ਤਾਜਾ ਖ਼ਬਰਾਂ


ਸਾਉਦੀ ਅਰਬ ਭਾਰਤ 'ਚ ਨਿਵੇਸ਼ ਕਰੇਗਾ 100 ਅਰਬ ਡਾਲਰ ਦਾ ਨਿਵੇਸ਼ - ਵਿਦੇਸ਼ ਮੰਤਰਾਲਾ
. . .  11 minutes ago
ਨਵੀਂ ਦਿੱਲੀ, 20 ਫਰਵਰੀ - ਸਾਉਦੀ ਅਰਬ ਭਾਰਤ 'ਚ 100 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ...
ਯੇਦੀਯੁਰੱਪਾ ਵੱਲੋਂ ਆਡੀਓ ਟੇਪ ਦੇ ਦੋਸ਼ਾਂ ਦੀ ਐੱਫ.ਆਈ.ਆਰ ਖ਼ਾਰਜ ਕਰਨ ਲਈ ਪਟੀਸ਼ਨ
. . .  18 minutes ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਟਕ ਭਾਜਪਾ ਪ੍ਰਮੁੱਖ ਬੀ.ਐੱਸ.ਯੇਦੀਯੁਰੱਪਾ ਨੇ ਉਨ੍ਹਾਂ ਖ਼ਿਲਾਫ਼ ਆਡੀਓ ਟੇਪ ਦੇ ਦੋਸ਼ਾਂ ਦੀ ਦਰਜ ਐੱਫ.ਆਈ.ਆਰ...
ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ, 5 ਫਸੇ
. . .  about 1 hour ago
ਸ਼ਿਮਲਾ, 20 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਕਿੱਨੌਰ ਜ਼ਿਲ੍ਹੇ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ ਹੋ ਗਈ, ਜਦਕਿ 5 ਜਵਾਨ ਫਸੇ ਹੋਏ ਹਨ। ਸਥਾਨਕ...
ਫ਼ਰਾਰ ਕਾਂਗਰਸੀ ਵਿਧਾਇਕ ਗ੍ਰਿਫ਼ਤਾਰ - ਗ੍ਰਹਿ ਮੰਤਰੀ ਕਰਨਾਟਕ
. . .  about 1 hour ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਗ੍ਰਹਿ ਮੰਤਰੀ ਐਮ.ਬੀ ਪਾਟਿਲ ਨੇ ਦੱਸਿਆ ਕਿ ਫ਼ਰਾਰ ਕਾਂਗਰਸੀ ਵਿਧਾਇਕ ਜੇ.ਐਨ ਗਣੇਸ਼ ਨੂੰ ਪੁਲਿਸ ਨੇ ਗੁਜਰਾਤ ਦੇ ਸੋਮਨਾਥ ਤੋਂ ਗ੍ਰਿਫ਼ਤਾਰ...
ਸਮਾਂ ਆ ਗਿਆ ਹੈ ਧਾਰਾ 370 ਨੂੰ ਖ਼ਤਮ ਕਰਨ ਦਾ - ਰਾਜਪਾਲ ਰਾਜਸਥਾਨ
. . .  about 1 hour ago
ਜੈਪੁਰ, 20 ਫਰਵਰੀ - ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦਾ ਕਹਿਣਾ ਹੈ ਕਿ ਧਾਰਾ 370 ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। ਕਿਉਂਕਿ ਇਹ ਵੱਖਵਾਦੀਆਂ ਨੂੰ ਉਤਸ਼ਾਹਿਤ...
ਰੂਹਾਨੀ ਰੰਗ 'ਚ ਰੰਗੀ 'ਪੰਜ ਤਖਤ ਐਕਸਪ੍ਰੈੱਸ' ਯਾਤਰਾ 'ਚ ਸ਼ਾਮਲ ਸ਼ਰਧਾਲੂ ਪਹੁੰਚੇ ਸ੍ਰੀ ਨਾਂਦੇੜ ਸਾਹਿਬ, ਦੇਖੋ ਤਸਵੀਰਾਂ
. . .  about 1 hour ago
25 ਤੱਕ ਕਲਮ ਛੋੜ ਹੜਤਾਲ ਤੇ ਤਹਿਸੀਲ ਕਰਮਚਾਰੀ
. . .  about 2 hours ago
ਖਮਾਣੋਂ, 20 ਫ਼ਰਵਰੀ (ਪਰਮਵੀਰ ਸਿੰਘ) - ਪੀ. ਐਮ. ਐਸ. ਯੂ ਪੰਜਾਬ ਦੇ ਸੱਦੇ ਤੇ ਤਹਿਸੀਲ ਕਰਮਚਾਰੀ 25 ਫ਼ਰਵਰੀ ਤੱਕ ਕਲਮ ਛੋੜ ਹਡ਼ਤਾਲ ਤੇ ਚਲੇ ਗਏ ਹਨ। ਮੰਗਾ ਨੂੰ ਲੈਕੇ...
ਪੰਜਾਬ ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ ਖੋਲ੍ਹੇਗਾ 'ਆਪ' ਦਾ ਯੂਥ ਵਿੰਗ
. . .  about 2 hours ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਬੁਲਾਰੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਯੂਥ ਵਿੰਗ, ਪੰਜਾਬ ਦੇ ਪਿੰਡ-ਪਿੰਡ ਜਾ ਕੇ ਪੰਜਾਬ ਸਰਕਾਰ ਦੇ 2019-20 ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ .....
7 ਮਾਰਚ ਨੂੰ ਮੁੱਖ ਮੰਤਰੀ ਪੰਜਾਬ ਨੂੰ ਪੰਜ ਸੌ ਆਵਾਰਾ ਡੰਗਰ ਅਤੇ ਦੋ ਸੌ ਕੁੱਤੇ ਪੇਸ਼ ਕੀਤੇ ਜਾਣਗੇ- ਲੱਖੋਵਾਲ
. . .  about 2 hours ago
ਚੰਡੀਗੜ੍ਹ, 20 ਫਰਵਰੀ (ਅਜਾਇਬ ਸਿੰਘ ਔਜਲਾ)- ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਕਿਸਾਨਾਂ ਲਈ ਮਾਰੂ ਨੀਤੀ ਵਿਰੁੱਧ ਅੱਜ ਕਿਸਾਨ ਭਵਨ ਵਿਖੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਲੱਖੋਵਾਲ ਦੇ ਪ੍ਰਧਾਨ ਸਰਦਾਰ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ
ਪੌਂਟੀ ਚੱਢਾ ਦੇ ਭਤੀਜੇ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  about 2 hours ago
ਨਵੀਂ ਦਿੱਲੀ, 20 ਫਰਵਰੀ - ਪਟਿਆਲਾ ਹਾਊਸ ਕੋਰਟ ਨੇ ਪੌਂਟੀ ਚੱਢਾ ਦੇ ਭਤੀਜੇ ਆਸ਼ੀਸ਼ ਚੱਡਾ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਹੈ, ਜਿਸ ਨੂੰ ਕਿ 18 ਫਰਵਰੀ ਨੂੰ ਸੜਕ ਹਾਦਸਾ ਕਰਨ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਚੇਤ ਸੰਮਤ 549
ਵਿਚਾਰ ਪ੍ਰਵਾਹ: ਫ਼ਿਰਕੂ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਭਰਦੀ ਹੈ। -ਜੈਨੇਂਦਰ ਕੁਮਾਰ

ਤੁਹਾਡੇ ਖ਼ਤ

21/03/2017

ਕਿਸਾਨਾਂ ਦੀ ਬਾਂਹ ਫੜਨ ਦਾ ਵੇਲਾ
ਪਿਛਲੇ ਦਿਨਾਂ ਦੇ ਅਖ਼ਬਾਰ ਪੰਜਾਬ ਦੇ ਆਲੂ ਕਾਸ਼ਤਕਾਰਾਂ ਵੱਲੋਂ ਆਪਣੀ ਜਿਣਸ ਸੜਕਾਂ 'ਤੇ ਸੁੱਟ ਕੇ ਮੁਜ਼ਾਹਰੇ ਕਰਨ ਦੀਆਂ ਤਸਵੀਰਾਂ ਨਾਲ ਭਰੇ ਪਏ ਹਨ। ਕਿਸਾਨਾਂ ਨੂੰ ਆਪਣੀ ਮਿਹਨਤ ਦਾ ਪੂਰਾ ਮੁੱਲ ਨਾ ਮਿਲਣ ਦਾ ਰੋਸ ਹੈ। ਉਨ੍ਹਾਂ ਦਾ ਇਹ ਰੋਸ ਜਾਇਜ਼ ਵੀ ਹੈ। ਟਨਾਂ ਦੇ ਹਿਸਾਬ ਨਾਲ ਸੜਕਾਂ 'ਤੇ ਰੁਲਦੇ ਇਹ ਓਹੀ ਆਲੂ ਹਨ, ਜਿਨ੍ਹਾਂ ਤੋਂ ਤਿਆਰ ਚਿਪਸ ਗ੍ਰਾਮਾਂ ਦੀ ਮਾਤਰਾ ਵਿਚ ਵਿਕਦੇ ਹਨ। ਕਿਸਾਨ ਦੇ ਖੇਤ ਵਿਚੋਂ ਦੋ-ਢਾਈ ਰੁਪਏ ਕਿਲੋ ਦੇ ਰੇਟ 'ਚ ਵਿਕੇ ਆਲੂ,ઠਖਪਤਕਾਰ ਨੂੰ 10 ਰੁਪਏ ਕਿੱਲੋ ਦੇ ਭਾਅ ਮਿਲਦੇ ਹਨ।
ਕਿਸਾਨ ਖੇਤ ਦੀ ਤਿਆਰੀ ਤੋਂ ਲੈ ਕੇ ਫ਼ਸਲ ਸਮੇਟਣ ਤੱਕ, ਸੌ ਮਾਰਾਂ ਸਹਿ ਕੇ ਸਖ਼ਤ ਮਿਹਨਤ ਕਰਦਾ ਹੈ। ਜਦੋਂ ਆਪਣੀ ਫ਼ਸਲ ਮੰਡੀ 'ਚ ਲੈ ਕੇ ਜਾਂਦਾ ਹੈ ਤਾਂ ਉਸ ਦਾ ਮੁੱਲ ਕੌਡੀ ਪੈਂਦਾ ਹੈ ਤੇ ਉਸ ਨੂੰ ਪੂਰਾ ਮੁੱਲ ਲੈਣ ਲਈ ਵੀ ਸੰਘਰਸ਼ ਕਰਨਾ ਪੈਂਦਾ ਹੈ। ਮਹਾਰਾਸ਼ਟਰ ਵਿਚ ਦਾਲਾਂ ਦੇ ਕਾਸ਼ਤਕਾਰਾਂ ਦਾ ਹਾਲ ਵੀ ਆਲੂ ਕਾਸ਼ਤਕਾਰਾਂ ਤੋਂ ਬਹੁਤਾ ਵੱਖਰਾ ਨਹੀਂ। ਆਪਣੀ ਬੰਪਰ ਪੈਦਾਵਾਰ ਨੂੰ ਉਹ ਵੀ ਭੰਗ ਦੇ ਭਾਅ ਵੇਚਣ ਲਈ ਮਜਬੂਰ ਹਨ। ਦਾਲਾਂ ਦੀ ਪੈਦਾਵਾਰ ਪੱਖੋਂ ਸਾਡਾ ਦੇਸ਼ ਆਤਮ-ਨਿਰਭਰ ਨਹੀਂ ਹੈ। ਸਰਕਾਰ ਹਰ ਸਾਲ ਲੱਖਾਂ ਟਨ ਦਾਲਾਂ ਦਰਾਮਦ ਕਰਦੀ ਹੈ। ਆਪਣੇ ਘਰੇਲੂ ਪੈਦਾਵਾਰ ਨੂੰ ਸੜਕਾਂ 'ਤੇ ਰੋਲ ਕੇ ਵਿਦੇਸ਼ਾਂ ਤੋਂ ਵਸਤਾਂ ਦਰਾਮਦ ਕਰਨ ਦੀ ਨੀਤੀ ਸਧਾਰਨ ਬੰਦੇ ਦੀ ਸਮਝ ਤੋਂ ਪਰ੍ਹੇ ਹੈ।
ਫ਼ਸਲ ਲੈ ਕੇ ਮੰਡੀ ਪਹੁੰਚੇ ਕਿਸਾਨ ਦੀ ਸਰਕਾਰ ਬਾਂਹ ਨਹੀਂ ਫੜਦੀ। ਉਸ ਨੂੰ ਖੁੱਲ੍ਹੇ ਬਾਜ਼ਾਰ ਦੇ ਦੈਂਤ ਅੱਗੇ ਛੱਡ ਦਿੱਤਾ ਜਾਂਦਾ ਹੈ। ਆਖਰ ਉਹ ਕਿਹੜੀਆਂ ਨੀਤੀਆਂ ਹਨ ਜੋ ਕਿਸਾਨਾਂ ਨੂੰ ਮੁਨਾਫ਼ਾ ਤਾਂ ਦੂਰ, ਆਪਣੀ ਮਿਹਨਤ ਦਾ ਪੂਰਾ ਮੁੱਲ ਵੱਟਣ ਤੋਂ ਵੀ ਪਾਸੇ ਖੜ੍ਹਾ ਰੱਖਦੀਆਂ ਹਨ?ઠਕੀ ਅਜਿਹੀਆਂ ਨੀਤੀਆਂ ਬਣਾਉਣ ਵਾਲੇ ਕਦੇ ਕਿਸਾਨਾਂ ਬਾਰੇ ਵੀ ਕੁਝ ਸੋਚਣਗੇ? ਗਲ਼ ਤੱਕ ਕਰਜ਼ੇ 'ਚ ਡੁੱਬ ਚੁੱਕੇ ਕਿਸਾਨ ਨੂੰ ਉਸੇ ਦੇ ਹਾਲ 'ਤੇ ਨਹੀਂ ਛੱਡ ਦੇਣਾ ਚਾਹੀਦਾ।


-ਅਮਰਜੀਤ ਸਿੰਘ ਮਾਨ
ਮੌੜ ਕਲਾਂ, ਬਠਿੰਡਾ।


ਪਾਵਰਕਾਮ ਦਾ ਪਲਾਸ
ਆਮ ਲੋਕਾਂ ਦਾ ਬਿਜਲੀ ਦਾ ਬਿੱਲ ਜੇ ਨਿਸਚਿਤ ਮਿਤੀ ਤੋਂ ਇਕ ਦਿਨ ਵੀ ਲੇਟ ਹੋ ਜਾਵੇ ਤਾਂ ਬਿੱਲ 'ਤੇ ਲਿਖਿਆ ਹੋਇਆ ਜੁਰਮਾਨਾ ਭਰਨਾ ਪੈਂਦਾ ਹੈ। ਜੇ ਬਿੱਲ ਨਾ ਦਿੱਤਾ ਜਾਵੇ ਤਾਂ ਬਗੈਰ ਪੁੱਛ-ਗਿੱਛ ਦੇ ਪਲਾਸ ਚੱਲ ਜਾਂਦਾ ਹੈ ਅਤੇ ਦੁਬਾਰਾ ਕੁਨੈਕਸ਼ਨ ਜੋੜਨ ਲਈ ਖੱਜਲ-ਖੁਆਰ ਹੋਣਾ ਪੈਂਦਾ ਹੈ ਤੇ ਕੁਨੈਕਸ਼ਨ ਜੋੜਨ ਦੇ ਵਾਧੂ ਪੈਸੇ ਦੇਣੇ ਪੈਂਦੇ ਹਨ। ਹੈਰਾਨੀ ਦੀ ਗੱਲ ਹੈ ਕਿ ਸਰਕਾਰੀ ਮਹਿਕਮਿਆਂ, ਅਦਾਰਿਆਂ, ਨਿਗਮਾਂ ਤੇ ਕਮੇਟੀਆਂ ਵੱਲ ਕਰੋੜਾਂ ਦਾ ਬਕਾਇਆ ਖੜ੍ਹਾ ਹੈ ਪ੍ਰੰਤੂ ਅਧਿਕਾਰੀਆਂ ਨੂੰ ਕੋਈ ਚਿੰਤਾ ਹੀ ਨਹੀਂ ਹੈ ਕਿ ਬਿਜਲੀ ਵਿਭਾਗ ਕੰਮ ਕਿਵੇਂ ਚਲਾਵੇ।
ਇਸ ਤੋਂ ਵੀ ਅਨੋਖੀ ਗੱਲ ਇਹ ਹੈ ਕਿ ਸਾਡੇ ਸ਼ਾਸਕਾਂ, ਸਿਆਸੀ ਆਗੂਆਂ ਤੇ ਕਈ ਵੱਡੇ ਘਰਾਣਿਆਂ ਜਿਨ੍ਹਾਂ ਵੱਲ ਲੱਖਾਂ ਦੇ ਬਕਾਏ ਖੜ੍ਹੇ ਹਨ, ਨੂੰ ਤਾਂ ਬਿੱਲ ਭਰਨ ਦੀ ਪ੍ਰਵਾਹ ਹੀ ਨਹੀਂ ਹੈ। ਉਲਟਾ ਕਰਮਚਾਰੀਆਂ ਨੂੰ ਡਰਾਵੇ ਦਿੰਦੇ ਹਨ। ਇਹ ਲੋਕ ਕੀ ਮਿਸਾਲ ਕਾਇਮ ਕਰਨਾ ਚਾਹੁੰਦੇ ਹਨ? ਕੀ ਸਾਡਾ ਇਖ਼ਲਾਕ ਇਸ ਕਦਰ ਉੱਚਾ-ਸੁੱਚਾ ਹੈ? ਪਾਵਰਕਾਮ ਦੇ ਪਲਾਸ ਨੂੰ ਆਪਣੀ ਕਾਰਵਾਈ ਜਾਰੀ ਰੱਖਣੀ ਚਾਹੀਦੀ ਹੈ ਤਾਂ ਕਿ ਕਾਨੂੰਨ ਦੀ ਇਕਸਾਰਤਾ ਬਣੀ ਰਹੇ।


-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ।

20/03/2017

 ਇਕ ਐਨ ਆਰ ਆਈ ਦਾ ਪੰਜਾਬ ਵੱਲ ਸੁਨੇਹਾ
ਵਿਦੇਸ਼ਾਂ ਵਿਚ ਵਸਦਿਆਂ ਤਾਂ ਮੇਰੀਆਂ ਪੰਜਾਬ ਫੇਰੀਆਂ ਲਗਦੀਆਂ ਰਹੀਆਂ ਪਰ ਆਪਣੇ ਪਿੰਡ ਤੋਂ ਆਇਆਂ ਨੂੰ ਵਰ੍ਹੇ ਹੀ ਬੀਤ ਗਏ। ਪਰ ਇਹ ਪਿੰਡ ਵਡਾਲਾ ਖੁਰਦ ਨੇੜੇ ਤਪ ਅਸਥਾਨ ਗੁਰੂ ਤੇਗ ਬਹਾਦਰ ਜੀ ਦਾ ਬਾਬਾ ਬਕਾਲਾ ਸਾਹਿਬ ਕਦੇ ਆਪਣੇ ਦਿਮਾਗ/ਸੋਚ ਵਿਚੋਂ ਨਾ ਕੱਢ ਸਕਿਆ। ਵਿਧਾਨ ਸਭਾ ਚੋਣਾਂ ਮੌਕੇ ਫਿਰ ਪੰਜਾਬ ਆਇਆ ਤਾਂ ਮੁੜ ਪੰਜਾਬ ਨੂੰ ਨੇੜੇ ਤੋਂ ਵੇਖਿਆ। ਜੋ ਪੰਜਾਬ ਦੇ ਹਾਲਾਤ ਵੇਖੇ, ਉਹ ਬਹੁਤ ਚਿੰਤਾਜਨਕ ਸਨ। ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਰਾਹ ਤੁਰ ਪਈ ਹੈ ਅਤੇ ਇਸ ਪਾਸੇ ਨਵੀਂ ਬਣਨ ਵਾਲੀ ਪੰਜਾਬ ਸਰਕਾਰ ਨੂੰ ਬਹੁਤ ਜਲਦੀ ਧਿਆਨ ਦੇਣ ਦੀ ਲੋੜ ਹੈ। ਸਮੱਸਿਆ ਬਹੁਤ ਗੰਭੀਰ ਹੁੰਦੀ ਜਾਂਦੀ ਹੈ, ਬੇਰੁਜ਼ਗਾਰੀ ਸਮੱਸਿਆ ਦੀ ਜੜ੍ਹ ਹੈ। ਪੰਜਾਬ ਵਿਚ ਜ਼ਮੀਨਾਂ ਘਟ ਰਹੀਆਂ ਹਨ ਅਤੇ ਜ਼ਿਮੀਂਦਾਰਾ ਖ਼ਤਮ ਹੋ ਰਿਹਾ ਹੈ, ਜਾਇਜ਼-ਨਾਜਾਇਜ਼ ਤਰੀਕੇ ਵਰਤ ਕੇ ਨੌਂਜਵਾਨ ਪੀੜ੍ਹੀ ਵਿਦੇਸ਼ਾਂ ਨੂੰ ਆਉਣ ਨੂੰ ਕਾਹਲ ਕਰ ਰਹੀ ਹੈ ਪਰ ਉਨ੍ਹਾਂ ਨੂੰ ਸੇਧ ਕੋਈ ਨਹੀਂ ਦੇ ਰਿਹਾ, ਉਨ੍ਹਾਂ ਦੇ ਹੱਥਾਂ ਵਿਚ ਕੋਈ ਹੁਨਰ ਨਹੀਂ ਹੈ। ਅੱਜ ਪੰਜਾਬ ਵਿਚ ਕਾਫੀ ਆਈ.ਟੀ.ਆਈ. ਤੇ ਹੋਰ ਡਿਗਰੀ ਕਾਲਜ, ਮੈਡੀਕਲ ਤੇ ਨਰਸਿੰਗ ਕਾਲਜ ਤਾਂ ਹਨ ਪਰ ਕਾਫੀ ਫਿਰ ਵੀ ਨਹੀਂ ਹਨ। ਦੂਸਰਾ ਇਹ ਬਹੁਤ ਮਹਿੰਗੇ ਹਨ। ਆਮ ਗਰੀਬ ਜੱਟ ਦਾ ਮੁੰਡਾ ਕਿਵੇਂ ਇਹ ਸਾਰਾ ਕੁਝ ਕਰ ਲਉ। ਮੇਰੀ ਜ਼ਿੰਦਗੀ ਦਾ ਤਜਰਬਾ ਹੈ ਕਿ ਅੱਜ ਪੰਜਾਬ ਦੀ ਨੌਜਵਾਨੀ ਨੂੰ ਟੈਕਨੀਕਲ ਕੰਮ ਵੱਲ ਲਾਉਣ ਦੀ ਸਖ਼ਤ ਲੋੜ ਹੈ। ਭਾਵੇਂ ਪੰਜਾਬ ਸਰਕਾਰ ਕਈ ਖੇਤਰਾਂ 'ਚ ਆਪਣੇ ਵੱਲੋਂ ਬਹੁਤ ਚੰਗਾ ਕੰਮ ਕਰ ਰਹੀ ਹੈ, ਭਾਵੇਂ ਕੁਝ ਮੁਸ਼ਕਿਲਾਂ ਹਨ ਪਰ ਪੰਜਾਬ ਫਿਰ ਵੀ ਤਰੱਕੀ ਦੀ ਰਾਹ 'ਤੇ ਤੁਰਿਆ ਜਾਂਦਾ ਹੈ। ਸਮੇਂ ਦੇ ਹਾਣੀ ਹੋਣ ਵਾਸਤੇ ਹੋਰ ਬਹੁਤ ਚੰਗੇ ਕਦਮ ਪੁੱਟਣ ਦੀ ਲੋੜ ਹੈ। ਇਨ੍ਹਾਂ ਵਿਚੋਂ ਇਕ ਹੈ ਦੋ ਸਾਲਾਂ ਦਾ ਟੈਕਨੀਕਲ ਕੋਰਸ, ਆਪ੍ਰੇਸ਼ਨ ਐਂਡ ਮੇਂਟੀਨੈਂਸ ਆਫ ਹੈਵੇਅਰਜ਼ ਮੈਵਿੰਗ ਮਸ਼ੀਨਰੀ। ਅੱਜ ਤੋਂ 30-35 ਸਾਲ ਪਹਿਲਾਂ ਇਹ ਕੋਰਸ ਨੰਗਲ ਭਾਖੜਾ ਡੈਮ ਲਾਗੇ ਅਮਰੀਕੀ ਸਹਾਇਤਾ ਨਾਲ ਚਲਦਾ ਸੀ। ਫਿਰ ਅਮਰੀਕਾ ਦੀ ਸਰਕਾਰ ਨੇ ਅਚਨਚੇਤ ਬੰਦ ਕਰ ਦਿੱਤਾ। ਪੰਜਾਬ ਸਰਕਾਰ ਕੋਲ ਟੈਕਨੀਕਲ ਮਾਹਿਰ ਵੀ ਹਨ, ਮੈਨੂੰ ਲੰਮਾ ਸਮਾਂ ਵਿਦੇਸ਼ਾਂ ਵਿਚ ਟੈਕਨੀਕਲ ਕੰਮਾਂ ਦਾ ਤਜਰਬਾ ਹੈ। ਪੰਜਾਬ ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਪੰਜਾਬ ਵਿਚ ਇਹ ਕੋਰਸ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਜੋ ਸਾਡੇ ਨੌਜਵਾਨ ਬੱਚੇ ਇਹ ਕੋਰਸ ਕਰਕੇ ਆਪਣਾ ਭਵਿੱਖ ਸੰਵਾਰ ਸਕਣ ਅਤੇ ਦੇਸ਼ ਅਤੇ ਵਿਦੇਸ਼ ਵਿਚ ਚੰਗਾ ਰੁਜ਼ਗਾਰ ਹਾਸਲ ਕਰ ਸਕਣ। ਇਹ ਪੰਜਾਬ ਸਰਕਾਰ ਦਾ ਆਪਣੇ ਸ਼ਹਿਰੀਆਂ ਪ੍ਰਤੀ ਫਰਜ਼ ਵੀ ਹੈ। ਇਸ ਤਰ੍ਹਾਂ ਕਰਨ ਨਾਲ ਕੁਝ ਤਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਇਸ ਕੋਰਸ ਨੂੰ ਚਲਾਉਣ ਵਾਸਤੇ ਸਰਕਾਰ ਚਾਹੇ ਤਾਂ ਇਸ ਵਾਸਤੇ ਟੈਕਨੀਕਲ ਸਹਾਇਤਾ ਬਗੈਰ ਕਿਸੇ ਸੇਵਾ ਤੋਂ ਦਿੱਤੀ ਜਾ ਸਕਦੀ ਹੈ।


-ਰਤਨ ਸਿੰਘ ਸੇਖੋਂ
(ਮੋਬ:) 98-7688-1829, ਫੋਨ ਆਸਟਰੀਆ 0043-676-610-7242
ਰਾਹੀਂ-ਸ਼ਰਨਬੀਰ ਸਿੰਘ ਕੰਗ,
ਪ.ਪ.ਰਈਆ।

17-03-2017

 ਕਾਂਗਰਸ ਦੀ ਵੱਡੀ ਜਿੱਤ
ਪੰਜਾਬ ਵਿਚ ਹੋਈਆਂ ਚੋਣਾਂ ਦਾ ਫ਼ੈਸਲਾ ਕਾਂਗਰਸ ਪਾਰਟੀ ਲਈ ਵੱਡੀ ਪ੍ਰਾਪਤੀ ਸਾਬਤ ਹੋਇਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੁੰਦਿਆਂ ਹੀ ਜਨਤਾ ਵਿਚ ਹਲਚਲ ਦਾ ਮਾਹੌਲ ਬਣ ਗਿਆ। ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਾਸੀਆਂ ਨੇ ਉਨ੍ਹਾਂ ਦੇ ਜਨਮ ਦਿਨ ਦਾ ਤੋਹਫਾ ਪੰਜਾਬ ਦੇ ਮੁੱਖ ਮੰਤਰੀ ਦੇ ਰੂਪ ਵਿਚ ਦੇ ਦਿੱਤਾ ਹੈ। 10 ਸਾਲ ਰਾਜ ਕਰਨ ਵਾਲੀ ਅਕਾਲੀ-ਭਾਜਪਾ ਸਰਕਾਰ ਨੂੰ ਪੰਜਾਬੀਆਂ ਨੇ ਹੁਣ ਸੱਤਾ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਜਨਤਾ ਨਾਲ ਬਹੁਤ ਲੁਭਾਉਣੇ ਵਾਅਦੇ ਕੀਤੇ ਸਨ, ਜਿਨ੍ਹਾਂ ਵਿਚ ਪੈਨਸ਼ਨ ਵਧਾਉਣਾ, ਨੌਜਵਾਨਾਂ ਨੂੰ ਸਮਾਰਟ ਫੋਨ ਦੇਣਾ ਅਤੇ ਹਰ ਘਰ ਵਿਚ ਇਕ ਨੌਕਰੀ ਦੇਣ ਦਾ ਵਾਅਦਾ ਵੀ ਸ਼ਾਮਿਲ ਹੈ। ਹੁਣ ਸਮਾਂ ਆ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਨਤਾ ਨਾਲ ਕੀਤੇ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਅਤੇ ਆਪਣੀ ਪਾਰਟੀ ਨੂੰ ਮੁੜ ਸਿਆਸਤ ਵਿਚ ਪਹਿਲਾਂ ਵਾਂਗ ਹੀ ਸਾਬਤ ਕਰਨ।-

ਵਰਸ਼ਾ ਵਰਮਾ
ਮੋ: 9023456748


ਕਿਸਾਨ ਖ਼ੁਦਕੁਸ਼ੀਆਂ ਦਾ ਮੁੱਦਾ
ਇਕ ਗ਼ੈਰ-ਸਰਕਾਰੀ ਸੰਗਠਨ ਵੱਲੋਂ ਕਿਸਾਨ ਖ਼ੁਦਕੁਸ਼ੀਆਂ ਬਾਰੇ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਸਰਕਾਰ ਨੂੰ ਨਸੀਹਤ ਦਿੰਦਿਆਂ ਕਿਹਾ ਹੈ ਕਿ 21 ਦਿਨਾਂ ਦੇ ਸਮੇਂ ਵਿਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਰੋਕਣ ਲਈ ਕੋਈ ਠੋਸ ਨੀਤੀ ਤਿਆਰ ਕੀਤੀ ਜਾਵੇ, ਸਿਰਫ ਕੁਝ ਮੁਆਵਜ਼ਾ ਦੇਣਾ ਹੀ ਇਸ ਦਾ ਹੱਲ ਨਹੀਂ ਹੈ। ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਸਵਾਮੀਨਾਥਨ ਰਿਪੋਰਟ ਨੂੰ ਆਧਾਰ ਬਣਾ ਕੇ ਫ਼ਸਲਾਂ ਦੀ ਕੀਮਤ ਤੈਅ ਕੀਤੀ ਜਾਵੇ। ਕਿਸਾਨਾਂ ਦੇ ਵੱਡੇ ਕਰਜ਼ੇ ਮੁਆਫ਼ ਕਰਕੇ ਘੱਟ ਵਿਆਜ ਦਰ 'ਤੇ ਕਰਜ਼ੇ ਦਿੱਤੇ ਜਾਣ ਅਤੇ ਖੇਤੀ ਸੰਦਾਂ 'ਤੇ 50 ਫ਼ੀਸਦੀ ਸਬਸਿਡੀ ਦਿੱਤੀ ਜਾਵੇ। ਫ਼ਸਲੀ ਬੀਮੇ ਦਾ ਪੰਜਾਬ ਦੇ ਕਿਸਾਨਾਂ ਨੂੰ ਕੋਈ ਲਾਭ ਨਹੀਂ ਕਿਉਂਕਿ ਪੰਜਾਬ ਦਾ ਕਿਸਾਨ ਕਿਸੇ ਕੁਦਰਤੀ ਕਰੋਪੀ ਨਾਲ ਨਹੀਂ, ਬਲਕਿ ਸਰਕਾਰੀ ਕਰੋਪੀ ਨਾਲ ਮਰ ਰਿਹਾ ਹੈ।-

ਲੱਖੀ ਗਿੱਲ ਧਨਾਨਸੂ
ਜ਼ਿਲ੍ਹਾ ਲੁਧਿਆਣਾ।


ਸਿਹਤ ਵਿਭਾਗ ਦੇ ਧਿਆਨ ਹਿਤ

ਸਿਹਤ ਵਿਭਾਗ ਪੰਜਾਬ ਮੌਜੂਦਾ ਸਰਕਾਰੀ ਡਿਸਪੈਂਸਰੀਆਂ ਤੇ ਪ੍ਰਾਇਮਰੀ ਹੈਲਥ ਸੈਂਟਰਾਂ ਵਿਚ ਜਿਥੇ ਡਾਕਟਰਾਂ ਦੀ ਘਾਟ ਨੂੰ ਪੂਰਨ ਲਈ ਬਣਦੀ ਭਰਤੀ ਕਰੇ, ਉਥੇ ਇਨ੍ਹਾਂ ਡਿਸਪੈਂਸਰੀਆਂ ਵਿਚ ਦਵਾਈਆਂ ਦੀ ਸਪਲਾਈ ਵੀ ਤੁਰੰਤ ਯਕੀਨੀ ਬਣਾਵੇ। ਆਮ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਇਨ੍ਹਾਂ ਡਿਸਪੈਂਸਰੀਆਂ ਤੇ ਹੈਲਥ ਸੈਂਟਰਾਂ ਵਿਚ ਡਾਕਟਰਾਂ ਦੀ ਹਾਜ਼ਰੀ ਪੂਰੇ ਦਿਨ ਦੇ ਨਾਲ-ਨਾਲ ਰਾਤ ਨੂੰ ਵੀ ਯਕੀਨੀ ਬਣਾਈ ਜਾਵੇ। ਅਜਿਹਾ ਕਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਅੱਜ ਪਿੰਡਾਂ ਵਿਚ ਬੈਠੇ ਅਣਸਿੱਖਿਅਤ ਡਾਕਟਰ ਜਿਥੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ, ਉਥੇ ਉਹ ਵੱਡੀ ਪੱਧਰ 'ਤੇ ਆਰਥਿਕ ਲੁੱਟ ਵੀ ਕਰ ਰਹੇ ਹਨ। ਅਜਿਹਾ ਹੀ ਧਿਆਨ ਪਿੰਡਾਂ ਵਿਚ ਖੋਲ੍ਹੀਆਂ ਗਈਆਂ ਆਯੁਰਵੈਦਿਕ ਤੇ ਹੋਮਿਓਪੈਥਿਕ ਡਿਸਪੈਂਸਰੀਆਂ ਮੰਗ ਰਹੀਆਂ ਹਨ। ਸਬੰਧਤ ਵਿਭਾਗ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਅੱਜ ਬੇਹੱਦ ਜ਼ਰੂਰਤ ਹੈ।

-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

16/03/2017

 ਔਕੜਾਂ 'ਚ ਘਿਰੀ ਔਰਤ
'ਔਰਤ ਦਿਵਸ' 'ਤੇ ਉੱਚੇ ਅਹੁਦੇ 'ਤੇ ਬੈਠੀਆਂ ਔਰਤਾਂ ਦੇ ਵਿਚਾਰ ਪੜ੍ਹਨ ਨੂੰ ਮਿਲੇ। ਇਕ ਪਲ ਲਈ ਸੋਚਣ ਤੇ ਫਿਰ ਲਿਖਣ ਲਈ ਮਜਬੂਰ ਕਰ ਦਿੱਤਾ ਹੈ। ਪ੍ਰਿੰਸੀਪਲ ਨਵਜੋਤ ਕੌਰ, ਡਾ: ਰਘਬੀਰ ਕੌਰ ਤੇ ਡਾ: ਨਵਜੋਤ ਦੇ ਵਿਚਾਰਾਂ ਨੂੰ ਜਲੰਧਰ ਦੇ ਪੱਤਰਕਾਰ ਜਸਪਾਲ ਨੇ ਪੇਸ਼ ਕੀਤਾ ਜੋ ਹੋਰ ਔਰਤਾਂ ਦੇ ਲਈ ਸੇਧ ਹਨ। ਔਰਤ ਨੌਕਰੀ 'ਤੇ ਲੱਗੀ ਵੀ ਅਜ਼ਾਦ ਨਹੀਂ ਹੈ। ਉਹ ਆਪਣੀ ਮਰਜ਼ੀ ਨਾਲ ਖਰਚ ਨਹੀਂ ਕਰ ਸਕਦੀ, ਜਦ ਤੱਕ ਉਸ ਦਾ ਪਤੀ ਆਗਿਆ ਨਾ ਦੇਵੇ। ਜੇ ਕੁੜੀ ਨੇ ਬਾਜ਼ਾਰ ਨੂੰ ਜਾਣਾ ਹੋਵੇ ਤਾਂ ਛੋਟੇ ਬੱਚੇ ਨੂੰ ਉਂਗਲੀ ਨਾਲ ਲਗਾ ਕੇ ਜਾਊਗੀ। ਮਰਦ ਪ੍ਰਧਾਨ ਸਮਾਜ ਵਿਚ ਔਰਤ ਮਹਿਸੂਸ ਕਰਦੀ ਹੈ ਕਿ ਉਸ ਦੀ ਆਪਣੀ ਇੱਜ਼ਤ ਹਮੇਸ਼ਾ ਖ਼ਤਰੇ ਵਿਚ ਰਹਿੰਦੀ ਹੈ।
ਕਾਨੂੰਨੀ ਤੌਰ 'ਤੇ ਕਈ ਤਰ੍ਹਾਂ ਦੇ ਹੱਕ ਮਿਲੇ ਹੋਏ ਹਨ। ਪਿੰਡਾਂ ਵਿਚ ਅੱਜ ਵੀ ਔਰਤ ਸਰਪੰਚ ਜਾਂ ਪੰਚ ਹੈ ਤੇ ਉਸ ਨੂੰ ਕਦੇ ਵੀ ਥਾਣੇ ਜਾਂ ਪਿੰਡ ਦੀ ਪੰਚਾਇਤ ਵਿਚ ਨਹੀਂ ਸੱਦਿਆ ਜਾਂਦਾ ਤੇ ਉਸ ਦੇ ਹਸਤਾਖਰ ਉਸ ਦਾ ਪਤੀ ਜਾਂ ਬੇਟਾ ਕਰ ਜਾਂਦਾ ਹੈ। ਦਲਿਤ ਔਰਤਾਂ ਜੋ ਪਿੰਡਾਂ ਦੀਆਂ ਸਰਪੰਚ ਹਨ, ਨੂੰ ਦਬਾ ਕੇ ਰੱਖਿਆ ਹੋਇਆ ਹੈ। ਕਹਿਣ ਦਾ ਭਾਵ ਹੈ ਕਿ ਔਰਤ ਕਿਸੇ ਵੀ ਧਰਮ ਜਾਂ ਜਾਤ ਦੀ ਹੋਵੇ, ਮਰਦ ਪ੍ਰਧਾਨ ਸਮਾਜ ਦੇ ਬਰਾਬਰ ਨਹੀਂ ਹੈ। ਔਰਤ ਨੂੰ ਸਮਾਜ ਦੇ ਮਾੜੇ ਤਾਣੇ-ਬਾਣੇ ਤੋਂ ਮੁਕਤ ਹੋਣ ਲਈ ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਪਵੇਗਾ। ਸਮਾਜ ਵਿਚ ਗ਼ਲਤ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਮਰਦ ਨੂੰ ਔਰਤਾਂ ਦਾ ਸਾਥ ਦੇਣਾ ਚਾਹੀਦਾ ਹੈ, ਜਿਸ ਤਰ੍ਹਾਂ ਗੁਰਮੇਹਰ ਦਾ ਲੋਕਾਂ ਨੇ ਸਾਥ ਦਿੱਤਾ ਹੈ।

-ਮਾ: ਜਗੀਰ ਸਿੰਘ ਸਠਿਆਲਾ
ਸ.ਕੰ.ਹ.ਸਕੂਲ ਸਠਿਆਲਾ (ਅੰਮ੍ਰਿਤਸਰ)।

ਅਸ਼ਲੀਲਤਾ ਵਿਰੁੱਧ ਸਖ਼ਤੀ ਹੋਵੇ
ਅੱਜ ਟੈਲੀਵਿਜ਼ਨ ਦੇ ਜ਼ਿਆਦਾਤਰ ਚੈਨਲਾਂ 'ਤੇ ਬਹੁਤੇ ਪ੍ਰੋਗਰਾਮਾਂ ਵਿਚ ਅਸ਼ਲੀਲਤਾ ਦਾ ਮਿਆਰ ਦਿਨ-ਪ੍ਰਤੀ-ਦਿਨ ਵਧਦਾ ਜਾ ਰਿਹਾ ਹੈ। ਵਿਅਕਤੀ ਨੂੰ ਆਪਣੇ ਪੂਰੇ ਪਰਿਵਾਰ ਵਿਚ ਬੈਠ ਕੇ ਪਤਨੀ, ਭੈਣ, ਬੱਚਿਆਂ, ਬਜ਼ੁਰਗਾਂ, ਰਿਸ਼ਤੇਦਾਰਾਂ ਆਦਿ ਨਾਲ ਰਲ-ਮਿਲ ਕੇ ਟੈਲੀਵਿਜ਼ਨ ਦੇ ਪ੍ਰੋਗਰਾਮ ਦੇਖਣੇ ਦੁੱਭਰ ਹੋ ਰਹੇ ਹਨ। ਕੀ ਪ੍ਰਸਿੱਧੀ ਪ੍ਰਾਪਤ ਕਰਨ ਲਈ ਹੱਦੋਂ ਵੱਧ ਅਸ਼ਲੀਲਤਾ ਦਰਸਾਉਣਾ ਹੀ ਟੈਲੀਵਿਜ਼ਨ ਦਾ ਉਦੇਸ਼ ਅਤੇ ਸਾਧਨ ਮਾਤਰ ਰਹਿ ਗਿਆ ਹੈ? ਇਸ ਲਈ ਸੈਂਸਰ ਬੋਰਡ ਇਸ ਵਿਰੁੱਧ ਬਣਦੀ ਕਾਰਵਾਈ ਤੁਰੰਤ ਪ੍ਰਭਾਵ ਨਾਲ ਕਰੇ ਤਾਂ ਜੋ ਪੰਜਾਬੀ ਵਿਰਸੇ ਅਤੇ ਭਾਰਤੀ ਸਮਾਜ ਨੂੰ ਅਸ਼ਲੀਲਤਾ ਦੀ ਦਲਦਲ ਵਿਚ ਧੱਸ ਜਾਣ ਤੋਂ ਬਚਾਇਆ ਜਾ ਸਕੇ, ਸਮਾਜਿਕ ਕੁਰੀਤੀਆਂ ਨੂੰ ਵਧਣ ਤੋਂ ਰੋਕਿਆ ਜਾ ਸਕੇ ਅਤੇ ਸਾਦਗੀ ਨੂੰ ਅਹਿਮੀਅਤ ਦਿੱਤੀ ਜਾ ਸਕੇ। ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਦ-ਆਚਰਨ ਵਿਚ ਰਹਿਣ ਦਾ ਸੁਖਾਵਾਂ ਮਾਹੌਲ ਮਿਲੇਗਾ ਅਤੇ ਸਾਡੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਵੀ ਖੋਰਾ ਨਹੀਂ ਲੱਗੇਗਾ।

-ਸੰਜੀਵ ਧਰਮਾਣੀ
ਮੱਧੇਵਾਲੀਆ, ਸ੍ਰੀ ਅਨੰਦਪੁਰ ਸਾਹਿਬ।

13/03/2017

 ਕਿਸਾਨ ਖੁਦਕੁਸ਼ੀਆਂ ਕਿਵੇਂ ਰੁਕਣ
ਕਿਸਾਨੀ ਕਰਜ਼ਿਆਂ ਦੀ ਮੁਆਫ਼ੀ ਕਿਸਾਨ ਖੁਦਕੁਸ਼ੀਆਂ ਰੋਕਣ ਦਾ ਕੋਈ ਪੱਕਾ ਹੱਲ ਨਹੀਂ ਹੈ। ਕਿਸਾਨੀ ਨੂੰ ਬਚਾਉਣ ਲਈ ਪੰਜ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਦੀ ਘੱਟੋ-ਘੱਟ ਆਮਦਨ ਤੈਅ ਕਰਨ ਦੀ ਲੋੜ ਹੈ। ਘੱਟੋ-ਘੱਟ ਸਾਲਾਨਾ ਆਮਦਨ ਤੋਂ ਜਿੰਨੀ ਆਮਦਨ ਘੱਟ ਹੋਵੇ, ਉਸ ਨੂੰ ਕੇਂਦਰ ਸਰਕਾਰ ਆਪਣੇ ਖਜ਼ਾਨੇ ਵਿਚੋਂ ਪੂਰਾ ਕਰੇ। ਦੂਜੇ ਪਾਸੇ ਕਿਸਾਨਾਂ ਨੂੰ ਆਪਣੀ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ। ਸਾਦਾ ਜੀਵਨ ਬਿਤਾਉਣ ਅਤੇ ਵਿਆਹ-ਸ਼ਾਦੀਆਂ ਤੇ ਹੋਰ ਸਮਾਗਮਾਂ ਵਿਚ ਅਮੀਰ ਲੋਕਾਂ ਦੀ ਰੀਸ ਨਾਲ ਵਿਤੋਂ ਵੱਧ ਖਰਚ ਤੋਂ ਪ੍ਰਹੇਜ਼ ਕਰਨ ਨਾਲ ਹੀ ਜੀਵਨ ਸੁਖੀ ਬਣ ਸਕਦਾ ਹੈ। ਇਨਸਾਨ ਨੂੰ ਜਿਊਂਦੇ ਰਹਿਣ ਲਈ ਅਨਾਜ ਦੀ ਲੋੜ ਹੁੰਦੀ ਹੈ। ਕਿਸਾਨ, ਅਨਾਜ ਪੈਦਾ ਕਰਦਾ ਹੈ। ਇਸ ਲਈ ਉਸ ਨੂੰ ਵੀ ਜਿਊਂਦੇ ਰੱਖਣ ਦੀ ਲੋੜ ਹੈ। 'ਪੇਟ ਨਾ ਪਈਆਂ ਰੋਟੀਆਂ ਤਾਂ ਸਭੇ ਗੱਲਾਂ ਖੋਟੀਆਂ' ਦੇ ਅਖਾਣ ਅਨੁਸਾਰ ਅਨਾਜ ਖੁਣੋਂ ਭੁੱਖਾ ਢਿੱਡ, ਸੰਸਾਰ ਵਿਚਲੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਅ ਸਕਦਾ। ਹੁਣ ਛੋਟੀ ਕਿਸਾਨੀ ਨੂੰ ਬਚਾਉਣ ਵਿਚ ਹੀ ਅਕਲਮੰਦੀ ਹੈ। ਕੇਂਦਰ ਸਰਕਾਰ ਨੂੰ ਛੋਟੇ ਕਿਸਾਨਾਂ ਦੀ ਘੱਟੋ-ਘੱਟ ਸਾਲਾਨਾ ਆਮਦਨ ਮਿਥਣ ਦਾ ਬਿੱਲ ਲੋਕ ਸਭਾ ਵਿਚ ਪਾਸ ਕਰ ਦੇਣਾ ਚਾਹੀਦਾ ਹੈ। ਕਿਸਾਨ ਖੁਦਕੁਸ਼ੀਆਂ ਰੋਕਣ ਦਾ ਇਹ ਹੀ ਸਥਾਈ ਹੱਲ ਹੈ।


-ਇੰਜ: ਕੁਲਦੀਪ ਸਿੰਘ ਲੁੱਧਰ
ਅੰਮ੍ਰਿਤਸਰ।


ਵਿਆਹ 'ਤੇ ਖਰਚ
8 ਮਾਰਚ, 2017 ਦੀ 'ਅਜੀਤ' ਵਿਚ ਛਪਿਆ ਲੇਖ 'ਕੀ ਹੁਣ ਵਿਆਹ ਸੌਖੇ ਤੇ ਸਸਤੇ ਹੋਣਗੇ?' ਸਮਾਜ ਲਈ ਰਾਮਬਾਣ ਸਿੱਧ ਹੋਏਗਾ। ਲੋਕ ਸਭਾ ਵਿਚ ਪੇਸ਼ ਬਿੱਲ ਜਨਤਾ ਨੂੰ ਇਕ ਨਵਾਂ ਰਾਹ ਦਿਖਾਏਗਾ। ਲੋਕਾਂ ਵੱਲੋਂ ਇਸ ਦਾ ਸਵਾਗਤ ਕੀਤਾ ਜਾ ਰਿਹਾ ਹੈ। ਇਸ ਬਿੱਲ ਦਾ ਫਾਇਦਾ ਗ਼ਰੀਬ ਲੋਕਾਂ ਨੂੰ ਵੱਧ ਮਿਲੇਗਾ। ਕਿਉਂਕਿ ਉਹ ਦੋ-ਤਿੰਨ ਘੰਟੇ ਦੇ ਪ੍ਰੋਗਰਾਮ 'ਤੇ ਆਪਣੀ ਜ਼ਿੰਦਗੀ ਦੀ ਖੂਨ-ਪਸੀਨੇ ਦੀ ਸਾਰੀ ਕਮਾਈ ਖਰਚ ਕਰ ਦਿੰਦੇ ਹਨ ਅਤੇ ਉਹ ਵਿਆਹ ਸੰਪੂਰਨ ਕਰਨ ਲਈ ਲੱਖਾਂ ਰੁਪਏ ਦੇ ਕਰਜ਼ੇ ਵੀ ਲੈਂਦੇ ਹਨ, ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਉਹ ਕਰਜ਼ੇ ਦਾ ਵਿਆਜ ਦੇਣ ਦੇ ਕਾਬਲ ਨਹੀਂ ਰਹਿੰਦੇ, ਕਰਜ਼ਾ ਵਾਪਸ ਕਰਨਾ ਤਾਂ ਦੂਰ ਦੀ ਗੱਲ ਹੈ। ਅਮੀਰ ਲੋਕ ਤਾਂ ਵਿਖਾਵਾ ਕਰਨ ਲਈ ਬੇਹਿਸਾਬ ਪੂੰਜੀ ਖਰਚ ਕਰਦੇ ਹਨ। ਗ਼ਰੀਬ ਲੋਕਾਂ ਨੂੰ ਵੀ ਮਜਬੂਰੀ ਵੱਸ ਇਹ ਖਰਚ ਕਰਨਾ ਪੈਂਦਾ ਹੈ। ਸਰਕਾਰ ਵੱਲੋਂ ਜੇ ਇਹ ਕਾਨੂੰਨ ਪਾਸ ਕਰਕੇ ਸਖਤੀ ਨਾਲ ਲਾਗੂ ਕੀਤਾ ਜਾਵੇ ਤਾਂ ਸਾਡਾ ਸਮਾਜ ਇਸ ਭੈੜੀ ਲਾਹਨਤ ਤੋਂ ਮੁਕਤ ਹੋ ਸਕਦਾ ਹੈ।


-ਸਮਿੱਤਰ ਸਿੰਘ ਦੋਸਤ
ਮੋਬਾਈਲ : 92562-92764.


ਅਪਗਰੇਡ ਸਕੂਲਾਂ ਦੇ ਅਧਿਆਪਕਾਂ ਦੇ ਦੁੱਖ
ਪਿਛਲੇ ਸਾਲ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਦੇ ਮਿਡਲ ਸਕੂਲ ਅਪਗਰੇਡ ਕਰਕੇ ਹਾਈ ਸਕੂਲ ਕਰ ਦਿੱਤੇ। ਮਿਡਲ ਤੋਂ ਹਾਈ ਉਹ ਸਕੂਲ ਕੀਤੇ ਜਿਨ੍ਹਾਂ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ 100 ਤੋਂ ਜ਼ਿਆਦਾ ਸੀ। ਅਧਿਆਪਕਾਂ ਨੇ ਬੜੀ ਮਿਹਨਤ ਨਾਲ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵਧਾਈ ਸੀ, ਪਰ ਇਸ ਦਾ ਨਤੀਜਾ ਇਹ ਹੋਇਆ ਕਿ ਸਕੂਲਾਂ ਵਿਚ ਮੁੱਖ ਅਧਿਆਪਕ ਅਤੇ ਕਲਰਕਾਂ ਦੀਆਂ ਪੋਸਟਾਂ ਖਾਲੀ ਹੋਣ ਕਾਰਨ ਵਿਚਾਰੇ ਅਧਿਆਪਕ ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਤਨਖਾਹਾਂ ਤੋਂ ਵਾਂਝੇ ਹਨ। ਇਹ ਅਧਿਆਪਕ ਤਨਖਾਹਾਂ ਲਈ ਏ.ਜੀ. ਪੰਜਾਬ ਦੇ ਦਫਤਰ ਅਤੇ ਜ਼ਿਲ੍ਹਾ ਸਿੱਖਿਆ ਅਫਸਰਾਂ ਦੇ ਦਫਤਰਾਂ ਦੇ ਚੱਕਰ ਲਗਾਉਣ ਜਾਂ ਸਕੂਲਾਂ ਵਿਚ ਬੱਚਿਆਂ ਨੂੰ ਪੜ੍ਹਾਉਣ। ਹੁਣ ਤਾਂ ਅਧਿਆਪਕ ਇਹ ਸੋਚਣ ਨੂੰ ਮਜਬੂਰ ਹੋ ਗਏ ਹਨ ਕਿ ਕਾਸ਼! ਉਨ੍ਹਾਂ ਨੇ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਨਾ ਵਧਾਈ ਹੁੰਦੀ ਤਾਂ ਅੱਜ ਉਹ ਵੀ ਬਾਕੀ ਅਧਿਆਪਕਾਂ ਵਾਂਗ ਖੱਜਲ-ਖੁਆਰੀ ਤੋਂ ਬਚ ਜਾਂਦੇ। ਪੰਜਾਬ ਸਰਕਾਰ ਨੂੰ ਅਧਿਆਪਕਾਂ ਦੀ ਹੋ ਰਹੀ ਖੱਜਲ-ਖੁਆਰੀ ਅਤੇ ਮਾਨਸਿਕ ਪਰੇਸ਼ਾਨੀ ਨੂੰ ਛੇਤੀ ਤੋਂ ਛੇਤੀ ਦੂਰ ਕਰਨ ਲਈ ਠੋਸ ਉਪਰਾਲੇ ਕਰਨੇ ਚਾਹੀਦੇ ਹਨ।


-ਇਕ ਪਾਠਕ

10-3-2017

  ਸਾਡੀ ਰੀਸ ਕੌਣ ਕਰ ਲਊ...

ਇਕ ਦਿਨ ਮੈਂ ਆਪਣੇ ਆੜ੍ਹਤੀਏ ਦੇਵ ਰਾਜ ਦੀ ਕੀੜੇਮਾਰ ਦਵਾਈਆਂ ਦੀ ਦੁਕਾਨ ਤੋਂ ਆਪਣੇ ਖੇਤ ਵਾਸਤੇ ਨਦੀਨਨਾਸ਼ਕ ਦਵਾਈ ਲੈਣ ਗਿਆ। ਮੈਂ ਕੀ ਦੇਖਿਆ ਕਿ ਮੇਰੇ ਤੋਂ ਪਹਿਲਾਂ ਮੇਰੇ ਹੀ ਪਿੰਡ ਦਾ ਕਿਸਾਨ ਕਿੱਕਰ ਸਿੰਘ ਦੇਵ ਰਾਜ ਤੋਂ 5000 ਰੁਪਏ ਵਿਆਜ 'ਤੇ ਲੈਣ ਲਈ ਮਿੰਨਤਾਂ ਤਰਲੇ ਕਰ ਰਿਹਾ ਸੀ ਪਰ ਦੇਵ ਰਾਜ ਉਸ ਨੂੰ ਪਿਛਲੇ ਖੜ੍ਹੇ ਪੈਸੇ ਵਾਪਸ ਨਾ ਕਰਨ ਕਰਕੇ ਹੋਰ ਪੈਸੇ ਦੇਣ ਤੋਂ ਅਸਮਰੱਥਾ ਪ੍ਰਗਟ ਕਰ ਰਿਹਾ ਸੀ। ਕਿੱਕਰ ਸਿੰਘ ਦੇ ਜ਼ਿਆਦਾ ਵਾਸਤੇ ਪਾਉਣ ਕਰਕੇ ਅਖੀਰ ਨਾ-ਚਾਹੁੰਦੇ ਹੋਏ ਵੀ ਦੇਵ ਰਾਜ ਨੇ ਉਸ ਦਾ ਸੱਜਾ ਅੰਗੂਠਾ ਆਪਣੀ ਲਾਲ ਵਹੀ 'ਤੇ ਲਗਾ ਕੇ ਉਸ ਨੂੰ 5000 ਰੁਪਏ ਦੇ ਦਿੱਤੇ ਸਨ। ਉਸ ਤੋਂ ਅਗਲੇ ਦਿਨ ਮੈਂ ਕੀ ਦੇਖਿਆ ਕਿ ਉਹੀ ਕਿੱਕਰ ਸਿੰਘ ਪਿੰਡੋਂ ਗਈ ਜੈਲਦਾਰਾਂ ਦੀ ਬਰਾਤ ਵਿਚ ਨੱਚਦੀਆਂ ਆਰਕੈਸਟਰਾਂ 'ਤੇ ਨੋਟ ਸੁੱਟ ਰਿਹਾ ਸੀ ਅਤੇ ਡੀ.ਜੇ. ਵਾਲੇ ਨੂੰ ਵਾਰ-ਵਾਰ ਇਕੋ ਗਾਣਾ ਲਾਉਣ ਦੀ ਫਰਮਾਇਸ਼ ਵੀ ਕਰ ਰਿਹਾ ਸੀ, ਜਿਸ ਦੇ ਬੋਲ ਸਨ:
ਮਾਲਕ ਜ਼ਮੀਨਾਂ ਦੇ ਤੇ ਪੁੱਤ ਸਰਦਾਰਾਂ ਦੇ,
ਸਾਡੇ ਸਿਰੋਂ ਚਲਦੇ ਨੇ ਘਰ ਸ਼ਾਹੂਕਾਰਾਂ ਦੇ,
ਖੁੱਲ੍ਹੇ ਰੱਖੀਏ ਦਿਲਾਂ ਦੇ ਦਰਵਾਜ਼ੇ
ਸਾਡੀ ਰੀਸ ਕੌਣ ਕਰ ਲਓ,
ਸਾਨੂੰ ਰੱਬ ਨੇ ਬਣਾਇਆ ਮਹਾਰਾਜੇ।

-ਰਾਜਾ ਗਿੱਲ
ਪਿੰਡ ਤੇ ਡਾਕ: ਚੜਿੱਕ (ਮੋਗਾ)। ਮੋਬਾ : 94654-11585.


ਸੈਲਫੀਆਂ ਤੇ ਲਾਈਵ ਵੀਡੀਓ

ਜ਼ਿੰਦਗੀ ਵਿਚ ਬੀਤ ਰਹੇ ਹਰੇਕ ਯਾਦਗਾਰ ਪਲ ਨੂੰ ਕੈਮਰੇ ਵਿਚ ਕੈਦ ਕਰਕੇ ਸੈਲਫੀਆਂ ਤੇ ਲਾਈਵ ਵੀਡੀਓ ਦੇ ਰੂਪ ਵਿਚ ਆਪਣੇ ਦੋਸਤਾਂ-ਮਿੱਤਰਾਂ ਨੂੰ ਫੇਸਬੁੱਕ, ਟਵਿਟਰ, ਵਟਸਐਪ, ਯੂ-ਟਿਊਬ ਤੇ ਇੰਸਟਾਗ੍ਰਾਮ ਰਾਹੀਂ ਦਿਖਾਉਣ ਦਾ ਰੁਝਾਨ ਅੱਜਕਲ੍ਹ ਆਮ ਹੋ ਗਿਆ ਹੈ। ਅਜਿਹੀਆਂ ਹਰਕਤਾਂ ਕਰਦੇ ਸਮੇਂ ਸਾਡੀ ਨੌਜਵਾਨ ਪੀੜ੍ਹੀ ਇਹ ਭੁੱਲ ਜਾਂਦੀ ਹੈ ਕਿ ਕੁਝ ਹੀ ਪਲਾਂ ਤੱਕ ਮੌਤ ਉਨ੍ਹਾਂ ਤੱਕ ਪਹੁੰਚ ਰਹੀ ਹੈ। ਧਾਰਮਿਕ ਸਥਾਨਾਂ ਤੇ ਮੇਲਿਆਂ ਨੂੰ ਮੋਟਰਸਾਈਕਲਾਂ 'ਤੇ ਜਾਂਦੇ ਸਮੇਂ ਗਰੁੱਪ ਵਿੱਚ ਨੌਜੁਆਨਾਂ ਵੱਲੋਂ ਆਪਣੇ-ਆਪ ਨੂੰ ਲਾਈਵ ਦਿਖਾਉਣ ਕਰਕੇ ਅੱਜਕਲ੍ਹ ਧਾਰਮਿਕ ਸਥਾਨਾਂ ਦੀ ਯਾਤਰਾ ਸੈਲਫੀਆਂ ਦੀ ਯਾਤਰਾ ਬਣਦੀ ਜਾ ਰਹੀ ਹੈ। ਪਿਛਲੇ ਸਮੇਂ ਵਿਚ ਸੈਲਫੀਆਂ ਖਿੱਚਦੇ ਸਮੇਂ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ, ਪਰ ਕੋਈ ਵੀ ਅਜਿਹੀਆਂ ਹਰਕਤਾਂ ਕਰਨ ਤੋਂ ਬਾਜ਼ ਨਹੀਂ ਆ ਰਿਹਾ। ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਇਸ ਤਕਨੀਕ ਦਾ ਇਸਤੇਮਾਲ ਮੂਰਖਤਾ ਦੀ ਹੱਦ ਤੱਕ ਕਰਨਾ ਛੱਡ ਕੇ ਸਹੀ ਤਰੀਕੇ ਨਾਲ ਕੀਤਾ ਜਾਵੇ ਅਤੇ ਸਮਾਂ ਤੇ ਸਥਾਨ ਜ਼ਰੂਰ ਦੇਖ ਲਿਆ ਜਾਵੇ।

-ਸ਼ਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆਂ, ਡਾਕਖਾਨਾ ਚੀਮਾਂ ਖੁੱਡੀ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਮੋਬਾਈਲ : 98764-74671.

ਨੋਟਾਂ ਦੀ ਬੇਕਦਰੀ

ਪੈਸੇ ਨੂੰ ਦੁਨੀਆ ਵਿਚ ਰੱਬ ਰੂਪ ਵਜੋਂ ਸਮਝਿਆ ਜਾਂਦਾ ਹੈ। ਹੈ ਵੀ ਠੀਕ, ਕਿਉਂਕਿ ਧਨ ਮਨੁੱਖ ਦੇ ਹਰ ਦੁੱਖ-ਸੁੱਖ ਵਿਚ ਕੰਮ ਆਉਂਦਾ ਹੈ। ਕੋਈ ਵੀ ਲੈਣ-ਦੇਣ ਬਿਨਾਂ ਨੋਟਾਂ ਤੋਂ ਨਹੀਂ ਹੁੰਦਾ। ਪੈਸਾ ਰੱਬ ਤਾਂ ਨਹੀਂ, ਪਰ ਹੈ ਵੀ ਬਹੁਤ ਕੁਝ। ਇਨ੍ਹਾਂ ਪੈਸਿਆਂ ਨੂੰ ਕਮਾਉਣ ਲਈ ਬਹੁਤ ਮਿਹਨਤ-ਮੁਸ਼ੱਕਤ ਕਰਨੀ ਪੈਂਦੀ ਹੈ, ਦਿਨ-ਰਾਤ ਮਿਹਨਤ ਕਰਨੀ ਪੈਂਦੀ ਹੈ, ਵਿਦੇਸ਼ਾਂ ਵਿਚ ਜਾ ਕੇ ਧੱਕੇ ਵੀ ਖਾਣੇ ਪੈਂਦੇ ਹਨ ਅਤੇ ਆਪਣੇ ਅਰਮਾਨਾਂ ਦਾ ਘਾਣ ਵੀ ਕਰਨਾ ਪੈਂਦਾ ਹੈ। ਪਰ ਦੁੱਖ ਉਦੋਂ ਹੁੰਦਾ ਹੈ ਜਦੋਂ ਕਿਸੇ ਵਿਆਹ, ਸੇਵਾਮੁਕਤੀ ਜਾਂ ਹੋਰ ਖੁਸ਼ੀ ਦੇ ਮੌਕਿਆਂ 'ਤੇ ਨੱਚਦੇ-ਟੱਪਦੇ ਹੋਏ ਲੋਕ ਹੋਰ ਦੂਜੇ 'ਤੇ ਨਾਲ ਦੇ ਨੱਚਣ ਵਾਲੇ ਲੋਕਾਂ 'ਤੇ ਨੋਟ ਵਾਰਦੇ (ਸੁੱਟਦੇ) ਨਜ਼ਰ ਆਉਂਦੇ ਹਨ ਤੇ ਫਿਰ ਕੁਝ ਸਕਿੰਟਾਂ ਵਿਚ ਉਹੀ ਰੱਬ ਵਾਂਗ ਪੂਜੇ ਤੇ ਮਿਹਨਤ-ਮੁਸ਼ੱਕਤ ਨਾਲ ਕਮਾਏ ਨੋਟ ਭੰਗੜੇ ਪਾਉਂਦੇ ਲੋਕਾਂ ਦੇ ਪੈਰਾਂ ਹੇਠਾਂ, ਜੁੱਤੀਆਂ ਥੱਲੇ ਰੁਲਦੇ ਨਜ਼ਰੀਂ ਆਉਂਦੇ ਹਨ। ਸੋ, ਇਨ੍ਹਾਂ ਨੋਟਾਂ ਦੀ ਕਦਰ ਕਰਦੇ ਹੋਏ ਸਾਨੂੰ ਅਜਿਹੀ ਗ਼ਲਤੀ ਨਹੀਂ ਕਰਨੀ ਚਾਹੀਦੀ। ਸਖ਼ਤ ਮਿਹਨਤ ਤੇ ਘਾਲਣਾ ਘਾਲ ਕੇ ਪ੍ਰਾਪਤ ਹੋਣ ਵਾਲੀ ਵਸਤੂ ਨੂੰ ਇੱਜ਼ਤ-ਮਾਣ ਨਾਲ ਸੰਭਾਲ ਕੇ ਰੱਖਣਾ ਹੀ ਸਹੀ ਹੋ ਸਕਦਾ ਹੈ, ਉਸ ਦੀ ਬੇਕਦਰੀ ਕਰਨ ਨਾਲ ਘਰ-ਬਾਰ ਤੇ ਵਿਅਕਤੀਤਵ ਦੀ ਤਰੱਕੀ ਹੋਣੀ ਔਖੀ ਹੈ।

-ਮਾ: ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ। ਮੋਬਾਈਲ : 94785-61356.

 

 

9/3/2017

 ਔਰਤਾਂ ਦਾ ਸਨਮਾਨ
ਮਾਂ ਅਰਥਾਤ ਮਾਤਾ ਦੇ ਰੂਪ ਵਿਚ ਨਾਰੀ ਨੂੰ ਧਰਤੀ 'ਤੇ ਆਉਣ ਲਈ ਸਭ ਤੋਂ ਵੱਧ ਪਵਿੱਤਰ ਮੰਨਿਆ ਗਿਆ ਹੈ। ਕਿਉਂਕਿ ਮਾਂ ਈਸ਼ਵਰ ਦੀ ਵੀ ਜਨਮਦਾਤੀ ਹੈ ਪਰ ਹੁਣ ਔਰਤ ਦਾ ਸਨਮਾਨ ਘਟਦਾ ਜਾ ਰਿਹਾ ਹੈ। ਇਹ ਇਕ ਚਿੰਤਾਜਨਕ ਪਹਿਲੂ ਹੈ। ਸਭ ਆਪਣੇ ਕੰਮਾਂ-ਕਾਰਾਂ ਵਿਚ ਨੈਤਿਕ ਕਦਰਾਂ-ਕੀਮਤਾਂ ਗੁਆ ਰਹੇ ਹਨ। ਨਵੀਂ ਪੀੜ੍ਹੀ ਦੇ ਵਰਗ ਨੂੰ ਸੋਚਣਾ ਚਾਹੀਦਾ ਹੈ ਕਿ ਔਰਤਾਂ ਦਾ ਸਨਮਾਨ ਕਿਉਂ ਘਟਦਾ ਜਾ ਰਿਹਾ ਹੈ। ਔਰਤਾਂ ਹਰ ਖੇਤਰ ਵਿਚ ਮੁੰਡਿਆਂ ਨਾਲੋਂ ਅੱਗੇ ਹਨ। ਇਹ ਹਰ ਖੇਤਰ ਵਿਚ ਆਪਣੀ ਮਿਹਨਤ ਸਦਕਾ ਬਾਜ਼ੀ ਮਾਰ ਰਹੀਆਂ ਹਨ। ਜੇਕਰ ਅਸੀਂ ਇਤਿਹਾਸ ਵੱਲ ਧਿਆਨ ਦੇਈਏ ਤਾਂ ਮਦਰ ਟੈਰੇਸਾ, ਕਲਪਨਾ ਚਾਵਲਾ, ਕਸਤੂਰਬਾ ਗਾਂਧੀ, ਮਾਈ ਭਾਗੋ ਅਤੇ ਹੋਰ ਵੀ ਬਹੁਤ ਪ੍ਰਸਿੱਧ ਮਹਿਲਾਵਾਂ ਹਨ, ਜਿਨ੍ਹਾਂ ਨੇ ਸਾਡੇ ਦੇਸ਼ ਦੀ ਤਰੱਕੀ ਨੂੰ ਵਧਾਉਣ ਲਈ ਭੂਮਿਕਾ ਨਿਭਾਈ ਹੈ। ਸੋ, ਸਾਨੂੰ ਔਰਤਾਂ ਦਾ ਸਨਮਾਨ ਕਰਨਾ ਚਾਹੀਦਾ ਹੈ।


-ਬੇਅੰਤ ਕੌਰ ਬਰਾੜ
ਪਿੰਡ ਖੁੜੰਜ, ਜ਼ਿਲ੍ਹਾ ਫਾਜ਼ਿਲਕਾ।


ਜਾਣਕਾਰੀ ਭਰਪੂਰ ਲੇਖ

ਪਿਛਲੇ ਦਿਨੀਂ 'ਅਜੀਤ' ਵਿਚ ਇਕ ਲੇਖ ਬਾਬਾ ਦਾਨ ਸਿੰਘ ਬਰਾੜ ਬਾਰੇ ਪੜ੍ਹਿਆ, ਬਹੁਤ ਜਾਣਕਾਰੀ ਭਰਪੂਰ ਸੀ। ਲੇਖਕ ਨੇ ਵਧੀਆ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਥੋੜ੍ਹੇ ਸ਼ਬਦਾਂ ਵਿਚ ਹੀ ਭਰਪੂਰ ਜਾਣਕਾਰੀ ਦੇਣ ਦੀ ਖੇਚਲ ਕੀਤੀ ਹੈ ਪਰ ਇਸ ਮਹਾਂਪੁਰਸ਼ ਨੂੰ ਜਿੰਨਾ ਵੱਡਾ ਸਥਾਨ ਸਿੱਖ ਇਤਿਹਾਸ ਵਿਚ ਮਿਲਣਾ ਚਾਹੀਦਾ ਸੀ, ਉਹ ਨਹੀਂ ਮਿਲ ਸਕਿਆ। ਬਹੁਤ ਥੋੜ੍ਹੇ ਪਾਠਕਾਂ ਨੂੰ ਇਨ੍ਹਾਂ ਬਾਰੇ ਜਾਣਕਾਰੀ ਸੀ ਪਰ ਇਹ ਲੇਖ ਪੜ੍ਹ ਕੇ ਜਾਣਕਾਰੀ ਵਿਚ ਵਾਧਾ ਹੋਇਆ ਹੈ। ਤੁਸੀਂ ਵਧਾਈ ਦੇ ਪਾਤਰ ਹੋ ਕਿ ਮਾਲਵੇ ਦੇ ਲੋਕਾਂ ਨੂੰ ਇਸ ਮਹਾਨ ਜਰਨੈਲ ਬਾਰੇ ਭਰਪੂਰ ਜਾਣਕਾਰੀ ਦਿੱਤੀ।

-ਬਲਦੇਵ ਸਿੰਘ ਮਰਾਹੜ
ਪਿੰਡ ਤੇ ਡਾਕ: ਕੋਠਾ ਗੁਰੂ ਕਾ, ਬਠਿੰਡਾ

ਆਲੂਆਂ ਦੀ ਮੰਦੀ

ਲੋਕਾਂ ਨੇ ਹਾਲੇ ਨੋਟਬੰਦੀ ਤੋਂ ਪੂਰੀ ਤਰ੍ਹਾਂ ਰਾਹਤ ਵੀ ਮਹਿਸੂਸ ਨਹੀਂ ਕੀਤੀ ਕਿ ਆਲੂਆਂ ਦੀ ਫ਼ਸਲ ਦੀ ਮੰਦੀ ਹਾਲਤ ਨੇ ਕਿਸਾਨੀ ਦਾ ਲੱਕ ਤੋੜ ਦਿੱਤਾ। ਮਹਿੰਗੇ ਭਾਅ ਦੀ ਖਾਦ ਨਾਲ ਤਿਆਰ ਕੀਤੀ ਆਲੂਆਂ ਦੀ ਫ਼ਸਲ ਦੀ ਆਮਦ ਭਾਵੇਂ ਇਕ ਵਾਰ ਚੰਗੀ ਹੋਈ ਪਰ ਰੁਪਏ ਕਿਲੋ ਵਿਕਦੇ ਆਲੂਆਂ ਨੇ ਕਿਸਾਨਾਂ ਦੇ ਮੁਢਲੇ ਖਰਚੇ ਵੀ ਪੂਰੀ ਨਹੀਂ ਕਰਨੇ। ਪਿਛਲੇ ਦਿਨੀਂ ਕਰਤਾਰਪੁਰ ਵਿਚ ਜਲੰਧਰ ਅੰਮ੍ਰਿਤਸਰ ਕੌਮੀ ਮਾਰਗ 'ਤੇ ਕਿਸਾਨਾਂ ਨੇ ਆਲੂ ਸੁੱਟ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਪ੍ਰਸ਼ਾਸਨ ਨੂੰ ਆਲੂਆਂ ਦਾ ਚਿੱਕੜ ਜੇ.ਸੀ.ਬੀ. ਮਸ਼ੀਨਾਂ ਨਾਲ ਹਟਾਉਣਾ ਪਿਆ। ਆਲੂਆਂ ਦੀ ਫ਼ਸਲ ਦੇ ਨਿਕਲੇ ਇਸ ਜਨਾਜ਼ੇ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ। ਮੰਡੀ ਵਿਚ ਆਲੂ ਭਾਵੇਂ ਮੰਦੇ ਵਿਕ ਰਹੇ ਨੇ ਪਰ ਆਲੂਆਂ ਤੋਂ ਬਣੇ ਪਦਾਰਥ ਮਾਰਕੀਟ ਵਿਚ ਮਹਿੰਗੇ ਭਾਅ ਵਿਕ ਰਹੇ ਹਨ। ਆਲੂਆਂ ਦੇ ਮੰਦੇ ਭਾਅ ਨੇ ਕਿਸਾਨਾਂ ਨੂੰ ਆ ਰਹੇ ਹਾੜ੍ਹੀ ਦੇ ਸੀਜ਼ਨ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਸੈਂਕੜੇ ਏਕੜ ਵਿਚ ਲੱਗੇ ਆਲੂਆਂ ਦੀ ਫ਼ਸਲ ਦਾ ਸਹੀ ਮੁੱਲ ਪਾਉਣ ਲਈ ਸਰਕਾਰ ਜਲਦ ਹੀ ਕੋਈ ਪੁਖਤਾ ਤੇ ਫੌਰੀ ਇੰਤਜ਼ਾਮ ਕਰਕੇ 'ਕਿਸਾਨ ਹਿਤੈਸ਼ੀ' ਬਣਨ ਦਾ ਯਤਨ ਕਰੇ ਤਾਂ ਕਿ ਕਿਸਾਨਾਂ ਦਾ ਰੋਹ ਠੰਢਾ ਹੋ ਸਕੇ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।

 

08/03/2017

 ਸਹਿਣਸ਼ੀਲਤਾ ਦਾ ਮਹੱਤਵ
ਅਜੋਕੇ ਸਮਿਆਂ ਵਿਚ ਭਾਵੇਂ ਅਸੀਂ ਬਹੁਤ ਅਗਾਂਹਵਧੂ ਵਿਚਾਰਾਂ ਦੇ ਧਾਰਨੀ ਹੋਣ ਦਾ ਵਿਖਾਵਾ ਕਰਦੇ ਹਾਂ ਪ੍ਰੰਤੂ ਅਸੀਂ ਦਿਨ-ਬ-ਦਿਨ ਸਹਿਣਸ਼ੀਲ ਆਚਾਰ-ਵਿਹਾਰ ਤੋਂ ਦੂਰ ਹੁੰਦੇ ਜਾ ਰਹੇ ਹਾਂ। ਘਰ ਵਿਚ ਬੱਚਿਆਂ ਦਾ ਰੁੱਸਣਾ, ਨੌਜਵਾਨ ਪੀੜ੍ਹੀ ਦੀਆਂ ਖ਼ੁਦਕੁਸ਼ੀਆਂ, ਮਾਨਸਿਕ ਤਣਾਅ ਸਭ ਉਨ੍ਹਾਂ ਵਿਚ ਇਸ ਗੁਣ ਦੀ ਘਾਟ ਦਾ ਨਤੀਜਾ ਹੈ। ਅਸੀਂ ਬੋਲਣ ਨੂੰ ਵਧੇਰੇ ਅਤੇ ਸੁਣਨ ਨੂੰ ਘੱਟ ਅਹਿਮੀਅਤ ਦਿੰਦੇ ਹਾਂ। ਸਹਿਣਸ਼ੀਲ ਹੋਣ ਦਾ ਮਤਲਬ ਇਹ ਨਹੀਂ ਕਿ ਅਸੀਂ ਹਰ ਗੱਲ ਨੂੰ ਸਹਾਰ ਲਈਏ ਬਲਕਿ ਇਹ ਹੈ ਕਿ ਅਸੀਂ ਟਾਲਣਯੋਗ ਹਾਲਤਾਂ ਨੂੰ ਆਉਣ ਤੋਂ ਰੋਕ ਸਕੀਏ। 21ਵੀਂ ਸਦੀ ਦੇ ਧੀਆਂ-ਪੁੱਤ, ਮਾਂ-ਬਾਪ ਨਾਲ ਸਮਾਯੋਜਨ ਇਸ ਕਰਕੇ ਨਹੀਂ ਕਰ ਰਹੇ ਕਿਉਂਕਿ ਉਨ੍ਹਾਂ ਵਿਚ ਪੀੜ੍ਹੀ-ਪਾੜਾ ਹੈ। ਪਰਿਵਰਤਨ ਕੁਦਰਤ ਦਾ ਨਿਯਮ ਹੈ। ਅਜੋਕੇ ਮਾਂ-ਬਾਪ ਬੱਚਿਆਂ ਦੇ ਮਿੱਤਰ ਬਣਨ, ਗਾਈਡ ਬਣਨ ਨਾ ਕਿ ਆਪਣੀਆਂ ਗੱਲਾਂ ਉਨ੍ਹਾਂ 'ਤੇ ਥੋਪਣ। ਦੋ ਪਲ ਦਾ ਗੁੱਸਾ, ਸਦੀਆਂ ਦਾ ਨਰਕ ਬਣ ਜਾਂਦਾ ਹੈ। ਸੋ, ਇਹ ਜ਼ਰੂਰੀ ਹੈ ਕਿ ਹਰ ਸਥਿਤੀ ਨੂੰ ਹਉਮੈਂ ਨੂੰ ਤਿਆਗ ਕੇ ਵਿਚਾਰਿਆ ਜਾਵੇ ਤੇ ਸਹਿਣਸ਼ੀਲ ਵਿਵਹਾਰ ਦਾ ਧਾਰਨੀ ਬਣਿਆ ਜਾਵੇ।


 
-ਮਾ: ਮਨਦੀਪ ਸਿਵੀਆ
ਸ.ਸ.ਸ. ਸਕੂਲ, ਚੱਕ ਜਾਨੀਸਰ, ਜ਼ਿਲ੍ਹਾ ਫਾਜ਼ਿਲਕਾ


ਪਾਣੀ ਦੀ ਕਦਰ ਜਾਣੋ
'ਜਲ ਹੀ ਜੀਵਨ ਹੈ' ਇਹ ਇਕ ਤੁੱਕ ਹੀ ਨਹੀਂ ਹੈ ਸਗੋਂ ਸਾਰੀ ਸ੍ਰਿਸ਼ਟੀ ਦਾ ਮੂਲ ਸਾਰ ਹੈ, ਕਿਉਂਕਿ ਪਾਣੀ ਤੋਂ ਬਗੈਰ ਜੀਵਨ, ਕੰਮ-ਕਾਜ ਤੇ ਸਾਡੀ ਸਭ ਦੀ ਹੋਂਦ ਅਸੰਭਵ ਹੈ। ਗੁਰਬਾਣੀ ਵਿਚ ਵੀ ਪਾਣੀ ਨੂੰ 'ਪਿਤਾ' ਭਾਵ ਜਨਮਦਾਤਾ ਦਾ ਦਰਜਾ ਸਤਿਕਾਰ ਵਜੋਂ ਦਿੱਤਾ ਗਿਆ ਹੈ, ਤਾਂ ਕਿ ਅਸੀਂ ਪਾਣੀ ਨੂੰ ਸਾਧਾਰਨ ਵਸਤੂ ਨਾ ਸਮਝਦੇ ਹੋਏ ਜੀਵਨ-ਦਾਤੇ ਦੇ ਨਜ਼ਰੀਏ ਨਾਲ ਦੇਖੀਏ ਪਰ ਅੱਜ ਜਦੋਂ ਕਦੇ ਜਨਤਕ ਥਾਵਾਂ 'ਤੇ ਜਾਂ ਘਰਾਂ ਦੀਆਂ ਟੂਟੀਆਂ ਜਾਂ ਟੈਂਕੀਆਂ ਵਿਚੋਂ ਚਾਂਦੀ ਰੰਗਾ ਸ਼ੁੱਧ ਪਾਣੀ ਓਵਰ ਫਲੋਅ ਹੋ ਕੇ ਜਾਂ ਟੂਟੀਆਂ ਖੁੱਲ੍ਹੀਆਂ ਰੱਖਣ ਕਰਕੇ ਵਿਅਰਥ ਗਲੀਆਂ, ਨਾਲੀਆਂ ਸੜਕਾਂ ਆਦਿ 'ਚ ਡਿੱਗ ਕੇ ਵਿਅਰਥ ਜਾਂਦਾ ਨਜ਼ਰੀਂ ਪੈਂਦਾ ਹੈ ਤਾਂ ਮਨ ਨੂੰ ਬਹੁਤ ਦੁੱਖ ਹੁੰਦਾ ਹੈ। ਅਜਿਹਾ ਕਈ ਵਾਰ ਖੁਸ਼ੀ-ਗਮੀ ਦੇ ਪ੍ਰੋਗਰਾਮਾਂ ਸਮੇਂ ਵੀ ਹੁੰਦਾ ਨਜ਼ਰੀਂ ਆਉਂਦਾ ਹੈ ਜੋ ਕਿ ਅਤਿ ਨਿੰਦਣਯੋਗ ਤੇ ਦੁਖਦਾਈ ਗੱਲ ਹੈ। ਅੱਜ ਵਿਗਿਆਨੀ ਤੇ ਮਾਹਿਰ ਪਾਣੀ ਦੇ ਡਿੱਗ ਰਹੇ ਪੱਧਰ ਅਤੇ ਪਾਣੀ ਦੇ ਗੰਧਲੇ ਹੋਣ 'ਤੇ ਬਹੁਤ ਚਿੰਤਤ ਹੋਏ ਪਏ ਹਨ। ਕਈ ਵਾਰ ਤਾਂ ਇੰਜ ਜਾਪਦਾ ਹੈ ਕਿ ਭਵਿੱਖ ਵਿਚ ਸ਼ਾਇਦ ਕਿਤੇ ਪਾਣੀ ਕਰਕੇ ਹੀ ਜੰਗਾਂ-ਯੁੱਧ ਨਾ ਹੋ ਜਾਣ। ਸੋ, ਮੁਕਦੀ ਗੱਲ ਸੰਖੇਪ ਵਿਚ ਇਹੋ ਹੈ ਕਿ ਸਾਨੂੰ ਆਪਣੇ ਲਈ, ਸਮੁੱਚੇ ਜੀਵ-ਜਗਤ ਲਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਅੱਜ ਤੋਂ ਹੀ ਪਾਣੀ ਦੀ ਸੰਭਾਲ ਪ੍ਰਤੀ ਖ਼ੁਦ ਜਾਗਰੂਕ ਹੋਣਾ ਪਵੇਗਾ।


-ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ।


ਚੋਣਾਂ ਦੇ ਨਤੀਜੇ
ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੇ 117 ਹਲਕਿਆਂ ਦੇ ਨਤੀਜਿਆਂ ਦੀ ਲੋਕ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇੰਤਜ਼ਾਰ ਕਰਨ ਵੀ ਕਿਉਂ ਨਾ, ਕਿਉਂਕਿ ਲੋਕਾਂ ਨੂੰ ਹਰ ਵਾਰ ਨਵੀਂ ਚੁਣੀ ਸਰਕਾਰ ਤੋਂ ਢੇਰ ਸਾਰੀਆਂ ਉਮੀਦਾਂ ਹੁੰਦੀਆਂ ਹਨ। ਆਉਣ ਵਾਲੀ ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉਤਰਦੀ ਹੈ ਜਾਂ ਨਹੀਂ, ਖੈਰ ਇਹ ਤਾਂ ਆਉਣ ਵਾਲਾ ਵਕਤ ਹੀ ਤੈਅ ਕਰੇਗਾ। ਪਰ ਸਮੇਂ ਦੀ ਮੰਗ ਹੈ ਕਿ ਪੰਜਾਬ ਵਿਚ ਕਿਸਾਨਾਂ ਦੀਆਂ ਵੱਧ ਰਹੀਆਂ ਖ਼ੁਦਕੁਸ਼ੀਆਂ ਨੂੰ ਠੱਲ੍ਹ ਪਾਈ ਜਾਵੇ, ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੱਢਿਆ ਜਾਵੇ, ਬੇਰੁਜ਼ਗਾਰੀ ਖ਼ਤਮ ਕਰਨ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ। ਸਰਕਾਰੀ ਸਕੂਲਾਂ ਦਾ ਸਟੇਟਸ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਕੀਤਾ ਜਾਵੇ ਤਾਂ ਜੋ ਗ਼ਰੀਬ ਤੇ ਅਮੀਰ ਸਭ ਲੋਕਾਂ ਦੇ ਬੱਚੇ ਉਚੇਰੀ ਸਿੱਖਿਆ ਸੌਖਿਆਂ ਪ੍ਰਾਪਤ ਕਰ ਸਕਣ। ਸਰਕਾਰ ਭਾਵੇਂ ਆਮ ਆਦਮੀ ਪਾਰਟੀ, ਕਾਂਗਰਸ ਜਾਂ ਅਕਾਲੀ-ਭਾਜਪਾ ਦੀ ਬਣੇ, ਲੋਕਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਲੋੜ ਤਾਂ ਇਸ ਗੱਲ ਦੀ ਹੈ ਕਿ ਜੋ ਵੀ ਸਰਕਾਰ ਬਣੇ, ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉਤਰੇ।


-ਸਮਿੱਤਰ ਸਿੰਘ
ਦਸ਼ਮੇਸ਼ ਨਗਰ, ਝੁੰਗੀਆਂ ਰੋਡ, ਖਰੜ।

07/03/2017

 ਰੁੱਖ ਲਗਾਉਣ ਤੋਂ ਬੇਖ਼ਬਰ ਪੰਚਾਇਤਾਂ
ਸਮਰਾਲਾ ਤੋਂ ਕੁਲਦੀਪ ਸਿੰਘ ਬਰਮਾਲੀਪੁਰ ਦੀ ਖ਼ਬਰ ਹੈ ਕਿ ਦਰੱਖਤਾਂ ਦੀ ਘਟ ਰਹੀ ਗਿਣਤੀ ਤੋਂ ਬੇਖ਼ਬਰ ਨੇ ਪੰਚਇਤਾਂ, ਬਿਲਕੁਲ ਸਹੀ ਹੈ। ਪਿੰਡਾਂ ਵਿਚ ਗ੍ਰਾਮ ਪੰਚਇਤਾਂ ਨੇ ਕਦੇ ਵੀ ਸਾਂਝੀਆ ਥਾਂਵਾਂ 'ਤੇ ਬੂਟੇ ਲਗਾਉਣ ਬਾਰੇ ਨਹੀਂ ਸੋਚਿਆ ਹੈ। ਪਿੰਡਾਂ ਵਿਚ ਨੌਜਵਾਨਾਂ ਨੇ ਕੁਝ ਕਲੱਬ ਬਣਾਏ ਹਨ ਤੇ ਉਨ੍ਹਾਂ ਵੱਲੋਂ ਕੁਝ ਪਿੰਡਾਂ ਵਿਚ ਬੂਟੇ ਲਗਾਏ ਗਏ ਹਨ। ਪੰਜਾਬ ਦੇ ਪਿੰਡਾਂ ਦੀਆਂ ਸਾਂਝੀਆਂ ਥਾਂਵਾਂ 'ਤੇ ਅਜੀਤ ਹਰਿਆਵਲ ਲਹਿਰ ਨੇ ਵਾਤਾਵਰਨ ਨੂੰ ਸ਼ੁੱਧ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੱਜ ਕਈ ਪਿੰਡ ਵਿਚ ਅਜੀਤ ਹਰਿਆਵਲ ਦੇ ਬੂਟੇ ਰਾਹਗੀਰਾਂ ਨੂੰ ਛਾਂ ਦੇ ਰਹੇ ਹਨ। ਪੰਚਾਇਤਾਂ ਨੇ ਬੂਟੇ ਕੀ ਲਗਾਉਣੇ ਹਨ? ਕਈ ਪੰਚਾਇਤਾਂ ਵੱਲੋਂ ਕੁਝ ਪਿੰਡਾਂ ਵਿਚ ਛੱਪੜਾਂ 'ਤੇ ਮਿਲੀਭੁਗਤ ਨਾਲ ਕਬਜ਼ੇ ਕਰਵਾ ਦਿੱਤੇ ਗਏ। ਪਿੰਡਾਂ ਦੀਆਂ ਸੰਪਰਕ ਸੜਕਾਂ 'ਤੇ ਰੁੱਖ ਲਗਾਉਣ ਦੀ ਬਜਾਏ ਕੂੜਾ ਕਰਕਟ ਨਜ਼ਰ ਆਉਂਦਾ ਹੈ। ਖਡੂਰ ਸਾਹਿਬ ਦੀਆਂ ਸੰਪਰਕ ਸੜਕਾਂ 'ਤੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਵੱਲੋਂ ਵੱਡੀ ਪੱਧਰ 'ਤੇ ਰੁੱਖ ਲਗਾਏ ਹਨ। ਲੋਕ ਸ਼ੁੱਧ ਵਾਤਾਵਰਨ ਦਾ ਅਨੰਦ ਮਾਣ ਰਹੇ ਹਨ। ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਵੱਲੋਂ ਪੰਚਾਇਤਾਂ ਨੂੰ ਹਦਾਇਤ ਕੀਤੀ ਜਾਣੀ ਚਾਹੀਦੀ ਹੈ ਕਿ ਛੱਪੜਾਂ ਦੀ ਸਫ਼ਾਈ ਕਰਵਾ ਕੇ ਪਿੱਪਲ, ਜਾਮਣ, ਅੰਬ ਤੇ ਹੋਰ ਕਿਸਮਾਂ ਦੇ ਬੂਟੇ ਲਗਾਏ ਜਾਣ ਤਾਂ ਕਿ ਵਾਤਾਵਰਨ ਦੇ ਪ੍ਰੇਮੀ ਸਵੇਰ ਦੀ ਸੈਰ ਸਮੇਂ ਸ਼ੁੱਧ ਵਾਤਾਵਰਨ 'ਚ ਸਾਹ ਲੈ ਸਕਣ।


-ਮਾਸਟਰ ਜਗੀਰ ਸਿੰਘ ਸਫਰੀ
ਸਠਿਆਲਾ (ਅੰਮ੍ਰਿਤਸਰ)।


ਚੋਣ ਨਤੀਜੇ
ਪੰਜਾਬ ਵਿਚ ਪਿਛਲੀ ਲੰਘੀ 4 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਆਉਣ ਵਿਚ ਸਿਰਫ ਕੁਝ ਦਿਨ ਹੀ ਬਾਕੀ ਬਚੇ ਹਨ। ਸਾਨੂੰ ਸਭ ਨੂੰ ਪਤਾ ਹੈ ਕਿ ਆਉਣ ਵਾਲੀ 11 ਮਾਰਚ ਨੂੰ ਸਵੇਰੇ 8 ਵਜੇ ਤੋਂ ਹਰੇਕ ਵਿਧਾਨ ਸਭਾ ਹਲਕੇ ਦੀ ਗਿਣਤੀ ਆਰੰਭ ਹੋ ਜਾਵੇਗੀ ਅਤੇ ਤਕਰੀਬਨ 10-11 ਵਜੇ ਤੱਕ ਹੀ ਨਤੀਜਿਆਂ ਦੇ ਰੁਝਾਨ ਆਉਣੇ ਵੀ ਸ਼ੁਰੂ ਹੋ ਜਾਣਗੇ। ਇਨ੍ਹਾਂ ਚੋਣਾਂ ਵਿਚ ਹਾਰਨ ਵਾਲੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰੱਥਕਾਂ ਵਿਚ ਜਿਥੇ ਨਿਰਾਸ਼ਾ ਦਾ ਆਲਮ ਹੋਵੇਗਾ, ਉਥੇ ਜਿੱਤੇ ਹੋਏ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰੱਥਕਾਂ ਵੱਲੋਂ ਆਪਣੇ-ਆਪਣੇ ਤਰੀਕੇ ਨਾਲ ਜਿੱਤ ਦੇ ਜਸ਼ਨ ਵੀ ਮਨਾਏ ਜਾਣਗੇ। ਪਿਛਲੇ ਕਈ ਦਹਾਕਿਆਂ ਤੋਂ ਅਸੀਂ ਅਕਸਰ ਹੀ ਦੇਖਦੇ ਆ ਰਹੇ ਹਾਂ ਕਿ ਇਨ੍ਹਾਂ ਚੋਣ ਨਤੀਜਿਆਂ ਵਾਲੇ ਦਿਨ ਜਿੱਤੇ ਹੋਏ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਜਿੱਤ ਦੇ ਗ਼ਰੂਰ ਵਿਚ ਜਿਥੇ ਖੂਬ ਰੌਲਾ-ਰੱਪਾ ਅਤੇ ਪਟਾਕੇ ਆਦਿ ਚਲਾਏ ਜਾਂਦੇ ਹਨ, ਉਥੇ ਕਈ ਵਾਰ ਇਨ੍ਹਾਂ ਦੁਆਰਾ ਜਾਣਬੁੱਝ ਕੇ ਹਾਰੇ ਹੋਏ ਉਮੀਦਵਾਰਾਂ ਦੇ ਸਮਰਥਕਾਂ ਦੇ ਘਰਾਂ ਅੱਗੇ ਜਾ ਕੇ ਉੱਚੀ ਆਵਾਜ਼ ਵਿਚ ਲਲਕਾਰੇ ਅਤੇ ਭੱਦੀ ਸ਼ਬਦਾਵਲੀ ਵੀ ਵਰਤੀ ਜਾਂਦੀ ਹੈ ਜੋ ਕਿ ਬਹੁਤ ਮਾੜਾ ਰੁਝਾਨ ਹੈ। ਸੋ, ਸਾਨੂੰ ਸਭ ਨੂੰ ਅਜਿਹੇ ਮੌਕੇ 'ਤੇ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣ ਵਾਲੇ ਘਟੀਆ ਵਰਤਾਰੇ ਤੋਂ ਬਚਣਾ ਚਾਹੀਦਾ ਹੈ ਅਤੇ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣੀ ਚਾਹੀਦੀ ਹੈ।


-ਰਾਜਾ ਚੜਿੱਕ
ਮੋ: 94654-11585.


ਸ਼ਲਾਘਾਯੋਗ ਕਦਮ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪਾਵਰਕਾਮ) ਵੱਲੋਂ ਬਿਜਲੀ ਦਾ ਬਿੱਲ ਨਾ ਭਰਨ ਵਾਲੇ ਖਪਤਕਾਰਾਂ ਦੇ ਕੁਨੈਕਸ਼ਨ ਕੱਟਣ ਦੀ ਚਲਾਈ ਮੁਹਿੰਮ ਸ਼ਲਾਘਾਯੋਗ ਕਦਮ ਹੈ। ਇਸ ਤਰ੍ਹਾਂ ਕਰਨ ਨਾਲ ਪੰਜਾਬ ਦੇ ਖਾਲੀ ਪਏ ਖਜ਼ਾਨੇ ਨੂੰ ਥੋੜ੍ਹੀ ਬਹੁਤੀ ਰਾਹਤ ਜ਼ਰੂਰ ਮਿਲੇਗੀ। ਇਸ ਚਲਾਈ ਮੁਹਿੰਮ ਨਾਲ ਬਿਜਲੀ ਦਾ ਬਿੱਲ ਨਾ ਭਰਨ ਵਾਲੇ ਖਪਤਕਾਰਾਂ ਨੂੰ ਕੰਨ ਹੋ ਗਏ ਹਨ ਅਤੇ ਹੁਣ ਹਰ ਕੋਈ ਬਿਜਲੀ ਦਾ ਬਿੱਲ ਨਾ ਭਰਨ ਦੀ ਅਣਗਹਿਲੀ ਨਹੀਂ ਕਰੇਗਾ, ਕਿਉਂਕਿ ਉਸ ਨੂੰ ਡਰ ਰਹੇਗਾ ਕਿ ਸਾਡਾ ਵੀ ਕੁਨੈਕਸ਼ਨ ਕੱਟਵਾਉਣ ਵਾਲਿਆਂ ਵਿਚ ਨਾਂਅ ਆ ਸਕਦਾ ਹੈ। ਇਸ ਤਰ੍ਹਾਂ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਪਿੰਡਾਂ ਵਿਚ ਲੱਗੀਆਂ ਪਾਣੀ ਵਾਲੀਆਂ ਟੈਂਕੀਆਂ ਦੇ ਵੀ ਕੁਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ਖਿਲਾਫ਼ ਪਾਵਰਕਾਮ ਦਾ ਲੱਖਾਂ ਰੁਪਏ ਬਕਾਇਆ ਖੜ੍ਹਾ ਹੈ। ਪਰ ਇਨ੍ਹਾਂ ਟੈਂਕੀਆਂ ਦਾ ਬਕਾਇਆ ਸਰਕਾਰ ਦੀ ਅਣਗਹਿਲੀ ਕਾਰਨ ਖੜ੍ਹਾ ਹੈ, ਕਿਉਂਕਿ ਸਰਕਾਰ ਨੇ ਲੋਕਾਂ ਨੂੰ ਮੁਫ਼ਤ ਪਾਣੀ ਦੇਣ ਦੀ ਜੋ ਚੇਟਕ ਲਾਈ ਹੈ, ਉਸ ਕਾਰਨ ਲੋਕ ਆਪਣਾ ਪਾਣੀ ਦਾ ਬਿੱਲ ਨਹੀਂ ਭਰਦੇ ਅਤੇ ਜਲ ਸਪਲਾਈ ਵਿਭਾਗ ਦਾ ਲੱਖਾਂ ਰੁਪਈਆ ਪਾਣੀ ਵਰਤਣ ਵਾਲੇ ਖਪਤਕਾਰਾਂ ਵੱਲ ਖੜ੍ਹਾ ਹੈ, ਜਿਸ ਕਾਰਨ ਇਨ੍ਹਾਂ ਨੂੰ ਕੋਈ ਬੱਚਤ ਨਹੀਂ ਹੁੰਦੀ ਅਤੇ ਇਹ ਜਲ ਸਪਲਾਈ ਵਿਭਾਗ ਵਾਲੇ ਬਿਜਲੀ ਦਾ ਬਿੱਲ ਅਦਾ ਨਹੀਂ ਕਰ ਪਾਉਂਦੇ। ਹੁਣ ਜਦੋਂ ਪਾਵਰਕਾਮ ਨੇ ਬਿਜਲੀ ਕੁਨੈਕਸ਼ਨ ਕੱਟਣੇ ਸ਼ੁਰੂ ਕੀਤੇ ਹਨ ਤਾਂ ਹੁਣ ਲੋਕਾਂ ਨੂੰ ਪਾਣੀ ਲਈ ਤਰਾਹ-ਤਰਾਹ ਕਰਨਾ ਪੈ ਰਿਹਾ। ਉਪਰੋਂ ਗਰਮੀ ਦਾ ਮੌਸਮ ਸ਼ੁਰੂ ਹੋਣ ਕਾਰਨ ਪਾਣੀ ਦੀ ਮੰਗ ਵੀ ਵਧ ਗਈ ਹੈ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਪਾਣੀ ਦਾ ਬਿੱਲ ਅਦਾ ਕਰਨ ਤਾਂ ਜੋ ਲੋਕਾਂ ਨੂੰ ਨਿਰਵਿਘਨ ਪਾਣੀ ਮਿਲ ਸਕੇ ਅਤੇ ਉਹ ਆਪਣਾ ਗੁਜ਼ਾਰਾ ਕਰ ਸਕਣ।


-ਨਰਿੰਦਰ ਸਿੰਘ ਚੌਹਾਨ
ਪਿੰਡ ਬਠੋਈ ਕਲਾਂ, ਡਾਕ: ਡਕਾਲਾ, ਜ਼ਿਲ੍ਹਾ ਪਟਿਆਲਾ।

06/03/2017

 ਅੰਤਰਰਾਸ਼ਟਰੀ ਮਹਿਲਾ ਦਿਵਸ
ਹਰ ਸਾਲ 8 ਮਾਰਚ ਦਾ ਦਿਨ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਸਾਰੇ ਸੰਸਾਰ ਵਿਚ ਮਨਾਇਆ ਜਾਂਦਾ ਹੈ। ਜਗਿਆਸੂ ਲੋਕ ਮਿਲ ਬੈਠ ਕੇ ਇਸਤਰੀ ਦੀ ਦਸ਼ਾ ਬਾਰੇ ਵਿਚਾਰ ਵਟਾਂਦਰੇ ਕਰਦੇ ਹਨ। ਕਾਨਫਰੰਸਾਂ ਹੁੰਦੀਆਂ ਹਨ, ਕਈ ਥਾਈਂ ਰੈਲੀਆਂ ਵੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਜ ਇਸਤਰੀ ਦੀ ਦਸ਼ਾ ਪਹਿਲੇ ਸਮਿਆਂ ਨਾਲੋਂ ਕਾਫ਼ੀ ਬਿਹਤਰ ਹੋਈ ਹੈ। ਅੱਜ ਇਸਤਰੀ ਹਰ ਖੇਤਰ ਵਿਚ ਮੱਲਾਂ ਮਾਰ ਰਹੀ ਹੈ। ਪੁਲਾੜ ਵਿਚ ਵੀ ਗੇੜੇ ਮਾਰ ਰਹੀ ਹੈ। ਯੁੱਧ ਦੇ ਮੈਦਾਨਾਂ ਵਿਚ ਵੀ ਆਧੁਨਿਕ ਹਥਿਆਰਾਂ ਨਾਲ ਲੈਸ ਹੋ ਕੇ ਪੁਰਸ਼ ਦੇ ਮੋਢੇ ਨਾਲ ਮੋਢਾ ਜੋੜ ਕੇ ਅਮਨ-ਸ਼ਾਂਤੀ ਲਈ ਲੜਾਈ ਲੜ ਰਹੀ ਹੈ। ਪਰ ਸਾਡੇ ਦੇਸ਼ ਵਿਚ ਇਸਤਰੀ ਦੀ ਦਸ਼ਾ ਬਾਰੇ ਬਹੁਤ ਕੰਮ ਕਰਨ ਦੀ ਲੋੜ ਹੈ। ਸ਼ਹਿਰਾਂ ਤੋਂ ਦੂਰ ਪਿੰਡਾਂ ਵਿਚ ਰਹਿਣ ਵਾਲੀਆਂ ਔਰਤਾਂ ਅਤੇ ਲੜਕੀਆਂ ਲਈ ਵਿਦਿਆ, ਸਿਹਤ ਸਹੂਲਤਾਂ, ਮਰਦਾਂ ਦੇ ਬਰਾਬਰ ਉਜਰਤਾਂ ਆਦਿ ਸਮੱਸਿਆਵਾਂ ਨੂੰ ਹੱਲ ਕਰਨ ਦੀ ਜ਼ਰੂਰਤ ਹੈ। ਆਉਣ ਵਾਲੇ ਸਮੇਂ ਵਿਚ ਪਿਛਲੀਆਂ ਤਰੁਟੀਆਂ ਬਾਰੇ ਵਿਚਾਰ ਕਰੀਏ। ਇਸ ਕੰਮ ਲਈ ਜਾਗਰੂਕ ਔਰਤ ਵਰਗ ਅਤੇ ਬੁੱਧੀਜੀਵੀ ਮਿਲ ਕੇ ਔਰਤ ਵਰਗ ਨਾਲ ਹੋ ਰਹੀਆਂ ਜ਼ਿਆਦਤੀਆਂ ਬਾਰੇ ਇਕ ਦਿਨ ਨਹੀਂ ਸਗੋਂ ਸਾਰਾ ਸਾਲ ਕੰਮ ਕਰਨ। ਬਹੁਤ ਕੁਝ ਕਰਨ ਦੀ ਅਜੇ ਲੋੜ ਹੈ। ਨਾਰੀ ਸ਼ਕਤੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ। ਮੋਬਾਈਲ : 94647-80299.


ਲੱਚਰ ਗਾਇਕੀ ਦੀ ਹਨੇਰੀ...
ਅੱਜ ਪੰਜਾਬੀ ਗਾਇਕੀ ਉੱਪਰ ਲੱਚਰਤਾ ਤੇ ਗ਼ਲਤ ਗਾਇਕੀ ਦਾ ਠੱਪਾ ਲੱਗ ਚੁੱਕਾ ਹੈ। ਪਰ ਫਿਰ ਵੀ ਚੱਲ ਰਹੀ ਲੱਚਰ ਗਾਇਕੀ ਦੀ ਹਨੇਰੀ ਵਿਚ ਕਈ ਨਵੇਂ ਤੇ ਪੁਰਾਣੇ ਗਾਇਕ ਵੀ ਰੂਹ ਨੂੰ ਸਕੂਨ ਤੇ ਰੌਲੇ-ਰੱਪੇ ਤੋਂ ਰਹਿਤ ਗਾਇਕੀ ਪੇਸ਼ ਕਰ, ਸਹੀ ਚੀਜ਼ਾਂ ਪੇਸ਼ ਕਰ ਰਹੇ ਹਨ। ਬੀਤੇ ਦਿਨ 'ਅਜੀਤ' ਵਿਚ ਵਧੀਆ ਗਾਇਕ ਹਰਪ੍ਰੀਤ ਮਾਂਗਟ ਬਾਰੇ ਪੜ੍ਹਿਆ। ਇਹ ਗਾਇਕ ਅੱਜਕਲ੍ਹ ਵਧੀਆ ਗੀਤ ਪੇਸ਼ ਕਰ ਰਿਹਾ ਹੈ ਤੇ ਲੱਚਰਤਾ ਜਿਹੀਆਂ ਗੱਲਾਂ ਤੋਂ ਵੀ ਦੂਰ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਚੰਗੀਆਂ ਚੀਜ਼ਾਂ ਹੀ ਪਸੰਦ ਕਰਨ। ਲੋਕਾਂ ਦੇ ਵਿਰੋਧ ਕਾਰਨ ਹੀ ਗ਼ਲਤ ਚੀਜ਼ਾਂ ਬੰਦ ਹੋ ਸਕਦੀਆਂ ਹਨ।


-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ, ਜ਼ਿਲ੍ਹਾ ਲੁਧਿਆਣਾ। ਮੋਬਾ : 92175-92531.

 


ਪ੍ਰਗਟਾਵੇ ਦੀ ਆਜ਼ਾਦੀ
ਗੁਰਮੇਹਰ ਕੌਰ ਦਾ ਨਾਂਅ ਅੱਜਕਲ੍ਹ ਹਰ ਅਖ਼ਬਾਰ ਤੇ ਚੈਨਲ 'ਤੇ ਆ ਰਿਹਾ ਹੈ। ਗੁਰਮੇਹਰ ਕੌਰ ਕੈਪਟਨ ਮਨਦੀਪ ਸਿੰਘ ਦੀ ਬੇਟੀ ਹੈ, ਜੋ ਜੰਮੂ-ਕਸ਼ਮੀਰ ਦੀ ਕਾਰਗਿਲ ਦੀ ਲੜਾਈ ਦੌਰਾਨ ਸ਼ਹੀਦ ਹੋ ਗਏ ਸਨ। ਗੁਰਮੇਹਰ ਕੌਰ ਦੇ ਕੇਵਲ ਆਪਣੀ ਹੀ ਮਾਂ ਦੇ ਕਹੇ ਸ਼ਬਦ ਸੋਸ਼ਲ ਮੀਡੀਆ 'ਤੇ ਪਾਉਣ ਨਾਲ ਹਾਹਾਕਾਰ ਮਚ ਗਈ । ਮਾਂ ਦੇ ਕੀ ਸ਼ਬਦ ਸਨ? ਇਹ ਸੀ ਕਿ ਮਾਂ ਨੇ ਗੁਰਮੇਹਰ ਕੌਰ ਨੂੰ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਦੇ ਚੰਗੇ ਸਬੰਧ ਨਾ ਹੋਣ ਕਾਰਨ ਤੇਰੇ ਪਿਤਾ ਨੂੰ ਤਾਂ ਜੰਗ ਨੇ ਮਾਰਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹੀ ਗੁਰਮੇਹਰ ਨੇ ਕੀਤਾ ਤਾਂ ਉਸ ਨੂੰ ਧਮਕੀਆ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇਸ ਨੌਜਵਾਨ ਕੁੜੀ ਨੂੰ ਬਲਾਤਕਾਰ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ, ਜਿਸ ਦੀ ਨਿਖੇਧੀ ਵੱਖ-ਵੱਖ ਪਾਰਟੀਆਂ ਵੱਲੋਂ ਕੀਤੀ ਗਈ। ਸਿੱਖਾਂ ਦਾ ਇਤਿਹਾਸ ਹੈ ਕਿ ਔਰਤ ਤੇ ਧੀ ਦੀ ਰੱਖਿਆ ਕਰਨੀ ਭਾਵੇਂ ਕਿਸੇ ਧਰਮ ਜਾਂ ਜਾਤ ਦੀ ਹੋਏ। ਪੂਰੇ ਦੇਸ਼ ਵਾਸੀਆਂ ਨੂੰ ਉਸ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਪਾਰਟੀ ਦੇ ਵਰਕਰਾਂ ਨੂੰ ਅਜਿਹੇ ਅਨਸਰਾਂ ਦੇ ਖਿਲਾਫ਼ 'ਬੇਟੀ ਬਚਾਉ ਤੇ ਬੇਟੀ ਪੜ੍ਹਾਉ' ਦੇ ਨਾਅਰਿਆਂ 'ਤੇ ਪਹਿਰਾ ਦੇ ਕੇ ਆਪਣੀਆਂ ਸਫਾਂ ਵਿਚੋਂ ਕੱਢ ਦੇਣਾ ਚਾਹੀਦਾ ਹੈ। ਤਾਂ ਕਿ ਦੇਸ਼ ਵਿਚ ਏਕਤਾ ਦਾ ਮਾਹੌਲ ਕਾਇਮ ਬਣਿਆ ਰਹਿ ਸਕੇ।


-ਮਾ: ਜਗੀਰ ਸਿੰਘ ਸਫਰੀ
ਸਠਿਆਲਾ (ਅੰਮ੍ਰਿਤਸਰ)।
jagirsafri@gmail.com

3/3/2017

 ਆਓ, ਫ਼ੌਜੀ ਵੀਰ ਜਵਾਨਾਂ ਨੂੰ ਸਲਾਮ ਕਰੀਏ

ਕਿਸੇ ਦੇਸ਼, ਸਮਾਜ ਅਤੇ ਉਥੋਂ ਦੇ ਵਸਨੀਕਾਂ ਦੀ ਤਰੱਕੀ, ਅਮਨ ਤੇ ਖੁਸ਼ਹਾਲੀ ਉਸ ਦੇਸ਼ ਦੀਆਂ ਮਜ਼ਬੂਤ ਸਰਹੱਦਾਂ 'ਤੇ ਨਿਰਭਰ ਹੁੰਦੀ ਹੈ। ਇਨ੍ਹਾਂ ਸਰਹੱਦਾਂ 'ਤੇ ਦਿਨ-ਰਾਤ ਮੌਤ ਦੇ ਮੂੰਹ 'ਤੇ ਖੜ੍ਹਨ ਵਾਲੇ ਫ਼ੌਜੀ ਵੀਰ ਜਵਾਨਾਂ ਨੂੰ ਸਾਡਾ ਸਲਾਮ ਕਰਨਾ ਬਣਦਾ ਹੈ, ਜੋ ਆਪਣਾ ਘਰ-ਬਾਰ, ਪਿੰਡ-ਸਮਾਜ, ਮਾਤਾ-ਪਿਤਾ, ਭੈਣ-ਭਰਾ, ਪਤਨੀ, ਬੱਚਿਆਂ ਅਤੇ ਆਪਣੀਆਂ ਸਾਰੀਆਂ ਸੱਧਰਾਂ ਨੂੰ ਪਿੱਛੇ ਛੱਡ ਕੇ ਦਿਨ-ਰਾਤ ਦੇਸ਼-ਧਰਮ ਨਿਭਾਉਂਦੇ ਹੋਏ, ਸਾਡੇ ਸਭਨਾਂ ਦੇ ਲਈ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਸਾਰੇ ਦੁੱਖ-ਦਰਦ ਭੁਲਾ ਕੇ ਆਪਣਾ ਫ਼ਰਜ਼ ਨਿਭਾਅ ਰਹੇ ਹਨ। ਬਿਨਾਂ ਗਰਮੀ-ਸਰਦੀ, ਧੁੱਪ-ਛਾਂ ਦੀ ਪ੍ਰਵਾਹ ਕੀਤਿਆਂ ਪਹਾੜਾਂ, ਬਰਫ਼ੀਲੇ ਖੇਤਰਾਂ, ਗਰਮ ਮਾਰੂਥਲਾਂ, ਜੰਗਲਾਂ, ਨਦੀਆਂ-ਸਮੁੰਦਰਾਂ ਆਦਿ ਭਾਂਤ-ਭਾਂਤ ਦੀਆਂ ਕਠਿਨ ਪ੍ਰਸਥਿਤੀਆਂ ਵਿਚ ਸਾਡੇ ਲਈ ਅਤੇ ਦੇਸ਼ ਲਈ ਦਿਨ-ਰਾਤ ਇਕ ਕਰਨ ਵਾਲੇ ਵੀਰ-ਜਵਾਨਾਂ ਨੂੰ ਹਰ ਖੁਸ਼ੀ, ਦਿਨ-ਤਿਉਹਾਰਾਂ, ਮੇਲਿਆਂ 'ਤੇ ਜ਼ਰੂਰ ਯਾਦ ਕਰਕੇ ਉਨ੍ਹਾਂ ਨੂੰ ਸਲਾਮ ਕਰਨਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਬਾਂਕੇ ਬਹਾਦਰਾਂ, ਵੀਰ-ਜਵਾਨਾਂ ਨੂੰ ਬਣਦਾ ਪਿਆਰ, ਸਤਿਕਾਰ, ਇੱਜ਼ਤ, ਮਾਣ, ਸਨੇਹ ਅਤੇ ਹੌਸਲਾ ਮਿਲਦਾ ਰਹੇ। ਕਿਉਂ ਜੋ ਇਹ ਵੀ ਸਾਡੇ ਤੁਹਾਡੇ ਵਿਚੋਂ ਹੀ ਕਿਸੇ ਦੇ ਪਿਤਾ, ਕਿਸੇ ਦੇ ਪੁੱਤਰ, ਕਿਸੇ ਦੇ ਪਤੀ ਤੇ ਕਿਸੇ ਦੇ ਭਰਾ ਹਨ।

-ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ।

ਪੰਜਾਬੀਅਤ ਦੀ ਭਾਵਨਾ

ਪੰਜਾਬੀਅਤ ਦੀ ਭਾਵਨਾ ਨੂੰ ਮਜ਼ਬੂਤ ਬਣਾਉਣ ਲਈ ਅਤੇ ਪੰਜਾਬੀਅਤ ਦੇ ਸੰਕਲਪ ਨੂੰ ਗੌਰਵਮਈ ਬਣਾਉਣ ਲਈ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਜਲੰਧਰ ਵਿਚ 'ਪੰਜਾਬ ਜਾਗ੍ਰਿਤੀ ਮੰਚ' ਤੇ 'ਸਰਬੱਤ ਦਾ ਭਲਾ ਟਰੱਸਟ' ਵੱਲੋਂ ਸਾਂਝੇ ਤੌਰ 'ਤੇ ਇਕ ਬੇਹੱਦ ਪ੍ਰਭਾਵਸ਼ਾਲੀ ਮਾਰਚ ਕੱਢਿਆ ਗਿਆ, ਜਿਸ ਦੀ ਜਿੰਨੀ ਸਰਾਹਨਾ ਕੀਤੀ ਜਾਵੇ, ਥੋੜ੍ਹੀ ਹੈ। ਇਸ ਮਾਰਚ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਤੇ ਪੰਜਾਬੀ ਸੱਭਿਆਚਾਰ ਨੂੰ ਆਪਣੀ ਗਾਇਕੀ ਰਾਹੀਂ ਜਿਊਂਦਾ-ਜਾਗਦਾ ਰੱਖਣ ਲਈ ਹੋਕਾ ਦਿੰਦੇ ਗਾਇਕਾਂ ਦੀ ਸ਼ਮੂਲੀਅਤ ਵੀ ਸ਼ਲਾਘਾਯੋਗ ਸੀ। ਇਸ ਮਾਰਚ ਦੌਰਾਨ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ-ਸਨਮਾਨ ਦਿਵਾਉਣ ਲਈ ਅਤੇ ਪੰਜਾਬ ਦੀਆਂ ਹੱਕੀ ਮੰਗਾਂ ਦੀ ਪੂਰਤੀ ਦੀ ਹਾਮੀ ਭਰਦੇ ਜੋ ਮਤੇ ਪੇਸ਼ ਕੀਤੇ ਗਏ, ਉਹ ਸਮੇਂ ਦੀ ਮੰਗ ਅਨੁਸਾਰ ਬਿਲਕੁਲ ਜਾਇਜ਼ ਹਨ। ਦੁੱਖ ਇਸ ਗੱਲ ਦਾ ਹੈ ਕਿ ਸਮੇਂ-ਸਮੇਂ ਦੀਆਂ ਕੇਂਦਰੀ ਸਰਕਾਰਾਂ ਨੇ ਪੰਜਾਬ ਨਾਲ ਹਰ ਪੱਖ ਤੋਂ ਧੱਕਾ ਕੀਤਾ ਹੈ। ਪੰਜਾਬੀਆਂ ਦੀ ਆਪਣੀ ਰਾਜਧਾਨੀ ਨਹੀਂ ਹੈ। ਪੰਜਾਬ ਦਾ ਪਾਣੀ ਖੋਹਣ ਦੀ ਵਿਉਂਤ ਗੁੰਦੀ ਜਾ ਰਹੀ ਹੈ। ਇਸ ਤੋਂ ਇਲਾਵਾ ਕੁਝ ਤਾਕਤਾਂ ਪੰਜਾਬੀ ਭਾਸ਼ਾ ਨੂੰ ਖ਼ਤਮ ਕਰਨ ਲਈ ਤੁਲੀਆਂ ਨਜ਼ਰ ਆ ਰਹੀਆਂ ਹਨ। ਇਸ ਲਈ ਸਮੂਹ ਪੰਜਾਬੀਆਂ ਨੂੰ ਸੂਬੇ ਨਾਲ ਹੁੰਦੀ ਬੇਇਨਸਾਫ਼ੀ ਖਿਲਾਫ਼ ਡਟ ਜਾਣਾ ਚਾਹੀਦਾ ਹੈ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਲੰਮੀ ਗ਼ੈਰ-ਹਾਜ਼ਰੀ ਵਾਲੇ ਬੱਚੇ

ਇਸ ਵਿਚ ਕੋਈ ਦੋ ਰਾਇ ਨਹੀਂ ਕਿ ਪੰਜਾਬ ਦੇ ਅਧਿਆਪਕ ਸਕੂਲਾਂ ਵਿਚ ਪੜ੍ਹ ਰਹੇ ਬੱਚਿਆਂ ਨੂੰ ਬੇਹੱਦ ਵਧੀਆ ਪੜ੍ਹਾ ਰਹੇ ਹਨ। ਉਸ ਤੋਂ ਬਾਅਦ ਪੰਜਾਬ ਦੇ ਕਈ ਸ਼ਹਿਰੀ ਖੇਤਰਾਂ ਵਿਚ ਆਉਣ ਵਾਲੇ ਸਕੂਲਾਂ ਜਾਂ ਜਿਨ੍ਹਾਂ ਪਿੰਡਾਂ ਦੇ ਆਲੇ-ਦੁਆਲੇ ਸਨਅਤੀ ਇਕਾਈਆਂ, ਮੈਰਿਜ ਪੈਲੇਸ ਜਾਂ ਭੱਠਿਆਂ 'ਤੇ ਕੰਮ ਕਰਨ ਵਾਲੀ ਲੇਬਰ ਆਉਂਦੀ ਹੈ, ਉਨ੍ਹਾਂ ਬੱਚਿਆਂ ਨੂੰ ਸਕੂਲਾਂ ਵਿਚ ਦਾਖਲ ਕਰਨਾ ਲਾਜ਼ਮੀ ਹੈ ਕਿਉਂ ਜੋ ਆਰ.ਟੀ.ਆਈ. ਕਾਨੂੰਨ ਤਹਿਤ ਕਿਸੇ ਵੀ ਬੱਚੇ ਨੂੰ ਸਕੂਲ ਦਾਖਲ ਕਰਨ ਤੋਂ ਮਨ੍ਹਾਂ ਨਹੀਂ ਕਰਨਾ ਤੇ ਉਸ ਦੀ ਉਮਰ ਵੇਖ ਯੋਗ ਜਮਾਤ ਵਿਚ ਦਾਖਲ ਕਰਨਾ ਆਦਿ ਕਿਹਾ ਗਿਆ ਹੈ ਤੇ ਬੱਚੇ ਦੀ ਮੁਢਲੀ ਸਿੱਖਿਆ ਪੂਰੀ ਹੋਣ ਤੱਕ ਉਸ ਦਾ ਨਾਂਅ ਸਕੂਲ ਰਿਕਾਰਡ ਵਿਚੋਂ ਨਹੀਂ ਕੱਟਿਆ ਜਾ ਸਕਦਾ। ਪ੍ਰੀਖਿਆਵਾਂ ਵਿਚ ਬੱਚਿਆਂ ਦੀ ਗਿਣਤੀ ਘਟਦੀ ਜਾ ਰਹੀ ਹੈ। ਜਿਹੜੇ ਬੱਚੇ ਮਾਪਿਆਂ ਨਾਲ ਆਉਂਦੇ ਤੇ ਲੇਬਰ ਦਾ ਕੰਮ ਖ਼ਤਮ ਹੋਣ ਉਪਰੰਤ, ਸਕੂਲਾਂ ਵਿਚ ਬਿਨਾਂ ਕੋਈ ਇਤਲਾਹ ਕਰੇ ਚਲੇ ਜਾਂਦੇ ਹਨ, ਉਹ ਬੱਚੇ ਹੀ ਪ੍ਰੀਖਿਆ ਵਿਚ ਬੈਠਣ ਤੋਂ ਰਹਿ ਜਾਂਦੇ ਹਨ। ਇਸ ਦਾ ਕਸੂਰਵਾਰ ਅਧਿਆਪਕ ਨਹੀਂ, ਬਲਕਿ ਬੱਚੇ ਦੇ ਮਾਪੇ ਨੂੰ ਠਹਿਰਾਉਣਾ ਚਾਹੀਦਾ ਹੈ।

-ਜਸਦੀਪ ਸਿੰਘ ਖ਼ਾਲਸਾ
ਖੰਨਾ।

2/3/2017

 ਕਾਰਪੋਰੇਸ਼ਨ ਦੀ ਲਾਪਰਵਾਹੀ
ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ ਦੇ ਬੀ.ਆਰ.ਟੀ.ਐਸ. ਪ੍ਰਾਜੈਕਟ ਦੇ ਨਿਰਮਾਣ ਦੌਰਾਨ, ਜੀ.ਟੀ. ਰੋਡ ਦੇ ਆਸ-ਪਾਸ ਵੱਸਦੀਆਂ ਘੁੱਗ ਆਬਾਦੀਆਂ ਦੇ ਸੀਵਰੇਜ ਸਿਸਟਮ, ਪਾਣੀ ਅਤੇ ਟੈਲੀਫੋਨ ਸੇਵਾਵਾਂ ਵਿਚ ਗੰਭੀਰ ਕਿਸਮ ਦੇ ਨੁਕਸ ਪੈਦਾ ਹੋਏ ਹਨ। ਅਜਿਹਾ ਪ੍ਰਾਜੈਕਟ ਦੇ ਕਰਮਚਾਰੀਆਂ ਦੀ ਲਾਪਰਵਾਹੀ ਅਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੀ ਚੌਕਸੀ ਦੀ ਕਮੀ ਕਾਰਨ ਹੋਇਆ ਹੈ। ਆਬਾਦੀ ਰਣਜੀਤਪੁਰਾ ਸਮੇਤ ਕੁਝ ਆਬਾਦੀਆਂ ਦਾ ਸੀਵਰੇਜ ਸਿਸਟਮ ਚੋਕ (ਬੰਦ) ਹੋ ਗਿਆ ਹੈ, ਪੀਣ ਵਾਲਾ ਪਾਣੀ ਬਦਬੂਦਾਰ ਬਣ ਗਿਆ ਹੈ ਅਤੇ ਟੈਲੀਫੋਨ ਬੰਦ ਪਏ ਹਨ। ਸੀਵਰੇਜ ਦੇ ਬੰਦ ਹੋਣ ਨਾਲ ਗੰਦਾ ਪਾਣੀ ਆਬਾਦੀ ਦੀਆਂ ਸੜਕਾਂ ਉੱਤੇ ਸੜਾਂਦ ਛੱਡਦਾ ਘੁੰਮ ਰਿਹਾ ਹੈ। ਇਸ ਤਰ੍ਹਾਂ ਦੇ ਨੁਕਸ ਬਾਰੇ ਇਲਾਕੇ ਦੇ ਕੌਂਸਲਰ, ਮਿਊਂਸਪਲ ਕਮਿਸ਼ਨਰ, ਐਕਸੀਅਨਜ਼ ਅਤੇ ਐਸ.ਡੀ.ਓ. ਸਾਹਿਬਾਨ ਨੂੰ ਪੂਰੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਕਾਰਪੋਰੇਸ਼ਨ ਦੇ ਅਧਿਕਾਰੀ ਲੋਕਾਂ ਦੀ ਸਿਹਤ ਦੀ ਕੀਮਤ 'ਤੇ ਕਿਉਂ ਚੁੱਪੀ ਧਾਰੀ ਬੈਠੇ ਹਨ, ਸਮਝ ਤੋਂ ਬਾਹਰ ਹੈ।


-ਇੰਜ: ਕੁਲਦੀਪ ਸਿੰਘ ਲੁੱਧਰ
ਅੰਮ੍ਰਿਤਸਰ।


ਦੇਰ ਆਏ ਦਰੁਸਤ ਆਏ

ਵਿਆਹ ਸ਼ਾਦੀਆਂ 'ਤੇ ਪੰਜ ਲੱਖ ਰੁਪਏ ਤੋਂ ਵੱਧ ਦਾ ਖਰਚ ਨਾ ਕਰਨ ਬਾਰੇ ਬਿੱਲ ਦਾ ਲੋਕ ਸਭਾ ਵਿਚ ਪੇਸ਼ ਹੋਣਾ ਸਾਡੇ ਸਮਾਜ ਲਈ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਅੱਜ ਦੀ ਹਾਲਤ ਇਹ ਹੈ ਕਿ ਵਿਆਹ ਸ਼ਾਦੀਆਂ 'ਤੇ ਵਿੱਤੋਂ ਵੱਧ ਖਰਚ ਕੀਤਾ ਜਾ ਰਿਹਾ ਹੈ। ਇਹ ਖਰਚ ਪੰਜ ਲੱਖ ਤੋਂ ਸ਼ੁਰੂ ਹੋ ਕੇ ਕਿਸੇ ਵੀ ਹੱਦ ਤੱਕ ਜਾ ਰਿਹਾ ਹੈ। ਫੋਕੀ ਸ਼ੁਹਰਤ ਅਤੇ ਵਿਖਾਵਾ ਕਰਨ ਲਈ ਵਿਆਹਾਂ 'ਤੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਇਸ ਮੰਤਵ ਲਈ ਪੈਸਾ ਵਿਆਜ 'ਤੇ ਜਾਂ ਜ਼ਮੀਨ ਜਾਇਦਾਦ ਵੇਚ ਕੇ ਹਾਸਲ ਕੀਤਾ ਜਾਂਦਾ ਹੈ। ਸਿਰਫ ਪੰਜ-ਸੱਤ ਪ੍ਰਤੀਸ਼ਤ ਲੋਕ ਹੀ ਇਹ ਖਰਚਾ ਆਪਣੀ ਜੇਬ ਵਿਚੋਂ ਹੀ ਕਰਦੇ ਹਨ। ਬਾਕੀ ਰੀਸੋਰੀਸੀ ਜਾਂ ਇਹ ਸਮਝ ਕੇ ਕਿ ਅਸੀਂ ਕਿਸੇ ਤੋਂ ਘੱਟ ਹਾਂ ਸਾਬਤ ਕਰਨ ਲਈ ਅੱਡੀ ਚੁੱਕ ਕੇ ਫਾਹਾ ਲਿਆ ਜਾਂਦਾ ਹੈ। ਦੋ ਚਾਰ ਘੰਟਿਆਂ ਲਈ ਵਾਹ-ਵਾਹ ਖੱਟਣ ਲਈ ਸਾਰੀ ਉਮਰ ਲਈ ਪ੍ਰੇਸ਼ਾਨੀਆਂ ਸਹੇੜ ਲਈਆਂ ਜਾਂਦੀਆਂ ਹਨ, ਵਿਆਜੀ ਚੁੱਕੀ ਰਕਮ ਦਾ ਵਿਆਜ ਸਮੇਤ ਮੂਲ ਵਾਪਸ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਇਨ੍ਹਾਂ ਸਮਾਗਮਾਂ 'ਤੇ ਪਾਣੀ ਵਾਂਗ ਰੋੜ੍ਹੀ ਰਕਮ ਬੱਚਿਆਂ ਦੀ ਪੜ੍ਹਾਈ, ਘਰ ਉਸਾਰੀ ਆਦਿ ਅਤੇ ਬਿਮਾਰੀ ਦੀ ਹਾਲਤ ਵਿਚ ਕੰਮ ਆ ਸਕਦੀ ਹੈ। ਇਹ ਕਾਨੂੰਨ ਪਾਸ ਕਰਨ ਉਪਰੰਤ ਸਖ਼ਤੀ ਨਾਲ ਲਾਗੂ ਹੋਣਾ ਚਾਹੀਦਾ ਹੈ ਤਾਂ ਜੋ ਸਮਾਜ ਨੂੰ ਪ੍ਰੇਸ਼ਾਨੀਆਂ ਤੋਂ ਬਚਾਇਆ ਜਾ ਸਕੇ। ਆਓ! ਸਾਦੇ ਵਿਆਹਾਂ ਦੀ ਪਿਰਤ ਪਾਈਏ।


-ਮਹਿੰਦਰ ਸਿੰਘ ਬਾਜਵਾ
ਪਿੰਡ ਮਸੀਤਾਂ, ਕਪੂਰਥਲਾ।


ਸਾਰਥਿਕ ਯਤਨ
ਪਿਛਲੇ ਸਮੇਂ ਤੋਂ ਪੰਜਾਬ ਦੇ ਵਾਤਾਵਰਨ ਨੂੰ ਸਾਫ਼-ਸੁਥਰਾ ਤੇ ਸ਼ੁੱਧ ਬਣਾਉਣ ਲਈ ਬਹੁਤ ਸਾਰੀਆਂ ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆਂ ਨੇ ਸਾਰਥਿਕ ਯਤਨ ਆਰੰਭੇ ਹੋਏ ਹਨ। ਇਨ੍ਹਾਂ ਜਥੇਬੰਦੀਆਂ ਵਿਚ ਜੇ ਕਿਸੇ ਜਥੇਬੰਦੀ ਜਾਂ ਸ਼ਖ਼ਸੀਅਤ ਦਾ ਨਾਂਅ ਲਿਆ ਜਾ ਸਕਦਾ ਹੈ, ਤਾਂ ਉਹ ਹੈ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜਿਨ੍ਹਾਂ ਨੇ ਪਿਛਲੇ ਦਿਨੀਂ 'ਗਰੀਨ ਪੰਜਾਬ ਕਲੀਨ ਪੰਜਾਬ' ਦਾ ਨਾਅਰਾ ਦਿੰਦਿਆਂ ਪੰਜਾਬ ਵਾਸੀਆਂ ਨੂੰ ਮੁੜ ਹਰਿਆਵਲਾ ਪੰਜਾਬ ਲਿਆਉਣ ਤੇ ਇਸ ਦੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣ ਲਈ ਪ੍ਰੇਰਿਆ। ਅਜਿਹੀ ਸਾਰਥਿਕ ਪ੍ਰੇਰਨਾ 'ਤੇ ਅਮਲ ਕਰਕੇ ਹੀ ਪੰਜਾਬ ਨੂੰ ਤੰਦਰੁਸਤ ਤੇ ਮਜ਼ਬੂਤ ਬਣਾਇਆ ਜਾ ਸਕਦਾ ਹੈ, ਕਿਉਂਕਿ ਅੱਜ ਪੰਜਾਬ ਦੇ ਹਵਾ ਤੇ ਪਾਣੀ ਵੱਡੀ ਪੱਧਰ 'ਤੇ ਗੰਧਲੇ ਹੋ ਚੁੱਕੇ ਹਨ, ਜਿਸ ਨਾਲ ਪੰਜਾਬ ਵਿਚ ਮੌਤ ਦਰ ਵਧਦੀ ਜਾ ਰਹੀ ਹੈ। ਵੱਖਰੇ-ਵੱਖਰੇ ਰੋਗਾਂ ਨਾਲ ਗ੍ਰਸਤ ਪੰਜਾਬੀਆਂ ਦੀਆਂ ਲਾਈਨਾਂ ਲੰਮੀਆਂ ਹੁੰਦੀਆਂ ਜਾ ਰਹੀਆਂ ਹਨ। ਪੰਜਾਬ ਨੂੰ ਤੰਦਰੁਸਤ ਦੇਖਣ ਲਈ ਜ਼ਰੂਰੀ ਹੈ ਕਿ ਇਸ ਵਿਚ ਵੱਡੀ ਪੱਧਰ 'ਤੇ ਰੁੱਖ ਲਾਏ ਜਾਣ। ਜ਼ਰੂਰੀ ਹੈ ਕਿ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨਾਲ-ਨਾਲ ਸਮੂਹ ਰਾਜਨੀਤਕ ਪਾਰਟੀਆਂ ਵੀ ਵਾਤਾਵਰਨ ਪ੍ਰਤੀ ਗੰਭੀਰ ਹੋਣ। ਅਜਿਹੇ ਯਤਨਾਂ ਨਾਲ ਹੀ ਹਰ ਸਮੱਸਿਆ 'ਤੇ ਕਾਬੂ ਪਾਇਆ ਜਾ ਸਕਦਾ ਹੈ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।

1/03/2017

 ਉਡੀਕ ਮੁੱਕੀ ਨਹੀਂ
ਨੋਟਬੰਦੀ ਦੀ ਰਾਤ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਹੋਰਾਂ ਜੋ ਭਾਸ਼ਣ ਭਾਰਤੀ ਜਨਤਾ ਦੇ ਨਾਂਅ ਦਿੱਤਾ, ਉਹ ਹਰੇਕ ਨੂੰ ਯਾਦ ਹੋਵੇਗਾ। ਭੁੱਲ ਵੀ ਨਹੀਂ ਸਕਦਾ। ਵਾਅਦੇ ਸਨ ਕਾਲਾ ਧਨ ਖ਼ਤਮ ਹੋਏਗਾ, ਭ੍ਰਿਸ਼ਟਾਚਾਰ ਨਹੀਂ ਰਹੇਗਾ, ਹਰੇਕ ਚੀਜ਼ ਸਸਤੀ ਮਿਲੇਗੀ। ਮਹਿੰਗਾਈ ਘਟ ਜਾਵੇਗੀ ਆਦਿ-ਆਦਿ। ਭਾਸ਼ਣ ਸੁਣ ਕੇ ਲੋਕ ਸੋਚਣ ਲੱਗ ਪਏ ਸਨ ਕਿ ਆਖਰ ਕਿਹੜੀ ਜਾਦੂ ਦੀ ਛੜੀ 'ਨੋਟਬੰਦੀ ਕਰਕੇ) ਨਾਲ ਸਭ ਕੁਝ ਆਮ ਵਾਂਗ ਹੋ ਜਾਵੇਗਾ। ਹੁਣ ਭਾਰਤੀ ਲੋਕਾਂ ਦੀ ਗ਼ਰੀਬੀ ਕੱਟੀ ਗਈ ਸਮਝੋ ਹੁਣ 'ਅੱਛੇ ਦਿਨ' ਆਏ ਸਮਝੋ। ਪਰ ਉਸ ਰਾਤ ਤੋਂ ਬਾਅਦ ਜੋ ਹੁਣ ਤੱਕ ਆਮ ਲੋਕਾਂ ਨਾਲ ਹੋਈ ਬੀਤੀ, ਉਹ ਨਾ ਭੁੱਲਣਯੋਗ ਹੋ ਗਈ ਹੈ। ਲੋਕਾਂ ਨੇ ਵੀ ਸਹਿਣਸ਼ੀਲਤਾ ਦਿਖਾਈ। ਸਾਊ ਬਣ ਕੇ ਲੋਕਾਂ ਨੇ ਆਪਣੀਆਂ ਕਮਜ਼ੋਰ ਲੱਤਾਂ 'ਤੇ ਤਿੰਨ-ਤਿੰਨ, ਚਾਰ-ਚਾਰ ਘੰਟੇ ਆਪਣੇ ਸਰੀਰ ਦਾ ਭਾਰ ਭੁੱਖੇ ਪਿਆਸਿਆਂ ਨੇ ਝੱਲਿਆ। ਕਈ ਵਾਰੀ ਖਾਲੀ ਹੱਥ ਵੀ ਮੁੜਦੇ ਰਹੇ। ਕੀ ਮਹਿੰਗਾਈ ਘਟ ਗਈ ਹੈ। ਹੁਣ ਤਾਂ ਨਿਗੂਣੀ ਛੋਲਿਆਂ ਦੀ ਦਾਲ ਵੀ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਗਈ ਹੈ। ਤਿੰਨ ਵਾਰ ਪੈਟਰੋਲ, ਡੀਜ਼ਲ ਦਾ ਰੇਟ ਵਧਿਆ। 100 ਰੁਪਏ ਗੈਸ ਸਿਲੰਡਰ ਵਧ ਗਿਆ ਪਰ ਕਿਸਾਨ ਰੁਲ ਗਿਆ ਹੈ, ਸਬਜ਼ੀ ਨੇ ਰੋਲ 'ਤਾ। ਹੁਣ ਸਾਲ ਦੋ ਸਾਲ ਤੱਕ ਉੱਠ ਨਹੀਂ ਸਕੇਗਾ। ਵੇਖੋ ਕੀ ਰੰਗ ਲਿਆਉਂਦੇ ਹਨ ਆਉਣ ਵਾਲੇ 'ਅੱਛੇ ਦਿਨ'।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।
ਮੋਬਾਈਲ : 94647-80299.

ਭਰੂਣ ਹੱਤਿਆ
ਭਰੂਣ-ਹੱਤਿਆ ਭਾਰਤੀ ਸਮਾਜ ਉੱਪਰ ਲੱਗਾ ਇਕ ਵੱਡਾ ਕਲੰਕ ਹੈ। ਖੁਦ ਨੂੰ ਮਾਡਰਨ ਤੇ ਪੜ੍ਹਿਆ-ਲਿਖਿਆ ਅਖਵਾਉਣ ਵਾਲਾ ਸਾਡਾ ਸਮਾਜ ਕੰਨਿਆ ਭਰੂਣ ਹੱਤਿਆ ਵਿਚ ਮੋਹਰੀ ਬਣਦਾ ਜਾ ਰਿਹਾ ਹੈ। ਅੰਕੜਿਆਂ ਦੀ ਮੰਨੀਏ ਤਾਂ ਜਿਸ ਤਰ੍ਹਾਂ ਸਾਡੇ ਸਮਾਜ ਵਿਚ ਧੀਆਂ ਦਾ ਕੁੱਖਾਂ ਵਿਚ ਕਤਲ ਹੋ ਰਿਹਾ ਹੈ, ਆਉਣ ਵਾਲੇ ਸਮੇਂ ਵਿਚ ਅਸੀਂ ਨੂੰਹਾਂ ਦੇ ਮੂੰਹ ਵੇਖਣ ਨੂੰ ਵੀ ਤਰਸ ਜਾਵਾਂਗੇ। ਪੁਰਾਣੇ ਸਮੇਂ ਵਿਚ ਬੱਚੀਆਂ ਨੂੰ ਜਨਮ ਲੈਣ ਤੋਂ ਬਾਅਦ ਮਾਰਿਆ ਜਾਂਦਾ ਸੀ ਪਰ ਵਰਤਮਾਨ ਵਿਚ ਵਿਗਿਆਨ ਨੇ ਏਨੀ ਤਰੱਕੀ ਕਰ ਲਈ ਹੈ ਕਿ ਹੁਣ ਤਾਂ ਬੱਚੀ ਨੂੰ ਜਨਮ ਵੀ ਨਹੀਂ ਲੈਣ ਦਿੱਤਾ ਜਾਂਦਾ। ਅਲਟਰਾਸਾਊਂਡ ਰਾਹੀਂ ਕੁੜੀ ਦਾ ਪਤਾ ਲਗਦੇ ਸਾਰ ਹੀ ਕਤਲ ਕਰਨ ਦਾ ਜਿੰਮਾ ਡਾਕਟਰ ਨੂੰ ਦੇ ਕੇ ਮਾਪੇ ਆਪ ਸੁਰਖਰੂ ਹੋ ਜਾਂਦੇ ਹਨ। ਡਾਕਟਰ ਪੈਸੇ ਲੈ ਕੇ ਔਰਤ ਦੇ ਪੇਟ ਅੰਦਰ ਹੀ ਇਸ ਕਤਲ ਨੂੰ ਅੰਜਾਮ ਦੇ ਦਿੰਦੇ ਹਨ। ਭਾਵੇਂ ਭਰੂਣ ਹੱਤਿਆ ਕਾਨੂੰਨੀ ਅਪਰਾਧ ਹੈ ਪਰ ਫਿਰ ਵੀ ਇਸ ਅਪਰਾਧ ਨੂੰ ਸਰਕਾਰ ਪੂਰੀ ਤਰ੍ਹਾਂ ਖਤਮ ਕਰਨ ਵਿਚ ਨਾਕਾਮ ਰਹੀ ਹੈ। ਗੁਰੂਆਂ-ਪੀਰਾਂ ਦੀ ਧਰਤੀ 'ਤੇ ਹੁੰਦੇ ਅਣਜੰਮੀਆਂ ਬੱਚੀਆਂ ਦੇ ਕਤਲ ਸਾਡਾ ਸਭ ਦਾ ਸਿਰ ਸ਼ਰਮ ਨਾਲ ਝੁਕਾਉਂਦੇ ਹਨ। ਆਖਰ ਕਿਉਂ ਧੀ ਨੂੰ ਜਨਮ ਲੈਣ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ। ਕਿਉਂ ਧੀ ਨੂੰ ਕੁੱਖ ਵਿਚ ਕਤਲ ਕਰਵਾਉਣ ਸਮੇਂ ਮਾਂ ਦਾ ਆਪਾ ਨਹੀਂ ਵਲੂੰਧਰਿਆ ਜਾਂਦਾ। ਕਿਉਂ ਉਸ ਨੂੰ ਘਰ ਵਿਚ ਉਹ ਸਤਿਕਾਰ ਨਹੀਂ ਮਿਲਦਾ ਜਿਸ ਦੀ ਉਹ ਹੱਕਦਾਰ ਹੈ। ਅਸੀਂ ਇਹ ਕਿਉਂ ਨਹੀਂ ਸਮਝ ਰਹੇ ਕਿ ਧੀਆਂ ਨੂੰ ਕੁੱਖਾਂ ਵਿਚ ਮਾਰ ਕੇ ਅਸੀਂ ਆਪਣੀ ਹੋਂਦ ਮਿਟਾ ਰਹੇ ਹਾਂ ਕਿਉਂਕਿ ਧਰਤੀ 'ਤੇ ਜੀਵਨ ਔਰਤ ਨਾਲ ਹੀ ਹੈ।

-ਜਸਪ੍ਰੀਤ ਕੌਰ ਸੰਘਾ
ਪਿੰਡ ਤਨੂੰਲੀ, ਜ਼ਿਲ੍ਹਾ ਹੁਸ਼ਿਆਰਪੁਰ।
ਮੋਬਾਈਲ : 99150-33176.

28/02/2017

 ਪ੍ਰੀਖਿਆਵਾਂ ਦੀ ਤਿਆਰੀ

ਪੂਰਾ ਸਾਲ ਅਧਿਆਪਕਾਂ, ਬੱਚਿਆਂ ਤੇ ਮਾਪਿਆਂ ਦੀ ਸਖ਼ਤ ਘਾਲਣਾ ਤੋਂ ਬਾਅਦ ਅੰਤ ਵਿਚ ਪ੍ਰੀਖਿਆ ਦੀ ਘੜੀ ਆਉਂਦੀ ਹੈ ਜਿਸ ਨਾਲ ਸਭ ਦੇ ਚਾਅ, ਭਾਵਨਾ ਤੇ ਭਵਿੱਖਮੁਖੀ ਫੈਸਲੇ ਜੁੜੇ ਹੁੰਦੇ ਹਨ। ਇਸ ਦੀ ਤਿਆਰੀ ਲਈ ਸਾਨੂੰ ਡੇਟ ਸ਼ੀਟ ਤੋਂ ਬਾਅਦ ਦੇ ਸਮੇਂ ਦੀ ਵੰਡ ਦਾ ਪ੍ਰਬੰਧ ਚੰਗੇ ਤਰੀਕੇ ਨਾਲ ਕਰਨਾ ਜ਼ਰੂਰੀ ਹੁੰਦਾ ਹੈ। ਉਸ ਦੇ ਅਨੁਸਾਰ ਪੜ੍ਹਾਈ ਸ਼ੁਰੂ ਕਰ ਸਕਦੇ ਹਾਂ। ਕਈ ਵਾਰ ਅਜਿਹੀ ਸਾਰਣੀ ਵਿਚ ਅਸੀਂ ਇਕ ਹੀ ਵਿਸ਼ੇ ਨੂੰ ਪੂਰਾ ਦਿਨ ਵਿਚ ਪੜ੍ਹਨਾ ਤੈਅ ਕੀਤਾ ਹੁੰਦਾ ਹੈ, ਜਿਸ ਨਾਲ ਇਹ ਵਿਸ਼ਾ ਅਕਾਊ ਬਣ ਜਾਂਦਾ ਹੈ। ਅਜਿਹੇ ਵਿਸ਼ੇ ਦੇ ਨਾਲ ਆਪਣੀ ਦਿਲਚਸਪੀ ਵਾਲੇ ਵਿਸ਼ੇਸ਼ ਵੀ ਜ਼ਰੂਰ ਪੜ੍ਹੋ। ਇਸ ਨਾਲ ਦਿਮਾਗੀ ਥਕਾਵਟ ਤਾਂ ਹੁੰਦੀ ਹੀ ਹੈ, ਨਾਲੋ-ਨਾਲ ਸਾਨੂੰ ਮਾਨਸਿਕ ਸੰਤੁਸ਼ਟੀ ਵੀ ਮਿਲਦੀ ਹੈ। ਉਂਜ ਭਾਵੇਂ ਪੇਪਰਾਂ ਦੇ ਦੌਰਾਨ ਕੋਈ ਪਲ ਵੀ ਬੇਅਰਥ ਨਹੀਂ ਗਵਾਉਣਾ ਚਾਹੀਦਾ ਪਰ ਸਰੀਰਕ ਸੰਤੁਲਨ ਦੀ ਬਰਕਰਾਰੀ ਲਈ ਸਮਾਂ ਸਾਰਣੀ ਵਿਚ ਇਕ ਘੰਟਾ ਇਸ ਤਰ੍ਹਾਂ ਰੱਖੋ ਜਦੋਂ ਤੁਸੀਂ ਖੁੱਲ੍ਹੀ ਹਵਾ ਵਿਚ ਸੈਰ ਕਰ ਸਕੋ ਜਾਂ ਘੁੰਮ ਫਿਰ ਸਕੋ।
ਡੇਟ ਸ਼ੀਟ ਆਉਣ ਤੋਂ ਬਾਅਦ ਸਮਾਂ ਸਾਰਣੀ ਵਿਚ ਬਦਲਾਓ ਵੀ ਜ਼ਰੂਰੀ ਹੈ ਕਿਉਂਕਿ ਇਸ ਵਿਚ ਛੁੱਟੀਆਂ ਦੇ ਨਾਲ ਪੇਪਰਾਂ 'ਤੇ ਵੀ ਧਿਆਨ ਕੇਂਦਰਿਤ ਕਰਨਾ ਜ਼ਰੂਰੀ ਹੁੰਦਾ ਹੈ। ਕਈ ਵਾਰ ਸੌਖੇ ਪੇਪਰ ਅੱਗੇ ਜ਼ਿਆਦਾ ਛੁੱਟੀਆਂ ਹੁੰਦੀਆਂ ਹਨ, ਇਸ ਸਥਿਤੀ ਵਿਚ ਕਿਸੇ ਹੋਰ ਵਿਸ਼ੇ ਨੂੰ ਸਮਾਂ ਦੇਣ ਦੀ ਜ਼ਰੂਰਤ ਹੋਵੇ ਤਾਂ ਉਨ੍ਹਾਂ ਵਿਚੋਂ ਲੋੜ ਮੁਤਾਬਿਕ ਛੁੱਟੀ ਵਰਤ ਲੈਣ ਵਿਚ ਕੋਈ ਹਰਜ਼ ਨਹੀਂ ਹੁੰਦਾ। ਪੇਪਰ ਤਿਆਰੀ ਦੀਆਂ ਛੁੱਟੀਆਂ ਵਿਚ ਤੁੱਛ ਸ਼ੰਕਾ ਵਾਲੇ ਪਾਠ ਪਹਿਲਾਂ ਦੁਹਰਾਉਣੇ ਲਾਜ਼ਮੀ ਹਨ। ਸਮੇਂ ਦੀ ਕਦਰ ਕਰਨ ਨਾਲ ਸਫ਼ਲਤਾ ਦੇ ਰਾਹ ਆਪਣੇ-ਆਪ ਖੁੱਲ੍ਹ ਜਾਂਦੇ ਹਨ।

-ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ
ਪਿੰਡ ਨੱਥੂ ਮਾਜਰਾ, ਜ਼ਿਲ੍ਹਾ ਸੰਗਰੂਰ।

ਮੋ: 99880-03419.

ਆਪਣਾ ਪੰਜਾਬ...

ਮੇਰਾ ਵਸਦਾ ਰਹੇ ਪੰਜਾਬ, ਰੰਗਲਾ ਪੰਜਾਬ, ਮੇਰਾ ਦੇਸ਼ ਹੋਵੇ ਪੰਜਾਬ, ਲੱਭਣੀ ਨੀ ਮੌਜ ਪੰਜਾਬ ਵਰਗੀ ਜਿਹੇ ਗੀਤ ਇਕ ਸਮੇਂ ਦੇ ਗੀਤਕਾਰਾਂ ਨੇ ਪੰਜਾਬ ਦੇ ਖੁਸ਼ਨੁਮਾ ਮਾਹੌਲ ਨੂੰ ਦੇਖਦਿਆਂ ਸਿਰਜੇ ਹੋਣਗੇ। ਇੰਝ ਹੀ ਗਾਇਕੀ ਦੇ ਬਾਬਾ ਬੋਹੜ ਮੰਨੇ ਜਾਂਦੇ ਪੰਜਾਬ ਦੇ ਮਾਣਮੱਤੇ ਕਲਾਕਾਰ ਗੁਰਦਾਸ ਮਾਨ ਦਾ ਗੀਤ 'ਆਪਣਾ ਪੰਜਾਬ ਹੋਵੇ' 1996 ਵਿਚ ਸੁਣਨ ਨੂੰ ਮਿਲਿਆ। ਉਸ ਵਿਚ ਹੱਸਦੇ-ਵਸਦੇ ਪੰਜਾਬ ਅਤੇ ਇਸ ਦੇ ਖੁਸ਼ਗਵਾਰ ਮਾਹੌਲ ਨੂੰ ਮਾਨ ਸਾਹਿਬ ਨੇ ਬੜੇ ਖੂਬਸੂਰਤ ਢੰਗ ਨਾਲ ਦਰਸਾਇਆ। ਸਮਾਂ ਬਦਲਿਆ ਅਤੇ ਕਰੀਬ ਦੋ ਦਹਾਕਿਆਂ ਬਾਅਦ ਗੁਰਦਾਸ ਮਾਨ ਦਾ ਹੁਣ ਦੇ ਪੰਜਾਬ ਦੇ ਮਾਹੌਲ ਨੂੰ ਬਿਆਨ ਕਰਦਾ ਨਵਾਂ ਗੀਤ ਸੁਣਨ ਨੂੰ ਮਿਲ ਰਿਹਾ ਹੈ। ਪੰਜਾਬ ਦੀ ਹਵਾ ਦਾ ਬਦਲਿਆ ਰੁੱਖ ਇਨ੍ਹਾਂ ਦੋਵਾਂ ਗੀਤਾਂ ਨੂੰ ਵੇਖਣ, ਸੁਣਨ ਤੋਂ ਬਾਅਦ ਸਮਝਿਆ ਜਾ ਸਕਦਾ ਹੈ। ਇਕ ਵਾਰ ਤਾਂ ਯਕੀਨ ਹੀ ਨਹੀਂ ਆਉਂਦਾ ਕਿ ਵੀਹ ਕੁ ਸਾਲਾਂ ਦੇ ਸਮੇਂ ਵਿਚ ਲਹਿ ਲਹਾਉਂਦੀਆਂ ਫਸਲਾਂ, ਹੱਸਦੇ-ਨੱਚਦੇ ਭੰਗੜੇ ਪਾਉਂਦੇ ਅਤੇ ਖੇਤਾਂ ਵਿਚ ਕੰਮ ਕਰਦੇ ਪੰਜਾਬੀ ਨਜ਼ਰ ਆਉਂਦੇ ਹਨ। ਸਰ੍ਹੋਂ ਦਾ ਸਾਗ, ਮੱਕੀ ਦੀ ਰੋਟੀ, ਘਿਓ, ਗੰਨੇ ਆਦਿ ਉਨ੍ਹਾਂ ਦੀ ਮਨਪਸੰਦ ਖੁਰਾਕ ਹੈ। ਪਰ ਹੁਣ ਵਾਲੇ ਪੰਜਾਬ ਦਾ ਦ੍ਰਿਸ਼ ਬਿਲਕੁਲ ਅਲੱਗ ਹੈ। ਇਸ ਵਿਚ ਹੱਥਾਂ ਵਿਚ ਹਥਿਆਰ ਫੜ ਕੇ ਨੱਚਣ ਵਾਲੇ, ਮੋਬਾਈਲਾਂ 'ਤੇ ਉਲਝੇ, ਫੈਸ਼ਨਪ੍ਰਸਤੀ ਅਤੇ ਲੱਚਰਤਾ ਵਿਚ ਡੁੱਬੇ ਪੰਜਾਬੀ ਨਜ਼ਰ ਪੈਂਦੇ ਹਨ। ਇਨ੍ਹਾਂ ਦੀ ਖੁਰਾਕ ਪੀਜ਼ੇ, ਬਰਗਰ ਹਨ ਜਾਂ ਫਿਰ ਸਪਰੇਆਂ ਨਾਲ ਉਗਾਏ ਅਨਾਜ ਤੋਂ ਤਿਆਰ ਭੋਜਨ ਹਨ। ਇਹ ਸਭ ਦੇਖ ਕੇ ਸ਼ੱਕ ਜਿਹਾ ਪੈਂਦਾ ਹੈ ਕਿ ਆਪਣਾ ਪੰਜਾਬ ਕਿਧਰੇ ਪਰਾਇਆ ਤਾਂ ਨੀ ਹੋ ਗਿਆ?

-ਰਮਨਦੀਪ ਸਿੰਘ
ਪਿੰਡ ਸ਼ੇਖੂ, ਜ਼ਿਲ੍ਹਾ ਬਠਿੰਡਾ। ਮੋ: 94171-12740.

27/02/2017

 ਗ਼ਰੀਬ ਅਤੇ ਅਮੀਰ
ਆਮ ਲੋਕਾਂ ਦੀ ਇਹ ਤ੍ਰਾਸਦੀ ਹੀ ਕਹੀ ਜਾ ਸਕਦੀ ਹੈ ਕਿ ਜਦੋਂ ਉਹ ਕਿਸੇ ਵੇਲੇ ਢਿੱਲੇ-ਮੱਠੇ ਹੋ ਜਾਂਦੇ ਹਨ ਤਾਂ ਉਹ ਆਪਣੇ ਵਿੱਤ ਅਨੁਸਾਰ ਪਿੰਡਾਂ ਵਿਚ ਬੈਠੇ ਡਾਕਟਰਾਂ (ਝੋਲਾ ਛਾਪ) ਕੋਲ ਪਹੁੰਚ ਕੇ ਦਵਾਈ-ਬੂਟੀ ਲੈ ਲੈਂਦੇ ਹਨ ਜਾਂ ਕਈ ਵਾਰ ਇਹ ਗੰਭੀਰ ਬਿਮਾਰੀ ਦਾ ਸ਼ਿਕਾਰ ਹੋਣ 'ਤੇ ਵੱਧ ਤੋਂ ਵੱਧ ਸਰਕਾਰੀ ਹਸਪਤਾਲਾਂ ਵਿਚ ਅੱਪੜ ਜਾਂਦੇ ਹਨ। ਵਧੀਆ ਜਾਂ ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਕਰਵਾਉਣਾ ਅੱਜ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਰਹੀ। ਇਸ ਦੇ ਉਲਟ ਜਦੋਂ ਕੋਈ ਦੇਸ਼ ਦਾ ਰਾਜਨੀਤਕ ਆਗੂ ਜਾਂ ਫਿਰ ਕਿਸੇ ਧਾਰਮਿਕ ਡੇਰੇ ਦਾ ਕੋਈ ਮੁਖੀ ਬਿਮਾਰ ਹੋ ਜਾਂਦਾ ਹੈ ਤਾਂ ਉਹ ਝੱਟ ਹਵਾਈ ਟਿਕਟ ਖ਼ਰੀਦ ਕੇ ਬਾਹਰਲੇ ਦੇਸ਼ 'ਚ ਆਪਣਾ ਇਲਾਜ ਕਰਵਾਉਣ ਲਈ ਤੁਰ ਪੈਂਦਾ ਹੈ। ਇਥੋਂ ਤੱਕ ਇਹ ਲੋਕ ਹਵਾਈ ਸਫ਼ਰ ਦੌਰਾਨ ਨਾਮੀ ਡਾਕਟਰਾਂ ਦੀ ਟੀਮ ਵੀ ਨਾਲ ਲੈ ਕੇ ਜਾਂਦੇ ਹਨ। ਨਾਲ ਜਾਣ ਵਾਲੀ ਟੀਮ ਦਾ ਟਿਕਟ ਖਰਚਾ ਤੇ ਇਸ ਤੋਂ ਵੱਖਰਾ ਖਰਚਾ ਵੀ ਖੁਦ ਚੁੱਕਦੇ ਹਨ। ਸ਼ਾਇਦ ਇਨ੍ਹਾਂ ਦੀ ਬਿਮਾਰੀ 'ਤੇ ਓਨਾ ਖਰਚ ਨਾ ਆਉਂਦਾ ਹੋਵੇ, ਜਿੰਨਾ ਖਰਚਾ ਇਹ ਹਵਾਈ ਟਿਕਟਾਂ 'ਤੇ ਕਰ ਦਿੰਦੇ ਹਨ। ਇਥੇ ਸਵਾਲ ਉਠਦਾ ਹੈ ਕਿ ਕੀ ਇਨ੍ਹਾਂ ਰਾਜਨੀਤਕ ਆਗੂਆਂ ਤੇ ਡੇਰਿਆਂ ਦੇ ਮੁਖੀਆਂ ਨੂੰ ਦੇਸ਼ ਦੇ ਹਸਪਤਾਲਾਂ ਜਾਂ ਡਾਕਟਰਾਂ 'ਤੇ ਯਕੀਨ ਨਹੀਂ ਹੈ। ਸਵਾਲ ਇਹ ਵੀ ਹੈ ਕਿ ਇਨ੍ਹਾਂ ਲੋਕਾਂ ਕੋਲ ਏਨਾ ਪੈਸਾ ਕਿੱਥੋਂ ਆ ਰਿਹਾ ਹੈ। ਅੱਜ ਇਹ ਆਮ ਸੁਣਿਆ ਜਾਂਦਾ ਹੈ ਕਿ ਅੱਜ ਜੇ ਕਿਸੇ ਕੋਲ ਪੈਸਾ ਹੈ ਤਾਂ ਉਹ ਰਾਜਨੀਤਕ ਲੋਕਾਂ ਕੋਲ ਹੈ ਜਾਂ ਫਿਰ ਧਾਰਮਿਕ ਡੇਰੇ ਵਾਲਿਆਂ ਕੋਲ। ਅੱਜ ਪੰਜਾਬ ਦੀ ਤ੍ਰਾਸਦੀ ਇਹ ਹੈ ਕਿ ਇਸ ਢਾਈ ਕਰੋੜ ਦੀ ਆਬਾਦੀ ਵਾਲੇ ਸੂਬੇ ਵਿਚ ਧਾਰਮਿਕ ਡੇਰਿਆਂ ਦੀ ਗਿਣਤੀ 9 ਹਜ਼ਾਰ ਤੋਂ ਟੱਪ ਚੁੱਕੀ ਹੈ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਮੋਬਾਈਲ : 98551-81104.


ਰੁੱਖ, ਮਨੁੱਖ ਤੇ ਪ੍ਰਦੂਸ਼ਣ ਦੀ ਮਾਰ

ਇਹ ਇਕ ਕੌੜਾ ਸੱਚ ਹੈ ਕਿ ਸਾਡੇ ਆਪਣੇ ਲੋਕ ਅਤੇ ਲੋਕ-ਸਰਕਾਰਾਂ, ਰੁੱਖ ਅਤੇ ਮਨੁੱਖ ਦੇ ਕੁਦਰਤੀ ਰਿਸ਼ਤੇ ਨੂੰ ਭੁਲਾ ਕੇ ਬੇਸ਼ੁਮਾਰ ਤੇ ਲਾਇਲਾਜ ਮਾਰੂ ਬਿਮਾਰੀਆਂ ਨਾਲ ਪੀੜਤ ਹੋ ਕੇ ਕੁਰਲਾ ਰਹੇ ਹਨ। ਕੁਦਰਤ ਨੇ ਧਰਤੀ ਦੇ ਨਾਲ ਹੀ ਜੰਗਲ ਪੈਦਾ ਕੀਤੇ ਸਨ। ਧਰਤੀ ਅੰਨ ਪੈਦਾ ਕਰਦੀ ਹੈ ਅਤੇ ਰੁੱਖ ਸਾਹ ਲੈਣ ਵਾਸਤੇ ਆਕਸੀਜਨ ਪੈਦਾ ਕਰਦੇ ਹਨ। ਸ਼ੁੱਧ ਧਰਤੀ ਅਤੇ ਸ਼ੁੱਧ ਹਵਾ ਦੇ ਨਾਲ ਪਾਣੀ ਵੀ ਸ਼ੁੱਧ ਰਹਿੰਦਾ ਹੈ।
ਅੰਮ੍ਰਿਤਸਰ ਦੀ ਪਵਿੱਤਰ ਨਗਰੀ ਕਦੇ ਫੁੱਲਦਾਰ ਬਾਗਾਂ, ਸੜਕੀ ਰੁੱਖਾਂ ਅਤੇ ਬਨਸਪਤੀ ਦੀ ਹਰਿਆਵਲ ਨਾਲ ਮਾਲੋਮਾਲ ਸੀ। ਪ੍ਰਦੂਸ਼ਣ ਦਾ ਨਾਮੋ-ਨਿਸ਼ਾਨ ਨਹੀਂ ਸੀ। ਲੋਕ ਤੰਦਰੁਸਤ ਅਤੇ ਖੁਸ਼ ਮਿਜਾਜ਼ ਸਨ।
ਵਪਾਰੀ ਕਿਸਮ ਦੇ ਲੋਕ-ਰਾਜੀ ਲੀਡਰਾਂ ਦਾ ਰਾਜ ਆਇਆ ਹੈ। ਵਿਕਾਸ ਦਾ ਨਾਂਅ ਵਰਤ ਕੇ ਇਨ੍ਹਾਂ ਨੂੰ ਪਹਿਲਾਂ ਸ਼ਹਿਰ ਦੁਆਲੇ ਕਾਲੋਨੀਆਂ ਬਣਵਾ ਕੇ ਬਾਗ਼ ਉਜਾੜੇ, ਕਿਸਾਨਾਂ ਨੂੰ ਪਿੰਡਾਂ ਵਿਚ ਰੁੱਖਾਂ ਨੂੰ ਕੱਟਣ ਤੋਂ ਨਾ ਰੋਕਿਆ ਤੇ ਅਖੀਰ ਸ਼ਹਿਰ ਵਿਚ ਬੀ.ਆਰ.ਟੀ.ਐਸ. ਦੇ ਸੜਕੀ ਬੱਸ ਪ੍ਰਾਜੈਕਟ ਤਹਿਤ ਸੜਕਾਂ ਉਤੇ ਲੱਗੇ ਸੈਂਕੜੇ ਸਾਲ ਪੁਰਾਣੇ ਬੋਹੜ, ਪਿੱਪਲ, ਟਾਹਲੀਆਂ ਸਮੇਤ ਅੰਬਾਂ ਤੇ ਜਾਮਣ ਦੇ ਹਜ਼ਾਰਾਂ ਰੁੱਖ ਕਟਵਾ ਕੇ ਸ਼ਹਿਰ ਨੂੰ ਰੁੱਖ ਵਿਹੂਣਾ ਬਣਾ ਦਿੱਤਾ ਅਤੇ ਲੋਕਾਂ ਨੂੰ ਮਰਨ ਲਈ ਮਾਰੂ ਪ੍ਰਦੂਸ਼ਣ ਦੇ ਹਵਾਲੇ ਕਰ ਦਿੱਤਾ।
ਸਰਬੱਤ ਦੇ ਭਲੇ ਵਿਚ ਹੀ ਸਭ ਦੀ ਭਲਾਈ ਹੈ। ਪ੍ਰੰਤੂ ਦੀਵੇ ਹੇਠਾਂ ਹਮੇਸ਼ਾ ਹਨੇਰਾ ਹੁੰਦਾ ਹੈ। ਅਜੋਕੇ ਨੇਤਾਵਾਂ ਦੇ ਦਿਲ ਇਸੇ ਲਈ ਹਨੇਰੇ ਵਿਚ ਭਟਕ ਰਹੇ ਹਨ ਅਤੇ ਉਹ ਲੋਕ ਭਲਾਈ ਦੇ ਕੰਮਾਂ ਤੋਂ ਕੰਨੀ ਕਤਰਾ ਰਹੇ ਹਨ। ਮਤ ਦਾਗੀ ਕਰੋ, ਇਸ ਗੁਰੂਆਂ ਦੀ ਧਰਤੀ ਨੂੰ।


-ਇੰਜ: ਕੁਲਦੀਪ ਸਿੰਘ ਲੁੱਧਰ
ਅੰਮ੍ਰਿਤਸਰ।

24/02/2017

 ਮੈਰਿਜ ਪੈਲੇਸਾਂ ਵਿਚ ਭੋਜਨ ਦੀ ਬਰਬਾਦੀ
ਮੈਰਿਜ ਪੈਲੇਸਾਂ ਅੰਦਰ ਹੋ ਰਹੀਆਂ ਮੰਦਭਾਗੀਆਂ ਘਟਨਾਵਾਂ ਬਾਰੇ ਅਕਸਰ ਹੀ ਅਸੀਂ ਸੁਣਦੇ ਰਹਿੰਦੇ ਹਾਂ। ਅਗਰ ਭੋਜਨ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਭੋਜਨ ਉਥੇ ਕੂੜੇਦਾਨਾਂ ਵਿਚ ਸੁੱਟ ਕੇ ਭੋਜਨ ਦੀ ਬਰਬਾਦੀ ਕੀਤੀ ਜਾਂਦੀ ਹੈ। ਵਿਆਹਾਂ ਵਿਚ ਪਏ ਬੇਕਾਰ ਭੋਜਨ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਮਨ ਨੂੰ ਬੜਾ ਦੁੱਖ ਹੁੰਦਾ ਹੈ ਕਿ ਕੇਵਲ ਸਾਦੇ ਭੋਜਨ ਲਈ ਇਨਸਾਨ ਦਿਨ-ਰਾਤ ਇਕ ਕਰ ਦਿੰਦਾ ਹੈ ਪ੍ਰੰਤੂ ਪੈਲੇਸਾਂ ਵਿਚ ਇਨ੍ਹਾਂ ਦੀ ਕੋਈ ਕਦਰ ਨਹੀਂ ਕੀਤੀ ਜਾਂਦੀ। ਕੁਝ ਲੋਕ ਦਿਖਾਵੇ ਦੇ ਤੌਰ 'ਤੇ ਭੋਜਨ ਪਲੇਟ ਵਿਚ ਛੱਡਣਾ ਆਪਣੀ ਸ਼ੇਖੀ ਸਮਝਦੇ ਹਨ। ਜ਼ਿਆਦਾਤਰ ਗਿਲਾਸਾਂ ਵਿਚ ਅੱਧੇ ਤੋਂ ਵੱਧ ਜੂਸ ਜਾਂ ਕੋਲਡਰਿੰਕ ਉਂਜ ਹੀ ਛੱਡ ਦਿੱਤਾ ਜਾਂਦਾ ਹੈ। ਆਓ! ਜ਼ਰਾ ਸੋਚੀਏ ਕਿ ਕਿੰਨੇ ਲੋਕ ਬਿਨਾਂ ਰੋਟੀ ਤੋਂ ਭੁੱਖੇ ਸੌਂਦੇ ਹਨ। ਜੇਕਰ ਅਸੀਂ ਭੋਜਨ ਨੂੰ ਸਹੀ ਤਰੀਕੇ ਨਾਲ ਗ੍ਰਹਿਣ ਕਰਾਂਗੇ ਤਾਂ ਕਿੰਨਾ ਭੋਜਨ ਬਚ ਜਾਵੇਗਾ ਜੋ ਕਿ ਕਿਸੇ ਦੇ ਪੇਟ ਦੀ ਭੁੱਖ ਮਿਟਾ ਸਕਦਾ ਹੈ। ਸਾਡੇ ਗੁਰੂਆਂ ਨੇ ਸਾਨੂੰ ਇਸ ਭੋਜਨ ਨੂੰ ਇਕ ਪੰਗਤ ਵਿਚ ਬੈਠ ਕੇ ਛਕਣ ਦੀ ਪ੍ਰੇਰਨਾ ਦਿੱਤੀ। ਅਸੀਂ ਆਪਣੇ ਘਰਾਂ ਵੱਲ ਝਾਤ ਮਾਰੀਏ ਕਿ ਅਸੀਂ ਕਿੰਨਾ ਕੁ ਭੋਜਨ ਬਰਬਾਦ ਕਰਦੇ ਹਾਂ ਜਾਂ ਫਿਰ ਕਿੰਨਾ ਕੁ ਕੋਲਡਰਿੰਕ ਜਾਂ ਜੂਸ ਫਾਲਤੂ ਸੁੱਟ ਦਿੰਦੇ ਹਾਂ। ਅਸੀਂ ਸਾਰੇ ਹੀ ਇਸ ਗੱਲ ਵੱਲ ਧਿਆਨ ਦੇਈਏ ਕਿ ਮੈਰਿਜ ਪੈਲੇਸਾਂ ਵਿਚ ਜਿਥੇ ਸਾਨੂੰ ਏਨੇ ਵੱਡੇ ਨੁਕਸਾਨ ਝੱਲਣੇ ਪੈ ਰਹੇ ਹਨ, ਉਥੇ ਹੀ ਅਸੀਂ ਆਪਣੇ ਸੱਭਿਅਕ ਰੀਤੀ-ਰਿਵਾਜਾਂ ਤੋਂ ਟੁੱਟ ਰਹੇ ਹਾਂ। ਵਿਆਹ ਕਰਨ ਸਮੇਂ ਜਾਂ ਵਿਆਹ 'ਤੇ ਜਾਣ ਸਮੇਂ ਅਸੀਂ ਦੋਵਾਂ ਸਥਿਤੀਆਂ ਨੂੰ ਧਿਆਨ ਵਿਚ ਰੱਖੀਏ ਤੇ ਓਨਾ ਹੀ ਭੋਜਨ ਪਰੋਸੀਏ/ਗ੍ਰਹਿਣ ਕਰੀਏ, ਜਿਸ ਨਾਲ ਸਾਡਾ ਨੁਕਸਾਨ ਨਾ ਹੋਵੇ ਅਤੇ ਕੋਈ ਦੂਸਰਾ ਭੁੱਖੇ ਪੇਟ ਨਾ ਰਹੇ।


-ਰਵਿੰਦਰ ਸਿੰਘ ਰੇਸ਼ਮ
ਪਿੰਡ-ਉਮਰਪੁਰਾ, ਨੱਥੂਮਾਜਰਾ।


ਖਸਤਾ ਗੱਡੀਆਂ
ਪੰਜਾਬ ਦੀਆਂ ਸੜਕਾਂ 'ਤੇ ਹਰ ਰੋਜ਼ ਹੀ ਭਿਆਨਕ ਹਾਦਸੇ ਵਾਪਰਦੇ ਰਹਿੰਦੇ ਹਨ, ਜਿਨ੍ਹਾਂ ਨਾਲ ਕਈ ਕੀਮਤੀ ਜਾਨਾਂ ਇਨ੍ਹਾਂ ਹਾਦਸਿਆਂ ਦੀ ਭੇਟ ਚੜ੍ਹ ਜਾਂਦੀਆਂ ਹਨ। ਇਸ ਦੇ ਕਈ ਕਾਰਨ ਹਨ, ਜ਼ਿਆਦਾ ਸਪੀਡ, ਨਸ਼ੇ ਦੀ ਵਰਤੋਂ ਤੇ ਖਸਤਾ ਹਾਲਤ ਗੱਡੀਆਂ। ਅਜਿਹੀਆਂ ਕਈ ਗੱਡੀਆਂ ਸੜਕ 'ਤੇ ਚਲਦੀਆਂ ਹਨ ਜੋ ਆਪਣੀ ਉਮਰ ਵਿਹਾਅ ਚੁੱਕੀਆਂ ਹੁੰਦੀਆਂ ਹਨ। ਇਹ ਬਿਨਾਂ ਡਰ ਖੌਫ਼ ਦੇ ਇਨ੍ਹਾਂ ਖੂਨੀ ਸੜਕਾਂ 'ਤੇ ਘੁੰਮਦੀਆਂ ਮਨੁੱਖੀ ਜਾਨਾਂ ਲਈ ਖ਼ਤਰਾ ਬਣੀਆਂ ਹੋਈਆਂ ਹਨ, ਖ਼ਾਸ ਕਰਕੇ ਹਾੜ੍ਹੀ ਸਾਉਣੀ ਦੇ ਸੀਜ਼ਨ ਸਮੇਂ ਇਹ ਪੁਰਾਣੀਆਂ ਗੱਡੀਆਂ ਜਿਨ੍ਹਾਂ ਨੂੰ ਪਟਿਆਲੇ ਦੇ ਕਬਾੜ 'ਚ ਹੋਣਾ ਚਾਹੀਦਾ ਹੈ, ਉਹ ਨਵੀਆਂ ਗੱਡੀਆਂ ਦੇ ਬਰਾਬਰ ਪੈਸੇ ਕਮਾਉਂਦੀਆਂ ਹਨ। ਬਹੁਤ ਸਾਰੀਆਂ ਦੁਰਘਟਨਾਵਾਂ ਇਨ੍ਹਾਂ ਪੁਰਾਣੀਆਂ ਗੱਡੀਆਂ ਦੇ ਬੇਕਾਬੂ ਹੋਣ ਨਾਲ ਵਾਪਰਦੀਆਂ ਹਨ, ਕਿਉਂਕਿ ਪੁਰਾਣੀਆਂ ਗੱਡੀਆਂ ਦਾ ਸਪੇਅਰ ਪਾਰਟਸ ਬੜਾ ਔਖਾ ਮਿਲਦਾ ਹੈ। ਇਨ੍ਹਾਂ ਗੱਡੀਆਂ ਦੀ ਉੱਚ ਪੱਧਰੀ ਜਾਂਚ ਹੋਵੇ ਤਾਂ ਕਿ ਸੜਕੀ ਦੁਰਘਟਨਾਵਾਂ ਤੋਂ ਕੁਝ ਹੱਦ ਤੱਕ ਬਚਿਆ ਜਾ ਸਕੇ, ਕਿਉਂਕਿ ਰੁਜ਼ਗਾਰ ਵਾਂਗ ਹੀ ਜਾਨ ਵੀ ਜ਼ਰੂਰੀ ਹੈ।


-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।

23/02/2017

 ਨੇਕੀ ਦਾ ਕੰਮ ਕਰੋ
ਬੀਤੇ ਦਿਨੀਂ ਪੰਜਾਬੀ ਦੇ ਅਲੰਬਰਦਾਰ ਗਾਇਕ ਗੁਰਦਾਸ ਮਾਨ ਦੀ ਰਿਲੀਜ਼ ਹੋਈ ਐਲਬਮ 'ਪੰਜਾਬ' ਵਿਚਲੇ ਸਿਰਲੇਖ ਵਾਲੇ ਗੀਤ ਰਾਹੀਂ ਬਹੁਤ ਸਾਰੇ ਪੰਜਾਬੀਆਂ ਨੇ ਅਜੋਕੇ ਪੰਜਾਬ ਦੀ ਤਸਵੀਰ ਵੇਖ ਲਈ ਹੈ। ਗੁਰਦਾਸ ਮਾਨ ਇਕ ਅਜਿਹਾ ਗਾਇਕ ਤੇ ਗੀਤਕਾਰ ਹੈ, ਜੋ ਪੰਜਾਬੀਆਂ ਦੀ ਨਬਜ਼ ਨੂੰ ਪਛਾਣਨ ਦੀ ਸਮਰੱਥਾ ਰੱਖਦਾ ਹੈ। ਗਾਇਕੀ ਉਹੋ ਹੁੰਦੀ ਹੈ ਜੋ ਸਰੋਤਿਆਂ ਦੇ ਸਿਰ ਚੜ੍ਹ ਬੇਲੋ। ਇਸ ਗੀਤ ਰਾਹੀਂ ਮਾਨ ਸਾਹਿਬ ਪੰਜਾਬ ਦੀ ਵੇਦਨਾ ਨੂੰ ਪੇਸ਼ ਕਰਨ 'ਚ ਸੌ ਫ਼ੀਸਦੀ ਸਫਲ ਰਹੇ ਹਨ। ਬਾਕੀ ਦੇ ਸਮਕਾਲੀ ਗੀਤਕਾਰਾਂ ਤੇ ਗਾਇਕਾਂ ਨੂੰ ਗੁਰਦਾਸ ਮਾਨ ਵੱਲੋਂ ਪਾਈਆਂ ਸੰਦਲੀ ਪੈੜਾਂ ਨੂੰ, ਨਕਸ਼ੇ-ਕਦਮ ਮਿੱਥ ਲੈਣਾ ਚਾਹੀਦਾ ਹੈ। ਘਟੀਆ ਗਾਇਕਾਂ ਤੇ ਗੀਤਕਾਰਾਂ ਨੂੰ ਸਾਡੀ ਨਿਮਰਤਾ ਸਹਿਤ ਬੇਨਤੀ ਹੈ ਕਿ ਸੂਝਬੂਝ ਦਾ ਪੱਲਾ ਫੜ ਕੇ ਪੰਜਾਬ ਦੇ ਭਲੇ ਲਈ ਨੇਕੀ ਦਾ ਕੰਮ ਕਰੋ।


-ਪ੍ਰਿੰ: ਗੁਰਬਚਨ ਸਿੰਘ ਲਾਲੀ
ਲੇਖਕ ਮੰਚ ਪੱਟੀ।


ਪੱਗ ਬਨਾਮ ਚੁੰਨੀ
ਪਿਛਲੇ ਸਮੇਂ ਤੋਂ ਪੰਜਾਬ ਦੇ ਨਾਲ-ਨਾਲ ਪੂਰੀ ਦੁਨੀਆ ਵਿਚ ਦਸਤਾਰ ਭਾਵ ਪੱਗ ਸਬੰਧੀ ਸਿਖਲਾਈ ਸੈਂਟਰ ਖੋਲ੍ਹਣ ਦੇ ਨਾਲ-ਨਾਲ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਉਣ ਦੀ ਜੋ ਪਿਰਤ ਚੱਲੀ ਹੈ, ਉਹ ਬੇਹੱਦ ਸ਼ਲਾਘਾਯੋਗ ਹੈ। ਇਹ ਸੱਚ ਹੈ ਕਿ ਪੰਜਾਬੀਆਂ ਦੀ ਸਰਦਾਰੀ ਹੀ ਪੱਗ ਨਾਲ ਹੈ। ਖੁਸ਼ੀ ਦੀ ਗੱਲ ਹੈ ਕਿ ਨਵੀਂ ਪੀੜ੍ਹੀ 'ਚ ਪੱਗ ਬੰਨ੍ਹਣ ਦਾ ਰੁਝਾਨ ਵਧਿਆ ਹੈ। ਕੁੱਲ ਮਿਲਾ ਕੇ ਪੱਗ ਅੱਜ ਪੂਰੀ ਦੁਨੀਆ ਵਿਚ ਖਿੱਚ ਦਾ ਕੇਂਦਰ ਬਣਨ ਦੇ ਨਾਲ-ਨਾਲ ਸਨਮਾਨ ਦਾ ਪ੍ਰਤੀਕ ਵੀ ਬਣੀ ਹੋਈ ਹੈ। ਇਸ ਦੇ ਉਲਟ ਔਰਤ ਦੇ ਸਿਰ ਦੀ ਚੁੰਨੀ ਅੱਜ ਆਪਣਾ ਸਨਮਾਨ ਗੁਆਉਂਦੀ ਜਾ ਰਹੀ ਹੈ। ਖ਼ਾਸ ਕਰਕੇ ਨਵੀਂ ਉਮਰ ਦੀਆਂ ਕੁੜੀਆਂ ਚੁੰਨੀ ਦੀ ਮਹੱਤਤਾ ਨੂੰ ਭੁਲਦੀਆਂ ਜਾ ਰਹੀਆਂ ਹਨ। ਇਸ ਰੁਝਾਨ ਨੂੰ ਠੱਲ੍ਹ ਪੈਣੀ ਚਾਹੀਦੀ ਹੈ। ਕਿਉਂਕਿ ਦਸਤਾਰ ਦੀ ਤਰ੍ਹਾਂ ਚੁੰਨੀ ਵੀ ਸਨਮਾਨ ਦਾ ਪ੍ਰਤੀਕ ਹੈ। ਇਹ ਚੁੰਨੀ ਹੀ ਹੈ ਜੋ ਔਰਤ ਦੇ ਉੱਚੇ-ਸੁੱਚੇ ਤੇ ਉਸਾਰੂ ਕਿਰਦਾਰ ਦੀ ਹਾਮੀ ਭਰਦੀ ਹੈ। ਸੋ, ਅਖੀਰ ਅਸੀਂ ਪੱਗ ਨੂੰ ਉੱਚ ਮੁਕਾਮ ਦਿਵਾਉਣ ਵਾਲੀਆਂ ਸੰਸਥਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਚੁੰਨੀ ਨੂੰ ਵੀ ਬਣਦਾ ਸਨਮਾਨ ਦਿਵਾਉਣ ਲਈ ਹੰਭਲਾ ਮਾਰਨ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਪ੍ਰੀਖਿਆ ਡਿਊਟੀਆਂ
ਸਾਲਾਨਾ ਪ੍ਰੀਖਿਆ ਸ਼ੁਰੂ ਹੋਣ ਜਾ ਰਹੀਆਂ ਹਨ। ਕਈ ਸਾਲਾਂ ਬਾਅਦ ਹੁਣ ਪੰਜਵੀਂ ਤੇ ਅੱਠਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਮੁਲਾਂਕਣ ਦਾ ਨਾਂਅ ਦਿੱਤਾ ਗਿਆ ਹੈ। ਉਸ ਤੋਂ ਬਾਅਦ ਦਸਵੀਂ ਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਵੀ ਆਰੰਭ ਹੋ ਜਾਣਗੀਆਂ। ਇਨ੍ਹਾਂ ਪੇਪਰਾਂ ਵਿਚ ਪ੍ਰਾਇਮਰੀ ਸਟਾਫ ਦੀ ਡਿਊਟੀ ਨਹੀਂ ਲੱਗਣੀ ਚਾਹੀਦੀ। ਕਿਉਂ ਜੋ ਸਕੂਲਾਂ ਦੇ ਨਵੇਂ ਦਾਖਲਿਆਂ ਦਾ ਸਮਾਂ ਵੀ ਇਨ੍ਹਾਂ ਦਿਨਾਂ ਵਿਚ ਹੀ ਹੁੰਦਾ ਹੈ। ਦੂਜਾ ਪ੍ਰਵੇਸ਼ ਪ੍ਰੋਜੈਕਟ ਵੀ ਸਕੂਲਾਂ ਅੰਦਰ ਚੱਲ ਰਿਹਾ ਹੈ, ਜਿਸ ਦੀ ਸਾਲਾਨਾ ਟੈਸਟਿੰਗ ਵੀ ਸ਼ੁਰੂ ਹੋਣ ਜਾ ਰਹੀ ਹੈ। ਤੀਜਾ ਕੰਮ ਕਿ ਪੰਜਵੀਂ ਦੇ ਪੇਪਰਾਂ ਦੀ ਚੈਕਿੰਗ ਵੀ ਨਾਲੋ-ਨਾਲ ਹੋਣੀ ਹੈ। ਅਜਿਹੇ ਵਿਚ ਜੇ ਜਮਾਤ ਤੇ ਸਕੂਲ ਅਧਿਆਪਕ, ਸਕੂਲ ਵਿਚ ਨਹੀਂ ਹੋਵੇਗਾ ਤਾਂ ਛੋਟੇ ਬੱਚਿਆਂ ਨਾਲ ਬੇਇਨਸਾਫ਼ੀ ਹੋਵੇਗੀ। ਚੌਥਾ ਕਾਰਨ ਕਿ ਪ੍ਰਾਇਮਰੀ ਸਕੂਲਾਂ ਵਿਚ ਨਵੇਂ ਦਾਖਲੇ ਘੱਟ ਹੋਣਗੇ। ਜੋ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਦਾਖਲ ਕਰਾਉਣ ਆਉਣਗੇ ਤਾਂ ਉਹ ਸਕੂਲ ਦੀ ਸਥਿਤੀ ਨੂੰ ਵੇਖ ਜ਼ਰੂਰ ਦੁਚਿੱਤੀ ਵਿਚ ਪੈਣਗੇ, ਕਿਉਂ ਜੋ ਉਨ੍ਹਾਂ ਨੇ ਆਪਣਾ ਬੱਚਾ ਜੋ ਦਾਖਲ ਕਰਵਾਉਣਾ ਹੈ। ਸੋ, ਪੰਜਾਬ ਸਕੂਲ ਸਿੱਖਿਆ ਬੋਰਡ ਤੇ ਉੱਚ ਅਫਸਰਸ਼ਾਹੀ ਵੀ ਅਜਿਹੇ ਹਲਾਤ ਨੂੰ ਮੁੱਖ ਰੱਖਦੇ ਹੋਏ ਪ੍ਰਾਇਮਰੀ ਸਕੂਲ ਅਧਿਆਪਕਾਂ ਨੂੰ ਪ੍ਰੀਖਿਆਵਾਂ ਡਿਊਟੀਆਂ ਤੋਂ ਪੂਰੀ ਤਰ੍ਹਾਂ ਇਕ ਪਾਸੇ ਰੱਖੇ।


-ਜਸਦੀਪ ਸਿੰਘ ਖ਼ਾਲਸਾ,
ਖੰਨਾ, ਮੋ: 94630-57786

17/02/2017

 ਨਾਪਾਕ ਗਠਜੋੜ
'ਰਾਜਨੇਤਾ ਅਤੇ ਪੁਰੋਹਿਤ ਹਮੇਸ਼ਾ ਮਨੁੱਖ ਜਾਤੀ ਦੇ ਖਿਲਾਫ਼ ਸਾਜ਼ਿਸ਼ਾਂ ਰਚਦੇ ਹਨ ਅਤੇ ਇਕ-ਦੂਜੇ ਦੇ ਸਹਾਇਕ ਹਨ।' ਅਚਾਰੀਆ ਰਜਨੀਸ਼ ਦਾ ਉਕਤ ਕਥਨ ਹਾਲ ਹੀ ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਪੂਰੀ ਤਰ੍ਹਾਂ ਸਾਰਥਿਕ ਸਿੱਧ ਹੋਇਆ। ਪੰਜਾਬ ਦੇ ਵੋਟਰਾਂ ਨੇ ਇਸ ਨਾਪਾਕ ਗਠਜੋੜ ਨੂੰ ਪਸੰਦ ਨਹੀਂ ਕੀਤਾ। ਹੋ ਸਕਦਾ ਹੈ ਬਹੁਤ ਸਾਰੇ ਸੋਝੀ ਤੋਂ ਸੱਖਣੇ, ਅਲਪ-ਬੁੱਧੀ ਧਾਰਕ ਆਸਥਾ ਦਾ ਸ਼ਿਕਾਰ ਹੋ ਕੇ ਗੁੰਮਰਾਹ ਹੋ ਗਏ ਹੋਣ। ਸਾਡੀ ਜਾਚੇ ਮਨੁੱਖ ਨੂੰ ਆਸਤਕ, ਨਾਸਤਿਕ ਹੋਣ ਦੀ ਬਜਾਏ 'ਵਾਸਤਵਿਕ' ਹੋਣਾ ਚਾਹੀਦਾ ਹੈ, ਕਿਉਂਕਿ ਅੰਨ੍ਹੀ ਸ਼ਰਧਾ ਹਨੇਰੇ ਦੀ ਪ੍ਰਤੀਕ ਹੈ, ਇਸ ਲਈ ਗਿਆਨਵਾਨ ਬਣ ਕੇ ਮਨੁੱਖ ਵਾਸਤਵਿਕਤਾ ਦੇ ਮਾਰਗ 'ਤੇ ਚਲਦਿਆਂ ਰੌਸ਼ਨੀ ਦਾ ਸੰਗੀ ਬਣ ਸਕਦਾ ਹੈ। ਭਾਵ ਚਾਣਨ ਨਾਲ ਮਿੱਤਰਤਾ ਪਾਈ ਜਾ ਸਕਦੀ ਹੈ। ਕਿਸੇ ਵਿਦਵਾਨ ਦਾ ਕਥਨ ਸਚਮੁੱਚ ਹੀ ਮਨੁੱਖ ਨੂੰ ਹਨੇਰੇ 'ਚੋਂ ਬਾਹਰ ਆਉਣ ਦਾ ਸੱਦਾ ਦਿੰਦਾ ਹੈ, 'ਆਸਤਕ ਹੋਣ ਲਈ ਕਿਸੇ ਪੜ੍ਹਾਈ ਦੀ ਜ਼ਰੂਰਤ ਨਹੀਂ ਪਰ ਨਾਸਤਿਕ ਹੋਣ ਲਈ ਤੁਹਾਡਾ ਪੜ੍ਹਿਆ-ਲਿਖਿਆ ਹੋਣਾ ਅਤੀ ਜ਼ਰੂਰੀ ਹੈ। ਸਾਡੀ ਪੁਰਜ਼ੋਰ ਅਪੀਲ ਹੈ ਸੂਝਵਾਨ ਤੇ ਬੁੱਧੀਮਾਨ ਪਾਠਕ ਵਰਗ ਨੂੰ ਕਿ ਸਾਰੇ ਮਿਲ ਕੇ ਸਮੁੱਚੇ ਪੰਜਾਬ ਨੂੰ ਜਾਗ੍ਰਿਤ ਕਰਨ ਤਾਂ ਕਿ ਭਵਿੱਖ 'ਚ ਸਾਧਾਂ ਤੇ ਸਿਆਸਤ ਦਾ ਨਾਪਾਕ ਗਠਜੋੜ ਸਦੀਵੀ ਤੌਰ 'ਤੇ ਤਹਿਸ-ਨਹਿਸ ਹੋ ਜਾਵੇ।


-ਪ੍ਰਿੰ: ਗੁਰਬਚਨ ਸਿੰਘ ਲਾਲੀ
ਲੇਖਕ ਮੰਚ, ਪੱਟੀ।


ਆਪਣੀ ਬੋਲੀ
ਸਭ ਤੋਂ ਪਹਿਲਾਂ ਮਾਂ ਹੀ ਹੈ ਜੋ ਆਪਣੇ ਬੱਚੇ ਦੀ ਸਾਂਭ-ਸੰਭਾਲ ਦੇ ਨਾਲ-ਨਾਲ ਉਸ ਦੀ ਆਲੇ-ਦੁਆਲੇ ਦੀਆਂ ਵਸਤਾਂ ਨਾਲ, ਰਿਸ਼ਤਿਆਂ ਨਾਲ ਜਾਣ-ਪਛਾਣ ਕਰਵਾਉਂਦੀ ਹੈ, ਸਾਂਝ ਪੁਆਉਂਦੀ ਹੈ। ਬੱਚਾ ਬੋਲੀ ਵੀ ਮਾਂ ਵਾਲੀ ਹੀ ਬੋਲਦਾ ਹੈ। ਇਸ ਕਰਕੇ ਮਾਂ-ਬੋਲੀ ਨੂੰ ਅਸੀਂ ਵਡਿਆਉਂਦੇ ਹਾਂ। ਵਰਤਮਾਨ ਸਮੇਂ ਦੀ ਗੱਲ ਕਰੀਏ ਤਾਂ ਅੱਜਕਲ੍ਹ ਦੀਆਂ ਮਾਵਾਂ ਬੱਚੇ ਨੂੰ ਖਿਚੜੀ ਜਿਹੀ ਭਾਸ਼ਾ ਸਿਖਾ ਦਿੰਦੀਆਂ ਹਨ, ਜਿਵੇਂ ਅੰਗਰੇਜ਼ੀ, ਹਿੰਦੀ, ਪੰਜਾਬੀ ਆਦਿ। ਇਸ ਤਰ੍ਹਾਂ ਹੀ ਆਲੇ-ਦੁਆਲੇ ਵਸਦੇ ਵਿਚਰਦੇ ਰਿਸ਼ਤਿਆਂ ਪ੍ਰਤੀ ਕਈ ਵਾਰ ਬਚਪਨ ਤੋਂ ਹੀ ਬੱਚੇ ਦੇ ਮਨ ਵਿਚ ਅਜਿਹੀ ਕੁੜੱਤਣ ਭਰ ਦਿੱਤੀ ਜਾਂਦੀ ਹੈ ਕਿ ਉਹ ਵੱਡਾ ਹੋ ਕੇ ਆਪਣੇ ਸਕਿਆਂ ਦਾ ਹੀ ਦੁਸ਼ਮਣ ਬਣਦਾ ਹੈ। ਵੱਡੇ-ਛੋਟੇ ਦਾ ਖਿਆਲ ਭੁੱਲ ਕੇ ਆਪਹੁਦਰਾ ਹੋ ਜਾਂਦਾ ਹੈ। ਅਜਿਹੀ ਅਵਸਥਾ ਰਿਸ਼ਤਿਆਂ ਨੂੰ ਖੋਰਾ ਲਾਉਂਦੀ ਹੈ। ਬੱਚੇ ਦਾ ਸਹੀ ਮਾਨਸਿਕ ਵਿਕਾਸ ਨਹੀਂ ਹੋ ਪਾਉਂਦਾ। ਸੋ, ਆਪਣੀ ਬੋਲੀ ਤੇ ਆਪਣਿਆਂ ਨਾਲ ਬੱਚਿਆਂ ਨੂੰ ਜੋੜੋ। ਇਹੀ ਸਮੇਂ ਦੀ ਲੋੜ ਹੈ।


-ਸਨੇਹਇੰਦਰ ਮੀਲੂ ਫਰੌਰ
ਮੋ: 93163-17356

15/02/2017

 ਵੱਡੇ ਘੱਲੂਘਾਰੇ ਦੀ ਯਾਦਗਾਰ
ਵੱਡਾ ਘੱਲੂਘਾਰਾ ਗੌਰਵਮਈ ਸਿੱਖ ਇਤਿਹਾਸ ਦਾ ਇਕ ਸੁਨਹਿਰੀ ਪੰਨਾ ਹੈ। ਇਸ ਦੀ ਯਾਦ ਹਰ ਸਿੱਖ ਦੇ ਦਿਲ ਵਿਚ ਰਹਿਣੀ ਚਾਹੀਦੀ ਹੈ। ਇਸੇ ਗੱਲ ਨੂੰ ਮੁੱਖ ਰੱਖ ਕੇ ਪੰਜਾਬ ਸਰਕਾਰ ਨੇ ਕੁੱਪ-ਰੋਹੀੜਾ ਦੇ ਸਥਾਨ 'ਤੇ 10 ਏਕੜ ਜ਼ਮੀਨ ਵਿਚ ਇਕ ਵਧੀਆ ਯਾਦਗਾਰ ਬਣਾਈ ਹੈ, ਜਿਸ ਵਿਚ ਸ਼ਹੀਦੀ ਟਾਵਰ, ਟੂਰਿਸਟ ਸੂਚਨਾ ਕੇਂਦਰ, ਆਡੀਟੋਰੀਅਮ, ਵਿਸ਼ਾਲ ਅਜਾਇਬ ਘਰ ਅਤੇ ਓਪਨ ਏਅਰ ਥੀਏਟਰ ਦਾ ਨਿਰਮਾਣ ਕੀਤਾ ਗਿਆ ਹੈ। ਇਹ ਇਕ ਸ਼ਲਾਘਾਯੋਗ ਉੱਦਮ ਹੈ। ਇਹ ਸੁਣ ਕੇ ਮੈਂ ਵੀ ਅਗਸਤ 2016 ਵਿਚ ਇਸ ਸਮਾਰਕ ਨੂੰ ਦੇਖਣ ਪਰਿਵਾਰ ਸਮੇਤ ਗਿਆ। ਉਥੇ ਪਹੁੰਚਣ 'ਤੇ ਗੇਟ 'ਤੇ ਬੈਠੇ ਦੋ ਚੌਕੀਦਾਰਾਂ ਨੇ ਸਾਨੂੰ ਜੀ ਆਇਆਂ ਕਹਿਣ ਦੀ ਬਜਾਏ, ਸਾਡੇ ਵੱਲ ਇਸ ਤਰ੍ਹਾਂ ਵੇਖਿਆ, ਜਿਸ ਤਰ੍ਹਾਂ ਕੋਈ ਘੁਸਪੈਠੀਆ ਆ ਗਿਆ ਹੋਵੇ। ਮੈਂ ਸਮਾਰਕ ਬਾਰੇ ਪੁੱਛਿਆ। ਉਨ੍ਹਾਂ ਸਾਨੂੰ ਇਹ ਦੱਸਿਆ ਕਿ ਇਹ ਹਾਲੇ ਚਾਲੂ ਨਹੀਂ ਹੋਇਆ। ਉਹ ਇਹ ਵੀ ਨਾ ਦੱਸ ਸਕੇ ਕਿ ਇਹ ਕਦੋਂ ਚਾਲੂ ਹੋਵੇਗਾ। ਕੰਧ ਵਿਚ ਲੱਗੇ ਪੱਥਰ ਤੋਂ ਪਤਾ ਲੱਗਾ ਕਿ ਇਸ ਸਮਾਰਕ ਦਾ ਉਦਘਾਟਨ 2013 ਵਿਚ ਹੋ ਚੁੱਕਿਆ ਹੈ। ਇਥੇ ਬਣੀਆਂ ਸਾਰੀਆਂ ਇਮਾਰਤਾਂ ਨੂੰ ਜਿੰਦੇ ਲੱਗੇ ਹੋਏ ਸਨ। ਅਸੀਂ ਇਨ੍ਹਾਂ ਇਮਾਰਤਾਂ ਨੂੰ ਬਾਹਰੋਂ ਦੇਖਿਆ ਅਤੇ ਕੁਝ ਦੇਰ ਓਪਨ ਏਅਰ ਥੀਏਟਰ ਵਿਚ ਬੈਠ ਕੇ ਵਾਪਸ ਪਰਤ ਆਏ। ਬੜਾ ਮਹਿਸੂਸ ਹੋਇਆ। ਇਸ ਤਰ੍ਹਾਂ ਇਹ ਪ੍ਰਾਜੈਕਟ ਹਾਲੇ ਅਧੂਰਾ ਹੀ ਪਿਆ ਹੈ। ਲੋੜ ਹੈ ਇਸ ਯਾਦਗਾਰ ਨੂੰ ਠੀਕ ਤਰੀਕੇ ਨਾਲ ਚਲਾਉਣ ਦੀ, ਨਹੀਂ ਤਾਂ ਕਰ ਦਾਤਿਆਂ ਦਾ ਲੱਗਿਆ ਇਹ ਪੈਸਾ ਬੇਕਾਰ ਚਲਾ ਜਾਵੇਗਾ।


 
-ਬਿੱਕਰ ਸਿੰਘ ਸਿੱਧੂ
ਸਾਬਕਾ ਪ੍ਰੋਫ਼ੈਸਰ ਪੀ. ਏ. ਯੂ. ਲੁਧਿਆਣਾ।


ਦਿੱਲੀ ਸਿੱਖ ਗੁਰਦੁਆਰਾ ਚੋਣਾਂ
ਰਾਜਧਾਨੀ ਦਿੱਲੀ ਦੇ ਗੁਰਦੁਆਰਿਆਂ ਦੀ ਸਾਂਭ-ਸੰਭਾਲ ਕਰਨ ਵਾਲੀ ਸੰਸਥਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਦੀਆਂ ਚੋਣਾਂ ਆ ਰਹੀਆਂ ਹਨ। 4 ਸਾਲਾਂ ਬਾਅਦ ਹੋਣ ਵਾਲੀਆਂ ਇਹ ਚੋਣਾਂ 26 ਫਰਵਰੀ ਨੂੰ ਹੋਣਗੀਆਂ। ਇਕ ਪਾਸੇ ਜਿਥੇ ਕਮੇਟੀ ਦੇ ਮੌਜੂਦਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਇਕਾਈ ਦੇ ਮਨਜੀਤ ਸਿੰਘ ਜੀ. ਕੇ. ਚੋਣ ਮੈਦਾਨ ਵਿਚ ਹਨ, ਉਥੇ ਦੂਜੇ ਪਾਸੇ ਸਰਨਾ ਧੜਾ ਸਣੇ ਪੰਥਕ ਸੇਵਾ ਦਲ ਵੀ ਮੈਦਾਨ 'ਚ ਹੈ। 1971 'ਚ ਦੇਸ਼ ਦੀ ਕੇਂਦਰ ਸਰਕਾਰ ਦੇ ਦਖ਼ਲ ਤੋਂ ਬਾਅਦ ਇਕ ਆਰਡੀਨੈਂਸ ਜ਼ਰੀਏ 5 ਮੈਂਬਰੀ ਗੁਰਦੁਆਰਾ ਬੋਰਡ ਦਾ ਗਠਨ ਕੀਤਾ ਗਿਆ ਸੀ ਤੇ 1974 'ਚ ਪਹਿਲੀ ਵਾਰ ਦਿੱਲੀ ਚੋਣਾਂ ਹੋਈਆਂ, ਜਿਸ ਤੋਂ ਬਾਅਦ ਸਿੱਖ ਵੋਟਾਂ ਨਾਲ ਦਿੱਲੀ ਸਿੱਖ ਮੈਨੇਜਮੈਂਟ ਕਮੇਟੀ ਹੋਂਦ 'ਚ ਆਈ। ਡੀ.ਐਸ.ਜੀ.ਐਮ. ਸੀ. ਅਧੀਨ 14 ਗੁਰਦੁਆਰਿਆਂ ਦਾ ਪ੍ਰਬੰਧ ਹੈ। ਇਸ ਦੇ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ, ਸਿੱਖ ਰਵਾਇਤਾਂ, ਸਿੱਖ ਸੱਭਿਆਚਾਰ ਲਈ ਉਪਰਾਲੇ, ਸਿੱਖ ਧਰਮ ਦਾ ਪ੍ਰਸਾਰ ਤੇ ਪ੍ਰਚਾਰ ਸਣੇ ਕਈ ਅਹਿਮ ਕਾਰਜ ਹਨ। ਦਿੱਲੀ ਕਮੇਟੀ 'ਚ ਕੁੱਲ 55 ਮੈਂਬਰ ਹੁੰਦੇ ਹਨ, ਜਿਨ੍ਹਾਂ 'ਚੋਂ 46 ਮੈਂਬਰਾਂ ਦੀ ਚੋਣ ਸਿੱਖ ਵੋਟਰਾਂ ਵੱਲੋਂ ਕੀਤੀ ਜਾਂਦੀ ਹੈ ਤੇ ਬਾਕੀ 9 ਮੈਂਬਰ ਉੱਚ ਪੱਧਰੀ ਕਮੇਟੀ, ਸਿੱਖ ਸਭਾਵਾਂ ਤੇ ਤਖ਼ਤ ਸਾਹਿਬਾਨ ਵੱਲੋਂ ਨਾਮਜ਼ਦ ਹੁੰਦੇ ਹਨ। ਮੁਫ਼ਤ ਲੰਗਰ ਦੀ ਸੇਵਾ, ਫ੍ਰੀ ਡਿਸਪੈਂਸਰੀਆਂ ਤੇ ਸਮਾਜਿਕ ਤੇ ਧਾਰਮਿਕ ਸੇਵਾ ਲਈ ਉਪਰਾਲੇ ਕਰਨ ਵਾਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਇਸ ਵਾਰ ਸਿੱਖ ਸੰਗਤ ਕਿਸ ਦੇ ਹੱਕ 'ਚ ਫ਼ਤਵਾ ਦਿੰਦੀ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਦਿੱਲੀ ਕਮੇਟੀ ਵੱਲੋਂ ਸਮੇਂ-ਸਮੇਂ 'ਤੇ ਕੀਤੇ ਜਾਣ ਵਾਲੇ ਉਪਰਾਲੇ ਕਾਫ਼ੀ ਸ਼ਲਾਘਾਯੋਗ ਹਨ।


-ਰਾਹੁਲ ਸ਼ਰਮਾ
ਖੰਨਾ। ਮੋ: 82853-80006.

14/2/2017

 ਵੋਟਾਂ ਤੋਂ ਬਾਅਦ
ਪੰਜਾਬ ਵਿਚ ਵਿਧਾਨ ਸਭਾ ਦੀਆਂ ਵੋਟਾਂ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈਆਂ। ਇਹ ਪੰਜਾਬ ਲਈ ਅਤੇ ਲੋਕਤੰਤਰ ਲਈ ਸ਼ੁੱਭ ਸ਼ਗਨ ਵਾਂਗ ਹੀ ਹੈ। ਇਸ ਵਾਰ ਇਹ ਮੁਕਾਬਲਾ ਦੋ ਧਿਰੀ ਦੀ ਬਜਾਏ ਤਿਕੋਣਾ ਸੀ, ਇਸ ਲਈ ਇਹ ਬਹੁਤ ਹੀ ਤਕੜਾ ਤੇ ਰੌਚਕ ਦੰਗਲ ਸੀ। ਪਰ ਚੋਣਾਂ ਤੋਂ ਬਾਅਦ ਕੁਝ ਥਾਵਾਂ 'ਤੇ ਹਿੰਸਾ ਹੋਈ ਜੋ ਕਿ ਬਹੁਤ ਹੀ ਨਿੰਦਾਯੋਗ ਤੇ ਚਿੰਤਾਯੋਗ ਹੈ। ਜੋ ਚੋਣਾਂ ਬਿਲਕੁਲ ਸ਼ਾਂਤੀਪੂਰਵਕ ਹੋ ਗਈਆਂ ਸਨ, ਉਸ ਚੰਗੇ ਕਾਰਜ ਨੂੰ ਕੁਝ ਲੋਕ ਆਪਣੀ ਝੂਠੀ ਸਿਆਸੀ ਇੱਛਾ ਦੇ ਬਲ 'ਤੇ ਕਲੰਕਿਤ ਕਰਨਾ ਚਾਹੁੰਦੇ ਹਨ, ਜਦ ਕਿ ਲੋਕਾਂ ਨੇ ਜੋ ਵੀ ਆਪਣਾ ਮਨ ਬਣਾ ਕੇ ਫ਼ੈਸਲਾ ਕੀਤਾ ਹੈ, ਉਹ ਸਾਹਮਣੇ ਆ ਹੀ ਜਾਵੇਗਾ। ਇਸ ਲਈ ਕਿਸੇ ਨਾਲ ਵੀ ਜਾਤੀ ਰੰਜਿਸ਼ ਕੱਢਣੀ ਜਾਂ ਆਪਣੀ ਹੈਂਕੜ ਜ਼ਾਹਰ ਕਰਨੀ ਕਿਸੇ ਵੀ ਤਰ੍ਹਾਂ ਲੋਕਤੰਤਰੀ ਤਰੀਕਾ ਨਹੀਂ। ਬੱਸ ਭਵਿੱਖ ਵਿਚ ਆਉਣ ਵਾਲੇ ਨਤੀਜੇ ਦੀ ਉਡੀਕ ਕਰਨੀ ਚਾਹੀਦੀ ਹੈ ਅਤੇ ਆਏ ਨਤੀਜੇ ਨੂੰ ਕਬੂਲ ਕਰਨਾ ਹੀ ਆਪਣੇ ਅਤੇ ਪੰਜਾਬ ਦੇ ਹਿਤ ਵਿਚ ਹੋਵੇਗਾ।

-ਵਿਵੇਕ
ਮਾਨਵਤਾ ਭਵਨ, ਕੋਟ ਈਸੇ ਖਾਂ (ਮੋਗਾ)।

ਬੇਟੀ ਬਚਾਓ ਬੇਟੀ ਪੜ੍ਹਾਓ
ਕਿਸੇ ਵੀ ਸਮਾਜ ਜਾਂ ਦੇਸ਼ ਦੀ ਤਰੱਕੀ ਵਿਚ ਔਰਤਾਂ ਦਾ ਮਰਦਾਂ ਦੇ ਬਰਾਬਰ ਦਾ ਯੋਗਦਾਨ ਹੁੰਦਾ ਹੈ। ਔਰਤਾਂ ਨੇ ਹਰ ਖੇਤਰ ਵਿਚ ਅਹਿਮ ਯੋਗਦਾਨ ਪਾਇਆ ਹੈ। ਪਰ ਅੱਜ ਵੀ ਸਾਡੇ ਸਮਾਜ ਵਿਚ ਕੁੜੀਆਂ ਦੇ ਜਨਮ ਨੂੰ ਬੋਝ ਸਮਝਿਆ ਜਾਂਦਾ ਹੈ ਤੇ ਉਨ੍ਹਾਂ ਨੂੰ ਜ਼ਿਆਦਾ ਪੜ੍ਹਾਉਣਾ ਲਿਖਾਉਣਾ ਚੰਗਾ ਨਹੀਂ ਸਮਝਿਆ ਜਾਂਦਾ। ਮਾਸੂਮ ਬੱਚੀਆਂ ਨਾਲ ਹੋ ਰਹੇ ਬਲਾਤਕਾਰ ਤੇ ਜਨਮ ਤੋਂ ਪਹਿਲਾਂ ਮਾਰ ਦੇਣ ਦੀਆਂ ਘਟਨਾਵਾਂ ਨੇ ਸਾਡੇ ਦੇਸ਼ ਨੂੰ ਸ਼ਰਮਸਾਰ ਕੀਤਾ ਹੈ। ਸਰਕਾਰ ਨੂੰ ਇਸ ਅੱਤਿਆਚਾਰ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਆਪਣੀਆਂ ਲੜਕੀਆਂ ਨੂੰ ਲੜਕਿਆਂ ਵਾਂਗ ਬਰਾਬਰ ਦਾ ਹੱਕ ਦੇਣ ਤੇ ਉਚੇਰੀ ਸਿੱਖਿਆ ਹਾਸਲ ਕਰਨ ਦੇ ਮੌਕੇ ਪ੍ਰਦਾਨ ਕਰਨ। ਬੇਟੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਮਾਤਾ ਪਿਤਾ ਦਾ ਨਾਂਅ ਰੌਸ਼ਨ ਕਰਨ। ਇਸ ਸਮੇਂ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਘਟ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਕਾਰਨ ਆਉਣ ਵਾਲੇ ਸਮੇਂ ਸਾਨੂੰ ਭੂਆ, ਮਾਸੀਆਂ ਤੇ ਭੈਣਾਂ ਵੀ ਨਹੀਂ ਲੱਭਣੀਆਂ। ਆਓ! ਕੁੜੀਆਂ ਨੂੰ ਸੰਸਾਰ ਵਿਚ ਜਨਮ ਲੈਣ ਦਾ ਮੌਕਾ ਦਈਏ ਤੇ ਕੁੜੀਆਂ ਦੇ ਜਨਮ 'ਤੇ ਵੀ ਮੁੰਡਿਆਂ ਵਾਂਗ ਲੱਡੂ ਵੰਡੀਏ ਤੇ ਲੋਹੜੀ ਮਨਾਈਏ ਤਾਂ ਕਿ ਆਉਣ ਵਾਲੇ ਸਮੇਂ ਇਕ ਹੋਰ ਲੜਕੀ ਕਲਪਨਾ ਚਾਵਲਾ ਵਾਂਗ ਉੱਚੀਆਂ ਬੁਲੰਦੀਆਂ ਨੂੰ ਹਾਸਲ ਕਰ ਸਕੇ।

-ਸ਼ਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆਂ, ਡਾਕ: ਚੀਮਾ ਖੁੱਡੀ, ਤਹਿ: ਬਟਾਲਾ, ਜ਼ਿਲ੍ਹਾ ਗੁਰਦਾਸਪੁਰ।

ਮਾਤ ਭਾਸ਼ਾ ਦੀ ਅਹਿਮੀਅਤ
ਹਰੇਕ ਵਿਅਕਤੀ ਆਪਣੀ ਮਾਤ ਭਾਸ਼ਾ ਦੇ ਸਹਾਰੇ ਹੀ ਆਪਣੇ ਮਨੋਭਾਵਾਂ ਦੀ ਅਭਿਵਿਅਕਤੀ ਕਰਦਾ ਹੈ ਪ੍ਰੰਤੂ ਉਮਰ ਤੇ ਸਰੀਰਕ ਬੁੱਧੀ ਦੇ ਵਿਕਾਸ ਨਾਲ ਕਈ ਵਾਰ ਮਾਤ ਭਾਸ਼ਾ ਉਸ ਦੀ ਜ਼ਿੰਦਗੀ ਵਿਚੋਂ ਮਨਫ਼ੀ ਹੋਣ ਦੇ ਪੱਧਰ 'ਤੇ ਪਹੁੰਚ ਜਾਂਦੀ ਹੈ ਜੋ ਕਿ ਬਹੁਤ ਹੀ ਮਾੜੀ ਗੱਲ ਹੈ। ਅਜੋਕੇ ਸਮੇਂ ਮਾਂ-ਬਾਪ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਸਕੂਲਾਂ ਵਿਚ ਪੜ੍ਹਾਉਣਾ ਪਸੰਦ ਕਰਦੇ ਹਨ। ਪ੍ਰੰਤੂ ਸਿੱਖਿਆ ਸ਼ਾਸਤਰੀ ਵੀ ਇਸ ਗੱਲ ਨੂੰ ਮੰਨਦੇ ਹਨ ਕਿ ਮਾਤ ਭਾਸ਼ਾ ਰਾਹੀਂ ਹੀ ਵਿਦੇਸ਼ੀ ਭਾਸ਼ਾ ਸਿੱਖੀ ਜਾ ਸਕਦੀ ਹੈ। ਮਾਤ ਭਾਸ਼ਾ ਦੀ ਕੀ ਅਹਿਮੀਅਤ ਹੈ, ਤੁਸੀਂ ਦੱਖਣ ਭਾਰਤ ਦੇ ਲੋਕਾਂ ਤੋਂ ਪੁੱਛੋ। ਪੰਜਾਬੀ ਬੋਲਦੇ ਪਰਿਵਾਰਾਂ ਦੇ ਬੱਚਿਆਂ ਦਾ ਹੋਰਨਾਂ ਭਾਸ਼ਾਵਾਂ ਦਾ ਘਰ ਵਿਚ ਪ੍ਰਯੋਗ ਮਾਂ-ਬੋਲੀ ਪੰਜਾਬੀ ਨੂੰ ਆਉਣ ਵਾਲੇ ਸਮੇਂ ਦੇ ਖ਼ਤਰਿਆਂ ਬਾਰੇ ਸੰਕੇਤ ਕਰਦਾ ਹੈ। ਕੋਈ ਵੀ ਭਾਸ਼ਾ ਮਾੜੀ ਨਹੀਂ, ਪ੍ਰੰਤੂ ਅਸੀਂ ਖ਼ੁਦ ਦੀ ਮਾਂ ਬੋਲੀ ਤੋਂ ਉਪਰਾਮ ਨਹੀਂ ਹੋ ਸਕਦੇ। ਪੰਜਾਬੀ ਭਾਸ਼ਾ ਨੂੰ ਚੋਣਵਾਂ ਵਿਸ਼ਾ ਰੱਖ ਕੇ ਬਹੁਤ ਸਾਰੇ ਲੋਕ ਆਈ.ਏ.ਐਸ., ਪੀ.ਸੀ.ਐਸ. ਅਫ਼ਸਰ ਬਣੇ ਹਨ। ਸੋ, ਲੋੜ ਹੈ ਕਿ ਪੰਜਾਬੀ ਭਾਸ਼ਾ ਨੂੰ ਭਵਿੱਖੀ ਖ਼ਤਰਿਆਂ ਤੋਂ ਬਚਾਇਆ ਜਾਵੇ।

-ਮਾ: ਮਨਦੀਪ ਸਿਵੀਆ
ਪਿੰਡ ਤੇ ਡਾਕ: ਜੌੜਕੀ ਅੰਧੇਵਾਲੀ, ਜ਼ਿਲ੍ਹਾ ਫਾਜ਼ਿਲਕਾ।

13/2/2017

 ਕੰਧ ਬੋਲਦੀ ਹੈ
ਨਵੰਬਰ, 1984 ਵਿਚ ਬੇਗੁਨਾਹ ਸਿੱਖਾਂ ਦਾ ਗਿਣੀ-ਮਿੱਥੀ ਯੋਜਨਾ ਦੁਆਰਾ ਸਮੇਂ ਦੀ ਹਕੂਮਤ ਨੇ ਕਤਲ-ਏ-ਆਮ ਕਰਵਾਇਆ ਸੀ। ਉਨ੍ਹਾਂ ਸ਼ਹੀਦਾਂ ਦੀ ਯਾਦਗਾਰ 'ਸੱਚ ਦੀ ਕੰਧ' ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਗਤਾਂ ਵੱਲੋਂ ਉਸਾਰੀ ਗਈ ਹੈ। ਦਿੱਲੀ ਅਤੇ ਹੋਰ ਥਾਈਂ ਵੱਡੀ ਪੱਧਰ 'ਤੇ ਕਤਲੋ-ਗਾਰਤ ਹੋਈ, ਉਸ ਦਾ ਸੰਸਦ ਵਿਚ ਕਿਸੇ ਨੇ ਆਹ ਦਾ ਨਾਅਰਾ ਵੀ ਨਹੀਂ ਮਾਰਿਆ। ਕੋਈ ਅਤਿ ਭ੍ਰਿਸ਼ਟ ਲੀਡਰ ਮਰ ਜਾਵੇ, ਸੰਸਦ ਵਿਚ ਮੋਨ ਰੱਖਿਆ ਜਾਂਦਾ ਹੈ, ਸੈਸ਼ਨ ਉਠਾ ਦਿੱਤਾ ਜਾਂਦਾ ਹੈ, ਝੰਡੇ ਨੀਵੇਂ ਹੋ ਜਾਂਦੇ ਹਨ ਤੇ ਕਈ ਦਿਨ ਸੋਗ ਮਨਾਇਆ ਜਾਂਦਾ ਹੈ। ਯਾਦਗਾਰ ਬਣਾ ਕੇ ਪੂਜਾ ਕੀਤੀ ਜਾਂਦੀ ਹੈ। ਜਿੰਨੇ ਵੱਡੇ ਘਪਲੇ ਕੀਤੇ ਹੋਣ ਉਸੇ ਹਿਸਾਬ ਨਾਲ ਵੱਡਾ ਖ਼ਿਤਾਬ ਦਿੱਤਾ ਜਾਂਦਾ ਹੈ।
ਸਿੱਖ ਸ਼ਹੀਦਾਂ ਦਾ ਸਮਾਰਕ ਬਣਾਉਣ ਵਿਚ ਹੁਣ ਤੱਕ ਅੜਚਨਾਂ ਹੀ ਪੈਂਦੀਆਂ ਰਹੀਆਂ ਹਨ। ਅਫਸੋਸ! ਕਈ ਸਿੱਖ ਅਖੌਤੀ ਆਗੂ ਵੀ ਵਿਰੋਧ ਕਰਦੇ ਰਹੇ ਸਨ। ਸਿੱਖ ਨਸਲਕੁਸ਼ੀ ਦੀ ਘਿਨਾਉਣੀ ਕਾਰਵਾਈ ਦੀ ਗਾਥਾ ਇਹ ਕੰਧ ਪੁਕਾਰ-ਪੁਕਾਰ ਕੇ ਬਿਆਨ ਕਰ ਰਹੀ ਹੈ। ਜਾਗਦੀ ਜ਼ਮੀਰ ਵਾਲੇ ਹਿੰਦੂ, ਮੁਸਲਮਾਨ, ਈਸਾਈ ਤੇ ਹੋਰ ਲੋਕ ਜਿਨ੍ਹਾਂ ਨੇ ਮਜ਼ਲੂਮਾਂ ਦੀ ਰੱਖਿਆ ਕੀਤੀ, ਨੂੰ ਇਹ ਕੰਧ ਅਮਰ ਬਣਾ ਰਹੀ ਹੈ। ਸਿੱਖ ਭਾਈਚਾਰਾ ਜ਼ਰੂਰ ਵਿਚਾਰ ਕਰੇ।
ਸਿੱਖ ਕੌਮ ਨੂੰ ਜਿਨ੍ਹਾਂ ਨੇ ਰੋਲਿਆ ਸੀ,
ਕਿਉਂਕਰ ਉਨ੍ਹਾਂ ਦੇ ਪੈਰਾਂ ਵਿਚ ਰੁਲ ਗਏ ਹਾਂ।
ਕੀ ਅਸੀਂ ਚਰਾਸੀ ਦੇ ਕਾਰਨਾਮੇ,
ਬਸ ਬੱਤੀਆਂ ਸਾਲਾਂ ਵਿਚ ਭੁੱਲ ਗਏ ਹਾਂ।


-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ। ਮੋਬਾਈਲ : 98720-86101.

08/02/2017

 ਖ਼ਰੀਆਂ-ਖ਼ਰੀਆਂ
'ਪੰਜਾਬੀ ਗਾਇਕੀ ਦੇ ਨਾਂਅ 'ਤੇ ਕੂੜ ਕਬਾੜ ਪੇਸ਼ ਕਰਦੇ ਰਹੇ 2016 'ਚ ਬਹੁਤੇ ਗਾਇਕ' ਸਿਰਲੇਖ ਹੇਠ 'ਖ਼ਰੀਆਂ-ਖ਼ਰੀਆਂ' ਸਤੰਭ ਵਿਚ ਸ: ਸਵਰਨ ਸਿੰਘ ਟਹਿਣਾ ਦਾ ਲੇਖ ਹਰ ਵਾਰ ਦੀ ਤਰ੍ਹਾਂ 'ਮਾੜੀ ਗਾਇਕੀ ਤੇ ਗੀਤਕਾਰੀ' ਜੋ ਪੰਜਾਬ ਵਿਚ ਘਾਤਕ ਹੱਦ ਤੱਕ ਸਮੱਸਿਆ ਬਣ ਚੁੱਕੀ ਹੈ, ਪ੍ਰਤੀ ਜਾਗ੍ਰਿਤ ਕਰਨ ਲਈ ਸ਼ਾਨਦਾਰ ਉੱਦਮ ਹੈ। ਅਜਿਹੇ ਲੇਖ ਅਤੇ ਲੇਖਕ ਦੀ ਤਾਰੀਫ ਕਰਨਾ ਬਣਦਾ ਹੈ। ਗੀਤਕਾਰੀ ਦੇ ਨਾਂਅ 'ਤੇ ਸੱਭਿਆਚਾਰਕ ਪ੍ਰਦੂਸ਼ਣ ਫੈਲਾਉਣ ਵਾਲੇ ਗਾਇਕ ਅਤੇ ਗੀਤਕਾਰ ਸਮਾਜ ਦੇ ਦੁਸ਼ਮਣ ਹਨ। ਅੱਜ ਬਹੁਤ ਸਾਰੇ ਟੀ. ਵੀ. ਚੈਨਲਾਂ 'ਤੇ ਜੋ ਗੀਤ ਚੱਲ ਰਹੇ ਹਨ, ਉਹ ਪਰਿਵਾਰਕ ਸਰੋਤਿਆਂ ਨੂੰ ਨਾ ਸਿਰਫ਼ ਸ਼ਰਮਸਾਰ ਤੇ ਬੇਚੈਨ ਕਰਦੇ ਹਨ ਬਲਕਿ ਅਕਲ ਦਾ ਜਨਾਜ਼ਾ ਕੱਢ ਚੁੱਕੇ ਕਲਾਕਾਰਾਂ 'ਤੇ ਤਰਸ ਵੀ ਪੈਦਾ ਕਰਦੇ ਹਨ। ਸਮਝ ਨਹੀਂ ਆਉਂਦੀ ਅਜਿਹੇ ਗਾਇਕ ਜਦੋਂ ਘਰ ਵਿਚ ਬੈਠ ਕੇ ਆਪਣੇ ਤਾਹਨੇ ਮਿਹਣੇ, ਗਾਲ੍ਹਾਂ ਤੇ ਨੰਗੇਜ਼ ਭਰਪੂਰ ਗੀਤ ਸੁਣਦੇ ਹੋਣਗੇ ਤਾਂ ਉਨ੍ਹਾਂ ਨੂੰ ਕਿੰਨੀ ਕੁ ਮਾਨਸਿਕ ਸ਼ਾਂਤੀ ਤੇ ਸਕੂਨ ਮਿਲਦਾ ਹੋਵੇਗਾ। ਇਸ ਸ਼ੋਰ-ਸ਼ਰਾਬੇ ਵਾਲੇ ਸੰਗੀਤ ਨੇ ਸਮਾਜ ਵਿਚ ਸਹਿਣਸ਼ੀਲਤਾ, ਨੈਤਿਕਤਾ ਤੇ ਇਕਾਗਰਤਾ ਨੂੰ ਸਰੋਤਿਆਂ ਦੇ ਮਨਾਂ 'ਚੋਂ ਕੱਢ ਕੇ ਹੈਂਕੜ, ਇਸ਼ਕ-ਮਿਜ਼ਾਜੀ ਅਤੇ ਅਸ਼ਾਂਤੀ ਨਾਲ ਭਰ ਦਿੱਤਾ ਹੈ। ਪੰਜਾਬੀਆਂ ਦੀ ਉੱਚੀ ਹੇਕ, ਸਾਧਨਾ, ਮਿਠਾਸ ਭਰੀ ਗਾਇਕੀ ਵਿਸ਼ਵ ਪ੍ਰਸਿੱਧ ਹੈ। ਅਨੇਕਾਂ ਉੱਚ ਦਰਜੇ ਦੇ ਗਾਇਕਾਂ ਤੇ ਗੀਤਕਾਰਾਂ ਦਾ ਆਪਣਾ ਇਤਿਹਾਸ ਹੈ, ਜਿਨ੍ਹਾਂ 'ਤੇ ਪੰਜਾਬੀਆਂ ਨੂੰ ਸਦਾ ਮਾਣ ਰਹੇਗਾ। ਅੱਜ ਦੀ ਕੁਰਾਹੇ ਪਈ ਗਾਇਕੀ ਨੂੰ ਆਪਣੇ ਇਤਿਹਾਸ ਤੋਂ ਸੇਧ ਲੈਣੀ ਚਾਹੀਦੀ ਹੈ।


-ਬਿਸ਼ੰਬਰ ਸਾਮਾ,
ਪਿੰਡ ਤੇ ਡਾਕ: ਖੂਈਆਂ ਸਰਵਰ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ।


ਮਹਿੰਗਾਈ ਦੀ ਮਾਰ

ਮਹਿੰਗਾਈ ਇਕ ਅਜਿਹੀ ਚੀਜ਼ ਹੈ, ਜੋ ਅਮਰਵੇਦ ਵਾਂਗੂੰ ਵਧਦੀ ਹੀ ਜਾ ਰਹੀ ਹੈ। ਮੈਂ ਇਸ ਵਿਚ ਜ਼ਿਆਦਾਤਰ ਗੈਸ ਦੇ ਸਿਲੰਡਰ ਦੀ ਗੱਲ ਕਰ ਰਿਹਾ ਹਾਂ। ਦੇਖ ੋਜਦੋਂ ਵੀ ਪੈਟਰੋਲ, ਡੀਜ਼ਲ ਦੀ ਕੀਮਤ ਵਧਦੀ ਹੈ, ਕਦੇ ਪੈਟਰੋਲ 2 ਰੁਪਏ ਮਹਿੰਗਾ, ਡੀਜ਼ਲ 1.50 ਰੁਪਏ ਮਹਿੰਗਾ। 10/15 ਦਿਨਾਂ ਜਾਂ ਇਕ ਮਹੀਨੇ ਬਾਅਦ ਫਿਰ ਇਨ੍ਹਾਂ ਦੋਹਾਂ ਦਾ ਰੇਟ ਘੱਟ ਜਾਂਦਾ ਹੈ। ਯਾਨੀ 70 ਰੁਪਏ ਦੇ ਲਾਗੇ-ਚਾਗੇ, ਪੈਟਰੋਲ ਅਤੇ ਡੀਜ਼ਲ 55-56 ਰੁਪਏ ਰਹਿੰਦਾ ਹੈ।
ਪਰ ਗੈਸ ਦੀ ਕੀਮਤ ਜੋ ਵਧਦੀ ਹੈ, ਇਹ ਵੀ 5/10 ਰੁਪਏ ਤੱਕ ਹੀ ਵਧਣੀ/ਘਟਣੀ ਚਾਹੀਦੀ ਹੈ ਕਿਉਂਕਿ, ਇਹ ਇਕ ਅਜਿਹੀ ਸਾਂਝੀ ਚੀਜ਼ ਹੈ, ਜਿਸ ਨੂੰ ਹਰ ਗ਼ਰੀਬ/ਅਮੀਰ ਆਪਣੇ ਘਰ ਵਿਚ ਵਰਤ ਰਿਹਾ ਹੈ।
ਗੈਸ ਦੀ ਏਨੀ ਕੀਮਤ ਯਕਦਮ ਨਹੀਂ ਵਧਣੀ ਚਾਹੀਦੀ। ਇਹ ਗੈਸ ਸਿਲੰਡਰ ਅੱਜ ਤੋਂ 7/8 ਦਿਨ ਪਹਿਲਾਂ 583 ਰੁਪਏ ਤੱਕ ਵਿਕ ਰਿਹਾ ਸੀ, ਜਦ ਕਿ ਹੁਣ ਇਸ ਦੀ ਕੀਮਤ 640 ਰੁਪਏ ਕਰ ਦਿੱਤੀ ਗਈ ਹੈ। ਇਕੱਠਾ ਹੀ 57 ਰੁਪਏ ਸਿਲੰਡਰ ਪਿੱਛੇ ਰੇਟ ਵਧ ਜਾਣਾ ਮਾੜੀ ਗੱਲ ਹੈ। ਜੇਕਰ ਰੇਟ ਵਧਾਉਣਾ ਹੀ ਹੈ ਤਾਂ 5/10 ਰੁਪਏ ਵਧਣਾ ਚਾਹੀਦਾ ਹੈ। ਸੋ ਸਰਕਾਰ ਨੂੰ ਯਾਨੀ ਕੇਂਦਰ ਸਰਕਾਰ ਨੂੰ ਇਸ ਬਾਰੇ ਕੋਈ ਨਾ ਕੋਈ ਠੋਸ ਕਦਮ ਚੁੱਕਣਾ ਪੈਣਾ ਹੈ ਕਿਉਂਕਿ ਇਸ ਤਰ੍ਹਾਂ ਮਹਿੰਗਾਈ ਨਾਲ ਗ਼ਰੀਬ ਜ਼ਿਆਦਾ ਪਿਸਦਾ ਹੈ।


-ਹਰਜਿੰਦਰਪਾਲ ਸਿੰਘ ਬਾਜਵਾ
536, ਗਲੀ 5-ਬੀ, ਵਿਜੇ ਨਗਰ, ਹੁਸ਼ਿਆਰਪੁਰ।

7/2/2017

 ਸੋਨੇ ਦੀ ਚਿੜੀ

ਦੇਸ਼ ਦੇ ਦੁਸ਼ਮਣਾਂ ਨੇ ਦੇਸ਼ ਦੀ ਜਨਤਾ ਦੀ ਲੁੱਟ ਦੀ ਅੱਤ ਮਚਾ ਰੱਖੀ ਹੈ। ਜਨਤਾ ਨੂੰ ਲੁੱਟ ਕੇ ਦੇਸ਼ ਦੀ ਬਰਬਾਦੀ ਕਰਨ ਵਾਲੇ ਲੋਕ ਕਈ ਰੂਪਾਂ ਵਿਚ ਆਪਣਾ ਕੰਮ ਚਲਾ ਰਹੇ ਹਨ। ਸੰਤਰੀ ਤੋਂ ਮੰਤਰੀ ਤੱਕ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ। ਕਿਸੇ ਵੀ ਦਫ਼ਤਰ ਦਾ ਮੁਲਾਜ਼ਮ ਚਾਹ-ਪਾਣੀ ਲਏ ਬਿਨਾਂ ਕੰਮ ਨਹੀਂ ਕਰਦਾ। ਲਾਲਚੀ ਅਫ਼ਸਰਸ਼ਾਹੀ ਦੀ ਕਲਮ ਤਾਂ ਚਲਦੀ ਹੀ ਰਿਸ਼ਵਤ ਨਾਲ ਹੈ। ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਮੈਦਾਨ ਵਿਚ ਜੂਝ ਰਹੀ ਵਧੀਆ ਵਿਅਕਤੀਆਂ ਦੀ ਟੋਲੀ ਦੀ ਪੁਕਾਰ ਕੋਈ ਸੁਣ ਕੇ ਰਾਜ਼ੀ ਨਹੀਂ ਹੈ। ਲੋਕਪਾਲ ਬਿੱਲ ਆਉਣ ਨਾਲ ਦੇਸ਼ ਦੀ ਬਰਬਾਦੀ ਹੋਣੋਂ ਰੁਕ ਸਕਦੀ ਹੈ ਪਰ ਦੇਸ਼ ਨੂੰ ਖੁਸ਼ਹਾਲ ਨਾ ਦੇਖਣ ਵਾਲਿਆਂ ਨੂੰ ਲੋਕਪਾਲ ਬਿੱਲ ਮਨਜ਼ੂਰ ਨਹੀਂ ਜਾਪਦਾ। ਵੱਡਿਆਂ-ਵੱਡਿਆਂ ਅਹੁਦਿਆਂ 'ਤੇ ਪਹੁੰਚ ਕੇ ਵੀ ਉਨ੍ਹਾਂ ਦੀ ਸੋਚ ਦੇਸ਼ ਪ੍ਰਤੀ ਅਨਪੜ੍ਹਾਂ ਜਿਹੀ ਹੈ। ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਜੇਕਰ ਹਰ ਦੇਸ਼ ਵਾਸੀ ਅੰਨਾ ਜਿਹੀ ਸੋਚ ਲੈ ਕੇ ਤੁਰੇਗਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਖੁਸ਼ਹਾਲੀ ਦੇ ਰਸਤੇ ਪੈ ਜਾਵੇਗਾ। ਗੱਲਾਂ-ਗੱਲਾਂ ਵਿਚ ਦੇਸ਼ ਦੀ ਸੇਵਾ ਕਰਨ ਵਾਲਿਆਂ ਨੇ ਸੋਨੇ ਦੀ ਚਿੜੀ ਕਹਾਉਣ ਵਾਲੇ ਭਾਰਤ ਨੂੰ ਆਟੇ ਦੀ ਚਿੜੀ ਤੁਲ ਕਰਕੇ ਰੱਖ ਦਿੱਤਾ ਹੈ। ਗੁਰੂਆਂ, ਪੀਰਾਂ, ਭਗਤਾਂ ਅਤੇ ਸੂਰਮਿਆਂ ਦੀ ਇਸ ਧਰਤੀ ਦੀ ਕਦਰ ਪਾਉਣੀ ਹਰ ਭਾਰਤ ਵਾਸੀ ਦਾ ਪਹਿਲਾ ਫ਼ਰਜ਼ ਹੈ।

-ਸੁਖਵਿੰਦਰ ਕਲੇਰ ਬੱਸੀਆਂ
ਪਿੰਡ ਤੇ ਡਾਕ: ਬੱਸੀਆਂ, ਜ਼ਿਲ੍ਹਾ ਲੁਧਿਆਣਾ।

ਅਵਾਰਾ ਕੁੱਤਿਆਂ ਨੂੰ ਨਕੇਲ ਪਵੇ

ਅਕਸਰ ਹੀ ਮੀਡੀਆਂ ਦੀਆਂ ਸੁਰਖੀਆਂ ਬਣਿਆ ਰਹਿੰਦਾ ਹੈ ਅਵਾਰਾ ਕੁੱਤਿਆਂ ਵੱਲੋਂ ਮਨੁੱਖਤਾ 'ਤੇ ਵਰਤਾਇਆ ਜਾਂਦਾ ਕਹਿਰ। ਅਵਾਰਾ ਕੁੱਤਿਆਂ ਕਾਰਨ ਪੰਜਾਬ ਵਾਸੀ ਅੱਜ ਸਹਿਮ ਦੇ ਮਾਹੌਲ ਵਿਚ ਜੀਅ ਰਹੇ ਹਨ। ਪਿਛਲੇ ਥੋੜ੍ਹੇ ਸਮੇਂ ਵਿਚ ਹੀ ਇਨ੍ਹਾਂ ਅਵਾਰਾ ਕੁੱਤਿਆਂ ਨੇ ਕਈ ਨੌਜਵਾਨਾਂ, ਬਜ਼ੁਰਗਾਂ ਤੇ ਛੋਟੇ-ਛੋਟੇ ਮਾਸੂਮਾਂ ਨੂੰ ਨੋਚ-ਨੋਚ ਕੇ ਮਾਰ-ਮੁਕਾਇਆ ਹੈ। ਇਥੋਂ ਤੱਕ ਕਿ ਕਈ ਪਸ਼ੂ ਵੀ ਇਨ੍ਹਾਂ ਕੁੱਤਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਇਕ ਸਮਾਂ ਹੁੰਦਾ ਸੀ ਜਦੋਂ ਇਨ੍ਹਾਂ ਕੁੱਤਿਆਂ ਨੂੰ ਸਿਰਫ ਹੱਡਾ ਰੋੜੀ ਵਿਚ ਹੀ ਦੇਖਿਆ ਜਾਂਦਾ ਸੀ ਪਰ ਅੱਜ ਇਹ ਹਰ ਪਿੰਡ ਦੀ ਹਰ ਗਲੀ ਵਿਚ 10-10 ਦੀ ਗਿਣਤੀ ਵਿਚ ਡੇਰੇ ਜਮਾਈ ਬੈਠੇ ਆਮ ਦੇਖੇ ਜਾ ਸਕਦੇ ਹਨ। ਜੋ ਕਿਸੇ ਵੀ ਸਮੇਂ ਕਹਿਰ ਢਾਅ ਸਕਦੇ ਹਨ। ਸਰਕਾਰ ਇਨ੍ਹਾਂ ਅਵਾਰਾ ਕੁੱਤਿਆਂ ਦੀ ਗਿਣਤੀ ਨੂੰ ਕੁਝ ਹੱਦ ਤੱਕ ਸੀਮਤ ਕਰਨ ਲਈ ਨਸਬੰਦੀ ਨੂੰ ਤੁਰੰਤ ਪਹਿਲ ਦੇਵੇ, ਤਾਂ ਕਿ ਲੋਕਾਂ ਵਿਚ ਬਣੇ ਸਹਿਮ ਦੇ ਮਾਹੌਲ ਨੂੰ ਘਟਾਇਆ ਜਾ ਸਕੇ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਖੁਸ਼ੀ ਬਨਾਮ ਮੁਸਕਰਾਹਟ

ਜਦੋਂ ਵੀ ਕੋਈ ਮੁਸਕਰਾਉਂਦਾ ਹੈ ਤਾਂ ਉਹ ਆਪਣੇ ਜੀਵਨ ਵਿਚ ਖੁਸ਼ੀਆਂ ਦਾ ਇਜ਼ਾਫ਼ਾ ਕਰਦਾ ਹੈ। ਖੁਸ਼ੀ ਦਾ ਦੂਸਰਾ ਨਾਂਅ ਹੀ ਜ਼ਿੰਦਗੀ ਹੈ। ਫੁੱਲਾਂ ਵਾਂਗੂੰ ਹਮੇਸ਼ਾ ਖਿੜੇ ਚਿਹਰੇ ਕਿਸ ਨੂੰ ਚੰਗੇ ਨਹੀਂ ਲਗਦੇ। ਸਗੋਂ ਅਜਿਹੇ ਚਿਹਰਿਆਂ ਨੂੰ ਤਾਂ ਹਰ ਕੋਈ ਪਸੰਦ ਕਰਦਾ ਹੈ। ਹਰ ਪਲ ਅਸੀਂ ਹੱਸਦੇ ਰਹੀਏ, ਇਹ ਵੀ ਸੰਭਵ ਨਹੀਂ ਪਰ ਹਰ ਪਲ ਅਸੀਂ ਦੁਖੀ ਅਤੇ ਮਸੋਸੇ ਰਹੀਏ, ਇਹ ਵੀ ਨਾਮੁਮਕਿਨ ਹੈ। ਜੇਕਰ ਅਸੀਂ ਆਪਣੀ ਜ਼ਿੰਦਗੀ ਵਿਚ ਖੁਸ਼ੀ ਨਾਂਅ ਦੀ ਚੀਜ਼ ਦਾ ਲੁਤਫ਼ ਲੈਣਾ ਹੈ ਤਾਂ ਸਾਨੂੰ ਦੁੱਖ ਵਿਚ ਜ਼ਿਆਦਾ ਦੁਖੀ ਨਹੀਂ ਹੋਣਾ ਚਾਹੀਦਾ। ਆਪਣੀ ਜ਼ਿੰਦਗੀ ਦਾ ਮਜ਼ਾ ਲਓ ਕਿ ਜੋ ਤੁਹਾਡੇ ਕੋਲ ਹੈ, ਉਹ ਹੀ ਤੁਹਾਡੀ ਸੰਤੁਸ਼ਟੀ ਲਈ ਕਾਫੀ ਹੈ। ਮੁਸਕਰਾਉਂਦੇ ਹੋਏ ਲੋਕ ਫੁੱਲਾਂ ਦੀ ਤਰ੍ਹਾਂ ਖੁਸ਼ਬੂ ਛੱਡਦੇ ਹਨ, ਆਪਣੇ ਅਤੇ ਦੂਸਰਿਆਂ ਦੇ ਗ਼ਮ, ਨਿਰਾਸ਼ਾ ਨੂੰ ਖ਼ਤਮ ਕਰਦੇ ਹਨ। ਗ਼ਮ, ਦੁੱਖ, ਮੁਸੀਬਤ ਦਾ ਬੋਝ ਤਿਆਗ ਕੇ ਖੁਸ਼ੀਆਂ ਨੂੰ ਖਿੜੇ ਮੱਥੇ ਸਵੀਕਾਰ ਕਰਨਾ ਚਾਹੀਦਾ ਹੈ।

-ਰਾਜਵੰਤ ਸਿੰਘ ਰਾਜੂ
ਗੁਰੂ ਨਾਨਕ ਆਟੋ ਸਪੇਅਰਜ਼, ਰਾਏਕੋਟ।

6/2/2017

 ਪੰਜਾਬੀ ਮਾਂ-ਬੋਲੀ ਦਾ ਘਟ ਰਿਹਾ ਮਹੱਤਵ
ਮਾਂ-ਬੋਲੀ ਤੋਂ ਭਾਵ ਉਹ ਬੋਲੀ ਜੋ ਕਿ ਇਕ ਬੱਚੇ ਨੂੰ ਆਪਣੀ ਮਾਂ ਦੇ ਦੁੱਧ ਨਾਲ ਹੀ ਵਿਰਸੇ ਵਿਚ ਮਿਲਦੀ ਹੈ। ਮਾਂ-ਬੋਲੀ ਵਿਚ ਹੀ ਮਾਂ ਆਪਣੇ ਬੱਚੇ ਨੂੰ ਲੋਰੀਆਂ ਸੁਣਾਉਂਦੀ ਹੈ। ਮਾਂ-ਬੋਲੀ ਨੂੰ ਸਿੱਖਣ ਲਈ ਕੋਈ ਵਿਸ਼ੇਸ਼ ਕੋਸ਼ਿਸ਼ ਨਹੀਂ ਕਰਨੀ ਪੈਂਦੀ ਕਿਉਂਕਿ ਇਹ ਤਾਂ ਸਾਡੇ ਅੰਦਰ ਧੜਕਦੇ ਦਿਲ ਦੀ ਭਾਸ਼ਾ ਹੈ, ਪਰ ਅੱਜ ਸਾਡੀ ਮਾਂ-ਬੋਲੀ ਦੀ ਹਾਲਤ ਏਨੀ ਤਰਸਯੋਗ ਹੈ ਕਿ ਇਹ ਆਪਣੇ ਘਰੋਂ ਹੀ ਬੇਗਾਨੀ ਹੋ ਚੁੱਕੀ ਹੈ। ਅੱਜ ਪੰਜਾਬੀਆਂ ਨੂੰ ਪੰਜਾਬੀ ਪੜ੍ਹਨ, ਪੰਜਾਬੀ ਬੋਲਣ ਵਿਚ ਸ਼ਰਮ ਮਹਿਸੂਸ ਹੁੰਦੀ ਹੈ। ਸਕੂਲ, ਕਾਲਜ, ਦਫਤਰ ਕਿਸੇ ਵੀ ਜਗ੍ਹਾ ਚਲੇ ਜਾਓ, ਹਰ ਥਾਂ ਅੰਗਰੇਜ਼ੀ ਤੇ ਹਿੰਦੀ ਦਾ ਹੀ ਬੋਲਬਾਲਾ ਹੈ। ਪੰਜਾਬੀ ਮਾਂ-ਬੋਲੀ ਨੂੰ ਅਨਪੜ੍ਹਤਾ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ। ਪੰਜਾਬੀ ਭਾਸ਼ਾ ਦੇ ਇਸ ਤ੍ਰਿਸਕਾਰ ਲਈ ਅਸੀਂ ਖੁਦ ਜ਼ਿੰਮੇਵਾਰ ਹਾਂ। ਪੰਜਾਬ ਦੇ ਕਿੰਨੇ ਘਰ ਹਨ, ਜਿਥੇ ਮਾਂ-ਬੋਲੀ ਨਾਲ ਜੋੜਨ ਲਈ ਦਾਦੀ ਕਹਾਣੀਆਂ ਸੁਣਾਉਂਦੀ ਹੋਵੇ, ਬੁਝਾਰਤਾਂ ਪਾਉਂਦੀ ਹੋਵੇ। ਥਾਂ-ਥਾਂ ਪੰਜਾਬੀ ਪੜ੍ਹੋ, ਪੰਜਾਬੀ ਬੋਲੋ, ਪੰਜਾਬੀ ਲਿਖੋ ਦੇ ਬੋਰਡ ਲਾਉਣ ਦੀ ਲੋੜ ਸਾਨੂੰ ਇਸੇ ਕਰਕੇ ਪਈ ਕਿਉਂਕਿ ਸਾਡੀ ਮਾਂ-ਬੋਲੀ ਸਾਡੇ ਆਪਣੇ ਘਰਾਂ ਤੋਂ ਬੇਘਰ ਹੋ ਚੁੱਕੀ ਹੈ। ਅੱਜ ਲੋੜ ਹੈ ਮਾਂ-ਬੋਲੀਪ੍ਰਤੀ ਆਪਣੇ ਬਣਦੇ ਫਰਜ਼ ਨੂੰ ਸਮਝਣ ਅਤੇ ਨਿਭਾਉਣ ਦੀ। ਪੰਜਾਬੀ ਮਾਂ-ਬੋਲੀ ਨੂੰ ਪਿਆਰ ਕਰਨ ਵਾਲਿਆਂ ਨੂੰ ਇਕ-ਜੁੱਟ ਹੋ ਕੇ ਪੰਜਾਬੀ ਭਾਸ਼ਾ ਦੇ ਬਚਾਓ ਤੇ ਇਸ ਦੇ ਵਿਕਾਸ ਲਈ ਯਤਨ ਕਰਨੇ ਪੈਣਗੇ ਅਤੇ ਇਹ ਕੰਮ ਸਾਨੂੰ ਆਪਣੇ ਘਰਾਂ ਤੋਂ ਹੀ ਸ਼ੁਰੂ ਕਰਨਾ ਪਵੇਗਾ।

-ਜਸਪ੍ਰੀਤ ਕੌਰ 'ਸੰਘਾ'
ਪਿੰਡ ਤਨੂੰਲੀ, ਜ਼ਿਲ੍ਹਾ ਹੁਸ਼ਿਆਰਪੁਰ।

ਆਵਾਜ਼ ਪ੍ਰਦੂਸ਼ਣ
ਸਰਦੀ ਦੀ ਰੁੱਤ ਸ਼ੁਰੂ ਹੁੰਦਿਆਂ ਹੀ ਵਿਆਹ-ਸ਼ਾਦੀਆਂ ਵੀ ਜ਼ੋਰ-ਸ਼ੋਰ ਨਾਲ ਸ਼ੁਰੂ ਹੋ ਜਾਂਦੀਆਂ ਹਨ। ਗਿੱਧਾ, ਭੰਗੜਾ, ਜਾਗੋ ਅਤੇ ਡੀ.ਜੇ. ਦਾ ਸ਼ੋਰ ਵੀ ਵਧ ਜਾਂਦਾ ਹੈ। ਇਸ ਦੇ ਨਾਲ ਹੀ ਉੱਚੀਆਂ ਆਵਾਜ਼ਾਂ ਵਾਲੇ ਲਾਊਡ ਸਪੀਕਰ ਵਿਦਿਆਰਥੀਆਂ ਅਤੇ ਬਿਰਧ ਬੀਮਾਰਾਂ ਲਈ ਪ੍ਰੇਸ਼ਾਨੀ ਪੈਦਾ ਕਰ ਰਹੇ ਹਨ। ਸ਼ਾਮ-ਸਵੇਰੇ ਵਿਦਿਆਰਥੀਆਂ ਦੇ ਪੜ੍ਹਨ ਦਾ ਸਮਾਂ ਹੁੰਦਾ ਹੈ। ਸਾਲਾਨਾ ਪ੍ਰੀਖਿਆਵਾਂ ਜਿਵੇਂ-ਜਿਵੇਂ ਨਜ਼ਦੀਕ ਆਉਂਦੀਆਂ ਹਨ ਤਾਂ ਵਿਦਿਆਰਥੀਆਂ ਨੂੰ ਦਿਨ-ਰਾਤ ਪੜ੍ਹਾਈ ਕਰਨੀ ਪੈਂਦੀ ਹੈ। ਆਵਾਜ਼ ਪ੍ਰਦੂਸ਼ਣ ਉਨ੍ਹਾਂ ਦੀ ਪੜ੍ਹਾਈ ਵਿਚ ਬਹੁਤ ਵਿਘਨ ਪਾਉਂਦਾ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਇਸ ਆਵਾਜ਼ ਨਾਲ ਲੋਕਾਂ ਖਾਸ ਕਰਕੇ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

-ਮਾ: ਮਹਿੰਦਰ ਸਿੰਘ ਬਾਜਵਾ
ਪਿੰਡ ਮਸੀਤਾਂ, ਜ਼ਿਲ੍ਹਾ ਕਪੂਰਥਲਾ।

ਗ਼ਰੀਬੀ ਦੀ ਲਾਹਨਤ
ਅੱਜ ਦੁਨੀਆ ਦਾ ਹਰ ਦੇਸ਼ ਗ਼ਰੀਬੀ ਵਰਗੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੈ ਅਤੇ ਇਸ ਗ਼ਰੀਬੀ ਤੋਂ ਪੀੜਤ ਹੈ ਪਰ ਭਾਰਤ ਜੋ ਇਕ ਅਜਿਹਾ ਦੇਸ਼ ਹੈ, ਜਿਸ ਵਿਚ ਹੱਦੋਂ ਵੱਧ ਗ਼ਰੀਬੀ ਪਾਈ ਜਾਂਦੀ ਹੈ। ਹਰ ਰੋਜ਼ ਅਖ਼ਬਾਰਾਂ ਵਿਚ ਇਹ ਪੜ੍ਹਨ ਨੂੰ ਮਿਲਦਾ ਹੈ ਕਿ ਫਲਾਣੇ ਵਿਅਕਤੀ ਨੇ ਗ਼ਰੀਬੀ ਤੋਂ ਤੰਗ ਆ ਕੇ ਆਤਮ-ਹੱਤਿਆ ਕਰ ਲਈ। ਗ਼ਰੀਬੀ, ਬੇਰੁਜ਼ਗਾਰੀ ਅਤੇ ਆਬਾਦੀ ਦਾ ਵਾਧਾ, ਇਹ ਤਿੰਨੋਂ ਸਮੱਸਿਆਵਾਂ ਆਪਸ ਵਿਚ ਪੂਰੀ ਤਰ੍ਹਾਂ ਜੁੜੀਆਂ ਹੋਈਆਂ ਹਨ। ਸਾਡੇ ਦੇਸ਼ ਦੀ ਗ਼ਰੀਬੀ ਦਾ ਮੁੱਖ ਕਾਰਨ ਆਬਾਦੀ ਦਾ ਬੇਤਹਾਸ਼ਾ ਵਾਧਾ ਹੈ। ਆਬਾਦੀ ਦੇ ਵਾਧੇ ਕਾਰਨ ਹੀ ਸਾਰੇ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲਦਾ, ਜਿਸ ਨਾਲ ਗ਼ਰੀਬੀ ਪੈਦਾ ਹੁੰਦੀ ਹੈ। ਜਿੰਨਾ ਚਿਰ ਆਬਾਦੀ ਦੇ ਵਾਧੇ ਨੂੰ ਠੱਲ੍ਹ ਨਹੀਂ ਪਾਈ ਜਾਂਦੀ, ਨਾ ਤਾਂ ਸਭ ਨੂੰ ਰੁਜ਼ਗਾਰ ਪ੍ਰਾਪਤ ਹੋ ਸਕਦਾ ਹੈ ਤੇ ਨਾ ਹੀ ਗ਼ਰੀਬੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

-ਮਨਿੰਦਰ ਸਿੰਘ ਰਾਜੂ
ਗਰਚਾ ਨਰਸਰੀ, ਧਨੌਲਾ ਰੋਡ, ਬਰਨਾਲਾ।

'ਜ਼ਿੰਦਗੀ' ਦੇ ਖੂਬਸੂਰਤ ਪਹਿਲੂ
ਜ਼ਿੰਦਗੀ ਦੇ ਮੌਸਮ ਦਾ ਪਤਝੜ ਵੀ ਹਿੱਸਾ ਹੈ। ਫ਼ਰਕ ਸਿਰਫ ਏਨਾ ਹੈ ਕਿ ਕੁਦਰਤ ਵਿਚ ਪੱਤੇ ਸੁੱਕਦੇ ਹਨ ਅਤੇ ਹਕੀਕਤ ਵਿਚ ਰਿਸ਼ਤੇ। ਨਰਿੰਦਰ ਸਿੰਘ ਨੰਗਲ ਜੀ ਪਿਛਲੇ ਲੰਮੇ ਸਮੇਂ ਤੋਂ 'ਜ਼ਿੰਦਗੀ' ਸਿਰਲੇਖ ਅਧੀਨ ਉਪਰੋਕਤ ਕਿਸਮ ਦੇ ਬਾਕਮਾਲ ਵਿਚਾਰਾਂ ਨਾਲ ਜ਼ਿੰਦਗੀ ਦੇ ਯਥਾਰਥ ਦੀ ਤਸਵੀਰ ਉਲੀਕ ਰਹੇ ਹਨ। ਹਰ ਐਤਵਾਰ 'ਸਾਹਿਤ ਫੁਲਵਾੜੀ' ਸਫ਼ੇ 'ਤੇ ਪੜ੍ਹਨ ਨੂੰ ਮਿਲਦੇ ਨੰਗਲ ਜੀ ਦੇ ਵਿਚਾਰ ਪਾਠਕਾਂ ਦੇ ਜ਼ਿੰਦਗੀ ਪ੍ਰਤੀ ਦ੍ਰਿਸ਼ਟੀਕੋਣ ਵਿਚ ਨਿਰੰਤਰ ਵਾਧਾ ਕਰ ਰਹੇ ਹਨ। ਲੇਖਕ ਨੇ ਇਸ ਤੋਂ ਪਹਿਲਾਂ ਜ਼ਿੰਦਗੀ ਦੇ ਹੋਰ ਪਹਿਲੂਆਂ ਜਿਵੇਂ ਮਾਂ, ਮੌਤ, ਪੈਸਾ ਅਤੇ ਘਰੁ ਸੁਖ ਵਸਿਆ, ਬਾਹਰ ਸੁਖ ਪਾਇਆ ਬਾਰੇ ਵੀ ਆਪਣੇ ਵਡਮੁੱਲੇ ਵਿਚਾਰਾਂ ਨਾਲ ਪਾਠਕ ਵਰਗ ਦੇ ਗਿਆਨ 'ਚ ਭਾਰੀ ਵਾਧਾ ਕੀਤਾ ਹੈ। ਲੇਖਕ ਦੀ ਇਹ ਸੇਵਾ ਭਾਈ ਘਨੱਈਆ ਜੀ ਦੀ ਸੇਵਾ ਦੇ ਸਮਾਨ ਹੈ।

-ਪ੍ਰਿੰ: ਗੁਰਬਚਨ ਸਿੰਘ ਲਾਲੀ
ਲੇਖਕ ਮੰਚ, ਪੱਟੀ।

3/2/2017

 ਸਿਆਸੀ ਪਾਰਟੀਆਂ ਦੀ ਭਰਮਾਰ
ਜਿਵੇਂ ਹੀ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਈਆਂ, ਉਵੇਂ ਹੀ ਖੁੰਬਾਂ ਵਾਂਗ ਨਿੱਤ ਨਵੀਆਂ ਸਿਆਸੀ ਪਾਰਟੀਆਂ ਦਾ ਜਨਮ ਹੋ ਗਿਆ। ਅੱਜ ਇਹ ਕਹਿਣ 'ਚ ਵੀ ਕੋਈ ਅਤਿਕਥਨੀ ਨਹੀਂ ਕਿ ਇਨ੍ਹਾਂ ਸਿਆਸੀ ਪਾਰਟੀਆਂ ਦੀ ਗਿਣਤੀ ਕਰਨਾ ਵੀ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਰਹੀ। ਪੰਜਾਬ ਦੇ ਸਿਆਸੀ ਨਕਸ਼ੇ 'ਤੇ ਨਿੱਤ ਨਵੀਂ ਪਾਰਟੀ ਦੇ ਜਨਮ ਨੇ ਜਿਥੇ ਪੰਜਾਬ ਦੀ ਸਿਆਸਤ ਨੂੰ ਹਾਸੋਹੀਣਾ ਬਣਾ ਕੇ ਰੱਖ ਦਿੱਤਾ ਹੈ, ਉਥੇ ਇਸ ਵਰਤਾਰੇ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਚੌਧਰ ਦੀ ਲਾਲਸਾ ਕਿਸ ਕਦਰ ਵਧ ਗਈ ਹੈ। ਜਿਹੜੀਆਂ ਪਾਰਟੀਆਂ ਨੇ ਆਪੋ-ਆਪਣੇ ਮੈਨੀਫੈਸਟੋ ਪੇਸ਼ ਕੀਤੇ ਹਨ, ਉਹ ਤਕਰੀਬਨ-ਤਕਰੀਬਨ ਇਕੋ ਜਿਹੀ ਹੀ ਝਲਕ ਪੇਸ਼ ਕਰ ਰਹੇ ਹਨ। ਅੱਜ ਪੰਜਾਬ ਦੀ ਇਸ ਗੁੰਝਲਦਾਰ ਰਾਜਨੀਤਕ ਸਥਿਤੀ ਨੇ ਲੋਕਾਂ ਨੂੰ ਘੁੰਮਣਘੇਰੀ 'ਚ ਪਾ ਕੇ ਰੱਖ ਦਿੱਤਾ ਹੈ ਕਿ ਉਹ ਕਿਸ ਪਾਰਟੀ ਨੂੰ ਆਪਣਾ ਕੀਮਤੀ ਵੋਟ ਦੇਣ ਤੇ ਕਿਸ ਨੂੰ ਨਾ ਦੇਣ। ਪਰ ਮੰਜ਼ਲ ਤਾਂ ਉਨ੍ਹਾਂ ਪਾਰਟੀਆਂ ਨੂੰ ਹੀ ਨਸੀਬ ਹੋਣੀ ਹੈ ਜੋ ਨੇਕ ਨੀਤੀਆਂ ਰਾਹੀਂ ਆਪਣਾ ਸਫ਼ਰ ਜਾਰੀ ਰੱਖਣਗੀਆਂ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਚੋਣਾਂ ਤੇ ਸੈਮੀਨਾਰ ਸਕੂਲ ਖਾਲੀ
ਇਹ ਆਮ ਵਰਤਾਰਾ ਹੈ ਕਿ ਜਦੋਂ ਵੀ ਕਿਸੇ ਪ੍ਰਾਂਤ ਵਿਚ ਚੋਣਾਂ ਕਰਵਾਈਆਂ ਜਾਂਦੀਆਂ ਹਨ ਤਾਂ ਚੋਣ ਡਿਊਟੀਆਂ ਦੌਰਾਨ ਅਕਸਰ ਹੀ ਸਕੂਲ ਅਧਿਆਪਕਾਂ ਨੂੰ ਲਗਾ ਦਿੱਤਾ ਜਾਂਦਾ ਹੈ। ਇਸ ਵਾਰ ਵੀ ਹਜ਼ਾਰਾਂ ਅਧਿਆਪਕ ਚੋਣ ਡਿਊਟੀ ਉੱਪਰ ਲਗਾ ਦਿੱਤੇ ਗਏ ਹਨ। ਦੂਜੇ ਪਾਸੇ ਰਹਿੰਦੀ ਕਸਰ ਸਿੱਖਿਆ ਵਿਭਾਗ ਦੁਆਰਾ ਲਗਾਏ ਸੈਮੀਨਾਰਾਂ ਨੇ ਕੱਢ ਦਿੱਤੀ ਹੈ। ਹਰ ਸਕੂਲ ਦੇ ਦੋ ਤਿੰਨ ਅਧਿਆਪਕ 10 ਰੋਜ਼ਾ ਸੈਮੀਨਾਰ ਪੂਰਾ ਕਰਨ ਲਈ ਜਾ ਰਹੇ ਹਨ। ਇਮਤਿਹਾਨਾਂ ਦਾ ਸਮਾਂ ਹੈ। ਫਰਵਰੀ ਮਹੀਨੇ ਦੌਰਾਨ ਪੰਜਵੀਂ, ਅੱਠਵੀਂ, ਬਾਰ੍ਹਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ। ਵਿਦਿਆਰਥੀਆਂ ਨੂੰ ਰਵੀਜ਼ਨ ਕਰਵਾਈ ਜਾਣੀ ਹੈ ਪ੍ਰੰਤੂ ਅਧਿਆਪਕਾਂ ਬਿਨਾਂ ਰਵੀਜ਼ਨ ਕੌਣ ਕਰਵਾਏ। ਸਿੱਖਿਆ ਬੱਚੇ ਦਾ ਮੌਲਿਕ ਹੱਕ ਹੈ। 'ਸਿੱਖਿਆ ਦਾ ਅਧਿਕਾਰ ਕਾਨੂੰਨ' ਮਖੌਲ ਬਣਦਾ ਜਾ ਰਿਹਾ ਹੈ।


-ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀ ਖ਼ਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।


ਪੰਜਾਬੀ ਬੋਲੀ ਦਾ ਮੁੱਦਾ
ਕਾਨਵੈਂਟ ਸਕੂਲਾਂ ਦੇ ਫੈਸ਼ਨ ਨੇ ਸਾਡੀ ਮਾਂ-ਬੋਲੀ ਤੋਂ ਸਾਡੇ ਜਵਾਕਾਂ ਦੇ ਮੂੰਹ ਮੋੜ ਦਿੱਤੇ ਹਨ। ਪੰਜਾਬ ਦੇ ਬਾਲ ਇਨ੍ਹਾਂ ਸਕੂਲਾਂ 'ਚ ਪੰਜਾਬੀ ਬੋਲ ਨਹੀਂ ਸਕਦੇ। ਇਸ ਸਭ 'ਚ ਕਸੂਰ ਕਿਸ ਦਾ, ਸਮੇਂ ਦੇ ਹਾਕਮਾਂ ਦਾ ਜਿਨ੍ਹਾਂ ਪ੍ਰਵਾਹ ਨਹੀੇਂ ਕੀਤੀ। ਸਾਡੀ ਮਾਂ-ਬੋਲੀ ਨਾਲ ਜੋ ਵਿਤਕਰਾ ਹੋ ਰਿਹਾ ਹੈ ਉਸ ਨੂੰ ਵੀ ਰੋਕਿਆ ਜਾਣਾ ਚਾਹੀਦਾ ਹੈ। ਕਾਨੂੰਨ ਬਣੇ ਕਿ ਸਾਡੀ ਭਾਸ਼ਾ ਨਾਲ ਕੋਈ ਵਿਤਕਰਾ ਕਰਨ ਦਾ ਹੀਆ ਨਾ ਕਰ ਸਕੇ। ਪੰਜਾਬ 'ਚ ਪੰਜਾਬੀ 'ਤੇ ਪਾਬੰਦੀ ਠੀਕ ਨਹੀਂ। ਹੁਣ ਮੌਕਾ ਆਪਣੀ ਬੋਲੀ ਦਾ ਮੁੱਦਾ ਵੀ ਉਠਾਉਣ ਦਾ।


-ਮਨਿੰਦਰ ਕੌਰ ਧੌਲ
ਮੈਲਬੌਰਨ (ਆਸਟਰੇਲੀਆ)।

1/02/2017

 ਝੂਠੇ ਚੋਣ ਵਾਅਦਿਆਂ ਤੋਂ ਬਚੋ
ਭਖਦੇ ਚੋਣ ਪ੍ਰਚਾਰ ਦੌਰਾਨ ਵੱਖ-ਵੱਖ ਰਾਜਸੀ ਪਾਰਟੀਆਂ ਵੱਲੋਂ ਕਈ ਚੋਣ ਵਾਅਦੇ ਕੀਤੇ ਜਾ ਰਹੇ ਹਨ, ਜਿਵੇਂ ਮੁਫ਼ਤ ਆਟਾ-ਦਾਲ ਸਕੀਮ, ਖੰਡ ਘਿਉ, ਸ਼ਗਨ ਸਕੀਮ, ਬਿਜਲੀ ਯੂਨਿਟਾਂ ਦੀ ਮੁਆਫੀ, ਫਰੀ ਆਈ ਫੋਨ ਆਦਿ। ਪਹਿਲੀ ਗੱਲ ਇਨ੍ਹਾਂ ਵਾਅਦਿਆਂ ਵੱਲ ਪਿੱਛੇ ਨੂੰ ਝਾਤੀ ਮਾਰ ਕੇ ਦੇਖੋ ਕਿੰਨੇ ਕੁ ਪ੍ਰਤੀਸ਼ਤ ਪੂਰੇ ਹੋਏ ਹਨ। ਦੂਸਰਾ ਇਨ੍ਹਾਂ ਵਾਅਦਿਆਂ ਨੇ ਜੇਕਰ ਇਕ ਵਰਗ ਨੂੰ ਲਾਭ ਪਹੁੰਚਾਉਣ ਦੀ ਕੋਸ਼ਿਸ ਕੀਤੀ ਤਾਂ ਇਸ ਨਾਲ ਦੂਸਰੇ ਵਰਗ 'ਤੇ ਬੋਝ ਪਿਆ ਹੈ। ਅਜਿਹੇ ਚੋਣ ਵਾਅਦੇ ਜਿਨ੍ਹਾਂ ਕਰਕੇ ਘਰ ਬੈਠੇ ਲੋਕਾਂ ਨੂੰ ਆਟਾ ਦਾਲ, ਘਿਉ ਖੰਡ ਮਿਲਣ ਲੱਗ ਪਵੇ, ਉਸ ਨੂੰ ਕੰਮ ਕਰਨ ਦੀ ਕੀ ਲੋੜ ਹੈ। ਉਹ ਨਿਕੰਮੇ ਕਰਕੇ ਸੁੱਟ ਦਿੱਤੇ ਹਨ। ਆਮ ਜਨਤਾ ਦੇ ਉੱਪਰ ਵੀ ਬੋਝ ਵੀ ਪੈਂਦਾ ਹੈ। ਬਹੁਤੀ ਵਾਰ ਵੋਟਾਂ ਲੈਣ ਦੀ ਖ਼ਾਤਰ ਕਈ ਵਾਅਦੇ ਕੀਤੇ ਜਾਂਦੇ ਹਨ ਜੋ ਬਾਅਦ ਵਿਚ ਪੂਰੇ ਨਹੀਂ ਕੀਤੇ ਜਾਂਦੇ। ਅੱਜ ਦੀ ਤਰੀਕ ਵਿਚ ਪੰਜਾਬ ਕਈ ਰਾਜਾਂ ਤੋਂ ਪਿੱਛੇ ਚਲਾ ਗਿਆ ਹੈ। ਮੁੱਕਦੀ ਗੱਲ ਪੰਜਾਬ ਖੋਖਲਾ ਹੋ ਗਿਆ ਹੈ। ਆਉ, ਇਨ੍ਹਾਂ ਚੋਣ ਵਾਅਦਿਆਂ ਨੂੰ ਨਕਾਰਦੇ ਹੋਏ ਉਸ ਪਾਰਟੀ ਨੂੰ ਸੱਦਾ ਦੇਈਏ ਜੋ ਸਾਡਾ ਸਰਬਪੱਖੀ ਵਿਕਾਸ ਕਰ ਸਕੇ।


-ਸਰਬਜੀਤ ਸਿੰਘ
126, ਮੋਹਨ ਵਿਹਾਰ, ਜਲੰਧਰ।


ਲਾਊਡ ਸਪੀਕਰਾਂ ਦਾ ਸ਼ੋਰ

ਅੱਜਕਲ੍ਹ ਵਿਦਿਆਰਥੀਆਂ ਦੇ ਇਮਤਿਹਾਨਾਂ ਦਾ ਜ਼ੋਰ ਹੈ। ਛੋਟੀਆਂ ਕਲਾਸਾਂ ਦੇ ਬੱਚਿਆਂ ਤੋਂ ਲੈ ਕੇ ਉੱਚ ਸਿੱਖਿਆ ਦੇ ਵਿਦਿਆਰਥੀ ਆਪਣਾ ਪੂਰਾ ਧਿਆਨ ਸਾਲ ਭਰ ਕੀਤੀ ਤਿਆਰੀ ਨੂੰ ਹੋਰ ਵਧੇਰੇ ਮਿਹਨਤ ਕਰ ਵਧੀਆ ਤੋਂ ਵਧੀਆ ਨਤੀਜਾ ਪ੍ਰਾਪਤ ਕਰਨ ਦੇ ਯਤਨ ਵਿਚ ਹਨ। ਕਿਸੇ ਵੀ ਵਿਦਿਆਰਥੀ ਵਾਸਤੇ ਪੜ੍ਹਾਈ ਲਈ ਸਭ ਤੋਂ ਅਨੁਕੂਲ ਸਮਾਂ ਸਵੇਰ ਦਾ ਅਤੇ ਸ਼ਾਮ ਦਾ ਸਮਾਂ ਹੁੰਦਾ ਹੈ ਪਰ ਸਵੇਰੇ ਅਤੇ ਸ਼ਾਮ ਦੇ ਸਮੇਂ ਧਾਰਮਿਕ ਅਸਥਾਨਾਂ ਤੋਂ ਉੱਚੀ ਆਵਾਜ਼ ਵਿਚ ਵੱਜਦੇ ਲਾਊਡ ਸਪੀਕਰ ਵਿਦਿਆਰਥੀਆਂ ਲਈ ਬਹੁਤ ਵੱਡੀ ਸਮੱਸਿਆ ਬਣ ਜਾਂਦੇ ਹਨ। ਧਰਮ ਮਨੁੱਖ ਦੀ ਮਾਨਸਿਕ ਸ਼ਾਂਤੀ ਅਤੇ ਬਿਹਤਰੀ ਲਈ ਹੈ ਪਰ ਧਰਮ ਸਥਾਨਾਂ 'ਤੇ ਬੈਠੇ ਧਰਮ ਦੇ ਠੇਕੇਦਾਰਾਂ ਨੂੰ ਇਹ ਗੱਲ ਸਮਝਣ ਵਿਚ ਅਜੇ ਬਹੁਤ ਦੇਰ ਲੱਗੇਗੀ। ਆਵਾਜ਼ ਪ੍ਰਦੂਸ਼ਣ ਦੀ ਇਸ ਗੰਭੀਰ ਸਮੱਸਿਆ ਲਈ ਕੋਈ ਵੀ ਸੰਜੀਦਾ ਨਹੀਂ ਹੈ।


-ਸਵਰਨਦੀਪ ਸਿੰਘ ਨੂਰ
ਬਠਿੰਡਾ।


ਰਾਜਨੀਤਕ ਲੋਕਾਂ ਦੀ ਜਾਇਦਾਦ
ਜਦੋਂ ਵੀ ਚੋਣਾਂ ਦੀ ਰੁੱਤ ਆਉਂਦੀ ਹੈ ਤਾਂ ਉਸ ਸਮੇਂ ਹੋਰ ਜਾਣਕਾਰੀਆਂ ਤੋਂ ਇਲਾਵਾ ਇਕ ਵਿਸ਼ੇਸ਼ ਜਾਣਕਾਰੀ ਵੀ ਪ੍ਰਾਪਤ ਹੁੰਦੀ ਹੈ ਕਿ ਸਾਡੇ ਰਾਜਨੀਤਕ ਲੋਕਾਂ ਕੋਲ ਕੀ ਕੁਝ ਹੈ। ਮਾਇਆ ਦੇ ਖਜ਼ਾਨੇ, ਜ਼ਮੀਨ-ਜਾਇਦਾਦ ਸਭ ਕੁਝ ਸਿਰਫ ਅਖ਼ਬਾਰਾਂ ਰਾਹੀਂ ਹੀ ਪਤਾ ਲਗਦਾ ਹੈ। ਇਸ ਵੇਲੇ ਪੰਜਾਬ ਦੇ ਦਿੱਗਜ ਨੇਤਾਵਾਂ ਦੀ ਆਮਦਨ ਦਿਨੋ-ਦਿਨ ਵਧਦੀ ਜਾ ਰਹੀ ਹੈ ਤੇ ਇਹ ਸਾਲ ਵਿਚ ਦੁੱਗਣੀ-ਤਿੱਗਣੀ ਹੋਈ ਜਾ ਰਹੀ ਹੈ। ਬਹੁਤੇ ਨੇਤਾਵਾਂ ਨੇ ਤਾਂ ਰਾਜਨੀਤੀ ਵਿਚ ਆ ਕੇ ਆਪਣੇ ਚੰਗੇ ਤੇ ਮਾੜੇ ਧੰਦਿਆਂ ਨੂੰ ਬਹੁਤ ਵਧਾਇਆ ਹੈ। ਇਹ ਗੱਲਾਂ ਜਾਣ ਕੇ ਹੀ ਪਤਾ ਲਗਦਾ ਹੈ ਕਿ ਪੰਜਾਬ ਦਾ ਵਿਕਾਸ ਤੇ ਆਮ ਜਨਤਾ ਦਾ ਵਿਕਾਸ ਬੇਸ਼ੱਕ ਹੋਇਆ ਜਾਂ ਨਹੀਂ ਪਰ ਕੁਝ ਕੁ ਰਾਜਨੀਤਕ ਲੋਕਾਂ ਦਾ ਵਿਕਾਸ ਰੱਜ ਕੇ ਹੋਇਆ ਹੈ। ਇਸ ਸਮੇਂ ਦਰਸਾਈ ਗਈ ਕੁੱਲ ਜਾਇਦਾਦ ਤਾਂ ਸੀਮਤ ਹੀ ਹੁੰਦੀ ਹੈ। ਪਰਦੇ ਦੇ ਪਿੱਛੇ ਹਾਲੇ ਬਹੁਤ ਕੁਝ ਹੋਰ ਹੋਵੇਗਾ। ਵੱਡੇ ਰੂਪ ਵਿਚ ਬਹੁਗਿਣਤੀ ਕੰਮਾਂਕਾਰਾਂ ਉੱਤੇ ਰਾਜਨੀਤਕ ਲੋਕਾਂ ਦਾ ਦਬਾਅ ਹੋਣ ਕਾਰਨ ਇਨ੍ਹਾਂ ਦਾ ਕਬਜ਼ਾ ਹੈ, ਜੋ ਕਿ ਵਧੀਆ ਲੋਕਤੰਤਰ ਵਿਚ ਇਨ੍ਹਾਂ ਗੱਲਾਂ ਦਾ ਸਥਾਨ ਨਹੀਂ ਹੈ। ਸਾਡੇ ਨੇਤਾਵਾਂ ਦੀ ਅੱਖ ਤਾਂ ਸਦਾ ਕੁਰਸੀ 'ਤੇ ਹੈ ਤਾਂ ਕਿ ਉਹ ਹੋਰ ਵੱਧ ਫੈਲ ਸਕਣ।


-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ, ਲੁਧਿਆਣਾ।

31/1/2017

 ਭੱਦੀ ਦੂਸ਼ਣਬਾਜ਼ੀ
ਕੋਈ ਸਮਾਂ ਸੀ ਜਦੋਂ ਸਾਡੇ ਨੇਤਾ ਆਦਰਸ਼ ਹੁੰਦੇ ਸਨ, ਜਿਨ੍ਹਾਂ ਦੀ ਤਸਵੀਰ ਅੱਜ ਵੀ ਅੱਖਾਂ ਸਾਹਮਣੇ ਆ ਜਾਏ ਤਾਂ ਸ਼ਰਧਾਪੂਰਵਕ ਸਿਰ ਝੁਕ ਜਾਂਦਾ ਹੈ। ਚੋਣਾਂ ਦਾ ਦੰਗਲ ਭਖ ਚੁੱਕਾ ਹੈ। ਅੱਜ ਜੋ ਨੇਤਾ ਇਕ-ਦੂਜੇ ਦੇ ਖਿਲਾਫ਼ ਜਿਹੜੀ ਭੱਦੀ ਸ਼ਬਦਾਵਲੀ ਵਰਤ ਰਹੇ ਹਨ, ਉਸ ਨਾਲ ਹਰੇਕ ਚੰਗੇ ਨਾਗਰਿਕ ਦਾ ਹਿਰਦਾ ਵਲੂੰਧਰਿਆ ਜਾਂਦਾ ਹੈ ਅਤੇ ਸਿਰ ਸ਼ਰਮ ਨਾਲ ਝੁਕ ਜਾਂਦੇ ਹਨ। ਕੀ ਸੰਵਾਰਨਗੇ ਸਮਾਜ ਦਾ ਇਹ ਲੋਕ? ਬੋਲੀ ਵਿਚ ਕੋਈ ਸੰਜਮ ਰਹਿ ਹੀ ਨਹੀਂ ਗਿਆ।
ਇਕ-ਦੂਜੇ 'ਤੇ ਸ਼ਬਦੀ ਚਿੱਕੜ ਸੁੱਟ ਕੇ ਇਕ-ਦੂਜੇ ਦਾ ਅਕਸ ਤਾਂ ਖਰਾਬ ਕਰ ਹੀ ਰਹੇ ਹਨ, ਨਾਲ ਹੀ ਸਮਾਜ ਨੂੰ ਗੰਧਲਾ ਵੀ ਕਰ ਰਹੇ ਹਨ। ਜਿੱਤਣ ਤੋਂ ਬਾਅਦ ਵੀ ਇਹ ਲੋਕ ਲੋਕਾਂ ਦੇ ਮਸਲੇ ਭੁੱਲ ਕੇ ਆਪਣੀਆਂ ਤਨਖਾਹਾਂ, ਭੱਤਿਆਂ ਆਦਿ 'ਤੇ ਇਕੱਠੇ ਤਾਂ ਹੋ ਜਾਣਗੇ ਪਰ ਲੋਕਾਂ ਦੇ ਮਸਲਿਆਂ 'ਤੇ ਬਹਿਸਾਂ ਦੌਰਾਨ ਇਕ-ਦੂਜੇ ਨੂੰ ਭੱਦੀਆਂ ਸ਼ਬਦਾਵਲੀਆਂ ਦੀ ਵਰਤੋਂ ਨਾਲ ਲੋਕਾਂ ਦੀਆਂ ਨਜ਼ਰਾਂ ਵਿਚ ਗਿਰਦੇ ਨਜ਼ਰ ਆਉਣਗੇ। ਸਾਰੇ ਇਕੋ ਜਿਹੇ ਨਹੀਂ, ਚੰਗੇ ਨੇਤਾਵਾਂ ਦੀ ਵੀ ਘਾਟ ਨਹੀਂ। ਆਪਣੀ ਮੱਤ ਨੂੰ ਦਾਨ ਕਰਨ ਲੱਗਿਆਂ ਆਪਣੀ ਆਤਮਾ ਵਿਕਾਊ ਨਾ ਕਰ ਬਹਿਣਾ। ਨੇਤਾਵਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀਆਂ ਅਤੇ ਜਨਤਾ ਦੀਆਂ ਭਾਵਨਾਵਾਂ ਨੂੰ ਭੱਦੀ ਸ਼ਬਦਾਵਲੀ ਰਾਹੀਂ ਸ਼ਰਮਸ਼ਾਰ ਹੋਣ ਤੋਂ ਰੋਕਣ। ਉਨ੍ਹਾਂ ਦੇਸ਼ ਭਗਤਾਂ ਨੂੰ ਯਾਦ ਕਰੋ ਜਿਨ੍ਹਾਂ ਸਾਨੂੰ ਆਜ਼ਾਦੀ ਦਾ ਨਿੱਘ ਦੇਣ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ। ਇਕ-ਦੂਜੇ ਦੀ ਪਤ ਨਾ ਰੋਲੋ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਸਿਆਸੀ ਅਖਾੜਾ
ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਹਰ ਪਾਰਟੀ ਵੱਲੋਂ ਇਹ ਚੋਣਾਂ ਜਿੱਤਣ ਦੇ ਮਕਸਦ ਨਾਲ ਲੋਕਾਂ ਨਾਲ ਕਈ ਸੱਚੇ-ਝੂਠੇ ਲੋਕ ਲੁਭਾਊ ਵਾਅਦੇ ਕੀਤੇ ਜਾ ਰਹੇ ਹਨ। ਬਹੁਤ ਸਾਰੇ ਲੀਡਰ ਆਪਣੇ ਨਿੱਜੀ ਫਾਇਦਿਆਂ ਖਾਤਰ ਦਲ ਬਦਲ ਕੇ ਇਕ-ਦੂਜੀ ਪਾਰਟੀ ਵਿਚ ਜਾਣ ਲਈ ਡੱਡੂ ਟਪੂਸੀਆਂ ਮਾਰਦੇ ਨਜ਼ਰ ਆ ਰਹੇ ਹਨ।
ਇਨ੍ਹਾਂ ਲੀਡਰਾਂ ਵੱਲੋਂ ਲੋਕਾਂ ਵਿਚ ਆਪਣੀ ਹਰਮਨ-ਪਿਆਰਤਾ ਬਣਾਉਣ ਲਈ ਮੀਟਿੰਗਾਂ, ਰੈਲੀਆਂ ਵਿਚ ਇਕ-ਦੂਜੇ ਨੂੰ ਨਿੰਦਣ ਖਾਤਰ ਘਟੀਆ ਸ਼ਬਦਾਵਲੀ ਵੀ ਵਰਤੀ ਜਾ ਰਹੀ ਹੈ। ਪੰਜਾਬ ਅੰਦਰ ਅਨੇਕਾਂ ਹਲਕਿਆਂ ਵਿਚ ਲੋਕਾਂ ਵੱਲੋਂ ਲੀਡਰਾਂ ਦੁਆਰਾ ਪਿਛਲੀਆਂ ਚੋਣਾਂ ਦੌਰਾਨ ਕੀਤੇ ਝੂਠੇ ਵਾਅਦੇ ਯਾਦ ਕਰਾਉਣ ਲਈ ਘੇਰਿਆ ਵੀ ਜਾ ਰਿਹਾ ਹੈ। ਵੱਖ-ਵੱਖ ਥਾਵਾਂ 'ਤੇ ਲੋਕਾਂ ਵੱਲੋਂ ਕਈ ਲੀਡਰਾਂ ਪ੍ਰਤੀ ਰੋਸ ਪ੍ਰਗਟਾਉਂਦੇ ਹੋਏ ਗੱਡੀਆਂ ਆਦਿ ਦੀ ਭੰਨ-ਤੋੜ ਅਤੇ ਪਥਰਾਓ ਕਰਨ ਦੀਆਂ ਖ਼ਬਰਾਂ ਵੀ ਆਈਆਂ ਹਨ। ਸੋ ਸਾਨੂੰ ਸਭ ਨੂੰ ਗੁੱਸੇ ਵਿਚ ਹੋਸ਼ ਗੁਆ ਕੇ ਕਾਨੂੰਨ ਨੂੰ ਹੱਥ ਵਿਚ ਲੈਣ ਦੀ ਬਜਾਇ ਆਪਣੀ ਵੋਟ ਦੀ ਤਾਕਤ ਜ਼ਰੀਏ ਇਨ੍ਹਾਂ ਝੂਠੇ ਲੀਡਰਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ ਕਿਉਂਕਿ ਇਹੀ ਸਾਡੇ ਭਵਿੱਖ ਅਤੇ ਆਪਸੀ ਭਾਈਚਾਰਕ ਸਾਂਝ ਲਈ ਫਾਇਦੇਮੰਦ ਸਾਬਤ ਹੋਵੇਗਾ।


-ਰਾਜਾ ਗਿੱਲ (ਚੜਿੱਕ)
ਮੋ: 94654-11585

26/1/2017

 ਵੋਟਾਂ ਦਾ ਮਾਹੌਲ

ਠੰਢ ਦੇ ਦਿਨਾਂ ਵਿਚ ਹੁਣ ਵੋਟਾਂ ਦਾ ਮਾਹੌਲ ਗਰਮੋ-ਗਰਮੀ ਹੋਇਆ ਪਿਆ ਹੈ। ਹਰ ਪਿੰਡ ਤੇ ਸ਼ਹਿਰ ਦੀਆਂ ਗਲੀਆਂ ਵਿਚ ਚੋਣਾਂ ਦੀ ਚਰਚਾ ਹੁੰਦੀ ਹੈ। ਇਸ ਵਾਰ ਨੌਜਵਾਨ ਵੀ ਇਨ੍ਹਾਂ ਚੋਣਾਂ ਨੂੰ ਬੜੇ ਰੋਚਕ ਢੰਗ ਨਾਲ ਦੇਖ ਰਹੇ ਹਨ ਕਿਉਂਕਿ ਪਹਿਲਾਂ ਪੰਜਾਬ ਵਿਚ ਦੋ ਹੀ ਪਾਰਟੀਆਂ ਜਿੱਤ ਦਰਜ ਕਰਦੀਆਂ ਆਈਆਂ ਹਨ, ਪਰ ਹੁਣ ਤੀਜੀ ਧਿਰ ਦੇ ਆਉਣ ਨਾਲ ਮੁਕਾਬਲਾ ਤਿਕੋਣਾ ਹੁੰਦਾ ਨਜ਼ਰ ਆਉਂਦਾ ਹੈ। ਕੀ ਨਵੀਂ ਪਾਰਟੀ ਇਨ੍ਹਾਂ ਰਵਾਇਤੀ ਪਾਰਟੀਆਂ ਨੂੰ ਹਿਲਾਉਣ ਵਿਚ ਸਫਲ ਹੋ ਪਾਏਗੀ? ਇਹ ਦੇਖਣ ਲਈ ਮੁਕਾਬਲਾ ਬੜਾ ਦਿਲਚਸਪ ਹੋਣ ਵਾਲਾ ਹੈ।

-ਤੇਜਿੰਦਰ ਸਿੰਘ
ਪਿੰਡ-ਭੇਡਵਾਲ ਝੂੰਗਿਆਂ, ਜ਼ਿਲ੍ਹਾ, ਪਟਿਆਲਾ।

ਵੋਟ ਦਾ ਅਧਿਕਾਰ

ਭਾਰਤੀ ਨਾਗਰਿਕਾਂ ਨੂੰ ਸੰਵਿਧਾਨ ਦੁਆਰਾ ਬਿਨਾਂ ਕਿਸੇ ਵਿਤਕਰੇ ਭੇਦ-ਭਾਵ ਦੇ ਵੋਟ ਦਾ ਅਧਿਕਾਰ ਦਿੱਤਾ ਗਿਆ ਹੈ। ਇਸ ਲਈ ਵੋਟਰਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਆਪਣੀ ਵੋਟ ਜ਼ਰੂਰ ਪਾਉਣ। ਵੋਟ ਪਾਉਣ ਦੇ ਨਾਲ-ਨਾਲ ਵੋਟ ਦੀ ਸੁਚੱਜੀ ਵਰਤੋਂ ਹੋਵੇ। ਸੂਝਵਾਨ ਵੋਟਰਾਂ ਦੀ ਪਛਾਣ ਹੀ ਇਸ ਗੱਲ ਤੋਂ ਹੁੰਦੀ ਹੈ ਕਿ ਉਹ ਬਿਨਾਂ ਕਿਸੇ ਲੋਭ-ਲਾਲਚ, ਦਬਾਅ ਅਤੇ ਜਾਤੀ ਭੇਦ-ਭਾਵ ਦੇ ਆਪਣੇ ਹੱਕ ਦੀ ਵਰਤੋਂ ਕਰਦੇ ਹਨ। ਅਜਿਹੇ ਕਾਰਜ ਨੂੰ ਨੇਪਰੇ ਚਾੜ੍ਹਨ ਹਿਤ ਮੀਡੀਆ ਦਾ ਅਹਿਮ ਯੋਗਦਾਨ ਹੁੰਦਾ ਹੈ। ਲੋਕਤੰਤਰ ਦੇ ਚੌਥੇ ਥੰਮ੍ਹ ਮੀਡੀਆ ਦਾ ਫਰਜ਼ ਬਣਦਾ ਹੈ ਕਿ ਉਹ ਨਿਰਪੱਖ ਹੋ ਕੇ ਆਪਣੀ ਭੂਮਿਕਾ ਨਿਭਾਵੇ। 'ਅਜੀਤ ਪ੍ਰਕਾਸ਼ਨ ਸਮੂਹ' ਦੁਆਰਾ ਪੇਡ ਨਿਊਜ਼ ਦੇ ਵਿਰੁੱਧ ਪ੍ਰਗਟਾਈ ਵਚਨਬੱਧਤਾ ਸਲਾਹੁਣਯੋਗ ਹੈ। ਚੋਣ ਕਮਿਸ਼ਨ ਦੇ ਅਧਿਕਾਰੀਆਂ ਦੁਆਰਾ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਨਾਲ ਉਠਾਏ ਜਾ ਰਹੇ ਕਦਮ ਪ੍ਰਸੰਸਾਯੋਗ ਹਨ। ਆਉਣ ਵਾਲੀ 4 ਫਰਵਰੀ ਨੂੰ ਆਉਣ ਵਾਲੀਆਂ ਵੋਟਾਂ ਦੇ ਕਾਰਜ ਨੂੰ ਨਿਰਪੱਖ ਤੇ ਸੁਚਾਰੂ ਬਣਾਉਣ ਲਈ ਪ੍ਰਸ਼ਾਸਨ ਨੂੰ ਸਹਿਯੋਗ ਦੇਈਏ।

-ਮਾ: ਮਨਦੀਪ ਸਿਵੀਆ
ਪਿੰਡ ਤੇ ਡਾਕ : ਜੌੜਕੀ ਅੰਧੇਵਾਲੀ, ਜ਼ਿਲ੍ਹਾ ਫਾਜ਼ਿਲਕਾ।

ਬਜ਼ੁਰਗਾਂ ਦਾ ਸਤਿਕਾਰ

ਜਿਵੇਂ-ਜਿਵੇਂ ਅਸੀਂ ਆਧੁਨਿਕ ਹੁੰਦੇ ਜਾ ਰਹੇ ਹਾਂ, ਅਸੀਂ ਬਹੁਤ ਸਾਰੀਆਂ ਨਵੀਆਂ ਸਮਾਜਿਕ ਸਮੱਸਿਆਵਾਂ ਵਿਚ ਘਿਰ ਰਹੇ ਹਾਂ। ਸਮਾਜਿਕ ਖਿੰਡਾਅ ਕਾਰਨ ਪਰਿਵਾਰ ਵੀ ਟੁੱਟ ਰਹੇ ਹਨ। ਪਰਿਵਾਰਾਂ ਦੇ ਟੁੱਟਣ ਦਾ ਕਾਰਨ ਬਜ਼ੁਰਗਾਂ ਦੀ ਰਾਇ ਨੂੰ ਅੱਖੋਂ ਓਹਲੇ ਕਰਨਾ ਹੈ। ਪੁਰਾਣੇ ਸਮੇਂ ਵਿਚ ਘਰ ਦੇ ਮੁਖੀ ਭਾਵ ਬਜ਼ੁਰਗ ਨੂੰ ਬਹੁਤ ਜ਼ਿਆਦਾ ਸਨਮਾਨ ਤੇ ਇੱਜ਼ਤ ਦਿੱਤੀ ਜਾਂਦੀ ਸੀ ਤੇ ਉਸ ਦੀ ਗੱਲ ਟਾਲਣ ਦੀ ਕਿਸੇ ਦੀ ਹਿੰਮਤ ਵੀ ਨਹੀਂ ਸੀ ਹੁੰਦੀ। ਬਜ਼ੁਰਗ ਸਾਨੂੰ ਸਹੀ ਤੇ ਜਾਇਜ਼ ਰਸਤਾ ਦਿਖਾਉਂਦੇ ਹਨ ਕਿਉਂਕਿ ਉਨ੍ਹਾਂ ਕੋਲ ਜ਼ਿੰਦਗੀ ਦਾ ਅਨੁਭਵ ਹੁੰਦਾ ਹੈ। ਉਨ੍ਹਾਂ ਨੇ ਚੰਗੇ ਤੇ ਬੁਰੇ ਵਕਤ ਨੂੰ ਆਪਣੇ 'ਤੇ ਹੰਢਾਇਆ ਹੁੰਦਾ ਹੈ। ਪ੍ਰੰਤੂ ਅੱਜਕਲ੍ਹ ਹਰ ਘਰ ਵਿਚ ਬਜ਼ੁਰਗਾਂ ਦੀ ਗੱਲ ਨੂੰ ਬਿਲਕੁਲ ਹੀ ਨਕਾਰਿਆ ਜਾਂਦਾ ਹੈ। ਲੋਕਾਂ ਦੇ ਆਪ-ਮੁਹਾਰੇਪਣ ਨੇ ਬਜ਼ੁਰਗਾਂ ਦਾ ਸਤਿਕਾਰ ਘਟਾ ਦਿੱਤਾ ਹੈ।

-ਹਰਬੰਸ ਸਿੰਘ ਬੰਸਾ
ਰਾਏਕੋਟ।

25/1/2017

 ਪੰਜਾਬ ਚੋਣਾਂ

ਪੰਜਾਬ ਅਸੰਬਲੀ ਦੀ ਚੋਣ ਲਈ 4 ਫਰਵਰੀ ਨੂੰ ਵੋਟਾਂ ਪੈਣੀਆਂ ਹਨ। ਜਨਤਾ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਦੂਰ-ਅੰਦੇਸ਼, ਇਮਾਨਦਾਰ ਤੇ ਪੱਕੇ ਇਰਾਦੇ ਵਾਲੇ ਉਮੀਦਵਾਰਾਂ ਨੂੰ ਹੀ ਵੋਟਾਂ ਪਾ ਕੇ ਚੁਣੇ, ਜਿਹੜੇ ਪੰਜਾਬ ਵਿਚੋਂ ਬੇਰੁਜ਼ਗਾਰੀ ਤੇ ਨਸ਼ਿਆਂ ਦਾ ਅੰਤ ਕਰਕੇ ਸਮਾਜ ਦੇ ਮੱਧ ਵਰਗ, ਕਿਸਾਨਾਂ ਅਤੇ ਮਜ਼ਦੂਰਾਂ ਦੇ ਮਸਲੇ ਹੱਲ ਕਰਕੇ ਇਕ ਇਮਾਨਦਾਰ ਪ੍ਰਸ਼ਾਸਨ, ਪ੍ਰਦੂਸ਼ਣ ਰਹਿਤ ਵਾਤਾਵਰਨ ਅਤੇ ਮਿਲਾਵਟ ਰਹਿਤ ਖਾਧ-ਪਦਾਰਥਾਂ ਦਾ ਪ੍ਰਬੰਧ ਕਰਕੇ ਜਨਤਾ ਦੀ ਨਰੋਈ ਸਿਹਤ ਨੂੰ ਯਕੀਨੀ ਬਣਾ ਸਕਣ। ਝੂਠੇ ਵਾਅਦੇ ਕਰਨ ਵਾਲੇ ਭ੍ਰਿਸ਼ਟ ਲੀਡਰਾਂ ਦੇ ਦਿਨ ਪੁੱਗ ਚੁੱਕੇ ਹਨ। ਅਜਿਹੇ ਲੀਡਰਾਂ ਨੂੰ ਖੁਦ ਹੀ ਬਨਵਾਸ ਹਾਸਲ ਕਰ ਲੈਣਾ ਚਾਹੀਦਾ ਹੈ। ਪੰਜਾਬ ਵਿਚ ਨਾ ਹੁਣ ਪੁੱਤਰ ਮੋਹ ਦੀ ਦਾਲ ਗਲੇਗੀ, ਨਾ ਰਿਸ਼ਤੇਦਾਰੀਆਂ ਪੁੱਗਣਗੀਆਂ ਅਤੇ ਉਹ ਸਮਾਂ ਆ ਚੁੱਕਾ ਹੈ, ਜਦੋਂ ਲੋਕ ਮਾੜੇ ਪ੍ਰਬੰਧ ਤੋਂ ਅੱਕ ਚੁੱਕੇ ਹਨ ਅਤੇ ਰਿਸ਼ਵਤਖੋਰਾਂ ਨਾਲ ਦੋ-ਦੋ ਹੱਥ ਕਰਨ ਨੂੰ ਤਿਆਰ ਬੈਠੇ ਹਨ।

-ਇੰਜ: ਕੁਲਦੀਪ ਸਿੰਘ ਲੁੱਧਰ
ਅੰਮ੍ਰਿਤਸਰ।

ਸੜਕ ਹਾਦਸਿਆਂ ਦਾ ਕਹਿਰ

ਅੱਜਕਲ੍ਹ ਜ਼ਿਆਦਾ ਮੌਤਾਂ ਸੜਕ ਹਾਦਸਿਆਂ ਕਾਰਨ ਹੀ ਹੁੰਦੀਆਂ ਹਨ। ਪਤਾ ਨਹੀਂ ਕਿੰਨੇ ਘਰਾਂ ਵਿਚ ਹਰ ਰੋਜ਼ ਸੋਗ ਮਨਾਇਆ ਜਾਂਦਾ ਹੈ। ਨਿਯਮਾਂ ਦੀ ਇਥੋਂ ਤੱਕ ਉਲੰਘਣਾ ਕੀਤੀ ਜਾਂਦੀ ਹੈ ਕਿ ਕਈ ਵਾਹਨ ਚਾਲਕਾਂ ਕੋਲ ਲਾਇਸੈਂਸ ਵੀ ਨਹੀਂ ਹੁੰਦਾ। ਜਿਨ੍ਹਾਂ ਕੋਲ ਲਾਇਲੈਂਸ ਹੁੰਦਾ ਹੈ, ਉਨ੍ਹਾਂ ਵਿਚੋਂ ਬਹੁਤੇ ਉਂਜ ਹੀ ਅਣਜਾਣ ਹੁੰਦੇ ਹਨ। ਹਾਦਸਿਆਂ ਦਾ ਕਾਰਨ ਡਰਾਈਵਰਾਂ ਵੱਲੋਂ ਵਰਤੇ ਜਾਂਦੇ ਮੋਬਾਈਲ ਫੋਨ ਵੀ ਹਨ। ਵਾਹਨ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਸਖਤੀ ਨਾਲ ਬੰਦ ਕੀਤੀ ਜਾਣੀ ਚਾਹੀਦੀ ਹੈ। ਸੜਕਾਂ 'ਤੇ ਅਵਾਰਾ ਪਸ਼ੂਆਂ ਅਤੇ ਹੋਰ ਵਾਹਨਾਂ ਦਾ ਖੜ੍ਹਾ ਕਰਨਾ ਆਦਿ ਵੀ ਹਾਦਸਿਆਂ ਦਾ ਕਾਰਨ ਬਣਦਾ ਹੈ। ਲੋਕਾਂ ਵਿਚ ਜ਼ਿੰਮੇਵਾਰੀ ਦੇ ਅਹਿਸਾਸ ਅਤੇ ਸਰਕਾਰ ਦੇ ਸਹਿਯੋਗ ਨਾਲ ਹੀ ਹਾਦਸੇ ਘਟ ਸਕਦੇ ਹਨ ਅਤੇ ਕਈ ਅਨਮੋਲ ਜਾਨਾਂ ਬਚ ਸਕਦੀਆਂ ਹਨ।

-ਮਨਿੰਦਰ ਸਿੰਘ ਰਾਜੂ
ਧਨੌਲਾ ਰੋਡ, ਬਰਨਾਲਾ।

ਕੁਦਰਤੀ ਵਸੀਲੇ

ਸੰਸਾਰ ਅੰਦਰ ਕੁਦਰਤੀ ਵਸੀਲੇ ਅਮੁੱਕ ਹਨ ਪਰ ਜਿਵੇਂ-ਜਿਵੇਂ ਮਨੁੱਖ ਨੇ ਇਨ੍ਹਾਂ ਵਸੀਲਿਆਂ ਦੀ ਬੇਸਮਝੀ ਨਾਲ ਵਰਤੋਂ ਕੀਤੀ ਹੈ, ਉਵੇਂ-ਉਵੇਂ ਹੀ ਇਹ ਵਸੀਲੇ ਖ਼ਤਮ ਹੋਣ ਦੀ ਨੇੜੇ ਪਹੁੰਚ ਚੁੱਕੇ ਹਨ। ਕੁਦਰਤੀ ਵਸੀਲਿਆਂ ਵਿਚ ਅਸੀਂ ਮੁੱਖ ਤੌਰ 'ਤੇ ਤਿੰਨ ਚੀਜ਼ਾਂ ਗਿਣਦੇ ਹਾਂ ਜਿਵੇਂ ਪੌਣ, ਪਾਣੀ ਅਤੇ ਧਰਤੀ। ਇਨ੍ਹਾਂ ਤਿੰਨਾਂ ਦੀ ਦੁਰਵਰਤੋਂ ਬੰਦ ਕਰਕੇ ਇਨ੍ਹਾਂ ਦੀ ਸਾਂਭ-ਸੰਭਾਲ ਕਰਨਾ ਸਾਡਾ ਫ਼ਰਜ਼ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ ਧਨ-ਦੌਲਤ ਦੀ ਅੰਨ੍ਹੀ ਦੌੜ ਲੱਗੀ ਹੋਣ ਕਾਰਨ ਲੋਕਾਂ ਦੀ ਵੱਡੀ ਗਿਣਤੀ ਆਪਣੇ ਫ਼ਰਜ਼ਾਂ ਨੂੰ ਭੁੱਲੀ ਬੈਠੀ ਹੈ। ਮਨੁੱਖ ਨੇ ਹਵਾ ਅਤੇ ਪਾਣੀ ਨੂੰ ਪ੍ਰਦੂਸ਼ਤ ਕਰ ਦਿੱਤਾ ਹੈ। ਉਹ ਸਮਾਂ ਦੂਰ ਨਹੀਂ ਜਦੋਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕੋਸਣਗੀਆਂ। ਆਓ! ਪ੍ਰਣ ਕਰੀਏ ਕਿ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਾਂਗੇ।

-ਬਲਜੀਤ ਸਿੰਘ ਵੜੈਚ
ਪਿੰਡ ਤੇ ਡਾਕ: ਪੰਜਗਰਾਈਆਂ, (ਬਟਾਲਾ) ਗੁਰਦਾਸਪੁਰ।

24/1/2017

 ਵੋਟ ਦਾ ਸਹੀ ਇਸਤੇਮਾਲ

ਵੋਟਾਂ ਦਾ ਸਮਾਂ ਹੋਣ ਕਾਰਨ ਪੰਜਾਬ 'ਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਲੋਕਾਂ ਨੂੰ ਝੂਠੇ ਲਾਰੇ ਲਗਾ ਕੇ ਗੁੰਮਰਾਹ ਕਰ ਰਹੇ ਹਨ। ਵੋਟਰਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਉਹ ਆਪਣੀ ਸਮਝਦਾਰੀ ਵਰਤਦੇ ਹੋਏ ਉਸ ਨੂੰ ਹੀ ਪੰਜਾਬ ਦੀ ਵਾਗਡੋਰ ਦੇਣ ਜੋ ਵਾਕਿਆ ਹੀ ਸੂਬੇ ਦੇ ਦਰਦ ਨੂੰ ਪਛਾਣਦਾ ਹੋਵੇ। ਪੰਜਾਬੀਆਂ ਨੂੰ ਸੋਚ ਕੇ, ਸਮਝ ਕੇ ਆਪਣੇ ਹੱਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਆਪਣਾ ਕੀਮਤੀ ਵੋਟ ਝੂਠੇ ਭਾਸ਼ਣਾਂ ਅਤੇ ਲੋਟੂ ਲੀਡਰਾਂ ਦੇ ਮਗਰ ਲੱਗ ਕੇ ਖਰਾਬ ਨਾ ਕਰਨਾ ਚਾਹੀਦਾ।

-ਮਨਿੰਦਰ ਕੌਰ ਧੌਲ
ਮੈਲਬੌਰਨ (ਆਸਟ੍ਰੇਲੀਆ)

ਨਿਤਿਸ਼ ਤੋਂ ਕੁਝ ਸਿੱਖਣ ਸਿੱਖ ਆਗੂ

ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਪੁਰਬ ਸ੍ਰੀ ਪਟਨਾ ਸਾਹਿਬ (ਬਿਹਾਰ) ਦੀ ਧਰਤੀ 'ਤੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਹੁਰਾਂ ਦੀ ਸੁਚੱਜੀ ਅਗਵਾਈ 'ਚ ਸ਼ਰਧਾ ਸਹਿਤ ਮਨਾਇਆ ਗਿਆ। ਇਸ ਵਿਚ ਦੇਸ਼-ਵਿਦੇਸ਼ ਦੀਆਂ ਲੱਖਾਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਸ਼ਰਧਾ ਸਹਿਤ ਹਾਜ਼ਰੀ ਭਰੀ। ਇਸ ਸਮਾਗਮ ਦੌਰਾਨ ਪੁੱਜੀਆਂ ਸੰਗਤਾਂ ਨੂੰ ਰਿਹਾਇਸ਼, ਖਾਣ-ਪੀਣ, ਮੈਡੀਕਲ ਆਦਿ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਈ। ਇਨ੍ਹਾਂ ਸਾਰੇ ਪ੍ਰਬੰਧਾਂ ਸਬੰਧੀ ਮਾਣਯੋਗ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਹੁਰਾਂ ਨਿੱਜੀ ਦਿਲਚਸਪੀ ਲੈ ਕੇ ਬਾਖੂਬੀ ਜ਼ਿੰਮੇਵਾਰੀ ਨਿਭਾਈ ਹੈ। ਇਕ ਹੋਰ ਵੱਡੀ ਗੱਲ ਕਿ ਮੁੱਖ ਮੰਤਰੀ ਵੱਲੋਂ ਸਮਾਗਮਾਂ ਦੌਰਾਨ ਕਿਸੇ ਵੀ ਆਗੂ ਨੂੰ ਗੁਰੂ ਸਾਹਿਬ ਦੀ ਵਡਿਆਈ ਤੋਂ ਬਿਨਾਂ ਹੋਰ ਕੋਈ ਰਾਜਨੀਤਕ ਗੱਲ ਨਹੀਂ ਕਰਨ ਦਿੱਤੀ ਅਤੇ ਨਾ ਹੀ ਆਪ ਕੋਈ ਰਾਜਨੀਤਕ ਲਾਹਾ ਲੈਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਸ੍ਰੀ ਨਿਤਸ਼ਿ ਕੁਮਾਰ ਦੇ ਵਡੱਪਣ ਦੀ ਪੂਰੀ ਦੁਨੀਆ ਵਿਚ ਪ੍ਰਸੰਸਾ ਹੋ ਰਹੀ ਹੈ। ਸਾਡੇ ਸਿੱਖ ਆਗੂਆਂ ਨੂੰ ਵੀ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਪਾਸੋਂ ਕੁਝ ਐਸੀਆਂ ਚੰਗੀਆਂ ਗੱਲਾਂ ਸਿੱਖਣ ਦੀ ਲੋੜ ਹੈ।

-ਅਜਮੇਰ ਸਿੰਘ ਬੱਲ
ਪਿੰਡ ਤੇ ਡਾਕ: ਬੁਤਾਲਾ, ਜ਼ਿਲ੍ਹਾ ਅੰਮ੍ਰਿਤਸਰ।
ਮੋਬਾਈਲ : 98152-24630.

ਬਾਲ ਅਧਿਕਾਰਾਂ ਦਾ ਮੁੱਦਾ...

ਤੰਦਰੁਸਤ, ਰਿਸ਼ਟ-ਪੁਸ਼ਟ ਅਤੇ ਅਰੋਗ ਬੱਚੇ ਕਿਸੇ ਦੇਸ਼, ਕੌਮ ਜਾਂ ਸਮਾਜ ਦਾ ਵਡਮੁੱਲਾ ਸਰਮਾਇਆ ਹੀ ਨਹੀਂ, ਉਥੋਂ ਦੇ ਭਵਿੱਖ ਦੇ ਅਸਲ ਵਾਰਿਸ ਹੁੰਦੇ ਹਨ। ਜੇਕਰ ਕਿਸੇ ਦੇਸ਼, ਕੌਮ ਜਾਂ ਸਮਾਜ ਦੀ ਸਮੁੱਚੀ ਉੱਨਤੀ ਦਾ ਅੰਦਾਜ਼ਾ ਲਾਉਣਾ ਹੋਵੇ ਤਾਂ ਉਥੋਂ ਦੇ ਲੋਕਾਂ ਦੀ ਸਿਹਤ ਤੋਂ, ਉਥੇ ਦੇ ਲੋਕਾਂ ਦੀ ਸਿਹਤ ਦਾ ਅੰਦਾਜ਼ਾ ਉਥੋਂ ਦੀ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਤੋਂ ਅਤੇ ਉਥੋਂ ਦੀਆਂ ਸਿਹਤ ਸਹੂਲਤਾਂ ਦੇ ਪੱਧਰ ਦਾ ਅੰਦਾਜ਼ਾ ਉਥੋਂ ਦੇ ਬੱਚਿਆਂ ਦੀ ਮੌਤ ਦਰ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ। ਸਿਰਫ਼ ਇਹੀ ਨਹੀਂ ਸਾਡੇ ਦੇਸ਼ ਵਿਚ ਸਿੱਖਿਆ, ਸਾਇੰਸ ਅਤੇ ਤਕਨਾਲੋਜੀ ਦੇ ਪ੍ਰਚਾਰ, ਪ੍ਰਸਾਰ ਦੇ ਯੁੱਗ ਵਿਚ ਅਜੇ ਵੀ ਬੱਚਿਆਂ ਦੀ ਮੌਤ ਦਰ ਬਹੁਤ ਜ਼ਿਆਦਾ ਹੈ। ਅਫਸੋਸ ਛੋਟੇ ਬੱਚਿਆਂ 'ਚ ਕੁਪੋਸ਼ਣ, ਭੁੱਖਮਰੀ, ਖੂਨ ਦੀ ਘਾਟ ਸਮੇਤ ਅਨੇਕਾਂ ਹੋਰ ਕਾਰਨਾਂ ਕਰਕੇ ਲੱਖਾਂ ਬੱਚੇ ਹਰ ਸਾਲ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਸਾਡੇ ਦੇਸ਼ ਦੇ ਸਰਬ-ਪੱਖੀ ਵਿਕਾਸ ਦੇ ਰਸਤੇ ਵਿਚ ਬਹੁਤ ਵੱਡਾ ਸਵਾਲੀਆ ਚਿੰਨ੍ਹ ਹੀ ਨਹੀਂ ਸਗੋਂ ਅੜਿੱਕਾ ਹੈ। ਸੋ, ਹੋਰਨਾਂ ਚੋਣ ਮੁੱਦਿਆਂ ਦੀ ਤਰ੍ਹਾਂ ਬੱਚਿਆਂ ਦੇ ਅਧਿਕਾਰਾਂ ਦਾ ਮੁੱਦਾ ਜਾਂ ਫਿਰ ਬੱਚਿਆਂ ਦੇ ਸਰਬਪੱਖੀ ਵਿਕਾਸ ਦਾ ਮੁੱਦਾ ਚੋਣ ਮੁੱਦਾ ਕਿਉਂ ਨਹੀਂ? ਸੋ, ਇਸ ਮੁੱਦੇ ਨੂੰ ਪਹਿਲ ਦੇ ਆਧਾਰ 'ਤੇ ਵਿਚਾਰਨਾ ਚਾਹੀਦਾ ਹੈ।

-ਲਾਲ ਚੰਦ ਸਿੰਘ
ਪਿੰਡ ਚੁੱਘੇ ਖੁਰਦ, ਡਾਕਖਾਨਾ ਬਹਿਮਣ ਦੀਵਾਨਾ, ਜ਼ਿਲ੍ਹਾ ਬਠਿੰਡਾ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX