇਓਮੈਟ੍ਰਿਕ ਹਾਜ਼ਰੀ
ਪੰਜਾਬ ਸਰਕਾਰ ਦੇ ਇਕ ਫ਼ੈਸਲੇ ਮੁਤਾਬਿਕ ਪਹਿਲੀ ਅਪ੍ਰੈਲ ਤੋਂ ਸਰਕਾਰੀ ਮਾਸਟਰ ਰਜਿਸਟਰ ਪ੍ਰਥਾ ਛੱਡ ਕੇ 'ਬਾਇਓਮੈਟ੍ਰਿਕ ਮਸ਼ੀਨ' ਰਾਹੀਂ ਹਾਜ਼ਰੀ ਲਾਉਣਗੇ। ਇਹ ਪੰਜਾਬ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਫ਼ੈਸਲਾ ਹੈ। ਬਾਇਓਮੈਟ੍ਰਿਕ ਮਸ਼ੀਨ 'ਤੇ ਹਾਜ਼ਰੀ ਲਾ ਕੇ ਅਧਿਆਪਕ ਹੁਣ ਕੋਈ ਫਰਲੋ ਨਹੀਂ ਮਾਰ ਸਕਣਗੇ ਅਤੇ ਪੂਰੇ ਸਮੇਂ 'ਤੇ ਸਕੂਲ ਆਉਣਗੇ ਅਤੇ ਛੁੱਟੀ ਸਮੇਂ ਹੀ ਘਰ ਨੂੰ ਜਾ ਸਕਣਗੇ। ਸਰਕਾਰ ਜ਼ਮੀਨੀ ਹਕੀਕਤ ਪਛਾਣ ਕੇ ਫ਼ੈਸਲੇ ਲਵੇ, ਆਪਣੀ ਜ਼ਿੰਮੇਵਾਰੀ ਕੇਵਲ ਅਧਿਆਪਕਾਂ ਸਿਰ ਪਾ ਕੇ ਆਪਣੀ ਖ਼ੁਦ ਦੀ ਜ਼ਿੰਮੇਵਾਰੀ ਤੋਂ ਰੁਖ਼ਸਤ ਨਾ ਹੋਵੇ। ਸਿਰਫ ਅਧਿਆਪਕਾਂ ਨੂੰ ਸਮੇਂ ਸਿਰ ਸਕੂਲ ਸੱਦ ਕੇ ਜਾਂ ਪੂਰੇ ਸਮੇਂ ਤੋਂ ਬਾਅਦ ਘਰ ਜਾਣ ਲਈ ਬਾਇਓਮੈਟ੍ਰਿਕ ਮਸ਼ੀਨਾਂ ਲਾ ਕੇ ਸਿੱਖਿਆ ਵਿਚ ਕੋਈ ਵੱਡੇ ਪੱਧਰ 'ਤੇ ਸੁਧਾਰ ਨਹੀਂ ਹੋਣ ਲੱਗਾ।

-ਇੰਦਰਜੀਤ ਸਿੰਘ ਕੰਗ
ਕੋਟਲਾ ਸਮਸ਼ਪੁਰ (ਸਮਰਾਲਾ), ਜ਼ਿਲ੍ਹਾ ਲੁਧਿਆਣਾ।

12-01-2018

 ਜ਼ਹਿਰੀਲੀ ਹਵਾ
ਦੇਸ਼ 'ਚ ਲਗਪਗ 1.7 ਕਰੋੜ ਬੱਚੇ ਉਨ੍ਹਾਂ ਖੇਤਰਾਂ ਵਿਚ ਰਹਿੰਦੇ ਹਨ, ਜਿਥੇ ਹਵਾ ਪ੍ਰਦੂਸ਼ਣ ਅੰਤਰਰਾਸ਼ਟਰੀ ਹੱਦ ਤੋਂ ਛੇ ਗੁਣਾਂ ਜ਼ਿਆਦਾ ਹੁੰਦਾ ਹੈ, ਜੋ ਸੰਭਾਵਿਕ ਰੂਪ ਤੋਂ ਉਨ੍ਹਾਂ ਦੇ ਦਿਮਾਗ ਦੇ ਵਿਕਾਸ ਲਈ ਖ਼ਤਰਨਾਕ ਹੈ। ਸਭ ਤੋਂ ਦੁੱਖ ਭਰੀ ਗੱਲ ਇਹ ਹੈ ਕਿ ਪ੍ਰਦੂਸ਼ਣ ਤੋਂ ਉਨ੍ਹਾਂ ਨੂੰ ਜੀਵਨ ਭਰ ਲਈ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਹਵਾ ਪ੍ਰਦੂਸ਼ਣ ਫੇਫੜਿਆਂ ਅਤੇ ਦਿਮਾਗ ਦੇ ਵਿਕਾਸ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਬੱਚਿਆਂ ਦੇ ਫੇਫੜੇ ਅਤੇ ਦਿਮਾਗ ਸਾਫ਼ ਹਵਾ ਵਿਚ ਜਲਦੀ ਵਿਕਸਤ ਹੁੰਦੇ ਹਨ। ਉਹ ਆਪਣੇ ਵਿਕਾਸਸ਼ੀਲ ਫੇਫੜਿਆਂ ਇਮਿਊਨ ਸਿਸਟਮ ਦੇ ਚਲਦਿਆਂ ਹਵਾ 'ਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਸਾਹ ਦੁਆਰਾ ਆਪਣੇ ਅੰਦਰ ਲੈ ਰਹੇ ਹਨ ਅਤੇ ਜ਼ਿਆਦਾ ਜ਼ੋਖਮ ਦਾ ਸ਼ਿਕਾਰ ਹੋ ਰਹੇ ਹਨ। ਬੱਚਿਆਂ 'ਤੇ ਪ੍ਰਦੂਸ਼ਣ ਦਾ ਮਾੜਾ ਪ੍ਰਭਾਵ ਪੈਣ ਨਾਲ ਉਨ੍ਹਾਂ ਨੂੰ ਸਰੀਰਕ ਦੇ ਨਾਲ ਸਾਹ ਦੀਆਂ ਬਿਮਾਰੀਆਂ ਵੀ ਲੱਗ ਜਾਂਦੀਆਂ ਹਨ।

-ਵਿਜੈ ਗਰਗ
proffvijaygarg@gmail.com

ਸਿਆਸੀ ਕਾਨਫ਼ਰੰਸਾਂ
ਪੰਜਾਬ ਵਿਚ ਕਈ ਧਾਰਮਿਕ ਅਸਥਾਨਾਂ, ਸਿਆਸੀ ਕਾਨਫਰੰਸਾਂ ਹੁੰਦੀਆਂ ਹਨ। ਇਹ ਕਾਫੀ ਸਮੇਂ ਤੋਂ ਪ੍ਰੰਪਰਾ ਚਲੀ ਆ ਰਹੀ ਹੈ ਪਰ ਹੁਣ ਇਸ 'ਤੇ ਕੁਝ ਸੋਚ ਵਿਚਾਰ ਕਰਨ ਦੀ ਲੋੜ ਹੈ। ਕਿਉਂਕਿ ਰਾਜਨੀਤਕ ਪਾਰਟੀਆਂ ਦੇ ਆਗੂਆਂ ਦੀ ਸ਼ਬਦਾਵਲੀ ਦਾ ਮਿਆਰ ਹੇਠਾਂ ਆ ਰਿਹਾ ਹੈ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਇਨ੍ਹਾਂ ਕਾਨਫਰੰਸਾਂ ਵਿਚ ਧਾਰਮਿਕ ਅਸਥਾਨਾਂ ਜਾਂ ਗੁਰੂ ਸਾਹਿਬਾਨਾਂ ਦਾ ਕੋਈ ਜ਼ਿਕਰ ਤੱਕ ਨਹੀਂ ਕੀਤਾ ਜਾਂਦਾ ਸਗੋਂ ਇਕ-ਦੂਜੇ ਉੱਪਰ ਰਾਜਨੀਤਕ ਹਮਲੇ ਹੀ ਕੀਤੇ ਜਾਂਦੇ ਹਨ, ਜਿਸ ਨਾਲ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਤਾਂ ਭੰਗ ਹੁੰਦੀ ਹੀ ਹੈ, ਨਾਲ ਹੀ ਲੋਕਾਂ ਦੇ ਮਨਾਂ ਨੂੰ ਵੀ ਠੇਸ ਪੁੱਜਦੀ ਹੈ। ਇਸ ਲਈ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਇਸ 'ਤੇ ਗੌਰ ਕਰਨ ਦੀ ਲੋੜ ਹੈ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ, ਸ੍ਰੀ ਮੁਕਤਸਰ ਸਾਹਿਬ।

ਸੜਕ ਹਾਦਸੇ
ਪਿਛਲੇ ਦੋ ਦਿਨਾਂ ਤੋਂ ਵੱਖ-ਵੱਖ ਥਾਵਾਂ 'ਤੇ ਕਈ ਖ਼ਤਰਨਾਕ ਸੜਕ ਹਾਦਸੇ ਵਾਪਰ ਚੁੱਕੇ ਹਨ, ਜਿਸ ਵਿਚ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਸਾਵਧਾਨੀ ਵਜੋਂ ਕਈ ਜ਼ਿਲ੍ਹਿਆਂ ਵਿਚ ਪ੍ਰਸ਼ਾਸਨ ਨੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਬੰਦ ਕਰਨ ਤੇ ਕਈ ਜ਼ਿਲ੍ਹਿਆਂ ਵਿਚ ਸਵੇਰੇ ਸਕੂਲ ਲੱਗਣ ਦਾ ਸਮਾਂ ਬਦਲਣ ਦੇ ਹੁਕਮ ਦਿੱਤੇ ਹਨ। ਪਿਛਲੇ ਸਾਲ ਇਨ੍ਹਾਂ ਦਿਨਾਂ ਵਿਚ ਕਈ ਅਧਿਆਪਕ ਧੁੰਦ ਕਾਰਨ ਸੜਕ ਹਾਦਸੇ ਵਿਚ ਆਪਣੀ ਜਾਨ ਗੁਆ ਚੁੱਕੇ ਹਨ। ਪਰ ਸਭ ਤੋਂ ਵੱਧ ਡਰ ਪ੍ਰਾਈਵੇਟ ਸਕੂਲ ਵੈਨਾਂ ਦਾ ਰਹਿੰਦਾ ਹੈ, ਜਿਨ੍ਹਾਂ 'ਚ ਅਕਸਰ ਮਾਸੂਮਾਂ ਦੀ ਜਾਨ ਚਲੀ ਜਾਂਦੀ ਹੈ। ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਇਸ ਸੰਘਣੀ ਧੁੰਦ ਵਿਚ ਵੱਧ ਤੋਂ ਵੱਧ ਸਾਵਧਾਨੀ ਵਰਤਦੇ ਹੋਏ ਆਪਣਾ ਵਹੀਕਲ ਹੌਲੀ ਤੇ ਸੰਜਮ ਨਾਲ ਚਲਾਉਣ। ਅਕਸਰ ਹੀ ਹਾਦਸੇ ਤੇਜ਼ ਰਫ਼ਤਾਰ ਤੇ ਓਵਰਟੇਕ ਦੇ ਚੱਕਰ 'ਚ ਹੀ ਵਾਪਰਦੇ ਹਨ। ਬਹੁਤੇ ਹਾਦਸੇ ਖਰਾਬ ਗੱਡੀ ਦੇ ਸੜਕ ਕਿਨਾਰੇ ਖੜ੍ਹੀ ਹੋਣ ਕਾਰਨ ਵੀ ਵਾਪਰ ਚੁੱਕੇ ਹਨ। ਅਜਿਹੇ ਹਾਦਸਿਆਂ 'ਚ ਬਹੁਤ ਹੀ ਜਾਨਾਂ ਦਾ ਨੁਕਸਾਨ ਹੋ ਚੁੱਕਾ ਹੈ। ਸੋ, ਅਜਿਹੇ ਮੌਸਮ ਵਿਚ ਬਹੁਤ ਜਾਗਰੂਕਤਾ, ਸੰਜਮ ਤੇ ਸਾਵਧਾਨੀ ਦੀ ਲੋੜ ਹੈ ਤਾਂ ਕਿ ਕਿਸੇ ਦਾ ਵੀ ਜਾਨੀ ਨੁਕਸਾਨ ਨਾ ਹੋਵੇ।

-ਪਰਮ ਪਿਆਰ ਸਿੰਘ
ਨਕੋਦਰ।

11-01-2018

 ਸਰਹੱਦ 'ਤੇ ਤਣਾਅ
ਪਿਛਲੇ ਕਈ ਦਿਨਾਂ ਤੋਂ ਸਰਹੱਦ 'ਤੇ ਚੱਲ ਰਿਹਾ ਤਣਾਅ ਦਾ ਮਹੌਲ ਬੇਹੱਦ ਚਿੰਤਾਜਨਕ ਹੈ। ਇਸੇ ਮਾਹੌਲ ਦੇ ਸਦਕੇ ਪਿਛਲੇ ਦਿਨੀਂ ਚਾਰ ਭਾਰਤੀ ਜਵਾਨਾਂ ਦੀ ਜਾਨ ਗਈ ਸੀ। ਉਸ ਤੋਂ ਬਾਅਦ ਭਾਰਤੀ ਫ਼ੌਜ ਵਲੋਂ ਕੀਤੀ ਜਵਾਬੀ ਕਾਰਵਾਈ, ਜਿਸ ਵਿਚ ਭਾਰਤ ਮੁਤਾਬਕ ਤਿੰਨ ਪਾਕਿਸਤਾਨੀ ਅਧਿਕਾਰੀ ਮਾਰੇ ਗਏ ਸਨ, ਨੂੰ ਅਖ਼ਬਾਰੀ ਦੁਨੀਆ ਨੇ ਭਾਰਤੀ ਫ਼ੌਜ ਨੇ ਲਿਆ ਬਦਲਾ ਕਹਿ ਕੇ ਸੰਬੋਧਨ ਕੀਤਾ ਸੀ। ਉਸ ਦੇ ਕੁਝ ਦਿਨ ਬਾਅਦ ਹੀ ਪੁਲਵਾਮਾ ਵਿਚ ਸੀ.ਆਰ.ਪੀ. ਕੈਂਪ 'ਤੇ ਹੋਏ ਹਮਲੇ ਵਿਚ ਪੰਜ ਭਾਰਤੀ ਜਵਾਨ ਸ਼ਹੀਦ ਹੋ ਗਏ ਹਨ। ਸਵਾਲ ਇਹ ਉੱਠਦਾ ਹੈ ਕਿ ਇਹ ਬਦਲੇ ਦੀ ਆੜ ਵਿਚ ਹੋ ਰਹੀਆਂ ਕਾਰਵਾਈਆਂ ਨੂੰ ਜਾਇਜ਼ ਠਹਿਰਾਇਆ ਜਾ ਸਕਦਾ ਹੈ? ਜਿਨ੍ਹਾਂ ਮਾਵਾਂ ਦੇ ਪੁੱਤ ਇਸ ਬਦਲੇ ਦੀ ਅੱਗ ਵਿਚ ਸ਼ਹੀਦ ਹੁੰਦੇ ਹਨ ਉਨ੍ਹਾਂ ਦਾ ਕਸੂਰ ਕੀ ਹੈ? ਇਹੀ ਕਿ ਉਨ੍ਹਾਂ ਨੇ ਲਾਡਾਂ ਨਾਲ ਪੁੱਤ ਪਾਲ ਕੇ ਫ਼ੌਜ ਵਿਚ ਤੋਰ ਦਿੱਤਾ 'ਜਾ ਪੁੱਤ ਭਾਰਤ ਮਾਂ ਦੀ ਰੱਖਿਆ ਕਰ।' ਕੇਂਦਰ ਸਰਕਾਰ ਨੂੰ ਗੁਆਂਢੀ ਦੇਸ਼ ਪਾਕਿਸਤਾਨ ਨਾਲ ਇਸ ਬਾਰੇ ਗੱਲਬਾਤ ਕਰਕੇ ਇਸ ਸਥਿਤੀ ਨੂੰ ਸੁਲਝਾਉਣ ਦੀ ਲੋੜ ਹੈ।


-ਜੀਤ ਹਰਜੀਤ
ਪ੍ਰੀਤ ਨਗਰ ਹਰੇੜੀ ਰੋਡ ਸੰਗਰੂਰ।


ਰਿਸ਼ਵਤ
ਰਿਸ਼ਵਤ ਤੇ ਭ੍ਰਿਸ਼ਟਾਚਾਰ ਦੇਸ਼ ਨੂੰ ਤਬਾਹ ਕਰਨ ਵਿਚ ਵੱਡਾ ਯੋਗਦਾਨ ਪਾਉਂਦਾ ਹੈ ਤੇ ਸਾਡੇ ਦੇਸ਼ ਨੂੰ ਇਸ ਨੇ ਖੋਖਲਾ ਕੀਤਾ ਹੈ। ਰਿਸ਼ਵਤ ਨੇ ਜਿਸ ਤਰ੍ਹਾਂ ਪੈਰ ਪਸਾਰੇ ਹੋਏ ਹਨ, ਲੋਕਾਂ ਦਾ ਜਿਊਣਾ ਔਖਾ ਹੋ ਗਿਆ ਹੈ। ਪੈਸੇ ਦੇ ਜ਼ੋਰ ਨਾਲ ਹਰ ਗ਼ਲਤ ਕੰਮ ਕਰਵਾਇਆ ਜਾ ਸਕਦਾ ਹੈ ਤੇ ਹੋ ਵੀ ਰਿਹਾ ਹੈ। ਅਦਾਲਤਾਂ 'ਤੇ ਲੋਕਾਂ ਨੂੰ ਆਖਰੀ ਆਸ ਹੁੰਦੀ ਹੈ। ਸਬੂਤ ਕਿੰਨੇ ਤੇ ਕਿਵੇਂ ਦੇ ਚਾਹੀਦੇ ਹਨ, ਠੀਕ ਧਿਰ ਨੂੰ ਸਮਝ ਨਹੀਂ ਪੈਂਦੀ। ਰਿਸ਼ਵਤ ਤੇ ਭ੍ਰਿਸ਼ਟਾਚਾਰ ਸਿਸਟਮ ਦੀਆਂ ਜੜ੍ਹਾਂ ਨੂੰ ਖੋਖਲਾ ਕਰ ਰਿਹਾ ਹੈ ਤੇ ਇਕ ਦਿਨ ਇਸ ਦੇ ਭਿਅੰਕਰ ਨਤੀਜੇ ਸਾਡੇ ਸਾਹਮਣੇ ਆਉਣਗੇ।


-ਪ੍ਰਭਜੋਤ ਕੌਰ ਢਿੱਲੋਂ।


ਨਸ਼ਿਆਂ ਪ੍ਰਤੀ ਜਾਗਰੂਕਤਾ
ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਨਸ਼ਾ ਸਾਡੇ ਸਮਾਜ ਨੂੰ ਅੰਦਰੋਂ-ਅੰਦਰੀ ਘੁਣ ਵਾਂਗ ਖਾਈ ਜਾ ਰਿਹਾ ਹੈ। ਜੇਕਰ ਅੱਜ ਅਸੀਂ ਆਪਣੇ-ਆਪ ਨੂੰ ਤੇ ਆਪਣੇ ਸਮਾਜ ਨੂੰ ਇਨ੍ਹਾਂ ਨਸ਼ਿਆਂ ਦੀ ਦਲਦਲ ਵਿਚੋਂ ਨਾ ਕੱਢਿਆ ਤਾਂ ਸਾਡਾ ਆਉਣ ਵਾਲਾ ਭਵਿੱਖ ਬਹੁਤ ਹੀ ਮਾੜਾ ਹੋਵੇਗਾ। ਸਾਨੂੰ ਨਸ਼ਿਆਂ ਤੋਂ ਹੋਣ ਵਾਲੇ ਮਾੜੇ ਅਸਰ ਬਾਰੇ ਜਾਗਰੂਕ ਹੋਣ ਦੀ ਜ਼ਰੂਰਤ ਹੈ, ਨਾ ਕਿ ਕੰਨੀ ਉਂਗਲਾਂ ਪਾ ਕੇ ਘਰ ਬੈਠਣ ਦੀ, ਕਿਉਂਕਿ ਜਾਗਰੂਕਤਾ ਵਿਚ ਹੀ ਸਭ ਤੋਂ ਵੱਡਾ ਬਚਾਅ ਹੈ।


-ਗੁਰਦੀਪ ਸਿੰਘ
ਘੋਲੀਆ ਕਲਾਂ (ਮੋਗਾ)।

10-01-2018

 ਲੱਚਰ ਗਾਇਕੀ
ਹਰੇਕ ਇਨਸਾਨ ਆਪਣੇ ਮਨ-ਪ੍ਰਚਾਵੇ ਤੇ ਮਨੋਰੰਜਨ ਲਈ ਸੰਗੀਤ ਸੁਣਦਾ ਹੈ, ਪਰ ਅਜੋਕੇ ਸਮੇਂ ਵਿਚ ਲੋਕਾਂ ਸਾਹਮਣੇ ਸੰਗੀਤ ਦੇ ਨਾਂਅ 'ਤੇ ਲੱਚਰਤਾ ਪਰੋਸੀ ਜਾ ਰਹੀ ਹੈ। ਆਮ ਤੌਰ 'ਤੇ ਗਾਇਕ ਅਹਿੰਸਕ, ਅਸ਼ਲੀਲਤਾ ਵਾਲੇ ਗੀਤਾਂ ਰਾਹੀਂ ਲੋਕਾਂ ਦੀ ਮਾਨਸਿਕਤਾ 'ਤੇ ਬੁਰਾ ਪ੍ਰਭਾਵ ਪਾ ਰਹੇ ਹਨ, ਜਿਸ ਨਾਲ ਸਮਾਜ ਵਿਚ ਲੁੱਟਮਾਰ, ਔਰਤਾਂ ਨਾਲ ਛੇੜਛਾੜ ਵਰਗੀਆਂ ਘਟਨਾਵਾਂ ਵਧ ਰਹੀਆਂ ਹਨ। ਇਸ ਵਿਚ ਇਕੱਲੇ ਗਾਇਕਾਂ ਜਾਂ ਸੰਗੀਤਕ ਕੰਪਨੀਆਂ ਦਾ ਦੋਸ਼ ਨਹੀਂ ਹੈ। ਅਸੀਂ ਵੀ ਕੁਝ ਹੱਦ ਤੱਕ ਇਸ ਲਈ ਜ਼ਿੰਮੇਵਾਰ ਹਾਂ, ਕਿਉਂਕਿ ਜਿਸ ਤਰ੍ਹਾਂ ਦਾ ਅਸੀਂ ਸੁਣਦੇ ਹਾਂ, ਉਸ ਤਰ੍ਹਾਂ ਦਾ ਹੀ ਸਾਨੂੰ ਪਰੋਸਿਆ ਜਾ ਰਿਹਾ ਹੈ। ਸਾਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ। ਇਹ ਨਹੀਂ ਕਿ ਸੰਗੀਤ ਦੇ ਖੇਤਰ ਵਿਚ ਸਾਰੇ ਗਾਇਕ ਹੀ ਲੱਚਰਤਾ ਫੈਲਾਉਂਦੇ ਹਨ। ਅੱਜ ਵੀ ਕੁਝ ਅਜਿਹੇ ਗਾਇਕ ਹਨ, ਜੋ ਸਾਫ਼-ਸੁਥਰੇ ਗੀਤਾਂ ਰਾਹੀਂ ਸੱਭਿਆਚਾਰ ਦੀ ਸੇਵਾ ਕਰ ਰਹੇ ਹਨ। ਅਜਿਹੇ ਗਾਇਕਾਂ ਨੂੰ ਸੁਣਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪੰਜਾਬੀ ਗਾਇਕੀ ਲਈ ਸੈਂਸਰ ਬੋਰਡ ਹੋਣਾ ਚਾਹੀਦਾ ਹੈ ਤਾਂ ਜੋ ਕੋਈ ਨਿਸਚਤ ਦਾਇਰੇ ਤੋਂ ਬਾਹਰ ਹੋ ਕੇ ਲੱਚਰਤਾ ਨਾ ਫੈਲਾਅ ਸਕੇ।


-ਕਮਲ ਬਰਾੜ
ਪਿੰਡ ਕੋਟਰੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।


ਘੱਟ-ਗਿਣਤੀਆਂ ਦੇ ਹਾਲਾਤ
ਇਸ ਗੱਲ ਨੂੰ ਪੂਰੀ ਦੁਨੀਆ ਜਾਣਦੀ ਹੈ ਕਿ ਪਾਕਿਸਤਾਨ 'ਚ ਹਿੰਦੂ ਤੇ ਸਿੱਖ ਭਾਈਚਾਰੇ ਦੀ ਜੋ ਦੁਰਗਤੀ ਹੋ ਰਹੀ ਹੈ, ਉਸ ਵਿਰੁੱਧ ਸੁਰ ਉੱਚੀ ਕਰਕੇ ਕੋਈ ਵਿਕਾਸਸ਼ੀਲ ਦੇਸ਼ ਬੋਲਣ ਲਈ ਤਿਆਰ ਨਹੀਂ। ਇਥੋਂ ਤੱਕ ਕੇ ਖ਼ੁਦ ਯੂ.ਐਨ.ਓ. ਵੀ ਹਿੰਦੂ ਸਮੁਦਾਇ ਦੇ ਲੋਕਾਂ 'ਤੇ ਸਿੱਖ ਭਾਈਚਾਰੇ ਦੇ ਜਬਰੀ ਧਰਮ ਪਰਿਵਰਤਨ, ਬੱਚਿਆਂ ਤੇ ਔਰਤਾਂ ਦੇ ਰਕਤ-ਪਾਤ ਲਈ ਜ਼ਿੰਮੇਵਾਰ ਸਮਾਜ ਵਿਰੋਧੀ ਅਨਸਰਾਂ 'ਤੇ ਪਾਬੰਦੀ ਲਾਉਣ ਲਈ ਸਰਕਾਰ 'ਤੇ ਕੋਈ ਦਬਾਅ ਨਹੀਂ ਬਣਾ ਰਿਹਾ। ਇਸ ਦੇ ਉਲਟ ਜੇਕਰ ਭਾਰਤ ਸਰਕਾਰ ਨੇ ਉਥੋਂ ਦੇ ਕੱਟੜ-ਪੰਥੀਆਂ ਤੇ ਅੱਤਵਾਦੀ ਸੰਗਠਨ ਵਿਰੁੱਧ ਕੋਈ ਕਾਰਵਾਈ ਕਰਨ ਲਈ ਕਿਹਾ ਤਾਂ ਸਾਡੇ ਗੁਆਂਢੀ ਮੁਲਕ ਚੀਨ ਵਰਗੇ ਦੇਸ਼ ਇਸ ਗੱਲ ਨੂੰ ਕੋਈ ਬਹੁਤੀ ਤਵਜੋ ਨਹੀਂ ਦੇਣ ਦਿੰਦੇ। ਹੋਰ ਤਾਂ ਹੋਰ ਅਮਰੀਕਾ ਵਰਗੇ ਦੇਸ਼ ਵੀ ਸਾਡੇ ਨਾਲ ਪਾਕਿਸਤਾਨ ਵਿਚ ਪਨਪ ਰਹੇ ਅੱਤਵਾਦ ਬਾਰੇ ਦੋਗਲੀ ਖੇਡ ਖੇਡ ਕੇ ਚਲੇ ਜਾਂਦੇ ਹਨ।


-ਮਨਦੀਪ ਕੁੰਦੀ ਤਖ਼ਤੂਪੁਰਾ
(ਮੋਗਾ)।


ਸਹਿਯੋਗ ਜ਼ਰੂਰੀ
ਕਣਕ-ਝੋਨੇ ਦਾ ਪੱਕਾ ਸਮਰਥਨ ਮੁੱਲ ਅਤੇ ਸਹੀ ਮੰਡੀਕਰਨ ਹੋਣ ਕਾਰਨ ਕਿਸਾਨ ਕਈ ਸਾਲਾਂ ਤੋਂ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚ ਹੀ ਘੁੰਮਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਅਜਿਹੇ ਫ਼ਸਲੀ ਚੱਕਰ ਕਾਰਨ ਪੰਜਾਬ ਵਿਚ ਲਗਾਤਾਰ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨ-ਬ-ਦਿਨ ਨੀਵਾਂ ਹੁੰਦਾ ਜਾ ਰਿਹਾ ਹੈ ਤੇ ਝੋਨੇ ਦੀ ਕਟਾਈ ਪਿੱਛੋਂ ਖੇਤਾਂ ਵਿਚ ਬਚੀ ਪਰਾਲੀ ਨੂੰ ਅੱਗ ਲਗਾਉਣ ਕਾਰਨ ਪੈਦਾ ਹੋਣ ਵਾਲੇ ਪ੍ਰਦੂਸ਼ਣ ਨਾਲ ਸਿਹਤ ਸਬੰਧੀ ਅਨੇਕਾਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਭਾਵੇਂ ਕਿ ਇਹ ਵੀ ਸੱਚ ਹੈ ਕਿ ਪ੍ਰਦੂਸ਼ਣ ਫੈਲਾਉਣ ਵਿਚ ਇੱਟਾਂ ਦੇ ਭੱਠੇ, ਲੋਹਾ ਪਿਘਲਾਉਣ ਵਾਲੀਆਂ ਭੱਠੀਆਂ ਤੇ ਕਈ ਕਿਸਮ ਦੀਆਂ ਫੈਕਟਰੀਆਂ ਦਾ ਵੀ ਸਾਰਾ ਸਾਲ ਪ੍ਰਦੂਸ਼ਣ ਫੈਲਾਉਣ ਵਿਚ ਵੱਡਾ ਹਿੱਸਾ ਰਹਿੰਦਾ ਹੈ ਪਰ ਉਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੁੰਦਾ। ਸਰਕਾਰਾਂ ਗੰਭੀਰ ਹਨ ਤਾਂ ਉਨ੍ਹਾਂ ਨੂੰ ਬਦਲਵੇਂ ਤਰੀਕੇ ਵੀ ਸੁਝਾਉਣੇ ਚਾਹੀਦੇ ਹਨ। ਲੋਕ ਵੀ ਸਰਕਾਰਾਂ ਦਾ ਸਹਿਯੋਗ ਦੇਣ, ਕਿਉਂਕਿ ਹਵਾ ਪ੍ਰਦੂਸ਼ਣ ਅੱਜ ਬੇਹੱਦ ਗੰਭੀਰ ਸਮੱਸਿਆ ਹੈ।


-ਮਾਸਟਰ ਦੇਵ ਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

08-01-2018

 ਗ਼ਰੀਬੀ ਦੀ ਰੇਖਾ
ਆਜ਼ਾਦੀ ਦੇ 70 ਵਰ੍ਹੇ ਗੁਜ਼ਰ ਜਾਣ ਤੋਂ ਬਾਅਦ ਵੀ ਦੇਸ਼ ਦੀ ਕੁੱਲ ਆਬਾਦੀ ਦਾ ਲਗਪਗ 21 ਫ਼ੀਸਦੀ ਹਿੱਸਾ ਅਜੇ ਵੀ ਗ਼ਰੀਬੀ ਨਾਲ ਘੁਲ ਰਿਹਾ ਹੈ। ਦੇਸ਼ ਵਿਚ ਗ਼ਰੀਬੀ ਦੇ ਮੁੱਖ ਕਾਰਨ ਵਧਦੀ ਜਨ-ਸੰਖਿਆ, ਅਨਪੜ੍ਹਤਾ, ਬੇਰੁਜ਼ਗਾਰੀ ਆਦਿ ਹਨ। ਛੱਤੀਸਗੜ੍ਹ ਵਿਚ ਸਾਲ 2012-13 ਦੇ ਅੰਕੜਿਆਂ ਅਨੁਸਾਰ 40 ਫ਼ੀਸਦੀ ਲੋਕ ਗਰੀਬੀ ਰੇਖਾ ਤੋਂ ਥੱਲੇ ਜੀਵਨ ਬਸਰ ਕਰ ਰਹੇ ਹਨ। ਗੋਆ ਵਿਚ ਸਭ ਤੋਂ ਘੱਟ ਗ਼ਰੀਬੀ 5 ਫ਼ੀਸਦੀ ਜਦਕਿ ਪੰਜਾਬ ਲਗਪਗ 8 ਫ਼ੀਸਦੀ ਪੰਜਵੇਂ ਸਥਾਨ 'ਤੇ ਹੈ। ਇਸ ਦੇ ਹੱਲ ਲਈ ਸਰਕਾਰਾਂ ਨੂੰ ਰੁਜ਼ਗਾਰ ਦੇ ਵਧੇਰੇ ਸਾਧਨ ਜੁਟਾਉਣੇ ਪੈਣਗੇ। ਜਿੰਨਾ ਸਮਾਂ ਦੇਸ਼ ਵਿਚੋਂ ਬੇਰੁਜ਼ਗਾਰੀ ਖ਼ਤਮ ਨਹੀਂ ਹੁੰਦੀ, ਓਨਾ ਸਮਾਂ ਦੇਸ਼ ਦੀ ਜਨਤਾ ਦਾ ਵੱਡਾ ਹਿੱਸਾ ਗਰੀਬੀ ਰੇਖਾ ਤੋਂ ਥੱਲੇ ਘੋਲ ਕਰਦਾ ਰਹੇਗਾ।


-ਤਰਸੇਮ ਲੰਡੇ
ਪਿੰਡ ਲੰਡੇ, ਮੋਗਾ।


ਅੰਧ-ਵਿਸ਼ਵਾਸ...
ਇਕ ਸੱਚਾ ਗੁਰੂ ਹੀ ਆਪਣੇ ਭਗਤਾਂ ਨੂੰ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਉਸ ਨੂੰ ਸਹੀ ਰਸਤਾ ਦਿਖਾਉਂਦਾ ਹੈ ਤੇ ਉਸ ਨੂੰ ਸਹੀ ਗਲਤ ਦਾ ਫ਼ਰਕ ਦੱਸਦਾ ਹੈ। ਦਿੱਲੀ ਦੇ ਅਧਿਆਤਮਿਕ ਵਿਦਿਆਲਾ ਦੇ ਸੰਚਾਲਕ ਵੀਰੇਂਦਰ ਦੇਵ ਦੀਕਸ਼ਿਤ ਦਾ ਨਾਂਅ ਵੀ ਹੁਣ ਉਨ੍ਹਾਂ ਢੋਂਗੀ ਬਾਬਿਆਂ ਦੀ ਸੂਚੀ ਵਿਚ ਸ਼ਾਮਿਲ ਹੈ, ਜਿਸ ਨੇ ਸੈਂਕੜੇ ਮਾਸੂਮ ਕੁੜੀਆਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕੀਤਾ ਹੈ। ਇਨ੍ਹਾਂ ਦੇ ਕਸੂਰਵਾਰ ਹੋਣ ਦੇ ਨਾਲ-ਨਾਲ ਕਸੂਰਵਾਰ ਉਹ ਮਾਂ-ਬਾਪ ਹਨ ਜੋ ਇਨ੍ਹਾਂ ਢੋਂਗੀ ਬਾਬਿਆਂ ਦੇ ਚੁੰਗਲ ਵਿਚ ਫਸ ਕੇ ਆਪਣਾ ਸਭ ਕੁਝ ਤਿਆਗ ਕੇ ਆਪਣੀਆਂ ਮਾਸੂਮ ਬੇਟੀਆਂ ਨੂੰ ਇਨ੍ਹਾਂ ਬਾਬਿਆਂ ਦੇ ਹਵਾਲੇ ਕਰ ਦਿੰਦੇ ਹਨ। ਕੀ ਇਨ੍ਹਾਂ ਮਾਪਿਆਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਕਿ ਉਹ ਆਪਣੀਆਂ ਕੁੜੀਆਂ ਨੂੰ ਪੜ੍ਹਾ-ਲਿਖਾ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ। ਘਰ ਵਿਚ ਮੁੰਡੇ ਵੀ ਹੁੰਦੇ ਹਨ, ਉਨ੍ਹਾਂ ਨੂੰ ਕਿਉਂ ਨਹੀਂ ਕਿਸੇ ਆਸ਼ਰਮ 'ਚ ਭੇਜਦੇ। ਕੀ ਮੁੰਡਿਆਂ ਨੂੰ ਧਾਰਮਿਕ ਸਿੱਖਿਆ ਦੀ ਲੋੜ ਨਹੀਂ ਹੈ, ਜੇਕਰ ਅਸੀਂ ਆਪ ਸੋਚ ਸਮਝ ਕੇ ਸਹੀ ਕਦਮ ਚੁੱਕੀਏ ਤਾਂ ਇਨ੍ਹਾਂ ਢੋਂਗੀ ਬਾਬਿਆਂ ਦਾ 'ਅਯਾਸ਼ੀ ਦਾ ਅੱਡਾ' ਬੰਦ ਹੋਵੇਗਾ ਤੇ ਕਿਸੇ ਮਾਸੂਮ ਕੁੜੀ ਨੂੰ ਇਨ੍ਹਾਂ ਬਾਬਿਆਂ ਦੇ ਹੱਥੋਂ ਸ਼ਰਮਸਾਰ ਨਹੀਂ ਹੋਣਾ ਪਵੇਗਾ।


-ਭਾਵਨਾ
ਕੇ.ਐਮ.ਵੀ. ਕਾਲਜ, ਜਲੰਧਰ।


ਛੁੱਟੀਆਂ 'ਚ ਕਟੌਤੀ
ਛੁੱਟੀਆਂ ਦੀ ਬਹੁਤਾਤ ਨੇ ਸਾਨੂੰ ਆਲਸੀ ਬਣਾ ਦਿੱਤਾ ਹੈ। ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਛੁੱਟੀਆਂ 'ਚ ਕਟੌਤੀ ਕਰ ਕੇ ਬਹੁਤ ਵਧੀਆ ਕੰਮ ਕੀਤਾ ਹੈ। ਸਾਡੇ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਮਹੀਨੇ 'ਚ ਕਰੀਬ 20-22 ਦਿਨ ਹੀ ਸਕੂਲ ਲਗਦਾ ਹੈ, ਅਧਿਆਪਕ ਵੀ ਘਰੇ ਮੌਜਾਂ ਲੈਂਦੇ ਹਨ ਤੇ ਬੱਚੇ ਵੀ। ਅਸਲ ਵਿਚ ਹੋਣਾ ਤਾਂ ਇਹ ਚਾਹੀਦਾ ਹੈ ਕਿ ਕਿਸੇ ਮਹਾਨ ਸ਼ਖ਼ਸੀਅਤ ਨੂੰ ਸਮਰਪਿਤ ਦਿਨਾਂ ਦੀ ਛੁੱਟੀ ਕਰਨ ਦੀ ਬਜਾਏ ਬੱਚਿਆਂ ਨੂੰ ਸਕੂਲ 'ਚ ਇਸ ਦਿਨ ਦੀ ਮਹੱਤਤਾ ਬਾਰੇ ਦੱਸਿਆ ਜਾਣਾ ਚਾਹੀਦਾ ਹੈ ਤਾਂ ਜੋ ਬੱਚੇ ਉਨ੍ਹਾਂ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਹਾਸਲ ਕਰਕੇ ਇਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਨਾਉਣ।


-ਸਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆਂ, ਡਾਕ: ਚੀਮਾ ਖੁੱਡੀ, ਜ਼ਿਲ੍ਹਾ ਗੁਰਦਾਸਪੁਰ।

03-01-2018

 ਵਿਦੇਸ਼ ਜਾਣ ਦੀ ਹੋੜ
ਨੌਜਵਾਨਾਂ ਨੂੰ ਆਮ ਤੌਰ 'ਤੇ ਦੇਸ਼ ਦਾ ਭਵਿੱਖ ਕਿਹਾ ਜਾਂਦਾ ਹੈ। ਉਹ ਨੌਜਵਾਨ ਆਪਣੇ ਖੁਦ ਦਾ ਭਵਿੱਖ ਬਣਾਉਣ ਲਈ ਵਿਦੇਸ਼ ਜਾਣ ਨੂੰ ਤਰਜੀਹ ਦੇ ਰਹੇ ਹਨ ਕਿਉਂਕਿ ਇਥੇ ਉਹ ਆਪਣੇ ਭਵਿੱਖ ਸਬੰਧੀ ਆਸਵੰਦ ਨਹੀਂ ਹਨ। ਨੌਜਵਾਨਾਂ ਵਿਚ ਵਿਦੇਸ਼ਾਂ ਵਿਚ ਜਾਣ ਦੀ ਲਾਲਸਾ ਇੰਨੀ ਵਧ ਗਈ ਹੈ ਕਿ ਉਹ ਸਿੱਧੇ ਜਾਂ ਅਸਿੱਧੇ ਢੰਗ ਨਾਲ ਜਾਣ ਲਈ ਟ੍ਰੈਵਲ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ। ਇਸ ਤੋਂ ਇਲਾਵਾ ਸ਼ਹਿਰਾਂ ਵਿਚ ਆਈਲੈਟਸ ਕੋਚਿੰਗ ਸੈਂਟਰ ਵੀ ਮਨਮਰਜ਼ੀ ਨਾਲ ਫੀਸਾਂ ਵਸੂਲ ਰਹੇ ਹਨ। ਨੌਜਵਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਦੇਸ਼ ਲਈ ਕੁਝ ਕਰਨ। ਉਹ ਇਥੇ ਰਹਿ ਕੇ ਵੀ ਜੇਕਰ ਪੂਰੀ ਸ਼ਿੱਦਤ ਨਾਲ ਕੰਮ ਕਰਦੇ ਹਨ ਤਾਂ ਇਥੇ ਰਹਿ ਕੇ ਵੀ ਕਾਮਯਾਬ ਹੋ ਸਕਦੇ ਹਨ। ਇਸ ਲਈ ਨੌਜਵਾਨਾਂ ਨੂੰ ਮਾਨਸਿਕਤਾ ਬਦਲਣ ਦੀ ਲੋੜ ਹੈ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ,
ਸ੍ਰੀ ਮੁਕਤਸਰ ਸਾਹਿਬ।


ਪਕੋਕਾ ਕਾਨੂੰਨ
ਮੌਜੂਦਾ ਸਮੇਂ, ਸਾਡਾ ਪੰਜਾਬ ਬੇਸ਼ੁਮਾਰ ਅਪਰਾਧਕ ਸਮੱਸਿਆਵਾਂ ਦੀ ਅੱਗ 'ਚ ਭੁੱਜ ਰਿਹਾ ਹੈ। ਸੂਬੇ ਅੰਦਰ ਆਏ ਦਿਨ ਵਾਪਰਦੀਆਂ ਅਣਮਨੁਖੀ ਘਟਨਾਵਾਂ ਦੀਆਂ ਖ਼ਬਰਾਂ ਪੜ੍ਹ/ਸੁਣ ਕੇ ਮਨ ਉਦਾਸ ਹੋ ਜਾਂਦਾ ਹੈ। ਕਦੇ-ਕਦੇ ਤਾਂ ਇੰਜ ਪ੍ਰਤੀਤ ਹੁੰਦਾ ਹੈ ਕਿ ਇਥੇ ਕਾਨੂੰਨ ਨਾਂਅ ਦੀ ਕੋਈ ਚੀਜ਼ ਹੀ ਨਹੀਂ ਹੈ। ਦਿਨ-ਬਦਿਨ ਵਧ ਰਹੇ ਅਪਰਾਧਾਂ ਨੂੰ ਰੋਕਣ ਲਈ ਕਿਸੇ ਸਖ਼ਤ ਕਾਨੂੰਨ ਦੀ ਬੇਹੱਦ ਲੋੜ ਹੈ। ਕਾਨੂੰਨ ਦੀ ਸਖ਼ਤੀ ਹੀ ਮਨੁੱਖਤਾ ਦਾ ਘਾਣ ਤੇ ਬੇੜਾ ਗਰਕ ਕਰਨ ਵਾਲਿਆਂ ਨੂੰ ਨੱਥ ਪਾ ਸਕਦੀ ਹੈ। ਸੋ, ਜੇਕਰ ਪੰਜਾਬ ਸਰਕਾਰ ਵਾਕਿਆ ਹੀ ਸੱਚੇ ਦਿਲੋਂ ਅਪਰਾਧਾਂ ਨੂੰ ਠੱਲ੍ਹਣ ਲਈ ਕੋਈ ਨਵਾਂ ਕਾਨੂੰਨ ਬਣਾ ਰਹੀ ਹੈ ਤਾਂ ਅਸੀਂ ਇਸ ਦਾ ਸਵਾਗਤ ਕਰਾਂਗੇ ਅਤੇ ਆਸ ਪ੍ਰਗਟਾਵਾਂਗੇ ਕਿ ਇਹ ਬਣਨ ਵਾਲਾ ਨਵਾਂ ਕਾਨੂੰਨ ਨਿਰੋਲ ਲੋਕ-ਪੱਖੀ ਹੋਵੇਗਾ। ਇਸ ਕਾਨੂੰਨ ਤਹਿਤ ਕਿਸੇ ਨਾਲ ਵੀ ਜ਼ਿਆਦਤੀ ਨਹੀਂ ਹੋਵੇਗੀ ਅਤੇ ਇਸ ਦੇ ਸਾਰਥਕ ਨਤੀਜੇ ਨਿਕਲਣਗੇ।


-ਸੁਖਦੇਵ ਰਾਮ
ਅੱਪਰਾ, ਤਹਿਸੀਲ ਫਿਲੌਰ (ਜਲੰਧਰ)


ਹਾਦਸਾ-ਦਰ-ਹਾਦਸਾ
ਆਵਾਜਾਈ ਦੇ ਸਾਧਨ ਕਾਫ਼ੀ ਵਧ ਚੁੱਕੇ ਹਨ ਅਤੇ ਦੇਸ਼ ਅੰਦਰ ਸੜਕਾਂ ਦਾ ਵੀ ਜਾਲ ਵਿਛਿਆ ਹੋਇਆ ਹੈ। ਲੋਕ ਸਿੱਖਿਆ ਪੱਖੋਂ ਵੀ ਕਾਫ਼ੀ ਸਿੱਖਿਅਤ ਹੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਆਏ ਦਿਨ ਸੜਕੀ ਹਾਦਸਿਆਂ ਵਿਚ ਚੋਖਾ ਵਾਧਾ ਹੋ ਰਿਹਾ ਹੈ। ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇ, ਜਿਸ ਦਿਨ ਕਿਸੇ ਹਾਦਸੇ ਦੀ ਖ਼ਬਰ ਨਾ ਅਖ਼ਬਾਰ ਵਿਚ ਛਪੀ ਹੋਵੇ। ਇਨ੍ਹਾਂ ਹਾਦਸਿਆਂ ਕਾਰਨ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ ਜੋ ਸਾਡੇ ਸਭ ਲਈ ਚਿੰਤਾ ਦਾ ਵਿਸ਼ਾ ਹੈ। ਲੋੜ ਤੋਂ ਵੱਧ ਕਾਹਲੀ ਅਤੇ ਲਾਪ੍ਰਵਾਹੀ ਜਿਥੇ ਹਾਦਸਿਆਂ ਦਾ ਕਾਰਨ ਬਣਦੀ ਹੈ, ਉਥੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਵੀ ਦੁਰਘਟਨਾਵਾਂ ਦਾ ਪ੍ਰਮੁੱਖ ਕਾਰਨ ਹੈ। ਸੋ, ਲੋੜ ਹੈ ਸਰਕਾਰੀ ਅਤੇ ਗ਼ੈਰ-ਸਰਕਾਰੀ ਪੱਧਰ 'ਤੇ ਯੋਗ ਕਦਮ ਚੁੱਕਣ ਦੀ, ਜੋ ਇਨ੍ਹਾਂ ਸੜਕੀ ਦੁਰਘਟਨਾਵਾਂ ਨੂੰ ਠੱਲ੍ਹ ਪਾ ਸਕੇ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

02-01-2018

 ਪੰਜਾਬੀ ਭਾਸ਼ਾ ਪ੍ਰਤੀ ਬੇਰੁਖ਼ੀ
ਪੰਜਾਬ ਵਿਚ ਹੀ ਅਨੇਕਾਂ ਘਰਾਂ-ਪਰਿਵਾਰਾਂ ਵਿਚ ਪੰਜਾਬੀ ਭਾਸ਼ਾ ਨੂੰ ਆਮ ਬੋਲਚਾਲ ਵਜੋਂ ਬੋਲਣ ਤੋਂ ਗੁਰੇਜ਼ ਕੀਤਾ ਜਾਣ ਲੱਗ ਪਿਆ ਹੈ ਅਤੇ ਹਿੰਦੀ ਜਾਂ ਅੰਗਰੇਜ਼ੀ ਭਾਸ਼ਾ ਨੂੰ ਬੋਲਣ ਵਿਚ ਫ਼ਖ਼ਰ ਮਹਿਸੂਸ ਕੀਤਾ ਜਾਂਦਾ ਹੈ। ਅਜਿਹਾ ਰੁਝਾਨ ਪੰਜਾਬੀ ਸੱਭਿਆਚਾਰ, ਪੰਜਾਬੀ ਸੱਭਿਅਤਾ ਅਤੇ ਪੰਜਾਬੀ ਇਤਿਹਾਸ ਲਈ ਵੀ ਗੰਭੀਰ ਵਿਸ਼ਾ ਹੈ। ਦੂਜੀਆਂ ਭਾਸ਼ਾਵਾਂ ਸਿੱਖਣਾ ਚੰਗੀ ਗੱਲ ਹੈ ਪਰ ਆਪਣੀ ਮਾਤ ਭਾਸ਼ਾ 'ਪੰਜਾਬੀ' ਨੂੰ ਆਪਸੀ ਗੱਲਬਾਤ ਸਮੇਂ ਅਤੇ ਘਰਾਂ-ਪਰਿਵਾਰਾਂ ਵਿਚ ਹੀ ਖੁੱਡੇ ਲਾਈਨ ਲਾ ਕੇ ਰੱਖਣਾ ਸਾਡੀ ਅਣਖ ਅਤੇ ਗ਼ੈਰਤ ਦੇ ਵੀ ਖਿਲਾਫ਼ ਹੈ। ਸਾਨੂੰ ਚਾਹੀਦਾ ਹੈ ਕਿ ਘਰ-ਪਰਿਵਾਰ ਵਿਚ ਅਤੇ ਨਵੀਂ ਪੀੜ੍ਹੀ ਨਾਲ ਗੱਲਬਾਤ ਸਮੇਂ ਪੰਜਾਬੀ ਭਾਸ਼ਾ ਨੂੰ ਪਹਿਲ ਦੇਈਏ ਅਤੇ ਵਿਸ਼ਵ ਵਿਚ ਇਸ ਦਾ ਪਰਚਮ ਲਹਿਰਾਏ।

-ਮਾਸਟਰ ਸੰਜੀਵ ਧਰਮਾਣੀ
ਪਿੰਡ ਸੱਧੇਵਾਲ, ਸ੍ਰੀ ਅਨੰਦਪੁਰ ਸਾਹਿਬ।

ਆਪਾ ਬਚਾਓ, ਰੁੱਖ ਲਾਓ
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਲੋਂ ਉੱਤਰੀ ਸੂਬਿਆਂ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ ਦੀ ਵਾਤਾਵਰਨ ਪ੍ਰਦੂਸ਼ਣ 'ਤੇ ਝਾੜਝੰਬ ਕੀਤੀ ਗਈ, ਕਿਉਂਕਿ ਸਰਕਾਰਾਂ ਐਨ.ਜੀ.ਟੀ. ਦੇ ਹੁਕਮਾਂ ਨੂੰ ਆਪਣੇ ਰਾਜਾਂ ਵਿਚ ਲਾਗੂ ਕਰਨ 'ਚ ਨਾਕਾਮ ਰਹੀਆਂ ਹਨ। ਹੁਣ ਸਰਕਾਰਾਂ ਦੇ ਵਿੱਤੀ ਖਾਤੇ ਜ਼ਬਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਭਾਵੇਂ 2017-18 'ਚ ਦੋ ਕਰੋੜ ਬੂਟਾ ਲਾਉਣ ਦਾ ਟੀਚਾ ਮਿਥਿਆ ਗਿਆ ਹੈ ਪਰ ਸਰਕਾਰਾਂ ਦੀ ਟੇਕ ਕੇਂਦਰੀ ਫੰਡਾਂ 'ਤੇ ਹੋਣ ਦੇ ਬਾਵਜੂਦ ਟੀਚਾ ਸਰ ਕਰਨਾ ਮੁਸ਼ਕਿਲ ਜਾਪਦਾ ਹੈ। ਸਰਕਾਰ ਪੰਜਾਬ ਦੇ ਪਿੰਡਾਂ ਦੇ ਸਰਪੰਚਾਂ ਨੂੰ ਗੰਭੀਰਤਾ ਨਾਲ ਹੁਕਮ ਜਾਰੀ ਕਰੇ ਅਤੇ ਹਰ ਇਕ ਪਿੰਡ ਨੂੰ ਇਕ ਨਿਰਧਾਰਤ ਟੀਚੇ 'ਤੇ ਬੂਟੇ ਲਗਾਉਣ ਦੀ ਹਦਾਇਤ ਦੇਵੇ। ਬਾਕਾਇਦਾ ਲਾਏ ਬੂਟਿਆਂ ਦਾ ਰਿਕਾਰਡ ਬਣਾਏ ਤਾਂ ਨਤੀਜੇ ਫ਼ੈਸਲਾਕੁੰਨ ਹੋ ਸਕਦੇ ਹਨ। ਵੱਡੇ-ਵੱਡੇ ਸੜਕੀ ਪ੍ਰਾਜੈਕਟਾਂ ਦੀ ਆੜ 'ਚ ਰੁੱਖਾਂ ਦੀਆਂ ਜੜ੍ਹਾਂ 'ਤੇ ਚਲਦਾ ਆਰਾ ਮਨੁੱਖਤਾ ਦੇ ਘਾਣ ਦਾ ਸੂਚਕ ਹੈ। ਸਾਨੂੰ ਵਿਰਾਸਤੀ ਰੁੱਖ ਲਾ ਕੇ ਆਪਣੀਆਂ ਲੋੜਾਂ ਨੂੰ ਸੀਮਤ ਰੱਖਣਾ ਪਏਗਾ। ਯਾਦ ਰਹੇ ਕੁਦਰਤ ਨਾਲ ਕੀਤਾ ਖਿਲਵਾੜ ਵਿਨਾਸ਼ਕਾਰੀ ਹੈ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲਾ ਲੁਧਿਆਣਾ।

ਕੁੱਤਿਆਂ 'ਤੇ ਪਾਬੰਦੀ
ਮੈਨੂੰ ਸਮਝ ਨਹੀਂ ਆਉਂਦੀ ਪੰਜਾਬ ਦੇ ਲੋਕ ਕਿਹੜੇ ਪਾਸੇ ਤੁਰ ਪਏ ਹਨ। ਕਦੇ ਪੰਜਾਬੀ ਮੱਝਾਂ, ਗਾਵਾਂ, ਬੱਕਰੀਆਂ, ਕੁਕੜੀਆਂ ਆਦਿ ਦੇ ਸ਼ੌਕੀਨ ਹੁੰਦੇ ਸੀ, ਜੋ ਘਰ ਵਿਚ ਆਮਦਨੀ ਦਾ ਛੋਟਾ ਅਜਿਹਾ ਸਾਧਨ ਵੀ ਸਨ। ਬੱਕਰੀ ਹਰ ਘਰੇ ਫਰਿੱਜ ਦਾ ਕੰਮ ਦਿੰਦੀ ਸੀ, ਭਾਵ ਜਦੋਂ ਦੁੱਧ ਦੀ ਲੋੜ ਪਈ, ਉਸੇ ਵਕਤ ਚੋਅ ਲਈ। ਅੱਜਕਲ੍ਹ ਲੋਕ ਕੁੱਕੜ, ਬੱਕਰੀ ਆਦਿ ਜਾਨਵਰਾਂ ਨੂੰ ਗੰਦ ਪਾਊ ਜਾਨਵਰ ਦੱਸਦੇ ਹਨ ਤੇ ਕੁੱਤਿਆਂ ਨੂੰ ਏ.ਸੀ. 'ਚ ਬਿਠਾਉਂਦੇ ਹਨ। ਇਨ੍ਹਾਂ ਲੜਾਕੂ ਕੁੱਤਿਆਂ ਨਾਲ ਰਹਿ ਕੇ ਲੋਕ ਇਨ੍ਹਾਂ ਵਰਗੇ ਲੜਾਕੂ ਜ਼ਰੂਰ ਬਣ ਗਏ ਹਨ। ਜਿਸ ਪਿੱਟ ਬੁੱਲ ਦੀ ਗੱਲ ਕਰਦੇ ਆ, ਉਸ ਦੀਆਂ ਕਈ ਵੀਡੀਓ ਆਈਆਂ ਹਨ, ਜਿਸ ਵਿਚ ਇਹ ਮਨੁੱਖਾਂ ਨੂੰ ਮਾਰ ਦਿੰਦੇ ਹਨ। ਪਰ ਸਾਡੇ ਦੇਸ਼ 'ਚ ਨਾ ਤਾਂ ਪ੍ਰਸ਼ਾਸਨ ਕਾਨੂੰਨ ਲਾਗੂ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਦਾ ਹੈ ਤੇ ਨਾ ਹੀ ਲੋਕ ਕਾਨੂੰਨ ਦੀ ਪਰਵਾਹ ਕਰਦੇ ਹਨ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

01-01-2018

 ਵਿਆਹਾਂ ਦੀ ਦਹਿਸ਼ਤ
ਪੰਜਾਬ ਦੇ ਵਿਆਹਾਂ ਵਿਚ ਪਿਛਲੇ ਸਮੇਂ ਦੌਰਾਨ ਵਾਪਰ ਰਹੀਆਂ ਗੋਲੀ ਚੱਲਣ ਦੀਆਂ ਘਟਨਾਵਾਂ ਬਹੁਤ ਚਿੰਤਾਜਨਕ ਹਨ। ਪੰਜਾਬੀ ਗੀਤਾਂ ਦੀ ਹਿੰਸਕ ਅਤੇ ਭੜਕਾਊ ਸ਼ਬਦਾਵਲੀ, ਸ਼ਰਾਬ ਦਾ ਨਸ਼ਾ ਅਤੇ ਜ਼ਿਹਨੀਅਤ ਦਾ ਖੋਖਲਾਪਨ ਨੱਚਦੇ ਸਮੇਂ ਹਥਿਆਰ ਚਲਾਉਣ ਲਈ ਮਜਬੂਰ ਕਰ ਦਿੰਦਾ ਹੈ ਅਤੇ ਦੁਖਦਾਈ ਨਤੀਜੇ ਵਜੋਂ ਕੋਈ ਬੇਕਸੂਰ ਮਾਰਿਆ ਜਾਂਦਾ ਹੈ। ਪੰਜਾਬੀ ਸਮਾਜ ਨੇ ਪਿਛਲੇ ਕੁਝ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਤੋਂ ਕੋਈ ਸਬਕ ਨਹੀਂ ਲਿਆ, ਜਿਸ ਕਾਰਨ ਅਜਿਹੀਆਂ ਘਟਨਾਵਾਂ ਨਿਰੰਤਰ ਵਾਪਰ ਰਹੀਆਂ ਹਨ। ਪ੍ਰਸ਼ਾਸਨ ਨੂੰ ਅਜਿਹੀਆਂ ਘਟਨਾਵਾਂ 'ਤੇ ਸਖਤੀ ਨਾਲ ਨਜਿੱਠਣਾ ਚਾਹੀਦਾ ਹੈ ਤਾਂ ਕਿ ਭਵਿੱਖ ਵਿਚ ਅਜਿਹੀਆਂ ਮੰਦਭਾਗੀ ਘਟਨਾਵਾਂ ਨਾ ਵਾਪਰ ਸਕਣ।


-ਮਨਿੰਦਰ ਸਿੰਘ
ਸਹਾਇਕ ਪ੍ਰੋ:, ਅਰਜਨ ਦਾਸ ਕਾਲਜ, ਧਰਮਕੋਟ (ਮੋਗਾ)।


ਆਪਣੀ ਸੋਚ ਬਦਲੀਏ
ਦਾਜ ਲੈਣਾ, ਮੰਗਣਾ ਜਾਂ ਦਾਜ ਲਈ ਕਿਸੇ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨਾ, ਅਸੱਭਿਅਕ, ਗ਼ੈਰ-ਮਨੁੱਖੀ, ਅਸਮਾਜਿਕ ਕਾਰਾ ਹੈ। ਇਹ ਹੱਸਦੇ ਵਸਦੇ ਘਰ ਨੂੰ ਉਜਾੜ ਕੇ ਰੱਖ ਦਿੰਦਾ ਹੈ। ਜੇਕਰ ਅਸੀਂ ਸਭ ਇਸ ਬਾਰੇ ਆਪਣੀ ਸੋਚ ਅਤੇ ਵਿਹਾਰ ਬਦਲ ਲਈਏ ਅਤੇ ਦਾਜ ਲੈਣ-ਦੇਣ ਤੋਂ ਤੌਬਾ ਕਰ ਲਈਏ ਤਾਂ ਘਰ, ਸਮਾਜ ਤੇ ਦੇਸ਼ ਤਰੱਕੀ ਤੇ ਖੁਸ਼ਹਾਲੀ ਪ੍ਰਾਪਤ ਕਰ ਸਕਦਾ ਹੈ। ਆਓ, ਇਸ ਬਾਰੇ ਉਸਾਰੂ ਸੋਚ ਅਪਣਾਈਏ।


-ਮਾ: ਸੰਜੀਵ ਧਰਮਾਣੀ,
ਪਿੰਡ ਸੱਧੇਵਾਲ, ਸ੍ਰੀ ਆਨੰਦਪੁਰ ਸਾਹਿਬ (ਰੂਪ ਨਗਰ)।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX